• ਅਲੌਕਿਕ ਨਗਰ ਕੀਰਤਨ ਸਜਾਇਆ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤ ਪੁੱਜੀ
ਪਟਨਾ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ / ਤਸਵੀਰਾਂ : ਮੁਨੀਸ਼
ਪਟਨਾ ਸਾਹਿਬ, 19 ਜਨਵਰੀ-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਟਨਾ ਸਾਹਿਬ ਦੀ ਪਾਵਨ ਧਰਤੀ ਵਿਖੇ ਅਲੌਕਿਕ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਗਊਘਾਟ ਤੋਂ ਖ਼ਾਲਸਾਈ ਪ੍ਰੰਪਰਾਂਵਾਂ ਤੇ ਪੂਰੇ ਜਾਹੋ ਜਲਾਲ ਨਾਲ ਆਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਇਲਾਕਿਆ 'ਚੋਂ ਹੁੰਦਾ ਹੋਇਆ ਦੇਰ ਸ਼ਾਮ ਤਖ਼ਤ ਸ੍ਰੀ ਹਰਿਮੰਦਰ ਜੀ ਵਿਖੇ ਸਮਾਪਤ ਹੋਇਆ | ਇਸ ਦੌਰਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵਲੋਂ ਜਿਥੇ ਆਰੰਭਤਾ ਤੇ ਸਮਾਪਤੀ ਦੀ ਅਰਦਾਸ ਕੀਤੀ ਗਈ ਉਥੇ ਹੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪੁੱਜੀ ਸੰਗਤ ਵਲੋਂ ਸਤਿਕਾਰ ਸਹਿਤ ਹਾਜ਼ਰੀ ਭਰਦੇ ਹੋਏ ਢੋਲਕੀਆਂ-ਛੈਣਿਆਂ ਨਾਲ ਗੁਰਬਾਣੀ ਦਾ ਰਸਭਿੰਨਾ ਗਾਇਨ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦਿੱਤੀ ਗਈ ਪੇਸ਼ਕਾਰੀ, ਬੈਂਡ ਦੀਆਂ ਮਨਮੋਹਕ ਧੁੰਨਾਂ ਤੋਂ ਇਲਾਵਾ ਫੁੱਲਾਂ ਦੀ ਵਰਖਾ ਨੇ ਮਾਹੌਲ ਨੂੰ ਅਨੰਦਮਈ ਬਣਾਇਆ ਜਦਕਿ ਨਿਹੰਗ ਸਿੰਘਾਂ ਵਲੋਂ ਗਤਕੇ ਦੇ ਦਿਖਾਏ ਗਏ ਪ੍ਰਭਾਵਸ਼ਾਲੀ ਜੌਹਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ | ਨਗਰ ਕੀਰਤਨ ਦੇ ਸਤਿਕਾਰ 'ਚ ਬਾਜ਼ਾਰ ਪੂਰੀ ਤਰ੍ਹਾਂ ਸਜਾਉਂਦੇ ਹੋਏ ਕੇਸਰੀ ਰੰਗ ਦੀਆਂ ਝੰਡੀਆਂ ਤੇ ਸਵਾਗਤੀ ਗੇਟਾਂ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਲੋਕਾਂ ਵਲੋਂ ਅਦਬ ਸਹਿਤ ਸੰਗਤ ਲਈ ਥਾਂ-ਥਾਂ 'ਤੇ ਲੰਗਰ ਲਗਾਏ ਗਏ | ਸਾਫ਼-ਸਫ਼ਾਈ ਲਈ ਪ੍ਰਸ਼ਾਸਨ ਵਲੋਂ ਤਾਇਨਾਤ ਕੀਤੇ ਗਏ ਕਰਮਚਾਰੀਆਂ ਦੇ ਨਾਲ-ਨਾਲ ਸੰਗਤ ਨੇ ਵੀ ਤਨਦੇਹੀ ਨਾਲ ਸੇਵਾ ਨਿਭਾਈ |
ਗੁਰਦੁਆਰਾ ਗਊਘਾਟ ਵਿਖੇ ਗੁਰਮਤਿ ਸਮਾਗਮ
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੰਗਾ ਕਿਨਾਰੇ ਸੁਸ਼ੋਭਿਤ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਗੁਰਦੁਆਰਾ ਗਊਘਾਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਵਿੰਦਰ ਸਿੰਘ ਤੇ ਬੜੂ ਸਾਹਿਬ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਦੌਰਾਨ ਹੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਤੇ ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸੰਗਤ ਨਾਲ ਗੁਰਇਤਿਹਾਸ ਦੀ ਸਾਂਝ ਪਾਉਦੇਂ ਹੋਏ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ ਤੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਨਰਲ ਸਕੱਤਰ ਮਹਿੰਦਰ ਸਿੰਘ, ਮੀਤ ਪ੍ਰਧਾਨ ਇੰਦਰਜੀਤ ਸਿੰਘ ਟਾਟਾ ਨਗਰ, ਬਾਬਾ ਜੋਗਾ ਸਿੰਘ ਕਰਨਾਲ, ਮਹੰਤ ਕਰਮਦੀਪ ਸਿੰਘ ਯਮਨਾ ਨਗਰ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਤੋਂ ਇਲਾਵਾ ਵੱਡੀ ਤਾਦਾਦ 'ਚ ਸ਼ਰਧਾਲੂ ਹਾਜ਼ਰ ਸਨ |
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਜਿਥੇ ਪੂਰੇ ਸ਼ਹਿਰ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ ਉਥੇ ਹੀ ਇਨ੍ਹਾਂ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਦੀ ਆਮਦ ਹੋਈ ਹੈ | 3 ਰੋਜ਼ਾ ਗੁਰਮਤਿ ਸਮਾਗਮਾਂ ਨੂੰ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਜੀ, ਗੁਰਦੁਆਰਾ ਬਾਲ ਲੀਲਾ ਮੈਣੀ ਸਾਹਿਬ, ਕੰਗਣ ਘਾਟ ਸਾਹਿਬ, ਹਾਂਡੀ ਸਾਹਿਬ, ਗੁਰੂ ਕਾ ਬਾਗ, ਗਊਘਾਟ ਸਾਹਿਬ, ਸੁਨਾਰ ਟੋਲੀ ਸਾਹਿਬ ਤੋਂ ਇਲਾਵਾ ਸਥਾਨਕ ਰੇਲਵੇ ਸਟੇਸ਼ਨ, ਹਵਾਈ ਅੱਡਾ, ਬੱਸ ਅੱਡਾ ਤੇ ਬਾਜ਼ਾਰ ਆਦਿ ਬੇਸ਼ਕੀਮਤੀ ਆਧੁਨਿਕ ਰੌਸ਼ਨੀਆਂ ਨਾਲ ਜਗਮਗਾ ਰਹੇ ਹਨ, ਜਿਸ ਨੂੰ ਦੇਖ ਕੇ ਸ਼ਰਧਾਲੂ ਖਾਸ ਕਰਕੇ ਇਥੋਂ ਦੇ ਵਸਨੀਕ ਬੇਹੱਦ ਉਤਸ਼ਾਹਿਤ ਦਿਖਾਈ ਦੇ ਰਹੇ ਹਨ ਜਦਕਿ ਵੱਖ-ਵੱਖ ਚੌਕ-ਚੌਰਸਤਿਆਂ 'ਤੇ ਬਣਾਏ ਗਏ ਸਹਾਇਤਾ ਕੇਂਦਰ ਇਥੇ ਹੋਣ ਜਾ ਰਹੇ ਸਮਾਗਮਾਂ ਸਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ | ਉਥੇ ਹੀ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਬਿਹਾਰ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਪਟਨਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ 'ਚ ਪੁੱਜ ਰਹੇ ਸ਼ਰਧਾਲੂਆਂ ਲਈ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ, ਬਿਹਾਰ ਸਰਕਾਰ, ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਹੋਰ ਸੰਤਾਂ-ਮਹਾਂਪੁਰਸ਼ਾਂ ਵਲੋਂ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਹਨ | ਸਰਕਾਰ ਵਲੋਂ ਸ਼ਹਿਰ 'ਚ ਟ੍ਰੈਫਿਕ ਨੂੰ ਸੁਚਾਰੂ, ਰਸਤਿਆਂ ਨੂੰ ਸਾਫ਼-ਸੁਥਰਾ ਬਣਾਉਣ, ਰੇਲਵੇ ਸਟੇਸ਼ਨ ਤੇ ਏਅਰਪੋਰਟ ਤੋਂ ਯਾਤਰੂਆਂ ਨੂੰ ਉਨਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਤੇ ਡਾਕਟਰੀ ਸਹਾਇਤਾ ਲਈ ਬਾਕਮਾਲ ਪ੍ਰਬੰਧ ਕੀਤੇ ਗਏ ਹਨ |
ਗੁਰਦੁਆਰਾ ਬਾਲ ਲੀਲ੍ਹਾ ਵਿਖੇ ਕੀਤੇ ਗਏ ਸ਼ਾਨਦਾਰ ਪ੍ਰਬੰਧ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਰਿਹਾਇਸ਼ ਤੇ ਲੰਗਰ ਤੋਂ ਇਲਾਵਾ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲਾ ਵਿਖੇ ਸੰਗਤ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ, ਜਿਸ 'ਚ 24 ਘੰਟੇ ਲੰਗਰ, ਸ਼ਾਨਦਾਰ ਸਰਾਵਾਂ 'ਚ ਰਿਹਾਇਸ਼, ਯਾਤਰੂਆਂ ਨੂੰ ਸਟੇਸ਼ਨ, ਏਅਰਪੋਰਟ ਤੋਂ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਭੂਰੀ ਵਾਲੇ ਸੰਤਾਂ ਵਲੋਂ ਗੁਰਦੁਆਰਾ ਬਾਲ ਲੀਲਾ ਵਿਖੇ ਰਿਹਾਇਸ਼ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਪੁੱਛਗਿੱਛ ਦਫ਼ਤਰ, ਜੋੜਾ ਘਰ, ਯਾਤਰੂਆਂ ਲਈ 24 ਘੰਟੇ ਮੈਡੀਕਲ ਕੈਂਪ ਤੋਂ ਇਲਾਵਾ ਲੰਗਰ ਤਿਆਰ ਕਰਨ, ਬਰਤਨ ਸਾਫ ਕਰਨ ਤੇ ਲੰਗਰ ਵਰਤਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ |
ਜਗਤਾਰ ਸਿੰਘ
ਸਿੰਘੂ ਬਾਰਡਰ (ਨਵੀਂ ਦਿੱਲੀ), 19 ਜਨਵਰੀ-ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਅੰਦੋਲਨ ਦਰਮਿਆਨ 3 ਸੂਬਿਆਂ ਦੀ ਪੁਲਿਸ ਵਲੋਂ ਸਿੰਘੂ ਸਰਹੱਦ ਪੁੱਜ ਕੇ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਗਈ | ਮੁਲਾਕਾਤ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅਸੀਂ ਪੁਲਿਸ ਨੂੰ ਸਪਸ਼ਟ ਕਰ ਦਿੱਤਾ ਹੈ ਕਿ 26 ਜਨਵਰੀ ਨੂੰ ਦਿੱਲੀ ਅੰਦਰ ਕੱਢੀ ਜਾਣ ਵਾਲੀ 'ਗਣਤੰਤਰ ਕਿਸਾਨ ਪਰੇਡ' ਭਾਵ 'ਟਰੈਕਟਰ ਮਾਰਚ' ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਮੁਤਾਬਿਕ ਹਰ ਹਾਲਤ 'ਚ ਹੋਵੇਗਾ ਅਤੇ ਇਹ ਹੁਣ ਪੁਲਿਸ ਨੇ ਤੈਅ ਕਰਨਾ ਹੈ ਕਿ ਸਾਨੂੰ ਰੋਕਣ ਲਈ ਬੈਰੀਕੇਡ ਲਗਾਉਣੇ ਹਨ ਜਾਂ ਬਗੈਰ ਬੈਰੀਕੇਡਾਂ ਦੇ ਹੀ ਦਿੱਲੀ 'ਚ ਦਾਖ਼ਲ ਹੋਣ ਦੇਣਾ ਹੈ | ਦੂਜੇ ਪਾਸੇ ਸਿੰਘੂ ਸਮੇਤ ਹੋਰਨਾ ਸਰਹੱਦਾਂ 'ਤੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਕਿਸਾਨਾਂ ਖਾਸਕਰ ਨੌਜਵਾਨਾਂ 'ਚ ਟਰੈਕਟਰ ਮਾਰਚ ਲਈ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਦੱਸਣਯੋਗ ਹੈ ਕਿ ਟਰੈਕਟਰ ਮਾਰਚ ਦਿੱਲੀ ਦੇ ਬਾਹਰੀ ਰਿੰਗ ਰੋਡ 'ਤੇ ਕੱਢਿਆ ਜਾਣਾ ਹੈ | 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਰੋਕਣ ਜਾਂ ਪ੍ਰੋਗਰਾਮ 'ਚ ਫੇਰਬਦਲ ਦੇ ਮਕਸਦ ਨਾਲ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਯੋਗਿੰਦਰ ਯਾਦਵ ਸਮੇਤ ਹੋਰ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ, ਪ੍ਰੰਤੂ ਉਹ ਕਿਸਾਨ ਆਗੂਆਂ ਨੂੰ ਮਨਾਉਣ 'ਚ ਸਫਲ ਨਹੀਂ ਹੋਏ, ਕਿਉਂਕਿ ਕਿਸਾਨ ਆਗੂ ਮਿਥੇ ਪ੍ਰੋਗਰਾਮ ਮੁਤਾਬਿਕ ਟਰੈਕਟਰ ਮਾਰਚ ਪ੍ਰੋਗਰਾਮ ਨੂੰ ਰੋਕਣ ਜਾਂ ਫੇਰਬਦਲ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਹੋਏ | ਹਾਲਾਂਕਿ ਕੱਲ੍ਹ ਇਕ ਵਾਰ ਫਿਰ ਪੁਲਿਸ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ | ਦਰਅਸਲ ਦਿੱਲੀ ਪੁਲਿਸ ਗਣਤੰਤਰ ਦਿਵਸ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ, ਪੁਲਿਸ ਦਾ ਕਹਿਣਾ ਹੈ ਕਿ ਟਰੈਕਟਰ ਮਾਰਚ ਨਾਲ ਦਿੱਲੀ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ |
ਪਰੇਡ ਕੱਢਣ ਦਾ ਫ਼ੈਸਲਾ ਪੱਕਾ-ਰਾਜੇਵਾਲ, ਯੋਗਿੰਦਰ ਯਾਦਵ
ਦਿੱਲੀ ਪੁਲਿਸ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਯੋਗਿੰਦਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੁਲਿਸ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸ਼ਾਂਤਮਈ ਤੇ ਅਨੁਸ਼ਾਸਤ ਤਰੀਕੇ ਨਾਲ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਬਿਲਕੁਲ ਪੱਕਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਭਰੋਸਾ ਦਿਵਾਇਆ ਹੈ ਕਿ ਟਰੈਕਟਰ ਮਾਰਚ 'ਤੇ ਪੂਰੀ ਤਰ੍ਹਾਂ ਸਾਡਾ ਕੰਟਰੋਲ ਰਹੇਗਾ | ਆਵਾਜਾਈ ਪ੍ਰਭਾਵਿਤ ਹੋਣ ਦੇ ਸਵਾਲ ਦੇ ਜਵਾਬ 'ਚ ਕਿਸਾਨ ਆਗੂਆਂ ਨੇ ਪੁਲਿਸ ਨੂੰ ਕਿਹਾ ਕਿ ਤੁਸੀਂ (ਪੁਲਿਸ) ਦਿੱਲੀ ਦੀ ਜਨਤਾ ਨੂੰ ਇਕ ਅਪੀਲ ਕਰਕੇ ਤਾਂ ਵੇਖੋ, ਦਿੱਲੀ ਦੇ ਲੋਕ ਉਸ ਦਿਨ ਖੁਦ ਹੀ ਗਣਤੰਤਰ ਦਿਵਸ ਪਰੇਡ ਲਈ ਰਿੰਗ ਰੋਡ ਨੂੰ ਖਾਲੀ ਕਰ ਦੇਵੇਗੀ |
ਕਿਸਾਨਾਂ ਨਾਲ ਪਹਿਲਾਂ ਹੀ ਵਾਅਦਾ ਖ਼ਿਲਾਫ਼ੀ ਕਰ ਚੁੱਕੀ ਹੈ ਮੋਦੀ ਸਰਕਾਰ-ਬਹਿਰੂ
ਪਿਛਲੇ ਲੰਮੇ ਸਮੇਂ ਤੋਂ ਹੱਡ-ਚੀਰਵੀਂ ਠੰਢ 'ਚ ਧਰਨੇ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਰਕਾਰ ਵਲੋਂ ਵਾਰ-ਵਾਰ ਖੁਦ ਨੂੰ ਕਿਸਾਨ ਪੱਖੀ ਸਾਬਤ ਕਰਨ ਦੀ ਕਵਾਇਦ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਮੋਦੀ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਚੁੱਕੀ ਹੈ | ਬਹਿਰੂ ਨੇ ਦੱਸਿਆ ਕਿ ਭਾਜਪਾ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਮਨੋਰਥ ਪੱਤਰ ਰਾਹੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਨ ਦਾ ਵਾਅਦਾ ਦੇਸ਼ ਦੇ ਕਰੋੜਾਂ ਕਿਸਾਨਾਂ ਨਾਲ ਕੀਤਾ ਸੀ ਪਰ ਬਾਅਦ 'ਚ ਮੁਕਰ ਗਈ | ਬਹਿਰੂ ਨੇ ਦੱਸਿਆ ਕਿ ਜਦੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਉਨ੍ਹਾਂ (ਬਹਿਰੂ) ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਤਾਂ ਮੋਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰਕੇ ਕਿਸਾਨਾਂ ਨਾਲ ਵਾਅਦਾ ਖ਼ਿਲਾਫੀ ਕਰਦੇ ਹੋਏ ਇਹ ਪ੍ਰਭਾਵ ਦਿੱਤਾ ਕਿ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਖੇਤੀ ਉਤਪਾਦਨ ਉੱਤੇ ਆਏ ਖਰਚਿਆਂ ਤੇ 50 ਫੀਸਦੀ ਮੁਨਾਫੇ ਅਨੁਸਾਰ ਫ਼ਸਲਾਂ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ |
ਹੱਕ ਲੈ ਕੇ ਹੀ ਮੁੜਾਂਗੇ
ਸਿੰਘੂ ਸਰਹੱਦ ਵਿਖੇ ਅੰਦੋਲਨ 'ਚ ਸ਼ਾਮਿਲ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਹੀ ਆਪਣੇ ਹੱਕ ਲੈਣ ਲਈ ਬਜ਼ਿਦ ਹਨ | ਪਟਿਆਲਾ ਦੇ ਮੀਰਾਂਪੁਰ ਪਿੰਡ ਤੋਂ ਆਏ ਕਿਸਾਨ ਕਸ਼ਮੀਰ ਸਿੰਘ (65) ਤੇ ਜਰਨੈਲ ਸਿੰਘ (85) ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਰੇ ਪਿੰਡ ਦੇ ਲੋਕਾਂ ਵਲੋਂ ਵਾਰੋ ਵਾਰੀ ਅੰਦੋਲਨ 'ਚ ਸ਼ਾਮਿਲ ਹੋਣ ਦੀ ਡਿਊਟੀ ਨਿਭਾਈ ਜਾ ਰਹੀ ਹੈ | ਹੱਡ-ਚੀਰਵੀਂ ਠੰਢ ਅਤੇ ਵਡੇਰੀ ਉਮਰ ਕਾਰਨ ਕੀ ਪਰਿਵਾਰ ਵਾਲੇ ਰੋਕਦੇ ਨਹੀਂ ਹਨ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਚੰਗੇ ਕੰਮਾਂ ਲਈ ਕੌਣ ਰੋਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਅਸੀਂ ਵੀ ਇੱਥੇ ਬੈਠੇ ਹਾਂ, ਹੱਕ ਲੈ ਕੇ ਹੀ ਮੁੜਾਂਗੇ |
ਕਿਸਾਨਾਂ ਨਾਲ ਕੱਲ੍ਹ ਕਰਨਗੇ ਪਹਿਲੀ ਮੀਟਿੰਗ
ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਸਮੇਂ ਉਹ ਆਪਣੀ ਨਿੱਜੀ ਰਾਇ ਅਲੱਗ ਰੱਖਣਗੇ, ਭਾਵੇਂ ਕਿ ਉਨ੍ਹਾਂ ਸੰਕੇਤ ਦਿੱਤਾ ਕਿ ਪੂਰੀ ਤਰ੍ਹਾਂ ਕਾਨੂੰਨ ਰੱਦ ਕਰਨਾ ਭਵਿੱਖ ਦੇ ਜ਼ਰੂਰੀ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ ਹੋਵੇਗਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰ ਜਾਂ ਕਿਸੇ ਦੇ ਪੱਖ 'ਚ ਨਹੀਂ ਹਨ | ਕਮੇਟੀ ਦੇ ਪ੍ਰਮੁੱਖ ਮੈਂਬਰ ਅਨਿਲ ਘਨਵਤ ਨੇ ਕਿਹਾ ਕਿ ਖੇਤੀ ਕਾਨੂੰਨਾਂ 'ਚ ਸੁਧਾਰ ਦੀ ਬਹੁਤ ਲੋੜ ਹੈ ਅਤੇ ਜੇਕਰ ਹੁਣ ਇਹ ਰੱਦ ਹੋ ਜਾਂਦੇ ਹਨ ਤਾਂ ਕੋਈ ਵੀ ਸਿਆਸੀ ਪਾਰਟੀ ਆਉਣ ਵਾਲੇ 50 ਸਾਲਾਂ ਤੱਕ ਮੁੜ ਅਜਿਹੀ ਕੋਸ਼ਿਸ਼ ਨਹੀਂ ਕਰੇਗੀ | ਹਾਲਾਂਕਿ ਉਨ੍ਹਾਂ ਕਿਹਾ ਕਿ ਕਮੇਟੀ ਸਾਰੇ ਕਿਸਾਨਾਂ ਦੇ ਵਿਚਾਰ ਸੁਣੇਗੀ, ਜਿਨ੍ਹਾਂ 'ਚ ਕਾਨੂੰਨਾਂ ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲੇ ਲੋਕ ਵੀ ਸ਼ਾਮਿਲ ਹਨ ਅਤੇ ਉਸ ਦੇ ਅਨੁਸਾਰ ਹੀ ਸੁਪਰੀਮ ਕੋਰਟ 'ਚ ਪੇਸ਼ ਕਰਨ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 70 ਸਾਲਾਂ 'ਚ ਲਾਗੂ ਕੀਤੇ ਕਾਨੂੰਨ ਕਿਸਾਨਾਂ ਦੇ ਹੱਕ 'ਚ ਨਹੀਂ ਸਨ ਅਤੇ ਕਰੀਬ 4.5 ਲੱਖ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਗ਼ਰੀਬ ਹੋ ਰਹੇ ਹਨ ਅਤੇ ਉਹ ਕਰਜ਼ੇ 'ਚ ਡੁੱਬੇ ਹੋਏ ਹਨ, ਕੁਝ ਬਦਲਾਅ ਦੀ ਲੋੜ ਹੈ | ਉਹ ਬਦਲਾਅ ਹੋ ਰਹੇ ਸਨ ਪਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ | ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਨਵਤ ਨੇ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਅਸੀਂ ਕਿਸਾਨਾਂ ਅਤੇ ਹੋਰ ਹਿੱਤਧਾਰਕਾਂ ਨਾਲ ਪਹਿਲੀ ਮੀਟਿੰਗ 21 ਜਨਵਰੀ ਨੂੰ ਸਵੇਰੇ 11 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ | ਕਮੇਟੀ ਵਲੋਂ ਕਿਸਾਨਾਂ ਦੇ ਇਲਾਵਾ ਹੋਰ ਹਿੱਤਧਾਰਕਾਂ ਕੇਂਦਰ ਤੇ ਸੂਬਾ ਸਰਕਾਰਾਂ, ਖੇਤੀ ਨਿਰਯਾਤਕਾਂ, ਵਪਾਰੀਆਂ, ਮਿੱਲਰ, ਡੇਅਰੀ, ਪੋਲਟਰੀ ਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਉਦਯੋਗਪਤੀਆਂ ਦੀ ਰਾਇ ਵੀ ਇਸ ਸਬੰਧੀ ਲਈ ਜਾਵੇਗੀ | ਕਮੇਟੀ ਦੀ ਸਭ ਤੋਂ ਵੱਡੀ ਚੁਣੌਤੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗੱਲਬਾਤ ਲਈ ਤਿਆਰ ਕਰਨ ਦੀ ਹੋਵੇਗੀ ਅਤੇ ਉਹ ਇਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਦੀ ਠੀਕ ਤਰ੍ਹਾਂ ਪਾਲਣਾ ਕਰ ਰਹੇ ਹਾਂ | ਇਸ ਮੌਕੇ ਕਮੇਟੀ ਦੀ ਦੂਸਰੇ ਮੈਂਬਰ ਅਸ਼ੋਕ ਗੁਲਾਟੀ ਨੇ ਕਿਹਾ ਕਮੇਟੀ ਦੇ ਸਾਰੇ ਮੈਂਬਰ ਬਰਾਬਰ ਹਨ ਅਤੇ ਉਨ੍ਹਾਂ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ | ਕਮੇਟੀ ਦੇ ਤੀਸਰੇ ਮੈਂਬਰ ਪ੍ਰਮੋਦ ਕੁਮਾਰ ਜੋਸ਼ੀ ਨੇ ਕਿਹਾ ਕਿ ਸਾਡੇ ਵਿਚਾਰ ਵੱਖ ਹੋ ਸਕਦੇ ਹਨ | ਜਦੋਂ ਅਦਾਲਤ ਵਲੋਂ ਅਜਿਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਪੈਂਦਾ ਹੈ | ਰਿਪੋਰਟ 'ਚ ਅਸੀਂ ਆਪਣੇ ਵਿਚਾਰ ਨਹੀਂ ਦੇ ਸਕਦੇ ਅਤੇ ਇਹ ਬਹੁਤ ਸਪੱਸ਼ਟ ਹੈ | ਕਮੇਟੀ ਨੂੰ ਪੂਰੀ ਉਮੀਦ ਹੈ ਕਿ ਉਹ ਦੋ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਦੇ ਦੇਵੇਗੀ |
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਵਿਵਾਦਤ ਖੇਤੀ ਕਾਨੂੰਨਾਂ 'ਤੇ ਕੇਂਦਰ ਤੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ 'ਚ ਪ੍ਰਸਤਾਵਿਤ 10ਵੇਂ ਦੌਰ ਦੀ ਗੱਲਬਾਤ ਬੁੱਧਵਾਰ 20 ਜਨਵਰੀ ਨੂੰ ਦਿੱਲੀ ਦੇ ਵਿਗਿਆਨ ਭਵਨ 'ਚ ਹੋਵੇਗੀ | ਇਹ ਮੀਟਿੰਗ ਪਹਿਲਾਂ ਅੱਜ ਹੋਣੀ ਸੀ ਪਰ ਸਰਕਾਰ ਨੇ ਕੱਲ੍ਹ ਦੇਰ ਰਾਤ ਮੀਟਿੰਗ ਮੁਲਤਵੀ ਕਰ ਕੇ 20 ਜਨਵਰੀ 'ਤੇ ਪਾ ਦਿੱਤੀ ਸੀ | ਕੇਂਦਰ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਮਾਮਲੇ ਦਾ ਜਲਦ ਹੱਲ ਚਾਹੰੁਦੀਆਂ ਹਨ, ਪਰ ਇਸ 'ਚ ਕੁਝ ਹੋਰ ਵਿਚਾਰਧਾਰਾ ਵਾਲੇ ਲੋਕਾਂ ਦੇ ਸ਼ਾਮਿਲ ਹੋਣ ਨਾਲ ਮਸਲੇ ਦੇ ਹੱਲ 'ਚ ਦੇਰੀ ਹੋ ਰਹੀ ਹੈ | ਖੇਤੀ ਕਾਨੂੰਨਾਂ ਨੂੰ ਕਿਸਾਨ ਭਾਈਚਾਰੇ ਦੇ ਹਿੱਤਾਂ 'ਚ ਕਰਾਰ ਦਿੰਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਰੁਕਾਵਟਾਂ ਉਸ ਵੇਲੇ ਆਉਂਦੀਆਂ ਹਨ ਜਦੋਂ ਚੰਗੇ ਕਦਮ ਚੁੱਕੇ ਜਾਂਦੇ ਹਨ, ਪਰ ਦੇਰੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਕਿਸਾਨ ਆਗੂ ਆਪਣੇ ਤਰੀਕੇ ਨਾਲ ਹੱਲ ਚਾਹੰੁਦੇ ਹਨ | ਉਧਰ ਕਿਸਾਨਾਂ ਦੀ ਟਰੈਕਟਰ ਰੈਲੀ ਬਾਰੇ ਸੁਪਰੀਮ ਕੋਰਟ 'ਚ ਵੀ ਸੁਣਵਾਈ 20 ਜਨਵਰੀ ਨੂੰ ਹੋਵੇਗੀ |
ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਸਪੀਕਰ ਓਮ ਬਿਰਲਾ ਨੇ ਸੰਸਦ ਦੇ ਅੰਦਰ ਕੰਟੀਨ 'ਚੋਂ ਸੰਸਦ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਮਿਲਣ ਵਾਲੇ ਰਿਆਇਤੀ ਖਾਣੇ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਖ਼ਤਮ ਕਰਨ ਦਾ ਐਲਾਨ ਕੀਤਾ | ਸੰਸਦ ਦੀ ਕੰਟੀਨ ਦਾ ਠੇਕਾ ਹੁਣ ਆਈ.ਟੀ.ਡੀ.ਸੀ. ਨੂੰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਬਸਿਡੀ ਖ਼ਤਮ ਹੋਣ ਨਾਲ ਖਾਣਾ ਕੁਝ ਮਹਿੰਗਾ ਜ਼ਰੂਰ ਹੋਵੇਗਾ ਪਰ ਉਸ ਦੀ ਕੁਆਲਿਟੀ 'ਚ ਵੀ ਸੁਧਾਰ ਨਜ਼ਰ ਆਵੇਗਾ | ਸਬਸਿਡੀ ਹਟਾਉਣ ਨਾਲ ਕੇਂਦਰ ਸਰਕਾਰ ਨੂੰ ਕਿੰਨੀ ਰਕਮ ਦੀ ਬੱਚਤ ਹੋਵੇਗੀ ਇਸ ਸਵਾਲ ਦਾ ਸਿੱਧਾ ਜਵਾਬ ਬਿਰਲਾ ਵਲੋਂ ਨਹੀਂ ਦਿੱਤਾ ਗਿਆ ਹਾਲਾਂਕਿ ਹਲਕਿਆਂ ਮੁਤਾਬਿਕ ਸਬਸਿਡੀ ਹਟਾਉਣ ਨਾਲ ਖਾਣੇ ਦੀਆਂ ਕੀਮਤਾਂ 'ਚ 20 ਤੋਂ 50 ਫ਼ੀਸਦੀ ਇਜ਼ਾਫ਼ਾ ਹੋ ਸਕਦਾ ਹੈ |
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਹੁਣ ਦੇਸ਼ 'ਚ ਹਰ ਸਾਲ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ 'ਪਰਾਕ੍ਰਮ ਦਿਵਸ' ਵਜੋਂ ਮਨਾਈ ਜਾਵੇਗੀ | ਕੇਂਦਰ ਸਰਕਾਰ ਦੇ ਫ਼ੈਸਲੇ ਦੇ ਬਾਅਦ ਸੱਭਿਆਚਾਰਕ ਮੰਤਰਾਲੇ ਨੇ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ | ਜਿਸ ...
ਸੂਰਤ, 19 ਜਨਵਰੀ (ਏਜੰਸੀ)-ਗੁਜਰਾਤ ਦੇ ਸੂਰਤ ਜ਼ਿਲ੍ਹੇ 'ਚ ਸੜਕ ਕਿਨਾਰੇ ਸੁੱਤੇ ਰਾਜਸਥਾਨ ਦੇ 15 ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਸਾਰੇ ਮਜ਼ਦੂਰਾਂ ਦੀ ਮੌਤ ਹੋ ਗਈ | ਪੁਲਿਸ ਨੇ ਦੱਸਿਆ ਕਿ ਮਿ੍ਤਕਾਂ 'ਚ 8 ਔਰਤਾਂ ਤੇ ਇਕ ਬੱਚੀ ਸ਼ਾਮਿਲ ਹੈ ਅਤੇ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਕੇਂਦਰੀ ਸਿੱਖਿਆ ਮੰਤਰਾਲੇ ਨੇ ਐਨ. ਆਈ. ਟੀ ਅਤੇ ਕੇਂਦਰੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ 'ਚ ਦਾਖ਼ਲੇ ਦੇ ਮਾਪਦੰਡਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਤਹਿਤ 12ਵੀਂ ਜਮਾਤ 'ਚ 75 ਫ਼ੀਸਦੀ ਅੰਕਾਂ ਦੀ ਸ਼ਰਤ ਨੂੰ ਹਟਾ ਦਿੱਤਾ ...
ਜਲੰਧਰ, 19 ਜਨਵਰੀ (ਮੇਜਰ ਸਿੰਘ)-ਸਿੰਘੂ ਬਾਰਡਰ ਵਿਖੇ ਤਿੰਨ ਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਸੰਯੁਕਤ ਮੋਰਚਾ ਦੇ ਆਗੂਆਂ ਵਿਚਕਾਰ 26 ਦੀ ਗਣਤੰਤਰ ਕਿਸਾਨ ਪਰੇਡ ਬਾਰੇ ਹੋਈ ਦਿਲਚਸਪ ਤੇ ਅਹਿਮ ਮੀਟਿੰਗ ਭਾਵੇਂ ਕੋਈ ਠੋਸ ਫ਼ੈਸਲਾ ਤਾਂ ਨਹੀਂ ਕਰ ਸਕੀ ਪਰ ਇਸ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਕੋਰੋਨਾ ਦਾ 'ਕੋਵੀਸ਼ੀਲਡ' ਟੀਕਾ ਬਣਾਉਣ ਵਾਲੀ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ 'ਕੋਵੈਕਸੀਨ' ਟੀਕਾ ਬਣਾਉਣ ਵਾਲੀ ਭਾਰਤ ਬਾਇਓਟੈਕ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੰਪਨੀਆਂ ਦੇ ਟੀਕਿਆਂ ਦੇ ਨਿਰਮਾਣ 'ਚ ਇਸਤੇਮਾਲ ...
ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਕਰਾਰ ਦਿੰਦਿਆਂ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹੱਕ 'ਚ 100 ਫ਼ੀਸਦੀ ਖੜ੍ਹੇ ਹਨ ਅਤੇ ਹਰ ਵਿਅਕਤੀ ਨੂੰ ਇਸ ਅੰਦੋਲਨ ਦੇ ਹੱਕ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਹੀ ਗੱਲਬਾਤ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਕਰ ...
ਸ਼ਿਮਲਾ, 19 ਜਨਵਰੀ (ਏਜੰਸੀ)-ਸ਼ਿਮਲਾ ਦੇ ਇਤਿਹਾਸਕ ਰਿੱਜ ਮੈਦਾਨ 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਮੁਹਾਲੀ ਤੇ ਚੰਡੀਗੜ੍ਹ ਨਾਲ ਸਬੰਧਿਤ ਕਿਸਾਨ ਕਰਨਦੀਪ ਸੰਧੂ, ...
ਪੂਰੂਲੀਆ (ਪੱਛਮੀ ਬੰਗਾਲ), 19 ਜਨਵਰੀ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਗਵਾ ਪਾਰਟੀ 'ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਦੋਸ਼ ਲਗਾਉਂਦਿਆਂ ਭਾਜਪਾ ਨੂੰ ਨਕਸਲੀਆਂ ਤੋਂ ਵੀ ਵੱਧ ਖਤਰਨਾਕ ਦੱਸਿਆ ਹੈ | ਪੂਰੂਲੀਆ ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਲਈ ਕਾਰ-ਸੇਵਾ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਸੁੰਦਰੀਕਰਨ ਦੀ ਕਰਵਾਈ ਗਈ ਸੇਵਾ ਦੀ ਅੱਜ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਭਾਰਤ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਤੋਂ 6 ਦੇਸ਼ਾਂ- ਭੂਟਾਨ, ਮਾਲਦੀਵ, ਬੰਗਲਾਦੇਸ਼, ਨਿਪਾਲ, ਮਿਆਂਮਾਰ ਤੇ ਸੇਸ਼ਲਜ ਨੂੰ ਗ੍ਰਾਂਟ ਸਹਾਇਤਾ ਤਹਿਤ ਕੋਵਿਡ-19 ਟੀਕਿਆਂ ਦੀ ਸਪਲਾਈ ਕਰੇਗਾ | ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ...
ਗਠਨ ਤੋਂ ਬਾਅਦ ਹੀ ਕਮੇਟੀ ਮੈਂਬਰਾਂ 'ਤੇ ਸਰਕਾਰ ਦੇ ਹੱਕ 'ਚ ਹੋਣ ਦੇ ਇਲਜ਼ਾਮ ਲੱਗੇ ਜਾਣ ਦੇ ਮੁੱਦੇ 'ਤੇ ਆਪਣਾ ਪੱਖ ਰੱਖਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਕਾਨੂੰਨਾਂ 'ਤੇ ਪਹਿਲਾਂ ਉਨ੍ਹਾਂ ਦੀ ਵਿਚਾਰਧਾਰਾ ਕੀ ਸੀ, ਇਸ 'ਤੇ ਚਰਚਾ 'ਤੇ ਕੋਈ ਫ਼ਰਕ ਨਹੀਂ ਪਵੇਗਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX