ਤਾਜਾ ਖ਼ਬਰਾਂ


ਮੋਦੀ ਸਰਕਾਰ ਦੇ ਬੈਕ ਫੁੱਟ 'ਤੇ ਜਾਣ ਦਾ ਬੱਝਿਆ ਮੁੱਢ, ਏਕਤਾ ਉਗਰਾਹਾਂ ਨੇ ਦਿੱਲੀ ਵੱਲ ਵਧਾਏ ਕਦਮ
. . .  7 minutes ago
ਡੱਬਵਾਲੀ, 27 ਨਵੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨਾਂ ਦਾ ਹੌਂਸਲਿਆਂ ਭਰਿਆ ਸੈਲਾਬ ਅੱਜ ਮਿੱਥੇ ਸਮੇਂ ਤੋਂ ਘੰਟਾ ਪਹਿਲਾਂ ਹੀ ਹਰਿਆਣਾ...
ਦਿੱਲੀ ਪਹੁੰਚੇ ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ ਅਗਲਾ ਪ੍ਰੋਗਰਾਮ ਦੇਣ ਦੀ ਕੀਤੀ ਅਪੀਲ
. . .  13 minutes ago
ਨਵੀਂ ਦਿੱਲੀ, 27 ਨਵੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਦਾ ਪਿਛਲੇ ਕਈ ਦਿਨਾਂ ਤੋਂ ਵਿਰੋਧ ਕਰ ਰਹੇ ਦਿੱਲੀ ਪਹੁੰਚੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ...
ਸੰਗਰੂਰ-ਦਿੱਲੀ ਮੁੱਖ ਮਾਰਗ ਤੋਂ ਖਨੌਰੀ ਕੋਲੋਂ ਕਿਸਾਨਾਂ ਨੇ ਦਿੱਲੀ ਕੂਚ ਲਈ ਕੀਤੀਆਂ ਤਿਆਰੀਆਂ
. . .  27 minutes ago
ਖਨੌਰੀ/ਪਾਤੜਾਂ, 27 ਨਵੰਬਰ (ਬਲਵਿੰਦਰ ਸਿੰਘ ਥਿੰਦ, ਗੁਰਇਕਬਾਲ ਸਿੰਘ ਖ਼ਾਲਸਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਕੂਚ ਕਰਨ...
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ
. . .  31 minutes ago
ਬਰਨਾਲਾ/ਹੰਡਿਆਇਆ, 27 ਨਵੰਬਰ (ਗੁਰਜੀਤ ਸਿੰਘ ਖੁੱਡੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ...
ਪੁਲਿਸ ਨੇ ਹਿਰਾਸਤ 'ਚ ਲਿਆ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਥੜ੍ਹਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ
. . .  39 minutes ago
ਨਵੀ ਦਿੱਲੀ , 27 ਨਵੰਬਰ (ਜਗਤਾਰ ਸਿੰਘ)- ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਥੜ੍ਹਾ ਸਾਹਿਬ ਦੇ 'ਤੇ ਚੜ੍ਹ ਕੇ ਲੇਟਣ ਵਾਲੇ ਵਿਅਕਤੀ...
ਸੀਨੀਅਰ ਆਈ. ਪੀ. ਐਸ. ਅਧਿਕਾਰੀ ਦੀ ਗ੍ਰਹਿ ਵਿਭਾਗ 'ਚ ਸਕੱਤਰ ਵਜੋਂ ਤਾਇਨਾਤੀ
. . .  42 minutes ago
ਚੰਡੀਗੜ੍ਹ, 27 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੀਨੀਅਰ ਪੰਜਾਬ ਆਈ. ਪੀ. ਐਸ. ਅਧਿਕਾਰੀ ਜੀ. ਨਾਗੇਸ਼ਵਾਰਾ ਰਾਓ ਨੂੰ ਗ੍ਰਹਿ ਵਿਭਾਗ 'ਚ ਸਕੱਤਰ...
ਕਿਸਾਨੀ ਅੰਦੋਲਨ : ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ 'ਚ ਤਬਦੀਲ ਕਰਨ ਦੀ ਮੰਗੀ ਇਜਾਜ਼ਤ
. . .  50 minutes ago
ਨਵੀਂ ਦਿੱਲੀ, 27 ਨਵੰਬਰ- ਕਿਸਾਨੀ ਅੰਦੋਲਨ ਦੇ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਕੋਲੋਂ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ 'ਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ। ਕਿਹਾ ਜਾ...
ਸਮਾਲ ਖਾਂ ਵਿਖੇ ਲੱਗਿਆ ਵੱਡਾ ਨਾਕਾ ਤੋੜ ਕੇ ਦਿੱਲੀ ਵੱਲ ਵਧੇ ਕਿਸਾਨ
. . .  about 1 hour ago
ਕਿਸਾਨ ਕਾਫ਼ਲੇ ਨਾਲ, 27 ਨਵੰਬਰ (ਮੇਜਰ ਸਿੰਘ)- ਰਾਤ ਭਰ ਦੀ ਵੱਡੀ ਮਿਹਨਤ ਨਾਲ ਹਜ਼ਾਰਾਂ ਪੁਲਿਸ ਕਰਮੀਆਂ ਅਤੇ ਹੋਰ ਮੁਲਾਜ਼ਮਾਂ ਵਲੋਂ ਸੋਨੀਪਤ ਅਤੇ ਪਾਣੀਪਤ ਦੇ ਵਿਚਕਾਰ ਖੜ੍ਹੀਆਂ ਕੀਤੀਆਂ...
ਕਿਸਾਨਾਂ ਨੂੰ ਰੋਕਣ ਲਈ ਪਾਣੀਪਤ ਨੇੜੇ 20 ਫੁੱਟ ਦੀ ਪੁਲਿਸ ਨੇ ਪੁੱਟੀ ਖਾਈ, ਸੜਕ 'ਤੇ ਖੜੇ ਕੀਤੇ ਕਨਟੇਨਰ, ਤਣਾਅ ਬਣਿਆ
. . .  about 1 hour ago
ਕਿਸਾਨ ਕਾਫ਼ਲੇ ਨਾਲ, 27 ਨਵੰਬਰ (ਮੇਜਰ ਸਿੰਘ) - ਅੱਜ ਸਵੇਰ ਚੜ੍ਹਦਿਆਂ ਹੀ ਕਰਨਾਲ ਪਾਣੀਪਤ ਜੀਂਦ ਲਾਗੇ ਰੁਕੇ ਪੰਜਾਬ ਦੇ ਕਿਸਾਨਾਂ ਦੇ ਕਾਫ਼ਲੇ ਨੇ ਦੁਬਾਰਾ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕਰਨਾਲ ਤੋਂ ਸੋਨੀਪਤ ਤੱਕ ਹਜ਼ਾਰਾਂ ਟਰਾਲੀਆਂ ਤੇ ਹੋਰ ਗੱਡੀਆਂ ਦੇ ਕਾਫ਼ਲੇ ਜੀ.ਟੀ ਰੋਡ 'ਤੇ ਚੱਲ ਰਹੇ ਹਨ। ਸਵੇਰੇ...
ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ
. . .  about 1 hour ago
ਅੰਮ੍ਰਿਤਸਰ, 27 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਇਸ ਜਥੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜੈਕਾਰਿਆਂ ਦੀ ਗੂੰਜ...
ਸਿਡਨੀ ਵਨਡੇ : ਆਸਟ੍ਰੇਲੀਆ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 2 hours ago
ਸਿਡਨੀ, 27 ਨਵੰਬਰ - ਭਾਰਤ ਆਸਟ੍ਰੇਲੀਆ ਪਹਿਲਾ ਇਕ ਦਿਨਾਂ ਮੈਚ 'ਚ ਮੇਜ਼ਬਾਨ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਮੈਚ ਸਿਡਨੀ...
ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ, ਇੱਕ ਜ਼ਖਮੀ
. . .  about 2 hours ago
ਬੁਢਲਾਡਾ, 27 ਨਵੰਬਰ (ਸਵਰਨ ਸਿੰਘ ਰਾਹੀ) - ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ 'ਚ ਹਰਿਆਣਾ ਰਸਤਿਓਂ ਦਿੱਲੀ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਕਿਸਾਨ ਜਥੇ 'ਚ ਸ਼ਾਮਲ ਪਿੰਡ ਖਿਆਲੀ ਚਹਿਲਾਂਵਾਲੀ ਦੇ ਇੱਕ ਕਿਸਾਨ ਦੀ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ ਅਤੇ ਇੱਕ ਦੇ ਜ਼ਖਮੀ...
ਦਿੱਲੀ ਕੂਚ ਲਈ ਅੜੇ ਕਿਸਾਨ, ਉਤਰ ਪ੍ਰਦੇਸ਼ 'ਚ ਵੀ ਅੱਜ ਹੋ ਰਿਹੈ ਅੰਦੋਲਨ
. . .  about 2 hours ago
ਨਵੀਂ ਦਿੱਲੀ, 27 ਨਵੰਬਰ - ਖੇਤੀ ਕਾਨੂੰਨਾਂ ਖਿਲਾਫ ਪੰਜਾਬ ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ ਜਾਰੀ ਹੈ। ਕਿਸਾਨ ਦਿੱਲੀ ਬਾਰਡਰ 'ਤੇ ਅੜੇ ਹੋਏ ਹਨ ਤੇ ਦਿੱਲੀ 'ਚ ਪ੍ਰਵੇਸ਼ ਲਈ ਤਿਆਰ ਹਨ। ਮੋਦੀ ਸਰਕਾਰ ਦੀ ਟੈਨਸ਼ਨ ਵੱਧ ਗਈ ਹੈ ਤੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਭਰਪੂਰ ਤਿਆਰੀਆਂ...
ਬਾਰਡਰ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਭੂਰਾ ਨੂੰ ਸਾਥੀਆਂ ਸਮੇਤ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
. . .  about 2 hours ago
ਖੇਮਕਰਨ, 27 ਨਵੰਬਰ (ਰਾਕੇਸ਼ ਬਿੱਲਾ) - ਕੇਂਦਰ ਸਰਕਾਰ ਵਿਰੁੱਧ ਖੇਤੀਬਾੜੀ ਕਨੂੰਨਾਂ ਦਾ ਵਿਰੋਧ ਕਰਨ ਵਾਸਤੇ ਕਿਸੇ ਨਾ ਕਿਸੇ ਤਰੀਕੇ ਦਿੱਲੀ ਪੁੱਜੇ ਬਾਰਡਰ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਭੂਰਾ ਨੂੰ 13 ਕਿਸਾਨ ਸਾਥੀਆਂ ਸਮੇਤ ਅੱਜ ਤੜਕੇ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਤੇ ਹਰੀਪੁਰ...
ਅੱਜ ਦਾ ਵਿਚਾਰ
. . .  about 2 hours ago
ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਪੋਸਟਾਂ ਰੈਗੂਲਰ ਤੌਰ ‘ਤੇ ਭਰਨ ਦਾ ਫੈਸਲਾ : ਮਾਨਸ਼ਾਹੀਆ
. . .  1 day ago
ਬੁਢਲਾਡਾ ,26 ਨਵੰਬਰ ( ਸਵਰਨ ਸਿੰਘ ਰਾਹੀ ) - ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ਸਰਕਾਰ ਵੱਲੋਂ 8393 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ...
ਦਿੱਲੀ ਪੁਲਿਸ ਨੇ ਰਿਹਾਅ ਕੀਤੇ ਕਿਸਾਨ ਆਗੂ
. . .  1 day ago
ਨਵੀਂ ਦਿੱਲੀ ,26 ਨਵੰਬਰ - ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਹਰਿਆਣਾ ਦੀਆਂ ਹੱਦਾਂ ਪਾਰ ਕਰਕੇ ਦਿੱਲੀ ਪੁੱਜੇ ਕੁਝ ਕਿਸਾਨ ਆਗੂਆਂ ਨੂੰ ...
29 ਬਟਾਲੀਅਨ ਬੀ ਐਸ ਐਫ ਵੱਲੋਂ ਸਰਹੱਦੀ ਖੇਤਰ ‘ਚੋਂ 6 ਪੈਕੇਟ ਹੈਰੋਇਨ ਬਰਾਮਦ
. . .  1 day ago
ਮਮਦੋਟ , 26 ਨਵੰਬਰ (ਸੁਖਦੇਵ ਸਿੰਘ ਸੰਗਮ )-ਸੀਮਾਂ ਸੁਰੱਖਿਆ ਬਲਾਂ ਵੱਲੋਂ ਮਮਦੋਟ ਨੇੜਲੇ ਹਿੰਦ -ਪਾਕਿ ਸਰਹੱਦੀ ਖੇਤਰ ਵਿਚੋਂ 6 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ...
ਟੀਸੀਐਸ ਦੇ ਸੰਸਥਾਪਕ ਐਫਸੀ ਕੋਹਲੀ ਦਾ 96 ਸਾਲ ਦੀ ਉਮਰ ‘ਚ ਦੇਹਾਂਤ
. . .  1 day ago
ਨਵੀਂ ਦਿੱਲੀ, 26 ਨਵੰਬਰ - ਦੇਸ਼ ਦੀ ਸਭ ਤੋਂ ਵੱਡੀ ਆਈਟੀ ਸੇਵਾਵਾਂ ਵਾਲੀ ਕੰਪਨੀ ਟਾਟਾ ਕੰਸਲਟੈਂਸੀ ਸੇਵਾਵਾਂ ਦੇ ਸੰਸਥਾਪਕ ਅਤੇ ਪਹਿਲੇ ਸੀਈਓ ਐਫਸੀ ਕੋਹਲੀ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।ਉਨ੍ਹਾਂ ਨੂੰ ਭਾਰਤੀ ਆਈ ਟੀ ...
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ' ਤੇ ਜੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ
. . .  1 day ago
ਐੱਸ ਜੀ ਪੀ ਸੀ ਨੇ ਵੀ ਕਿਸਾਨਾਂ ਲਈ ਲਾਇਆ ਲੰਗਰ 
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਰੋਕਣਾ ਮੰਦਭਾਗਾ ਹੈ
. . .  1 day ago
ਚੰਡੀਗੜ੍ਹ , 26 ਨਵੰਬਰ- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਰੋਕਣਾ ਇਸ ਦੇਸ਼ ਦੀ ਸੰਵਿਧਾਨਕ ਭਾਵਨਾ ਅਤੇ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹੈ। ਮੈਨੂੰ ਲਗਦਾ ਹੈ ਕਿ ਹਰਿਆਣਾ ਸਰਕਾਰ ਨੂੰ ਉਨ੍ਹਾਂ ਨੂੰ ਜਾਣ ਦੀ ਆਗਿਆ ...
ਸ਼੍ਰੋਮਣੀ ਕਮੇਟੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਸਨਮਾਨਿਤ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦੇ ਮੈਂਬਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ...
ਭੜਕੇ ਨੌਜਵਾਨਾਂ ਨੇ ਹਰਿਆਣਾ ਪੁਲਿਸ ਦਾ ਨਾਕਾ ਤੋੜਨ ਦੀ ਜ਼ਿੱਦ ਤਹਿਤ ਖਰਾਬ ਕੀਤਾ ਕਿਸਾਨ ਮੋਰਚੇ ਦਾ ਮਾਹੌਲ
. . .  1 day ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਬਠਿੰਡਾ ਰੋਡ ਪੰਜਾਬ-ਹਰਿਆਣਾ ਹੱਦ 'ਤੇ ਭਾਕਿਯੂ ਏਕਤਾ ਉਗਰਾਹਾਂ ਦੇ ਪੱਕੇ ਵਿਸ਼ਾਲ ਮੋਰਚੇ-ਕਮ-ਧਰਨੇ ਮੌਕੇ ਪੰਜਾਹ ਕੁ ਨੌਜਵਾਨਾਂ ਹਰਿਆਣਾ ਪੁਲਿਸ ਦਾ ...
ਪੰਜਾਬ ਸਰਕਾਰ ਵਲੋਂ 5 ਲੱਖ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਕਰਨ ਦਾ ਭਰੋਸਾ-ਆਗੂ
. . .  1 day ago
ਮਹਿਲ ਕਲਾਂ, 26 ਨਵੰਬਰ (ਅਵਤਾਰ ਸਿੰਘ ਅਣਖੀ)-ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਲੱਗੇ ਕਿਸਾਨ ਮੋਰਚੇ ਦੌਰਾਨ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਬਜ਼ੁਰਗ ਕਿਸਾਨ ਆਗੂ ਕਾਹਨ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਧਨੇਰ ਵਿਖੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਮਾਘ ਸੰਮਤ 551

ਪਹਿਲਾ ਸਫ਼ਾ

ਕੋਰੋਨਾ ਵਾਇਰਸ ਦਾ ਕਹਿਰ ਜਾਰੀ

ਚੀਨ 'ਚ 106 ਮੌਤਾਂ

ਬੀਜਿੰਗ, 28 ਜਨਵਰੀ (ਏਜੰਸੀਆਂ)-ਚੀਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 106 ਹੋ ਗਈ ਹੈ, ਜਦਕਿ ਇਸ ਨਾਲ ਸਬੰਧਿਤ ਨਮੂਨੀਆ ਦੇ ਹੁਣ ਤੱਕ 4,515 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਅੱਜ ਉਕਤ ਜਾਣਕਾਰੀ ਦਿੱਤੀ। ਤਿੱਬਤ ਨੂੰ ਛੱਡ ਕੇ ਚੀਨ ਦੇ ਸਾਰੇ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਲਈ ਇਸ ਨੂੰ ਫੈਲਣ ਤੋਂ ਰੋਕਣਾ ਇਕ ਵੱਡੀ ਚੁਣੌਤੀ ਬਣ ਗਈ ਹੈ। ਚੀਨ ਤੋਂ ਇਲਾਵਾ ਥਾਈਲੈਂਡ 'ਚ 7 ਮਾਮਲੇ, ਜਾਪਾਨ 'ਚ 3, ਦੱਖਣੀ ਕੋਰੀਆ 'ਚ 3, ਅਮਰੀਕਾ 'ਚ 3, ਵੀਅਤਨਾਮ 'ਚ 2, ਸਿੰਗਾਪੁਰ 'ਚ 4, ਮਲੇਸ਼ੀਆ 'ਚ 3, ਨਿਪਾਲ 'ਚ 1, ਫਰਾਂਸ 'ਚ 3, ਆਸਟ੍ਰੇਲੀਆ 'ਚ 4 ਅਤੇ ਸ੍ਰੀਲੰਕਾ 'ਚ ਕੋਰੋਨਾ ਵਾਇਰਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 106 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਲਗਪਗ 1300 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਚੀਨ ਤੋਂ ਬਾਅਦ ਇਸ ਦੇ ਹੋਰ ਦੇਸ਼ਾਂ ਜਿਵੇਂ ਅਮਰੀਕਾ, ਹਾਂਗਕਾਂਂਗ, ਮਕਾਓ, ਤਾਇਵਾਨ ਅਤੇ ਭਾਰਤ ਤੋਂ ਬਾਅਦ ਹੁਣ ਸ੍ਰੀਲੰਕਾ 'ਚ ਵੀ ਕੋਰਨ ਵਾਇਰਸ ਦੇ ਸ਼ੱਕੀ ਮਰੀਜ਼ ਮਿਲੇ ਹਨ। ਚੀਨੀ ਸਟੇਟ ਕੌਂਸਲ ਨੇ ਕਿਹਾ ਕਿ ਨਿਊ ਕੋਰੋਨਾ ਵਾਇਰਸ ਨਮੂਨੀਆ ਦੇ ਮਹਾਂਮਾਰੀ ਨੂੰ ਰੋਕਣ ਲਈ ਬਸੰਤ ਦੇ ਤਿਉਹਾਰ ਦੀਆਂ ਛੁੱਟੀਆਂ 2 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਟ੍ਰੈਡੋਸ ਅਡਾਨੋਮ ਘਿਬਰੇਯੁਸ, ਚੀਨ ਦਾ ਦੌਰਾ ਕਰ ਰਹੇ ਹਨ। ਉਹ ਚੀਨੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮਹਾਂਮਾਰੀ ਰੋਕਥਾਮ ਬਾਰੇ ਵੀ ਵਿਚਾਰ-ਵਟਾਂਦਰੇ ਕਰਨਗੇ।
ਇਮਰਾਨ ਨੇ ਸੱਦੀ ਬੈਠਕ
ਅੰਮ੍ਰਿਤਸਰ, (ਸੁਰਿੰਦਰ ਕੋਛੜ)-ਚੀਨ ਦੇ ਸ਼ਹਿਰ ਵੁਹਾਨ 'ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਉਨ੍ਹਾਂ ਨੂੰ ਉਥੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ਉੱਚ-ਪੱਧਰੀ ਬੈਠਕ ਬੁਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਖ਼ਤਰਨਾਕ ਵਾਇਰਸ ਨਾਲ ਨਜਿੱਠਣ ਲਈ ਠੋਸ ਰਣਨੀਤੀ ਬਣਾਈ ਜਾ ਸਕੇ। ਦੱਸਣਯੋਗ ਹੈ ਕਿ ਪਾਕਿ 'ਚ ਕੋਰੋਨਾ ਵਾਇਰਸ ਦੀ ਜਾਂਚ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਇਸ ਜਾਂਚ ਲਈ ਪਾਕਿ ਚੀਨ 'ਤੇ ਨਿਰਭਰ ਹੈ। ਦੱਸਿਆ ਜਾ ਰਿਹਾ ਹੈ ਕਿ ਵੁਹਾਨ 'ਚ ਕਰੀਬ ਦੋ ਹਜ਼ਾਰ ਪਾਕਿਸਤਾਨੀ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹਨ।
ਚੀਨ ਤੋਂ ਪਰਤੇ ਭਾਰਤੀ ਨਾਗਰਿਕ ਕੋਰੋਨਾ ਵਾਇਰਸ ਕਰਕੇ ਸ਼ੱਕ ਦੇ ਘੇਰੇ 'ਚ
ਏਅਰਲਾਈਨਜ਼ ਤੇ ਸਿਹਤ ਵਿਭਾਗ ਵਲੋਂ ਯਾਤਰੀਆਂ ਨਾਲ ਸੰਪਰਕ ਸ਼ੁਰੂ

ਲੁਧਿਆਣਾ, 28 ਜਨਵਰੀ (ਪੁਨੀਤ ਬਾਵਾ)-ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਚੀਨ ਤੋਂ ਪਰਤੇ ਭਾਰਤੀ ਨਾਗਰਿਕਾਂ ਦੀ ਸਰਕਾਰ ਵਲੋਂ ਡਾਕਟਰੀ ਜਾਂਚ ਕਰਵਾਈ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਭਾਰਤੀ ਯਾਤਰੀ ਕਾਰੋਬਾਰੀ ਜਾਂ ਹੋਰ ਕੰਮ ਲਈ ਪਿਛਲੇ ਦਿਨਾਂ 'ਚ ਚੀਨ ਗਏ ਹੋਏ ਸਨ, ਉਹ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਭਾਰਤ ਪਰਤ ਆਏ ਹਨ। ਭਾਰਤ ਸਰਕਾਰ ਵਲੋਂ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਭਾਰਤ ਪੁੱਜੇ ਭਾਰਤੀਆਂ ਦੇ ਏਅਰਲਾਈਨਜ਼ ਤੋਂ ਘਰ ਦਾ ਪਤਾ ਪੁੱਛਿਆ ਜਾ ਰਿਹਾ ਹੈ। ਭਾਵੇਂ ਕਿ ਚੀਨ ਤੋਂ ਆਏ ਭਾਰਤੀਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਪੁਸ਼ਟੀ ਅੱਜ ਤੋਂ ਹਰ ਹਵਾਈ ਅੱਡੇ ਉਪਰ ਡਾਕਟਰੀ ਜਾਂਚ ਕਰ ਦਿੱਤੀ ਹੈ। ਪਰ ਪਿਛਲੇ ਦਿਨਾਂ 'ਚ ਚੀਨ ਤੋਂ ਵਾਪਸ ਆਏ ਯਾਤਰੀਆਂ, ਜਿਨ੍ਹਾਂ ਵਿਚ ਬਹੁਤੇ ਕਾਰੋਬਾਰੀ ਅਤੇ ਵਪਾਰੀ ਹਨ। ਚਾਇਨਾ ਏਅਰਲਾਈਨਜ਼ ਦੇ ਪ੍ਰਬੰਧਕ ਚੀਨ ਤੋਂ ਆਏ ਲੋਕਾਂ ਦੀ ਸਿਹਤ ਦਾ ਹਾਲ ਪੁੱਛ ਰਹੇ ਹਨ। ਉਨ੍ਹਾਂ ਵਲੋਂ ਭਾਰਤੀ ਯਾਤਰੀਆਂ ਦੇ ਘਰ ਦਾ ਪਤਾ ਵੀ ਪੁੱਛਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ 'ਤੇ ਅਮਲ ਕਰਨ ਲਈ ਕਿਹਾ ਜਾ ਰਿਹਾ ਹੈ। ਪੰਜਾਬ ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਉਹ ਵੀ ਚੀਨ ਤੋਂ ਪੰਜਾਬ 'ਚ ਪਰਤੇ ਲੋਕਾਂ ਦੀ ਜਾਣਕਾਰੀ ਇਕੱਤਰ ਕਰ ਰਹੇ ਹਨ।
ਸਰਹੱਦ 'ਤੇ ਮਿਆਂਮਾਰ ਨੇ ਲਗਾਇਆ ਇੰਫਰਾਰੈੱਡ ਥਰਮਾਮੀਟਰ-ਭਾਰਤੀਆਂ ਦੀ ਹੋਵੇਗੀ ਸਕਰੀਨਿੰਗ
ਇੰਫਾਲ, 28 ਜਨਵਰੀ (ਏਜੰਸੀਆਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਿਆਂਮਾਰ ਦੇ ਅਧਿਕਾਰੀਆਂ ਨੇ ਮਣੀਪੁਰ ਦੇ ਮੋਰੇਹ 'ਚ ਭਾਰਤ-ਮਿਆਂਮਾਰ ਸਰਹੱਦ 'ਤੇ ਇੰਫਰਾਰੈੱਡ ਥਰਮਾਮੀਟਰ ਲਗਾਇਆ ਹੈ। ਇਸ ਦੀ ਵਰਤੋਂ ਇਥੋਂ ਦੇਸ਼ 'ਚ ਪ੍ਰਵੇਸ਼ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਸਕਰੀਨਿੰਗ ਲਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਭਾਰਤ 'ਚ ਅਜੇ ਤੱਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਚੀਨ ਤੋਂ ਆਏ ਕਈ ਲੋਕਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਮੋਰੇਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਿਵਾਈਸ ਨੂੰ ਮਿਆਂਮਾਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਿਆਂਮਾਰ ਵਲੋਂ ਸਰਹੱਦ 'ਤੇ ਨਾਮਪਲੋਂਗ ਬਾਜ਼ਾਰ 'ਚ ਸਥਾਪਤ ਕੀਤਾ ਗਿਆ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਏ ਇਸ ਖ਼ਤਰਨਾਕ ਵਾਇਰਸ ਦੇ ਮੱਦੇਨਜ਼ਰ ਇਸ ਡਿਵਾਈਸ ਨੂੰ ਇਥੇ ਲਗਾਇਆ ਗਿਆ ਹੈ।
ਚੀਨ 'ਚ ਫਸੇ ਭਾਰਤੀਆਂ ਨੂੰ ਲਿਆਉਣ ਦੀ ਤਿਆਰੀ
ਨਵੀਂ ਦਿੱਲੀ, (ਏਜੰਸੀਆਂ)-ਚੀਨ 'ਚ ਫੈਲੇ ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਅਲਰਟ ਜਾਰੀ ਹੈ ਅਤੇ ਭਾਰਤ ਵੀ ਇਸ ਦੀ ਲਪੇਟ 'ਚ ਆ ਰਿਹਾ ਹੈ। ਚੀਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਚੀਨ 'ਚ ਮੌਜੂਦਾ ਭਾਰਤੀਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ। ਇਸ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਚੀਨ ਦੇ ਹੁਬਈ ਸੂਬੇ 'ਚ ਕੋਰੋਨਾ ਵਾਇਰਸ ਨਾਲ ਜੋ ਵੀ ਭਾਰਤੀ ਨਾਗਰਿਕ ਪ੍ਰਭਾਵਿਤ ਹਨ, ਉਨ੍ਹਾਂ ਨੂੰ ਉਥੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੀਜਿੰਗ 'ਚ ਸਾਡੀ ਟੀਮ ਚੀਨ ਦੀ ਸਰਕਾਰ ਨਾਲ ਸੰਪਰਕ 'ਚ ਹੈ ਅਤੇ ਭਾਰਤੀ ਨਾਗਰਿਕਾਂ ਦੀ ਜਾਣਕਾਰੀ ਲੈ ਰਹੀ ਹੈ। ਏਅਰ ਇੰਡੀਆ ਵਲੋਂ ਇਕ ਬੋਇੰਗ 747 ਨੂੰ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਚੀਨ 'ਚ ਲਗਪਗ 250 ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਨੂੰ ਵਾਪਸ ਦੇਸ਼ ਲਿਆਂਦਾ ਜਾਵੇਗਾ।
ਦਿੱਲੀ 'ਚ 3 ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ
ਨਵੀਂ ਦਿੱਲੀ, 28 ਜਨਵਰੀ (ਏਜੰਸੀਆਂ)-ਚੀਨ ਦੀ ਯਾਤਰਾ ਕਰ ਚੁੱਕੇ 3 ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਸ਼ੱਕ 'ਚ ਆਰ.ਐਮ.ਐਲ. ਹਸਪਤਾਲ ਦੇ ਵੱਖਰੇ ਵਾਰਡ 'ਚ ਨਿਗਰਾਨੀ 'ਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੱਤੀ। ਆਰ.ਐਮ.ਐਲ. ਹਸਪਤਾਲ 'ਚ ਮੈਡੀਕਲ ਸੁਪਰਡੈਂਟ ਡਾ: ਮੀਨਾਕਸ਼ੀ ਭਾਰਦਵਾਜ ਨੇ ਦੱਸਿਆ ਕਿ 3 ਵਿਅਕਤੀਆਂ ਦੀ ਉਮਰ 24 ਸਾਲ ਤੋਂ 48 ਸਾਲ ਦੇ ਵਿਚਕਾਰ ਹੈ। ਉਨ੍ਹਾਂ ਨੂੰ ਬੀਤੇ ਦਿਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਲਈ ਪੁਣੇ ਸਥਿਤ ਆਈ.ਸੀ.ਐਮ.ਆਰ.-ਐਨ.ਆਈ.ਵੀ. ਪ੍ਰਯੋਗਸ਼ਾਲਾ 'ਚ ਭੇਜਿਆ ਗਿਆ ਹੈ। ਇਨ੍ਹਾਂ 'ਚੋਂ 2 ਵਿਅਕਤੀ ਦਿੱਲੀ ਦੇ ਵਾਸੀ ਹਨ ਅਤੇ ਇਕ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਹੈ। 3 ਮਰੀਜ਼ਾਂ ਨੂੰ ਸਰਦੀ, ਜ਼ੁਕਾਮ ਅਤੇ ਬੁਖ਼ਾਰ ਸਮੇਤ ਸਾਹ ਲੈਣ ਦੀ ਸਮੱਸਿਆ ਸੀ ਅਤੇ ਉਹ ਜਾਂਚ ਕਰਵਾਉਣ ਗਏ ਸਨ।
ਪੰਜਾਬ 'ਚ ਕੋਰੋਨਾ ਵਾਇਰਸ ਦੇ ਕਿਸੇ ਮਾਮਲੇ ਦੀ ਪੁਸ਼ਟੀ ਨਹੀਂ-ਸਿੱਧੂ

ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ)-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਅਜੇ ਤੱਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਚੀਨ ਤੋਂ ਆਉਣ ਵਾਲੇ 16 ਮੁਸਾਫ਼ਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਕੇਵਲ ਇਕ ਵਿਅਕਤੀ 'ਚ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਏ ਹਨ ਤੇ ਉਹ ਪੀ.ਜੀ.ਆਈ, ਚੰਡੀਗੜ੍ਹ ਵਿਚ ਇਲਾਜ ਅਧੀਨ ਹੈ, ਜਦੋਂਕਿ ਬਾਕੀ 15 ਵਿਅਕਤੀਆਂ ਵਿਚ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਪਾਏ ਗਏ ਪਰ ਸਿਹਤ ਵਿਭਾਗ ਵਲੋਂ ਇਨ੍ਹਾਂ ਸਾਰਿਆਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਚੰਡੀਗੜ੍ਹ ਦਾ ਇਕ ਮਰੀਜ਼ ਮੁਹਾਲੀ ਵਿਖੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਹੈ। ਉਕਤ ਜਾਣਕਾਰੀ ਕੋਰੋਨਾ ਵਾਇਰਸ ਬਾਰੇ ਅਲਰਟ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੀਤੀਆਂ ਤਿਆਰੀਆਂ ਦੀਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮੰਗਲਵਾਰ ਨੂੰ ਇਥੇ ਹੈੱਡਕੁਆਰਟਰ 'ਤੇ ਰੱਖੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਸ਼ੁਰੂ ਕੀਤੀ ਗਈ ਹੈ ਤਾਂ ਜੋ ਚੀਨ ਤੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੀ ਜਾਂਚ ਕੀਤੀ ਜਾ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਵਿਅਕਤੀ ਜਿਸ ਨੇ ਚੀਨ ਦੀ ਯਾਤਰਾ ਕੀਤੀ ਹੋਵੇ ਤੇ 1 ਜਨਵਰੀ 2020 ਤੱਕ ਭਾਰਤ ਆਇਆ ਹੋਵੇ, ਉਸ ਵਿਅਕਤੀ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਰਿਪੋਰਟ ਕਰਨਾ ਜਾਂ ਹੈਲਪਲਾਈਨ ਨੰਬਰ 104 ਉਤੇ ਸੰਪਰਕ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਸਿਹਤ ਵਿਭਾਗ ਇਸ ਬਿਮਾਰੀ ਸਬੰਧੀ ਜਾਂਚ ਕਰ ਸਕੇ ਤੇ ਇਸ ਦੇ ਇਲਾਜ ਲਈ ਢੁਕਵੇਂ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੁੰਦੇ ਉਦੋਂ ਤੱਕ ਚੀਨ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਕਰੋਨਾ ਵਾਇਰਸ ਸਬੰਧੀ ਜਾਣਕਾਰੀ ਲਈ 104 ਹੈਲਪਲਾਈਨ ਨੰਬਰ 24 ਘੰਟੇ ਚਾਲੂ ਹੈ। ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੋਈ ਵੀ ਵਿਅਕਤੀ ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ।
ਸ਼ੱਕੀ ਮਰੀਜ਼ ਪੀ.ਜੀ.ਆਈ.'ਚ ਦਾਖ਼ਲ

ਚੰਡੀਗੜ੍ਹ, 28 ਜਨਵਰੀ (ਮਨਜੋਤ ਸਿੰਘ ਜੋਤ)-ਚੀਨ 'ਚ ਫੈਲਿਆ ਖ਼ਤਰਨਾਕ ਕੋਰੋਨਾ ਵਾਇਰਸ ਭਾਰਤ ਵਿਚ ਵੀ ਪੈਰ ਪਸਾਰਨ ਲੱਗਾ ਹੈ। ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੀ.ਜੀ.ਆਈ. 'ਚ ਡਾਕਟਰਾਂ ਵਲੋਂ ਮਰੀਜ਼ ਦੇ ਖ਼ੂਨ ਅਤੇ ਥੁੱਕ ਦੇ ਨਮੂਨੇ ਪੁਣੇ ਲੈਬੋਰੇਟਰੀ ਵਿਖੇ ਜਾਂਚ ਲਈ ਭੇਜੇ ਗਏ ਹਨ। ਨਮੂਨੇ ਦੀ ਰਿਪੋਰਟ ਕੱਲ੍ਹ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਪੀ.ਜੀ.ਆਈ. 'ਚ ਮਰੀਜ਼ ਨੂੰ ਆਈਸੋਲੇਸ਼ਨ 'ਚ ਦਾਖ਼ਲ ਕੀਤਾ ਗਿਆ ਹੈ। ਪੀ.ਜੀ.ਆਈ. ਦੇ ਇੰਟਰਨਲ ਮੈਡੀਸਨ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਡਾ: ਵਿਕਾਸ ਸੂਰੀ ਨੇ ਦੱਸਿਆ ਕਿ ਮੁਹਾਲੀ ਦਾ 28 ਸਾਲਾ ਮਰੀਜ਼ ਕੰਮ ਦੇ ਸਿਲਸਿਲੇ 'ਚ 16 ਜਨਵਰੀ ਨੂੰ ਚੀਨ ਗਿਆ ਸੀ, ਜਿਥੇ ਉਹ 20 ਜਨਵਰੀ ਤੱਕ ਬੀਜਿੰਗ ਰਿਹਾ ਅਤੇ ਇਸ ਤੋਂ ਬਾਅਦ ਚੀਨ ਦੇ ਹੋਰ ਸ਼ਹਿਰਾਂ 'ਚ ਵੀ ਕੁਝ ਦਿਨ ਰਹਿਣ ਮਗਰੋਂ 22 ਜਨਵਰੀ ਨੂੰ ਭਾਰਤ ਵਾਪਸ ਪਰਤ ਆਇਆ ਸੀ। 25 ਜਨਵਰੀ ਨੂੰ ਉਸ ਨੂੰ ਥੋੜ੍ਹਾ ਬੁਖ਼ਾਰ ਹੋਇਆ ਜੋ ਕਿ ਇਕ ਦਿਨ ਵਿਚ ਠੀਕ ਹੋ ਗਿਆ। ਇਸ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਨੂੰ ਫਿਰ ਬੁਖ਼ਾਰ ਹੋ ਗਿਆ। ਪਰਿਵਾਰ ਵਲੋਂ ਉਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਲਿਆਂਦਾ ਗਿਆ ਜਿਥੇ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣ 'ਤੇ ਉਨ੍ਹਾਂ ਨੂੰ ਪੀ.ਜੀ.ਆਈ ਵਿਖੇ ਦਾਖ਼ਲ ਕਰ ਲਿਆ ਗਿਆ।

ਮੁੱਖ ਮੰਤਰੀ ਵਲੋਂ ਵਿਰਾਸਤੀ ਮਾਰਗ ਤੋਂ ਗਿੱਧੇ-ਭੰਗੜੇ ਦੇ ਬੁੱਤ ਹਟਾਉਣ ਦੇ ਹੁਕਮ

ਬੁੱਤ ਤੋੜਨ ਵਾਲੇ ਨੌਜਵਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਵਿਚਾਰਨ ਤੇ ਵਾਪਸ ਲੈਣ ਦੇ ਆਦੇਸ਼

ਚੰਡੀਗੜ੍ਹ, 28 ਜਨਵਰੀ (ਬਿਊਰੋ ਚੀਫ਼)-ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਮਗਰਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਲਗਾਏ ਗਏ ਗਿੱਧੇ-ਭੰਗੜੇ ਦੇ ਬੁੱਤਾਂ ਸਬੰਧੀ ਸਿੱਖ ਭਾਈਚਾਰੇ ਵਲੋਂ ਉਠਾਏ ਜਾ ਰਹੇ ਇਤਰਾਜ਼ਾਂ ਤੇ ਇਨ੍ਹਾਂ ਬੁੱਤਾਂ ਨੂੰ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਮਾਰਗ 'ਤੇ ਸਥਾਪਤ ਕਰਨ ਦੇ ਵਿਰੋਧ ਵਿਚ ਇਨ੍ਹਾਂ ਬੁੱਤਾਂ ਦੀ ਹੋਈ ਭੰਨ-ਤੋੜ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਹ ਬੁੱਤ ਮੌਜੂਦਾ ਥਾਂ ਤੋਂ ਹਟਾ ਕੇ ਸ਼ਹਿਰ ਵਿਚ ਕਿਸੇ ਹੋਰ ਢੁੱਕਵੀਂ ਥਾਂ 'ਤੇ ਲਗਾਉਣ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖ ਭਾਈਚਾਰੇ ਵਲੋਂ ਉਠਾਏ ਗਏ ਇਤਰਾਜ਼ਾਂ 'ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਮੰਤਰੀ ਮੰਡਲ ਦੇ 2-3 ਮੈਂਬਰਾਂ ਵਲੋਂ ਵੀ ਮੁੱਖ ਮੰਤਰੀ ਦੇ ਇਹ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਸੀ ਤੇ ਉਨ੍ਹਾਂ ਕੋਲ ਪੁਲਿਸ ਵਲੋਂ ਰੋਸ ਵਿਚ ਆਏ ਕੁਝ ਨੌਜਵਾਨਾਂ ਵਲੋਂ ਕੀਤੀ ਗਈ ਤੋੜ-ਫੋੜ ਦੀ ਕਾਰਵਾਈ ਵਿਰੁੱਧ ਸਖ਼ਤ ਰੁਖ਼ ਅਪਣਾਏ ਜਾਣ ਤੇ ਇਰਾਦਾ ਕਤਲ ਵਰਗੀਆਂ ਧਾਰਾਵਾਂ ਲਗਾਏ ਜਾਣ ਸਬੰਧੀ ਵੀ ਇਤਰਾਜ਼ ਕੀਤਾ ਸੀ। ਮੁੱਖ ਮੰਤਰੀ ਵਲੋਂ ਅੱਜ ਭੰਨ-ਤੋੜ ਵਿਚ ਸ਼ਾਮਿਲ ਇਨ੍ਹਾਂ 7 ਸਿੱਖ ਨੌਜਵਾਨਾਂ ਵਿਰੁੱਧ ਦਰਜ ਕੇਸਾਂ ਦੀ ਪੜਚੋਲ ਕਰਦਿਆਂ ਸਖ਼ਤ ਧਾਰਾਵਾਂ ਵਾਪਸ ਲੈਣ ਦੇ ਵੀ ਆਦੇਸ਼ ਦਿੱਤੇ ਹਨ। ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਪੁਲਿਸ ਵਿਭਾਗ ਵਲੋਂ ਜੋ ਧਾਰਾਵਾਂ 307, 434, 427, 353, 186, 148, 149 ਤੋਂ ਇਲਾਵਾ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਐਕਟ 1984 ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਨੂੰ ਸਰਕਾਰ ਸਿੱਧੇ ਤੌਰ 'ਤੇ ਵਾਪਸ ਨਹੀਂ ਲੈ ਸਕੇਗੀ ਤੇ ਹੁਣ ਇਸ ਲਈ ਅਦਾਲਤ ਨੂੰ ਹੀ ਬੇਨਤੀ ਕਰਨੀ ਪਵੇਗੀ। ਵਰਨਣਯੋਗ ਹੈ ਕਿ ਮਗਰਲੀ ਸਰਕਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਚੁਫੇਰੇ ਦੇ ਸੁਧਾਰ ਦਾ ਪ੍ਰੋਜੈਕਟ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਪ੍ਰੋਜੈਕਟ ਸੀ, ਜਿਸ ਦਾ ਉਦਘਾਟਨ ਅਕਤੂਬਰ 2016 ਵਿਚ ਕੀਤਾ ਗਿਆ ਸੀ ਪਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਿੱਧੇ ਭੰਗੜੇ ਦੇ ਇਨ੍ਹਾਂ ਬੁੱਤਾਂ 'ਤੇ ਸੰਗਤਾਂ ਲਗਾਤਾਰ ਇਤਰਾਜ਼ ਕਰਦੀਆਂ ਆ ਰਹੀਆਂ ਸਨ ਤੇ 15 ਜਨਵਰੀ ਨੂੰ ਬੀਤੇ ਦਿਨੀਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਰਾਗੀ ਸਭਾ ਅਤੇ ਸ਼੍ਰੋਮਣੀ ਢਾਡੀ ਸਭਾ ਅਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਭੰਨ-ਤੋੜ ਕਰਨ ਵਾਲੇ ਨੌਜਵਾਨਾਂ ਦੇ ਹੱਕ ਵਿਚ ਨਿੱਤਰ ਆਈਆਂ ਸਨ ਤੇ ਉਨ੍ਹਾਂ ਵਲੋਂ ਲਗਾਤਾਰ ਇਹ ਬੁੱਤ ਹਟਾਏ ਜਾਣ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਹ ਬੁੱਤ ਅੰਮ੍ਰਿਤਸਰ ਕਿਸੇ ਹੋਰ ਥਾਂ ਸਥਾਪਤ ਕਰਨ ਲਈ 3 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਨਿਰਮਲ ਸਿੰਘ ਤੋਂ ਇਲਾਵਾ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾ ਕੋਨਾ ਸ਼ਾਮਿਲ ਹਨ। ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਉਕਤ ਕਮੇਟੀ ਦਾ ਵਫ਼ਦ ਕੱਲ੍ਹ ਮਿਲ ਰਿਹਾ ਹੈ, ਨੇ 'ਅਜੀਤ' ਨੂੰ ਦੱਸਿਆ ਕਿ ਉਹ ਕੱਲ੍ਹ ਉਕਤ ਵਫ਼ਦ ਦੇ ਵਿਚਾਰ ਜਾਣਨ ਤੋਂ ਬਾਅਦ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਇਨ੍ਹਾਂ ਬੁੱਤਾਂ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਸਬੰਧੀ ਫ਼ੈਸਲਾ ਲੈਣਗੇ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਫੋਨ 'ਤੇ ਗੱਲਬਾਤ
ਅੰਮ੍ਰਿਤਸਰ, (ਜਸਵੰਤ ਸਿੰਘ ਜੱਸ)- ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਮੋਬਾਈਲ 'ਤੇ ਗੱਲਬਾਤ ਕਰਦਿਆਂ ਗਿੱਧੇ ਤੇ ਭੰਗੜੇ ਦੇ ਬੁੱਤਾਂ ਨੂੰ ਇਥੋਂ ਜਲਦੀ ਕਿਸੇ ਹੋਰ ਥਾਂ ਤਬਦੀਲ ਕਰਨ ਤੇ ਬੁੱਤਾਂ ਨੂੰ ਤੋੜਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਪੁਲਿਸ ਵਲੋਂ ਦਰਜ ਕੀਤੇ ਪਰਚੇ ਵਾਪਸ ਲੈਣ ਦੀ ਸਹਿਮਤੀ ਦਿੱਤੀ ਹੈ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਸ ਵਿਵਾਦ ਨੂੰ ਸੁਲਝਾਉਣ ਲਈ 22 ਜਨਵਰੀ ਨੂੰ ਤਿੰਨ ਮੈਂਬਰੀ ਉਪ ਕਮੇਟੀ ਦਾ ਗਠਨ ਕਰਦਿਆਂ 5 ਦਿਨਾਂ 'ਚ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਮਲਾ ਤੂਲ ਫੜਦਾ ਦੇਖ ਸ਼੍ਰੋਮਣੀ ਕਮੇਟੀ ਨੇ ਵੀ ਸੱਭਿਆਚਾਰਕ ਬੁੱਤਾਂ ਨੂੰ ਹਟਾਉਣ ਤੇ ਇਥੇ ਸਿੱਖ ਯੋਧਿਆਂ ਦੇ ਬੁੱਤ ਲਗਾਉਣ ਦੀ ਵਕਾਲਤ ਕੀਤੀ ਸੀ। ਇਸ ਸਬੰਧੀ ਖੁਦ ਜਥੇਦਾਰ ਵੀ ਸਪੱਸ਼ਟ ਕਹਿ ਚੁੱਕੇ ਹਨ ਕਿ ਉਹ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਨਹੀਂ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਵਿਚ ਰੂਹਾਨੀਅਤ ਤੇ ਅਧਿਆਤਿਮਕਤਾ ਦੀ ਝਲਕ ਦੇਣ ਵਾਲੇ ਬੁੱਤ ਲਗਾਏ ਜਾਣੇ ਚਾਹੀਦੇ ਹਨ।

ਤਰਨਜੀਤ ਸਿੰਘ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਸੀਨੀਅਰ ਕੂਟਨੀਤਕ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨੇ ਦਿੱਤੀ। ਭਾਰਤੀ ਵਿਦੇਸ਼ ਸੇਵਾ ਦੇ 1988 ਬੈਚ ਦੇ ਅਧਿਕਾਰੀ ਸੰਧੂ ਹੁਣ ਤੱਕ ਸ੍ਰੀਲੰਕਾ 'ਚ ਭਾਰਤ ਦੇ ਹਾਈ ਕਮਿਸ਼ਨਰ ਸਨ। ਉਹ ਵਾਸ਼ਿੰਗਟਨ 'ਚ ਹਰਸ਼ਵਰਧਨ ਸ਼੍ਰਿੰਗਲਾ ਦੀ ਜਗ੍ਹਾ ਲੈਣਗੇ। ਸ਼੍ਰਿੰਗਲਾ ਨੂੰ ਭਾਰਤ ਦਾ ਨਵਾਂ ਵਿਦੇਸ਼ ਸਕੱਤਰ ਬਣਾਇਆ ਗਿਆ ਹੈ। ਸੰਧੂ ਦੀ ਨਿਯੁਕਤੀ ਅਜਿਹੇ ਮਹੱਤਵਪੂਰਨ ਸਮੇਂ ਹੋਈ ਹੈ, ਜਦੋਂ ਅਮਰੀਕਾ ਅਤੇ ਭਾਰਤ ਦੀ ਰਣਨੀਤਕ ਸਾਂਝੇਦਾਰੀ ਮਜ਼ਬੂਤ ਹੋ ਰਹੀ ਹੈ ਅਤੇ ਅਮਰੀਕਾ ਵਲੋਂ ਈਰਾਨ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਨੀ ਦੀ ਬਗਦਾਦ 'ਚ ਹਵਾਈ ਹਮਲੇ 'ਚ ਹੱਤਿਆ ਕਰ ਦੇਣ ਦੇ ਬਾਅਦ ਖਾੜੀ ਖੇਤਰ 'ਚ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ।

ਇਤਿਹਾਸਕ ਅਨਿਆਂ ਨੂੰ ਦਰੁਸਤ ਕਰਨ ਲਈ ਲਿਆਂਦਾ ਹੈ ਨਾਗਰਿਕਤਾ ਸੋਧ ਕਾਨੂੰਨ-ਮੋਦੀ

ਪਾਕਿ ਦਾ ਨਾਂਅ ਲਏ ਬਗੈਰ ਕਿਹਾ, 10 ਦਿਨਾਂ 'ਚ ਹਰਾ ਸਕਦੇ ਹਾਂ

ਨਵੀਂ ਦਿੱਲੀ, 28 ਜਨਵਰੀ (ਉਪਮਾ ਡਾਗਾ ਪਾਰਥ)-ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਦੇਸ਼ ਭਰ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇਤਿਹਾਸਕ ਅਨਿਆਂ ਨੂੰ ਦਰੁਸਤ ਕਰਨ ਲਈ ਚੁੱਕਿਆ ਕਦਮ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਮੁਖਾਲਫ਼ਤ ਕਰਨ ਵਾਲੀਆਂ ਵਿਰੋਧੀ ਧਿਰਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਸਿਰਫ਼ ਵੋਟ ਬੈਂਕ 'ਤੇ ਕਬਜ਼ਾ ਕਰਨ ਦੀ ਮੁਕਾਬਲੇਬਾਜ਼ੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਐਨ. ਸੀ. ਸੀ. ਕੈਡਿਟਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਨਾਗਰਿਕਤਾ ਸੋਧ ਕਾਨੂੰਨ ਦੇ ਸਬੰਧ 'ਚ ਕਥਿਤ ਤੌਰ 'ਤੇ ਅਫਵਾਹਾਂ ਫੈਲਾਉਣ ਲਈ ਵਿਰੋਧੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਫਵਾਹਾਂ ਫੈਲਾਉਣ ਵਾਲੇ ਇਹ ਸਮਝ ਲੈਣ ਕਿ ਮੋਦੀ ਆਪਣੇ ਰੁਤਬੇ ਲਈ ਪੈਦਾ ਨਹੀਂ ਹੋਇਆ। ਮੋਦੀ ਲਈ ਦੇਸ਼ ਦਾ ਰੁਤਬਾ ਅਤੇ ਸ਼ਾਨ ਹੀ ਸਭ ਕੁਝ ਹੈ। ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਨਾ ਸਿਰਫ਼ 'ਇਤਿਹਾਸਕ ਅਨਿਆਂ' ਨੂੰ ਦਰੁਸਤ ਕਰਨ ਲਈ ਚੁੱਕਿਆ ਕਦਮ ਕਰਾਰ ਦਿੱਤਾ, ਸਗੋਂ ਇਸ ਨੂੰ ਮਹਾਤਮਾ ਗਾਂਧੀ ਦੀ ਇੱਛਾ ਵੀ ਕਰਾਰ ਦਿੱਤਾ। ਮਹਾਤਮਾ ਗਾਂਧੀ ਦਾ ਜ਼ਿਕਰ ਕਰਨ ਦੇ ਨਾਲ ਹੀ ਮੋਦੀ ਨੇ ਨਹਿਰੂ-ਲਿਆਕਤ ਸਮਝੌਤੇ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ 1950 'ਚ ਹੋਏ ਨਹਿਰੂ-ਲਿਆਕਤ ਸਮਝੌਤੇ ਦੀ ਭਾਵਨਾ ਵੀ ਇਹ ਹੀ ਸੀ। ਦੱਸਣਯੋਗ ਹੈ ਕਿ 1947 'ਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪੈਦਾ ਹੋਏ ਸ਼ਰਨਾਰਥੀਆਂ ਦੇ ਸੰਕਟ ਨੂੰ ਹੱਲ ਕਰਨ ਲਈ 1950 'ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਉਸ ਸਮੇਂ ਦੇ ਪਾਕਿਸਤਾਨੀ ਹਮਰੁਤਬਾ ਲਿਆਕਤ ਅਲੀ ਖਾਨ ਦਰਮਿਆਨ ਸਮਝੌਤਾ ਹੋਇਆ ਸੀ, ਜਿਸ 'ਚ ਦੋਵਾਂ ਧਿਰਾਂ ਨੇ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਸੀ। ਇਸ ਸਮਝੌਤੇ ਦਾ ਮੁੜ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਨਾਲ ਹੀ ਇਹ ਵੀ ਕਿਹਾ ਕਿ ਵੰਡ ਕਿਸ ਕਾਰਨ ਹੋਈ, ਉਹ ਫਿਲਹਾਲ ਇਸ ਦੀ ਚਰਚਾ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਗੁਆਂਢੀ ਮੁਲਕ ਪਾਕਿਸਤਾਨ ਦਾ ਬਿਨਾਂ ਨਾਂਅ ਲਏ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਾਡੇ ਤੋਂ 3 ਜੰਗਾਂ ਹਾਰ ਚੁੱਕਾ ਹੈ। ਸਾਡੀਆਂ ਫੌਜਾਂ ਨੂੰ ਉਸ ਨੂੰ ਹਰਾਉਣ 'ਚ 10-12 ਦਿਨ ਵੀ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਉਹ (ਪਾਕਿਸਤਾਨ) ਦਹਾਕਿਆਂ ਤੋਂ ਭਾਰਤ ਨਾਲ ਗੁੱਝੀ ਜੰਗ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ 'ਤੇ ਫੌਜ ਦੀਆਂ ਜ਼ਰੂਰਤਾਂ ਨੂੰ ਅਣਗੌਲਣ ਦਾ ਵੀ ਦੋਸ਼ ਲਗਾਇਆ।

ਭਰਾ ਨਾਲ ਮਿਲ ਕੇ ਪ੍ਰੇਮਿਕਾ ਦਾ ਕੀਤਾ ਕਤਲ

ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸੰਤੂਵਾਲਾ ਦੀ ਰਹਿਣ ਵਾਲੀ ਇਕ ਲੜਕੀ ਦਾ ਉਸ ਦੇ ਪ੍ਰੇਮੀ ਨੇ ਆਪਣੇ ਭਰਾ ਨਾਲ ਮਿਲ ਕੇ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਇਸ ਤੋਂ ਪਹਿਲਾਂ ਲੜਕੀ ਤੇ ਦੋਵੇਂ ਭਰਾ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਠਹਿਰੇ ਹੋਏ ਸਨ। ਇਸ ਸਬੰਧ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਦੋਹਾਂ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਛੱਤਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸੰਤੂਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਗੁਆਂਢੀ ਜੱਜ ਸਿੰਘ ਪੁੱਤਰ ਬਲਬੀਰ ਸਿੰਘ ਨੂੰ ਉਸ ਨੇ ਕਰੀਬ ਡੇਢ ਵਜੇ ਰਾਤ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਮੋਬਾਈਲ 'ਤੇ ਗੋਇੰਦਵਾਲ ਸਾਹਿਬ ਤੋਂ ਕਿਸੇ ਪੁਲਿਸ ਮੁਲਾਜ਼ਮ ਦਾ ਫ਼ੋਨ ਆਇਆ ਤੇ ਉਸ ਨੇ ਇਕ ਮੋਬਾਈਲ ਨੰਬਰ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਇਹ ਮੋਬਾਈਲ ਨੰਬਰ ਉਸ ਦੀ (ਨਛੱਤਰ ਸਿੰਘ ਦੀ) ਭੈਣ ਸੰਦੀਪ ਕੌਰ ਦਾ ਹੈ। ਉਹ ਪੁਲਿਸ ਮੁਲਾਜ਼ਮ ਦੀ ਦੱਸੀ ਹੋਈ ਜਗ੍ਹਾ ਮੁਤਾਬਿਕ ਆਪਣੇ ਪਿਤਾ ਤਰਸੇਮ ਸਿੰਘ ਨਾਲ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਪੁੱਜੇ, ਜਿਥੇ ਉਸ ਦੀ ਭੈਣ ਦੀ ਲਾਸ਼ ਪਈ ਹੋਈ ਸੀ ਤੇ ਉਸ ਦੇ ਸਿਰ ਦੇ ਪਿਛਲੇ ਪਾਸੇ ਤੇਜ਼ ਹਥਿਆਰ ਨਾਲ ਫੱਟ ਲੱਗਾ ਹੋਇਆ ਸੀ। ਨਛੱਤਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਉਸ ਦੀ ਭੈਣ ਸੰਦੀਪ ਕੌਰ ਦੇ ਚਾਰ-ਪੰਜ ਸਾਲ ਪਹਿਲਾਂ ਤੋਂ ਵਰਿਆਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਨੀਲੋਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧ ਸਨ। ਉਹ ਆਪਣੀ ਭੈਣ ਦੀ ਕਿਸੇ ਹੋਰ ਜਗ੍ਹਾ ਸ਼ਾਦੀ ਕਰਨਾ ਚਾਹੁੰਦੇ ਸਨ ਪਰ ਕੁਝ ਦਿਨ ਪਹਿਲਾਂ ਵਰਿਆਮ ਸਿੰਘ ਤੇ ਉਸ ਦਾ ਭਰਾ ਮਨਜਿੰਦਰ ਸਿੰਘ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਨ੍ਹਾਂ ਨੇ ਸੰਦੀਪ ਕੌਰ ਦਾ ਰਿਸ਼ਤਾ ਕਿਤੇ ਹੋਰ ਕੀਤਾ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਣਗੇ। ਨਛੱਤਰ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਵਰਿਆਮ ਸਿੰਘ ਨੇ ਉਸ ਦੀ ਭੈਣ ਨੂੰ ਨਸ਼ੇ ਦਾ ਆਦੀ ਵੀ ਬਣਾ ਦਿੱਤਾ ਸੀ। ਨਛੱਤਰ ਸਿੰਘ ਨੇ ਦੱਸਿਆ ਕਿ ਵਰਿਆਮ ਸਿੰਘ ਤੇ ਮਨਜਿੰਦਰ ਸਿੰਘ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਉਸ ਦੀ ਭੈਣ ਨੂੰ ਗੋਇੰਦਵਾਲ ਸਾਹਿਬ ਲਿਆ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧ ਵਿਚ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਹਰਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਵਰਿਆਮ ਸਿੰਘ ਤੇ ਮਨਜਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਸ ਘਟਨਾ ਦੀ ਸਾਰੀ ਜਾਣਕਾਰੀ ਸਾਹਮਣੇ ਆਵੇਗੀ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੁੱਧਵਾਰ ਨੂੰ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਨਿੱਜੀ ਦੁਸ਼ਮਣੀ ਦੇ ਚਲਦਿਆਂ ਤਸਕਰਾਂ ਨੇ ਕੀਤੀ ਹੈਪੀ ਪੀ.ਐਚ.ਡੀ. ਦੀ ਹੱਤਿਆ

ਸੁਰਿੰਦਰ ਕੋਛੜ
ਅੰਮ੍ਰਿਤਸਰ, 28 ਜਨਵਰੀ- ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਦੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ 'ਚ ਪਿਛਲੇ ਕਈ ਵਰ੍ਹਿਆਂ ਤੋਂ ਰਹਿ ਰਹੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਹਰਮੀਤ ਸਿੰਘ ਉਰਫ਼ ਹੈਪੀ ਪੀ.ਐਚ.ਡੀ. ਦੀ ਲੰਘੇ ਦਿਨ ਦੁਪਹਿਰ ਕਰੀਬ 1.30 ਵਜੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲਾਂਕਿ ਇਸ ਬਾਰੇ ਅਜੇ ਤੱਕ ਪਾਕਿ ਵਲੋਂ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਕਿ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਭਾਰਤ ਜਾਂ ਪਾਕਿ ਮੀਡੀਆ ਨਾਲ ਸਾਂਝੀ ਨਹੀਂ ਕਰੇਗਾ। ਇਸ ਤੋਂ ਇਲਾਵਾ ਪਾਕਿ ਸਿੱਖ ਆਗੂ ਵੀ ਇਸ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਦੇਣ ਤੋਂ ਅਸਮੱਰਥਾ ਜ਼ਾਹਿਰ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਪੁਲਿਸ ਦੀ 'ਸਭ ਤੋਂ ਵੱਧ ਲੋੜੀਂਦੇ' ਸੂਚੀ 'ਚ ਸ਼ਾਮਿਲ ਤੇ ਕਈ ਮਾਮਲਿਆਂ 'ਚ ਲੋੜੀਂਦਾ ਹਰਮੀਤ ਸਿੰਘ ਉਰਫ਼ ਹੈਪੀ ਪੀ.ਐਚ.ਡੀ. ਪਿਛਲੇ ਲੰਬੇ ਸਮੇਂ ਤੋਂ ਇਕ ਹੋਰ ਖਾੜਕੂ ਸਮੇਤ ਡੇਰਾ ਚਾਹਲ 'ਚ ਰਹਿ ਰਿਹਾ ਸੀ ਪਰ ਕੁਝ ਮਹੀਨੇ ਪਹਿਲਾਂ ਇਹ ਦੋਵੇਂ ਅਚਾਨਕ ਲਾਹੌਰ ਦੀ ਆਬਾਦੀ ਜੋਹਰ ਟਾਊਨ 'ਚ ਤਬਦੀਲ ਹੋ ਗਏ। ਇਸ ਤੋਂ ਬਾਅਦ ਲਗਪਗ ਦੋ ਹਫ਼ਤੇ ਪਹਿਲਾਂ ਹੈਪੀ ਨੂੰ ਇਕੱਲਿਆਂ ਮੁੜ ਡੇਰਾ ਚਾਹਲ 'ਚ ਭੇਜ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਕਿਸੇ ਯੋਜਨਾ ਤਹਿਤ ਪਾਕਿ ਖੁਫ਼ੀਆ ਏਜੰਸੀ ਆਈ.ਐਸ.ਆਈ. ਵਲੋਂ ਡੇਰਾ ਚਾਹਲ ਸਥਿਤ ਗੁਰਦੁਆਰਾ ਸਾਹਿਬ 'ਚ ਰਹਿਣ ਲਈ ਭੇਜਿਆ ਗਿਆ ਸੀ। ਉਸ ਦੇ ਕਤਲ ਤੋਂ ਦੋ ਦਿਨ ਪਹਿਲਾਂ ਉਸ ਨੂੰ ਲਾਹੌਰ ਡਿਫੈਂਸ ਅਥਾਰਿਟੀ ਦੇ ਇਕ ਮਾਲ 'ਚ ਖਰੀਦਦਾਰੀ ਕਰਦੇ ਹੋਏ ਵੀ ਵੇਖਿਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੈਪੀ ਨੇ ਪਾਕਿ ਦਾ ਫਰਜ਼ੀ ਕੌਮੀ ਸ਼ਨਾਖਤੀ ਕਾਰਡ ਵੀ ਜਾਰੀ ਕਰਵਾਇਆ ਹੋਇਆ ਸੀ ਜਿਸ 'ਚ ਉਸ ਦੀ ਜਨਮ ਤਾਰੀਕ 18/12/1983 ਤੇ ਨਾਂਅ ਭੁਪਿੰਦਰ ਸਿੰਘ ਪੁੱਤਰ ਸਨਦ ਸਿੰਘ ਵਾਸੀ ਮੁਹੱਲਾ ਬਾਲ ਲੀਲਾ ਨਜ਼ਦੀਕ ਗੁਰਦੁਆਰਾ ਪੱਟੀ ਸਾਹਿਬ ਸ੍ਰੀ ਨਨਕਾਣਾ ਸਾਹਿਬ ਦਰਜ ਹੈ। ਉਹ ਇਸੇ ਨਾਂਅ 'ਤੇ ਆਪਣਾ ਪਾਕਿਸਤਾਨੀ ਪਾਸਪੋਰਟ ਵੀ ਬਣਵਾਉਣ ਦੀ ਤਿਆਰੀ 'ਚ ਸੀ ਪਰ ਬਾਅਦ 'ਚ ਇਹ ਸਾਫ਼ ਹੋ ਗਿਆ ਕਿ ਜਿਸ ਭੁਪਿੰਦਰ ਸਿੰਘ ਦੇ ਨਾਂਅ ਦਾ ਉਸ ਨੇ ਫਰਜ਼ੀ ਸ਼ਨਾਖਤੀ ਕਾਰਡ ਬਣਵਾਇਆ ਹੈ, ਉਸ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਸਬੰਧਤ ਵਿਭਾਗ ਪਾਸ ਇਸ ਦੀ ਪਹਿਲਾਂ ਤੋਂ ਜਾਣਕਾਰੀ ਸੀ। ਇਧਰ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਮੀਤ ਸਿੰਘ ਪੀ.ਐਚ.ਡੀ. 'ਤੇ ਥਾਣਾ ਮਖੂ 'ਚ ਐਫ.ਆਈ.ਆਰ. 173/2008, ਈ-ਡਿਵੀਜ਼ਨ (ਅੰਮ੍ਰਿਤਸਰ) 108/2013, ਪੁਰਾਣਾ ਸ਼ਾਲਾ (ਗੁਰਦਾਸਪੁਰ) 83/2013, ਨਵਾਂ ਸ਼ਹਿਰ 28/2017, ਬਾਘਾ ਪੁਰਾਣਾ (ਮੋਗਾ) 193/2016, ਥਾਣਾ ਰਮਦਾਸ 46/2017, ਬਾਜਾਖ਼ਾਨਾ (ਫਰੀਦਕੋਟ) 63/2017, ਥਾਣਾ ਰਾਜਾਸਾਂਸੀ (ਅਦਲੀਵਾਲ 'ਚ ਨਿਰੰਕਾਰੀ ਭਵਨ 'ਚ ਹੈਂਡ ਗ੍ਰਨੇਡ ਨਾਲ ਧਮਾਕਾ) 121/2018, ਥਾਣਾ ਲਾਹੌਰੀ ਗੇਟ (ਪਟਿਆਲਾ) 132/2018, ਥਾਣਾ ਤਰਸਿੱਕਾ 75/2019 ਸਮੇਤ ਕਈ ਹੋਰ ਮਾਮਲੇ ਦਰਜ ਹਨ। ਹੈਪੀ ਸਾਲ 2008 'ਚ ਭਾਰਤ ਤੋਂ ਭੱਜ ਕੇ ਪਾਕਿਸਤਾਨ ਗਿਆ ਸੀ। ਪਹਿਲਾਂ ਉਸ ਨੇ ਪਿਸ਼ਾਵਰੀ ਸਿੱਖ ਦਾ ਭੇਸ ਬਣਾ ਕੇ ਸ੍ਰੀ ਨਨਕਾਣਾ ਸਾਹਿਬ 'ਚ ਰਹਿਣਾ ਸ਼ੁਰੂ ਕੀਤਾ ਤੇ ਫਿਰ ਆਈ.ਐਸ.ਆਈ. ਵਲੋਂ ਉਸ ਨੂੰ ਨਵੀਂ ਪਹਿਚਾਣ ਦੇ ਕੇ ਸਰਹੱਦੀ ਪਿੰਡ ਡੇਰਾ ਚਾਹਲ ਦੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ 'ਚ ਭੇਜ ਦਿੱਤਾ ਗਿਆ। ਉਹ ਉਥੋਂ ਪੰਜਾਬ, ਕਸ਼ਮੀਰ, ਹਰਿਆਣਾ ਤੇ ਹੋਰਨਾਂ ਇਲਾਕਿਆਂ 'ਚ ਆਪਣੇ ਕਾਇਮ ਕੀਤੇ ਨੈੱਟਵਰਕ ਰਾਹੀਂ ਨਸ਼ੀਲੇ ਪਦਾਰਥ ਤੇ ਹਥਿਆਰ ਭੇਜ ਰਿਹਾ ਸੀ। ਪਾਕਿਸਤਾਨੀ ਸੂਤਰਾਂ ਮੁਤਾਬਕ ਸਰਹੱਦ ਪਾਰ ਦੇ ਤਸਕਰਾਂ ਨਾਲ ਨਸ਼ਾ ਸਪਲਾਈ ਨੂੰ ਲੈ ਕੇ ਉਸ ਦਾ ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਬੀਤੇ ਦਿਨ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆਂ ਤਾਂ ਮੌਕਾ ਵੇਖ ਕੇ ਤਸਕਰਾਂ ਵਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਇਟਲੀ ਤੋਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਵੀ ਫੰਡ ਮਿਲ ਰਹੇ ਸਨ।
ਪਾਕਿ ਪੁਲਿਸ ਵੀ ਕਰ ਰਹੀ ਜਾਂਚ
ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਹੌਰ ਪੁਲਿਸ ਤੇ ਖੁਫ਼ੀਆ ਏਜੰਸੀਆਂ ਕੁਝ ਪਾਕਿ ਸਿੱਖਾਂ ਤੇ ਨਾਮੀ ਤਸਕਰਾਂ ਤੋਂ ਇਸ ਮਾਮਲੇ 'ਚ ਪੁੱਛਗਿੱਛ ਕਰ ਰਹੀਆਂ ਹਨ। ਇਸ ਬਾਰੇ ਕੁਝ ਸ਼ੱਕੀ ਵਿਅਕਤੀਆਂ ਦੇ ਫ਼ੋਨ ਤੇ ਈ-ਮੇਲ ਵੀ ਖੰਘਾਲੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਹੈਪੀ ਪੀ.ਐਚ.ਡੀ. 'ਤੇ ਜਾਨ ਲੇਵਾ ਹਮਲਾ ਹੋਇਆ ਸੀ, ਜਿਸ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਕਈ ਵਾਰ ਕਿਹਾ ਸੀ ਆਤਮ ਸਮਰਪਣ ਕਰਨ ਨੂੰ-ਅਵਤਾਰ ਸਿੰਘ

ਅੰਮ੍ਰਿਤਸਰ ਦੀ ਆਬਾਦੀ ਆਦਰਸ਼ ਨਗਰ ਨਜ਼ਦੀਕ ਛੇਹਰਟਾ ਚੁੰਗੀ 'ਚ ਰਹਿੰਦੇ ਹਰਮੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਉਨ੍ਹਾਂ ਦੀ ਰੂਬੀ (ਹਰਮੀਤ ਸਿੰਘ ਦਾ ਬਚਪਨ ਦਾ ਨਾਂਅ) ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ ਪਰ ਉਹ ਮੀਡੀਆ ਦੀ ਮਾਰਫ਼ਤ ਹਮੇਸ਼ਾ ਉਸ ਨੂੰ ਆਤਮ ਸਮਰਪਣ ਕਰਕੇ ਭਾਰਤ ਆਉਣ ਦੀ ਸਲਾਹ ਦਿੰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੀ.ਐਚ.ਡੀ. ਕਰ ਰਿਹਾ ਸੀ ਤੇ ਪੜ੍ਹਾਈ ਵਿਚਾਲੇ ਛੱਡ ਕੇ 6 ਨਵੰਬਰ 2008 ਨੂੰ ਪਾਕਿਸਤਾਨ ਭੱਜ ਗਿਆ।
ਮਾਪਿਆਂ ਦਾ ਇਕਲੌਤਾ ਪੁੱਤਰ ਸੀ
ਛੇਹਰਟਾ, (ਸੁਰਿੰਦਰ ਸਿੰਘ ਵਿਰਦੀ, ਸੁੱਖ ਵਡਾਲੀ)- ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕੇ ਨਿਊ ਕਬੀਰ ਪਾਰਕ ਦੇ ਵਾਸੀ ਹਰਮੀਤ ਸਿੰਘ ਉਰਫ਼ ਹੈਪੀ ਪੀ.ਐਚ.ਡੀ. (40), ਜਿਸ ਦੀ ਬੀਤੀ ਰਾਤ ਪਾਕਿਸਤਾਨ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਦੇ ਪਿਤਾ ਅਵਤਾਰ ਸਿੰਘ (70) ਜੋ ਕਿ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਹੋਏ ਹਨ ਤੇ ਆਪਣੀ ਪਤਨੀ ਨਾਲ ਇਥੇ ਰਹਿ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਾਲ 2008 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਧਰਮ ਵਿਸ਼ੇ 'ਤੇ ਪੀ.ਐਚ.ਡੀ. ਦੀ ਪੜ੍ਹਾਈ ਕੀਤੀ ਸੀ ਤੇ ਉਨ੍ਹਾਂ ਨੂੰ ਇਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਕਿ ਕਦੋਂ ਉਨ੍ਹਾਂ ਦੇ ਲੜਕੇ ਹਰਮੀਤ ਸਿੰਘ ਦਾ ਕਿਸੇ ਗਰਮ ਖਿਆਲੀ ਜਥੇਬੰਦੀ ਨਾਲ ਮੇਲ ਹੋਇਆ। ਉਨ੍ਹਾਂ ਦੱਸਿਆ ਕਿ ਹੈਪੀ ਪਿਛਲੇ 9 ਸਾਲਾਂ ਤੋਂ ਘਰੋਂ ਫ਼ਰਾਰ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਹੈਪੀ ਦੀ ਬਹੁਤ ਭਾਲ ਕੀਤੀ ਪਰ ਕੁਝ ਪਤਾ ਨਹੀਂ ਚੱਲਿਆ। ਅਖੀਰ ਉਨ੍ਹਾਂ ਨੂੰ ਅਖ਼ਬਾਰਾਂ (ਮੀਡੀਆ) ਦੁਆਰਾ ਹੀ ਪਤਾ ਚੱਲਿਆ ਕਿ ਉਨ੍ਹਾਂ ਦਾ ਪੁੱਤਰ ਪਾਕਿਸਤਾਨ ਵਿਚ ਹੈ ਤੇ ਅੱਜ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਪਤਾ ਚੱਲਿਆ ਕਿ ਉਨ੍ਹਾਂ ਦੇ ਪੁੱਤਰ ਹਰਮੀਤ ਸਿੰਘ ਦੀ ਪਾਕਿਸਤਾਨ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਹਰਮੀਤ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੁਖੀ ਹਿਰਦੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ (ਸ਼ਨਾਖਤ ਕਰਨ) ਅੰਤਿਮ ਸੰਸਕਾਰ ਲਈ ਅੰਮ੍ਰਿਤਸਰ ਲਿਆਂਦਾ ਜਾਵੇ।

ਪੰਜਾਬ ਦੀ ਨੰਗਲ ਡੈਮ ਤੇ ਬਿਆਸ ਜਲਗਾਹ ਅਤੇ ਕੇਸ਼ੋਪੁਰ ਛੰਭ ਨੂੰ ਮਿਲਿਆ ਅੰਤਰਰਾਸ਼ਟਰੀ ਦਰਜਾ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਜਲਗਾਹਾਂ ਦੀ ਸੁਰੱਖਿਆ ਨਾਲ ਸਬੰਧਿਤ ਰਾਮਸਰ ਸੰਧੀ ਤਹਿਤ ਪੰਜਾਬ ਦੇ ਕੇਸ਼ੋਪੁਰ ਛੰਭ, ਬਿਆਸ ਅਤੇ ਨੰਗਲ ਡੈਮ ਜਲਗਾਹ ਸਮੇਤ ਦੇਸ਼ ਦੀਆਂ 10 ਹੋਰ ਜਲਗਾਹਾਂ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਦਿੱਤਾ ਗਿਆ ਹੈ। ਭਾਰਤ 'ਚ ਹੁਣ ਅੰਤਰਰਾਸ਼ਟਰੀ ਮਹੱਤਵ ਵਾਲੀਆਂ ਜਲਗਾਹਾਂ ਦੀ ਗਿਣਤੀ 37 ਹੋ ਗਈ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਜਲਗਾਹਾਂ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਲਈ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਮਾਨਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੀਆਂ 10 ਹੋਰ ਜਲਗਾਹਾਂ ਨੂੰ ਰਾਮਸਰ ਸੰਧੀ ਤਹਿਤ ਵਿਸ਼ਵ ਵਿਆਪੀ ਜੀਵ ਵਿਭਿੰਨਤਾ ਦੇ ਲਿਹਾਜ ਨਾਲ ਅੰਤਰਰਾਸ਼ਟਰੀ ਮਹੱਤਵ ਦਾ ਖੇਤਰ ਐਲਾਨਿਆ ਗਿਆ ਹੈ। ਇਸ ਨਾਲ ਜਲਗਾਹਾਂ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਸਬੰਧੀ ਭਾਰਤ ਦੀ ਵਚਨਬੱਧਤਾ ਨੂੰ ਮਾਨਤਾ ਮਿਲੀ ਹੈ। ਜ਼ਿਕਰਯੋਗ ਹੈ ਕਿ ਜਲਗਾਹਾਂ ਦੀਆਂ ਜੀਵ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਲਈ 1971 'ਚ ਈਰਾਨ ਦੇ ਰਾਮਸਰ ਸ਼ਹਿਰ 'ਚ ਅੰਤਰ ਸਰਕਾਰੀ ਪੱਧਰੀ ਦੀ ਸੰਧੀ ਹੋਈ ਸੀ। ਇਸ ਦਾ ਮਕਸਦ ਜਲਗਾਹਾਂ ਨੂੰ ਸੁਰੱਖਿਅਤ ਕਰ ਕੇ ਇਨ੍ਹਾਂ ਦੀ ਵਿਸ਼ਵ ਪੱਧਰੀ ਲੜੀ ਵਿਕਸਤ ਕਰਨਾ ਹੈ। ਜਾਵੜੇਕਰ ਨੇ ਕਿਹਾ ਕਿ ਰਾਮਸਰ ਸੰਧੀ ਤਹਿਤ ਭਾਰਤ 'ਚ ਮਾਨਤਾ ਪ੍ਰਾਪਤ ਜਲਗਾਹਾਂ ਦੀ ਗਿਣਤੀ 37 ਹੋ ਗਈ ਹੈ। ਇਨ੍ਹਾਂ ਦਾ ਕੁਲ ਖੇਤਰਫਲ 10,67,939 ਹੈਕਟੇਅਰ ਹੈ। ਜਲਗਾਹਾਂ ਦੀ ਸੁਰੱਖਿਆ ਦੀ ਇਹ ਕੋਸ਼ਿਸ਼ 'ਹਰ ਘਰ ਨੂੰ ਨਲ ਤੋਂ ਜਲ' ਮੁਹੱਈਆ ਕਰਵਾਉਣ ਸਬੰਧੀ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ 'ਚ ਮਦਦ ਕਰੇਗੀ। ਜਿੰਨ੍ਹਾਂ 10 ਹੋਰ ਜਲਗਾਹਾਂ ਨੂੰ ਰਾਮਸਰ ਸੰਧੀ ਤਹਿਤ ਮਾਨਤਾ ਮਿਲੀ ਹੈ, ਉਨ੍ਹਾਂ 'ਚ ਪੰਜਾਬ ਦੀ ਕੇਸ਼ੋਪੁਰ ਛੰਭ, ਬਿਆਸ ਅਤੇ ਨੰਗਲ ਡੈਮ ਜਲਗਾਹ, ਮਹਾਰਾਸ਼ਟਰ ਦੀ ਨੰਦੂਰ ਮਧਮੇਸ਼ਵਰ ਅਤੇ ਉੱਤਰ ਪ੍ਰਦੇਸ਼ ਦੀਆਂ ਛੇ ਜਲਗਾਹਾਂ ਨਵਾਬਗੰਜ, ਆਗਰਾ ਸਥਿਤ ਪਾਰਵਤੀ, ਸਮਨ, ਸਮਸਪੁਰ, ਸੰਦੀ ਅਤੇ ਸਰਸੀਨਾਵਰ ਸ਼ਾਮਿਲ ਹਨ। ਰਾਮਸਰ ਸੰਧੀ ਤਹਿਤ ਦੇਸ਼ ਦੀਆਂ ਬਾਕੀ ਦੀਆਂ ਜਲਗਾਹਾਂ ਰਾਜਸਥਾਨ, ਕੇਰਲ, ਓਡੀਸ਼ਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਆਸਾਮ, ਪੱਛਮੀ ਬੰਗਾਲ, ਜੰਮੂ ਅਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਮਨੀਪੁਰ, ਗੁਜਰਾਤ, ਤਾਮਿਲਨਾਡੂ ਅਤੇ ਤ੍ਰਿਪੁਰਾ 'ਚ ਸਥਿਤ ਹਨ।
ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਦਰਜਾ ਮਿਲਣ 'ਤੇ ਚੌਗਿਰਦਾ ਪ੍ਰੇਮੀਆਂ 'ਚ ਖੁਸ਼ੀ ਦੀ ਲਹਿਰ
ਨੰਗਲ, 28 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਰਾਸ਼ਟਰੀ ਜਲਗਾਹ ਨੰਗਲ ਨੂੰ ਅੰਤਰਰਾਸ਼ਟਰੀ ਜਲਗਾਹ ਦਾ ਦਰਜਾ ਮਿਲਣ ਦੀ ਖ਼ਬਰ ਨਾਲ ਇਲਾਕੇ ਦੇ ਚੌਗਿਰਦਾ ਪ੍ਰੇਮੀਆਂ 'ਚ ਖੁਸ਼ੀ ਦੀ ਲਹਿਰ ਹੈ। ਨੰਗਲ ਡੈਮ ਝੀਲ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਅੰਤ 'ਚ ਹਿਮਾਚਲ ਸਰਹੱਦ ਨਾਲ ਲੱਗਦੀ ਹੈ ਅਤੇ ਊਨਾ ਤੇ ਬਿਲਾਸਪੁਰ ਜ਼ਿਲ੍ਹਿਆਂ ਨੂੰ ਛੋਹਦੀ ਹੈ। ਪ੍ਰਸਿੱਧ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ, ਡਾ: ਸੰਜੀਵ ਗੌਤਮ, ਡਾ: ਸਤਬੀਰ, ਡਾ: ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਨੰਗਲ ਝੀਲ 'ਚ ਹਰ ਵਰ੍ਹੇ ਰੂਸ, ਚੀਨ, ਕੀਵ, ਯੂਕਰੇਨ, ਕਜ਼ਾਕਿਸਤਾਨ ਆਦਿ ਮੁਲਕਾਂ ਤੋਂ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਹਨ। ਡਾ: ਅਸ਼ੋਕ ਸ਼ਰਮਾ ਅਤੇ ਜਰਨੈਲ ਸੰਧੂ ਨੇ ਦੱਸਿਆ ਕਿ ਹੁਣ ਸੈਰਗਾਹ ਵਜੋਂ ਵੀ ਨੰਗਲ ਨੂੰ ਲਾਭ ਮਿਲੇਗਾ ਜਿੱਥੇ ਹਰ ਵਰ੍ਹੇ ਕਰੀਬ 5 ਲੱਖ ਸੈਲਾਨੀ ਆ ਰਹੇ ਹਨ। ਆਰ. ਟੀ. ਆਈ. ਕਾਰਕੁੰਨ ਯੁਗੇਸ਼ ਨੇ ਕਿਹਾ ਕਿ ਹੁਣ ਨੰਗਲ 'ਚ ਰੁੱਖਾਂ ਦੀ ਕਟਾਈ ਵੀ ਰੁਕੇਗੀ।

ਗੁਜਰਾਤ ਦੰਗਿਆਂ ਦੇ 15 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਸ਼ਰਤਾਂ ਨਾਲ ਜ਼ਮਾਨਤ

ਨਵੀਂ ਦਿੱਲੀ, 28 ਜਨਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 2002 'ਚ ਗੋਧਰਾ ਕਾਂਡ ਤੋਂ ਬਾਅਦ ਓਡੇ ਕਸਬੇ 'ਚ ਹੋਏ ਕਤਲੇਆਮ ਮਾਮਲੇ 'ਚ ਮੌਤ ਤੱਕ ਜੇਲ੍ਹ ਦੀ ਸਜ਼ਾ ਭੁਗਤ ਰਹੇ 15 ਦੋਸ਼ੀਆਂ ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਸ਼ਰਤਾਂ ਮੁਤਾਬਿਕ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਫਿਰ ਸਾਹਮਣੇ ਆਇਆ 'ਮੀ ਟੂ' ਦਾ ਮਾਮਲਾ

ਮਹਿਲਾ ਪੀ.ਸੀ.ਐਸ. ਨੇ ਆਈ.ਏ.ਐਸ. ਅਧਿਕਾਰੀ ਖ਼ਿਲਾਫ਼ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼

ਚੰਡੀਗੜ੍ਹ, 28 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ 'ਚ ਇਕ ਵਾਰ ਫਿਰ 'ਮੀ ਟੂ' ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਆਈ. ਏ. ਐਸ. ਅਧਿਕਾਰੀ 'ਤੇ ਮਹਿਲਾ ਪੀ. ਸੀ. ਐਸ. ਅਧਿਕਾਰੀ ਦੇ ਜਿਨਸੀ ਸ਼ੋਸ਼ਣ ਦਾ ਗੰਭੀਰ ਦੋਸ਼ ਲਗਾਇਆ ਹੈ। ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਦੀ ਜਨਮ ਵਰ੍ਹੇਗੰਢ ਮੌਕੇ ਮੋਦੀ ਵਲੋਂ ਸ਼ਰਧਾਂਜਲੀ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਲੀਦਾਨ ਭਾਰਤੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ। ਪ੍ਰਧਾਨ ...

ਪੂਰੀ ਖ਼ਬਰ »

ਸ਼ਾਹੀਨ ਬਾਗ ਪ੍ਰਦਰਸ਼ਨਕਾਰੀ ਤੁਹਾਡੇ ਘਰਾਂ 'ਚ ਦਾਖਲ ਹੋ ਕੇ ਕਰ ਸਕਦੇ ਹਨ ਜਬਰ ਜਨਾਹ ਤੇ ਹੱਤਿਆ-ਭਾਜਪਾ ਸੰਸਦ ਮੈਂਬਰ ਦਾ ਵਿਵਾਦਤ ਬਿਆਨ

ਨਵੀਂ ਦਿੱਲੀ, 28 ਜਨਵਰੀ (ਏਜੰਸੀ)- ਭਾਜਪਾ ਦੇ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਮੰਗਲਵਾਰ ਨੂੰ ਇਕ ਚੋਣ ਰੈਲੀ ਦੌਰਾਨ ਆਪਣੇ ਵਿਵਾਦਤ ਬਿਆਨ 'ਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਸ਼ਾਹੀਨ ਬਾਗ 'ਚ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦਾ ਲੋਕਾਂ ਨੂੰ ਡਰਾਵਾ ...

ਪੂਰੀ ਖ਼ਬਰ »

ਇਤਰਾਜ਼ਯੋਗ ਬਿਆਨ ਲਈ ਚੋਣ ਕਮਿਸ਼ਨ ਵਲੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਨੋਟਿਸ ਜਾਰੀ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਚੋਣ ਕਮਿਸ਼ਨ ਵਲੋਂ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਅੱਜ ਇਕ ਚੋਣ ਰੈਲੀ ਦੌਰਾਨ ਭੜਕਾਊ ਨਾਅਰੇਬਾਜ਼ੀ ਕਰਨ ਦੇ ਦੋਸ਼ ਹੇਠ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ...

ਪੂਰੀ ਖ਼ਬਰ »

ਪੁੱਤਰ ਵਲੋਂ ਪਿਤਾ ਦੀ ਹੱਤਿਆ

ਨਥਾਣਾ, 28 ਜਨਵਰੀ (ਗੁਰਦਰਸ਼ਨ ਲੁੱਧੜ)-ਪਿੰਡ ਪੂਹਲੀ ਵਿਖੇ ਘਰੇਲੂ ਕਲੇਸ਼ ਉਪਰੰਤ ਇਕ ਨੌਜਵਾਨ ਵਲੋਂ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਰਾਤ ਨੂੰ ਖਾਣਾ ਖਾਣ ਸਮੇਂ ਨੌਜਵਾਨ ਹਰਜਿੰਦਰ ਸਿੰਘ ਦਾ ਆਪਣੇ ਪਿਤਾ ਗੁਰਤੇਜ ਸਿੰਘ ਨਾਲ ਕਿਸੇ ਮਸਲੇ ...

ਪੂਰੀ ਖ਼ਬਰ »

ਪਾਕਿਸਤਾਨ ਅੱਤਵਾਦੀ ਸੰਗਠਨਾਂ ਖ਼ਿਲਾਫ਼ ਠੋਸ ਕਦਮ ਚੁੱਕੇ-ਰਾਜਨਾਥ

ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਨਾਲ ਗੱਲਬਾਤ ਜ਼ਰੀਏ ਵਿਵਾਦਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਦੀ ਬਜਾਇ ਭਾਰਤ ਖ਼ਿਲਾਫ਼ ਅੱਤਵਾਦ ਦੀ ਨੀਤੀ ਨੂੰ ਵਰਤਣ 'ਤੇ ਜ਼ੋਰ ਦਿੱਤਾ। ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX