ਪਿਛਲੇ ਕੁਝ ਮਹੀਨਿਆਂ ਤੋਂ ਅਨੇਕਾਂ ਪੜਾਵਾਂ 'ਚੋਂ ਗੁਜ਼ਰਦਾ ਹੋਇਆ ਕਿਸਾਨ ਸੰਘਰਸ਼ ਜਾਰੀ ਹੈ। ਇਸ ਵਿਚ ਵੱਡੀ ਗੱਲ ਇਹ ਵੇਖੀ ਜਾ ਸਕਦੀ ਹੈ ਕਿ ਕਿਸਾਨ ਹੌਸਲੇ ਵਿਚ ਹਨ ਅਤੇ ਉਨ੍ਹਾਂ ਦੇ ਇਰਾਦੇ ਦ੍ਰਿੜ੍ਹ ਹਨ। ਪੰਜਾਬ ਵਿਚ ਰੇਲ ਗੱਡੀਆਂ, ਵੱਡੀਆਂ ਕੰਪਨੀਆਂ ਦੇ ਕਾਰੋਬਾਰਾਂ ਅਤੇ ਤੇਲ ਪੰਪਾਂ ਦੇ ਨਾਲ-ਨਾਲ ਟੋਲ ਪਲਾਜ਼ਿਆਂ ਉੱਪਰ ਵੀ ਉਨ੍ਹਾਂ ਨੇ ਆਪਣੇ ਧਰਨੇ ਲਗਾਈ ਰੱਖੇ ਹਨ। ਚਾਹੇ ਲੰਮੀ ਸੋਚ-ਵਿਚਾਰ ਤੋਂ ਬਾਅਦ ਰੇਲ ਮਾਰਗਾਂ ਨੂੰ ਤਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਕੁਝ ਰੇਲ ਗੱਡੀਆਂ ਚੱਲੀਆਂ ਵੀ ਸਨ ਪਰ ਹੁਣ ਇਸ ਅੰਦੋਲਨ ਦੇ ਵਧੇਰੇ ਵਿਸ਼ਾਲ ਹੋਣ ਨਾਲ ਮੁੜ ਇਨ੍ਹਾਂ 'ਤੇ ਵੱਡਾ ਪਰਛਾਵਾਂ ਪੈਂਦਾ ਨਜ਼ਰ ਆ ਰਿਹਾ ਹੈ।
ਕਿਸਾਨ ਜਥੇਬੰਦੀਆਂ ਦਾ ਦਿੱਲੀ ਵੱਲ ਕੂਚ ਹਰਿਆਣਾ ਸਰਕਾਰ ਵਲੋਂ ਲਗਾਈਆਂ ਗਈਆਂ ਕਰੜੀਆਂ ਰੋਕਾਂ ਕਾਰਨ ਪੈਦਾ ਹੋਈਆਂ ਦੁਸ਼ਵਾਰੀਆਂ ਦੇ ਬਾਵਜੂਦ ਜਾਰੀ ਰਿਹਾ ਸੀ। ਦਿੱਲੀ ਨਾਲ ਲਗਦੀਆਂ ਸਿੰਘੂ ਅਤੇ ਟਿਕਰੀ ਸਰਹੱਦਾਂ 'ਤੇ ਲੋਕਾਂ ਦੇ ਵਿਸ਼ਾਲ ਇਕੱਠਾਂ ਵਲੋਂ ਲਗਾਏ ਗਏ ਧਰਨਿਆਂ ਨਾਲ ਉਥੋਂ ਦਾ ਆਮ ਜੀਵਨ ਠਹਿਰ ਗਿਆ ਲਗਦਾ ਹੈ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ। ਇਸ ਦੇ ਨਾਲ ਹੀ ਹੋਰਾਂ ਸੂਬਿਆਂ ਦੇ ਕਿਸਾਨਾਂ ਨੇ ਵੀ ਇਸ ਅੰਦੋਲਨ ਦੀ ਵੱਡੀ ਹਮਾਇਤ ਸ਼ੁਰੂ ਕਰ ਦਿੱਤੀ ਹੈ ਅਤੇ ਦਿਨੋ-ਦਿਨ ਇਹ ਹੋਰ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸੇ ਕਰਕੇ ਹੁਣ ਤੱਕ ਕੇਂਦਰੀ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ 4 ਲੰਮੀਆਂ ਬੈਠਕਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਦੋਵਾਂ ਧਿਰਾਂ ਨੇ ਆਪੋ-ਆਪਣੇ ਪੱਖ ਵਿਸਥਾਰ ਵਿਚ ਰੱਖੇ ਹਨ। ਚਾਹੇ ਹਾਲੇ ਤੱਕ ਇਨ੍ਹਾਂ 'ਚੋਂ ਕੋਈ ਠੋਸ ਨਤੀਜੇ ਨਿਕਲਦੇ ਦਿਖਾਈ ਨਹੀਂ ਦਿੱਤੇ ਪਰ ਇਕ ਆਸ ਪੈਦਾ ਹੋਣੀ ਜ਼ਰੂਰ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਵੀ ਇਹ ਮਹਿਸੂਸ ਕਰ ਲਿਆ ਜਾਪਦਾ ਹੈ ਕਿ ਪੈਦਾ ਹੋਏ ਇਸ ਗੰਭੀਰ ਮਸਲੇ ਦਾ ਹੱਲ ਕੱਢਿਆ ਜਾਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਸਮੁੱਚੇ ਰੂਪ ਵਿਚ ਆਰਥਿਕਤਾ 'ਤੇ ਅਸਰ ਪੈ ਰਿਹਾ ਹੈ। ਕਾਰੋਬਾਰ ਘਟਣੇ ਸ਼ੁਰੂ ਹੋ ਗਏ ਹਨ। ਵੱਡੀ ਗਿਣਤੀ ਵਿਚ ਲੋੜਵੰਦ ਲੋਕਾਂ ਦੀਆਂ ਚਿੰਤਾਵਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਛੋਟੇ-ਮੋਟੇ ਰੁਜ਼ਗਾਰ ਖੁੱਸਣ ਦੇ ਵੀ ਖਦਸ਼ੇ ਪੈਦਾ ਹੋ ਗਏ ਹਨ। ਕੋਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਪਹਿਲਾਂ ਹੀ ਅਨੇਕਾਂ ਪੱਖਾਂ ਤੋਂ ਵੱਡਾ ਨੁਕਸਾਨ ਹੋ ਚੁੱਕਾ ਹੈ। ਇਨ੍ਹਾਂ ਨਵੇਂ ਕਾਨੂੰਨਾਂ ਦੇ ਹੋਂਦ ਵਿਚ ਆਉਣ ਕਰਕੇ ਨੁਕਸਾਨ ਦੇ ਨਾਲ-ਨਾਲ ਪੈਦਾ ਹੋਏ ਤਣਾਅ ਅਤੇ ਤਲਖ਼ੀ ਨੇ ਵੀ ਵੱਡੀਆਂ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਆਉਂਦੇ ਦਿਨ ਦੋਵਾਂ ਹੀ ਧਿਰਾਂ ਵਿਚ ਗੱਲਬਾਤ ਦਾ ਨਿਸਚਿਤ ਹੋਇਆ ਦੌਰ ਮੁੜ ਚੱਲੇਗਾ।
ਸਮੁੱਚੇ ਹਾਲਾਤ ਨੂੰ ਦੇਖਦਿਆਂ ਇਸ ਦਾ ਸਨਮਾਨਜਨਕ ਹੱਲ ਨਿਕਲਣ ਦੀ ਆਸ ਪੈਦਾ ਹੋਣੀ ਸ਼ੁਰੂ ਹੋਈ ਹੈ। ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵਡੇਰੀ ਹੈ। ਪਹਿਲਾਂ ਹੀ ਇਹ ਗੰਭੀਰ ਮਸਲਾ ਬੇਹੱਦ ਲਮਕ ਚੁੱਕਾ ਹੈ। ਇਸ ਦਾ ਹੋਰ ਲਮਕਦੇ ਜਾਣਾ ਗੰਭੀਰ ਸਥਿਤੀਆਂ ਨੂੰ ਜਨਮ ਦੇਣ ਦੀ ਸੰਭਾਵਨਾ ਰੱਖਦਾ ਹੈ। ਸਮੇਂ 'ਤੇ ਕੱਢਿਆ ਗਿਆ ਇਸ ਦਾ ਸੰਤੁਸ਼ਟੀਜਨਕ ਹੱਲ ਕਿਸਾਨ ਵਰਗ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਵੱਡੀ ਰਾਹਤ ਸਾਬਤ ਹੋਵੇਗਾ। ਇਸ ਲਈ ਦੋਵਾਂ ਧਿਰਾਂ ਵਲੋਂ ਇਸ ਦਾ ਸੰਤੁਸ਼ਟੀਜਨਕ ਹੱਲ ਤਲਾਸ਼ਿਆ ਜਾਣਾ ਬੇਹੱਦ ਜ਼ਰੂਰੀ ਹੈ।
-ਬਰਜਿੰਦਰ ਸਿੰਘ ਹਮਦਰਦ
ਸੰਸਾਰ ਮਿੱਟੀ ਦਿਵਸ 'ਤੇ ਵਿਸ਼ੇਸ਼
ਧਰਤ ਮਾਂ ਹੈ, ਮਿੱਟੀ ਪਾਲਣਹਾਰ। ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਨੇ ਮੱਲਿਆ ਹੋਇਆ ਹੈ, ਚੌਥਾ ਹਿੱਸਾ ਖੁਸ਼ਕ ਹੈ। ਇਸ ਚੌਥੇ ਹਿੱਸੇ ਦਾ ਅੱਧਾ ਹਿੱਸਾ ਮਾਰੂਥਲ, ਪਹਾੜ, ਬਰਫ਼ ਆਦਿ ਨੇ ਢਕਿਆ ਹੋਇਆ ਹੈ, ਜਿੱਥੇ ਬਹੁਤ ਗਰਮੀ, ਉੱਭੜ-ਖਾਬੜ ...
ਬਰਸੀ 'ਤੇ ਵਿਸ਼ੇਸ਼
ਬਾਬਾ ਵਿਸਾਖਾ ਸਿੰਘ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਕਲਾਂ ਤੋਂ ਤਿੰਨ ਕਿਲੋਮੀਟਰ ਦੂਰ ਦੱਖਣ ਦੀ ਬਾਹੀ ਵਿਚ ਨਗਰ ਦਦੇਹਰ ਸਾਹਿਬ ਵਿਖੇ ਜੱਟ ਸਿੱਖ ਸੰਧੂ ਪਰਿਵਾਰ ਵਿਚ ਪਿਤਾ ਸ: ਦਿਆਲ ਸਿੰਘ ਜੀ ਅਤੇ ਮਾਤਾ ਇੰਦਰ ਕੌਰ ਦੇ ਘਰ 13 ਅਪ੍ਰੈਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX