ਬਾਜ਼ਾਰ ਵਿਚ ਨਿੱਤ ਦਿਨ ਆ ਰਹੀਆਂ ਮਹਿੰਗੀਆਂ ਤੇ ਅਤੀ ਆਧੁਨਿਕ ਗੱਡੀਆਂ ਭਾਵੇਂ ਭਾਰਤ ਦੀ ਤਰੱਕੀ ਤੇ ਲੋਕਾਂ ਦੇ ਵਧ ਰਹੇ ਵਿੱਤੀ ਵਸੀਲਿਆਂ ਦੀ ਗਵਾਹੀ ਭਰਦੀਆਂ ਹੋਣਗੀਆਂ ਪ੍ਰੰਤੂ ਸੜਕਾਂ 'ਤੇ ਰੋਜ਼ਾਨਾ ਹੁੰਦੀਆਂ ਦਰਜਨਾਂ ਮੌਤਾਂ ਪ੍ਰਤੀ ਸਰਕਾਰਾਂ, ਪ੍ਰਸ਼ਾਸਨ, ਵਾਹਨ ਚਾਲਕਾਂ ਤੇ ਆਮ ਲੋਕਾਂ ਵਿਚ ਕੋਈ ਸੰਜੀਦਗੀ ਦਿਖਾਈ ਨਹੀਂ ਦਿੰਦੀ। ਦੇਸ਼ ਵਿਚ ਇਸ ਸਮੇਂ 25,61,93017 ਵਾਹਨ ਕੰਪਿਊਟਰਾਈਜ਼ਡ ਰਜਿਸਟਰਡ ਹੋ ਗਏ ਹਨ। ਸਾਲ 2009 ਦੇ ਕੇਵਲ ਜਨਵਰੀ ਮਹੀਨੇ ਵਿਚ ਦੇਸ਼ ਵਿਚ ਕਰੀਬ 81 ਲੱਖ ਨਵੇਂ ਵਾਹਨ ਰਜਿਸਟਰਡ ਹੋਏ ਸਨ ਜਿਨ੍ਹਾਂ 'ਚੋਂ ਪੰਜਾਬ ਦੇ ਹੀ 3,61,000 ਵਾਹਨ ਸਨ। ਦਸ ਸਾਲ ਬਾਅਦ ਜਨਵਰੀ 2019 ਵਿਚ ਇਹ ਅੰਕੜਾ ਦੇਸ਼ ਵਿਚ ਕਰੀਬ ਸਵਾ ਕਰੋੜ ਵਾਹਨ ਜਦ ਕਿ ਪੰਜਾਬ ਵਿਚ ਸਵਾ ਚਾਰ ਲੱਖ ਵਾਹਨ ਰਜਿਸਟਰਡ ਹੋਣ ਤੱਕ ਪੁੱਜ ਗਿਆ। ਇਹ ਵਧ ਰਿਹਾ ਅੰਕੜਾ ਹਾਦਸਿਆਂ ਦੇ ਅੰਕੜੇ 'ਚ ਵੀ ਵਾਧਾ ਕਰ ਰਿਹਾ ਹੈ। 1970 ਵਿਚ ਦੇਸ਼ ਵਿਚ ਕੁੱਲ 1,14,100 ਸੜਕ ਹਾਦਸੇ ਹੋਏ ਸਨ, ਜਿਨ੍ਹਾਂ ਦੀ ਗਿਣਤੀ 2015 'ਚ ਵਧ ਕੇ 5,01,423 ਅਤੇ 2017 ਵਿਚ 464910 ਤੱਕ ਪੁੱਜ ਗਈ ਹੈ। ਦੇਸ਼ ਦੇ ਕੁੱਲ 1,31326 ਕਿਲੋਮੀਟਰ ਲੰਬੇ ਰਾਸ਼ਟਰੀ ਮਾਰਗਾਂ 'ਤੇ ਸਾਲ 2014 ਦੌਰਾਨ ਹੋਏ ਹਾਦਸਿਆਂ 'ਚ 47649 ਮੌਤਾਂ 'ਚੋਂ 1482 ਮੌਤਾਂ ਪੰਜਾਬ ਦੇ 3270 ਕਿਲੋਮੀਟਰ ਲੰਬੇ ਰਾਸ਼ਟਰੀ ਮਾਰਗਾਂ 'ਤੇ ਹੋਈਆਂ ਸਨ, ਜਦ ਕਿ 2017 ਦੌਰਾਨ ਦੇਸ਼ ਵਿਚ ਹੋਈਆਂ 53181 ਮੌਤਾਂ 'ਚੋਂ ਇਕੱਲੇ ਪੰਜਾਬ 'ਚ 1891 ਮੌਤਾਂ ਹੋਈਆਂ ਸਨ। ਕੋਈ ਪਰਿਵਾਰ ਅਜਿਹਾ ਨਹੀਂ ਹੋਵੇਗਾ ਜਿਸ ਨੇ ਕਦੇ ਸੜਕ ਹਾਦਸੇ 'ਚ ਮੌਤ, ਅੰਗਹੀਣਤਾ, ਸੱਟ, ਵਾਹਨ ਦੀ ਟੁੱਟ-ਭੱਜ ਜਾਂ ਹੋਰ ਵਿੱਤੀ ਨੁਕਸਾਨ ਨਹੀਂ ਉਠਾਇਆ ਹੋਵੇਗਾ।
ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਹੀ ਸੜਕ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ। ਹੈਲਮਟ, ਸੀਟ ਬੈਲਟ ਤੇ ਸਾਈਡ ਇੰਡੀਕੇਟਰਾਂ ਦੀ ਵਰਤੋਂ ਨਾਲ ਹਰ ਚਾਲਕ ਘੱਟੋ-ਘੱਟ ਆਪਣਾ ਬਚਾਅ ਜ਼ਰੂਰ ਕਰ ਸਕਦਾ ਹੈ ਪ੍ਰੰਤੂ ਇਨ੍ਹਾਂ ਦੀ ਵਰਤੋਂ ਵੀ ਬੋਝ ਸਮਝੀ ਜਾਂਦੀ ਹੈ। ਪੁਲਿਸ ਨੂੰ ਦੇਖ ਕੇ ਹੀ ਮਜ਼ਬੂਰੀ 'ਚ ਬੈਲਟ ਲਾਈ ਜਾਂ ਹੈਲਮਟ ਪਾਇਆ ਜਾਂਦਾ ਹੈ। ਬਹੁਗਿਣਤੀ ਲੋਕਾਂ ਨੂੰ ਇਹ ਜਾਣਕਾਰੀ ਹੀ ਨਹੀਂ ਹੈ ਕਿ ਸੀਟ ਬੈਲਟ ਨਾ ਲਾਉਣ ਕਾਰਨ ਕਾਰਾਂ ਵਿਚ ਲੱਗੇ ਹਜ਼ਾਰਾਂ ਰੁਪਏ ਕੀਮਤ ਦੇ ਏਅਰਬੈਗ ਵੀ ਬੇਕਾਰ ਹਨ ਕਿਉਂਕਿ ਸੀਟ ਬੈਲਟ ਲੱਗਣ 'ਤੇ ਹੀ ਏਅਰਬੈਗ ਦਾ ਸੈਂਸਰ ਕੰਮ ਕਰਨਾ ਸ਼ੁਰੂ ਕਰਦਾ ਹੈ। ਸੀਟ ਬੈਲਟ ਨਾ ਲਾਈ ਹੋਣ ਦੀ ਸੂਰਤ ਵਿਚ ਏਅਰਬੈਗ ਖੁੱਲ੍ਹਣ ਦੀ ਸੰਭਾਵਨਾ ਨਾ-ਮਾਤਰ ਹੀ ਰਹਿ ਜਾਂਦੀ ਹੈ। ਇਕ ਸਰਵੇਖਣ ਅਨੁਸਾਰ ਸਾਲ 2016 ਵਿਚ ਸੀਟ ਬੈਲਟ ਲਾਈ ਹੋਣ ਕਾਰਨ ਪੰਦਰਾਂ ਹਜ਼ਾਰ ਜਾਨਾਂ ਬਚੀਆਂ ਸਨ, ਪੱਚੀ ਸੌ ਸਵਾਰ ਹੋਰ ਵੀ ਬਚ ਸਕਦੇ ਸਨ ਜੇਕਰ ਉਨ੍ਹਾਂ ਨੇ ਵੀ ਸੀਟ ਬੈਲਟ ਲਾਈ ਹੁੰਦੀ। ਸੀਟ ਬੈਲਟ ਲਾਉਣ ਨਾਲ ਮੌਤ ਦਾ ਖ਼ਤਰਾ 45 ਫੀਸਦੀ ਘਟ ਜਾਂਦਾ ਹੈ। ਸੀਟ ਬੈਲਟ ਨਾ ਲਾਈ ਹੋਣ 'ਤੇ ਸਿੱਧੀ ਟੱਕਰ ਹੋਣ ਨਾਲ ਸਵਾਰੀ ਵਾਹਨ ਦੀ ਮੌਜੂਦਾ ਰਫ਼ਤਾਰ ਤੋਂ ਤੀਹ ਗੁਣਾ ਜ਼ਿਆਦਾ ਗਤੀ ਨਾਲ ਅੱਗੇ ਜਾ ਕੇ ਟਕਰਾਉਂਦੀ ਹੈ। ਸੱਜੇ-ਖੱਬੇ ਮੋੜਨ, ਲੇਨ ਬਦਲਣ ਤੇ ਐਮਰਜੈਂਸੀ 'ਚ ਗੱਡੀ ਰੋਕਣ ਸਮੇਂ ਇੰਡੀਕੇਟਰਾਂ ਦੀ ਸੁਚੱਜੀ ਵਰਤੋਂ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਵਾਹਨ ਚਲਾਉਂਦਿਆਂ ਮੋਬਾਈਲ ਫੋਨ ਦੀ ਵਰਤੋਂ ਤੋਂ ਗੁਰੇਜ਼ ਕਰਕੇ, ਟ੍ਰੈਫਿਕ ਲਾਈਟਾਂ ਤੇ ਸੜਕ ਕਿਨਾਰੇ ਲੱਗੇ ਚੇਤਾਵਨੀ ਬੋਰਡਾਂ ਦਾ ਪਾਲਣ ਕਰਕੇ ਵੀ ਚਾਲਕ ਹਾਦਸਿਆਂ ਤੋਂ ਬਚ ਸਕਦੇ ਹਨ। ਸਾਲ 2017 ਵਿਚ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਕਾਰਨ ਦੇਸ਼ ਵਿਚ ਹੋਏ 16563 ਹਾਦਸਿਆਂ ਦੌਰਾਨ 4058 ਮੌਤਾਂ ਹੋਈਆਂ, ਜਿਨ੍ਹਾਂ 'ਚੋੋਂ ਪੰਜਾਬ ਵਿਚ ਹੋਏ 456 ਹਾਦਸਿਆਂ 'ਚ 285 ਜਾਨਾਂ ਗਈਆਂ ਸਨ। ਇਸੇ ਵਰ੍ਹੇ ਸਟਾਪ ਸਾਈਨ ਦੀ ਉਲੰਘਣਾ ਕਾਰਨ ਦੇਸ਼ 'ਚ ਹੋਏ 11140 ਹਾਦਸਿਆਂ 'ਚ 3346 ਮੌਤਾਂ ਹੋਈਆਂ ਸਨ, ਇਨ੍ਹਾਂ 'ਚੋਂ ਇਕੱਲੇ ਪੰਜਾਬ 'ਚ ਹੋਏ 210 ਹਾਦਸਿਆਂ ਦੌਰਾਨ 147 ਮੌਤਾਂ ਹੋਈਆਂ ਸਨ। ਫਲੈਸ਼ਿੰਗ ਲਾਈਟ ਸਿਗਨਲ 'ਤੇ ਦੇਸ਼ 'ਚ ਹੋਏ 10549 ਹਾਦਸਿਆਂ ਦੌਰਾਨ 2896 ਮੌਤਾਂ ਹੋਈਆਂ, ਪੰਜਾਬ 'ਚ ਹੋਏ 237 ਹਾਦਸਿਆਂ 'ਚ 173 ਲੋਕ ਮੌਤ ਦੇ ਮੂੰਹ ਜਾ ਪਏ ਸਨ। ਬਿਨਾਂ ਕਿਸੇ ਕੰਟਰੋਲ ਵਾਲੇ ਚੌਂਕਾਂ 'ਚ ਹੋਏ 124024 ਹਾਦਸਿਆਂ 'ਚ 39560 ਮੌਤਾਂ ਹੋਈਆਂ ਸਨ। ਇਨ੍ਹਾਂ 'ਚੋਂ ਪੰਜਾਬ 'ਚ ਹੋਏ 1297 ਹਾਦਸਿਆਂ 'ਚ 790 ਲੋਕ ਮਾਰੇ ਗਏ ਸਨ। ਪੰਜਾਬ ਵਿਚ ਨਾਬਾਲਗਾਂ ਵਲੋਂ ਵਾਹਨ ਚਲਾਉਣ ਦਾ ਵਧ ਰਿਹਾ ਰੁਝਾਨ ਵਧੇਰੇ ਖ਼ਤਰਨਾਕ ਹੈ। ਚਾਰ ਜਾਂ ਛੇ ਮਾਰਗੀ ਸੜਕਾਂ ਵਿਚਲੇ ਡਿਵਾਈਡਰਾਂ ਦੀ ਉਚਾਈ ਨਾਮਾਤਰ ਹੋਣਾ ਵੀ ਵਧੇਰੇ ਹਾਦਸਿਆਂ ਦਾ ਕਾਰਨ ਬਣਦਾ ਹੈ, ਕਿਉਂਕਿ ਅਵਾਰਾ ਪਸ਼ੂਆਂ, ਕੁੱਤਿਆਂ, ਦੋਪਹੀਆ ਵਾਹਨਾਂ ਤੇ ਬੇਕਾਬੂ ਵੱਡੇ ਵਾਹਨਾਂ ਦੇ ਅਚਾਨਕ ਡਿਵਾਈਡਰ ਪਾਰ ਕਰਕੇ ਆ ਜਾਣ ਨਾਲ ਵਧੇਰੇ ਜਾਨੀ ਨੁਕਸਾਨ ਹੁੰਦਾ ਹੈ। ਜਲੰਧਰ ਸ਼ਹਿਰ ਵਿਚ ਨਿੱਕੇ ਡਿਵਾਈਡਰ ਕਾਰਨ ਕੁੱਝ ਵਰ੍ਹੇ ਪਹਿਲਾਂ ਹੋਏ ਜ਼ਿਆਦਾ ਹਾਦਸਿਆਂ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਡਿਵਾਈਡਰ ਕਰੀਬ ਤਿੰਨ ਫੁੱਟ ਉੱਚੇ ਕਰ ਦਿੱਤੇ ਸਨ, ਜਿਸ ਦੇ ਫਲਸਰੂਪ ਹਾਦਸਿਆਂ 'ਚ ਕਮੀ ਆ ਗਈ ਸੀ। ਰਾਸ਼ਟਰੀ ਜਾਂ ਰਾਜ ਮਾਰਗਾਂ ਦੇ ਸ਼ਹਿਰਾਂ 'ਚੋਂ ਲੰਘਦੇ ਹਿੱਸਿਆਂ ਵਿਚ ਲੋਹੇ ਦੀਆਂ ਗਰਿੱਲਾਂ ਅਕਸਰ ਦੁਕਾਨਦਾਰਾਂ ਵਲੋਂ ਆਪਣੇ ਗਾਹਕਾਂ ਦੀ ਸਹੂਲਤ ਲਈ ਤੋੜ ਦਿੱਤੀਆਂ ਜਾਂਦੀਆਂ ਹਨ, ਜਿਸ ਸਦਕਾ ਵੀ ਹਾਦਸੇ ਵਾਪਰਦੇ ਹਨ। ਸੜਕੀ ਵਿਭਾਗ ਵਲੋਂ ਵਾਰ-ਵਾਰ ਅਜਿਹੀਆਂ ਟੁੱਟੀਆਂ ਗਰਿੱਲਾਂ ਠੀਕ ਕਰਨ ਦੇ ਬਾਵਜੂਦ ਤੋੜ ਦਿੱਤੀਆਂ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਸਰਕਾਰ ਵਲੋਂ ਗਰਿੱਲ ਟੁੱਟਣ ਦੀ ਹਾਲਤ ਵਿਚ ਉਸ ਦੇ ਸਾਹਮਣਲੇ ਦੁਕਾਨਦਾਰ ਦੀ ਜ਼ਿੰਮੇਵਾਰੀ ਨੀਯਤ ਕਰਨ ਨਾਲ ਸਰਕਾਰੀ ਜਾਇਦਾਦ ਦੀ ਸੰਭਾਲ ਯਕੀਨੀ ਬਣ ਜਾਵੇਗੀ ਤੇ ਹਾਦਸਿਆਂ ਵਿਚ ਵੀ ਕਮੀ ਆਵੇਗੀ।
ਹਰ ਵਾਹਨ ਦੇ ਚਾਲਕ ਕੋਲ ਯੋਗ ਲਾਇਸੈਂਸ ਤੇ ਵਾਹਨ ਚਲਾਉਣ ਦੀ ਸਿਖਲਾਈ ਜ਼ਰੂਰ ਹੋਣੀ ਚਾਹੀਦੀ ਹੈ। ਸਾਲ 2017 ਦੌਰਾਨ ਦੇਸ਼ 'ਚ ਲਰਨਰ ਲਾਇਸੈਂਸ ਧਾਰਕਾਂ ਨੇ 33128 ਹਾਦਸੇ ਕੀਤੇ ਅਤੇ ਪੰਜਾਬ ਵਿਚ ਇਹ ਗਿਣਤੀ 734 ਸੀ। ਬਿਨਾਂ ਲਾਇਸੈਂਸ ਤੋਂ ਵਾਹਨ ਚਲਾ ਕੇ 48503 ਹਾਦਸੇ ਕਰਨ ਵਾਲਿਆਂ ਵਿਚ ਪੰਜਾਬ ਦੇ 1210 ਚਾਲਕ ਸਨ। ਨਾਬਾਲਗ ਚਾਲਕਾਂ ਨੇ 6273 ਹਾਦਸੇ ਕੀਤੇ ਸਨ, ਜਿਨ੍ਹਾਂ 'ਚੋਂ ਇਕੱਲੇ ਪੰਜਾਬ ਦੇ ਨਾਬਾਲਗਾਂ ਨੇ 4139 ਹਾਦਸੇ ਕੀਤੇ ਤੇ 561 ਨਾਬਾਲਗ ਗੰਭੀਰ ਜ਼ਖ਼ਮੀ ਹੋਏ ਸਨ। ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਨਾਲ ਜਿਥੇ ਚਾਲਕ ਖੁਦ ਦਾ ਬਚਾਅ ਕਰਦਾ ਹੈ, ਉਥੇ ਉਸ ਨਾਲ ਬੈਠੀਆਂ ਸਵਾਰੀਆਂ ਅਤੇ ਸੜਕ 'ਤੇ ਜਾਂਦੇ ਹੋਰ ਰਾਹਗੀਰ ਵੀ ਸੁਰੱਖਿਅਤ ਰਹਿੰਦੇ ਹਨ। ਸਾਲ 2017 ਦੌਰਾਨ ਦੇਸ਼ ਵਿਚ ਹੋਏ ਹਾਦਸਿਆਂ ਦੌਰਾਨ 5749 ਚਾਲਕ ਮਾਰੇ ਗਏ ਸਨ, ਪੰਜਾਬ ਵਿਚ ਇਹ ਗਿਣਤੀ 595 ਸੀ। ਖੁਸ਼ਕਿਸਮਤੀ ਨਾਲ ਬਚੇ 10020 ਚਾਲਕਾਂ 'ਚੋਂ 439 ਪੰਜਾਬ ਦੇ ਸਨ। ਸ਼ਹਿਰੀ ਖੇਤਰਾਂ 'ਚ ਭੀੜ ਜ਼ਿਆਦਾ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਮੱਧਮ ਹੋਣ ਨਾਲ ਹਾਦਸਿਆਂ 'ਚ ਜਾਨੀ ਨੁਕਸਾਨ ਦਾ ਖ਼ਤਰਾ ਵੀ ਘਟ ਜਾਂਦਾ ਹੈ ਪ੍ਰੰਤੂ ਦਿਹਾਤੀ ਖੇਤਰਾਂ ਵਿਚ ਇਹ ਗਿਣਤੀ ਦੁੱਗਣੀ ਹੋ ਜਾਂਦੀ ਹੈ। ਸਾਲ 2017 ਦੌਰਾਨ ਹੀ ਦੇਸ਼ ਦੇ ਸ਼ਹਿਰੀ ਖੇਤਰਾਂ ਵਿਚ 195723 ਹਾਦਸਿਆਂ ਦੌਰਾਨ 51334 ਮੌਤਾਂ ਤੇ ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਹੋਏ 2299 ਹਾਦਸਿਆਂ ਦੌਰਾਨ 1616 ਮੌਤਾਂ ਹੋਈਆਂ ਸਨ ਜਦ ਕਿ ਦੇਸ਼ ਦੇ ਦਿਹਾਤੀ ਖੇਤਰਾਂ 'ਚ ਹੋਏ 269187 ਹਾਦਸਿਆਂ ਦੌਰਾਨ 96579 ਮੌਤਾਂ ਹੋਈਆਂ ਸਨ। ਪੰਜਾਬ ਦੇ ਦਿਹਾਤੀ ਖੇਤਰਾਂ 'ਚ ਹੋਏ 3974 ਹਾਦਸਿਆਂ ਦੌਰਾਨ 2847 ਲੋਕ ਜਾਨ ਤੋਂ ਹੱਥ ਧੋ ਬੈਠੇ ਸਨ।
ਜੇਕਰ ਸੜਕ 'ਤੇ ਚੱਲਣ ਵਾਲਾ ਹਰ ਵਿਅਕਤੀ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੇ ਤਾਂ ਨਿੱਤ ਦਿਨ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਨਿਯਮਾਂ ਦੀ ਪਾਲਣਾ ਤੇ ਹਾਦਸਿਆਂ ਦੀ ਜ਼ਿੰਮੇਵਾਰੀ ਦੂਜਿਆਂ 'ਤੇ ਸੁੱਟ ਕੇ ਅਸੀਂ ਹਾਦਸਿਆਂ ਤੋਂ ਨਹੀਂ ਬਚ ਸਕਦੇ।
ਅੰਤ 'ਚ ਦਿਲਚਸਪ ਗੱਲ- ਭਾਰਤ 'ਚ ਕਿਸੇ ਵੀ ਚੁਰੱਸਤੇ 'ਚ ਆਵਾਜਾਈ ਲੰਘਾਉਣ ਲਈ ਇਕ ਪਾਸੇ ਦੀ ਟ੍ਰੈਫਿਕ ਲਾਈਟ ਹੀ ਹਰੀ ਹੁੰਦੀ ਹੈ ਤਾਂ ਉਸ ਪਾਸੇ ਦੀ ਆਵਾਜਾਈ ਸੱਜੇ-ਖੱਬੇ ਤੇ ਸਿੱਧੇ ਜਿੱਧਰ ਵੀ ਜਾਣਾ ਹੋਵੇ, ਜਾਂਦੀ ਹੈ। ਉਸ ਸਮੇਂ ਤਿੰਨ ਪਾਸਿਆਂ ਦੀ ਆਵਾਜਾਈ ਲਈ ਲਾਲ ਬੱਤੀ ਹੋਣ ਕਾਰਨ ਆਵਾਜਾਈ ਰੁਕੀ ਰਹਿੰਦੀ ਹੈ। ਇਸ ਪ੍ਰਕਿਰਿਆ ਦੌਰਾਨ ਸਬਰ ਦੀ ਘਾਟ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਦੂਜੇ ਪਾਸੇ ਵਿਕਸਤ ਦੇਸ਼ ਕੈਨੇਡਾ ਵਿਚ ਸਮਾਂ ਬਚਾਉਣ ਲਈ ਇਕੋ ਸਮੇਂ ਆਹਮੋ-ਸਾਹਮਣੇ ਦੀਆਂ ਲਾਈਟਾਂ ਹਰੀਆਂ ਹੁੰਦੀਆਂ ਹਨ ਤਾਂ ਦੋਵੇਂ ਪਾਸੇ ਦੀ ਆਵਾਜਾਈ ਸੱਜੇ-ਖੱਬੇ ਤੇ ਸਿੱਧੇ ਚਲਦੀ ਹੈ ਪ੍ਰੰਤੂ ਫਿਰ ਵੀ ਹਾਦਸੇ ਨਾ-ਮਾਤਰ ਹੁੰਦੇ ਹਨ।
-ਮੋ: 98154-31665
5 ਅਗਸਤ, 2019 ਤੋਂ ਹੀ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੀ ਸੰਸਦ ਵਿਚ ਸੰਵਿਧਾਨ ਦੀ ਧਾਰਾ 370 ਅਤੇ 35ਏ ਹਟਾਉਣ ਅਤੇ ਜੰਮੂ-ਕਸ਼ਮੀਰ ਦੇ ਭਾਰਤ ਨਾਲ ਮਿਲਣ ਸਮੇਂ ਰਾਜ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਦੇਸ਼ ਦੇ ...
ਭਾਜਪਾ ਲਈ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣੀਆਂ ਸੌਖੀਆਂ ਹੁੰਦੀਆਂ ਜਾਪ ਰਹੀਆਂ ਹਨ। ਕਿਉਂਕਿ ਇਕ ਤਾਂ ਹੁਣੇ-ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਈ ਹੈ ਤੇ ਦੂਸਰਾ ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਖੱਖੜੀਆਂ-ਕਰੇਲੇ ਹੋਈ ਪਈ ਹੈ। ...
ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵਿਚ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਰਹਿ ਚੁੱਕੇ ਪੀ. ਚਿਦੰਬਰਮ ਦਾ ਸਿਆਸੀ ਕੱਦਬੁੱਤ ਕਾਫੀ ਉੱਚਾ ਹੈ। ਕਾਂਗਰਸ ਵਿਚ ਉਨ੍ਹਾਂ ਨੂੰ ਸਿਆਣੇ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਹੈ। ਵਿੱਤ ਮੰਤਰੀ ਦੇ ਤੌਰ 'ਤੇ ਵੀ ਉਨ੍ਹਾਂ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX