ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਜੂਨ ਦੇ ਮਹੀਨੇ ਵਿਚ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਸਬੰਧੀ ਆਰਡੀਨੈਂਸ ਜਾਰੀ ਕੀਤੇ ਜਾਣ ਤੋਂ ਬਾਅਦ ਕਾਹਲੀ ਵਿਚ ਇਨ੍ਹਾਂ ਬਿੱਲਾਂ ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ। ਪਹਿਲਾਂ ਲੋਕ ਸਭਾ ਵਿਚ ਕੁਝ ਸਿਆਸੀ ਪਾਰਟੀਆਂ ਵਲੋਂ ਇਨ੍ਹਾਂ ਖਿਲਾਫ਼ ਬਹਿਸ ਦੌਰਾਨ ਆਵਾਜ਼ ਉਠਾਈ ਗਈ ਪਰ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮੂਹਰੀ ਗੱਠਜੋੜ ਸਰਕਾਰ ਦਾ ਬਹੁਮਤ ਹੋਣ ਕਾਰਨ ਬਹਿਸ ਤੋਂ ਬਾਅਦ ਇਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ। ਬਾਅਦ ਵਿਚ ਰਾਜ ਸਭਾ ਵਿਚੋਂ ਵੀ ਵੱਡਾ ਦਬਾਅ ਬਣਾ ਕੇ ਇਨ੍ਹਾਂ ਨੂੰ ਕਾਹਲੀ ਨਾਲ ਪਾਸ ਕਰਵਾਇਆ ਗਿਆ। ਰਾਸ਼ਟਰਪਤੀ ਨੇ ਇਨ੍ਹਾਂ 'ਤੇ ਸਤੰਬਰ ਦੇ ਮਹੀਨੇ ਵਿਚ ਮੋਹਰ ਲਗਾ ਦਿੱਤੀ, ਜਿਸ ਨਾਲ ਇਹ ਕਾਨੂੰਨ ਬਣ ਗਏ। ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਵੀ ਪੰਜਾਬ ਦੀਆਂ ਬਹੁਤੀਆਂ ਅਤੇ ਵੱਡੀਆਂ ਕਿਸਾਨ ਜਥੇਬੰਦੀਆਂ ਵਲੋਂ ਇਨ੍ਹਾਂ ਵਿਰੁੱਧ ਆਵਾਜ਼ ਉਠਾਈ ਜਾਂਦੀ ਰਹੀ। ਲਗਪਗ ਦੋ ਮਹੀਨੇ ਤੱਕ ਨਾ ਸਿਰਫ਼ ਰੇਲ ਗੱਡੀਆਂ ਦੀ ਆਵਾਜਾਈ ਹੀ ਬੰਦ ਕਰ ਦਿੱਤੀ ਗਈ ਸਗੋਂ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰ ਦਿੱਤਾ ਗਿਆ। ਕੁਝ ਵੱਡੀਆਂ ਕੰਪਨੀਆਂ ਦੇ ਅਦਾਰਿਆਂ 'ਤੇ ਧਰਨੇ ਲਗਾਏ ਜਾਣ ਨਾਲ ਉਨ੍ਹਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋਏ। ਇਸ ਤੋਂ ਵੀ ਅੱਗੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਅੱਗੇ ਵੀ ਧਰਨੇ ਲਗਾਏ ਗਏ, ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੀ ਸਖ਼ਤ ਵਿਰੋਧ ਕੀਤਾ ਗਿਆ।
ਅਜਿਹੇ ਹਾਲਾਤ ਵਿਚ ਕੇਂਦਰ ਸਰਕਾਰ ਵਲੋਂ 31 ਦੇ ਕਰੀਬ ਕਿਸਾਨ ਜਥੇਬੰਦੀਆਂ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ ਗਈਆਂ। ਕਿਸਾਨ ਆਗੂਆਂ ਵਲੋਂ ਇਨ੍ਹਾਂ ਮੀਟਿੰਗਾਂ ਦੌਰਾਨ ਉਠਾਏ ਗਏ ਨੁਕਤਿਆਂ ਅਤੇ ਇਤਰਾਜ਼ਾਂ ਨੂੰ ਆਧਾਰ ਬਣਾ ਕੇ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਵਿਚ 9 ਸੋਧਾਂ ਕਰਨਾ ਪਰਵਾਨ ਕਰ ਲਿਆ ਅਤੇ ਘੱਟੋ-ਘੱਟ ਖ਼ਰੀਦ ਮੁੱਲ ਜਾਰੀ ਰੱਖੇ ਜਾਣ ਦੀ ਲਿਖਤੀ ਗਾਰੰਟੀ ਦੇਣ ਵੀ ਗੱਲ ਕੀਤੀ। ਮੀਟਿੰਗਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਸੋਧਾਂ ਦੀ ਗਿਣਤੀ ਵਧਦੀ ਗਈ, ਜੋ ਅਖ਼ੀਰ 'ਤੇ 16 ਤੱਕ ਪੁੱਜ ਗਈ। ਪਰ ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਤੌਰ 'ਤੇ ਸਰਕਾਰ ਦੀ ਪ੍ਰਤੀਨਿਧਤਾ ਕਰਨ ਵਾਲੇ ਵਜ਼ੀਰਾਂ ਨੂੰ ਇਹ ਦੱਸ ਦਿੱਤਾ ਕਿ ਉਹ ਇਨ੍ਹਾਂ ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਵਾਏ ਜਾਣ ਤੋਂ ਬਗ਼ੈਰ ਹੋਰ ਕਿਸੇ ਸੂਰਤ ਵਿਚ ਮੰਨਣ ਵਾਲੇ ਨਹੀਂ ਹਨ। ਕਿਸਾਨ ਜਥੇਬੰਦੀਆਂ ਦੇ 'ਦਿੱਲੀ ਚਲੋ' ਨਾਅਰੇ ਨੂੰ ਏਨਾ ਵੱਡਾ ਹੁੰਗਾਰਾ ਮਿਲਿਆ ਜਿਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ। ਹੁਣ ਤੱਕ ਕੇਂਦਰ ਦੇ ਵਜ਼ੀਰਾਂ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ 8 ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਕੋਈ ਸਿੱਟਾ ਨਹੀਂ ਨਿਕਲਿਆ। ਜਥੇਬੰਦੀਆਂ ਨੇ ਹਰ ਹੀਲੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਪਹੁੰਚ ਹੀ ਜਾਰੀ ਰੱਖੀ ਹੋਈ ਹੈ। ਇਸ ਤੋਂ ਹੇਠਾਂ ਉਹ ਹੋਰ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਹਨ ਜਦੋਂ ਕਿ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਵਿਚ ਸੋਧਾਂ ਕਰਨ ਦੀ ਗੱਲ ਕੀਤੀ। 8 ਜਨਵਰੀ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਚ ਹੋਈ ਦੋਵਾਂ ਧਿਰਾਂ ਦੀ ਮੀਟਿੰਗ ਵਿਚ ਵੀ ਜਿਥੇ ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ ਦੀ ਆਪਣੀ ਗੱਲ 'ਤੇ ਅੜੀਆਂ ਰਹੀਆਂ, ਉਥੇ ਸਬੰਧਿਤ ਵਜ਼ੀਰਾਂ ਨੇ ਇਹ ਆਖ ਦਿੱਤਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਸਿੰਘੂ ਅਤੇ ਦਿੱਲੀ ਦੀਆਂ ਹੋਰ ਸਰਹੱਦਾਂ 'ਤੇ ਇਕੱਠ ਅਤੇ ਜੋਸ਼ ਵਧਦਾ ਹੋਇਆ ਆਪਣੀ ਚਰਮ ਸੀਮਾ 'ਤੇ ਪੁੱਜਦਾ ਜਾ ਰਿਹਾ ਹੈ। ਬੇਹੱਦ ਦੁਖਦ ਗੱਲ ਇਹ ਰਹੀ ਕਿ ਬਹੁਤ ਸਾਰੇ ਕਿਸਾਨ ਅਤੇ ਹੋਰ ਸਬੰਧਿਤ ਵਿਅਕਤੀਆਂ ਦੀਆਂ ਇਸੇ ਦੌਰਾਨ ਜਾਨਾਂ ਵੀ ਜਾ ਰਹੀਆਂ ਹਨ ਅਤੇ ਕੁਝ ਵਲੋਂ ਖ਼ੁਦਕੁਸ਼ੀਆਂ ਵੀ ਕੀਤੀਆਂ ਗਈਆਂ ਹਨ। ਇਸ ਤੋਂ ਵੀ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਦੌਰਾਨ ਸਰਬਉੱਚ ਅਦਾਲਤ ਵਿਚ ਪਾਈਆਂ ਗਈਆਂ ਵੱਖ-ਵੱਖ ਪਟੀਸ਼ਨਾਂ ਦੇ ਆਧਾਰ 'ਤੇ ਅਤੇ ਵਧ ਰਹੇ ਟਕਰਾਅ ਨੂੰ ਦੇਖਦੇ ਹੋਏ ਅਦਾਲਤ ਨੇ ਇਨ੍ਹਾਂ ਕਾਨੂੰਨਾਂ ਦੇ ਅਮਲ ਨੂੰ ਰੋਕਣ ਅਤੇ ਇਨ੍ਹਾਂ ਸਬੰਧੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ ਪਰ ਕਿਸਾਨ ਜਥੇਬੰਦੀਆਂ ਨੇ ਸਰਬਉੱਚ ਅਦਾਲਤ ਦੀ ਇਸ ਪਹਿਲ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਬਉੱਚ ਅਦਾਲਤ ਵਲੋਂ ਇਨ੍ਹਾਂ ਕਾਨੂੰਨਾਂ ਦੇ ਅਮਲ ਨੂੰ ਰੋਕਣ ਦੇ ਨਾਲ ਚਾਰ ਮੈਂਬਰਾਂ ਦੀ ਇਕ ਮਾਹਿਰ ਕਮੇਟੀ ਬਣਾਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਇਹ ਕਿਹਾ ਕਿ ਉਨ੍ਹਾਂ ਦੇ ਪ੍ਰਤੀਨਿਧ ਇਸ ਅੱਗੇ ਪੇਸ਼ ਨਹੀਂ ਹੋਣਗੇ। ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਸਰਕਾਰ ਨੇ ਸਰਬਉੱਚ ਅਦਾਲਤ ਰਾਹੀਂ ਪਹਿਲਾਂ ਵਾਲੀ ਨੀਅਤ ਅਤੇ ਨੀਤੀ ਲਾਗੂ ਕਰਨ ਦਾ ਹੀ ਯਤਨ ਕੀਤਾ ਹੈ। ਉਨ੍ਹਾਂ ਨੇ ਸਰਬਉੱਚ ਅਦਾਲਤ ਰਾਹੀਂ ਬਣਾਈ ਗਈ ਮਾਹਿਰ ਕਮੇਟੀ ਦੇ ਮੈਂਬਰਾਂ 'ਤੇ ਇਹ ਕਹਿੰਦਿਆਂ ਉਂਗਲੀ ਉਠਾਈ ਹੈ ਕਿ ਉਹ ਸਮੇਂ-ਸਮੇਂ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਹਨ। ਪੈਦਾ ਹੋਏ ਅਜਿਹੇ ਹਾਲਾਤ ਕਾਰਨ ਟਕਰਾਅ ਵਧਦਾ ਨਜ਼ਰ ਆ ਰਿਹਾ ਹੈ, ਜੋ ਕਿਸੇ ਵੇਲੇ ਵੀ ਹੋਰ ਗੰਭੀਰ ਸ਼ਕਲ ਅਖ਼ਤਿਆਰ ਕਰ ਸਕਦਾ ਹੈ। ਪੈਦਾ ਹੋ ਰਿਹਾ ਇਹ ਟਕਰਾਅ ਦੁਰਭਾਗਪੂਰਨ ਹੈ, ਜਿਸ ਤੋਂ ਹਰ ਸੂਰਤ ਵਿਚ ਬਚਿਆ ਜਾਣਾ ਚਾਹੀਦਾ ਹੈ। ਸਾਰੀਆਂ ਹੀ ਸਬੰਧਿਤ ਧਿਰਾਂ ਨੂੰ ਇਕ ਵਾਰ ਫਿਰ ਗੰਭੀਰ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਤਾਂ ਕਿ ਹਾਲਾਤ ਨੂੰ ਕੋਈ ਸਖਾਵਾਂ ਮੋੜ ਦਿੱਤਾ ਜਾ ਸਕੇ ਅਤੇ ਮਸਲੇ ਦਾ ਵੀ ਕੋਈ ਸਨਮਾਨਜਨਕ ਹੱਲ ਨਿਕਲ ਸਕੇ।
-ਬਰਜਿੰਦਰ ਸਿੰਘ ਹਮਦਰਦ
ਭਾਵੇਂ ਭਾਰਤ ਵਸੋਂ ਦੇ ਹਿਸਾਬ ਨਾਲ ਚੀਨ ਤੋਂ ਬਾਅਦ ਦੂਜਾ ਵੱਡਾ ਦੇਸ਼ ਹੈ ਜਿਥੇ 130 ਕਰੋੜ ਦੇ ਕਰੀਬ ਵਸੋਂ ਹੈ ਪਰ ਭਾਰਤ ਦੁਨੀਆ ਦਾ ਪਹਿਲਾ ਵੱਡਾ ਦੇਸ਼ ਹੈ ਜਿਥੇ ਸਭ ਤੋਂ ਜ਼ਿਆਦਾ ਵਸੋਂ ਖੇਤੀ ਵਿਚ ਲੱਗੀ ਹੋਈ ਹੈ ਪਰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿਚ ਸਭ ਤੋਂ ਘੱਟ ਹਿੱਸਾ ...
ਲੋਹੜੀ 'ਤੇ ਵਿਸ਼ੇਸ਼
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਅਖ਼ੀਰਲੀ ਰਾਤ ਨੂੰ ਅੱਗ ਮਚਾ ਕੇ ਮਨਾਇਆ ਜਾਂਦਾ ਹੈ ਭਾਵ ਇਹ ਮਾਘ ਮਹੀਨੇ ਦੀ ਸੰਗਰਾਂਦ ਦੀ ਪੂਰਵ ਸੰਧਿਆ ਨੂੰ ਮਨਾਇਆ ਜਾਂਦਾ ਹੈ। ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਇਹ 12-13 ਜਨਵਰੀ ਨੂੰ ਹੁੰਦਾ ਹੈ। ਜਿੱਥੇ ...
(ਕੱਲ੍ਹ ਤੋਂ ਅੱਗੇ)
ਗੰਡਾ ਸਿੰਘ ਵਰਗੇ ਸਰਬਾਂਗੀ (multipurpose)ਵਿਅਕਤੀ ਅਤੇ ਸੁੱਘੜ (accomplished)ਇਤਿਹਾਸਕਾਰ ਦੀ ਜੀਵਨੀ ਲਿਖਣ ਦਾ ਉਪਰਾਲਾ ਕਰਕੇ, ਡਾ: ਮਹਿੰਦਰ ਸਿੰਘ ਨੇ ਸਿੱਖ ਇਤਿਹਾਸ ਦੇ ਵਿਦਿਆਰਥੀਆਂ/ਖੋਜਕਾਰਾਂ ਦੀ ਇਕ ਅਦੁੱਤੀ ਸੇਵਾ ਕੀਤੀ ਹੈ। ਅਸਲ ਵਿਚ ਡਾ: ਗੰਡਾ ਸਿੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX