ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਹੋਏ ਰਾਸ਼ਟਰਮੰਡਲ ਖੇਡ ਮੁਕਾਬਲਿਆਂ ਵਿਚ ਭਾਰਤ ਨੇ ਵੱਡੀ ਗਿਣਤੀ ਵਿਚ ਤਗਮੇ, ਖਾਸ ਕਰਕੇ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸ ਦੀ ਇਕ ਹੋਰ ਵੱਡੀ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ਦੀਆਂ ਲੜਕੀਆਂ ਨੇ ਬਹੁਤ ਉੱਚਾ ਮੁਕਾਮ ਹਾਸਲ ਕੀਤਾ ਹੈ। ਭਾਰਤ ਦਾ ਪਹਿਲਾ ਅਤੇ ਉਹ ਵੀ ਸੋਨੇ ਦਾ ਤਗਮਾ ਭਾਰਤੀ ਭਾਰਤੋਲਕ ਮੀਰਾਬਾਈ ਚਾਨੂ ਨੇ ਜਿੱਤਿਆ। ਦੂਜੇ ਦਿਨ ਦਾ ਇਕੋ-ਇਕ ਸੋਨੇ ਦਾ ਤਗਮਾ ਸੰਜੀਤਾ ਚਾਨੂ ਨੇ ਭਾਰ ਤੋਲਕ ਮੁਕਾਬਲੇ ਵਿਚ ਹੀ ਦਿਵਾਇਆ। ਪਹਿਲੇ ਦੋ ਦਿਨ ਦੇ ਚਾਰ ਤਗਮਿਆਂ ਤੋਂ ਸ਼ੁਰੂ ਹੋਈ ਇਹ ਯਾਤਰਾ ਇਨ੍ਹਾਂ ਮੁਕਾਬਲਿਆਂ ਦੇ ਆਖਰੀ ਦਿਨ 15 ਅਪ੍ਰੈਲ ਨੂੰ 66 ਤਗਮਿਆਂ ਦੇ ਮੁਕਾਮ 'ਤੇ ਪਹੁੰਚ ਗਈ। ਇਨ੍ਹਾਂ ਤਗਮਿਆਂ ਵਿਚ 26 ਸੋਨੇ, 20 ਚਾਂਦੀ ਅਤੇ 20 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਸ ਪ੍ਰਦਰਸ਼ਨ ਤੋਂ ਇਹ ਉਮੀਦ ਵੀ ਬੱਝਦੀ ਹੈ ਕਿ ਇਕ ਦਿਨ ਭਾਰਤ ਰਾਸ਼ਟਰਮੰਡਲ ਖੇਡਾਂ ਦੇ ਆਪਣੇ 2010 ਦੇ ਸਿਖਰ ਨੂੰ ਇਕ ਵਾਰ ਫਿਰ ਛੂਹ ਸਕੇਗਾ, ਜਦੋਂ ਉਸ ਨੇ 39 ਸੋਨੇ ਦੇ ਤਗਮਿਆਂ ਸਮੇਤ ਕੁੱਲ 101 ਤਗਮੇ ਜਿੱਤੇ ਸਨ। ਸਾਲ 2002 ਵਿਚ ਹੋਈਆਂ ਖੇਡਾਂ ਵਿਚ ਭਾਰਤ ਨੇ 30 ਸੋਨੇ, 22 ਚਾਂਦੀ ਅਤੇ 17 ਕਾਂਸੀ ਦੇ ਤਗਮੇ ਹਾਸਲ ਕੀਤੇ ਸਨ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਇਹ ਤੱਥ ਵੀ ਇਕ ਵੱਡੀ ਉਪਲਬਧੀ ਦੇ ਤੌਰ 'ਤੇ ਦੇਖਿਆ ਜਾਵੇਗਾ ਕਿ ਰਾਜਨੀਤੀ ਅਤੇ ਵਿਤਕਰੇ ਦੇ ਚੱਕਰ ਵਿਚ ਫਸੇ ਭਾਰਤੀ ਖੇਡ ਸੰਗਠਨਾਂ ਦੀ ਜੋੜ-ਤੋੜ ਦੇ ਬਾਵਜੂਦ ਖਿਡਾਰੀਆਂ ਨੇ ਏਨੀਆਂ ਪ੍ਰਾਪਤੀਆਂ ਦੇਸ਼ ਦੀ ਝੋਲੀ ਵਿਚ ਪਾ ਦਿੱਤੀਆਂ ਹਨ। ਇਹ ਗੱਲ ਜ਼ਿਆਦਾ ਸੰਤੁਸ਼ਟੀਜਨਕ ਹੋ ਜਾਂਦੀ ਹੈ ਕਿ ਇਹ ਉਹ ਦੇਸ਼ ਹੈ ਜਿਥੇ ਕੰਨਿਆ ਭਰੂਣ ਹੱਤਿਆ ਦਾ ਸਰਾਪ ਪੈਰ-ਪੈਰ 'ਤੇ ਮੌਜੂਦ ਹੈ, ਜਿੱਥੇ ਲੜਕੀ ਨੂੰ ਕਈ ਹੋਰ ਤਰੀਕਿਆਂ ਨਾਲ ਦੁੱਖ ਪਹੁੰਚਾਉਣ ਦੀਆਂ ਘਟਨਾਵਾਂ ਵੀ ਆਮ ਜਿਹੀ ਗੱਲ ਮੰਨੀ ਜਾਂਦੀ ਹੈ। ਇਸ ਦੇ ਬਾਵਜੂਦ ਲੜਕੀਆਂ ਨੇ ਆਕਾਸ਼ ਛੂਹਿਆ ਹੈ।
ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ 1930 ਵਿਚ ਹੋਈ ਸੀ। ਇਸ ਦੌਰਾਨ ਦੂਜੇ ਵਿਸ਼ਵ ਯੁੱਧ ਕਾਰਨ ਦੋ ਵਾਰ ਇਹ ਖੇਡਾਂ ਨਹੀਂ ਹੋ ਸਕੀਆਂ ਸਨ। ਰਾਸ਼ਟਰਮੰਡਲ ਸਮੂਹ ਵਿਚ ਉਨ੍ਹਾਂ ਦੇਸ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜਿਹੜੇ ਕਦੇ ਬਰਤਾਨੀਆ ਦੀ ਮਹਾਰਾਣੀ ਦੇ ਸ਼ਾਸਨ ਅਧੀਨ ਆਉਂਦੇ ਸਨ। ਇਨ੍ਹਾਂ ਦੇਸ਼ਾਂ ਵਿਚ ਕੈਨੇਡਾ ਵੀ ਸ਼ਾਮਿਲ ਹੈ, ਜਿਹੜਾ ਸਭ ਤੋਂ ਪਹਿਲਾਂ 1867 ਵਿਚ ਅੰਗਰੇਜ਼ ਸ਼ਾਸਨ ਤੋਂ ਆਜ਼ਾਦ ਹੋ ਕੇ ਪਹਿਲਾ ਰਾਸ਼ਟਰਮੰਡਲ ਦੇਸ਼ ਬਣਿਆ ਸੀ। ਅੱਜ ਰਾਸ਼ਟਰਮੰਡਲ ਖੇਡਾਂ ਵਿਚ ਭਾਗ ਲੈਣ ਵਾਲੇ ਕੁੱਲ ਦੇਸ਼ਾਂ ਦੀ ਗਿਣਤੀ 71 ਹੈ। ਰਾਸ਼ਟਰਮੰਡਲ ਖੇਡਾਂ ਦੀ ਪਹਿਲੀ ਧਾਰਨਾ 1917 ਵਿਚ ਜੌਨ ਸਮਿਟ ਨੇ ਦੁਨੀਆ ਦੇ ਸਾਹਮਣੇ ਰੱਖੀ ਸੀ। ਰਾਸ਼ਟਰਮੰਡਲ ਸੰਗਠਨ ਦਾ ਸਭ ਤੋਂ ਜ਼ਿਆਦਾ ਲਾਭ ਬਰਤਾਨੀਆ ਨੂੰ ਹੀ ਹਾਸਲ ਹੁੰਦਾ ਹੈ। ਰਾਸ਼ਟਰਮੰਡਲ ਖੇਡਾਂ ਤੋਂ ਇਸ ਦੇ ਮੈਂਬਰ ਦੇਸ਼ਾਂ ਵਿਚ ਇਕ ਨਵੀਂ ਊਰਜਾ, ਨਵੀਂ ਸੋਚ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਇਸ ਸੰਗਠਨ ਦੇ ਕਾਰਨ ਹੀ ਮੈਂਬਰ ਦੇਸ਼ਾਂ ਵਿਚ ਵਪਾਰ ਦੀਆਂ ਸੰਭਾਵਨਾਵਾਂ ਵੀ ਸਮੇਂ-ਸਮੇਂ 'ਤੇ ਉਜਾਗਰ ਹੁੰਦੀਆਂ ਰਹਿੰਦੀਆਂ ਹਨ। ਰਾਸ਼ਟਰਮੰਡਲ ਖੇਡਾਂ ਦੇ ਆਯੋਜਨ ਦੀ ਬਦੌਲਤ ਮੈਂਬਰ ਦੇਸ਼ਾਂ ਵਿਚ ਕਈ ਨਵੇਂ ਮੁਕਾਬਲਿਆਂ ਦਾ ਆਗਾਜ਼ ਹੋਇਆ ਹੈ ਅਤੇ ਨਵੀਆਂ ਪ੍ਰਤਿਭਾਵਾਂ ਵੀ ਪੈਦਾ ਹੋਈਆਂ ਹਨ। ਇਸ ਦਾ ਤਾਜ਼ਾ ਸਬੂਤ ਇਸ 21ਵੇਂ ਆਯੋਜਨ ਵਿਚ ਭਾਰਤੀ ਖਿਡਾਰੀਆਂ ਦੀ ਚੜ੍ਹਦੀ ਕਲਾ ਹੋਣਾ ਵੀ ਹੈ। ਬਿਨਾਂ ਸ਼ੱਕ ਐਨੀ ਵੱਡੀ ਗਿਣਤੀ ਵਿਚ ਤਗਮਿਆਂ ਨੂੰ ਹਾਸਲ ਕਰਨ ਨਾਲ ਪੂਰੇ ਰਾਸ਼ਟਰ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਭਾਰਤ ਦਾ ਨਾਂਅ ਤਗਮਿਆਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਹੈ ਅਤੇ ਭਾਰਤ ਤੋਂ ਉੱਪਰ ਆਸਟ੍ਰੇਲੀਆ ਅਤੇ ਇੰਗਲੈਂਡ ਹਨ।
ਕੁੱਲ ਮਿਲਾ ਕੇ ਇਹ ਤੀਜਾ ਸਥਾਨ ਦੇਸ਼ ਲਈ ਇਕ ਵੱਡੀ ਪ੍ਰਾਪਤੀ ਹੈ। ਜੇਕਰ ਦੇਸ਼ ਇਸ ਪੱਧਰ ਨੂੰ ਬਣਾਈ ਰੱਖਦਾ ਹੈ ਅਤੇ ਭਵਿੱਖ ਵਿਚ ਤਗਮਿਆਂ ਦੀ ਗਿਣਤੀ ਵਿਚ ਹੋਰ ਸੁਧਾਰ ਅਤੇ ਇਜ਼ਾਫ਼ਾ ਕਰਦਾ ਹੈ ਤਾਂ ਇਹ ਦੇਸ਼ ਦੇ ਖੇਡ ਜਗਤ ਲਈ ਇਤਿਹਾਸ ਦਾ ਇਕ ਨਵਾਂ ਅਧਿਆਇ ਸਿੱਧ ਹੋ ਸਕਦਾ ਹੈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਜੇਕਰ ਆਕਾਸ਼ ਛੂਹਣ ਲਈ ਅਗਾਂਹ ਵਧਦਾ ਹੈ ਤਾਂ ਇਸ ਨਾਲ ਉਲੰਪਿਕ ਖੇਡਾਂ ਲਈ ਵੀ ਪ੍ਰਤਿਭਾਵਾਂ ਦੀ ਤਲਾਸ਼ ਕੀਤੀ ਜਾ ਸਕਦੀ ਹੈ। ਗੋਲਡ ਕੋਸਟ ਖੇਡਾਂ ਵਿਚ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਨੇ ਵੀ ਜ਼ੋਰਦਾਰ ਦਸਤਕ ਦਿੱਤੀ ਹੈ। ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਕੁਸ਼ਤੀ, ਭਾਰ ਤੋਲਨ ਅਤੇ ਮੁੱਕੇਬਾਜ਼ੀ ਵਿਚ ਪੂਰਾ ਜਲਵਾ ਦਿਖਾਇਆ ਹੈ। ਟੇਬਲ ਟੈਨਿਸ ਵਿਚ ਵੀ ਭਾਰਤ ਨੇ ਤਿੰਨ ਸੋਨੇ ਦੇ ਤਗਮਿਆਂ ਸਮੇਤ ਛੇ ਤਗਮੇ ਜਿੱਤੇ ਹਨ। ਬੈਡਮਿੰਟਨ ਦੇ ਮਹਿਲਾ ਸਿੰਗਲ ਫਾਈਨਲ ਵਿਚ ਸਾਈਨਾ ਨੇਹਵਾਲ ਨੇ ਭਾਰਤ ਦੀ ਹੀ ਪੀ. ਵੀ. ਸਿੰਧੂ ਨੂੰ ਹਰਾਇਆ। ਸਿਰਫ ਅਥਲੈਟਿਕਸ ਵਿਚ ਭਾਰਤ ਨੂੰ ਇਕ ਸੋਨੇ, ਇਕ ਚਾਂਦੀ ਅਤੇ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਇਹ ਪ੍ਰਾਪਤੀਆਂ ਉਦੋਂ ਹਨ ਜਦੋਂ ਦੇਸ਼ ਦੇ ਖਿਡਾਰੀਆਂ ਲਈ ਸਿਖਲਾਈ ਦੀ ਵਿਵਸਥਾ, ਉਨ੍ਹਾਂ ਦੀ ਆਰਥਿਕ ਦਸ਼ਾ ਅਤੇ ਖੇਡ ਸੰਗਠਨਾਂ ਦੀ ਮਾਨਸਿਕਤਾ ਕਦੇ ਵੀ ਚੰਗੀ ਨਹੀਂ ਰਹੀ। ਪੰਜਾਬ ਅਤੇ ਹਰਿਆਣਾ ਨੇ ਬਿਨਾਂ ਸ਼ੱਕ ਪਿਛਲੇ ਕੁਝ ਸਮੇਂ ਤੋਂ ਖਿਡਾਰੀਆਂ ਲਈ ਧਨ ਅਤੇ ਅਹੁਦਿਆਂ ਦੇ ਦਰਵਾਜ਼ੇ ਖੋਲ੍ਹੇ ਹਨ। ਇਸ ਨਾਲ ਯਕੀਨਨ ਹੀ ਉਨ੍ਹਾਂ ਦਾ ਹੌਸਲਾ ਵਧੇਗਾ ਅਤੇ ਸਰੀਰਕ ਤਾਕਤ ਵਿਚ ਵੀ ਸੁਧਾਰ ਹੋਵੇਗਾ।
ਇਨ੍ਹਾਂ ਨੌਜਵਾਨ ਖਿਡਾਰੀਆਂ ਨੇ ਉਮੀਦਾਂ ਦੇ ਜੁਗਨੂੰ ਤਾਂ ਦਿਖਾਏ ਹਨ। ਇਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਭਵਿੱਖ ਦੇ ਪਰਦੇ ਪਿੱਛੇ ਇਕੋ ਸਮੇਂ ਕਈ-ਕਈ ਦੀਵਿਆਂ ਦੀ ਰੌਸ਼ਨੀ ਦੀਆਂ ਕਿਰਨਾਂ ਇੱਧਰ-ਉੱਧਰ ਬਿਖਰੀਆਂ ਪ੍ਰਤੀਤ ਹੁੰਦੀਆਂ ਹਨ। ਖੇਡਾਂ ਵਿਚ ਅੱਜ ਜੇਕਰ ਸਾਡਾ ਤੀਜਾ ਸਥਾਨ ਹੈ ਤਾਂ ਕੱਲ੍ਹ ਪਹਿਲਾ ਸਥਾਨ ਵੀ ਹੋ ਸਕਦਾ ਹੈ। ਅੱਜ ਦੀਆਂ ਰਾਸ਼ਟਰਮੰਡਲ ਖੇਡਾਂ ਦਾ ਭਾਰਤੀ ਜਲਵਾ ਉਲੰਪਿਕ ਵਿਚ ਵੀ ਕਾਇਮ ਹੋਵੇ, ਅਜਿਹੀ ਕਾਮਨਾ ਦੇਸ਼ ਦਾ ਹਰ ਨਾਗਰਿਕ ਕਰਦਾ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 31 ਮਾਰਚ, 1504 ਈ: (3 ਵੈਸਾਖ ਨਾਨਕਸ਼ਾਹੀ ਸੰਮਤ 550) ਵਿਚ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂਅ ਲਹਿਣਾ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ...
ਬੀਤੇ ਦਿਨਾਂ ਦੌਰਾਨ ਕੌਮੀ ਨਿਊਜ਼ ਚੈਨਲਾਂ ਨੇ ਪ੍ਰਾਈਮ ਟਾਈਮ 'ਤੇ ਅਤੇ ਸਾਰਾ ਦਿਨ ਕਠੂਆ ਤੇ ਓਨਾਵ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਰਕਾਰਾਂ ਅਤੇ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਕਿ ਦੋਸ਼ੀਆਂ ਨੂੰ ਤੁਰੰਤ ...
ਤਾਲੀਮ ਦਾ ਮਕਸਦ ਕੇਵਲ ਪ੍ਰਮਾਣ ਪੱਤਰ ਜਾਂ ਡਿਗਰੀਆਂ ਪ੍ਰਾਪਤ ਕਰਨਾ ਜਾਂ ਜ਼ਿੰਦਗੀ ਜਿਊਣ ਦੀ ਖ਼ਾਤਰ ਧਨ ਕਮਾਉਣਾ ਨਹੀਂ ਬਲਕਿ ਤਾਲੀਮ ਵਿਦਿਆਰਥੀਆਂ ਨੂੰ ਉਨ੍ਹਾਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜਿਸ ਵਿਚ ਉਸ ਦਾ ਆਤਮ-ਵਿਸ਼ਵਾਸ ਉਸ ਦੇ ਵਿਅਕਤੀਗਤ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX