ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਦੌਰਾਨ ਦਿੱਲੀ ਵਿਚ ਜੋ ਹਿੰਸਕ ਘਟਨਾਕ੍ਰਮ ਵਾਪਰਨਾ ਸ਼ੁਰੂ ਹੋਇਆ, ਉਸ ਨੇ ਜਿਥੇ ਦੁਨੀਆ ਭਰ ਵਿਚ ਦੇਸ਼ ਦਾ ਪ੍ਰਭਾਵ ਘਟਾਇਆ ਹੈ, ਉਥੇ ਤਿੰਨ ਦਿਨ ਤੱਕ ਹਾਲਾਤ ਨੂੰ ਕਾਬੂ ਨਾ ਰੱਖ ਸਕਣ ਕਰਕੇ ਇਨ੍ਹਾਂ ਦੰਗਿਆਂ ਦੌਰਾਨ ਦੋ ਦਰਜਨ ਦੇ ਕਰੀਬ ਮੌਤਾਂ ਹੋ ਜਾਣ ਅਤੇ ਸੈਂਕੜਿਆਂ ਦੇ ਜ਼ਖ਼ਮੀ ਹੋਣ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਅਤੇ ਗੰਭੀਰ ਬਣਾ ਦਿੱਤਾ ਹੈ।
ਨਾਗਰਿਕਤਾ ਸੋਧ ਕਾਨੂੰਨ ਦੇ ਬਣਨ ਤੋਂ ਬਾਅਦ ਦੇਸ਼ ਭਰ ਵਿਚ ਇਸ ਦੇ ਵਿਰੋਧ ਵਿਚ ਜਿਸ ਤਰ੍ਹਾਂ ਦੇ ਵਿਖਾਵੇ ਹੋਏ, ਜਿਸ ਤਰ੍ਹਾਂ ਲੋਕ ਗਲੀਆਂ-ਬਾਜ਼ਾਰਾਂ ਵਿਚ ਉਤਰੇ, ਜਿਸ ਤਰ੍ਹਾਂ ਉਨ੍ਹਾਂ ਨੇ ਲੰਮੇ ਧਰਨੇ ਲਾਏ, ਉਸ ਤੋਂ ਇਹ ਪ੍ਰਭਾਵ ਪੈਦਾ ਹੋਣਾ ਕੁਦਰਤੀ ਸੀ ਕਿ ਸਥਿਤੀ ਕਿਸੇ ਵੀ ਥਾਂ 'ਤੇ ਵਿਸਫੋਟਕ ਬਣ ਸਕਦੀ ਹੈ, ਖ਼ਾਸ ਤੌਰ 'ਤੇ ਦੋ ਮਹੀਨੇ ਤੋਂ ਚੱਲੇ ਦਿੱਲੀ ਵਿਚ ਔਰਤਾਂ ਦੀ ਅਗਵਾਈ ਵਿਚ ਸ਼ਾਹੀਨ ਬਾਗ਼ ਦੇ ਧਰਨੇ ਨੇ ਹਾਲਤ ਨੂੰ ਹੋਰ ਵੀ ਨਾਜ਼ੁਕ ਬਣਾ ਦਿੱਤਾ। ਜਿੰਨੀ ਵੱਡੀ ਚੁਣੌਤੀ ਬਣੀ ਸੀ, ਸਰਕਾਰ ਉਸ ਦਾ ਮੁਕਾਬਲਾ ਕਰਨ ਵਿਚ ਅਸਮਰੱਥ ਰਹੀ ਹੈ। ਦੇਸ਼ ਭਰ ਵਿਚ ਥਾਂ ਪੁਰ ਥਾਂ ਹੁੰਦੇ ਰੋਸ ਮੁਜ਼ਾਹਰਿਆਂ ਦੇ ਦੌਰਾਨ ਉਸ ਨੇ ਸਿਆਸੀ ਪਾਰਟੀਆਂ ਅਤੇ ਹੋਰ ਮਹੱਤਵਪੂਰਨ ਸੰਗਠਨਾਂ ਨਾਲ ਕੋਈ ਰਾਬਤਾ ਬਣਾਉਣ ਦਾ ਯਤਨ ਨਹੀਂ ਕੀਤਾ। ਇਸ ਦੀ ਬਜਾਏ ਭਾਜਪਾ ਦੇ ਵੱਡੇ ਆਗੂ ਕਿਸੇ ਵੀ ਸੂਰਤ ਵਿਚ ਬਣੇ ਇਸ ਨਵੇਂ ਕਾਨੂੰਨ ਸਬੰਧੀ ਵਿਚਾਰ ਨਾ ਕਰਨ 'ਤੇ ਬਿਆਨ ਦਿੰਦੇ ਰਹੇ। ਇਸ ਦੇ ਨਾਲ ਕਈ ਆਗੂਆਂ ਨੇ ਅਜਿਹੇ ਭੜਕਾਊ ਭਾਸ਼ਨ ਵੀ ਦੇਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸਥਿਤੀ ਦੇ ਹੋਰ ਵੀ ਭੜਕਾਊ ਹੋਣ ਦਾ ਖਦਸ਼ਾ ਬਣ ਗਿਆ ਸੀ। ਇਨ੍ਹਾਂ ਬਿਆਨਾਂ ਨੂੰ ਕਿਸੇ ਵੀ ਪੱਧਰ 'ਤੇ ਰੋਕਣ ਦਾ ਯਤਨ ਨਹੀਂ ਕੀਤਾ ਗਿਆ। ਪਿਛਲੇ ਸਮੇਂ ਵਿਚ ਅਕਸਰ ਹੀ ਅਜਿਹਾ ਦੇਖਣ ਵਿਚ ਆਇਆ ਕਿ ਭਾਜਪਾ ਦੇ ਕਈ ਗ਼ੈਰ-ਜ਼ਿੰਮੇਵਾਰ ਆਗੂ ਲਗਾਤਾਰ ਅਜਿਹੇ ਬਿਆਨ ਦਿੰਦੇ ਰਹੇ ਹਨ, ਜਿਸ ਨਾਲ ਦੇਸ਼ ਦੀ ਫ਼ਿਰਕੂ ਹਵਾ ਖ਼ਰਾਬ ਹੁੰਦੀ ਰਹੀ ਹੈ। ਅਜਿਹੇ ਬਿਆਨ ਭੀੜਾਂ ਨੂੰ ਭੜਕਾਉਣ ਦਾ ਕਾਰਨ ਹੀ ਬਣੇ ਹਨ। ਪਿਛਲੇ ਕਈ ਸਾਲਾਂ ਤੋਂ ਬਣੇ ਇਸ ਮਾਹੌਲ ਵਿਚ ਦੇਸ਼ ਭਰ ਵਿਚ ਥਾਂ ਪੁਰ ਥਾਂ ਭੜਕੀਆਂ ਭੀੜਾਂ ਨੇ ਨਾ ਸਿਰਫ ਲੋਕਾਂ ਨੂੰ ਮਾਰਨਾ ਹੀ ਸ਼ੁਰੂ ਕੀਤਾ, ਸਗੋਂ ਉਨ੍ਹਾਂ ਦੀਆਂ ਦੁਕਾਨਾਂ, ਸਰਕਾਰੀ ਜਾਇਦਾਦ ਅਤੇ ਹੋਰ ਹਰ ਤਰ੍ਹਾਂ ਦਾ ਨੁਕਸਾਨ ਵੀ ਕੀਤਾ। ਇਹੀ ਕੁਝ ਦੇਸ਼ ਦੀ ਰਾਜਧਾਨੀ ਵਿਚ ਹੁੰਦਾ ਦਿਖਾਈ ਦੇ ਰਿਹਾ ਹੈ। ਭੀੜਾਂ ਇਕੱਠੇ ਹੋ ਕੇ ਲੁੱਟਾਂ-ਖੋਹਾਂ ਵੀ ਕਰਦੀਆਂ ਨਜ਼ਰ ਆਈਆਂ, ਲੋਕਾਂ ਦੀ ਬੁਰੀ ਤਰ੍ਹਾਂ ਮਾਰ-ਕੁੱਟ ਵੀ ਕਰਦੀਆਂ ਨਜ਼ਰ ਆਈਆਂ, ਉਨ੍ਹਾਂ ਦੀਆਂ ਦੁਕਾਨਾਂ, ਮਕਾਨਾਂ ਅਤੇ ਹੋਰ ਅਦਾਰਿਆਂ ਨੂੰ ਅੱਗਾਂ ਲਾਈਆਂ। ਉਨ੍ਹਾਂ ਨੇ ਭਰੀਆਂ ਦੁਕਾਨਾਂ ਨੂੰ ਲੁੱਟ ਕੇ ਅੱਗਾਂ ਲਗਾ ਦਿੱਤੀਆਂ। ਪੁਲਿਸ ਤਿੰਨ ਦਿਨ ਤੱਕ ਪ੍ਰਭਾਵਸ਼ਾਲੀ ਅਤੇ ਸਖ਼ਤ ਰੋਲ ਅਦਾ ਕਰਨ ਵਿਚ ਨਾਕਾਮ ਰਹੀ। ਦੇਸ਼ ਵਿਚ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਖੂਨੀ ਝੜਪਾਂ ਹਿੰਦੂ ਬਨਾਮ ਮੁਸਲਿਮ ਫ਼ਿਰਕੂ ਫਸਾਦਾਂ ਦੇ ਰੂਪ ਵਿਚ ਸਾਹਮਣੇ ਆਈਆਂ। ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿਚ ਕਰਫ਼ਿਊ ਲਗਾ ਦਿੱਤਾ ਹੈ। ਦੰਗਾਈਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ ਹਨ। ਦੰਗਾਕਾਰੀਆਂ ਵਲੋਂ ਪੱਤਰਕਾਰਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ। ਲੋਕਾਂ ਨੂੰ ਇਸ ਤਰ੍ਹਾਂ ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਜ਼ਹਿਰੀ ਹੋ ਚੁੱਕਾ ਹੈ। ਭਾਜਪਾ ਦੇ ਕਪਿਲ ਮਿਸ਼ਰਾ ਵਰਗੇ ਆਗੂਆਂ ਨੇ ਆਪਣੇ ਬਿਆਨਾਂ ਰਾਹੀਂ ਅੱਗ 'ਤੇ ਪੈਟਰੋਲ ਪਾਉਣ ਦਾ ਯਤਨ ਕੀਤਾ ਹੈ। ਅਜਿਹੇ ਨਫ਼ਰਤੀ ਭੜਕਾਊ ਭਾਸ਼ਨਾਂ ਨਾਲ ਹਿੰਸਾ ਹੋਰ ਵੀ ਭੜਕ ਉੱਠੀ ਹੈ। ਇਥੋਂ ਤੱਕ ਕਿ ਅਦਾਲਤਾਂ ਨੂੰ ਦਖ਼ਲ ਦੇਣ ਲਈ ਮਜਬੂਰ ਹੋਣਾ ਪਿਆ ਹੈ। ਦਿੱਲੀ ਹਾਈਕੋਰਟ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਦਿੱਲੀ ਨੂੰ ਕਿਸੇ ਵੀ ਤਰ੍ਹਾਂ 1984 ਵਿਚ ਸਿੱਖ ਕਤਲੇਆਮ ਵਰਗੇ ਮਾਹੌਲ ਵਿਚ ਬਦਲਣ ਨਹੀਂ ਦਿੱਤਾ ਜਾਏਗਾ। ਪੁਲਿਸ ਅੱਥਰੂ ਗੈਸ ਛੱਡ ਰਹੀ ਹੈ। ਬਹੁਤ ਸਾਰੇ ਇਲਾਕਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ।
ਅਸੀਂ ਸਮਝਦੇ ਹਾਂ ਕਿ ਭਾਜਪਾ ਦੇ ਵੱਡੇ ਆਗੂਆਂ ਨੇ ਚਿਰਾਂ ਤੋਂ ਅਪਣਾਈ ਨੀਤੀ 'ਤੇ ਚਲਦਿਆਂ ਦੇਸ਼ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ, ਜਿਸ ਦੀ ਭਰਪਾਈ ਹੋਣੀ ਬੇਹੱਦ ਮੁਸ਼ਕਿਲ ਹੈ। ਕਿਉਂਕਿ ਇਸ ਦੇਸ਼ ਦੇ ਵਾਸੀਆਂ ਨੂੰ ਪਿਆਰ ਅਤੇ ਮਿਲਵਰਤਣ ਦਾ ਸੰਦੇਸ਼ ਹੀ ਦਿੱਤਾ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਫ਼ਿਰਕੂ ਭਾਵਨਾ ਦਾ ਪ੍ਰਗਟਾਵਾ ਇਸ ਦੇ ਸਮੁੱਚੇ ਵਿਕਾਸ ਨੂੰ ਮੋੜਾ ਦੇਣ ਦੇ ਸਮਰੱਥ ਹੋ ਸਕਦਾ ਹੈ। ਬਿਨਾਂ ਸ਼ੱਕ, ਵੰਡੀਆਂ ਪਾਉਣ ਵਾਲੀ ਸਿਆਸਤ ਨੇ ਦੇਸ਼ ਨੂੰ ਇਕ ਖ਼ਤਰਨਾਕ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ।
-ਬਰਜਿੰਦਰ ਸਿੰਘ ਹਮਦਰਦ
ਵਿਸ਼ਵ ਆਰਥਿਕ ਮੰਚ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਦੇ ਇਕ ਫ਼ੀਸਦੀ ਲੋਕਾਂ ਕੋਲ ਦੇਸ਼ ਦੀ 70 ਫ਼ੀਸਦੀ ਆਬਾਦੀ ਨਾਲੋਂ ਚਾਰ ਗੁਣਾਂ ਵੱਧ ਦੌਲਤ ਹੈ। ਇਹ ਪਾੜਾ ਘੱਟ ਹੋਣ ਦੀ ਥਾਂ ਵਧ ਰਿਹਾ ਹੈ। ਭਾਰਤੀ ਸੰਵਿਧਾਨ ਲਾਗੂ ਕਰਨ ਸਮੇਂ ਡਾ: ਬੀ.ਆਰ. ਅੰਬੇਡਕਰ ਨੇ ਚਿਤਾਵਨੀ ਦਿੱਤੀ ...
ਅੰਕੜਿਆਂ ਅਤੇ ਹੋਰ ਸਨਸਨੀਖੇਜ਼ ਰਿਪੋਰਟਾਂ ਦੀ ਗੱਲ ਵੀ ਕਰਾਂਗੇ ਪਹਿਲਾਂ ਪ੍ਰਤੱਖ ਸਿੱਧੀ-ਸਾਦੀ ਸਚਾਈ ਦੀ ਗੱਲ ਕਰੀਏ। ਬਾਬੇ ਨਾਨਕ ਦੇ ਫ਼ਲਸਫ਼ੇ 'ਤੇ ਅਮਲ ਕਰਦੇ ਮੇਰੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਇਸੇ ਪੰਜਾਬ ਅੰਦਰ ਹੱਕ-ਹਲਾਲ ਦੀ ਕਿਰਤ ਕਰ ਕੇ ਦੇਸ਼ ਆਜ਼ਾਦੀ ...
ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਿਚ ਬਹੁਮਤ ਹਾਸਲ ਕੀਤਾ ਹੈ, ਉਦੋਂ ਤੋਂ ਉਸ ਨੇ ਆਰ.ਐਸ.ਐਸ. ਦੇ ਏਜੰਡੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਜ ਤਾਂ ਸੰਘ ਦਾ ਸਭ ਤੋਂ ਮਹੱਤਵਪੂਰਨ ਏਜੰਡਾ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣਾ ਹੈ ਪਰ ਇਹ ਕੰਮ ਇਕੋ ਝਟਕੇ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX