ਪੀੜਤਾਂ ਦਾ ਅੰਕੜਾ ਵਧ ਕੇ 724 'ਤੇ ਪੁੱਜਾ
ਨਵੀਂ ਦਿੱਲੀ, 27 ਮਾਰਚ (ਏਜੰਸੀਆਂ)-ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵਧ ਰਿਹਾ ਹੈ | ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੇ 75 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4 ਵਿਅਕਤੀਆਂ ਦੀ ਮੌਤ ਹੋਈ ਹੈ | ਹੁਣ ਤੱਕ ਦੇਸ਼ 'ਚ ਪੀੜਤਾਂ ਦੀ ਗਿਣਤੀ 724 ਹੋ ਗਈ ਹੈ ਜਦੋਂਕਿ ਮਿ੍ਤਕਾਂ ਦੀ ਗਿਣਤੀ 18 ਹੋ ਗਈ ਹੈ | ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਤੋਂ ਪੀੜਤ ਜਿੰਨੇ ਵੀ ਵਿਅਕਤੀਆਂ ਦੀ ਮੌਤ
ਹੋਈ ਹੈ ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਨਾਲ ਸਬੰਧਿਤ ਬੀਮਾਰੀਆਂ ਤੋਂ ਪੀੜਤ ਸਨ ਅਤੇ ਜ਼ਿਆਦਾਤਰ ਮਰੀਜ਼ ਬਜ਼ੁਰਗ ਸਨ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਟੈਲੀਮੈਡੀਸਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸ 'ਚ ਡਾਕਟਰ ਆਪਣੇ ਘਰਾਂ ਤੋਂ ਹੀ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇ ਸਕਦੇ ਹਨ | ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਇਸ ਦਾ ਲਾਭ ਲੈਣ ਅਤੇ ਡਾਕਟਰ ਵੀ ਇਸ ਜ਼ਰੀਏ ਆਪਣੀਆਂ ਸੇਵਾਵਾਂ ਦੇਣ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਮੋਬਾਈਲ ਉਪਭੋਗਤਾ ਵੱਡੀ ਗਿਣਤੀ 'ਚ ਹਨ | ਇਸ ਲਈ ਉਮੀਦ ਹੈ ਕਿ ਟੈਲੀਮੈਡੀਸਨ ਨੂੰ ਵਧੀਆ ਹੁੰਗਾਰਾ ਮਿਲੇਗਾ | ਮਹਾਰਾਸ਼ਟਰ 'ਚ 12 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਸੂਬੇ 'ਚ ਪੀੜਤਾਂ ਦੀ ਗਿਣਤੀ 147 ਹੋ ਗਈ ਹੈ |
'ਹਾਈਡ੍ਰੋਕਸੀਕਲੋਰੋਕੁਨੀਨ' ਦੀ ਵਿਕਰੀ 'ਤੇ ਲਗਾਈ ਪਾਬੰਦੀ
ਸਰਕਾਰ ਨੇ ਕੋਰੋਨਾ ਦੇ ਇਲਾਜ ਅਤੇ ਬਚਾਅ 'ਚ ਕੰਮ ਆਉਣ ਵਾਲੀ ਦਵਾਈ 'ਹਾਈਡ੍ਰੋਕਸੀਕਲੋਰੋਕੁਨੀਨ' ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿਸੇ ਵੀ ਹੰਗਾਮੀ ਸਥਿਤੀ 'ਚ ਇਸ ਦੀ ਪੂਰਤੀ ਨੂੰ ਬਹਾਲ ਰੱਖਣ ਲਈ ਇਸ ਦੀ ਵਿਕਰੀ ਅਤੇ ਵੰਡ ਨੂੰ ਕਾਨੂੰਨੀ ਕੰਟਰੋਲ 'ਚ ਲੈ ਕੇ ਸੀਮਤ ਕਰ ਦਿੱਤਾ ਹੈ | ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਪੱਤਰ ਅਨੁਸਾਰ 'ਹਾਈਡ੍ਰੋਕਸੀਕਲੋਰੋਕੁਨੀਨ' ਨੂੰ ਕੋਰੋਨਾ ਦੇ ਇਲਾਜ ਅਤੇ ਬਚਾਅ 'ਚ ਜ਼ਰੂਰੀ ਮੰਨਦੇ ਹੋਏ ਕਿਹਾ ਗਿਆ ਹੈ ਕਿ ਕਿਸੇ ਵੀ ਸੰਭਾਵਿਤ ਹੰਗਾਮੀ ਸਥਿਤੀ ਨੂੰ ਦੇਖਦੇ ਹੋਏ ਇਸ ਦੀ ਵਿਕਰੀ ਅਤੇ ਵੰਡ ਨੂੰ ਕਾਨੂੰਨ ਦੁਆਰਾ ਕੰਟਰੋਲ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ |
ਮਜ਼ਦੂਰਾਂ ਤੇ ਕਿਰਤੀਆਂ ਦੀ ਸਹਾਇਤਾ ਕਰਨ ਸੂਬੇ-ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ 'ਚ ਲਾਗੂ ਤਾਲਾਬੰਦੀ ਦੌਰਾਨ ਦੂਸਰੇ ਸੂਬਿਆਂ ਦੇ ਖੇਤੀ ਮਜ਼ਦੂਰਾਂ, ਕਿਰਤੀਆਂ, ਨੌਕਰੀਸ਼ੁਦਾ ਵਿਅਕਤੀਆਂ ਅਤੇ ਹੋਰਨਾਂ ਪ੍ਰਵਾਸੀਆਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ | ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਤਾਲਾਬੰਦੀ ਦੌਰਾਨ ਦੂਸਰੇ ਸੂਬਿਆਂ ਦੇ ਇਨ੍ਹਾਂ ਲੋਕਾਂ ਨੂੰ ਖਾਣ ਅਤੇ ਰਹਿਣ ਦੀ ਜਗ੍ਹਾ ਮੁਹੱਈਆ ਕਰਵਾਉਣ ਦੇ ਉਪਾਅ ਕਰਨ | ਉਹ ਦੂਸਰੇ ਸੂਬਿਆਂ ਦੇ ਵਿਦਿਆਰਥੀਆਂ ਅਤੇ ਕੰਮਕਾਜੀ ਔਰਤਾਂ ਨੂੰ ਉਨ੍ਹਾਂ ਦੇ ਮੌਜੂਦਾ ਆਵਾਸਾਂ 'ਚ ਹੀ ਰੱਖਣ ਦੇ ਸਬੰਧ 'ਚ ਵੀ ਕਦਮ ਚੁੱਕਣ | ਗ੍ਰਹਿ ਸਕੱਤਰ ਦਾ ਇਹ ਪੱਤਰ ਅਜਿਹੇ ਸਮੇਂ ਆਇਆ ਹੈ ਜਦੋਂ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਗ੍ਰਹਿ ਸੂਬਿਆਂ ਨੂੰ ਜਾਣ ਲਈ ਸੜਕਾਂ 'ਤੇ ਉਤਰ ਰਹੇ ਹਨ |
ਕੇਂਦਰ ਵਲੋਂ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜਾਂ ਨੂੰ ਮਿਲੇਗੀ 3 ਮਹੀਨੇ ਦੀ ਐਡਵਾਂਸ ਪੈਨਸ਼ਨ
ਕੇਂਦਰ ਸਰਕਾਰ ਵਲੋਂ ਦੇਸ਼ ਭਰ 'ਚ ਤਾਲਾਬੰਦੀ ਦੇ ਮੱਦੇਨਜ਼ਰ ਅਪ੍ਰੈਲ ਦੇ ਪਹਿਲੇ ਹਫ਼ਤੇ ਕਰੀਬ 3 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜ ਪੈਨਸ਼ਨਧਾਰਕਾਂ ਨੂੰ 3 ਮਹੀਨਿਆਂ ਦੀ ਪੈਨਸ਼ਨ ਐਡਵਾਂਸ ਹੀ ਦੇ ਦਿੱਤੀ ਜਾਵੇਗੀ | ਅਧਿਕਾਰੀਆਂ ਨੇ ਦੱਸਿਆ ਕਿ ਐਨ. ਐਸ. ਏ. ਪੀ. (ਰਾਸ਼ਟਰੀ ਸਮਾਜਿਕ ਸਹਾਇਤਾ ਸਕੀਮ) ਤਹਿਤ ਗ਼ਰੀਬ ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ | ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵਲੋਂ ਇਸ ਸਕੀਮ ਤਹਿਤ ਦੇਸ਼ ਭਰ 'ਚ 2.98 ਕਰੋੜ ਲਾਭਪਾਤਰੀਆਂ ਨੂੰ ਹਰ ਮਹੀਨੇ ਪੈਨਸ਼ਨ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਪਾ ਦਿੱਤੀ ਜਾਂਦੀ ਹੈ | ਇਸ ਸਕੀਮ ਤਹਿਤ 60-79 ਸਾਲ ਦੇ ਬਜ਼ੁਰਗਾਂ ਨੂੰ 200 ਰੁਪਏ ਪ੍ਰਤੀ ਮਹੀਨਾ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 500 ਰੁਪਏ ਪ੍ਰਤੀ ਮਹੀਨਾ, 40-79 ਸਾਲ ਦੀਆਂ ਵਿਧਵਾਵਾਂ ਨੂੰ 300 ਰੁਪਏ ਪ੍ਰਤੀ ਮਹੀਨਾ ਅਤੇ 80 ਸਾਲ ਤੋਂ ਵੱਧ ਉਮਰ ਦੀਆਂ ਵਿਧਵਾਵਾਂ ਨੂੰ 500 ਰੁਪਏ ਪ੍ਰਤੀ ਮਹੀਨਾ, 79 ਸਾਲ ਤੱਕ ਦੇ ਅਪਾਹਜਾਂ ਨੂੰ 300 ਰੁਪਏ ਪ੍ਰਤੀ ਮਹੀਨਾ ਅਤੇ 80 ਸਾਲ ਤੋਂ ਵੱਧ ਉਮਰ ਦੇ ਅਪਾਹਜਾਂ ਨੂੰ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ |
ਦੋ ਮਹੀਨਿਆਂ 'ਚ 15 ਲੱਖ ਵਿਦੇਸ਼ੀ ਭਾਰਤ 'ਚ ਆਏ
ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਅੱਜ ਸੂਬਾ ਸਰਕਾਰਾਂ ਨੂੰ ਦੱਸਿਆ ਕਿ ਬੀਤੇ ਦੋ ਮਹੀਨਿਆਂ ਦੌਰਾਨ 15 ਲੱਖ ਤੋਂ ਵੱਧ ਅੰਤਰਰਾਸ਼ਟਰੀ ਯਾਤਰੀ ਭਾਰਤ 'ਚ ਆਏ ਹਨ ਪਰ ਕੋਵਿਡ-19 ਸਬੰਧੀ ਹਵਾਈ ਅੱਡਿਆਂ 'ਤੇ ਕੀਤੀ ਸਕਰੀਨਿੰਗ ਅਤੇ ਅਸਲ ਗਿਣਤੀ 'ਚ ਕਾਫ਼ੀ ਅੰਤਰ ਹੈ | ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ 'ਚ ਰਾਜੀਵ ਗਾਬਾ ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਗਰਾਨੀ 'ਚ ਇਸ ਤਰ੍ਹਾਂ ਦੇ ਅੰਤਰ ਨਾਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਖ਼ਤਰਾ ਹੋ ਸਕਦਾ ਹੈ | ਹੁਣ ਤੱਕ ਦੀ ਜਾਂਚ ਇਹ ਸਾਹਮਣੇ ਆਇਆ ਹੈ ਕਿ ਦੇਸ਼ 'ਚ ਜਿੰਨੇ ਵੀ ਕੋਰੋਨਾ ਦੇ ਮਾਮਲੇ ਪਾਜ਼ੀਟਿਵ ਆਏ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਨੇ ਅੰਤਰਰਾਸ਼ਟਰੀ ਯਾਤਰਾ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਜਾਵੇ |
ਕੇਂਦਰੀ ਵਿਦਿਆਲਿਆ ਸੰਗਠਨ ਵਲੋਂ ਸਕੂਲ ਇਮਾਰਤਾਂ ਦੇਣ ਦੀ ਪੇਸ਼ਕਸ਼
ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਕੇਂਦਰੀ ਵਿਦਿਆਲਿਆ ਸੰਗਠਨ ਨੇ ਆਪਣੇ ਸਕੂਲਾਂ ਦੀਆਂ ਇਮਾਰਤਾਂ ਨੂੰ ਆਰਜ਼ੀ ਤੌਰ 'ਤੇ ਆਈਸੋਲੇਸ਼ਨ ਵਾਰਡ ਬਣਾਉਣ ਦੀ ਪੇਸ਼ਕਸ਼ ਕੀਤੀ ਹੈ |
ਮੁੱਖ ਮੰਤਰੀ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਤਲਾਸ਼ ਤੇਜ਼ ਕਰਨ ਦੇ ਹੁਕਮ
ਚੰਡੀਗੜ੍ਹ, 27 ਮਾਰਚ (ਵਿਕਰਮਜੀਤ ਸਿੰਘ ਮਾਨ)- ਬੀਤੇ ਕੱਲ੍ਹ ਸਿਹਤ ਵਿਭਾਗ ਨੇ ਕੋਰੋਨਾ ਕਾਰਨ ਸੂਬੇ 'ਚ ਪੈਦਾ ਹੋਈ ਸਥਿਤੀ 'ਚ ਸੁਧਾਰ ਦੀ ਆਸ ਪ੍ਰਗਟਾਈ ਸੀ ਪਰ ਅੱਜ ਪੰਜਾਬ 'ਚ 5 ਹੋਰ ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ 38 'ਤੇ ਪੁੱਜ ਗਈ ਹੈ | ਜਾਣਕਾਰੀ ਅਨੁਸਾਰ ਨਵੇਂ ਆਏ 5 ਮਾਮਲਿਆਂ 'ਚੋਂ 3 ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ ਜੋ ਕਿ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਸਨ | ਇਕ ਮਾਮਲਾ ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਅਤੇ ਇਕ ਜ਼ਿਲ੍ਹਾ ਮੋਹਾਲੀ 'ਚ ਸਾਹਮਣੇ ਆਇਆ ਹੈ | ਇਹ ਦੋਵੇਂ ਵੀ ਪਾਜ਼ੀਟਿਵ ਮਰੀਜ਼ ਦੇ ਸੰਪਰਕ 'ਚ ਆਉਣ ਕਾਰਨ ਪੀੜਤਾਂ ਦੀ ਗਿਣਤੀ ਵਿਚ ਸ਼ਾਮਿਲ ਹੋ ਗਏ ਹਨ | ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਮਾਮਲੇ ਪੁਰਾਣੇ ਪਾਜ਼ੀਟਿਵ ਕੇਸਾਂ ਦੇ ਸੰਪਰਕ 'ਚ ਆਉਣ ਕਾਰਨ ਹੀ ਸਾਹਮਣੇ ਆਏ ਹਨ ਅਤੇ ਸਿਹਤ ਵਿਭਾਗ ਅਜਿਹੇ ਵਿਅਕਤੀਆਂ 'ਤੇ ਪੂਰੀ ਨਜ਼ਰ ਰੱਖ ਰਿਹਾ ਸੀ ਜੋ ਪਾਜ਼ੀਟਿਵ ਕੇਸਾਂ ਦੇ ਸੰਪਰਕ 'ਚ ਆਉਂਦੇ ਰਹੇ ਹਨ | ਉੱਧਰ ਇਕ ਹੋਰ ਰਿਪੋਰਟ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਤਲਾਸ਼ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਡੀ.ਜੀ.ਪੀ. ਨੂੰ ਹੁਕਮ ਦਿੱਤੇ ਹਨ ਕਿ ਅਜਿਹੇ ਵਿਅਕਤੀਆਂ ਦੀ ਭਾਲ ਕਰ ਕੇ ਛੇਤੀ ਤੋਂ ਛੇਤੀ ਘਰਾਂ ਵਿਚ ਨਿਗਰਾਨੀ ਹੇਠ ਬੰਦ ਕੀਤਾ ਜਾਵੇ | ਜਾਣਕਾਰੀ ਅਨੁਸਾਰ ਦੋਆਬਾ ਖੇਤਰ 'ਚ ਸਭ ਤੋਂ ਜ਼ਿਆਦਾ ਪ੍ਰਵਾਸੀ ਪੰਜਾਬੀ ਪਰਤੇ ਹਨ | ਜਲੰਧਰ ਪੁਲਿਸ ਕਮਿਸ਼ਨਰੇਟ ਖੇਤਰ ਵਿਚ 6863, ਜਲੰਧਰ ਦਿਹਾਤੀ 'ਚ 5194, ਹੁਸ਼ਿਆਰਪੁਰ 'ਚ 2322, ਕਪੂਰਥਲਾ 'ਚ 4107 ਅਤੇ ਨਵਾਂਸ਼ਹਿਰ 'ਚ 1360 ਐਨ.ਆਰ.ਆਈ. ਆਪਣੇ ਘਰਾਂ ਨੂੰ ਪਰਤੇ ਹਨ | ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਕਮਿਸ਼ਨਰੇਟ ਖੇਤਰ ਵਿਚ 5189 ਅਤੇ ਜਲੰਧਰ ਦਿਹਾਤੀ 'ਚ 3088 ਲੋਕਾਂ ਨੂੰ ਘਰਾਂ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ 1959 ਐਨ.ਆਰ.ਆਈ. ਇਕਾਂਤਵਾਸ 'ਚ ਰੱਖੇ ਗਏ ਹਨ | ਰਾਜ ਦੇ ਬਾਕੀ ਜ਼ਿਲਿ੍ਹਆਂ ਪਟਿਆਲਾ, ਰੋਪੜ, ਫ਼ਤਿਹਗੜ੍ਹ ਸਾਹਿਬ ਅਤੇ ਮੋਗਾ ਅਜਿਹੇ ਜ਼ਿਲੇ੍ਹ ਹਨ ਜਿੱਥੇ ਕਿਸੇ ਵੀ ਪ੍ਰਵਾਸੀ ਨੂੰ ਇਕਾਂਤਵਾਸ 'ਚ ਰੱਖੇ ਜਾਣ ਦੀ ਕੋਈ ਸੂਚਨਾ ਨਹੀਂ ਹੈ | ਰਾਜ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ ਕੱਲ੍ਹ ਤੱਕ ਪੰਜਾਬ ਪੁੱਜੇ 40,904 ਪ੍ਰਵਾਸੀ ਪੰਜਾਬੀਆਂ 'ਚੋਂ 29,117 ਦੀ ਜਾਂਚ ਕਰ ਦਿੱਤੀ ਗਈ ਹੈ ਜਦਕਿ 10,457 ਲੋਕਾਂ ਦੀ ਅਜੇ ਜਾਂਚ ਕੀਤੀ ਜਾਣੀ ਬਾਕੀ ਹੈ |
ਸੂਬੇ ਦੇ ਗ੍ਰਹਿ ਵਿਭਾਗ ਵਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਬਣਾਈ ਰੱਖਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ
ਚੰਡੀਗੜ੍ਹ (ਅਜੀਤ ਬਿਊਰੋ)- ਸੂਬੇ ਦੇ ਗ੍ਰਹਿ ਵਿਭਾਗ ਵਲੋਂ ਕੋਵਿਡ-19 ਦੇ ਮੱਦੇਨਜ਼ਰ ਲਗਾਏ ਕਰਫ਼ਿਊ ਸਬੰਧੀ ਗ੍ਰਮਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਿਚ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਏ ਰੱਖਣ 'ਤੇ ਜ਼ੋਰ ਦਿੱਤਾ ਗਿਆ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਮ.ਐਚ.ਏ. ਵਲੋਂ ਇਸ ਸਬੰਧ ਵਿਚ ਇਕ ਸਟੈਂਡਰਡ ਆਪਰੇਟਿੰਗ ਪੋ੍ਰਸੀਜਰ (ਐਸ.ਓ.ਪੀ.) ਵੀ ਜਾਰੀ ਕੀਤਾ ਗਿਆ ਹੈ ਅਤੇ ਇਹ ਦਿਸ਼ਾ-ਨਿਰਦੇਸ਼ ਸਮੇਂ ਸਮੇਂ 'ਤੇ ਸਾਰੇ ਪ੍ਰਬੰਧਕੀ ਸਕੱਤਰਾਂ / ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨਾਲ ਸਾਂਝੇ ਕੀਤੇ ਜਾ ਰਹੇ ਹਨ | ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਰੂਰੀ ਵਸਤਾਂ ਦੀ ਸਪਲਾਈ ਲੜੀ ਵਿਚ ਉਨ੍ਹਾਂ ਦਾ ਨਿਰਮਾਣ ਅੰਤਰਰਾਜੀ ਟਰਾਂਸਪੋਰਟ ਅਤੇ ਪਰਚੂਨ ਦੁਕਾਨਾਂ ਦੁਆਰਾ ਵਿੱਕਰੀ ਸ਼ਾਮਿਲ ਹੈ | ਇਸੇ ਤਰ੍ਹਾਂ ਜ਼ਰੂਰੀ ਸਪਲਾਈ ਤੇ ਸੇਵਾਵਾਂ ਵਿਚ ਖਾਣ ਪੀਣ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਡੇਅਰੀ ਉਤਪਾਦ, ਦਵਾਈਆਂ ਤੇ ਡਾਕਟਰੀ ਉਪਕਰਨ, ਐਲ.ਪੀ.ਜੀ. ਅਤੇ ਪੀ.ਓ.ਐਲ., ਪਸ਼ੂ ਫੀਡ, ਬੈਂਕ, ਆਈ.ਟੀ. ਅਤੇ ਈ-ਕਾਮਰਸ (ਫਲਿੱਪਕਾਰਟ, ਐਮਾਜ਼ੋਨ ਆਦਿ) ਸ਼ਾਮਿਲ ਹਨ | ਇਸ ਅਨੁਸਾਰ ਇਸ ਮੰਤਵ ਨਾਲ ਜੁੜੇ ਕਾਮਿਆਂ ਅਤੇ ਵਾਹਨਾਂ ਨੂੰ ਲਾਕਡਾਊਨ ਤੇ ਕਰਫ਼ਿਊ ਦੌਰਾਨ ਆਵਾਜਾਈ ਦੀ ਖੁੱਲ੍ਹ ਹੋਣੀ ਚਾਹੀਦੀ ਹੈ | ਦੂਸਰੇ ਸੂਬਿਆਂ ਵਿਚ ਜਾਰੀ ਕੀਤੇ ਗਏ ਪਾਸ ਪੰਜਾਬ ਵਿਚ ਵੀ ਢੁਕਵੇਂ ਮੰਨੇ ਜਾਣਗੇ |
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਕੋਵਿਡ-19 ਦੀ ਜਾਂਚ ਤੇ ਏਕਾਂਤਵਾਸ ਸਥਾਪਤ ਕਰਨ ਦੀਆਂ ਸਹੂਲਤਾਂ ਸਥਾਪਤ ਕਰਨ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਰਫ਼ਿਊ ਦੌਰਾਨ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਰਾਹਤ ਅਤੇ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਪੰਚਾਇਤ ਫ਼ੰਡ ਦੀ ਵਰਤੋਂ ਲਈ ਅਧਿਕਾਰਤ ਕੀਤਾ ਹੈ | ਸਰਪੰਚ ਨੂੰ ਪੰਚਾਇਤ ਫ਼ੰਡ 'ਚੋਂ ਰੋਜ਼ਾਨਾ 5000 ਰੁਪਏ ਖ਼ਰਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਤੇ ਉਹ ਵੱਧ ਤੋਂ ਵੱਧ ਕੱੁਲ 50 ਹਜ਼ਾਰ ਰੁਪਏ ਤੱਕ ਖ਼ਰਚ ਸਕਦੇ ਹਨ | ਇਸ ਤੋਂ ਇਲਾਵਾ ਸਰਪੰਚਾਂ ਨੂੰ ਸਬੰਧਿਤ ਪਿੰਡ ਵਿਚ ਮੈਡੀਕਲ ਐਮਰਜੈਂਸੀ ਦੀ ਹਾਲਤ 'ਚ ਰਾਤ 7 ਵਜੇ ਤੋਂ ਸਵੇਰੇ 6 ਵਜੇ ਤੱਕ ਪਾਸ ਜਾਂ ਪੱਤਰ ਜਾਰੀ ਕਰਨ ਲਈ ਅਧਿਕਾਰਤ ਕੀਤਾ ਗਿਆ ਤਾਂ ਜੋ ਲੋੜਵੰਦ ਵਿਅਕਤੀ ਡਾਕਟਰ ਕੋਲ ਜਾਂ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾ ਸਕੇ | ਸਰਕਾਰੀ ਬੁਲਾਰੇ ਅਨੁਸਾਰ ਇਹ ਪਹਿਲਕਦਮੀਆਂ ਸਰਕਾਰ ਦੀਆਂ ਪਿੰਡਾਂ ਤੱਕ ਸੂਬੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਰਾਹਤ ਦੇਣ ਲਈ ਚੁੱਕੀਆਂ ਗਈਆਂ ਹਨ ਤਾਂ ਜੋ ਕੋਵਿਡ-19 ਦੇ ਸੰਕਟ ਦੌਰਾਨ ਲੱਗੇ ਕਰਫ਼ਿਊ ਕਾਰਨ ਲੋਕਾਂ ਨੂੰ ਹੋ ਰਹੀਆਂ ਦੁਸ਼ਵਾਰੀਆਂ ਘੱਟ ਹੋ ਸਕਣ | ਮੱੁਖ ਮੰਤਰੀ ਨੇ ਕੋਵਿਡ-19 ਦੇ ਟੈੱਸਟਾਂ ਦੀ ਜਾਂਚ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ | ਸੂਬੇ ਵਿਚ ਹੁਣ ਤੱਕ ਟੈੱਸਟ ਕੀਤੇ ਨਮੂਨਿਆਂ ਦੀ ਗਿਣਤੀ 789 ਹੈ ਜਿਨ੍ਹਾਂ 'ਚੋਂ 271 ਦੀ ਰਿਪੋਰਟ ਆਉਣੀ ਹੈ | ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਦੇ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੇ ਇਲਾਜ ਲਈ 2708 ਬਿਸਤਰਿਆਂ ਦੀ ਸਮਰੱਥਾ ਵਾਲੇ 20 ਏਕਾਂਤਵਾਸ ਸਹੂਲਤਾਂ ਦੀ ਸ਼ਨਾਖ਼ਤ ਕੀਤੀ ਗਈ ਹੈ | ਮੁੱਖ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਹੋਰ ਸਹੂਲਤਾਂ ਦੇ ਨਾਲ ਬਿਸਤਰਿਆਂ ਦੀ ਸਮਰੱਥਾ 5000 ਤੱਕ ਕੀਤੀ ਜਾਵੇ | ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਕੁੱਲ 889 ਆਈ.ਸੀ.ਯੂ. ਬੈੱਡ ਹਨ ਅਤੇ 387 ਵੈਂਟੀਲੇਟਰਾਂ ਦੀ ਸਹੂਲਤ ਮੌਜੂਦ ਹੈ | ਮੁੱਖ ਮੰਤਰੀ ਨੇ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠ ਰਹੇ ਕੁਝ ਪੁਲਿਸ ਕਰਮਚਾਰੀਆਂ ਅਤੇ ਡਾਕਟਰਾਂ ਨਾਲ ਵੀ ਵੀਡੀਓ ਚੈਟ 'ਤੇ ਗੱਲ ਕੀਤੀ | ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਹਰ ਸਮੇਂ ਮਾਨਵੀ ਤੇ ਨਰਮ ਦਿਲ ਪਹੁੰਚ ਅਪਣਾਉਣ ਲਈ ਵੀ ਅਪੀਲ ਕੀਤੀ |
ਹੁਸ਼ਿਆਰਪੁਰ, 27 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ 3 ਹੋਰ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਣ ਉਪਰੰਤ ਹੁਣ ਇਹ ਅੰਕੜਾ 5 ਤੱਕ ਪਹੁੰਚ ਗਿਆ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਇਕੱਤਰ ਕੀਤੇ ਹੁਣ ਤੱਕ 96 ਮਰੀਜ਼ਾਂ ਦੇ ਸੈਂਪਲਾਂ ਵਿਚੋਂ 67 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਆ ਗਈ ਹੈ | ਜਿਸ 'ਚ 3 ਹੋਰ ਨਵੇਂ ਮਰੀਜ਼ ਪਾਜ਼ੀਟਿਵ ਹੋਣ ਨਾਲ ਜ਼ਿਲੇ੍ਹ ਅੰਦਰ ਕੋਰੋਨਾਂ ਦੇ ਮਰੀਜ਼ਾਂ ਦੀ ਗਿਣਤੀ 5 ਹੋ ਚੁੱਕੀ ਹੈ | ਇਹ ਮਰੀਜ਼ ਬਲਾਕ ਪੋਸੀ ਦੇ ਪਿੰਡ ਮੋਰਾਂਵਾਲੀ ਦੇ ਪਹਿਲਾਂ ਤੋ ਪ੍ਰਭਾਵਿਤ ਹਰਭਜਨ ਸਿੰਘ ਦੇ ਪਰਿਵਾਰਕ ਮੈਂਬਰ ਉਸ ਦੀ ਪਤਨੀ ਪਰਮਜੀਤ ਕੌਰ (60), ਉਸ ਦੀ ਨੰੂਹ ਗੁਰਪ੍ਰੀਤ ਕੌਰ (28) ਅਤੇ ਗੁਆਂਢੀ ਸੁਰਿੰਦਰ ਕੌਰ (66) ਪਤਨੀ ਬਲਦੇਵ ਸਿੰਘ ਪਾਏ ਗਏ ਹਨ | ਪਿੰਡ ਮੋਰਾਂਵਾਲੀ ਦੇ ਆਸ-ਪਾਸ ਦੇ ਪਿੰਡਾਂ ਬਸਿਆਲ, ਐਮਾਂ ਜੱਟਾ, ਪੰਡੋਰੀ, ਬਿੰਜੋ, ਸੋਹਨੀ ਆਦਿ ਨੂੰ ਸੀਲ ਕੀਤਾ ਜਾ ਚੁੱਕਾ ਹੈ ਅਤੇ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਕਰਕੇ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ 9 ਮਰੀਜ਼ ਦਾਖਲ ਹਨ, ਜੋ ਮੋਰਾਂਵਾਲੀ, ਮਦਵਾਣੀ ਅਤੇ ਸੈਲਾ ਖ਼ੁਰਦ ਨਾਲ ਸਬੰਧਿਤ ਹਨ ਵੀ ਇਸ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਏ ਸਨ | ਸਿਹਤ ਵਿਭਾਗ ਦੀਆ ਟੀਮਾਂ ਵਲੋਂ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਅੱਜ 20 ਸੈਂਪਲ ਹੋਰ ਇਕੱਤਰ ਕੀਤੇ ਗਏ, ਜਿਨ੍ਹਾਂ ਨੂੰ ਅਗਲੇਰੀ ਜਾਂਚ ਲਈ ਲੈਬ ਭੇਜ ਦਿੱਤਾ ਜਾਵੇਗਾ |
ਜਲੰਧਰ/ਗੁਰਾਇਆ, 27 ਮਾਰਚ (ਐੱਮ. ਐੱਸ. ਲੋਹੀਆ, ਬਲਵਿੰਦਰ ਸਿੰਘ)-ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਦੇ ਸ਼ੱਕੀ ਮਰੀਜ਼ਾਂ 'ਚੋਂ 27 ਸਾਲ ਦੇ ਇਕ ਨੌਜਵਾਨ ਦੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਹੈ | ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੇ ਸੰਪਰਕ 'ਚ ਆਏ 3 ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਹੋਰ 10 ਸ਼ੱਕੀ ਮਰੀਜ਼ਾਂ 'ਚ ਸ਼ਾਮਿਲ ਸੀ, ਜਿਨ੍ਹਾਂ ਨੂੰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸੀ | ਅਧਿਕਾਰੀਆਂ ਅਨੁਸਾਰ ਇਨ੍ਹਾਂ 10 ਸ਼ੱਕੀਆਂ 'ਚੋਂ ਅੱਜ ਕੇਵਲ ਇਕ ਦੀ ਹੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 8 ਦੀ ਰਿਪੋਰਟ ਨੈਗੇਟਿਵ ਆ ਚੱਕੀ ਹੈ ਅਤੇ ਇਕ ਦੇ ਸੈਂਪਲ ਨਕਾਰੇ ਜਾਣ ਕਰਕੇ ਦੁਬਾਰਾ ਸੈਂਪਲ ਭੇਜੇ ਜਾ ਰਹੇ ਹਨ | ਹੁਣ ਸਿਹਤ ਵਿਭਾਗ ਵਲੋਂ ਇਸ ਨੌਜਵਾਨ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ |
ਅੰਮਿ੍ਤਸਰ, 27 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਪੀੜਤ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ | ਇਸ ਦੇ ਨਾਲ ਹੀ ਪਾਕਿ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਅੱਜ 1298 ਤੱਕ ਪਹੁੰਚ ਗਈ | ਪਾਕਿਸਤਾਨ ਦੇ ਸੂਬਾ ਸਿੰਧ 'ਚ 421, ਲਹਿੰਦੇ ਪੰਜਾਬ 'ਚ 408, ਇਸਲਾਮਾਬਾਦ 'ਚ 27, ਬਲੋਚਿਸਤਾਨ 'ਚ 131, ਖ਼ੈਬਰ ਪਖਤੂਨਖਵਾ 'ਚ 123, ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ 'ਚ 93 ਵਿਅਕਤੀਆਂ 'ਚ ਲਾਗ (ਸੰਕ੍ਰਮਣ) ਦੀ ਪੁਸ਼ਟੀ ਹੋਈ ਹੈ | ਜਦਕਿ 21 ਮਰੀਜ਼ਾਂ ਦੀ ਸਿਹਤ 'ਚ ਸੁਧਾਰ ਹੋਣ ਦੀ ਵੀ ਜਾਣਕਾਰੀ ਮਿਲੀ ਹੈ | ਕੋਰੋਨਾ ਵਾਇਰਸ ਦੀ ਵਧ ਰਹੀ ਤਬਾਹੀ ਕਾਰਨ ਪਾਕਿ ਦੀ ਆਰਥਿਕ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਖਰਬ ਰੁਪਏ ਤੋਂ ਵਧ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ, ਪਰ ਉਨ੍ਹਾਂ ਕੋਲ ਇਹ ਦੇਣ ਲਈ ਪੈਸੇ ਹੀ ਨਹੀਂ ਹਨ | ਇਸ ਸੰਕਟ ਨਾਲ ਨਜਿੱਠਣ ਲਈ ਇਮਰਾਨ ਸਰਕਾਰ ਇਕ ਵਾਰ ਫਿਰ ਆਈ. ਐਮ. ਐਫ., ਵਿਸ਼ਵ ਬੈਂਕ ਅਤੇ ਏ. ਡੀ. ਬੀ. ਦੇ ਦਰਵਾਜ਼ੇ 'ਤੇ ਪਹੁੰਚ ਗਈ ਹੈ | ਪਾਕਿ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ 3.7 ਅਰਬ ਡਾਲਰ ਦਾ ਹੋਰ ਕਰਜ ਮੰਗਿਆ ਹੈ | ਵਿੱਤ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਬਦੁਲ ਹਫੀਜ਼ ਸ਼ੇਖ਼ ਨੇ ਪ੍ਰੈਸ ਕਾਨਫ਼ਰੰਸ 'ਚ ਕਿਹਾ ਕਿ ਕੌਮਾਂਤਰੀ ਮੁਦਰਾ ਫ਼ੰਡ ਦੇ 1.4 ਅਰਬ ਡਾਲਰ ਤੋਂ ਇਲਾਵਾ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਪਾਕਿ ਨੂੰ ਕ੍ਰਮਵਾਰ ਇਕ ਅਰਬ ਡਾਲਰ ਅਤੇ 1.25 ਅਰਬ ਡਾਲਰ ਦਾ ਕਰਜ਼ਾ ਦੇਣਗੇ |
ਰੇਪੋ ਦਰ 'ਚ 0.75 ਫ਼ੀਸਦੀ ਕਮੀ ਦਾ ਵੀ ਐਲਾਨ
ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਭਾਰਤੀ ਰਿਜ਼ਰਵ ਬੈਂਕ ਨੇ ਕਰਜ਼ੇ ਦੀਆਂ ਮਹੀਨਾਵਾਰ ਕਿਸ਼ਤਾਂ 'ਚ ਈ. ਐਮ. ਆਈ. ਭਾਰਤ ਵਾਸੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਤਿੰਨ ਮਹੀਨਿਆਂ ਲਈ ਕਿਸ਼ਤ ਟਾਲਣ ਦੀ ਇਜਾਜ਼ਤ ਦੇ ਦਿੱਤੀ ਹੈ | ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਵਲੋਂ ਸ਼ੁੱਕਰਵਾਰ ਨੂੰ ਬੁਲਾਈ ਹੰਗਾਮੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ | ਆਰ.ਬੀ.ਆਈ. ਦੇ ਇਸ ਐਲਾਨ ਨਾਲ ਕਰਜ਼ਾ ਲੈ ਕੇ ਮਕਾਨ, ਕਾਰ ਜਾਂ ਹੋਰ ਵਸਤਾਂ ਖਰੀਦਣ ਵਾਲਿਆਂ, ਨਿੱਜੀ ਕਰਜ਼ਾ ਲੈਣ ਵਾਲਿਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਕਿਸ਼ਤਾਂ ਦੇਣ ਤੋਂ ਰਾਹਤ ਮਿਲ ਜਾਵੇਗੀ | ਹਾਲਾਂਕਿ ਇਹ ਰਾਹਤ ਸਿਰਫ ਕਿਸ਼ਤਾਂ ਟਾਲਣ ਤੱਕ ਹੁੰਦੀ ਹੈ, ਜਿਸ ਨੂੰ ਖਪਤਕਾਰ ਨੂੰ ਮਿੱਥੀ ਮਿਆਦ (3 ਮਹੀਨੇ) ਬਾਅਦ ਅਦਾ ਕਰਨਾ ਪਏਗਾ | ਜਦਕਿ ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਨ ਵਾਲਿਆਂ ਨੂੰ ਇਹ ਰਾਹਤ ਨਹੀਂ ਦਿੱਤੀ ਗਈ ਹੈ | ਮਾਲੀ ਨੀਤੀ ਕਮੇਟੀ ਦੀ ਦੋ ਮਹੀਨੇਵਾਰ ਹੋਣ ਵਾਲੀ ਬੈਠਕ ਉਂਝ ਅਪ੍ਰੈਲ 'ਚ ਹੋਣੀ ਤੈਅ ਸੀ, ਪਰ ਕੋਰੋਨਾ ਵਾਇਰਸ ਕਾਰਨ ਹੋਏ ਹੰਗਾਮੀ ਹਾਲਾਤ ਕਾਰਨ ਕਮੇਟੀ ਪ੍ਰਧਾਨ ਸ਼ਸ਼ੀਕਾਂਤ ਦਾਸ ਨੇ ਇਹ ਮੀਟਿੰਗ ਪਹਿਲਾਂ ਸੱਦੀ ਜਿਸ 'ਚ ਦਾਸ ਨੇ ਇਸ ਸੰਕਟ ਦੇ ਦੌਰ 'ਚ ਅਰਥਚਾਰੇ ਦੀ ਮਾਲੀ ਸਥਿਰਤਾ ਨੂੰ ਆਰ.ਬੀ.ਆਈ. ਦੀ ਤਰਜੀਹ ਕਰਾਰ ਦਿੰਦਿਆਂ ਕਈ ਅਹਿਮ ਐਲਾਨ ਕੀਤੇ |
ਆਰ.ਬੀ.ਆਈ. ਵਲੋਂ ਕੀਤੇ ਗਏ ਅਹਿਮ ਐਲਾਨ
ਸਰਬਉੱਚ ਬੈਠਕ ਨੇ ਮਿਆਦੀ ਕਰਜ਼ੇ ਦੀ ਕਿਸ਼ਤ ਚੁਕਾਉਣ ਲਈ 3 ਮਹੀਨੇ ਦੀ ਛੋਟ ਤੋਂ ਇਲਾਵਾ ਕਾਰੋਬਾਰ ਚਲਾਉਣ ਲਈ ਵਰਤੀ ਜਾਣ ਵਾਲੀ ਪੂੰਜੀ ਦੇ ਵਿਆਜ ਦੇ ਭੁਗਤਾਨ ਲਈ ਵੀ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ | ਕਾਰੋਬਾਰੀਆਂ ਨੂੰ ਦਿੱਤੀ ਇਸ ਰਾਹਤ ਨਾਲ ਉਨ੍ਹਾਂ ਦੇ ਕਰਜ਼ੇ ਸਬੰਧੀ ਪਿਛੋਕੜ 'ਤੇ ਮਾੜਾ ਅਸਰ ਨਹੀਂ ਪਵੇਗਾ |
ਸਸਤੇ ਕਰਜ਼ਿਆਂ ਲਈ ਘਟਾਇਆ ਰੈਪੋ ਦਰ
ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਸਸਤੇ ਕਰਜ਼ੇ ਮੁਹੱਈਆ ਕਰਵਾਉਣ ਲਈ ਰੈਪੋੋ ਦਰ 'ਚ 0.75 ਫੀਸਦੀ ਕਮੀ ਦਾ ਵੀ ਐਲਾਨ ਕੀਤਾ 6 ਮੈਂਬਰੀ ਨੀਤੀ ਕਮੇਟੀ 'ਚ 4 ਮੈਂਬਰਾਂ ਨੇ ਇਸ ਕਦਮ ਦਾ ਸਮਰਥਨ ਕੀਤਾ | ਸ਼ਸ਼ੀਕਾਂਤ ਦਾਸ ਨੇ ਨਾਲ ਹੀ ਆਰਥਿਕ ਹਾਲਾਤਾਂ ਦੀ ਅਨਿਸ਼ਚਿਤਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀ ਸੰਕਟ ਦੀ ਘੜੀ 'ਚ ਮਾਲੀ ਸਥਿਰਤਾ ਆਰ.ਬੀ.ਆਈ. ਦੀ ਸਰਬਉੱਚ ਤਰਜ਼ੀਹ ਹੈ | ਜ਼ਿਕਰਯੋਗ ਹੈ ਕਿ ਸ਼ਸ਼ੀਕਾਂਤ ਦਾਸ ਵਲੋਂ ਰੈਪੋ ਦਰ 'ਚ ਕੀਤੀ ਇਹ ਕਟੌਤੀ ਜਨਵਰੀ 2009 ਤੋਂ ਬਾਅਦ ਕੀਤੀ ਗਈ ਸਭ ਤੋਂ ਵੱਡੀ ਕਟੌਤੀ ਹੈ | ਹਾਲਾਂਕਿ ਤਾਲਾਬੰਦੀ ਕਾਰਨ ਨਵੇਂ ਕਰਜ਼ੇ ਲੈਣ ਵਾਲਿਆਂ ਦੀ ਤਦਾਦ ਵੱਧਣ ਦੇ ਖ਼ਾਸ ਆਸਾਰ ਨਹੀਂ, ਪਰ ਰੇਪੋੋ ਦਰ ਨਾਲ ਜੂੜੇ ਕਰਜ਼ਿਆਂ ਵਾਲੇ ਮੌਜੂਦਾ ਗਾਹਕਾਂ ਦੀ ਕਿਸ਼ਤ ਘੱਟ ਜਾਏਗੀ | ਰੈਪੋੋ ਦਰ ਉਹ ਦਰ ਹੈ ਜਿਸ 'ਤੇ ਬੈਂਕਾਂ ਨੂੰ ਆਰ.ਬੀ.ਆਈ. ਤੋਂ ਕਰਜ਼ਾ ਮਿਲਦਾ ਹੈ | ਬੈਂਕਾਂ ਨੂੰ ਸਸਤਾ ਕਰਜ਼ਾ ਮਿਲੇਗਾ ਤਾਂ ਉਹ ਗਾਹਕਾਂ ਲਈ ਵੀ ਦਰਾਂ ਘਟਾਉਣਗੇ |
ਸਿਸਟਮ 'ਚ 3.74 ਲੱਖ ਕਰੋੜ ਦੀ ਨਕਦੀ ਵਧੇਗੀ
ਆਰ.ਬੀ.ਆਈ. ਨੇ ਰੈਪੋ ਦਰ 'ਚ ਕਟੋਤੀ ਤੋਂ ਇਲਾਵਾ (ਕੈਸ਼ ਰਿਜ਼ਰਵ ਰੇਪੋ) (ਸੀ.ਆਰ.ਆਰ.) 'ਚ ਵੀ 1 ਫੀਸਦੀ ਅਤੇ ਰਿਵਰਸ ਰੇਸ਼ੋ ਦਰ 'ਚ 0.90 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ | ਸੀ.ਆਰ.ਆਰ. ਉਹ ਦਰ ਹੈ ਜੇ ਬੈਂਕਾਂ ਨੂੰ ਆਰ.ਬੀ.ਆਈ. ਕੋਲ ਰੱਖਣੀ ਪੈਂਦੀ ਹੈ | ਇਸ 'ਚ ਕਮੀ ਹੋਣ 'ਤੇ ਬੈਂਕਾਂ ਕੋਲ ਜ਼ਿਆਦਾ ਨਕਦੀ ਰਹੇਗੀ | ਜਦਕਿ ਰਿਵਰਸ ਰੇਪੋੋ ਦਰ ਉਹ ਦਰ ਹੈ ਜਿਸ 'ਤੇ ਆਰ.ਬੀ.ਆਈ. ਬੈਂਕਾਂ ਤੋਂ ਉਧਾਰ ਲੈਂਦਾ ਹੈ | ਇਸ 'ਚ ਕਮੀ ਹੋਣ ਨਾਲ ਬੈਂਕ ਆਰ.ਬੀ.ਆਈ. ਕੋਲ ਜ਼ਿਆਦਾ ਪੈਸਾ ਨਹੀਂ ਰੱਖਣਾ ਚਾਹੁਣਗੇ | ਤਿੰਨੋ ਦਰਾਂ 'ਚ ਕਟੌਤੀ ਦੇ ਇੰਨ੍ਹਾਂ ਫੈਸਲਿਆਂ 'ਚ ਸਿਸਟਮ 'ਚ 3.74 ਲੱਖ ਕਰੋੜ ਰੁਪਏ ਦੀ ਨਕਦੀ ਵਧੇਗੀ | ਆਰ.ਬੀ.ਆਈ. ਗਵਰਨਰ ਨੇ ਸ਼ੁੱੱਕਰਵਾਰ ਸਵੇਰੇ ਪੱਤਰਕਾਰਾਂ ਨੂੰ ਇਨ੍ਹਾਂ ਕਦਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਲਮੀ ਮੰਦੀ ਦੇ ਵਧਣ ਦੇ ਖਦਸ਼ੇ ਦਾ ਭਾਰਤੀ ਅਰਥਚਾਰੇ 'ਤੇ ਵੀ ਪ੍ਰਭਾਵ ਪਵੇਗਾ | ਉਨ੍ਹਾਂ ਕਿਹਾ ਕਿ ਦੇਸ਼ 'ਚ ਆਰਥਿਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਜਿਸ 'ਚ ਸਰਕਾਰ ਇਹ ਧਿਆਨ ਰੱਖ ਰਹੀ ਹੈ ਕਿ ਨਕਦੀ ਦੀ ਕਮੀ ਨਾ ਰਹੇ | ਸ਼ਸ਼ੀਕਾਂਤ ਦਾਸ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੁਣੌਤੀਆਂ ਭਰੇ ਸਮੇਂ ਦੇ ਬਾਵਜੂਦ ਭਾਰਤੀ ਬੈਂਕਿੰਗ ਸਿਸਟਮ ਸੁਰੱਖਿਅਤ ਹੈ | ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਅਰਥਚਾਰੇ 'ਤੇ ਕੋਰੋਨਾ ਦੇ ਪ੍ਰਭਾਵ ਨੂੰ ਘਟਾਉਣ ਲਈ ਜੋ ਵੀ ਕਦਮ ਲੈਣ ਦੀ ਲੋੜ ਪਵੇਗੀ, ਕੇਂਦਰੀ ਬੈਂਕ ਉਹ ਕਦਮ ਚੁੱਕੇਗਾ | ਜ਼ਿਕਰਯੋਗ ਹੈ ਕਿ ਆਰ.ਬੀ.ਆਈ. ਦਾ ਇਹ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਵੀਰਵਾਰ ਨੂੰ ਐਲਾਨੇ ਗਏ 1 ਲੱਖ 70 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਤੋਂ ਇਕ ਦਿਨ ਬਾਅਦ ਆਇਆ ਹੈ |
ਵਿਆਜ ਦਰਾਂ 'ਚ ਕਟੌਤੀ ਦਾ ਫੌਰੀ ਫਾਇਦਾ ਗਾਹਕਾਂ ਨੂੰ ਮਿਲੇ-ਵਿੱਤ ਮੰਤਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰ.ਬੀ.ਆਈ. ਦੇ ਕਦਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਰ.ਬੀ.ਆਈ. ਗਵਰਨਰ ਨੇ ਇਕ ਵਾਰ ਫਿਰ ਵਿੱਤੀ ਸਥਿਰਤਾ ਦਾ ਭਰੋਸਾ ਦਿਵਾਇਆ ਹੈ | ਸੀਤਾਰਮਨ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਕਿਸ਼ਤਾਂ ਅਤੇ ਵਰਕਿੰਗ ਕੈਪੀਟਲ 'ਤੇ ਵਿਆਜ 'ਚ ਤਿੰਨ ਮਹੀਨਿਆਂ ਦੀ ਛੋਟ ਦੇ ਫੈਸਲੇ ਨਾਲ ਕਾਫੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਵਿਆਜ ਦਰਾਂ 'ਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਛੇਤੀ ਤੋਂ ਛੇਤੀ ਮਿਲਣਾ ਚਾਹੀਦਾ ਹੈ |
• ਇਟਲੀ 'ਚ ਇਕੋ ਦਿਨ 'ਚ 919, ਸਪੇਨ 'ਚ 769 ਤੇ ਫਰਾਂਸ 'ਚ 365 ਮੌਤਾਂ • ਵਿਸ਼ਵ ਭਰ 'ਚ 25 ਹਜ਼ਾਰ ਤੋਂ ਵੱਧ ਮੌਤਾਂ
ਵਾਸ਼ਿੰਗਟਨ, 27 ਮਾਰਚ (ਏਜੰਸੀ)- ਇਕ ਦਿਨ 'ਚ 16,000 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਅਮਰੀਕਾ 'ਚ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ 86 ...
ਲੰਡਨ/ਲੈਸਟਰ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਯੂ. ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਸਿਹਤ ਮੰਤਰੀ ਮੈਟ ਹਨਕੁੱਕ ਵੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ | ਪ੍ਰਧਾਨ ਮੰਤਰੀ ਨਿਵਾਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ...
ਨਵੀਂ ਦਿੱਲੀ, 27 ਮਾਰਚ (ਏਜੰਸੀ)-ਕਾਬਲ ਦੇ ਗੁਰਦੁਆਰੇ 'ਤੇ ਬੀਤੇ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨ (ਆਈ. ਐਸ. ਕੇ. ਪੀ.) ਨੇ ਲੈਂਦੇ ਹੋਏ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਸ ਹਮਲੇ ਨੂੰ ਅਬੂ ...
ਰੇਪੋ ਦਰ 'ਚ 0.75 ਫ਼ੀਸਦੀ ਕਮੀ ਦਾ ਵੀ ਐਲਾਨ ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਭਾਰਤੀ ਰਿਜ਼ਰਵ ਬੈਂਕ ਨੇ ਕਰਜ਼ੇ ਦੀਆਂ ਮਹੀਨਾਵਾਰ ਕਿਸ਼ਤਾਂ 'ਚ ਈ. ਐਮ. ਆਈ. ਭਾਰਤ ਵਾਸੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਤਿੰਨ ਮਹੀਨਿਆਂ ਲਈ ਕਿਸ਼ਤ ਟਾਲਣ ਦੀ ਇਜਾਜ਼ਤ ਦੇ ਦਿੱਤੀ ...
ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਕਾਰਨ ਭਾਰਤ 'ਚ ਲੱਗੀ ਤਾਲਾਬੰਦੀ ਕਾਰਨ ਘਰ 'ਚ ਰਹਿਣ ਨੂੰ ਮਜਬੂਰ ਹੋਏ ਲੋਕਾਂ ਦੇ ਮਨੋਰੰਜਨ ਲਈ ਦੂਰਦਰਸ਼ਨ ਵਲੋਂ ਸਨਿਚਰਵਾਰ ਤੋਂ ਰਾਮਾਇਣ ਸੀਰੀਅਲ ਦਾ ਪ੍ਰਸਾਰਨ ਕੀਤਾ ਜਾਵੇਗਾ | 80 ਦੇ ਦਹਾਕੇ ਦੇ ਇਸ ...
ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਸਾਰੇ ਰਾਜਾਂ, ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਰਾਜਪਾਲਾਂ ਅਤੇ ਉੱਪ ਰਾਜਪਾਲਾਂ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਮੀਟਿੰਗ ...
ਨਵੀਂ ਦਿੱਲੀ, 27 ਮਾਰਚ (ਏਜੰਸੀ)-ਅਧਿਆਤਮਿਕ ਸੰਗਠਨ ਬ੍ਰਹਮਕੁਮਾਰੀ ਸੰਸਥਾ ਦੀ ਮੁੱਖ ਪ੍ਰਬੰਧਕ ਅਤੇ ਸਵੱਛ ਭਾਰਤ ਮਿਸ਼ਨ ਦੀ ਬ੍ਰਾਂਡ ਅੰਬੈਸਡਰ ਰਾਜਯੋਗਿਨੀ ਦਾਦੀ ਜਾਨਕੀ ਦਾ ਅੱਜ 104 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਉਨ੍ਹਾਂ ਨੇ ਮਾਊਾਟ ਆਬੂ ਦੇ ਇਕ ਹਸਪਤਾਨ 'ਚ ...
ਨਵੀਂ ਦਿੱਲੀ, 27 ਮਾਰਚ (ਏਜੰਸੀ)-ਆਉਣ ਵਾਲੇ ਦਿਨਾਂ 'ਚ ਫ਼ਸਲਾਂ ਦੀ ਕਟਾਈ ਸਮੇਂ ਕਿਸਾਨਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਇਸ ਲਈ ਸਰਕਾਰ ਨੇ ਲਾਕਡਾਊਨ ਨਿਯਮਾਂ 'ਚ ਕੁਝ ਛੋਟਾਂ ਦਿੱਤੀਆਂ ਹਨ | ਇਸ ਸਬੰਧੀ ਕੇਂਦਰ ਨੇ ਮੰਡੀਆਂ, ਖ਼ਰੀਦ ਏਜੰਸੀਆਂ, ਖੇਤੀਬਾੜੀ ਸਬੰਧੀ ...
ਨਵੀਂ ਦਿੱਲੀ, 27 ਮਾਰਚ (ਏਜੰਸੀ) - ਭਾਰਤ ਨੇ ਸਾਰੇ ਸਾਰਕ ਦੇਸ਼ਾਂ ਨੂੰ ਸੰਯੁਕਤ ਰੂਪ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੂਚਨਾ, ਗਿਆਨ, ਮਹਾਰਤ ਅਤੇ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਲਈ ਇਕ ਇਲੈਕਟ੍ਰਾਨਿਕ ਮੰਚ ਦੀ ਸਥਾਪਨਾ ਕਰਨ ਦਾ ਪ੍ਰਸਤਾਵ ਦਿੱਤਾ ਹੈ | ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰ. ਬੀ. ਆਈ. ਵਲੋਂ ਲਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਫੈਸਲਿਆਂ ਨਾਲ ਮੱਧ ਵਰਗ ਅਤੇ ਕਾਰੋਬਾਰੀਆਂ ਨੂੰ ਮਦਦ ਮਿਲੇਗੀ | ਟਵਿੱਟਰ 'ਤੇ ਪਾਏ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਚਾਰੇ ਨੂੰ ਕੋਰੋਨਾ ਵਾਇਰਸ ...
ਐੱਸ. ਏ. ਐੱਸ. ਨਗਰ, 27 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਤਰ੍ਹਾਂ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-69 ਦੀ ਰਹਿਣ ...
ਨਵੀਂ ਦਿੱਲੀ, 27 ਮਾਰਚ (ਉਪਮਾ ਡਾਗਾ ਪਾਰਥ)-ਉੱਘੇ ਕਲਾਕਾਰ ਸਤੀਸ਼ ਗੁਜਰਾਲ, ਜੋ ਵੱਖ-ਵੱਖ ਮਾਧਿਅਮਾਂ ਰਾਹੀਂ ਕਲਾ ਨੂੰ ਉਭਾਰਨ ਲਈ ਜਾਣੇ ਜਾਂਦੇ ਹਨ, ਦਾ ਵੀਰਵਾਰ ਸ਼ਾਮ ਨੂੰ ਦਿੱਲੀ ਵਿਖੇ ਦਿਹਾਂਤ ਹੋ ਗਿਆ | ਉਹ 94 ਸਾਲਾਂ ਦੇ ਸਨ | ਸਤੀਸ਼ ਗੁਜਰਾਲ ਦਾ ਸ਼ੁੱਕਰਵਾਰ ਸਵੇਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX