ਦੇਸ਼ ਭਰ ਵਿਚ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਿਸ ਪੁਖਤਾ ਢੰਗ ਨਾਲ ਇਹ ਯੋਜਨਾਬੰਦੀ ਕੀਤੀ ਗਈ ਹੈ, ਉਹ ਬੇਹੱਦ ਸ਼ਲਾਘਾਯੋਗ ਅਤੇ ਸੰਤੁਸ਼ਟੀਜਨਕ ਹੈ। ਕਰੀਬ ਇਕ ਸਾਲ ਤੱਕ ਦੇਸ਼ ਨੂੰ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਸਾਲ ਜਨਵਰੀ ਦੇ ਮਹੀਨੇ ਵਿਚ ਇਸ ਮਹਾਂਮਾਰੀ ਦੀਆਂ ਕਨਸੋਆਂ ਲੱਗੀਆਂ ਸਨ। ਉਸ ਤੋਂ ਬਾਅਦ ਮਾਰਚ ਦੇ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕਦਮ ਸਖ਼ਤ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਨਾਲ ਇਕ ਵਾਰ ਤਾਂ ਲੋਕ ਅਨੇਕਾਂ ਅਨੇਕ ਮੁਸ਼ਕਿਲਾਂ ਵਿਚ ਫਸ ਗਏ ਸਨ। ਇਸ ਤਾਲਾਬੰਦੀ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਵੱਡਾ ਵਾਧਾ ਕਰ ਦਿੱਤਾ ਸੀ। ਖ਼ਾਸ ਤੌਰ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਨਜ਼ਰ ਆਉਂਦੀ ਸੀ। ਇਕ ਤਰ੍ਹਾਂ ਨਾਲ ਇਸ ਮਹਾਂਮਾਰੀ ਕਾਰਨ ਪੂਰਾ ਦੇਸ਼ ਦਹਿਲ ਗਿਆ ਸੀ। ਇਸ ਨਾਲ ਦੇਸ਼ ਵਿਚ ਡੇਢ ਲੱਖ ਤੋਂ ਉੱਪਰ ਮੌਤਾਂ ਵੀ ਹੋ ਗਈਆਂ ਸਨ ਅਤੇ ਬਿਮਾਰਾਂ ਦੀ ਗਿਣਤੀ ਕਰੋੜ ਤੋਂ ਵਧੇਰੇ ਤੱਕ ਪੁੱਜ ਗਈ ਸੀ।
ਲਗਾਤਾਰ ਤਾਲਾਬੰਦੀਆਂ ਨੇ ਅਤੇ ਫੈਲੀ ਦਹਿਸ਼ਤ ਨੇ ਇਕ ਵਾਰ ਤਾਂ ਸਮੁੱਚੇ ਕੰਮਕਾਰ ਅਤੇ ਸਰਗਰਮੀ ਨੂੰ ਹੀ ਠੱਪ ਕਰ ਕੇ ਰੱਖ ਦਿੱਤਾ ਸੀ। ਪਹਿਲਾਂ ਹੀ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਵਿਚ ਪਿਸ ਰਹੇ ਲੋਕਾਂ ਤੋਂ ਇਲਾਵਾ ਲੱਖਾਂ ਹੀ ਹੋਰ ਲੋਕ ਬੇਰੁਜ਼ਗਾਰ ਹੋ ਗਏ ਸਨ। ਦੇਸ਼ ਦੀ ਆਰਥਿਕਤਾ ਨੂੰ ਨਾ ਸੰਭਲਣਯੋਗ ਧੱਕਾ ਲੱਗਾ ਸੀ। ਅੱਜ ਵੀ ਇਸ ਮਹਾਂਮਾਰੀ ਦਾ ਪ੍ਰਭਾਵ ਜਾਰੀ ਹੈ। ਪਰ ਲੋਕ ਜੀਵਨ ਦੀਆਂ ਹਕੀਕਤਾਂ ਨੂੰ ਕਿਸੇ ਵੀ ਤਰ੍ਹਾਂ ਦਰਕਿਨਾਰ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਇਸ ਵੱਡੇ ਜੰਜਾਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਹੌਲੀ-ਹੌਲੀ ਖੁੱਲ੍ਹਾਂ ਦਿੱਤੀਆਂ ਗਈਆਂ। ਲੋਕ ਮਨਾਂ ਵਿਚੋਂ ਵੀ ਦਹਿਸ਼ਤ ਦੂਰ ਹੋਣ ਲੱਗੀ ਅਤੇ ਹੁਣ ਹੌਲੀ-ਹੌਲੀ ਸਮੁੱਚੀ ਸਰਗਰਮੀ ਅਤੇ ਕੰਮਕਾਰ ਲੀਹੇ ਪੈਣ ਲੱਗਾ ਹੈ। ਪਰ ਲਗਪਗ ਸਾਲ ਤੱਕ ਦੇ ਸਮੇਂ ਵਿਚ ਹੋਏ ਨੁਕਸਾਨ ਨੂੰ ਪੂਰਾ ਕਰਨਾ ਬੇਹੱਦ ਮੁਸ਼ਕਿਲ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਹਾਲੇ ਵੀ ਵੱਡੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਦੁਨੀਆ ਭਰ ਵਿਚ ਜਿਸ ਦਿਨ ਤੋਂ ਇਹ ਬਿਮਾਰੀ ਫੈਲਣ ਲੱਗੀ ਸੀ, ਉਸ ਦਿਨ ਤੋਂ ਹੀ ਇਹ ਗੱਲ ਵੀ ਜਾਪਣ ਲੱਗੀ ਸੀ ਕਿ ਸਾਵਧਾਨੀਆਂ ਅਤੇ ਇਲਾਜ ਦੇ ਬਾਵਜੂਦ ਇਸ ਲਈ ਕੋਈ ਪ੍ਰਭਾਵਸ਼ਾਲੀ ਟੀਕਾ ਬਣਨ ਤੋਂ ਬਗ਼ੈਰ ਇਸ ਤੋਂ ਛੁਟਕਾਰਾ ਨਹੀਂ ਹੋ ਸਕਦਾ ਅਤੇ ਨੇੜ ਭਵਿੱਖ ਵਿਚ ਵੱਡੀ ਪੱਧਰ 'ਤੇ ਟੀਕਾਕਰਨ ਦੀ ਜ਼ਰੂਰਤ ਹੋਵੇਗੀ। ਦੁਨੀਆ ਭਰ ਦੇ ਵਿਕਸਿਤ ਦੇਸ਼ਾਂ ਵਿਚ ਅਜਿਹਾ ਟੀਕਾ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਸੀ, ਜਿਸ ਵਿਚ ਸਭ ਤੋਂ ਪਹਿਲਾਂ ਰੂਸ ਦਾ ਟੀਕਾ ਤਿਆਰ ਹੋਇਆ ਸੀ। ਅਮਰੀਕਾ ਵਰਗਾ ਵੱਡਾ ਅਤੇ ਵਿਕਸਿਤ ਦੇਸ਼ ਵੀ ਇਸ ਬਿਮਾਰੀ ਦੀ ਪੂਰੀ ਤਰ੍ਹਾਂ ਲਪੇਟ ਵਿਚ ਆ ਗਿਆ ਸੀ। ਇਸ ਕਾਰਨ ਅਮਰੀਕਾ ਦਾ ਹਰ ਪੱਖੋਂ ਵੱਡਾ ਨੁਕਸਾਨ ਹੋਇਆ, ਉਥੇ ਵੀ ਇਸ ਲਈ ਟੀਕੇ ਵਿਕਸਿਤ ਕੀਤੇ ਜਾਣ ਲੱਗੇ ਸਨ। ਬਰਤਾਨੀਆ ਜੋ ਆਪ ਇਸ ਤੋਂ ਬੇਹੱਦ ਪ੍ਰਭਾਵਿਤ ਹੋ ਚੁੱਕਾ ਹੈ, ਵਿਚ ਵੀ ਟੀਕੇ ਬਣਾਉਣ ਦੀ ਤਤਪਰਤਾ ਦਿਖਾਈ ਜਾਣ ਲੱਗੀ ਸੀ। ਹੁਣ ਕੁਝ ਦੇਸ਼ਾਂ ਵਿਚ ਤਿਆਰ ਕੀਤੇ ਗਏ ਟੀਕਿਆਂ ਦੀ ਵਰਤੋਂ ਹੋਣ ਲੱਗੀ ਹੈ। ਭਾਰਤ ਲਈ ਵੀ ਇਹ ਸੰਤੁਸ਼ਟੀ ਵਾਲੀ ਗੱਲ ਕਹੀ ਜਾ ਸਕਦੀ ਹੈ ਕਿ ਇਸ ਵਿਚ ਦੋ ਟੀਕਿਆਂ ਨੂੰ ਮਨਜ਼ੂਰੀ ਮਿਲ ਗਈ ਹੈ। ਇਕ ਟੀਕਾ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨਕਾਂ ਵਲੋਂ ਬਣਾਇਆ ਗਿਆ ਹੈ ਜਿਸ ਦਾ ਸੀਰਮ ਇੰਸਟੀਚਿਊਟ ਨੇ ਭਾਰਤ ਵਿਚ ਉਤਪਾਦਨ ਕੀਤਾ ਹੈ। ਇਸ ਦਾ ਨਾਂਅ ਕੋਵੀਸ਼ੀਲਡ ਹੈ ਅਤੇ ਦੂਸਰਾ ਟੀਕਾ ਹੈਦਰਾਬਾਦ ਵਿਚ ਭਾਰਤ ਬਾਇਓਟੈੱਕ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦਾ ਨਾਂਅ ਕੋਵੈਕਸੀਨ ਹੈ। ਇਕ ਤਰ੍ਹਾਂ ਨਾਲ ਇਹ ਦੋਵੇਂ ਹੀ ਟੀਕੇ ਭਾਰਤ ਵਿਚ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪੂਰੇ ਯੋਜਨਾਬੱਧ ਢੰਗ ਨਾਲ ਵੰਡਣ ਦਾ ਕੰਮ ਦੇਸ਼ ਭਰ ਵਿਚ ਸ਼ੁਰੂ ਹੋ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੀ ਸ਼ੁਰੂਆਤ ਕਰਦਿਆਂ ਇਸ ਨੂੰ ਇਕ ਵੱਡੀ ਸਫਲਤਾ ਕਰਾਰ ਦਿੰਦਿਆਂ ਕਿਹਾ ਹੈ ਕਿ ਦੁਨੀਆ ਭਰ ਵਿਚ ਸ਼ੁਰੂ ਕੀਤੇ ਗਏ ਟੀਕਾਕਰਨ ਦੀ ਇਹ ਸਭ ਤੋਂ ਵੱਡੀ ਮੁਹਿੰਮ ਹੈ ਜਿਸ ਨੂੰ ਪੜਾਅਵਾਰ ਪਹਿਲਾਂ ਸਿਹਤਕਰਮੀਆਂ ਅਤੇ ਸਬੰਧਿਤ ਹੋਰ ਵਿਅਕਤੀਆਂ ਤੋਂ ਸ਼ੁਰੂ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਗੰਭੀਰ ਬਿਮਾਰਾਂ ਅਤੇ ਵੱਡੀ ਉਮਰ ਦੇ ਨਾਗਰਿਕਾਂ ਨੂੰ ਇਹ ਲਗਾਇਆ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਚ ਤਿਆਰ ਕੀਤੇ ਗਏ ਇਹ ਦੋਵੇਂ ਟੀਕੇ ਪੂਰੀ ਤਰ੍ਹਾਂ ਸਹੀ ਅਤੇ ਪ੍ਰਭਾਵਸ਼ਾਲੀ ਹਨ। ਇਨ੍ਹਾਂ ਸਬੰਧੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਭਾਰਤ ਨੇ ਪਹਿਲਾਂ ਵੀ ਟੀਕਾਕਰਨ ਰਾਹੀਂ ਪੋਲਿਓ ਅਤੇ ਚੇਚਕ ਵਰਗੀਆਂ ਬਿਮਾਰੀਆਂ 'ਤੇ ਸਫਲਤਾ ਹਾਸਲ ਕਰ ਲਈ ਹੈ। ਇਸ ਨਵੀਂ ਮੁਹਿੰਮ ਤੋਂ ਵੀ ਇਹ ਵਿਸ਼ਵਾਸ ਬੱਝਦਾ ਹੈ ਕਿ ਛੇਤੀ ਹੀ ਇਸ ਮਹਾਂਮਾਰੀ ਨੂੰ ਵੀ ਟੀਕਾਕਰਨ ਰਾਹੀਂ ਜੜ੍ਹਾਂ ਤੋਂ ਪੁੱਟ ਦਿੱਤਾ ਜਾਏਗਾ। ਇਹ ਸਮੁੱਚੇ ਦੇਸ਼ ਲਈ ਸੰਤੁਸ਼ਟੀ ਵਾਲੀ ਅਤੇ ਖੁਸ਼ੀ ਵਾਲੀ ਗੱਲ ਹੋਵੇਗੀ, ਜਿਸ ਨਾਲ ਮੁੜ ਦੇਸ਼ ਤੇਜ਼ੀ ਨਾਲ ਵਿਕਾਸ ਦੀ ਲੀਹੇ ਪੈਣ ਵਿਚ ਸਫਲ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ
ਸਾਲ 2020 ਮਨੁੱਖੀ ਇਤਿਹਾਸ ਵਿਚ ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀਆਂ ਆਰਥਿਕ, ਸਮਾਜਿਕ ਸਿਆਸੀ ਤੇ ਸੱਭਿਆਚਾਰਕ ਪ੍ਰਸਥਿਤੀਆਂ ਨੂੰ ਬਦਲਣ ਅਤੇ ਪ੍ਰਭਾਵਿਤ ਕਰਨ ਵਾਲਾ ਸਾਲ ਰਿਹਾ ਹੈ। ਭਾਰਤ ਦੇ ਸੰਦਰਭ ਵਿਚ ਵੀ ਇਸ ਸਾਲ ਨੇ ਨਵੇਂ ...
ਅੱਜ ਲਈ ਵਿਸ਼ੇਸ਼
ਗੁਰੂ ਦੇ ਨਾਂਅ 'ਤੇ ਸਿੱਖਾਂ ਨੇ ਇਨਸਾਨੀਅਤ ਦੇ, ਸੂਰਬੀਰਤਾ ਦੇ, ਕੁਰਬਾਨੀ ਦੇ ਮਹਾਨ ਕੀਰਤੀਮਾਨ ਸਥਾਪਤ ਕੀਤੇ। ਪੰਜਾਬ ਵਿਚ ਸਰਬ ਸਾਂਝਾ ਖ਼ਾਲਸਾ ਰਾਜ ਕਾਇਮ ਹੋ ਗਿਆ। ਪਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੁਝ ਦਹਾਕਿਆਂ ਵਿਚ ਹੀ ਸਿੱਖ ਸਰਦਾਰ ਵੀ ...
ਸੁਰਜੀਤ ਹਾਂਸ ਨੂੰ ਫਾਨੀ ਸੰਸਾਰ ਤੋਂ ਤੁਰਿਆਂ ਇਕ ਸਾਲ ਹੋ ਗਿਆ ਹੈ। ਮੇਰੀ ਉਹਦੇ ਨਾਲ ਪਹਿਲੀ ਮੁਲਾਕਾਤ ਜੂਨ 1980 ਵਿਚ ਬਰਤਾਨੀਆ ਵਾਲੀ ਆਲਮੀ ਪੰਜਾਬੀ ਕਾਨਫ਼ਰੰਸ ਸਮੇਂ ਇੰਗਲੈਂਡ ਵਿਚ ਹੋਈ ਸੀ। ਮਾਹਿਲਪੁਰੀਆ ਹੋਣ ਕਾਰਨ ਉਹ ਮੇਰੇ ਨਾਲ ਵਧੇਰੇ ਹਿਤ ਰੱਖਦਾ ਸੀ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX