ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਜਿਥੇ ਆਮ ਆਦਮੀ ਪਾਰਟੀ ਵੱਡੇ ਉਤਸ਼ਾਹ ਵਿਚ ਦਿਖਾਈ ਦੇ ਰਹੀ ਹੈ, ਉਥੇ ਇਨ੍ਹਾਂ ਨੇ ਭਾਜਪਾ ਨੂੰ ਗੰਭੀਰ ਮੰਥਨ ਲਈ ਮਜਬੂਰ ਕਰ ਦਿੱਤਾ ਹੈ। ਚਾਹੇ 70 ਵਿਚੋਂ ਇਸ ਪਾਰਟੀ ਨੂੰ 8 ਸੀਟਾਂ ਹੀ ਮਿਲੀਆਂ ਹਨ ਅਤੇ ਇਹ ਇਸ ਗੱਲ ਦਾ ਧਰਵਾਸ ਵੀ ਜਤਾ ਰਹੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਸਿਰਫ 3 ਸੀਟਾਂ ਹੀ ਮਿਲੀਆਂ ਸਨ ਅਤੇ ਇਸ ਵਾਰ ਉਸ ਦਾ ਵੋਟ ਫ਼ੀਸਦੀ ਵੀ 32.3 ਤੋਂ ਵਧ ਕੇ 38.52 ਫ਼ੀਸਦੀ ਹੋ ਗਿਆ ਹੈ। ਪਰ ਇਸ ਦੇ ਨਾਲ ਹੀ ਜਿੰਨੀ ਸਿਆਸੀ ਦੁਰਗਤੀ ਕਾਂਗਰਸ ਦੀ ਹੋਈ ਹੈ, ਉਸ ਨਾਲ ਇਸ ਪਾਰਟੀ ਦੇ ਹੋਰ ਵੀ ਢਹਿੰਦੀਆਂ ਕਲਾ ਵਿਚ ਜਾਣ ਦੀ ਸੰਭਾਵਨਾ ਬਣ ਗਈ ਹੈ। ਪਿਛਲੀ ਵਿਧਾਨ ਸਭਾ ਵਿਚ ਵੀ ਕਾਂਗਰਸ ਨੂੰ ਕੋਈ ਸੀਟ ਪ੍ਰਾਪਤ ਨਹੀਂ ਸੀ ਹੋਈ। ਇਸ ਵਾਰ ਵੀ ਉਸ ਨੂੰ ਕੋਈ ਸੀਟ ਨਹੀਂ ਮਿਲੀ। ਇਸ ਦਾ ਵੋਟ ਫ਼ੀਸਦੀ ਵੀ 9.7 ਫ਼ੀਸਦੀ ਤੋਂ ਘਟ ਕੇ 4.25 ਫ਼ੀਸਦੀ ਰਹਿ ਗਿਆ ਹੈ।
ਜਿਥੇ ਕਾਂਗਰਸ ਨੇ ਸ਼ੀਲਾ ਦੀਕਸ਼ਤ ਦੇ ਸਮੇਂ ਵਿਚ 15 ਸਾਲ ਇਥੇ ਹਕੂਮਤ ਚਲਾਈ ਸੀ, ਉਥੇ ਪਿਛਲੇ 22 ਸਾਲਾਂ ਤੋਂ ਭਾਜਪਾ ਵੀ ਦਿੱਲੀ ਚੋਣਾਂ ਵਿਚ ਪਛੜਦੀ ਆ ਰਹੀ ਹੈ। ਪਿਛਲੇ ਸਮੇਂ ਵਿਚ ਇਸ ਪਾਰਟੀ ਦੀ ਕਈ ਰਾਜਾਂ ਵਿਚ ਹਾਰ ਨਾਲ ਆਉਂਦੀਆਂ ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ 'ਤੇ ਵੀ ਇਸ ਦਾ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ, ਜਿਸ ਨੇ ਇਸ ਦੇ ਆਗੂਆਂ ਨੂੰ ਹੋਰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਸਾਲ 2014 ਵਿਚ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਜਦੋਂ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਨੂੰ ਇਸ ਤੋਂ ਵੱਡਾ ਹੁੰਗਾਰਾ ਮਿਲਿਆ ਸੀ ਤਾਂ ਇਸ ਚਕਾਚੌਂਧ ਵਿਚ ਕੇਜਰੀਵਾਲ ਬੁਰੀ ਤਰ੍ਹਾਂ ਫੈਲਦਾ ਨਜ਼ਰ ਆਇਆ ਸੀ। ਉਸ ਨੇ ਦੇਸ਼ ਭਰ ਵਿਚ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ ਪਰ ਪੰਜਾਬ ਤੋਂ ਬਿਨਾਂ ਉਸ ਨੂੰ ਕਿਤੇ ਵੀ ਕੋਈ ਹੁੰਗਾਰਾ ਨਹੀਂ ਸੀ ਮਿਲਿਆ। ਜਿਸ ਤਰ੍ਹਾਂ ਦੀ ਸਿਆਸਤ ਉਸ ਨੇ ਪਾਰਟੀ ਦੇ ਨਾਂਅ 'ਤੇ ਪੰਜਾਬ ਵਿਚ ਕੀਤੀ ਸੀ, ਉਸ ਨੇ ਵੀ ਅਖ਼ੀਰ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ ਸੀ। ਪਾਰਟੀ ਦੀ ਪੰਜਾਬ ਇਕਾਈ ਤਿੜਕਣ ਲੱਗੀ ਸੀ ਅਤੇ ਅੰਦਰੂਨੀ ਪਾਟੋਧਾੜ ਦਾ ਸ਼ਿਕਾਰ ਹੋ ਗਈ ਸੀ। ਐਚ.ਐਸ. ਫੂਲਕਾ, ਸੁਖਪਾਲ ਸਿੰਘ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਹਾ ਵਲੋਂ ਪਾਰਟੀ ਨੂੰ ਅਲਵਿਦਾ ਕਹਿਣ 'ਤੇ ਇਹ ਪਾਰਟੀ ਹੋਰ ਵੀ ਕਮਜ਼ੋਰ ਦਿਖਾਈ ਦਿੱਤੀ ਸੀ। ਪਰ ਹੁਣ ਦਿੱਲੀ ਦੀ ਜਿੱਤ ਤੋਂ ਬਾਅਦ ਇਸ ਦੀ ਪੰਜਾਬ ਇਕਾਈ ਵਿਚ ਫਿਰ ਤੋਂ ਉਤਸ਼ਾਹ ਪੈਦਾ ਹੋਣਾ ਕੁਦਰਤੀ ਹੈ। ਪਰ ਇਹ ਗੱਲ ਯਕੀਨੀ ਹੈ ਕਿ ਜੇਕਰ ਇਸ ਨੇ ਪਹਿਲਾਂ ਵਰਗੀਆਂ ਹੀ ਆਪਣੀਆਂ ਕਾਰਵਾਈਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਤਾਂ ਇਸ ਦਾ ਉਤਸ਼ਾਹ ਮੱਠਾ ਪੈ ਜਾਏਗਾ, ਕਿਉਂਕਿ ਪਿਛਲੇ ਅਰਸੇ ਵਿਚ ਪ੍ਰਵਾਸੀ ਪੰਜਾਬੀਆਂ ਦੇ ਨਾਲ-ਨਾਲ ਆਮ ਲੋਕ ਵੀ ਇਸ ਤੋਂ ਨਿਰਾਸ਼ ਹੋ ਗਏ ਸਨ। ਇਸ ਸਮੇਂ ਪੰਜਾਬ ਸਿਆਸੀ ਨਿਰਾਸ਼ਾ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਕਾਂਗਰਸ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਵਫ਼ਾ ਨਹੀਂ ਹੋ ਸਕੇ। ਲੋਕਾਂ ਦੀਆਂ ਜਾਗੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ। ਅਕਾਲੀ ਦਲ ਵਿਚ ਵੀ ਅੱਜ ਪਾਟੋਧਾੜ ਦਿਖਾਈ ਦੇ ਰਹੀ ਹੈ। ਇਸ ਦੇ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਵੱਡੇ ਆਗੂਆਂ ਵਲੋਂ ਪਾਰਟੀ ਤੋਂ ਵੱਖ ਹੋਣਾ ਇਸ ਵਿਚ ਪੈਦਾ ਹੋਈ ਨਿਰਾਸ਼ਾ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ।
ਇਸ ਵਿਚ ਸ਼ੱਕ ਨਹੀਂ ਕਿ ਪਿਛਲੇ ਕਈ ਸਾਲਾਂ ਦੇ ਤਜਰਬੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਵਿਚ ਵੱਡਾ ਬਦਲਾਅ ਆਇਆ ਦੇਖਿਆ ਜਾ ਸਕਦਾ ਹੈ। ਉਸ ਦੀ ਪਹੁੰਚ ਅਤੇ ਸੋਚ ਵਿਚ ਵੀ ਉਸਾਰੂਪਣ ਦਿਖਾਈ ਦਿੰਦਾ ਹੈ। ਇਸ ਗੱਲ ਤੋਂ ਥੋੜ੍ਹਾ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਇਸ ਵਾਰ ਸ਼ਾਇਦ ਉਹ ਪੰਜਾਬ ਵਿਚ ਵੀ ਪਿਛਲੇ ਸਮੇਂ ਵਰਗੀਆਂ ਗ਼ਲਤੀਆਂ ਨਹੀਂ ਦੁਹਰਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਲੀਹਾਂ 'ਤੇ ਲਿਜਾਣ ਲਈ ਯਤਨਸ਼ੀਲ ਹੋਣਗੇ। ਅਜਿਹੀ ਆਸ ਦੀ ਕਿਰਨ ਅੱਜ ਪੰਜਾਬ ਵਿਚ ਉਸ ਦੀ ਬਚੀ-ਖੁਚੀ ਪਾਰਟੀ ਦੇ ਆਗੂਆਂ ਨੂੰ ਦਿਖਾਈ ਦਿੰਦੀ ਹੈ। ਪਰ ਆਉਣ ਵਾਲੇ ਸਮੇਂ ਵਿਚ ਪਾਰਟੀ ਪੰਜਾਬ 'ਚ ਕਿਸ ਤਰ੍ਹਾਂ ਵਿਚਰਦੀ ਹੈ, ਬਹੁਤਾ ਕੁਝ ਇਸ ਗੱਲ 'ਤੇ ਹੀ ਨਿਰਭਰ ਕਰੇਗਾ।
-ਬਰਜਿੰਦਰ ਸਿੰਘ ਹਮਦਰਦ
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਇਕ ਵਾਰ ਫਿਰ ਜੇਤੂ ਰਹੀ ਹੈ। ਇਹ ਉਸ ਦੀ ਕੋਈ ਸਾਧਾਰਨ ਜਿੱਤ ਨਹੀਂ ਹੈ। ਇਹ ਜਿੱਤ 2015 ਵਾਲੀ ਜਿੱਤ ਤੋਂ ਵੀ ਵੱਡੀ ਹੈ ਕਿਉਂਕਿ ਉਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਏਨਾ ਜ਼ੋਰ ਨਹੀਂ ਲਾਇਆ ਸੀ, ਜਿੰਨਾ ਇਸ ਵਾਰ ...
ਜਦੋਂ ਵੀ ਦੁਨੀਆ ਦੇ ਇਤਿਹਾਸ 'ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇਗੀ ਤਾਂ ਇਸ ਦੀ ਆਜ਼ਾਦੀ 'ਚ ਅਹਿਮ ਹਿੱਸਾ ਪਾਉਣ ਵਾਲੇ ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂਅ ਸ਼ਿੱਦਤ ਨਾਲ ਲਿਆ ਜਾਵੇਗਾ। ਭਾਰਤ ਦੇ ਇਸ ਪ੍ਰਸਿੱਧ ਜਰਨੈਲ ਅਤੇ ਬੰਗਲਾਦੇਸ਼ ਦੀ ਸਥਾਪਨਾ ਵਿਚ ਮੁੱਖ ...
ਅੱਜ ਉਰਦੂ ਦੇ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ 109ਵਾਂ ਜਨਮ ਦਿਨ ਹੈ। ਏਨੇ ਸਮੇਂ ਬਾਅਦ ਵੀ ਉਹ ਭਾਰਤ, ਪਾਕਿਸਤਾਨ ਤੇ ਪੂਰੇ ਦੱਖਣੀ ਏਸ਼ੀਆ ਵਿਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਕਰੀਬ 40 ਸਾਲ ਪਹਿਲਾਂ ਤਰੱਕੀ ਪਸੰਦ ਤਹਿਰੀਕ ਦੇ ਅਲੰਬਰਦਾਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX