ਪੰਜਾਬ ਸਰਕਾਰ 'ਤੇ ਆਏ ਆਰਥਿਕ ਸੰਕਟ ਦਾ ਅਸਰ ਇਸ ਨਾਲ ਸਬੰਧਿਤ ਲਗਪਗ ਸਾਰੇ ਅਦਾਰਿਆਂ 'ਤੇ ਪਿਆ ਦੇਖਿਆ ਜਾ ਸਕਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸੰਕਟ ਕਰਕੇ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰਾਂ ਵਿਚ ਵੀ ਵੱਡਾ ਨਿਘਾਰ ਆਇਆ ਦੇਖਿਆ ਜਾ ਸਕਦਾ ਹੈ। ਕਿਸੇ ਵੀ ਸਰਕਾਰ ਦਾ ਇਨ੍ਹਾਂ ਦੋਵਾਂ ਅਹਿਮ ਖੇਤਰਾਂ ਵਿਚ ਜੇਕਰ ਵੱਡਾ ਯੋਗਦਾਨ ਨਾ ਹੋਵੇ ਤਾਂ ਉਹ ਸਰਕਾਰ ਲੋਕ ਸੇਵਾ ਦੇ ਖੇਤਰਾਂ ਵਿਚ ਪਛੜ ਜਾਂਦੀ ਹੈ। ਅਜਿਹੀ ਰਸਾਤਲ ਦਾ ਅਸਰ ਸਮੁੱਚੇ ਸਮਾਜ 'ਤੇ ਪੈਂਦਾ ਹੈ। ਆਜ਼ਾਦੀ ਤੋਂ ਬਾਅਦ ਚਾਹੇ ਸਰਕਾਰਾਂ ਕੋਲ ਸਾਧਨ ਤਾਂ ਸੀਮਤ ਸਨ ਪਰ ਇਨ੍ਹਾਂ ਦੋਵਾਂ ਖੇਤਰਾਂ ਵਿਚ ਗੱਲਬਾਤ ਪਾਸਾਰ ਕਾਰਨ ਬਹੁਤੇ ਲੋਕਾਂ ਦੀ ਇਨ੍ਹਾਂ 'ਤੇ ਪੂਰੀ ਨਿਸ਼ਠਾ ਤੇ ਟੇਕ ਬਣੀ ਹੋਈ ਸੀ। ਹੌਲੀ-ਹੌਲੀ ਇਨ੍ਹਾਂ ਦੋਵਾਂ ਖੇਤਰਾਂ ਵਿਚ ਹੀ ਆਈ ਕਮਜ਼ੋਰੀ ਅਤੇ ਖੜੋਤ ਨਾਲ ਅੱਜ ਇਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਹੋਈ ਨਜ਼ਰ ਆਉਂਦੀ ਹੈ। ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਸਾਜ਼ੋ-ਸਾਮਾਨ ਦੀ ਕਮੀ ਹੋਣ ਕਾਰਨ ਜਿਥੇ ਲੋੜਵੰਦ ਇਨ੍ਹਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ, ਉਥੇ ਆਰਥਿਕ ਤੌਰ 'ਤੇ ਸਮਰੱਥ ਲੋਕਾਂ ਨੇ ਨਿੱਜੀ ਹਸਪਤਾਲਾਂ 'ਤੇ ਟੇਕ ਰੱਖ ਲਈ ਹੈ। ਇਸ ਨਾਲ ਸਹੂਲਤਾਂ ਤੋਂ ਵਾਂਝੇ ਛੋਟੇ-ਵੱਡੇ ਸਰਕਾਰੀ ਹਸਪਤਾਲ ਅਸਮਰੱਥ ਹੋਏ ਦਿਖਾਈ ਦਿੰਦੇ ਹਨ, ਉਥੇ ਨਿੱਜੀ ਖੇਤਰ ਵਿਚ ਇਹ ਦਿਨੋ-ਦਿਨ ਹੋਰ ਪ੍ਰਫੁੱਲਿਤ ਹੋ ਰਹੇ ਹਨ। ਇਸ ਤਰ੍ਹਾਂ ਸਿਹਤ ਸੇਵਾਵਾਂ ਆਮ ਮਨੁੱਖ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ।
ਵਿੱਦਿਆ ਦੇ ਖੇਤਰ ਵਿਚ ਵੀ ਜੇਕਰ ਨਿੱਜੀ ਅਦਾਰੇ ਪ੍ਰਫੁੱਲਿਤ ਹੋਏ ਹਨ ਤਾਂ ਇਸ ਦਾ ਇਕ ਵੱਡਾ ਕਾਰਨ ਸਰਕਾਰੀ ਸਕੂਲਾਂ ਵਿਚ ਲੋੜੀਂਦੀਆਂ ਸਹੂਲਤਾਂ ਨਾ ਹੋਣਾ ਹੈ। ਬਹੁਤ ਥਾਵਾਂ 'ਤੇ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਸਕੂਲਾਂ ਵਿਚ ਆਏ ਵੱਡੇ ਨਿਘਾਰ ਨੂੰ ਦੇਖਿਆ ਜਾਂਦਾ ਹੈ। ਇਹ ਹੀ ਹਾਲ ਸਿੱਖਿਆ ਨਾਲ ਸਬੰਧਿਤ ਉੱਚ ਅਦਾਰਿਆਂ ਦਾ ਹੈ। ਸੂਬੇ ਨਾਲ ਸਬੰਧਿਤ ਯੂਨੀਵਰਸਿਟੀਆਂ ਆਰਥਿਕ ਸੰਕਟਾਂ ਵਿਚ ਘਿਰੀਆਂ ਨਜ਼ਰ ਆ ਰਹੀਆਂ ਹਨ। ਇਸ ਦਾ ਵੱਡਾ ਕਾਰਨ ਸਰਕਾਰ ਵਲੋਂ ਲੋੜੀਂਦੀ ਮਦਦ ਨਾ ਮਿਲਣਾ ਹੈ। ਲੁਧਿਆਣਾ ਦੀ ਕਦੀ ਸ਼ਾਨਾਮੱਤੀ ਰਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਧਰਨਿਆਂ ਅਤੇ ਮੁਜ਼ਾਹਰਿਆਂ ਦੀ ਮਾਰ ਹੇਠ ਆ ਗਈ ਹੈ। ਜਿਨ੍ਹਾਂ ਕਰਕੇ ਕਦੀ ਰਹੀ ਇਸ ਦੀ ਚੰਗੀ ਕਾਰਗੁਜ਼ਾਰੀ 'ਤੇ ਪਿਆ ਵੱਡਾ ਅਸਰ ਦੇਖਿਆ ਜਾ ਸਕਦਾ ਹੈ। ਕਦੀ ਸਮਾਂ ਸੀ ਜਦੋਂ ਇਸ ਯੂਨੀਵਰਸਿਟੀ ਨੇ ਸੂਬੇ ਵਿਚ ਖੇਤੀ ਇਨਕਲਾਬ ਲਿਆਉਣ ਲਈ ਵੱਡਾ ਯੋਗਦਾਨ ਪਾਇਆ ਸੀ। ਇਸ ਦੇ ਖੇਤੀ ਵਿਗਿਆਨਕਾਂ ਦੀਆਂ ਚੰਗੀਆਂ ਲੱਭਤਾਂ ਨੇ ਖੇਤੀ ਨੂੰ ਚੰਗੀ ਦਿਸ਼ਾ ਪ੍ਰਦਾਨ ਕੀਤੀ ਸੀ। ਜਿਸ ਵਿਚ ਖੇਤੀ ਨਾਲ ਜੁੜੇ ਵੱਖ-ਵੱਖ ਤਰ੍ਹਾਂ ਦੀ ਉਪਜ ਦੇ ਨਵੇਂ ਤੋਂ ਨਵੇਂ ਤਜਰਬੇ ਕੀਤੇ ਜਾਂਦੇ ਸਨ। ਜੇਕਰ ਅਜਿਹੇ ਅਦਾਰੇ ਦੀ ਵਿਚਾਰਗੀ ਵਾਲੀ ਅਵਸਥਾ ਬਣ ਜਾਏ ਤਾਂ ਉਸ ਤੋਂ ਚੰਗੇ ਨਤੀਜਿਆਂ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ? ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਯੂਨੀਵਰਸਿਟੀ ਦੇ ਲਗਾਤਾਰ ਆਰਥਿਕ ਸੰਕਟ ਵਿਚ ਘਿਰੇ ਹੋਣ ਕਾਰਨ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵਲੋਂ ਅਜਿਹਾ ਗਰਾਂਟ ਨਾ ਮਿਲਣ ਕਾਰਨ ਕੀਤਾ ਗਿਆ ਹੈ। ਯੂਨੀਵਰਸਿਟੀ 300 ਕਰੋੜ ਦੇ ਘਾਟੇ ਵਿਚ ਜਾ ਰਹੀ ਹੈ। ਇਸੇ ਕਰਕੇ ਪਿਛਲੇ ਕੁਝ ਮਹੀਨਿਆਂ ਤੋਂ ਉਪ ਕੁਲਪਤੀ ਦੇ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਅਤੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਹਨ। ਉਪ ਕੁਲਪਤੀ ਨੇ ਸੂਬਾ ਸਰਕਾਰ ਤੋਂ 140 ਕਰੋੜ ਦੀ ਵਾਧੂ ਮਾਲੀ ਮਦਦ ਮੰਗੀ ਸੀ ਪਰ ਇਹ ਮੰਗ ਕਿਸੇ ਸਿਰੇ ਪੱਤਣ ਨਹੀਂ ਲੱਗੀ। ਬਿਨਾਂ ਸ਼ੱਕ ਕਦੇ ਪੰਜਾਬ ਦਾ ਮਾਣ ਰਹੀ ਇਸ ਯੂਨੀਵਰਸਿਟੀ ਦੀ ਅਜਿਹੀ ਹਾਲਤ ਨੇ ਸੂਬੇ ਦੇ ਸਿੱਖਿਆ ਦੇ ਖੇਤਰ ਵਿਚ ਵੱਡੀ ਚਿੰਤਾ ਪੈਦਾ ਕੀਤੀ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਦੇ ਖੇਤਰੀ ਕੇਂਦਰ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ। ਉਥੇ ਉੱਚ ਸਿੱਖਿਆ ਲਈ ਅਧਿਆਪਕਾਂ ਦੀ ਘਾਟ ਹੋਣ ਕਾਰਨ ਵਿਦਿਆਰਥੀਆਂ ਨੇ ਦਾਖ਼ਲੇ ਲੈਣੇ ਬੰਦ ਕਰ ਦਿੱਤੇ ਹਨ, ਉਥੇ ਖੋਲ੍ਹਿਆ ਇੰਜੀਨੀਅਰਿੰਗ ਕਾਲਜ ਅੱਜ ਬੁਰੀ ਅਵਸਥਾ ਵਿਚ ਵਿਚਰ ਰਿਹਾ ਹੈ। ਲਾਇਬ੍ਰੇਰੀ ਅਤੇ ਲੈਬਾਰਟਰੀਆਂ ਦੀ ਹਾਲਤ ਬੇਹੱਦ ਨਾਕਸ ਦਿਖਾਈ ਦਿੰਦੀ ਹੈ। ਇਥੇ ਹੀ ਬਸ ਨਹੀਂ, ਸਗੋਂ ਕਦੀ ਸਾਹਿਤ ਖਜ਼ਾਨੇ ਨਾਲ ਭਰਪੂਰ ਰਹੇ ਭਾਸ਼ਾ ਵਿਭਾਗ ਦਾ ਇਹ ਖਜ਼ਾਨਾ ਵੀ ਮੁੱਕਣ ਕਿਨਾਰੇ ਆਇਆ ਹੋਇਆ ਹੈ। ਵਿਭਾਗ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਰਕੜਣ ਲੱਗੀ ਹੈ। ਸੂਚਨਾ ਅਨੁਸਾਰ ਬਹੁਤ ਸਾਰੀਆਂ ਬਹੁਮੁੱਲੀਆਂ ਕਿਤਾਬਾਂ ਨੂੰ ਦੁਬਾਰਾ ਛਾਪਣ ਲਈ ਵਿਭਾਗ ਕੋਲ ਪੈਸੇ ਨਹੀਂ ਹਨ। ਇਹ ਗੱਲ ਯਕੀਨੀ ਜਾਪਣ ਲੱਗੀ ਹੈ ਕਿ ਜੇਕਰ ਇਨ੍ਹਾਂ ਦੋਵਾਂ ਅਹਿਮ ਖੇਤਰਾਂ ਵਿਚ ਇਕ ਵਿਸ਼ੇਸ਼ ਯੋਜਨਾ ਬਣਾ ਕੇ ਸੁਧਾਰ ਨਾ ਕੀਤੇ ਗਏ ਤਾਂ ਇਹ ਤਤਕਾਲੀ ਸਰਕਾਰ ਦੀ ਇਕ ਬਹੁਤ ਵੱਡੀ ਅਸਫਲਤਾ ਮੰਨੀ ਜਾਵੇਗੀ। ਇਸ ਸਭ ਕੁਝ ਦੇ ਸਿੱਟੇ ਵਜੋਂ ਰਾਜ ਦੇ ਸਿਹਤ ਤੇ ਸਿੱਖਿਆ ਦੇ ਖੇਤਰਾਂ ਦਾ ਏਨਾ ਵੱਡਾ ਨੁਕਸਾਨ ਹੋ ਜਾਏਗਾ, ਜਿਸ ਦੀ ਪੂਰਤੀ ਕਰਨੀ ਵੀ ਮੁਸ਼ਕਿਲ ਹੋ ਜਾਏਗੀ। ਬਿਨਾਂ ਸ਼ੱਕ ਸਰਕਾਰ ਲਈ ਵੀ ਇਹ ਵੱਡੀ ਨਮੋਸ਼ੀ ਵਾਲੀ ਗੱਲ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ
ਅੰਤਰਰਾਸ਼ਟਰੀ ਟੈਲੀਵਿਜ਼ਨ ਦਿਵਸ 'ਤੇ ਵਿਸ਼ੇਸ਼
ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਲੋਂ 21 ਨਵੰਬਰ ਨੂੰ ਵਿਸ਼ਵ ਟੈਲੀਵਿਜ਼ਨ ਦਿਵਸ ਮਨਾਉਣ ਦੇ ਐਲਾਨ ਦੇ ਨਾਲ ਹੀ ਇਹ ਮੰਨ ਲਿਆ ਗਿਆ ਸੀ ਕਿ ਟੀ.ਵੀ. ਕੋਈ ਮਾਮੂਲੀ ਡੱਬਾ ਨਹੀਂ ਹੈ ਸਗੋਂ ਦੁਨੀਆ ਦੇ ਅਜਿਹੇ ਸਭ ਤੋਂ ਸ਼ਕਤੀਸ਼ਾਲੀ ...
ਪੰਜਾਬ ਵਿਚ ਜੋ ਕਿਸਾਨਾਂ ਦਾ ਰੋਸ ਨਵੇਂ ਖੇਤੀ ਕਾਨੂੰਨ ਬਣਾਉਣ ਲਈ ਚੱਲ ਰਿਹਾ ਹੈ, ਇਸ ਦਾ ਆਉਣ ਵਾਲੇ ਸਮੇਂ ਵਿਚ ਕੀ ਅਸਰ ਹੋਵੇਗਾ ਅਤੇ ਇਸ ਤੋਂ ਬਚਣ ਲਈ ਕੀ ਯਤਨ ਕਰਨ ਦੀ ਲੋੜ ਹੈ, ਇਹੀ ਅੱਜ ਇਸ ਲੇਖ ਦਾ ਵਿਸ਼ਾ ਹੈ।
ਬਹੁਤੇ ਕਿਸਾਨ ਵੀਰ ਆਪਣੀ ਖੇਤੀ ਕਰਨ ਵਿਚ ਮਸਰੂਫ਼ ਹਨ ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਡਾ: ਬਰਜਿੰਦਰ ਸਿੰਘ ਹਮਦਰਦ ਵੱਡੇ ਪ੍ਰਤਿਭਾਵਾਨ ਪੱਤਰਕਾਰ ਅਤੇ ਪ੍ਰਭਾਵੀ ਸਾਹਿਤਕਾਰ ਹਨ। ਉਨ੍ਹਾਂ ਦੀ ਪੱਤਰਕਾਰੀ ਦਾ ਸੁਭਾਅ ਸਿਰਜਣਾਤਮਕ ਹੈ ਅਤੇ ਉਸ ਦਾ ਸਿੱਧਾ ਰਿਸ਼ਤਾ ਸਾਹਿਤਕਾਰੀ ਨਾਲ ਬਣ ਜਾਂਦਾ ਹੈ। ਉਨ੍ਹਾਂ ਦੀ ਵੱਡੀ ਸ਼ਖ਼ਸੀਅਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX