ਕੋਰੋਨਾ ਦੀ ਮਹਾਂਮਾਰੀ ਦੇ ਨਾਲ-ਨਾਲ ਪੂਰਬੀ ਭਾਰਤ ਵਿਚ ਆਏ ਚੱਕਰਵਰਤੀ ਤੂਫ਼ਾਨ ਨੇ ਇਕਦਮ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਵਿਚ ਬਹੁਤ ਵੱਡੀ ਤਬਾਹੀ ਮਚਾਈ ਹੈ। ਇਸ ਨਾਲ ਪਹਿਲਾਂ ਹੀ ਬਿਮਾਰੀ ਦੀ ਲਪੇਟ ਵਿਚ ਆਏ ਇਨ੍ਹਾਂ ਰਾਜਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਮੌਸਮ ਵਿਭਾਗ ਨੇ ਇਸ ਬਾਰੇ ਕੁਝ ਦਿਨ ਪਹਿਲਾਂ ਹੀ ਇਹ ਚਿਤਾਵਨੀ ਦੇ ਦਿੱਤੀ ਸੀ ਕਿ ਅਮਫ਼ਾਨ ਚੱਕਰਵਰਤੀ ਤੂਫ਼ਾਨ 160 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਇਨ੍ਹਾਂ ਰਾਜਾਂ ਦੇ ਤੱਟਾਂ 'ਤੇ ਟਕਰਾਏਗਾ। ਉਸ ਤੋਂ ਬਾਅਦ ਵਿਭਾਗ ਵਲੋਂ ਲਗਾਤਾਰ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਰਹੀ। ਇਸੇ ਸਮੇਂ ਵਿਚ ਦੋਵਾਂ ਰਾਜਾਂ ਦੇ ਤੱਟੀ ਜ਼ਿਲ੍ਹਿਆਂ ਦੇ ਲੱਖਾਂ ਹੀ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਖ਼ਬਰ ਮਿਲਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਬੰਧਿਤ ਵਜ਼ੀਰਾਂ ਤੇ ਆਲਾ ਅਧਿਕਾਰੀਆਂ ਨਾਲ ਲੰਮੀ ਗੱਲਬਾਤ ਕੀਤੀ। ਇਸ ਸਬੰਧੀ ਫ਼ੌਜ ਅਤੇ ਕੇਂਦਰੀ ਆਫ਼ਤ ਪ੍ਰਬੰਧਕ ਬਲ (ਐਨ.ਡੀ.ਆਰ.ਐਫ.) ਨੂੰ ਵੀ ਚੌਕਸ ਕਰ ਦਿੱਤਾ ਗਿਆ ਸੀ।
ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 100 ਦੇ ਲਗਪਗ ਪਹੁੰਚ ਗਈ ਹੈ। ਇਸ ਤੂਫ਼ਾਨ ਨੇ ਬਹੁਤ ਭਿਆਨਕ ਰੂਪ ਧਾਰਿਆ। ਜੇਕਰ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਦੂਸਰੀਆਂ ਥਾਵਾਂ 'ਤੇ ਨਾ ਲਿਜਾਇਆ ਗਿਆ ਹੁੰਦਾ ਤਾਂ ਬਹੁਤ ਵੱਡੀ ਗਿਣਤੀ ਵਿਚ ਹੋਣ ਵਾਲੇ ਜਾਨੀ ਨੁਕਸਾਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਸੀ। ਭਾਰੀ ਬਾਰਿਸ਼ ਅਤੇ ਤੂਫ਼ਾਨ ਨੇ ਪੱਛਮੀ ਬੰਗਾਲ ਦੇ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਘਰਾਂ ਦੀਆਂ ਛੱਤਾਂ, ਬਿਜਲੀ ਦੇ ਖੰਭਿਆਂ ਆਦਿ ਨੂੰ ਪੂਰੀ ਤਰ੍ਹਾਂ ਉਖਾੜ ਕੇ ਸੁੱਟ ਦਿੱਤਾ। ਇਸ ਦੇ ਭਿਆਨਕ ਰੂਪ ਨੂੰ ਦੇਖਦਿਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਸੌ ਸਾਲਾਂ ਵਿਚ ਏਨਾ ਭਿਆਨਕ ਤੂਫ਼ਾਨ ਨਹੀਂ ਆਇਆ। ਹਾਲਾਂਕਿ ਸਾਲ 1999 ਵਿਚ ਪਹਿਲਾਂ ਓਡੀਸ਼ਾ ਤੇ ਫਿਰ ਪੱਛਮੀ ਬੰਗਾਲ ਦੇ ਤੱਟਾਂ ਨਾਲ ਟਕਰਾਏ ਬੁਲਬੁਲ ਤੂਫ਼ਾਨ ਨੇ ਵੀ ਵੱਡੀ ਤਬਾਹੀ ਮਚਾਈ ਸੀ। ਪਰ ਹੁਣ ਹੋਈ ਤਬਾਹੀ ਦਾ ਮੰਜ਼ਰ ਉਸ ਤੋਂ ਕਿਤੇ ਜ਼ਿਆਦਾ ਹੈ। ਭਾਰਤ ਦੇ ਤੱਟਵਰਤੀ ਇਲਾਕਿਆਂ ਵਿਚ ਸਮੇਂ-ਸਮੇਂ ਤੂਫ਼ਾਨ ਆਉਂਦੇ ਰਹੇ ਹਨ। ਕੇਰਲ ਵਿਚ ਵੀ ਕਈ ਵਾਰ ਆਏ ਤੂਫ਼ਾਨਾਂ ਨੇ ਆਪਣਾ ਭਿਅੰਕਰ ਰੂਪ ਦਿਖਾਇਆ। ਅੰਡੇਮਾਨ ਵਿਚ ਵੀ ਅਕਸਰ ਇਹ ਤਬਾਹੀ ਮਚਾਉਂਦੇ ਰਹੇ ਹਨ। ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਆਏ ਤੂਫ਼ਾਨ ਨੇ ਵੀ ਇਕ ਵਾਰ ਤਾਂ ਲੱਖਾਂ ਲੋਕਾਂ ਨੂੰ ਸ਼ਰਨਾਰਥੀ ਬਣਾ ਦਿੱਤਾ ਸੀ। ਜਿਥੋਂ ਤੱਕ ਇਸ ਤੂਫ਼ਾਨ ਦਾ ਸਬੰਧ ਹੈ, ਇਕ ਅਨੁਮਾਨ ਅਨੁਸਾਰ ਓਡੀਸ਼ਾ ਵਿਚ ਹੀ 40 ਲੱਖ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਪੱਛਮੀ ਬੰਗਾਲ ਵਿਚ ਬਹੁਤ ਸਾਰੇ ਜ਼ਿਲ੍ਹੇ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਖ਼ਬਰਾਂ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿਚ ਵੱਡੀ ਪੱਧਰ 'ਤੇ ਤਬਾਹੀ ਹੋਈ ਹੈ। ਇਥੋਂ ਦੇ ਸੰਚਾਰ ਸਾਧਨ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਵੀ ਬੰਦ ਹੋ ਗਈਆਂ ਹਨ। ਪ੍ਰਭਾਵਿਤ ਇਲਾਕਿਆਂ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਉਖੜ ਗਿਆ ਹੈ। ਨੀਵੇਂ ਇਲਾਕੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਹਨ। ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਵੀ ਇਸ ਨੇ ਆਪਣਾ ਪੂਰਾ ਪ੍ਰਕੋਪ ਦਿਖਾਇਆ ਹੈ। ਇਕ ਅੰਦਾਜ਼ੇ ਅਨੁਸਾਰ ਇਨ੍ਹਾਂ ਸਾਰੇ ਇਲਾਕਿਆਂ ਵਿਚ ਵੀ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦਾ ਮੁੜ ਵਸੇਬਾ ਇਕ ਬਹੁਤ ਵੱਡੀ ਸਮੱਸਿਆ ਖੜ੍ਹੀ ਕਰੇਗਾ।
ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਦਾ ਦੌਰਾ ਕਰਕੇ ਅਤੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਇਕਦਮ ਪਹਿਲੀ ਕਿਸ਼ਤ ਦੇ ਰੂਪ ਵਿਚ 1000 ਕਰੋੜ ਰੁਪਿਆ ਪੱਛਮੀ ਬੰਗਾਲ ਨੂੰ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਅਗਲੀ ਕਾਰਵਾਈ ਲਈ ਕੇਂਦਰ ਵਲੋਂ ਆਪਣੀਆਂ ਟੀਮਾਂ ਰਾਹੀਂ ਪੂਰੇ ਸਰਵੇਖਣ ਦੀ ਗੱਲ ਕਹੀ ਹੈ ਅਤੇ ਦੋਵਾਂ ਰਾਜ ਸਰਕਾਰਾਂ ਨੂੰ ਇਹ ਵੀ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਦੀ ਸਹਾਇਤਾ ਲਈ ਕੋਈ ਕਸਰ ਨਹੀਂ ਛੱਡੀ ਜਾਏਗੀ। ਪਰ ਜਿੰਨਾ ਨੁਕਸਾਨ ਹੋ ਚੁੱਕਾ ਹੈ, ਉਸ ਦੀ ਪੂਰਤੀ ਲਈ ਬਹੁਤ ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ। ਕਿਉਂਕਿ ਮੁੜ ਵਸੇਬੇ ਦਾ ਕੰਮ ਤਬਾਹੀ ਕਾਰਨ ਲੰਮਾ ਸਮਾਂ ਲੈ ਸਕਦਾ ਹੈ। ਉਸ ਸਮੇਂ ਵਿਚ ਲੱਖਾਂ ਹੀ ਬੇਘਰ ਹੋਏ ਲੋਕਾਂ ਦੀ ਸਾਂਭ-ਸੰਭਾਲ ਵੀ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੋਵੇਗਾ। ਕੇਂਦਰ ਸਰਕਾਰ ਵਲੋਂ ਕੀਤੇ ਜਾਣ ਵਾਲੇ ਵੱਡੇ ਯਤਨਾਂ ਦੇ ਨਾਲ-ਨਾਲ ਰਾਜ ਸਰਕਾਰਾਂ ਅਤੇ ਦੇਸ਼ ਭਰ ਦੀਆਂ ਸਵੈ-ਸੇਵੀ ਸੰਸਥਾਵਾਂ ਨੂੰ ਵੀ ਅਜਿਹੀ ਤਬਾਹੀ ਨੂੰ ਦੇਖਦਿਆਂ ਪੁਨਰ-ਨਿਰਮਾਣ ਵਿਚ ਜੁਟ ਜਾਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਵਾਪਰੇ ਇਕ ਵੱਡੇ ਦੁਖਾਂਤ ਦੇ ਸੇਕ ਨੂੰ ਘੱਟ ਕੀਤਾ ਜਾ ਸਕੇ।
-ਬਰਜਿੰਦਰ ਸਿੰਘ ਹਮਦਰਦ
ਕੋਵਿਡ-19 ਦੀ ਮਹਾਂਮਾਰੀ ਨੇ ਭਾਰਤ ਦੇ ਆਮ ਨਾਗਰਿਕ ਨੂੰ ਜਿਥੇ ਇਕ ਪਾਸੇ ਸਿਹਤ ਦੇ ਮਾਇਨੇ, ਪੜ੍ਹਾਈ-ਲਿਖਾਈ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਅਤੇ ਰੁਜ਼ਗਾਰ ਨਾ ਰਹਿਣ ਅਤੇ ਭੁੱਖ ਲੱਗਣ ਦੀ ਮਜਬੂਰੀ ਹੋਣ 'ਤੇ ਭਿਖਾਰੀ ਵਾਂਗ ਹੱਥ ਅੱਡਣ ਦੀ ਬੇਵਸੀ ਨੂੰ ਉਜਾਗਰ ਕੀਤਾ ਹੈ, ...
ਸੰਸਾਰ ਦੇ ਇਤਿਹਾਸ ਵਿਚ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX