• ਸਾਢੇ 7 ਘੰਟੇ ਚੱਲੀ ਮੀਟਿੰਗ • ਸਰਕਾਰ ਦੇ ਵਤੀਰੇ 'ਚ ਕੁਝ ਨਰਮੀ ਦੇ ਸੰਕੇਤ • ਕੱਲ੍ਹ ਮੁੜ ਹੋਵੇਗੀ ਮੀਟਿੰਗ
ਉਪਮਾ ਡਾਗਾ ਪਾਰਥ
ਜਗਤਾਰ ਸਿੰਘ
ਨਵੀਂ ਦਿੱਲੀ, 3 ਦਸੰਬਰ-ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਣੇ ਅੜਿੱਕੇ ਨੂੰ ਖਤਮ ਕਰਨ ਲਈ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਚਰਚਾਵਾਂ ਦੀ ਕਵਾਇਦ ਹੇਠ ਵੀਰਵਾਰ ਨੂੰ ਹੋਈ ਚੌਥੀ ਬੈਠਕ 'ਚ ਸਰਕਾਰ ਨੇ ਆਪਣੇ ਤੇਵਰ ਕੁਝ ਨਰਮ ਕਰਦਿਆਂ ਪ੍ਰਵਾਨ ਕੀਤਾ ਕਿ ਕਾਨੂੰਨਾਂ 'ਚ ਕੁਝ ਕਮੀਆਂ ਹਨ, ਜਿਨ੍ਹਾਂ 'ਚ ਸੋਧ ਕੀਤੀ ਜਾ ਸਕਦੀ ਹੈ ਪਰ ਕਿਸਾਨ ਆਗੂਆਂ ਨੇ ਇਸ 'ਤੇ ਇਕ ਸੁਰ ਨਾਲ ਇਨਕਾਰ ਕਰਦਿਆਂ ਕਿਹਾ ਕਿ ਸੋਧ ਉਥੇ ਕੀਤੀ ਜਾਂਦੀ ਹੈ ਜਿਥੇ ਕੋਈ ਮਾੜੀ ਮੋਟੀ ਗਲਤੀ ਹੋਵੇ, ਜਿਥੇ ਪੂਰਾ ਕਾਨੂੰਨ ਹੀ ਖਾਮੀਆਂ ਨਾਲ ਭਰਿਆ ਹੋਵੇ, ਉਥੇ ਸੋਧ ਨਹੀਂ ਚਾਹੀਦੀ ਸਗੋਂ ਉਸ ਨੂੰ ਰੱਦ ਕਰਨਾ ਪਏਗਾ | ਵੀਰਵਾਰ ਨੂੰ ਸਾਢੇ 7 ਘੰਟੇ ਤੱਕ ਚੱਲੀ ਮੀਟਿੰਗ ਅਤੇ ਕਿਸਾਨਾਂ ਦੇ ਤਿੱਖੇ ਅੰਦੋਲਨ ਦੇ ਦਬਾਅ ਹੇਠ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਸਨਿਚਰਵਾਰ ਭਾਵ 5 ਦਸੰਬਰ ਨੂੰ ਮੀਟਿੰਗ ਸੱਦੀ ਹੈ, ਜੋ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਮੁਤਾਬਿਕ 'ਫੈਸਲਾਕੁੰਨ' ਮੀਟਿੰਗ ਹੋਵੇਗੀ |
ਦਿੱਲੀ ਦੇ ਵਿਗਿਆਨ ਭਵਨ 'ਚ ਸਵੇਰੇ 12 ਵਜੇ ਸ਼ੁਰੂ ਹੋਈ ਮੀਟਿੰਗ ਰਾਤ ਤਕਰੀਬਨ 7:40 ਵਜੇ ਤੱਕ ਚਲਦੀ ਰਹੀ | ਵੀਰਵਾਰ ਦੀ ਮੀਟਿੰਗ 'ਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਿਲ ਸਨ ਜਦਕਿ ਕਿਸਾਨ ਜਥੇਬੰਦੀਆਂ ਦੇ 41 ਆਗੂ ਸ਼ਾਮਿਲ ਸਨ | ਮਹਾਰਸ਼ਟਰ ਤੋਂ ਕਿਸਾਨ ਆਗੂ ਪ੍ਰਤਿਭਾ ਸ਼ਿੰਦੇ ਮੁਤਾਬਿਕ ਮੀਟਿੰਗ 'ਚ 10 ਸੂਬਿਆਂ ਦੇ ਕਿਸਾਨ ਨੁਮਾਇੰਦੇ ਮੌਜੂਦ ਸਨ | ਪੰਜਾਬ ਤੋਂ ਇਲਾਵਾ, ਹਰਿਆਣਾ, ਮਹਾਂਰਾਸ਼ਟਰ, ਕਰਨਾਟਕ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਓਡੀਸ਼ਾ ਤੇ ਕੇਰਲ ਦੇ ਕਿਸਾਨ ਆਗੂ ਵੀ ਸ਼ਾਮਿਲ ਸਨ | ਹਲਕਿਆਂ ਮੁਤਾਬਿਕ ਮੀਟਿੰਗ ਦੀ ਸ਼ੁਰੂਆਤ ਤਿੰਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਇਤਰਾਜ਼ਾਂ ਦੇ ਲਿਖਤੀ ਬਿਓਰੇ ਤੋਂ ਹੋਈ | ਜਿਸ 'ਚ ਕਿਸਾਨਾਂ ਨੇ ਕਾਨੂੰਨ ਦੀ ਹਰ ਧਾਰਾ 'ਚ ਆਪਣੇ ਸਰੋਕਾਰ ਪ੍ਰਗਟਾਏ ਸਨ | ਮੀਟਿੰਗ ਦੌਰਾਨ ਉਸ ਵੇਲੇ ਅੰਦਰਲਾ ਮਾਹੌਲ ਗਹਿਮਾ-ਗਹਿਮੀ ਵਾਲਾ ਹੋ ਗਿਆ ਜਦੋਂ ਸਰਕਾਰ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਹਰ ਨੁਕਤੇ 'ਤੇ, ਹਰ ਧਾਰਾ 'ਤੇ ਪ੍ਰਗਟਾਏ ਇਤਰਾਜ਼ 'ਤੇ ਚਰਚਾ ਕਰਨਾ ਚਾਹੁੰਦੀ ਹੈ | ਕਰਨਾਟਕ ਦੀ ਕਿਸਾਨ ਆਗੂ ਕਵਿਤਾ ਕੁਲਬਰਗੀ ਨੇ ਇਸ ਸੁਝਾਅ 'ਤੇ ਇਨਕਾਰ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਸਾਰੇ ਸ਼ੰਕੇ ਸਰਕਾਰ ਦੇ ਸਾਹਮਣੇ ਹਨ ਫਿਰ ਹੁਣ ਸਰਕਾਰ ਕੀ ਚਰਚਾ ਕਰਨਾ ਚਾਹੁੰਦੀ ਹੈ? ਜਦਕਿ ਕੇਂਦਰ ਵਲੋਂ ਵੀ ਪਿਛਲੀਆਂ ਤਿੰਨ ਬੈਠਕਾਂ 'ਚ ਆਪਣਾ ਤਵਸੀਲੀ ਪੱਖ ਰੱਖਿਆ ਜਾ ਚੁੱਕਾ ਹੈ | ਮੀਟਿੰਗ 'ਚ ਇਸ ਬਹਿਸ ਦੇ ਮਾਹੌਲ ਤੋਂ ਬਾਅਦ ਥੋੜ੍ਹੀ ਦੇਰ ਚਰਚਾ ਨੂੰ ਵਿਰਾਮ ਦੇ ਕੇ ਖਾਣੇ ਦਾ ਸੱਦਾ ਦਿੱਤਾ ਗਿਆ |
ਕਿਸਾਨਾਂ ਵਲੋਂ ਸਰਕਾਰ ਦੇ ਚਾਹ, ਪਾਣੀ ਤੇ ਖਾਣੇ ਤੋਂ ਇਨਕਾਰ
ਕੇਂਦਰ ਸਰਕਾਰ ਵਲੋਂ ਖਾਣੇ ਦੀ ਪੇਸ਼ਕਸ਼ ਨੂੰ ਕਿਸਾਨ ਆਗੂਆਂ ਨੇ ਠੁਕਰਾਉਂਦਿਆਂ ਕਿਹਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਉਹ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਪ੍ਰਾਹੁਣਚਾਰੀ ਪ੍ਰਵਾਨ ਨਹੀਂ ਕਰਨਗੇ | ਕਿਸਾਨ ਆਗੂ ਆਪਣੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਇਕ ਐਾਬੂਲੈਂਸ 'ਚ ਕਰ ਕੇ ਲਿਆਏ ਸਨ | ਕਿਸਾਨਾਂ ਦੀ ਜ਼ਿੱਦ ਨੂੰ ਸਵੀਕਾਰ ਕਰਦਿਆਂ ਸਰਕਾਰ ਨੇ ਉਸ ਐਾਬੂਲੈਂਸ ਨੂੰ ਨਾ ਸਿਰਫ ਖਾਣੇ ਲਈ ਸਗੋਂ 2 ਵਾਰ ਚਾਹ ਲਈ ਵੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ | ਇੱਥੋਂ ਤੱਕ ਕਿ ਕਿਸਾਨਾਂ ਨੇ ਸਰਕਾਰ ਵਲੋਂ ਦਿੱਤਾ ਪਾਣੀ ਪੀਣ ਤੋਂ ਵੀ ਇਨਕਾਰ ਕਰ ਦਿੱਤਾ | ਉਡੀਕ ਰਹੇ ਮੀਡੀਆ ਮੁਲਾਜ਼ਮ ਵੀ ਉਸ ਵੇਲੇ ਸਰਗਰਮ ਹੋ ਉਠਦੇ ਜਦੋਂ ਐਾਬੂਲੈਂਸ ਦੇ ਆਉਣ-ਜਾਣ ਲਈ ਉਥੋ ਦੇ ਗੇਟ ਕੁੱਝ ਮਿੰਟਾਂ ਲਈ ਖੋਲ੍ਹੇ ਜਾਂਦੇ | ਕਿਸਾਨ ਆਗੂਆਂ ਨੇ ਉਸ ਮੀਟਿੰਗ 'ਚ ਆਪਣੇ ਵਲੋਂ ਲਿਆਂਦੇ ਭੋਜਨ ਨੂੰ ਲੰਗਰ ਦਾ ਨਾਂਅ ਦਿੰਦਿਆਂ ਜ਼ਮੀਨ 'ਤੇ ਹੀ ਬੈਠ ਕੇ ਖਾਧਾ | ਇਕ ਕਿਸਾਨ ਆਗੂ ਨੇ 'ਅਜੀਤ' ਨਾਲ ਤਸਵੀਰਾਂ ਸਾਝੀਆਂ ਕਰਦਿਆਂ ਇਹ ਵੀ ਕਿਹਾ ਕਿ ਜ਼ਮੀਨ ਨਾਲ ਜੁੜਿਆ ਕਿਸਾਨ ਸਰਕਾਰੀ ਇਮਾਰਤ 'ਚ ਬੈਠ ਕੇ ਜ਼ਮੀਨ ਨਾਲ ਆਪਣਾ ਸਬੰਧ ਖਤਮ ਨਹੀਂ ਕਰੇਗਾ |
ਸਰਕਾਰ ਨੇ ਪੇਸ਼ ਕੀਤਾ ਆਪਣਾ 10 ਸਫਿਆਂ ਦਾ ਦਸਤਾਵੇਜ਼
ਕਿਸਾਨਾਂ ਕੋਲੋਂ ਲਿਖਤੀ ਬਿਓਰਾ ਮੰਗਵਾਉਣ ਦੇ ਨਾਲ ਸਰਕਾਰ ਨੇ ਆਪਣੇ ਤੌਰ 'ਤੇ ਵੀ 10 ਸਫ਼ਿਆਂ ਦਾ ਦਸਤਾਵੇਜ਼ ਪੇਸ਼ ਕੀਤਾ | ਇਸ ਦਸਤਾਵੇਜ਼ ਨੂੰ ਵੀ ਕਿਸਾਨ ਆਗੂਆਂ ਨੇ ਪਹਿਲਾਂ ਝਾਤ ਮਾਰਨ ਤੋਂ ਇਹ ਆਖਦਿਆਂ ਇਨਕਾਰ ਕਰ ਦਿੱਤਾ ਕਿ ਸਰਕਾਰ ਇੰਝ ਕਰਕੇ ਮੁੱਦੇ ਨੂੰ ਲਮਕਾਉਣਾ ਚਾਹੁੰਦੀ ਹੈ ਪਰ ਤੋਮਰ ਵਲੋਂ ਜ਼ੋਰ ਦੇ ਕੇ ਅਪੀਲ ਕਰਨ 'ਤੇ ਕਿਸਾਨ ਆਗੂਆਂ ਨੇ ਉਸ ਦਸਤਾਵੇਜ਼ 'ਤੇ ਵਿਚਾਰ ਕਰਨ ਲਈ ਰਜ਼ਾਮੰਦੀ ਪ੍ਰਗਟਾਈ | ਇਸ ਦਸਤਾਵੇਜ਼ 'ਚ ਕੇਂਦਰ ਤੇ ਕਿਸਾਨਾਂ ਦਰਮਿਆਨ ਵੱਖ-ਵੱਖ ਨੁਕਤਿਆਂ 'ਤੇ ਅਸਹਿਮਤੀਆਂ ਦਰਜ ਕੀਤੀਆਂ ਗਈਆਂ ਸਨ | ਦਸਤਾਵੇਜ਼ ਮੁਤਾਬਿਕ ਤਿੰਨੇ ਕਾਨੂੰਨਾਂ 'ਚ 9 ਅਜਿਹੇ ਸਾਂਝੇ ਨੁਕਤੇ ਹਨ ਜਿਸ 'ਤੇ ਅਸਹਿਮਤੀ ਹੈ | ਜਦਕਿ ਵੱਖ-ਵੱਖ ਕਾਨੂੰਨਾਂ ਤਹਿਤ ਏ.ਪੀ.ਐਮ.ਸੀ. ਕਾਨੂੰਨ ਦੇ 17 ਨੁਕਤਿਆਂ 'ਤੇ, ਲੋੜੀਦੀਂਆਂ ਵਸਤਾਂ ਬਾਰੇ ਕਾਨੂੰਨ ਦੇ 8 ਨੁਕਤਿਆਂ 'ਤੇ ਅਤੇ ਠੇਕੇ 'ਤੇ ਖੇਤੀ ਦੇ 12 ਨੁਕਤਿਆਂ 'ਤੇ ਅਸਹਿਮਤੀ ਹੈ | ਹਲਕਿਆਂ ਮੁਤਾਬਿਕ 10 ਸਫ਼ਿਆਂ ਦੀ ਇਸ ਰਿਪੋਰਟ 'ਚ 5 ਮੁੱਖ ਬਿੰਦੂ ਹਨ ਜਿਨ੍ਹਾਂ 'ਚ ਅੱਗੇ ਹੋਰ 5 ਬਿੰਦੂ ਬਣਾਏ ਗਏ ਹਨ | ਆਖਿਰ 'ਚ ਰਿਪੋਰਟ ਦੇ ਨਿਚੋੜ 'ਚ ਬਿਜਲੀ ਸੋਧ ਬਿੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ | ਵੀਰਵਾਰ ਦੀ ਬੈਠਕ 'ਚ ਪੂਰੀ ਬਹਿਸ ਇਸ ਦਸਤਾਵੇਜ਼ ਨੂੰ ਹੀ ਆਧਾਰ ਬਣਾ ਕੇ ਕੀਤੀ ਗਈ |
ਕੱਲ੍ਹ ਹੋਵੇਗੀ ਅਗਲੀ ਬੈਠਕ
ਬੈਠਕ ਦੇ ਸਿੱਟੇ 'ਚੋਂ ਨਿਕਲੀ ਇਕ ਹੋਰ ਬੈਠਕ ਹੁਣ 5 ਦਸੰਬਰ ਭਾਵ ਸਨਿਚਰਵਾਰ ਨੂੰ ਹੋਏਗੀ | ਕਿਸਾਨ ਆਗੂਆਂ ਮੁਤਾਬਿਕ ਇਸ ਬੈਠਕ ਤੋਂ ਪਹਿਲਾਂ ਅਗਲੀ ਰਣਨੀਤੀ ਉਲੀਕਣ ਲਈ ਕਿਸਾਨ ਆਗੂ 4 ਦਸੰਬਰ ਨੂੰ ਆਪਸ 'ਚ ਇਕ ਮੀਟਿੰਗ ਕਰਨਗੇ ਜਿਸ 'ਚ ਸਨਿਚਰਵਾਰ ਨੂੰ ਹੋਣ ਵਾਲੀ ਇਸ ਅਹਿਮ ਬੈਠਕ ਦੀ ਵਿਉਂਤਬੰਦੀ ਤਿਆਰ ਕੀਤੀ ਜਾਵੇਗੀ | ਇਸ ਦੌਰਾਨ ਸੰਘਰਸ਼ ਜਾਰੀ ਰੱਖਦਿਆਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ 'ਤੇ ਆਪਣਾ ਧਰਨਾ ਜਾਰੀ ਰੱਖਣਗੀਆਂ | ਕਿਸਾਨਾਂ ਦੀ ਹਮਾਇਤ 'ਚ ਸ਼ੁੱਕਰਵਾਰ ਨੂੰ ਕੁਝ ਵਿਦਿਆਰਥੀ ਸੰਗਠਨ, ਬੁੱਧੀਜੀਵੀਆਂ ਸਮੇਤ ਵੱਖ-ਵੱਖ ਸੰਸਥਾਵਾਂ ਜੰਤਰਮੰਤਰ ਵਿਖੇ ਪ੍ਰਦਰਸ਼ਨ ਕਰਨਗੀਆਂ | ਕਿਸਾਨ ਆਗੂ ਪ੍ਰਤਿਭਾ ਸ਼ਿੰਦੇ ਮੁਤਾਬਿਕ ਦੇਸ਼ ਦੀਆਂ ਵੱਖ-ਵੱਖ 5000 ਥਾਵਾਂ 'ਤੇ ਕਿਸਾਨ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਅੰਬਾਨੀ ਤੇ ਅਡਾਨੀ ਦੇ ਪੈਟਰੋਲ ਪੰਪਾਂ ਤੇ ਹੋਰ ਸਟੋਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ |
ਸਰਕਾਰ ਨੂੰ ਕੋਈ ਹੰਕਾਰ ਨਹੀਂ, ਕਿਸਾਨਾਂ ਦੀ ਪੂਰੀ ਚਿੰਤਾ-ਤੋਮਰ
ਕਿਸਾਨਾਂ ਦੇ ਨਾਲ ਬੈਠਕ ਤੋਂ ਬਾਅਦ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਕਿਸਾਨਾਂ ਤੇ ਸਰਕਾਰ ਨੇ ਆਪਣੇ ਆਪਣੇ ਪੱਖ ਰੱਖੇ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਪੂਰੀ ਚਿੰਤਾ ਹੈ ਅਤੇ ਅਸੀਂ ਲੋਕ ਸ਼ੁਰੂ ਤੋਂ ਹੀ ਆਪਸ 'ਚ ਗੱਲਬਾਤ ਕਰ ਰਹੇ ਹਾਂ | ਤੋਮਰ ਨੇ ਕਿਹਾ ਕਿ ਸਰਕਾਰ ਨੂੰ ਕੋਈ ਹੰਕਾਰ ਨਹੀਂ ਬਲਕਿ ਸਰਕਾਰ ਵਲੋਂ ਖੁੱਲ੍ਹੇ ਦਿਲ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਿੰਤਾ ਹੈ ਕਿ ਨਵੇਂ ਕਾਨੂੰਨ ਨਾਲ ਮੰਡੀ ਸਿਸਟਮ ਖਤਮ ਹੋ ਜਾਵੇਗਾ ਪਰ ਭਾਰਤ ਸਰਕਾਰ ਇਹ ਵਿਚਾਰ ਕਰੇਗੀ ਕਿ ਮੰਡੀ ਸਿਸਟਮ ਮਜ਼ਬੂਤ ਹੋਵੇ ਅਤੇ ਇਸ ਦੀ ਵਰਤੋਂ ਹੋਰ ਵਧੇ | ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨ ਤਹਿਤ ਨਿੱਜੀ ਮੰਡੀਆਂ ਆਉਣਗੀਆਂ ਪਰ ਸਰਕਾਰੀ ਮੰਡੀ ਨਾਲ ਟੈਕਸ ਦੀ ਸਮਾਨਤਾ ਰਹੇ, ਇਸ ਬਾਰੇ ਸਰਕਾਰ ਵਿਚਾਰ ਕਰੇਗੀ |
ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ 'ਤੇ ਬਣੀ
ਪੇਚੀਦਾ ਸਥਿਤੀ ਦਾ ਛੇਤੀ ਹੱਲ ਲੱਭਣ ਦੀ ਅਪੀਲ
ਨਵੀਂ ਦਿੱਲੀ, 3 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ 'ਤੇ ਪੈਦਾ ਹੋਈ ਪੇਚੀਦਾ ਸਥਿਤੀ ਦੇ ਛੇਤੀ ਹੱਲ ਲਈ ਪੰਜਾਬ ਦੇ ਪੱਖ ਨੂੰ ਦੁਹਰਾਉਂਦਿਆਂ ਕੇਂਦਰ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਆਪਣੇ ਸਟੈਂਡ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਸਮੱਸਿਆ ਨੂੰ ਫੌਰੀ ਸੁਲਝਾਉਣ ਲਈ ਰਾਹ ਲੱਭਣ ਦੀ ਅਪੀਲ ਕੀਤੀ, ਕਿਉਂ ਜੋ ਮੌਜੂਦਾ ਹਾਲਾਤ ਨਾਲ ਜਿਥੇ ਸੂਬੇ ਦੇ ਅਰਥਚਾਰੇ ਉਪਰ ਮਾਰੂ ਅਸਰ ਹੋ ਰਿਹਾ ਹੈ, ਉਥੇ ਹੀ ਕੌਮੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋਇਆ ਹੈ | ਮੁੱਖ ਮੰਤਰੀ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਹਿਮ ਮੀਟਿੰਗ ਦੌਰਾਨ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਕਿਸਾਨਾਂ ਦੇ ਸਰੋਕਾਰ ਸੁਲਝਾਉਣ ਨੂੰ ਯਕੀਨੀ ਬਣਾਏ | ਅਮਿਤ ਸ਼ਾਹ ਨਾਲ ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਸੰਖੇਪ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਉਹ ਅਤੇ ਉਨ੍ਹਾਂ ਦੀ ਸਰਕਾਰ ਵਿਚੋਲਗੀ ਲਈ ਕਿਸੇ ਵੀ ਤਰ੍ਹਾਂ ਸ਼ਾਮਿਲ ਨਹੀਂ ਹੈ ਅਤੇ ਮਸਲੇ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਵਲੋਂ ਹੱਲ ਕੀਤਾ ਜਾਣਾ ਹੈ ਪਰ ਇਸ ਦਾ ਛੇਤੀ ਹੱਲ ਪੰਜਾਬ ਅਤੇ ਮੁਲਕ, ਦੋਵਾਂ ਦੇ ਹਿਤ ਵਿਚ ਹੈ | ਘੱਟੋ-ਘੱਟ ਸਮਰਥਨ ਮੁੱਲ ਨੂੰ ਸੁਰੱਖਿਅਤ ਬਣਾਉਣ ਅਤੇ ਮੰਡੀ ਪ੍ਰਣਾਲੀ 'ਤੇ ਅਧਾਰਿਤ ਏ.ਪੀ.ਐਮ.ਸੀ. ਨੂੰ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨੂੰ ਮਸਲੇ ਦੇ ਫੌਰੀ ਹੱਲ ਲਈ ਕਿਸਾਨਾਂ ਦੀ ਗੱਲ ਖੁੱਲ੍ਹੇ ਮਨ ਨਾਲ ਸੁਣਨ ਦੀ ਅਪੀਲ ਕੀਤੀ | ਕੈਪਟਨ ਨੇ ਕਿਹਾ ਕਿ ਮਸਲੇ ਦਾ ਛੇਤੀ ਹੱਲ ਲੱਭਣਾ ਹੋਵੇਗਾ | ਉਨ੍ਹਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਆਏ ਹਨ ਤਾਂ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਪੈਦਾ ਹੋਈ ਪੇਚੀਦਗੀ ਦੇ ਨਾਲ-ਨਾਲ ਕਿਸਾਨ ਭਾਈਚਾਰੇ ਅਤੇ ਖੇਤੀ ਸੈਕਟਰ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਪੰਜਾਬ ਦੇ ਪੱਖ ਨੂੰ ਮੁੜ ਰੱਖਿਆ ਜਾ ਸਕੇ |
ਢੀਂਡਸਾ ਵਲੋਂ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ
ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)-ਅਕਾਲੀ ਦਲ ਦੇ ਘਾਗ ਸਿਆਸਤਦਾਨ, ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਭਾਰਤ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਧੋਖੇ ਅਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸ਼ਾਂਤੀਪੂਰਨ ਤੇ ਲੋਕਤੰਤਰੀ ਸੰਘਰਸ਼ ਖਿਲਾਫ਼ ਸਰਕਾਰ ਦੀ ਬੇਰੁਖੀ ਤੇ ਅਪਮਾਨਜਨਕ ਰਵੱਈਏ ਵਿਰੁੱਧ ਰੋਸ ਪ੍ਰਗਟ ਕਰਦਿਆਂ ਅੱਜ ਆਪਣਾ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ | ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਰੋਸ ਵਜੋਂ ਆਪਣਾ ਪਦਮ ਭੂਸ਼ਣ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਖੇ ਇਕ ਪੱਤਰ ਵਿਚ ਸ: ਬਾਦਲ ਨੇ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਸਿਰਫ਼ ਲੋਕਾਂ ਖ਼ਾਸ ਤੌਰ 'ਤੇ ਆਮ ਕਿਸਾਨਾਂ ਕਰ ਕੇ ਹਾਂ | ਅੱਜ ਜਦੋਂ ਉਨ੍ਹਾਂ ਦਾ ਹੀ ਸਨਮਾਨ ਨਹੀਂ ਹੋ ਰਿਹਾ ਤਾਂ ਫਿਰ ਪਦਮ ਵਿਭੂਸ਼ਣ ਵਰਗੇ ਸਨਮਾਨ ਨੂੰ ਰੱਖਣ ਦੀ ਕੋਈ ਤੁਕ ਨਹੀਂ ਬਣਦੀ | ਸ: ਬਾਦਲ ਨੇ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਧੋਖੇ ਨੂੰ ਪਹਿਲਾਂ ਹੀ ਕਸੂਤੀ ਫਸੀ ਕਿਸਾਨੀ ਲਈ ਵੱਡਾ ਝਟਕਾ ਕਰਾਰ ਦਿੱਤਾ ਤੇ ਕਿਹਾ ਕਿ ਕਿਸਾਨ ਆਪਣੇ ਜਿਊਣ ਦਾ ਮੌਲਿਕ ਅਧਿਕਾਰ ਬਚਾਉਣ ਵਾਸਤੇ ਕੜਾਕੇ ਦੀ ਠੰਢ ਵਿਚ ਸੰਘਰਸ਼ ਲੜ ਰਹੇ ਹਨ | ਅੱਜ ਸਵੇਰੇ ਰਾਸ਼ਟਰਪਤੀ ਨੂੰ ਈ ਮੇਲ ਰਾਹੀਂ ਭੇਜੇ ਬੇਹੱਦ ਭਾਵੁਕ ਤੇ ਪੀੜਾਦਾਇਕ ਪੱਤਰ ਵਿਚ ਸ: ਬਾਦਲ ਨੇ ਕਿਹਾ ਕਿ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਦੇ ਪੰਥਕ ਆਦਰਸ਼ਾਂ ਮਗਰੋਂ ਕਿਸਾਨ ਉਨ੍ਹਾਂ ਦਾ ਦੂਜਾ ਧਾਰਮਿਕ ਜਨੰੂਨ ਹਨ | ਉਨ੍ਹਾਂ ਕਿਹਾ ਕਿ ਜੋ ਕੁਝ ਵੀ ਮੇਰੇ ਕੋਲ ਹੈ, ਸਭ ਕੁਝ ਜਿਸ 'ਤੇ ਮੈਨੂੰ ਮਾਣ ਹੈ, ਸਨਮਾਨ ਦਾ ਹਰ ਪਲ ਤੇ ਜਨਤਕ ਜੀਵਨ ਵਿਚ ਮਿਲਿਆ ਹਰ ਅਹੁਦਾ ਜੋ ਮੈਨੂੰ ਮੇਰੇ ਲੰਬੇ ਸਿਆਸੀ ਜੀਵਨ ਕਾਲ ਦੌਰਾਨ ਮਿਲਿਆ, ਸਭ ਕੁਝ ਇਨ੍ਹਾਂ ਆਦਰਸ਼ਾਂ ਪ੍ਰਤੀ ਮੇਰੀ ਵਚਨਬੱਧਤਾ ਕਰ ਕੇ ਮਿਲਿਆ ਜਿਸ ਸਭ ਕੁਝ ਦਾ ਕੇਂਦਰੀ ਧੁਰਾ ਕਿਸਾਨ ਸਨ | ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੇ ਮੇਰਾ ਪਦਮ ਵਿਭੂਸ਼ਣ ਨਾਲ ਸਨਮਾਨ ਕੀਤਾ ਸੀ ਤਾਂ ਮੈਨੂੰ ਪਤਾ ਸੀ ਕਿ ਇਹ ਮੇਰੇ ਲੋਕਾਂ ਪ੍ਰਤੀ ਵਚਨਬੱਧਤਾ ਜਿਸ ਵਿਚ ਕਿਸਾਨ ਸਭ ਤੋਂ ਉੱਪਰ ਸਨ, ਦੇ ਕਾਰਨ ਮਿਲਿਆ, ਜਿਸ ਲਈ ਮੈਂ ਕਿਸਾਨਾਂ ਦਾ ਕਰਜ਼ਦਾਰ ਹਾਂ | ਆਪਣੇ ਪੱਤਰ ਵਿਚ ਸ: ਬਾਦਲ ਨੇ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਤੇ ਕਾਰਵਾਈਆਂ ਕਾਰਨ ਦੁੱਖ ਤੇ ਧੋਖਾ ਮਹਿਸੂਸ ਹੋਣ ਦੇ ਕਾਰਨ ਵੀ ਦੱਸੇ | ਉਨ੍ਹਾਂ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਲੱਖਾਂ ਕਰੋੜਾਂ ਰੁਪਏ ਦੇ ਕਾਰਪੋਰੇਟ ਕਰਜ਼ੇ ਬਿਨਾਂ ਸੋਚ ਵਿਚਾਰੇ ਮੁਆਫ਼ ਕਰ ਦਿੱਤੇ ਗਏ ਜਦਕਿ ਕਿਸਾਨੀ ਕਰਜ਼ਿਆਂ ਨੂੰ ਘਟਾਉਣ ਜਾਂ ਪੂਰੀ ਤਰ੍ਹਾਂ ਮੁਆਫ਼ ਕਰਨ ਬਾਰੇ ਸੋਚਿਆ ਵੀ ਨਹੀਂ ਗਿਆ ਬਲਕਿ ਦੇਸ਼ ਨੇ ਅੰਨਦਾਤਾ ਨੂੰ ਮਰਨ ਦੇਣਾ ਹੀ ਮੁਨਾਸਬ ਸਮਝਿਆ |
ਢੀਂਡਸਾ ਵਲੋਂ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ
ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)-ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਰੋਸ ਵਜੋਂ ਆਪਣਾ ਪਦਮ ਭੂਸ਼ਣ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਸਬੰਧੀ ਉਹ 4 ਦਸੰਬਰ ਨੂੰ ਕੀਤੇ ਜਾਣ ਵਾਲੇ ਪੱਤਰਕਾਰ ਸੰਮੇਲਨ ਦੌਰਾਨ ਪੁਰਸਕਾਰ ਵਾਪਸ ਕਰਨ ਸਬੰਧੀ ਲਿਖਿਆ ਪੱਤਰ ਜਾਰੀ ਕਰਨਗੇ | ਜ਼ਿਕਰਯੋਗ ਹੈ ਕਿ ਸ. ਢੀਂਡਸਾ ਨੂੰ ਮਾਰਚ 2019 'ਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਸਬੰਧੀ ਸੰਪਰਕ ਕਰਨ 'ਤੇ ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਪੁਰਸਕਾਰ ਇਸ ਲਈ ਵਾਪਸ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਅੱਜ ਹਾਲਾਤ ਇਹ ਹਨ ਕਿ ਕੜਾਕੇ ਦੀ ਸਰਦੀ ਵਿਚ ਬੱਚੇ, ਬਜ਼ੁਰਗ, ਬੀਬੀਆਂ ਅਤੇ ਨੌਜਵਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਆਪਣੇ ਹੱਕਾਂ ਲਈ ਸੜਕਾਂ 'ਤੇ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਡੈਮੋਕ੍ਰੈਟਿਕ ਕਿਸਾਨਾਂ ਦੇ ਹੱਕਾਂ ਲਈ ਹਰ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇਵੇਗੀ |
ਚੰਡੀਗੜ੍ਹ, 3 ਦਸੰਬਰ (ਬਿਊਰੋ ਚੀਫ਼)-ਪੰਜਾਬ ਦੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਦੇ ਨਾਮਵਰ ਪੱਤਰਕਾਰ ਤੇ ਸਾਹਿਤਕਾਰ ਅਤੇ ਅਦਾਰਾ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸਾਲ 2020 ਲਈ ਪੰਜਾਬੀ ਸਾਹਿਤ ਰਤਨ ਐਵਾਰਡ ਦੇਣ ਲਈ ਚੋਣ ਕੀਤੀ ਗਈ ਹੈ | ਭਾਸ਼ਾ ਵਿਭਾਗ ਦੇ ਸੂਬਾ ਸਲਾਹਕਾਰ ਬੋਰਡ ਦੀ ਅੱਜ ਇਥੇ ਉਚੇਰੀ ਸਿੱਖਿਆ ਬਾਰੇ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਲੋਂ ਮਗਰਲੇ ਸਾਲਾਂ ਦੌਰਾਨ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਸਬੰਧੀ ਫ਼ੈਸਲੇ ਨਾ ਲਏ ਜਾਣ ਕਾਰਨ ਅੱਜ 2015 ਤੋਂ 2020 ਤੱਕ 6 ਸਾਲਾਂ ਲਈ ਇਨ੍ਹਾਂ ਪੁਰਸਕਾਰਾਂ ਲਈ ਚੋਣ ਕੀਤੀ ਗਈ | ਸੂਬੇ ਦੇ ਸਭ ਤੋਂ ਉੱਚ ਪੰਜਾਬੀ ਸਾਹਿਤ ਰਤਨ ਐਵਾਰਡ ਲਈ ਚੁਣੇ ਜਾਣ ਵਾਲਿਆਂ ਨੂੰ ਰਾਜ ਸਰਕਾਰ ਵਲੋਂ 10 ਲੱਖ ਰੁਪਏ, ਸਿਰੋਪਾਓ, ਮੈਡਲ ਤੇ ਪਲਿਕ ਭੇਟ ਕੀਤਾ ਜਾਂਦਾ ਹੈ | ਇਹ ਸਨਮਾਨ ਪੰਜਾਬੀ ਦੇ ਉੱਚ ਕੋਟੀ ਦੇ ਸਾਹਿਤਕਾਰਾਂ ਅਤੇ ਪੰਜਾਬੀ ਭਾਸ਼ਾ ਲਈ ਬੇਮਿਸਾਲ ਕੰਮ ਕਰਨ ਵਾਲਿਆਂ ਨੂੰ ਮਿਲਦਾ ਹੈ | ਅੱਜ ਦੀ ਮੀਟਿੰਗ ਵਿਚ ਸਲਾਹਕਾਰ ਬੋਰਡ ਦੇ ਮੈਂਬਰਾਂ, ਜਿਨ੍ਹਾਂ ਵਿਚ ਪੰਜਾਬੀ, ਹਿੰਦੀ, ਉਰਦੂ ਦੇ ਸਿਰਮੌਰ ਸਾਹਿਤਕਾਰਾਂ ਤੋਂ ਇਲਾਵਾ ਕਲਾਕਾਰਾਂ ਤੇ ਪੱਤਰਕਾਰਾਂ ਦੀ ਵੀ ਨੁਮਾਇੰਦਗੀ ਹੈ, ਵਲੋਂ ਸਰਬਸੰਮਤੀ ਨਾਲ ਡਾ: ਬਰਜਿੰਦਰ ਸਿੰਘ ਹਮਦਰਦ ਦੇ ਨਾਂਅ ਦੀ ਤਜਵੀਜ਼ ਕੀਤੀ ਗਈ ਅਤੇ ਉਨ੍ਹਾਂ ਵਲੋਂ ਪੰਜਾਬੀ ਭਾਸ਼ਾ ਲਈ ਕੀਤੇ ਗਏ ਬੇਮਿਸਾਲ ਕੰਮ ਦੀ ਵੀ ਸ਼ਲਾਘਾ ਕੀਤੀ ਗਈ | ਬੋਰਡ ਵਲੋਂ ਸਾਲ 2019 ਲਈ ਡਾ: ਤੇਜਵੰਤ ਮਾਨ ਅਤੇ ਸਾਲ 2018 ਲਈ ਪਾਕਿਸਤਾਨ ਦੇ ਵਿਸ਼ਵ ਪ੍ਰਸਿੱਧ ਲੇਖਕ ਜਨਾਬ ਫਖਰ ਜ਼ਮਾਨ ਅਤੇ 2017 ਲਈ ਸ: ਗੁਲਜ਼ਾਰ ਸਿੰਘ ਸੰਧੂ ਅਤੇ ਸਾਲ 2016 ਲਈ ਗੁਰਬਚਨ ਸਿੰਘ ਭੁੱਲਰ ਅਤੇ 2015 ਲਈ ਸ੍ਰੀ ਓਮ ਪ੍ਰਕਾਸ਼ ਗਾਸੋ ਦੀ ਪੰਜਾਬੀ ਸਾਹਿਤ ਰਤਨ ਵਜੋਂ ਚੋਣ ਕੀਤੀ ਗਈ ਹੈ |
ਸੰਯੁਕਤ ਰਾਸ਼ਟਰ, 3 ਦਸੰਬਰ (ਏਜੰਸੀ)-ਭਾਰਤ ਨੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਮਨਮਰਜ਼ੀ ਨਾਲ ਗ਼ੈਰ-ਸਿੱਖ ਸੰਸਥਾ ਨੂੰ ਦੇਣ ਦੇ ਪਾਕਿਸਤਾਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਸਲਾਮਾਬਾਦ ਦਾ ਇਹ ਕਦਮ ਸਿੱਖ ਧਰਮ ਤੇ ਇਸ ਦੀ ਰੱਖਿਆ ਦੇ ਵਿਰੁੱਧ ਹੈ¢ ਪਾਕਿਸਤਾਨ ਨੇ ਅਜਿਹਾ ਕਰ ਕੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਦੀ ਉਲੰਘਣਾ ਕੀਤੀ ਹੈ¢ ਨਵੰਬਰ 'ਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਗ਼ੈਰ-ਸਿੱਖ ਸੰਸਥਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੂੰ ਦੇ ਦਿੱਤਾ ਸੀ¢ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਆਸ਼ੀਸ਼ ਸ਼ਰਮਾ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਿਹਾ ਕਿ ਪਿਛਲੇ ਸਾਲ ਇਸ ਸਭਾ ਦੁਆਰਾ ਪਾਸ ਕੀਤੇ ਗਏ ਸ਼ਾਂਤੀ ਤੇ ਸਭਿਆਚਾਰ ਦੇ ਸ਼ੁਰੂਆਤੀ ਮਤਿਆਂ ਦੀ ਪਾਕਿਸਤਾਨ ਪਹਿਲਾਂ ਹੀ ਉਲੰਘਣਾ ਕਰ ਚੁੱਕਾ ਹੈ | ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਮਨਮਰਜ਼ੀ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਨ ਨੂੰ ਗ਼ੈਰ-ਸਿੱਖ ਸੰਸਥਾ ਨੂੰ ਸੌਾਪ ਦੇਣਾ ਸਿੱਖ ਧਰਮ ਅਤੇ ਉਸ ਦੀ ਸੁਰੱਖਿਆ ਦੇ ਖ਼ਿਲਾਫ਼ ਹੈ | ਸ਼ਰਮਾ ਨੇ ਕਿਹਾ ਕਿ ਮਹਾਸਭਾ ਵਲੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਬਾਰੇ ਦਸੰਬਰ 2019 'ਚ ਮਤਾ ਪਾਸ ਕੀਤਾ ਗਿਆ ਸੀ ਅਤੇ ਪਾਕਿਸਤਾਨ ਨੇ ਉਸੇ ਮਤੇ ਦੀ ਉਲੰਘਣਾ ਕੀਤੀ ਹੈ |
ਲੁਧਿਆਣਾ, 3 ਦਸੰਬਰ (ਪੁਨੀਤ ਬਾਵਾ)-ਆਪਣੇ ਟਵੀਟਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਕਿਸਾਨਾਂ ਦੇ ਸੰਘਰਸ਼ ਬਾਰੇ ਟਿੱਪਣੀ ਕਰਨੀ ਉਸ ਸਮੇਂ ਕਾਫ਼ੀ ਮਹਿੰਗੀ ਪਈ, ਜਦੋਂ ਬਾਲੀਵੁੱਡ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਤੇ ਉਸ ਦੇ ਪ੍ਰਸੰਸਕਾਂ ਨੇ ਟਵਿੱਟਰ 'ਤੇ ਕੰਗਣਾ ਨੂੰ ਖਰੀਆਂ-ਖਰੀਆਂ ਸੁਣਾਈਆਂ | ਜਾਣਕਾਰੀ ਅਨੁਸਾਰ ਕੰਗਣਾ ਰਣੌਤ ਨੇ ਬੀਤੇ ਦਿਨੀਂ ਕਿਸਾਨ ਧਰਨੇ 'ਚ ਸ਼ਾਮਿਲ ਬੀਬੀਆਂ ਬਾਰੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਕਿਸਾਨਾਂ ਤੇ ਹੋਰ ਵਰਗਾਂ ਵਲੋਂ ਸੋਸ਼ਲ ਮੀਡੀਆ 'ਤੇ ਡੱਟ ਕੇ ਵਿਰੋਧਤਾ ਕੀਤੀ ਗਈ ਸੀ | ਇਸ ਤੋਂ ਇਲਾਵਾ ਕੰਗਣਾ ਨੇ ਇਕ ਟਵੀਟ ਕਰਕੇ ਬਾਲੀਵੁੱਡ ਸਟਾਰ ਦਿਲਜੀਤ ਦੁਸਾਂਝ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਸੀ | ਦਿਲਜੀਤ ਤੋਂ ਇਲਾਵਾ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ, ਅਦਾਕਾਰਾ ਸਰਗੁਣ ਮਹਿਤਾ, ਅਦਾਕਾਰ ਤੇ ਗਾਇਕ ਐਮੀ ਵਿਰਕ, ਗਾਇਕ ਸੁੱਖੀ ਨੇ ਵੀ ਕੰਗਣਾ ਵਲੋਂ ਕਿਸਾਨ ਸੰਘਰਸ਼ ਦੇ ਵਿਰੋਧ 'ਚ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ |
ਕੰਗਨਾ ਨੂੰ ਨੋਟਿਸ
ਮੰਬਈ, (ਪੀ.ਟੀ.ਆਈ.)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਨੇ ਅੱਜ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਉਸ ਟਵੀਟ ਲਈ ਕਾਨੂੰਨੀ ਨੋਟਿਸ ਭੇਜਿਆ, ਜਿਸ 'ਚ ਉਸ ਨੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਸੀ | ਇਹ ਨੋਟਿਸ ਕਮੇਟੀ ਮੈਂਬਰ ਜਸਮੈਨ ਸਿੰਘ ਨੌਨੀ ਨੇ ਵਕੀਲ ਹਰਪ੍ਰੀਤ ਸਿੰਘ ਹੋਰਾ ਰਾਹੀਂ ਭੇਜਿਆ ਹੈ |
ਐੱਸ.ਏ.ਐੱਸ. ਨਗਰ, 3 ਦਸੰਬਰ (ਜਸਬੀਰ ਸਿੰਘ ਜੱਸੀ)- ਸੁਪਰੀਮ ਕੋਰਟ ਨੇ 1991 'ਚ ਇਕ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਅਗਾਊਾ ਜ਼ਮਾਨਤ ਦੇ ਦਿੱਤੀ ਹੈ | ਜਸਟਿਸ ਅਸ਼ੋਕ ਭੂਸ਼ਨ ਦੀ ਅਗਵਾਈ ਵਾਲੇ ਬੈਂਚ ਨੇ ਸੈਣੀ ਨੂੰ ਆਪਣਾ ਪਾਸਪੋਰਟ ਸਪੁਰਦ ਕਰਨ ਅਤੇ ਜਾਂਚ 'ਚ ਸਹਿਯੋਗ ਕਰਨ ਲਈ ਵੀ ਕਿਹਾ ਹੈ | ਹੇਠਲੀ ਅਦਾਲਤ ਅਤੇ ਹਾਈਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚੱਲਕਾ ਭਰਨਾ ਹੋਵੇਗਾ | ਬੈਂਚ ਨੇ ਸੁਮੇਧ ਸੈਣੀ ਨੂੰ ਇਸ ਕਤਲ ਮਾਮਲੇ 'ਚ ਗਵਾਹਾਂ ਤੋਂ ਦੂਰ ਰਹਿਣ ਲਈ ਵੀ ਕਿਹਾ ਹੈ | ਇਸ ਮਾਮਲੇ ਦੀ ਸੁਣਵਾਈ ਦੌਰਾਨ ਸੈਣੀ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਸੀ ਕਿ ਸੁਮੇਧ ਸੈਣੀ ਵੱਖ-ਵੱਖ ਪੁਲਿਸ ਤਗਮਿਆਂ ਨਾਲ ਸਨਮਾਨਿਤ ਅਧਿਕਾਰੀ ਹੈ | ਸੈਣੀ ਨੂੰ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ | ਸੈਣੀ ਨੂੰ ਇਸ ਸਾਲ ਮਈ ਮਹੀਨੇ 'ਚ ਮੁਹਾਲੀ ਦੇ ਮਟੌਰ ਥਾਣੇ 'ਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ, ਗ਼ਲਤ ਢੰਗ ਨਾਲ ਹਿਰਾਸਤ 'ਚ ਰੱਖਣ ਸਮੇਤ ਹੋਰਨਾਂ ਦੋਸ਼ਾਂ ਤਹਿਤ ਹੋਰਨਾਂ ਪੁਲਿਸ ਕਰਮਚਾਰੀਆਂ ਸਮੇਤ ਕੁੱਲ 6 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ | ਬਾਅਦ 'ਚ ਅਗਸਤ 'ਚ ਕਤਲ ਦੀ ਧਾਰਾ ਦਾ ਵਾਧਾ ਕਰ ਦਿੱਤਾ ਗਿਆ ਸੀ |
ਕੱਲ੍ਹ ਸਨਮਾਨ ਵਾਪਸ ਕਰਨ ਜਾਣਗੇ ਰਾਸ਼ਟਰਪਤੀ ਭਵਨ
ਨਵੀਂ ਦਿੱਲੀ, 3 ਦਸੰਬਰ (ਏਜੰਸੀਆਂ)-ਕਿਸਾਨਾਂ ਦੇ ਹੱਕ 'ਚ ਪੂਰਾ ਪੰਜਾਬ ਪਹਿਲਾਂ ਹੀ ਖੜ੍ਹਾ ਸੀ ਤੇ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ...
ਵਿਸ਼ਾਲ ਹੋਇਆ ਸਿੰਘੂ ਸਰਹੱਦ ਦੇ ਧਰਨੇ ਦਾ ਘੇਰਾ
ਸੁਰਿੰਦਰ ਸਿੰਘ ਵਰਪਾਲ
ਤਸਵੀਰਾਂ:ਹਰਜੀਤ ਸਿੰਘ
ਸਿੰਘੂ ਸਰਹੱਦ (ਦਿੱਲੀ), 3 ਦਸੰਬਰ-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦਾਂ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਨੂੰ ਸਾਫ਼ ਤੇ ਸਪੱਸ਼ਟ ...
ਨਵੀਂ ਦਿੱਲੀ, 3 ਦਸੰਬਰ (ਏਜੰਸੀ)- ਕੇਂਦਰ ਨੇ ਸੁਪਰੀਮ ਕੋਰਟ 'ਚ ਦੋਸ਼ੀ ਠਹਿਰਾਏ ਸਿਆਸਤਦਾਨਾਂ ਦੇ ਚੋਣ ਲੜਨ 'ਤੇ ਉਮਰ ਭਰ ਲਈ ਪਾਬੰਦੀ ਲਗਾਉਣ ਸਬੰਧੀ ਇਕ ਸੋਧੀ ਜਨਹਿਤ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਚੁਣੇ ਹੋਏ ਲੋਕ ਪ੍ਰਤੀਨਿਧੀ ਵੀ ਕਾਨੂੰਨ ਅਨੁਸਾਰ ...
ਮਾਸਕੋ, 3 ਦਸੰਬਰ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ ਹਫ਼ਤੇ ਕੋਰੋਨਾ ਵਾਇਰਸ ਖ਼ਿਲਾਫ਼ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇ | ਰਾਸ਼ਟਰਪਤੀ ਪੁਤਿਨ ਨੇ ਉਪ ਪ੍ਰਧਾਨ ਮੰਤਰੀ ...
ਚੰਡੀਗੜ੍ਹ, 3 ਦਸੰਬਰ (ਪੀ.ਟੀ.ਆਈ.)-ਪੰਜਾਬੀ ਗਾਇਕ ਵੀ ਆਪਣੇ ਗੀਤਾਂ ਰਾਹੀਂੇ ਕਿਸਾਨਾਂ 'ਚ ਜੋਸ਼ ਭਰ ਰਹੇ ਹਨ | ਅਜਿਹੇ ਹੀ ਗਾਣਿਆਂ 'ਚੋਂ ਇਕ ਗਾਣਾ 'ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ' ਕਾਫ਼ੀ ਮਕਬੂਲ ਹੋ ਰਿਹਾ ਹੈ, ਜਿਸ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ...
ਨਵੀਂ ਦਿੱਲੀ, 3 ਦਸੰਬਰ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘੱਟ ਕੁਝ ਵੀ ਸਵੀਕਾਰ ਕਰਨਾ ਦੇਸ਼ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ | ਉਨ੍ਹਾਂ ਦੀ ਇਹ ਪ੍ਰਤੀਕਿਰਿਆ ...
ਨਵੀਂ ਦਿੱਲੀ, 3 ਮਾਰਚ (ਆਈ.ਏ.ਐਨ.ਐਸ.)-ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਦਾ ਅੱਠਵਾਂ ਦਿਨ ਹੈ ਅਤੇ ਕਿਸਾਨ ਨੇਤਾਵਾਂ ਨੇ ਇਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਦੁਹਰਾਇਆ ਹੈ | ਕਿਸਾਨ ਕੇਂਦਰ ਸਰਕਾਰ ਨਾਲ ਇਕ ਹੋਰ ਦੌਰ ਦੀ ਗੱਲਬਾਤ ਕਰਨ ਲਈ ...
ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਪਾਰਟੀ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਦਮ ਵਿਭੂਸ਼ਣ ਪੁਰਸਕਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਧੋਖਾ ਕਰਨ ਦੇ ਵਿਰੋਧ ਵਿਚ ਰੋਸ ...
ਨਵੀਂ ਦਿੱਲੀ, 3 ਦਸੰਬਰ (ਆਈ.ਏ.ਐਨ.ਐਸ.)-ਦਿੱਲੀ ਬਾਰਡਰ 'ਤੇ ਗੁੱਸੇ 'ਚ ਆਏ ਕਿਸਾਨਾਂ ਨੇ ਰਾਸ਼ਟਰੀ ਰਾਜ ਮਾਰਗ-9 ਨੂੰ ਜਾਮ ਕਰ ਦਿੱਤਾ | ਜਿਸ ਕਾਰਨ ਉੱਤਰ ਪ੍ਰਦੇਸ਼ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜਨ ਵਾਲਾ ਇਕ ਪ੍ਰਮੁੱਖ ਫਲਾਈਓਵਰ 'ਤੇ ਆਵਾਜਾਈ ਬੰਦ ਹੋ ਗਈ | ਇਹ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX