ਅਗਲੀ ਬੈਠਕ 'ਚ ਨਤੀਜਾ ਨਾ ਨਿਕਲਿਆ ਤਾਂ ਅੱਗੋਂ ਨਹੀਂ ਕਰਾਂਗੇ ਗੱਲਬਾਤ-ਕਿਸਾਨ ਆਗੂ
ਉਪਮਾ ਡਾਗਾ ਪਾਰਥ/ਜਗਤਾਰ ਸਿੰਘ
ਨਵੀਂ ਦਿੱਲੀ, 15 ਜਨਵਰੀ-ਸਰਕਾਰ ਅਤੇ ਕਿਸਾਨਾਂ ਦਰਮਿਆਨ ਦਿੱਲੀ ਦੇ ਵਿਗਿਆਨ ਭਵਨ 'ਚ ਤਕਰੀਬਨ 5 ਘੰਟੇ ਚੱਲੀ 9ਵੇਂ ਗੇੜ ਦੀ ਮੀਟਿੰਗ ਤੋਂ ਬਾਅਦ ਵੀ ਕੋਈ ਠੋਸ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ | ਹਾਲਾਂਕਿ ਦੋਹਾਂ ਧਿਰਾਂ ਦਰਮਿਆਨ ਅਗਲੀ ਬੈਠਕ ਲਈ 19 ਜਨਵਰੀ ਦੇ ਦਿਨ ਲਈ ਰਜ਼ਾਮੰਦੀ ਹੋਈ ਹੈ | ਗੱਲਬਾਤ ਦਰਮਿਆਨ ਹੋਈ ਤਲ਼ਖਕਲਾਮੀ 'ਚ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਸਿਰਫ਼ ਬੇਨਤੀਜਾ ਮੀਟਿੰਗਾਂ ਦਾ ਹੀ ਦੌਰ ਚਲਾਈ ਰੱਖਣਾ ਚਾਹੁੰਦੀ ਹੈ ਤਾਂ ਇਨ੍ਹਾਂ ਮੀਟਿੰਗਾਂ ਦਾ ਕੀ ਅਰਥ ਰਹਿ ਜਾਂਦਾ ਹੈ | ਕਿਸਾਨ ਆਗੂਆਂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਜੇਕਰ ਅਗਲੀ (19 ਜਨਵਰੀ) ਮੀਟਿੰਗ 'ਚ ਵੀ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਕਿਸਾਨ ਅੱਗੇ ਗੱਲਬਾਤ ਨਹੀਂ ਕਰਨਗੇ | ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹਰ ਸੂਬੇ ਦੇ ਵੱਖ-ਵੱਖ ਹਾਲਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਾਲੇ ਤੱਕ ਕਾਨੂੰਨਾਂ ਦੀਆਂ ਧਾਰਾਵਾਂ 'ਤੇ ਨੁਕਤਾ ਦਰ ਨੁਕਤਾ ਚਰਚਾ ਨਹੀਂ ਹੋਈ, ਇਸ ਲਈ ਇਕ ਵਾਰ ਚਰਚਾ ਕਰਨ ਤੋਂ ਬਾਅਦ ਕਿਸਾਨਾਂ ਦੇ ਸਰੋਕਾਰਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਕਦਮ ਚੁੱਕ ਲਏਗੀ | ਪਰ ਕਿਸਾਨ ਜਥੇਬੰਦੀਆਂ ਨੇ ਕਾਨੂੰਨਾਂ ਨੂੰ ਰੱਦ ਹੀ ਕਰਨ ਦੀ ਮੰਗ ਮੁੜ ਦੁਹਰਾਉਂਦਿਆਂ ਕਿਹਾ ਕਿ ਇਸ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ |
ਛੋਟੀ ਕਮੇਟੀ ਬਣਾਉਣ ਦਾ ਮੁੱਦਾ
9ਵੇਂ ਗੇੜ ਦੀ ਮੀਟਿੰਗ 'ਚ ਵੀ ਕੇਂਦਰ ਸਰਕਾਰ ਵਲੋਂ ਇਕ ਵਾਰੀ ਫਿਰ ਛੋਟੀ ਕਮੇਟੀ ਬਣਾਉਣ ਦਾ ਮੁੱਦਾ ਚੁੱਕਿਆ ਗਿਆ | ਖੇਤੀਬਾੜੀ ਮੰਤਰੀ ਨੇ ਦਲੀਲ ਦਿੰਦਿਆਂ ਕਿਹਾ ਕਿ ਛੋਟੀ ਕਮੇਟੀ ਰਾਹੀਂ ਫ਼ੈਸਲਾ ਛੇਤੀ ਲਿਆ
ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਤਿੰਨ ਵਾਰ ਛੋਟੀ ਕਮੇਟੀ ਦੇ ਗਠਨ ਦੀ ਗੱਲ ਕਰ ਚੁੱਕੀ ਹੈ | ਕਿਸਾਨ ਆਗੂਆਂ ਨੇ ਇਸ ਨੂੰ ਕਿਸਾਨਾਂ 'ਚ 'ਪਾੜ ਪਾਉਣ' ਦੀ ਕੋਸ਼ਿਸ਼ ਕਰਾਰ ਦੱਸਦਿਆਂ ਸੁਝਾਅ ਨੂੰ ਖ਼ਾਰਜ ਕਰ ਦਿੱਤਾ | ਕਿਸਾਨ ਆਗੂਆਂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਦੇਸ਼ ਦੇ 75 ਕਰੋੜ ਕਿਸਾਨਾਂ ਅਤੇ 500 ਕਿਸਾਨ ਜਥੇਬੰਦੀਆਂ ਦਾ ਪੱਖ ਸਿਰਫ਼ 40 ਕਿਸਾਨ ਆਗੂ ਰੱਖ ਰਹੇ ਹਨ | ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਾਰ-ਵਾਰ ਛੋਟੀ ਕਮੇਟੀ ਬਣਾਏ ਜਾਣ ਦੇ ਮੁੱਦੇ ਨੂੰ ਸਰਕਾਰ ਦੀ ਦੂਰ ਦੀ ਕੌੜੀ ਦੱਸਦਿਆਂ ਕਿਹਾ ਕਿ ਸਰਕਾਰ ਆਪਣੀਆਂ ਗੋਟੀਆਂ ਖੇਡ ਰਹੀ ਹੈ ਪਰ ਅਸੀਂ ਆਪਣੇ ਹਿਸਾਬ ਨਾਲ ਹੀ ਫ਼ੈਸਲਾ ਲਵਾਂਗੇ |
ਹੋਰ ਸੋਧਾਂ ਦੀ ਪੇਸ਼ਕਸ਼
ਕੇਂਦਰ ਸਰਕਾਰ ਵਲੋਂ 9ਵੇਂ ਗੇੜ ਦੀ ਮੀਟਿੰਗ 'ਚ ਤਿੰਨੇ ਕਾਨੂੰਨਾਂ 'ਚ ਹੋਰ ਸੋਧਾਂ ਕਰਨ ਦੀ ਪੇਸ਼ਕਸ਼ ਵੀ ਕੀਤੀ | ਤੋਮਰ ਨੇ ਕਿਹਾ ਕਿ ਕਿਸਾਨ ਜਿੱਥੇ ਵੀ ਕਹਿਣ ਸਰਕਾਰ ਉੱਥੇ ਹਰਾ, ਲਾਲ ਜਾਂ ਨੀਲਾ ਨਿਸ਼ਾਨ ਲਗਾ ਕੇ ਵਿਚਾਰ ਕਰ ਸਕਦੀ ਹੈ | ਭਾਵ ਜਿਹੜਾ ਹਿੱਸਾ ਕੱਟਣਾ ਚਾਹੁਣ, ਉਸ ਨੂੰ ਹਟਾ ਦਿੱਤਾ ਜਾਵੇਗਾ, ਜਿਸ 'ਚ ਕੁਝ ਸੋਧ ਲੋੜੀਂਦੀ ਹੋਵੇਗੀ, ਉੱਥੇ ਸੋਧ ਕੀਤੀ ਜਾਵੇਗੀ ਅਤੇ ਸਿਰਫ਼ ਉਹ ਨੁਕਤੇ ਹੀ ਰੱਖੇ ਜਾਣਗੇ ਜੋ ਕਿਸਾਨਾਂ ਨੂੰ ਮਨਜ਼ੂਰ ਹੋਣਗੇ | ਜ਼ਿਕਰਯੋਗ ਹੈ ਕਿ 8 ਦਸੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਗ਼ੈਰ-ਰਸਮੀ ਮੁਲਾਕਾਤ 'ਚ ਵੀ ਸਰਕਾਰ ਵਲੋਂ ਕੁਝ ਸੋਧਾਂ ਸੁਝਾਈਆਂ ਗਈਆਂ ਸਨ ਪਰ ਕਿਸਾਨਾਂ ਨੇ ਉਸ ਨੂੰ ਰੱਦ ਕਰ ਦਿੱਤਾ ਸੀ | ਸ਼ੁੱਕਰਵਾਰ ਦੀ ਮੀਟਿੰਗ 'ਚ ਕਿਸਾਨਾਂ ਨੇ ਮੁੜ ਤੋਂ ਸੋਧਾਂ ਦੇ ਰਾਹ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੰੂ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਕੋਈ ਹੱਲ ਮਨਜ਼ੂਰ ਹੀ ਨਹੀਂ ਹੈ |
2 ਮੁੱਦਿਆਂ 'ਤੇ ਹੋਵੇਗੀ ਗੱਲਬਾਤ
ਮੰਗਲਵਾਰ ਨੂੰ ਹੋਣ ਵਾਲੀ 10ਵੇਂ ਗੇੜ ਦੀ ਮੀਟਿੰਗ ਦੇ ਏਜੰਡੇ 'ਚ ਕਿਸਾਨਾਂ ਵਲੋਂ ਸਿਰਫ਼ 2 ਹੀ ਮੁੱਦੇ ਰੱਖੇ ਗਏ ਹਨ | ਤਿੰਨਾਂ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੇ ਲਈ ਕਾਨੂੰਨੀ ਢਾਂਚਾ ਤਿਆਰ ਕਰਨਾ |
19 ਨੂੰ ਪਹਿਲੀ ਬੈਠਕ
ਸੁਪਰੀਮ ਕੋਰਟ ਵਲੋਂ ਬਣਾਈ ਗਈ 4 ਮੈਂਬਰੀ ਕਮੇਟੀ, ਜੋ ਭੁਪਿੰਦਰ ਸਿੰਘ ਮਾਨ ਦੇ ਅਸਤੀਫ਼ੇ ਤੋਂ ਬਾਅਦ ਤਿੰਨ ਮੈਂਬਰੀ ਰਹਿ ਗਈ ਹੈ, ਮੰਗਲਵਾਰ (19 ਜਨਵਰੀ) ਨੂੰ ਆਪਣੀ ਪਹਿਲੀ ਬੈਠਕ ਕਰ ਸਕਦੀ ਹੈ | ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੀਟਿੰਗ 'ਚ ਸ਼ਾਮਿਲ ਹੋਣ ਲਈ ਹਾਮੀ ਭਰਦਿਆਂ ਕਿਹਾ ਕਿ ਲੋਕਤੰਤਰ 'ਚ ਸਰਬਉੱਚ ਅਦਾਲਤ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੋਵੇਂ ਧਿਰਾਂ ਮਿਲ ਬੈਠ ਕੇ ਹੱਲ ਕੱਢ ਸਕਣ ਤਾਂ ਚੰਗਾ ਹੋਵੇਗਾ |
ਮਾਘੀ ਦੀਆਂ ਦਿੱਤੀਆਂ ਵਧਾਈਆਂ
ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਆਗੂਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦਿੱਤੀਆਂ | ਬੈਠਕ ਦੌਰਾਨ ਲੋੜੀਂਦੀਆਂ ਵਸਤਾਂ ਬਾਰੇ (ਸੋਧ) ਕਾਨੂੰਨ 'ਤੇ ਵੀ ਤਵਸੀਲੀ ਚਰਚਾ ਹੋਈ | ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਨੂੰ ਇਸ ਬਾਰੇ 'ਚ ਆਪਣੇ ਸਰੋਕਾਰ ਰੱਖਣ ਨੂੰ ਕਿਹਾ, ਜਿਸ 'ਤੇ ਕਿਸਾਨਾਂ ਨੇ ਕਿਹਾ ਕਿ ਇਸ 'ਚ ਕਿਸਾਨਾਂ ਲਈ ਹੱਦ (ਲਿਮਿਟ) ਲਾਗੂ ਕੀਤੀ ਗਈ ਹੈ, ਜਦਕਿ ਕੰਪਨੀਆਂ ਲਈ ਅਜਿਹੀ ਕੋਈ ਹੱਦ ਨਹੀਂ ਹੈ | ਕ੍ਰਾਂਤੀਕਾਰੀ ਕਿਸਾਨ ਮੋਰਚਾ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਦੱਸਿਆ ਕਿ ਕਿਸਾਨਾਂ ਨੇ ਕਿਹਾ ਕਿ ਲੋੜੀਂਦੀਆਂ ਵਸਤਾਂ ਬਾਰੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਥਾਂ 'ਤੇ ਸਰਕਾਰ ਨੇ ਇਸ ਕਾਨੂੰਨ 'ਚ ਜੋ ਸੋਧਾਂ ਕੀਤੀਆਂ ਹਨ, ਉਹ ਹਟਾ ਦੇਣ | ਪਰ ਖੇਤੀਬਾੜੀ ਮੰਤਰੀ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ |
ਕਿਸਾਨ ਸਮਰਥਕਾਂ ਨੂੰ ਨੋਟਿਸ ਦਿੱਤੇ ਜਾਣ ਦਾ ਮੁੱਦਾ
ਬੈਠਕ 'ਚ ਕਿਸਾਨ ਆਗੂਆਂ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਐਨ. ਆਈ. ਏ. ਜਿਹੀਆਂ ਏਜੰਸੀਆਂ ਵਲੋਂ ਨੋਟਿਸ ਦਿੱਤੇ ਜਾਣ ਦਾ ਮੁੱਦਾ ਵੀ ਉਠਾਇਆ | ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮਦਦ ਕਰਨ ਵਾਲੇ ਟਰਾਂਸਪੋਰਟਰਾਂ ਅਤੇ ਹੋਰ ਕਿਸਾਨਾਂ ਨੂੰ ਸਰਕਾਰੀ ਏਜੰਸੀਆਂ ਵਲੋਂ ਨੋਟਿਸ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਕਿਸਾਨਾਂ ਦੇ ਨੁਮਾਇੰਦੇ ਅਭਿਮੰਨਿਊ ਕੋਹਾਟ ਨੇ ਕਿਸਾਨ ਏਕਤਾ ਮੋਰਚਾ ਵਲੋਂ ਜਾਰੀ ਇਕ ਵੀਡੀਓ 'ਚ ਕਿਹਾ ਕਿ ਅੰਦੋਲਨ ਦੇ ਸਮੇਂ ਹੀ ਇਨ੍ਹਾਂ ਸਮਰਥਕਾਂ ਨੂੰ ਨੋਟਿਸ ਦੇਣ ਦਾ ਕੀ ਅਰਥ ਹੈ, ਜਿਸ 'ਤੇ ਤੋਮਰ ਨੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਐਨ.ਆਈ.ਏ. ਇਕ ਸੁਤੰਤਰ ਏਜੰਸੀ ਹੈ ਅਤੇ ਸਰਕਾਰ ਦਾ ਇਸ 'ਚ ਕੋਈ ਦਖ਼ਲ ਨਹੀਂ ਹੈ |
ਜ਼ਰੂਰ ਹੋਵੇਗਾ ਟਰੈਕਟਰ ਮਾਰਚ
ਕਿਸਾਨ ਆਗੂਆਂ ਨੇ ਮੁੜ ਜ਼ੋਰ ਦੇ ਕੇ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਮੌਕੇ ਹਰ ਹਾਲ 'ਚ ਟਰੈਕਟਰ ਮਾਰਚ ਕੱਢਿਆ ਜਾਵੇਗਾ | ਹਾਲਾਂਕਿ ਇਸ ਦੀ ਰੂਪਰੇਖਾ ਅੱਜ ਦੀ ਮੀਟਿੰਗ ਤੋਂ ਬਾਅਦ ਹੀ ਉਲੀਕੀ ਜਾਵੇਗੀ |
ਮੰਗਲਵਾਰ ਦੀ ਬੈਠਕ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਆਪਣੀ ਰਣਨੀਤੀ ਉਲੀਕਣ ਲਈ ਅੱਜ 2 ਅਹਿਮ ਬੈਠਕਾਂ ਕਰਨਗੀਆਂ | ਕਿਸਾਨ ਆਗੂ ਹਰਜਿੰਦਰ ਸਿੰਘ ਟਾਂਡਾ ਮੁਤਾਬਿਕ ਪਹਿਲਾਂ ਦੁਪਹਿਰ 12 ਵਜੇ ਤੋਂ ਪੰਜਾਬ ਦੀਆਂ 32 ਜਥੇਬੰਦੀਆਂ ਮੀਟਿੰਗ ਕਰਨਗੀਆਂ | ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਸਾਰੀਆਂ 41 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ | ਇਨ੍ਹਾਂ ਦੋਵਾਂ ਮੀਟਿੰਗਾਂ 'ਚ ਨਾ ਸਿਰਫ਼ 19 ਜਨਵਰੀ ਦੀ ਮੀਟਿੰਗ ਦੀ ਰਣਨੀਤੀ ਉਲੀਕੀ ਜਾਵੇਗੀ, ਸਗੋਂ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਵੇਗੀ |
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਆਪਣੇ ਰੁਖ਼ 'ਚ ਨਰਮੀ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਕੁਝ ਮੰਗਾਂ ਮੰਨੀਆਂ ਹਨ ਤਾਂ ਉਨ੍ਹਾਂ ਨੰੂ ਵੀ ਕੁਝ ਨਰਮੀ ਵਿਖਾਉਣੀ ਚਾਹੀਦੀ ਹੈ | ਤੋਮਰ ਨੇ ਕਿਹਾ ਕਿ ਕਾਨੂੰਨ ਵਾਪਸੀ ਦੀ ਇਕੋ ਮੰਗ 'ਤੇ ਅੜੇ ਰਹਿਣ ਦੀ ਥਾਂ 'ਤੇ ਕਿਸਾਨਾਂ ਨੂੰ ਕੁਝ ਗੱਲਾਂ ਸਰਕਾਰ ਦੀਆਂ ਵੀ ਮੰਨਣੀਆਂ ਚਾਹੀਦੀਆਂ ਹਨ | ਤੋਮਰ ਨੇ ਇਹ ਵੀ ਕਿਹਾ ਕਿ ਅਗਲੀ ਮੀਟਿੰਗ ਤੋਂ ਪਹਿਲਾਂ ਜੇਕਰ ਕਿਸਾਨ ਚਾਹੁਣ ਤਾਂ ਇਕ ਗੈਰ-ਰਸਮੀ ਗਰੁੱਪ ਬਣਾ ਲੈਣ ਅਤੇ ਉਹ ਸਰਕਾਰ ਤੋਂ ਕੀ ਚਾਹੁੰਦੇ ਹਨ, ਇਸ 'ਤੇ ਜੇ ਕੋਈ ਖਰੜਾ ਤਿਆਰ ਕਰ ਦੇਣ ਤਾਂ ਸਰਕਾਰ ਖੁੱਲੇ੍ਹ ਦਿਲ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਕਈ ਖ਼ਦਸ਼ਿਆਂ ਦੀ ਪਛਾਣ ਕਰਕੇ ਉਨ੍ਹਾਂ ਨੰੂ ਦੂਰ ਕਰਨ ਲਈ ਇਕ ਲਿਖਤੀ ਖਰੜਾ ਵੀ ਦਿੱਤਾ ਸੀ ਪਰ ਉਹ ਤਜਵੀਜ਼ਾਂ ਕਿਸਾਨਾਂ ਨੂੰ ਮਨਜ਼ੂਰ ਨਹੀਂ ਸੀ, ਜਿਸ ਕਾਰਨ ਗੱਲਬਾਤ ਜਾਰੀ ਹੈ | ਤੋਮਰ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਸਰਕਾਰ ਦੀ ਜਾਣਕਾਰੀ ਮੁਤਾਬਿਕ ਖੇਤੀ ਕਾਨੂੰਨਾਂ ਬਾਰੇ 2-3 ਰਾਜਾਂ ਦੇ ਕਿਸਾਨ ਹੀ ਧਰਨੇ 'ਤੇ ਬੈਠੇ ਹਨ | ਉਨ੍ਹਾਂ ਦੇ ਨੁਮਾਇੰਦੇ ਵਜੋਂ ਕੁਝ ਜਥੇਬੰਦੀਆਂ ਸਰਕਾਰ ਨਾਲ ਗੱਲ ਕਰ ਰਹੀਆਂ ਹਨ |
ਕਿਸਾਨ ਆਗੂਆਂ ਨੇ ਮੀਟਿੰਗ 'ਚ ਇਕ ਵਾਰ ਫਿਰ ਸੁਪਰੀਮ ਕੋਰਟ ਵਲੋਂ ਬਣਾਈ 4 ਮੈਂਬਰੀ ਕਮੇਟੀ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਹ ਕਮੇਟੀ ਇਕ-ਪੱਖੀ ਕਮੇਟੀ ਹੈ | ਕੁਝ ਕਿਸਾਨ ਆਗੂਆਂ ਨੇ ਇਸ ਨੂੰ ਸਰਕਾਰ ਦੀ ਸਾਜਿਸ਼ ਨਾਲ ਬਣਾਈ ਕਮੇਟੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਸਿਰਫ਼ ਇਹ ਦਬਾਅ ਬਣਾਉਣ ਦੀ ਕੋਸ਼ਿਸ਼ 'ਚ ਹੈ, ਕਾਨੂੰਨ ਰੱਦ ਦੀ ਥਾਂ 'ਤੇ ਸੋਧਾਂ 'ਚ ਹੀ ਰਾਜ਼ੀਨਾਮਾ ਕਰਵਾ ਲਿਆ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਨਾ ਕਿਸਾਨ ਸੁਪਰੀਮ ਕੋਰਟ ਕੋਲ ਗਏ ਅਤੇ ਨਾ ਹੀ ਸੁਪਰੀਮ ਕੋਰਟ ਨੇ ਕਮੇਟੀ ਅੱਗੇ ਪੇਸ਼ ਹੋਣ ਲਈ ਸਾਨੂੰ ਕੋਈ ਨੋਟਿਸ ਦਿੱਤਾ, ਇਸ ਲਈ ਕਮੇਟੀ ਅੱਗੇ ਪੇਸ਼ ਹੋਣ ਦਾ ਸਵਾਲ ਹੀ ਨਹੀਂ ਉੱਠਦਾ |
ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਕੋਰੋਨਾ ਵਾਇਰਸ ਖ਼ਿਲਾਫ਼ ਦੇਸ਼ ਭਰ 'ਚ ਟੀਕਾਕਾਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਤੋਂ ਹੋਣ ਜਾ ਰਹੀ ਹੈ | ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਇਹ ਕਦਮ ਕੋਵਿਡ-19 ਦੇ ਅੰਤ ਦੀ ਸ਼ੁਰੂਆਤ ਹੈ | ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਜਾਨਲੇਵਾ ਵਾਇਰਸ ਪ੍ਰਤੀ ਅਵੇਸਲੇ ਹੋਣ ਦੀ ਜ਼ਰੂਰਤ ਨਹੀਂ ਹੈ, ਸਗੋਂ ਪਹਿਲਾਂ ਦੀ ਤਰ੍ਹਾਂ ਹੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ | ਕੱਲ੍ਹ ਦਾ ਦਿਨ ਮਹੱਤਵਪੂਰਨ ਹੈ, ਜਦੋਂ ਕੋਰੋਨਾ ਵਾਇਰਸ ਖ਼ਿਲਾਫ਼ ਆਖ਼ਰੀ ਦੌਰ ਦੀ ਜੰਗ ਸ਼ੁਰੂ ਹੋਣ ਜਾ ਰਹੀ ਹੈ |
ਮਾਮਜੂ (ਇੰਡੋਨੇਸ਼ੀਆ), 15 ਜਨਵਰੀ (ਏਜੰਸੀ)-ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਅੱਧੀ ਰਾਤ ਤੋਂ ਬਾਅਦ ਆਏ ਜ਼ਬਰਦਸਤ ਭੁਚਾਲ ਕਾਰਨ 42 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂਕਿ 600 ਤੋਂ ਵੱਧ ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ | 6.2 ਤੀਬਰਤਾ ਵਾਲੇ ਭੁਚਾਲ ਦੇ ਝਟਕਿਆਂ ਨੇ ਪੂਰੇ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਕਾਰਨ ਦੇਖਦਿਆਂ ਹੀ ਦੇਖਦਿਆਂ ਕਈ ਘਰ ਤੇ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ, ਢਿਗਾਂ ਡਿਗਣ ਲੱਗੀਆਂ ਤੇ ਜ਼ਮੀਨ 'ਚ ਦਰਾਰਾਂ ਪੈ ਗਈਆਂ | ਬਹੁਤ ਸਾਰੇ ਲੋਕਾਂ ਦੇ ਘਰਾਂ ਤੇ ਇਮਰਾਤਾਂ ਦੇ ਮਲਬਿਆਂ 'ਚ ਦੱਬੇ ਜਾਣ ਦੀਆਂ ਵੀ ਖ਼ਬਰਾਂ ਹਨ | ਕੌਮੀ ਆਫ਼ਤ ਪ੍ਰਬੰਧਨ ਏਜੰਸੀ ਵਲੋਂ ਜਾਰੀ ਕੀਤੀ ਗਈ ਇਕ ਵੀਡੀਓ 'ਚ ਇਕ ਬੱਚੀ ਘਰ ਦੇ ਮਲਬੇ 'ਚ ਫਸੀ ਤੇ ਮਦਦ ਲਈ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ | ਬੱਚੀ ਇਹ ਵੀ ਕਹਿੰਦੀ ਹੈ ਕਿ ਉਸ ਦੀ ਮਾਂ ਜਿਊਾਦੀ ਹੈ ਪਰ ਉਹ ਮਲਬੇ 'ਚੋਂ ਬਾਹਰ ਨਹੀਂ ਆ ਪਾ ਰਹੀ |
ਅਦਾਲਤ ਨੇ 9 ਫ਼ਰਵਰੀ ਨੂੰ ਕੀਤਾ ਤਲਬ
ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਪਿੰਡ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਦੌਰਾਨ ਅੱਜ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵਿਰੁੱਧ ਇਲਾਕਾ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ 'ਚ ਦੋਸ਼ ਪੱਤਰ ਪੇਸ਼ ਕਰ ਦਿੱਤਾ ਹੈ | ਇਹ ਵਿਸ਼ੇਸ਼ ਜਾਂਚ ਟੀਮ ਦੀ ਸਭ ਤੋਂ ਵੱਡੀ ਕਾਰਵਾਈ ਹੈ | ਅਦਾਲਤ ਨੇ ਚਲਾਨ ਪੇਸ਼ ਹੋਣ ਉਪਰੰਤ ਦੋਵਾਂ ਪੁਲਿਸ ਅਧਿਕਾਰੀਆਂ ਨੂੰ 9 ਫ਼ਰਵਰੀ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ | ਇੱਥੇ ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਖ਼ਿਲਾਫ਼ ਇਸ ਗੋਲੀਕਾਂਡ 'ਚ ਸਾਜਿਸ਼ ਰਚਣ ਦੇ ਦੋਸ਼ ਲੱਗੇ ਸਨ |
ਇਸ ਤੋਂ ਪਹਿਲਾਂ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ, ਐਸ.ਪੀ. ਬਿਕਰਮਜੀਤ ਸਿੰਘ, ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ, ਇੰਸਪੈਕਟਰ ਪ੍ਰਦੀਪ ਸਿੰਘ, ਕਾਰੋਬਾਰੀ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ | ਇਸ ਗੋਲੀਕਾਂਡ 'ਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਪੁਲਿਸ ਗੋਲੀ ਨਾਲ ਮੌਤ ਹੋਈ ਸੀ | ਵਿਸ਼ੇਸ਼ ਜਾਂਚ ਟੀਮ ਨੇ 14 ਅਕਤੂਬਰ 2015 ਨੂੰ ਵਾਪਰੇ ਇਸ ਗੋਲੀਕਾਂਡ 'ਚ ਸਾਬਕਾ ਡੀ.ਜੀ.ਪੀ. ਅਤੇ ਆਈ.ਜੀ. 'ਚ ਹੋਈ ਟੈਲੀਫ਼ੋਨ ਗੱਲਬਾਤ ਨੂੰ ਲੈ ਕੇ ਇਸ ਮਾਮਲੇ 'ਚ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇਸ ਮਾਮਲੇ 'ਚ ਇੰਸਪੈਕਟਰ ਪ੍ਰਦੀਪ ਸਿੰਘ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ | ਪਹਿਲਾਂ ਉਹ ਵੀ ਇਸ ਮਾਮਲੇ 'ਚ ਨਾਮਜ਼ਦ ਸਨ | ਕੋਟਕਪੂਰਾ ਦੇ ਤਤਕਾਲੀਨ ਐਸ.ਐਚ.ਓ ਗੁਰਦੀਪ ਸਿੰਘ ਪੰਧੇਰ ਵੀ ਮੁਲਜ਼ਮ ਵਜੋਂ ਨਾਮਜ਼ਦ ਹਨ ਪ੍ਰੰਤੂ ਵਿਸ਼ੇਸ਼ ਜਾਂਚ ਟੀਮ ਵਲੋਂ ਉਨ੍ਹਾਂ ਦਾ ਅਦਾਲਤ 'ਚ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ |
ਗੱਗੋਮਾਹਲ/ ਅਜਨਾਲਾ, 15 ਜਨਵਰੀ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਕੋਟ ਰਜਾਦਾ ਨੇੜੇ ਬੀਤੀ ਰਾਤ ਬੀ.ਐਸ.ਐੱਫ਼. ਵਲੋਂ ਭਾਰਤੀ ਖੇਤਰ ਅੰਦਰ ਦਾਖ਼ਲ ਹੋ ਰਹੇ ਇਕ ਪਾਕਿ ਘੁਸਪੈਠੀਏ ਨੂੰ ਮੌਕੇ 'ਤੇ ਢੇਰ ਕਰ ...
ਨਿਊਯਾਰਕ, 15 ਜਨਵਰੀ (ਏਜੰਸੀ)-ਅਮਰੀਕਾ 'ਚ ਇਕ ਪੰਜਾਬੀ ਵਲੋਂ ਆਪਣੀ 14 ਸਾਲ ਦੀ ਬੇਟੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਅਲਬਾਨੀ ਤੋਂ 19 ਕਿਲੋਮੀਟਰ ਦੱਖਣ 'ਚ ਸ਼ੋਡੈਕ ਕਸਬੇ 'ਚ ਆਪਣੇ ਘਰ ...
ਨਵੀਂ ਦਿੱਲੀ, 15 ਜਨਵਰੀ (ਏਜੰਸੀ) -ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦਾ ਸਨਮਾਨ ਨਹੀਂ ਕਰਦੇ ਅਤੇ ਸਰਕਾਰ ...
ਨਵੀਂ ਦਿੱਲੀ, 15 ਜਨਵਰੀ (ਉਪਮਾ ਡਾਗਾ ਪਾਰਥ)-ਕਿਸਾਨਾਂ ਦੇ ਹੱਕ 'ਚ ਜੰਤਰ ਮੰਤਰ 'ਤੇ 41 ਦਿਨਾਂ ਤੋਂ ਧਰਨੇ 'ਤੇ ਬੈਠੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਹਿਰਾਸਤ 'ਚ ਲੈ ਲਿਆ | ਹਿਰਾਸਤ 'ਚ ਲਏ ਕਾਂਗਰਸੀ ਆਗੂਆਂ ਜਿਨ੍ਹਾਂ 'ਚ ਸੰਸਦ ਮੈਂਬਰ ਰਵਨੀਤ ਸਿੰਘ ...
73ਵੇਂ ਸੈਨਾ ਦਿਵਸ ਪਰੇਡ ਮੌਕੇ ਚੀਨ ਨੂੰ ਦਿੱਤਾ ਸਪੱਸ਼ਟ ਸੰਦੇਸ਼
ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਸ਼ੁੱਕਰਵਾਰ ਨੂੰ ਸੈਨਾ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਚੀਨ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਭਾਰਤ ਦੇ ਸਬਰ ਨੂੰ ਪਰਖਣ ਦੀ ਗਲਤੀ ਨਹੀਂ ...
ਦਿੱਲੀ ਦੇ ਕਰਿਅੱਪਾ ਮੈਦਾਨ ਵਿਚ ਸ਼ੁੱਕਰਵਾਰ ਨੂੰ ਫੌਜ ਦਿਵਸ ਪਰੇਡ ਦੌਰਾਨ ਭਾਰਤੀ ਸੈਨਾ ਦੇ ਡਰੋਨਾਂ ਨੇ 'ਕਾਮੀਕਾਜ਼ੀ ਹਮਲਿਆਂ' ਅਤੇ ਮੁਢਲੀ ਸਹਾਇਤਾ ਵਰਗੀਆਂ ਮੁਹਿੰਮਾਂ ਦਾ ਅਭਿਆਸ ਕੀਤਾ | 'ਕਾਮੀਕਾਜ਼ੀ ਹਮਲਿਆਂ ਦੌਰਾਨ ਦੁਸ਼ਮਣ ਦੇ ਟਿਕਾਣਿਆਂ ਵਿਸ਼ੇਸ਼ ਕਰਕੇ ...
ਜਲੰਧਰ, 15 ਜਨਵਰੀ (ਮੇਜਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਟਿੰਗ ਮਗਰੋਂ ਕਿਹਾ ਕਿ ਇਹ ਮੀਟਿੰਗਾਂ ਸਰਕਾਰ ਵਲੋਂ ਸਿਰਫ਼ ਸਮਾਂ ਲੰਘਾਉਣ ਲਈ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਅਜੇ ...
ਜਲੰਧਰ, 15 ਜਨਵਰੀ (ਮੇਜਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ 26 ਜਨਵਰੀ ਦੀ ਕਿਸਾਨ ਪਰੇਡ ਦਿੱਲੀ 'ਚ ਹੀ ਹੋਵੇਗੀ ਤੇ ਕੁਝ ਸ਼ਰਾਰਤੀ ਤੇ ਅੰਦੋਲਨ ਨੂੰ ਢਾਹ ਲਾਉਣ ਵਾਲੇ ਅਨਸਰ ਰਾਜੇਵਾਲ ਦੇ ਨਾਂਅ 'ਤੇ ਗਲਤ ...
ਨਵੀਂ ਦਿੱਲੀ, 15 ਜਨਵਰੀ (ਅ. ਬ.)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਿਸਾਨਾਂ ਨੇ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਇਸ ਕਰਕੇ ਪ੍ਰਵਾਨ ਨਹੀਂ ਕੀਤੀ, ਕਿਉਂਕਿ ਇਹ ਕਿਸਾਨਾਂ ਲਈ ਮਿੱਠਾ ਜ਼ਹਿਰ ਹੈ | ਇਥੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX