ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਰਾਜਧਾਨੀ ਵਾਸ਼ਿੰਗਟਨ ਵਿਚ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਲਈ ਦੁਨੀਆ ਭਰ ਵਿਚ ਵੱਡੀ ਉਤਸੁਕਤਾ ਹੈ। ਅਮਰੀਕਾ ਦੁਨੀਆ ਦਾ ਵੱਡਾ ਦੇਸ਼ ਹੈ। ਇਥੇ 4 ਸਾਲ ਬਾਅਦ ਇਸ ਉੱਚ ਅਹੁਦੇ ਲਈ ਹੁੰਦੀਆਂ ਚੋਣਾਂ ਪੂਰੀ ਦੁਨੀਆ ਲਈ ਵੱਡੀ ਦਿਲਚਸਪੀ ਵਾਲੀਆਂ ਹੁੰਦੀਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦਾ 4 ਸਾਲ ਦਾ ਕਾਰਜਕਾਲ ਬੇਹੱਦ ਵਿਵਾਦਪੂਰਨ ਰਿਹਾ ਹੈ। ਟਰੰਪ ਵਲੋਂ ਚੁੱਕੇ ਕਦਮਾਂ ਅਤੇ ਦਿੱਤੇ ਬਿਆਨਾਂ ਦੀ ਲਗਾਤਾਰ ਵੱਡੀ ਚਰਚਾ ਹੁੰਦੀ ਰਹੀ ਹੈ। ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਸ ਦੇ ਵਿਸ਼ੇਸ਼ ਸਬੰਧ ਸਨ। ਮੋਦੀ ਦੀ ਅਮਰੀਕਾ ਦੀ ਯਾਤਰਾ ਅਤੇ ਟਰੰਪ ਦੀ ਭਾਰਤ ਫੇਰੀ ਲੰਬੇ ਸਮੇਂ ਤੱਕ ਚਰਚਾ ਵਿਚ ਰਹੀ ਸੀ। ਚਾਹੇ ਇਸ ਸਮੇਂ ਵਿਚ ਦੋਵਾਂ ਦੇਸ਼ਾਂ ਵਿਚ ਵਪਾਰਕ ਸਬੰਧ ਤਾਂ ਬਹੁਤੇ ਨਹੀਂ ਵਧੇ ਪਰ ਚੀਨ ਦੇ ਖ਼ਤਰੇ ਨੂੰ ਭਾਂਪਦਿਆਂ ਅਮਰੀਕਾ ਨਾਲ ਭਾਰਤ ਦੇ ਸਬੰਧ ਵਿਸ਼ਵਾਸ ਵਧਾਉਣ ਵਾਲੇ ਰਹੇ। ਇਥੋਂ ਤੱਕ ਕਿ ਡੋਨਾਲਡ ਟਰੰਪ ਨੇ ਇਨ੍ਹਾਂ ਸਬੰਧਾਂ ਲਈ ਅਕਸਰ ਪਾਕਿਸਤਾਨ ਨੂੰ ਨਜ਼ਰਅੰਦਾਜ਼ ਕੀਤਾ। ਚਾਹੇ ਅਫ਼ਗਾਨਿਸਤਾਨ ਦੇ ਮਾਮਲੇ 'ਤੇ ਉਸ ਨੂੰ ਪਾਕਿਸਤਾਨ ਦੀ ਵੱਡੀ ਲੋੜ ਬਣੀ ਰਹੀ ਸੀ।
ਇਹ ਆਮ ਪ੍ਰਭਾਵ ਬਣਿਆ ਰਿਹਾ ਕਿ ਟਰੰਪ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿਚ ਸਫਲ ਨਹੀਂ ਹੋ ਸਕਿਆ ਸਗੋਂ ਉਸ ਦੀਆਂ ਨੀਤੀਆਂ ਕਰਕੇ ਇਸ ਮਹਾਂਮਾਰੀ ਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਨਾਲ ਜ਼ੱਦ ਵਿਚ ਲੈ ਲਿਆ ਸੀ। ਟਰੰਪ ਦੇ ਸਮੇਂ ਹੀ ਨਸਲੀ ਵਿਚਾਰਧਾਰਾ ਨੇ ਜ਼ੋਰ ਫੜਿਆ। ਅਨੇਕਾਂ ਵਾਰ ਇਹ ਨਸਲੀ ਰੂਪ ਵਿਚ ਉਭਰ ਕੇ ਸਾਹਮਣੇ ਆਈ, ਜਿਸ ਨੇ ਦੇਸ਼ ਨੂੰ ਕੜਵਾਹਟ ਨਾਲ ਭਰ ਦਿੱਤਾ। ਟਰੰਪ ਪ੍ਰਦੂਸ਼ਣ ਅਤੇ ਹੋਰ ਬਹੁਤੇ ਕੌਮਾਂਤਰੀ ਮਸਲਿਆਂ ਨੂੰ ਗਹਿਰ ਗੰਭੀਰ ਢੰਗ ਨਾਲ ਨਜਿੱਠਣ ਵਿਚ ਕਾਮਯਾਬ ਨਾ ਹੋ ਸਕਿਆ। ਇਨ੍ਹਾਂ ਕਾਰਨਾਂ ਕਰਕੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਨੇ ਉਸ ਨੂੰ ਸਖ਼ਤ ਮੁਕਾਬਲਾ ਦਿੱਤਾ। ਅਮਰੀਕਾ ਦੇ 50 ਰਾਜਾਂ ਵਿਚ ਚੋਣਾਂ ਦੌਰਾਨ ਅਕਸਰ ਵੱਡੀ ਤਲਖੀ ਦੇਖਣ ਨੂੰ ਮਿਲਦੀ ਰਹੀ, ਜੋ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਤੱਕ ਜਾਰੀ ਰਹੀ। ਇਥੋਂ ਤੱਕ ਕਿ ਜਦੋਂ ਵੱਖ-ਵੱਖ ਰਾਜਾਂ ਤੋਂ ਟਰੰਪ ਦੇ ਹਾਰਨ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਉਸ ਨੇ ਇਨ੍ਹਾਂ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਚੋਣਾਂ ਵਿਚ ਹੇਰਾ-ਫੇਰੀਆਂ ਕੀਤੇ ਜਾਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਮਾਹੌਲ ਹੋਰ ਵੀ ਤਲਖ਼ ਹੋ ਗਿਆ। 6 ਜਨਵਰੀ ਨੂੰ ਜਦੋਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੇ ਚੋਣ ਨਤੀਜਿਆਂ ਦੀ ਪੁਸ਼ਟੀ ਕਰਨੀ ਸੀ, ਤਾਂ ਉਸੇ ਸਮੇਂ ਟਰੰਪ ਵਲੋਂ ਇਕ ਰੈਲੀ ਵਿਚ ਦਿੱਤੇ ਗਏ ਉਕਸਾਹਟ ਭਰੇ ਭਾਸ਼ਨ ਕਰਕੇ ਉਸ ਦੇ ਹਮਾਇਤੀਆਂ ਨੇ ਹਥਿਆਰਬੰਦ ਹੋ ਕੇ ਵੱਡੀ ਗਿਣਤੀ ਵਿਚ ਅਮਰੀਕਾ ਦੀ ਸੰਸਦ, ਜੋ ਕੈਪੀਟਲ ਹਿੱਲ ਦੇ ਨਾਂਅ ਨਾਲ ਜਾਣੀ ਜਾਂਦੀ ਹੈ, 'ਤੇ ਹਮਲਾ ਕਰ ਦਿੱਤਾ। ਸੰਸਦ ਮੈਂਬਰਾਂ ਦੀ ਸੁਰੱਖਿਆ ਵੀ ਖ਼ਤਰੇ ਵਿਚ ਪੈ ਗਈ। ਇਸ ਗੜਬੜ ਵਿਚ 5 ਮੌਤਾਂ ਹੋ ਗਈਆਂ, ਜਿਸ ਨੇ ਇਕ ਵਾਰ ਤਾਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਦੇ ਸੈਂਕੜੇ ਵਰ੍ਹਿਆਂ ਦੇ ਲੋਕਤੰਤਰੀ ਇਤਿਹਾਸ ਵਿਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਸੀ। ਟਰੰਪ ਹੀ ਇਕ ਅਜਿਹਾ ਰਾਸ਼ਟਰਪਤੀ ਸੀ, ਜਿਸ 'ਤੇ ਅਹੁਦੇ 'ਤੇ ਹੁੰਦਿਆਂ ਦੋ ਵਾਰ ਮਹਾਂਦੋਸ਼ ਦਾ ਮੁਕੱਦਮਾ ਚੱਲਿਆ।
ਹੁਣ ਜਦੋਂ ਨਵਾਂ ਅਮਰੀਕੀ ਰਾਸ਼ਟਰਪਤੀ ਸਹੁੰ ਚੁੱਕ ਰਿਹਾ ਹੈ ਤਾਂ ਉਸ ਸਮਾਗਮ ਲਈ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਵੱਡੀ ਗਿਣਤੀ ਵਿਚ ਟਰੰਪ ਦੇ ਹਮਾਇਤੀਆਂ ਵਲੋਂ ਹਾਲੇ ਤੱਕ ਵੀ ਗੜਬੜ ਦਾ ਖ਼ਤਰਾ ਬਰਕਰਾਰ ਹੈ। ਵੱਡੇ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਇਸ ਦੇਸ਼ ਨੂੰ ਚੁਣੇ ਗਏ ਨਵੇਂ ਰਾਸ਼ਟਰਪਤੀ ਵਲੋਂ 138 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਆਉਂਦੇ ਸਮੇਂ ਵਿਚ ਅਮਰੀਕੀ ਸੰਸਦ ਤੋਂ ਪਾਸ ਕਰਵਾਇਆ ਜਾਏਗਾ। ਇਸ ਵਿਚ ਬੇਰੁਜ਼ਗਾਰੀ, ਕੋਰੋਨਾ ਨਾਲ ਨਜਿੱਠਣ ਲਈ ਵੱਡੇ ਪ੍ਰਬੰਧ ਅਤੇ ਆਰਥਿਕਤਾ ਨੂੰ ਥਾਂ ਸਿਰ ਲਿਆਉਣ ਲਈ ਵੱਡੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਛੋਟੇ ਕਾਰੋਬਾਰਾਂ ਅਤੇ ਕਰਮਚਾਰੀਆਂ ਦੀ ਬਿਹਤਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਚਾਹੇ ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ 2 ਫ਼ੀਸਦੀ ਤੋਂ ਵਧੇਰੇ ਨਹੀਂ ਪਰ ਆਪਣੇ ਪ੍ਰਸ਼ਾਸਨ ਵਿਚ ਜੋ ਬਾਈਡਨ ਨੇ 1 ਦਰਜਨ ਤੋਂ ਵੀ ਵੱਧ ਅਮਰੀਕੀ-ਭਾਰਤੀਆਂ ਦੀ ਸ਼ਮੂਲੀਅਤ ਕੀਤੀ ਹੈ। ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵੀ ਅਫ਼ਰੀਕੀ-ਭਾਰਤੀ ਮੂਲ ਦੀ ਸੁਲਝੀ ਹੋਈ ਔਰਤ ਹੈ। ਬਾਈਡਨ ਦੀ ਸ਼ਖ਼ਸੀਅਤ ਅਤੇ ਉਸ ਦੀਆਂ ਨੀਤੀਆਂ ਤੋਂ ਇਹ ਪ੍ਰਭਾਵ ਜ਼ਰੂਰ ਪੈਂਦਾ ਹੈ ਕਿ ਕੌਮਾਂਤਰੀ ਮੰਚ 'ਤੇ ਉਹ ਵੱਖ-ਵੱਖ ਥਾਵਾਂ 'ਤੇ ਤਣਾਅ ਨੂੰ ਘਟਾਉਣ ਵਿਚ ਸਹਾਈ ਹੋ ਸਕੇਗਾ ਅਤੇ ਇਹ ਆਸ ਵੀ ਕੀਤੀ ਜਾਂਦੀ ਹੈ ਕਿ ਭਾਰਤ ਨਾਲ ਵੀ ਅਮਰੀਕਾ ਦੇ ਚੰਗੇ ਸਬੰਧ ਬਣੇ ਰਹਿਣਗੇ।
-ਬਰਜਿੰਦਰ ਸਿੰਘ ਹਮਦਰਦ
ਅੱਜ 50 ਤੋਂ ਵੱਧ ਦਿਨ ਹੋ ਗਏ ਹਨ। ਦਿੱਲੀ ਦੀਆਂ ਸਰਹੱਦਾਂ ਉੱਪਰ ਅੰਦੋਲਨਕਾਰੀਆਂ ਦਾ ਘੇਰਾ ਵੱਡਾ ਹੁੰਦਾ ਜਾ ਰਿਹਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਹੀ ਨਹੀਂ, ਸਗੋਂ ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ ਅਤੇ ...
ਅੱਜ ਲਈ ਵਸ਼ੇਸ਼
ਚਾਬੀਆਂ ਦਾ ਮੋਰਚਾ 20ਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਣ ਵਾਲਾ ਉਹ ਅਨੋਖਾ ਮੋਰਚਾ ਹੈ ਜੋ ਸਿੱਖਾਂ ਦੀ ਨਿਰਭਉ ਅਤੇ ਸਿਦਕੀ ਸ਼ਖ਼ਸੀਅਤ ਦੀ ਤਰਜਮਾਨੀ ਕਰਦਾ ਹੋਇਆ, ਅੱਜ ਵੀ ਤਾਨਾਸ਼ਾਹੀ ਹਕੂਮਤਾਂ ਦੇ ਤਾਨਾਸ਼ਾਹੀ ਫੁਰਮਾਨਾਂ ਨੂੰ ਬਿਨਾਂ ...
ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ
ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ਜ਼ਿਲ੍ਹਾ ਹਸਪਤਾਲ ਦੇ 46 ਸਾਲਾ ਵਾਰਡ ਬੁਆਏ ਮਹੀਪਾਲ ਸਿੰਘ ਨੂੰ 16 ਜਨਵਰੀ 2021 ਨੂੰ ਦੁਪਹਿਰ ਲਗਪਗ 12 ਵਜੇ ਕੋਵਿਡਸ਼ੀਲਡ ਦੀ ਖੁਰਾਕ ਦਿੱਤੀ ਗਈ ਸੀ ਤਾਂ ਕਿ ਉਨ੍ਹਾਂ ਨੂੰ ਕੋਵਿਡ-19 ਦੀ ਲਾਗ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX