ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 21 ਅੱਸੂ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਮਾਲਕ ਬਣਨ ਲਈ ਸਿਆਸਤਦਾਨ ਸੇਵਕ ਵਜੋਂ ਪੇਸ਼ ਹੁੰਦੇ ਹਨ। -ਚਾਰਲਸ ਡੀ. ਗਾਲ

ਕਿਤਾਬਾਂ

4-8-2013

 ਵਿਹੜਾ ਸ਼ਗਨਾਂ ਦਾ
ਲੇਖਿਕਾ : ਡਾ: ਸੁਖਬੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 278.

ਡਾ: ਸੁਖਵੀਰ ਕੌਰ ਨੇ 'ਸਾਹਿਤ ਦੇ ਰੂਪ' ਆਲੋਚਨਾ ਦੀ ਪੁਸਤਕ ਤੋਂ ਬਾਅਦ ਵਿਆਹ ਦੇ ਲੋਕ ਗੀਤਾਂ ਉਤੇ ਕਲਮ ਅਜ਼ਮਾਈ ਕਰਦੇ ਹੋਏ ਪੁਸਤਕ ਰੂਪ ਦਿੱਤਾ ਹੈ।
ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਤੇ ਲੋਕ ਗੀਤ ਪੰਜਾਬੀਆਂ ਦਾ ਅਮੀਰ ਵਿਰਸਾ ਹੈ ਤੇ ਰੋਜ਼ਮਰਾ ਜੀਵਨ ਦਾ ਅਹਿਮ ਹਿੱਸਾ। ਪੁਸਤਕ ਦੇ ਸਿਰਲੇਖ 'ਵਿਹੜਾ ਸ਼ਗਨਾਂ ਦਾ' ਤੋਂ ਇਕ ਪਹਿਲੂ ਤਾਂ ਬਹੁਤ ਸਪੱਸ਼ਟ ਹੈ ਕਿ ਇਹ ਸ਼ਗਨਾਂ ਭਰੇ ਗੀਤਾਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਮੁੰਡੇ ਤੇ ਕੁੜੀ ਦੋਵਾਂ ਦੇ ਵਿਆਹਾਂ 'ਤੇ ਗਾਏ ਜਾਣ ਵਾਲੇ ਲੋਕ ਗੀਤ ਸ਼ਾਮਿਲ ਹਨ ਜਿਵੇਂ ਕਿ ਘੋੜੀਆਂ, ਸੁਹਾਗ, ਲੰਮੇ ਗੀਤ, ਢੋਲਕੀ ਦੇ ਗੀਤ, ਜਾਗੋ ਕੱਢਣੀ, ਵੱਟਣਾ ਮਲਣਾ, ਨੁਹਾਉਣਾ, ਕਾਰੇ ਚੜ੍ਹਾਉਣਾ, ਸਿਹਰਾ ਬੰਨ੍ਹਣਾ, ਚੂੜਾ ਚੜ੍ਹਾਉਣਾ, ਜੰਝ ਸਮੇਂ ਦੇ ਗੀਤ, ਗਿੱਧੇ, ਬੋਲੀਆਂ, ਸਿਠਣੀਆਂ ਤੇ ਛੰਦ ਆਦਿ। ਜੰਮਣ ਤੋਂ ਲੈ ਕੇ ਮਰਨ ਤੱਕ ਕੋਈ ਅਜਿਹਾ ਮੌਕਾ ਨਹੀਂ ਜਿਸ ਬਾਰੇ ਗੀਤ ਉਪਲਬਧ ਨਾ ਹੋਣ। ਇਹ ਇਕ ਤਰ੍ਹਾਂ ਨਾਲ ਪੰਜਾਬੀ ਮਨਾਂ ਵਿਚ ਸਾਂਭਿਆ ਸਰਮਾਇਆ ਹੈ, ਕੀਮਤੀ ਖ਼ਜ਼ਾਨਾ ਅਰਥਾਤ ਜੀਵਨ ਦੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਇਨ੍ਹਾਂ ਲੋਕ ਗੀਤਾਂ ਵਿਚ ਵੇਖਣ ਨੂੰ ਮਿਲਦੀ ਹੈ।
ਲੇਖਿਕਾ ਨੇ ਇਨ੍ਹਾਂ ਲੋਕ ਗੀਤਾਂ ਦੀ ਵੰਡ ਕੁਝ ਇਸ ਤਰ੍ਹਾਂ ਕੀਤੀ ਹੈ-ਵਿਆਹ ਦੇ ਰੀਤੀ-ਰਿਵਾਜ਼, ਸਿਠਣੀਆਂ, ਸਿਹਰਾ, ਸੁਹਾਗ, ਘੋੜੀਆਂ, ਗੀਤ ਵੰਗੜੀਆਂ, ਢੋਲਾ, ਢੋਲਕ ਗੀਤ, ਲੰਮੀਆਂ ਬੋਲੀਆਂ, ਬੋਲੀਆਂ ਤੇ ਛੰਦ ਆਦਿ। ਵਿਆਹ ਦੇ ਹਰ ਮੌਕੇ 'ਤੇ ਗਾਏ ਜਾਂਦੇ ਗੀਤਾਂ ਨੂੰ ਲੇਖਿਕਾ ਨੇ ਬੜੇ ਵਿਸਥਾਰ ਨਾਲ ਇਕੱਠਾ ਕਰਕੇ ਸਾਂਭਿਆ ਤੇ ਪਾਠਕਾਂ ਸਾਹਵੇਂ ਪੇਸ਼ ਕੀਤਾ ਹੈ ਜੋ ਮਨੁੱਖੀ ਮਨ ਦੀਆਂ ਸੱਧਰਾਂ ਤੇ ਭਾਵਨਾਵਾਂ ਦੀ ਬਾਖ਼ੂਬੀ ਤਰਜਮਾਨੀ ਕਰਦੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਹਨ। ਇਨ੍ਹਾਂ ਵਿਚ ਸਮਾਜ ਦਾ ਦਿਲ ਧੜਕਦਾ ਹੈ। ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਲੋਕ ਗੀਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਵਿਚ ਜਿਊਂਦੇ ਰੱਖਣ ਦਾ, ਰੀਤੀ-ਰਿਵਾਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦਾ ਤੇ ਲੋਕ-ਜੀਵਨ ਨਾਲ ਸਾਂਝ ਪੁਆਉਣ ਦਾ। ਇਨ੍ਹਾਂ ਵਿਚੋਂ ਪੂਰਾ ਨੱਚਦਾ ਟੱਪਦਾ ਪੰਜਾਬ ਨਜ਼ਰੀਂ ਪੈਂਦਾ ਹੈ ਜੋ ਸਾਡੀਆਂ ਸੱਭਿਆਚਾਰਕ ਕੀਮਤਾਂ ਦਾ ਦਰਪਣ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਦੱਬੇ ਕੁਚਲੇ ਲੋਕ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪਬਲੀਕੇਸ਼ਨ ਪਟਿਆਲਾ
ਮੁੱਲ : 130 ਰੁਪਏ, ਸਫ਼ੇ : 116.

ਬਹੁਪੱਖੀ ਪ੍ਰਤਿਭਾ ਦੇ ਮਾਲਕ ਪ੍ਰਸਿੱਧ ਸਾਹਿਤਕਾਰ ਰਾਮ ਨਾਥ ਸ਼ੁਕਲਾ ਨੇ ਬਤੌਰ ਵਾਰਤਕਕਾਰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਰਾਹੀਂ ਆਪਣੀ ਵਾਰਤਕ-ਕਲਾ ਦੀ ਪਰਪੱਕਤਾ ਨੂੰ ਸਿੱਧ ਕੀਤਾ ਹੈ। ਉਸ ਨੇ ਇਕ ਮਜ਼ਦੂਰ ਤੋਂ ਲੈ ਕੇ ਦੱਬ-ਕੁਚਲੇ ਗਰੀਬ ਦੇਸ਼ਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਦੇ ਵਿਸ਼ੇ ਬਣਾਇਆ ਹੈ। ਲੇਖਕ ਅਨੁਸਾਰ, 'ਕੇਵਲ ਏਨਾ ਹੀ ਨਹੀਂ ਕਿ ਸਮਾਜ ਦੇ ਕੁਝ ਵਰਗ ਹੀ ਦੱਬੇ-ਕੁਚਲੇ ਲੋਕਾਂ ਵਿਚ ਸ਼ਾਮਿਲ ਹਨ, ਕੁਝ ਅਜਿਹੇ ਛੋਟੇ ਅਤੇ ਗਰੀਬ ਦੇਸ਼ਾਂ ਦੀ ਸਮੁੱਚੀ ਜਨਤਾ ਹੀ ਅਜਿਹੀ ਹੈ ਜਿਹੜੀ ਵੱਡੇ ਅਤੇ ਤਾਕਤਵਰ ਦੇਸ਼ਾਂ ਦੇ ਦਬਾਅ ਹੇਠ ਸਾਹ ਲੈ ਰਹੀ ਹੈ।' ਲੇਖਕ ਸ਼ੁਕਲਾ ਨੇ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਮਜ਼ਦੂਰ, ਛੋਟੇ ਕਿਸਾਨ, ਛੋਟੇ ਅਤੇ ਇਮਾਨਦਾਰ ਮੁਲਾਜ਼ਮ, ਘਰੇਲੂ ਇਸਤਰੀਆਂ, ਧਾਰਮਿਕ ਘੱਟ-ਗਿਣਤੀਆਂ, ਪੱਟੀ ਦਰਜ ਕਬੀਲੇ, ਪਛੜੀਆਂ ਅਨੁਸੂਚਿਤ ਜਾਤੀਆਂ, ਛੋਟੇ ਅਤੇ ਗਰੀਬ ਦੇਸ਼, ਬੰਧੂਆ ਮਜ਼ਦੂਰ ਬੱਚੇ, ਵਿਆਹੁਤਾ ਬੰਧੂਆ ਘਰੇਲੂ ਇਸਤਰੀਆਂ, ਬੰਧੂਆ ਵਿਆਹੁਤਾ ਮਰਦ, ਨਿਆਸਰੇ ਮਾਪੇ, ਕਰੂਪ ਨਸਲਾਂ, ਕੱਟੜ ਧਰਮਾਂ ਦੇ ਸਤਾਏ ਲੋਕ ਆਦਿ ਰਾਹੀਂ ਮਨੁੱਖ ਦੀ ਗੁਲਾਮੀ 'ਤੇ ਹਾਅ ਦਾ ਨਾਆਰਾ ਮਾਰਿਆ ਹੈ। ਸ਼ੁੱਧ ਤੇ ਸੁਥਰੀ ਭਾਸ਼ਾ ਰਾਹੀਂ ਉਸ ਨੇ ਇਕ ਸਿੱਧ-ਪੱਧਰੀ ਲਿਖਣ ਸ਼ੈਲੀ ਦਾ ਇਸ ਪੁਸਤਕ ਦੇ ਰੂਪ ਵਿਚ ਪੁਖ਼ਤਾ ਸਬੂਤ ਦਿੱਤਾ ਹੈ। ਨਿਮਨ ਪੱਧਰ ਦੀ ਜ਼ਿੰਦਗੀ ਜਿਊਂਦੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਮਜਬੂਰੀਆਂ ਅਤੇ ਤਾਕਤਵਰ ਲੋਕਾਂ ਦੇ ਜ਼ੁਲਮ ਅਤੇ ਧੱਕੇ ਇਸ ਪੁਸਤਕ ਦਾ ਵਿਸ਼ਾ-ਵਸਤੂ ਹਨ। ਸਹਿਜ ਅਤੇ ਸਰਲ ਵਿਚਾਰਾਂ ਦੀ ਪੇਸ਼ਕਾਰੀ ਇਸ ਪੁਸਤਕ ਦੀ ਖ਼ਾਸੀਅਤ ਹੈ। ਪੰਜਾਬੀ ਵਾਰਤਕ ਨੂੰ ਅਜਿਹੀ ਪੁਸਤਕ ਦੀ ਚਿਰਾਂ ਤੋਂ ਲੋੜ ਸੀ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਇਉਂ ਵੇਖਿਆ ਨੇਪਾਲ
ਸਫ਼ਰਨਾਮਾਕਾਰ : ਸੀ. ਮਾਰਕੰਡਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147.

'ਇਉਂ ਵੇਖਿਆ ਨੇਪਾਲ' ਬਹੁਪੱਖੀ ਪ੍ਰਤਿਭਾ ਦੇ ਮਾਲਕ ਲੇਖਕ ਸੀ. ਮਾਰਕੰਡਾ ਦਾ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਵਿਚ ਸਫ਼ਰਨਾਮਾਕਾਰ ਨੇ ਆਪਣੀ ਨੇਪਾਲ ਦੇਸ਼ ਦੀ ਯਾਤਰਾ ਦੇ ਅਨੁਭਵ ਪਾਠਕਾਂ ਦੇ ਸਨਮੁੱਖ ਕੀਤੇ ਹਨ। ਲੇਖਕ ਭਾਵੇਂ ਆਪਣੀ ਤੇ ਆਪਣੇ ਸਾਥੀਆਂ ਦੀ ਘੁਮੱਕੜ ਬਿਰਤੀ ਦਾ ਵੇਰਵਾ ਵੀ ਦਿੰਦਾ ਹੈ ਪਰ ਨੇਪਾਲ ਯਾਤਰਾ ਨੂੰ ਆਪਣੀ ਪਹਿਲੀ ਤਰਜੀਹ ਨਹੀਂ ਕਹਿੰਦਾ ਸਗੋਂ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਦੇ ਬਣਦੇ ਟੁੱਟਦੇ ਪ੍ਰੋਗਰਾਮਾਂ ਵਿਚੋਂ ਨੇਪਾਲ ਦੀ ਯਾਤਰਾ ਦਾ ਸਬੱਬ ਬਣਦਾ ਹੈ। ਇਸ ਤੋਂ ਇਲਾਵਾ ਲਖਨਊ ਸ਼ਹਿਰ ਵਿਚ ਪਹੁੰਚਣ ਅਤੇ ਲਖਨਊ ਦੇ ਇਤਿਾਹਸਕ ਪਿਛੋਕੜ ਬਾਰੇ ਵੀ ਲੇਖਕ ਨੇ ਵੇਰਵੇ ਪ੍ਰਸਤੁਤ ਕੀਤੇ ਹਨ। ਨੇਪਾਲ ਦੇ ਇਤਿਹਾਸ ਅਤੇ ਭੂਗੋਲ ਬਾਰੇ ਵੀ ਸਫ਼ਰਨਾਮੇ ਵਿਚ ਜਾਣਕਾਰੀ ਸੰਖੇਪ ਪਰ ਭਾਵਪੂਰਤ ਢੰਗ ਨਾਲ ਦਿੱਤੀ ਗਈ ਹੈ। ਲੇਖਕ ਦੱਸਦਾ ਹੈ ਨੇਪਾਲ ਹੀ ਸੰਸਾਰ ਦਾ ਇਕ ਮਾਤਰ ਹਿੰਦੂ ਮੱਤ ਦਾ ਦੇਸ਼ ਹੈ। ਕੁਝ ਬੋਧੀ ਲੋਕ ਵੀ ਹਨ ਅਤੇ ਮਹਾਤਮਾ ਬੁੱਧ ਨੂੰ ਭਗਵਾਨ ਨਾਰਾਇਣ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ। ਲੇਖਕ ਸਫ਼ਰਨਾਮੇ ਵਿਚ ਰੌਚਕਤਾ ਪੈਦਾ ਕਰਨ ਲਈ ਨੇਪਾਲੀ ਭਾਸ਼ਾ ਦੀਆਂ ਹੂ-ਬਹੂ ਉਦਾਹਰਨਾਂ ਵੀ ਪੇਸ਼ ਕਰਦਾ ਹੈ। ਲੇਖਕ ਪੁਲਿਸ ਪ੍ਰਬੰਧ ਬਾਰੇ ਤੁਲਨਾਤਮਕ ਟਿੱਪਣੀਆਂ ਵੀ ਪੇਸ਼ ਕਰਦਾ ਹੈ ਅਤੇ ਨੇਪਾਲੀ ਲੋਕਾਂ ਦੇ ਵਿਵਹਾਰ ਦੀ ਪ੍ਰਸੰਸਾ ਵੀ ਕਰਦਾ ਹੈ।
ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚਣ ਤੋਂ ਪਹਿਲਾਂ ਨੇਪਾਲ ਦੇ ਸ਼ਹਿਰ ਪੋਖਰਾ ਦਾ ਬਿਰਤਾਂਤ ਵੀ ਲੇਖਕ ਨੇ ਦਿਲਚਸਪ ਬਣਾ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਵਿਸ਼ੇਸ਼ ਕਰਕੇ 'ਸਕਾਈ ਪੈਲੇਸ ਰੈਸਟੋਰੈਂਟ' ਦਾ ਦ੍ਰਿਸ਼ ਤਾਂ ਲੇਖਕ ਨੇ ਪੂਰੇ ਵਿਸਥਾਰ ਵਿਚ ਚਿੱਤਰਿਆ ਹੈ ਅਤੇ ਇਥੋਂ ਦੇ ਕਲੱਬਾਂ ਦੀ ਅਸਲੀਅਤ ਬਾਰੇ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸੇ ਤਰ੍ਹਾਂ ਕਾਠਮੰਡੂ ਵਿਚਲੇ ਕੈਸੀਨੋ ਦਾ ਵੇਰਵਾ ਵੀ ਲੇਖਕ ਨਿੱਜੀ ਦਿਲਚਸਪੀ ਨਾਲ ਚਿੱਤਰਦਾ ਹੈ। 'ਸਕਾਈ ਪੈਲੇਸ ਅਤੇ ਰੈਸਟੋਰੈਂਟ' ਅਤੇ ਕੈਸੀਨੋ ਦਾ ਦ੍ਰਿਸ਼ ਲੇਖਕ ਇਸ ਤਰ੍ਹਾਂ ਚਿੱਤਰਦਾ ਹੈ ਕਿ ਪਾਠਕ ਨੂੰ ਨੇਪਾਲ ਦੀ ਯਾਤਰਾ ਭੁੱਲ ਕੇ ਕੇਵਲ ਉਪਰੋਕਤ ਥਾਵਾਂ ਦੀ ਹੀ ਯਾਤਰਾ ਜਾਪਣ ਲੱਗ ਪੈਂਦੀ ਹੈ। ਇਥੇ ਏਨੇ ਵਿਸਥਾਰ ਦੀ ਲੋੜ ਤੋਂ ਬਿਨਾਂ ਵੀ ਸਰ ਸਕਦਾ ਸੀ। ਇਸੇ ਤਰ੍ਹਾਂ ਲੇਖਕ ਵਿਸ਼ਵ ਪ੍ਰਸਿੱਧ ਪਸ਼ੂਪਤੀ ਮੰਦਰ ਬਾਰੇ ਵੀ ਵਿਸਥਾਰਤ ਵੇਰਵੇ ਦਿੰਦਾ ਹੈ ਜੋ ਨੇਪਾਲੀ ਲੋਕਾਂ ਦੀ ਧਰਮ ਆਸਥਾ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਦਾ ਉਪਰਾਲਾ ਹੈ। ਲੇਖਕ ਨੇਪਾਲ ਦੇ ਹੋਰ ਮੰਦਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ ਪਰ ਨਾਲ ਹੀ ਨੇਪਾਲ ਦੀ ਯਾਤਰਾ ਬਾਰੇ ਆਪਣਾ ਇਹ ਮੱਤ ਪੇਸ਼ ਕਰਦਾ ਹੈ ਕਿ ਨੇਪਾਲ ਦੀ ਯਾਤਰਾ ਲਈ ਕਿਸੇ ਵਿਅਕਤੀ ਕੋਲ ਵਿਹਲ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਪੂਰਨ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਇਹ ਸਫ਼ਰਨਾਮਾ 'ਇਉਂ ਵੇਖਿਆ ਨੇਪਾਲ' ਪਾਠਕਾਂ ਨੂੰ ਨੇਪਾਲ ਬਾਰੇ ਦਿਲਚਸਪ ਜਾਣਕਾਰੀ ਦੇਣ ਦਾ ਇਕ ਵੱਡਮੁੱਲਾ ਉਪਰਾਲਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

4-8-2013

 ਜ਼ਿੰਦਗੀ
ਸ਼ਾਇਰ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111.

ਇਹ ਪੁਸਤਕ ਜ਼ਿੰਦਗੀ ਦੁਆਲੇ ਘੁੰਮਦੀ ਇਕ ਲੰਮੀ ਕਵਿਤਾ ਹੈ। ਸ਼ਾਇਰ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਜ਼ਿੰਦਗੀ ਦੀਆਂ ਅਨੇਕ ਕਾਵਿਕ ਪਰਿਭਾਸ਼ਾ ਦਿੱਤੀਆਂ ਹਨ। ਇਸ ਦਾ ਸੁਹਜ, ਸਹਿਜ, ਰਵਾਨੀ, ਸੰਗੀਤਆਤਮਿਕਤਾ, ਸੁਹਜਤਮਿਕਤਾ ਅਤੇ ਵੰਨ-ਸੁਵੰਨਤਾ ਪਾਠਕ ਨੂੰ ਨਸ਼ਿਆ ਦਿੰਦੀ ਹੈ। ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹਰ ਇਕ ਦਾ ਆਪਣਾ ਹੀ ਹੈ। ਜ਼ਿੰਦਗੀ ਨੂੰ ਘੁੱਟ-ਘੁੱਟ ਕਰਕੇ ਪੀਣਾ ਅਤੇ ਜੀਵਨ ਸਫ਼ਰ ਦੀ ਹਰ ਪੈੜ ਨੂੰ ਮਾਨਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਜ਼ਿੰਦਗੀ ਦੇ ਰਹੱਸ ਬਾਰੇ ਕਵੀ ਦੇ ਅਨੁਭਵ ਇਸ ਤਰ੍ਹਾਂ ਹਨ-
-ਜ਼ਿੰਦਗੀ, ਪੱਤਿਆਂ 'ਚੋਂ ਝਰਦੀ ਸਰਘੀ ਦਾ ਝਲਕਾਰਾ
ਤ੍ਰੇਲ ਤੁਪਕਿਆਂ ਦੀ ਸੁੱਚਮਤਾ ਦਾ ਨਜ਼ਾਰਾ।
-ਜ਼ਿੰਦਗੀ, ਫੁੱਲਾਂ ਦੀ ਸੰਗਤ
ਭੌਰਿਆਂ ਦੀ ਪੰਗਤ
'ਵਾਵਾਂ ਦੇ ਪਿੰਡੇ ਤੇ
ਸੰਗੀਤਕ ਰੰਗਤ
-ਜ਼ਿੰਦਗੀ, ਸੰਦਲੀ ਰੁੱਤੇ
ਇਕ ਪਿਲੱਤਣ
ਬੈਠੀ ਕੀ ਕਰੇ?
-ਜ਼ਿੰਦਗੀ, ਇਕ ਖੁੱਲ੍ਹੀ ਕਿਤਾਬ
ਜਿਸ ਤੇ ਆਪੂੰ ਉਕਰਿਆ ਜਾਂਦਾ
ਸਮੇਂ ਦਾ ਹਿਸਾਬ-ਕਿਤਾਬ।
ਇਹ ਖਿਆਲ ਸਾਡੇ ਚਿੰਤਨ ਤੇ ਚੇਤਨਾ ਨੂੰ ਜਗਾ ਕੇ ਜ਼ਿੰਦਗੀ ਬਾਰੇ ਸੋਚਣ ਲਈ ਪ੍ਰੇਰਦੇ ਹਨ। ਇਕ ਨਿਵੇਕਲੇ ਅੰਦਾਜ਼, ਨਿਵੇਕਲੇ ਵਿਸ਼ੇ ਅਤੇ ਡੂੰਘੇ ਫਲਸਫ਼ੇ ਨਾਲ ਜਾਣ-ਪਛਾਣ ਕਰਾਉਂਦੀ ਇਹ ਪੁਸਤਕ ਜ਼ਿੰਦਗੀ ਮਾਣਨ ਲਈ ਪ੍ਰੇਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।

ਗੁਆਚੇ ਵਰਕ
ਸ਼ਾਇਰਾ : ਬੱਬੂ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 118.

ਸ਼ਾਇਰਾ ਅਨੁਸਾਰ ਜ਼ਿੰਦਗੀ ਵਿਚ ਰਿਸ਼ਤੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਰਿਸ਼ਤੇ ਹੀ ਜ਼ਿੰਦਗੀ ਦੀ ਅਸਲੀ ਕਮਾਈ ਹੁੰਦੇ ਹਨ। ਉਸ ਨੇ ਕਿੰਨੇ ਹੀ ਰੇਗਿਸਤਾਨ ਆਪਣੀ ਹੋਂਦ ਵਿਚ ਜਜ਼ਬ ਕਰਕੇ ਇਕ ਸਮੁੰਦਰ ਜਿਹੀ ਸ਼ਖ਼ਸੀਅਤ ਦੁਨੀਆ ਦੀ ਨਜ਼ਰ ਕੀਤੀ ਹੈ। ਰਿਸ਼ਤਿਆਂ ਦੀਆਂ ਪੇਚੀਦਗੀਆਂ ਅਤੇ ਅਣਕਹੀਆਂ ਬਾਤਾਂ ਨੂੰ ਨਜ਼ਮਾਂ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਕੁਝ ਝਲਕਾਂ ਪੇਸ਼ ਹਨ-
-ਕੁਝ ਵਾਸਤੇ ਬੇਵਜਹ ਹੀ
ਪੈ ਜਾਂਦੇ ਹਨ
ਤੇ ਕਈਆਂ ਦੀ ਵਜਹ
ਯੁੱਗਾਂ ਮਗਰੋਂ ਵੀ ਨਹੀਂ ਲਭਦੀ!!
-ਤੂੰ ਵੀ ਛੱਡ ਦੋਸਤੀ ਦੇ ਨਕਸ਼ੇ
ਜਿਹੇ ਉਲੀਕਣਾ
ਸਫ਼ਰ ਤੋਂ ਪਹਿਲਾਂ ਮੁਸਾਫ਼ਿਰ ਤੋਂ
ਮੰਜ਼ਿਲ ਨਹੀਂ ਪੁੱਛਦੇ।
-ਕੁਝ ਰਿਸ਼ਤੇ ਵਗਦੇ ਪਾਣੀਆਂ ਵਰਗੇ
ਅੱਧੀਆਂ ਅਧੂਰੀਆਂ ਕਹਾਣੀਆਂ ਵਰਗੇ
ਇਕ ਖਿਆਲ ਜਹਾਨ ਮੇਰਾ ਆਬਾਦ ਕਰਦਾ ਹੈ
ਸੁਣਿਆ ਉਹ ਕਦੇ ਕਦੇ ਮੈਨੂੰ ਯਾਦ ਕਰਦਾ ਹੈ।
ਸਾਰੀਆਂ ਨਜ਼ਮਾਂ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਉਲਝੀਆਂ ਹੋਈਆਂ ਹਨ। ਤੀਬਰ ਅਹਿਸਾਸ, ਪਿਆਸ, ਆਸ, ਵਲਵਲੇ, ਉਡੀਕ, ਵਫ਼ਾ, ਸੋਚ ਅਤੇ ਭਾਵਨਾ ਦੀ ਇਹ ਸ਼ਾਇਰੀ ਦਿਲ ਨੂੰ ਟੁੰਬਦੀ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਪੰਜਾਬੀ ਲੋਕ-ਕਾਵਿ ਦਾ ਵਿਚਾਰਧਾਰਕ ਪਰਿਪੇਖ
ਲੇਖਕਾ : ਡਾ: ਹਰਪ੍ਰੀਤ ਕੌਰ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 120.

ਲੋਕ-ਕਾਵਿ ਸਮਾਜ ਵਿਚ ਪੈਦਾ ਹੁੰਦੇ ਤਣਾਵਾਂ, ਰੀਝਾਂ ਅਤੇ ਸੁਪਨਿਆਂ ਦੀ ਸਹਿਜ ਪੂਰਤੀ ਦਾ ਚਿਤ੍ਰਣ ਹੈ। ਵਿਚਾਰਧਾਰਾ ਵਿਚ ਪਰੰਪਰਾ, ਵਿਸ਼ਵਾਸਾਂ, ਜੀਵਨ ਸੂਝ, ਅਨੁਭਵ ਸਾਰੇ ਹੀ ਆਪੋ-ਆਪਣੀ ਭੂਮਿਕਾ ਨਿਭਾਉਂਦੇ ਹਨ। ਲੋਕ ਕਾਵਿ ਵਿਚ ਬਹੁਤ ਕੁਝ ਘੁਲਿਆ-ਮਿਲਿਆ ਪਿਆ ਹੁੰਦਾ ਹੈ। ਤਥ/ਮਿਥ, ਵਿਰੋਧੀ ਧਿਰਾਂ ਦੇ ਆਪੋ-ਆਪਣੇ ਸੁਪਨੇ ਤੇ ਟਕਰਾਅ। ਇੰਜ ਲੋਕ ਕਾਵਿ ਵਿਚੋਂ ਉਦੈ ਹੁੰਦੀ ਵਿਚਾਰਧਾਰਾ ਨੂੰ ਸਮਝਣ ਦਾ ਉਦਮ ਮਿਹਨਤ ਅਤੇ ਸੂਝ ਨਾਲ ਕਰਨ ਵਾਲਾ ਵੀ ਹੈ ਤੇ ਮਹੱਤਵ ਪੂਰਨ ਵੀ। ਹਰਪ੍ਰੀਤ ਕੌਰ ਦਾ ਇਹ ਉਦਮ ਇਸ ਪੱਖੋਂ ਤਸੱਲੀਬਖਸ਼ ਹੈ।
ਉਸ ਨੇ ਵਿਚਾਰਧਾਰਾ ਦੇ ਸ਼ਾਬਦਿਕ, ਪਰੰਪਰਾਗਤ ਅਰਥ/ਸੰਕਲਪ ਤੋਂ ਤੁਰ ਕੇ ਮਾਰਕਸਵਾਦੀ ਮਾਡਲ ਤੱਕ ਇਸ ਸੰਕੇਤ ਦੇ ਵਿਭਿੰਨ ਪਾਸਾਰ ਉਲੀਕੇ ਹਨ। ਇਸ ਦਾ ਸਰੂਪ ਲੋਕ ਕਾਵਿ ਵਿਚੋਂ ਪਛਾਨਣ ਦੇ ਜਟਿਲ ਵੇਰਵਿਆਂ ਉਤੇ ਉਂਗਲ ਰੱਖੀ ਹੈ। ਲੋਕ ਕਾਵਿ ਦੇ ਸਿਧਾਂਤਕ ਪਿਛੋਕੜ ਨੂੰ ਸੂਝ-ਬੂਝ ਨਾਲ ਵਿਸ਼ਲੇਸ਼ਿਤ ਕੀਤਾ ਹੈ। ਮੌਖਿਤਾ, ਪਰੰਪਰਾ, ਲਚਕੀਲਾਪਨ, ਲੋਕ ਮਨ, ਗਾਇਨ ਯੋਗਤਾ, ਸੱਭਿਆਚਾਰਕ ਅੰਸ਼, ਲੋਕ ਪ੍ਰਵਾਨਗੀ, ਲੋਕ ਬੋਲੀ ਦੀ ਵਰਤੋਂ ਲੋਕ ਕਾਵਿ ਦੇ ਨਿਰਧਾਰਕ ਵੇਰਵੇ ਹਨ। ਡਾ: ਔਲਖ ਨੇ ਲੋਕ-ਕਾਵਿ ਦੇ ਉਨ੍ਹਾਂ ਰੂਪਾਂ ਬਾਰੇ ਸੰਖੇਪ ਪਛਾਣ ਉਪਰੰਤ ਇਨ੍ਹਾਂ ਦੇ ਵਿਚਾਰਧਾਰਾਈ ਸਰੋਕਾਰਾਂ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਪੰਜਾਬੀ ਸੱਭਿਆਚਾਰ ਸ਼ੁਰੂ ਤੋਂ ਹੀ ਧਰਮ-ਮੁਖੀ ਰਿਹਾ ਹੈ। ਰੀਤਾਂ ਰਸਮਾਂ, ਸੰਸਕਾਰ, ਵਿਸ਼ਵਾਸ ਸਭ ਧਰਮ ਕੇਂਦਰਿਤ ਹਨ। ਇਹ ਵੱਖਰੀ ਗੱਲ ਹੈ ਕਿ ਸੰਸਥਾਗਤ ਧਰਮ ਨਾਲੋਂ ਵਧ ਲੋਕ ਧਰਮ ਸੱਭਿਆਚਾਰ ਵਿਚ ਵਧੇਰੇ ਅਭਿਵਿਅੰਜਤ ਹੋਇਆ ਹੈ। ਨੈਤਿਕਤਾ ਤੇ ਉੱਚੀਆਂ ਕਦਰਾਂ-ਕੀਮਤਾਂ, ਆਸਥਾ ਤੇ ਭੈਅ ਦੇ ਕਈ ਰੰਗ ਲੋਕ-ਕਾਵਿ ਦੀ ਵਿਚਾਰਧਾਰਾ ਵਿਚ ਪ੍ਰਾਪਤ ਹਨ। ਵਰਤ, ਵਹਿਮ-ਭਰਮ, ਜਾਦੂ ਟੂਣੇ, ਪੀਰ ਫਕੀਰ, ਬਿਰਖ, ਜਲ, ਅਗਨੀ ਆਦਿ ਦੀ ਪੂਜਾ ਲੋਕ ਕਾਵਿ ਵਿਚ ਵਿਚਾਰਧਾਰਾ ਦੀਆਂ ਪ੍ਰਗਟਾਅ ਵਿਧੀਆਂ ਮਾਤਰ ਹਨ। ਇਹ ਪੁਸਤਕ ਲੋਕ ਕਾਵਿ ਦੀ ਬਹੁ-ਪਰਤੀ ਤੇ ਬਹੁ-ਦਿਸ਼ਾਈ ਸੰਰਚਨਾ ਦੀ ਵਿਚਾਰਧਾਰਾ ਨੂੰ ਮੁੱਖ ਰੂਪ ਵਿਚ ਲੋਕ ਧਰਮ ਦੁਆ ਕੇ ਸੰਗਠਿਤ ਹੁੰਦਾ ਵੇਖਦੀ ਪਛਾਣਦੀ ਹੈ। ਉਸ ਦੀ ਇਹ ਪਛਾਣ ਪ੍ਰਮਾਣਿਕ ਹੈ, ਭਾਵੇਂ ਬਹੁਤੀ ਡੂੰਘੀ ਨਹੀਂ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਰੂਹ ਦੀ ਆਰਸੀ
ਸੰਪਾਦਕ : ਚੇਤਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 142.

'ਰੂਹ ਦੀ ਆਰਸੀ' ਪੁਸਤਕ ਵਿਚ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੁਆਰਾ ਡਾ: ਗੁਰਮੁਖ ਸਿੰਘ ਪਟਿਆਲਾ ਦੇ ਨਾਂਅ ਲਿਖੇ 85 ਖ਼ਤ ਸੰਗ੍ਰਹਿਤ ਹਨ। ਪ੍ਰੋ: ਮਹਿਬੂਬ ਬਹੁਤ ਨਿੱਘੇ ਅਤੇ ਪਿਆਰ ਕਰਨ ਵਾਲੇ ਸਦਭਾਵੀ ਮਨੁੱਖ ਸਨ। ਡਾ: ਗੁਰਮੁਖ ਸਿੰਘ, ਗੁਰੂ ਨਾਨਕ ਦੇਵ ਜੀ ਦੀ ਪੰਚਮ ਜਨਮ ਸ਼ਤਾਬਦੀ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐਮ. ਏ. ਕਰਕੇ ਬਾਹਰ ਨਿਕਲਿਆ। ਉਹ ਮੁੱਢ ਤੋਂ ਹੀ ਇਕ ਅਤਿਅੰਤ ਮਿਹਨਤੀ ਅਤੇ ਕਰਮਸ਼ੀਲ ਵਿਅਕਤੀ ਰਿਹਾ। ਕੁਝ ਸਮੇਂ ਬਾਅਦ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵਿਚ ਨੌਕਰੀ ਪ੍ਰਾਪਤ ਹੋ ਗਈ। ਭਾਸ਼ਾ ਵਿਭਾਗ ਦਾ ਪੁਸਤਕਾਲਾ ਬਹੁਤ ਅਮੀਰ ਸੀ। ਗਿਆਨੀ ਲਾਲ ਸਿੰਘ, ਡਾ: ਜੀਤ ਸਿੰਘ ਸੀਤਲ, ਪ੍ਰੋ: ਪਿਆਰਾ ਸਿੰਘ ਪਦਮ, ਸੰਤ ਇੰਦਰ ਸਿੰਘ ਚੱਕਰਵਰਤੀ ਅਤੇ ਡਾ: ਗੋਬਿੰਦ ਸਿੰਘ ਲਾਂਬਾ ਨੇ ਇਸ ਪੁਸਤਕਾਲੇ ਵਿਚ ਬਹੁਤ ਸਾਰੇ ਹੱਥ ਲਿਖਤ ਖਰੜੇ ਵੀ ਸਾਂਭ ਰੱਖੇ ਸਨ। ਗੁਰਮੁਖ ਸਿੰਘ ਨੇ ਇਨ੍ਹਾਂ ਸਾਰੇ ਖਰੜਿਆਂ ਦਾ ਗੰਭੀਰ ਅਧਿਐਨ ਕੀਤਾ ਅਤੇ ਬਹੁਤ ਸਾਰੇ ਖਰੜਿਆਂ ਦਾ ਸੰਪਾਦਨ ਕਰਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਵੀ ਕਰ ਦਿੱਤਾ, ਜਿਸ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਨਜ਼ਰ ਆਉਂਦੇ ਬਹੁਤ ਸਾਰੇ ਖੱਪੇ ਪੂਰੇ ਗਏ।
ਪ੍ਰੋ: ਮਹਿਬੂਬ ਨੂੰ ਡਾ: ਗੁਰਮੁਖ ਸਿੰਘ ਨਾਲ ਬਹੁਤੀ ਨਿਟਕਤਾ 1987-88 ਵਿਚ ਪੈਦਾ ਹੋਈ, ਜੋ ਪ੍ਰੋ: ਸਾਹਿਬ ਦੇ ਅਕਾਲ ਚਲਾਣੇ (14.2.2010) ਤੱਕ ਖੂਬ ਨਿਭੀ। ਚਿੱਠੀ-ਪੱਤਰਾਂ ਦਾ ਸਿਲਸਿਲਾ 2002 ਤੱਕ ਬਾਦਸਤੂਰ ਚਲਦਾ ਰਿਹਾ। ਇਹ ਪੱਤਰ ਪ੍ਰੋ: ਮਹਿਬੂਬ ਦੀ ਸ਼ਖ਼ਸੀਅਤ ਦਾ ਸਿਰਨਾਵਾਂ ਹਨ। ਇਨ੍ਹਾਂ ਦੇ ਆਧਾਰ 'ਤੇ ਅਸੀਂ ਉਸ ਬੇਨਜ਼ੀਰ ਵਿਦਵਾਨ ਦੇ ਅੰਤਹਕਰਣ ਵਿਚ ਝਾਤ ਪਾ ਸਕਦੇ ਹਾਂ। ਜਦੋਂ ਅਸੀਂ ਇਸ ਪੁਸਤਕ ਵਿਚ ਸੰਕਲਿਤ ਪੱਤਰਾਂ ਉੱਪਰ ਨਜ਼ਰ ਮਾਰਦੇ ਹਾਂ ਤਾਂ ਮਾਲੂਮ ਹੋ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਆਪਣੇ-ਆਪਣੇ ਜੀਵਨ ਵਿਚ ਅਨੇਕ ਮੁਸੀਬਤਾਂ ਅਤੇ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ। ਪਰ ਇਨ੍ਹਾਂ ਸਿਰਲੱਥ ਯੋਧਿਆਂ ਨੇ ਮੁਸੀਬਤਾਂ ਦੇ ਸਨਮੁੱਖ ਕਦੇ ਘੁਟਨੇ ਨਹੀਂ ਟੇਕੇ ਬਲਕਿ ਪੂਰਾ ਨਿਸਚਾ ਕਰਕੇ ਇਨ੍ਹਾਂ ਉੱਪਰ ਫ਼ੈਸਲਾਕੁਨ ਜਿੱਤ ਪ੍ਰਾਪਤ ਕੀਤੀ। ਇਹ ਪੁਸਤਕ ਪੰਜਾਬੀ ਦੇ ਹਰ ਗੰਭੀਰ ਪਾਠਕ ਅਤੇ ਸਮਰਪਿਤ ਅਧਿਆਪਕ ਲਈ ਬੇਹੱਦ ਮਹੱਤਵਪੂਰਨ ਹੈ। ਮੈਂ ਸ: ਚੇਤਨ ਸਿੰਘ ਅਤੇ 'ਪ੍ਰੋ: ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਟਰੱਸਟ ਗੜ੍ਹਦੀਵਾਲਾ' ਨੂੰ ਇਸ ਪੁਰਸ਼ਾਰਥ ਲਈ ਮੁਬਾਰਕਬਾਦ ਦਿੰਦਾ ਹਾਂ।

ਤਨਹਾਈਆਂ
ਕਵਿਤਰੀ : ਮਨਪ੍ਰੀਤ ਕੌਰ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 80.

ਮਨਪ੍ਰੀਤ ਕੌਰ ਬਰਾੜ ਇਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਸਵੈਮਾਨ ਵਾਲੀ ਪੰਜਾਬੀ ਮੁਟਿਆਰ ਹੈ। ਭਾਵੇਂ ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਤਨਹਾਈਆਂ' 2012 ਈ: ਵਿਚ ਪ੍ਰਕਾਸ਼ਿਤ ਹੋਇਆ ਹੈ ਪਰ ਉਹ ਜਨਮਜਾਤ ਕਵਿੱਤਰੀ ਸੀ। ਆਪਣੀ ਸਿਰਜਣਾਤਮਕ ਪ੍ਰਕਿਰਿਆ ਦਾ ਭੇਤ ਬਿਆਨ ਕਰਦੀ ਹੋਈ ਉਹ ਲਿਖਦੀ ਹੈ ਕਿ ਜਦੋਂ ਵੀ ਉਸ ਦੇ ਜ਼ਿਹਨ ਵਿਚ ਕੁਝ ਅਹਿਸਾਸ ਤੜਪਦੇ ਅਤੇ ਲੁੱਛਦੇ ਹਨ ਤਾਂ ਉਹ ਇਨ੍ਹਾਂ ਨੂੰ ਸਹੇਜ ਕੇ ਕਾਗਜ਼ ਦੇ ਪੰਨਿਆਂ ਉੱਪਰ ਉਤਾਰ ਲੈਂਦੀ ਹੈ ਅਤੇ ਇੰਜ ਉਸ ਦਾ ਲੇਖਣ ਕਵਿਤਾਵਾਂ ਦਾ ਰੂਪ ਧਾਰ ਲੈਂਦਾ ਹੈ। ਉਸ ਨੂੰ ਸੁਰ ਨਾਲ ਸੁਰ ਮਿਲਆਉਣ ਲਈ ਕੋਈ ਸੰਗਤ ਨਹੀਂ ਮਿਲ ਰਹੀ, ਇਸੇ ਕਾਰਨ ਉਹ ਤਨਹਾਈ ਦੇ ਸੁਰ ਅਲਾਪ ਰਹੀ ਹੈ। ਪ੍ਰਥਮ ਸੰਗ੍ਰਹਿ ਹੋਣ ਕਾਰਨ ਉਸ ਦੀਆਂ ਬਹੁਤੀਆਂ ਕਵਿਤਾਵਾਂ ਨਿੱਜੀ ਕਸ਼ਮਕਸ਼ ਦੇ ਇਰਦ-ਗਿਰਦ ਘੁੰਮਦੀਆਂ ਹਨ ਪਰ ਜਦ ਕਦੇ ਉਹ ਸਾਮਾਨਯ ਹੁੰਦੀ ਹੈ ਤਾਂ ਉਹ ਆਪਣੇ ਆਸ-ਪਾਸ ਦੇ ਜਗਤ ਉੱਪਰ ਵੀ ਨਜ਼ਰ ਮਾਰਦੀ ਹੈ। ਉਸ ਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਹਰ ਤਰਫ਼ ਹਿੰਸਾ, ਸ਼ੋਰ-ਸ਼ਰਾਬਾ, ਆਪੋਧਾਪੀ ਅਤੇ ਖ਼ੁਦਗਰਜ਼ੀ ਦੇ ਮੰਜ਼ਰ ਦਿਖਾਈ ਦਿੰਦੇ ਹਨ। ਉਸ ਨੂੰ ਇਸ ਗੱਲ ਦਾ ਡਾਢਾ ਹਿਰਖ ਹੈ ਕਿ ਸਾਡੇ ਗੱਭਰੂ ਨਸ਼ੇ ਦੀ ਦਲਦਲ ਵਿਚ ਗਰਕ ਹੁੰਦੇ ਜਾ ਰਹੇ ਹਨ ਅਤੇ ਮੁਟਿਆਰਾਂ ਆਤਮ-ਪ੍ਰਦਰਸ਼ਨ ਦੀ ਦੀਵਾਨਗੀ ਵਿਚ ਅਰਧ-ਨਗਨ ਹੋਣ ਤੋਂ ਵੀ ਸੰਕੋਚ ਨਹੀਂ ਕਰਦੀਆਂ। ਉਹ ਇਸ ਵਿਸ਼ੈਲੇ ਆਲੇ-ਦੁਆਲੇ ਵਿਚੋਂ ਪ੍ਰਵਾਜ਼ ਕਰਕੇ ਮਾਨਵਤਾ ਦੀਆਂ ਪਵਿੱਤਰ ਸਿਖ਼ਰਾਂ ਨੂੰ ਛੋਹਣ ਦਾ ਸੰਕਲਪ ਕਰੀ ਬੈਠੀ ਹੈ : ਮੈਂ ਸਾਰੇ ਤੋੜ ਕੇ ਬੰਧਨ ਉਚੀ ਪਰਵਾਜ਼ ਕਰਨੀ ਹੈ। ਰਸਤਾ ਹੈ ਬੜਾ ਔਖਾ ਪਰ ਮੰਜ਼ਿਲ ਸਰ ਮੈਂ ਕਰਨੀ ਹੈ। ਜ਼ਮਾਨਾ ਰੋਲ ਦਿੰਦਾ ਹੈ ਜੇ ਇਸ ਦੇ ਅੱਗੇ ਝੁਕ ਜਾਓ, ਨਾ ਇਸਦੇ ਅੱਗੇ ਝੁਕਣਾ ਹੈ, ਨਾ ਇਸ ਦੀ ਮਾਰ ਜਰਨੀ ਹੈ। (ਪੰਨਾ 15) ਮੈਂ ਮਨਪ੍ਰੀਤ ਦੇ ਇਸ ਆਸ਼ਾਵਾਦੀ ਅਤੇ ਜੁਝਾਰੂ ਪੈਂਤੜੇ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਰਵਾਸੀ ਪੰਜਾਬੀ ਕਥਾ ਚਿੰਤਨ
ਲੇਖਕ : ਡਾ: ਜਸਵਿੰਦਰ ਸਿੰਘ ਗੁਰਾਇਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ , ਸਫ਼ੇ : 231

ਜਦੋਂ ਤੋਂ ਪਰਵਾਸੀ ਪੰਜਾਬੀ ਸਾਹਿਤ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਬਣਿਆ ਹੈ, ਉਸ ਸਮੇਂ ਤੋਂ ਇਸ ਖੇਤਰ ਵਿਚ ਬਹੁਤ ਨਿਗਰ ਚਿੰਤਨ ਹੋਣਾ ਸ਼ੁਰੂ ਹੋਇਆ ਹੈ। ਇਹ ਸਾਹਿਤ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਪਰਵਾਸੀ ਚੇਤਨਾ ਵਾਲਾ ਇਹ ਸਾਹਿਤ ਅਜੋਕੀ ਸਾਹਿਤਕ ਤੇ ਅਕਾਦਮਿਕ ਪ੍ਰਾਪਤੀ ਦਾ ਵਿਲੱਖਣ ਅੰਗ ਬਣ ਗਿਆ ਹੈ। ਡਾ: ਜਸਵਿੰਦਰ ਸਿੰਘ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਵਿਭਿੰਨ ਪਾਸਾਰਾਂ ਨੂੰ ਪਛਾਣਨ ਦਾ ਯਤਨ ਕੀਤਾ ਹੈ। ਪੁਸਤਕ ਦਾ ਪਹਿਲਾ ਲੇਖ 'ਪਰਵਾਸੀ ਚੇਤਨਾ-ਸਿਧਾਂਤਕ ਪਰਿਪੇਖ' ਪਰਵਾਸੀ ਪੰਜਾਬੀ ਚੇਤਨਾ ਦੇ ਵਿਭਿੰਨ ਪੱਖਾਂ ਨੂੰ ਇਤਿਹਾਸਕ ਸੰਦਰਭ ਵਿਚ ਵਿਚਾਰਦਾ ਹੈ। ਉਹ ਪਰਵਾਸੀ ਚੇਤਨਾ ਦੇ ਅਨੇਕਾਂ ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ, ਨਸਲੀ ਆਧਾਰ ਨਿਸ਼ਚਿਤ ਕਰਦਾ ਹੈ, ਜਿਨ੍ਹਾਂ ਕਾਰਨ ਉਹ ਪਰਵਾਸੀ ਬੰਦਾ ਮਾਨਸਿਕ ਤਣਾਓ ਭੁਗਤਦਾ ਹੈ। ਦੂਸਰੇ ਲੇਖਾਂ ਵਿਚ ਪਰਵਾਸੀ ਪੰਜਾਬੀ ਕਹਾਣੀ ਦੇ ਪੰਜ ਪ੍ਰਮੁੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚਲੀ ਵਸਤੂ ਸਮੱਗਰੀ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹ ਕਹਾਣੀਕਾਰ ਹਨ ਰਘੁਬੀਰ ਢੰਡ, ਸਾਧੂ ਬਿਨਿੰਗ, ਜਰਨੈਲ ਸਿੰਘ, ਅਮਨਪਾਲ ਸਾਰਾ ਅਤੇ ਵੀਨਾ ਵਰਮਾ। ਰਘੁਬੀਰ ਢੰਡ ਪੰਜਾਬੀ ਸਾਹਿਤ ਦਾ ਪ੍ਰਮੁੱਖ ਕਹਾਣੀਕਾਰ ਹੈ, ਉਸ ਨੇ ਜ਼ਿੰਦਗੀ ਦੇ ਹੰਢਾਏ ਅਨੁਭਵਾਂ ਅਤੇ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਬੜੀ ਵਿਲੱਖਣਤਾ ਨਾਲ ਪੇਸ਼ ਕੀਤਾ ਹੈ। ਪਰਵਾਸੀ ਪੰਜਾਬੀ ਕਹਾਣੀ ਨੂੰ ਉਸ ਉਪਰ ਮਾਣ ਹੈ। ਸਾਧੂ ਬਿਨਿੰਗ ਇਕ ਬਹੁ-ਪੱਖੀ ਤੇ ਚਰਚਿਤ ਸ਼ਖ਼ਸੀਅਤ ਦਾ ਮਾਲਕ ਹੈ। ਕੈਨੇਡਾ ਦੀ ਹਰ ਸਰਗਰਮੀ ਵਿਚ ਨਿਰੰਤਰ ਹਿੱਸਾ ਲੈਣ ਵਾਲਾ ਸਾਡਾ ਇਹ ਲੇਖਕ ਪਰਵਾਸੀ ਜੀਵਨ ਦੀਆਂ ਬਾਰੀਕੀਆਂ ਨੂੰ ਸਮਾਜ, ਸੱਭਿਆਚਾਰ ਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਜਰਨੈਲ ਸਿੰਘ ਵੀ ਵੱਡਾ ਕਹਾਣੀਕਾਰ ਹੈ। ਉਸ ਨੂੰ ਆਮ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ, ਸਮੱਸਿਆਵਾਂ ਨਾਲ ਜੂਝਦੇ ਮਨੁੱਖ ਦੇ ਜੀਵਨ ਅਨੁਭਵਾਂ ਦਾ ਡੂੰਘਾ ਗਿਆਨ ਹੈ। ਉਹ ਸਿਰਫ਼ ਪਰਵਾਸੀ ਜੀਵਨ ਦੀ ਗੱਲ ਨਹੀਂ ਕਰਦਾ ਸਗੋਂ ਸਮੁੱਚੇ ਵਿਸ਼ਵ ਲਈ ਚੁਣੌਤੀ ਬਣੇ ਮਸਲਿਆਂ ਨੂੰ ਵੀ ਉਜਾਗਰ ਕਰਦਾ ਹੈ। ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿਚ ਪਰਵਾਸੀ ਜੀਵਨ ਦੇ ਯਥਾਰਥ ਦੀ ਪੇਸ਼ਕਾਰੀ ਹੋਈ ਹੈ, ਉਹ ਪਰਵਾਸੀ ਚੇਤਨਾ ਦੀ ਪੇਸ਼ਕਾਰੀ ਕਰਦਾ ਹੈ। ਵੀਨਾ ਵਰਮਾ ਸੈਕਸ ਨਾਲ ਲਬਰੇਜ਼ ਕਹਾਣੀ ਦੀ ਸਿਰਜਣਾ ਕਰਦੀ, ਕੁਝ ਖਾਸ ਵਰਗ ਵੱਲੋਂ ਹੀ ਪ੍ਰਵਾਨਿਤ ਹੈ। ਜਸਵਿੰਦਰ ਸਿੰਘ ਨੇ ਇਨ੍ਹਾਂ ਕਹਾਣੀਕਾਰਾਂ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਅਤੇ ਮਿਹਨਤ ਨਾਲ ਕੀਤਾ ਹੈ। ਪਰਵਾਸੀ ਸਾਹਿਤ ਦੀ ਇਹ ਪੁਸਤਕ ਸਹੀ ਜਾਣਕਾਰੀ ਪ੍ਰਸਤੁਤ ਕਰਦੀ ਹੈ।

ਕਥਾ ਮੁਹਾਂਦਰਾ
(ਸਮਕਾਲੀ ਪੰਜਾਬੀ ਕਹਾਣੀ ਸੰਗ੍ਰਹਿ)
ਸੰਪਾਦਕ : ਹਰਪ੍ਰੀਤ ਸਿੰਘ ਕੇਵਲ ਕ੍ਰਾਂਤੀ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ ਪ੍ਰਕਾਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫੇ : 252.

ਪੰਜਾਬੀ ਕਹਾਣੀ ਦੀ ਅਮੀਰ ਤੇ ਲੰਮੀ ਪ੍ਰੰਪਰਾ ਹੈ। ਇਹ ਸ਼ਿਲਪ ਅਤੇ ਵਿਸ਼ੇ ਪੱਖੋਂ ਆਪਣੀ ਤਕਨੀਕ ਅਤੇ ਰੂਪ ਬਦਲਦੀ ਰਹੀ ਹੈ। ਜਿਵੇਂ-ਜਿਵੇਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਬਦਲਦੀਆਂ ਰਹੀਆਂ, ਇਸ ਸਥਿਤੀ ਵਿਚ ਪੰਜਾਬੀ ਕਹਾਣੀ ਵੀ ਪਰਿਵਰਤਨਸ਼ੀਲ ਹੁੰਦੀ ਰਹੀ ਹੈ। ਅਜੋਕੇ ਦੌਰ ਵਿਚ ਦਰਪੇਸ਼ ਸਥਿਤੀ ਦਾ ਅਸਰ ਪੰਜਾਬੀ ਕਹਾਣੀ ਉਪਰ ਪਿਆ ਹੈ। ਇਸ ਰਾਹੀਂ ਬਦਲਦੀ ਹੋਈ ਸਥਿਤੀ ਅਤੇ ਉਲਝਣਾਂ ਭਰੀ ਜ਼ਿੰਦਗੀ ਦੀ ਪੇਸ਼ਕਾਰੀ ਹੋਣ ਲੱਗੀ। ਅਜਿਹੇ ਮਾਹੌਲ ਨੂੰ ਪੇਸ਼ ਕਰਦਾ ਇਹ ਕਹਾਣੀ ਸੰਗ੍ਰਹਿ ਹੋਂਦ ਵਿਚ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਦੋ ਉਤਸ਼ਾਹੀ ਨੌਜਵਾਨ ਸਮੇਂ-ਸਮੇਂ 'ਤੇ ਵੱਖ-ਵੱਖ ਥਾਈਂ ਛਪੀਆਂ ਪੰਜਾਬੀ ਦੇ ਮਹੱਤਵਪੂਰਨ ਕਹਾਣੀਕਾਰਾਂ ਦੀਆਂ ਵਿਲੱਖਣ ਤੇ ਦਿਲਚਸਪ ਕਹਾਣੀਆਂ ਇਕੱਠੀਆਂ ਕਰਦੇ ਹਨ ਤਾਂ ਉਨ੍ਹਾਂ ਦੀ ਚੋਣ ਅਤੇ ਸ਼ੌਕ ਦੀ ਦਾਦ ਦੇਣੀ ਬਣਦੀ ਹੈ। ਇਸ ਦੌਰ ਦੇ ਸਥਾਪਤ ਕਹਾਣੀਕਾਰਾਂ-ਵਰਿਆਮ ਸਿੰਘ ਸੰਧੂ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਸੁਖਜੀਤ, ਜਤਿੰਦਰ ਹਾਂਸ, ਜਸਵੀਰ ਸਿੰਘ ਰਾਣਾ, ਬਲਜਿੰਦਰ ਨਸਰਾਲੀ, ਸਾਂਵਲ ਧਾਮੀ, ਅਜਮੇਰ ਸਿੱਧੂ ਅਤੇ ਅਨੇਮਨ ਸਿੰਘ ਦੀਆਂ ਖੂਬਸੂਰਤ ਤੇ ਉੱਚ-ਪਾਏ ਦੀਆਂ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਇਹ ਸਾਰੀਆਂ ਕਹਾਣੀਆਂ ਪਾਠਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਹਨ। ਹਰ ਕਹਾਣੀ ਪਾਠਕਾਂ ਸੰਗ ਕੁਝ ਸਵਾਲ ਛੱਡ ਜਾਂਦੀ ਹੈ। ਪੰਜਾਬੀ ਕਹਾਣੀ ਥੀਮਕ ਤੇ ਕਲਾਤਮਿਕ ਪੱਖੋਂ ਨਿਵੇਕਲੀ ਅਤੇ ਵੱਖਰੀ ਹੋਂਦ ਗ੍ਰਹਿਣ ਕਰਦੀ ਹੈ। ਆਪਣੇ ਏਸੇ ਸੁਭਾਅ ਜਾਂ ਗੁਣ ਕਰਕੇ ਹੀ ਪੰਜਾਬੀ ਕਹਾਣੀ ਸਾਹਿਤ ਦੀਆਂ ਬਾਕੀ ਵਿਧਾਵਾਂ ਤੋਂ ਵਧੇਰੇ ਧਿਆਨ ਨਾਲ ਪੜ੍ਹੀ ਤੇ ਮਾਣੀ ਜਾਂਦੀ ਹੈ। ਇਨ੍ਹਾਂ ਸੰਪਾਦਕ ਲੇਖਕਾਂ ਨੇ ਕਹਾਣੀਆਂ ਦੇ ਇਸ ਗੁਲਦਸਤੇ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕੀਤਾ ਹੈ। ਸੁੰਦਰ ਛਪੀ ਇਹ ਪੁਸਤਕ ਪਾਠਕ ਵਰਗ ਨੂੰ ਸੁਹਜਮਈ ਆਨੰਦ ਦੇਣ ਦੇ ਨਾਲ-ਨਾਲ ਅਜੋਕੇ ਦੌਰ ਦੇ ਮਸਲਿਆਂ ਤੇ ਸਵਾਲਾਂ ਜਵਾਬਾਂ ਸੰਗ ਖਹਿਣ ਲਈ ਮਜਬੂਰ ਕਰੇਗੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਅਮਰ ਪ੍ਰੇਮ
ਲੇਖਕ : ਗੁਰਚਰਨ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਗੁਰਚਰਨ ਦਰਦੀ (ਚੰਡੀਗੜ੍ਹ) ਦੇ ਕਹਾਣੀ ਸੰਗ੍ਰਹਿ ਵਿਚ 18 ਕਹਾਣੀਆਂ ਹਨ। ਇਸ ਤੋਂ ਪਹਿਲਾਂ ਲੇਖਕ ਦੀਆਂ 8 ਕਿਤਾਬਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿਚ 3 ਕਹਾਣੀ ਸੰਗ੍ਰਹਿ ਤੇ 5 ਨਾਟਕ ਸੰਗ੍ਰਹਿ ਹਨ। ਹਥਲੀ ਪੁਸਤਕ ਬਾਰੇ ਡਾ: ਸਰਬਜੀਤ ਕੌਰ ਨੇ ਲਿਖਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਹਾਣੀਕਾਰ ਨੇ ਆਪਣੇ ਦਿਲੀ-ਭਾਵਾਂ ਨੂੰ, ਜਜ਼ਬਾਤਾਂ ਨੂੰ ਵਿਅਕਤ ਕਰਨ ਲਈ ਕਹਾਣੀ ਨੂੰ ਮਾਧਿਅਮ ਬਣਾਇਆ ਹੈ। ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ੇ ਸਾਡੇ ਆਲੇ-ਦੁਆਲੇ ਵਾਪਰਦੀਆਂ ਸਮਾਜਿਕ ਪਰਿਵਾਰਕ ਘਟਨਾਵਾਂ ਹਨ। ਕਹਾਣੀ ਅਮਰ ਪ੍ਰੇਮ ਵਿਚ ਰੋਜ਼ੀ ਤੇ ਪ੍ਰਦੀਪ ਦੇ ਪਿਆਰ ਦੀ ਕਹਾਣੀ ਵਾਰਤਾ ਹੈ। ਇਹ ਜੋੜਾ ਗੁਰੂ ਘਰ ਵਿਚ ਸੇਵਾ ਕਰਦਾ ਹੈ। ਅਰਦਾਸਾਂ ਅਤੇ ਸੇਵਾ ਕਰਕੇ ਰੋਜ਼ੀ ਤੰਦਰੁਸਤ ਹੋ ਜਾਂਦੀ ਹੈ। ਕਹਾਣੀ ਆਸਥਾ ਦੀ ਜਿਉਂਦੀ ਮਿਸਾਲ ਹੈ। ਕਹਾਣੀ ਜ਼ਿੰਦਗੀ ਦੇ ਦੋ ਪਲ ਦੇ ਪਾਤਰ ਡਾ: ਜਗਤਾਰ ਤੇ ਪਤਨੀ ਭੁਪਿੰਦਰ ਕੌਰ ਅਮਰੀਕਾ ਜਾ ਕੇ ਵੀ ਇਧਰ ਮਾਤ ਭੂਮੀ ਵਿਚ ਆ ਕੇ ਸਕੂਨ ਹਾਸਲ ਕਰਦੇ ਹਨ। ਪਿਆਰ ਦਾ ਪ੍ਰਗਟਾਵਾ ਫ਼ਿਲਮੀ ਤਰਜ਼ ਦੀ ਕਹਾਣੀ ਹੈ। ਪਿਆਰ ਅਧਵਾਟੇ ਰਹਿ ਜਾਂਦਾ ਹੈ। ਹੀਣਤਾ ਭਾਵ ਵਿਚ ਮਨਿੰਦਰ ਤੇ ਦਰਸ਼ੀ ਸਮੇਂ ਸਿਰ ਨਹੀਂ ਮਿਲ ਪਾਉਂਦੇ।
ਬਾਅਦ ਵਿਚ ਵੱਖਰੀ ਥਾਂ ਵਿਆਹੇ ਜਾਣ ਤੇ ਪਛਤਾਵਾ ਕਰਦੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਭਾਗਾਂ ਵਾਲੀ ਸੰਤੁਸ਼ਟੀ ਪਸਚਾਤਾਪ ਆਖਰੀ ਨਿਸ਼ਾਨੀ, ਅਭਿਮਾਨ, ਓਲਡ ਏਜ ਹੋਮ, ਗ਼ਲਤ ਸੋਚ, ਦਾਜ ਦੀ ਮਸ਼ੀਨ ਅਮਿਟ ਯਾਦਾਂ ਪ੍ਰਣਾਮ ਸ਼ਹੀਦਾਂ ਨੂੰ, ਜ਼ਾਲਮਾਂ ਇਕ ਵਾਰ ਤਾਂ... ਸੰਗ੍ਰਹਿ ਦੀਆਂ ਚੰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਕਥਾ ਰਸ ਹੈ। ਤੇਜ਼ੀ ਨਾਲ ਘਟਨਾਵਾਂ ਤੁਰਦੀਆਂ ਹਨ। ਪਾਤਰ ਲੇਖਕ ਦੇ ਹੱਥਾਂ ਵਿਚ ਕਠਪੁਤਲੀਆਂ ਵਾਂਗ ਵਿਚਰਦੇ ਹਨ। ਨਾਟਕੀ ਜਮਾਤ ਦੀ ਵਧੇਰੇ ਵਰਤੋਂ ਕੀਤੀ ਗਈ ਹੈ। ਫ਼ਿਲਮੀ ਅੰਦਾਜ਼ ਹੈ। ਆਖਰੀ ਕਹਾਣੀ ਵਿਚ ਦੇਸ਼ ਭਗਤੀ ਵਾਲਾ ਰੰਗ ਹੈ। ਕਦੇ-ਕਦੇ ਕਹਾਣੀਕਾਰ ਪਾਤਰਾਂ ਨੂੰ ਆਪਣੀ ਮਰਜ਼ੀ ਨਾਲ ਤੋਰਣਾ ਹੈ। ਪਰਿਵਾਰਕ ਵਿਸ਼ਿਆਂ ਵਾਲੀਆਂ ਕਹਾਣੀਆਂ ਵਿਚ ਪਿਆਰ ਪ੍ਰਮੁੱਖ ਧਾਰਾ ਹੈ। ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸਿਧਾਂਤ ਪਿਆਰ ਕਬਜ਼ ਨਹੀਂ ਪਛਾਣ ਹੈ, ਨੂੰ ਕਹਾਣੀਕਾਰ ਨੇ ਇਸ ਸੰਗ੍ਰਹਿ ਰਾਹੀਂ ਅੱਗੇ ਤੋਰਿਆ ਹੈ। ਪੁਸਤਕ ਪੜ੍ਹਨ ਵਾਲੀ ਹੈ। ਕਥਾ ਜੁਗਤ ਵਿਚ ਲੇਖਕ ਕਾਮਯਾਬ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.


ਅਮੀਲੋ
ਲੇਖਕ : ਅਜਾਇਬ ਸਿੰਘ ਸੰਧੂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 250 ਰੁਪਏ, ਸਫੇ : 200.

ਅਜਾਇਬ ਸਿੰਘ ਸੰਧੂ ਕਵਿਤਾ ਦੇ ਨਾਲ-ਨਾਲ ਨਾਵਲ ਰਚਨਾ ਵੱਲ ਵੀ ਰੁਚਿਤ ਹੈ। 'ਅਮੀਲੋ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਵਾਸ ਅਤੇ ਪ੍ਰਵਾਸ ਦੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਈ ਹੈ। ਨਾਇਕ ਅਮੀਲੋ ਕੈਨੇਡੀਅਨ ਗੋਰੀ ਤੇ ਪੰਜਾਬੀ ਨੌਜਵਾਨ ਸਮਸ਼ੇਰ ਸਿੰਘ ਦੇ ਪ੍ਰੇਮ ਵਿਆਹ 'ਚੋਂ ਪੈਦਾ ਹੋਇਆ ਹੈ। ਕਾਨੂੰਨ ਦਾ ਪਾਬੰਦ ਹੈ। ਮਾਸੂਮ ਹੈ ਤੇ ਹਿੰਮਤ ਵਾਲਾ ਵੀ ਹੈ। ਆਪਣੇ-ਆਪ ਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ ਪਰ ਕੈਨੇਡਾ ਪ੍ਰਤੀ ਵੀ ਸਮਰਪਿਤ ਭਾਵਨਾ ਨਾਲ ਸੋਚਦਾ ਹੈ।
ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ਦਾ ਹਿਸਾਬ-ਕਿਤਾਬ ਕਰਨ ਲਈ ਉਹ ਪੰਜਾਬ ਆਉਂਦਾ ਹੈ। ਇਥੋਂ ਦਾ ਪ੍ਰਬੰਧ ਉਸ ਦੇ ਪਿਤਾ ਦਾ ਪੁਰਾਣਾ ਸਹਿਪਾਠੀ ਤੇ ਮਿੱਤਰ ਦਰਸ਼ਨ ਸਿੰਘ ਤੇ ਉਸ ਦਾ ਪੁੱਤਰ ਗੁਰਮੀਤ ਕਰਦੇ ਹਨ। ਇਥੇ ਕੁਝ ਦੇਰ ਰਹਿਕੇ ਅਮੀਲ ਪੰਜਾਬੀ ਜਨ-ਜੀਵਨ ਤੋਂ ਵੀ ਜਾਣੂ ਹੋਣ ਦਾ ਯਤਨ ਕਰਦਾ ਹੈ। ਲੇਖਕ ਨੇ ਸੰਵਾਦਾਂ ਰਾਹੀਂ ਤੇ ਪਿਛਲ ਝਾਤ ਦੁਆਰਾ ਇਥੋਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਕਹਾਣੀ ਨੂੰ ਅਗਾਂਹ ਤੋਰਿਆ ਹੈ। ਯਾਦਾਂ ਦਾ ਬਿਰਤਾਂਤ ਵੀ ਕਹਾਣੀ ਨੂੰ ਅਗਾਂਹ ਸਰਕਾਉਣ ਵਿਚ ਸਹਾਈ ਹੁੰਦਾ ਹੈ। ਲੇਖਕ, ਦਰਸ਼ਨ, ਮੀਤੇ ਤੇ ਅਮੀਲ ਦੇ ਸੰਵਾਦਾਂ ਰਾਹੀਂ ਇਸ ਪੰਜਾਬੀ ਸਮਾਜ ਦੇ ਕਈ ਔਗੁਣਾਂ 'ਤੇ ਉਂਗਲੀ ਧਰਨ ਦਾ ਯਤਨ ਕਰਦਾ ਹੈ। ਸਿੱਖ ਰਹੁ-ਰੀਤਾਂ ਤੋਂ ਦੂਰ ਜਾ ਰਹੇ ਨੌਜਵਾਨ, ਨਸ਼ਿਆਂ ਦੇ ਚਿੱਕੜ 'ਚ ਧਸ ਰਹੇ ਪੰਜਾਬੀ, ਡੇਰਿਆਂ ਦੀ ਵਧ ਰਹੀ ਜਕੜ, ਡਰੱਗ ਦਾ ਧੰਦਾ ਕਰਨ ਵਾਲੇ ਲੋਕ, ਮੈਲੀ ਹੋ ਰਹੀ ਰਾਜਨੀਤੀ, ਜਾਤਪਾਤ ਦੀ ਪਕੜ ਦਾ ਕੋਹੜ ਜਿਹੀਆਂ ਅਨੇਕਾਂ ਭੈੜਾਂ ਦਾ ਜ਼ਿਕਰ ਨਾਟਕ ਵਿਚ ਆਇਆ ਹੈ। ਅਮੀਲੋ ਚੰਗੇ ਦਿਲ ਵਾਲਾ ਭੋਲਾ-ਭਾਲਾ ਨੌਜਵਾਨ ਹੈ। ਆਪਣੀ ਪਸੰਦ ਦੀ ਨਰਸ ਕੁੜੀ ਨਾਲ ਵਿਆਹ ਕਰਾ ਲੈਂਦਾ ਹੈ। ਅਮੀਲ ਨੂੰ ਆਪਣੇ ਚੰਗੇ ਕਾਰਜਾਂ ਕਰਕੇ ਕੈਨੇਡਾ ਸਰਕਾਰ ਦਾ ਵੱਡਾ ਮਾਣ-ਸਨਮਾਨ ਮਿਲਦਾ ਹੈ। ਅਮੀਲੋ ਦਾ ਚਰਿੱਤਰ ਆਦਰਸ਼ ਨਾਇਕ ਵਜੋਂ ਪੇਸ਼ ਹੁੰਦਾ ਹੈ।

ਕੁੱਖ ਦੀ ਭੁੱਖ
ਲੇਖਕ : ਅਮਰਜੀਤ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਲੁਧਿਆਣਾ/ਚੰਡੀਗੜ੍ਹ
ਮੁੱਲ : 125 ਰੁਪਏ, ਸਫੇ : 103.

ਅਮਰਜੀਤ ਸਿੰਘ ਹੇਅਰ ਪੰਜਾਬੀ ਦਾ ਅਨੁਭਵੀ ਕਹਾਣੀ ਲੇਖਕ ਹੈ। ਉਸ ਨੇ 'ਦੱਬੀ ਅੱਗ ਦਾ ਸੇਕ' ਕਹਾਣੀ-ਸੰਗ੍ਰਹਿ ਰਾਹੀਂ ਪਹਿਲਾਂ ਹੀ ਆਪਣੀ ਸਾਖ਼ 'ਤੇ ਧਾਕ ਪੰਜਾਬੀ ਆਲੋਚਕਾਂ/ਪਾਠਕਾਂ ਵਿਚ ਬਣਾ ਲਈ ਹੈ। 'ਕੁੱਖ ਦੀ ਭੁੱਖ' ਉਸ ਦੀਆਂ ਕਹਾਣੀਆਂ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਪੰਝੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਅਮਰਜੀਤ ਸਿੰਘ ਹੇਅਰ ਯਥਾਰਥਵਾਦੀ ਕਥਾ-ਲੇਖਕ ਹੈ। ਉਸ ਦੇ ਆਲੇ-ਦੁਆਲੇ ਜੋ ਕੁਝ ਨਿੱਤ ਦਿਹਾੜੀ ਵਾਪਰਦਾ ਹੈ, ਉਸੇ ਨੂੰ ਉਹ ਆਪਣੀਆਂ ਕਹਾਣੀਆਂ ਦੇ ਕਥਾਨਕ ਵਜੋਂ ਵਰਤ ਕੇ ਕਹਾਣੀ ਦੀ ਸਿਰਜਣਾ ਕਰਦਾ ਹੈ। ਉਸ ਦੀਆਂ ਕਹਾਣੀਆਂ ਸੱਚਮੁੱਚ ਨਿੱਕੀ ਕਹਾਣੀ ਦੀ ਪਰਿਭਾਸ਼ਾ ਦੇ ਅਨੁਰੂਪ ਹੀ ਬੁਣੀਆਂ ਹੋਈਆਂ ਹਨ। ਕਹਾਣੀ ਬਾਤ ਸੁਣਾਉਣ ਦੇ ਲਹਿਜ਼ੇ 'ਚ ਸ਼ੁਰੂ ਹੋ ਕੇ ਆਪਣੇ ਰੱਥ ਵੱਲ ਤੇਜ਼ੀ ਨਾਲ ਸਫ਼ਰ ਕਰਦੀ ਹੋਈ ਸਿੱਟਾ ਕੱਢ ਕੇ ਚੁੱਪ ਹੋ ਜਾਂਦੀ ਹੈ। ਬਾਕੀ ਸੋਚਣ ਦਾ ਕੰਮ ਪਾਠਕਾਂ ਲਈ ਛੱਡ ਜਾਂਦੀ ਹੈ।
ਵੰਨ-ਸੁਵੰਨੇ ਵਿਸ਼ੇ ਹੇਅਰ ਦੀਆਂ ਕਹਾਣੀਆਂ ਵਿਚ ਥਾਂ-ਪੁਰ-ਥਾਂ ਸੰਜੋਏ ਮਿਲਦੇ ਹਨ। ਕਦੀ-ਕਦੀ ਨਿੱਕੇ-ਨਿੱਕੇ ਅਹਿਸਾਸ ਹੀ ਕਹਾਣੀ ਦਾ ਤਾਣਾ-ਪੇਟਾ ਬਣਦੇ ਪ੍ਰਤੀਤ ਹੁੰਦੇ ਹਨ। ਕੁਝ ਕਹਾਣੀਆਂ ਸਵੈ-ਜੀਵਨੀ ਮੂਲਕ ਹੋਣ ਦੀ ਗਵਾਹੀ ਵੀ ਭਰਦੀਆਂ ਹਨ। ਦੇਸ਼-ਵੰਡ ਦਾ ਦੁਖਾਂਤ ਵਾਰ-ਵਾਰ ਕਹਾਣੀਆਂ ਵਿਚ ਦੁਖਦੀ ਰਗ ਵਾਂਗ ਸ਼ਮੂਲੀਅਤ ਕਰਦਾ ਹੈ। 'ਸੇਵਾਮੁਕਤੀ' ਦਾ ਪਾਤਰ ਸੇਵਾ-ਮੁਕਤੀ ਨੂੰ ਇਕ ਵਰਦਾਨ ਵਜੋਂ ਸਵੀਕਾਰ ਕਰਦਾ ਹੈ। 'ਹਮੀਦਾ', 'ਦੁਸ਼ਮਣੀ', 'ਬਦਲਾ', 'ਦੋ ਇਮਾਰਤਾਂ ਦਾ ਕਤਲ' ਆਦਿ ਕਹਾਣੀਆਂ ਦੇਸ਼-ਵੰਡ ਦੇ ਦੁਖਾਂਤ 'ਤੇ ਉਸ 'ਚੋਂ ਉਪਜੇ ਹੋਰ ਦੁਖਾਤਾਂ ਦੇ ਵੇਰਵੇ ਪੇਸ਼ ਕਰਦੀਆਂ ਹਨ। 'ਦੁਬਿਧਾ' ਦੀ ਮਨੋਰਮਾ ਕੋਈ ਵੀ ਫੈਸਲਾ ਲੈਣ ਤੋਂ ਅਸਮਰਥ ਹੈ। 'ਬਰਖਾ' ਨਾਂਅ ਦੀ ਕੁੜੀ ਬਰਖਾ ਵੇਲੇ ਜਨਮ ਲੈ ਕੇ ਬਰਖਾ ਕਾਰਨ ਪੈਦਾ ਹੋਏ ਮਨੋਭਾਵਾਂ ਦੀ ਆਪੂਰਤੀ ਕਰਦੀ ਹੈ। 'ਪੁੱਤ-ਕਪੁੱਤ' ਦਾ ਪਿਓ-ਪਾਤਰ ਪੁੱਤਰਾਂ ਦੇ ਭੈੜੇ ਵਰਤਾਓ ਦਾ ਬਦਲਾ ਲੈਂਦਾ ਹੈ। 'ਦੋਸਤੀ' ਵਿਚ ਸੱਚੀ ਦੋਸਤੀ ਦੇ ਕੁਝ ਦ੍ਰਿਸ਼ਟਾਂਤ ਪੇਸ਼ ਕੀਤੇ ਗਏ ਹਨ। 'ਪਾਪ ਦਾ ਪਛਤਾਵਾ' ਤੇ 'ਦਾਦੀ ਪੋਤੀ' ਇਸ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ, ਜਿਨ੍ਹਾਂ ਵਿਚ ਪਛਤਾਵੇ ਰਾਹੀਂ ਪ੍ਰੇਮ ਤੇ ਲਗਾਓ ਪੈਦਾ ਹੁੰਦਾ ਹੈ। ਦੋ ਸੰਸਕ੍ਰਿਤੀਆਂ ਦੇ ਭੇੜ 'ਚੋਂ ਮੁਹੱਬਤ ਤੇ ਆਪਸੀ ਗਿਆਨ ਲੱਭਦਾ ਹੈ। ਇਹੋ ਜਿਹੀਆਂ ਕਹਾਣੀਆਂ ਅਮਰਜੀਤ ਸਿੰਘ ਹੇਅਰ ਦੀ ਕਥਾਕਾਰ ਵਜੋਂ ਸਥਾਪਤੀ ਦੇ ਸੰਕੇਤ ਕਰਦੀਆਂ ਹਨ।

-ਕੇ. ਐਲ. ਗਰਗ
ਮੋ: 94635-37050.

ਗਿੱਲ ਮੋਰਾਂਵਾਲੀ ਦੀ ਨਾਰੀ ਚੇਤਨਾ ਦਾ ਮਰਦਾਵੀਂ ਚਿੰਤਨ
ਸੰਪਾਦਕ : ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 96.

ਪਰਵਾਸੀ ਕਵੀ ਗਿੱਲ ਮੋਰਾਂਵਾਲੀ ਮੁੱਖ ਤੌਰ 'ਤੇ ਨਾਰੀ ਚੇਤਨਾ ਦਾ ਕਵੀ ਹੈ। ਹਥਲੀ ਸੰਪਾਦਿਤ ਪੁਸਤਕ ਵਿਚ ਪੁਰਸ਼ ਵਿਦਵਾਨਾਂ ਦੇ ਅਜਿਹੇ ਨਿਬੰਧ ਹਨ ਜੋ ਗਿੱਲ ਦੀ ਕਵਿਤਾ ਵਿਚ ਨਾਰੀ ਚੇਤਨਾ ਦਾ ਮੁਲਾਂਕਣ ਕਰਦੇ ਹਨ। ਇਨ੍ਹਾਂ ਨਿਬੰਧਾਂ ਦਾ ਸੰਪਾਦਕਨ ਪੰਜਾਬੀ ਸਾਹਿਤ ਦੇ ਦੋ ਵਿਦਵਾਨਾਂ (ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ) ਨੇ ਕੀਤਾ ਹੈ। ਇਸਤਰੀ ਆਲੋਚਕਾਂ ਦੀ ਦ੍ਰਿਸ਼ਟੀ ਤੋਂ ਇਸ ਪ੍ਰਕਾਰ ਦੇ ਨਿਬੰਧਾਂ ਦਾ ਸੰਪਾਦਨ ਪਹਿਲਾਂ ਹੀ ਡਾ: ਰਮਿੰਦਰ ਕੌਰ ਕਰ ਚੁੱਕੇ ਹਨ। ਪੁਸਤਕ ਦੇ ਪਹਿਲੇ 13 ਪੰਨਿਆਂ ਵਿਚ ਕ੍ਰਮਵਾਰ ਡਾ: ਤੇਜਵੰਤ ਮਾਨ, ਡਾ: ਭਗਵੰਤ ਅਤੇ ਗਿੱਲ ਮੋਰਾਂਵਾਲੀ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਮਾਨਾਂ-ਸਨਮਾਨਾਂ ਦੀਆਂ ਸੂਚੀਆਂ ਉਪਲਬੱਧ ਹਨ। ਬੇਸ਼ੱਕ ਪੁਸਤਕ ਦੇ ਟਾਈਟਲ ਉੱਪਰ ਦੋ ਸੰਪਾਦਕਾਂ ਦੇ ਨਾਂਅ ਹਨ ਪਰ ਡਾ: ਮਾਨ ਮੁੱਖ ਸ਼ਬਦ ਸਿਰਲੇਖ ਅਧੀਨ ਇਸ ਪੁਸਤਕ ਦੇ ਸੰਪਾਦਨ ਨੂੰ ਡਾ: ਭਗਵੰਤ ਸਿੰਘ ਵੱਲੋਂ ਕੀਤਾ ਹੀ ਦੱਸਦਾ ਹੈ। ਇਨ੍ਹਾਂ ਖੋਜ-ਨਿਬੰਧਾਂ ਵਿਚ ਇਕ ਦਰਜਨ ਮਰਦ-ਸਮੀਖਿਆਕਾਰਾਂ ਦੇ ਨਿਬੰਧ ਸ਼ਾਮਿਲ ਹਨ। ਡਾ: ਭਗਵੰਤ ਸਿੰਘ ਨੇ ਆਪਣੇ ਵੱਲੋਂ ਲਿਖੀ ਭੂਮਿਕਾ ਵਿਚ ਗਿੱਲ ਨੂੰ ਨਾਰੀ ਚੇਤਨਾ ਦਾ ਸ਼ਾਇਰ ਪ੍ਰਵਾਨ ਕੀਤਾ ਹੈ। ਡਾ: ਖੀਵਾ ਲਈ ਗਿੱਲ-ਕਾਵਿ 'ਮਰਯਾਦਾ-ਭੰਗਕ ਪ੍ਰਵਚਨ ਹੈ'। ਡਾ: ਅਮਰ ਕੋਮਲ ਨੂੰ ਗਿੱਲ ਮੋਰਾਂਵਾਲੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਧੀ ਦੀ ਪੀੜ ਨੂੰ 'ਸਮੂਹ ਦੀ ਪੀੜ' ਵਿਚ ਬਦਲਦਾ ਪ੍ਰਤੀਤ ਹੁੰਦਾ ਹੈ। ਗਿੱਲ ਦਾ ਦੋਹਾ ਕਾਵਿ-ਰੂਪ, ਡਾ: ਆਸ਼ਟ ਨੂੰ, ਉਸ ਦੀ 'ਪ੍ਰਥਮ ਵਿਸ਼ੇਸ਼ਤਾ' ਮਹਿਸੂਸ ਹੁੰਦੀ ਹੈ। ਡਾ: ਬਲਜੀਤ ਸਿੰਘ ਨੂੰ ਗਿੱਲ-ਕਾਵਿ ਨਾਰੀ ਜਾਤੀ ਦੇ ਹੱਕ ਵਿਚ 'ਕਾਵਿਕ ਸੰਘਰਸ਼' ਅਤੇ 'ਜਨ-ਜਾਗ੍ਰਿਤੀ' ਲਈ ਹੋਕਾ ਦਿੰਦਾ ਜਾਪਦਾ ਹੈ। ਡਾ: ਸੁਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਵੀ ਨੇ 'ਕੇਵਲ ਧੀਆਂ ਦੇ ਦੁੱਖ ਹੀ ਨਹੀਂ ਰੋਏ' ਸਗੋਂ ਇਸ ਕਾਵਿ ਵਿਚ ਪੰਜਾਬ ਦੀਆਂ ਕਈ 'ਰਸਮਾਂ ਰੀਤਾਂ' ਵੀ ਰੂਪਮਾਨ ਹੋਈਆਂ ਹਨ। ਡਾ: ਨਰਿੰਦਰਪਾਲ ਸਿੰਘ ਦਾ ਵਿਚਾਰ ਹੈ ਕਿ ਕਵੀ ਨੇ 'ਸਮੱਸਿਆਵਾਂ' ਨੂੰ 'ਸੱਭਿਆਚਾਰਕ ਝਰੋਖੇ' ਰਾਹੀਂ ਚਿਤ੍ਰਿਆ ਹੈ। ਡਾ: ਗੁਲਜ਼ਾਰ ਸਿੰਘ ਕੰਗ ਇਸ ਗੱਲੋਂ ਗਿੱਲ ਦੀ ਪ੍ਰਸੰਸਾ ਕਰਦਾ ਹੈ ਕਿ ਉਸ ਨੇ 'ਅਮਲੀ ਜੀਵਨ' ਵਿਚ ਆਪਣੀਆਂ ਧੀਆਂ ਨੂੰ ਖੱਲ੍ਹ ਦਿੱਤੀ ਹੈ। ਡਾ: ਸੁਰਿੰਦਰ ਮੰਡ ਕਵੀ ਦੀ 'ਸੂਤ੍ਰਿਕ ਸ਼ੈਲੀ' ਨੂੰ ਵਡਿਆਉਂਦਾ ਹੈ। ਡਾ: ਸਰਹਿੰਦੀ ਅਨੁਸਾਰ ਕਵੀ ਸਾਡੀ 'ਸੁੱਤੀ ਪਈ ਜ਼ਮੀਰ' ਨੂੰ ਜਗਾਉਂਦਾ ਹੈ। ਡਾ: ਜੀ.ਡੀ. ਚੌਧਰੀ ਨੂੰ ਗਿੱਲ ਦੀ 'ਵਿਗਿਆਨਕ ਅਤੇ ਮਨੋਵਿਗਿਆਨਕ' ਪੇਸ਼ਕਾਰੀ ਪ੍ਰਭਾਵਿਤ ਕਰਦੀ ਹੈ। ਡਾ: ਤੇਜਾ ਸਿੰਘ ਤਿਲਕ ਅਨੁਸਾਰ ਗਿੱਲ ਔਰਤ ਦੀ ਸਜ਼ਾ ਤੋਂ 'ਚਿੰਤਾਤੁਰ' ਤਾਂ ਹੈ ਪਰ 'ਨਿਰਾਸ਼' ਨਹੀਂ। ਇੰਜ ਕਵੀ, ਪ੍ਰੋ: ਜੱਸੀ ਦੀ ਪਰਖ ਵਿਚ, 'ਨਾਰੀ ਬਰਾਦਰੀ ਦੀ ਵਕਾਲਤ ਕਰਦਾ ਹੈ।' ਕੁੱਲ ਮਿਲਾ ਕੇ ਇਸ ਪੁਸਤਕ ਦੇ ਸੁਚੱਜੇ ਸੰਪਾਦਨ ਲਈ ਸੰਪਾਦਕ ਵਧਾਈ ਦੇ ਪਾਤਰ ਹਨ। ਗਿੱਲ-ਕਾਵਿ ਦੇ ਖੋਜੀ ਵਿਦਿਆਰਥੀਆਂ ਲਈ ਪੁਸਤਕ ਬੜੀ ਲਾਭਦਾਇਕ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਖਿੜਦੇ ਫੁੱਲ
ਕਵੀ : ਗੁਰਵਿੰਦਰ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120.

'ਖਿੜਦੇ ਫੁੱਲ' ਨੌਜਵਾਨ ਕਵੀ ਗੁਰਵਿੰਦਰ ਸਿੰਘ ਸ਼ੇਰਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ ਸਾਰੀਆਂ ਕਵਿਤਾਵਾਂ, ਨਜ਼ਮਾਂ ਰੁਬਾਈਆਂ, ਗੀਤ ਅਤੇ ਗ਼ਜ਼ਲਾਂ ਛੰਦ ਬੱਧ ਹਨ। ਗੁਰਵਿੰਦਰ ਪਿੰਗਲ ਅਤੇ ਅਰੂਜ਼ ਦਾ ਗਿਆਤਾ ਹੈ। ਉਸ ਦੀਆਂ ਸਮੁੱਚੀਆਂ ਕਵਿਤਾਵਾਂ ਬਹਿਰ ਤੋਲ ਵਿਚ ਅਤੇ ਕਾਫੀਏ ਹਦੀਫਾਂ ਨਾਲ ਸੁਸੱਜਤ ਹਨ। ਭਾਵੇਂ ਇਹ ਪੁਸਤਕ ਉਸ ਦੀ ਪਹਿਲੀ ਹੈ ਪਰ ਕਵੀ ਨੇ ਭਰਪੂਰ ਮਿਹਨਤ ਕਰਕੇ ਨਜ਼ਮਾਂ ਵਿਚ ਰਵਾਨੀ ਅਤੇ ਸਰੋਕਾਰਾਂ ਨੂੰ ਬਹਾਲ ਕੀਤਾ ਹੈ। ਅੱਜਕਲ੍ਹ ਦੇ ਨੌਜਵਾਨ ਜਿਥੇ ਮਿਹਨਤ ਤੋਂ ਡਰਦੇ ਹੋਏ ਖੁੱਲ੍ਹੀ ਕਵਿਤਾ ਨੂੰ ਹੀ ਤਰਜੀਹ ਦਿੰਦੇ ਹਨ, ਉਥੇ ਸ਼ੇਰਗਿੱਲ ਨੇ ਪਿੰਗਲ ਅਤੇ ਅਰੂਜ਼ ਨੂੰ ਸਮਝ ਕੇ ਅਤੇ ਅਮਲ ਵਿਚ ਲਾਗੂ ਕਰਕੇ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਹੋ ਸਕਦੀ ਹੈ। ਕਵਿਤਾਵਾਂ ਦੇਸ਼ ਪਿਆਰ ਦੀਆਂ ਅਤੇ ਸਮਾਜ ਸੁਧਾਰ ਕਰਨ ਵਾਲੇ ਵਿਸ਼ਿਆਂ ਤੇ ਸਰੋਕਾਰਾਂ ਨਾਲ ਸਬੰਧਤ ਹਨ। ਕਵਿਤਾ ਲਿਖਦਾ ਹੋਇਆ ਕਵੀ ਵਿਸ਼ੇ ਦਾ ਇਕ ਚਿੱਤਰ ਅੱਖਾਂ ਸਾਹਮਣੇ ਪੇਸ਼ ਕਰ ਜਾਂਦਾ ਹੈ। ਕਵਿਤਾ ਛੰਦ ਵਿਚ ਹੋਣ ਕਰਕੇ ਸਰੋਤੇ/ਪਾਠਕ ਦੇ ਸੁਆਦ ਵਿਚ ਸ਼ਾਮਿਲ ਹੋ ਕੇ ਮਨ ਮਸਤਕ ਤੱਕ ਤਰਕ ਜਗਾਉਂਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਨਸ਼ਿਆਂ ਦੇ ਪ੍ਰਚਲਨ ਅਤੇ ਨਾਰੀ ਦੀ ਗੁਲਾਮੀ ਦੀ ਭਰਪੂਰ ਨਿਖੇਧੀ ਹੈ। ਉਹ ਮਨੁੱਖੀ ਸਮਾਜ ਨੂੰ ਜਾਤਾਂ, ਪਾਤਾਂ ਅਤੇ ਧਰਮਾਂ ਦੇ ਨਾਂਅ ਉਤੇ ਵੰਡਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਉਸ ਨੇ ਭਾਵੇਂ ਗ਼ਜ਼ਲਾਂ ਦੇ ਸਿਰਲੇਖ ਨਜ਼ਮਾਂ ਵਾਂਗ ਲਿਖੇ ਹਨ ਪ੍ਰੰਤੂ ਉਹ ਆਪਣੇ ਗ਼ਜ਼ਲ ਸਰੂਪ ਵਿਚ ਪੂਰੀਆਂ ਹਨ। ਉਨ੍ਹਾਂ ਦੇ ਛੰਦ ਬਹਿਰ ਅਤੇ ਕਾਫੀਏ ਰਦੀਫ ਸੰਪੂਰਨ ਹਨ। ਉਸ ਦੇ ਕਈ ਸ਼ਿਅਰ ਦਿਲ ਨੂੰ ਮੋਂਹਦੇ ਅਤੇ ਆਤਮਾ ਨੂੰ ਝੰਜੋੜਦੇ ਹਨ। ਕੁਝ ਸ਼ਿਅਰ ਪੇਸ਼ ਹਨ :
ੲ ਔਰਤ ਕੁੱਖੋਂ ਜਨਮ ਲਿਆ ਔਰਤ ਨੂੰ ਮਾੜਾ ਕਹਿੰਦਾ ਏ
ਤੈਨੂੰ ਰੱਬ ਨੇ ਕਲਮ ਹੈ ਦਿੱਤੀ ਸੋਚ ਕੇ ਕਲਮ ਚਲਾਇਆ ਕਰ।
ੲ ਮੈਂ ਮਿੱਟੀ ਦਾ ਪੁਤਲਾ ਮੇਰਾ ਮਾਣਸ ਨਾਂਅ
ਵਿਚ ਮਜ਼੍ਹਬਾਂ ਦੇ ਵੰਡਿਆ ਮੇਰਾ ਸ਼ਹਿਰ ਗਿਰਾਂ।
ੲ ਹਾਕਿਮਾਂ ਲਈ ਕਾਨੂੰਨ ਨਹੀਂ ਮਜ਼ਲੂਮ ਫਸਾਏ ਜਾਂਦੇ ਨੇ
ਕੁਰਸੀ ਖਾਤਿਰ ਲੋਕਾਂ ਵਿਚ ਦੰਗੇ ਕਰਵਾਏ ਜਾਂਦੇ ਨੇ।
'ਖਿੜਦੇ ਫੁੱਲ' ਕਾਵਿ ਸੰਗ੍ਰਹਿ ਵਿਚ ਵੰਨ-ਸੁਵੰਨਤਾ ਦੇ ਵਿਸ਼ਿਆਂ ਦੇ ਸਿਖਿਆਦਾਇਕ ਫੁੱਲ ਮਹਿਕ ਰਹੇ ਹਨ। ਪੁਸਤਕ ਨੂੰ ਦਿਲੋਂ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਇਕ ਚੂੰਢੀ ਲੂਣ ਦੀ
ਲੇਖਕ : ਫਰਜ਼ੰਦ ਅਲੀ
ਅਨੁਵਾਦਕ (ਲਿਪੀਅੰਤਰ) : ਪਰਮਜੀਤ ਸਿੰਘ ਮੀਸ਼ਾ (ਡਾ:)
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 260 ਰੁਪਏ, ਸਫ਼ੇ : 232.

ਖਲਕਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਇਕ ਲੋਕਾਂ ਦੀ ਜੋਕਾਂ ਦੀ। ਅਸੰਤੁਲਿਤ ਨਿਜ਼ਾਮ ਵਾਲੇ ਇਸ ਸਮਾਜ ਵਿਚ ਕਿਰਤੀਆਂ ਵੱਲੋਂ ਜਿੰਦ ਤੋੜ ਕੇ ਕਿਰਤ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਫਾਕਿਆਂ ਭਰੇ ਦਿਨਾਂ ਨਾਲ ਹੀ ਦੋ-ਚਾਰ ਹੁੰਦਿਆਂ ਸਿਰਫ ਦਿਨ ਕਟੀ ਹੀ ਕਰਨੀ ਪੈਂਦੀ ਹੈ ਸਗੋਂ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਦਾ ਸਰਾਫ ਵੀ ਭੁਗਤਣਾ ਪੈਂਦਾ ਹੈ। ਬਗਾਵਤੀ ਇਰਾਦੇ ਬੜਾ ਕੁਝ ਨੂੰ ਲੋਚਦੇ ਹਨ ਜਿਸ ਲਈ ਯਤਨ ਵੀ ਕੀਤੇ ਜਾਂਦੇ ਨੇ ਪਰ ਬੇਵਸੀ ਭਾਰੂ ਪੈ ਜਾਂਦੀ ਹੈ। 'ਇਕ ਚੂੰਢੀ ਲੂਣ ਦੀ (ਨਾਵਲ))' ਵਿਚ ਲੇਖਕ ਫਰਜ਼ੰਦ ਅਲੀ ਨੇ ਅਜਿਹੇ ਯਥਾਰਥਵਾਦ ਹੀ ਨੂੰ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਲਿਪੀਅੰਤਰ ਕਰਕੇ ਪਰਮਜੀਤ ਸਿੰਘ ਮੀਸ਼ਾ ਨੇ ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ।
ਕਿਰਤੀ ਸੱਭਿਆਚਾਰ ਦਾ ਮਿੱਟੀ ਨਾਲ ਮਿੱਟੀ ਵੀ ਹੋਣਾ, ਆਪਣੇ ਮਾਲਕਾਂ (ਸ਼ਾਹਾਂ) ਨਾਲ ਵਫ਼ਾਦਾਰੀ ਨਿਭਾਉਣੀ, ਮੂੰਹ ਫੱਟ ਜ਼ੋਰੂ ਨਾਲ ਸਬਰ ਨਾਲ ਹੰਢਣਾ, ਧੀਆਂ ਵੱਲੋਂ ਮਾਪਿਆਂ ਨਾਲ ਧਿਰਾਂ ਬਣ ਕੇ ਖੜ੍ਹਨਾ, ਗਰੀਬੀ ਦੇ ਫਾਕਿਆਂ ਵਿਚ ਹੀ ਕਿਸੇ ਯਤੀਮ ਪਰ ਉੱਦਮੀ ਗੱਭਰੂ ਦਾ ਪੜ੍ਹ ਜਾਣਾ, ਹੱਕ ਹਕੂਕ ਲਈ ਜੱਦੋ-ਜਹਿਦ ਵਿੱਢਣਾ, ਕ੍ਰਾਂਤੀ ਦੀ ਚਿਣਗ ਫੁੱਟਣੀ, ਸਰਮਾਏਦਾਰੀ ਵੱਲੋਂ ਸੁੱਟੀਆਂ ਬੁਰਕੀਆਂ ਨਾਲ ਡੱਬੂਆਂ ਦੀ ਹੇੜ ਪੈਦਾ ਹੋਣੀ, ਮਜ਼ਦੂਰ ਯੂਨੀਅਨ ਦੇ ਵਿਕਾਊ ਨੇਤਾਵਾਂ ਵੱਲੋਂ ਮਾਲਿਕਾਂ ਨਾਲ ਗੰਢ-ਤੁਪ ਕਰਕੇ ਬੁੱਲ੍ਹੇ ਲੁੱਟਣੇ, ਮੁੱਠੀ ਭਰ ਬਾਗੀਆਂ ਦਾ ਮੁਕਾਬਲਾ ਬਣ ਜਾਣਾ, ਵਿੱਢੇ ਜੱਦੋ-ਜਹਿਦ ਅੱਧ ਵਿਚ ਹੀ ਖਿੰਡ ਜਾਣ ਦੀ ਤਰਾਸਦੀ, ਮਜ਼ਦੂਰਾਂ ਦਾ ਫਿਰ ਤੋਂ ਕੋਹਲੂ ਦਾ ਬੈਲ ਬਣਨ ਲਈ ਸਿਰ ਸੁੱਟ ਲੈਣਾ, ਚਾਰ ਛਿੱਲੜਾਂ ਜੇਬ ਵਿਚ ਆ ਜਾਣ ਨਾਲ ਆਪਣੀ ਔਕਾਤ ਨੂੰ ਭੁੱਲ ਕੇ ਹਉਮੈ ਦੀ ਪਹਾੜੀ ਚੜ੍ਹ ਬਹਿਣਾ, ਪੈਸੇ ਦੀ ਅੰਨ੍ਹੀ ਲਾਲਸਾ ਵਿਚ 'ਇਕ ਚੂੰਢੀ ਲੂਣ ਦੀ' ਵੀ ਨਾ ਖਾ ਸਕਣਾ, ਵਿਛੜੇ ਮਾਂ ਪੁੱਤ ਦੇ ਆਪਸੀ ਮਿਲਾਪ ਲਈ ਤਰਸੇਵਾਂ, ਧਰਮ ਸਥਾਨਾਂ ਉਤੇ ਸ਼ਾਹੂਕਾਰੀ ਦਾ ਦਬਦਬਾ, ਔਰਤ ਜਾਤੀ ਨੂੰ ਅਪਮਾਨਤ ਕਰਨ ਲਈ ਗ਼ਲਤ ਵਿਖਿਆਣ ਹੋਣੇ ਅਤੇ ਪਾਕਿ ਪਵਿੱਤਰ ਅਸਥਾਨਾਂ ਨੂੰ ਅੱਯਾਸ਼ੀ ਦੇ ਅੱਡੇ ਬਣ ਜਾਣੇ ਆਦਿ ਵਰਤਾਰਿਆਂ ਦੇ ਕੌੜੇ ਸੱਚ ਦੇ ਡੂੰਘੇ ਸ਼ਬਦੀ ਸਾਗਰ ਵਿਚੋਂ ਮੋਤੀਆਂ ਦੀ ਮਾਲਾ ਲੱਭ ਕੇ ਪਾਠਕਾਂ ਦੇ ਰੂਬਰੂ ਕਰਨ ਦੀ ਇਕ ਸਫਲ ਕੋਸ਼ਿਸ਼ ਹੈ ਇਹ ਨਾਵਲ 'ਇਕ ਚੂੰਢੀ ਲੂਣ ਦੀ।'
ਇਹ ਨਾਵਲ ਆਪਣੀ ਰੌਚਕ ਕਹਾਣੀ ਨਾਲ ਜਿਥੇ ਪਾਠਕਾਂ ਨੂੰ ਪੜ੍ਹਨ ਦੀ ਚੇਟਕ ਲਾਉਣ ਵਿਚ ਕਾਫੀ ਸਮਰੱਥਾ ਰੱਖਦਾ ਹੈ, ਉਥੇ ਆਪਣੀ ਖੇਤਰੀ (ਸ਼ਾਹਮੁਖੀ) ਸ਼ਬਦਾਵਲੀ (ਜਿਵੇਂ ਜਣਾ/ਮਰਦ, ਜਣੀ/ ਔਰਤ, ਬਾਜੀ/ਵੱਡੀ ਭੈਣ, ਮੰਮਨੀ/ਸੁਸਰੀ, ਕੰਡੋਰੀ/ਚੰਗੇਰ, ਚਾਈ/ਚੁੱਕੀ, ਇਹਤਰਾਮ/ਸਤਿਕਾਰ, ਵੰਞਣ/ਜਾਣ ਅਤੇ ਆਕਬਤ/ਪ੍ਰਲੋਕ ਆਦਿ ਨਾਲ) ਪੰਜਾਬੀ ਪਾਠਕ ਦੇ ਗਿਆਨ ਭੰਡਾਰ ਵਿਚ ਵਾਧਾ ਕਰਨ ਦੇ ਵੀ ਸਮਰੱਥ ਹੈ।

ਨਿਆਗਰਾ ਦੇ ਦੇਸ਼ ਵਿਚ
ਲੇਖਕ : ਸਲੀਮ ਪਾਸ਼ਾ
ਅਨੁਵਾਦਕ: ਰੋਜ਼ੀ ਸਿੰਘ
ਪ੍ਰਕਾਸ਼ਕ: ਕੋਲਾਜ਼ ਪ੍ਰਕਾਸ਼ਨ ,ਜਲੰਧਰ
ਮੁੱਲ :150 ਰੁਪਏ, ਸਫ਼ੇ : 126.

ਕੁਦਰਤ ਨੇ ਆਪਣੀ ਕਲਾ ਵਰਤਾਉਂਦਿਆਂ ਜਿਥੇ ਧਰਤੀ ਦੇ ਖਾਸ ਖੇਤਰਾਂ ਨੂੰ ਇਕ ਨਿਵੇਕਲੀ ਸੁਹਜ ਭਰੀ ਦਿੱਖ ਪ੍ਰਦਾਨ ਕੀਤੀ ਹੈ, ਉਥੇ ਮਨੁੱਖ ਨੇ ਵੀ ਆਪਣੇ ਉੱਦਮ ਹਿੰਮਤ ਨਾਲ ਅਜਿਹੇ ਖੇਤਰਾਂ ਨੂੰ ਇਕ ਸੁਪਨਈ ਜਗ੍ਹਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕੈਨੇਡਾ ਵੀ ਇਸੇ ਧਰਤੀ ਦਾ ਹੀ ਇਕ ਅਜਿਹਾ ਹਿੱਸਾ ਜਿਥੇ ਕੁਦਰਤੀ ਸੁਹਜ ਵੀ ਹੈ ਤੇ ਮਾਨਵੀ ਕਦਰਾਂ-ਕੀਮਤਾਂ ਨਾਲ ਮਾਲਾਮਾਲ ਕਾਇਦੇ ਕਾਨੂੰਨ ਲਾਗੂ ਹਨ। ਇਸ ਸਭ ਕੁਝ ਨੂੰ ਮਾਨਣ ਦੇ ਸਬੱਬ ਨੇ ਹੀ ਪਾਕਿਸਤਾਨੀ ਭਰਾ ਉਘੇ ਚਿਤਰਕਾਰ ਤੇ ਲੇਖਕ ਸਲੀਮ ਪਾਸ਼ਾ ਨੂੰ ਸਫਰਨਾਮਾ ਲਿਖਣ ਲਈ ਉਤਸ਼ਾਹ ਭਰਿਆ। ਸ਼ਾਹਮੁੱਖੀ ਵਿਚ ਲਿਖੇ ਇਸ ਸਫ਼ਰਨਾਮੇ ਨੂੰ ਰੋਜ਼ੀ ਸਿੰਘ ਨੇ ਪੰਜਾਬੀ (ਗੁਰਮੁਖੀ)ਵਿਚ ਅਨੁਵਾਦ ਕਰਕੇ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ ਹੈ।
ਸਲੀਮ ਪਾਸ਼ਾ ਨੇ ਆਪਣੀ ਕੈਨੇਡਾ ਫੇਰੀ ਦੀ ਹਰ ਬਰੀਕੀ ਨੂੰ ਇਸ ਵਿਧਾ/ਢੰਗ ਨਾਲ ਪੇਸ਼ ਕੀਤਾ ਕਿ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਸ਼ਬਦਾਂ ਦੇ ਕੰਧੇੜੇ ਚੜਕੇ ਜਿਵੇਂ ਖ਼ੁਦ ਹੀ ਕੈਨੇਡਾ ਵਿਚ ਜਾ ਲੱਥਾ ਹੋਵੇ ਤੇ ਉਥੋਂ ਦੀ ਆਬੋ-ਹਵਾ ਮਾਣ ਰਿਹਾ ਹੋਵੇ। ਪੰਜਾਬੀ ਬੋਲੀ ਦੇ ਦੇਸ਼ੀ ਵਿਦੇਸ਼ੀ ਖਿਦਮਤਦਾਰਾਂ ਡਾ.ਅਜ਼ਹਰ ਮਹਿਮੂਦ, ਡਾ: ਦਰਸ਼ਨ ਸਿੰਘ ਬੈਂਸ, ਅਜਾਇਬ ਸਿੰਘ ਚੱਠਾ, ਸੱਯਦ ਅਲੀ ਇਰਫ਼ਾਨ ਅਖ਼ਤਰ, ਇਕਬਾਲ ਫਰਹਾਦ, ਸ਼ੱਬੀਰ ਹੁਸੈਨ, ਰਵੀ ਸ਼ਰਮਾ, ਸੰਤੋਖ ਸਿੰਘ ਸੰਧੂ ਅਤੇ ਕੁਲਜੀਤ ਸਿੰਘ ਜੰਜੂਆ ਵੱਲੋਂ ਪੰਜਾਬੀ ਬੋਲੀ ਲਈ ਕੀਤੇ ਜਾਂਦੇ ਸੁਹਿਰਦ ਯਤਨਾਂ ਨੂੰ ਸਮਰਪਿਤ ਇਹ ਸਫ਼ਰਨਾਮਾ ਮਨੁੱਖੀ ਰਹਿਣੀ-ਬਹਿਣੀ, ਕਾਰ-ਵਿਹਾਰ ਤੇ ਸੁਭਾਅ ਦੇ ਵਖਰੇਵੇਂ ਨੂੰ ਵੀ ਉਜਾਗਰ ਕਰਦਾ ਹੈ।
ਪਾਸ਼ਾ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਹੈ ਕਿ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾਂਦੇ ਉਪਰਾਲੇ/ਕਾਨਫ਼ਰੰਸਾਂ ਅਦਬ ਦੇ ਆਰ-ਪਾਰ ਹੁੰਦੇ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਫਿਰਕੁਪਣੇ ਦੇ ਆਧਾਰਿਤ ਹੋਈ ਰਾਜਨੀਤਕ ਵੰਡ ਤੇ ਉਥਲ-ਪੁਥਲ ਨੇ ਪੰਜਾਬੀ ਬੋਲੀ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ। ਇਸ ਨੂੰ ਇਕ ਵਿਸ਼ੇਸ਼ ਫਿਰਕੇ ਨਾਲ ਜੋੜ ਕੇ ਦੂਜੇ ਫ਼ਿਰਕੇ ਵੱਲੋਂ ਬੇਲੋੜੀ ਨਫ਼ਰਤ ਭਰੀ ਨਿਗ੍ਹਾ ਨਾਲ ਹੀ ਵੇਖਿਆ ਜਾਂਦਾ ਹੈ। ਸ਼ਾਇਦ ਏਸੇ ਕਰਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਨਹੀਂ ਸਗੋਂ ਉਰਦੂ ਲਿਪੀ ਵਿਚ ਜਾਣੀ ਸ਼ਾਹਮੁੱਖੀ ਵਿਚ ਲਿਖਿਆ ਜਾ ਰਿਹਾ ਹੈ। ਜੇਕਰ ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਗੁਰਮੁਖੀ ਲਿਪੀ ਸਿੱਖਣ-ਸਿਖਾਉਣ ਦਾ ਉਪਰਾਲਾ ਕਰਨ ਤਾਂ ਇਹ ਉਨ੍ਹਾਂ ਵੱਲੋਂ ਪੰਜਾਬੀ ਦੀ ਸੇਵਾ ਲਈ ਇਕ ਹੋਰ ਮੀਲ ਪੱਥਰ ਸਾਬਤ ਹੋ ਸਕਦਾ ਹੈ ਤੇ ਨਾਲ ਹੀ ਪੰਜਾਬੀ ਬੋਲੀ ਫ਼ਿਰਕੂਪੁਣੇ ਦੇ ਗ੍ਰਹਿਣ ਤੋਂ ਮੁਕਤ ਹੋਕੇ ਸੱਚੀਂ-ਮੁਚੀਂ ਪੰਜਾਬੀਆਂ ਦੀ ਮਾਣਮੱਤੀ ਬੋਲੀ ਬਣ ਸਕੇਗੀ।
ਲੇਖਕ ਪਾਸ਼ਾ ਨੇ ਦੇਸ਼ ਦੀ ਹੋਈ ਫ਼ਿਰਕੂ ਵੰਡ ਉਤੇ ਇਸ ਤਰ੍ਹਾਂ ਹਾਅ ਦਾ ਨਾਅਰਾ ਮਾਰਿਆ ਹੈ :
'ਇਕ ਧਰਤੀ ਵਰਗੀ ਮਾਂ ਸੀ,
ਜਿਸ ਦੀ ਪੁੱਤਰਾਂ ਵੰਡੀ ਛਾਂ ਸੀ।'

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

 

22-9-2013

 ਦਲਿਤ ਚਿੰਤਨ : ਮਾਰਕਸੀ ਪਰਿਪੇਖ
ਸੰਪਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁਕਸ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 182.

ਅਜੋਕੇ ਪੰਜਾਬੀ ਮਾਰਕਸਵਾਦੀ ਚਿੰਤਕਾਂ ਵਿਚ ਡਾ: ਭੀਮ ਇੰਦਰ ਆਪਣੀ ਪ੍ਰਤਿਬੱਧਤਾ, ਸਪੱਸ਼ਟ ਦ੍ਰਿਸ਼ਟੀ ਤੇ ਬੇਬਾਕ ਅਭਿਵਿਅਕਤੀ ਹੀ ਨਹੀਂ, ਸੋਚ ਤੇ ਵਿਹਾਰ ਵਿਚ ਸੁਮੇਲ ਕਾਰਨ ਵੱਖਰੀ ਪਛਾਣ ਦਾ ਅਧਿਕਾਰੀ ਹੈ। ਮਨ ਹੋਰ ਮੁੱਖ ਹੋਰ ਨਹੀਂ। ਕਥਨੀ ਕਰਨੀ ਵਿਚ ਪਾੜਾ ਨਹੀਂ। ਕਿਸੇ ਵੀ ਵਿਸ਼ੇ ਉਤੇ ਉਹ ਕਦੇ ਵੀ ਲਿਖੇ, ਉਹ ਆਪਣੇ ਸਿਧਾਂਤਕ ਮਾਰਕਸਵਾਦੀ ਆਧਾਰ ਤੋਂ ਥਿੜਕਦਾ ਨਹੀਂ। ਦਲਿਤ ਚਿੰਤਨ ਵਿਚ ਦਲਿਤ ਸਰੋਕਾਰਾਂ ਬਾਰੇ ਉਸ ਦੁਆਰਾ ਸੰਪਾਦਿਤ ਕੀਤੇ ਤੇਰਾਂ ਨਿਬੰਧ ਹਨ ਅਤੇ ਇਹ ਸਾਰੇ ਇਸੇ ਵਿਚਾਰਧਾਰਾਈ ਆਧਾਰ ਨਾਲ ਜੁੜੇ ਹੋਏ ਹਨ।
ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਨਿਬੰਧ ਹਨ, ਉਹ ਹਨ : ਡਾ: ਕੇਸਰ ਸਿੰਘ ਕੇਸਰ, ਡਾ: ਸਰਬਜੀਤ ਸਿੰਘ, ਡਾ: ਰੌਣਕੀ ਰਾਮ, ਡਾ: ਜਗਬੀਰ ਸਿੰਘ, ਡਾ: ਟੀ.ਆਰ. ਵਿਨੋਦ, ਡਾ: ਸੁਰਜੀਤ ਸਿੰਘ ਭੱਟੀ, ਹਰਵਿੰਦਰ ਭੰਡਾਲ, ਤਸਕੀਨ, ਸ਼ਬਦੀਸ਼, ਦਰਸ਼ਨ ਖਟਕੜ, ਤਰਲੋਚਨ ਸਿੰਘ ਅਤੇ ਇਸ ਪੁਸਤਕ ਦਾ ਸੰਪਾਦਕ ਆਪ। ਡਾ: ਕੇਸਰ ਨੇ ਦਲਿਤ ਸੰਕਲਪ ਤੇ ਸਾਹਿਤ ਨੂੰ ਪਰਿਭਾਸ਼ਤ ਕਰਦੇ ਹੋਏ ਇਸ ਦੀ ਇਤਿਹਾਸ ਰੇਖਾ ਉਲੀਕੀ ਹੈ। ਖਟਕੜ ਨੇ ਜਾਤ ਤੇ ਜਮਾਤ ਦਾ ਦਲਿਤ ਸੰਦਰਭ ਸਿਰਜਿਆ ਹੈ। ਇਹੀ ਸਿਧਾਂਤਕ ਸੰਦਰਭ ਰਤਾ ਸਪੱਸ਼ਟ ਤਕਨੀਕੀ ਸ਼ਬਦਾਵਲੀ ਨਾਲ ਭੀਮ ਇੰਦਰ ਨੇ ਪੇਸ਼ ਕੀਤਾ ਹੈ। ਡਾ: ਸਰਬਜੀਤ ਦਲਿਤ ਦੇ ਜਾਤ/ਜਮਾਤ ਬਾਰੇ ਉਕਤ ਦ੍ਰਿਸ਼ਟੀ ਦੇ ਨਾਲ ਹੋਰ ਸਾਹਿਤਕ ਮਸਲੇ ਵੀ ਆਪਣੇ ਨਿਬੰਧ ਵਿਚ ਛੇੜਦਾ ਹੈ। ਡਾ: ਰੌਣਕੀ ਰਾਮ ਇਸ ਪ੍ਰਸੰਗ ਵਿਚ ਰਤਾ ਕੁ ਆਦਿ ਧਰਮੀ ਲਹਿਰ ਤੇ ਸਿੱਖ ਧਰਮ ਦੇ ਇਸ ਮਸਲੇ ਨਾਲ ਜੁੜੇ ਸਰੋਕਾਰਾਂ ਦੀ ਚਰਚਾ ਕਰਦਾ ਹੈ। ਡਾ: ਜਗਬੀਰ ਸਿੰਘ ਦਲਿਤ ਚੇਤਨਾ ਨੂੰ ਗੁਰਬਾਣੀ ਦੇ ਪ੍ਰਸੰਗ ਵਿਚ ਵਿਸ਼ਲੇਸ਼ਿਤ ਕਰਦਾ ਹੈ। ਪੰਜਾਬੀ ਕਹਾਣੀ ਤੇ ਨਾਵਲ ਵਿਚ ਦਲਿਤ ਚੇਤਨਾ ਬਾਰੇ ਡਾ: ਭੀਮ ਇੰਦਰ ਤੇ ਡਾ: ਵਿਨੋਦ ਨੇ ਵਿਹਾਰਕ ਅਧਿਐਨ ਪੇਸ਼ ਕੀਤੇ ਹਨ। ਸ਼ਬਦੀਸ਼ ਇਸਤਰੀ ਤੇ ਦਲਿਤ ਚਿੰਤਨ ਦੋਵਾਂ ਦੀ ਹਾਸ਼ੀਆਗਤ ਹੋਂਦ ਦੀ ਗੱਲ ਕਰਦਾ ਹੈ। ਤਸਕੀਨ ਇਸ ਮਸਲੇ ਨੂੰ ਬਸਤੀਵਾਦ ਨਾਲ ਜੋੜ ਕੇ ਵਿਸ਼ਲੇਸ਼ਿਤ ਕਰਦਾ ਹੈ।
ਪੁਸਤਕ ਦੀ ਸਮੁੱਚੀ ਦ੍ਰਿਸ਼ਟੀ ਇਹ ਬਣਦੀ ਹੈ ਕਿ ਦਲਿਤ ਲੇਖਕ ਕੇਵਲ ਦਲਿਤ ਲੇਖਕਾਂ ਦਾ ਰੁਦਨ ਨਹੀਂ। ਇਹ ਉਨ੍ਹਾਂ ਤੱਕ ਸੀਮਤ ਵੀ ਨਹੀਂ ਕਰਨਾ ਚਾਹੀਦਾ। ਭਾਰਤ ਵਿਚ ਜਾਤ-ਪਾਤ ਪ੍ਰਬੰਧ ਦੀ ਦਲਿਤ ਪ੍ਰਤੀ ਗ਼ਲਤ ਸੋਚ/ਪ੍ਰਭਾਵ ਤੋਂ ਮੁਕਤੀ ਲਈ ਜਾਤ ਦੀ ਥਾਂ ਵਰਗ ਸੰਘਰਸ਼ ਵੱਲ ਅਤੇ ਆਰਥਿਕ ਮਸਲੇ ਵੱਲ ਮੁੜਨ ਦੀ ਲੋੜ ਹੈ।

ਪੰਜਾਬੀ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰ
ਲੇਖਕ : ਡਾ: ਜਸਵੰਤ ਰਾਏ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 540 ਰੁਪਏ, ਸਫ਼ੇ : 312.

ਡਾ: ਜਸਵੰਤ ਰਾਏ ਰਚਿਤ ਇਹ ਪੁਸਤਕ ਲੇਖਕ ਦਾ ਡਾਕਟਰੇਟ ਦੀ ਡਿਗਰੀ ਲਈ ਲਿਖਿਆ ਖੋਜ ਪ੍ਰਬੰਧ ਹੈ। ਇਸ ਵਿਚ ਦੁਆਬੇ ਦੀਆਂ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਵਿਸ਼ਲੇਸ਼ਣ ਪੇਸ਼ ਹੈ। ਲੋਕ ਕਥਾਵਾਂ ਆਂਚਲਿਕ ਹੁੰਦੀਆਂ ਹਨ। ਇਨ੍ਹਾਂ ਦਾ ਮੌਲਿਕ ਉਚਾਰ ਖੇਤਰੀ ਸਰੋਕਾਰਾਂ ਨਾਲ ਜੁੜਿਆ ਰਹਿੰਦਾ ਹੈ। ਬਿਰਤਾਂਤ ਸ਼ਾਸਤਰ ਦੇ ਆਧਾਰ 'ਤੇ ਇਨ੍ਹਾਂ ਲੋਕ ਕਥਾਵਾਂ ਦੇ ਅਧਿਐਨ ਨਾਲ ਇਨ੍ਹਾਂ ਦੀਆਂ ਸਿਰਜਨ ਜੁਗਤਾਂ, ਸਾਮੱਗਰੀ ਅਤੇ ਵਿਚਾਰਧਾਰਾਈ ਵੱਥ ਨੂੰ ਗਹਿਰਾਈ ਨਾਲ ਸਮਝਣਾ ਸੰਭਵ ਹੋਇਆ ਹੈ।
ਲੇਖਕ ਨੇ ਆਪਣਾ ਅਧਿਐਨ ਦੁਆਬੇ ਦੇ ਭੂਗੋਲ, ਇਤਿਹਾਸ ਤੇ ਸੱਭਿਆਚਾਰ ਦੀ ਸੰਖੇਪ ਜਾਣ-ਪਛਾਣ ਨਾਲ ਅਰੰਭ ਕੀਤਾ ਹੈ। ਇਸ ਉਪਰੰਤ ਉਸ ਨੇ ਲੋਕ ਧਾਰਾ ਦੀ ਪਰਿਭਾਸ਼ਾ ਦਿੰਦੇ ਹੋਏ ਲੋਕ ਕਥਾ ਦਾ ਕਾਵਿ-ਸ਼ਾਸਤਰ ਸਿਰਜਿਆ ਹੈ। ਪੁਸਤਕ ਦਾ ਚੌਥਾ ਅਧਿਆਇ ਲੋਕਾਂ ਦੀ ਜੀਵਨ ਦ੍ਰਿਸ਼ਟੀ ਅਤੇ ਬਿਰਤਾਂਤ ਦੇ ਪਰਸਪਰ ਸਬੰਧਾਂ ਨੂੰ ਸਮਝਣ ਦਾ ਯਤਨ ਹੈ। ਲੋਕ ਕਥਾ ਵਿਚ ਪਾਤਰਾਂ ਦੀ ਸਿਰਜਣਾ ਖੋਜ ਪ੍ਰਾਜੈਕਟ ਦਾ ਅਗਲਾ ਪੜਾਅ ਹੈ। ਛੇਵੇਂ ਅਧਿਆਇ ਵਿਚ ਲੋਕ ਕਥਾ ਵਿਚ ਘਟਨਾ ਪ੍ਰਬੰਧ ਦਾ ਵਿਸ਼ਲੇਸ਼ਣ ਹੈ। ਸਤਵੇਂ ਅਧਿਆਇ ਵਿਚ ਖੋਜਾਰਥੀ ਨੇ ਸਮੇਂ ਸਥਾਨ ਅਤੇ ਫੋਕਸੀਕਰਨ ਦੇ ਬਿਰਤਾਂਤ ਸ਼ਾਸਤਰੀ ਸੰਕਲਪਾਂ ਦੀ ਵਰਤੋਂ ਨਾਲ ਲੋਕ ਕਥਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਕਾਰਜ ਦੇ ਅੰਤਿਮ ਚਰਨ ਵਿਚ ਦੁਆਬੇ ਦੀਆਂ ਦਸ ਲੋਕ ਕਥਾਵਾਂ ਦਾ ਨਿਕਟ ਅਧਿਐਨ ਕੀਤਾ ਗਿਆ ਹੈ।
ਖੋਜਾਰਥੀ ਨੇ ਇਸ ਅਧਿਐਨ ਦਾ ਆਧਾਰ ਫੀਲਡ ਵਰਕ ਨੂੰ ਬਣਾਇਆ ਹੈ। ਲੋਕ ਕਥਾਵਾਂ ਮਿਹਨਤ ਨਾਲ ਰਿਕਾਰਡ ਕੀਤੀਆਂ ਹਨ। ਲੋਕਧਾਰਾ ਦੀ ਮੁੱਖ ਵੰਨਗੀ ਹੈ ਲੋਕ ਕਥਾ। ਇਸ ਨੂੰ ਲੇਖਕ ਨੇ ਮਿਥ ਦੰਦ ਕਥਾ ਤੇ ਲੋਕ ਕਹਾਣੀ ਦੇ ਤਿੰਨ ਵਰਗਾਂ ਵਿਚ ਵੰਡਿਆ ਹੈ। ਸਿਧਾਂਤਕ ਪੱਧਰ 'ਤੇ ਲੇਖਕ ਨੇ ਪ੍ਰਾਪ, ਰੋਲਾਂ ਬਾਰਤ, ਤੋਦੋਰੋਵ, ਪ੍ਰਿੰਸ ਤੇ ਮੀਕਬਲ ਦੇ ਬਿਰਤਾਂਤ ਸ਼ਾਸਤਰ ਦੇ ਕਾਰਜ ਨੂੰ ਬਾਰੀਕੀ ਨਾਲ ਸਮਝਣ ਤੇ ਵਰਤਣ ਦਾ ਉਪਰਾਲਾ ਕੀਤਾ ਹੈ। ਪਾਤਰਾਂ ਦੀ ਪ੍ਰਕਾਰਜ ਦੇ ਆਧਾਰ 'ਤੇ ਪ੍ਰਾਪ ਦੁਆਰਾ ਕੀਤੀ ਵਰਗ ਵੰਡ ਅਤੇ ਮੀਕਬਲ ਦਾ ਪਾਤਰ-ਚਰਿਤਰਾਂ ਦੀ ਬਿੰਬ ਸਿਰਜਣਾ ਦਾ ਖੋਜਾਰਥੀ ਦਾ ਅਧਿਐਨ ਸਰਲ ਤੇ ਪ੍ਰਭਾਵਸ਼ਾਲੀ ਹੈ। ਘਟਨਾਵਾਂ ਦੀ ਸਮਾਂ ਸੀਮਾ, ਰਫ਼ਤਾਰ, ਵਿਸਤਾਰ, ਸੰਖੇਪਤਾ, ਅਟਕਾਓ ਆਦਿ ਜੁਗਤਾਂ ਦਾ ਕਥਾ ਉਤੇ ਪ੍ਰਭਾਵ ਵੇਖਣਾ ਬਿਰਤਾਂਤ ਸ਼ਾਸਤਰ ਦੀ ਵੱਡੀ ਪ੍ਰਾਪਤੀ ਹੈ। ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਅਧਿਐਨ ਇਨ੍ਹਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਯੋਗ ਬਣਾਉਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਆਸ ਨਿਰਾਸੀ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 192.

ਡਾ: ਅਮਰਜੀਤ ਸਿੰਘ ਕਿਸੇ ਵਿਸ਼ੇਸ਼ ਜਾਣਕਾਰੀ ਦੇ ਮੁਥਾਜ ਨਹੀਂ ਕਿਉਂਕਿ ਉਨ੍ਹਾਂ ਨੇ 1964 ਤੋਂ ਲੈ ਕੇ ਹੁਣ ਤੱਕ ਕਈ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਨਾਵਲ (23) ਤੇ ਵਾਰਤਕ ਪੁਸਤਕਾਂ ਨਾਲ ਸਾਹਿਤ ਦੇ ਖਜ਼ਾਨੇ ਨੂੰ ਮਾਲਾਮਾਲ ਕੀਤਾ ਹੈ।
ਇਹ ਤਿੰਨ ਲੜੀਆ ਨਾਵਲ ਹੈ, ਜਿਨ੍ਹਾਂ ਵਿਚਲੇ ਵੇਰਵੇ ਤਾਂ ਭਾਵੇਂ ਬਦਲ ਗਏ ਹਨ ਪਰ ਘਟਨਾਵਾਂ ਤੇ ਪਾਤਰਾਂ ਦਾ ਸਿਧਾਂਤਕ ਪੈਂਤੜਾ ਕਾਇਮ ਹੈ। ਨਾਵਲ ਮੱਧ ਵਰਗ ਦੇ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਘਟਨਾਵਾਂ ਤੇ ਪਾਤਰ ਉਸੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ। ਮੁੱਖ ਪਾਤਰ ਪੰਡਿਤ ਤੇ ਰਤਨ ਸਿੰਘ ਨਕਸਲੀ ਲਹਿਰ ਤੇ ਮਾਰਕਸਵਾਦੀ ਵਿਚਾਰ ਦੇ ਧਾਰਨੀ ਹਨ ਤੇ ਖੁੱਲ੍ਹ ਕੇ ਲਹਿਰ ਦਾ ਹਿੱਸਾ ਬਣਦੇ ਹਨ। ਇਕ ਹੋਰ ਪਾਤਰ ਪ੍ਰੋ: ਸੰਧੂ ਖੁੱਲ੍ਹ ਕੇ ਸਾਹਮਣੇ ਆਉਣ ਦੀ ਬਜਾਏ ਪਿੱਛੇ ਰਹਿ ਕੇ ਇਸ ਵਿਚਾਰਧਾਰਾ ਦਾ ਪ੍ਰਚਾਰ ਸਾਹਿਤ ਦੇ ਮਾਧਿਅਮ ਰਾਹੀਂ ਕਰਦਾ ਹੈ। ਇਸ ਦਾ ਕਾਰਨ ਸੀ ਸਰਕਾਰੀ ਨੌਕਰੀ ਦੇ ਖੁਸ ਜਾਣ ਦਾ ਖਦਸ਼ਾ। ਇਸ ਦੇ ਨਾਲ-ਨਾਲ ਲੇਖਕ ਨੇ ਯੂਰਪ ਵਿਚ ਜ਼ੋਰ ਫੜ ਰਹੀ ਲਹਿਰ ਵਿਦਿਆਰਥੀ ਲਹਿਰ ਦਾ ਵੀ ਖੁਲਾਸਾ ਕੀਤਾ ਹੈ।
ਪਾਤਰ ਰਤਨ ਸਿੰਘ ਦਾ ਭੇਸ ਬਦਲਣਾ ਉਸ ਦੀ ਮਾਨਸਿਕਤਾ, ਡਰ ਭੈ ਤੇ ਭਾਂਜਵਾਦ ਮਨ ਵਿਚ ਉਠਦੇ ਵਿਚਾਰਾਂ ਨੂੰ ਉਭਾਰਿਆ ਹੈ। ਕਿਸੇ ਵੀ ਵੱਡੇ ਇਨਕਲਾਬ ਲਈ ਨੌਜਵਾਨ ਇਨਕਲਾਬੀਆਂ ਦੀ ਲੋੜ ਹੁੰਦੀ ਹੈ, ਜੋਸ਼, ਨਿਡਰਤਾ ਤੇ ਹੌਸਲਾ ਉਨ੍ਹਾਂ ਦਾ ਵੱਡਾ ਹਥਿਆਰ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਭਗਤਾਂ ਤੇ ਇਨਕਲਾਬੀਆਂ ਉਤੇ ਪੁਲਿਸ ਦੇ ਜਬਰ, ਜ਼ੁਲਮ ਦੀ ਇੰਤਹਾ, ਧੜੇਬੰਦੀ, ਰਿਸ਼ਤੇਦਾਰਾਂ ਉਤੇ ਵੀ ਜ਼ੁਲਮ ਤੇ ਤਸ਼ੱਦਦ ਨੂੰ ਪੇਸ਼ ਕੀਤਾ ਗਿਆ ਹੈ। ਨਾਵਲਕਾਰ ਨੇ ਇਨਕਲਾਬੀ ਕਵਿਤਾਵਾਂ ਨੂੰ ਵੀ ਜੋਸ਼ ਦਾ ਹਥਿਆਰ ਬਣਾਇਆ ਹੈ, ਜੋ ਹਕੀਕਤ ਹੈ, ਉਸ ਨੇ ਮਾਓ ਦੀਆਂ ਨੀਤੀਆਂ ਦੀ ਗੱਲ ਕੀਤੀ ਹੈ, ਜ਼ਿੰਦਗੀ ਦੀ ਕਸ਼ਮਕਸ਼ ਨੂੰ ਪੇਸ਼ ਕੀਤਾ ਹੈ, ਪਤੀ-ਪਤਨੀ ਵਿਚਾਲੇ ਸ਼ਕ ਸ਼ੁਬਹ, ਦੁਪਾਸੀ ਸ਼ੰਕਾ ਵਿਸ਼ੇ ਨੂੰ ਵੀ ਛੂਹਿਆ ਹੈ, ਕਿਵੇਂ ਕਵਿਤਰੀਆਂ ਵੀ ਸ਼ਰਾਬ ਪੀਂਦੀਆਂ ਤੇ ਖੁੱਲ੍ਹ ਕੇ ਵਿਚਰਦੀਆਂ ਹਨ, ਉਨ੍ਹਾਂ ਦੇ ਹਾਲਾਤ ਤੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਨਾਵਲ ਦਾ ਹਿੱਸਾ ਬਣੀਆਂ ਹਨ। ਇਹ ਨਾਵਲ ਕੇਵਲ ਗ਼ਦਰ ਲਹਿਰ ਜਾਂ ਨਕਸਲੀ ਤੇ ਮਾਰਕਸਵਾਦੀ ਲਹਿਰ ਕਾਲ ਹੀ ਨਹੀਂ, ਸਗੋਂ 1984 ਵਿਚ ਹੋਏ ਦੰਗਿਆਂ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ, ਉਸ ਦੇ ਕਾਰਨਾਂ ਤੇ ਸਿੱਟਿਆਂ ਉਤੇ ਚਾਨਣਾ ਪਾਇਆ ਗਿਆ ਹੈ। ਸਾਹਿਤ ਦੀ ਗੱਲ ਕੀਤੀ ਹੈ ਨਾਨਕ ਸਿੰਘ, ਗੁਰਦਿਆਲ ਸਿੰਘ ਤੇ ਪ੍ਰੇਮ ਪ੍ਰਕਾਸ਼ ਸਿੰਘ ਦੇ ਨਾਵਲਾਂ ਦੀ ਆਪਸ ਵਿਚ ਸੋਚ ਤੇ ਭਿੰਨਤਾ ਨੂੰ ਚਿਤਰਿਆ ਹੈ ਪਾਤਰਾਂ ਦੇ ਆਪਸੀ ਵਾਰਤਾਲਾਪ ਰਾਹੀਂ ਕਵਿਤਾ, ਕਹਾਣੀ ਨਾਵਲ ਤੇ ਸਫ਼ਰਨਾਮਿਆਂ ਬਾਰੇ ਉਨ੍ਹਾਂ ਦੀ ਸੋਚਣੀ ਤੇ ਵਿਚਾਰਧਾਰਾ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਨਾਵਲ ਵਿਚ ਰੁਮਾਂਸ ਤੇ ਕਹਾਣੀ ਵੀ ਨਾਲ-ਨਾਲ ਚਲਦੀ ਹੈ ਪਰ ਮੁੱਖ ਤੌਰ 'ਤੇ ਲਹਿਰਾਂ ਨੂੰ ਹੀ ਪੇਸ਼ ਕੀਤਾ ਹੈ ਤੇ ਇਨ੍ਹਾਂ ਦੇ ਪਏ ਪ੍ਰਭਾਵ ਵੀ ਸਪੱਸ਼ਟ ਹੁੰਦੇ ਹਨ। ਨਾਵਲ ਦੇ ਪਾਤਰ, ਵਾਰਤਾਲਾਪ, ਕਹਾਣੀ ਰਸ ਤੇ ਵਿਚਾਰਧਾਰਾ ਬੜੇ ਹੀ ਸੁਚੱਜੇ ਢੰਗ ਨਾਲ ਉਸਾਰੇ, ਗੁੰਦੇ ਤੇ ਪੇਸ਼ ਕੀਤੇ ਗਏ ਹਨ। ਮੁੱਖ ਤੌਰ 'ਤੇ ਪਾਤਰਾਂ ਦੀ ਅਗਾਂਹਵਧੂ ਸੋਚ ਨੂੰ ਉਬਾਰਨ ਦਾ ਯਤਨ ਹੈ।

ਕੂੜ ਅਮਾਵਸ
ਲੇਖਕ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

ਵਿਲੱਖਣ ਢੰਗ ਨਾਲ ਲਿਖਿਆ ਨਾਵਲ ਆਪਣੇ ਅੰਦਰ ਅਨੇਕਾਂ ਵਿਸ਼ੇ ਸਮੋਈ ਬੈਠਾ ਹੈ ਜੋ ਸਮਾਜਿਕ ਸਰੋਕਾਰਾਂ, ਨਿੱਜੀ ਜੀਵਨ ਤੇ ਕੌੜਾ ਯਥਾਰਥ ਨਾਲ ਸਬੰਧਤ ਹਨ। ਮੁਢਲੇ ਪੰਨਿਆਂ ਵਿਚ ਹੀ ਕੈਂਸਰ ਵਰਗੀ ਲਾਇਲਾਜ ਬਿਮਾਰੀ ਬਾਰੇ ਦੱਸ ਕੇ ਇਸ ਦੇ ਸ਼ਿਕਾਰ ਹੋਏ ਪਾਤਰ ਤੇ ਪਰਿਵਾਰ ਦੀ ਮਾਨਸਿਕ ਅਵਸਥਾ ਨੂੰ ਚਿਤਰਿਆ ਹੈ। ਪਿੰਡ ਵਾਲਿਆਂ ਦਾ ਆਪਸੀ ਮੋਹ ਪਿਆਰ, ਕਿਸਾਨ ਦਾ ਧਰਤੀ ਤੇ ਬਲਦ ਨਾਲ ਪਿਆਰ, ਸਾਡਾ ਵਿਗੜਿਆ ਹੋਇਆ ਸਮਾਜਿਕ ਸਿਸਟਮ, ਵਿਦਿਅਕ ਢਾਂਚੇ ਵਿਚ ਕਮੀਆਂ ਪੇਸ਼ੀਆਂ ਜਿਹੇ ਵਿਸ਼ੇ ਲੇਖਕ ਦੇ ਮਨ ਵਿਚ ਮਚਾਉਂਦੀ ਉਥਲ-ਪੁਥਲ ਨੂੰ ਪ੍ਰਗਟ ਕਰਦੇ ਹਨ। ਅੱਤਵਾਦ ਦੇ ਸਮੇਂ ਦੌਰਾਨ ਜੋ ਕੁਝ ਵਾਪਰਿਆ, ਉਹ ਕਿਸੇ ਤੋਂ ਭੁੱਲਿਆ ਨਹੀਂ, ਪਰ ਜੋ ਅੱਤ ਪੁਲਿਸ ਨੇ ਚੁੱਕੀ ਝੂਠੇ ਮੁਕਾਬਲਿਆਂ ਵਿਚ ਨੌਜਵਾਨ ਮਰਵਾ ਕੇ ਤਗਮੇ ਲੈਣੇ ਇਹ ਵੀ ਚਿੱਟਾ ਸੱਚ ਹੈ। ਕਿਹਾ ਜਾਂਦਾ ਸੀ ਕਿ ਸਰਹੱਦਾਂ ਦੇ ਨਾਲ ਲਗਦੇ ਪਿੰਡਾਂ ਵਿਚੋਂ ਸਾਲਾਂਬੱਧੀ ਕੋਈ ਬਾਰਾਤ ਨਹੀਂ ਜਾਏਗੀ ਤੇ ਹੋਇਆ ਵੀ ਇਹੀ ਕੁਝ ਜਿਸ ਦਾ ਵਰਨਣ ਹੇਅਰ ਨੇ ਬਾਖੂਬੀ (ਪੰਨਾ 25-26) ਕੀਤਾ ਹੈ। ਉਸ ਨੇ 1984 ਦੇ ਦੰਗਿਆਂ ਬਾਰੇ ਵੀ ਪਾਤਰਾਂ ਦੇ ਮੂੰਹੋਂ ਢੁਕਵਾਂ ਵਾਰਤਾਲਾਪ ਕਰਵਾਇਆ ਹੈ।
ਏਨਾ ਹੀ ਨਹੀਂ, ਲੇਖਕ ਨੇ ਔਰਤ ਲਈ ਮਰਦ ਦੀ ਭੁੱਖ ਤੇ ਔਰਤ ਦੀ ਮਾਨਸਿਕਤਾ ਨੂੰ ਵੀ ਉਲੀਕਿਆ ਹੈ। ਧਾਰਮਿਕ ਸਥਾਨਾਂ ਵਿਚ ਮਾੜੇ ਅਨਸਰਾਂ ਦੀ ਹੋਂਦ, ਗੋਲਕ ਵਿਚੋਂ ਪੈਸੇ ਕਢਣੇ ਤੇ ਸਾਰਿਆਂ ਦਾ ਰਲ-ਮਿਲ ਕੇ ਖਾਣਾ (38-40), ਧਾਰਮਿਕ ਸਥਾਨਾਂ ਲਈ ਲੋਕ ਲੱਖਾਂ ਰੁਪਏ ਦਿੰਦੇ ਹਨ ਪਰ ਲੋੜਵੰਦਾਂ ਤੱਕ ਨਹੀਂ ਪੁੱਜਦਾ, ਗੁਰਦੁਆਰਿਆਂ ਵਿਚ ਚੋਣਾਂ ਦੌਰਾਨ ਹੱਥੋ-ਪਾਈ ਤੱਕ ਨੌਬਤ ਆਉਣੀ, ਬੱਚਿਆਂ ਦੀ ਧਰਮ ਤੋਂ ਗਿਰਾਵਟ, ਸਿੱਖ ਪੰਥ ਵਿਚ ਆ ਰਹੀ ਗਿਰਾਵਟ, ਚੋਣਾਂ ਵਿਚ ਧਾਂਦਲੀਆਂ, ਅੱਜ ਦੀ ਜੰਗ ਪਿਸਤੌਲਾਂ ਦੀ ਜੰਗ ਇਕ ਵਿਅੰਗ (143-151), ਰਿਫਿਊਜੀਆਂ ਦਾ ਮੰਦਾ ਹਾਲ, ਗੰਦੀ ਰਾਜਨੀਤੀ ਜੋ ਧਾਰਮਿਕ ਸਥਾਨਾਂ ਵਿਚ ਵੀ ਆ ਵੜੀ ਹੈ ਪੈਸੇ ਤੇ ਸ਼ਰਾਬ ਦੀ ਖੇਡ ਅਰਥਾਤ ਹਰ ਵਿਸ਼ੇ ਨੂੰ ਲੇਖਕ ਨੇ ਬਾਖੂਬੀ ਵਿਅੰਗ ਰੂਪ ਵਿਚ ਚਿਤਰਿਆ ਹੈ।
ਹਰਨੇਕ ਸਿੰਘ ਨੇ ਭਾਸ਼ਾ, ਪਾਤਰਾਂ ਦੀ ਢੁਕਵੀਂ ਵਾਰਤਾਲਾਪ, ਕਹਾਣੀ ਦੀ ਉਸਾਰੀ ਤੇ ਰਸ ਨੂੰ ਸੁਚੱਜੇ ਢੰਗ ਨਾਲ ਕਾਇਮ ਰੱਖਿਆ ਹੈ ਤੇ ਨਾਵਲ ਵਿਚਲੀਆਂ ਘਟਨਾਵਾਂ ਜੋ ਕੂੜ ਅਮਾਵਸ ਦੇ ਰੂਪ ਵਿਚ ਉਲੀਕੀਆਂ ਹਨ, ਅਜੋਕੇ ਸਮਾਜ ਦਾ ਕੌੜਾ ਯਥਾਰਥ ਹੈ, ਜਿਨ੍ਹਾਂ ਤੋਂ ਪਰਦਾ ਚੁੱਕਣ ਲੱਗਿਆਂ ਗੁਰੇਜ਼ ਨਹੀਂ ਕੀਤਾ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਕਵਿਤਾ ਮੇਰੇ ਨਾਲ ਨਾਲ
ਲੇਖਕ : ਡਾ: ਰਵਿੰਦਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 508.

ਡਾ: ਰਵਿੰਦਰ ਆਪਣੀ ਸਮੁੱਚੀ ਸ਼ਾਇਰੀ ਦੀ ਪੁਸਤਕ ਲੈ ਕੇ ਪਾਠਕਾਂ ਸਨਮੁੱਖ ਹੈ। ਉਸ ਦੀਆਂ ਅੱਧੀ ਦਰਜਨ ਕਾਵਿ-ਪੁਸਤਕਾਂ ਇਕ ਜਿਲਦ ਵਿਚ ਪੇਸ਼ ਹੋਈਆਂ ਹਨ। ਉਸ ਵਿਚ ਕੁਝ ਕਵਿਤਾਵਾਂ ਪੰਜਾਬ ਦੇ ਮਾਹੌਲ ਨੂੰ ਸੰਕੇਤਿਕ ਢੰਗ ਨਾਲ ਛੂਹੰਦੀਆਂ ਹਨ-
ਬਸਤੀ ਡਰਦੀ ਹੈ, ਉਡੀਕ 'ਚ ਪੱਥਰ ਹੋ ਰਹੀਆਂ, ਮਾਂ ਦੀਆਂ ਅੱਖਾਂ ਤੋਂ,
ਤੜਕ ਸਾਰ ਬੂਹੇ 'ਤੇ ਹੁੰਦੀ ਦਸਤਕ ਤੋਂ, ਗਲੀਆਂ 'ਚ ਫਿਰਦੇ,
ਬੇਵਰਦੀ ਤੇ ਬਾਵਰਦੀ ਪਰਛਾਵਿਆਂ ਤੋਂ, ਬਸਤੀ ਡਰਦੀ ਹੈ,
ਸੰਖਾਂ ਘੰਟੀਆਂ ਆਜ਼ਾਨਾਂ ਤੋਂ ਕਤਲਗਾਹਾਂ ਸ਼ਮਸ਼ਾਨਾਂ ਤੋਂ।
(ਪੰਨਾ 128)
ਡਾ: ਰਵਿੰਦਰ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਜ਼ਿੰਦਗੀ ਦੇ ਸੁਹਿਰਦ ਪਲਾਂ ਨੂੰ ਆਪਣੀ ਕਲਾਤਮਕ ਸੂਝ ਨਾਲ ਬਿਆਨ ਕਰਦੀ ਹੈ। ਲੜਕੀਆਂ ਬਾਰੇ ਉਸ ਦੀਆਂ ਕੁਝ ਖੂਬਸੂਰਤ ਕਵਿਤਾਵਾਂ ਵਿਸ਼ੇਸ਼ ਧਿਆਨ ਦਾ ਕੇਂਦਰ ਬਣਦੀਆਂ ਹਨ-
ਇੰਝ ਦੀਆਂ ਵੀ ਹੁੰਦੀਆਂ ਨੇ ਧੀਆਂ, ਸੜਕਾਂ 'ਤੇ ਰੋੜੀ ਕੁੱਟਦੀਆਂ,
ਖੇਤਾਂ 'ਚ ਸਿੱਟੇ ਚੁਗਦੀਆਂ, ਲੀਹਾਂ 'ਚ ਪਿੰਡਾ ਸਾਂਭ ਕੇ,
ਹਵਸਾਂ ਦੀ ਲੂਅ ਵਿਚ ਝੁਲਸ ਕੇ ਵੀ, ਪਾਕ-ਦਾਮਨ ਰਹਿੰਦੀਆਂ,
ਸੜਕਾਂ ਤੇ ਦਫ਼ਤਰਾਂ ਵਿਚ, ਆਪਸੀ ਜਵਾਨੀ ਢਾਲ ਕੇ,
ਨਿੱਕੇ ਜਿਹੇ ਆਲ੍ਹਣੇ ਦਾ, ਖ਼ੁਆਬ ਬੁਣਦੀਆਂ
(ਪੰਨਾ 253)
- - - - -
ਇਹ ਚਿੜੀਆਂ ਅਸਮਾਨੀ ਉਡਣ, ਇਹ ਚਿੜੀਆਂ ਸਾਗਰ ਤਹਿ ਫੋਲਣ,
ਹੁਣ ਨਾ ਇਹ ਵਿਚਾਰੀਆਂ ਚਿੜੀਆਂ, ਇਹ ਚਿੜੀਆਂ ਹੁਣ, ਬਾਜ਼ ਦੀਆਂ ਅੱਖਾਂ ਵਿਚ ਝਾਕਣ (ਪੰਨਾ 441)
ਕਵੀ ਬੱਚਿਆਂ ਦਾ ਮਾਹਰ ਡਾਕਟਰ ਹੋਣ ਕਰਕੇ ਬੜੀ ਧੀਮੀ ਸੁਰ ਵਿਚ ਨਿੱਕੇ-ਨਿੱਕੇ ਮਾਸੂਮ ਬੱਚਿਆਂ ਬਾਰੇ ਕਵਿਤਾ ਲਿਖਦਾ ਹੈ-
ਰੋਜ਼ ਮੇਰੇ ਕੋਲ, ਨਿੱਕੇ ਨਿੱਕੇ ਰੱਬ ਆਉਂਦੇ ਨੇ, ਗੋਦੀਆਂ 'ਚ ਬਹਿ ਅੰਗੂਠੇ ਚੂਸਦੇ,
ਟਿਕਟਿਕੀ ਲਾ ਵੇਖਦੇ ਆਲੇ ਦੁਆਲੇ, ਬੜਾ ਕੁਝ ਦਿੰਦੇ ਨੇ ਸਾਨੂੰ,
ਰੱਬ ਇਹ ਨਿੱਕੇ-ਨਿੱਕੇ, ਲੋੜ ਨਾ ਇਨ੍ਹਾਂ ਦੇ ਹੁੰਦਿਆਂ, ਹੋਰ ਵੱਡੇ ਰੱਬ ਦੀ...।
(ਪੰਨਾ 290)
ਡਾ: ਰਵਿੰਦਰ ਦੀ ਸ਼ਾਇਰੀ ਵਿਚੋਂ ਰਾਜਸੀ ਸੁਰ ਗਾਇਬ ਰਹਿੰਦੀ ਹੈ। ਉਸ ਦੀ ਕਵਿਤਾ ਵਿਚਲੇ ਕਿਰਦਾਰ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਮਾਨਸਿਕ ਉਲਝਣਾਂ ਅਤੇ ਬੇਬਸੀ ਨੂੰ ਬਿਆਨ ਕਰਦੇ ਹਨ। ਛੇ ਕਾਵਿ-ਸੰਗ੍ਰਹਿਆਂ ਨੂੰ ਇਕੱਠਾ ਛਾਪਣਾ ਪ੍ਰਸੰਸਾਯੋਗ ਉਪਰਾਲਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਅਸਮਾਨ ਵੱਲ ਖੁੱਲ੍ਹਦੀ ਖਿੜ੍ਹਕੀ
ਕਵੀ : ਰਾਜਬੀਰ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 80.

ਅਸਮਾਨ ਵੱਲ ਖੁੱਲ੍ਹਦੀ ਖਿੜਕੀ, ਕਵੀ ਰਾਜਬੀਰ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਹੁਣ ਤੱਕ ਉਸ ਦੇ ਛੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੇ ਰਾਜਬੀਰ ਨੂੰ ਪੰਜਾਬੀ ਕਾਵਿ ਖੇਤਰ ਵਿਚ ਸਥਾਪਤ ਕੀਤਾ ਹੈ। ਇਸ ਸੰਗ੍ਰਹਿ ਵਿਚ ਰਾਜਬੀਰ ਇਕ ਵਾਰ ਫਿਰ ਆਪਣਾ ਨਿਵੇਕਲਾ ਕਾਵਿ ਮੁਹਾਂਦਰਾਂ ਲੈ ਕੇ ਹਾਜ਼ਰ ਹੁੰਦਾ ਹੈ।
ਇਸ ਸੰਗ੍ਰਹਿ ਵਿਚ ਰਾਜਬੀਰ ਦੀਆਂ ਕਵਿਤਾਵਾਂ ਜੀਵਨ ਦੇ ਨਿੱਕੇ-ਨਿੱਕੇ ਵਸਤੂ ਵਰਤਾਰਿਆਂ ਨੂੰ ਬਹੁਤ ਸਹਿਜ ਸੂਖਮ ਭਾਵ ਨਾਲ ਪੇਸ਼ ਕਰਦੀਆਂ ਹਨ। ਕਵੀ ਜੀਵਨ ਨੂੰ ਸਹਿਜ ਦ੍ਰਿਸ਼ਟੀ ਨਾਲ ਵੇਖਦਾ ਤੇ ਕਵਿਤਾਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਦੁਨੀਆ ਵਿਚ ਹਰ ਸ਼ਖ਼ਸ ਦੇ ਹਿਰਦੇ ਵਿਚ ਪ੍ਰੇਮ ਹੋਣਾ ਅਤਿ ਜ਼ਰੂਰੀ ਹੈ। ਉਹ ਲੋਕ ਉਸ ਨੂੰ ਚੰਗੇ ਲਗਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਇਹ ਲਫ਼ਜ਼, ਇਹ ਭਾਵ ਲਿਸ਼ਕਦਾ ਹੈ। ਰਾਜਬੀਰ ਦੇ ਕਾਵਿ ਸੰਸਾਰ ਵਿਚ ਦਾਖਲ ਹੋਣ ਲਈ ਇਸ ਸੰਗ੍ਰਹਿ ਦੀ ਕਵਿਤਾ 'ਪ੍ਰੇਮ' ਵੇਖੀ ਜਾ ਸਕਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ 'ਪ੍ਰੇਮ' ਦਾ ਇਹ ਸੂਤਰ ਪਰੋਖ/ਅਪਰੋਖ ਰੂਪ ਵਿਚ ਹਾਜ਼ਰ ਰਹਿੰਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਵਿਚ ਕਵੀ ਅਤੀਤ ਦੀਆਂ ਸਿਮਰਤੀਆਂ ਨੂੰ ਪੁਨਰ ਸਿਰਜਤ ਕਰਦਾ ਹੈ। ਅਨਾਰ ਦਾ ਬੂਟਾ, ਮੇਲਾ, ਬਚਪਨ ਚੇਤ ਕਰਦਿਆਂ, ਕਸ਼ਮੀਰਨ, ਘਰ ਦਾ ਵਿਹੜਾ ਇਸ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਅਜਬ ਕਿਸਮ ਦਾ ਸਹਿਜ ਹੈ-ਬੈਚੇਨੀ ਜਾਂ ਤੜਪ ਨਹੀਂ। ਜਿਵੇਂ ਕੋਈ ਸਿਧਾਰਥ ਰਾਤ ਨੂੰ ਘਰ ਛੱਡਣ ਵੇਲੇ ਆਪਣੇ ਬੀਬੀ ਬੱਚੇ ਵੱਲ ਮੁੜ ਕੇ ਦੇਖਦਾ ਹੈ ਤੇ ਤੁਰ ਪੈਂਦਾ ਹੈ। ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਨਿੱਕੇ-ਨਿੱਕੇ ਅਹਿਸਾਸਾਂ ਨੂੰ ਰੂਪਮਾਨ ਕੀਤਾ ਗਿਆ ਹੈ। ਰਾਜਬੀਰ ਆਮ ਸਾਧਾਰਨ ਭਾਸ਼ਾ ਵਿਚ ਕਾਵਿ ਸਿਰਜਣਾ ਕਰਨ ਵਿਚ ਯਕੀਨ ਰੱਖਦਾ ਹੈ। ਇਸੇ ਲਈ ਉਸ ਦੀ ਹਰ ਕਵਿਤਾ ਦੀ ਗਹਿਰਾਈ ਵਿਚ ਉਤਰਿਆ ਜਾ ਸਕਦਾ ਹੈ :
ਉੱਡਣ ਲਈ
ਆਕਾਸ਼ ਨਾ ਮਿਲਿਆ
ਧਰਤੀ 'ਤੇ ਰੀਂਗਣ ਲੱਗੇ
ਤੇ ਕੱਟੇ ਹੋਏ ਖੰਭ ਸਦਾ
ਅਸਮਾਨ ਵੱਲ ਵੇਖਦੇ ਰਹਿੰਦੇ...
ਸਮੁੱਚੇ ਰੂਪ ਵਿਚ ਰਾਜਬੀਰ ਦਾ ਨਵਾਂ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਖੇਤਰ ਵਿਚ ਕਵੀ ਦੀ ਪਛਾਣ ਨੂੰ ਹੋਰ ਪਕੇਰਾ ਤੇ ਸਥਾਪਿਤ ਕਰਦਾ ਹੈ। ਰਾਜਬੀਰ ਇਸ ਕਾਵਿ ਸੰਗ੍ਰਹਿ ਲਈ ਮੁਬਾਰਕ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

28-7-2013

 ਟਿਕੀ ਹੋਈ ਰਾਤ
ਲੇਖਕ : ਸੁਖਦੇਵ ਸਿੰਘ ਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 320.

ਸੁਖਦੇਵ ਸਿੰਘ ਮਾਨ ਦਾ ਨਾਵਲ 'ਟਿਕੀ ਹੋਈ ਰਾਤ' ਨਿਮਨ ਕਿਸਾਨੀ ਵਰਗ ਦੇ ਮੌਜੂਦਾ ਆਰਥਿਕ ਸੰਕਟ ਨੂੰ ਪੇਸ਼ ਕਰਦਾ ਹੈ। ਇਹ ਇਕ ਵੱਡਆਕਾਰੀ ਰਚਨਾ ਹੈ ਜੋ ਆਪਣੇ ਵਿਚ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲੇ ਸਮੋਈ ਬੈਠੀ ਹੈ। ਆਰੰਭ ਵਿਚ ਖਾੜਕੂਵਾਦ ਦਾ ਬੋਲਬਾਲਾ ਤੇ ਉਸ ਦਾ ਜਨਜੀਵਨ ਤੇ ਨੌਜਵਾਨ ਵਰਗ ਉਤੇ ਪਿਆ ਮਾੜਾ ਪ੍ਰਭਾਵ ਦਰਸਾਉਂਦੇ ਹੋਏ ਅੱਤਵਾਦ ਸਮੇਂ ਦੇ ਫ਼ੌਜੀਆਂ ਦੇ ਰੋਅਬਦਾਬ, ਨਸ਼ਿਆਂ ਤੇ ਕਮਜ਼ੋਰੀ, ਝੂਠੇ ਮੁਕਾਬਲੇ ਵਿਚ ਦੋਸ਼ੀ ਠਹਿਰਾਏ ਨੌਜਵਾਨ ਤੇ ਜੀਵਨ ਲੀਲਾ ਦਾ ਖ਼ਾਤਮਾ ਕਰਦਾ ਪਾਤਰ ਬਰਾੜ ਦੀਆਂ ਵਧੀਕੀਆਂ ਤੇ ਨੀਚ ਹਰਕਤਾਂ, ਨੌਜਵਾਨਾਂ ਦਾ ਨਸ਼ੇ ਪੱਤੇ ਲਈ ਚੋਰੀਆਂ ਕਰਨੀਆਂ ਤੇ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਖੁੱਲ੍ਹ ਕੇ ਪੇਸ਼ ਕੀਤਾ ਹੈ। ਏਨਾ ਹੀ ਨਹੀਂ, ਲੇਖਕ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਹਰ ਪਾਸੇ ਲੁੱਟਮਾਰ ਮਚੀ ਹੋਈ ਸੀ ਕਿ ਗੁਰਦੁਆਰੇ ਤੇ ਕੀ ਪੰਚਾਇਤਾਂ, ਕਮੇਟੀਆਂ ਸਕੂਲ ਜ਼ਮੀਨੀ ਝਗੜਿਆਂ ਵਿਚ ਉਲਝੇ ਹੋਏ ਸਨ। ਪੁਜਾਰੀ ਪੜ੍ਹਾਈ ਦਾ ਵਿਰੋਧ ਕਰਦੇ ਪਰ ਸਾਰਾ ਪੈਸਾ ਧਾਰਮਿਕ ਇਮਾਰਤਾਂ ਉਸਾਰਨ ਵੱਲ ਲਾ ਦਿੰਦੇ, ਲੋਕਾਂ ਵਿਚ ਏਕੇ ਦੀ ਕਮੀ ਸੀ ਤੇ ਸਭ ਨੇ ਆਪਣੇ ਅੱਡ-ਅੱਡ ਧਰਮ ਬਣਾ ਲਏ ਸਨ, ਭਰੂਣ ਹੱਤਿਆ ਜਿਹੇ ਵਿਸ਼ੇ ਉਤੇ ਵੀ ਚਾਨਣਾ ਪਾਇਆ ਹੈ। ਇਹ ਆਮ ਜੱਟ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਗਾਥਾ ਹੈ। ਜੱਟ ਮਾਰ ਖਾਂਦਾ ਹੈ ਜ਼ਮੀਨ ਜਾਇਦਾਦ ਦੇ ਝਗੜੇ ਵਿਚ ਤੇ ਫਿਰ ਪੁਲਿਸ ਖਰੀਦ ਲਈ ਜਾਂਦੀ ਹੈ, ਸਰਕਾਰ ਦਾ ਵਿਰੋਧ, ਦੇਸ਼ ਵਿਕ ਰਿਹਾ ਹੈ ਪਰ ਲੋਕ ਪੱਖੀ ਵਿਚਾਰਧਾਰਾ ਨੂੰ ਲੇਖਕ ਨੇ ਅੱਖੋਂ-ਪਰੋਖੇ ਨਹੀਂ ਕੀਤਾ। ਆਰਥਿਕਤਾ ਦਾ ਮੰਦਾ ਹਾਲ ਏਨਾ ਹੈ ਕਿ ਧੀ ਦਾ ਜਣੇਪਾ ਕਟਵਾਉਣ ਲਈ ਟੂੰਮਾਂ ਤੱਕ ਗਹਿਣੇ ਰੱਖਣੀਆਂ ਪਰ ਦੂਜੇ ਪਾਸੇ ਪੈਸੇ ਦੀ ਕਾਣੀ ਵੰਡ ਨੇ ਲੋਕਾਂ ਨੂੰ ਅੰਦਰੋਂ ਅੰਦਰ ਖ਼ਤਮ ਕਰ ਦਿੱਤਾ ਹੈ। ਇਕ ਪੁਲਿਸ ਅਫ਼ਸਰ ਬਰਾੜ ਦੀ ਵਿਗੜੀ ਧੀ ਗਰੀਬ ਮੁੰਡੇ ਨਾਲ ਪਿਆਰ ਕਰ ਬੈਠਦੀ ਪਰ ਨੇਪਰੇ ਨਹੀਂ ਚੜ੍ਹਦਾ, ਗਰੀਬੀ ਦੀ ਮਾਰ ਹੇਠ ਆਇਆ ਨੌਜਵਾਨ ਵਰਗ ਨਸ਼ਿਆਂ ਤੇ ਐਬਾਂ ਵਿਚ ਫਸ ਕੇ ਜੁਆਨੀ ਗਾਲ ਲੈਂਦੇ ਹਨ। ਗੱਲ ਕੀ ਕਿਹੜਾ ਵਿਸ਼ਾ ਹੈ ਜੋ ਲੇਖਕ ਨੇ ਨਹੀਂ ਛੋਹਿਆ, ਜੋ ਉਸ ਦੀ ਵਿਸ਼ਾਲ ਸੋਚ ਤੇ ਅਨੁਭਵ ਦਾ ਸਿੱਟਾ ਹੀ ਹੋ ਸਕਦਾ ਹੈ। ਘਟਨਾਵਾਂ ਨੂੰ ਉਲੀਕ ਦੇਣਾ ਹੀ ਰਚਨਾ ਦੀ ਸਫ਼ਲਤਾ ਨਹੀਂ ਹੁੰਦੀ ਸਗੋਂ ਉਨ੍ਹਾਂ ਨੂੰ ਘਟਨਾਵਾਂ ਨੂੰ ਸਿਲਸਿਲੇਵਾਰ, ਰੌਚਕ ਢੰਗ ਨਾਲ ਕਹਾਣੀ ਰਸ ਭਰ ਕੇ, ਖੂਬਸੂਰਤੀ ਨਾਲ ਪਾਤਰਾਂ ਦੇ ਵਾਰਤਾਲਾਪ ਤੇ ਸੰਜਮ ਭਰਪੂਰ ਸ਼ਬਾਦਵਲੀ ਰਾਹੀਂ ਪੇਸ਼ ਕਰਨਾ ਰਚਨਾ ਨੂੰ ਚਾਰ ਚੰਦ ਲਾਉਂਦੀ ਹੈ। ਇਹ ਵਿਸ਼ੇਸ਼ਤਾ ਇਸ ਨਾਵਲ ਵਿਚ ਮੌਜੂਦ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਸਾਧੂ ਸਦਾ ਰਾਮ ਦੀ ਕਵਿਤਾ
ਸੰਪਾਦਕ : ਡਾ: ਬਲਜੀਤ ਰੰਧਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 240.

ਸਾਧੂ ਸਦਾ ਰਾਮ (1861-1933) ਪੰਜਾਬੀ ਦਾ ਇਕ ਪ੍ਰਮੁੱਖ ਕਵੀਸ਼ਰ ਸੀ। ਉਸ ਨੇ 'ਸੋਹਣੀ ਮਹੀਵਾਲ', 'ਸਸੀ ਪੁਨੂੰ', 'ਪ੍ਰਹਿਲਾਦ ਭਗਤ', 'ਦਮਦਮਾ ਸਾਹਿਬ ਫ਼ਲ', 'ਜੀਵ ਹੇਤੂ', 'ਗੋ ਰਕਸ਼ਾ' ਅਤੇ 'ਸ੍ਵਮਨਾਮਾ' ਆਦਿਕ ਕਿੱਸੇ ਅਥਵਾ ਪ੍ਰਸੰਗ ਲਿਖੇ ਜੋ ਕਾਫੀ ਪ੍ਰਸਿੱਧ ਹੋਏ। ਉਸ ਦੀਆਂ ਕਈ ਰਚਨਾਵਾਂ ਗੁੰਮ-ਗਵਾਚ ਵੀ ਗਈਆਂ ਹਨ, ਜਿਨ੍ਹਾਂ ਬਾਰੇ ਡਾ: ਬਲਜੀਤ ਰੰਧਾਵਾ ਨੇ ਆਪਣੀ ਇਸ ਪੁਸਤਕ ਦੀ ਆਦਿਕਾ ਵਿਚ ਸੰਕੇਤ ਕੀਤੇ ਹਨ। ਉਨੀਵੀਂ ਸਦੀ ਦੇ ਪਿਛਲੇ ਅੱਧ ਵਿਚ ਪੰਜਾਬ ਉਪਰ ਅੰਗਰੇਜ਼ੀ ਰਾਜ ਦੀ ਪੂਰਨ ਸਥਾਪਨਾ ਹੋ ਚੁੱਕੀ ਸੀ। ਇਸ ਅਰਸੇ ਵਿਚ ਪੰਜਾਬ ਅੰਦਰ ਕਈ ਅਕਾਲ ਵੀ ਪਏ ਅਤੇ ਵੀਹਵੀਂ ਸਦੀ ਦੇ ਆਰੰਭ ਤੱਕ ਪਹੁੰਚਦਿਆਂ-ਪਹੁੰਚਦਿਆਂ ਪੰਜਾਬੀ ਕਿਸਾਨਾਂ ਅਤੇ ਹੋਰ ਕਿਤਰੀਆਂ ਦੀ ਹਾਲਤ ਅਤਿਅੰਤ ਦਯਨੀਯ ਹੋ ਚੁੱਕੀ ਸੀ। ਬੇਸ਼ੱਕ ਸਿੰਘ ਸਭਾ ਅਤੇ ਆਰੀਆ ਸਮਾਜ ਵਰਗੀਆਂ ਸੁਧਾਰਵਾਦੀ ਲਹਿਰਾਂ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਪ੍ਰਸੰਗਿਕ ਅਤੇ ਯੁਗਾਨੁਕੂਲ ਬਣਾਉਣ ਲਈ ਕਾਫੀ ਕੰਮ ਕੀਤਾ ਸੀ ਪਰ ਇਸ ਦੇ ਬਾਵਜੂਦ ਆਮ ਪੰਜਾਬੀ ਲੋਕ ਨਿਰਾਸ਼ਾ, ਮਾਯੂਸੀ ਅਤੇ ਮਜਬੂਰੀ ਨੂੰ ਹੰਢਾਉਣ ਲਈ ਸਰਾਪੇ ਹੋਏ ਮਹਿਸੂਸ ਕਰ ਰਹੇ ਹਨ। ਸਾਧੂ ਸਦਾ ਰਾਮ ਦੇ ਕਿੱਸਿਆਂ ਵਿਚ ਪੰਜਾਬੀ ਜਨ-ਜੀਵਨ ਵਿਚਲੀ ਇਹ ਉਦਾਸੀ ਅਤੇ ਮਾਯੂਸੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ।
ਬੇਸ਼ੱਕ ਸਾਧੂ ਸਦਾ ਰਾਮ ਕੋਈ ਵੱਡਾ ਕਵੀ ਤਾਂ ਨਹੀਂ ਸੀ ਪਰ ਉਸ ਦੀਆਂ ਰਚਨਾਵਾਂ ਵਿਚ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੇ ਪੰਜਾਬੀ ਸੱਭਿਆਚਾਰ ਬਾਰੇ ਬੜੀਆਂ ਨਿੱਗਰ ਅਤੇ ਮੁੱਲਵਾਨ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ। ਇਸ ਕਾਰਨ ਉਸ ਦੀਆਂ ਇਹ ਰਚਨਾਵਾਂ ਕਾਫੀ ਮਹੱਤਵਪੂਰਨ ਹਨ। ਮੂਲ ਰੂਪ ਵਿਚ ਉਹ ਇਕ ਮਲਵਈ ਕਿੱਸਾਕਾਰ ਸੀ ਪ੍ਰੰਤੂ ਇਕ ਵਿਰਕਤ ਸਾਧੂ ਹੋਣ ਦੇ ਕਾਰਨ ਉਹ ਕਈ ਵਾਰ ਸਾਧ ਭਾਖਾ ਦਾ ਪ੍ਰਯੋਗ ਵੀ ਕਰ ਲੈਂਦਾ ਹੈ। ਉਹ ਇਸ ਨੂੰ ਉਰਦੂ ਜ਼ਬਾਨ ਦਾ ਨਾਂਅ ਦਿੰਦਾ ਹੈ। ਉਸ ਨੇ ਚੌਪਈ, ਕੋਰੜਾ, ਕਬਿੱਤ, ਭੁਯੰਗ ਪ੍ਰਯਾਤ, ਜਰਾਪਤ, ਸਵੈਯਾ, ਦੋਹਰਾ, ਬੈਂਤ, ਮੁਕੰਦ ਛੰਦ ਆਦਿ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਡਾ: ਬਲਜੀਤ ਰੰਧਾਵਾ ਨੇ ਕਵੀਸ਼ਰ ਸਦਾ ਰਾਮ ਦੀਆਂ ਕਿਰਤਾਂ ਨੂੰ ਸੰਕਲਿਤ ਕਰਕੇ ਮਧਕਾਲੀਨ ਪੰਜਾਬੀ ਸਾਹਿਤ ਦੇ ਸੰਕਲਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ ਪਰ ਚੰਗਾ ਹੁੰਦਾ ਜੇ ਉਹ ਇਸ ਕਵੀਸ਼ਰ ਦੇ ਕਾਵਿ-ਕਰਮ ਬਾਰੇ ਵੀ ਵਿਸਤਾਰ ਨਾਲ ਕੁਝ ਲਿਖ ਦਿੰਦੀ। ਉਸ ਪਾਸ ਇਹ ਕਾਰਜ ਕਰਨ ਦੀ ਪ੍ਰਤਿਭਾ ਅਤੇ ਯੋਗਤਾ ਮੌਜੂਦ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮਣੀਆਂ!
ਕਵੀ : ਬਲਦੇਵ ਸਿੰਘ ਮਨੇਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128.

'ਮੈਦਾਨ ਤੋਂ ਘਾਟੀ ਤੱਕ' ਤੋਂ ਬਾਅਦ ਮਣੀਆਂ, ਬਲਦੇਵ ਸਿੰਘ ਮਨੇਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਕਵੀ ਨੇ ਵਿਭਿੰਨ ਵਸਤੂ ਵਰਤਾਰਿਆਂ ਨਾਲ ਸਬੰਧਤ ਕਵਿਤਾਵਾਂ ਨੂੰ ਸੰਕਿਲਤ ਕੀਤਾ ਹੈ। ਬਲਦੇਵ ਮਨੇਸ ਦੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ/ਗੀਤ, ਇਕ ਪ੍ਰੌੜ ਸੋਚ ਦੇ ਧਾਰਨੀ ਮਨੁੱਖ ਦੇ ਅਹਿਸਾਸ ਹਨ। ਬਹੁਤ ਥਾਂ 'ਤੇ ਇਹ ਸ਼ਾਇਰੀ ਸੂਫ਼ੀ ਸ਼ਾਇਰੀ ਦੇ ਪਦਚਿੰਨ੍ਹਾਂ 'ਤੇ ਤੁਰਦੀ ਪ੍ਰਤੀਤ ਹੁੰਦੀ ਹੈ। ਕਵੀ ਮਾਨਸਿਕ ਉਚੇਰੀ ਅਵਸਥਾ ਦੇ ਅਦਭੁਤ ਮੰਡਲਾਂ ਵਿਚ ਵਿਚਰਦਾ ਪ੍ਰਤੀਤ ਹੁੰਦਾ ਹੈ। ਹੇਠਲੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ
ਕੱਤ ਲੈਣ ਦੇ ਕੱਤ ਲੈਣ ਦੇ
ਕੱਤ ਲੈਣ ਦੇ ਪੂਣੀ ਵੇ
ਮੈਂ ਤਾਂ ਦੂਰ ਸੱਜਣ ਜੀ ਜਾਣਾ
ਕੀਤੀ ਵਾਟ ਨਾ ਪੂਰੀ ਵੇ......
ਕੁਦਰਤ ਦੇ ਨਾਲ ਇਕ ਮਿੱਕ ਹੋਇਆ ਮਨ ਕੁਦਰਤ ਦੇ ਗੁਣ ਗਾਉਂਦਾ ਨਹੀਂ ਥੱਕਦਾ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਕਵੀ ਕਿਤੇ ਬਸੰਦੀ ਸਵੇਰ ਦੀ ਉਡੀਕ ਕਰਦਾ ਹੈ, ਕਿਤੇ ਸਰ੍ਹੋਂ ਦੇ ਫੁੱਲਾਂ ਵਿਚੋਂ ਸਵਰਗ ਜਿਹਾ ਆਨੰਦ ਭਾਲਦਾ ਹੈ ਕਿਤੇ ਉਹ ਕਣਕ ਦੀਆਂ ਬੱਲੀਆਂ 'ਚੋਂ ਸੋਨੇ ਜਿਹੇ ਰੰਗ ਵੇਖਦਾ ਹੈ ਤੇ ਕਿਤੇ ਕਪਾਹ ਚੋਂ ਚਾਂਦੀ ਦੀਆਂ ਲਿਸ਼ਕੋਰਾਂ ਤੱਕਦਾ ਹੈ। ਇੰਜ ਕੁਦਰਤ ਦੇ ਹਰ ਰੰਗ ਨੂੰ ਮਾਣਦਾ ਆਨੰਦਿਤ ਹੁੰਦਾ ਉਹ ਕਾਵਿ ਸਿਰਜਣਾ ਕਰਦਾ ਹੈ। ਬਲਦੇਵ ਮਨੇਸ ਮਹਿਸੂਸ ਕਰਦਾ ਹੈ ਕਿ ਆਧੁਨਿਕ ਜੀਵਨ ਵਿਚ ਬੰਦਾ ਸੰਵੇਦਨਾ ਤੋਂ ਖਾਲੀ ਹੁੰਦਾ ਜਾ ਰਿਹਾ ਹੈ ਤੇ ਪੱਥਰ ਦਿਲ ਇਨਸਾਨ ਕੁਦਰਤ ਤੇ ਮਨੁੱਖ ਪ੍ਰਤੀ ਆਪਣੀ ਸੰਵੇਦਨਾ ਗੁਆ ਚੁੱਕਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਵਿਚ ਸ਼ਮਾ ਜਲਾਉ ਪਿਆਰ ਦੀ, ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਕਾਦਰ ਦੀ ਕੁਦਰਤ ਤੇ ਮਨੁੱਖੀ ਮੁਹੱਬਤ ਦੇ ਅਹਿਸਾਸ ਨੂੰ ਚਿਤਵਦੀਆਂ ਇਹ ਕਵਿਤਾਵਾਂ ਪਾਠਕਾਂ ਦੇ ਮਨ ਵਿਚ ਆਪਣਾ ਸਥਾਨ ਬਣਾਉਣਗੀਆਂ, ਅਜਿਹਾ ਮੈਨੂੰ ਯਕੀਨ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਇੰਦਰਜੀਤ ਹਸਨਪੁਰੀ ਦੀ ਗੀਤ-ਕਲਾ
ਲੇਖਕ : ਪ੍ਰੋ: ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

ਪ੍ਰੋ: ਜਸਪਾਲ ਸਿੰਘ ਜੱਸੀ ਨੇ ਵਿਚਾਰਾਧੀਨ ਪੁਸਤਕ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਵਿਚ ਵਿਭਾਜਿਤ ਕੀਤਾ ਹੈ। ਪਹਿਲੇ ਭਾਗ 'ਸੰਖੇਪ ਜਾਇਜ਼ਾ' ਨੂੰ ਅੱਗੋਂ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। (ੳ) ਜਨਮ, ਵਿੱਦਿਆ, ਜੀਵਨ ਪਿਛੋਕੜ। (ਅ) ਗੀਤ-ਸੰਗ੍ਰਹਿ ਸੰਖੇਪ ਪਰਿਚੈ। (ੲ) ਹਸਨਪੁਰੀ ਤੇ ਸਮਕਾਲੀ ਗੀਤਕਾਰਾਂ ਦੀਆਂ ਸਾਂਝਾਂ ਤੇ ਵਖਰੇਵੇਂ। ਖੋਜ-ਕਰਤਾ ਨੇ ਹੁਣ ਤੱਕ ਦੀ ਪੰਜਾਬੀ ਗੀਤਕਾਰੀ ਨੂੰ ਤਿੰਨ ਦੌਰਾਂ ਵਿਚ ਵੰਡਿਆ ਹੈ। ਉਸ ਨੇ ਪਹਿਲੇ ਦੌਰ ਵਿਚ ਨੂਰੀ, ਰਾਜਾ ਰਾਮਸਾਕੀ, ਬੇਕਲ, ਸ਼ੁਗਲ, ਰਾਏ, ਬਲੱਗਣ ਉਪਾਸ਼ਕ, ਸ਼ਰਫ਼ ਆਦਿ ਸਮੇਤ ਲਗਭਗ ਦੋ ਦਰਜਨ ਗੀਤਕਾਰਾਂ ਨੂੰ ਰੱਖਿਆ ਹੈ। ਇਸ ਦੌਰ ਦੇ ਗੀਤਕਾਰ ਜ਼ਿਆਦਾਤਰ ਲੋਕ-ਟੱਪਿਆਂ ਦੇ ਮੁਖੜਿਆਂ ਉਤੇ ਭਾਵ-ਉਤੇਜਕ ਗੀਤ ਲਿਖਦੇ ਸਨ। ਦੂਜੇ ਦੌਰ ਦੇ ਗੀਤਕਾਰਾਂ ਵਿਚ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਹਰਦੇਵ ਦਿਲਗੀਰ, ਯਮਲਾ, ਸ਼ਿਵ ਕੁਮਾਰ, ਸੁਰਜੀਤ ਰਾਮਪੁਰੀ ਆਦਿ ਸ਼ਾਮਿਲ ਹਨ। ਇਸੇ ਹੀ ਦੌਰ ਵਿਚ ਇੰਦਰਜੀਤ ਹਸਨਪੁਰੀ ਨੂੰ ਰੱਖਿਆ ਗਿਆ ਹੈ। ਇਹ ਸਮਾਂ ਸਾਹਿਤਕ ਅਤੇ ਲੌਕਿਕ ਗੀਤਕਾਰੀ ਦੇ ਸੰਗਮ ਵਜੋਂ ਜਾਣਿਆ ਜਾਂਦਾ ਹੈ। ਤੀਜੇ ਦੌਰ ਵਿਚ ਗੁਰਦਾਸ ਮਾਨ, ਹਾਕਮ ਸੂਫ਼ੀ, ਸਿਵੀਆ, ਮਖਸੂਸਪੁਰੀ, ਸੰਗੋਵਾਲੀਆ, ਸੰਦੀਲਾ, ਚਮਕੀਲਾ ਆਦਿ ਉੱਭਰਵੇਂ ਗੀਤਕਾਰ ਹਨ। ਖੋਜ-ਕਰਤਾ ਅਨੁਸਾਰ ਇਨ੍ਹਾਂ ਵਿਚੋਂ ਬਹੁਤਿਆਂ ਨੇ ਸੱਭਿਆਚਾਰ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸਗੋਂ ਗੜਕ, ਭੜਕ ਅਤੇ ਵਪਾਰਕ-ਪੁਣੇ ਨੂੰ ਵਧੇਰੇ ਕਰਕੇ ਪਹਿਲੀ ਥਾਂ ਦਿੱਤੀ ਹੈ। ਪਰ ਇੰਦਰਜੀਤ ਹਸਨਪੁਰੀ ਦੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੇ ਲਗਭਗ ਸਾਰੇ ਰਿਸ਼ਤੇ-ਨਾਤੇ ਪ੍ਰਤੀਬਿੰਬਤ ਹੁੰਦੇ ਹਨ। ਉਸ ਦੇ ਗੀਤਾਂ ਵਿਚ ਸਮਕਾਲੀ ਜੀਵਨ-ਵਰਤਾਰਾ ਭਰਵੇਂ ਰੂਪ ਵਿਚ ਸਥਾਨ ਗ੍ਰਹਿਣ ਕਰਦਾ ਹੈ। ਪੰਜਾਬੀ ਜੀਵਨ ਦੀਆਂ ਕਦਰਾਂ-ਕੀਮਤਾਂ ਉਸ ਦੇ ਗੀਤਾਂ ਦਾ ਵਿਸ਼ੇਸ਼ ਭਾਗ ਬਣਦੀਆਂ ਹਨ। ਖੋਜ-ਕਰਤਾ ਹਸਨਪੁਰੀ ਦੀ ਬਿੰਬਾਵਲੀ ਅਤੇ ਅਲੰਕਾਰਾਂ ਦਾ ਅਧਿਐਨ ਵੀ ਕਰਦਾ ਹੈ। ਨਿਰਸੰਦੇਹ, ਹਸਨਪੁਰੀ ਨੇ ਫ਼ਿਲਮਾਂ ਅਤੇ ਗ਼ੈਰ-ਫ਼ਿਲਮਾਂ ਦੋਵਾਂ ਖੇਤਰਾਂ ਲਈ ਗੀਤ-ਸਿਰਜਣਾ ਕੀਤੀ ਹੈ। ਹਸਨਪੁਰੀ ਦੇ ਗੀਤ-ਮੁਖੜਿਆਂ ਦੀ ਸੂਚੀ ਇਸ ਅਧਿਐਨ ਦੀ ਪ੍ਰਾਪਤੀ ਹੈ, ਜਿਸ ਨਾਲ ਨਵੇਂ ਪਾਠਕਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਪਰ ਇਕ ਮੁਖੜੇ (ਰਾਤੀਂ ਸੀ ਉਡੀਕਾਂ ਤੇਰੀਆਂ-ਪੰਨਾ 40) ਦੀ ਮੁੜ ਨਜ਼ਰਸਾਨੀ ਕਰਨੀ ਬਣਦੀ ਹੈ-ਕਿਤੇ ਇਹ ਗੁਰਦੇਵ ਮਾਨ ਦਾ ਤਾਂ ਨਹੀਂ?
ਖੋਜ-ਕਰਤਾ ਨੇ ਹਸਨਪੁਰੀ ਦੇ ਗੀਤ-ਸੰਗ੍ਰਹਿਆਂ-ਔਸੀਆਂ, ਜ਼ਿੰਦਗੀ ਦੇ ਗੀਤ, ਸਮੇਂ ਦੀ ਆਵਾਜ਼, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਕਿੱਥੇ ਗਏ ਉਹ ਦਿਨ (ਲੰਮੀ ਕਵਿਤਾ) ਆਦਿ ਦਾ ਕਈ ਪੱਖਾਂ ਤੋਂ ਵਿਸ਼ਲੇਸ਼ਣ ਕੀਤਾ ਹੈ। ਹਸਨਪੁਰੀ ਨੂੰ ਪਹਿਲਾ ਡਿਊਟ ਲੇਖਕ ਸਿੱਧ ਕੀਤਾ ਹੈ ਜਿਸ ਨੇ ਸੁਹਜਾਤਮਕ ਗੀਤਾਂ ਦੇ ਸਮਵਿੱਥ ਦੇਸ਼-ਪਿਆਰ, ਧਾਰਮਿਕ ਅਤੇ ਅਮਨ ਦੇ ਸੰਦੇਸ਼ ਨਾਲ ਭਰਪੂਰ ਗੀਤਾਂ ਦੀ ਸਿਰਜਣਾ ਕੀਤੀ। ਪੁਸਤਕ ਪੰਜਾਬੀ ਗੀਤ-ਖੋਜ ਦੇ ਖੇਤਰ ਦੀ ਅਹਿਮ ਪ੍ਰਾਪਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

14-7-2013

 ਭੋਰੇ ਵਾਲਾ ਪੂਰਨ
ਲੇਖਕ : ਡਾ: ਸ਼ਹਰਯਾਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64.

ਸਾਡੇ ਸਮੇਂ ਦੇ ਚਰਚਿਤ ਤੇ ਪ੍ਰਬੁੱਧ, ਜਾਗਰੂਕ ਤੇ ਤੀਖਣ ਕਾਵਿ-ਪ੍ਰਤਿਭਾ ਦੇ ਮਾਲਕ ਡਾ: ਸ਼ਹਰਯਾਰ ਦੀ ਇਕ ਕਾਵਿਕ ਸ਼ੈਲੀ ਵਿਚ ਨਾਟ-ਰਚਨਾ ਹੈ। ਸਮਾਜ ਦੇ ਕੋਹਝਾਂ ਦੇ ਪਾਜ ਉਘੇੜਦੇ ਮੀਰਜ਼ਾਦਾ ਅਤੇ ਮੀਰਜ਼ਾਦੀ, ਇਸ ਕਾਵਿ ਨਾਟਕ ਦੇ ਸੂਤਰਧਾਰ ਵਜੋਂ ਕਾਵਿ-ਨਾਟ ਦਾ ਆਰੰਭ ਕਰਦੇ ਹਨ। ਇਸ ਨਿਵੇਕਲੀ ਵਿਧਾ ਰਾਹੀਂ ਸ਼ਹਰਯਾਰ ਨੇ ਪਾਤਰ ਉਸਾਰੀ ਕੀਤੀ ਹੈ। ਪੂਰਨ ਭਗਤ, ਪੰਜਾਬੀ ਜਨਜੀਵਨ ਦਾ ਮਾਣਮੱਤਾ ਨਾਇਕ ਅਤੇ ਕਦੇ ਨਾ ਵਿਸਾਰਨਯੋਗ ਪਾਤਰ ਹੈ। ਡਾਕਟਰ ਸ਼ਹਰਯਾਰ ਨੇ ਲੋਕ ਚੇਤਿਆਂ ਵਿਚ ਵਸੀ ਪੂਰਨ ਭਗਤ ਦੀ ਅਮਰ ਗਾਥਾ ਦੇ ਅਣਗੌਲੇ ਪੱਖਾਂ ਨੂੰ ਮਨੋਵਿਗਿਆਨਕ ਢੰਗ ਰਾਹੀਂ ਉਜਾਗਰ ਕਰਕੇ, ਇਕ ਨਵਾਂ ਅਤੇ ਸਫ਼ਲ ਤਜਰਬਾ ਕੀਤਾ ਹੈ।
'ਭੋਰੇ ਵਾਲਾ ਪੂਰਨ' ਪੂਰਨ ਦੀ ਮਾਂ ਇੱਛਰਾਂ, ਪੂਰਨ ਅਤੇ ਉਸ ਨੂੰ ਪਾਲਣ ਵਾਲੀ ਦਾਸੀ ਮਾਂ ਦੇ ਅੰਤਰੀਵ ਦਰਦ ਦੀ ਪੱਕਾਸੀ ਕਰਦੀ ਰਚਨਾ ਹੋ ਨਿਬੜੀ ਹੈ। ਭੋਰੇ ਵਿਚ ਪਏ ਪੂਰਨ ਨੂੰ ਇੱਛਰਾਂ ਪਲ-ਪਲ ਚੇਤੇ ਕਰਦੀ ਤੇ ਉਸ ਦੀ ਪੀੜਾ ਨੂੰ ਹੰਢਾਉਂਦੀ ਹੈ। ਉਹਦੇ ਰਾਜੇ ਸਲਵਾਨ ਨੂੰ ਪੁੱਛੇ ਇਸ ਸਵਾਲ ਦਾ ਰਾਜੇ ਕੋਲ ਕੋਈ ਉੱਤਰ ਨਹੀਂ :
'ਲੇਕਿਨ ਮੈਂ ਵੀ ਮਾਂ ਹਾਂ
ਮੇਰਾ ਬਾਲਕ, ਕਿੰਝ ਦੁਨੀਆ ਤੋਂ ਵੱਖਰਾ ਹੋਵੇ।'
ਭੋਰੇ ਵਿਚ ਕਿਸੇ ਹੋਰ ਔਰਤ ਦੀ ਨਿਗਰਾਨੀ ਹੇਠ ਪਲਦਾ ਪੂਰਨ, ਮਾਂ ਇੱਛਰਾਂ ਦੀ ਸੁਰਤ ਨੂੰ ਕਦੇ ਚੈਨ ਨਹੀਂ ਲੈਣ ਦਿੰਦਾ। ਆਪਣੀ ਅਸਲ (ਜਨਮ ਦੇਣ ਵਾਲੀ ਮਾਂ) ਬਾਰੇ ਪਤਾ ਲੱਗਣ 'ਤੇ ਪੂਰਨ ਦੀ ਆਤਮਾ ਨੂੰ ਸਦਮੇ ਵਰਗਾ ਝਟਕਾ ਲਗਦੈ। ਜਨਮ ਦੇਣ ਵਾਲੀ ਮਾਂ ਦੀ ਮਮਤਾ ਬਾਰੇ ਉਹਦੇ ਮਨ ਵਿਚ ਅਨੇਕ ਸੰਸੇ ਉਤਪੰਨ ਹੋ ਜਾਂਦੇ ਨੇ।
ਕਾਵਿ-ਨਾਟ ਦਾ ਅੰਤਲਾ ਹਿੱਸਾ, ਪਾਠਕ ਦੀਆਂ ਤਰਬਾਂ ਛੇੜਣ ਦੇ ਸਮਰਥ ਹੈ। ਵਰ੍ਹਿਆਂ ਦੇ ਵਿਛੋੜੇ ਮਗਰੋਂ, ਮਿਲਾਪ ਦਾ ਸੁਖਦ ਅਹਿਸਾਸ, ਕੁਝ ਪਲ, ਪਰ ਵੇਖਦਿਆਂ ਹੀ ਵੇਖਦਿਆਂ, ਹੱਥਾਂ ਵਿਚੋਂ, ਕਿਰ ਗਏ, ਅਲੋਪ ਹੋ ਗਏ, ਤੇ ਪਿੱਛੇ ਛੱਡ ਗਏ ਅਨੇਕਾਂ ਸਵਾਲ ਅਤੇ ਡੂੰਘੀ ਸੋਚ, ਤੇ ਪੀੜਤ ਅਹਿਸਾਸਾਂ ਦੀ ਪੰਡ।
ਮਾਤਾ ਤੇਰੀ
ਹੋਣੀ ਦੇ ਪਰਛਾਵੇਂ ਵਿੰਹਦੀ, ਸਹਿੰਦੀ ਸਹਿੰਦੀ
ਕਹਿੰਦੀ ਵੀ ਤਾਂ ਕਿਸ ਨੂੰ ਕਹਿੰਦੀ
ਤੂੰ ਜਿਸ ਭੋਰੇ ਨੂੰ, ਭੁੱਲ ਆਇਐਂ
ਰੱਬ ਕਰੇ ਇ ਭੁੱਲਦਾ ਰਹਿਸੇਂ
ਤੇਰੇ ਪਾਤਰ ਅਗਲੇ ਭੋਰੇ। ਤੇਰੀ ਉਮਰ ਉਡੀਕ ਰਹੇ ਨੇ
ਕਦੇ ਕਦੇ ਇਹ ਮਾਂ ਵੀ ਤੈਨੂੰ, ਸੁਪਨੇ ਵਿਚ ਨਜ਼ਰੀ ਆਵੇਗੀ।
ਅੱਖ ਖੁੱਲ੍ਹਿਆਂ ਸਭ ਭੁੱਲ ਜਾਵੇਗੀ।
ਪੂਰਨ-'ਮਾਤਾ। ਮਾਤਾ' ਆਵਾਜ਼-'ਭੁੱਲ ਜਾ ਪੁੱਤਰਾ।' ਪੂਰਨ-'ਮਾਂ ਮਾਂ', ਆਵਾਜ਼-'ਪੁੱਤਰਾ ਪੁੱਤਰਾ'।
(ਦੋਵੇਂ, ਉਲਟ ਦਿਸ਼ਾ ਵੱਲ ਉਹਲੇ ਹੋ ਜਾਂਦੇ ਹਨ)
ਸਟੇਜ 'ਤੇ ਤਿੱਖੀ ਰੌਸ਼ਨੀ, ਫੇਰ ਹਨੇਰਾ, ਫੇਰ ਹਲਕੀ ਹਲਕੀ ਰੌਸ਼ਨੀ। ਇੰਜ, ਡਾ: ਸ਼ਹਰਯਾਰ ਨੇ ਪੂਰਨ ਭਗਤ ਦੇ, ਲੋਕ ਮਨਾਂ ਵਿਚ ਵਸਦੇ ਕਿੱਸੇ ਨੂੰ, ਇਕ ਨਵੇਂ ਜ਼ਾਵੀਏ ਤੋਂ, ਕਾਵਿ-ਨਾਟਕ ਰਾਹੀਂ ਪੇਸ਼ ਕਰਕੇ, ਇਸ ਨੂੰ ਤਵੱਜੋ ਨਾਲ ਪੜ੍ਹਨ ਅਤੇ ਸਾਂਭਣਯੋਗ ਦਸਤਾਵੇਜ਼ ਬਣਾ ਦਿੱਤੈ।

-ਤੀਰਥ ਸਿੰਘ ਢਿੱਲੋਂ
ਮੋ: 98154-61710

ਮੈਂ ਤਾਰੇ ਕੀ ਕਰਨੇ
ਕਵਿੱਤਰੀ : ਗੁਰੂਤੇਜ ਪਾਰਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.

ਕਵਿੱਤਰੀ ਗੁਰੂਤੇਜ ਪਾਰਸਾ ਦੀ ਪਹਿਲੀ ਪਲੇਠੀ ਕਵਿਤਾ ਦੀ ਪੁਸਤਕ 'ਮੈਂ ਤਾਰੇ ਕੀ ਕਰਨੇ' ਗੰਭੀਰ ਅਤੇ ਹਿਰਦੇ ਮੂਲਕ ਕਵਿਤਾ ਹੈ। ਸਫ਼ਾ 73 ਤੱਕ ਉਸ ਦੀਆਂ ਭਾਵਪੂਰਤ ਕਵਿਤਾਵਾਂ ਹਨ ਜਦੋਂ ਕਿ 73 ਤੋਂ 112 ਸਫ਼ੇ ਵਿਚ ਉਸ ਦੇ ਜਜ਼ਬਾ ਭਰਪੂਰ ਗੀਤ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਅਨੇਕ ਰੰਗ ਹਨ। ਇਸ ਕਵਿਤਾ ਵਿਚ ਔਰਤ ਦੇ ਦਿਲੀ ਦਰਦ, ਮੁਹੱਬਤ ਵਿਚ ਹਾਰਾਂ ਦੀ ਟੀਸ, ਮੇਲ ਦੀ ਖੁਸ਼ੀ, ਜ਼ਿੰਦਗੀ ਪ੍ਰਤੀ ਸ਼ਿਕਵੇ, ਔਰਤ ਵੱਲੋਂ ਦੱਬੂ ਸਥਿਤੀ ਤੋਂ ਬਗਾਵਤ, ਮਾਨਸਿਕ ਵਲਵਲੇ ਅਤੇ ਫਰਜ਼ਾਂ ਪ੍ਰਤੀ ਹਾਂ-ਮੁਖੀ ਪਹੁੰਚ ਹੈ। ਉਸ ਦੀ ਪਹਿਲੀ ਕਵਿਤਾ ਬਾਬਲ ਪ੍ਰਤੀ ਮੋਹ ਤੋਂ ਅਗਾਂਹ ਸ਼ਰਧਾ ਅਤੇ ਆਸਤਿਕਤਾ ਦਾ ਜਲੌਅ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਹਨ ਪਰ ਜਦ ਉਹ ਛੰਦਬੱਧ ਕਵਿਤਾ ਲਿਖਦੀ ਹੈ ਤਾਂ ਕਮਾਲ ਕਰਦੀ ਹੈ। ਉਸ ਦੇ ਗੀਤਾਂ ਵਿਚ ਉਹ ਸਾਰੇ ਗੁਣ ਹਨ ਜੋ ਕਿ ਅਜੋਕੀ ਸਥਿਤੀ ਵਿਚ ਪ੍ਰਗੀਤ ਲੋੜਦਾ ਹੈ। ਉਸ ਦੀ ਕਵਿਤਾ ਇਕ ਖ਼ੁਦ ਰੌ ਜਾਂ ਕੁਦਰਤੀ ਨਦੀ ਦੇ ਪ੍ਰਵਾਹ ਵਾਂਗ ਹੈ। ਕਵਿੱਤਰੀ ਉਹੀ ਲਿਖਦੀ ਹੈ ਜੋ ਉਸ ਨੂੰ ਨਾਜ਼ਿਲ ਹੁੰਦਾ ਹੈ। ਪਰ ਨਾਜ਼ਿਲ ਉਹੀ ਹੁੰਦਾ ਹੈ ਜੋ ਉਹ ਸਿਰਜਣਾ ਦੇ ਖਾਬ ਵਿਚ ਵੇਖਦੀ ਹੈ। ਇਸੇ ਲਈ ਉਸ ਦੀਆਂ ਕਵਿਤਾਵਾਂ ਵਿਚ ਜਿਥੇ ਅੰਬਰੀ-ਜਜ਼ਬਾਤੀ ਰੰਗ ਹੈ, ਉਤੇ ਯਥਾਰਥ ਦੀ ਜ਼ਮੀਨ ਦੀ ਖੁਸ਼ਬੂ ਵੀ ਹੈ। ਉਸ ਦੀਆਂ ਕਵਿਤਾਵਾਂ ਵਿਚ ਲੈਅ ਹੈ। ਇਸੇ ਲਈ ਰਸ ਹੈ। ਰੂਪ ਦੀ ਸੁੰਦਰਤਾ ਹੀ ਵਿਸ਼ੇ ਦੀ ਸੁੰਦਰਤਾ ਨੂੰ ਬਹਾਲ ਕਰਦੀ ਹੈ। ਉਸ ਦੀ ਕਵਿਤਾ ਦੇ ਬਿੰਹ, ਚਿੰਨ੍ਹ ਤੇ ਅਲੰਕਾਰ ਸਲਾਹੁਣਯੋਗ ਹਨ। ਭਾਵੇਂ ਪਾਰਸਾ ਦੀ ਇਹ ਪਹਿਲੀ ਕਾਵਿ ਪੁਸਤਕ ਹੈ ਪਰ ਲਗਦਾ ਹੈ ਕਿ ਉਹ ਇਕ ਗੁੜ੍ਹੀ ਹੋਈ ਕਵਿੱਤਰੀ ਹੈ। ਉਹ ਕਵਿਤਾ ਨੂੰ ਜੀਂਦੀ ਹੈ ਜਿਵੇਂ ਕੋਈ ਆਤਮਾ ਨੂੰ ਨਾਲ-ਨਾਲ ਰੱਖ ਕੇ ਜਿਊਂਦਾ ਹੈ। ਇਸੇ ਤਰ੍ਹਾਂ ਉਸ ਦੀ ਕਵਿਤਾ ਉਸ ਦੀ ਆਤਮਾ ਵਾਂਗ ਹਾਜ਼ਰ ਰਹਿੰਦੀ ਹੈ। ਤਰਕ, ਵਿਤਰਕ, ਵਿਵੇਕ, ਪ੍ਰਚਲਿਤ ਵਿਹਾਰ, ਆਦਰਸ਼, ਖਾਬ, ਅਹਿਸਾਸ, ਅਵਚੇਤਨ ਅਤੇ ਚਿੰਤਨ ਇਨ੍ਹਾਂ ਕਵਿਤਾਵਾਂ ਦੇ ਅੰਬਰਾਂ ਦੇ ਚੰਨ ਤਾਰੇ ਹਨ :
'ਦੁਨੀਆਦਾਰੀ ਸ਼ਹਿਦ ਬਰੋਬਰ/ਜੋ ਖੁੱਭਿਆ ਸੋ ਹਰਿਆ ਏ-ਨਿਤਨੇਮ ਭਾਵੇਂ ਰੂਹ ਰੁਸ਼ਨਾਏ/ਪਰ ਨੇਹ ਬਿਨਾ ਕਦ ਸਰਿਆ ਏ?/ਲੱਖ ਉਡਾਨਾਂ ਸੁਪਨੇ ਨਿਹਫਲ/ਜੇ ਰਾਹ ਨਾ ਇਸ਼ਕ ਦਾ ਫੜਿਆ ਏ/...' ਇਕ ਹੋਰ ਕਵਿਤਾ 'ਸੁਖ ਦਾ ਇਕ ਘੁਟ' ਵਿਚੋਂ ਇਕ ਬੰਦ ਦੇ ਕੇ ਅਲਵਿਦਾ ਕਹਾਂਗਾ :
'ਇਕ ਕਿਰਨ ਸੂਰਜ 'ਚੋਂ ਨਿਕਲੇ/ਮਸਤਕ ਵਿਚ ਧਸ ਜਾਏ-ਦਿਲ ਦੀ ਮਹਿਕ ਬਣੇ ਇਕ ਝਰਨਾ ਰੁਣ ਝੁਣ ਵਹਿੰਦੀ ਜਾਏ...।
'ਮੈਂ ਤਾਰੇ ਕੀ ਕਰਨੇ' ਕਾਵਿ ਸੰਗ੍ਰਹਿ ਆਧੁਨਿਕ ਨਾਰੀ ਕਾਵਿ ਚਿੰਤਕਾਂ ਅਤੇ ਗੰਭੀਰ ਪਾਠਕਾਂ ਲਈ ਅਮੁੱਲ ਪੁਸਤਕ ਹੈ। ਜੀ ਆਇਆਂ।

-ਸੁਲੱਖਣ ਸਰਹੱਦੀ
ਮੋ: 94174-84337

ਪੁੰਨਿਆਂ ਤੋਂ ਪਹਿਲਾਂ
ਲੇਖਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਸੁਰਿੰਦਰ ਰਾਮਪੁਰੀ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਿਰੰਤਰ ਸਿਰਜਣਾਸ਼ੀਲ ਹੈ। 'ਪੁੰਨਿਆਂ ਤੋਂ ਪਹਿਲਾਂ' ਉਸ ਦੇ ਕਹਾਣੀ-ਸੰਗ੍ਰਹਿ ਦੀ ਦੂਸਰੀ ਨਵੀਂ ਐਡੀਸ਼ਨ ਹੈ, ਜਿਸ ਵਿਚ ਉਸ ਨੇ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਸੁਰਿੰਦਰ ਰਾਮਪੁਰੀ ਔਰਤ-ਮਰਦ ਦੇ ਰਿਸ਼ਤਿਆਂ ਵਿਚਕਾਰ ਪਈਆਂ ਗੰਢਾਂ ਖੋਲ੍ਹਣ ਵਾਲਾ ਕਹਾਣੀਕਾਰ ਹੈ। ਉਸ ਦੇ ਪਾਤਰ ਮੁਹੱਬਤ, ਛਲ, ਵੇਦਨਾ, ਸੰਵੇਦਨਾ ਵਿਚਕਾਰ ਅਜੀਬ ਵਿਹਾਰ ਕਰਦੇ ਪ੍ਰਤੀਤ ਹੁੰਦੇ ਹਨ। ਕਈ ਵਾਰੀ ਉਹ ਸਮਾਜਿਕ ਉਲੰਘਣਾਵਾਂ ਪਾਰ ਕਰਦੇ ਹਨ ਤੇ ਕਈ ਵਾਰੀ ਨਵੇਂ ਰਿਸ਼ਤਿਆਂ ਦੇ ਵੀ ਪਾਂਧੀ ਬਣਦੇ ਹਨ। 'ਚਿੰਤਾ ਵਾਲੀ ਗੱਲ' ਪਿਆਰ, ਕੁਰਬਾਨੀ ਤੇ ਛਲ ਵਿਚਕਾਰ ਘੁੰਮਦੀ ਹੋਈ ਅਮਰੀਜੀਤ ਦੀ ਕਹਾਣੀ ਹੈ। 'ਰੇਖਾਵਾਂ ਦੇ ਆਰ-ਪਾਰ' ਕਹਾਣੀ ਦੇ ਪਤੀ-ਪਤਨੀ ਸੰਤਾਨ ਨਾ ਹੋਣ ਦਾ ਸੰਤਾਪ ਭੋਗਦੇ ਹੋਏ ਕਿਸੇ ਪ੍ਰੇਮਿਕਾ ਤੋਂ ਬੱਚਾ ਲੈਣ ਦੀ ਤਾਂਘ ਰੱਖਦੇ ਹਨ। 'ਆਪਣੀ ਆਪਣੀ ਪਹੁੰਚ' ਦਾ ਅਮਰ ਚੰਦ ਚੌਕੀਦਾਰ ਰਾਤੋ-ਰਾਤ ਅਮੀਰ ਹੋਣ ਲਈ ਅੱਕੀਂ-ਪਲਾਹੀਂ ਹੱਥ ਮਾਰਦਾ ਦਿਖਾਈ ਦਿੰਦਾ ਹੈ। 'ਅੰਨ੍ਹਾ ਖੂਹ' ਇਸ ਸੰਗ੍ਰਹਿ ਦੀ ਬਹੁਤ ਹੀ ਵਧੀਆ ਤੇ ਗੁੰਝਲਦਾਰ ਕਹਾਣੀ ਹੈ, ਜਿਸ ਵਿਚ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਕੇ ਸਮਾਜਿਕ ਤੇ ਪਰਿਵਾਰਕ ਸੰਤਾਪ ਪੈਦਾ ਕੀਤਾ ਗਿਆ ਹੈ। 'ਕਿੱਝ' ਕਹਾਣੀ ਪੰਜਾਬ 'ਚ ਅੱਤਵਾਦ ਦੇ ਸਹਿਮ ਦੇ ਪ੍ਰਛਾਵਿਆਂ ਨੂੰ ਫੜਨ ਦਾ ਆਹਰ ਕਰਦੀ ਹੈ। 'ਉਦੋਂ ਹੀ' ਮਿਥਿਹਾਸ ਦੀ ਵਰਤੋਂ ਰਾਹੀਂ ਆਧੁਨਿਕ ਸਮੱਸਿਆਵਾਂ ਵੱਲ ਸੰਕੇਤ ਕੀਤਾ ਗਿਆ ਹੈ। 'ਸੁਨੀਤਾ ਦਾ ਵਹਿਮ' ਦੀ ਸੁਨੀਤਾ ਨੂੰ ਵਹਿਮ ਸੀ ਕਿ ਉਹ ਜਿਸ ਨੂੰ ਵੀ ਪ੍ਰੇਮ ਕਰਦੀ ਸੀ, ਉਹ ਮੌਤ ਦੇ ਮੂੰਹ 'ਚ ਜਾ ਪੈਂਦਾ ਸੀ। 'ਪੁੰਨਿਆਂ ਤੋਂ ਪਹਿਲਾਂ' ਸ਼ਰਨਜੀਤ ਦੇ ਸੰਘਰਸ਼ ਦੀ ਕਹਾਣੀ ਹੈ ਜੋ ਹਾਰ ਕੇ ਵੀ ਮੁੜ ਲੜਨ ਲਈ ਹਿੰਮਤ ਪੈਦਾ ਕਰਦਾ ਹੈ। 'ਮੱਥੇ ਦੀ ਚੀਸ' ਦਹੇਜ ਦੇ ਲੋਭੀਆਂ ਦਾ ਪਾਜ ਉਘਾੜਦੀ ਹੈ। ਰਾਮਪੁਰੀ ਹੋਣਹਾਰ ਕਹਾਣੀ ਲੇਖਕ ਹੈ। ਪੁਸਤਕ ਦਾ ਦੂਸਰਾ ਐਡੀਸ਼ਨ ਛਾਪਣਾ ਆਪਣੇ-ਆਪ ਵਿਚ ਵੱਡਾ ਕੰਮ ਹੈ।

ਆਮ ਤੋਂ ਖ਼ਾਸ
ਲੇਖਿਕਾ : ਪ੍ਰਭਾ ਖੇਤਾਨ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗ਼ੜ੍ਹ
ਮੁੱਲ : 350 ਰੁਪਏ, ਸਫ਼ੇ : 270.

ਪ੍ਰਭਾ ਖੇਤਾਨ ਹਿੰਦੀ ਦੀ ਜਾਣੀ-ਪਛਾਣੀ ਤੇ ਪ੍ਰਤਿਸ਼ਟਤ ਗਲਪ-ਲੇਖਿਕਾ ਹੈ। 'ਆਮ ਤੋਂ ਖ਼ਾਸ' ਉਸ ਦੀ ਸਵੈ-ਜੀਵਨੀ ਹੈ ਜੋ ਪਹਿਲਾਂ ਹਿੰਦੀ ਵਿਚ 'ਅੰਨਿਆ ਸੇ ਅਨੰਨਿਆ' ਦੇ ਨਾਂਅ ਹੇਠ ਪ੍ਰਕਾਸ਼ਿਤ ਹੋਈ ਸੀ। ਇਸ ਦਾ ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਕਹਾਣੀ ਲੇਖਕ ਮਹਿਤਾਬ-ਉਦ-ਦੀਨ ਦੁਆਰਾ ਪੇਸ਼ ਕੀਤਾ ਗਿਆ ਹੈ।
ਪ੍ਰਭਾ ਖੇਤਾਨ ਬੰਗਾਲ ਵਿਚ ਵਸਦੇ ਇਕ ਧਨੀ ਤੇ ਪ੍ਰਤਿਸ਼ਠਤ ਮਾਰਵਾੜੀ ਪਰਿਵਾਰ ਨਾਲ ਸਬੰਧਤ ਔਰਤ ਹੈ। ਮਾਰਵਾੜੀ ਟੱਬਰ ਭਾਵੇਂ ਕਾਫੀ ਦੇਰ ਤੋਂ ਕਲਕੱਤੇ ਰਹਿ ਰਿਹਾ ਹੈ ਪਰ ਉਸ ਦੇ ਸੰਸਕਾਰ, ਰਹੁ-ਰੀਤਾਂ ਤੇ ਖ਼ਿਆਲਾਤ ਸਭ ਆਮ ਮਾਰਵਾੜੀਆਂ ਵਾਂਗ ਹੀ ਹਨ। ਉਹ ਬੰਗਾਲੀ ਜਨ-ਜੀਵਨ ਅਨੁਸਾਰ ਨਹੀਂ ਢਲੇ। ਪ੍ਰਭਾ ਖੇਤਾਨ ਇਹੋ ਜਿਹੇ ਸੰਸਕਾਰੀ ਤੇ ਪੁਰਾਤਨ-ਪੰਥੀ ਪਰਿਵਾਰ ਦੀ ਧੀ ਹੋਣ ਦੇ ਬਾਵਜੂਦ ਆਜ਼ਾਦੀ ਨਾਲ ਆਪਣੀਆਂ ਹੀ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਦਾ ਯਤਨ ਕਰਦੀ ਹੈ। ਉਹ ਰਵਾਇਤੀ ਵਿਆਹ ਦੇ ਬੰਧਨਾਂ ਵਿਚ ਨਹੀਂ ਬੱਝਦੀ। ਉਹ ਪੰਜ ਬੱਚਿਆਂ ਦੇ ਪਿਉ ਤੇ ਇਕ ਸ਼ਾਦੀਸ਼ੁਦਾ ਅੱਖਾਂ ਦੇ ਡਾਕਟਰ ਸੱਰਾਫ਼ ਨੂੰ ਮੁਹੱਬਤ ਕਰਨ ਲਗਦੀ ਹੈ ਤੇ ਇਸ ਤਰ੍ਹਾਂ ਇਕ ਵੱਡੇ ਚੈਲੰਜ ਦੇ ਰੂ-ਬਰੂ ਹੁੰਦੀ ਹੈ। ਉਹ ਜਾਣਦੀ ਹੈ ਕਿ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਵਾਲੀ ਔਰਤ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਅਤਿਅੰਤ ਲਾਜ਼ਮੀ ਹੈ। ਇਸੇ ਲਈ ਉਹ ਚਮੜੇ ਦੇ ਵਪਾਰ 'ਚ ਰੁਚੀ ਲੈਣ ਲਗਦੀ ਹੈ ਤੇ ਕੁਝ ਹੀ ਵਰ੍ਹਿਆਂ ਵਿਚ ਦੇਸ਼-ਵਿਦੇਸ਼ ਦੀ ਇਕ ਪ੍ਰਸਿੱਧ ਵਪਾਰੀ ਬਣ ਜਾਂਦੀ ਹੈ। ਇਸ ਵਪਾਰਕ ਕਾਮਯਾਬੀ ਨਾਲ ਉਸ ਨੂੰ ਆਪਣੇ ਪੈਰਾਂ 'ਤੇ ਖਲੋਣ ਤੇ ਮਜ਼ਬੂਤੀ ਨਾਲ ਜ਼ਿੰਦਗੀ ਜਿਊਣ ਦਾ ਰਾਹ ਤਾਂ ਭਾਵੇਂ ਮਿਲ ਜਾਂਦਾ ਹੈ ਪਰ ਸੰਸਕਾਰਾਂ ਵਿਚ ਬੱਝਿਆ ਸਮਾਜ ਡਾ: ਸੱਰਾਫ਼ ਨਾਲ ਉਸ ਦੇ ਰਿਸ਼ਤੇ ਨੂੰ ਕਦਾਚਿਤ ਪ੍ਰਵਾਨਗੀ ਨਹੀਂ ਦਿੰਦਾ। ਨਤੀਜਾ ਉਸ ਨੂੰ ਕਦਮ-ਕਦਮ 'ਤੇ ਜ਼ਲੀਲ ਤੇ ਪੜਤਾੜਿਤ ਹੋਣਾ ਪੈਂਦਾ ਹੈ। ਇਹੋ ਉਸ ਜਿਹੀ ਔਰਤ ਦੀ ਹੋਣੀ ਬਣਦੀ ਹੈ।
ਲੇਖਿਕਾ ਭਾਵੇਂ ਇਸ ਨੂੰ ਆਪਣੀ ਸਵੈ-ਜੀਵਨੀ ਆਖਦੀ ਹੈ ਪਰ ਇਸ ਵਿਚ ਇਕ ਚੰਗੇ ਨਾਵਲ ਦੇ ਸਾਰੇ ਗੁਣ ਮੌਜੂਦ ਹਨ। ਕਲਕੱਤੇ ਦੇ ਜੀਵਨ ਦਾ ਖੁੱਲ੍ਹਾ-ਡੁੱਲ੍ਹਾਪਨ, ਨੌਜਵਾਨਾਂ ਦੀਆਂ ਅਕਾਂਖਿਆਵਾਂ, ਚਾਹਤਾਂ ਤੇ ਤਾਂਘਾਂ, ਬੰਗਾਲੀਆਂ ਤੇ ਮਾਰਵਾੜੀਆਂ ਦੇ ਆਪਸੀ ਸਬੰਧ, ਨਕਸਲਵਾੜੀ ਅੰਦੋਲਨ, ਐਮਰਜੈਂਸੀ, ਖੱਬੀਆਂ ਪਾਰਟੀਆਂ ਦੀ ਚੜ੍ਹਤ ਆਦਿ ਦੇ ਵੇਰਵੇ ਸਮੁੱਚੇ ਰੂਪ ਵਿਚ ਇਸ ਕਥਾ ਵਿਚ ਉਪਲਬਧ ਹੁੰਦੇ ਹਨ। ਵਿਦੇਸ਼ੀ ਬਾਜ਼ਾਰ ਦੀਆਂ ਲੋੜਾਂ-ਹੋੜਾਂ ਵੀ ਸਮਝ 'ਚ ਆਉਂਦੀਆਂ ਹਨ। ਦਰਾਮਦ-ਬਰਾਮਦ ਨਾਲ ਜੁੜੇ ਭਾਰਤੀ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਪਤਾ ਲਗਦੀਆਂ ਹਨ। ਦਾਦੀ ਮਾਂ, ਮਿਸ ਆਈਵੀ ਜਿਹੇ ਮਾਰਮਿਕ ਚਰਿੱਤਰ ਇਸ ਕਥਾ ਨੂੰ ਹੋਰ ਵੀ ਸਜੀਵ ਬਣਾਉਂਦੇ ਹਨ। ਪ੍ਰਭਾ ਖੇਤਾਨ ਕੋਲ ਅਜਿਹੀ ਸਸ਼ਕਤ ਬੋਲੀ ਤੇ ਕਥਾ ਰਸ ਹੈ ਕਿ ਇਸ ਨੂੰ ਇਕ ਵਾਰ ਸ਼ੁਰੂ ਕਰਕੇ ਛੱਡਿਆ ਨਹੀਂ ਜਾ ਸਕਦਾ। ਪ੍ਰੇਮ ਕਰਨ ਵਾਲੀ ਆਜ਼ਾਦ ਔਰਤ ਦੀ ਮਾਰਮਿਕ ਕਹਾਣੀ ਦਿਲ ਨੂੰ ਛੂੰਹਦੀ ਹੈ। ਅਨੁਵਾਦ ਵਿਚ ਥੋਨੂੰ, ਥੋਡਾ ਜਿਹੇ ਸ਼ਬਦ ਓਪਰੇ ਲਗਦੇ ਹਨ। ਪੁਸਤਕ ਬਹੁਤ ਹੀ ਰੌਚਿਕ ਹੈ।

-ਕੇ. ਐਲ. ਗਰਗ
ਮੋ: 94635-37050

ਅੱਖਾਂ! ਅੱਖਾਂ!! ਅੱਖਾਂ!!!
ਕਵੀ : ਡਾ: ਗੁਲਜ਼ਾਰ ਸਿੰਘ ਸੱਭਰਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਡਾ: ਗੁਲਜ਼ਾਰ ਸਿੰਘ ਸੱਭਰਵਾਲ ਲੋਕ ਮੁਹਾਂਦਰੇ ਵਾਲਾ ਕਵੀ ਹੈ। ਹਥਲਾ ਕਾਵਿ-ਸੰਗ੍ਰਹਿ 'ਅੱਖਾਂ! ਅੱਖਾਂ!! ਅੱਖਾਂ!!!' ਵਿਚ ਨਜ਼ਮਾਂ, ਗੀਤ, ਦੋਗਾਣੇ ਅਤੇ ਗ਼ਜ਼ਲਾਂ ਆਦਿ ਸ਼ਾਮਿਲ ਹਨ। ਮੁੱਖ ਰੂਪ ਵਿਚ ਡਾ: ਗੁਲਜ਼ਾਰ ਸਿੰਘ ਸੱਭਰਵਾਲ ਪਿਆਰ ਭਾਵਨਾਵਾਂ ਦਾ ਕਵੀ ਵੀ ਹੈ। ਪਿਆਰ ਸਮਰਪਣ ਦੀ ਭਾਵਨਾ ਦਾ ਨਾਂਅ ਹੈ। ਸਮਰਪਣ ਦੀ ਭਾਵਨਾ ਨੂੰ ਡਾ: ਸੱਭਰਵਾਲ ਬਹੁਤ ਖੂਬਸੂਰਤ ਢੰਗ ਨਾਲ ਪ੍ਰਗਟਾਉਂਦਾ ਹੈ :
ਮੈਨੂੰ ਨਾ ਬੁਲਾਉ ਨੀ,
ਮੈਂ ਉਹਦੇ ਵਿਚ ਖੋਈ ਆਂ।
ਤਨੋ-ਮਨੋ-ਧਨੋ ਨੀ,
ਮੈਂ ਬੱਸ ਉਹਦੀ ਹੋਈ ਆਂ.
ਕਵਿਤਾ ਵਿਚ ਵਿਅੰਗ ਦੀ ਧਾਰ ਬਹੁਤ ਤਿੱਖੀ ਹੈ। ਨਾਲ ਹੀ ਨਾਲ ਸਾਡੇ ਸਮਾਜ ਦੇ ਰਾਜਨੀਤਕ ਅਤੇ ਵਿਦਿਅਕ, ਸਮਾਜਿਕ ਤਾਣੇ-ਬਾਣੇ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ। ਉਦਾਹਰਨ ਵਜੋਂ 'ਦੱਸ ਬੱਲੇ ਤੇਰੇ ਪੁੱਤਰਾ' ਨਾਮੀ ਗਾਣੇ 'ਚ ਅਜੋਕੇ ਵਿਦਿਅਕ ਸਿਸਟਮ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ, ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਪੈਦਾ ਕਰਦੀ ਹੈ। ਕਵੀ ਨੇ ਹਰ ਵਰਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੀ ਕਵਿਤਾਵਾਂ 'ਚ ਕੀਤਾ ਹੈ। ਪੁਸਤਕ ਦੀ ਭੂਮਿਕਾ ਪਰਮਜੀਤ ਕੌਰ ਸਰਹਿੰਦ ਅਤੇ ਡਾ: ਹਰਚੰਦ ਸਿੰਘ ਸਰਹਿੰਦੀ ਨੇ ਲਿਖੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਸੂਲੀ ਟੰਗਿਆ ਸੱਚ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 240.

ਕੁਦਰਤ ਦਾ ਹਰ ਜੀਵਨ ਆਪਣੀ ਵਿਸ਼ੇਸ਼ ਵਿਲੱਖਣਤਾ ਨਾਲ ਭਰਪੂਰ ਹੁੰਦਾ ਹੈ। ਕਿਸੇ ਨਾ ਕਿਸੇ ਰੂਪ/ਰੰਗ ਵਿਚ ਇਹ ਵਿਲੱਖਣਤਾ ਜ਼ਾਹਰ ਹੁੰਦੀ ਰਹਿੰਦੀ ਹੈ। ਮਨੁੱਖੀ ਜੀਵਨ-ਸ਼ੈਲੀ ਵਿਚ ਵੀ ਕੁਝ ਖ਼ਾਸ ਮਨੁੱਖ ਹੁੰਦੇ ਹਨ ਜੋ ਆਪਣੇ ਅਨੁਭਵਾਂ, ਵਿਚਾਰਾਂ ਤੇ ਆਲੇ-ਦੁਆਲੇ ਪਨਪਦੀਆਂ/ਵਾਪਰਦੀਆਂ ਬੇਜ਼ੁਬਾਨ ਘਟਨਾਵਾਂ ਨੂੰ ਕਲਮ ਰੂਪੀ ਐਸੀ ਜ਼ਬਾਨ ਲਾਉਣ ਦੇ ਸਮਰੱਥ ਹੁੰਦੇ ਹਨ ਕਿ ਰਚਨਾਵਾਂ ਬੋਲ ਉਠਦੀਆਂ ਹਨ। ਅਜਿਹੇ ਹੀ ਖ਼ਾਸ ਮਨੁੱਖ ਡਾ: ਗੁਰਚਰਨ ਸਿੰਘ ਔਲਖ ਨੇ ਬਹੁਤ ਸਾਰੀਆਂ ਰਚਨਾਵਾਂ ਅਤੇ ਅਨੁਵਾਦਾਂ ਨਾਲ ਸਾਹਿਤ ਜਗਤ ਦੀ ਝੋਲੀ ਨੂੰ ਸਰਸ਼ਾਰ ਕੀਤਾ ਹੋਇਆ ਹੈ। ਸਵੈ-ਜੀਵਨ ਗਾਥਾ 'ਸੂਲੀ ਟੰਗਿਆ ਸੱਚ' ਵਿਚ ਡਾ: ਔਲਖ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਬਾਖੂਬੀ ਪਾਠਕਾਂ ਦੇ ਰੂਬਰੂ ਕਰਨ ਦਾ ਸਫਲ ਯਤਨ ਕੀਤਾ ਹੈ। ਮਨੁੱਖ ਨੂੰ ਜੀਵਨ ਵਿਚ ਵਿਚਰਦਿਆਂ ਬਹੁਤ ਸਾਰੇ ਦੁੱਖਾਂ-ਸੁੱਖਾਂ ਤੇ ਸੱਚ-ਝੂਠ ਨਾਲ ਦੋ-ਚਾਰ ਵੀ ਹੋਣਾ ਪੈਂਦਾ ਹੈ। ਜਗਤ ਹੱਸ-ਹਵਾਨੇ (ਜੱਗ-ਹਸਾਈ) ਤੋਂ ਬਚਣ ਲਈ ਆਮ ਮਨੁੱਖ ਪਰਦੇ ਹੇਠ ਸਭ ਕੁਝ ਵੀ ਨੱਪਣ ਦੀ ਕੋਸ਼ਿਸ਼ ਕਰਦਾ ਹੈ ਪਰ ਡਾ: ਔਲਖ ਨੇ ਆਪਣੇ ਜੀਵਨ ਦੀ ਕਰੀਬ ਹਰ ਬਰੀਕੀ ਤੋਂ ਪਰਦਾ ਉਠਾਉਣ ਦੀ ਯਤਨ ਕੀਤਾ ਹੈ।
ਪਰਿਵਾਰਕ ਤੰਗੀਆਂ-ਤੁਰਸ਼ੀਆਂ, ਉੱਦਮ ਨਾਲ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰ ਲੈਣੀ, ਸਕੂਲ/ਕਾਲਜ ਅਧਿਆਪਕ ਦੀ ਹਰ ਸੁਹਿਰਦ ਡਿਊਟੀ ਨਾਲ ਬਗੈਰ ਕਿਸੇ ਝਿਜਕ/ਡਰ ਤੋਂ ਤਨੋਂ-ਮਨੋਂ ਨਿਪਟਣਾ, ਲੇਖਕ/ ਅਨੁਵਾਦਕ/ਆਲੋਚਕ ਵਜੋਂ ਯੂਨੀਕ ਤਜਰਬੇ, ਗ੍ਰਹਿਸਥੀ ਦੇ ਪਾਂਧੀ ਬਣਨ ਦੇ ਰੌਚਕ ਕਿੱਸੇ, ਘਰ ਦਾ ਕੱਖਾਂ-ਕਾਨਿਆਂ ਵਾਲਾ ਢਾਰਾ ਹੀ ਹਨੀਮੂਨ ਮਨਾਉਣ ਲਈ ਨਸੀਬ ਹੋਣਾ, ਪੀ.ਐਚ.ਡੀ. ਕਰਾਉਣ ਵਾਲੇ ਕੁਝ ਅਖੌਤੀ ਗੁਰੂਆਂ ਵੱਲੋਂ ਸਿਖਿਆਰਥੀਆਂ ਦਾ ਹਰ ਕਿਸਮ ਦਾ ਸ਼ੋਸ਼ਣ ਕਰਨ ਨੂੰ ਤਰਜੀਹ ਦੇਣ ਦਾ ਰੁਝਾਨ, ਮਾਣ-ਸਨਮਾਨ ਵਿਚ ਹੁੰਦੀ ਬਾਂਦਰ ਵੰਡ ਤੇ ਸ਼ੋਕ ਸਮਾਗਮਾਂ ਸਮੇਂ ਵੀ ਕੁਝ ਮੰਨੇ-ਪ੍ਰਮੰਨੇ ਸਨਕੀ ਲੇਖਕਾਂ ਵੱਲੋਂ ਸ਼ਰਾਬ ਤੇ ਕਬਾਬ ਦਾ ਝੱਸ ਪੂਰਾ ਕਰਨ ਲਈ ਉੱਠ ਭੱਜਣਾ ਆਦਿ ਅਨੁਭਵਾਂ ਨੂੰ ਬੜੀ ਬੇਬਾਕੀ ਨਾਲ 'ਸੂਲੀ ਟੰਗਿਆ ਸੱਚ' ਵਿਚ ਪਾਠਕ ਨੂੰ ਪੜ੍ਹਨ ਲਈ ਮਿਲ ਜਾਂਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵੇਖਣ ਹੋਰ ਨੇ।
ਜਵਾਨ-ਜਹਾਨ ਪੁੱਤਰ ਅਤੇ ਦੋਹਤੀ ਦਾ ਜੱਗ ਤੋਂ ਤੁਰ ਜਾਣ ਦੇ ਸੱਲ੍ਹ ਨੇ ਡਾ: ਔਲ਼ਖ ਦੇ ਜੀਵਨ ਨੂੰ ਕਾਫੀ ਡਾਵਾਂਡੋਲ ਕਰ ਦਿੱਤਾ ਸੀ। ਭਾਣਾ ਮੰਨਣ ਤੋਂ ਸਿਵਾਏ ਹੋਰ ਹੋ ਵੀ ਕੀ ਸਕਦਾ ਹੈ, 'ਤੇ ਅਮਲ ਕਰਦਿਆਂ ਵਿਚਾਰਾਂ/ਮਨੋਵੇਗ ਨੂੰ ਕਲਮ ਨਾਲ ਝਰੀਟਦਿਆਂ 'ਤੁਰਿਆ ਚਲ ਇਕ ਸਾਰ ਮੁਸਾਫਰਾ' ਦਾ ਸਬੂਤ ਦਿੱਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

6-10-2013

 ਚੋਣਵੀਂ ਕਵਿਤਾ
ਗ਼ਦਰ ਦੀ ਗੂੰਜ

ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ (ਪੰਜ ਆਬ ਪ੍ਰਕਾਸ਼ਨ)
ਮੁੱਲ : ਪੇਪਰਬੈਕ 100 ਰੁਪਏ, ਸਜਿਲਦ 120 ਰੁਪਏ, ਸਫ਼ੇ : 192.

ਪੰਜਾਬ ਵਿਚ ਕ੍ਰਾਂਤੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਬੀਜਿਆ ਸੀ। ਉਨ੍ਹਾਂ ਨੇ ਮੁਗਲ ਅੱਤਿਆਚਾਰਾਂ ਨੂੰ ਸਹਿੰਦੇ ਅਤੇ ਬੇਅਣਖਾ ਜੀਵਨ ਬਤੀਤ ਕਰਦੇ ਦੇਸ਼ਵਾਸੀਆਂ ਨੂੰ ਵੰਗਾਰ ਕੇ ਕਿਹਾ-
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਗੁਰੂ ਸਾਹਿਬਾਨ ਤੋਂ ਪ੍ਰੇਰਤ ਹੋ ਕੇ ਪੰਜਾਬ ਦੇ ਲੋਕਾਂ ਨੇ ਜਿਥੇ ਮੁਗਲ ਸਾਮਰਾਜ ਨਾਲ ਲੋਹਾ ਲਿਆ, ਉਥੇ ਅੰਗਰੇਜ਼ ਸਾਮਰਾਜ ਦੇ ਖਿਲਾਫ਼ ਸੰਘਰਸ਼ ਵਿਚ ਵੀ ਵੱਡਾ ਹਿੱਸਾ ਪਾਇਆ। ਆਜ਼ਾਦੀ ਲਈ ਪੰਜਾਬ ਵਿਚ ਅਨੇਕਾਂ ਲਹਿਰਾਂ ਚੱਲੀਆਂ। ਗ਼ਦਰ ਲਹਿਰ ਇਨ੍ਹਾਂ ਵਿਚੋਂ ਇਕ ਹੈ।
ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲੇ ਦੇਸ਼ ਭਗਤਾਂ ਦਾ ਇਤਿਹਾਸ ਜਿੰਨਾ ਲੰਮਾ ਤੇ ਵਿਸ਼ਾਲ ਹੈ, ਓਨਾ ਹੀ ਉਹ ਘੱਟ ਮਾਤਰਾ ਵਿਚ ਲਿਖਿਆ ਗਿਆ ਹੈ। ਇਸ ਸਬੰਧ ਵਿਚ ਦੇਸ਼-ਭਗਤ ਯਾਦਗਾਰ ਕਮੇਟੀ ਜਲੰਧਰ ਨੇ 'ਪੰਜ ਆਬ ਪ੍ਰਕਾਸ਼ਨ' ਦੇ ਨਾਂਅ ਹੇਠ ਇਨਕਲਾਬੀ ਸਾਹਿਤ ਨੂੰ ਛਾਪਣ ਦਾ ਜੋ ਬੀੜਾ ਚੁੱਕਿਆ ਹੈ, ਉਹ ਬੇਹੱਦ ਸ਼ਲਾਘਾਯੋਗ ਹੈ।
ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਦੀ ਭਾਲ ਵਿਚ ਗਏ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਚਾਅ ਤੇ ਜੋਸ਼ ਨੇ ਕ੍ਰਾਂਤੀਕਾਰੀ ਤੇ 'ਗ਼ਦਰ ਦੇ ਕਵੀ' ਬਣਾ ਦਿੱਤਾ। 'ਗ਼ਦਰ ਦੀ ਗੂੰਜ' ਕਾਵਿ-ਸੰਗ੍ਰਹਿ ਵਿਚ ਬਹੁਤ ਸਾਰੇ ਗੁੰਮਨਾਮ, ਬੇਨਾਮ, ਫਰਜ਼ੀ ਨਾਂਅ ਅਤੇ ਅਸਲ ਨਾਂਅ ਵਾਲੇ ਗਦਰੀ ਕਵੀਆਂ ਦੀਆਂ ਕਵਿਤਾਵਾਂ ਸੰਗ੍ਰਹਿ ਕੀਤੀਆਂ ਗਈਆਂ ਹਨ। ਇਹ ਸਾਰੇ ਕਵੀ ਗਦਰ ਨੂੰ ਸਮਰਪਿਤ ਹਨ। ਉਨ੍ਹਾਂ ਦੀ ਦੀਨ-ਇਮਾਨ ਗਦਰ ਹੈ। ਗਦਰ ਉਨ੍ਹਾਂ ਦੇ ਦਿਲ-ਦਿਮਾਗ ਵਿਚ ਵਸਿਆ ਹੋਇਆ ਹੈ। ਉਨ੍ਹਾਂ ਦੀ ਨਜ਼ਰ ਵਿਚ ਦੇਸ਼ ਦੀ ਆਜ਼ਾਦੀ, ਖੁਸ਼ਹਾਲੀ ਅਤੇ ਗੌਰਵ ਦਾ ਰਾਜ਼ ਕੇਵਲ ਗਦਰ ਵਿਚ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੌਜਵਾਨਾਂ ਨੂੰ ਗਦਰ ਕਰਨ ਦਾ ਸੁਨੇਹਾ ਦਿੰਦੀਆਂ ਹਨ-
ਆਓ ਸ਼ੇਰੋ ਗਦਰ ਮਚਾਈਏ
ਮੌਕਾ ਨਹੀਂ ਖੁੰਝਾਵਣ ਦਾ।
ਕੁਝ ਨਜ਼ਮਾਂ ਵਿਚ 'ਗ਼ਦਰ' ਅਖ਼ਬਾਰ ਦੀ ਪ੍ਰਸੰਸਾ ਵੀ ਕੀਤੀ ਗਈ ਹੈ-
ਨਾਲ ਦਿਲੀ ਪ੍ਰੇਮ ਦੇ 'ਗ਼ਦਰ' ਪੜ੍ਹਨ।
ਇਹ ਦੇ ਨਾਲ ਹੀ ਬਚੇਗੀ ਜਾਨ ਸਾਡੀ।
ਇਨ੍ਹਾਂ ਕਵਿਤਾਵਾਂ ਵਿਚ ਕਾਵਿ-ਕਲਾ ਦੀਆਂ ਬਾਰੀਕੀਆਂ ਜਾਂ ਅਲੰਕਾਰਾਂ ਦੀ ਪਰਖ ਕਰਨ ਦੀ ਲੋੜ ਨਹੀਂ, ਸਗੋਂ ਦੇਸ਼-ਭਗਤ ਕਵੀਆਂ ਦੇ ਸੱਚੇ-ਸੁੱਚੇ ਜਜ਼ਬਿਆਂ ਨੂੰ ਪ੍ਰਣਾਮ ਕਰਨਾ ਬਣਦਾ ਹੈ। ਇਨ੍ਹਾਂ ਕਵੀਆਂ ਨੇ ਨਿਰੀਆਂ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਆਜ਼ਾਦੀ ਦੀ ਖਾਤਰ ਸ਼ਹੀਦੀਆਂ ਵੀ ਪਾਈਆਂ ਤਾਂ ਹੀ ਇਕ ਕਵੀ ਕਹਿੰਦਾ ਹੈ :
ਹਿੰਦੁਸਤਾਨੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲ ਤੋਂ ਨਹੀਂ ਭੁਲਾ ਜਾਣਾ।
ਖਾਤਰ ਵਤਨ ਦੀ ਚੜ੍ਹੇ ਹਾਂ ਫਾਂਸੀਆਂ 'ਤੇ
ਦੇਖ ਅਸਾਂ ਨੂੰ ਨਹੀਂ ਘਬਰਾ ਜਾਣਾ।
ਦੁੱਖ ਦੀ ਗੱਲ ਹੈ ਕਿ ਦੇਸ਼-ਭਗਤਾਂ ਨੇ ਆਜ਼ਾਦ ਭਾਰਤ ਦੇ ਜੋ ਸੁਪਨੇ ਲਏ ਸਨ, ਉਹ ਦਿਨੋਂ-ਦਿਨ ਚੂਰ ਹੋ ਰਹੇ ਹਨ। ਅਜਿਹਾ ਸੱਚਾ-ਸੁੱਚਾ ਸਾਹਿਤ ਕਿਸੇ ਦਿਨ ਇਕ ਨਵੀਂ ਕ੍ਰਾਂਤੀ ਨੂੰ ਜਨਮ ਦੇ ਸਕਦਾ ਹੈ।
ਇਸ ਸੰਗ੍ਰਹਿ ਦੀਆਂ ਪੰਜ ਕਵਿਤਾਵਾਂ (ਪੰਨਾ 18, 19, 22, 23 ਤੇ 24) ਦੋ ਵਾਰ ਛਪ ਗਈਆਂ ਹਨ। ਸੋਧ ਕਰਨ ਦੀ ਲੋੜ ਹੈ।
ਦੇਸ਼-ਭਗਤ ਯਾਦਗਾਰ ਕਮੇਟੀ ਦੇ ਕਨਵੀਨਰ ਸ੍ਰੀ ਅਮੋਲਕ ਸਿੰਘ ਗਦਰ ਲਹਿਰ ਤੇ ਬੱਬਰ ਲਹਿਰ ਦੇ ਸਾਹਿਤ ਨੂੰ ਬੜੀ ਲਗਨ ਤੇ ਮਿਹਨਤ ਨਾਲ ਸੰਗ੍ਰਹਿਤ ਤੇ ਸੰਪਾਦਿਤ ਕਰ ਰਹੇ ਹਨ। ਇਤਿਹਾਸਕ ਦ੍ਰਿਸ਼ਟੀ ਤੋਂ ਉਨ੍ਹਾਂ ਦਾ ਇਹ ਉੱਦਮ ਬੇਹੱਦ ਪ੍ਰਸੰਸਾਯੋਗ ਹੈ।

-ਨਰਿੰਜਨ ਸਿੰਘ ਸਾਥੀ
ਮੋ: 98155-40968

ਪਵੇ ਕਲੇਜੇ ਧੂਹ
ਗੀਤਕਾਰ : ਅੰਮ੍ਰਿਤ ਗਰੇਵਾਲ ਜੌਲੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111.

ਪੰਜਾਬੀ ਲੋਕ ਗੀਤ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ ਤੇ ਗੀਤ ਹਮੇਸ਼ਾਂ ਨਾਲ ਨਾਲ ਚਲਦੇ ਰਹੇ ਹਨ। ਗੀਤਾਂ ਦਾ ਸਬੰਧ ਆਮ ਕਰਕੇ ਸੁਣਨ ਨਾਲ ਜੋੜਿਆ ਜਾਂਦਾ ਰਿਹਾ ਹੈ ਤੇ ਇਹੀ ਕਾਰਨ ਹੈ ਪੰਜਾਬੀ ਸਾਹਿਤ ਵਿਚ ਗੀਤਾਂ ਦੀ ਕੋਈ ਵਿਸ਼ੇਸ਼ ਥਾਂ ਨਹੀਂ ਬਣ ਸਕੀ। ਦੂਜਾ ਵੱਡਾ ਕਾਰਨ ਫੂਹੜ ਕਿਸਮ ਦੀ ਗੀਤਕਾਰੀ ਹੈ ਜਿਸ ਨੇ ਇਕ ਖ਼ਾਸ ਵਰਗ ਵਿਚ ਆਪਣੀ ਪਹੁੰਚ ਬਣਾ ਰੱਖੀ ਹੈ ਤੇ ਇਸ ਨੇ ਚੰਗੇ ਗੀਤ ਲਿਖਣ ਵਾਲਿਆਂ ਨੂੰ ਵੀ ਨਿਰਉਤਸ਼ਾਹਿਤ ਕੀਤਾ ਹੈ। ਪੰਜਾਬੀ ਸ਼ਾਇਰੀ ਦੇ ਸਾਰੇ ਪ੍ਰਮੁੱਖ ਹਸਤਾਖ਼ਰ ਜੇ ਗੀਤ ਲੇਖਣ ਵਲ ਬਣਦਾ ਧਿਆਨ ਦਿੰਦੇ ਤਾਂ ਅਜ ਇਹ ਵੀ ਸਾਹਿਤ ਦਾ ਹਿੱਸਾ ਹੁੰਦੇ। ਫਿਰ ਵੀ ਜਨਾਬ ਦੀਪਕ ਜੈਤੋਈ, ਸ਼ਿਵ ਬਟਾਵਲੀ, ਚਰਨ ਸਿੰਘ ਸਫ਼ਰੀ, ਇੰਦਰਜੀਤ ਹਸਨਪੁਰੀ ਆਦਿ ਦੇ ਗੀਤਾਂ ਨੂੰ ਗੀਤ ਸਾਹਿਤ ਵਿਚ ਰੱਖਿਆ ਜਾ ਸਕਦਾ ਹੈ। ਇਹ ਕਾਫ਼ਿਲਾ ਵੱਡਾ ਭਾਵੇਂ ਨਹੀਂ ਹੋਇਆ ਪਰ ਘਟਿਆ ਵੀ ਨਹੀਂ ਹੈ ਤੇ ਇਸ ਕਾਫ਼ਿਲੇ ਵਿਚ ਅੰਮ੍ਰਿਤ ਗਰੇਵਾਲ ਜੌਲੀ ਵਰਗੇ ਹੋਰ ਗੀਤਕਾਰ ਵੀ ਸ਼ਾਮਿਲ ਹੋ ਗਏ ਹਨ। 'ਪਵੇ ਕਲੇਜੇ ਧੂਹ' ਗਰੇਵਾਲ ਦੀ ਦੂਜੀ ਪੁਸਤਕ ਹੈ। 'ਪਵੇ ਕਲੇਜੇ ਧੂਹ' ਦੇ ਰਚੇਤਾ ਦੇ ਗੀਤ ਭਾਵੇਂ ਹਲਕੇ-ਫੁਲਕੇ ਹਨ ਪਰ ਇਹ ਅਨੁਸ਼ਾਸਨ ਵਿਚ ਹਨ। ਗਰੇਵਾਲ ਵਿਦੇਸ਼ ਵਿਚ ਵਸਦੇ ਹੋਏ ਵੀ ਆਪਣੀ ਮਾਂ ਬੋਲੀ ਨਾਲ ਮੋਹ ਪਾਲ ਰਿਹਾ ਹੈ ਤੇ ਪੰਜਾਬੀ ਗੀਤਾਂ ਦੀ ਲਗਾਤਾਰ ਸਿਰਜਣਾ ਕਰ ਰਿਹਾ ਹੈ। ਗੀਤਕਾਰ ਦੇ ਗੀਤ ਲੋਕ ਜੀਵਨ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਵਿਚ ਪੰਜਾਬ ਰਾਂਗਲੀ ਮਿੱਟੀ ਦੀ ਖ਼ੁਸ਼ਬੂ ਹੈ। ਪੁਸਤਕ ਵਿਚਲੇ ਗੀਤਾਂ ਵਿਚ ਪ੍ਰਦੇਸਾਂ ਦਾ ਦਰਦ ਵੀ ਹੈ, ਆਪਣੀ ਜੰਮਣ ਭੋਂ ਦਾ ਉਦਰੇਵਾਂ ਵੀ ਹੈ ਤੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਪਰਿਵਾਰਕ ਰਿਸ਼ਤਿਆਂ ਦਾ ਹਲਕਾ ਫੁਲਕਾ ਸੰਵਾਦ ਵੀ ਹੈ। ਇਨ੍ਹਾਂ ਗੀਤਾਂ ਦੇ ਵਿਸ਼ੇ ਵੱਖ-ਵੱਖ ਹਨ ਜਿਨ੍ਹਾਂ ਦੇ ਮੁੱਖੜਿਆਂ ਨੂੰ ਗਰੇਵਾਲ ਨੇ ਬੜੀ ਸੰਜੀਦਗੀ ਨਾਲ ਨਿਭਾਇਆ ਹੈ। ਗਾਏ ਜਾਣ ਨਾਲ ਇਹ ਗੀਤ ਹੋਰ ਪ੍ਰਭਾਵੀ ਬਣ ਸਕਦੇ ਹਨ। ਗਰੇਵਾਲ ਦਾ ਇਹ ਯਤਨ ਸਰਾਹੁਣਯੋਗ ਹੈ। ਪੁਸਤਕ ਵਿਚ ਸ਼ਾਇਰ ਬਾਰੇ ਹਰਦੇਵ ਦਿਲਗੀਰ, ਡਾ. ਸੁਰਿੰਦਰ ਭੱਠਲ, ਅਵਤਾਰ ਧਾਲੀਵਾਲ, ਮਨਜਿੰਦਰ ਧਨੋਆ ਤੇ ਗੁਰਭਜਨ ਗਿੱਲ ਦੀਆਂ ਟਿੱਪਣੀਆਂ ਵੀ ਛਾਪੀਆਂ ਗਈਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

 

6-10-2013

 ਫ਼ਕੀਰਾ
ਲੇਖਕ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96.

ਇਸ ਪੁਸਤਕ ਵਿਚ 9 ਕਹਾਣੀਆਂ ਅੰਕਿਤ ਹਨ। ਤਕਰੀਬਨ ਸਾਰੀਆਂ ਕਹਾਣੀਆਂ ਹੀ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹਨ। ਇਹ ਹਿਰਦੇਵੇਧਕ ਘਟਨਾਵਾਂ ਹਰ ਸੰਵੇਦਨਸ਼ੀਲ ਮਨੁੱਖ ਦਾ ਕਾਲਜਾ ਚੀਰ ਦਿੰਦੀਆਂ ਹਨ। ਲੇਖਕ ਦਾ ਲੋੜਾਂ ਥੁੜ੍ਹਾਂ ਦਾ ਮਾਰਿਆ ਹੋਇਆ ਗਰੀਬੜਾ ਬਚਪਨ, ਦਲਿਤ ਜਾਤੀ ਦੀਆਂ ਬੇਬਸੀਆਂ, ਨਿਰਾਦਰ ਅਤੇ ਮੁਸ਼ਕਿਲਾਂ, ਤਕੜੇ ਵੱਲੋਂ ਮਾੜੇ ਦਾ ਸ਼ੋਸ਼ਣ, ਲਾਚਾਰ ਵੇਦਨਾ ਅਤੇ ਬੇਰਹਿਮੀਆਂ ਹੀ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਹਨ।
ਗਰੀਬੀ, ਲਾਚਾਰੀ ਅਤੇ ਤਰਸੇਵਿਆਂ ਭਰੀਆਂ ਅੱਕੀਆਂ ਥੱਕੀਆਂ ਜ਼ਿੰਦਗੀਆਂ ਨੂੰ ਕੇਵਲ ਰੱਬ ਥੰਮ੍ਹੀ ਬੈਠਾ ਹੈ। ਇਨ੍ਹਾਂ ਲੋਕਾਂ ਦੇ ਅੰਦਰ ਹਜ਼ਾਰਾਂ ਇਨਕਲਾਬ, ਕ੍ਰਾਂਤੀਆਂ ਅਤੇ ਵਿਦਰੋਹ ਉੱਠਦੇ ਹਨ ਪਰ ਉਹ ਇਨ੍ਹਾਂ ਨੂੰ ਦਬਾ ਕੇ ਫੱਕਰ ਫ਼ਕੀਰ ਬਣੇ ਬੈਠੇ ਹਨ। ਸਬਰ, ਧੀਰਜ, ਸਹਿਣਸ਼ੀਲਤਾ ਤੇ ਮਸਕੀਨਗੀ ਹੀ ਇਨ੍ਹਾਂ ਦੀ ਢਾਲ ਹੈ। ਦੂਜੇ ਪਾਸੇ ਮਾਇਆ ਦੇ ਨਸ਼ੇ ਵਿਚ ਅੰਨ੍ਹੇ ਹੋਏ ਜਾਤ ਅਭਿਮਾਨੀ ਰੱਬੀ ਬਖਸ਼ਿਸ਼ਾਂ, ਇਲਾਹੀ ਆਨੰਦ ਅਤੇ ਸਦੀਵੀ ਖੇੜਿਆਂ ਤੋਂ ਵਾਂਝੇ ਹੋ ਕੇ ਅਧੂਰੀ ਜ਼ਿੰਦਗੀ ਜਿਊਂਦੇ ਹਨ। ਉਨ੍ਹਾਂ ਦੇ ਬੱਚੇ ਤਹਿਜ਼ੀਬ ਤੋਂ ਵਿਹੂਣੇ, ਸੰਸਕਾਰਾਂ ਤੋਂ ਰਹਿਤ ਅਤੇ ਕਦਰਾਂ-ਕੀਮਤਾਂ ਦੇ ਸੁੱਚੇ ਮੋਤੀਆਂ ਤੋਂ ਵਾਂਝੇ ਹੋ ਜਾਂਦੇ ਹਨ। ਬੇਈਮਾਨੀ ਤੇ ਲਾਲਚ ਨੇ ਪਵਿੱਤਰ ਹਵਾ, ਅੰਮ੍ਰਿਤਮਈ ਪਾਣੀ, ਮਾਂ ਧਰਤੀ ਸਭ ਨੂੰ ਵਿਸ਼ੈਲਾ ਬਣਾ ਦਿੱਤਾ ਹੈ। ਮਨੁੱਖ ਅੰਦਰੋਂ ਪਿਆਰ, ਮੁਹੱਬਤ, ਸਨੇਹ, ਸੁਹਿਰਦਤਾ, ਹਮਦਰਦੀ ਤੇ ਸਹਿਯੋਗ ਦੀ ਭਾਵਨਾ ਖ਼ਤਮ ਹੋ ਰਹੀ ਹੈ।
ਲੇਖਕ ਨੇ ਬਹੁਤ ਹੀ ਸੁਹਿਰਦਤਾ, ਮਾਰਮਿਕਤਾ ਅਤੇ ਇਮਾਨਦਾਰੀ ਨਾਲ ਇਹ ਸੱਚੀਆਂ ਕਹਾਣੀਆਂ ਲਿਖੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਆਤਮਾ ਵਲੂੰਧਰੀ ਜਾਂਦੀ ਹੈ। ਗੁਰੂ ਸਾਹਿਬਾਨ ਨੇ ਜਾਤ-ਪਾਤ ਦਾ ਭਿੰਨ ਭੇਦ ਮਿਟਾ ਕੇ ਸਰਬੱਤ ਦਾ ਭਲਾ ਮੰਗਣ ਦੀ ਜਾਂਚ ਸਿਖਾਈ ਸੀ। ਅੱਜ ਲੋੜ ਹੈ ਗੁਰੂਆਂ ਪੀਰਾਂ ਦੀ ਮਹਾਨ ਧਰਤੀ ਪੰਜਾਬ ਦੇ ਮਹਾਨ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਅਲੋਪ ਹੋ ਰਹੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ 'ਤੇ ਪਹਿਰਾ ਦਿੱਤਾ ਜਾਵੇ। ਇਹ ਪੁਸਤਕ ਬਹੁਤ ਹੀ ਮਹੱਤਵਪੂਰਨ, ਚਿੰਤਨ ਅਤੇ ਚੇਤਨਾ ਨੂੰ ਜਗਾਉਣ ਦਾ ਦਸਤਾਵੇਜ਼ ਹੈ। ਇਸ ਨੂੰ ਪੜ੍ਹ ਕੇ ਕਮਾਉਣ ਦੀ ਲੋੜ ਹੈ। ਇਸ ਪੁਸਤਕ ਦਾ ਸਾਹਿਤ ਜਗਤ ਵਿਚ ਭਰਪੂਰ ਸਵਾਗਤ ਹੈ।

ਚਾਂਦੀ ਦਾ ਸ਼ਹਿਰ ਸੋਨੇ ਦਾ ਮੁਹੱਲਾ
ਕਹਾਣੀਕਾਰ : ਮਿਹਰ ਸਿੰਘ ਰੰਧਾਵਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 71.

ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ, ਦਿਲਚਸਪ ਅਤੇ ਵਿਲੱਖਣ ਹੈ। ਪੁਰਾਤਨ ਕਾਲ ਤੋਂ ਹੀ ਲੋਕ ਗੀਤ, ਮੁਹਾਵਰੇ, ਬੁਝਾਰਤਾਂ, ਲੋਕ ਕਥਾਵਾਂ, ਬਾਲ ਕਹਾਣੀਆਂ ਅਤੇ ਬਾਤਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਗਰਮੀਆਂ ਵਿਚ ਛੱਤਾਂ ਤੇ ਸੌਂਦਿਆਂ, ਤਾਰਿਆਂ ਦੀ ਛਾਵੇਂ ਅਤੇ ਸਰਦੀਆਂ ਵਿਚ ਰਜਾਈਆਂ ਦੀਆਂ ਬੁੱਕਲਾਂ ਜਾਂ ਧੂਣੀਆਂ ਸੇਕਦਿਆਂ ਹੋਇਆਂ ਬਾਤਾਂ ਪਾਈਆਂ ਜਾਂਦੀਆਂ ਸਨ। ਬੱਚਿਆਂ ਦੇ ਵਿਕਾਸ ਲਈ ਇਹ ਕਹਾਣੀਆਂ ਜਾਂ ਬਾਤਾਂ ਬਹੁਤ ਜ਼ਰੂਰੀ ਹੁੰਦੀਆਂ ਸਨ। ਵੱਡਿਆਂ ਦੀ ਬੁੱਕਲ ਦਾ ਨਿੱਘ, ਅਪਣੱਤ ਅਤੇ ਦੁਲਾਰ ਲੈਂਦੇ ਹੋਏ ਬਾਲਾਂ ਦੀ ਕਲਪਨਾ ਸ਼ਕਤੀ ਅਤੇ ਸੁਹਜ ਵਿਚ ਵਾਧਾ ਹੁੰਦਾ ਸੀ। ਅੱਜ ਦੇ ਨੌਕਰੀਪੇਸ਼ਾ ਮਾਪੇ ਬੱਚਿਆਂ ਲਈ ਸਮਾਂ ਨਹੀਂ ਕੱਢ ਸਕਦੇ। ਸੰਯੁਕਤ ਪਰਿਵਾਰਾਂ ਦੀ ਅਣਹੋਂਦ, ਨਾਰੀ ਦਾਦੀ ਦੇ ਪਿਆਰ ਤੋਂ ਵਾਂਝੇ ਰਹਿਣਾ, ਟੀ.ਵੀ. ਕਲਚਰ ਅਤੇ ਮੀਡੀਆ ਚੈਨਲਾਂ ਨੇ ਸਾਡੀਆਂ ਸਨਮਾਨਯੋਗ ਰਹੁ ਰੀਤਾਂ ਨੂੰ ਗੰਧਲਾ ਕਰ ਦਿੱਤਾ ਹੈ। ਬੱਚਿਆਂ ਦਾ ਰਹਿਣ-ਸਹਿਣ, ਪਹਿਰਾਵਾ, ਖਾਣ ਪੀਣ ਅਤੇ ਸੋਚ ਸ਼ਕਤੀ ਪੱਛਮੀ ਤਰਜ਼ੇ-ਜ਼ਿੰਦਗੀ ਵਰਗੀ ਹੁੰਦੀ ਜਾ ਰਹੀ ਹੈ। ਅਜਿਹੇ ਨਾਜ਼ਕ ਸਮੇਂ ਭੋਲੇ-ਭਾਲੇ ਬਚਪਨ ਨੂੰ ਸਹੀ ਸੇਧ ਅਤੇ ਦਿਸ਼ਾ ਦੇਣ ਦੀ ਲੋੜ ਹੈ। ਲੋਕ ਕਹਾਣੀਆਂ ਸਾਡੀ ਵਿਰਾਸਤ ਦਾ ਪ੍ਰਤੀਕ ਹਨ। ਇਨ੍ਹਾਂ ਨੂੰ ਨਵੇਂ ਸਿਰਿਉਂ ਸਾਰਥਕ ਢੰਗ ਨਾਲ ਪੇਸ਼ ਕਰਨਾ ਵੱਡਿਆਂ ਦਾ ਫਰਜ਼ ਹੈ।
ਲੇਖਕ ਨੇ ਇਸ ਫਰਜ਼ ਨੂੰ ਨਿਭਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿਚ ਇਕ ਲੋਕ ਕਹਾਣੀ ਦੀ ਪੁਰਾਣੀ ਗਾਥਾ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪ੍ਰਾਚੀਨ ਕਹਾਣੀ ਹੋਣ ਕਰਕੇ ਇਸ ਦੇ ਪਾਤਰ ਵੀ ਰਾਜੇ ਰਾਣੀਆਂ, ਰਾਜਕੁਮਾਰੀਆਂ, ਦੈਂਤਾਂ ਦਾਨਵਾਂ ਦੁਆਲੇ ਹੀ ਘੁੰਮਦੇ ਹਨ। ਫਿਰ ਵੀ ਲੇਖਕ ਨੇ ਇਸ ਨੂੰ ਨਵੇਂ ਸੰਦਰਭ ਵਿਚ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਰਸੇ ਤੇ ਸੱਭਿਆਚਾਰ ਨੂੰ ਪੁਨਰ ਜੀਵਤ ਕਰਨ ਦਾ ਉਹ ਵਧੀਆ ਉਪਰਾਲਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਧੁੰਦਲੇ ਚਿਹਰੇ ਉਜਲੇ ਚਿਹਰੇ
ਕਵੀ : ਗੁਰਚਰਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144.

ਸ੍ਰੀ ਗੁਰਚਰਨ ਦੇ ਭਾਵਬੋਧ ਵਿਚ ਦੋ ਵਿਭਿੰਨ ਪ੍ਰਕਾਰ ਦੇ ਸੱਭਿਆਚਾਰਾਂ ਦਾ ਸੁਮੇਲ ਹੈ। ਆਪਣੇ ਜੀਵਨ ਦੇ ਮੁਢਲੇ ਦੋ-ਢਾਈ ਦਹਾਕੇ ਉਸ ਨੇ ਮਾਲਵੇ ਦੇ ਇਕ ਛੋਟੇ ਜਿਹੇ ਨਗਰ ਵਿਚ ਬਿਤਾਏ ਅਤੇ ਹੁਣ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਉਹ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਸੈਟਲ ਹੈ। ਬੇਸ਼ਕ ਚੜ੍ਹਦੀ ਜਵਾਨੀ ਸਮੇਂ ਗ੍ਰਹਿਣ ਕੀਤੇ ਸੰਸਕਾਰ ਅਤੇ ਨਿੱਕੇ-ਵੱਡੇ ਹਾਦਸਿਆਂ ਦੀ ਇਬਾਰਤ ਉਸ ਦੇ ਅਵਚੇਤਨ ਉੱਪਰ ਉੱਕਰੀ ਹੋਈ ਹੈ ਪ੍ਰੰਤੂ ਭਾਰਤ ਦੇ ਸਭ ਤੋਂ ਵੱਡੇ ਮਹਾਂਨਗਰ ਅਤੇ ਅਨੇਕ ਸੱਭਿਆਚਾਰਾਂ ਦੇ ਮਿਲਣ-ਬਿੰਦੂ ਦਿੱਲੀ ਨੇ ਉਸ ਦੇ ਅਨੁਭਵ ਨੂੰ ਬਹੁਤ ਵੈਰਾਟ, ਉਦਾਰ ਅਤੇ ਪੂਰਵਾਗ੍ਰਹਿਆਂ ਤੋਂ ਮੁਕਤ ਕਰ ਦਿੱਤਾ ਹੈ। ਉਹ ਕਿਸੇ ਵੀ ਘਟਨਾ ਤੋਂ ਛੇਤੀ ਨਾਲ ਵਿਚਲਿਤ ਜਾਂ ਆਤੰਕਿਤ ਨਹੀਂ ਹੁੰਦਾ। ਇਸ ਪ੍ਰਸੰਗ ਵਿਚ ਉਸ ਦੀ ਅਭਿਵਿਅਕਤੀ ਦਾ ਇਕ ਅੰਦਾਜ਼ ਦੇਖੋ :
ਹਰ ਰੋਜ਼ ਇਕ ਪੁਸਤਕ ਵਾਂਗ ਖੁਲ੍ਹਦਾ ਹੈ ਦਿਨ
ਵਿਦਿਆਰਥੀ ਵਾਂਗ ਪੜ੍ਹਦਾ ਹਾਂ
ਰੋਜ਼ਮਰ੍ਹਾ ਦੀਆਂ ਘਟਨਾਵਾਂ।
ਮਾਂ ਦੀ ਮਮਤਾ, ਬਾਪ ਦੀਆਂ ਹਦਾਇਤਾਂ
ਪਤਨੀ ਦੀਆਂ ਰੀਝਾਂ, ਬੱਚਿਆਂ ਦੀਆਂ ਉਮੀਦਾਂ
ਤੇ ਬੁੱਢਿਆਂ ਦੀਆਂ ਨਸੀਹਤਾਂ
ਮੋਢਿਆਂ ਤੇ ਲੱਦ ਕੇ ਘਰੋਂ ਨਿਕਲਦਾ ਹਾਂ
ਵਣਜ ਕਰਨ। (ਰਿਸ਼ਤੇ, ਪੰਨਾ 45)
ਗੁਰਚਰਨ ਮਨੁੱਖੀ ਜੀਵਨ ਦੇ ਹਰ ਲਮਹੇ ਨੂੰ ਪੂਰੀ ਸ਼ਿੱਦਤ ਅਤੇ ਸਚਾਈ ਨਾਲ ਪਕੜਨ ਦਾ ਪ੍ਰਯਾਸ ਕਰਦਾ ਹੈ। ਉਹ ਆਪਣੇ-ਆਪ ਨੂੰ ਏਕਲੱਵਯ, ਸਰਵਣ ਅਤੇ ਇਕ ਸ਼ਿਲਪੀ ਦੀ ਜਗ੍ਹਾ ਰੱਖ ਕੇ ਵੇਖਦਾ-ਪਰਖਦਾ ਹੈ. ਏਕਲੱਵਯ ਦੀ ਪੌਰਾਣਿਕ ਕਥਾ ਨੂੰ ਉਹ ਆਧੁਨਿਕ ਸੰਦਰਭ ਵਿਚ ਰੱਖ ਕੇ ਵੇਖਦਾ ਹੈ ਅਤੇ ਇਸ ਨੂੰ ਨਵੇਂ ਅਰਥ ਦੇਣ ਦਾ ਪ੍ਰਯਾਸ ਕਰਦਾ ਹੈ। ਦੇਖੋ :
ਧਨੁੱਖ ਤਾਂ ਅੱਜ ਵੀ ਜੂਝਦੇ ਨੇ
ਤੀਰ ਅੱਜ ਵੀ ਜੂਝਦੇ ਨੇ
ਇਹ ਜੋ ਅੱਧੇ-ਅਧੂਰੇ ਲੋਕ ਨੇ
ਆਪਣਾ ਅੰਬਰ ਢੂੰਡਦੇ ਨੇ...
ਉਹ ਕੌਣ ਨੇ ਜੋ ਅੱਜ ਵੀ ਜੂਝਦੇ ਨੇ
ਆਪਣਾ ਅੰਬਰ ਢੂੰਡਦੇ ਨੇ?
(ਏਕਲੱਵਯ, ਪੰਨਾ 83)
ਇਸ ਪੁਸਤਕ ਵਿਚ ਕਵੀ ਦੇ ਕੁਝ ਕਾਵਿ ਰੇਖਾ-ਚਿੱਤਰ ਵੀ ਪ੍ਰਕਾਸ਼ਿਤ ਹੋਏ ਹਨ। ਜਿਵੇਂ : ਮਾਈਕਲ ਐਂਜੀਲੋ, ਸਆਦਤ ਹਸਨ ਮੰਟੋ, ਗੁਰਦਿਆਲ ਸਿੰਘ, ਮੋਹਨਜੀਤ, ਗੁਰਬਚਨ ਸਿੰਘ ਭੁੱਲਰ, ਪ੍ਰਿੰ: ਸਰਵਣ ਸਿੰਘ, ਸੁਖਵਿੰਦਰ ਅੰਮ੍ਰਿਤ ਅਤੇ ਯੂਸਫ਼ ਭਾਰਦਵਾਜ ਆਦਿ। ਇਨ੍ਹਾਂ ਕਾਵਿ-ਚਿੱਤਰਾਂ ਤੋਂ ਕਵੀ ਦੀ ਬ੍ਰਿਤਾਂਤ-ਯੋਗਤਾ ਬਾਰੇ ਜਾਣਕਾਰੀ ਪ੍ਰਾਪਤੀ ਹੁੰਦੀ ਹੈ। 'ਧੁੰਦਲੇ ਚਿਹਰੇ ਉਜਲੇ ਚਿਹਰੇ' ਦੀਆਂ ਕਵਿਤਾਵਾਂ ਕਵੀ ਦੇ ਉੱਜਲ ਭਵਿੱਖ ਦੀਆਂ ਜਾਮਨ ਹਨ ਪ੍ਰੰਤੂ ਕਵੀ ਨੂੰ ਵਧੇਰੇ ਸੁਕੇਂਦ੍ਰਿਤ ਹੋ ਕੇ ਆਪਣੇ ਕਾਵਿ-ਕਰਮ ਵਿਚ ਜੁਟਣਾ ਹੋਵੇਗਾ। ਹੁਣ ਹੋਰ ਆਲਸ ਕਰਨ ਦਾ ਵਕਤ ਨਹੀਂ ਬਚਿਆ।

ਗ਼ਦਰ ਲਹਿਰ ਦੀ ਗਾਥਾ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ
ਮੁੱਲ : 150 ਰੁਪਏ, ਸਫ਼ੇ : 152.

ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਦੋ ਗ਼ਦਰ ਬੜੇ ਮਹੱਤਵਪੂਰਨ ਰਹੇ ਹਨ। ਇਹ ਦੋਵੇਂ ਅੰਗਰੇਜ਼ੀ ਸਾਮਰਾਜ ਦੇ ਕੁਸ਼ਾਸਨ ਅਤੇ ਲੁੱਟ-ਪੁੱਟ ਦੇ ਖਿਲਾਫ਼ ਉੱਠੇ। ਭਾਵੇਂ ਇਨ੍ਹਾਂ ਵਿਚੋਂ ਕੋਈ ਵੀ ਸਫ਼ਲ ਨਾ ਹੋ ਸਕਿਆ ਪਰ ਇਨ੍ਹਾਂ ਨੇ ਭਾਰਤੀਆਂ ਦੇ ਹਿਰਦੇ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਇਕ ਅਜਿਹੀ ਜਵਾਲਾ ਬਾਲ ਦਿੱਤੀ, ਜਿਸ ਦੀ ਤਪਸ਼ ਤੋਂ ਘਬਰਾ ਕੇ ਅੰਗਰੇਜ਼ਾਂ ਨੂੰ 1947 ਈ: ਵਿਚ ਦੇਸ਼ ਨੂੰ ਆਜ਼ਾਦ ਕਰਨਾ ਪਿਆ। ਇਨ੍ਹਾਂ ਗ਼ਦਰਾਂ ਵਿਚੋਂ ਪਹਿਲੇ ਗ਼ਦਰ ਵਿਚ ਪੰਜਾਬੀ ਸੂਰਮਿਆਂ ਨੇ ਕੋਈ ਵਿਸ਼ੇਸ਼ ਯੋਗਦਾਨ ਨਾ ਪਾਇਆ ਬਲਕਿ ਪੰਜਾਬੀਆਂ ਦੇ ਵਿਰੁੱਧ ਪੂਰਵਾਗ੍ਰਹਿ ਰੱਖਣ ਵਾਲੇ ਕੁਝ ਇਤਿਹਾਸਕਾਰ ਤਾਂ ਇਥੋਂ ਤੱਕ ਲਿਖ ਜਾਂਦੇ ਹਨ ਕਿ ਪਹਿਲੇ ਗ਼ਦਰ ਵਿਚ ਪੰਜਾਬੀਆਂ ਨੇ ਅੰਗਰੇਜ਼ ਸ਼ਾਸਕਾਂ ਦੀ ਸਹਾਇਤਾ ਕੀਤੀ ਅਤੇ ਜੇ ਉਸ ਗ਼ਦਰ ਵਿਚ ਪੰਜਾਬੀ ਲੋਕ ਗ਼ਦਰੀਆਂ ਦਾ ਸਾਥ ਦਿੰਦੇ ਤਾਂ ਸ਼ਾਇਦ ਭਾਰਤ ਨੇ 1857 ਈ: ਵਿਚ ਹੀ ਅੰਗਰੇਜ਼ਾਂ ਦਾ ਬੋਰੀਆ ਬਿਸਤਰ ਲਪੇਟ ਦੇਣਾ ਸੀ। ਪਰ ਇਤਿਹਾਸ 'ਸ਼ਾਇਦ' ਵਰਗੇ ਮਿਥਿਆ ਸੰਕਲਪਾਂ ਉੱਪਰ ਨਹੀਂ ਚਲਦਾ...। ਦੂਜਾ ਗ਼ਦਰ, ਪੰਜਾਬੀਆਂ ਨੇ ਹੀ ਛੇੜਿਆ। ਹੋ ਸਕਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਪਹਿਲੇ ਗ਼ਦਰ ਵਿਚ ਭਾਗ ਨਾ ਲੈਣ ਦਾ ਕੋਈ ਪਛਤਾਵਾ ਵੀ ਹੋਵੇ। ਇਹ ਗ਼ਦਰ ਉਨ੍ਹਾਂ ਪੰਜਾਬੀਆਂ ਦਾ ਨਿਰਣਾ ਸੀ ਜੋ 1909-10 ਵਿਚ ਅੰਗਰੇਜ਼ੀ ਦਮਨ ਦੇ ਵਿਰੁੱਧ ਪ੍ਰੋਟੈਸਟ ਕਰਕੇ ਅਮਰੀਕਾ ਅਤੇ ਕੈਨੇਡਾ ਵਿਚ ਗਏ ਸਨ ਪਰ ਉਥੇ ਵੀ ਆਪਣੇ ਨਾਲ ਵਿਤਕਰਾ ਹੁੰਦਾ ਦੇਖ ਕੇ ਉਨ੍ਹਾਂ ਨੇ 1914-15 ਈ: ਵਿਚ ਗ਼ਦਰ ਦਾ ਬਿਗਲ ਵਜਾ ਦਿੱਤਾ ਅਤੇ ਆਪਣਾ ਸਭ ਕੁਝ ਉੱਤਰੀ ਅਮਰੀਕਾ ਵਿਚ ਛੱਡ ਕੇ ਭਾਰਤ ਦੀ ਸਰਜ਼ਮੀਨ ਉੱਪਰ ਆ ਕੇ ਸ਼ਹੀਦ ਹੋ ਗਏ। ਇਸ ਗ਼ਦਰ ਬਾਰੇ ਪੰਜਾਬੀ ਵਿਚ ਬਹੁਤ ਸਾਰਾ ਸਾਹਿਤ ਉਪਲਬੱਧ ਹੈ ਪ੍ਰੰਤੂ ਵਰਿਆਮ ਸਿੰਘ ਸੰਧੂ ਨੇ ਕੈਨੇਡਾ ਵਿਚ ਜਾ ਕੇ ਕੁਝ ਨਵੀਂ ਅਤੇ ਤਾਜ਼ਾ ਜਾਣਕਾਰੀ ਹਾਸਲ ਕੀਤੀ। ਇਸ ਕਾਰਨ ਇਹ ਪੁਸਤਕ ਪੰਜਾਬੀ ਸਾਹਿਤ ਦਾ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਈ ਹੈ। ਇਕ ਸ਼ਿਰੋਮਣੀ ਸਾਹਿਤਕਾਰ ਹੋਣ ਕਰਕੇ ਸੰਧੂ 'ਸੱਚ ਦੀ ਬਾਣੀ' ਉੱਚਾਰਨ ਤੋਂ ਝਿਜਕਦਾ ਨਹੀਂ ਹੈ ਅਤੇ ਲਿਖਣ ਸਮੇਂ ਉਹ ਦਿਲ ਅਤੇ ਦਿਮਾਗ ਦੋਵਾਂ ਦਾ ਸੁਚੱਜਾ ਪ੍ਰਯੋਗ ਕਰਦਾ ਹੈ। ਇਧਰ ਭਾਰਤ ਵਿਚ ਰਹਿੰਦਿਆਂ ਹੋਇਆਂ ਵੀ ਉਹ ਅਕਸਰ ਦੇਸ਼ ਭਗਤ ਯਾਦਗਾਰ ਦੇ ਮਿਊਜ਼ੀਅਮ ਦੇ ਦਰਸ਼ਨ ਕਰਦਾ ਰਹਿੰਦਾ ਸੀ, ਇਸ ਕਾਰਨ ਉਸ ਦੇ ਅਵਚੇਤਨ ਵਿਚ ਗ਼ਦਰ ਲਹਿਰ ਨਾਲ ਸਬੰਧਤ ਰਹੇ ਬਾਬਿਆਂ ਦੇ ਅਕਸ ਸਾਂਭੇ ਪਏ ਸਨ। ਜਦੋਂ ਉਸ ਨੂੰ ਕੈਨੇਡਾ ਜਾਣ ਦਾ ਅਵਸਰ ਪ੍ਰਾਪਤ ਹੋਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਇਨ੍ਹਾਂ ਬਾਬਿਆਂ ਦੀ ਗੌਰਵ-ਗਾਥਾ ਦੇ ਪੁਨਰਲੇਖਣ ਦਾ ਸੰਕਲਪ ਕੀਤਾ। ਇਕ ਸੱਚੇ ਪੰਜਾਬੀ ਵਜੋਂ ਇਹ ਉਸ ਦਾ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਹੈ। ਮੈਨੂੰ ਇਸ ਪੁਸਤਕ ਦੀ ਵਿਉਂਤਬੰਦੀ ਅਤੇ ਲੇਖਣੀ ਬਹੁਤ ਪਸੰਦ ਆਈ ਹੈ। ਸੰਧੂ ਪੂਰੀ 'ਕਨਵਿਕਸ਼ਨ' ਨਾਲ ਲਿਖਦਾ ਹੈ। ਉਸ ਨੇ ਤੱਥਾਂ ਦੀ ਖੋਜ ਬੜੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਕੀਤੀ ਹੈ। ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਚਿਤਰ (ਫੋਟੋਗ੍ਰਾਫ਼) ਪੁਸਤਕ ਦੀ ਪ੍ਰਮਾਣਿਕਤਾ ਵਿਚ ਵਾਧਾ ਕਰਦੇ ਹਨ। ਗ਼ਦਰ ਲਹਿਰ ਦੇ ਸ਼ਤਾਬਦੀ ਵਰ੍ਹੇ ਵਿਚ ਇਸ ਪੁਸਤਕ ਦਾ ਪ੍ਰਕਾਸ਼ਨ ਇਕ ਮੁਬਾਰਕ ਕਦਮ ਹੈ।

ਖਾਕੂ ਜੇਡੁ ਨ ਕੋਇ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 336.

'ਖਾਕੂ ਜੇਡ ਨ ਕੋਇ', ਬਲਦੇਵ ਸਿੰਘ ਦੇ ਪ੍ਰਸਿੱਧ ਨਾਵਲ 'ਅੰਨਦਾਤਾ' ਦਾ ਦੂਜਾ ਭਾਗ ਹੈ ਅਤੇ ਇਸ ਵਿਚ ਉਸ ਨੇ ਪੰਜਾਬ ਦੀ ਛੋਟੀ ਕਿਸਾਨੀ ਦੀਆਂ ਆਰਥਿਕ-ਸੱਭਿਆਚਾਰਕ ਸਮੱਸਿਆਵਾਂ ਦਾ ਬੜਾ ਸਟੀਕ ਵਰਨਣ ਕੀਤਾ ਹੈ। ਨਾਵਲ ਦੀ ਕਹਾਣੀ ਪਿੰਡ ਦੇ ਇਕ ਛੋਟੇ ਕਿਸਾਨ ਵਜ਼ੀਰ ਸਿੰਘ ਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਵਜ਼ੀਰ ਸਿੰਘ ਨੇ ਕਰਜ਼ੇ ਵਿਚ ਫਸ ਜਾਣ ਦੇ ਸੰਤਾਪ ਕਾਰਨ ਭਰ ਜਵਾਨੀ ਵਿਚ ਹੀ ਆਤਮ-ਹੱਤਿਆ ਕਰ ਲਈ ਸੀ। ਉਸ ਦੇ ਤਿੰਨ ਪੁੱਤਰ ਅਤੇ ਇਕ ਧੀ ਸੀ। ਵੱਡੇ ਪੁੱਤਰ ਭਗਤੂ ਨੇ ਪਹਿਲਾਂ ਬਾਹਰ ਜਾ ਕੇ ਕੰਮ ਕਰਨ ਦਾ ਮਨ ਬਣਾਇਆ ਪਰ ਇਸ ਕੰਮ ਵਿਚ ਸਫ਼ਲ ਨਾ ਹੋਣ ਪਿੱਛੋਂ ਉਸ ਨੇ ਆਪਣੇ ਪਿੰਡ ਚੱਕ ਬੂੜ ਸਿੰਘ ਵਿਚ ਹੀ ਇਕ ਡੇਰਾ ਸਥਾਪਿਤ ਕਰ ਲਿਆ ਅਤੇ ਕੁਝ ਵਰ੍ਹਿਆਂ ਵਿਚ ਇਲਾਕੇ ਦਾ ਕਹਿੰਦਾ-ਕਹਾਉਂਦਾ 'ਬਾਬਾ' ਬਣ ਗਿਆ। ਵਿਚਕਾਰਲੇ ਪੁੱਤਰ ਰਾਜਪਾਲ ਨੇ ਖੇਤੀਬਾੜੀ ਦੇ ਕੰਮ ਨੂੰ ਸੰਭਾਲਿਆ ਅਤੇ ਭਗਤੂ ਦੀ ਪਤਨੀ ਮਲਕੀਤ ਕੌਰ ਉੱਪਰ ਚਾਦਰ ਪਾ ਕੇ ਪਰਿਵਾਰ ਨੂੰ ਇਕਮੁੱਠ ਰੱਖਿਆ। ਸਭ ਤੋਂ ਛੋਟਾ 'ਗੋਰਾ ਚਕ ਬੂੜ ਵਾਲਾ' ਨਾਂਅ ਧਰ ਕੇ ਪੰਜਾਬੀ ਗਾਇਕ ਬਣ ਗਿਆ ਅਤੇ ਚੰਗੇ ਪੈਸੇ ਕਮਾਉਣ ਲੱਗ ਪਿਆ। ਨਾਵਲ ਦੀ ਮੂਲ ਟੈਕਸਟ ਕੋਆਪਰੇਟਿਵ ਢੰਗ ਨਾਲ ਖੇਤੀ ਕਰਨ ਦਾ ਇਕ ਸਫ਼ਲ ਤਜਰਬਾ ਕਰ ਦਿਖਾਇਆ ਸੀ। ਰਾਜਪਾਲ ਦੀ ਮੁਟਿਆਰ ਭੈਣ ਭੂਪੀ ਨੂੰ ਇਲਾਕੇ ਦੇ ਕੁਝ ਬਦਮਾਸ਼ ਨੌਜਵਾਨ ਕੱਢ ਕੇ ਲੈ ਗਏ ਸਨ ਅਤੇ ਉਹ ਕਈ ਵਰ੍ਹੇ ਦੇਹ-ਵਪਾਰ ਕਰਨ ਪਿੱਛੋਂ ਬੜੀ ਮੁਸ਼ਕਿਲ ਨਾਲ ਪਿੰਡ ਪਰਤੀ ਸੀ। ਭਗਤੂ, ਗੋਰੇ ਅਤੇ ਭੂਪੀ ਦੀਆਂ ਸਬ-ਟੈਕਸਟਾਂ ਹਨ ਅਤੇ ਇਹ ਟੈਕਸਟਾਂ ਨਾਵਲ ਨੂੰ ਸੰਘਣਾ ਅਤੇ ਬਹੁਪਰਤੀ ਬਣਾਉਂਦੀਆਂ ਹਨ। ਵਜ਼ੀਰ ਸਿੰਘ ਦੇ ਤਿੰਨੇ ਮੁੰਡੇ ਜਵਾਨੀ ਵਿਚ ਪੈਰ ਧਰ ਪਿੱਛੋਂ ਨਿੱਖੜ ਜਾਂਦੇ ਹਨ। ਸੱਭਿਆਚਾਰਕ ਅਤੇ ਆਰਥਿਕ ਦਬਾਅ ਉਨ੍ਹਾਂ ਨੂੰ ਇਕੱਠੇ ਨਹੀਂ ਰਹਿਣ ਦਿੰਦੇ। ਵੱਡੇ ਭਗਤੂ ਦੀ 'ਬਾਬਾ' ਬਣ ਕੇ ਪ੍ਰਸਿੱਧ ਹੋਣ ਪਿੱਛੋਂ ਹੱਤਿਆ ਹੋ ਜਾਂਦੀ ਹੈ, ਛੋਟਾ ਗੋਰਾ ਆਪਣੀ ਗਾਇਕ ਪਾਰਟੀ ਬਣਾ ਕੇ ਸ਼ਹਿਰ ਰਹਿਣ ਲੱਗ ਪੈਂਦਾ ਹੈ। ਭੂਪੀ ਦੇ ਵਾਪਸ ਆਉਣ ਪਿੱਛੋਂ ਉਸ ਦੀ ਇਕ ਲੋੜਵੰਦ ਦੁਹਾਜੂ ਪ੍ਰੰਤੂ ਬਹੁਤ ਚੰਗੇ ਵਿਅਕਤੀ ਪਰਤਾਪ ਨਾਲ ਸ਼ਾਦੀ ਹੋ ਜਾਂਦੀ ਹੈ ਅਤੇ ਇਸ ਨਾਵਲ ਦੀ ਕਥਾ ਸਮਾਪਤ ਹੋ ਜਾਂਦੀ ਹੈ। ਬਲਦੇਵ ਸਿੰਘ ਨੇ ਪਿੰਡਾਂ ਵਿਚ ਲੜਾਈ-ਝਗੜਿਆਂ, ਡਰੱਗ ਐਡਿਕਸ਼ਨ, ਨੌਜਵਾਨਾਂ ਵਿਚ ਵਿਹਲੇ ਰਹਿਣ ਦੀ ਪ੍ਰਵਿਰਤੀ, ਚੋਣਾਂ ਵਿਚ ਦੰਗੇ-ਫਸਾਦ ਅਤੇ ਡੇਰਾਵਾਦ ਨਾਲ ਜੁੜੀਆਂ ਅਨੇਕ ਸਮੱਸਿਆਵਾਂ ਦਾ ਬੜਾ ਪ੍ਰਮਾਣਿਕ ਚਿੱਤਰ ਪੇਸ਼ ਕੀਤਾ ਹੈ। ਸਮਾਜਿਕ-ਸੱਭਿਆਚਾਰਕ ਸਮੱਸਿਆਵਾਂ ਦੇ ਸਮਾਧਾਨ ਲਈ ਕਈ ਵਾਰ ਉਹ ਬ੍ਰਿਤਾਂਤ-ਪ੍ਰਬੰਧ ਵਿਚ ਬੇਲੋੜੀਆਂ ਖੁੱਲ੍ਹਾਂ ਤਾਂ ਜ਼ਰੂਰ ਲੈ ਲੈਂਦਾ ਹੈ ਪ੍ਰੰਤੂ ਇਹ ਖੁੱਲ੍ਹਾਂ ਇਸ ਨਾਵਲ ਦੇ ਉਦੇਸ਼ ਨੂੰ ਸਪੱਸ਼ਟ ਕਰ ਦਿੰਦੀਆਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੰਨਾ ਇਕ ਇਤਿਹਾਸ ਦਾ
ਲੇਖਕ : ਬਾਰੂ ਸਤਵਰਗ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 288.

ਬਾਰੂ ਸਤਵਰਗ ਵੱਲੋਂ ਨਕਸਲਬਾੜੀ ਲਹਿਰ ਦੇ ਇਤਿਹਾਸਕ ਪਿਛੋਕੜ 'ਤੇ ਆਧਾਰਿਤ ਇਹ ਨਾਵਲ ਲਿਖਿਆ ਗਿਆ ਹੈ। ਉਸ ਦੌਰ ਦੀ ਰਾਜਸੀ, ਸਮਾਜਿਕ ਤੇ ਆਰਥਿਕ ਸਥਿਤੀ ਦਾ ਜੋ ਅਨੁਭਵ ਲੇਖਕ ਨੇ ਗ੍ਰਹਿਣ ਕੀਤਾ, ਉਸ ਨੂੰ ਪੇਸ਼ ਕੀਤਾ ਹੈ। ਪੰਜਾਬ ਵਿਚ ਚਲੀ ਨਕਸਲਬਾੜੀ ਲਹਿਰ ਦੇ ਮੋਢੀਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਇਸ ਨਾਵਲਕਾਰ ਨੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਕੁਲ ਵਕਤੀ ਬਣ ਕੇ ਸਾਰਾ ਜੀਵਨ ਲੁੱਟੇ-ਲਤਾੜੇ ਜਾ ਰਹੇ ਲੋਕਾਂ ਦੇ ਹੱਕਾਂ ਲਈ ਹੀ ਸਮਰਪਿਤ ਕਰ ਦਿੱਤਾ। ਨਾਵਲਕਾਰ ਨੇ ਸੀ.ਪੀ.ਆਈ. ਅਤੇ ਸੀ.ਪੀ.ਆਈ. (ਐਮ) ਵਰਗੀਆਂ ਪਾਰਟੀਆਂ ਨਾਲੋਂ ਬੁਨਿਆਦੀ ਵਿਚਾਰਧਾਰਕ-ਸਿਆਸੀ ਮਤਭੇਦ ਹੋਣ ਕਾਰਨ ਵੱਖ ਹੋ ਕੇ ਮਾਰਕਸਵਾਦੀ-ਲੈਨਿਨਵਾਦੀ ਅਤੇ ਮਾਓਵਾਦੀ ਫਲਸਫੇ ਨੂੰ ਸਮਰਪਿਤ ਨਕਸਲੀ ਗਰੁੱਪਾਂ ਦੀ ਹੋਂਦ ਵਿਚ ਆਉਣ ਵਾਲੀ ਰਾਜਸੀ ਸਥਿਤੀ ਨੂੰ ਗਲਪ ਛੋਹਾਂ ਨਾਲ ਬਿਆਨ ਕੀਤਾ ਹੈ। ਨਾਵਲ ਪੰਜਾਬ ਅੰਦਰ ਨਕਸਲਬਾੜੀ ਲਹਿਰ ਤੇ ਗਰੁੱਪਾਂ ਦੀ ਰਾਜਸੀ ਜੀਵਨ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ। ਲੇਖਕ ਨੇ ਨਕਸਲੀ ਲਹਿਰ ਦੇ ਇਤਿਹਾਸਕ ਪਿਛੋਕੜ, ਬਾਹਰੀ ਹਾਲਤ ਅਤੇ ਭਾਰਤ ਦੇ ਮੌਜੂਦਾ ਵਿਚਾਰਧਾਰਕ-ਰਾਜਨੀਤਕ ਖੇਤਰ ਨੂੰ ਆਪਣੀ ਰਾਜਸੀ ਸਮਝ ਨਾਲ ਬਿਆਨ ਕੀਤਾ ਹੈ। ਨਾਵਲ ਦਾ ਕਥਾ-ਰਸ ਪਾਠਕਾਂ ਵਿਚ ਉਤਸੁਕਤਾ ਪੈਦਾ ਕਰੀ ਰੱਖਦਾ ਹੈ। ਮਲਵਈ ਰੰਗ ਵਿਚ ਰੰਗੀ ਸ਼ੈਲੀ ਇਸ ਨਾਵਲ ਦੇ ਸਮਾਜਿਕ ਯਥਾਰਥ ਨੂੰ ਬੜੇ ਕਲਾਤਮਕ ਅੰਦਾਜ਼ ਵਿਚ ਪੇਸ਼ ਕਰਦੀ ਹੈ। ਇਹ ਨਕਸਲੀ ਲਹਿਰ ਦੇ ਆਰੰਭ, ਸਿਖਰ ਤੇ ਵਿਗੰਠਨ ਬਾਰੇ ਅਤੇ ਇਸ ਲਹਿਰ ਵਿਚ ਨਿਰੰਤਰ ਸਰਗਰਮ ਰਹਿਣ ਵਾਲੇ ਯੋਧਿਆਂ ਦੀ ਦਾਸਤਾਨ ਹੈ। ਇਸ ਲਹਿਰ ਦੇ ਆਮ ਲੋਕਾਂ ਨਾਲੋਂ ਟੁੱਟਣ ਅਤੇ ਅਲੱਗ-ਥਲੱਗ ਰਹਿਣ ਬਾਰੇ ਨਾਵਲਕਾਰ ਖਾਮੋਸ਼ ਰਹਿੰਦਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਤਰਕਾਲਾਂ ਦੀਆਂ ਆਵਾਜ਼ਾਂ
ਕਵੀ : ਇਛੂਪਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 206.

ਅਨੇਕ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਆਲੋਚਨਾ ਪੁਸਤਕਾਂ, ਸੰਪਾਦਨ ਤੇ ਅਨੁਵਾਦ ਪੁਸਤਕਾਂ ਮਗਰੋਂ ਤਰਕਾਲਾਂ ਦੀਆਂ ਆਵਾਜ਼ਾਂ, ਇਛੂਪਾਲ ਦਾ ਨਵਾਂ ਕਾਵਿ ਸੰਗ੍ਰਹਿ ਹੈ। ਇਨ੍ਹਾਂ ਵੱਡ ਆਕਾਰੀ ਕਾਵਿ ਸੰਗ੍ਰਹਿ ਵਿਚ ਇਛੂਪਾਲ ਦੀਆਂ ਵਿਭਿੰਨ ਵਸਤੂ ਵਰਤਾਰਿਆਂ ਨਾਲ ਨਜਿੱਠਦੀਆਂ ਅਨੇਕ ਕਵਿਤਾਵਾਂ ਸ਼ਾਮਿਲ ਹਨ।
'ਤਰਕਾਲਾਂ ਦੀਆਂ ਆਵਾਜ਼ਾਂ' ਜਿਵੇਂ ਨਾਂਅ ਤੋਂ ਹੀ ਸੰਕੇਤ ਮਿਲਦਾ ਹੈ ਕਵੀ ਦੀ ਉਮਰ ਦੇ ਪ੍ਰੌੜ ਅਵਸਥਾ ਦੇ ਪੜਾਅ ਦੀਆਂ ਕਵਿਤਾਵਾਂ ਹਨ। ਲੇਖਕ ਨੇ ਜੀਵਨ ਵਿਚ ਅਨੇਕ ਅਨੁਭਵਾਂ, ਤੰਗੀਆਂ ਤੁਰਸ਼ੀਆਂ, ਤਲਖ਼ੀਆਂ, ਦੁੱਖਾਂ ਸੁੱਖਾਂ ਨੂੰ ਆਪਣੇ ਪਿੰਡੇ 'ਤੇ ਜਰਿਆ ਹੈ। ਇਸ ਪੜਾਅ 'ਤੇ ਕਵੀ ਉਨ੍ਹਾਂ ਅਨੁਭਵਾਂ ਦੀ ਕਾਵਿਕ ਸਿਰਜਣਾਤਮਕ ਪੇਸ਼ਕਾਰੀ ਕਰਦਾ ਪ੍ਰਤੀਤ ਹੁੰਦਾ ਹੈ। ਉਹ ਮਨੁੱਖ ਦੇ ਆਤਮ-ਰਹੱਸ ਦੀ ਖੋਜ ਵਿਚ ਤੁਰਦਾ ਹੈ। ਆਪਣੇ ਸਵੈ ਦੀ ਤਲਾਸ਼ ਤੋਂ ਹੀ ਉਸ ਦੀ ਕਵਿਤਾ ਦਾ ਸਫ਼ਰ ਸ਼ੁਰੂ ਹੁੰਦਾ ਹੈ। ਇਸ ਸਫ਼ਰ ਦੇ ਅਗਲੇ ਪੜਾਅ 'ਤੇ ਉਹ ਰਿਸ਼ਤਿਆਂ, ਸਬੰਧਾਂ ਦੇ ਮੰਥਨ ਵਿਚ ਉਤਰਦਾ ਹੈ। ਜੀਵਨ ਦੇ ਅਨੇਕ ਅਨੁਭਵਾਂ ਦੇ ਰੰਗ ਉਸ ਦੀ ਕਵਿਤਾ ਵਿਚ ਡੁਬਦੇ ਤੈਰਦੇ ਦਿਖਾਈ ਦਿੰਦੇ ਹਨ। ਬਹੁਤੀਆਂ ਕਵਿਤਾਵਾਂ ਵਿਚ ਕਵੀ 'ਮੈਂ-ਮੁਖੀ' ਕਾਵਿ ਵਿਧੀ ਦੀ ਵਰਤੋਂ ਕਰਦਾ ਹੈ। ਅਨੇਕ ਥਾਂ 'ਤੇ ਨਵੀਨ ਸ਼ਬਦ ਸਮਾਸਾਂ ਦੀ ਸਿਰਜਣਾ ਕੀਤੀ ਵੀ ਗਈ ਹੈ ਜੋ ਇਛੂਪਾਲ ਦੀ ਕਵਿਤਾ ਨੂੰ ਆਪਣੀ ਕਿਸਮ ਦੀ ਅਮੀਰੀ ਤੇ ਸੋਹਜ ਬਖਸ਼ਦੀ ਹੈ। ਇਹ ਕਵਿਤਾਵਾਂ ਆਧੁਨਿਕ ਮਨੁੱਖ ਦੇ ਆਪਣੇ-ਆਪ ਅੰਦਰੋਂ ਅਜਨਬੀ ਹੋ ਜਾਣ ਦੇ ਦੁਖਾਂਤ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦੀਆਂ ਹਨ। ਇਛੂਪਾਲ ਦੇ ਇਸ ਸੰਗ੍ਰਹਿ ਦਾ ਪੰਜਾਬੀ ਕਾਵਿ ਖੇਤਰ ਵਿਚ ਸਵਾਗਤ ਕੀਤਾ ਜਾਣਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

29-9-2013

 ਯੂ ਆਰ ਦਿ ਬੈਸਟ
ਲੇਖਕ : ਅਨੁਪਮ ਖੇਰ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 176.

ਅਨੁਪਮ ਖੇਰ ਇਕ ਅਨੁਭਵੀ, ਸੰਵੇਦਨਸ਼ੀਲ ਅਤੇ ਸੁਹਿਰਦ ਵਿਅਕਤੀ ਹੈ। ਉਹ ਹਿੰਦੀ ਫ਼ਿਲਮ ਇੰਡਸਟਰੀ ਵਿਚ ਉਸ ਵਕਤ ਆਇਆ ਜਦੋਂ ਉਹ ਢਲਦੀ ਜਵਾਨੀ ਦੀਆਂ ਬਰੂਹਾਂ ਉੱਪਰ ਖੜ੍ਹਾ ਸੀ, ਇਸ ਉਮਰ ਵਿਚ ਆ ਕੇ ਇੰਡਸਟਰੀ ਵਿਚ ਪੈਰ ਜਮਾਉਣੇ ਕੋਈ ਆਸਾਨ ਕੰਮ ਨਹੀਂ ਹੁੰਦਾ। ਸਾਡੇ ਇਧਰ ਪੰਜਾਬ ਤੋਂ ਰਾਜ ਬੱਬਰ, ਬਲਦੇਵ ਖੋਸਾ, ਰਾਣਾ ਜੰਗ ਬਹਾਦਰ ਸਿੰਘ ਅਤੇ ਓਮ ਪੁਰੀ ਵਰਗੇ ਬਹੁਤ ਸਾਰੇ ਕੁਸ਼ਲ ਅਦਾਕਾਰ ਮੁੰਬਈ ਗਏ ਸਨ ਪ੍ਰੰਤੂ ਓਮ ਪੁਰੀ (ਅਤੇ ਕਿਸੇ ਹੱਦ ਤੱਕ ਰਾਜ ਬੱਬਰ) ਤੋਂ ਬਿਨਾਂ ਬਾਕੀ ਅਦਾਕਾਰ ਬਹੁਤੇ ਸਫ਼ਲ ਸਿੱਧ ਨਾ ਹੋਏ। ਅਨੁਪਮ ਖੇਰ ਆਪਣੀ ਅਣਥੱਕ ਸਾਧਨਾ ਅਤੇ ਕਠੋਰ ਮਿਹਨਤ ਦੇ ਸਹਾਰੇ ਹੀ ਇਸ ਮੁਕਾਮ ਉਪਰ ਪਹੁੰਚਿਆ ਹੈ। ਪਰੇਸ਼ ਰਾਵਲ ਅਤੇ ਬੋਮਨ ਈਰਾਨੀ ਵਾਂਗ ਉਹ ਇਕ ਚੋਟੀ ਦਾ ਅਦਾਕਾਰ ਹੈ, ਜਿਸ ਨੇ ਪਿਛਲੇ ਤਿੰਨ ਦਹਾਕਿਆਂ ਵਿਚੋਂ 450 ਤੋਂ ਵੀ ਵੱਧ ਫ਼ਿਲਮਾਂ ਵਿਚ ਕੰਮ ਕਰਕੇ (ਹਰ ਸਾਲ ਲਗਭਗ 15 ਫ਼ਿਲਮਾਂ) ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਹਥਲੀ ਪੁਸਤਕ ਵਿਚ ਸ੍ਰੀ ਖੇਰ ਨੇ ਮਨੁੱਖੀ ਜੀਵਨ ਬਾਰੇ ਲਗਭਗ 50 ਛੋਟੇ-ਛੋਟੇ ਲੇਖ ਲਿਖੇ ਹਨ। ਇਹ ਪੁਸਤਕ ਅੱਜ ਦੀਆਂ ਜਟਿਲ ਪ੍ਰਸਥਿਤੀਆਂ ਵਿਚ ਪਾਜ਼ੀਟਿਵ ਅੰਤਰ-ਪ੍ਰੇਰਨਾ ਦੇਣ ਵਾਲੀ ਇਕ 'ਮੋਟੀਵੇਸ਼ਨਲ' ਰਚਨਾ ਹੈ। ਅਜੋਕਾ ਜੀਵਨ ਬਹੁਤ ਚੁਣੌਤੀ ਭਰਪੂਰ ਹੈ।
ਅਨੁਪਮ ਖੇਰ ਨੇ ਖ਼ੁਦ ਬੜਾ ਚੁਣੌਤੀ ਭਰਪੂਰ ਜੀਵਨ ਜੀਵਿਆ ਹੈ। ਸ਼ਿਮਲੇ ਦੇ ਇਕ ਸਾਧਾਰਨ ਲੋਅਰ ਡਵੀਜ਼ਨ ਕਲਰਕ ਦੇ ਘਰ ਪੈਦਾ ਹੋ ਕੇ ਉਸ ਨੇ ਅਮੀਰੀ ਅਤੇ ਪ੍ਰਸਿੱਧੀ ਦੀਆਂ ਸਿਖ਼ਰਾਂ ਨੂੰ ਛੋਹ ਲਿਆ ਪਰ ਹੋਰ ਪਾਉਣ, ਹੋਰ ਉੱਚਾ ਉੱਠਣ ਦੀ ਲਾਲਸਾ ਵਿਚ ਉਸ ਨੇ ਇਕ ਵਾਰ ਆਪਣਾ ਸਾਰਾ ਧਨ ਗੁਆ ਲਿਆ। ਅਸਲ ਵਿਚ 'ਸਮਝ' ਪਾਉਣ ਨਾਲ ਨਹੀਂ ਆਉਂਦੀ, ਪਾਉਣ ਨਾਲ ਤਾਂ ਕੇਵਲ ਚਤੁਰਾਈ ਵਧਦੀ ਹੈ। ਅਸਲ ਗਿਆਨ ਗੁਆਉਣ (ਖੋਣ) ਨਾਲ ਹੀ ਪੈਦਾ ਹੁੰਦਾ ਹੈ। ਮੈਂ ਅਕਸਰ ਇਹ ਕਿਹਾ ਕਰਦਾ ਹਾਂ ਕਿ ਜਿਸ ਨੇ ਕਦੇ ਕੁਝ ਗੁਆਇਆ (ਖੋਇਆ) ਨਹੀਂ, ਉਹ ਕਿੰਨਾ ਗਰੀਬ ਹੈ। ਸ੍ਰੀ ਖੇਰ ਨੂੰ ਬਹੁਤਾ ਗਿਆਨ ਸਭ ਕੁਝ ਖੋਹਣ ਪਿੱਛੋਂ ਹੀ ਹਾਸਲ ਹੋਇਆ ਹੈ।
ਇਸ ਪੁਸਤਕ ਵਿਚ ਲੇਖਕ ਨੇ ਖੁਸ਼ੀ, ਉਦਾਸੀ, ਬੇਚੈਨੀ, ਸਵੈ-ਵਿਸ਼ਲੇਸ਼ਣ, ਕਠੋਰ ਮਿਹਨਤ, ਦੋਸਤੀ, ਭੈਮੁਕਤੀ, ਸੰਯੁਕਤ ਪਰਿਵਾਰ ਬਣਤਰ ਆਦਿ ਬੇਹੱਦ ਪ੍ਰਸੰਗਿਕ ਵਿਸ਼ਿਆਂ ਬਾਰੇ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ ਹਨ। ਪਿਛਲੇ ਦਿਨੀਂ ਲੇਖਕ ਨੇ ਇਕ ਸਵੈ-ਜੀਵਨੀਮੂਲਕ ਨਾਟਕ 'ਕੁਝ ਭੀ ਹੋ ਸਕਤਾ ਹੈ', ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੇਸ਼ ਕੀਤਾ ਸੀ। ਇਸ ਨਾਟਕ ਨੇ ਵੀ ਉਸ ਨੂੰ ਆਤਮ-ਵਿਸ਼ਲੇਸ਼ਣ ਦੇ ਮਾਰਗ ਉਤੇ ਤੋਰ ਕੇ ਕੁਝ ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਹਨ। ਪੰਜਾਬੀ ਵਿਚ ਇਸ ਪੁਸਤਕ ਦਾ ਪ੍ਰਕਾਸ਼ਨ ਲੋਕ ਗੀਤ ਪ੍ਰਕਾਸ਼ਨ ਦੇ ਸੰਚਾਲਕ ਸ੍ਰੀ ਹਰੀਸ਼ ਜੈਨ ਨੇ ਸੰਭਵ ਬਣਾਇਆ ਹੈ ਅਤੇ ਇਸ ਦਾ ਅਨੁਵਾਦ ਡਾ: ਹਰਵਿੰਦਰ ਕੌਰ ਗਰੋਵਰ ਅਤੇ ਇੰਜੀ: ਚਰਨਜੀਤ ਸਿੰਘ ਨੇ ਕੀਤਾ ਹੈ। ਮੈਂ ਇਨ੍ਹਾਂ ਮਾਣਯੋਗ ਸ਼ਖ਼ਸੀਅਤਾਂ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ। 'ਯੂ ਆਰ ਦ ਬੈਸਟ' ਸਾਡੇ ਸਾਰਿਆਂ ਲਈ ਪੜ੍ਹਨਯੋਗ ਰਚਨਾ ਹੈ ਅਤੇ ਹਰ ਪਾਠਕ ਨੂੰ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਗਵਾਂਢੀ
ਲੇਖਿਕਾ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

ਮੂਲ ਤੌਰ 'ਤੇ ਕਵਿਤਰੀ ਤੇ ਕਹਾਣੀਕਾਰਾ ਰਾਜਬੀਰ ਰੰਧਾਵਾ ਵੱਲੋਂ ਆਪਣੀ ਪਾਕਿਸਤਾਨ ਫੇਰੀ ਨੂੰ ਗਵਾਂਢੀ ਸਿਰਲੇਖ ਹੇਠ ਸਫ਼ਰਨਾਮੇ ਦੇ ਰੂਪ ਵਿਚ ਪੰਜਾਬੀ ਪਾਠਕਾਂ ਲਈ ਪੇਸ਼ ਕੀਤਾ ਗਿਆ ਹੈ। ਉਂਜ ਦਰਜਨਾਂ ਪੰਜਾਬੀ ਲੇਖਕਾਂ ਵੱਲੋਂ ਆਪਣੀ ਪਾਕਿਸਤਾਨ ਯਾਤਰਾ ਨੂੰ ਸੰਸਮਰਣਾਂ ਤੇ ਸਫ਼ਰਨਾਮਿਆਂ ਦੇ ਰੂਪ ਵਿਚ ਚਿਤਰਿਆ ਗਿਆ ਹੈ। ਰਾਜਬੀਰ ਰੰਧਾਵਾ ਨੇ ਇਸ ਲੜੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ।
ਲੇਖਿਕਾ ਰਾਜਬੀਰ ਰੰਧਾਵਾ ਨੇ ਆਪਣੇ ਪਤੀ ਤੇ ਬੱਚਿਆਂ ਨਾਲ 21 ਜੂਨ 1995 ਤੋਂ 29 ਜੂਨ 1995 ਤੱਕ ਪਾਕਿਸਤਾਨ ਵਿਚ ਗੁਜ਼ਾਰੇ ਵਕਤ ਦੇ ਪਲ-ਪਲ ਛਿਨ-ਛਿਨ ਦਾ ਵੇਰਵਾ, ਉਥੋਂ ਦੀ ਆਬੋ ਹਵਾ (ਸਮਾਜਿਕ, ਧਾਰਮਿਕ, ਰਾਜਨੀਤਕ, ਸੱਭਿਆਚਾਰਕ) ਦੀ ਗੰਧ ਸਭ ਕੁਝ ਨੂੰ ਬਿਨਾਂ ਕਿਸੇ ਲਾਗ ਲਪੇਟ, ਬਣਾਉਟੀਪਨ ਜਾਂ ਅਤੀਸ਼ਿਉਕਤੀ ਤੋਂ ਪੇਸ਼ ਕੀਤਾ ਹੈ। ਦਰਅਸਲ ਇਹ ਉਨ੍ਹਾਂ ਦੀ ਸਾਧਾਰਨ ਫੇਰੀ ਨਹੀਂ ਸਗੋਂ ਆਪਣੀ ਜੰਮਣ-ਭੋਇੰ, ਵਿਛੜੀ ਮਿੱਟੀ ਤੇ ਸੱਭਿਆਚਾਰ ਨਾਲ ਮੁੜ ਇਕਮਿਕ ਹੋਣ ਦਾ ਉਪਰਾਲਾ ਹੈ, ਜਿਸ ਨੂੰ ਸ੍ਰੀਮਤੀ ਅਤੇ ਸਰਦਾਰ ਰੰਧਾਵਾ ਤਾਂ ਦਿਲ ਦੀ ਡੂੰਘਾਈ ਤੋਂ ਸਮਝਦੇ ਹਨ ਪਰ ਨਵੀਂ ਪੀੜ੍ਹੀ ਇਸ ਦਰਦ ਹੇਰਵੇ ਤੋਂ ਜਾਣੂ ਨਹੀਂ ਹੈ।
ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਫ਼ਰ ਬਹੁਤ ਸਾਰੇ ਧਾਰਮਿਕ ਸਥਾਨਾਂ ਤੋਂ ਹੁੰਦਾ ਉਨ੍ਹਾਂ ਦੇ ਸੁਪਨਿਆਂ ਦੇ ਸ਼ਹਿਰ ਲਾਹੌਰ ਵਿਖੇ ਪੂਰਾ ਹੁੰਦਾ ਹੈ। ਉਹ ਉਥੇ ਗੁਰਦੁਆਰਿਆਂ ਦੇ ਦਰਸ਼ਨ ਕਰਨ, ਗੁਰੂ ਨਾਨਕ ਦੇਵ ਦੀ ਜਨਮ ਭੋਇੰ ਨੂੰ ਸਿਜਦਾ ਕਰਨ, ਪੀਰ ਵਲੀ ਕੰਧਾਰੀ ਦਾ ਕਰਿਸ਼ਮਾ ਆਦਿ ਵੇਖਣ ਲਈ ਪੁੱਜੇ ਸਨ। ਉਥੇ ਉਨ੍ਹਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਵਿਚਾਲੇ ਕੋਈ ਅੰਤਰ ਨਜ਼ਰ ਨਹੀਂ ਆਉਂਦਾ। ਲੇਖਿਕਾ ਨੇ ਆਪਣੀ ਯਾਤਰਾ ਦੇ ਨਾਲ-ਨਾਲ ਪਾਕਿਸਤਾਨ ਵਿਚਲੇ ਸਿੱਖਾਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਪਿਠ ਭੂਮੀ ਤੇ ਇਤਿਹਾਸ ਨੂੰ ਵੀ ਚੇਤੇ ਕੀਤਾ ਹੈ। ਇਸ ਤੋਂ ਲੇਖਕ ਦੀ ਭਰਪੂਰ ਜਾਣਕਾਰੀ ਬਾਰੇ ਪਤਾ ਲਗਦਾ ਹੈ। ਲੇਖਿਕਾ ਨੇ ਪਾਕਿਸਤਾਨ ਦੇ ਲੋਕਾਂ ਦੇ ਆਚਾਰ-ਵਿਹਾਰ ਨੂੰ ਜਿਵੇਂ ਦਾ ਤਿਵੇਂ ਪੇਸ਼ ਕਰਨ ਵਿਚ ਕੋਈ ਝਿਜਕ ਨਹੀਂ ਵਿਖਾਈ ਹੈ। ਡਾਇਰੀ ਦੀ ਸ਼ਕਲ ਵਿਚ ਲਿਖਿਆ ਗਿਆ ਇਹ ਸਫ਼ਰਨਾਮਾ 'ਗਵਾਂਢੀ' ਮੁਲਕ ਦੀ ਝਲਕ ਵਿਖਾਉਂਦਾ ਹੋਇਆ ਉਸ ਮੁਲਕ ਨਾਲ ਜੁੜੀਆਂ ਮੋਹ ਦੀਆਂ ਗੰਢਾਂ ਨੂੰ ਹੋਰ ਪੀਡਾ ਕਰਨ ਦਾ ਸਾਹਿਤਕ ਉਪਰਾਲਾ ਹੈ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਜ਼ਿੰਦਗੀ ਦਾ ਨਾਇਕ ਓਮ ਪੁਰੀ
ਜੀਵਨਕਾਰ : ਨੰਦਿਤਾ ਸੀ. ਪੁਰੀ
ਅਨੁਵਾਦਕ : ਅਰਵਿੰਦਰ ਜੌਹਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 227.

ਓਮ ਪੁਰੀ ਭਾਰਤੀ ਸਿਨਮਾ ਜਗਤ ਦਾ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਅਦਾਕਾਰੀ ਸਦਕਾ ਫ਼ਿਲਮ ਸੰਸਾਰ ਵਿਚ ਆਪਣਾ ਵੱਖਰਾ ਅਤੇ ਮਹੱਤਵਪੂਰਨ ਮੁਕਾਮ ਨਿਰਧਾਰਿਤ ਕੀਤਾ। ਬੇਸ਼ੱਕ ਉਸ ਨੇ ਆਪਣੀ ਅਦਾਕਾਰੀ ਦਾ ਸਫ਼ਰ ਰੰਗਮੰਚ ਤੋਂ ਸ਼ੁਰੂ ਕੀਤਾ ਪਰ ਦ੍ਰਿੜ੍ਹ ਇਰਾਦੇ ਅਤੇ ਆਪਣੀ ਮਿਹਨਤ ਦੇ ਬਲਬੂਤੇ ਅੱਜ ਉਸ ਦਾ ਨਾਂਅ ਸਿਨਮਾ ਜਗਤ ਦੇ ਸਿਖਰਲੇ ਕਲਾਕਾਰਾਂ ਵਿਚ ਸ਼ੁਮਾਰ ਹੁੰਦਾ ਹੈ। ਹਰਪਾਲ ਟਿਵਾਣਾ ਦੀ ਰਹਿਨੁਮਾਈ ਹੇਠ ਆਪਣਾ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਇਸ ਮੁਕਾਮ 'ਤੇ ਪਹੁੰਚਿਆ। ਉਸ ਦੀ ਥਹੁ ਲਾਉਂਦੀ ਨੰਦਿਤਾ ਸੀ. ਪੁਰੀ ਦੁਆਰਾ ਲਿਖੀ ਅਤੇ ਅਰਵਿੰਦਰ ਜੌਹਲ ਦੁਆਰਾ ਅਨੁਵਾਦ ਕੀਤੀ ਉਸ ਦੀ ਜੀਵਨੀ 'ਜ਼ਿੰਦਗੀ ਦਾ ਨਾਇਕ ਓਮ ਪੁਰੀ' ਇਕ ਮਹੱਤਵਪੂਰਨ ਪੁਸਤਕ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਇਸ ਪੁਸਤਕ ਵਿਚ ਜੀਵਨੀਕਾਰਾ ਨੇ ਓਮ ਪੁਰੀ ਦੇ ਮੁਢਲੇ ਜੀਵਨ ਤੋਂ ਲੈ ਕੇ ਉਸ ਦੇ ਅਦਾਕਾਰੀ ਦੇ ਸਫ਼ਰ ਦੀਆਂ ਸਫ਼ਲਤਾਵਾਂ ਅਸਫ਼ਲਤਾਵਾਂ ਦਾ ਲੇਖਾ-ਜੋਖਾ ਕਰਦਿਆਂ ਉਸ ਦੀ ਨਿੱਜੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਪ੍ਰਸਤੁਤ ਕੀਤੀ ਹੈ।
ਓਮ ਪੁਰੀ ਜਿਸ ਮੁਕਾਮ 'ਤੇ ਅੱਜ ਪਹੁੰਚਿਆ ਹੈ, ਇਹ ਸਫ਼ਰ ਉਸ ਲਈ ਕੋਈ ਸੁਖਾਵਾਂ ਸਫ਼ਰ ਨਹੀਂ ਸੀ ਸਗੋਂ ਆਰਥਿਕ ਮੰਦਹਾਲੀਆਂ ਨਾਲ ਜੂਝਦਾ ਹੋਇਆ ਇਹ ਦ੍ਰਿੜ੍ਹ ਇਰਾਦੇ ਅਤੇ ਦ੍ਰਿੜ੍ਹ ਵਿਸ਼ਵਾਸ ਵਾਲਾ ਵਿਅਕਤੀ ਕਿਵੇਂ ਸਾਧਾਰਨ ਤੋਂ ਅਸਧਾਰਨਤਾ ਦਾ ਪੈਂਡਾ ਤੈਅ ਕਰ ਸਕਿਆ ਹੈ। ਅਦਾਕਾਰੀ ਦਾ ਬੀਜ ਬਚਪਨ ਵਿਚ ਸਕੂਲ ਵਿਚ ਪੜ੍ਹਦਿਆਂ ਹੀ ਉਸ ਦੇ ਮਨ ਵਿਚ ਬੀਜਿਆ ਗਿਆ ਸੀ ਜਦੋਂ ਉਸ ਨੇ ਸੱਤਵੀਂ ਜਮਾਤ ਵਿਚ ਪੜ੍ਹਦਿਆਂ 'ਹਿਮਾਲਿਆ ਸੇ ਊਚਾ' ਨਾਟਕ ਵਿਚ ਫ਼ੌਜੀ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਇਸ ਪੁਸਤਕ ਵਿਚ ਪੰਜਾਬ ਦੇ ਪਟਿਆਲਾ ਨਜ਼ਦੀਕ ਕਸਬੇ ਸਨੌਰ ਨਾਲ ਜੁੜੀਆਂ ਉਸ ਦੀਆਂ ਯਾਦਾਂ ਦਾ ਵੀ ਭਰਪੂਰ ਖੁਲਾਸਾ ਹੋਇਆ ਹੈ। ਇਸ ਜੀਵਨੀ ਵਿਚ ਓਮ ਪੁਰੀ ਦੁਆਰਾ ਕੀਤੀਆਂ ਗਈਆਂ ਫ਼ਿਲਮਾਂ ਦਾ ਵਿਸਥਾਰਤ ਬਿਊਰਾ ਪੇਸ਼ ਹੈ। ਇਹ ਬਿਊਰਾ ਜੀਵਨੀਕਾਰਾ ਵੱਲੋਂ ਘਟਨਾਵਾਂ ਦੇ ਵੇਰਵਿਆਂ ਦੇ ਰੂਪ ਵਿਚ ਵੀ ਹੈ ਅਤੇ 'ਮੇਰਾ ਫ਼ਿਲਮੀ ਸਫ਼ਰ' ਸਿਰਲੇਖ ਤਹਿਤ ਓਮ ਪੁਰੀ ਵੱਲੋਂ ਵੀ ਦਿੱਤਾ ਗਿਆ ਹੈ। 'ਕਲਾਕਾਰਾਂ ਲਈ ਨੁਸਖੇ' ਸਿਰਲੇਖ ਤਹਿਤ ਰੰਗਮੰਚ ਅਤੇ ਫ਼ਿਲਮਾਂ ਨਾਲ ਜੁੜੇ ਕਲਾਕਾਰਾਂ ਲਈ ਅਦਾਕਾਰੀ ਦੇ ਗੁਰਾਂ ਨਾਲ ਭਰਪੂਰ ਓਮ ਪੁਰੀ ਦਾ ਲੈਕਚਰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਵਿਚ ਤਕਰੀਬਨ ਹਰੇਕ ਪੰਨੇ 'ਤੇ ਹੀ ਓਮ ਪੁਰੀ ਦੇ ਜੀਵਨ-ਦ੍ਰਿਸ਼ ਨੂੰ ਪੇਸ਼ ਕਰਦੀ ਕੋਈ ਨਾ ਕੋਈ ਤਸਵੀਰ ਵੀ ਛਾਪੀ ਗਈ ਹੈ, ਜੋ ਓਮ ਪੁਰੀ ਨਾਲ ਪਾਠਕਾਂ ਦੀ ਸਾਂਝ ਹੋਰ ਵੀ ਪੀਡੀ ਕਰਦੀ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਇਸ ਕਲਾਕਾਰ ਦੀ ਜ਼ਿੰਦਗੀ ਅਤੇ ਪ੍ਰਾਪਤੀਆਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਜੀਵਨੀਕਾਰਾ ਵਧਾਈ ਦੀ ਹੱਕਦਾਰ ਹੈ। ਸਧਾਰਨ ਸ਼ੈਲੀ ਅਤੇ ਰੌਚਿਕ ਭਾਸ਼ਾ ਵਿਚ ਲਿਖੀ ਇਹ ਪੁਸਤਕ ਪਾਠਕਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗੀ।

-ਸਰਦੂਲ ਸਿੰਘ ਔਜਲਾ
ਮੋ: 98141-68611

16-9-2013

 ਸਰਬ ਲੋਹ ਦਾ ਕਵੀ
ਲੇਖਕ : ਰਣਜੀਤ ਸਿੰਘ ਖੜਗ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 344.

ਸ: ਰਣਜੀਤ ਸਿੰਘ ਖੜਗ (1915-1971) ਮਿਸ਼ਨਰੀ ਸਪਿਰਿਟ ਦੇ ਇਕ ਬਹੁਵਿਧਾਈ ਲੇਖਕ ਸਨ। ਉਨ੍ਹਾਂ ਨੇ ਆਪਣੀ ਸਾਹਿਤਿਕ ਯਾਤਰਾ ਦਾ ਆਰੰਭ 1931-32 ਵਿਚ ਇਕ ਕਵੀ ਦੇ ਰੂਪ ਵਿਚ ਕੀਤਾ। ਆਪ ਭਾਈ ਵੀਰ ਸਿੰਘ, ਫ਼ੀਰੋਜ਼ਦੀਨ ਸ਼ਰਫ਼ ਅਤੇ ਪ੍ਰੋ: ਮੋਹਨ ਸਿੰਘ ਮਾਹਿਰ ਦੀਆਂ ਕਵਿਤਾਵਾਂ ਤੋਂ ਪ੍ਰੇਰਨਾ ਪ੍ਰਾਪਤ ਕਰਕੇ ਇਸ ਖੇਤਰ ਵਿਚ ਆਏ ਸਨ। ਆਪ ਬਹੁਤ ਅਨੁਭਵੀ ਲੇਖਕ ਸਨ। ਆਦਮਪੁਰ (ਜਲੰਧਰ) ਵਿਚ ਬਚਪਨ ਬਿਤਾ ਕੇ ਆਪ ਲਾਹੌਰ, ਦਿੱਲੀ, ਨਾਗਪੁਰ, ਕਪੂਰਥਲੇ ਅਤੇ ਸ਼ਿਮਲਾ ਵਰਗੇ ਵੱਡੇ ਸ਼ਹਿਰਾਂ ਵਿਚ ਨੌਕਰੀ ਕਰਦੇ ਰਹੇ। ਭਾਈਆ ਈਸ਼ਰ ਸਿੰਘ ਦੇ ਸ਼ਿਮਲੇ ਤੋਂ ਦਿੱਲੀ ਚਲੇ ਆਉਣ ਉਪਰੰਤ ਆਪ ਨੇ 1953 ਤੋਂ 1966 ਤੱਕ ਸ਼ਿਮਲੇ ਵਿਖੇ ਹੋਣ ਵਾਲੇ ਕਵੀ ਦਰਬਾਰਾਂ ਦਾ ਪ੍ਰਬੰਧਨ ਕੀਤਾ। ਪੰਜਾਬੀ ਸਾਹਿਤ ਸਭਾ ਦਿੱਲੀ ਦੀ ਸਥਾਪਨਾ ਵਿਚ ਵੀ ਵੱਡਾ ਯੋਗਦਾਨ ਪਾਇਆ ਅਤੇ ਆਜੀਵਨ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਨਾਲ ਜੁੜੇ ਰਹੇ। ਆਪ ਨਿਯਮਿਤ ਤੌਰ 'ਤੇ ਲਿਖਣ ਵਾਲੇ ਲੇਖਕ ਸਨ ਅਤੇ ਆਪ ਦੇ ਖੋਜ ਭਰਪੂਰ ਲੇਖ ਅਤੇ ਸਿੱਖੀ ਜਜ਼ਬੇ ਨਾਲ ਭਰਪੂਰ ਕਵਿਤਾਵਾਂ ਰਣਜੀਤ, ਫਤਹਿ, ਜੀਵਨ, ਖਾਲਸਾ ਸਮਾਚਾਰ, ਗੁਰਮਤਿ ਪ੍ਰਕਾਸ਼, ਜਨ ਸਾਹਿਤ, ਪ੍ਰੀਤਮ ਅਤੇ ਪੰਜਾਬੀ ਦੁਨੀਆ ਵਿਚ ਨਿਰੰਤਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ।
ਸ: ਖੜਗ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਸਪੁੱਤਰ ਕਰਮਜੀਤ ਸਿੰਘ ਨੂੰ ਬਹੁਤ ਸਾਰੀਆਂ ਆਰਥਿਕ ਤੇ ਭਾਵੁਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਜਦੋਂ ਉਹ ਕੁਝ ਸੰਭਲਿਆ ਤਾਂ ਸਭ ਤੋਂ ਪਹਿਲਾ ਕੰਮ ਉਸ ਨੇ ਆਪਣੇ ਸਤਿਕਾਰਯੋਗ ਪਿਤਾ ਦੀ ਸ਼ਾਨਦਾਰ ਸਾਹਿਤਿਕ ਵਿਰਾਸਤ ਨੂੰ ਸੰਭਾਲਣ ਦਾ ਕੀਤਾ ਹੈ। ਇਸ ਪ੍ਰਸੰਗ ਵਿਚ 'ਸਰਬਲੋਹ ਦਾ ਕਵੀ' ਇਕ ਮਹੱਤਵਪੂਰਨ ਰਚਨਾ ਹੈ। ਇਸ ਪੁਸਤਕ ਵਿਚ ਸ: ਰਣਜੀਤ ਸਿੰਘ ਖੜਗ ਦੇ ਲਗਭਗ 30 ਖੋਜ ਭਰਪੂਰ ਅਤੇ ਗੁਰਸਿੱਖੀ ਦੇ ਜਜ਼ਬੇ ਨਾਲ ਛਲਕਦੇ ਲੇਖ ਸੰਕਲਿਤ ਹਨ। ਪੁਸਤਕ ਦਾ ਸੰਕਲਨ ਇੰਜੀਨੀਅਰ ਕਰਮਜੀਤ ਸਿੰਘ ਨੇ ਕੀਤਾ ਹੈ। ਇਸ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਵੈਰਾਟ ਸ਼ਖ਼ਸੀਅਤ, ਯੁੱਧ ਨੀਤੀ, ਕਾਵਿ ਪ੍ਰਤਿਭਾ ਅਤੇ ਸ੍ਰੀ ਦਸਮ ਗ੍ਰੰਥ ਦੀਆਂ ਚੋਣਵੀਆਂ ਰਚਨਾਵਾਂ ਬਚਿਤ੍ਰ ਨਾਟਕ, ਚੰਡੀ ਦੀ ਵਾਰ, ਅਕਾਲ ਉਸਤਤਿ, ਕਿਸ਼ਨਾਵਤਾਰ, ਫਤਬਿਨਾਮਾ ਅਤੇ ਚਰਿਤ੍ਰੋਪਾਖਿਆਨ ਆਦਿ ਬਾਰੇ ਚਰਚਾ ਕੀਤੀ ਗਈ ਹੈ। ਸ: ਖੜਗ ਨੇ ਬੜੀਆਂ ਅਕੱਟ ਦਲੀਲਾਂ ਦੁਆਰਾ ਇਹ ਪ੍ਰਮਾਣਿਤ ਕੀਤਾ ਹੈ ਕਿ ਸਮੁੱਚਾ ਸ੍ਰੀ ਦਸਮ ਗ੍ਰੰਥ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਅਤੇ ਏਨੀ ਮਹਾਨ ਰਚਨਾ ਦੇ ਭਾਵਾਰਥ ਤੱਕ ਪਹੁੰਚਣ ਤੋਂ ਬਗੈਰ ਇਸ ਉਪਰ ਕਿੰਤੂ-ਪ੍ਰੰਤੂ ਕਰਨਾ ਇਕ ਖ਼ਤਰਨਾਕ ਰੁਝਾਨ ਹੈ। ਮੈਂ ਸ: ਕਰਮਜੀਤ ਸਿੰਘ ਦੇ ਪੁਰਸ਼ਾਰਥ ਦੀ ਪ੍ਰਸੰਸਾ ਕਰਦਾ ਹਾਂ : ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ॥ ਲੋਕ ਗੀਤ ਪ੍ਰਕਾਸ਼ਨ ਦੇ ਸੰਚਾਲਕ ਸ੍ਰੀ ਹਰੀਸ਼ ਜੈਨ ਨੇ ਇਹ ਪੁਸਤਕ ਬੜੀ ਰੀਝ ਨਾਲ ਪ੍ਰਕਾਸ਼ਿਤ ਕੀਤੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਰਾਜਸਥਾਨ ਦੀ ਯਾਤਰਾ
ਲੇਖਕ : ਗੁਰਚਰਨ ਸਿੰਘ ਮਹਿਤਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ (ਚੰਡੀਗੜ੍ਹ)
ਮੁੱਲ : 250 ਰੁਪਏ, ਸਫ਼ੇ : 159.

ਹਥਲੀ ਕਿਤਾਬ ਤੋਂ ਪਹਿਲਾਂ ਗੁਰਚਰਨ ਸਿੰਘ ਮਹਿਤਾ ਖੋਜ ਆਲੋਚਨਾ ਸਫ਼ਰਨਾਮੇ ਤੇ ਮਹਾਨ ਲੋਕਾਂ ਦੀਆਂ ਜੀਵਨੀਆਂ ਬਾਰੇ 22 ਕਿਤਾਬਾਂ ਲਿਖ ਚੁੱਕਾ ਹੈ। ਇਸ ਕਿਤਾਬ ਵਿਚ ਜੀਵਨ ਬਿਉਰੇ ਸਮੇਤ ਕੁੱਲ 10 ਲੇਖ ਹਨ ਤੇ ਅੱਗੋਂ ਹਰ ਭਾਗ ਦਾ ਪੂਰੇ ਵੇਰਵੇ ਨਾਲ ਵਿਸਥਾਰ ਹੈ। ਰਾਜਸਥਨ ਦੀ ਵੰਨ-ਸੁਵੰਨੀ ਧਰਤੀ ਭਾਰਤ ਦੀ ਇਤਿਹਾਸਕ ਮਹੱਤਤਾ ਨਾਲ ਜੁੜੀ ਹੋਈ ਹੈ ਤੇ ਇਸ ਧਰਤੀ ਦਾ ਇਤਿਹਾਸ ਜਾਨਣ ਦੀ ਹਰ ਇਕ ਨੂੰ ਤਾਂਘ ਰਹਿੰਦੀ ਹੈ ਕਿਉਂਕਿ ਜਿਥੇ ਜੈਪੁਰ ਵਰਗੇ ਸ਼ਹਿਰ ਨੂੰ ਗੁਲਾਬੀ ਨਗਰ ਵਜੋਂ ਜਾਣਿਆ ਜਾਂਦਾ ਹੈ, ਉਥੇ ਇਹ ਪ੍ਰਾਂਤ ਪ੍ਰਾਚੀਨ ਕਾਲ ਤੋਂ ਯੁੱਧਾਂ ਤੇ ਮਾਰਾਂ-ਧਾੜਾਂ ਦੇ ਉਥਲ-ਪੁਥਲ ਦਾ ਸ਼ਿਕਾਰ ਵੀ ਰਿਹਾ ਹੈ। ਲੇਖਕ ਨੇ ਇਸ ਸਾਰੇ ਪ੍ਰਾਂਤ ਦੀ ਯਾਤਰਾ ਕਰਕੇ ਤੇ ਹਰ ਘਟਨਾ ਨੂੰ ਬਹੁਤ ਬਾਰੀਕੀ ਨਾਲ ਬਿਆਨ ਕੀਤਾ ਹੈ। ਇਸ ਪ੍ਰਾਂਤ ਵਿਚ ਹਰ ਧਰਮ ਦੇ ਭਾਈਚਾਰੇ ਲਈ ਬੇਸ਼ੁਮਾਰ ਇਤਿਹਾਸਕ ਅਸਥਾਨ ਹਨ। ਇਨ੍ਹਾਂ ਨੂੰ ਸਮੁੱਚੇ ਭਾਰਤ ਦੇ ਲੋਕ ਮਜ਼੍ਹਬ ਦੇ ਭਿੰਨ-ਭੇਦ ਤੋਂ ਰਹਿਤ ਹੋ ਕੇ ਮੰਨਦੇ ਹਨ। ਲੇਖਕ ਨੇ ਇਨ੍ਹਾਂ ਸਭ ਅਸਥਾਨ ਦੀ ਜਾਣਕਾਰੀ ਇਸ ਤਰੀਕੇ ਪਾਠਕ ਤੱਕ ਪਹੁੰਚਾਈ ਹੈ ਕਿ ਅਸੀਂ ਘਰ ਬੈਠੇ ਹੀ ਉਸ ਅਸਥਾਨ 'ਤੇ ਪਹੁੰਚੇ ਮਹਿਸੂਸ ਕਰਦੇ ਹਾਂ। ਰਾਜਪੂਤੀ ਮੜਕ, ਇਤਿਹਾਸ-ਧਰਮ ਤੇ ਰਹਿਣ-ਸਹਿਣ, ਪਰੰਪਰਾਵਾਂ-ਬਰਾਦਰੀ ਕੁਰਬਾਨੀਆਂ-ਮੂਰਤੀ-ਇਮਾਰਤੀ ਤੇ ਛੋਟੇ ਕਿੱਤਿਆਂ ਦਾ ਜਿਥੇ ਲੇਖਕ ਨੇ ਬਹੁਤ ਹੀ ਵਿਸਥਾਰ ਤੇ ਰੌਚਕ ਢੰਗ ਨਾਲ ਬਿਆਨ ਕੀਤਾ ਹੈ, ਉਥੇ ਸੰਸਾਰ ਦਾ ਬਹੁਤ ਹੀ ਖੂਬਸੂਰਤ ਸੈਰ-ਸਪਾਟਾ ਇਲਾਕਾ ਜਿਹੜਾ ਹਮੇਸ਼ਾ ਦੇਸੀ ਵਿਦੇਸ਼ੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ, ਉਹਦੀ ਖੂਬਸੂਰਤੀ ਨੂੰ ਅੱਖੀਂ ਵੇਖ ਕੇ ਇਸ ਕਿਤਾਬ ਵਿਚ ਬਿਆਨ ਕਰਕੇ ਪਾਠਕਾਂ ਤੇ ਆਮ ਲੋਕਾਂ ਲਈ ਬਹੁਤ ਵੱਡਾ ਕਰਮ ਕੀਤਾ ਹੈ। ਰਾਜਸਥਾਨ ਦਾ ਇਤਿਹਾਸਕ ਹਿੱਸਾ ਜਿਹੜਾ ਕੁਰਬਾਨੀਆਂ ਤੇ ਸੂਰਬੀਰਤਾ ਨਾਲ ਵੀ ਭਰਿਆ ਪਿਆ ਹੈ, ਉਹਦੇ ਬਾਰੇ ਜਾਨਣਾ ਵੀ ਹਰ ਭਾਰਤੀ ਦਾ ਫਰਜ਼ ਹੈ। ਸੋ, ਗੁਰਚਰਨ ਸਿੰਘ ਮਹਿਤਾ ਦੀ ਇਹ ਕਿਤਾਬ ਦੇਸ਼ ਵਾਸੀਆਂ ਲਈ ਅਨਮੋਲ ਤੋਹਫਾ ਹੈ, ਜਿਹਦੀ ਪੜ੍ਹਨ ਦੀ ਜ਼ਿਆਰਤ ਕਰਨੀ ਹਰ ਵਰਗ ਦੇ ਪਾਠਕ ਦਾ ਫਰਜ਼ ਬਣਦਾ ਹੈ। ਗੈਟ ਅੱਪ ਤੇ ਬਣੀ ਖੂਬਸੂਰਤੀ ਦੀ ਅਸਲੀ ਤਸਵੀਰ ਵੀ ਕਿਤਾਬ ਦੀ ਦਿੱਖ ਨੂੰ ਹੋਰ ਵਧਾਉਂਦੀ ਹੈ।

-ਬੀਬਾ ਕੁਲਵੰਤ
ਮੋ: 9876123151.
ਫ ਫ ਫ

ਰੋਡੂ ਰਾਜਾ ਉਰਫ਼ ਫ਼ਜ਼ਲਦੀਨ
ਲੇਖਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 192.

ਇਸ ਪੁਸਤਕ ਵਿਚ ਲੇਖਕ ਸਮੇਤ 19 ਵਿਅਕਤੀਆਂ ਦੇ ਰੇਖਾ ਚਿੱਤਰ ਹਨ। ਪਾਸ਼, ਸਵਰਨ ਚੰਦਨ, ਗੁਰਦੇਵ ਸਿੰਘ ਰੁਪਾਣਾ, ਬਲਕਾਰ ਸਿੰਘ, ਬਲਬੀਰ ਮਾਧੋਪੁਰੀ, ਡਾ: ਗੁਰਪਾਲ ਸਿੰਘ ਸੰਧੂ, ਤਲਵਿੰਦਰ ਸਿੰਘ, ਰੋਡੂ ਰਾਜਾ, ਗੋਲੂ, ਸੰਤੀ, ਪਿਆਰੇ ਲਾਲ, ਸਤੀਸ਼ ਕੁਮਾਰ, ਜਸਵਿੰਦਰ, ਮਿਲਖਾ, ਦੇਸ ਰਾਜ ਕਾਲੀ, ਲੇਖਕ ਦੀ ਮਾਤਾ ਆਦਿ ਬਾਰੇ ਉਸ ਦੀਆਂ ਬੇਬਾਕ ਟਿੱਪਣੀਆਂ ਦੱਸਦੀਆਂ ਹਨ ਕਿ ਲਿਖਣ ਲੱਗੇ ਉਹ ਕਿਸੇ ਦਾ ਲਿਹਾਜ਼ ਜਾਂ ਵਿਤਕਰਾ ਨਹੀਂ ਕਰਦਾ।
ਪੁਸਤਕ ਵਿਚ ਸ਼ਾਮਿਲ ਸ਼ਖ਼ਸੀਅਤਾਂ ਨਾਲ ਉਸ ਦਾ ਨੇੜਲਾ ਸਬੰਧ ਰਿਹਾ ਹੈ। ਇਸ ਲਈ ਉਹ ਉਨ੍ਹਾਂ ਦੇ ਗੁਣਾਂ, ਔਗੁਣਾਂ ਤੇ ਕਮਜ਼ੋਰੀਆਂ ਤੋਂ ਭਲੀ-ਭਾਂਤ ਵਾਕਫ਼ ਹੈ। ਬਹੁਤੇ ਰੇਖਾ-ਚਿੱਤਰਾਂ ਵਿਚ ਦਿੱਤੀਆਂ ਸਚਾਈਆਂ ਪਾਠਕ ਦਾ ਭਰਮ ਜਾਲ ਤੋੜਦੀਆਂ ਹਨ। ਜਿਨ੍ਹਾਂ ਲੇਖਕਾਂ, ਕਲਾਕਾਰਾਂ, ਕਵੀਆਂ ਨੂੰ ਪਾਠਕ ਪੂਜਣ ਦੀ ਹੱਦ ਤੱਕ ਚਾਹੁੰਦੇ ਹਨ, ਜਦੋਂ ਉਹ ਉਨ੍ਹਾਂ ਦੀ ਅਸਲੀ ਜ਼ਿੰਦਗੀ ਦੀ ਕਰੂਪਤਾ ਦੇਖਦੇ ਹਨ ਤਾਂ ਨਿਰਾਸ਼ ਹੋ ਜਾਂਦੇ ਹਨ। ਅਸਲੀ ਸਾਹਿਤਕਾਰ ਵਿਚ ਮਨ, ਬਚਨ, ਕਰਮ ਦੀ ਸ਼ੁੱਧਤਾ ਹੋਣੀ ਚਾਹੀਦੀ ਹੈ, ਤਾਂ ਹੀ ਉਸ ਦੀ ਕਲਮ ਕੁਝ ਸਾਰਥਕ ਤੇ ਚਿਰ ਸਥਾਈ ਸਿਰਜ ਸਕਦੀ ਹੈ। ਨਸ਼ਿਆਂ ਦਾ ਸੇਵਨ ਕਰਕੇ, ਸ਼ਰਾਬਾਂ ਪੀ ਕੇ, ਸਿਗਰਟਾਂ ਫੂਕ ਕੇ, ਸਾਹਿਤਕ ਮਹਿਫ਼ਲਾਂ ਵਿਚ ਇਕ-ਦੂਜੇ ਦੀ ਨਿੰਦਿਆ ਕਰਕੇ, ਸਾੜੇ ਜਾਂ ਈਰਖਾ ਦੀ ਸੋਚ ਰੱਖ ਕੇ ਕੋਈ ਕੀ ਸਿਰਜ ਸਕਦਾ ਹੈ। ਇਨ੍ਹਾਂ ਸਾਰੇ ਰੇਖਾ ਚਿੱਤਰਾਂ ਵਿਚ ਕੋਈ ਵੀ ਅਜਿਹਾ ਆਦਰਸ਼ ਕਾਇਮ ਨਹੀਂ ਕਰਦਾ ਜਿਸ ਤੋਂ ਪ੍ਰੇਰਨਾ ਜਾਂ ਸੇਧ ਲੈ ਕੇ ਜੀਵਨ ਨੂੰ ਜਿਊਣ ਜੋਗਾ ਬਣਾਇਆ ਜਾ ਸਕੇ।
ਲੇਖਕ ਦਾ ਕਰਤੱਵ ਕੇਵਲ ਕਾਗਜ਼ ਕਾਲੇ ਕਰਨਾ ਨਹੀਂ, ਸਗੋਂ ਸਮਾਜ ਅਤੇ ਸੱਭਿਆਚਾਰ ਪ੍ਰਤੀ ਕੁਝ ਨਰੋਆ ਤੇ ਸਾਰਥਕ ਰਚਨਾ ਹੈ। ਸੁਚੱਜੇ ਜੀਵਨ ਵਿਚੋਂ ਹੀ ਸੁਚੱਜੀ ਲੇਖਣੀ ਪੈਦਾ ਹੋ ਸਕਦੀ ਹੈ। ਅਜੋਕੇ ਦੌਰ ਵਿਚ ਲੇਖਕਾਂ ਨੂੰ ਆਪਣਾ ਫਰਜ਼ ਪਛਾਣਨ ਪ੍ਰਤੀ ਹੋਰ ਵੀ ਸੁਚੇਤ ਹੋਣਾ ਚਾਹੀਦਾ ਹੈ।

ਚੌਥੀ ਕੂਟ
ਕਹਾਣੀਕਾਰ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 130 ਰੁਪਏ, ਸਫ਼ੇ : 120.

ਵਰਿਆਮ ਸਿੰਘ ਸੰਧੂ ਇਕ ਸਮਰੱਥ ਕਹਾਣੀਕਾਰ ਹੈ। ਹਥਲੇ ਕਹਾਣੀ ਸੰਗ੍ਰਹਿ ਵਿਚ ਦਰਜ ਪੰਜ ਕਹਾਣੀਆਂ-ਚੌਥੀ ਕੂਟ, ਪਰਛਾਵੇਂ, ਮੈਂ ਹੁਣ ਠੀਕ ਠਾਕ ਹਾਂ, ਛੁੱਟੀ ਅਤੇ ਨੌਂ ਬਾਰਾਂ ਦਸ ਅੱਤਵਾਦ ਦੇ ਕਾਲੇ ਦਿਨਾਂ, ਮਨੁੱਖ ਦੀ ਮਾਨਸਿਕਤਾ, ਸਹਿਮ ਦੇ ਪਰਛਾਵਿਆਂ ਅਤੇ ਪੰਜਾਬ ਸੰਕਟ ਦੀ ਗੱਲ ਕਰਦੀਆਂ ਹਨ। ਬਹੁਤ ਹੀ ਵਿਲੱਖਣ ਸ਼ੈਲੀ ਤੇ ਢੁਕਵੀਂ ਬੋਲੀ ਵਿਚ ਰਚੀਆਂ ਇਹ ਕਹਾਣੀਆਂ ਜੀਵਨ ਦੇ ਕੌੜੇ ਯਥਾਰਥ ਦੀ ਗੱਲ ਕਰਦੀਆਂ ਹਨ। ਇਨ੍ਹਾਂ ਵਿਚ ਦਰਦ ਅਤੇ ਮਾਨਸਿਕਤਾ ਹੈ। ਗੰਭੀਰ ਵਿਸ਼ੇ ਹੋਣ ਦੇ ਬਾਵਜੂਦ ਕਿਤੇ ਵੀ ਰਸਿਕਤਾ ਜਾਂ ਰੌਚਿਕਤਾ ਨਹੀਂ ਘਟਦੀ ਅਤੇ ਪਾਠਕ ਇਨ੍ਹਾਂ ਨੂੰ ਇਕੋ ਸਾਹੇ ਪੜ੍ਹਨ ਲਈ ਮਜਬੂਰ ਹੋ ਜਾਂਦਾ ਹੈ। ਵੰਡ ਦੇ ਦੁਖਾਂਤ, ਛੋਟੀ ਕਿਰਸਾਨੀ ਦੀਆਂ ਸਮੱਸਿਆਵਾਂ, ਸਮਾਜਿਕ ਉਲਝਣਾਂ ਅਤੇ ਮਾਨਸਿਕ ਵਿਕਾਰਾਂ ਦੀ ਗੱਲ ਕਰਦੀਆਂ ਇਹ ਕਹਾਣੀਆਂ ਧੁਰ ਅੰਦਰ ਤੱਕ ਲਹਿ ਜਾਂਦੀਆਂ ਹਨ। ਇਹ ਨਾ ਕੇਵਲ ਸਾਡੇ ਦਿਲੋ ਦਿਮਾਗ ਨੂੰ ਟੁੰਬਦੀਆਂ ਤੇ ਭਾਵਨਾਵਾਂ ਨੂੰ ਜਗਾਉਂਦੀਆਂ ਹਨ, ਸਗੋਂ ਕੁਝ ਸੋਚਣ ਲਈ ਵੀ ਮਜਬੂਰ ਕਰਦੀਆਂ ਹਨ। ਸਾਰੇ ਹੀ ਪਾਤਰ ਸਾਡੇ ਆਲੇ-ਦੁਆਲੇ ਵਿਚ ਮਿਲਣ ਵਾਲੇ ਆਮ ਲੋਕ ਹਨ। ਉਨ੍ਹਾਂ ਦੀਆਂ ਲੋੜਾਂ ਥੁੜਾਂ, ਭੁੱਖਾਂ ਪਿਆਸਾਂ, ਦੁੱਖ-ਸੁੱਖ ਅਤੇ ਖੁਸ਼ੀਆਂ ਗ਼ਮੀਆਂ ਸਾਨੂੰ ਆਪਣੀਆਂ ਹੀ ਜਾਪਦੀਆਂ ਹਨ। ਭਾਵੇਂ ਵੰਡ, ਅੱਤਵਾਦ ਜਾਂ ਜਾਤਪਾਤ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ ਪਰ ਇਨ੍ਹਾਂ ਕਹਾਣੀਆਂ ਵਿਚਲੀਆਂ ਸਚਾਈਆਂ ਇਨ੍ਹਾਂ ਦੁਖਾਂਤਾਂ ਨੂੰ ਸਜੀਵ ਕਰ ਦਿੰਦੀਆਂ ਹਨ। ਇਨ੍ਹਾਂ ਦੁਆਰਾ ਜੀਵਨ ਦੀਆਂ ਗੁੰਝਲਦਾਰ ਅਤੇ ਨਵੀਆਂ ਪਰਤਾਂ ਫਰੋਲੀਆਂ ਗਈਆਂ ਹਨ। ਧਰਮ ਦੇ ਨਾਂਅ 'ਤੇ ਦਹਿਸ਼ਤ ਨਫ਼ਰਤ ਅਤੇ ਹਿੰਸਾ ਫੈਲਾਉਣ ਦੀਆਂ ਕੋਝੀਆਂ ਵਾਰਦਾਤਾਂ ਨਾਲ ਇਨਸਾਨੀਅਤ ਲਹੂ-ਲੁਹਾਣ ਹੋ ਜਾਂਦੀ ਹੈ। ਪਲਾਂ ਦੇ ਕੀਤੇ ਕਾਰੇ ਸਦੀਆਂ ਤੱਕ ਭੁਗਤਣੇ ਪੈਂਦੇ ਹਨ। ਇਹ ਕਹਾਣੀਆਂ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹਨ। ਇਹ ਸਾਡੀ ਚੇਤਨਾ ਤੇ ਮਾਨਵਤਾ ਨੂੰ ਜਾਗ੍ਰਿਤ ਕਰਨ ਦਾ ਸਫ਼ਲ ਉਪਰਾਲਾ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਇਕ ਦੀਵਾ ਹੋਰ ਬਾਲ
ਲੇਖਕ : ਸੁਖਦੇਵ ਗਿੱਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80.

ਸੁਖਦੇਵ ਗਿੱਲ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਅਸਲੋਂ ਨਵਾਂ ਨਾਂਅ ਹੈ। ਇਕ ਦੀਵਾ ਹੋਰ ਬਾਲ, ਉਸ ਦੇ ਗੀਤਾਂ, ਕਵਿਤਾਵਾਂ ਦਾ ਪਲੇਠਾ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਨਿੱਜੀ ਤੇ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਅਭਿਵਿਅਕਤੀ ਦਿੱਤੀ ਹੈ। ਸੁਖਦੇਵ ਗਿੱਲ ਦੇ ਇਸ ਸੰਗ੍ਰਹਿ ਵਿਚਲੀ ਸ਼ਾਇਰੀ ਦੀ ਸੁਰ ਸਾਡੇ ਸਮਾਜਿਕ ਢਾਂਚੇ ਵਿਚ ਫੈਲੀਆਂ ਵਿਸੰਗਤੀਆਂ ਤੇ ਸਮੱਸਿਆਵਾਂ ਨਾਲ ਸਬੰਧਤ ਹੈ। ਇਕ ਦੀਵਾ ਹੋਰ ਬਾਲ, ਗੀਤ ਵਿਚ ਉਹ ਆਧੁਨਿਕ ਯੁੱਗ ਵਿਚ ਬਜ਼ੁਰਗਾਂ ਦੀ ਦੇਖ-ਭਾਲ ਦੀ ਸਮੱਸਿਆ ਨੂੰ ਆਪਣੇ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਧੀ ਦੇ ਹੰਝੂ ਵਿਚ ਧੀਆਂ ਦਾ ਦਰਦ, ਨਸ਼ਾ ਵਿਚ ਨਸ਼ਿਆਂ ਦੀ ਸਮੱਸਿਆ, ਰੀਝ ਵਿਚ ਸਭ ਦਾ ਸਤਿਕਾਰ ਕਰਨਾ ਜਿਹੇ ਵਸਤੂ ਨੂੰ ਆਪਣੇ ਕਾਵਿ ਵਸਤੂ ਵਿਚ ਢਾਲਦਾ ਹੈ। ਸਮੁੱਚੇ ਸੰਗ੍ਰਹਿ ਦੀਆਂ ਕਵਿਤਾਵਾਂ ਗੀਤਾਂ ਵਿਚ ਅਜਿਹਾ ਪ੍ਰਭਾਵ ਉਭਰਦਾ ਹੈ ਕਿ ਸ਼ਾਇਰ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਲੋਚਦਾ ਹੈ, ਜਿਥੇ ਮਾਨਵਤਾ ਦਾ ਸਤਿਕਾਰ ਹੋਵੇ, ਨੈਤਿਕ ਕਦਰਾਂ-ਕੀਮਤਾਂ ਦਾ ਵਾਸ ਹੋਵੇ। ਲੋਕ ਇਕ-ਦੂਜੇ ਨਾਲ ਪਿਆਰ ਪੂਰਵਕ ਰਹਿੰਦੇ ਹੋਣ ਤੇ ਜਿਥੇ ਕੋਈ ਲੁੱਟ-ਖਸੁੱਟ, ਬੇਈਮਾਨੀ ਤੇ ਹਿੰਸਾ ਲਈ ਕੋਈ ਥਾਂ ਨਾ ਹੋਵੇ। ਇਸ ਸੰਗ੍ਰਹਿ ਦੇ ਕੁਝ ਗੀਤਾਂ ਵਿਚ ਲੇਖਕ ਨੇ ਨਿੱਜੀ ਸਰੋਕਾਰਾਂ ਨੂੰ ਵੀ ਚਿਤਰਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੀਆਂ ਕਵਿਤਾਵਾਂ ਵਿਚ ਲੇਖਕ ਮੁਹੱਬਤ ਦੇ ਸੰਯੋਗ ਵਿਯੋਗ ਨੂੰ ਉਦਾਸੀ, ਪੀੜ ਤੇ ਤੜਪ ਨੂੰ ਆਪਣੇ ਸ਼ਬਦਾਂ ਵਿਚ ਪਰੋਂਦਾ ਹੈ। ਸੁਖਦੇਵ ਗਿੱਲ ਦਾ ਵਿਸ਼ਵਾਸ ਹੈ ਕਿ ਸਮਾਜ ਨੂੰ ਕਲਮ ਦੀ ਤਾਕਤ ਨਾਲ ਬਦਲਿਆ ਜਾ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸੁਖਦੇਵ ਦੀਆਂ ਕਵਿਤਾਵਾਂ ਸਮਾਜ ਦੇ ਮੁੱਦਿਆਂ ਨਾਲ ਜੁੜੀਆਂ ਤੇ ਆਮ ਲੋਕਾਂ ਦੀ ਭਾਸ਼ਾ ਵਿਚ ਆਪਣੇ ਸੰਦੇਸ਼ ਦਾ ਸੰਚਾਰ ਕਰਦੀਆਂ ਹਨ। ਸੁਖਦੇਵ ਗਿੱਲ ਨੇ ਇਸ ਪੁਸਤਕ ਨਾਲ ਪੰਜਾਬੀ ਸ਼ਾਇਰੀ ਦੇ ਵਿਹੜੇ ਵਿਚ ਹੋਰ ਜਗਦੇ ਦੀਵਿਆਂ ਦੇ ਨਾਲ ਇਕ ਦੀਵਾ ਹੋਰ ਬਾਲ ਧਰਿਆ ਹੈ। ਸ਼ਾਲਾ! ਸ਼ਾਇਰੀ ਦੇ ਵਿਹੜੇ ਵਿਚ ਅਜਿਹੇ ਚਿਰਾਗ ਸਦਾ ਚਾਨਣ ਵੰਡਦੇ ਰਹਿਣ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਸਮਕਾਲੀ ਸਰੋਕਾਰ ਅਤੇ ਸਾਹਿਤ
ਲੇਖਕ : ਡਾ: ਭੀਮਇੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 208.

ਭੀਮਇੰਦਰ ਸਿੰਘ ਦਿਖਾਵੇ/ਤਿਕੜਮਬਾਜ਼ੀ/ਫੈਸ਼ਨ ਕਾਰਨ ਨਹੀਂ ਵਿਸ਼ਵਾਸ/ਸਮਝ ਕਾਰਨ ਮਨ ਬਚਨ ਕਰਮ ਨਾਲ ਮਾਰਕਸਵਾਦੀ ਚਿੰਤਨ ਨਾਲ ਪ੍ਰਤੀਬੱਧ ਅਧਿਆਪਕ ਹੈ। ਅਧਿਆਪਕ ਹੀ ਨਹੀਂ, ਬੁੱਧੀਜੀਵੀ ਹੀ ਨਹੀਂ, ਇਮਾਨਦਾਰ ਮਾਰਕਸਵਾਦੀ ਕਾਮਾ। ਉਸ ਦੀਆਂ ਹੁਣ ਤੱਕ ਦੀਆਂ ਸਾਰੀਆਂ ਲਿਖਤਾਂ ਇਸ ਇਕੋ ਦ੍ਰਿਸ਼ਟੀ ਦੇ ਵਿਭਿੰਨ ਪਸਾਰਾਂ ਨੂੰ ਸਿਧਾਂਤਕ/ਵਿਹਾਰਕ/ ਸਾਹਿਤਕ/ਸਿਆਸੀ/ਸਮਾਜਿਕ/ਆਲੋਚਨਾਤਮਕ ਪਰਿਪੇਖਾਂ ਵਿਚ ਸਮਝਣ-ਸਮਝਾਉਣ ਦਾ ਉੱਦਮ ਹਨ। ਸਮਕਾਲੀ ਸਮਾਜ ਦੇ ਰਾਸ਼ਟਰੀ/ਅੰਤਰਰਾਸ਼ਟਰੀ ਦ੍ਰਿਸ਼ ਨਾਲ ਜੁੜੇ ਵਰਤਾਰਿਆਂ ਤੇ ਸਰੋਕਾਰਾਂ ਨੂੰ ਉਹ ਕਦੇ ਸੁਤੰਤਰ ਰੂਪ ਵਿਚ ਅਤੇ ਕਦੇ ਸਾਹਿਤ ਨਾਲ ਜੋੜ ਕੇ ਗੱਲ ਕਰਦੇ ਹਨ ਉਸ ਦੀ ਪੁਸਤਕ ਸਮਕਾਲੀ ਸਰੋਕਾਰ ਅਤੇ ਸਾਹਿਤ ਦੇ ਪੰਝੀ ਦੇ ਪੰਝੀ ਨਿਬੰਧ। ਪੁਸਤਕ ਦੀ ਭੂਮਿਕਾ ਵੀ ਰਸਮੀ ਸ਼ਬਦ ਜਾਲ ਨਹੀਂ, ਇਕ ਗੰਭੀਰ ਨਿਬੰਧ ਹੈ।
ਲੇਖਕ ਪੂੰਜੀਵਾਦ ਜਾਂ ਬਸਤੀਵਾਦ ਦੇ ਵਿਕਾਸਸ਼ੀਲ ਦੇਸ਼ਾਂ ਉਤੇ ਵਿਕਾਸ ਲਈ ਥੋਪੇ ਜਾਂਦੇ ਸਰਮਾਏਦਾਰੀ ਸ਼ਬਦ ਜਾਲ ਤੋਂ ਸਾਵਧਾਨ ਕਰਦਾ ਹੈ। ਮਾਰਕਸ ਦੇ ਸੰਘਰਸ਼ਮਈ ਜੀਵਨ ਤੇ ਚਿੰਤਨ ਦਾ ਮਾਰਮਿਕ ਚਿਤ੍ਰਣ ਕਰਦਾ ਹੈ। ਰੂਸੀ ਕ੍ਰਾਂਤੀ ਵਿਚ ਲੈਨਿਨ ਨੂੰ ਪੇਸ਼ ਵੰਗਾਰਾਂ ਦੇ ਸਨਮੁੱਖ ਉਸ ਦੀਆਂ ਪ੍ਰਾਪਤੀਆਂ ਦਾ ਬਿਆਨ ਕਰਦਾ ਹੈ ਚੀਨ ਵਿਚ ਕਿਸਾਨ ਤੇ ਮਜ਼ਦੂਰ ਪਰੰਪਰਾਗਤ ਮਾਰਕਸੀ ਮਾਡਲ ਤੋਂ ਵੱਖਰੀ ਲੀਹ ਨੂੰ ਪਛਾਣਦਾ ਹੈ। ਕਾਰਪੋਰੇਟ ਜਗਤ ਤੇ ਵਿਸ਼ਵੀਕਰਨ ਨਾਲ ਜੁੜੇ ਲੋਕ ਵਿਰੋਧੀ ਪ੍ਰਸੰਗਾਂ ਵੱਲ ਸੰਕੇਤ ਕਰਦਾ ਹੈ। ਲਿਬਰੇਸ਼ਨ ਥੀਆਲੋਜੀ, ਧਰਮ ਤੇ ਮਾਰਕਸਵਾਦ ਬਾਰੇ ਬਹਿਸ ਛੇੜਦਾ ਹੈ। ਗਦਰ ਲਹਿਰ ਦੀ ਵਿਚਾਰਧਾਰਕ ਪਿੱਠਭੂਮੀ ਨੂੰ ਸਹੀ ਪਰਿਪੇਖ ਵਿਚ ਅੰਕਿਤ ਕਰਦਾ ਹੈ। ਪਾਤਰ, ਨੂਰ, ਹਰਿਭਜਨ ਹੀ ਨਹੀਂ ਪੰਜਾਬੀ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਅਤੇ ਆਲੋਚਕਾਂ ਬਾਰੇ ਮਾਰਕਸੀ ਦ੍ਰਿਸ਼ਟੀ ਤੋਂ ਬੇਬਾਕ ਅਧਿਐਨ ਪੇਸ਼ ਕਰਦਾ ਹੈ। ਪੰਜਾਬ ਦੇ ਵਿਕਾਸ ਸਿਆਸਤ, ਭਾਸ਼ਾ, ਸਾਹਿਤ ਹਰ ਪਹਿਲੂ ਬਾਰੇ ਉਸ ਦੀਆਂ ਅੰਤਰ-ਦ੍ਰਿਸ਼ਟੀਆਂ ਨਿਸਚਿਤ ਸਪੱਸ਼ਟ ਨਿਰਪੱਖ ਤੇ ਗੌਲਣ ਯੋਗ ਹਨ। ਨੂਰ ਤੇ ਪਾਤਰ ਬਾਰੇ ਉਸ ਦੀਆਂ ਟਿੱਪਣੀਆਂ ਅਸਾਧਾਰਨ ਤੇ ਲੀਹ ਤੋਂ ਹਟ ਕੇ ਹਨ। ਭੀਮਇੰਦਰ ਦਾ ਇਹ ਨਿਬੰਧ ਸੰਗ੍ਰਹਿ ਮਾਰਕਸਵਾਦੀ ਚਿੰਤਨ ਦੇ ਅਜੋਕੇ ਦ੍ਰਿਸ਼ ਨਾਲ ਜੁੜਦਾ ਜੋੜਦਾ ਹੈ। ਵਿਚਾਰਧਾਰਾਈ ਸਪੱਸ਼ਟਤਾ ਤੇ ਪ੍ਰਤੀਬੱਧਤਾ ਇਸ ਦੇ ਵਿਸ਼ੇਸ਼ ਗੁਣ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਮਿਹਨਤੀ ਲੋਕਾਂ ਦੀਆਂ ਕਹਾਣੀਆਂ
ਲੇਖਕ : ਬਾਬੂ ਰਾਮ ਕਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 104.

ਇਸ ਪੁਸਤਕ ਵਿਚ ਲੇਖਕ ਨੇ ਆਪਣੇ ਸੱਚ ਨੂੰ ਰਚਨਾ ਵਿਚ ਪੇਸ਼ ਕੀਤਾ ਹੈ। ਇਹ ਕਹਾਣੀਆਂ ਸਮਾਜ ਦੇ ਇਕ ਵਰਗ ਨੂੰ ਮਿਹਨਤ ਕਰਨ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਵੱਲ ਪ੍ਰੇਰਿਤ ਕਰਦੀਆਂ ਹਨ। ਪਹਿਲੀ ਕਹਾਣੀ 'ਮਿਹਨਤ ਦੀ ਕਮਾਈ' ਵਿਚ ਮਿਹਨਤ ਨੂੰ ਫਲ ਜ਼ਰੂਰ ਮਿਲਦਾ ਹੈ, 'ਯਤੀਮ ਲੜਕਾ' ਵਿਚ ਮਿਹਨਤ ਸਦਕਾ ਕਾਮਯਾਬੀ, 'ਅਮੀਰੀ-ਗਰੀਬੀ', ਸਮੇਂ ਦੀ ਮਜਬੂਰੀ, ਸਵਾਰਥੀ ਉਪਕਾਰ, ਬੇਟੀ ਦੀ ਕਮਾਈ, ਦੋ ਨਵੀਆਂ ਜਾਤੀਆਂ, ਆਤਮਾ ਦੀ ਆਵਾਜ਼, ਵਿਧਵਾ ਦੀ ਸੋਚ, ਸਮਝੌਤਾ, ਬਿਨਾਂ ਮਾਂ ਦੀ ਬੱਚੀ, ਕੁੜੀ ਦਾ ਜਨਮ, ਪੈਸੇ ਦਾ ਮੋਹ ਤੇ ਮਹਾਤਮਾ ਜੀ' ਆਦਿ ਤੀਹ ਕਹਾਣੀਆਂ ਵਿਚ ਬਜ਼ੁਰਗਾਂ ਦੀ ਸੇਵਾ, ਭਰੂਣ ਹੱਤਿਆ ਤੋਂ ਪਰਹੇਜ਼, ਕਰਮ ਹੀ ਧਰਮ ਹੈ, ਸਮੇਂ ਦੀ ਸਹੀ ਵਰਤੋਂ, ਜਾਤ-ਪਾਤ ਤੇ ਪੁਰਾਣੇ ਰੀਤੀ ਰਿਵਾਜਾਂ ਦਾ ਵਿਰੋਧ ਆਦਿ ਅਨੇਕਾਂ ਵਿਸ਼ਿਆਂ ਨੂੰ ਬਾਖੂਬੀ ਉਭਾਰਿਆ ਹੈ ਤੇ ਸਮੱਸਿਆ ਦਾ ਹੱਲ ਵੀ ਸੁਝਾਉਣ ਦਾ ਉਪਰਾਲਾ ਕੀਤਾ ਹੈ। ਇਹ ਸਾਰੀਆਂ ਕਹਾਣੀਆਂ ਸੁਧਾਰਵਾਦ ਵੱਲ ਸੰਕੇਤ ਕਰਦੀਆਂ ਹਨ ਤੇ ਮਨੁੱਖੀ ਸੋਚ ਨੂੰ ਟੁੰਬਦੀਆਂ ਹਨ। ਉਸ ਦੀਆਂ ਕਹਾਣੀਆਂ ਦੇ ਪਾਤਰ ਗੰਭੀਰ, ਸੁਹਿਰਦ ਤੇ ਸੁਲਝੀ ਸੋਚ ਦੇ ਮਾਲਕ ਹਨ, ਗੁੰਝਲਦਾਰ ਪ੍ਰਸਥਿਤੀਆਂ ਤੋਂ ਮੁਕਤ, ਸਾਦਾ ਜੀਵਨ ਜਿਊਣ ਵਾਲੇ। ਇਨ੍ਹਾਂ ਕਹਾਣੀਆਂ ਵਿਚ ਪਾਤਰ ਉਸਾਰੀ ਸੁਚੱਜੀ, ਕਹਾਣੀ-ਰਸ ਭਰਪੂਰ ਤੇ ਉਚਿਤ ਭਾਸ਼ਾ ਦੀ ਵਰਤੋਂ ਵਾਰਤਾਲਾਪ ਰਾਹੀਂ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਸਮਾਜਿਕ ਸਰੋਕਾਰਾਂ ਦੀਆਂ ਕਹਾਣੀਆਂ ਕਿਹਾ ਜਾ ਸਕਦਾ ਹੈ।\

ਪ੍ਰੀਤਮ ਬੂੰਦਾਂ
ਲੇਖਕ : ਪ੍ਰੀਤਮ ਸਿੰਘ ਭਰੋਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 136.

ਪ੍ਰੀਤਮ ਸਿੰਘ ਭਰੋਵਾਲ ਦੀ ਪਲੇਠੀ ਪੁਸਤਕ 'ਪ੍ਰੀਤਮ ਬੂੰਦਾਂ' ਕਵਿਤਾਵਾਂ, ਗੀਤਾਂ, ਸ਼ਿਅਰਾਂ ਤੇ ਰੁਬਾਈਆਂ ਦਾ ਸੰਗ੍ਰਹਿ ਹੈ ਜੋ ਲੇਖਕ ਦੀ ਸਾਰੀ ਉਮਰ ਦੀ ਘਾਲ ਕਮਾਈ, ਸਫ਼ਰ ਗਾਥਾ ਤੇ ਜ਼ਿੰਦਗੀਨਾਮਾ ਹੈ। ਲੇਖਕ ਕੋਲ ਲੰਮਾ ਤਜਰਬਾ ਹੈ ਜੀਵਨ ਦਾ, ਜੋ ਉਹ ਸਿੱਖ ਇਤਿਹਾਸ ਦੇ ਬਾਰੀਕ ਵੇਰਵਿਆਂ ਤੋਂ ਲੈ ਕੇ ਪਰਮਾਰਥ ਦੇ ਰਾਹ 'ਤੇ ਤੁਰਦੇ ਪੈਰਾਂ ਦੀ ਵੀ ਥਾਹ ਰੱਖਦਾ ਹੈ, ਸਮਾਜਿਕ ਸਰੋਕਾਰਾਂ ਨਾਲ ਪੂਰੀ ਤਰ੍ਹਾਂ ਸਬੰਧਤ ਹੈ, ਚੇਤੰਨ ਹੈ ਆਲੇ-ਦੁਆਲੇ ਤੋਂ। ਉਸ ਦੀ ਲਿਖਤ ਵਿਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੀ ਭਾਵਨਾ, ਔਰਤ ਦੀ ਸਮਾਜ ਵਿਚ ਕਦਰ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੱਭਿਆਚਾਰਕ ਉਤਮਤਾ, ਧਾਰਮਿਕ ਮਹਾਂਪੁਰਖਾਂ ਪ੍ਰਤੀ ਸਤਿਕਾਰ ਦੀ ਭਾਵਨਾ ਝਲਕਦੀ ਹੈ। ਉਹ ਲੋਕਾਈ ਵਿਚ ਵਿਚਰਦਾ ਲੇਖਕ ਹੈ, ਜਦੋਂ ਲਿਖਦਾ ਹੈ :
ਕੌੜੀ ਪਿੰਡ ਵਾਪਰਿਆ ਹਾਦਸਾ ਧਰਤੀ ਬੁੱਕ ਬੁੱਕ ਰੋਈ,
ਸਭ ਲੁਕਾਈ ਧਾਹਾਂ ਮਾਰ ਰੋਂਦੀ ਚੁੱਪ ਰਹਿ ਨਾ ਸਕਿਆ ਕੋਈ।
ਇਹ ਘਟਨਾ ਹੈ ਕੌੜੀ ਪਿੰਡ ਦੇ ਟ੍ਰੇਨ ਹਾਦਸੇ ਦੀ।
ਲੇਖਕ ਨੇ ਕਿਰਤੀ ਕਿਸਾਨ ਦੇ ਹੱਕ ਵਿਚ ਵੀ ਨਾਅਰਾ ਮਾਰ ਕੇ ਆਵਾਜ਼ ਬੁਲੰਦ ਕੀਤੀ ਹੈ :
ਦਿਨ ਰਾਤ ਫਸਲਾਂ ਨੂੰ ਤੂੰ ਪੁੱਤਾਂ ਵਾਂਗ ਪਾਲਦਾ,
ਭੁੱਖਾ ਰਹਿ ਰਹਿ ਕੰਮ ਕਰੇ, ਨਾਲੇ ਨੀਂਦਰਾਂ ਸਹਾਰਦਾ,
ਮੀਹੋਂ ਝੱਖੜੋਂ ਬਚਣ ਲਈ, ਕਰਦਾ ਕਦੇ ਅਰਜ਼ੋਈ
ਜੱਗ ਨੂੰ ਰਜਾਉਣ ਵਾਲਿਆ ਤੇਰ ਦੁੱਖ ਨਾ ਵੰਡਾਵੇ ਕੋਈ।
ਉਸ ਦੀਆਂ ਲਿਖਤਾਂ ਦੇਸ਼ ਪ੍ਰੇਮ, ਖ਼ੁਦਾ ਦੇ ਪਿਆਰ, ਗੁਰੂਆਂ-ਪੀਰਾਂ ਨੂੰ ਨਤਮਸਤਕ ਹੋਣ, ਨਸ਼ਿਆਂ, ਸ਼ਹੀਦਾਂ ਦੀ ਧਰਤੀ, ਛੋਟਾ ਪਰਿਵਾਰ ਸੁਖੀ ਵਰਿਵਾਰ ਆਦਿ ਵਿਸ਼ਿਆਂ ਨਾਲ ਸਬੰਧਤ ਹਨ। ਭ੍ਰਿਸ਼ਟਾਚਾਰ, ਘੁਟਾਲੇ, ਨੇਤਾਵਾਂ ਦੀ ਨਿੱਘਰੀ ਹਾਲਤ ਉਤੇ ਵੀ ਲਾਹਨਤ ਪਾਈ ਹੈ ਤੇ ਨੌਜਵਾਨ ਪੀੜ੍ਹੀ ਨੂੰ ਯੋਗ ਤੇ ਸਾਰਥਕ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਗੀਤ, ਕਵਿਤਾਵਾਂ ਤੇ ਰੁਬਾਈਆਂ ਲੋਕ ਭਾਸ਼ਾ ਤੇ ਪਾਠਕਾਂ ਦੀ ਪੱਧਰ ਦੀ ਸਾਧਾਰਨ ਭਾਸ਼ਾ ਵਿਚ ਉਲੀਕਣ ਦਾ ਸਫਲ ਉਪਰਾਲਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਹਾਸ਼ਮ : ਕਿੱਸਾ ਸੋਹਣੀ ਮਹੀਂਵਾਲ
ਸੰਪਾਦਕ : ਅਰਵਿੰਦਰ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 112.

ਹਾਸ਼ਮ 18ਵੀਂ ਸਦੀ ਦਾ ਪ੍ਰਸਿੱਧ ਕਿੱਸਾ ਕਵੀ ਹੈ। ਉਸ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਜਗਦੇਉ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਗੁਜ਼ਾਰਿਆ। ਉਹ ਇਕ ਪ੍ਰਤਿਭਾਸ਼ੀਲ ਕਵੀ ਸੀ। ਹੀਰ ਰਾਂਝੇ ਕੀ ਬਿਰਤੀ, ਕਿੱਸਾ ਸੋਹਣੀ ਮਹੀਂਵਾਲ, ਕਿੱਸਾ ਸੱਸੀ ਪੁਨੂੰ, ਸ਼ੀਰੀਂ ਫਰਹਾਦ ਕੀ ਬਾਰਤਾ, ਦੋਹੜੇ ਅਤੇ ਡਿਉਢਾਂ ਉਸ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਹਨ। ਉਸ ਨੇ ਹਿੰਦੀ ਅਤੇ ਫ਼ਾਰਸੀ ਵਿਚ ਵੀ ਕਈ ਰਚਨਾਵਾਂ ਲਿਖੀਆਂ ਹਨ। ਡਾ: ਦੀਵਾਨ ਸਿੰਘ, ਡਾ: ਹਰਨਾਮ ਸਿੰਘ ਸ਼ਾਨ ਅਤੇ ਪ੍ਰੋ: ਪਿਆਰਾ ਸਿੰਘ ਪਦਮ ਨੇ ਉਸ ਦੇ ਜੀਵਨ ਅਤੇ ਰਚਨਾ ਬਾਰੇ ਕਾਫੀ ਖੋਜ ਕੀਤੀ ਹੈ ਅਤੇ ਅਰਵਿੰਦਰ ਕੌਰ ਨੇ ਇਸ ਖੋਜ ਦਾ ਭਰਪੂਰ ਲਾਹਾ ਉਠਾਇਆ ਹੈ।
ਭਾਵੇਂ ਆਕਾਰ ਵਿਚ ਇਹ ਪੁਸਤਕ ਛੋਟੀ ਜਿਹੀ ਹੈ ਪਰ ਪ੍ਰਭਾਵ ਪੱਖੋਂ ਇਹ ਕਾਫੀ ਭਾਰੀ-ਗੌਰੀ ਹੈ। ਲੇਖਕਾ ਨੇ ਨਾ ਕੇਵਲ ਇਸ ਪੁਸਤਕ ਵਿਚ ਹਾਸ਼ਮ ਰਚਿਤ ਕਿੱਸੇ 'ਸੋਹਣੀ ਮਹੀਂਵਾਲ' ਬਾਰੇ ਹੀ ਭਰਪੂਰ ਜਾਣਕਾਰੀ ਦਿੱਤੀ ਹੈ ਬਲਕਿ ਪੰਜਾਬੀ ਸਾਹਿਤ ਵਿਚ ਕਿੱਸਾ ਕਾਵਿ ਪਰੰਪਰਾ ਦਾ ਆਰੰਭ ਤੇ ਵਿਕਾਸ, ਹਾਸ਼ਮ ਦੇ ਯੁੱਗ, ਹਾਸ਼ਮ ਦੀ ਸਮੁੱਚੀ ਕਾਵਿ ਰਚਨਾ ਅਤੇ ਸੋਹਣੀ ਮਹੀਂਵਾਲ ਦਾ ਬਿਰਤਾਂਤ ਤਿਆਰ ਕਰਨ ਵਾਲੇ ਕੁਝ ਹੋਰ ਕਿੱਸਾ ਕਵੀਆਂ (ਕਾਦਰਯਾਰ, ਫ਼ਜ਼ਲ ਸ਼ਾਹ, ਮੀਆਂ ਮੁਹੰਮਦ ਬਖ਼ਸ਼, ਮੁਹੰਮਦ ਦੀਨ ਕਾਦਰੀ, ਭਗਵਾਨ ਸਿੰਘ, ਕੌਰ ਚੰਦ ਰਾਹੀ ਆਦਿ) ਦਾ ਵੀ ਉਲੇਖ ਕੀਤਾ ਹੈ। ਪੁਸਤਕ ਦੇ ਅੰਤਿਮ ਭਾਗ ਵਿਚ 'ਕਿੱਸਾ ਸੋਹਣੀ ਮਹੀਂਵਾਲ' ਦੀ ਪੂਰੀ ਟੈਕਸਟ (ਕਠਿਨ ਸ਼ਬਦਾਂ ਦੇ ਅਰਥਾਂ ਸਮੇਤ) ਦਿੱਤੀ ਗਈ ਹੈ। ਇਉਂ ਅਰਵਿੰਦਰ ਕੌਰ ਦੀ ਇਹ ਰਚਨਾ ਇਕ ਮੁਕੰਮਲ ਟੈਕਸਟ-ਬੁਕ ਬਣ ਗਈ ਹੈ।
ਲੇਖਕਾ ਨੇ ਕਿੱਸਾ ਕਾਵਿ ਨਾਲ ਸਬੰਧਤ ਸਰੋਤ-ਸਾਮਗਰੀ ਦਾ ਡੂੰਘਾ ਅਧਿਐਨ ਕੀਤਾ ਹੈ। ਡਾ: ਦੀਵਨ ਸਿੰਘ, ਬਾਵਾ ਬੁੱਧ ਸਿੰਘ, ਵਣਜਾਰਾ ਬੇਦੀ, ਡਾ: ਬਿਕਰਮ ਸਿੰਘ ਘੁੰਮਣ, ਡਾ: ਮਾਨ ਸਿੰਘ ਅੰਮ੍ਰਿਤ, ਡਾ: ਹਰਨਾਮ ਸਿੰਘ ਸ਼ਾਨ ਅਤੇ ਡਾ: ਅਜਮੇਰ ਸਿੰਘ ਵਰਗੇ ਵਿਦਵਾਨ ਲੇਖਕਾਂ ਦੀਆਂ ਸਬੰਧਤ ਪੁਸਤਕਾਂ ਨੂੰ ਬੜੀ ਗਹੁ ਨਾਲ ਵਾਚ ਕੇ ਉਸ ਨੇ ਬੜੇ ਮੁੱਲਵਾਨ ਸਿੱਟੇ ਕੱਢੇ ਹਨ। 'ਕਿੱਸਾ ਸੋਹਣੀ ਮਹੀਂਵਾਲ' ਦਾ ਮਧਕਾਲੀਨ ਬਿਰਤਾਂਤ ਕਾਵਿ ਵਿਚ ਸਥਾਨ ਨਿਸਚਿਤ ਕਰਦੀ ਹੋਈ ਉਹ ਲਿਖਦੀ ਹੈ ਕਿ ਪੰਜਾਬੀ ਵਿਚ ਪੰਜ ਦਰਜਨ (ਲਗਭਗ 60) ਕਵੀਆਂ ਨੇ ਇਹ ਕਿੱਸਾ ਰਚਿਆ। ਪ੍ਰੰਤੂ ਹਾਸ਼ਮ, ਕਾਦਰਯਾਰ ਅਤੇ ਫ਼ਜ਼ਲ ਸ਼ਾਹ 'ਪੰਜਾਬੀ ਸੋਹਣੀ-ਕਾਵਿ' ਨੂੰ ਜਿਸ ਸਿਖਰ ਉਤੇ ਲੈ ਗਏ ਹਨ, ਉਨ੍ਹਾਂ ਤੋਂ ਬਾਅਦ ਕੋਈ ਹੋਰ ਕਿੱਸਾਕਾਰ ਕਿਸੇ ਪੱਖੋਂ ਵੀ ਉਨ੍ਹਾਂ ਤੋਂ ਅੱਗੇ ਨਹੀਂ ਲੰਘ ਸਕਿਆ। ਇਸ ਪ੍ਰੀਤ-ਕਥਾ ਵੱਲ ਪੰਜਾਬੀ ਕਿੱਸਾਕਾਰਾਂ ਦੀ ਭਰਪੂਰ ਰੁਚੀ ਇਹ ਪ੍ਰਗਟ ਕਰਦੀ ਹੈ ਕਿ ਹੀਰ-ਰਾਂਝੇ ਤੋਂ ਬਾਅਦ ਪੰਜਾਬ ਵਿਚ ਸੋਹਣੀ-ਮਹੀਂਵਾਲ ਦੀ ਪ੍ਰੀਤ-ਕਥਾ ਸਭ ਤੋਂ ਵੱਧ ਮਕਬੂਲ ਹੋਈ ਹੈ। (ਪੰਨੇ 82-83) ਮੈਂ ਵਿਦਵਾਨ ਲੇਖਕਾ ਦੀ ਇਸ ਧਾਰਨਾ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਨੂੰ ਵਿਸ਼ਵਾਸ ਹੈ ਕਿ ਡਾ: ਬਿਕਰਮ ਸਿੰਘ ਘੁੰਮਣ ਅਤੇ ਡਾ: ਸੁਰਜੀਤ ਸਿੰਘ ਭੱਟੀ ਦੀ ਪ੍ਰੇਰਨਾ ਅਤੇ ਅਗਵਾਈ ਵਿਚ ਚਲਦੀ ਹੋਈ ਅਰਵਿੰਦਰ ਕੌਰ ਇਸ ਖੇਤਰ ਵਿਚ ਆਪਣਾ ਅਨੁਸੰਧਾਨ-ਕਾਰਜ ਜਾਰੀ ਰੱਖੇਗੀ। ਮੇਰੀਆਂ ਸ਼ੁੱਭ ਕਾਮਨਾਵਾਂ ਅਤੇ ਅਸੀਸਾਂ ਉਸ ਦੇ ਨਾਲ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਮੈਦਾਨ ਤੋਂ ਘਾਟੀ ਤੱਕ!
ਲੇਖਕ : ਮਨੇਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 115.

ਇਸ ਕਾਵਿ-ਸੰਗ੍ਰਹਿ ਵਿਚ ਚਾਰ ਦਰਜਨ ਤੋਂ ਵੱਧ ਕਵਿਤਾਵਾਂ ਵਿਚ ਕਵੀ ਦੀ ਅੰਤਰ-ਆਤਮਾ ਬੋਲ ਰਹੀ ਹੈ। ਕਵੀ ਦੇ ਹਿਰਦੇ ਵਿਚ ਇਕੱਲਾ ਪੰਜਾਬ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਵਿਚ ਸਾਧਾਰਨ ਇਨਸਾਨ ਦਾ ਹੋ ਰਿਹਾ ਸ਼ੋਸ਼ਣ ਅਤੇ ਕੁਦਰਤ ਨਾਲ ਹੋ ਰਿਹਾ ਖਿਲਵਾੜ ਧਰਤੀ 'ਤੇ ਵਸਣ ਵਾਲੇ ਹਰ ਜੀਵ ਲਈ ਚੁਣੌਤੀ ਹੈ। ਪੁਸਤਕ ਦੇ ਆਰੰਭ ਵਿਚ 'ਕਲਮ ਦੀ ਨੋਕ 'ਚੋਂ' ਕੁਝ ਕੁ ਸ਼ਬਦ ਲਿਖਦਿਆਂ ਕਵੀ ਦੇ ਵਿਚਾਰਾਂ ਅਨੁਸਾਰ, ਰੁੱਖਾਂ ਤੇ ਮਨੁੱਖ ਦਾ ਬੇਰਹਿਮੀ ਦਾ ਕੁਹਾੜਾ ਚਲਿਆ, ਅੰਨ ਦੇ ਅੰਬਾਰ ਲੱਗ ਗਏ ਤੇ ਸ਼ਹਿਰਾਂ ਦਾ ਅਰਸ਼ ਤੇ ਫਰਸ਼ ਨੂੰ ਤੇਜ਼ ਗਤੀ ਨਾਲ ਪਸਾਰਾ ਹੋਣ ਲੱਗਾ। ਰਸਾਇਣਕ ਪਦਾਰਥਾਂ ਦੇ ਪ੍ਰਯੋਗ ਨੇ ਚੀਚਕ ਵਹੁਟੀ ਤੋਂ ਲੈ ਕੇ ਇੱਲ ਤੱਕ ਨੂੰ ਖ਼ਤਮ ਕਰਕੇ ਰੱਖ ਦਿੱਤਾ। ਅੱਜ ਮਨੁੱਖ ਤੋਂ ਸੱਪ ਦੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਆਦਮੀ ਦਾ ਰਹਿਣ-ਸਹਿਣ ਏਨਾ ਬਦਲ ਗਿਆ ਹੈ ਕਿ ਬਚਪਨ ਦਾ ਪੰਜਾਬ ਅਜਾਇਬ ਘਰ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਇਸ ਤੋਂ ਅੱਗੇ ਕਵੀ ਲਿਖਦਾ ਹੈ ਕਿ 'ਅਗਰ ਕਾਇਨਾਤ ਵਿਚ ਕਿਤੇ ਉਦਾਸੀ ਦਾ ਆਲਮ ਹੈ ਤਾਂ ਕੇਵਲ ਤੇ ਕੇਵਲ ਮਨੁੱਖ ਦੇ ਚਿਹਰੇ 'ਤੇ ਹੈ, ਜੋ ਆਪਣੇ-ਆਪ ਨੂੰ ਕਾਇਨਾਤ ਦਾ ਸਰਵਸ੍ਰੇਸ਼ਟ ਜੀਵ ਸਮਝਦਾ ਹੈ। ਇਹ ਸਭ ਕੁਝ ਮਨੁੱਖ ਦੇ ਕਾਦਰ ਤੇ ਉਸ ਦੀ ਕੁਦਰਤ ਨਾਲੋਂ ਦੂਰ ਹੋਣ ਕਰਕੇ ਹੈ। ਆਦਮੀ ਹਉਮੈਂ ਦਾ ਪੁੱਤ ਬਣ ਕੇ ਰਹਿ ਗਿਆ ਹੈ।
ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕਾਦਰ ਦੀ ਕੁਦਰਤ ਦੀ ਬੁੱਕਲ ਵਿਚੋਂ ਟਪਕਦੇ ਸੱਚ, ਸੁੰਦਰਤਾ ਅਤੇ ਦਿੱਬਤਾ ਵੱਲ ਇਸ਼ਾਰੇ ਕਰਦੀ ਹੈ। ਕਵੀ ਦਾ ਇਹ ਨਿਸਚਾ ਹੈ ਜਦੋਂ ਲੋਕ ਕਵਿਤਾ ਨਾਲੋਂ ਟੁੱਟਦੇ ਨੇ ਤਾਂ ਹੋਰ ਭਾਵੇਂ ਸਭ ਕੁਝ ਬਣ ਜਾਣ, ਮਨੁੱਖ ਨਹੀਂ ਬਣ ਸਕਦੇ। ਕਵੀ ਦੀਆਂ ਵੱਖ-ਵੱਖ ਕਵਿਤਾਵਾਂ ਦੀਆਂ ਵੰਨਗੀਆਂ ਹਨ। 'ਪੰਜਾਬ ਲਈ ਦੁਆਵਾਂ' ਕਵਿਤਾ ਵਿਚ ਕਵੀ ਦੇ ਹਿਰਦੇ ਵਿਚੋਂ ਨਿਕਲੀ ਹੂਕ ਹੈ-
ਫ਼ਨੀਅਰ ਨਾਗ ਨਜ਼ਰ ਨ ਆਵਣ, ਭ੍ਰਿਸ਼ਟਾਚਾਰ, ਨਸ਼ੇ, ਧਨ ਕਾਲਾ।
ਐਸੇ ਮਾਂਦਰੀ ਪੈਦਾ ਹੋਵਣ, ਸੀਕ ਲੈਣ ਵਿਸ਼ ਸਾਰਾ।
'ਪਾਣੀ' ਕਵਿਤਾ ਦੀ ਇਕ ਵੰਨਗੀ ਹੈ-
ਪਾਣੀ ਜੀਵਨ ਦਾਨ ਹੈ, ਸਾਂਭ ਨਾ ਤੈਥੋਂ ਹੋਇ॥
ਵਿਕੇ ਪਿਆ ਵਿਚ ਥੈਲੀਆਂ, ਦੁੱਧ ਨਾਲੋਂ ਮਹਿੰਗਾ ਹੋਇ॥
ਸਮੁੱਚੇ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਕੁਦਰਤ ਦੇ ਵਰਤਾਰੇ ਦਾ ਨਿਰੂਪਣ ਕਰਦਿਆਂ ਮਨੁੱਖ ਦੇ ਸਵਾਰਥ ਦੇ ਸੱਚ ਪ੍ਰਗਟ ਕਰਦੀਆਂ ਹਨ।

-ਭਗਵਾਨ ਸਿੰਘ ਜੌਹਲ
ਮੋ: 98143-24040

ਫ ਫ ਫ

ਪੰਜਾਬੀ ਵਿਹੜਾ
ਲੇਖਕ : ਰਤਨ ਟਾਹਲਵੀ, ਦਵਿੰਦਰ ਸਿੰਘ ਟਾਹਲਵੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 125 ਰੁਪਏ, ਸਫੇ : 101.

ਪੰਜਾਬੀ ਵਿਹੜਾ ਪੁਸਤਕ ਰਤਨ ਟਾਹਲਵੀ ਅਤੇ ਦਵਿੰਦਰ ਟਾਹਲਵੀ ਦਾ ਗੀਤ ਕਵਿਤਾ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ 79 ਗੀਤਾਂ, ਕਵਿਤਾਵਾਂ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ 59 ਗੀਤ ਅਤੇ ਦੂਜੇ ਭਾਗ ਵਿਚ 20 ਕਵਿਤਾਵਾਂ ਦਰਜ ਹਨ। ਪੰਜਾਬ ਦੀ ਧਰਤੀ ਨਾਲ ਮੋਹ ਦੀਆਂ ਤੰਦਾਂ ਜੋੜੀ ਬੈਠੇ ਇਨ੍ਹਾਂ ਲੇਖਕਾਂ ਨੇ ਸੰਜੀਦਗੀ ਤੇ ਸਹਿਜਤਾ ਵਰਤਦਿਆਂ ਪੰਜਾਬੀ ਲੋਕਾਂ ਦੇ ਦਰਦ, ਖੁਸ਼ੀ, ਗਮੀ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਕਾਫੀ ਸੂਖਮਤਾ ਨਾਲ ਪੇਸ਼ ਕੀਤਾ ਹੈ। ਪੰਜ ਦਰਿਆਵਾਂ ਦੀ ਧਰਤੀ ਨੂੰ ਕਲਾਵੇ ਵਿਚ ਲੈ ਕੇ ਪੰਜਾਬੀ ਵਿਹੜਾ ਨਾਮਕ ਕਾਵਿ ਸੰਗ੍ਰਹਿ ਵਿਚ ਦੋਵਾਂ ਲੇਖਕਾਂ ਨੇ ਪੰਜਾਬੀ ਲੋਕਾਂ ਸੱਭਿਆਚਾਰਕ ਅਤੇ ਲੇਕਾਂ ਦੀ ਮਨੋਦਸ਼ਾ ਨੂੰ ਅਮਲੀ ਰੂਪ ਦਿੰਦਿਆਂ ਪੰਜਾਬੀਆਂ ਦੇ ਸਿਦਕ ਦੀ ਗੱਲ ਕੀਤੀ ਹੈ। ਸੱਤ ਸੰਮੁਦਰੋਂ ਪਾਰ ਵਸਦਿਆਂ ਵੀ ਉਨ੍ਹਾਂ ਨੇ ਪੰਜਾਬੀ ਵਿਹੜੇ ਵਿਚ ਬੈਠੇ ਹੋਏ ਇਥੋਂ ਦੀ ਮਾਂ ਬੋਲੀ ਰਾਹੀਂ ਗੁਰੂਆਂ, ਪੀਰਾਂ, ਫ਼ਕੀਰਾਂ ਪ੍ਰਤੀ ਲੋਕਾਈ ਦਾ ਸਤਿਕਾਰ ਪੁਰਾਤਨ ਪੰਜਾਬੀ ਸੱਭਿਆਚਰ ਵਿਚ ਆਉਂਦੇ ਵਿਆਹ ਮਰਨੇ, ਵਾਤਾਵਰਨ, ਜੀਵ-ਜੰਤੂ, ਪ੍ਰਾਹੁਣਾਚਾਰੀ, ਪਿਆਰ, ਬਿਰਹੋਂ ਦੇ ਕਿੱਸੇ, ਭਗਤ ਸਿੰਘ, ਸੁਖਦੇਵ ਸਿੰਘ ਤੇ ਊਧਮ ਸਿੰਘ ਵਰਗੇ ਸ਼ਹੀਦਾਂ ਦੀਆਂ ਵਾਰਾਂ ਤੇ ਇਨਕਲਾਬੀ ਵਿਚਾਰਾਂ ਨੂੰ ਸ਼ਾਨਦਾਰ ਸ਼ੈਲੀ ਵਿਚ ਪੇਸ਼ ਕੀਤਾ ਹੈ। ਰਤਨ ਟਾਹਲਵੀ ਨੇ ਪੰਜਾਬ ਦੇ ਚੰਗੇ ਦਿਨਾਂ ਤੋਂ ਮਾੜੇ ਦਿਨਾਂ ਦੀ ਗੱਲ ਕਰਦਿਆਂ ਇਥੇ ਦੇ ਰਾਜਨੀਤੀਵਾਨਾਂ ਤੇ ਵੀ ਆਪਣੀ ਛਮਕ ਚਲਾਈ ਹੈ। ਗਰੀਬ-ਅਮੀਰ ਦੇ ਪਾੜੇ ਅਤੇ ਜਗੀਰੂ ਪ੍ਰਬੰਧ ਦੇ ਦਰਪਣ ਦੁਆਰਾ ਲੋਕਾਂ ਦੇ ਖੰਡਿਤ ਹੋਣ ਨੂੰ ਹੂ ਬੂ ਹੂ ਦਰਸਾਇਆ ਹੈ। ਜਾਤ-ਪਾਤ, ਦਾਜ ਦਹੇਜ, ਭਰੂਣ ਹੱਤਿਆਵਾਂ ਅਤੇ ਅਨੈਤਿਕਤਾ ਵਰਗੀਆਂ ਅਲਾਮਤਾਂ ਦੇ ਅਸਰ ਹੇਠ ਪੰਜਾਬੀ ਵਿਹੜੇ ਨੂੰ ਚੇਤਨ ਕਰਦੇ ਹਨ। ਪਿਆਰ ਬਿਰਹੋਂ ਤੇ ਪੰਜਾਬੀ ਮੁਟਿਆਰ, ਗੱਭਰੂ ਅਤੇ ਸਾਉਣ ਮਹੀਨੇ ਦੇ ਨਜ਼ਾਰੇ ਨੂੰ ਉਹ ਪਾਠਕਾਂ ਨੂੰ ਨਸ਼ਿਆ ਜਾਂਦੇ ਹਨ। ਪੰਜਾਬੀ ਵਿਹੜੇ 'ਚ ਬੈਠਿਆਂ ਟਾਹਲਵੀ ਨੇ ਮੌਜੂਦਾ ਪੰਜਾਬ ਬਾਰੇ ਇਕ ਕਵਿਤਾ ਵਿਚ ਕਿਹਾ ਹੈ,
'ਧਰਤੀ ਮਾਂ 'ਤੇ ਰੁੱਖਾਂ ਨੂੰ ਸਭ ਸਾੜ ਦਿੱਤਾ।
ਵਾਤਾਵਰਨ ਦੇ ਉਤੇ ਜ਼ਹਿਰ ਨੂੰ ਚਾੜ੍ਹ ਦਿੱਤਾ।
ਜਦ ਸਾਹ ਨਾ ਆਇਆ ਕਿੰਨਾ ਦਰਦ ਹੰਢਾਉਗੇ।
ਮੈਂ ਦਾਅਵੇ ਨਾਲ ਕਹਿਨਾਂ ਫਿਰ ਪਛਤਾਉਗੇ।
ਪੁਸਤਕ ਦੇ ਦੂਜੇ ਭਾਗ ਵਿਚ ਦਵਿੰਦਰ ਟਾਹਲਵੀ ਦੀਆਂ 20 ਕਵਿਤਾਵਾਂ ਦਰਜ ਹਨ, ਜੋ ਲੇਖਕ ਦੀ ਅਗਲੀ ਪੇਸ਼ਕਸ਼ ਹੈ। ਇਥੇ ਦਵਿੰਦਰ ਟਾਹਲਵੀ ਨੇ ਪਿਆਰ ਬਿਰਹੋਂ ਤੇ ਪੰਜਾਬੀ ਜਵਾਨੀ, ਮਸਤਾਨੀ ਦੇ ਕਿੱਸੇ ਅਤੇ ਪੰਜਾਬੀਅਤ ਦੀ ਸ਼ਾਨ ਦਾ ਵਰਨਣ ਕਰਦਿਆਂ ਮਾਂ ਦੇ ਰੁਤਬੇ ਬਾਰੇ ਇਕ ਥਾਂ ਕਿਹਾ ਹੈ-
'ਮਾਂ ਵਿਹੜੇ ਦੀ ਰੌਣਕ,
ਮਾਂ ਬਿਨ ਸੁੰਨਾ ਵਿਹੜਾ,
ਲੱਖ ਸੂਰਜ ਚੜ੍ਹ ਜਾਵਣ ਮਾਂ ਬਿਨ ਘੁੱਪ ਹਨੇਰਾ।
ਹੱਥਲੀ ਪੁਸਤਕ ਵਿਚ ਦੋਵੇਂ ਲੇਖਕ ਨਿਵੇਕਲੇ ਢੰਗ ਨਾਲ ਸਫ਼ਲ ਹੋਏ ਹਨ।

-ਰਮੇਸ਼ ਤਾਂਗੜੀ
ਮੋ: 09463079655

ਕਾਲੇ ਲਿਖੁ ਨਾ ਲੇਖ
ਲੇਖਕ : ਹਮਦਰਦਵੀਰ ਨੌਸ਼ਹਿਰਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 216.

ਹਮਦਰਦਵੀਰ ਨੌਸ਼ਹਿਰਵੀ ਨਿਰੰਤਰ ਲਿਖਣ ਵਾਲਾ ਲੇਖਕ ਹੈ ਅਤੇ ਜੀਵਨ ਯਥਾਰਥ ਦੀ ਸਰਬਪੱਖੀ ਸੂਝ ਰੱਖਣ ਵਾਲਾ ਵਿਅਕਤੀ ਹੈ। 'ਕਾਲੇ ਲਿਖੁ ਨਾ ਲੇਖ' ਹਮਦਰਦਵੀਰ ਨੌਸ਼ਹਿਰਵੀ ਦੀ ਨਵੀਂ ਸਾਹਿਤਕ ਕਿਰਤ ਹੈ, ਜਿਸ ਵਿਚ ਉਸ ਨੇ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਅਨੁਭਵ ਜੀਵਨੀ-ਮੂਲਕ ਲੇਖਾਂ ਦੇ ਰੂਪ ਵਿਚ ਪੇਸ਼ ਕੀਤੇ ਹਨ। ਭਾਵੇਂ ਇਹ ਪੁਸਤਕ ਸਵੈ-ਜੀਵਨੀ ਦੀ ਵਿਧਾ ਮੁਤਾਬਕ ਨਹੀਂ ਰਚੀ ਗਈ ਪਰ ਫਿਰ ਵੀ ਸਵੈ-ਜੀਵਨੀ ਦਾ ਆਪਾ ਜ਼ਰੂਰ ਸਿਰਜਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੇ ਨਿੱਜੀ ਜੀਵਨ ਦੇ ਅਨੁਭਵ ਨੂੰ ਪੇਸ਼ ਕਰਦਿਆਂ ਆਪਣੀਆਂ ਕਾਮਯਾਬੀਆਂ ਅਤੇ ਨਾਕਾਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਾਰਨਾਂ ਦਾ ਵੀ ਬਿਆਨ ਕੀਤਾ ਹੈ, ਜਿਨ੍ਹਾਂ ਕਰਕੇ ਉਸ ਨੇ ਜ਼ਿੰਦਗੀ ਦੇ ਵੱਡੇ ਪੜਾਅ ਸਰ ਕੀਤੇ ਜਾਂ ਜਿਨ੍ਹਾਂ ਮੰਜ਼ਿਲਾਂ ਤੱਕ ਉਹ ਨਾ ਪਹੁੰਚ ਸਕਿਆ। ਵਿਸ਼ੇਸ਼ ਕਰਕੇ ਲੇਖਕ ਇਸ ਪੁਸਤਕ ਵਿਚ ਆਪਣੇ ਅਤੀਤ ਦੀ ਪੜਚੋਲ ਵੀ ਕਰਦਾ ਨਜ਼ਰ ਆਉਂਦਾ ਹੈ ਅਤੇ ਵਰਤਮਾਨ ਸਮੇਂ ਦੀਆਂ ਵਿਸੰਗਤੀਆਂ ਨਾਲ ਸੰਵਾਦ ਵੀ ਰਚਾਉਂਦਾ ਹੈ। ਲੇਖਕ ਦੇ ਬਹੁਤ ਸਾਰੇ ਲੇਖਾਂ ਵਿਚ ਉਸ ਦੇ ਨਿੱਜੀ ਰਿਸ਼ਤੇ ਕੇਂਦਰ ਬਿੰਦੂ ਵਿਚ ਰਹਿੰਦੇ ਹਨ ਭਾਵੇਂ ਉਹ ਦੇਸ਼ ਦੀ ਰਾਜਨੀਤੀ, ਧਰਮ, ਸੱਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਬਾਰੇ ਵੀ ਸੁਚੇਤ ਹੋ ਕੇ ਜ਼ਿਕਰ ਕਰਦਾ ਹੈ। ਪੰਜਾਬ ਵਿਚ ਦੇਸ਼ ਵੰਡ ਤੋਂ ਲੈ ਕੇ ਕਮਿਊਨਿਸਟ ਲਹਿਰ ਅਤੇ ਬਾਅਦ ਵਿਚ ਪੈਦਾ ਹੋਈ ਪੰਜਾਬ ਦੁਖਾਂਤ ਦੀ ਸਥਿਤੀ ਨੂੰ ਵੀ ਲੇਖਕ ਆਪਣੀ ਸਿਰਜਨ ਪ੍ਰਕਿਰਿਆ ਦਾ ਆਧਾਰ ਬਣਾਉਂਦਾ ਹੈ।
'ਕਾਲੇ ਲਿਖੁ ਨਾ ਲੇਖ' ਪੁਸਤਕ ਦਾ ਅਧਿਐਨ ਕਰਦਿਆਂ ਪਾਠਕ ਕਈ ਵਾਰੀ ਭਾਵੁਕਤਾ ਦੇ ਵਹਿਣ ਵਿਚ ਵਹਿ ਜਾਂਦਾ ਹੈ, ਖਾਸ ਕਰਕੇ ਜਦੋਂ ਲੇਖਕ ਆਪਣੇ ਪਿੰਡ ਬਾਰੇ ਜਾਂ ਫਿਰ ਪਿੰਡ ਨਾਲ ਜੁੜੀਆਂ ਯਾਦਾਂ ਬਾਰੇ ਜ਼ਿਕਰ ਛੇੜਦਾ ਹੈ, ਜਿਨ੍ਹਾਂ ਨੂੰ ਵਿਸ਼ਵੀਕਰਨ ਅਤੇ ਬਾਜ਼ਾਰੀਕਰਨ ਨੇ ਹੜੱਪ ਲਿਆ ਹੈ ਜਾਂ ਹੜੱਪ ਲੈਣ ਦੀ ਤਾਕ ਵਿਚ ਹਨ। ਆਪਣੀ ਜ਼ਿੰਦਗੀ ਵਿਚ ਸਖ਼ਤ ਮਿਹਨਤ ਅਤੇ ਸਿਰੜ ਨਾਲ ਲੇਖਕ ਜਿਸ ਮੁਕਾਮ 'ਤੇ ਪਹੁੰਚਿਆ, ਉਸ ਦਾ ਜ਼ਿਕਰ ਵੀ ਬੜੇ ਭਾਵਪੂਰਤ ਸ਼ਬਦਾਂ ਵਿਚ ਇਸ ਪੁਸਤਕ ਵਿਚ ਕੀਤਾ ਗਿਆ ਹੈ। 'ਮੇਰੇ ਪਿੰਡ ਦੀ ਖੂਹੀ', 'ਮੇਰੇ ਪਿੰਡ ਦਾ ਛੱਪੜ ਉਦਾਸ', 'ਮੇਰੀ ਨਾਨੀ ਬਿੱਸੋ', 'ਭੋਲੇ-ਭਾਲੇ ਮੇਰੇ ਸਕੂਲੀ ਦਿਨ', 'ਪੱਕਿਆਂ ਘਰਾਂ ਦੇ ਕੱਚੇ ਵਾਸੀ', 'ਬਾਬਲਾ ਤੇਰਾ ਪੁੰਨ ਹੋਵੇ', 'ਹੀਰੇ ਦੀ ਹਵੇਲੀ' ਆਦਿ ਲੇਖ ਪਾਠਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਆਮ ਪਾਠਕ ਦੀ ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਆਪਣੀ ਸਾਹਿਤਕ ਭੁੱਖ ਨੂੰ ਮਿਟਾ ਸਕਦਾ ਹੈ।
'ਕਾਲੇ ਲਿਖੁ ਨਾ ਲੇਖ' ਪੁਸਤਕ ਆਮ ਪਾਠਕ ਦੀ ਪਹੁੰਚ ਨੂੰ ਅਤੇ ਸਾਹਿਤ ਦੇ ਵਿਦਿਆਰਥੀ ਦੀ ਅਧਿਐਨ ਰੁਚੀ ਨੂੰ ਆਪਣੇ ਕਲਾਵੇ ਵਿਚ ਲੈਂਦੀ ਪੁਸਤਕ ਹੈ। ਸਰਲ ਭਾਸ਼ਾ, ਬਿਆਨੀਆਂ ਤੇ ਸੰਵਾਦਮਈ ਸ਼ੈਲੀ ਵਿਚ ਆਪਾ ਪੜਚੋਲਦੀ ਇਹ ਪੁਸਤਕ ਪੰਜਾਬੀ ਸਾਹਿਤ ਵਿਚ ਆਪਣਾ ਜ਼ਿਕਰ ਜ਼ਰੂਰ ਛੇੜੇਗੀ।

-ਸਰਦੂਲ ਸਿੰਘ ਔਜਲਾ
ਮੋ: 98141-68611.

ਜਿਨ੍ਹਾਂ ਕੀਤੀਆਂ ਨੇਕ ਕਮਾਈਆਂ
ਲੇਖਕ : ਡਾ: ਰਾਮ ਮੂਰਤੀ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੋ, ਮਾਈ ਹੀਰਾ ਗੇਟ, ਜਲੰਧਰ
ਮੁੱਲ : 120 ਰੁਪਏ, ਸਫ਼ੇ : 112.

'ਜਿਨ੍ਹਾਂ ਕੀਤੀਆਂ ਨੇਕ ਕਮਾਈਆਂ', ਡਾ: ਰਾਮ ਮੂਰਤੀ ਦੀ ਰੇਖਾ ਚਿੱਤਰਾਂ ਦੀ ਵਾਰਤਕ ਰਚਨਾ ਹੈ। ਰਿਵਿਊ ਅਧੀਨ ਪੁਸਤਕ ਰਾਹੀਂ ਡਾ: ਰਾਮ ਮੂਰਤੀ ਇਕ ਵਾਰਤਾਕਾਰ ਦੇ ਰੂਪ ਵਿਚ ਪੰਜਾਬੀ ਜਗਤ ਵਿਚ ਪ੍ਰਵੇਸ਼ ਕਰਦਾ ਹੈ। ਉਸ ਨੇ ਆਪਣੇ ਸੰਪਰਕ ਵਿਚ ਆਏ ਅਧਿਆਪਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ, ਸਮਾਜ ਸੇਵੀਆਂ ਅਤੇ ਸੰਗੀਤ ਪ੍ਰੇਮੀਆਂ ਦੀ ਸ਼ਖ਼ਸੀਅਤ ਦੇ ਪ੍ਰਭਾਵਸ਼ਾਲੀ ਜੀਵਨ ਵਰਤਾਰਿਆਂ ਨੂੰ ਰੇਖਾ ਚਿੱਤਰਾਂ ਦੀ ਵਿਧਾ ਰਾਹੀਂ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ। ਕਿਸੇ ਵਿਅਕਤੀ ਵਿਸ਼ੇਸ਼ ਦਾ ਰੇਖਾ ਚਿੱਤਰ ਚਿਤਰਨ ਲਈ ਉਸ ਵਿਅਕਤੀ ਦੀ ਸ਼ਖ਼ਸੀਅਤ ਦੇ ਧੁਰ ਅੰਦਰ ਤੱਕ ਝਾਕਣਾ ਪੈਂਦਾ ਹੈ। ਇਹ ਕੋਈ ਸੌਖਾ ਤੇ ਸਾਧਾਰਨ ਕਾਰਜ ਨਹੀਂ। ਉਂਜ ਵੀ ਰੇਖਾ ਚਿੱਤਰ ਲਿਖਣਾ ਤਾਂ ਭੂੰਡਾਂ ਦੇ ਖੱਖਰ ਵਿਚ ਹੱਥ ਪਾਉਣਾ ਹੈ। ਹਰ ਵਿਅਕਤੀ ਦੀ ਸ਼ਖ਼ਸੀਅਤ ਦੀਆਂ ਮਾੜੀਆਂ ਚੰਗੀਆਂ ਦਰਸਾਉਣੀਆਂ ਹੀ ਪੈਂਦੀਆਂ ਹਨ।
ਮਨੁੱਖੀ ਕਮਜ਼ੋਰੀ ਹੈ ਅਸੀਂ ਆਪਣੀ ਮਾੜੀ ਗੱਲ ਸੁਣ ਕੇ ਰਾਜ਼ੀ ਨਹੀਂ। ਬਲਵੰਤ ਗਾਰਗੀ ਨੇ ਆਪਣੇ ਸਮਕਾਲੀ ਅਦੀਬਾਂ ਦੇ ਰੇਖਾ ਚਿੱਤਰ ਲਿਖਣ ਦੀ ਪਿਰਤ ਪਾਈ ਸੀ ਅਤੇ ਬੜੀ ਬੇਬਾਕੀ ਨਾਲ ਅਤੇ ਵਿਲੱਖਣ ਅੰਦਾਜ਼ ਵਿਚ ਆਪਣੇ ਸਮਕਾਲੀਆਂ ਦੇ ਰੇਖਾ ਚਿੱਤਰ ਲਿਖੇ ਸਨ-'ਸੁਰਮੇ ਵਾਲੀ ਅੱਖ' ਅਤੇ 'ਕੌਡੀਆਂ ਵਾਲਾ ਸੱਪ' ਜਦੋਂ ਛਪੀਆਂ ਤਾਂ ਪੰਜਾਬੀ ਜਗਤ ਵਿਚ ਤਹਿਲਕਾ ਮੱਚ ਗਿਆ। ਉਸ ਦੇ ਕਈ ਗੂੜ੍ਹੇ ਮਿੱਤਰ ਆਪਣਾ ਬੇਬਾਕੀ ਨਾਲ ਲਿਖਿਆ ਰੇਖਾ ਚਿੱਤਰ ਪੜ੍ਹ ਕੇ ਉਸ ਨਾਲ ਨਾਰਾਜ਼ ਹੋ ਗਏ। ਇਸੇ ਸਿਨਫ ਵਿਚ ਅਜੀਤ ਕੌਰ ਅਤੇ ਕਈ ਲੇਖਕਾਂ ਨੇ ਵੀ ਰੇਖਾ ਚਿੱਤਰ ਲਿਖੇ ਹਨ ਪ੍ਰੰਤੂ ਬਲਵੰਤ ਗਾਰਗੀ ਕੋਈ ਨਹੀਂ ਬਣ ਸਕਿਆ। ਡਾ: ਰਾਮ ਮੂਰਤੀ ਨੇ ਵੀ ਇਸ ਸਿਨਫ ਨੂੰ ਅਪਣਾਇਆ ਹੈ। ਹਵਾਲਾ ਅਧੀਨ ਪੁਸਤਕ ਵਿਚ ਉਸ ਨੇ ਡਾ: ਤਿਲਕ ਰਾਜ ਸ਼ਿੰਗਾਰੀ, ਡਾ: ਜਗਤਾਰ, ਡਾ: ਆਤਮਜੀਤ, ਡਾ: ਦਵਿੰਦਰ ਮੰਡ, ਕਰਨੈਲ ਸਿੰਘ ਨਿੱਝਰ, ਸੀਤਲ ਸਿੰਘ ਸੰਘਾ, ਮੋਤਾ ਸਿੰਘ ਸਰਾਏ, ਕੁਲਵਿੰਦਰ ਸਿੰਘ ਸਰਾਏ, ਕੰਵਰ ਇਮਤਿਆਜ਼, ਨਿਰਮਲ ਸਿੰਘ ਸੰਘਾ, ਬਖਸ਼ੀ ਲਲ੍ਹੀਆਂ ਵਾਲਾ, ਸੁਰਿੰਦਰ ਕੁਮਾਰ, ਰਾਜ ਬੁੱਕ ਸੈਂਟਰ ਵਾਲਾ ਅਤੇ ਚਰਨ ਅਸ਼ੋਕ ਆਲਮਗੀਰ ਹੋਰਾਂ ਦੇ ਸੁਭਾਅ, ਪ੍ਰਬੰਧਨੀ ਕੁਸ਼ਲਤਾ, ਸਾਹਿਤ ਅਤੇ ਸਮਾਜਕ ਖੇਤਰ ਵਿਚ ਪਾਏ ਯੋਗਦਾਨ ਨੂੰ ਸ਼ਾਬਦਕ ਰੂਪ ਦੇ ਕੇ ਬੜੀ ਮਿਹਨਤ, ਇਮਾਨਦਾਰੀ ਅਤੇ ਬੇਬਾਕੀ ਨਾਲ ਪੇਸ਼ ਕੀਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਬਾਕੀ ਦਾ ਦਰਦ
ਲੇਖਕ : ਦਵਿੰਦਰ ਮੰਡ
ਪ੍ਰਕਾਸ਼ਕ : ਸੁੰਦਰ ਬੁਕ ਡਿਪੋ, ਜਲੰਧਰ
ਮੁੱਲ : 125 ਰੁਪਏ, ਸਫ਼ੇ : 96.

ਮਿੰਨੀ ਕਹਾਣੀ ਤੋਂ ਸਾਹਿਤਕ ਸਫ਼ਰ ਸ਼ੁਰੂ ਕਰਨ ਵਾਲਾ ਦਵਿੰਦਰ ਮੰਡ ਬਾਲ ਸਾਹਿਤ ਅਤੇ ਪੰਜਾਬੀ ਕਹਾਣੀ ਵਿਚ ਜ਼ਿਕਰਯੋਗ ਹਸਤਾਖ਼ਰ ਵਜੋਂ ਉਭਰਿਆ ਹੈ। ਉਸ ਦੇ ਤੀਜੇ ਕਹਾਣੀ ਸੰਗ੍ਰਹਿ 'ਬਾਕੀ ਦਾ ਦਰਦ' ਵਿਚ 14 ਕਹਾਣੀਆਂ ਸ਼ਾਮਿਲ ਹਨ। ਦੁਆਬੇ ਦੇ ਪੇਂਡੂ ਪਿਛੋਕੜ ਵਾਲੇ ਦਵਿੰਦਰ ਮੰਡ ਪਾਸ ਪੇਂਡੂ ਜੀਵਨ ਨਾਲ ਜੁੜੇ ਅਨੇਕਾਂ ਵਿਸ਼ੇ ਹਨ। ਪੇਂਡੂ ਰਹਿਤਲ-ਬਹਿਤਲ ਅਤੇ ਉਥੋਂ ਦੇ ਸਮਾਜਿਕ ਤਾਣੇ-ਬਾਣੇ ਦੀਆਂ ਬਾਰੀਕ ਤੰਦਾਂ ਤੋਂ ਜਾਣੂ ਦਵਿੰਦਰ ਮੰਡ ਨੇ ਇਨ੍ਹਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਕਿਧਰੇ 'ਬਾਕੀ ਦਾ ਦਰਦ' ਦੀ ਮਾਤਾ, ਸਤਿਕਾਰ ਕੌਰ, ਕਿਧਰੇ ਪਟਕੇ ਦੀ ਕੁਸ਼ਤੀ ਦਾ ਯਾਨਾ, ਕਿਧਰੇ ਮਲੰਗ ਵਿਚ ਅੰਧ-ਵਿਸ਼ਵਾਸ ਦਾ ਸ਼ਿਕਾਰ ਬਿਸ਼ਨ ਦਾਸ, ਕਿਧਰੇ ਪੇਟੀ ਦਾ ਪਹਿਲਵਾਨ, ਲਗਭਗ ਸਾਰੇ ਹੀ ਪਾਤਰ ਪੇਂਡੂ ਜ਼ਮੀਨ ਨਾਲ ਜੁੜੇ ਹਨ। ਉਹ ਪਿੰਡਾਂ ਵਿਚ ਫੈਲੀ ਹਰ ਉਸ ਬੁਰਾਈ ਦੇ ਸ਼ਿਕਾਰ ਹਨ, ਜਿਸ ਦਾ ਮੁੱਖ ਕਾਰਨ ਅਨਪੜ੍ਹਤਾ, ਅੰਧ-ਵਿਸ਼ਵਾਸ, ਜਾਤ-ਪਾਤ ਅਤੇ ਵਿਦੇਸ਼ਾਂ ਨੂੰ ਭੱਜਣ ਦੀ ਬੇਲੋੜੀ ਤਾਂਘ ਹੈ।
ਦਵਿੰਦਰ ਮੰਡ ਆਮ ਜੀਵਨ ਵਿਚੋਂ ਨਿੱਕੇ-ਨਿੱਕੇ ਵੇਰਵੇ ਇਕੱਤਰ ਕਰਦਾ ਹੈ, ਉਨ੍ਹਾਂ ਨੂੰ ਤਰਤੀਬ ਨਾਲ ਜੋੜਦਾ ਹੈ ਤੇ ਪਾਤਰ ਦੇ ਮਨ ਵਿਚਲੀਆਂ ਗੁੰਝਲਾਂ, ਉਲਝਣਾਂ, ਤੌਖਲੇ, ਬੇਚੈਨੀ, ਰੋਹ-ਵਿਦਰੋਹ, ਗਲੀਜ ਜਾਤ-ਪਾਤ ਆਧਾਰਿਤ ਵਿਵਸਥਾ 'ਚੋਂ ਉਪਜੀ ਉਪਰਾਮਤਾ, ਸਨੇਹ ਦੀਆਂ ਤੰਦਾਂ, ਸੱਭਿਆਚਾਰਕ ਸਾਂਝਾਂ, ਪੇਂਡੂ ਜੀਵਨ 'ਤੇ ਹੋ ਰਹੇ ਬਾਜ਼ਾਰਵਾਦ ਦੇ ਹਮਲੇ ਦੇ ਅਸਰ ਤੋਂ ਅਨਜਾਣ ਲੋਕਾਂ ਦੀ ਹੋਣੀ, ਕਿਸਾਨ ਦਾ ਸ਼ੋਸ਼ਣ ਇਹ ਸਭ ਇਨ੍ਹਾਂ ਕਹਾਣੀਆਂ 'ਚੋਂ ਭਲੀ-ਭਾਂਤ ਮਹਿਸੂਸ ਕੀਤਾ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਕਿਧਰੇ ਵੀ ਲਾਊਡ ਨਹੀਂ ਹੁੰਦੇ, ਸਗੋਂ ਵਿਵਸਥਾ ਵਿਚ ਜਕੜੇ, ਵਿਵਸਥਾ ਦਾ ਅੰਗ ਬਣੇ, ਰੋਂਦੇ ਪਿਟਦੇ, ਨਪੀੜੇ ਜਾਂਦੇ, ਮੌਕੇ ਅਨੁਸਾਰ ਖੁੱਲ੍ਹਾਂ ਮਾਣਦੇ, ਰਿਸ਼ਤਿਆਂ ਦਾ ਦਰਦ ਹੰਢਾਉਂਦੇ, ਸਹਿਜਤਾ ਨਾਲ ਜੀਵਨ ਗੁਜ਼ਾਰਦੇ ਜਾਂਦੇ ਹਨ।
ਦਵਿੰਦਰ ਮੰਡ ਪਾਸ ਠੇਠ ਦੁਆਬੀ ਭਾਸ਼ਾਈ ਮੁਹਾਵਰਾ ਹੈ। ਛੋਟੇ-ਛੋਟੇ ਚੁਸਤ ਵਾਕ, ਤਿੱਖੇ ਸੰਵਾਦ ਤੇ ਯਥਾਰਥ ਨੂੰ ਬੇਬਾਕੀ ਨਾਲ ਕਹਿ ਦੇਣ ਦੀ ਸਮਰੱਥਾ, ਉਸ ਨੂੰ ਸਮਕਾਲੀ ਪੰਜਾਬੀ ਕਹਾਣੀਕਾਰਾਂ ਤੋਂ ਨਿਵੇਕਲਾ ਸਾਬਤ ਕਰਦੀ ਹੈ। ਪੰਜਾਬੀ ਕਹਾਣੀ ਦੇ ਮਜਾਜ਼ ਨੂੰ ਪਛਾਣਦੀਆਂ ਵਿਸ਼ੇ ਤੇ ਰੂਪਕ ਪੱਖ ਤੋਂ ਗੁੰਦਵੀਆਂ ਇਹ ਕਹਾਣੀਆਂ ਅਜੋਕੇ ਪੇਂਡੂ ਸਮਾਜ ਦਾ ਸਾਫ਼-ਸਾਫ਼ ਆਈਨਾ ਹਨ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964

16-9-2013

 ਟਾਲ੍ਹੀ ਵਾਲਾ ਖੇਤ
ਲੇਖਕ : ਨਰਿੰਦਰਪਾਲ ਸਿੰਘ ਕੋਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 230.

ਨਰਿੰਦਰਪਾਲ ਸਿੰਘ ਕੋਮਲ ਚੰਡੀਗੜ੍ਹ ਵਿਚ ਰਹਿੰਦਿਆਂ ਵੀ ਪੇਂਡੂ ਵਿਰਸੇ ਤੇ ਕਿਰਸਾਨੀ ਪਿਛੋਕੜ ਵਾਲਾ ਨਾਵਲਕਾਰ ਹੈ। ਇਸ ਖੇਤਰ ਦਾ ਉਸ ਕੋਲ ਬਹੁਤ ਨਿੱਜੀ ਤੇ ਨੇੜਲਾ ਅਨੁਭਵ ਹੈ। ਅੱਧੀ ਦਰਜਨ ਤੋਂ ਵੀ ਵੱਧ ਨਾਵਲਾਂ ਦੀ ਰਚਨਾ ਕਰਕੇ ਉਸ ਨੇ ਆਪਣੇ ਆਲੋਚਕਾਂ ਅਤੇ ਪਾਠਕਾਂ ਦਾ ਘੇਰਾ ਕਾਫੀ ਮੋਕਲਾ ਕਰ ਲਿਆ ਹੋਇਆ ਹੈ।
'ਟਾਲ੍ਹੀ ਵਾਲਾ ਖੇਤ' ਉਸ ਦਾ ਹਾਲ ਹੀ ਵਿਚ ਛਪਿਆ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਕਿਰਸਾਨੀ ਤੇ ਖੇਤੀ ਦੇ ਧੰਦੇ ਦੇ ਦੁਖਾਂਤ ਅਤੇ ਪੀੜ ਨੂੰ ਜ਼ਬਾਨ ਦੇਣ ਦਾ ਯਤਨ ਕੀਤਾ ਹੈ। ਪੰਜਾਬ ਦੀ ਖੇਤੀ ਘਾਟੇ ਵਾਲਾ ਸੌਦਾ ਹੈ। ਟਹਿਲ ਸਿੰਘ ਇਸ ਨਾਵਲ ਦਾ ਪ੍ਰਤੀਨਿਧ ਪਾਤਰ ਹੈ ਜੋ ਆਪਣੇ ਦੁੱਖਾਂ, ਸੰਸਿਆਂ, ਮੁਸੀਬਤਾਂ ਤੇ ਸੰਕਟਾਂ ਕਾਰਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੁੰਦਾ ਹੈ। ਟਹਿਲ ਸਿੰਘ ਦੀ ਹੋਣੀ ਪੰਜਾਬ ਦੇ ਹਰ ਥੋੜ੍ਹ ਜ਼ਮੀਨੇ ਕਿਰਸਾਨ ਦੀ ਹੋਣੀ ਹੈ। ਇਸ ਨਾਵਲ ਰਾਹੀਂ ਲੇਖਕ ਖੇਤੀ ਵਿਚ ਪੈਦਾ ਹੋਣ ਵਾਲੇ ਸੰਕਟਾਂ ਦਾ ਵਿਸਥਾਰ ਪੇਸ਼ ਕਰਦਾ ਹੈ। ਕੁਦਰਤੀ ਆਫ਼ਤਾਂ, ਹੜ੍ਹ, ਸੋਕਾ, ਸੇਮ, ਸ਼ਾਹੂਕਾਰਾ ਅਤੇ ਆੜ੍ਹਤੀਏ ਦਾ ਬੇਕਿਰਕ ਵਿਆਜ, ਫਸਲ ਦਾ ਵਾਜਬ ਮੁੱਲ ਨਾ ਮਿਲਣਾ, ਘਰੇਲੂ ਸਮੱਸਿਆਵਾਂ, ਮਹਿੰਗੀ ਪੜ੍ਹਾਈ, ਕੁੜੀਆਂ ਦੇ ਵਿਆਹ ਲਈ ਦਹੇਜ ਆਦਿ ਮੁਸੀਬਤਾਂ ਕਿਰਸਾਨ ਨੂੰ ਸਾਹ ਨਹੀਂ ਲੈਣ ਦਿੰਦੀਆਂ। ਅੱਕਿਆ ਥੱਕਿਆ ਕਿਰਸਾਨ (ਟਹਿਲ ਸਿੰਘ ਵਾਂਗ) ਖ਼ੁਦਕੁਸ਼ੀ ਦਾ ਰਾਹ ਫੜਦਾ ਹੈ। ਨੰਬਰਦਾਰ ਹੰਸਪਾਲ ਨੰਬਰਦਾਰ ਦਾ ਪਰਿਵਾਰ ਇਕ ਹੋਰ ਪੇਂਡੂ ਸੰਕਟ ਵੱਲ ਇਸ਼ਾਰਾ ਕਰਦਾ ਹੈ, ਨਸ਼ਿਆਂ ਦਾ ਰੁਝਾਨ। ਹੰਸਪਾਲ ਦਾ ਪੁੱਤ ਰਾਮਸ਼ਰਨ ਨਸ਼ਿਆਂ ਦਾ ਆਦੀ ਹੋਣ ਕਾਰਨ ਇੱਜ਼ਤ ਤੇ ਘਰੇਲੂ ਜ਼ਿੰਦਗੀ ਦਾ ਆਪਣੇ ਹੱਥੀਂ ਨਾਸ਼ ਕਰਦਾ ਹੈ। ਉਸ ਦੀ ਪਤਨੀ ਲਾਜੋ ਦੁਖੀ ਹੋ ਕੇ ਜੱਗੇ ਤਾਂਗੇਵਾਲੇ ਨਾਲ ਭੱਜ ਜਾਂਦੀ ਹੈ। ਨਮੋਸ਼ੀ ਦਾ ਮਾਰਿਆ ਰਾਮਸ਼ਰਨ ਆਤਮਹੱਤਿਆ ਕਰ ਲੈਂਦਾ ਹੈ। ਪਿੰਡਾਂ ਦੇ ਪੜ੍ਹੇ-ਲਿਖੇ ਬਾਰੁਜ਼ਗਾਰ ਮੁੰਡੇ (ਰਤਨੇ ਜਿਹੇ) ਸ਼ਹਿਰੀ ਜ਼ਿੰਦਗੀ ਦਾ ਸੁਖ ਭੋਗਦਿਆਂ ਵੀ ਪਿਛਲੀ ਪਿੰਡ ਵਾਲੀ ਜਾਇਦਾਦ ਨੂੰ ਆਪਣੇ ਹੱਕ ਵਜੋਂ ਹਥਿਆਉਣ ਲਈ ਤਰਲੋ ਮੱਛੀ ਹੁੰਦੇ ਰਹਿੰਦੇ ਹਨ। ਇਸ ਨਾਵਲ ਵਿਚ ਮਲਵਈ ਬੋਲੀ ਤੇ ਠੁਕਦਾਰ ਸ਼ੈਲੀ ਦਾ ਜਲਵਾ ਵੀ ਦੇਖਣਯੋਗ ਹੈ। ਇਹ ਨਾਵਲ ਵਰਤਮਾਨ ਕਿਰਸਾਨੀ ਦੇ ਸੰਕਟ ਨੂੰ ਮੂਰਤੀਮਾਨ ਕਰਨ ਵਿਚ ਪੂਰੀ ਤਰ੍ਹਾਂ ਸਫਲ ਹੋਇਆ ਹੈ।

-ਕੇ. ਐਲ. ਗਰਗ
ਮੋ: 94635-37050

ਫ ਫ ਫ

ਅਣੂ ਕਹਾਣੀਆਂ
ਸੰਪਾਦਕ : ਸੁਰਿੰਦਰ ਕੈਲੇ
ਪ੍ਰਕਾਸ਼ਕ : ਅਣੂ ਮੰਚ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ: 200.

ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਨੂੰ ਵਿਧਾ ਦੇ ਤੌਰ 'ਤੇ ਸਥਾਪਿਤ ਕਰਨ ਵਾਲੇ ਪ੍ਰਮੁੱਖ ਲੇਖਕਾਂ ਵਿਚੋਂ ਸੁਰਿੰਦਰ ਕੈਲੇ ਦਾ ਨਾਂਅ ਮੋਹਰੀ ਹੈ। ਸੁਰਿੰਦਰ ਕੈਲੇ ਨੇ ਅਣੂ ਮੈਗਜ਼ੀਨ ਰਾਹੀਂ 1972 ਤੋਂ ਹੁਣ ਤੱਕ ਮਿੰਨੀ ਕਹਾਣੀ ਲੇਖਕਾਂ ਦੇ ਇਕ ਵੱਡੇ ਕਾਫਲੇ ਨੂੰ ਪੰਜਾਬੀ ਸਾਹਿਤ ਜਗਤ ਵਿਚ ਸਾਹਮਣੇ ਲਿਆਂਦਾ ਹੈ। ਸੰਪਾਦਕ ਸੁਰਿੰਦਰ ਕੈਲੇ ਨੇ ਅਣੂ ਵਿਚ ਛਪੀਆਂ ਮਿੰਨੀ ਕਹਾਣੀਆਂ ਨੂੰ ਚਾਰ ਦਹਾਕਿਆਂ ਵਿਚ ਵੰਡ ਕੇ ਹਰ ਦਹਾਕੇ ਦੇ ਉੱਘੇ ਮਿੰਨੀ ਕਹਾਣੀਕਾਰਾਂ ਦੀਆਂ ਰਚਨਾਵਾਂ ਨੂੰ ਇਸ ਕਿਤਾਬ ਵਿਚ ਸ਼ਾਮਿਲ ਕੀਤਾ ਹੈ। ਸੰਪਾਦਕ ਅਨੁਸਾਰ ਸੂਫ਼ੀ ਅਮਰਜੀਤ ਨੇ ਇਨ੍ਹਾਂ ਕਹਾਣੀਆਂ ਦੀ ਸੁਚੱਜੀ ਚੋਣ ਕੀਤੀ ਹੈ। ਨਿਰੰਜਨ ਬੋਹਾ, ਡਾ: ਸੁਰਜੀਤ ਬਰਾੜ, ਡਾ: ਅਨੂਪ ਸਿੰਘ ਤੇ ਡਾ: ਕੁਲਦੀਪ ਸਿੰਘ ਦੀਪ ਨੇ ਪੁਸਤਕ ਵਿਚ ਇਨ੍ਹਾਂ ਕਹਾਣੀਆਂ ਬਾਰੇ ਸੰਤੁਲਿਤ, ਮਿਆਰੀ ਤੇ ਦਿਲਚਸਪ ਤੇ ਖੋਜਮਈ ਵਿਸ਼ਲੇਸ਼ਣ ਕੀਤਾ ਹੈ। ਇਹ ਪੁਸਤਕ ਬੀਤੇ 40 ਸਾਲਾਂ ਦੀ ਮਿੰਨੀ ਕਹਾਣੀ ਦੇ ਵੱਖ-ਵੱਖ ਚਿਹਰੇ ਸਾਡੇ ਸਾਹਮਣੇ ਲਿਆਉਂਦੀ ਹੈ। ਇਨ੍ਹਾਂ ਲੇਖਕਾਂ ਵਿਚ ਕੁਝ ਇਕ ਤਾਂ ਇਹੋ ਜਿਹੇ ਵੀ ਹਨ, ਜੋ ਮਿੰਨੀ ਕਹਾਣੀ ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ਵਿਚ ਸਥਾਪਿਤ ਹੋ ਗਏ। ਇਨ੍ਹਾਂ ਵਿਚੋਂ ਹਮਦਰਦਵੀਰ ਨੌਸ਼ਹਿਰਵੀ, ਡਾ: ਤੇਜਵੰਤ ਮਾਨ, ਸੁਲੱਖਣ ਮੀਤ, ਜਸਬੀਰ ਢੰਡ, ਦੇਵਿੰਦਰ ਦੀਦਾਰ, ਦਰਸ਼ਨ ਮਿਤਵਾ, ਤੇਲੂ ਰਾਮ ਕੁਹਾੜਾ, ਕੁਲਦੀਪ ਸਿੰਘ ਹਉਰਾ, ਲਖਵਿੰਦਰ ਜੌਹਲ, ਕਰਤਾਰ ਸਿੰਘ ਦੁੱਗਲ, ਰਾਮ ਸਰੂਪ ਅਣਖੀ, ਹਰਭਜਨ ਸਿੰਘ ਖੇਮਕਰਨੀ, ਬਿਕਰਮਜੀਤ ਨੂਰ, ਅਵਲ ਸਰਹੱਦੀ, ਸ਼ਿਨ ਗੋਇਲ, ਅਮਰ ਕੋਮਲ, ਹਰਨੇਕ ਸਿੰਘ ਕੋਮਲ, ਧਰਮ ਪਾਲ ਸਾਹਿਲ, ਜੁਗਿੰਦਰ ਸਿੰਘ ਨਿਰਾਲਾ, ਗੁਰਦੀਪ ਸਿੰਘ ਪੁਰੀ, ਕਰਮਵੀਰ ਸਿੰਘ, ਹਰਪ੍ਰੀਤ ਰਾਣਾ, ਸ਼ਰਨ ਮੱਕੜ ਮਨਪ੍ਰੀਤ ਕੌਰ ਭਾਟੀਆ ਆਦਿ ਸਮੇਤ ਸੈਂਕੜੇ ਨਵੇਂ ਪੁਰਾਣੇ ਲੇਖਕ ਹਨ। ਪੁਸਤਕ ਦੇ ਪਹਿਲੇ ਭਾਗ ਵਿਚ 87 ਦੂਜੇ ਵਿਚ 69, ਤੀਜੇ ਭਾਗ ਵਿਚ 60 ਤੇ ਚੌਥੇ ਵਿਚ 44 ਮਿੰਨੀ ਕਹਾਣੀਆਂ ਸਮੇਤ ਕੁੱਲ 260 ਰਚਨਾਵਾਂ ਹਨ।
ਪੁਸਤਕ ਮਿੰਨੀ ਕਹਾਣੀ ਦੇ ਆਰੰਭ ਵਿਕਾਸ ਤੇ ਹਰੇਕ ਦਹਾਕੇ ਦੀ ਨੁਹਾਰ ਮਿੰਨੀ ਕਹਾਣੀ ਦੀ ਜਗਤ ਸਿਰਜਨ ਪੜਾਅ, ਸਮਕਾਲੀ ਵਿਸ਼ੇ, ਰੂਪਕ ਪੱਖ, ਆਦਿ 'ਤੇ ਭਰਵੀਂ ਝਾਤ ਪਾਉਣ ਵਾਲੀ ਅਹਿਮ ਦਸਤਾਵੇਜ਼ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਫ ਫ ਫ

8-9-2013

 ਮੇਰੇ ਸਾਰੇ ਨਾਟਕ
ਨਾਟਕਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 396.

ਸ: ਬਲਦੇਵ ਸਿੰਘ ਇਕ ਬਹੁਵਿਧਾਈ ਸ਼ਿਰੋਮਣੀ ਸਾਹਿਤਕਾਰ ਹੈ। ਉਹ ਕਹਾਣੀਆਂ ਅਤੇ ਨਾਵਲਾਂ ਦੇ ਨਾਲ-ਨਾਲ ਸਮਾਜਿਕ ਸਮੱਸਿਆਵਾਂ ਦੀ ਤਰਜਮਾਨੀ ਕਰਨ ਵਾਲੇ ਇਕਾਂਗੀ ਨਾਟਕਾਂ ਦੀ ਰਚਨਾ ਵੀ ਕਰਦਾ ਰਿਹਾ ਹੈ। ਬਲਦੇਵ ਸਿੰਘ ਇਕ ਪ੍ਰਤੀਬੱਧ ਸਾਹਿਤਕਾਰ ਹੈ। ਉਸ ਦਾ ਵਿਸ਼ਵਾਸ ਹੈ ਕਿ ਸਾਹਿਤ ਦੇ ਮਾਧਿਅਮ ਦੁਆਰਾ ਸਾਡੇ ਸਮਾਜ ਦੇ ਅੰਤਰਵਿਰੋਧਾਂ, ਉਲਾਰਾਂ ਅਤੇ ਵਿਗਾੜਾਂ ਉਪਰ ਕਾਬੂ ਪਾਇਆ ਜਾ ਸਕਦਾ ਹੈ। ਉਸ ਦਾ ਹਰ ਨਾਟਕ ਉਦੇਸ਼ਮੁਖ ਹੈ। ਉਹ ਮਹਿਜ਼ ਮਨੋਰੰਜਨ ਕਰਨ ਲਈ ਜਾਂ ਰੰਗਮੰਚ ਦੇ ਖੇਤਰ ਵਿਚ ਕੋਈ ਨਵਾਂ ਪ੍ਰਯੋਗ ਕਰਨ ਲਈ ਨਾਟਕ ਨਹੀਂ ਲਿਖਦਾ। ਉਸ ਦਾ ਥੀਏਟਰ, ਨਾਟਕਕਾਰ ਦਾ ਥੀਏਟਰ ਹੈ, ਜਿਸ ਵਿਚ ਨਿਰਦੇਸ਼ਕ ਜਾਂ ਨਿਰਮਾਤਾ ਨੂੰ ਬਹੁਤੀ ਸਪੇਸ ਨਹੀਂ ਮਿਲਦੀ। ਉਹ ਆਪਣੇ ਨਾਟਕਾਂ ਵਿਚ ਕਿਸੇ ਪ੍ਰਕਾਰ ਦੇ ਖੱਪੇ ਨਹੀਂ ਛੱਡਦਾ, ਜਿਨ੍ਹਾਂ ਨੂੰ ਭਰਨ ਸਮੇਂ ਨਿਰਦੇਸ਼ਕ ਜਾਂ ਨਿਰਮਾਤਾ ਆਪਣੀ ਨਿਵੇਕਲੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ।
ਵਿਅੰਗ ਅਤੇ ਪ੍ਰਹਸਨ ਬਲਦੇਵ ਸਿੰਘ ਦੀਆਂ ਪ੍ਰਮੁੱਖ ਬਿਰਤਾਂਤ-ਜੁਗਤਾਂ ਹਨ। ਉਹ ਸਾਡੇ ਸਮਾਜ, ਸੱਭਿਆਚਾਰ ਅਤੇ ਰਾਜਨੀਤਕ ਪਰਿਦ੍ਰਿਸ਼ ਉਪਰ ਬੜੇ ਜ਼ੋਰਦਾਰ ਵਿਅੰਗ ਕਰਦਾ ਹੈ। ਪਾਖੰਡੀ, ਦੰਭੀ ਅਤੇ ਦੋਗਲੇ ਚਰਿਤਰ ਦੇ ਲੋਕ ਉਸ ਦੇ ਵਿਅੰਗ-ਬਾਣਾਂ ਤੋਂ ਬਚ ਨਹੀਂ ਸਕਦੇ। 'ਪਹਿਰੇਦਾਰ' ਨਾਟਕ ਵਿਚ ਉਸ ਨੇ ਸਾਡੇ ਰਾਜਸੀ ਨੇਤਾਵਾਂ, 'ਮੱਖੀਆਂ' ਵਿਚ ਮੱਧ ਸ਼੍ਰੇਣੀ ਦੇ ਸਵਾਰਥੀ ਲੋਕਾਂ ਅਤੇ 'ਝਿੜੀ ਵਾਲਾ ਬਾਬਾ' ਵਿਚ ਪਾਖੰਡੀ ਸਾਧਾਂ ਦੀ ਖੂਬ ਖਿੱਲੀ ਉਡਾਈ ਹੈ। 'ਹਨੇਰੀਆਂ ਗਲੀਆਂ' ਅਤੇ 'ਮਿੱਟੀ ਰੁਦਨ ਕਰੇ' ਵਿਚ 'ਨਸ਼ਿਆਂ ਦੀ ਸਮੱਸਿਆ' ਦੀ ਪੇਸ਼ਕਾਰੀ ਕੀਤੀ ਗਈ ਹੈ। 'ਹਨੇਰੀਆਂ ਗਲੀਆਂ' ਲਗਭਗ 10 ਝਾਕੀਆਂ ਵਾਲਾ ਇਕ ਵਿਸ਼ੇਸ਼ ਇਕਾਂਗੀ ਨਾਟਕ ਹੈ। ਇਸ ਵਿਚ ਉਸ ਨੇ ਪ੍ਰਕਾਸ਼-ਯੋਜਨਾਵਾਂ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। 'ਪਰਖ ਦੀ ਘੜੀ' ਇਕ ਇਤਿਹਾਸਕ ਨਾਟਕ ਹੈ। ਇਸ ਵਿਚ ਸੰਭਾਸ਼ਣ ਅਤੇ ਗੁਣਾਂ-ਤੱਤਾਂ ਨੂੰ ਉਭਾਰ ਕੇ ਇੱਛਤ ਪ੍ਰਭਾਵ ਪੈਦਾ ਕੀਤਾ ਗਿਆ ਹੈ। ਸ਼ਾਇਦ ਬਲਦੇਵ ਸਿੰਘ ਦਾ ਆਪਣਾ ਕੋਈ ਥੀਏਟਰ ਗਰੁੱਪ ਨਹੀਂ ਹੈ। ਜੇ ਉਸ ਨੇ ਆਪਣਾ ਕੋਈ ਗਰੁੱਪ ਬਣਾ ਲਿਆ ਹੁੰਦਾ ਤਾਂ ਨਤੀਜੇ ਹੋਰ ਵੀ ਚੰਗੇ ਨਿਕਲਣੇ ਸਨ। ਫਿਰ ਵੀ ਉਹ ਪੰਜਾਬ ਦੇ ਪਿੰਡਾਂ-ਕਸਬਿਆਂ ਵਿਚ ਰਹਿਣ ਵਾਲੇ ਰੰਗਕਰਮੀਆਂ ਦਾ ਮਹਿਬੂਬ ਨਾਟਕਕਾਰ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਖ਼ੁਸ਼ੀਆਂ ਵੀ ਅੱਧੀਆਂ ਪੌਣੀਆਂ
ਲੇਖਕ : ਗੁਰਪ੍ਰੀਤ ਗਰੇਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਗੁਰਪ੍ਰੀਤ ਗਰੇਵਾਲ ਕਾਫੀ ਸਮੇਂ ਤੋਂ ਪੱਤਰਕਾਰੀ ਖੇਤਰ ਨਾਲ ਜੁੜਿਆ ਹੋਇਆ ਹੈ। ਸਮਾਜ 'ਚ ਵਾਪਰਦੇ ਚੰਗੇ-ਮੰਦੇ ਬਾਰੇ ਖ਼ਬਰਾਂ ਲਿਖਣੀਆਂ ਉਸ ਦਾ ਕੰਮ ਹੈ, ਪਰ ਉਸ ਅੰਦਰ ਇਕ ਸਾਹਿਤਕਾਰ ਵੀ ਵਸਦਾ ਹੈ, ਜਿਸ ਕਾਰਨ ਉਹ ਛੋਟੇ-ਵੱਡੇ ਮਸਲਿਆਂ ਨੂੰ ਸਾਹਿਤਕ ਰੰਗਤ ਦਿੰਦਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਦੋ ਪੁਸਤਕਾਂ 'ਪਾ'ਤੀ ਅੜੀਏ ਬਾਜਰੇ ਦੀ ਮੁੱਠ' ਤੇ 'ਗੱਡੀ ਚੱਲੀ ਕੂ' ਪ੍ਰਕਾਸ਼ਿਤ ਹੋਈਆਂ ਹਨ।
ਵਿਚਾਰ ਅਧੀਨ ਪੁਸਤਕ 'ਖੁਸ਼ੀਆਂ ਵੀ ਅੱਧੀਆਂ ਪੌਣੀਆਂ' ਉਸ ਦੀ ਤੀਜੀ ਪੁਸਤਕ ਹੈ, ਜਿਸ ਵਿਚ ਹਲਕੇ-ਫੁਲਕੇ ਵਿਸ਼ਿਆਂ 'ਤੇ ਲੇਖ ਲਿਖੇ ਹਨ। ਇਨ੍ਹਾਂ ਲੇਖਾਂ ਦੀ ਖਾਸੀਅਤ ਇਸ ਗੱਲ ਵਿਚ ਹੈ ਕਿ ਵੱਡੇ ਮਸਲਿਆਂ 'ਤੇ ਹਲਕੀਆਂ ਚੋਭਾਂ ਲਾਈਆਂ ਗਈਆਂ ਹਨ। ਸਾਡੇ ਸੁਭਾਅ, ਸਮਾਜਿਕ ਅਲਾਮਤਾਂ, ਪਹਿਨਣ ਪਚਰਣ, ਰਹਿਣ-ਸਹਿਣ, ਗੱਲ ਕੀ ਹਰ ਵਿਸ਼ੇ ਨੂੰ ਗੁਰਪ੍ਰੀਤ ਗਰੇਵਾਲ ਨੇ ਸੋਹਣੇ ਢੰਗ ਨਾਲ ਛੋਹਿਆ ਹੈ। ਪੁਸਤਕ ਵਿਚ ਕੁੱਲ 38 ਲੇਖ ਸ਼ਾਮਿਲ ਹਨ ਤੇ ਜਦੋਂ ਪੁਸਤਕ ਪੜ੍ਹਨ ਲੱਗੀਦਾ ਹੈ ਤਾਂ ਦਿਲ ਕਰਦੈ ਸਾਰੀ ਪੁਸਤਕ ਮੁਕੰਮਲ ਕਰਕੇ ਹੀ ਹੋਰ ਕੰਮ ਛੇੜੀਏ।
ਗੁਰਪ੍ਰੀਤ ਗਰੇਵਾਲ ਦੀ ਵਾਰਤਕ ਇੰਜ ਹੈ ਜਿਵੇਂ ਬੇਬੇ ਬਾਤ ਸੁਣਾਉਂਦੀ ਹੋਵੇ। 'ਮਦਰ ਇੰਡੀਆ ਦਾ ਮੁੱਲ' ਵਿਚ ਉਹ ਬੜੀਆਂ ਕੰਮ ਦੀਆਂ ਗੱਲਾਂ ਕਰਦਾ ਹੈ। ਆਪਣੇ ਘਰ ਵਿਚ ਅਸੀਂ ਸੌ ਹੁਕਮ ਚਲਾਉਂਦੇ ਹਾਂ, ਪਰ ਜਦੋਂ ਵਿਦੇਸ਼ਾਂ ਵਿਚ ਜਾਂਦੇ ਹਾਂ ਤਾਂ ਹਰ ਕੰਮ ਖ਼ੁਦ ਕਰਨਾ ਪੈਂਦੈ, ਸਿੱਟੇ ਵਜੋਂ ਇਧਰ ਬਿਤਾਏ ਪਲ਼ ਰਹਿ-ਰਹਿ ਚੇਤੇ ਆਉਂਦੇ ਹਨ। 'ਸ਼ਰਧਾਂਜਲੀ ਸਪੈਸ਼ਲਿਸਟ' ਵਿਚ ਗਰੇਵਾਲ ਨੇ ਭੋਗਾਂ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਨੂੰ ਲਪੇਟੇ ਵਿਚ ਲਿਆ ਹੈ ਕਿ ਕਿਸ ਤਰ੍ਹਾਂ ਉਹ ਗੱਲਾਂ ਵਧਾ-ਚੜ੍ਹਾ ਕੇ ਕਰਦੇ ਹਨ। ਦੇਖਣ ਨੂੰ ਇਹੀ ਮਿਲਦੈ ਕਿ ਜਿਹੜਾ ਮ੍ਰਿਤਕ ਨੂੰ ਜਾਣਦਾ ਨਹੀਂ ੁਹੰਦਾ, ਉਹ ਵੀ ਮਾਈਕ ਮੂਹਰੇ ਇਹੀ ਕਹਿੰਦੈ ਕਿ ਸਮਾਜ ਨੂੰ ਇਸ ਦੀ ਬੜੀ ਵੱਡੀ ਦੇਣ ਸੀ।
ਗਰੇਵਾਲ ਦੇ ਪਾਤਰ ਬੜੇ ਅਵੱਲੇ ਹਨ। ਸ੍ਰੀ ਮਰਾ ਪੇੜਾ, ਬੜੌਦਾ ਚੀਕੂ, ਅਲੀਚੀ ਦੇਹਰਾਦੂਨ, ਵਿਸਕੀ ਸੋਢਾ, ਸ੍ਰੀਮਤੀ ਲੂਣਾ ਸਲੂਣਾ ਤੇ ਇਨ੍ਹਾਂ ਵਰਗੇ ਹੋਰ।
ਸੱਭਿਆਚਾਰਕ ਮੇਲੇ ਹੋਣ ਜਾਂ ਕੋਈ ਹੋਰ ਸਮਾਗਮ, ਉਥੇ ਸਨਮਾਨ ਕਿਵੇਂ ਪਕੌੜੀਆਂ ਵਾਂਗ ਵੰਡੇ ਜਾਂਦੇ ਹਨ, ਇਹਦੇ ਬਾਰੇ ਸਾਰੇ ਹੀ ਜਾਣਦੇ ਹਨ ਤੇ ਗਰੇਵਾਲ ਨੇ 'ਮੇਰਾ ਨਾਂਅ ਹੈ ਮੋਮੈਂਟੋ' ਲੇਖ ਵਿਚ ਇਸੇ ਮਸਲੇ ਨੂੰ ਛੋਹਿਆ ਹੈ ਕਿ ਕਿਸ ਤਰ੍ਹਾਂ ਮੋਮੈਂਟੋ ਸੱਭਿਆਚਾਰ ਦਾ ਪਸਾਰਾ ਦਿਨ-ਬਦਿਨ ਹੋ ਰਿਹਾ ਹੈ। ਇਸ ਪੁਸਤਕ ਦੀ ਖਾਸੀਅਤ ਇਸ ਗੱਲ ਵਿਚ ਹੈ ਕਿ ਵੱਡੇ ਮਸਲਿਆਂ ਨੂੰ ਸ਼ਬਦਾਂ ਦੀ ਜਾਦੂਗਰੀ ਜ਼ਰੀਏ ਹਲਕੇ-ਫੁਲਕੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਸਿਆਣੇ ਵੀ ਆਖਦੇ ਨੇ ਕਿ ਕੌੜੀ ਦਵਾਈ ਜੇ ਗੁੜ 'ਚ ਮਿਲਾ ਕੇ ਦਿੱਤੀ ਜਾਵੇ ਤਾਂ ਜੀਭ ਦਾ ਸਵਾਦ ਨਹੀਂ ਬਦਲਦਾ। ਠੀਕ ਉਸੇ ਤਰ੍ਹਾਂ ਇਸ ਪੁਸਤਕ ਦੇ ਲੇਖ ਹਨ। ਇਕ 'ਊਈਂ' ਤੇ ਦੂਜੀ 'ਈਗੋ', 'ਝਾਂਜਰ ਵਾਲੀ ਮੁਰਗਾਬੀ', 'ਬੁੱਢੀ ਤੇ ਸੂਰ ਦਾ ਜਨਾਜ਼ਾ', 'ਮੁਫ਼ਤ ਦਾ ਮੀਟਨ', 'ਪਰਵਾਸੀਆਂ ਦੇ ਦਰ', 'ਪੱਤਰਕਾਰ ਦੀ ਦਾਅਵਤ', 'ਕੈਲੰਡਰ ਦੀ ਕਰਾਮਾਤ', 'ਮਸਲੇ 'ਤੇ ਮਸਲਾ ਚੜ੍ਹਿਆ', 'ਜ਼ਿੰਦਗੀ ਦਾ ਝੂਲਦਾ ਪੁਲ' ਸਮੇਤ ਸਾਰੇ ਹੀ ਲੇਖ ਪੜ੍ਹਨਯੋਗ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883.

ਮੈਂ ਫ਼ਿਕਰਮੰਦ ਹਾਂ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 112.

ਇਹ ਲੇਖ ਸੰਗ੍ਰਹਿ ਜ਼ਿੰਦਗੀ ਦੇ ਹੋਣਹਾਰ ਹੁਨਰ ਨੂੰ ਸਮਰਪਿਤ ਹੈ। ਲੇਖਕ ਦਾ ਨਜ਼ਰੀਆ ਹੈ ਕਿ ਵਿਵੇਕ, ਕਲਾ, ਸਿੱਖਿਆ, ਸਾਹਿਤ ਸੰਸਕ੍ਰਿਤੀ, ਨ੍ਰਿਤ, ਗਾਇਨ, ਚਿੰਤਨ ਅਤੇ ਦਰਸ਼ਨ ਜ਼ਿੰਦਗੀ ਦਾ ਅਧਿਆਤਮ ਹਨ, ਜਿਸ ਵਿਚੋਂ ਪੈਦਾ ਹੋਈ ਸੁਰ ਧਾਰਾ ਨੂੰ ਗਿਆਨ ਕਿਹਾ ਜਾ ਸਕਦਾ ਹੈ। ਅੱਜ ਦੇ ਭੌਤਿਕਵਾਦੀ ਯੁੱਗ ਵਿਚ ਅਧਿਆਤਮ ਗੁੰਮ ਹੁੰਦਾ ਜਾ ਰਿਹਾ ਹੈ। ਲੇਖਕ ਨੇ ਵੇਦਨਾ ਦਾ ਵਿਵੇਕ ਕਰਦੇ ਹੋਏ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਪ੍ਰਗਟਾਏ ਹਨ। ਇਨ੍ਹਾਂ ਵਿਚੋਂ ਉਸ ਦੇ ਜੀਵਨ ਦਾ ਤਜਰਬਾ, ਚਿੰਤਨ ਅਤੇ ਸਿਆਣਪ ਝਲਕਦੇ ਹਨ। ਲੇਖਕ ਨੇ ਬਹੁਤ ਰੌਚਕ ਅਤੇ ਸੁੰਦਰ ਢੰਗ ਨਾਲ ਜ਼ਿੰਦਗੀ ਦੇ ਸੱਖਣੇ ਪਲਾਂ ਨੂੰ ਅਰਥ ਦੇਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।
ਇਨ੍ਹਾਂ 24 ਲੇਖਾਂ ਵਿਚ ਲੋਕ ਭਾਵਨਾਵਾਂ ਦੀ ਕਲਾਤਮਿਕਤਾ, ਵਿਅਕਤੀ, ਵਣ, ਵਾਤਾਵਰਨ, ਜਨ ਸਾਧਾਰਨ ਚੇਤਨਾ, ਆਧੁਨਿਕਤਾ, ਦਾਨਸ਼ਮੰਦੀ, ਨਾਰੀ ਦੀ ਕੋਮਲਤਾ, ਭਾਵਨਾ, ਭਾਸ਼ਾ, ਸਾਦਗੀ, ਸਿਧਾਂਤ, ਸੰਘਰਸ਼, ਲੋਕਤੰਤਰ, ਲੀਡਰ, ਲਿਖਾਰੀ, ਕਵਿਤਾ, ਸੱਭਿਆਚਾਰ, ਵਿਰਾਸਤ, ਵਿਆਹ, ਸਿਆਸਤ ਆਦਿ ਵਿਸ਼ਿਆਂ 'ਤੇ ਰੌਸ਼ਨੀ ਪਾਈ ਗਈ ਹੈ। ਲੇਖਕ ਫ਼ਿਕਰਮੰਦ ਹੈ ਕਿ ਆਪਣੇ ਮੁਲਕ ਵਿਚੋਂ ਸੰਵੇਦਨਾ, ਸੁਹਿਰਦਤਾ, ਸੁਚਰਿੱਤਰਤਾ, ਸਿਆਣਪ, ਵਿਵੇਕ, ਸ਼ਰਾਫ਼ਤ, ਸੂਝਬੂਝ, ਸਿਦਕ, ਸਦਭਾਵਨਾ ਅਤੇ ਸਹਿਯੋਗ ਵਰਗੇ ਗੁਣਾਂ ਦਾ ਆਭਾਵ ਹੁੰਦਾ ਜਾ ਰਿਹਾ ਹੈ। ਲੋਕ ਪੱਖੀ ਵਿਕਾਸ ਲਈ ਇਨ੍ਹਾਂ ਕਦਰਾਂ-ਕੀਮਤਾਂ ਦਾ ਹੋਣਾ ਜ਼ਰੂਰੀ ਹੈ। ਆਰਥਿਕ ਵਧੀਕੀਆਂ ਮਲੇਛ ਬੌਧਿਕਤਾ, ਗੰਧਲੀ ਰਾਜਨੀਤੀ, ਸ਼ੈਤਾਨੀਅਤ, ਲਾਲਸਾ ਅਤੇ ਨਿੱਜਵਾਦੀ ਸੁਆਰਥੀ ਪਹੁੰਚ ਕਰਕੇ ਆਮ ਲੋਕ ਸਮੱਸਿਆਵਾਂ ਵਿਚ ਘਿਰੇ ਨਰਕੀ ਜੀਵਨ ਬਿਤਾ ਰਹੇ ਹਨ। ਵਾਤਾਵਰਨ ਨੂੰ ਦੂਸ਼ਿਤ ਕਰਕੇ ਰੁੱਖ ਬੂਟਿਆਂ ਨੂੰ ਉਜਾੜ ਕੇ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਲੇਖਕ ਨੇ ਵਿਦਰੋਹੀ ਸੁਰ ਵਿਚ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਕੇ ਲੋਕਾਂ ਦੀ ਚੇਤਨਾ ਨੂੰ ਜਗਾਉਣ ਦਾ ਯਤਨ ਕੀਤਾ ਹੈ। ਉਸ ਅੰਦਰ ਮਨੁੱਖ ਨੂੰ ਮਕਬੂਲ ਬਣਾਉਣ ਦੀ ਹਸਰਤ ਹੈ।
ਲੇਖਕ ਦੇ ਵਿਚਾਰ ਕੀਮਤੀ ਅਤੇ ਸਾਰਥਕ ਹਨ। ਉਸ ਦੇ ਅੰਦਰ ਅਧੋਗਤੀ ਵੱਲ ਜਾ ਰਹੀ ਨਵੀਂ ਪੀੜ੍ਹੀ ਪ੍ਰਤੀ ਦਰਦ ਤੇ ਸੰਵੇਦਨਾ ਹੈ। ਇਹ ਪੁਸਤਕ ਪੜ੍ਹਨਯੋਗ ਹੈ ਅਤੇ ਇਸ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

1-9-2013

 ਸਰਦਾਰ ਜੀ.ਬੀ. ਸਿੰਘ ਦੀਆਂ ਦੁਰਲੱਭ ਰਚਨਾਵਾਂ
(ਜਿਲਦ ਦੂਜੀ)
ਸੰਪਾਦਕ : ਡਾ: ਗੁਲਜ਼ਾਰ ਸਿੰਘ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 220.

ਸਰਦਾਰ ਜੀ.ਬੀ. ਸਿੰਘ (1877-1950) ਪੰਜਾਬੀ ਸਾਹਿਤ ਦੇ ਮੁਢਲੇ ਖੋਜੀਆਂ ਵਿਚੋਂ ਇਕ ਸ਼ਿਰੋਮਣੀ ਖੋਜੀ ਸੀ। ਪੰਜਾਬੀ ਦੇ ਬਹੁਤੇ ਖੋਜੀ ਡਾ: ਮੋਹਨ ਸਿੰਘ ਦੀਵਾਨਾ, ਪ੍ਰੋ: ਪ੍ਰੀਤਮ ਸਿੰਘ, ਪ੍ਰਿੰ: ਤੇਜਾ ਸਿੰਘ ਅਤੇ ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ ਆਦਿ ਅਧਿਆਪਨ-ਕਾਰਜ ਦੀਆਂ ਜ਼ਰੂਰਤਾਂ/ਆਗ੍ਰਹਾਂ ਦੇ ਕਾਰਨ ਖੋਜ-ਕਾਰਜ ਵੱਲ ਰੁਚਿਤ ਹੋਏ ਸਨ ਪ੍ਰੰਤੂ ਸਰਦਾਰ ਜੀ.ਬੀ. ਸਿੰਘ ਦੇ ਸਨਮੁੱਖ ਅਜਿਹਾ ਕੋਈ ਆਗ੍ਰਹਿ ਨਹੀਂ ਸੀ। ਉਹ ਪੇਸ਼ੇ ਵਜੋਂ ਇੰਜੀਨੀਅਰ ਸੀ ਅਤੇ ਭਾਰਤ ਸਰਕਾਰ ਦੇ ਡਾਕ-ਤਾਰ ਵਿਭਾਗ ਵਿਚੋਂ ਪੋਸਟਮਾਸਟਰ ਜਨਰਲ ਦੇ ਉੱਚ ਅਹੁਦੇ ਤੋਂ ਸੇਵਾ-ਮੁਕਤ ਹੋਇਆ ਸੀ। ਸੇਵਾ ਕਾਲ ਦੌਰਾਨ ਉਸ ਨੂੰ ਭਾਰਤ ਦੀਆਂ ਵੱਡੀਆਂ-ਵੱਡੀਆਂ ਲਾਇਬਰੇਰੀਆਂ ਅਤੇ ਅਜਾਇਬ-ਘਰਾਂ ਵਿਚ ਜਾਣ ਦਾ ਸੁਅਵਸਰ ਪ੍ਰਾਪਤ ਹੋਇਆ। ਜਗਿਆਸੂ ਬਿਰਤੀ ਦਾ ਵਿਅਕਤੀ ਹੋਣ ਕਰਕੇ ਉਸ ਨੇ ਗੁਰਮੁਖੀ ਲਿਪੀ, ਪ੍ਰਾਚੀਨ ਬੀੜਾਂ, ਜਨਮਸਾਖੀਆਂ ਅਤੇ ਪੰਜਾਬੀ ਸਾਹਿਤ ਦੇ ਵਿਭਿੰਨ ਸਰੋਤਾਂ ਬਾਰੇ ਇਧਰ-ਉਧਰ ਸਾਂਭੇ ਵੇਰਵਿਆਂ ਨੂੰ ਨੋਟ ਕਰ ਲਿਆ। ਇਨ੍ਹਾਂ ਵੇਰਵਿਆਂ ਦੇ ਆਧਾਰ ਉਤੇ ਉਸ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ : 1. ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਅਤੇ 2. ਪ੍ਰਾਚੀਨ ਬੀੜਾਂ ਬਾਰੇ। ਇਨ੍ਹਾਂ ਪੁਸਤਕਾਂ ਵਿਚਲੀ ਸਮਗਰੀ ਤੋਂ ਬਿਨਾਂ ਉਹ ਪ੍ਰੀਤਲੜੀ, ਫੁਲਵਾੜੀ, ਪੰਜਾਬੀ ਸਾਹਿਤ ਅਤੇ ਪੰਜ ਦਰਿਆ ਵਰਗੇ ਮਾਸਿਕ ਪੱਤਰਾਂ ਲਈ ਵੀ ਨਿਯਮਿਤ ਤੌਰ 'ਤੇ ਲਿਖਦਾ ਰਹਿੰਦਾ ਸੀ। ਗੁਲਜ਼ਾਰ ਸਿੰਘ ਕੰਗ ਨੇ ਕਠਿਨ ਮਿਹਨਤ ਕਰਕੇ ਇਨ੍ਹਾਂ ਲੇਖਾਂ ਨੂੰ ਚਾਰ ਜਿਲਦਾਂ ਵਿਚ ਸਾਂਭਿਆ ਹੈ। ਇਸ ਮੰਤਵ ਲਈ ਪੰਜਾਬੀ ਸਾਹਿਤ ਦੇ ਖੋਜੀ, ਅਧਿਆਪਕ ਅਤੇ ਗੰਭੀਰ ਪਾਠਕ ਉਸ ਦੇ ਰਿਣੀ ਰਹਿਣਗੇ। ਸੇਵਾ-ਮੁਕਤ ਹੋਣ ਤੋਂ ਬਾਅਦ ਉਹ ਆਪਣੇ ਸਪੁੱਤਰ ਸ: ਹਰਬੰਸ ਸਿੰਘ ਕਪੂਰ ਪਾਸ ਇੰਗਲੈਂਡ ਚਲਾ ਗਿਆ। ਇੰਗਲੈਂਡ ਵਿਚ 'ਓਰੀਐਂਟਲ ਐਂਡ ਅਫਰੀਕਨ ਸਟਡੀਜ਼ ਸੰਸਥਾ ਦੀ ਲਾਇਬਰੇਰੀ ਵਿਚੋਂ ਵੀ ਉਸ ਨੇ ਪੰਜਾਬੀ ਸਾਹਿਤ ਬਾਰੇ ਬਹੁਤ ਸਾਰੇ ਨਵੇਂ ਸਰੋਤਾਂ ਦੀ ਤਲਾਸ਼ ਕੀਤੀ। ਬੀ-40 ਜਨਮਸਾਖੀ ਬਾਰੇ ਪ੍ਰੋ: ਪ੍ਰੀਤਮ ਸਿੰਘ ਅਤੇ ਡਾ: ਪਿਆਰ ਸਿੰਘ ਵਰਗੇ ਵਿਦਵਾਨਾਂ ਨੂੰ ਉਸੇ ਨੇ ਮੁਢਲੀ ਜਾਣਕਾਰੀ ਪ੍ਰਦਾਨ ਕੀਤੀ ਸੀ।
ਸਰਦਾਰ ਜੀ.ਬੀ. ਸਿੰਘ ਨਿਰੋਲ ਆਪਣੀ ਵਿਦਵਤਾ ਅਤੇ ਅਸਾਧਾਰਨ ਖੋਜ-ਕਾਰਜ ਦੇ ਕਾਰਨ ਹੀ ਪ੍ਰਸਿੱਧ ਹੋਇਆ। ਉਹ ਇਕ ਤਰਕਸ਼ੀਲ ਅਤੇ ਵਿਗਿਆਨਕ ਸੋਚ ਵਾਲਾ ਵਿਅਕਤੀ ਸੀ। ਉਹ ਧਾਰਮਿਕ ਕਰਮ-ਕਾਂਡਾਂ, ਪੂਜਾ-ਪਾਠ ਅਤੇ ਪ੍ਰਾਰਥਨਾਵਾਂ ਵਗੈਰਾ ਨੂੰ ਮਿਥਿਆ ਅਤੇ ਅਰਥਹੀਣ ਕਾਰਜ ਸਮਝਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਇਹ ਕਾਰਜ ਉਹੀ ਲੋਕ ਕਰਦੇ ਹਨ, ਜਿਨ੍ਹਾਂ ਵਿਚ ਸਵੈ-ਵਿਸ਼ਵਾਸ ਨਹੀਂ ਹੁੰਦਾ, ਜੋ ਡਰਪੋਕ ਹੁੰਦੇ ਹਨ ਅਤੇ ਜਿਨ੍ਹਾਂ ਵਿਚ ਕੁਦਰਤੀ ਵਰਤਾਰਿਆਂ ਨੂੰ ਸਮਝਣ ਦੀ ਸ਼ਕਤੀ ਨਹੀਂ ਹੁੰਦੀ। ਹਥਲੀ ਪੁਸਤਕ (ਜਿਲਦ ਦੂਜੀ) ਵਿਚ ਉਸ ਦੇ ਸਮੇਂ-ਸਮੇਂ ਲਿਖੇ ਗਏ ਇਹੋ ਜਿਹੋ ਖੋਜ ਭਰਪੂਰ ਅਤੇ ਤਰਕਸ਼ੀਲ ਬਿਰਤੀ ਵਾਲੇ 30 ਲੇਖ ਸੰਗ੍ਰਹਿਤ ਹਨ।

ਗੋਰੀ ਹਿਰਨੀ
ਲੇਖਕ : ਗੁਲਜ਼ਾਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 192.

ਸ: ਗੁਲਜ਼ਾਰ ਸਿੰਘ ਸੰਧੂ ਇਕ ਬਹੁਤ ਅਨੁਭਵਾਂ, ਉਤਸ਼ਾਹੀ ਅਤੇ ਵਚਿੱਤਰ ਲੇਖਕ ਹੈ। 'ਗੋਰੀ ਹਿਰਨੀ' ਨਾਵਲ ਦਾ ਪਰਿਵੇਸ਼ ਜਰਮਨੀ ਨਾਲ ਜੁੜਿਆ ਹੋਇਆ ਹੈ। ਇਸ ਨਾਵਲ ਦੀ ਕਹਾਣੀ ਮਾਰਥਾ ਨੋਇਮਾਨ (ਜਨਮ 1925 ਈ:) ਨਾਂਅ ਦੀ ਇਕ ਔਰਤ ਨਾਲ ਸਬੰਧ ਰੱਖਦੀ ਹੈ ਜੋ ਆਪ ਸਮੁੱਚੇ ਨਾਵਲ ਵਿਚ ਗ਼ੈਰ-ਹਾਜ਼ਰ ਰਹਿੰਦੀ ਹੈ। ਬਸ ਆਖਰੀ ਇਕ-ਦੋ ਕਾਂਡਾਂ ਵਿਚ ਉਹ ਸਾਹਮਣੇ ਆਉਂਦੀ ਹੈ ਅਤੇ ਅੰਤਿਮ ਅਧਿਆਇ ਵਿਚ ਮਰ ਜਾਂਦੀ ਹੈ। ਕਿਸ਼ੋਰਾਵਸਥਾ ਵਿਚ ਹੀ ਉਹ ਹਿਟਲਰ ਦੀ ਸੈਨਾ ਨਾਲ ਜੁੜ ਗਈ ਸੀ ਅਤੇ 1935 ਤੋਂ ਲੈ ਕੇ 1945 ਤੱਕ ਹਿਟਲਰ ਦੇ ਰਾਜਸੀ ਪ੍ਰੋਗਰਾਮ ਦੀ ਇਕ ਛੋਟੀ-ਮੋਟੀ ਕੜੀ ਬਣੀ ਰਹੀ ਸੀ। ਹਿਟਲਰ ਨੇ ਜਰਮਨੀ ਦੇ ਯੁਵਾ ਵਰਗ ਨੂੰ ਆਪਣੇ ਹਿਤਾਂ ਦੀ ਪੂਰਤੀ ਕਰਨ ਵਾਲੇ ਰੋਬੋਟਾਂ ਵਿਚ ਬਦਲ ਦਿੱਤਾ ਸੀ। ਹਿਟਲਰ ਨੇ ਕੇਵਲ ਯਹੂਦੀਆਂ ਉੱਪਰ ਹੀ ਬੇਪਨਾਹ ਜ਼ੁਲਮ ਨਹੀਂ ਕੀਤੇ ਬਲਕਿ ਪੂਰੇ ਜਰਮਨੀ ਦੀਆਂ ਦੋ-ਤਿੰਨ ਪੀੜ੍ਹੀਆਂ ਦਾ ਸੱਤਿਆਨਾਸ ਕਰ ਦਿੱਤਾ। 1945 ਵਿਚ ਇਤਿਹਾਦੀ ਫ਼ੌਜਾਂ ਪਾਸੋਂ ਹਾਰ ਜਾਣ ਪਿੱਛੋਂ ਜਦੋਂ ਉਸ ਨੇ ਆਤਮ-ਹੱਤਿਆ ਕਰ ਲਈ ਤਾਂ ਕਿਧਰੇ ਜਾ ਕੇ ਦੁਨੀਆ ਦਾ ਇਸ 'ਆਧੁਨਿਕ ਰਾਕਸ਼' ਪਾਸੋਂ ਖਹਿੜਾ ਛੁੱਟਿਆ। ਹਿਟਲਰ ਦੇ ਪ੍ਰੋਗਰਾਮ ਅਨੁਸਾਰ ਮਾਰਥਾ ਨੇ ਬਿਨਾਂ ਵਿਆਹ ਕਰਵਾਏ, ਦੋ ਵੱਖ-ਵੱਖ ਸਵਸਥ ਪੁਰਸ਼ਾਂ ਤੋਂ ਦੋ ਬੱਚੇ ਮਾਈਕਲ (ਮੁੰਡਾ) ਅਤੇ ਮੋਨਿਕਾ (ਧੀ) ਜਨਮੇ। ਇਹ ਬੱਚੇ ਅਜੇ ਮਸਾਂ ਤਿੰਨ ਤੋਂ ਪੰਜ ਵਰ੍ਹਿਆਂ ਦੇ ਹੀ ਸਨ ਕਿ ਹਿਟਲਰ ਦੀ ਸ਼ਰਮਨਾਕ ਹਾਰ ਹੋ ਗਈ। ਆਪਣੀ ਜਾਨ ਬਚਾਉਣ ਲਈ ਮਾਰਥਾ ਨੱਠ ਕੇ ਅਮਰੀਕਾ ਚਲੀ ਗਈ ਅਤੇ ਲਗਭਗ 50 ਸਾਲਾਂ ਪਿੱਛੋਂ ਆਪਣੇ ਵਤਨ ਵਾਪਸ ਪਰਤੀ। ਇਸ ਅੱਧੀ ਸਦੀ ਵਿਚ ਮਾਈਕਲ ਅਤੇ ਮੋਨਿਕਾ ਕਿਵੇਂ ਵਧੇ-ਫੁਲੇ, ਆਪਣੇ ਮਾਪਿਆਂ ਦੀ ਅਣਹੋਂਦ ਉਨ੍ਹਾਂ ਨੂੰ ਕਿਵੇਂ ਪ੍ਰੇਸ਼ਾਨ ਕਰਦੀ ਰਹੀ ਅਤੇ ਕਿਵੇਂ ਦੋਵੇਂ ਬੱਚਿਆਂ ਨੂੰ ਵੱਖ-ਵੱਖ ਦੰਪਤੀਆਂ ਨੇ ਯਤੀਮਖਾਨੇ ਵਿਚੋਂ ਗੋਦ ਲੈ ਕੇ ਇਕ-ਦੂਜੇ ਤੋਂ ਵੀ ਵੱਖ ਕਰ ਦਿੱਤਾ। ਇਹ ਨਾਵਲ ਇਨ੍ਹਾਂ ਵੇਰਵਿਆਂ ਦੀ ਹਿਰਦੇਵੇਦਕ ਦਾਸਤਾਨ ਹੈ। ਇਹ ਨਾਵਲ 52 ਕਾਂਡਾਂ ਵਿਚ ਵਿਭਾਜਿਤ ਕੀਤਾ ਗਿਆ ਹੈ, ਜਿਸ ਨਾਲ ਕਹਾਣੀ ਦੀ ਨਿਰੰਤਰਤਾ ਤਾਂ ਟੁੱਟਦੀ ਹੈ ਪਰ ਰੌਚਕਤਾ ਅਤੇ ਉਤਸੁਕਤਾ ਨਿਰੰਤਰ ਬਰਕਰਾਰ ਰਹੀ ਹੈ। ਇਹ ਨਾਵਲ ਅਨੁਭਵ ਅਤੇ ਅਭਿਵਿਅਕਤੀ ਦੇ ਨਵੇਂ ਦਿਸਹੱਦੇ ਖੋਲ੍ਹਣ ਵਾਲੀ ਰਚਨਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸੁਖਵਿੰਦਰ ਕੰਬੋਜ : ਕਾਵਿ ਸੰਵੇਦਨਾ
ਲੇਖਕ : ਪ੍ਰੋ: ਬ੍ਰਹਮਜਗਦੀਸ਼ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ
ਮੁੱਲ : 175 ਰੁਪਏ, ਸਫ਼ੇ : 125.

ਪ੍ਰੋ: ਬ੍ਰਹਮਜਗਦੀਸ਼ ਸਿੰਘ ਪੰਜਾਬੀ ਸਾਹਿਤ ਆਲੋਚਨਾ, ਮੋਨੋਗ੍ਰਾਫ, ਸੰਪਾਦਨ, ਅਨੁਵਾਦ ਦੇ ਖੇਤਰ ਦਾ ਉਲੇਖਨੀਯ ਹਸਤਾਖਰ ਹੈ। ਸੁਖਵਿੰਦਰ ਕੰਬੋਜ ਦੀ ਕਾਵਿ-ਸੰਵੇਦਨਾ ਦੇ ਵਿਸ਼ਲੇਸ਼ਣ ਲਈ ਇਸ ਵਿਦਵਾਨ ਸਾਹਵੇਂ ਕਵੀ ਦੀਆਂ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ 'ਉਮਰ ਦੇ ਇਸ ਮੋੜ ਤੀਕ' ਅਧਿਐਨ-ਵਸਤੂ ਵਜੋਂ ਹਾਜ਼ਰ ਹੈ। ਉਸ ਨੇ ਆਪਣੇ ਅਧਿਐਨ ਨੂੰ ਭੂਮਿਕਾ ਤੋਂ ਇਲਾਵਾ ਛੇ ਕਾਂਡਾਂ ਵਿਚ ਵਿਭਾਜਤ ਕੀਤਾ ਹੈ। ਪਹਿਲਾਂ ਕਾਂਡ ਕਵੀ ਦੇ ਵਿਅਕਤਿਤਵ ਅਤੇ ਕਰਤਿਤਵ ਨੂੰ ਸਮਰਪਿਤ ਹੈ। ਇਸ ਕਾਂਡ ਵਿਚ ਦੱਸਿਆ ਗਿਆ ਹੈ ਕਿ ਕੰਬੋਜ ਨੂੰ ਪਾਸ਼ ਦੀਆਂ ਕਵਿਤਾਵਾਂ ਨੇ ਕੀਲਿਆ ਹੋਇਆ ਸੀ। ਉਹ ਕੁਲਦੀਪ ਮਾਣਕ ਦੀਆਂ ਕਲੀਆਂ ਵੀ ਗਾਇਆ ਕਰਦਾ ਸੀ। ਸਮੁੱਚੇ ਕਾਵਿ-ਸੰਗ੍ਰਹਿ 'ਉਮਰ ਦੇ ਇਸ ਮੋੜ ਤੀਕ' ਵਿਚ ਨਵੇਂ ਸੂਰਜ (1992), ਜਾਗਦੇ ਅੱਖਰ (1995) ਅਤੇ ਇਕੋ ਜਿਹਾ ਦੁੱਖ (2005) ਦੀਆਂ ਕਵਿਤਾਵਾਂ ਸ਼ਾਮਿਲ ਹਨ। ਦੂਸਰੇ ਕਾਂਡ ਵਿਚ ਕੰਬੋਜ ਕਾਵਿ ਬਾਰੇ ਪ੍ਰਾਪਤ ਆਲੋਚਨਾ ਨਾਲ ਪਾਠਕਾਂ ਦੀ ਜਾਣਕਾਰੀ ਕਰਵਾਈ ਗਈ ਹੈ। ਇਨ੍ਹਾਂ ਵਿਦਵਾਨ ਆਲੋਚਕਾਂ ਵਿਚ ਡਾ: ਪ੍ਰੇਮ ਪ੍ਰਕਾਸ਼ ਸਿੰਘ, ਸੁਰਿੰਦਰ ਧੰਜਲ, ਡਾ: ਬਲਜੀਤ ਕੌਰ, ਪ੍ਰੋ: ਸਤਿੰਦਰ ਸਿੰਘ, ਡਾ: ਕਰਨੈਲ ਸਿੰਘ ਥਿੰਦ ਅਤੇ ਡਾ: ਗੁਰੂਮੇਲ ਸਿੱਧੂ ਆਦਿ ਸ਼ਾਮਿਲ ਹਨ। ਇਸ ਤੋਂ ਅਗਲੇ ਅਧਿਆਵਾਂ ਵਿਚ 'ਜਾਗਦੇ ਅੱਖਰ' ਦੇ ਰਚਨਾਤਮਕ ਸਰੋਕਾਰਾਂ ਦੀ ਚਰਚਾ ਕਰਦਿਆਂ ਵਿਦਵਾਨ ਆਲੋਚਕ ਨੇ ਕੰਬੋਜ-ਕਾਵਿ ਦੀ ਸਾਫ਼ਗੋਈ, ਪਰਵਾਸੀ ਜੀਵਨ ਦੀਆਂ ਚਿੰਤਵਾਵਾਂ ਅਤੇ ਦਮਨਕਾਰੀ ਵੇਰਵਿਆਂ ਦੀ ਨਿਸ਼ਾਨਦੇਹੀ ਕੀਤੀ ਹੈ। 'ਨਵੇਂ ਸੂਰਜ' ਦੇ ਕਾਵਿ ਪੈਰਾਡਾਇਮ ਦੀ ਚਰਚਾ ਕਰਦਿਆਂ ਮੱਧ ਸ਼੍ਰੇਣਿਕ ਨੌਜਵਾਨ ਦਾ ਕ੍ਰੋਧ-ਸਰੂਪ, ਨਵਜੁਝਾਰਵਾਦ ਦੀ ਪ੍ਰਵਿਰਤੀ, ਸੰਭਾਸ਼ਣ ਅਤੇ ਨਾਅਰੇਬਾਜ਼ੀ ਦੀ ਸੰਚਾਰ-ਵਿਧੀ, ਪਰਵਾਸ ਵਿਚ ਮੁਕਤ ਯੌਨ-ਸਬੰਧਾਂ ਨੂੰ ਦਰਸਾਉਂਦਿਆਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੁਖਵਿੰਦਰ ਪਾਸ਼ ਵਾਂਗ ਹੀ ਇਕ ਰੋਹੀਲਾ ਅੰਦਾਜ਼ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ। 'ਇਕੋ ਜਿਹਾ ਦੁੱਖ' ਕਾਵਿ-ਸੰਗ੍ਰਹਿ ਵਿਚੋਂ ਉੱਤਰ-ਆਧੁਨਿਕ ਸਰੋਕਾਰਾਂ ਨੂੰ ਆਲੋਚਨਾ ਦੀ ਚਿਮਟੀ ਨਾਲ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਸਰੋਕਾਰਾਂ ਵਿਚ ਕਵੀ ਦੀ ਦੋਹਰੀ ਜੀਵਨ-ਸ਼ੈਲੀ, ਚੰਗਿਆਈ-ਬੁਰਿਆਈ ਦੀ ਤਮੀਜ਼ ਦਾ ਮਿਟਣਾ, ਆਤਮ-ਚੀਨਨ, ਔਰਤਾਂ ਦੀ ਅਸੁਰੱਖਿਆ, ਚੈਨ ਦੀ ਨੀਂਦ ਦਾ ਖੁਸਣਾ, ਮਹਾਂ-ਦਿਹਾਤਾਂ ਦੀ ਥਾਂ ਲਘੂ-ਬ੍ਰਿਤਾਂਤ ਦੀ ਸਿਰਜਣਾ ਆਦਿ ਸ਼ਾਮਿਲ ਹਨ।
ਸੁਖਵਿੰਦਰ ਕੰਬੋਜ ਦੇ ਸਾਹਿਤਕ ਯੋਗਦਾਨ ਦੀ ਚਰਚਾ ਕਰਦਿਆਂ ਪ੍ਰੋ: ਬ੍ਰਹਮਜਗਦੀਸ਼ ਦਾ ਕਹਿਣਾ ਹੈ ਕਿ ਸੁਖਵਿੰਦਰ ਕੰਬੋਜ ਨੇ ਕੇਵਲ ਵੀਹ-ਪੱਚੀ ਵਰ੍ਹਿਆਂ ਦੀ ਕਾਵਿ-ਸਾਧਨਾ ਨਾਲ ਅਜਿਹਾ ਗੌਰਵਮਈ ਸਥਾਨ ਹਾਸਲ ਕਰ ਲਿਆ ਹੈ ਜੋ ਆਮ ਕਵੀ ਪੰਜਾਹ ਵਰ੍ਹਿਆਂ ਦੇ ਯਤਨਾਂ ਨਾਲ ਵੀ ਕਈ ਵਾਰ ਹਾਸਲ ਕਰਨ ਦੇ ਸਮਰੱਥ ਨਹੀਂ ਹੁੰਦੇ। ਅੰਤਮ ਕਾਂਡ ਵਿਚ ਕੰਬੋਜ ਦੀ ਚੋਣਵੀਂ ਕਵਿਤਾ ਦਿੱਤੀ ਗਈ ਹੈ। ਇੰਜ ਸੁਖਵਿੰਦਰ ਕੰਬੋਜ ਦੀ ਕਵਿਤਾ ਬਾਰੇ ਇਹ ਪੁਸਤਕ ਇਕ ਅਹਿਮ ਦਸਤਾਵੇਜ਼ ਤੋਂ ਨਿਕਲੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-47007.

1-9-2013

 ਆਧੁਨਿਕ ਪੰਜਾਬੀ ਕਵਿਤਾ ਅਤੇ ਅਲੰਕਾਰ
ਲੇਖਕ : ਡਾ: ਗੁਰਪ੍ਰੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 220.

ਪੁਸਤਕ ਦੋ ਖੰਡਾਂ 'ਚ ਵੰਡੀ ਗਈ ਹੈ। ਪਹਿਲਾ ਖੰਡ ਅਲੰਕਾਰ ਦੇ ਸਿਧਾਂਤਕ ਪਰਿਪੇਖ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਾ ਹੈ। ਚਿੰਤਕ ਵਿਦਵਾਨ ਨੇ ਅਲੰਕਾਰ ਦੀ ਮੁਢਲੀ ਜਾਣ-ਪਛਾਣ, ਇਸ ਦੀ ਪਰਿਭਾਸ਼ਾ, ਸਰੂਪ ਅਤੇ ਉੱਘੜਵੇਂ ਲੱਛਣਾਂ ਨੂੰ ਪਛਾਣਦਿਆਂ ਹੋਇਆਂ ਸੰਸਕ੍ਰਿਤ ਸਾਹਿਤ ਤੋਂ ਲੈ ਕੇ ਆਧੁਨਿਕ ਪੰਜਾਬੀ ਕਵਿਤਾ ਵਿਚ ਜੋ ਅਲੰਕਾਰਾਂ ਦਾ ਸਥਾਨ ਅਤੇ ਮਹੱਤਵ ਹੈ, ਇਸ ਸੰਪਰਦਾਇ ਦਾ ਇਤਿਹਾਸਕ ਵਿਕਾਸ ਕ੍ਰਮ, ਵਰਗੀਕਰਨ ਅਤੇ ਸਮੇਂ ਦੇ ਨਾਲ-ਨਾਲ ਅਲੰਕਾਰ ਦੇ ਸਰੂਪ ਦੇ ਵਿਕਾਸ ਨੂੰ ਵੀ ਦੀਰਘ ਦ੍ਰਿਸ਼ਟੀ ਤੋਂ ਪ੍ਰਗਟਾਇਆ ਹੈ। ਇਸ ਉਪਰਾਲੇ ਵਿਚ ਭਰਤ ਮੁਨੀ, ਭਾਮਹ, ਦੰਡੀ, ਉਦਭੱਟ, ਵਾਮਨ, ਰੁਦਰਟ, ਕੁੰਤਕ, ਰਾਜਾ ਭੋਜ, ਮੰਮਟ, ਰੁੱਯਕ, ਸੋਭਾ ਕਰਮਿਤ੍ਰ, ਜੈਦੇਵ, ਵਿਸ਼ਵਨਾਥ ਕਵੀਰਾਜ, ਅੱਪੈਦੀਕਸ਼ਿਤ ਅਤੇ ਪੰਡਿਤ ਰਾਜ ਜਗਨਨਾਥ ਜਿਹੇ ਆਚਾਰੀਆਂ ਦੇ ਮਤਾਂ ਦਾ ਪੁਨਰ ਵਿਸ਼ਲੇਸ਼ਣ ਵੀ ਕੀਤਾ ਹੈ। ਇਨ੍ਹਾਂ ਚਿੰਤਕਾਂ ਦੇ ਵਿਚਾਰਾਂ ਦੇ ਮੰਥਨ ਉਪਰੰਤ ਸਥਾਪਿਤ ਕੀਤੇ ਸ਼ਬਦ ਅਲੰਕਾਰ, ਅਰਥ-ਅਲੰਕਾਰ ਅਤੇ ਸ਼ਬਦਾਰਥ ਅਲੰਕਾਰਾਂ ਵਿਚੋਂ ਛਪੰਜਾ ਵਿਸ਼ੇਸ਼ ਅਲੰਕਾਰ ਉਘਾੜੇ ਹਨ, ਜਿਨ੍ਹਾਂ ਬਾਬਤ ਪੁਸਤਕ ਵਿਚ ਖੂਬ ਜਾਣਕਾਰੀ ਸਮੇਤ ਵਿਹਾਰਿਕ ਪੱਧਤੀ ਦੇ ਅੰਕਿਤ ਕੀਤੀ ਗਈ ਹੈ। ਡਾ: ਗੁਰਪ੍ਰੀਤ ਸਿੰਘ ਨੇ ਸਥਾਪਿਤ ਕੀਤੇ ਇਸ ਅਲੰਕਾਰ ਸਿਧਾਂਤ ਦੀ ਪ੍ਰਸੰਗਤਾ ਵਿਚ ਸਭ ਤੋਂ ਪਹਿਲਾਂ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਨੂੰ ਅਧਿਐਨ ਦਾ ਕੇਂਦਰ ਨਿਰਧਾਰਿਤ ਕੀਤਾ ਹੈ ਅਤੇ ਇਸ ਅਧਿਐਨ ਰਾਹੀਂ ਛਪੰਜਾ ਅਲੰਕਾਰਾਂ ਵਿਚੋਂ ਚਾਤ੍ਰਿਕ ਦੇ 30 ਅਲੰਕਾਰਾਂ ਦੀ ਹੋਂਦ ਨੂੰ ਉਦਾਹਰਨਾਂ ਸਹਿਤ ਪਾਠਕਾਂ ਸਾਹਮਣੇ ਲਿਆਂਦਾ ਹੈ। ਇਸੇ ਤਰ੍ਹਾਂ ਦੀਵਾਨ ਸਿਘ ਕਾਲੇਪਾਣੀ ਦੀ ਕਾਵਿ-ਰਚਨਾ ਵਿਚ 29 ਅਲੰਕਾਰਾਂ ਦੀ ਪਛਾਣ, ਡਾ: ਜਗਤਾਰ ਦੀ ਪਛਾਣ ਅਤੇ ਸ੍ਰੀ ਮੋਹਨਜੀਤ ਦੀ ਕਵਿਤਾ ਵਿਚੋਂ 28 ਅਲੰਕਾਰਾਂ ਦੀ ਵਿਲੱਖਣ ਪਛਾਣ ਨੂੰ ਸਥਾਪਿਤ ਕੀਤਾ ਹੈ। ਇਸ ਤਰ੍ਹਾਂ ਇਹ ਸਮੁੱਚਾ ਕਾਰਜ ਸਿਧਾਂਤ ਅਤੇ ਵਿਹਾਰ ਨੂੰ ਵਿਗਿਆਨਕ ਅਤੇ ਕਾਵਿ-ਸ਼ਾਸਤਰੀ ਨੇਮਾਂ ਦੇ ਅੰਤਰਗਤ, ਨਵੀਨ ਖੋਜ-ਸਿੱਟਿਆਂ ਸਹਿਤ ਪਾਠਕਾਂ, ਵਿਦਵਾਨਾਂ ਦੇ ਸਨਮੁੱਖ ਹੋਇਆ ਹੈ। ਲੇਖਕ ਨੇ ਹੋਰ ਭਾਸ਼ਾਵਾਂ, ਖਾਸ ਕਰਕੇ ਸੰਸਕ੍ਰਿਤ ਭਾਸ਼ਾ ਦੀ ਸ਼ਬਦਾਵਲੀ ਨੂੰ ਤਤਸਮ ਅਤੇ ਤਦਭਵ ਦੋਵਾਂ ਰੂਪਾਂ 'ਚ ਗ੍ਰਹਿਣ ਵੀ ਕੀਤਾ ਹੈ ਅਤੇ ਵਰਤਿਆ ਵੀ ਹੈ। ਹਰ ਅਲੰਕਾਰ ਦੀ ਵਿਉਂਤਪਤੀ, ਉਸ ਦੀ ਵਿਆਖਿਆ ਅਤੇ ਉਦਾਹਰਨ ਨੂੰ ਪੇਸ਼ ਕਰਦੇ ਸਮੇਂ ਲੇਖਕ ਨੇ ਸਰਲਤਾ ਅਤੇ ਸੰਜਮਤਾ ਨੂੰ ਵੀ ਧਾਰਨ ਕਰੀ ਰੱਖਿਆ ਹੈ ਅਤੇ ਸਿਧਾਂਤਕ ਨਿਯਮਾਂਵਲੀ ਨੂੰ ਵੀ ਅਪਣਾਈ ਰੱਖਿਆ ਹੈ। ਇਨ੍ਹਾਂ ਸਭ ਖੂਬੀਆਂ ਸਦਕਾ ਇਹ ਪੁਸਤਕ ਮਿਆਰੀ ਪੁਸਤਕ ਹੋ ਨਿਬੜੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਪੰਜਾਬੀ ਜੰਗਨਾਮੇ
ਲੇਖਕ : ਦਿਲਬਾਰਾ ਸਿੰਘ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 184.

ਵਾਰ, ਕਿੱਸਾ ਤੇ ਜੰਗਨਾਮਾ ਮੱਧਕਾਲ ਵਿਚ ਬੀਰ ਰਸ, ਯੋਧਿਆਂ ਦੇ ਜਸ ਗਾਇਨ ਤੇ ਯੁੱਧ ਵਰਨਣ ਲਈ ਪ੍ਰਾਪਤ ਕਾਵਿ ਰੂਪ ਹਨ। ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਅੰਗਰੇਜ਼ਾਂ ਤੇ ਸਿੱਖਾਂ ਦੇ ਯੁੱਧ ਨੂੰ ਪੰਜਾਬ ਵਿਚ ਅੰਗਰੇਜ਼ਾਂ ਦੀ ਤੀਜੀ ਜਾਤ ਦੇ ਪ੍ਰਵੇਸ਼ ਵਜੋਂ ਵੇਖਿਆ। ਮਹਾਂਬਲੀ ਰਣਜੀਤ ਤੇ ਪੰਜਾਬ ਨਾਲ ਉਸ ਦਾ ਮੋਹ ਇਸ ਰਚਨਾ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਸ ਸਨਾਤਨੀ ਮਹੱਤਵ ਤੇ ਉੱਚ ਪਾਏ ਦੀ ਸਾਹਿਤਕਤਾ ਵਾਲੀ ਰਚਨਾ ਨੂੰ ਕੋਈ ਵਾਰ ਕਹਿੰਦਾ ਹੈ, ਕੋਈ ਕਿੱਸਾ ਅਤੇ ਕੋਈ ਜੰਗਨਾਮਾ। ਡਾ: ਦਿਲਬਾਗ ਸਿੰਘ ਬਾਜਵਾ ਨੇ ਕਿੱਸਾ, ਵਾਰ ਅਤੇ ਜੰਗਨਾਮੇ ਦੀ ਪਰਿਭਾਸ਼/ਤੱਤਾਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਉਪਰੰਤ ਇਸ ਨੂੰ ਇਕ ਜੰਗਨਾਮੇ ਵਜੋਂ ਨਿਰਖਿਆ ਪਰਖਿਆ ਹੈ।
ਡਾ: ਬਾਜਵਾ ਦੀ ਇਹ ਪੁਸਤਕ ਉਸ ਦੇ ਕਿਸੇ ਵਡੇਰੇ/ਲੰਬੇਰੇ ਖੋਜ ਕਾਰਜ ਦਾ ਹਿੱਸਾ ਪ੍ਰਤੀਤ ਹੁੰਦੀ ਹੈ। ਇਸ ਦੇ ਹਵਾਲੇ ਵੀ ਕੁਝ ਇੰਜ ਦਾ ਹੀ ਸੰਕੇਤ ਕਰਦੇ ਹਨ। ਜੰਗਨਾਮਾ ਸ਼ਾਹ ਮੁਹੰਮਦ ਬਾਰੇ ਵਿਸਤ੍ਰਿਤ ਵਿਸ਼ਲੇਸ਼ਣ ਦੀ ਥਾਂ ਇਸ ਪੁਸਤਕ ਵਿਚ ਇਸ ਰਚਨਾ ਦਾ ਰੂਪਾਕਾਰ ਨਿਸ਼ਚਿਤ ਕਰਨ, ਜੰਗਨਾਮਾ ਦਾ ਵਾਰ ਤੇ ਕਿੱਸਾ ਨਾਲੋਂ ਨਿਖੇੜਾ ਸਥਾਪਤ ਕਰਨ, ਜੰਗਨਾਮਿਆਂ ਦਾ ਇਤਿਹਾਸ ਤੇ ਸੰਰਚਨਾਗਤ ਵਿਲੱਖਣਤਾ ਪੇਸ਼ ਕਰਨ ਦਾ ਉਪਰਾਲਾ ਹੀ ਲੇਖਕ ਨੇ ਕੀਤਾ ਹੈ। ਇਹ ਸਾਰਾ ਕੁਝ ਪੁਸਤਕ ਦੇ ਪਹਿਲੇ ਤਿੰਨ ਅਧਿਆਵਾਂ ਵਿਚ ਅੰਕਿਤ ਹੈ।
ਪੁਸਤਕ ਦੇ ਦੂਜੇ ਭਾਗ ਵਿਚ ਤਿੰਨ ਜੰਗਨਾਮਿਆਂ ਦਾ ਮੂਲ ਪਾਠ ਪ੍ਰਾਪਤ ਹੈ। ਇਹ ਜੰਗਨਾਮੇ ਹਨ : ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਇਸੇ ਜੰਗ ਬਾਰੇ ਮਟਕ ਦਾ ਜੰਗਨਾਮਾ ਅਤੇ ਮੁਕਬਲ ਰਚਿਤ ਹਸਨ ਹੁਸੈਨ ਦਾ ਜੰਗਨਾਮਾ। ਪਹਿਲੇ ਦੋ ਜੰਗਨਾਮੇ ਤਾਂ ਇਕੋ ਘਟਨਾਚੱਕਰ ਨਾਲ ਸਬੰਧਤ ਹਨ ਪ੍ਰੰਤੂ ਮੁਕਬਲ ਵਾਲਾ ਜੰਗਨਾਮਾ ਅਸਲੋਂ ਵੱਖਰੇ ਵਿਸ਼ੇ/ਪਾਤਰਾਂ ਨਾਲ ਸਬੰਧਤ ਹੈ। ਮਟਕ ਦੇ ਜੰਗਨਾਮੇ ਦਾ ਪਾਠ ਬਹੁਤ ਘੱਟ ਲੋਕਾਂ ਨੇ ਪੜ੍ਹਿਆ ਹੈ। ਪਾਠਕਾਂ ਨੂੰ ਇਸ ਵਿਚੋਂ ਕਾਫੀ ਕੁਝ ਮਿਲੇਗਾ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਸਾਉਣ ਦਾ ਵਣਜਾਰਾ
ਲੇਖਕ : ਰਾਜ ਜ਼ਖਮੀ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 120.

ਇਸ ਕਾਵਿ ਸੰਗ੍ਰਹਿ 'ਸਾਉਣ ਦਾ ਵਣਜਾਰਾ' ਵਿਚ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਿਲ ਹਨ। ਇਸ ਰਚਨਾ ਦੇ ਵਿਸ਼ੇ ਧੀਆਂ-ਧਿਆਣੀਆਂ ਨਾਲ ਵਾਪਰੀਆਂ ਹੱਡ ਬੀਤੀਆਂ, ਮੁਟਿਆਰਾਂ ਦੇ ਧੋਖੇ ਨਾਲ ਵਿਆਹ, ਭਰੂਣ ਹੱਤਿਆ, ਭੈਣ ਭਰਾ ਦਾ ਅਟੁੱਟ ਬੰਧਨ, ਫ਼ੌਜੀ ਦੀ ਪਤਨੀ ਦੇ ਜਜ਼ਬਾਤ, ਪੰਜਾਬਣ ਦਾ ਦੇਸ਼ ਪਿਆਰ, ਵਿਛੋੜੇ ਦਾ ਦਰਦ, ਮਿਲਾਪ ਦੀ ਤਾਂਘ, ਪੰਜਾਬੀ ਜੀਵਨ ਦੇ ਭੁੱਲੇ ਵਿਸਰੇ ਜਾਂਦੇ ਸੰਦ-ਵਸਤਾਂ ਦਾ ਵਰਨਣ, ਦੇਸ਼ ਪਿਆਰ ਤੇ ਭਾਰਤ ਦੇ ਨਾਮੀ ਸ਼ਹੀਦਾਂ ਯੋਧਿਆਂ ਦੀ ਮਹਾਨਤਾ ਤੇ ਕੁਰਬਾਨੀਆਂ ਨਾਲ ਜੁੜੇ ਹੋਏ ਹਨ। ਜਦੋਂ ਲੇਖਕ ਧੀ ਦੀ ਮਹੱਤਤਾ ਨੂੰ ਬਿਆਨਦਾ ਹੈ ਤਾਂ ਆਪ ਮੁਹਾਰੇ ਧੀਆਂ ਉਤੇ ਫ਼ਖ਼ਰ ਕਰਨ ਤੇ ਮਨ ਉਤਾਵਲਾ ਹੋ ਉੱਠਦਾ ਹੈ-
ਮੇਰੇ ਦੇਸ਼ ਦੇ ਵਾਸੀਓ! ਧੀਆਂ ਦੀ ਕਰੋ ਤੁਸੀਂ ਪਹਿਚਾਨ।
ਇਹ ਪੁੱਤ ਤੋਂ ਕੋਈ ਘੱਟ ਨਾ, ਕਰਨ ਦੇਸ਼ ਲਈ ਜਿੰਦ ਕੁਰਬਾਨ।
'ਆ ਗਿਆ ਸਾਉਣ' ਕਵਿਤਾ ਪੁਸਤਕ ਦੇ ਸਿਰਲੇਖ ਨੂੰ ਉਭਾਰਦੀ ਹੈ ਤੇ ਹੋਰ ਗੀਤ ਸਾਵਣ ਮਹੀਨੇ ਵਿਚ ਬਿਰਹਣ ਦੀ ਤੜਪ, ਵਿਯੋਗ ਤੇ ਦਰਦ ਦਾ ਸੁਨੇਹਾ ਦਿੰਦੇ ਹਨ। ਟੱਪੇ ਬੋਲੀਆਂ ਪੰਜਾਬੀ ਸੱਭਿਆਚਾਰ ਦਾ ਬਾਖੂਬੀ ਚਿਤਰਨ ਹਨ ਤੇ ਪੰਜਾਬਣ ਨਾਰ ਦਾ ਰੂਪ ਵੇਖਣ ਵਾਲਾ ਹੈ-
ਪੰਜ ਪਾਣੀ ਮੈਨੂੰ ਪੂਜਦੇ ਤੇ ਦੁਨੀਆ ਕਰੇ ਸਲਾਮ
ਚੰਨ ਬੁੱਕਲ ਵਿਚ ਬੈਠਦਾ ਤੇ ਤਾਰੇ ਕਰਾਂ ਗੁਲਾਮ।
ਮੈਨੂੰ ਗੁੜ੍ਹਤੀ ਵਿੱਦਿਆ ਮਾਂ ਦੀ, ਮੈਂ ਭਗਤ ਸਿੰਘ ਦੀ ਭੈਣ,
ਮੇਰੇ ਸਿਰ 'ਤੇ ਹੱਥ ਦਸਮੇਸ਼ ਦਾ ਸਭ ਚੰਗੀ ਮੈਨੂੰ ਕਹਿਣ।
ਕਲਪਨਾ ਚਾਵਲਾ ਔਰਤ ਦੇ ਮਾਣ-ਸਨਮਾਨ ਦਾ ਮਾਣ ਮੱਤਾ ਨਾਂਅ ਹੈ। ਅੰਤਲੀਆਂ ਕੁਝ ਕਵਿਤਾਵਾਂ ਵਿਚ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ, ਚਾਚਾ ਨਹਿਰੂ, ਤੀਰਥ ਗੋਸੁਆਮੀ, ਗੁਰੂ ਨਾਨਕ ਦੇਵ ਜੀ, ਭੈਣ ਨਾਨਕੀ, ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਤ ਸ਼ਤ ਪ੍ਰਣਾਮ ਕੀਤਾ ਹੈ, ਨਤਮਸਤਕ ਹੋਇਆ ਹੈ ਲੇਖਕ, ਜੋ ਉਸ ਦੀ ਧਾਰਮਿਕ ਰੁਚੀ ਦਾ ਲਖਾਇਕ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਮਾਰਕਸਵਾਦੀ ਪੰਜਾਬੀ ਗਲਪ
ਆਲੋਚਨਾ-ਦ੍ਰਿਸ਼ਟੀ
ਲੇਖਕ : ਡਾ: ਹਰਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 200.

ਗ਼ੈਰ-ਮਾਰਕਸਵਾਦੀ ਚਿੰਤਕਾਂ ਦੇ ਕੂੜ-ਪ੍ਰਚਾਰ ਦੇ ਬਾਵਜੂਦ ਮਾਰਕਸਵਾਦ ਪਿਛਲੇ ਕਈ ਦਹਾਕਿਆਂ ਤੋਂ ਮਹੱਤਵਪੂਰਨ ਵਿਸ਼ਵ-ਦ੍ਰਿਸ਼ਟੀਕੋਣ ਵਜੋਂ ਸਰਗਰਮ ਹੈ। 'ਇਤਿਹਾਸ ਦਾ ਅੰਤ' ਕਹਿਣ/ਕਰਨ ਵਾਲੇ ਖ਼ੁਦ ਆਪਣਾ ਅੰਤ ਕਰਵਾਈ ਬੈਠੇ ਹਨ। ਅਜਿਹੇ ਸਮੇਂ ਮਾਰਕਸਵਾਦ ਉਪਰ ਨਵੀਂ ਪੀੜ੍ਹੀ ਵੱਲੋਂ ਆਏ ਦਿਨ ਨਵਾਂ ਕੰਮ ਹੋ ਰਿਹਾ ਹੈ। ਪੰਜਾਬੀ ਮਾਰਕਸਵਾਦੀ ਆਲੋਚਨਾ ਦੀ ਅਮੀਰ ਪਰੰਪਰਾ ਹੈ। ਆਪਣੀਆਂ ਸਮਕਾਲੀ ਆਲੋਚਨਾ ਪੱਧਤੀਆਂ ਨੂੰ ਪਿਛਾੜਦੀ ਹੋਈ ਇਹ ਆਲੋਚਨਾ ਨਿਰੰਤਰ ਵਿਕਾਸ ਕਰ ਰਹੀ ਹੈ। ਇਸ ਆਲੋਚਨਾ ਵਿਚੋਂ ਗਲਪ ਆਲੋਚਨਾ ਦੀ ਧਾਰਾ ਇਕ ਸਮਰੱਥ ਤੇ ਸ਼ਕਤੀਸ਼ਾਲੀ ਵੰਨਗੀ ਹੈ, ਜਿਸ ਨੇ ਪੰਜਾਬੀ ਗਲਪ ਦੀਆਂ ਤਹਿਆਂ ਦੀ ਪੜਚੋਲ ਕੀਤੀ ਹੈ। ਹੱਥਲੀ ਪੁਸਤਕ ਪੰਜਾਬੀ ਮਾਰਕਸਵਾਦੀ ਗਲਪ ਚਿੰਤਨ ਦਾ ਵਿਸ਼ਲੇਸ਼ਣ ਕਰਦਿਆਂ ਪੰਜਾਬੀ ਗਲਪ ਆਲੋਚਕਾਂ ਦੇ ਪ੍ਰਸੰਗ ਵਿਚ ਆਪਣਾ ਅਧਿਐਨ ਪੇਸ਼ ਕਰਦੀ ਹੈ। ਪੰਜਾਬੀ ਮਾਰਕਸਵਾਦੀ ਗਲਪ ਆਲੋਚਨਾ ਦੇ ਦੂਜੀ ਤੇ ਤੀਜੀ ਪੀੜ੍ਹੀ ਦੇ ਪ੍ਰਮੁੱਖ ਆਲੋਚਕਾਂ ਦੇ ਕਾਰਜ ਨੂੰ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ। ਡਾ: ਟੀ. ਆਰ. ਵਿਨੋਦ, ਡਾ: ਜੋਗਿੰਦਰ ਸਿੰਘ ਰਾਹੀ, ਡਾ: ਕੇਸਰ ਸਿੰਘ ਕੇਸਰ, ਡਾ: ਹਰਿਭਜਨ ਸਿੰਘ ਭਾਟੀਆ, ਡਾ: ਸੁਰਿੰਦਰ ਕੁਮਾਰ ਦਵੇਸ਼ਵਰ, ਡਾ: ਰਜਨੀਸ਼ ਬਹਾਦਰ ਸਿੰਘ ਅਤੇ ਸ: ਸੁਰਜੀਤ ਗਿੱਲ ਦੀ ਗਲਪ ਆਲੋਚਨਾ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਦਸ ਅਧਿਆਇ ਅਧੀਨ ਗਲਪ ਚਿੰਤਨ ਦੀ ਵਿਚਾਰਧਾਰਕ ਸਮੀਖਿਆ ਕੀਤੀ ਗਈ ਹੈ।
ਵੱਖਰੀ ਗੱਲ ਹੈ ਕਿ ਅਜਿਹੀ ਆਲੋਚਨਾ ਵਿਦਿਅਕ ਲੋੜਾਂ ਲਈ ਨਿਰਧਾਰਿਤ ਚੌਖਟੇ ਨੂੰ ਸਨਮੁੱਖ ਰੱਖ ਕੇ ਕੀਤੀ ਜਾਂਦੀ ਹੈ, ਸੁਤੰਤਰ ਹੋ ਕੇ ਨਹੀਂ। ਅਜਿਹੀ ਆਲੋਚਨਾ ਵਿਚ ਨਵੀਂ ਗੱਲ ਕੋਈ ਨਹੀਂ ਕੀਤੀ ਹੁੰਦੀ ਸਗੋਂ ਪੁਰਾਤਨ ਵਿਧੀਆਂ ਤੇ ਪੁਸਤਕਾਂ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ। ਇਹ ਆਲੋਚਨਾ ਪੁਸਤਕ ਵੀ ਇਸੇ ਕੋਟੀ ਵਿਚ ਹੀ ਆਉਂਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਚੇਤਿਆਂ ਦੀ ਚਿਲਮਨ
ਲੇਖਕ : ਜਰਨੈਲ ਸਿੰਘ ਸੇਖਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 172.

ਜਰਨੈਲ ਸਿੰਘ ਸੇਖਾ, ਪੰਜਾਬੀ ਪਰਵਾਸੀ ਗਲਪਕਾਰਾਂ ਵਿਚ ਇਕ ਮਹੱਤਵਪੂਰਨ ਨਾਂਅ ਹੈ, ਜਿਸ ਨੇ ਅਨੇਕ ਕਹਾਣੀ ਸੰਗ੍ਰਹਿ ਤੇ ਨਾਵਲ ਸਿਰਜਣਾ ਰਾਹੀਂ ਪੰਜਾਬੀ ਸਾਹਿਤ ਖੇਤਰ ਵਿਚ ਆਪਣਾ ਨਾਂਅ ਸਥਾਪਿਤ ਕੀਤਾ ਹੈ। ਚੇਤਿਆਂ ਦੀ ਚਿਲਮਨ, ਲੇਖਕ ਦੀ ਨਵੀਂ ਪੁਸਤਕ ਹੈ ਜਿਸ ਵਿਚ ਉਸ ਨੇ ਆਪਣੇ ਬਚਪਨ/ਲੜਕਪਨ ਦੀਆਂ ਜੀਵਨ ਯਾਦਾਂ ਨੂੰ ਸੰਕਲਿਤ ਕੀਤਾ ਹੈ। ਇਸ ਸੰਗ੍ਰਹਿ ਵਿਚ ਲੇਖਕ ਆਪਣੇ ਬਚਪਨ, ਆਪਣੇ ਪਿੰਡ, ਆਪਣੇ ਮਾਤਾ, ਪਿਤਾ, ਭੈਣ, ਭਰਾਵਾਂ ਨਾਲ ਜੁੜੀਆਂ ਨਿੱਕੀਆਂ-ਨਿੱਕੀਆਂ ਯਾਦਾਂ ਨੂੰ ਕਲਮਬੱਧ ਕਰਦਾ ਹੈ। ਇਨ੍ਹਾਂ ਵਿਚ ਉਹ ਬਹੁਤ ਹੀ ਸਰਲ ਸਹਿਜ ਬਿਰਤਾਂਤ ਰਾਹੀਂ ਆਪਣੇ ਜੀਵਨ ਦੇ ਪਹਿਲੇ ਹਿੱਸੇ ਨਾਲ ਸਬੰਧਤ ਵਿਅਕਤੀਆਂ ਨੂੰ ਪੁਨਰ ਚਿਤਰਿਤ ਕਰਦਾ ਹੈ। ਇਸੇ ਬਹਾਨੇ ਉਹ ਅੱਜ ਦੇ ਪੰਜਾਹ ਵਰ੍ਹੇ ਪਹਿਲਾਂ ਦੇ ਪੇਂਡੂ ਵਿਸ਼ੇਸ਼ ਕਰ ਮਲਵਈ ਸੱਭਿਆਚਾਰ ਵਿਚਲੇ ਰਸਮਾਂ, ਰਿਵਾਜਾਂ, ਮਨਾਉਤਾਂ, ਖੇਡਾਂ, ਰਿਸ਼ਤਿਆਂ, ਗੁਰਦੁਆਰਿਆਂ, ਡੇਰਿਆਂ, ਸਮਾਧਾਂ, ਕੰਮ ਧੰਦਿਆਂ ਬਾਰੇ ਵੀ ਅਚੇਤ ਸੁਚੇਤ ਪਾਠਕ ਨੂੰ ਜਾਣੂ ਕਰਵਾਉਂਦਾ ਹੈ। ਪੁਰਾਤਨ ਪਿੰਡਾਂ ਦੀਆਂ ਆਰਥਿਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਸਥਿਤੀਆਂ ਦਾ ਵਰਨਣ ਵੀ ਲੇਖਕ ਬਹੁਤ ਹੀ ਸਹਿਜ ਸੁਭਾਵਿਕ ਢੰਗ ਨਾਲ ਪੇਸ਼ ਕਰਦਾ ਹੈ। ਚੇਤਿਆਂ ਵਿਚੋਂ ਵਿਸਰ ਰਹੇ ਸੱਭਿਆਚਾਰਕ ਸ਼ਬਦਾਂ ਤੇ ਸਮਾਜਿਕ ਸੱਭਿਆਚਾਰਕ ਵਰਤਾਰੇ ਨੂੰ ਦਸਤਾਵੇਜ਼ੀ ਰੂਪ ਵਿਚ ਦ੍ਰਿਸ਼ਟੀਗੋਚਰ ਕਰਦੀ ਇਸ ਪੁਸਤਕ ਲਈ ਲੇਖਕ ਮੁਬਾਰਕ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਸੋਚਾਂ ਦੇ ਸਿਰਨਾਵੇਂ
ਲੇਖਿਕਾ : ਗੁਰਦੀਸ਼ ਕੌਰ ਗਰੇਵਾਲ
ਪ੍ਰਕਾਸ਼ਕ : ਫੇਮ ਡਾਇਰੈਕਟਰੀ ਪਬਲੀਕੇਸ਼ਨਜ (ਰਜਿ:) ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120.

ਇਕ ਪ੍ਰੌੜ ਕਵਿੱਤਰੀ ਤੇ ਨਿਬੰਧਕਾਰ ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਜ਼ਿੰਦਗੀ ਦੇ ਹੰਢਾਏ ਹੋਏ ਤਜਰਬਿਆਂ ਅਤੇ ਸੂਖਮ ਅਨੁਭਵਾਂ ਨੂੰ ਕਸ਼ੀਦ ਕੇ ਪੁਸਤਕ 'ਸੋਚਾਂ ਦੇ ਸਿਰਨਾਵੇਂ' ਪਾਠਕਾਂ ਨੂੰ ਪੇਸ਼ ਕੀਤੀ ਹੈ। ਪੁਸਤਕ ਵਿਚ ਪਰਿਵਾਰਕ, ਸਮਾਜਿਕ, ਸਾਹਿਤਕ ਅਤੇ ਸਿਹਤ ਸੰਭਾਲ ਮੁੱਖ ਟਾਈਟਲਾਂ ਹੇਠ, ਚਾਰ-ਚਾਰ, ਪੰਜ-ਪੰਜ ਨਿਬੰਧ ਸ਼ਾਮਿਲ ਕੀਤੇ ਗਏ ਹਨ। ਲੇਖਿਕਾ ਨੇ ਆਮ ਜ਼ਿੰਦਗੀ ਵਿਚਲੇ ਸਰੋਕਾਰਾਂ ਨੂੰ ਕੇਂਦਰ ਵਿਚ ਰੱਖ ਕੇ ਵਿਸ਼ਾ ਚੋਣ ਕੀਤੀ ਹੈ। ਪਰਿਵਾਰ ਸਮਾਜ ਦੀ ਇਕਾਈ ਹੈ ਇਸ ਲਈ ਇਸ ਧੁਰੇ ਨਾਲ ਜੁੜੇ ਭਰੂਣ ਹੱਤਿਆ, ਬਜ਼ੁਰਗਾਂ ਦੇ ਦੁਖੜੇ, ਪਰਿਵਾਰਕ ਗੁੰਝਲਾਂ ਆਦਿ ਨੂੰ ਪੇਸ਼ ਕੀਤਾ ਹੈ। ਜਿਵੇਂ ਪੈਲਸ ਕਲਚਰ, ਨਸ਼ੇ, ਅੰਧ-ਵਿਸ਼ਵਾਸ, ਮਨੁੱਖ ਦੀ ਖੁਰਦੀ ਹੋਂਦ, ਸਾੜਾ ਆਦਿ ਨੂੰ ਚਿਤਰਿਆ ਹੈ। ਇੰਜ ਹੀ ਸਾਹਿਤ ਸਮਾਜ ਦਾ ਦਰਪਣ ਹੈ। ਇਸ ਵਿਚ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ, ਮਾਂ ਬੋਲੀ ਅਤੇ ਲੇਖਕੀ ਸੋਚ ਤੇ ਚਿੰਤਨ ਨੂੰ ਸੂਖਮਤਾ ਨਾਲ ਬਿਆਨਿਆ ਗਿਆ ਹੈ। ਸਭ ਤੋਂ ਅਖੀਰ ਵਿਚ ਸਿਹਤ ਸੰਭਾਲ ਨਾਲ ਜੁੜੇ ਮਸਲਿਆਂ, ਤਣਾਅ, ਸੋਰ, ਰਸੋਈ-ਘਰੇਲੂ ਇਲਾਜ ਅਤੇ ਖੁਸ਼ਗਵਾਰ ਮਾਹੌਲ ਦੀ ਸੰਗਤ ਆਦਿ ਦੇ ਬਹਾਨੇ ਵਡਮੁੱਲੇ ਤੇ ਸਸਤੇ ਨੁਸਖੇ ਵੀ ਪਾਠਕਾਂ ਨੂੰ ਭੇਟ ਕੀਤੇ ਹਨ। ਇੰਜ ਲੇਖਕਾਂ ਵੱਲੋਂ ਕੀਤੇ ਵਿਸ਼ਿਆਂ ਦੀ ਚੋਣ ਤਾਂ ਸ਼ਲਾਘਾਯੋਗ ਹੈ ਹੀ, ਇਸ ਦੇ ਨਾਲ-ਨਾਲ ਲੇਖਕਾਂ ਦੀ ਭਾਸ਼ਾ-ਸ਼ੈਲੀ ਵੀ ਬਹੁਤ ਸਰਲ, ਸਹਿਜ ਸੰਜਮਤਾ ਤੇ ਸੂਝਬੂਝ ਵਾਲੀ ਹੈ। ਹਾਲਾਂਕਿ ਇਨ੍ਹਾਂ ਲੇਖਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਪਾਠਕ ਪਹਿਲੋਂ ਹੀ ਜਾਣੂ ਹੋ ਸਕਦਾ ਹੈ ਪਰ ਲੇਖਕਾਂ ਵੱਲੋਂ ਤਰਕਸ਼ੀਲ-ਵਿਗਿਆਨਕ ਦ੍ਰਿਸ਼ਟੀਕੋਣ ਤੇ ਕਾਵਿ ਟੁਕੜੀਆਂ ਰਾਹੀਂ ਆਪਣੀ ਗੱਲ ਨੂੰ ਪੁਖ਼ਤਾ ਕਰਨ ਨਾਲ ਇਹ ਲੇਖ ਰੌਚਿਕਤਾ ਅਤੇ ਗਿਆਨ ਭਰਪੂਰ ਹੋ ਗਏ ਹਨ।

-ਧਰਮਪਾਲ ਸਾਹਿਲ
ਮੋ: 98761-56964.

ਮਹਾਨ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ ਜੀ
ਸੰਪਾਦਕ : ਪ੍ਰਿੰ: ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਮਾਈ ਹੀਰਾਂ ਗੇਟ, ਜਲੰਧਰ
ਮੁੱਲ : 180 ਰੁਪਏ, ਸਫ਼ੇ : 159.

ਗਿਆਨੀ ਦਿੱਤ ਸਿੰਘ ਪੰਜਾਬ ਦੇ ਚੌਣਵੇਂ ਪ੍ਰਬੁੱਧ ਬੁੱਧੀਜੀਵੀਆਂ ਵਿਚੋਂ ਸਨ, ਜਿਨ੍ਹਾਂ ਨੇ ਪੰਜਾਬ ਦੀ ਸੰਸਕ੍ਰਿਤੀ, ਸੱਭਿਆਚਾਰ, ਭਾਸ਼ਾ, ਇਤਿਹਾਸ ਅਤੇ ਸਿੱਖ ਸਮਾਜ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹ ਪਛੜੇ ਇਲਾਕੇ ਦੇ ਨਿਮਨ ਵਰਗ ਦੇ ਪਰਿਵਾਰ ਵਿਚੋਂ ਜਨਮ ਲੈ ਕੇ, ਆਪਣਾ ਸੰਘਰਸ਼ਮਈ ਜੀਵਨ ਜਿਊਂਦਿਆਂ, ਆਪਣੀ ਮਿਹਨਤ, ਲਗਨ, ਸਿਆਣਪ ਅਤੇ ਵਿਦਵਤਾ ਦੇ ਬਲਬੂਤੇ ਅਜਿਹੇ ਮਿਸਾਲੀ ਕਾਰਜ ਕਰ ਗਏ ਜਿਹੜੇ ਰਹਿੰਦੀ ਦੁਨੀਆ ਤੱਕ ਮੀਲ ਪੱਥਰ ਬਣੇ ਰਹਿਣਗੇ। ਇਕ ਸਮਾਜ ਸੁਧਾਰਕ ਵਜੋਂ ਉਨ੍ਹਾਂ ਦੀ ਅਦੁੱਤੀ ਦੇਣ ਹੈ। ਉਨ੍ਹਾਂ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ 'ਸਿੰਘ ਸਭਾ ਲਹਿਰ' ਤੇ 'ਖਾਲਸਾ ਦੀਵਾਨ' ਦੀ ਸਥਾਪਨਾ ਕੀਤੀ ਅਤੇ ਵਿੱਦਿਆ ਦੇ ਪਸਾਰ ਲਈ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿਚ ਵਡਮੁੱਲਾ ਯੋਗਦਾਨ ਪਾਇਆ। ਇਕ ਵਿਦਵਾਨ ਲੇਖਕ ਦੇ ਤੌਰ 'ਤੇ ਵੀ ਉਨ੍ਹਾਂ ਦੀ ਕੀਰਤੀ ਵਿਸਾਰੀ ਨਹੀਂ ਜਾ ਸਕਦੀ। ਉਹ ਮਾਂ ਬੋਲੀ ਪੰਜਾਬੀ ਦੇ ਮੋਢੀ ਪੱਤਰਕਾਰ ਸਨ। ਉਨ੍ਹਾਂ ਦੀ ਸੰਪਾਦਨਾ ਹੇਠ ਨਿਕਲ ਰਹੇ 'ਖਾਲਸਾ ਅਖ਼ਬਾਰ' ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਿੰਸੀਪਲ ਪਾਖਰ ਸਿੰਘ ਨੇ ਗਿਆਨੀ ਦਿੱਤ ਸਿੰਘ ਦੀ ਸਮੁੱਚੀ ਘਾਲਣਾ ਨੂੰ ਜੱਗ ਜ਼ਾਹਰ ਕਰਨ ਲਈ 'ਮਹਾਨ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ' ਵਰਗੀ ਦਸਤਾਵੇਜ਼ੀ ਪੁਸਤਕ ਦੀ ਸੰਪਾਦਨਾ ਕਰਕੇ ਇਕ ਸ਼ਲਾਘਾਯੋਗ ਕਾਰਜ ਕੀਤਾ ਹੈ, ਜਿਸ ਦੇ ਲਈ ਉਹ ਵਧਾਈ ਦੇ ਹੱਕਦਾਰ ਹਨ। ਇਸ ਪੁਸਤਕ ਵਿਚ ਗਿਆਨੀ ਦਿੱਤ ਸਿੰਘ ਦੇ ਬਹੁ-ਦਿਸ਼ਾਵੀ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਵਿਦਵਾਨ ਲੇਖਕਾਂ ਦੀਆਂ ਵਡਮੁੱਲੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪ੍ਰਿੰ: ਪਾਖਰ ਸਿੰਘ ਦੀ 'ਮਹਾਨ ਸ਼ਖ਼ਸੀਅਤ ਗਿਆਨੀ ਦਿੱਤ ਸਿੰਘ', ਪੂਰਨ ਸਿੰਘ ਪਾਖੀ ਦੀ 'ਬਹੁ ਮੰਤਵੀ ਸੰਸਥਾ ਵਰਗੇ : ਗਿਆਨੀ ਦਿੱਤ ਸਿੰਘ', ਡਾ: ਸ਼ਰਨਜੀਤ ਕੌਰ ਦੀ 'ਪੰਜਾਬੀ ਵਾਰਤਕ ਦੀ ਜੀਵੰਤ ਚਿੰਤਨ ਚੇਤਨਾ', ਹਰਚੰਦ ਸਿੰਘ ਬਾਸੀ ਦੀ 'ਰੱਕੜਾਂ ਵਿਚ ਉੱਗਿਆ ਸੁਗੰਧੀ ਵਾਲਾ ਫੁੱਲ', ਪ੍ਰੋ: ਮਧੂ ਸ਼ਰਮਾ ਦੀ 'ਪੰਜਾਬੀ ਪੱਤਰਕਾਰੀ ਦਾ ਪਿਤਮਾ ਗਿ: ਦਿੱਤ ਸਿੰਘ', ਪ੍ਰੋ: ਵਰਿੰਦਰ ਕੌਰ ਭਾਟੀਆ ਦੀ 'ਗਿਆਨੀ ਦਿੱਤ ਸਿੰਘ ਦੀ ਰਚਨਾ ਦੇ ਸਾਹਿਤ ਇਤਿਹਾਸ-ਮੂਲਕ ਸਰੋਕਾਰ', ਡਾ: ਸੁਖਵੀਰ ਕੌਰ ਦੀ 'ਗਿ: ਦਿੱਤ ਸਿੰਘ ਦੀ ਸਿੱਖ ਧਰਮ ਨੂੰ ਅਦੁੱਤੀ ਦੇਣ', ਕਿਰਪਾਲ ਸਿੰਘ ਦਰਦੀ ਦੀ 'ਗਿ: ਦਿੱਤ ਸਿੰਘ ਦੇ ਪ੍ਰਚਾਰ ਦਾ ਸਿੱਖ ਜਗਤ 'ਤੇ ਪ੍ਰਭਾਵ', ਅਜੀਤ ਸਿੰਘ ਰੱਖੜਾ ਦੀ 'ਗਿਆਨੀ ਦਿੱਤ ਸਿੰਘ ਇਕ ਜਾਗਰੂਕ ਇਨਸਾਨ' ਅਤੇ ਪ੍ਰਿੰ: ਪਾਖਰ ਸਿੰਘ ਦੀ 'ਸਿੱਖੀ ਦੀ ਅਜੋਕੀ ਦਿਸ਼ਾ' ਆਦਿ ਰਚਨਾਵਾਂ ਤੋਂ ਇਲਾਵਾ ਵਿਦਵਾਨ ਸੰਪਾਦਕ ਨੇ ਗਿਆਨੀ ਦਿੱਤ ਸਿੰਘ ਦੀ ਰਚਨਾ 'ਪੰਡਤ ਦਿਆ ਨੰਦ ਨਾਲ ਮੇਰਾ ਸੰਵਾਦ' ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕਰਕੇ ਇਸ ਦੀ ਸਾਰਥਕਤਾ ਨੂੰ ਦੋਬਾਲਾ ਕਰ ਦਿੱਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਜਾਗ ਮਨੁੱਖਾ ਕਰੀਏ ਹੀਲੇ
ਲੇਖਕ : ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ : ਨਵ-ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 168.

ਪੁਸਤਕ ਦੇ ਲੇਖਕ ਬੰਤਾ ਸਿੰਘ ਘੁਡਾਣੀ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ ਤੇ ਨਿਥਾਣਿਆਂ ਦੇ ਹਿਤ ਵਿਚ ਲਿਖਣ ਵਾਲਾ ਕਵੀ ਹੈ। ਉਹ ਹੁਣ ਤੱਕ ਅੱਧੀ ਦਰਜਨ ਦੇ ਲਗਭਗ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਸਾਰੀਆਂ ਕਵਿਤਾਵਾਂ ਵਿਚ ਸਮਾਜ ਵਿਚ ਵਧ ਰਹੇ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਅਤੇ ਧਰਮਾਂ ਬਾਰੇ ਪ੍ਰਚਲਿਤ ਸੋਚ, ਸੌੜੀ ਧਾਰਨਾ ਬਦਲਣ ਲਈ ਅੱਜ ਵੱਡੇ ਯਤਨਾਂ ਦੀ ਲੋੜ ਹੈ। ਅੱਜ ਸਮਾਜ ਦੇ ਨੌਜਵਾਨ ਵਰਗ ਨੂੰ ਗਰੀਬੀ-ਅਮੀਰੀ, ਊਚ-ਨੀਚ, ਸਿਆਸੀ ਤੇ ਸਮਾਜੀ ਆਰਥਿਕ ਵਿਤਕਰੇ ਨੂੰ ਦੂਰ ਕਰਕੇ ਲੋਕ-ਰਾਜ ਦੀ ਅਸਲੀਅਤ ਨੂੰ ਸਮਝਣ ਲਈ ਅੱਗੇ ਆਉਣਾ ਪਵੇਗਾ। ਅੱਜ ਲੋੜ ਹੈ ਕਿ ਆਮ ਲੋਕਾਂ ਨੂੰ ਜਾਗਰੂਕ ਕਰਕੇ ਰੁਲ ਰਹੇ ਬੱਚੇ-ਬੱਚੀਆਂ ਨੂੰ ਸਾਂਭਿਆ ਜਾਵੇ। ਗਿਆਨ ਤੇ ਵਿਗਿਆਨ ਦਾ ਚਾਨਣ ਫੈਲਾ ਕੇ ਇਨਸਾਨੀਅਤ ਦੇ ਭਲੇ ਲਈ ਝੰਡਾ ਬੁਲੰਦ ਕੀਤਾ ਜਾਵੇ। ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਵਿਚ ਲੇਖਕ ਦੇ ਹਿਰਦੇ ਵਿਚੋਂ ਇਕ ਹੂਕ ਉੱਠਦੀ ਹੈ, ਜਿਹੜੀ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰ ਲੋਕਾਂ ਵੱਲੋਂ ਬੇਚੈਨ ਹੋ ਕੇ ਇਸ ਨਿਜ਼ਾਮ ਨੂੰ ਬਦਲਣ ਦਾ ਹੋਕਾ ਦਿੰਦੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ 105 ਕਵਿਤਾਵਾਂ ਅਣਗੌਲੇ ਲੋਕਾਂ ਦੀ ਗੱਲ ਹੈ ਜਿਨ੍ਹਾਂ ਦੀ ਤਰੱਕੀ, ਅਮਨ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੀ ਆਵਾਜ਼ ਬਣ ਕੇ ਕਵੀ ਨੇ ਆਪਣੇ ਫਰਜ਼ ਦੀ ਪੂਰਤੀ ਕੀਤੀ ਹੈ। ਜਦੋਂ ਵੀ ਕਿਤੇ ਦੰਗੇ-ਫਸਾਦ ਹੋ ਰਹੇ ਹੋਣ, ਮਾਰ-ਧਾੜ ਹੋ ਰਹੀ ਹੋਵੇ ਜਾਂ ਧਰਮ ਦੇ ਨਾਂਅ 'ਤੇ ਕਤਲੋਗਾਰਤ ਹੁੰਦੀ ਹੋਵੇ, ਸਰਕਾਰ ਵੱਲੋਂ ਲੋਕ-ਪੱਖੀ ਹੋਣ ਦਾ ਖੇਖਣ ਕਰਕੇ ਧੋਖਾ ਹੋ ਰਿਹਾ ਹੋਵੇ, ਕਵੀ ਲਈ ਬਰਦਾਸ਼ਤ ਤੋਂ ਬਾਹਰੀ ਗੱਲ ਹੋ ਜਾਂਦੀ ਹੈ। ਕਵੀ ਦਾ ਦਰਦ 'ਅੰਧ ਵਿਸ਼ਵਾਸੀ ਫੈਲੀ ਸਾਰੇ' ਵਿਚੋਂ ਪ੍ਰਗਟ ਹੁੰਦਾ ਹੈ।
ਕਿਰਤ ਧਰਮ ਦੀ ਵੰਡ ਕੇ ਛਕਣਾ, ਯੂ.ਐਨ.ਓ. ਦੀ ਹੋਵੇ ਸਰਕਾਰ।
ਅਮਨ ਸ਼ਾਂਤੀ ਸਾਰੇ ਹੋਵੇ, ਸਾਰੇ ਦੇਸ਼ ਹੋਵਣ ਇਕਸਾਰ।
'ਜਾਗ ਮਨੁੱਖਾ ਕਰੀਏ ਹੀਲਾ' ਕਵਿਤਾ ਵਿਚ ਵਧ ਰਹੇ ਆਰਥਿਕ ਪਾੜੇ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ-
ਸਰਮਾਏਦਾਰੀ ਨਿਜ਼ਾਮ ਦੇ ਅੰਦਰ, ਵਧਦੇ ਜਾਂਦੇ ਆਰਥਿਕ ਪਾੜੇ।
ਔਸਤਨ ਆਮਦਨੀ ਵਧਦੀ ਜਾਵੇ, ਗਰੀਬ ਰਹਿੰਦੇ ਮਾੜੇ ਦੇ ਮਾੜੇ।
'ਇਨਸਾਨੀ ਪਰਿਵਾਰ ਇਕੋ ਪਰਿਵਾਰ' ਵਿਚ ਇਕ ਦੇਸ਼ ਦਾ ਦੂਜੇ ਦੇਸ਼ਾਂ ਨਾਲ ਵਧ ਰਿਹਾ ਵੈਰ-ਵਿਰੋਧ ਅਤੇ ਵਧ ਰਹੇ ਨਵੇਂ ਹਥਿਆਰਾਂ ਦੀ ਕਹਾਣੀ ਬਿਆਨ ਕੀਤੀ ਹੈ।
ਉਲਝੀ ਤਾਣੀ ਜੱਗ ਦੀ, ਸਭ ਰਾਹੀਂ ਉੱਗੇ ਖਾਰ।
ਹੁਣ ਦੇਸ਼ ਦੇਸ਼ਾਂ ਨਾਲ ਖਹਿ ਰਹੇ, ਨਿੱਤ ਨਵੇਂ ਬਣਨ ਹਥਿਆਰ।
ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਲੇਖਕ ਦੇ ਉਨ੍ਹਾਂ ਹੰਢਾਏ ਹੋਏ ਪਲਾਂ ਦੀ ਗਾਥਾ ਹੈ। ਸਮੁੱਚੀਆਂ ਰਚਨਾਵਾਂ ਹਰ ਮਨੁੱਖ ਨੂੰ ਇਸ ਨਿਜ਼ਾਮ ਵਿਚ ਹੋ ਰਹੇ, ਇਨਸਾਨੀਅਤ ਦੇ ਘਾਣ ਪ੍ਰਤੀ ਸੋਚਣ ਲਈ ਮਜਬੂਰ ਕਰਦੀਆਂ ਹਨ।

-ਭਗਵਾਨ ਸਿੰਘ ਜੌਹਲ
ਮੋ: 98143-24040

ਜ਼ਿੰਦਗੀ ਦੇ ਰੰਗ
ਸ਼ਾਇਰ : ਮਨਮੋਹਨ ਸਿੰਘ ਭਿੰਡਰ
ਪ੍ਰਕਾਸ਼ਕ : ਸਿਰਲੇਖ ਪਬਲੀਕੇਸ਼ਨਜ਼, ਅੰਮ੍ਰਿਤਸਰ
ਸਫ਼ੇ : 60

'ਮੈਂ ਬੁੱਧ ਨਹੀਂ' ਤੋਂ ਬਾਅਦ 'ਜ਼ਿੰਦਗੀ ਦੇ ਅੰਗ ਸੰਗ' ਮਨਮੋਹਨ ਸਿੰਘ ਭਿੰਡਰ ਦਾ ਦੂਸਰਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਪੰਜਾਹ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ। ਸ਼ਾਇਰ ਦੀ ਵੱਡੀ ਖ਼ੂਬੀ ਇਹੋ ਹੈ ਕਿ ਉਸ ਨੇ ਅਮਰੀਕਾ ਵਰਗੇ ਦੇਸ਼ ਵਿਚ ਰਹਿ ਕੇ ਵੀ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਦਿਲ 'ਚ ਸਮਾਈ ਰੱਖਿਆ ਹੈ। ਉਸ ਨੇ ਸਾਹਿਤਕ ਪੱਤਰਕਾਰੀ ਵੀ ਕੀਤੀ ਹੈ ਤੇ ਆਪਣੀ ਮਾਂ ਬੋਲੀ ਤੇ ਸਾਹਿਤ ਨੂੰ ਦੂਰ ਰਹਿ ਕੇ ਵੀ ਪਿਆਰਿਆ ਹੈ। ਇਸ ਪੁਸਤਕ ਵਿਚ ਸ਼ਾਮਿਲ ਉਸ ਦੀ ਪਹਿਲੀ ਕਵਿਤਾ 'ਮੈਂ ਪੁੱਛਦਾਂ' ਹੀ ਇਸ ਤੱਥ ਦੀ ਗਵਾਹੀ ਦਿੰਦੀ ਹੈ ਜਿਸ ਵਿਚ ਉਹ ਆਪਣੇ ਪਿੰਡ ਦੀ ਜੂਹ, ਯਾਰਾਂ ਬੇਲੀਆਂ, ਪ੍ਰੀਤ ਸਹੇਲੀਆਂ ਤੇ ਖੇਤਾਂ ਦੀ ਮਿੱਟੀ ਨੂੰ ਚੇਤੇ ਕਰਦਾ ਹੈ। ਉਸ ਦੇ ਕੰਨ ਵੰਗਾਂ ਦੀ ਛਣ ਛਣ ਤੇ ਫ਼ਲੇ ਅੰਬਾਂ ਦੇ ਰੁੱਖਾਂ 'ਤੇ ਬੈਠੀ ਕੋਇਲ ਦੀ ਕੁਹੂ ਕੁਹੂ ਨੂੰ ਸੁਣਨ ਲਈ ਉਤਾਵਲੇ ਹਨ। ਭਿੰਡਰ ਆਪਣੀਆਂ ਕਵਿਤਾਵਾਂ ਅਨੁਸਾਰ ਲਗਾਤਾਰ ਤੁਰਦੇ ਰਹਿਣ ਵਿਚ ਯਕੀਨ ਰੱਖਦਾ ਹੈ ਤੇ ਉਸ ਨੂੰ ਰਾਹ ਵਿਚ ਆਏ ਪਹਾੜਾਂ, ਮਾਰੂਥਲਾਂ ਤੇ ਸਾਗਰਾਂ ਦਾ ਕੋਈ ਵੀ ਭੈਅ ਨਹੀਂ ਹੈ।
ਕਈਆਂ ਰਚਨਾਵਾਂ ਵਿਚ ਉਹ ਪ੍ਰਦੇਸ ਵਿਚ ਆਪਣੇ ਪਿਆਰੇ ਨੂੰ ਵੀ ਯਾਦ ਕਰਦਾ ਹੈ ਤੇ ਉਹ ਅਧੂਰੀ ਮੁਹੱਬਤ ਨੂੰ ਸਲਾਮਤ ਰਹਿਣ ਤੇ ਹਮੇਸ਼ਾਂ ਖ਼ੁਸ਼ ਰਹਿਣ ਦੀ ਦੁਆ ਦਿੰਦਾ ਹੈ। ਕੁਦਰਤ ਨਾਲ਼ ਛੇੜ ਛਾੜ ਉਸ ਨੂੰ ਭਾਉਂਦੀ ਨਹੀਂ ਹੈ। ਸ਼ਾਇਰ ਆਪਣੀ ਮਾਤ ਭੂਮੀ 'ਤੇ ਹੋ ਰਹੀ ਅਬਲਾਵਾਂ ਦੀ ਬੇਪਤੀ ਤੋਂ ਵੀ ਚਿੰਤਤ ਹੈ ਤੇ ਉਸ ਨੂੰ ਸਿਆਸਤਦਾਨਾਂ ਦੀਆਂ ਚਾਲਾਂ ਵੀ ਮਾਯੂਸ ਕਰਦੀੱਆਂ ਹਨ। ਭਿੰਡਰ ਵਿਸ਼ਵ ਪੱਧਰੀ ਰਾਜਨੀਤੀ ਤੋਂ ਵੀ ਚੰਗੀ ਤਰ੍ਹਾਂ ਵਾਕਿਫ਼ ਹੈ ਤੇ ਉਹ ਅਮਰੀਕਾ ਨੂੰ ਮਨਮਰਜ਼ੀ ਕਰਨ ਦੀਆਂ ਖੁੱਲ੍ਹਾਂ ਲੈਣ ਵਾਲਾ ਥਾਣੇਦਾਰ ਆਖਦਾ ਹੈ। ਇਸ ਕਿਤਾਬ ਵਿਚ ਮਨਮੋਹਨ ਸਿੰਘ ਭਿੰਡਰ ਨੇ ਕੁਝ ਗ਼ਜ਼ਲਾਂ ਵੀ ਪ੍ਰਕਾਸ਼ਤ ਕਰਵਾਈਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਲਗਦਾ ਹੈ ਕਿ ਗ਼ਜ਼ਲ ਤਕਨੀਕ ਬਾਰੇ ਅਜੇ ਉਸ ਨੇ ਕਾਫ਼ੀ ਕੁਝ ਸਿੱਖਣਾ ਹੈ। ਇਹ ਗ਼ਜ਼ਲਾਂ ਵਧੇਰੇ ਕਰਕੇ ਛੋਟੀ ਬਹਿਰ ਦੀਆਂ ਹਨ ਤੇ ਛੋਟੀ ਬਹਿਰ ਵਿਚ ਲਗਦਾ ਤਾਂ ਹੈ ਪਰ ਲਿਖਣਾ ਸੁਖਾਲ਼ਾ ਨਹੀਂ ਹੁੰਦਾ। ਇਸ ਪੁਸਤਕ ਵਿਚ ਭਿੰਡਰ ਸਬੰਧੀ ਕੁਝ ਚਿੰਤਕਾਂ ਦੇ ਵਿਚਾਰ ਵੀ ਛਪੇ ਹਨ ਜਿਨ੍ਹਾਂ ਤੋਂ ਸ਼ਾਇਰ ਬਾਰੇ ਕਾਫ਼ੀ ਕੁਝ ਜਾਣਿਆ ਜਾ ਸਕਦਾ ਹੈ। ਸਮੁੱਚੀ ਪੁਸਤਕ ਨੂੰ ਵਾਚਦਿਆਂ ਇਹ ਜਾਪਦਾ ਹੈ ਸ਼ਾਇਰ ਕੋਲ ਬੜਾ ਕੁਝ ਹੈ ਤੇ ਭਿੰਡਰ ਸ਼ਾਇਰੀ ਦੇ ਸਫ਼ਰ ਵਿਚ ਹੋਰ ਅੱਗੇ ਵਧੇਗਾ ਅਜਿਹੀ ਮੈਨੂੰ ਆਸ ਹੈ।

ਕਵਿਤਾ ਮੇਰੇ ਅੰਗ ਸੰਗ
ਸ਼ਾਇਰ : ਸੁਭਾਸ਼ 'ਦੀਵਾਨਾ'
ਪ੍ਰਕਾਸ਼ਕ : ਸੁਭਾਸ਼ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 120.

ਉਪ੍ਰੋਕਤ ਪੁਸਤਕ ਦਾ ਸ਼ਾਇਰ ਸੁਭਾਸ਼ ਦੀਵਾਨਾ ਕਾਫ਼ੀ ਦੇਰ ਤੋਂ ਕਾਵਿ ਸਿਰਜਣਾ ਕਰ ਰਿਹਾ ਹੈ। 'ਕਵਿਤਾ ਮੇਰੇ ਅੰਗ ਸੰਗ' ਉਸ ਦਾ ਚੌਥਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਚੁਰੰਨਵੇਂ ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ 'ਚੋਂ ਬਹੁਤੀਆਂ ਰਚਨਾਵਾਂ ਗ਼ਜ਼ਲ ਦੇ ਰੂਪ ਵਿਚ ਹਨ। ਪੰਜਾਬੀ ਸਾਹਿਤ ਵਿਚ ਖੁੱਲ੍ਹੀ ਕਵਿਤਾ ਛੰਦ ਬੰਦ ਕਵਿਤਾ ਦੇ ਨਾਲ ਨਾਲ ਚਲਦੀ ਰਹੀ ਹੈ ਪਰ ਜਿੱਥੇ ਖੁੱਲ੍ਹੀ ਕਵਿਤਾ ਬਹੁਤਾ ਕਰਕੇ ਆਮ ਪਾਠਕਾਂ ਦੇ ਦਿਲਾਂ 'ਚ ਨਹੀਂ ਲਹਿ ਸਕੀ ਓਥੇ ਛੰਦ ਬੰਦ ਕਵਿਤਾ ਨੂੰ ਸਧਾਰਨ ਪਾਠਕਾਂ ਦਾ ਖੁੱਲ੍ਹਾ ਪਿਆਰ ਮਿਲਦਾ ਰਿਹਾ ਹੈ। ਪੰਜਾਬੀ ਗ਼ਜ਼ਲ ਦੀ ਲਗਾਤਾਰ ਮਕਬੂਲੀਅਤ ਇਸ ਦੀ ਵੱਡੀ ਉਦਾਹਰਣ ਹੈ। ਸੁਭਾਸ਼ ਦੀਵਾਨਾ ਨੇ ਵੀ ਚੋਖੀ ਗਿਣਤੀ ਵਿਚ ਪੰਜਾਬੀ ਗ਼ਜ਼ਲਾਂ ਲਿਖੀਆਂ ਹਨ ਤੇ ਉਹ ਚਿਰ ਤੋਂ ਵਧੀਆ ਪੰਜਾਬੀ ਗ਼ਜ਼ਲਕਾਰਾਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੈ।
'ਕਵਿਤਾ ਮੇਰੇ ਅੰਗ ਸੰਗ' ਦੀ ਸ਼ਾਇਰੀ ਵਿਚ ਸ਼ਾਇਰ ਦਾ ਸਭ ਤੋਂ ਵੱਡਾ ਹਥਿਆਰ ਵਿਅੰਗ ਹੈ। ਉਹ ਤਕਰੀਬਨ ਹਰ ਰਚਨਾ ਵਿਚ ਇਸ ਦਾ ਬਾਖ਼ੂਬੀ ਇਸਤੇਮਾਲ ਕਰਕੇ ਨਿਵੇਕਲਾ ਅੰਦਾਜ਼ ਸਿਰਜਦਾ ਹੈ। ਉਸ ਦੇ ਵਿਅੰਗ ਦਾ ਹਿੱਸਾ ਬੱਚੇ, ਨੌਜਵਾਨ, ਬੁੱਢੇ ਤੇ ਰਾਜਨੀਤੀਵਾਨ ਤਾਂ ਬਣਦੇ ਹੀ ਹਨ ਪਰ ਉਹ ਇਸ ਵਿਚ ਰਬ ਨੂੰ ਵੀ ਲਪੇਟਣਾ ਤੋਂ ਗੁਰੇਜ਼ ਨਹੀਂ ਕਰਦਾ। ਉਸ ਦੀਆਂ ਗ਼ਜ਼ਲਾਂ ਵਧੇਰੇ ਕਰਕੇ ਬਰਵਜ਼ਨ ਹਨ ਤੇ ਸ਼ਾਇਰ ਨੂੰ ਗ਼ਜ਼ਲ ਕਹਿਣ ਦੀ ਸੋਝੀ ਹੈ। ਉਸ ਨੇ ਗਿਟਮਿਟ, ਦੁਰ ਫਿਟ, ਕਿਟ ਕਿਟ, ਛਿਟ ਛਿਟ ਆਦਿ ਵਰਗੇ ਨਵੇਂ ਕਾਫ਼ੀਏ ਵੀ ਪ੍ਰਯੋਗ ਵਿਚ ਲਿਆਂਦੇ ਹਨ ਤੇ 'ਆਪ ਦੀ' ਤੇ 'ਹੀ ਸਹੀ' ਵਰਗੀਆਂ ਨਵੀਆਂ ਰਦੀਫ਼ਾਂ ਵੀ। ਪੁਸਤਕ ਵਿਚ ਕੁਝ ਗ਼ਜ਼ਲਾਂ ਮਸਲਸਲ ਵੀ ਹਨ ਤੇ ਇਨ੍ਹਾਂ ਵਿਚ ਬਹੁਤੀਆਂ ਇਕ ਹੀ ਵਿਸ਼ੇ 'ਤੇ ਕੇਂਦਰਤ ਹਨ। ਦੀਵਾਨਾ ਨੇ ਆਪਣੀ ਸ਼ਾਇਰੀ ਦੇ ਵਹਾ ਤੇ ਅਵੇਸਲੇ ਵਿਚ ਕੁਝ ਥਾਈਂ ਖ਼ਾਮੀਆਂ ਵੀ ਛੱਡੀਆਂ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤੀ ਨਹੀਂ ਹੈ। ਪੁਸਤਕ ਵਿਚ ਸ਼ਾਮਿਲ ਖੁੱਲ੍ਹੀਆਂ ਨਜ਼ਮਾਂ ਵੀ ਪ੍ਰਭਾਵੀ ਹਨ ਪਰ ਗ਼ਜ਼ਲਾਂ ਵਿਚ ਸ਼ਾਇਰ ਆਪਣਾ ਆਪਾ ਵਧੇਰੇ ਬਿਹਤਰ ਢੰਗ ਨਾਲ ਨਿਭਾਉਂਦਾ ਹੈ। 'ਕਵਿਤਾ ਮੇਰੇ ਅੰਗ ਸੰਗ' ਪੜ੍ਹ ਕੇ ਮੈਨੂੰ ਸੁਭਾਸ਼ ਦੀਵਾਨਾ ਤੋਂ ਹੋਰ ਵਧੀਆ ਸ਼ਾਇਰੀ ਦੀ ਆਸ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਸਾਈਵਾੜਾ ਤੇ ਤਿੰਨ ਕਹਾਣੀਆਂ
ਲੇਖਿਕਾ : ਅਜੀਤ ਕੌਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਦਿੱਲੀ
ਮੁੱਲ : 175 ਰੁਪਏ, ਸਫ਼ੇ : 136.

ਪੰਜਾਬੀ ਸਾਹਿਤ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਗਲਪਕਾਰਾ ਅਜੀਤ ਕੌਰ ਦੀ ਨਵੀਂ ਕਿਤਾਬ ਕਸਾਈਵਾੜਾ ਤੇ ਤਿੰਨ ਕਹਾਣੀਆਂ ਵਿਚ ਕਥਾ ਸ਼ੈਲੀ ਦੇ ਤਿੰਨ ਰੂਪ ਹਨ ਨਾਵਲੈਟ, ਲੰਬੀ ਕਹਾਣੀ ਤੇ ਕਹਾਣੀ। ਕੁੱਲ ਚਾਰ ਰਚਨਾਵਾਂ ਹਨ। ਕਸਾਈਵਾੜਾ ਨਾਵਲੈਟ ਹੋਰ ਕਿਸ਼ਤਾਂ ਵਿਚ ਪੰਨਾ 9 ਤੋਂ 66 ਤੱਕ ਹੈ। ਪਰਦੇਸਾਂ ਵਿਚ ਦੁੱਖ ਭੋਗਦੇ ਸਾਡੇ ਪੰਜਾਬੀਆਂ ਦੀ ਤ੍ਰਾਸਦਿਕ ਤਸਵੀਰ ਪੇਸ਼ ਕਰਨ ਵਾਲੀ ਰਚਨਾ ਹੈ। ਅਜੀਤ ਕੌਰ, ਬੇਟੀ ਅਰਪਨਾ ਦਾ ਪਰਿਵਾਰਕ ਦਰਜੀ, ਮਾਸਟਰ ਗਿਆਨ ਚੰਦ ਇਸ ਨਾਵਲੈਟ ਦਾ ਪਾਤਰ ਹੈ, ਜਿਸ ਦਾ ਬੇਟਾ ਪੜ੍ਹਨ ਵਿਚ ਹੁਸ਼ਿਆਰ ਨਹੀਂ ਹੈ। ਵਿਦੇਸ਼ ਚਲਾ ਜਾਂਦਾ ਹੈ। ਰੁਲ ਖੁਲ ਕੇ ਕਿਸੇ ਫੈਕਟਰੀ ਵਿਚ ਕੰਮ ਮਿਲ ਜਾਂਦਾ ਹੈ। ਇਕੋ ਕਮਰੇ ਵਿਚ ਸਾਰੀ ਲੇਬਰ ਇਕੱਠੀ ਰਹਿੰਦੀ ਹੈ।
ਇਧਰੋਂ ਲੇਖਕਾ ਤੇ ਅਰਪਨਾ ਉਧਰ ਜਾਂਦੇ ਹਨ ਤਾਂ ਮਸਾਂ ਲੱਭਦੇ ਹੋਏ ਅਸ਼ੋਕ ਦੀ ਫੈਕਟਰੀ ਤੱਕ ਪਹੁੰਚਦੇ ਹਨ। ਡੂ-ਪਾਂਟ ਫੈਕਟਰੀ ਦਾ ਨਾਂਅ ਹੈ। ਉਥੇ ਜਾ ਕੇ ਜੋ ਦ੍ਰਿਸ਼ ਲੇਖਿਕਾ ਵੇਖਦੀ ਹੈ ਉਹ ਕਸਾਈਵਾੜਾ ਦਾ ਨਿਘਰਿਆ ਰੂਪ ਹੈ। ਨਾਵਲੈਟ ਦੀ ਵਾਰਤਕ ਸੁਹਜਮਈ, ਰੌਚਿਕ ਤੇ ਨਾਟਕੀ ਜਗਤ ਵਾਲੀ ਹੈ। ਨਾਵਲੈਟ ਵਿਚ ਜਾਅਲੀ ਵਿਆਹ ਦਾ ਵੇਰਵਾ, ਵਿਆਹ ਦੇ ਨਾਂਅ 'ਤੇ ਹੁੰਦਾ ਸ਼ੋਸ਼ਣ ਏਜੰਟਾਂ ਦੀਆਂ ਠੱਗੀਆਂ, ਸਬਜ਼ਬਾਗ ਆਦਿ ਪੜ੍ਹ ਕੇ ਪਾਠਕਾਂ ਨੂੰ ਵਿਦੇਸ਼ਾਂ ਦੀ ਚਕਾਚੌਂਧ ਤੋਂ ਸੁਚੇਤ ਕੀਤਾ ਹੈ। ਕਸਾਈਵਾੜੇ ਵਿਚ ਰਹਿੰਦੇ ਨੌਜਵਾਨਾਂ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਗਿਲਾਨੀ ਮਹਿਸੂਸ ਹੁੰਦੀ ਹੈ। ਐਥੇ ਦੀ ਕਿਧਰੇ ਹੁੰਦੀ ਸੀ ਜ਼ਿੰਦਗੀ ਸਫ਼ਾ (67-104) ਤੱਕ ਲੰਬੀ ਰਚਨਾ ਹੈ। ਕਹਾਣੀ ਵਿਚਲਾ ਵਸਤੂ ਕੂੜੇ ਦੇ ਢੇਰ ਦਾ ਹੈ। ਲੇਖਿਕਾ ਉਪਰਲੇ ਅਫਸਰਾਂ, ਸਬੰਧਤ ਵਿਭਾਗਾਂ ਤੱਕ ਕੂੜਾ ਚੁਕਾਉਣ ਲਈ ਸ਼ਿਕਾਇਤਾਂ ਕਰਦੀ ਹੈ। ਕਿਤੇ ਉਸ ਦੀ ਸੁਣਵਾਈ ਨਹੀਂ ਹੁੰਦੀ। ਕਹਾਣੀ ਵਿਚ ਲਾਪਰਵਾਹੀ, ਬਾਬੂਸ਼ਾਹੀ, ਭ੍ਰਿਸ਼ਟਾਚਾਰ ਬਾਰੇ ਵਿਅੰਗਵਾਦ ਹਨ।
'ਧੌਣ ਤੇ ਖੁਖਰੀ' ਵਿਚ ਲੇਖਿਕਾ ਦੇ ਘਰ ਵਿਚ ਪਏ ਡਾਕੇ ਦਾ ਜ਼ਿਕਰ ਹੈ। ਲੇਖਿਕਾ ਮੁਕੱਦਮੇਬਾਜ਼ੀ ਵਿਚ ਉਲਝ ਜਾਂਦੀ ਹੈ। ਪਰ ਪੇਸ਼ੀ ਮੌਕੇ ਡਾਕੂ ਮੁੰਡਿਆਂ ਨਾਲ ਗੱਲਬਾਤ ਪੜ੍ਹ ਕੇ ਲੇਖਿਕਾ ਦੀ ਖੁਲ੍ਹਦਿਲੀ ਦੇ ਦਰਸ਼ਨ ਹੁੰਦੇ ਹਨ (117) ਕਹਾਣੀ ਰੁਖਾਂ ਦੀ ਜੀਰਾਂਦ (ਪੰਨਾ 123) ਦਿੱਲੀ ਵਿਚ ਕਾਮਨਵੈਲਥ ਖੇਡਾਂ ਦੇ ਨਾਂਅ 'ਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਜੰਗਲ ਦਾ ਸਫਾਇਆ, ਲੇਖਿਕਾ ਦਾ ਫਿਰ ਅਦਾਲਤਾਂ ਵਿਚ ਚੱਕਰ ਲਾਉਣਾ, ਪੰਛੀਆਂ ਨਾਲ ਮੋਹ ਦੀ ਦਾਸਤਾਨ, ਆਦਿ ਪੜ੍ਹ ਕੇ ਅਜੀਤ ਕੌਰ ਦਾ ਕੁਦਰਤ ਮੋਹ ਬੇਬਾਕੀ ਤੇ ਚੰਗੇ ਕੰਮਾਂ ਲਈ ਧੁਰ ਤੱਕ ਜਾ ਕੇ ਸਿਰੜ ਨਿਭਾਉਣ ਦੀ ਪ੍ਰਵਿਰਤੀ ਸਾਹਮਣੇ ਆਉਂਦੀ ਹੈ। ਕਿਤਾਬ ਵਿਚ ਦੇਸ਼ਾਂ-ਵਿਦੇਸ਼ਾਂ ਵਿਚੋਂ ਪ੍ਰਾਪਤ ਅਨੁਭਵ ਦਾ ਬਿਰਤਾਂਤ ਕਲਾਤਮਿਕ ਰੂਪ ਵਿਚ ਹੈ। ਪੁਸਤਕ ਦਾ ਭਰਪੂਰ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਯਾਤਰੀ ਹਾਲੇ ਪਰਤੇ ਨਹੀਂ
ਕਵੀ : ਜੈ ਪਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਜੈ ਪਾਲ ਨੇ 'ਨਜ਼ਮ ਕਦੋਂ ਚੁੱਪ ਸੀ' ਕਾਵਿ-ਸੰਗ੍ਰਹਿ ਨਾਲ ਪੰਜਾਬੀ ਕਾਵਿ ਖੇਤਰ ਵਿਚ ਪ੍ਰਵੇਸ਼ ਕੀਤਾ ਸੀ ਅਤੇ ਹੁਣ ਲੰਮੇ ਅਰਸੇ ਬਾਅਦ ਆਪਣੀ ਨਵੀਂ ਕਾਵਿ-ਕਿਰਤ 'ਯਾਤਰੀ ਹਾਲੇ ਪਰਤੇ ਨਹੀਂ' ਲੈ ਕੇ ਹਾਜ਼ਰ ਹੋਇਆ ਹੈ। ਜੈ ਪਾਲ ਇਕ ਅਜਿਹਾ ਕਵੀ ਹੈ ਜਿਸ ਕੋਲ ਸਮਾਜਿਕ, ਰਾਜਨੀਤਕ, ਆਰਥਿਕ ਜੀਵਨ ਯਥਾਰਥ ਦਾ ਵਿਸ਼ਾਲ ਅਨੁਭਵ ਹੈ। ਉਸ ਦੀਆਂ ਕਵਿਤਾਵਾਂ ਵਿਚ ਸਾਧਨਹੀਣ ਅਤੇ ਸ਼ੋਸ਼ਿਤ ਵਰਗ ਦੀ ਸਮਾਜਿਕ ਸਥਿਤੀ ਅਤੇ ਉਨ੍ਹਾਂ ਦੀ ਹੋ ਰਹੀ ਲੁੱਟ-ਖਸੁੱਟ ਕਾਰਨ ਤਲਾਸ਼ਣ ਦੀ ਚੇਸ਼ਟਾ ਹੈ। ਇਸੇ ਕਰਕੇ ਹੀ ਉਸ ਦੀ ਕਵਿਤਾ ਵਿਚ ਕਿਰਤੀ ਲੋਕਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਵੀ ਜ਼ਿੰਦਗੀ ਦੀ ਗੱਡੀ ਦੀ ਤੋਰ ਦਾ ਢਿੱਲੇ ਰਹਿਣ ਵਰਗੀ ਸਥਿਤੀ ਪੇਸ਼ ਹੋਈ ਮਿਲਦੀ ਹੈ। ਉਸ ਦੀ ਕਵਿਤਾ ਸਾਧਨ ਸੰਪੰਨ ਧਿਰ ਲਈ ਵੰਗਾਰ ਵੀ ਪੇਸ਼ ਕਰਦੀ ਹੈ ਅਤੇ ਵਿਚਾਰਧਾਰਕ ਤੌਰ 'ਤੇ ਉਸ ਨਾਲ ਖਹਿਸਰਦੀ ਵੀ ਹੈ। ਜਿਵੇਂ ਉਹ ਲਿਖਦਾ ਹੈ :
ਪੁਸ਼ਤਾਂ ਤੋਂ ਤੁਸੀਂ ਆਪਣੀ ਜੂਠ
ਸਾਡੀ ਝੋਲੀ ਪਾਉਂਦੇ ਰਹੇ ਹੋ
ਤੇ ਆਪਣੇ-ਆਪ ਨੂੰ
ਵੱਡਾ ਅਖਵਾਉਂਦੇ ਰਹੇ ਹੋ (ਪੰਨਾ 69)
ਜੈ ਪਾਲ ਦੀ ਕਵਿਤਾ ਵਿਚ ਵਿਕਾਸ ਦੇ ਨਾਂਅ 'ਤੇ ਪੈਦਾ ਕੀਤੇ ਜਾ ਰਹੇ ਚਕਾਚੌਂਧਮਈ ਵਾਤਾਵਰਨ ਅਤੇ ਇਸ ਲੁਭਾਵਣੀ ਸਥਿਤੀ ਵਿਚੋਂ ਪੈਦਾ ਹੋ ਰਹੀ ਗਰੀਬ ਦੀ ਨਸਲਕੁਸ਼ੀ ਦੇ ਕਾਰਨਾਂ ਦੀ ਨਿਸ਼ਾਨਦੇਹੀ ਵੀ ਹੋਈ ਮਿਲਦੀ ਹੈ। ਆਧੁਨਿਕ ਸਹੂਲਤਾਂ ਦੇ ਸਾਡੇ ਕੋਲੋਂ ਸਾਡੀ ਜ਼ਿੰਦਗੀ ਦਾ ਸਹਿਜ ਅਤੇ ਸਕੂਨ ਖੋਹ ਕੇ ਭਾਈਚਾਰਕ ਸਾਂਝਾਂ ਨੂੰ ਮੂਲੋਂ ਹੀ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ।
ਜੈ ਪਾਲ ਦੀ ਇਸ ਕਾਵਿ-ਪੁਸਤਕ 'ਯਾਤਰੀ ਹਾਲੇ ਪਰਤੇ ਨਹੀਂ' ਵਿਚ ਜਿੰਨੀਆਂ ਵੀ ਕਵਿਤਾਵਾਂ ਸ਼ਾਮਿਲ ਹਨ, ਉਨ੍ਹਾਂ ਦੇ ਸਾਰੇ ਹੀ ਪਾਤਰ ਸ਼ੋਸ਼ਿਤ ਅਤੇ ਸਾਧਨਹੀਣ ਧਿਰ ਵਿਚੋਂ ਪੇਸ਼ ਹੋਏ ਹਨ। ਇਹ ਪਾਤਰ ਰੌਸ਼ਨੀ ਦੀ ਤਲਾਸ਼ ਵਿਚ ਜੀ ਰਹੇ ਹਨ ਪਰ ਰੌਸ਼ਨੀ ਇਨ੍ਹਾਂ ਤੋਂ ਕੋਹਾਂ ਦੂਰ ਹੈ। ਸਰਮਾਏਦਾਰੀ ਨੇ ਇਨ੍ਹਾਂ ਮਿਹਨਤਕਸ਼ਾਂ ਦੀ ਜ਼ਿੰਦਗੀ ਵਿਚ ਅਜਿਹੀ ਉਥਲ-ਪੁਥਲ ਮਚਾਈ ਹੈ ਕਿ ਇਹ ਲੋਕ ਪੀੜ੍ਹੀਆਂ ਤੋਂ ਚੰਗੇ ਭਵਿੱਖ ਦੀ ਆਸ ਲਈ ਲੋਚਦੇ-ਲੋਚਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਜੈ ਪਾਲ ਦੀਆਂ ਨਜ਼ਮਾਂ ਦੇ ਪਾਤਰਾਂ ਵਿਚ ਰਾਮਦੀਨ, ਰਾਮਨਾਥ, ਕਰਤਾਰੋ ਮਹਿਰੀ, ਜਗਦੀਸ਼ ਕੌਰ, ਕੌਸਰ ਬਾਨੋ ਤੇ ਹੋਰ ਕਈ ਅਜਿਹੇ ਪਾਤਰ ਹਨ ਜੋ ਵਕਤ ਦੇ ਥਪੇੜਿਆਂ ਦਾ ਸ਼ਿਕਾਰ ਹਨ। ਵਿਸ਼ਵੀਕਰਨ ਦੀ ਹਨੇਰੀ ਨੇ ਸਾਡੀ ਸਥਾਨਕਤਾ ਨੂੰ ਕਿਵੇਂ ਤਬਾਹ ਕੀਤਾ ਹੈ, ਇਸ ਦੀ ਥਹੁ ਵੀ ਇਹ ਕਵਿਤਾ ਬਾਖੂਬੀ ਲਗਾਉਂਦੀ ਹੈ। ਮੌਲਿਕ ਬਿੰਬਾਂ, ਰਵਾਨਗੀ ਅਤੇ ਵਿਸ਼ੇਸ਼ ਕਰਕੇ ਨਵੀਨ ਤੇ ਮੌਲਿਕ ਮੁਹਾਵਰੇ ਵਾਲੀ ਇਸ ਕਵਿਤਾ ਨੂੰ ਜੀ ਆਇਆਂ। ਇਸ ਕਾਵਿ-ਸੰਗ੍ਰਹਿ 'ਯਾਤਰੀ ਹਾਲੇ ਪਰਤੇ ਨਹੀਂ, ਨਾਲ ਜੈ ਪਾਲ ਨੇ ਪੰਜਾਬੀ ਕਾਵਿ ਖੇਤਰ ਵਿਚ ਇਕ ਵਧੀਆ ਕਾਵਿ-ਸੰਗ੍ਰਹਿ ਦੇਣ ਦਾ ਯਤਨ ਕੀਤਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਮੌਸਮ
ਲੇਖਕ : ਮੰਗਲ ਹਠੂਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ 95.

ਪੰਜਾਬ ਦੇ ਤਕਰੀਬਨ ਸੱਭੇ ਪਿੰਡਾਂ ਵਿਚ ਇਕ-ਇਕ ਗੀਤਕਾਰ ਜ਼ਰੂਰ ਵੱਸਦੈ, ਪਰ ਸਮਾਜਿਕ ਕਦਰਾਂ-ਕੀਮਤਾਂ, ਰਿਸ਼ਤਿਆਂ ਵਿਚਲੀ ਪਾਕੀਜ਼ਗੀ, ਮੁਹੱਬਤ ਦੇ ਅਹਿਸਾਸ ਤੇ ਵਿਛੋੜੇ ਦੀ ਤਾਂਘ ਨੂੰ ਸਹੀ ਤਰੀਕੇ ਨਾਲ ਬਿਆਨ ਕਰਨ ਦਾ ਹੁਨਰ ਬਹੁਤ ਥੋੜ੍ਹਿਆਂ ਹਿੱਸੇ ਆਇਆ ਹੈ। ਮੰਗਲ ਹਠੂਰ ਉਨ੍ਹਾਂ ਥੋੜ੍ਹਿਆਂ ਵਿਚੋਂ ਹੀ ਇਕ ਹੈ, ਜਿਹੜਾ ਲਿਖਦਾ ਭਾਵੇਂ ਕਾਫੀ ਸਮੇਂ ਤੋਂ ਏ, ਪਰ 'ਮੌਸਮ' ਪੁਸਤਕ ਵਿਚਲੇ ਗੀਤ ਉਸ ਦੀ ਪਹਿਲਾਂ ਨਾਲੋਂ ਵੀ ਮੰਝੀ ਹੋਈ ਸੋਚ ਦੀ ਗਵਾਹੀ ਭਰਦੇ ਹਨ। ਵਿਚਾਰ ਅਧੀਨ ਪੁਸਤਕ ਤੋਂ ਪਹਿਲਾਂ ਮੰਗਲ ਦੀਆਂ ਅੱਧੀ ਦਰਜਨ ਤੋਂ ਜ਼ਿਆਦਾ ਪੁਸਤਕਾਂ ਪਾਠਕਾਂ ਤੱਕ ਅੱਪੜ ਚੁੱਕੀਆਂ ਨੇ 'ਮੌਸਮ' ਵਿਚ ਦਰਜ ਬਹੁਤੇ ਗੀਤ ਵਪਾਰਕ ਹੋਣ ਦੀ ਥਾਂ ਸਮਝਾਉਣੀਆਂ ਭਰਪੂਰ ਨੇ। ਮੰਗਲ ਉਸ ਧੀ ਦੇ ਦਰਦ ਨੂੰ ਬਾਖੂਬੀ ਸਮਝਦਾ ਏ, ਜਿਸ ਦਾ ਬਾਪ ਗੁਰਬਤ ਦਾ ਸੇਕ ਸਹਿ ਰਿਹਾ ਏ ਤੇ ਜਿਸਦੀਆਂ ਸੱਧਰਾਂ ਦਮ ਤੋੜਦੀਆਂ ਪ੍ਰਤੀਤ ਹੁੰਦੀਆਂ ਨੇ। ਧੀ ਦੇ ਮਨ ਦੇ ਵਲਵਲੇ ਉਹ ਇਸ ਤਰ੍ਹਾਂ ਪੇਸ਼ ਕਰਦਾ ਏ :
ਬਾਪੂ ਏ ਗ਼ਰੀਬ ਬੜਾ,
ਖੋਟਾ ਏ ਨਸੀਬ ਬੜਾ,
ਸੂਹੀ ਸੂਹੀ ਸਿਰ ਫੁਲਕਾਰੀ ਕਦੋਂ ਸਜੂਗੀ,
ਖੌਰੇ ਮੇਰੇ ਸ਼ਗਨਾਂ ਦੀ ਮਹਿੰਦੀ ਕਦੋਂ ਲੱਗੂਗੀ। ਵਿਕਾਸ ਦੇ ਸੋਹਲੇ ਗਾਉਣ ਵਾਲੀਆਂ ਸਾਡੀਆਂ ਸਰਕਾਰਾਂ ਅਸਲ ਵਿਕਾਸ ਕਿਸ ਦਾ ਕਰਦੀਆਂ ਨੇ, ਇਸ ਬਾਰੇ ਵੋਟਰ ਚੰਗੀ ਤਰ੍ਹਾਂ ਜਾਣਦੇ ਨੇ। ਮੰਗਲ ਦਾ ਇਕ ਗੀਤ ਸਿਆਸੀ ਪਾਰਟੀਆਂ ਦੇ ਇਨ੍ਹਾਂ ਕਾਰਨਾਮਿਆਂ ਤੋਂ ਵਧੀਆ ਪਰਦਾ ਚੁੱਕਦਾ ਏ। ਹੈਰਾਨੀ ਇਸ ਗੱਲ ਦੀ ਏ ਕਿ ਨਵੀਂ ਸਰਕਾਰ ਖ਼ਜ਼ਾਨਾ ਖਾਲੀ ਹੋਣ ਦਾ ਦੋਸ਼ ਪਹਿਲੀ ਸਰਕਾਰ ਸਿਰ ਮੜ੍ਹ ਛੱਡਦੀ ਏ ਸਾਬਕਾ ਸਰਕਾਰ ਆਖਦੀ ਏ ਕਿ ਅਸੀਂ ਤਾਂ ਖਜ਼ਾਨਾ ਨੱਕੋ-ਨੱਕ ਭਰਿਆ ਛੱਡ ਗਏ ਸਾਂ। ਇਸ ਵਿਸ਼ੇ ਨੂੰ ਮੰਗਲ ਇੰਜ ਉਭਾਰਦਾ ਹੈ :
ਜਦੋਂ ਸਰਕਾਰ ਬਦਲ ਜਾਵੇ,
ਨਵੀਂ ਸਰਕਾਰ ਆਉਂਦੀ ਏ।
ਖ਼ਜ਼ਾਨਾ ਖਾਲੀ ਹੋ ਗਿਆ,
ਇਹੋ ਹੀ ਰੌਲਾ ਪਾਉਂਦੀ ਏ।
ਪੁਸਤਕ ਵਿਚ ਦਰਜ ਲਗਭਗ ਸਾਰੇ ਗੀਤਾਂ ਦੇ ਵਿਸ਼ੇ ਚੰਗੇ ਨੇ, ਜਿਹੜੇ ਪਾਠਕਾਂ ਨੂੰ ਚਲੰਤ ਗੀਤਕਾਰੀ ਨਾਲੋਂ ਕੁਝ ਵੱਖਰਾ ਪੜ੍ਹਨ ਲਈ ਦੇਂਦੇ ਨੇ। ਭਵਿੱਖ ਵਿਚ ਵੀ ਮੰਗਲ ਤੋਂ ਏਹੋ ਜਹੀ ਗੀਤਕਾਰੀ ਦੀ ਉਮੀਦ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

ਪਰਸਾਈਨਾਮਾ
ਸੰਪਾਦਕ ਤੇ ਅਨੁਵਾਦਕ :
ਡਾ: ਕਰਾਂਤੀ ਪਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 112.

ਹਰੀ ਸ਼ੰਕਰ ਪਰਸਾਈ ਹਿੰਦੀ ਦਾ ਸਿਰਮੌਰ ਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਵਿਅੰਗਕਾਰ ਹੈ। ਉਸ ਨੇ ਆਪਣੀ ਸੋਚ, ਚਿੰਤਨ ਤੇ ਵਿਹਾਰ ਰਾਹੀਂ ਅਜਿਹੀ ਸ਼ੈਲੀ ਦਾ ਨਿਰਮਾਣ ਕੀਤਾ, ਜਿਸ ਤੋਂ ਪਾਰ ਤੇ ਅਗਾਂਹ ਜਾਣਾ ਭਾਰਤੀ ਵਿਅੰਗਕਾਰਾਂ ਲਈ ਹਮੇਸ਼ਾ ਇਕ ਚੁਣੌਤੀ ਬਣਿਆ ਰਿਹਾ। ਉਹ ਬੇਲਾਗ ਤੇ ਬੇਕਿਰਕ ਵਿਅੰਗਕਾਰ ਹੈ ਜੋ ਵਿਅੰਗ ਨੂੰ ਸਮਾਜਿਕ, ਰਾਜਨੀਤਕ ਦਰੁਸਤੀ ਲਈ ਹਥਿਆਰ ਵਜੋਂ ਵਰਤੋਂ ਵਿਚ ਲਿਆਉਂਦਾ ਹੈ। ਉਸ ਦਾ ਨਜ਼ਰੀਆ ਮਾਰਕਸਵਾਦੀ ਹੋਣ ਦੇ ਨਾਲ-ਨਾਲ ਮਾਨਵਵਾਦੀ ਵੀ ਹੈ।
ਡਾ: ਕਰਾਂਤੀ ਪਾਲ ਨੇ ਇਸ ਪੁਸਤਕ ਵਿਚ ਪਰਸਾਈਨਾਮਾ ਹੁਰਾਂ ਦੇ 30 ਵਿਅੰਗ ਲੇਖ ਸ਼ਾਮਿਲ ਕੀਤੇ ਹਨ। ਇਨ੍ਹਾਂ ਲੇਖਾਂ ਦੀ ਚੋਣ ਉਸ ਦੀ ਆਪਣੀ ਨਿੱਜੀ ਸੋਚ ਅਤੇ ਪਸੰਦ ਅਨੁਸਾਰ ਹਨ। ਇਨ੍ਹਾਂ ਲੇਖਾਂ ਰਾਹੀਂ ਉਸ ਨੇ ਪਰਸਾਈ ਹੁਰਾਂ ਦੇ ਦ੍ਰਿਸ਼ਟੀਕੋਣ ਦੇ ਵਿਭਿੰਨ ਪਸਾਰਾਂ ਅਤੇ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲੈਣ ਦਾ ਯਤਨ ਕੀਤਾ ਹੈ। ਇਨ੍ਹਾਂ ਲੇਖਾਂ ਰਾਹੀਂ ਪਰਸਾਈ ਨੇ ਰਾਸ਼ਟਰੀ-ਅੰਤਰਰਾਸ਼ਟਰੀ ਰਾਜਨੀਤੀ, ਧਰਮ ਦੇ ਕਰਮਕਾਂਡੀ ਪਾਖੰਡਾਂ, ਦੋਹਰੇ ਤੇ ਦੋਗਲੇ ਮਨੁੱਖੀ ਕਿਰਦਾਰਾਂ, ਸਮਾਜਿਕ ਵਿਸੰਗਤੀਆਂ, ਸਾਹਿਤਕਾਰਾਂ ਦੀ ਸਸਤੀ ਸ਼ੁਹਰਤ ਅਤੇ ਇਨਾਮਾਂ-ਸਨਮਾਨਾਂ ਲਈ ਕੀਤੀ ਭੱਜ ਨੱਸ (ਚੂਹਾ ਦੌੜ) ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ। ਢੁਕਵੀਂ ਤੇ ਮੁਹਾਵਰੇਦਾਰ ਭਾਸ਼ਾ ਦਾ ਮੁਜੱਸਮਾ ਇਨ੍ਹਾਂ ਲੇਖਾਂ ਵਿਚ ਖਾਸ ਤਰ੍ਹਾਂ ਦਾ ਰਸ ਪੈਦਾ ਕਰਦਾ ਹੈ। ਪਰਸਾਈ ਹੁਰੀਂ ਸਮਾਜਿਕ ਅਤੇ ਰਾਜਨੀਤਕ ਦੰਭ ਤੇ ਤਾਨਾਸ਼ਾਹੀ ਦਾ ਪਾਜ ਉਘਾੜਦੇ ਹਨ ਤੇ ਇਕ ਨਵਾਂ ਤੇ ਸਿਹਤਮੰਦ ਮਾਹੌਲ ਬਣਾਉਣ ਲਈ ਯਤਨਸ਼ੀਲ ਹਨ। ਕਈ ਪਾਠਕ ਉਨ੍ਹਾਂ ਨੂੰ ਆਧੁਨਿਕ ਕਬੀਰ ਵੀ ਆਖ ਦਿੰਦੇ ਹਨ। ਆਪਣੀ ਗੱਲ ਕਹਿਣ ਲਈ ਜਿਸ ਨਿਡਰਤਾ ਤੇ ਬੇਬਾਕੀ ਦਾ ਸਬੂਤ ਉਹ ਦਿੰਦੇ ਹਨ, ਉਹ ਬਹੁਤ ਹੀ ਘੱਟ ਵਿਅੰਗਕਾਰਾਂ ਦੇ ਹਿੱਸੇ ਆਇਆ ਹੈ। 'ਡਿਕਨਜ਼ ਦੇ ਦਿਲਚਸਪ ਪਾਤਰਾਂ', ਰਾਜਨੀਤਕ ਕੁੱਤੇ, ਵਿਗਿਆਪਨ ਸੰਸਕ੍ਰਿਤੀ, ਜਿਹੇ ਲੇਖਾਂ ਵਿਚ ਉਨ੍ਹਾਂ ਦਾ ਵਿਅੰਗ ਫਲੈਟ ਹੁੰਦਾ ਪ੍ਰਤੀਤ ਹੁੰਦਾ ਹੈ।

-ਕੇ. ਐਲ. ਗਰਗ
ਮੋ: 94635-37050

25-8-2013

 ਹੀਰ ਵਾਰਿਸ
(ਬਿਰਤਾਂਤ-ਸ਼ਾਸਤਰੀ ਪਰਿਪੇਖ)
ਲੇਖਕ : ਡਾ: ਸੁਖਪਾਲ ਸਿੰਘ ਥਿੰਦ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 256.

ਹਥਲੀ ਪੁਸਤਕ ਡਾ: ਸੁਖਪਾਲ ਸਿੰਘ ਥਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 1990 ਤੋਂ 1994 ਤੱਕ ਕੀਤੇ ਸ਼ੋਧ-ਕਾਰਜ ਉੱਪਰ ਆਧਾਰਿਤ ਇਕ ਮਹੱਤਵਪੂਰਨ ਆਲੋਚਨਾ-ਗ੍ਰੰਥ ਹੈ। ਇਸ ਗ੍ਰੰਥ ਵਿਚ ਉਸ ਨੇ ਮਧਕਾਲੀਨ ਪੰਜਾਬੀ ਸਾਹਿਤ ਦੀ ਇਕ ਸੁਪ੍ਰਸਿੱਧ ਟੈਕਸਟ 'ਹੀਰ ਵਾਰਿਸ' ਦਾ ਬਿਰਤਾਂਤ-ਸ਼ਾਸਤਰੀ ਅਧਿਐਨ ਪੇਸ਼ ਕੀਤਾ ਹੈ। ਵਿਦਵਾਨ ਲੇਖਕ ਨੇ ਇਸ ਪੁਸਤਕ ਦੇ ਨੌਂ ਅਧਿਆਇ ਬਣਾਏ ਹਨ-1. ਬਿਰਤਾਂਤ ਸ਼ਾਸਤਰ (ਥਿਉਰੀ) 2. ਉੱਤਰ ਆਧੁਨਿਕਤਾ ਅਤੇ ਬਿਰਤਾਂਤ-ਸ਼ਾਸਤਰ 3. ਹੀਰ ਵਾਰਿਸ ਸਬੰਧੀ ਪ੍ਰਾਪਤ ਆਲੋਚਨਾ 4. ਘਟਨਾਵੀ ਵਿਉਂਤ ਸੰਗਠਨ 5. ਘਟਨਾਵੀ-ਮਿਆਦ ਸੰਗਠਨ 6. ਬਾਰੰਬਾਰਤਾ ਸੰਗਠਨ 7. ਪਾਤਰਾਂ ਅਤੇ ਸਥਾਨਾਂ ਦੀ ਅੰਤਰ-ਸੰਬੰਧਿਤਾ 8. ਬਿਰਤਾਂਤਣ ਅਮਲ 9. ਸਾਰ ਅਤੇ ਸਥਾਪਨਾਵਾਂ। ਪੰਜਾਬੀ ਖੋਜ ਦੇ ਖੇਤਰ ਵਿਚ ਬਿਰਤਾਂਤ-ਸ਼ਾਸਤਰ ਬਾਰੇ ਸਭ ਤੋਂ ਪਹਿਲਾਂ ਡਾ: ਹਰਜੀਤ ਸਿੰਘ ਗਿੱਲ ਨੇ 1970 ਈ: ਦੇ ਆਸ-ਪਾਸ ਕੰਮ ਸ਼ੁਰੂ ਕਰਵਾਇਆ ਸੀ। 1980 ਈ: ਦੇ ਆਸ-ਪਾਸ ਡਾ: ਹਰਿਭਜਨ ਸਿੰਘ ਨੇ ਵੀ ਇਸ ਵਿਸ਼ੇ ਬਾਰੇ ਕੁਝ ਫੁਟਕਲ ਲੇਖ ਲਿਖੇ-ਲਿਖਵਾਏ ਸਨ। ਡਾ: ਜੋਗਿੰਦਰ ਸਿੰਘ ਰਾਹੀ, ਡਾ: ਗੁਰਲਾਲ ਸਿੰਘ, ਡਾ: ਨਰਵਿੰਦਰ ਕੌਸ਼ਲ ਅਤੇ ਡਾ: ਧਨਵੰਤ ਕੌਰ ਨੇ ਵੀ ਇਸ ਵਿਸ਼ੇ ਦੀਆਂ ਸੰਭਾਵਨਾਵਾਂ ਨੂੰ ਜਾਂਚਣ-ਪਰਖਣ ਦਾ ਕਾਰਜ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਡਾ: ਥਿੰਦ ਨੇ ਇਸ ਕਠਿਨ ਵਿਸ਼ੇ ਨੂੰ ਹੱਥ ਪਾ ਕੇ ਆਪਣੀ ਗੰਭੀਰ ਆਲੋਚਨਾਤਮਕ ਸੂਝ ਦਾ ਪਰਿਚਯ ਦਿੱਤਾ ਹੈ। ਉਸ ਨੇ 'ਹੀਰ ਵਾਰਿਸ' ਦੀ ਟੈਕਸਟ ਨੂੰ 16 ਬਿਰਤਾਂਤ-ਲੜੀਆਂ ਵਿਚ ਵਿਭਾਜਿਤ ਕਰਕੇ ਇਸ ਦਾ ਸੁਚੱਜਾ ਵਿਸ਼ਲੇਸ਼ਣ ਕੀਤਾ ਹੈ। ਹੀਰ ਵਾਰਿਸ ਦੇ ਬ੍ਰਿਤਾਂਤ-ਪ੍ਰਬੰਧ ਬਾਰੇ ਆਪਣਾ ਨਿਰਣਾ ਪੇਸ਼ ਕਰਦਾ ਹੋਇਆ ਡਾ: ਥਿੰਦ ਲਿਖਦਾ ਹੈ ਕਿ ਇਸ ਟੈਕਸਟ ਵਿਚ ਜਿਥੇ ਇਕ ਪਾਸੇ ਵਾਰਿਸ ਦੀ 'ਵਿਗਿਆਨਕ ਚੇਤਨਾ' ਦੇ ਪ੍ਰਫੁਲਿਤ ਹੋਣ ਕਾਰਨ ਘਟਨਾਵੀ ਵਿਵੇਕ ਨੂੰ ਤਰਕਮਈ ਪੱਧਰ ਉਤੇ ਪ੍ਰਸਤੁਤ ਕੀਤਾ ਗਿਆ ਹੈ, ਉਤੇ ਹੀ ਮਧਕਾਲੀਨ ਯੁੱਗ-ਬੋਧ ਵਿਚਲੀ ਭਾਰੂ ਧਾਰਮਿਕ ਚੇਤਨਾ ਤੋਂ ਉਪਜੀ ਮਨੋਰਥਪਰਕਤਾ ਨੇ ਇਸ ਨੂੰ ਆਪਣੇ ਅਨੁਰੂਪ ਭੰਨਿਆ-ਤੋੜਿਆ ਵੀ ਹੈ। ...ਬਿਰਤਾਂਤ-ਸ਼ਾਸਤਰੀ ਪੱਖ ਤੋਂ ਦੇਖਿਆਂ ਵਾਰਿਸ ਦਾ ਅਜਿਹਾ ਅਮਲ ਉਸ ਦੇ ਯੁਗ-ਬੋਧ ਅਨੁਕੂਲ ਉਪਜਿਆ ਸਹਿਜ ਵਰਤਾਰਾ ਹੈ। (ਪੰਨਾ 245) ਮੈਂ ਡਾ: ਥਿੰਦ ਦੀ ਅਣਥੱਕ ਸਾਧਨਾ ਅਤੇ ਕਠੋਰ ਪਰਿਸ਼ਰਮ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ। ਮੈਂ ਉਸ ਨੂੰ ਸਾਹਿਤ ਦੇ ਗਲਿਆਰਿਆਂ ਵਿਚ ਹੋਰ ਊਰਜਾਵਾਨ ਹੋ ਕੇ ਕੰਮ ਕਰਨ ਦੀ ਹੱਲਾਸ਼ੇਰੀ ਵੀ ਦਿੰਦਾ ਹਾਂ। ਥਿਊਰੀ ਦੇ ਖੇਤਰ ਵਿਚ ਉਸ ਪਾਸੋਂ ਕਾਫੀ ਆਸ਼ਾਵਾਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਇਸ਼ਤਿਹਾਰ ਧੁੱਪ-ਛਾਂ ਦੇ
ਲੇਖਕ : ਕਸ਼ਮੀਰ ਸਿੰਘ ਪਨੂੰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120.

ਕਸ਼ਮੀਰ ਸਿੰਘ ਪਨੂੰ (ਮੁਹਾਲੀ) ਉੱਘਾ ਕਹਾਣੀਕਾਰ ਹੈ। ਸ਼ਬਦ ਚਿਤਰਾਂ ਦੀ ਇਸ ਨਵੀਂ ਪੁਸਤਕ ਵਿਚ ਉਸ ਦੇ ਕਾਫੀ ਸਮਾਂ ਪਹਿਲਾਂ ਪ੍ਰਾਪਤ ਕੀਤੇ ਯਾਦਗਾਰੀ ਅਨੁਭਵ ਹਨ। ਲੇਖਕ ਪਹਿਲੇ ਸ਼ਬਦ ਚਿਤਰ ਵਿਚ ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਦੀ ਮੁਖੀ ਕਹਿੰਦਾ ਹੈ। ਲੇਖਕ ਜਦੋਂ ਵੀ ਦਿੱਲੀ ਜਾਂਦਾ ਸੀ ਅੰਮ੍ਰਿਤਾ ਪ੍ਰੀਤਮ ਨੂੰ ਜ਼ਰੂਰ ਮਿਲ ਕੇ ਆਉਂਦਾ ਹੈ। ਇਸ ਸ਼ਬਦ ਚਿਤਰ ਵਿਚ ਲੇਖਕ ਉਤੇ ਅੰਮ੍ਰਿਤਾ ਇਮਰੋਜ਼ ਵਿਚਕਾਰਲੇ ਸਾਂਝੇ ਪਲਾਂ ਦਾ ਜ਼ਿਕਰ ਹੈ।
ਗੁੱਗਾ ਪੂਜ: ਸੁਰਿੰਦਰ ਮੀਸ਼ਾ, ਗੋਲਾ ਕਬੂਤਰ : ਕੁਲਵੰਤ ਸਿੰਘ ਵਿਰਕ, ਸਾਹਿਤ ਸਵਾਰ, ਪ੍ਰੀਤਮ ਸਿੰਘ ਆਈ.ਏ.ਐਸ. ਸਿੱਪੀ ਵਿਚਲਾ ਮੋਤੀ, ਰਜਿੰਦਰ ਸਿੰਘ ਭਸੀਨ, ਇਕਹਿਰੇ ਸਫਰ: ਮਹਿੰਦਰ ਭਗਵੰਤ ਦੇ, ਸਾਹਿਤ ਦਾ ਮਸੀਹਾ: ਗਿਆਨੀ ਜੈਲ ਸਿੰਘ, ਮਣੀ ਵਾਲਾ ਹਰਸਰਨ ਸਿੰਘ ਦੇ ਬੜੇ ਸੂਖਮ, ਭਾਵਕ, ਸੁਹਜਮਈ ਵਾਰਤਕ ਵਾਲੇ ਸ਼ਬਦ ਚਿੱਤਰ ਪੁਸਤਕ ਵਿਚ ਹਨ। ਲੇਖਕ ਇਨ੍ਹਾਂ ਸ਼ਖ਼ਸੀਅਤਾਂ ਬਾਰੇ ਰੌਚਿਕ ਤੇ ਭਾਵਪੂਰਤ ਸੰਵਾਦ ਪੇਸ਼ ਕਰਦਾ ਹੈ। ਲੇਖਕ ਨੇ ਆਪਣੇ ਬਾਰੇ ਪੰਨਾ 78 ਤੋਂ 120 ਤੱਕ ਮੱਧਮ ਚਾਲ : ਮੈਂ ਤੇ ਮੈਂ ਸਿਰਲੇਖ ਹੇਠ ਸ਼ਬਦ ਚਿੱਤਰ ਲਿਖਿਆ ਹੈ। ਇਸ ਪੰਨੇ ਲੇਖਕ ਦੀ ਸਵੈ-ਜੀਵਨ ਵਰਗੇ ਹਨ। ਇਸ ਸਵੈ-ਸ਼ਬਦ ਚਿੱਤਰ ਵਿਚ ਕਸ਼ਮੀਰ ਸਿੰਘ ਪਨੂੰ ਨੇ ਆਪਣੇ ਨਾਲ ਵਾਪਰੇ ਦੋ ਹਾਦਸਿਆਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀਆਂ ਮੁਹੱਬਤਾਂ, ਸਕੂਲੀ ਜੀਵਨ, ਬਚਪਨ ਅਧਿਆਪਕਾ ਨਾਲ ਸਬੰਧ, ਚੰਡੀਗੜ੍ਹ ਵਿਚ ਟ੍ਰੈਫਿਕ ਪੁਲਿਸ ਕੋਲੋਂ ਬਚਣ ਦੀ ਘਟਨਾ, ਵੇਦ ਪ੍ਰਕਾਸ਼ ਤੇ ਸੁੱਚਾ ਸਿੰਘ ਭੱਟੀ ਵੱਲੋਂ ਪ੍ਰੀਖਿਆ ਵਿਚ ਦਿੱਤੀ ਸੇਧ, ਸਿਵਲ ਸਕੱਤਰੇਤ ਦੀ ਨੌਕਰੀ ਦਾ ਤਜਰਬਾ, ਆਪਣੀਆਂ ਕਿਤਾਬਾਂ ਦੇ ਰਿਵਿਊ, ਰਿਲੀਜ਼ ਸਮਾਰੋਹ, ਵਿਦਵਾਨਾਂ ਦੇ ਵਿਚਾਰ ਆਦਿ ਸਾਰਾ ਕੁਝ ਪੜ੍ਹਨ ਵਾਲਾ ਹੈ। ਇਨ੍ਹਾਂ ਸ਼ਖ਼ਸੀਅਤਾਂ ਦੀ ਨਿੱਜੀ ਜ਼ਿੰਦਗੀ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। ਵੱਡੀ ਗੱਲ ਇਹ ਹੈ ਕਿ ਲੇਖਕ ਨੇ ਸ਼ਬਦਾਂ ਦੀ ਜਾਦੂਗਰੀ ਨਾਲ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਪ੍ਰਭਾਵਿਤ ਕੀਤਾ। ਗਿਆਨੀ ਜੈਲ ਸਿੰਘ ਦੇ ਸ਼ਬਦ ਹਨ, 'ਲੇਖਕ ਕੌਮ ਦਾ ਸਰਮਾਇਆ ਹੁੰਦੇ ਹਨ, ਇਸ ਕਰਕੇ ਇਸ ਕਰਮਚਾਰੀ ਨੂੰ ਸਹਾਇਕ ਵਾਲੇ ਪਾਸੇ ਤਰੱਕੀ ਦੇ ਦਿੱਤੀ ਜਾਵੇ।' (ਪੰਨਾ 71) ਪੁਸਤਕ ਹਰੇਕ ਵਰਗ ਵਾਸਤੇ ਲਾਹੇਵੰਦ ਹੈ। ਪੁਸਤਕ ਦਾ ਨਿੱਘਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਬਾਡੀ ਲੈਂਗੁਏਜ
ਲੇਖਕ : ਜੇਮਜ਼ ਬੌਰਗ
ਪ੍ਰਕਾਸ਼ਕ : ਪੀਅਰਸਨ ਐਜੂਕੇਸ਼ਨਲ ਲਿਮ: ਯੂ. ਕੇ.
(ਭਾਰਤ ਵਿਚ ਪ੍ਰਕਾਸ਼ਨ : ਡੋਰਲਿੰਗ ਕਿੰਡਰਸਲੇਅ ਪ੍ਰਾ. ਲਿਮ:)
ਮੁੱਲ : 200 ਰੁਪਏ, ਸਫ਼ੇ : 235

'ਬਾਡੀ ਲੈਂਗੁਏਜ' ਮਨੋਵਿਗਿਆਨੀ ਜੇਮਜ਼ ਬੌਰਗ ਦੀ ਦੂਸਰੀ ਪੁਸਤਕ ਹੈ। ਬਾਡੀ ਲੈਂਗੁਏਜ਼ ਦਾ ਭਾਵ ਹੈ ਕਿਸੇ ਦੇ ਸਰੀਰਕ ਹਾਵ-ਭਾਵ ਨੂੰ ਸਮਝਣਾ। ਲੇਖਕ ਨੇ ਜਿਸਮਾਨੀ ਹਾਵ-ਭਾਵ ਦੀ ਭਾਸ਼ਾ ਨੂੰ ਸਮਝਣ ਲਈ ਇਸ ਪੁਸਤਕ ਵਿਚ ਸੱਤ ਅਧਿਆਇ ਵਿਚ ਸੱਤ ਨੁਕਤੇ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਉਸ ਨੇ ਦੂਸਰੇ ਦੇ ਮਨ ਨੂੰ ਪੜ੍ਹਨ ਦਾ ਨਿਵੇਕਲਾ ਯਤਨ ਕੀਤਾ ਹੈ। ਸਭ ਤੋਂ ਪਹਿਲੇ ਅਧਿਆਏ 'ਚ ਮਨ ਅਤੇ ਸਰੀਰ ਦੀ ਭਾਸ਼ਾ ਹੈ ਜਿਸ ਵਿਚ ਪਹਿਰਾਵਾ, ਬੈਠਣ ਦਾ ਸਲੀਕਾ, ਚਿਹਰੇ ਦੇ ਹਾਵ-ਭਾਵ, ਦੇਖਣਾ, ਹੱਥਾਂ ਪੈਰਾਂ ਦੀ ਹਰਕਤ, ਆਵਾਜ਼ ਆਦਿ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਦੂਸਰੇ ਅਧਿਆਇ ਵਿਚ ਦੇਖਣ ਦੀ ਕਲਾ ਨੂੰ ਅਹਿਮੀਅਤ ਦਿੱਤੀ ਗਈ ਹੈ। ਕਿਸੇ ਨੂੰ ਕਿਵੇਂ ਦੇਖਣਾ ਹੈ, ਕਦੋਂ ਦੇਖਣਾ ਹੈ ਆਦਿ। ਤੀਸਰਾ ਅਧਿਆਇ ਹੈ 'ਸੁਣਨਾ' ਭਾਵ ਕਿਸੇ ਨੂੰ ਸੁਣ ਕੇ ਕੀ ਪ੍ਰਤੀਕਿਰਿਆ ਪ੍ਰਗਟ ਕੀਤੀ ਜਾਂਦੀ ਹੈ। ਚੌਥਾ ਅਧਿਆਇ ਵੱਖ-ਵੱਖ ਸਰੀਰਕ ਅੰਗਾਂ ਜਿਵੇਂ ਲੱਤਾਂ, ਬਾਹਾਂ, ਹੱਥਾਂ, ਪੈਰਾਂ ਦੇ ਸੰਕੇਤਾਂ ਬਾਰੇ ਹੈ। ਅਸੀਂ ਕਿਸੇ ਨਾਲ ਮੁਲਾਕਾਤ ਦੌਰਾਨ ਇਸ਼ਾਰੇ ਕਿਵੇਂ ਕਰਦੇ ਹਾਂ, ਸਾਡੇ ਕਿਹੜੇ ਅੰਗ ਵਧੇਰੇ ਹਰਕਤ ਕਰਦੇ ਹਨ ਆਦਿ।
ਅਗਲਾ ਅਧਿਆਇ ਹੈ 'ਝੂਠ ਬੋਲਣਾ'। ਇਸ ਸਬੰਧੀ ਬੜਾ ਦਿਲਚਸਪ ਢੰਗ ਨਾਲ ਲਿਖਿਆ ਗਿਆ ਹੈ ਕਿ ਝੂਠ ਬੋਲਣ ਵਾਲੇ ਨਜ਼ਰਾਂ ਚੁਰਾਉਣ ਦੀ ਥਾਂ ਲੋੜ ਤੋਂ ਵੱਧ ਨਜ਼ਰਾਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਲੋਕ ਆਪਣੀਆਂ ਹਰਕਤਾਂ ਕਾਰਨ ਫੜੇ ਜਾਂਦੇ ਹਨ ਕਿਉਂਕਿ ਉਹ ਚਲਾਕੀ ਖੇਡ ਰਹੇ ਹੁੰਦੇ ਹਨ।
ਅਖੀਰ ਵਿਚ ਆਕਰਸ਼ਣ ਅਤੇ ਲੀਕੇਜ ਅਧਿਆਇ ਹਨ। ਪਹਿਲਾ ਪ੍ਰਭਾਵ ਜੋ ਇਕ ਪਲ ਵਿਚ ਹੀ ਬਣ ਜਾਂਦਾ ਹੈ। ਉਹ ਹੈ ਸ਼ਖ਼ਸੀਅਤ ਦੀ ਖਿੱਚ। ਇਹ ਬਹੁਤ ਹੀ ਵਿਸ਼ੇਸ਼ ਵਿਸ਼ਾ ਹੈ ਅਤੇ ਲੀਕੇਜ ਅਨੁਸਾਰ ਅਸੀਂ ਕਈ ਵਾਰ ਸਹੀ ਪ੍ਰਭਾਵ ਛੁਪਾਉਣ ਦਾ ਯਤਨ ਕਰਦੇ ਹਾਂ ਅਤੇ ਗ਼ਲਤ ਪ੍ਰਭਾਵ ਦੇ ਕੇ ਆਪਣੇ ਆਪ ਨੂੰ ਸਮਰਥ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਇਸ ਪੁਸਤਕ ਦਾ ਵਿਸ਼ਾ ਵਿਅਕਤੀ ਹੈ। ਇਸ ਲਈ ਜ਼ਰੂਰੀ ਨਹੀਂ ਕਿ ਹਰ ਇਕ ਵਿਅਕਤੀ ਦਾ ਵਿਹਾਰ ਇਕੋ ਜਿਹਾ ਹੋਵੇਗਾ। ਕੋਈ ਬਹੁਤ ਹੀ ਸਪੱਸ਼ਟਵਾਦੀ ਤੇ ਕੋਈ ਬਹੁਤ ਹੀ ਛੁਪਾਉਣ ਵਾਲਾ ਜਾਂ ਸੰਗਾਊ ਹੁੰਦਾ ਹੈ। ਕਿਸੇ ਬਾਰੇ ਆਪਣੀ ਰਾਇ ਬਣਾਉਣ ਲਈ ਇਕ ਸ਼ਬਦ ਨਹੀਂ ਬਲਕਿ ਇਕ ਵਾਕ ਦੀ ਲੋੜ ਹੁੰਦੀ ਹੈ ਭਾਵ ਕਈ ਸ਼ਬਦਾਂ ਦੀ।
ਇਹ ਕਿਤਾਬ ਸਭ ਲਈ ਹੈ, ਚਾਹੇ ਤੁਸੀਂ ਕੁਝ ਵੀ ਕਰਦੇ ਹੋ। ਦੂਸਰਿਆਂ ਨਾਲ ਵਾਹ ਪੈਣ 'ਤੇ ਸਾਨੂੰ ਉਨ੍ਹਾਂ ਦੇ ਵਿਵਹਾਰ ਅਤੇ ਦਿਖ ਨੂੰ ਸਮਝਣ ਲਈ ਇਹ ਪੁਸਤਕ ਬੇਹੱਦ ਮਦਦਗਾਰ ਸਾਬਿਤ ਹੋ ਸਕਦੀ ਹੈ।
ਪ੍ਰਭ ਕੀਰਤਨ ਸਿੰਘ ਵੱਲੋਂ ਪੁਸਤਕ ਦੀ ਪ੍ਰਕਾਸ਼ਨਾ ਵਿਚ ਪਾਇਆ ਸਹਿਯੋਗ ਕੀਮਤੀ ਹੈ। ਉਨ੍ਹਾਂ ਵੱਲੋਂ ਕੀਤਾ ਪੰਜਾਬੀ ਅਨੁਵਾਦ ਸਰਲ ਅਤੇ ਸਮਝ ਆਉਣਯੋਗ ਹੈ। ਵਿਸ਼ੇ ਨੂੰ ਬੇਹੱਦ ਵਧੀਆ ਭਾਸ਼ਾ ਵਿਚ ਬਿਆਨ ਕਰਨ ਦਾ ਸਫ਼ਲ ਯਤਨ ਹੈ। ਪੁਸਤਕ ਪੜ੍ਹਨਯੋਗ ਹੈ।

-ਹਰਜਿੰਦਰ ਸਿੰਘ
ਮੋ: 98726-60161

ਪੰਜਾਬੀ ਸਾਹਿਤ ਦੀਆਂ ਦੋ ਤ੍ਰਿਵੈਣੀਆਂ
ਲੇਖਕ : ਕਰਤਾਰ ਸਿੰਘ ਕਾਲੜਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 150 ਰੁਪਏ, ਸਫ਼ੇ : 111

'ਪੰਜਾਬੀ ਸਾਹਿਤ ਦੀਆਂ ਦੋ ਤ੍ਰਿਵੈਣੀਆਂ' ਪ੍ਰਸਿੱਧ ਗ਼ਜ਼ਲਗੋ ਪ੍ਰੋ: ਕਰਤਾਰ ਸਿੰਘ ਕਾਲੜਾ ਰਚਿਤ ਪੁਸਤਕ ਹੈ, ਜਿਸ ਵਿਚ ਉਨ੍ਹਾਂ ਪੰਜਾਬੀ ਸਾਹਿਤ ਦੇ ਦੋ ਦਿੱਗਜ਼ ਲੇਖਕਾਂ ਸੋਹਣ ਸਿੰਘ ਸੀਤਲ ਤੇ ਕਿਰਪਾਲ ਸਿੰਘ ਕਸੇਲ ਹੁਰਾਂ ਦੇ ਨਾਲ ਆਪਣੀ ਨੇੜਤਾ, ਮੁਹੱਬਤ ਦੇ ਪਲਾਂ ਨੂੰ ਕਲਮਬੱਧ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਤੇ ਵਿਅਕਤਿਤਵ ਸਬੰਧੀ ਸੰਵਾਦ ਰਚਾਉਣ ਦਾ ਉਪਰਾਲਾ ਕੀਤਾ ਹੈ।
ਇਸ ਪੁਸਤਕ ਦੀ ਭੂਮਿਕਾ ਵਿਚ ਲੇਖਕ ਨੇ ਤ੍ਰਿਵੈਣੀ ਸ਼ਬਦ ਦੀ ਵਿਆਖਿਆ ਕਰਦਿਆਂ ਤਿੰਨ ਰੁੱਖਾਂ ਦੇ ਸੰਗਮ ਪਿੱਪਲ, ਬੋਹੜ ਤੇ ਨਿੰਮ ਦੇ ਗੁਣਾਂ ਦੀ ਵਿਆਖਿਆ ਕਰਦਿਆਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਤ੍ਰਿਵੈਣੀ ਰਾਹੀਂ ਪਰਿਭਾਸ਼ਤ ਕੀਤਾ ਹੈ। 'ਤੇ ਕਸੇਲ ਮਿਲਟਨ ਹੋ ਗਿਆ' ਨਿਬੰਧ ਵਿਚ ਲੇਖਕ ਨੇ ਪ੍ਰੋ: ਕਸੇਲ ਦੇ ਜੋਤੀ-ਹੀਣ ਹੋਣ 'ਤੇ ਵੀ ਸਾਹਿਤ ਨੂੰ ਏਨੀ ਵਡੇਰੀ ਸਾਹਿਤਕ ਦੇਣ ਕਾਰਨ ਉਨ੍ਹਾਂ ਅੰਦਰੋਂ ਕਾਵਿ-ਸਰੋਤ ਦੇ ਟੁੱਟਣ ਤੇ ਉਸ ਦੀ ਸਿਰਜਣ ਪ੍ਰਕਿਰਿਆ ਸਬੰਧੀ ਬਹੁਤ ਹੀ ਭਾਵੁਕਤਾ ਤੇ ਮੋਹ ਭਰੀ ਸ਼ੈਲੀ ਵਿਚ ਬਿਆਨ ਕੀਤਾ ਹੈ। ਇਸੇ ਤਰ੍ਹਾਂ ਦੇ ਅਹਿਸਾਸ 'ਛੱਤੀ ਅੰਮ੍ਰਿਤ ਦੀ ਸਰਬਕਾਲਕ ਸਾਰਥਕਤਾ' ਨਿਬੰਧ ਵਿਚ ਵੇਖੇ ਜਾ ਸਕਦੇ ਹਨ। ਲੇਖਕ ਪ੍ਰੋ: ਕਸੇਲ ਦੇ ਕਾਵਿ ਚਿੰਤਨ ਨੂੰ ਛੱਤੀ ਅੰਮ੍ਰਿਤ' ਦੇ ਰੂਪ ਵਿਚ ਦੇਖਦਾ ਹੈ। ਉਹ ਪ੍ਰੋ: ਕਸੇਲ ਦੇ ਇਸ ਚਿੰਤਨ ਨੂੰ 'ਤੀਸਰਾ ਨੇਤਰ' ਦੀ ਸੰਗਿਆ ਨਾਲ ਪਰਿਭਾਸ਼ਤ ਕਰਦਾ ਹੈ। ਇਸੇ ਤਰ੍ਹਾਂ 'ਸਹਿਜ ਉਪਜੀ ਕਲਾਤਮਕਤਾ' ਵਿਚ ਲੇਖਕ ਪ੍ਰੋ: ਕਸੇਲ ਦੀ ਕਵਿਤਾ ਦਾ ਲੇਖਾ-ਜੋਖਾ ਕਰਦਾ ਹੈ। ਇਸੇ ਤਰ੍ਹਾਂ ਇਸ ਪੁਸਤਕ ਦੇ ਭਾਗ ਦੂਜਾ ਵਿਚ ਗਿ: ਸੋਹਣ ਸਿੰਘ ਸੀਤਲ ਦੇ ਨਾਵਲ 'ਜੰਗ ਜਾਂ ਅਮਨ' ਦਾ ਵਿਵੇਚਨ ਅਤੇ 'ਸੋਹਣ ਸਿੰਘ ਸੀਤਲ-ਲੋਕ ਕਵੀ ਤੇ ਢਾਡੀ' ਨਿਬੰਧ ਵਿਚ ਸੀਤਲ ਦੀ ਕਵਿਤਾ/ਕਵੀਸ਼ਰੀ ਸਬੰਧੀ ਵਿਚਾਰ ਕਰਦਾ ਦੱਸਦਾ ਹੈ ਕਿ ਸੋਹਣ ਸਿੰਘ ਸੀਤਲ ਲੋਕ ਕਾਵਿ-ਕਵੀਸ਼ਰੀ ਤੇ ਨਾਵਲਕਾਰ ਦੋਵਾਂ ਵਜੋਂ ਇਕ ਸਮਰੱਥ ਲੇਖਕ ਵਜੋਂ ਸਾਹਮਣੇ ਆਉਂਦਾ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਦੋ ਵੱਡੇ ਲੇਖਕਾਂ ਦੇ ਜੀਵਨ, ਵਿਅਕਤਿਤਵ ਤੇ ਰਚਨਾ ਨੂੰ ਸਮਝਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

18-8-2013

 ਆਪਣੇ ਰੂਬਰੂ
ਗ਼ਜ਼ਲਗੋਅ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 96.

ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਜਨਾਬ ਗੁਰਦਿਆਲ ਰੌਸ਼ਨ ਨਿਰਸੰਦੇਹ ਇਕ 'ਰੌਸ਼ਨ ਸਿਤਾਰਾ' ਹੈ। ਆਪਣੀ ਨਿਰੰਤਰ ਸਾਧਨਾ ਅਤੇ ਵਚਨਬੱਧਤਾ ਦੇ ਸਹਾਰੇ ਉਸ ਨੇ ਇਸ ਸਿਨਫ਼ ਦੇ ਖੇਤਰ ਵਿਚ ਆਪਣਾ ਇਕ ਵਿਸ਼ੇਸ਼ ਸਥਾਨ ਹਾਸਲ ਕਰ ਲਿਆ ਹੈ। 'ਆਪਣੇ ਰੂਬਰੂ' ਉਸ ਦਾ ਦਸਵਾਂ ਗ਼ਜ਼ਲ ਸੰਗ੍ਰਹਿ ਹੈ। ਉਹ ਡਾ: ਸਾਧੂ ਸਿੰਘ ਹਮਦਰਦ, ਜਨਾਬ ਦੀਪਕ ਜੈਤੋਈ, ਸ੍ਰੀ ਚਾਨਣ ਗੋਬਿੰਦਪੁਰੀ, ਡਾ: ਜਗਤਾਰ ਅਤੇ ਡਾ: ਰਣਧੀਰ ਸਿੰਘ ਚੰਦ ਦੁਆਰਾ ਤੋਰੀ ਅਤੇ ਵਿਸਤਾਰੀ-ਨਿਖਾਰੀ ਗ਼ਜ਼ਲ ਪਰੰਪਰਾ ਦਾ ਇਕ ਵਿਲੱਖਣ ਸਿਰਨਾਵਾਂ ਹੈ। ਪ੍ਰਯੋਗਧਰਮੀ ਹੋਣ ਦੀ ਹਉਮੈ ਵਿਚ ਉਹ ਗ਼ਜ਼ਲ ਕਾਵਿ ਦੀ ਸ਼ਾਨਾਮੱਤੀ ਮਰਯਾਦਾ ਨੂੰ ਭੰਨਣ-ਤੋੜਨ ਦੀ ਹਿਮਾਕਤ ਬਿਲਕੁਲ ਨਹੀਂ ਕਰਦਾ ਬਲਕਿ ਪੂਰੀ ਸਿਦਕਦਿਲੀ ਨਾਲ ਮਰਯਾਦਾ ਉਪਰ ਪਹਿਰਾ ਦਿੰਦਾ ਹੈ। ਉਸ ਦਾ ਵਿਸ਼ਵਾਸ ਹੈ ਕਿ ਕਿਸੇ ਸ਼ਾਇਰ ਲਈ 'ਦਰਵੇਸ਼' ਹੋਣਾ ਲਾਜ਼ਮੀ ਹੈ ਪਰ ਅੱਜਕਲ੍ਹ ਦੇ ਤੇਜ਼-ਤੱਰਾਰ ਅਤੇ ਉੱਤਰ ਆਧੁਨਿਕ ਯੁੱਗ ਵਿਚ ਦਰਵੇਸ਼ੀ ਕਿਥੇ ਰਹਿ ਗਈ ਹੈ! ਇਹ ਤਾਂ 13ਵੀਂ ਸਦੀ ਵਿਚ ਹੀ ਲੋਪ ਹੋਣੀ ਸ਼ੁਰੂ ਹੋ ਗਈ ਸੀ। ਸ਼ੇਖ ਬਾਬਾ ਫ਼ਰੀਦ ਨੂੰ ਐਵੇਂ ਨਹੀਂ ਸੀ ਕਹਿਣਾ ਪਿਆ : ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆ ਭਤਿ॥ ਅਜ ਕਲ੍ਹ ਦੇ ਬਹੁਤੇ ਕਵੀ ਦੁਨੀਆ ਭਤ (ਵਾਂਗ) ਚਲਦੇ ਹੋਏ ਸਰਕਾਰੀ ਇਨਾਮ-ਸਨਮਾਨ ਹਾਸਲ ਕਰਨ ਵਿਚ ਰੁੱਝੇ ਹੋਏ ਹਨ। ਉਨ੍ਹਾਂ ਨੂੰ ਬਹੁਤ-ਬਹੁਤ ਮੁਬਾਰਕਾਂ! ਪਰ 'ਰੌਸ਼ਨ' ਇਨ੍ਹਾਂ ਰਾਹਾਂ ਦਾ ਪਾਂਧੀ ਨਹੀਂ ਹੈ।
ਗੁਰਦਿਆਲ ਰੌਸ਼ਨ ਨੂੰ ਜੀਵਨ ਦੀਆਂ ਵਿਸੰਗਤੀਆਂ, ਅੰਤਰ-ਵਿਰੋਧਾਂ ਅਤੇ ਬਿਪਤਾਵਾਂ ਦਾ ਬਹੁਤ ਡੂੰਘਾ ਅਨੁਭਵ ਹੈ। ਇਸ ਕਾਰਨ ਉਸ ਦੀ ਸ਼ਾਇਰੀ ਵਿਚ ਤੁਗ਼ਜ਼ਲ ਦੇ ਗੁਣ-ਲੱਛਣ ਪੈਦਾ ਹੋ ਗਏ ਹਨ। ਇਸ ਪ੍ਰਸੰਗ ਵਿਚ ਉਸ ਦੇ ਕੁਝ ਸ਼ਿਅਰ ਦੇਖੋ :
ਬੜੇ ਖੁਸ਼ ਨੇ ਅਜ ਭਾਈ, ਮੁੱਲਾਂ ਤੇ ਪੰਡਿਤ,
ਗਲੇ ਮਿਲ ਰਹੇ ਨੇ ਹਿਸਾਬੀ ਹਿਸਾਬੀ।
ਕਿਸੇ ਵਾਸਤੇ ਤੋੜਦੈ ਕੌਣ ਤਾਰੇ?
ਇਹ ਗਲਾਂ ਨੇ ਨਿਰੀਆਂ ਕਿਤਾਬੀ ਕਿਤਾਬੀ।
ਬੜੀ ਦੇਰ ਪਿੱਛੋਂ ਜੇ ਬਾਰਸ਼ ਪਈ ਹੈ,
ਤਾਂ ਪਈਆਂ ਨੇ ਕਣੀਆਂ ਤਿਜ਼ਾਬੀ ਤਿਜ਼ਾਬੀ!
ਆਤਮ-ਸੰਬੋਧਨ ਅਤੇ ਸ੍ਵੈਗਤ ਸੰਕੇਤ ਰੌਸ਼ਨ ਦੀਆਂ ਗ਼ਜ਼ਲਾਂ ਦਾ ਇਕ ਪ੍ਰਮੁੱਖ ਲੱਛਣ ਹੈ। ਇਸ ਵਿਧੀ ਦੁਆਰਾ ਉਹ ਆਤਮ-ਚਿੰਤਨ ਕਰਦਾ ਹੈ। ਉਸ ਦੀਆਂ ਗ਼ਜ਼ਲਾਂ ਦਾ ਇਕ ਹੋਰ ਰੰਗ ਰਵਾਇਤੀ ਸੋਚ ਦੇ ਮਾਲਕਾਂ ਅਤੇ ਆਤਮ-ਕੇਂਦਰਿਤ ਵਿਅਕਤੀਆਂ ਨੂੰ ਝੰਜੋੜਨਾ-ਲਲਕਾਰਨਾ ਵੀ ਹੈ। ਅਜਿਹੇ ਸ਼ਿਅਰਾਂ ਦੁਆਰਾ ਉਹ ਆਪਣੇ ਸਮਾਜ ਅਤੇ ਸੱਭਿਆਚਾਰ ਨੂੰ ਸਵਸਥ ਬਣਾਉਣ ਦਾ ਉਪਰਾਲਾ ਕਰਦਾ ਹੈ। ਉਸ ਦੇ ਬਹੁਤ ਸਾਰੇ ਅਸ਼ਆਰ ਵਿਚ ਵਿਅੰਗ-ਵਿਧਾ ਦਾ ਵੀ ਬੜਾ ਪ੍ਰਭਾਵਸ਼ਾਲੀ ਪ੍ਰਯੋਗ ਹੋਇਆ ਹੈ। ਦੇਖੋ : ਕੌਣ ਕਹਿੰਦਾ ਹੈ ਕਿ ਗਿਰਝਾਂ ਖ਼ਤਮ ਹੋ ਗਈਆਂ ਹਜ਼ੂਰ, ਚੰਡੀਗੜ੍ਹ ਵਿਚ ਹੁਣ ਇਨ੍ਹਾਂ ਦਾ ਜਮਘਟਾ ਦਿੱਲੀ 'ਚ ਹੈ/ਗੁਰਦਵਾਰੇ, ਮੰਦਰਾਂ ਤੇ ਮਸਜਿਦਾਂ ਦੇ ਸ਼ੋਰ ਵਿਚ, ਹਰ ਸੁਬ੍ਹਾ ਲਗਦਾ ਹੈ ਬੰਦਾ ਘਰ ਨਹੀਂ ਮੰਡੀ 'ਚ ਹੈ। ਲਗਭਗ 63 ਗ਼ਜ਼ਲਾਂ ਦਾ ਇਹ ਸੰਗ੍ਰਹਿ ਪੰਜਾਬੀ ਗ਼ਜ਼ਲ ਦੀ ਅਮੀਰੀ ਦਾ ਜ਼ਾਮਨ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਜ਼ਿੰਦਗੀ ਦੀ ਰੌਣਕ
ਲੇਖਕ : ਡਾ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਯੂਨੀਸਟਾਰ/ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ 152.

ਕਰਨੈਲ ਸਿੰਘ ਸੋਮਲ ਆਧੁਨਿਕ ਵਾਰਤਕ ਲੇਖਕਾਂ ਵਿਚੋਂ ਸਿਰਮੌਰ ਲੇਖਕ ਹੈ।
ਜ਼ਿੰਦਗੀ ਦੇ ਹੁਸੀਨ ਪਲਾਂ ਦੀ ਪੂੰਜੀ ਇਸ ਲੇਖਕ ਨੂੰ ਆਂਢ-ਗੁਆਂਢ, ਘਰ-ਬਾਹਰ, ਗਲੀ-ਬਾਜ਼ਾਰ ਵਿਚੋਂ ਲੱਭਣੀ ਅਤੇ ਹੋਰਨਾਂ ਨੂੰ ਦੱਸਣੀ ਆਉਂਦੀ ਹੈ। ਇਹ ਲੇਖਕ ਜ਼ਿੰਦਗੀ ਦੀਆਂ ਸਵੇਰਾਂ ਦੀ ਲੱਭਦ, ਆਪਣੇ-ਆਪ ਨੂੰ ਸੁਰ ਵਿਚ ਕਰਨ ਤੋਂ, ਰਾਹੇ ਰਾਹੇ ਜਾਂਦਿਆਂ ਸਾਂਝਾਂ ਦੀ ਤਾਣੀ ਬੁਣਨ 'ਚੋਂ, ਕਿਰਤ ਅਤੇ ਨੇਕ ਨੀਤੀ ਦੀ ਕਮਾਈ ਨੂੰ ਪੱਲੇ ਬੰਨ੍ਹਦੇ ਹੋਏ, ਕੱਚੇ ਅਤੇ ਪੱਕੇ ਦੀ ਪਛਾਣ ਕਰਦਿਆਂ ਹੋਇਆਂ ਤੇ ਰਿਸ਼ਤਿਆਂ ਦੀ ਪਛਾਣ ਨੂੰ ਪੱਕਿਆਂ ਕਰਦਿਆਂ ਹੋਇਆਂ, ਲੋਕ ਕੀ ਕਹਿਣਗੇ ਤੋਂ ਅਭਿੱਜ ਹੁੰਦਿਆਂ ਹੋਇਆਂ, ਪ੍ਰਾਪਤ ਕਰ ਲੈਣ ਦੀ ਸਮਰਥਾ ਦੇ ਧਾਰਨੀ ਹੋ ਜਾਣ ਦਾ ਸੰਦੇਸ਼ਾ ਦਿੰਦੀ ਹੈ।
ਇਸ ਪੁਸਤਕ ਦੇ ਨਿਬੰਧਾਂ ਦੀ ਰਚਨਾਤਮਕ ਖੂਬੀ ਇਕ ਇਹ ਵੀ ਹੈ ਕਿ ਇਨ੍ਹਾਂ ਵਿਚਲੀ ਵਿਚਾਰਧਾਰਕ ਪਹੁੰਚ ਦ੍ਰਿਸ਼ਟੀ ਨਿਰਛਲ, ਨਿਰਭੈ, ਨਿਰਲੋਭ ਹੋ ਕੇ ਲਾਲਚ, ਅਭਿਮਾਨ, ਕਾਮ, ਕ੍ਰੋਧ ਅਤੇ ਹੰਕਾਰ ਜਿਹੇ ਅਨੈਤਿਕ ਔਗੁਣਾਂ ਤੋਂ ਵੀ ਜੀਵਨ-ਮੁਕਤੀ ਦਾ ਮਾਰਗ ਵੀ ਪ੍ਰਦਾਨ ਕਰਦੀ ਹੈ। ਜਸ਼ਨੇ-ਜ਼ਿੰਦਗੀ, ਜ਼ਿੰਦਗੀ ਪ੍ਰਤੀ ਸੁਹਿਰਦ, ਮਾਨਵੀ ਪ੍ਰੇਮ 'ਚ ਪਹੁੰਚੇ ਹੋਣ 'ਚ ਅਤੇ ਹਰ ਉਮਰ ਵਰਗ 'ਚ ਆਪਣੇ ਆਪ ਦੀ ਹੋਂਦ ਸਥਿਤੀ ਦੀ ਪਛਾਣ ਕਰਨ 'ਚ ਨਸੀਬ ਹੋ ਸਕਦੀ ਹੈ। ਮਨ ਨੂੰ ਪਰਚਾਉਣ ਲਈ ਦੰਭੀ ਚਰਿੱਤਰ ਦਾ ਧਾਰਨੀ ਨਾ ਹੋਣਾ, ਬੇਲੋੜੀਆਂ ਆਸਾਂ ਨਾ ਰੱਖਣਾ, ਸਰਲ-ਸਪਾਟ ਜਿਊਣ ਤੋਂ ਗੁਰੇਜ਼ ਨਾ ਕਰਨਾ, ਮਖੌਟੇ ਪਹਿਨ ਕੇ ਜੀਵਨ ਨਾ ਬਸਰ ਕਰਨਾ, ਤਿੱਥ ਤਿਉਹਾਰਾਂ ਦੀ ਅਸਲੀਅਤ ਨੂੰ ਨਾ ਭੁਲਾਉਣਾ, ਲੇਖਕ ਨੇ ਅਜਿਹੇ ਸੰਦੇਸ਼ੇ ਪਾਠਕ ਲਈ ਛੱਡੇ ਹਨ, ਜਿਸ ਸਦਕਾ ਮਾਨਵ/ਪਾਠਕ ਉੱਚੀ ਪੱਧਰ ਦੀ ਜੀਵਨ ਸ਼ੈਲੀ ਦਾ ਧਾਰਨੀ ਹੋ ਕੇ ਸੁਚੱਜਾ ਜੀਵਨ ਬਸਰ ਕਰਨ ਦੇ ਸਮਰੱਥ ਹੋ ਸਕਦਾ ਹੈ। ਇਸੇ ਵਿਚਾਰਧਾਰਾ ਦੀ ਪ੍ਰਗਟਾਵਾ 'ਜਿਨ੍ਹਾਂ ਲਈ ਜੀਵਨ ਸੰਘਰਸ਼ ਹੈ' ਕਿਰਤ ਦੀ ਆਭਾ, ਸਾਂਝਾਂ ਦੀ ਤਾਣੀ, ਚੁੱਪ, ਜੀਵਨ ਜਾਚ, ਪੈਰੀਂ ਪੱਥਰ ਭਾਰੇ, ਸ਼ਾਮਾਂ ਬਹੁਰੰਗੀਆਂ ਅਤੇ 'ਬੁਢੇਪੇ ਦੇ ਸੁਖਦ ਪਹਿਲੂ' ਆਦਿ ਨਿਬੰਧਾਂ 'ਚ ਬੜੀ ਕਲਾ-ਕੌਸ਼ਲਤਾ ਨਾਲ ਕੀਤਾ ਗਿਆ ਉਪਲਬੱਧ ਹੈ। ਲੇਖਕ ਦੀ ਚਿੰਤਾ/ਫ਼ਿਕਰ ਇਸ ਗੱਲ 'ਚ ਵੀ ਨਿਹਿਤ ਹੈ ਕਿ ਅੱਜ ਦਾ ਲੇਖਕ ਜਾਂ ਵਿੱਦਿਆ ਪਾਸਾਰ ਦੇ ਖੇਤਰ ਲੱਗੀਆਂ ਸੰਸਥਾਵਾਂ ਅਗਲੀ ਪੀੜ੍ਹੀ ਨੂੰ ਮਿਆਰੀ ਪੱਧਰ ਦੀ ਕੀ ਪੜ੍ਹਨ-ਸਮੱਗਰੀ ਜਾਂ ਸੇਧ ਦੇ ਰਹੀਆਂ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਨਾਲ ਪਹਾੜਾਂ ਦੋਸਤੀ
ਲੇਖਕ : ਸੁੱਚਾ ਸਿੰਘ ਗੰਡਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਇਹ ਪੁਸਤਕ ਲੇਖਕ ਦੀ ਪਹਾੜੀ ਯਾਤਰਾ ਦਾ ਸਫ਼ਰਨਾਮਾ ਹੈ। ਲੇਖਕ ਨੂੰ ਬਚਪਨ ਤੋਂ ਹੀ ਪਹਾੜਾਂ ਨਾਲ ਮੋਹ ਸੀ। ਇਸੇ ਖਿੱਚ ਸਦਕਾ ਉਸ ਨੇ ਸ੍ਰੀ ਹੇਮਕੁੰਟ ਸਾਹਿਬ, ਮਸੂਰੀ, ਸ੍ਰੀ ਮਨੀਕਰਨ ਸਾਹਿਬ, ਡਲਹੌਜ਼ੀ, ਕਾਂਗੜਾ, ਕੁੱਲੂ, ਮਨਾਲੀ, ਤਾਮਿਲਨਾਡੂ, ਕੇਰਲਾ, ਨਿਪਾਲ, ਚੀਨ, ਸਿੰਘਾਪੁਰ, ਕੋਰੀਆ, ਅਮਰੀਕਾ ਆਦਿ ਦੇ ਪਹਾੜਾਂ ਦੀ ਯਾਤਰਾ ਕੀਤੀ। ਹਰ ਮਨੁੱਖ ਦੇ ਅੰਦਰ ਕੁਦਰਤ ਦੇ ਅਨੋਖੇ ਦ੍ਰਿਸ਼ਾਂ, ਰਮਣੀਕ ਨਜ਼ਾਰਿਆਂ ਅਤੇ ਸੁਹਜ-ਸੁਹੱਪਣ ਨੂੰ ਮਾਣਨ ਦੀ ਰੁਚੀ ਹੁੰਦੀ ਹੈ। ਕੁਦਰਤ ਦੀ ਗੋਦ ਦੀ ਅਲੌਕਿਕਤਾ ਵਿਚੋਂ ਕਾਦਰ ਦਾ ਜਲਵਾ ਮਿਲਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਪਹਾੜਾਂ ਦੀਆਂ ਛਵੀਆਂ ਅਤੇ ਆਪਣੇ ਅਨੁਭਵਾਂ ਨੂੰ ਬੜੇ ਸਜੀਵ ਢੰਗ ਨਾਲ ਪੇਸ਼ ਕੀਤਾ ਹੈ।
ਲੇਖਕ ਨੇ ਲੇਹ ਲੱਦਾਖ, ਗੁਰਦੁਆਰਾ ਪੱਥਰ ਸਾਹਿਬ, ਗੁਰਦੁਆਰਾ ਦਾਤਨ ਸਾਹਿਬ, ਮਾਨਸਰ ਝੀਲ, ਕੁਦ, ਕਸ਼ਮੀਰ, ਕਾਜੀ ਗੂੰਡ, ਸ੍ਰੀਨਗਰ, ਡਲ ਝੀਲ, ਸੋਨ ਮਰਗ, ਦਰਾਸ, ਕਾਰਗਿਲ, ਫੋਟੂ ਲਾ, ਲਾਮਾਯੂਰੂ, ਖਲਸੀ, ਨਿਮੂ, ਚੁੰਭਕੀ ਪਹਾੜ, ਓਪਸੀ, ਰੁਮਸੇ, ਤਗ ਲੰਗ ਲਾ, ਪਾਂਗ, ਸਰਚੂ, ਬਾਟਾਂ ਲਾਚਾ ਲਾ ਦਾਰਚਾ, ਕੇ ਲੌਂਗ, ਲਾਹੌਲ ਸਪੀਤੀ, ਕੋਕਸਾਰ ਅਤੇ ਰੋਹਤਾਂਗ ਪਾਸ ਦੀ ਯਾਤਰਾ ਦਾ ਦਿਲਚਸਪ ਬਿਰਤਾਂਤ ਪੇਸ਼ ਕੀਤਾ ਹੈ। ਤਸਵੀਰਾਂ ਅਤੇ ਲੋਕ ਬੋਲੀਆਂ ਨਾਲ ਸੁਸਜਿਤ ਪੜ੍ਹਨਯੋਗ ਅਤੇ ਮਾਣਨਯੋਗ ਹੈ। ਟਾਈਟਲ ਕਵਰ ਦੇ ਦੋਵੇਂ ਪਾਸੀਂ 17582 ਫੁੱਟ ਉਚਾਈ ਤੇ ਸਥਿਤ ਦੁਨੀਆ ਦਾ ਦੂਜੇ ਨੰਬਰ ਦਾ ਤਗ ਲਗ ਲਾਂ ਨਾਮੀ ਪਾਸ ਅਤੇ ਸਾਇਬੇਰੀਆ ਤੋਂ ਦੂਜੇ ਨੰਬਰ ਦਾ ਸਭ ਤੋਂ ਸੀਤਲ ਸਥਾਨ ਦਰਾਸ ਦਰਸਾਇਆ ਗਿਆ ਹੈ। ਪਰਬਤਾਂ, ਨਾਲਿਆਂ, ਬਰਫੀਲੀਆਂ ਚੋਟੀਆਂ, ਚੀਰਦੀਆਂ ਹਵਾਵਾਂ, ਰੇਗਿਸਤਾਨਾਂ, ਦਿਉ ਕੱਦ ਬਿਰਖਾਂ, ਜੰਗਲਾਂ, ਨਦੀਆਂ ਅਤੇ ਵਲਦਾਰ ਪਗਡੰਡੀਆਂ ਦੀ ਵਡਮੁੱਲੀ ਜਾਣਕਾਰੀ ਦੇਣ ਵਾਲੀ ਇਸ ਪੁਸਤਕ ਦਾ ਭਰਪੂਰ ਸੁਆਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

18-8-2013

 ਪ੍ਰਮੁੱਖ ਪੰਜਾਬੀ ਸੂਫ਼ੀ ਕਵੀ : ਚਿੰਤਨ ਅਤੇ ਜੀਵਨ
ਲੇਖਕ : ਪ੍ਰੋ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 240.

ਪ੍ਰਮੁੱਖ ਪੰਜਾਬੀ ਸੂਫ਼ੀ ਕਾਵਿ ਨਿਰਸੰਦੇਹ, ਪੰਜਾਬੀ ਵਿਚ ਇਸ ਸਮੇਂ ਇਸਲਾਮ ਤੇ ਸੂਫ਼ੀਵਾਦ ਉਤੇ ਗੱਲ ਕਰਨ ਵਾਲੇ ਸਭ ਤੋਂ ਸਮਰੱਥ ਲੇਖਕ ਦੀ ਰਚਨਾ ਹੈ। ਕੁਰਾਨ ਤੇ ਹਦੀਸ ਦਾ ਉਸ ਦਾ ਨਿਕਟ ਅਧਿਐਨ, ਸੂਫ਼ੀ ਡੇਰਿਆਂ ਨਾਲ ਸੰਪਰਕ, ਨਵੇਂ ਪੁਰਾਣੇ ਸੂਫ਼ੀ ਕਾਵਿ ਦਾ ਮੁਤਾਲਿਆ, ਰਹਸਵਾਦੀ ਕਾਵਿ ਦੀ ਅਨੁਭਵੀ ਸਮਝ ਵਾਲੀ ਜੀਵਨ ਸ਼ੈਲੀ, ਇਤਿਹਾਸ ਉਤੇ ਪਕੜ, ਸਾਰਾ ਕੁਝ ਉਸ ਨੂੰ ਸੂਫ਼ੀ ਸਾਹਿਤ ਦੇ ਪ੍ਰਮਾਣਿਕ ਵਿਆਖਿਆਕਾਰ ਵਜੋਂ ਸਥਾਪਤ ਕਰਦੇ ਹਨ। ਸੂਫ਼ੀਵਾਦ ਤੇ ਇਸਲਾਮ ਦੇ ਪਰਸਾਰ ਸਬੰਧਾਂ, ਸਿਧਾਂਤ ਅਤੇ ਵਿਹਾਰ ਬਾਰੇ ਇਸ ਤੋਂ ਪਹਿਲਾਂ ਉਹ ਤਿੰਨ ਪੁਸਤਕਾਂ ਲਿਖ ਕੇ ਅਕਾਦਮਿਕ ਖੇਤਰ ਵਿਚ ਆਪਣੀ ਸਮਰਥਾ ਦਾ ਲੋਹਾ ਮਨਵਾ ਚੁੱਕਾ ਹੈ। ਉਸ ਦੇ ਗੰਭੀਰ ਅਧਿਐਨ, ਸੁਹਿਰਦਤਾ, ਸਮਰਪਣ ਅਤੇ ਅਕਾਦਮਿਕ ਇਮਾਨਦਾਰੀ ਦਾ ਮੈਂ ਸ਼ੁਰੂ ਤੋਂ ਹੀ ਪ੍ਰਸੰਸਕ ਹਾਂ।
ਆਪਣੀ ਇਸ ਚੌਥੀ ਪੁਸਤਕ ਵਿਚ ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਸੂਫ਼ੀਮਤ ਅਤੇ ਪੰਜਾਬੀ ਸੂਫ਼ੀ ਕਾਵਿ ਬਾਰੇ ਸੰਖੇਪ ਪਰ ਪ੍ਰਮਾਣਿਕ ਪਛਾਣ ਉਪਰੰਤ ਸ਼ੇਖ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ ਤੇ ਗੁਲਾਮ ਫ਼ਰੀਦ ਦੇ ਜੀਵਨ ਰਚਨਾ ਤੇ ਚਿੰਤਨ ਬਾਰੇ ਨਿੱਠ ਕੇ ਗੱਲ ਕੀਤੀ ਹੈ। ਉਸ ਨੇ ਇਨ੍ਹਾਂ ਖੇਤਰਾਂ ਬਾਰੇ ਲਿਖੀ ਹਰ ਮਹੱਤਵਪੂਰਨ ਪੁਸਤਕ/ਨਿਬੰਧ ਨੂੰ ਪੜ੍ਹਿਆ, ਵਿਚਾਰਿਆ ਹੈ ਅਤੇ ਉਸ ਦੇ ਕੱਚ ਸੱਚ ਦਾ ਦਲੀਲਾਂ ਤੇ ਉਦਾਹਰਨਾਂ ਨਾਲ ਖੰਡਨ ਮੰਡਨ ਕੀਤਾ ਹੈ। ਸੇਖੋਂ, ਸੁਰਿੰਦਰ ਸਿੰਘ ਕੋਹਲੀ, ਲਾਜਵੰਤੀ ਰਾਮਾ ਕ੍ਰਿਸ਼ਨਾ, ਪ੍ਰੋ: ਗੁਰਦੇਵ ਸਿੰਘ ਜਾਂ ਕੋਈ ਹੋਰ ਵੱਡਾ ਨਾਂਅ। ਗੁਰਚਰਨ ਸਿੰਘ ਨੇ ਉਸ ਦੀ ਸਥਾਪਨਾ ਜਿਥੇ ਵੀ ਉਸ ਨੂੰ ਗ਼ਲਤ ਪ੍ਰਤੀਤ ਹੋਈ ਹੈ, ਉਸ ਨੇ ਨਿਮਰਤਾ ਪ੍ਰੰਤੂ ਦ੍ਰਿੜ੍ਹਤਾ ਨਾਲ ਰੱਦ ਕੀਤਾ ਹੈ ਅਤੇ ਇਸ ਲਈ ਪ੍ਰਮਾਣਿਕ ਸ੍ਰੋਤਾਂ ਦੇ ਹਵਾਲੇ ਦਿੱਤੇ ਹਨ।
ਬਾਬਾ ਫ਼ਰੀਦ ਨੂੰ ਪਹਿਲੇ ਪੜਾਅ ਦਾ ਸੂਫ਼ੀ ਕਹਿਣਾ ਉਸ ਨੂੰ ਪ੍ਰਵਾਨ ਨਹੀਂ। ਮਾਧੋ ਲਾਲ ਤੇ ਸ਼ਾਹ ਹੁਸੈਨ ਦੇ ਰਿਸ਼ਤੇ ਨੂੰ ਵਾਸਨਾ/ਮਜ਼ਾਜੀ ਇਸ਼ਕ ਮੰਨਣ ਨਾਲ ਉਹਦਾ ਇਤਫ਼ਾਕ ਨਹੀਂ। ਬੁੱਲ੍ਹੇ ਸ਼ਾਹ ਦੇ ਕਲਮੇ ਨਿਮਾਜ਼ ਰੋਜ਼ੇ ਰੁਦਨ ਵਾਲੇ ਕਲਾਮ ਨੂੰ ਉਹ ਪ੍ਰਮਾਣਿਕ ਨਹੀਂ ਮੰਨਦਾ। ਇਹ ਕਵਾਲਾਂ ਦੁਆਰਾ ਕੀਤੀ ਮਿਲਾਵਟ ਹੈ। ਗੁਲਾਮ ਫ਼ਰੀਦ ਦੇ ਕਲਾਮ ਵਿਚ ਇਸ਼ਕ ਹਕੀਕੀ ਨੂੰ ਇਸ਼ਕ ਮਿਜ਼ਾਜੀ ਤੱਕ ਘਟਾਉਣਾ ਉਸ ਨੂੰ ਗ਼ਲਤ ਲਗਦਾ ਹੈ। ਬੁੱਲ੍ਹੇ ਸ਼ਾਹ ਦੀਆਂ ਮੁਗਲਾਂ/ਸਿੱਖਾਂ ਬਾਰੇ ਟਿੱਪਣੀਆਂ ਦੀ ਅਕਸਰ ਕੀਤੀ ਜਾਂਦੀ ਵਿਆਖਿਆ ਨੂੰ ਉਹ ਰੱਦ ਕਰਦਾ ਹੈ। ਇਹ ਤੇ ਹੋਰ ਬਹੁਤ ਕੁਝ ਹੈ ਜੋ ਇਸ ਪੁਸਤਕ ਨੂੰ ਮੁੱਲਵਾਨ ਬਣਾਉਂਦਾ ਹੈ।
ਪ੍ਰੋ: ਤਲਵਾੜਾ ਦੀ ਹਾਲਤ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਵਾਲੀ ਹੈ। ਉਸ ਨੇ ਸੂਫ਼ੀ ਬਣ ਕੇ ਸੂਫ਼ੀਆਂ ਬਾਰੇ ਸੂਫ਼ੀਆਂ ਵਾਲੇ ਮੁਹਾਵਰੇ ਵਿਚ ਲਿਖਿਆ ਹੈ। ਉਸ ਦੀ ਮਿਹਨਤ ਨੂੰ ਸਲਾਮ।

ਯੁਗ-ਚਿੰਤਕ
ਲੇਖਕ : ਜੋਗਿੰਦਰ ਸਿੰਘ ਕੈਰੋਂ (ਡਾ:)
ਪ੍ਰਕਾਸ਼ਕ : ਏਂਜਲ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 220.

ਰੋਲਾਂ ਬਾਰਾਤ ਤੋਂ ਦੈਰਿੱਦਾ ਤੱਕ, ਸਾਸਿਊਰ ਤੋਂ ਕ੍ਰਿਸਤੇਵਾ ਤੱਕ, ਚਿਹਨ ਵਿਗਿਆਨ ਤੋਂ ਵਿਚਰਨਾ ਤੱਕ ਪੰਜਾਬੀ ਆਲੋਚਨਾ ਵਿਚ ਹਰ ਚਿੰਤਕ ਦੇ ਨਾਂਅ, ਸੰਕਲਪ, ਸਿਧਾਂਤ ਤੇ ਅੰਤਰਦ੍ਰਿਸ਼ਟੀਆਂ ਬਾਰੇ ਗੱਲ ਹੁੰਦੀ ਆ ਰਹੀ ਹੈ। ਲੰਮੇ ਸਮੇਂ ਤੋਂ ਇਕ ਪ੍ਰਕਿਰਿਆ ਜਾਰੀ ਹੈ ਪਰ ਇਨ੍ਹਾਂ ਚਿੰਤਕਾਂ ਦੇ ਜੀਵਨ, ਸੰਕਲਪਾਂ ਤੇ ਸਿਧਾਂਤਾਂ ਬਾਰੇ ਅਜੇ ਵੀ ਬਹੁਤ ਕੁਝ ਸਮਝਣਾ ਸਮਝਾਉਣਾ ਬਾਕੀ ਹੈ। ਅਧੂਰੇ, ਕੱਚੇ ਪਿੱਲੇ ਅਨੁਵਾਦਾਂ ਤੇ ਦੁਜੈਲੇ ਸ੍ਰੋਤਾਂ ਆਸਰੇ ਹੀ ਬਹੁਤਾ ਕੰਮ ਹੋ ਰਿਹਾ ਹੈ। ਇਨ੍ਹਾਂ ਚਿੰਤਕਾਂ ਨੂੰ ਜਾਨਣਾ, ਸਮਝਣਾ ਉਨ੍ਹਾਂ ਦੇ ਕਾਰਜ ਦੇ ਵਿਭਿੰਨ ਪਸਾਰਾਂ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਦੁਆਰਾ ਰਚੇ ਮੂਲ ਸਿਧਾਂਤਕ ਗ੍ਰੰਥਾਂ ਤੱਕ ਪਹੁੰਚਾਉਣ ਦੀ ਜਗਿਆਸਾ ਅਜੇ ਵੀ ਪੰਜਾਬੀ ਪਾਠਕਾਂ ਵਿਚ ਨਾਂਮਾਤਰ ਹੈ। ਉਂਜ ਇਸ ਜਗਿਆਸਾ ਦੀ ਪੂਰਤੀ ਵਾਸਤੇ ਭਰੋਸੇਯੋਗ ਪੁਸਤਕਾਂ ਵੀ ਪ੍ਰਾਪਤ ਨਹੀਂ। ਇਸ ਜਗਿਆਸਾ ਨੂੰ ਜਗਾਉਣ, ਹੋਰ ਜਾਨਣ ਦੀ ਭੁੱਖ ਪੈਦਾ ਕਰਨ ਅਤੇ ਇਸ ਸਿਲਸਿਲੇ ਵਿਚ ਮੁਢਲੀ ਪਰ ਮਹੱਤਵਪੂਰਨ ਜਾਣਕਾਰੀ ਦੇਣ ਦਾ ਉਪਰਾਲਾ ਕਰਦੀ ਹੈ ਜੋਗਿੰਦਰ ਸਿੰਘ ਕੈਰੋਂ ਦੀ ਪੁਸਤਕ ਯੁਗ ਚਿੰਤਕ।
ਰੌਚਕ, ਸਰਲ ਤੇ ਸਪੱਸ਼ਟ ਤਰੀਕੇ ਨਾਲ ਡਾ: ਕੈਰੋਂ ਨੇ ਇਸ ਪੁਸਤਕ ਵਿਚ ਸੁਕਰਾਤ, ਸਾਸਿਊਰ, ਪਰੌਪ, ਸਟੇਨਬੈਕ, ਸਾਰਤਰ, ਸੀਮੋਨ ਦ ਬੌਇ, ਲੈਵੀਸਤਰਾਸ, ਰੋਲਾਂ ਬਾਰਤ, ਗ੍ਰੇਮਾਸ, ਫੂਕੋ, ਦੈਰਿੱਦਾ ਤੇ ਕ੍ਰਿਸਤੇਵਾ ਬਾਰੇ ਚਰਚਾ ਕੀਤੀ ਹੈ। ਇਨ੍ਹਾਂ ਦੇ ਜੀਵਨ ਚਿੰਤਨ ਤੇ ਰਚਨਾਵਾਂ ਸਬੰਧੀ ਪ੍ਰਣਾਣਿਕ ਜਾਣਕਾਰੀ ਇਕੋ ਥਾਂ ਹਾਸਲ ਕਰਨ ਲਈ ਪਾਠਕ ਇਸ ਪੁਸਤਕ ਦਾ ਆਸਰਾ ਲੈ ਸਕਦੇ ਹਨ। ਪਰੌਪ ਦੇ ਪ੍ਰਕਾਰਜ, ਮੋਟਿਫ਼ ਤੇ ਡਰਾਮਾਟਿਸ ਪਰਸੋਨਾ ਦੇ ਮਾਡਲ ਬਾਰੇ ਉਸ ਨੇ ਆਪ ਸਿਧਾਂਤਕ ਵਿਹਾਰਕ ਰੂਪ ਵਿਚ ਗੰਭੀਰ ਵਿਸ਼ਲੇਸ਼ਣ ਕੀਤਾ ਹੈ। ਇਸ ਨੂੰ ਉਹ ਗ੍ਰੇਮਾਸ ਨਾਲ ਵੀ ਜੋੜਦਾ ਹੈ। ਸੀਮੋਨ ਦ ਬੌਇ ਦੀਆਂ ਫੈਮੀਨਿਜ਼ਮ ਬਾਰੇ ਧਾਰਨਾਵਾਂ, ਕ੍ਰਿਸਤੀਵਾ ਦਾ ਉਤਰ ਸੰਰਚਨਾਵਾਦ, ਦਰੀਦਾ ਦੀਆਂ ਵਿਰਚਨਾ ਤੇ ਗਰੈਮੈਟਾਲੋਜੀ ਬਾਰੇ ਜਟਿਲ ਅੰਤਰਦ੍ਰਿਸ਼ਟੀਆਂ ਨੂੰ ਡਾ: ਕੈਰੋਂ ਸਰਲ ਤਰੀਕੇ ਨਾਲ ਸਮਝਾਉਂਦਾ ਹੈ।
ਯੁਗ ਚਿੰਤਕ ਪੰਜਾਬੀ ਸਾਹਿਤ ਦੇ ਪਾਠਕਾਂ/ਆਲੋਚਕਾਂ ਲਈ ਮੁੱਲਵਾਨ ਪੁਸਤਕ ਹੈ। ਉਮੀਦ ਹੈ ਇਸ ਦਾ ਦੂਜਾ ਭਾਗ ਵੀ ਲੇਖਕ ਛੇਤੀ ਪ੍ਰਕਾਸ਼ਿਤ ਕਰੇਗਾ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਧਰਤੀ ਪੰਜਾਬ ਦੀ
ਲੇਖਕ : ਸੁਰਜੀਤ ਸਿੰਘ ਅਮਰ
ਪ੍ਰਕਾਸ਼ਕ : ਸੁਰਜੀਤ ਸਿੰਘ ਅਮਰ, ਜਲੰਧਰ
ਮੁੱਲ : 60 ਰੁਪਏ, ਸਫ਼ੇ : 112.

'ਧਰਤੀ ਪੰਜਾਬ ਦੀ' ਸੁਰਜੀਤ ਸਿੰਘ ਅਮਰ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਪਲੇਠਾ ਗ਼ਜ਼ਲ ਸੰਗ੍ਰਹਿ 'ਰਿਸ਼ਤਾ ਪਿਆਰ ਦਾ' ਸੀ ਹਥਲੀ ਪੁਸਤਕ ਵਿਚ ਸਾਹਿਤਕ ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਲੇਖਕ ਨੇ ਜੀਵਨ ਵਿਚ ਜੋ ਅਨੁਭਵ ਪਿੰਡੇ 'ਤੇ ਹੰਢਾਏ ਤੇ ਵੱਖ-ਵੱਖ ਜੀਵਨ ਪੜਾਵਾਂ ਵਿਚ ਜੋ ਕੁਝ ਚੰਗਾ ਮਾੜਾ ਵਾਪਰਿਆ, ਉਸ ਬਹੁਪਰਤੀ ਪਾਸਾਰਾਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ। ਉਸ ਦੇ ਬਹੁਤੇ ਗੀਤਾਂ ਦਾ ਆਧਾਰ ਦੇਸ਼ ਪਿਆਰ ਤੇ ਸਮਾਜ ਸੁਧਾਰ ਹੈ। ਮਨੁੱਖਤਾ ਦਾ ਦਰਦ ਉਸ ਦੇ ਦਿਲ ਵਿਚ ਸਮਾਇਆ ਹੋਇਆ ਹੈ, ਮਿਹਨਤਕਸ਼ ਤੇ ਲੁੱਟੀ ਜਾ ਰਹੀ ਜਮਾਤ ਦੀ ਪ੍ਰਤੀਨਿਧਤਾ ਕਰਦਾ ਹੋਇਆ, ਉਨ੍ਹਾਂ ਦੇ ਹੱਕ ਸੱਚ ਦੀ ਰਾਖੀ ਦੀ ਗੱਲ ਕਰਦਾ ਹੈ ਕਵੀ ਅਮਰ। 'ਧਰਤੀਏ ਪੰਜਾਬ ਦੀਏ', 'ਸਭ ਦੁਨੀਆ ਤੋਂ ਸੋਹਣਾ', ਤੂੰ ਨੌਜੁਆਨ ਹੈਂ, ਅਸੀਂ ਪੰਜਾਬੀ ਦੇਸ਼ ਦੇ ਰਾਖੇ, ਆਪਾਂ ਬਦਲੀਏ ਇਹ ਸਮਾਜ ਦੇਸ਼ ਪਿਆਰ ਨਾਲ ਸਬੰਧਤ ਕਵਿਤਾਵਾਂ ਹਨ। ਇਕ ਥਾਂ ਉਹ ਲਿਖਦਾ ਹੈ :
ਉੱਠੋ! ਜਵਾਨੋਂ! ਸਾਰੇ ਦੇਸ਼ ਨੂੰ ਜਗਾ ਦਿਓ।
ਵਿਗੜੀ ਹੋਈ ਇਹਦੀ ਤਕਦੀਰ ਨੂੰ ਬਣਾ ਦਿਓ।
ਜਮਾਤੀ ਚੇਤਨਾ ਦਾ ਨਮੂਨਾ ਉਸ ਦੀ ਕਵਿਤਾ ਵਿਚੋਂ ਇੰਜ ਉੱਭਰ ਕੇ ਆਉਂਦਾ ਹੈ :
ਗੂੜ੍ਹੀ ਨੀਂਦ ਵਿਚੋਂ ਜਦੋਂ ਨੇ ਗਰੀਬ ਜਾਗਣੇ
ਉਸ ਵੇਲੇ ਸਾਡੇ ਦੇਸ਼ ਦੇ ਨਸੀਬ ਜਾਗਣੇ।
ਦੇਸ਼ ਦਿਆਂ ਰਹਿਬਰਾਂ ਨੇ ਅੱਖੀਆਂ ਨੇ ਮੀਟੀਆਂ
ਤਾਹੀਓਂ ਲੁੱਟ ਪਾਈ ਏ ਬਲੈਕ ਮਾਰਕੀਟੀਆਂ...।
ਲੇਖਕ ਦਾਜ ਜਿਹੀ ਲਾਹਨਤ ਖ਼ਤਮ ਕਰਨ ਤੇ ਧੀਆਂ ਵਿਚ ਜਾਗਰੂਕਤਾ ਲਿਆਉਣ ਲਈ ਵੀ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਾ ਹੈ। ਪਰਿਵਾਰਕ ਰਿਸ਼ਤਿਆਂ ਵਿਚ ਸਾਂਝ, ਪਤੀ ਪਤਨੀ ਵਿਚਲਾ ਪਿਆਰ, ਭੈਣ ਭਰਾ ਦਾ ਮੋਹ ਵੀ ਉਸ ਦੇ ਗੀਤਾਂ ਦਾ ਵਿਸ਼ਾ ਬਣਿਆ ਹੈ। ਏਨਾ ਹੀ ਨਹੀਂ, ਏਡਜ਼ ਜਿਹੀ ਨਾਮੁਰਾਦ ਬਿਮਾਰੀ, ਮਿੱਟੀ ਦਾ ਮੋਹ, ਭਾਈਚਾਰਕ ਸਾਂਝ, ਫ਼ਿਰਕੂ ਸਦਭਾਵਨਾ ਵੀ ਕਵਿਤਾ ਵਿਚੋਂ ਉਜਾਗਰ ਹੁੰਦੀ ਹੈ। ਨਸ਼ਿਆਂ ਵਿਚ ਗਰਕਦੀ ਜਵਾਨੀ, ਭੁੱਖ, ਗਰੀਬੀ, ਅਨਪੜ੍ਹਤਾ, ਵਧਦੀ ਆਬਾਦੀ ਜਿਹੀਆਂ ਸਮਾਜਿਕ ਬੁਰਾਈਆਂ ਨੂੰ ਵੀ ਉਸ ਨੇ ਖੁੱਲ੍ਹ ਕੇ ਨਿੰਦਿਆ ਹੈ। ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਭਗਤ ਸਿੰਘ, ਊਧਮ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਸਤਿਗੁਰੂ ਰਾਮ ਸਿੰਘ ਬਾਰੇ ਵੀ ਅਮਰ ਨੇ ਬੜੀ ਖੂਬਸੂਰਤੀ ਨਾਲ ਲਿਖਿਆ ਹੈ ਜੋ ਦੇਸ਼ ਭਗਤੀ ਤੇ ਪਿਆਰ ਦਾ ਪ੍ਰਮਾਣ ਹੈ। ਸੁਰਜੀਤ ਸਿੰਘ ਅਮਰ ਦੀ ਸਾਦਗੀ ਵਿਚ ਵੀ ਉਸ ਦੀ ਹਰ ਕਵਿਤਾ ਆਪਣੇ ਅੰਦਰ ਇਕ ਸੰਦੇਸ਼ ਲੁਕੋਈ ਬੈਠੀ ਜਾਪਦੀ ਹੈ।

ਆਪਣੀ ਛਾਂਵੇਂ
ਲੇਖਿਕਾ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 184.

ਡਾ: ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਖੇਤਰ ਵਿਚ ਜਾਣਿਆ-ਪਛਾਣਿਆ ਹਸਤਾਖਰ ਹੈ, ਜਿਸ ਦੀਆਂ 40 ਤੋਂ ਵੱਧ ਪੁਸਤਕਾਂ ਪੰਜਾਬੀ ਵਿਚ ਤੇ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਵਿਸ਼ਵ ਦੇ ਕੋਨੇ-ਕੋਨੇ ਵਿਚ ਪੁੱਜ ਚੁੱਕੀਆਂ ਹਨ।
'ਅਗਨੀ ਪ੍ਰੀਖਿਆ' ਤੋਂ ਲੇਖਣੀ ਦਾ ਆਰੰਭ ਕਰਕੇ ਲੇਖਿਕਾ ਨੇ 'ਨੰਗੇ ਪੈਰਾਂ ਦਾ ਸਫ਼ਰ' ਕਿਵੇਂ ਤੈਅ ਕੀਤਾ ਤੇ 'ਆਪਣੀ ਛਾਵੇਂ' ਕੋਈ ਨਹੀਂ ਬੈਠ ਸਕਦਾ ਤੱਕ ਦੀਆਂ ਰਚਨਾਵਾਂ ਉਸ ਦੀ ਪਛਾਣ ਹਨ।
ਨਿਤ ਸੂਰਜ ਆ ਕੇ ਪੁੱਛਦਾ
ਅੱਜ ਦਾ ਦਿਨ ਕਿਸ ਲੇਖੇ ਲਾਉਣਾ
ਨਿਤ ਤਾਰਿਆਂ ਨੂੰ ਮੈਂ ਦੱਸਦੀ
ਅੱਜ ਦਾ ਦਿਨ ਬੇਅਰਥ ਗੁਆਇਆ
ਅਰਥ ਤੋਂ ਬੇਅਰਥ ਤੱਕ ਦਾ ਪੈਂਡਾ
ਮੈਂ ਨਿੱਤ ਹੰਢਾਵਾਂ
ਹਰ ਰਾਹ ਇਕ ਵਿਸ਼ਵਾਸ ਹੈ
ਹਰ ਵਿਸ਼ਵਾਸ ਇਕ ਧੋਖਾ
ਆਪਣੀ ਛਾਵੇਂ ਕੋਈ ਬੈਠ ਨਾ ਸਕਦਾ।
ਇਸ ਪੁਸਤਕ ਵਿਚ ਲੇਖਿਕਾ ਨੇ ਸਵੈ ਦੇ ਇਤਿਹਾਸ ਨੂੰ ਨਹੀਂ ਸਗੋਂ ਸਵੈ ਦੀ ਪਛਾਣ ਵਾਲੇ ਪਲਾਂ ਦਾ ਜ਼ਿਕਰ ਕੀਤਾ ਹੈ। ਇਹ ਪਲ ਸਿਮਰਤੀ ਵਿਚ ਨਿੱਕੇ-ਨਿੱਕੇ ਜੁਗਨੂੰਆਂ ਵਾਂਗ ਵੀ ਹਨ ਤੇ ਚੰਗਿਆੜਿਆਂ ਫਲੂਹਿਆਂ ਵਾਂਗ ਵੀ। ਇਸ ਵਿਚ ਅਗਨੀ ਪ੍ਰੀਖਿਆ ਦਾ ਜ਼ਿਕਰ ਹੈ ਜੋ ਸਿਰਜਦੀ ਵੀ ਹੈ ਤੇ ਫਨਾਹ ਵੀ ਕਰਦੀ ਹੈ। ਯਾਦਾਂ ਦਾ ਵਰਨਣ ਕੀਤਾ ਹੈ ਵਿਰਦੀ ਨਾਲ ਜੁੜੀ ਯਾਦ, ਪ੍ਰੋ: ਮੋਹਨ ਸਿੰਘ, ਵਿਦਿਆਰਥਣ ਪੰਮੀ ਨਾਲ ਜੁੜੀ ਕਹਾਣੀ ਕਿ ਕਿਸੇ ਨੂੰ ਆਪਣੀ ਲੋੜ ਬਣਾਉਣ ਦੀ ਥਾਂ ਖ਼ੁਦ ਕਿਸੇ ਦੀ ਲੋੜ ਬਣ ਜਾਣਾ, ਡਾ: ਅਮਰੀਕ ਸਿੰਘ ਵੀ.ਸੀ. ਨਾਲ ਅਸੂਲ ਦੀ ਖਾਤਰ ਝਗੜਾ ਮੁੱਲ ਲੈਣਾ, ਪੈਸਿਆਂ ਨਾਲ ਡਿਗਰੀਆਂ ਹਾਸਲ ਕਰਨੀਆਂ, ਅਰਥਾਤ ਪੜ੍ਹਾਈ ਵਿਕਾਊ ਹੈ ਬਾਰੇ ਖੁੱਲ੍ਹ ਕੇ ਲਿਖਿਆ ਹੈ। ਇਕ ਲੇਖ ਵਿਚ ਲੇਖਿਕਾ ਨੇ ਮਰੀਚਿਕਾ ਦੀ ਗਾਥਾ ਨੂੰ ਉਲੀਕਿਆ ਹੈ ਤੇ ਇਕ ਹਕੀਕਤ ਨੂੰ ਵੀ ਕਿ
'ਮੈਂ ਆਖਦੀ ਹਾਂ ਮੈਂ ਸਾਰੀ ਉਮਰ ਭੁੱਖੀ ਬੈਠੀ ਰਹਿ ਸਕਦੀ ਹਾਂ, ਪਰ ਮੈਂ ਜੂਠੀਆਂ ਥਾਲੀਆਂ ਵਿਚੋਂ ਬੁਰਕੀਆਂ ਨਹੀਂ ਖਾ ਸਕਦੀ।' ਜਾਂ
'ਰਿਸ਼ਤਾ ਕੋਈ ਬਰੋਚ ਨਹੀਂ ਹੁੰਦਾ, ਨਾ ਸੋਨੇ ਦਾ, ਨਾ ਚਾਂਦੀ ਦਾ, ਨਾ ਪਿਤਲ ਦਾ।'
ਇਹ ਇਕ ਡੂੰਘੀ ਫਿਲਾਸਫ਼ੀ ਹੈ-ਇਕ ਔਰਤ ਦੇ ਜੀਵਨ ਦਾ ਸੱਚ। ਕਿਧਰੇ ਕਿਧਰੇ ਮਨ ਦੀ ਅਵਸਥਾ-ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਨੂੰ ਵੀ ਬਾਖੂਬੀ ਚਿਤਰਿਆ ਹੈ। ਔਰਤ ਦਾ ਦੁਖਾਂਤ ਹੈ ਦੂਸਰੀ ਔਰਤ ਬਣਨਾ, ਪਰ ਹੁਣ ਔਰਤਾਂ ਬਹੁਤ ਅੱਗੇ ਲੰਘ ਗਈਆਂ ਹਨ, ਰਮਾ ਰਤਨ ਤੇ ਉਸ ਦੀ ਭੈਣ ਪਵਨ ਨਾਲ ਬਿਤਾਏ ਪਲ, ਦਵਿੰਦਰ ਸਤਿਆਰਥੀ-ਇਕ ਕਲਾਕਾਰ, ਇਕ ਉਦਰਿਆ ਮਨੁੱਖ, ਵਿਦਿਆਰਥੀਆਂ ਨਾਲ ਰਿਸ਼ਤਾ ਇਕ ਬਜ਼ੁਰਗ ਵੱਲੋਂ ਭੇਜਿਆ ਇਨਾਮ 200 ਰੁਪਏ ਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਭ ਇਨਾਮਾਂ ਤੋਂ ਵੱਡਾ ਹੈ ਲੇਖਿਕਾ ਦੀ ਵਿਸ਼ਾਲ ਸੂਝ ਤੇ ਸੰਤੁਸ਼ਟੀ ਦਾ ਪ੍ਰਤੀਕ ਹੈ। ਡਾ: ਦਲੀਪ ਕੌਰ ਟਿਵਾਣਾ ਦੇ ਲੇਖਕਾਂ, ਆਲੋਚਕਾਂ, ਡਿਗਰੀਆਂ ਤੇ ਉਪਾਧੀਆਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਤੇ ਪਾਜ ਵੀ ਖੋਲ੍ਹੇ ਹਨ। ਡਾ: ਹਰਭਜਨ ਸਿੰਘ ਦੇ ਨਾਂਅ ਖਤ, ਅੰਮ੍ਰਿਤਾ ਪ੍ਰੀਤਮ ਨਾਲ ਜੁੜੀਆਂ ਸਾਂਝਾਂ ਤੇ ਯਾਦਾਂ ਆਪੇ ਦੇ ਸਨਮੁੱਖ ਹੋਣਾ, ਆਧੁਨਿਕ ਯੁਗ, ਰੁੱਖਾਂ ਦੀ ਕਟਾਈ, ਮੂਰਤੀ ਪੂਜਾ, ਧਰਤੀ ਦੀ ਹੋਂਦ ਲਾਜ਼ਮੀ ਹੈ ਮਨੁੱਖ, ਪਸ਼ੂ, ਪੰਛੀਆਂ ਲਈ, ਮਨੁੱਖ ਹੀ ਰੱਬ ਹੈ, ਮਰਦ ਤੋਂ ਬਿਨਾਂ ਪਰਿਵਾਰ ਦੀ ਸੰਭਾਲ, ਪੁਸਤਕ ਪਿਆਰ ਅਧਿਆਪਕ ਦਾ ਕਰਮ, ਪਰਿਵਾਰਕ ਜੀਵਨ ਨਾਲ ਜੁੜੀਆਂ ਯਾਦਾਂ, ਭੈਣ ਭਰਾ ਦਾ ਪਿਆਰ, ਮਾਂ ਦਾ ਪਿਆਰ, ਦੁੱਖ ਦਰਦ, ਨਾਗਾਲੈਂਡ ਬਾਰੇ, ਧੀਆਂ ਦੀ ਭਰੂਣ ਹੱਤਿਆ, ਕਾਮਿਆਂ ਨੂੰ ਅਪਣੱਤ ਤੇ ਪਿਆਰ ਦੇਣਾ, ਸਹੁਰਿਆਂ ਵੱਲੋਂ ਕੁੱਟ ਮਾਰ ਸਹਿ ਕੇ ਵੀ ਧੀ ਨਹੀਂ ਚਾਹੁੰਦੀ ਕਿ ਪੋਲ ਖੁੱਲ੍ਹੇ, ਨਸ਼ਾਖੋਰੀ ਵਿਚ ਰੁਲਦੀ ਜੁਆਨੀ-ਕਿਹੜਾ ਵਿਸ਼ਾ ਹੈ ਜੋ ਉਸ ਨੇ ਆਪਣੀਆਂ ਯਾਦਾਂ ਦੇ ਪਲਾਂ ਵਿਚ ਨਹੀਂ ਸਮੇਟਿਆ। ਇਕ ਸਥਾਪਤ ਸਾਹਿਤਕਾਰਾ, ਇਕ ਉਚ ਪਾਏ ਦੀ ਅਧਿਆਪਨਾ, ਵਿਦਿਆਰਥੀਆਂ ਨਾਲ ਮੋਹ ਪਿਆਰ ਰੱਖਣ ਵਾਲੀ ਤੇ ਯੋਗ ਅਗਵਾਈ ਦੇਣ ਵਾਲੀ ਲੇਖਿਕਾ ਨੇ ਇਸ ਪੁਸਤਕ ਨੂੰ ਵਿਸ਼ਾਲ ਪੱਧਰ ਉਤੇ ਵਿਸ਼ੇ ਸਮੇਟ ਕੇ ਪਾਠਕਾਂ ਸਾਹਵੇਂ ਕੁੱਜੇ ਵਿਚ ਸਮੁੰਦਰ ਬੰਦ ਕਰਕੇ ਪੇਸ਼ ਕੀਤਾ ਹੈ ਤਾਂ ਕਿ ਉਹ ਲੇਖਿਕਾ ਦੀ ਸ਼ਖ਼ਸੀਅਤ ਤੇ ਹਸਤੀ ਤੋਂ ਬਾਖੂਬੀ ਜਾਣੂ ਹੋ ਸਕਣ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਰੁਦਨ ਕਰੇਂਦਾ ਸੂਰਜ
ਕਵੀ : ਸ਼ਾਕਿਰ ਪੁਰਸ਼ਾਰਥੀ
ਪ੍ਰਕਾਸ਼ਕ : ਪੰਜਾਬੀ ਲੇਖਕ ਡਾਟ ਕਾਮ, ਅਮਰੀਕਾ
ਮੁੱਲ : 120 ਰੁਪਏ, ਸਫ਼ੇ : 120.

ਸ਼ਾਕਿਰ ਪੁਰਸ਼ਾਰਥੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਲੰਮਾ ਸਮਾਂ ਕਾਰਜਸ਼ੀਲ ਰਹਿਣ ਵਾਲਾ ਸ਼ਾਇਰ ਤੇ ਅਨੁਵਾਦਕ ਹੈ ਜਿਹੜਾ ਹੁਣ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕਿਆ ਹੈ। ਉਸ ਦੇ ਤੁਰ ਜਾਣ ਮਗਰੋਂ ਉਸ ਦੀਆਂ ਗ਼ਜ਼ਲਾਂ ਨੂੰ ਅਜੀਤ ਪਿਆਸਾ ਨੇ ਸੰਪਾਦਿਤ ਤੇ ਸੰਕਲਿਤ ਕੀਤਾ ਹੈ। ਸ਼ਾਕਿਰ ਪੁਰਸ਼ਾਰਥੀ ਸਿਰਫ ਪੰਜਾਬੀ ਖੇਤਰ ਵਿਚ ਹੀ ਨਹੀਂ ਹਿੰਦੀ ਸਾਹਿਤ ਵਿਚ ਵੀ ਜਾਣਿਆ-ਪਛਾਣਿਆ ਨਾਂਅ ਸੀ। ਉਸ ਦੇ ਕੀਤੇ ਅਨੁਵਾਦ ਉਨ੍ਹਾਂ ਦਿਨਾਂ ਵਿਚ 'ਗਿਆਨੋਦਯ' ਵਰਗੇ ਹਿੰਦੀ ਰਿਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੇ ਰਹੇ। ਉਸ ਨੂੰ ਫਾਰਸੀ ਤੇ ਸੰਸਕ੍ਰਿਤ ਭਾਸ਼ਾ ਦਾ ਵੀ ਡੂੰਘਾ ਗਿਆਨ ਸੀ। ਇਹ ਗਿਆਨ ਉਸ ਦੀਆਂ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਦੇ ਆਰ-ਪਾਰ ਫੈਲਿਆ ਦਿਖਾਈ ਦਿੰਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਉਦਾਸੀ ਤੇ ਤਨਹਾਈ ਦਾ ਆਲਮ ਹਰ ਸ਼ੇਅਰ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ :
ਬਿਸ਼ੱਕ ਅੱਖ ਤਰਸਦੀ ਹੈ ਹੰਝੂਆਂ ਖਾਤਿਰ,
ਬਹਾਨਾ ਭਾਲ ਹੀ ਲੈਂਦੇ ਹਾਂ ਕਹਿਕਿਹਾਂ ਖਾਤਿਰ।
- - - - -
ਖ਼ੁਦ ਨਾਲ ਗੱਲਾਂ ਕਰਨ ਨੂੰ ਜਦ ਵੀ ਦਿਲ ਕਰਦਾ ਹੈ
ਘਰ ਤੋਂ ਉੱਠ ਕੇ ਦਰਿਆ ਕੰਢੇ ਆ ਬਹਿੰਦਾ ਹਾਂ।
ਸ਼ਾਕਿਰ ਦੀਆਂ ਗ਼ਜ਼ਲਾਂ ਵਿਚ ਫਾਰਸੀ ਤੇ ਸੰਸਕ੍ਰਿਤ ਦੇ ਸ਼ਬਦ ਏਨੀ ਖੂਬਸੂਰਤੀ ਨਾਲ ਪੇਸ਼ ਹੋਏ ਹਨ ਕਿ ਗ਼ਜ਼ਲ ਪੜ੍ਹਦਿਆਂ ਮਨ ਅਸ਼-ਅਸ਼ ਕਰ ਉੱਠਦਾ ਹੈ।


ਪੈਗ਼ੰਬਰ ਤੋਂ ਪੈਗ਼ੰਬਰ ਦੀ ਮੌਤ ਤੱਕ
ਲੇਖਕ : ਖ਼ਲੀਲ ਜਿਬਰਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 158.

ਖਲੀਲ ਜਿਬਰਾਨ, ਅਰਬੀ ਤੇ ਅੰਗਰੇਜ਼ੀ ਸਾਹਿਤ ਦਾ ਅਜ਼ੀਮ ਕਵੀ, ਨਿਬੰਧਕਾਰ, ਦਾਰਸ਼ਨਿਕ ਤੇ ਅਧਿਆਤਮਵਾਦੀ ਚਿੰਤਕ ਹੈ। ਉਸ ਦੀਆਂ ਲਿਖਤਾਂ ਦੇ ਅਨੁਵਾਦ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਬੇਹੱਦ ਮਕਬੂਲ ਰਹੇ ਹਨ। ਇਕ ਖੋਜ ਮੁਤਾਬਿਕ ਜਿਬਰਾਨ, ਸ਼ੈਕਸਪੀਅਰ ਤੇ ਲਾਉਤਸੇ ਤੋਂ ਬਾਅਦ ਦੁਨੀਆ ਦਾ ਤੀਸਰਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ। 'ਪੈਗ਼ੰਬਰ ਤੋਂ ਪੈਗ਼ੰਬਰ ਦੀ ਮੌਤ ਤੱਕ' ਵਿਚ ਖਲੀਲ ਜਿਬਰਾਨ ਦੀਆਂ ਤਿੰਨ ਪੁਸਤਕਾਂ, 'ਪੈਗ਼ੰਬਰ', 'ਪੈਗ਼ੰਬਰ ਦਾ ਬਗੀਚਾ', 'ਪੈਗ਼ੰਬਰ ਦੀ ਮੌਤ ਤੱਕ' ਦਾ ਪੰਜਾਬੀ ਅਨੁਵਾਦ ਹੈ। ਅਨੁਵਾਦ ਜਸਪ੍ਰੀਤ ਸਿੰਘ ਜਗਰਾਉਂ ਵੱਲੋਂ ਕੀਤਾ ਗਿਆ ਹੈ। 'ਪੈਗ਼ੰਬਰ ਤੋਂ ਪੈਗ਼ੰਬਰ ਦੀ ਮੌਤ ਤੱਕ' ਪੁਸਤਕ ਵਿਚ ਲੇਖਕ ਜੀਵਨ ਦੇ ਸਦੀਵੀ ਸੱਚਾਂ ਨੂੰ ਲੋਕਾਂ ਤੱਕ ਸੰਚਾਰ ਕਰਦਾ ਹੈ। ਪੈਗ਼ੰਬਰ ਦਾ ਅਰਥ ਹੀ ਪੈਗਾਮ+ਬਰ ਭਾਵ ਰੱਬ ਦਾ ਸੁਨੇਹਾ ਲਿਆਉਣ ਵਾਲੇ ਤੋਂ ਹੈ। ਇਸ ਤਰ੍ਹਾਂ ਲੇਖਕ ਇਸ ਪੁਸਤਕ ਵਿਚ ਪਿਆਰ, ਮੌਤ, ਸੰਤਾਨ, ਵਿਆਹ, ਦਾਨ, ਖੁਰਾਕ, ਸੁਖ-ਦੁੱਖ, ਕੱਪੜੇ ਜਿਹੇ ਵਿਸ਼ਿਆਂ ਬਾਰੇ ਆਪਣਾ ਦਰਸ਼ਨ ਬਿਆਨ ਕਰਦਾ ਹੈ। ਵਾਰਤਕ ਵਿਚ ਕਵਿਤਾ ਕਿਵੇਂ ਲਿਖੀ ਜਾਂਦੀ ਹੈ ਇਹ ਦਰਸ਼ ਇਸ ਪੁਸਤਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਖਲੀਲ ਜਿਬਰਾਨ ਦੀਆਂ ਇਨ੍ਹਾਂ ਪੁਸਤਕਾਂ ਦਾ ਅਨੁਵਾਦ ਭਾਵੇਂ ਪਹਿਲਾਂ ਵੀ ਅਨੇਕ ਲੇਖਕਾਂ ਦੁਆਰਾ ਕੀਤਾ ਗਿਆ ਹੈ ਪਰ ਜਸਪ੍ਰੀਤ ਸਿੰਘ ਜਗਰਾਉਂ ਨੇ ਇਸ ਪੁਸਤਕ ਵਿਚ ਵਿਸ਼ੇ ਦੇ ਪ੍ਰਸੰਗ ਵਿਚ ਗੁਰਬਾਣੀ ਤੇ ਸੂਫ਼ੀ ਕਾਵਿ ਦੀਆਂ ਟੂਕਾਂ ਦੇ ਕੇ ਇਨ੍ਹਾਂ ਨੂੰ ਪੰਜਾਬੀ ਸੱਭਿਆਚਾਰਕ ਪਰਿਪੇਖ ਵਿਚ ਵੀ ਮਹੱਤਵਯੋਗ ਬਣਾ ਦਿੱਤਾ ਹੈ।

ਵੱਡਿਆਂ ਦੇ ਵਿਅ੍ਹਾਵੀਂ ਨਾ
ਲੇਖਕ : ਹਰਦਿਆਲ ਸਿੰਘ ਚੀਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128.

ਵੱਡਿਆਂ ਦੇ ਵਿਅ੍ਹਾਵੀਂ ਨਾ, ਹਰਦਿਆਲ ਸਿੰਘ ਚੀਮਾ ਦਾ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਤੋਂ ਪਹਿਲਾਂ ਲੇਖਕ ਦੇ ਤਿੰਨ ਗੀਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਸੰਗ੍ਰਹਿ ਵਿਚ ਲੇਖਕ ਸਾਡੇ ਸਮਾਜੀ ਚੌਗਿਰਦੇ ਵਿਚ ਫੈਲੀਆਂ ਸਮੱਸਿਆਵਾਂ ਨੂੰ ਆਪਣੇ ਗੀਤਾਂ ਰਾਹੀਂ ਪੇਸ਼ ਕਰਦਾ ਹੈ। ਹਰਦਿਆਲ ਸਿੰਘ ਚੀਮਾ ਆਮ ਸਾਧਾਰਨ ਲੋਕਾਂ ਦਾ ਗੀਤਕਾਰ ਹੈ, ਇਸੇ ਲਈ ਉਸ ਦੇ ਗੀਤਾਂ ਵਿਚ ਆਮ ਲੋਕਾਂ ਦਾ ਦਰਦ ਤੇ ਮੁਸ਼ਕਿਲਾਂ ਨੂੰ ਖਾਸ ਥਾਂ ਪ੍ਰਾਪਤ ਹੈ। ਇਸ ਤੋਂ ਬਿਨਾਂ ਪੰਜਾਬੀ ਸੱਭਿਆਚਾਰਕ ਰਿਸ਼ਤਿਆਂ, ਅਖਾਉਤੀ ਤਰੱਕੀ ਦੇ ਨਾਂਅ 'ਤੇ ਸੱਭਿਆਚਾਰ ਵਿਚ ਪੈਦਾ ਹੋ ਰਹੇ ਵਿਗਾੜਾਂ ਨੂੰ ਵੀ ਲੇਖਕ ਨੇ ਆਮ ਲੋਕਾਂ ਦੀ ਸਿੱਧੀ-ਸਾਦੀ ਤੇ ਸਾਫ਼-ਸੁਥਰੀ ਬੋਲੀ ਵਿਚ ਪੇਸ਼ ਕੀਤਾ ਹੈ। ਆਧੁਨਿਕ ਵਰਤਾਰੇ ਵਿਚ ਲਟ-ਲਟ ਮਚਦੀਆਂ ਧੀਆਂ, ਦਾਜ ਦੀ ਮਾਰ ਝੱਲਦੇ ਮਾਪਿਆਂ, ਡਿਗਦੇ ਕਿਰਦਾਰ, ਵੱਡਿਆਂ ਘਰਾਂ ਵਿਚ ਵਿਆਹੇ ਜਾਣ ਦੇ ਦਰਦ, ਪਰਦੇਸੀਆਂ ਦੀ ਪੀੜ ਨੂੰ ਵੀ ਲੇਖਕ ਨੇ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਇਸ ਕਿਤਾਬ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਗੀਤ ਏਨੀ ਸਾਫ਼-ਸੁਥਰੀ ਭਾਸ਼ਾ ਵਿਚ ਲਿਖੇ ਗਏ ਹਨ ਕਿ ਕੋਈ ਵੀ ਪਰਿਵਾਰ ਇਨ੍ਹਾਂ ਦਾ ਭਰਪੂਰ ਆਨੰਦ ਲੈ ਸਕਦਾ ਹੈ। ਅੱਜ ਜਦੋਂ ਕਿ ਅਸ਼ਲੀਲ ਗੀਤ ਪੰਜਾਬੀ ਸੱਭਿਆਚਾਰ ਨੂੰ ਪਲੀਤ ਕਰਨ 'ਤੇ ਤੁਲੇ ਹੋਏ ਹਨ ਅਜਿਹੇ ਸਮਿਆਂ ਵਿਚ ਅਜਿਹੀ ਸ਼ਾਇਰੀ ਦੀ ਸਿਰਜਣਾ ਕਰਨ ਵਾਲੇ ਗੀਤਕਾਰ ਨੂੰ ਮੁਬਾਰਕ ਕਹਿਣੀ ਬਣਦੀ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਦਾ ਬਿਰਤਾਂਤ-ਸ਼ਾਸਤਰੀ ਅਧਿਐਨ
ਲੇਖਕ : ਡਾ: ਤ੍ਰਿਲੋਚਨ ਸਿੰਘ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 590 ਰੁਪਏ, ਸਫ਼ੇ : 392.

ਗਾਲਪਨਿਕ ਰਚਨਾਵਾਂ ਦੇ ਅਧਿਐਨ ਲਈ ਬਿਰਤਾਂਤ-ਸ਼ਾਸਤਰੀ ਵਿਧੀ ਸੰਰਚਨਾਵਾਦੀ ਹੋਣ ਕਾਰਨ ਵਿਗਿਆਨਕ ਪਹੁੰਚ ਵਾਲੀ ਵਿਧੀ ਹੈ। ਇਹ ਵਿਧੀ ਗਾਲਪਨਿਕ ਰਚਨਾ ਵਿਚ ਕਾਰਜਸ਼ੀਲ ਨੇਮਾਂ, ਜੁਗਤਾਂ, ਪੈਟਰਨਾਂ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਵਿਸ਼ਲੇਸ਼ਣ ਦੀ ਇਸ ਵਿਧੀ ਦਾ ਸ੍ਰੀ ਗਣੇਸ਼ ਵਲਾਦੀਮੀਰ ਪਰਾਪ ਦੀ ਜਗਤ ਪ੍ਰਸਿੱਧ ਪੁਸਤਕ 'ਮਾਰਫਾਲੋਜੀ ਆਫ ਫੋਕ ਟੇਲਜ਼' 'ਤੇ ਹੋਇਆ, ਜਿਸ ਵਿਚ ਉਸ ਨੇ ਪਰੀ ਕਥਾਵਾਂ ਇਕੱਤਰ ਕਰਕੇ, ਰੂਪਵਾਦੀ ਦ੍ਰਿਸ਼ਟੀ ਵਿਚ ਨਵਾਂ ਪ੍ਰਸੰਗ ਜੋੜ ਕੇ ਇਨ੍ਹਾਂ ਵਿਚ ਸ਼ਾਮਿਲ ਮੋਟਿਫ਼ਾਂ ਨੂੰ ਸਮਝਣ ਦਾ ਉਪਰਾਲਾ ਕੀਤਾ। ਇਹ ਯਤਨ ਸ਼ਕਲੋਵਸਕੀ ਤੋਂ ਉਲਟ ਸੀ ਜੋ ਅਜਨਬੀ ਕਰਨ 'ਤੇ ਜ਼ੋਰ ਦਿੰਦਾ ਸੀ। ਵਿਦਵਾਨ ਆਲੋਚਕ ਨੇ ਅਧਿਐਨ ਆਰੰਭ ਕਰਨ ਤੋਂ ਪਹਿਲਾਂ ਸੰਸਾਰ ਪ੍ਰਸਿੱਧ ਬਿਰਤਾਂਤ-ਸ਼ਾਸਤਰੀਆਂ ਅਤੇ ਪੰਜਾਬੀ ਵਿਚ ਹੋਈ ਪੂਰਵ-ਬਿਰਤਾਂਤ ਸ਼ਾਸਤਰੀ ਖੋਜ ਦਾ ਨਿੱਠ ਕੇ ਅਧਿਐਨ ਕੀਤਾ। ਆਧੁਨਿਕ ਅਤੇ ਉੱਤਰ-ਆਧੁਨਿਕ ਬਿਰਤਾਂਤ-ਸ਼ਾਸਤਰੀ ਦ੍ਰਿਸ਼ਟੀਆਂ ਨੂੰ ਸਮਝਣ ਦਾ ਉਪਰਾਲਾ ਕੀਤਾ। ਸਮੁੱਚਾ ਅਧਿਐਨ ਤਿੰਨ ਕਾਡਾਂ ਵਿਚ ਵੰਡਿਆ ਹੋਇਆ ਹੈ। ਪਹਿਲਾ ਕਾਂਡ ਸਿਧਾਂਤਕ ਪਰਿਪੇਖ ਹੈ, ਜਿਸ ਵਿਚ ਬਿਰਤਾਂਤ ਦੀ ਪਰਿਭਾਸ਼ਾ, ਬਿਰਤਾਂਤ-ਸ਼ਾਸਤਰ ਕੀ ਹੈ? ਪ੍ਰਮੁੱਖ ਤੱਤ (ਪਾਤਰ, ਘਟਨਾਵਾਂ, ਸਮਾਂ, ਤਰਤੀਬ, ਗਤੀ, ਦੁਹਰਾ, ਸਥਾਨ, ਫੋਕਸੀਕਰਨ, ਇਤਿਹਾਸ) ਆਦਿ ਉਪ-ਸਿਰਲੇਖਾਂ ਅਧੀਨ ਚਰਚਾ ਕੀਤੀ ਗਈ ਹੈ। ਬਿਰਤਾਂਤ ਸ਼ਾਸਤਰ ਦਾ ਇਤਿਹਾਸਕ ਪਰਿਪੇਖ ਉਸਾਰਦਿਆਂ ਪਰਾਪ ਤੋਂ ਬਿਨਾਂ 'ਕਲਾਦ ਲੈਵੀ ਸਤ੍ਰਾਸ', 'ਰੋਲਾਂ ਬਾਰਤ', 'ਤੋਦੋਰੋਵ', 'ਜੈਨੇ', 'ਪ੍ਰਿੰਸ', 'ਮੀਕ-ਬਲ' ਆਦਿ ਦੇ ਵਿਚਾਰਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ। ਗਲਪ ਅਤੇ ਕਹਾਣੀ ਦੇ ਬਿਰਤਾਂਤ ਸ਼ਾਸਤਰ ਦੀ ਵੱਖੋ-ਵੱਖਰੀ ਨਿਸ਼ਾਨਦੇਹੀ ਕੀਤੀ ਗਈ ਹੈ। ਦੂਜਾ ਕਾਂਡ ਪੰਜਾਬੀ ਗਲਪ ਦੇ ਬਿਰਤਾਂਤ ਸ਼ਾਸਤਰੀ ਸਰਵੇਖਣ ਨੂੰ ਸਮਰਪਤ ਹੈ ਜਿਸ ਵਿਚ ਭਾਰਤੀ ਅਤੇ ਪਰਵਾਸੀ ਦੋਵਾਂ ਦਾ ਸਰਵੇਖਣ ਉਪਲਬਧ ਹੈ। ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਦਾ ਸਰਵੇਖਣ ਅਤੇ ਵਿਸ਼ਲੇਸ਼ਣ ਕਰਦਿਆਂ ਲੇਖਕ ਦੇ ਕਹਾਣੀ ਸੰਗ੍ਰਹਿ 'ਸਵੇਰ ਸਾਰ' ਤੋਂ ਲੈ ਕੇ 'ਮੌਤ ਇਕ ਗੁੰਚੇ ਦੀ' ਤੱਕ ਦੇ 20 ਕਹਾਣੀ-ਸੰਗ੍ਰਹਿਆਂ ਨੂੰ ਅਧਿਐਨ ਵਸਤੂ ਵਜੋਂ ਲਿਆ ਗਿਆ ਹੈ। ਸਿਧਾਂਤਕ ਪਰਿਪੇਖ ਦੀ ਉਸਾਰੀ ਵਿਚ ਉਲੀਕੇ ਸੰਦਾਂ ਦੀ ਵਰਤੋਂ ਨਾਲ ਦੁੱਗਲ ਦੀਆਂ ਕਹਾਣੀਆਂ ਦਾ ਬੜਾ ਮੁੱਲਵਾਨ ਵਿਸ਼ਲੇਸ਼ਣ ਸਾਹਮਣੇ ਆਇਆ ਹੈ। ਦੁੱਗਲ ਦੀਆਂ ਕਹਾਣੀਆਂ ਦੇ ਮਨੋਵਿਗਿਆਨਕ ਵਿਸ਼ਿਆਂ ਅਤੇ ਕਲਾਤਮਕ ਪੇਸ਼ਕਾਰੀ ਨੂੰ ਸਮੀਖਿਅਕ ਸੂਖ਼ਮਤਾ ਅਤੇ ਵਿਵੇਕ ਨਾਲ ਪਕੜਨ ਵਿਚ ਆਲੋਚਕ ਸਫ਼ਲ ਰਿਹਾ ਹੈ। ਉਸ ਦਾ ਇਹ ਕਾਰਜ ਉਪਾਧੀ-ਸਾਪੇਖ ਹੋਣ ਕਾਰਨ ਸਖ਼ਤ ਮਿਹਨਤ ਦੀ ਸਾਖੀ ਭਰਦਾ ਹੈ। ਅਗਲੇਰੀ ਖੋਜ ਲਈ ਜੁੰਬਸ਼ ਪ੍ਰਦਾਨ ਕਰਨ ਵਾਲੀ ਪੁਸਤਕ ਹੈ। ਖੋਜਕਾਰ ਨੂੰ ਵਧਾਈ, ਪਾਠਕਾਂ ਨੂੰ ਅਧਿਐਨ ਦੀ ਸਿਫ਼ਾਰਸ਼। ਪਰ ਆਮ ਪਾਠਕ ਦੀ ਜੇਬ ਕੀਮਤ ਦਾ ਬੋਝ ਝੱਲ ਸਕੇਗੀ?

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਸੰਗਲੀ
ਲੇਖਕ : ਅਖਿਲੇਸ਼
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 215.

ਨਵੀਂ ਹਿੰਦੀ ਕਹਾਣੀ ਵਿਚ ਅਖਿਲੇਸ਼ ਇਕ ਸਥਾਪਿਤ ਨਾਂਅ ਹੈ ਜਿਸ ਨੇ ਹਿੰਦੀ ਕਹਾਣੀ ਨੂੰ ਨਵੇਂ ਆਯਾਮ ਤੇ ਵਿਸਥਾਰ ਦਿੱਤਾ ਹੈ। 'ਸੰਗਲੀ' ਉਸ ਦੀਆਂ ਅੱਠ ਕਹਾਣੀਆਂ ਦਾ ਸੰਗ੍ਰਹਿ ਹੈ, ਜਿਨ੍ਹਾਂ ਨੂੰ ਮਿਲ ਕੇ ਮਹਿੰਦਰ ਸਿੰਘ ਬੇਦੀ, ਗੁਰਦਿਆਲ ਦਲਾਲ ਅਤੇ ਅਨੇਮਨ ਸਿੰਘ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਪੁਸਤਕ ਦੀ ਸੰਪਾਦਨਾ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਨੇਮਨ ਸਿੰਘ ਨੇ ਕੀਤਾ ਹੈ।
ਅਖਿਲੇਸ਼ ਨੇ ਆਪਣੀਆਂ ਕਹਾਣੀਆਂ ਵਿਚ ਸੱਤਾ ਦੇ ਬਦਲਦੇ ਹੋਏ ਕਰੂਰ ਰੂਪਾਂ, ਬੇਰੁਜ਼ਗਾਰੀ ਨਾਲ ਤਿਲਮਿਲਾਉਂਦੇ ਤੇ ਬੇਬਸੀ ਨਾਲ ਟੱਕਰਾਂ ਮਾਰਦੇ ਨੌਜਵਾਨਾਂ ਦੀ ਪੀੜ ਤੇ ਦਰਦ, ਮਰਦ-ਔਰਤ ਵਿਚਕਾਰ ਪਿਆਰ ਦੀ ਬਦਲ ਰਹੀ ਪਰਿਭਾਸ਼ਾ ਬਾਰੇ, ਇਕੱਲ ਭੋਗ ਰਹੇ ਬਿਰਧਾਂ ਤੇ ਵਿਰਸੇ ਨਾਲ ਚਿਪਕੇ ਲੋਕਾਂ ਦੇ ਸੰਤਾਪ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਉਸ ਦੀਆਂ ਕਹਾਣੀਆਂ ਧੀਮੀ ਗਤੀ ਨਾਲ ਚਲਦੀਆਂ ਹੋਈਆਂ ਜੀਵਨ ਦੇ ਅਨੇਕਾਂ ਰੰਗਾਂ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ।
'ਸੰਗਲੀ' ਕਹਾਣੀ ਵਿਚ ਉਹ ਸੰਗਲੀ ਦੇ ਪ੍ਰਤੀਕ ਰਾਹੀਂ ਸੱਤਾ ਦੇ ਜਬਰ ਤੇ ਜਕੜ ਦੀ ਪਛਾਣ ਕਰਦਾ ਹੈ ਜੋ ਰਤਨ ਜਿਹੇ ਬੁੱਧੀਮਾਨ ਵਿਅਕਤੀ ਨੂੰ ਬੇਬੱਸ ਤੇ ਅਪਹਾਸ ਦਾ ਪਾਤਰ ਬਣਾ ਦਿੰਦੇ ਹਨ। 'ਚਿੱਠੀ' ਦੇ ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਉਨ੍ਹਾਂ ਨੂੰ ਖਾਲੀ ਹੱਥ ਘਰ ਪਰਤਣ ਲਈ ਮਜਬੂਰ ਕਰਦੀ ਹੈ। ਨੌਜਵਾਨਾਂ ਦੀ ਇਹੀ ਪੀੜ ਅਗਾਂਹ ਗੁੱਸੇ 'ਤੇ ਆਕ੍ਰੋਸ਼ 'ਚ ਬਦਲਣ ਦੀ ਤਿਆਰੀ 'ਚ ਰਹਿੰਦੀ ਹੈ। ਕਹਾਣੀ 'ਹਨੇਰਾ' ਫ਼ਿਰਕਾਪ੍ਰਸਤੀ ਕਾਰਨ ਹੋਣ ਵਾਲੇ ਦੰਗਿਆਂ ਦੀ ਭਿਆਨਕ ਤੇ ਕਰੂਰ ਸਥਿਤੀ ਵੱਲ ਇਸ਼ਾਰਾ ਕਰਦੀ ਹੈ। ਕਹਾਣੀ 'ਅਗਲੀ ਸਦੀ ਦੇ ਪਿਆਰ ਦੀ ਰਿਹਰਸਲ' ਵਿਚ ਆਧੁਨਿਕ ਪ੍ਰੇਮ ਦੇ ਛਿਛਲੇ ਤੇ ਛਿਛੋਰੇਪਨ ਨੂੰ ਹਲਕੇ-ਫੁਲਕੇ ਰੌਂਅ ਵਿਚ ਵਿਅੰਗ ਦਾ ਨਿਸ਼ਾਨਾ ਬਣਾਇਆ ਗਿਆ ਹੈ। 'ਜਲਡਮਰੂ ਦੇ ਵਿਚਕਾਰ' ਅਜਿਹੇ ਬਿਰਧਾਂ ਦੀ ਕਹਾਣੀ ਹੈ ਜੋ ਆਪਣੇ ਵਿਰਸੇ ਨਾਲ ਇਸ ਹੱਦ ਤੱਕ ਚਿਪਕੇ ਹੋਏ ਹਨ ਕਿ ਆਪਣੀ ਨਵੀਂ ਸੋਚ ਵਾਲੀ ਆਲ-ਔਲਾਦ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਹੀ ਅਸਮਰਥ ਹਨ। 'ਬਾਇਓਡੈਟਾ' ਕਹਾਣੀ ਇਕ ਉਤਸ਼ਾਹੀ ਨੌਜਵਾਨ ਰਾਜਦੇਵ ਦੀ ਲਾਲਸਾ ਪੇਸ਼ ਕਰਦੀ ਹੈ, ਜੋ ਹਰ ਹੀਲੇ ਰਾਜਨੀਤੀ ਵਿਚ ਆਪਣਾ ਪੈਰ ਜਮਾਉਣ ਦੀ ਦੌੜ 'ਚ ਸ਼ਾਮਿਲ ਹੈ। ਰਾਜਨੀਤੀ ਵਿਚ ਪੱਕੇ ਪੈਰ ਜਮਾਉਣ ਲਈ ਉਹ ਆਪਣੀ ਬੀਵੀ ਤੇ ਬੱਚੇ ਨੂੰ ਵੀ ਦਾਅ 'ਤੇ ਲਾਉਣ ਲਈ ਤਿਆਰ ਰਹਿੰਦਾ ਹੈ।
ਅਖਿਲੇਸ਼ ਇਕ ਚਿੰਤਨਸ਼ੀਲ ਕਥਾਕਾਰ ਹੈ, ਜੋ ਹਿੰਦੀ ਕਹਾਣੀ ਨੂੰ ਨਵੀਂ ਸੇਧ ਦਿੰਦਾ ਹੈ। ਪੰਜਾਬੀ ਕਹਾਣੀਕਾਰਾਂ ਵੱਲੋਂ ਕੀਤਾ ਅਨੁਵਾਦ ਇਕਦਮ ਸਟੀਕ ਤੇ ਕਹਾਣੀਆਂ ਦੀ ਆਤਮਾ ਦੇ ਅਨੁਰੂਪ ਹੈ।

-ਕੇ. ਐਲ. ਗਰਗ
ਮੋ: 94635-37050

ਸੁਹਜ ਸਵੇਰਾ
ਲੇਖਕ : ਬੰਤ ਸਿੰਘ ਚੱਠਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 136.

ਇਕ ਕਥਨ ਅਨੁਸਾਰ ਕੋਈ ਸਾਹਿਤਕਾਰ ਆਪਣੀ ਸਵੈ-ਜੀਵਨੀ ਉਦੋਂ ਲਿਖਦਾ ਜਦੋਂ ਉਹਦੇ ਪਾਠਕ ਉਸ ਨੂੰ ਮਣਾਂ-ਮੂੰਹੀਂ ਪਿਆਰ ਨਾਲ ਨਿਵਾਜਦੇ ਹੋਏ ਉਸ ਦੇ ਜੀਵਨ ਬਾਰੇ ਬਾਰੀਕ ਤੋਂ ਬਾਰੀਕ ਵੇਰਵੇ ਜਾਣਨ ਦੇ ਇੱਛੁਕ ਹੋ ਜਾਣ। ਕਹਾਣੀਕਾਰ ਅਤੇ ਨਾਵਲਕਾਰ ਬੰਤ ਸਿੰਘ ਚੱਠਾ ਦੀ ਇਹ ਸਵੈ-ਜੀਵਨੀ 'ਸੁਹਜ ਸਵੇਰਾ' ਪੜ੍ਹ ਕੇ ਇਹ ਕਥਨ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ। ਉਸ ਦੇ ਪੰਜ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪੜ੍ਹ ਕੇ ਉਸ ਦੇ ਪਾਠਕਾਂ ਦਾ ਮੋਕਲਾ ਘੇਰਾ ਉਸ ਤੋਂ ਇਹ ਮੰਗ ਕਰਨ ਲੱਗਾ ਸੀ। ਇਸ ਦੇ ਨਾਲ ਹੀ ਇੰਝ ਵੀ ਭਾਸਦਾ ਹੈ ਕਿ ਉਸ ਦਾ ਆਪਾ ਵੀ ਇਸ ਸਵੈ-ਜੀਵਨੀ ਦੀ ਰਚਨਾ ਕਰਕੇ ਸਕੂਨ ਲੋਚਦਾ ਸੀ।
ਮਾਲਵੇ ਦੀ ਜ਼ਰਖੇਜ਼ ਸਾਹਿਤਕ ਜ਼ਮੀਨ ਦੇ ਜੰਮਪਲ ਇਸ ਸੱਚੇ-ਸੁੱਚੇ ਸਾਹਿਤਕਾਰ ਨੇ ਆਪਣੀ ਇਸ ਸਵੈ-ਜੀਵਨੀ ਵਿਚ ਆਪਣੇ ਜੀਵਨ 'ਚ ਆਏ ਦੁੱਖਾਂ-ਸੁੱਖਾਂ ਦਾ ਵਰਨਣ ਸਾਫ਼-ਸੁਥਰੇ, ਸਪੱਸ਼ਟ ਅਤੇ ਸਿੱਧੇ-ਸਾਦੇ ਲਫ਼ਜ਼ਾਂ ਵਿਚ ਕੀਤਾ ਹੈ। ਲੇਖਕ ਉਨ੍ਹਾਂ ਲੇਖਕਾਂ ਨੂੰ ਨਕਾਰਦਾ ਹੈ, ਜਿਹੜੇ ਆਪਣੀਆਂ ਸਵੈ-ਜੀਵਨੀਆਂ ਵਿਚ ਅਸ਼ਲੀਲਤਾ ਅਤੇ ਨੰਗ ਦਾ ਵੇਰਵਾ ਦੇਣ ਤੋਂ ਪਰਹੇਜ਼ ਨਹੀਂ ਕਰਦੇ। ਉਸ ਅਨੁਸਾਰ ਕਿਸੇ ਲੇਖਕ ਦੀ ਸਵੈ-ਜੀਵਨੀ ਪਾਠਕਾਂ ਨੂੰ ਕੁਰਾਹੇ ਪਾਉਣ ਦੀ ਬਜਾਏ ਕੋਈ ਸੇਧ ਦੇਵੇ ਤਾਂ ਸਵੈ-ਜੀਵਨੀ ਲਿਖਣ ਦਾ ਮਕਸਦ ਜ਼ਿਆਦਾ ਸਾਰਥਕ ਤੇ ਸਪੱਸ਼ਟ ਹੁੰਦਾ ਹੈ।
ਕਹਾਣੀਕਾਰ-ਨਾਵਲਕਾਰ ਬੰਤ ਸਿੰਘ ਚੱਠਾ ਨੇ ਆਪਣੀ ਇਸ ਸਵੈ-ਜੀਵਨੀ ਵਿਚ ਜੜ੍ਹਾਂ, ਮੇਰੇ ਨਾਨਕੇ, ਪਿੰਡ ਮੇਰਾ ਨਿਆਰਾ, ਮੇਰੇ ਬਾਪ ਦਾ ਘਰ, ਮੇਰਾ ਲੱਕੜਾਂ ਵਿਚ ਲੁਕਣਾ, ਮੇਰਾ ਬਚਪਨ ਅਤੇ ਸਕੂਲ, ਮੇਰੇ ਉਡੂੰ-ਊਡੂੰ ਕਰਦੇ ਦਿਨ, ਮੈਂ ਅਧਿਆਪਕ, ਮੇਰਾ ਸਾਹਿਤਕ ਸਫ਼ਰ, ਮੈਂ ਕਦੋਂ ਲਿਖਦਾ ਹਾਂ, ਮੇਰੀਆਂ ਕਹਾਣੀਆਂ ਦੇ ਪਾਤਰ, ਮੇਰੇ ਨਾਵਲਾਂ ਦੇ ਪਾਤਰ, ਔਰਤਾਂ ਪ੍ਰਤੀ ਆਪਣਾ ਨਜ਼ਰੀਆ, ਆਪਣੇ ਲਿਖਣ-ਅਨੁਭਵ, ਸਾਹਿਤਕ ਮਿੱਤਰਾਂ ਤੋਂ ਮਿਲੇ ਮਿੱਠੇ ਕੌੜੇ ਤਜ਼ਰਬਿਆਂ ਅਤੇ ਨਸ਼ਿਆਂ ਨੇ ਕੀਤੇ ਉਸ ਦੇ ਨਿੱਜੀ ਨੁਕਸਾਨ ਦਾ ਭਰਪੂਰ ਜ਼ਿਕਰ ਕੀਤਾ ਹੈ। ਲੇਖਕ ਆਪਣੀ ਨਿਵੇਕਲੀ ਸ਼ੈਲੀ ਵਿਚ ਆਪਣੇ ਜੀਵਨ ਦੇ ਹਰੇਕ ਮਹੱਤਵਪੂਰਨ ਪਲ ਦਾ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਜ਼ਿਕਰ ਕਰਨ ਵਿਚ ਸਫ਼ਲ ਰਿਹਾ ਹੈ। ਇਸ ਵਿਲੱਖਣਤਾ ਕਰਕੇ ਬੰਤ ਸਿੰਘ ਚੱਠਾ ਦੀ ਇਸ ਸਵੈ-ਜੀਵਨੀ ਦਾ ਸਵੈ-ਜੀਵਨੀ ਸਾਹਿਤ ਵਿਚ ਭਰਪੂਰ ਸਵਾਗਤ ਕੀਤਾ ਜਾਣਾ ਬਣਦਾ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਕੁੜਤਾ ਟਾਕੀਆਂ ਵਾਲਾ...
ਲੇਖਕ : ਧਰਮੀਂ ਤੁੰਗਾਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80.

ਧਰਮੀ ਤੁੰਗਾਂ ਉੱਭਰ ਰਿਹਾ ਪੰਜਾਬੀ ਗੀਤਕਾਰ ਹੈ, ਜਿਸ ਦੇ ਹੁਣ ਤੱਕ ਕਈ ਕਲਾਕਾਰਾਂ ਨੇ ਗੀਤ ਗਾਏ ਹਨ। ਉਸ ਦੀ ਲੇਖਣੀ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਉਹ ਵਕਤ ਦੇ ਵਹਿਣ ਵਿਚ ਨਹੀਂ ਵਹਿ ਰਿਹਾ। ਉਸ ਦੀ ਸੋਚ ਨਿੱਗਰ ਹੈ ਤੇ ਉਹ ਸਮਾਜ 'ਚ ਬਰਾਬਰਤਾ ਦਾ ਚਾਹਵਾਨ ਹੈ। ਉਸ ਦੇ ਗੀਤਾਂ ਦੇ ਵਿਸ਼ੇ ਆਮ ਆਦਮੀ ਦੀ ਗੱਲ ਕਰਦੇ ਨੇ, ਉਸ ਦੀ ਥੁੜ੍ਹਾਂ ਮਾਰੀ ਜ਼ਿੰਦਗੀ ਤੋਂ ਪਰਦਾ ਚੁੱਕਦੇ ਨੇ। ਉਸ ਦੇ ਕਈ ਗੀਤ ਵੱਖ-ਵੱਖ ਕਲਾਕਾਰਾਂ ਦੀ ਅਵਾਜ਼ ਵਿਚ ਰਿਕਾਰਡ ਹੋਣ ਦਾ ਮਾਣ ਹਾਸਲ ਕਰ ਚੁੱਕੇ ਹਨ।
'ਕੁੜਤਾ ਟਾਕੀਆਂ ਵਾਲਾ' ਪੁਸਤਕ ਧਰਮੀ ਦੇ ਗੀਤਾਂ ਦਾ ਗੁਲਦਸਤਾ ਹੈ, ਜਿਸ ਵਿੱਚ ਕੋਈ ਵੀ ਅਜਿਹਾ ਗੀਤ ਨਹੀਂ, ਜੋ ਵਕਤੀ ਜਹੀ ਗੱਲ ਕਰਦਾ ਹੋਵੇ। ਉਸ ਦੇ ਹਰ ਗੀਤ ਦਾ ਵਿਸ਼ਾ ਲਾਜਵਾਬ ਹੈ। ਪੁਸਤਕ ਦੇ ਟਾਈਟਲ ਵਾਲੇ ਗੀਤ ਵਿੱਚ ਉਹ ਜੱਟ ਦੀ ਅਸਲ ਸਥਿਤੀ ਬਿਆਨ ਕਰਦਾ ਹੈ। ਸਾਡੇ ਬਹੁਗਿਣਤੀ ਗੀਤਕਾਰਾਂ ਨੇ 'ਜੱਟ' ਦੀ ਦੁਰਗਤੀ ਕਰਨ 'ਚ ਕੋਈ ਕਸਰ ਨਹੀਂ ਛੱਡੀ, ਪਰ ਧਰਮੀ ਦਾ ਗੀਤ ਦੱਸਦਾ ਹੈ ਕਿ ਜੱਟ ਕਿਵੇਂ ਦਿਨਕਟੀ ਕਰ ਰਿਹਾ ਹੈ। ਉਹ ਫ਼ਸਲਾਂ ਪਾਲਦਾ ਹੈ, ਪਰ ਕੋਈ ਪਤਾ ਨਹੀਂ ਕਦੋਂ ਗੜੇਮਾਰੀ ਹੋ ਜਾਵੇ। ਜੇ ਫ਼ਸਲ ਬਚ ਗਈ ਤਾਂ ਵੀ ਉਸ ਦੇ ਪੱਲੇ ਕੁਝ ਨਹੀਂ ਪੈਣਾ ਕਿਉਂਕਿ ਆੜ੍ਹਤੀਆਂ ਤੇ ਸ਼ਾਹੂਕਾਰਾਂ ਨੇ ਉਸ ਦੀ ਵੱਟਤ ਖਾ ਜਾਣੀ ਹੈ। ਉਹ ਲਿਖਦਾ ਹੈ :
ਚੌਵੀ ਘੰਟੇ ਮਿਹਨਤ ਕਰਦਾ,
ਫਿਰ ਵੀ ਨਾ ਸਿਰੋਂ ਲਹਿੰਦਾ ਕਰਜ਼ਾ।
ਬੈਂਕ ਤੇ ਬਾਣੀਏ ਕੋਲੋਂ,
ਹੱਥ ਛੁਡਾਇਆ ਨਈਂ ਜਾਂਦਾ,
ਜੱਟ ਦਾ ਕੁੜਤਾ ਟਾਕੀਆਂ ਵਾਲਾ,
ਨਵਾਂ ਸਵਾਇਆ ਨਈਂ ਜਾਂਦਾ।
ਬਹੁਤ ਸਾਰੇ ਕਲਾਕਾਰਾਂ ਨੇ ਮਾਂ ਦੀ ਮਮਤਾ ਬਾਰੇ ਗੀਤ ਗਾਏ ਹਨ, ਪਰ ਧਰਮੀ ਤੁੰਗਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਪਾਲਣ ਵਿਚ ਜਿੰਨਾ ਯੋਗਦਾਨ ਮਾਂ ਦਾ ਹੁੰਦਾ ਏ, ਓਨਾ ਹੀ ਬਾਪੂ ਦਾ ਵੀ। ਬਾਪੂ ਸਾਰੀ ਉਮਰ ਔਲਾਦ ਖਾਤਰ ਕੰਮ ਕਰਦਾ ਹੈ ਤੇ ਜਦੋਂ ਉਹ ਜਹਾਨ ਤੋਂ ਤੁਰ ਜਾਂਦਾ ਹੈ ਤਾਂ ਫ਼ਿਕਰਾਂ ਦੀ ਪੰਡ ਮੋਢੇ 'ਤੇ ਆ ਟਿਕਦੀ ਏ। ਉਸ ਨੇ ਬੜੇ ਭਾਵੁਕ ਲਹਿਜ਼ੇ ਵਿਚ ਲਿਖਿਆ ਹੈ,
ਦੁਨੀਆਦਾਰੀ ਤੁਰ ਗਿਆ ਛੱਡ ਕੇ,
ਰੋਈਏ ਮਾਂ ਦੇ ਗਲ਼ ਲੱਗ ਲੱਗ ਕੇ,
ਚੇਤੇ ਕਰਕੇ ਉਹ ਵੇਲ਼ੇ ਦਿਲ ਘਬਰਾ ਜਾਂਦਾ,
ਜਦ ਬਾਪੂ ਦੇ ਹਾਣੀ ਮਿਲਦੇ, ਬਾਪੂ ਚੇਤੇ ਆ ਜਾਂਦਾ।
ਪੁਸਤਕ ਵਿਚਲੇ ਬਾਕੀ ਸਾਰੇ ਗੀਤ ਏਸੇ ਸੋਚ ਵਾਲੇ ਹਨ। ਕਿਸੇ ਗੀਤ ਵਿਚ ਕੋਈ ਵਲ਼-ਛਲ਼ ਨਹੀਂ, ਕੋਈ ਦੂਹਰਾ ਅਰਥ ਨਹੀਂ। ਸਾਫ਼ ਤੇ ਸਪੱਸ਼ਟ ਗੀਤਾਂ ਵਿਚ ਗ਼ਰੀਬਾਂ ਦੇ ਹਿੱਤਾਂ ਦੀ ਰਾਖੀ, ਸਰਕਾਰਾਂ ਦੀਆਂ ਲੁਕਣ ਮੀਟੀਆਂ, ਘਰੇਲੂ ਰਿਸ਼ਤਿਆਂ ਦੀ ਮਹੱਤਤਾ ਅਤੇ ਸਮਾਜਿਕ ਸਰੋਕਾਰਾਂ ਦੀ ਗੱਲ ਧਰਮੀ ਤੁੰਗਾਂ ਨੇ ਖੂਬ ਕੀਤੀ ਹੈ। ਉਸ ਦੀ ਗੀਤਕਾਰੀ ਦਾ ਸਫ਼ਰ ਏਸੇ ਤਰ੍ਹਾਂ ਚੱਲਦਾ ਰਹੇ, ਇਸ ਗੱਲ ਦੀ ਕਾਮਨਾ ਕਰਦਾ ਹਾਂ।

-ਸਵਰਨ ਸਿੰਘ ਟਹਿਣਾ
ਮੋ: 98141-78883

ਨੇੜਿਉਂ ਤੱਕਿਆ ਗ਼ਦਰੀ ਬਾਬਾ ਉੱਤਮ ਸਿੰਘ ਹਾਂਸ
ਲੇਖਕ : ਅਜਾਇਬ ਸਿੰਘ ਹਾਂਸ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 99

ਜੀਵਨ ਦਾ ਸਭ ਤੋਂ ਭੈੜਾ ਸਰਾਪ ਗੁਲਾਮੀ ਹੁੰਦਾ ਹੈ। ਗੁਲਾਮੀ ਦੇ ਜੂਲੇ ਨੂੰ ਤੋੜ ਕੇ ਆਜ਼ਾਦ ਫਜ਼ਾ ਖਿਲੇਰਨਾ ਆਜ਼ਾਦੀ ਪ੍ਰਵਾਨਿਆਂ ਦਾ ਇਕ ਸੁਪਨਾ ਹੁੰਦਾ ਹੈ, ਜਿਸ ਨੂੰ ਸਾਕਾਰ ਕਰਨ ਲਈ ਕਈ ਕਸ਼ਟ ਵੀ ਸਹਿਣੇ ਪੈਣ ਤਾਂ ਵੀ ਉਹ ਪਿੱਛੇ ਨਹੀਂ ਹਟਦੇ। ਅੰਗਰੇਜ਼ੀ ਹਕੂਮਤ ਦੇ ਗੁਲਾਮ ਭਾਰਤ ਵਿਚ ਆਜ਼ਾਦੀ ਲਈ ਕਈ ਲਹਿਰਾਂ ਉੱਠੀਆਂ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਭਾਰਤ ਵਿਚਲੀ ਅੰਗਰੇਜ਼ੀ ਹਕੂਮਤ ਵਿਰੁਧ ਗ਼ਦਰ ਲਹਿਰ ਦਾ ਬਾਨਣਾ ਬੱਧਾ ਸੀ। ਭਾਵੇਂ ਇਹ ਲਹਿਰ ਆਪਣੇ ਮਿਸ਼ਨ ਵਿਚ ਸਫਲ ਤਾਂ ਨਾ ਹੋ ਸਕੀ। ਪਰ ਆਜ਼ਾਦੀ ਦੀ ਸ਼ਮਾ ਨੂੰ ਹੋਰ ਰੌਸ਼ਨ ਕਰ ਦਿੱਤਾ ਸੀ। ਜਿਸ ਬਦਲੇ ਬਹੁਤ ਸਾਰੇ ਗ਼ਦਰੀ ਬਾਬਿਆਂ ਨੂੰ ਤਰ੍ਹਾ-ਤਰ੍ਹਾਂ ਦੀਆਂ ਕੁਰਬਾਨੀਆਂ ਵੀ ਦੇਣੀਆਂ ਪਈਆਂ ਸਨ।
'ਨੇੜਿਉਂ ਤੱਕਿਆ ਗ਼ਦਰੀ ਬਾਬਾ ਉੱਤਮ ਸਿੰਘ ਹਾਂਸ' ਨਾਂਅ ਦੀ ਪੁਸਤਕ ਵਿਚ ਲੇਖਕ ਅਜਾਇਬ ਸਿੰਘ ਹਾਂਸ ਨੇ ਜਿਥੇ ਗ਼ਦਰੀ ਬਾਬੇ ਉੱਤਮ ਸਿੰਘ ਹਾਂਸ ਦੇ ਜੀਵਨ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਹਨ, ਉਥੇ ਗਦਰ ਲਹਿਰ ਦੇ ਹਰ ਪਹਿਲੂ ਉਤੇ ਦੀ ਬੜੀ ਬਰੀਕੀ ਨਾਲ ਬਾਤ ਪਾਈ ਹੈ ਕਿ ਗਦਰ ਲਹਿਰ ਦਾ ਮੁੱਢ ਕਿਵੇਂ ਬੱਝਾ, ਕਿਵੇਂ ਸੰਗਠਿਤ ਹੋ ਕੇ ਭਾਰਤ ਵੱਲ ਵਹੀਰ ਘੱਤ ਗਈ ਅਤੇ ਅਸਫ਼ਲਤਾ ਪਿੱਛੋਂ ਗ਼ਦਰੀ ਕਾਰਕੁੰਨਾਂ ਉੇਤੇ ਜਬਰ ਦੇ ਚੱਲੇ ਤਿੱਖੇ ਕੁਹਾੜੇ ਨੂੰ ਵੀ ਬੜੇ ਵਿਸਥਾਰਪੂਰਕ ਪਾਠਕਾਂ ਦੇ ਰੂਬਰੂ ਕੀਤਾ ਹੈ।
ਆਜ਼ਾਦ ਭਾਰਤ ਦੀ ਫਜ਼ਾ ਵਿਚ ਭ੍ਰਿਸ਼ਟਾਚਾਰ, ਅੰਧ-ਵਿਸ਼ਵਾਸ, ਨਸ਼ਾਵਾਦ ਅਤੇ ਦੰਗੇ ਫਸਾਦ ਆਦਿ ਬੁਰਾਈਆਂ ਦਾ ਪਨਪਣਾ ਇਕ ਬਹੁਤ ਹੀ ਭੈੜਾ ਕੁਸ਼ਗਨ ਹੈ, ਜਿਸ ਬਾਰੇ ਸੁਚੇਤ ਕਰਦਾ ਹੋਇਆ ਲੇਖਕ ਲਿਖਦਾ ਹੈ :
ਅੱਜ ਆਖਾਂ ਉੱਤਮ ਸ਼ੇਰ ਨੂੰ, ਕਿਤੇ ਅਰਸ਼ਾਂ ਵਿਚੋਂ ਬੋਲ।
ਮੁਟਿਆਰ ਆਜ਼ਾਦੀ ਹੀਰ ਨੂੰ, ਰਿਸ਼ਵਤਖੋਰਾਂ ਦਿੱਤਾ ਰੋਲ।
-0-
'ਹੁਣ ਲੋੜ ਸੋਚਣ ਸਮਝਣ ਦੀ,
ਆਜ਼ਾਦ ਦੇਸ਼ ਸੰਭਾਲਣ ਪਾਲਣ ਦੀ।'
ਅੰਤ ਵਿਚ ਇਸ ਪੁਸਤਕ ਨੂੰ ਲੇਖਕ ਨੇ ਆਪਣੇ ਜੀਵਨ ਦੀਆਂ ਸਚਾਰੂ ਗਤੀਵਿਧੀਆਂ ਦੀਆਂ ਤਸਵੀਰਾਂ ਨਾਲ ਇਸ ਪੁਸਤਕ ਨੂੰ ਹੋਰ ਚਾਰ ਚੰਨ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।

ਪਰਿਣੀਤਾ ਅਤੇ ਹੋਰ ਕਹਾਣੀਆਂ
ਲੇਖਕ : ਸ਼ਰਤਚੰਦਰ
ਅਨੁਵਾਦਕ : ਪ੍ਰੇਮ ਗੋਰਖੀ
ਪ੍ਰਕਾਸ਼ਕ : ਆਰ.ਐਸ. ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112

ਬੰਗਾਲ ਦੇ ਪ੍ਰਸਿੱਧ ਲੇਖਕ ਸ਼ਰਤਚੰਦਰ ਨੇ ਹਿੰਦੀ ਸਾਹਿਤ ਵਿਚ ਵੀ ਕਾਫੀ ਯੋਗਦਾਨ ਪਾਇਆ ਹੈ। 'ਪਰਿਣੀਤਾ ਅਤੇ ਹੋਰ ਕਹਾਣੀਆਂ' ਉਸ ਦੀ ਸ਼ਾਹਕਾਰ ਰਚਨਾ ਹੈ। ਜਿਸ ਦਾ ਫ਼ਿਲਮਅੰਕਣ ਵੀ ਹੋ ਚੁੱਕਾ ਹੈ। ਇਸ ਰਚਨਾ ਨੂੰ ਪੰਜਾਬੀ ਰੂਪ ਵਿਚ ਪੇਸ਼ ਕਰਨ ਲਈ ਪ੍ਰੇਮ ਗੋਰਖੀ ਨੇ ਸਾਰਥਿਕ ਤੇ ਉਚੇਚਾ ਯਤਨ ਕੀਤਾ ਹੈ।
ਹਿੰਦੀ ਸ਼ਬਦ 'ਪਰਿਣੀਤਾ' ਦਾ ਅਰਥ ਹੈ ਕਿ ਪਰਨਾਉਣ ਵਾਲੀ ਜਾਂ ਪਰਨਾਈ ਗਈ (ਮੰਗੇਤਰ ਜਾਂ ਵਿਆਹੀ) ਔਰਤ। ਇਸ ਪੁਸਤਕ ਦਾ ਸਾਰਾ ਵਿਸ਼ਾ ਵਸਤੂ ਔਰਤ ਦੀ ਹੋਣੀ ਦੁਆਲੇ ਹੀ ਘੁੰਮਦਾ ਹੈ ਔਰਤ ਦੇ ਜਨਮ ਤੋਂ ਹੀ ਪਹਿਲਾਂ ਉਸ ਦੇ ਜਣਦਿਆਂ/ਮਾਪਿਆਂ ਨੂੰ ਕਿਆਸੇ ਤੇ ਅਣਕਿਆਸੇ ਫ਼ਿਕਰ ਝੋਰਿਆਂ ਨੇ ਘੇਰਾ ਪਾ ਲੈਣਾ। ਫਿਰ ਖ਼ੁਦ ਔਰਤ ਨੂੰ ਜੀਵਨ ਵਿਚ ਵਿਚਰਦਿਆਂ ਹੀ ਅੰਤ ਤੱਕ ਕਈ ਝਮੇਲਿਆਂ ਨਾਲ ਦੋ ਚਾਰ ਹੋਣ ਲਈ ਮਜਬੂਰ ਹੋਣਾ, ਬਹੁਤੇ ਪਰਿਵਾਰਾਂ ਦੀ ਪੁੱਤਰ ਚਾਹਤ ਹੀ ਕੁੜੀਆਂ ਦਾ ਬਹੁਤਾਤ ਵਿਚ ਜੰਮਣਾ ਜਾਂ ਫਿਰ ਮਾਦਾ ਭਰੂਣ ਹੱਤਿਆ ਦੇ ਗਰਾਫ ਵਿਚ ਵਾਧਾ ਹੋਣਾ। ਭੈੜੇ ਥੋਥੇ ਸਮਾਜਿਕ ਰੀਤੀ ਰਿਵਾਜ਼ ਹੀ ਨਕਾਰਾਤਮਿਕ ਸੋਚ ਨੂੰ ਹੋਰ ਹੁਲਾਰਾ ਦੇਣ ਦਾ ਸਬੱਬ ਬਣਨਾ, ਆਪਣੀਆਂ ਲਾਡਲੀਆਂ ਲਈ ਚੰਗਾ ਵਰ-ਘਰ ਲੱਭਣਾ, ਧਰਮ ਕਰੇਂਦੇ ਮਾਪਿਆਂ ਲਈ ਧਰਮ ਕਰਮ ਵੀ ਹੋਣਾ, ਜਿਸ ਲਈ ਸੁਹਿਰਦ ਯਤਨ ਵੀ ਕਰਨੇ। ਲੱਖ ਯਤਨਾਂ ਦੇ ਬਾਵਜੂਦ ਵੀ ਗਰੀਬ ਮਾਪਿਆਂ ਲਈ ਇਹ ਸਭ ਕੁਝ ਇਕ ਸੁਪਨਾ ਬਣ ਕੇ ਹੀ ਰਹਿ ਜਾਣਾ, ਸੁਪਨਿਆਂ ਦਾ ਮਰ ਜਾਣਾ, ਰਿਸ਼ਤਿਆਂ ਵਿਚਲੀ ਨਾਜ਼ੁਕਤਾ ਦਾ ਤਿੜਕਣਾ, ਜਾਤ-ਪਾਤ ਦੀ ਕੋਹੜੀ ਸੋਚ ਤੇ ਆਰਥਿਕ ਸਥਿਤੀ ਦਾ ਮਨੋਦਿਸ਼ਾ ਵਿਚ ਯੋਗਦਾਨ ਆਦਿ ਸੁਲਗਦੇ ਮਸਲਿਆਂ ਨੂੰ ਇਹ ਨਾਵਲ ਬੜੀ ਸੁਹਿਰਦਤਾ ਨਾਲ ਪਾਠਕ ਦੇ ਰੁਬਰੂ ਕਰਨ ਦੇ ਕਾਫੀ ਸਮਰੱਥ ਹੈ।
ਇਸ ਪੁਸਤਕ ਦੇ ਅੰਤ ਵਿਚ ਦੋ ਕਹਾਣੀਆਂ ਵੀ ਦਿੱਤੀਆਂ ਗਈਆਂ ਹਨ। ਨਿੱਜਵਾਦ ਤੋਂ ਉਪਰ ਉਠੀ ਪਰਉਪਕਾਰਤਾ ਰਿਸ਼ਤਿਆਂ ਦੇ ਉਲਝੇ ਤਾਣੇ-ਬਾਣੇ ਨੂੰ ਠੀਕ ਕਰਨ ਲਈ ਇਹ ਕਹਾਣੀਆਂ ਇਕ ਪ੍ਰੇਰਨਾ ਸਰੋਤ ਸਬਕ ਵੀ ਹੋ ਨਿਬੜਦੀਆਂ ਹਨ।

ਚਾਨਣ
ਲੇਖਕ : ਹਰਭਜਨ ਸਿੰਘ ਖੇਮਕਰਨੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 96

ਜਿਵੇਂ ਜਲ ਭੰਡਾਰ ਸਾਗਰ ਲਈ ਹਰ ਬੂੰਦ ਹੀ ਬੜੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਬੂੰਦ-ਬੂੰਦ ਦਾ ਆਪਸੀ ਮਿਲਾਪ ਹੀ ਸਾਗਰ ਦਾ ਜਨਮ ਆਧਾਰ ਹੁੰਦਾ ਹੈ ਤਿਵੇਂ ਹੀ ਮਿੰਨੀ ਕਹਾਣੀ ਵੀ ਸਾਹਿਤ ਸਾਗਰ ਲਈ ਇਕ ਮਹੱਤਵਪੂਰਨ ਬੂੰਦ/ਵਿਧਾ ਹੈ। ਇਹ ਵਿਧਾ ਪਕੜਦਿਆਂ ਪ੍ਰੌਢ ਲੇਖਕ ਹਰਭਜਨ ਸਿੰਘ ਖੇਮਕਰਨੀ ਨੇ ਆਪਣੇ ਆਲੇ-ਦੁਆਲੇ ਵਰਤਦੇ ਵਰਤਾਰਿਆਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਲਈ ਇਹ ਹਥਲੀ ਪੁਸਤਕ 'ਚਾਨਣ' ਸਾਹਿਤ ਜਗਤ ਦੀ ਝੋਲੀ ਵਿਚ ਪਾਈ ਹੈ।
ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਚਾਨਣ ਦੇ ਰੂਪ ਵਿਚ ਪੇਸ਼ ਕਰਨ ਵਾਲਾ ਇਹ ਇਕ ਨਿਵੇਕਲਾ ਮਿੰਨੀ ਕਹਾਣੀ ਸੰਗ੍ਰਹਿ ਹੈ। ਹਰ ਇਕ ਦੀ ਸੋਚ/ਸਮਝ/ਸੁਭਾਅ ਅਨੁਸਾਰ 'ਮਹੱਤਵਪੂਰਨ ਦਿਨ' ਦਾਜ ਦੀ ਮੰਗ ਦਾ ਮੋੜਵਾਂ ਜਵਾਬ 'ਨੂੰਹ ਬਨਾਮ ਨੂ੍ਹੰਹ', ਪਰ ਉਪਕਾਰੀ ਕਦਰਾਂ-ਕੀਮਤਾਂ ਦਾ ਸਲੀਕਾ 'ਸੰਵੇਦਨਾ' ਮਾਪਿਆਂ ਲਈ ਔਲਾਦ ਅਸਲੀ 'ਚਾਨਣ', ਆਸਥਾ ਨੂੰ ਠੇਸ 'ਸੱਖਣੇ ਦੀਵੇ', ਕਰੀਬ ਹਰ ਖੇਤਰ ਵਿਚ ਵੱਡੀਆਂ ਮੱਛੀਆਂ ਦਾ ਛੋਟੀਆਂ ਮੱਛੀਆਂ ਨੂੰ ਨਿਗਲਣਾ 'ਮਾਇਆ ਜਾਲ', ਧੀ ਦੀ ਸੁੱਖ ਮਨਾਉਣਾ 'ਜਿਗਰਾ', ਖੁੱਲ੍ਹੇ ਬੂਹੇ ਜਿੰਦਰਿਆਂ (ਬਜ਼ੁਰਗਾਂ) ਦੀ ਤਰਾਸਦੀ 'ਸੰਤਾਪ', ਮੂਲ ਨਾਲੋਂ ਵਿਆਜ ਪਿਆਰਾ (ਵਿਆਜ ਦਾ ਮੋਹ), ਭਾਈਚਾਰਕ ਸਾਂਝ ਦਾ ਤਿੜਕਣਾ (ਸਾਂਝ), ਰੱਸੀ ਭਾਵੇਂ ਸੜ ਜਾਏ ਪਰ ਵੱਟ ਨਹੀਂ ਜਾਂਦੇ (ਖੁਸ਼ਬੂ ਰਹਿਤ ਫੁੱਲ) ਮਾਂ ਦੀ ਮਮਤਾ ਬਨਾਮ ਸ਼ਰਮ-ਹਯਾ (ਨਜ਼ਰ ਤੇ ਨਜ਼ਰ) ਅਤੇ ਇਮਾਨਦਾਰੀ ਨੂੰ ਫਾਂਸੀ (ਸੁੱਕੀ ਜੜ੍ਹ) ਆਦਿ ਇਸ 'ਚਾਨਣ' ਕਹਾਣੀ ਸੰਗ੍ਰਹਿ ਦੀਆਂ ਸੁਨਹਿਰੀ ਰਿਸ਼ਮਾਂ ਪਾਠਕ ਨੂੰ ਆਪਣੀ ਉਂਗਲੇ ਲਾ ਕੇ ਇਕ ਚੰਗੀ ਸੋਚ ਦੇ ਧਾਰਨੀ ਤੇ ਕੁਰੀਤੀਆਂ ਦੇ ਵਿਰੋਧ ਵਿਚ ਲਾਮਬੰਦ ਹੋਣ ਦੇ ਸਾਰਥਿਕ ਉਪਦੇਸ਼ ਦੇਣ ਦੇ ਸਮਰੱਥ ਹਨ।
ਇਸ ਪੁਸਤਕ ਦੇ ਅੰਤ ਵਿਚ ਜਗਦੀਸ਼ ਰਾਏ ਖੁਲਰੀਆ ਵੱਲੋਂ ਕੀਤੀ ਗਈ ਮੁਲਾਕਾਤ ਦੇ ਅੰਸ਼ ਹਰਭਜਨ ਸਿੰਘ ਖੇਮਕਰਨੀ ਦੇ ਜੀਵਨ ਉਤੇ ਬੜੀ ਭਾਵਪੂਰਤ ਪੰਛੀ ਝਾਤ ਪੜਨ ਨੂੰ ਮਿਲਦੀ ਹੈ ਕਿ ਇਕ ਸਧਾਰਨ ਵਿਅਕਤੀ ਕਿਵੇ ਆਪਣੇ ਉੱਦਮ, ਮਿਹਨਤ ਨਾਲ ਸਾਹਿਤ ਜਗਤ ਵਿਚ ਆਪਣਾ ਸਿੱਕਾ ਜਮਾ ਲੈਂਦਾ ਹੈ। ਸੋ ਇਹ ਹੱਥਲੀ ਪੁਸਤਕ ਉਸਾਰੂ ਵਿਚਾਰਾਂ ਦਾ 'ਚਾਨਣ' ਬਿਖੇਰਦੀ ਦੀ ਇਕ ਲਾਲਟਨ ਹੈ ਜੋ ਨਾਕਾਰਾਤਮਿਕ ਪੱਖ ਦੀ ਰਾਤ ਵਿਚ ਇਕ ਚਾਨਣ ਮੁਨਾਰੇ ਵਜੋਂ ਕੰਮ ਕਰਨ ਦੇ ਸਮਰੱਥ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

 

11-8-2013

 ਪੰਜਾਬ ਦੇ ਮੇਲੇ
ਲੇਖਕ : ਸ਼ੇਰ ਸਿੰਘ ਕੰਵਲ
ਪ੍ਰਕਾਸ਼ਕ : ਤ੍ਰਿਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127.

ਪਰਵਾਸੀ ਸਾਹਿਤਕਾਰ ਸ਼ੇਰ ਸਿੰਘ ਕੰਵਲ ਬਹੁਵਿਧਾਵੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਲੇਖਕ ਹੈ। ਜਿਸ ਦੀਆਂ ਡੇਢ ਦਰਜਨ ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ। ਕਿੱਸਾ ਪ੍ਰਦੇਸੀ ਰਾਂਝਣ ਉਸ ਦੀ ਹਾਲ ਹੀ ਵਿਚ ਛਪੀ ਪੁਸਤਕ, ਜਿਸ ਦੇ ਤੁਰੰਤ ਬਾਅਦ ਪੰਜਾਬ ਦੇ ਮੇਲੇ ਛਪ ਕੇ ਪਾਠਕਾਂ ਦੇ ਸਾਹਮਣੇ ਆਈ ਪੁਸਤਕ ਹੈ। ਪੁਸਤਕ ਵਿਚ ਮੇਲਿਆਂ ਬਾਰੇ ਸੱਭਿਆਚਾਰਕ ਲੇਖ ਹਨ। ਇਹ ਮੇਲੇ ਪੰਜਾਬ ਦੀ ਪਵਿੱਤਰ ਧਰਤੀ ਤੇ ਪੀੜ੍ਹੀ ਦਰ ਪੀੜ੍ਹੀ ਲਗਦੇ ਆ ਰਹੇ ਹਨ। ਇਨ੍ਹਾਂ ਮੇਲਿਆਂ ਦੀ ਇਕ ਬਹੁਤ ਵੱਡੀ ਵਿਰਾਸਤ ਹੈ, ਜਿਸ 'ਤੇ ਪੰਜਾਬ ਨੂੰ ਮਾਣ ਹੈ।
ਪੰਜਾਬ ਵਿਚ ਅਨੇਕਾਂ ਇਤਿਹਾਸਕ ਸਥਾਨ ਹਨ, ਜਿਨ੍ਹਾਂ ਦਾ ਸਬੰਧ ਗੁਰੂਆਂ, ਪੀਰਾਂ, ਕੌਮੀ ਸ਼ਹੀਦਾਂ, ਸੰਤਾਂ, ਭਗਤਾਂ ਤੇ ਮਹਾਂਪੁਰਖਾਂ ਨਾਲ ਹੈ। ਇਥੇ ਪਿੰਡਾਂ ਵਿਚ ਪੀਰਾਂ ਦੀਆਂ ਸਮਾਧਾਂ, ਇਤਿਹਾਸਕ ਗੁਰਦੁਆਰੇ, ਧਰਮਸ਼ਾਲਾਵਾਂ ਆਮ ਹਨ, ਜਿਥੇ ਲਗਭਗ ਸਾਰਾ ਸਾਲ ਲੋਕ ਜੁੜਦੇ ਹਨ, ਮੇਲੇ ਲਗਦੇ ਹਨ। ਮੇਲਿਆਂ ਦਾ ਬੇਸ਼ੱਕ ਸਰੂਪ ਬਦਲ ਗਿਆ ਹੈ। ਲੇਖਕ ਨੇ ਪੁਸਤਕ ਵਿਚ ਸੰਤਾਲੀ ਮੇਲਿਆਂ ਦਾ ਵੱਡਾ ਛੋਟਾ ਵੇਰਵਾ ਦਰਜ ਕੀਤਾ ਹੈ, ਜਿਨ੍ਹਾਂ ਵਿਚ ਜਗਰਾਵਾਂ ਦੀ ਰੌਸ਼ਨੀ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਮੇਲਾ ਬਾਬਾ ਦਰਿਆਈ ਬਾਦਸ਼ਾਹ, ਜੋੜ ਮੇਲਾ ਫ਼ਤਹਿਗੜ੍ਹ ਸਾਹਿਬ, ਮੇਲਾ ਚਮਕੌਰ ਸਾਹਿਬ, ਮੇਲਾ ਮੁਕਤਸਰ ਸਾਹਿਬ, ਵਿਸਾਖੀ ਮੇਲਾ, ਮੇਲਾ ਆਨੰਦਪੁਰ ਸਾਹਿਬ, ਖੇਡ ਮੇਲਾ, ਕਿਲ੍ਹਾ ਰਾਇਪੁਰ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ ਲਗਦਾ ਈਸੜੂ ਦਾ ਮੇਲਾ, ਪਿੰਡ ਹਰੀਪੁਰਾ (ਅਬੋਹਰ) ਮੇਲਾ ਢੁਡੀਕੇ, ਮੇਲਾ ਭੂਆ ਸਤੀ, ਮੇਲਾ ਧਰਤ ਸ਼ਾਹ (ਲਧੂਵਾਲਾ ਫਾਜ਼ਿਲਕਾ) ਡਰੋਲੀ ਭਾਈ ਦਾ ਮੇਲਾ, ਮੇਲਾ ਬਾਬਾ ਵੀਰ ਸਿੰਘ ਨੋਰੰਗਾਬਾਦੀ ਆਦਿ ਮਾਝਾ, ਮਾਲਵਾ, ਦੁਆਬਾ ਵਿਚ ਲਗਦੇ ਮੇਲਿਆਂ ਦਾ ਤਸਵੀਰਾਂ ਸਹਿਤ ਭਰਵਾਂ ਜ਼ਿਕਰ ਹੈ। ਲੇਖਕ ਨੇ ਖੋਜ ਕਰਕੇ ਕਈ ਮੇਲਿਆਂ ਦਾ ਪਿਛੋਕੜ ਮਾਨਤਾ, ਮਿਤੀ ਸਹਿਤ ਦਰਜ ਕੀਤਾ ਹੈ। ਮੇਲਿਆਂ ਨਾਲ ਜੁੜੀਆਂ ਕਰਾਮਾਤਾਂ ਦਾ ਜ਼ਿਕਰ ਹੂ-ਬਹੂ ਕਰ ਦਿੱਤਾ ਹੈ ਜਿਵੇਂ ਝਿੜੀ ਦਾ ਮੇਲਾ (ਪੰਨਾ 35), ਸਿੱਖ ਇਤਿਹਾਸ ਨਾਲ ਜੁੜੇ ਮੇਲਿਆਂ ਦਾ ਜ਼ਿਕਰ ਪੁਸਤਕ ਦੀ ਨਿਵੇਕਲੀ ਸ਼ਾਨ ਹੈ। ਮਗੁਣੇ ਦਾ ਮੇਲਾ, ਮੇਲਾ ਟਹਿਲ ਸਿੰਘ, ਮੇਲਾ ਭਾਈ ਬੁੱਧ ਸਿੰਘ ਬਾਰੇ ਸੰਖੇਪ ਚਰਚਾ ਹੈ। ਪੁਸਤਕ ਦੇ ਪੰਨਾ 125-127 'ਤੇ 65 ਮੇਲਿਆਂ ਦੀ ਸੂਚੀ ਹੈ, ਜਿਸ ਵਿਚ ਸਾਰਾਗੜ੍ਹੀ ਮੇਲਾ, ਫਿਰੋਜ਼ਪੁਰ, ਹਾਜੀ ਰਤਨ ਬਠਿੰਡਾ, ਗੁੱਗਾ ਪੀਰ ਮੇਲੇ, ਮੇਲਾ ਨਾਮਧਾਰੀ ਜਮਾਲਪੁਰ, ਮੇਲਾ ਸੇਵਾ ਸਿੰਘ ਠੀਕਰੀਵਾਲਾ, ਕਿਸਾਨ ਮੇਲਾ ਪੀ.ਏ.ਯੂ. ਲੁਧਿਆਣਾ ਹਰਬਲਭ ਮੇਲਾ ਜਲੰਧਰ ਜਲੰਧਰ ਦਾ ਜ਼ਿਕਰ ਹੈ। ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਛਪੀ ਇਸ ਪੁਸਤਕ ਨੂੰ ਪਬਲਿਸ਼ਰ ਨੂੰ ਸੁੰਦਰ ਗੈਟਅੱਪ ਨਾਲ ਛਾਪਿਆ ਹੈ। ਪੁਸਤਕ ਪੰਜਾਬੀ ਵਿਰਸੇ ਦਾ ਮਾਣ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਮੇਰੀਆਂ ਚੋਣਵੀਆਂ ਮਿੰਨੀ ਕਹਾਣੀਆਂ
ਕਹਾਣੀਕਾਰ : ਇਕਬਾਲ ਸਿੰਘ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 80.

'ਮੇਰੀਆਂ ਚੋਣਵੀਆਂ ਮਿੰਨੀ ਕਹਾਣੀਆਂ' ਇਕਬਾਲ ਸਿੰਘ ਦੀ ਮਿੰਨੀ ਕਹਾਣੀਆਂ ਦੀ ਅਜਿਹੀ ਪੁਸਤਕ ਹੈ ਜਿਸ ਵਿਚਲੀਆਂ ਮਿੰਨੀ ਕਹਾਣੀਆਂ ਪੜ੍ਹਦਿਆਂ ਪਾਠਕ ਇਨ੍ਹਾਂ ਕਹਾਣੀਆਂ ਦੀ ਸੰਖੇਪਤਾ ਅਤੇ ਅਰਥਾਂ ਪੱਖੋਂ ਵਿਸ਼ਾਲਤਾ ਦਾ ਵੀ ਆਨੰਦ ਮਾਣਦਾ ਹੈ। ਇਨ੍ਹਾਂ ਮਿੰਨੀ ਕਹਾਣੀਆਂ ਵਿਚ ਪੇਸ਼ ਵਿਸ਼ੇ ਆਪਣੇ ਵਿਚੋਂ ਏਨੀ ਵੰਨ-ਸੁਵੰਨਤਾ ਸਮੋਈ ਬੈਠੇ ਹਨ ਕਿ ਪਾਠਕ ਇਸ ਪੁਸਤਕ ਨੂੰ ਪੜ੍ਹਦਿਆਂ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਮਹੱਤਵਪੂਰਨ ਸਰੋਕਾਰਾਂ ਦੇ ਸਨਮੁੱਖ ਹੁੰਦਾ ਹੈ। ਨਿੱਤਾਪ੍ਰਤੀ ਮਸਲਿਆਂ ਨੂੰ ਕਹਾਣੀਕਾਰ ਨੇ ਆਪਣੀ ਸਿਰਜਣਾਤਮਕ ਪ੍ਰਤਿਭਾ ਦੁਆਰ ਘੋਖਵੀਂ ਨਜ਼ਰ ਨਾਲ ਦੇਖ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਕਿਸੇ ਦੂਸਰੀ ਦੁਨੀਆ ਦੇ ਪਾਤਰ ਨਹੀਂ ਜਾਪਦੇ ਸਗੋਂ ਜ਼ਿੰਦਗੀ ਦੇ ਹਰੇਕ ਮੋੜ 'ਤੇ ਮਿਲਣ ਵਾਲੇ ਹੱਡਮਾਸ ਦੇ ਪੁਤਲੇ ਹਨ, ਜੋ ਜ਼ਿੰਦਗੀ ਦੀਆਂ ਲੋੜਾਂ-ਥੁੜਾਂ ਨਾਲ ਹਰ ਦਿਨ ਹਰ ਪਲ ਦੋ-ਚਾਰ ਹੁੰਦੇ ਨਜ਼ਰੀਂ ਪੈਂਦੇ ਹਨ। ਰਿਸ਼ਤੇ ਵਾਲੇ, ਸਕੂਲ, ਮਾਸਟਰ, ਮੰਗਤੇ, ਗਰੀਬ ਮਜ਼ਦੂਰ, ਕਿਸਾਨ, ਛੋਟੇ ਕਲਾਕਾਰ ਸਭ ਇਨ੍ਹਾਂ ਕਹਾਣੀਆਂ ਵਿਚ ਪਾਤਰਾਂ ਦੇ ਰੂਪ ਵਿਚ ਆਪਣੀ ਵਿਥਿਆ ਬਿਆਨ ਕਰਦੇ ਹਨ। ਅੱਜਕਲ੍ਹ ਦੀ ਦਿਖਾਵੇਨੁਮਾ ਜ਼ਿੰਦਗੀ ਵਿਚੋਂ ਇਨਸਾਨੀਅਤ ਦਾ ਮਰਨਾ ਇਕ ਬਹੁਤ ਹੀ ਵੱਡਾ ਅਤੇ ਚੁਣੌਤੀ ਭਰਿਆ ਮਸਲਾ ਹੈ, ਜਿਸ ਨੂੰ ਇਕਬਾਲ ਸਿੰਘ ਨੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। 'ਹੈਸੀਅਤ' ਕਹਾਣੀ ਵਿਚਲਾ ਰਾਮੂ ਇਸੇ ਹੀ ਮਸਲੇ ਨਾਲ ਦੋ-ਚਾਰ ਹੋ ਰਿਹਾ ਹੈ ਪਰ ਕਈ ਵਾਰੀ ਇਨਸਾਨੀਅਤ ਲਈ ਵੱਡੀ ਕੁਰਬਾਨੀ ਕਰਨ ਵਾਲੇ 'ਅੱਗ ਨਹੀਂ ਬਸੰਤਰ' ਵਰਗੀ ਕਹਾਣੀ ਇਸ ਤਰ੍ਹਾਂ ਅਹਿਸਾਸਾਂ ਨੂੰ ਹੀ ਪੇਸ਼ ਕਰਦੀ ਹੈ। ਇਨ੍ਹਾਂ ਕਹਾਣੀਆਂ ਵਿਚ ਸਮਾਜ ਵਿਚ ਫੈਲੇ ਰਾਜਨੀਤਕ, ਸੱਭਿਆਚਾਰਕ, ਧਾਰਮਿਕ, ਪ੍ਰਸ਼ਾਸਨਿਕ ਸਭ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਉਛਾੜ ਲਾਹੁਣ ਦਾ ਉਪਰਾਲਾ ਕਰਦਿਆਂ ਕਹਾਣੀਕਾਰ ਕਹਾਣੀ ਰਸ ਨੂੰ ਘਟਾਉਣ ਦਾ ਯਤਨ ਨਹੀਂ ਕਰਦਾ ਸਗੋਂ ਰੌਚਿਕਤਾ ਤੇ ਉਤਸੁਕਤਾ ਬਰਾਬਰ ਬਣੀ ਰਹਿੰਦੀ ਹੈ। ਮੌਤ 'ਬਨਾਮ ਸ਼ਹਾਦਤ' ਫੁੱਲ ਤੇ ਭੌਰਾ' ਦਾਰਸ਼ਨਿਕ ਅਰਥਾਂ ਵਾਲੀਆਂ ਪਾਠਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਹਾਣੀਆਂ ਇਸ ਸੰਗ੍ਰਹਿ ਨੂੰ ਚਾਰ ਚੰਨ ਲਾਉਂਦੀਆਂ ਹਨ। ਉਪਰਲੀ ਧਿਰ ਵੱਲੋਂ ਹੇਠਲੀ ਧਿਰ ਦਾ ਸ਼ੋਸ਼ਣ ਅਤੇ ਗਰੀਬ ਵੱਲੋਂ ਗਰੀਬ ਦੀ ਮਦਦ ਕਰਨਾ ਵੀ ਇਨ੍ਹਾਂ ਕਹਾਣੀਆਂ ਵਿਚ ਵਿਸ਼ੇ ਦੇ ਰੂਪ ਵਿਚ ਪੇਸ਼ ਸੱਚ ਹੈ। ਕਹਾਣੀਆਂ ਵਿਚ ਪੇਸ਼ ਨਾਟਕੀ ਸ਼ੈਲੀ ਵੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਕਹਾਣੀਆਂ ਦੀ ਖਾਸੀਅਤ ਇਹ ਵੀ ਹੈ ਵਿਸ਼ੇ ਪੱਖੋਂ ਦੁਹਰਾਉ ਤੋਂ ਵੀ ਬਚਿਆ ਗਿਆ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਗੀਤਾਂ ਦੀ ਪਰਿਕਰਮਾ
ਲੇਖਕ : ਗੁਲਜਾਰ ਸਿੰਘ ਨਰੂਲਾ
ਪ੍ਰਕਾਸ਼ਕ : ਨਵਜੋਤ ਪਬਲਿਸ਼ਰ, ਕੋਟਕਪੂਰਾ
ਮੁੱਲ : 40 ਰੁਪਏ, ਸਫ਼ੇ : 87

'ਗੀਤਾਂ ਦੀ ਪਰਿਕਰਮਾ' ਗੁਲਜਾਰ ਸਿੰਘ ਨਰੂਲਾ ਦਾ ਪਲੇਠਾ ਗੀਤ ਸੰਗ੍ਰਹਿ ਹੈ। ਗੀਤਾਂ ਰਾਹੀਂ ਗੁਲਜਾਰ ਸਿੰਘ ਨਰੂਲਾ ਨੇ ਨਾ ਸਿਰਫ ਸਮਾਜ ਲਈ ਉਸਾਰੂ ਸੁਨੇਹੇ ਦੇਣ ਦਾ ਯਤਨ ਕੀਤਾ ਹੈ। ਸ਼ੁਰੂਆਤੀ ਕਵਿਤਾ ਵੰਦਨਾ ਅਧਿਆਤਮਿਕ ਰੰਗਤ ਵਾਲੀ ਹੈ। ਨਵਾਂ ਸਾਲ ਮੁਬਾਰਕ ਕਵਿਤਾ ਵਿਚ ਆਸ਼ਾਵਾਦ ਦੀ ਗੱਲ ਕੀਤੀ ਗਈ ਹੈ।
ਮੇਰੀ ਮਹਿਬੂਬ! ਮੁਬਾਰਕ ਹੋਵੇ, ਮੇਰੇ ਵੱਲੋਂ ਨਵੇਂ ਸਾਲ ਦੀ।
ਹਰ ਅਭਿਲਾਸ਼ਾ ਪੂਰੀ ਹੋਵੇ ਸੀਨੇ ਵਿਚ ਜੋ ਪਾਲਦੀ।
ਗੁਲਜਾਰ ਸਿੰਘ ਨਰੂਲਾ ਦੇ ਗੀਤਾਂ ਵਿਚ ਹਲਕੇ-ਫੁਲਕੇ ਖਿਆਲਾਂ ਦੀ ਰੰਗਤ ਵੀ ਮਿਲਦੀ ਹੈ। 'ਛੜਿਆਂ ਦੀ ਪੁਕਾਰ' ਕਵਿਤਾ ਕੁਝ ਇਹੋ ਜਿਹੀ ਰੰਗਤ ਵਾਲੀ ਕਵਿਤਾ ਹੈ। ਲਿੰਗ ਅਨੁਪਾਤ ਦਾ ਵਿਗੜ ਰਿਹਾ ਸਮੀਕਰਨ ਭਰੂਣ ਹੱਤਿਆ ਵਰਗੀ ਗੰਭੀਰ ਸਮਾਜਿਕ ਕੁਰੀਤੀ ਦੇ ਕਾਰਨ ਹੈ। 'ਅਣਜੰਮੀ ਧੀ ਦਾ ਸੁਆਲ' ਕਵਿਤਾ ਵਿਚ ਸਮਾਜ ਨੂੰ ਜ਼ੋਰਦਾਰ ਢੰਗ ਨਾਲ ਭਰੂਣ ਹੱਤਿਆ ਵਰਗੀ ਬੁਰਾਈ ਦੇ ਟਾਕਰੇ ਦੀ ਅਪੀਲ ਕੀਤੀ ਗਈ ਹੈ। ਕਿਹੜਾ ਚੋਰ ਨੀ ਮਾਏ, ਮੇਰੇ ਪਿਆਰੇ ਦੇਸ਼ ਵਿਚ, ਲੋਹੜੀ ਕੁੜੀਆਂ ਦੀ, ਕੋਟਲਾ ਛਪਾਕੀ, ਦਾਜ ਦਾ ਸੰਦੂਕ ਆਦਿ ਕਵਿਤਾਵਾਂ ਵਿਚ ਪਿਆਰ ਭਾਵਨਾਵਾਂ, ਸਮਾਜਿਕ ਵਿਸੰਗਤੀਆਂ ਵਿਰੁੱਧ ਹੋਕਾ, ਦੇਸ਼ ਭਗਤੀ, ਲੋਕ ਵਿਰਸਾ ਆਦਿ ਦੀ ਗੱਲ ਕੀਤੀ ਗਈ ਹੈ। ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 87 ਗੀਤ ਹਨ। ਭੂਮਿਕਾ ਡਾ: ਸੁਰਜੀਤ ਬਰਾੜ ਹੁਰਾਂ ਲਿਖੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਦੁਨਿਯਾ-ਏ-ਗ਼ਜ਼ਲ
ਸੰਪਾਦਕ : ਟੀ. ਐਨ. ਰਾਜ਼
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 336.

ਅਰਬੀ ਤੇ ਫ਼ਾਰਸੀ ਵਿਚ ਅੱਖਾਂ ਖੋਲ੍ਹ ਕੇ ਗ਼ਜ਼ਲ ਉਰਦੂ ਵਿਚ ਪਰਵਾਨ ਚੜ੍ਹੀ ਹੈ ਤੇ ਉਰਦੂ ਗ਼ਜ਼ਲਾਂ ਨੇ ਜੋ ਸੰਸਾਰ ਭਰ ਵਿਚ ਨਾਮ ਕਮਾਇਆ ਹੈ ਦੁਨੀਆਂ ਦੀ ਸਮੁੱਚੀ ਸ਼ਾਇਰੀ ਵਿਚ ਇਸ ਦੀ ਕੋਈ ਦੂਸਰੀ ਉਦਾਹਰਨ ਨਹੀਂ ਮਿਲਦੀ। ਉਰਦੂ ਵਿਚ ਕਈ ਸਦੀਆਂ ਪਹਿਲਾਂ ਰਚੀਆਂ ਗ਼ਜ਼ਲਾਂ ਅਜ ਦੇ ਦੌਰ ਵਿਚ ਵੀ ਤਾਜ਼ਾ ਤਰੀਨ ਹਨ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਉਰਦੂ ਗ਼ਜ਼ਲਾਂ ਮਹਿਜ਼ ਜਾਮ, ਸੁਰਾਹੀ ਅਤੇ ਹੁਸਨ ਦੁਆਲੇ ਕੇਂਦਰਤ ਹਨ ਪਰ ਨੀਝ ਨਾਲ ਪੜ੍ਹਿਆ ਜਾਏ ਤਾਂ ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਰ ਰੰਗ ਮਿਲਦਾ ਹੈ। ਅਜ ਵੀ ਅਕਸਰ ਮਹਿਫ਼ਿਲਾਂ ਵਿਚ ਬੁਲਾਰਿਆਂ ਵਲੋਂ ਉਰਦੂ ਗ਼ਜ਼ਲਾਂ ਦੇ ਸ਼ਿਅਰ ਸਬੰਧਤ ਵਿਸ਼ੇ ਨਾਲ ਜੋੜੇ ਜਾਂਦੇ ਹਨ ਤੇ ਇਹ ਮਾਣ ਸਿਰਫ਼ ਅਜੇ ਤਕ ਉਰਦੂ ਸ਼ਿਅਰਾਂ ਦੇ ਹਿੱਸੇ ਹੀ ਆਇਆ ਹੈ। ਕੁਝ ਗ਼ਜ਼ਲਾਂ ਏਨੀਆਂ ਪ੍ਰਸਿੱਧ ਹੋਈਆਂ ਕਿ ਉਹਨਾਂ ਨੂੰ ਸੈਂਕੜੇ ਗਾਇਕਾਂ ਵਲੋਂ ਗਾਇਆ ਗਿਆ ਹੈ। ਅਜਿਹੀਆਂ ਗ਼ਜ਼ਲਾਂ ਨੂੰ ਇਕੱਤਰ ਕਰਨ ਦਾ ਵੱਡਾ ਤੇ ਮੁਸ਼ਕਿਲ ਕਾਰਜ ਟੀ. ਐਨ. ਰਾਜ਼ ਨੇ ਕਰ ਵਿਖਾਇਆ ਹੈ। ਰਾਜ਼ ਨੇ ਪਹਿਲਾਂ ਵੀ ਉਰਦੂ ਸ਼ਾਇਰਾਂ ਦੇ ਚੋਣਵੇਂ ਕਲਾਮ ਇਕੱਤਰ ਕਰਕੇ ਚਰਚਿਤ ਪੁਸਤਕਾਂ ਛਾਪੀਆਂ ਹਨ। ਮੇਰੀ ਜਾਚੇ ਅਜਿਹੀਆਂ ਪੁਸਤਕਾਂ ਦੀ ਸੰਪਾਦਨਾਂ ਨਿੱਜੀ ਪੁਸਤਕ ਤੋਂ ਕਿਤੇ ਮੁਸ਼ਕਿਲ ਹੁੰਦੀ ਹੈ। ਉਪ੍ਰੋਕਤ ਪੁਸਤਕ ਵਿਚ ਤਿੰਨ ਸੌ ਸਾਲਾਂ ਤੋਂ ਮਕਬੂਲ ਤੇ ਛਾਈਆਂ ਗ਼ਜ਼ਲਾਂ ਸੰਕਲਿਤ ਹਨ। 'ਦੁਨਿਯਾ-ਏ-ਗ਼ਜ਼ਲ' ਵਿਚ ਕੁਲ 266 ਸ਼ਾਇਰਾਂ ਦੇ ਕਲਾਮ ਹਨ ਜਿਨ੍ਹਾਂ ਵਿਚ 31 ਇਸਤ੍ਰੀ ਗ਼ਜ਼ਲਕਾਰਾ ਹਨ। ਇਹ ਤਮਾਮ ਗ਼ਜ਼ਲਕਾਰਾਂ ਦੇ ਨਾਮ ਦੇਣੇ ਸੰਭਵ ਨਹੀਂ ਪਰ ਉਰਦੂ ਗ਼ਜ਼ਲ ਦੇ ਆਸ਼ਿਕਾਂ ਦੇ ਦਿਲਾਂ ਵਿਚ ਉਹ ਪਹਿਲਾਂ ਹੀ ਰਾਜ ਕਰ ਰਹੇ ਹਨ। ਇਹ ਗ਼ਜ਼ਲਾਂ ਪੜ੍ਹਦਿਆਂ ਪਾਠਕ ਆਨੰਦ ਤਾਂ ਮਹਿਸੂਸ ਕਰਦਾ ਹੀ ਹੈ ਇਸ ਦੇ ਨਾਲ ਨਾਲ ਉਰਦੂ ਜ਼ੁਬਾਨ ਬਾਰੇ ਗਿਆਨ ਵੀ ਹਾਸਿਲ ਕਰਦਾ ਹੈ ਕਿਉਂਕਿ ਸੰਪਾਦਕ ਨੇ ਹਰ ਗ਼ਜ਼ਲ ਦੇ ਨਾਲ ਔਖੇ ਉਰਦੂ ਸ਼ਬਦਾਂ ਦੇ ਅਰਥ ਵੀ ਪ੍ਰਕਾਸ਼ਤ ਕੀਤੇ ਹਨ। ਸ਼ਾਮਿਲ ਗ਼ਜ਼ਲਾਂ ਦੀ ਕੁਲ ਗਿਣਤੀ 298 ਹੈ ਜਿਨ੍ਹਾਂ ਨੂੰ ਪੜ੍ਹ ਕੇ ਉਰਦੂ ਗ਼ਜ਼ਲ ਦਾ ਸਮੁੱਚਾ ਇਤਿਹਾਸ ਜਲਵਾਗਰ ਹੋ ਜਾਂਦਾ ਹੈ। ਸੀਨੀਆਰਤਾ ਦੇ ਝਮੇਲੇ ਵਿਚ ਨਾ ਪੈਂਦਿਆਂ ਹੋਇਆਂ ਸੰਪਾਦਕ ਨੇ ਸ਼ਾਮਿਲ ਗ਼ਜ਼ਲਕਾਰਾਂ ਦੀ ਤਰਤੀਬ ਨੂੰ ਪੰਜਾਬੀ ਲਿੱਪੀ ਅਨੁਸਾਰ ਕ੍ਰਮ ਦਿੱਤਾ ਹੈ। ਪੁਸਤਕ ਦੇ ਅੰਤ ਵਿਚ ਸੰਪਾਦਕ ਦੀਆਂ ਪਹਿਲੀਆਂ ਸੰਪਾਦਿਤ ਪੁਸਤਕਾਂ ਬਾਰੇ ਉੱਘੇ ਚਿੰਤਕਾਂ ਦੀਆਂ ਦੋ ਦਰਜਨ ਤੋਂ ਵੱਧ ਟਿੱਪਣੀਆਂ ਵੀ ਛਾਪੀਆਂ ਗਈਆਂ ਹਨ। ਇਹ ਪੁਸਤਕ ਸਚਮੁੱਚ ਰਾਜ਼ ਦੀ ਘਾਲਣਾ ਦੀ ਦਾਦ ਦੇਣ ਲਈ ਉਤੇਜਿਤ ਤੇ ਮਜਬੂਰ ਕਰਦੀ ਹੈ ਜਿਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਦੁਖਾਂਤ-ਚੇਤਨਾ ਤੇ ਪੰਜਾਬੀ ਕਿੱਸਾ
ਖੋਜਕਰਤਾ : ਮਨਜੀਤ ਕੌਰ ਕਾਲਕਾ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 144.

ਪੰਜਾਬੀ ਕਿੱਸਾ ਕਾਵਿ ਉਪਰ ਖੋਜ-ਕਾਰਜ ਵਾਲੇ ਵਿਦਵਾਨ ਅਧਿਆਪਕਾਂ ਵਿਚ ਡਾ: ਮਨਜੀਤ ਕੌਰ ਕਾਲਕਾ ਦਾ ਨਾਂਅ ਉਲੇਖਯੋਗ ਰਹੇਗਾ। ਉਸ ਨੇ 'ਹਾਸ਼ਮ ਦੇ ਕਿੱਸਿਆਂ ਵਿਚ ਦੁਖਾਂਤ-ਚੇਤਨਾ' ਬਾਰੇ ਖੋਜ ਕਾਰਜ ਕਰਕੇ ਆਪਣੇ-ਆਪ ਨੂੰ ਸਥਾਪਿਤ ਕਰ ਲਿਆ ਹੈ। ਭਾਰਤੀ ਚਿੰਤਨ ਵਿਚ ਦੁਖਾਂਤ-ਚੇਤਨ ਦਾ ਲਗਭਗ ਅਭਾਵ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਸਾਡੇ ਨਾਟਕਾਂ ਅਤੇ ਮਹਾਕਾਵਯਾਂ ਵਿਚ ਦੁਖਾਂਤ-ਭਾਵਨਾ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਸਾਡੇ ਇਧਰ ਪਰਮਾਤਮਾ ਦਾ ਸੰਕਲਪ ਬਖਸ਼ਿੰਦ ਅਤੇ ਕ੍ਰਿਪਾਲੂ ਵਾਲਾ ਹੈ। ਉਹ ਕਰਨ-ਕਾਰਨ ਸਮਰੱਥ ਵੀ ਹੈ। ਸਭ ਕੁਝ ਉਸ ਦੀ ਰਜ਼ਾ ਦੇ ਅਧੀਨ ਹੀ ਚੱਲ ਰਿਹਾ ਹੈ ਪਰ ਪੱਛਮ ਵਿਚ 'ਸ਼ੈਤਾਨ' ਰੱਬ ਦੇ ਕਹਿਣੇ ਵਿਚ ਨਹੀਂ ਹੈ। ਇਸੇ ਲਈ ਪੱਛਮੀ ਸਾਹਿਤ ਵਿਚ ਦੁਖਾਂਤ ਦੀ ਪ੍ਰਧਾਨਤਾ ਰਹੀ ਹੈ। ਪੰਜਾਬ ਵਿਚ ਸਿੱਖ ਸਤਿਗੁਰਾਂ ਨੇ ਸਮਤਾ-ਦਰਸ਼ਨ ਦਾ ਪਾਠ ਪੜ੍ਹਾਇਆ ਸੀ, ਅਰਥਾਤ ਦੁੱਖ ਅਤੇ ਸੁਖ ਨੂੰ ਸਮ ਕਰਕੇ ਜਾਣੋ। ਸਾਡੇ ਇਥੇ ਦੁਖ ਦਾਰੂ ਹੈ ਅਤੇ ਸੁਖ ਰੋਗ। ਫਿਰ ਇਥੇ ਦੁਖਾਂਤ-ਭਾਵਨਾ ਕਿਵੇਂ ਜਾਗ੍ਰਿਤ ਹੁੰਦੀ ਹੈ? ਡਾ: ਕਾਲਕਾ ਨੇ ਪੰਜਾਬੀ ਕਿੱਸਿਆਂ ਵਿਚ ਮਿਲਦੀ ਦੁਖਾਂਤ-ਚੇਤਨਾ ਦੇ ਬੀਜ, ਸਾਮੀ-ਇਸਲਾਮੀ ਸਾਹਿਤ ਅਤੇ ਸੱਭਿਆਚਾਰ ਰਾਹੀਂ ਪੰਜਾਬੀ ਸਾਹਿਤ ਵਿਚ ਆਏ ਮੰਨਿਆ ਹੈ। ਉਸ ਅਨੁਸਾਰ ਮੱਧ ਕਾਲ ਵਿਚ ਪੰਜਾਬੀ ਸਾਹਿਤ ਦੇ ਸ਼ਬਦ-ਸੱਭਿਆਚਾਰ ਉਤੇ ਇਸਲਾਮੀ ਪ੍ਰਭਾਵ ਦਾ ਹਾਵੀ ਹੋਣਾ ਸਹਿਜੇ ਹੀ ਪ੍ਰਮਾਣਿਤ ਹੋ ਜਾਂਦਾ ਹੈ। ਉਸ ਦੀ ਇਹ ਧਾਰਨਾ ਵੀ ਕਿਸੇ ਹੱਦ ਤੱਕ ਸਹੀ ਹੈ ਕਿ ਪੰਜਾਬੀ ਕਿੱਸਾ ਕਾਵਿ ਵਿਚ ਦੁਖਾਂਤ ਦਾ ਸੰਕਲਪ ਯੂਨਾਨੀ ਦੁਖਾਂਤ ਨਾਲੋਂ ਭਿੰਨ ਹੈ ਅਤੇ ਯੂਨਾਨੀ ਤ੍ਰਾਸਦੀ ਦੇ ਜਿਹੜੇ ਵੀ ਅੰਸ਼ ਪੰਜਾਬੀ ਵਿਚ ਨਿਕਸਿਤ ਤੇ ਵਿਕਸਿਤ ਹੋਏ, ਉਹ ਅਰਬੀ-ਫ਼ਾਰਸੀ ਦੀ ਬਦੌਲਤ ਹਨ। ਸੋ, ਪੰਜਾਬੀ ਕਿੱਸਾ ਕਾਵਿ ਵਿਚ ਦੁਖਾਂਤ ਦਾ ਸੰਕਲਪ ਅਸਿੱਧੇ ਰੂਪ ਵਿਚ ਯੂਨਾਨੀ ਅਤੇ ਸਿੱਧੇ ਰੂਪ ਵਿਚ ਸਾਮੀ ਅਤੇ ਇਸਲਾਮੀ ਸੰਕਲਪ ਦਾ ਮਿਸ਼ਰਣ ਹੈ। (ਪੰਨੇ 102-103) ਆਪਣੇ ਖੋਜ ਕਾਰਜ ਨੂੰ ਪ੍ਰਮਾਣਿਕ ਬਣਾਉਣ ਲਈ ਮਨਜੀਤ ਕੌਰ ਨੇ ਡਾ: ਅਤਰ ਸਿੰਘ, ਡਾ: ਰਤਨ ਸਿੰਘ ਜੱਗੀ, ਡਾ: ਬਿਕਰਮ ਸਿੰਘ ਘੁੰਮਣ, ਕੁਲਜੀਤ ਕੌਰ ਸ਼ੈਲੀ, ਹਰਨਾਮ ਸਿੰਘ ਸ਼ਾਨ ਅਤੇ ਹੋਰ ਬਹੁਤ ਸਾਰੇ ਵਿਦਵਾਨਾਂ ਦੀਆਂ ਆਲੋਚਨਾਤਮਕ ਪੁਸਤਕਾਂ ਦਾ ਗੰਭੀਰ ਅਧਿਐਨ ਕੀਤਾ ਹੈ। ਪੰਜਾਬੀ ਕਿੱਸਾ ਕਾਵਿ ਵਿਚ ਦੁਖਾਂਤ ਪਰੰਪਰਾ ਦਾ ਵਿਸ਼ਲੇਸ਼ਣ ਕਰਨ ਵਾਲਾ ਪਹਿਲਾ ਵਿਦਵਾਨ ਡਾ: ਬਿਕਰਮ ਸਿੰਘ ਘੁੰਮਣ ਹੈ। ਉਸ ਤੋਂ ਬਾਅਦ ਹੀ ਹੋਰ ਵਿਦਵਾਨ ਅਤੇ ਖੋਜਕਾਰ ਇਸ ਦਿਸ਼ਾ ਵੱਲ ਅਗ੍ਰਸਰ ਹੋਏ ਹਨ। ਦੁਖਾਂਤ ਦੇ ਸੰਕਲਪ ਬਾਰੇ ਮੁਢਲੇ ਸੰਕੇਤ ਪਲੈਟੋ ਅਤੇ ਉਸ ਦੇ ਹੋਣਹਾਰ ਸ਼ਾਗਿਰਦ ਅਰਸਤੂ ਨੇ ਕੀਤੇ ਸਨ। ਡਾ: ਮਨਜੀਤ ਕੌਰ ਨੇ ਡਾ: ਨਗੇਂਦ੍ਰ ਦੁਆਰਾ ਰਚਿਤ 'ਅਰਸਤੂ ਦਾ ਕਾਵਿ ਸ਼ਾਸਤਰ' (ਪੰਜਾਬੀ ਅਨੁਵਾਦ : ਹਰਿਭਜਨ ਸਿੰਘ) ਤੋਂ ਸੰਕਲਪਗਤ ਸਾਮਗਰੀ ਪ੍ਰਾਪਤ ਕੀਤੀ ਹੈ।
'ਪੰਜਾਬੀ ਕਿੱਸਾ ਕਾਵਿ ਦੁਖਾਂਤ ਦਾ ਉਦਭਵ ਅਤੇ ਵਿਕਾਸ' ਇਸ ਪੁਸਤਕ ਦਾ ਮਹੱਤਵਪੂਰਨ ਅਧਿਆਇ ਹੈ। ਇਸ ਵਿਚ ਡਾ: ਕਾਲਕਾ, ਡਾ: ਘੁੰਮਣ ਦੇ ਹਵਾਲੇ ਨਾਲ ਲਿਖਦੀ ਹੈ ਕਿ ਪੰਜਾਬੀ ਕਿੱਸਾ ਕਾਵਿ ਨੂੰ ਦੁਖਾਂਤ ਵੱਲ ਮੋੜਾ ਦੇਣ ਵਾਲਾ ਪਹਿਲਾ ਕਵੀ ਪੀਲੂ ਸੀ, ਜਿਸ ਨੇ 'ਮਿਰਜ਼ਾ ਸਾਹਿਬਾਂ' ਦੇ ਕਿੱਸੇ ਨੂੰ ਪੂਰਨ ਦੁਖਾਂਤ ਵਿਚ ਕਾਵਿਬੱਧ ਕੀਤਾ। (ਪੰਨਾ 99) ਆਪਣੇ ਥੀਸਿਜ਼ ਵਿਚ ਮੁਸਲਮਾਨ ਕਵੀਆਂ ਨੇ ਪ੍ਰਮੁੱਖ ਭੂਮਿਕਾ ਨਿਭਾਈ। ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ, ਸੱਸੀ ਪੁਨੂੰ, ਸ਼ੀਰੀਂ ਫਰਹਾਦ ਅਤੇ ਲੈਲਾ ਮਜਨੂੰ ਆਦਿਕ ਸਾਰੇ ਕਿੱਸੇ ਹੀ ਦੁਖਾਂਤਿਕ ਹਨ; ਜਿਸ ਤੋਂ ਇਹ ਗੱਲ ਪ੍ਰਮਾਮਿਣਤ ਹੁੰਦੀ ਹੈ ਕਿ ਪੰਜਾਬੀ ਕਿੱਸਾ ਕਾਵਿ ਮੁੱਖ ਰੂਪ ਵਿਚ ਦੁਖਾਂਤਿਕ ਹੈ।

ਸਮਾਂ ਅਤੇ ਰੁਝਾਨ
ਲੇਖਕ : ਹਰਭਜਨ ਸਿੰਘ ਹਲਵਾਰਵੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 368.

ਹਰਭਜਨ ਸਿੰਘ ਹਲਵਾਰਵੀ ਦਾ ਸਬੰਧ ਪੰਜਾਬ ਦੇ ਮਾਲਵਾ ਖੇਤਰ ਵਿਚ ਰਹਿਣ ਵਾਲੇ ਇਕ ਅਜਿਹੇ ਪਰਿਵਾਰ ਨਾਲ ਸੀ, ਜੋ ਇਕ ਛੋਟੇ ਜਿਹੇ ਪਿੰਡ ਵਿਚ ਗਿਆਨੀ ਅਰਜਣ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਵਿਚ ਪੈਦਾ ਹੋ ਕੇ ਪੂਰੇ ਵਿਸ਼ਵ ਉਪਰ ਛਾ ਗਿਆ। ਹਰਭਜਨ ਸਿੰਘ ਨਾ ਕੇਵਲ ਆਪ ਪੰਜਾਬ ਦੀ ਇਕ ਸ਼ਿਰੋਮਣੀ ਸ਼ਖ਼ਸੀਅਤ ਬਣ ਕੇ ਨਿਖੜਿਆ, ਬਲਕਿ ਉਸ ਦੇ ਹੋਰ ਭੈਣ-ਭਾਈ ਵੀ ਅਤਿ ਵਿਸ਼ਿਸ਼ਟ ਸ਼ਖ਼ਸੀਅਤਾਂ ਦੇ ਰੂਪ ਵਿਚ ਵਿਖਿਆਤ ਹਨ। ਉਸ ਦਾ ਛੋਟਾ ਭਰਾ ਡਾ: ਨਵਤੇਜ ਸਿੰਘ ਸਾਡੇ ਇਸ ਕਥਨ ਦੀ ਠੋਸ ਉਦਾਹਰਨ ਹੈ, ਜਿਸ ਨੇ ਹਰਭਜਨ ਹਲਵਾਰਵੀ ਦੁਆਰਾ ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਵਜੋਂ ਲਿਖੇ ਲੇਖਾਂ (ਅਗਸਤ 1978 ਤੋਂ ਦਸੰਬਰ 1987) ਨੂੰ ਹਥਲੀ ਪੁਸਤਕ ਵਿਚ ਸੰਪਾਦਿਤ ਕਰਕੇ ਇਕ ਇਤਿਹਾਸਕ ਕਾਰਜ ਕਰ ਵਿਖਾਇਆ ਹੈ।
ਹਰਭਜਨ ਸਿੰਘ ਹਲਵਾਰਵੀ ਹਿਸਾਬ (ਮੈਥੇਮੈਟਿਕਸ) ਦਾ ਅਧਿਆਪਕ ਸੀ। ਕੁਝ ਸਮਾਂ ਉਸ ਨੇ ਡਾ: ਅਤਰ ਸਿੰਘ ਨਾਲ ਪੰਜਾਬ ਯੂਨੀਵਰਸਿਟੀ ਦੇ ਕੋਸ਼ਕਾਰੀ ਵਿਭਾਗ ਵਿਚ ਕੰਮ ਕੀਤਾ ਅਤੇ 1978 ਵਿਚ ਜਦੋਂ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਇਆ ਤਾਂ ਸ. ਬਰਜਿੰਦਰ ਸਿੰਘ ਹਮਦਰਦ ਦੀ ਟੀਮ ਵਿਚ ਸਹਾਇਕ ਸੰਪਾਦਕ ਵਜੋਂ ਸ਼ਾਮਿਲ ਹੋ ਕੇ ਇਸ ਅਖ਼ਬਾਰ ਨੂੰ ਪੰਜਾਬੀਆਂ ਦੀ ਲੋਕਪ੍ਰਿਆ ਅਖ਼ਬਾਰ ਬਣਾ ਦਿੱਤਾ, ਹਾਲਾਂਕਿ ਪੰਜਾਬ ਵਰਗੇ ਪ੍ਰਦੇਸ਼ ਵਿਚ ਨਵੀਂ ਅਖ਼ਬਾਰ ਚਲਾਉਣਾ ਕੋਈ ਸੌਖਾ ਕੰਮ ਨਹੀਂ ਸੀ। ਹਰਭਜਨ ਇਕ ਕੁਲਵਕਤੀ ਲੇਖਕ ਸੀ। ਪੱਤਰਕਾਰੀ ਉਸ ਦਾ ਵਿਵਸਾਇ ਸੀ ਅਤੇ ਕਵਿਤਾ ਉਸ ਦਾ ਇਸ਼ਕ। ਉਸ ਨੇ ਇਨ੍ਹਾਂ ਦੋਵਾਂ ਖੇਤਰਾਂ ਵਿਚ ਅਸਾਧਾਰਨ ਪ੍ਰਗਤੀ ਕੀਤੀ ਸੀ ਪਰ ਇਸ ਪ੍ਰਗਤੀ ਦੇ ਪਿੱਛੇ ਉਸ ਦੀ ਅਣਥੱਕ ਸਾਧਨਾ ਸੀ। 'ਸਮਾਂ ਅਤੇ ਰੁਝਾਨ' ਇਕ ਵੱਡਾਕਾਰੀ ਅਤੇ ਸਾਂਭਣਯੋਗ ਰਚਨਾ ਹੈ। ਇਹ ਨਹੀਂ ਕਿ ਸਰਸਰੀ ਨਜ਼ਰ ਨਾਲ ਇਹ ਪੁਸਤਕ ਪੜ੍ਹ ਲਈ ਅਤੇ ਠੱਪ ਦਿੱਤੀ। ਇਸ ਵਿਚ ਅਨੇਕ ਵਿਸ਼ੇ ਅਜਿਹੇ ਹਨ, ਜੋ ਅੱਜ ਵੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਹਨ, ਜਿਵੇਂ : ਸਵੈ-ਕੇਂਦਰਿਤ ਮਨੁੱਖ, ਸਮਾਜਿਕ ਗਤੀ, ਵਿਤਕਰੇ ਰਹਿਤ ਸਕੂਲ, ਨਕਲੀ ਸਰਟੀਫਿਕੇਟ, ਯੂਨੀਵਰਸਿਟੀਆਂ ਦੀ ਅਕਾਦਮਿਕ ਸੁਤੰਤਰਤਾ, ਸੱਭਿਆਚਾਰਕ ਵਿਰਸੇ ਦੀ ਪਛਾਣ, ਰਾਸ਼ਟਰੀ ਏਕਤਾ ਅਤੇ ਬੁੱਧੀਜੀਵੀ, ਪੁਰਸਕਾਰ ਤੇ ਸਨਮਾਨ, ਹਿੰਸਾ ਦੀਆਂ ਬੁਨਿਆਦਾਂ, ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਆਦਿਕ। ਜਿਨ੍ਹਾਂ ਦਿਨਾਂ ਵਿਚ ਇਹ ਸੰਪਾਦਕੀ ਨੋਟ ਲਿਖੇ ਗਏ ਸਨ, ਕੁਝ ਮਸਲੇ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦੇ ਹਨ। ਦੇਖੋ : ਸਕੂਲ ਫੀਸਾਂ ਵਿਚ ਵਾਧਾ, ਪ੍ਰਾਈਵੇਟ ਸਕੂਲਾਂ ਦਾ ਅੰਦੋਲਨ, ਵਿਸ਼ਵ ਵਿਦਿਆਲੇ ਵਿਚ ਕਤਲ, ਰੰਧਾਵਾ ਕਮੇਟੀ ਦੀ ਰਿਪੋਰਟ, ਪੰਜਾਬੀ ਸਾਹਿਤ ਅਕਾਦਮੀ ਦੀ ਸਿਲਵਰ ਜੁਬਲੀ, ਅਣਵਿਆਹੀਆਂ ਨੂੰ ਪ੍ਰਸੂਤੀ ਛੁੱਟੀ, ਇਕ ਆਧੁਨਿਕ ਮੇਲਾ, ਜੌਹਲ ਕਮੇਟੀ ਦੀਆਂ ਸਿਫ਼ਾਰਸ਼ਾਂ ਆਦਿਕ। ਅਜਿਹੀਆਂ ਟਿੱਪਣੀਆਂ ਦਾ ਇਤਿਹਾਸਕ ਮਹੱਤਵ ਬਹੁਤ ਜ਼ਿਆਦਾ ਹੈ। ਪੰਜਾਬ ਦਾ ਸੱਭਿਆਚਾਰਕ ਇਤਿਹਾਸ ਲਿਖਣ ਸਮੇਂ ਇਹ ਟਿੱਪਣੀਆਂ ਇਕ ਸ੍ਰੋਤ-ਪੁਸਤਕ ਦੀ ਭੂਮਿਕਾ ਨਿਭਾਅ ਸਕਦੀਆਂ ਹਨ। ਮੈਨੂੰ ਡਾ: ਨਵਤੇਜ ਸਿੰਘ ਅਤੇ ਤਰਲੋਚਨ ਪਬਲਿਸ਼ਰਜ਼ ਦਾ ਇਹ ਉਪਰਾਲਾ ਬੇਹੱਦ ਪਸੰਦ ਆਇਆ ਹੈ। ਇਹ ਪੁਸਤਕ ਆਕਾਰ ਅਤੇ ਉਦੇਸ਼ ਦੋਵਾਂ ਪੱਖਾਂ ਤੋਂ ਵੱਡੀ ਅਤੇ ਮਿਆਰੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136


ਬਲਦੇਵ ਸਿੰਘ ਧਾਲੀਵਾਲ ਦੀ ਸਫ਼ਰਨਾਮਾਕਾਰੀ
ਸੰਪਾਦਕ : ਡਾ: ਸੁਖਪਾਲ ਸਿੰਘ ਥਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 159.

ਸ਼ੁਰੂ ਤੋਂ ਹੀ ਮਨੁੱਖ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿਚ ਰਿਹਾ। ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਸਫ਼ਰ ਕਰਨ ਦੀ ਪ੍ਰਵਿਰਤੀ ਉਸ ਅੰਦਰ ਨਵਾਂ ਉਤਸ਼ਾਹ ਪੈਦਾ ਕਰਦੀ ਹੈ। ਇਸੇ ਭਾਵਨਾ ਵਿਚੋਂ ਹੀ 'ਸਫ਼ਰਨਾਮਾ' ਵਿਧਾ ਦਾ ਆਰੰਭ ਹੋਇਆ। ਪੰਜਾਬੀ ਸਾਹਿਤ ਦੀ ਮਹੱਤਵਪੂਰਨ ਵੰਨਗੀ ਵਜੋਂ ਪੰਜਾਬੀ ਸਫ਼ਰਨਾਮਾ ਵਿਕਾਸ ਕਰਦਾ ਹੈ। ਇਸ ਸਾਹਿਤ-ਰੂਪ ਦੀ ਸਾਡੇ ਕੋਲ ਇਕ ਅਮੀਰ ਪਰੰਪਰਾ ਹੈ। 'ਮੋਤੀਆਂ ਦੀ ਚੋਗ, ਥੇਮਜ਼ ਨਾਲ ਵਗਦਿਆਂ ਅਤੇ ਚੰਨ ਤੇ ਤਾਰਾ' ਬਾਰੇ ਸੰਵਾਦ ਹੈ। ਡਾ: ਸੁਖਪਾਲ ਸਿੰਘ ਥਿੰਦ ਦੁਆਰਾ ਸੰਪਾਦਤ ਅਤੇ ਸੰਖੇਪ ਟਿੱਪਣੀਆਂ ਹਨ। ਇਸ ਤਰ੍ਹਾਂ ਪੁਸਤਕ ਚਿੰਤਨ ਦੀਆਂ ਵੱਖ-ਵੱਖ ਵੰਨਗੀਆਂ ਵਿਚਲੇ ਵਿਚਾਰਾਂ ਨੂੰ ਪਾਠਕਾਂ ਦੇ ਸੁਹਜ-ਸਵਾਦ ਨੂੰ ਮਾਪਣ ਦਾ ਮੌਕਾ ਪ੍ਰਦਾਨ ਕਰਦੀ ਹੈ। ਡਾ: ਧਾਲੀਵਾਲ ਦੇ ਇਨ੍ਹਾਂ ਤਿੰਨਾਂ ਸਫ਼ਰਨਾਮਿਆਂ ਦੀ ਸ਼ੈਲੀ ਰੌਚਕ ਤੇ ਸਰਲ ਹੈ। ਮਲਵਈ ਉਪ-ਬੋਲੀ ਨਾਲ ਓਤ-ਪੋਤ ਅਖਾਣਾਂ, ਬੋਲੀਆਂ ਅਤੇ ਕਾਵਿ-ਟੋਟਿਆਂ ਨਾਲ ਭਰਪੂਰ ਇਸ ਭਾਸ਼ਾ ਦਾ ਹਰ ਵਿਦਾਵਨ ਨੇ ਨੋਟਿਸ ਲਿਆ ਹੈ। ਵੱਖਰੀ ਗੱਲ ਹੈ ਕਿ ਕੁਝ ਵਿਦਵਾਨ ਉਸ ਦੀ ਇਸ ਭਾਸ਼ਾ ਉੱਪਰ ਟਿੱਪਣੀ ਕਰਦੇ ਹਨ ਕਿ ਉਹ ਔਸਤ ਪਾਠਕ ਨੂੰ ਧਿਆਨ ਵਿਚ ਰੱਖ ਕੇ ਲਿਖਦਾ ਹੈ। ਚੰਗਾ ਰੁਝਾਨ ਹੈ ਕਿ ਇਕ ਲੇਖਕ ਦੇ ਸਾਰੇ ਸਫ਼ਰਨਾਮਿਆਂ ਨਾਲ ਸਬੰਧਤ ਲੇਖਾਂ ਤੇ ਟਿੱਪਣੀਆਂ ਨੂੰ ਇਕ ਪੁਸਤਕ ਵਿਚ ਸਾਂਭ ਦਿੱਤਾ ਗਿਆ ਹੈ। ਪਾਠਕਾਂ ਅਤੇ ਖੋਜੀਆਂ ਲਈ ਇਹ ਸਮੱਗਰੀ ਲਾਹੇਵੰਦ ਸਾਬਤ ਹੋਵੇਗੀ। ਕੁਝ ਉੱਦਮੀ ਲੇਖਕ ਤੇ ਵਿਦਵਾਨ ਇਸ ਤਰ੍ਹਾਂ ਦੇ ਕਾਰਜ ਯੋਜਨਾਬੱਧ ਤਰੀਕੇ ਨਾਲ ਕਰ ਜਾਂਦੇ, ਵੈਸੇ ਪੰਜਾਬੀ ਦੇ ਬਹੁਤ ਸਾਰੇ ਸਥਾਪਤ ਲੇਖਕਾਂ ਦਾ ਅਜਿਹਾ ਕਾਰਜ ਸਾਂਭਣ ਖੁਣੋਂ ਹੀ ਗੁਆਚ ਜਾਂਦਾ ਅਤੇ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਰਹਿ ਜਾਂਦਾ ਹੈ। ਇਹ ਪੁਸਤਕ ਸਾਹਿਤ-ਜਗਤ ਵਿਚ ਨਵੀਆਂ ਲੀਹਾਂ ਪਾਉਂਦੀ ਹੈ।

ਪੰਜਾਬੀ ਗ਼ਜ਼ਲ ਦੇ ਵਿਚਾਰਧਾਰਕ ਪਰਿਪੇਖ
ਲੇਖਕ : ਅਮਰਜੀਤ ਸਿੰਘ ਢੁਡੀਕੇ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 216.

ਪਿਛਲੇ ਕੁਝ ਸਾਲਾਂ ਤੋਂ ਅਕਾਦਮਿਕ ਖੇਤਰ ਵਿਚ ਹੋ ਰਹੀ ਸਮੀਖਿਆ ਰਾਹੀਂ ਵੰਨ-ਸੁਵੰਨੀਆਂ ਪੁਸਤਕਾਂ ਹੋਂਦ ਵਿਚ ਆ ਰਹੀਆਂ ਹਨ। ਬਹੁ-ਗਿਣਤੀ ਪੁਸਤਕਾਂ ਦੇ ਟਾਈਟਲ ਪੰਨੇ ਨੂੰ ਦੇਖ ਕੇ ਪਾਠਕ ਹੱਥ ਪਿੱਛੇ ਕਰ ਲੈਂਦੇ ਹਨ। ਕਿਤੇ-ਕਿਤੇ ਚੰਗੀ ਮਿਹਨਤ ਕਰਕੇ ਕੀਤੀ ਆਲੋਚਨਾ ਹੱਥ ਲਗਦੀ ਹੈ। ਇਸ ਦੌਰ ਵਿਚ ਨਵੇਂ ਪੈਦਾ ਹੋ ਰਹੇ 'ਆਲੋਚਕਾਂ' ਤੋਂ ਪ੍ਰਕਾਸ਼ਕ ਚੰਗੀ ਕਮਾਈ ਕਰ ਰਹੇ ਹਨ। ਅਮਰਜੀਤ ਸਿੰਘ ਢੁਡੀਕੇ ਦੀ ਪੰਜਾਬੀ ਗ਼ਜ਼ਲ ਬਾਰੇ ਕੀਤੀ ਸਮੀਖਿਆ ਸਾਡੇ ਸਾਹਮਣੇ ਆਉਂਦੀ ਹੈ। ਛੇ ਅਧਿਆਇ ਵਿਚ ਕੀਤਾ ਇਹ ਅਧਿਐਨ-ਵਿਚਾਰਧਾਰਾ ਅਤੇ ਵਿਚਾਰਧਾਰਾ ਦਾ ਪੰਜਾਬੀ ਗ਼ਜ਼ਲ ਵਿਚ ਰੁਪਾਂਤਰਣ, ਸਮਕਾਲੀ ਚੇਤਨਾ ਅਤੇ ਨਵੀਂ ਪੰਜਾਬੀ ਗ਼ਜ਼ਲ, ਪੰਜਾਬੀ ਗ਼ਜ਼ਲ, ਵਿਚ ਰਿਸ਼ਤਿਆਂ ਦੇ ਬਦਲਦੇ ਸਰੂਪ, ਨਵੀਂ ਪੰਜਾਬੀ ਗ਼ਜ਼ਲ ਵਿਚ ਲਘੂ ਮਾਨਵ ਦੀ ਤ੍ਰਾਸਦੀ ਦੇ ਸਰੋਕਾਰ, ਨਵੀਂ ਗ਼ਜ਼ਲ ਦੇ ਦਾਰਸ਼ਨਿਕ ਝੁਕਾਅ ਅਤੇ ਨਾਰੀ ਸੰਵੇਦਨਾ ਨੂੰ ਮੀਨ-ਮੇਖ ਰਾਹੀਂ ਪੇਸ਼ ਕਰਦਾ ਹੈ। ਆਪਣੀ ਸਮੀਖਿਆ ਨੂੰ ਪੰਜਾਬੀ ਗ਼ਜ਼ਲ ਤੱਕ ਸੀਮਤ ਕਰਦਿਆਂ ਉਹ ਕਹਿੰਦਾ ਹੈ ਕਿ 'ਗ਼ਜ਼ਲ ਦੀ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਖੁੱਲ੍ਹੀ ਕਵਿਤਾ ਨਾਲੋਂ ਟੁੱਟ ਰਹੇ ਪਾਠਕਾਂ ਨੂੰ ਦੁਬਾਰਾ ਕਵਿਤਾ ਨਾਲ ਜੋੜਨ ਦਾ ਫਰਜ਼ ਨਿਭਾਅ ਰਹੀ ਹੈ ਅਤੇ ਗ਼ਜ਼ਲ ਦੇ ਸ਼ੇਅਰ ਆਪਣੇ ਦੋ ਮਿਸਰਿਆਂ ਰਾਹੀਂ ਬਹੁਤ ਕੁਝ ਕਹਿ ਰਹੇ ਹਨ...।' (ਭੂਮਿਕਾ ਪੰ. 9) ਪਤਾ ਨਹੀਂ ਵਿਦਵਾਨ ਨੂੰ ਕਿਥੋਂ ਭਰਮ ਹੋ ਗਿਆ ਕਿ ਪਾਠਕ ਕਵਿਤਾ ਨਾਲੋਂ ਟੁੱਟ ਰਿਹਾ ਹੈ। ਪੰਜਾਬੀ ਗ਼ਜ਼ਲ ਬਾਰੇ ਬੜੇ ਵਿਸਥਾਰ ਵਿਚ ਗੱਲ ਕੀਤੀ ਗਈ ਹੈ। ਗ਼ਜ਼ਲ ਦੇ ਇਤਿਹਾਸਕ ਸਫ਼ਰ ਦੌਰਾਨ ਇਸ ਉਪਰ ਪਏ ਸਮਕਾਲੀ ਸੰਕਟਾਂ, ਘਟਨਾਵਾਂ ਅਤੇ ਵਿਚਾਰਧਾਰਾਵਾਂ ਦੇ ਵੱਖ-ਵੱਖ ਪ੍ਰਭਾਵਾਂ ਨੂੰ ਪੇਸ਼ ਕੀਤਾ ਗਿਆ ਹੈ। 1975 ਈ: ਤੋਂ ਲੈ ਕੇ ਹੁਣ ਤੱਕ ਗ਼ਜ਼ਲ ਲਿਖਣ ਵਾਲੇ ਗ਼ਜ਼ਲਕਾਰਾਂ ਨੂੰ ਸਨਮੁੱਖ ਰੱਖਿਆ ਗਿਆ ਹੈ।
ਸਮੁੱਚੀ ਪੁਸਤਕ ਦਾ ਅਧਿਐਨ ਕਰਨ ਤੋਂ ਬਾਅਦ ਇਕ ਗੱਲ ਜੋ ਬਹੁਤ ਅੱਖੜਦੀ ਹੈ ਕਿ ਅੱਤਵਾਦ ਖਿਲਾਫ਼ ਦ੍ਰਿੜ੍ਹਤਾ ਤੇ ਨਿਰੰਤਰ ਲਿਖਣ ਵਾਲੇ ਕਵੀਆਂ (ਗ਼ਜ਼ਲਕਾਰਾਂ) ਨੂੰ ਜਾਣ-ਬੁੱਝ ਕੇ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਲੇਖਕ ਦੀ ਨਿਰਪੱਖਤਾ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ। ਨਜ਼ਰ-ਅੰਦਾਜ਼ ਕੀਤੇ ਉਹ ਚੋਣਵੇਂ ਸ਼ਾਇਰ ਹੀ ਪੰਜਾਬ ਸੰਕਟ ਦੇ ਖੌਫ਼ਨਾਕ ਦੌਰ ਵਿਚ ਆਪਣੀ ਕਾਵਿਕ ਜ਼ਿੰਮੇਵਾਰੀ ਨਿਭਾਅ ਰਹੇ ਸਨ, ਜਦ ਕਿ ਬਹੁਤ ਸਾਰੇ ਸ਼ਾਇਰ ਜਾਂ ਤਾਂ ਚੁੱਪ ਹੋ ਗਏ ਜਾਂ ਉਦਾਸ ਸ਼ਾਮਾਂ ਦੇ ਚਿੱਤਰ ਉਲੀਕ ਰਹੇ ਸਨ ਤੇ ਸ਼ਾਂਤੀ ਹੋਣ ਤੋਂ ਬਾਅਦ ਵੱਡੇ-ਵੱਡੇ ਦਾਅਵੇ ਕਰਦੇ ਸਨ। ਆਪਣੇ ਅਧਿਐਨ ਵਿਚ ਵਿਦਵਾਨ ਨੇ ਦਰਜਨ ਦੇ ਕਰੀਬ ਉਨ੍ਹਾਂ ਸ਼ਾਇਰਾਂ ਦੇ ਹਵਾਲੇ ਦਿੱਤੇ ਹਨ, ਜਿਨ੍ਹਾਂ ਦੀ ਰਚਨਾ ਦੇ ਕਦੇ ਦਰਸ਼ਨ ਨਹੀਂ ਕੀਤੇ। ਅਜਿਹੀ 'ਨਿਰਪੱਖਤਾ' ਤੋਂ ਬਚਣ ਦੀ ਲੋੜ ਸੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਨਾਮ, ਸਮਾਧੀ ਤੇ ਆਨੰਦ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 136.

ਰਾਮ ਨਾਥ ਸ਼ੁਕਲਾ ਵਿਸ਼ੇਸ਼ ਜਾਣਕਾਰੀ ਦਾ ਮੁਹਤਾਜ ਨਹੀਂ ਕਿਉਂਕਿ ਸਾਹਿਤ ਖੇਤਰ ਵਿਚ ਲਗਭਗ 54 ਪੁਸਤਕਾਂ, ਜਿਨ੍ਹਾਂ ਵਿਚ ਮਹਾਂਕਾਵਿ, ਕਾਵਿ ਸੰਗ੍ਰਹਿ, ਨਾਵਲ, ਲੇਖ ਸ਼ਾਮਿਲ ਹਨ, ਸਦਕਾ ਉਹ ਆਪਣੀ ਵਿਲੱਖਣ ਸ਼ਖ਼ਸੀਅਤ ਸਥਾਪਤ ਕਰ ਚੁੱਕਿਆ ਹੈ। ਹਥਲੀ ਪੁਸਤਕ 'ਨਾਮ, ਸਮਾਧੀ ਤੇ ਆਨੰਦ' ਵਿਚ 21 ਸਿਰਲੇਖਾਂ ਹੇਠ ਵੱਖ-ਵੱਖ ਢੰਗਾਂ ਨਾਲ ਆਨੰਦ ਪ੍ਰਾਪਤੀ ਦੇ ਸਾਧਨਾਂ ਉਤੇ ਚਾਨਣਾ ਪਾਇਆ ਹੈ। ਮਨੁੱਖ ਹਮੇਸ਼ਾ ਆਨੰਦ ਦੀ ਭਾਲ ਵਿਚ ਰਹਿੰਦਾ ਹੈ, ਜੀਵਨ ਦੀਆਂ ਵੱਖ-ਵੱਖ ਹਾਲਤਾਂ ਵਿਚ ਆਨੰਦ ਪ੍ਰਾਪਤੀ ਦੇ ਕਿਹੜੇ ਵੱਖ-ਵੱਖ ਸਾਧਨ ਹਨ, ਬਚਪਨ ਵਿਚ ਆਨੰਦ ਦੀ ਪ੍ਰਾਪਤੀ ਕਿਹੜੀਆਂ ਗੱਲਾਂ ਵਿਚ ਹੁੰਦੀ ਹੈ, ਜੁਆਨੀ ਤੇ ਬੁਢਾਪੇ ਵਿਚ ਮਨੁੱਖ ਕਿਹੜੀ ਪ੍ਰਸਥਿਤੀ ਵਿਚ ਆਨੰਦ ਹਾਸਲ ਕਰਦਾ ਹੈ, ਬਾਰੇ ਬੜੇ ਹੀ ਵਿਸਥਾਰ ਨਾਲ ਦੱਸਿਆ ਹੈ। ਇਸੇ ਤਰ੍ਹਾਂ ਮਾਨਸਿਕ ਝੁਕਾ ਤੇ ਆਨੰਦ, ਸਮਾਜਿਕ ਸਥਿਤੀ ਤੇ ਆਨੰਦ, ਸੱਭਿਆਚਾਰ ਤੇ ਆਨੰਦ, ਭੂਗੋਲ ਤੇ ਆਨੰਦ, ਨਸ਼ੇ ਤੇ ਆਨੰਦ, ਸਮਾਧੀ ਤੇ ਆਨੰਦ, ਸਮਾਜਿਕ ਧਾਰਨਾਵਾਂ ਤੇ ਆਨੰਦ ਅਤੇ ਪਰੰਪਰਾਵਾਂ ਤੇ ਆਨੰਦ ਅਜਿਹੇ ਵਿਸ਼ੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਪਰਿਪੇਖ ਵਿਚ ਰੱਖ ਕੇ ਪੇਸ਼ ਕਰਨਾ ਤੇ ਉਨ੍ਹਾਂ ਦੇ ਸਿੱਟੇ ਕੀ ਹਨ, ਬਾਰੇ ਲੇਖਕ ਨੇ ਡੂੰਘੀ ਨੀਝ ਨਾਲ ਵੇਖਣ ਪਰਖਣ ਦਾ ਉਪਰਾਲਾ ਕੀਤਾ ਹੈ।
ਲੇਖਕ ਨੇ ਸਮਾਜਿਕ ਪਰਿਪੇਖ ਤੱਕ ਆਪਣੇ ਵਿਸ਼ੇ ਨੂੰ ਸੀਮਤ ਨਹੀਂ ਰੱਖਿਆ ਸਗੋਂ ਧਾਰਮਿਕ ਤੇ ਅਧਿਆਤਮਕ ਪਹਿਲੂ ਤੋਂ ਵੀ ਨਾਮ ਸਮਾਧੀ ਤੇ ਆਨੰਦ ਦਾ ਵਿਸ਼ਲੇਸ਼ਣ ਕੀਤਾ ਹੈ। ਨਾਮ ਕੁਦਰਤ ਦੀ ਸਿਫ਼ਤ ਸਲਾਹ ਹੈ, ਵਾਰ-ਵਾਰ ਕੁਦਰਤ ਵੱਲੋਂ ਵਰੋਸਾਈ ਜਾਂ ਫਿਰ ਰੱਬੀ ਨਾਮੀ ਸ਼ਕਤੀ ਦਾ ਆਹਵਾਹਨ ਮਾਨਸਿਕ ਸਥਿਤੀ ਹੈ, ਕਿਸੇ ਸ਼ਕਤੀ ਦਾ ਨਾਮ ਰਟਨ ਕਰਨ ਨਾਲ ਸੰਤੋਸ਼ ਜ਼ਰੂਰ ਮਿਲਦਾ ਹੈ, ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਸਵਰਗ ਦੀ ਪ੍ਰਾਪਤੀ ਵੀ ਆਨੰਦ ਪ੍ਰਾਪਤੀ ਨਾਲ ਸਬੰਧਤ ਹੈ, ਮੁਕਤੀ ਦਾ ਸੰਸਾਰਕ ਸੰਕਲਪ ਵੀ ਆਨੰਦ ਪ੍ਰਾਪਤੀ ਦਾ ਦੂਜਾ ਨਾਂਅ ਹੈ, ਕਿਸੇ ਕਿਆਸੀ ਆਨੰਦ ਦੀ ਥਾਂ ਇਸ ਜੀਵਨ ਦਾ ਯਥਾਰਥ ਆਨੰਦ ਜ਼ਿਆਦਾ ਮਹੱਤਵਪੂਰਨ ਹੈ, ਸੰਸਾਰਕ ਆਨੰਦ ਬਹੁਤਾ ਕਰਕੇ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਨਾਮ ਤੇ ਸਮਾਧੀ ਵੀ ਆਨੰਦ ਪ੍ਰਾਪਤੀ ਦੇ ਹੀ ਸਾਧਨ ਮਾਤਰ ਹਨ-ਅਜਿਹੇ ਵਿਸ਼ੇ ਹਨ, ਜਿਨ੍ਹਾਂ ਨੂੰ ਲੇਖਕ ਨੇ ਖੁੱਲ੍ਹ ਕੇ ਉਲੀਕਿਆ ਤੇ ਉਨ੍ਹਾਂ ਦੇ ਹਾਂ-ਪੱਖੀ ਤੇ ਨਾਂਹ-ਪੱਖੀ ਪਹਿਲੂਆਂ ਉਤੇ ਵੀ ਚਾਨਣਾ ਪਾਇਆ ਹੈ। ਮੁਕਤੀ ਤੋਂ ਮਨੁੱਖ ਦਾ ਭਾਵ ਹੈ ਆਵਾਗਵਣ ਦੇ ਚੱਕਰ ਤੋਂ ਮੁਕਤ ਹੋਣਾ ਪਰ ਸਹੀ ਰਸਤੇ ਤੋਂ ਭਟਕ ਕੇ ਮਨੁੱਖ ਅਸਲ ਆਨੰਦ ਤੋਂ ਵੰਚਿਤ ਰਹਿ ਜਾਂਦਾ ਹੈ।
ਲੇਖਕ ਦੀ ਡੂੰਘੀ ਨੀਝ ਤੇ ਸੂਝ-ਬੂਝ ਪੁਸਤਕ ਲੇਖਕਾਂ ਤੋਂ ਸਪੱਸ਼ਟ ਹੋ ਜਾਂਦੀ ਹੈ। ਇਥੇ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਆਨੰਦ ਮਨੁੱਖੀ ਮਨ ਦੀ ਉਹ ਸਥਿਤੀ ਹੈ ਜਦੋਂ ਮਨੁੱਖ ਦਾ ਮਨ ਸਦਾ ਖੇੜੇ ਵਿਚ ਰਹਿੰਦਾ ਹੈ-ਇਹ ਇਕ ਖੁਦਾਈ ਵਰਦਾਨ ਹੈ ਜੋ ਪਾਠਕਾਂ ਤੱਕ ਪੁੱਜਦਾ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਪਲ ਛਿਣ ਜੀਣਾ
ਸ਼ਾਇਰ : ਪਰਮਿੰਦਰ ਸੋਢੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100.

ਪਰਮਿੰਦਰ ਸੋਢੀ ਸ਼ਾਇਰੀ ਦੇ ਨਿਵੇਕਲੇ ਅੰਦਾਜ਼, ਅਨੁਭਵ ਅਤੇ ਤਜਰਬਿਆਂ ਕਰਕੇ ਜਾਣਿਆ ਜਾਂਦਾ ਹੈ। ਹਾਇਕੂ ਸ਼ਾਇਰੀ, ਅਜੋਕੀ ਜਾਪਾਨੀ ਕਵਿਤਾ, ਮੌਲਿਕ ਕਾਵਿ ਸੰਗ੍ਰਹਿ ਅਤੇ ਅਨੁਵਾਦਿਤ ਕਵਿਤਾ ਅਤੇ ਵਾਰਤਕ ਦੇ ਖੇਤਰ ਵਿਚ ਉਸ ਦਾ ਆਪਣਾ ਸਥਾਨ ਹੈ। ਇਸ ਸੰਗ੍ਰਹਿ ਵਿਚਲੀਆਂ 46 ਕਵਿਤਾਵਾਂ ਚੇਤਨਾ ਨੂੰ ਹਲੂਣਦੀਆਂ ਅਤੇ ਬੁੱਧੀ ਨੂੰ ਟੁੰਬਦੀਆਂ ਹਨ। ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਵੀ ਉਸ ਦੀ ਰੂਹ ਪੰਜਾਬ ਵਿਚ ਵਸਦੀ ਹੈ-
ਇਹ ਮੇਰਾ ਪੰਜਾਬ ਹੈ
ਹਰਿਆਲੀ ਨਾਲ ਭਾਵੇਂ
ਤੂੰ ਆਪਣੇ ਦਿਲ ਨੂੰ
ਨੱਕੋ ਨੱਕ ਭਰ ਲੈ...
ਰੰਗਾਂ, ਮਹਿਕਾਂ, ਮੁਹੱਬਤਾਂ, ਮੁਸੱਰਤਾਂ ਨਾਲ ਲਬਰੇਜ਼ ਇਹ ਸ਼ਾਇਰੀ ਭਾਵੁਕਤਾ, ਬੌਧਿਕਤਾ, ਰਹੱਸਆਤਮਕਤਾ ਤੇ ਸਮਾਜਿਕਤਾ ਦਾ ਵਗਦਾ ਦਰਿਆ ਹੈ। ਆਉ ਕੁਝ ਝਲਕਾਂ ਮਾਣੀਏ-
ਉਸ ਦੀ ਅੱਖ 'ਚ ਅਸਮਾਨ ਸੀ
ਪਾਰਬ੍ਰਹਮ ਦਾ ਗਿਆਨ ਸੀ
ਉਸ ਦੀ ਛੂਹ ਰੂਹਾਨੀ ਸੀ
ਉਹਦੇ ਬੋਲਾਂ ਵਿਚ ਰਵਾਨੀ ਸੀ।
-ਤੁਹਾਡੇ ਨਾਲ ਨਾਲ
ਇਹ ਜੋ ਮਹਿਕ ਆਈ ਹੈ
ਇਹ ਜੋ ਵੱਧ ਆਈ ਹੈ
ਇਸ ਨੇ ਸਾਡੀ ਉਮਰ ਵਧਾਈ ਹੈ।
ਪੜ੍ਹਨਯੋਗ ਅਤੇ ਵਿਚਾਰਨਯੋਗ ਇਸ ਕਾਵਿ ਪੁਸਤਕ ਦਾ ਭਰਵਾਂ ਸੁਆਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

21-7-2013

 ਭਾਰਤੀ ਐਟਮ ਬੰਬ ਦਾ ਮਹਾਂ ਬਿਰਤਾਂਤ
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਸਾਇੰਸ ਐਂਡ ਜਰਨਲ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 144.

ਡਾ: ਕੁਲਦੀਪ ਸਿੰਘ ਧੀਰ ਉਹ ਵਿਲੱਖਣ ਪੰਜਾਬੀ ਲੇਖਕ ਹੈ, ਜਿਸ ਨੇ ਸਾਹਿਤ, ਧਰਮ ਅਤੇ ਵਿਗਿਆਨ ਦੇ ਖੇਤਰ ਵਿਚ ਚੰਗੀ ਵਾਰਤਕ ਦੀ ਸਿਰਜਣਾ ਕੀਤੀ ਹੈ। ਵਿਗਿਆਨ ਦੇ ਖੇਤਰ ਦਾ ਮਾਹਿਰ ਧੀਰ ਪੰਜਾਬੀ ਭਾਸ਼ਾ, ਸਾਹਿਤ ਅਤੇ ਅਧਿਆਪਨ ਖੇਤਰ ਵਿਚ ਵਿਚਰਦਾ ਹੋਇਆ ਕਰੀਬ ਚਾਰ ਦਰਜਨ ਪੁਸਤਕਾਂ ਰਚ ਚੁੱਕਾ ਹੈ। ਵਿਗਿਆਨ ਤੇ ਇੰਜੀਨੀਅਰਿੰਗ ਦੇ ਵਿਸ਼ਿਆਂ ਸਬੰਧੀ ਲੇਖ ਅਤੇ ਪੁਸਤਕਾਂ ਲਿਖਣ ਵਿਚ ਉਸ ਨੇ ਮੋਢੀਆਂ ਵਾਲਾ ਕੰਮ ਕੀਤਾ ਹੈ। ਹੈਰਾਨੀ ਹੁੰਦੀ ਹੈ ਕਿ ਇਕੋ ਸਮੇਂ ਉਹ ਵੱਖ-ਵੱਖ ਖੇਤਰਾਂ ਵਿਚ ਹੁਣ ਤੱਕ ਲਗਾਤਾਰ ਲਿਖ ਰਿਹਾ ਹੈ। ਹਥਲੀ ਪੁਸਤਕ ਐਟਮ ਬੰਬ ਦੇ ਮਹਾਂ ਬਿਰਤਾਂਤ ਬਾਰੇ ਵਿਸਥਾਰ ਨਾਲ ਜਾਣਕਾਰੀ ਪੰਜਾਬੀ ਪਾਠਕਾਂ ਨੂੰ ਦਿੰਦੀ ਹੈ। ਪਹਿਲੇ ਲੇਖ ਵਿਚ ਐਟਮ ਦੀ ਸਿਰਜਣਾ ਅਤੇ ਇਸ ਦੇ ਮੁਢਲੇ ਦੌਰ ਵਿਚਲੇ ਖੋਜੀ ਵਿਗਿਆਨੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ। ਜਰਮਨ ਵਿਗਿਆਨੀ ਮੈਕਪਲੈਂਕ, ਡੈਨਮਾਰਕ ਵਿਗਿਆਨੀ ਨੀਲਜ਼ ਬੋਹਰ, ਫਰਾਂਸੀਸੀ ਵਿਗਿਆਨੀ ਬਰੋਗਲੀ, ਆਈਨਸਟਾਈਨ ਵਰਗੇ ਵਿਗਿਆਨੀਆਂ ਦੀ ਸਾਲਾਂਬੱਧੀ ਮਿਹਨਤ ਐਟਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਸਾਬਤ ਹੁੰਦੀ ਹੈ। ਦੂਜੇ ਲੇਖ ਵਿਚ ਐਟਮ ਬੰਬ ਦੇ ਸਿਧਾਂਤਕ ਜਨਮਦਾਤਾ ਐਨਰੀਕੋ ਫ਼ਾਰਸੀ ਬਾਰੇ ਵਾਕਫ਼ੀਅਤ ਅਤੇ ਲਿਓ ਜ਼ਿਲਾਰਡ ਵਿਗਿਆਨੀ ਵੱਲੋਂ ਐਟਮ ਬੰਬ ਨੂੰ 1934 ਈ: ਵਿਚ ਪੇਟੈਂਟ ਕਰਵਾਉਣਾ ਅਤੇ ਇਸ ਖੇਤਰ ਵਿਚ ਹੋਰ ਵਿਕਾਸ ਕਰਨਾ ਹੈ। ਇਸੇ ਤਰ੍ਹਾਂ ਬਾਕੀ ਲੇਖਾਂ ਵਿਚ ਡਾ: ਧੀਰ ਨੇ 'ਹੀਰੋਸ਼ੀਮਾ-ਨਾਗਾਸਾਕੀ' ਸ਼ਹਿਰਾਂ 'ਤੇ ਇਸ ਬੰਬ ਦੇ ਵਾਪਰੇ ਕਹਿਰ, ਭਾਰਤ ਦੇ ਐਟਮ ਦੇ ਖੇਤਰ ਵਿਚਲੇ ਮੁਢਲੇ ਉੱਦਮ, ਪੋਖਰਨ ਤਜਰਬੇ, ਭਾਰਤੀ ਐਟਮ ਵਿਗਿਆਨੀਆਂ-ਰਾਜਾ ਰਮੰਨਾ, ਅਬਦੁਲ ਕਲਾਮ ਦੀ ਦੇਣ ਅਤੇ ਐਟਮ ਬੰਬ ਦੀ ਖੋਜ ਤੇ ਵਿਕਾਸ ਖੇਤਰ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਪੰਜਾਬੀ ਪਾਠਕਾਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸਾਰੇ ਲੇਖਾਂ ਦੀ ਸ਼ੈਲੀ ਏਨੀ ਰੌਚਿਕ ਤੇ ਦਿਲਚਸਪ ਹੈ ਕਿ ਜਾਪਦਾ ਹੀ ਨਹੀਂ ਕਿ ਇਹ ਵਿਗਿਆਨਕ ਲੇਖ ਹਨ। ਪਾਠਕ ਅਵੱਸ਼ ਇਸ ਪੁਸਤਕ ਤੋਂ ਲਾਹਾ ਲੈਣਗੇ। ਡਾ: ਕੁਲਦੀਪ ਸਿੰਘ ਧੀਰ ਦੀ ਵਾਰਤਕ ਕਲਾ ਦਾ ਇਹ ਇਕ ਉੱਤਮ ਨਮੂਨਾ ਹੈ।

-ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਨਾ ਅੱਗ ਹੈ ਨਾ ਲੋਹਾ
ਕਵੀ : ਲਿਪੀ ਦ ਮਹਾਂਦੇਵ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 70.

'ਨਾ ਅੱਗ ਹੈ ਨਾ ਲੋਹਾ', ਨੌਜਵਾਨ ਕਵੀ ਲਿਪੀ ਦ ਮਹਾਂਦੇਵ ਦੀ ਪਲੇਠੀ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੀਆਂ ਅਨੇਕ ਖੂਬਸੂਰਤ ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ।
ਲਿਪੀ ਦ ਮਹਾਂਦੇਵ ਭਾਵੇਂ ਪੰਜਾਬੀ ਸ਼ਾਇਰੀ ਵਿਚ ਅਸਲੋਂ ਨਵਾਂ ਨਾਂਅ ਹੈ ਪਰ ਉਸ ਦੀਆਂ ਕਵਿਤਾਵਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਹ ਆਪਣੀ ਸ਼ਾਇਰੀ ਪ੍ਰਤੀ ਬੇਹੱਦ ਸੰਜੀਦਾ ਤੇ ਸੰਵੇਦਨਸ਼ੀਲ ਹੈ। ਮਹਾਂਦੇਵ ਜੀਵਨ ਵਿਚ ਆਪਣੇ ਆਲੇ-ਦੁਆਲੇ ਦਰਪੇਸ਼ ਸਮੱਸਿਆਵਾਂ ਨੂੰ ਆਪਣੇ ਕਾਵਿ ਵਸਤੂ ਵਜੋਂ ਪੇਸ਼ ਕਰਦਾ ਹੈ। ਪ੍ਰਮੁੱਖ ਤੌਰ 'ਤੇ ਹਾਲਾਤ ਦੇ ਪੁੜਾਂ ਵਿਚ ਪਿਸ ਰਿਹਾ, ਗੁਰਬਤ ਹੰਢਾਅ ਰਿਹਾ ਆਮ ਆਦਮੀ ਉਸ ਦੀ ਕਵਿਤਾ ਦਾ ਨਾਇਕ ਹੈ। ਮਹਾਂਦੇਵ ਇਸ ਆਮ ਆਦਮੀ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਉਸ ਦੀ ਇਸ ਆਵਾਜ਼ ਵਿਚ ਵਿਅੰਗ ਦੀ ਧਾਰ ਪਾਠਕ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੈ।

ਚੰਡੀਗੜ੍ਹ ਤੋਂ ਸ਼ੁਰੂ ਹੁੰਦਾ ਹੈ
ਵੱਖ-ਵੱਖ ਸ਼ਹਿਰਾਂ ਨੂੰ ਜਾਂਦਾ
ਹਾਈ ਵੇ ਰੋਡ
ਸੜਕ ਕਿਨਾਰੇ
ਭੀੜ ਵਾਲੀ ਥਾਂ ਤੇ
ਘਸੀ ਜਿਹੀ ਲਿਬੜੀ ਨਿਕਰ ਪਾ
ਨਲਕੇ ਥੱਲੇ ਨਹਾ ਰਿਹਾ ਹੈ
ਮਿੱਟੀ ਘੱਟੇ ਦਾ ਲਿਬੜਿਆ ਮਜ਼ਦੂਰ...
ਲਿਪੀ ਦ ਮਹਾਂਦੇਵ ਦੀ ਕਵਿਤਾ, ਬਦਲਦੀਆਂ ਰੁੱਤਾਂ ਦੀ ਕਵਿਤਾ ਹੈ। ਉਸ ਦੀ ਕਵਿਤਾ ਵਿਚ ਸਰਦੀ, ਗਰਮੀ, ਪਤਝੜ, ਮੌਨਸੂਨ ਆਦਿ ਰੁੱਤਾਂ ਵਿਭਿੰਨ ਪ੍ਰਸੰਗਾਂ ਵਿਚ ਪੇਸ਼ ਹੁੰਦੀਆਂ ਹਨ। ਦਰਅਸਲ ਉਹ ਰੁੱਤਾਂ ਦੇ ਮਾਧਿਅਮ ਰਾਹੀਂ ਆਮ ਮਨੁੱਖ ਦੀਆਂ ਤੰਗੀਆਂ ਥੁੜਾਂ ਦੀ ਬਾਤ ਪਾਉਂਦਾ ਆਧੁਨਿਕ ਵਿਸ਼ਵੀਕਰਨ ਦੇ ਵਰਤਾਰੇ ਨੂੰ ਆਪਣੇ ਕਾਵਿ ਰਾਹੀਂ ਚਿਤਰਨ ਦੀ ਕੋਸ਼ਿਸ਼ ਕਰਦਾ ਹੈ। ਮਹਾਂਦੇਵ ਦੀ ਕਵਿਤਾ ਦੇ ਬਿੰਬ ਜਗਤ ਵਿਚ ਮਜ਼ਦੂਰ ਦੀ ਦਾਤੀ, ਪਾਥੀਆਂ ਦੀ ਧੂਣੀ, ਚੁੱਲ੍ਹੇ ਦਾ ਸੇਕ, ਰੋਟੀ ਵਰਗਾ ਚੰਨ ਜਿਹੇ ਬਿੰਬ ਥਾਂ-ਥਾਂ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਬਿੰਬਾਂ ਰਾਹੀਂ ਹੀ ਉਹ ਆਧੁਨਿਕ ਵਰਤਾਰੇ ਵਿਚ ਲਤਾੜੇ ਜਾ ਰਹੇ ਆਮ ਮਨੁੱਖ ਦੇ ਦਰਦ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਮਹਾਂਦੇਵ ਦੀ ਇਹ ਪਲੇਠੀ ਕਾਵਿ ਪੁਸਤਕ ਹੈ। ਇਸ ਪਲੇਠੀ ਕਾਵਿ ਪੁਸਤਕ ਰਾਹੀਂ ਉਸ ਨੇ ਪੰਜਾਬੀ ਕਾਵਿ ਖੇਤਰ ਵਿਚ ਇਕ ਮੌਲਿਕ ਪਛਾਣ ਸਥਾਪਿਤ ਕਰਨ ਦਾ ਸਫ਼ਲ ਯਤਨ ਕੀਤਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਸੱਥ ਚਰਚਾ
ਲੇਖਕ : ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120.

'ਸੱਥ ਚਰਚਾ' ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਦੀ ਦੂਜੀ ਪੁਸਤਕ ਹੈ। ਸੁਖਮੰਦਰ ਬਰਾੜ ਦੀ ਪੁਸਤਕ 'ਸੱਥ ਚਰਚਾ' ਵਾਰਤਕ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਜਿਥੇ ਪੰਜਾਬ ਦੀ ਪਰੰਪਰਕ ਰਹਿਤਲ ਬਹਿਤਲ ਦਾ ਨਮੂਨਾ ਪੇਸ਼ ਹੋਇਆ ਹੈ, ਉਥੇ ਭਾਈਚਾਰਕ ਸਾਂਝ ਅਤੇ ਅਪਣੱਤ ਨੂੰ ਪੁਨਰ-ਸੁਰਜੀਤ ਕਰਨ ਦਾ ਉੱਦਮ ਕੀਤਾ ਗਿਆ ਹੈ। ਪੰਜਾਬੀ ਜਨ-ਜੀਵਨ ਵਿਚ 'ਸੱਥ' ਇਕ ਅਜਿਹਾ ਸਥਾਨ ਹੁੰਦਾ ਹੈ, ਜਿਥੇ ਬੈਠ ਕੇ ਪਿੰਡ ਦੀ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਪਰਿਵਾਰਕ ਤੋਰ ਦਾ ਮਹਿਜ-ਸੁਭਾਈ ਢੰਗ ਅਤੇ ਰੌਚਿਕ ਅੰਦਾਜ਼ ਵਿਚ ਮੁਲਾਂਕਣ ਕੀਤਾ ਜਾਂਦਾ ਹੈ। ਸਾਦ-ਮੁਰਾਦੇ ਲੋਕ ਸਾਦ-ਮੁਰਾਦੀ ਭਾਸ਼ਾ ਵਿਚ ਉਚ-ਪਾਏ ਦੀਆਂ ਗੱਲਾਂ ਸੱਥਾਂ ਵਿਚ ਬੈਠ ਕੇ ਹੀ ਕਰਿਆ ਕਰਦੇ ਸਨ। ਸੱਥ ਮਨੋਰੰਜਨ ਦਾ ਵੀ ਸਾਧਨ ਸੀ, ਅਜੋਕੀ ਜ਼ਿੰਦਗੀ ਵਿਚ ਲੱਗੀ ਹੋਈ ਭੱਜ-ਦੌੜ ਨੇ 'ਸੱਥ' ਨੂੰ ਸਾਡੀ ਜ਼ਿੰਦਗੀ ਵਿਚੋਂ ਮਨਫ਼ੀ ਕਰ ਦਿੱਤਾ ਹੈ ਅਤੇ ਅਸੀਂ ਮਨੋਰੰਜਨ ਦੇ ਮਸਨੂਈ ਸਾਧਨਾਂ ਦੀ ਤਲਾਸ਼ ਵਿਚ ਲੱਗੇ ਹੋਏ ਹਾਂ।
ਇਸ ਪੁਸਤਕ ਵਿਚ ਲੇਖਕ ਨੇ 'ਸੱਥ ਚਰਚਾ' ਨੂੰ ਵੱਖ-ਵੱਖ ਕਾਂਡਾਂ ਦੇ ਰੂਪ ਵਿਚ ਪੇਸ਼ ਕੀਤਾ ਹੈ, ਜਿਸ ਨੂੰ ਉਸ ਨੂੰ 'ਸੱਥ ਚਰਚਾ-1, ਸੱਥ ਚਰਚਾ-2' ਆਦਿ ਸਿਰਲੇਖਾਂ ਤਹਿਤ ਤੀਹ ਕਾਂਡਾਂ ਵਿਚ ਵੰਡਿਆ ਹੈ। ਹਰੇਕ 'ਸੱਥ ਚਰਚਾ' ਸਿਰਲੇਖ ਵਿਚ ਕਿਸੇ ਨਾ ਕਿਸੇ ਘਟਨਾ ਨੂੰ ਰੌਚਿਕ ਬਣਾ ਕੇ ਵਾਰਤਾਲਾਪੀ ਸ਼ੈਲੀ ਵਿਚ ਪੇਸ਼ ਕੀਤਾ। ਹਰੇਕ ਕਾਂਡ ਤੋਂ ਪਹਿਲਾਂ ਲੇਖਕ ਬਹੁਤੀ ਵਾਰੀ ਮੌਸਮ ਦਾ ਜ਼ਿਕਰ ਵੀ ਕਰਦਾ ਹੈ ਕਿ ਮੌਸਮ ਸਰਦੀ ਦਾ ਹੈ ਜਾਂ ਗਰਮੀ ਦਾ ਕਿਉਂਕਿ ਸੱਥ ਤਾਂ ਬਾਰਾਂ ਮਹੀਨੇ ਦੀ ਜੁੜਦੀ ਹੈ, ਭਾਵੇਂ ਜੇਠ ਹਾੜ ਦੀ ਗਰਮੀ ਹੋਵੇ ਜਾਂ ਪੋਹ ਮਾਘ ਦੀ ਠੰਢੀ ਸ਼ਾਮ। ਸੱਥ ਵਿਚ ਚਰਚਾ ਦਾ ਵਿਸ਼ਾ ਬਣੀ ਹਰੇਕ ਘਟਨਾ ਨੂੰ ਲੇਖਕ ਨੇ ਵੱਖ-ਵੱਖ ਪਾਤਰਾਂ ਦੇ ਨਾਟਕੀ-ਅੰਦਾਜ਼ ਤੋਂ ਪੇਸ਼ ਕਰਨ ਦਾ ਯਤਨ ਕੀਤਾ। ਹਰੇਕ ਘਟਨਾ ਕਿਸੇ ਰਹੱਸ ਤੋਂ ਸ਼ੁਰੂ ਹੋ ਕੇ ਚਰਚਾ ਦਾ ਵਿਸ਼ਾ ਬਣਦੀ ਹੈ। ਕਿਧਰੇ ਸੰਸਾਰ ਵਿਚ ਕੋਈ ਘਟਨਾ ਵਾਪਰਦੀ ਹੈ, ਇਹ ਪਾਤਰ ਇਨ੍ਹਾਂ ਘਟਨਾਵਾਂ ਨੂੰ ਆਪਣੇ-ਆਪਣੇ ਨਜ਼ਰੀਏ ਤੋਂ ਵਿਚਾਰਦੇ ਹੋਏ ਰਹੱਸ ਦੀਆਂ ਤੰਦਾਂ ਨੂੰ ਰੌਚਿਕ, ਸਾਦੇ ਅਤੇ ਸਪੱਸ਼ਟ ਅੰਦਾਜ਼ ਵਿਚ ਖੋਲਦੇ ਹਨ। ਮਲਵਈ ਭਾਸ਼ਾ ਦਾ ਇਸਤੇਮਾਲ ਅਤੇ ਪੇਂਡੂ ਰਹਿਤਲ ਦੇ ਸ਼ਬਦ ਚਿੱਤਰ ਪਾਠਕ ਨੂੰ ਆਪਣੇ ਨਾਲ ਹੀ ਤੋਰ ਲੈਂਦੇ ਹਨ ਅਤੇ ਪਾਠਕ ਪਿੰਡ ਦੀ ਸੱਥ ਨੂੰ ਆਪਣੀਆਂ ਅੱਖਾਂ ਸਾਹਮਣੇ ਸਾਕਾਰ ਹੁੰਦੀ ਮਹਿਸੂਸਦਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

14-7-2013

 ਤ੍ਰੇਲ 'ਚ ਭਿੱਜੇ ਫੁੱਲ
ਗ਼ਜ਼ਲਗ਼ੋ : ਪਰਮਜੀਤ ਕੌਰ 'ਮਹਿਕ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112.

ਵਧੀਆ ਸ਼ਾਇਰੀ ਕੋਈ ਧੁਰੋਂ ਆਇਆ ਆਵੇਸ਼, ਕੋਈ ਅੰਬਰੋਂ ਝਰਦੀ ਭੂਰ ਜਿਹੀ ਇਲਾਹੀ ਬਖਸ਼ਿਸ਼ ਹੈ। ਗ਼ਜ਼ਲ ਸ਼ਾਇਰੀ ਦੀ ਇਕ ਬਹੁਤ ਹੀ ਪਿਆਰੀ ਸਿਨਫ਼ ਹੈ। ਫਾਰਸੀ ਵਿਚ ਮਿਰਗ ਨੂੰ ਗ਼ਜ਼ਲ ਆਖਿਆ ਜਾਂਦਾ ਹੈ। ਜਦੋਂ ਇਹ ਛਾਲਾਂ ਮਾਰਦਾ ਪਿਆਰਾ ਭੋਲਾ ਜੀਵ ਸ਼ਿਕਾਰੀ ਕੁੱਤਿਆਂ ਨਾਲ ਘਿਰ ਜਾਂਦਾ ਹੈ ਤਾਂ ਬੇਬਸੀ ਵਿਚ ਇਹਦੇ ਅੰਦਰੋਂ ਨਿਕਲੀ ਦਰਦਨਾਕ ਚੀਕ ਨੂੰ ਗ਼ਜ਼ਲ ਕਿਹਾ ਜਾਂਦਾ ਹੈ। ਦਿਲ ਦੀਆਂ ਗਹਿਰਾਈਆਂ ਵਿਚੋਂ ਨਿਕਲੀਆਂ ਇਹ ਗ਼ਜ਼ਲਾਂ ਹਿਰਨ ਦੀਆਂ ਅਲਮਸਤ ਛਲਾਂਗਾਂ ਅਤੇ ਚੁੰਗੀਆਂ ਵਰਗੀਆਂ ਵੀ ਹਨ, ਕਸਤੂਰੀ ਮਿਰਗ ਦੀ ਧੁੰਨੀ ਵਿਚੋਂ ਉੱਠੀ ਭਿੰਨੀ ਪਿਆਰੀ ਮਹਿਕ ਵਰਗੀਆਂ ਵੀ ਹਨ ਅਤੇ ਉਸ ਦੀ ਦਿਲ ਚੀਰਵੀਂ ਚੀਕ ਵਰਗੀਆਂ ਵੀ ਹਨ। ਆਉ ਕੁਝ ਝਲਕਾਂ ਮਾਣੀਏ-
-ਇਸ਼ਕ ਜੇ ਕਰਨਾ ਇਸ਼ਕ ਹਕੀਕੀ ਕਰਿਓ ਜੇ
ਇਸ਼ਕ ਮਜਾਜ਼ੀ ਨਾਲ ਨਾ ਪੈਂਦੀ ਪੂਰੀ ਵੇ।
-ਮੇਰੇ ਪੈਰਾਂ ਦੀ ਬੇੜੀ ਜਾਣਦੀ ਨਾ ਛਣਛਣਾਣਾ
ਇਹੀ ਪਾਜ਼ੇਬ ਬਣ ਜਾਵੇ ਜੇ ਬੈਠੇ ਕੋਲ ਆ ਕੇ।
-ਸੂਰਜ ਤੋਂ ਨਾ ਕਿਰਨਾਂ ਹੋਈਆਂ ਕਦੇ ਜੁਦਾ
ਹੁਸਨ ਇਸ਼ਕ ਦੀ ਨਹੀਂ ਜੁਦਾਈ ਹੋਵੇਗੀ।
-ਖਾਹਿਸ਼ ਫੁੱਲ ਦੀ ਕੀਤੀ ਮੈਂ
ਕੰਡਿਆ ਸੰਗ ਗਈ ਸੀਤੀ ਮੈਂ।
ਇਹ ਗ਼ਜ਼ਲਾਂ ਭਾਵਕਤਾ ਅਤੇ ਬੌਧਿਕਤਾ, ਹੁਸਨ ਅਤੇ ਇਸ਼ਕ, ਸੰਜੋਗ ਅਤੇ ਵਿਜੋਗ, ਸਕੂਨ ਅਤੇ ਤੜਪ, ਕਰਾਰ ਅਤੇ ਬੇਕਰਾਰੀ ਦਾ ਸੁੰਦਰ ਸੁਮੇਲ ਹਨ। ਇਨ੍ਹਾਂ ਵਿਚ ਕਲਪਨਾ ਦੀਆਂ ਉਡਾਰੀਆਂ ਵੀ ਹਨ, ਯਥਾਰਥ ਦੀਆਂ ਧਰਾਤਲਾਂ ਵੀ ਹਨ, ਅੰਬਰਾਂ ਨੂੰ ਛੋਂਹਦੇ ਖਿਆਲ ਵੀ ਹਨ, ਪਤਾਲ ਦੀਆਂ ਉਦਾਸੀਆਂ ਵੀ ਹਨ, ਪਿਆਰ ਦੀ ਪੀਂਘ ਦੇ ਹੁਲਾਰੇ ਵੀ ਹਨ, ਬੇਬਸੀ ਦੇ ਹਿਚਕੋਲੇ ਤੇ ਡਿਕਡੋਲੇ ਵੀ ਹਨ, ਨਾਰੀ ਦਾ ਦੁਰਗਾ ਰੂਪ ਵੀ ਹੈ ਅਤੇ ਕੁੱਖ ਵਿਚ ਕਤਲ ਕੀਤੀ ਬਾਲੜੀ ਦੀ ਖਾਮੋਸ਼ ਚੀਕ ਵੀ ਹੈ। ਇਹ ਸ਼ਾਇਰੀ ਚਟਕਦੇ, ਮਟਕਦੇ, ਸ਼ੋਖ, ਸੁਰਖ, ਤ੍ਰੇਲ ਭਿੱਜੇ ਫੁੱਲਾਂ ਦੀ ਮਹਿਕ ਵੀ ਹੈ, ਮਸਲੀ ਹੋਈ ਅਧਖਿੜੀ ਕਲੀ ਦੀ ਉਦਾਸ ਦਾਸਤਾਨ ਵੀ। ਵੰਨ-ਸੁਵੰਨੇ ਰੰਗਾਂ, ਸੁਗੰਧਾਂ, ਰੂਪਾਂ, ਰਸਾਂ ਦੀ ਇਸ ਸ਼ਾਇਰੀ ਤੋਂ ਵੱਡੀਆਂ ਆਸਾਂ ਹਨ। ਸ਼ਾਇਰਾ ਦੇ ਪਲੇਠੇ ਗ਼ਜ਼ਲ-ਸੰਗ੍ਰਹਿ ਦਾ ਸਵਾਗਤ ਕਰਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਉਹ ਤ੍ਰੇਲ ਭਿੱਜੇ ਫੁੱਲਾਂ ਦੀ ਆਤਮਾ ਤੱਕ ਪਹੁੰਚੇ, ਤਨ ਤੇ ਮਨ ਤੋਂ ਪਾਰ ਸੁੰਦਰਤਾ, ਸੁਹਜ ਅਤੇ ਚਾਨਣ ਦੇ ਉਸ ਦੇਸ਼ ਦੀ ਬਾਤ ਪਾਵੇ, ਜੋ ਮਹਾਂ ਪਿਆਰ, ਮਹਾਂ ਪ੍ਰਕਾਸ਼, ਮਹਾਂਸੁਗੰਧ ਅਤੇ ਮਹਾਂਕਾਵਿ ਦਾ ਅਸਲ ਸਦੀਵੀ ਸਥਾਨ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਸਮਕਾਲੀਨ ਪੰਜਾਬੀ ਸਾਹਿਤਕਤਾ
(ਜੰਮੂ-ਕਸ਼ਮੀਰ ਖੇਤਰ)
ਲੇਖਕ : ਰਤਨ ਸਿੰਘ ਕੰਵਲ,
ਡਾ: ਮਹਿੰਦਰ ਪਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ
ਮੁੱਲ : 350 ਰੁਪਏ, ਸਫ਼ੇ : 168.

'ਸਮਕਾਲੀਨ ਪੰਜਾਬੀ ਸਾਹਿਤਕਤਾ' ਉਕਤ ਦੋਵਾਂ ਵਿਦਾਵਨਾਂ ਦੇ ਆਲੋਚਨਾਤਮਕ ਨਿਬੰਧਾਂ ਦਾ ਸੰਗ੍ਰਹਿ ਹੈ। ਇਸ ਵਿਚ ਕੁੱਲ 17 ਨਿਬੰਧ ਹਨ, ਜੋ ਵੱਖ-ਵੱਖ ਵਿਧਾਵਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਦਸ ਖੋਜ-ਨਿਬੰਧ ਕਥਾ ਜਗਤ ਅਰਥਾਤ ਕਹਾਣੀਆਂ ਨਾਲ ਸਬੰਧਤ ਹਨ। ਗਲਪ ਦੇ ਦੂਸਰੇ ਰੂਪ ਨਾਵਲ ਬਾਰੇ ਦੋ ਨਿਬੰਧ, ਪੰਜਾਬੀ ਕਵਿਤਾ ਬਾਰੇ ਦੋ, ਆਲੋਚਨਾ, ਲੇਖ ਅਤੇ ਸਵੈ-ਜੀਵਨੀ ਬਾਰੇ ਕ੍ਰਮਵਾਰ ਇਕ-ਇਕ ਨਿਬੰਧ ਉਪਲਬਧ ਹੈ। ਪੰਜਾਬੀ ਕਹਾਣੀ ਨਾਲ ਸਬੰਧਤ ਦਸ ਨਿਬੰਧਾਂ ਵਿਚ ਕੰਵਲ ਕਸ਼ਮੀਰੀ, ਪ੍ਰੋ: ਪ੍ਰੇਮ ਸਿੰਘ, ਇੱਛੂਪਾਲ ਆਦਿ ਦੇ ਕਹਾਣੀ ਸੰਗ੍ਰਹਿਆਂ ਤੋਂ ਬਿਨਾਂ ਵਿਕੋਲਿਤਰੀਆਂ ਕਹਾਣੀਆਂ ਦਾ ਮੁਲਾਂਕਣ ਵੀ ਇਸ ਪੁਸਤਕ ਵਿਚ ਭਰਵੇਂ ਰੂਪ ਵਿਚ ਉਜਾਗਰ ਹੁੰਦਾ ਹੈ। ਵਿਕੋਲਿਤਰੀਆਂ ਕਹਾਣੀਆਂ ਦੇ ਅਧਿਐਨ ਵਿਚ ਗੁਰਚਰਨ ਸਿੰਘ ਗੁਲਸ਼ਨ, ਹਰਭਜਨ ਸਾਗਰ, ਰਾਜਿੰਦਰ ਰਾਜਨ, ਰਤਨ ਕੰਵਲ ਤੋਂ ਬਿਨਾਂ ਕੰਵਲ ਕਸ਼ਮੀਰੀ ਅਤੇ ਪ੍ਰੇਮ ਸਿੰਘ ਆਦਿ ਦੀਆਂ ਕਹਾਣੀਆਂ ਵੀ ਅਧਿਐਨ-ਵਸਤੂ ਬਣਦੀਆਂ ਹਨ। ਰੈਣਾ, ਸੂਦਨ, ਬਾਲੀ, ਸਰਨ ਸਿੰਘ ਆਦਿ ਦੇ ਨਾਵਲਾਂ ਦਾ ਵਿਸ਼ਲੇਸ਼ਣ ਕਰਦਿਆਂ ਸਿੱਧ ਕੀਤਾ ਗਿਆ ਹੈ ਕਿ ਜੰਮੂ-ਕਸ਼ਮੀਰ ਦਾ ਨਾਵਲ ਸਮੁੱਚੇ ਪੰਜਾਬੀ ਨਾਵਲ ਵਿਚ ਆਪਣਾ ਸਥਾਨ ਬਣਾ ਰਿਹਾ ਹੈ। ਵਾਰਤਕ ਸਮੀਖਿਆ ਵਿਚ ਪ੍ਰੋ: ਸੇਵਾ ਸਿੰਘ ਦੇ ਲੇਖਾਂ ਅਤੇ ਉਸ ਦੀ ਆਤਮ-ਕਥਾ ਦਾ ਅਧਿਐਨ ਕੀਤਾ ਗਿਆ ਹੈ। ਆਲੋਚਨਾਤਮਕ ਖੇਤਰ ਵਿਚ 'ਪੰਜਾਬੀ ਸ਼ੀਰਾਜ਼ਾ' ਅਤੇ 'ਸਾਡਾ ਸਾਹਿਤ' ਦੇ ਯੋਗਦਾਨ ਦੀ ਵਡਿਆਈ ਕੀਤੀ ਗਈ ਹੈ। ਪੰਜਾਬੀ ਕਵਿਤਾ ਵਿਚ ਕਸ਼ਮੀਰ ਦੀ 'ਬੇਰੰਗ ਜ਼ਿੰਦਗੀ' ਦੇ ਅਨੇਕਾਂ ਪੱਖ ਪ੍ਰਸਤੁਤ ਕੀਤੇ ਗਏ ਹਨ। ਠਾਕੁਰ ਸਿੰਘ ਜ਼ਖਮੀ ਦੀ ਕਾਵਿ-ਰਚਨਾ ਅਤੇ ਸਿਰਜਨ-ਪ੍ਰਕਿਰਿਆ ਨੂੰ ਰੂਪਮਾਨ ਕਰਦਿਆਂ ਵਿਚਾਰ ਪ੍ਰਗਟ ਕੀਤਾ ਗਿਆ ਹੈ ਕਿ ਇਹ ਕਵਿਤਾ ਪਰੰਪਰਾਗਤ ਹੈ ਅਤੇ ਅਜੋਕੇ ਜੁੱਗ ਦੇ ਹਾਣ ਦੀ ਨਹੀਂ ਬਣ ਸਕੀ। ਡਾ: ਗੁਰਚਰਨ ਸਿੰਘ ਦੇ ਨਾਵਲ 'ਧੁਖਦੀ ਬਰਫ਼' ਦੇ ਬਿਰਤਾਂਤ ਵਿਚੋਂ ਸਮੇਂ ਦੇ ਨਕਸ਼ ਪਛਾਣੇ ਜਾਣ ਦੀ ਸੰਭਾਵਨਾ ਉਜਾਗਰ ਕੀਤੀ ਗਈ ਹੈ। ਇਸ ਨਿਬੰਧ ਸੰਗ੍ਰਹਿ ਵਿਚ ਕਿਸੇ ਇਕਾਂਗੀ/ਨਾਟਕ, ਜੀਵਨੀ/ਰੇਖਾ ਚਿੱਤਰ/ਸੰਸਮਰਣ ਦਾ ਅਧਿਐਨ ਉਪਲਬਧ ਨਹੀਂ। ਇਸ ਸੰਗ੍ਰਹਿ ਦਾ ਅਧਿਐਨ ਕਰਦਿਆਂ ਦੋਵਾਂ ਵਿਦਵਾਨਾਂ ਦੀ ਮਿਹਨਤ ਤਾਂ ਉਜਾਗਰ ਹੁੰਦੀ ਹੈ ਪਰ ਕਿਹੜਾ ਨਿਬੰਧ ਕਿਸਦਾ ਹੈ? ਇਹ ਰਹੱਸ ਹੀ ਬਣਿਆ ਰਹਿੰਦਾ ਹੈ। ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ 'ਸਮਕਾਲੀ ਪੰਜਾਬੀ ਸਾਹਿਤਕਤਾ' ਪੁਸਤਕ ਵਿਚ ਵਿਦਵਾਨ ਆਲੋਚਕਾਂ ਨੇ ਜੰਮੂ-ਕਸ਼ਮੀਰ ਦੀਆਂ ਅਨੇਕ ਸਾਹਿਤਕ ਵਿਧਾਵਾਂ ਬਾਰੇ ਚੋਖੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਹ ਜਾਣਕਾਰੀ ਸੋਨੇ ਵਰਗੀ ਖਰੀ ਹੈ ਪਰ ਖੋਜ-ਨਿਬੰਧਾਂ ਦੀ ਵਿਭਿੰਨ ਵਿਧਾਵਾਂ ਅਨੁਸਾਰ ਤਰਤੀਬ ਸੋਨੇ ਤੇ ਸੁਹਾਗਾ ਹੋ ਸਕਦੀ ਸੀ। ਖੈਰ, ਦੋਵੇਂ ਵਿਦਵਾਨ ਪੰਜਾਬੀ ਪਾਠਕਾਂ ਨੂੰ ਵਡਮੁੱਲੀ ਜਾਣਕਾਰੀ ਦੇਣ ਕਾਰਨ ਵਧਾਈ ਦੇ ਪਾਤਰ ਹਨ। ਪੁਸਤਕ ਜੰਮੂ-ਕਸ਼ਮੀਰ ਦੇ ਪੰਜਾਬੀ ਸਾਹਿਤ ਦੇ ਖੋਜ-ਵਿਦਿਆਰਥੀਆਂ ਲਈ ਵਡਮੁੱਲੀ ਸਾਬਤ ਹੋ ਸਕਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਵਿਹੜਾ ਸ਼ਗਨਾਂ ਦਾ
ਸੰਪਾਦਕਾ : ਡਾ: ਮਨਿੰਦਰਜੀਤ ਕੌਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 208.

ਲੋਕ ਨਾਚ ਵਿਚ ਗਿੱਧੇ ਤੇ ਭੰਗੜੇ ਦੀ ਵਿਸ਼ੇਸ਼ ਥਾਂ ਹੈ। ਮੁਟਿਆਰਾਂ ਦਾ ਲੋਕ ਨਾਚ ਗਿੱਧਾ ਹੈ ਤੇ ਨੌਜਵਾਨਾਂ ਦਾ ਭੰਗੜਾ। ਗਿੱਧੇ ਵਿਚ ਲੋਕ ਬੋਲੀਆਂ ਰਾਹੀਂ ਮੁਟਿਆਰਾਂ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ, ਜੋ ਸਮਾਜ ਤੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦੀਆਂ ਹਨ। ਪ੍ਰਭਾਤ ਵੇਲੇ ਕੰਮਾਂ-ਕਾਰਾਂ ਤੋਂ ਲੈ ਕੇ ਚੱਕੀ ਚਲਾਉਂਦੀਆਂ, ਤ੍ਰਿਝਣਾਂ ਵਿਚ ਸਹੇਲੀਆਂ ਦਾ ਇਕੱਠ, ਤੀਆਂ ਵੇਲੇ ਪੀਂਘਾਂ ਝੂਟਦਿਆਂ ਤੇ ਮਾਹੀਏ ਦੀ ਉਡੀਕ ਨਾਲ ਅਨੇਕਾਂ ਹੀ ਲੋਕ ਬੋਲੀਆਂ ਸਾਡੇ ਜੀਵਨ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਸੰਪਾਦਨ ਕਰਕੇ ਮਨਿੰਦਰਜੀਤ ਨੇ ਇਕ ਵਧੀਆ ਉਪਰਾਲਾ ਕੀਤਾ ਹੈ, ਜੋ ਅਲੋਪ ਹੋਣ ਕੰਢੇ ਸੀ। ਲੋਕ ਨਾਚ ਵਧੇਰੇ ਕਰਕੇ ਪਿੰਡਾਂ ਵਿਚ ਸਿੱਧੇ ਸਾਦੇ ਲੋਕ ਮਿਹਨਤੀ ਕਿਰਤੀ ਲੋਕਾਂ ਦੇ ਜੀਵਨ ਦਾ ਅਟੁੱਟ ਅੰਗ ਸੀ ਜੋ ਖੁਸ਼ੀ ਵੇਲੇ ਲੋਕ ਬੋਲੀਆਂ ਦਾ ਸਹਾਰਾ ਲੈ ਕੇ ਜੀਵਨ ਵਿਚ ਰੰਗ ਭਰ ਲੈਂਦੇ ਸਨ, ਜੋ ਹੁਣ ਤਣਾਅ ਸਦਕਾ ਮੱਠਾ ਪੈਂਦਾ ਜਾ ਰਿਹਾ ਹੈ। ਆਮ ਵੇਖਣ ਵਿਚ ਆਉਂਦਾ ਹੈ ਕਿ ਗਿੱਧਾ ਸਾਦਗੀ ਭਰਿਆ ਲੋਕ ਨਾਚ ਹੈ ਤੇ ਮੁਟਿਆਰਾਂ ਭਾਂਤ-ਭਾਂਤ ਦੀਆਂ ਬੋਲੀਆਂ ਪਾ ਕੇ ਤਾੜੀ ਦੀ ਤਾਲ ਤੇ ਅੱਡੀ ਦੀ ਧਮਕ ਨਾਲ ਨੱਚਦੀਆਂ ਵਿਹੜੇ ਦੀ ਮਿੱਟੀ ਪੁੱਟ ਮਾਰਦੀਆਂ ਸਨ। ਬੋਲੀਆਂ ਤੋਂ ਬਿਨਾਂ ਗਿੱਧਾ ਪੈ ਹੀ ਨਹੀਂ ਸਕਦਾ ਤੇ ਇਨ੍ਹਾਂ ਬੋਲੀਆਂ ਦੀ ਰਚਨਾ ਕਿਸੇ ਸਾਹਿਤਕਾਰ ਰਾਹੀਂ ਨਹੀਂ ਕੀਤੀ ਗਈ ਸਗੋਂ ਪਿੰਡਾਂ ਵਿਚ ਮੁਟਿਆਰਾਂ ਕੰਮਕਾਰ ਕਰਦੀਆਂ ਅਚੇਤ ਹੀ ਬੋਲੀਆਂ ਦੀ ਰਚਨਾ ਕਰ ਲੈਂਦੀਆਂ ਸਨ।
ਔਰਤ ਨੂੰ ਜਦੋਂ ਬੋਲਣ ਦੀ ਆਜ਼ਾਦੀ ਨਹੀਂ ਸੀ ਤਾਂ ਮੁਟਿਆਰਾਂ ਆਪਣੇ ਮਨ ਦਾ ਭਾਰ, ਦੁੱਖ ਦਰਦ, ਵੇਦਨਾ ਤੇ ਖੁਸ਼ੀ ਗ਼ਮੀ ਗਿੱਧੇ ਵਿਚ ਬੋਲੀਆਂ ਪਾ ਕੇ ਪ੍ਰਗਟ ਕਰ ਲੈਂਦੀਆਂ ਸਨ। ਕਿਧਰੇ ਸੱਸ ਦੇ ਤਾਅਨੇ ਹਨ, ਕਿਧਰੇ ਵੀਰ ਦੀ ਰਖੜੀ ਤੇ ਕਿਤੇ ਮਾਹੀ ਦਾ ਵਿਛੋੜਾ ਇਨ੍ਹਾਂ ਬੋਲੀਆਂ ਦਾ ਹਿੱਸਾ ਬਣਿਆ। ਵੀਰ ਘਰ ਪੁੱਤ ਜੰਮਣ ਵੇਲੇ ਦੀ ਬੋਲੀ ਅੱਜ ਵੀ ਬਹੁਤ ਪ੍ਰਸਿੱਧ ਹੈ:
ਚੰਨ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜੰਮਿਆ ਜਾਂ
ਤੈਨੂੰ ਤੀਆਂ ਨੂੰ ਲੈਣ ਨਾ ਆਏ
ਬਹੁਤਿਆਂ ਭਰਾਵਾਂ ਵਾਲੀਏ।
ਇਸ ਪੁਸਤਕ ਵਿਚ ਹਰ ਵਿਸ਼ੇ ਨਾਲ ਸਬੰਧਤ ਬੋਲੀਆਂ ਵੱਖ-ਵੱਖ ਸਿਰਲੇਖਾਂ ਹੇਠ ਦਿੱਤੀਆਂ ਹਨ ਜਿਵੇਂ ਪੇਕੇ, ਤੱਤੜੀ ਦੇ ਦੂਰ, ਭਰਾ, ਸਹੁਰਿਆਂ ਦਾ ਪਿੰਡ, ਸਾਉਣ ਮਹੀਨਾ, ਤੀਆਂ, ਕੰਤ, ਜੇਠ ਜਠਾਣੀ, ਦਿਉਰ ਭਾਬੀ, ਨਨਦ, ਜੱਟ ਕੈਂਠੇ ਵਾਲਾ, ਦਿਲਾਂ ਦੇ ਸੌਦੇ, ਗਿੱਧੇ ਵਿਚ ਨੱਚ ਕੁੜੀਏ, ਮੇਲਾ ਛੜਿਆਂ ਦਾ, ਲੌਂਗ, ਨਾਨਕੀਆਂ-ਦਾਦਕੀਆਂ ਆਦਿ ਬਾਰੇ। ਮੁਢਲੇ ਸ਼ਬਦਾਂ ਵਿਚ ਸਟੇਜੀ ਗਿੱਧੇ ਲਈ ਸੁਝਾਅ ਵੀ ਦਿੱਤੇ ਹਨ (47) ਜੋ ਪੇਸ਼ਕਾਰੀ ਸਮੇਂ ਸਹਾਈ ਹੋ ਸਕਦੇ ਹਨ। ਸੰਪਾਦਕਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

14-7-2013

 ਅਹਵਾਲ-ਉਲ-ਖ਼ਵਾਕੀਨ ਕ੍ਰਿਤ ਮੁਹੰਮਦ ਕਾਸਿਮ ਔਰੰਗਾਬਾਦੀ
ਲੇਖਕ : ਡਾ: ਬਲਵੰਤ ਸਿੰਘ ਢਿੱਲੋਂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 64.

ਮੁਹੰਮਦ ਕਾਸਿਮ ਔਰੰਗਾਬਾਦੀ ਬੰਦਾ ਬਹਾਦਰ ਦਾ ਸਮਕਾਲੀ ਹੈ। ਬਾਦਸ਼ਾਹ ਬਹਾਦਰਸ਼ਾਹ ਦੇ ਪੁੱਤਰ ਅਜ਼ੀਮ-ਉ-ਸ਼ਾਨ ਬਿਹਾਰ ਦੇ ਸੂਬੇਦਾਰ ਦੀ ਨੌਕਰੀ ਵੀ ਉਸ ਨੇ ਕੀਤੀ। ਫ਼ਰੁਖਸੀਅਰ ਵੇਲੇ ਦੱਖਣ ਵਿਚ ਨੌਕਰੀ ਕੀਤੀ। ਉਸ ਨੇ ਆਪਣੇ ਨਿੱਜੀ ਤਜਰਬੇ ਅਤੇ ਜਾਣਕਾਰੀ ਦੇ ਆਧਾਰ 'ਤੇ ਜੋ ਕੁਝ ਬੰਦਾ ਬਹਾਦਰ ਨੇ ਕੀਤਾ/ਭੋਗਿਆ, ਉਸ ਦਾ ਬਿਰਤਾਂਤ ਅਹਵਾਲ-ਉਲ-ਖ਼ਵਾਕੀਨ ਵਿਚ ਅੰਕਿਤ ਕੀਤਾ ਹੈ। ਫਾਰਸੀ ਦੀ ਇਸ ਲਿਖਤ ਦਾ ਸੰਪਾਦਕ ਤੇ ਵਿਆਖਿਆ ਡਾ: ਬਲਵੰਤ ਸਿੰਘ ਢਿੱਲੋਂ ਨੇ ਕੀਤੀ ਹੈ। ਡਾ: ਢਿੱਲੋਂ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਪ੍ਰਮਾਣਿਕ ਤੇ ਭਰੋਸੇਯੋਗ ਸਮਝ ਰੱਖਣ ਵਾਲਾ ਅਜਿਹੇ ਵਿਦਵਾਨ ਹੈ, ਜਿਸ ਕੋਲ ਲੰਬਾ ਅਨੁਭਵ, ਸਿੱਖ ਸੰਵੇਦਨਾ ਦਾ ਪਿਛੋਕੜ ਅਤੇ ਧਰਮਾਂ/ਧਰਮ ਗ੍ਰੰਥਾਂ ਦੀ ਵਿਆਖਿਆਕਾਰੀ ਦਾ ਨਵਾਂ ਮੁਹਾਵਰਾ ਹੈ।
ਇਸ ਸੰਖੇਪ ਬਿਰਤਾਂਤ ਦੀ ਵਿਆਖਿਆਮਈ ਭੂਮਿਕਾ, ਲੇਖਕ, ਲਿਖਤ ਦਾ ਸਾਰ, ਇਸ ਲਿਖਤ ਦੇ ਵਿਸ਼ੇਸ਼ ਧਿਆਨ ਦੇਣ ਯੋਗ, ਨੁਕਤੇ, ਲੇਖਕ ਦੁਆਰਾ ਵਰਤੀ ਭਾਸ਼ਾ ਪੇਸ਼ ਤੱਥਾਂ ਦੀ ਛਾਣਬੀਣ, ਉਨ੍ਹਾਂ ਉਤੇ ਟਿੱਪਣੀ, ਲੇਖਕ ਦੀ ਦ੍ਰਿਸ਼ਟੀ, ਲਿਖਤ ਦੀਆਂ ਸੀਮਾਵਾਂ, ਮਹੱਤਵ ਆਦਿ ਇਸ ਪੁਸਤਕ ਦੇ ਪਹਿਲੇ ਖੰਡ ਵਿਚ ਪ੍ਰਾਪਤ ਹਨ। ਦੂਜੇ ਖੰਡ ਵਿਚ ਬੰਦਾ ਬਹਾਦਰ ਬਾਰੇ ਇਸ ਲਿਖਤ ਵਿਚ ਪ੍ਰਾਪਤ ਅੰਸ਼ਾਂ ਦਾ ਪੰਜਾਬੀ ਅਨੁਵਾਦ ਹੈ। ਬੰਦਾ ਬਹਾਦਰ 1708 ਤੋਂ 1716 ਤੱਕ ਪੰਜਾਬ ਦੇ ਅਸਮਾਨਾਂ ਉਤੇ ਬੱਦਲ ਵਾਂਗ ਗਰਜਿਆ, ਬਿਜਲੀ ਵਾਂਗ ਲਿਸ਼ਕਿਆ ਅਤੇ ਘਟਾ ਬਣ ਕੇ ਛਾਇਆ। ਬਹਾਦਰਸ਼ਾਹ, ਫਰੁਖਸੀਅਰ ਤੇ ਵਜ਼ੀਰ ਖਾਂ ਜਿਹੇ ਮੁਗਲ ਸ਼ਹਿਨਸ਼ਾਹੀ ਦੇ ਥੰਮ ਉਸ ਤੋਂ ਕੰਬ ਗਏ। ਅਹਿਵਾਲ ਦੇ ਲੇਖਕ ਨੇ 1735 ਵਿਚ ਇਹ ਲਿਖ ਲਿਖ ਕੇ ਬੰਦਾ ਬਹਾਦਰ ਦੀ ਬਹਾਦਰੀ ਦੀ ਜਿਵੇਂ ਗਵਾਹੀ ਦਿੱਤੀ ਹੈ, ਉਹ ਇਕ ਅਜਿਹੇ ਹੁਸਨ ਦੀ ਸਿਫਤ ਹੈ, ਜੋ ਕਿਸੇ ਸੌਕਣ ਨੇ ਕੀਤੀ ਹੋਵੇ। ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਦੀ ਬਹਾਦਰੀ, ਦਲੇਰੀ, ਉੱਚਾ ਚਰਿਤਰ, ਕੁਰਬਾਨੀ ਤੇ ਗੁਰੂ ਦੇ ਨਾਂਅ ਉਤੇ ਸ਼ਹੀਦੀ ਦੇਣ ਦਾ ਮਹਾਂਚਿੱਤਰ ਉਭਰਦਾ ਹੈ। ਸਾਰਾ ਮੁਗਲ ਸਾਮਰਾਜ ਇਕ ਪਾਸੇ ਤੇ ਗੁਰੂ ਦੀ ਓਟ ਆਸਰੇ ਨਾਲ ਬੰਦਾ ਬਹਾਦਰ ਦੂਜੇ ਪਾਸੇ। ਇਸ ਪੁਰਾਤਨ ਇਤਿਹਾਸ ਸਰੋਤ ਦਾ ਇਹ ਸੰਪਾਦਕ ਪ੍ਰਸੰਸਾਯੋਗ ਹੈ ਅਤੇ ਪੜ੍ਹਨ ਯੋਗ ਵੀ।

ਬਦੀ ਦੀ ਜੜ੍ਹ
ਲੇਖਕ : ਡਾ: ਦਲਜੀਤ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 200.

ਗੁਰਬਾਨੀ ਵਿਆਕਰਣ ਤੇ ਗੁਰੂ ਗ੍ਰੰਥ ਸਾਹਿਬ ਦਰਪਣ ਵਰਗੀਆਂ ਸ਼ਾਹਕਾਰ ਰਚਨਾਵਾਂ ਰਚਣ ਵਾਲੇ ਪ੍ਰੋ: ਸਾਹਿਬ ਸਿੰਘ ਦਾ ਬੇਟਾ ਹੈ ਅੱਖਾਂ ਦਾ ਰਾਸ਼ਟਰੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਮਾਹਿਰ ਡਾ: ਦਲਜੀਤ ਸਿੰਘ। ਬਦੀ ਦੀ ਜੜ੍ਹ ਉਸ ਦਾ ਨਿਬੰਧ ਸੰਗ੍ਰਹਿ ਹੈ। ਉਸ ਨੂੰ ਚਿੰਤਾ ਹੈ ਰੋਜ਼ ਦੁਨੀਆ ਵਿਚ ਜੰਗਾਂ ਕਿਉਂ ਹੋ ਰਹੀਆਂ ਹਨ। ਦੇਸ਼ਾਂ ਦੇ ਦੇਸ਼ ਲਿਤਾੜੇ ਕਿਉਂ ਜਾ ਰਹੇ ਹਨ। ਰੋਗਾਂ ਦਾ ਇਲਾਜ ਗਰੀਬ ਦੀ ਪਹੁੰਚ ਤੋਂ ਦੂਰ ਹੀ ਦੂਰ ਕਿਉਂ ਹੋ ਰਿਹਾ ਹੈ। ਖੁਰਾਕੀ ਵਸਤਾਂ ਪੌਸ਼ਟਿਕਤਾ ਦੀ ਥਾਂ ਜ਼ਹਿਰ ਕਿਉਂ ਵੰਡ ਰਹੀਆਂ ਨੇ। ਨਫ਼ਰਤ ਦੀਆਂ ਦੀਵਾਰਾਂ ਕਿਉਂ ਹਰ ਥਾਂ ਉੱਚੀਆਂ ਹੋ ਰਹੀਆਂ ਨੇ। ਦੁਨੀਆ ਹਥਿਆਰਾਂ, ਬੰਬਾਂ, ਫ਼ੌਜਾਂ ਉਤੇ ਧੜਾਧੜ ਪੈਸੇ ਕਿਉਂ ਖਰਚਦੀ ਹੈ। ਗਰੀਬੀ ਕਿਉਂ ਵਧ ਰਹੀ ਹੈ? ਰਾਜ ਪਲਟੇ ਕਿਉਂ ਹੁੰਦੇ ਨੇ? ਇਹ ਤੇ ਅਜਿਹਾ ਹੋਰ ਬਹੁਤ ਕੁਝ ਪ੍ਰੇਸ਼ਾਨ ਕਰਦਾ ਹੈ ਡਾ: ਦਲਜੀਤ ਸਿੰਘ ਨੂੰ ਵੀ। ਮੈਨੂੰ ਵੀ। ਤੁਹਾਨੂੰ ਵੀ। ਇਸੇ ਪ੍ਰੇਸ਼ਾਨੀ ਦੀ ਜੜ੍ਹ ਲੱਭਣ ਦਾ ਯਤਨ ਕਰਦੀ ਹੈ ਉਸ ਦੀ ਇਹ ਕਿਤਾਬ।
ਬਦੀ ਦੀ ਸਾਰੀ ਜੜ੍ਹ ਦਲਜੀਤ ਸਿੰਘ ਨੂੰ ਅਮਰੀਕਾ ਲਗਦਾ ਹੈ। ਅੰਤਰਰਾਸ਼ਟਰੀ ਬੈਂਕਾਂ ਦੀ ਫੈਡਰਲ ਰਿਜ਼ਰਵ ਸੰਸਥਾ ਲਗਦੀ ਹੈ। ਅਮਰੀਕਾ ਤੇ ਇੰਗਲੈਂਡ ਦੇ ਜਾਨਸਨ, ਚਰਚਿਲ ਜਿਹੇ ਨੇਤਾ। ਇਨ੍ਹਾਂ ਸਾਰਿਆਂ ਦਾ ਤਾਣਾ-ਬਾਣਾ ਜੋ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਵੇਚਣ ਦਾ ਮਾਹਿਰ ਹੈ। ਅਣਮਨੁੱਖੀ ਹੱਦ ਤੱਕ ਮੁਨਾਫ਼ੇ ਲਈ ਕੁਝ ਵੀ ਕਰਨ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ। ਦਲਜੀਤ ਸਿੰਘ ਇਸ ਸਾਰੇ ਕੁਝ ਬਾਰੇ ਤਿੱਖੀਆਂ ਟਿੱਪਣੀਆਂ ਕਰਦਾ ਹੈ। ਕੈਨੇਡੀ ਦਾ ਕਤਲ, ਕੈਂਸਰ ਦਾ ਇਲਾਜ, ਪ੍ਰਮਾਣੂ ਸ਼ਕਤੀ ਵਾਲੇ ਰੀਐਕਟਰ, ਨੌਂ ਗਿਆਰਾਂ ਦਾ ਅਮਰੀਕੀ ਟਾਵਰਾਂ ਦਾ ਹਾਦਸਾ। ਹਰ ਨੁਕਤੇ ਉਤੇ ਸਖ਼ਤ, ਬੇਬਾਕ ਅਤੇ ਨਵੀਂ ਕਿਸਮ ਦੀਆਂ ਟਿੱਪਣੀਆਂ ਇਸ ਪੁਸਤਕ ਵਿਚ ਚੌਕਾਉਂਦੀਆਂ ਹਨ। ਲੇਖਕ ਇੰਟਰਨੈਟ ਤੋਂ ਪ੍ਰਾਪਤ ਜਾਣਕਾਰੀ ਨੂੰ ਰਤਾ ਵਧੇਰੇ ਹੀ ਮਹੱਤਵ ਦਿੰਦਾ ਹੈ। ਉਸ ਨੂੰ ਸੰਪੂਰਨ ਸੱਚ ਮੰਨਣਾ ਸ਼ਾਇਦ ਉਚਿਤ ਨਹੀਂ। ਇੰਟਰਨੈੱਟ ਉਤੇ ਪ੍ਰਾਪਤ ਅਨੇਕਾਂ ਤੱਥ ਗ਼ਲਤ ਭ੍ਰਾਂਤੀਜਨਕ ਤੇ ਭਰੋਸੇਯੋਗ ਨਹੀਂ। ਉਨ੍ਹਾਂ ਆਸਰੇ ਤੁਰਨ ਦੀ ਥਾਂ ਸੁਤੰਤਰ ਤਰਕ ਤੇ ਪ੍ਰਮਾਣਿਕ ਪੁਸਤਕਾਂ ਦੇ ਹਵਾਲੇ ਨਾਲ ਗੱਲ ਹੋ ਸਕਦੀ ਸੀ। ਇਹ ਵੱਖਰੀ ਪਹੁੰਚ ਗੌਲਣਯੋਗ ਹੈ।

-ਕੁਲਦੀਪ ਸਿੰਘ ਧੀਰ
ਮੋ : 98722-60550

 

ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਇਨਕਲਾਬੀ ਜੀਵਨ
ਲੇਖਕ : ਗੁਲਾਬ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 300.

ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਸਬੰਧਤ ਬਹੁਤ ਸਾਰੇ ਨਵੇਂ ਦਸਤਾਵੇਜ਼ ਸਾਹਮਣੇ ਆ ਰਹੇ ਹਨ। ਭਾਰਤ ਵਿਚ ਇਤਿਹਾਸ-ਲੇਖਣ ਦੀ ਕੋਈ ਪਰਿਪੱਕ ਪਰੰਪਰਾ ਨਹੀਂ ਹੈ, ਇਤਿਹਾਸਕ-ਲੇਖਣ ਵੀ ਮਿਥਿਹਾਸਕ ਵਿਧੀ ਦੁਆਰਾ ਕੀਤਾ ਜਾਂਦਾ ਹੈ। ਆਪਣੇ ਧਰਮ/ਧੜੇ ਨਾਲ ਸਬੰਧਤ ਨਾਇਕਾਂ ਨੂੰ ਪੂਰੇ ਜ਼ੋਰ-ਸ਼ੋਰ ਨਾਲ ਉਭਾਰਿਆ ਜਾਂਦਾ ਹੈ ਅਤੇ ਅੱਨਯਧਰਮੀ ਪੁਰਸ਼ਾਂ ਨੂੰ ਖਲਨਾਇਕ ਨਾਇਕ ਬਣਾ ਕੇ ਪੇਸ਼ ਕਰਨ ਦੀ ਰੁਚੀ ਰਹੀ ਹੈ ਅਤੇ ਇਹ ਰੁਚੀ ਅੱਜ ਤੱਕ ਵੀ ਕਾਇਮ ਹੈ, ਹਾਲਾਂ ਕਿ ਕਹਿਣ ਨੂੰ ਭਾਰਤ ਵਿਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਖੋਜ-ਸੰਸਥਾਨ ਕਾਰਜਸ਼ੀਲ ਹਨ। ਯੂਨੀਵਰਸਿਟੀਆਂ ਵੱਲੋਂ ਲਿਖਿਆ ਜਾ ਰਿਹਾ ਬਹੁਤ ਸਾਰਾ ਇਤਿਹਾਸ ਪੂਰਵਾਗ੍ਰਹਿਆਂ ਉਪਰ ਆਧਾਰਿਤ ਹੁੰਦਾ ਹੈ। ਹਰ ਇਤਿਹਾਸਕਾਰ ਪਹਿਲਾਂ ਤੋਂ ਹੀ ਆਪਣਾ ਮਨ ਬਣਾ ਕੇ ਕਿਸੇ ਵਿਸ਼ੇ ਜਾਂ ਵਿਅਕਤੀ ਬਾਰੇ ਲਿਖਣ ਲਈ ਆਪਣੀ ਕਲਮ ਉਠਾਉਂਦਾ ਹੈ ਅਤੇ ਫਿਰ ਆਪਣੀ ਮਨਸ਼ਾ ਦੇ ਮੁਤਾਬਿਕ ਵੇਰਵੇ/ਤੱਥ ਲੱਭ ਕੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦਾ। ਕਈ ਵਾਰ ਕੋਈ 'ਸਿਰਫਿਰਿਆ' ਇਤਿਹਾਸਕਾਰ ਸੱਚ ਕਹਿਣ ਦੀ ਕੋਸ਼ਿਸ਼ ਵੀ ਕਰ ਬੈਠਦਾ ਹੈ ਅਤੇ ਸਭ ਲੋਕ ਜਾਣਦੇ ਹਨ ਕਿ ਅਜਿਹੇ 'ਸਿਰਫਿਰੇ ਇਤਿਹਾਸਕਾਰ' ਦਾ ਹੱਠਧਰਮੀ ਕਿਸਮ ਦੇ ਲੋਕ ਕੀ ਹਸ਼ਰ ਕਰਦੇ ਹਨ।
ਸ: ਗੁਲਾਬ ਸਿੰਘ ਦੁਆਰਾ ਆਪਣੇ ਜੇਲ੍ਹ-ਜੀਵਨ ਬਾਰੇ ਲਿਖੀ ਇਹ ਸਵੈ-ਜੀਵਨੀ ਸੱਚ ਕਹਿਣ ਦੀ ਇਕ ਮਹੱਤਵਪੂਰਨ ਕੋਸ਼ਿਸ਼ ਹੈ। ਗੁਲਾਬ ਸਿੰਘ ਦਾ ਜਨਮ 1913 ਈ: ਵਿਚ ਗੁਜਰਖਾਨ (ਹੁਣ ਪਾਕਿਸਤਾਨ) ਦੇ ਇਕ ਕਸਬੇ ਬਰਕੀ ਵਿਚ ਹੋਇਆ ਸੀ। 1922 ਈ: ਵਿਚ ਉਹ ਆਪਣੇ ਪਰਿਵਾਰ ਸਮੇਤ ਲਾਹੌਰ ਆ ਗਿਆ ਅਤੇ ਖਾਲਸਾ ਹਾਈ ਸਕੂਲ ਵਿਚ ਦਾਖ਼ਲ ਹੋ ਗਿਆ। ਇਹ ਦਿਨ ਅਕਾਲੀ ਲਹਿਰ ਦੀਆਂ ਸਰਗਰਮੀਆਂ ਨਾਲ ਭਰਪੂਰ ਸਨ ਅਤੇ ਪੰਜਾਬ ਵਿਚ ਅੰਗਰੇਜ਼ ਸਾਮਰਾਜ ਵਿਰੁੱਧ ਰੋਸ ਆਪਣੇ ਸਿਖ਼ਰ ਉਤੇ ਪਹੁੰਚਿਆ ਹੋਇਆ ਸੀ। ਅਕਾਲੀ ਲਹਿਰ ਦੇ ਉਥਾਨ ਤੋਂ ਪਹਿਲਾਂ ਗ਼ਦਰ ਪਾਰਟੀ ਅਤੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਵਾਪਰ ਚੁੱਕੇ ਸਨ। ਬੱਬਰ ਅਕਾਲੀ ਵੀ ਅੰਗਰੇਜ਼ ਸਾਮਰਾਜ ਦੇ ਵਿਰੁੱਧ ਹਥਿਆਰਬੱਧ ਸੰਘਰਸ਼ ਦੇ ਮੁਦਈ ਬਣੇ ਹੋਏ ਸਨ। ਅਜਿਹੇ ਉਤੇਜਨਾ ਭਰਪੂਰ ਮਾਹੌਲ ਵਿਚ ਸ: ਗੁਲਾਬ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੇ ਵੀ ਹਥਿਆਰਬੱਧ ਸੰਘਰਸ਼ ਦੀ ਯੋਜਨਾ ਬਣਾ ਲਈ। ਬੰਬ ਬਣਾਉਣ ਲਈ ਏਸਿਡ ਅਤੇ ਕੁਝ ਹੋਰ ਮਸਾਲਾ ਇਕ ਕਾਲਜ ਦੀ ਲੈਬਾਰਟਰੀ ਤੋਂ ਚੁਰਾ ਲਿਆ ਅਤੇ 1930 ਈ: ਵਿਚ ਲਾਹੌਰ, ਅੰਮ੍ਰਿਤਸਰ, ਗੁਜਰਾਂਵਾਲਾ, ਸ਼ੇਖੂਪੁਰਾ, ਲਾਇਲਪੁਰ ਅਤੇ ਰਾਵਲਪਿੰਡੀ ਆਦਿ ਛੇ ਸ਼ਹਿਰਾਂ ਵਿਚ 19 ਜੂਨ ਨੂੰ ਇਕੋ ਸਮੇਂ ਬੰਬ ਧਮਾਕੇ ਕੀਤੇ ਗਏ, ਜਿਸ ਵਿਚ ਕੁਝ ਪੁਲਿਸ ਕਰਮਚਾਰੀ ਮਾਰੇ ਵੀ ਗਏ। ਪੁਲਿਸ ਇਨ੍ਹਾਂ ਨੌਜਵਾਨਾਂ ਦੇ ਪਿੱਛੇ ਲੱਗ ਗਈ ਅਤੇ 28 ਅਗਸਤ 1930 ਨੂੰ ਇਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕਰਨ ਪਿੱਛੋਂ ਇਨ੍ਹਾਂ ਨੂੰ ਲਾਹੌਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਸ: ਭਗਤ ਸਿੰਘ ਅਤੇ ਉਸ ਦੇ ਸਾਥੀ ਵੀ ਇਸੇ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਉਡੀਕ ਰਹੇ ਸਨ ਅਤੇ ਆਖਰ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਗੁਲਾਬ ਸਿੰਘ ਨੂੰ ਵੀ ਸਜ਼ਾਏ-ਮੌਤ ਦਾ ਹੁਕਮ ਸੁਣਾਇਆ ਗਿਆ ਸੀ ਪਰ ਹਾਲਾਤ ਬੜੀ ਤੇਜ਼ੀ ਨਾਲ ਬਦਲਦੇ ਗਏ, ਜਿਸ ਕਾਰਨ 13 ਫਰਵਰੀ, 1946 ਨੂੰ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

ਪੰਜਾਬ ਦੀਆਂ ਰੁੱਤਾਂ
ਲੇਖਕ : ਡਾ: ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 160.

ਡਾ: ਆਸਾ ਸਿੰਘ ਘੁੰਮਣ ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਅਤੇ ਲੋਕਯਾਨ ਦੇ ਅਧਿਐਨ-ਵਿਸ਼ਲੇਸ਼ਣ ਨਾਲ ਜੁੜਿਆ ਹੋਇਆ ਹੈ। ਹਥਲੀ ਪੁਸਤਕ 'ਪੰਜਾਬ ਦੀਆਂ ਰੁੱਤਾਂ' ਵਿਚ ਉਸ ਨੇ ਪੰਜਾਬ ਦੇ ਦੇਸੀ ਮਹੀਨਿਆਂ ਦੇ ਆਧਾਰ ਉਤੇ ਪੰਜਾਬ ਦੀਆਂ ਰੁੱਤਾਂ ਦਾ ਸੱਭਿਆਚਾਰਕ, ਲੋਕਯਾਨਿਕ ਅਤੇ ਸਾਹਿਤਿਕ ਵਿਸ਼ਲੇਸ਼ਣ ਕੀਤਾ ਹੈ। ਡਾ: ਘੁੰਮਣ ਨੂੰ ਆਧੁਨਿਕ ਸਰੋਕਾਰਾਂ ਬਾਰੇ ਵੀ ਭਰਪੂਰ ਜਾਣਕਾਰੀ ਹੈ ਅਤੇ ਇਸ ਕਾਰਨ ਉਸ ਦੇ ਵਿਸ਼ਲੇਸ਼ਣ ਵਿਚ ਸਾਡੇ ਜੀਵਨ ਦੀ ਆਧੁਨਿਕ ਸ਼ੈਲੀ ਦੇ ਵੀ ਅਨੇਕ ਰੰਗ-ਢੰਗ ਵੇਖੇ ਜਾ ਸਕਦੇ ਹਨ। ਬਾਰਾਂ ਮਹੀਨਿਆਂ ਨੂੰ ਆਧਾਰ ਬਣਾ ਕੇ ਉਸ ਨੇ ਆਪਣੇ ਇਸ ਮੋਨੋਗ੍ਰਾਫ਼ ਦੇ ਬਾਰ੍ਹਾਂ ਅਧਿਆਇ ਬਣਾਏ ਹਨ ਜੋ ਚੇਤਰ ਤੋਂ ਸ਼ੁਰੂ ਹੋ ਕੇ ਫੱਗਣ ਤੱਕ ਜਾ ਪਹੁੰਚਦੇ ਹਨ। ਪ੍ਰਵੇਸ਼ਕਾ ਵਿਚ ਡਾ: ਘੁੰਮਣ ਇਸ ਤੱਥ ਵੱਲ ਸੰਕੇਤ ਕਰਦਾ ਹੈ ਕਿ ਪਦਾਰਥਵਾਦ ਦੇ ਦਬਾਵਾਂ ਅਧੀਨ ਅਜੋਕਾ ਪੰਜਾਬੀ, ਪ੍ਰਕਿਰਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਹੁਣ ਉਸ ਨੂੰ ਪ੍ਰਕਿਰਤੀ ਦੇ ਵਿਭਿੰਨ ਰੰਗ-ਢੰਗ ਮਾਣਨ ਦੀ ਨਾ ਤਾਂ ਵਿਹਲ ਹੈ ਅਤੇ ਨਾ ਹੀ ਇਨ੍ਹਾਂ ਵਿਚ ਉਸ ਦੀ ਕੋਈ ਦਿਲਚਸਪੀ ਰਹੀ ਹੈ। ਇਸ ਪ੍ਰਸੰਗ ਵਿਚ ਉਹ ਪ੍ਰੋ: ਮੋਹਨ ਸਿੰਘ ਦੀਆਂ ਪ੍ਰਸਿੱਧ ਕਾਵਿ-ਪੰਕਤੀਆਂ ਦਾ ਹਵਾਲਾ ਦਿੰਦਾ ਹੈ : ਹੇ ਮੇਰੇ ਭਗਵਾਨ! ਏਨੇ ਸੁੰਦਰ ਫੁੱਲ ਖਿੜਾ ਕੇ ਰੂਪ ਆਪਣੇ ਨੂੰ ਸਾਣ ਚੜ੍ਹਾ ਕੇ, ਵਿਹਲ ਵੀ ਕਰਿਆ ਕਰ ਕੁਝ ਦਾਨ (ਆੜੂਆਂ ਦੇ ਬਾਗ਼ ਕੋਲ ਦੀ ਲੰਘਦਿਆਂ)। ਵੱਖ-ਵੱਖ ਲੇਖਾਂ ਵਿਚ ਵਿਭਿੰਨ ਮਹੀਨਿਆਂ ਬਾਰੇ ਜਾਣਕਾਰੀ ਦੇਣ ਸਮੇਂ ਸਭ ਤੋਂ ਪਹਿਲਾਂ ਉਹ ਉਸ ਮਹੀਨੇ ਦੇ ਮੌਸਮ, ਤਾਪਮਾਨ ਅਤੇ ਸੱਭਿਆਚਾਰਕ ਮਹੱਤਵ ਬਾਰੇ ਦੱਸਦਾ ਹੈ। ਉਸ ਮਹੀਨੇ ਵਿਚ ਲੋਕਾਂ ਦੇ ਰੁਝੇਵਿਆਂ ਅਤੇ ਦਿਲਚਸਪੀਆਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਨਾਲੋ-ਨਾਲ ਸਾਹਿਤ ਅਤੇ ਸੱਭਿਆਚਾਰ ਵਿਚੋਂ ਹਵਾਲੇ ਵੀ ਦਿੰਦਾ ਰਹਿੰਦਾ ਹੈ। ਭਾਰਤੀ ਸਾਹਿਤ ਵਿਚ 'ਰਿਤੂ-ਵਰਣਨ' ਜਾਂ ਬਾਰਹਮਾਹ-ਕਾਵਿ ਦੀ ਇਕ ਪ੍ਰਸਿੱਧ ਪਰੰਪਰਾ ਰਹੀ ਹੈ ਅਤੇ ਇਸ ਪਰੰਪਰਾ ਵਿਚ ਮਹਾਕਵੀ ਕਾਲੀਦਾਸ, ਕੇਸ਼ਵ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਕਵੀ ਨੇ ਇਸ ਯੋਗਦਾਨ ਦਾ ਭਰਪੂਰ ਪ੍ਰਯੋਗ ਕੀਤਾ ਹੈ। ਇਨ੍ਹਾਂ ਮਹਾਂਕਵੀਆਂ ਤੋਂ ਬਿਨਾਂ ਕਿੱਸਾ ਕਾਵਿ ਅਤੇ ਸੂਫ਼ੀ ਕਾਵਿ ਦੇ ਰਚਣਹਾਰਿਆਂ ਨੇ ਵੀ ਬਾਰਹਮਾਹ ਪਰੰਪਰਾ ਦਾ ਪ੍ਰਯੋਗ ਕੀਤਾ ਹੈ। ਆਧੁਨਿਕ ਪੰਜਾਬੀ ਕਵੀਆਂ ਵਿਚੋਂ ਲਾਲਾ ਧਨੀ ਰਾਮ ਚਾਤ੍ਰਿਕ, ਪ੍ਰੋ: ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਵਿਚ ਪੰਜਾਬ ਦੀਆਂ ਰੁੱਤਾਂ ਅਤੇ ਮੌਸਮਾਂ ਦਾ ਕਾਫੀ ਵਰਣਨ ਹੋਇਆ ਹੈ। ਪੰਜਾਬੀ ਲੋਕ ਗੀਤਾਂ ਵਿਚ ਵੀ ਰੁੱਤਾਂ ਦੇ ਮਿਜਾਜ਼ ਸਬੰਧੀ ਬੜੇ ਸਟੀਕ ਹਵਾਲੇ ਮਿਲ ਜਾਂਦੇ ਹਨ। ਲੇਖਕ ਨੇ ਇਨ੍ਹਾਂ ਸਾਰੇ ਸਰੋਤਾਂ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਉਸ ਦੀ ਇਹ ਪੁਸਤਕ ਸਿਰਜਣਾਤਮਕ ਪੰਜਾਬੀ ਵਾਰਤਕ ਦਾ ਇਕ ਬੜਾ ਪ੍ਰਮਾਣਿਕ ਨਮੂਨਾ ਪੇਸ਼ ਕਰਦੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਚੰਗੇ ਜੀਵਨ ਦੀ ਸੁਰ
ਲੇਖਕ : ਸੁਰਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 112.

ਡਾ: ਸੁਰਜੀਤ ਸਿੰਘ ਢਿੱਲੋਂ ਦੇ ਪਿਛਲੇ ਕਈ ਸਾਲਾਂ ਤੋਂ ਅਖ਼ਬਾਰਾਂ ਵਿਚ ਛਪੇ ਹੋਏ ਲੇਖ ਪੜ੍ਹਨ ਦਾ ਮੌਕਾ ਮਿਲਦਾ ਰਿਹਾ ਹੈ। ਇਨ੍ਹਾਂ ਹਮੇਸ਼ਾ ਆਪਣੀ ਵਾਰਤਕ ਰਾਹੀਂ ਸਮਾਜ ਨੂੰ ਦਰਪੇਸ਼ ਚੁਣੌਤੀਆਂ ਖਿਲਾਫ਼ ਆਪਣੀ ਕਲਮ ਦੀ ਵਰਤੋਂ ਕੀਤੀ ਹੈ। ਹਥਲੇ ਸੰਗ੍ਰਹਿ ਵਿਚ ਬਾਈ ਦੇ ਕਰੀਬ ਲੇਖ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਦਰਜ ਹਨ, ਜਿਨ੍ਹਾਂ ਰਾਹੀਂ ਡਾ: ਢਿੱਲੋਂ ਨੇ ਮਨੁੱਖੀ ਜੀਵਨ ਦੀ ਹੋਂਦ, ਤੰਦਰੁਸਤ ਜੀਵਨ ਜਿਊਣ ਦੀ ਵਿਧੀ, ਵਿਸ਼ਵ ਪੱਧਰ 'ਤੇ ਜੀਵਨ ਅਤੇ ਵਿਗਿਆਨ ਦੇ ਖੇਤਰ 'ਚ ਹੋ ਰਹੀ ਪ੍ਰਗਤੀ, ਪ੍ਰਦੂਸ਼ਣ ਦੀ ਵਧ ਰਹੀ ਮਾਤਰਾ, ਭ੍ਰਿਸ਼ਟਾਚਾਰ ਨਾਲ ਲਬਰੇਜ਼ ਸਿਆਸਤ, ਵਿਦਿਅਕ ਪ੍ਰਣਾਲੀ ਵਿਚ ਆ ਰਿਹਾ ਨਿਘਾਰ, ਮਨੁੱਖ ਦੇ ਨਿੱਘਰ ਰਹੇ ਕਿਰਦਾਰ, ਆਦਿ ਅਨੇਕਾਂ ਚਿੰਤਾਵਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਆਪਣੇ ਹਰ ਲੇਖ ਵਿਚ ਉਰਦੂ ਦੇ ਖੂਬਸੂਰਤ ਸ਼ਿਅਰਾਂ ਰਾਹੀਂ ਆਪਣੀ ਗੱਲ ਨੂੰ ਰੌਚਿਕ ਬਣਾਇਆ ਹੈ। ਬੜੀ ਸਰਲ, ਸਾਦੀ ਤੇ ਦਿਲਚਸਪ ਭਾਸ਼ਾ ਰਾਹੀਂ ਉਨ੍ਹਾਂ ਮਨੁੱਖੀ ਜੀਵਨ ਦੀ ਹੋਂਦ ਨੂੰ ਦਰਪੇਸ਼ ਖ਼ਤਰਿਆਂ ਤੋਂ ਜਾਣੂ ਕਰਵਾ ਕੇ ਆਪਣਾ ਫਰਜ਼ ਨਿਭਾਇਆ ਹੈ। ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਪੁਸਤਕਾਂ ਕਾਫੀ ਗਿਣਤੀ ਵਿਚ ਛਪ ਰਹੀਆਂ ਹਨ, ਜੋ ਵਿਗਿਆਨਕ ਤਰੱਕੀ ਨਾਲ ਆਈਆਂ ਸੁੱਖ-ਸਹੂਲਤਾਂ ਦੇ ਨਾਲ-ਨਾਲ ਵਾਤਾਵਰਨ ਤੇ ਮਨੁੱਖੀ ਜੀਵਨ ਪ੍ਰਤੀ ਵਧ ਰਹੇ ਖ਼ਤਰਿਆਂ ਤੋਂ ਸੁਚੇਤ ਕਰਦੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਡਾ: ਢਿੱਲੋਂ ਇਸੇ ਰਫ਼ਤਾਰ ਨਾਲ ਪੰਜਾਬੀ ਸਾਹਿਤ ਅਤੇ ਵਿਗਿਆਨ ਦੇ ਖੇਤਰ ਵਿਚ ਸਰਗਰਮ ਰਹਿਣਗੇ।

ਅਮਰੀਕਾ ਦੀ ਚੋਣਵੀਂ ਪੰਜਾਬੀ ਗ਼ਜ਼ਲ
ਸੰਪਾਦਕ : ਸੁਰਿੰਦਰ ਸੋਹਲ, ਇੰਦਰਜੀਤ ਪੁਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 182.

ਪਿਛਲੇ ਕੁਝ ਸਾਲਾਂ ਤੋਂ ਪਰਵਾਸੀ ਪੰਜਾਬੀ ਸਾਹਿਤ ਵਿਚ ਮਿਆਰ ਪੱਖੋਂ ਕਾਫੀ ਵਾਧਾ ਹੋਇਆ ਹੈ। ਰੋਜ਼ੀ-ਰੋਟੀ ਲਈ ਪਰਵਾਸ ਹੰਢਾਅ ਰਹੇ ਪੰਜਾਬੀਆਂ ਨੇ ਪਰਵਾਸੀ ਜੀਵਨ ਦੀਆਂ ਸਥਿਤੀਆਂ 'ਚੋਂ ਪੈਦਾ ਹੋਈਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਸਾਹਿਤ ਰਾਹੀਂ ਕੀਤਾ ਹੈ। ਅਮਰੀਕੀ ਪੰਜਾਬੀ ਕਵਿਤਾ ਦੀ ਅਮੀਰ ਪ੍ਰੰਪਰਾ ਹੈ। ਗ਼ਦਰ ਲਹਿਰ ਦੇ ਕਵੀਆਂ ਨੇ ਕ੍ਰਾਂਤੀਕਾਰੀ ਕਵਿਤਾ ਦੀ ਸਿਰਜਣਾ ਕਰਕੇ ਪਰਵਾਸੀ ਕਵਿਤਾ ਦਾ ਆਗਾਜ਼ ਕੀਤਾ ਸੀ। ਇਸ ਦੌਰ ਦੇ ਕਵੀਆਂ ਸਾਹਮਣੇ ਵੱਖਰੀ ਤਰ੍ਹਾਂ ਦੀਆਂ ਚੁਣੌਤੀਆਂ ਹਨ।
ਸੰਪਾਦਿਤ ਕੀਤੀ ਹੱਥਲੀ ਪੁਸਤਕ ਵਿਚ ਕਾਫੀ ਵੱਡੀ ਗਿਣਤੀ ਵਿਚ ਅਮਰੀਕਾ ਦੇ ਗ਼ਜ਼ਲਗੋ ਸ਼ਾਮਿਲ ਹਨ। ਇਨ੍ਹਾਂ ਵਿਚ ਕੁਝ ਸਥਾਪਿਤ ਵੱਡੇ ਸ਼ਾਇਰ ਵੀ ਹਨ। ਇਹ ਸ਼ਾਇਰ ਕਈ ਮਹੱਤਵਪੂਰਨ ਸੰਗ੍ਰਹਿ ਛਪਵਾ ਚੁੱਕੇ ਹਨ। ਇਨ੍ਹਾਂ ਵਿਚ ਸੁਰਿੰਦਰ ਸੋਹਲ, ਹਰਜਿੰਦਰ ਕੰਗ, ਕੁਲਵਿੰਦਰ, ਸੁਰਜੀਤ ਸਖੀ, ਜਗਜੀਤ ਬਰਾੜ, ਸੁਰਿੰਦਰ ਸੀਰਤ, ਸ਼ੇਰ ਸਿੰਘ ਕੰਵਲ, ਰਵਿੰਦਰ ਸਹਿਰਾਅ ਅਤੇ ਸੁਹਿੰਦਰ ਬੀਰ ਆਦਿ ਪ੍ਰਮੁੱਖ ਹਨ। ਇਨ੍ਹਾਂ ਗ਼ਜ਼ਲਗੋਆਂ ਨੇ ਅਜੋਕੇ ਦੌਰ ਦੀਆਂ ਚੁਣੌਤੀਆਂ ਸੰਗ ਆਪਣੀ ਕਲਮ ਦੀ ਵਰਤੋਂ ਕੀਤੀ ਹੈ। ਇਨ੍ਹਾਂ ਗ਼ਜ਼ਲ ਵਿਧਾ ਵਿਚ ਪਰਵਾਸੀ ਮਾਹੌਲ ਵਿਚਲੀ ਮਨੋਸਥਿਤੀ ਨੂੰ ਪੇਸ਼ ਕੀਤਾ ਹੈ। ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ, ਵਤਨ ਪ੍ਰਸਤੀ, ਬੱਚਿਆਂ ਦਾ ਪੱਛਮੀ ਸੱਭਿਆਚਾਰ ਦੀ ਜਕੜ ਹੇਠ ਆਉਣਾ, ਪੀੜ੍ਹੀ-ਪਾੜਾ ਆਦਿ ਸੰਕਟ ਪੇਸ਼ ਕਰਦੀ ਇਹ ਗ਼ਜ਼ਲ ਸਫ਼ਰ ਤਹਿ ਕਰਦੀ ਹੈ। ਇਹ ਗ਼ਜ਼ਲ ਸਮਾਜਿਕ ਤੇ ਰਾਜਸੀ ਚੇਤਨਾ ਦਾ ਪ੍ਰਗਟਾਵਾ ਕਰਦੀ ਹੋਈ ਆਪਣੀ ਚਿੰਤਾ ਪਾਠਕਾਂ ਨਾਲ ਸਾਂਝੀ ਕਰਦੀ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਕਾਫੀ ਗ਼ਜ਼ਲਾਂ ਭਰਤੀ ਕਿਸਮ ਦੀਆਂ ਹਨ, ਸੰਪਾਦਕਾਂ ਨੂੰ ਚੋਣ ਕਰਨ ਸਮੇਂ ਕੋਈ ਮਾਪ-ਦੰਡ ਜ਼ਰੂਰ ਰੱਖਣਾ ਚਾਹੀਦਾ ਸੀ। ਰਲੇ-ਮਿਲੇ ਪ੍ਰਭਾਵਾਂ ਵਾਲੀ ਇਹ ਪੁਸਤਕ ਪੜ੍ਹਨ-ਯੋਗ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਅਲੋਪ ਹੋ ਰਹੇ ਰਸਮ-ਰਿਵਾਜ
ਲੇਖਕ : ਹਰਕੇਸ਼ ਸਿੰਘ ਕਹਿਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 124.

ਹਥਲੀ ਪੁਸਤਕ ਪੰਜਾਬੀਅਤ ਦੀ ਪਛਾਣ ਦੇ ਬੁਨਿਆਦੀ ਸਰੋਕਾਰਾਂ ਦੇ ਸਮਾਜਿਕ ਤੇ ਸੱਭਿਆਚਾਰਕ ਪਹਿਲੂਆਂ ਨੂੰ ਪ੍ਰਗਟ ਕਰਦੀ ਹੈ। ਇਹ ਲੇਖਕ ਇਸ ਪੁਸਤਕ ਤੋਂ ਪਹਿਲਾਂ ਲਗਭਗ ਇਕ ਦਰਜਨ ਅਜਿਹੀਆਂ ਹੀ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕਾ ਹੈ, ਜਿਨ੍ਹਾਂ ਥਾਣੀਂ ਉਸ ਨੇ ਬਹੁਤ ਸਾਰੇ ਲੁਪਤ ਹੋ ਚੁੱਕੇ ਜਾਂ ਲੁਪਤ ਹੋ ਰਹੇ ਪੱਖਾਂ ਨੂੰ ਵਿਗਿਆਨਕ ਦ੍ਰਿਸ਼ਟੀ ਦੇ ਅੰਤਰਗਤ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ 99 ਅਜਿਹੇ ਰਸਮ ਰਿਵਾਜ ਅੰਕਿਤ ਹਨ, ਜਿਨ੍ਹਾਂ ਦੇ ਵਰਤਾਰੇ ਵਿਚੋਂ ਪੰਜਾਬੀ ਜਨ-ਜੀਵਨ ਦੀ ਤੋਰ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਨੈਤਿਕ ਕਿਰਦਾਰ, ਧਾਰਮਿਕ ਅਨੁਸ਼ਠਾਨ, ਰੱਖ-ਰਖਾਅ ਦੀ ਨੇਮਾਵਲੀ, ਸਮਾਜਿਕ ਤੇ ਆਰਥਿਕ ਰੁਤਬੇ ਜਾਂ ਦਰਜੇ ਅਨੁਸਾਰ ਵਰਤੋਂ-ਵਿਹਾਰ, ਰਿਸ਼ਤਿਆਂ ਵਿਚਲੀ ਪਾਕੀਜ਼ਗੀ, ਜੀਵਨ ਜਿਊਣ ਦੀ ਜੁਗਤ-ਪ੍ਰਣਾਲੀ, ਪੁੰਨ-ਦਾਨ ਦੀ ਆਕ੍ਰਿਤੀ-ਪ੍ਰਕਿਰਤੀ ਅਤੇ ਪ੍ਰਯੋਜਨ ਆਦਿ ਸੰਦਰਭਾਂ ਦੀ ਪ੍ਰਮੁੱਖਤਾ ਵਿਚ ਇਨ੍ਹਾਂ ਰਸਮਾਂ-ਰਿਵਾਜਾਂ ਨੂੰ ਜਿਸ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ, ਉਹ ਮੀਰੀ ਗੁਣ ਇਸ ਪੁਸਤਕ ਦੇ ਅਧਿਐਨ ਤੋਂ ਸਹਿਜੇ ਹੀ ਪ੍ਰਗਟ ਹੋ ਜਾਂਦਾ ਹੈ। ਰੁੱਖ-ਬੂਟਿਆਂ ਦੀ ਪੂਜਾ, ਅੱਕ ਦੀ ਪੂਜਾ, ਤੇਲ, ਪਾਣੀ, ਸੂਰਜ, ਦਿਨ-ਦਿਹਾਰ, ਚੰਨ ਚੜ੍ਹਨ, ਗੁੱਡੀ ਫੂਕਣ ਘੜਾ ਭੰਨਣ, ਜਠੇਰਿਆਂ ਦੀ ਪੂਜਾ, ਹਲ ਦਾ ਵਿਆਹ, ਖੂਹ ਪੂਜਣਾ ਆਦਿ ਅਜਿਹੀਆਂ ਰਸਮਾਂ-ਰਿਵਾਜ ਹਨ, ਜਿਨ੍ਹਾਂ ਦੀ ਮਨੌਤ ਨਾਲ ਸਿੱਧਾ ਸਬੰਧ ਪਰਿਵਾਰਕ ਖੁਸ਼ਹਾਲੀ, ਖੇਤੀ ਖੁਸ਼ਹਾਲੀ ਅਤੇ ਚੰਗੀ ਆਰਥਿਕ ਤੇ ਸਮਾਜਿਕ ਅਵਸਥਾ ਦੀ ਸਿਰਜਣਾ ਨਾਲ ਹੈ। ਇਸੇ ਤਰ੍ਹਾਂ ਵਾਲਾਂ ਨਾਲ ਸਬੰਧਤ, ਜਿਵੇਂ ਵਾਲ ਗੁੰਦਣਾ, ਤੇਲ ਚਾੜ੍ਹਨਾ, ਅੱਗ ਦੱਬਣਾ, ਚੌਕੇ ਚੜ੍ਹਨਾ ਆਦਿ ਰਸਮਾਂ ਦਾ ਸਬੰਧ ਅਤੇ ਪ੍ਰਯੋਜਨ ਵੀ ਪੰਜਾਬੀ ਮਾਨਸਿਕਤਾ ਵਿਚ ਸੁਖਾਂ ਦੀ ਪ੍ਰਾਪਤੀ ਵਿਚ ਨਿਹਿਤ ਮੰਨਿਆ ਜਾਂਦਾ ਪ੍ਰਗਟ ਕੀਤਾ ਗਿਆ ਹੈ। ਮਨੁੱਖ ਜਾਤੀ ਦੇ ਜਨਮ ਦੇ ਆਸਾਰ ਪੈਦਾ ਹੋਣ 'ਤੇ ਸੋਹਲੜੇ ਗਾਏ ਜਾਣੇ, ਵਿਆਹ-ਸ਼ਾਦੀ ਸਮੇਂ ਸਬੰਧਤ ਰਸਮਾਂ ਨੂੰ ਲੋਕ-ਗੀਤਾਂ ਜ਼ਰੀਏ ਰਿਸ਼ਤਿਆਂ ਦੀ ਹੋਂਦ-ਸਥਿਤੀ ਦੀ ਮਹੱਤਤਾ ਨੂੰ ਦਰਸਾਅ ਕੇ ਪੇਸ਼ ਕਰਨਾ ਜਾਂ ਮਰਨ ਨਾਲ ਸਬੰਧਤ ਸਿਆਪਾ, ਫੁਲ ਚੁਗਣੇ, ਭਾਂਡਾ ਭੰਨਣਾ ਆਦਿ ਹੋਰ ਅਨੇਕਾਂ ਅਮੀਰ ਵਿਰਾਸਤ ਨੂੰ ਜੋ ਕਿ ਵਡੇਰਿਆਂ ਦੁਆਰਾ ਸਹਿਜ ਰੂਪ 'ਚ ਪ੍ਰਗਟ ਕੀਤੀ ਜਾਂ ਨਿਭਾਈ ਜਾਂਦੀ ਰਹੀ ਹੈ, ਨੂੰ ਜਿਊਂਦਿਆਂ ਰੱਖਣ ਲਈ ਵੀ ਸ: ਹਰਕੇਸ਼ ਸਿੰਘ ਕਹਿਲ ਪਾਠਕਾਂ ਸਾਹਮਣੇ ਵਿਚਾਰ ਰੱਖਣ ਦੇ ਉੱਤਮ ਉਪਰਾਲੇ ਕਰਦਾ ਹੋਇਆ ਪ੍ਰਤੀਤ ਹੋਇਆ ਹੈ। ਬੜੀ ਸਰਲ ਪਰ ਮਲਵਈ ਉਪ-ਭਾਸ਼ਾ ਦੇ ਮਿੱਠੇ, ਰਸੀਲੇ ਸ਼ਬਦਾਂ ਦੀ ਜੜ੍ਹਤ 'ਚ ਜੜੀ ਇਹ ਪੁਸਤਕ ਪੰਜਾਬੀ ਸੱਭਿਆਚਾਰ ਦੇ ਖੇਤਰ ਦੀ ਅਨਮੋਲ ਪੁਸਤਕ ਆਖੀ ਜਾ ਸਕਦੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

ਹੁਣ ਚੁੱਪ ਨਹੀਂ ਰਹਿਣਾ
ਲੇਖਕ : ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 150.

ਖੜਕਵੇਂ ਸਿਰਲੇਖ ਵਾਲੀ ਇਸ ਪੁਸਤਕ ਵਿਚ ਲੇਖਕ ਬਲਵਿੰਦਰ ਸਿੰਘ ਫ਼ਤਹਿਪੁਰੀ ਦੇ 39 ਲੇਖ ਹਨ, ਜਿਨ੍ਹਾਂ ਬਾਰੇ ਨਾਵਲਕਾਰ ਦਲੀਪ ਕੌਰ ਟਿਵਾਣਾ ਨੇ ਲਿਖਿਆ ਹੈ ਕਿ ਇਹ ਲਿਖਤਾਂ ਬੜੀਆਂ ਰੌਚਿਕ ਤੇ ਸੱਚ ਨੂੰ ਬਿਆਨ ਕਰਨ ਵਾਲੀਆਂ ਹਨ। ਲਿਖਤਾਂ ਵਿਚ ਹਿਊਮਰ ਕਮਾਲ ਦੀ ਹੈ। ਲੇਖਾਂ ਵਿਚ ਬੜੀ ਬੇਬਾਕੀ ਨਾਲ ਭਾਰਤੀ ਲੋਕਤੰਤਰ ਦੇ ਪਾਜ ਖੋਲ੍ਹੇ ਗਏ ਹਨ। ਇਥੇ ਮੁਗਲ ਆਏ, ਅੰਗਰੇਜ਼ ਆਏ, ਅਬਦਾਲੀ, ਗੌਰੀ, ਗਜ਼ਨਵੀ ਜਿਹੇ ਧਾੜਵੀ ਦੇਸ਼ ਨੂੰ ਲੁੱਟਦੇ ਬਣੇ ਤੇ ਹੁਣ ਆਜ਼ਾਦੀ ਪਿੱਛੋਂ ਦੇਸ਼ ਵਿਚ ਰਾਜ ਕਰਨ ਵਾਲਿਆਂ ਨੇ ਲਾਰਾ ਲੱਪਾ ਤੇ ਸਬਜ਼ਬਾਗ ਦਿਖਾ ਕੇ ਲੋਕਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ। ਬੇਰੁਜ਼ਗਾਰੀ, ਲੁੱਟਾਂ-ਖੋਹਾਂ, ਬਲਾਤਕਾਰ, ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਵੀ ਖ਼ਤਰੇ ਵਿਚ ਪੈ ਚੁੱਕੀ ਹੈ। ਇਨ੍ਹਾਂ ਸਥਿਤੀਆਂ ਵਿਚ ਫਤਹਿਪੁਰੀ ਇਸ ਪੁਸਤਕ ਵਿਚ ਨਾਅਰਾ ਲਾ ਰਿਹਾ ਹੈ ਆਓ ਚੁੱਪਾਂ ਤੋੜੀਏ। ਪੁਸਤਕ ਦੇ ਸਾਰੇ ਲੇਖ ਇਕਸਾਰ ਸਾਦਗੀ ਭਰਪੂਰ, ਛੋਟੇ-ਛੋਟੇ ਭਾਰਤੀ ਇਤਿਹਾਸ ਮਿਥਿਹਾਸ ਦੇ ਹਵਾਲਿਆਂ ਨਾਲ ਸਰਸ਼ਾਰ ਹਨ। ਪੰਜਾਬ ਤੇ ਸਮੁੱਚੇ ਦੇਸ਼ ਦੀ ਢਿੱਲ-ਮੱਠ ਤੇ ਢਾਹੂ ਸਿਆਸਤ ਤੋਂ ਪਾਠਕ ਨੂੰ ਪੂਰੀ ਤਰ੍ਹਾਂ ਸੁਚੇਤ ਕਰਦੇ ਹਨ। ਪੁਸਤਕ ਵਿਚ ਕਈ ਅਟੱਲ ਸਚਾਈਆਂ ਵਰਗੇ ਵਾਕ ਹਨ, ਜਿਨ੍ਹਾਂ ਦਾ ਦਾਰਸ਼ਨਿਕ ਪੱਖ ਪਾਠਕ ਨੂੰ ਚੇਤੰਨ ਕਰਦਾ ਹੈ। ਲੇਖਕ ਦੇਸ਼ ਦੀਆਂ ਸਿਆਸੀ ਪਾਰਟੀਆਂ, ਸਿਆਸਤਦਾਨਾਂ 'ਤੇ ਗੁੱਝੀਆਂ ਟਕੋਰਾਂ ਲਾਉਂਦਾ ਹੈ। ਸਚਾਈਆਂ ਭਰਪੂਰ ਪੰਜਾਬੀ ਦੀ ਖੜਕਵੀਂ ਵਾਰਤਕ ਵਾਲੀ ਪੁਸਤਕ ਦਾ ਸਵਾਗਤ ਹੈ।

ਕਿਣ ਮਿਣ ਕਣੀਆਂ
ਲੇਖਕ : ਰਤਨ ਸਿੰਘ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 186.

ਰਤਨ ਸਿੰਘ (ਨੋਇਡਾ ਦਿੱਲੀ) ਮੂਲ ਰੂਪ ਵਿਚ ਉਰਦੂ ਦਾ ਸਾਹਿਤਕਾਰ ਹੈ। ਇਸ ਤੋਂ ਪਹਿਲਾਂ ਉਸ ਦੀਆਂ ਛੇ ਕਿਤਾਬਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚ ਕਵਿਤਾਵਾਂ, ਦੋਹੇ, ਸੀਹਰਫੀਆਂ ਤੇ ਇਕ ਆਪਣੇ ਹੀ ਉਰਦੂ ਨਾਵਲ ਦਾ ਪੰਜਾਬੀ ਤਰਜਮਾ ਹੈ। 'ਕਿਣ ਮਿਣ ਕਣੀਆਂ' ਵਿਚ ਉਸ ਦੀਆਂ 104 ਰਚਨਾਵਾਂ ਹਨ। ਇਨ੍ਹਾਂ ਰਚਨਾਵਾਂ ਨੂੰ ਲੇਖਕ ਨੇ ਕਹਾਣੀਆਂ ਕਿਹਾ ਹੈ। ਪਰ ਕੁਝ ਕਵਿਤਾਵਾਂ ਵਰਗੀਆਂ ਰਚਨਾਵਾਂ ਵੀ ਪੁਸਤਕ ਵਿਚ ਸ਼ਾਮਿਲ ਹਨ, ਜਿਵੇਂ ਮੰਥਨ (ਸਫ਼ਾ 92), ਦੀਵਾ (138), ਸੁਫ਼ਨਾ (161), ਇਕ ਰਚਨਾ ਹੈ ਇਕ ਸਵਾਲ ਅਲਜਬਰੇ ਦਾ (ਪੰਨਾ 133) ਲੇਖਕ ਸਾਰੀਆਂ ਰਚਨਾਵਾਂ ਨੂੰ ਕਹਾਣੀ ਵਰਗੀ ਛੋਹ ਦਿੰਦਾ ਹੈ। ਕਈ ਰਚਨਾਵਾਂ ਬਿਲਕੁਲ ਛੋਟੇ ਆਕਾਰ ਦੀਆਂ ਹਨ, ਜਿਵੇਂ ਰਾਹ ਦੀ ਧੂੜ (24), ਤਜਰਬਾ (110) ਰਚਨਾਵਾਂ ਨੂੰ ਮਿੰਨੀ ਕਹਾਣੀ ਕਹਿਣ ਤੋਂ ਲੇਖਕ ਗੁਰੇਜ਼ ਕਰਦਾ ਹੈ। ਭਾਵੇਂ ਆਕਾਰ ਵੱਲੋਂ ਰਚਨਾਵਾਂ ਮਿੰਨੀ ਆਕਾਰ ਦੀਆਂ ਹਨ। ਇਕ ਅੱਧ ਪੰਨੇ ਤੇ। ਸਾਹਿਤਕਾਰ ਡਾ: ਕਰਨਜੀਤ ਸਿੰਘ ਦੇ ਮੁੱਖ ਬੰਦ ਵਿਚ ਕਹਾਣੀਆਂ ਬਾਰੇ ਸਾਰਥਕ ਚਰਚਾ ਕੀਤੀ ਗਈ ਹੈ। ਲੇਖਕ ਕਹਾਣੀ ਤੇ ਮਿੰਨੀ ਕਹਾਣੀ ਬਾਰੇ ਵੀ ਇਕ ਅੰਤਕਾ ਰਚਨਾ ਪੁਸਤਕ ਵਿਚ ਸ਼ਾਮਿਲ ਕਰਦਾ ਹੈ। ਕਹਾਣੀਆਂ ਦੀ ਕਹਾਣੀ ਪੰਨਾ (185) ਜਿਸ ਵਿਚ ਸ਼ਬਦ ਹਨ-ਕੋਈ ਵੀ ਕਲਾਕ੍ਰਿਤੀ ਆਪਣੇ ਆਕਾਰ ਦੀ ਵਜ੍ਹਾ ਨਾਲ ਵੱਡੀ ਜਾਂ ਛੋਟੀ ਨਹੀਂ ਬਣਦੀ। ਉਹ ਚੰਗੀ ਬਣਦੀ ਏ ਆਪਣੇ ਸੋਹਣੇ ਨੈਣ ਨਕਸ਼ਾਂ ਨਾਲ, ਇਨ੍ਹਾਂ ਵਿਚ ਛੁਪੇ ਸੂਝ ਦੇ ਅਰਥਾਂ ਨਾਲ। ਇਸ ਪੱਖ ਤੋਂ ਵੇਖਿਆ ਜਾਵੇ ਤਾਂ ਲੇਖਕ ਦਾ ਵਧੇਰੇ ਜ਼ੋਰ ਇਨ੍ਹਾਂ ਰਚਨਾਵਾਂ ਵਿਚ ਅਰਥ ਭਰਨ 'ਤੇ ਲੱਗਾ ਹੈ। ਇਸ ਦਿਸ਼ਾ ਵਿਚ ਲੇਖਕ ਕਾਮਯਾਬ ਹੈ। ਪਰ ਵਰਤਮਾਨ ਪੰਜਾਬੀ ਕਹਾਣੀ ਦੇ ਇਸ ਆਕਾਰ ਨੂੰ ਵਧੇਰੇ ਲੇਖਕ ਮਿੰਨੀ ਕਹਾਣੀ ਦਾ ਨਾਂਅ ਹੀ ਦੇ ਰਹੇ ਹਨ। ਦਾਰਸ਼ਨਿਕਤਾ, ਸੰਖੇਪਤਾ, ਕਲਪਨਾ, ਸੁਹਜ, ਕਾਵਿਕਤਾ, ਇਸ ਪੁਸਤਕ ਦੀਆਂ ਰਚਨਾਵਾਂ ਦੀ ਮੁੱਖ ਵਿਸ਼ੇਸ਼ਤਾ ਹੈ। ਰਚਨਾਵਾਂ ਦੇ ਸਿਰਲੇਖ ਆਮ ਜ਼ਿੰਦਗੀ ਨਾਲ ਜੁੜੇ ਹੋਏ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

 

7-7-2013

 ਡਾਕਟਰ ਦੀ ਨਿੱਜੀ ਡਾਇਰੀ
ਲੇਖਿਕਾ : ਡਾ: ਹਰਸ਼ਿੰਦਰ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 140 ਰੁਪਏ, ਸਫ਼ੇ : 264.

ਹਰਸ਼ਿੰਦਰ ਕੌਰ ਦਾ ਜੀਵਨ-ਅਨੁਭਵ ਬੜਾ ਵਿਸ਼ਾਲ ਅਤੇ ਵੰਨ-ਸੁਵੰਨਾ ਹੈ। ਸੰਜੋਗਵੱਸ ਉਸ ਦਾ ਪਤੀ ਡਾ: ਗੁਰਪਾਲ ਸਿੰਘ ਉਸ ਦੀ ਹਰ ਰਚਨਾਤਮਕ ਲੋੜ ਦਾ ਪੂਰਾ-ਪੂਰਾ ਧਿਆਨ ਰੱਖਦਾ ਹੈ ਅਤੇ 'ਏਕ ਜੋਤਿ ਦੁਇ ਮੂਰਤੀ' ਵਾਲਾ ਗੁਰਵਾਕ ਇਸ ਜੋੜੀ ਉਪਰ ਪੂਰੀ ਤਰ੍ਹਾਂ ਨਾਲ ਢੁਕਦਾ ਹੈ।
ਉਸ ਨੇ ਆਪਣਾ ਰਚਨਾਤਮਕ ਜੀਵਨ ਇਕ ਖੋਜੀ ਡਾਕਟਰ ਦੇ ਰੂਪ ਵਿਚ ਸ਼ੁਰੂ ਕੀਤਾ ਸੀ ਅਤੇ ਉਸ ਦੀਆਂ ਮੁਢਲੀਆਂ ਪੁਸਤਕਾਂ ਡਾਕਟਰੀ ਗਿਆਨ ਨਾਲ ਭਰਪੂਰ ਸਨ, ਜਿਵੇਂ : ਦਿਲ ਦੇ ਰੋਗ, ਖੁਰਾਕ ਬਾਰੇ ਜਾਣਕਾਰੀ, ਸੰਤੁਲਿਤ ਆਹਾਰ, ਬੱਚਿਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਇਤਿਆਦਿ। ਪ੍ਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਇਹ ਪੰਜਾਬ ਦੀਆਂ ਸੱਭਿਆਚਾਰਕ ਸਮੱਸਿਆਵਾਂ ਬਾਰੇ ਵੀ ਬੜੇ ਅਧਿਕਾਰ ਨਾਲ ਲਿਖ ਰਹੀ ਹੈ। 'ਭਰੂਣ ਹੱਤਿਆ : ਇਕ ਸੰਤਾਪ' (2008) ਇਸ ਪ੍ਰਸੰਗ ਵਿਚ ਉਸ ਦੀ ਇਕ ਉਲੇਖਯੋਗ ਰਚਨਾ ਹੈ ਅਤੇ ਇਸ ਪੁਸਤਕ ਉੱਪਰ ਆਧਾਰਿਤ ਸਕ੍ਰਿਪਟ ਸਾਹਿਤ ਰਚਿਆ ਹੈ। 'ਡਾਕਟਰ ਮਾਸੀ' ਦੇ ਰੂਪ ਵਿਚ ਉਹ ਬੱਚਿਆਂ ਨਾਲ ਬਹੁਤ ਅਰਥਪੂਰਨ ਸੰਵਾਦ ਰਚਾਉਂਦੀ ਆ ਰਹੀ ਹੈ। ਹਥਲੀ ਪੁਸਤਕ ਵਿਚ ਉਸ ਨੇ ਭਾਰਤੀ ਸੱਭਿਆਚਾਰ ਦੇ ਬਹੁਤ ਸਾਰੇ ਦੁਖਦੇ ਅੰਗਾਂ ਉਤੇ ਮਲ੍ਹਮ ਲਗਾਈ ਹੈ। ਉਹ ਬੱਚਿਆਂ, ਇਸਤਰੀਆਂ, ਗਰੀਬਾਂ, ਦੁਖਿਆਰਿਆਂ ਆਦਿਕ ਹਾਸ਼ੀਆਕ੍ਰਿਤ ਵਰਗਾਂ ਪ੍ਰਤੀ ਆਪਣੀ ਸੰਵੇਦਨਾ ਅਤੇ ਸਹਾਨੁਭੂਤੀ ਦਾ ਇਜ਼ਹਾਰ ਕਰਕੇ ਵਾਸਤਵ ਵਿਚ 'ਪੰਜਾਬ ਦੀ ਧੀ' ਸਿੱਧ ਹੋਈ ਹੈ। ਲਿਖਣ ਸਮੇਂ ਜਦੋਂ ਵੀ ਕੋਈ ਲੇਖਕੀ-ਪ੍ਰਸੰਗ ਹੱਥ ਆਉਂਦਾ ਹੈ ਤਾਂ ਉਹ ਆਪਣੇ ਪਿਤਾ ਪ੍ਰੋ: ਪ੍ਰੀਤਮ ਸਿੰਘ ਦੀਆਂ ਯਾਦਾਂ ਸਾਂਝੀਆਂ ਕਰਨ ਤੋਂ ਨਹੀਂ ਖੁੰਝਦੀ। ਪ੍ਰੋ: ਸਾਹਿਬ ਇਕ ਮਹਾਨ ਲੇਖਕ ਹੋਣ ਦੇ ਨਾਲ-ਨਾਲ ਇਕ ਬੇਨਜ਼ੀਰ ਮਨੁੱਖ ਵੀ ਸਨ। ਆਪਣੇ ਜਨਮ-ਦਿਨ ਦੇ ਮੌਕੇ ਉਹ ਆਪਣੀਆਂ ਚਾਰ ਬੇਟੀਆਂ ਦੇ ਨਾਲ-ਨਾਲ ਕੁਝ ਹੋਰ ਮੂੰਹ ਬੋਲੀਆਂ ਬੇਟੀਆਂ (ਦਲੀਪ ਕੌਰ ਟਿਵਾਣਾ, ਪ੍ਰਿਤਪਾਲ ਕੌਰ, ਪ੍ਰੀਤਮ ਕੌਰ, ਹਰਭਜਨ ਕੌਰ ਆਦਿ) ਨੂੰ ਉਪਹਾਰ ਵਜੋਂ ਸੂਟ ਦਿਆ ਕਰਦੇ ਸਨ। ਉਂਜ ਵੀ ਉਨ੍ਹਾਂ ਨੇ ਆਪਣੀ ਸਾਰੀ ਪੂੰਜੀ (ਸਾਹਿਤਕ/ਪਦਾਰਥਕ) ਸਭ ਲਈ ਸਾਂਝੀ ਰੱਖੀ ਹੋਈ ਸੀ। ਉਨ੍ਹਾਂ ਦੇ ਵਿਛੜਨ ਨਾਲ ਪੰਜਾਬੀ ਅਦਬ ਦਾ ਇਕ ਸੂਰਜ ਅਸਤ ਹੋ ਗਿਆ ਹੈ ਪਰ ਸਾਡੇ ਲਈ ਸੰਤੋਖ ਦੀ ਇਹ ਗੱਲ ਜ਼ਰੂਰ ਹੈ ਕਿ ਜਾਣ ਤੋਂ ਪਹਿਲਾਂ ਉਹ ਆਪਣੀ ਰੌਸ਼ਨੀ ਕਿੰਨੇ ਸਾਰੇ ਚੰਦਰਮਾਵਾਂ ਨੂੰ ਦਾਨ ਕਰ ਗਏ ਸਨ। ਬੀਬਾ ਹਰਸ਼ਿੰਦਰ ਇਨ੍ਹਾਂ ਵਿਚੋਂ ਇਕ ਖੂਬਸੂਰਤ ਅਤੇ ਅਤਿ ਰੌਸ਼ਨ ਚੰਦਰਮਾ ਹੈ। ਪਰਮਾਤਮਾ ਉਸ ਨੂੰ ਪ੍ਰਸੰਨ ਲੰਮੀ ਉਮਰ ਪ੍ਰਦਾਨ ਕਰੇ!

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਵਾਹਗੇ ਪਾਰ ਦੇ ਪੰਜਾਬੀ ਕਵੀ
ਸੰਪਾ: ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 240 ਰੁਪਏ, ਸਫ਼ੇ : 208.

ਵਾਹਗੇ ਪਾਰ ਵੀ ਪੰਜਾਬ ਹੈ। ਉਧਰ ਵੀ ਪੰਜਾਬ ਹੈ। ਪਾਰ ਦੇ ਪੰਜਾਬ ਦੀ ਪੰਜਾਬੀ ਕਵਿਤਾ ਅਤੇ ਕਵੀਆਂ ਨਾਲ ਮੁਹੱਬਤੀ ਪਛਾਣ ਕਰਵਾਉਂਦੀ ਹੋਈ ਉਨ੍ਹਾਂ ਦਾ ਤਕਨੀਕੀ ਜਾਇਜ਼ਾ ਲੈਂਦੀ ਹੈ ਇਹ ਕਿਤਾਬ। ਸੰਪਾਦਕ ਡਾ: ਹਰਪ੍ਰੀਤ ਸਿੰਘ ਚਿਰਾਗ ਦੇ ਸੰਪਾਦਕ ਅਤੇ ਬਹੁਪੱਖੀ ਲੇਖਕ ਹਰਭਜਨ ਸਿੰਘ ਹੁੰਦਲ ਦਾ ਬੇਟਾ ਹੈ। ਪੁਸਤਕ ਦੇ ਸਾਰੇ ਨਿਬੰਧ ਹਰਭਜਨ ਸਿੰਘ ਹੁੰਦਲ ਨੇ ਲਿਖੇ ਹਨ। ਇਨ੍ਹਾਂ ਨੂੰ ਸ਼ਾਇਦ ਵੱਖ-ਵੱਖ ਸ੍ਰੋਤਾਂ ਤੋਂ ਲੱਭ ਕੇ ਸੰਕਲਿਤ ਕਰਨ ਦਾ ਉੱਦਮ ਡਾ: ਹਰਪ੍ਰੀਤ ਸਿੰਘ ਹੁੰਦਲ ਨੇ ਕੀਤਾ ਹੈ। ...ਖੈਰ ਹਰਭਜਨ ਸਿੰਘ ਹੁੰਦਲ ਦੀ ਸਰਲਤਾ, ਰਵਾਨੀ, ਪ੍ਰਤੀਬਧਤਾ, ਦਿਆਨਤਦਾਰੀ ਅਤੇ ਨਿੱਜੀ ਛੋਹਾਂ ਦਾ ਰੰਗ ਇਸ ਪੁਸਤਕ ਵਿਚ ਆਦਿ ਤੋਂ ਅੰਤ ਤੱਕ ਦਿਸਦਾ ਹੈ।
ਹਰਭਜਨ ਹੁੰਦਲ ਲੋਕਾਂ ਦਾ ਕਵੀ ਵੀ ਹੈ। ਸੰਘਰਸ਼ਸ਼ੀਲ ਲੇਖਕ ਅਤੇ ਬੁੱਧੀਜੀਵੀ ਵੀ। ਮੂੰਹ ਫੱਟ। ਲੰਬਾ ਅਨੁਭਵ। ਖਰੀ ਗੱਲ ਕਹਿਣੋਂ ਡਰਦਾ ਉਕਦਾ ਨਹੀਂ। ਪਿਆਰ ਨਾਲ ਲਬਰੇਜ਼। ਮੁਹੱਬਤੀ ਬੰਦਾ। ਵਾਹਗੇ ਪਾਰ ਦੇ ਪੰਜਾਬੀ ਕਵੀਆਂ ਨੂੰ ਉਹ ਮੋਹ ਨਾਲ ਮਿਲਿਆ ਹੈ। ਉਨ੍ਹਾਂ ਨਾਲ ਨਿੱਜੀ ਮੁਲਾਕਾਤਾਂ ਦੇ ਕਿੱਸੇ ਵੀ ਹਨ ਇਸ ਕਿਤਾਬ ਵਿਚ। ਕਵਿਤਾ/ਗ਼ਜ਼ਲ/ਨਜ਼ਮ ਦੀ ਪਰਖ ਬਾਰੇ ਸਿਧਾਂਤਕ ਸੂਤਰ ਵੀ ਹਨ। ਉਸ ਪਾਰ ਦੀ ਵਧੀਆ ਸ਼ਾਇਰੀ ਦੇ ਨਮੂਨੇ ਤੇ ਸਾਂਭਣਯੋਗ ਸ਼ਿਅਰ/ਟੂਕਾਂ ਵੀ। ਇਸ ਸਾਰੇ ਕੁਝ ਦੇ ਨਾਲ-ਨਾਲ ਇਸ ਕਾਵਿ ਦੀ ਨਿਰਪੱਖ ਆਲੋਚਨਾ ਵੀ। ਸਾਰਾ ਕੁਝ ਸੰਤੁਲਿਤ, ਸੰਖੇਪ ਅਤੇ ਮੁਲਵਾਨ। ਕਿਉਂ ਲੱਗਾ ਇੰਜ ਮੈਨੂੰ ਇਹ ਸਾਰਾ ਕੁਝ। ਹੋ ਸਕਦਾ ਹੈ ਇਸ ਪਿੱਛੇ ਮੇਰੀ ਵਾਹਗੇ ਪਾਰ ਨਾਲ ਭਾਵੁਕ ਸਾਂਝ ਵੀ ਹੋਵੇ। ਮੇਰਾ ਜਨਮ ਉਧਰ ਦਾ ਹੈ। ਪਰ ਨਹੀਂ ਫੈਜ਼, ਅਫ਼ਜ਼ਲ ਅਹਿਸਨ ਰੰਧਾਵਾੁੰਦਾ ਮਨ, ਨਜ਼ਮੀ, ਅਖ਼ਤਰ ਲਾਹੌਰੀ, ਹਬੀਬ ਜਾਲਿਬ, ਤਨਵੀਰ ਬੁਖਾਰੀ ਦੀ ਸ਼ਾਇਰੀ ਦੀ ਸਾਦਗੀ ਤੇ ਵਖਰਾ ਰੰਗ ਰੂਪ ਚੇਤਿਆਂ ਵਿਚ ਉਤਰਨ ਵਾਲਾ ਹੈ। ਵਾਹਗੇ ਪਾਰ ਦੀ ਪੰਜਾਬੀ ਕਵਿਤਾ ਲੋਕ ਰੰਗ ਵਾਲੀ, ਲੋਭਾਂ ਨਾਲ ਜੁੜੀ ਹੋਈ ਹੈ। ਨਾਬਰੀ, ਵਿਅੰਗ, ਬੇਬਾਕੀ, ਨਜ਼ਾਕਤ, ਨਖਰਾ, ਉਰਦੂ ਦਾ ਪ੍ਰਭਾਵ ਇਸ ਦੀਆਂ ਵਧੀਆ ਕਵਿਤਾ ਦਾ ਸਰਮਾਇਆ ਹਨ। ਇਸ ਸਾਰੇ ਕੁਝ ਉਤੇ ਖੂਬਸੂਰਤ ਝਾਤ ਪੁਆਉਂਦੀ ਹੈ ਇਹ ਕਿਤਾਬ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਸੂਰਜ ਦੀ ਦਸਤਕ
ਵਾਰਤਕਕਾਰ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144.

ਡਾ: ਗੁਰਬਖਸ਼ ਸਿੰਘ ਭੰਡਾਲ ਦੀ ਨਵੀਂ ਪੁਸਤਕ 'ਸੂਰਜ ਦੀ ਦਸਤਕ' ਵੀ ਤੇਤੀ ਲੇਖਾਂ ਦਾ ਸੰਗ੍ਰਹਿ ਹੈ। ਭੰਡਾਲ ਦੇ ਇਹ ਲੇਖ ਆਪਣੇ-ਆਪ ਵਿਚ ਅਜਿਹੀ ਟੁੰਬ ਸਮਾਈ ਬੈਠੇ ਹਨ ਕਿ ਪਾਠਕ ਇਨ੍ਹਾਂ ਨੂੰ ਇਕੋ ਬੈਠਕ ਵਿਚ ਹੀ ਪੜ੍ਹਨਾ ਲੋਚਦਾ ਹੈ। ਇਹ ਲੇਖਕ ਪਾਠਕ ਨੂੰ ਆਤਮਿਕ ਸਕੂਨ ਬਖਸ਼ ਕੇ ਜਿਥੇ ਆਲੇ-ਦੁਆਲੇ ਵਿਚ ਵਾਪਰਦੀਆਂ ਘਟਨਾਵਾਂ ਦੀ ਸੋਝੀ ਕਰਵਾਉਂਦੇ ਹਨ, ਉਥੇ ਕਿਸੇ ਅਨੂਠੇ ਅਤੇ ਅਗੰਮੀ ਵਾਤਾਵਰਨ ਦੀ ਸੈਰ ਵੀ ਕਰਵਾਉਂਦੇ ਹਨ। ਭੰਡਾਲ ਆਪਣੇ ਵਿਚਾਰਾਂ ਦੀ ਲੜੀ ਨੂੰ ਇਸ ਤਰ੍ਹਾਂ ਪਰੋਂਦਾ ਹੈ ਕਿ ਪਾਠਕ ਇਸੇ ਵਹਿਣ ਵਿਚ ਹੀ ਵਹਿ ਜਾਂਦਾ ਹੈ, ਵਿਸ਼ੇਸ਼ ਕਰਕੇ ਸ਼ਬਦਾਂ ਵਿਚਲੀ ਅਨੁਪ੍ਰਾਸਕਤਾ ਪਾਠਕ ਦੀ ਰੌਚਕਤਾ ਵਿਚ ਵਾਧਾ ਕਰਦੀ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਪਾਠਕ ਆਪਣੇ ਅੰਦਰ ਅਗੰਮੀ ਖੇੜੇ ਨੂੰ ਮਹਿਸੂਸ ਕਰਦਾ ਹੈ। ਇਹ ਲੇਖ ਪਾਠਕ ਦੇ ਧੁਰ ਅੰਦਰ ਇਕ ਵਿਸ਼ਵਾਸ ਜਗਾਉਣ ਦੀ ਸਮਰੱਥਾ ਰੱਖਦੇ ਹਨ। ਮਜ਼ਾਰ 'ਤੇ ਜਗਦਾ ਚਿਰਾਗ, ਮਾਣ ਮਿੱਤਰਾਂ ਦਾ, ਬੁਝੇ ਮਸਤਕੀਂ-ਜੋਤ ਜਗਾਓ, ਜੱਗ ਜੰਕਸ਼ਨ ਜੀਵਨ ਦਾ, ਜਦ ਫੁੱਲ ਖਿੜਦਾ ਹੈ, 'ਖੈਰ ਮੰਗੀਏ ਰਾਹ-ਰਾਹੀਆਂ ਦੀ', ਮਨ ਦੀਆਂ ਅਸੀਮ ਪਰਤਾਂ, ਆਓ ਭਾਲੀਏ ਚਾਨਣ ਦੀ ਕਾਤਰ, ਸੋਚ-ਫੁਲਕਾਰੀ ਦੇ ਸੁੱਚੇ ਧਾਗੇ, ਅਜਿਹੇ ਲੇਖ ਹਨ ਜੋ ਇਸ ਪੁਸਤਕ ਦੇ ਸਿਰਲੇਖ 'ਸੂਰਜ ਦੀ ਦਸਤਕ' ਦੀ ਹੂ-ਬਹੂ ਤਰਜਮਾਨੀ ਕਰਦੇ ਹਨ। ਭੰਡਾਲ ਦੀ ਦਿਲਖਿੱਚਵੀਂ ਸ਼ੈਲੀ ਵਿਚ ਲਿਖੀ ਇਸ ਵਾਰਤਕ ਵਿਚ ਜਿਥੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ, ਉਥੇ ਸਹਿਜ ਸੁਭਾਅ ਵਰਤੀਂਦੀ ਭਾਸ਼ਾ ਦੇ ਪ੍ਰਯੋਗ ਨਾਲ ਇਸ ਦੇ ਸੁਹਜਾਤਮਕ ਘੇਰੇ ਵਿਚ ਹੋਰ ਵੀ ਵਾਧਾ ਹੋਇਆ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

30-6-13

 ਮੋਰਾਂ ਸਰਕਾਰ
ਲੇਖਕ : ਹਰਨਾਮ ਦਾਸ ਸਹਿਰਾਈ
ਪ੍ਰਕਾਸ਼ਕ : ਆਰਸੀ ਪ੍ਰਕਾਸ਼ਨ, ਦਿੱਲੀ
ਮੁੱਲ : 175 ਰੁਪਏ, ਸਫ਼ੇ : 128.

'ਮੋਰਾਂ ਸਰਕਾਰ' ਨਾਵਲ ਦੋ ਨਾਵਲਿਟਾਂ ਦਾ ਸੰਗ੍ਰਹਿ ਹੈ-ਮੋਰਾਂ ਸਰਕਾਰ ਤੇ ਬਾਬਾ ਸਾਹਿਬ ਸਿੰਘ ਬੇਦੀ। ਮੋਰਾਂ ਸਰਕਾਰ ਨਾਵਲ ਦੀ ਉਸਾਰੀ 'ਆਰਸੀ ਵਾਲਾ ਸਿੱਕਾ' ਦੇ ਆਧਾਰ 'ਤੇ ਕੀਤੀ ਗਈ ਹੈ। ਪਿਛਲੇ ਦਿਨੀਂ ਇਕ ਨਾਵਲ 'ਪੁਲ ਕੰਜਰੀ' ਮੇਰੀਆਂ ਨਜ਼ਰਾਂ 'ਚੋਂ ਲੰਘਿਆ, ਉਹ ਵੀ ਮੋਰਾਂ ਦੇ ਜੀਵਨ ਨਾਲ ਸਬੰਧਤ ਸੀ। ਮੋਰਾਂ ਜੋ ਇਕ ਕੰਜਰੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੇ-ਇਨਾਇਤ ਸਦਕਾ ਉਸ ਨੂੰ ਮਹਾਰਾਣੀ ਦਾ ਦਰਜਾ ਹਾਸਲ ਹੋਇਆ ਅਤੇ ਉਸ ਦੇ ਨਾਂਅ ਦਾ ਸਿੱਕਾ ਜਾਰੀ ਕੀਤਾ ਗਿਆ, ਜਿਸ ਨੂੰ ਆਰਸੀ ਵਾਲਾ ਸਿੱਕਾ ਕਿਹਾ ਜਾਂਦਾ ਹੈ। ਸਹਿਰਾਈ ਸਾਹਿਬ ਨੇ ਇਸ ਨਾਵਲ ਦੀ ਉਸਾਰੀ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਤੇ ਖਾਮੀਆਂ ਦੋਵਾਂ ਨੂੰ ਪੇਸ਼ ਕੀਤਾ ਹੈ। ਇਕ ਮਹਾਰਾਜ ਜੇ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਵੀ ਪੰਥ ਵੱਲੋਂ ਮਿਲੀ ਸਜ਼ਾ ਭੁਗਤਣੀ ਪੈਂਦੀ ਹੈ। ਵਿਰੋਧ ਕੀਤਾ ਅਕਾਲੀ ਫੂਲਾ ਸਿੰਘ ਨੇ ਕਿ ਮਹਾਰਾਜਾ ਸ੍ਰੀ ਹਰਿਮੰਦਰ ਸਾਹਿਬ ਵਿਚ ਮੋਰਾਂ ਨੂੰ ਲੈ ਕੇ ਦਾਖਲ ਨਹੀਂ ਹੋ ਸਕਦੇ, ਅਰਦਾਸ ਕਬੂਲ ਨਹੀਂ ਹੋਵੇਗੀ ਅਤੇ ਪੰਥ ਵੱਲੋਂ ਹੀ ਮੁਆਫ਼ੀ ਮਿਲੇਗੀ। ਕੋਰੜੇ ਖਾਧੇ ਮਹਾਰਾਜਾ ਰਣਜੀਤ ਸਿੰਘ ਨੇ, ਸਜ਼ਾ ਭੁਗਤੀ ਤੇ ਭੁੱਲ ਬਖਸ਼ਾਈ ਸੰਗਤ ਕੋਲੋਂ। ਅੰਤ ਅਰਦਾਸ ਖੁੱਲ੍ਹ ਗਈ ਆਰਸੀ ਵਾਲੇ ਸਿੱਕੇ ਦੀ। ਦੂਸਰਾ ਨਾਵਲਿਟ ਪੰਜਾਬ ਵਿਚ ਲੁੱਟਮਾਰ ਤੇ ਬੁਰਛਾਗਰਦੀ ਨਾਲ ਸਬੰਧਤ ਹੈ। ਬਾਬਾ ਸਾਹਿਬ ਸਿੰਘ ਬੇਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਤਾ ਦੇ ਮਰਨੇ ਦੀ ਪੱਗ ਬੰਨ੍ਹ ਕੇ ਬਾਰਾਂ ਮਿਸਲਾਂ ਦੀ ਸਰਦਾਰੀ ਬਖਸ਼ੀ ਤੇ ਅਸੀਸ ਦਿੱਤੀ ਜਿਥੇ ਜੀਅ ਕਰੇ ਜਾਹ, ਫਤਹਿ ਪੈਰ ਚੁੰਮੇਗੀ ਤੇ ਕੋਈ ਉਸ ਵੱਲ ਵੇਖਣ ਦਾ ਹੌਸਲਾ ਵੀ ਨਹੀਂ ਕਰੇਗਾ। ਇਸੇ ਵਰਦਾਨ ਸਦਕਾ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਸਾਰੇ ਪੰਜਾਬ ਉਤੇ, ਖੁਸ਼ਹਾਲੀ ਪਸਰ ਗਈ ਰਾਜ ਵਿਚ, ਰਾਜ ਦੀ ਨੀਂਹ ਬਰਾਬਰੀ ਉਤੇ ਉਸਾਰੀ ਗਈ, ਬਾਬਾ ਜੀ ਦੇ ਨਾਂਅ ਅੰਤਾਂ ਦੀਆਂ ਜਗੀਰਾਂ ਲਾ ਦਿੱਤੀਆਂ ਪਰ ਉਹ ਗੁਰੂ ਦਾ ਪਿਆਰਾ ਨੇਕੀ ਤੇ ਮਹਾਨਤਾ ਦੇ ਰਾਹ 'ਤੇ ਚਲਦਾ ਹੋਇਆ ਗੁਰੂ ਚਰਨਾਂ ਵਿਚ ਜਾ ਬਿਰਾਜਿਆ। ਦੋਵਾਂ ਨਾਵਲਿਟਾਂ ਦੀਆਂ ਕਹਾਣੀਆਂ ਇਕ-ਇਕ ਘਟਨਾ ਨੂੰ ਲੈ ਕੇ ਉਸਾਰੀਆਂ ਗਈਆਂ ਹਨ ਤੇ ਕਹਾਣੀ ਰਸ-ਭਰਪੂਰ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਪਾਕਿਸਤਾਨੀ ਪੰਜਾਬੀ ਨਾਵਲ
ਲੇਖਿਕਾ : ਡਾ: ਹੰਸਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 87.

ਸਿਲੇਬਸ ਦਾ ਹਿੱਸਾ ਬਣਨ ਕਰਕੇ ਪਾਕਿਸਤਾਨੀ ਅਤੇ ਪ੍ਰਵਾਸੀ ਪੰਜਾਬੀ ਸਾਹਿਤ ਉਪਰ ਨਿੱਤ ਦਿਨ ਨਵਾਂ ਕੰਮ ਹੁੰਦਾ ਰਹਿੰਦਾ ਹੈ। ਹੱਥਲੀ ਪੁਸਤਕ ਡਾ: ਹੰਸਪ੍ਰੀਤ ਕੌਰ ਦੀ ਇਸੇ ਪ੍ਰਸੰਗ ਵਿਚ ਕੀਤੇ ਕਾਰਜ ਦਾ ਹਿੱਸਾ ਹੈ, ਬੜੀ ਸੰਖੇਪ ਜਿਹੀ ਜਾਣਕਾਰੀ ਦਿੰਦੀ ਇਹ ਪੁਸਤਕ 'ਪਾਕਿਸਤਾਨੀ ਪੰਜਾਬੀ ਨਾਵਲ' ਬਾਰੇ ਸੰਵਾਦ ਛੇੜਦੀ ਹੈ। ਚਾਰ ਅਧਿਆਇ ਵਿਚ ਵੰਡੀ ਇਹ ਪੁਸਤਕ ਪੰਜਾਬੀ ਨਾਵਲ ਦੀ ਪ੍ਰੰਪਰਾ, ਪਾਕਿਸਤਾਨੀ ਪੰਜਾਬੀ ਨਾਵਲ ਦੀ ਪਛਾਣ, ਪਾਕਿਸਤਾਨੀ ਪੰਜਾਬੀ ਨਾਵਲ ਵਿਚ ਪੰਜਾਬੀਅਤ ਅਤੇ ਪਾਕਿਸਤਾਨੀ ਪੰਜਾਬੀ ਨਾਵਲ ਵਿਚ ਨਾਇਕ/ਨਾਇਕਾ ਦੇ ਸੰਕਲਪ ਬਾਰੇ ਲੇਖ ਹਨ। ਲੇਖਿਕਾ ਨੇ ਹਰ ਲੇਖ ਵਿਚ ਭਾਰਤੀ ਪੰਜਾਬੀ ਨਾਵਲ ਬਾਰੇ ਵਧੇਰੇ ਜਾਣਕਾਰੀ ਦਿੱਤੀ, ਪਾਕਿਸਤਾਨੀ ਨਾਵਲ ਬਾਰੇ ਉਸ ਕੋਲ ਜਾਣਕਾਰੀ ਦੀ ਘਾਟ ਰੜਕਦੀ ਹੈ, ਜੋ ਵਾਕਫ਼ੀਅਤ ਉਹ ਦਿੰਦੀ, ਜਾਪਦਾ ਹੈ ਉਸ ਨੇ ਇਧਰੋਂ-ਉਧਰੋਂ ਇਕੱਠੀ ਕਰਕੇ ਡੰਗ ਸਾਰ ਲਿਆ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਪੰਜਾਬੀ ਸਾਹਿਤ ਵਿਚ ਕਾਫੀ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਇਧਰ ਪ੍ਰਾਪਤ ਹੁੰਦਾ ਹੈ, ਗੱਲ ਜ਼ਰਾ ਮਿਹਨਤ ਕਰਕੇ ਲੱਭਣ ਦੀ ਹੈ। ਡਿਗਰੀ ਲੈਣ ਲਈ ਬਹੁਤਾ ਇਹੋ ਜਿਹਾ ਹੀ ਕਾਰਜ ਹੋ ਰਿਹਾ ਹੈ, ਜਿਹੜਾ ਪੁਸਤਕ ਰੂਪ ਵਿਚ ਛਪਣਯੋਗ ਨਹੀਂ ਹੁੰਦਾ। ਸਿਫ਼ਤ ਭਰਪੂਰ ਭੂਮਿਕਾ ਦਾ ਪ੍ਰਬੰਧ ਹੋ ਜਾਂਦਾ ਹੈ। ਅਜਿਹੀ ਵੱਡੀ ਗਿਣਤੀ ਵਿਚ ਛਪੀਆਂ ਰਚਨਾਵਾਂ ਸਾਹਿਤ ਦਾ ਕੁਝ ਨਹੀਂ ਸੰਵਾਰਦੀਆਂ। ਗਿਣਤੀ ਦੇ ਕੁਝ ਨਾਵਲ ਹੀ ਹਰ ਕਾਂਡ ਵਿਚ ਵਿਚਾਰੇ ਗਏ ਹੋਣ ਕਰਕੇ ਇਹ ਪੁਸਤਕ ਆਪਣਾ ਬਹੁਤਾ ਪ੍ਰਭਾਵ ਪਾਉਣ ਤੋਂ ਵਾਂਝੀ ਰਹਿ ਜਾਂਦੀ ਹੈ। ਸੁੰਦਰ ਦਿੱਖ ਵਿਚ ਛਪੀ ਇਹ ਪੁਸਤਕ ਪਾਠਕ ਦਾ ਧਿਆਨ ਖਿੱਚਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

 

ਰਸਤਾ ਮੁੱਕਦਾ ਨਹੀਂ
ਸ਼ਾਇਰਾ : ਮੀਨੂ ਸੁਖਮਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਇਸ ਸੰਗ੍ਰਹਿ ਵਿਚ ਲੇਖਕਾ ਦੀਆਂ ਕਵਿਤਾਵਾਂ, ਗੀਤ ਨਿੱਕੇ-ਨਿੱਕੇ ਵਲਵਲਿਆਂ ਤੇ ਮਾਨਵੀ ਭਾਵਾਂ ਨੂੰ ਆਪਣੇ ਵਸਤੂ ਰਾਹੀਂ ਪੇਸ਼ ਕਰਦੇ ਹਨ। ਲੇਖਕਾ ਜੀਵਨ ਦੇ ਹਰ ਕੌੜੇ ਮਿੱਠੇ ਤਜਰਬੇ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕਰਨ ਵਿਚ ਯਕੀਨ ਕਰਦੀ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਪ੍ਰਮਾਤਮਾ ਦੀ ਉਸਤਿਤ ਨਾਲ ਓਤ ਪ੍ਰੋਤ ਹੈ ਤੇ ਉਸ ਤੋਂ ਬਾਅਦ ਬੇਵਫ਼ਾਈ, ਦਿਲ ਦਾ ਦਰਦ, ਹੰਝੂ, ਪੱਥਰ ਦਿਲ ਆਦਿ ਕਵਿਤਾਵਾਂ ਪਿਆਰ ਦੇ ਨਿੱਕੇ-ਨਿੱਕੇ ਅਹਿਸਾਸਾਂ ਨੂੰ ਪੇਸ਼ ਕਰਦੀਆਂ ਹਨ। ਅਨੇਕ ਕਵਿਤਾਵਾਂ ਵਿਚ ਦੋਸਤਾਂ ਦੀ ਦੋਸਤੀ ਤੇ ਗਿਲਾ ਕੀਤਾ ਗਿਆ ਮਹਿਸੂਸ ਹੁੰਦਾ ਹੈ ਤੇ ਕਿਤੇ ਕਵੀ ਮਨ ਕਿਸਮਤ ਨੂੰ ਦੋਸ਼ੀ ਠਹਿਰਾਉਂਦਾ ਹੈ। ਕਿਤੇ-ਕਿਤੇ ਉਦਾਸ ਦਿਲ ਵਿਚ ਫ਼ਿਕਰ ਦੀ ਕੋਈ ਆਸ ਦੀ ਕਿਰਨ ਜਾਗਦੀ ਹੈ ਤੇ ਕਵਿਤਰੀ ਅਗਲੇ ਪਲ ਦੀ ਉਡੀਕ ਵਿਚ ਜਿਊਣ ਲਗਦੀ ਹੈ। ਇਸ ਦੇ ਨਾਲ-ਨਾਲ ਮੀਨੂ ਸੁਖਮਨ ਸਾਡੇ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਜਿਵੇਂ ਭਰੂਣ ਹੱਤਿਆ, ਔਰਤ ਦੀ ਦੁਰਦਸ਼ਾ, ਵਾਤਾਵਰਨ ਜਿਹੇ ਵਸਤੂ ਵਰਤਾਰਿਆਂ ਨੂੰ ਵੀ ਆਪਣੀ ਕਵਿਤਾ ਵਿਚ ਸਿਰਜ ਕੇ ਇਕ ਕਾਵਿ ਸੰਦੇਸ਼ ਦਿੰਦੀ ਪ੍ਰਤੀਤ ਹੁੰਦੀ ਹੈ। ਮੀਨੂ ਸੁਖਮਨ ਦੀ ਸ਼ਾਇਰੀ ਵਿਚ ਸ਼ਬਦਾਂ ਦਾ ਬੇਰੋਕ ਵਗਦਾ ਦਰਿਆ ਹੈ ਜਿਹੜਾ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਭਾਵੇਂ ਕਿਤੇ-ਕਿਤੇ ਮਹਿਸੂਸ ਹੁੰਦਾ ਹੈ ਕਿ ਕੁਝ ਕਵਿਤਾਵਾਂ ਥੋੜ੍ਹੀ ਜਿਹੀ ਮਿਹਨਤ ਨਾਲ ਹੋਰ ਵਧੇਰੇ ਨਿਖਰ ਕੇ ਸਾਹਮਣੇ ਆ ਸਕਦੀਆਂ ਸਨ। ਪਰ ਫਿਰ ਵੀ ਪੰਜਾਬੀ ਭਾਸ਼ਾ ਵਿਚ ਲੇਖਿਕਾ ਦਾ ਇਹ ਪਲੇਠਾ ਯਤਨ ਸ਼ਲਾਘਾਯੋਗ ਹੈ ਜਿਸ ਲਈ ਲੇਖਿਕਾ ਮੁਬਾਰਕ ਦੀ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਪਰਤਾਂ ਵਿਚ ਜਿਊਂਦੇ ਮਨੁੱਖ
ਲੇਖਕ : ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 128.

ਇਸ ਕਹਾਣੀ-ਸੰਗ੍ਰਹਿ ਵਿਚਲੀਆਂ ਤੇਰਾਂ ਕਹਾਣੀਆਂ ਜੀਵਨ ਦੇ ਵੱਖੋ-ਵੱਖਰੇ ਰੰਗਾਂ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਪੰਜਾਬੀ ਸੱਭਿਆਚਾਰ, ਸਮਾਜਿਕ ਸਮੱਸਿਆਵਾਂ, ਮਾਨਸਕ ਉਲਝਣਾਂ, ਆਰਥਿਕ ਪ੍ਰੇਸ਼ਾਨੀਆਂ, ਪਰਿਵਾਰਕ ਕਲੇਸ਼ਾਂ ਆਦਿ ਦਾ ਯਥਾਰਥਕ ਵਰਨਣ ਕੀਤਾ ਗਿਆ ਹੈ। ਧਰਤੀ ਦਾ ਹਰ ਮਨੁੱਖ ਆਪਣੇ-ਆਪ ਵਿਚ ਇਕ ਕਹਾਣੀ ਹੈ। ਕਈ ਵਾਰ ਦੁੱਖਾਂ ਦਰਦਾਂ, ਲੋੜਾਂ ਥੁੜ੍ਹਾਂ, ਰੀਝਾਂ ਤੇ ਚਾਵਾਂ ਦੇ ਮੁਹਾਂਦਰੇ ਆਪਸ ਵਿਚ ਮਿਲ ਜਾਂਦੇ ਹਨ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਸਾਡੀ ਆਪਣੀ ਹੀ ਬਾਤ ਪਾਉਂਦੇ ਜਾਪਦੇ ਹਨ। ਹਰ ਮੋੜ, ਹਰ ਗਲੀ, ਹਰ ਪਿੰਡ ਕਸਬੇ ਚਿ ਵਿਚਰਦੇ ਆਮ ਲੋਕ ਹੀ ਇਨ੍ਹਾਂ ਕਹਾਣੀਆਂ ਦੇ ਪਾਤਰ ਹਨ, ਜੋ ਸਾਨੂੰ ਬਿਲਕੁਲ ਵੀ ਓਪਰੇ ਨਹੀਂ ਜਾਪਦੇ।
ਪਦਾਰਥਕ ਦੌੜ, ਨਸ਼ਿਆਂ, ਵਿਸ਼ਿਆਂ ਅਤੇ ਅਤ੍ਰਿਪਤੀਆਂ ਨਾਲ ਘਿਰਿਆ ਅੱਜ ਦਾ ਮਨੁੱਖ ਬਹੁਤ ਹੀ ਡਾਵਾਂਡੋਲ ਅਤੇ ਗ਼ੈਰ-ਕੁਦਰਤੀ ਜੀਵਨ ਜਿਉਂ ਰਿਹਾ ਹੈ। ਅਜੋਕੇ ਸਮਾਜ ਦਾ ਹਰ ਅੰਗ ਪੀੜਤ ਹੈ। ਬਚਪਨ, ਜਵਾਨੀ ਅਤੇ ਬੁਢਾਪਾ ਤਿੰਨੇ ਹੀ ਉਦਾਸ ਹਨ। ਅਸਫ਼ਲ ਵਿਆਹ, ਘਰੇਲੂ ਹਿੰਸਾ, ਜੀਵਨ ਸਾਥੀ ਦੀ ਜਜ਼ਬਾਤੀ ਅਤੇ ਗ਼ਲਤ ਚੋਣ ਅਤੇ ਹਉਮੈ ਦੀ ਪ੍ਰਵਿਰਤੀ ਕਾਰਨ ਪਰਿਵਾਰ ਖੇਰੂੰ-ਖੇਰੂੰ ਹੋ ਰਹੇ ਹਨ। ਅਣਸੁਖਾਵੇਂ ਮਾਹੌਲ ਵਿਚ ਜੰਮੇ ਪਲੇ ਬੱਚੇ ਸਾਵੇਂ ਸੰਤੁਲਿਤ ਜੀਵਨ ਤੋਂ ਵਾਂਝੇ ਰਹਿ ਜਾਂਦੇ ਹਨ। ਬਜ਼ੁਰਗਾਂ ਦੀ ਬੇਹੁਰਮਤੀ ਵਧਦੀ ਜਾ ਰਹੀ ਹੈ। ਫੋਕੀ ਸ਼ਾਨ ਅਤੇ ਲੋਕ ਦਿਖਾਵੇ ਲਈ ਵਿਆਹਾਂ ਸ਼ਾਦੀਆਂ ਤੇ ਵਿੱਤੋਂ ਵੱਧ ਖਰਚ ਕੀਤਾ ਜਾਂਦਾ ਹੈ ਅਤੇ ਫਿਰ ਕਰਜ਼ਾ ਇਕ ਬੋਝ ਬਣ ਜਾਂਦਾ ਹੈ। ਸਾਡੇ ਪੁਰਾਣੇ ਸੱਭਿਆਚਾਰ ਵਿਚ ਧਾਰਮਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਸਨ, ਬਜ਼ੁਰਗਾਂ ਦੀ ਰਾਇ ਦਾ ਸਤਿਕਾਰ ਹੁੰਦਾ ਸੀ ਅਤੇ ਸਾਂਝੇ ਟੱਬਰਾਂ ਵਿਚ ਪਲਣ ਵਾਲੇ ਬੱਚੇ ਸੰਸਕਾਰੀ ਹੁੰਦੇ ਸਨ। ਹੁਣ ਇਕੱਲੇ ਰਹਿਣ ਕਾਰਨ ਬੱਚਿਆਂ ਵਿਚ ਸੁਰੱਖਿਆ ਦੀ ਭਾਵਨਾ ਘਟਦੀ ਜਾ ਰਹੀ ਹੈ ਅਤੇ ਉਹ ਉਲਾਰ ਹੋ ਕੇ ਆਪਣਾ ਜੀਵਨ ਗ਼ਲਤ ਪਾਸੇ ਲਾ ਬੈਠਦੇ ਹਨ। ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਵਿੱਥ ਵਧਦੀ ਜਾ ਰਹੀ ਹੈ। ਅੱਜ ਸੁਖਾਂ-ਸਹੂਲਤਾਂ ਦੇ ਸਾਜ਼ੋ-ਸਾਮਾਨ ਹੁੰਦਿਆਂ ਸੁੰਦਿਆਂ ਵੀ ਮਨੁੱਖ ਅੰਦਰੋਂ ਖਾਲੀ, ਖੋਖਲਾ ਅਤੇ ਬਿਮਾਰ ਹੁੰਦਾ ਜਾ ਰਿਹਾ ਹੈ। ਬੁਢਾਪਾ ਰੁਲ ਰਿਹਾ ਹੈ, ਜਵਾਨੀ ਅਜੀਬੋ-ਗਰੀਬ ਰੋਗਾਂ ਦਾ ਸ਼ਿਕਾਰ ਹੋ ਰਹੀ ਹੈ, ਬਚਪਨ ਵਲੂੰਦਰਿਆ ਜਾ ਰਿਹਾ ਹੈ।
ਕਹਾਣੀਕਾਰ ਨੇ ਸਾਡੇ ਨਿੱਤ ਦੇ ਵਰਤਾਰਿਆਂ ਵਿਚੋਂ ਬਿਰਤਾਂਤ ਲੈ ਕੇ ਸਾਨੂੰ ਆਪਣੇ ਦੁਖਾਂਤ ਪ੍ਰਤੀ ਚੇਤੰਨ ਅਤੇ ਜਾਗਰੂਕ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਲੋੜ ਹੈ ਕਿ ਅਸੀਂ ਆਪਣੇ ਮਖੌਟਿਆਂ ਤੋਂ ਪਰ੍ਹੇ ਆਪਣੇ ਅੰਦਰਲੇ ਸੱਚ, ਸੁੱਚ, ਸੁਹਜ ਅਤੇ ਪ੍ਰਕਾਸ਼ ਨਾਲ ਜੁੜੀਏ, ਇਸ ਅਨਮੋਲ ਜੀਵਨ ਦੀ ਕਦਰ ਕਰਦੇ ਹੋਏ ਇਸ ਨੂੰ ਘੁੱਟ-ਘੁੱਟ ਕਰਕੇ ਮਾਣੀਏ, ਹੋਰਾਂ ਨੂੰ ਵੀ ਸੁੱਖ ਦੇਈਏ ਅਤੇ ਆਪ ਵੀ ਸੁਖੀ ਰਹੀਏ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

23-6-2013

 ਦੁਸ਼ਵਾਰੀਆਂ
ਗ਼ਜ਼ਲਕਾਰ : ਸੁਲਤਾਨ ਭਾਰਤੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 96.

ਸੁਲਤਾਨ ਭਾਰਤੀ ਪੰਜਾਬੀ ਗ਼ਜ਼ਲ ਦੇ ਆਕਾਸ਼ ਵਿਚ ਉੱਜਵਲ ਹੋਇਆ ਇਕ ਨਵਾਂ ਸਿਤਾਰਾ ਹੈ। ਬੇਸ਼ੱਕ ਅਜੇ ਤੱਕ ਉਹ ਬਹੁਤੇ ਲੋਕਾਂ ਦੀ ਨਜ਼ਰ ਨਹੀਂ ਚੜ੍ਹਿਆ ਪਰ ਉਸ ਦੀ ਝਲਕ ਨਿਰਾਲੀ ਹੈ। ਗ਼ਜ਼ਲ ਨੂੰ ਪਿਆਰ ਕਰਨ ਵਾਲੇ ਸੁਹਿਰਦ ਲੋਕ ਉਸ ਦੇ ਕਲਾਮ ਦੀ ਜਾਦੂਗਰੀ ਦਾ ਸਿੱਕਾ ਮੰਨਦੇ ਹਨ। ਉਸ ਨੂੰ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਵਿਸੰਗਤੀਆਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਦੇ ਜ਼ਖਮਾਂ ਦੇ ਨਿਸ਼ਾਨ ਉਸ ਦੀਆਂ ਗ਼ਜ਼ਲਾਂ ਵਿਚ ਦੇਖੇ ਅਤੇ ਮਹਿਸੂਸ ਕੀਤੇ ਜਾ ਸਕਦੇ ਹਨ। ਪਰ ਇਕ ਆਤਮ-ਵਿਸ਼ਵਾਸ ਵਾਲੇ ਕਵੀ ਵਾਂਗ ਉਹ ਇਨ੍ਹਾਂ ਜ਼ਖਮਾਂ ਨੂੰ ਦਿਖਾ ਕੇ ਸਹਾਨੁਭੂਤੀ ਜਾਂ ਦਇਆ ਦੀ ਯਾਚਨਾ ਨਹੀਂ ਕਰਦਾ ਬਲਕਿ ਆਪਣੇ ਵਰਗੇ ਹੋਰ ਪ੍ਰਗਤੀਸ਼ੀਲ ਲੇਖਕਾਂ ਨਾਲ ਮਿਲ ਕੇ ਮਾਨਵਤਾ ਦੇ ਕਲਿਆਣ ਲਈ ਸੰਘਰਸ਼ ਵਿਚ ਜੁਟਿਆ ਹੋਇਆ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ :
ਨਾ ਮੇਰੀ ਨਾ ਤੇਰੀ ਥਾਂ ਹੈ
ਇਹ ਧਰਤੀਤਾਂ ਸਭ ਦੀ ਮਾਂ ਹੈ
ਇਸ ਜੀਵਨ ਤੇ ਮਾਣ ਹੈ ਕਾਹਦਾ
ਜੀਵਨ ਤਾਂ ਬਸ ਢਲਦੀ ਛਾਂ ਹੈ
ਉਸ ਨੇ ਫੇਰ ਸਿਆਸਤ ਖੇਡੀ
ਸਾਡੀ ਦੁਰਗੱਤ ਹੋਈ ਤਾਂ ਹੈ।
ਸੁਲਤਾਨ ਭਾਰਤੀ ਆਪਣੇ ਸਮਕਾਲੀ ਸੱਭਿਆਚਾਰ ਵਿਚ ਆਏ ਉਲਾਰਾਂ ਅਤੇ ਵਿਗਾੜਾਂ ਦਾ ਇਕ ਸਜੱਗ ਦਰਸ਼ਕ ਹੈ। ਉਸ ਨੂੰ ਇਸ ਗੱਲ ਦਾ ਮਲਾਲ ਹੈ ਕਿ ਅਜੋਕੇ ਸੱਭਿਆਚਾਰ ਵਿਚ ਬਹੁਤੇ ਲੋਕਾਂ ਦੀਆਂ ਜ਼ਮੀਰਾਂ ਭ੍ਰਿਸ਼ਟ ਹੋ ਗਈਆਂ ਹਨ। ਇਨ੍ਹਾਂ ਉੱਪਰ ਪਰਦਾ ਪਾਉਣ ਲਈ ਲੋਕ ਖੂਬ ਸਜ-ਧੱਜ ਕੇ ਰਹਿੰਦੇ ਹਨ : ਰੌਸ਼ਨ ਨਹੀਂ ਜ਼ਮੀਰ ਜਿਨ੍ਹਾਂ ਦੀ ਦੀਵੇ ਬਾਲਣ ਸੋਚਾਂ ਦੇ, ਆਪਣੇ ਕਾਲੇ ਕੰਮਾਂ ਉਤੇ ਪਾਉਂਦੇ ਰਹਿੰਦੇ ਪਰਦੇ ਲੋਕ/ਮੰਜ਼ਿਲ ਦਾ ਕੋਈ ਥਹੁ ਪਤਾ ਨਹੀਂ ਐਵੇਂ ਦੌੜੀ ਜਾਂਦੇ ਨੇ, ਰੂਹ ਆਪਣੀ ਤੇ ਤਨ ਦਾ ਐਵੇਂ ਬੋਝ ਉਠਾਈ ਫਿਰਦੇ ਲੋਕ। (ਪੰਨਾ 40) ਉਸ ਦੀਆਂ ਗ਼ਜ਼ਲਾਂ ਦਾ ਹਾਸਲ ਪ੍ਰੇਮ ਅਨੁਭਵ ਦੀ ਪੇਸ਼ਕਾਰੀ ਨਾਲ ਜੁੜਿਆ ਹੋਇਆ ਹੈ। ਉਸ ਨੇ ਇਸ ਅਨੁਭੂਤੀ ਨੂੰ ਸੰਜੋਗ, ਵਿਜੋਗ, ਆਸ਼ਾ, ਨਿਰਾਸ਼ਾ, ਇੰਤਜ਼ਾਰ ਅਤੇ ਮਾਯੂਸੀ ਆਦਿਕ ਅਨੇਕ ਰੰਗਾਂ-ਰੂਪਾਂ ਵਿਚ ਰੱਖ ਕੇ ਵੇਖਿਆ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਲੂਣਾ ਪਿੰਡਾ
ਗ਼ਜ਼ਲਗੋ : ਸੈਂਭੀ ਹਰਭਜਨ ਸਿੰਘ 'ਰਤਨ'
ਪ੍ਰਕਾਸ਼ਕ : ਹਰਭਜਨ ਸਿੰਘ ਫੁੱਲ, ਮਾਨਸਰੋਵਰ ਗਾਰਡਨ, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 112.

ਗ਼ਜ਼ਲ ਇਕ ਪਿਆਰੀ ਅਤੇ ਨਾਜ਼ਕ ਜਿਹੀ ਸਿਨਫ਼ ਹੈ, ਜਿਸ ਵਿਚ ਕੋਮਲ ਭਾਵਾਂ ਅਤੇ ਦਿਲੀ ਜਜ਼ਬਾਤਾਂ ਨੂੰ ਸੂਖਮ ਸੁਹਜਮਈ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਭਾਵੇਂ ਗ਼ਜ਼ਲ ਦੇ ਤਕਾਜ਼ੇ ਅਤੇ ਅਸੂਲ ਨਿਭਾਉਣੇ ਕੁਝ ਔਖੇ ਹਨ ਪਰ ਜੇ ਗ਼ਜ਼ਲਗੋ ਕੋਲ ਰਹਿਣ ਲਈ ਕੁਝ ਉੱਤਮ ਅਤੇ ਅਰਥ-ਭਰਪੂਰ ਹੋਵੇ ਤਾਂ ਇਸ ਵਿਚ ਰਵਾਨੀ ਆਪ ਮੁਹਾਰੇ ਹੀ ਆ ਜਾਂਦੀ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ ਸਾਦਗੀ, ਸਪੱਸ਼ਟਤਾ, ਦਲੇਰੀ, ਸ਼ਿੱਦਤ, ਸਿਆਣਪ, ਸੂਝ ਅਤੇ ਸੰਵੇਦਨਾ ਦੇ ਦਰਸ਼ਨ ਹੁੰਦੇ ਹਨ। ਸ਼ਾਇਰ ਇਮਾਨਦਾਰੀ ਨਾਲ ਮੰਨਦਾ ਹੈ ਕਿ ਉਹ ਅਰੂਜ਼ ਜਾਂ ਪਿੰਗਲ ਤੋਂ ਕੋਰਾ ਹੈ। ਸਚਾਈ ਅਤੇ ਨਿਰਮਾਣਤਾ ਦੀ ਆਪਣੀ ਹੀ ਖੂਬਸੂਰਤੀ ਹੁੰਦੀ ਹੈ। ਅੱਜ ਦੇ ਨਿਰਾਸ਼ੇ ਅਤੇ ਸੰਤਾਪੇ ਸਮੇਂ ਵਿਚ ਲੋੜ ਹੈ ਕਿ ਸ਼ਾਇਰੀ ਰੌਸ਼ਨੀ, ਖੂਬਸੂਰਤੀ, ਸੇਧ ਅਤੇ ਮਹਿਕ ਖਿਲਾਰੇ। ਕਵੀ ਦੀ ਮਾਨਵਵਾਦੀ ਚੇਤਨਾ ਅਤੇ ਦਾਨਿਸ਼ਮੰਦੀ ਬਹੁਤ ਸਾਰੇ ਸ਼ੇਅਰਾਂ ਵਿਚ ਝਲਕਦੀ ਹੈ ਜਿਵੇਂ :
-ਕੂਲੇ ਰੇਸ਼ਮ ਵਾਂਗੂ ਪਿੰਡਾ ਤੇਰਾ ਏ
ਲੂਣੇ ਪਿੰਡੇ ਪਰ ਜ਼ਖ਼ਮਾਂ ਦਾ ਡੇਰਾ ਏ
ਸ਼ੀਸ਼ੇ ਦਾ ਘਰ ਤੇ ਪੱਥਰ ਦੀਆਂ ਕੰਧਾਂ ਨੇ
ਤਿੜਕੇ ਨਾ ਕਿਧਰੇ ਇਹ ਰੈਣ ਬਸੇਰਾ ਏ।
-ਨਾ ਕਰੋ ਗੱਲ ਨ੍ਹੇਰਿਆਂ ਦੀ, ਦੀਵੇ ਗਿਆਨ ਦੇ ਬਾਲੋ
ਹਿਰਦੇ ਦੇ ਸੁੱਚੇ ਚਾਨਣ 'ਚੋਂ, ਰਾਹ ਮਾਨਵਤਾ ਦਾ ਭਾਲੋ।
-ਟੁਰ ਗਏ ਆਏ ਜੋ ਤੂਫ਼ਾਨ ਦੀ ਤਰਾਂ
ਪੂਜਦੇ ਰਹੇ ਅਸੀਂ ਭਗਵਾਨ ਦੀ ਤਰ੍ਹਾਂ।
-ਪਾਂਧੀ ਸੱਚ ਦੇ ਨੂੰ, ਮੁੱਲ ਤਾਰਨਾ ਪੈਂਦਾ
ਸਭ ਕੁਝ ਜਿੱਤ ਕੇ ਵੀ ਹਾਰਨਾ ਪੈਂਦਾ।
ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਚਾਰ ਭਾਗਾਂ ਵਿਚ ਵੰਡੀਆਂ ਹੋਈਆਂ ਹਨ, ਜਿਨ੍ਹਾਂ ਵਿਚ ਅੱਠ-ਅੱਠ, ਸੱਤ-ਸੱਤ, ਛੇ-ਛੇ ਅਤੇ ਪੰਜ-ਪੰਜ ਸ਼ਿਅਰ ਹਨ। ਇਹ ਨਿੱਜ ਤੋਂ ਪਰ ਤੱਕ ਦਾ ਸਫ਼ਰ ਹੈ। ਇਨ੍ਹਾਂ ਦਾ ਵਿਸ਼ਾ-ਵਸਤੂ ਕੇਵਲ ਪਿਆਰ ਮੁਹੱਬਤ ਤੱਕ ਸੀਮਤ ਨਹੀਂ, ਸਗੋਂ ਸਮਾਜਿਕ ਸਰੋਕਾਰਾਂ ਨੂੰ ਵੀ ਉਭਾਰਦਾ ਹੈ। ਵਫ਼ਾ, ਮਜਬੂਰੀ, ਅਣਖ, ਭ੍ਰਿਸ਼ਟਾਚਾਰ, ਵਲਵਲੇ, ਸੱਧਰਾਂ, ਸਬਰ ਅਤੇ ਇਲਾਹੀ ਰੰਗ ਵੀ ਗ਼ਜ਼ਲਾਂ ਵਿਚ ਵਿਦਮਾਨ ਹੈ। ਇਨ੍ਹਾਂ ਵਿਚ ਰਸਿਕਤਾ, ਮਾਰਮਿਕਤਾ, ਭਾਵੁਕਤਾ ਅਤੇ ਬੌਧਿਕਤਾ ਦੇ ਰੰਗ ਹਨ। ਲੇਖਕ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਕਰਦਿਆਂ ਭਵਿੱਖ ਵਿਚ ਉਸ ਤੋਂ ਉਜਲੇ ਰੌਸ਼ਨ ਬੋਲਾਂ ਦੀ ਉਡੀਕ ਰਹੇਗੀ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਸੰਸਾਰੀਕਰਨ ਅਤੇ ਅਸੀਂ
ਲੇਖਕ : ਓ. ਪੀ. ਵਰਮਾ
ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 132.

ਕਿਰਤ ਮਨੁੱਖ ਦੇ ਵਿਅਕਤੀਗਤ ਤੇ ਸਮਾਜਿਕ ਜੀਵਨ ਦਾ ਆਧਾਰ ਹੈ। ਜੰਗਲਾਂ, ਗੁਫ਼ਾਵਾਂ ਵਿਚ ਰਹਿੰਦੇ ਆਦਿਮ ਮਨੁੱਖ ਤੋਂ ਹੁਣ ਤੱਕ ਦੀ ਸਾਰੀ ਪ੍ਰਾਪਤੀ ਕਿਰਤ ਨੇ ਕੀਤੀ ਹੈ। ਸਮਾਜਿਕ, ਆਰਥਿਕ ਰਿਸ਼ਤਿਆਂ ਵਿਚ ਬੱਝੇ ਮਨੁੱਖ ਨੂੰ ਹੌਲੀ-ਹੌਲੀ ਜ਼ਮੀਨ, ਮਸ਼ੀਨ, ਪੂੰਜੀ, ਕਿਰਤ ਦੇ ਸੰਜੋਗ ਨਾਲ ਉਤਪਾਦਨ, ਖਰੀਦ/ਵੇਚ, ਵਪਾਰ/ਮੰਡੀ ਦੀ ਸੋਝੀ ਹੋਈ। ਕਿਰਤੀ ਵੱਲੋਂ ਕਿਰਤ ਸ਼ਕਤੀ ਵੇਚ ਕੇ ਉਸ ਨਾਲੋਂ ਵਧੇਰੇ ਮੁੱਲ ਦਾ ਉਤਪਾਦਨ ਆਪਣੇ ਖਰੀਦਦਾਰਾਂ ਲਈ ਕੀਤਾ ਜਾਣ ਲੱਗਾ। ਪੂੰਜੀ ਦਾ ਸੰਚਕ ਤੇ ਦੁਰਉਪਯੋਗ ਕਰਕੇ ਕਿਰਤੀ ਦੇ ਸ਼ੋਸ਼ਣ ਦੀ ਕਹਾਣੀ ਇਥੋਂ ਹੀ ਤੁਰੀ। ਪੈਦਾ ਮਾਲ ਲਈ ਖੁੱਲ੍ਹੀਆਂ ਨਵੀਆਂ ਮੰਡੀਆਂ। ਪੂੰਜੀ/ਆਰਥਿਕ ਸਾਧਨਾਂ/ਵਸਤਾਂ ਦਾ ਬੇਰੋਕ ਪ੍ਰਵਾਹ ਮੁਨਾਫ਼ਾ ਕਮਾਉਣ ਲਈ ਜ਼ਰੂਰੀ ਹੋਇਆ ਤਾਂ ਸੰਸਾਰੀਕਰਨ ਸਾਹਮਣੇ ਆਇਆ। ਓ. ਪੀ. ਵਰਮਾ ਨੇ ਇਕ ਸੂਝਵਾਨ ਅਰਥ-ਸ਼ਾਸਤਰੀ ਅਤੇ ਕਿਰਤੀ ਸ਼੍ਰੇਣੀ ਦੇ ਹਮਦਰਦ ਦੇ ਦ੍ਰਿਸ਼ਟੀਕੋਣ ਤੋਂ ਸੰਸਾਰੀਕਰਨ ਦੀ ਇਸ ਪ੍ਰਕਿਰਿਆ ਨੂੰ ਭਾਰਤੀ ਪ੍ਰਸੰਗ ਵਿਚ ਵਿਸ਼ਲੇਸ਼ਿਤ ਕੀਤਾ ਹੈ।
ਪ੍ਰੋ. ਵਰਮਾ ਟਰੇਡ ਯੂਨੀਅਨਿਸਟ ਹੋਣ ਦੀ ਦਸ ਇਸ ਪੁਸਤਕ ਦੇ ਮੁੱਖ ਬੰਧ ਵਿਚ ਪਾਉਂਦਾ ਹੈ। ਸਿਧਾਂਤ/ਵਿਹਾਰ, ਕਲਮ/ਕਰਮ ਪੱਖੋਂ ਉਸ ਵਿਚ ਕੋਈ ਦੁਬਿਧਾ ਨਹੀਂ। ਆਮ ਆਦਮੀ ਦੀ ਜ਼ਬਾਨ ਵਿਚ ਉਹ ਆਰਥਿਕਤਾ ਦੇ ਇਕ ਮਹੱਤਵਪੂਰਨ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਦੀ ਚਰਚਾ ਕਰਦਾ ਹੈ। ਵਿਸ਼ਵ ਤੇ ਵਿਸ਼ਵੀਕਰਨ ਦੀ ਥਾਂ ਸੰਸਾਰ/ਸੰਸਾਰੀਕਰਨ ਸ਼ਬਦ ਵਰਤਨ ਤੋਂ ਹੀ ਉਸ ਦੀ ਪਹੁੰਚ ਵਿਧੀ ਸਾਫ਼ ਹੋ ਜਾਂਦੀ ਹੈ।
ਵਿਕਸਿਤ ਦੇਸ਼ਾਂ ਵੱਲੋਂ ਘੱਟ ਵਿਕਸਿਤ ਦੇਸ਼ਾਂ ਵਿਚ ਆਪਣਾ ਮਾਲ ਵੇਚਣ ਨਾਲ ਮੰਡੀ ਬਣੇ ਦੇਸ਼ਾਂ ਦੀ ਆਰਥਿਕਤਾ, ਉਤਪਾਦਨ, ਰੁਜ਼ਗਾਰ, ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਗਰੀਬ ਤੇ ਕਮਜ਼ੋਰ ਵਰਗ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦਾ ਸ਼ੋਸ਼ਣ ਵਧਦਾ ਹੈ। ਵੱਡੀਆਂ ਕੰਪਨੀਆਂ ਨਾਲ ਨਿੱਕੇ ਧੰਦੇ/ਬੰਦੇ ਮਾਰ ਖਾਂਦੇ ਹਨ। ਮਲਟੀਨੈਸ਼ਨਲ ਕੰਪਨੀਆਂ ਦੀ ਲੁੱਟ, ਪੂੰਜੀਵਾਦ ਦਾ ਸੰਕਟ ਤੇ ਭਾਰਤ ਵਰਗੇ ਦੇਸ਼ਾਂ ਲਈ ਪ੍ਰਾਪਤ ਵਿਕਲਪ ਤੇ ਮਜਬੂਰੀਆਂ ਦੀ ਗੱਲ ਪ੍ਰੋ: ਵਰਮਾ ਨੇ ਇਮਾਨਦਾਰੀ ਨਾਲ ਕੀਤੀ ਹੈ।

ਆਧੁਨਿਕ ਕਾਲ ਵਿਚ ਗੁਰਬਾਣੀ ਵਿਆਖਿਆ
ਲੇਖਕ : ਡਾ: ਰਵਿੰਦਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 325 ਰੁਪਏ, ਸਫ਼ੇ : 232.

ਗੁਰਬਾਣੀ ਪੰਜਾਬੀ ਸਾਹਿਤ ਦੀ ਮੁੱਲਵਾਨ ਨਿਧੀ ਹੀ ਨਹੀਂ, ਅਜੋਕੇ ਵਿਸ਼ਵ ਵਿਚ ਵਿਆਪਤ ਅਨਿਨ ਭਾਂਤਾਂ ਦੇ ਸੰਕਟਾਂ ਦੇ ਨਿਵਾਰਨ ਵਾਸਤੇ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਨਾਲ ਭਰਪੂਰ ਅਜਿਹੀ ਵਸਤ ਹੈ ਜੋ ਪਦਾਰਥ ਤੇ ਪਰਮਾਰਥ, ਲੋਕ ਤੇ ਪਰਲੋਕ ਦੋਵਾਂ ਨਾਲ ਸਬੰਧਤ ਹੈ। ਇਸ ਲਈ ਇਸ ਨੇ ਆਸਤਕ-ਨਾਸਤਕ, ਸਿੱਖਾਂ-ਗ਼ੈਰ ਸਿੱਖਾਂ, ਮਾਰਕਸਵਾਦੀਆਂ-ਗ਼ੈਰ-ਮਾਰਕਸਵਾਦੀਆਂ, ਭਾਰਤੀਆਂ-ਵਿਦੇਸ਼ੀਆਂ-ਹਰ ਪ੍ਰਕਾਰ ਦੇ ਚਿੰਤਕਾਂ ਨੂੰ ਆਕਰਸ਼ਿਤ ਕੀਤਾ ਹੈ। ਹਰ ਇਕ ਨੇ 'ਆਪ ਆਪਣੀ ਬੁਧ ਹੈ ਜੇਤੀ' ਅਨੁਸਾਰ ਗੁਰਬਾਣੀ ਨੂੰ ਸਮਝਣ-ਸਮਝਾਉਣ ਤੇ ਵਿਆਖਿਆਣ ਦਾ ਉਪਰਾਲਾ ਕੀਤਾ ਹੈ। ਰਵਿੰਦਰ ਸਿੰਘ ਨੇ ਆਧੁਨਿਕ ਕਾਲ ਵਿਚ ਗੁਰਬਾਣੀ ਦੇ ਪ੍ਰਮੁੱਖ ਵਿਆਖਿਆਕਾਰਾਂ ਦੀ ਪਹੁੰਚ ਵਿਧੀ ਨੂੰ ਵਿਸ਼ਲੇਸ਼ਿਤ ਕਰਨ ਦਾ ਉਦਮ ਇਸ ਪੁਸਤਕ ਵਿਚ ਕੀਤਾ ਹੈ।
ਰਵਿੰਦਰ ਸਿੰਘ ਦਾ ਇਹ ਕਾਰਜ ਡਿਗਰੀ ਸਾਪੇਖ ਪ੍ਰਾਜੈਕਟ ਪ੍ਰਤੀਤ ਹੁੰਦਾ ਹੈ। ਇਸ ਦੀ ਖੋਜ ਵਿਧੀ, ਹਵਾਲੇ, ਪੇਸ਼ਕਾਰੀ ਦੀ ਰੂਪ ਰੇਖਾ ਇਸੇ ਪਾਸੇ ਸੰਕੇਤ ਕਰਦੇ ਹਨ। ਹਾਂ, ਅੰਤ ਵਿਚ ਖੋਜ ਦੇ ਨਿਸ਼ਕਰਸ਼ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਨਹੀਂ ਜਾਂ ਫਿਰ ਆਰੰਭ ਵਿਚ ਇਸ ਖੇਤਰ ਵਿਚ ਪਹਿਲਾਂ ਹੋਏ ਖੋਜ ਕਾਰਜਾਂ ਦਾ ਸਰਵੇਖਣ-ਵਿਸ਼ਲੇਸ਼ਣ ਨਹੀਂ। ...ਖੈਰ, ਲੇਖਕ ਦਾ ਇਹ ਯਤਨ ਉਸ ਦੀ ਉਮਰ ਦੇ ਹਿਸਾਬ ਨਾਲ ਪ੍ਰਭਾਵਸ਼ਾਲੀ ਹੈ।
ਲੇਖਕ ਨੇ ਗੁਰਬਾਣੀ ਦੇ ਜਿਹੜੇ ਵਿਆਖਿਆਕਾਰਾਂ ਦੇ ਕਾਰਜ ਦਾ ਅਧਿਐਨ-ਵਿਸ਼ਲੇਸ਼ਣ ਕੀਤਾ ਹੈ, ਉਹ ਹਨ : ਭਾਈ ਕਾਨ੍ਹ ਸਿੰਘ, ਭਾਈ ਜੋਧ ਸਿੰਘ, ਭਾਈ ਵੀਰ ਸਿੰਘ, ਪ੍ਰੋ: ਸਾਹਿਬ ਸਿੰਘ, ਪ੍ਰੋ: ਪੂਰਨ ਸਿੰਘ, ਪ੍ਰਿੰ: ਤੇਜਾ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ: ਕ੍ਰਿਸ਼ਨ ਸਿੰਘ, ਡਾ: ਹਰਿਭਜਨ ਸਿੰਘ, ਡਾ: ਜਗਬੀਰ ਸਿੰਘ, ਡਾ: ਰਤਨ ਸਿੰਘ ਜੱਗੀ, ਡਾ: ਜੋਧ ਸਿੰਘ, ਮੈਕਾਲਿਫ਼, ਵਿਨੋਬਾ ਭਾਵੇ ਤੇ ਅਚਾਰੀਆ ਰਜਨੀਸ਼।
ਰਵਿੰਦਰ ਸਿੰਘ ਨੇ ਹਰ ਚਿੰਤਨ ਦੇ ਜਨਮ, ਸੰਖੇਪ ਜੀਵਨ, ਗੁਰਬਾਣੀ ਬਾਰੇ ਕਾਰਜ, ਉਸ ਪਿੱਛੇ ਕਾਰਜਸ਼ੀਲ ਸਿਧਾਂਤਕ, ਸਾਹਿਤਕ, ਦਾਰਸ਼ਨਿਕ, ਵਿਚਾਰਧਾਰਾਈ ਦ੍ਰਿਸ਼ਟੀ/ਪਹੁੰਚ/ਆਧਾਰ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਭਾਈ ਜੋਧ ਸਿੰਘ ਦਾ ਆਧਾਰ ਤਾਰਕਿਕ ਤੇ ਵਿਗਿਆਨਕ ਹੈ, ਸਾਹਿਬ ਸਿੰਘ ਦੀ ਪਹੁੰਚ ਵਿਆਕਰਨਿਕ ਹੈ, ਹਰਿਭਜਨ ਸਿੰਘ ਦੀ ਪਾਠ ਦੀ ਰੂਪਵਾਦੀ ਸੰਰਚਨਾਵਾਦੀ ਵਿਆਖਿਆ, ਜੋਧ ਸਿੰਘ ਦੀ ਵੇਦਾਂਤਕ। ਇਸ ਕਿਸਮ ਦੇ ਨਿਖੇੜੇ ਲੇਖਕ ਦੀ ਗੰਭੀਰ ਸਾਹਿਤ ਯੋਗਤਾ ਦੇ ਪ੍ਰਮਾਣ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਚਿੜੀਆਂ ਦੀ ਡਾਰ
ਲੇਖਿਕਾ : ਸੁਰਿੰਦਰ ਕੌਰ ਬਿੰਨਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 96.

ਪੁਸਤਕ 'ਚਿੜੀਆਂ ਦੀ ਡਾਰ' ਸੁਰਿੰਦਰ ਕੌਰ ਬਿੰਨਰ ਦਾ ਲਗਾਤਾਰ ਛੇਵਾਂ ਕਾਵਿ ਸੰਗ੍ਰਹਿ ਹੈ। ਕਮਾਲ ਦੀ ਗੱਲ ਹੈ ਕਿ ਉਸ ਦੀਆਂ ਇਹ ਛੇ ਪੁਸਤਕਾਂ ਕੇਵਲ 2 ਸਾਲ ਦੇ ਸਮੇਂ ਦੌਰਾਨ ਹੀ ਛਪੀਆਂ ਹਨ। ਸੁਰਿੰਦਰ ਕੌਰ ਬਿੰਨਰ ਕਵਿਤਾ ਦੀ ਰਫ਼ਤਾਰ ਅਤੇ ਮਿਕਦਾਰ ਵਿਚ ਹੀ ਨਹੀਂ ਸਗੋਂ ਗੁਣਵੱਤਾ ਅਤੇ ਭਾਵਬੋਧ ਦੇ ਪੱਖ ਤੋਂ ਵੀ ਕੁਝ ਨਵੇਂ ਆਯਾਮ ਸਥਾਪਤ ਕਰਦੀ ਪ੍ਰਤੀਤ ਹੁੰਦੀ ਹੈ। ਸੁਰਿੰਦਰ ਕੌਰ ਬਿੰਨਰ ਨੇ ਖ਼ੁਦ ਮੰਨਿਆ ਹੈ ਕਿ ਕਵਿਤਾ ਨੇ ਉਸ ਨੂੰ ਜੀਣ ਦੇ ਕੁਝ ਸਬੱਬ ਦਿੱਤੇ ਹਨ।
ਕਵਿਤਾ ਚਿੜੀਆਂ ਦੀ ਡਾਰ ਵਿਚ ਉਹ ਵੱਖ-ਵੱਖ ਵਿਸ਼ਿਆਂ ਨੂੰ ਆਪਣੀ ਕਲਮ ਦੀ ਪਕੜ ਵਿਚ ਲੈਂਦੀ ਪ੍ਰਤੀਤ ਹੁੰਦੀ ਹੈ। ਜਿਥੇ ਪਿਆਰ ਅਤੇ ਨਿੱਜੀ ਰਿਸ਼ਤਿਆਂ ਦੇ ਗੰਧਲੇਪਨ ਦਾ ਜ਼ਿਕਰ ਹੈ, ਉਥੇ ਬੁਢਾਪੇ ਵਿਚ ਔਲਾਦ ਹੱਥੋਂ ਜ਼ਲਾਲਤ ਸਹਾਰ ਰਹੇ ਮਾਪਿਆਂ ਦਾ ਵੀ ਉਸ ਨੂੰ ਫ਼ਿਕਰ ਹੈ।
ਪੁੱਤਰ ਨੇ ਤੋਰ ਦਿੱਤਾ
ਬੁੱਢੇ ਮਾਪਿਆਂ ਨੂੰ
ਬਿਰਧ ਆਸ਼ਰਮ ਦੇ ਰਾਹ
ਹਰ ਕਵਿਤਾ ਵਿਚ ਆਪਣੀ ਰਵਾਨੀ ਹੈ। ਉਦਹਾਰਨ ਵਜੋਂ ਕਵਿਤਾ 'ਬਹੁੜੀ ਵੇ ਤਬੀਬਾ', 'ਮਨ ਦੀ ਹੂਕ', 'ਮਾਹੀਏ ਦਾ ਚਾਅ' ਆਦਿ ਦੀ ਗੱਲ ਕੀਤੀ ਜਾ ਸਕਦੀ ਹੈ। ਆਪਣੇ ਪਤੀ (ਮਰਹੂਮ) ਨੂੰ ਸਮਰਪਿਤ ਕਵਿਤਾ ਬੇਹੱਦ ਭਾਵੁਕ ਸੁਰ ਵਾਲੀ ਹੈ। ਸੁਰਿੰਦਰ ਕੌਰ ਬਿੰਨਰ ਨੂੰ ਰਚਨਸ਼ੀਲਤਾ ਅਤੇ ਉਤਸ਼ਾਹ ਲਈ ਮੁਬਾਰਕਬਾਦ ਦੇਣੀ ਬਣਦੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਕੁਰਆਨ ਮਜ਼ੀਦ
ਅਨੁਵਾਦ : ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ : ਨਵਦੀਪ ਸਿੰਘ ਬੋਪਾਰਾਏ ਉਰਫ਼ ਮੇਹਰ ਅਲੀ ਕੈਨੇਡਾ
ਮੁੱਲ : 50 ਰੁਪਏ, ਸਫ਼ੇ : 64

ਹਥਲੀ ਪੁਸਤਕ, ਪ੍ਰਸਿੱਧ ਧਾਰਮਿਕ ਗ੍ਰੰਥ ਕੁਰਆਨ ਮਜ਼ੀਦ ਦੇ ਆਖਰੀ ਪਾਰੇ (ਟੁਕੜੇ) ਦਾ ਪੰਜਾਬੀ ਅਨੁਵਾਦ ਹੈ। ਇਹ ਪੰਜਾਬੀ ਅਨੁਵਾਦ ਸ਼ੇਅਰਾਂ ਦੀ ਸ਼ਕਲ ਵਿਚ ਬਜ਼ੁਰਗ ਹਸਤੀ ਬੰਤਾ ਸਿੰਘ ਘੁਡਾਣੀ ਵੱਲੋਂ ਕੀਤਾ ਗਿਆ ਹੈ। ਇਸ ਪੁਸਤਕ ਦੀ ਭੂਮਿਕਾ ਵਿਚ ਬੰਤਾ ਸਿੰਘ ਘੁਡਾਣੀ ਵੱਲੋਂ ਇਸ ਪੁਸਤਕ ਦੇ ਅਨੁਵਾਦ ਦੇ ਪਿਛੋਕੜ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਕੁਰਾਨ ਮਜ਼ੀਦ ਦੇ ਆਖਰੀ ਪਾਰੇ ਦਾ ਅਨੁਵਾਦ ਸ਼ਾਇਰੀ ਦੇ ਰੂਪ ਵਿਚ ਕੀਤਾ ਹੈ। ਇਹ ਅਨੁਵਾਦ ਪੜ੍ਹਦਿਆਂ ਜਿਥੇ ਕੁਰਆਨ ਮਜ਼ੀਦ ਦੀ ਵਿਚਾਰਧਾਰਾ ਬਾਰੇ ਪਾਠਕ ਜਾਣੂ ਹੁੰਦਾ ਹੈ ਉਥੇ ਇਸ ਦਾ ਅਨੁਵਾਦ ਮਨੁੱਖੀ ਮਨਾਂ ਵਿਚ ਪ੍ਰੇਮ ਤੇ ਭਾਈਚਾਰੇ ਦਾ ਸੰਦੇਸ਼ ਸਿਰਜਦਾ ਪ੍ਰਤੀਤ ਹੁੰਦਾ ਹੈ। ਅਨੁਵਾਦ ਪੜ੍ਹਦਿਆਂ ਅਨੁਵਾਦਕ ਦੀ ਇਸਲਾਮ ਪ੍ਰਤੀ ਸ਼ਰਧਾ ਇਸ ਪੁਸਤਕ ਵਿਚੋਂ ਮਹਿਸੂਸ ਕੀਤੀ ਜਾ ਸਕਦੀ ਹੈ। ਬਹੁਤ ਹੀ ਸਰਲ ਸਾਧਾਰਣ ਭਾਸ਼ਾ ਵਿਚ ਇਸ ਦਾ ਅਨੁਵਾਦ ਆਮ ਪਾਠਕਾਂ ਤੱਕ ਪਵਿੱਤਰ ਕੁਰਾਨ ਦਾ ਸੰਦੇਸ਼ ਸੰਚਾਰ ਕਰਨ ਦੇ ਸਮਰੱਥ ਹੈ। ਹੋਰ ਧਾਰਮਿਕ ਗ੍ਰੰਥਾਂ ਵਾਂਗ ਪਵਿੱਤਰ ਕੁਰਾਨ ਵਿਚ ਵੀ ਪ੍ਰਮਾਤਮਾ ਉਸਤਿਤ, ਮਾਨਵੀ ਪ੍ਰੇਮ, ਭਾਈਚਾਰੇ ਤੇ ਮੁਹੱਬਤ ਦਾ ਸੰਦੇਸ਼ ਪ੍ਰਮੁੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਪੁਸਤਕ ਪੰਜਾਬੀ ਪਾਠਕਾਂ ਦੇ ਗਿਆਨ ਵਿਚ ਵਾਧਾ ਕਰੇਗੀ ਅਜਿਹਾ ਮੈਨੂੰ ਯਕੀਨ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

ਆਧੁਨਿਕ ਪੰਜਾਬੀ ਕਾਵਿ
(ਸੰਦਰਭਗਤ ਅਧਿਐਨ)
ਲੇਖਕ : ਡਾ: ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 375 ਰੁਪਏ, ਸਫ਼ੇ : 288.

ਡਾ: ਬਲਦੇਵ ਸਿੰਘ ਧਾਲੀਵਾਲ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਵਿਦਵਾਨ ਲੇਖਕ ਹੈ। ਕਵਿਤਾ, ਕਹਾਣੀ, ਸਫ਼ਰਨਾਮਾ ਅਤੇ ਆਲੋਚਨਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਈ ਹੈ। ਹਥਲੀ ਪੁਸਤਕ ਪੰਜਾਬੀ ਕਵਿਤਾ ਦੇ ਅਧਿਐਨ ਨੂੰ ਪੇਸ਼ ਕਰਦੀ ਹੈ। ਕਾਫੀ ਵੱਡੀ ਗਿਣਤੀ ਵਿਚ ਸ਼ਾਮਿਲ ਇਹ ਲੇਖ ਉਸ ਦੀ ਕਵਿਤਾ ਪ੍ਰਤੀ ਸਮਝ ਤੇ ਸੂਝ ਨੂੰ ਪੇਸ਼ ਕਰਦੇ ਹਨ।
ਪੁਸਤਕ ਦਾ ਪਹਿਲਾ ਤੇ ਵੱਡ-ਆਕਾਰੀ ਲੇਖ 'ਕਾਵਿ ਸ਼ੈਲੀ ਅਤੇ ਸ਼ੈਲੀ ਵਿਗਿਆਨ' ਸ਼ੈਲੀ ਬਾਰੇ ਬੜੇ ਵਿਸਥਾਰ ਵਿਚ ਵਾਕਫ਼ੀਅਤ ਦਿੰਦਾ ਹੈ। ਸ਼ੈਲੀ ਵਿਗਿਆਨ ਨੇ ਸਾਹਿਤ ਸ਼ਾਸਤਰ ਦੇ ਇਤਿਹਾਸ ਵਿਚ ਬਹੁਤ ਸਾਰੇ ਨਵੇਂ ਪਰਿਵਰਤਨ ਲਿਆਂਦੇ ਹਨ। ਲੇਖਕ ਅਨੁਸਾਰ, ਸ਼ੈਲੀ ਵਿਗਿਆਨ ਇਕ ਅਜਿਹੀ ਅੰਤਰ-ਅਨੁਸ਼ਾਸਨੀ ਪਹੁੰਚ-ਵਿਧੀ ਵਜੋਂ ਉੱਭਰ ਰਹੀ ਸਮੀਖਿਆ-ਪ੍ਰਣਾਲੀ ਹੈ, ਜਿਸ ਵਿਚ ਬਹੁਤ ਸਾਰੀਆਂ ਸਮੀਖਿਆ-ਵਿਧੀਆਂ ਤੇ ਚਿੰਤਨ-ਪ੍ਰਣਾਲੀਆਂ ਤੋਂ ਸਮੀਖਿਆ ਰੰਗ ਪ੍ਰਾਪਤ ਕਰਕੇ ਆਪਣੇ ਵਿਚ ਸਮੋਣ ਦਾ ਯਤਨ ਕੀਤਾ ਹੈ। ਦੂਜਾ ਲੇਖ 'ਪੰਜਾਬੀ ਕਵਿਤਾ ਵਿਚ ਆਧੁਨਿਕਤਾ ਦਾ ਪਰਿਵੇਸ਼' ਆਧੁਨਿਕਤਾ ਬਾਰੇ ਸੰਖੇਪ ਜਿਹੀ ਚਰਚਾ ਕਰਦਾ ਹੈ, ਜਿਨ੍ਹਾਂ ਵਿਚੋਂ ਮਹੱਤਵਪੂਰਨ-ਭਾਈ ਵੀਰ ਸਿੰਘ, ਦੀਵਾਨ ਸਿੰਘ ਕਾਲੇ ਪਾਣੀ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਬਖਤਾਵਰ ਸਿੰਘ ਦਿਓਲ, ਰਵਿੰਦਰ ਰਵੀ, ਐਸ. ਤਰਸੇਮ, ਸੁਰਜੀਤ ਪਾਤਰ ਅਤੇ ਸਵਰਨਜੀਤ ਸਵੀ ਹੋਰਾਂ ਦੀ ਕਵਿਤਾ ਦਾ ਮੁਲਾਂਕਣ ਕਰਦੇ ਹਨ।
ਇਨ੍ਹਾਂ ਤੋਂ ਇਲਾਵਾ ਕੁਝ ਖਾਸ ਕਾਵਿ ਸੰਗ੍ਰਹਿ ਹਨ, ਜਿਨ੍ਹਾਂ ਬਾਰੇ ਡਾ: ਧਾਲੀਵਾਲ ਨੇ ਅਧਿਐਨ ਕੀਤਾ ਹੈ-ਖੁੱਲ੍ਹੇ ਮੈਦਾਨ, ਛੇ ਰੁੱਤਾਂ, ਕੱਚ ਦੇ ਵਸਤਰ, ਬਾਹਰੋਂ ਸਰਾਪੇ ਅੰਦਰੋਂ ਗੁਆਚੇ, ਸ਼ੀਸ਼ੇ ਤੇ ਦਸਤਕ, ਬਿਰਖ ਅਰਜ਼ ਕਰੇ, ਸਮੁੰਦਰ ਮੰਥਨ ਤੋਂ ਪਹਿਲਾਂ, ਰੋਹ ਵਿਦਰੋਹ, ਜਾਪਾਨੀ ਹਾਇਕੂ ਸ਼ਾਇਰੀ, ਇਕ ਚਿੜੀ ਤੇ ਮਹਾਂਨਗਰ ਅਤੇ ਖੜਾਵਾਂ।
ਇਸ ਪੁਸਤਕ ਦਾ ਅਧਿਐਨ ਕਰਨ ਤੋਂ ਬਾਅਦ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇਹ ਸਾਰੇ ਲੇਖ ਕਾਫੀ ਸਾਲ ਪਹਿਲਾਂ ਲਿਖੇ ਗਏ ਹਨ। ਬਹੁਗਿਣਤੀ ਲੇਖ ਪੰਜਾਬ ਸੰਕਟ ਦੀ ਸ਼ਾਇਰੀ ਨਾਲ ਸਬੰਧਤ ਹਨ। ਪਤਾ ਨਹੀਂ ਕਿਸ ਖਾਸ ਮਜਬੂਰੀ ਕਾਰਨ ਡਾ: ਧਾਲੀਵਾਲ ਨੇ ਇਨ੍ਹਾਂ ਲੇਖਾਂ ਨੂੰ ਪੁਸਤਕ ਰੂਪ ਵਿਚ ਪਹਿਲਾਂ ਛਪਵਾਉਣ ਦੀ ਲੋੜ ਕਿਉਂ ਨਹੀਂ ਸਮਝੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਗੁਰਦਿਆਲ ਸਿੰਘ ਦੀ ਕਹਾਣੀ-ਸੰਵੇਦਨਾ
ਲੇਖਕਾ : ਕਮਲਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 168.

ਪੰਜਾਬੀ ਗਲਪ ਦੇ ਖੋਜ ਖੇਤਰ ਦਾ ਇਹ ਪ੍ਰਵਾਨਿਤ ਸੱਚ ਹੈ ਕਿ ਸਾਡੇ ਮਹਾਨ ਗਲਪਕਾਰ ਗੁਰਦਿਆਲ ਸਿੰਘ ਦੇ ਨਾਵਲਾਂ 'ਤੇ ਵੱਧ ਕੰਮ ਹੋਇਆ ਹੈ ਜਦੋਂ ਕਿ ਉਸ ਦੀਆਂ ਕਹਾਣੀਆਂ ਦਾ ਖੇਤਰ ਅਣਗੌਲਿਆ ਹੀ ਰਿਹਾ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਡਾ: ਕਮਲਪ੍ਰੀਤ ਕੌਰ ਨੇ ਉਸ ਦੀਆਂ ਕਹਾਣੀਆਂ ਦਾ ਮਨੋਵਿਗਿਆਨਕ, ਸਮਾਜ-ਸ਼ਾਸਤਰੀ ਅਤੇ ਬ੍ਰਿਤਾਂਤਕ ਦ੍ਰਿਸ਼ਟੀ ਤੋਂ ਨਿੱਠ ਕੇ ਅਧਿਐਨ ਕੀਤਾ ਹੈ। ਇਸ ਅਧਿਐਨ ਦੀ ਪੂਰਵ-ਤਿਆਰੀ ਵਜੋਂ ਖੋਜਕਰਤਾ ਨੇ ਸੰਸਾਰ ਪ੍ਰਸਿੱਧ ਮਨੋਵਿਗਿਆਨੀਆਂ ਫਰਾਇਡ, ਜੁੰਗ, ਐਲਡਰ ਆਦਿ ਦਾ ਵਿਸ਼ੇਸ਼ ਅਧਿਐਨ ਕੀਤਾ। ਇੰਜ ਉਸ ਨੂੰ ਇਦ, ਈਗੋ ਅਤੇ ਸੁਪਰਈਗੋ ਦੀ ਡੂੰਘੀ ਸਮਝ ਪ੍ਰਾਪਤ ਹੋਈ।
ਇਨ੍ਹਾਂ ਤਿੰਨਾਂ ਮਾਨਸਿਕ ਹਾਲਤਾਂ ਦਾ ਉਸ ਨੇ ਪਾਤਰਾਂ ਦੇ ਅੰਤਰੀਵ ਦਾ ਅਧਿਐਨ ਕਰਨ ਲਈ ਵਾਰ-ਵਾਰ ਪ੍ਰਯੋਗ ਕੀਤਾ ਹੈ। ਉਸ ਨੇ ਉਟੋ ਰੈਂਕ, ਕਰੇਨ ਹਾਰਨੀ, ਏਰਿਕ ਫਰੋਮ, ਸੁਲੀਵਾਨ, ਯਕ ਲਾਕਾਂ ਆਦਿ ਸੰਸਾਰ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਦਾ ਵੀ ਲਾਭ ਉਠਾਇਆ ਹੈ। ਪਾਤਰਾਂ ਦੇ ਅਸਤਿਤਵ ਦਾ ਅਧਿਐਨ ਕਰਨ ਲਈ ਵੀ ਉਸ ਨੂੰ ਜਾਂ ਪਾਲ ਸਾਰਤਰ ਅਤੇ ਨੀਤਸੇ ਤੋਂ ਬਿਨਾਂ ਮਾਰਟਿਨ ਹਾਈਡਿਗਰ ਦੇ ਵਿਸ਼ੇਸ਼ ਸੰਕਲਪਾਂ ਦੀ ਵੀ ਸੋਝੀ ਹੈ। ਬਿਰਤਾਂਤ-ਸ਼ਾਸਤਰੀ ਜੁਗਤਾਂ ਦੀ ਸਮਝ ਲਈ ਉਸ ਨੂੰ ਮੀਕ ਬਲ, ਕਲਾਦ ਲੈਵੀ ਸਤਰਾਸ ਅਤੇ ਤੋਦੋਰੋਵ ਦੀਆਂ ਕਿਰਤਾਂ ਤੋਂ ਮੁਢਲੀ ਵਾਕਫੀ ਹਾਸਲ ਹੈ। ਆਪਣੇ ਇਸ ਸਾਰੇ ਅਧਿਐਨ ਨੂੰ ਖੋਜਕਰਤਾ ਨੇ ਗੁਰਦਿਆਲ ਸਿੰਘ ਦੀ ਕਹਾਣੀ ਸੰਵੇਦਨਾ ਨੂੰ ਸਮਝਣ ਲਈ ਵਰਤੋਂ ਵਿਚ ਲਿਆਂਦਾ ਹੈ। ਇਸ ਵਡੇਰੇ ਕਾਰਜ ਨੂੰ ਤਿੰਨ ਕਾਂਡਾਂ ਵਿਚ ਸਮੇਟਿਆ ਗਿਆ ਹੈ।
ਡਾ: ਕਮਲਪ੍ਰੀਤ ਅਨੁਸਾਰ ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਮੁੱਖ ਪੈਟਰਨ ਤਨਾਓ-ਸਿਰਜਨ ਹੈ। ਉਸ ਦੀਆਂ ਕਹਾਣੀਆਂ ਦਾ ਕੇਂਦਰ ਸਾਧਾਰਨ, ਅਣਗੌਲਿਆ, ਅਣਹੋਇਆ ਮਨੁੱਖ ਹੈ, ਜੋ ਬਦਲਦੀਆਂ ਪੂੰਜੀਵਾਦੀ ਪ੍ਰਸਥਿਤੀਆਂ ਕਾਰਨ ਮਨੋ-ਸੰਕਟ ਵਿਚ ਹੈ ਅਤੇ ਜੀਵਨ-ਕੀਮਤਾਂ ਵਿਚ ਪਰਿਵਰਤਨ ਕਾਰਨ ਉਹ ਅਲਗਾਵ, ਬੇਗਾਨਗੀ, ਹੀਣਤਾ, ਕੁੰਠਾ, ਊਣੇਪਣ, ਬੌਣੇਪਣ, ਅਤ੍ਰਿਪਤੀ, ਉਦਾਸੀ, ਨਿਰਾਸ਼ਾ ਅਤੇ ਬੇਵਸੀ ਦਾ ਜੀਵਨ ਜੀ ਰਿਹਾ ਹੈ। ਜੀ ਵੀ ਨਹੀਂ ਰਿਹਾ ਬਲਕਿ ਕੇਵਲ ਦਿਨ-ਕਟੀ ਹੀ ਕਰ ਰਿਹਾ ਹੈ। ਮਲਵਈ ਲੋਕ-ਜੀਵਨ ਦੀ ਮਾਨਸਿਕਤਾ ਪ੍ਰਤੀਬਿੰਬਤ ਕਰਨਾ ਗੁਰਦਿਆਲ ਸਿੰਘ ਦਾ ਹਾਸਲ ਹੈ। ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਬਹੁਤਾ ਲੋਕਪ੍ਰਿਯ ਨਾ ਹੋਣ ਪਿੱਛੇ, ਖੋਜ ਕਰਤਾ ਦਾ ਮੱਤ ਹੈ ਕਿ ਉਹ ਇਸ ਲੋਕ ਸਮੂਹ ਦਾ ਚਿਤੇਰਾ ਹੈ ਜੋ ਵਿੱਦਿਆ ਤੋਂ ਕੋਰਾ ਹੈ ਤੇ ਪੜ੍ਹੇ ਲਿਖਿਆਂ ਬਾਰੇ ਉਹ ਲਿਖ ਹੀ ਨਹੀਂ ਰਿਹਾ।
ਡਾ: ਕਮਲਪ੍ਰੀਤ ਕੌਰ ਦੀ ਵਿਸ਼ਲੇਸ਼ਣ ਜੁਗਤ ਇਹ ਹੈ ਕਿ ਉਹ ਪਹਿਲਾਂ ਕਿਸੇ ਕਹਾਣੀ ਦੇ ਵਿਸ਼ੇ-ਵਸਤੂ ਬਾਰੇ ਆਪਣੀ ਰਾਏ ਦੇ ਜਾਂਦੀ ਹੈ ਜਾਂ ਕਿਸੇ ਮਾਨਸਿਕ ਜਾਂ ਸਮਾਜਿਕ ਸਮੱਸਿਆ ਦਾ ਜ਼ਿਕਰ ਕਰ ਜਾਂਦੀ ਹੈ ਅਤੇ ਬਾਅਦ ਵਿਚ ਖੋਜਕਾਰਜ ਦੀ ਲੋੜ-ਪੂਰਤੀ ਜਾਂ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਕਿਸੇ ਨਾ ਕਿਸੇ ਵਿਦਵਾਨ ਦੀ ਟੂਕ ਉਦ੍ਰਿਤ ਕਰ ਜਾਂਦੀ ਹੈ। ਕੁੱਲ ਮਿਲਾ ਕੇ ਉਸ ਦਾ ਖੋਜ ਕਾਰਜ ਸਫ਼ਲ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007


ਉਮਰ ਤਮਾਮ
ਲੇਖਕ : ਦਿਓਲ (ਬਖਤਾਵਰ ਸਿੰਘ ਦਿਓਲ)
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਚਾਂਦਨੀ ਚੌਕ ਦਿੱਲੀ
ਮੁੱਲ : 350 ਰੁਪਏ, ਸਫ਼ੇ : 254

ਮਨੁੱਖੀ ਜੀਵਨ ਵਿਚ ਵਾਪਰਦੀਆਂ ਹੋਣੀਆਂ ਦੀ ਲੀਲਾ ਹੀ ਨਿਰਾਲੀ ਹੈ। ਕਿਤੇ ਮਨੁੱਖ ਹੋਣੀਆਂ ਦਾ ਸਿਰਜਕ ਹੁੰਦਾ ਹੈ, ਕਿਤੇ ਖੁਦ ਹੀ ਇਨ੍ਹਾਂ ਦੀ ਕਠਪੁਤਲੀ ਬਣ ਕੇ ਵਿਚਰਨ ਲਈ ਮਜਬੂਰ ਹੈ। ਅਜਿਹੀ ਸਥਿਤੀ ਦੁੱਖ-ਸੁਖ ਦੀ ਅਨੁਵਭਤਾ ਨੂੰ ਜਨਮ ਦਿੰਦੀ ਹੈ। ਇਸ ਦਰਭਾਗ-ਸੁਭਾਗ ਦੇ ਯਥਾਰਥਵਾਦ ਨੂੰ ਕੇਂਦਰ ਬਿੰਦੂ ਬਣਾ ਕੇ ਪ੍ਰੋਢ ਲੇਖਕ ਦਿਓਲ ਨੇ 'ਉਮਰ ਤਮਾਮ' ਨਾਵਲ ਦੀ ਰਚਨਾ ਕੀਤੀ ਸੀ ਜਿਸ ਨੂੰ ਕਿਤਾਬੀ ਰੂਪ ਲੇਖਕ ਦੇ ਸਪੁੱਤਰ ਸ: ਮਨਧੀਰ ਸਿੰਘ ਦਿਓਲ ਨੇ ਦੇ ਕੇ ਪੰਜਾਬੀ ਸਹਿਤ ਦੀ ਝੋਲੀ ਵਿਚ ਪਾ ਕੇ ਸੁਲੱਗ ਔਲਾਦ/ਪੁੱਤਰ ਦਾ ਸਬੂਤ ਦਿੱਤਾ ਹੈ।
ਔਗੁਣ ਦਾ ਇਕ ਕੁਹਜ ਵੀ ਗੁਣਾਂ ਦੀ ਚਾਦਰ ਨੂੰ ਮੈਲੀ ਕਰਨ ਲਈ ਕਾਫੀ ਹੁੰਦਾ ਹੈ। ਇਸ ਰੰਗਲੀ ਦੁਨੀਆ ਵਿਚ ਪਤੀ/ਪੁੱਤਰ ਘਾਤ ਕਰਨ ਵਾਲੀ ਵਿਰਲੀ ਵਾਂਝੀ ਕੁਲਖਣੀ ਦੀ ਜਗ-ਜਨਨੀ ਸਤਿਕਾਰਤ ਔਰਤ ਨੂੰ ਦਾਗੋ-ਦਾਗ਼ ਕਰ ਦੇਣ ਦੀ ਬਿਰਤੀ, ਉਤਸ਼ਾਹ ਨਾਲ ਸਿੱਖੇ ਜਾਂ ਕੀਤੇ ਕੰਮਾਂ ਦੇ ਸਾਕਾਰਾਤਮਿਕ ਨਤੀਜੇ, ਸੱਚੇ ਇਸ਼ਕੇ ਦਾ ਹੁਲਾਰਾ, ਅਸਫਲ ਇਸ਼ਕੇ ਦੀ ਵੇਦਨਾ, ਮਿਲਾਪ ਲਈ ਬਿਰਹੜੇ/ਕੀਰਨੇ, ਕਿਸੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਸਮਝ ਕੇ ਰਾਜਨੀਤੀ ਦੀ ਰੋਟੀ ਸੇਕਣੀ, ਅਰਥ ਵਿਵਸਥਾ ਦਾ ਵਿਗਾੜੀ ਪ੍ਰਬੰਧ, ਲੜਾਈਆਂ-ਭਿੜਾਈਆਂ ਦਾ ਮੁੱਢ ਕਾਣੀ ਵੰਡ, ਅੰਧਵਿਸ਼ਵਾਸੀ ਆਸਥਾ ਅਧੀਨ ਅਖੌਤੀ ਧਾਰਮਿਕ ਡੇਰਿਆਂ ਦੀ ਸਥਾਪਨਾ, ਇਸ ਵਿਚ ਲਹੂ-ਪਾਣੀ ਦੀ ਕਮਾਈ ਨੂੰ ਅਜਾਂਈ ਹੀ ਝੋਕੀ ਜਾਣਾ, ਬੇਥਵੇ ਚੜ੍ਹਾਵੇ 'ਤੇ ਕਬਜ਼ੇ ਲਈ ਲੂੰਬੜਚਾਲਾਂ/ਸਿਆਸੀ ਝੇਰੇ ਉਤਪੰਨ ਹੋਣਾ, ਨਿਰਕੁੰਸ਼ ਸੇਵਾ ਦਾ ਸਕੂਨ ਆਦਿ ਵਿਸ਼ੇ ਪਾਠਕ ਨੂੰ ਵਾਰੋ-ਵਾਰੀ ਆਪਣੀ ਉਂਗਲ ਫੜਾਈ ਰੱਖਦੇ ਹਨ।
ਰੌਚਿਕ ਤੇ ਗਿਆਨ ਭਰਪੂਰ ਵਾਰਤਾਲਾਪ ਦੇ ਇਸ ਚਸ਼ਮੇ ਵਿਚ ਚੁੱਭੀ ਲਾਉਣ ਵਾਲੇ ਪਾਠਕ ਵਿਚ ਏਨੀ ਉਤਸੁਕਤਾ ਭਰ ਦਿੰਦਾ ਹੈ ਕਿ ਉਹ ਵਿਚਾਰਾਂ ਦੇ ਵਗਦੇ ਪ੍ਰਵਾਹ ਨੂੰ ਇਕੇ ਡੀਕੇ ਪੀਣ ਲਈ ਉੇਤਾਵਲਾ ਹੋ ਜਾਂਦਾ ਹੈ। ਰੌਚਿਕ ਪਰ ਗਿਆਨਵਰਧਕ ਕੁਝ-ਕੁ ਵਿਚਾਰ ਨਮੂਨੇ ਵਜੋਂ ਪੇਸ਼ ਹਨ :
'ਦੁਨੀਆ ਵਿਚ ਕਿੰਨੇ ਥੋੜ੍ਹੇ ਹਨ----ਜਿਨ੍ਹਾਂ ਦਾ ਹਰ ਕਦਮ, ਹਰ ਅਮਲ, ਹਰ ਖਿਆਲ ਕਿਸੇ ਦੂਜੇ ਨੂੰ ਸੁੱਖ ਦੇਵੇ।'
'ਨੀਤੀਵਾਨ ਕੀ ਹੈ? ਵੇਲੇ-ਕੁਵੇਲੇ ਆਪਣੇ ਇਮਾਨ ਨੂੰ ਛੱਡ ਦੇਣ ਦੇਣ ਵਾਲਾ ਇਕ ਬੇਹੁਨਰ ਮਨੁੱਖ।'
'....ਏਹ ਪਾਰਟੀਆਂ ਖਈ ਰੋਗ ਦੇ ਬਿਮਾਰ ਸਮਾਜ ਦੇ ਮੂੰਹ ਵਿਚ ਭਰ ਆਇਆ ਥੁੱਕ ਹੈ।'
'ਭੁੱਖ, ਨਿਰਾ ਅੰਂਨ ਹੀ ਨਹੀਂ ਖਾਂਦੀ, ਮਨੁੱਖਾਂ ਨੂੰ ਵੀ ਖਾ ਜਾਂਦੀ ਹੈ।'
ਅਜਿਹੇ ਹੋਰ ਵਿਚਾਰਾਂ ਨਾਲ ਲੋਟ-ਪੋਟ ਇਹ ਨਾਵਲ ਸਮਾਜ ਨੂੰ ਇਕ ਸੁਚਾਰੂ ਸੇਧ ਦੇਣ ਦੀ ਕਾਬਿਲੇਯੋਗ ਪੁਸਤਕ ਹੈ।

ਮੰਟੋ ਦੀਆਂ ਸ੍ਰੇਸ਼ਟ ਕਹਾਣੀਆਂ
ਸੰਪਾਦਕ : ਡਾ: ਐਸ. ਤਰਸੇਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 216

ਸੁਆਦਤ ਹਸਨ ਮੰਟੋ ਕਹਾਣੀ ਲੇਖਨ/ਅਫਸਾਨਾ ਨਵੀਸੀ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਮੰਟੋ ਨੂੰ ਕਰੀਬ 43 ਸਾਲ ਦਾ ਜੀਵਨ ਹੀ ਇਸ ਰੰਗਲੀ ਦੁਨੀਆ ਵਿਚ ਗੁਜ਼ਾਰਨ ਦਾ ਸਮਾਂ ਮਿਲਿਆ। ਦੁਨੀਆ ਵਿਚਰਦਿਆਂ ਉਸ ਨੂੰ ਜੋ ਵੀ ਅਨੁਭਵ ਹੋਇਆ, ਉਸ ਨੇ ਇਕ ਵਿਲੱਖਣ ਨਜ਼ਰੀਏ ਨਾਲ ਆਪਣੀ ਕਲਮ ਉਠਾਈ ਤੇ ਬਗੈਰ ਕਿਸੇ ਡਰ-ਭਉ ਤੋਂ ਬੇਬਾਕੀ ਨਾਲ ਸਮਾਜਿਕ, ਰਾਜਨੀਤਕ, ਧਾਰਮਿਕ ਫੁਕਰੇਪਨ ਦੇ ਕੁਹਜ ਦੀ ਹਕੀਕਤ ਨੂੰ ਕਰੀਬ 220 ਕਹਾਣੀਆਂ/ ਅਫਸਾਨਿਆਂ ਰਾਹੀਂ ਦੁਨੀਆ ਦੇ ਸਾਹਮਣੇ ਰੱਖਿਆ। ਡਾ: ਐਸ. ਤਰਸੇਮ ਨੇ ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕਹਾਣੀਆਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਲਈ 'ਮੰਟੋ ਦੀਆਂ ਸ੍ਰੇਸ਼ਟ ਕਹਾਣੀਆਂ' ਦੇ ਸਿਰਲੇਖ ਹੇਠ ਸੰਪਾਦਤ ਕਰਕੇ ਇਹ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈ ਹੈ।
ਡਾ: ਐਸ. ਤਰਸੇਮ ਨੇ ਇਸ ਪੁਸਤਕ ਵਿਚ 'ਮੈਂ ਮੰਟੋ ਬੋਲਦਾ ਹਾਂ' ਰਾਹੀਂ ਮੰਟੋ ਦੇ ਜੀਵਨ ਦੇ ਸਭ ਖੱਟੇ-ਮਿੱਠੇ ਜੀਵਨ ਉੱਤੇ ਪੰਛੀ-ਝਾਤ ਵੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਮੰਟੋ ਦੀਆਂ ਕਹਾਣੀਆਂ ਨੂੰ ਇਸ ਤਰਤੀਬ ਨਾਲ ਸੰਪਾਦਿਤ ਕੀਤਾ ਹੈ ਕਿ ਇਹ ਕਹਾਣੀਆਂ ਇਕ ਨਾਵਲ ਦੀਆਂ ਲੜੀਵਾਰ ਘਟਨਾਵਾਂ ਹੀ ਪ੍ਰਤੀਤ ਹੋਣ ਲੱਗਦੀਆਂ ਹਨ।
ਜਿਸਮ-ਫਰੋਸੀ ਇਕ ਮਜਬੂਰੀ, ਮਰਦਾਂ ਚੋਂ ਕਿਸੇ ਫਰਿਸ਼ਤੇ ਵੱਲੋਂ ਇਸ ਦਲਦਲ ਵਿਚ ਕੁੱਦਣਾ ਤੇ ਇਸ ਧੰਦੇ ਵੱਲ ਧੱਕਣ ਵਾਲੇ ਵਿਰੁੱਧ ਸਫਲ ਉਕਸਾਹਟ ਪੈਦਾ ਕਰਨਾ, ਨਰਕ ਭੋਗ ਰਹੀ ਵੇਸਵਾਗਮਨੀ ਦੇ ਸੁਧਾਰ ਲਈ 'ਪਵਿੱਤਰ ਪਾਪੀ' ਵਜੋਂ ਯਤਨ ਕਰਨੇ, ਔਰਤਾਂ ਦੇ ਇਕ ਵਰਗ ਵੱਲੋਂ ਆਜ਼ਾਦੀ ਦੇ ਨਾਂਅ ਉਤੇ ਮਰਦ ਸਮਾਜ ਦੀਆਂ ਉਣਤਾਈਆਂ ਅਪਣਾਉਣ ਦੀ ਤਰਾਸਦੀ, ਆਪਣੀ ਹੱਕੀ ਸੇਜ ਮਾਨਣ ਦੀ ਥਾਂ ਬਗਾਨੀ ਤੌੜੀ ਵਿਚ ਮੂੰਹ ਮਾਰਨਾ ਪਰ ਉਸ ਤੌੜੀ ਵਿਚੋਂ 'ਠੰਢਾ ਗੋਸ਼ਤ' ਮੂੰਹ ਨਾਲ ਲੱਗਣ ਨਾਲ ਆਪ ਹੀ 'ਠੰਢਾ ਗੋਸ਼ਤ' ਬਣ ਜਾਣਾ, ਕਾਮ-ਚੇਸ਼ਟਾ ਵਿਚ ਸੰਤੁਸ਼ਟੀ ਨਾ ਮਿਲਣ 'ਤੇ ਸ਼ਰਮ-ਸੰਗ ਦੀ ਮੂਰਤ ਨੇ ਸ਼ੀਹਣੀ ਦਾ ਰੂਪ ਧਾਰਨ ਕਰ ਜਾਣਾ, ਬੇ-ਔਲਾਦੀ ਔਰਤ ਵੱਲੋਂ ਮਾਂ ਬਣਨ ਦੀ ਕੁਰਲਾਹਟ, ਸਿਆਣੇ-ਬਿਆਣੇ ਨੇਤਾਵਾਂ ਦੀ ਬੇਕੂਫੀ ਦਾ ਨਤੀਜਾ, ਆਜ਼ਾਦੀ ਬਨਾਮ ਬਰਬਾਦੀ, ਦੇਸ਼ ਦੀ ਵੰਡ ਸਮੇਂ ਹੈਵਾਨੀਅਤ ਦਾ ਨੰਗਾ ਨਾਚ, ਨਹੁੰ-ਮਾਸ ਦੇ ਰਿਸ਼ਤਿਆਂ ਦਾ ਚਕਨਚੂਰ ਹੋਣਾ ਅਤੇ ਪ੍ਰਾਹੁਣਚਾਰੀ ਵਲੋਂ ਮੇਜ਼ਬਾਨੀ ਦੇ ਅਟੁੱਟ ਸ਼ਰਧਾ ਨਾਲ ਵਿਸ਼ਵਾਸਘਾਤ ਕਰ ਜਾਣਾ ਆਦਿ ਭਾਵ-ਪੂਰਤ ਅਣਛੋਹੇ ਵਿਸ਼ਿਆਂ ਉਤੇ ਬੜੀ ਬਰੀਕੀ ਨਾਲ ਧਰੀ ਗਈ ਉਂਗਲ ਪਾਠਕ ਨੂੰ ਮੰਟੋ ਦੀਆਂ ਇਨ੍ਹਾਂ ਕਹਾਣੀਆਂ ਵਿਚ ਪ੍ਰਤੱਖ ਦਿਖਾਈ ਦਿੰਦੀ ਹੈ। ਡਾ: ਐਸ. ਤਰਸੇਮ ਵਲੋਂ ਕੀਤਾ ਗਿਆ ਇਹ ਸਾਰਥਿਕ ਯਤਨ( ਮੰਟੋ ਦੀਆਂ ਪ੍ਰਮੱਖ ਕਹਾਣੀਆਂ ਨੂੰ ਸੰਪਾਦਿਤ ਕਰਨਾ) ਕਾਫੀ ਸ਼ਲਾਘਾਯੋਗ ਹੈ। ਆਸ ਹੈ ਕਿ ਸੰਪਾਦਕ ਡਾ: ਐਸ. ਤਰਸੇਮ ਛੇਤੀ ਹੀ ਮੰਟੋ ਦੀਆਂ ਹੋਰ ਕਹਾਣੀਆਂ ਦੀ ਸੰਪਾਦਨਾ ਕਰਕੇ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨ ਦਾ ਯਤਨ ਕਰਨਗੇ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858


 

23-6-2013

 ਸਤਨਾਜਾ
ਲੇਖਕ : ਸ਼ਰਨਜੀਤ ਬੈਂਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ/ਲੁਧਿਆਣਾ
ਮੁੱਲ : 135 ਰੁਪਏ, ਸਫ਼ੇ : 95

ਸ਼ਰਨਜੀਤ ਬੈਂਸ ਸੁਲਝਿਆ ਹੋਇਆ ਅਨੁਭਵੀ ਪੱਤਰਕਾਰ/ਗੱਦਕਾਰ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਦੇਸ਼-ਵਿਦੇਸ਼ ਦੀਆਂ ਸਮੱਸਿਆਵਾਂ ਤੇ ਗਤੀਵਿਧੀਆਂ ਨੂੰ ਆਪਣੀ ਕਲਮ ਰਾਹੀਂ ਚਿਤਰਣ ਦੇ ਯਤਨ ਵਿਚ ਹੈ। ਉਹ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪ੍ਰਾਂਤਿਕ ਵਿਹਾਰਾਂ ਤੇ ਵਿਚਾਰਾਂ ਨੂੰ ਪੇਸ਼ ਕਰਨ ਦੇ ਆਹਰ 'ਚ ਰਹਿੰਦਾ ਹੈ। ਇਹੋ ਜਿਹੇ ਮਿਲੇ-ਜੁਲੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਉਸ ਨੇ 'ਸਤਨਾਜਾ' ਨਾਂਅ ਦੀ ਨਵੀਂ ਪੁਸਤਕ ਪੇਸ਼ ਕੀਤੀ ਹੈ।
ਉਸ ਦੇ ਲੇਖਾਂ ਵਿਚ ਗ਼ਜ਼ਬ ਦੀ ਵੰਨ-ਸੁਵੰਨਤਾ ਹੈ। ਉਹ ਕਿਸੇ ਵੀ ਵਿਸ਼ੇ 'ਤੇ ਲਿਖਦਾ ਹੋਇਆ ਆਪਣੀ ਗੱਲ ਸਰਲ, ਸਪੱਸ਼ਟ ਤੇ ਨਿਰਵਿਵਾਦ ਢੰਗ ਨਾਲ ਵਿਉਂਤਦਾ ਹੈ। ਉਹ ਆਪਣੀ ਰਾਇ ਨਿਡਰਤਾ ਨਾਲ ਜ਼ਾਹਿਰ ਕਰਦਾ ਹੈ। ਉਸ ਦੇ ਵਿਹਾਰ ਤੇ ਵਿਚਾਰਾਂ ਵਿਚ ਖੁੱਲ੍ਹਾ ਡੁੱਲ੍ਹਾਪਨ ਝਲਕਦਾ ਹੈ। ਗੱਲ ਭਾਰਤ-ਚੀਨ ਦੀ ਹੋਵੇ, ਭਾਵੇਂ ਭਾਰਤ-ਪਾਕਿ ਰਿਸ਼ਤਿਆਂ ਦੀ, ਸਮਲਿੰਗੀ ਵਰਤਾਰਿਆਂ ਦੀ ਹੋਵੇ, ਪੰਜਾਬੀ ਭਾਸ਼ਾ ਦੀ ਮੰਦੀ ਸਥਿਤੀ ਦੀ ਹੋਵੇ, ਉਹ ਆਪਣੀ ਰਾਇ ਬੇਲਿਹਾਜ਼ ਹੋ ਕੇ ਦਿੰਦਾ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਹੈ। ਡੇਰਿਆਂ ਦਾ ਆਪਹੁਦਰਾਪਨ ਤੇ ਲੁੱਟ-ਖਸੁੱਟ ਵੀ ਬੈਂਸ ਦੀ ਕਲਮ ਤੋਂ ਬਚ ਨਹੀਂ ਸਕੇ। ਆਮ ਸਮੱਸਿਆਵਾਂ ਪੇਸ਼ ਕਰਦਿਆਂ ਬੈਂਸ ਬਹੁਤ ਸਰਲ ਤੇ ਸਪਾਟਬਿਆਨੀ ਤੋਂ ਕੰਮ ਲੈਂਦਾ ਹੈ। ਪਰ ਜਦ ਉਹ ਹਿਰਦੇ ਨਾਲ ਜੁੜੇ ਸਵਾਲਾਂ ਦੇ ਰੂਬਰੂ ਹੁੰਦਾ ਹੈ ਤਾਂ ਝੱਟ ਹੀ ਕਾਵਿਕ ਤੇ ਦਰਸ਼ਨਵਾਦੀ ਹੋ ਜਾਂਦਾ ਹੈ। ਉਦੋਂ ਉਸ ਦੇ ਵਾਕ, ਫਿਕਰੇ ਟੂਕਾਂ ਤੇ ਸਿਆਣੀਆਂ ਟੂਕਾਂ ਦਾ ਰੂਪ ਧਾਰਨ ਲੱਗਦੇ ਹਨ। 'ਕਿਸੇ ਦਰਦ 'ਚੋਂ ਨਿਕਲੀ ਆਵਾਜ਼ ਹੈ ਹੰਝੂ', 'ਦੁੱਖਾਂ-ਸੁਖਾਂ ਦਾ ਚਲਦਾ ਪ੍ਰਵਾਹ ਹੈ ਜੀਵਨ', 'ਫੈਸਲਾ', 'ਇਸ਼ਕ ਦਾ ਰੁਤਬਾ ਪਿਆਰ ਕਰਨ ਵਾਲੇ ਹੀ ਜਾਣਦੇ ਹਨ', 'ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ', 'ਸਰਹੱਦਾਂ ਅੰਦਰ ਕੈਦ ਮਨੁੱਖਤਾ', ਆਦਿ ਲੇਖਾਂ ਵਿਚ ਉਹ ਦਿਮਾਗ਼ ਨਾਲੋਂ ਦਿਲ ਦੇ ਨੇੜੇ ਰਹਿੰਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਲੇਖਾਂ ਵਿਚੋਂ ਨਿਕਲੇ ਵਾਕ ਟੂਕਾਂ ਬਣਦੇ ਦੇਖਣੇ ਚਾਹੀਦੇ ਹਨ :
1. ਭੁੱਖ ਨਾਲ ਵਿਲਕਦੇ ਪੇਟ ਨੂੰ ਰੋਟੀ ਦੀ ਸਹੀ ਪਰਿਭਾਸ਼ਾ ਪਤਾ ਹੁੰਦੀ ਹੈ।
2. ਔੜ ਮਾਰੀ ਧਰਤੀ ਨੂੰ ਹੀ ਮੀਂਹ ਦੀ ਪਹਿਲੀ ਬੂੰਦ ਦੀ ਕੀਮਤ ਪਤਾ ਹੁੰਦੀ ਹੈ।
3. ਸਾਡੀ ਹਰ ਨਿਰਾਸ਼ਤਾ ਅਤੀਤ ਨਾਲ ਜੁੜੀ ਹੁੰਦੀ ਹੈ ਅਤੇ ਸਾਡੀ ਹਰ ਆਸ ਭਵਿੱਖ ਨਾਲ ਬੱਝੀ ਹੁੰਦੀ ਹੈ।
ਇਹੋ ਜਿਹੀਆਂ ਗੁੱਝੀਆਂ ਤੇ ਦਾਰਸ਼ਨਿਕ ਟੂਕਾਂ ਬੈਂਸ ਦੀ ਵਿਦਵਤਾ ਦੀ ਜ਼ਾਹਿਰ ਕਰਦੀਆਂ ਹਨ। ਬੈਂਸ ਸਮੱਸਿਆ ਵੱਲ ਸੰਕੇਤ ਤਾਂ ਕਰਦੀ ਹੀ ਹੈ, ਨਾਲ ਦੀ ਨਾਲ ਉਸ ਦਾ ਹੱਲ ਵੀ ਦੱਸਦਾ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਨਾ ਅਕਲਵਾਨ ਹੋਣ ਵੱਲ ਰੁਚਿਤ ਕਰਦਾ ਹੈ।

ਰੁੱਖ ਰਬਾਬ
ਲੇਖਿਕਾ : ਅਨੂ ਬਾਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 71

'ਕਿਰਨਾਂ ਦਾ ਝੁਰਮਟ' ਤੋਂ ਬਾਅਦ 'ਰੁੱਖ ਰਬਾਬ' ਅਨੂ ਬਾਲਾ ਦਾ ਨਵਾਂ ਗ਼ਜ਼ਲ-ਸੰਗ੍ਰਹਿ ਹੈ। ਅਨੂ ਬਾਲਾ ਪਰਪੱਕ ਤੇ ਸੂਖ਼ਮ ਅਹਿਸਾਸਾਂ ਵਾਲੀ ਕਵਿੱਤਰੀ ਹੈ। ਉਸ ਦੇ ਸ਼ਿਅਰਾਂ ਦੀ ਨਾਇਕਾ ਪ੍ਰੇਮ ਰੱਤੀ ਤੇ ਪ੍ਰੇਮ ਮੱਤੀ ਹੈ ਜਿਸ ਕੋਲ ਆਪਣੇ ਪ੍ਰੇਮ ਪ੍ਰਤੀ ਸਮਰਪਿਤ ਭਾਵ ਹੈ। ਉਹ ਆਪਣੇ ਦਰਦ ਤੇ ਪੀਣ ਨੂੰ ਵੀ ਸ਼ਾਨਮੱਤੇ ਢੰਗ ਨਾਲ ਪੇਸ਼ ਕਰਨ ਦੇ ਆਹਰ 'ਚ ਰਹਿੰਦੀ ਹੈ। ਉਸ ਕੋਲ ਆਪਣੇ ਨਾਇਕ ਲਈ ਪ੍ਰੇਮ ਰਸ ਤੋਂ ਸਿਵਾਇ ਹੋਰ ਕੁਝ ਨਹੀਂ। ਉਹ ਭਾਵ-ਵਿਹੋਰ ਹੁੰਦੀ ਹੋਈ ਆਪਣੇ ਪ੍ਰੇਮੀ ਨੂੰ ਆਵਾਹਨ ਕਰਦੀ ਹੈ ਕਿ ਉਹ ਉਸ ਦੇ ਹੱਥਾਂ 'ਤੇ ਕਿਰਨਾਂ ਦੀ ਮਹਿੰਦੀ ਲਗਾ ਕੇ ਮੱਥੇ 'ਤੇ ਸੂਰਜ ਦੀ ਬਿੰਦੀ ਸਜਾਵੇ। ਉਹ ਵਿਦਰੋਹੀ ਸੁਰ ਅਪਣਾਉਣ ਦੀ ਥਾਂ ਮੁਹੱਬਤੀ ਸੁਰ ਅਖ਼ਤਿਆਰ ਕਰਦੀ ਹੈ। ਉਹ ਪ੍ਰੇਮੀ ਦੇ ਪਾਣੀ ਦੀ ਖ਼ਾਤਿਰ ਮੀਨ ਭਾਵ ਮੱਛਲੀ ਬਣਨ ਲਈ ਵੀ ਤੱਤਪਰ ਹੈ। ਉਸ ਨੂੰ ਤਾਂ ਆਪਣਾ ਦਰਦ ਦੱਸਣ ਦੀ ਅਦਾ ਹੀ ਨਹੀਂ ਆਈ। ਉਸ ਦੇ ਲਫ਼ਜ਼ ਉਸ ਦੇ ਰਿਸਦੇ ਜ਼ਖ਼ਮਾਂ 'ਚ ਪੂਰੇ ਉਤਰਦੇ ਦਿਖਾਈ ਨਹੀਂ ਪੈਂਦੇ। ਉਸ ਦੀਆਂ ਯਾਦਾਂ ਵਿਚ ਪ੍ਰੇਮੀ ਦੇ ਨਕਸ਼ ਝਲਕਦੇ ਦਿਸਦੇ ਨੇ, ਉਹ ਚੰਦ ਵਿਚ ਚਾਨਣ ਦੀ ਭਾਲ ਭਲਾ ਕਿਵੇਂ ਕਰੇ? ਅਨੂ ਬਾਲਾ ਦੀ ਪ੍ਰੇਮਿਕਾ ਨੂੰ ਆਪਣੇ ਸਿਦਕ ਤੇ ਮੂੰਹ ਜ਼ੋਰ ਮੁਹੱਬਤ 'ਤੇ ਪੂਰਾ-ਪੂਰਾ ਭਰੋਸਾ ਹੈ। ਉਸ ਦੇ ਮਜ਼੍ਹਬ ਉਹ ਭਾਵੇਂ ਗ਼ਮਾਂ ਵਿਚ ਸਨ ਦੀ ਰ੍ਹੇ ਪਰ ਉਫ਼ ਨਹੀਂ ਕਰੇਗੀ ਤੇ ਆਪਣੀ ਸ਼ਹਾਦਤ ਦਾ ਲੋਹਾ ਮਨਾ ਕੇ ਰਹੇਗੀ। ਇਸ ਤਰ੍ਹਾਂ ਅਨੂ ਬਾਲਾ ਦੇ ਸ਼ਿਅਰਾਂ 'ਚ ਔਰਤ-ਮਰਦ ਦੀ ਮਹੁੱਬਤ ਦੇ ਕਿੰਨੇ ਹੀ ਰੂਪ ਝਲਕਦੇ ਦਿਖਾਈ ਦਿੰਦੇ ਹਨ। ਕਈ ਤਰ੍ਹਾਂ ਦੀਆਂ ਡਾਈਮੈਨਸ਼ਨਜ਼ ਉਪਲਬਧ ਹੁੰਦੀਆਂ ਹਨ। ਪਰ ਇਹ ਵੀ ਨਹੀਂ ਕਿ ਉਹ ਸਾਰੀ ਦੀ ਸਾਰੀ ਨਿੱਜ ਨਾਲ ਹੀ ਗੱਲਾਂ ਕਰੀ ਜਾਂਦੀ ਹੋਵੇ। ਕਵਿਤਾ ਦੀ ਸ਼ਿੱਦਤ ਬਾਰੇ ਵੀ ਉਹ ਕਈ ਤਰ੍ਹਾਂ ਦੇ ਪ੍ਰਸ਼ਨ ਉਠਾਉਂਦੀ ਹੈ। ਸਮਾਜਿਕ ਸਰੋਕਾਰਾਂ ਪ੍ਰਤੀ ਵੀ ਉਹ ਬੇਹੱਦ ਸੰਵੇਦਨਸ਼ੀਲ ਹੈ, ਚੇਤਨ ਹੈ। ਸ਼ਹੀਦਾਂ ਪ੍ਰਤੀ ਸਾਡੀ ਊਣੀ ਸੋਚ ਨੂੰ ਵੰਗਾਰਦੀ ਹੋਈ ਉਹ ਆਖਦੀ ਹੈ :
ਵਿਚਾਰਾਂ ਤੋਂ ਤੁਰੇ ਉਲਟੇ, ਉਨ੍ਹਾਂ ਦੀ ਸੋਚ ਤੋਂ ਬਾਗ਼ੀ,
ਖਰਾ ਮੁੱਲ ਤਾਰਿਆ ਆਪਾਂ ਸ਼ਹੀਦਾਂ ਦੀ ਸ਼ਹਾਦਤ ਦਾ।
ਸੂਖ਼ਮ ਭਾਵਾਂ ਵਾਲੀ ਇਸ ਕਵਿੱਤਰੀ ਦੀਆਂ ਗ਼ਜ਼ਲਾਂ ਨੂੰ ਜੀ ਆਇਆਂ।

-ਕੇ. ਐਲ. ਗਰਗ
ਮੋ: 94635-37050

ਗੀਤਾਂ ਦੀ ਗੁਲਜ਼ਾਰ
ਲੇਖਕ : ਜੀ. ਐਸ. ਗਿੱਲ ਰਣਸ਼ੀਂਹਕੇ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 125 ਰੁਪਏ, ਸਫ਼ੇ : 127.

'ਗੀਤਾਂ ਦੀ ਗੁਲਜ਼ਾਰ' ਜੀ. ਐਸ. ਗਿੱਲ ਦੀ ਪ੍ਰਥਮ ਪੁਸਤਕ ਹੈ ਜਿਹੜੀ ਉਸ ਨੇ ਆਪਣੇ ਉਸਤਾਦ ਤੂੰਬੀ ਦੇ ਬਾਦਸ਼ਾਹ ਲਾਲ ਚੰਦ ਯਮਲਾ ਜੱਟ ਦੇ ਅਸ਼ੀਰਵਾਦ ਨਾਲ ਲਿਖੀ ਜਿਹੜੀ ਉਹਦੇ ਨਾਲ ਵਾਪਰੇ ਜ਼ਿੰਦਗੀ ਦੇ ਕੌੜੇ-ਕੁਸੈਲੇ ਅਨੁਭਵਾਂ ਵਿਚੋਂ ਉਤਪੰਨ ਹੋਈ। ਉਹਦੀਆਂ ਲਿਖਤਾਂ ਦੇ ਰੰਗ ਉਹਦੇ ਉਮਰ ਦੇ ਤਜਰਬਿਆਂ ਨਾਲ ਨਿਖਰਦੇ ਗਏ। ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਵਿਚੋਂ ਫੁਰਸਤ ਦੇ ਪਲਾਂ ਵਿਚ ਜਦੋਂ ਵੀ ਉਹਨੇ ਕਲਮ ਫੜੀ, ਉਹ 'ਗੀਤਾਂ ਦੀ ਗੁਲਜ਼ਾਰ' ਬਣੀ, ਜਿਸ ਵਿਚ ਕੁੱਲ 111 ਗੀਤ ਸ਼ਾਮਿਲ ਹਨ। ਸਾਰੇ ਗੀਤ ਬਿਰਹੋਂ ਦੀ ਪੁਕਾਰ ਤੇ ਵੇਦਨਾ ਹਨ। 'ਕੀ ਹਾਲ ਲਿਖਾਂ ਦੱਸ ਤੈਨੂੰ ਨੀ, ਸੂਲੀ 'ਤੇ ਟੰਗ ਗਈ ਮੈਨੂੰ ਨੀ, ਤੇਰਾ ਪਿਆਰ ਭੁਲਾਇਆ ਨਹੀਂ ਭੁੱਲਦਾ, ਇਹਨੂੰ ਬੜਾ ਭੁਲਾਈ ਦਾ, ਮਾਰ ਦੇਊਗਾ ਗ਼ਮ ਮੈਨੂੰ ਨੱਢੀਏ ਤੇਰੀ ਜੁਦਾਈ ਦਾ।' ਇਸ ਕਿਤਾਬ ਵਿਚਲੀ ਹਰ ਰਚਨਾ ਪੜ੍ਹ ਕੇ ਸਾਧਾਰਨ ਤੋਂ ਸਾਧਾਰਨ ਪਾਠਕ ਨੂੰ ਸਕੂਨ ਮਿਲਦਾ ਹੈ। ਉਹਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਜਿਨ੍ਹਾਂ ਨੂੰ ਉਹ ਆਪਣੇ ਗੀਤਾਂ ਵਿਚ ਵਰਤ ਕੇ ਉਹ ਦਿਲ ਨੂੰ ਟੁੰਬਣ ਵਾਲਾ ਦਰਦ ਭਰ ਦਿੰਦਾ ਹੈ। ਜਦੋਂ ਇਨ੍ਹਾਂ ਗੀਤਾਂ ਨੂੰ ਉਹ ਆਪਣੀ ਸੁਰੀਲੀ ਆਵਾਜ਼ ਵਿਚ ਗਾਉਂਦਾ ਹੈ ਤਾਂ ਪਾਠਕਾਂ ਤੇ ਸਰੋਤਿਆਂ ਦੇ ਦਿਲਾਂ ਦੇ ਅੰਦਰ ਚਲਦੀਆਂ ਕਾਵਿ ਤਰੰਗਾਂ ਉਹਦੀਆਂ ਲਿਖਤਾਂ ਨਾਲ ਜੁੜ ਉਹਦੀ ਸ਼ਾਇਰੀ ਨੂੰ ਵਿਲੱਖਣ ਰੂਪ ਦਿੰਦੀਆਂ ਹਨ। ਉਹਦੇ ਇਸ ਕਿਤਾਬ ਵਿਚਲੇ ਸਾਰੇ ਗੀਤਾਂ ਵਿਚ ਇਕ ਵਿਲੱਖਣ ਖਿੱਚ ਹੈ, ਜਿਹੜੀ ਪਾਠਕ ਨੂੰ ਧੁਰ ਅੰਦਰੋਂ ਇਸ ਕਿਤਾਬ ਨਾਲ ਜੋੜਦੀ ਹੈ। 'ਮੇਰੇ ਗੀਤ ਕਹਾਣੀ ਦਰਦਾਂ ਦੀ ਦੱਸ ਕੀਹਨੂੰ ਖੋਲ੍ਹ ਸੁਣਾਵਾਂ ਮੈਂ-ਮੇਰੇ ਆਪਣੇ ਬੇਗਾਨੇ ਬਣ ਗਏ ਨੇ, ਮੈਨੂੰ ਜਾਲ ਦੁੱਖਾਂ ਦੇ ਤਣ ਗਏ ਨੇ, ਸਧਰਾਂ ਦੇ ਸੁੱਕਦੇ ਬੂਟੇ ਨੂੰ ਹੰਝੂਆਂ ਦਾ ਪਾਣੀ ਪਾਵਾਂ ਮੈਂ ਬੇਸ਼ੱਕ ਇਸ ਕਿਤਾਬ ਵਿਚਲੇ ਗੀਤਾਂ ਦਾ ਮੇਨ ਧੁਰਾ ਪਿਆਰ ਮੁਹੱਬਤ ਹੈ ਪਰ ਇਹ ਇਕ ਅਟੱਲ ਸਚਾਈ ਹੈ ਕਿ ਮੁਹੱਬਤ ਵਿਚੋਂ ਹੀ ਕਈ ਵਾਰੀ ਭਗਤੀ ਦਾ ਮਾਰਗ ਦਿਸਦਾ ਹੈ।

-ਬੀਬਾ ਕੁਲਵੰਤ
ਮੋ: 98761-23151

ਪੈੜ ਚਾਲ
ਕਵੀ : ਕਮਰਜੀਤ ਸੇਖੋਂ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 123.

ਹਥਲੀ ਪੁਸਤਕ ਕਰਮਜੀਤ ਸੇਖੋਂ ਦਾ ਪਹਿਲਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ ਕੁੱਲ 68 ਕਵਿਤਾਵਾਂ ਹਨ ਜੋ ਕਿ ਛੰਦ ਮੁਕਤ ਹਨ। ਭਾਵੇਂ ਕਰਮਜੀਤ ਦੀ ਇਹ ਪਹਿਲੀ ਹੀ ਪੁਸਤਕ ਹੈ ਪਰ ਉਸ ਕੋਲ ਜੀਵਨ ਦਾ ਅਨੁਭਵ ਹੈ, ਜਿਸ ਨੂੰ ਉਸ ਨੇ ਸਹਿਜ ਨਾਲ ਕਾਵਿ ਬਿਰਤਾਤਾਂ ਰਾਹੀਂ ਸੰਚਾਰਤ ਕੀਤਾ ਹੈ। ਉਹ ਇਕ ਚਿੱਤਰਕਾਰ ਵੀ ਹੈ, ਜਿਸ ਕਰਕੇ ਜੀਵਨ ਦੀਆਂ ਕਈ ਪਰਤਾਂ ਤੋਂ ਬਾਖੂਬੀ ਜਾਣੂ ਹੈ। ਇਨ੍ਹਾਂ ਖੁੱਲ੍ਹੀਆਂ ਕਵਿਤਾਵਾਂ ਵਿਚ ਉਹ ਜ਼ਿਆਦਾਤਰ ਖ਼ੁਦ ਨੂੰ ਸੰਬੋਧਤ ਹੋ ਕੇ ਖ਼ੁਦ ਹੀ ਪ੍ਰਸ਼ਨ ਉਪਜਾਉਂਦਾ ਅਤੇ ਫਿਰ ਉਨ੍ਹਾਂ ਦਾ ਉੱਤਰ ਢੂੰਡਦਾ ਹੈ। ...ਉਹ ਕੌਣ ਹੈ?/ਜਿਸ ਨੂੰ ਮੈਂ ਵੇਖ ਨਹੀਂ ਸਕਦਾ?/ਉਹ ਕੌਣ ਹੈ/ਜਿਸ ਨੂੰ ਮੈਂ ਛੂਹ ਨਹੀਂ ਸਕਦਾ/...ਸ਼ਾਇਦ ਇਹ ਉਹ ਨਹੀਂ ਹੈ/ਕਿਉਂਕਿ/ਕਲਪਨਾ ਕੇਵਲ ਕਲਪਨਾ ਹੈ/ਵਾਸਤਵਿਕਤਾ ਨਹੀਂ...।
ਇਕ ਹੋਰ ਕਵਿਤਾ ਦੀਆਂ ਕੁਝ ਸਤਰਾਂ ਵੇਖੋ : ਮੈਂ ਕੌਣ ਹਾਂ/ਅਕਸਰ ਪੁੱਛਦਾ ਹਾਂ/ਸਵਾਲ/ਮੈਂ ਆਪਣੇ ਆਪ ਤੋਂ/ਮੈਂ ਕੀ ਹਾਂ?/ਹਵਾ?/ਜਾਂ ਹਾਂ ਕੋਈ ਖਿਆਲ?/ਜਾਂ ਕੋਈ/ਵਸਤੂ?/...।
ਕਰਮਜੀਤ ਸੇਖੋਂ ਨੂੰ ਕਵਿਤਾ ਦੇ ਖੇਤਰ ਵਿਚ ਪ੍ਰਪੱਕ ਹਸਤਾਖਰ ਹੋਣ ਲਈ ਅਜੇ ਮਿਹਨਤ ਦੀ ਲੋੜ ਹੈ। ਕਵਿਤਾਵਾਂ ਵਿਚ ਲੈਅ ਦਾ ਦਖ਼ਲ ਬਿਲਕੁਲ ਨਹੀਂ ਹੈ। ਵਾਰਤਕ ਨੂੰ ਤੋੜ ਕੇ ਛੋਟੀਆਂ-ਛੋਟੀਆਂ ਸਤਰਾਂ ਵਿਚ ਲਿਖਣ ਨਾਲ ਹੀ ਕੋਈ ਕਵਿਤਾ ਨਹੀਂ ਬਣਦੀ। ਪਰ ਫਿਰ ਵੀ ਆਸ ਬੱਝਦੀ ਹੈ ਕਿ ਉਹ ਆਉਂਦੇ ਸਮੇਂ ਵਿਚ ਕਵਿਤਾ ਦੇ ਮਹਾਨ ਕਾਰਜ ਨੂੰ ਹੋਰ ਵੀ ਸੰਜੀਦਗੀ ਨਾਲ ਲਵੇਗਾ। ਹੇਠਾਂ ਉਸ ਦੀ ਕਵਿਤਾ 'ਅਰਮਾਨਾਂ ਦੀ ਕਬਰ' ਨੂੰ ਵਾਰਤਕ ਵਿਚ ਲਿਖੀਏ ਤਾਂ ਇਹ ਕਵਿਤਾ ਨਹੀਂ ਰਹਿ ਜਾਂਦੀ, 'ਉਹ ਆਪਣੇ ਅਰਮਾਨਾਂ ਦੀ ਕਬਰ 'ਤੇ ਹਰ ਰੋਜ਼ ਇਕ ਬੁੱਕ ਮਿੱਟੀ ਪਾਉਂਦਾ, ਉਹ ਆਪਣੇ ਅਰਮਾਨਾਂ ਦੀ ਕਬਰ 'ਤੇ ਹਰ ਰੋਜ਼ ਜਾਂਦਾ ਅਤੇ ਇਕਰਾਰ ਕਰਦਾ ਕਿ ਇਸ ਵਾਰ ਮੈਂ ਤੈਨੂੰ ਪੱਕਾ ਕਰਵਾ ਦਿਆਂਗਾ। ਗੁਜ਼ਰ ਗਏ ਕਈ ਸਾਲ। ਫਿਰ ਇਕ ਦਿਨ ਉਹ ਆਪਣੇ ਅਰਮਾਨਾਂ ਦੀ ਕਬਰ 'ਤੇ ਗਿਆ। ਕਬਰ ਉਤੋਂ ਮਿੱਟੀ ਉੱਡ ਚੁੱਕੀ ਸੀ। ਇਸੇ ਹੀ ਤਰਜ਼ ਦੀਆਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਹਨ। ਅਮਰਜੀਤ ਕੌਂਕੇ ਨੇ ਇਸ ਦੇ ਬੈਕ ਟਾਈਟਲ ਉਤੇ ਰਾਹਦਾਰੀ ਲਿਖੀ ਹੈ। ...ਮੈਨੂੰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਇਹ ਕਾਵਿ ਪੁਸਤਕ ਅਜੋਕੀ ਪੰਜਾਬੀ ਕਾਵਿਕਾਰੀ ਵਿਚ ਕਿਸੇ ਤਰ੍ਹਾਂ ਦਾ ਵਾਧਾ ਕਰਨ ਦੇ ਯੋਗ ਨਹੀਂ। ਹਾਂ ਪੁਸਤਕ ਦੀ ਜਿਲਦ ਪੱਕੀ ਅਤੇ ਛਪਾਈ ਸੋਹਣੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

16-6-2013

 ਸਿੱਖ ਸਰੋਕਾਰ
ਲੇਖਕ : ਰੂਪ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ 200 ਰੁਪਏ, ਸਫ਼ੇ : 208

ਸ: ਰੂਪ ਸਿੰਘ ਧਰਮ, ਦਰਸ਼ਨ ਅਤੇ ਨੈਤਿਕਤਾ ਬਾਰੇ ਨਿਯਮਿਤ ਤੌਰ 'ਤੇ ਲਿਖਣ ਵਾਲਾ ਇਕ ਸਮਰਪਿਤ ਵਿਦਵਾਨ ਹੈ। ਉਹ 'ਰੋਜ਼ਾਨਾ ਅਜੀਤ' ਅਤੇ ਕੁਝ ਹੋਰ ਪਰਚਿਆਂ ਵਿਚ ਸਮਕਾਲੀ ਸਿੱਖ ਸਰੋਕਾਰਾਂ ਬਾਰੇ ਆਪਣੇ ਵਿਚਾਰ ਲਗਾਤਾਰ ਪੇਸ਼ ਕਰਦਾ ਰਹਿੰਦਾ ਹੈ। ਉਸ ਦੀ ਲੇਖਣੀ ਵਿਚ ਸਾਹਿਤ ਅਤੇ ਧਰਮ ਦਾ ਸੁਮੇਲ ਹੈ ਅਤੇ ਇਹੋ ਜਿਹਾ ਸੁਮੇਲ ਅੱਜਕਲ੍ਹ ਦੇ ਨੌਜਵਾਨ ਲੇਖਕਾਂ ਵਿਚ ਬਹੁਤ ਘੱਟ ਨਜ਼ਰ ਆਉਂਦਾ ਹੈ। 'ਸਿੱਖ ਸਰੋਕਾਰ' ਪੁਸਤਕ ਵਿਚ ਉਸ ਦੇ ਕੁਲ 25 ਲੇਖ ਸੰਗ੍ਰਹਿਤ ਹਨ, ਜਿਨ੍ਹਾਂ ਵਿਚ ਉਸ ਨੇ ਗੁਰਮਤਿ ਦੇ ਕੇਂਦਰੀ ਸੰਕਲਪਾਂ ਦੀ ਵਿਆਖਿਆ ਕੀਤੀ ਹੈ। ਇਨ੍ਹਾਂ ਸੰਕਲਪਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵਿਭਾਜਿਤ ਕੀਤਾ ਜਾ ਸਕਦਾ ਹੈ : ਦਰਸ਼ਨ, ਇਤਿਹਾਸ ਅਤੇ ਪੁਰਬ। ਲੇਖਕ ਨੇ ਇਨ੍ਹਾਂ ਤਿੰਨੇ ਵਿਸ਼ਿਆਂ ਬਾਰੇ ਪੂਰਨ ਅਧਿਕਾਰ ਨਾਲ ਲਿਖਿਆ ਹੈ। ਪੁਸਤਕ ਦਾ ਆਰੰਭ 'ਪ੍ਰੇਮ' ਨਾਲ ਹੁੰਦਾ ਹੈ। ਗੁਰਬਾਣੀ ਵਿਚ ਪ੍ਰਭੂ ਅਤੇ ਸਤਿਗੁਰੂ ਨਾਲ ਸੱਚੀ ਪ੍ਰੀਤ ਜੋੜਨ ਦਾ ਆਦੇਸ਼ ਹੋਇਆ ਹੈ। ਰੂਪ ਸਿੰਘ ਸਪੱਸ਼ਟ ਕਰ ਦਿੰਦਾ ਹੈ ਕਿ ਜਿਹੜਾ ਵਿਅਕਤੀ ਪ੍ਰੇਮ ਨਾਲ ਪ੍ਰਮਾਤਮਾ ਨੂੰ ਸਿਮਰਦਾ ਹੈ। ਉਹ ਮਿਲਾਪ ਦਾ ਸੁਖ ਪ੍ਰਾਪਤ ਕਰ ਲੈਂਦਾ ਹੈ। (ਪੰਨਾ 15) ਉਸ ਅਨੁਸਾਰ ਇਹ ਪ੍ਰੇਮ ਦੀ ਹੀ ਸ਼ਕਤੀ ਸੀ ਕਿ ਇਕੋ ਘਰ ਵਿਚ ਦੋ-ਦੋ ਚੁੱਲ੍ਹੇ ਬਾਲਣ ਵਾਲੇ, ਸੰਗਤੀ ਰੂਪ ਵਿਚ ਇਕ ਹੀ ਸਮੇਂ ਇਕ ਹੀ ਥਾਂ ਬੈਠ ਕੇ ਪ੍ਰਸ਼ਾਦਾ ਛਕਣ ਲੱਗੇ ਤੇ ਗੁਰੂ-ਕ੍ਰਿਪਾ ਦੇ ਪਾਤਰ ਬਣੇ। 'ਜਿਤੁ ਬੋਲੀਐ' ਵਿਚ ਚੰਗਾ/ਮਿੱਠਾ ਬੋਲਣ ਦੀ ਵਡਿਆਈ ਨੂੰ ਬਿਆਨ ਕੀਤਾ ਗਿਆ ਹੈ : ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (ਮਹਲਾ ਪਹਿਲਾ, ਅੰਗ 15), ਗੁਰੂ ਨਾਨਕ ਦੇਵ ਜੀ ਨੇ 'ਬਾਬਰਵਾਣੀ' ਵਾਲੇ ਸ਼ਬਦਾਂ ਵਿਚ ਸੱਚ ਬੋਲਣ ਦਾ ਸੰਦੇਸ਼ ਦਿੱਤਾ ਸੀ, ਰੂਪ ਸਿੰਘ ਨੇ ਆਪਣੇ ਇਕ ਲੇਖ ਵਿਚ ਇਸ ਸੰਦੇਸ਼ ਦੀ ਵੀ ਭਰਪੂਰ ਵਿਆਖਿਆ ਕੀਤੀ ਹੈ। ਇਸੇ ਪ੍ਰਕਾਰ ਉਸ ਨੇ ਮੌਤ, ਕੇਸ ਤੇ ਸਿੱਖੀ, ਸੇਵਾ, ਗੁਰਸਿੱਖੀ ਅਤੇ ਸਿੱਖ ਰਹਿਤ ਮਰਯਾਦਾ ਆਦਿ ਸਰੋਕਾਰਾਂ ਬਾਰੇ ਵੀ ਬੜੀ ਸੁਚੱਜੀ ਜਾਣਕਾਰੀ ਪ੍ਰਦਾਨ ਕੀਤੀ ਹੈ। ਉਸ ਦੁਆਰਾ ਲਿਖੇ ਇਤਿਹਾਸਕ ਲੇਖਾਂ ਵਿਚੋਂ ਪ੍ਰਮੁੱਖ ਲੇਖ ਹਨ : ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ, ਸਾਕਾ ਨਨਕਾਣਾ ਸਾਹਿਬ, ਰਿਸਦੇ ਜ਼ਖ਼ਮ ਜੂਨ 84 ਦੇ, ਸੁਨਾਮੀ ਦਾ ਕਹਿਰ ਅਤੇ ਸਿੱਖ ਲੇਹ ਵਿਚ ਵਾਪਰਿਆ ਦੁਖਾਂਤ ਅਤੇ ਸਿੱਖ ਆਦਿਕ।
ਅੰਤਿਮ ਸ਼੍ਰੇਣੀ ਦੇ ਲੇਖਾਂ ਵਿਚ ਉਸ ਨੇ ਸਿੱਖ ਪੁਰਬਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਗੌਰਵ ਦੀ ਨਿਸ਼ਾਨਦੇਹੀ ਕੀਤੀ ਹੈ। 'ਸ਼ਹੀਦੀ ਸਪਤਾਹ ਦੀ ਦਾਸਤਾਨ', 'ਹੋਲਾ ਮਹੱਲਾ', 'ਸ੍ਰੀ ਅੰਮ੍ਰਿਤਸਰ ਦੀ ਦੀਵਾਲੀ' ਇਸ ਵੰਨਗੀ ਦੇ ਕੁਝ ਪ੍ਰਤੀਨਿਧ ਲੇਖ ਹਨ। ਲੇਖਕ ਅਨੁਸਾਰ ਗੁਰਸਿੱਖ ਦੀ ਪਹਿਚਾਣ ਉਸ ਦੀ ਚੜ੍ਹਦੀ ਕਲਾ ਨਾਲ ਜੁੜੀ ਹੋਈ ਹੈ। ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣ ਲਈ ਵਚਨਬੱਧ ਹੋਣ ਦੇ ਕਾਰਨ ਇਕ ਗੁਰਸਿੱਖ ਹਰ ਸਥਿਤੀ ਦੌਰਾਨ ਚੜ੍ਹਦੀ ਕਲਾ ਵਿਚ ਰਹਿੰਦਾ ਹੈ, ਕਦੇ ਵੀ ਨਿਮੋਝੂਣਾ ਜਾਂ ਮਾਯੂਸ ਨਹੀਂ ਹੁੰਦਾ। ਉਸ ਦਾ ਵਿਚਾਰ ਕਿ ਜਿਨ੍ਹਾਂ ਸਿੱਖਾਂ ਨੇ ਆਪਣੇ ਅਮੀਰ ਸਿੱਖੀ ਵਿਰਸੇ ਤੇ ਸਰੂਪ ਨੂੰ ਤਿਲਾਂਜਲੀ ਦੇ ਕੇ ਉੱਚ-ਅਹੁਦੇ ਪ੍ਰਾਪਤ ਕਰ ਲਏ ਹਨ, ਸਾਨੂੰ ਉਨ੍ਹਾਂ ਨੂੰ ਚੜ੍ਹਦੀ ਕਲਾ ਦੇ ਸਿੱਖੀ ਮਾਰਗ ਤੋਂ ਦੂਰ ਹੋਣ ਦੀ ਗ਼ਲਤੀ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ। ਇਹ ਸਾਡਾ ਪ੍ਰਮੁੱਖ ਸਰੋਕਾਰ ਬਣਨਾ ਚਾਹੀਦਾ ਹੈ। ਸਾਡਾ ਨਿਸ਼ਾਨਾ ਇਕੋ ਹੋਣਾ ਚਾਹੀਦਾ ਹੈ ਕਿ ਸਿੱਖੀ ਸੁਰਤਿ ਬਲਵਾਨ ਹੋਵੇ ਤੇ ਸਿੱਖ ਜਿਥੇ ਵੀ ਹੋਣ, ਚੜ੍ਹਦੀ ਕਲਾ ਵਿਚ ਵਿਚਰਣ ਅਤੇ ਵਸਣ। (ਪੰਨਾ 91) ਮੈਂ ਆਸ਼ਾ ਕਰਦਾ ਹਾਂ ਕਿ ਉਹ ਨਿਰੰਤਰ ਗੁਰਮਤਿ ਸਿਧਾਂਤਾਂ ਉੱਪਰ ਪੂਰਨ ਮੁਸਤੈਦੀ ਨਾਲ ਪਹਿਰਾ ਦਿੰਦਾ ਰਹੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

-0-
ਕਾਨਿਆਂ ਦੀ ਕੁੱਲੀ
ਕਵੀ : ਦਰਸ਼ਨ ਤਿਉਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 150 ਰੁਪਏ, ਸਫ਼ੇ : 96

ਕਾਨਿਆਂ ਦੀ ਕੁੱਲੀ, ਦਰਸ਼ਨ ਤਿਉਣਾ ਦੀ ਪਲੇਠੀ ਕਾਵਿ-ਪੁਸਤਕ ਹੈ ਜਿਸ ਵਿਚ ਪ੍ਰਮੁੱਖ ਰੂਪ ਵਿਚ ਉਸ ਦੇ ਗੀਤ ਸ਼ਾਮਿਲ ਹਨ। ਇਨ੍ਹਾਂ ਗੀਤਾਂ ਵਿਚ ਦਰਸ਼ਨ ਤਿਉਣਾ ਨੇ ਜੀਵਨ ਦੇ ਦੁਖਾਂ ਸੁਖਾਂ ਨੂੰ ਆਪਣੇ ਕਾਵਿ-ਮੰਤਵ ਵਜੋਂ ਪ੍ਰਸਤੁਤ ਕੀਤਾ ਹੈ।
ਇਸ ਸੰਗ੍ਰਹਿ ਵਿਚਲੇ ਗੀਤਾਂ ਦਾ ਮੂਲ ਥੀਮ ਪਿਆਰ ਹੈ। ਪਿਆਰ 'ਚੋਂ ਉਪਜੇ ਸੰਯੋਗ ਵਿਯੋਗ ਦੀ ਦਸ਼ਾ ਦਾ ਵਰਣਨ ਇਨ੍ਹਾਂ ਗੀਤਾਂ ਵਿਚ ਭਲੀ-ਭਾਂਤ ਕੀਤਾ ਮਿਲਦਾ ਹੈ। ਪਿਆਰ ਦੇ ਇਸ ਅਹਿਸਾਸ ਦਾ ਵਰਨਣ ਕਰਦਿਆਂ ਲੇਖਕ ਨੇ ਪੰਜਾਬੀ ਸੱਭਿਆਚਾਰਕ ਚਿਨ੍ਹਾਂ ਦੀ ਵਰਤੋਂ ਬਹੁਤ ਹੀ ਖ਼ੂਬਸੂਰਤੀ ਨਾਲ ਕੀਤੀ ਹੈ। ਕੁਝ ਗੀਤਾਂ ਵਿਚ ਪਿਆਰ ਦੇ ਆਨੰਦ ਤੇ ਕੁਝ ਵਿਚ ਪਿਆਰ ਦੀ ਉਦਾਸੀ ਨੂੰ ਉਜਾਗਰ ਕੀਤਾ ਗਿਆ ਹੈ। ਸਮਕਾਲੀ ਜੀਵਨ ਦੀਆਂ ਸਮੱਸਿਆਵਾਂ ਵਿਸ਼ੇਸ਼ ਤੌਰ 'ਤੇ ਮੰਦੀ ਕਿਰਸਾਨੀ ਦੀ ਦਸ਼ਾ ਨੂੰ ਵੀ ਲੇਖਕ ਨੇ 'ਮੈਂ ਕਾਂਗਿਆਰੀ' ਜਿਹੇ ਗੀਤਾਂ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਭਗਤੀ ਤੇ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਵੀ ਕਈ ਗੀਤਾਂ ਵਿਚ ਹੋਈ ਮਿਲਦੀ ਹੈ। ਗੀਤਾਂ ਤੋਂ ਇਲਾਵਾ ਇਸ ਪੁਸਤਕ ਵਿਚ ਲੇਖਕ ਦੇ ਕੁਝ ਸ਼ੇਅਰ ਵੀ ਸ਼ਾਮਿਲ ਹਨ। ਇਹ ਸ਼ੇਅਰ ਸਟੇਜੀ ਲੋੜਾਂ ਨੂੰ ਮੁੱਖ ਰੱਖ ਕੇ ਲਿਖੇ ਪ੍ਰਤੀਤ ਹੁੰਦੇ ਹਨ। ਇਨ੍ਹਾਂ ਵਿਚ ਵਿਅੰਗ ਦੀ ਭਾਵਨਾ ਪ੍ਰਬਲ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

-0-
ਚਿੱਤ ਚੇਤਾ
ਲੇਖਿਕਾ : ਕਾਨਾ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 312.

ਸੂਝਵਾਨ, ਸੰਵੇਦਨਸ਼ੀਲ, ਪ੍ਰਤਿਭਾਵਾਨ ਲੋਕਾਂ ਕੋਲ ਉਹ ਹੁਨਰ ਹੁੰਦਾ ਹੈ ਜੋ ਆਮ ਜਿਹੀਆਂ ਘਟਨਾਵਾਂ ਨੂੰ ਖਾਸ ਅਤੇ ਚੇਤਿਆਂ ਵਿਚ ਸਾਂਭਣਯੋਗ ਬਣਾ ਦਿੰਦਾ ਹੈ। ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਲੇਖਿਕਾ ਨੇ ਜੋ ਵੇਖਿਆ, ਸੁਣਿਆ, ਸਮਝਿਆ, ਹੰਢਾਇਆ, ਪਰਖਿਆ ਅਤੇ ਅਨੁਭਵ ਕੀਤਾ, ਉਸ ਨੂੰ ਸੱਚੋ-ਸੱਚ ਕਾਗਜ਼ਾਂ ਦੀ ਹਿੱਕ 'ਤੇ ਉਤਾਰ ਦਿੱਤਾ। ਭਾਵੇਂ ਉਸ ਦਾ ਜੀਵਨ ਉਹੋ ਜਿਹਾ ਹੀ ਹੈ, ਜਿਹੋ ਜਿਹਾ ਸਾਡੇ ਸਾਰਿਆਂ ਦਾ ਹੁੰਦਾ ਹੈ-ਬਚਪਨ ਦੀ ਮਾਸੂਮੀਅਤ, ਅੱਲ੍ਹੜ ਉਮਰ ਦੀਆਂ ਬੇਹੁਦਰੀਆਂ, ਪ੍ਰੌਢ ਉਮਰ ਦੀ ਦਾਨਾਈ ਅਤੇ ਢਲਦੀ ਹੋਈ ਸ਼ਾਮ ਦੀ ਖੂਬਸੂਰਤੀ ਅਤੇ ਖੂਬਸੂਰਤੀ ਪਰ ਉਸ ਦਾ ਅੰਦਾਜ਼ਿ-ਬਿਆਂ ਏਨਾ ਦਿਲਕਸ਼ ਅਤੇ ਪਿਆਰਾ ਹੈ ਕਿ ਪਾਠਕ ਇਸ ਦਾ ਅੱਖਰ-ਅੱਖਰ ਪੜ੍ਹੇ ਅਤੇ ਮਾਣੇ ਬਿਨਾਂ ਨਹੀਂ ਰਹਿ ਸਕਦਾ। ਲੇਖਿਕਾ ਦੇ ਬਿਰਤਾਂਤ ਵਿਚ ਕਹਾਣੀ ਵਰਗਾ ਰਸ ਹੈ, ਕਵਿਤਾ ਵਰਗਾ ਵੇਗ ਹੈ, ਨਾਵਲ ਵਰਗੀ ਰੌਚਿਕਤਾ ਹੈ ਅਤੇ ਫੁੱਲਾਂ ਵਰਗੀ ਤਾਜ਼ਗੀ ਹੈ। ਇਹ ਪੁਸਤਕ ਕੇਵਲ ਲੇਖਿਕਾ ਦੀ ਜੀਵਨੀ ਹੀ ਨਹੀਂ ਸਗੋਂ ਵੰਡ ਤੋਂ ਪਹਿਲਾਂ ਤੇ ਪਿੱਛੋਂ ਦਾ ਇਤਿਹਾਸ, ਸੱਭਿਆਚਾਰ, ਭਾਸ਼ਾ ਅਤੇ ਪੰਜਾਬੀਅਤ ਦੀ ਮਹਿਕ ਸਮੋਈ ਬੈਠੀ ਹੈ। ਬਹੁਤ ਹੀ ਇਮਾਨਦਾਰੀ, ਬੇਬਾਕੀ, ਭਾਵਨਾ, ਸੰਵੇਦਨਾ ਅਤੇ ਯਥਾਰਥ ਵਿਚ ਭਿੱਜ ਕੇ ਲਿਖੀ ਹੋਈ ਇਹ ਪੁਸਤਕ ਦਿਲ ਤੇ ਦਿਮਾਗੀ ਦੋਵਾਂ ਨੂੰ ਟੁੰਬਦੀ ਹੈ। ਉਸ ਦੀ ਕਾਵਿਮਈ, ਚੁਸਤ, ਸਰੋਦੀ, ਨਿਵੇਕਲੀ ਸ਼ੈਲੀ ਬੇਮਿਸਾਲ ਹੈ। ਉਸ ਕੋਲ ਵਿਸ਼ਾਲ ਅਨੁਭਵ ਹੈ, ਕਲਾ ਅਤੇ ਭਾਸ਼ਾ ਪ੍ਰਤੀ ਮੋਹ ਹੈ, ਸਮਕਾਲੀ ਲੇਖਕਾਂ ਨਾਲ ਵਰਤਣ ਦੀ ਜਾਂਚ ਹੈ, ਕਾਦਰ ਅਤੇ ਕੁਦਰਤ ਪ੍ਰਤੀ ਅਥਾਹ ਪ੍ਰੇਮ ਹੈ ਅਤੇ ਪੁਰਅਸਰ ਬਾਤ ਪਾਉਣ ਦੀ ਸਮਰੱਥਾ ਹੈ।
ਨਿੱਕੇ-ਨਿੱਕੇ ਚੁਸਤ ਫਿਕਰੇ ਅੱਖਾਂ ਅੱਗੇ ਦ੍ਰਿਸ਼ ਸਾਕਾਰ ਕਰ ਦਿੰਦੇ ਹਨ। ਉਹ ਵੇਲਾਂ, ਬੂਟਿਆਂ, ਜੀਵਾਂ-ਜੰਤੂਆਂ, ਕੀਟ ਪਤੰਗਿਆਂ ਅਤੇ ਪੌਣ ਪਾਣੀਆਂ ਨਾਲ ਵੀ ਸਬੰਧ ਸਥਾਪਤ ਕਰ ਲੈਂਦੀ ਹੈ। ਉਸ ਕੋਲ ਮਾਨਵਵਾਦੀ ਸੋਚ, ਮਮਤਾਮਈ ਨਜ਼ਰ, ਦੂਜਿਆਂ ਦੀਆਂ ਪ੍ਰਾਪਤੀਆਂ ਨੂੰ ਸਲਾਹੁਣ ਅਤੇ ਸਵੈ-ਪੜਚੋਲ ਦੇ ਗੁਣ ਹਨ। ਉਸ ਦੀ ਝੋਲੀ ਜਜ਼ਬਿਆਂ, ਵਲਵਲਿਆਂ, ਖਿਆਲਾਂ ਅਤੇ ਅਨੁਭਵਾਂ ਨਾਲ ਲਬਰੇਜ਼ ਹੈ। ਇਹ ਦੌਲਤਾਂ ਉਹ ਖੁੱਲ੍ਹੇ ਦਿਲ ਨਾਲ ਲੁਟਾ ਰਹੀ ਹੈ। ਉਸ ਕੋਲ ਪਾਰਖੂ ਅੱਖ ਹੈ, ਜਾਦੂਮਈ ਕਲਮ ਹੈ ਅਤੇ ਕਈ ਭਾਸ਼ਾਵਾਂ ਦਾ ਗਿਆਨ ਹੈ। ਇਸ ਲਈ ਉਸ ਦੀ ਲੇਖਣੀ ਪੁਰਜ਼ੋਰ ਅਤੇ ਅਰਥ ਭਰਪੂਰ ਹੈ। ਇਸ ਪੁਸਤਕ ਵਿਚੋਂ ਸਾਨੂੰ ਆਪਣੇ ਜਗਮਗਾਉਂਦੇ ਵਿਰਸੇ, ਕਦਰਾਂ-ਕੀਮਤਾਂ, ਪੁਰਾਤਨ ਪੰਜਾਬ ਦੇ ਰਸਮੋ-ਰਿਵਾਜਾਂ, ਮਹਾਂਨਗਰੀਆਂ ਦੀ ਚਕਾਚੌਂਧ, ਔਰਤ ਦੀ ਤ੍ਰਾਸਦੀ, ਜੱਦੋ-ਜਹਿਦ ਅਤੇ ਅੰਤ ਵਿਚ ਧੁਰ ਅੰਦਰ ਦੇ ਵਿਸਮਾਦ, ਸੁੰਨ ਸਮਾਧ ਅਤੇ ਟਿਕਾਊ ਦੇ ਦਰਸ਼ਨ ਹੁੰਦੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

9-6-2013

 ਸਜਦਾ
ਲੇਖਿਕਾ : ਕਰਾਂਤੀ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 144

ਅੱਜ ਤੋਂ ਕਈ ਵਰ੍ਹੇ ਪਹਿਲਾਂ ਕਰਾਂਤੀ ਸਿੰਘ ਨੇ ਪੰਜਾਬੀ ਸਾਹਿਤ, ਗਾਇਕੀ, ਪੱਤਰਕਾਰੀ ਅਤੇ ਸੱਭਿਆਚਾਰ ਨਾਲ ਜੁੜੀਆਂ ਅਤਿ ਵਿਸ਼ਿਸ਼ਟ ਸ਼ਖ਼ਸੀਅਤਾਂ ਦੇ ਮਨ ਅੰਦਰ ਝਾਤ ਪਾਉਣ ਲਈ ਉਨ੍ਹਾਂ ਨਾਲ ਸਾਖਿਆਤਕਾਰ ਕੀਤੇ ਸਨ, ਇਹ ਸਾਖਿਆਤਕਾਰ 'ਸਜਦਾ' ਦੇ ਰੂਪ ਵਿਚ ਪ੍ਰਕਾਸ਼ਿਤ ਕਰਕੇ ਉਸ ਨੇ ਇਕ ਮੁੱਲਵਾਨ ਕਾਰਜ ਨੂੰ ਸਰੰਜਮ ਦਿੱਤਾ ਹੈ। 'ਸਜਦਾ' ਵਿਚ ਜਸਵੰਤ ਸਿੰਘ ਕੰਵਲ, ਕਰਤਾਰ ਸਿੰਘ ਦੁੱਗਲ, ਦਲੀਪ ਕੌਰ ਟਿਵਾਣਾ ਅਤੇ ਸੁਰਜੀਤ ਪਾਤਰ ਵਰਗੇ ਸ਼੍ਰੋਮਣੀ ਪੰਜਾਬੀ ਲੇਖਕ, ਉਸਤਾਦ ਲਾਲ ਚੰਦ ਯਮਲਾ ਜੱਟ, ਬਰਕਤ ਸਿੱਧੂ, ਕੁਲਦੀਪ ਮਾਣਕ, ਹੰਸ ਰਾਜ ਹੰਸ ਅਤੇ ਗੁਰਦਾਸ ਮਾਨ ਵਰਗੇ ਮੁਮਤਾਜ਼ ਪੰਜਾਬੀ ਗਾਇਕ, ਕੁਲਦੀਪ ਨਈਅਰ ਅਤੇ ਬਰਜਿੰਦਰ ਸਿੰਘ ਹਮਦਰਦ ਵਰਗੇ ਸੰਵੇਦਨਸ਼ੀਲ ਪੱਤਰਕਾਰ ਅਤੇ ਖ਼ਿਆਮ, ਨਵਜੋਤ ਸਿੱਧੂ, ਜਸਪਾਲ ਭੱਟੀ, ਅਰੁਣਾ ਸ਼ਿਵ ਬਟਾਲਵੀ, ਸਤੀਸ਼ ਬੱਬਰ, ਸ਼ਾਲਿਨੀ ਛਾਬੜਾ ਤੇ ਡੌਲੀ ਮਿਨਹਾਸ ਵਰਗੀਆਂ ਕੁਝ ਹੋਰ ਵਿਸ਼ਿਸ਼ਟ ਸ਼ਖ਼ਸੀਅਤਾਂ ਦੇ ਇੰਟਰਵਿਊਜ਼ ਸ਼ਾਮਿਲ ਕੀਤੇ ਗਏ ਹਨ। ਕਰਾਂਤੀ ਸਿੰਘ ਦੀਆਂ ਇਨ੍ਹਾਂ ਇੰਟਰਵਿਊਜ਼ ਦੀ ਵਿਧੀ ਕਾਫੀ ਰੌਚਕ ਹੈ। ਆਰੰਭ ਵਿਚ ਉਹ ਕਿਸੇ ਸ਼ਖ਼ਸੀਅਤ-ਵਿਸ਼ੇਸ਼ ਦੇ ਕਾਰਜ ਖੇਤਰ ਦਾ ਸੰਖੇਪ ਪਰਿਚੈ ਕਰਵਾਉਂਦੀ ਹੈ ਅਤੇ ਬਾਅਦ ਵਿਚ ਉਸ ਪਾਸੋਂ ਬੜੇ ਕੁਰੇਦਵੇਂ-ਡੂੰਘੇ ਸਵਾਲ ਪੁੱਛਦੀ ਹੈ। ਉਸ ਦੁਆਰਾ ਪੁੱਛੇ ਗਏ ਸਵਾਲ ਰਸਮੀ ਜਾਂ ਸਤਹੀ ਪ੍ਰਕਾਰ ਦੇ ਨਹੀਂ ਹੁੰਦੇ ਬਲਕਿ ਉਹ ਬੜੇ ਵਿਸ਼ੇਸ਼ ਅਤੇ ਵੱਖਰੀ ਕਿਸਮ ਦੇ ਸਵਾਲ ਪੁੱਛਦੀ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਹਰ ਵਿਅਕਤੀ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਉਹ ਉਸ ਦੀ ਸ਼ਖ਼ਸੀਅਤ ਅਤੇ ਕਾਰਜ-ਖੇਤਰ ਦਾ ਡੂੰਘਾ ਅਧਿਐਨ ਕਰ ਲੈਂਦੀ ਹੈ। ਉਦਾਹਰਨ ਲਈ ਕਰਤਾਰ ਸਿੰਘ ਦੁੱਗਲ ਤੋਂ ਪੁੱਛਦੀ ਹੈ ਕਿ ਉਹ ਕਵਿਤਾ ਤੋਂ ਬੇਮੁਖ ਕਿਉਂ ਹੋ ਗਿਆ? ਕੁਲਦੀਪ ਨਈਅਰ ਤੋਂ ਪੁੱਛਦੀ ਹੈ ਕਿ ਤੁਸੀਂ ਅਜੋਕੇ ਲੀਡਰਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਜਸਵੰਤ ਸਿੰਘ ਕੰਵਲ ਨੂੰ ਪੁੱਛਦੀ ਹੈ ਕਿ ਇਨਸਾਨੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਇਹੋ ਜਿਹੇ ਕਠਿਨ ਸਵਾਲ ਉਹ ਆਪਣੇ ਹਰ ਇੰਟਰਵਿਊ ਵਿਚ ਪੁੱਛਦੀ ਹੈ, ਇਨ੍ਹਾਂ ਦੇ ਜਵਾਬ ਦੇਣੇ ਕੋਈ ਸੌਖੇ ਨਹੀਂ ਹੁੰਦੇ। ਹਰ ਉੱਤਰਕਰਤਾ ਨੂੰ ਆਪਣੇ ਜ਼ਿਹਨ ਉੱਪਰ ਪੂਰਾ ਜ਼ੋਰ ਪਾ ਕੇ ਅਜਿਹੇ ਪ੍ਰਸ਼ਨਾਂ ਦੇ ਉੱਤਰ ਢੂੰਡਣੇ ਪੈਂਦੇ ਹਨ ਕਿਉਂਕਿ ਅਜਿਹੇ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਨੇ ਪਹਿਲਾਂ ਕਿਧਰੇ ਨਹੀਂ ਦਿੱਤੇ ਹੁੰਦੇ। ਕਰਾਂਤੀ ਸਿੰਘ ਵਿਗਿਆਨ ਦੀ ਵਿਦਿਆਰਥੀ ਰਹੀ ਹੈ। ਇਸ ਕਾਰਨ ਉਹ ਹਰ ਵਿਸ਼ੇ ਬਾਰੇ ਬੜੇ ਸਟੀਕ ਢੰਗ ਨਾਲ ਸੋਚਦੀ ਅਤੇ ਇਸ ਨੂੰ ਤਰਤੀਬ ਦਿੰਦੀ ਹੈ। ਜਿੰਨੀ ਉਹ ਆਪ ਸੁੰਦਰ ਅਤੇ ਸਵਸਥ ਹੈ, ਉਤਨੀ ਹੀ ਸੁੰਦਰ ਅਤੇ ਸਵਸਥ ਉਸ ਦੀ ਲੇਖਣੀ ਹੈ। ਪੰਜਾਬੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਕਰਾਂਤੀ ਸਿੰਘ ਵਰਗੀਆਂ ਪ੍ਰਤਿਭਾਸ਼ੀਲ ਸ਼ਖ਼ਸੀਅਤਾਂ ਦੀ ਜ਼ਰੂਰਤ ਹੈ। ਮੈਂ ਉਸ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਾ ਹਾਂ। ਉਸ ਦੀਆਂ ਇਹ ਇੰਟਰਵਿਊਜ਼ ਪੰਜਾਬੀ ਪਾਠਕਾਂ ਲਈ ਬੇਹੱਦ ਰੌਚਕ ਸਿੱਧ ਹੋਣਗੀਆਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਲੇਖਕ : ਸ਼ੇਰ ਸਿੰਘ ਕੰਵਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 139

'ਕਿੱਸਾ ਪ੍ਰਦੇਸੀ ਰਾਂਝਣ' ਪ੍ਰਵਾਸੀ ਸ਼ਾਇਰ ਸ਼ੇਰ ਸਿੰਘ ਕੰਵਲ ਦੁਆਰਾ ਲਿਖਿਆ ਕਿੱਸਾ ਹੈ ਜਿਸ ਵਿਚ ਉਸ ਲਹਿੰਬਰ ਨਾਂਅ ਦੇ ਪ੍ਰਵਾਸੀ ਪੰਜਾਬੀ ਦੀ ਦੁੱਖ-ਕਥਾ ਕਾਵਿਕ ਅੰਦਾਜ਼ ਵਿਚ ਪੇਸ਼ ਕੀਤੀ ਹੈ। ਸ਼ੇਰ ਸਿਘ ਕੰਵਲ, ਗ਼ਜ਼ਲ ਰਵਾਇਤ ਤੇ ਆਧੁਨਿਕ ਕਵਿਤਾ ਵਿਚ ਜਾਣਿਆ ਪਛਾਣਿਆ ਨਾਂਅ ਹੈ ਜਿਸ ਦੇ ਦਿਲ ਵਿਚ ਪੰਜਾਬੀ ਸੱਭਿਆਚਾਰ ਦਾ ਦਰਦ ਕੁੱਟ ਕੁੱਟ ਕੇ ਭਰਿਆ ਹੋਇਆ ਹੈ।
ਇਸ ਕਿੱਸੇ ਨੂੰ ਲਿਖਣ ਦਾ ਮੰਤਵ ਦੱਸਦਿਆਂ ਉਹ ਆਖਦਾ ਹੈ ਕਿ ਉਹ ਪੰਜਾਬ ਛੱਡ ਕੇ ਪ੍ਰਵਾਸ ਕਰ ਗਏ ਪੰਜਾਬੀਆਂ ਦਾ ਦੁੱਖ ਦਰਦ ਇਸ ਕਿੱਸੇ ਰਾਹੀਂ ਬਿਆਨ ਕਰਨਾ ਚਾਹੁੰਦਾ ਸੀ। ਜੋ ਉਧਰ ਦੇ ਬਣ ਨਾ ਰਹਿ ਸਕੇ ਤੇ ਇਧਰ ਦੇ ਰਹੇ ਨਾ। 'ਘਰ ਦੇ ਨਾ ਘਾਟ ਦੇ' ਵਾਲੀ ਅਖਾਣ ਇਨ੍ਹਾਂ ਪੰਜਾਬੀਆਂ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਉਸ ਦਾ ਦੂਸਰਾ ਮੰਤਵ ਸੀ ਮਰ ਰਹੀ ਜਾਂ ਮਰ ਗਈ ਕਿੱਸਾ ਪਰੰਪਰਾ ਨੂੰ ਜਿਊਂਦਿਆਂ ਕਰਨ ਦਾ। ਬੈਂਤ ਛੰਦ ਰਾਹੀਂ ਉਸਾਰੀ ਇਹ ਰਚਨਾ, ਲਹਿੰਬਰ ਸਿੰਘ ਨੂੰ ਪ੍ਰਤੀਨਿਧ ਪਾਤਰ ਬਣਾ ਕੇ, ਸਮੂਹ ਪ੍ਰਵਾਸੀ ਪੰਜਾਬੀਆਂ ਦੀ ਪੀੜ ਜੱਗ ਜ਼ਾਹਿਰ ਕਰਦੀ ਪ੍ਰਤੀਤ ਹੁੰਦੀ ਹੈ। ਲਹਿੰਬਰ ਕਿਵੇਂ ਖੇਤੀਬਾੜੀ ਤੋਂ ਵਿਮੁਖ ਹੋ ਕੇ ਬਾਹਰ ਜਾਣ ਲਈ ਲੁਛਦਾ ਹੈ। ਟੱਬਰ ਦੀ ਜੁਦਾਈ ਦੀ ਪੀੜ ਸਹਿੰਦਾ ਹੋਇਆ, ਕਮਾਈ ਕਰਨ ਦੇ ਲਾਲਚ ਵਿਚ ਰਾਤਾਂ ਜਾਗਦਾ ਹੈ। ਪੈਸਾ ਆਉਣ 'ਤੇ ਔਲਾਦ ਉਸ ਦੇ ਨਾਲ ਨਹੀਂ ਰਹਿੰਦੀ। ਪੱਛਮੀ ਰੰਗਤ ਵਿਚ ਰੰਗ ਕੇ ਉਹ ਪੰਜਾਬੀ ਸੱਭਿਆਚਾਰ ਦੀਆਂ ਰਹੁ-ਰੀਤਾਂ ਤਿਆਗ ਦਿੰਦੇ ਹਨ। ਲਹਿੰਬਰ ਨਾ ਪੰਜਾਬੀ ਰਿਹਾ ਤੇ ਨਾ ਹੀ ਵਲੈਤੀਆ ਬਣ ਸਕਿਆ। ਆਖ਼ਰ ਇਕੱਲਤਾ ਦੀ ਪੀੜ ਤੇ ਦਰਦ ਹੀ ਉਸ ਦੇ ਪੱਲੇ ਰਹਿ ਗਏ। 'ਕਿੱਸਾ ਪ੍ਰਦੇਸੀ ਰਾਂਝਣ' ਸਮੂਹ ਪੰਜਾਬੀਆਂ ਦੇ ਦਰਦ ਤੇ ਪੀਣ ਦੀ ਦਾਸਤਾਨ ਪੇਸ਼ ਕਰਨ ਵਾਲੀ ਰਚਨਾ ਹੈ। ਇਹ ਰਚਨਾ ਪ੍ਰਵਾਸ ਦੀ ਦੌੜ 'ਚ ਧੜਾਧੜ ਸ਼ਾਮਿਲ ਹੋ ਰਹੇ ਪੰਜਾਬੀਆਂ ਲਈ ਇਕ ਸੁਨੇਹਾ ਵੀ ਦਿੰਦੀ ਹੈ। ਆਪਣੇ ਸੱਭਿਆਚਾਰ ਨਾਲੋਂ ਟੁੱਟੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਹੁੰਦੀ।

-ਕੇ. ਐਲ. ਗਰਗ
ਮੋ: 94635-37050

ਪਾਬਲੋ ਨੇਰੂਦਾ : ਵਾਰਤਕ ਲਿਖਤਾਂ
ਅਨੁਵਾਦਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 375 ਰੁਪਏ, ਸਫ਼ੇ : 182.

ਹਰਭਜਨ ਸਿੰਘ ਹੁੰਦਲ ਪ੍ਰਤੀਬੱਧ ਸ਼ਬਦ ਦੇ ਪੂਰੇ ਅਰਥਾਂ ਵਿਚ ਹੀ ਪ੍ਰਤੀਬੱਧ ਲੇਖਕ ਹੈ। ਸਿਧਾਂਤਕ, ਵਿਹਾਰਕ ਤੇ ਲੇਖਕ ਹਰ ਪੱਖ ਤੋਂ। ਸੰਘਰਸ਼, ਸਿਰੜ, ਅਧਿਐਨ, ਲੇਖਣ ਹਰ ਪੱਖੋਂ ਸਰਗਰਮ। ਉਹ ਦੁਨੀਆ ਭਰ ਦਾ ਵਧੀਆ ਤੇ ਵਿਸ਼ੇਸ਼ਕਰ ਕ੍ਰਾਂਤੀਕਾਰੀ ਸਾਹਿਤ ਪੜ੍ਹਦਾ ਹੈ। ਉਸ ਦਾ ਅਨੁਵਾਦ ਪੰਜਾਬੀ ਪਾਠਕਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਉਂਜ ਉਸ ਦੇ ਅਨੁਵਾਦ ਅਚੇਤ ਹੀ ਉਸ ਦੀਆਂ ਆਪਣੀਆਂ ਲਿਖਤਾਂ ਨੂੰ ਵਿਸ਼ੇ ਤੇ ਕਲਾ ਜੁਗਤਾਂ ਪੱਖੋਂ ਨਿਰੰਤਰ ਅਮੀਰ ਕਰਦੇ ਰਹੇ ਹਨ। ਉਸ ਦੀ ਸਾਹਿਤ ਯੋਗਤਾ ਨੂੰ ਵਸਾਂਦੇ ਰਹੇ ਹਨ ਅਤੇ ਉਸ ਦੀ ਸਾਹਿਤਕ ਫ਼ਕੀਰੀ/ਦਰਵੇਸ਼ੀ ਨੂੰ ਵੀ। ਪਾਬਲੋ ਨੇਰੂਦਾ ਨੂੰ ਪੰਜਾਬੀ ਵਿਚ ਹੁੰਦਲ ਨੇ ਹੀ ਦਿਲਚਸਪੀ ਦਾ ਬਿੰਦੂ ਬਣਾਇਆ। 1966 ਤੇ 2006 ਵਿਚ ਉਸ ਨੇ ਨੇਰੂਦਾ ਦੀਆਂ ਕਵਿਤਾਵਾਂ ਦੇ ਦੋ ਅਨੁਵਾਦਿਤ ਸੰਗ੍ਰਹਿ ਪ੍ਰਕਾਸ਼ਿਤ ਕੀਤੇ। ਇਸ ਦੌਰਾਨ ਨੇਰੂਦਾ ਦੀ ਜੀਵਨੀ ਦਾ ਅਨੁਵਾਦ ਵੀ ਕੀਤਾ ਜੋ 2001 ਵਿਚ ਛਪਿਆ। ਹੁਣ ਉਸ ਨੇ ਨੇਰੂਦਾ ਦੀ ਵਾਰਤਕ ਦੀਆਂ ਕੁਝ ਚੋਣਵੀਆਂ ਲਿਖਤਾਂ ਸਾਡੇ ਸਾਹਮਣੇ ਰੱਖੀਆਂ ਹਨ। ਸਪੇਨੀ ਤੇ ਅੰਗਰੇਜ਼ੀ ਵਿਚ ਅਨੁਵਾਦਿਤ ਲਿਖਤਾਂ ਦਾ ਉਸ ਨੇ ਪੰਜਾਬੀ ਅਨੁਵਾਦ ਕੀਤਾ ਹੈ। ਹੁੰਦਲ ਕਵੀ ਹੋਣ ਕਰਕੇ ਤਾਂ ਭਾਵੁਕ ਹੈ ਹੀ, ਨੇਰੂਦਾ ਨਾਲ ਉਸ ਦੀ ਵਿਚਾਰਧਾਰਕ ਮੁਹੱਬਤ ਤੇ ਅਕੀਦਤ ਵੀ ਉਸ ਦੇ ਅਨੁਵਾਦਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਨੇਰੂਦਾ ਨੂੰ ਆਪਣੇ ਲੋਕਾਂ ਨਾਲ ਪਿਆਰ ਹੈ। ਸੰਘਰਸ਼ ਕਰ ਰਹੇ ਲੋਕਾਂ ਨਾਲ ਪਿਆਰ ਹੈ। ਕਵਿਤਾ ਨਾਲ ਪਿਆਰ ਹੈ। ਪਰ ਕਵਿਤਾ ਤੇ ਲੋਕਾਂ ਵਿਚੋਂ ਪੁਰਸਕਾਰ/ ਮਾਣ/ਸਨਮਾਨ ਜਾਂ ਲੋਕਾਂ ਵਿਚ ਚੋਣ ਦੀ ਗੱਲ ਹੋਵੇ ਤਾਂ ਉਹ ਲੋਕਾਂ ਨਾਲ ਖਲੋਂਦਾ ਹੈ। ਵਾਰਤਕ ਨੇਰੂਦਾ ਲਈ ਕਾਵਿ ਤੋਂ ਦੁਜੈਲੇ ਥਾਂ ਹੈ। ਕਵਿਤਾ ਨੂੰ ਉਹ ਸਦਾ ਜੀਣ ਵਾਲੀ ਮੰਨਦਾ ਹੈ। ਮਾਇਕੋਵਸਕੀ ਤੇ ਨਾਰਮਨ ਮਲੇਰ ਵਰਗੇ ਲੇਖਕ ਉਸ ਨੂੰ ਪਸੰਦ ਹਨ। ਇਸ ਅਨੁਵਾਦ ਤੋਂ ਕਵੀ/ਸਾਹਿਤਕਾਰ ਕਈ ਕੁਝ ਸਿੱਖ ਸਕਣਗੇ।

-ਕੁਲਦੀਪ ਸਿੰਘ ਧੀਰ
ਮੋ: 98722-60550

ਸਵਾਮੀ ਵਿਵੇਕਾਨੰਦ ਦੇ ਚਾਰ ਯੋਗ
ਅਨੁਵਾਦਕ : ਧਰਮ ਸਿੰਘ ਗੁਲ੍ਹਾਟੀ, ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 325 ਰੁਪਏ, ਸਫ਼ੇ : 318.

ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸਵਾਮੀ ਵਿਵੇਕਾਨੰਦ ਦੇ ਵਿਸ਼ੇਸ਼ ਭਾਸ਼ਣ/ਪ੍ਰਵਚਨ ਜੋ ਉਨ੍ਹਾਂ 1894 ਤੋਂ 1897 ਈ: ਤੱਕ ਆਪਣੀ 'ਪੱਛਮ ਯਾਤਰਾ' ਦੌਰਾਨ ਦਿੱਤੇ, ਇਸ ਪੁਸਤਕ ਵਿਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਉੱਦਮ ਇਨ੍ਹਾਂ ਦੋਵਾਂ ਸੰਪਾਦਕਾਂ ਨੇ ਕੀਤਾ ਹੈ। ਸਵਾਮੀ ਵਿਵੇਕਾਨੰਦ ਦੀ ਚਾਰ-ਮਾਰਗੀ ਯੋਗ-ਸਾਧਨਾ ਨਾਲ ਭਰਪੂਰ ਇਹ ਪੁਸਤਕ ਜੀਵਨ-ਅਨੁਭਵ ਅਤੇ ਅਧਿਆਤਮਕ ਚਿੰਤਨ ਉੱਪਰ ਪੜਚੋਲ ਕਰਦੀ ਹੈ। ਉਹ ਚਾਰ ਮਾਰਗਾਂ-ਕਰਮਯੋਗ, ਰਾਜਯੋਗ, ਭਗਤੀ ਯੋਗ ਅਤੇ ਗਿਆਨ ਯੋਗ ਰਾਹੀਂ ਨੌਜਵਾਨਾਂ ਅੰਦਰ ਆਪਣੀਆਂ ਰਵਾਇਤੀ ਕਦਰਾਂ-ਕੀਮਤਾਂ ਉੱਪਰ ਨਿਰੰਤਰ ਪਹਿਰਾ ਦੇਣ ਲਈ ਉਤਸ਼ਾਹਿਤ ਕਰਦੇ ਰਹੇ ਹਨ। 'ਕਰਮਯੋਗ' ਮਾਰਗ ਵਿਚ ਉਹ ਕੰਮ (ਕਰਮ) ਨੂੰ ਹੀ ਮੁਕਤੀ ਦਾ ਸਾਧਨ ਮੰਨਦੇ ਹੋਏ ਮਨੁੱਖ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕਰਦੇ ਹਨ। 'ਰਾਜਯੋਗ' ਮਾਰਗ ਜੋ ਸਾਧਨਾ ਦਾ ਮੂਲ ਧੁਰਾ ਹੈ, ਪ੍ਰਤੀ ਸੰਜਮ, ਧਿਆਨ ਤੇ ਸਮਾਧੀ ਰਾਹੀਂ ਅਧਿਆਤਮਕ ਮੁਕਤੀ ਦਾ ਆਧਾਰ ਬਣਦਾ ਹੈ। 'ਭਗਤੀ ਯੋਗ' ਵਿਚ ਸਵਾਮੀ ਜੀ ਨੇ ਭਗਤੀ ਤੇ ਪ੍ਰੇਮ ਸਾਧਨਾ ਬਾਰੇ ਅਨੁਭਵ ਦੀ ਗੱਲ ਕੀਤੀ ਅਤੇ ਚੌਥੇ ਮਾਰਗ 'ਗਿਆਨ ਯੋਗ' ਵਿਚ ਮਨੁੱਖ ਦੇ ਵੱਖ-ਵੱਖ ਖੇਤਰਾਂ ਵਿਚਲੇ ਗਿਆਨ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਵਿਸ਼ੇਸ਼ ਪ੍ਰਵਚਨਾਂ ਰਾਹੀਂ ਸਵਾਮੀ ਵਿਵੇਕਨੰਦ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਕਈ ਵਿਧੀਆਂ ਦੀ ਵਰਤੋਂ ਕਰਦਾ ਹੈ। ਭਾਸ਼ਣ ਨੂੰ ਦਿਲਚਸਪ ਬਣਾਉਣ ਲਈ ਕਥਾ-ਰਸ (ਕਹਾਣੀ) ਅਤੇ ਟੋਟਕੇ ਸੁਣਾ ਕੇ ਸਰੋਤਿਆਂ ਨੂੰ ਆਪਣੀ ਗੱਲ ਨਾਲ ਜੋੜਿਆ ਗਿਆ ਹੈ। ਅੰਗਰੇਜ਼ੀ ਵਿਚ ਕੀਤੇ ਇਹ ਪ੍ਰਵਚਨ ਪੰਜਾਬੀ ਵਿਚ ਅਨੁਵਾਦ ਕਰਨੇ ਮਿਹਨਤ ਭਰਪੂਰ ਕੰਮ ਹੈ ਜੋ ਸੰਪਾਦਕਾਂ ਨੇ ਇਕ ਚੁਣੌਤੀ ਸਮਝ ਕੇ ਕੀਤਾ ਹੈ।



ਹਾਸ਼ਮ ਦੇ ਕਿੱਸੇ
ਲੇਖਕ : ਡਾ: ਦਿਲਬਾਰਾ ਸਿੰਘ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 196.

ਕਿੱਸਾ ਕਾਵਿ ਪ੍ਰੰਪਰਾ ਉਪਰ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਿਚਾਰ-ਚਰਚਾ ਹੋਈ ਹੈ। ਕਈ ਨਵੀਆਂ ਅਰਥ-ਭਰਪੂਰ ਗੱਲਾਂ ਪ੍ਰਾਪਤ ਹੁੰਦੀਆਂ ਹਨ। ਪੰਜਾਬੀ ਦੇ ਪ੍ਰਾਪਤ ਹਰ ਕਿੱਸੇ ਉਪਰ ਵਿਦਵਾਨਾਂ ਵੱਲੋਂ ਖੋਜ ਭਰਪੂਰ ਲੰਮੀਆਂ ਭੂਮਿਕਾਵਾਂ ਲਿਖੀਆਂ ਗਈਆਂ ਹਨ। ਪਾਠਕ ਅੱਜ ਵੀ ਸੰਤ ਸਿੰਘ ਸੇਖੋਂ ਦੁਆਰਾ ਸੰਪਾਦਤ ਕੀਤੀ 'ਵਾਰਿਸ ਸ਼ਾਹ ਦੀ ਹੀਰ' ਪੁਸਤਕ ਨੂੰ ਪਹਿਲ ਦਿੰਦੇ ਹਨ। ਇਹੋ ਸਥਿਤੀ ਦੂਜੇ ਕਿੱਸਿਆਂ ਦੀ ਹੈ। ਚਰਚਾ ਅਧੀਨ ਪੁਸਤਕ ਡਾ: ਦਿਲਬਾਰਾ ਸਿੰਘ ਬਾਜਵਾ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਹਾਸ਼ਮ ਦੇ ਜੀਵਨ ਨਾਲ ਸਬੰਧਤ ਹੈ। ਇਸ ਵਿਚ ਸੰਖੇਪ ਜਿਹੀ ਜਾਣਕਾਰੀ ਦਿੱਤੀ ਗਈ ਹੈ। ਦੂਸਰੇ ਭਾਗ ਵਿਚ ਹਾਸ਼ਮ ਦੇ ਸਾਰੇ ਕਿੱਸਿਆਂ ਦੇ ਸਾਰ ਦਿੱਤੇ ਗਏ, ਕੀ ਇਹ ਦੇਣੇ ਜ਼ਰੂਰੀ ਸਨ? ਤੀਸਰੇ ਭਾਗ ਵਿਚ ਹਾਸ਼ਮ ਦੀ ਕਾਵਿ ਕਲਾ ਤੇ ਉਸ ਦੇ ਰੂਪਕ ਪੱਖ ਬਾਰੇ ਚਰਚਾ ਕੀਤੀ ਗਈ ਹੈ। ਚੌਥੇ ਭਾਗ ਵਿਚ ਹਾਸ਼ਮ ਦੇ ਕਿੱਸਿਆਂ ਦਾ ਮੂਲ ਪਾਠ ਦਿੱਤਾ ਗਿਆ ਹੈ। ਇਹ ਸਾਰੀ ਸਮੱਗਰੀ ਤਾਂ ਸਾਨੂੰ ਪਹਿਲਾਂ ਵੀ ਪ੍ਰਾਪਤ ਹੁੰਦੀ ਹੈ, ਲੇਖਕ ਨੇ ਨਵਾਂ ਕੀ ਕੀਤਾ ਹੈ? ਸਵਾਲ ਇਹ ਪੈਦਾ ਹੁੰਦਾ ਹੈ। ਪ੍ਰੋ: ਪਿਆਰਾ ਸਿੰਘ ਪਦਮ ਤੇ ਡਾ: ਹਰਨਾਮ ਸਿੰਘ ਸ਼ਾਨ ਦੇ ਬੜੇ ਸਾਲ ਪਹਿਲਾਂ ਕੀਤੇ ਇਸ ਕਾਰਜ ਤੋਂ ਲੇਖਕ ਅੱਗੇ ਨਹੀਂ ਜਾਂਦਾ।
ਪੰਜਾਬੀ ਵਿਚ ਬੜੀ ਇਸ ਤਰ੍ਹਾਂ ਦੀ ਆਲੋਚਨਾ ਧੜਾ-ਧੜ ਹੋ ਰਹੀ ਹੈ। ਅਜਿਹੀ ਆਲੋਚਨਾ ਸਾਹਿਤ ਦਾ ਕੁਝ ਨਹੀਂ ਸੰਵਾਰਦੀ, ਸਗੋਂ ਗੰਧਲਾਪਨ ਪੈਦਾ ਕਰਦੀ ਹੈ, ਸਾਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਿਛਲੇ ਕੁਝ ਸਾਲਾਂ ਤੋਂ ਅਕਾਦਮਿਕ ਪੱਧਰ 'ਤੇ ਬਣੀਆਂ ਕੁਝ ਜ਼ਰੂਰਤਾਂ ਕਾਰਨ ਆਲੋਚਨਾ ਦੇ ਖੇਤਰ ਵਿਚ ਨਵੇਂ ਉੱਠਦੇ 'ਵਿਦਵਾਨਾਂ' ਦਾ ਬਹੁਤ ਵਾਧਾ ਹੋ ਰਿਹਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਕਿੱਥੇ ਕਿੱਥੇ ਪੀੜ ਅਜੇ
ਗ਼ਜ਼ਲਗੋਅ : ਗੁਰਦਿਆਲ ਦਲਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 102.

ਗੁਰਦਿਆਲ ਦਲਾਲ ਪੰਜਾਬੀ ਕਹਾਣੀ ਦੀ ਮਾਅਰਫ਼ਤ ਗ਼ਜ਼ਲ ਵੱਲ ਆਇਆ ਹੈ ਅਤੇ ਉਹ ਸੰਧੂ ਗ਼ਜ਼ਲ ਸਕੂਲ ਨਾਲ ਸਬੰਧਤ ਗ਼ਜ਼ਲਗੋਅ ਹੈ। ਪੰਜਾਬੀ ਕਹਾਣੀ ਦੀ ਪ੍ਰਗਤੀਵਾਦੀ ਪਰੰਪਰਾ ਨਾਲ ਜੁੜੇ ਰਹਿਣ ਕਾਰਨ ਉਹ ਗ਼ਜ਼ਲ ਵੀ ਪ੍ਰਗਤੀਵਾਦੀ ਰੰਗ ਦੀ ਕਹਿੰਦਾ ਹੈ। 'ਕਿੱਥੇ ਕਿੱਥੇ ਪੀੜ ਅਜੇ' ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਪਰ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਦੇ ਪਾਠ ਸਮੇਂ ਕਦੇ ਵੀ ਉਂਜ ਨਹੀਂ ਪ੍ਰਤੀਤ ਹੁੰਦਾ ਕਿ ਇਹ ਕਿਸੇ ਨਵੇਂ ਗ਼ਜ਼ਲਗੋਅ ਦਾ ਕਲਾਮ ਹੈ। ਬਲਕਿ ਉਸ ਦਾ ਹਰ ਸ਼ਿਅਰ ਫ਼ਨੀ ਖੂਬੀਆਂ ਨਾਲ ਮਾਲਾਮਾਲ ਨਜ਼ਰ ਆਉਂਦਾ ਹੈ। ਉਸ ਦੀ ਛੋਟੇ ਬਹਿਰ ਦੀ ਇਕ ਗ਼ਜ਼ਲ ਦੇ ਚੰਦ ਅਸ਼ਆਰ ਦੇਖੋ :
ਐਵੇਂ ਨਾ ਬਣਵਾਸ ਦਿਆ ਕਰ
ਦਿਲ ਦੇ ਵਿਚ ਨਿਵਾਸ ਦਿਆ ਕਰ
ਪਰਕਰਮਾ ਜੋ ਤੇਰੀ ਕਰਦੈ
ਰਹਿਮਤ ਉਸ ਨੂੰ ਖ਼ਾਸ ਦਿਆ ਕਰ
ਤੇਰੇ ਦਿਲ ਵਿਚ ਥਾਂ ਹੈ ਸਾਡੀ
ਐਸਾ ਇਕ ਅਹਿਸਾਸ ਦਿਆ ਕਰ।
ਗੁਰਦਿਆਲ ਦਲਾਲ ਦੇ ਗ਼ਜ਼ਲ-ਸੰਸਾਰ ਦੀ ਪ੍ਰਮੁੱਖ ਪਛਾਣ ਇਹ ਹੈ ਕਿ ਇਹ ਬਹੁਤ ਵੰਨ-ਸੁਵੰਨਾ ਹੈ। ਉਹ ਜ਼ਿੰਦਗੀ ਦੇ ਹਰ ਰਸ, ਰੰਗ ਨੂੰ ਮਾਣਨ ਵਾਲਾ ਇਕ ਆਸ਼ਾਵਾਦੀ ਮਨੁੱਖ ਹੈ। ਉਹ ਪੰਜਾਬ ਦੇ ਸਰਬ-ਸਾਂਝੇ ਵਿਰਸੇ ਨੂੰ ਮੁਹੱਬਤ ਕਰਦਾ ਹੈ। ਉਹ ਜਾਣਦਾ ਹੈ ਕਿ ਦੂਜਿਆਂ ਦੀ ਰੀਸ ਕਰਨ ਨਾਲ ਕੋਈ ਮਨੁੱਖ ਵੱਡਾ ਨਹੀਂ ਹੋ ਜਾਂਦਾ। ਉਹ ਮਾਵਾਂ ਦੇ ਵਿਸ਼ਾਲ ਹਿਰਦਿਆਂ ਦੇ ਸਦਕੇ ਜਾਂਦਾ ਹੈ। ਉਹ ਬੁਢਾਪੇ ਨੂੰ ਵੀ ਰੱਬ ਦੀ ਦਾਤ ਸਮਝ ਕੇ ਰੱਜ-ਰੱਜ ਮਾਣਨ ਵਾਲਾ ਇਕ ਸ਼ੁਕਰਗੁਜ਼ਾਰ ਇਨਸਾਨ ਹੈ। ਦੇਖੋ : ਪੋਤਾ-ਪੋਤੀ, ਦੋਹਤਾ-ਦੋਹਤੀ, ਕਰਨ ਦੋਸਤੀ ਨਿੱਘ ਭਰੀ, ਪਿਛਲੀ ਉਮਰੇ ਇਸ ਜਗ ਅੰਦਰ ਕਿੰਨੇ ਸੁਹਣੇ ਸਾਲ ਮਿਲੇ/ਕੋਈ ਸਵੇਰੇ, ਕੋਈ ਦੁਪਹਿਰੇ, ਕੋਈ ਜਾਵੇ ਦਿਵਸ ਢਲੇ, ਖੁਸ਼ਕਿਸਮਤ ਉਹ ਬੰਦਾ ਜਿਸ ਨੂੰ ਜੀਵਨ ਦੀ ਤਰਕਾਲ ਮਿਲੇ। (ਪੰਨਾ 22)
ਉਹ ਜੀਵਨ ਦੇ ਸਤਹੀ ਯਥਾਰਥ ਦੀ ਤਹਿ ਵਿਚ ਟੁੱਭੀ ਲਾ ਕੇ ਬਹੁਮੁੱਲੇ ਮਾਣਕ ਮੋਤੀ ਲੱਭ ਕੇ ਆਪਣੇ ਸ਼ੁੱਭਚਿੰਤਕ ਪਾਠਕਾਂ ਦੀ ਨਜ਼ਰ ਕਰਦਾ ਹੈ। ਉਹ ਆਪਣੇ ਕਾਵਿ-ਕਥਨਾਂ ਨੂੰ ਛੋਟੀਆਂ-ਛੋਟੀਆਂ ਟੁਕੜੀਆਂ ਵਿਚ ਕਰੀਨੇ ਨਾਲ ਸਜਾ ਕੇ ਪ੍ਰਸਤੁਤ ਕਰਨ ਦੀ ਕਲਾ ਤੋਂ ਵਾਕਿਫ਼ ਹੈ।


ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ
ਲੇਖਕ : ਦੇਵਿੰਦਰ ਸੈਫ਼ੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 325 ਰੁਪਏ, ਸਫ਼ੇ : 200.

1950 ਈ: ਤੋਂ ਬਾਅਦ ਵਿਕਸਿਤ ਹੋਈਆਂ ਆਲੋਚਨਾਤਮਕ ਪ੍ਰਣਾਲੀਆਂ ਨੂੰ ਪੱਛਮ ਵਿਚ 'ਥਿਉਰੀ' ਦੇ ਹਵਾਲੇ ਨਾਲ ਯਾਦ ਕੀਤਾ ਜਾਂਦਾ ਹੈ। ਥਿਉਰੀ ਨਾਲ ਸਬੰਧਤ ਆਲੋਚਨਾ ਪ੍ਰਣਾਲੀਆਂ ਵਿਚ ਸੰਰਚਨਾਵਾਦ, ਉੱਤਰ-ਸੰਰਚਨਾਵਾਦ, ਉਤਰਾਧੁਨਿਕਤਾਵਾਦ, ਮਨੋਵਿਗਿਆਨ, ਨਾਰੀਵਾਦ, ਗੇਅ ਆਲੋਚਨਾ, ਮਾਰਕਸਵਾਦ, ਨਵ-ਇਤਿਹਾਸਵਾਦ/ ਸੱਭਿਆਚਾਰਕ ਪਦਾਰਥਵਾਦ, ਬ੍ਰਿਤਾਂਤ ਸ਼ਾਸਤਰ, ਉਤਰ-ਬਸਤੀਵਾਦ ਅਤੇ ਸ਼ੈਲੀ ਵਿਗਿਆਨ ਆਦਿ ਸਿਧਾਂਤ ਆ ਜਾਂਦੇ ਹਨ। 1958 ਈ: ਵਿਚ ਇੰਡੀਅਨਾ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ 'ਕਾਨਫ਼ਰੰਸ ਆਨ ਸਟਾਈਲ' ਤੋਂ ਥਿਉਰੀ ਨਾਲ ਸਬੰਧਤ ਆਲੋਚਨਾਤਮਕ ਵਿਧੀਆਂ ਦੀ ਪ੍ਰਤਿਸ਼ਟਾ ਦਾ ਮੁੱਢ ਬੱਝਾ। ਇਸ ਕਾਨਫ਼ਰੰਸ ਦਾ ਕਨਵੀਨਰ ਇਕ ਹੰਗੇਰੀਅਨ ਸਕਾਲਰ ਥਾਮਸ ਸੀਬੋਕ ਸੀ, ਜੋ ਰੋਮਨ ਜੈਕੋਬਸਨ ਦਾ ਵਿਦਿਆਰਥੀ ਸੀ। ਇਸ ਕਾਨਫ਼ਰੰਸ ਵਿਚ ਭਾਸ਼ਾ ਵਿਗਿਆਨਕ, ਸਾਹਿਤ-ਸ਼ਾਸਤਰੀ ਅਤੇ ਮਨੋਵਿਗਿਆਨਕ ਅਨੁਸ਼ਾਸਨਾਂ ਦੀ ਭੂਮਿਕਾ ਬਾਰੇ ਗੰਭੀਰ ਸੰਵਾਦ ਛੇੜਿਆ ਗਿਆ ਸੀ। 1966 ਈ: ਵਿਚ ਜਾਨਜ਼ ਹਾਪਕਿਨਜ਼ ਯੂਨੀਵਰਸਿਟੀ ਵਿਚ ਇਕ ਅੰਤਰਰਾਸ਼ਟਰੀ ਸਿੰਪੋਜ਼ੀਅਮ ਆਯੋਜਿਤ ਕੀਤਾ ਗਿਆ, ਜਿਸ ਵਿਚ ਲੂਸ਼ੀਏਂ ਗੋਲਡਮਾਨ, ਤੋਦੋਰੋਵ, ਰੋਲਾਂ ਬਾਰਤ ਅਤੇ ਰੇਨੇ ਜਿੱਰਾਰ ਵਰਗੇ ਚਿੰਤਕਾਂ ਨੇ ਸ਼ਿਰਕਤ ਕੀਤੀ। 1979 ਵਿਚ 'ਡੀਕਨਸਟਰਕਸ਼ਨ ਐਂਡ ਕ੍ਰਿਟਿਸਿਜ਼ਮ' ਪ੍ਰਕਾਸ਼ਿਤ ਹੋਈ। ਇਸ ਵਿਚ ਹੈਰਾਲਡ ਬਲੂਮ, ਪਾਲ ਡੀ. ਮੈਨ, ਹਾਰਟਮੈਨ, ਦੈੱਰਿਦਾ, ਹਿੱਲਿਸ ਮਿਲਰ (ਯੇਲ ਮਾਫ਼ੀਆ) ਦੇ ਲੇਖ ਪ੍ਰਕਾਸ਼ਿਤ ਕੀਤੇ ਗਏ ਸਨ। 1983 ਵਿਚ ਟੈਰੀ ਈਗਲਟਨ ਦੀ 'ਲਿਟਰੇਰੀ ਥਿਉਰੀ' ਪ੍ਰਕਾਸ਼ਿਤ ਹੋਈ। 1991 ਈ: ਵਿਚ ਜੀਨ ਬੋਦਰਿੱਲਾ ਦੀ ਪੁਸਤਕ 'ਦ ਗਲਫ਼ ਵਾਰ ਨੈਵਰ ਹੈੱਪਨਡ' ਪ੍ਰਕਾਸ਼ਿਤ ਹੋਈ। ਇਹ ਸਾਰੀਆਂ ਘਟਨਾਵਾਂ ਥਿਉਰੀ ਦੇ ਵਿਕਾਸ ਨਾਲ ਸਬੰਧਤ ਮੀਲ ਪੱਥਰ ਸਿੱਧ ਹੋਈਆਂ। 2003 ਈ: ਵਿਚ 'ਲਾਈਫ਼ ਆਫਟਰ ਥਿਉਰੀ' ਦੇ ਪ੍ਰਕਾਸ਼ਿਤ ਹੋਣ ਨਾਲ ਥਿਉਰੀ ਨਾਲ ਸਬੰਧਤ ਉਤੇਜਨਾ ਅਤੇ ਹੋ-ਹੱਲੇ ਦਾ ਭੋਗ ਪੈ ਗਿਆ ਹੈ ਅਤੇ ਹੁਣ ਇਕ ਵਾਰ ਫਿਰ ਆਲੋਚਨਾ, ਥਿਉਰੀ ਨਾ ਰਹਿ ਕੇ ਸਾਹਿਤ-ਆਲੋਚਨਾ ਹੀ ਬਣ ਗਈ ਹੈ।
ਪੰਜਾਬੀ ਦੀ ਉਚੇਰੀ ਪੜ੍ਹਾਈ ਨਾਲ ਸਬੰਧਤ ਯੂਨੀਵਰਸਿਟੀਆਂ ਦੇ ਵਿਭਾਗ ਅਤੇ ਕਾਲਜ ਪੱਛਮ ਵਿਚ ਵਿਕਸਿਤ ਹੋਈ ਥਿਉਰੀ ਦੇ ਗੰਭੀਰ ਪਾਠਕ ਰਹੇ ਹਨ। ਸਤਿੰਦਰ ਸਿੰਘ ਨੂਰ, ਹਰਿਭਜਨ ਸਿੰਘ ਭਾਟੀਆ, ਗੁਰਬਚਨ, ਜਗਬੀਰ ਸਿੰਘ, ਗੁਰਪਾਲ ਸਿੰਘ ਸੰਧੂ ਆਦਿ ਵਿਦਵਾਨ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਥਿਉਰੀ ਨਾਲ ਸਬੰਧਤ ਵਿਭਿੰਨ ਸਕੂਲਾਂ ਬਾਰੇ ਭਰਪੂਰ ਜਾਣਕਾਰੀ ਦਿੰਦੇ ਰਹੇ ਹਨ। ਦੇਵਿੰਦਰ ਸੈਫ਼ੀ ਨੇ ਆਪਣੀ ਇਸ ਪੁਸਤਕ ਵਿਚ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਅਤਰ ਸਿੰਘ, ਹਰਿਭਜਨ ਸਿੰਘ, ਤਰਲੋਕ ਸਿੰਘ ਕੰਵਰ, ਨਜਮ ਹੁਸੈਨ ਸਯਦ, ਰਵਿੰਦਰ ਰਵੀ ਅਤੇ ਸਤਿੰਦਰ ਸਿੰਘ ਨੂਰ ਦੀਆਂ ਆਲੋਚਨਾਤਮਕ ਸਥਾਪਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਪੰਜਾਬੀ ਆਲੋਚਨਾ ਦੇ ਖੇਤਰ ਵਿਚ ਅਜੇ ਤੱਕ ਕਿਸੇ 'ਸਿਧਾਂਤਕਾਰ' ਕਿਸਮ ਦੇ ਪ੍ਰਾਣੀ ਦਾ ਜਨਮ ਨਹੀਂ ਹੋਇਆ। ਹਾਂ, ਇਨ੍ਹਾਂ ਨੇ ਪੱਛਮ ਵਿਚ ਪ੍ਰਚਲਿਤ ਆਲੋਚਨਾਤਮਕ ਪ੍ਰਣਾਲੀਆਂ ਦਾ ਸੁਚੱਜਾ ਪ੍ਰਯੋਗ ਜ਼ਰੂਰ ਕੀਤਾ ਹੈ। ਪੰਜਾਬੀ ਦੇ ਉਕਤ ਆਲੋਚਕ 'ਥਿਉਰੀ' ਦੇ ਵਰਗੀਕਰਨ ਵਿਚ ਬੰਨ੍ਹਣੇ ਕਠਿਨ ਹਨ ਕਿਉਂਕਿ ਸਾਡੇ ਬਹੁਤੇ ਆਲੋਚਕ ਇਕੋ ਸਮੇਂ ਕਈ-ਕਈ ਅੰਤਰ-ਦ੍ਰਿਸ਼ਟੀਆਂ ਅਥਵਾ ਅਨੁਸ਼ਾਸਨਾਂ ਨਾਲ ਜੁੜੇ ਰਹੇ ਹਨ। ਇਹ ਤੱਥ ਪੰਜਾਬੀ ਆਲੋਚਨਾ ਦੇ ਸੁਤੰਤਰ ਵਿਕਾਸ ਲਈ ਕਾਫੀ ਉਪਯੋਗੀ ਸਿੱਧ ਹੋਇਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਕੁਝ ਦਹਾਕਿਆਂ ਵਿਚ ਪੰਜਾਬੀ ਆਲੋਚਨਾ ਆਪਣਾ ਸੁਤੰਤਰ ਮੂੰਹ-ਮੱਥਾ ਬਣਾ ਲਵੇਗੀ। ਦੇਵਿੰਦਰ ਸੈਫ਼ੀ ਦੀ ਇਹ ਪੁਸਤਕ ਪੰਜਾਬੀ ਆਲੋਚਨਾ ਦੀ ਇਤਿਹਾਸਕਾਰੀ ਦੇ ਪ੍ਰਸੰਗ ਵਿਚ ਕੀਤਾ ਗਿਆ ਇਕ ਸ਼ਲਾਘਾਯੋਗ ਉਪਰਾਲਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਉਲਟੀ ਗੰਗਾ ਵਹਿ ਤੁਰੀ
ਲੇਖਕ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96

ਗਿੱਲ ਮੋਰਾਂਵਾਲੀ ਦਾ ਪੂਰਾ ਨਾਂਅ ਮਹਿੰਦਰ ਸਿੰਘ ਗਿੱਲ ਹੈ। ਉਹ 1970 ਤੋਂ ਕੈਨੇਡਾ ਦਾ ਵਸਨੀਕ ਹੈ। ਦੋ ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਦਾ ਸਿਰਜਕ ਹੈ। ਅਨੁਵਾਦ, ਸੰਪਾਦਨ ਅਤੇ ਲਿਪੀਅੰਤਰ ਕਰਨ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ। ਵਿਚਾਰਾਧੀਨ ਪੁਸਤਕ 'ਦੋਹਾ-ਕਾਵਿ' ਹੈ। ਇਸ ਸੰਗ੍ਰਹਿ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ 84 ਦੋਹੇ ਇਕੋ ਸਮੇਂ ਪੰਜਾਬੀ, ਉਰਦੂ ਅਤੇ ਹਿੰਦੀ ਵਿਚ ਪ੍ਰਸਤੁਤ ਕੀਤੇ ਗਏ ਹਨ। ਇੰਜ ਇਹ ਤ੍ਰੈ-ਭਾਸ਼ੀ ਦੋਹੇ ਹਨ। ਇਹ ਸਾਰੇ ਦੇ ਸਾਰੇ ਦੋਹੇ ਉਪਦੇਸ਼ਾਤਮਕ ਹਨ। ਇਨ੍ਹਾਂ ਦੇ ਵਿਸ਼ੇ ਸੰਸਾਰਿਕ ਨਾਸ਼ਮਾਨਤਾ, ਪਰ-ਉਪਕਾਰ ਦਾ ਮਹੱਤਵ ਪੈਸੇ ਦੇ ਬੋਲਬਾਲਾ, ਨਸ਼ੇ, ਹੱਕ ਬਨਾਮ ਫਰਜ਼, ਸਾਂਝ ਦਾ ਮਹੱਤਵ, ਪੈਸਾ ਬਨਾਮ ਨੌਕਰੀ, ਹਾਕਮ ਬਨਾਮ ਲੁੱਟ, ਪ੍ਰਕਿਰਤੀ ਨਾਲ ਪਿਆਰ ਆਦਿ ਤੋਂ ਬਿਨਾਂ ਸੂਖਮ ਵਿਸ਼ੇ ਜਿਵੇਂ ਸੱਚ-ਝੂਠ, ਲਾਲਚ, ਚੁਗਲੀ, ਨਫ਼ਰਤ, ਪਿਆਰ, ਗੱਪਾਂ ਆਦਿ ਨੂੰ ਮਨੁੱਖੀ ਜੀਵਨ ਦੇ ਅੰਗ ਵਜੋਂ ਪ੍ਰਗਟਾਇਆ ਗਿਆ ਹੈ। ਗਿੱਲ ਦੇ ਦੋਹਿਆਂ ਵਿਚੋਂ ਅਟੱਲ ਸਚਾਈਆਂ ਵੀ ਪ੍ਰਗਟ ਹੁੰਦੀਆਂ ਹਨ ਜਿਵੇਂ :
ਧਰਮੀ ਹੈ ਤਾਂ ਧਰਮ ਹੈ
ਕਰਮੀ ਹੈ ਤਾਂ ਕਰਮ।
ਧਰਮ ਬਿਨ ਨਾ ਕਰਮ ਹੈ
ਕਰਮ ਬਿਨ ਨਾ ਧਰਮ।
ਰੰਗ ਜਵਾਨੀ ਚੌਧਰਾਂ, ਦਾਰੂ ਦੀ ਬਰਸਾਤ.
ਏਹੀ ਅੱਜ ਦੀ ਮੰਗ ਹੈ, ਏਹੀ ਅੱਜ ਦੀ ਬਾਤ।
ਬੰਦਾ ਔਰਤ ਬਣ ਰਿਹਾ, ਬਦਲੇ ਜਾਣ ਸਰੀਰ।
ਉਲਟੀ ਗੰਗਾ ਵਹਿ ਤੁਰੀ, ਪੱਥਰ ਪਰਬਤ ਚੀਰ।

-ਡਾ: ਧਰਮਚੰਦ ਵਾਤਿਸ਼
ਮੋ: 98144-46007


ਸੂਲ-ਸੁਰਾਹੀ ਕਾਵਿ-ਸੁਨੇਹੇ
ਸੰਪਾਦਕ : ਪਰਸ ਰਾਮ ਸਿੰਘ ਬੱਧਣ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119.

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਸ਼ੇਸ਼ ਤੌਰ 'ਤੇ ਪੰਜਾਬੀ ਗ਼ਜ਼ਲ ਦੀ ਪ੍ਰਫੁਲਤਾ ਲਈ ਤ੍ਰੈਮਾਸਿਕ 'ਸੂਲ ਸੁਰਾਹੀ' ਦਾ ਯੋਗਦਾਨ ਸਰਾਹਨਾਯੋਗ ਰਿਹਾ ਹੈ। ਇਸ ਅਦਾਰੇ ਵੱਲੋਂ ਵੱਡੇ-ਵੱਡੇ ਗ਼ਜ਼ਲ ਦਰਬਾਰ ਕਰਵਾਏ ਗਏ ਤੇ ਵੱਡੇ ਗ਼ਜ਼ਲਗੋਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ। ਇਸ ਦੇ ਕਰਤਾ-ਧਰਤਾ ਡਾ: ਗੁਰਚਰਨ ਸਿੰਘ ਸਾਕੀ ਸਨ ਤੇ ਦਹਾਕਿਆਂ ਤੱਕ ਇਸ ਦੀ ਪ੍ਰਕਾਸ਼ਨਾ ਹੁੰਦੀ ਰਹੀ ਹੈ। ਹੁਣ ਇਸ ਦੀ ਵਾਗਡੋਰ ਉੱਘੇ ਸ਼ਾਇਰ ਬਲਬੀਰ ਸੈਣੀ ਕੋਲ ਹੈ। 'ਸੂਲ ਸੁਰਾਹੀ ਕਾਵਿ-ਸੁਨੇਹੇ' ਪੁਸਤਕ ਡਾ: ਸਾਕੀ ਨੂੰ ਸ਼ਰਧਾਂਜਲੀ ਵਜੋਂ ਛਾਪੀ ਗਈ ਹੈ ਜਿਸ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਡਾ: ਸਾਕੀ, ਪਰਸ ਰਾਮ ਸਿੰਘ ਬੱਧਣ, ਬਾਬੂ ਸਿੰਘ ਚੌਹਾਨ, ਹਰਚੰਦ ਆਜ਼ਾਦ, ਰਤਨ ਖੇੜੀ, ਆਰ. ਕੇ. ਭਗਤ, ਸੁਰਜੀਤ ਜੀਤ, ਕ੍ਰਿਸ਼ਨ ਪ੍ਰਵੇਜ਼, ਗੁਰਿੰਦਰ ਕਲਸੀ, ਦਰਸ਼ਨ ਬਨੂੜ, ਪਵਨ ਮੁੰਤਜ਼ਿਰ, ਅਮਰਜੀਤ ਪਟਿਆਲਵੀ, ਥੰਮਣ ਸਿੰਘ ਸੈਣੀ, ਭੁਪਿੰਦਰ ਬੇਕਸ, ਲਾਲ ਮਿਸਤਰੀ, ਗੁਰਨਾਮ ਬਿਜਲੀ, ਅਜਮੇਰ ਸਾਗਰ, ਅਜੀਤ ਸਿੰਘ ਢੰਗਰਾਲੀ, ਹਰਨਾਮ ਡੱਲਾ, ਭਗਤ ਸਿੰਘ ਰੰਗਾਰਾ, ਕਰਨੈਲ ਮਾਂਗਟ, ਸੁਦਾਗਰ ਪਾਲ, ਹਿੱਤ ਅਭਿਲਾਸ਼ੀ, ਜਸਵੰਤ ਭੌਰ, ਜੀ. ਐਸ. ਸਿੰਧਰਾ, ਚਰਨ ਖ਼ੈਰਪੁਰੀ, ਨਛੱਤਰ ਜਨਾਗਲ, ਜਗਦੀਪ ਲਾਡੀ, ਚਰਨਜੀਤ ਕਤਰਾ, ਆਰ. ਐਸ. ਫ਼ਰਾਜ਼, ਸਰਬਜੀਤ ਸਾਗਰ, ਸੁਰਿੰਦਰ ਕੌਰ ਭੋਗਲ, ਸੁਦਰਸ਼ਨ ਵਾਲੀਆ, ਪ੍ਰੀਤੀ ਸਾਂਗਰ, ਕਮਲਜੀਤ ਕੌਰ, ਹਰਦੀਪ ਲੌਂਗੀਆ, ਜੀਤ ਸਿੰਘ ਬਰਾੜ ਤੇ ਹਰਿੰਦਰ ਧਾਲੀਵਾਲ ਦੀਆਂ ਰਚਨਾਵਾਂ ਸ਼ਾਮਿਲ ਹਨ। 'ਸੂਲ ਸੁਰਾਹੀ' ਦੇ ਸੰਪਾਦਕ ਬਲਬੀਰ ਸੈਣੀ ਦਾ ਇਕ ਭਾਵਪੂਰਤ ਲੇਖ ਵੀ ਇਸ ਵਿਚ ਦਰਜ ਹੈ। ਇਹ ਵੀ ਕਾਬਿਲੇ-ਤਾਰੀਫ਼ ਹੈ ਕਿ 'ਸੂਲ ਸੁਰਾਹੀ ਕਾਵਿ-ਸੁਨੇਹੇ' ਕਿਤਾਬ ਵਿਚ ਪੰਜ ਸ਼ਾਇਰਾਂ ਨੂੰ ਸਵਰਗ ਸਿਧਾਰਨ ਉਪਰੰਤ ਯਾਦ ਕੀਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਸ਼ਾਇਰੀ ਦੀ ਹਰ ਵਿਧਾ ਪੜ੍ਹਨ ਨੂੰ ਮਿਲਦੀ ਹੈ। ਕੁਝ ਕੁ ਸ਼ਾਇਰ ਨਾਮਵਰ ਹਨ ਜਿਨ੍ਹਾਂ ਨੂੰ ਪਾਠਕ ਭਲੀਭਾਂਤ ਜਾਣਦੇ ਹਨ ਤੇ ਕੁਝ ਕੁ ਨੂੰ ਇਸ ਪੁਸਤਕ ਵਿਚ ਛਪਣ ਨਾਲ ਪਹਿਚਾਣ ਜ਼ਰੂਰ ਮਿਲੇਗੀ। ਅਜਿਹੀਆਂ ਪੁਸਤਕਾਂ ਦੇ ਛਾਪਣ ਵੇਲੇ ਪੁਸਤਕ ਦਾ ਮਿਆਰ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ 'ਸੂਲ ਸੁਰਾਹੀ ਕਾਵਿ-ਸੁਨੇਹੇ' ਦੀ ਸੰਪਾਦਨਾ ਵੇਲੇ ਰਚਨਾਵਾਂ ਦੀ ਪੱਧਰ ਦਾ ਕਾਫ਼ੀ ਖ਼ਿਆਲ ਰੱਖਿਆ ਗਿਆ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਸਤਿ ਸ੍ਰੀ ਅਕਾਲ
ਕਹਾਣੀਕਾਰ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 96.

'ਸਤਿ ਸ੍ਰੀ ਅਕਾਲ' ਸੁਰਿੰਦਰ ਸਿੰਘ ਰਾਏ ਦਾ ਛੇਵਾਂ ਕਹਾਣੀ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਦਸ ਕਹਾਣੀਆਂ ਅੰਕਿਤ ਹਨ। ਇਹ ਸਾਰੀਆਂ ਕਹਾਣੀਆਂ ਅਜੋਕੇ ਸਮੇਂ ਦੇ ਮਨੁੱਖ ਦੇ ਵਿਭਿੰਨ ਸਰੋਕਾਰਾਂ ਨਾਲ ਸਬੰਧਿਤ ਹਨ। ਇਨ੍ਹਾਂ ਦੇ ਸਮੁੱਚੇ ਅਤੇ ਦੀਰਘ ਅਧਿਐਨ ਤੋਂ ਪਾਠਕ ਇਹ ਗੱਲ ਭਲੀਭਾਂਤ ਜਾਨਣ ਦੇ ਸਮਰੱਥ ਹੋ ਜਾਂਦਾ ਹੈ ਕਿ ਅਜੋਕੇ ਦੌਰ ਵਿਚ ਮਾਨਵੀ ਰਿਸ਼ਤੇ ਖੁਰ ਰਹੇ ਹਨ, ਸਮਾਜਿਕ ਕਦਰ-ਪ੍ਰਣਾਲੀ ਨੂੰ ਠੇਸ ਵੱਜ ਰਹੀ ਹੈ ਅਤੇ ਇਸ ਵਿਚ ਉਸ ਕਿਸਮ ਦੇ ਬਦਲਾਅ ਆ ਰਹੇ ਹਨ, ਜੋ ਮਨੁੱਖੀ-ਸਾਂਝ ਪਿਆਰ ਅਤੇ ਅਪਣਤ ਨੂੰ ਖੇਰੂੰ-ਖੇਰੂੰ ਕਰਨ ਵੱਲ ਰੁਚਿਤ ਹਨ। ਕਹਾਣੀਕਾਰ ਨੇ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਸਤਿ ਸ੍ਰੀ ਅਕਾਲ' ਵਿਚ ਉਸ ਬਜ਼ੁਰਗ ਮਾਂ ਦੀ ਮਾਨਸਿਕਤਾ ਅਤੇ ਪ੍ਰਤੱਖ ਵਿਹਾਰ ਦਾ ਜ਼ਿਕਰ ਵਾਸਤਵਿਕ ਰੂਪ 'ਚ ਕੀਤਾ ਹੈ, ਜੋ ਇੰਡੀਆ/ਪੰਜਾਬ ਤੋਂ ਕੈਨੇਡਾ ਵਸਦੇ ਆਪਣੇ ਪੁੱਤਰ ਪਾਸ ਚਲੀ ਤਾਂ ਜਾਂਦੀ ਹੈ ਪਰ ਉਥੇ ਉਸ ਨੂੰ ਪਿਛਲਾ ਪਿਆਰ, ਨੇਂਹ, ਤੇਹ, ਸਤਿਕਾਰ ਅਤੇ ਮਨੋਰੰਜਨ ਦਾ ਤੌਰ-ਤਰੀਕਾ ਉਪਲੱਬਧ ਨਹੀਂ ਹੁੰਦਾ। ਉਸ ਨੂੰ ਉਦਾਸੀ ਹੇਰਵਾ ਮਨੋ-ਮਨ ਤੜਪਾਉਂਦਾ ਹੈ। ਪੁੱਤਰ ਨਾਲ ਵਾਪਸੀ ਹੋ ਜਾਣ ਤੇ ਜਦੋਂ ਉਸ ਮਾਂ ਦਾ ਭਤੀਜਾ ਦਿੱਲੀ ਏਅਰਪੋਰਟ ਤੋਂ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਤਾਂ ਉਸ ਨੂੰ ਕੈਨੇਡਾ 'ਚ ਵਾਪਰਦੇ ਸਾਰੇ ਦੁੱਖ-ਦਰਦ ਭੁੱਲ ਜਾਂਦੇ ਹਨ ਤੇ ਉਹ ਨੌਂ-ਬਰ-ਨੌਂ ਹੋ ਜਾਂਦੀ ਹੈ। ਇਸ ਤਰ੍ਹਾਂ ਕਹਾਣੀ ਟੈਲੀਫੋਨ, ਉਨ੍ਹਾਂ ਦਫ਼ਤਰੀ ਸਾਥੀਆਂ ਦੇ ਅੰਤਹਕਰਨ ਦੀ ਤਕਤੀਹ ਕਰਦੀ ਹੈ, ਜੋ ਇਕ ਸਾਥੀ ਦੇ ਘਰ 'ਚ ਟੈਲੀਫੋਨ ਲੱਗ ਜਾਣ 'ਤੇ ਤਾਂ ਉਤਲੇ ਮਨੋ ਖੁਸ਼ੀਆਂ ਪ੍ਰਗਟਾਉਂਦੇ ਹਨ ਅਤੇ ਪਾਰਟੀਆਂ ਮੰਗਦੇ ਤੇ ਖਾਂਦੇ ਹਨ ਪ੍ਰੰਤੂ ਆਪਣੇ ਆਂਤਰਿਕ ਈਰਖਾਲੂ ਸੁਭਾਅ ਸਦਕਾ, ਜਦੋਂ ਉਸੇ ਦੀ ਤਰੱਕੀ ਹੋ ਜਾਂਦੀ ਹੈ ਤਾਂ ਉਸ ਨੂੰ ਵਧਾਈ ਤੱਕ ਨਹੀਂ ਦੇ ਸਕਦੇ। ਕਹਾਣੀ 'ਕਬੀਲਦਾਰੀ' ਘਰ-ਪਰਿਵਾਰ ਦੀਆਂ ਤੰਦਾਂ ਨੂੰ ਸਹਿਜ ਰੱਖਣ ਖਾਤਰ ਮਾਸੀ ਦਾ ਪਾਤਰ ਇਸ ਤਰੀਕੇ ਨਾਲ ਉਘਾੜਿਆ ਗਿਆ ਹੈ ਕਿ ਉਹ ਬਹੁਤ ਸਾਰੇ ਦੁੱਖ-ਕਲੇਸ਼ ਜਾਂ ਪਰਿਵਾਰਕ ਵਖਰੇਵੇਂ ਜਾਂ ਤ੍ਰੇੜਾਂ ਨੂੰ ਆਪਣੇ ਅੰਦਰੋ-ਅੰਦਰ ਜ਼ਬਤ ਕਰਕੇ ਸਹਿਣ ਕਰ ਜਾਣ ਦੀ ਪ੍ਰੇਰਕ ਬਣ ਜਾਂਦੀ ਹੈ। ਬਿਗਾਨਿਆਂ ਦੇ ਅੱਗੇ ਚੁਗਲੀ ਨਿੰਦਿਆ ਦੀ ਥਾਵੇਂ ਘਰ 'ਚ ਪੁੱਤ-ਨੂੰਹ ਵੱਲੋਂ ਹੋ ਰਹੇ ਵਿਵਹਾਰ ਦੀ ਸਿਫ਼ਤ ਹੀ ਕਰਦੀ ਹੈ। ਕਹਾਣੀਕਾਰ ਨੇ ਆਪਣੀ ਮਾਨਵੀ-ਦ੍ਰਿਸ਼ਟੀ ਨੂੰ ਇਥੇ ਆਲੋਚਨਾਤਮਿਕ ਯਥਾਰਥ ਜ਼ਰੀਏ ਪੇਸ਼ ਕੀਤਾ ਹੈ। ਇਸੇ ਤਰ੍ਹਾਂ 'ਖ਼ਬਰਾਂ ਦਾ ਭੁਸ' ਕਹਾਣੀ ਨਵੇਂ ਉਸਾਰੂ ਮਾਨਵੀ ਦ੍ਰਿਸ਼ਟੀਕੋਣ ਦਾ ਦਰਪਣ ਹੈ। ਜਿਸ ਵਿਚ ਇਕ ਬਾਪ ਦਾ ਜ਼ਿਕਰ ਹੈ, ਜੋ ਅਖ਼ਬਾਰਾਂ ਪੜ੍ਹਨ ਦੇ ਭੁਸ ਸਦਕਾ, ਆਪਣਾ ਸੁਨਿਆਰੇ ਵਾਲਾ ਕਾਰੋਬਾਰ ਭਾਵੇਂ ਉੱਚ ਪੱਧਰ 'ਤੇ ਨਹੀਂ ਲਿਜਾਅ ਸਕਿਆ ਪਰ ਉਸ ਦਾ ਪੁੱਤਰ, ਪਿਓ ਵਾਲੇ ਭੁਸ ਕਿ ਅਖ਼ਬਾਰਾਂ ਜਾਂ ਕਿਤਾਬਾਂ ਹਰ ਰੋਜ਼ ਪੜ੍ਹਨੀਆਂ ਹੀ ਪੜ੍ਹਨੀਆਂ ਹਨ, ਦਾ ਆਦੀ ਹੈ ਕਿ ਅੱਠਵੀਂ ਤੱਕ ਨਾਲਾਇਕ ਹੁੰਦਾ ਹੋਇਆ ਵੀ ਦਸਵੀਂ ਵਿਚੋਂ ਜ਼ਿਲ੍ਹਾ ਭਰ 'ਚੋਂ ਫਸਟ ਆ ਜਾਂਦਾ ਹੈ। ਇਹ ਪ੍ਰਾਪਤੀ ਪੜ੍ਹਨ ਦੀ ਰੁਚੀ ਸਦਕਾ ਸੰਭਵ ਹੋਈ ਦਰਸਾਈ ਗਈ ਹੈ।
ਇਸੇ ਤਰ੍ਹਾਂ 'ਨਗਦਾਂ ਦੀ ਹੱਟੀ, ਖਾਕੀ ਵਰਦੀ, ਚੋਗਾ ਅਤੇ ਕੁਰਬਾਨੀ ਕਹਾਣੀਆਂ ਸਮਕਾਲੀਨ ਯਥਾਰਥ ਦੀ ਹੂ-ਬਹੂ ਤਸਵੀਰ ਪੇਸ਼ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਜਿਊਂਦੇ-ਜਾਗਦੇ ਪ੍ਰਤੀਤ ਹੁੰਦੇ ਹਨ ਅਤੇ ਇਨ੍ਹਾਂ ਦੇ ਵਿਚਾਰ ਅਤੇ ਪਾਤਰ-ਚਿਤਰਣ ਸ਼ੈਲੀ ਵੀ ਸਰਲ ਸਾਦੀ ਭਾਸ਼ਾ 'ਚ ਪ੍ਰਗਟ ਹੋਈ ਹੈ। 'ਹਾਸੇ ਤੇ ਹਾਸਾ' ਤੇ 'ਚੋਗਾ' ਕਹਾਣੀਆਂ 'ਚ ਵਿਅੰਗ ਜ਼ਰੀਏ ਭਾਵ ਪੂਰਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਨਿਰਸੰਦੇਹ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਵਰਤਮਾਨ ਸਮੇਂ 'ਚ ਰਚੀ ਜਾ ਰਹੀ ਪੰਜਾਬੀ ਕਹਾਣੀ 'ਚ ਵਿਲੱਖਣ ਸਥਾਨ ਦੀਆਂ ਧਾਰਨੀ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

 

ਤਿੜਕ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 120 ਰੁਪਏ, ਸਫੇ : 143

ਰਘਬੀਰ ਸਿੰਘ ਮਹਿਮੀ ਅੱਖ ਦੇ ਫੇਰ ਨਾਲ ਮਿੰਨੀ ਕਹਾਣੀ ਲਿਖ ਮਾਰਦਾ ਹੈ। ਉਸ ਦੀਆਂ ਕਹਾਣੀਆ ਵਿਚ ਰਸ ਹੈ ਅਤੇ ਪਾਠਕ ਕਹਾਣੀਆਂ ਦੇ ਨਾਲ-ਨਾਲ ਅੱਗੇ ਤੁਰਦੇ ਰਹਿੰਦੇ ਹਨ। ਹਥਲੀ ਪੁਸਤਕ ਤਿੜਕ ਵਿਚ ਮਹਿਮੀ ਨੇ 130 ਮਿੰਨੀ ਕਹਾਣੀਆਂ ਦਰਜ ਕੀਤੀਆ ਹਨ। ਉਹ ਪੱਕੇ ਤੌਰ 'ਤੇ ਮਿੰਨੀ ਕਹਾਣੀ ਦੀ ਵਿਧਾ ਨਾਲ ਜੁੜਿਆ ਹੋਇਆ ਹੈ। ਜਿਸ ਕਰਕੇ ਉਸ ਨੇ ਤੀਜਾ ਮਿੰਨੀ ਕਹਾਣੀ ਸੰਗ੍ਰਹਿ ਤਿੜਕ ਪਾਠਕਾਂ ਦੀ ਝੋਲੀ ਪਾਇਆ ਹੈ। ਮਹਿਮੀ ਨੇ ਆਪਣੀਆਂ ਕਹਾਣੀਆਂ ਵਿਚ ਸਮਾਜ ਦੇ ਹਰ ਮਨੁੱਖ ਦੀਆਂ ਭਾਵਨਾਵਾਂ ਅਤੇ ਮਨੁੱਖ ਦੇ ਸਮਾਜ ਵਿਚ ਵਿਚਰਨ ਦੇ ਪੱਖਾਂ ਨੂੰ ਬਹੁਤ ਸੂਖਮਤਾ ਨਾਲ ਪ੍ਰਗਟਾਇਆ ਹੈ ਉਹ ਯਥਾਰਥ ਦੀ ਉਂਗਲ ਪਕੜ ਕੇ ਸੰਵੇਦਨਾ ਨਾਲ ਤੁਰਦਾ ਹੈ ਮਿੰਨੀ ਕਹਾਣੀ ਦੀ ਇਕ ਵਿਧਾ ਵਿਅੰਗ ਤੋਂ ਵਗੈਰ ਵੀ ਉਸ ਨੇ ਕਹਾਣੀਆਂ ਲਿਖੀਆਂ ਹਨ ਅਤੇ ਜੇਕਰ ਵਿਅੰਗ ਚਿਤਰਿਆ ਵੀ ਹੈ ਤਾਂ ਬਹੁਤ ਹੀ ਸਫਲਤਾ ਨਾਲ। ਮਹਿਮੀ ਨੇ ਆਪਣੀ ਇਸ ਪੁਸਤਕ ਵਿਚ ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਬਹੁਤ ਹੀ ਨੇੜਿਉਂ ਪਰਖਿਆ ਹੈ। ਖਾਸ ਕਰਕੇ ਉਹ ਪੁੱਤਾਂ-ਧੀਆਂ, ਮਾਤਾ-ਪਿਤਾ, ਜੀਜਾ-ਸਾਲੀ, ਨਿੱਜ ਪ੍ਰਸਤੀ ਤਾਈ-ਤਾਇਆ, ਸਾਲਾ-ਭਣੋਈਆ, ਬੱਚੇ-ਨੋਜਵਾਨ, ਦੋਸਤਾਂ-ਮਿੱਤਰਾਂ, ਵਿਦਰੋਹ, ਬਦਲੇ ਦੀ ਭਾਵਨਾ, ਸਮੇਤ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਇਸ ਵਿਚ ਆ ਰਹੀ ਗਿਰਾਵਟ ਨੂ ਬਾਖੂਬੀ ਪੇਸ਼ ਕੀਤਾ ਹੈ। ਬਜ਼ੁਰਗ ਮਾਂ-ਬਾਪ ਤੇ ਉਨ੍ਹਾਂ ਦੇ ਪੁੱਤ-ਧੀਆਂ ਵੱਲੋਂ ਉਨ੍ਹਾਂ ਦੀ ਸੇਵਾ ਨਾ ਕਰਨ ਬਾਰੇ ਉਸ ਨੇ ਠੋਕਵੇਂ ਵਿਅੰਗ ਕੱਸੇ ਹਨ। ਇਸੇ ਤਰ੍ਹਾਂ ਸਮਾਜਿਕ ਕੁਰੀਤੀਆਂ ਦਾਜ ਦਹੇਜ, ਵਹਿਮ-ਭਰਮ, ਰਾਜਨੀਤੀ ਅਤੇ ਸਮਾਜ ਵਿਚ ਵਧ ਰਹੇ ਮਨੁੱਖੀ ਤਣਾਅ ਖੁਦਕਸ਼ੀ ਪੀਲੀ ਪੱਤਰਕਾਰੀ, ਖਾੜਕੂਵਾਦ, ਜਾਤਪਾਤ, ਮਮਤਾ, ਪੱਛਮੀ ਸੱਭਿਅਤਾ, ਮਤਰੇਆਂ ਪੁੱਤਰ-ਬੇਟੀ, ਮੌਕਾਪ੍ਰਸਤ ਰਾਜਨੀਤੀ, ਆਦਿ ਮਨੁੱਖੀ ਮਨ ਦੀਆਂ ਸੂਖਮ ਭਾਵਨਾਵਾਂ ਨੂੰ ਸਿਰਜਿਆ ਹੈ। ਆਸ ਦੀ ਮੌਤ ਕਹਾਣੀ 'ਚ ਦੋ ਪੁੱਤਰਾਂ ਦੇ ਮੇਜਰ ਪਿਤਾ ਦੀ ਪਤਨੀ ਦੇ ਦਿਹਾਂਤ 'ਤੇ ਜਦੋਂ ਉਹ ਅਮਰੀਕਾ ਤੇ ਕੈਨੇਡਾ ਵਸਦੇ ਆਪਣੇ ਪੁੱਤਰਾਂ ਨੂੰ ਫੋਨ ਕਰਦਾ ਹੈ ਤਾਂ ਜਵਾਬ 'ਡੈਡ ਮਦਰ ਇਜ ਡੈੱਡ, ਐਂਡ ਯੂ ਆਰ ਅਲਿਸੋ ਨੀਅਰ ਟੂ:ਸ਼ਸ਼ਸ਼..' ਫਿਰ ਕਿਉਂ ਨਾ ਇਕ ਵਾਰੀ ਇੰਡੀਆ ਆਉਣ ਤੇ ਸਾਰੇ ਸੰਸਕਾਰ ਕੰਪਲੀਟ ਕਰ ਲਈਏ, ਥੋਨੂੰ ਪਤਾ ਖਰਚ ਕਿੰਨਾ ਆਉਂਦਾ। ਮਹਿਮੀ ਮਨੁੱਖੀ ਦਰਦ, ਪੀੜਾ ਅਤੇ ਅਜੋਕੇ ਜਾਗੀਰੂ ਪ੍ਰਬੰਧ ਨੂੰ ਜਾਣਦਾ ਹੈ ਉਸ ਨੇ ਆਪਣੀ ਇਸ ਪੁਸਤਕ ਵਿਚ ਮੱਧ ਵਰਗੀ ਸ਼੍ਰੈਣੀ ਦੀ ਤਿੜਕ ਰਹੀ ਸੋਚ ਨੂੰ ਸਫਲਤਾ ਨਾਲ ਚਿਤਰਿਆ ਹੈ। ਉਸ ਦੀਆਂ ਮਿੰਂਨੀ ਕਹਾਣੀਆਂ ਆਸ਼ਾਵਾਦੀ ਦੇ ਨਾਲ-ਨਾਲ ਨਿਰਾਸ਼ਾਵਾਦੀ ਅੰਤ ਦਾ ਸੰਕੇਤ ਹੀ ਦਿੰਦੀਆਂ ਹਨ।

-ਰਮੇਸ਼ ਤਾਂਗੜੀ
ਮੋ:-94630-79655

ਦੁਖੜੇ ਮਾਂ ਬੋਲੀ ਦੇ ਵੰਡੀਏ
ਸ਼ਾਇਰ : ਮਾਸਟਰ ਗੁਰਚਰਨ ਸਿੰਘ ਖਾਲਸਾ
ਪ੍ਰਕਾਸ਼ਕ : ਗੁਰੂਸਰ ਬੁੱਕ ਡਿਪੂ ਪਬਲੀਕੇਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 109.

ਮਾਂ-ਬੋਲੀ ਉਹ ਬੋਲੀ ਹੁੰਦੀ ਹੈ, ਜੋ ਬੱਚੇ ਨੂੰ ਗੁੜਤੀ ਦੇ ਸਮੇਂ ਮਿਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨੇ ਸਹਿਜੇ-ਸਹਿਜੇ ਹੱਡੀਂ ਮਾਸ ਵਿਚ ਰਚ ਕੇ ਜ਼ਬਾਨ ਦਾ ਸ਼ਿੰਗਾਰ-ਰਸ ਬਣਨਾ ਹੁੰਦਾ ਹੈ। ਕਿਸੇ ਵੀ ਬਾਹਰੀ ਬੋਲੀ ਦੀ ਬੇਲੋੜੀ ਤੇ ਉਹ ਵੀ ਹੱਦੋਂ ਵੱਧ ਦਖ਼ਲ-ਅੰਦਾਜ਼ੀ ਮਾਂ-ਬੋਲੀ ਦਾ ਸਭ ਤੋਂ ਵੱਡਾ ਇਕ ਦੁਖਾਂਤ ਬਣ ਜਾਂਦਾ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ ਉਮਰ ਦੀ ਪੌਣੀ ਸਦੀ ਹੰਢਾ ਚੁੱਕੇ ਮਾਸਟਰ ਗੁਰਚਰਨ ਸਿੰਘ ਖਾਲਸਾ ਨੇ ਮਾਂ ਬੋਲੀ ਪ੍ਰਤੀ ਆਪਣੀ ਆਸਥਾ ਪ੍ਰਗਟ ਕਰਨ ਲਈ 'ਦੁਖੜੇ ਮਾਂ-ਬੋਲੀ ਦੇ ਵੰਡੀਏ' ਦੇ ਸਿਰਲੇਖ ਹੇਠ ਕਾਵਿ-ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਮਾਂ-ਬੋਲੀ ਤੋਂ ਇਲਾਵਾ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਲੋੜ ਹੁੰਦੀ ਹੈ ਪਰ ਮਾਂ-ਬੋਲੀ ਨੂੰ ਸਿਧੜਾਂ ਦੀ ਬੋਲੀ ਆਖ ਕੇ ਮਤਰੇਈ ਬੋਲੀ 'ਤੇ ਕੰਧੇਰੀ ਚੜ ਜਾਣਾ ਕੋਈ ਸਿਆਣਪ ਭਰੀ ਗੱਲ ਨਹੀਂ ਹੁੰਦੀ। ਆਪਣੀ ਮਾਂ-ਬੋਲੀ ਵਿਚ ਜੋ ਬੋਲਣ-ਸੁਣਨ, ਪੜ੍ਹਨ-ਲਿਖਣ ਤੇ ਸਮਝਣ ਵਿਚ ਆਜ਼ਾਦੀ ਮਿਲਦੀ ਹੈ ਸ਼ਾਇਦ ਕਿਸੇ ਹੋਰ ਬੇਗਾਨੀ ਭਾਸ਼ਾ ਦੇ ਬਦੋ-ਬਦੀ ਕੁੱਛੜ ਚੜਿਆਂ ਮਿਲੇ। ਸੌ ਕੁ ਕਵਿਤਾਵਾਂ ਸਮੇਟੀ ਬੈਠਾ 'ਦੁਖੜੇ ਮਾਂ-ਬੋਲੀ ਦੇ ਵੰਡੀਏ' ਕਾਵਿ-ਸੰਗੱਿਹ ਵਿਚ ਸ਼ਾਇਰ ਆਪਣੀ ਮਾਂ-ਬੋਲੀ ਦੇ ਖੰਭਾਂ ਉਤੇ ਆਜ਼ਾਦਾਨਾ ਤੇ ਵਿਸ਼ਾਲ ਸ਼ਬਦੀ ਉਡਾਰੀ ਦਾ ਝਲਕਾਰਾ ਪੈਂਦਾ ਹੈ। ਪੂਰੀ ਖੁੱਲ੍ਹ-ਡੁੱਲ੍ਹ ਨਾਲ ਸ਼ਾਇਰ ਆਪਣੇ ਮਨ ਦੀ ਵੇਦਨਾ ਦੀ ਪਟਾਰੀ ਪਾਠਕਾਂ ਦੀ ਬੇਬਕੀ (ਬੁੱਧੀ) ਦੇ ਸਨਮੁੱਖ ਖੋਲ੍ਹਣ ਵਿਚ ਕਾਫੀ ਹੱਦ ਤੱਕ ਸਫਲ ਹੈ। ਇਸ ਸ਼ਬਦੀ ਪਟਾਰੀ ਵਿਚੋਂ ਕੁਝ ਲਾਈਨਾਂ ਆਤਮਸਾਤ ਕਰ ਕੇ ਸ਼ਾਰਸ਼ਾਰ ਹੋਈਏ:-
'ਪਿਆਰੀ ਮਾਂ ਦੀਆਂ ਲੋਰੀਆਂ ਤੇ ਬਾਪੂ ਦੇ ਦਲਾਸੇ,
ਵੱਡੇ ਵੀਰ, ਭੈਣਾਂ, ਸਹੇਲੀਆਂ ਤੇ ਗੁਆਢਣਾਂ ਦੇ ਹਾਸੇ।
ਕੋਈ ਫਿਕਰਾਂ ਦੇ ਵਿਚੋਂ ਕੱਢ ਕੇ ਵਿਖਾਇਓ,
ਨੀਂ ਮੈਂ ਲੱਭਣੀ ਜੁਆਨੀ, ਕੋਈ ਦਸ ਪਾਇਓ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਰੰਗ ਬਦਲਦਾ ਸਮਾਂ
ਕਵੀ : ਜਤਿੰਦਰ ਸਿੰਘ ਬੀਬੀਪੁਰ, ਦਵਿੰਦਰ ਕੌਰ ਬੀਬੀਪੁਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 70

'ਰੰਗ ਬਦਲਦਾ ਸਮਾਂ' ਜਤਿੰਦਰ ਸਿੰਘ ਬੀਬੀਪੁਰ ਅਤੇ ਦਵਿੰਦਰ ਕੌਰ ਬੀਬੀਪੁਰ ਦੁਆਰਾ ਸਾਂਝੇ ਰੂਪ ਵਿਚ ਲਿਖਿਆ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਨ੍ਹਾਂ ਦੁਆਰਾ ਗੀਤਾਤਮਕ ਸ਼ੈਲੀ ਵਿਚ ਲਿਖੀਆਂ ਰਚਨਾਵਾਂ ਵੀ ਸ਼ਾਮਿਲ ਹਨ, ਕਵਿਤਾਵਾਂ ਵੀ ਹਨ ਅਤੇ ਛੋਟੀਆਂ-ਛੋਟੀਆਂ ਪਰ ਭਾਵਪੂਰਤ ਰਚਨਾਵਾਂ ਵੀ ਸ਼ਾਮਿਲ ਹਨ।
ਇਸ ਪੁਸਤਕ ਵਿਚ ਜ਼ਿਆਦਾਤਰ ਰਚਨਾਵਾਂ ਅਜੋਕੀ ਜ਼ਿੰਦਗੀ ਨੂੰ ਦਰਪੇਸ਼ ਮਸਲਿਆਂ ਬਾਰੇ ਹੀ ਸ਼ਾਮਿਲ ਕੀਤੀਆਂ ਗਈਆਂ ਹਨ। ਮਿਸਾਲ ਵਜੋਂ ਵਿਰਸੇ ਨੂੰ ਭੁੱਲਦੇ ਜਾ ਰਹੇ ਪੰਜਾਬੀ ਲੋਕ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨੌਜਵਾਨੀ ਦਾ ਕੰਮ-ਸੱਭਿਆਚਾਰ ਤੋਂ ਮੂੰਹ ਮੋੜਨਾ, ਰੁੱਖਾਂ ਦੀ ਅਹਿਮੀਅਤ, ਕਿਸਾਨੀ ਦੀ ਮਾੜੀ ਹਾਲਤ ਆਦਿ ਨੂੰ ਕਵੀਆਂ ਨੇ ਆਪਣੀ ਰਚਨਾ ਪ੍ਰਕਿਰਿਆ ਦਾ ਆਧਾਰ ਬਣਾਇਆ ਹੈ। ਅਜੋਕੀ ਭੱਜਦੌੜ ਵਾਲੀ ਦਿਖਾਵਾਨੁਮਾ ਜ਼ਿੰਦਗੀ ਵਿਚ ਮਚੀ ਉੱਥਲ-ਪੁਥਲ ਇਨ੍ਹਾਂ ਰਚਨਾਵਾਂ ਦੀ ਆਧਾਰ ਸਮੱਗਰੀ ਬਣਦੀ ਹੈ। ਕੁਝ ਇਕ ਕਵਿਤਾਵਾਂ ਹਲਕੀਆਂ ਫੁਲਕੀਆਂ ਅਤੇ ਰੁਮਾਂਟਿਕ ਕਿਸਮ ਦੀਆਂ ਵੀ ਹਨ ਪਰ ਸਾਰੀਆਂ ਹੀ ਕਵਿਤਾਵਾਂ ਵਿਚ ਕਵਿਤਾ ਵਾਲੀ ਰਵਾਨਗੀ ਪੂਰੀ ਤਰ੍ਹਾਂ ਕਾਇਮ ਹੈ। ਕਵੀ ਆਪਣਾ 'ਕਵਿਤਾ' ਸਿਰਲੇਖ ਹੇਠ ਲਿਖੀ ਕਵਿਤਾ ਵਿਚ ਆਪਣਾ ਕਾਵਿ-ਸਿਧਾਂਤ ਪੇਸ਼ ਕਰਦਾ ਲਿਖਦਾ ਹੈ :
ਕਵਿਤਾ ਹੋਵੇ ਪਾਰਸ ਦੀ ਛੋਹ ਵਰਗੀ
ਲੋਹੇ ਦੀ ਡਲੀ ਸੋਨੇ ਦੀ ਤਾਰ ਹੋ ਜਾਏ
ਜੇ ਕੋਈ ਗਾਇਕ ਪੜ੍ਹੇ ਕਵਿਤਾ
ਉਹਨੂੰ ਵਿਰਸੇ ਨਾਲ ਪਿਆਰ ਹੋ ਜਾਏ।
ਜੇ ਕੋਈ ਨੇਤਾ ਪੜ੍ਹੇ ਕਵਿਤਾ
ਸਮਾਜ ਸੇਵਾ ਨੂੰ ਉਹ ਤਿਆਰ ਹੋ ਜਾਵੇ।
ਇਨ੍ਹਾਂ ਰਚਨਾਵਾਂ ਵਿਚ ਵਿਸ਼ੇਸ਼ ਗੱਲ ਇਹ ਹੈ ਕਿ ਇਹ ਸਾਦਗੀ ਭਰਪੂਰ ਅਤੇ ਸ਼ਬਦਜਾਲ ਤੋਂ ਮੁਕਤ ਹਨ ਅਤੇ ਇਕ ਸਧਾਰਨ ਪਾਠਕ ਦੇ ਦਿਲ ਵਿਚ ਵੀ ਸਹਿਜ ਰੂਪ ਵਿਚ ਹੀ ਉਤਰਨ ਦੇ ਸਮਰਥ ਹਨ। ਦਵਿੰਦਰ ਕੌਰ ਬੀਬੀਪੁਰ ਦੁਆਰਾ ਲਿਖੀਆਂ ਸੱਤ ਕਵਿਤਾਵਾਂ ਵਿਸ਼ੇਸ਼ ਰੂਪ ਵਿਚ ਔਰਤ ਦੀ ਦਸ਼ਾ ਨੂੰ ਹੀ ਪੇਸ਼ ਕਰਦੀਆਂ ਹਨ। ਇਨ੍ਹਾਂ ਰਚਨਾਵਾਂ ਵਿਚ ਸਮਾਜ ਵਿਚ ਫੈਲੀਆਂ ਕੁਰੀਤੀਆਂ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਗਿਆ ਹੈ ਕਿ ਕਿਵੇਂ ਇਹ ਸਾਡੇ ਸਮਾਜ ਦੀਆਂ ਜੜਾਂ ਨੂੰ ਖੋਖਲੀਆਂ ਕਰ ਰਹੀਆਂ ਹਨ। ਕਵੀਆਂ ਦੁਆਰਾ ਆਪਣੇ ਵਿਰਸੇ ਪ੍ਰਤੀ ਮੋਹ ਅਤੇ ਜਜ਼ਬਾ ਪੈਦਾ ਕਰਨ ਹਿੱਤ ਕੁਝ ਵਿਸ਼ੇਸ਼ ਕਵਿਤਾਵਾਂ ਵਿਰਸੇ ਨਾਲ ਸੰਬੰਧਤ ਹੀ ਸ਼ਾਮਿਲ ਕੀਤੀਆਂ ਹਨ ਜਿਵੇਂ 'ਵਿਰਸਾ', 'ਚਰਖਾ', 'ਮੇਰਾ ਪਿੰਡ', 'ਹੀਰ ਬਣ ਕੇ', 'ਗੁੜ ਤੱਤਾ ਤੱਤਾ', 'ਕਬੱਡੀ' ਆਦਿ। ਪਰ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਪ੍ਰਤੀ ਵੀ ਕਵੀ ਸੁਚੇਤ ਹੈ ਅਤੇ ਇਸ ਬਾਰੇ ਜ਼ਿਕਰ ਵੀ ਕਰਦਾ ਹੈ। ਸਮਾਜਕ ਨਾ ਬਰਾਬਰੀ, ਪੈਸੇ ਦੀ ਬਹੁਤਾਤ ਤੇ ਤਿੜਕਦੇ ਮਨੁੱਖੀ ਰਿਸ਼ਤੇ ਵੀ ਇਨ੍ਹਾਂ ਰਚਨਾਵਾਂ ਦੇ ਵਿਸ਼ੇ ਬਣਦੇ ਹਨ। ਪੁਸਤਕ ਵਿਚ ਸਰੋਦੀਪਣ ਇਸ ਦੀ ਖ਼ੂਬਸੂਰਤੀ ਵਿਚ ਹੋਰ ਵੀ ਵਾਧਾ ਕਰਦਾ ਹੈ, ਪਰ ਕਿਤੇ ਪਰੂਫ਼ ਰੀਡਿੰਗ ਦੀ ਘਾਟ ਜ਼ਰੂਰ ਰੜਕਦੀ ਹੈ। ਜਤਿੰਦਰ ਸਿੰਘ ਬੀਬੀਪੁਰ ਅਤੇ ਦਵਿੰਦਰ ਕੌਰ ਬੀਬੀਪੁਰ ਇਸ ਪੁਸਤਕ ਲਈ ਵਧਾਈ ਦੇ ਪਾਤਰ ਹਨ।

-ਸਰਦੂਲ ਸਿੰਘ ਔਜਲਾ
ਮੋ: 98141-68611

 

ਕੰਡਿਆਲੇ ਰਾਹਾਂ ਦਾ ਸਫ਼ਰ
ਲੇਖਕ : ਗਿਆਨੀ ਜੀਤ ਸਿੰਘ ਕੋਟਦੁੱਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 104

ਜੀਵਨ ਤਜਰਬਿਆਂ ਦਾ ਨਿਚੋੜ ਪੇਸ਼ ਕਰਦੀਆਂ ਸਵੈ ਜੀਵਨੀਆਂ ਪੜ੍ਹ-ਪੜ੍ਹ ਪਾਠਕ ਬੜਾ ਕੁਝ ਸਿੱਖਦੇ ਨੇ। ਬਸ਼ਰਤੇ ਲਿਖਣ ਵਾਲੀ ਸ਼ਖ਼ਸੀਅਤ ਆਪਣੇ ਖੇਤਰ 'ਚ ਕਿਸੇ ਮੁਕਾਮ 'ਤੇ ਪੁੱਜੀ ਹੋਵੇ। ਉਸ ਹਸਤੀ ਦੇ ਸੰਘਰਸ਼, ਪ੍ਰਾਪਤੀਆਂ, ਜ਼ਿੰਦਗੀ ਦੇ ਉਤਾਰ-ਚੜ੍ਹਾਅ ਬਾਰੇ ਜਾਨਣਾ ਸਭ ਨੂੰ ਚੰਗਾ ਲੱਗਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਮਿੱਥ ਟੁੱਟਣ ਲੱਗੀ ਹੈ ਕਿ ਸਵੈਜੀਵਨੀ ਲਿਖਣ ਵਾਲੀ ਸ਼ਖ਼ਸੀਅਤ ਉੱਚੇ ਰੁਤਬੇ ਵਾਲੀ ਹੀ ਹੋਵੇ। ਹੁਣ ਸਧਾਰਨ ਲੋਕ ਵੀ ਆਪਣੇ ਜੀਵਨ ਤਜਰਬੇ ਲਿਖਦੇ ਨੇ ਤੇ ਜ਼ਿੰਦਗੀ ਦੇ ਚੰਗੇ-ਮੰਦੇ ਤਜਰਬੇ ਸਭ ਨਾਲ ਸਾਂਝੇ ਕਰਦੇ ਨੇ। ਗਿਆਨੀ ਜੀਤ ਸਿੰਘ ਕੋਟਦੁੱਨਾ ਉਹ ਬੰਦਾ ਹੈ, ਜਿਸ ਨੇ ਜਵਾਨੀ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ, ਪਰ ਛਪਵਾਉਣ ਵੱਲ ਬਹੁਤਾ ਧਿਆਨ ਨਾ ਦਿੱਤਾ। ਉਸ ਦਾ ਬਚਪਨ ਗ਼ਰੀਬੀ 'ਚ ਬੀਤਿਆ, ਖੂਬ ਸੰਘਰਸ਼ ਕੀਤਾ, ਰੁਜ਼ਗਾਰ ਪ੍ਰਾਪਤੀ ਲਈ ਸੌ ਪਾਪੜ ਵੇਲੇ, ਫੇਰ ਸਰਕਾਰੀ ਨੌਕਰੀ ਮਿਲ ਗਈ, ਨੌਕਰੀ ਕਰਦਿਆਂ ਲੋਕ ਹੱਕਾਂ ਲਈ ਕਈ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ ਤੇ ਹੁਣ ਉਨ੍ਹਾਂ ਸਾਰੇ ਤਜਰਬਿਆਂ ਨੂੰ ਉਸ ਨੇ ਆਪਣੀ ਸਵੈ ਜੀਵਨੀ 'ਕੰਡਿਆਲੇ ਰਾਹਾਂ ਦਾ ਸਫ਼ਰ' ਵਿੱਚ ਦਰਜ ਕੀਤਾ ਹੈ।
ਪੁਸਤਕ ਦਾ ਮੁੱਖ ਬੰਦ ਲਿਖਦਿਆਂ ਡਾ: ਗੁਰਮੀਤ ਕੱਲਰ ਮਾਜਰੀ ਨੇ ਲਿਖਿਆ ਹੈ, 'ਜੀਤ ਸਿੰਘ ਦੀ ਜੀਵਨੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਸ ਦੇ ਸਮਾਜਿਕ ਪਿਛੋਕੜ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ। ਮੇਰੇ ਪਿੰਡ ਦਾ ਪਿਛੋਕੜ, ਪਰਵਾਰਕ ਵਿਰਸਾ, ਬਚਪਨ ਦੀਆਂ ਯਾਦਾਂ, ਮਾਲਵਾ ਖੇਤਰ ਦੀ ਸੱਭਿਆਚਾਰਕ ਸਥਿਤੀ, ਜਾਤੀ ਤ੍ਰਿਸਕਾਰ ਨਾਲ ਸਬੰਧਤ ਗੱਲਾਂ ਨੂੰ ਸ਼ਾਮਲ ਕੀਤਾ ਹੈ। ਦੂਜੇ ਭਾਗ ਵਿੱਚ ਲੇਖਕ ਨੇ ਮੈਟ੍ਰਿਕ ਪਾਸ ਕਰਨ ਮਗਰੋਂ ਜੇ.ਬੀ.ਟੀ ਕੋਰਸ ਕਰਨ ਉਪਰੰਤ ਕੁਝ ਸਮਾਂ ਬੇਰੁਜ਼ਗਾਰ ਰਹਿਣ, ਪ੍ਰਾਈਵੇਟ ਸਕੂਲ 'ਚ ਨੌਕਰੀ ਕਰਨ, 1970 ਵਿੱਚ ਸਰਕਾਰੀ ਨੌਕਰੀ ਮਿਲਣ ਤੇ ਨਾਲ-ਨਾਲ ਆਪਣੇ ਸ਼ੌਕ ਪੁਗਾਉਣ ਦਾ ਜ਼ਿਕਰ ਕੀਤਾ ਹੈ। ਤੀਜੇ ਭਾਗ ਵਿੱਚ ਲੇਖਕ ਜਨਤਕ ਜਥੇਬੰਦੀਆਂ 'ਚ ਕੰਮ ਕਰਨ ਦਾ ਜ਼ਿਕਰ ਕਰਦਾ ਹੈ।' ਬੇਸ਼ੱਕ ਗਿਆਨੀ ਜੀਤ ਸਿੰਘ ਕੋਟਦੁੱਨਾ ਦੀ ਸਾਹਿਤ ਖੇਤਰ ਵਿਚ ਗੂੜ੍ਹੀ ਪਛਾ

9-6-2013

 ਕੰਡਿਆਲੇ ਰਾਹਾਂ ਦਾ ਸਫ਼ਰ
ਲੇਖਕ : ਗਿਆਨੀ ਜੀਤ ਸਿੰਘ ਕੋਟਦੁੱਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 104

ਜੀਵਨ ਤਜਰਬਿਆਂ ਦਾ ਨਿਚੋੜ ਪੇਸ਼ ਕਰਦੀਆਂ ਸਵੈ ਜੀਵਨੀਆਂ ਪੜ੍ਹ-ਪੜ੍ਹ ਪਾਠਕ ਬੜਾ ਕੁਝ ਸਿੱਖਦੇ ਨੇ। ਬਸ਼ਰਤੇ ਲਿਖਣ ਵਾਲੀ ਸ਼ਖ਼ਸੀਅਤ ਆਪਣੇ ਖੇਤਰ 'ਚ ਕਿਸੇ ਮੁਕਾਮ 'ਤੇ ਪੁੱਜੀ ਹੋਵੇ। ਉਸ ਹਸਤੀ ਦੇ ਸੰਘਰਸ਼, ਪ੍ਰਾਪਤੀਆਂ, ਜ਼ਿੰਦਗੀ ਦੇ ਉਤਾਰ-ਚੜ੍ਹਾਅ ਬਾਰੇ ਜਾਨਣਾ ਸਭ ਨੂੰ ਚੰਗਾ ਲੱਗਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਮਿੱਥ ਟੁੱਟਣ ਲੱਗੀ ਹੈ ਕਿ ਸਵੈਜੀਵਨੀ ਲਿਖਣ ਵਾਲੀ ਸ਼ਖ਼ਸੀਅਤ ਉੱਚੇ ਰੁਤਬੇ ਵਾਲੀ ਹੀ ਹੋਵੇ। ਹੁਣ ਸਧਾਰਨ ਲੋਕ ਵੀ ਆਪਣੇ ਜੀਵਨ ਤਜਰਬੇ ਲਿਖਦੇ ਨੇ ਤੇ ਜ਼ਿੰਦਗੀ ਦੇ ਚੰਗੇ-ਮੰਦੇ ਤਜਰਬੇ ਸਭ ਨਾਲ ਸਾਂਝੇ ਕਰਦੇ ਨੇ। ਗਿਆਨੀ ਜੀਤ ਸਿੰਘ ਕੋਟਦੁੱਨਾ ਉਹ ਬੰਦਾ ਹੈ, ਜਿਸ ਨੇ ਜਵਾਨੀ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ, ਪਰ ਛਪਵਾਉਣ ਵੱਲ ਬਹੁਤਾ ਧਿਆਨ ਨਾ ਦਿੱਤਾ। ਉਸ ਦਾ ਬਚਪਨ ਗ਼ਰੀਬੀ 'ਚ ਬੀਤਿਆ, ਖੂਬ ਸੰਘਰਸ਼ ਕੀਤਾ, ਰੁਜ਼ਗਾਰ ਪ੍ਰਾਪਤੀ ਲਈ ਸੌ ਪਾਪੜ ਵੇਲੇ, ਫੇਰ ਸਰਕਾਰੀ ਨੌਕਰੀ ਮਿਲ ਗਈ, ਨੌਕਰੀ ਕਰਦਿਆਂ ਲੋਕ ਹੱਕਾਂ ਲਈ ਕਈ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ ਤੇ ਹੁਣ ਉਨ੍ਹਾਂ ਸਾਰੇ ਤਜਰਬਿਆਂ ਨੂੰ ਉਸ ਨੇ ਆਪਣੀ ਸਵੈ ਜੀਵਨੀ 'ਕੰਡਿਆਲੇ ਰਾਹਾਂ ਦਾ ਸਫ਼ਰ' ਵਿੱਚ ਦਰਜ ਕੀਤਾ ਹੈ।
ਪੁਸਤਕ ਦਾ ਮੁੱਖ ਬੰਦ ਲਿਖਦਿਆਂ ਡਾ: ਗੁਰਮੀਤ ਕੱਲਰ ਮਾਜਰੀ ਨੇ ਲਿਖਿਆ ਹੈ, 'ਜੀਤ ਸਿੰਘ ਦੀ ਜੀਵਨੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਸ ਦੇ ਸਮਾਜਿਕ ਪਿਛੋਕੜ ਨਾਲ ਸਬੰਧਤ ਜਾਣਕਾਰੀ ਦਿੱਤੀ ਹੈ। ਮੇਰੇ ਪਿੰਡ ਦਾ ਪਿਛੋਕੜ, ਪਰਵਾਰਕ ਵਿਰਸਾ, ਬਚਪਨ ਦੀਆਂ ਯਾਦਾਂ, ਮਾਲਵਾ ਖੇਤਰ ਦੀ ਸੱਭਿਆਚਾਰਕ ਸਥਿਤੀ, ਜਾਤੀ ਤ੍ਰਿਸਕਾਰ ਨਾਲ ਸਬੰਧਤ ਗੱਲਾਂ ਨੂੰ ਸ਼ਾਮਲ ਕੀਤਾ ਹੈ। ਦੂਜੇ ਭਾਗ ਵਿੱਚ ਲੇਖਕ ਨੇ ਮੈਟ੍ਰਿਕ ਪਾਸ ਕਰਨ ਮਗਰੋਂ ਜੇ.ਬੀ.ਟੀ ਕੋਰਸ ਕਰਨ ਉਪਰੰਤ ਕੁਝ ਸਮਾਂ ਬੇਰੁਜ਼ਗਾਰ ਰਹਿਣ, ਪ੍ਰਾਈਵੇਟ ਸਕੂਲ 'ਚ ਨੌਕਰੀ ਕਰਨ, 1970 ਵਿੱਚ ਸਰਕਾਰੀ ਨੌਕਰੀ ਮਿਲਣ ਤੇ ਨਾਲ-ਨਾਲ ਆਪਣੇ ਸ਼ੌਕ ਪੁਗਾਉਣ ਦਾ ਜ਼ਿਕਰ ਕੀਤਾ ਹੈ। ਤੀਜੇ ਭਾਗ ਵਿੱਚ ਲੇਖਕ ਜਨਤਕ ਜਥੇਬੰਦੀਆਂ 'ਚ ਕੰਮ ਕਰਨ ਦਾ ਜ਼ਿਕਰ ਕਰਦਾ ਹੈ।' ਬੇਸ਼ੱਕ ਗਿਆਨੀ ਜੀਤ ਸਿੰਘ ਕੋਟਦੁੱਨਾ ਦੀ ਸਾਹਿਤ ਖੇਤਰ ਵਿਚ ਗੂੜ੍ਹੀ ਪਛਾਣ ਨਹੀਂ, ਪਰ ਉਸ ਦੀ ਸਵੈਜੀਵਨੀ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਹਰ ਇਨਸਾਨ ਦਾ ਜੀਵਨ ਤਜਰਬਾ ਆਪਣੇ ਆਪ ਵਿੱਚ ਅਹਿਮੀਅਤ ਰੱਖਦਾ ਹੈ ਤੇ ਜੇ ਉਸ ਨੂੰ ਗਿਆਨੀ ਜੀਤ ਸਿੰਘ ਵਾਂਗ ਸਹੀ ਤਰੀਕੇ ਨਾਲ ਬਿਆਨ ਕੀਤਾ ਜਾਵੇ ਤਾਂ ਉਸ ਨੂੰ ਚਾਅ ਨਾਲ ਪੜ੍ਹਿਆ ਜਾ ਸਕਦਾ ਹੈ।

-ਸਵਰਨ ਸਿੰਘ ਟਹਿਣਾ
ਮੋ: 9814178883

ਪਿਤਾਮਾ ਦੀ ਮੌਤ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ ਦਿੱਲੀ
ਮੁੱਲ : 175 ਰੁਪਏ, ਸਫ਼ੇ : 128

'ਪਿਤਾਮਾ ਦੀ ਮੌਤ' ਪੂਰੀ ਤਰ੍ਹਾਂ ਨਾਲ ਪਰਿਵਾਰਕ ਨਾਵਲ ਹੈ। ਨਾਵਲ ਦੇ ਚਾਰ ਕਾਂਡਾਂ ਨੂੰ ਉਪ-ਕਾਂਡ ਬਣਾ ਕੇ ਪਲਾਟ, ਵਿਸ਼ੇ ਤੇ ਸਮੁੱਚੀ ਕਹਾਣੀ ਨੂੰ ਛੋਟੇ-ਛੋਟੇ ਕਾਂਡਾਂ ਵਿਚ ਸਮੇਟਿਆ ਹੈ। ਪਹਿਲੇ 12 ਉਪਕਾਂਡਾਂ ਵਿਚ ਬਜ਼ੁਰਗ ਪਾਤਰ ਪ੍ਰੇਮ ਸਿੰਘ ਹਸਪਤਾਲ ਵਿਚ ਕੈਂਸਰ ਪੀੜਤ ਮਰੀਜ਼ ਹੈ। ਇਲਾਜ ਚੱਲ ਰਿਹਾ ਹੈ। ਉਸ ਦੇ ਤਿੰਨ ਪੁੱਤਰਾਂ ਵਿਚੋਂ ਇਕ ਇੰਗਲੈਂਡ ਗਿਆ ਹੈ। ਦੂਸਰਾ ਵੱਡਾ ਹੈ ਪ੍ਰੀਤਮ ਤੇ ਤੀਜਾ ਪੁੱਤਰ ਛੋਟਾ ਹੈ। ਪ੍ਰੀਤਮ ਪ੍ਰੋਫੈਸਰ ਹੈ, ਕਮਿਊਨਿਸਟ ਵਿਚਾਰਾਂ ਵਾਲਾ ਹੈ। ਉਸ ਦੀ ਪਤਨੀ ਮਨਦੀਪ ਵੀ ਨੌਕਰੀ ਕਰਦੀ ਹੈ। ਕੈਂਸਰ ਬਾਰੇ ਪ੍ਰੇਮ ਸਿੰਘ ਨੂੰ ਨਹੀਂ ਦੱਸਿਆ ਜਾਂਦਾ। ਪਤਨੀ ਰਾਜ ਕੌਰ ਤੇ ਛੋਟਾ ਮੁੰਡਾ ਵਕੀਲ ਨਾਲ ਗੰਢ-ਤਰੁੱਪ ਕਰਕੇ ਪ੍ਰੇਮ ਸਿੰਘ ਤੋਂ ਵਸੀਅਤ ਬਣਾ ਲੈਂਦੇ ਹਨ। ਇਸ ਦਾ ਪ੍ਰੀਤਮ ਨੂੰ ਪਤਾ ਨਹੀਂ ਲਗਦਾ। ਨਾ ਹੀ ਪ੍ਰੇਮ ਸਿੰਘ ਇਸ ਬਾਰੇ ਦੱਸਦਾ ਹੈ। ਪ੍ਰੇਮ ਸਿੰਘ ਦੀ ਮੌਤ ਹੋ ਜਾਂਦੀ ਹੈ। ਨਾਵਲ ਦਾ ਸਾਰਾ ਤਾਣਾ-ਪੇਟਾ ਜਾਇਦਾਦ ਲਈ ਝਗੜੇ ਦਾ ਹੈ। ਅਖੀਰ ਛੋਟਾ ਭਰਾ ਕਿਸ਼ਤਾਂ ਵਿਚ ਪੈਸੇ ਦੇਣੇ ਮੰਨ ਜਾਂਦਾ ਹੈ। ਇਸ ਨਾਵਲ ਵਿਚ ਨਾਰੀ ਦੇ ਵੱਖ-ਵੱਖ ਰੂਪ ਹਨ। ਮਾਂ ਰਾਜ ਕੌਰ, ਨੂੰਹ ਮਨਦੀਪ (ਵੱਡੀ), ਛੋਟੀ ਨੂੰਹ ਸ਼ਿਤੀ। ਨਾਵਲ ਦੀ ਬੋਲੀ ਬੜੀ ਸਾਦਮੁਰਾਦੀ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਰੂਪਮਾਨ ਕਰਦਾ ਵਧੀਆ ਨਾਵਲ ਹੈ। ਗੱਲ ਵਧਦੀ-ਵਧਦੀ ਬੱਚਿਆਂ ਤੱਕ ਵੀ ਚਲੀ ਜਾਂਦੀ ਹੈ। ਦਾਦੀ ਰਾਜ ਕੌਰ ਪੋਤਿਆਂ ਵਿਚ ਵੀ ਫ਼ਰਕ ਪਾਉਂਦੀ ਹੈ। ਦਰਾਣੀ-ਜਠਾਣੀ, ਜਾਇਦਾਦ ਪਿੱਛੇ ਇਕ-ਦੂਜੀ ਨੂੰ ਅੱਖਾਂ ਕੱਢਦੀਆਂ ਹਨ। ਪ੍ਰੇਮ ਸਿੰਘ ਦਾ ਬਾਪ ਵਾਲਾ ਰੂਪ ਬੱਚਿਆਂ ਨੂੰ ਵੱਖ-ਵੱਖ ਨਜ਼ਰ ਨਾਲ ਵੇਖਦਾ ਹੈ। ਨਾਵਲ ਪੜ੍ਹਨ ਵਾਲਾ ਹੈ। ਵਰਤਮਾਨ ਸਮੇਂ ਵਿਚ ਤਿੜਕਦੇ ਰਿਸ਼ਤੇ, ਖ਼ਤਮ ਹੋ ਰਹੀਆਂ ਮੋਹ-ਮੁਹੱਬਤਾਂ, ਜਾਇਦਾਦ ਦਾ ਕਾਰਨ ਭਰਾਵਾਂ-ਭੈਣਾਂ ਵਿਚਲੀ ਤਿੜਕਣ, ਪਦਾਰਥਕ ਮੋਹ ਪਿਉ-ਪੁੱਤਰ, ਮਾਂ-ਪੁੱਤਰ, ਦਾਦੀ-ਪੋਤਰੇ, ਦਰਾਣੀ-ਜਠਾਣੀ, ਭੈਣ-ਭਰਾ, ਭੂਆ-ਭਤੀਜੇ ਆਦਿ ਦੇ ਸੰਬੰਧਾਂ ਦਾ ਸੰਸਾਰ ਸਿਰਜਦਾ ਇਹ ਨਾਵਲ ਬਹੁਮੁੱਲੀ ਸੁਗਾਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਪਰਦਿਆਂ ਦੀ ਓਟ
ਸ਼ਾਇਰ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 95.

'ਪਰਦਿਆਂ ਦੀ ਓਟ' ਰਾਮ ਸਿੰਘ ਰਚਿਤ ਦੂਜਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਗ਼ਜ਼ਲਾਂ, ਕਵਿਤਾਵਾਂ ਅਤੇ ਗੀਤਾਂ ਦੇ ਰੂਪਾਕਾਰ ਨੂੰ ਆਪਣੀ ਕਾਵਿ ਸਿਰਜਨਾ ਦਾ ਆਧਾਰ ਬਣਾਇਆ ਹੈ। ਉਸ ਦੀਆਂ ਰਚਨਾਵਾਂ ਪੜ੍ਹਦਿਆਂ ਸਹਿਜੇ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਉਸ ਦੀ ਸੂਖਮ ਦ੍ਰਿਸ਼ਟੀ ਅਜੋਕੇ ਮਨੁੱਖੀ ਜੀਵਨ ਦੇ ਖੋਖਲੇ ਸਰੂਪ ਦੀ ਅਸਲੀਅਤ ਨੂੰ ਸਮਝਣ, ਪਰਖਣ ਅਤੇ ਵਿਸ਼ਲੇਸ਼ਣ ਕਰਨ ਦੀ ਮੁਹਾਰਤ ਰੱਖਦੀ ਹੈ। ਉਸ ਦੀਆਂ ਰਚਨਾਵਾਂ ਪਾਠਕ ਨੂੰ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਦੀ ਯਾਦ ਕਰਾਉਂਦੀਆਂ ਹਨ ਇਹੀ ਉਸ ਦੇ ਕਾਵਿ ਦੇ ਕਲਾ ਕੌਸ਼ਲਤਾ ਦੀ ਪ੍ਰਾਪਤੀ ਹੈ। ਉਹ ਲਿਖਦਾ ਹੈ :
-ਕਰਦਾ ਹੈ ਯਾਰ ਕੌਣ ਜੋ ਗੱਲਾਂ ਨੇ ਵਿਹਲੀਆਂ
ਮਤਲਬ ਦੇ ਯਾਰ ਲੋਕ ਨੇ ਮਤਲਬ ਦੀ ਕਹਿਣ ਦੇ
-ਆ ਕੇ ਤੱਕ ਤਾਂ ਸਹੀ ਧੰਦੇ ਕਰਦੇ ਨੇ ਕੀ
ਬੰਦੇ ਕਹਿੰਦੇ ਨੇ ਕੀ ਬੰਦੇ ਕਰਦੇ ਨੇ ਕੀ
-ਉੱਠ ਗਈ ਸਭਾ ਹਜ਼ੂਰ ਦੀ ਮਸਲੇ ਵਿਚਾਰ ਕੇ
ਤੁਰ ਗਏ ਘਰਾਂ ਨੂੰ ਆਜੜੀ ਬੰਦਿਆਂ ਨੂੰ ਚਾਰ ਕੇ ਅਜੋਕਾ ਮਨੁੱਖ ਭਾਂਜਵਾਦੀ ਰੂਚੀਆਂ ਦਾ ਧਾਰਨੀ ਹੋਣ ਕਰਕੇ ਹੋਂਦ ਵਿਹੂਣੀ ਜ਼ਿੰਦਗੀ ਜਿਊਂ ਰਿਹਾ ਹੈ, ਵਸਤਾਂ ਦੇ ਆਕਰਸ਼ਣ ਨੇ ਉਸ ਦੀ ਹੈਸੀਅਤ ਉਪਭੋਗਤਾ ਤੀਕ ਸੀਮਤ ਕਰ ਦਿੱਤੀ ਹੈ। ਪਖੰਡ ਅਤੇ ਮੁਖੌਟਾਧਾਰੀ ਬਿਰਤੀ ਉਸ ਦੀ ਜ਼ਿੰਦਗੀ ਦਾ ਖਾਸਾ ਬਣ ਕੇ ਰਹਿ ਗਈ ਹੈ। ਰਾਮ ਸਿੰਘ ਇਸ ਸਥਿਤੀ ਨੂੰ ਕਾਵਿ-ਰੂਪਾਂਤਰਿਤ ਕਰਦਾ ਹੋਇਆ ਲਿਖਦਾ ਹੈ :
ਜ਼ਿੰਦਗੀ ਦਾ ਕਿਵੇਂ ਐ
ਖਲੋਤੀ ਹੋਈ ਏ
ਅੰਦਰੋਂ ਧੁਆਂਖੀ
ਬਾਹਰੋਂ ਪੋਚੀ ਹੋਈ ਏ
ਅੱਜ ਜਦੋਂ ਵਿਭਿੰਨ ਮਨੋਰਥਾਂ ਹਿਤ ਕੱਚੀ ਪਿੱਲੀ ਸ਼ਾਇਰੀ ਦੀ ਚੂਹੇ ਦੌੜ ਲੱਗੀ ਹੋਈ ਹੈ। ਰਾਮ ਸਿੰਘ ਦੀ ਸ਼ਾਇਰੀ ਉਸ ਨਿਰਾਸ਼ਾ ਨੂੰ ਤੋੜਦੀ ਹੈ। ਇਹ ਕਾਵਿ-ਸੰਗ੍ਰਹਿ ਨਿਸ਼ਚੇ ਹੀ ਪੰਜਾਬੀ ਕਾਵਿ-ਜਗਤ ਵਿਚ ਇਕ ਮੁੱਲਵਾਨ ਵਾਧਾ ਹੈ।

-ਡਾ: ਜਸਵੀਰ ਸਿੰਘ
ਮੋਬਾ: 94170-12430

ਨੀਲਇੰਦਰ
ਕਵੀ : ਵਰਿੰਦਰ ਫਰਹਾਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 135 ਰੁਪਏ, ਸਫ਼ੇ : 87.

ਨੀਲਇੰਦਰ, ਨੌਜਵਾਨ ਕਵੀ ਵਰਿੰਦਰ ਫਰਹਾਦ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਲੇਖਕ ਨੇ ਆਪਣੇ ਜੀਵਨ ਦੀਆਂ ਖ਼ੁਸ਼ੀਆਂ ਗਮੀਆਂ, ਦੁੱਖਾਂ-ਸੁੱਖਾਂ, ਵਲਵਲਿਆਂ ਨੂੰ ਸਹਿਜ ਸਾਧਾਰਣ ਭਾਸ਼ਾ ਰਾਹੀਂ ਰੂਪਮਾਨ ਕੀਤਾ ਹੈ।
ਵਰਿੰਦਰ ਫਰਹਾਦ ਦੇ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜੀਵਨੀਪਰਕ ਵਸਤੂ ਵੇਰਵਰਿਆਂ ਨਾਲ ਸਬੰਧਿਤ ਹੈ। ਲੇਖਕ ਆਪਣੀਆਂ ਕਵਿਤਾਵਾਂ ਵਿਚ, ਆਪਣੇ ਜੀਵਨ ਦੇ ਦੁੱਖਾਂ-ਸੁਖਾਂ ਦਾ ਸਹਿਜ ਵਰਨਣ ਕਰਦਾ ਹੈ। 'ਟੁੱਟਿਆ ਸ਼ੀਸ਼ਾ' ਕਵਿਤਾ ਵਿਚ ਲੇਖਕ ਆਪਣੇ ਜੀਵਨ ਸੰਘਰਸ਼ ਨੂੰ ਕਾਵਿਕ ਸ਼ਬਦਾਂ ਵਿਚ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਦੇਖਣ ਦੀ ਲਾਲਸਾ, ਕਵਿਤਾ ਵਿਚ ਕਵੀ ਮਹਿਬੂਬ ਦੇ ਦੀਦਾਰ ਲਈ ਉਸ ਦੇ ਪਿੰਡ ਵੱਲ ਜਾਂਦੇ ਰਾਹ ਦਾ ਸਫ਼ਰ ਬਿਆਨ ਕਰਦਾ ਹੈ। ਲੇਖਕ ਸ਼ਿਵ ਕੁਮਾਰ ਬਟਾਲਵੀ ਤੋਂ ਬੇਹੱਦ ਪ੍ਰਭਾਵਿਤ ਜਾਪਦਾ ਹੈ-ਇਸ ਦਾ ਪਤਾ ਉਸ ਦੀਆਂ ਕਵਿਤਾਵਾਂ 'ਸ਼ਿਵ' ਅਤੇ 'ਦੱਸੋ ਮੈਂ ਕਿਉਂ ਸ਼ਿਵ ਬਣਾਂ' ਤੋਂ ਲੱਗਦਾ ਹੈ ਪਰ ਦੁਬਿਧਾ ਇਹ ਹੈ ਕਿ ਕਵੀ ਸ਼ਿਵ ਬਣਨਾ ਤਾਂ ਚਾਹੁੰਦਾ ਹੈ ਪਰ ਉਸ ਵਾਂਗ ਨਿੱਕੀ ਉਮਰੇ ਮਰਨ 'ਤੇ ਸਵਾਲ ਖੜ੍ਹਾ ਕਰਦਾ ਹੈ। ਹੋਰ ਕਵਿਤਾਵਾਂ ਵਿਚ ਵੀ ਲੇਖਕ ਉਪ ਭਾਵੁਕ ਕਿਸਮ ਦੀ ਭਾਸ਼ਾ ਰਾਹੀਂ ਜਿਹੜੀ ਕਾਵਿ ਸਿਰਜਣਾ ਕਰਦਾ ਹੈ ਉਸ ਨੂੰ ਪ੍ਰੌੜ੍ਹ ਸ਼ਾਇਰੀ ਵਿਚ ਬਦਲਣ ਲਈ ਲੇਖਕ ਨੂੰ ਕਾਫ਼ੀ ਮਿਹਨਤ ਦੀ ਲੋੜ ਹੈ।

ਆਪਣਾ ਹੀ ਰੂਪ
ਕਵੀ : ਮਨਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ 150 ਰੁਪਏ, ਸਫ਼ੇ : 104.

ਕਹਾਣੀ-ਸੰਗ੍ਰਹਿ 'ਜ਼ਿੰਮੇਵਾਰ ਕੌਣ' ਤੋਂ ਬਾਅਦ ਸ਼ਾਇਰਾ ਮਨਰੀਤ ਕੌਰ ਆਪਣਾ ਕਾਵਿ-ਸੰਗ੍ਰਹਿ 'ਆਪਣਾ ਹੀ ਰੂਪ ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਿਰ ਹੋਈ ਹੈ। ਇਸ ਸੰਗ੍ਰਹਿ ਵਿਚ ਲੇਖਿਕਾ ਦੇ ਕੁਝ ਗੀਤ ਤੇ ਕੁਝ ਕਵਿਤਾਵਾਂ ਸ਼ਾਮਿਲ ਹਨ। ਇਸ ਸੰਗ੍ਰਹਿ ਵਿਚ ਮਨਰੀਤ ਦੀਆਂ ਕਵਿਤਾਵਾਂ ਤੇ ਗੀਤ ਉਸ ਦੇ ਮਨ ਦੇ ਸੰਵੇਦਨਸ਼ੀਲ ਭਾਵਾਂ ਦੀ ਪੇਸ਼ਕਾਰੀ ਕਰਦੇ ਹਨ। ਉਹ ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਜੀਵਨ ਜਿਊਂ ਰਹੇ ਸਾਧਾਰਨ ਮਨੁੱਖ ਦੇ ਵਲਵਲਿਆਂ, ਇਛਾਵਾਂ ਤੇ ਉਦਾਸੀਆਂ ਨੂੰ ਪੇਸ਼ ਕਰਦੀ ਹੈ। ਬਹੁਤ ਸਾਰੇ ਗੀਤਾਂ ਵਿਚ ਪਿਆਰ ਦੇ ਭਾਵਾਂ ਦੀ ਪੇਸ਼ਕਾਰੀ ਵੀ ਹੋਈ ਮਿਲਦੀ ਹੈ। ਮਨਰੀਤ ਦੀਆਂ ਇਹ ਕਵਿਤਾਵਾਂ/ਗੀਤ ਬਿਲਕੁਲ ਆਮ ਸਾਧਾਰਣ ਭਾਸ਼ਾ ਵਿਚ ਸਿਰਜੇ ਗਏ ਹਨ। ਕਵਿਤਰੀ ਨੇ ਨਿਰਉਚੇਚ ਆਮ ਸਾਧਾਰਣ ਭਾਸ਼ਾ ਵਿਚ ਹੀ ਆਪਣੇ ਮਨ ਦੇ ਵਲਵਲਿਆਂ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਆਰ ਦੇ ਭਾਵ ਤੋਂ ਬਿਨਾਂ ਇਨ੍ਹਾਂ ਕਵਿਤਾਵਾਂ ਵਿਚ ਦੇਸ਼ ਭਗਤੀ, ਦੋਸਤੀ, ਰਿਸ਼ਤੇ, ਦੁਨੀਆ, ਕਲਮ, ਰੱਬ ਜਿਹੇ ਵਿਸ਼ਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਮਨਰੀਤ ਨੇ ਇਸ ਸੰਗ੍ਰਹਿ ਵਿਚ ਆਪਣੇ ਭਾਵਾਂ ਨੂੰ ਪੂਰੀ ਸੁਹਿਰਦਤਾ ਨਾਲ ਪ੍ਰਸਤੁਤ ਕੀਤਾ ਹੈ ਪਰ ਉਸ ਦੀਆਂ ਅਗਲੇਰੀਆਂ ਲਿਖਤਾਂ ਵਿਚੋਂ ਉਸ ਤੋਂ ਹੋਰ ਵੀ ਵਧੇਰੇ ਸ਼ਕਤੀਵਰ ਰਚਨਾਵਾਂ ਦੀ ਉਡੀਕ ਕੀਤੀ ਜਾ ਸਕਦੀ ਹੈ।

-ਡਾ: ਅਮਰਜੀਤ ਕੌਂਕੇ
ਮੋਬਾ: 98142-31698.
 

2-6-2013

 ਪੀਵਤ ਰਾਮਰਸ ਲਗੀ ਖ਼ੁਮਾਰੀ
ਸੰਦੇਸ਼ਕਾਰ : ਸ੍ਰੀ ਰਜਨੀਸ਼ ਓਸ਼ੋ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 240.

'ਓਸ਼ੋ ਟਾਈਮਜ਼ ਇੰਟਰਨੈਸ਼ਨਲ' ਦੇ ਸੰਪਾਦਕ ਸੁਆਮੀ ਚੈਤੰਨਯ ਕੀਰਤੀ ਦੀ ਪ੍ਰੇਰਨਾ ਨਾਲ ਸੁਆਮੀ ਜੀਵਨ ਰਸਵੰਤ ਨੇ ਸ੍ਰੀ ਰਜਨੀਸ਼ ਦੇ ਹਿੰਦੀ ਪ੍ਰਵਚਨਾਂ 'ਸਾਂਚ, ਸਾਂਚ ਸੋ ਸਾਂਚ' ਦਾ ਪੰਜਾਬੀ ਰੂਪ ਓਸ਼ੋ ਸ਼ਰਧਾਲੂਆਂ ਦੀ ਨਜ਼ਰ ਕੀਤਾ ਹੈ। ਇਸ ਪੁਸਤਕ ਵਿਚ ਸ੍ਰੀ ਰਜਨੀਸ਼ ਨੇ ਮੱਧਕਾਲ ਦੇ ਇਨਕਲਾਬੀ ਭਗਤ ਸ੍ਰੀ ਕਬੀਰ ਦਾ ਆਪਣੇ ਅਨੂਠੇ ਢੰਗ ਨਾਲ ਨਿਟਕ ਪਾਠ ਪ੍ਰਸਤੁਤ ਕੀਤਾ ਹੈ। ਓਸ਼ੋ (ਰਜਨੀਸ਼) ਦਾ ਇਹ ਬੜਾ ਸਤਿ ਕਥਨ ਸੀ ਕਿ ਬੁੱਧ, ਮਹਾਂਵੀਰ ਅਤੇ ਕਬੀਰ ਜੀ ਵਰਗੇ ਮਹਾਂਪੁਰਖਾਂ ਦੀ ਪ੍ਰਕਿਰਤੀ ਇਕ ਦੀਪਕ ਵਾਂਗ ਸੀ। ਜਿੰਨੀ ਦੇਰ ਤੱਕ ਉਹ ਜੀਵਤ ਰਹੇ, ਉਨ੍ਹਾਂ ਦੇ ਇਰਦ-ਗਿਰਦ ਦੀਪਕ ਦਾ ਪ੍ਰਕਾਸ਼ ਫੈਲਿਆ ਰਿਹਾ। (ਪੰਨਾ 46) ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਓਸ਼ੋ ਦੇ ਰੂਪ ਵਿਚ ਵੀ ਇਕ ਦੀਪਕ ਪ੍ਰਜਵਲਿਤ ਹੋਇਆ। ਹਥਲੀ ਪੁਸਤਕ ਉਸੇ ਦੀਪਕ ਦੀ ਰੌਸ਼ਨੀ ਦੀਆਂ ਕੁਝ ਕਿਰਨਾਂ ਹਨ, ਜਿਨ੍ਹਾਂ ਪਾਸੋਂ ਕੁਝ ਅਗਨੀ ਲੈ ਕੇ ਅਸੀਂ ਆਪਣੇ ਅੰਦਰਲੇ ਦੀਪਕ ਨੂੰ ਵੀ ਜਲਾ ਸਕਦੇ ਹਾਂ। ਅੱਜ ਤੋਂ ਪੰਜਾਹ-ਸੌ ਵਰ੍ਹੇ ਪਹਿਲਾਂ ਘਰਾਂ ਦੀਆਂ ਸੁਆਣੀਆਂ ਪਾਸ ਮਾਚਿਸ ਨਹੀਂ ਸੀ ਹੁੰਦੀ। ਉਹ ਇਕ ਭਖ਼ਦੇ ਗੋਹੇ ਨੂੰ ਸੁਆਹ ਨਾਲ ਦਬਾ ਦਿੰਦੀਆਂ ਸਨ ਅਤੇ ਸਵੇਰੇ ਉੱਠ ਕੇ ਉਸੇ ਧੁਖ਼ਦੇ ਗੋਹੇ ਨੂੰ ਜ਼ੋਰ-ਜ਼ੋਰ ਦੀ ਫੂਕਾਂ ਮਾਰ ਕੇ ਅਗਨੀ ਬਾਲ ਲਿਆ ਕਰਦੀਆਂ ਸਨ। ਓਸ਼ੋ-ਪ੍ਰਵਚਨ ਵੀ ਉਸੇ ਧੁਖ਼ਦੇ ਗੋਹੇ ਵਾਂਗ ਆਪਣੇ ਅੰਦਰ ਅਗਨੀ ਅਤੇ ਪ੍ਰਕਾਸ਼ ਨੂੰ ਸਾਂਭੀ ਬੈਠੇ ਹਨ ਪਰ ਇਨ੍ਹਾਂ ਨੂੰ ਦੇਖਣ ਮਾਤਰ ਨਾਲ ਕੁਝ ਨਹੀਂ ਹੋਵੇਗਾ। ਆਪਣੇ ਫੇਫੜਿਆਂ ਵਿਚ ਪੂਰੀ ਊਰਜਾ ਭਰ ਕੇ ਜ਼ੋਰ-ਜ਼ੋਰ ਦੀ ਫੂਕਣ ਨਾਲ ਹੀ ਸਾਡੇ ਅੰਦਰ ਪਏ ਸੁੱਕੇ ਈਂਧਨ ਨੂੰ ਪ੍ਰਜਵਲਿਤ ਕੀਤਾ ਜਾ ਸਕਦਾ ਹੈ। ਪਰ ਅੱਜ ਸ਼ਾਇਦ ਨਾ ਕਿਸੇ ਵਿਚ ਓਨੀ ਊਰਜਾ ਹੈ ਅਤੇ ਨਾ ਹੀ ਉਮੰਗ! ਫਿਰ ਪ੍ਰਕਾਸ਼ ਕਿਵੇਂ ਹੋਏ? ਓਸ਼ੋ-ਪ੍ਰਵਚਨ ਨਾਲ ਸਬੰਧਤ ਕੁਝ ਹੋਰ ਪੁਸਤਕਾਂ ਵਾਂਗ ਇਹ ਪੁਸਤਕ ਵੀ ਓਸ਼ੋ ਦੇ ਕੁਝ ਅਮੁੱਲ ਬਚਨਾਂ ਦਾ ਭੰਡਾਰ ਹੈ।
ਓਸ਼ੋ ਰਚਿਤ ਇਸ ਪੁਸਤਕ ਨੂੰ ਵੀ ਉਨ੍ਹਾਂ ਦੀਆਂ ਹੋਰ ਪੁਸਤਕਾਂ ਵਾਂਗ ਗਿਆਨ-ਪ੍ਰਾਪਤੀ ਦੀ ਆਕਾਂਖਿਆ ਲਈ ਨਹੀਂ, ਧਿਆਨ-ਪ੍ਰਾਪਤੀ ਦੀ ਆਕਾਂਖਿਆ ਲਈ ਪੜ੍ਹਨਾ ਪਵੇਗਾ। ਇਸ ਪੁਸਤਕ ਦੇ ਪਿਛਲੇ ਸਰਵਰਕ ਉੱਪਰ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਓਸ਼ੋ ਨੂੰ ਪੜ੍ਹਨ ਲਈ ਕੀਤੀ ਗਈ ਸਿਫ਼ਾਰਸ਼ ਬੜੀ ਅਟਪਟੀ ਪ੍ਰਤੀਤ ਹੁੰਦੀ ਹੈ ਪ੍ਰੰਤੂ ਵਾਸਤਵਿਕ ਗਿਆਨ ਸ਼ਾਇਦ ਅਟਪਟਾ ਹੀ ਹੁੰਦਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜਾਰਜ ਵਾਸ਼ਿੰਗਟਨ
ਲੇਖਕ : ਤ੍ਰਿਪਤ ਭੱਟੀ
ਪ੍ਰਕਾਸ਼ਕ : ਮੁਲਤਾਨੀ ਐਂਟਰਟੇਨਰਜ਼, ਬਹਾਦਰਗੜ੍ਹ (ਪਟਿਆਲਾ)
ਮੁੱਲ : 60 ਰੁਪਏ, ਸਫ਼ੇ : 47

ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਜੀਵਨੀ ਲਿਖ ਕੇ ਜੀਵਨੀਕਾਰ ਤ੍ਰਿਪਟ ਭੱਟੀ ਨੇ ਪੰਜਾਬੀ ਦੇ ਜੀਵਨੀ-ਸਾਹਿਤ ਵਿਚ ਨਿੱਗਰ ਵਾਧਾ ਕੀਤਾ ਹੈ। ਉਹ ਵੀ ਅਮਰੀਕਾ ਦੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਉਸ ਮਨੁੱਖ ਬਾਰੇ ਜਿਸ ਦਾ ਸਾਰਾ ਜੀਵਨ ਯਾਤਨਾਵਾਂ, ਘਾਲਣਾਵਾਂ ਅਤੇ ਸੰਘਰਸ਼ ਨਾਲ ਓਤ-ਪੋਤ ਸੀ। ਲੇਖਕ ਜਾਰਜ ਵਾਸ਼ਿੰਗਟਨ ਦੇ ਬਚਪਨ ਤੋਂ ਲੈ ਕੇ, ਉਸ ਦੀ ਜਵਾਨੀ, ਅਮਰੀਕਾ ਦੀ ਆਜ਼ਾਦੀ ਲਈ ਉਸ ਵੱਲੋਂ ਕੀਤੇ ਕਰੜੇ ਸੰਘਰਸ਼ ਬਾਰੇ ਅਤੇ ਉਸ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੱਕ ਦੀ ਕਹਾਣੀ ਨੂੰ ਸਰਲ ਅਤੇ ਸੌਖੀ ਭਾਸ਼ਾ 'ਚ ਬਿਆਨ ਕਰਨ ਵਿਚ ਬੇਹੱਦ ਕਾਮਯਾਬ ਰਿਹਾ ਹੈ। ਉਸ ਨੇ ਜਾਰਜ ਦੇ ਸਿਰੜੀ, ਸਿਦਕੀ ਅਤੇ ਗੰਭੀਰ ਸੁਭਾਅ ਨੂੰ ਜਿਥੇ ਬਿਆਨ ਕੀਤਾ ਹੈ, ਉਥੇ ਉਸ ਦੀ ਉਦਾਰਤਾ, ਦੂਰ-ਅੰਦੇਸ਼ੀ, ਫੌਜੀ ਚਤੁਰਤਾ, ਉਸ ਦੀ ਅਦਭੁਤ ਅਕਲ ਅਤੇ ਰਾਜਨੀਤਕ ਸੂਝ ਨੂੰ ਵੀ ਬਾਖੂਬੀ ਦਰਸਾਇਆ ਹੈ। ਲੇਖਕ ਨੇ ਬਿਆਨ ਕੀਤਾ ਹੈ ਕਿ ਕਿਵੇਂ ਜਾਰਜ ਨੇ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਦਿਆਂ ਲੋਕਾਂ ਵਿਚ ਹਰਮਨਪਿਆਰਤਾ ਹਾਸਲ ਕੀਤੀ। ਇਸੇ ਦਾ ਸਿੱਟਾ ਸੀ ਕਿ ਹੁਣ ਤੱਕ ਜਾਰਜ ਵਾਸ਼ਿੰਗਟਨ ਅਮਰੀਕਾ ਦਾ ਇਕੋ ਇਕ ਰਾਸ਼ਟਰਪਤੀ ਹੈ ਜੋ ਦੂਜੀ ਵਾਰ ਦੇਸ਼ ਦਾ ਸਰਵਸੰਮਤੀ ਨਾਲ ਰਾਸ਼ਟਰਪਤੀ ਚੁਣਿਆ ਗਿਆ ਸੀ। ਇਸ ਵਿਚ ਭਲੀ-ਭਾਂਤ ਅੰਕਿਤ ਕੀਤਾ ਗਿਆ ਹੈ ਕਿ ਕਿਵੇਂ ਸਾਫ਼ ਦਿਲ ਰਹਿ ਕੇ, ਆਜ਼ਾਦੀ ਦੇ ਸੱਚੇ-ਸੁੱਚੇ ਜਜ਼ਬੇ ਲਈ ਸਮੁੰਦਰੀ, ਬਰਫ਼ੀਲੇ ਅਤੇ ਤੂਫ਼ਾਨਾਂ ਨਾਲ ਭਰੇ ਰਸਤਿਆਂ ਦੀਆਂ ਲੰਬੀਆਂ ਵਾਟਾਂ ਤੈਅ ਕੀਤੀਆਂ ਜਾਂਦੀਆਂ ਹਨ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਔਰਤ ਦਾ ਹਮਦਰਦ
ਗਿੱਲ ਮੋਰਾਂਵਾਲੀ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96,

ਡਾ: ਗੁਰਪ੍ਰੀਤ ਕੌਰ ਨੇ ਗਿੱਲ ਮੋਰਾਂਵਾਲੀ ਬਾਰੇ ਹਥਲੀ ਪੁਸਤਕ ਲਿਖ ਕੇ ਉਸ ਦੀ ਸ਼ਖ਼ਸੀਅਤ ਤੇ ਰਚਨਾ ਦੇ ਕਈ ਪਹਿਲੂਆਂ ਨੂੰ ਉਭਾਰ ਕੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਵਿਸ਼ੇਸ਼ ਤੌਰ 'ਤੇ ਮਰਦ ਹੱਥੋਂ ਔਰਤ ਉੱਤੇ ਹੁੰਦੇ ਜ਼ੁਲਮ, ਬੇਇਨਸਾਫ਼ੀ ਤੇ ਵੇਦਨਾ ਨੂੰ। ਗਿੱਲ ਨੇ ਔਰਤ ਦੀ ਤ੍ਰਾਸਦੀ ਨੂੰ ਕਾਵਿਕ ਰੂਪ ਵਿਚ ਪੇਸ਼ ਕੀਤਾ ਹੈ ਤੇ ਹੱਥਲੀ ਪੁਸਤਕ ਔਰਤ ਦੀਆਂ ਪਰਿਸਥਿਤੀਆਂ ਨੂੰ ਹਰ ਪਹਿਲੂ ਤੋਂ ਸਮਝਣ ਵਿਚ ਸਹਾਈ ਸਾਬਤ ਹੋਵੇਗੀ। ਆਰੰਭ ਵਿਚ ਲੇਖਿਕਾ ਨੇ ਗਿੱਲ ਦੇ ਨਿੱਜੀ ਜੀਵਨ ਵਿਚ ਹੋਈਆਂ ਵਧੀਕੀਆਂ, ਪਰਿਵਾਰਕ ਪਿਛੋਕੜ ਤੇ ਪਰਵਾਸ ਨੂੰ ਉਲੀਕਿਆ ਹੈ ਤੇ ਦੱਸਿਆ ਹੈ ਕਿ ਉਹ ਕਿਉਂ ਪੱਕਾ ਕੈਨੇਡਾ ਵਾਸੀ ਬਣ ਗਿਆ। ਇਸ ਤੋਂ ਬਾਅਦ ਵਿਦੇਸ਼ਾਂ ਵਿਚ ਕੀਤਾ ਗਿਆ ਸੰਘਰਸ਼, ਸਾਹਿਤਕ ਸਿਰਜਣਾ ਤੇ ਮਾਨ ਸਨਮਾਨਾਂ ਦਾ ਵੇਰਵਾ ਵਿਸਥਾਰ ਨਾਲ ਦਿੱਤਾ ਹੈ ਜਿਨ੍ਹਾਂ ਸਦਕਾ ਅੱਜ ਉਸ ਦਾ ਸਾਹਿਤਕ ਖੇਤਰ ਵਿਚ ਵਿਲੱਖਣ ਸਥਾਨ ਹੈ ਤੇ ਉਸ ਦੀਆਂ ਰਚਨਾਵਾਂ ਸਦਕਾ ਉਹ ਸਮਾਜਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਦੇ ਸੰਦਰਭ ਵਿਚ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੈ। ਗਿੱਲ ਕਵਿਤਾ, ਗ਼ਜ਼ਲ, ਗੀਤ, ਰੁਬਾਈਆਂ ਤੇ ਦੋਹੇ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ, ਉਹ ਇਕ ਕਵੀ ਹੈ, ਗ਼ਜ਼ਲਗੋ ਹੈ ਤੇ ਗੀਤਕਾਰ ਵੀ।
ਅਗਲੇ ਕਾਂਡ ਵਿਚ 'ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਦਸ਼ਾ' ਦਾ ਵਿਸਥਾਰ ਨਾਲ ਚਿਤਰਨ ਕੀਤਾ ਹੈ। ਔਰਤ ਦੀ ਮੁਢ ਤੋਂ ਹੁਣ ਤੱਕ ਦੀ ਸਥਿਤੀ ਬਾਰੇ ਲੇਖਿਕਾ ਪੂਰੀ ਤਰ੍ਹਾਂ ਚੇਤੰਨ ਹੈ। ਮਰਦ ਪ੍ਰਧਾਨ ਸਮਾਜ ਵਿਚ ਔਰਤ ਹਮੇਸ਼ਾ ਹੀ ਦੱਬੀ ਕੁਚਲੀ ਤੇ ਗ਼ੁਲਾਮ ਰਹੀ ਹੈ। ਬਚਪਨ ਵਿਚ ਪਿਤਾ ਦੇ ਅਧੀਨ, ਜਾਪਾਨੀ ਵਿਚ ਪਤੀ ਤੇ ਬੁਢਾਪੇ ਵਿਚ ਪੁੱਤਰ ਦੀ ਅਧੀਨਗੀ ਦਾ ਸ਼ਿਕਾਰ ਰਹੀ। ਮੁੱਢ ਵਿਚ ਮਾਤਰੀ ਪ੍ਰਧਾਨ ਸਮਾਜ ਸੀ ਪਰ ਹੌਲੀ-ਹੌਲੀ ਔਰਤ ਦੀ ਖਰੀਦੋ-ਫਰੋਖ਼ਤ ਤੇ ਆਰਥਿਕਤਾ ਨੇ ਉਸ ਨੂੰ ਗ਼ੁਲਾਮ ਬਣਾ ਕੇ ਰੱਖ ਦਿੱਤਾ। ਉਸ ਨੂੰ ਉਤਪਾਦਨ ਖੇਤਰ ਤੋਂ ਬਾਹਰ ਰੱਖਿਆ ਗਿਆ, ਲੜਕੀ ਨੂੰ ਮਾਂ ਬਾਪ ਦੀ ਇੱਜ਼ਤ ਨੂੰ ਖ਼ਤਰਾ ਸਮਝਿਆ ਜਾਣ ਲੱਗਾ ਜਿਥੋਂ ਬਾਲ ਵਿਆਹ ਤੇ ਭਰੂਣ ਹੱਤਿਆ ਦਾ ਆਰੰਭ ਹੋਇਆ। ਲੇਖਿਕਾ ਨੇ ਸਿੱਧ ਕੀਤਾ ਹੈ ਕਿ ਔਰਤ ਮਰਦ ਦੇ ਹਿੱਤ ਸਾਂਝੇ ਹਨ ਤਾਂ ਕਿ ਇਕ ਦੂਜੇ ਦੇ ਖਿਲਾਫ਼। ਗਿੱਲ ਨੇ ਵੀ ਔਰਤ 'ਤੇ ਹੋ ਰਹੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਬਾਰੇ ਆਵਾਜ਼ ਬੁਲੰਦ ਕੀਤੀ ਹੈ ਤੇ ਲੇਖਿਕਾ ਨੇ 'ਮੌਸਮ ਦਾ ਸੰਤਾਪ' ਪੁਸਤਕ ਨੂੰ ਆਧਾਰ ਬਣਾ ਕੇ ਔਰਤ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਹੈ ਕਿ ਜਿਥੇ ਉਹ ਪਹਿਲਾਂ ਹਨੇਰਿਆਂ ਵਿਚ ਭਟਕਦੀ ਸੀ, ਹੁਣ ਉਸ ਦੇ ਅੰਦਰ ਬਾਹਰ ਚਾਨਣ ਦੀ ਵੀ ਗੱਲ ਕੀਤੀ ਹੈ। ਅੰਤ ਵਿਚ 'ਮੌਸਮ ਦਾ ਸੰਤਾਪ' ਪਾਠ ਤੇ ਪ੍ਰਸੰਗ ਹੈ, ਜਿਸ ਵਿਚ ਹਰ ਦੋਹੇ ਨੂੰ ਵਿਸਥਾਰ ਨਾਲ ਅਰਥ ਦਿੱਤੇ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

25-5-2013

 ਪੀੜਾਂ ਦੀ ਪਰਿਕਰਮਾ
ਕਵੀ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 112.

'ਪੀੜਾਂ ਦੀ ਪਰਿਕਰਮਾ' ਕੋਹਾਰਵਾਲਾ ਦਾ ਤੀਜਾ ਕਾਵਿ ਸੰਗ੍ਰਹਿ ਹੈ ਅਤੇ ਇਸ ਵਿਚ ਉਸ ਦੀਆਂ 90 ਤੋਂ ਵੱਧ ਗ਼ਜ਼ਲਾਂ ਸੰਗ੍ਰਹਿਤ ਹਨ। ਉਹ ਇਕ ਪ੍ਰਗਤੀਵਾਦੀ ਸ਼ਾਇਰ ਹੈ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜਿਕ, ਰਾਜਨੀਤਕ ਪ੍ਰਬੰਧ ਨੂੰ ਉਹ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ। ਉਸ ਨੂੰ ਇਹ ਅਨੁਭਵ ਕਰਕੇ ਬੜੀ ਤੀਖਣ ਪੀੜਾ ਹੁੰਦੀ ਹੈ ਕਿ ਪੂੰਜੀਵਾਦ ਨੇ ਸਾਡੀਆਂ ਸਾਰੀਆਂ ਸੱਭਿਆਚਾਰਕ ਸੰਸਥਾਵਾਂ, ਪਵਿੱਤਰ ਰਿਸ਼ਤਿਆਂ ਅਤੇ ਸਵਸਥ ਕਦਰਾਂ-ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਇਸ ਸੂਰਤ ਵਿਚ ਉਹ ਪੂੰਜੀਵਾਦੀ ਵਿਵਸਥਾ ਦੇ ਮਾਨਵਦੋਖੀ ਚਰਿੱਤਰ ਨੂੰ ਬੇਨਕਾਬ ਕਰਨ ਤੋਂ ਨਹੀਂ ਰਹਿ ਸਕਦਾ। ਇਥੋਂ ਤੱਕ ਕਿ ਉਹ ਅਜੋਕੇ ਦੌਰ ਵਿਚ ਸੱਤਾ ਦੇ ਸਿਖਰ ਤੱਕ ਪਹੁੰਚ ਚੁੱਕੇ ਡੇਰਾਵਾਦ ਅਤੇ ਪਾਖੰਡੀ ਬਾਬਿਆਂ ਨੂੰ ਵੰਗਾਰਨ ਤੋਂ ਸੰਕੋਚ ਨਹੀਂ ਕਰਦਾ। ਦੇਖੋ :
ਤੁਰ ਪਈ ਜਦ ਨਾਲ ਸਾਡੇ ਬੁਜ਼ਦਿਲੀ
ਤਦ ਕਿਨਾਰਾ ਕਰ ਗਈ ਇਹ ਜ਼ਿੰਦਗੀ
ਖ਼ੁਦ ਬਿਠਾ ਕੇ ਡੇਰਿਆਂ ਵਿਚ ਕਲਯੁਗੀ
ਭਾਲਦਾ ਹੈਂ ਹੁਣ ਖ਼ੁਦਾ ਨੂੰ ਬੰਦਗੀ?
ਰਹਿਬਰਾਂ ਦੇ ਇਹ ਸਿਆਸੀ ਚੋਚਲੇ
ਵਸਤਰਾਂ 'ਚੋਂ ਝਲਕਦੀ ਜੋ ਸਾਦਗੀ।
ਹਰਮਿੰਦਰ ਸਿੰਘ ਕੋਹਾਰਵਾਲਾ ਨੇ ਪੰਜਾਬੀ ਗ਼ਜ਼ਲ ਨੂੰ ਇਕ ਨਵੀਂ ਸ਼ਨਾਖ਼ਤ ਪ੍ਰਦਾਨ ਕੀਤੀ ਹੈ। ਪ੍ਰਗਤੀਵਾਦੀ ਲਹਿਜੇ ਦੀ, ਵਿਅੰਗਾਤਮਕ ਅਤੇ ਖਰੀਆਂ-ਖਰੀਆਂ ਕਹਿਣ ਵਾਲੀ ਗ਼ਜ਼ਲ ਦਾ ਪਹਿਲਾਂ ਪੰਜਾਬੀ ਕਾਵਿ ਵਿਚ ਅਭਾਵ ਹੀ ਸੀ। ਬਹੁਤੇ ਲੋਕ ਅਜੇ ਵੀ ਗ਼ਜ਼ਲ ਨੂੰ ਔਰਤਾਂ ਨਾਲ ਗੱਲਾਂ ਕਰਨ ਦੇ ਪਰੰਪਰਾਈ ਅਰਥਾਂ ਵਿਚ ਹੀ ਲੈਂਦੇ ਹਨ ਪਰ ਹਰਮਿੰਦਰ ਸਿੰਘ ਗ਼ਜ਼ਲ ਦੇ ਮਾਧਿਅਮ ਦੁਆਰਾ ਆਹਤ ਮਾਨਵਤਾ ਨਾਲ ਸੰਵਾਦ ਰਚਾਉਂਦਾ ਹੈ। ਮੈਂ ਉਸ ਦੇ ਅਜਿਹੇ ਅੰਦਾਜ਼ ਦਾ ਆਸ਼ਕ ਹਾਂ ਅਤੇ ਚਾਹੁੰਦਾ ਹਾਂ ਕਿ ਉਹ ਪੂਰੀ ਸ਼ਿੱਦਤ ਨਾਲ ਪੰਜਾਬੀ ਵਿਚ ਸਵਸਥ ਪ੍ਰਕਾਰ ਦੀ ਸ਼ਿਅਰੋ-ਸ਼ਾਇਰੀ ਕਰਦਾ ਰਹੇ!

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗ਼ਜ਼ਲ ਮਹਿਫ਼ਲ
ਗ਼ਜ਼ਲਗੋ : ਅਜੀਤ ਸਿੰਘ ਸੰਧੂ
ਪ੍ਰਕਾਸ਼ਕ : ਤ੍ਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 150 ਰੁਪਏ, ਸਫ਼ੇ : 103.

ਪੰਜਾਬੀ ਗ਼ਜ਼ਲ ਦਾ ਪੰਜਾਬੀ ਕਾਵਿ-ਖ਼ੇਤਰ ਵਿਚ ਇਸ ਵਕਤ ਮਹੱਤਵਪੂਰਨ ਸਥਾਨ ਹੈ ਤੇ ਤਕਰੀਬਨ ਹਰ ਪੰਜਾਬੀ ਸ਼ਾਇਰ ਗ਼ਜ਼ਲ ਲਿਖਦਾ ਹੈ ਜਾਂ ਗ਼ਜ਼ਲ ਲਿਖਣ ਲਈ ਤਾਂਘਦਾ ਹੈ। ਇਸੇ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਲਗਾਤਾਰ ਪੰਜਾਬੀ ਗ਼ਜ਼ਲ ਸੰਗ੍ਰਹਿ ਛਪ ਰਹੇ ਹਨ। ਅਜੀਤ ਸਿੰਘ ਸੰਧੂ ਦਾ ਤਾਜ਼ਾ ਛਪਿਆ ਗ਼ਜ਼ਲ ਸੰਗ੍ਰਹਿ 'ਗ਼ਜ਼ਲ ਮਹਿਫ਼ਲ' ਵੀ ਇਨ੍ਹਾਂ 'ਚੋਂ ਇਕ ਹੈ। ਸ਼ਾਇਰ ਦੀ ਕਲਮ ਦਾ ਸਫ਼ਰ ਕਾਫ਼ੀ ਲੰਬਾ ਹੈ ਪਰ ਪੁਸਤਕ ਪ੍ਰਕਾਸ਼ਨਾ ਵਲ ਉਸ ਨੇ ਪਿਛਲੇ ਪੰਜ ਚਾਰ ਸਾਲਾਂ ਤੋਂ ਹੀ ਧਿਆਨ ਦਿੱਤਾ ਹੈ। ਇਹ ਪੁਸਤਕ ਅਜੀਤ ਸਿੰਘ ਸੰਧੂ ਦੀ ਤੇਰ੍ਹਵੀਂ ਪ੍ਰਕਾਸ਼ਨਾ ਹੈ। ਸੰਧੂ ਅਧਿਆਪਨ ਨਾਲ ਜੁੜਿਆ ਹੋਣ ਕਰਕੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਵਧੇਰੇ ਜਾਣਦਾ ਹੈ। ਉਹ ਆਪਣੇ ਕਿੱਤੇ ਦੀ ਖ਼ਾਸੀਅਤ ਕਾਰਨ ਕਿਤੇ-ਕਿਤੇ ਉਪਦੇਸ਼ਕ ਹੋ ਜਾਂਦਾ ਹੈ ਤੇ ਕਿਤੇ-ਕਿਤੇ ਉਹ ਕੁਦਰਤ ਦੀਆਂ ਵਿਸ਼ਾਲ ਕਲਾ-ਕਿਰਤੀਆਂ 'ਚੋਂ ਆਪਣੇ ਜਵਾਬ ਲੱਭਦਾ ਹੈ। ਸੰਧੂ ਆਪਣੇ ਪਿਆਰੇ ਦੇ ਨੈਣਾਂ ਵਿਚ ਝਾਤੀ ਵੀ ਮਾਰਦਾ ਹੈ ਪਰ ਖ਼ੁਆਰੀ ਤੋਂ ਬਿਨਾਂ ਉਸ ਨੂੰ ਉਥੇ ਕੁਝ ਨਹੀਂ ਮਿਲਦਾ। ਸਰਹੱਦਾਂ ਦੀਆਂ ਲਕੀਰਾਂ ਉਸ ਲਈ ਬੇ ਮਾਅਨੀ ਹਨ ਤੇ ਉਹ ਸਮੁੱਚੀ ਦੁਨੀਆ ਨੂੰ ਪਿਆਰ ਪਰੁੱਚੀ ਦੇਖਣ ਦਾ ਚਾਹਵਾਨ ਹੈ। ਪਿਆਰ ਸੰਧੂ ਦੀ ਸ਼ਾਇਰੀ ਦਾ ਧੁਰਾ ਹੈ ਤੇ ਉਸ ਦੇ ਸ਼ਿਅਰ ਕਿਸੇ ਨਾ ਕਿਸੇ ਰੂਪ ਵਿਚ ਮੋਹ ਪਿਆਰ ਦੇ ਪ੍ਰਚਾਰਕ ਹਨ। ਉਹ ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਬਾਰੇ ਫ਼ਿਕਰਮੰਦ ਹੈ ਤੇ ਉਸ ਨੂੰ ਇਸ ਪੰਜਾਬ 'ਚੋਂ ਪਹਿਲਾਂ ਵਾਲਾ ਪੰਜਾਬ ਕਿਤੇ ਨਹੀਂ ਲੱਭਦਾ। ਉਸ ਨੂੰ ਦਗ਼ਾਬਾਜ਼ ਮਿੱਤਰਾਂ 'ਤੇ ਰੰਜ ਹੈ ਤੇ ਇਹ ਰੰਜ ਸ਼ਾਇਰ ਦੇ ਸ਼ਿਅਰਾਂ ਦਾ ਹਿੱਸਾ ਬਣਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸਾਵੀਂ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੰਦੀ ਹੈ। ਗ਼ਜ਼ਲ ਬੜੀ ਸੰਵੇਦਨਸ਼ੀਲ ਤੇ ਨਾਜ਼ਕ ਵਿਧਾ ਹੈ ਤੇ ਇਸ ਬਾਰੇ ਕੋਈ ਗ਼ਜ਼ਲਕਾਰ ਕਦੀ ਸੰਪੂਰਨ ਨਹੀਂ ਹੋ ਸਕਦਾ। ਸੰਧੂ ਦੀਆਂ ਗ਼ਜ਼ਲਾਂ ਵਿਚ ਵੀ ਆਰੂਜ਼ੀ ਪੱਖ ਤੋਂ ਕੁਤਾਹੀਆਂ ਹੋਈਆਂ ਹਨ ਤੇ ਅਗਲੇਰੇ ਸਫ਼ਰ ਲਈ ਇਨ੍ਹਾਂ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਪੰਜਾਬੀ ਗ਼ਜ਼ਲ ਕਿਤੇ ਦੀ ਕਿਤੇ ਪਹੁੰਚ ਗਈ ਹੈ ਤੇ ਇਸ ਦੇ ਕਦਮਾਂ ਨਾਲ ਕਦਮ ਮਿਲਾ ਕੇ ਹੀ ਕੁਝ ਪ੍ਰਾਪਤੀ ਹੋ ਸਕਦੀ ਹੈ। ਪੁਸਤਕ ਵਿਚ ਅਜੀਤ ਸਿੰਘ ਸੰਧੂ ਦੀ ਸ਼ਾਇਰੀ ਦਾ ਲੇਖਾ-ਜੋਖਾ ਕਰਦਾ ਸੁਲੱਖਣ ਸਰਹੱਦੀ ਦਾ ਲੇਖ ਖ਼ੂਬਸੂਰਤ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ
ਲੇਖਕ : ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ'
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਹਾਲ ਬਾਜ਼ਾਰ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112.

'ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ' ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਦੀ ਵਾਰਤਕ ਰਚਨਾ ਹੈ। ਇਹ ਪੁਸਤਕ ਪਹਿਲੀ ਵਾਰ 2001 ਵਿਚ ਛਪੀ ਸੀ। ਇਸ ਦਾ ਸਜਰਾ ਸੰਸਕ੍ਰਣ 2012 ਵਿਚ ਪ੍ਰਕਾਸ਼ਿਤ ਹੋਇਆ ਹੈ।
ਮੋਰਾਂਵਾਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਨਕਾ ਪਿੰਡ ਹੈ। ਉਸ ਦੀ ਮਾਤਾ ਵਿਦਿਆਵਤੀ ਦਾ ਜਨਮ ਇਸੇ ਪਿੰਡ ਵਿਖੇ ਸ: ਵਰਿਆਮ ਸਿੰਘ ਦੇ ਘਰ ਹੋਇਆ ਸੀ। ਪੁਸਤਕ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਉਪਰੋਕਤ ਤੱਥ ਤੋਂ ਬਿਨਾਂ ਭਗਤ ਸਿੰਘ ਦੀ ਇਸ ਪਿੰਡ ਨਾਲ ਕੋਈ ਸਾਂਝ ਨਹੀਂ। ਉਂਝ ਉਸ ਦਾ ਬੁੱਤ ਇਸ ਪਿੰਡ ਵਿਚ ਜ਼ਰੂਰ ਲੱਗਿਆ ਹੋਇਆ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਵਾਚਿਆਂ ਇਹ ਪੁਸਤਕ ਇਕ ਸ਼ਰਧਾਵਾਨ ਸਿੱਖ ਵੱਲੋਂ ਲਿਖੀ ਗਈ ਪੁਸਤਕ ਹੈ। ਪੁਸਤਕ ਦੇ ਪਹਿਲੇ ਭਾਗ ਵਿਚ 'ਸਮੁੱਚੇ ਸਿੱਖ ਇਤਿਹਾਸ ਵੱਲ ਸੰਖੇਪ ਨਜ਼ਰ' ਪਾਈ ਗਈ ਹੈ। ਸਿੱਖ ਇਤਿਹਾਸ ਦੇ ਸੰਖੇਪ ਪਿਛੋਕੜ ਬਾਰੇ ਦੱਸਦਿਆਂ ਲੇਖਕ ਨੇ ਪੰਜਾਬ ਵਿਚ ਅੰਗਰੇਜ਼ਾਂ ਦੀ ਆਮਦ, ਨਾਮਧਾਰੀ ਲਹਿਰ, ਗ਼ਦਰ ਪਾਰਟੀ, ਜਲ੍ਹਿਆਂ ਵਾਲਾ ਬਾਗ਼, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ਼ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਕਾ ਮੋਰਚਾ, ਬੱਬਰ ਅਕਾਲੀ ਲਹਿਰ ਅਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਬਾਰੇ ਪੰਛੀ ਝਾਤ ਪਾਉਣ ਦਾ ਉਪਰਾਲਾ ਕੀਤਾ ਹੈ। ਇਸੇ ਭਾਗ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸੰਖੇਪ ਜੀਵਨ ਵੀ ਅੰਕਿਤ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੇਖਕ ਨੇ ਪਿੰਡ ਮੋਰਾਂਵਲੀ ਦੇ ਉਨ੍ਹਾਂ ਬਜ਼ੁਰਗਾਂ ਦੇ ਨਾਂਅ ਦਰਜ ਕੀਤੇ ਹਨ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ ਹੈ। ਪਿੰਡ ਵਸਾਉਣ ਦੇ ਇਤਿਹਾਸ ਤੋਂ ਇਲਾਵਾ ਲੇਖਕ ਨੇ ਪਿੰਡ ਵਿਚ ਵਸੇ 'ਰਾਏ ਗੋਤ' ਅਤੇ 'ਹੇਅਰ ਗੋਤ' ਦੇ ਪਿਛੋਕੜ ਬਾਰੇ ਚਰਚਾ ਕੀਤੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਜਨਮੇ ਇਸੇ ਪਿੰਡ ਦੇ ਬਾਬਾ ਭਗਤੂ ਜੀ ਦੇ ਜੀਵਨ ਵੇਰਵਿਆਂ ਨੂੰ ਵੀ ਉਜਾਗਰ ਕੀਤਾ ਹੈ। ਪੁਸਤਕ ਦੇ ਤੀਜੇ ਭਾਗ ਵਿਚ ਮੋਰਾਂਵਾਲੀ ਦੇ ਪ੍ਰਦੇਸੀ ਸਿੱਖਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੁਸਤਕ ਦਾ ਚੌਥਾ ਭਾਗ ਪਿੰਡ ਮੋਰਾਂਵਲੀ ਦੇ ਆਸ-ਪਾਸ ਦੇ ਨਾਮਵਰ ਮਹਾਂਪੁਰਸ਼ਾਂ ਦੇ ਗੁਰਦੁਆਰਿਆਂ ਬਾਰੇ ਚਾਨਣਾ ਪਾਉਂਦਾ ਹੈ। ਲੇਖਕ ਵੱਲੋਂ ਵਿਅਕਤੀਗਤ ਪੱਧਰ 'ਤੇ ਆਪਣੇ ਪਿੰਡ ਦੇ ਇਤਿਹਾਸ ਨੂੰ ਉਜਾਗਰ ਕਰਨ ਦਾ ਇਹ ਇਕ ਚੰਗੇਰਾ ਉਪਰਾਲਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.


ਵਾਪਸੀ
ਲੇਖਕ : ਨਿਰਮਲ ਜੌੜਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 99.

ਨਿਰਮਲ ਜੌੜਾ ਪੰਜਾਬੀ ਮੀਡੀਆ, ਕਵਿਤਾ ਤੇ ਨਾਟਕ ਨਾਲ ਜੁੜਿਆ ਨਾਂਅ ਹੈ। ਥੋੜ੍ਹੇ ਜਿਹੇ ਸਮੇਂ ਵਿਚ ਹੀ ਉਸ ਨੇ ਨਾਟਕ ਖੇਤਰ ਵਿਚ ਜ਼ਿਕਰਯੋਗ ਥਾਂ ਬਣਾ ਲਈ ਹੈ। ਉਸ ਦੇ ਲਿਖੇ ਨਾਟਕ ਦੇਸ਼-ਵਿਦੇਸ਼ ਵਿਚ ਬੜੇ ਉਮਾਹ ਨਾਲ ਮੰਚਨ ਕੀਤੇ ਗਏ ਹਨ। 'ਵਾਪਸੀ' ਉਸ ਦਾ ਹਾਲ ਹੀ ਵਿਚ ਲਿਖਿਆ ਨਵਾਂ ਨਾਟਕ ਹੈ। ਇਸ ਨਾਟਕ ਰਾਹੀਂ ਉਹ ਇਕ ਪੜ੍ਹੇ-ਲਿਖੇ ਪੇਂਡੂ ਮੁੰਡੇ 'ਦਰਸ਼ਨ' ਦਾ ਦੁਖਾਂਤ ਪੇਸ਼ ਕਰਦਾ ਹੈ ਜੋ ਪਿਤਾਪੁਰਖੀ ਧੰਦੇ ਖੇਤੀਬਾੜੀ ਤੋਂ ਵਿਮੁੱਖ ਹੋ ਕੇ ਬਾਹਰਲੇ ਮੁਲਕ ਜਾਣ ਦੀ ਹੋੜ 'ਚ ਸ਼ਾਮਿਲ ਹੋ ਜਾਂਦਾ ਹੈ। ਚੰਗੀ ਭਲੀ ਖੇਤੀ ਨੂੰ ਲੱਤ ਮਾਰ ਕੇ ਉੱਡਦੀਆਂ ਦੇ ਮਗਰ ਨੱਸਣ ਲੱਗਦਾ ਹੈ। ਸ਼ਰਮੀਲੇ ਤੇ ਕੋਹਲੀ ਜਿਹੇ ਧੋਖੇਬਾਜ਼ਾਂ ਦੇ ਚੁੰਗਲ ਵਿਚ ਫਸ ਕੇ ਖੱਜਲ-ਖੁਆਰ ਹੋ ਕੇ ਘਰ ਪਰਤਦਾ ਹੈ। ਧੋਖੇਬਾਜ਼ੀ ਕਾਰਨ ਹੋਈ ਖੁਆਰੀ ਤੋਂ ਸਬਕ ਲੈ ਕੇ ਉਹ ਆਪਣੇ ਪੈਤਰਿਕ ਧੰਦੇ ਖੇਤੀਬਾੜੀ ਵੱਲ ਮੁੜਨ ਦਾ ਫੈਸਲਾ ਲੈਂਦਾ ਹੈ।
ਨਿਰਮਲ ਜੌੜਾ ਨੇ ਇਸ ਨਾਟਕ ਰਾਹੀਂ ਸਮੂਹ ਪੰਜਾਬੀਆਂ ਦੀ ਪੀੜ, ਦਰਦ ਤੇ ਮੁਸੀਬਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। 'ਦਰਸ਼ਨ' ਦੇ ਪ੍ਰਤੀਨਿਧ ਪਾਤਰ ਰਾਹੀਂ ਉਹ ਸਮੂਹ ਪੰਜਾਬੀ ਨੌਜਵਾਨੀ ਦੀ ਲਾਲਸਾ ਪੇਸ਼ ਕਰਨ ਦੇ ਆਹਰ 'ਚ ਹੈ। ਹੁਣ ਇਹ ਪੰਜਾਬ ਦੇ ਪਿੰਡਾਂ ਦੀ ਘਰ-ਘਰ ਦੀ ਕਹਾਣੀ ਹੈ। ਉਹ ਇਸ ਨਾਟਕ ਰਾਹੀਂ ਮੁੱਖ ਸਮੱਸਿਆ ਵੱਲ ਤਾਂ ਧਿਆਨ ਦੁਆਉਂਦਾ ਹੀ ਹੈ, ਉਸ ਦਾ ਹੱਲ ਵੀ ਦੱਸਣ ਦਾ ਯਤਨ ਕਰਦਾ ਹੈ। ਨਾਟਕ ਬਚਨ ਸਿੰਘ ਕਿਰਸਾਨ ਦੇ ਘਰ ਹੀ ਖੇਡਿਆ ਗਿਆ ਤੇ ਬਾਕੀ ਕਹਾਣੀ ਨਾਟਕੀ ਜੁਗਤਾਂ ਰਾਹੀਂ ਪੇਸ਼ ਕਰ ਦਿੱਤੀ ਗਈ ਹੈ। ਇਸ ਨਾਟਕ ਦੇ ਮੰਚਨ ਲਈ ਲੰਬੀਆਂ-ਚੌੜੀਆਂ ਸਟੇਜਾਂ ਤੇ ਪਰਦਿਆਂ ਵੀ ਲੋੜ ਨਹੀਂ। ਬਹੁਤ ਚੁਸਤ ਵਾਰਤਾਲਾਪਾਂ ਰਾਹੀਂ ਕਹਾਣੀ ਅੱਗੇ ਵਧਦੀ ਹੋਈ ਆਪਣੇ ਸਿਖ਼ਰ 'ਤੇ ਪੁੱਜਦੀ ਹੈ। ਪੰਜਾਬੀ ਅਖਾਣਾਂ, ਮੁਹਾਵਰਿਆਂ ਤੇ ਕਾਵਿਕ ਟੂਕਾਂ ਦੀ ਢੁੱਕਵੀਂ ਵਰਤੋਂ ਹੋਈ ਹੈ। ਸਾਰੇ ਪਾਤਰ ਆਪਣੇ ਹੰਝੂਆਂ ਰਾਹੀਂ ਮੁਸਕਰਾਉਂਦੇ ਪ੍ਰਤੀਤ ਹੁੰਦੇ ਹਨ। ਪੰਜਾਬੀ ਨੌਜਵਾਨਾਂ ਨੂੰ ਇਸ ਨਾਟਕ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਆਪਣੀ ਮਾਂ-ਮਿੱਟੀ ਨਾਲ ਜੁੜ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ। ਠੱਗ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਨਾਟਕ ਰੋਚਕ ਹੈ, ਪੜ੍ਹਨ ਤੇ ਮੰਚਨ ਦੋਵਾਂ ਵਿਚ ਆਕਰਸ਼ਕ ਹੈ।

-ਕੇ. ਐਲ. ਗਰਗ
ਮੋ: 94635-37050

18-5-2013

 ਉਲਕਾਪਾਤ
ਗ਼ਜ਼ਲਗ਼ੋ : ਗੁਰਚਰਨ ਸਿੰਘ 'ਤਖ਼ਤਰ'
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 190 ਰੁਪਏ, ਸਫ਼ੇ : 128

ਗੁਰਚਰਨ ਸਿੰਘ 'ਤਖ਼ਤਰ' ਪੰਜਾਬੀ ਗ਼ਜ਼ਲ ਸਾਹਿਤ ਵਿਚ ਜਾਣਿਆ-ਪਹਿਚਾਣਿਆ ਨਾਂਅ ਹੈ, ਜਿਸ ਨੂੰ ਗ਼ਜ਼ਲ ਲੇਖਣ ਦੀ ਕਾਫ਼ੀ ਸੋਝੀ ਹੈ। ਉਸ ਦਾ ਹਥਲਾ ਗ਼ਜ਼ਲ ਸੰਗ੍ਰਹਿ 'ਉਲਕਾਪਾਤ' ਮੇਰੇ ਕਥਨ ਦੀ ਗਵਾਹੀ ਦਿੰਦਾ ਹੈ ਜਿਸ ਵਿਚ ਉਸ ਦੀਆਂ ਖ਼ੂਬਸੂਰਤ ਉਣਾਹਠ ਗ਼ਜ਼ਲਾਂ ਸ਼ਾਮਿਲ ਹਨ। ਸ਼ਾਇਰ ਪਰਪੱਕ ਗ਼ਜ਼ਲਗੋਆਂ ਦੀ ਸੰਗਤ ਵਿਚ ਰਿਹਾ ਹੈ ਜਿਸ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਆਰੂਜ਼ ਦੀਆਂ ਬਹੁਤ ਘੱਟ ਉਕਾਈਆਂ ਹਨ। ਤਮਾਮ ਗ਼ਜ਼ਲਾਂ ਵਿਚ ਤਖ਼ਤਰ ਦੇ ਜ਼ਿੰਦਗੀ ਸਬੰਧੀ ਵੱਖ-ਵੱਖ ਰੰਗ ਉੱਭਰਦੇ ਹਨ। ਉਸ ਲਈ ਜ਼ਿੰਦਗੀ ਦਾ ਅਰਥ ਨਿਰੋਲ ਮਨੁੱਖੀ ਹੋਂਦ ਨਹੀਂ ਹੈ ਬਲਕਿ ਉਹ ਜ਼ਿੰਦਗੀ ਦੇ ਕਾਫ਼ਿਲੇ ਵਿਚ ਸਮੂਹ ਜਾਨਦਾਰ ਨਸਲਾਂ ਨੂੰ ਵੀ ਸ਼ਾਮਿਲ ਕਰਦਾ ਹੈ। ਉਸ ਨੂੰ ਇਹ ਜ਼ਿੰਦਗੀ ਸੌਗਾਤ ਮਹਿਸੂਸ ਹੁੰਦੀ ਹੈ ਬੇਸ਼ੱਕ ਇਸ ਨੂੰ ਕਿੰਨੀਆਂ ਵੀ ਦੁਸ਼ਵਾਰੀਆਂ ਦਰਪੇਸ਼ ਹੋਣ। ਤਖ਼ਤਰ ਦੀਆਂ ਗ਼ਜ਼ਲਾਂ ਦਾ ਕੇਂਦਰੀ ਬਿੰਦੂ ਪਿਆਰ ਹੈ ਤੇ ਉਹ ਹਰ ਪਾਸੇ ਮੁਹੱਬਤ ਦੀ ਕੋਸੀ ਕੋਸੀ ਧੁੱਪ ਦਾ ਚਾਹਵਾਨ ਹੈ। ਉਹ ਆਪਣੇ ਪਿਆਰੇ ਦੇ ਦੂਰ ਜਾਣ 'ਤੇ ਅਫ਼ਸੋਸ ਤਾਂ ਪ੍ਰਗਟ ਕਰਦਾ ਹੈ ਪਰ ਉਸ ਦੀ ਮਜਬੂਰੀ ਨੂੰ ਵੀ ਮਹਿਸੂਸ ਕਰਦਾ ਹੈ। ਉਹ ਗ਼ਮਗੀਨ ਤਾਂ ਹੈ ਨਾਲ ਹੀ ਆਪਣੇ ਪਿਆਰੇ ਦੇ ਨਾ ਬੁਲਾਉਣ ਦਾ ਉਸ ਨੂੰ ਅਫ਼ਸੋਸ ਹੈ। ਉਹ ਯਾਦਾਂ ਨੂੰ ਸੀਨੇ ਵਿਚ ਦਫ਼ਨਾ ਕੇ ਮੁਸਕਰਾਉਣ ਵਿਚ ਯਕੀਨ ਰੱਖਦਾ ਹੈ ਤੇ ਇੰਝ ਉਹ ਆਸ਼ਾਵਾਦੀ ਹੋ ਕੇ ਤਨਹਾਈ ਨੂੰ ਵੀ ਮਾਣਦਾ ਹੈ। ਉਹ ਕਿਸੇ ਦੀ ਅਧੂਰੀ ਮੁਹੱਬਤ ਨੂੰ ਨਿੰਦਣ ਦੀ ਥਾਂ ਆਪਣੇ-ਆਪ ਨੂੰ ਹੀ ਇਸ ਕਾਬਿਲ ਨਹੀਂ ਸਮਝਦਾ। ਅਜਿਹਾ ਕੁਝ ਮਹਿਸੂਸ ਕਰਨਾ ਮੁਹੱਬਤ ਦੀ ਸਿਖਰ ਹੁੰਦੀ ਹੈ। ਆਪਣੇ ਸ਼ਿਅਰਾਂ ਵਿਚ ਸ਼ਾਇਰ ਬੀਤੇ ਜ਼ਮਾਨੇ ਨੂੰ ਯਾਦ ਕਰਦਾ ਹੈ ਤੇ ਉਸ ਦੀ ਯਾਦ ਦੀਆਂ ਕਲਮਾਂ ਆਪਣੇ ਸ਼ਿਅਰਾਂ ਦੇ ਬਗ਼ੀਚੇ ਵਿਚ ਲਾਈ ਜਾਂਦਾ ਹੈ ਜਿਨ੍ਹਾਂ 'ਤੇ ਤਗ਼ਜ਼ਲ ਨਾਲ ਓਤ ਪੋਤ ਖ਼ੂਬਸੂਰਤ ਫੁੱਲ ਖਿੜਦੇ ਹਨ। ਭਾਵੇਂ ਉਹ ਕਿਤੇ ਕਿਤੇ ਮਾਯੂਸ ਵੀ ਹੋ ਜਾਂਦਾ ਹੈ ਪਰ ਭਾਵੁਕਤਾ ਵਸ ਵਹਿੰਦਾ ਨਹੀਂ ਹੈ। ਇਹ ਚੰਗੀ ਪੁਸਤਕ ਪੰਜਾਬੀ ਗ਼ਜ਼ਲ ਸਾਹਿਤ ਵਿਚ ਚਿਰਾਂ ਪਿੱਛੋਂ ਨਜ਼ਰੀਂ ਪਈ ਹੈ ਜਿਸ ਲਈ ਸ਼ਾਇਰ ਵਧਾਈ ਦਾ ਹੱਕਦਾਰ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਿਤਾਬ ਬੋਲ ਪਈ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 108

'ਕਿਤਾਬ ਬੋਲ ਪਈ' ਜਸਮੀਤ ਸਿੰਘ ਬਹਿਣੀਵਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਪੁਸਤਕ ਚੰਨ, ਤਾਰਿਆਂ ਅਤੇ ਫੁੱਲਾਂ ਨੂੰ ਸਮਰਪਿਤ ਹੈ ਜਿਸ ਤੋਂ ਕਵੀ ਦੇ ਪ੍ਰਕਿਰਤੀ ਨਾਲ ਪਿਆਰ ਦਾ ਆਭਾਸ ਹੁੰਦਾ ਹੈ। ਕਿਤਾਬ ਦੀ ਡਿਓਢੀ 'ਤੇ ਹੀ ਸ਼ਮਸ਼ੇਰ ਸੰਧੂ ਅਤੇ ਬਚਨ ਬੇਦਿਲ ਨੇ ਨਵੇਂ ਕਵੀ ਨੂੰ 'ਜੀ ਆਇਆਂ' ਕਹਿੰਦਿਆਂ ਸ਼ਗਨਾਂ ਵਰਗਾ ਤੇਲ ਚੋਇਆ ਹੈ। ਪਿਛਲੇ ਸਮੇਂ ਵਿਚ ਇਹ ਨੌਜਵਾਨ ਲੰਬੀਆਂ ਦੌੜਾਂ ਵਿਚ ਰਾਸ਼ਟਰੀ ਪੱਧਰ 'ਤੇ ਤਮਗੇ ਹਾਸਲ ਕਰ ਚੁੱਕਾ ਹੈ ਅਤੇ ਹੁਣ ਸਾਹਿਤਕ ਖੇਤਰ ਦੀ ਦੌੜ ਆਰੰਭ ਕੀਤੀ ਹੈ। 'ਕੁਝ ਮੇਰੇ ਵੱਲੋਂ ਵੀ' ਵਿਚ ਉਹ ਰੱਬ ਨੂੰ ਸਰਵੋਤਮ ਮੰਨਦਾ ਹੈ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ 'ਧੰਨ ਗੁਰੂ ਨਾਨਕ' ਇਸ ਪੁਸਤਕ ਦੇ ਮੰਗਲਾਚਰਨ ਵਰਗੀ ਹੈ। ਆਪਣੀ ਹਰ ਕਵਿਤਾ ਦੇ ਅੰਤ 'ਤੇ ਉਹ ਕਿੱਸਾ ਕਵੀਆਂ ਵਾਂਗ ਆਪਣਾ ਨਾਂਅ ਜਸਮੀਤ ਜ਼ਰੂਰ ਵਰਤਦਾ ਹੈ। ਉਹ ਆਪਣੇ ਦੁਆਲੇ ਦੀਆਂ ਘਟਨਾਵਾਂ ਨੂੰ ਨੀਝ ਨਾਲ ਵਾਚਣ ਉਪਰੰਤ ਲਿਖਦਾ ਹੈ। ਉਸ ਨੇ ਕਿਸੇ ਪਾਸੋਂ ਲਿਖਣਾ ਨਹੀਂ ਸਿੱਖਿਆ। ਉਹ ਆਪਣੀ ਸਿਰਜਨ ਪ੍ਰਕਿਰਿਆ ਬਾਰੇ ਲਿਖਦਾ ਹੈ, 'ਕਿਤੇ ਕੋਈ ਨਕਲਚੀ ਨਾ ਕਹਿ ਦੇਵੇ/ਤਾਂ ਹੀ ਲਿਖਦਾ ਨਹੀਂ ਮੈਂ ਕਿਸੇ ਨੂੰ ਪੜ੍ਹ ਕੇ/ਕਈ ਵਾਰ ਮੈਂ ਲਿਖਦਾ ਹਾਂ ਰਾਤਾਂ ਨੂੰ/ਤੋਕੜ ਮੱਝ ਦੇ ਸੰਘਣੇ ਦੁੱਧ ਵਾਂਗੂੰ ਕੜ੍ਹਕੇ। (ਪੰਨਾ 71)
ਉੱਭਰਦੇ ਕਵੀਆਂ ਵਾਂਗ ਉਸ ਦਾ ਮੁੱਖ ਵਿਸ਼ਾ ਪਿਆਰ ਹੈ। ਉਸ ਦਾ ਕਾਵਿ-ਨਾਇਕ ਪਿਆਰ ਦੀ ਯਾਦ ਵਿਚ ਤੜਫਦਾ ਹੈ, ਉਸ ਦੀ ਹਰ ਵਸਤੂ ਨਾਲ ਉਸ ਨੂੰ ਮੋਹ ਹੈ, ਪਿਆਰੇ ਅੱਗੇ ਹਾਰ ਨੂੰ ਵੀ ਜਿੱਤ ਮਹਿਸੂਸਦਾ ਹੈ, ਅਕਲ ਨੂੰ ਇਸ਼ਕ ਦੇ ਰਾਹ ਦਾ ਰੋੜਾ ਮੰਨਦਾ ਹੈ, ਪਿਆਰ ਵਿਚ ਵੱਜੀ ਠੋਕਰ ਦੀ ਉਸ ਨੂੰ ਪੀੜ ਹੈ, ਉਸ ਲਈ ਜਾਗੇ ਪਿਆਰ ਨੂੰ ਥਾਪੜ ਕੇ ਸੁਲਾਉਣਾ ਆਸਾਨ ਨਹੀਂ, ਕਿਧਰੇ ਕਿਧਰੇ ਪਿਆਰ 'ਚੋਂ ਮਿਲੀ ਨਿਰਾਸ਼ਾ ਵੀ ਰੂਪਮਾਨ ਹੈ ਜਿਸ ਦੇ ਫਲਸਰੂਪ ਰੋਣ-ਧੋਣ ਪੱਲੇ ਪੈਂਦਾ ਹੈ, ਬ੍ਰਿਹਾ ਦੇ ਆਨੰਦ ਨੂੰ ਆਪਣੀ ਕਿਸਮ ਦਾ ਆਨੰਦ ਕਹਿੰਦਾ ਹੈ। ਕਾਵਿ-ਨਾਇਕ ਦਾ ਇਸ਼ਕ-ਹਕੀਕੀ ਹੈ ਜਦੋਂ ਕਿ ਉਸ ਦੇ ਪਿਆਰੇ ਦਾ ਇਸ਼ਕ ਮਜ਼ਾਜੀ ਹੈ। ਇਉਂ ਕਵੀ ਪਿਆਰ ਦੀਆਂ ਕਵਿਤਾਵਾਂ ਵਿਚ ਆਪਣੇ ਕਾਵਿ-ਨਾਇਕ ਨੂੰ 'ਸਵੈ' ਤੱਕ ਸੀਮਤ ਕਰਦਾ ਹੈ। ਕੁਝ ਕਵਿਤਾਵਾਂ ਵਿਚ 'ਪਰ' ਵੱਲ ਦੀ ਯਾਤਰਾ ਦੇ ਸੰਕੇਤ ਹਨ ਜਿਵੇਂ-ਧੀਆਂ, ਬੇਜ਼ਮੀਨਾ ਜੱਟ, ਪੰਜਾਬ, ਪੰਡ, ਕੋਸ਼ਿਸ਼, ਕਿਸਾਨ, ਅਸੂਲ, ਸਕੂਲ ਆਦਿ। ਇਸ ਸੰਗ੍ਰਹਿ ਦੇ ਆਧਾਰ 'ਤੇ ਕਵੀ ਰੁਮਾਂਸਵਾਦੀ ਹੋ ਨਿਬੜਦਾ ਹੈ। ਉਸ ਦੀ ਕਾਵਿ-ਕਲਾ ਆਪਣੇ ਵਰਗੀ ਆਪ ਹੈ ਕਿਉਂਕਿ ਨਾ ਤਾਂ ਉਹ ਨਕਲਚੀ ਹੈ, ਨਾ ਹੀ ਉਸ ਦੀ ਪੜ੍ਹਨ ਵਿਚ ਬਹੁਤੀ ਰੁਚੀ ਹੈ, ਨਾ ਉਸ ਦਾ ਕੋਈ ਕਾਵਿ-ਗੁਰੂ ਹੈ। ਉਹ ਪਾਠਕਾਂ ਪਾਸੋਂ ਪ੍ਰਵਾਨਗੀ ਦੀ ਇੱਛਾ ਰੱਖਦਾ ਹੈ। ਹਥਲੇ ਪਲੇਠੇ ਕਾਵਿ-ਸੰਗ੍ਰਹਿ ਦਾ ਸੁਆਗਤ ਹੈ।

-ਡਾ: ਧਰਮਚੰਦ ਵਾਤਿਸ਼
ਮੋ: 98144-46007

ਮੇਰੇ ਦੁੱਖਾਂ ਦੀ ਕਹਾਣੀ
ਲੇਖਿਕਾ : ਬਲਵੀਰ ਕੌਰ ਢਿੱਲੋਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128

'ਮੇਰੇ ਦੁੱਖਾਂ ਦੀ ਕਹਾਣੀ' ਪੁਸਤਕ ਬਲਵੀਰ ਕੌਰ ਢਿੱਲੋਂ ਦੀ ਅਜਿਹੀ ਪੁਸਤਕ ਹੈ ਜਿਸ ਵਿਚ ਲੇਖਿਕਾ ਨੇ ਕਿੱਤਾਪ੍ਰਤੀ ਆਪਣੇ ਆਲੇ-ਦੁਆਲੇ ਵਿਚ ਵਾਪਰਦੀਆਂ ਘਟਨਾਵਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਕੇ ਗਾਲਪਨਿਕ ਰੰਗਣ ਦਿੰਦਿਆਂ ਹੋਇਆਂ ਲਿਖਤੀ ਰੂਪ ਦਿੱਤਾ ਹੈ। ਜੇਕਰ ਇਸ ਪੁਸਤਕ ਨੂੰ ਵਿਧਾ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਸ ਨੂੰ ਕਿਸੇ ਇਕ ਵਿਸ਼ੇਸ਼ ਵਿਧਾ ਨਾਲ ਨਿਸ਼ਚਿਤ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ ਸਗੋਂ ਇਹ ਪੁਸਤਕ ਸਵੈ-ਜੀਵਨੀ ਮੂਲਕ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਲੇਖਿਕਾ ਨੇ ਹੰਢੇ-ਹੰਢਾਏ ਅਨੁਭਵ ਹਨ ਪਰ ਇਨ੍ਹਾਂ ਅਨੁਭਵਾਂ ਨੂੰ ਸਿਰਫ਼ ਤੇ ਸਿਰਫ਼ ਲਿਖਿਆ ਹੀ ਨਹੀਂ ਸਗੋਂ ਇਨ੍ਹਾਂ ਵਿਚ ਕਹਾਣੀ ਰਸ ਭਰ ਕੇ ਪਾਠਕਾਂ ਦੇ ਸੁਹਜ-ਸੁਆਦ ਦਾ ਹਾਣੀ ਬਣਾਉਣ ਦਾ ਯਤਨ ਕੀਤਾ ਹੈ। ਇਸ ਲਈ ਲੇਖਿਕਾ ਨੇ ਇਨ੍ਹਾਂ ਘਟਨਾਵਾਂ ਨੂੰ ਲੋਕ ਧਰਾਵੀ ਛੋਹਾਂ ਵੀ ਦਿੱਤੀਆਂ ਹਨ। ਮਿਸਾਲ ਵਜੋਂ ਬਹੁਤ ਸਾਰੀਆਂ ਘਟਨਾਵਾਂ ਦੇ ਵੇਰਵੇ ਦੇਣ ਤੋਂ ਪਹਿਲਾਂ ਲੇਖਿਕਾ 'ਇਕ ਵਾਰ ਦੀ ਗੱਲ ਹੈ' ਵਾਲੀ ਲੋਕ ਰੂੜ੍ਹੀ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੀ ਹੈ। ਇਸ ਦੇ ਨਾਲ ਹੀ ਕਈ ਵਾਰੀ ਕੋਈ ਜਾਣਕਾਰੀ ਦਿੰਦੀ ਦਿੰਦੀ ਲੇਖਿਕਾ ਵਿਚੋਂ ਕਿਸੇ ਨਾ ਕਿਸੇ ਕਹਾਣੀ ਨੂੰ ਦ੍ਰਿਸ਼ਟਾਂਤ ਵਜੋਂ ਵੀ ਪੇਸ਼ ਕਰ ਜਾਂਦੀ ਹੈ ਜਿਸ ਨਾਲ ਪਾਠਕ ਦੀ ਰੌਚਕਤਾ ਵਧ ਜਾਂਦੀ ਹੈ। ਲੇਖਿਕਾ ਕਿਉਂਕਿ ਪਰਵਾਸੀ ਜ਼ਿੰਦਗੀ ਨੂੰ ਭੋਗ ਰਹੀ ਹੈ ਇਸ ਕਰਕੇ ਉਸ ਦੀ ਇਸ ਲਿਖਤ ਵਿਚ ਪਰਵਾਸੀ ਵੇਰਵੇ ਵੀ ਸਹਿਜ ਸੁਭਾ ਪਰਵੇਸ਼ ਕਰ ਚੁੱਕੇ ਹਨ। ਪਰਵਾਸ ਦੀ ਮਸ਼ੀਨੀ ਜ਼ਿੰਦਗੀ ਵਿਚ ਟੁੱਟਦੇ ਮਨੁੱਖੀ ਰਿਸ਼ਤਿਆਂ ਬਾਰੇ ਵੀ ਲੇਖਿਕਾ ਨੇ ਆਪਣੇ ਅਨੁਭਵ ਪੇਸ਼ ਕੀਤੇ ਹਨ।
ਲੇਖਿਕਾ ਦੇ ਅਨੁਭਵ ਇਸ ਪੁਸਤਕ ਵਿਚ ਜ਼ਿਆਦਾਤਰ ਨਿੱਜੀ ਹਨ ਅਤੇ ਉਹ ਆਪਣੇ ਪਰਿਵਾਰ ਪ੍ਰਤੀ ਬੜੀ ਭਾਵੁਕ ਨਜ਼ਰ ਆਉਂਦੀ ਹੈ ਜੋ ਉਸ ਦੇ ਮਸ਼ੀਨੀ ਯੁੱਗ ਵਿਚ ਵਿਚਰਦਿਆਂ ਵੀ ਸੰਵੇਦਨਸ਼ੀਲ ਹੋਣ ਦੀ ਨਿਸ਼ਾਨੀ ਹੈ। ਲੇਖਿਕਾ ਨੇ ਔਰਤ ਦੀ ਅਸੁਰੱਖਿਅਤਾ ਉਸ ਦਾ ਸਮਾਜ ਵਿਚ ਕੀਤਾ ਜਾ ਰਿਹਾ ਸ਼ੋਸ਼ਣ, ਸਰਬਪੱਖੀ ਸਮਾਜਕ ਭ੍ਰਿਸ਼ਟਾਚਾਰ ਨੂੰ ਵੀ ਆਪਣੀ ਸਿਰਜਣਾਤਮਕਤਾ ਦਾ ਆਧਾਰ ਬਣਾਇਆ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX