ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਤਕਰੀਬਨ 2 ਮਹੀਨੇ ਦੇ ਅੜਿੱਕੇ ਤੋਂ ਬਾਅਦ ਸੋਮਵਾਰ ਨੂੰ ਪੰਜਾਬ 'ਚ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਸਵੇਰੇ ਇਸ ਸਬੰਧੀ ਪਾਏ ਸੰਦੇਸ਼ 'ਚ ਗੋਇਲ ਨੇ ਕਿਹਾ ਕਿ ਪੰਜਾਬ 'ਚ 23 ਨਵੰਬਰ ਤੋਂ ਰੇਲਵੇ ਟਰੈਕ ਅਤੇ ਸਟੇਸ਼ਨਾਂ 'ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ 'ਤੇ ਭਾਰਤੀ ਰੇਲ ਪੰਜਾਬ ਅਤੇ ਪੰਜਾਬ ਤੋਂ ਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰੇਲਾਂ ਚਲਾਉਣ 'ਚ ਬਣਿਆ ਹੋਇਆ ਅੜਿੱਕਾ ਦੂਰ ਹੋਣ ਨਾਲ ਮੁਸਾਫ਼ਰਾਂ, ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਹਾਸਲ ਜਾਣਕਾਰੀ ਮੁਤਾਬਿਕ ਪੰਜਾਬ 'ਚ ਸੋਮਵਾਰ ਤੋਂ ਮਾਲ ਗੱਡੀਆਂ ਚਲਾਈਆਂ ਗਈਆਂ ਹਨ ਅਤੇ ਮੰਗਲਵਾਰ ਤੋਂ ਮੁਸਾਫ਼ਰ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ। ਰੇਲਵੇ ਵਲੋਂ ਇਹ ਸੰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਿਚਰਵਾਰ ਨੂੰ ਕੀਤੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੇ 23 ਨਵੰਬਰ ਤੋਂ 15 ਦਿਨਾਂ ਲਈ ਰੇਲ ਪੱਟੜੀਆਂ ਤੋਂ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਨੂੰ ਸੂਬੇ 'ਚ ਰੇਲ ਸੇਵਾ ਬਹਾਲ ਕਰਨ ਦੀ ਅਪੀਲ ਕੀਤੀ। ਕਿਸਾਨ ਜਥੇਬੰਦੀਆਂ ਵਲੋਂ ਇਹ ਫ਼ੈਸਲਾ ਕਈ ਗੇੜਾਂ ਦੀ ਗੱਲਬਾਤ ਤੋਂ ਬਾਅਦ ਲਿਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੜਿੱਕਾ ਖ਼ਤਮ ਕਰਨ ਦੀ ਕੋਸ਼ਿਸ਼ ਵਜੋਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਸੀ ਪਰ ਬੇਸਿੱਟਾ ਰਹੀ ਉਸ ਮੀਟਿੰਗ ਤੋਂ ਬਾਅਦ ਕੈਪਟਨ ਨੇ ਕੋਸ਼ਿਸ਼ ਅਸਫ਼ਲ ਹੋਣ 'ਤੇ ਅਸੰਤੋਖ ਪ੍ਰਗਟਾਉਂਦਿਆਂ ਇਸ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਸੀ ਹਾਲਾਂਕਿ ਸਨਿਚਰਵਾਰ ਨੂੰ ਮਿਲੀ ਸਫ਼ਲਤਾ ਤੋਂ ਬਾਅਦ ਕੈਪਟਨ ਦੇ ਟਵਿੱਟਰ 'ਤੇ ਪਾਏ ਸੰਦੇਸ਼ ਤੋਂ ਬਾਅਦ ਗੋਇਲ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਸੀ। ਰੇਲ ਮੰਤਰਾਲੇ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਰੇਲਵੇ ਨੂੰ ਮਾਲ ਗੱਡੀਆਂ ਅਤੇ ਮੁਸਾਫ਼ਰ ਗੱਡੀਆਂ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਜਾਣਕਾਰੀ ਮਿਲੀ ਹੈ। ਮੰਤਰਾਲੇ ਨੇ ਕਿਹਾ ਕਿ ਰੇਲਵੇ ਵਲੋਂ ਜ਼ਰੂਰੀ ਰੱਖ-ਰਖਾਵ ਜਾਂਚ ਅਤੇ ਹੋਰ ਪ੍ਰੋਟੋਕਾਲ ਪੂਰਾ ਕਰਨ ਤੋਂ ਬਾਅਦ ਪੰਜਾਬ 'ਚ ਛੇਤੀ ਤੋਂ ਛੇਤੀ ਰੇਲ ਸੇਵਾਵਾਂ ਬਹਾਲ ਕਰਨ ਲਈ ਕਦਮ ਉਠਾਏ ਜਾਣਗੇ। ਪੰਜਾਬ 'ਚ 24 ਸਤੰਬਰ ਤੋਂ ਰੇਲ ਸੇਵਾਵਾਂ ਬੰਦ ਹਨ ਜਦੋਂ ਕਿਸਾਨਾਂ ਨੇ ਕੇਂਦਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ।
ਬਣਾਂਵਾਲਾ ਤਾਪ ਘਰ ਕੋਲਾ ਪੁੱਜਾ
ਪਿਛਲੇ ਲਗਪਗ ਦੋ ਮਹੀਨਿਆਂ ਤੋਂ ਬੰਦ ਪਈ ਰੇਲ ਸੇਵਾ ਅੱਜ ਮੁੜ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਨੇ ਪੰਜਾਬ 'ਚ ਰੇਲ ਮਾਰਗਾਂ ਦੀ ਜਾਂਚ ਆਰੰਭ ਕਰਨ ਤੋਂ ਬਾਅਦ ਰੇਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਦਿੱਲੀ ਤੋਂ ਜਾਖ਼ਲ ਹੋ ਕੇ ਮਾਨਸਾ ਰਾਹੀਂ ਇਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ 'ਚ ਪੁੱਜ ਗਈ ਹੈ। ਇਸ ਰੇਲ ਗੱਡੀ ਦੇ ਪੁੱਜਣ ਦੀ ਪੁਸ਼ਟੀ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਵਲੋਂ ਕੀਤੀ ਗਈ ਹੈ। ਇਸੇ ਦੌਰਾਨ ਮੁੰਦਰਾ ਗੁਜਰਾਤ ਤੋਂ ਲਗਪਗ 70 ਹਜ਼ਾਰ ਗੱਟੇ ਯੂਰੀਆ ਖਾਦ ਲੈ ਕੇ ਇਕ ਮਾਲ ਗੱਡੀ ਮਾਨਸਾ ਪਹੁੰਚੀ ਹੈ।
ਰਾਜਪੁਰਾ ਥਰਮਲ ਪਲਾਂਟ ਵੀ ਪੁੱਜਿਆ ਕੋਲਾ
ਰਾਜਪੁਰਾ, (ਜੀ.ਪੀ. ਸਿੰਘ)-ਅੱਜ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ 'ਤੇ ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਪਹਿਲੀ ਰੇਲ ਗੱਡੀ ਆਈ। ਇਸ ਸਬੰਧੀ ਰਾਜਪੁਰਾ ਦੇ ਸਟੇਸ਼ਨ ਮਾਸਟਰ ਗੋਬਿੰਦ ਸਿੰਘ ਚੌਹਾਨ ਨੇ ਦੱਸਿਆ ਕਿ ਅੱਜ ਪਹਿਲੀ ਮਾਲ ਰੇਲ ਗੱਡੀ ਦੁਪਹਿਰ 2:45 'ਤੇ ਅੰਬਾਲਾ ਵਾਲੇ ਪਾਸੇ ਤੋਂ ਸਾਹਨੇਵਾਲ (ਲੁਧਿਆਣਾ) ਨੂੰ ਗਈ ਹੈ। ਦੂਜੀ ਗੱਡੀ ਰਾਮਪੁਰਾ ਫੂਲ (ਬਠਿੰਡਾ) ਲਈ ਲੰਘੀ ਹੈ। ਇਕ ਗੱਡੀ ਸਥਾਨਕ ਨਾਭਾ ਥਰਮਲ ਪਲਾਂਟ ਲਈ ਕੋਲੇ ਦੀ ਗਈ ਹੈ। ਇਸ ਤੋਂ ਇਲਾਵਾ ਸਰਾਏ ਬੰਜਾਰਾ ਤੋਂ ਇਕ ਖ਼ਾਲੀ ਮਾਲ ਗੱਡੀ ਅੰਬਾਲਾ ਤੇ ਇਕ ਤੇਲ ਦੇ ਟੈਂਕਰਾਂ ਦੀ ਗੱਡੀ ਜੰਮੂ-ਤਵੀ ਲਈ ਲੰਘੀ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਮਾਲ ਗੱਡੀਆਂ ਇਸ ਰੇਲਵੇ ਲਾਈਨ ਰਾਹੀਂ ਪੰਜਾਬ 'ਚ ਆਈਆਂ ਤੇ ਗਈਆਂ ਹਨ।
ਫ਼ਿਰੋਜ਼ਪੁਰ ਡਵੀਜ਼ਨ ਦੀਆਂ 2 ਮਾਲ ਗੱਡੀਆਂ ਚੱਲੀਆਂ
ਦੋ ਥਰਮਲ ਪਲਾਂਟਾਂ ਲਈ ਪਹੁੰਚਿਆ ਕੋਲਾ
ਫ਼ਿਰੋਜ਼ਪੁਰ, 23 ਨਵੰਬਰ (ਕੁਲਬੀਰ ਸਿੰਘ ਸੋਢੀ)-ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਮਝੌਤੇ ਤੋਂ ਬਾਅਦ ਰੇਲਵੇ ਮੈਨੇਜਰ ਨੇ ਪ੍ਰੈੱਸ ਨੋਟ ਜਾਰੀ ਕਰਕੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ ਰੇਲ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਰੇਲਵੇ ਵਲੋਂ ਰੇਲ ਚਲਾਉਣ ਤੋਂ ਪਹਿਲਾਂ ਰੇਲਵੇ ਟਰੈਕ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ 'ਰੇਲਵੇ ਪ੍ਰੋਟੈਕਸ਼ਨ ਫੋਰਸ' ਅਤੇ ਜੀ.ਆਰ.ਪੀ. ਨੂੰ ਸੌਂਪੀ ਗਈ ਸੀ, ਜਿਨ੍ਹਾਂ ਵਲੋਂ ਹਰੀ ਝੰਡੀ ਮਿਲਣ ਪਿੱਛੋਂ ਰੇਲਵੇ ਨੇ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਸਾਫ਼ਰ ਗੱਡੀਆਂ ਨੂੰ ਰੇਲਵੇ ਸਟੇਸ਼ਨਾਂ ਤੋਂ ਉਸੇ ਤਰ੍ਹਾਂ ਚਲਾਇਆ ਜਾਵੇਗਾ, ਜਿਵੇਂ ਕਿ ਪਹਿਲਾਂ ਮੰਡਲ ਤੋਂ ਹੁੰਦਾ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮੁਸਾਫ਼ਰ ਗੱਡੀ ਹੁਣ ਅੱਧੀ ਰਾਤ ਨੂੰ ਅੰਬਾਲਾ ਤੋਂ ਸਿੱਧੇ ਤੌਰ 'ਤੇ ਅੰਮ੍ਰਿਤਸਰ ਪਹੁੰਚੇਗੀ। ਇਸੇ ਤਰ੍ਹਾਂ ਮਾਲ ਗੱਡੀ ਅਤੇ ਯਾਤਰੀ ਰੇਲ ਚਲਾਉਣ ਲਈ ਰੇਲ ਵੀ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਚੱਲੇਗੀ। ਜੀ.ਆਰ.ਪੀ. ਨੇ ਇਸ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਸੋਮਵਾਰ ਦੁਪਹਿਰ 2 ਵਜੇ ਜਲੰਧਰ ਤੋਂ ਖ਼ਾਲੀ ਮਾਲ ਗੱਡੀਆਂ ਦਿੱਲੀ ਲਈ ਰਵਾਨਾ ਹੋ ਗਈਆਂ ਹਨ ਅਤੇ ਜੰਮੂ-ਕਸ਼ਮੀਰ ਤੋਂ ਭਰੀ ਮਾਲ ਗੱਡੀ ਜਲੰਧਰ ਪਹੁੰਚ ਰਹੀ ਹੈ, ਜੋ ਅੱਗੇ ਲਖਨਊ ਜਾਵੇਗੀ। ਡੀ.ਆਰ.ਐਮ. ਨੇ ਕਿਹਾ ਕਿ ਰੇਲ ਗੱਡੀਆਂ ਜੋ ਕੋਵਿਡ-19 ਦੌਰਾਨ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ 'ਚ ਚਲਾਈਆਂ ਗਈਆਂ ਸਨ, ਹੁਣ ਸਬੰਧਿਤ ਸਟੇਸ਼ਨਾਂ ਤੋਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਧਨਬਾਦ ਐਕਸਪੈ੍ਰੱਸ ਰੇਲ ਵੀ ਚੱਲੇਗੀ।
ਵਿਸ਼ੇਸ਼ ਮੁਸਾਫ਼ਰ ਗੱਡੀਆਂ ਦਾ ਵੇਰਵਾ
02903 ਮੁੰਬਈ ਸੈਂਟਰਲ- ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ ਪੂਰੀ ਤਰ੍ਹਾਂ 22 ਨਵੰਬਰ ਤੋਂ ਬਹਾਲ, 02237 ਬਿਲਾਸਪੁਰ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 23 ਨਵੰਬਰ ਤੋਂ ਪੂਰੀ ਤਰ੍ਹਾਂ ਬਹਾਲ ਹੋਈ। 03007 ਧਨਬਾਦ - ਫ਼ਿਰੋਜ਼ਪੁਰ ਐਕਸਪ੍ਰੈੱਸ ਵਿਸ਼ੇਸ਼ 22 ਤੋਂ, 03308 ਫ਼ਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 05098 ਜੰਮੂ-ਭਾਗਲਪੁਰ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 05097 ਭਾਗਲਪੁਰ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 26 ਤੋਂ, 04656 ਫ਼ਿਰੋਜ਼ਪੁਰ-ਪਟਨਾ ਐਕਸਪ੍ਰੈੱਸ ਵਿਸ਼ੇਸ਼ 27 ਤੋਂ, 04655 ਪਟਨਾ-ਫ਼ਿਰੋਜ਼ਪੁਰ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 902331 ਹਾਵੜਾ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 02332 ਜੰਮੂਤਵੀ-ਹਾਵੜਾ ਐਕਸਪ੍ਰੈੱਸ ਵਿਸ਼ੇਸ਼ 26 ਤੋਂ, 04624 ਅੰਮ੍ਰਿਤਸਰ-ਸਹਾਰਸਾ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 04623 ਸਹਾਰਸਾ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 25 ਤੋਂ, 05251 ਦਰਭੰਗਾ-ਜਲੰਧਰ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 05252 ਜਲੰਧਰ-ਦਰਭੰਗਾ ਐਕਸਪ੍ਰੈੱਸ ਵਿਸ਼ੇਸ਼ 29 ਤੋਂ, 09027 ਬਾਂਦਰਾ ਟਰਮੀਨਸ -ਜੰਮੂ ਤਵੀ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 09028 ਜੰਮੂ ਤਵੀ - ਬਾਂਦਰਾ ਟਰਮਿਨਸ ਐਕਸਪ੍ਰੈੱਸ ਵਿਸ਼ੇਸ਼ 30 ਤੋਂ, 05531 ਸਹਾਰਸਾ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 29 ਤੋਂ, 05532 ਅੰਮ੍ਰਿਤਸਰ-ਸਹਾਰਸਾ ਐਕਸਪ੍ਰੈੱਸ ਵਿਸ਼ੇਸ਼ 30 ਤੋਂ, 02587 ਗੋਰਖਪੁਰ-ਜੰਮੂਤਵੀ ਐਕਸਪ੍ਰੈੱਸ ਵਿਸ਼ੇਸ਼ 23 ਤੋਂ, 02588 ਜੰਮੂਤਵੀ-ਗੋਰਖਪੁਰ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 04612 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਵਾਰਾਣਸੀ ਐਕਸਪ੍ਰੈੱਸ ਵਿਸ਼ੇਸ਼ 29 ਨਵੰਬਰ ਤੋਂ, 04611 ਵਾਰਾਣਸੀ-ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ ਪਹਿਲੀ ਦਸੰਬਰ ਤੋਂ, 04651 ਜਯਾਨਗਰ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 24 ਨਵੰਬਰ ਤੋਂ, 04652 ਅੰਮ੍ਰਿਤਸਰ-ਜਯਾਨਗਰ ਐਕਸਪ੍ਰੈੱਸ ਸਪੈਸ਼ਲ 25 ਤੋਂ, 02919 ਅੰਬੇਡਕਰ ਨਗਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 23 ਤੋਂ, 02920 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਅੰਬੇਡਕਰ ਨਗਰ ਐਕਸਪ੍ਰੈੱਸ ਵਿਸ਼ੇਸ਼ 25 ਨਵੰਬਰ ਤੋਂ, 01449 ਜਬਲਪੁਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 24 ਨਵੰਬਰ ਤੋਂ, 01450 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਜਬਲਪੁਰ ਐਕਸਪ੍ਰੈੱਸ ਵਿਸ਼ੇਸ਼ 25 ਤੋਂ, 09803 ਕੋਟਾ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 28 ਤੋਂ, 09804 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਕੋਟਾ ਐਕਸਪ੍ਰੈੱਸ ਵਿਸ਼ੇਸ਼ 29 ਤੋਂ, 02462 ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਐਕਸਪ੍ਰੈੱਸ ਵਿਸ਼ੇਸ਼ 24 ਤੋਂ, 02461 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਵਿਸ਼ੇਸ਼ 25 ਨਵੰਬਰ ਤੱਕ ਬਹਾਲ ਰਹਿਣਗੀਆਂ।
ਬਠਿੰਡਾ, 23 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੀ ਪਾਸ਼ ਕਾਲੋਨੀ ਕਮਲਾ ਨਹਿਰੂ ਵਿਚ ਅੱਜ ਤੜਕੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਵਲੋਂ ਆਪਣੀ ਪ੍ਰੇਮਿਕਾ ਅਤੇ ਉਸ ਦੇ ਪਿਤਾ ਅਤੇ ਉਸ ਦੀ ਮਾਂ ਨੂੰ ਸਿਰ ਵਿਚ ਗੋਲੀਆਂ ਮਾਰ ਕੇ ਉਪਰੰਤ ਸਮੁੱਚੇ ਮਾਮਲੇ ਦੀ ਵੀਡੀਓ ਵਾਇਰਲ ਕਰਨ ਉਪਰੰਤ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਜੋ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ, ਜਦੋਂ ਕਿ ਬਾਕੀ 3 ਮ੍ਰਿਤਕ ਬਠਿੰਡਾ ਨਾਲ ਸਬੰਧਿਤ ਹਨ। ਪ੍ਰੇਮਿਕਾ ਨਾਲ ਆਪਣੇ ਸਬੰਧਾਂ ਦਾ ਖ਼ੁਲਾਸਾ ਕਰਦਿਆਂ ਨੌਜਵਾਨ ਵਲੋਂ ਬਣਾਈ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਗਈ, ਦੌਰਾਨ ਇਨ੍ਹਾਂ ਕੀਤੇ ਕਤਲਾਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਲੜਕੀ ਨਾਲ ਉਸ ਦੀ ਦੋਸਤੀ ਸੀ ਤੇ ਲੜਕੀ ਉਸ ਨੂੰ ਬਲੈਕਮੇਲ ਕਰਨ ਅਤੇ ਜਬਰ-ਜਨਾਹ ਦੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੀ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਸਬੰਧੀ ਉਕਤ ਲੜਕੇ ਨੇ ਹੋਰ ਕਈ ਅਹਿਮ ਖ਼ੁਲਾਸੇ ਕਰਦਿਆਂ ਵੀਡੀਓ ਵਿਚ ਕਿਹਾ ਕਿ ਇਸ ਵਿਚ ਉਕਤ ਲੜਕੀ ਦਾ ਸਾਰਾ ਪਰਿਵਾਰ ਸ਼ਾਮਿਲ ਸੀ, ਜਿਸ ਕਰਕੇ ਉਸ ਨੂੰ ਇਹ ਕਦਮ ਚੁੱਕਣਾ ਪਿਆ, ਜਦੋਂ ਕਿ ਉਸ ਦੇ ਘਰਦਿਆਂ ਦਾ ਇਸ 'ਚ ਕੋਈ ਕਸੂਰ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਤਾਂ ਇਸ ਸਬੰਧੀ ਕੁਝ ਵੀ ਪਤਾ ਹੈ। ਨੌਜਵਾਨ ਨੇ ਇਹ ਵੀ ਦੱਸਿਆ ਕਿ ਇਹ ਪਿਸਤੌਲ ਲਾਕਰ ਵਿਚ ਪਿਆ ਹੁੰਦਾ ਸੀ, ਜਿਸ ਦੀ ਚਾਬੀ ਦਾ ਉਸ ਨੂੰ ਪਤਾ ਸੀ, ਜਿਸ ਨਾਲ ਉਸ ਨੇ ਉਕਤ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਵੀਡੀਓ ਵਿਚ ਉਕਤ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਬੇਹੱਦ ਪਿਆਰ ਕਰਨ ਦੀ ਗੱਲ ਵੀ ਕਹੀ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨੇ ਵਿਚ ਬਠਿੰਡਾ ਵਿਚ ਸਮੂਹਿਕ ਕਤਲ ਕਰਨ ਉਪਰੰਤ ਖ਼ੁਦਕੁਸ਼ੀ ਕਰਨ ਦੀ ਇਹ ਦੂਸਰੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਆਰਥਿਕ ਲੈਣ-ਦੇਣ ਦੇ ਚਲਦਿਆਂ ਪਤਨੀ, 2 ਨਾਬਾਲਗ ਬੱਚਿਆਂ ਨੂੰ ਗੋਲੀ ਮਾਰ ਕੇ ਗਰੀਨ ਸਿਟੀ ਵਿਖੇ ਇਕ ਕਾਰੋਬਾਰੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ। ਅੱਜ ਸਵੇਰੇ ਕਮਲਾ ਨਹਿਰੂ ਕਾਲੋਨੀ ਦੇ ਉਕਤ ਘਰ ਅੰਦਰ 3 ਲਾਸ਼ਾਂ ਮਿਲਣ ਦੀ ਸੂਚਨਾ ਮਿਲਣ 'ਤੇ ਐਸ. ਪੀ. ਸਿਟੀ ਜਸਪਾਲ ਸਿੰਘ ਅਤੇ ਐਸ. ਐਚ. ਓ. ਕੈਂਟ ਗੁਰਮੀਤ ਸਿੰਘ ਮੌਕੇ 'ਤੇ ਪੁੱਜੇ। ਇਸ ਸਬੰਧੀ ਕੈਂਟ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਚਰਨਜੀਤ ਸਿੰਘ ਖੋਖਰ (56) ਜੋ ਕਿ ਸਹਿਕਾਰੀ ਸਭਾ ਵਿਚ ਸਕੱਤਰ ਸਨ, ਉਸ ਦੀ ਪਤਨੀ ਜਸਵਿੰਦਰ ਕੌਰ (49) ਅਤੇ ਧੀ ਸਿਮਰਨ ਕੌਰ (22) ਅਤੇ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਦੀ ਸ਼ਨਾਖ਼ਤ ਯੁਵਕਰਨ ਸਿੰਘ ਜੋ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹੈ, ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਲੜਕੀ ਦਾ ਭਰਾ ਵਿਦੇਸ਼ ਵਿਚ ਹੈ, ਜੋ ਉੱਥੇ ਪੜ੍ਹਾਈ ਕਰ ਰਿਹਾ।
ਗੁਹਾਟੀ, 23 ਨਵੰਬਰ (ਏਜੰਸੀ)- ਆਸਾਮ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਤਰੁਨ ਗੋਗੋਈ (84) ਦਾ ਸੋਮਵਾਰ ਨੂੰ ਕੋਵਿਡ-19 ਦੇ ਇਲਾਜ ਬਾਅਦ ਦੀਆਂ ਸਮੱਸਿਆਵਾਂ ਦੇ ਚਲਦੇ ਦਿਹਾਂਤ ਹੋ ਗਿਆ ਹੈ। ਸੂਬੇ ਦੇ 3 ਵਾਰ ਮੁੱਖ ਮੰਤਰੀ ਰਹੇ ਤਰੁਨ ਗੋਗਈ ਆਪਣੇ ਪਿੱਛੇ ਪਤਨੀ ਡੋਲੀ, ਬੇਟੀ ਚੰਦਰਿਮਾ ਤੇ ਬੇਟੇ ਗੌਰਵ ਗੋਗੋਈ ਨੂੰ ਛੱਡ ਗਏ ਹਨ। ਆਸਾਮ ਦੇ ਸਿਹਤ ਮੰਤਰੀ ਹਿੰਮਤ ਵਿਸਵਾ ਸ਼ਰਮਾ ਨੇ ਦੱਸਿਆ ਕਿ ਗੋਗਈ ਨੇ ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ 'ਚ ਸ਼ਾਮ 5.34 ਵਜੇ ਆਪਣੇ ਆਖਰੀ ਸਾਹ ਲਏ। ਉਨ੍ਹਾਂ ਨੂੰ ਪਹਿਲੀ ਵਾਰ 26 ਅਗਸਤ ਨੂੰ ਕੋਵਿਡ-19 ਤੋਂ ਪਾਜ਼ੀਟਿਵ ਪਾਏ ਜਾਣ 'ਤੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਅਤੇ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਉਨ੍ਹਾਂ ਨੂੰ 2 ਨਵੰਬਰ ਨੂੰ ਮੁੜ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਅਤੇ 21 ਨਵੰਬਰ ਨੂੰ ਹਾਲਤ ਵਿਗੜਨ ਜਾਣ 'ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਹ 6 ਵਾਰ ਸੰਸਦ ਮੈਂਬਰ ਤੇ 2 ਵਾਰ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਸਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕਈ ਹੋਰ ਨੇਤਾਵਾਂ ਵਲੋਂ ਸ੍ਰੀ ਗੋਗੋਈ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਸ੍ਰੀ ਮੋਦੀ ਨੇ ਟਵੀਟ ਕਰਕੇ ਤਰੁਨ ਗੋਗੋਈ ਨੂੰ ਆਸਾਮ ਤੇ ਦੇਸ਼ ਦਾ ਹਰਮਨ ਪਿਆਰਾ ਨੇਤਾ ਦੱਸਿਆ ਹੈ, ਜੋ ਬਹੁਤ ਕੁਸ਼ਲ ਪ੍ਰਬੰਧਕ ਸਨ। ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਤਰੁਨ ਗੋਗੋਈ ਦੇ ਦਿਹਾਂਤ ਨੂੰ ਸੂਬੇ 'ਚ ਇਕ 'ਯੁੱਗ ਦਾ ਅੰਤ' ਦੱਸਿਆ ਹੈ।
ਮੁੰਬਈ, 23 ਨਵੰਬਰ (ਏਜੰਸੀ)-ਕਾਮੇਡੀ ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਨੂੰ ਇਥੋਂ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ਤੋਂ ਨਸ਼ਾ ਮਿਲਣ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਜੋੜੇ ਨੂੰ 15-15 ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ। ਭਾਰਤੀ ਸਿੰਘ ਨੂੰ ਸਨਿਚਰਵਾਰ ਨੂੰ ਉਨ੍ਹਾਂ ਦੇ ਉਪ ਨਗਰੀ ਅੰਧੇਰੀ ਦੇ ਘਰ ਤੋਂ ਗਾਂਜਾ ਮਿਲਣ ਦੇ ਬਾਅਦ ਐਨ. ਸੀ. ਬੀ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਪਤੀ ਨੂੰ ਐਤਵਾਰ ਸਵੇਰੇ ਹਿਰਾਸਤ 'ਚ ਲਿਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 4 ਦਸੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਜੋੜੇ ਨੇ ਆਪਣੇ ਵਕੀਲ ਐਜਾਜ਼ ਖ਼ਾਨ ਰਾਹੀਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਸੋਮਵਾਰ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਦਿੱਲੀ 'ਚ ਇਕ ਪੰਜ ਸਿਤਾਰਾ ਹੋਟਲ 'ਚ 27 ਸਾਲਾ ਦੀ ਇਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ। ਪੀੜਤ ਲੜਕੀ ਮੁੰਬਈ ਦੀ ਰਹਿਣ ਵਾਲੀ ਹੈ। ਪੁਲਿਸ ਨੇ ਜਬਰ ਜਨਾਹ ਦੇ ਦੋਸ਼ 'ਚ 57 ਸਾਲ ਦੇ ਢਾਬਾ ਮਾਲਕ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਪੀੜਤ ਲੜਕੀ ਫ੍ਰੀਲਾਂਸ ਈਵੈਂਟ ਮੈਨੇਜਰ ਹੈ। ਲੜਕੀ ਦਾ ਦੋਸ਼ ਹੈ ਕਿ ਉਸ ਦੀ ਫੇਸਬੁੱਕ 'ਤੇ 57 ਸਾਲ ਦੇ ਢਾਬਾ ਮਾਲਕ ਮਿੱਕੀ ਮਹਿਤਾ ਨਾਲ ਦੋਸਤੀ ਹੋ ਗਈ। ਉਹ 18 ਨਵੰਬਰ ਨੂੰ ਮਿੱਕੀ ਨੂੰ ਮਿਲੀ। ਮਿੱਕੀ ਨਾਲ ਉਸ ਦਾ ਦੋਸਤ ਨਵੀਨ (46) ਵੀ ਸੀ। ਦੋਵੇਂ ਮਿਲ ਕੇ ਸੋਨੀਪਤ ਦੇ ਕੋਲ ਇਕ ਵੱਡਾ ਢਾਬਾ ਚਲਾਉਂਦੇ ਹਨ। ਪੀੜਤ ਅਨੁਸਾਰ ਇਸ ਦੇ ਬਾਅਦ ਉਹ ਤਿੰਨੇ ਜਣੇ ਕਨਾਟ ਪਲੇਸ ਘੁੰਮਣ ਗਏ। ਦੋਸ਼ ਹੈ ਕਿ ਮਿੱਕੀ ਅਤੇ ਲੜਕੀ ਨੂੰ ਹੋਟਲ 'ਚ ਛੱਡਣ ਦੇ ਬਾਅਦ ਨਵੀਨ ਚਲਾ ਗਿਆ। ਲੜਕੀ ਦਾ ਦੋਸ਼ ਹੈ ਕਿ ਕਮਰੇ 'ਚ ਲਿਜਾ ਕੇ ਮਿੱਕੀ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ਵਿਚ ਉਸ ਨੂੰ ਆਨੰਦ ਵਿਹਾਰ ਇਲਾਕੇ 'ਚ ਛੱਡ ਕੇ ਉਥੋਂ ਦੌੜ ਗਿਆ।
ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ 16ਵੀਂ ਅਤੇ 18ਵੀਂ ਲੋਕ ਸਭਾ ਦਰਮਿਆਨ 2014 ਤੋਂ 2029 ਦਾ ਸਮਾਂ ਭਾਰਤ ਵਰਗੇ ਜਵਾਨ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦਾ ਸਮਾਂ ਦੇਸ਼ ਦੇ ਵਿਕਾਸ ਲਈ ਇਤਿਹਾਸਕ ਰਿਹਾ ਹੈ ਅਤੇ ਬਾਕੀ ਰਹਿੰਦੇ ਸਮੇਂ 'ਚ ਬਹੁਤ ਕੁਝ ਕਰਨਾ ਬਾਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਮੈਂਬਰਾਂ ਲਈ ਨਵੇਂ ਬਣੇ ਬਹੁਮੰਜ਼ਿਲਾ ਫਲੈਟਾਂ ਦਾ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਦਘਾਟਨ ਕੀਤਾ। ਦਿੱਲੀ ਦੇ ਡਾ: ਬੀ.ਡੀ.ਮਾਰਗ 'ਤੇ ਸਥਿਤ ਇਹ ਇਮਾਰਤ ਤਕਰੀਬਨ 80 ਸਾਲ ਪੁਰਾਣੇ 8 ਬੰਗਲਿਆਂ ਦਾ ਮੁੜ ਵਿਕਾਸ ਕਰਕੇ ਬਣਾਈ ਗਈ ਹੈ ਜਿਸ 'ਚ ਆਧੁਨਿਕ ਢੰਗ ਅਤੇ ਸਾਜ਼ੋ-ਸਾਮਾਨ ਵਾਲੇ 76 ਫਲੈਟ ਬਣਾਏ ਗਏ ਹਨ। ਫਲੈਟਾਂ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਮੱਸਿਆਵਾਂ ਨੂੰ ਟਾਲਣ ਦੀ ਥਾਂ ਉਨ੍ਹਾਂ ਦਾ ਹੱਲ ਲੱਭਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਇਸ ਨੂੰ ਆਪਣੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਸੰਸਦ ਮੈਂਬਰਾਂ ਦੀ ਰਿਹਾਇਸ਼ ਹੀ ਨਹੀਂ ਸਗੋਂ ਦਿੱਲੀ 'ਚ ਕਈ ਅਜਿਹੇ ਪ੍ਰਾਜੈਕਟ ਸਨ, ਜੋ ਕਈ ਸਾਲਾਂ ਤੋਂ ਅਧੂਰੇ ਸੀ। ਇਸ ਕਵਾਇਦ 'ਚ ਪ੍ਰਧਾਨ ਮੰਤਰੀ ਨੇ ਅੰਬੇਡਕਰ ਰਾਸ਼ਟਰੀ ਯਾਦਗਾਰ ਅਤੇ ਰਾਸ਼ਟਰੀ ਪੁਲਿਸ ਯਾਦਗਾਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋਵਾਂ ਦੀ ਸ਼ੁਰੂਆਤ ਦਹਾਕਿਆਂ ਪਹਿਲਾਂ ਹੋਈ ਸੀ ਪਰ ਇਹ ਪ੍ਰਾਜੈਕਟ ਇਸ ਸਰਕਾਰ ਦੇ ਆਉਣ ਤੋਂ ਬਾਅਦ ਹੀ ਮੁਕੰਮਲ ਹੋਏ ਹਨ। ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ 'ਚ ਭਾਵ ਪਿਛਲੇ ਡੇਢ ਸਾਲ 'ਚ ਸਰਕਾਰ ਵਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਖੇਤੀਬਾੜੀ ਬਾਰੇ ਲਿਆਂਦੇ ਤਿੰਨੇ ਕਾਨੂੰਨਾਂ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਡੇਢ ਸਾਲ 'ਚ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਦਾ ਕੰਮ ਕੀਤਾ। ਮੋਦੀ ਵਲੋਂ ਇਹ ਦਾਅਵਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਕਿਸਾਨ ਜਥੇਬੰਦੀਆਂ ਨੇ ਮੁੜ ਦੁਹਰਾਉਂਦਿਆਂ ਇਹ ਕਿਹਾ ਹੈ ਕਿ 26-27 ਨਵੰਬਰ ਨੂੰ ਦਿੱਲੀ 'ਚ ਰਾਸ਼ਟਰ ਵਿਆਪੀ ਪ੍ਰਦਰਸ਼ਨ ਨੂੰ ਵਾਪਸ ਨਹੀਂ ਲੈਣਗੇ। ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਓਮ ਬਿੜਲਾ ਜਿਨ੍ਹਾਂ ਦਾ ਜਨਮ ਦਿਨ ਵੀ ਸੀ, ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੰਸਦ ਦੇ ਅੰਦਰ ਸਮੇਂ ਅਤੇ ਬਹਿਸ ਦੀ ਕਵਾਲਿਟੀ ਦਾ ਧਿਆਨ ਰੱਖਦੇ ਹਨ ਅਤੇ ਸੰਸਦ ਦੇ ਬਾਹਰ ਵੀ ਇਸ ਇਮਾਰਤ ਦੀ ਉਸਾਰੀ 'ਚ ਸਮੇਂ ਅਤੇ ਲਾਗਤ ਦੀ ਬੱਚਤ ਕੀਤੀ ਹੈ। ਬਿੜਲਾ ਮੁਤਾਬਿਕ ਇਨ੍ਹਾਂ 4 ਬੈੱਡਰੂਮ ਵਾਲੇ 76 ਫਲੈਟਾਂ ਦੀ ਉਸਾਰੀ 'ਚ 27 ਮਹੀਨੇ ਲੱਗੇ ਅਤੇ ਇਸ 'ਚ ਕੁੱਲ 188 ਕਰੋੜ ਰੁਪਏ ਦੀ ਲਾਗਤ ਆਈ।
ਨਵੀਂ ਦਿੱਲੀ, 23 ਨਵੰਬਰ (ਉਪਮਾ ਡਾਗਾ ਪਾਰਥ)-ਕੋਰੋਨਾ ਦਾ ਟੀਕਾ ਛੇਤੀ ਹੀ ਮਿਲਣ ਦੀ ਉਮੀਦ ਦੇ ਨਾਲ-ਨਾਲ ਉਸ ਦੀ ਵੰਡ, ਤਰਜੀਹ, ਸਟੋਰੇਜ ਆਦਿ ਸਾਰੇ ਨੁਕਤਿਆਂ ਸਬੰਧੀ ਰਣਨੀਤੀ ਦੀ ਕਵਾਇਦ ਵੀ ਤੇਜ਼ ਹੋ ਗਈ ਹੈ। ਇਸੇ ਕਵਾਇਦ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ 8 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਚਰਚਾ ਕਰਨਗੇ। ਇਸ ਬੈਠਕ 'ਚ ਦਿੱਲੀ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਸਮੇਤ 8 ਰਾਜਾਂ ਦੇ ਮੁੱਖ ਮੰਤਰੀ ਹਿੱਸਾ ਲੈਣਗੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੰਗਲਵਾਰ ਨੂੰ ਜ਼ਿਲ੍ਹੇ ਦੇ ਦੌਰੇ 'ਤੇ ਹੋਣਗੇ ਪਰ ਉਨ੍ਹਾਂ ਨੇ ਇਸ ਮੀਟਿੰਗ 'ਚ ਸ਼ਿਰਕਤ ਕਰਨ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਭਾਰਤ ਨੂੰ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਸ਼ੁਰੂ ਤੋਂ ਆਕਸਫੋਰਡ ਕੰਪਨੀ ਵਲੋਂ ਬਣਾਏ ਜਾ ਰਹੇ ਟੀਕੇ ਦੀ ਪਹਿਲੀ ਖੇਪ ਮਿਲ ਸਕਦੀ ਹੈ। ਭਾਰਤ 'ਚ ਟੀਕਾ ਬਣਾਉਣ ਵਾਲੀਆਂ ਚਾਰੋ ਕੰਪਨੀਆਂ ਕਲੀਨਿਕ ਪਰਖ ਦੇ ਦੂਜੇ ਜਾਂ ਤੀਜੇ ਪੜਾਅ 'ਚ ਹਨ। ਇਸ ਬੈਠਕ 'ਚ ਟੀਕੇ ਦੀ ਵੰਡ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ।
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਵਿਡ-19 ਨਾਲ ਲੜ ਰਹੇ ਯੂ. ਕੇ. ਨੇ ਭਾਰਤੀ ਅਤੇ ਹੋਰ ਵਿਦੇਸ਼ੀ ਡਾਕਟਰਾਂ ਅਤੇ ਨਰਸਾਂ ਦੀ ਵੀਜ਼ਾ ਮਿਆਦ ਇਕ ਸਾਲ ਲਈ ਵਧਾ ਦਿੱਤੀ ਹੈ। ਇਸ ਨਿਯਮ ਕੋਵਿਡ-19 ਮਹਾਂਮਾਰੀ ਦੌਰਾਨ ਲੜ ਰਹੇ ਉਨ੍ਹਾਂ ਡਾਕਟਰਾਂ ਅਤੇ ਨਰਸਾਂ 'ਤੇ ਲਾਗੂ ...
ਜੰਮੂ, 23 ਨਵੰਬਰ (ਏਜੰਸੀ)-ਬੀ. ਐਸ. ਐਫ਼. ਦੇ ਜਵਾਨਾਂ ਨੇ ਸੋਮਵਾਰ ਨੂੰ ਸਾਂਬਾ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਆ ਹਲਾਕ ਕਰ ਦਿੱਤਾ। ਘੁਸਪੈਠੀਏ ਦੀ ਲਾਸ਼ ਜ਼ੀਰੋ ਲਾਈਨ 'ਤੇ ਪਈ ਹੈ ਅਤੇ ਅਜੇ ਤੱਕ ਲਿਆਂਦੀ ਨਹੀਂ ਗਈ। ਅਧਿਕਾਰੀਆਂ ਨੇ ਦੱਸਿਆ ...
ਚੰਡੀਗੜ੍ਹ, 23 ਨਵੰਬਰ (ਅਜੀਤ ਬਿਊਰੋ)-ਆਲ ਇੰਡੀਆ ਕਿਸਾਨ ਸੰਘਰਸ਼ ਕੋ-ਆਰਡੀਨੇਸ਼ਨ ਕਮੇਟੀ (ਏ. ਆਈ. ਕੇ. ਐੱਸ. ਸੀ. ਸੀ) ਨੇ ਭਾਰਤ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ 26-27 ਨਵੰਬਰ ਦਾ ਸਾਂਝਾ 'ਦਿੱਲੀ ਚੱਲੋ' ਅੰਦੋਲਨ ਪ੍ਰੋਗਰਾਮ ਅਤੇ ਇਸ ਤੋਂ ਬਾਅਦ ਦੀ ਯੋਜਨਾ ਪਹਿਲਾਂ ਵਾਂਗ ...
ਸ੍ਰੀਨਗਰ, 23 ਨਵੰਬਰ (ਮਨਜੀਤ ਸਿੰਘ)-ਸ੍ਰੀਨਗਰ ਸਮੇਤ ਵਾਦੀ ਦੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼, ਜਦਕਿ ਪੀਰਪੰਚਾਲ ਰੇਂਜ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ ਕਾਰਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਕੇ ਰਹਿ ਗਿਆ। ਸੈਲਾਨੀ ਸਥਾਨਾਂ ਗੁਲਮਰਗ, ਸੋਨਾਮਰਗ, ...
ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)- ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਦਿੱਲੀ, ਗੁਜਰਾਤ, ਆਸਾਮ ਤੇ ਮਹਾਰਾਸ਼ਟਰ ਸਰਕਾਰ ਕੋਲੋਂ ਮੌਜੂਦਾ ਹਾਲਾਤਾਂ ਬਾਰੇ ਰਿਪੋਰਟ ਮੰਗੀ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਬੈਂਚ ਨੇ ...
ਸ਼ਿਮਲਾ, 23 ਨਵੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੋਮਵਾਰ ਨੂੰ ਸੂਬੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ 31 ਦਸੰਬਰ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਇਸ ਦੇ ਨਾਲ ਹੀ ਚਾਰ ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ ਲਗਾਉਣ ...
ਮੁੰਬਈ, 23 ਨਵੰਬਰ (ਏਜੰਸੀ)- ਮਹਾਰਾਸ਼ਟਰ ਸਰਕਾਰ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਦਿੱਲੀ, ਰਾਜਸਥਾਨ, ਗੁਜਰਾਤ ਤੇ ਗੋਆ ਤੋਂ ਆਉਣ ਵਾਲਿਆਂ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ। ਸੂਬਾ ਸਰਕਾਰ ਨੇ ਇਕ ਆਦੇਸ਼ 'ਚ ਕਿਹਾ ਕਿ ਬਿਨਾਂ ਲੱਛਣਾਂ ...
ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸਿੱਖਿਆ ਮੰਤਰੀ ਸ਼ਫ਼ਕਤ ਮਹਿਮੂਦ ਨੇ ਅੱਜ ਇਸਲਾਮਾਬਾਦ 'ਚ ਐਲਾਨ ਕੀਤਾ ਹੈ ਕਿ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਕੇਸਾਂ ਦੇ ਮੱਦੇਨਜ਼ਰ ਪਾਕਿਸਤਾਨ ਦੇ ਸਭ ਸੂਬਿਆਂ ਦੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲ 10 ...
ਅੰਮ੍ਰਿਤਸਰ, 23 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਿਦੇਸ਼ ਦਫ਼ਤਰ ਵਲੋਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਤਲਬ ਕਰ ਕੇ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਵਲੋਂ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸਖ਼ਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX