ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ਵਿਚ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਗਵਾਲੀਅਰ ਦੀ ਕੈਦ ਵਿਚੋਂ ਛੁਡਵਾਏ 52 ਰਾਜਿਆਂ ਦਾ ਇਤਿਹਾਸ ਸੰਭਾਲੀ ਬੈਠਾ ਇਹ ਦਿਹਾੜਾ ਸਮੁੱਚੇ ਪੰਥ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸੰਗਤਾਂ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਨ ਦਾ ਅਨੰਦ ਮਾਣਨ ਲਈ ਲੱਖਾਂ ਦੀ ਗਿਣਤੀ ਵਿਚ ਪੁੱਜਦੀਆਂ ਹਨ।
ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜਬਰ, ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਇਕ ਸੰਘਰਸ਼ ਰਿਹਾ ਹੈ ਅਤੇ ਸਮਕਾਲੀ ਜਰਵਾਣਿਆਂ ਵਲੋਂ ਸਤਾਈ ਤੇ ਦਬਾਈ ਜਾ ਰਹੀ ਪੀੜਤ ਧਿਰ ਦੀ ਆਵਾਜ਼ ਬਣ ਕੇ ਪਰਉਪਕਾਰਾਂ ਦੀ ਉੱਘੜਵੀਂ ਮਿਸਾਲ ਵੀ ਬਣਿਆ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸੇ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ, ਜਿਥੇ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦੇ ਹੁਕਮ ਵੀ ਕੀਤੇ। ਅਣਖੀਲੇ ਨੌਜਵਾਨਾਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਇਸ 'ਤੇ ਹਕੂਮਤ ਨੂੰ ਡਰ ਸਤਾਉਣ ਲੱਗਾ। ਲੋਹਗੜ੍ਹ ਦੇ ਕਿਲ੍ਹੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਸੜ-ਬਲ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਗਵਾਲੀਅਰ ਦੇ ਕਿਲ੍ਹੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਜਿਨ੍ਹਾਂ ਰਾਜਿਆਂ ਨੇ ਇਹ ਸਮਝ ਰੱਖਿਆ ਸੀ ਕਿ ਹੁਣ ਉਨ੍ਹਾਂ ਦੀ ਹੋਣੀ ਇਸ ਕਿਲ੍ਹੇ ਦੀਆਂ ਉੱਚੀਆਂ ਕੰਧਾਂ ਦੇ ਅੰਦਰਵਾਰ ਹੀ ਸੀ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਉਣ ਨਾਲ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਪਈ। ਇਸ ਤੋਂ ਵੀ ਵੱਧ ਗੁਰੂ ਜੀ ਦੇ ਉਪਦੇਸ਼ਾਂ ਦੇ ਨਿਰਮਲ ਪ੍ਰਵਾਹ ਨਾਲ ਬੰਦੀ ਰਾਜਿਆਂ ਦਾ ਭਰਮ ਤੇ ਅਗਿਆਨ ਦਾ ਹਨੇਰਾ ਵੀ ਦੂਰ ਹੋਣ ਲੱਗਾ। ਦੂਸਰੇ ਪਾਸੇ ਗੁਰੂ ਸਾਹਿਬ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਪੈਦਾ ਹੋ ਗਈ। ਸੰਗਤਾਂ ਜਥੇ ਬਣਾ ਕੇ ਗਵਾਲੀਅਰ ਪੁੱਜਦੀਆਂ ਪਰ ਮੁਲਾਕਾਤ ਦੀ ਇਜਾਜ਼ਤ ਨਾ ਹੋਣ ਕਾਰਨ ਉਦਾਸ ਹੋ ਕੇ ਵਾਪਸ ਪਰਤ ਆਉਂਦੀਆਂ। ਗੁਰੂ ਸਾਹਿਬ ਦੀ ਕੈਦ ਵਿਰੁੱਧ ਸਿੱਖਾਂ, ਗੁਰੂ-ਘਰ ਦੇ ਪ੍ਰੇਮੀਆਂ ਤੇ ਨੇਕਦਿਲ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ, ਜਿਸ 'ਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਸ ਨਾਲ ਕੈਦੀ ਰਾਜੇ ਮਾਯੂਸ ਹੋਏ ਦੇਖ ਗੁਰੂ ਸਾਹਿਬ ਨੇ ਕਿਹਾ ਕਿ ਉਹ ਇਕੱਲੇ ਨਹੀਂ ਜਾਣਗੇ, ਸਗੋਂ 52 ਕੈਦੀਆਂ ਨੂੰ ਨਾਲ ਖੜਨਗੇ। ਇਸ ਗੱਲ ਦਾ ਪਤਾ ਲੱਗਣ 'ਤੇ ਜਹਾਂਗੀਰ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਜਾਂ ਹੱਥ ਫੜ ਕੇ ਨਿਕਲ ਸਕਣ, ਛੱਡ ਦਿੱਤੇ ਜਾਣ। ਇਸ ਤਰ੍ਹਾਂ ਗਵਾਲੀਅਰ ਕਿਲ੍ਹੇ 'ਚੋਂ ਰਿਹਾਈ ਸਮੇਂ ਗੁਰੂ ਜੀ ਨੇ ਆਪਣੇ ਚੋਲੇ ਦੀਆਂ ਕਲੀਆਂ ਨਾਲ 52 ਰਾਜਿਆਂ ਦੀ ਬੰਦ-ਖਲਾਸੀ ਕਰਵਾਈ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ 'ਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ 'ਚ ਘਰਾਂ 'ਚ ਘਿਓ ਦੇ ਦੀਵੇ ਜਗਾਏ ਅਤੇ ਗਲੀਆਂ, ਬਾਜ਼ਾਰਾਂ ਵਿਚ ਭਾਰੀ ਦੀਪਮਾਲਾ ਕੀਤੀ। ਇਸ ਦਿਨ ਤੋਂ ਬਾਅਦ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਹਾੜੇ ਦੇ ਰੂਪ ਵਿਚ ਮਨਾਉਂਦੇ ਆ ਰਹੇ ਹਨ।
ਦੂਸਰੇ ਪਾਸੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖਾਂ ਲਈ ਭਿਆਨਕ ਸਮਾਂ ਆਇਆ। ਸਮੇਂ ਦੀ ਹਕੂਮਤ ਵਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ, ਜਿਸ 'ਤੇ ਉਨ੍ਹਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਾ ਵੀ ਮੁਸ਼ਕਿਲ ਹੋ ਗਿਆ। ਭਾਈ ਮਨੀ ਸਿੰਘ ਜੋ ਕਿ ਉਨ੍ਹੀਂ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਨਿਭਾਅ ਰਹੇ ਸਨ, ਨੇ 1733 ਈਸਵੀ ਦੇ ਬੰਦੀ ਛੋੜ ਦਿਵਸ ਦੇ ਉਤਸਵ 'ਤੇ ਸਿੱਖ ਸੰਗਤਾਂ ਦੀ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ। ਇਸ ਗੱਲ ਦਾ ਪਤਾ ਲੱਗਣ 'ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਇਸ 'ਤੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਮੰਦ ਨੀਤ ਨਾਲ ਹਕੂਮਤ ਨੇ ਭਾਈ ਸਾਹਿਬ ਨੂੰ ਜਾਂ ਤਾਂ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ੁਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਕਿਹਾ ਮੈਨੂੰ ਸਿੱਖੀ ਪਿਆਰੀ ਹੈ ਜਾਨ ਨਹੀਂ, ਮੈਨੂੰ ਸ਼ਹੀਦ ਹੋਣਾ ਪ੍ਰਵਾਨ ਹੈ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਨੇ ਦਰਸਾ ਦਿੱਤਾ ਕਿ ਸਰੀਰ ਦਾ ਬੰਦ-ਬੰਦ ਤਾਂ ਕਟਵਾਇਆ ਜਾ ਸਕਦਾ ਹੈ ਪਰ ਗੁਰੂ ਸਾਹਿਬ ਵਲੋਂ ਦ੍ਰਿੜ੍ਹ ਕਰਵਾਏ ਅਸੂਲਾਂ ਨੂੰ ਗੁਰਸਿੱਖ ਕਦੇ ਵੀ ਨਹੀਂ ਛੱਡ ਸਕਦਾ। ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਦੀ ਸ਼ਹੀਦੀ ਨਾਲ ਜੁੜ ਗਿਆ।
ਅੱਜ ਜਦੋਂ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਵੰਗਾਰਾਂ ਦੇ ਰੂਪ 'ਚ ਸਿਰ ਕੱਢ ਰਹੀਆਂ ਹਨ ਤਾਂ ਬੰਦੀ ਛੋੜ ਦਿਵਸ ਸਾਨੂੰ ਹੱਕ-ਸੱਚ ਦੀਆਂ ਕਦਰਾਂ-ਕੀਮਤਾਂ 'ਤੇ ਪੂਰਨ ਰੂਪ 'ਚ ਦ੍ਰਿੜ੍ਹ ਰਹਿ ਕੇ ਸਿੱਖੀ ਸਿਦਕ ਤੇ ਹੱਕ-ਸੱਚ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦਾ ਹੈ। ਇਹ ਲੋਕ ਭਲਾਈ ਦਾ ਵੀ ਗਵਾਹ ਹੈ ਤੇ ਆਪਣੇ ਧਰਮ ਲਈ ਮਰ ਮਿਟ ਜਾਣ ਦਾ ਵੀ ਸੰਦੇਸ਼ ਹੈ। ਕੌਮ ਦੀ ਚੜ੍ਹਦੀ ਕਲਾ ਲਈ ਔਖੇ ਸਮਿਆਂ ਵਿਚ ਵੀ ਹੌਸਲਾ ਬੁਲੰਦ ਰੱਖਣ ਦਾ ਅਹਿਦ ਤੇ ਗਿਆਨ ਦੇ ਪ੍ਰਕਾਸ਼ ਨਾਲ ਸਦੀਵੀ ਜੁੜੇ ਰਹਿਣ ਦਾ ਇਕ ਤਰੀਕਾ ਵੀ ਹੈ। ਸੋ, ਇਸ ਇਤਿਹਾਸਕ ਦਿਹਾੜੇ 'ਤੇ ਮੈਂ ਸਮੂਹ ਸੰਗਤਾਂ ਅਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕਰਦਾ ਹਾਂ।
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਦੀਵਾਲੀ ਦਾ ਤਿਉਹਾਰ ਭਾਰਤ ਵਿਚ ਸਭ ਤੋਂ ਵੱਧ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਵੇਂ ਇਸ ਨੂੰ ਧਾਰਮਿਕ ਰੰਗਤ ਵਿਚ ਵੀ ਰੰਗਿਆ ਜਾਂਦਾ ਹੈ ਪਰ ਇਹ ਸਰਬ ਸਾਂਝਾ ਤਿਉਹਾਰ ਹੈ। ਬਰਸਾਤ ਦਾ ਮੌਸਮ ਖਤਮ ਹੋਣ ਪਿੱਛੋਂ ਗਰਮੀ ਦਾ ਜ਼ੋਰ ਘਟ ਜਾਂਦਾ ਹੈ। ਮੌਸਮ ਸੁਹਾਵਣਾ ਹੋਣ ਲੱਗ ...
ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਉਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ 'ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ...
ਦੀਵਾਲੀ ਆ ਗਈ ਹੈ ਤੇ ਤਿਆਰੀਆਂ ਹੋ ਚੁੱਕੀਆਂ ਹਨ। ਇਸ ਮੌਕੇ ਜ਼ਿਆਦਾਤਰ ਲੋਕ ਤਾਂ ਪਟਾਕੇ ਚਲਾ ਕੇ ਹੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਪਟਾਕਿਆਂ ਦੇ ਸ਼ੌਕੀਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਵਾਰ ਕਿਹੜੇ ਨਵੇਂ ਤੇ ਕਿੰਨੇ ਮਹਿੰਗੇ ਪਟਾਕੇ ਚਲਾਉਣੇ ਹਨ। ਇਸ ...
ਧਰਤੀ ਦੇ ਕਿਸੇ ਵੀ ਕੋਨੇ ਵਿਚ ਵਸੇ ਮਨੁੱਖ ਲਈ, ਉਥੋਂ ਦੇ ਸੱਭਿਆਚਾਰਕ ਤਿਉਹਾਰ ਤੇ ਹੋਰ ਉਤਸਵ ਬਹੁਤ ਗੌਰਵਸ਼ਾਲੀ ਹੁੰਦੇ ਹਨ। ਇਨ੍ਹਾਂ ਨੂੰ ਉਸ ਦੇਸ਼ ਦੀ ਸੰਸਕ੍ਰਿਤੀ ਦੀ ਧਰੋਹਰ ਮੰਨਣ ਤੋਂ ਵੀ ਕੋਈ ਇਨਕਾਰ ਨਹੀਂ ਕਰ ਸਕਦਾ। ਇਹ ਉੱਥੇ ਵਸਦੇ ਲੋਕਾਂ ਦੀ ਜੀਵਨ-ਜਾਚ, ਸੋਚ, ...
ਸਾਡੇ ਦੇਸ਼ ਭਾਰਤ ਅੰਦਰ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਤਿਉਹਾਰ ਹੈ ਦੀਵਾਲੀ। ਦੀਵਾਲੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਹਿੰਦੂ, ਸਿੱਖ ਅਤੇ ਹੋਰ ਬਹੁਤ ਸਾਰੇ ਧਰਮਾਂ ਦੁਆਰਾ ਦੇਸ਼ ਦੇ ਕੋਨੇ-ਕੋਨੇ ਵਿਚ ਰਲ-ਮਿਲ ਕੇ ...
ਦੀਵਾਲੀ ਦੀ ਰਾਤ ਨੇ ਚਾਨਣ ਬਰਸਾਏ,
ਇਕ ਰੂਹਾਨੀ ਯਾਦ ਨੇ ਹਿਰਦੇ ਰੁਸ਼ਨਾਏ।
ਕਾਲੀ ਬੋਲੀ ਰਾਤ ਵਿਚ ਦੀਵੇ ਪਏ ਜਗਦੇ,
ਦਿਲ ਵਿਚ ਤੇਰੇ ਪਿਆਰ ਦੇ ਦਰਿਆ ਨੇ ਵਗਦੇ।
ਆ ਮਿਲ ਤੇਰੀ ਦੀਦ ਦੇ ਅਸੀਂ ਬਹੁਤ ਤਿਹਾਏ,
ਦੀਵਾਲੀ ਦੀ ਰਾਤ ਨੇ ਚਾਨਣ ਬਰਸਾਏ...।
ਹਰ ਦਿਲ ਅੰਦਰ ਇਸ਼ਕ ਦੀ ...
ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ 'ਸੈਂਟਾਮੈਰੀਆ' ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX