ਲਗਪਗ 7 ਕੁ ਸਾਲ ਪਹਿਲਾਂ ਦਿੱਲੀ ਵਿਚ ਇਕ ਚਲਦੀ ਬੱਸ ਵਿਚ ਡਾਕਟਰੀ ਦੀ ਵਿਦਿਆਰਥਣ ਨਾਲ 6 ਵਿਅਕਤੀਆਂ ਨੇ ਉਸ ਦੇ ਸਾਥੀ ਸਾਹਮਣੇ ਜਬਰ ਜਨਾਹ ਕੀਤਾ ਸੀ ਅਤੇ ਬਾਅਦ ਵਿਚ ਦੋਵਾਂ ਨੂੰ ਚਲਦੀ ਬੱਸ 'ਚੋਂ ਧੱਕਾ ਦੇ ਦਿੱਤਾ ਸੀ। ਕੁਝ ਦਿਨਾਂ ਪਿੱਛੋਂ ਲੜਕੀ ਦੀ ਮੌਤ ਹੋ ਗਈ ਸੀ ਪਰ ਇਸ ਹੌਲਨਾਕ ਘਟਨਾ ਨੇ ਸਾਰੇ ਦੇਸ਼ ਵਿਚ ਇਕ ਤਰ੍ਹਾਂ ਨਾਲ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੂੰ ਜਬਰ ਜਨਾਹ ਵਿਰੁੱਧ ਅਪਰਾਧਾਂ ਸਬੰਧੀ ਕਾਨੂੰਨਾਂ ਨੂੰ ਹੋਰ ਵੀ ਸਖ਼ਤ ਕਰਨਾ ਪਿਆ ਸੀ। ਪਰ ਇਸ ਦੇ ਬਾਵਜੂਦ ਅਜਿਹੀਆਂ ਭਿਆਨਕ ਅਤੇ ਸ਼ਰਨਮਾਕ ਘਟਨਾਵਾਂ ਵਿਚ ਕਮੀ ਨਹੀਂ ਆਈ, ਸਗੋਂ ਅੰਕੜਿਆਂ ਮੁਤਾਬਿਕ ਦੇਸ਼ ਭਰ ਵਿਚ ਇਹ ਵਧੀਆਂ ਹਨ। ਜੰਮੂ ਦੇ ਕਠੂਆ ਵਿਚ ਕੁਝ ਸਾਲ ਪਹਿਲਾਂ ਅਜਿਹੀ ਹੀ ਘਟਨਾ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਤੋਂ ਕੁਝ ਦਿਨਾਂ ਬਾਅਦ ਮਾਰ ਦਿੱਤਾ ਗਿਆ ਸੀ। ਇਸ ਘਟਨਾ ਦੀ ਵੱਡੀ ਪੱਧਰ 'ਤੇ ਚਰਚਾ ਦੇਸ਼ ਭਰ ਵਿਚ ਹੋਈ ਸੀ। ਹੁਣ ਹੈਦਰਾਬਾਦ ਵਿਚ ਇਕ ਵੈਟਰਨਰੀ ਡਾਕਟਰ ਲੜਕੀ ਨੂੰ ਇਕ ਪੈਟਰੋਲ ਪੰਪ ਤੋਂ ਅਗਵਾ ਕਰਨ ਤੋਂ ਬਾਅਦ ਕੁਝ ਵਿਅਕਤੀਆਂ ਨੇ ਉਸ ਨਾਲ ਜਬਰ ਜਨਾਹ ਕੀਤਾ। ਬਾਅਦ ਵਿਚ ਉਸ ਨੂੰ ਟਰੱਕ ਵਿਚ ਦੂਰ ਲਿਜਾਇਆ ਗਿਆ, ਜਿਥੇ ਉਸ ਨੂੰ ਮਾਰਨ ਤੋਂ ਬਾਅਦ ਸਾੜ ਦਿੱਤਾ ਗਿਆ। ਇਸ ਘਟਨਾ ਦੇ ਵਿਰੋਧ ਵਿਚ ਵੱਡੀ ਪੱਧਰ 'ਤੇ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਇਸ ਵਿਚ ਸ਼ਾਮਿਲ ਚਾਰ ਵਿਅਕਤੀਆਂ ਨੂੰ ਫੜ ਵੀ ਲਿਆ ਗਿਆ ਹੈ। ਇਸ ਦੀ ਚਰਚਾ ਸੰਸਦ ਵਿਚ ਵੀ ਹੋਈ ਹੈ, ਜਿਥੇ ਸਾਰੇ ਹੀ ਮੈਂਬਰਾਂ ਨੇ ਇਸ ਦੁੱਖ ਭਰੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਤੇਲੰਗਾਨਾ ਸਰਕਾਰ ਨੇ ਲਾਪਰਵਾਹੀ ਵਰਤਣ ਵਾਲੇ ਕੁਝ ਮੁਲਾਜ਼ਮਾਂ ਨੂੰ ਬਰਖ਼ਾਸਤ ਵੀ ਕਰ ਦਿੱਤਾ ਹੈ। ਹਰ ਪਾਸਿਓਂ ਪਏ ਸਖ਼ਤ ਦਬਾਅ ਕਾਰਨ ਇਹ ਕੇਸ ਤੁਰੰਤ ਕਾਰਵਾਈ ਕਰਨ ਲਈ ਵੀ ਅਦਾਲਤ ਨੂੰ ਦੇ ਦਿੱਤਾ ਗਿਆ ਹੈ। ਅੱਜ ਦੇਸ਼ ਵਿਚ ਅਜਿਹੀਆਂ ਦਰਜਨਾਂ ਹੀ ਘਟਨਾਵਾਂ ਦੇ ਥਾਂ ਪੁਰ ਥਾਂ ਵਾਪਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਦਿੱਲੀ ਵਿਚ ਇਕ 55 ਸਾਲਾ ਔਰਤ ਨਾਲ ਜਬਰ ਜਨਾਹ ਕਰਕੇ ਬਾਅਦ ਵਿਚ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਰਾਜਸਥਾਨ ਵਿਚ ਇਕ 6 ਸਾਲ ਦੀ ਬੱਚੀ ਨਾਲ ਅਜਿਹਾ ਭਿਆਨਕ ਕਾਰਾ ਕਰਕੇ ਉਸ ਨੂੰ ਖ਼ਤਮ ਕਰ ਦਿੱਤਾ ਗਿਆ। ਚਾਹੇ ਅਜਿਹੀਆਂ ਵਾਰਦਾਤਾਂ ਸਬੰਧੀ ਲੋਕ ਮਨਾਂ ਵਿਚ ਬੇਹੱਦ ਗੁੱਸਾ ਪੈਦਾ ਹੁੰਦਾ ਹੈ, ਸਮਾਜ ਵਲੋਂ ਵੀ ਦੋਸ਼ੀਆਂ ਨੂੰ ਧਿੱਕਾਰ ਦਿੱਤੀ ਜਾਂਦੀ ਹੈ ਪਰ ਕੁਝ ਅਜਿਹੇ ਲੋਕ ਹਨ ਜੋ ਅਜਿਹੇ ਹੈਵਾਨੀਅਤ ਭਰੇ ਕਰਮ ਕਰਨ ਤੋਂ ਨਹੀਂ ਹਿਚਕਚਾਉਂਦੇ। ਪਿਛਲੇ ਦਿਨੀਂ ਕੀਤੇ ਗਏ ਕੁਝ ਵੱਡੇ ਸ਼ਹਿਰਾਂ ਦੇ ਸਰਵੇਖਣ ਤੋਂ ਵੀ ਔਰਤਾਂ ਪ੍ਰਤੀ ਪੈਦਾ ਹੋਈ ਅਜਿਹੀ ਮਾਨਸਿਕਤਾ ਦਾ ਪਤਾ ਲਗਦਾ ਹੈ, ਜੋ ਲਗਾਤਾਰ ਇਕ ਵਰਗ ਵਿਚ ਹੁਣ ਤੱਕ ਪਨਪਦੀ ਆ ਰਹੀ ਹੈ। ਇਕ ਸਮਾਜਿਕ ਸੰਸਥਾ (ਸੇਫਟੀ ਪਿਨ) ਨੇ ਮੱਧ ਪ੍ਰਦੇਸ਼ ਦੇ ਭੁਪਾਲ ਤੇ ਗਵਾਲੀਅਰ ਅਤੇ ਰਾਜਸਥਾਨ ਦੇ ਜੈਪੁਰ ਵਿਚ ਵਿਸਥਾਰਤ ਸਰਵੇਖਣ ਕੀਤਾ, ਜਿਸ ਤੋਂ ਬੜੇ ਹੀ ਦਿਲ ਕੰਬਾਊ ਨਤੀਜੇ ਸਾਹਮਣੇ ਆਏ ਹਨ। ਇਸ ਅਨੁਸਾਰ 90 ਫ਼ੀਸਦੀ ਦੇ ਲਗਪਗ ਔਰਤਾਂ ਸੁੰਨਸਾਨ ਥਾਵਾਂ 'ਤੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਹਨ। ਵਿਦਿਆਰਥਣਾਂ ਨੂੰ ਜਿਣਸੀ ਛੇੜਛਾੜ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਇਨ੍ਹਾਂ ਅਨੁਸਾਰ 63 ਫ਼ੀਸਦੀ ਔਰਤਾਂ ਸਰਕਾਰੀ ਬੱਸਾਂ ਦੇ ਲਗਪਗ ਖਾਲੀ ਹੋਣ 'ਤੇ ਡਰ ਜਾਂਦੀਆਂ ਹਨ। 86 ਫ਼ੀਸਦੀ ਔਰਤਾਂ ਸ਼ਰਾਬ ਦੇ ਠੇਕਿਆਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਵਿਕਰੀ ਵਾਲੀਆਂ ਥਾਵਾਂ ਤੋਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਬਹੁਤੀਆਂ ਔਰਤਾਂ ਅਨੁਸਾਰ ਬੱਸਾਂ, ਆਟੋ ਅਤੇ ਆਵਾਜਾਈ ਦੇ ਹੋਰ ਸਾਧਨਾਂ ਵਿਚ ਸਫ਼ਰ ਕਰਨ ਅਤੇ ਇਨ੍ਹਾਂ ਦੀ ਉਡੀਕ ਕਰਨ ਦੌਰਾਨ ਉਨ੍ਹਾਂ ਨੂੰ ਅਕਸਰ ਅਣਉਚਿਤ ਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। 57 ਫ਼ੀਸਦੀ ਵਿਦਿਆਰਥਣਾਂ ਅਤੇ 50 ਫ਼ੀਸਦੀ ਅਣਵਿਆਹੀਆਂ ਔਰਤਾਂ ਨੂੰ ਜਿਣਸੀ ਛੇੜਛਾੜ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਮਰਦਾਂ ਵਲੋਂ ਘੂਰਣਾ, ਉਨ੍ਹਾਂ ਦਾ ਪਿੱਛਾ ਕਰਨਾ, ਉਨ੍ਹਾਂ ਨਾਲ ਛੇੜਛਾੜ ਕਰਨੀ ਅਤੇ ਉਨ੍ਹਾਂ ਨੂੰ ਛੂਹਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਇਕ ਵਾਰ ਫਿਰ ਇਹ ਮਸਲਾ ਹੈਦਰਾਬਾਦ ਦੀ ਘਟਨਾ ਨਾਲ ਜਿਸ ਤਰ੍ਹਾਂ ਉੱਭਰਿਆ ਹੈ, ਉਸ ਤੋਂ ਲੋਕ ਭਾਵਨਾ ਦੀ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਅਜਿਹੇ ਕੇਸਾਂ ਦਾ ਫਾਸਟ ਟਰੈਕ ਅਦਾਲਤਾਂ ਰਾਹੀਂ ਇਕ ਨਿਸਚਿਤ ਸਮੇਂ ਵਿਚ ਫ਼ੈਸਲਾ ਹੋਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਵੱਡੀਆਂ ਸਜ਼ਾਵਾਂ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਅਜਿਹੀ ਅਪਰਾਧਕ ਬਿਰਤੀ ਵਾਲੇ ਲੋਕਾਂ ਅੰਦਰ ਡਰ ਪੈਦਾ ਹੋ ਸਕੇ। ਇਸ ਦੇ ਨਾਲ-ਨਾਲ ਪੁਲਿਸ ਪ੍ਰਬੰਧਾਂ ਨੂੰ ਹੋਰ ਚੁਸਤ ਤੇ ਦਰੁਸਤ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹੀ ਸੂਰਤ ਵਿਚ ਹੀ ਵੱਡੀ ਗਿਣਤੀ ਵਿਚ ਘਿਰੀਆਂ ਔਰਤਾਂ ਨੂੰ ਬਚਾਇਆ ਜਾ ਸਕੇਗਾ। ਬਿਨਾਂ ਸ਼ੱਕ ਔਰਤ ਪ੍ਰਤੀ ਅੱਜ ਵੀ ਅਜਿਹਾ ਵਰਤਾਰਾ ਸਾਡੇ ਸਮਾਜ ਲਈ ਬੇਹੱਦ ਸ਼ਰਮਨਾਕ ਹੈ, ਜਿਸ ਲਈ ਅਜਿਹੇ ਅਪਰਾਧੀ ਕਦਾਚਿਤ ਵੀ ਬਖਸ਼ਣਯੋਗ ਨਹੀਂ ਹੋ ਸਕਦੇ।
-ਬਰਜਿੰਦਰ ਸਿੰਘ ਹਮਦਰਦ
ਇਕ ਪ੍ਰਸਿੱਧ ਟਿੱਪਣੀਕਾਰ ਨੇ ਯਾਦ ਦਿਵਾਇਆ ਹੈ ਕਿ 2014 ਵਿਚ ਨਰਿੰਦਰ ਮੋਦੀ 'ਨਾ ਖਾਊਂਗਾ, ਨਾ ਖਾਣ ਦਊਂਗਾ' ਦਾ ਨਾਅਰਾ ਦੇ ਕੇ ਸੱਤਾ ਵਿਚ ਆਏ ਸਨ (ਹਾਲਾਂ ਕਿ ਇਹ ਗੱਲ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ)। ਉਨ੍ਹਾਂ ਦਾ ਭ੍ਰਿਸ਼ਟਾਚਾਰ ਵਿਰੋਧੀ ਇਹ ਵਾਅਦਾ ਜਨਤਾ ਨੂੰ ਬਹੁਤ ...
3 ਦਸੰਬਰ ਦਾ ਦਿਨ ਵਿਸ਼ਵ ਪੱਧਰ 'ਤੇ 'ਵਿਸ਼ਵ ਅੰਗਹੀਣ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਵਿਚ ਲੱਖਾਂ ਮਨੁੱਖ ਵੱਖ-ਵੱਖ ਤਰ੍ਹਾਂ ਦੀ ਅਪੰਗਤਾ ਦੇ ਸ਼ਿਕਾਰ ਹਨ। ਗ਼ਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਿਚ ਅਪੰਗਾਂ ਦੀ ਗਿਣਤੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵਧੇਰੇ ...
(ਕੱਲ੍ਹ ਤੋਂ ਅੱਗੇ)
ਬਰਤਾਨੀਆ ਦੀਆਂ ਹੋਣ ਵਾਲੀਆਂ ਚੋਣਾਂ ਇਸ ਲਈ ਵੀ ਖ਼ਾਸ ਮਹੱਤਵ ਰੱਖਦੀਆਂ ਹਨ ਕਿਉਂਕਿ ਇਹ ਚੋਣਾਂ 1923 ਤੋਂ ਬਾਅਦ ਪਹਿਲੀ ਵਾਰ ਦਸੰਬਰ ਮਹੀਨੇ ਵਿਚ ਹੋ ਰਹੀਆਂ ਹਨ। 650 ਸੀਟਾਂ ਵਾਲੀ ਇਸ ਸੰਸਦ 'ਚ ਸਰਕਾਰ ਬਣਾਉਣ ਲਈ 326 ਸੀਟਾਂ ਦੀ ਲੋੜ ਹੈ। ਹੁਣ ਤੱਕ ਹੋਏ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX