• ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ, ਹਰਿਆਣਾ ਜਾਣ ਲਈ ਸਭ ਰਸਤੇ ਸੀਲ • ਰੈਪਿਡ ਐਕਸ਼ਨ ਫੋਰਸ ਦੀਆਂ 5 ਤੇ ਪੁਲਿਸ ਦੀਆਂ 14 ਵਾਧੂ ਕੰਪਨੀਆਂ ਪੰਜਾਬ ਤੇ ਦਿੱਲੀ ਸਰਹੱਦ 'ਤੇ ਤਾਇਨਾਤ
ਰਾਮ ਸਿੰਘ ਬਰਾੜ
ਚੰਡੀਗੜ੍ਹ, 25 ਨਵੰਬਰ - ਦਿੱਲੀ ਕੂਚ ਕਰਨ ਲਈ ਕਿਸਾਨ ਸੰਗਠਨਾਂ ਵਲੋਂ ਬੁੱਧਵਾਰ ਨੂੰ ਕਈ ਥਾਵਾਂ 'ਤੇ ਬੈਰੀਕੇਡ ਤੋੜੇ ਗਏ ਅਤੇ ਪੁਲਿਸ ਤੇ ਕਿਸਾਨਾਂ ਦੇ ਟਕਰਾਅ ਦੇ ਚੱਲਦੇ ਪੁਲਿਸ ਵਲੋਂ ਕਿਸਾਨਾਂ 'ਤੇ ਕਈ ਥਾਵਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ | ਅਗਲੇ 2 ਦਿਨਾਂ ਦੌਰਾਨ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਟਕਰਾਅ ਵਧਣ ਦੇ ਆਸਾਰ ਹਨ ਕਿਉਂਕਿ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ, ਪਰ ਹਰਿਆਣਾ ਨੇ ਪੰਜਾਬ ਤੇ ਹੋਰ ਸੂਬਿਆਂ ਤੋਂ ਹਰਿਆਣਾ 'ਚੋਂ ਲੰਘ ਕੇ ਦਿੱਲੀ ਜਾਣ ਵਾਲੇ ਸਭ ਰਸਤੇ ਬੰਦ ਕਰ ਦਿੱਤੇ ਹਨ ਅਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ | ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਅੰਬਾਲਾ ਛਾਉਣੀ ਦੇ ਨਾਲ ਲੱਗਦੇ ਮੋਹੜਾ ਦੀ ਮੰਡੀ 'ਚ ਇਕੱਠੇ ਹੋਏ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ | ਦੂਜੇ ਪਾਸੇ ਪੰਜਾਬ ਤੋਂ ਹਰਿਆਣਾ ਆਉਣ ਵਾਲੇ ਸਭ ਰਸਤਿਆਂ ਨੂੰ ਵੱਡੇ-ਵੱਡੇ ਪੱਥਰ ਤੇ ਰੋਕਾਂ ਲਗਾ ਕੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਅਗਲੇ 2 ਦਿਨਾਂ ਦੌਰਾਨ ਸਫਰ ਕਰਨ ਤੋਂ ਪ੍ਰਹੇਜ ਕਰਨ ਲਈ ਕਿਹਾ ਜਾ ਰਿਹਾ ਹੈ | ਇਸ ਦੌਰਾਨ ਅੰਬਾਲਾ ਤੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕੁਰੂਕਸ਼ੇਤਰ ਵਿਚਾਲੇ ਰਸਤਾ ਬੰਦ ਕਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ 3 ਥਾਵਾਂ 'ਤੇ ਬੈਰੀਕੇਡ ਤੋੜ ਕੇ ਅੱਗੇ ਲੰਘ ਗਏ | ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡਾਂ ਦੇ ਚੱਲਦੇ ਕੌਮੀ ਮਾਰਗ 'ਤੇ ਕਈ-ਕਈ ਕਿੱਲੋਮੀਟਰ ਲੰਬੇ ਜਾਮ ਲੱਗ ਗਏ, ਵਾਹਨਾਂ ਦੇ ਡਰਾਈਵਰਾਂ ਨੂੰ ਹੋਰ ਰਸਤਿਆਂ ਤੋਂ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਜਾਮ ਦੇ ਚੱਲਦੇ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਅਤੇ ਕਈ ਥਾਂਵਾਂ 'ਤੇ ਸਥਿਤੀ ਤਣਾਅਪੂਰਨ ਵੀ ਬਣ ਗਈ | ਅੰਬਾਲਾ ਤੋਂ ਅੱਗੇ ਸ਼ਾਹਬਾਦ ਕੋਲ ਵੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਰੋਕਿਆ ਤਾਂ ਕਿਸਾਨਾਂ ਨੇ ਸੜਕ ਦੇ ਦੋਵਾਂ ਪਾਸਿਆਂ ਸੜਕ 'ਤੇ ਹੀ ਬੈਠ ਕੇ ਲੰਗਰ ਖਾਧਾ ਅਤੇ ਉਸ ਦੇ ਬਾਅਦ ਟਰੈਕਟਰਾਂ ਦੀ ਮਦਦ ਨਾਲ ਬੈਰੀਕੇਡ ਹਟਾਉਂਦੇ ਹੋਏ ਅੱਗੇ ਵਧ ਗਏ | ਇਸੇ ਦਰਮਿਆਨ ਡੱਬਵਾਲੀ ਦੇ ਰਸਤੇ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਤੇ ਜਗ੍ਹਾ ਜਗ੍ਹਾ ਕਿਸਾਨ ਨੇਤਾਵਾਂ ਦੇ ਘਰਾਂ ਤੇ ਰੂਪੋਸ਼ ਹੋਏ ਕਿਸਾਨ ਨੇਤਾਵਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਪੁਲਿਸ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ 'ਚ ਲੱਗੀ ਹੋਈ ਹੈ | ਬਠਿੰਡਾ ਰੋਡ ਤੋਂ ਡੱਬਵਾਲੀ ਹੋ ਕੇ ਦਿੱਲੀ ਜਾਣ ਦੀ ਤਿਆਰੀ 'ਚ ਪੁੱਜੇ ਕਿਸਾਨ ਸੰਗਠਨਾਂ ਨੂੰ ਡੱਬਵਾਲੀ ਪੁਲਿਸ ਨੇ ਸਰਹੱਦ 'ਤੇ ਹੀ ਰੋਕ ਦਿੱਤਾ | ਉਧਰ ਪੰਜਾਬ ਵਲੋਂ 26 ਅਤੇ 27 ਨਵੰਬਰ ਨੂੰ ਹਰਿਆਣਾ ਦੇ ਰਸਤੇ ਦਿੱਲੀ ਜਾਣ ਦਾ ਯਤਨ ਕਰਨ ਵਾਲੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਹੋਰ ਜ਼ਿਆਦਾ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਹਨ | ਪੁਲਿਸ ਤੇ ਪ੍ਰਸ਼ਾਸਨ ਨੇ ਮੁੱਖ ਤੌਰ 'ਤੇ 4 ਰਾਸ਼ਟਰੀ ਮਹਾਮਾਰਗਾਂ ਨੂੰ ਪੂਰੀ ਤਰਾਂ ਨਾਲ ਸੀਲ ਕਰਦੇ ਹੋਏ ਕਿਸਾਨਾਂ ਨੂੰ ਰੋਕਣ ਲਈ ਰਣਨੀਤੀ ਬਣਾਈ ਹੈ | ਇਸ ਵਿਚ ਅੰਬਾਲਾ-ਦਿੱਲੀ ਹਾਈਵੇ, ਦਿੱਲੀ-ਹਿਸਾਰ-ਡਬਵਾਲੀ ਹਾਈਵੇ, ਰਿਵਾੜੀ-ਦਿੱਲੀ ਤੇ ਦਿੱਲੀ-ਪਲਵਲ ਹਾਈਵੇ 'ਤੇ ਜ਼ਿਆਦਾ ਪ੍ਰਬੰਧ ਕੀਤੇ ਗਏ ਹਨ | ਪੁਲਿਸ ਦਾ ਪੂਰਾ ਧਿਆਨ ਅੰਬਾਲਾ-ਰਾਜਪੁਰਾ ਦਰਮਿਆਨ ਸ਼ੰਭੂ ਬਾਰਡਰ, ਬਹਾਦਰਗੜ੍ਹ 'ਚ ਟਿਕਰੀ ਬਾਰਡਰ, ਡੱਬਵਾਲੀ 'ਚ ਬਠਿੰਡਾ ਚੌਕ ਤੇ ਸੋਨੀਪਤ 'ਚ ਐਜੂਕੇਸ਼ਨ ਸਿਟੀ ਰਾਈ 'ਚ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਦੇ ਚਲਦੇ ਜ਼ਿਆਦਾ ਬੰਦੋਬਸਤ ਕੀਤੇ ਗਏ ਹਨ | ਡੀ. ਜੀ. ਪੀ. ਮਨੋਜ ਯਾਦਵ ਨੇ ਦੱਸਿਆ ਕਿ ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀਆਂ 5 ਕੰਪਨੀਆਂ ਬੁਲਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਸਿਰਸਾ, ਅੰਬਾਲਾ, ਜੀਂਦ ਨਾਲ ਲਗਦੇ ਪੰਜਾਬ ਬਾਰਡਰ ਅਤੇ ਸੋਨੀਪਤ 'ਚ ਦਿੱਲੀ ਬਾਰਡਰ 'ਤੇ ਤਾਇਨਾਤ ਕੀਤਾ ਗਿਆ ਹੈ | ਇਸ ਦੇ ਇਲਾਵਾ ਪੁਲਿਸ ਦੀਆਂ 14 ਵਾਧੂ ਕੰਪਨੀਆਂ ਵੀ ਲਗਾਈਆਂ ਗਈਆਂ ਹਨ | ਪੁਲਿਸ ਨੂੰ ਕਿਸਾਨਾਂ ਨਾਲ ਸਿੱਧੇ ਟੱਕਰ ਲੈਣ ਦੀ ਥਾਂ ਟਕਰਾਅ ਟਾਲਣ ਲਈ ਕਿਹਾ ਗਿਆ ਹੈ | ਨਾਲ ਹੀ ਪੁਲਿਸ ਨੇ ਕਿਸੇ ਤਰ੍ਹਾਂ ਨਾਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਵੀ ਰਣਨੀਤੀ ਬਣਾਈ ਹੋਈ ਹੈ | ਜਿਥੇ ਕਿਸਾਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ ਉਥੇ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਜਾ ਰਹੇ ਹਨ ਅਤੇ ਇਸ ਵਾਰ ਹਰਿਆਣਾ ਪੁਲਿਸ ਕਿਸਾਨ ਅੰਦੋਲਨ ਦੇ ਨਾਲ ਪੀਪਲੀ ਵਾਲਾ ਟਕਰਾਅ ਟਾਲਣਾ ਚਾਹੁੰਦੀ ਹੈ | ਪੀਪਲੀ 'ਚ ਕਿਸਾਨਾਂ 'ਤੇ ਲਾਠੀਚਾਰਜ ਨਾਲ ਸਰਕਾਰ ਤੇ ਪੁਲਿਸ ਦੀ ਕਾਫ਼ੀ ਕਿਰਕਿਰੀ ਹੋਈ ਸੀ | ਦੂਜੇ ਪਾਸੇ ਕਿਸਾਨ ਸੰਗਠਨ ਵੀ ਇਸੇ ਗੱਲ 'ਤੇ ਅੜੇ ਹੋਏ ਹਨ ਕਿ ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹ ਜਿਥੇ ਵੀ ਉਨ੍ਹਾਂ ਨੂੰ ਰੋਕਣਗੇ ਉਹ ਉਥੇ ਹੀ ਧਰਨਾ ਲਗਾ ਕੇ ਬੈਠ ਜਾਣਗੇ | ਇਸੇ ਦਰਮਿਆਨ ਕਾਂਗਰਸ ਤੇ ਇਨੈਲੋ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਅਗਲੇ ਦੋ ਦਿਨ ਸੂਬਾ ਸਰਕਾਰ ਤੇ ਕਿਸਾਨ ਸੰਗਠਨਾਂ ਦਰਮਿਆਨ ਜ਼ਿਆਦਾ ਟਕਰਾਅ ਵਾਲੇ ਸਾਬਤ ਹੋ ਸਕਦੇ ਹਨ | ਪੰਜਾਬ ਦੇ ਨਾਲ ਲਗਦੀਆਂ ਸਰਹੱਦਾਂ 'ਤੇ ਪੁਲਿਸ ਤੇ ਪ੍ਰਸ਼ਾਸਨ ਨੇ ਵਾਧੂ ਬੰਦੋਬਸਤ ਵੀ ਕੀਤੇ ਹਨ ਤੇ ਵਿਸ਼ੇਸ਼ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ | ਗ੍ਰਹਿ ਸਕੱਤਰ ਅਤੇ ਮੁੱਖ ਸਕੱਤਰ ਤੋਂ ਇਲਾਵਾ ਡੀ. ਜੀ. ਪੀ. ਹਰਿਆਣਾ ਤੋਂ ਲੈ ਕੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਤੱਕ ਪਲ-ਪਲ ਹਰ ਸਰਗਰਮੀ 'ਤੇ ਨਜ਼ਰ ਰੱਖ ਰਹੇ ਹਨ |
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਦੇਸ਼ ਦੇ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਵੀ ਹੋਰ ਪ੍ਰਸਤਾਵਤ ਹੱਲ ਮਨਜ਼ੂਰ ਨਹੀਂ ਹੋਵੇਗਾ | ਇਹ ਹੋਕਾ ਦਿੱਤਾ ਦਿੱਲੀ ਵੱਲ ਕੂਚ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਹੋਏ ਗੱਠਜੋੜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਮੋਰਚੇ ਦੇ ਆਗੂਆਂ ਮੁਤਾਬਿਕ ਕੇਂਦਰ ਸਰਕਾਰ ਵਲੋਂ ਸੰਸਦ 'ਚ ਪਿਛਲੇ ਇਜਲਾਸ 'ਚ ਲਿਆਂਦੇ ਗਏ 3 ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ 'ਦਿੱਲੀ ਚਲੋ' ਪ੍ਰੋਗਰਾਮ ਤਹਿਤ ਰਾਜਧਾਨੀ ਦੇ ਨਾਲ ਲੱਗਦੇ ਪੰਜ ਰਾਜਾਂ-ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੇ ਕਿਸਾਨ ਆਗੂ ਦਿੱਲੀ 'ਚ ਆਪਣੇ ਅੰਦੋਲਨ ਨੂੰ ਭਖਾਉਣ ਦੀ ਕਵਾਇਦ ਵਜੋਂ ਰਾਜਧਾਨੀ ਦਾ ਰੁਖ਼ ਕਰ ਰਹੇ ਹਨ ਜਦਕਿ ਦੇਸ਼ ਦੇ ਬਾਕੀ 20 ਰਾਜਾਂ 'ਚ ਕਿਸਾਨ ਜਥੇਬੰਦੀਆਂ ਆਪੋ-ਆਪਣੇ ਰਾਜਾਂ 'ਚ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ 'ਤੇ ਅੰਦੋਲਨ ਨੂੰ ਗਤੀ ਦੇਣਗੀਆਂ | ਇਹ ਕਹਿਣਾ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਗੱਠਜੋੜ ਸੰਯੁਕਤ ਕਿਸਾਨ ਮੋਰਚੇ ਦਾ, ਜਿਸ 'ਚ ਆਲ ਇੰਡੀਆ ਕਿਸਾਨ ਸੰਘਰਸ਼ ਗੱਠਜੋੜ ਕਮੇਟੀ, ਰਾਸ਼ਟਰੀ ਕਿਸਾਨ ਮਹਾਂਸੰਘ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਭਾਰਤੀ ਕਿਸਾਨ ਯੂਨੀਅਨ ਸਮੇਤ ਕਈ ਜਥੇਬੰਦੀਆਂ ਸ਼ਾਮਿਲ ਹਨ | ਕਿਸਾਨ ਆਗੂ ਅਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਸਾਨ ਅੰਦੋਲਨ ਨੂੰ ਪੰਜਾਬ ਅੰਦੋਲਨ ਦੀ ਥਾਂ 'ਤੇ ਰਾਸ਼ਟਰੀ ਪੱਧਰੀ ਅੰਦੋਲਨ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਦਬਾਉਣ ਲਈ ਦੇਸ਼ ਨੂੰ ਇਹ ਕਹਿ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਅੰਦੋਲਨ ਸਿਰਫ਼ ਪੰਜਾਬ ਤੱਕ ਸੀਮਤ ਹਨ ਪਰ ਇਸ ਅੰਦੋਲਨ 'ਚ ਪੰਜਾਬ ਅਗਲੇਰੀ ਭੂਮਿਕਾ ਨਿਭਾਅ ਰਿਹਾ ਹੈ ਕਿਉਂਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਮੁੱਦੇ 'ਤੇ ਸ਼ੁਰੂ ਤੋਂ ਹੀ ਇਕਜੁੱਟ ਹੋ ਕੇ ਲਾਮਬੰਦ ਹੋਈਆਂ ਹਨ ਜਦਕਿ ਉੱਤਰ ਪ੍ਰਦੇਸ਼, ਹਰਿਆਣਾ ਤੇ ਉੱਤਰਾਖੰਡ ਦੀਆਂ ਕਿਸਾਨ ਜਥੇਬੰਦੀਆਂ ਉਨ੍ਹੀਆਂ ਵਿਵਸਥਿਤ ਨਹੀਂ ਹਨ ਅਤੇ ਰਾਜਸਥਾਨ 'ਚ ਪੰਤਾਇਤ ਚੋਣਾਂ ਹੋਣ ਕਾਰਨ ਉੱਥੋਂ ਦੇ ਕਿਸਾਨ ਵੱਡੇ ਪੱਧਰ 'ਤੇ ਹਿੱਸੇਦਾਰੀ ਨਹੀਂ ਪਾ ਰਹੇ | ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਸਾਰੇ ਕਿਸਾਨਾਂ ਲਈ ਮਾਰੂ ਹਨ | ਇਸ ਲਈ ਇਹ ਅੰਦੋਲਨ ਵੀ ਕਿਸੇ ਇਕ ਸੂਬੇ ਤੱਕ ਨਹੀਂ ਸਗੋਂ ਸਮੁੱਚੇ ਦੇਸ਼ 'ਚ ਚੱਲ ਰਿਹਾ ਹੈ | ਰਾਜਧਾਨੀ ਦੇ ਨਾਲ ਲੱਗਦੇ ਸੂਬੇ ਇੱਥੇ ਪਹੁੰਚ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਜਦਕਿ ਬਾਕੀ 20 ਰਾਜਾਂ ਆਪੋ-ਆਪਣੇ ਰਾਜਾਂ 'ਚ ਸੰਘਰਸ਼ ਕਰਨਗੇ |
ਹਰਿਆਣਾ 'ਚ ਦੂਜੇ ਦਿਨ ਵੀ ਜਾਰੀ ਰਿਹਾ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਦਾ ਸਿਲਸਿਲਾ
ਮੰਗਲਵਾਰ ਤੜਕੇ ਤੋਂ ਹਰਿਆਣਾ 'ਚ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਦਾ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਰਿਹਾ | ਹਰਿਆਣਾ ਦੇ ਰਿਵਾੜੀ ਦੇ ਇਕ ਪਿੰਡ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਹਾਸਲ ਹੋਈ ਜਾਣਕਾਰੀ ਮੁਤਾਬਿਕ ਤਕਰੀਬਨ 100 ਕਿਸਾਨ ਆਗੂਆਂ ਨੂੰ ਹਰਿਆਣਾ ਸਰਕਾਰ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਜਿੰਨ੍ਹਾਂ 'ਚ ਔਰਤ ਆਗੂ ਵੀ ਸ਼ਾਮਿਲ ਹਨ |
5 ਥਾਵਾਂ 'ਤੇ ਇਕੱਠੇ ਹੋਣਗੇ ਕਿਸਾਨ ਆਗੂ
ਦਿੱਲੀ ਕੂਚ ਕਰ ਰਹੇ ਕਿਸਾਨ ਆਗੂਆਂ ਨੇ 5 ਥਾਵਾਂ ਨਿਸਚਿਤ ਕੀਤੀਆਂ ਹਨ ਜਿੱਥੇ ਉਹ ਇਕੱਠੇ ਹੋ ਕੇ ਰਾਜਧਾਨੀ ਵੱਲ ਵਧਣਗੇ, ਇਨ੍ਹਾਂ 'ਚ ਰਾਸ਼ਟਰੀ ਸ਼ਾਹਰਾਹ ਕੁੰਡਲੀ ਬਾਰਡਰ, ਰੋਹਤਕ ਦਿੱਲੀ ਸੜਕ 'ਤੇ ਸਥਿਤ ਸਾਂਪਲ, ਬਿਲਾਸਪੁਰ ਫ਼ਰੀਦਾਬਾਦ ਸੈਕਟਰ 12 ਅਤੇ ਹਾਪੁੜ ਸ਼ਾਮਿਲ ਹਨ |
ਨਾਅਰਿਆਂ ਦੇ ਨਾਲ ਅੱਗੇ ਵਧ ਰਹੇ ਕਿਸਾਨ ਆਗੂ
ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਮਨ ਬਣਾਏ ਬੈਠੇ ਕਿਸਾਨ ਆਗੂ ਕਈ ਕ੍ਰਾਂਤੀਕਾਰੀ ਨਾਅਰਿਆਂ ਰਾਹੀਂ ਵੀ ਅੰਦੋਲਨ ਭਖਾ ਰਹੇ ਹਨ | ਮਹਾਰਾਸ਼ਟਰ ਤੋਂ ਸੜਕ ਰਾਹੀਂ ਦਿੱਲੀ ਵੱਲ ਆ ਰਹੀ ਸੜਕ ਰਾਹੀਂ ਕਿਸਾਨ ਆਗੂ ਪ੍ਰਤਿਭਾ ਸ਼ਿੰਦੇ ਨੇ ਰਾਹ 'ਚ ਵੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਿਸਾਨ ਤਿਆਰ ਹਨ |
ਇਕ ਪਾਂਵ ਰੇਲ ਮੇਂ,
ਇਕ ਪਾਂਵ ਜੇਲ੍ਹ ਮੇਂ |
ਜੇਲ੍ਹ ਜਾਣ ਤੱਕ ਦੀ ਤਿਆਰੀ ਕਰੀ ਬੈਠੇ ਕਿਸਾਨ ਆਗੂਆਂ ਨੇ ਇਹ ਵੀ ਨਾਅਰਾ ਲਾਇਆ
ਜਬ ਤੱਕ ਖੇਤ ਮੇਂ ਚਨਾ ਰਹੇਗਾ,
ਆਣਾ-ਜਾਣਾ ਬਨਾ ਰਹੇਗਾ |
ਜੰਤਰ-ਮੰਤਰ 'ਤੇ ਇਕੱਠੀਆਂ ਹੋਣਗੀਆਂ ਕਿਸਾਨ ਜਥੇਬੰਦੀਆਂ
ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਗਏ ਪ੍ਰੋਗਰਾਮ ਮੁਤਾਬਿਕ 26 ਨਵੰਬਰ ਨੂੰ ਸਵੇਰੇ 11 ਵਜੇ ਜੰਤਰ-ਮੰਤਰ ਵਿਖੇ ਉਹ ਪ੍ਰਦਰਸ਼ਨ ਕਰਨਗੇ ਹਾਲਾਂਕਿ ਪ੍ਰਦਰਸ਼ਨ ਸਬੰਧੀ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਤਲਾਹ ਕਰਨ ਸਬੰਧੀ ਕਿਸਾਨ ਆਗੂਆਂ ਅਤੇ ਦਿੱਲੀ ਪੁਲਿਸ ਦੇ ਦਾਅਵਿਆਂ 'ਚ ਕੋਈ ਇਕਸੁਰਤਾ ਨਹੀਂ ਹੈ | ਦਿੱਲੀ ਪੁਲਿਸ ਵਲੋਂ ਬੁੱਧਵਾਰ ਨੂੰ ਮੁੜ ਪਾਏ ਟਵੀਟ 'ਚ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ ਲਈ ਹੈ | ਇਸ ਲਈ ਜੋ ਵੀ ਆਗੂ ਪ੍ਰਦਰਸ਼ਨ ਲਈ ਆਵੇਗਾ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਪਰ ਕਿਸਾਨ ਆਗੂ ਹਨਨ ਮੱੁਲ੍ਹਾ ਨੇ ਦਾਅਵਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨਾਲ ਇਕ ਮਹੀਨੇ ਤੋਂ ਇਸ ਬਾਰੇ 'ਚ ਗੱਲਬਾਤ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਰਾਮਲੀਲ੍ਹਾ ਮੈਦਾਨ 'ਚ ਪ੍ਰਦਰਸ਼ਨ ਬਾਰੇ ਗੱਲਬਾਤ ਹੋ ਰਹੀ ਸੀ ਪਰ ਫਿਰ ਜੰਤਰ-ਮੰਤਰ ਬਾਰੇ ਪੁਲਿਸ ਵਲੋਂ ਸਹਿਮਤੀ ਪ੍ਰਗਟਾਈ |
ਕੇਂਦਰ ਸਰਕਾਰ ਨੇ ਆਪ ਹੀ 2 ਦਸੰਬਰ ਤੱਕ ਪ੍ਰਦਰਸ਼ਨ ਕਰਨ ਨੂੰ ਕੀਤਾ ਮਜਬੂਰ-ਡਾ: ਦਰਸ਼ਨ ਪਾਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੁਖੀ ਡਾ: ਦਰਸ਼ਨ ਪਾਲ ਨੇ ਸਰਕਾਰ ਵਲੋਂ ਗੱਲਬਾਤ ਦਾ ਸੱਦਾ 3 ਦਸੰਬਰ ਨੂੰ ਦਿੱਤੇ ਜਾਣ 'ਤੇ ਨਿਰਾਸ਼ਾ ਪ੍ਰਗਟਾਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਹ ਪ੍ਰਦਰਸ਼ਨ ਘੱਟੋ-ਘੱਟ 2 ਦਸੰਬਰ ਤੱਕ ਜਾਰੀ ਰੱਖਣ ਲਈ ਆਪ ਹੀ ਮਜਬੂਰ ਕਰ ਦਿੱਤਾ |
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪਾਰਟੀ ਦੇ ਸੰਕਟਮੋਚਕ ਅਤੇ ਪਰਦੇ ਦੇ ਪਿੱਛੇ ਰਹਿ ਕੇ ਕਿੰਗਮੇਕਰ ਦੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਬੁੱਧਵਾਰ ਸਵੇਰੇ ਤਕਰੀਬਨ ਸਾਢੇ 3 ਵਜੇ ਦਿਹਾਂਤ ਹੋ ਗਿਆ | 71 ਸਾਲਾ ਪਟੇਲ ਨੇ ਗੁੜਗਾਓਾ ਦੇ ਮੇਦਾਂਤਾ ਹਸਪਤਾਲ 'ਚ ਆਖ਼ਰੀ ਸਾਹ ਲਏ | ਅਹਿਮਦ ਪਟੇਲ 1 ਅਕਤੂਬਰ ਨੂੰ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਲਗਾਤਾਰ ਖ਼ਰਾਬ ਚੱਲ ਰਹੀ ਸੀ | ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਟਵਿੱਟਰ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੁੱਧਵਾਰ ਸਵੇਰੇ ਤਕਰੀਬਨ ਸਾਢੇ 3 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ | ਅਹਿਮਦ ਪਟੇਲ ਨੂੰ ਭਰੁੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਪੀਰਾਮਨ 'ਚ ਵੀਰਵਾਰ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ | ਅਹਿਮਦ ਪਟੇਲ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਦਫ਼ਨਾਇਆ ਜਾਵੇ | ਹਾਸਲ ਜਾਣਕਾਰੀ ਮੁਤਾਬਿਕ ਇਲਾਜ ਦੌਰਾਨ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ | ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਅਤੇ ਬੇਟੀ ਮੁਮਤਾਜ ਪਟੇਲ ਸਦਿਕੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਕੋਰੋੋਨਾ ਨਾਲ ਜੁੜੇ ਨੇਮਾਂ ਦੀ ਪਾਲਣਾ ਕਰਨ ਅਤੇ ਭੀੜ-ਭਾੜ ਤੋਂ ਬਚਣ | ਅਹਿਮਦ ਪਟੇਲ ਨੇ 1 ਅਕਤੂਬਰ ਨੂੰ ਖੁਦ ਟਵੀਟ ਕਰ ਕੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ | ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੇ ਪਟੇਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਫ਼ਾਦਾਰ ਸਾਥੀ ਅਤੇ ਇਕ ਦੋਸਤ ਗੁਆਇਆ ਹੈ | ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਹਿਮਦ ਪਟੇਲ ਨੂੰ ਕਾਂਗਰਸ ਪਾਰਟੀ ਦੇ ਥੰਮ੍ਹ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਜੀਆ ਹੈ ਅਤੇ ਉਹ ਸਭ ਤੋਂ ਔਖੀ ਘੜੀ 'ਚ ਪਾਰਟੀ ਨਾਲ ਖੜ੍ਹੇ ਰਹੇ | ਇਸੇ ਦੌਰਾਨ ਪਿ੍ਅੰਕਾ ਗਾਂਧੀ ਨੇ ਪਟੇਲ ਨੂੰ ਅਜਿਹਾ ਸਮਝਦਾਰ ਅਤੇ ਤਜ਼ਰਬੇਕਾਰ ਸਾਥੀ ਕਰਾਰ ਦਿੱਤਾ, ਜਿਨ੍ਹਾਂ ਤੋਂ ਉਹ ਲਗਾਤਾਰ ਸਲਾਹ ਲੈਂਦੇ ਰਹੇ ਹਨ | ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅਹਿਮਦ ਪਟੇਲ ਦੀ ਪਤਨੀ ਮੇਮੁਸਾ ਅਹਿਮਦ ਨੂੰ ਚਿੱਠੀ ਲਿਖ ਕੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਗੁਜਰਾਤ ਦੇ ਭਰੁੱਚ ਜ਼ਿਲ੍ਹੇ ਦੀਆਂ ਸਥਾਨਕ ਚੋਣਾਂ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਪਟੇਲ ਨੇ ਆਪਣੀ ਮਿਹਨਤ ਸਦਕਾ ਕਾਂਗਰਸ 'ਚ ਨਿਵੇਕਲੀ ਥਾਂ ਬਣਾਈ ਸੀ | ਉਨ੍ਹਾਂ ਪਟੇਲ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪਾਰਟੀ ਮਾਮਲਿਆਂ ਬਾਰੇ ਪਟੇਲ ਦੀ ਸੋਝੀ ਦੀ ਬਰਾਬਰੀ ਨਹੀਂ ਕੀਤੀ ਜਾ ਸਕੀ |
ਮੋਦੀ ਸਮੇਤ ਕਈ ਭਾਜਪਾ ਨੇਤਾਵਾਂ ਨੇ ਪਟੇਲ ਨੂੰ ਦਿੱਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਭਾਜਪਾ ਆਗੂਆਂ ਨੇ ਵੀ ਅਹਿਮਦ ਪਟੇਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਮੋਦੀ ਨੇ ਪਟੇਲ ਦੇ ਬੇਟੇ ਫੈਜ਼ਲ ਨਾਲ ਫ਼ੋਨ 'ਤੇ ਗੱਲ ਕਰ ਕੇ ਵੀ ਹਮਦਰਦੀ ਪ੍ਰਗਟਾਈ | ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ.ਨੱਢਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ |
ਕੋਰੋਨਾ ਦੇ ਫੈਲਾਅ ਨੂੰ ਵੇਖਦਿਆਂ ਨਵੀਆਂ ਪਾਬੰਦੀਆਂ
ਚੰਡੀਗੜ੍ਹ, 25 ਨਵੰਬਰ (ਅਜੀਤ ਬਿਊਰੋ)-ਪੰਜਾਬ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿਚ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ | ਇਨ੍ਹਾਂ ਵਿਚ ਪਹਿਲੀ ਦਸੰਬਰ ਤੋਂ ਸੂਬੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ 'ਚ ਦੁਬਾਰਾ ਰਾਤ ਦਾ ਕਰਫ਼ਿਊ ਲਾਇਆ ਜਾਣਾ ਅਤੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਦੁੱਗਣਾ ਜੁਰਮਾਨਾ ਲਾਇਆ ਜਾਣਾ ਸ਼ਾਮਿਲ ਹਨ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ 15 ਦਸੰਬਰ ਨੂੰ ਕੀਤੀ ਜਾਵੇਗੀ ਤੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਰਾਤ ਦਾ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਰਹੇਗਾ | ਇਕ ਉੱਚ ਪੱਧਰੀ ਸੂਬਾਈ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਨਵੀਆਂ ਪਾਬੰਦੀਆਂ ਬਾਰੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਜੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ | ਫ਼ੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਨਿੱਜੀ ਹਸਪਤਾਲਾਂ 'ਚ ਬਿਸਤਰਿਆਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇ | ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਤੇ ਆਈ.ਸੀ.ਯੂ. ਬੈੱਡਜ਼ ਦੀ ਉਪਲਬਧਤਾ ਨੂੰ ਹੋਰ ਹੁਲਾਰਾ ਦੇਣ ਲਈ ਐਲ 99 ਅਤੇ ਐਲ 999 ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਹੁਕਮ ਦਿੱਤੇ | ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਤੇ ਸਿਵਲ ਹਸਪਤਾਲਾਂ ਦੇ ਪ੍ਰਬੰਧਨ 'ਤੇ ਵੀ ਨਿਗ੍ਹਾ ਰੱਖੀ ਜਾਵੇਗੀ | ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਸਪੈਸ਼ਲਿਸਟਾਂ, ਸੁਪਰ ਸਪੈਸ਼ਲਿਸਟਾਂ, ਨਰਸਾਂ ਤੇ ਪੈਰਾ ਮੈਡਿਕਸ ਦੀਆਂ ਹੰਗਾਮੀ ਭਰਤੀਆਂ ਕਰਨ ਅਤੇ ਚੌਥੇ ਤੇ ਪੰਜਵੇਂ ਵਰੇ੍ਹ ਦੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਭਵਿੱਖ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਰਾਖਵੇਂ ਤੌਰ 'ਤੇ ਰੱਖਿਆ ਜਾਵੇ | ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਰੋਜ਼ਾਨਾ ਦੀ 25,500 ਆਰ. ਟੀ.ਪੀ.ਸੀ.ਆਰ. ਟੈਸਟਿੰਗ ਸਮਰੱਥਾ ਦੀ ਭਰਪੂਰ ਵਰਤੋਂ ਕੀਤੀ ਜਾਵੇ ਅਤੇ ਸਰਕਾਰੀ ਅਧਿਕਾਰੀਆਂ ਦੀ ਨਿਯਮਿਤ ਰੂਪ ਨਾਲ ਟੈਸਟਿੰਗ ਕੀਤੀ ਜਾਵੇ | ਇਹ ਯਕੀਨੀ ਬਣਾਉਣ ਲਈ ਕਿ ਘਰੇਲੂ ਇਕਾਂਤਵਾਸ ਦੌਰਾਨ ਕੋਈ ਮੌਤ ਨਾ ਹੋਵੇ, ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਜਾਂ ਮਾਮਲਿਆਂ 'ਤੇ ਨਜ਼ਰ ਰੱਖਣ ਲਈ ਜਿਸ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਣ ਉਸ ਨੂੰ ਅਜਿਹੇ ਮਰੀਜ਼ਾਂ 'ਤੇ ਕਰੜੀ ਨਿਗ੍ਹਾ ਰੱਖਣੀ ਚਾਹੀਦੀ ਹੈ | ਕੋਵਿਡ ਦੀ ਵੈਕਸੀਨ (ਦਵਾਈ) ਛੇਤੀ ਆ ਜਾਣ ਦੀਆਂ ਰਿਪੋਰਟਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਿਹਤ ਕਾਮਿਆਂ ਦਾ ਪੂਰਾ ਡਾਟਾਬੇਸ ਤਿਆਰ ਹੋ ਚੁੱਕਾ ਹੈ ਪਰ ਵਿਭਾਗਾਂ ਨੂੰ ਵਰੰਟਲਾਈਨ ਵਰਕਰਾਂ ਦੀਆਂ ਹੋਰਨਾਂ ਸ਼੍ਰੇਣੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਤਰਜੀਹੀ ਆਧਾਰ 'ਤੇ ਇਹ ਦਵਾਈ ਦਿੱਤੀ ਜਾ ਸਕੇ |
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਲਕਸ਼ਮੀ ਵਿਲਾਸ ਬੈਂਕ ਦੇ ਤਕਰੀਬਨ 20 ਲੱਖ ਜਮ੍ਹਾਂਕਰਤਾਵਾਂ ਅਤੇ 4000 ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰੀ ਮੰਤਰੀ ਮੰਡਲ ਨੇ ਲਕਸ਼ਮੀ ਵਿਲਾਸ ਬੈਂਕ ਦੇ ਡੀ.ਬੀ.ਐੱਸ. ਬੈਂਕ ਇੰਡੀਆ ਲਿਮਟਿਡ ਦੇ ਨਾਲ ਰਲੇਵੇਂ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਮੰਤਰੀ ਮੰਡਲ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਲਕਸ਼ਮੀ ਵਿਲਾਸ ਬੈਂਕ ਦੇ ਜਮ੍ਹਾਂਕਰਤਾ 'ਤੇ ਰਕਮ ਕਢਵਾਉਣ ਲਈ ਮਿੱਥੀ ਗਈ ਹੱਦ ਹੁਣ ਖ਼ਤਮ ਹੋ ਜਾਵੇਗੀ | ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹੁਣ ਲਕਸ਼ਮੀ ਵਿਲਾਸ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਡੀ.ਬੀ.ਐੱਸ. ਬੈਂਕ ਇੰਡੀਆ ਵਜੋਂ ਕੰਮ ਕਰਨਗੀਆਂ ਅਤੇ ਸ਼ੁੱਕਰਵਾਰ ਤੋਂ ਲਕਸ਼ਮੀ ਵਿਲਾਸ ਬੈਂਕ ਤੋਂ ਰਕਮ ਕਢਵਾਈ ਜਾ ਸਕਦੀ ਹੈ | ਕੇਂਦਰ ਸਰਕਾਰ ਵਲੋਂ ਲਕਸ਼ਮੀ ਵਿਲਾਸ ਬੈਂਕ ਦੇ ਜਮ੍ਹਾਂਕਰਤਾਵਾਂ ਲਈ ਰਕਮ ਕਢਵਾਉਣ ਦੀ ਹੱਦ ਤੈਅ ਕਰਨ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਵਲੋਂ ਨਿਯੁਕਤ ਕੀਤੇ ਗਏ ਲਕਸ਼ਮੀ ਵਿਲਾਸ ਬੈਂਕ ਦੇ ਪ੍ਰਸ਼ਾਸਕ ਟੀ.ਐੱਨ. ਮਨੋਹਰਨ ਨੇ ਭਰੋਸਾ ਦਿਵਾਉਂਦਿਆਂ ਕਿਹਾ ਸੀ ਕਿ ਲਕਸ਼ਮੀ ਵਿਲਾਸ ਬੈਂਕ ਕੋਲ ਜਮ੍ਹਾਂਕਰਤਾਵਾਂ ਦਾ ਪੈਸਾ ਵਾਪਸ ਕਰਨ ਲਈ ਲੋੜੀਂਦੀ ਰਕਮ ਮੌਜੂਦ ਹੈ | ਬੁੱਧਵਾਰ ਨੂੰ ਕੈਬਨਿਟ ਦੇ ਫ਼ੈਸਲੇ ਤੋਂ ਬਾਅਦ ਆਰ.ਬੀ.ਆਈ. ਵਲੋਂ ਜਾਰੀ ਬਿਆਨ 'ਚ ਇਹ ਵੀ ਕਿਹਾ ਗਿਆ ਕਿ ਲਕਸ਼ਮੀ ਵਿਲਾਸ ਬੈਂਕ ਦੇ ਜਮ੍ਹਾਂਕਰਤਾਵਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਡੀ.ਬੀ.ਐੱਸ. ਬੈਂਕ ਇੰਡੀਆ ਸਾਰੀਆਂ ਲੋੜੀਂਦੀਆਂ ਵਿਵਸਥਾਵਾਂ ਕਰ ਰਿਹਾ ਹੈ |
ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਅਰਜਨਟਾਈਨਾ ਦੇ ਮਹਾਨ ਫੁੱਟਬਾਲ ਖਿਡਾਰੀ ਡੀਏਗੋ ਅਰਮਾਂਡੋ ਮਾਰਾਡੋਨਾ (60) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਅਰਜਨਟਾਈਨਾ ਦੇ ਸਥਾਨਕ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮਾਰਾਡੋਨਾ ਨੂੰ ਕੁਝ ਹਫ਼ਤੇ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ | ਮਾਰਾਡੋਨਾ ਨੂੰ ਉਨ੍ਹਾਂ ਦੇ ਘਰ 'ਚ ਹੀ ਦਿਲ ਦਾ ਦੌਰਾ ਪਿਆ ਹੈ | ਉਨ੍ਹਾਂ ਦੀ 2 ਹਫ਼ਤੇ ਪਹਿਲਾਂ ਹੀ 'ਬ੍ਰੇਨ 'ਚ ਕਲਾਟ' ਦੀ ਵਜ੍ਹਾ ਕਰਕੇ ਸਰਜਰੀ ਹੋਈ ਸੀ | ਉਨ੍ਹਾਂ ਦਾ ਜਨਮ 30 ਅਕਤੂਬਰ 1960 ਨੂੰ ਹੋਇਆ ਸੀ, ਅਰਜਨਟਾਈਨਾ ਫੁੱਟਬਾਲ ਟੀਮ ਦੇ ਕੈਪਟਨ ਰਹੇ ਮਾਰਾਡੋਨਾ ਨੇ ਆਪਣੇ ਦੇਸ਼ ਨੂੰ 1986 'ਚ ਫੁੱਟਬਾਲ ਦਾ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ | ਮਾਰਾਡੋਨਾ ਨੂੰ ਸਭ ਸਮਿਆਂ ਦਾ ਮਹਾਨ ਫੁੱਟਬਾਲਰ ਮੰਨਿਆ ਜਾਂਦਾ ਹੈ | ਆਪਣੇ ਖੇਡ ਕੈਰੀਅਰ ਦੌਰਾਨ ਮਾਰਾਡੋਨਾ ਨੋਪੋਲੀ, ਜੂਵੇਨਟਿਸ,ਬੋਕਾ ਜੂਨੀਅਰਜ਼, ਬਾਰਸੀਲੋਨਾ ਤੋਂ ਇਲਾਵਾ ਕਈ ਹੋਰ ਕਲੱਬਾਂ ਲਈ ਵੀ ਖੇਡੇ | ਮਾਰਾਡੋਨਾ ਵਲੋਂ 1986 ਦੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਇਗਲੈਂਡ ਖ਼ਿਲਾਫ਼ ਜਿੱਤ ਲਈ 'ਹੈਂਡ ਆਫ ਗਾਡ' ਲਈ ਯਾਦ ਕੀਤਾ ਜਾਂਦਾ ਹੈ | ਮਾਰਾਡੋਨਾ ਅਰਜਨਟਾਈਨਾ ਤੋਂ ਇਲਾਵਾ ਕਈ ਕਲੱਬਾਂ ਦੇ ਕੋਚ ਵੀ ਰਹੇ ਹਨ |
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਬਠਿੰਡਾ ਵਿਖੇ ਸਾਲ 2015 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਸੁਣਵਾਈ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਡੇਰਾ ਸਿਰਸਾ ਦੇ ਮੈਂਬਰਾਂ ਵਲੋਂ ਦਾਇਰ ਪਟੀਸ਼ਨ 'ਚ ਉਕਤ ਮਾਮਲੇ ਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ 'ਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਸੀ | ਇਸ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ ਮਾਮਲੇ ਦੀ ਪੰਜਾਬ ਵਿਚ ਨਿਰਪੱਖ ਸੁਣਵਾਈ ਨਹੀਂ ਹੋਵੇਗੀ ਤੇ ਨਾਲ ਹੀ ਸੂਬੇ 'ਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਵੀ ਬਣਿਆ ਰਹੇਗਾ | ਸੁਪਰੀਮ ਕੋਰਟ ਦੇ ਜੱਜ ਸੰਜੇ ਕਿਸ਼ਨ ਕੌਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਹ ਆਖਦੇ ਹੋਏ ਪਟੀਸ਼ਨ ਖ਼ਾਰਜ ਕਰ ਦਿੱਤੀ ਕਿ ਇਸ ਮਾਮਲੇ ਨੂੰ ਦੂਜੇ ਸੂਬੇ 'ਚ ਤਬਦੀਲ ਕਰਨ ਦਾ ਕੋਈ ਕਾਰਨ ਨਹੀਂ ਦਿਸਦਾ | ਹਾਲਾਂਕਿ ਅਦਾਲਤ ਨੇ ਸੁਣਵਾਈ ਕਰ ਰਹੀ ਅਦਾਲਤ ਨੂੰ ਇਸ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ਸੁਪਰੀਮ ਕੋਰਟ 'ਚ ਕੁੱਲ 8 ਦੋਸ਼ੀਆਂ ਨੇ ਪਟੀਸ਼ਨ ਦਾਖ਼ਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਦਿੱਲੀ ਜਾਂ ਕਿਸੇ ਹੋਰ ਸੂਬੇ 'ਚ ਕਰਵਾਉਣ ਦੀ ਮੰਗ ਕੀਤੀ ਸੀ | ਦੱਸਣਯੋਗ ਹੈ ਕਿ ਇਹ ਮਾਮਲਾ ਬਠਿੰਡਾ 'ਚ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨਾਲ ਸਬੰਧਿਤ ਹੈ ਅਤੇ ਡੇਰਾ ਸਿਰਸਾ ਦੇ 8 ਮੈਂਬਰਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਹੈ |
ਚੰਡੀਗੜ੍ਹ, 25 ਨਵੰਬਰ (ਮਾਨ)-ਅਹਿਮਦ ਪਟੇਲ ਦੇ ਦਿਹਾਂਤ 'ਤੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ ਕਿ ਸੀਨੀਅਰ ਕਾਂਗਰਸੀ ਨੇਤਾ ਅਤੇ ਚੰਗੇ ਮਿੱਤਰ ਅਹਿਮਦ ਪਟੇਲ ਦੇ ਬੇਵਕਤ ਵਿਛੋੜੇ ਬਾਰੇ ਜਾਣ ਕੇ ਜਿੱਥੇ ਉਹ ਹੈਰਾਨ ਹਨ ਉੱਥੇ ਇਹ ...
ਕੈਬਨਿਟ ਮੰਤਰੀ ਰਾਣਾ ਸੋਢੀ ਵੀ ਸਨ ਹਾਜ਼ਰ
-ਹਰਕਵਲਜੀਤ ਸਿੰਘ-
ਚੰਡੀਗੜ੍ਹ, 25 ਨਵੰਬਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੰਤਰੀ ਮੰਡਲ ਦੇ ਸਾਬਕਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਨਾਲ ਆਪਣੇ ਫਾਰਮ ਹਾਊਸ 'ਤੇ ਅੱਜ ਦੁਪਹਿਰ ਦੇ ਖਾਣੇ 'ਤੇ ਤਕਰੀਬਨ ਡੇਢ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਉਨ੍ਹਾਂ 26-27 ਨਵੰਬਰ ਨੂੰ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ 'ਚ ਪ੍ਰਦਰਸ਼ਨ ਕਰਨ ਲਈ ਆਉਣ ਵਾਲੇ ਵੱਖ-ਵੱਖ ਕਿਸਾਨ ਸੰਗਠਨਾਂ ਦੀਆਂ ਸ਼ਹਿਰ 'ਚ ਮਾਰਚ ਕਰਨ ਦੀਆਂ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਕਈ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬੁੱਧਵਾਰ ਨੂੰ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਤਾਜ਼ਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ 1 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX