• ਕੇਂਦਰ ਨਾਲ ਮੀਟਿੰਗ ਅੱਜ • ਹਾਂ-ਪੱਖੀ ਰਵੱਈਆ ਨਾ ਅਪਣਾਉਣ 'ਤੇ ਦਿੱਲੀ ਦੇ ਬਾਕੀ ਬਚੇ ਰਸਤੇ ਵੀ ਜਾਮ ਕਰਨ ਦੀ ਚਿਤਾਵਨੀ
ਸੁਰਿੰਦਰਪਾਲ ਸਿੰਘ ਵਰਪਾਲ
ਤਸਵੀਰਾਂ: ਹਰਜੀਤ ਸਿੰਘ
ਸਿੰਘੂ ਸਰਹੱਦ (ਦਿੱਲੀ)-2, ਦਸੰਬਰ-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਭਾਵਸ਼ਾਲੀ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੂੰ ਅੱਜ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਕਿਸਾਨ ਜਥੇਬੰਦੀਆਂ ਵਲੋਂ ਹੋਏ ਸੰਘਰਸ਼ ਨੂੰ ਦੇਸ਼ ਵਿਆਪੀ ਬਣਾਉਣ ਦਾ ਭਰਵਾਂ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਗਿਆ | ਉੱਥੇ ਹੀ ਸਿੰਘੂ ਸਰਹੱਦ (ਦਿੱਲੀ) ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਦਸੰਬਰ ਨੂੰ ਦੇਸ਼ ਭਰ ਵਿਚ ਕੇਂਦਰ ਸਰਕਾਰ ਅਤੇ ਕਾਪੋਰੇਟ ਘਰਾਣਿਆਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਕੇਂਦਰ ਨੂੰ ਦੋ ਟੁੱਕ ਜੁਆਬ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਵਿੱਢੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਦਿੱਲੀ ਦੇ ਬਾਕੀ ਬਚੇ ਰਸਤਿਆਂ ਨੂੰ ਵੀ ਜਾਮ ਕੀਤਾ ਜਾਵੇਗਾ | ਸਿੰਘੂ ਸਰਹੱਦ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ: ਦਰਸ਼ਨ ਪਾਲ ਨੇ ਕਿਹਾ ਕਿ ਕੱਲ੍ਹ 3 ਦਸੰਬਰ ਨੂੰ ਕੇਂਦਰ ਸਰਕਾਰ ਨਾਲ ਦਿੱਲੀ ਵਿਖੇ ਮੋਰਚੇ ਦੀ ਮੀਟਿੰਗ ਹੋਣੀ ਹੈ, ਜਿਸ 'ਚ ਮੋਰਚੇ ਦੀ ਮੰਗ ਮੁਤਾਬਿਕ ਇਕੱਲੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਗੱਲਬਾਤ ਕਰਨਗੇ ਅਤੇ ਇਸ ਬਾਬਤ ਬਾਕਾਇਦਾ ਕੇਂਦਰ ਵਲੋਂ ਲਿਖਤੀ ਰੂਪ 'ਚ ਉਕਤ ਜਥੇਬੰਦੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਸ਼ੈਤਾਨੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਇਕੱਲੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਹੀ ਬੁਲਾ ਕੇ ਘੋਲ ਦਾ ਦਾਇਰਾ ਪੰਜਾਬ ਤੱਕ ਸੀਮਤ ਕਰਨਾ ਚਾਹੁੰਦੀ ਹੈ, ਜਿਸ ਨੂੰ ਮੋਰਚਾ ਬਿਲਕੁਲ ਰੱਦ ਕਰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰਕੇ ਮੋਰਚੇ ਦੀ ਅਗਵਾਈ ਹੇਠ ਹੀ ਸੰਘਰਸ਼ ਲੜਨ ਦਾ ਸਪੱਸ਼ਟ ਰੂਪ 'ਚ ਐਲਾਨ ਕੀਤਾ ਹੈ | ਡਾ: ਦਰਸ਼ਨ ਪਾਲ ਨੇ ਕਿਹਾ ਕਿ 3 ਦਸੰਬਰ ਨੂੰ ਵਾਪਰੇ ਭੁਪਾਲ ਗੈਸ ਤ੍ਰਾਸਦੀ ਨੂੰ ਕਾਰਪੋਰੇਟ ਘਰਾਣਿਆਂ ਖ਼ਾਸ ਕਰਕੇ ਅੰਬਾਨੀ ਅਤੇ ਅਡਾਨੀ ਦਾ ਵਿਰੋਧ ਪ੍ਰਦਰਸ਼ਨ ਕਰਕੇ ਮਨਾਇਆ ਜਾਵੇਗਾ | 5 ਦਸੰਬਰ ਨੂੰ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਦੇਸ਼ ਭਰ ਵਿਚ ਅਰਥੀ ਫੂਰ ਮੁਜ਼ਾਹਰੇ ਕੀਤੇ ਜਾਣਗੇ | ਇਸ ਤੋਂ ਇਲਾਵਾ 7 ਦਸੰਬਰ ਨੂੰ ਸੈਨਿਕਾਂ ਕਲਾਕਾਰਾਂ ਅਤੇ ਖ਼ਿਡਾਰੀਆਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਲੋਂ ਮਿਲੇ ਹੋਏ ਆਪਣੇ ਪੁਰਸਕਾਰ ਵਾਪਸ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਨ ਅਤੇ ਹੋਰਨਾਂ ਨੈਸ਼ਨਲ ਐਵਾਰਡੀਆਂ ਨੂੰ ਵੀ ਅਪੀਲ ਹੈ ਕਿ ਉਹ ਕਾਨੂੰਨੀ ਤੌਰ 'ਤੇ ਆਪਣੇ ਪੁਰਸਕਾਰ ਵਾਪਸ ਕਰਕੇ ਕਿਸਾਨਾਂ ਦਾ ਸਮਰਥਨ ਕਰਨਗੇ | ਡਾ: ਦਰਸ਼ਨ ਪਾਲ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨਾਲ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਦੇ ਹਰੇਕ ਸੈਕਸ਼ਨ ਦਾ ਲਿਖਤੀ ਰੂਪ ਵਿਚ ਜੁਆਬ ਦੇਣਗੇ ਕਿ ਉਕਤ ਕਾਲੇ ਕਾਨੂੰਨ ਕਿਸਾਨਾਂ ਲਈ ਮਾਰੂ ਹਨ | ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਕੇਂਦਰ ਵਲੋਂ ਹਾਂ-ਪੱਖੀ ਰਵੱਈਆ ਨਾ ਅਪਣਾਇਆ ਗਿਆ ਤਾਂ ਅਗਲੇ ਦਿਨਾਂ 'ਚ ਦਿੱਲੀ ਨੂੰ ਜਾਂਦੇ ਹੋਰਨਾਂ ਰਸਤਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਿਕੈਤ ਵਲੋਂ ਉਨ੍ਹਾਂ ਨਾਲ ਮੀਟਿੰਗ ਕਰਕੇ ਹਰੇਕ ਪੱਧਰ ਦਾ ਸਮਰਥਨ ਦਿੱਤਾ ਹੈ | ਇਸ ਮੌਕੇ ਰਾਜਸਥਾਨ ਤੋਂ ਪਹੁੰਚੇ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਵਲੋਂ ਸੰਘਰਸ਼ ਵਿਚ ਨਿਭਾਈ ਜਾ ਰਹੀ ਮੂਹਰਲੀ ਭੂਮਿਕਾ ਅਧੀਨ ਰਾਜਸਥਾਨ ਦੇ ਕਿਸਾਨ-ਮਜ਼ਦੂਰ ਸ਼ਾਮਿਲ ਹੋਣਗੇ | ਇਸ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਬੰਗਾਲ, ਕੇਰਲਾ, ਗੁਜਰਾਤ, ਮੱਧ ਪ੍ਰਦੇਸ਼, ਓਡੀਸ਼ਾ ਆਦਿ ਭਾਰਤ ਪੱਧਰੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ | ਇਸ ਮੌਕੇ ਡਾ: ਦਰਸ਼ਨ ਪਾਲ ਤੋਂ ਇਲਾਵਾ ਯੋਗਿੰਦਰ ਯਾਦਵ, ਗੁਰਨਾਮ ਸਿੰਘ ਚੜੂਨੀ, ਰਣਜੀਤ ਸਿੰਘ ਰਾਜੂ, ਸ਼ਿਵ ਕੁਮਾਰ ਕੋਕਾ ਤੇ ਹੋਰ ਹਾਜ਼ਰ ਸਨ |
ਮੀਟਿੰਗ 'ਚ ਸ਼ਾਮਿਲ ਨਹੀਂ ਹੋਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਖੇਤੀ ਕਾਨੂੰਨਾਂ ਖ਼ਿਲਾਫ਼ ਕੁੰਡਲੀ ਸਰਹੱਦ ਦਿੱਲੀ ਵਿਖੇ ਡਟੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਸਭਰਾਂ, ਜਸਬੀਰ ਸਿੰਘ, ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਨੀਅਤ ਠੀਕ ਨਹੀਂ ਹੈ ਕਿਉਂਕਿ ਉਹ ਕਿਸਾਨਾਂ ਨਾਲ ਲੰਮੀ ਗੱਲਬਾਤ ਕਰਕੇ ਮਾੜਾ-ਮੋਟਾ ਸਮਝੌਤਾ ਕਰਨਾ ਚਾਹੁੰਦੀ ਹੈ | ਕੇਂਦਰ ਦੀ ਇਹ ਤਜਵੀਜ਼ ਕਿ ਕਿਸਾਨਾਂ ਦੇ ਸੰਘਰਸ਼ ਦੀ ਸਾਂਝੀ ਕਮੇਟੀ ਬਣਾਈ ਜਾਵੇ | ਇਹ ਕਦਮ ਸਭ ਤੋਂ ਖ਼ਤਰਨਾਕ ਹੈ | ਜਥੇਬੰਦੀ ਇਸ ਪੱਖ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ | ਉਨ੍ਹਾਂ ਕਿਹਾ ਕਿ ਕੇਂਦਰ ਕਾਨੂੰਨਾਂ ਵਿਚ ਗ਼ਲਤੀਆਂ ਪੁੱਛਦਾ ਹੈ ਜਦਕਿ ਪੂਰੇ ਖੇਤੀ ਕਾਨੂੰਨ ਹੀ ਖੇਤੀਬਾੜੀ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਉਸਾਰੂ ਅਤੇ ਸਿੱਟਾ ਮੁਖੀ ਗੱਲਬਾਤ ਨਾ ਹੋਣ ਕਰਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਇਸ ਵਾਰਤਾਲਾਪ 'ਚ ਸ਼ਾਮਿਲ ਨਹੀਂ ਹੋਵੇਗੀ |
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਅੰਦੋਲਨ ਦੀ ਹਮਾਇਤ
ਨਜ਼ੂਲ ਜ਼ਮੀਨਾਂ ਅਤੇ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਦਲਿਤਾਂ ਵਲੋਂ ਸਿੰਘੂ ਸਰਹੱਦ ਵਿਖੇ ਪਹੁੰਚ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨੀ ਘੋਲ ਦੀ ਹਮਾਇਤ ਕੀਤੀ ਗਈ | ਇਸ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਪਣੇ ਫਾਸ਼ੀਵਾਦੀ ਏਜੰਡੇ ਤਹਿਤ ਲੋਕ ਮਾਰੂ ਕਾਨੂੰਨ ਲਿਆ ਕੇ ਹਰੇਕ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਲੋਂ ਦਿੱਲੀ ਦੀ ਘੇਰਾਬੰਦੀ ਕਰਕੇ ਇਤਿਹਾਸਕ ਘੋਲ ਲੜਿਆ ਜਾ ਰਿਹਾ ਹੈ |
ਖ਼ਾਲਸਾ ਏਡ ਵਲੋਂ ਸੇਵਾ ਨਿਰੰਤਰ ਜਾਰੀ
ਖ਼ਾਲਸਾ ਏਡ ਵਲੋਂ ਸ਼ੁਰੂ ਕੀਤੀ ਗਈ ਆਪਣੀ ਸੇਵਾ ਨੂੰ ਨਿਰੰਤਰ ਜਾਰੀ ਰੱਖਦਿਆਂ ਅੱਜ ਜਿੱਥੇ ਗੱਦੇ, ਅੱਗ ਬੁਝਾਊ ਯੰਤਰ ਤੇ ਕੰਬਲ ਵੰਡੇ ਗਏ, ਉੱਥੇ ਹੀ ਲੰਗਰ ਤੋਂ ਇਲਾਵਾ ਫਸਟ ਏਡ ਕਿੱਟਾਂ ਵੀ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ ਗਈਆਂ | ਇਸ ਦੌਰਾਨ ਖ਼ਾਲਸਾ ਏਡ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸੰਸਥਾ ਵਲੋਂ ਕਿਸਾਨ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾ ਰਿਹਾ ਹੈ |
ਕਿਸਾਨਾਂ ਵਲੋਂ ਕੁੰਡਲੀ ਸਰਹੱਦ 'ਤੇ ਸ਼ਰਾਰਤੀ ਅਨਸਰ ਕਾਬੂ ਕਰਨ ਦਾ ਦਾਅਵਾ
ਖੇਤੀ ਕਾਨੂੰਨਾਂ ਖ਼ਿਲਾਫ਼ ਕੁੰਡਲੀ ਸਰਹੱਦ ਦਿੱਲੀ ਵਿਖੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿਚ ਜਥੇਬੰਦੀਆਂ ਦੇ ਆਗੂਆਂ ਵਲੋਂ 6 ਸ਼ਰਾਰਤੀ ਅਨਸਰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਫੜੇ ਗਏ ਨੌਜਵਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਡਿਊਟੀ ਲਗਾਏ ਜਾਣ ਦੀ ਗੱਲ ਕਬੂਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਇਨਸਾਫ਼ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹੱਥਕੰਡੇ ਅਪਣਾਏ ਜਾ ਰਹੇ ਹਨ |
ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚਣ ਲੱਗੇ ਪ੍ਰਵਾਸੀ ਭਾਰਤੀ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਸਰਹੱਦ 'ਤੇ ਹੋਏ ਇਤਿਹਾਸਕ ਇਕੱਠ 'ਚ ਕਿਸਾਨ-ਮਜ਼ਦੂਰਾਂ ਦੀ ਹਮਾਇਤ ਕਰਨ ਅਤੇ ਪਿੱਠ ਥਾਪੜਨ ਲਈ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ 'ਚੋਂ ਵੀ ਪ੍ਰਵਾਸੀ ਭਾਰਤੀ (ਐੱਨ.ਆਰ.ਆਈ.) ਨੌਜਵਾਨ ਪਹੁੰਚ ਰਹੇ ਹਨ ਜਦਕਿ ਦੂਜੇ ਪਾਸੇ ਸਿੰਘੂ ਸਰਹੱਦ 'ਤੇ ਕਰੀਬ 12-14 ਕਿੱਲੋਮੀਟਰ ਲੰਮੇ ਧਰਨੇ 'ਚ ਵੱਖ-ਵੱਖ ਸੰਸਥਾਵਾਂ, ਪ੍ਰਬੰਧਕ ਕਮੇਟੀਆਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਵਲੋਂ ਵੰਨ-ਸੁਵੰਨੇ ਪਦਾਰਥਾਂ ਦੇ ਲੰਗਰ ਲਗਾਏ ਗਏ ਹਨ, ਜਿੱਥੇ ਹਰ ਇਨਸਾਨ ਊਚ-ਨੀਚ, ਜਾਤ-ਪਾਤ ਤੋਂ ਉਪਰ ਉੱਠ ਕੇ ਇਕ-ਦੂਜੇ ਨੂੰ ਲੰਗਰ ਛਕਾਉਣ ਲਈ ਹੱਥ ਜੋੜਦਾ ਨਜ਼ਰ ਆਉਂਦਾ ਹੈ ਭਾਵੇਂ ਕਿ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤਾ ਗਿਆ ਪਰ ਇੱਥੋਂ ਦੇ ਲੋਕਾਂ ਵਲੋਂ ਦਿਲ ਖੋਲ੍ਹ ਕੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ | ਰੋਜ਼ਾਨਾ ਹੀ ਫਲ, ਸਬਜ਼ੀਆਂ, ਦੁੱਧ, ਲੰਗਰ ਆਦਿ ਵਸਤੂਆਂ ਤੋਂ ਇਲਾਵਾ ਆਪਣੇ-ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ ਗਏ ਹਨ | ਇਸ ਦੌਰਾਨ ਮਨੋਰੰਜਨ ਲਈ ਸੜਕਾਂ ਉੱਪਰ ਕਿਸਾਨਾਂ ਵਲੋਂ ਜਿੱਥੇ ਬੈਡਮਿੰਟਨ, ਕਿ੍ਕਟ ਆਦਿ ਖੇਡਾਂ ਨਾਲ ਆਪਸੀ ਥਕਾਵਟ ਦੂਰ ਕੀਤੀ ਦਾ ਰਹੀ ਹੈ ਉੱਥੇ ਹੀ ਜਲੇਬੀਆਂ, ਪਕੌੜੇ ਤੇ ਹੋਰ ਮਨਚਾਹੇ ਪਦਾਰਥ ਤਿਆਰ ਕਰਕੇ ਵਰਤਾਏ ਜਾ ਰਹੇ ਹਨ | ਇਸ ਦੌਰਾਨ ਕੈਨੇਡਾ ਤੋਂ ਅੰਦੋਲਨ ਵਿਚ ਸ਼ਾਮਿਲ ਹੋਣ ਆਈ ਪਿੰਡ ਗਾਖ਼ਲ (ਜਲੰਧਰ) ਦੀ ਵਸਨੀਕ ਕੁਲਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਦਾਦਿਆਂ-ਬਾਬਿਆਂ ਅਤੇ ਭਰਾਵਾਂ ਦੇ ਹੌਸਲੇ ਲਈ ਅੰਦੋਲਨ ਪਹੁੰਚੀ ਹੈ | ਸਪੇਨ ਤੋਂ ਆਏ ਨੌਜਵਾਨ ਨੇ ਕਿਹਾ ਕਿ ਸਾਡੇ ਪਿਓ-ਦਾਦੇ ਸੜਕਾਂ ਉੱਪਰ ਰੁਲ ਰਹੇ ਹਨ ਜਿਸ ਨੂੰ ਦੇਖ ਕੇ ਉਹ ਰਹਿ ਨਹੀਂ ਸਕੇ ਅਤੇ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਲਈ ਆਏ ਹਨ |
ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)-ਟਰਾਂਸਪੋਰਟਰਾਂ ਦੀ ਸਰਬਉੱਚ ਸੰਸਥਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐਮ. ਟੀ. ਸੀ.) ਨੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ 'ਚ ਅਸਫ਼ਲ ਰਹੀ ਤਾਂ ਉਹ 8 ਦਸੰਬਰ ਤੋਂ ਉੱਤਰ ਭਾਰਤ 'ਚ ਕੰਮਕਾਜ ਬੰਦ ਕਰ ਦੇਣਗੇ | ਦੇਸ਼ ਭਰ 'ਚ 95 ਲੱਖ ਟਰੱਕ ਚਾਲਕਾਂ ਅਤੇ 50 ਲੱਖ ਬੱਸ ਤੇ ਟੈਕਸੀ ਚਾਲਕਾਂ ਦੀ ਅਗਵਾਈ ਕਰਨ ਵਾਲੀ ਏ.ਆਈ.ਐਮ.ਟੀ.ਸੀ. ਦੇ ਪ੍ਰਧਾਨ ਕੁਲਤਰਨ ਸਿੰਘ ਅਟਵਾਲ ਨੇ ਕਿਹਾ ਕਿ ਅਸੀਂ ਉੱਤਰ ਭਾਰਤ ਤੋਂ ਰਣਨੀਤਕ ਰੂਪ ਨਾਲ ਸ਼ੁਰੂ ਹੋਣ ਵਾਲੇ ਆਪਣੇ ਕੰਮਕਾਜ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ ਅਤੇ ਜੇਕਰ ਸਰਕਾਰ ਨੇ ਕਿਸਾਨਾਂ ਦੇ ਮੁੱਦੇ ਨੂੰ ਹੱਲ ਨਾ ਕੀਤਾ ਤਾਂ ਅਸੀਂ ਉਨ੍ਹਾਂ ਦੇ ਸਮਰਥਨ 'ਚ ਦੇਸ਼ ਭਰ 'ਚ ਟਰਾਂਸਪੋਰਟ ਕੰਮਕਾਜ ਬੰਦ ਕਰਨ ਦਾ ਫ਼ੈਸਲਾ ਲੈ ਸਕਦੇ ਹਾਂ | ਅਟਵਾਲ ਨੇ ਕਿਹਾ ਕਿ ਦੇਸ਼ ਦੀ ਸੜਕੀ ਆਵਾਜਾਈ ਬਰਾਦਰੀ ਨੇ ਕਿਸਾਨਾਂ ਨੂੰ ਆਪਣਾ ਪੂਰਨ ਸਮਰਥਨ ਦਿੱਤਾ ਹੈ | ਇਸ ਮੌਕੇ ਏ.ਆਈ.ਐਮ.ਟੀ.ਸੀ. ਦੀ ਕੋਰ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ ਬੱਲ ਵੀ ਹਾਜ਼ਰ ਸਨ |
ਲੁਧਿਆਣਾ, 2 ਦਸੰਬਰ (ਪੁਨੀਤ ਬਾਵਾ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ ਵੀ ਕਿਸਾਨਾਂ ਦੇ ਸੰਘਰਸ਼ 'ਚ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ 8 ਦਸੰਬਰ ਨੂੰ ਦੇਸ਼ ਭਰ 'ਚ ਸੜਕਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਹ ਪ੍ਰਗਟਾਵਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਚਰਨ ਸਿੰਘ ਲੁਹਾਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ | ਇਸ ਮੌਕੇ ਦੀਦਾਰ ਸਿੰਘ, ਯੋਗੇਸ਼ਵਰ ਸਿੰਘ ਲੁਹਾਰਾ, ਕੈਲਾਸ਼ ਚੌਧਰੀ, ਜੇ.ਪੀ. ਅਗਰਵਾਲ, ਸਤਨਾਮ ਸਿੰਘ, ਤਰਲੋਚਨ ਸਿੰਘ, ਅਸ਼ੋਕ ਪਾਹਵਾ, ਸੁਭਾਸ਼ ਗੁਪਤਾ, ਸੁਰਿੰਦਰ ਸਿੰਘ ਅਲਵਰ, ਜਗਦੀਸ਼ ਸਿੰਘ ਜੱਸੋਵਾਲ ਪ੍ਰੈਸ ਸਕੱਤਰ ਆਦਿ ਹਾਜ਼ਰ ਸਨ |
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਦਸੰਬਰ -ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਬੁੱਧਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਹੋਈ, ਜਿਸ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਊਸ਼ ਗੋਇਲ ਸ਼ਾਮਿਲ ਹੋਏ | ਹਲਕਿਆਂ ਮੁਤਾਬਿਕ ਤੋਮਰ ਅਤੇ ਗੋਇਲ ਨੇ ਸ਼ਾਹ ਨੂੰ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਵਿਗਿਆਨ ਭਵਨ 'ਚ ਹੋਈ ਮੀਟਿੰਗ ਦਾ ਬਿਓਰਾ ਦਿੱਤਾ ਅਤੇ ਇਸ ਤੋਂ ਇਲਾਵਾ 3 ਦਸੰਬਰ ਨੂੰ ਕ੍ਰਿਸ਼ੀ ਭਵਨ 'ਚ ਹੋਣ ਵਾਲੀ ਮੀਟਿੰਗ ਲਈ ਵੀ ਰਣਨੀਤੀ 'ਤੇ ਚਰਚਾ ਕੀਤੀ ਗਈ | ਹਲਕਿਆਂ ਮੁਤਾਬਿਕ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮੰਤਰੀ ਪੱਧਰ 'ਤੇ ਗੱਲਬਾਤ ਤੋਂ ਇਲਾਵਾ ਸਕੱਤਰ ਪੱਧਰ 'ਤੇ ਵੀ ਲਿਜਾਇਆ ਜਾਵੇਗਾ | ਹਲਕਿਆਂ ਮੁਤਾਬਿਕ ਕੇਂਦਰ ਸਰਕਾਰ ਕਿਸਾਨਾਂ ਨਾਲ ਚਰਚਾ ਲਈ ਕਈ ਮੰਤਰਾਲਿਆਂ ਦੇ ਅਧਿਕਾਰੀਆਂ ਦੀ ਸੂਚੀ ਤਿਆਰ ਕਰ ਰਹੀ ਹੈ | ਇਹ ਅਧਿਕਾਰੀ ਮੁੱਖ ਤੌਰ 'ਤੇ ਖੇਤੀਬਾੜੀ, ਗ੍ਰਹਿ ਅਤੇ ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਹੋਣਗੇ | ਇਨ੍ਹਾਂ ਅਧਿਕਾਰੀਆਂ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵੱਖ-ਵੱਖ ਹਿੱਸਿਆਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੁਕਤਿਆਂ ਜਿਨ੍ਹਾਂ 'ਤੇ ਕਿਸਾਨਾਂ ਨੂੰ ਇਤਰਾਜ਼ ਹਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੋਈ ਬੈਠਕ 'ਚ ਕਿਸਾਨਾਂ ਨੂੰ ਬੁੱਧਵਾਰ ਨੂੰ ਖੇਤੀਬਾੜੀ ਕਾਨੂੰਨਾਂ ਦੇ ਸਰੋਕਾਰਾਂ ਅਤੇ ਇਤਰਾਜ਼ਾਂ ਦਾ ਲਿਖਤੀ ਬਿਊਰਾ ਦੇਣ ਲਈ ਕਿਹਾ ਗਿਆ ਸੀ | ਵੀਰਵਾਰ ਨੂੰ ਹੋਣ ਵਾਲੀ ਬੈਠਕ 'ਚ ਇਸ ਲਿਖਤੀ ਬਿਊਰੇ ਦੇ ਆਧਾਰ 'ਤੇ ਹੀ ਚਰਚਾ ਕੀਤੀ ਜਾਵੇਗੀ | ਕਿਸਾਨ ਹਲਕਿਆਂ ਮੁਤਾਬਿਕ 3 ਦਸੰਬਰ ਦੀ ਬੈਠਕ 'ਚ ਵੀ ਅੜਿੱਕੇ ਦੇ ਹੱਲ ਦਾ ਕੋਈ ਸਿਰਾ ਨਿਕਲਣ ਦੀ ਉਮੀਦ ਨਹੀਂ ਹੈ ਪਰ ਗੱਲਬਾਤ ਦੀ ਦਿਸ਼ਾ ਰਾਹੀਂ ਹੀ ਸਰਕਾਰ ਦੀ ਮਨਸ਼ਾ ਦੇ ਅੰਦਾਜ਼ੇ ਨਾਲ ਅੰਦੋਲਨ ਦਾ ਅਗਲਾ ਰੁਖ਼ ਤਿਆਰ ਕੀਤਾ ਜਾ ਸਕਦਾ ਹੈ |
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)- ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰੂਨ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਭਾਰਤ ਸਰਕਾਰ ਵਲੋਂ ਕੀਤੇ ਦਮਨ ਨੂੰ ਦੇਖ ਕੇ ਅਸੀਂ ਬੜੇ ਹੈਰਾਨ ਹਾਂ | ਕਮਲਾ ਹੈਰਿਸ ਨੇ ਕਿਹਾ ਕਿ ਇਹ ਸਰਕਾਰੀ ਜ਼ੁਲਮ ਕਿਸਾਨਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਰਹੇ ਹਨ ਤੇ ਜਿਵੇਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਛੱਡੀ ਗਈ, ਬੇਹੱਦ ਦੁੱਖਦਾਈ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੀ ਤਸੱਲੀ ਕਰਵਾਉਣੀ ਚਾਹੀਦੀ ਹੈ |
-ਮਨਪ੍ਰੀਤ ਸਿੰਘ ਬੱਧਨੀ ਕਲਾਂ-
ਲੰਡਨ, 2 ਦਸੰਬਰ-ਬਿ੍ਟਿਸ਼ ਰੈਗੂਲੇਟਰ ਐੱਮ. ਐੱਚ. ਆਰ. ਏ. ਨੇ ਫਾਈਜ਼ਰ ਤੇ ਬਾਇਓਨਟੈਕ ਵਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤੀ ਗਈ ਕੋਰੋਨਾ ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ | ਫਾਈਜ਼ਰ-ਬਾਇਓਨਟੈਕ ਦੇ ਕੋਵਿਡ-19 ਟੀਕਾ ਅਗਲੇ ਹਫ਼ਤੇ ਤੋਂ ਬਰਤਾਨੀਆ ਭਰ ਵਿਚ ਉਪਲਬਧ ਹੋਵੇਗਾ | ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬਰਤਾਨੀਆ ਵਿਸ਼ਵ ਦਾ ਪਹਿਲਾ ਮੁਲਕ ਹੈ | ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਇਆ ਟੀਕਾ ਹੈ, ਜਿਸ ਨੂੰ ਬਣਾਉਣ ਵਿਚ ਸਿਰਫ਼ 10 ਮਹੀਨੇ ਲੱਗੇ | ਉਂਜ ਅਜਿਹੇ ਟੀਕੇ ਨੂੰ ਬਣਾਉਣ ਵਿਚ ਇਕ ਦਹਾਕਾ ਲੱਗ ਜਾਂਦਾ ਹੈ | ਇਸ ਵੈਕਸੀਨ ਨੂੰ ਮਨਫ਼ੀ 70 ਡਿਗਰੀ 'ਤੇ ਰੱਖਣ ਦੀ ਲੋੜ ਹੈ, ਜਿਸ ਲਈ ਯੂ. ਕੇ. ਦੇ ਹਸਪਤਾਲਾਂ 'ਚ ਇਸ ਦੇ ਪਹਿਲਾਂ ਹੀ ਪ੍ਰਬੰਧ ਕੀਤੇ ਜਾ ਚੁੱਕੇ ਹਨ | ਵੈਕਸੀਨ ਦੇਣ ਲਈ 50 ਹਸਪਤਾਲਾਂ 'ਚ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾ ਸਿਹਤ ਕਾਮਿਆਂ, ਬਿਰਧ ਆਸ਼ਰਮਾਂ 'ਚ ਰਹਿਣ ਵਾਲਿਆਂ ਅਤੇ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾਂ ਦਿੱਤਾ ਜਾਵੇਗਾ | 7 ਦਸੰਬਰ ਤੋਂ ਹੀ ਟੀਕਾਕਰਨ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ | ਬਰਤਾਨੀਆ ਨੇ ਫਾਈਜ਼ਰ ਤੇ ਬਾਇਓਨਟੈਕ ਦੀਆਂ ਦੋ ਡੋਜ਼ ਵਾਲੀਆਂ ਵੈਕਸੀਨ ਦੀਆਂ 4 ਕਰੋੜ ਖ਼ੁਰਾਕਾਂ ਦਾ ਸੌਦਾ ਕੀਤਾ ਹੈ | ਇਹ ਟੀਕਾ ਵਾਇਰਸ ਨੂੰ ਰੋਕਣ ਲਈ 95 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਪਾਇਆ ਗਿਆ ਹੈ | ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੁੱਕ ਨੇ ਕਿਹਾ ਕਿ 800000 ਖ਼ੁਰਾਕਾਂ ਜਲਦੀ ਹੀ ਦੇਸ਼ ਵਿਚ ਉਪਲਬਧ ਹੋਣਗੀਆਂ | ਬਰਤਾਨੀਆ ਦੇ ਵੈਕਸੀਨ ਮੰਤਰੀ ਨਾਦਿਮ ਜਹਾਵੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਸਭ ਯੋਜਨਾ ਤਹਿਤ ਹੋਇਆ ਤਾਂ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਕੁਝ ਘੰਟਿਆਂ 'ਚ ਹੀ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ | ਜ਼ਰੂਰੀ ਤਿਆਰੀਆਂ ਨੂੰ ਆਖ਼ਰੀ ਰੂਪ ਦਿੱਤਾ ਜਾ ਚੁੱਕਾ ਹੈ | ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਟੀਕੇ ਦੇ ਬਾਵਜੂਦ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਜ਼ਿੰਦਗੀ ਨੂੰ ਦੁਬਾਰਾ ਰਫ਼ਤਾਰ ਮਿਲੇਗੀ | ਦੂਜੇ ਪਾਸੇ ਬਰਤਾਨੀਆ 'ਚ ਅੱਜ ਤੋਂ ਰਾਸ਼ਟਰੀ ਤਾਲਾਬੰਦੀ ਖ਼ਤਮ ਹੋ ਚੁੱਕੀ ਹੈ ਤੇ ਟਯੀਅਰ ਸਿਸਟਮ ਲਾਗੂ ਹੋ ਚੁੱਕਾ ਹੈ, ਜੋ ਵੱਖ-ਵੱਖ ਇਲਾਕਿਆਂ 'ਚ ਕੋਰੋਨਾ ਪ੍ਰਭਾਵ ਅਨੁਸਾਰ ਲਾਗੂ ਹੋਵੇਗਾ | ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਯੂ ਕੇ ਵਿਚ ਕੀਤੀ ਦੂਜੀ ਤਾਲਾਬੰਦੀ ਦਾ ਕੋਰੋਨਾ ਫੈਲਾਅ ਰੋਕਣ ਲਈ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ | ਜਿਸ ਨਾਲ 30 ਫ਼ੀਸਦੀ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ 'ਚ ਸਫਲਤਾ ਮਿਲੀ ਹੈ |
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਨੂੰ ਬੇਹੱਦ ਮਾਣ ਮਿਲਿਆ ਹੈ | ਨਿਊਯਾਰਕ ਦੇ ਪ੍ਰਸਿੱਧ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਾਲੀ 97 ਐਵੀਨਿਊ 'ਤੇ 117 ਸਟਰੀਟ ਦਾ ਨਾਂਅ ਹੁਣ 'ਗੁਰਦੁਆਰਾ ਸਟਰੀਟ' ਰੱਖ ਦਿੱਤਾ ਗਿਆ ਹੈ ਤੇ ਇਸ ਦੇ ਸਾਈਨ ਵੀ ਖੰਭਿਆਂ 'ਤੇ ਲਗਾ ਦਿੱਤੇ ਗਏ ਹਨ | 'ਅਜੀਤ' ਨੂੰ ਉਕਤ ਜਾਣਕਾਰੀ ਦਿੰਦੇ ਗੁਰੂ ਘਰ ਕਮੇਟੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਗੁਰੂ ਘਰ ਕਮੇਟੀ ਤੇ ਸਮੂਹ ਸੰਗਤ ਵਲੋਂ ਮਿਲ ਕੇ ਕੀਤੇ ਯਤਨਾਂ ਤੇ ਨਿਊਯਾਰਕ ਸਿਟੀ ਕੌਾਸਲ ਮੈਂਬਰ ਐਡਰੀਨੇ ਐਡਮਜ਼ ਦੇ ਖ਼ਾਸ ਸਹਿਯੋਗ ਸਦਕਾ ਇਸ ਸੜਕ ਦਾ ਨਾਂਅ ਹੁਣ ਸਰਕਾਰੀ ਤੌਰ 'ਤੇ 'ਗੁਰਦੁਆਰਾ ਸਟਰੀਟ' ਰੱਖ ਦਿੱਤਾ ਗਿਆ ਹੈ ਤੇ ਇਸ ਦੇ ਸਾਈਨ ਸੜਕ 'ਤੇ ਲੱਗ ਗਏ ਹਨ | ਇਸ ਮੌਕੇ ਪਹਿਲਾਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਹੋਇਆ, ਜਿਥੇ ਸਿਟੀ ਕੌਾਸਲ ਮੈਂਬਰ ਨੇ ਤੇ ਕਈ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਐਡਰੀਨੇ ਐਡਮਜ਼ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਜ਼ਰੀਏ ਇਹ ਸ਼ੁੱਭ ਕੰਮ ਹੋਇਆ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਕਾਸ ਵਿਚ ਸਿੱਖਾਂ ਦਾ ਬਹੁਤ ਅਹਿਮ ਯੋਗਦਾਨ ਹੈ | ਇਸ ਮੌਕੇ ਰਾਜਵਿੰਦਰ ਕੌਰ, ਰਮਨ ਬਿੰਦਰਾ, ਮਹਿੰਦਰ ਸਿੰਘ ਬਾਨੀ ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਮੇਤ ਕਈ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਹਫ਼ਤੇ ਬਰਤਾਨੀਆ (ਯੂ.ਕੇ.) ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਾਲ ਕੀਤੀ ਟੈਲੀਫੋਨ ਗੱਲਬਾਤ ਦੌਰਾਨ ਉਨ੍ਹਾਂ ਨੂੰ ਭਾਰਤ ਦੇ 2021 ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣਨ ...
ਨਵੀਂ ਦਿੱਲੀ, (ਏਜੰਸੀ)-ਸੰਯੁਕਤ ਕਿਸਾਨ ਮੋਰਚਾ ਤਾਲਮੇਲ ਕਮੇਟੀ ਨੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਦੋਸ਼ ਲਗਾਇਆ ਕਿ ਕਿਸਾਨ ਏਕਤਾ ਨੂੰ ਤੋੜਨਾ ਸਰਕਾਰ ਦੇ ਏਜੰਡੇ 'ਚ ਹੈ | ਉਨ੍ਹਾਂ ਪੱਤਰ 'ਚ ਮੰਗ ਕੀਤੀ ਕਿ ਕਿਸਾਨਾਂ ਦੀ ਅਗਵਾਈ ਕੌਣ ...
ਚੰਡੀਗੜ੍ਹ/ ਦਿੱਲੀ, 2 ਦਸੰਬਰ (ਅਜੀਤ ਬਿਊਰੋ, ਏਜੰਸੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨੀ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਵਲੋਂ ਉਨ੍ਹਾਂ 'ਤੇ ਕੀਤੇ ਹਮਲੇ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸਾਨੀ ਭਾਈਚਾਰੇ ਦੇ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਇਸ ਸਮੇਂ ਸਾਰੇ ਕਿਸਾਨਾਂ ਦੇ ਅਨੇਕਾਂ ਸੰਗਠਨਾਂ ਨੇ ਆਪਸ 'ਚ ਮਿਲ ਕੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ | ਸਿੰਘੂ ਤੇ ਟਿਕਰੀ ਬਾਰਡਰ ਤੋਂ ਇਲਾਵਾ ਹੋਰਨਾਂ ਬਾਰਡਰਾਂ 'ਤੇ ਵੀ ਕਿਸਾਨ ਆਪਣਾ ਅੰਦੋਲਨ ਕਰ ਰਹੇ ਹਨ, ਜਿਨ੍ਹਾਂ ...
ਨਵੀਂ ਦਿੱਲੀ/ਚੰਡੀਗੜ੍ਹ, 2 ਦਸੰਬਰ (ਪੀ.ਟੀ.ਆਈ.)-ਕਿਸਾਨ ਆਗੂਆਂ ਤੇ ਕੇਂਦਰ ਵਿਚਕਾਰ ਗੱਲਬਾਤ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕਰਨਗੇ | ਸੂਤਰਾਂ ...
ਚੰਡੀਗੜ੍ਹ, 2 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੀਆਂ ਖਾਪ ਪੰਚਾਇਤਾਂ ਖੁੱਲ੍ਹ ਕੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਆ ਗਈਆਂ ਹਨ | ਹਰਿਆਣਾ ਦੇ ਪੇਂਡੂ ਇਲਾਕਿਆਂ 'ਚ ਹਮੇਸ਼ਾ ਖਾਪ ਪੰਚਾਇਤਾਂ ਦਾ ਦਬਦਬਾ ਰਿਹਾ ਹੈ ਤੇ ਹੁਣ ਖਾਪ ਪੰਚਾਇਤਾਂ ਕਿਸਾਨਾਂ ਦੇ ਸਮਰਥਨ 'ਚ ਖਾਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX