ਤਾਜਾ ਖ਼ਬਰਾਂ


ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  20 minutes ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਪੀ.ਡੀ.ਏ ਅਤੇ ਸੀ.ਪੀ.ਆਈ ਦੀ ਸਾਂਝੀ ਉਮੀਦਵਾਰ ਦਵਿੰਦਰ ਕੌਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  38 minutes ago
ਅੰਮ੍ਰਿਤਸਰ, 25 ਅਪ੍ਰੈਲ- ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੋਂ ਪੰਜਾਬ ਡੈਮੋਕਰੈਟਿਕ ਪਾਰਟੀ(ਪੀ.ਡੀ.ਏ) ਅਤੇ ਸੀ.ਪੀ.ਆਈ. ਦੀ ਸਾਂਝੀ ਸੀਟ ਤੋਂ ਉਮੀਦਵਾਰ ਦਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਸੁਖਪਾਲ ਖਹਿਰਾ ਸਮੇਤ ਹੋਰ ਆਗੂ ਮੌਜੂਦ ....
ਵਾਰਾਨਸੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸ਼ੁਰੂ
. . .  30 minutes ago
ਲਖਨਊ, 25 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰੋਡ ਸ਼ੋਅ ਤੋਂ ਬਾਅਦ ਮੋਦੀ ਗੰਗਾ ਆਰਤੀ 'ਚ ਸ਼ਾਮਲ.....
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਅਦਾਲਤ ਨੇ ਥਾਣੇਦਾਰ ਨੂੰ ਰਿਮਾਂਡ 'ਤੇ ਭੇਜਿਆ
. . .  42 minutes ago
ਐੱਸ.ਏ.ਐੱਸ. ਨਗਰ, 25 ਅਪ੍ਰੈਲ (ਜਸਬੀਰ ਸਿੰਘ ਜੱਸੀ)- ਪਾਦਰੀ ਐਂਥਨੀ ਦੇ 6 ਕਰੋੜ 65 ਲੱਖ ਰੁਪਏ ਗੁੰਮ ਹੋਣ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਈਮ ਸੈਲ ਵੱਲੋਂ ਗ੍ਰਿਫ਼ਤਾਰ ਥਾਣੇਦਾਰ ਦਿਲਬਾਗ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ
ਆਂਗਣਵਾੜੀ ਮੁਲਾਜ਼ਮ ਯੂਨੀਅਨ 1 ਮਈ ਨੂੰ ਆਰੰਭ ਕਰੇਗੀ ਤਿੱਖਾ ਸੰਘਰਸ਼ - ਗੁਰਮੀਤ ਕੌਰ
. . .  about 1 hour ago
ਜੈਤੋ, 25 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ-02 ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ....
19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਹੋਣੀ ਚਾਹੀਦੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' - ਚੋਣ ਕਮਿਸ਼ਨ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' ਨੂੰ 19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਕੀਤਾ ਜਾਣਾ ....
ਡੀ.ਸੀ. ਵੱਲੋਂ ਔਜਲਾ ਦੇ ਹੱਕ 'ਚ ਵਿਸ਼ਾਲ ਰੈਲੀਆਂ
. . .  about 1 hour ago
ਅਟਾਰੀ, 25 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਹਲਕਾ ਅਟਾਰੀ ਵਿਚ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵਿਧਾਇਕ ਤਰਸੇਮ ਸਿੰਘ ਡੀ.ਸੀ. ਦੀ ਅਗਵਾਈ ਹੇਠ ਰੈਲੀਆਂ ਕੀਤੀਆਂ.....
ਮੁਕੇਰੀਆਂ : ਅੱਗ ਲੱਗਣ ਕਾਰਨ ਪੰਜ ਏਕੜ ਕਣਕ ਸੜ ਕੇ ਹੋਈ ਸੁਆਹ
. . .  about 1 hour ago
ਮੁਕੇਰੀਆਂ, 25 ਅਪ੍ਰੈਲ (ਰਾਮਗੜ੍ਹੀਆ)- ਮੁਕੇਰੀਆਂ ਦੇ ਪਿੰਡ ਪੀ ਡੇਰਾ ਕਲਾਂ ਵਿਖੇ ਅੱਜ ਦੁਪਹਿਰ ਲੱਗੀ ਅੱਗ ਨਾਲ ਕਰੀਬ ਪੰਜ ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ, ਅੱਜ ਜਦੋਂ ਕਣਕ ਦੀ ਕਟਾਈ ਹਰਨੇਕ ਸਿੰਘ ਦੇ ਖੇਤਾਂ 'ਚ .....
ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸ਼ਹਿਰ 'ਚ ਆਵਾਜਾਈ ਹੋਈ ਪ੍ਰਭਾਵਿਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਆਹੂਜਾ)- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫ਼ਤਹਿਗੜ੍ਹ ਸਾਹਿਬ ਵਿਖੇ ਫੇਰੀ ਨੂੰ ਲੈ ਕੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੀਤੀਆਂ ਨਾਕੇਬੰਦੀਆਂ ਕਾਰਨ ਆਵਾਜਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੁੰਦੀ ਰਹੀ। ਹੈਰਾਨੀ ਦੀ ਗੱਲ .....
ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਫੱਗਣ ਨਾਨਕਸ਼ਾਹੀ ਸੰਮਤ 545
ਵਿਚਾਰ ਪ੍ਰਵਾਹ: ਬੋਲਣ ਦਾ ਅਤੇ ਚੁੱਪ ਰਹਿਣ ਦਾ ਵੀ ਇਕ ਸਮਾਂ ਹੁੰਦਾ ਹੈ। -ਵਿਲੀਅਮ ਕੈਕਸਟਨ

ਕਿਤਾਬਾਂ

4-8-2013

 ਵਿਹੜਾ ਸ਼ਗਨਾਂ ਦਾ
ਲੇਖਿਕਾ : ਡਾ: ਸੁਖਬੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 278.

ਡਾ: ਸੁਖਵੀਰ ਕੌਰ ਨੇ 'ਸਾਹਿਤ ਦੇ ਰੂਪ' ਆਲੋਚਨਾ ਦੀ ਪੁਸਤਕ ਤੋਂ ਬਾਅਦ ਵਿਆਹ ਦੇ ਲੋਕ ਗੀਤਾਂ ਉਤੇ ਕਲਮ ਅਜ਼ਮਾਈ ਕਰਦੇ ਹੋਏ ਪੁਸਤਕ ਰੂਪ ਦਿੱਤਾ ਹੈ।
ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਤੇ ਲੋਕ ਗੀਤ ਪੰਜਾਬੀਆਂ ਦਾ ਅਮੀਰ ਵਿਰਸਾ ਹੈ ਤੇ ਰੋਜ਼ਮਰਾ ਜੀਵਨ ਦਾ ਅਹਿਮ ਹਿੱਸਾ। ਪੁਸਤਕ ਦੇ ਸਿਰਲੇਖ 'ਵਿਹੜਾ ਸ਼ਗਨਾਂ ਦਾ' ਤੋਂ ਇਕ ਪਹਿਲੂ ਤਾਂ ਬਹੁਤ ਸਪੱਸ਼ਟ ਹੈ ਕਿ ਇਹ ਸ਼ਗਨਾਂ ਭਰੇ ਗੀਤਾਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਮੁੰਡੇ ਤੇ ਕੁੜੀ ਦੋਵਾਂ ਦੇ ਵਿਆਹਾਂ 'ਤੇ ਗਾਏ ਜਾਣ ਵਾਲੇ ਲੋਕ ਗੀਤ ਸ਼ਾਮਿਲ ਹਨ ਜਿਵੇਂ ਕਿ ਘੋੜੀਆਂ, ਸੁਹਾਗ, ਲੰਮੇ ਗੀਤ, ਢੋਲਕੀ ਦੇ ਗੀਤ, ਜਾਗੋ ਕੱਢਣੀ, ਵੱਟਣਾ ਮਲਣਾ, ਨੁਹਾਉਣਾ, ਕਾਰੇ ਚੜ੍ਹਾਉਣਾ, ਸਿਹਰਾ ਬੰਨ੍ਹਣਾ, ਚੂੜਾ ਚੜ੍ਹਾਉਣਾ, ਜੰਝ ਸਮੇਂ ਦੇ ਗੀਤ, ਗਿੱਧੇ, ਬੋਲੀਆਂ, ਸਿਠਣੀਆਂ ਤੇ ਛੰਦ ਆਦਿ। ਜੰਮਣ ਤੋਂ ਲੈ ਕੇ ਮਰਨ ਤੱਕ ਕੋਈ ਅਜਿਹਾ ਮੌਕਾ ਨਹੀਂ ਜਿਸ ਬਾਰੇ ਗੀਤ ਉਪਲਬਧ ਨਾ ਹੋਣ। ਇਹ ਇਕ ਤਰ੍ਹਾਂ ਨਾਲ ਪੰਜਾਬੀ ਮਨਾਂ ਵਿਚ ਸਾਂਭਿਆ ਸਰਮਾਇਆ ਹੈ, ਕੀਮਤੀ ਖ਼ਜ਼ਾਨਾ ਅਰਥਾਤ ਜੀਵਨ ਦੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਇਨ੍ਹਾਂ ਲੋਕ ਗੀਤਾਂ ਵਿਚ ਵੇਖਣ ਨੂੰ ਮਿਲਦੀ ਹੈ।
ਲੇਖਿਕਾ ਨੇ ਇਨ੍ਹਾਂ ਲੋਕ ਗੀਤਾਂ ਦੀ ਵੰਡ ਕੁਝ ਇਸ ਤਰ੍ਹਾਂ ਕੀਤੀ ਹੈ-ਵਿਆਹ ਦੇ ਰੀਤੀ-ਰਿਵਾਜ਼, ਸਿਠਣੀਆਂ, ਸਿਹਰਾ, ਸੁਹਾਗ, ਘੋੜੀਆਂ, ਗੀਤ ਵੰਗੜੀਆਂ, ਢੋਲਾ, ਢੋਲਕ ਗੀਤ, ਲੰਮੀਆਂ ਬੋਲੀਆਂ, ਬੋਲੀਆਂ ਤੇ ਛੰਦ ਆਦਿ। ਵਿਆਹ ਦੇ ਹਰ ਮੌਕੇ 'ਤੇ ਗਾਏ ਜਾਂਦੇ ਗੀਤਾਂ ਨੂੰ ਲੇਖਿਕਾ ਨੇ ਬੜੇ ਵਿਸਥਾਰ ਨਾਲ ਇਕੱਠਾ ਕਰਕੇ ਸਾਂਭਿਆ ਤੇ ਪਾਠਕਾਂ ਸਾਹਵੇਂ ਪੇਸ਼ ਕੀਤਾ ਹੈ ਜੋ ਮਨੁੱਖੀ ਮਨ ਦੀਆਂ ਸੱਧਰਾਂ ਤੇ ਭਾਵਨਾਵਾਂ ਦੀ ਬਾਖ਼ੂਬੀ ਤਰਜਮਾਨੀ ਕਰਦੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਹਨ। ਇਨ੍ਹਾਂ ਵਿਚ ਸਮਾਜ ਦਾ ਦਿਲ ਧੜਕਦਾ ਹੈ। ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਲੋਕ ਗੀਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਵਿਚ ਜਿਊਂਦੇ ਰੱਖਣ ਦਾ, ਰੀਤੀ-ਰਿਵਾਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦਾ ਤੇ ਲੋਕ-ਜੀਵਨ ਨਾਲ ਸਾਂਝ ਪੁਆਉਣ ਦਾ। ਇਨ੍ਹਾਂ ਵਿਚੋਂ ਪੂਰਾ ਨੱਚਦਾ ਟੱਪਦਾ ਪੰਜਾਬ ਨਜ਼ਰੀਂ ਪੈਂਦਾ ਹੈ ਜੋ ਸਾਡੀਆਂ ਸੱਭਿਆਚਾਰਕ ਕੀਮਤਾਂ ਦਾ ਦਰਪਣ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਦੱਬੇ ਕੁਚਲੇ ਲੋਕ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪਬਲੀਕੇਸ਼ਨ ਪਟਿਆਲਾ
ਮੁੱਲ : 130 ਰੁਪਏ, ਸਫ਼ੇ : 116.

ਬਹੁਪੱਖੀ ਪ੍ਰਤਿਭਾ ਦੇ ਮਾਲਕ ਪ੍ਰਸਿੱਧ ਸਾਹਿਤਕਾਰ ਰਾਮ ਨਾਥ ਸ਼ੁਕਲਾ ਨੇ ਬਤੌਰ ਵਾਰਤਕਕਾਰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਰਾਹੀਂ ਆਪਣੀ ਵਾਰਤਕ-ਕਲਾ ਦੀ ਪਰਪੱਕਤਾ ਨੂੰ ਸਿੱਧ ਕੀਤਾ ਹੈ। ਉਸ ਨੇ ਇਕ ਮਜ਼ਦੂਰ ਤੋਂ ਲੈ ਕੇ ਦੱਬ-ਕੁਚਲੇ ਗਰੀਬ ਦੇਸ਼ਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਦੇ ਵਿਸ਼ੇ ਬਣਾਇਆ ਹੈ। ਲੇਖਕ ਅਨੁਸਾਰ, 'ਕੇਵਲ ਏਨਾ ਹੀ ਨਹੀਂ ਕਿ ਸਮਾਜ ਦੇ ਕੁਝ ਵਰਗ ਹੀ ਦੱਬੇ-ਕੁਚਲੇ ਲੋਕਾਂ ਵਿਚ ਸ਼ਾਮਿਲ ਹਨ, ਕੁਝ ਅਜਿਹੇ ਛੋਟੇ ਅਤੇ ਗਰੀਬ ਦੇਸ਼ਾਂ ਦੀ ਸਮੁੱਚੀ ਜਨਤਾ ਹੀ ਅਜਿਹੀ ਹੈ ਜਿਹੜੀ ਵੱਡੇ ਅਤੇ ਤਾਕਤਵਰ ਦੇਸ਼ਾਂ ਦੇ ਦਬਾਅ ਹੇਠ ਸਾਹ ਲੈ ਰਹੀ ਹੈ।' ਲੇਖਕ ਸ਼ੁਕਲਾ ਨੇ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਮਜ਼ਦੂਰ, ਛੋਟੇ ਕਿਸਾਨ, ਛੋਟੇ ਅਤੇ ਇਮਾਨਦਾਰ ਮੁਲਾਜ਼ਮ, ਘਰੇਲੂ ਇਸਤਰੀਆਂ, ਧਾਰਮਿਕ ਘੱਟ-ਗਿਣਤੀਆਂ, ਪੱਟੀ ਦਰਜ ਕਬੀਲੇ, ਪਛੜੀਆਂ ਅਨੁਸੂਚਿਤ ਜਾਤੀਆਂ, ਛੋਟੇ ਅਤੇ ਗਰੀਬ ਦੇਸ਼, ਬੰਧੂਆ ਮਜ਼ਦੂਰ ਬੱਚੇ, ਵਿਆਹੁਤਾ ਬੰਧੂਆ ਘਰੇਲੂ ਇਸਤਰੀਆਂ, ਬੰਧੂਆ ਵਿਆਹੁਤਾ ਮਰਦ, ਨਿਆਸਰੇ ਮਾਪੇ, ਕਰੂਪ ਨਸਲਾਂ, ਕੱਟੜ ਧਰਮਾਂ ਦੇ ਸਤਾਏ ਲੋਕ ਆਦਿ ਰਾਹੀਂ ਮਨੁੱਖ ਦੀ ਗੁਲਾਮੀ 'ਤੇ ਹਾਅ ਦਾ ਨਾਆਰਾ ਮਾਰਿਆ ਹੈ। ਸ਼ੁੱਧ ਤੇ ਸੁਥਰੀ ਭਾਸ਼ਾ ਰਾਹੀਂ ਉਸ ਨੇ ਇਕ ਸਿੱਧ-ਪੱਧਰੀ ਲਿਖਣ ਸ਼ੈਲੀ ਦਾ ਇਸ ਪੁਸਤਕ ਦੇ ਰੂਪ ਵਿਚ ਪੁਖ਼ਤਾ ਸਬੂਤ ਦਿੱਤਾ ਹੈ। ਨਿਮਨ ਪੱਧਰ ਦੀ ਜ਼ਿੰਦਗੀ ਜਿਊਂਦੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਮਜਬੂਰੀਆਂ ਅਤੇ ਤਾਕਤਵਰ ਲੋਕਾਂ ਦੇ ਜ਼ੁਲਮ ਅਤੇ ਧੱਕੇ ਇਸ ਪੁਸਤਕ ਦਾ ਵਿਸ਼ਾ-ਵਸਤੂ ਹਨ। ਸਹਿਜ ਅਤੇ ਸਰਲ ਵਿਚਾਰਾਂ ਦੀ ਪੇਸ਼ਕਾਰੀ ਇਸ ਪੁਸਤਕ ਦੀ ਖ਼ਾਸੀਅਤ ਹੈ। ਪੰਜਾਬੀ ਵਾਰਤਕ ਨੂੰ ਅਜਿਹੀ ਪੁਸਤਕ ਦੀ ਚਿਰਾਂ ਤੋਂ ਲੋੜ ਸੀ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਇਉਂ ਵੇਖਿਆ ਨੇਪਾਲ
ਸਫ਼ਰਨਾਮਾਕਾਰ : ਸੀ. ਮਾਰਕੰਡਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147.

'ਇਉਂ ਵੇਖਿਆ ਨੇਪਾਲ' ਬਹੁਪੱਖੀ ਪ੍ਰਤਿਭਾ ਦੇ ਮਾਲਕ ਲੇਖਕ ਸੀ. ਮਾਰਕੰਡਾ ਦਾ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਵਿਚ ਸਫ਼ਰਨਾਮਾਕਾਰ ਨੇ ਆਪਣੀ ਨੇਪਾਲ ਦੇਸ਼ ਦੀ ਯਾਤਰਾ ਦੇ ਅਨੁਭਵ ਪਾਠਕਾਂ ਦੇ ਸਨਮੁੱਖ ਕੀਤੇ ਹਨ। ਲੇਖਕ ਭਾਵੇਂ ਆਪਣੀ ਤੇ ਆਪਣੇ ਸਾਥੀਆਂ ਦੀ ਘੁਮੱਕੜ ਬਿਰਤੀ ਦਾ ਵੇਰਵਾ ਵੀ ਦਿੰਦਾ ਹੈ ਪਰ ਨੇਪਾਲ ਯਾਤਰਾ ਨੂੰ ਆਪਣੀ ਪਹਿਲੀ ਤਰਜੀਹ ਨਹੀਂ ਕਹਿੰਦਾ ਸਗੋਂ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਦੇ ਬਣਦੇ ਟੁੱਟਦੇ ਪ੍ਰੋਗਰਾਮਾਂ ਵਿਚੋਂ ਨੇਪਾਲ ਦੀ ਯਾਤਰਾ ਦਾ ਸਬੱਬ ਬਣਦਾ ਹੈ। ਇਸ ਤੋਂ ਇਲਾਵਾ ਲਖਨਊ ਸ਼ਹਿਰ ਵਿਚ ਪਹੁੰਚਣ ਅਤੇ ਲਖਨਊ ਦੇ ਇਤਿਾਹਸਕ ਪਿਛੋਕੜ ਬਾਰੇ ਵੀ ਲੇਖਕ ਨੇ ਵੇਰਵੇ ਪ੍ਰਸਤੁਤ ਕੀਤੇ ਹਨ। ਨੇਪਾਲ ਦੇ ਇਤਿਹਾਸ ਅਤੇ ਭੂਗੋਲ ਬਾਰੇ ਵੀ ਸਫ਼ਰਨਾਮੇ ਵਿਚ ਜਾਣਕਾਰੀ ਸੰਖੇਪ ਪਰ ਭਾਵਪੂਰਤ ਢੰਗ ਨਾਲ ਦਿੱਤੀ ਗਈ ਹੈ। ਲੇਖਕ ਦੱਸਦਾ ਹੈ ਨੇਪਾਲ ਹੀ ਸੰਸਾਰ ਦਾ ਇਕ ਮਾਤਰ ਹਿੰਦੂ ਮੱਤ ਦਾ ਦੇਸ਼ ਹੈ। ਕੁਝ ਬੋਧੀ ਲੋਕ ਵੀ ਹਨ ਅਤੇ ਮਹਾਤਮਾ ਬੁੱਧ ਨੂੰ ਭਗਵਾਨ ਨਾਰਾਇਣ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ। ਲੇਖਕ ਸਫ਼ਰਨਾਮੇ ਵਿਚ ਰੌਚਕਤਾ ਪੈਦਾ ਕਰਨ ਲਈ ਨੇਪਾਲੀ ਭਾਸ਼ਾ ਦੀਆਂ ਹੂ-ਬਹੂ ਉਦਾਹਰਨਾਂ ਵੀ ਪੇਸ਼ ਕਰਦਾ ਹੈ। ਲੇਖਕ ਪੁਲਿਸ ਪ੍ਰਬੰਧ ਬਾਰੇ ਤੁਲਨਾਤਮਕ ਟਿੱਪਣੀਆਂ ਵੀ ਪੇਸ਼ ਕਰਦਾ ਹੈ ਅਤੇ ਨੇਪਾਲੀ ਲੋਕਾਂ ਦੇ ਵਿਵਹਾਰ ਦੀ ਪ੍ਰਸੰਸਾ ਵੀ ਕਰਦਾ ਹੈ।
ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚਣ ਤੋਂ ਪਹਿਲਾਂ ਨੇਪਾਲ ਦੇ ਸ਼ਹਿਰ ਪੋਖਰਾ ਦਾ ਬਿਰਤਾਂਤ ਵੀ ਲੇਖਕ ਨੇ ਦਿਲਚਸਪ ਬਣਾ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਵਿਸ਼ੇਸ਼ ਕਰਕੇ 'ਸਕਾਈ ਪੈਲੇਸ ਰੈਸਟੋਰੈਂਟ' ਦਾ ਦ੍ਰਿਸ਼ ਤਾਂ ਲੇਖਕ ਨੇ ਪੂਰੇ ਵਿਸਥਾਰ ਵਿਚ ਚਿੱਤਰਿਆ ਹੈ ਅਤੇ ਇਥੋਂ ਦੇ ਕਲੱਬਾਂ ਦੀ ਅਸਲੀਅਤ ਬਾਰੇ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸੇ ਤਰ੍ਹਾਂ ਕਾਠਮੰਡੂ ਵਿਚਲੇ ਕੈਸੀਨੋ ਦਾ ਵੇਰਵਾ ਵੀ ਲੇਖਕ ਨਿੱਜੀ ਦਿਲਚਸਪੀ ਨਾਲ ਚਿੱਤਰਦਾ ਹੈ। 'ਸਕਾਈ ਪੈਲੇਸ ਅਤੇ ਰੈਸਟੋਰੈਂਟ' ਅਤੇ ਕੈਸੀਨੋ ਦਾ ਦ੍ਰਿਸ਼ ਲੇਖਕ ਇਸ ਤਰ੍ਹਾਂ ਚਿੱਤਰਦਾ ਹੈ ਕਿ ਪਾਠਕ ਨੂੰ ਨੇਪਾਲ ਦੀ ਯਾਤਰਾ ਭੁੱਲ ਕੇ ਕੇਵਲ ਉਪਰੋਕਤ ਥਾਵਾਂ ਦੀ ਹੀ ਯਾਤਰਾ ਜਾਪਣ ਲੱਗ ਪੈਂਦੀ ਹੈ। ਇਥੇ ਏਨੇ ਵਿਸਥਾਰ ਦੀ ਲੋੜ ਤੋਂ ਬਿਨਾਂ ਵੀ ਸਰ ਸਕਦਾ ਸੀ। ਇਸੇ ਤਰ੍ਹਾਂ ਲੇਖਕ ਵਿਸ਼ਵ ਪ੍ਰਸਿੱਧ ਪਸ਼ੂਪਤੀ ਮੰਦਰ ਬਾਰੇ ਵੀ ਵਿਸਥਾਰਤ ਵੇਰਵੇ ਦਿੰਦਾ ਹੈ ਜੋ ਨੇਪਾਲੀ ਲੋਕਾਂ ਦੀ ਧਰਮ ਆਸਥਾ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਦਾ ਉਪਰਾਲਾ ਹੈ। ਲੇਖਕ ਨੇਪਾਲ ਦੇ ਹੋਰ ਮੰਦਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ ਪਰ ਨਾਲ ਹੀ ਨੇਪਾਲ ਦੀ ਯਾਤਰਾ ਬਾਰੇ ਆਪਣਾ ਇਹ ਮੱਤ ਪੇਸ਼ ਕਰਦਾ ਹੈ ਕਿ ਨੇਪਾਲ ਦੀ ਯਾਤਰਾ ਲਈ ਕਿਸੇ ਵਿਅਕਤੀ ਕੋਲ ਵਿਹਲ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਪੂਰਨ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਇਹ ਸਫ਼ਰਨਾਮਾ 'ਇਉਂ ਵੇਖਿਆ ਨੇਪਾਲ' ਪਾਠਕਾਂ ਨੂੰ ਨੇਪਾਲ ਬਾਰੇ ਦਿਲਚਸਪ ਜਾਣਕਾਰੀ ਦੇਣ ਦਾ ਇਕ ਵੱਡਮੁੱਲਾ ਉਪਰਾਲਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

4-8-2013

 ਜ਼ਿੰਦਗੀ
ਸ਼ਾਇਰ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111.

ਇਹ ਪੁਸਤਕ ਜ਼ਿੰਦਗੀ ਦੁਆਲੇ ਘੁੰਮਦੀ ਇਕ ਲੰਮੀ ਕਵਿਤਾ ਹੈ। ਸ਼ਾਇਰ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਜ਼ਿੰਦਗੀ ਦੀਆਂ ਅਨੇਕ ਕਾਵਿਕ ਪਰਿਭਾਸ਼ਾ ਦਿੱਤੀਆਂ ਹਨ। ਇਸ ਦਾ ਸੁਹਜ, ਸਹਿਜ, ਰਵਾਨੀ, ਸੰਗੀਤਆਤਮਿਕਤਾ, ਸੁਹਜਤਮਿਕਤਾ ਅਤੇ ਵੰਨ-ਸੁਵੰਨਤਾ ਪਾਠਕ ਨੂੰ ਨਸ਼ਿਆ ਦਿੰਦੀ ਹੈ। ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹਰ ਇਕ ਦਾ ਆਪਣਾ ਹੀ ਹੈ। ਜ਼ਿੰਦਗੀ ਨੂੰ ਘੁੱਟ-ਘੁੱਟ ਕਰਕੇ ਪੀਣਾ ਅਤੇ ਜੀਵਨ ਸਫ਼ਰ ਦੀ ਹਰ ਪੈੜ ਨੂੰ ਮਾਨਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਜ਼ਿੰਦਗੀ ਦੇ ਰਹੱਸ ਬਾਰੇ ਕਵੀ ਦੇ ਅਨੁਭਵ ਇਸ ਤਰ੍ਹਾਂ ਹਨ-
-ਜ਼ਿੰਦਗੀ, ਪੱਤਿਆਂ 'ਚੋਂ ਝਰਦੀ ਸਰਘੀ ਦਾ ਝਲਕਾਰਾ
ਤ੍ਰੇਲ ਤੁਪਕਿਆਂ ਦੀ ਸੁੱਚਮਤਾ ਦਾ ਨਜ਼ਾਰਾ।
-ਜ਼ਿੰਦਗੀ, ਫੁੱਲਾਂ ਦੀ ਸੰਗਤ
ਭੌਰਿਆਂ ਦੀ ਪੰਗਤ
'ਵਾਵਾਂ ਦੇ ਪਿੰਡੇ ਤੇ
ਸੰਗੀਤਕ ਰੰਗਤ
-ਜ਼ਿੰਦਗੀ, ਸੰਦਲੀ ਰੁੱਤੇ
ਇਕ ਪਿਲੱਤਣ
ਬੈਠੀ ਕੀ ਕਰੇ?
-ਜ਼ਿੰਦਗੀ, ਇਕ ਖੁੱਲ੍ਹੀ ਕਿਤਾਬ
ਜਿਸ ਤੇ ਆਪੂੰ ਉਕਰਿਆ ਜਾਂਦਾ
ਸਮੇਂ ਦਾ ਹਿਸਾਬ-ਕਿਤਾਬ।
ਇਹ ਖਿਆਲ ਸਾਡੇ ਚਿੰਤਨ ਤੇ ਚੇਤਨਾ ਨੂੰ ਜਗਾ ਕੇ ਜ਼ਿੰਦਗੀ ਬਾਰੇ ਸੋਚਣ ਲਈ ਪ੍ਰੇਰਦੇ ਹਨ। ਇਕ ਨਿਵੇਕਲੇ ਅੰਦਾਜ਼, ਨਿਵੇਕਲੇ ਵਿਸ਼ੇ ਅਤੇ ਡੂੰਘੇ ਫਲਸਫ਼ੇ ਨਾਲ ਜਾਣ-ਪਛਾਣ ਕਰਾਉਂਦੀ ਇਹ ਪੁਸਤਕ ਜ਼ਿੰਦਗੀ ਮਾਣਨ ਲਈ ਪ੍ਰੇਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।

ਗੁਆਚੇ ਵਰਕ
ਸ਼ਾਇਰਾ : ਬੱਬੂ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 118.

ਸ਼ਾਇਰਾ ਅਨੁਸਾਰ ਜ਼ਿੰਦਗੀ ਵਿਚ ਰਿਸ਼ਤੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਰਿਸ਼ਤੇ ਹੀ ਜ਼ਿੰਦਗੀ ਦੀ ਅਸਲੀ ਕਮਾਈ ਹੁੰਦੇ ਹਨ। ਉਸ ਨੇ ਕਿੰਨੇ ਹੀ ਰੇਗਿਸਤਾਨ ਆਪਣੀ ਹੋਂਦ ਵਿਚ ਜਜ਼ਬ ਕਰਕੇ ਇਕ ਸਮੁੰਦਰ ਜਿਹੀ ਸ਼ਖ਼ਸੀਅਤ ਦੁਨੀਆ ਦੀ ਨਜ਼ਰ ਕੀਤੀ ਹੈ। ਰਿਸ਼ਤਿਆਂ ਦੀਆਂ ਪੇਚੀਦਗੀਆਂ ਅਤੇ ਅਣਕਹੀਆਂ ਬਾਤਾਂ ਨੂੰ ਨਜ਼ਮਾਂ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਕੁਝ ਝਲਕਾਂ ਪੇਸ਼ ਹਨ-
-ਕੁਝ ਵਾਸਤੇ ਬੇਵਜਹ ਹੀ
ਪੈ ਜਾਂਦੇ ਹਨ
ਤੇ ਕਈਆਂ ਦੀ ਵਜਹ
ਯੁੱਗਾਂ ਮਗਰੋਂ ਵੀ ਨਹੀਂ ਲਭਦੀ!!
-ਤੂੰ ਵੀ ਛੱਡ ਦੋਸਤੀ ਦੇ ਨਕਸ਼ੇ
ਜਿਹੇ ਉਲੀਕਣਾ
ਸਫ਼ਰ ਤੋਂ ਪਹਿਲਾਂ ਮੁਸਾਫ਼ਿਰ ਤੋਂ
ਮੰਜ਼ਿਲ ਨਹੀਂ ਪੁੱਛਦੇ।
-ਕੁਝ ਰਿਸ਼ਤੇ ਵਗਦੇ ਪਾਣੀਆਂ ਵਰਗੇ
ਅੱਧੀਆਂ ਅਧੂਰੀਆਂ ਕਹਾਣੀਆਂ ਵਰਗੇ
ਇਕ ਖਿਆਲ ਜਹਾਨ ਮੇਰਾ ਆਬਾਦ ਕਰਦਾ ਹੈ
ਸੁਣਿਆ ਉਹ ਕਦੇ ਕਦੇ ਮੈਨੂੰ ਯਾਦ ਕਰਦਾ ਹੈ।
ਸਾਰੀਆਂ ਨਜ਼ਮਾਂ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਉਲਝੀਆਂ ਹੋਈਆਂ ਹਨ। ਤੀਬਰ ਅਹਿਸਾਸ, ਪਿਆਸ, ਆਸ, ਵਲਵਲੇ, ਉਡੀਕ, ਵਫ਼ਾ, ਸੋਚ ਅਤੇ ਭਾਵਨਾ ਦੀ ਇਹ ਸ਼ਾਇਰੀ ਦਿਲ ਨੂੰ ਟੁੰਬਦੀ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਪੰਜਾਬੀ ਲੋਕ-ਕਾਵਿ ਦਾ ਵਿਚਾਰਧਾਰਕ ਪਰਿਪੇਖ
ਲੇਖਕਾ : ਡਾ: ਹਰਪ੍ਰੀਤ ਕੌਰ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 120.

ਲੋਕ-ਕਾਵਿ ਸਮਾਜ ਵਿਚ ਪੈਦਾ ਹੁੰਦੇ ਤਣਾਵਾਂ, ਰੀਝਾਂ ਅਤੇ ਸੁਪਨਿਆਂ ਦੀ ਸਹਿਜ ਪੂਰਤੀ ਦਾ ਚਿਤ੍ਰਣ ਹੈ। ਵਿਚਾਰਧਾਰਾ ਵਿਚ ਪਰੰਪਰਾ, ਵਿਸ਼ਵਾਸਾਂ, ਜੀਵਨ ਸੂਝ, ਅਨੁਭਵ ਸਾਰੇ ਹੀ ਆਪੋ-ਆਪਣੀ ਭੂਮਿਕਾ ਨਿਭਾਉਂਦੇ ਹਨ। ਲੋਕ ਕਾਵਿ ਵਿਚ ਬਹੁਤ ਕੁਝ ਘੁਲਿਆ-ਮਿਲਿਆ ਪਿਆ ਹੁੰਦਾ ਹੈ। ਤਥ/ਮਿਥ, ਵਿਰੋਧੀ ਧਿਰਾਂ ਦੇ ਆਪੋ-ਆਪਣੇ ਸੁਪਨੇ ਤੇ ਟਕਰਾਅ। ਇੰਜ ਲੋਕ ਕਾਵਿ ਵਿਚੋਂ ਉਦੈ ਹੁੰਦੀ ਵਿਚਾਰਧਾਰਾ ਨੂੰ ਸਮਝਣ ਦਾ ਉਦਮ ਮਿਹਨਤ ਅਤੇ ਸੂਝ ਨਾਲ ਕਰਨ ਵਾਲਾ ਵੀ ਹੈ ਤੇ ਮਹੱਤਵ ਪੂਰਨ ਵੀ। ਹਰਪ੍ਰੀਤ ਕੌਰ ਦਾ ਇਹ ਉਦਮ ਇਸ ਪੱਖੋਂ ਤਸੱਲੀਬਖਸ਼ ਹੈ।
ਉਸ ਨੇ ਵਿਚਾਰਧਾਰਾ ਦੇ ਸ਼ਾਬਦਿਕ, ਪਰੰਪਰਾਗਤ ਅਰਥ/ਸੰਕਲਪ ਤੋਂ ਤੁਰ ਕੇ ਮਾਰਕਸਵਾਦੀ ਮਾਡਲ ਤੱਕ ਇਸ ਸੰਕੇਤ ਦੇ ਵਿਭਿੰਨ ਪਾਸਾਰ ਉਲੀਕੇ ਹਨ। ਇਸ ਦਾ ਸਰੂਪ ਲੋਕ ਕਾਵਿ ਵਿਚੋਂ ਪਛਾਨਣ ਦੇ ਜਟਿਲ ਵੇਰਵਿਆਂ ਉਤੇ ਉਂਗਲ ਰੱਖੀ ਹੈ। ਲੋਕ ਕਾਵਿ ਦੇ ਸਿਧਾਂਤਕ ਪਿਛੋਕੜ ਨੂੰ ਸੂਝ-ਬੂਝ ਨਾਲ ਵਿਸ਼ਲੇਸ਼ਿਤ ਕੀਤਾ ਹੈ। ਮੌਖਿਤਾ, ਪਰੰਪਰਾ, ਲਚਕੀਲਾਪਨ, ਲੋਕ ਮਨ, ਗਾਇਨ ਯੋਗਤਾ, ਸੱਭਿਆਚਾਰਕ ਅੰਸ਼, ਲੋਕ ਪ੍ਰਵਾਨਗੀ, ਲੋਕ ਬੋਲੀ ਦੀ ਵਰਤੋਂ ਲੋਕ ਕਾਵਿ ਦੇ ਨਿਰਧਾਰਕ ਵੇਰਵੇ ਹਨ। ਡਾ: ਔਲਖ ਨੇ ਲੋਕ-ਕਾਵਿ ਦੇ ਉਨ੍ਹਾਂ ਰੂਪਾਂ ਬਾਰੇ ਸੰਖੇਪ ਪਛਾਣ ਉਪਰੰਤ ਇਨ੍ਹਾਂ ਦੇ ਵਿਚਾਰਧਾਰਾਈ ਸਰੋਕਾਰਾਂ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਪੰਜਾਬੀ ਸੱਭਿਆਚਾਰ ਸ਼ੁਰੂ ਤੋਂ ਹੀ ਧਰਮ-ਮੁਖੀ ਰਿਹਾ ਹੈ। ਰੀਤਾਂ ਰਸਮਾਂ, ਸੰਸਕਾਰ, ਵਿਸ਼ਵਾਸ ਸਭ ਧਰਮ ਕੇਂਦਰਿਤ ਹਨ। ਇਹ ਵੱਖਰੀ ਗੱਲ ਹੈ ਕਿ ਸੰਸਥਾਗਤ ਧਰਮ ਨਾਲੋਂ ਵਧ ਲੋਕ ਧਰਮ ਸੱਭਿਆਚਾਰ ਵਿਚ ਵਧੇਰੇ ਅਭਿਵਿਅੰਜਤ ਹੋਇਆ ਹੈ। ਨੈਤਿਕਤਾ ਤੇ ਉੱਚੀਆਂ ਕਦਰਾਂ-ਕੀਮਤਾਂ, ਆਸਥਾ ਤੇ ਭੈਅ ਦੇ ਕਈ ਰੰਗ ਲੋਕ-ਕਾਵਿ ਦੀ ਵਿਚਾਰਧਾਰਾ ਵਿਚ ਪ੍ਰਾਪਤ ਹਨ। ਵਰਤ, ਵਹਿਮ-ਭਰਮ, ਜਾਦੂ ਟੂਣੇ, ਪੀਰ ਫਕੀਰ, ਬਿਰਖ, ਜਲ, ਅਗਨੀ ਆਦਿ ਦੀ ਪੂਜਾ ਲੋਕ ਕਾਵਿ ਵਿਚ ਵਿਚਾਰਧਾਰਾ ਦੀਆਂ ਪ੍ਰਗਟਾਅ ਵਿਧੀਆਂ ਮਾਤਰ ਹਨ। ਇਹ ਪੁਸਤਕ ਲੋਕ ਕਾਵਿ ਦੀ ਬਹੁ-ਪਰਤੀ ਤੇ ਬਹੁ-ਦਿਸ਼ਾਈ ਸੰਰਚਨਾ ਦੀ ਵਿਚਾਰਧਾਰਾ ਨੂੰ ਮੁੱਖ ਰੂਪ ਵਿਚ ਲੋਕ ਧਰਮ ਦੁਆ ਕੇ ਸੰਗਠਿਤ ਹੁੰਦਾ ਵੇਖਦੀ ਪਛਾਣਦੀ ਹੈ। ਉਸ ਦੀ ਇਹ ਪਛਾਣ ਪ੍ਰਮਾਣਿਕ ਹੈ, ਭਾਵੇਂ ਬਹੁਤੀ ਡੂੰਘੀ ਨਹੀਂ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਰੂਹ ਦੀ ਆਰਸੀ
ਸੰਪਾਦਕ : ਚੇਤਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 142.

'ਰੂਹ ਦੀ ਆਰਸੀ' ਪੁਸਤਕ ਵਿਚ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੁਆਰਾ ਡਾ: ਗੁਰਮੁਖ ਸਿੰਘ ਪਟਿਆਲਾ ਦੇ ਨਾਂਅ ਲਿਖੇ 85 ਖ਼ਤ ਸੰਗ੍ਰਹਿਤ ਹਨ। ਪ੍ਰੋ: ਮਹਿਬੂਬ ਬਹੁਤ ਨਿੱਘੇ ਅਤੇ ਪਿਆਰ ਕਰਨ ਵਾਲੇ ਸਦਭਾਵੀ ਮਨੁੱਖ ਸਨ। ਡਾ: ਗੁਰਮੁਖ ਸਿੰਘ, ਗੁਰੂ ਨਾਨਕ ਦੇਵ ਜੀ ਦੀ ਪੰਚਮ ਜਨਮ ਸ਼ਤਾਬਦੀ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐਮ. ਏ. ਕਰਕੇ ਬਾਹਰ ਨਿਕਲਿਆ। ਉਹ ਮੁੱਢ ਤੋਂ ਹੀ ਇਕ ਅਤਿਅੰਤ ਮਿਹਨਤੀ ਅਤੇ ਕਰਮਸ਼ੀਲ ਵਿਅਕਤੀ ਰਿਹਾ। ਕੁਝ ਸਮੇਂ ਬਾਅਦ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵਿਚ ਨੌਕਰੀ ਪ੍ਰਾਪਤ ਹੋ ਗਈ। ਭਾਸ਼ਾ ਵਿਭਾਗ ਦਾ ਪੁਸਤਕਾਲਾ ਬਹੁਤ ਅਮੀਰ ਸੀ। ਗਿਆਨੀ ਲਾਲ ਸਿੰਘ, ਡਾ: ਜੀਤ ਸਿੰਘ ਸੀਤਲ, ਪ੍ਰੋ: ਪਿਆਰਾ ਸਿੰਘ ਪਦਮ, ਸੰਤ ਇੰਦਰ ਸਿੰਘ ਚੱਕਰਵਰਤੀ ਅਤੇ ਡਾ: ਗੋਬਿੰਦ ਸਿੰਘ ਲਾਂਬਾ ਨੇ ਇਸ ਪੁਸਤਕਾਲੇ ਵਿਚ ਬਹੁਤ ਸਾਰੇ ਹੱਥ ਲਿਖਤ ਖਰੜੇ ਵੀ ਸਾਂਭ ਰੱਖੇ ਸਨ। ਗੁਰਮੁਖ ਸਿੰਘ ਨੇ ਇਨ੍ਹਾਂ ਸਾਰੇ ਖਰੜਿਆਂ ਦਾ ਗੰਭੀਰ ਅਧਿਐਨ ਕੀਤਾ ਅਤੇ ਬਹੁਤ ਸਾਰੇ ਖਰੜਿਆਂ ਦਾ ਸੰਪਾਦਨ ਕਰਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਵੀ ਕਰ ਦਿੱਤਾ, ਜਿਸ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਨਜ਼ਰ ਆਉਂਦੇ ਬਹੁਤ ਸਾਰੇ ਖੱਪੇ ਪੂਰੇ ਗਏ।
ਪ੍ਰੋ: ਮਹਿਬੂਬ ਨੂੰ ਡਾ: ਗੁਰਮੁਖ ਸਿੰਘ ਨਾਲ ਬਹੁਤੀ ਨਿਟਕਤਾ 1987-88 ਵਿਚ ਪੈਦਾ ਹੋਈ, ਜੋ ਪ੍ਰੋ: ਸਾਹਿਬ ਦੇ ਅਕਾਲ ਚਲਾਣੇ (14.2.2010) ਤੱਕ ਖੂਬ ਨਿਭੀ। ਚਿੱਠੀ-ਪੱਤਰਾਂ ਦਾ ਸਿਲਸਿਲਾ 2002 ਤੱਕ ਬਾਦਸਤੂਰ ਚਲਦਾ ਰਿਹਾ। ਇਹ ਪੱਤਰ ਪ੍ਰੋ: ਮਹਿਬੂਬ ਦੀ ਸ਼ਖ਼ਸੀਅਤ ਦਾ ਸਿਰਨਾਵਾਂ ਹਨ। ਇਨ੍ਹਾਂ ਦੇ ਆਧਾਰ 'ਤੇ ਅਸੀਂ ਉਸ ਬੇਨਜ਼ੀਰ ਵਿਦਵਾਨ ਦੇ ਅੰਤਹਕਰਣ ਵਿਚ ਝਾਤ ਪਾ ਸਕਦੇ ਹਾਂ। ਜਦੋਂ ਅਸੀਂ ਇਸ ਪੁਸਤਕ ਵਿਚ ਸੰਕਲਿਤ ਪੱਤਰਾਂ ਉੱਪਰ ਨਜ਼ਰ ਮਾਰਦੇ ਹਾਂ ਤਾਂ ਮਾਲੂਮ ਹੋ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਆਪਣੇ-ਆਪਣੇ ਜੀਵਨ ਵਿਚ ਅਨੇਕ ਮੁਸੀਬਤਾਂ ਅਤੇ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ। ਪਰ ਇਨ੍ਹਾਂ ਸਿਰਲੱਥ ਯੋਧਿਆਂ ਨੇ ਮੁਸੀਬਤਾਂ ਦੇ ਸਨਮੁੱਖ ਕਦੇ ਘੁਟਨੇ ਨਹੀਂ ਟੇਕੇ ਬਲਕਿ ਪੂਰਾ ਨਿਸਚਾ ਕਰਕੇ ਇਨ੍ਹਾਂ ਉੱਪਰ ਫ਼ੈਸਲਾਕੁਨ ਜਿੱਤ ਪ੍ਰਾਪਤ ਕੀਤੀ। ਇਹ ਪੁਸਤਕ ਪੰਜਾਬੀ ਦੇ ਹਰ ਗੰਭੀਰ ਪਾਠਕ ਅਤੇ ਸਮਰਪਿਤ ਅਧਿਆਪਕ ਲਈ ਬੇਹੱਦ ਮਹੱਤਵਪੂਰਨ ਹੈ। ਮੈਂ ਸ: ਚੇਤਨ ਸਿੰਘ ਅਤੇ 'ਪ੍ਰੋ: ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਟਰੱਸਟ ਗੜ੍ਹਦੀਵਾਲਾ' ਨੂੰ ਇਸ ਪੁਰਸ਼ਾਰਥ ਲਈ ਮੁਬਾਰਕਬਾਦ ਦਿੰਦਾ ਹਾਂ।

ਤਨਹਾਈਆਂ
ਕਵਿਤਰੀ : ਮਨਪ੍ਰੀਤ ਕੌਰ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 80.

ਮਨਪ੍ਰੀਤ ਕੌਰ ਬਰਾੜ ਇਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਸਵੈਮਾਨ ਵਾਲੀ ਪੰਜਾਬੀ ਮੁਟਿਆਰ ਹੈ। ਭਾਵੇਂ ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਤਨਹਾਈਆਂ' 2012 ਈ: ਵਿਚ ਪ੍ਰਕਾਸ਼ਿਤ ਹੋਇਆ ਹੈ ਪਰ ਉਹ ਜਨਮਜਾਤ ਕਵਿੱਤਰੀ ਸੀ। ਆਪਣੀ ਸਿਰਜਣਾਤਮਕ ਪ੍ਰਕਿਰਿਆ ਦਾ ਭੇਤ ਬਿਆਨ ਕਰਦੀ ਹੋਈ ਉਹ ਲਿਖਦੀ ਹੈ ਕਿ ਜਦੋਂ ਵੀ ਉਸ ਦੇ ਜ਼ਿਹਨ ਵਿਚ ਕੁਝ ਅਹਿਸਾਸ ਤੜਪਦੇ ਅਤੇ ਲੁੱਛਦੇ ਹਨ ਤਾਂ ਉਹ ਇਨ੍ਹਾਂ ਨੂੰ ਸਹੇਜ ਕੇ ਕਾਗਜ਼ ਦੇ ਪੰਨਿਆਂ ਉੱਪਰ ਉਤਾਰ ਲੈਂਦੀ ਹੈ ਅਤੇ ਇੰਜ ਉਸ ਦਾ ਲੇਖਣ ਕਵਿਤਾਵਾਂ ਦਾ ਰੂਪ ਧਾਰ ਲੈਂਦਾ ਹੈ। ਉਸ ਨੂੰ ਸੁਰ ਨਾਲ ਸੁਰ ਮਿਲਆਉਣ ਲਈ ਕੋਈ ਸੰਗਤ ਨਹੀਂ ਮਿਲ ਰਹੀ, ਇਸੇ ਕਾਰਨ ਉਹ ਤਨਹਾਈ ਦੇ ਸੁਰ ਅਲਾਪ ਰਹੀ ਹੈ। ਪ੍ਰਥਮ ਸੰਗ੍ਰਹਿ ਹੋਣ ਕਾਰਨ ਉਸ ਦੀਆਂ ਬਹੁਤੀਆਂ ਕਵਿਤਾਵਾਂ ਨਿੱਜੀ ਕਸ਼ਮਕਸ਼ ਦੇ ਇਰਦ-ਗਿਰਦ ਘੁੰਮਦੀਆਂ ਹਨ ਪਰ ਜਦ ਕਦੇ ਉਹ ਸਾਮਾਨਯ ਹੁੰਦੀ ਹੈ ਤਾਂ ਉਹ ਆਪਣੇ ਆਸ-ਪਾਸ ਦੇ ਜਗਤ ਉੱਪਰ ਵੀ ਨਜ਼ਰ ਮਾਰਦੀ ਹੈ। ਉਸ ਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਹਰ ਤਰਫ਼ ਹਿੰਸਾ, ਸ਼ੋਰ-ਸ਼ਰਾਬਾ, ਆਪੋਧਾਪੀ ਅਤੇ ਖ਼ੁਦਗਰਜ਼ੀ ਦੇ ਮੰਜ਼ਰ ਦਿਖਾਈ ਦਿੰਦੇ ਹਨ। ਉਸ ਨੂੰ ਇਸ ਗੱਲ ਦਾ ਡਾਢਾ ਹਿਰਖ ਹੈ ਕਿ ਸਾਡੇ ਗੱਭਰੂ ਨਸ਼ੇ ਦੀ ਦਲਦਲ ਵਿਚ ਗਰਕ ਹੁੰਦੇ ਜਾ ਰਹੇ ਹਨ ਅਤੇ ਮੁਟਿਆਰਾਂ ਆਤਮ-ਪ੍ਰਦਰਸ਼ਨ ਦੀ ਦੀਵਾਨਗੀ ਵਿਚ ਅਰਧ-ਨਗਨ ਹੋਣ ਤੋਂ ਵੀ ਸੰਕੋਚ ਨਹੀਂ ਕਰਦੀਆਂ। ਉਹ ਇਸ ਵਿਸ਼ੈਲੇ ਆਲੇ-ਦੁਆਲੇ ਵਿਚੋਂ ਪ੍ਰਵਾਜ਼ ਕਰਕੇ ਮਾਨਵਤਾ ਦੀਆਂ ਪਵਿੱਤਰ ਸਿਖ਼ਰਾਂ ਨੂੰ ਛੋਹਣ ਦਾ ਸੰਕਲਪ ਕਰੀ ਬੈਠੀ ਹੈ : ਮੈਂ ਸਾਰੇ ਤੋੜ ਕੇ ਬੰਧਨ ਉਚੀ ਪਰਵਾਜ਼ ਕਰਨੀ ਹੈ। ਰਸਤਾ ਹੈ ਬੜਾ ਔਖਾ ਪਰ ਮੰਜ਼ਿਲ ਸਰ ਮੈਂ ਕਰਨੀ ਹੈ। ਜ਼ਮਾਨਾ ਰੋਲ ਦਿੰਦਾ ਹੈ ਜੇ ਇਸ ਦੇ ਅੱਗੇ ਝੁਕ ਜਾਓ, ਨਾ ਇਸਦੇ ਅੱਗੇ ਝੁਕਣਾ ਹੈ, ਨਾ ਇਸ ਦੀ ਮਾਰ ਜਰਨੀ ਹੈ। (ਪੰਨਾ 15) ਮੈਂ ਮਨਪ੍ਰੀਤ ਦੇ ਇਸ ਆਸ਼ਾਵਾਦੀ ਅਤੇ ਜੁਝਾਰੂ ਪੈਂਤੜੇ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਰਵਾਸੀ ਪੰਜਾਬੀ ਕਥਾ ਚਿੰਤਨ
ਲੇਖਕ : ਡਾ: ਜਸਵਿੰਦਰ ਸਿੰਘ ਗੁਰਾਇਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ , ਸਫ਼ੇ : 231

ਜਦੋਂ ਤੋਂ ਪਰਵਾਸੀ ਪੰਜਾਬੀ ਸਾਹਿਤ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਬਣਿਆ ਹੈ, ਉਸ ਸਮੇਂ ਤੋਂ ਇਸ ਖੇਤਰ ਵਿਚ ਬਹੁਤ ਨਿਗਰ ਚਿੰਤਨ ਹੋਣਾ ਸ਼ੁਰੂ ਹੋਇਆ ਹੈ। ਇਹ ਸਾਹਿਤ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਪਰਵਾਸੀ ਚੇਤਨਾ ਵਾਲਾ ਇਹ ਸਾਹਿਤ ਅਜੋਕੀ ਸਾਹਿਤਕ ਤੇ ਅਕਾਦਮਿਕ ਪ੍ਰਾਪਤੀ ਦਾ ਵਿਲੱਖਣ ਅੰਗ ਬਣ ਗਿਆ ਹੈ। ਡਾ: ਜਸਵਿੰਦਰ ਸਿੰਘ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਵਿਭਿੰਨ ਪਾਸਾਰਾਂ ਨੂੰ ਪਛਾਣਨ ਦਾ ਯਤਨ ਕੀਤਾ ਹੈ। ਪੁਸਤਕ ਦਾ ਪਹਿਲਾ ਲੇਖ 'ਪਰਵਾਸੀ ਚੇਤਨਾ-ਸਿਧਾਂਤਕ ਪਰਿਪੇਖ' ਪਰਵਾਸੀ ਪੰਜਾਬੀ ਚੇਤਨਾ ਦੇ ਵਿਭਿੰਨ ਪੱਖਾਂ ਨੂੰ ਇਤਿਹਾਸਕ ਸੰਦਰਭ ਵਿਚ ਵਿਚਾਰਦਾ ਹੈ। ਉਹ ਪਰਵਾਸੀ ਚੇਤਨਾ ਦੇ ਅਨੇਕਾਂ ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ, ਨਸਲੀ ਆਧਾਰ ਨਿਸ਼ਚਿਤ ਕਰਦਾ ਹੈ, ਜਿਨ੍ਹਾਂ ਕਾਰਨ ਉਹ ਪਰਵਾਸੀ ਬੰਦਾ ਮਾਨਸਿਕ ਤਣਾਓ ਭੁਗਤਦਾ ਹੈ। ਦੂਸਰੇ ਲੇਖਾਂ ਵਿਚ ਪਰਵਾਸੀ ਪੰਜਾਬੀ ਕਹਾਣੀ ਦੇ ਪੰਜ ਪ੍ਰਮੁੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚਲੀ ਵਸਤੂ ਸਮੱਗਰੀ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹ ਕਹਾਣੀਕਾਰ ਹਨ ਰਘੁਬੀਰ ਢੰਡ, ਸਾਧੂ ਬਿਨਿੰਗ, ਜਰਨੈਲ ਸਿੰਘ, ਅਮਨਪਾਲ ਸਾਰਾ ਅਤੇ ਵੀਨਾ ਵਰਮਾ। ਰਘੁਬੀਰ ਢੰਡ ਪੰਜਾਬੀ ਸਾਹਿਤ ਦਾ ਪ੍ਰਮੁੱਖ ਕਹਾਣੀਕਾਰ ਹੈ, ਉਸ ਨੇ ਜ਼ਿੰਦਗੀ ਦੇ ਹੰਢਾਏ ਅਨੁਭਵਾਂ ਅਤੇ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਬੜੀ ਵਿਲੱਖਣਤਾ ਨਾਲ ਪੇਸ਼ ਕੀਤਾ ਹੈ। ਪਰਵਾਸੀ ਪੰਜਾਬੀ ਕਹਾਣੀ ਨੂੰ ਉਸ ਉਪਰ ਮਾਣ ਹੈ। ਸਾਧੂ ਬਿਨਿੰਗ ਇਕ ਬਹੁ-ਪੱਖੀ ਤੇ ਚਰਚਿਤ ਸ਼ਖ਼ਸੀਅਤ ਦਾ ਮਾਲਕ ਹੈ। ਕੈਨੇਡਾ ਦੀ ਹਰ ਸਰਗਰਮੀ ਵਿਚ ਨਿਰੰਤਰ ਹਿੱਸਾ ਲੈਣ ਵਾਲਾ ਸਾਡਾ ਇਹ ਲੇਖਕ ਪਰਵਾਸੀ ਜੀਵਨ ਦੀਆਂ ਬਾਰੀਕੀਆਂ ਨੂੰ ਸਮਾਜ, ਸੱਭਿਆਚਾਰ ਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਜਰਨੈਲ ਸਿੰਘ ਵੀ ਵੱਡਾ ਕਹਾਣੀਕਾਰ ਹੈ। ਉਸ ਨੂੰ ਆਮ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ, ਸਮੱਸਿਆਵਾਂ ਨਾਲ ਜੂਝਦੇ ਮਨੁੱਖ ਦੇ ਜੀਵਨ ਅਨੁਭਵਾਂ ਦਾ ਡੂੰਘਾ ਗਿਆਨ ਹੈ। ਉਹ ਸਿਰਫ਼ ਪਰਵਾਸੀ ਜੀਵਨ ਦੀ ਗੱਲ ਨਹੀਂ ਕਰਦਾ ਸਗੋਂ ਸਮੁੱਚੇ ਵਿਸ਼ਵ ਲਈ ਚੁਣੌਤੀ ਬਣੇ ਮਸਲਿਆਂ ਨੂੰ ਵੀ ਉਜਾਗਰ ਕਰਦਾ ਹੈ। ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿਚ ਪਰਵਾਸੀ ਜੀਵਨ ਦੇ ਯਥਾਰਥ ਦੀ ਪੇਸ਼ਕਾਰੀ ਹੋਈ ਹੈ, ਉਹ ਪਰਵਾਸੀ ਚੇਤਨਾ ਦੀ ਪੇਸ਼ਕਾਰੀ ਕਰਦਾ ਹੈ। ਵੀਨਾ ਵਰਮਾ ਸੈਕਸ ਨਾਲ ਲਬਰੇਜ਼ ਕਹਾਣੀ ਦੀ ਸਿਰਜਣਾ ਕਰਦੀ, ਕੁਝ ਖਾਸ ਵਰਗ ਵੱਲੋਂ ਹੀ ਪ੍ਰਵਾਨਿਤ ਹੈ। ਜਸਵਿੰਦਰ ਸਿੰਘ ਨੇ ਇਨ੍ਹਾਂ ਕਹਾਣੀਕਾਰਾਂ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਅਤੇ ਮਿਹਨਤ ਨਾਲ ਕੀਤਾ ਹੈ। ਪਰਵਾਸੀ ਸਾਹਿਤ ਦੀ ਇਹ ਪੁਸਤਕ ਸਹੀ ਜਾਣਕਾਰੀ ਪ੍ਰਸਤੁਤ ਕਰਦੀ ਹੈ।

ਕਥਾ ਮੁਹਾਂਦਰਾ
(ਸਮਕਾਲੀ ਪੰਜਾਬੀ ਕਹਾਣੀ ਸੰਗ੍ਰਹਿ)
ਸੰਪਾਦਕ : ਹਰਪ੍ਰੀਤ ਸਿੰਘ ਕੇਵਲ ਕ੍ਰਾਂਤੀ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ ਪ੍ਰਕਾਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫੇ : 252.

ਪੰਜਾਬੀ ਕਹਾਣੀ ਦੀ ਅਮੀਰ ਤੇ ਲੰਮੀ ਪ੍ਰੰਪਰਾ ਹੈ। ਇਹ ਸ਼ਿਲਪ ਅਤੇ ਵਿਸ਼ੇ ਪੱਖੋਂ ਆਪਣੀ ਤਕਨੀਕ ਅਤੇ ਰੂਪ ਬਦਲਦੀ ਰਹੀ ਹੈ। ਜਿਵੇਂ-ਜਿਵੇਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਬਦਲਦੀਆਂ ਰਹੀਆਂ, ਇਸ ਸਥਿਤੀ ਵਿਚ ਪੰਜਾਬੀ ਕਹਾਣੀ ਵੀ ਪਰਿਵਰਤਨਸ਼ੀਲ ਹੁੰਦੀ ਰਹੀ ਹੈ। ਅਜੋਕੇ ਦੌਰ ਵਿਚ ਦਰਪੇਸ਼ ਸਥਿਤੀ ਦਾ ਅਸਰ ਪੰਜਾਬੀ ਕਹਾਣੀ ਉਪਰ ਪਿਆ ਹੈ। ਇਸ ਰਾਹੀਂ ਬਦਲਦੀ ਹੋਈ ਸਥਿਤੀ ਅਤੇ ਉਲਝਣਾਂ ਭਰੀ ਜ਼ਿੰਦਗੀ ਦੀ ਪੇਸ਼ਕਾਰੀ ਹੋਣ ਲੱਗੀ। ਅਜਿਹੇ ਮਾਹੌਲ ਨੂੰ ਪੇਸ਼ ਕਰਦਾ ਇਹ ਕਹਾਣੀ ਸੰਗ੍ਰਹਿ ਹੋਂਦ ਵਿਚ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਦੋ ਉਤਸ਼ਾਹੀ ਨੌਜਵਾਨ ਸਮੇਂ-ਸਮੇਂ 'ਤੇ ਵੱਖ-ਵੱਖ ਥਾਈਂ ਛਪੀਆਂ ਪੰਜਾਬੀ ਦੇ ਮਹੱਤਵਪੂਰਨ ਕਹਾਣੀਕਾਰਾਂ ਦੀਆਂ ਵਿਲੱਖਣ ਤੇ ਦਿਲਚਸਪ ਕਹਾਣੀਆਂ ਇਕੱਠੀਆਂ ਕਰਦੇ ਹਨ ਤਾਂ ਉਨ੍ਹਾਂ ਦੀ ਚੋਣ ਅਤੇ ਸ਼ੌਕ ਦੀ ਦਾਦ ਦੇਣੀ ਬਣਦੀ ਹੈ। ਇਸ ਦੌਰ ਦੇ ਸਥਾਪਤ ਕਹਾਣੀਕਾਰਾਂ-ਵਰਿਆਮ ਸਿੰਘ ਸੰਧੂ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਸੁਖਜੀਤ, ਜਤਿੰਦਰ ਹਾਂਸ, ਜਸਵੀਰ ਸਿੰਘ ਰਾਣਾ, ਬਲਜਿੰਦਰ ਨਸਰਾਲੀ, ਸਾਂਵਲ ਧਾਮੀ, ਅਜਮੇਰ ਸਿੱਧੂ ਅਤੇ ਅਨੇਮਨ ਸਿੰਘ ਦੀਆਂ ਖੂਬਸੂਰਤ ਤੇ ਉੱਚ-ਪਾਏ ਦੀਆਂ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਇਹ ਸਾਰੀਆਂ ਕਹਾਣੀਆਂ ਪਾਠਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਹਨ। ਹਰ ਕਹਾਣੀ ਪਾਠਕਾਂ ਸੰਗ ਕੁਝ ਸਵਾਲ ਛੱਡ ਜਾਂਦੀ ਹੈ। ਪੰਜਾਬੀ ਕਹਾਣੀ ਥੀਮਕ ਤੇ ਕਲਾਤਮਿਕ ਪੱਖੋਂ ਨਿਵੇਕਲੀ ਅਤੇ ਵੱਖਰੀ ਹੋਂਦ ਗ੍ਰਹਿਣ ਕਰਦੀ ਹੈ। ਆਪਣੇ ਏਸੇ ਸੁਭਾਅ ਜਾਂ ਗੁਣ ਕਰਕੇ ਹੀ ਪੰਜਾਬੀ ਕਹਾਣੀ ਸਾਹਿਤ ਦੀਆਂ ਬਾਕੀ ਵਿਧਾਵਾਂ ਤੋਂ ਵਧੇਰੇ ਧਿਆਨ ਨਾਲ ਪੜ੍ਹੀ ਤੇ ਮਾਣੀ ਜਾਂਦੀ ਹੈ। ਇਨ੍ਹਾਂ ਸੰਪਾਦਕ ਲੇਖਕਾਂ ਨੇ ਕਹਾਣੀਆਂ ਦੇ ਇਸ ਗੁਲਦਸਤੇ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕੀਤਾ ਹੈ। ਸੁੰਦਰ ਛਪੀ ਇਹ ਪੁਸਤਕ ਪਾਠਕ ਵਰਗ ਨੂੰ ਸੁਹਜਮਈ ਆਨੰਦ ਦੇਣ ਦੇ ਨਾਲ-ਨਾਲ ਅਜੋਕੇ ਦੌਰ ਦੇ ਮਸਲਿਆਂ ਤੇ ਸਵਾਲਾਂ ਜਵਾਬਾਂ ਸੰਗ ਖਹਿਣ ਲਈ ਮਜਬੂਰ ਕਰੇਗੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਅਮਰ ਪ੍ਰੇਮ
ਲੇਖਕ : ਗੁਰਚਰਨ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਗੁਰਚਰਨ ਦਰਦੀ (ਚੰਡੀਗੜ੍ਹ) ਦੇ ਕਹਾਣੀ ਸੰਗ੍ਰਹਿ ਵਿਚ 18 ਕਹਾਣੀਆਂ ਹਨ। ਇਸ ਤੋਂ ਪਹਿਲਾਂ ਲੇਖਕ ਦੀਆਂ 8 ਕਿਤਾਬਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿਚ 3 ਕਹਾਣੀ ਸੰਗ੍ਰਹਿ ਤੇ 5 ਨਾਟਕ ਸੰਗ੍ਰਹਿ ਹਨ। ਹਥਲੀ ਪੁਸਤਕ ਬਾਰੇ ਡਾ: ਸਰਬਜੀਤ ਕੌਰ ਨੇ ਲਿਖਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਹਾਣੀਕਾਰ ਨੇ ਆਪਣੇ ਦਿਲੀ-ਭਾਵਾਂ ਨੂੰ, ਜਜ਼ਬਾਤਾਂ ਨੂੰ ਵਿਅਕਤ ਕਰਨ ਲਈ ਕਹਾਣੀ ਨੂੰ ਮਾਧਿਅਮ ਬਣਾਇਆ ਹੈ। ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ੇ ਸਾਡੇ ਆਲੇ-ਦੁਆਲੇ ਵਾਪਰਦੀਆਂ ਸਮਾਜਿਕ ਪਰਿਵਾਰਕ ਘਟਨਾਵਾਂ ਹਨ। ਕਹਾਣੀ ਅਮਰ ਪ੍ਰੇਮ ਵਿਚ ਰੋਜ਼ੀ ਤੇ ਪ੍ਰਦੀਪ ਦੇ ਪਿਆਰ ਦੀ ਕਹਾਣੀ ਵਾਰਤਾ ਹੈ। ਇਹ ਜੋੜਾ ਗੁਰੂ ਘਰ ਵਿਚ ਸੇਵਾ ਕਰਦਾ ਹੈ। ਅਰਦਾਸਾਂ ਅਤੇ ਸੇਵਾ ਕਰਕੇ ਰੋਜ਼ੀ ਤੰਦਰੁਸਤ ਹੋ ਜਾਂਦੀ ਹੈ। ਕਹਾਣੀ ਆਸਥਾ ਦੀ ਜਿਉਂਦੀ ਮਿਸਾਲ ਹੈ। ਕਹਾਣੀ ਜ਼ਿੰਦਗੀ ਦੇ ਦੋ ਪਲ ਦੇ ਪਾਤਰ ਡਾ: ਜਗਤਾਰ ਤੇ ਪਤਨੀ ਭੁਪਿੰਦਰ ਕੌਰ ਅਮਰੀਕਾ ਜਾ ਕੇ ਵੀ ਇਧਰ ਮਾਤ ਭੂਮੀ ਵਿਚ ਆ ਕੇ ਸਕੂਨ ਹਾਸਲ ਕਰਦੇ ਹਨ। ਪਿਆਰ ਦਾ ਪ੍ਰਗਟਾਵਾ ਫ਼ਿਲਮੀ ਤਰਜ਼ ਦੀ ਕਹਾਣੀ ਹੈ। ਪਿਆਰ ਅਧਵਾਟੇ ਰਹਿ ਜਾਂਦਾ ਹੈ। ਹੀਣਤਾ ਭਾਵ ਵਿਚ ਮਨਿੰਦਰ ਤੇ ਦਰਸ਼ੀ ਸਮੇਂ ਸਿਰ ਨਹੀਂ ਮਿਲ ਪਾਉਂਦੇ।
ਬਾਅਦ ਵਿਚ ਵੱਖਰੀ ਥਾਂ ਵਿਆਹੇ ਜਾਣ ਤੇ ਪਛਤਾਵਾ ਕਰਦੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਭਾਗਾਂ ਵਾਲੀ ਸੰਤੁਸ਼ਟੀ ਪਸਚਾਤਾਪ ਆਖਰੀ ਨਿਸ਼ਾਨੀ, ਅਭਿਮਾਨ, ਓਲਡ ਏਜ ਹੋਮ, ਗ਼ਲਤ ਸੋਚ, ਦਾਜ ਦੀ ਮਸ਼ੀਨ ਅਮਿਟ ਯਾਦਾਂ ਪ੍ਰਣਾਮ ਸ਼ਹੀਦਾਂ ਨੂੰ, ਜ਼ਾਲਮਾਂ ਇਕ ਵਾਰ ਤਾਂ... ਸੰਗ੍ਰਹਿ ਦੀਆਂ ਚੰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਕਥਾ ਰਸ ਹੈ। ਤੇਜ਼ੀ ਨਾਲ ਘਟਨਾਵਾਂ ਤੁਰਦੀਆਂ ਹਨ। ਪਾਤਰ ਲੇਖਕ ਦੇ ਹੱਥਾਂ ਵਿਚ ਕਠਪੁਤਲੀਆਂ ਵਾਂਗ ਵਿਚਰਦੇ ਹਨ। ਨਾਟਕੀ ਜਮਾਤ ਦੀ ਵਧੇਰੇ ਵਰਤੋਂ ਕੀਤੀ ਗਈ ਹੈ। ਫ਼ਿਲਮੀ ਅੰਦਾਜ਼ ਹੈ। ਆਖਰੀ ਕਹਾਣੀ ਵਿਚ ਦੇਸ਼ ਭਗਤੀ ਵਾਲਾ ਰੰਗ ਹੈ। ਕਦੇ-ਕਦੇ ਕਹਾਣੀਕਾਰ ਪਾਤਰਾਂ ਨੂੰ ਆਪਣੀ ਮਰਜ਼ੀ ਨਾਲ ਤੋਰਣਾ ਹੈ। ਪਰਿਵਾਰਕ ਵਿਸ਼ਿਆਂ ਵਾਲੀਆਂ ਕਹਾਣੀਆਂ ਵਿਚ ਪਿਆਰ ਪ੍ਰਮੁੱਖ ਧਾਰਾ ਹੈ। ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸਿਧਾਂਤ ਪਿਆਰ ਕਬਜ਼ ਨਹੀਂ ਪਛਾਣ ਹੈ, ਨੂੰ ਕਹਾਣੀਕਾਰ ਨੇ ਇਸ ਸੰਗ੍ਰਹਿ ਰਾਹੀਂ ਅੱਗੇ ਤੋਰਿਆ ਹੈ। ਪੁਸਤਕ ਪੜ੍ਹਨ ਵਾਲੀ ਹੈ। ਕਥਾ ਜੁਗਤ ਵਿਚ ਲੇਖਕ ਕਾਮਯਾਬ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.


ਅਮੀਲੋ
ਲੇਖਕ : ਅਜਾਇਬ ਸਿੰਘ ਸੰਧੂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 250 ਰੁਪਏ, ਸਫੇ : 200.

ਅਜਾਇਬ ਸਿੰਘ ਸੰਧੂ ਕਵਿਤਾ ਦੇ ਨਾਲ-ਨਾਲ ਨਾਵਲ ਰਚਨਾ ਵੱਲ ਵੀ ਰੁਚਿਤ ਹੈ। 'ਅਮੀਲੋ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਵਾਸ ਅਤੇ ਪ੍ਰਵਾਸ ਦੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਈ ਹੈ। ਨਾਇਕ ਅਮੀਲੋ ਕੈਨੇਡੀਅਨ ਗੋਰੀ ਤੇ ਪੰਜਾਬੀ ਨੌਜਵਾਨ ਸਮਸ਼ੇਰ ਸਿੰਘ ਦੇ ਪ੍ਰੇਮ ਵਿਆਹ 'ਚੋਂ ਪੈਦਾ ਹੋਇਆ ਹੈ। ਕਾਨੂੰਨ ਦਾ ਪਾਬੰਦ ਹੈ। ਮਾਸੂਮ ਹੈ ਤੇ ਹਿੰਮਤ ਵਾਲਾ ਵੀ ਹੈ। ਆਪਣੇ-ਆਪ ਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ ਪਰ ਕੈਨੇਡਾ ਪ੍ਰਤੀ ਵੀ ਸਮਰਪਿਤ ਭਾਵਨਾ ਨਾਲ ਸੋਚਦਾ ਹੈ।
ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ਦਾ ਹਿਸਾਬ-ਕਿਤਾਬ ਕਰਨ ਲਈ ਉਹ ਪੰਜਾਬ ਆਉਂਦਾ ਹੈ। ਇਥੋਂ ਦਾ ਪ੍ਰਬੰਧ ਉਸ ਦੇ ਪਿਤਾ ਦਾ ਪੁਰਾਣਾ ਸਹਿਪਾਠੀ ਤੇ ਮਿੱਤਰ ਦਰਸ਼ਨ ਸਿੰਘ ਤੇ ਉਸ ਦਾ ਪੁੱਤਰ ਗੁਰਮੀਤ ਕਰਦੇ ਹਨ। ਇਥੇ ਕੁਝ ਦੇਰ ਰਹਿਕੇ ਅਮੀਲ ਪੰਜਾਬੀ ਜਨ-ਜੀਵਨ ਤੋਂ ਵੀ ਜਾਣੂ ਹੋਣ ਦਾ ਯਤਨ ਕਰਦਾ ਹੈ। ਲੇਖਕ ਨੇ ਸੰਵਾਦਾਂ ਰਾਹੀਂ ਤੇ ਪਿਛਲ ਝਾਤ ਦੁਆਰਾ ਇਥੋਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਕਹਾਣੀ ਨੂੰ ਅਗਾਂਹ ਤੋਰਿਆ ਹੈ। ਯਾਦਾਂ ਦਾ ਬਿਰਤਾਂਤ ਵੀ ਕਹਾਣੀ ਨੂੰ ਅਗਾਂਹ ਸਰਕਾਉਣ ਵਿਚ ਸਹਾਈ ਹੁੰਦਾ ਹੈ। ਲੇਖਕ, ਦਰਸ਼ਨ, ਮੀਤੇ ਤੇ ਅਮੀਲ ਦੇ ਸੰਵਾਦਾਂ ਰਾਹੀਂ ਇਸ ਪੰਜਾਬੀ ਸਮਾਜ ਦੇ ਕਈ ਔਗੁਣਾਂ 'ਤੇ ਉਂਗਲੀ ਧਰਨ ਦਾ ਯਤਨ ਕਰਦਾ ਹੈ। ਸਿੱਖ ਰਹੁ-ਰੀਤਾਂ ਤੋਂ ਦੂਰ ਜਾ ਰਹੇ ਨੌਜਵਾਨ, ਨਸ਼ਿਆਂ ਦੇ ਚਿੱਕੜ 'ਚ ਧਸ ਰਹੇ ਪੰਜਾਬੀ, ਡੇਰਿਆਂ ਦੀ ਵਧ ਰਹੀ ਜਕੜ, ਡਰੱਗ ਦਾ ਧੰਦਾ ਕਰਨ ਵਾਲੇ ਲੋਕ, ਮੈਲੀ ਹੋ ਰਹੀ ਰਾਜਨੀਤੀ, ਜਾਤਪਾਤ ਦੀ ਪਕੜ ਦਾ ਕੋਹੜ ਜਿਹੀਆਂ ਅਨੇਕਾਂ ਭੈੜਾਂ ਦਾ ਜ਼ਿਕਰ ਨਾਟਕ ਵਿਚ ਆਇਆ ਹੈ। ਅਮੀਲੋ ਚੰਗੇ ਦਿਲ ਵਾਲਾ ਭੋਲਾ-ਭਾਲਾ ਨੌਜਵਾਨ ਹੈ। ਆਪਣੀ ਪਸੰਦ ਦੀ ਨਰਸ ਕੁੜੀ ਨਾਲ ਵਿਆਹ ਕਰਾ ਲੈਂਦਾ ਹੈ। ਅਮੀਲ ਨੂੰ ਆਪਣੇ ਚੰਗੇ ਕਾਰਜਾਂ ਕਰਕੇ ਕੈਨੇਡਾ ਸਰਕਾਰ ਦਾ ਵੱਡਾ ਮਾਣ-ਸਨਮਾਨ ਮਿਲਦਾ ਹੈ। ਅਮੀਲੋ ਦਾ ਚਰਿੱਤਰ ਆਦਰਸ਼ ਨਾਇਕ ਵਜੋਂ ਪੇਸ਼ ਹੁੰਦਾ ਹੈ।

ਕੁੱਖ ਦੀ ਭੁੱਖ
ਲੇਖਕ : ਅਮਰਜੀਤ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਲੁਧਿਆਣਾ/ਚੰਡੀਗੜ੍ਹ
ਮੁੱਲ : 125 ਰੁਪਏ, ਸਫੇ : 103.

ਅਮਰਜੀਤ ਸਿੰਘ ਹੇਅਰ ਪੰਜਾਬੀ ਦਾ ਅਨੁਭਵੀ ਕਹਾਣੀ ਲੇਖਕ ਹੈ। ਉਸ ਨੇ 'ਦੱਬੀ ਅੱਗ ਦਾ ਸੇਕ' ਕਹਾਣੀ-ਸੰਗ੍ਰਹਿ ਰਾਹੀਂ ਪਹਿਲਾਂ ਹੀ ਆਪਣੀ ਸਾਖ਼ 'ਤੇ ਧਾਕ ਪੰਜਾਬੀ ਆਲੋਚਕਾਂ/ਪਾਠਕਾਂ ਵਿਚ ਬਣਾ ਲਈ ਹੈ। 'ਕੁੱਖ ਦੀ ਭੁੱਖ' ਉਸ ਦੀਆਂ ਕਹਾਣੀਆਂ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਪੰਝੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਅਮਰਜੀਤ ਸਿੰਘ ਹੇਅਰ ਯਥਾਰਥਵਾਦੀ ਕਥਾ-ਲੇਖਕ ਹੈ। ਉਸ ਦੇ ਆਲੇ-ਦੁਆਲੇ ਜੋ ਕੁਝ ਨਿੱਤ ਦਿਹਾੜੀ ਵਾਪਰਦਾ ਹੈ, ਉਸੇ ਨੂੰ ਉਹ ਆਪਣੀਆਂ ਕਹਾਣੀਆਂ ਦੇ ਕਥਾਨਕ ਵਜੋਂ ਵਰਤ ਕੇ ਕਹਾਣੀ ਦੀ ਸਿਰਜਣਾ ਕਰਦਾ ਹੈ। ਉਸ ਦੀਆਂ ਕਹਾਣੀਆਂ ਸੱਚਮੁੱਚ ਨਿੱਕੀ ਕਹਾਣੀ ਦੀ ਪਰਿਭਾਸ਼ਾ ਦੇ ਅਨੁਰੂਪ ਹੀ ਬੁਣੀਆਂ ਹੋਈਆਂ ਹਨ। ਕਹਾਣੀ ਬਾਤ ਸੁਣਾਉਣ ਦੇ ਲਹਿਜ਼ੇ 'ਚ ਸ਼ੁਰੂ ਹੋ ਕੇ ਆਪਣੇ ਰੱਥ ਵੱਲ ਤੇਜ਼ੀ ਨਾਲ ਸਫ਼ਰ ਕਰਦੀ ਹੋਈ ਸਿੱਟਾ ਕੱਢ ਕੇ ਚੁੱਪ ਹੋ ਜਾਂਦੀ ਹੈ। ਬਾਕੀ ਸੋਚਣ ਦਾ ਕੰਮ ਪਾਠਕਾਂ ਲਈ ਛੱਡ ਜਾਂਦੀ ਹੈ।
ਵੰਨ-ਸੁਵੰਨੇ ਵਿਸ਼ੇ ਹੇਅਰ ਦੀਆਂ ਕਹਾਣੀਆਂ ਵਿਚ ਥਾਂ-ਪੁਰ-ਥਾਂ ਸੰਜੋਏ ਮਿਲਦੇ ਹਨ। ਕਦੀ-ਕਦੀ ਨਿੱਕੇ-ਨਿੱਕੇ ਅਹਿਸਾਸ ਹੀ ਕਹਾਣੀ ਦਾ ਤਾਣਾ-ਪੇਟਾ ਬਣਦੇ ਪ੍ਰਤੀਤ ਹੁੰਦੇ ਹਨ। ਕੁਝ ਕਹਾਣੀਆਂ ਸਵੈ-ਜੀਵਨੀ ਮੂਲਕ ਹੋਣ ਦੀ ਗਵਾਹੀ ਵੀ ਭਰਦੀਆਂ ਹਨ। ਦੇਸ਼-ਵੰਡ ਦਾ ਦੁਖਾਂਤ ਵਾਰ-ਵਾਰ ਕਹਾਣੀਆਂ ਵਿਚ ਦੁਖਦੀ ਰਗ ਵਾਂਗ ਸ਼ਮੂਲੀਅਤ ਕਰਦਾ ਹੈ। 'ਸੇਵਾਮੁਕਤੀ' ਦਾ ਪਾਤਰ ਸੇਵਾ-ਮੁਕਤੀ ਨੂੰ ਇਕ ਵਰਦਾਨ ਵਜੋਂ ਸਵੀਕਾਰ ਕਰਦਾ ਹੈ। 'ਹਮੀਦਾ', 'ਦੁਸ਼ਮਣੀ', 'ਬਦਲਾ', 'ਦੋ ਇਮਾਰਤਾਂ ਦਾ ਕਤਲ' ਆਦਿ ਕਹਾਣੀਆਂ ਦੇਸ਼-ਵੰਡ ਦੇ ਦੁਖਾਂਤ 'ਤੇ ਉਸ 'ਚੋਂ ਉਪਜੇ ਹੋਰ ਦੁਖਾਤਾਂ ਦੇ ਵੇਰਵੇ ਪੇਸ਼ ਕਰਦੀਆਂ ਹਨ। 'ਦੁਬਿਧਾ' ਦੀ ਮਨੋਰਮਾ ਕੋਈ ਵੀ ਫੈਸਲਾ ਲੈਣ ਤੋਂ ਅਸਮਰਥ ਹੈ। 'ਬਰਖਾ' ਨਾਂਅ ਦੀ ਕੁੜੀ ਬਰਖਾ ਵੇਲੇ ਜਨਮ ਲੈ ਕੇ ਬਰਖਾ ਕਾਰਨ ਪੈਦਾ ਹੋਏ ਮਨੋਭਾਵਾਂ ਦੀ ਆਪੂਰਤੀ ਕਰਦੀ ਹੈ। 'ਪੁੱਤ-ਕਪੁੱਤ' ਦਾ ਪਿਓ-ਪਾਤਰ ਪੁੱਤਰਾਂ ਦੇ ਭੈੜੇ ਵਰਤਾਓ ਦਾ ਬਦਲਾ ਲੈਂਦਾ ਹੈ। 'ਦੋਸਤੀ' ਵਿਚ ਸੱਚੀ ਦੋਸਤੀ ਦੇ ਕੁਝ ਦ੍ਰਿਸ਼ਟਾਂਤ ਪੇਸ਼ ਕੀਤੇ ਗਏ ਹਨ। 'ਪਾਪ ਦਾ ਪਛਤਾਵਾ' ਤੇ 'ਦਾਦੀ ਪੋਤੀ' ਇਸ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ, ਜਿਨ੍ਹਾਂ ਵਿਚ ਪਛਤਾਵੇ ਰਾਹੀਂ ਪ੍ਰੇਮ ਤੇ ਲਗਾਓ ਪੈਦਾ ਹੁੰਦਾ ਹੈ। ਦੋ ਸੰਸਕ੍ਰਿਤੀਆਂ ਦੇ ਭੇੜ 'ਚੋਂ ਮੁਹੱਬਤ ਤੇ ਆਪਸੀ ਗਿਆਨ ਲੱਭਦਾ ਹੈ। ਇਹੋ ਜਿਹੀਆਂ ਕਹਾਣੀਆਂ ਅਮਰਜੀਤ ਸਿੰਘ ਹੇਅਰ ਦੀ ਕਥਾਕਾਰ ਵਜੋਂ ਸਥਾਪਤੀ ਦੇ ਸੰਕੇਤ ਕਰਦੀਆਂ ਹਨ।

-ਕੇ. ਐਲ. ਗਰਗ
ਮੋ: 94635-37050.

ਗਿੱਲ ਮੋਰਾਂਵਾਲੀ ਦੀ ਨਾਰੀ ਚੇਤਨਾ ਦਾ ਮਰਦਾਵੀਂ ਚਿੰਤਨ
ਸੰਪਾਦਕ : ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 96.

ਪਰਵਾਸੀ ਕਵੀ ਗਿੱਲ ਮੋਰਾਂਵਾਲੀ ਮੁੱਖ ਤੌਰ 'ਤੇ ਨਾਰੀ ਚੇਤਨਾ ਦਾ ਕਵੀ ਹੈ। ਹਥਲੀ ਸੰਪਾਦਿਤ ਪੁਸਤਕ ਵਿਚ ਪੁਰਸ਼ ਵਿਦਵਾਨਾਂ ਦੇ ਅਜਿਹੇ ਨਿਬੰਧ ਹਨ ਜੋ ਗਿੱਲ ਦੀ ਕਵਿਤਾ ਵਿਚ ਨਾਰੀ ਚੇਤਨਾ ਦਾ ਮੁਲਾਂਕਣ ਕਰਦੇ ਹਨ। ਇਨ੍ਹਾਂ ਨਿਬੰਧਾਂ ਦਾ ਸੰਪਾਦਕਨ ਪੰਜਾਬੀ ਸਾਹਿਤ ਦੇ ਦੋ ਵਿਦਵਾਨਾਂ (ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ) ਨੇ ਕੀਤਾ ਹੈ। ਇਸਤਰੀ ਆਲੋਚਕਾਂ ਦੀ ਦ੍ਰਿਸ਼ਟੀ ਤੋਂ ਇਸ ਪ੍ਰਕਾਰ ਦੇ ਨਿਬੰਧਾਂ ਦਾ ਸੰਪਾਦਨ ਪਹਿਲਾਂ ਹੀ ਡਾ: ਰਮਿੰਦਰ ਕੌਰ ਕਰ ਚੁੱਕੇ ਹਨ। ਪੁਸਤਕ ਦੇ ਪਹਿਲੇ 13 ਪੰਨਿਆਂ ਵਿਚ ਕ੍ਰਮਵਾਰ ਡਾ: ਤੇਜਵੰਤ ਮਾਨ, ਡਾ: ਭਗਵੰਤ ਅਤੇ ਗਿੱਲ ਮੋਰਾਂਵਾਲੀ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਮਾਨਾਂ-ਸਨਮਾਨਾਂ ਦੀਆਂ ਸੂਚੀਆਂ ਉਪਲਬੱਧ ਹਨ। ਬੇਸ਼ੱਕ ਪੁਸਤਕ ਦੇ ਟਾਈਟਲ ਉੱਪਰ ਦੋ ਸੰਪਾਦਕਾਂ ਦੇ ਨਾਂਅ ਹਨ ਪਰ ਡਾ: ਮਾਨ ਮੁੱਖ ਸ਼ਬਦ ਸਿਰਲੇਖ ਅਧੀਨ ਇਸ ਪੁਸਤਕ ਦੇ ਸੰਪਾਦਨ ਨੂੰ ਡਾ: ਭਗਵੰਤ ਸਿੰਘ ਵੱਲੋਂ ਕੀਤਾ ਹੀ ਦੱਸਦਾ ਹੈ। ਇਨ੍ਹਾਂ ਖੋਜ-ਨਿਬੰਧਾਂ ਵਿਚ ਇਕ ਦਰਜਨ ਮਰਦ-ਸਮੀਖਿਆਕਾਰਾਂ ਦੇ ਨਿਬੰਧ ਸ਼ਾਮਿਲ ਹਨ। ਡਾ: ਭਗਵੰਤ ਸਿੰਘ ਨੇ ਆਪਣੇ ਵੱਲੋਂ ਲਿਖੀ ਭੂਮਿਕਾ ਵਿਚ ਗਿੱਲ ਨੂੰ ਨਾਰੀ ਚੇਤਨਾ ਦਾ ਸ਼ਾਇਰ ਪ੍ਰਵਾਨ ਕੀਤਾ ਹੈ। ਡਾ: ਖੀਵਾ ਲਈ ਗਿੱਲ-ਕਾਵਿ 'ਮਰਯਾਦਾ-ਭੰਗਕ ਪ੍ਰਵਚਨ ਹੈ'। ਡਾ: ਅਮਰ ਕੋਮਲ ਨੂੰ ਗਿੱਲ ਮੋਰਾਂਵਾਲੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਧੀ ਦੀ ਪੀੜ ਨੂੰ 'ਸਮੂਹ ਦੀ ਪੀੜ' ਵਿਚ ਬਦਲਦਾ ਪ੍ਰਤੀਤ ਹੁੰਦਾ ਹੈ। ਗਿੱਲ ਦਾ ਦੋਹਾ ਕਾਵਿ-ਰੂਪ, ਡਾ: ਆਸ਼ਟ ਨੂੰ, ਉਸ ਦੀ 'ਪ੍ਰਥਮ ਵਿਸ਼ੇਸ਼ਤਾ' ਮਹਿਸੂਸ ਹੁੰਦੀ ਹੈ। ਡਾ: ਬਲਜੀਤ ਸਿੰਘ ਨੂੰ ਗਿੱਲ-ਕਾਵਿ ਨਾਰੀ ਜਾਤੀ ਦੇ ਹੱਕ ਵਿਚ 'ਕਾਵਿਕ ਸੰਘਰਸ਼' ਅਤੇ 'ਜਨ-ਜਾਗ੍ਰਿਤੀ' ਲਈ ਹੋਕਾ ਦਿੰਦਾ ਜਾਪਦਾ ਹੈ। ਡਾ: ਸੁਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਵੀ ਨੇ 'ਕੇਵਲ ਧੀਆਂ ਦੇ ਦੁੱਖ ਹੀ ਨਹੀਂ ਰੋਏ' ਸਗੋਂ ਇਸ ਕਾਵਿ ਵਿਚ ਪੰਜਾਬ ਦੀਆਂ ਕਈ 'ਰਸਮਾਂ ਰੀਤਾਂ' ਵੀ ਰੂਪਮਾਨ ਹੋਈਆਂ ਹਨ। ਡਾ: ਨਰਿੰਦਰਪਾਲ ਸਿੰਘ ਦਾ ਵਿਚਾਰ ਹੈ ਕਿ ਕਵੀ ਨੇ 'ਸਮੱਸਿਆਵਾਂ' ਨੂੰ 'ਸੱਭਿਆਚਾਰਕ ਝਰੋਖੇ' ਰਾਹੀਂ ਚਿਤ੍ਰਿਆ ਹੈ। ਡਾ: ਗੁਲਜ਼ਾਰ ਸਿੰਘ ਕੰਗ ਇਸ ਗੱਲੋਂ ਗਿੱਲ ਦੀ ਪ੍ਰਸੰਸਾ ਕਰਦਾ ਹੈ ਕਿ ਉਸ ਨੇ 'ਅਮਲੀ ਜੀਵਨ' ਵਿਚ ਆਪਣੀਆਂ ਧੀਆਂ ਨੂੰ ਖੱਲ੍ਹ ਦਿੱਤੀ ਹੈ। ਡਾ: ਸੁਰਿੰਦਰ ਮੰਡ ਕਵੀ ਦੀ 'ਸੂਤ੍ਰਿਕ ਸ਼ੈਲੀ' ਨੂੰ ਵਡਿਆਉਂਦਾ ਹੈ। ਡਾ: ਸਰਹਿੰਦੀ ਅਨੁਸਾਰ ਕਵੀ ਸਾਡੀ 'ਸੁੱਤੀ ਪਈ ਜ਼ਮੀਰ' ਨੂੰ ਜਗਾਉਂਦਾ ਹੈ। ਡਾ: ਜੀ.ਡੀ. ਚੌਧਰੀ ਨੂੰ ਗਿੱਲ ਦੀ 'ਵਿਗਿਆਨਕ ਅਤੇ ਮਨੋਵਿਗਿਆਨਕ' ਪੇਸ਼ਕਾਰੀ ਪ੍ਰਭਾਵਿਤ ਕਰਦੀ ਹੈ। ਡਾ: ਤੇਜਾ ਸਿੰਘ ਤਿਲਕ ਅਨੁਸਾਰ ਗਿੱਲ ਔਰਤ ਦੀ ਸਜ਼ਾ ਤੋਂ 'ਚਿੰਤਾਤੁਰ' ਤਾਂ ਹੈ ਪਰ 'ਨਿਰਾਸ਼' ਨਹੀਂ। ਇੰਜ ਕਵੀ, ਪ੍ਰੋ: ਜੱਸੀ ਦੀ ਪਰਖ ਵਿਚ, 'ਨਾਰੀ ਬਰਾਦਰੀ ਦੀ ਵਕਾਲਤ ਕਰਦਾ ਹੈ।' ਕੁੱਲ ਮਿਲਾ ਕੇ ਇਸ ਪੁਸਤਕ ਦੇ ਸੁਚੱਜੇ ਸੰਪਾਦਨ ਲਈ ਸੰਪਾਦਕ ਵਧਾਈ ਦੇ ਪਾਤਰ ਹਨ। ਗਿੱਲ-ਕਾਵਿ ਦੇ ਖੋਜੀ ਵਿਦਿਆਰਥੀਆਂ ਲਈ ਪੁਸਤਕ ਬੜੀ ਲਾਭਦਾਇਕ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਖਿੜਦੇ ਫੁੱਲ
ਕਵੀ : ਗੁਰਵਿੰਦਰ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120.

'ਖਿੜਦੇ ਫੁੱਲ' ਨੌਜਵਾਨ ਕਵੀ ਗੁਰਵਿੰਦਰ ਸਿੰਘ ਸ਼ੇਰਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ ਸਾਰੀਆਂ ਕਵਿਤਾਵਾਂ, ਨਜ਼ਮਾਂ ਰੁਬਾਈਆਂ, ਗੀਤ ਅਤੇ ਗ਼ਜ਼ਲਾਂ ਛੰਦ ਬੱਧ ਹਨ। ਗੁਰਵਿੰਦਰ ਪਿੰਗਲ ਅਤੇ ਅਰੂਜ਼ ਦਾ ਗਿਆਤਾ ਹੈ। ਉਸ ਦੀਆਂ ਸਮੁੱਚੀਆਂ ਕਵਿਤਾਵਾਂ ਬਹਿਰ ਤੋਲ ਵਿਚ ਅਤੇ ਕਾਫੀਏ ਹਦੀਫਾਂ ਨਾਲ ਸੁਸੱਜਤ ਹਨ। ਭਾਵੇਂ ਇਹ ਪੁਸਤਕ ਉਸ ਦੀ ਪਹਿਲੀ ਹੈ ਪਰ ਕਵੀ ਨੇ ਭਰਪੂਰ ਮਿਹਨਤ ਕਰਕੇ ਨਜ਼ਮਾਂ ਵਿਚ ਰਵਾਨੀ ਅਤੇ ਸਰੋਕਾਰਾਂ ਨੂੰ ਬਹਾਲ ਕੀਤਾ ਹੈ। ਅੱਜਕਲ੍ਹ ਦੇ ਨੌਜਵਾਨ ਜਿਥੇ ਮਿਹਨਤ ਤੋਂ ਡਰਦੇ ਹੋਏ ਖੁੱਲ੍ਹੀ ਕਵਿਤਾ ਨੂੰ ਹੀ ਤਰਜੀਹ ਦਿੰਦੇ ਹਨ, ਉਥੇ ਸ਼ੇਰਗਿੱਲ ਨੇ ਪਿੰਗਲ ਅਤੇ ਅਰੂਜ਼ ਨੂੰ ਸਮਝ ਕੇ ਅਤੇ ਅਮਲ ਵਿਚ ਲਾਗੂ ਕਰਕੇ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਹੋ ਸਕਦੀ ਹੈ। ਕਵਿਤਾਵਾਂ ਦੇਸ਼ ਪਿਆਰ ਦੀਆਂ ਅਤੇ ਸਮਾਜ ਸੁਧਾਰ ਕਰਨ ਵਾਲੇ ਵਿਸ਼ਿਆਂ ਤੇ ਸਰੋਕਾਰਾਂ ਨਾਲ ਸਬੰਧਤ ਹਨ। ਕਵਿਤਾ ਲਿਖਦਾ ਹੋਇਆ ਕਵੀ ਵਿਸ਼ੇ ਦਾ ਇਕ ਚਿੱਤਰ ਅੱਖਾਂ ਸਾਹਮਣੇ ਪੇਸ਼ ਕਰ ਜਾਂਦਾ ਹੈ। ਕਵਿਤਾ ਛੰਦ ਵਿਚ ਹੋਣ ਕਰਕੇ ਸਰੋਤੇ/ਪਾਠਕ ਦੇ ਸੁਆਦ ਵਿਚ ਸ਼ਾਮਿਲ ਹੋ ਕੇ ਮਨ ਮਸਤਕ ਤੱਕ ਤਰਕ ਜਗਾਉਂਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਨਸ਼ਿਆਂ ਦੇ ਪ੍ਰਚਲਨ ਅਤੇ ਨਾਰੀ ਦੀ ਗੁਲਾਮੀ ਦੀ ਭਰਪੂਰ ਨਿਖੇਧੀ ਹੈ। ਉਹ ਮਨੁੱਖੀ ਸਮਾਜ ਨੂੰ ਜਾਤਾਂ, ਪਾਤਾਂ ਅਤੇ ਧਰਮਾਂ ਦੇ ਨਾਂਅ ਉਤੇ ਵੰਡਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਉਸ ਨੇ ਭਾਵੇਂ ਗ਼ਜ਼ਲਾਂ ਦੇ ਸਿਰਲੇਖ ਨਜ਼ਮਾਂ ਵਾਂਗ ਲਿਖੇ ਹਨ ਪ੍ਰੰਤੂ ਉਹ ਆਪਣੇ ਗ਼ਜ਼ਲ ਸਰੂਪ ਵਿਚ ਪੂਰੀਆਂ ਹਨ। ਉਨ੍ਹਾਂ ਦੇ ਛੰਦ ਬਹਿਰ ਅਤੇ ਕਾਫੀਏ ਰਦੀਫ ਸੰਪੂਰਨ ਹਨ। ਉਸ ਦੇ ਕਈ ਸ਼ਿਅਰ ਦਿਲ ਨੂੰ ਮੋਂਹਦੇ ਅਤੇ ਆਤਮਾ ਨੂੰ ਝੰਜੋੜਦੇ ਹਨ। ਕੁਝ ਸ਼ਿਅਰ ਪੇਸ਼ ਹਨ :
ੲ ਔਰਤ ਕੁੱਖੋਂ ਜਨਮ ਲਿਆ ਔਰਤ ਨੂੰ ਮਾੜਾ ਕਹਿੰਦਾ ਏ
ਤੈਨੂੰ ਰੱਬ ਨੇ ਕਲਮ ਹੈ ਦਿੱਤੀ ਸੋਚ ਕੇ ਕਲਮ ਚਲਾਇਆ ਕਰ।
ੲ ਮੈਂ ਮਿੱਟੀ ਦਾ ਪੁਤਲਾ ਮੇਰਾ ਮਾਣਸ ਨਾਂਅ
ਵਿਚ ਮਜ਼੍ਹਬਾਂ ਦੇ ਵੰਡਿਆ ਮੇਰਾ ਸ਼ਹਿਰ ਗਿਰਾਂ।
ੲ ਹਾਕਿਮਾਂ ਲਈ ਕਾਨੂੰਨ ਨਹੀਂ ਮਜ਼ਲੂਮ ਫਸਾਏ ਜਾਂਦੇ ਨੇ
ਕੁਰਸੀ ਖਾਤਿਰ ਲੋਕਾਂ ਵਿਚ ਦੰਗੇ ਕਰਵਾਏ ਜਾਂਦੇ ਨੇ।
'ਖਿੜਦੇ ਫੁੱਲ' ਕਾਵਿ ਸੰਗ੍ਰਹਿ ਵਿਚ ਵੰਨ-ਸੁਵੰਨਤਾ ਦੇ ਵਿਸ਼ਿਆਂ ਦੇ ਸਿਖਿਆਦਾਇਕ ਫੁੱਲ ਮਹਿਕ ਰਹੇ ਹਨ। ਪੁਸਤਕ ਨੂੰ ਦਿਲੋਂ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਇਕ ਚੂੰਢੀ ਲੂਣ ਦੀ
ਲੇਖਕ : ਫਰਜ਼ੰਦ ਅਲੀ
ਅਨੁਵਾਦਕ (ਲਿਪੀਅੰਤਰ) : ਪਰਮਜੀਤ ਸਿੰਘ ਮੀਸ਼ਾ (ਡਾ:)
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 260 ਰੁਪਏ, ਸਫ਼ੇ : 232.

ਖਲਕਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਇਕ ਲੋਕਾਂ ਦੀ ਜੋਕਾਂ ਦੀ। ਅਸੰਤੁਲਿਤ ਨਿਜ਼ਾਮ ਵਾਲੇ ਇਸ ਸਮਾਜ ਵਿਚ ਕਿਰਤੀਆਂ ਵੱਲੋਂ ਜਿੰਦ ਤੋੜ ਕੇ ਕਿਰਤ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਫਾਕਿਆਂ ਭਰੇ ਦਿਨਾਂ ਨਾਲ ਹੀ ਦੋ-ਚਾਰ ਹੁੰਦਿਆਂ ਸਿਰਫ ਦਿਨ ਕਟੀ ਹੀ ਕਰਨੀ ਪੈਂਦੀ ਹੈ ਸਗੋਂ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਦਾ ਸਰਾਫ ਵੀ ਭੁਗਤਣਾ ਪੈਂਦਾ ਹੈ। ਬਗਾਵਤੀ ਇਰਾਦੇ ਬੜਾ ਕੁਝ ਨੂੰ ਲੋਚਦੇ ਹਨ ਜਿਸ ਲਈ ਯਤਨ ਵੀ ਕੀਤੇ ਜਾਂਦੇ ਨੇ ਪਰ ਬੇਵਸੀ ਭਾਰੂ ਪੈ ਜਾਂਦੀ ਹੈ। 'ਇਕ ਚੂੰਢੀ ਲੂਣ ਦੀ (ਨਾਵਲ))' ਵਿਚ ਲੇਖਕ ਫਰਜ਼ੰਦ ਅਲੀ ਨੇ ਅਜਿਹੇ ਯਥਾਰਥਵਾਦ ਹੀ ਨੂੰ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਲਿਪੀਅੰਤਰ ਕਰਕੇ ਪਰਮਜੀਤ ਸਿੰਘ ਮੀਸ਼ਾ ਨੇ ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ।
ਕਿਰਤੀ ਸੱਭਿਆਚਾਰ ਦਾ ਮਿੱਟੀ ਨਾਲ ਮਿੱਟੀ ਵੀ ਹੋਣਾ, ਆਪਣੇ ਮਾਲਕਾਂ (ਸ਼ਾਹਾਂ) ਨਾਲ ਵਫ਼ਾਦਾਰੀ ਨਿਭਾਉਣੀ, ਮੂੰਹ ਫੱਟ ਜ਼ੋਰੂ ਨਾਲ ਸਬਰ ਨਾਲ ਹੰਢਣਾ, ਧੀਆਂ ਵੱਲੋਂ ਮਾਪਿਆਂ ਨਾਲ ਧਿਰਾਂ ਬਣ ਕੇ ਖੜ੍ਹਨਾ, ਗਰੀਬੀ ਦੇ ਫਾਕਿਆਂ ਵਿਚ ਹੀ ਕਿਸੇ ਯਤੀਮ ਪਰ ਉੱਦਮੀ ਗੱਭਰੂ ਦਾ ਪੜ੍ਹ ਜਾਣਾ, ਹੱਕ ਹਕੂਕ ਲਈ ਜੱਦੋ-ਜਹਿਦ ਵਿੱਢਣਾ, ਕ੍ਰਾਂਤੀ ਦੀ ਚਿਣਗ ਫੁੱਟਣੀ, ਸਰਮਾਏਦਾਰੀ ਵੱਲੋਂ ਸੁੱਟੀਆਂ ਬੁਰਕੀਆਂ ਨਾਲ ਡੱਬੂਆਂ ਦੀ ਹੇੜ ਪੈਦਾ ਹੋਣੀ, ਮਜ਼ਦੂਰ ਯੂਨੀਅਨ ਦੇ ਵਿਕਾਊ ਨੇਤਾਵਾਂ ਵੱਲੋਂ ਮਾਲਿਕਾਂ ਨਾਲ ਗੰਢ-ਤੁਪ ਕਰਕੇ ਬੁੱਲ੍ਹੇ ਲੁੱਟਣੇ, ਮੁੱਠੀ ਭਰ ਬਾਗੀਆਂ ਦਾ ਮੁਕਾਬਲਾ ਬਣ ਜਾਣਾ, ਵਿੱਢੇ ਜੱਦੋ-ਜਹਿਦ ਅੱਧ ਵਿਚ ਹੀ ਖਿੰਡ ਜਾਣ ਦੀ ਤਰਾਸਦੀ, ਮਜ਼ਦੂਰਾਂ ਦਾ ਫਿਰ ਤੋਂ ਕੋਹਲੂ ਦਾ ਬੈਲ ਬਣਨ ਲਈ ਸਿਰ ਸੁੱਟ ਲੈਣਾ, ਚਾਰ ਛਿੱਲੜਾਂ ਜੇਬ ਵਿਚ ਆ ਜਾਣ ਨਾਲ ਆਪਣੀ ਔਕਾਤ ਨੂੰ ਭੁੱਲ ਕੇ ਹਉਮੈ ਦੀ ਪਹਾੜੀ ਚੜ੍ਹ ਬਹਿਣਾ, ਪੈਸੇ ਦੀ ਅੰਨ੍ਹੀ ਲਾਲਸਾ ਵਿਚ 'ਇਕ ਚੂੰਢੀ ਲੂਣ ਦੀ' ਵੀ ਨਾ ਖਾ ਸਕਣਾ, ਵਿਛੜੇ ਮਾਂ ਪੁੱਤ ਦੇ ਆਪਸੀ ਮਿਲਾਪ ਲਈ ਤਰਸੇਵਾਂ, ਧਰਮ ਸਥਾਨਾਂ ਉਤੇ ਸ਼ਾਹੂਕਾਰੀ ਦਾ ਦਬਦਬਾ, ਔਰਤ ਜਾਤੀ ਨੂੰ ਅਪਮਾਨਤ ਕਰਨ ਲਈ ਗ਼ਲਤ ਵਿਖਿਆਣ ਹੋਣੇ ਅਤੇ ਪਾਕਿ ਪਵਿੱਤਰ ਅਸਥਾਨਾਂ ਨੂੰ ਅੱਯਾਸ਼ੀ ਦੇ ਅੱਡੇ ਬਣ ਜਾਣੇ ਆਦਿ ਵਰਤਾਰਿਆਂ ਦੇ ਕੌੜੇ ਸੱਚ ਦੇ ਡੂੰਘੇ ਸ਼ਬਦੀ ਸਾਗਰ ਵਿਚੋਂ ਮੋਤੀਆਂ ਦੀ ਮਾਲਾ ਲੱਭ ਕੇ ਪਾਠਕਾਂ ਦੇ ਰੂਬਰੂ ਕਰਨ ਦੀ ਇਕ ਸਫਲ ਕੋਸ਼ਿਸ਼ ਹੈ ਇਹ ਨਾਵਲ 'ਇਕ ਚੂੰਢੀ ਲੂਣ ਦੀ।'
ਇਹ ਨਾਵਲ ਆਪਣੀ ਰੌਚਕ ਕਹਾਣੀ ਨਾਲ ਜਿਥੇ ਪਾਠਕਾਂ ਨੂੰ ਪੜ੍ਹਨ ਦੀ ਚੇਟਕ ਲਾਉਣ ਵਿਚ ਕਾਫੀ ਸਮਰੱਥਾ ਰੱਖਦਾ ਹੈ, ਉਥੇ ਆਪਣੀ ਖੇਤਰੀ (ਸ਼ਾਹਮੁਖੀ) ਸ਼ਬਦਾਵਲੀ (ਜਿਵੇਂ ਜਣਾ/ਮਰਦ, ਜਣੀ/ ਔਰਤ, ਬਾਜੀ/ਵੱਡੀ ਭੈਣ, ਮੰਮਨੀ/ਸੁਸਰੀ, ਕੰਡੋਰੀ/ਚੰਗੇਰ, ਚਾਈ/ਚੁੱਕੀ, ਇਹਤਰਾਮ/ਸਤਿਕਾਰ, ਵੰਞਣ/ਜਾਣ ਅਤੇ ਆਕਬਤ/ਪ੍ਰਲੋਕ ਆਦਿ ਨਾਲ) ਪੰਜਾਬੀ ਪਾਠਕ ਦੇ ਗਿਆਨ ਭੰਡਾਰ ਵਿਚ ਵਾਧਾ ਕਰਨ ਦੇ ਵੀ ਸਮਰੱਥ ਹੈ।

ਨਿਆਗਰਾ ਦੇ ਦੇਸ਼ ਵਿਚ
ਲੇਖਕ : ਸਲੀਮ ਪਾਸ਼ਾ
ਅਨੁਵਾਦਕ: ਰੋਜ਼ੀ ਸਿੰਘ
ਪ੍ਰਕਾਸ਼ਕ: ਕੋਲਾਜ਼ ਪ੍ਰਕਾਸ਼ਨ ,ਜਲੰਧਰ
ਮੁੱਲ :150 ਰੁਪਏ, ਸਫ਼ੇ : 126.

ਕੁਦਰਤ ਨੇ ਆਪਣੀ ਕਲਾ ਵਰਤਾਉਂਦਿਆਂ ਜਿਥੇ ਧਰਤੀ ਦੇ ਖਾਸ ਖੇਤਰਾਂ ਨੂੰ ਇਕ ਨਿਵੇਕਲੀ ਸੁਹਜ ਭਰੀ ਦਿੱਖ ਪ੍ਰਦਾਨ ਕੀਤੀ ਹੈ, ਉਥੇ ਮਨੁੱਖ ਨੇ ਵੀ ਆਪਣੇ ਉੱਦਮ ਹਿੰਮਤ ਨਾਲ ਅਜਿਹੇ ਖੇਤਰਾਂ ਨੂੰ ਇਕ ਸੁਪਨਈ ਜਗ੍ਹਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕੈਨੇਡਾ ਵੀ ਇਸੇ ਧਰਤੀ ਦਾ ਹੀ ਇਕ ਅਜਿਹਾ ਹਿੱਸਾ ਜਿਥੇ ਕੁਦਰਤੀ ਸੁਹਜ ਵੀ ਹੈ ਤੇ ਮਾਨਵੀ ਕਦਰਾਂ-ਕੀਮਤਾਂ ਨਾਲ ਮਾਲਾਮਾਲ ਕਾਇਦੇ ਕਾਨੂੰਨ ਲਾਗੂ ਹਨ। ਇਸ ਸਭ ਕੁਝ ਨੂੰ ਮਾਨਣ ਦੇ ਸਬੱਬ ਨੇ ਹੀ ਪਾਕਿਸਤਾਨੀ ਭਰਾ ਉਘੇ ਚਿਤਰਕਾਰ ਤੇ ਲੇਖਕ ਸਲੀਮ ਪਾਸ਼ਾ ਨੂੰ ਸਫਰਨਾਮਾ ਲਿਖਣ ਲਈ ਉਤਸ਼ਾਹ ਭਰਿਆ। ਸ਼ਾਹਮੁੱਖੀ ਵਿਚ ਲਿਖੇ ਇਸ ਸਫ਼ਰਨਾਮੇ ਨੂੰ ਰੋਜ਼ੀ ਸਿੰਘ ਨੇ ਪੰਜਾਬੀ (ਗੁਰਮੁਖੀ)ਵਿਚ ਅਨੁਵਾਦ ਕਰਕੇ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ ਹੈ।
ਸਲੀਮ ਪਾਸ਼ਾ ਨੇ ਆਪਣੀ ਕੈਨੇਡਾ ਫੇਰੀ ਦੀ ਹਰ ਬਰੀਕੀ ਨੂੰ ਇਸ ਵਿਧਾ/ਢੰਗ ਨਾਲ ਪੇਸ਼ ਕੀਤਾ ਕਿ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਸ਼ਬਦਾਂ ਦੇ ਕੰਧੇੜੇ ਚੜਕੇ ਜਿਵੇਂ ਖ਼ੁਦ ਹੀ ਕੈਨੇਡਾ ਵਿਚ ਜਾ ਲੱਥਾ ਹੋਵੇ ਤੇ ਉਥੋਂ ਦੀ ਆਬੋ-ਹਵਾ ਮਾਣ ਰਿਹਾ ਹੋਵੇ। ਪੰਜਾਬੀ ਬੋਲੀ ਦੇ ਦੇਸ਼ੀ ਵਿਦੇਸ਼ੀ ਖਿਦਮਤਦਾਰਾਂ ਡਾ.ਅਜ਼ਹਰ ਮਹਿਮੂਦ, ਡਾ: ਦਰਸ਼ਨ ਸਿੰਘ ਬੈਂਸ, ਅਜਾਇਬ ਸਿੰਘ ਚੱਠਾ, ਸੱਯਦ ਅਲੀ ਇਰਫ਼ਾਨ ਅਖ਼ਤਰ, ਇਕਬਾਲ ਫਰਹਾਦ, ਸ਼ੱਬੀਰ ਹੁਸੈਨ, ਰਵੀ ਸ਼ਰਮਾ, ਸੰਤੋਖ ਸਿੰਘ ਸੰਧੂ ਅਤੇ ਕੁਲਜੀਤ ਸਿੰਘ ਜੰਜੂਆ ਵੱਲੋਂ ਪੰਜਾਬੀ ਬੋਲੀ ਲਈ ਕੀਤੇ ਜਾਂਦੇ ਸੁਹਿਰਦ ਯਤਨਾਂ ਨੂੰ ਸਮਰਪਿਤ ਇਹ ਸਫ਼ਰਨਾਮਾ ਮਨੁੱਖੀ ਰਹਿਣੀ-ਬਹਿਣੀ, ਕਾਰ-ਵਿਹਾਰ ਤੇ ਸੁਭਾਅ ਦੇ ਵਖਰੇਵੇਂ ਨੂੰ ਵੀ ਉਜਾਗਰ ਕਰਦਾ ਹੈ।
ਪਾਸ਼ਾ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਹੈ ਕਿ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾਂਦੇ ਉਪਰਾਲੇ/ਕਾਨਫ਼ਰੰਸਾਂ ਅਦਬ ਦੇ ਆਰ-ਪਾਰ ਹੁੰਦੇ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਫਿਰਕੁਪਣੇ ਦੇ ਆਧਾਰਿਤ ਹੋਈ ਰਾਜਨੀਤਕ ਵੰਡ ਤੇ ਉਥਲ-ਪੁਥਲ ਨੇ ਪੰਜਾਬੀ ਬੋਲੀ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ। ਇਸ ਨੂੰ ਇਕ ਵਿਸ਼ੇਸ਼ ਫਿਰਕੇ ਨਾਲ ਜੋੜ ਕੇ ਦੂਜੇ ਫ਼ਿਰਕੇ ਵੱਲੋਂ ਬੇਲੋੜੀ ਨਫ਼ਰਤ ਭਰੀ ਨਿਗ੍ਹਾ ਨਾਲ ਹੀ ਵੇਖਿਆ ਜਾਂਦਾ ਹੈ। ਸ਼ਾਇਦ ਏਸੇ ਕਰਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਨਹੀਂ ਸਗੋਂ ਉਰਦੂ ਲਿਪੀ ਵਿਚ ਜਾਣੀ ਸ਼ਾਹਮੁੱਖੀ ਵਿਚ ਲਿਖਿਆ ਜਾ ਰਿਹਾ ਹੈ। ਜੇਕਰ ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਗੁਰਮੁਖੀ ਲਿਪੀ ਸਿੱਖਣ-ਸਿਖਾਉਣ ਦਾ ਉਪਰਾਲਾ ਕਰਨ ਤਾਂ ਇਹ ਉਨ੍ਹਾਂ ਵੱਲੋਂ ਪੰਜਾਬੀ ਦੀ ਸੇਵਾ ਲਈ ਇਕ ਹੋਰ ਮੀਲ ਪੱਥਰ ਸਾਬਤ ਹੋ ਸਕਦਾ ਹੈ ਤੇ ਨਾਲ ਹੀ ਪੰਜਾਬੀ ਬੋਲੀ ਫ਼ਿਰਕੂਪੁਣੇ ਦੇ ਗ੍ਰਹਿਣ ਤੋਂ ਮੁਕਤ ਹੋਕੇ ਸੱਚੀਂ-ਮੁਚੀਂ ਪੰਜਾਬੀਆਂ ਦੀ ਮਾਣਮੱਤੀ ਬੋਲੀ ਬਣ ਸਕੇਗੀ।
ਲੇਖਕ ਪਾਸ਼ਾ ਨੇ ਦੇਸ਼ ਦੀ ਹੋਈ ਫ਼ਿਰਕੂ ਵੰਡ ਉਤੇ ਇਸ ਤਰ੍ਹਾਂ ਹਾਅ ਦਾ ਨਾਅਰਾ ਮਾਰਿਆ ਹੈ :
'ਇਕ ਧਰਤੀ ਵਰਗੀ ਮਾਂ ਸੀ,
ਜਿਸ ਦੀ ਪੁੱਤਰਾਂ ਵੰਡੀ ਛਾਂ ਸੀ।'

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

 

22-2-14

 ਮਾਲਵੇ ਦੇ ਲੋਕ ਗੀਤ ਅਤੇ ਲੋਕ ਬੋਲੀਆਂ
ਸੰਗ੍ਰਹਿ ਕਰਤਾ : ਜਸਬੀਰ ਸਿੰਘ ਕੰਗਣਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 136.

ਲੋਕ ਗੀਤਾਂ ਵਿਚ ਜੰਗਲੀ ਫੁੱਲਾਂ ਵਰਗੀ ਤਾਜ਼ਗੀ ਅਤੇ ਮਹਿਕ ਹੁੰਦੀ ਹੈ। ਪੰਜਾਬ ਕੋਲ ਲੋਕ ਗੀਤਾਂ ਦਾ ਅਨਮੋਲ ਸਰਮਾਇਆ ਹੈ। ਇਹ ਦਿਲਾਂ ਵਿਚੋਂ ਨਿਕਲੀਆਂ ਹੋਈਆਂ ਹੂਕਾਂ, ਕੂਕਾਂ, ਕਿਲਕਾਰੀਆਂ ਅਤੇ ਦਿਲਦਾਰੀਆਂ ਹਨ। ਇਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਹੈ ਨਹੀਂ ਤਾਂ ਇਹ ਬਜ਼ੁਰਗ ਪੰਜਾਬਣਾਂ ਦੇ ਨਾਲ ਹੀ ਦਫ਼ਨ ਹੋ ਜਾਣਗੇ। ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਬੋਲੀਆਂ, ਗੀਤਾਂ, ਟੱਪਿਆਂ, ਮਾਹੀਏ ਆਦਿ ਵੰਨਗੀਆਂ ਨੂੰ ਸਹੇਜ ਕੇ ਇਕ ਲੜੀ ਲਈ ਪਰੋਣ ਦਾ ਸੁਚੱਜਾ ਯਤਨ ਕਰਦੀ ਇਹ ਪੁਸਤਕ ਮਾਲਵੇ ਦੇ ਹੁਨਰ ਦਾ ਕਮਾਲ ਹੈ। ਇਸ ਵਿਚ ਸਾਡਾ ਪਿਛੋਕੜ, ਸੱਭਿਆਚਾਰ ਅਤੇ ਰਹੁ-ਰੀਤਾਂ ਸਮੋਈਆਂ ਹੋਈਆਂ ਹਨ। ਪੀੜ੍ਹੀਓ-ਪੀੜ੍ਹੀ ਚਲਦੇ ਲੋਕ ਗੀਤ ਲੋਕ-ਦਿਲਾਂ ਦੇ ਅਸਲੀ ਅਨੁਭਵ ਹਨ, ਇਸ ਲਈ ਇਹ ਸਿੱਧੇ ਦਿਲਾਂ ਵਿਚ ਉਤਰ ਜਾਂਦੇ ਹਨ।
ਲੇਖਕ ਨੇ ਬਹੁਤ ਮਿਹਨਤ ਕਰਕੇ ਇਨ੍ਹਾਂ ਗੀਤਾਂ, ਬੋਲੀਆਂ, ਸੁਹਾਗ, ਘੋੜੀਆਂ ਸਿੱਠਣੀਆਂ ਆਦਿ ਨੂੰ ਇਕੱਤਰ ਕੀਤਾ ਹੈ ਅਤੇ ਸੁੰਦਰ ਢੰਗ ਨਾਲ ਮਾਲਾ ਵਾਂਗ ਪਰੋ ਕੇ ਪਾਠਕਾਂ ਸਾਹਵੇਂ ਰੱਖਿਆ ਹੈ। ਪੁਸਤਕ ਵਿਚ ਵਿਆਹ ਦੀਆਂ ਰਸਮਾਂ ਵਿਚ ਗਾਏ ਜਾਣ ਵਾਲੇ ਗੀਤ, ਨ੍ਹਾਈ ਧੋਈ ਤੇ ਵਟਣਾ ਮਲਣਾ, ਸਿਹਰਾ ਬੰਨ੍ਹਣਾ, ਸੁਰਮਾ ਪਾਉਣਾ, ਘੋੜੀ, ਮੱਥਾ ਟਿਕਾਉਣ, ਜੰਞ ਚੜ੍ਹਨ, ਜੰਞ ਢੁੱਕਣ, ਜੰਞ ਬੰਨ੍ਹਣ, ਫੇਰਿਆਂ, ਵਿਦਾਈ, ਡੋਲੀ ਉਤਾਰਨ ਸਮੇਂ ਅਤੇ ਪਾਣੀ ਵਾਰਨ ਸਮੇਂ ਆਦਿ ਦੇ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਸਿੱਠਣੀਆਂ, ਪੱਗ, ਕਰੀਰ, ਸੰਦੂਕ, ਵੀਰ ਦੇ ਵਿਆਹ, ਮਹਿੰਦੀ, ਹਾਰ-ਸ਼ਿੰਗਾਰ, ਸਾਉਣ, ਛੰਦ ਪਰਾਗੇ, ਚਰਖੇ ਆਦਿ ਬਾਬਤ ਗੀਤ ਸੰਗ੍ਰਹਿਤ ਕੀਤੇ ਗਏ ਹਨ। ਲੋਕ ਗੀਤਾਂ ਵਿਚ ਵੱਖੋ-ਵੱਖਰੇ ਰਿਸ਼ਤਿਆਂ ਜਿਵੇਂ ਵਿਚੋਲਾ-ਵਿਚੋਲਣ, ਭੈਣ-ਭਰਾ, ਸੱਸ-ਨੂੰਹ, ਦਿਉਰ-ਭਰਜਾਈ, ਮਾਂ-ਧੀ ਦੇ ਸਬੰਧਾਂ ਨੂੰ ਵੀ ਬਿਆਨਿਆ ਗਿਆ ਹੈ। ਹੀਰ-ਰਾਂਝਾ, ਮਲਕੀ-ਕੀਮਾ, ਤਮਾਸ਼ੇ ਅਤੇ ਕੁਝ ਹੋਰ ਬੋਲੀਆਂ ਦੇ ਨਾਲ-ਨਾਲ ਆਉਂਦੀ ਕੁੜੀਏ ਜਾਂਦੀ ਕੁੜੀਏ, ਜੰਡ, ਥਾਣੇਦਾਰ, ਮਾਪੇ, ਮੱਤਾਂ ਆਦਿ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਗੀਤਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਸਾਰਾ ਬ੍ਰਹਿਮੰਡ ਹੀ ਕੋਈ ਇਲਾਹੀ ਨਾਦ ਗਾ ਰਿਹਾ ਹੈ, ਧਰਤੀ ਗਾ ਰਹੀ ਹੈ, ਪਹਾੜ ਗਾ ਰਹੇ ਹਨ, ਵਿਆਹ ਗਾ ਰਹੇ ਹਨ, ਰੁੱਤਾਂ ਗਾ ਰਹੀਆਂ ਹਨ, ਪਰੰਪਰਾਵਾਂ ਗਾ ਰਹੀਆਂ ਹਨ, ਦਿਲ ਗਾ ਰਹੇ ਹਨ, ਨਾੜਾਂ ਗਾ ਰਹੀਆਂ ਹਨ। ਸਾਡਾ ਰੋਮ-ਰੋਮ ਕਿਸੇ ਅਗੰਮੀ ਰਾਗ ਨਾਲ ਲਹਿਰਾਉਣ ਲਗਦਾ ਹੈ। ਅੱਜ ਦੇ ਕੰਨ ਪਾੜੂ, ਸ਼ੋਰ-ਸ਼ਰਾਬੇ ਵਾਲੇ ਲੱਚਰ ਸੰਗੀਤ ਦੀ ਹਨੇਰੀ ਵਿਚ ਸਾਡੇ ਪਰੰਪਰਕ ਲੋਕ ਗੀਤ ਬਾਰਸ਼ ਦੀ ਠੰਢੀ ਫੁਹਾਰ ਵਾਂਗ ਸੀਤਲਤਾ ਤੇ ਸ਼ਾਂਤੀ ਪ੍ਰਦਾਨ ਕਰਦੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਫ ਫ ਫ

ਬਲਦੇਵ ਸਿੰਘ ਦਾ ਗਲਪ-ਸੰਸਾਰ
ਲੇਖਕ : ਡਾ: ਅਸ਼ਵਨੀ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 220.

1977 ਤੋਂ ਲੈ ਕੇ ਹੁਣ ਤੱਕ ਨਿਰੰਤਰ ਲਿਖਣ ਵਾਲਾ ਬਲਦੇਵ ਸਿੰਘ (ਸੜਕਨਾਮਾ) ਲਗਭਗ ਪੰਜਾਹ ਪੁਸਤਕਾਂ ਦਾ ਲੇਖਕ ਹੈ, ਜੋ ਨਾਵਲ, ਕਹਾਣੀ, ਨਿਬੰਧ, ਬਾਲ ਸਾਹਿਤ ਤੇ ਨਾਟਕ ਦੇ ਵਿਭਿੰਨ ਖੇਤਰਾਂ ਤੱਕ ਪਸਰੀਆਂ ਹੋਈਆਂ ਹਨ। ਮੁੱਖ ਰੂਪ ਵਿਚ ਉਹ ਗਲਪਕਾਰ ਹੈ ਅਤੇ ਢਾਹਵਾਂ ਦਿੱਲੀ ਦੇ ਕਿੰਗਰੇ ਨਾਵਲ ਦੇ ਨਾਂਅ 'ਤੇ ਸਾਹਿਤ ਅਕਾਦਮੀ ਪੁਰਸਕਾਰ (2011) ਹਾਸਲ ਕਰ ਚੁੱਕਾ ਹੈ। ਡਾ: ਅਸ਼ਵਨੀ ਸ਼ਰਮਾ ਦੀ ਇਹ ਪੁਸਤਕ ਉਸ ਦੇ ਡਿਗਰੀ ਸਾਪੇਖ ਖੋਜ ਕਾਰਜ ਦਾ ਪ੍ਰਕਾਸ਼ਿਤ ਰੂਪ ਹੈ ਅਤੇ ਇਸ ਕਾਰਜ ਲਈ ਨਿਸਚਿਤ ਰੂਪ-ਰੇਖਾ ਅਨੁਸਾਰ ਹੀ ਸੰਪੂਰਨ ਕੀਤਾ ਗਿਆ ਹੈ।
ਪੰਜ ਅਧਿਆਵਾਂ ਵਿਚ ਸੰਪੂਰਨ ਇਸ ਅਧਿਐਨ ਦਾ ਆਰੰਭ ਬਲਦੇਵ ਸਿੰਘ ਦੇ ਜੀਵਨ ਬਿਰਤਾਂਤ, ਵਿੱਦਿਆ, ਰੋਜ਼ੀ-ਰੋਟੀ ਲਈ ਭਾਂਤ-ਸੁਭਾਂਤੇ ਲੰਮੇ ਸੰਘਰਸ਼, ਸਾਹਿਤਕ ਸਫ਼ਰ ਅਤੇ ਮਾਣ-ਸਨਮਾਨਾਂ 'ਤੇ ਝਾਤ ਪੁਆ ਕੇ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ ਉਸ ਦੇ 12 ਕਹਾਣੀ ਸੰਗ੍ਰਹਿਆਂ ਦਾ ਵਿਸ਼ਲੇਸ਼ਣ ਹੈ। ਉਸ ਦੀਆਂ ਕਹਾਣੀਆਂ ਦੀਆਂ ਮੁੱਖ ਥੀਮਿਕ ਇਕਾਈਆਂ ਹਨ : ਕਿਸਾਨੀ ਜੀਵਨ, ਦਲਿਤ ਚੇਤਨਾ, ਮਹਾਂਨਗਰੀ ਚੇਤਨਾ, ਨਾਰੀ ਚੇਤਨਾ ਤੇ ਡਰਾਇਵਰੀ ਜੀਵਨ। ਪਾਤਰ, ਵਾਤਾਵਰਣ, ਭਾਸ਼ਾ, ਕਲਾ ਜੁਗਤਾਂ ਸਭ ਨੂੰ ਉਕਤ ਥੀਮਿਕ ਇਕਾਈਆਂ ਦੇ ਪ੍ਰਸੰਗ ਵਿਚ ਹੀ ਸਮਝਣ ਦਾ ਯਤਨ ਅਸ਼ਵਨੀ ਨੇ ਕੀਤਾ ਹੈ। ਤੀਜੇ ਅਧਿਆਇ ਵਿਚ ਨਾਵਲਾਂ ਦਾ ਅਧਿਐਨ ਕਰਦੇ ਸਮੇਂ ਹਰ ਨਾਵਲ ਬਾਰੇ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਸਮੇਂ ਨਾਵਲ ਨੂੰ ਦੇਸ਼ ਕਾਲ, ਸੰਸਕ੍ਰਿਤੀ, ਵਿਸ਼ੇ ਰੂਪ ਜੁਗਤਾਂ ਦੀ ਗੱਲ ਕੀਤੀ ਹੈ। ਖੋਜਾਰਥੀ ਅਨੁਸਾਰ ਇਨ੍ਹਾਂ ਨਾਵਲਾਂ ਦੀ ਆਧਾਰ ਵਸਤੂ ਪੰਜਾਬੀ ਕਿਸਾਨੀ ਦੀਆਂ ਵਿਭਿੰਨ ਪਰਤਾਂ ਹਨ, ਜਿਨ੍ਹਾਂ ਦੀਆਂ ਲੋੜਾਂ ਥੁੜਾਂ, ਸੁਪਨੇ, ਮਾਨਸਿਕਤਾ ਤੇ ਵਿਹਾਰ ਬਦਲਦੇ ਸਮਾਜਿਕ ਇਤਿਹਾਸਕ ਪ੍ਰਸੰਗਾਂ ਵਿਚ ਸਮਝਣ ਦਾ ਸਿਰਜਣਾਤਮਕ ਯਤਨ ਇਨ੍ਹਾਂ ਵਿਚ ਕੀਤਾ ਗਿਆ ਹੈ। ਇਹ ਬਿਰਤਾਂਤਕ ਉੱਦਮ ਪ੍ਰਗਤੀਵਾਦੀ/ਮਾਨਵਵਾਦੀ ਦ੍ਰਿਸ਼ਟੀ ਤੋਂ ਬਲਦੇਵ ਸਿੰਘ ਨੇ ਤਾਂ ਕੀਤਾ ਹੀ ਹੈ, ਅਸ਼ਵਨੀ ਨੇ ਇਸੇ ਦ੍ਰਿਸ਼ਟੀ ਤੋਂ ਇਸ ਦਾ ਵਿਸ਼ਲੇਸ਼ਣ ਵੀ ਸਫ਼ਲਤਾ ਨਾਲ ਕੀਤਾ ਹੈ। ਬਲਦੇਵ ਸਿੰਘ ਦੀ ਗਲਪ ਦੇ ਵਿਚਾਰਧਾਰਾਈ ਆਧਾਰਾਂ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਨਿਤਾਰਨ ਸਮੇਂ ਅਸ਼ਵਨੀ ਨੇ ਸਿਧਾਂਤਕ ਪਰਿਪੱਕਤਾ ਦਾ ਪ੍ਰਮਾਣ ਦਿੱਤਾ ਹੈ। ਉਸ ਦੀ ਗਲਪ ਦੀ ਕਲਾਤਮਕ ਵਿਲੱਖਣਤਾ ਨੂੰ ਪਛਾਣਨ ਦਾ ਉੱਦਮ ਕਰਕੇ ਖੋਜਾਰਥੀ ਨੇ ਵਿਸ਼ੇ ਅਤੇ ਰੂਪ ਦੋਵਾਂ ਪੱਖਾਂ ਤੋਂ ਇਸ ਅਧਿਐਨ ਨੂੰ ਸੰਤੁਲਿਤ ਬਣਾ ਦਿੱਤਾ ਹੈ। ਖੋਜਾਰਥੀ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਵਾਲ ਸਟਰੀਟ
ਲੇਖਕ : ਨਛੱਤਰ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 222.

ਲੇਖਕ ਵਿਸ਼ਾਲ ਸੂਝ-ਬੂਝ ਦਾ ਮਾਲਕ ਹੈ ਅਤੇ ਦੇਸ਼ ਪਿਆਰ ਉਸ ਦੇ ਰਗ-ਰਗ ਵਿਚ ਵਸਿਆ ਹੋਇਆ ਹੈ। ਹਥਲਾ ਨਾਵਲ ਅਜਿਹੀ ਇਕ ਮਿਸਾਲ ਹੈ, ਜੋ ਹਿੰਦੁਸਤਾਨ ਦੇ ਕੁਰਬਾਨੀ ਦੇ ਪੁੰਜ ਗ਼ਦਰੀ ਬਾਬਿਆਂ ਤੇ ਸ਼ਹੀਦਾਂ ਨੂੰ ਸਮਰਪਿਤ ਹੈ। ਲੇਖਕ ਅਨੁਸਾਰ ਸਾਡਾ ਫਰਜ਼ ਹੈ ਕਿ ਸੰਸਾਰ ਤੇ ਸਮਾਜ ਵਿਚ ਵਾਪਰ ਰਹੀਆਂ ਅਮਾਨਵੀ ਤੇ ਮਨੁੱਖ ਦੋਖੀ ਮਾਰੂ ਨੀਤੀਆਂ ਨੂੰ ਨੰਗਾ ਕਰੀਏ। ਲੁਕਾਈ ਨੂੰ ਭੱਤੀ ਦਾ ਬਾਲਣ ਬਣਾਉਣ ਤੇ ਸੱਚ ਨੂੰ ਸੂਲੀ ਟੰਗਣ, ਵਾਲਿਆਂ ਬਾਰੇ ਜਨਤਾ ਨੂੰ ਸੁਚੇਤ ਕਰੀਏ ਤਾਂ ਕਿ ਲੁਕਾਈ ਕਾਲੀਆਂ ਸ਼ਕਤੀਆਂ ਨੂੰ ਵੰਗਾਰਨ ਤੇ ਲਲਕਾਰਨ ਲਈ ਇਕਜੁਟ ਹੋ ਜਾਵੇ। ਅਜਿਹੇ ਵਿਸ਼ੇ ਨੂੰ ਨਾਵਲ ਵਿਚ ਵੱਖ-ਵੱਖ ਪਾਤਰਾਂ ਤੇ ਘਟਨਾਵਾਂ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਲੇਖਕ ਨੇ ਮਾਪਿਆਂ ਤੇ ਬੱਚਿਆਂ ਵਿਚਲੇ ਵਿਚਾਰਧਾਰਕ ਅੰਤਰ ਨੂੰ ਵੀ ਵੀਸ਼ਾ ਪਾਤਰ ਰਾਹੀਂ ਬਾਖੂਬੀ ਪੇਸ਼ ਕੀਤਾ ਹੈ, ਜਦੋਂ ਕਿ ਬੱਚੇ ਮਾਪਿਆਂ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੁੰਦੇ, ਸਗੋਂ ਮਨਮਾਨੀਆਂ ਕਰਦੇ, ਆਪੇ ਤੋਂ ਬਾਹਰੇ ਹੋ ਕੇ ਵਿਚਰਦੇ ਹਨ। ਅਜੋਕੇ ਪਦਾਰਥਵਾਦੀ ਯੁੱਗ ਦਾ ਕਿਹਾ ਵਰਤਾਰਾ ਹੈ ਕਿ ਜਾਨਵਰਾਂ ਨੂੰ ਤਾਂ ਪਿਆਰਿਆ ਜਾਂਦਾ ਹੈ ਪਰ ਮਨੁੱਖਾਂ ਨੂੰ ਮਾਰਿਆ ਜਾਂਦਾ ਹੈ। ਕਾਮਿਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ, ਬੈਂਕਰ ਡਾਕੂ ਲੁਟੇਰੇ ਹਨ, ਸਰਕਾਰਾਂ ਦਾ ਨਿੱਜੀਕਰਨ ਮੰਡੀ ਨੂੰ ਵਪਾਰ ਬਣਾਉਂਦਾ, ਪੱਛਮੀ ਪ੍ਰਭਾਵ ਇਕੱਲਤਾ ਦਾ ਜੀਵਨ ਪ੍ਰਦਾਨ ਕਰਦਾ, ਸਰਕਾਰ ਦੀ ਅੰਨ੍ਹੀ ਖਪਤਕਾਰੀ ਨੇ ਸਮਾਜੀ ਰਿਸ਼ਤਿਆਂ ਨੂੰ ਖ਼ਤਮ ਕਰ ਦਿੱਤਾ ਹੈ, ਪਿਆਰ ਦੇ ਰਿਸ਼ਤੇ ਮਹਿੰਗਾਈ ਦੀ ਮਾਰ ਹੇਠ ਆ ਕੇ ਟੁੱਟਣ ਦੀ ਕਗਾਰ 'ਤੇ ਹਨ, ਲੁੱਟਾਂ-ਖੋਹਾਂ ਕਰਨ ਵਾਲਿਆਂ ਵਿਰੁੱਧ ਜਨਤਾ ਸੰਘਰਸ਼ ਲਈ ਉੱਠ ਖੜ੍ਹੀ ਹੁੰਦੀ ਹੈ ਆਦਿ ਵਿਸ਼ਿਆਂ ਨੂੰ ਲੇਖਕ ਨੇ ਬੜੇ ਵਿਸਥਾਰ ਨਾਲ ਉਲੀਕਿਆ ਹੈ। ਏਨਾ ਹੀ ਨਹੀਂ, ਹੋਰ ਵੀ ਕਈ ਪਹਿਲੂ ਲਏ ਹਨ, ਜੋ ਜੀਵਨ ਨਾਲ ਸਬੰਧਤ ਹਨ, ਜਿਵੇਂ ਕਿ ਮਨ ਸ਼ਕਤੀਸ਼ਾਲੀ ਕਦੋਂ ਹੁੰਦਾ ਹੈ, ਕੁਦਰਤ ਮਾਨਸਿਕ ਸਕੂਨ ਬਖਸ਼ਦੀ ਹੈ, ਮਾਪਿਆਂ ਨਾਲ ਬੱਚਿਆਂ ਦੀ ਨੇੜਤਾ ਹੋਣੀ ਬਹੁਤ ਜ਼ਰੂਰੀ, ਆਤਮ ਚੇਤੰਨਤਾ ਜ਼ਰੂਰੀ, ਪੜ੍ਹੇ-ਲਿਖੇ ਛੋਟੇ ਤੋਂ ਛੋਟਾ ਕੰਮ ਕਰਦੇ ਹਨ ਪੇਟ ਦੀ ਖਾਤਰ, ਪਿਆਰ, ਦੋਸਤੀ, ਸਤਿਕਾਰ, ਰਾਜਸੱਤਾ, ਭਾਈਚਾਰਕ ਸਾਂਝ, ਪ੍ਰਾਹੁਣਚਾਰੀ, ਚੇਤੰਨਤਾ, ਔਰਤ ਬਾਰੇ ਪਾਸ਼ ਦੀ ਵਿਚਾਰਧਾਰਾ ਤੰਗਦਿਲ, ਮਾਂ-ਬਾਪ ਬਣਨ ਦੀ ਖੁਸ਼ੀ ਅਨੋਖੀ ਹੁੰਦੀ ਹੈ ਅਤੇ ਪੱਛਮ ਵਿਚ ਵੀ ਵਿਆਹੁਤਾ ਜੋੜਿਆਂ ਦੀ ਉਮਰ ਭਰ ਨਿਭਦੀ ਹੈ ਆਦਿ। ਲੇਖਕ ਨੇ ਇਕ ਵਿਸ਼ਾਲ ਕੈਨਵਸ ਉਤੇ ਸਮੁੱਚੇ ਜੀਵਨ ਨੂੰ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਫ ਫ ਫ

ਤਰਕਸ਼
ਸ਼ਾਇਰ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 64.

ਇਸ ਕਾਵਿ-ਪੁਸਤਕ ਵਿਚ ਸ਼ਾਮਿਲ 106 ਕਾਵਿ-ਵਿਅੰਗ ਤਕਨੀਕੀ ਪੱਖੋਂ ਸ਼ਾਇਰ ਦੀ ਪਰਪੱਕ ਸੋਚ ਅਤੇ ਕਲਾ ਪਰਪੱਕਤਾ ਦਾ ਪੁਖਤਾ ਸਬੂਤ ਹਨ। ਡਾ: ਤੇਜਵੰਤ ਸਿੰਘ ਮਾਨ ਅਨੁਸਾਰ, 'ਇਸ ਵਿਅੰਗ-ਕਾਵਿ ਸੰਗ੍ਰਹਿ ਵਿਚਲੇ ਬੰਦਾਂ ਨੂੰ ਪੜ੍ਹਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਨਵਰਾਹੀ ਦਾ ਕਾਵਿ ਬੁੱਧ-ਵਿਲਾਸੀ ਸਮਝਦਾਰ, ਘੁੰਤਰੀ ਵਿਅੰਗ-ਕਾਵਿ ਹੈ। ਉਸ ਦਾ ਕਾਵਿ ਮਕਰ, ਖੱਬਤੀ ਜਾਂ ਹੁਜਤੀ ਨਹੀਂ।'
ਉਸ ਨੇ ਆਪਣੇ ਇਨ੍ਹਾਂ ਕੀਮਤੀ ਕਾਵਿ-ਵਿਅੰਗਾਂ ਵਿਚ ਹਲਕੀ ਪੱਧਰ ਦੀ ਨਿੰਦਾ ਜਾਂ ਮਖੌਲ ਨਹੀਂ ਉਡਾਇਆ। ਉਹਦੇ ਵਿਅੰਗ ਬੰਦ ਅਜਿਹੇ ਨਸ਼ਤਰ ਹਨ, ਜੋ ਅੱਜ ਦੇ ਯੁੱਗ ਵਿਚ ਡਿਗ ਰਹੇ ਸਮਾਜਿਕ, ਨੈਤਿਕ, ਸੱਭਿਆਚਾਰਕ, ਸਾਹਿਤਕ ਕਦਰਾਂ-ਕੀਮਤਾਂ ਦੇ ਮਿਆਰ ਦੀ ਚੀਰ-ਫਾੜ ਕਰਦੇ ਅਨੁਭਵ ਹੁੰਦੇ ਹਨ।
ਉਹ ਅੱਜ ਦੀ ਉਪਭੋਗਤਾ ਵਾਲੀ ਰੁਚੀ ਦਾ ਵਿਅੰਗ ਵਿਧੀ ਰਾਹੀਂ ਜੰਮ ਕੇ ਖੰਡਨ ਕਰਦਾ ਹੈ। ਉਸ ਦੇ ਇਨ੍ਹਾਂ ਬੰਦਾਂ ਵਿਚ ਹਾਸਾ, ਟਿੱਚਰ ਜਾਂ ਕੇਵਲ ਮਖੌਲ ਦਾ ਰੰਗ ਹੀ ਨਹੀਂ ਉੱਭਰਦਾ, ਸਗੋਂ ਇਸ ਦੇ ਨਾਲ ਹੀ ਵਿਅੰਗ ਦੀ ਗੰਭੀਰਤਾ ਭਰੀ ਵਿਸ਼ੇਸ਼ਤਾ ਵੀ ਉੱਭਰਦੀ ਹੈ। 'ਸਸਤੇ ਬੋਲ' ਨਾਂਅ ਦਾ ਵਿਅੰਗ-ਕਾਵਿ ਅੱਜ ਦੀ ਹਲਕੀ ਤੇ ਸਸਤੀ ਸ਼ੁਹਰਤ ਖੱਟਣ ਵਾਲੀ ਗੀਤਕਾਰੀ ਬਾਰੇ ਗੰਭੀਰ ਟਿੱਪਣੀ ਹੈ। ਨੁਸਖਾ, ਨਿਸ਼ਾਨ, ਟੀਰ, ਤਰਾਜ਼ੂ, ਰਵਾਇਤ, ਦੁਰਦਸ਼ਾ, ਜੱਗ ਰਵੀਰਾ, ਘੁੰਗਰੂ, ਤੁਲਨਾ, ਕਲਿਆਣ, ਜ਼ਹਿਰਾਂ, ਹੇਠਾਂ, ਤਕੀਆ, ਇਸ਼ਾਰਾ, ਮਾਇਆਧਾਰੀ, ਤਰੱਕੀ, ਸਹੀ ਇਲਾਜ, ਹਾਜ਼ਮਾ, ਇਲਤਜ਼ਾ, ਆਪਾ-ਧਾਪੀ, ਵੱਕਾਰ, ਪਸਾਰ, ਸਿੱਖਿਆ, ਚੋਰਾਂ ਨੂੰ ਮੋਰ, ਸੌਗਾਤ ਵਰਗੇ ਕਾਵਿ-ਵਿਅੰਗ ਸਮੇਂ ਦੀ ਨਬਜ਼ 'ਤੇ ਉਂਗਲੀ ਰੱਖਦੇ ਹੋਏ ਸਾਨੂੰ ਬਹੁਤ ਕੁਝ ਬਦਲਣ ਅਤੇ ਢੁਕਵੇਂ ਫ਼ੈਸਲੇ ਲੈ ਕੇ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਨਵਰਾਹੀ ਘੁਗਿਆਣਵੀ ਵੱਖ-ਵੱਖ ਅਖ਼ਬਾਰਾਂ ਵਿਚ ਛਪਣ ਵਾਲਾ ਅੱਜ ਦਾ ਜਾਣਿਆ-ਪਛਾਣਿਆ ਕਾਵਿ-ਵਿਅੰਗ ਰਚਣ ਵਾਲਾ ਸ਼ਾਇਰ ਹੈ। ਪੰਜਾਬੀ ਕਾਵਿ-ਵਿਅੰਗ ਸਾਹਿਤ ਨੂੰ ਅਜੇ ਉਸ ਤੋਂ ਹੋਰ ਵੀ ਲੰਮੇਰੀਆਂ ਅਤੇ ਭਰਪੂਰ ਆਸਾਂ ਹਨ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਫ ਫ ਫ

ਬਦਲਦੀ ਰੁੱਤ
ਕਵੀ : ਤੇਜਾ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 150, ਸਫ਼ੇ : 80.

'ਬਦਲਦੀ ਰੁੱਤ' ਕਵੀ ਤੇਜਾ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਉਸ ਨੇ ਇਹ ਕਵਿਤਾਵਾਂ ਆਪਣੇ ਲੰਮੇ ਜੀਵਨ ਸੰਘਰਸ਼ ਵਿਚੋਂ ਕੌੜੇ-ਮਿੱਠੇ ਤਜਰਬਿਆਂ ਵਿਚੋਂ ਪ੍ਰਾਪਤ ਕੀਤੀਆਂ ਹਨ। ਤੇਜਾ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਉਸ ਦੀ ਸਮਾਜਿਕ ਸਰੋਕਾਰਾਂ ਦੀ ਸੁਹਿਰਦਤਾ ਝਰ-ਝਰ ਪੈਂਦੀ ਹੈ। ਇਨ੍ਹਾਂ ਨਿੱਕੀਆਂ ਤੇ ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਵਿਚ ਭਾਵੇਂ ਛੰਦ-ਬਹਿਰ ਦੀ ਪ੍ਰਸਤੁਤੀ ਨਹੀਂ ਹੈ ਪਰ ਕਵਿਤਾਵਾਂ ਪਾਠਕ ਦੇ ਦਿਲ ਤੱਕ ਪਹੁੰਚਦੀਆਂ ਹਨ ਤੇ ਤਰਕ ਸਿਰਜਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਮਨੁੱਖੀ ਸਾਮਾਨ ਵਿਚ ਅਤਿ ਨਵੇਂ ਮਸਲਿਆਂ ਨੂੰ ਕਾਵਿ ਜ਼ਬਾਨ ਦਿੱਤੀ ਗਈ ਹੈ। ਪੰਜਾਬੀ ਸਮਾਜ ਵਿਚ ਹਿੰਸਾ ਅਤੇ ਅਸੱਭਿਅਕ ਕਾਰਜ ਤੇਜਾ ਸਿੰਘ ਨੂੰ ਦੁਖੀ ਕਰਦੇ ਹਨ। ਪੰਜਾਬੀ ਕਲਚਰ ਪੱਛਮੀ ਕਲਚਰ ਵਿਚ ਸਮੋ ਰਿਹਾ ਹੈ। ਇਸ ਪ੍ਰਤੀ ਵੀ ਉਹ ਕਾਵਿ-ਹੇਰਵਾ ਸਿਰਜਦਾ ਹੈ। ਸਮਾਜ ਵਿਚਲੇ ਨਿੱਕੇ-ਨਿੱਕੇ ਜ਼ਿਕਰਯੋਗ ਕਾਰਜਾਂ ਨੂੰ ਕਵਿਤਾਵਾਂ ਵਿਚ ਪੇਸ਼ ਕਰਨ ਦਾ ਸਹਿਜ ਕਵੀ ਨੂੰ ਖੂਬ ਆਉਂਦਾ ਹੈ। ਕਵੀ ਆਸ ਮੁਖੀ ਹੈ ਅਤੇ ਨਿਰਾਸ਼ਾ ਨੂੰ ਸਫ਼ਰ ਦਾ ਟੋਇਆ ਸਮਝਦਾ ਹੈ। ਤਿੜਕ ਰਹੇ ਮਾਨਵੀ ਰਿਸ਼ਤੇ ਅਤੇ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਮਨੁੱਖੀ ਸੁਭਾਅ ਵਿਚ ਜੋ ਕੌੜ ਤੇ ਅਵੇਸਲਾਪਨ ਪੈਦਾ ਕਰ ਦਿੱਤਾ ਹੈ, ਕਵੀ ਨੂੰ ਕੰਡੇ ਵਾਂਗ ਚੁੱਭਦਾ ਹੈ। ਕਵਿਤਾਵਾਂ ਦੀ ਭਾਸ਼ਾ ਸਰਲ ਤੇ ਸਾਧਾਰਨ ਤੋਂ ਸਾਧਾਰਨ ਪਾਠਕ ਦੇ ਸਮਝ ਆਉਣ ਵਾਲੀ ਹੈ। ਕਵੀ ਨਿੱਕੀਆਂ ਕਵਿਤਾਵਾਂ ਦਾ ਵੱਡਾ ਸ਼ਾਇਰ ਪ੍ਰਤੀਤ ਹੁੰਦਾ ਹੈ। ਉਸ ਦੀ ਆਸਮੁਖਤਾ ਸਲਾਹੁਣਯੋਗ ਹੈ :
ਸੂਲਾਂ 'ਤੇ ਸੌਣਾ ਸਿੱਖੀਏ/ਰੋਂਦੇ ਹਸਾਉਣਾ ਸਿੱਖੀਏ
ਬਣੋਂ ਨਾ ਕੱਚ ਦੇ ਯਾਰ/ਟੁੱਟੋ ਨਾ ਅੱਧ-ਵਿਚਕਾਰ
ਬਣੋਂ ਕਾਫ਼ਲਾ ਕਿ ਲੁੱਟ ਨਾ ਸਕੇ ਕੋਈ
ਚਮਕੋ ਬਨੇਰਿਆਂ 'ਤੇ ਚਿਰਾਗ ਬਣ...।

-ਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਉਲਟੀ ਨਾਵ ਤਰਾਵੈ
ਲੇਖਕ : ਨਰਿੰਦਰਜੀਤ ਸਿੰਘ ਸੋਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਨਰਿੰਦਰਜੀਤ ਸਿੰਘ ਸੋਮਾ ਇਕ ਅਨੁਭਵਸ਼ੀਲ ਵਿਅਕਤੀ ਹੈ। ਉਹ ਆਪਣੀ ਵਾਰਤਕ ਪੁਸਤਕ 'ਉਲਟੀ ਨਾਵ ਤਰਾਵੈ' ਲੈ ਕੇ ਪਾਠਕਾਂ ਦੇ ਰੂ-ਬਰੂ ਹੋਇਆ ਹੈ ਅਤੇ ਉਸ ਨੇ ਇਸ ਪੁਸਤਕ ਨੂੰ ਵਾਰਤਕ ਰੂਪ ਸਵੈ-ਜੀਵਨੀ ਦੇ ਰੂਪ ਵਿਚ ਦਰਸਾਇਆ ਹੈ। ਪਰ ਸਾਡੀ ਜਾਚੇ ਇਹ ਪੁਸਤਕ ਸਵੈ-ਜੀਵਨੀ ਦੀ ਵਿਧਾ ਦੀਆਂ ਲੋੜਾਂ ਪੂਰੀਆਂ ਨਾ ਕਰਦੀ ਹੋਈ ਉਸ ਦੀਆਂ ਯਾਦਾਂ ਦਾ ਸੰਗ੍ਰਹਿ ਬਣ ਜਾਂਦੀ ਹੈ। ਪੁਸਤਕ ਦਾ ਸਿਰਲੇਖ 'ਉਲਟੀ ਨਾਵ ਤਰਾਵੈ' ਪੁਸਤਕ ਦੇ ਹਰੇਕ ਪਾਠ ਅਤੇ ਸ਼ਬਦ ਵਿਚ ਸਮਾਇਆ ਹੋਇਆ ਹੈ। ਲੇਖਕ 'ਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਗੁਰਬਾਣੀ ਹੀ ਉਸ ਦਾ ਆਸਰਾ ਬਣਦੀ ਹੈ। ਬੇਸ਼ੱਕ ਉਸ ਦੇ ਫ਼ੌਜ ਦੇ ਦਿਨਾਂ ਦੀ ਕੋਈ ਘਟਨਾ ਹੋਵੇ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਾਰਜ ਕਰਦਿਆਂ ਕੋਈ ਸਮੱਸਆ ਆਈ ਹੋਵੇ, ਗੁਰਬਾਣੀ ਦਾ ਸਿਮਰਨ ਹੀ ਉਸ ਦਾ ਬੇੜਾ ਬੰਨੇ ਲਾਉਂਦਾ ਹੈ। ਇਥੋਂ ਤੱਕ ਕਿ ਫ਼ੌਜ ਵਿਚ ਭਰਤੀ ਹੋਣ ਦੀ ਘਟਨਾ ਹੋਵੇ, ਚਾਹੇ 'ਵੈਸਾਖੀ ਪ੍ਰਭੁ ਭਾਵੈ' ਵਾਲੇ ਸਿਰਲੇਖ ਵਿਚ ਬਦਲੀ ਕਰਵਾਉਣ ਵਾਲਾ ਵੇਰਵਾ ਹੋਵੇ, ਚਾਹੇ ਜੇਲ੍ਹ ਯਾਤਰਾ ਵਾਲਾ ਬਿਰਤਾਂਤ ਹੋਵੇ 'ਉਲਟੀ ਨਾਵ ਤਰਾਵੈ' ਵਾਲਾ ਗੁਰਬਾਣੀ ਸਿਮਰਨ ਲੇਖਕ ਨੂੰ ਹਮੇਸ਼ਾ ਹੀ ਸਫ਼ਲਤਾ ਪ੍ਰਦਾਨ ਕਰਦਾ ਹੈ।
'ਉਲਟੀ ਨਾਵ ਤਰਾਵੈ' ਪੁਸਤਕ ਵਿਚ ਨਰਿੰਦਰਜੀਤ ਸਿੰਘ ਸੋਮਾ ਨੇ 32 ਲੇਖ ਵੱਖ-ਵੱਖ ਸਿਰਲੇਖਾਂ ਹੇਠ ਲਿਖੇ ਹਨ, ਜੋ ਉਸ ਦੀ ਜ਼ਿੰਦਗੀ ਦੀਆਂ ਯਾਦਾਂ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਇਕ ਲੇਖ ਉਸ ਦੀ ਜ਼ਿੰਦਗੀ ਵਿਚ ਆਏ ਕੁਝ ਵਿਅਕਤੀਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚ ਡਾ: ਤਾਰਨ ਸਿੰਘ ਦਾ ਜ਼ਿਕਰ ਉਹ ਬੜੇ ਸਤਿਕਾਰ ਨਾਲ ਕਰਦਾ ਹੈ। ਲੇਖਕ ਨੇ ਆਪਣੀਆਂ ਇਨ੍ਹਾਂ ਯਾਦਾਂ ਤਹਿਤ ਹਰੇਕ ਉਸ ਵਿਅਕਤੀ ਦਾ ਜ਼ਿਕਰ ਛੇੜਿਆ ਹੈ, ਜੋ ਖਾਸ ਕਰਕੇ ਵਿਭਾਗੀ ਨੌਕਰੀ ਸਮੇਂ ਉਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਬਾ-ਵਸਤਾ ਰਿਹਾ। ਇਥੋਂ ਤੱਕ ਕਿ 'ਵਡਭਾਗਣ' ਵਾਲੇ ਸਿਰਲੇਖ ਵਿਚ ਲੇਖਕ ਨੇ ਨਿੰਮ ਦਾ ਵੀ ਮਾਨਵੀਕਰਨ ਕਰ ਵਿਖਾਇਆ ਹੈ। ਗੁਰਬਾਣੀ ਸ਼ਬਦਾਂ ਦੀਆਂ ਪੰਕਤੀਆਂ ਵੀ ਲੇਖਾਂ ਨੂੰ ਅਨੋਖਾ ਰੰਗ ਚਾੜ੍ਹਦੀਆਂ ਹਨ। ਇਸ ਪੁਸਤਕ ਵਿਚਲੀ ਲੇਖਕ ਦੀ ਕੋਈ ਯਾਦ ਪੜ੍ਹ ਲਵੋ, ਹਰੇਕ ਵਿਚੋਂ ਗੁਰਬਾਣੀ ਮਾਰਗ ਦੀ ਰੌਸ਼ਨੀ ਦੀਆਂ ਧੁਨੀਆਂ ਹੀ ਸੁਣਾਈ ਦਿੰਦੀਆਂ ਹਨ। ਪਾਠਕ ਇਸ ਪੁਸਤਕ ਵਿਚਲੀ ਸਰਲ ਤੇ ਸਾਦੀ ਸ਼ੈਲੀ ਦਾ ਆਨੰਦ ਮਾਣਦਿਆਂ ਜ਼ਿੰਦਗੀ ਦੀਆਂ ਸੁਚੱਜੀਆਂ ਕਦਰਾਂ-ਕੀਮਤਾਂ ਵੀ ਗ੍ਰਹਿਣ ਕਰਦਾ ਹੈ। ਸੰਖੇਪ ਪਰ ਭਾਵਪੂਰਤ ਯਾਦਾਂ ਦੇ ਰੂਪ ਵਿਚ ਲਿਖੇ ਇਹ ਲੇਖ ਲੇਖਕ ਦੀ ਗੂੜੀ ਹੋਈ ਸ਼ਖ਼ਸੀਅਤ ਦਾ ਹੁੰਗਾਰਾ ਬਣਦੇ ਹਨ। ਪਾਠਕਾਂ ਨੂੰ ਇਹ ਪੁਸਤਕ ਜ਼ਿੰਦਗੀ ਦੀਆਂ ਉੱਚ ਕਦਰਾਂ-ਕੀਮਤਾਂ ਨਾਲ ਜੋੜਨ ਦਾ ਉਪਰਾਲਾ ਬਣੇਗੀ। ਇਸ ਪੁਸਤਕ ਲਈ ਲੇਖਕ ਨਰਿੰਦਰਜੀਤ ਸਿੰਘ ਸੋਮਾ ਵਧਾਈ ਦਾ ਹੱਕਦਾਰ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

05-01-2014

ਇਹ ਕਿਹੋ ਜਿਹੇ ਰਿਸ਼ਤੇ
ਲੇਖਕ : ਅਸ਼ਵਨੀ ਕੁਮਾਰ 'ਸਾਵਣ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸਨ ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 136.

ਅਸ਼ਵਨੀ ਕੁਮਾਰ 'ਸਾਵਣ' ਨਾਟਕ ਤੋਂ ਕਹਾਣੀ ਵੱਲ ਪਰਤਿਆ, ਜਿਸ ਵਿਚ 17 ਕਹਾਣੀਆਂ ਹਨ। ਇਸ ਤੋਂ ਪਹਿਲਾਂ ਉਸ ਦਾ ਪੂਰਾ ਨਾਟਕ 'ਬੰਦਾ ਸਿੰਘ ਬਹਾਦਰ', ਪੰਜ ਅਣਛਪੇ ਪਰ ਖੇਡੇ ਜਾ ਚੁੱਕੇ ਨਾਟਕ ਤੇ ਹੋਰ ਦਰਜਨ ਕੁ ਦੇ ਕਰੀਬ ਛੋਟੇ ਨਾਟਕ ਆ ਚੁੱਕੇ ਹਨ। ਪੁਸਤਕ ਦੀਆਂ ਕਹਾਣੀਆਂ ਵਿਚ ਸਪੱਸ਼ਟਤਾ ਦਾ ਮੀਰੀ ਗੁਣ ਹੈ। ਕਹਾਣੀ ਆਪਣਾ 'ਦੇਸ਼ ਆਪਣੇ ਲੋਕ' ਵਿਚ ਪੂਰਬੀ ਭਈਆ ਰਾਧੇ ਸ਼ਾਮ ਚੰਨਣ ਸਿੰਘ ਦੇ ਘਰ ਕੰਮ ਕਰਦਾ ਹੈ। ਚੰਨਣ ਸਿੰਘ ਦਾ ਪੁੱਤਰ ਜੀਤ ਤੇ ਰਾਧੇ ਸ਼ਾਮ ਦਾ ਪੁੱਤਰ ਰਾਮੂ ਬਚਪਨ ਦੇ ਹਾਣੀ ਹਨ। 'ਕੱਠੇ ਖੇਡਦੇ ਹਨ। ਬਾਅਦ ਵਿਚ ਜੀਤ ਕੈਨੇਡਾ ਚਲਾ ਜਾਂਦਾ ਹੈ। ਵਾਪਸ ਆ ਕੇ ਉਸ ਦੇ ਅੰਦਰਲਾ ਜਾਤੀ ਹੰਕਾਰ ਬੋਲਦਾ ਹੈ।
'ਤੂੰ ਸਾਲਿਆ ਸਾਡੇ ਟੁਕੜਿਆਂ 'ਤੇ ਪਲ ਕੇ ਸਾਡੇ ਬਰਾਬਰ ਕਿਥੋਂ ਹੋ ਗਿਆਂ?'
ਅੱਗੋਂ ਰਾਮੂੰ ਕਹਿੰਦਾ ਹੈ 'ਅਸੀਂ ਪੰਜਾਬ ਆ ਕੇ ਹੱਡ ਭੰਨ ਕੇ ਕੰਮ ਕਰਦੇ ਹਾਂ। ਤੁਸੀਂ ਉਧਰ ਜਾ ਕੇ ਕਰਦੇ ਹੋ।
ਅਸੀਂ ਏਧਰ ਭਈਏ,ਤੁਸੀ ਉਧਰ ਭਈਏ' (ਪੰਨਾ-55) ਸੌ ਦਾ ਨੋਟ ਰੁੜ੍ਹ ਗਿਆ (ਪੰਨਾ-70) ਬੜੀ ਦਿਲਚਸਪ ਕਹਾਣੀ ਹੈ। ਸ੍ਰੀਮਤੀ ਸ਼ਰਮਾ ਦੇ ਘਰ ਮਿਸਤਰੀ ਕੰਮ ਕਰਕੇ ਚਲੇ ਗਏ ਥੋੜ੍ਹੀ ਜਿਹੀ ਰੇਤਾਂ ਬਚ ਗਈ। ਉਹ ਚਾਹੁੰਦੀ ਹੈ ਕਿ ਰੇਤਾਂ ਸੌ ਰੁਪਏ ਦੀ ਵਿਕ ਜਾਵੇ ਪਰ ਖਰੀਦਣ ਕੋਈ ਨਾ ਆਇਆ। ਫਿਰ ਮੰਦਿਰ ਵਿਚ ਰੇਤਾ ਦਾਨ ਦੇਣ ਬਾਰੇ ਸੋਚਿਆ ਮੰਦਿਰ ਵਾਲੇ ਥੋੜ੍ਹੀ ਜਿਹੀ ਰੇਤਾਂ ਲੈ ਗਏ ਬਾਕੀ ਛੱਡ ਗਏ। ਤੇਜ਼ ਮੀਂਹ ਪਿਆ। ਰੇਤ ਰੁੜ੍ਹ ਕੇ ਗਟਰ ਵਿਚ ਚਲੀ ਗਈ। ਮੁਹੱਲੇ ਦਾ ਪਾਣੀ ਰੁਕ ਗਿਆ। ਲੋਕਾਂ ਦੇ ਫੋਨ 'ਤੇ ਫੋਨ ਆਉਣ ਲੱਗੇ। ਗਟਰ ਸਾਫ਼ ਕਰਨ ਵਾਲੇ ਆਏ। ਉਨ੍ਹਾਂ ਪੰਜ ਸੌ ਰੁਪਏ ਮੰਗ ਲਏ। ਸ੍ਰੀਮਤੀ ਸ਼ਰਮਾ ਬਹੁਤ ਪਛਤਾਈ। ਇਥੇ ਗੱਲ ਸ਼ਹਿਰੀ ਮਾਨਸਿਕਤਾ ਦੀ ਹੈ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਚੰਗੀ ਰੌਚਿਕਤਾ ਹੈ। ਇਸ ਦੇ ਪਾਤਰ ਵੀ ਪੂਰੀ ਤਰ੍ਹਾਂ ਕਿਰਿਆਸ਼ੀਲ ਹਨ। ਭਰਪੂਰ ਕਥਾ ਰਸ ਹੈ। 'ਅੱਕ ਦਾ ਫਲ' ਵਿਚ ਭੈਣ ਭਰਾ ਵਿਚ ਜਾਇਦਾਦ ਦੇ ਝਗੜੇ ਤੋਂ ਚਿੱਟੇ ਹੁੰਦੇ ਲਹੂ ਦੀ ਦਾਸਤਾਨ ਹੈ। (ਪੰਨਾ-85) 'ਕੱਖੋਂ ਹੌਲੀ ਜ਼ਿੰਦਗੀ' ਕਹਾਣੀ ਦੀ ਔਰਤ ਪਾਤਰ ਆਪਣੀ ਵੇਦਨਾ ਕਹਿੰਦੀ ਹੈ ਕਿ ਤੁਹਾਡੀ ਤੇ ਇਕ ਧੀ ਦੀ ਜਾਨ ਗਈ ਸੀ। ਪਰ ਉਸ ਦੇ ਬਦਲੇ ਤੁਸੀਂ ਜਿਨ੍ਹਾਂ ਧੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਜਾ ਰਹੇ ਹੋ, ਉਨ੍ਹਾਂ ਦਾ ਇਨਸਾਫ਼ ਕੌਣ ਕਰੇਗਾ?
(ਪੰਨਾ-97) ਪੁਸਤਕ ਦੀਆਂ ਕਹਾਣੀਆਂ ਡਾਲੀ ਨਾਲੋਂ ਟੁੱਟਾ ਫੁੱਲ, ਕੌਣ ਦਿਲਾਂ ਦੀਆਂ ਜਾਣੇ, ਜਨਮ ਪੱਤਰੀ, ਪੀੜ ਪਰਾਈ, ਤਰੱਕੀ, ਆਸ਼ਿਕ ਰੋਂਦੇ ਰੱਤ ਨੀ, ਗਵਾਚਾ ਪਿੰਡ ਪੁਸਤਕ ਦੀਆਂ ਸਮਾਜਿਕ ਵਿਸ਼ਿਆਂ 'ਤੇ ਚੰਗੀਆਂ ਕਹਾਣੀਆਂ ਹਨ। ਪੁਸਤਕ ਹਰ ਵਰਗ ਦੇ ਪਾਠਕ ਵਾਸਤੇ ਪੜ੍ਹਨ ਵਾਲੀ ਹੈ।

¸ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160


 ਦਿਲ ਦਾ ਕੌਲ ਫੁੱਲ

ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 128.

ਲੇਖਕ ਨੂੰ ਜੀਵਨ ਦਾ ਡੂੰਘਾ ਅਨੁਭਵ ਹੈ, ਜਿਸ ਸਦਕਾ ਉਸ ਨੇ ਆਪਣੇ ਨਾਵਲਾਂ ਵਿਚ ਜੀਵਨ ਦਾ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਰਾਜਸੀ ਭ੍ਰਿਸ਼ਟਾਚਾਰ ਤੇ ਆਰਥਿਕ ਨਾਬਰਾਬਰੀ ਦੀ ਗੱਲ ਖੁੱਲ੍ਹ ਕੇ ਪੇਸ਼ ਕੀਤੀ ਹੈ। ਨਾਵਲ ਦਾ ਮੁੱਢ ਭਾਵੇਂ ਇਕ ਪ੍ਰੇਮ ਕਹਾਣੀ ਤੋਂ ਹੁੰਦਾ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਮਨੁੱਖ ਦੇ ਅੰਦਰੋਂ ਸਾਰੇ ਔਝੜ ਰਾਹ ਪਾਰ ਕਰਦਾ ਹੋਇਆ ਪ੍ਰਗਟ ਹੋ ਜਾਂਦਾ ਹੈ। ਇਕ ਪਾਸੇ ਮਾਂ ਪਿਆਰ ਤੋਂ ਸੱਖਣੇ ਨੌਜਵਾਨ ਦੀ ਗਾਥਾ ਹੈ, ਜੋ ਆਪਣੇ ਜੀਵਨ ਪੰਧ ਬਾਰੇ ਕੁਝ ਫ਼ੈਸਲਾ ਨਹੀਂ ਲੈ ਸਕਦਾ। ਉਸ ਦੀ ਸੋਚ ਸੀਮਤ ਹੈ ਆਪਣੇ ਬਾਪ ਦੇ ਫ਼ੈਸਲੇ ਤੱਕ। ਨਾ ਉਸ ਦੀ ਕੋਈ ਸਲਾਹ ਨਾ ਮਰਜ਼ੀ, ਪਰ ਜਦੋਂ ਦਸ ਸਾਲ ਦੀ ਹਾਨਣ ਕੁੜੀ ਸਿਲ੍ਹੀਆਂ ਅੱਖਾਂ ਆਪਣੀ ਚੁੰਨੀ ਨਾਲ ਪੂੰਝਦੀ ਹੈ ਤਾਂ ਪਿਆਰ ਆਪਮੁਹਾਰੇ ਉਮੜ ਆਉਂਦਾ ਹੈ, ਬਚਪਨ ਦਾ ਪਿਆਰ ਬਿਨਾਂ ਕਿਸੇ ਲਾਲਸਾ ਤੋਂ। ਦੂਜੇ ਅਜਿਹੇ ਜਾਗੀਰਦਾਰੀ ਸਮਾਜ ਦਾ ਚਿਤਰਨ ਹੈ, ਜਿਸ ਵਿਚ ਸਰਦਾਰ ਕਈ-ਕਈ ਵਿਆਹ ਕਰਵਾਉਂਦੇ, ਐਸ਼ਾਂ ਕਰਦੇ ਤੇ ਪਤਨੀਆਂ ਦੇ ਹੱਥ ਮੰਜੇ ਦੇ ਪਾਵਿਆਂ ਹੇਠ ਰੱਖ ਕੇ ਆਪ ਘੁਰਾੜੇ ਮਾਰਦੇ ਸੌਂ ਜਾਂਦੇ-ਕਿਹੋ ਜਿਹਾ ਗ਼ੈਰ-ਮਨੁੱਖੀ ਵਤੀਰਾ ਸੀ ਔਰਤ ਪ੍ਰਤੀ। ਔਰਤਾਂ ਪੂਰਨ ਤੌਰ 'ਤੇ ਗੁਲਾਮੀ ਦਾ ਜੀਵਨ ਬਸਰ ਕਰਦੀਆਂ, ਪਿਉ ਪੁੱਤਰਾਂ ਤੋਂ ਉਨ੍ਹਾਂ ਦੇ ਹੱਕ ਖੋਹ ਕੇ ਮੂਲ ਲੋੜਾਂ ਤੋਂ ਵਾਂਝੇ ਰੱਖਦੇ, ਸ਼ਰਾਬ ਉਨ੍ਹਾਂ ਨੂੰ ਅੰਨਿਆ ਕਰੀ ਰੱਖਦੀ ਤੇ ਗੁਲਾਮ ਔਰਤਾਂ ਮਰਦਾਂ ਦੇ ਸਿਰ 'ਤੇ ਐਸ਼ ਕਰਦੇ।
ਏਨਾ ਹੀ ਨਹੀਂ ਲੇਖਕ ਨੇ ਇਕ ਹੋਰ ਪਹਿਲੂ ਵੀ ਚਿਤਰਿਆ ਹੈ ਕਿਰਤੀਆਂ ਦਾ ਸੰਸਾਰ, ਇਮਾਨਦਾਰਾਂ ਤੇ ਲੋਕ ਹਿਤੂਆਂ ਦਾ ਸੰਸਾਰ, ਜੋ ਹੱਕਾਂ ਲਈ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਹਨ ਹੱਕਾਂ ਲਈ। ਇਕ ਜਮਾਤ ਹੈ ਟੁਕੜਬੋਚਾਂ ਦੀ, ਨੌਕਰਸ਼ਾਹੀ ਦੀ ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ, ਆਤਮਾ ਮਰੀ ਹੋਈ ਹੈ, ਜੋ ਕੇਵਲ ਮਾਲਕ ਦੀ ਜੀ ਹਜ਼ੂਰੀ ਦੇ ਸਿਰ 'ਤੇ ਗੁਜ਼ਾਰਾ ਕਰਦੇ ਹਨ, ਚਾਹੁੰਦੇ ਹੋਏ ਵੀ ਇਸ ਜਾਲ ਵਿਚੋਂ ਨਹੀਂ ਨਿਕਲ ਸਕਦੇ। ਇਕ ਜਮਾਤ ਹੈ ਬੁਰਛਾਗਰਦੀ ਦੀ ਜੋ ਮਾਲਕ ਦੀ ਖਾਤਰ ਲੜ ਮਰਨ ਨੂੰ ਤਿਆਰ ਰਹਿੰਦੇ ਹਨ। ਇਹੀ ਨਹੀਂ ਲੇਖਕ ਨੇ ਜਾਤ-ਪਾਤ ਵਿਚਲਾ ਪਾੜਾ, ਜਗੀਰੂ ਸੋਚ ਮਰਦ ਉਤੇ ਦੂਸਰੀ ਔਰਤ ਦਾ ਹਾਵੀ ਹੋਣਾ, ਧਾਰਮਿਕ ਪਾਖੰਡ ਜੋ ਸਮਾਜ ਨੂੰ ਖੋਖਲਾ ਕਰ ਰਿਹਾ ਹੈ, ਦਾਜ ਦਹੇਜ ਦੀ ਸਮੱਸਿਆ, ਮੇਲੇ-ਤਿਉਹਾਰ ਤੇ ਪਿੰਡ ਤੇ ਸ਼ਹਿਰ ਦਾ ਸੱਭਿਆਚਾਰ ਦਾ ਵਰਨਣ ਵੀ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਸੰਸਾਰ ਦਾ ਸੱਚ ਸ਼ਕਤੀ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 96.

ਬਹੁਵਿਧਾਵੀ ਲੇਖਕ ਰਾਮਨਾਥ ਸ਼ੁਕਲਾ ਦੀ 55ਵੀਂ ਪੁਸਤਕ 'ਸੰਸਾਰ ਦਾ ਸੱਚ ਸ਼ਕਤੀ' ਪੰਜਾਬੀ ਪਾਠਕਾਂ ਦੇ ਰੂਬਰੂ ਹੋਈ ਹੈ। ਲੇਖਕ ਨੇ ਮਹਾਕਾਵਿ, ਕਾਵਿ ਅਤੇ ਮਗਰੋਂ ਲੇਖ ਰਚਨਾ 'ਤੇ ਆਪਣੀ ਮੁਹਾਰਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਥਲੇ ਸੰਗ੍ਰਹਿ ਵਿਚ ਵੱਖੋ-ਵੱਖਰੀਆਂ ਸ਼ਕਤੀਆਂ ਦਾ ਵਰਨਣ ਕਰਦਿਆਂ ਲੇਖਕ ਨੇ ਸਿੱਟਾ ਕੱਢਿਆ ਹੈ ਕਿ ਸੰਸਾਰ ਵਿਚ ਸ਼ਕਤੀ ਹਾਸਲ ਕੀਤੇ ਬਿਨਾਂ ਯਸ਼ ਦੀ ਪ੍ਰਾਪਤੀ ਨਹੀਂ ਹੁੰਦੀ, ਚਾਹੇ ਉਹ ਬੁੱਧੀ, ਸਰੀਰਕ ਜਾਂ ਧਨ ਦੀ ਸ਼ਕਤੀ ਹੋਵੇ।
ਲੇਖਕ ਨੇ ਕਰਾਮਾਤੀ ਸ਼ਕਤੀ, ਭੌਤਿਕ ਸ਼ਕਤੀ, ਆਰਥਿਕ ਸ਼ਕਤੀ, ਰਾਜਨੀਤਕ ਸ਼ਕਤੀ, ਕੁਦਰਤੀ ਸ਼ਕਤੀ, ਬੁੱਧੀ ਦੀ ਸ਼ਕਤੀ, ਰੱਬੀ ਅਵਤਾਰ ਤੇ ਸ਼ਕਤੀ, ਸਾਧਾਰਨ ਲੋਕ ਤੇ ਕਰਾਮਾਤਾਂ, ਚਲਾਕੀ ਨੂੰ ਚਲਾਕੀ ਨਾਲ ਕੱਟਣਾ, ਸ਼ਕਤੀ ਤੇ ਅਹੰਕਾਰ, ਸ਼ਕਤੀ ਤੇ ਯਸ਼, ਚੜ੍ਹਦੇ ਸੂਰਜ ਨੂੰ ਸਲਾਮ, ਸਾਡੇ ਅਡੰਬਰ ਧਨ ਅਤੇ ਯਸ਼ ਲਈ, ਸ਼ਕਤੀ ਹੀ ਭਗਵਾਨ ਹੈ, ਪੂਜਾ ਹਮੇਸ਼ਾ ਸ਼ਕਤੀ ਦੀ ਹੁੰਦੀ ਹੈ, ਸ਼ਕਤੀ ਸੰਸਾਰ ਦਾ ਮੂਲ ਹੈ, ਸ਼ਕਤੀ ਮੂਲ ਬਦਲਦੀ ਹੈ, ਸ਼ਕਤੀ ਲਚਕਦਾਰ ਹੈ, ਭੌਤਿਕ ਅਤੇ ਮਾਨਸਿਕ ਸ਼ਕਤੀ ਦਾ ਸੁਮੇਲ ਮਨੁੱਖ ਨੂੰ ਅਵਤਾਰ ਬਣਾ ਦਿੰਦਾ ਹੈ, ਸ਼ਕਤੀ ਬ੍ਰਹਿਮੰਡ ਦੀ ਧੁਰੀ ਹੈ ਆਦਿ ਚੈਪਟਰਾਂ ਵਿਚ ਆਪਣੀ ਤਰਕਸ਼ੀਲ, ਵਿਗਿਆਨਕ, ਇਤਿਹਾਸਕ, ਮਿਥਹਾਸਕ, ਆਰਥਿਕ, ਰਾਜਨੀਤਕ ਤੇ ਪ੍ਰਕਿਰਤਕ ਸੋਚ ਨੂੰ ਆਧਾਰ ਬਣਾ ਕੇ ਆਕਰਸ਼ਕ ਦ੍ਰਿਸ਼ਟਾਂਤਾਂ ਰਾਹੀਂ ਲੇਖਾਂ ਨੂੰ ਰੌਚਕਤਾ ਪ੍ਰਦਾਨ ਕੀਤੀ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਾਠਕ ਕਿਸੇ ਹੱਦ ਤੱਕ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਤੋਂ ਦੂਰ ਹੁੰਦਾ ਹੈ। ਉਸ ਨੂੰ ਸਮੁੱਚੇ ਬ੍ਰਹਿਮੰਡ ਦੀਆਂ ਸ਼ਕਤੀਆਂ ਸਾਹਮਣੇ ਆਪਣੀ ਨਿਗੁਣੀ ਜਿਹੀ ਹੋਂਦ ਦਾ ਅਹਿਸਾਸ ਹੁੰਦਾ ਹੈ। ਸਰਲਤਾ, ਸਹਿਜਤਾ, ਸੰਜਮਤਾ ਤੇ ਰੌਚਕਤਾ ਇਨ੍ਹਾਂ ਲੇਖਾਂ ਦਾ ਵਿਸ਼ੇਸ਼ ਗੁਣ ਹੈ। ਚੰਗੀ ਗੱਲ ਇਹ ਹੈ ਕਿ ਲੇਖਕ ਪਾਠਕ ਦੇ ਪੂਰਵ ਗਿਆਨ, ਅਨੁਭਵ ਤੇ ਸੋਚ ਨੂੰ ਆਪਣੀ ਰਚਨਾ ਨਾਲ ਇਕਮਿਕ ਕਰਕੇ ਉਸ ਨੂੰ ਆਪਣੇ ਨਾਲ ਜੋੜ ਕੇ ਤੋਰੀ ਰੱਖਣ ਦੀ ਸਮਰੱਥਾ ਰੱਖਦਾ ਹੈ। ਇਹ ਪੁਸਤਕ ਸਾਹਿਤ ਜਮਾਤ ਵਿਚ ਗੁਣਾਤਮਿਕ ਅਤੇ ਗਿਣਾਤਮਿਕ ਦੋਹਾਂ ਤਰ੍ਹਾਂ ਦਾ ਵਾਧਾ ਕਰਨ ਦਾ ਮਾਣ ਹਾਸਲ ਕਰੇਗੀ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਚੰਨ ਸੂਰਜ ਦੀ ਵਹਿੰਗੀ
ਕਵੀ : ਸੁਰਜੀਤ ਪਾਤਰ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80.

'ਚੰਨ ਸੂਰਜ ਦੀ ਵਹਿੰਗੀ' ਪੰਜਾਬੀ ਦੇ ਮੁਮਤਾਜ਼ ਕਵੀ ਸੁਰਜੀਤ ਪਾਤਰ ਦੀ ਅੱਠਵੀਂ ਕਾਵਿ-ਰਚਨਾ ਹੈ। ਸੁਰਜੀਤ ਪਾਤਰ ਨੇ ਪੰਜਾਬੀ ਗ਼ਜ਼ਲ ਨੂੰ ਇਕ ਅਜਿਹਾ ਦਿਲਕਸ਼ ਅੰਦਾਜ਼ ਪ੍ਰਦਾਨ ਕੀਤਾ ਹੈ ਕਿ ਸਾਡੇ ਵੇਖਦਿਆਂ-ਵੇਖਦਿਆਂ ਹੀ ਪੰਜਾਬੀ ਦਾ ਹਰ ਕਵੀ ਗ਼ਜ਼ਲਗੋ ਬਣ ਗਿਆ। ਇਹੋ ਜਿਹੇ ਕ੍ਰਿਸ਼ਮੇ ਕੋਈ ਯੁਗ-ਕਵੀ ਹੀ ਕਰ ਸਕਦਾ ਹੈ ਅਤੇ ਬੇਸ਼ੱਕ ਸੁਰਜੀਤ ਪਾਤਰ ਇਕ ਯੁਗ-ਕਵੀ ਹੈ। ਪਰ 'ਚੰਨ ਸੂਰਜ ਦੀ ਵਹਿੰਗੀ' ਵਿਚ ਉਸ ਨੇ ਗ਼ਜ਼ਲ ਦੀ ਬਜਾਇ ਪ੍ਰਗੀਤ ਅਤੇ ਨਜ਼ਮ ਨੂੰ ਆਪਣੇ ਭਾਵ-ਅਭਿਵਿਅੰਜਨ ਦਾ ਵਾਹਨ ਬਣਾਇਆ ਹੈ। ਇਸ ਸੰਗ੍ਰਹਿ ਵਿਚ ਉਹ ਇਕ ਚੜ੍ਹਦੀ ਕਲਾ ਵਾਲੇ ਆਸ਼ਾਵਾਦੀ ਕਵੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜੋ ਕੁਪੱਤੀਆਂ ਪੌਣਾਂ ਦੇ ਸਨਮੁੱਖ ਵੀ ਮੋਮਬੱਤੀਆਂ ਜਗਾਉਣ ਦੀ ਜੁਰਅਤ ਕਰਦਾ ਹੈ। ਇਹ ਜੁਰਅੱਤ ਉਹ ਇਸ ਲਈ ਵੀ ਕਰਦਾ ਹੈ ਤਾਂ ਜੋ ਹਨ੍ਹੇਰਾ ਇਹ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਇਹ ਨਾ ਸੋਚੇ ਕਿ ਸੂਰਜ ਮਰ ਗਿਆ ਹੈ।
ਇਸ ਪੁਸਤਕ ਦੀਆਂ ਕੁਝ ਕਵਿਤਾਵਾਂ ਵਿਚ ਕਵੀ ਨੇ ਪੰਜਾਬ ਦੇ 'ਡੈਮੋਗ੍ਰਾਫ਼ਿਕ ਮੈਪ' ਵਿਚ ਆ ਰਹੀਆਂ ਤਬਦੀਲੀਆਂ ਉਪਰ ਵੀ ਬੜੀਆਂ ਸਹਿਜ ਪ੍ਰੰਤੂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ। ਇਹੋ ਜਿਹੀਆਂ ਕਵਿਤਾਵਾਂ ਸੁਰਜੀਤ ਪਾਤਰ ਵਰਗਾ ਕੋਈ ਪਰਿਪੱਕ ਅਤੇ ਸਮਰੱਥ ਕਵੀ ਹੀ ਕਰ ਸਕਦਾ ਸੀ। ਕਵੀ ਦੀ ਇਹ ਕਾਮਨਾ ਕਿੰਨੀ ਮਾਸੂਮ ਅਤੇ ਪਿਆਰੀ ਹੈ :
ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਓਥੇ ਈ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ...
ਸਾਰੀ ਧਰਤੀ ਇਕ ਹੋ ਜਾਏ
ਕੋਈ ਨਾ ਕਹੇ ਪਰਾਏ
ਇਹ ਮੇਰੀ ਅਰਦਾਸ! (ਅਰਦਾਸ)
ਆਪਣੀਆਂ ਇਨ੍ਹਾਂ ਕਵਿਤਾਵਾਂ ਦੀ ਮਾਰਫ਼ਤ ਕਵੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਾਵਿ ਅਤੇ ਰਾਗ ਨੂੰ ਜੁਦਾ-ਜੁਦਾ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਪ੍ਰਵੀਨ ਰਾਗੀ ਹੀ ਮਹਾਨ ਕਵੀ ਦਾ ਮਰਤਬਾ ਹਾਸਲ ਕਰ ਸਕਦਾ ਹੈ। ਬੇਸ਼ੱਕ ਅੱਜ ਤੋਂ ਕਈ ਸਦੀਆਂ ਪਹਿਲਾਂ ਸਿੱਖ ਸਤਿਗੁਰਾਂ ਅਤੇ ਭਗਤ ਕਵੀਆਂ ਨੇ ਵੀ ਇਸ ਤੱਥ ਉੱਪਰ ਮੋਹਰ-ਛਾਪ ਲਾ ਦਿੱਤੀ ਸੀ ਪਰ ਹੁਣ ਫਿਰ ਇਸ ਤੱਥ ਨੂੰ ਪੁਨਰ-ਘੋਸ਼ਿਤ ਕਰਨਾ ਬਣਦਾ ਸੀ ਕਿਉਂਕਿ ਅਜੋਕੇ ਯੁਗ ਵਿਚ ਬਹੁਤ ਸਾਰੇ ਬੇਸੁਰੇ ਅਤੇ ਬੇਤਾਲੇ ਲੇਖਕ ਵੀ ਮਹਾਂਕਵੀ ਹੋਣ ਦਾ ਭਰਮ ਪਾਲੀ ਬੈਠੇ ਹਨ। ਪਾਤਰ ਨੇ ਉਨ੍ਹਾਂ ਦੇ ਇਸ ਭਰਮ ਨੂੰ ਤੋੜ ਦਿੱਤਾ ਹੈ।

ਚੋਣਵੀਆਂ ਕਹਾਣੀਆਂ
ਲੇਖਕ : ਬੀ.ਐਸ. ਬੀਰ
ਚੋਣਕਾਰ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 650 ਰੁਪਏ, ਸਫ਼ੇ : 508.

ਬੀ.ਐਸ. ਬੀਰ ਪੰਜਾਬੀ ਪਾਠਕਾਂ ਲਈ ਕੋਈ ਓਪਰਾ ਜਾਂ ਅਜਨਬੀ ਨਾਂਅ ਨਹੀਂ ਹੈ। ਪਿਛਲੇ ਦੋ ਕੁ ਦਹਾਕਿਆਂ ਤੋਂ ਉਹ ਪੰਜਾਬੀ ਵਿਚ ਨਿਰੰਤਰ ਲਿਖਦਾ ਅਤੇ ਪ੍ਰਕਾਸ਼ਿਤ ਹੁੰਦਾ ਆ ਰਿਹਾ ਹੈ।
ਬੀ.ਐਸ. ਬੀਰ ਮਨੁੱਖੀ ਜੀਵਨ ਨੂੰ ਬੜੀ ਡੂੰਘੀ ਨੀਝ ਨਾਲ ਦੇਖਣ ਵਾਲਾ ਸੰਵੇਦਨਸ਼ੀਲ ਕਹਾਣੀਕਾਰ ਹੈ। ਬਹੁਤੀ ਵਾਰ ਉਹ ਸਾਧਾਰਨ ਮਨੁੱਖ ਦੀ ਸਾਧਾਰਨਤਾ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਉਂਦਾ ਹੈ। ਕਹਾਣੀ ਦੀ ਤਕਨੀਕ ਵਿਚ ਪਰਿਪੱਕ ਹੋਣ ਕਾਰਨ ਕਈ ਵਾਰ ਉਹ ਅਜਿਹੇ ਵਿਸ਼ਿਆਂ ਬਾਰੇ ਵੀ ਕਹਾਣੀ ਕਹਿਣ ਵਿਚ ਸਫ਼ਲ ਹੋ ਜਾਂਦਾ ਹੈ, ਜਿਥੇ ਸਥੂਲ ਅਰਥਾਂ ਵਿਚ ਕੋਈ ਕਹਾਣੀ ਹੁੰਦੀ ਹੀ ਨਹੀਂ। 'ਮੌਸਮ' ਅਤੇ 'ਇਕ ਮੁੱਠੀ ਜਾਨ' ਇਸੇ ਪ੍ਰਕਾਰ ਦੀਆਂ ਕਹਾਣੀਆਂ ਹਨ। 'ਮੌਸਮ' ਵਿਚ ਇਕ ਸੇਵਾ-ਮੁਕਤ ਅਧਿਕਾਰੀ ਦੀ ਮਨੋਸਥਿਤੀ ਨੂੰ ਬਿਆਨ ਕੀਤਾ ਗਿਆ ਹੈ ਅਤੇ 'ਇਕ ਮੁੱਠੀ ਜਾਨ' ਬਾਲ-ਮਨੋਵਿਗਿਆਨ ਦੀ ਪੇਸ਼ਕਾਰੀ ਕਰਨ ਵਾਲੀ ਰਚਨਾ ਹੈ। ਇਨ੍ਹਾਂ ਕਹਾਣੀਆਂ ਵਿਚ ਘਟਨਾਵਾਂ ਦੇ ਵੇਰਵੇ ਬਹੁਤ ਘੱਟ ਆਏ ਹਨ ਪ੍ਰੰਤੂ ਲੇਖਕ ਨੇ ਚੇਤਨਾ ਪ੍ਰਵਾਹ ਧਾਰਾ ਤਕਨੀਕ ਦੀ ਸੁਘੜ ਵਰਤੋਂ ਕਰਕੇ ਇਨ੍ਹਾਂ ਕਹਾਣੀਆਂ ਨੂੰ ਜਾਨਦਾਰ ਬਣਾ ਦਿੱਤਾ ਹੈ।
ਕੁਝ ਹੋਰ ਕਹਾਣੀਆਂ ਵਿਚ ਵੇਰਵਿਆਂ ਦੀ ਭਰਮਾਰ ਹੈ। 'ਕੁਸ਼ਤੀ' ਇਸ ਵੰਨਗੀ ਦੀ ਕਹਾਣੀ ਹੈ। ਇਸ ਕਹਾਣੀ ਨੂੰ ਆਂਚਲਿਕ ਅੰਦਾਜ਼ ਵਿਚ ਬਿਆਨ ਕਰਕੇ ਲੇਖਕ ਨੇ ਕਹਾਣੀ-ਰਚਨਾ ਦੀਆਂ ਨਵੀਆਂ ਸਿਖਰਾਂ ਛੋਹੀਆਂ ਹਨ। ਕਰਤਾਰ ਸਿੰਘ ਦੁੱਗਲ ਤੋਂ ਬਾਅਦ ਇਸ ਵੰਨਗੀ ਦੀਆਂ ਬਹੁਤ ਘੱਟ ਕਹਾਣੀਆਂ ਮੇਰੀ ਨਜ਼ਰ ਵਿਚ ਆਈਆਂ ਹਨ। 'ਇਹ ਜਨਮ ਤੁਮਾਰੇ ਲੇਖੇ' ਦੀ ਵਸਤੂ-ਸਮੱਗਰੀ ਬੜੀ ਬਚਿੱਤਰ ਹੈ। ਲੇਖਕ ਨੇ ਇਸ ਕਹਾਣੀ ਦੀਆਂ ਮੁਸ਼ਕਿਲ ਤੰਦਾਂ ਨੂੰ ਬੜੀ ਸਤਰਕਤਾ ਨਾਲ ਸੰਭਾਲਿਆ ਹੈ। ਕੋਈ ਸਾਧਾਰਨ ਕਹਾਣੀਕਾਰ ਹੁੰਦਾ ਤਾਂ ਉਸ ਤੋਂ ਇਸ ਕਹਾਣੀ ਦਾ ਅੰਤ ਸੰਭਾਲਿਆ ਨਹੀਂ ਸੀ ਜਾਣਾ। 'ਦੁਹਾਜੂ' ਵੀ ਇਸੇ ਪ੍ਰਕਾਰ ਦੀ ਇਕ ਚੁਣੌਤੀ ਭਰਪੂਰ ਕਹਾਣੀ ਸਿੱਧ ਹੁੰਦੀ ਹੈ। ਕਹਾਣੀਕਾਰ ਨੇ ਦਰਸਾਇਆ ਹੈ ਕਿ ਕਈ ਵਾਰ ਜੀਵਨ ਦੇ ਸਾਧਾਰਨ ਤੱਥ ਵੀ ਮਨੁੱਖ ਦੇ ਜੀਵਨ ਨੂੰ ਨਾਖੁਸ਼ਗਵਾਰ ਅਤੇ ਬੋਝਲ ਬਣਾਉਣ ਲਈ ਕਾਫੀ ਹੁੰਦੇ ਹਨ। ਮੈਨੂੰ ਬੀ.ਐਸ. ਬੀਰ ਦੀਆਂ ਕਹਾਣੀਆਂ ਦਾ ਸਾਦਾ, ਸਹਿਜ ਅਤੇ ਸੰਤੁਲਿਤ ਅੰਦਾਜ਼ ਬੇਹੱਦ ਪਸੰਦ ਆਇਆ ਹੈ। ਇਹ ਕਹਾਣੀਆਂ ਅਜੋਕੀ ਪੰਜਾਬੀ ਕਹਾਣੀ ਦੀ ਪਰੰਪਰਾ ਨੂੰ ਅਮੀਰ ਬਣਾਉਣ ਵਾਲੀਆਂ ਪ੍ਰਮਾਣਿਕ ਰਚਨਾਵਾਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਰੰਗਤ ਵੇਖ ਸਿਆਹੀ ਦੀ
ਗ਼ਜ਼ਲਗੋ : ਕੁਲਤਾਰ ਬਜਰਾਵਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 103.

ਇਨ੍ਹਾਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਪਿਆਰ ਹੈ। ਪਿਆਰ ਨਾਲ ਜੁੜੇ ਜਜ਼ਬੇ, ਹਉਕੇ, ਹਾਵੇ, ਵਿਛੋੜੇ, ਵਸਲ ਆਦਿ ਦਾ ਪ੍ਰਗਟਾਵਾ ਸੁਹਜਾਤਮਕ ਢੰਗ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਦੀ ਭ੍ਰਿਸ਼ਟ ਰਾਜਨੀਤੀ, ਤਬਾਹ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਮਸਲੇ ਅਤੇ ਪਾਖੰਡ ਆਦਿ ਦੀ ਵੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਹੈ। ਇਹ ਗ਼ਜ਼ਲਾਂ ਸਹਿਜ ਅਤੇ ਸੁਹਜ ਨੂੰ ਸਮੋ ਕੇ ਭਾਵੇਂ ਮਦਮਸਤ ਫ਼ਕੀਰਾਂ ਵਾਂਗ ਝੂਮਦੀਆਂ ਹਨ ਪਰ ਦੁਨਿਆਵੀ ਕੂੜ-ਕੁਸੱਤ ਤੋਂ ਖ਼ਬਰਦਾਰ ਵੀ ਕਰਦੀਆਂ ਹਨ। ਆਓ, ਕੁਝ ਰੰਗ ਆਪਾਂ ਵੀ ਮਾਣੀਏ-
-ਨਾ ਬਹੁਤੇ ਦਾ ਫ਼ਰਕ ਹੈ ਪੈਂਦਾ, ਨਾ ਘਾਟਾਂ ਦਾ ਅਸਰ ਕੋਈ
ਚਲਣ ਬਦਲਦੇ ਨਾਲ ਹਾਲਾਤਾਂ ਨਹੀਉਂ ਕਦੇ ਫ਼ਕੀਰਾਂ ਦੇ।
-ਲੰਮੀ ਤਾਂ ਉਡਾਨ ਬੜੀ ਹੁੰਦੀ ਸੋਚ ਦੀ
ਡਾਚੀ ਨਹੀਉਂ ਪਰ ਮੁੜਦੀ ਬਲੋਚ ਦੀ।
-ਪਿਆਰ ਤੇਰਾ ਹੈ ਅੰਦਰ ਵਸਿਆ ਫਿਰ ਵੀ ਤਲਬ ਅਥਾਹ ਸਾਨੂੰ
ਮਨ ਮੇਰਾ ਸਾਗਰ ਵਰਗਾ ਮਗਰ ਪਿਆਸਾ ਪਾਣੀ ਦਾ।
-ਜੇਕਰ ਰਹਿਮਤ ਵਰ੍ਹ ਜਾਵੇ
ਸ਼ਾਇਦ ਫੁੱਟ ਲਗਰ ਜਾਵੇ।
-ਜਦ ਵੀ ਮੈਂ ਗੁਰਬਾਣੀ ਗਾਵਾਂ, ਝੂਮਾਂ ਵਿਚ ਖ਼ੁਮਾਰੀ
ਦੇ ਗਿਆ ਆਪਣੀ ਬਾਂਸਰੀ, ਮੈਨੂੰ ਕ੍ਰਿਸ਼ਨ ਮੁਰਾਰੀ।
-ਕੌਣ ਸਾਨੂੰ ਮਹਿਕਦਾ ਐਸਾ ਖ਼ੁਆਬ ਦੇ ਗਿਆ
ਜਾਂ ਕਿ ਸਾਡੇ ਖਾਬ ਨੂੰ ਕੋਈ ਗੁਲਾਬ ਦੇ ਗਿਆ।
ਆਮ ਇਨਸਾਨ ਦੁਨਿਆਵੀ ਮੋਹ ਨੂੰ ਹੀ ਪਿਆਰ ਸਮਝਦਾ ਹੈ, ਇਸ ਲਈ ਸਦਾ ਅਸੰਤੁਸ਼ਟ ਅਤੇ ਦੁਖੀ ਰਹਿੰਦਾ ਹੈ। ਜੇ ਇਸ਼ਕ ਮਿਜਾਜ਼ੀ ਦਾ ਰੁਖ਼ ਇਸ਼ਕ-ਹਕੀਕੀ ਵੱਲ ਹੋ ਜਾਏ ਤਾਂ ਉਹ ਫੱਕਰਾਂ ਦੀ ਅਲਮਸਤੀ ਅਤੇ ਸਦੀਵੀ ਪਿਆਰ ਦੀ ਛਾਂ ਮਾਣ ਸਕਦਾ ਹੈ।

ਸ਼ਬਦ ਮੋਤੀ
ਗ਼ਜ਼ਲਗੋ : ਦਰਸ਼ਨ ਸਿੰਘ ਬਨੂੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95.

ਇਹ ਗ਼ਜ਼ਲਾਂ ਮੁਹੱਬਤ ਦੀ ਮਿੱਠੀ ਬਾਤ ਪਾਉਂਦੀਆਂ ਹਨ। ਇਨ੍ਹਾਂ ਵਿਚੋਂ ਮੁਹੱਬਤ ਦੀ ਖੁਸ਼ਬੋ ਵੀ ਉੱਠਦੀ ਹੈ ਅਤੇ ਬਿਰਹਾ ਦਾ ਸੇਕ ਵੀ। ਸ਼ਾਇਰ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਅਨੈਤਿਕਤਾ ਅਤੇ ਗਿਰਾਵਟ ਤੋਂ ਸੁਚੇਤ ਹੈ ਅਤੇ ਇਹ ਰੰਗ ਇਨ੍ਹਾਂ ਗ਼ਜ਼ਲਾਂ ਵਿਚ ਝਲਕਦੇ ਹਨ। ਆਓ, ਉਸ ਦੇ ਸ਼ੇਅਰਾਂ ਵਿਚਲੀ ਵੰਨ-ਸੁਵੰਨਤਾ ਦੀ ਮਹਿਕ ਮਾਣੀਏ-
-ਲਿਖਦਾ ਹਾਂ ਗ਼ਜ਼ਲ ਸੌਖੀ, ਪੰਜਾਬੀ ਜ਼ਬਾਨ ਅੰਦਰ
ਬੋਲੀ ਮੇਰੀ ਦਾ ਝੂਲੇ, ਝੰਡਾ ਜਹਾਨ ਅੰਦਰ।
-ਨੀਵੀਂ ਥਾਂ 'ਤੇ ਬਹਿਣਾ ਸਿੱਖ
ਵਿਚ ਰਜ਼ਾ ਦੇ ਰਹਿਣਾ ਸਿੱਖ।
-ਕਿਹੋ ਜਿਹਾ ਮਾਹੌਲ ਹੋ ਗਿਆ
ਸਭ ਕੁਝ ਏਥੇ ਗੋਲ ਹੋ ਗਿਆ।
-ਪੱਥਰਾਂ ਸੰਗ ਰਹਿ ਚੰਗਾ ਵਕਤ ਲੰਘਾਇਆ ਮੈਂ
ਐਪਰ ਫੁੱਲਾਂ ਕੋਲੋਂ ਨਾ ਬਚ ਪਾਇਆ ਮੈਂ।
-ਰਾਹਾਂ ਦੇ ਵਿਚ ਰੋੜ ਬੜੇ ਨੇ
ਉਸ ਮੰਜ਼ਿਲ ਤੱਕ ਮੋੜ ਬੜੇ ਨੇ।
-ਝੱਟ ਸਾਗਰ ਵਿਚ ਲਹਿ ਜਾਂਦੇ ਉਹ ਜਿਨ੍ਹਾਂ ਸਾਗਰ ਤਰਨਾ ਹੁੰਦਾ
ਬੈਠ ਕਿਨਾਰੇ ਲਹਿਰਾਂ ਗਿਣਦੇ, ਜਿਨ੍ਹਾਂ ਕੁਝ ਨਹੀਂ ਕਰਨਾ ਹੁੰਦਾ।
ਇਨ੍ਹਾਂ ਗ਼ਜ਼ਲਾਂ ਵਿਚ ਸਰਲਤਾ ਸਹਿਜਤਾ, ਰੌਚਿਕਤਾ, ਬੇਬਾਕੀ ਅਤੇ ਬਾਂਝਪਨ ਹੈ। ਭਾਵੇਂ ਇਹ ਪਿੰਗਲ, ਆਰੂਜ਼ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ ਪਰ ਆਮ ਬੰਦੇ ਦੀ ਸਮਝ ਵਿਚ ਆਉਣ ਵਾਲੀਆਂ ਅਤੇ ਦਿਲਾਂ ਨੂੰ ਛੂਹਣ ਵਾਲੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸਭ ਨੂੰ ਚਾਹੀਦੈ ਸਹਾਰਾ
ਲੇਖਕ : ਡਾ: ਰੂਪ ਦੇਵਗੁਣ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ (ਹਰਿਆਣਾ)
ਮੁੱਲ : 150 ਰੁਪਏ, ਸਫ਼ੇ : 112.

ਡਾ: ਰੂਪ ਦੇਵ ਮੂਲ ਰੂਪ ਵਿਚ ਪੰਜਾਬੀ ਹਨ ਪਰ ਲਿਖਦੇ ਹਿੰਦੀ ਵਿਚ ਹਨ। 'ਸਭ ਨੂੰ ਚਾਹੀਦੈ ਸਹਾਰਾ' ਕਥਾ-ਸੰਗ੍ਰਹਿ ਰਾਹੀਂ ਉਨ੍ਹਾਂ ਨੇ ਪੰਜਾਬੀ ਵੱਲ ਮੋੜਾ ਕੱਟ ਕੇ ਆਪਣੇ ਸੱਚੇ-ਸੁੱਚੇ ਪੰਜਾਬੀ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਕੁੱਲ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਹ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਵਿਚ ਫੈਲੀਆਂ ਵਿਸੰਗਤੀਆਂ, ਦੋਗਲੇ ਕਿਰਦਾਰਾਂ ਤੇ ਗਲ-ਸੜ ਰਹੀਆਂ ਮਾਨਤਾਵਾਂ ਦਾ ਨੰਗ ਜ਼ਾਹਰ ਕਰਦੇ ਹਨ। ਸਹਿਜ ਵਿਅੰਗ ਰਾਹੀਂ ਉਹ ਸਮਾਜ ਦੇ ਕੋਹੜ ਤੇ ਕੋਝੇ ਯਥਾਰਥ ਨੂੰ ਪੇਸ਼ ਕਰਨ ਦੇ ਆਹਰ 'ਚ ਹਨ।
'ਅਨਜਾਨ ਹੱਥ ਦੀ ਇਬਾਰਤ' ਇਕ ਅਜਿਹੇ ਲੇਖਕ ਦੀ ਕਹਾਣੀ ਹੈ, ਜੋ ਚੰਗੀਆਂ ਲਿਖਤਾਂ ਲਿਖਣ ਲਈ ਬੇਚੈਨ ਰਹਿੰਦਾ ਹੈ ਪਰ ਉਸ ਨੂੰ ਕਿਤੋਂ ਸ਼ਾਬਾਸ਼ ਨਹੀਂ ਮਿਲਦੀ। ਘਰ ਫੂਕ ਤਮਾਸ਼ਾ ਦੇਖਦਾ ਹੈ ਪਰ ਕਿਤੇ-ਕਿਤੇ ਕਦੇ-ਕਦੇ ਕਿਸੇ ਪਾਠਕ ਦੀ ਹੌਸਲਾਅਫ਼ਜ਼ਾਈ ਉਸ ਨੂੰ ਚੜ੍ਹਦੀ ਕਲਾ ਵਿਚ ਲਿਆ ਦਿੰਦੀ ਹੈ। 'ਚੌਥੀ ਘੰਟੀ' ਵਿੱਦਿਆ ਵਿਭਾਗ 'ਤੇ ਕਰੜਾ ਵਿਅੰਗ ਕਰਦੀ ਕਹਾਣੀ ਹੈ। 'ਸੇਫ਼ਟੀ ਪਿੰਨ' ਰਸਮਾਂ ਰੀਤਾਂ ਵਿਚ ਦਿਖਾਵੇਬਾਜ਼ੀ 'ਤੇ ਕੀਤਾ ਗਿਆ ਵਿਅੰਗ ਹੈ, ਜਿਥੇ ਸਭ ਰਿਸ਼ਤੇ ਕੇਵਲ ਤੇ ਕੇਵਲ ਪੈਸੇ ਰਾਹੀਂ ਹੀ ਨਿਭਾਏ ਜਾਂਦੇ ਹਨ। 'ਹਿੰਦਸਾ' ਕਹਾਣੀ ਜੇਲ੍ਹ 'ਚ ਤਾੜੇ ਕੈਦੀਆਂ ਦੀ ਮਨੋਦਿਸ਼ਾ ਤੇ ਮਨੋਬਿਰਤਾਂਤ ਦਾ ਕੱਚਾ ਚਿੱਠਾ ਪੇਸ਼ ਕਰਨ ਵਾਲੀ ਕਹਾਣੀ ਹੈ। 'ਕੁਲਫ਼ੀਵਾਲਾ' ਇਕ ਖ਼ੁੱਦਾਰ ਮੁੰਡੇ ਦਾ ਚਰਿੱਤਰ ਪੇਸ਼ ਕਰਨ ਵਾਲੀ ਕਹਾਣੀ ਹੈ ਜੋ ਸਮਾਜ ਵਿਚ ਉੱਚਾ ਉੱਠਣ ਲਈ ਇਮਾਨਦਾਰੀ ਤੇ ਹਿੰਮਤ ਨਾਲ ਮਿਹਨਤ ਕਰਦਾ ਹੈ। 'ਵਕਤ ਦੀਆਂ ਕਿੱਲਾਂ' ਬਦਲ ਰਹੇ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ, ਜਿਸ ਵਿਚ ਪੁਰਾਣੇ ਤਿਉਹਾਰਾਂ ਤੇ ਹਾਸੇ ਠੱਠੇ ਨੂੰ ਨਜ਼ਰਅੰਦਾਜ਼ ਕਰਕੇ ਮਨੁੱਖ ਆਪਣੇ ਹੀ ਬਣਾਏ ਖੋਲ ਵਿਚ ਵੜ ਜਾਣ ਲਈ ਮਜਬੂਰ ਹੈ। 'ਅਣਚਾਹੇ' ਮਹਾਂਨਗਰ 'ਚ ਨੌਕਰੀ ਕਰ ਰਹੇ ਅਜਿਹੇ ਪਰਿਵਾਰ ਦਾ ਬਿਰਤਾਂਤ ਹੈ ਜੋ ਨਿੱਕੀਆਂ-ਨਿੱਕੀਆਂ ਖੁਸ਼ੀਆਂ ਤੋਂ ਵੀ ਵਾਂਝੇ ਰਹਿ ਜਾਣ ਲਈ ਮਜਬੂਰ ਹੈ। 'ਵੇਦਨਾ ਦਾ ਚੱਕਰਵਿਊ' ਕਹਾਣੀ ਯਾਮਲੀ ਜਿਹੀ ਔਰਤ ਦੀ ਕਹਾਣੀ ਹੈ ਜੋ ਪਰਾਏ ਸਬੰਧਾਂ 'ਚੋਂ ਸਕੂਨ ਲੱਭਦੀ ਹੈ। 'ਸਭ ਨੂੰ ਚਾਹੀਦੈ ਸਹਾਰਾ' ਇਸ ਸੰਗ੍ਰਹਿ ਦੀ ਸਭ ਤੋਂ ਲੰਮੀ ਕਹਾਣੀ ਹੈ ਜੋ ਮਰਦ-ਔਰਤ ਦੇ ਰਿਸ਼ਤਿਆਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ ਪਰਖਣ ਦਾ ਯਤਨ ਕਰਦੀ ਹੈ। 'ਚਾਬੀ ਵਾਲਾ ਖਿਡੌਣਾ' ਇਕ ਅਜਿਹੇ ਅਧਿਆਪਕ ਦਾ ਕਿਰਦਾਰ ਪੇਸ਼ ਕਰਦੀ ਹੈ, ਜੋ ਵਿਦਿਆਰਥੀ ਵੱਲੋਂ ਦਿਖਾਏ ਸਨਮਾਨ ਤੋਂ ਰੋਮਾਂਚਿਤ ਹੁੰਦਾ ਹੈ ਪਰ ਦੂਸਰਿਆਂ ਵੱਲੋਂ ਦਿਖਾਈ ਬੇਰੁਖ਼ੀ ਤੋਂ ਜ਼ਲੀਲ ਤੇ ਪ੍ਰੇਸ਼ਾਨ ਹੋਇਆ ਮਹਿਸੂਸ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050

17 ਰਾਨਡੇ ਰੋਡ
ਲੇਖਕ : ਰਵਿੰਦਰ ਕਾਲੀਆ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 304.

'17 ਰਾਨਡੇ ਰੋਡ' ਚਰਚਿਤ ਹਿੰਦੀ ਲੇਖਕ ਰਵਿੰਦਰ ਕਾਲੀਆ ਦਾ ਹਿੰਦੀ ਨਾਵਲ ਹੈ, ਜਿਸ ਦਾ ਤਰਸੇਮ ਨੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ।
ਇਸ ਨਾਵਲ ਦੀ ਪਟਕਥਾ ਦਾ ਧਰਾਤਲ ਬੰਬਈ ਹੈ, ਜਿਸ ਨੂੰ ਅੱਜਕਲ੍ਹ 'ਮੁੰਬਈ' ਆਖਦੇ ਹਨ। ਲੇਖਕ ਨੇ ਬੰਬਈ ਵਿਚ ਵਸਦੇ ਲੋਕਾਂ ਦੀ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਜੀਵਨਸ਼ੈਲੀ ਨੂੰ ਬੜੀ ਬਾਰੀਕੀ ਨਾਲ ਵੇਖਿਆ ਹੈ ਅਤੇ ਇਸ ਦਾ ਚਿਤਰਨ ਆਪਣੀ ਵਿਲੱਖਣ ਸ਼ੈਲੀ ਵਿਚ ਕੀਤਾ ਹੈ। ਬੰਬਈ ਦਾ ਸੰਸਾਰ ਇਕ ਵਚਿੱਤਰ ਸੰਸਾਰ ਹੈ, ਜਿਥੇ ਫ਼ਿਲਮੀ ਸਿਤਾਰਿਆਂ ਦਾ ਗਲੈਮਰ ਵੀ ਹੈ ਤੇ ਨਾਲ ਹੀ ਮਹਾਰਾਸ਼ਟਰ ਦੇ ਮੰਦਹਾਲੀ ਕਾਰਨ ਨਰਕ ਭਰਿਆ ਜੀਵਨ ਜੀਅ ਰਹੇ ਲੋਕਾਂ ਦੇ ਜੀਵਨ ਝਲਕਾਰੇ ਵੀ ਹਨ।
ਨਾਵਲ ਦਾ ਆਗਾਜ਼ ਅਕਾਸ਼ਬਾਣੀ ਜਲੰਧਰ ਤੋਂ ਹੁੰਦਾ ਹੈ-ਅਕਾਸ਼ਬਾਣੀ ਦਾ ਸਕਰਿਪਟ ਰਾਈਟਰ ਸੁਦਰਸ਼ਨ ਪੁਰਸ਼ਾਰਥੀ ਜੋ ਵਧੀਆ ਗ਼ਜ਼ਲਗੋ ਹੈ, ਆਪਣੀ ਕਲਾ ਨੂੰ ਬੜਾਵਾ ਦੇਣ ਲਈ ਬੰਬਈ ਜਾ ਪੁੱਜਦਾ ਹੈ ਅਤੇ ਰਹਿਣ ਲਈ ਭੂਤਬਾੜੇ ਦੇ ਵਾਸੀ ਸੰਪੂਰਨ ਓਬਰਾਏ ਨਾਲ ਜਾ ਸਾਂਝ ਪਾਉਂਦਾ ਹੈ। ਸੰਪੂਰਨ ਵੀ ਇਕ ਪੰਜਾਬੀ ਗੱਭਰੂ ਹੈ ਜਿਹੜਾ ਅੰਮ੍ਰਿਤਸਰ ਤੋਂ ਭੱਜ ਕੇ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਆਇਆ ਸੀ। ਸੰਪੂਰਨ ਨਾਵਲ ਦਾ ਮੁੱਖ ਪਾਤਰ ਹੈ-ਸਾਰਾ ਨਾਵਲ ਉਸ ਦੇ ਜੀਵਨ ਵਰਤਾਰੇ ਨੂੰ ਚਿਤਰਦਾ ਹੈ-ਸੰਪੂਰਨ ਇਕ ਵਧੀਆ ਸੁਪਨਸਾਜ਼, ਥੁੱਕ ਨਾਲ ਬੜੇ ਪਕਾਉਣ ਵਾਲਾ, ਚੁਸਤ-ਚਲਾਕ ਵਿਅਕਤੀ ਹੈ, ਜੋ ਇਕ ਮਹਾਰਾਸ਼ਟਰੀ ਮੁਟਿਆਰ ਸੁਪੁਰੀਆ ਨਾਲ ਬਿਨਾਂ ਵਿਆਹ ਕਰਵਾਏ ਭੂਤਬਾੜੇ ਨਾਂਅ ਦੇ ਫਲੈਟ 'ਤੇ ਰਹਿੰਦਾ ਹੈ। ਇਹ ਫਲੈਟ ਵੀ ਉਸ ਨੇ ਬੜੀ ਚੁਸਤੀ ਨਾਲ ਹਥਿਆਇਆ ਹੈ, ਜਿਥੇ ਉਹ ਆਏ ਦਿਨ ਸ਼ਰਾਬ, ਕਬਾਬ ਅਤੇ ਸ਼ਬਾਬ ਭਰਪੂਰ ਪਾਰਟੀਆਂ ਦਾ ਆਯੋਜਨ ਕਰਦਾ ਹੈ, ਜਿਸ ਵਿਚ ਬੰਬੇ ਦੇ ਨਾਮਵਰ ਅਦਾਕਾਰ, ਕਲਾਕਾਰ ਅਤੇ ਸਨਅਤਕਾਰ ਸ਼ਾਮਿਲ ਹੋ ਕੇ ਰੰਗਰਲੀਆਂ ਮਨਾਉਂਦੇ ਹਨ।
ਸੰਪੂਰਨ ਵਿਚ ਖੂਬੀ ਇਹ ਹੈ ਕਿ ਉਹ ਮਲੰਗਾਂ ਵਾਲਾ ਜੀਵਨ ਜਿਊਂਦਾ ਹੋਇਆ ਵੀ ਆਪਣੇ ਆਤਮ-ਵਿਸ਼ਵਾਸ ਦੇ ਬਲਬੂਤੇ ਕਈ ਜੁਗਾੜ ਵਿੱਢਦਾ ਹੈ ਅਤੇ ਸੁਪਨੇ ਸਿਰਜਦਾ ਹੈ ਤਾਂ ਕਿ ਉਹ ਬੰਬੇ ਦੇ ਉੱਚ ਕੋਟੀ ਦੇ ਫ਼ਿਲਮਕਾਰਾਂ ਅਤੇ ਸਨਅਤਕਾਰਾਂ ਵਿਚ ਸ਼ੁਮਾਰ ਹੋ ਸਕੇ। ਨਾਵਲ ਦਾ ਹਰ ਕਾਂਡ ਨਿਵੇਕਲਾ ਹੈ, ਜਿਸ ਵਿਚ ਅਜਿਹੇ ਨਵੇਂ ਪਾਤਰ ਵੀ ਨਜ਼ਰੀਂ ਪੈਂਦੇ ਹਨ, ਜਿਹੜੇ ਇਸ ਗਲੈਮਰ ਭਰੀ ਦੁਨੀਆ ਵਿਚ ਆਪਣੀ ਕਿਸਮਤ ਅਜਮਾਉਣ ਆਏ ਸਨ ਪ੍ਰੰਤੂ ਧੱਕੇ-ਧੌਲੇ ਖਾ ਰਹੇ ਹਨ। ਲੇਖਕ ਨੇ ਮਿਸਟਰ ਸਲੂਜਾ ਦੇ ਪਾਤਰ ਚਿੱਤਰਣ ਰਾਹੀਂ ਦੂਰਦਰਸ਼ਨ ਦੇ ਇਨ੍ਹਾਂ ਉੱਚ ਅਧਿਕਾਰੀਆਂ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਹੜੇ ਸੀਰੀਅਲਾਂ ਦੀ ਪ੍ਰਵਾਨਗੀ ਲਈ ਰਿਸ਼ਵਤ ਲੈਣ ਤੋਂ ਇਲਾਵਾ ਇਸ਼ਤਿਹਾਰਾਂ ਅਤੇ ਮੁਨਾਫ਼ੇ ਵਿਚ ਵੀ ਹਿੱਸਾ ਪੱਤੀ ਭਾਲਦੇ ਹਨ। ਇਹ ਇਕ ਦਿਲਚਸਪ ਨਾਵਲ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਉਹ ਦਿਨ ਇਹ ਦਿਨ
ਲੇਖਕ : ਪ੍ਰੋ: ਸੁਲੱਖਣ ਮੀਤ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ ,ਬਰਨਾਲਾ
ਮੁੱਲ : 60 ਰੁਪਏ, ਸਫ਼ੇ 64.

ਸਮੇਂ ਦੀਆਂ ਸੂਈਆਂ ਕਦੇ ਨਹੀਂ ਰੁਕਦੀਆਂ। ਚੰਗੇ ਮਾੜੇ ਦਿਨ ਲੰਘੀ ਜਾਂਦੇ ਨੇ। ਸਮੇਂ ਦੇ ਇਸ ਗੇੜ ਵਿਚ ਚੰਗੇ-ਮਾੜੇ ਦਾ ਸੁਮੇਲ ਹੁੰਦਾ ਹੈ। ਜਿਨਾਂ ਨੂੰ ਜੀਵਨ ਮਾਣਨ ਦੀ ਜਾਚ ਆ ਜਾਂਦੀ ਹੈ ਉਹ ਕੰਡਿਆਂ ਨੂੰ ਵੀ ਫੁੱਲਾਂ ਦੇ ਸਮਾਨ ਸਮਝ ਕੇ ਜੀਵਨ ਨੂੰ ਹੋਰ ਵੀ ਰੰਗੀਲਾ ਬਣਾ ਲੈਂਦੇ ਹਨ। ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਬਿਖੇਰਦੀ ਹੋਈ ਕਾਵਿ ਪੁਸਤਕ 'ਉਹ ਦਿਨ ਇਹ ਦਿਨ' ਦੀ ਸਾਹਿਤ ਜਗਤ ਵਿਚ ਆਮਦ ਹੋਈ ਹੈ।
ਪ੍ਰੋ: ਸੁਲੱਖਣ ਮੀਤ ਨੇ ਜਿਥੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿਚ ਆਪਣੀ ਪੂਰੀ ਧਾਂਕ ਜਮਾਈ ਹੋਈ ਹੈ, ਉਥੇ ਉਹ ਕਾਵਿ ਰੰਗ ਬਿਖੇਰਨ ਤੋਂ ਵੀ ਪਿੱਛੇ ਨਹੀਂ। ਇਸ ਹਥਲੀ ਪੁਸਤਕ ਵਿਚ ਕਰੀਬ 110 ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਛੋਟੀਆਂ ਪਰ ਭਾਵਪੂਰਤ ਇਹ ਕਵਿਤਾਵਾਂ ਦੋਹਰੇ/ਤੀਹਰੇ ਅਰਥ ਸਮੋਈ ਬੈਠੀਆਂ ਹਨ। ਪਾਠਕ ਨੂੰ ਅਕਾਉਂਦੀਆਂ ਨਹੀਂ, ਸਗੋਂ ਪਾਠਕ ਨੂੰ ਆਪਣੀ ਉਂਗਲੇ ਲਾ ਟੁਰਦੀਆਂ ਹਨ।
ਢਿੱਡੋਂ ਭੁੱਖੇ ਲਈ ਅਖੌਤੀ ਵਿਕਾਸ ਦੀ ਹਨੇਰੀ, ਮਾਡਰਨਾਈਜ਼ੇਸ਼ਨ ਦੀ ਹੱਦੋਂ ਵੱਧ ਸ਼ੋਸ਼ੇਬਾਜ਼ੀ ਅਤੇ ਔਕਾਤ/ਪਹੁੰਚ ਤੋਂ ਪਰੇ ਦੇ ਰੰਗ ਤਮਾਸ਼ੇ ਕਿਸ ਕੰਮ ਹਨ? ਇਹ ਸਭ ਕੁਝ ਮਰੇ ਦੇ ਮੂੰਹ ਨੂੰ ਘਿਓ ਲਾਉਣ ਦੇ ਤੁਲ ਹੈ। ਸਰਮਾਏਦਾਰੀ ਵੱਲੋਂ ਮਨੁੱਖਤਾ ਨੂੰ ਗੁਲਾਮੀ ਦੇ ਜੂਲੇ ਹੇਠ ਲਿਆਉਣ ਦੇ ਕੋਝੇ ਯਤਨ ਹਨ। ਇਨ੍ਹਾਂ ਯਤਨਾਂ ਨੂੰ ਖੁੰਢੇ ਕਰਨ ਲਈ ਕਲਮਾਂ ਹੀ ਤੀਰ/ਤਲਵਾਰ ਹੁੰਦੇ ਹਨ। ਸਾਰਥਿਕ ਰਚਨਾਵਾਂ ਜ਼ਫਰਨਾਮਿਆਂ ਦਾ ਰੂਪ ਧਾਰਦੀਆਂ ਹੋਈਆਂ ਸਮੇਂ ਦੇ ਔਰੰਗਜ਼ੇਬ/ਜਾਬਰਾਂ ਤੇ ਉਨ੍ਹਾਂ ਦੀ ਜਦ ਪੁਸ਼ਤ ਨੂੰ ਐਸਾ ਹਲੂਣਾ ਦੇਣ ਦੇ ਸਮਰੱਥ ਹੁੰਦੀਆਂ ਹਨ। ਜਬਰ/ਜ਼ੁਲਮ ਨਮੋਸ਼ੀ ਨਾਲ ਹੀ ਮਰ-ਮੁੱਕਣ ਦੇ ਆਸਾਰ ਬਣ ਜਾਂਦੇ ਹਨ:
'ਸੱਚ ਦੀਆਂ ਐਸੀਆਂ ਚੋਭਾਂ ਲਾਵਾਂਗਾ,
ਜਿਹਨਾਂ ਨਾਲ ਜਾਬਰ ਦੀ ਔਲਾਦ, ਨਮੋਸ਼ੀ ਨਾਲ ਹੀ ਮਰ ਜਾਏਗੀ।'
ਪ੍ਰੋ: ਸੁਲੱਖਣ ਮੀਤ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਆਪਣੇ ਸੱਭਿਆਚਾਰ, ਪਹਿਰਾਵੇ ਤੇ ਬੋਲੀ ਨੂੰ ਛੱਡ ਕੇ ਹੋਰਾਂ ਦੇ ਟੰਮਣੇ/ਕੰਧੇਰੇ ਚੜ੍ਹ ਕੇ ਕੱਚਘਰੜੇ ਵਰਤਾਓ ਨਾਲ ਆਪਣੀ ਹਾਲਤ ਪਾਣੀਓਂ ਪਤਲੀ ਤੇ ਹਾਸੋਹੀਣੀ ਸਥਿਤੀ ਪੈਦਾ ਕਰ ਲੈਣ ਦੇ ਆਮ ਚਰਚਿਆਂ ਨੂੰ ਵੀ ਸਨਮੁਖ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਜਦੋਂ ਅਸ਼ਕ ਬਣਦੇ ਨੇ ਬੋਲ
ਗ਼ਜ਼ਲਕਾਰ : ਗੁਰਚਰਨ ਸਿੰਘ ਢੁੱਡੀਕੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88.

ਗੁਰਚਰਨ ਸਿੰਘ ਢੁੱਡੀਕੇ ਬੜਾ ਪਿਆਰਾ ਗ਼ਜ਼ਲਗ਼ੋ ਸੀ, ਜੋ ਪਿੱਛੇ ਜਿਹੇ ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਤੋਂ ਸਦਾ ਲਈ ਵਿਛੜ ਗਿਆ। ਜਨਾਬ ਦੀਪਕ ਜੈਤੋਈ ਦਾ ਗ਼ਜ਼ਲ ਤਕਨੀਕ ਦਾ ਇਹ ਪ੍ਰਪੱਕ ਸ਼ਾਗਿਰਦ ਜਿਊਂਦੇ-ਜੀਅ ਆਪਣੀ ਪੁਸਤਕ ਵੀ ਪ੍ਰਕਾਸ਼ਿਤ ਨਾ ਕਰਵਾ ਸਕਿਆ। ਹੁਣ ਉਸ ਦੀ ਸੁਪਤਨੀ ਦੇ ਯਤਨਾਂ ਨਾਲ ਗੁਰਚਰਨ ਸਿੰਘ ਢੁੱਡੀਕੇ ਦੇ ਪਹਿਲੇ ਗ਼ਜ਼ਲ ਸੰਗ੍ਰਹਿ ਦਾ ਪ੍ਰਕਾਸ਼ਨ ਹੋਇਆ ਹੈ। ਇਹ ਸਵ: ਢੁੱਡੀਕੇ ਨੂੰ ਇਕ ਸ਼ਾਨਦਾਰ ਸ਼ਰਧਾਂਜਲੀ ਹੈ।
ਇਸ ਕਿਤਾਬ ਵਿਚ ਕੁੱਲ 76 ਗ਼ਜ਼ਲਾਂ ਛਾਇਆ ਹੋਈਆਂ ਹਨ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਸ਼ਾਇਰ ਆਖਦਾ ਹੈ ਕਿ ਗੱਲ ਚਾਹੇ ਜ਼ੁਲਫ਼ਾਂ ਦੀ ਹੋਵੇ ਜਾਂ ਇਨਕਲਾਬ ਦੀ ਬਸ ਗ਼ਜ਼ਲ ਲਿਖੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਸ਼ਾਇਰ ਦੀ ਗ਼ਜ਼ਲ ਸਬੰਧੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ। ਉਹ ਚਾਹੁੰਦਾ ਹੈ ਕਿ ਗ਼ਜ਼ਲ ਵਿਚ ਲੋਕਾਂ ਦੇ ਦਰਦ ਦੀ ਗੱਲ ਹੋਣੀ ਚਾਹੀਦੀ ਹੈ। ਗ਼ਜ਼ਲਕਾਰ ਸਾਂਝਾ ਸੁਰ ਛੇੜਨ ਤੇ ਪਿਆਰ ਦੀ ਤਾਨ ਛੇੜਨ ਦਾ ਹੋਕਾ ਦਿੰਦਾ ਹੈ। ਉਹ ਕਾਲੇ ਮੌਸਮ ਵਿਚ ਆਪਣੇ ਪਿਆਰੇ ਦੇ ਨਕਸ਼ ਚਿਤਰਨ ਵਿਚ ਅਸਮਰਥਾ ਪ੍ਰਗਟਾਉਂਦਾ ਹੈ ਤੇ ਆਖਦਾ ਹੈ ਕਿ ਉਹ ਹਾਲੇ ਅੱਗ ਦੇ ਦੌਰ ਵਿਚ ਦੀ ਗੁਜ਼ਰ ਰਿਹਾ ਹੈ। ਉੱਚੇ ਮੀਨਾਰਾਂ ਕੋਲ ਉਸ ਨੂੰ ਆਮ ਆਦਮੀ ਦੇ ਘਟ ਰਹੇ ਆਕਾਰ ਦਾ ਫ਼ਿਕਰ ਹੈ ਤੇ ਉਹ ਇਸ ਖ਼ਿਲਾਫ਼ ਸੰਘਰਸ਼ ਕਰਨ ਦੇ ਰੌਂਅ ਵਿਚ ਹੈ। ਸ਼ਾਇਰ ਫਿਰਕੂ ਜਨੂੰਨ, ਧਰਮ ਦੇ ਨਾਂਅ 'ਤੇ ਪਾਖੰਡ ਤੇ ਰਾਜਨੀਤਕ ਚਾਲਬਾਜ਼ੀਆਂ ਦਾ ਕੱਟੜ ਵਿਰੋਧੀ ਹੈ ਤੇ ਉਹ ਆਪਣੀ ਕਲਮ ਰਾਹੀਂ ਸਮਾਨਤਮ ਸਮਾਜ ਸਿਰਜਣ ਦਾ ਹਾਮੀ ਹੈ।
ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰ ਸਾਦੀ ਜ਼ਬਾਨ ਵਿਚ ਹਨ ਤੇ ਇਹ ਪਾਠਕ ਲਈ ਬੁਝਾਰਤਾਂ ਨਹੀਂ ਬਣਦੇ। ਤਕਨੀਕੀ ਤੌਰ 'ਤੇ ਇਹ ਗ਼ਜ਼ਲਾਂ ਆਮ ਤੌਰ 'ਤੇ ਮੁਕੰਮਲ ਹਨ ਕਿਉਂਕਿ ਗੁਰਚਰਨ ਉੱਤੇ ਜਨਾਬ ਦੀਪਕ ਜੈਤੋਈ ਜਿਹੇ ਮਾਹਿਰ ਦਾ ਥਾਪੜਾ ਰਿਹਾ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ ਉੱਤੇ ਗੁਰਚਰਨ ਸਿੰਘ ਢੁੱਡੀਕੇ ਦੀ ਸੁਪਤਨੀ ਸ੍ਰੀਮਤੀ ਨਛੱਤਰ ਕੌਰ ਦਾ ਲਘੂ ਲੇਖ 'ਬਸ ਯਾਦਾਂ ਰਹਿ ਗਈਆਂ' ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ਾਇਰ ਦੇ ਬੇਟੇ ਅਨੁਦੀਪ ਸਰੋਏ ਤੇ ਬੇਟੀ ਅਨੁਜੋਤ ਕੌਰ ਨੇ ਵੀ ਆਪਣੇ ਪਿਤਾ ਨੂੰ ਢੁਕਵੇਂ ਸ਼ਬਦਾਂ ਵਿਚ ਸ਼ਰਧਾਂਜਲੀ ਭੇਟ ਕੀਤੀ ਹੈ।

ਮੇਰੇ ਜਜ਼ਬਾਤ
ਸ਼ਾਇਰਾ : ਸੁਮਨ ਬਘਰੇਟਾ
ਪ੍ਰਕਾਸ਼ਕ : ਆਬ ਪਬਲੀਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 96.

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬੀ ਸਾਹਿਤ ਵਿਚ ਇਸ ਸਮੇਂ ਸਭ ਤੋਂ ਵਧ ਸਿਰਜਣਾ ਕਵਿਤਾ ਦੀ ਹੋ ਰਹੀ ਹੈ ਤੇ ਕਾਵਿ-ਪੁਸਤਕਾਂ ਦਾ ਪ੍ਰਕਾਸ਼ਨ ਧੜਾ-ਧੜ ਹੋ ਰਿਹਾ ਹੈ। ਇਸ ਨਾਲ ਪੰਜਾਬੀ ਕਾਵਿ ਸਾਹਿਤ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਕੁਝ ਹਾਂ ਪੱਖੀ ਪਹਿਲੂ ਵੀ ਸਾਹਮਣੇ ਆ ਰਹੇ ਹਨ। ਨੁਕਸਾਨ ਇਹ ਕਿ ਕੱਚ ਘਰੜ ਕਵਿਤਾ ਪੰਜਾਬੀ ਸ਼ਾਇਰੀ ਦੇ ਪਾਠਕਾਂ ਨੂੰ ਕਵਿਤਾ ਤੋਂ ਦੂਰ ਲਿਜਾ ਰਹੀ ਹੈ ਤੇ ਹਾਂ ਪੱਖੀ ਪਹਿਲੂ ਇਹ ਹੈ ਕਿ ਕਾਵਿ ਸਾਹਿਤ ਸਿਰਜਣਾ ਖੇਤਰ ਜਿਸ 'ਤੇ ਵਧੇਰੇ ਕਰਕੇ ਮਰਦਾਂ ਦਾ ਹੀ ਕਬਜ਼ਾ ਸੀ, ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੀਆਂ ਹਨ। 'ਮੇਰੇ ਜਜ਼ਬਾਤ' ਇਸ ਦੀ ਉਦਾਹਰਨ ਹੈ ਜਿਸ ਦੀ ਰਚੇਤਾ ਸੁਮਨ ਬਘਰੇਟਾ ਹੈ। ਇਹ ਸ਼ਾਇਰਾ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 88 ਛੰਦ ਬੰਦ ਤੇ ਖੁੱਲ੍ਹੀਆਂ ਰਚਨਾਵਾਂ ਸ਼ਾਮਿਲ ਹਨ। ਸੁਮਨ ਬਘਰੇਟਾ ਦੀ ਇਹ ਪਹਿਲੀ ਪੁਸਤਕ ਹੋਣ ਕਾਰਨ ਇਸ ਵਿਚ ਭਾਵਨਾਵਾਂ ਦਾ ਵੇਗ ਤੀਬਰ ਹੈ। ਉਹ ਧਰਮ, ਈਮਾਨ ਤੇ ਖ਼ੂਬਸੂਰਤ ਸੁਪਨਿਆਂ ਦੇ ਗੁੰਮ ਹੋ ਜਾਣ 'ਤੇ ਦੁੱਖ ਮਹਿਸੂਸ ਕਰਦੀ ਹੈ ਤੇ ਇਸ ਦਾ ਦਰਦ ਉਸ ਦੀ ਕਲਮ 'ਚੋਂ ਸੇਕ ਬਣ ਕੇ ਨਿਕਲਦਾ ਹੈ। ਉਹ ਫੁੱਲਾਂ ਦੀ ਖ਼ਾਹਿਸ਼ ਰੱਖਦੀ ਹੈ ਪਰ ਉਸ ਦੀ ਇੰਤਜ਼ਾਰ ਦੇ ਵਿਹੜੇ ਪੋਲ਼ੀ ਤੇ ਭੱਖੜੇ ਉੱਗਦੇ ਹਨ। ਆਪਣੀਆਂ ਰਚਨਾਵਾਂ ਵਿਚ ਸ਼ਾਇਰਾ ਧੁਖਦੀ ਹੈ, ਰੋਂਦੀ ਹੈ ਤੇ ਦੀਵਾਰ ਬਣੇ ਸਮਾਜ ਨੂੰ ਕੋਸਦੀ ਹੈ। ਉਹ ਆਪਣਿਆਂ ਦੀ ਬੇਵਫ਼ਾਈ 'ਤੇ ਵੀ ਦੁਆਵਾਂ ਦਿੰਦੀ ਹੈ ਤੇ ਉਨ੍ਹਾਂ ਦੇ ਪਰਤ ਆਉਣ ਦੀਆਂ ਆਸਾਂ ਲਾਈ ਬੈਠੀ ਹੈ। ਬਘਰੇਟਾ ਦੀਆਂ ਤਮਾਮ ਰਚਨਾਵਾਂ ਉਸ ਦੀ ਨਿੱਜਤਾ ਨਾਲ ਸਬੰਧਤ ਹਨ। ਚੰਗਾ ਹੁੰਦਾ ਜੇ ਉਸ ਨੇ ਆਪਣੀ ਸ਼ਾਇਰੀ ਵਿਚ ਹੋਰਨਾਂ ਸਮਾਜਿਕ ਸਮੱਸਿਆਵਾਂ ਨੂੰ ਵੀ ਸ਼ਾਮਿਲ ਕੀਤਾ ਹੁੰਦਾ ਹੈ। ਸ਼ਾਇਰੀ ਬੜੀ ਨਾਜ਼ੁਕ ਸਿਨਫ਼ ਹੈ ਜਿਸ ਵਿਚ ਬਿਨਾਂ ਅਧਿਐਨ ਦੇ ਸ਼ਬਦ ਭੰਡਾਰ ਵਿਸ਼ਾਲ ਨਹੀਂ ਹੋ ਸਕਦਾ। ਕਿਸੇ ਪਰਪੱਕ ਸ਼ਾਇਰ ਦੀ ਅਗਵਾਈ ਵੀ ਰਚਨਾਵਾਂ ਨੂੰ ਨਿਖਾਰਦੀ ਹੈ। ਉਦਾਹਰਨ ਦੇ ਤੌਰ 'ਤੇ ਅਲਫ਼ਾਜ਼ ਤੇ ਜਜ਼ਬਾਤ ਸ਼ਬਦ ਬਹੁ ਵਚਨ ਹਨ ਪਰ ਇਨ੍ਹਾਂ ਨੂੰ ਇਕ ਵਚਨ ਵਜੋਂ ਇਸਤੇਮਾਲ ਕੀਤਾ ਗਿਆ ਹੈ। ਕਿਸੇ ਸਿਆਣੇ ਸ਼ਾਇਰ ਦਾ ਥਾਪੜਾ ਪੁਸਤਕ ਦੀਆਂ ਕੁਝ ਘਾਟਾਂ ਨੂੰ ਘਟਾ ਸਕਦਾ ਸੀ। ਇਸ ਪੁਸਤਕ ਦਾ ਸਵਾਗਤ ਹੈ ਪਰ ਸ਼ਾਇਰਾ ਨੇ ਪੱਕੇ ਪੈਰੀਂ ਖਲ੍ਹੋਣਾ ਹੈ ਤਾਂ ਉਸ ਨੂੰ ਸ਼ਾਇਰੀ ਦੀਆਂ ਬਾਰੀਕੀਆਂ ਬਾਰੇ ਹੋਰ ਜਾਨਣਾ ਹੋਵੇਗਾ।

-ਗੁਰਦਿਆਲ ਰੌਸ਼ਨ
ਮੋ: 9988444002 

22-9-2013

 ਦਲਿਤ ਚਿੰਤਨ : ਮਾਰਕਸੀ ਪਰਿਪੇਖ
ਸੰਪਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁਕਸ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 182.

ਅਜੋਕੇ ਪੰਜਾਬੀ ਮਾਰਕਸਵਾਦੀ ਚਿੰਤਕਾਂ ਵਿਚ ਡਾ: ਭੀਮ ਇੰਦਰ ਆਪਣੀ ਪ੍ਰਤਿਬੱਧਤਾ, ਸਪੱਸ਼ਟ ਦ੍ਰਿਸ਼ਟੀ ਤੇ ਬੇਬਾਕ ਅਭਿਵਿਅਕਤੀ ਹੀ ਨਹੀਂ, ਸੋਚ ਤੇ ਵਿਹਾਰ ਵਿਚ ਸੁਮੇਲ ਕਾਰਨ ਵੱਖਰੀ ਪਛਾਣ ਦਾ ਅਧਿਕਾਰੀ ਹੈ। ਮਨ ਹੋਰ ਮੁੱਖ ਹੋਰ ਨਹੀਂ। ਕਥਨੀ ਕਰਨੀ ਵਿਚ ਪਾੜਾ ਨਹੀਂ। ਕਿਸੇ ਵੀ ਵਿਸ਼ੇ ਉਤੇ ਉਹ ਕਦੇ ਵੀ ਲਿਖੇ, ਉਹ ਆਪਣੇ ਸਿਧਾਂਤਕ ਮਾਰਕਸਵਾਦੀ ਆਧਾਰ ਤੋਂ ਥਿੜਕਦਾ ਨਹੀਂ। ਦਲਿਤ ਚਿੰਤਨ ਵਿਚ ਦਲਿਤ ਸਰੋਕਾਰਾਂ ਬਾਰੇ ਉਸ ਦੁਆਰਾ ਸੰਪਾਦਿਤ ਕੀਤੇ ਤੇਰਾਂ ਨਿਬੰਧ ਹਨ ਅਤੇ ਇਹ ਸਾਰੇ ਇਸੇ ਵਿਚਾਰਧਾਰਾਈ ਆਧਾਰ ਨਾਲ ਜੁੜੇ ਹੋਏ ਹਨ।
ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਨਿਬੰਧ ਹਨ, ਉਹ ਹਨ : ਡਾ: ਕੇਸਰ ਸਿੰਘ ਕੇਸਰ, ਡਾ: ਸਰਬਜੀਤ ਸਿੰਘ, ਡਾ: ਰੌਣਕੀ ਰਾਮ, ਡਾ: ਜਗਬੀਰ ਸਿੰਘ, ਡਾ: ਟੀ.ਆਰ. ਵਿਨੋਦ, ਡਾ: ਸੁਰਜੀਤ ਸਿੰਘ ਭੱਟੀ, ਹਰਵਿੰਦਰ ਭੰਡਾਲ, ਤਸਕੀਨ, ਸ਼ਬਦੀਸ਼, ਦਰਸ਼ਨ ਖਟਕੜ, ਤਰਲੋਚਨ ਸਿੰਘ ਅਤੇ ਇਸ ਪੁਸਤਕ ਦਾ ਸੰਪਾਦਕ ਆਪ। ਡਾ: ਕੇਸਰ ਨੇ ਦਲਿਤ ਸੰਕਲਪ ਤੇ ਸਾਹਿਤ ਨੂੰ ਪਰਿਭਾਸ਼ਤ ਕਰਦੇ ਹੋਏ ਇਸ ਦੀ ਇਤਿਹਾਸ ਰੇਖਾ ਉਲੀਕੀ ਹੈ। ਖਟਕੜ ਨੇ ਜਾਤ ਤੇ ਜਮਾਤ ਦਾ ਦਲਿਤ ਸੰਦਰਭ ਸਿਰਜਿਆ ਹੈ। ਇਹੀ ਸਿਧਾਂਤਕ ਸੰਦਰਭ ਰਤਾ ਸਪੱਸ਼ਟ ਤਕਨੀਕੀ ਸ਼ਬਦਾਵਲੀ ਨਾਲ ਭੀਮ ਇੰਦਰ ਨੇ ਪੇਸ਼ ਕੀਤਾ ਹੈ। ਡਾ: ਸਰਬਜੀਤ ਦਲਿਤ ਦੇ ਜਾਤ/ਜਮਾਤ ਬਾਰੇ ਉਕਤ ਦ੍ਰਿਸ਼ਟੀ ਦੇ ਨਾਲ ਹੋਰ ਸਾਹਿਤਕ ਮਸਲੇ ਵੀ ਆਪਣੇ ਨਿਬੰਧ ਵਿਚ ਛੇੜਦਾ ਹੈ। ਡਾ: ਰੌਣਕੀ ਰਾਮ ਇਸ ਪ੍ਰਸੰਗ ਵਿਚ ਰਤਾ ਕੁ ਆਦਿ ਧਰਮੀ ਲਹਿਰ ਤੇ ਸਿੱਖ ਧਰਮ ਦੇ ਇਸ ਮਸਲੇ ਨਾਲ ਜੁੜੇ ਸਰੋਕਾਰਾਂ ਦੀ ਚਰਚਾ ਕਰਦਾ ਹੈ। ਡਾ: ਜਗਬੀਰ ਸਿੰਘ ਦਲਿਤ ਚੇਤਨਾ ਨੂੰ ਗੁਰਬਾਣੀ ਦੇ ਪ੍ਰਸੰਗ ਵਿਚ ਵਿਸ਼ਲੇਸ਼ਿਤ ਕਰਦਾ ਹੈ। ਪੰਜਾਬੀ ਕਹਾਣੀ ਤੇ ਨਾਵਲ ਵਿਚ ਦਲਿਤ ਚੇਤਨਾ ਬਾਰੇ ਡਾ: ਭੀਮ ਇੰਦਰ ਤੇ ਡਾ: ਵਿਨੋਦ ਨੇ ਵਿਹਾਰਕ ਅਧਿਐਨ ਪੇਸ਼ ਕੀਤੇ ਹਨ। ਸ਼ਬਦੀਸ਼ ਇਸਤਰੀ ਤੇ ਦਲਿਤ ਚਿੰਤਨ ਦੋਵਾਂ ਦੀ ਹਾਸ਼ੀਆਗਤ ਹੋਂਦ ਦੀ ਗੱਲ ਕਰਦਾ ਹੈ। ਤਸਕੀਨ ਇਸ ਮਸਲੇ ਨੂੰ ਬਸਤੀਵਾਦ ਨਾਲ ਜੋੜ ਕੇ ਵਿਸ਼ਲੇਸ਼ਿਤ ਕਰਦਾ ਹੈ।
ਪੁਸਤਕ ਦੀ ਸਮੁੱਚੀ ਦ੍ਰਿਸ਼ਟੀ ਇਹ ਬਣਦੀ ਹੈ ਕਿ ਦਲਿਤ ਲੇਖਕ ਕੇਵਲ ਦਲਿਤ ਲੇਖਕਾਂ ਦਾ ਰੁਦਨ ਨਹੀਂ। ਇਹ ਉਨ੍ਹਾਂ ਤੱਕ ਸੀਮਤ ਵੀ ਨਹੀਂ ਕਰਨਾ ਚਾਹੀਦਾ। ਭਾਰਤ ਵਿਚ ਜਾਤ-ਪਾਤ ਪ੍ਰਬੰਧ ਦੀ ਦਲਿਤ ਪ੍ਰਤੀ ਗ਼ਲਤ ਸੋਚ/ਪ੍ਰਭਾਵ ਤੋਂ ਮੁਕਤੀ ਲਈ ਜਾਤ ਦੀ ਥਾਂ ਵਰਗ ਸੰਘਰਸ਼ ਵੱਲ ਅਤੇ ਆਰਥਿਕ ਮਸਲੇ ਵੱਲ ਮੁੜਨ ਦੀ ਲੋੜ ਹੈ।

ਪੰਜਾਬੀ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰ
ਲੇਖਕ : ਡਾ: ਜਸਵੰਤ ਰਾਏ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 540 ਰੁਪਏ, ਸਫ਼ੇ : 312.

ਡਾ: ਜਸਵੰਤ ਰਾਏ ਰਚਿਤ ਇਹ ਪੁਸਤਕ ਲੇਖਕ ਦਾ ਡਾਕਟਰੇਟ ਦੀ ਡਿਗਰੀ ਲਈ ਲਿਖਿਆ ਖੋਜ ਪ੍ਰਬੰਧ ਹੈ। ਇਸ ਵਿਚ ਦੁਆਬੇ ਦੀਆਂ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਵਿਸ਼ਲੇਸ਼ਣ ਪੇਸ਼ ਹੈ। ਲੋਕ ਕਥਾਵਾਂ ਆਂਚਲਿਕ ਹੁੰਦੀਆਂ ਹਨ। ਇਨ੍ਹਾਂ ਦਾ ਮੌਲਿਕ ਉਚਾਰ ਖੇਤਰੀ ਸਰੋਕਾਰਾਂ ਨਾਲ ਜੁੜਿਆ ਰਹਿੰਦਾ ਹੈ। ਬਿਰਤਾਂਤ ਸ਼ਾਸਤਰ ਦੇ ਆਧਾਰ 'ਤੇ ਇਨ੍ਹਾਂ ਲੋਕ ਕਥਾਵਾਂ ਦੇ ਅਧਿਐਨ ਨਾਲ ਇਨ੍ਹਾਂ ਦੀਆਂ ਸਿਰਜਨ ਜੁਗਤਾਂ, ਸਾਮੱਗਰੀ ਅਤੇ ਵਿਚਾਰਧਾਰਾਈ ਵੱਥ ਨੂੰ ਗਹਿਰਾਈ ਨਾਲ ਸਮਝਣਾ ਸੰਭਵ ਹੋਇਆ ਹੈ।
ਲੇਖਕ ਨੇ ਆਪਣਾ ਅਧਿਐਨ ਦੁਆਬੇ ਦੇ ਭੂਗੋਲ, ਇਤਿਹਾਸ ਤੇ ਸੱਭਿਆਚਾਰ ਦੀ ਸੰਖੇਪ ਜਾਣ-ਪਛਾਣ ਨਾਲ ਅਰੰਭ ਕੀਤਾ ਹੈ। ਇਸ ਉਪਰੰਤ ਉਸ ਨੇ ਲੋਕ ਧਾਰਾ ਦੀ ਪਰਿਭਾਸ਼ਾ ਦਿੰਦੇ ਹੋਏ ਲੋਕ ਕਥਾ ਦਾ ਕਾਵਿ-ਸ਼ਾਸਤਰ ਸਿਰਜਿਆ ਹੈ। ਪੁਸਤਕ ਦਾ ਚੌਥਾ ਅਧਿਆਇ ਲੋਕਾਂ ਦੀ ਜੀਵਨ ਦ੍ਰਿਸ਼ਟੀ ਅਤੇ ਬਿਰਤਾਂਤ ਦੇ ਪਰਸਪਰ ਸਬੰਧਾਂ ਨੂੰ ਸਮਝਣ ਦਾ ਯਤਨ ਹੈ। ਲੋਕ ਕਥਾ ਵਿਚ ਪਾਤਰਾਂ ਦੀ ਸਿਰਜਣਾ ਖੋਜ ਪ੍ਰਾਜੈਕਟ ਦਾ ਅਗਲਾ ਪੜਾਅ ਹੈ। ਛੇਵੇਂ ਅਧਿਆਇ ਵਿਚ ਲੋਕ ਕਥਾ ਵਿਚ ਘਟਨਾ ਪ੍ਰਬੰਧ ਦਾ ਵਿਸ਼ਲੇਸ਼ਣ ਹੈ। ਸਤਵੇਂ ਅਧਿਆਇ ਵਿਚ ਖੋਜਾਰਥੀ ਨੇ ਸਮੇਂ ਸਥਾਨ ਅਤੇ ਫੋਕਸੀਕਰਨ ਦੇ ਬਿਰਤਾਂਤ ਸ਼ਾਸਤਰੀ ਸੰਕਲਪਾਂ ਦੀ ਵਰਤੋਂ ਨਾਲ ਲੋਕ ਕਥਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਕਾਰਜ ਦੇ ਅੰਤਿਮ ਚਰਨ ਵਿਚ ਦੁਆਬੇ ਦੀਆਂ ਦਸ ਲੋਕ ਕਥਾਵਾਂ ਦਾ ਨਿਕਟ ਅਧਿਐਨ ਕੀਤਾ ਗਿਆ ਹੈ।
ਖੋਜਾਰਥੀ ਨੇ ਇਸ ਅਧਿਐਨ ਦਾ ਆਧਾਰ ਫੀਲਡ ਵਰਕ ਨੂੰ ਬਣਾਇਆ ਹੈ। ਲੋਕ ਕਥਾਵਾਂ ਮਿਹਨਤ ਨਾਲ ਰਿਕਾਰਡ ਕੀਤੀਆਂ ਹਨ। ਲੋਕਧਾਰਾ ਦੀ ਮੁੱਖ ਵੰਨਗੀ ਹੈ ਲੋਕ ਕਥਾ। ਇਸ ਨੂੰ ਲੇਖਕ ਨੇ ਮਿਥ ਦੰਦ ਕਥਾ ਤੇ ਲੋਕ ਕਹਾਣੀ ਦੇ ਤਿੰਨ ਵਰਗਾਂ ਵਿਚ ਵੰਡਿਆ ਹੈ। ਸਿਧਾਂਤਕ ਪੱਧਰ 'ਤੇ ਲੇਖਕ ਨੇ ਪ੍ਰਾਪ, ਰੋਲਾਂ ਬਾਰਤ, ਤੋਦੋਰੋਵ, ਪ੍ਰਿੰਸ ਤੇ ਮੀਕਬਲ ਦੇ ਬਿਰਤਾਂਤ ਸ਼ਾਸਤਰ ਦੇ ਕਾਰਜ ਨੂੰ ਬਾਰੀਕੀ ਨਾਲ ਸਮਝਣ ਤੇ ਵਰਤਣ ਦਾ ਉਪਰਾਲਾ ਕੀਤਾ ਹੈ। ਪਾਤਰਾਂ ਦੀ ਪ੍ਰਕਾਰਜ ਦੇ ਆਧਾਰ 'ਤੇ ਪ੍ਰਾਪ ਦੁਆਰਾ ਕੀਤੀ ਵਰਗ ਵੰਡ ਅਤੇ ਮੀਕਬਲ ਦਾ ਪਾਤਰ-ਚਰਿਤਰਾਂ ਦੀ ਬਿੰਬ ਸਿਰਜਣਾ ਦਾ ਖੋਜਾਰਥੀ ਦਾ ਅਧਿਐਨ ਸਰਲ ਤੇ ਪ੍ਰਭਾਵਸ਼ਾਲੀ ਹੈ। ਘਟਨਾਵਾਂ ਦੀ ਸਮਾਂ ਸੀਮਾ, ਰਫ਼ਤਾਰ, ਵਿਸਤਾਰ, ਸੰਖੇਪਤਾ, ਅਟਕਾਓ ਆਦਿ ਜੁਗਤਾਂ ਦਾ ਕਥਾ ਉਤੇ ਪ੍ਰਭਾਵ ਵੇਖਣਾ ਬਿਰਤਾਂਤ ਸ਼ਾਸਤਰ ਦੀ ਵੱਡੀ ਪ੍ਰਾਪਤੀ ਹੈ। ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਅਧਿਐਨ ਇਨ੍ਹਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਯੋਗ ਬਣਾਉਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਆਸ ਨਿਰਾਸੀ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 192.

ਡਾ: ਅਮਰਜੀਤ ਸਿੰਘ ਕਿਸੇ ਵਿਸ਼ੇਸ਼ ਜਾਣਕਾਰੀ ਦੇ ਮੁਥਾਜ ਨਹੀਂ ਕਿਉਂਕਿ ਉਨ੍ਹਾਂ ਨੇ 1964 ਤੋਂ ਲੈ ਕੇ ਹੁਣ ਤੱਕ ਕਈ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਨਾਵਲ (23) ਤੇ ਵਾਰਤਕ ਪੁਸਤਕਾਂ ਨਾਲ ਸਾਹਿਤ ਦੇ ਖਜ਼ਾਨੇ ਨੂੰ ਮਾਲਾਮਾਲ ਕੀਤਾ ਹੈ।
ਇਹ ਤਿੰਨ ਲੜੀਆ ਨਾਵਲ ਹੈ, ਜਿਨ੍ਹਾਂ ਵਿਚਲੇ ਵੇਰਵੇ ਤਾਂ ਭਾਵੇਂ ਬਦਲ ਗਏ ਹਨ ਪਰ ਘਟਨਾਵਾਂ ਤੇ ਪਾਤਰਾਂ ਦਾ ਸਿਧਾਂਤਕ ਪੈਂਤੜਾ ਕਾਇਮ ਹੈ। ਨਾਵਲ ਮੱਧ ਵਰਗ ਦੇ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਘਟਨਾਵਾਂ ਤੇ ਪਾਤਰ ਉਸੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ। ਮੁੱਖ ਪਾਤਰ ਪੰਡਿਤ ਤੇ ਰਤਨ ਸਿੰਘ ਨਕਸਲੀ ਲਹਿਰ ਤੇ ਮਾਰਕਸਵਾਦੀ ਵਿਚਾਰ ਦੇ ਧਾਰਨੀ ਹਨ ਤੇ ਖੁੱਲ੍ਹ ਕੇ ਲਹਿਰ ਦਾ ਹਿੱਸਾ ਬਣਦੇ ਹਨ। ਇਕ ਹੋਰ ਪਾਤਰ ਪ੍ਰੋ: ਸੰਧੂ ਖੁੱਲ੍ਹ ਕੇ ਸਾਹਮਣੇ ਆਉਣ ਦੀ ਬਜਾਏ ਪਿੱਛੇ ਰਹਿ ਕੇ ਇਸ ਵਿਚਾਰਧਾਰਾ ਦਾ ਪ੍ਰਚਾਰ ਸਾਹਿਤ ਦੇ ਮਾਧਿਅਮ ਰਾਹੀਂ ਕਰਦਾ ਹੈ। ਇਸ ਦਾ ਕਾਰਨ ਸੀ ਸਰਕਾਰੀ ਨੌਕਰੀ ਦੇ ਖੁਸ ਜਾਣ ਦਾ ਖਦਸ਼ਾ। ਇਸ ਦੇ ਨਾਲ-ਨਾਲ ਲੇਖਕ ਨੇ ਯੂਰਪ ਵਿਚ ਜ਼ੋਰ ਫੜ ਰਹੀ ਲਹਿਰ ਵਿਦਿਆਰਥੀ ਲਹਿਰ ਦਾ ਵੀ ਖੁਲਾਸਾ ਕੀਤਾ ਹੈ।
ਪਾਤਰ ਰਤਨ ਸਿੰਘ ਦਾ ਭੇਸ ਬਦਲਣਾ ਉਸ ਦੀ ਮਾਨਸਿਕਤਾ, ਡਰ ਭੈ ਤੇ ਭਾਂਜਵਾਦ ਮਨ ਵਿਚ ਉਠਦੇ ਵਿਚਾਰਾਂ ਨੂੰ ਉਭਾਰਿਆ ਹੈ। ਕਿਸੇ ਵੀ ਵੱਡੇ ਇਨਕਲਾਬ ਲਈ ਨੌਜਵਾਨ ਇਨਕਲਾਬੀਆਂ ਦੀ ਲੋੜ ਹੁੰਦੀ ਹੈ, ਜੋਸ਼, ਨਿਡਰਤਾ ਤੇ ਹੌਸਲਾ ਉਨ੍ਹਾਂ ਦਾ ਵੱਡਾ ਹਥਿਆਰ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਭਗਤਾਂ ਤੇ ਇਨਕਲਾਬੀਆਂ ਉਤੇ ਪੁਲਿਸ ਦੇ ਜਬਰ, ਜ਼ੁਲਮ ਦੀ ਇੰਤਹਾ, ਧੜੇਬੰਦੀ, ਰਿਸ਼ਤੇਦਾਰਾਂ ਉਤੇ ਵੀ ਜ਼ੁਲਮ ਤੇ ਤਸ਼ੱਦਦ ਨੂੰ ਪੇਸ਼ ਕੀਤਾ ਗਿਆ ਹੈ। ਨਾਵਲਕਾਰ ਨੇ ਇਨਕਲਾਬੀ ਕਵਿਤਾਵਾਂ ਨੂੰ ਵੀ ਜੋਸ਼ ਦਾ ਹਥਿਆਰ ਬਣਾਇਆ ਹੈ, ਜੋ ਹਕੀਕਤ ਹੈ, ਉਸ ਨੇ ਮਾਓ ਦੀਆਂ ਨੀਤੀਆਂ ਦੀ ਗੱਲ ਕੀਤੀ ਹੈ, ਜ਼ਿੰਦਗੀ ਦੀ ਕਸ਼ਮਕਸ਼ ਨੂੰ ਪੇਸ਼ ਕੀਤਾ ਹੈ, ਪਤੀ-ਪਤਨੀ ਵਿਚਾਲੇ ਸ਼ਕ ਸ਼ੁਬਹ, ਦੁਪਾਸੀ ਸ਼ੰਕਾ ਵਿਸ਼ੇ ਨੂੰ ਵੀ ਛੂਹਿਆ ਹੈ, ਕਿਵੇਂ ਕਵਿਤਰੀਆਂ ਵੀ ਸ਼ਰਾਬ ਪੀਂਦੀਆਂ ਤੇ ਖੁੱਲ੍ਹ ਕੇ ਵਿਚਰਦੀਆਂ ਹਨ, ਉਨ੍ਹਾਂ ਦੇ ਹਾਲਾਤ ਤੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਨਾਵਲ ਦਾ ਹਿੱਸਾ ਬਣੀਆਂ ਹਨ। ਇਹ ਨਾਵਲ ਕੇਵਲ ਗ਼ਦਰ ਲਹਿਰ ਜਾਂ ਨਕਸਲੀ ਤੇ ਮਾਰਕਸਵਾਦੀ ਲਹਿਰ ਕਾਲ ਹੀ ਨਹੀਂ, ਸਗੋਂ 1984 ਵਿਚ ਹੋਏ ਦੰਗਿਆਂ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ, ਉਸ ਦੇ ਕਾਰਨਾਂ ਤੇ ਸਿੱਟਿਆਂ ਉਤੇ ਚਾਨਣਾ ਪਾਇਆ ਗਿਆ ਹੈ। ਸਾਹਿਤ ਦੀ ਗੱਲ ਕੀਤੀ ਹੈ ਨਾਨਕ ਸਿੰਘ, ਗੁਰਦਿਆਲ ਸਿੰਘ ਤੇ ਪ੍ਰੇਮ ਪ੍ਰਕਾਸ਼ ਸਿੰਘ ਦੇ ਨਾਵਲਾਂ ਦੀ ਆਪਸ ਵਿਚ ਸੋਚ ਤੇ ਭਿੰਨਤਾ ਨੂੰ ਚਿਤਰਿਆ ਹੈ ਪਾਤਰਾਂ ਦੇ ਆਪਸੀ ਵਾਰਤਾਲਾਪ ਰਾਹੀਂ ਕਵਿਤਾ, ਕਹਾਣੀ ਨਾਵਲ ਤੇ ਸਫ਼ਰਨਾਮਿਆਂ ਬਾਰੇ ਉਨ੍ਹਾਂ ਦੀ ਸੋਚਣੀ ਤੇ ਵਿਚਾਰਧਾਰਾ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਨਾਵਲ ਵਿਚ ਰੁਮਾਂਸ ਤੇ ਕਹਾਣੀ ਵੀ ਨਾਲ-ਨਾਲ ਚਲਦੀ ਹੈ ਪਰ ਮੁੱਖ ਤੌਰ 'ਤੇ ਲਹਿਰਾਂ ਨੂੰ ਹੀ ਪੇਸ਼ ਕੀਤਾ ਹੈ ਤੇ ਇਨ੍ਹਾਂ ਦੇ ਪਏ ਪ੍ਰਭਾਵ ਵੀ ਸਪੱਸ਼ਟ ਹੁੰਦੇ ਹਨ। ਨਾਵਲ ਦੇ ਪਾਤਰ, ਵਾਰਤਾਲਾਪ, ਕਹਾਣੀ ਰਸ ਤੇ ਵਿਚਾਰਧਾਰਾ ਬੜੇ ਹੀ ਸੁਚੱਜੇ ਢੰਗ ਨਾਲ ਉਸਾਰੇ, ਗੁੰਦੇ ਤੇ ਪੇਸ਼ ਕੀਤੇ ਗਏ ਹਨ। ਮੁੱਖ ਤੌਰ 'ਤੇ ਪਾਤਰਾਂ ਦੀ ਅਗਾਂਹਵਧੂ ਸੋਚ ਨੂੰ ਉਬਾਰਨ ਦਾ ਯਤਨ ਹੈ।

ਕੂੜ ਅਮਾਵਸ
ਲੇਖਕ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

ਵਿਲੱਖਣ ਢੰਗ ਨਾਲ ਲਿਖਿਆ ਨਾਵਲ ਆਪਣੇ ਅੰਦਰ ਅਨੇਕਾਂ ਵਿਸ਼ੇ ਸਮੋਈ ਬੈਠਾ ਹੈ ਜੋ ਸਮਾਜਿਕ ਸਰੋਕਾਰਾਂ, ਨਿੱਜੀ ਜੀਵਨ ਤੇ ਕੌੜਾ ਯਥਾਰਥ ਨਾਲ ਸਬੰਧਤ ਹਨ। ਮੁਢਲੇ ਪੰਨਿਆਂ ਵਿਚ ਹੀ ਕੈਂਸਰ ਵਰਗੀ ਲਾਇਲਾਜ ਬਿਮਾਰੀ ਬਾਰੇ ਦੱਸ ਕੇ ਇਸ ਦੇ ਸ਼ਿਕਾਰ ਹੋਏ ਪਾਤਰ ਤੇ ਪਰਿਵਾਰ ਦੀ ਮਾਨਸਿਕ ਅਵਸਥਾ ਨੂੰ ਚਿਤਰਿਆ ਹੈ। ਪਿੰਡ ਵਾਲਿਆਂ ਦਾ ਆਪਸੀ ਮੋਹ ਪਿਆਰ, ਕਿਸਾਨ ਦਾ ਧਰਤੀ ਤੇ ਬਲਦ ਨਾਲ ਪਿਆਰ, ਸਾਡਾ ਵਿਗੜਿਆ ਹੋਇਆ ਸਮਾਜਿਕ ਸਿਸਟਮ, ਵਿਦਿਅਕ ਢਾਂਚੇ ਵਿਚ ਕਮੀਆਂ ਪੇਸ਼ੀਆਂ ਜਿਹੇ ਵਿਸ਼ੇ ਲੇਖਕ ਦੇ ਮਨ ਵਿਚ ਮਚਾਉਂਦੀ ਉਥਲ-ਪੁਥਲ ਨੂੰ ਪ੍ਰਗਟ ਕਰਦੇ ਹਨ। ਅੱਤਵਾਦ ਦੇ ਸਮੇਂ ਦੌਰਾਨ ਜੋ ਕੁਝ ਵਾਪਰਿਆ, ਉਹ ਕਿਸੇ ਤੋਂ ਭੁੱਲਿਆ ਨਹੀਂ, ਪਰ ਜੋ ਅੱਤ ਪੁਲਿਸ ਨੇ ਚੁੱਕੀ ਝੂਠੇ ਮੁਕਾਬਲਿਆਂ ਵਿਚ ਨੌਜਵਾਨ ਮਰਵਾ ਕੇ ਤਗਮੇ ਲੈਣੇ ਇਹ ਵੀ ਚਿੱਟਾ ਸੱਚ ਹੈ। ਕਿਹਾ ਜਾਂਦਾ ਸੀ ਕਿ ਸਰਹੱਦਾਂ ਦੇ ਨਾਲ ਲਗਦੇ ਪਿੰਡਾਂ ਵਿਚੋਂ ਸਾਲਾਂਬੱਧੀ ਕੋਈ ਬਾਰਾਤ ਨਹੀਂ ਜਾਏਗੀ ਤੇ ਹੋਇਆ ਵੀ ਇਹੀ ਕੁਝ ਜਿਸ ਦਾ ਵਰਨਣ ਹੇਅਰ ਨੇ ਬਾਖੂਬੀ (ਪੰਨਾ 25-26) ਕੀਤਾ ਹੈ। ਉਸ ਨੇ 1984 ਦੇ ਦੰਗਿਆਂ ਬਾਰੇ ਵੀ ਪਾਤਰਾਂ ਦੇ ਮੂੰਹੋਂ ਢੁਕਵਾਂ ਵਾਰਤਾਲਾਪ ਕਰਵਾਇਆ ਹੈ।
ਏਨਾ ਹੀ ਨਹੀਂ, ਲੇਖਕ ਨੇ ਔਰਤ ਲਈ ਮਰਦ ਦੀ ਭੁੱਖ ਤੇ ਔਰਤ ਦੀ ਮਾਨਸਿਕਤਾ ਨੂੰ ਵੀ ਉਲੀਕਿਆ ਹੈ। ਧਾਰਮਿਕ ਸਥਾਨਾਂ ਵਿਚ ਮਾੜੇ ਅਨਸਰਾਂ ਦੀ ਹੋਂਦ, ਗੋਲਕ ਵਿਚੋਂ ਪੈਸੇ ਕਢਣੇ ਤੇ ਸਾਰਿਆਂ ਦਾ ਰਲ-ਮਿਲ ਕੇ ਖਾਣਾ (38-40), ਧਾਰਮਿਕ ਸਥਾਨਾਂ ਲਈ ਲੋਕ ਲੱਖਾਂ ਰੁਪਏ ਦਿੰਦੇ ਹਨ ਪਰ ਲੋੜਵੰਦਾਂ ਤੱਕ ਨਹੀਂ ਪੁੱਜਦਾ, ਗੁਰਦੁਆਰਿਆਂ ਵਿਚ ਚੋਣਾਂ ਦੌਰਾਨ ਹੱਥੋ-ਪਾਈ ਤੱਕ ਨੌਬਤ ਆਉਣੀ, ਬੱਚਿਆਂ ਦੀ ਧਰਮ ਤੋਂ ਗਿਰਾਵਟ, ਸਿੱਖ ਪੰਥ ਵਿਚ ਆ ਰਹੀ ਗਿਰਾਵਟ, ਚੋਣਾਂ ਵਿਚ ਧਾਂਦਲੀਆਂ, ਅੱਜ ਦੀ ਜੰਗ ਪਿਸਤੌਲਾਂ ਦੀ ਜੰਗ ਇਕ ਵਿਅੰਗ (143-151), ਰਿਫਿਊਜੀਆਂ ਦਾ ਮੰਦਾ ਹਾਲ, ਗੰਦੀ ਰਾਜਨੀਤੀ ਜੋ ਧਾਰਮਿਕ ਸਥਾਨਾਂ ਵਿਚ ਵੀ ਆ ਵੜੀ ਹੈ ਪੈਸੇ ਤੇ ਸ਼ਰਾਬ ਦੀ ਖੇਡ ਅਰਥਾਤ ਹਰ ਵਿਸ਼ੇ ਨੂੰ ਲੇਖਕ ਨੇ ਬਾਖੂਬੀ ਵਿਅੰਗ ਰੂਪ ਵਿਚ ਚਿਤਰਿਆ ਹੈ।
ਹਰਨੇਕ ਸਿੰਘ ਨੇ ਭਾਸ਼ਾ, ਪਾਤਰਾਂ ਦੀ ਢੁਕਵੀਂ ਵਾਰਤਾਲਾਪ, ਕਹਾਣੀ ਦੀ ਉਸਾਰੀ ਤੇ ਰਸ ਨੂੰ ਸੁਚੱਜੇ ਢੰਗ ਨਾਲ ਕਾਇਮ ਰੱਖਿਆ ਹੈ ਤੇ ਨਾਵਲ ਵਿਚਲੀਆਂ ਘਟਨਾਵਾਂ ਜੋ ਕੂੜ ਅਮਾਵਸ ਦੇ ਰੂਪ ਵਿਚ ਉਲੀਕੀਆਂ ਹਨ, ਅਜੋਕੇ ਸਮਾਜ ਦਾ ਕੌੜਾ ਯਥਾਰਥ ਹੈ, ਜਿਨ੍ਹਾਂ ਤੋਂ ਪਰਦਾ ਚੁੱਕਣ ਲੱਗਿਆਂ ਗੁਰੇਜ਼ ਨਹੀਂ ਕੀਤਾ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਕਵਿਤਾ ਮੇਰੇ ਨਾਲ ਨਾਲ
ਲੇਖਕ : ਡਾ: ਰਵਿੰਦਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 508.

ਡਾ: ਰਵਿੰਦਰ ਆਪਣੀ ਸਮੁੱਚੀ ਸ਼ਾਇਰੀ ਦੀ ਪੁਸਤਕ ਲੈ ਕੇ ਪਾਠਕਾਂ ਸਨਮੁੱਖ ਹੈ। ਉਸ ਦੀਆਂ ਅੱਧੀ ਦਰਜਨ ਕਾਵਿ-ਪੁਸਤਕਾਂ ਇਕ ਜਿਲਦ ਵਿਚ ਪੇਸ਼ ਹੋਈਆਂ ਹਨ। ਉਸ ਵਿਚ ਕੁਝ ਕਵਿਤਾਵਾਂ ਪੰਜਾਬ ਦੇ ਮਾਹੌਲ ਨੂੰ ਸੰਕੇਤਿਕ ਢੰਗ ਨਾਲ ਛੂਹੰਦੀਆਂ ਹਨ-
ਬਸਤੀ ਡਰਦੀ ਹੈ, ਉਡੀਕ 'ਚ ਪੱਥਰ ਹੋ ਰਹੀਆਂ, ਮਾਂ ਦੀਆਂ ਅੱਖਾਂ ਤੋਂ,
ਤੜਕ ਸਾਰ ਬੂਹੇ 'ਤੇ ਹੁੰਦੀ ਦਸਤਕ ਤੋਂ, ਗਲੀਆਂ 'ਚ ਫਿਰਦੇ,
ਬੇਵਰਦੀ ਤੇ ਬਾਵਰਦੀ ਪਰਛਾਵਿਆਂ ਤੋਂ, ਬਸਤੀ ਡਰਦੀ ਹੈ,
ਸੰਖਾਂ ਘੰਟੀਆਂ ਆਜ਼ਾਨਾਂ ਤੋਂ ਕਤਲਗਾਹਾਂ ਸ਼ਮਸ਼ਾਨਾਂ ਤੋਂ।
(ਪੰਨਾ 128)
ਡਾ: ਰਵਿੰਦਰ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਜ਼ਿੰਦਗੀ ਦੇ ਸੁਹਿਰਦ ਪਲਾਂ ਨੂੰ ਆਪਣੀ ਕਲਾਤਮਕ ਸੂਝ ਨਾਲ ਬਿਆਨ ਕਰਦੀ ਹੈ। ਲੜਕੀਆਂ ਬਾਰੇ ਉਸ ਦੀਆਂ ਕੁਝ ਖੂਬਸੂਰਤ ਕਵਿਤਾਵਾਂ ਵਿਸ਼ੇਸ਼ ਧਿਆਨ ਦਾ ਕੇਂਦਰ ਬਣਦੀਆਂ ਹਨ-
ਇੰਝ ਦੀਆਂ ਵੀ ਹੁੰਦੀਆਂ ਨੇ ਧੀਆਂ, ਸੜਕਾਂ 'ਤੇ ਰੋੜੀ ਕੁੱਟਦੀਆਂ,
ਖੇਤਾਂ 'ਚ ਸਿੱਟੇ ਚੁਗਦੀਆਂ, ਲੀਹਾਂ 'ਚ ਪਿੰਡਾ ਸਾਂਭ ਕੇ,
ਹਵਸਾਂ ਦੀ ਲੂਅ ਵਿਚ ਝੁਲਸ ਕੇ ਵੀ, ਪਾਕ-ਦਾਮਨ ਰਹਿੰਦੀਆਂ,
ਸੜਕਾਂ ਤੇ ਦਫ਼ਤਰਾਂ ਵਿਚ, ਆਪਸੀ ਜਵਾਨੀ ਢਾਲ ਕੇ,
ਨਿੱਕੇ ਜਿਹੇ ਆਲ੍ਹਣੇ ਦਾ, ਖ਼ੁਆਬ ਬੁਣਦੀਆਂ
(ਪੰਨਾ 253)
- - - - -
ਇਹ ਚਿੜੀਆਂ ਅਸਮਾਨੀ ਉਡਣ, ਇਹ ਚਿੜੀਆਂ ਸਾਗਰ ਤਹਿ ਫੋਲਣ,
ਹੁਣ ਨਾ ਇਹ ਵਿਚਾਰੀਆਂ ਚਿੜੀਆਂ, ਇਹ ਚਿੜੀਆਂ ਹੁਣ, ਬਾਜ਼ ਦੀਆਂ ਅੱਖਾਂ ਵਿਚ ਝਾਕਣ (ਪੰਨਾ 441)
ਕਵੀ ਬੱਚਿਆਂ ਦਾ ਮਾਹਰ ਡਾਕਟਰ ਹੋਣ ਕਰਕੇ ਬੜੀ ਧੀਮੀ ਸੁਰ ਵਿਚ ਨਿੱਕੇ-ਨਿੱਕੇ ਮਾਸੂਮ ਬੱਚਿਆਂ ਬਾਰੇ ਕਵਿਤਾ ਲਿਖਦਾ ਹੈ-
ਰੋਜ਼ ਮੇਰੇ ਕੋਲ, ਨਿੱਕੇ ਨਿੱਕੇ ਰੱਬ ਆਉਂਦੇ ਨੇ, ਗੋਦੀਆਂ 'ਚ ਬਹਿ ਅੰਗੂਠੇ ਚੂਸਦੇ,
ਟਿਕਟਿਕੀ ਲਾ ਵੇਖਦੇ ਆਲੇ ਦੁਆਲੇ, ਬੜਾ ਕੁਝ ਦਿੰਦੇ ਨੇ ਸਾਨੂੰ,
ਰੱਬ ਇਹ ਨਿੱਕੇ-ਨਿੱਕੇ, ਲੋੜ ਨਾ ਇਨ੍ਹਾਂ ਦੇ ਹੁੰਦਿਆਂ, ਹੋਰ ਵੱਡੇ ਰੱਬ ਦੀ...।
(ਪੰਨਾ 290)
ਡਾ: ਰਵਿੰਦਰ ਦੀ ਸ਼ਾਇਰੀ ਵਿਚੋਂ ਰਾਜਸੀ ਸੁਰ ਗਾਇਬ ਰਹਿੰਦੀ ਹੈ। ਉਸ ਦੀ ਕਵਿਤਾ ਵਿਚਲੇ ਕਿਰਦਾਰ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਮਾਨਸਿਕ ਉਲਝਣਾਂ ਅਤੇ ਬੇਬਸੀ ਨੂੰ ਬਿਆਨ ਕਰਦੇ ਹਨ। ਛੇ ਕਾਵਿ-ਸੰਗ੍ਰਹਿਆਂ ਨੂੰ ਇਕੱਠਾ ਛਾਪਣਾ ਪ੍ਰਸੰਸਾਯੋਗ ਉਪਰਾਲਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਅਸਮਾਨ ਵੱਲ ਖੁੱਲ੍ਹਦੀ ਖਿੜ੍ਹਕੀ
ਕਵੀ : ਰਾਜਬੀਰ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 80.

ਅਸਮਾਨ ਵੱਲ ਖੁੱਲ੍ਹਦੀ ਖਿੜਕੀ, ਕਵੀ ਰਾਜਬੀਰ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਹੁਣ ਤੱਕ ਉਸ ਦੇ ਛੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੇ ਰਾਜਬੀਰ ਨੂੰ ਪੰਜਾਬੀ ਕਾਵਿ ਖੇਤਰ ਵਿਚ ਸਥਾਪਤ ਕੀਤਾ ਹੈ। ਇਸ ਸੰਗ੍ਰਹਿ ਵਿਚ ਰਾਜਬੀਰ ਇਕ ਵਾਰ ਫਿਰ ਆਪਣਾ ਨਿਵੇਕਲਾ ਕਾਵਿ ਮੁਹਾਂਦਰਾਂ ਲੈ ਕੇ ਹਾਜ਼ਰ ਹੁੰਦਾ ਹੈ।
ਇਸ ਸੰਗ੍ਰਹਿ ਵਿਚ ਰਾਜਬੀਰ ਦੀਆਂ ਕਵਿਤਾਵਾਂ ਜੀਵਨ ਦੇ ਨਿੱਕੇ-ਨਿੱਕੇ ਵਸਤੂ ਵਰਤਾਰਿਆਂ ਨੂੰ ਬਹੁਤ ਸਹਿਜ ਸੂਖਮ ਭਾਵ ਨਾਲ ਪੇਸ਼ ਕਰਦੀਆਂ ਹਨ। ਕਵੀ ਜੀਵਨ ਨੂੰ ਸਹਿਜ ਦ੍ਰਿਸ਼ਟੀ ਨਾਲ ਵੇਖਦਾ ਤੇ ਕਵਿਤਾਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਦੁਨੀਆ ਵਿਚ ਹਰ ਸ਼ਖ਼ਸ ਦੇ ਹਿਰਦੇ ਵਿਚ ਪ੍ਰੇਮ ਹੋਣਾ ਅਤਿ ਜ਼ਰੂਰੀ ਹੈ। ਉਹ ਲੋਕ ਉਸ ਨੂੰ ਚੰਗੇ ਲਗਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਇਹ ਲਫ਼ਜ਼, ਇਹ ਭਾਵ ਲਿਸ਼ਕਦਾ ਹੈ। ਰਾਜਬੀਰ ਦੇ ਕਾਵਿ ਸੰਸਾਰ ਵਿਚ ਦਾਖਲ ਹੋਣ ਲਈ ਇਸ ਸੰਗ੍ਰਹਿ ਦੀ ਕਵਿਤਾ 'ਪ੍ਰੇਮ' ਵੇਖੀ ਜਾ ਸਕਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ 'ਪ੍ਰੇਮ' ਦਾ ਇਹ ਸੂਤਰ ਪਰੋਖ/ਅਪਰੋਖ ਰੂਪ ਵਿਚ ਹਾਜ਼ਰ ਰਹਿੰਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਵਿਚ ਕਵੀ ਅਤੀਤ ਦੀਆਂ ਸਿਮਰਤੀਆਂ ਨੂੰ ਪੁਨਰ ਸਿਰਜਤ ਕਰਦਾ ਹੈ। ਅਨਾਰ ਦਾ ਬੂਟਾ, ਮੇਲਾ, ਬਚਪਨ ਚੇਤ ਕਰਦਿਆਂ, ਕਸ਼ਮੀਰਨ, ਘਰ ਦਾ ਵਿਹੜਾ ਇਸ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਅਜਬ ਕਿਸਮ ਦਾ ਸਹਿਜ ਹੈ-ਬੈਚੇਨੀ ਜਾਂ ਤੜਪ ਨਹੀਂ। ਜਿਵੇਂ ਕੋਈ ਸਿਧਾਰਥ ਰਾਤ ਨੂੰ ਘਰ ਛੱਡਣ ਵੇਲੇ ਆਪਣੇ ਬੀਬੀ ਬੱਚੇ ਵੱਲ ਮੁੜ ਕੇ ਦੇਖਦਾ ਹੈ ਤੇ ਤੁਰ ਪੈਂਦਾ ਹੈ। ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਨਿੱਕੇ-ਨਿੱਕੇ ਅਹਿਸਾਸਾਂ ਨੂੰ ਰੂਪਮਾਨ ਕੀਤਾ ਗਿਆ ਹੈ। ਰਾਜਬੀਰ ਆਮ ਸਾਧਾਰਨ ਭਾਸ਼ਾ ਵਿਚ ਕਾਵਿ ਸਿਰਜਣਾ ਕਰਨ ਵਿਚ ਯਕੀਨ ਰੱਖਦਾ ਹੈ। ਇਸੇ ਲਈ ਉਸ ਦੀ ਹਰ ਕਵਿਤਾ ਦੀ ਗਹਿਰਾਈ ਵਿਚ ਉਤਰਿਆ ਜਾ ਸਕਦਾ ਹੈ :
ਉੱਡਣ ਲਈ
ਆਕਾਸ਼ ਨਾ ਮਿਲਿਆ
ਧਰਤੀ 'ਤੇ ਰੀਂਗਣ ਲੱਗੇ
ਤੇ ਕੱਟੇ ਹੋਏ ਖੰਭ ਸਦਾ
ਅਸਮਾਨ ਵੱਲ ਵੇਖਦੇ ਰਹਿੰਦੇ...
ਸਮੁੱਚੇ ਰੂਪ ਵਿਚ ਰਾਜਬੀਰ ਦਾ ਨਵਾਂ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਖੇਤਰ ਵਿਚ ਕਵੀ ਦੀ ਪਛਾਣ ਨੂੰ ਹੋਰ ਪਕੇਰਾ ਤੇ ਸਥਾਪਿਤ ਕਰਦਾ ਹੈ। ਰਾਜਬੀਰ ਇਸ ਕਾਵਿ ਸੰਗ੍ਰਹਿ ਲਈ ਮੁਬਾਰਕ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

28-7-2013

 ਟਿਕੀ ਹੋਈ ਰਾਤ
ਲੇਖਕ : ਸੁਖਦੇਵ ਸਿੰਘ ਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 320.

ਸੁਖਦੇਵ ਸਿੰਘ ਮਾਨ ਦਾ ਨਾਵਲ 'ਟਿਕੀ ਹੋਈ ਰਾਤ' ਨਿਮਨ ਕਿਸਾਨੀ ਵਰਗ ਦੇ ਮੌਜੂਦਾ ਆਰਥਿਕ ਸੰਕਟ ਨੂੰ ਪੇਸ਼ ਕਰਦਾ ਹੈ। ਇਹ ਇਕ ਵੱਡਆਕਾਰੀ ਰਚਨਾ ਹੈ ਜੋ ਆਪਣੇ ਵਿਚ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲੇ ਸਮੋਈ ਬੈਠੀ ਹੈ। ਆਰੰਭ ਵਿਚ ਖਾੜਕੂਵਾਦ ਦਾ ਬੋਲਬਾਲਾ ਤੇ ਉਸ ਦਾ ਜਨਜੀਵਨ ਤੇ ਨੌਜਵਾਨ ਵਰਗ ਉਤੇ ਪਿਆ ਮਾੜਾ ਪ੍ਰਭਾਵ ਦਰਸਾਉਂਦੇ ਹੋਏ ਅੱਤਵਾਦ ਸਮੇਂ ਦੇ ਫ਼ੌਜੀਆਂ ਦੇ ਰੋਅਬਦਾਬ, ਨਸ਼ਿਆਂ ਤੇ ਕਮਜ਼ੋਰੀ, ਝੂਠੇ ਮੁਕਾਬਲੇ ਵਿਚ ਦੋਸ਼ੀ ਠਹਿਰਾਏ ਨੌਜਵਾਨ ਤੇ ਜੀਵਨ ਲੀਲਾ ਦਾ ਖ਼ਾਤਮਾ ਕਰਦਾ ਪਾਤਰ ਬਰਾੜ ਦੀਆਂ ਵਧੀਕੀਆਂ ਤੇ ਨੀਚ ਹਰਕਤਾਂ, ਨੌਜਵਾਨਾਂ ਦਾ ਨਸ਼ੇ ਪੱਤੇ ਲਈ ਚੋਰੀਆਂ ਕਰਨੀਆਂ ਤੇ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਖੁੱਲ੍ਹ ਕੇ ਪੇਸ਼ ਕੀਤਾ ਹੈ। ਏਨਾ ਹੀ ਨਹੀਂ, ਲੇਖਕ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਹਰ ਪਾਸੇ ਲੁੱਟਮਾਰ ਮਚੀ ਹੋਈ ਸੀ ਕਿ ਗੁਰਦੁਆਰੇ ਤੇ ਕੀ ਪੰਚਾਇਤਾਂ, ਕਮੇਟੀਆਂ ਸਕੂਲ ਜ਼ਮੀਨੀ ਝਗੜਿਆਂ ਵਿਚ ਉਲਝੇ ਹੋਏ ਸਨ। ਪੁਜਾਰੀ ਪੜ੍ਹਾਈ ਦਾ ਵਿਰੋਧ ਕਰਦੇ ਪਰ ਸਾਰਾ ਪੈਸਾ ਧਾਰਮਿਕ ਇਮਾਰਤਾਂ ਉਸਾਰਨ ਵੱਲ ਲਾ ਦਿੰਦੇ, ਲੋਕਾਂ ਵਿਚ ਏਕੇ ਦੀ ਕਮੀ ਸੀ ਤੇ ਸਭ ਨੇ ਆਪਣੇ ਅੱਡ-ਅੱਡ ਧਰਮ ਬਣਾ ਲਏ ਸਨ, ਭਰੂਣ ਹੱਤਿਆ ਜਿਹੇ ਵਿਸ਼ੇ ਉਤੇ ਵੀ ਚਾਨਣਾ ਪਾਇਆ ਹੈ। ਇਹ ਆਮ ਜੱਟ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਗਾਥਾ ਹੈ। ਜੱਟ ਮਾਰ ਖਾਂਦਾ ਹੈ ਜ਼ਮੀਨ ਜਾਇਦਾਦ ਦੇ ਝਗੜੇ ਵਿਚ ਤੇ ਫਿਰ ਪੁਲਿਸ ਖਰੀਦ ਲਈ ਜਾਂਦੀ ਹੈ, ਸਰਕਾਰ ਦਾ ਵਿਰੋਧ, ਦੇਸ਼ ਵਿਕ ਰਿਹਾ ਹੈ ਪਰ ਲੋਕ ਪੱਖੀ ਵਿਚਾਰਧਾਰਾ ਨੂੰ ਲੇਖਕ ਨੇ ਅੱਖੋਂ-ਪਰੋਖੇ ਨਹੀਂ ਕੀਤਾ। ਆਰਥਿਕਤਾ ਦਾ ਮੰਦਾ ਹਾਲ ਏਨਾ ਹੈ ਕਿ ਧੀ ਦਾ ਜਣੇਪਾ ਕਟਵਾਉਣ ਲਈ ਟੂੰਮਾਂ ਤੱਕ ਗਹਿਣੇ ਰੱਖਣੀਆਂ ਪਰ ਦੂਜੇ ਪਾਸੇ ਪੈਸੇ ਦੀ ਕਾਣੀ ਵੰਡ ਨੇ ਲੋਕਾਂ ਨੂੰ ਅੰਦਰੋਂ ਅੰਦਰ ਖ਼ਤਮ ਕਰ ਦਿੱਤਾ ਹੈ। ਇਕ ਪੁਲਿਸ ਅਫ਼ਸਰ ਬਰਾੜ ਦੀ ਵਿਗੜੀ ਧੀ ਗਰੀਬ ਮੁੰਡੇ ਨਾਲ ਪਿਆਰ ਕਰ ਬੈਠਦੀ ਪਰ ਨੇਪਰੇ ਨਹੀਂ ਚੜ੍ਹਦਾ, ਗਰੀਬੀ ਦੀ ਮਾਰ ਹੇਠ ਆਇਆ ਨੌਜਵਾਨ ਵਰਗ ਨਸ਼ਿਆਂ ਤੇ ਐਬਾਂ ਵਿਚ ਫਸ ਕੇ ਜੁਆਨੀ ਗਾਲ ਲੈਂਦੇ ਹਨ। ਗੱਲ ਕੀ ਕਿਹੜਾ ਵਿਸ਼ਾ ਹੈ ਜੋ ਲੇਖਕ ਨੇ ਨਹੀਂ ਛੋਹਿਆ, ਜੋ ਉਸ ਦੀ ਵਿਸ਼ਾਲ ਸੋਚ ਤੇ ਅਨੁਭਵ ਦਾ ਸਿੱਟਾ ਹੀ ਹੋ ਸਕਦਾ ਹੈ। ਘਟਨਾਵਾਂ ਨੂੰ ਉਲੀਕ ਦੇਣਾ ਹੀ ਰਚਨਾ ਦੀ ਸਫ਼ਲਤਾ ਨਹੀਂ ਹੁੰਦੀ ਸਗੋਂ ਉਨ੍ਹਾਂ ਨੂੰ ਘਟਨਾਵਾਂ ਨੂੰ ਸਿਲਸਿਲੇਵਾਰ, ਰੌਚਕ ਢੰਗ ਨਾਲ ਕਹਾਣੀ ਰਸ ਭਰ ਕੇ, ਖੂਬਸੂਰਤੀ ਨਾਲ ਪਾਤਰਾਂ ਦੇ ਵਾਰਤਾਲਾਪ ਤੇ ਸੰਜਮ ਭਰਪੂਰ ਸ਼ਬਾਦਵਲੀ ਰਾਹੀਂ ਪੇਸ਼ ਕਰਨਾ ਰਚਨਾ ਨੂੰ ਚਾਰ ਚੰਦ ਲਾਉਂਦੀ ਹੈ। ਇਹ ਵਿਸ਼ੇਸ਼ਤਾ ਇਸ ਨਾਵਲ ਵਿਚ ਮੌਜੂਦ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਸਾਧੂ ਸਦਾ ਰਾਮ ਦੀ ਕਵਿਤਾ
ਸੰਪਾਦਕ : ਡਾ: ਬਲਜੀਤ ਰੰਧਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 240.

ਸਾਧੂ ਸਦਾ ਰਾਮ (1861-1933) ਪੰਜਾਬੀ ਦਾ ਇਕ ਪ੍ਰਮੁੱਖ ਕਵੀਸ਼ਰ ਸੀ। ਉਸ ਨੇ 'ਸੋਹਣੀ ਮਹੀਵਾਲ', 'ਸਸੀ ਪੁਨੂੰ', 'ਪ੍ਰਹਿਲਾਦ ਭਗਤ', 'ਦਮਦਮਾ ਸਾਹਿਬ ਫ਼ਲ', 'ਜੀਵ ਹੇਤੂ', 'ਗੋ ਰਕਸ਼ਾ' ਅਤੇ 'ਸ੍ਵਮਨਾਮਾ' ਆਦਿਕ ਕਿੱਸੇ ਅਥਵਾ ਪ੍ਰਸੰਗ ਲਿਖੇ ਜੋ ਕਾਫੀ ਪ੍ਰਸਿੱਧ ਹੋਏ। ਉਸ ਦੀਆਂ ਕਈ ਰਚਨਾਵਾਂ ਗੁੰਮ-ਗਵਾਚ ਵੀ ਗਈਆਂ ਹਨ, ਜਿਨ੍ਹਾਂ ਬਾਰੇ ਡਾ: ਬਲਜੀਤ ਰੰਧਾਵਾ ਨੇ ਆਪਣੀ ਇਸ ਪੁਸਤਕ ਦੀ ਆਦਿਕਾ ਵਿਚ ਸੰਕੇਤ ਕੀਤੇ ਹਨ। ਉਨੀਵੀਂ ਸਦੀ ਦੇ ਪਿਛਲੇ ਅੱਧ ਵਿਚ ਪੰਜਾਬ ਉਪਰ ਅੰਗਰੇਜ਼ੀ ਰਾਜ ਦੀ ਪੂਰਨ ਸਥਾਪਨਾ ਹੋ ਚੁੱਕੀ ਸੀ। ਇਸ ਅਰਸੇ ਵਿਚ ਪੰਜਾਬ ਅੰਦਰ ਕਈ ਅਕਾਲ ਵੀ ਪਏ ਅਤੇ ਵੀਹਵੀਂ ਸਦੀ ਦੇ ਆਰੰਭ ਤੱਕ ਪਹੁੰਚਦਿਆਂ-ਪਹੁੰਚਦਿਆਂ ਪੰਜਾਬੀ ਕਿਸਾਨਾਂ ਅਤੇ ਹੋਰ ਕਿਤਰੀਆਂ ਦੀ ਹਾਲਤ ਅਤਿਅੰਤ ਦਯਨੀਯ ਹੋ ਚੁੱਕੀ ਸੀ। ਬੇਸ਼ੱਕ ਸਿੰਘ ਸਭਾ ਅਤੇ ਆਰੀਆ ਸਮਾਜ ਵਰਗੀਆਂ ਸੁਧਾਰਵਾਦੀ ਲਹਿਰਾਂ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਪ੍ਰਸੰਗਿਕ ਅਤੇ ਯੁਗਾਨੁਕੂਲ ਬਣਾਉਣ ਲਈ ਕਾਫੀ ਕੰਮ ਕੀਤਾ ਸੀ ਪਰ ਇਸ ਦੇ ਬਾਵਜੂਦ ਆਮ ਪੰਜਾਬੀ ਲੋਕ ਨਿਰਾਸ਼ਾ, ਮਾਯੂਸੀ ਅਤੇ ਮਜਬੂਰੀ ਨੂੰ ਹੰਢਾਉਣ ਲਈ ਸਰਾਪੇ ਹੋਏ ਮਹਿਸੂਸ ਕਰ ਰਹੇ ਹਨ। ਸਾਧੂ ਸਦਾ ਰਾਮ ਦੇ ਕਿੱਸਿਆਂ ਵਿਚ ਪੰਜਾਬੀ ਜਨ-ਜੀਵਨ ਵਿਚਲੀ ਇਹ ਉਦਾਸੀ ਅਤੇ ਮਾਯੂਸੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ।
ਬੇਸ਼ੱਕ ਸਾਧੂ ਸਦਾ ਰਾਮ ਕੋਈ ਵੱਡਾ ਕਵੀ ਤਾਂ ਨਹੀਂ ਸੀ ਪਰ ਉਸ ਦੀਆਂ ਰਚਨਾਵਾਂ ਵਿਚ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੇ ਪੰਜਾਬੀ ਸੱਭਿਆਚਾਰ ਬਾਰੇ ਬੜੀਆਂ ਨਿੱਗਰ ਅਤੇ ਮੁੱਲਵਾਨ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ। ਇਸ ਕਾਰਨ ਉਸ ਦੀਆਂ ਇਹ ਰਚਨਾਵਾਂ ਕਾਫੀ ਮਹੱਤਵਪੂਰਨ ਹਨ। ਮੂਲ ਰੂਪ ਵਿਚ ਉਹ ਇਕ ਮਲਵਈ ਕਿੱਸਾਕਾਰ ਸੀ ਪ੍ਰੰਤੂ ਇਕ ਵਿਰਕਤ ਸਾਧੂ ਹੋਣ ਦੇ ਕਾਰਨ ਉਹ ਕਈ ਵਾਰ ਸਾਧ ਭਾਖਾ ਦਾ ਪ੍ਰਯੋਗ ਵੀ ਕਰ ਲੈਂਦਾ ਹੈ। ਉਹ ਇਸ ਨੂੰ ਉਰਦੂ ਜ਼ਬਾਨ ਦਾ ਨਾਂਅ ਦਿੰਦਾ ਹੈ। ਉਸ ਨੇ ਚੌਪਈ, ਕੋਰੜਾ, ਕਬਿੱਤ, ਭੁਯੰਗ ਪ੍ਰਯਾਤ, ਜਰਾਪਤ, ਸਵੈਯਾ, ਦੋਹਰਾ, ਬੈਂਤ, ਮੁਕੰਦ ਛੰਦ ਆਦਿ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਡਾ: ਬਲਜੀਤ ਰੰਧਾਵਾ ਨੇ ਕਵੀਸ਼ਰ ਸਦਾ ਰਾਮ ਦੀਆਂ ਕਿਰਤਾਂ ਨੂੰ ਸੰਕਲਿਤ ਕਰਕੇ ਮਧਕਾਲੀਨ ਪੰਜਾਬੀ ਸਾਹਿਤ ਦੇ ਸੰਕਲਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ ਪਰ ਚੰਗਾ ਹੁੰਦਾ ਜੇ ਉਹ ਇਸ ਕਵੀਸ਼ਰ ਦੇ ਕਾਵਿ-ਕਰਮ ਬਾਰੇ ਵੀ ਵਿਸਤਾਰ ਨਾਲ ਕੁਝ ਲਿਖ ਦਿੰਦੀ। ਉਸ ਪਾਸ ਇਹ ਕਾਰਜ ਕਰਨ ਦੀ ਪ੍ਰਤਿਭਾ ਅਤੇ ਯੋਗਤਾ ਮੌਜੂਦ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮਣੀਆਂ!
ਕਵੀ : ਬਲਦੇਵ ਸਿੰਘ ਮਨੇਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128.

'ਮੈਦਾਨ ਤੋਂ ਘਾਟੀ ਤੱਕ' ਤੋਂ ਬਾਅਦ ਮਣੀਆਂ, ਬਲਦੇਵ ਸਿੰਘ ਮਨੇਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਕਵੀ ਨੇ ਵਿਭਿੰਨ ਵਸਤੂ ਵਰਤਾਰਿਆਂ ਨਾਲ ਸਬੰਧਤ ਕਵਿਤਾਵਾਂ ਨੂੰ ਸੰਕਿਲਤ ਕੀਤਾ ਹੈ। ਬਲਦੇਵ ਮਨੇਸ ਦੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ/ਗੀਤ, ਇਕ ਪ੍ਰੌੜ ਸੋਚ ਦੇ ਧਾਰਨੀ ਮਨੁੱਖ ਦੇ ਅਹਿਸਾਸ ਹਨ। ਬਹੁਤ ਥਾਂ 'ਤੇ ਇਹ ਸ਼ਾਇਰੀ ਸੂਫ਼ੀ ਸ਼ਾਇਰੀ ਦੇ ਪਦਚਿੰਨ੍ਹਾਂ 'ਤੇ ਤੁਰਦੀ ਪ੍ਰਤੀਤ ਹੁੰਦੀ ਹੈ। ਕਵੀ ਮਾਨਸਿਕ ਉਚੇਰੀ ਅਵਸਥਾ ਦੇ ਅਦਭੁਤ ਮੰਡਲਾਂ ਵਿਚ ਵਿਚਰਦਾ ਪ੍ਰਤੀਤ ਹੁੰਦਾ ਹੈ। ਹੇਠਲੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ
ਕੱਤ ਲੈਣ ਦੇ ਕੱਤ ਲੈਣ ਦੇ
ਕੱਤ ਲੈਣ ਦੇ ਪੂਣੀ ਵੇ
ਮੈਂ ਤਾਂ ਦੂਰ ਸੱਜਣ ਜੀ ਜਾਣਾ
ਕੀਤੀ ਵਾਟ ਨਾ ਪੂਰੀ ਵੇ......
ਕੁਦਰਤ ਦੇ ਨਾਲ ਇਕ ਮਿੱਕ ਹੋਇਆ ਮਨ ਕੁਦਰਤ ਦੇ ਗੁਣ ਗਾਉਂਦਾ ਨਹੀਂ ਥੱਕਦਾ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਕਵੀ ਕਿਤੇ ਬਸੰਦੀ ਸਵੇਰ ਦੀ ਉਡੀਕ ਕਰਦਾ ਹੈ, ਕਿਤੇ ਸਰ੍ਹੋਂ ਦੇ ਫੁੱਲਾਂ ਵਿਚੋਂ ਸਵਰਗ ਜਿਹਾ ਆਨੰਦ ਭਾਲਦਾ ਹੈ ਕਿਤੇ ਉਹ ਕਣਕ ਦੀਆਂ ਬੱਲੀਆਂ 'ਚੋਂ ਸੋਨੇ ਜਿਹੇ ਰੰਗ ਵੇਖਦਾ ਹੈ ਤੇ ਕਿਤੇ ਕਪਾਹ ਚੋਂ ਚਾਂਦੀ ਦੀਆਂ ਲਿਸ਼ਕੋਰਾਂ ਤੱਕਦਾ ਹੈ। ਇੰਜ ਕੁਦਰਤ ਦੇ ਹਰ ਰੰਗ ਨੂੰ ਮਾਣਦਾ ਆਨੰਦਿਤ ਹੁੰਦਾ ਉਹ ਕਾਵਿ ਸਿਰਜਣਾ ਕਰਦਾ ਹੈ। ਬਲਦੇਵ ਮਨੇਸ ਮਹਿਸੂਸ ਕਰਦਾ ਹੈ ਕਿ ਆਧੁਨਿਕ ਜੀਵਨ ਵਿਚ ਬੰਦਾ ਸੰਵੇਦਨਾ ਤੋਂ ਖਾਲੀ ਹੁੰਦਾ ਜਾ ਰਿਹਾ ਹੈ ਤੇ ਪੱਥਰ ਦਿਲ ਇਨਸਾਨ ਕੁਦਰਤ ਤੇ ਮਨੁੱਖ ਪ੍ਰਤੀ ਆਪਣੀ ਸੰਵੇਦਨਾ ਗੁਆ ਚੁੱਕਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਵਿਚ ਸ਼ਮਾ ਜਲਾਉ ਪਿਆਰ ਦੀ, ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਕਾਦਰ ਦੀ ਕੁਦਰਤ ਤੇ ਮਨੁੱਖੀ ਮੁਹੱਬਤ ਦੇ ਅਹਿਸਾਸ ਨੂੰ ਚਿਤਵਦੀਆਂ ਇਹ ਕਵਿਤਾਵਾਂ ਪਾਠਕਾਂ ਦੇ ਮਨ ਵਿਚ ਆਪਣਾ ਸਥਾਨ ਬਣਾਉਣਗੀਆਂ, ਅਜਿਹਾ ਮੈਨੂੰ ਯਕੀਨ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਇੰਦਰਜੀਤ ਹਸਨਪੁਰੀ ਦੀ ਗੀਤ-ਕਲਾ
ਲੇਖਕ : ਪ੍ਰੋ: ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

ਪ੍ਰੋ: ਜਸਪਾਲ ਸਿੰਘ ਜੱਸੀ ਨੇ ਵਿਚਾਰਾਧੀਨ ਪੁਸਤਕ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਵਿਚ ਵਿਭਾਜਿਤ ਕੀਤਾ ਹੈ। ਪਹਿਲੇ ਭਾਗ 'ਸੰਖੇਪ ਜਾਇਜ਼ਾ' ਨੂੰ ਅੱਗੋਂ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। (ੳ) ਜਨਮ, ਵਿੱਦਿਆ, ਜੀਵਨ ਪਿਛੋਕੜ। (ਅ) ਗੀਤ-ਸੰਗ੍ਰਹਿ ਸੰਖੇਪ ਪਰਿਚੈ। (ੲ) ਹਸਨਪੁਰੀ ਤੇ ਸਮਕਾਲੀ ਗੀਤਕਾਰਾਂ ਦੀਆਂ ਸਾਂਝਾਂ ਤੇ ਵਖਰੇਵੇਂ। ਖੋਜ-ਕਰਤਾ ਨੇ ਹੁਣ ਤੱਕ ਦੀ ਪੰਜਾਬੀ ਗੀਤਕਾਰੀ ਨੂੰ ਤਿੰਨ ਦੌਰਾਂ ਵਿਚ ਵੰਡਿਆ ਹੈ। ਉਸ ਨੇ ਪਹਿਲੇ ਦੌਰ ਵਿਚ ਨੂਰੀ, ਰਾਜਾ ਰਾਮਸਾਕੀ, ਬੇਕਲ, ਸ਼ੁਗਲ, ਰਾਏ, ਬਲੱਗਣ ਉਪਾਸ਼ਕ, ਸ਼ਰਫ਼ ਆਦਿ ਸਮੇਤ ਲਗਭਗ ਦੋ ਦਰਜਨ ਗੀਤਕਾਰਾਂ ਨੂੰ ਰੱਖਿਆ ਹੈ। ਇਸ ਦੌਰ ਦੇ ਗੀਤਕਾਰ ਜ਼ਿਆਦਾਤਰ ਲੋਕ-ਟੱਪਿਆਂ ਦੇ ਮੁਖੜਿਆਂ ਉਤੇ ਭਾਵ-ਉਤੇਜਕ ਗੀਤ ਲਿਖਦੇ ਸਨ। ਦੂਜੇ ਦੌਰ ਦੇ ਗੀਤਕਾਰਾਂ ਵਿਚ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਹਰਦੇਵ ਦਿਲਗੀਰ, ਯਮਲਾ, ਸ਼ਿਵ ਕੁਮਾਰ, ਸੁਰਜੀਤ ਰਾਮਪੁਰੀ ਆਦਿ ਸ਼ਾਮਿਲ ਹਨ। ਇਸੇ ਹੀ ਦੌਰ ਵਿਚ ਇੰਦਰਜੀਤ ਹਸਨਪੁਰੀ ਨੂੰ ਰੱਖਿਆ ਗਿਆ ਹੈ। ਇਹ ਸਮਾਂ ਸਾਹਿਤਕ ਅਤੇ ਲੌਕਿਕ ਗੀਤਕਾਰੀ ਦੇ ਸੰਗਮ ਵਜੋਂ ਜਾਣਿਆ ਜਾਂਦਾ ਹੈ। ਤੀਜੇ ਦੌਰ ਵਿਚ ਗੁਰਦਾਸ ਮਾਨ, ਹਾਕਮ ਸੂਫ਼ੀ, ਸਿਵੀਆ, ਮਖਸੂਸਪੁਰੀ, ਸੰਗੋਵਾਲੀਆ, ਸੰਦੀਲਾ, ਚਮਕੀਲਾ ਆਦਿ ਉੱਭਰਵੇਂ ਗੀਤਕਾਰ ਹਨ। ਖੋਜ-ਕਰਤਾ ਅਨੁਸਾਰ ਇਨ੍ਹਾਂ ਵਿਚੋਂ ਬਹੁਤਿਆਂ ਨੇ ਸੱਭਿਆਚਾਰ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸਗੋਂ ਗੜਕ, ਭੜਕ ਅਤੇ ਵਪਾਰਕ-ਪੁਣੇ ਨੂੰ ਵਧੇਰੇ ਕਰਕੇ ਪਹਿਲੀ ਥਾਂ ਦਿੱਤੀ ਹੈ। ਪਰ ਇੰਦਰਜੀਤ ਹਸਨਪੁਰੀ ਦੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੇ ਲਗਭਗ ਸਾਰੇ ਰਿਸ਼ਤੇ-ਨਾਤੇ ਪ੍ਰਤੀਬਿੰਬਤ ਹੁੰਦੇ ਹਨ। ਉਸ ਦੇ ਗੀਤਾਂ ਵਿਚ ਸਮਕਾਲੀ ਜੀਵਨ-ਵਰਤਾਰਾ ਭਰਵੇਂ ਰੂਪ ਵਿਚ ਸਥਾਨ ਗ੍ਰਹਿਣ ਕਰਦਾ ਹੈ। ਪੰਜਾਬੀ ਜੀਵਨ ਦੀਆਂ ਕਦਰਾਂ-ਕੀਮਤਾਂ ਉਸ ਦੇ ਗੀਤਾਂ ਦਾ ਵਿਸ਼ੇਸ਼ ਭਾਗ ਬਣਦੀਆਂ ਹਨ। ਖੋਜ-ਕਰਤਾ ਹਸਨਪੁਰੀ ਦੀ ਬਿੰਬਾਵਲੀ ਅਤੇ ਅਲੰਕਾਰਾਂ ਦਾ ਅਧਿਐਨ ਵੀ ਕਰਦਾ ਹੈ। ਨਿਰਸੰਦੇਹ, ਹਸਨਪੁਰੀ ਨੇ ਫ਼ਿਲਮਾਂ ਅਤੇ ਗ਼ੈਰ-ਫ਼ਿਲਮਾਂ ਦੋਵਾਂ ਖੇਤਰਾਂ ਲਈ ਗੀਤ-ਸਿਰਜਣਾ ਕੀਤੀ ਹੈ। ਹਸਨਪੁਰੀ ਦੇ ਗੀਤ-ਮੁਖੜਿਆਂ ਦੀ ਸੂਚੀ ਇਸ ਅਧਿਐਨ ਦੀ ਪ੍ਰਾਪਤੀ ਹੈ, ਜਿਸ ਨਾਲ ਨਵੇਂ ਪਾਠਕਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਪਰ ਇਕ ਮੁਖੜੇ (ਰਾਤੀਂ ਸੀ ਉਡੀਕਾਂ ਤੇਰੀਆਂ-ਪੰਨਾ 40) ਦੀ ਮੁੜ ਨਜ਼ਰਸਾਨੀ ਕਰਨੀ ਬਣਦੀ ਹੈ-ਕਿਤੇ ਇਹ ਗੁਰਦੇਵ ਮਾਨ ਦਾ ਤਾਂ ਨਹੀਂ?
ਖੋਜ-ਕਰਤਾ ਨੇ ਹਸਨਪੁਰੀ ਦੇ ਗੀਤ-ਸੰਗ੍ਰਹਿਆਂ-ਔਸੀਆਂ, ਜ਼ਿੰਦਗੀ ਦੇ ਗੀਤ, ਸਮੇਂ ਦੀ ਆਵਾਜ਼, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਕਿੱਥੇ ਗਏ ਉਹ ਦਿਨ (ਲੰਮੀ ਕਵਿਤਾ) ਆਦਿ ਦਾ ਕਈ ਪੱਖਾਂ ਤੋਂ ਵਿਸ਼ਲੇਸ਼ਣ ਕੀਤਾ ਹੈ। ਹਸਨਪੁਰੀ ਨੂੰ ਪਹਿਲਾ ਡਿਊਟ ਲੇਖਕ ਸਿੱਧ ਕੀਤਾ ਹੈ ਜਿਸ ਨੇ ਸੁਹਜਾਤਮਕ ਗੀਤਾਂ ਦੇ ਸਮਵਿੱਥ ਦੇਸ਼-ਪਿਆਰ, ਧਾਰਮਿਕ ਅਤੇ ਅਮਨ ਦੇ ਸੰਦੇਸ਼ ਨਾਲ ਭਰਪੂਰ ਗੀਤਾਂ ਦੀ ਸਿਰਜਣਾ ਕੀਤੀ। ਪੁਸਤਕ ਪੰਜਾਬੀ ਗੀਤ-ਖੋਜ ਦੇ ਖੇਤਰ ਦੀ ਅਹਿਮ ਪ੍ਰਾਪਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

14-7-2013

 ਭੋਰੇ ਵਾਲਾ ਪੂਰਨ
ਲੇਖਕ : ਡਾ: ਸ਼ਹਰਯਾਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64.

ਸਾਡੇ ਸਮੇਂ ਦੇ ਚਰਚਿਤ ਤੇ ਪ੍ਰਬੁੱਧ, ਜਾਗਰੂਕ ਤੇ ਤੀਖਣ ਕਾਵਿ-ਪ੍ਰਤਿਭਾ ਦੇ ਮਾਲਕ ਡਾ: ਸ਼ਹਰਯਾਰ ਦੀ ਇਕ ਕਾਵਿਕ ਸ਼ੈਲੀ ਵਿਚ ਨਾਟ-ਰਚਨਾ ਹੈ। ਸਮਾਜ ਦੇ ਕੋਹਝਾਂ ਦੇ ਪਾਜ ਉਘੇੜਦੇ ਮੀਰਜ਼ਾਦਾ ਅਤੇ ਮੀਰਜ਼ਾਦੀ, ਇਸ ਕਾਵਿ ਨਾਟਕ ਦੇ ਸੂਤਰਧਾਰ ਵਜੋਂ ਕਾਵਿ-ਨਾਟ ਦਾ ਆਰੰਭ ਕਰਦੇ ਹਨ। ਇਸ ਨਿਵੇਕਲੀ ਵਿਧਾ ਰਾਹੀਂ ਸ਼ਹਰਯਾਰ ਨੇ ਪਾਤਰ ਉਸਾਰੀ ਕੀਤੀ ਹੈ। ਪੂਰਨ ਭਗਤ, ਪੰਜਾਬੀ ਜਨਜੀਵਨ ਦਾ ਮਾਣਮੱਤਾ ਨਾਇਕ ਅਤੇ ਕਦੇ ਨਾ ਵਿਸਾਰਨਯੋਗ ਪਾਤਰ ਹੈ। ਡਾਕਟਰ ਸ਼ਹਰਯਾਰ ਨੇ ਲੋਕ ਚੇਤਿਆਂ ਵਿਚ ਵਸੀ ਪੂਰਨ ਭਗਤ ਦੀ ਅਮਰ ਗਾਥਾ ਦੇ ਅਣਗੌਲੇ ਪੱਖਾਂ ਨੂੰ ਮਨੋਵਿਗਿਆਨਕ ਢੰਗ ਰਾਹੀਂ ਉਜਾਗਰ ਕਰਕੇ, ਇਕ ਨਵਾਂ ਅਤੇ ਸਫ਼ਲ ਤਜਰਬਾ ਕੀਤਾ ਹੈ।
'ਭੋਰੇ ਵਾਲਾ ਪੂਰਨ' ਪੂਰਨ ਦੀ ਮਾਂ ਇੱਛਰਾਂ, ਪੂਰਨ ਅਤੇ ਉਸ ਨੂੰ ਪਾਲਣ ਵਾਲੀ ਦਾਸੀ ਮਾਂ ਦੇ ਅੰਤਰੀਵ ਦਰਦ ਦੀ ਪੱਕਾਸੀ ਕਰਦੀ ਰਚਨਾ ਹੋ ਨਿਬੜੀ ਹੈ। ਭੋਰੇ ਵਿਚ ਪਏ ਪੂਰਨ ਨੂੰ ਇੱਛਰਾਂ ਪਲ-ਪਲ ਚੇਤੇ ਕਰਦੀ ਤੇ ਉਸ ਦੀ ਪੀੜਾ ਨੂੰ ਹੰਢਾਉਂਦੀ ਹੈ। ਉਹਦੇ ਰਾਜੇ ਸਲਵਾਨ ਨੂੰ ਪੁੱਛੇ ਇਸ ਸਵਾਲ ਦਾ ਰਾਜੇ ਕੋਲ ਕੋਈ ਉੱਤਰ ਨਹੀਂ :
'ਲੇਕਿਨ ਮੈਂ ਵੀ ਮਾਂ ਹਾਂ
ਮੇਰਾ ਬਾਲਕ, ਕਿੰਝ ਦੁਨੀਆ ਤੋਂ ਵੱਖਰਾ ਹੋਵੇ।'
ਭੋਰੇ ਵਿਚ ਕਿਸੇ ਹੋਰ ਔਰਤ ਦੀ ਨਿਗਰਾਨੀ ਹੇਠ ਪਲਦਾ ਪੂਰਨ, ਮਾਂ ਇੱਛਰਾਂ ਦੀ ਸੁਰਤ ਨੂੰ ਕਦੇ ਚੈਨ ਨਹੀਂ ਲੈਣ ਦਿੰਦਾ। ਆਪਣੀ ਅਸਲ (ਜਨਮ ਦੇਣ ਵਾਲੀ ਮਾਂ) ਬਾਰੇ ਪਤਾ ਲੱਗਣ 'ਤੇ ਪੂਰਨ ਦੀ ਆਤਮਾ ਨੂੰ ਸਦਮੇ ਵਰਗਾ ਝਟਕਾ ਲਗਦੈ। ਜਨਮ ਦੇਣ ਵਾਲੀ ਮਾਂ ਦੀ ਮਮਤਾ ਬਾਰੇ ਉਹਦੇ ਮਨ ਵਿਚ ਅਨੇਕ ਸੰਸੇ ਉਤਪੰਨ ਹੋ ਜਾਂਦੇ ਨੇ।
ਕਾਵਿ-ਨਾਟ ਦਾ ਅੰਤਲਾ ਹਿੱਸਾ, ਪਾਠਕ ਦੀਆਂ ਤਰਬਾਂ ਛੇੜਣ ਦੇ ਸਮਰਥ ਹੈ। ਵਰ੍ਹਿਆਂ ਦੇ ਵਿਛੋੜੇ ਮਗਰੋਂ, ਮਿਲਾਪ ਦਾ ਸੁਖਦ ਅਹਿਸਾਸ, ਕੁਝ ਪਲ, ਪਰ ਵੇਖਦਿਆਂ ਹੀ ਵੇਖਦਿਆਂ, ਹੱਥਾਂ ਵਿਚੋਂ, ਕਿਰ ਗਏ, ਅਲੋਪ ਹੋ ਗਏ, ਤੇ ਪਿੱਛੇ ਛੱਡ ਗਏ ਅਨੇਕਾਂ ਸਵਾਲ ਅਤੇ ਡੂੰਘੀ ਸੋਚ, ਤੇ ਪੀੜਤ ਅਹਿਸਾਸਾਂ ਦੀ ਪੰਡ।
ਮਾਤਾ ਤੇਰੀ
ਹੋਣੀ ਦੇ ਪਰਛਾਵੇਂ ਵਿੰਹਦੀ, ਸਹਿੰਦੀ ਸਹਿੰਦੀ
ਕਹਿੰਦੀ ਵੀ ਤਾਂ ਕਿਸ ਨੂੰ ਕਹਿੰਦੀ
ਤੂੰ ਜਿਸ ਭੋਰੇ ਨੂੰ, ਭੁੱਲ ਆਇਐਂ
ਰੱਬ ਕਰੇ ਇ ਭੁੱਲਦਾ ਰਹਿਸੇਂ
ਤੇਰੇ ਪਾਤਰ ਅਗਲੇ ਭੋਰੇ। ਤੇਰੀ ਉਮਰ ਉਡੀਕ ਰਹੇ ਨੇ
ਕਦੇ ਕਦੇ ਇਹ ਮਾਂ ਵੀ ਤੈਨੂੰ, ਸੁਪਨੇ ਵਿਚ ਨਜ਼ਰੀ ਆਵੇਗੀ।
ਅੱਖ ਖੁੱਲ੍ਹਿਆਂ ਸਭ ਭੁੱਲ ਜਾਵੇਗੀ।
ਪੂਰਨ-'ਮਾਤਾ। ਮਾਤਾ' ਆਵਾਜ਼-'ਭੁੱਲ ਜਾ ਪੁੱਤਰਾ।' ਪੂਰਨ-'ਮਾਂ ਮਾਂ', ਆਵਾਜ਼-'ਪੁੱਤਰਾ ਪੁੱਤਰਾ'।
(ਦੋਵੇਂ, ਉਲਟ ਦਿਸ਼ਾ ਵੱਲ ਉਹਲੇ ਹੋ ਜਾਂਦੇ ਹਨ)
ਸਟੇਜ 'ਤੇ ਤਿੱਖੀ ਰੌਸ਼ਨੀ, ਫੇਰ ਹਨੇਰਾ, ਫੇਰ ਹਲਕੀ ਹਲਕੀ ਰੌਸ਼ਨੀ। ਇੰਜ, ਡਾ: ਸ਼ਹਰਯਾਰ ਨੇ ਪੂਰਨ ਭਗਤ ਦੇ, ਲੋਕ ਮਨਾਂ ਵਿਚ ਵਸਦੇ ਕਿੱਸੇ ਨੂੰ, ਇਕ ਨਵੇਂ ਜ਼ਾਵੀਏ ਤੋਂ, ਕਾਵਿ-ਨਾਟਕ ਰਾਹੀਂ ਪੇਸ਼ ਕਰਕੇ, ਇਸ ਨੂੰ ਤਵੱਜੋ ਨਾਲ ਪੜ੍ਹਨ ਅਤੇ ਸਾਂਭਣਯੋਗ ਦਸਤਾਵੇਜ਼ ਬਣਾ ਦਿੱਤੈ।

-ਤੀਰਥ ਸਿੰਘ ਢਿੱਲੋਂ
ਮੋ: 98154-61710

ਮੈਂ ਤਾਰੇ ਕੀ ਕਰਨੇ
ਕਵਿੱਤਰੀ : ਗੁਰੂਤੇਜ ਪਾਰਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.

ਕਵਿੱਤਰੀ ਗੁਰੂਤੇਜ ਪਾਰਸਾ ਦੀ ਪਹਿਲੀ ਪਲੇਠੀ ਕਵਿਤਾ ਦੀ ਪੁਸਤਕ 'ਮੈਂ ਤਾਰੇ ਕੀ ਕਰਨੇ' ਗੰਭੀਰ ਅਤੇ ਹਿਰਦੇ ਮੂਲਕ ਕਵਿਤਾ ਹੈ। ਸਫ਼ਾ 73 ਤੱਕ ਉਸ ਦੀਆਂ ਭਾਵਪੂਰਤ ਕਵਿਤਾਵਾਂ ਹਨ ਜਦੋਂ ਕਿ 73 ਤੋਂ 112 ਸਫ਼ੇ ਵਿਚ ਉਸ ਦੇ ਜਜ਼ਬਾ ਭਰਪੂਰ ਗੀਤ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਅਨੇਕ ਰੰਗ ਹਨ। ਇਸ ਕਵਿਤਾ ਵਿਚ ਔਰਤ ਦੇ ਦਿਲੀ ਦਰਦ, ਮੁਹੱਬਤ ਵਿਚ ਹਾਰਾਂ ਦੀ ਟੀਸ, ਮੇਲ ਦੀ ਖੁਸ਼ੀ, ਜ਼ਿੰਦਗੀ ਪ੍ਰਤੀ ਸ਼ਿਕਵੇ, ਔਰਤ ਵੱਲੋਂ ਦੱਬੂ ਸਥਿਤੀ ਤੋਂ ਬਗਾਵਤ, ਮਾਨਸਿਕ ਵਲਵਲੇ ਅਤੇ ਫਰਜ਼ਾਂ ਪ੍ਰਤੀ ਹਾਂ-ਮੁਖੀ ਪਹੁੰਚ ਹੈ। ਉਸ ਦੀ ਪਹਿਲੀ ਕਵਿਤਾ ਬਾਬਲ ਪ੍ਰਤੀ ਮੋਹ ਤੋਂ ਅਗਾਂਹ ਸ਼ਰਧਾ ਅਤੇ ਆਸਤਿਕਤਾ ਦਾ ਜਲੌਅ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਹਨ ਪਰ ਜਦ ਉਹ ਛੰਦਬੱਧ ਕਵਿਤਾ ਲਿਖਦੀ ਹੈ ਤਾਂ ਕਮਾਲ ਕਰਦੀ ਹੈ। ਉਸ ਦੇ ਗੀਤਾਂ ਵਿਚ ਉਹ ਸਾਰੇ ਗੁਣ ਹਨ ਜੋ ਕਿ ਅਜੋਕੀ ਸਥਿਤੀ ਵਿਚ ਪ੍ਰਗੀਤ ਲੋੜਦਾ ਹੈ। ਉਸ ਦੀ ਕਵਿਤਾ ਇਕ ਖ਼ੁਦ ਰੌ ਜਾਂ ਕੁਦਰਤੀ ਨਦੀ ਦੇ ਪ੍ਰਵਾਹ ਵਾਂਗ ਹੈ। ਕਵਿੱਤਰੀ ਉਹੀ ਲਿਖਦੀ ਹੈ ਜੋ ਉਸ ਨੂੰ ਨਾਜ਼ਿਲ ਹੁੰਦਾ ਹੈ। ਪਰ ਨਾਜ਼ਿਲ ਉਹੀ ਹੁੰਦਾ ਹੈ ਜੋ ਉਹ ਸਿਰਜਣਾ ਦੇ ਖਾਬ ਵਿਚ ਵੇਖਦੀ ਹੈ। ਇਸੇ ਲਈ ਉਸ ਦੀਆਂ ਕਵਿਤਾਵਾਂ ਵਿਚ ਜਿਥੇ ਅੰਬਰੀ-ਜਜ਼ਬਾਤੀ ਰੰਗ ਹੈ, ਉਤੇ ਯਥਾਰਥ ਦੀ ਜ਼ਮੀਨ ਦੀ ਖੁਸ਼ਬੂ ਵੀ ਹੈ। ਉਸ ਦੀਆਂ ਕਵਿਤਾਵਾਂ ਵਿਚ ਲੈਅ ਹੈ। ਇਸੇ ਲਈ ਰਸ ਹੈ। ਰੂਪ ਦੀ ਸੁੰਦਰਤਾ ਹੀ ਵਿਸ਼ੇ ਦੀ ਸੁੰਦਰਤਾ ਨੂੰ ਬਹਾਲ ਕਰਦੀ ਹੈ। ਉਸ ਦੀ ਕਵਿਤਾ ਦੇ ਬਿੰਹ, ਚਿੰਨ੍ਹ ਤੇ ਅਲੰਕਾਰ ਸਲਾਹੁਣਯੋਗ ਹਨ। ਭਾਵੇਂ ਪਾਰਸਾ ਦੀ ਇਹ ਪਹਿਲੀ ਕਾਵਿ ਪੁਸਤਕ ਹੈ ਪਰ ਲਗਦਾ ਹੈ ਕਿ ਉਹ ਇਕ ਗੁੜ੍ਹੀ ਹੋਈ ਕਵਿੱਤਰੀ ਹੈ। ਉਹ ਕਵਿਤਾ ਨੂੰ ਜੀਂਦੀ ਹੈ ਜਿਵੇਂ ਕੋਈ ਆਤਮਾ ਨੂੰ ਨਾਲ-ਨਾਲ ਰੱਖ ਕੇ ਜਿਊਂਦਾ ਹੈ। ਇਸੇ ਤਰ੍ਹਾਂ ਉਸ ਦੀ ਕਵਿਤਾ ਉਸ ਦੀ ਆਤਮਾ ਵਾਂਗ ਹਾਜ਼ਰ ਰਹਿੰਦੀ ਹੈ। ਤਰਕ, ਵਿਤਰਕ, ਵਿਵੇਕ, ਪ੍ਰਚਲਿਤ ਵਿਹਾਰ, ਆਦਰਸ਼, ਖਾਬ, ਅਹਿਸਾਸ, ਅਵਚੇਤਨ ਅਤੇ ਚਿੰਤਨ ਇਨ੍ਹਾਂ ਕਵਿਤਾਵਾਂ ਦੇ ਅੰਬਰਾਂ ਦੇ ਚੰਨ ਤਾਰੇ ਹਨ :
'ਦੁਨੀਆਦਾਰੀ ਸ਼ਹਿਦ ਬਰੋਬਰ/ਜੋ ਖੁੱਭਿਆ ਸੋ ਹਰਿਆ ਏ-ਨਿਤਨੇਮ ਭਾਵੇਂ ਰੂਹ ਰੁਸ਼ਨਾਏ/ਪਰ ਨੇਹ ਬਿਨਾ ਕਦ ਸਰਿਆ ਏ?/ਲੱਖ ਉਡਾਨਾਂ ਸੁਪਨੇ ਨਿਹਫਲ/ਜੇ ਰਾਹ ਨਾ ਇਸ਼ਕ ਦਾ ਫੜਿਆ ਏ/...' ਇਕ ਹੋਰ ਕਵਿਤਾ 'ਸੁਖ ਦਾ ਇਕ ਘੁਟ' ਵਿਚੋਂ ਇਕ ਬੰਦ ਦੇ ਕੇ ਅਲਵਿਦਾ ਕਹਾਂਗਾ :
'ਇਕ ਕਿਰਨ ਸੂਰਜ 'ਚੋਂ ਨਿਕਲੇ/ਮਸਤਕ ਵਿਚ ਧਸ ਜਾਏ-ਦਿਲ ਦੀ ਮਹਿਕ ਬਣੇ ਇਕ ਝਰਨਾ ਰੁਣ ਝੁਣ ਵਹਿੰਦੀ ਜਾਏ...।
'ਮੈਂ ਤਾਰੇ ਕੀ ਕਰਨੇ' ਕਾਵਿ ਸੰਗ੍ਰਹਿ ਆਧੁਨਿਕ ਨਾਰੀ ਕਾਵਿ ਚਿੰਤਕਾਂ ਅਤੇ ਗੰਭੀਰ ਪਾਠਕਾਂ ਲਈ ਅਮੁੱਲ ਪੁਸਤਕ ਹੈ। ਜੀ ਆਇਆਂ।

-ਸੁਲੱਖਣ ਸਰਹੱਦੀ
ਮੋ: 94174-84337

ਪੁੰਨਿਆਂ ਤੋਂ ਪਹਿਲਾਂ
ਲੇਖਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਸੁਰਿੰਦਰ ਰਾਮਪੁਰੀ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਿਰੰਤਰ ਸਿਰਜਣਾਸ਼ੀਲ ਹੈ। 'ਪੁੰਨਿਆਂ ਤੋਂ ਪਹਿਲਾਂ' ਉਸ ਦੇ ਕਹਾਣੀ-ਸੰਗ੍ਰਹਿ ਦੀ ਦੂਸਰੀ ਨਵੀਂ ਐਡੀਸ਼ਨ ਹੈ, ਜਿਸ ਵਿਚ ਉਸ ਨੇ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਸੁਰਿੰਦਰ ਰਾਮਪੁਰੀ ਔਰਤ-ਮਰਦ ਦੇ ਰਿਸ਼ਤਿਆਂ ਵਿਚਕਾਰ ਪਈਆਂ ਗੰਢਾਂ ਖੋਲ੍ਹਣ ਵਾਲਾ ਕਹਾਣੀਕਾਰ ਹੈ। ਉਸ ਦੇ ਪਾਤਰ ਮੁਹੱਬਤ, ਛਲ, ਵੇਦਨਾ, ਸੰਵੇਦਨਾ ਵਿਚਕਾਰ ਅਜੀਬ ਵਿਹਾਰ ਕਰਦੇ ਪ੍ਰਤੀਤ ਹੁੰਦੇ ਹਨ। ਕਈ ਵਾਰੀ ਉਹ ਸਮਾਜਿਕ ਉਲੰਘਣਾਵਾਂ ਪਾਰ ਕਰਦੇ ਹਨ ਤੇ ਕਈ ਵਾਰੀ ਨਵੇਂ ਰਿਸ਼ਤਿਆਂ ਦੇ ਵੀ ਪਾਂਧੀ ਬਣਦੇ ਹਨ। 'ਚਿੰਤਾ ਵਾਲੀ ਗੱਲ' ਪਿਆਰ, ਕੁਰਬਾਨੀ ਤੇ ਛਲ ਵਿਚਕਾਰ ਘੁੰਮਦੀ ਹੋਈ ਅਮਰੀਜੀਤ ਦੀ ਕਹਾਣੀ ਹੈ। 'ਰੇਖਾਵਾਂ ਦੇ ਆਰ-ਪਾਰ' ਕਹਾਣੀ ਦੇ ਪਤੀ-ਪਤਨੀ ਸੰਤਾਨ ਨਾ ਹੋਣ ਦਾ ਸੰਤਾਪ ਭੋਗਦੇ ਹੋਏ ਕਿਸੇ ਪ੍ਰੇਮਿਕਾ ਤੋਂ ਬੱਚਾ ਲੈਣ ਦੀ ਤਾਂਘ ਰੱਖਦੇ ਹਨ। 'ਆਪਣੀ ਆਪਣੀ ਪਹੁੰਚ' ਦਾ ਅਮਰ ਚੰਦ ਚੌਕੀਦਾਰ ਰਾਤੋ-ਰਾਤ ਅਮੀਰ ਹੋਣ ਲਈ ਅੱਕੀਂ-ਪਲਾਹੀਂ ਹੱਥ ਮਾਰਦਾ ਦਿਖਾਈ ਦਿੰਦਾ ਹੈ। 'ਅੰਨ੍ਹਾ ਖੂਹ' ਇਸ ਸੰਗ੍ਰਹਿ ਦੀ ਬਹੁਤ ਹੀ ਵਧੀਆ ਤੇ ਗੁੰਝਲਦਾਰ ਕਹਾਣੀ ਹੈ, ਜਿਸ ਵਿਚ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਕੇ ਸਮਾਜਿਕ ਤੇ ਪਰਿਵਾਰਕ ਸੰਤਾਪ ਪੈਦਾ ਕੀਤਾ ਗਿਆ ਹੈ। 'ਕਿੱਝ' ਕਹਾਣੀ ਪੰਜਾਬ 'ਚ ਅੱਤਵਾਦ ਦੇ ਸਹਿਮ ਦੇ ਪ੍ਰਛਾਵਿਆਂ ਨੂੰ ਫੜਨ ਦਾ ਆਹਰ ਕਰਦੀ ਹੈ। 'ਉਦੋਂ ਹੀ' ਮਿਥਿਹਾਸ ਦੀ ਵਰਤੋਂ ਰਾਹੀਂ ਆਧੁਨਿਕ ਸਮੱਸਿਆਵਾਂ ਵੱਲ ਸੰਕੇਤ ਕੀਤਾ ਗਿਆ ਹੈ। 'ਸੁਨੀਤਾ ਦਾ ਵਹਿਮ' ਦੀ ਸੁਨੀਤਾ ਨੂੰ ਵਹਿਮ ਸੀ ਕਿ ਉਹ ਜਿਸ ਨੂੰ ਵੀ ਪ੍ਰੇਮ ਕਰਦੀ ਸੀ, ਉਹ ਮੌਤ ਦੇ ਮੂੰਹ 'ਚ ਜਾ ਪੈਂਦਾ ਸੀ। 'ਪੁੰਨਿਆਂ ਤੋਂ ਪਹਿਲਾਂ' ਸ਼ਰਨਜੀਤ ਦੇ ਸੰਘਰਸ਼ ਦੀ ਕਹਾਣੀ ਹੈ ਜੋ ਹਾਰ ਕੇ ਵੀ ਮੁੜ ਲੜਨ ਲਈ ਹਿੰਮਤ ਪੈਦਾ ਕਰਦਾ ਹੈ। 'ਮੱਥੇ ਦੀ ਚੀਸ' ਦਹੇਜ ਦੇ ਲੋਭੀਆਂ ਦਾ ਪਾਜ ਉਘਾੜਦੀ ਹੈ। ਰਾਮਪੁਰੀ ਹੋਣਹਾਰ ਕਹਾਣੀ ਲੇਖਕ ਹੈ। ਪੁਸਤਕ ਦਾ ਦੂਸਰਾ ਐਡੀਸ਼ਨ ਛਾਪਣਾ ਆਪਣੇ-ਆਪ ਵਿਚ ਵੱਡਾ ਕੰਮ ਹੈ।

ਆਮ ਤੋਂ ਖ਼ਾਸ
ਲੇਖਿਕਾ : ਪ੍ਰਭਾ ਖੇਤਾਨ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗ਼ੜ੍ਹ
ਮੁੱਲ : 350 ਰੁਪਏ, ਸਫ਼ੇ : 270.

ਪ੍ਰਭਾ ਖੇਤਾਨ ਹਿੰਦੀ ਦੀ ਜਾਣੀ-ਪਛਾਣੀ ਤੇ ਪ੍ਰਤਿਸ਼ਟਤ ਗਲਪ-ਲੇਖਿਕਾ ਹੈ। 'ਆਮ ਤੋਂ ਖ਼ਾਸ' ਉਸ ਦੀ ਸਵੈ-ਜੀਵਨੀ ਹੈ ਜੋ ਪਹਿਲਾਂ ਹਿੰਦੀ ਵਿਚ 'ਅੰਨਿਆ ਸੇ ਅਨੰਨਿਆ' ਦੇ ਨਾਂਅ ਹੇਠ ਪ੍ਰਕਾਸ਼ਿਤ ਹੋਈ ਸੀ। ਇਸ ਦਾ ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਕਹਾਣੀ ਲੇਖਕ ਮਹਿਤਾਬ-ਉਦ-ਦੀਨ ਦੁਆਰਾ ਪੇਸ਼ ਕੀਤਾ ਗਿਆ ਹੈ।
ਪ੍ਰਭਾ ਖੇਤਾਨ ਬੰਗਾਲ ਵਿਚ ਵਸਦੇ ਇਕ ਧਨੀ ਤੇ ਪ੍ਰਤਿਸ਼ਠਤ ਮਾਰਵਾੜੀ ਪਰਿਵਾਰ ਨਾਲ ਸਬੰਧਤ ਔਰਤ ਹੈ। ਮਾਰਵਾੜੀ ਟੱਬਰ ਭਾਵੇਂ ਕਾਫੀ ਦੇਰ ਤੋਂ ਕਲਕੱਤੇ ਰਹਿ ਰਿਹਾ ਹੈ ਪਰ ਉਸ ਦੇ ਸੰਸਕਾਰ, ਰਹੁ-ਰੀਤਾਂ ਤੇ ਖ਼ਿਆਲਾਤ ਸਭ ਆਮ ਮਾਰਵਾੜੀਆਂ ਵਾਂਗ ਹੀ ਹਨ। ਉਹ ਬੰਗਾਲੀ ਜਨ-ਜੀਵਨ ਅਨੁਸਾਰ ਨਹੀਂ ਢਲੇ। ਪ੍ਰਭਾ ਖੇਤਾਨ ਇਹੋ ਜਿਹੇ ਸੰਸਕਾਰੀ ਤੇ ਪੁਰਾਤਨ-ਪੰਥੀ ਪਰਿਵਾਰ ਦੀ ਧੀ ਹੋਣ ਦੇ ਬਾਵਜੂਦ ਆਜ਼ਾਦੀ ਨਾਲ ਆਪਣੀਆਂ ਹੀ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਦਾ ਯਤਨ ਕਰਦੀ ਹੈ। ਉਹ ਰਵਾਇਤੀ ਵਿਆਹ ਦੇ ਬੰਧਨਾਂ ਵਿਚ ਨਹੀਂ ਬੱਝਦੀ। ਉਹ ਪੰਜ ਬੱਚਿਆਂ ਦੇ ਪਿਉ ਤੇ ਇਕ ਸ਼ਾਦੀਸ਼ੁਦਾ ਅੱਖਾਂ ਦੇ ਡਾਕਟਰ ਸੱਰਾਫ਼ ਨੂੰ ਮੁਹੱਬਤ ਕਰਨ ਲਗਦੀ ਹੈ ਤੇ ਇਸ ਤਰ੍ਹਾਂ ਇਕ ਵੱਡੇ ਚੈਲੰਜ ਦੇ ਰੂ-ਬਰੂ ਹੁੰਦੀ ਹੈ। ਉਹ ਜਾਣਦੀ ਹੈ ਕਿ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਵਾਲੀ ਔਰਤ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਅਤਿਅੰਤ ਲਾਜ਼ਮੀ ਹੈ। ਇਸੇ ਲਈ ਉਹ ਚਮੜੇ ਦੇ ਵਪਾਰ 'ਚ ਰੁਚੀ ਲੈਣ ਲਗਦੀ ਹੈ ਤੇ ਕੁਝ ਹੀ ਵਰ੍ਹਿਆਂ ਵਿਚ ਦੇਸ਼-ਵਿਦੇਸ਼ ਦੀ ਇਕ ਪ੍ਰਸਿੱਧ ਵਪਾਰੀ ਬਣ ਜਾਂਦੀ ਹੈ। ਇਸ ਵਪਾਰਕ ਕਾਮਯਾਬੀ ਨਾਲ ਉਸ ਨੂੰ ਆਪਣੇ ਪੈਰਾਂ 'ਤੇ ਖਲੋਣ ਤੇ ਮਜ਼ਬੂਤੀ ਨਾਲ ਜ਼ਿੰਦਗੀ ਜਿਊਣ ਦਾ ਰਾਹ ਤਾਂ ਭਾਵੇਂ ਮਿਲ ਜਾਂਦਾ ਹੈ ਪਰ ਸੰਸਕਾਰਾਂ ਵਿਚ ਬੱਝਿਆ ਸਮਾਜ ਡਾ: ਸੱਰਾਫ਼ ਨਾਲ ਉਸ ਦੇ ਰਿਸ਼ਤੇ ਨੂੰ ਕਦਾਚਿਤ ਪ੍ਰਵਾਨਗੀ ਨਹੀਂ ਦਿੰਦਾ। ਨਤੀਜਾ ਉਸ ਨੂੰ ਕਦਮ-ਕਦਮ 'ਤੇ ਜ਼ਲੀਲ ਤੇ ਪੜਤਾੜਿਤ ਹੋਣਾ ਪੈਂਦਾ ਹੈ। ਇਹੋ ਉਸ ਜਿਹੀ ਔਰਤ ਦੀ ਹੋਣੀ ਬਣਦੀ ਹੈ।
ਲੇਖਿਕਾ ਭਾਵੇਂ ਇਸ ਨੂੰ ਆਪਣੀ ਸਵੈ-ਜੀਵਨੀ ਆਖਦੀ ਹੈ ਪਰ ਇਸ ਵਿਚ ਇਕ ਚੰਗੇ ਨਾਵਲ ਦੇ ਸਾਰੇ ਗੁਣ ਮੌਜੂਦ ਹਨ। ਕਲਕੱਤੇ ਦੇ ਜੀਵਨ ਦਾ ਖੁੱਲ੍ਹਾ-ਡੁੱਲ੍ਹਾਪਨ, ਨੌਜਵਾਨਾਂ ਦੀਆਂ ਅਕਾਂਖਿਆਵਾਂ, ਚਾਹਤਾਂ ਤੇ ਤਾਂਘਾਂ, ਬੰਗਾਲੀਆਂ ਤੇ ਮਾਰਵਾੜੀਆਂ ਦੇ ਆਪਸੀ ਸਬੰਧ, ਨਕਸਲਵਾੜੀ ਅੰਦੋਲਨ, ਐਮਰਜੈਂਸੀ, ਖੱਬੀਆਂ ਪਾਰਟੀਆਂ ਦੀ ਚੜ੍ਹਤ ਆਦਿ ਦੇ ਵੇਰਵੇ ਸਮੁੱਚੇ ਰੂਪ ਵਿਚ ਇਸ ਕਥਾ ਵਿਚ ਉਪਲਬਧ ਹੁੰਦੇ ਹਨ। ਵਿਦੇਸ਼ੀ ਬਾਜ਼ਾਰ ਦੀਆਂ ਲੋੜਾਂ-ਹੋੜਾਂ ਵੀ ਸਮਝ 'ਚ ਆਉਂਦੀਆਂ ਹਨ। ਦਰਾਮਦ-ਬਰਾਮਦ ਨਾਲ ਜੁੜੇ ਭਾਰਤੀ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਪਤਾ ਲਗਦੀਆਂ ਹਨ। ਦਾਦੀ ਮਾਂ, ਮਿਸ ਆਈਵੀ ਜਿਹੇ ਮਾਰਮਿਕ ਚਰਿੱਤਰ ਇਸ ਕਥਾ ਨੂੰ ਹੋਰ ਵੀ ਸਜੀਵ ਬਣਾਉਂਦੇ ਹਨ। ਪ੍ਰਭਾ ਖੇਤਾਨ ਕੋਲ ਅਜਿਹੀ ਸਸ਼ਕਤ ਬੋਲੀ ਤੇ ਕਥਾ ਰਸ ਹੈ ਕਿ ਇਸ ਨੂੰ ਇਕ ਵਾਰ ਸ਼ੁਰੂ ਕਰਕੇ ਛੱਡਿਆ ਨਹੀਂ ਜਾ ਸਕਦਾ। ਪ੍ਰੇਮ ਕਰਨ ਵਾਲੀ ਆਜ਼ਾਦ ਔਰਤ ਦੀ ਮਾਰਮਿਕ ਕਹਾਣੀ ਦਿਲ ਨੂੰ ਛੂੰਹਦੀ ਹੈ। ਅਨੁਵਾਦ ਵਿਚ ਥੋਨੂੰ, ਥੋਡਾ ਜਿਹੇ ਸ਼ਬਦ ਓਪਰੇ ਲਗਦੇ ਹਨ। ਪੁਸਤਕ ਬਹੁਤ ਹੀ ਰੌਚਿਕ ਹੈ।

-ਕੇ. ਐਲ. ਗਰਗ
ਮੋ: 94635-37050

ਅੱਖਾਂ! ਅੱਖਾਂ!! ਅੱਖਾਂ!!!
ਕਵੀ : ਡਾ: ਗੁਲਜ਼ਾਰ ਸਿੰਘ ਸੱਭਰਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਡਾ: ਗੁਲਜ਼ਾਰ ਸਿੰਘ ਸੱਭਰਵਾਲ ਲੋਕ ਮੁਹਾਂਦਰੇ ਵਾਲਾ ਕਵੀ ਹੈ। ਹਥਲਾ ਕਾਵਿ-ਸੰਗ੍ਰਹਿ 'ਅੱਖਾਂ! ਅੱਖਾਂ!! ਅੱਖਾਂ!!!' ਵਿਚ ਨਜ਼ਮਾਂ, ਗੀਤ, ਦੋਗਾਣੇ ਅਤੇ ਗ਼ਜ਼ਲਾਂ ਆਦਿ ਸ਼ਾਮਿਲ ਹਨ। ਮੁੱਖ ਰੂਪ ਵਿਚ ਡਾ: ਗੁਲਜ਼ਾਰ ਸਿੰਘ ਸੱਭਰਵਾਲ ਪਿਆਰ ਭਾਵਨਾਵਾਂ ਦਾ ਕਵੀ ਵੀ ਹੈ। ਪਿਆਰ ਸਮਰਪਣ ਦੀ ਭਾਵਨਾ ਦਾ ਨਾਂਅ ਹੈ। ਸਮਰਪਣ ਦੀ ਭਾਵਨਾ ਨੂੰ ਡਾ: ਸੱਭਰਵਾਲ ਬਹੁਤ ਖੂਬਸੂਰਤ ਢੰਗ ਨਾਲ ਪ੍ਰਗਟਾਉਂਦਾ ਹੈ :
ਮੈਨੂੰ ਨਾ ਬੁਲਾਉ ਨੀ,
ਮੈਂ ਉਹਦੇ ਵਿਚ ਖੋਈ ਆਂ।
ਤਨੋ-ਮਨੋ-ਧਨੋ ਨੀ,
ਮੈਂ ਬੱਸ ਉਹਦੀ ਹੋਈ ਆਂ.
ਕਵਿਤਾ ਵਿਚ ਵਿਅੰਗ ਦੀ ਧਾਰ ਬਹੁਤ ਤਿੱਖੀ ਹੈ। ਨਾਲ ਹੀ ਨਾਲ ਸਾਡੇ ਸਮਾਜ ਦੇ ਰਾਜਨੀਤਕ ਅਤੇ ਵਿਦਿਅਕ, ਸਮਾਜਿਕ ਤਾਣੇ-ਬਾਣੇ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ। ਉਦਾਹਰਨ ਵਜੋਂ 'ਦੱਸ ਬੱਲੇ ਤੇਰੇ ਪੁੱਤਰਾ' ਨਾਮੀ ਗਾਣੇ 'ਚ ਅਜੋਕੇ ਵਿਦਿਅਕ ਸਿਸਟਮ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ, ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਪੈਦਾ ਕਰਦੀ ਹੈ। ਕਵੀ ਨੇ ਹਰ ਵਰਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੀ ਕਵਿਤਾਵਾਂ 'ਚ ਕੀਤਾ ਹੈ। ਪੁਸਤਕ ਦੀ ਭੂਮਿਕਾ ਪਰਮਜੀਤ ਕੌਰ ਸਰਹਿੰਦ ਅਤੇ ਡਾ: ਹਰਚੰਦ ਸਿੰਘ ਸਰਹਿੰਦੀ ਨੇ ਲਿਖੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਸੂਲੀ ਟੰਗਿਆ ਸੱਚ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 240.

ਕੁਦਰਤ ਦਾ ਹਰ ਜੀਵਨ ਆਪਣੀ ਵਿਸ਼ੇਸ਼ ਵਿਲੱਖਣਤਾ ਨਾਲ ਭਰਪੂਰ ਹੁੰਦਾ ਹੈ। ਕਿਸੇ ਨਾ ਕਿਸੇ ਰੂਪ/ਰੰਗ ਵਿਚ ਇਹ ਵਿਲੱਖਣਤਾ ਜ਼ਾਹਰ ਹੁੰਦੀ ਰਹਿੰਦੀ ਹੈ। ਮਨੁੱਖੀ ਜੀਵਨ-ਸ਼ੈਲੀ ਵਿਚ ਵੀ ਕੁਝ ਖ਼ਾਸ ਮਨੁੱਖ ਹੁੰਦੇ ਹਨ ਜੋ ਆਪਣੇ ਅਨੁਭਵਾਂ, ਵਿਚਾਰਾਂ ਤੇ ਆਲੇ-ਦੁਆਲੇ ਪਨਪਦੀਆਂ/ਵਾਪਰਦੀਆਂ ਬੇਜ਼ੁਬਾਨ ਘਟਨਾਵਾਂ ਨੂੰ ਕਲਮ ਰੂਪੀ ਐਸੀ ਜ਼ਬਾਨ ਲਾਉਣ ਦੇ ਸਮਰੱਥ ਹੁੰਦੇ ਹਨ ਕਿ ਰਚਨਾਵਾਂ ਬੋਲ ਉਠਦੀਆਂ ਹਨ। ਅਜਿਹੇ ਹੀ ਖ਼ਾਸ ਮਨੁੱਖ ਡਾ: ਗੁਰਚਰਨ ਸਿੰਘ ਔਲਖ ਨੇ ਬਹੁਤ ਸਾਰੀਆਂ ਰਚਨਾਵਾਂ ਅਤੇ ਅਨੁਵਾਦਾਂ ਨਾਲ ਸਾਹਿਤ ਜਗਤ ਦੀ ਝੋਲੀ ਨੂੰ ਸਰਸ਼ਾਰ ਕੀਤਾ ਹੋਇਆ ਹੈ। ਸਵੈ-ਜੀਵਨ ਗਾਥਾ 'ਸੂਲੀ ਟੰਗਿਆ ਸੱਚ' ਵਿਚ ਡਾ: ਔਲਖ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਬਾਖੂਬੀ ਪਾਠਕਾਂ ਦੇ ਰੂਬਰੂ ਕਰਨ ਦਾ ਸਫਲ ਯਤਨ ਕੀਤਾ ਹੈ। ਮਨੁੱਖ ਨੂੰ ਜੀਵਨ ਵਿਚ ਵਿਚਰਦਿਆਂ ਬਹੁਤ ਸਾਰੇ ਦੁੱਖਾਂ-ਸੁੱਖਾਂ ਤੇ ਸੱਚ-ਝੂਠ ਨਾਲ ਦੋ-ਚਾਰ ਵੀ ਹੋਣਾ ਪੈਂਦਾ ਹੈ। ਜਗਤ ਹੱਸ-ਹਵਾਨੇ (ਜੱਗ-ਹਸਾਈ) ਤੋਂ ਬਚਣ ਲਈ ਆਮ ਮਨੁੱਖ ਪਰਦੇ ਹੇਠ ਸਭ ਕੁਝ ਵੀ ਨੱਪਣ ਦੀ ਕੋਸ਼ਿਸ਼ ਕਰਦਾ ਹੈ ਪਰ ਡਾ: ਔਲਖ ਨੇ ਆਪਣੇ ਜੀਵਨ ਦੀ ਕਰੀਬ ਹਰ ਬਰੀਕੀ ਤੋਂ ਪਰਦਾ ਉਠਾਉਣ ਦੀ ਯਤਨ ਕੀਤਾ ਹੈ।
ਪਰਿਵਾਰਕ ਤੰਗੀਆਂ-ਤੁਰਸ਼ੀਆਂ, ਉੱਦਮ ਨਾਲ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰ ਲੈਣੀ, ਸਕੂਲ/ਕਾਲਜ ਅਧਿਆਪਕ ਦੀ ਹਰ ਸੁਹਿਰਦ ਡਿਊਟੀ ਨਾਲ ਬਗੈਰ ਕਿਸੇ ਝਿਜਕ/ਡਰ ਤੋਂ ਤਨੋਂ-ਮਨੋਂ ਨਿਪਟਣਾ, ਲੇਖਕ/ ਅਨੁਵਾਦਕ/ਆਲੋਚਕ ਵਜੋਂ ਯੂਨੀਕ ਤਜਰਬੇ, ਗ੍ਰਹਿਸਥੀ ਦੇ ਪਾਂਧੀ ਬਣਨ ਦੇ ਰੌਚਕ ਕਿੱਸੇ, ਘਰ ਦਾ ਕੱਖਾਂ-ਕਾਨਿਆਂ ਵਾਲਾ ਢਾਰਾ ਹੀ ਹਨੀਮੂਨ ਮਨਾਉਣ ਲਈ ਨਸੀਬ ਹੋਣਾ, ਪੀ.ਐਚ.ਡੀ. ਕਰਾਉਣ ਵਾਲੇ ਕੁਝ ਅਖੌਤੀ ਗੁਰੂਆਂ ਵੱਲੋਂ ਸਿਖਿਆਰਥੀਆਂ ਦਾ ਹਰ ਕਿਸਮ ਦਾ ਸ਼ੋਸ਼ਣ ਕਰਨ ਨੂੰ ਤਰਜੀਹ ਦੇਣ ਦਾ ਰੁਝਾਨ, ਮਾਣ-ਸਨਮਾਨ ਵਿਚ ਹੁੰਦੀ ਬਾਂਦਰ ਵੰਡ ਤੇ ਸ਼ੋਕ ਸਮਾਗਮਾਂ ਸਮੇਂ ਵੀ ਕੁਝ ਮੰਨੇ-ਪ੍ਰਮੰਨੇ ਸਨਕੀ ਲੇਖਕਾਂ ਵੱਲੋਂ ਸ਼ਰਾਬ ਤੇ ਕਬਾਬ ਦਾ ਝੱਸ ਪੂਰਾ ਕਰਨ ਲਈ ਉੱਠ ਭੱਜਣਾ ਆਦਿ ਅਨੁਭਵਾਂ ਨੂੰ ਬੜੀ ਬੇਬਾਕੀ ਨਾਲ 'ਸੂਲੀ ਟੰਗਿਆ ਸੱਚ' ਵਿਚ ਪਾਠਕ ਨੂੰ ਪੜ੍ਹਨ ਲਈ ਮਿਲ ਜਾਂਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵੇਖਣ ਹੋਰ ਨੇ।
ਜਵਾਨ-ਜਹਾਨ ਪੁੱਤਰ ਅਤੇ ਦੋਹਤੀ ਦਾ ਜੱਗ ਤੋਂ ਤੁਰ ਜਾਣ ਦੇ ਸੱਲ੍ਹ ਨੇ ਡਾ: ਔਲ਼ਖ ਦੇ ਜੀਵਨ ਨੂੰ ਕਾਫੀ ਡਾਵਾਂਡੋਲ ਕਰ ਦਿੱਤਾ ਸੀ। ਭਾਣਾ ਮੰਨਣ ਤੋਂ ਸਿਵਾਏ ਹੋਰ ਹੋ ਵੀ ਕੀ ਸਕਦਾ ਹੈ, 'ਤੇ ਅਮਲ ਕਰਦਿਆਂ ਵਿਚਾਰਾਂ/ਮਨੋਵੇਗ ਨੂੰ ਕਲਮ ਨਾਲ ਝਰੀਟਦਿਆਂ 'ਤੁਰਿਆ ਚਲ ਇਕ ਸਾਰ ਮੁਸਾਫਰਾ' ਦਾ ਸਬੂਤ ਦਿੱਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

8-3-2014

 ਚਿੱਤਰਕਾਰ ਜਰਨੈਲ ਸਿੰਘ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਮ.ਪੀ. ਪ੍ਰਕਾਸ਼ਨ, ਦਿੱਲੀ
ਮੁੱਲ : 200 ਰੁਪਏ, ਸਫ਼ੇ : 96.

ਸ: ਹਰਭਜਨ ਸਿੰਘ ਹੁੰਦਲ ਇਕ ਬਹੁਵਿਧਾਈ ਲੇਖਕ ਹੈ। ਉਸ ਦੀ ਪਹਿਲੀ ਵਫ਼ਾ ਤਾਂ ਕਵਿਤਾ ਨਾਲ ਹੀ ਹੈ। ਉਹ ਨਜ਼ਮ, ਗ਼ਜ਼ਲ, ਗੀਤ, ਛੰਦਬੱਧ ਅਤੇ ਛੰਦਮੁਕਤ ਆਦਿ ਹਰ ਵੰਨਗੀ ਦੀ ਕਵਿਤਾ ਉੱਪਰ ਆਪਣੀ ਕਲਮ ਨੂੰ ਪੂਰਨ ਸਫਲਤਾ ਸਹਿਤ ਆਜ਼ਮਾ ਚੁੱਕਿਆ ਹੈ। ਮੌਲਿਕ ਕਵਿਤਾਵਾਂ ਤੋਂ ਬਿਨਾਂ ਉਸ ਨੇ ਵਿਸ਼ਵ ਦੇ ਬਹੁਤ ਸਾਰੇ ਇਨਕਲਾਬੀ ਅਤੇ ਪ੍ਰਗਤੀਸ਼ੀਲ ਕਵੀਆਂ ਦੀਆਂ ਰਚਨਾਵਾਂ ਦੇ ਅਨੁਵਾਦ ਵੀ ਕੀਤੇ ਹਨ। ਪਾਕਿਸਤਾਨੀ ਪੰਜਾਬੀ ਸਾਹਿਤ ਦੀ ਸੇਵਾ-ਸੰਭਾਲ ਲਈ ਵੀ ਉਸ ਨੇ ਬੜਾ ਨਿੱਗਰ ਕੰਮ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਮਨੁੱਖ ਲਈ ਕੁਝ ਵੀ ਅਪਹੁੰਚ ਜਾਂ ਅਸੰਭਵ ਨਹੀਂ ਹੈ। ਆਪਣੀ ਇਸੇ ਧਾਰਨਾ ਉਤੇ ਪਹਿਰਾ ਦਿੰਦੇ ਹੋਇਆਂ ਉਸ ਨੇ ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਸ: ਜਰਨੈਲ ਸਿੰਘ ਦੀ ਚਿੱਤਰਕਲਾ ਬਾਰੇ ਇਹ ਛੋਟਾ ਜਿਹਾ ਮੋਨੋਗ੍ਰਾਫ਼ ਲਿਖ ਕੇ ਸਭ ਨੂੰ ਅਚੰਭਿਤ ਕਰ ਦਿੱਤਾ ਹੈ।
ਸ: ਹੁੰਦਲ ਨੇ ਜਰਨੈਲ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਲਿਖਣ ਦੇ ਨਾਲ-ਨਾਲ ਉਸ ਦੀ ਚਿੱਤਰਕਲਾ ਦੇ ਪ੍ਰਮੁੱਖ ਲੱਛਣਾਂ ਨੂੰ ਵੀ ਬੜੀ ਸੁਹਿਰਦਤਾ ਨਾਲ ਬਿਆਨ ਕੀਤਾ ਹੈ। ਜਰਨੈਲ ਸਿੰਘ, ਸ: ਕਿਰਪਾਲ ਸਿੰਘ ਆਰਟਿਸਟ ਦਾ ਸਪੁੱਤਰ ਹੋਣ ਦੇ ਨਾਤੇ ਉਸ ਦੀ ਚਿੱਤਰਕਲਾ ਦਾ ਵਾਰਿਸ ਤਾਂ ਹੈ ਪਰ ਉਸ ਨੇ ਇਸ ਵਿਰਾਸਤ ਦਾ ਇਸਤੇਮਾਲ ਅਨੁਕਰਣਮੂਲਕ ਵਿਧੀ ਦੁਆਰਾ ਨਹੀਂ ਕੀਤਾ ਬਲਕਿ ਆਪਣੇ ਲਈ ਵੱਖਰੇ ਰਾਹਾਂ ਦੀ ਤਲਾਸ਼ ਕੀਤੀ ਹੈ। ਹੁਣ ਉਹ ਚੰਡੀਗੜ੍ਹ ਤੋਂ ਪਰਵਾਸ ਕਰਕੇ ਕੈਨੇਡਾ ਚਲਾ ਗਿਆ ਹੈ, ਜਿਥੇ ਵੱਸਦੇ ਪੰਜਾਬੀਆਂ ਨੇ ਉਸ ਦੀ ਚਿੱਤਰਕਲਾ ਦਾ ਕਾਫੀ ਸਵਾਗਤ ਕੀਤਾ ਹੈ। ਉਸ ਦੇ ਚਿੱਤਰ ਵਿਕਣ ਵੀ ਲੱਗੇ ਹਨ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਸਾਡੇ ਲੋਕ ਕਲਾ ਨੂੰ ਮੰਗ-ਪਿੰਨ ਕੇ ਹੀ ਗੁਜ਼ਾਰਾ ਕਰ ਲੈਣ ਵਾਲੇ ਸ਼ਰੀਫ਼ ਲੋਕ ਹਨ। ਇਹ ਸਾਹਿਤ ਜਾਂ ਚਿੱਤਰਾਂ ਨੂੰ 'ਖਰੀਦਣ' ਵਿਚ ਰੁਚੀ ਨਹੀਂ ਰੱਖਦੇ। ਕਲਾ ਦਾ ਮੁੱਲ ਕੌਣ ਪਾਵੇ!
ਜਰਨੈਲ ਸਿੰਘ 'ਸਟਿਲ ਲਾਈਫ' ਦਾ ਚਿੱਤਰਕਾਰ ਹੈ, ਜਦੋਂ ਕਿ ਉਸ ਦਾ ਪਿਤਾ ਨਾਟਕੀ ਮਹਾਂਦ੍ਰਿਸ਼ਾਂ ਨੂੰ ਚਿਤਰਣ ਵਾਲਾ ਐਪਿਕ ਆਰਟਿਸਟ ਸੀ। ਇਸ ਪੱਖੋਂ ਉਸ ਦਾ ਸੁਭਾਅ ਸੇਜ਼ਾਂ ਨਾਲ ਮਿਲਦਾ ਹੈ, ਜਿਸ ਨੇ ਸੰਗਤਰਿਆਂ, ਬੋਤਲਾਂ ਅਤੇ ਪਾਣੀ ਭਰਨ ਵਾਲੇ ਜੱਗਾਂ ਦੇ ਚਿੱਤਰ ਬਣਾ ਕੇ ਸਾਰੀ ਦੁਨੀਆ ਦੇ ਆਧੁਨਿਕ ਚਿੱਤਰਕਾਰਾਂ ਨੂੰ ਅਚੰਭਿਤ ਕਰ ਦਿੱਤਾ ਸੀ। ਉਸ ਨੂੰ 'ਲਾਈਟ ਐਂਡ ਸ਼ੇਡ' ਦੀ ਬਹੁਤ ਸਮਝ ਸੀ ਅਤੇ ਉਸ ਦੇ ਚਿਤਰ ਤਿੰਨ-ਅਯਾਮੀ ਪ੍ਰਭਾਵ ਦੀ ਸਿਰਜਣਾ ਕਰਦੇ ਸਨ। ਭਾਵੇਂ ਜਰਨੈਲ ਸਿੰਘ ਅਜੇ ਏਨੀ ਨਿਪੁੰਨਤਾ ਤਾਂ ਪ੍ਰਾਪਤ ਨਹੀਂ ਕਰ ਸਕਿਆ, ਉਹ ਬਰਸ਼-ਸ਼ਾਈ (ਬੁਰਸ਼ ਤੋਂ ਸੰਗਣ ਵਾਲਾ) ਚਿੱਤਰਕਾਰ ਪ੍ਰਤੀਤ ਹੁੰਦਾ ਹੈ। ਉਸ ਨੂੰ ਆਪਣੀ ਝਿਜਕ ਤਿਆਗ ਕੇ ਪੂਰੀ ਨਿਸੰਗਤਾ ਨਾਲ ਬੁਰਸ਼ ਨੂੰ ਹੱਥ ਪਾਉਣਾ ਪਵੇਗਾ, ਤਾਂ ਹੀ ਉਹ ਆਪਣੇ ਲਈ ਵਿਲੱਖਣ ਸਥਾਨ ਬਣਾ ਸਕੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਓਸਾਮਾ ਜਾਂ ਓਬਾਮਾ
ਅੱਤਵਾਦੀ ਕੌਣ?

ਲੇਖਕ : ਡਾ: ਅਜੀਤਪਾਲ ਸਿੰਘ ਐਮ. ਡੀ.
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100, ਸਫ਼ੇ : 160.

ਡਾ: ਅਜੀਤਪਾਲ ਸਿੰਘ ਐਮ.ਡੀ. ਦੀ ਕਲਮ ਹਮੇਸ਼ਾ ਭਖਦੇ ਕੌਮਾਂਤਰੀ ਮੁੱਦਿਆਂ 'ਤੇ ਚਲਦੀ ਰਹਿੰਦੀ ਹੈ। ਉਸ ਦੇ ਨਿਬੰਧ ਅਕਸਰ ਹੀ ਅਖ਼ਬਾਰਾਂ ਵਿਚ ਅਤੇ ਹੋਰ ਪੱਤਰਕਾਵਾਂ ਵਿਚ ਛਪਦੇ ਰਹਿੰਦੇ ਹਨ। ਜਦ ਕਾਫੀ ਇਕੱਠੇ ਹੋ ਜਾਣ ਤਾਂ ਉਹ ਉਨ੍ਹਾਂ ਨੂੰ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾ ਦਿੰਦਾ ਹੈ। ਇੰਜ ਉਸ ਦੇ ਜ਼ਿਆਦਾ ਨਿਬੰਧ ਅਖ਼ਬਾਰੀ ਮਨੋਰਥ ਲਈ ਲਿਖੇ ਹੁੰਦੇ ਹਨ। ਪੁਸਤਕ ਦਾ ਸਿਰਲੇਖ ਉਹ ਕਿਸੇ ਵੱਡੀ ਘਟਨਾ ਦੇ ਨਾਂਅ 'ਤੇ ਰੱਖਦਾ ਹੈ ਜਿਵੇਂ ਕਿ ਹਥਲੀ ਪੁਸਤਕ ਦਾ ਨਾਂਅ ਰੱਖਿਆ ਗਿਆ ਹੈ। ਇਸ ਨਾਂਅ ਦਾ ਭਾਵ ਇਹ ਨਹੀਂ ਕਿ ਸਾਰੇ ਹੀ ਨਿਬੰਧ ਓਸਾਮਾ ਜਾਂ ਓਬਾਮਾ ਨਾਲ ਸਬੰਧਤ ਹਨ। ਮਾਨਵੀ ਜੀਵਨ ਨਾਲ ਸਬੰਧਤ ਛਪੀਆਂ ਉਸ ਦੀਆਂ ਪੁਸਤਕਾਂ ਵਿਚ ਹਥਲੀ ਪੁਸਤਕ ਬੱਤੀਵੀਂ ਹੈ। ਇਸ ਪੁਸਤਕ ਵਿਚ ਅੰਤਰਰਾਸ਼ਟਰੀ ਸਮੱਸਿਆਵਾਂ ਨਾਲ ਸਬੰਧਤ ਕੋਰਿਆਈ ਮਹਾਂਦੀਪ, ਕਿਰਗਿਸਤਾਨ, ਓਸਾਮਾ ਜਾਂ ਓਬਾਮਾ, ਯੂਰਪ ਵਿਚ ਬੇਰੁਜ਼ਗਾਰੀ, ਜਾਪਾਨ ਹਾਦਸਾ, ਅਫ਼ਗਾਨਿਸਤਾਨ, ਸੀਰੀਆ, ਅਰਬ ਲੋਕ, ਵਿਸ਼ਵ ਆਰਥਿਕ ਸੰਕਟ ਆਦਿ ਨਿਬੰਧ ਸ਼ਾਮਿਲ ਹਨ। ਫਰਾਂਸ ਵਿਚ ਹੋਲਾਂਦੇ ਦੀ ਜਿੱਤ, ਰੂਸੀ ਸਾਮਰਾਜੀ, ਗ੍ਰੀਸ ਤੇ ਸਾਮਰਾਜਵਾਦੀ, ਮਾਰਕਸਵਾਦ ਲੈਨਿਨਵਾਦ ਦੀ ਦ੍ਰਿਸ਼ਟੀ ਤੋਂ ਨਵ ਬਸਤੀਵਾਦ ਆਦਿ ਨਿਬੰਧ ਸ਼ਾਮਿਲ ਹਨ। ਲਗਭਗ ਦਸ ਨਿਬੰਧ ਅਜਿਹੇ ਹਨ, ਜੋ ਪ੍ਰਦੂਸ਼ਣ ਨਾਲ ਸਬੰਧਤ ਹਨ। ਪੁਸਤਕ ਜਾਣਕਾਰੀ ਭਰਪੂਰ ਹੈ। ਲੇਖਕ ਦਾ ਮਨੋਰਥ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਕੇ ਵਿਗਿਆਨਕ ਸੋਚ ਵਾਲੇ ਬਣਾਉਣਾ ਹੈ। ਆਰਥਿਕ ਮੰਦਵਾੜੇ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ। ਇਸ ਪੁਸਤਕ ਦੇ 40 ਨਿਬੰਧ ਕੀ, ਕਿਉਂ, ਕਿੱਥੇ, ਕਿਵੇਂ? ਦੇ ਵਾਰਤਕ-ਪੈਰਾਡਾਇਮ ਨਾਲ ਸਬੰਧਤ ਹਨ। ਪਰੂਫ ਪੜ੍ਹਨ ਸਮੇਂ ਧਿਆਨ ਦੇਣ ਦੀ ਲੋੜ ਹੈ ਜਿਵੇਂ ਹੈਰਨੀ (ਹੈਰਾਨੀ), ਉਂਝਬੇਕਿਸਤਾਨ (ਉਜਬੇਕਿਸਤਾਨ), ਉਸਦ (ਉਸ ਦੀ) ਆਦਿ। ਸੰਖੇਪ ਇਹ ਕਿ ਲੇਖਕ ਨੇ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਹੋ ਰਹੇ ਮਾਨਵੀ ਕੀਮਤਾਂ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਚੜ੍ਹਦਾ ਲਹਿੰਦਾ ਸੂਰਜ
ਕਵੀ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 120 ਰੁਪਏ, ਸਫ਼ੇ : 96.

ਸ਼ਾਹਗੀਰ ਸਿੰਘ ਗਿੱਲ ਕੈਨੇਡਾ ਵਸਿਆ ਪੰਜਾਬੀ ਕਵੀ ਹੈ। ਇਹ ਤੇਜ਼ੀ ਨਾਲ ਕਾਵਿ ਸਿਰਜਣ ਵੱਲ ਰੁਚਿਤ ਹੈ। ਗਿੱਲ ਦੇ ਸੰਨ 2013 ਵਿਚ ਹੀ ਚਾਰ ਕਾਵਿ ਸੰਗ੍ਰਹਿ : 'ਮੁਹੱਬਤ ਦਾ ਦੀਵਾ', 'ਜ਼ਰਾ ਜ਼ਰਾ ਜਿਹੀ ਗੱਲ', 'ਜ਼ਿੰਦਗੀ ਖੁੱਲ੍ਹਾ ਅਸਮਾਨ ਹੈ' ਅਤੇ ਹਥਲੀ ਪੁਸਤਕ 'ਚੜ੍ਹਦਾ ਲਹਿੰਦਾ ਸੂਰਜ' ਪ੍ਰਕਾਸ਼ਿਤ ਹੋਈਆਂ। ਇਕ ਸਾਲ ਵਿਚ ਇਕ ਕਵੀ ਵੱਲੋਂ ਚਾਰ ਇਕ ਹੀ ਲਹਿਜ਼ੇ ਵਿਚ ਕਾਵਿ ਪੁਸਤਕਾਂ ਦੀ ਸਿਰਜਣ ਪ੍ਰਕਿਰਿਆ ਵਿਚ ਜ਼ਬਾਤ ਤੇ ਕਲਪਨਾ ਦੇ ਦੁਹਰਾਉ ਦਾ ਖ਼ਤਰਾ ਮੌਜੂਦ ਰਹਿੰਦਾ ਹੈ। ਇਸੇ ਲਈ ਉਸ ਦੀਆਂ ਕਾਵਿ ਪੁਸਤਕਾਂ ਦੀ ਸੂਰਤ ਤੇ ਸੀਰਤ ਕਰੀਬ-ਕਰੀਬ ਇਕਸਾਰ ਹੀ ਹੈ। ਦਰਸ਼ਨ ਦਰਵੇਸ਼ ਕਵੀ ਗਿੱਲ ਬਾਰੇ ਲਿਖਦਾ ਹੈ ਕਿ ਯਾਰਾਂ ਦੇ ਯਾਰ ਸ਼ਾਹਗੀਰ ਦੀ ਸ਼ਾਇਰੀ ਵਿਚ ਇਸ ਤਰ੍ਹਾਂ ਦੇ ਮੁਹੱਬਤੀ ਚਿਰਾਗ਼ ਬਲਦੇ ਨਜ਼ਰ ਆਉਂਦੇ ਹਨ ਕਿ ਜਿਨ੍ਹਾਂ ਦੀ ਲੋਅ ਅੱਖਾਂ ਵਿਚ ਕਰਦਿਆਂ ਹੀ ਤੁਹਾਡਾ ਅੰਦਰ ਰੌਸ਼ਨ-ਰੌਸ਼ਨ ਹੋ ਜਾਂਦਾ ਹੈ।...
ਸ਼ਾਹਗੀਰ ਦੀ ਉਮਰ 70 ਸਾਲ ਦੇ ਲਗਭਗ ਹੋ ਚੁੱਕੀ ਹੈ। ਇਸ ਲਈ ਸ਼ਾਇਦ ਉਸ ਦਾ ਕਵਿਤਾ ਦਾ ਰੁਕਿਆ ਵੇਗ ਤੇਜ਼ੀ ਨਾਲ ਚੱਲ ਪਿਆ ਹੈ। ਉਸ ਦੀ ਕਵਿਤਾ ਦਾ ਸੁਲੱਖਣਾ ਪੱਖ ਇਹ ਹੈ ਕਿ ਕਵਿਤਾਵਾਂ ਸਮਾਜਿਕ ਪੱਧਰ ਦੀਆਂ ਸਰਲ, ਸਪੱਸ਼ਟ ਅਤੇ ਸਾਦਗੀ ਨਾਲ ਪੇਸ਼ ਹੁੰਦੀਆਂ ਹਨ। ਦੂਜੀ ਵੱਡੀ ਗੱਲ ਇਹ ਹੈ ਕਿ ਉਹ ਇਨ੍ਹਾਂ ਕਵਿਤਾਵਾਂ ਨੂੰ ਛੰਦਬੱਧ ਧਰਾਤਲ ਉਤੇ ਸਿਰਜਦਾ ਹੈ, ਜਿਸ ਨਾਲ ਇਹ ਜ਼ਬਾਨ ਉਤੇ ਚੜ੍ਹ ਕੇ ਦਿਮਾਗ ਤੱਕ ਸਹਿਜ ਨਾਲ ਸੰਚਾਰ ਕਰਦੀਆਂ ਹਨ। ਸਮੇਂ ਦੀ ਹਿੱਕ ਉਤੇ ਅਣਮਨੁੱਖੀ ਜ਼ਖ਼ਮਾਂ ਨੂੰ ਆਪਣੀਆਂ ਨਜ਼ਮਾਂ ਵਿਚ ਬੜੀ ਸ਼ਿੱਦਤ ਨਾਲ ਵਿਅਕਤ ਕਰਦਾ ਹੈ :
ਚੁਰਾਸੀ ਵੀ ਲਿਖਾ ਕੇ ਮੱਥੇ
ਸੰਤਾਲੀ ਵੀ ਸੀਨੇ ਲਾ ਲਿਆ
ਟੈਲੀਫੋਨ ਦੇ ਨੰਬਰ ਵਿਚ ਹੀ
ਸਭ ਕੁਝ ਛੁਪਾ ਲਿਆ...
ਅਮ੍ਰਿਤਾ ਵੀ ਟੁਰ ਗਈ, ਵਾਰਸ ਨੂੰ ਵਾਜਾਂ ਮਾਰਦੀ
ਤੂੰ ਬਿਨ ਆਵਾਜ਼ ਸਭ ਕੁਝ ਆਵਾਜ਼ ਵਿਚ ਵਸਾ ਲਿਆ...।

-ਸੁਲੱਖਣ ਸਰਹੱਦੀ
ਮੋ: 94174-84337.

ਸਮਾਜ ਦੇ ਘੁਣ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿੱਤੂ ਪ੍ਰਕਾਸ਼ਨ, ਪਟਿਆਲਾ।
ਮੁੱਲ : 100 ਰੁਪਏ, ਪੰਨੇ : 88

ਹਥਲੀ ਪੁਸਤਕ 'ਸਮਾਜ ਦੇ ਘੁਣ' ਪ੍ਰਸਿੱਧ ਸਾਹਿਤਕਾਰ ਰਾਮ ਨਾਥ ਸ਼ੁਕਲਾ ਦੀ ਅਨੂਠੀ ਅਤੇ ਦਿਲਚਸਪ ਰਚਨਾ ਹੈ। ਲੇਖਕ ਅਨੁਸਾਰ ਕੁਦਰਤ ਦੇ ਪਸਾਰੇ ਨੂੰ ਸਮਝ ਸਕਣਾ ਅਤਿ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਵੀ ਹੈ। ਜੇ ਜੀਵਾਂ ਦੀ ਸਿਰਜਣਾ ਕੀਤੀ, ਪਰਜੀਵੀ ਵੀ ਨਾਲ ਹੀ ਪੈਦਾ ਕਰ ਦਿੱਤੇ। ਇਹ ਪਰਜੀਵੀ ਪਸ਼ੂਆਂ, ਪੰਛੀਆਂ, ਪ੍ਰਾਣੀਆਂ ਆਦਿ ਸਭ ਦੇ ਨਾਲ ਤਾਜੀਵਨ ਜੁੜੇ ਰਹਿੰਦੇ ਹਨ। ਉਦਾਹਰਨ ਵਜੋਂ ਗਾਵਾਂ, ਮੱਝਾਂ, ਕੁੱਤਿਆਂ ਆਦਿ ਜਾਨਵਰਾਂ ਦੇ ਚਿੱਚੜ ਜਾਂ ਜੂੰਆਂ ਪੈ ਜਾਂਦੀਆਂ ਹਨ। ਇਹ ਪਰਜੀਵੀ ਇਨ੍ਹਾਂ ਨਾਲ ਹੀ ਖਤਮ ਹੁੰਦੇ ਹਨ। ਪਰਜੀਵ ਹਾਨੀਕਾਰਕ ਜੀਵ ਹੁੰਦੇ ਹਨ। ਇਸੇ ਤਰ੍ਹਾਂ ਮਨੁੱਖ ਦੇ ਪੇਟ ਅੰਦਰ ਕਈ ਕੀਟਾਣੂ ਜਿਵੇਂ ਹੁਕ ਵਾਰਮ, ਟੇਪ ਰਾਊਂਡ ਪੈਦਾ ਹੋ ਜਾਂਦੇ ਹਨ, ਜੋ ਸਰੀਰ ਨੂੰ ਅੰਦਰੋਂ ਖੋਰਾ ਲਾਉਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੁਦਰਤ ਨੇ ਕਿਉਂ ਇਨ੍ਹਾਂ ਪਰਜੀਵਾਂ ਦੀ ਸਿਰਜਣਾ ਕੀਤੀ? ਚਾਹੇ ਕੁਦਰਤ ਨੇ ਕੋਈ ਵੀ ਬੇਲੋੜੀ ਚੀਜ਼ ਨਹੀਂ ਪੈਦਾ ਕੀਤੀ ਪਰ ਇਸੇ ਗੱਲ ਦਾ ਭੇਦ ਅਜੇ ਤੱਕ ਪਤਾ ਨਹੀਂ ਲੱਗਾ। ਜਿਵੇਂ ਲੱਕੜੀ ਨੂੰ ਘੁਣ ਖਾ ਜਾਂਦਾ ਹੈ, ਇਸੇ ਤਰ੍ਹਾਂ ਪਰਜੀਵੀ ਪ੍ਰਾਣੀਆਂ, ਜਾਨਵਰਾਂ, ਪੰਛੀਆਂ ਆਦਿ ਨੂੰ ਘੁਣ ਵਾਂਗ ਜਰਜਰਾ ਕਰ ਦਿੰਦੇ ਹਨ। ਸਮਾਜ ਵਿਚ ਵੀ ਕਈ ਚਲਦੇ-ਫਿਰਦੇ ਪਰਜੀਵਾਂ ਵਰਗੇ ਮਨੁੱਖ ਹਨ, ਜਿਨ੍ਹਾਂ ਦੀਆਂ ਕਿਸਮਾਂ ਲੇਖਕ ਨੇ ਬਿਆਨ ਕੀਤੀਆਂ ਹਨ।
ਇਸ ਪੁਸਤਕ ਵਿਚ ਕੁੱਲ 13 ਲੇਖ ਹਨ। ਧਾਰਮਿਕ ਆਗੂ, ਰਾਜਨੀਤਕ ਆਗੂ, ਸ਼ਾਹੂਕਾਰ ਸਮਾਜ ਦੇ ਅਜਿਹੇ ਪਰਜੀਵੀ ਹਨ, ਜੋ ਆਪਣੇ ਤੋਂ ਨਿਮਨ ਵਰਗ ਦੇ ਲੋਕਾਂ 'ਤੇ ਅੱਤਿਆਚਾਰ ਕਰਦੇ ਹਨ। ਪਰਜੀਵੀ ਦਾ ਪ੍ਰਭਾਵ ਮਜ਼ਦੂਰਾਂ 'ਤੇ, ਆਮ ਲੋਕਾਂ 'ਤੇ ਅਤੇ ਮੱਧ ਵਰਗ 'ਤੇ ਬੜਾ ਡੂੰਘਾ ਹੁੰਦਾ ਹੈ ਤੇ ਸੱਚਮੁੱਚ ਇਹ ਕਈ ਵਾਰ ਬੜੇ ਹਾਨੀਕਾਰਕ ਸਿੱਧ ਹੁੰਦੇ ਹਨ। ਲੇਖਕ ਨੇ ਇਹ ਦਾਅਵਾ ਕੀਤਾ ਹੈ ਕਿ ਸਮੇਂ ਦੇ ਬਦਲਣ ਨਾਲ ਇਹ ਪਰਜੀਵੀ ਬਦਲ ਰਹੇ ਹਨ, ਇਨ੍ਹਾਂ ਨੂੰ ਬਦਲਣਾ ਪਵੇਗਾ। ਚਾਹੇ ਸਮਾਜਿਕ ਪਰਜੀਵੀ ਆਪਣੇ ਸਮਿਆਂ ਵਿਚ ਲੋੜੀਂਦੇ ਹੋਣ ਪਰ ਸਮੇਂ ਨਾਲ ਆਪਣੇ-ਆਪ ਇਨ੍ਹਾਂ ਦੀ ਹੋਂਦ ਖਤਮ ਹੋ ਜਾਂਦੀ ਹੈ।

-ਹਰਜਿੰਦਰ ਸਿੰਘ
ਮੋ: 98726-60161

ਮਾਨਵਤਾ ਦਾ ਸੁੱਚਾ ਸੰਦੇਸ਼ ਹੈ
'ਮੈਨੂੰ ਹਨੇਰਾ ਕਿਉਂ ਨਹੀਂ ਲਗਦਾ'

ਲੇਖਕ : ਕੁਲਦੀਪ ਨਈਅਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਦਿੱਲੀ
ਮੁੱਲ : 150 ਰੁਪਏ, ਸਫ਼ੇ : 131.

'ਮੈਨੂੰ ਹਨੇਰਾ ਕਿਉਂ ਨਹੀਂ ਲਗਦਾ' ਕੁਲਦੀਪ ਨਈਅਰ ਦਾ ਪਹਿਲਾ ਨਾਵਲ ਹੈ, ਜੋ ਪੰਜਾਬੀ ਵਿਚ ਛਪਿਆ ਹੈ। ਪੰਜਾਬੀਅਤ ਨੂੰ ਸਮਰਪਿਤ ਕੁਲਦੀਪ ਨਈਅਰ ਦੀ ਪੰਜਾਬੀ ਲੋਕ-ਮਨਾਂ ਵਿਚ ਡੂੰਘੀ ਪਛਾਣ ਹੈ। ਉਹ ਇਕ ਨਿਧੱੜਕ ਪੱਤਰਕਾਰ, ਬੇਬਾਕ ਲੇਖਕ ਅਤੇ ਮਾਨਵੀ ਅਧਿਕਾਰਾਂ ਦੀ ਰਾਖੀ ਦਾ ਸੱਚਾ ਯੋਧਾ ਹੈ। ਉਸ ਦੀ ਸਮੁੱਚੀ ਸਰਗਰਮੀ ਜੀਵਨ ਪ੍ਰਤੀ ਉਸ ਦੀ ਪ੍ਰਤੀਬੱਧਤਾ ਦੀ ਗਵਾਹੀ ਹੈ। ਪੱਤਰਕਾਰੀ ਦੇ ਖੇਤਰ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਕੁਲਦੀਪ ਨਈਅਰ ਦੀ ਇਕ ਪਛਾਣ ਸ਼ਾਂਤੀਦੂਤ ਦੀ ਵੀ ਹੈ।
ਕੁਲਦੀਪ ਨਈਅਰ ਦਰਜਨ ਤੋਂ ਵੱਧ ਪੁਸਤਕਾਂ ਦਾ ਲੇਖਕ ਹੈ। ਉਸ ਦੀ ਸਵੈ-ਜੀਵਨੀ 'ਬੀਜੌਂਡ ਲਾਇਨਜ਼' ਉਸ ਦੇ ਜੀਵਨ ਦੀ ਨਿਰਛਲ ਗਾਥਾ ਹੈ। ਰਾਜਨੀਤਕ ਮਸਲਿਆਂ, ਰਾਜਨੀਤੀ ਦੇ ਖੇਤਰ ਦੇ ਨਾਇਕਾਂ, ਗਵਾਂਢੀ ਮੁਲਕਾਂ ਦੀ ਸਮਾਜਿਕ-ਰਾਜਨੀਤਕ ਸਰਗਰਮੀ ਨੂੰ ਆਪਣੀਆਂ ਪੁਸਤਕਾਂ ਰਾਹੀਂ ਕੁਲਦੀਪ ਨਈਅਰ ਹਮੇਸ਼ਾ ਮੁਖਾਤਿਬ ਹੁੰਦਾ ਰਿਹਾ ਹੈ। 'ਵਾਲ ਐਟ ਵਾਹਗਾ', ਟ੍ਰੈਜਡੀ ਆਫ ਪੰਜਾਬ, ਇਨ ਜੇਲ੍ਹ, ਇੰਡੀਆ ਆਫ਼ਟਰ ਨਹਿਰੂ, ਵਰਗੀਆਂ ਚਰਚਿਤ ਪੁਸਤਕਾਂ ਕੁਲਦੀਪ ਨਈਅਰ ਦੀ ਕਲਮ ਦੀ ਗਵਾਹੀ ਹਨ।
ਇਸ ਨਾਵਲ ਦਾ ਸੰਸਾਰ ਵੀ ਹਿੰਦੁਸਤਾਨ ਦੀ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਦੇ ਪੰਜ-ਛੇ ਦਹਾਕਿਆਂ ਦੀਆਂ ਦੁਖਾਂਤਕ ਪ੍ਰਸਥਿਤੀਆਂ ਦਾ ਬਿਰਤਾਂਤ ਹੈ। ਦੇਸ਼ ਦੀ 1947 ਦੀ ਵੰਡ ਸਮੁੱਚੇ ਭਾਰਤ ਅਤੇ ਖਾਸ ਕਰ ਪੰਜਾਬ ਦੀ ਲੋਕਾਈ ਉੱਪਰ ਕਿਵੇਂ ਕਹਿਰ ਬਣ ਕੇ ਸਾਹਮਣੇ ਆਈ, ਇਨ੍ਹਾਂ ਘਟਨਾਵਾਂ ਦੇ ਦਰਦੀਲੇ ਵਰਨਣ ਅਤੇ ਪੰਜਾਬ, ਦਿੱਲੀ, ਗੁਜਰਾਤ ਦੇ ਪਿਛਲੇ ਦਹਾਕਿਆਂ ਦੇ ਘਟਨਾਵੀ ਕ੍ਰਮ ਵਿਚ ਮਨੁੱਖ ਦੀ ਹੋਂਦ ਅਤੇ ਹੋਣੀ ਨੂੰ ਸਮਝਣ-ਸਮਝਾਉਣ ਦਾ ਇਹ ਨਾਵਲ ਵਡਮੁੱਲਾ ਯਤਨ ਹੈ।
ਕੁਲਦੀਪ ਨਈਅਰ ਨੇ ਇਸ ਨਾਵਲ ਰਾਹੀਂ ਧਰਮ, ਰਾਜਨੀਤੀ ਅਤੇ ਸਮਾਜ ਦੇ ਆਪਸੀ ਰਿਸ਼ਤਿਆਂ ਨੂੰ ਪੁਨਰ-ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ। ਧਰਮ ਕਿਸ ਤਰ੍ਹਾਂ ਭਾਰਤੀ ਮਾਨਸਿਕਤਾ ਵਿਚ ਰਮਿਆ ਹੋਇਆ ਹੈ ਅਤੇ ਰਾਜਨੀਤੀ ਧਰਮ ਨੂੰ ਕਿਵੇਂ ਸੱਤਾ ਚਲਾਉਣ ਲਈ ਵਰਤਦੀ ਹੈ ਅਤੇ ਇਸ ਕਾਰਨ ਸਮਾਜ ਨੂੰ ਅਮਾਨਵੀ ਪ੍ਰਸਥਿਤੀਆਂ ਨੂੰ ਹੰਢਾਉਣਾ ਪੈਂਦਾ ਹੈ।
'ਮੈਨੂੰ ਹਨੇਰਾ ਕਿਉਂ ਨਹੀਂ ਲਗਦਾ' ਨਾਵਲ ਪੰਜਾਬ, ਦਿੱਲੀ ਅਤੇ ਗੁਜਰਾਤ ਵਿਚ ਵਾਪਰੀਆਂ ਅਮਾਨਵੀ ਘਟਨਾਵਾਂ ਦੀ ਬਿਰਤਾਂਤਕ ਉਸਾਰੀ ਰਾਹੀਂ ਸਾਹਮਣੇ ਆਉਂਦਾ ਹੈ। ਪੰਜਾਬ ਵਿਚਲੇ ਅੱਤਵਾਦ ਦੇ ਦਿਨਾਂ ਤੋਂ ਸ਼ੁਰੂ ਹੁੰਦੀ ਨਾਵਲ ਵਿਚਲੀ ਜੀਵਨ-ਕਥਾ ਚਰਨ ਸਿੰਘ ਦੇ ਪਰਿਵਾਰ ਅਤੇ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਨੂੰ ਅਜਿਹੇ ਵੇਰਵਿਆਂ ਰਾਹੀਂ ਸਾਹਮਣੇ ਲਿਆਉਂਦੀ ਹੈ ਜੋ ਸਹਿਜ ਸੁਭਾਅ ਹੀ ਪੰਜਾਬ ਦੇ ਦੁਖਾਂਤ ਦੀਆਂ ਸੂਖਮ ਪਰਤਾਂ ਨੂੰ ਪਾਠਕਾਂ ਸਾਹਮਣੇ ਪ੍ਰਸਤੁਤ ਕਰ ਦਿੰਦੀ ਹੈ। ਇਕ ਪਾਸੇ ਧਰਮ ਦੇ ਨਾਂਅ 'ਤੇ ਗੁੰਮਰਾਹ ਹੋਏ ਲੋਕਾਂ ਦੀ ਸਾਧਾਰਨਤਾ ਦੂਜੇ ਪਾਸੇ ਸਰਕਾਰਾਂ ਤੇ ਰਾਜਨੇਤਾਵਾਂ ਦੇ ਸੌੜੇ ਫ਼ੈਸਲਿਆਂ ਨੂੰ ਇਹ ਨਾਵਲ ਆਪਣਾ ਵਿਸ਼ਾ ਬਣਾਉਂਦਾ ਹੈ। 1980ਵਿਆਂ ਤੋਂ ਪੰਜਾਬ ਵਿਚ ਆਰੰਭ ਹੋਏ ਦੁਖਾਂਤ ਦੀ ਜੜ੍ਹ ਨੂੰ ਪਿਛਲੇ ਦਹਾਕਿਆਂ ਦੀਆਂ ਸਥਾਨਕ ਤੇ ਕੇਂਦਰੀ ਭੁੱਲਾਂ ਨਾਲ ਜੋੜ ਕੇ ਦੇਖਣ ਤੇ ਸਮਝਣ ਦੀ ਜੋ ਪਹੁੰਚ ਅਤੇ ਜੁਗਤ ਇਸ ਨਾਵਲ ਵਿਚ ਪੇਸ਼ ਹੋਈ ਹੈ, ਉਸ ਨੇ ਪੰਜਾਬ ਸਮੱਸਿਆ ਨੂੰ ਸਮੁੱਚਤਾ ਵਿਚ ਦੇਖਣ ਦਾ ਯਤਨ ਕੀਤਾ ਹੈ।'
ਨਾਵਲ ਵਿਚ ਆਏ ਅੰਮ੍ਰਿਤਸਰ, ਲੁਧਿਆਣੇ ਤੇ ਪਟਿਆਲੇ ਦੇ ਘਟਨਾਵੀ ਵੇਰਵੇ ਸਮੁੱਚੇ ਪੰਜਾਬ ਦੇ ਉਸ ਸਮੇਂ ਦੇ ਦੁਖਾਂਤ ਦਾ ਭਰਪੂਰ ਵਰਨਣ ਕਰਦੇ ਹਨ। ਚਰਨ ਸਿੰਘ ਆਪਣੀ ਮਾਨਵੀ ਕਦਰਾਂ-ਕੀਮਤਾਂ ਵਾਲੀ ਸੋਚ 'ਤੇ ਪਹਿਰਾ ਦਿੰਦਾ ਹੋਇਆ ਹਿੰਸਾ ਕਰਨ ਵਾਲੇ ਤੱਤਾਂ ਦਾ ਵਿਰੋਧ ਹੀ ਨਹੀਂ ਕਰਦਾ, ਸਗੋਂ ਕਲਸੂਮ (ਮੁਸਲਮਾਨ ਲੜਕੀ) ਨਾਲ ਵਿਆਹ ਕਰਵਾ ਕੇ ਆਪਣੀ ਸੁੱਚੀ ਮਾਨਵੀ ਸੋਚ ਦਾ ਪ੍ਰਮਾਣ ਵੀ ਪ੍ਰਸਤੁਤ ਕਰਦਾ ਹੈ ਅਤੇ ਦਿੱਲੀ ਵਿਚ ਕਲਸੂਮ ਨਾਲ ਰਹਿਣਾ ਆਰੰਭ ਕਰਦਾ ਹੈ। ਨਾਵਲ ਦੀ ਦੂਸਰੀ ਪਰਤ ਇਸ ਸ਼ਹਿਰ ਵਿਚ ਹੋਏ '84 ਦੇ ਦੰਗਿਆਂ ਦਾ ਸੱਚ ਬੇਬਾਕ ਰੂਪ ਵਿਚ ਪੇਸ਼ ਕਰਨ ਉੱਪਰ ਕੇਂਦਰਿਤ ਹੈ।
'ਮੈਨੂੰ ਹਨੇਰਾ ਕਿਉਂ ਨਹੀਂ ਲਗਦਾ' ਦੇ ਕੇਂਦਰੀ ਥੰਮ੍ਹ ਬਣੇ ਤਿੰਨ ਪਾਤਰ ਚਰਨ ਸਿੰਘ (ਸਿੱਖ), ਕਲਸੂਮ (ਮੁਸਲਮਾਨ) ਅਤੇ ਪ੍ਰਿਥਵੀ (ਹਿੰਦੂ) ਅਸਲ ਵਿਚ ਨਾਵਲ ਦੇ ਕੇਂਦਰੀ ਵਿਸ਼ੇ ਦੇ ਤਿੰਨ ਥੰਮ੍ਹ ਹਨ, ਜੋ ਇਸ ਗੱਲ ਦਾ ਪ੍ਰਤੀਕ ਹਨ ਕਿ ਆਪ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਉਹ ਅਸਲ ਵਿਚ ਮਾਨਵਤਾ ਦਾ ਸੁੱਚਾ ਰੂਪ ਹੁੰਦਾ ਹੈ ਪਰ ਉਸ ਨੂੰ ਰਾਜਨੀਤਕ ਚਾਲਾ-ਕੁਚਾਲਾਂ ਜਿਊਣ ਨਹੀਂ ਦਿੰਦੀਆਂ। ਇਹ ਨਾਵਲ ਧਰਮ ਦੇ ਮਾਨਵੀ ਚਰਿੱਤਰ ਅਤੇ ਰਾਜਨੀਤੀ ਦੇ ਅਮਾਨਵੀ ਕਿਰਦਾਰ ਨੂੰ ਸਾਹਮਣੇ ਲਿਆਉਣ ਵਾਲਾ ਨਾਵਲ ਹੈ।
ਕੁਲਦੀਪ ਨਈਅਰ ਦੇ ਇਸ ਨਾਵਲ ਦਾ ਪੰਜਾਬੀ ਵਿਚ ਲਿਖੇ ਜਾਣਾ, ਛਪਣਾ ਤੇ ਹਿੰਦੁਸਤਾਨ ਅਤੇ ਖ਼ਾਸ ਕਰ ਪੰਜਾਬ ਦੇ ਦੁਖਾਂਤਕ ਸਾਲਾਂ-ਕਾਲਾਂ ਨੂੰ ਕਲਾਤਮਿਕ ਤਰਕ ਨਾਲ ਵਿਚਾਰਨ-ਸਿਰਜਣ ਦਾ ਇਹ ਅਮਲ ਸਲਾਹੁਣਯੋਗ ਹੈ, ਜੋ ਲੇਖਕ ਦੀ ਪੰਜਾਬੀਅਤ ਪ੍ਰਤੀ ਵਫ਼ਾਦਾਰੀ ਦਾ ਵੀ ਪ੍ਰਮਾਣ ਹੈ।

-ਡਾ: ਉਮਿੰਦਰ ਜੌਹਲ
ਮੋ: 94171-41014

1-3-2014

 ਪੰਜਾਬੀ ਲੋਕ ਕਹਾਣੀਆਂ: ਪਾਠ ਅਤੇ ਸਮਾਲੋਚਨਾ
ਲੇਖਕ : ਡਾ: ਕਰਮਜੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 160.

ਡਾ: ਕਰਮਜੀਤ ਕੌਰ ਦੀ ਇਸ ਪੁਸਤਕ ਵਿਚ ਪੰਜਾਬੀ ਲੋਕ ਕਹਾਣੀਆਂ ਦੀ ਸਮਾਲੋਚਨਾ ਘੱਟ ਹੈ ਅਤੇ ਪਾਠ ਵਧੇਰੇ। ਸ਼ਾਇਦ ਪੁਸਤਕ ਦੇ ਨਾਂਅ ਵਿਚ 'ਪਾਠ' ਸ਼ਬਦ ਨੂੰ ਮਿਲੀ ਪਹਿਲੀ ਇਸੇ ਦੀ ਅਚੇਤ ਸੰਕੇਤਕ ਹੈ। ਸਮਾਲੋਚਨਾ ਵਜੋਂ ਕੁੱਲ 30 ਸਫ਼ੇ ਅਤੇ ਮੂਲ ਪਾਠ ਵਜੋਂ ਡੇਢ ਸੌ ਸਫ਼ੇ। ਆਲੋਚਨਾਤਮਕ ਭੂਮਿਕਾ ਵਾਲੇ ਪਹਿਲੇ ਭਾਗ ਵਿਚ ਪੰਜਾਬੀ ਲੋਕ ਕਹਾਣੀ ਦੇ ਸਰੂਪ, ਮਹੱਤਵ ਅਤੇ ਵਰਗੀਕਰਨ ਬਾਰੇ ਸੰਖੇਪ ਸਿਧਾਂਤਕ ਚਰਚਾ ਕੀਤੀ ਗਈ ਹੈ। ਦੂਜੇ ਭਾਗ ਵਿਚ 24 ਪੰਜਾਬੀ ਲੋਕ ਕਹਾਣੀਆਂ ਪੇਸ਼ ਹਨ।
ਸੰਪਾਦਕ ਡਾ: ਕਰਮਜੀਤ ਕੌਰ ਨੇ ਗੱਲ ਲੋਕ ਮਨ ਅਤੇ ਮੌਖਿਕਤਾ ਨੂੰ 'ਲੋਕ' ਦਾ ਪਰਿਭਾਸ਼ਕ ਆਧਾਰ ਸਵੀਕਾਰਿਆ ਹੈ। ਲੋਕ ਕਹਾਣੀ ਮੂਲ ਰੂਪ ਵਿਚ ਕਿਸੇ ਇਕੱਲੇ-ਕਾਰੇ ਅਗਿਆਤ ਵਿਅਕਤੀ ਦੀ ਸਿਰਜਣਾ ਹੁੰਦੀ ਹੈ। ਆਪਣੀ ਕਲਪਨਾਤਮਕ/ਸਾਹਿਤਕ ਸ਼ਕਤੀ ਅਤੇ ਸਮੂਹ ਨੂੰ ਨਾਲ ਜੋੜਨ ਦੀ ਸਮਰੱਥਾ ਕਾਰਨ ਮਿਲੀ ਪ੍ਰਵਾਨਗੀ ਇਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਲੋਕ ਸਾਹਿਤ ਦਾ ਦਰਜਾ ਦਿਵਾਉਂਦੀ ਹੈ। ਇਹ ਸਮੁੱਚੀ ਜਾਤੀ ਦੀ ਕਿਰਤ ਬਣ ਜਾਂਦੀ ਹੈ। ਇਸ ਪ੍ਰਾਪਤੀ ਪਿੱਛੇ ਇਸ ਵਿਚ ਲੋਕਾਂ ਦੇ ਵਿਸ਼ਵਾਸਾਂ, ਉਦਗਾਰਾਂ, ਰੁਚੀਆਂ, ਮਨੋਵੇਗਾਂ, ਵਰਤਾਰਿਆਂ, ਵਿਚਾਰਾਂ, ਸੋਚਾਂ, ਆਕਾਂਖਿਆਵਾਂ, ਰਹਿਣ-ਸਹਿਣ, ਖਾਣ-ਪੀਣ ਆਦਿ ਦਾ ਸੁਭਾਵਿਕ/ਸਹਿਜ ਪ੍ਰਗਟਾਵਾ ਹੈ। ਇਸ ਵਿਚ ਸਬੰਧਤ ਸੰਸਕ੍ਰਿਤੀ ਦਾ ਸ਼ੀਸ਼ਾ ਬਣਨ ਦੀ ਸਮਰੱਥਾ ਹੈ। ਲੋਕ ਮਾਨਸਿਕਤਾ ਦੀ ਪੇਸ਼ਕਾਰੀ ਹੈ।
ਲੋਕ ਕਹਾਣੀਆਂ ਦੇ ਤਿੰਨ ਮੂਲ ਵਰਗ ਹਨ। ਮਿੱਥ ਕਥਾ, ਦੰਤ ਕਥਾ ਅਤੇ ਲੋਕ ਕਥਾ। ਮਿੱਥ ਕਥਾ ਲੋਕ ਵਿਸ਼ਵਾਸ ਉਤੇ ਆਧਾਰਿਤ ਦੇਵੀ-ਦੇਵਤਿਆਂ/ਪੌਰਾਣਿਕ ਪਾਤਰਾਂ ਅਤੇ ਪੂਰਵ ਇਤਿਹਾਸਕ ਕਾਲ ਨਾਲ ਸਬੰਧਤ ਹੁੰਦੀ ਹੈ। ਦੰਤ ਕਥਾ ਇਤਿਹਾਸਕ ਕਾਲ, ਇਤਿਹਾਸਕ ਤੱਥ ਤੇ ਇਤਿਹਾਸਕ ਵਿਅਕਤੀ ਨਾਲ ਸਬੰਧਤ ਪਰੰਪਰਾਗਤ ਬਿਰਤਾਂਤ ਪੇਸ਼ ਕਰਦੀ ਹੈ। ਲੋਕ ਕਥਾ ਜਨ ਸਾਧਾਰਨ ਨਾਲ ਸਬੰਧਤ ਬਿਰਤਾਂਤ ਹੈ, ਜਿਸ ਵਿਚ ਸਿਰਜਕ ਦੇ ਅਨੁਭਵ, ਸੂਝ ਤੇ ਕਲਪਨਾ ਦਾ ਚਮਤਕਾਰ ਹੁੰਦਾ ਹੈ।
ਵਿਚਾਰ ਅਧੀਨ ਪੁਸਤਕ ਦੀਆਂ ਲੋਕ ਕਹਾਣੀਆਂ ਲੌਚਕ, ਸਿੱਖਿਆਦਾਇਕ ਤੇ ਵੰਨ-ਸੁਵੰਨੀਆਂ ਹਨ। ਡਾਕੂ, ਸਾਧ, ਸ਼ੇਰ, ਗਿੱਦੜ, ਹਾਥੀ ਆਦਿ ਜਾਨਵਰ, ਪੰਡਿਤ, ਕਿਸਾਨ, ਸਰਪੰਚ, ਪੰਚਾਇਤਾਂ, ਮਜ਼ਦੂਰ, ਮਾਸ਼ਕੀ, ਧੋਬੀ, ਰਾਜਾ, ਮਹਿਲ, ਸੇਠ, ਅਮੀਰ, ਗ਼ਰੀਬ, ਫ਼ੌਜੀ ਆਦਿ ਪਾਤਰ ਤੇ ਉਨ੍ਹਾਂ ਨਾਲ ਜੁੜੀਆਂ ਰੂੜ੍ਹੀਆਂ ਧਿਆਨਦੇਣ ਯੋਗ ਹਨ। ਸੰਕਲਿਤ ਪਾਠ ਮਨੋਰੰਜਕ ਤੇ ਸਿੱਖਿਆਦਾਇਕ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਬਿਮਾਰੀਆਂ ਤੋਂ ਬਚਾਅ ਕਿਵੇਂ?
ਲੇਖਕ : ਡਾ: ਅਜੀਤ ਪਾਲ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160.

ਇਸ ਲੇਖ ਸੰਗ੍ਰਹਿ ਵਿਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਕਿ ਸਰੀਰ ਨੂੰ ਸਿਹਤਮੰਦ ਰੱਖਣ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ? ਬਹੁਤ ਸਰਲ ਢੰਗ ਨਾਲ ਅਤੇ ਸੌਖੀ ਭਾਸ਼ਾ ਵਿਚ ਸਮਝਾਇਆ ਗਿਆ ਹੈ ਕਿ ਹਰ ਉਮਰ ਅਤੇ ਹਰ ਵਰਗ ਦੇ ਲੋਕ ਕਿਵੇਂ ਸਿਹਤ ਦੀ ਸੰਭਾਲ ਕਰਕੇ ਜੀਵਨ ਨੂੰ ਜਿਊਣ-ਜੋਗਾ ਬਣਾ ਸਕਦੇ ਹਨ। ਇਸ ਵਿਚ ਪਾਰਕਿਨਸਨ, ਆਤਸ਼ਕ, ਟਾਈਫਾਇਡ, ਸਿਰਦਰਦ, ਜੋੜਾਂ ਦੇ ਦਰਦ, ਜਿਗਰ ਅਤੇ ਦਿਲ ਦੇ ਰੋਗ, ਸ਼ੱਕਰ ਰੋਗ, ਉੱਚ ਰਕਤਚਾਪ, ਕੈਂਸਰ, ਭਗੰਦਰ, ਸੰਗ੍ਰਹਿਣੀ, ਡਾਇਰੀਆ, ਨਸ਼ੇ, ਬਰੇਨ ਹੈਮਰੇਜ, ਬਰਸਾਤ ਰੁੱਤ ਦੀਆਂ ਬਿਮਾਰੀਆਂ ਆਦਿ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਕਈ ਹੋਰ ਅਹਿਮ ਮੁੱਦਿਆਂ ਬਾਬਤ ਵੀ ਸੁਚੇਤ ਕੀਤਾ ਗਿਆ ਹੈ ਜਿਵੇਂ ਗਰਭਵਤੀ ਔਰਤਾਂ ਲਈ ਪੌਸ਼ਟਿਕ ਖੁਰਾਕ ਕਿਉਂ ਜ਼ਰੂਰੀ ਹੈ, ਚਮੜੀ ਦੀ ਤਪਦਿਕ ਕਿਵੇਂ ਹੁੰਦੀ ਹੈ, ਕੀ ਚਿੰਤਾ ਚਿਖਾ ਸਮਾਨ ਹੁੰਦੀ ਹੈ, ਸਰੀਰ ਲਈ ਆਇਓਡੀਨ ਕਿਉਂ ਜ਼ਰੂਰੀ ਹੈ, ਫੂਡ ਪੁਆਇਜ਼ਨਿੰਗ ਕਿਉਂ ਹੁੰਦੀ ਹੈ, ਬੁਢਾਪੇ ਵਿਚ ਕੀ ਸਮੱਸਿਆਵਾਂ ਆਉਂਦੀਆਂ ਹਨ ਆਦਿ। ਅੱਜ ਨਸ਼ਿਆਂ ਦੀ ਮਾਰ ਹੇਠ ਆਏ ਵਿਦਿਆਰਥੀ, ਨੌਜਵਾਨ, ਬੱਚੇ ਅਤੇ ਲੜਕੀਆਂ ਕਿਵੇਂ ਜ਼ਿੰਦਗੀ ਦਾਅ 'ਤੇ ਲਾ ਰਹੇ ਹਨ, ਨੌਬਤ ਕਿਰਲੀਆਂ ਖਾਣ ਤੱਕ ਆ ਗਈ ਹੈ, ਸਿਹਤ ਦਾ ਜਾਨਲੇਵਾ ਕਾਰੋਬਾਰ ਕਿਵੇਂ ਪ੍ਰਫੁੱਲਿਤ ਹੋ ਰਿਹਾ ਹੈ, ਮਜ਼ਦੂਰ ਔਰਤਾਂ ਕਿਵੇਂ ਇਲਾਜ ਸਬੰਧੀ ਰੁਲਦੀਆਂ ਹਨ, ਕੋਲਡ ਡਰਿੰਕਸ ਦੇ ਜ਼ਹਿਰੀਲੇ ਬਰਾਂਡ ਕਿੰਨਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਬਾਰੇ ਦੱਸ ਕੇ ਇਨ੍ਹਾਂ ਤੋਂ ਬਚਣ ਦੇ ਉਪਾਅ ਦੱਸੇ ਗਏ ਹਨ। ਅੱਜ ਦਾ ਪ੍ਰਦੂਸ਼ਿਤ ਵਾਤਾਵਰਨ, ਚਿੰਤਾ ਅਤੇ ਅਗਿਆਨਤਾ ਮਨੁੱਖੀ ਸਿਹਤ ਦੇ ਘਾਣ ਲਈ ਜ਼ਿੰਮੇਵਾਰ ਹਨ।
ਵਿਦਵਾਨ ਲੇਖਕ ਨੇ ਆਮ ਲੋਕਾਂ ਨੂੰ ਚੇਤੰਨ ਕਰਨ ਲਈ ਤੇ ਸਰਕਾਰਾਂ ਨੂੰ ਜਾਗਰੂਕ ਕਰਨ ਲਈ ਇਹ ਕਲਮੀ ਸੇਵਾ ਕੀਤੀ ਹੈ, ਜੋ ਅਤਿਅੰਤ ਲਾਭਕਾਰੀ ਹੈ। ਡਾਕਟਰ ਨੂੰ ਮਨੁੱਖਤਾ ਦਾ ਮਸੀਹਾ ਕਿਹਾ ਗਿਆ ਹੈ ਪਰ ਲੋਭ ਵਸ ਕੁਝ ਲੋਕ ਆਪਣੇ ਹੀ ਕਿੱਤੇ ਨੂੰ ਕਲੰਕਿਤ ਕਰਦੇ ਹਨ। ਉਹ ਭੋਲੇ-ਭਾਲੇ ਲੋਕਾਂ ਨੂੰ ਅਜਿਹੀਆਂ ਦਵਾਈਆਂ ਲਿਖ ਦਿੰਦੇ ਹਨ ਜੋ ਕਈ ਤਰ੍ਹਾਂ ਦੇ ਦੁਰਪ੍ਰਭਾਵ ਪਾਉਂਦੀਆਂ ਹਨ ਅਤੇ ਸਿਹਤ ਲਈ ਨੁਕਸਾਨਦਾਇਕ ਹਨ। ਲੇਖਕ ਦੇ ਅੰਦਰ ਮਾਨਵਤਾ ਦਾ ਦਰਦ ਝਲਕਦਾ ਹੈ। ਉਸ ਨੇ ਇਹ ਕੀਮਤੀ ਜਾਣਕਾਰੀ ਦੇ ਕੇ ਉਪਕਾਰ ਦਾ ਕੰਮ ਕੀਤਾ ਹੈ। ਇਹ ਪੁਸਤਕ ਬਿਮਾਰੀਆਂ ਦੇ ਨਾਲ-ਨਾਲ ਹੋਰ ਸਮੱਸਿਆਵਾਂ ਤੇ ਮਾਨਸਿਕ ਗੁੰਝਲਾਂ 'ਤੇ ਵੀ ਰੌਸ਼ਨੀ ਪਾਉਂਦੀ ਹੈ। ਇਹ ਲਾਭਕਾਰੀ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਜਿਓਤਿਸ਼ ਦਾ ਐਕਸਰੇ
ਲੇਖਕ : ਸੁਰਜੀਤ ਦੌਧਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 152.

'ਜਿਓਤਿਸ਼ ਦਾ ਐਕਸਰੇ' ਤਰਕਸ਼ੀਲ ਲਹਿਰ ਨੂੰ ਸਮਰਪਿਤ ਕਰਮਯੋਗੀ ਸੁਰਜੀਤ ਦੌਧਰ ਦੀ ਜਿਓਤਿਸ਼ ਦੇ ਚਰਚਿਤ ਵਿਸ਼ੇ 'ਤੇ ਤਰਕਸ਼ੀਲ ਨਜ਼ਰੀਏ ਤੋਂ ਲਿਖੀ, ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਪਹਿਲੀ ਪੁਸਤਕ ਹੈ। ਲੇਖਕ ਦੀ ਖੂਬੀ ਇਹ ਹੈ ਕਿ ਉਸ ਨੇ ਜਿਓਤਿਸ਼ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਆਪ ਉੱਚ ਕੋਟੀ ਦੇ ਜਿਓਤਿਸ਼ੀਆਂ ਪਾਸੋਂ ਇਸ ਵਿਸ਼ੇ 'ਤੇ ਵਿੱਦਿਆ ਗ੍ਰਹਿਣ ਕੀਤੀ ਹੈ ਅਤੇ ਇਸ ਦੀਆਂ ਬਾਰੀਕੀਆਂ ਨੂੰ ਸਮਝਿਆ ਤੇ ਵਿਚਾਰਿਆ ਹੈ। ਆਪਣੇ ਅਮਲੀ ਅਨੁਭਵ ਦੇ ਆਧਾਰ ਸਦਕਾ ਲੇਖਕ ਨੇ ਜਨ ਸਾਧਾਰਨ ਦੇ ਅੰਧਵਿਸ਼ਵਾਸੀ ਹੋਣ ਕਾਰਨ ਉਨ੍ਹਾਂ ਦੀ ਜਿਓਤਿਸ਼ੀਆਂ ਵੱਲੋਂ ਕੀਤੀ ਜਾਂਦੀ ਭਾਵਨਾਤਮਕ ਅਤੇ ਮਾਇਕ ਲੁੱਟ-ਖਸੁੱਟ ਵਿਰੁੱਧ ਉਨ੍ਹਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਇਸ ਪੁਸਤਕ ਰਾਹੀਂ ਜਿਓਤਿਸ਼ੀਆਂ ਦੇ ਕੂੜ ਪਸਾਰੇ ਦਾ ਪਰਦਾਫਾਸ਼ ਕੀਤਾ ਹੈ।
ਵਿਚਾਰ ਅਧੀਨ ਪੁਸਤਕ ਵਿਚ ਲੇਖਕ ਨੇ ਜਿਓਤਿਸ਼ ਦਾ ਪਿਛੋਕੜ, ਜੋਤਿਸ਼ ਦੀ ਮਨੁੱਖਤਾ ਲਈ ਸਾਰਥਿਕਤਾ, ਜਨਮ ਕੁੰਡਲੀਆਂ, ਜਨਮ ਪੱਤਰੀਆਂ, ਰਾਸ਼ੀਫਲ ਲਿਖਣ ਦਾ ਢੌਂਗ, ਮੰਗਲੀਕ ਯੋਗ ਚੈਨਲ ਤੇ ਜਿਓਤਿਸ਼ ਅਤੇ ਕੀ ਜਿਓਤਿਸ਼ ਵਿਗਿਆਨ ਜਾਂ ਅਵਿਗਿਆਨ ਹੈ? ਆਦਿ ਵਿਸ਼ਿਆਂ 'ਤੇ ਵਿਗਿਆਨ ਦ੍ਰਿਸ਼ਟੀ ਤੋਂ ਵਿਚਾਰ-ਚਰਚਾ ਕੀਤੀ ਹੈ ਅਤੇ ਢੁਕਵੀਆਂ ਥਾਵਾਂ 'ਤੇ ਵੱਖ-ਵੱਖ ਜਨਮ ਪੱਤਰੀਆਂ ਅਤੇ ਕੁੰਡਲੀਆਂ ਦੇ ਹਵਾਲੇ ਦੇ ਕੇ ਆਪਣੇ ਮੱਤ ਦਾ ਇਜ਼ਹਾਰ ਕੀਤਾ ਹੈ। ਇਸ ਤੋਂ ਇਲਾਵਾ ਲੇਖਕ ਨੇ ਭਿੰਨ-ਭਿੰਨ ਸਮੇਂ ਤੋਂ ਆਯੋਜਿਤ 'ਜਿਓਤਿਸ਼ ਸੰਮੇਲਨਾਂ' ਵਿਚ ਭਾਗ ਲੈਣ ਵਾਲੇ ਪ੍ਰਸਿੱਧ ਜਿਓਤਿਸ਼ੀਆਂ ਨੂੰ ਜਿਓਤਿਸ਼ ਵਿਸ਼ੇ ਦੀ ਵਿਗਿਆਨਕ ਹੋਂਦ ਬਾਰੇ ਪ੍ਰਸ਼ਨ ਪੁੱਛ ਕੇ ਵੰਗਾਰਿਆ ਹੈ ਅਤੇ ਉਨ੍ਹਾਂ ਦੇ ਕੂੜ ਅਤੇ ਅੰਧਵਿਸ਼ਵਾਸ 'ਤੇ ਆਧਾਰਿਤ 'ਤੋਰੀ ਫੁਲਕੇ ਦੇ ਧੰਦੇ' ਨੂੰ ਜਗ-ਜ਼ਾਹਰ ਕੀਤਾ ਹੈ। ਇਸ ਵਿਸ਼ੇ 'ਤੇ ਲਿਖੀ ਗਈ ਇਹ ਇਕ ਅਤਿ ਮਹੱਤਵਪੂਰਨ ਪੁਸਤਕ ਹੈ, ਜੋ ਜਨ ਸਾਧਾਰਨ ਵਿਚ ਵਿਗਿਆਨਕ ਸੋਚ ਦਾ ਸੰਚਾਰ ਕਰੇਗੀ।
ਇਸ ਸਿਹਤਮੰਦ ਪੁਸਤਕ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਦੇ ਗਿਆਨ ਸਾਹਿਤ ਵਿਚ ਵਡਮੁੱਲਾ ਵਾਧਾ ਹੋਇਆ ਹੈ, ਜਿਸ ਦੇ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਅਣਕਿਆਸੀ ਮੰਜ਼ਿਲ
ਲੇਖਕ : ਲਾਭ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ/ਕੋਟਕਪੂਰਾ
ਮੁੱਲ : 250 ਰੁਪਏ, ਸਫ਼ੇ : 200.

'ਅਣਕਿਆਸੀ ਮੰਜ਼ਿਲ' ਲਾਭ ਸਿੰਘ ਦੀ ਪਲੇਠੀ ਵਾਰਤਕ ਪੁਸਤਕ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਦੇ ਅਤੇ ਉਸ ਵਿਚ ਕੀਤੇ ਸੰਘਰਸ਼ਾਂ ਦੇ ਵੇਰਵੇ ਪੇਸ਼ ਕੀਤੇ ਹਨ। ਮੈਟਰਿਕ ਪਾਸ ਪ੍ਰਾਇਮਰੀ ਅਧਿਆਪਕ ਤੋਂ ਸ਼ੁਰੂ ਹੋ ਕੇ ਲੇਖਕ ਕਿਵੇਂ ਆਪਣੀ ਮਿਹਨਤ 'ਤੇ ਨਿਰੰਤਰਤਾ ਤੇ ਸਿਰੜ ਕਾਰਨ ਬੀ.ਏ., ਬੀ.ਐੱਡ. ਤੱਕ ਦੀ ਪੜ੍ਹਾਈ ਕਰਦਾ ਹੋਇਆ ਜ਼ਿੰਦਗੀ ਦੇ ਟੰਬਿਆਂ 'ਤੇ ਉੱਤੇ ਹੀ ਉੱਤੇ ਚੜ੍ਹਦਾ ਜਾਂਦਾ ਹੈ। ਫਿਰ ਅਚਾਨਕ ਉਸ ਦਾ ਧਿਆਨ ਖੇਡਾਂ ਵੱਲ ਰੁਚਿਤ ਹੁੰਦਾ ਹੈ। ਵਾਲੀਵਾਲ ਤੇ ਹਾਕੀ ਵਿਚ ਉਹ ਅਣਥੱਕ ਮਿਹਨਤ ਤੇ ਲਗਨ ਨਾਲ ਅਭਿਆਸ ਕਰਦਾ ਹੋਇਆ ਉਤਲੀਆਂ ਕਤਾਰਾਂ ਵਿਚ ਖੇਡਣ ਲਗਦਾ ਹੈ। ਇਸੇ ਅਭਿਆਸ ਤੇ ਕਰੜੀ ਮਿਹਨਤ ਸਦਕਾ ਹੀ ਉਹ ਕੇਂਦਰੀ ਸਰਕਾਰ ਦੇ ਵਿੱਦਿਆ ਵਿਭਾਗ ਵਿਚ ਯੂਥ ਕੋਆਰਡੀਨੇਟਰ ਦੇ ਅਹੁਦੇ ਤੱਕ ਪਹੁੰਚ ਜਾਂਦਾ ਹੈ। ਤੀਸਰੇ ਦਰਜੇ ਦੀ ਨੌਕਰੀ ਤੋਂ ਇਕਦਮ ਫਸਟ ਕਲਾਸ ਦੀ ਅਫ਼ਸਰੀ ਪ੍ਰਾਪਤ ਕਰਦਾ ਹੈ। ਇਸੇ ਖੇਤਰ ਵਿਚ ਸੇਵਾ-ਮੁਕਤ ਹੋਣ ਤੋਂ ਪਹਿਲਾਂ ਉਹ ਜ਼ੋਨਲ ਡਾਇਰੈਕਟਰ ਦੀ ਪਦਵੀ ਤੱਕ ਪਹੁੰਚਦਾ ਹੈ। ਇਸ ਪਦ 'ਤੇ ਰਹਿੰਦਿਆਂ ਉਹ ਅਦਭੁੱਤ ਕਲਾ ਕੌਸ਼ਲ ਦਾ ਪ੍ਰਦਰਸ਼ਨ ਕਰਦਾ ਹੋਇਆ ਓਡੀਸ਼ਾ ਵਿਚ ਆਏ ਸਮੁੰਦਰੀ ਤੂਫਾਨ, ਗੁਜਰਾਤ ਵਿਚ ਆਏ ਭੁਚਾਲ ਵਿਚ ਰਾਹਤ ਕਾਰਜਾਂ ਵਿਚ ਬੜੀ ਦਲੇਰੀ ਤੇ ਸੂਝਬੂਝ ਨਾਲ ਕੰਮ ਕਰਦਾ ਹੈ। ਯੂ.ਐਨ.ਓ. ਜਿਹੀ ਸੰਸਥਾ ਵੱਲੋਂ ਸਨਮਾਨ ਪ੍ਰਾਪਤ ਕਰਦਾ ਹੈ।
ਏਡੀ ਵੱਡੀ ਪਦਵੀ 'ਤੇ ਕੰਮ ਕਰਦਿਆਂ ਉਹ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਭਾਗ ਹੀ ਨਹੀਂ ਲੈਂਦਾ ਸਗੋਂ ਆਪਣੀ ਸਮਝ ਤੇ ਗਿਆਨ ਦਾ ਪ੍ਰਗਟਾਵਾ ਵੀ ਕਰਦਾ ਹੈ। ਸਦਾਚਾਰ ਅਤੇ ਨੈਤਿਕਤਾ ਦੀ ਹਮੇਸ਼ਾ ਪਾਲਣਾ ਕਰਦਾ ਹੈ। ਹੱਦ ਦਰਜੇ ਦੀ ਅਹਿਸਾਸਮੰਦੀ ਤੇ ਖੁੱਦਾਰੀ ਦਾ ਪ੍ਰਗਟਾਵਾ ਕਰਦਾ ਹੈ। ਉਸ ਦੀ ਭਾਸ਼ਾ ਵਿਚ ਸਾਦਗੀ ਤੇ ਸੰਜਮ ਦੀ ਅਦਭੁੱਤ ਪੇਸ਼ਕਾਰੀ ਹੋਈ ਹੈ। ਕਿਤੇ-ਕਿਤੇ ਘਟਨਾਵਾਂ ਦਾ ਦੁਹਰਾਅ ਰੜਕਦਾ ਹੈ ਪਰ ਉਸ ਦੀ ਦ੍ਰਿੜਤਾ, ਮਿਹਨਤ ਤੇ ਪੰਕਚੁਐਲਿਟੀ ਦੀ ਦਾਦ ਦੇਣੀ ਬਣਦੀ ਹੈ।

-ਕੇ. ਐਲ. ਗਰਗ
ਮੋ: 94635-37050.

ਰੋਹੀਆਂ ਦਾ ਰਾਹੀ
ਕਹਾਣੀਕਾਰ : ਅਮਰਜੀਤ ਸਿੰਘ ਸਿੱਧੂ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 96.

ਜਰਮਨੀ ਵਸਦਾ ਪ੍ਰਵਾਸੀ ਪੰਜਾਬੀ ਕਹਾਣੀਕਾਰ ਅਮਰਜੀਤ ਸਿੰਘ ਸਿੱਧੂ ਆਪਣੀ ਕਹਾਣੀ ਕਲਾ ਦੇ ਦਰਸ਼ਨ ਆਪਣੇ ਪਲੇਠੇ ਕਹਾਣੀ ਸੰਗ੍ਰਹਿ 'ਤਿੜਕਦੇ ਰਿਸ਼ਤੇ' ਤੇ ਹੁਣ ਦੂਜੇ ਕਹਾਣੀ ਸੰਗ੍ਰਹਿ 'ਰੋਹੀਆਂ ਦਾ ਰਾਹੀ' ਜ਼ਰੀਏ ਬਾਖੂਬੀ ਕਰਾਉਣ ਵਿਚ ਕਾਮਯਾਬ ਰਿਹਾ ਹੈ। ਉਸ ਦੀਆਂ ਲਿਖੀਆਂ ਛੇ ਕਹਾਣੀਆਂ ਛੇ ਵੱਖਰੇ-ਵੱਖਰੇ ਵਿਸ਼ਿਆਂ ਨਾਲ ਪਾਠਕਾਂ ਨੂੰ ਧੁਰ ਅੰਦਰੋਂ ਮੋਹਣ ਅਤੇ ਝੰਜੋੜਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਉਸ ਦੀ ਵਿਸ਼ੇ ਨੂੰ ਤੋਰਨ, ਨਿਭਾਉਣ ਅਤੇ ਸਿਰੇ ਚੜ੍ਹਾਉਣ ਦੀ ਕਲਾ-ਪ੍ਰਤਿਭਾ ਮੂੰਹ ਚੜ੍ਹ ਕੇ ਬੋਲਦੀ ਹੈ। ਏਨਾ ਹੀ ਨਹੀਂ ਉਸ ਦੀਆਂ ਸਭੇ ਕਹਾਣੀਆਂ ਮੁਕਣ ਤੋਂ ਬਾਅਦ ਵੀ ਪਾਠਕ ਦੇ ਜ਼ਿਹਨ ਵਿਚ ਅੱਗੇ ਚੱਲਣ ਅਤੇ ਵਿਕਾਸ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਸੰਗ੍ਰਹਿ ਦੀ ਪਹਿਲੀ ਕਹਾਣੀ 'ਖੂਨ ਦੇ ਹੰਝੂ' 1984 ਵਿਚ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਫ਼ੌਜੀ ਹਮਲਾ ਕਰਵਾਉਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਬੁਰੀ ਤਰ੍ਹਾਂ ਵਲੂੰਧਰਿਆ ਜਾਣਾ ਬੇਹੱਦ ਯਥਾਰਥਕ ਤੇ ਸਾਫ਼-ਸੁਥਰੇ ਸ਼ਬਦਾਂ ਵਿਚ ਪੇਸ਼ ਕੀਤਾ ਗਿਆ ਹੈ। ਰੋਸ ਵਜੋਂ ਪੂਰੇ ਪੰਜਾਬ ਵਿਚੋਂ ਜਦੋਂ ਸਿੱਖਾਂ ਨੇ ਰੋਸ ਪ੍ਰਗਟ ਕਰਨ ਲਈ ਅੰਮ੍ਰਿਤਸਰ ਵਿਖੇ ਕਾਨਫ਼ਰੰਸ ਕਰਨੀ ਚਾਹੀ ਤਾਂ ਕਿਵੇਂ ਸਰਕਾਰੀ ਦਮਨ ਦੀ ਹਨੇਰੀ ਚੱਲੀ, ਦਾ ਚਿੱਤਰ ਪੇਸ਼ ਕੀਤਾ ਗਿਆ। ਹਮਲੇ ਉਪਰੰਤ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਨੁਕਸਾਨ ਦੀ ਤਸਵੀਰ ਇਸ ਕਹਾਣੀ ਵਿਚੋਂ ਤੱਕੀ ਜਾ ਸਕਦੀ ਹੈ। ਇਸ ਕਹਾਣੀ ਨੂੰ ਇਤਿਹਾਸਕ ਦਸਤਾਵੇਜ਼ ਕਹਿਣਾ ਕਿਸੇ ਵੀ ਤਰ੍ਹਾਂ ਅਤਿਕਥਨੀ ਨਹੀਂ ਹੈ। ਦੂਜੀ ਕਹਾਣੀ 'ਸ਼ਹੀਦ' ਵਿਚ 1984 ਵਿਚ ਪੰਜਾਬ ਵਿਚ ਪੈਦਾ ਹੋਏ ਮਾਰੂ ਹਾਲਾਤਾਂ ਦਾ ਲਲਕਾਰਾ ਹੈ। ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਪੁਲਿਸ ਵੱਲੋਂ ਪੈਦਾ ਕੀਤੇ 'ਬਲੈਕ ਕੈਟਸ' ਨੇ ਪੰਜਾਬੀਆਂ ਦੇ ਘਰਾਂ 'ਚ ਕੀ-ਕੀ ਕਹਿਰ ਵਰਤਾਏ, ਉਨ੍ਹਾਂ ਦਾ ਇਕ ਨਮੂਨਾ ਇਸ ਕਹਾਣੀ ਵਿਚ ਦਰਜ ਹੈ। 'ਕਿਸਮਤ' ਅਤੇ ਰੋਹੀਆਂ ਦਾ ਰਾਹੀ' ਕਹਾਣੀਆਂ ਪੰਜਾਬੀਆਂ ਦੇ ਪ੍ਰਵਾਸ ਦੇ ਦੁੱਖਾਂ ਦੀਆਂ ਕਹਾਣੀਆਂ ਹਨ। ਰੁਜ਼ਗਾਰ ਕਰਕੇ ਸਾਨੂੰ ਕੀ-ਕੀ ਜਫ਼ਰ ਜਾਲਣੇ ਪੈ ਰਹੇ ਹਨ, ਕਿਵੇਂ ਸਾਡੀ ਮਾਨਸਿਕਤਾ ਇਨ੍ਹਾਂ ਦੁੱਖਾਂ ਨਾਲ ਗ੍ਰਸੀ ਪਈ ਹੈ? ਇਹ ਦੋਵੇਂ ਕਹਾਣੀਆਂ ਬਾਖੂਬੀ ਬਿਆਨਦੀਆਂ ਹਨ। 'ਇਕ ਵਾਰ ਹੋਰ' ਕਹਾਣੀ 1947 ਅਤੇ 1984 ਵੇਲੇ ਪੈਦਾ ਹੋਏ ਉਜਾੜੇ ਤੋਂ ਮਾਨਸਿਕ ਤੌਰ 'ਤੇ ਦੁਖੀ ਆਸੋ ਦਾ ਪੰਜਾਬ ਦੇ ਘਰ ਨੂੰ ਤੀਜੀ ਵਾਰੀ ਛੱਡ ਕੇ ਕੈਨੇਡਾ ਜਾ ਕੇ ਵਸਣ ਤੋਂ ਨਾਂਹ ਕਰਨ ਦਾ ਕਾਰਨ ਬਿਆਨਦੀ ਹੈ। 'ਘੋਗੜ' ਕਹਾਣੀ ਵੀ ਪੰਜਾਬ ਵਿਚਲੇ ਅੱਤਵਾਦ ਵੇਲੇ ਪੈਦਾ ਹੋਏ ਮਾੜੇ ਹਾਲਾਤਾਂ ਨੂੰ ਪੇਸ਼ ਕਰਦੀ ਹੈ। ਜੋ ਪੁਲਿਸ ਅਤੇ ਨੌਜਵਾਨਾਂ ਦੇ ਡਿਗ ਚੁੱਕੇ ਕਿਰਦਾਰ ਨੂੰ ਵਿਸ਼ਾ ਬਣਾਉਂਦੀ ਹੈ। ਸਮੁੱਚੇ ਤੌਰ 'ਤੇ ਅਮਰਜੀਤ ਸਿੰਘ ਸਿੱਧੂ ਦੇ ਇਸ ਸਫ਼ਲ ਕਹਾਣੀ ਸੰਗ੍ਰਹਿ ਨੂੰ ਖੁਸ਼-ਆਮ-ਦੀਦ ਕਹਿਣਾ ਬਣਦਾ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਮੁਨਸ਼ੀ ਪ੍ਰੇਮ ਚੰਦ ਦੀਆਂ ਜ਼ਬਤਸ਼ੁਦਾ ਕਹਾਣੀਆਂ
ਅਨੁਵਾਦਕ : ਧਰਮ ਸਿੰਘ ਗੁਲਾਟੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫੇ: 200.

ਮੁਨਸ਼ੀ ਪ੍ਰੇਮ ਚੰਦ ਉਰਦੂ ਤੇ ਹਿੰਦੀ ਦੀਆਂ ਕਹਾਣੀਆਂ ਦੇ ਮੰਨੇ-ਪ੍ਰਮੰਨੇ ਕਹਾਣੀਕਾਰ ਹੋਏ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਮਕਬੂਲ ਹੀ ਨਹੀਂ ਹੋਈਆਂ ਸਗੋਂ ਸਮੇ ਦੇ ਹਾਕਮਾਂ ਦੇ ਜ਼ੁਲਮ ਦੀਆਂ ਚੂਲਾਂ ਨੂੰ ਢਿੱਲੀਆਂ ਕਰਨ ਦੇ ਸਮਰੱਥ ਹੋਣ ਕਰਕੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਜ਼ਬਤ ਕਰ ਲਿਆ ਸੀ। ਇਨ੍ਹਾਂ ਕਹਾਣੀਆਂ ਨੂੰ ਧਰਮ ਸਿੰਘ ਗੁਲਾਟੀ ਪੰਜਾਬੀ ਵਿਚ ਅਨੁਵਾਦ ਕਰਕੇ ਇਕ ਨਿਵੇਕਲਾ ਯਤਨ ਕੀਤਾ ਹੈ। ਆਜ਼ਾਦੀ ਬੜੀ ਪਿਆਰੀ ਸ਼ੈਅ ਹੈ। ਅਨੁਸ਼ਾਸਨ ਨਾਲ ਓਤ-ਪੋਤ ਆਜ਼ਾਦੀ ਸਮਾਜ ਦਾ ਇਕ ਜ਼ਰੂਰੀ ਅੰਗ ਹੈ, ਜਿਸ ਦੀ ਪ੍ਰਾਪਤੀ ਤੇ ਬਰਕਰਾਰੀ ਜਿਥੇ ਜੱਦੋ-ਜਹਿਦ ਜ਼ਰੂਰੀ ਹੈ, ਉਥੇ ਜਗਰੂਕਤਾ ਵੀ ਜ਼ਰੂਰੀ ਹੈ। ਜੋਸ਼ ਤੇ ਹੋਸ਼ ਦਾ ਆਪਸੀ ਤਾਲ-ਮੇਲ ਹੀ ਮਿਥੇ ਹੋਏ ਨਿਸ਼ਾਨੇ ਦੀ ਪ੍ਰਾਪਤੀ ਦਾ ਇਕ ਵਧੀਆ ਜ਼ਰੀਆ ਹੁੰਦਾ ਹੈ। ਇਸ ਹਥਲੀ ਪੁਸਤਕ ਵਿਚ ਕਰੀਬ ਦੋ ਦਰਜਨਾਂ ਕਹਾਣੀਆਂ ਦਰਜ ਹਨ, ਜਿਨ੍ਹਾਂ ਵਿਚ ਆਪਣੀ ਜਨਮ ਭੂਮੀ ਪ੍ਰਤੀ ਮੋਹ, ਜ਼ਰਵਾਣਿਆਂ ਦੇ ਜ਼ੁਲਮ ਪ੍ਰਤੀ ਨਫ਼ਰਤ ਤੇ ਵਿਦਰੋਹ ਕਰਦੇ ਵੱਖ-ਵੱਖ ਪਾਤਰ ਰੂਪਮਾਨ ਹੁੰਦੇ ਹਨ। ਦੇਸ਼-ਕੌਮ ਲਈ ਤਿਆਗ ਦੀ ਭਾਵਨਾ, ਮਰ ਮਿਟਣ ਦਾ ਜਜ਼ਬਾ ਤੇ ਜਾਬਰ ਨੂੰ ਸਬਕ ਸਿਖਾਉਣ ਦਾ ਜੋਸ਼ ਆਪਮੁਹਾਰੇ ਫੁੱਟ-ਫੁੱਟ ਪੈਂਦਾ ਹੈ। ਆਜ਼ਾਦੀ ਦਾ ਮਤਲਬ ਸਿਰਫ ਰਾਜਨੀਤਕ ਤਬਦੀਲੀ ਹੀ ਨਹੀਂ ਹੁੰਦਾ ਸਗੋਂ ਸਮਾਜਿਕ ਬਰਾਈਆਂ , ਫਿਰਕੂਪੁਣੇ ਤੇ ਜਾਤ-ਪਾਤ ਦੇ ਭੇਦ ਤੋਂ ਮੁਕਤ ਹੋਣਾ ਵੀ ਹੁੰਦਾ ਹੈ। ਆਜ਼ਾਦੀ ਫਿਜ਼ਾ ਵਿਚ ਹਰੇਕ ਨੂੰ ਲਿਆਕਤ/ਔਕਾਤ ਮੁਤਾਬਿਕ ਕੁੱਲੀ-ਜੁੱਲੀ-ਗੁੱਲੀ ਤੇ ਸਿੱਖਿਆ ਦਾ ਜੁਗਾੜ ਪ੍ਰਾਪਤ ਹੋਵੇ। ਸਰਕਾਰ ਤੇ ਉਸ ਦਾ ਪ੍ਰਸਾਸ਼ਨ ਲੋਕ ਸੇਵਾ ਉਤੇ ਆਧਾਰਿਤ ਹੋਵੇ ਅਤੇ ਲੋਕ ਵੀ ਆਪਣੇ ਫ਼ਰਜ਼ਾਂ ਤੇ ਹੱਕਾਂ ਪ੍ਰਤੀ ਸੁਚੇਤ ਹੋਣ ਤਾਂ ਕਿ ਹਕੂਮਤੀ ਭ੍ਰਿਸ਼ਟ ਟੋਲਾ ਆਪਣੇ ਨਿੱਜੀ ਮੁਫਾਦ (ਰਾਜ ਗੱਦੀ) ਲਈ ਆਮ ਲੋਕਾਂ ਨੂੰ ਮੂਰਖਤਾ ਤੇ ਅਗਿਆਨਤਾ ਦੇ ਚੱਕਰ ਵਿਚ ਨਾ ਫਸਾ ਸਕੇ ਆਦਿ ਵਿਸ਼ਿਆਂ ਨੂੰ ਸਨਮੁਖ ਕਰਦੀ ਹੋਈ ਇਹ ਪੁਸਤਕ 'ਮੁਨਸ਼ੀ ਪ੍ਰੇਮ ਚੰਦ ਦੀਆਂ ਜ਼ਬਤਸ਼ੁਦਾ ਕਹਾਣੀਆਂ' ਦੇ ਪੰਜਾਬੀ ਅਨੁਵਾਦ ਦਾ ਪੰਜਾਬੀ ਸਾਹਿਤ ਵਿਚ ਆਮਦ 'ਤੇ ਹਾਰਦਿਕ ਸੁਆਗਤ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

15-2-2014

 ਇਥੇ ਹਰ ਸੀਤਾ ਨੂੰ ਬਨਵਾਸ ਮਿਲਦੈ
ਲੇਖਕ : ਸਰਵਣ ਸਿੰਘ ਔਜਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 180.

ਪ੍ਰਿੰ: ਸਰਵਣ ਸਿੰਘ ਦੀ ਇਹ ਦੂਸਰੀ ਪੁਸਤਕ ਹੈ। ਹੱਥਲਾ ਕਹਾਣੀ ਸੰਗ੍ਰਹਿ ਆਪਣੇ ਅੰਦਰ ਪੰਜਾਬ ਦੀ ਰਾਜਨੀਤੀ, ਧਰਮ, ਸਮਾਜ ਤੇ ਆਰਥਿਕਤਾ ਨਾਲ ਸਬੰਧਤ ਮਸਲਿਆਂ ਨੂੰ ਸਮੋਈ ਬੈਠਾ ਹੈ। ਕਹਾਣੀਆਂ ਵਿਚ ਪ੍ਰਮੁੱਖ ਮਸਲੇ ਜੋ ਲੇਖਕ ਨੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ, ਉਹ ਹਨ-ਔਰਤ ਦੀ ਦੁਰਦਸ਼ਾ, ਵਿਦੇਸ਼ੀ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, 1947 ਵੇਲੇ ਵਾਪਰੀਆਂ ਦੁਖਦਾਈ ਘਟਨਾਵਾਂ, ਖਾੜਕੂਵਾਦ ਦੇ ਸਮੇਂ ਦਾ ਭਿਆਨਕ ਸੱਚ, ਪੇਂਡੂ ਪਰਿਵਾਰਾਂ ਦੀ ਸਮਾਜਿਕ ਹਾਲਤ, ਜੱਟ ਜ਼ਮੀਨਾਂ ਦੀ ਨਿਘਰਦੀ ਹਾਲਤ, ਵਿਦਿਅਕ ਖੇਤਰ ਵਿਚ ਆ ਰਿਹਾ ਨਿਘਾਰ ਆਦਿ। ਦਰਅਸਲ ਵਿਸ਼ਵੀਕਰਨ ਦੇ ਇਸ ਯੁੱਗ ਨੇ ਜਿਥੇ ਸੁਖ-ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਥੇ ਦੁਸ਼ਵਾਰੀਆਂ ਵੀ ਪੈਦਾ ਹੋਈਆਂ ਹਨ, ਜਿਨ੍ਹਾਂ ਦਾ ਸ਼ਿਕਾਰ ਹੀ ਕਹਾਣੀਆਂ ਦੇ ਪਾਤਰਾਂ ਨੂੰ ਹੋਣਾ ਪਿਆ। 'ਪੁੱਤ ਰਾਜ ਮਲ ਰਾਜ ਕੈਨੇਡਾ', 'ਉਥੇ ਹਰ ਸੀਤਾ ਨੂੰ ਬਨਵਾਸ ਮਿਲਦੈ, 'ਦੂਜਾ ਵਿਆਹ', 'ਵਰਿੰਦਰ ਜੋਸ਼ੀ', 'ਕੰਜਰ ਤੇ ਬਗਾਵਤ' ਕਹਾਣੀਆਂ ਵਿਦੇਸ਼ ਜਾ ਚੁੱਕੇ ਜਾਂ ਜਾ ਰਹੇ ਪਰਿਵਾਰਾਂ ਦੇ ਟੁੱਟਦੇ ਰਿਸ਼ਤਿਆਂ ਤੇ ਮੋਹ ਦੀਆਂ ਤੰਦਾਂ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਦੇਸੀ ਤੇ ਵਿਦੇਸ਼ੀ ਵਿਚਾਰਧਾਰਾ ਦਾ ਟਕਰਾ ਹੈ ਜੋ ਰਿਸ਼ਤਿਆਂ ਦਾ ਘਾਣ ਕਰ ਦਿੰਦਾ ਹੈ। ਬੁਢਾਪੇ ਦਾ ਇਕਾਂਤ ਤੇ ਸੁੰਨਾਪਣ ਖ਼ਤਮ ਕਰਨ ਲਈ ਧੀਆਂ ਦੇ ਹਾਣ ਦੀਆਂ ਕੁੜੀਆਂ ਨੂੰ ਵਿਆਹ ਕੇ ਲੈ ਜਾਣਾ ਇਕ ਅਜਿਹੀ ਸਮੱਸਿਆ ਹੈ ਜੋ ਹਰ ਜਗ੍ਹਾ ਪੈਰ ਫੈਲਾਈ ਬੈਠੀ ਹੈ। ਬਜ਼ੁਰਗਾਂ ਦੀ ਦੁਰਦਸ਼ਾ ਵੀ ਤੇ ਜਵਾਨ ਕੁੜੀਆਂ ਦੀਆਂ ਭਾਵਨਾਵਾਂ ਨਾਲ ਹੁੰਦਾ ਖਿਲਵਾੜ ਜੋ ਵੱਖ-ਵੱਖ ਪ੍ਰਸਥਿਤੀਆਂ ਹਨ, ਜਿਨ੍ਹਾਂ ਦੇ ਸ਼ਿਕਾਰ ਕਹਾਣੀਆਂ ਦੇ ਪਾਤਰ ਹੁੰਦੇ ਹਨ। ਪੰਜਾਬ ਵਿਚ ਖਾੜਕੂਵਾਦ ਦਾ ਜਿਵੇਂ ਬੋਲਬਾਲਾ ਰਿਹਾ, ਉਸ ਨੂੰ ਪੇਸ਼ ਕੀਤਾ ਹੈ ਕਹਾਣੀ 'ਘੜੇ ਦੀਆਂ ਮੱਛੀਆਂ' ਜਿਸ ਵਿਚ ਸਿਆਸੀ ਤੇ ਧਾਰਮਿਕ ਆਗੂਆਂ ਦੇ ਕਿਰਦਾਰ ਨੰਗੇ ਕੀਤੇ ਹਨ, ਜੋ ਵੋਟ ਬੈਂਕ ਖਰੀਦਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੁੰਦੇ ਹਨ। 'ਕਾਤਲ ਤਾਂ ਮਹਿਫ਼ੂਜ਼ ਹੈ' ਪੇਂਡੂ ਵਰਤਾਰੇ ਨੂੰ ਦਰਸਾਉਂਦੀ ਹੈ ਜਿਥੇ ਸਰਪੰਚ ਰੱਬ ਦਾ ਰੂਪ ਨਹੀਂ ਸਗੋਂ ਸਿਆਸੀ ਚਾਲਾਂ ਦੇ ਸ਼ਿਕਾਰ ਹਨ। ਝੂਠੇ ਪੁਲਿਸ ਮੁਕਾਬਲੇ ਦੇ ਸ਼ਿਕਾਰ ਨੌਜਵਾਨ (ਮਨਸੁਖ), ਸਮਾਜਿਕ ਬੇਇਨਸਾਫ਼ੀ (ਤਾਇਆ ਹਰੀਆ) 1947 ਦੀ ਵੰਡ (ਵੇ ਵੀਰਾ ਨਾ ਮਾਰੀਂ) ਤੇ ਹੈਕਟਰ ਕਹਾਣੀ ਉਜੜੇ ਹੋਏ ਤਿੰਨ ਮੁਸਲਮਾਨ ਪਰਿਵਾਰਾਂ ਨੂੰ ਉਲੀਕਦੀਆਂ ਹਨ। ਇਹ ਕਹਾਣੀਆਂ ਜੀਵਨ ਵਿਚੋਂ ਉਪਜੀਆਂ ਜੀਵਨ ਦੇ ਯਥਾਰਥ ਨੂੰ ਬੜੇ ਦਰਦਨਾਕ ਢੰਗ ਨਾਲ ਲਿਖੀਆਂ ਗਈਆਂ ਹਨ। ਹਰ ਤਰ੍ਹਾਂ ਦੇ ਮਾਨਵੀ ਮਸਲਿਆਂ ਨੂੰ ਵਿਸ਼ਲੇਸ਼ਣਾਤਮਕ ਢੰਗ ਨਾਲ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ। ਲੇਖਕ ਮਨੁੱਖਤਾ ਦੇ ਹੱਕ ਵਿਚ ਖੜ੍ਹਾ ਹੋ ਕੇ ਲਿਤਾੜੀ ਜਾਂਦੀ ਮਨੁੱਖਤਾ ਦੀ ਬਾਤ ਪਾਉਂਦਾ ਹੋਇਆ ਜਨਤਾ ਨੂੰ ਚੇਤੰਨ ਵੀ ਕਰਦਾ ਹੈ ਕਿ ਆਪਣੇ ਹੱਕਾਂ ਲਈ ਆਪ ਹੀ ਸੰਘਰਸ਼ ਕਰਨਾ ਪਵੇਗਾ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਇਕ ਸੁਨੇਹਾ
ਲੇਖਕ : ਨਿੰਮਾ ਡੱਲੇਵਾਲਾ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 120.

ਸੁਨੇਹਾ/ਸੰਦੇਸ਼ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ। ਸਿੱਧੇ/ਅਸਿੱਧੇ ਰੂਪ ਵਿਚ ਸੁਨੇਹੇ ਛੱਡਣੇ/ਦੇਣੇ ਜਾਂ ਕਬੂਲਣੇ ਜੀਵਨ ਦੀ ਇਕ ਕੁਦਰਤੀ ਫਿਤਰਤ ਹੈ। 'ਇਕ ਸੁਨੇਹਾ' ਪੁਸਤਕ ਨੇ ਬਹੁਤ ਸਾਰੇ ਸਾਰਥਿਕ ਸੁਨੇਹਿਆਂ ਦੀ ਪਟਾਰੀ ਵਜੋਂ ਸਾਹਿਤ ਦੇ ਮੈਦਾਨ ਵਿਚ ਆਣ ਦਸਤਕ ਦਿੱਤੀ ਹੈ।
ਪ੍ਰਸਿੱਧ ਗ਼ਜ਼ਲ ਗਾਇਕ ਮਰਹੂਮ ਜਗਜੀਤ ਸਿੰਘ ਦੇ ਜੱਦੀ ਪਿੰਡ ਦੇ ਜੰਮਪਲ ਨਿੰਮਾ ਡੱਲੇਵਾਲਾ ਨੇ ਕਲਮ ਉਠਾਉਂਦਿਆਂ ਬਹੁਤ ਸਾਰੇ ਧਿਆਨਗੋਚਰ ਮੁੱਦਿਆਂ ਉਤੇ ਉਂਗਲ ਧਰੀ ਹੈ। ਵਿਰਸਾ/ਮਾਂ ਬੋਲੀ ਨੂੰ ਜਾਣਨਾ, ਲੱਚਰ ਲਿਖਤਾਂ/ਗਾਇਕੀ ਨਾਲ ਮਾਂ ਬੋਲੀ ਦੀ ਅਖੌਤੀ ਸੇਵਾਦਾਰ ਅਖਵਾਉਣਾ, ਜਾਤ-ਪਾਤ ਦੀ ਜਿੱਲ੍ਹਣ, ਕੂੜ ਦੇ ਤੂਫਾਨ ਅੱਗੇ ਹੱਕ ਸੱਚ ਦਾ ਨਾ ਟਿਕਣਾ ਅਤੇ ਮਾਇਆਂ ਦੇ ਮੋਹ ਅੱਗੇ ਰਿਸ਼ਤੇਦਾਰੀਆਂ ਦਾ ਫਿੱਕੇ ਪੈ ਜਾਣਾ ਆਦਿ ਭਾਵਪੂਰਤ ਵਿਸ਼ਿਆਂ ਦਾ ਬੜੀ ਸ਼ਿੱਦਤ ਨਾਲ ਮੰਥਨ ਕੀਤਾ ਹੈ।
ਮਾਪਿਆਂ ਦੀ ਛਤਰ-ਛਾਇਆ, ਬੁਢੇਪਾ ਦਾ ਸਹਾਰਾ ਔਲਾਦ, ਪੰਜਾਬੀਆਂ ਦੀ ਸ਼ਾਨ ਪੱਗ, ਲੋਹੜੀ ਵੰਡਣ/ਮਨਾਉਣ ਸਮੇਂ ਮੁੰਡੇ-ਕੁੜੀ ਵਿਚ ਭੇਦ-ਭਾਵ ਤੋਂ ਉੱਪਰ ਉੱਠਣ ਅਤੇ ਦੁੱਖ ਵਿਚ ਘੋਰ ਨਿਰਾਸ਼ਤਾ ਵਿਚ ਘਿਰਨ ਤੇ ਸੁੱਖ ਦੌਰਾਨ ਬੇਥੱਵੇ ਖੁਸ਼ੀ ਦੇ ਟੀਟਣੇ ਮਾਰਨ ਆਦਿ ਵਿਸ਼ੇ ਵੀ ਇਸ ਪਟਾਰੀ ਦਾ ਸ਼ਿੰਗਾਰ ਹਨ।
ਭਾਵੇਂ ਕਿ ਇਹ ਪੁਸਤਕ ਵਾਰਤਕ ਹੈ ਪਰ ਲੇਖਕ ਨਿੰਮਾ ਡੱਲੇਵਾਲਾ ਨੇ ਕਰੀਬ ਹਰ ਲੇਖ ਵਿਚ ਉਸ ਨਾਲ ਸਬੰਧਤ ਕਾਵਿ-ਟੋਟੇ ਪੇਸ਼ ਕਰਕੇ ਆਪਣੇ ਕਾਵਿ ਰੰਗ ਨੂੰ ਵੀ ਪਾਠਕਾਂ ਦੇ ਰੂਬਰੂ ਕਰਨ ਦਾ ਸਫਲ ਯਤਨ ਕੀਤਾ ਹੈ। ਪੁਸਤਕ ਦੇ ਅੰਤ ਵਿਚ ਪ੍ਰਸਿੱਧ ਗ਼ਜ਼ਲ ਗਾਇਕ ਮਰਹੂਮ ਜਗਜੀਤ ਸਿੰਘ ਦੇ ਜੀਵਨ ਬਾਰੇ ਲੇਖ ਤੇ ਕਾਵਿਤਾ ਇਸ ਪਟਾਰੀ ਵਿਚਲੇ ਗਹਿਣਿਆਂ ਦਾ ਇਕ ਸਿਖਰ ਵੀ ਹੈ ਤੇ ਇਕ ਦਰਦਭਰੀ ਹੂਕ ਵੀ। ਕਿਉਂਕਿ ਦੋਵੇਂ (ਪਿੰਡ ਡੱਲੇਵਾਲ ਅਤੇ ਰੋਸ਼ਨ ਚਿਰਾਗ ਜਗਜੀਤ ਸਿੰਘ) ਇਕ-ਦੂਜੇ ਨੂੰ ਨਾ ਲੱਭ ਸਕੇ ਤਾਂ ਨਾ ਹੀ ਪਛਾਣ ਸਕੇ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਸਰਮਾਏਦਾਰੀ ਦੇ ਹਥਿਆਰ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 77.

'ਸਰਮਾਏਦਾਰੀ ਦੇ ਹਥਿਆਰ' ਸਰਬਾਂਗੀ ਲੇਖਕ ਰਾਮ ਨਾਥ ਸ਼ੁਕਲਾ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਵਾਰਤਕ ਪੁਸਤਕ ਹੈ, ਜਿਸ ਵਿਚ ਉਹ ਉਨ੍ਹਾਂ ਸਾਧਨਾਂ ਦੀ ਸ਼ਨਾਖ਼ਤ ਕਰਦਾ ਹੈ, ਜੋ ਸਰਮਾਏਦਾਰੀ ਆਪਣੀ ਰੱਖਿਆ ਤੇ ਲੰਮੇਰੀ ਉਮਰ ਲਈ ਵਰਤੋਂ ਕਰਦੀ ਹੈ।
ਸਰਮਾਏਦਾਰੀ ਦਾ ਆਧਾਰ ਮੁਨਾਫ਼ਾ ਹੈ। ਵਾਧੂ ਮੁਨਾਫ਼ਾ ਕਿਰਤ ਦੇ ਸ਼ੋਸ਼ਣ ਰਾਹੀਂ ਆਉਂਦਾ ਹੈ। ਆਪਣਾ ਮੁਨਾਫ਼ਾ ਵਧਾਉਣ ਤੇ ਇਸ ਨੂੰ ਲਗਾਤਾਰ ਕਾਇਮ ਰੱਖਣ ਲਈ ਸਰਮਾਏਦਾਰੀ ਕਈ ਹੱਥਕੰਡੇ ਅਪਣਾਉਂਦੀ ਹੈ, ਜਿਨ੍ਹਾਂ ਨੂੰ ਸਰਮਾਏਦਾਰੀ ਦੇ ਹਥਿਆਰਾਂ ਦੀ ਸੰਗਿਆ ਦਿੱਤੀ ਜਾਂਦੀ ਹੈ। ਰਾਮ ਨਾਥ ਸ਼ੁਕਲਾ ਤਰਕ ਦੀ ਭਾਸ਼ਾ ਸਿਰਜਦਿਆਂ ਇਨ੍ਹਾਂ ਸਾਧਨਾਂ ਤੇ ਹਥਿਆਰਾਂ ਦਾ ਵਿਸ਼ਲੇਸ਼ਣਮਈ ਚਿੰਤਨ ਪੇਸ਼ ਕਰਦਾ ਹੈ। ਧਰਮ, ਨਸ਼ੇ, ਕਾਮ, ਵਿੱਦਿਅਕ ਸੰਸਥਾਵਾਂ, ਸੰਚਾਰ ਦੇ ਸਾਧਨ, ਸਰਕਾਰੀ ਏਜੰਸੀਆਂ, ਲਾਲਚ, ਵਿਦਵਾਨਾਂ ਦੀ ਖਰੀਦ, ਗਿਆਨ ਦਾ ਦਮਨ, ਵਿਰੋਧੀਆਂ ਦੀ ਮੌਤ, ਵਿਗਿਆਨ ਜਿਹੀਆਂ ਏਜੰਸੀਆਂ ਨੂੰ ਸਰਮਾਏਦਾਰੀ ਆਪਣੇ ਹਿਤ 'ਚ ਵਰਤ ਕੇ, ਲੋਕ ਲਹਿਰਾਂ ਤੇ ਬਾਗ਼ੀ ਉਭਾਰਾਂ ਨੂੰ ਰੋਕਣ ਦਾ ਯਤਨ ਕਰਦੀ ਹੈ। ਉਹ ਅਜਿਹਾ ਹਰ ਹੀਲਾ-ਵਸੀਲਾ ਵਰਤੋਂ 'ਚ ਲਿਆਉਂਦੀ ਹੈ, ਜਿਸ ਰਾਹੀਂ ਆਮ ਭੋਲੇ-ਭਾਲੇ ਲੋਕਾਂ ਨੂੰ ਪੁੱਠੇ ਰਾਹ ਪਾ ਕੇ ਆਪਣਾ ਉੱਲੂ ਸਿੱਧਾ ਕਰਨ ਦੇ ਯਤਨ ਕਰੇ। ਧਰਮ ਆਪਣਾ ਸਦਾਚਾਰੀ ਗੁਣ ਤਿਆਗ ਕੇ ਜਦੋਂ ਦੁਰਾਚਾਰੀ ਰੂਪ ਅਪਣਾ ਲੈਂਦਾ ਹੈ ਤਾਂ ਆਮ ਆਦਮੀ ਆਪਣੇ ਰਾਹੋਂ ਭਟਕ ਜਾਂਦਾ ਹੈ। ਨਸ਼ੇ ਤੇ ਕਾਮ ਉਕਸਾਊ ਫ਼ਿਲਮਾਂ ਤੇ ਸਾਹਿਤ ਲੋਕਾਂ ਦੀ ਸੋਚ ਨੂੰ ਜਿੰਦਰੇ ਲਾ ਦਿੰਦੇ ਹਨ। ਲੋਕਾਂ ਨੂੰ ਉਨ੍ਹਾਂ ਦੇ ਵਿਰਸੇ ਤੇ ਸੱਭਿਆਚਾਰ ਤੋਂ ਤੋੜਨ ਦੇ ਵੀ ਯਤਨ ਕੀਤੇ ਜਾਂਦੇ ਹਨ। ਸੰਚਾਰ ਦੇ ਸਾਧਨ ਤੇ ਮੀਡੀਆ ਵੀ ਸਰਮਾਏਦਾਰੀ ਦੇ ਹੱਕ 'ਚ ਭੁਗਤਦੇ ਹਨ। ਸਰਮਾਏਦਾਰੀ ਉਹ ਹਰ ਹੀਲਾ-ਵਸੀਲਾ ਵਰਤੋਂ 'ਚ ਲਿਆਉਂਦੀ ਹੈ, ਜਿਸ ਰਾਹੀਂ ਆਮ ਆਦਮੀ ਸੋਚਣੋਂ ਹਟ ਜਾਏ ਤੇ ਉਸ ਦਾ ਕਿਸੇ ਤਰ੍ਹਾਂ ਵੀ ਵਿਰੋਧ ਨਾ ਕਰ ਸਕੇ। ਇਹ ਪੁਸਤਕ ਸੋਚ ਨੂੰ ਜਗਾਉਂਦੀ ਹੈ ਤੇ ਲੋਕ ਹਿਤਾਂ ਦੀ ਗੱਲ ਕਰਦੀ ਹੈ।

-ਕੇ. ਐਲ. ਗਰਗ
ਮੋ: 94635-37050

ਚਾਰ ਕ੍ਰਾਂਤੀਕਾਰੀ ਵਿਰਾਂਗਣਾਂ
ਲੇਖਿਕਾ : ਤਾਰਾ ਸ਼ਰਮਾ
ਸੰਪਾਦਕ : ਪ੍ਰੋ: ਕੇ. ਸੀ. ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 120.

ਗਦਰੀ ਸ਼ਤਾਬਦੀ ਵਰ੍ਹੇ ਵਿਚ ਕ੍ਰਾਂਤੀਕਾਰੀ ਲਹਿਰ ਦੀਆਂ ਵੀਰਾਂਗਣਾਂ ਨੂੰ ਸਮਰਪਿਤ ਇਹ ਪੁਸਤਕ ਚਾਰ ਮਹੱਤਵਪੂਰਨ ਮਹਿਲਾਵਾਂ-ਗ਼ਦਰੀ ਗੁਲਾਬ ਕੌਰ, ਮੈਡਮ ਕਾਮਾ, ਦੁਰਗਾ ਭਾਬੀ ਅਤੇ ਕੈਪਟਨ ਲਕਸ਼ਮੀ ਸਹਿਗਲ ਦੇ ਜੀਵਨ ਬ੍ਰਿਤਾਂਤਾਂ ਨਾਲ ਸ਼ਿੰਗਾਰੀ ਹੋਈ ਹੈ। ਘੱਟ ਕੀਮਤ ਵਾਲੀ ਇਸ ਪੁਸਤਕ ਵਿਚ ਬਹੁਤ ਹੀ ਕੀਮਤੀ ਸਮੱਗਰੀ ਹੈ ਜੋ ਸਾਰਾ ਅੰਦਰ ਝੰਜੋੜਨ ਦੇ ਸਮਰੱਥ ਹੈ। ਆਪਣੇ ਸਿਰੜ, ਸਬਰ, ਕੁਰਬਾਨੀ, ਜਜ਼ਬੇ ਅਤੇ ਦ੍ਰਿੜ੍ਹ ਇਰਾਦੇ ਸਦਕਾ ਇਨ੍ਹਾਂ ਚਾਰੇ ਸ਼ਖ਼ਸੀਅਤਾਂ ਨੇ ਇਨਕਲਾਬ ਵਰਗੇ ਕਠਿਨ ਕਾਰਜ ਵਿਚ ਸਿਰ ਧੜ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਮਹਾਨ ਔਰਤਾਂ ਨੇ ਭਾਵੇਂ ਵੱਖੋ-ਵੱਖਰੇ ਪ੍ਰਾਂਤਾਂ ਵਿਚ ਜਨਮ ਲਿਆ ਪਰ ਇਨ੍ਹਾਂ ਦਾ ਦੇਸ਼ ਭਗਤੀ ਦਾ ਜਜ਼ਬਾ, ਜਾਨਾਂ ਵਾਰ ਦੇਣ ਦਾ ਇਸ਼ਕ ਅਤੇ ਆਜ਼ਾਦੀ ਦਾ ਸੰਕਲਪ ਸਾਂਝਾ ਸੀ।
ਬੀਬੀ ਗੁਲਾਬ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਖ਼ਸ਼ੀਵਾਲਾ ਵਿਚ ਇਕ ਸਾਧਾਰਨ ਘਰ ਵਿਚ ਜਨਮੀ ਪਰ ਦੇਸ਼ ਦੀ ਆਜ਼ਾਦੀ ਦੇ ਮਹਾਂਸੰਗ੍ਰਾਮ ਵਿਚ ਜੂਝਦੀ ਹੋਈ ਅਣਮਨੁੱਖੀ ਤਸੀਹੇ ਝਲਦੀ ਹੋਈ, ਅਨੇਕਾਂ ਘਾਲਣਾਵਾਂ ਘਾਲਦੀ ਹੋਈ, ਗ਼ਦਰ ਸੰਗਰਾਮ ਵਿਚ ਸ਼ਹੀਦੀ ਜਾਮ ਪੀ ਗਈ। ਉਸ ਨੇ ਘਰ ਦੇ ਸੁੱਖ, ਇਥੋਂ ਤੱਕ ਕਿ ਪਤੀ ਨੂੰ ਵੀ ਤਿਆਗ ਦਿੱਤਾ ਅਤੇ ਇਕੱਲੀ ਹੀ ਗ਼ਦਰੀਆਂ ਦੇ ਭਰੇ ਜਹਾਜ਼ ਵਿਚ ਚੜ੍ਹ ਗਈ। ਉਸ ਦੇ ਲਾਜਵਾਬ ਹੌਸਲੇ ਅਤੇ ਦਲੇਰੀ ਸਦਕਾ ਉਸ ਨੂੰ ਸਾਰੇ ਗ਼ਦਰੀਆਂ ਦੀ ਭੈਣ ਕਹਾਉਣ ਦਾ ਮਾਣ ਪ੍ਰਾਪਤ ਹੋਇਆ। ਮੈਡਮ ਕਾਮਾ ਬੰਬਈ ਦੇ ਅਮੀਰ ਪਾਰਸੀ ਪਰਿਵਾਰ ਵਿਚ ਜਨਮੀ ਪਰ ਸਾਰੇ ਸੁੱਖ ਆਰਾਮ ਤਿਆਗ ਕੇ ਗਰੀਬਾਂ ਤੇ ਬਿਮਾਰਾਂ ਦੀਆਂ ਬਸਤੀਆਂ ਵਿਚ ਜਾ ਕੇ ਸੇਵਾ ਕਰਦੀ ਰਹੀ। ਵਿਦੇਸ਼ਾਂ ਵਿਚ ਜਾ ਕੇ ਉਸ ਨੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾ ਦਿੱਤਾ। ਉਸ ਨੇ ਆਪਣਾ ਤਨ, ਮਨ, ਧਨ ਅਤੇ ਸਾਰਾ ਜੀਵਨ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਰਪਿਆ ਹੋਇਆ ਸੀ। ਮਹਾਨ ਕ੍ਰਾਂਤੀਕਾਰੀ ਦੁਰਗਾ ਭਾਬੀ ਦੇਸ਼ ਭਗਤ ਭਗਵਤੀ ਚਰਨ ਵੋਹਰਾ ਦੀ ਸੁਪਤਨੀ ਸੀ, ਜਿਸ ਨੇ ਹਰ ਕਦਮ 'ਤੇ ਆਪਣੇ ਪਤੀ ਦਾ ਸਾਥ ਨਿਭਾਉਂਦਿਆਂ ਦੇਸ਼ ਭਗਤਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਲੋੜਾਂ ਦਾ ਭਾਰ ਚੁੱਕਿਆ। ਉਸ ਨੇ ਲੋੜ ਪੈਣ 'ਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਪਤਨੀ ਬਣਨ ਦਾ ਸਵਾਂਗ ਰਚਾ ਕੇ ਉਸ ਨੂੰ ਪੁਲਿਸ ਤੋਂ ਬਚਾਅ ਕੇ ਲਾਹੌਰ ਤੋਂ ਕਲਕੱਤੇ ਪਹੁੰਚਾਇਆ। ਆਪਣੇ ਪਤੀ ਦੀ ਸ਼ਹੀਦੀ ਉਪਰੰਤ ਵੀ ਉਹ ਉਸ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਦੀ ਰਹੀ। ਕੈਪਟਨ ਲਕਸ਼ਮੀ ਸਹਿਗਲ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ, ਦੇਸ਼ ਦੀ ਆਜ਼ਾਦੀ ਅਤੇ ਸ਼ਰਨਾਰਥੀਆਂ ਦੀ ਸੇਵਾ ਵਿਚ ਲਗਾ ਦਿੱਤਾ। ਇਨ੍ਹਾਂ ਚਾਰੇ ਬਹਾਦਰ ਸ਼ਖ਼ਸੀਅਤਾਂ ਦਾ ਬੇਸ਼ੁਮਾਰ ਹੌਸਲਾ ਔਕੜਾਂ ਨਾਲ ਟਕਰਾਉਣ ਦਾ ਜਜ਼ਬਾ ਅਤੇ ਦੇਸ਼ ਪਿਆਰ ਦਾ ਦੀਵਾਨਾਪਣ ਪਾਠਕਾਂ ਨੂੰ ਪ੍ਰੇਰਨਾ ਦਿੰਦਾ ਹੈ। ਇਹ ਪੁਸਤਕ ਸਾਰਿਆਂ ਲਈ ਚਾਨਣ ਮੁਨਰਾ ਹੈ। ਇਸ ਦਾ ਭਰਪੂਰ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਮਿੱਟੀ ਦੇ ਰੰਗ
ਲੇਖਕ : ਕੰਵਰ ਜਸਮਿੰਦਰ ਪਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.

'ਮਿੱਟੀ ਦੇ ਰੰਗ' ਕੰਵਰ ਜਸਮਿੰਦਰ ਪਾਲ ਸਿੰਘ ਦੀ ਅਜਿਹੀ ਵਾਰਤਕ ਕਿਰਤ ਹੈ ਜਿਸ ਵਿਚ ਲੇਖਕ ਨੇ ਸਮੇਂ ਦੇ ਲਿਹਾਜ਼ ਨਾਲ ਬਦਲਦੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਵਾਤਾਵਰਨ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੇਖਕ ਅਨੁਸਾਰ ਪਹਿਲੇ ਸਮਿਆਂ ਵਿਚ ਭਾਵੇਂ ਸੁੱਖ-ਸਹੂਲਤਾਂ ਦੀ ਬਹੁਤਾਤ ਨਹੀਂ ਸੀ ਪਰ ਆਪਸੀ ਭਾਈਚਾਰਾ ਅਤੇ ਮਿਲਵਰਤਣ ਦੀ ਭਾਵਨਾ ਸੀ। ਹੁਣ ਸੁੱਖ-ਸਹੂਲਤਾਂ ਬਹੁਤ ਹਨ ਪਰ ਜ਼ਿੰਦਗੀ ਦੀ ਤੋਰ ਲੀਹ ਤੋਂ ਲੱਥੀ ਪ੍ਰਤੀਤ ਹੁੰਦੀ ਹੈ। ਹਰ ਕੋਈ ਆਪਣੇ ਨਿੱਜੀ ਮੁਫ਼ਾਦ ਲਈ ਹੀ ਲੜ ਰਿਹਾ ਹੈ।
ਇਸ ਵਾਰਤਕ ਪੁਸਤਕ ਮਿੱਟੀ ਦੇ ਰੰਗ ਨੂੰ ਲੇਖਕ ਨੇ 10 ਭਾਗਾਂ ਵਿਚ ਵੰਡਿਆ ਹੈ, ਜਿਸ ਨੂੰ ਉਸ ਨੇ 10 ਅਧਿਆਇ ਨਾਂਅ ਦਿੱਤਾ ਹੈ। ਸਾਰੀ ਪੁਸਤਕ ਵਾਰਤਾਲਾਪੀ ਸ਼ੈਲੀ ਵਿਚ ਪਾਤਰਾਂ ਦੀ ਆਪਸੀ ਗੱਲਬਾਤ ਨਾਲ ਨੇਪਰੇ ਚੜ੍ਹਦੀ ਹੈ। ਇਸ ਗੱਲਬਾਤ ਵਿਚ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਵਿਚਲਾ ਪਾੜਾ ਵੀ ਹੈ, ਬਦਲਦਾ ਸੱਭਿਆਚਾਰਕ ਮੁਹਾਵਰਾ ਵੀ ਹੈ ਜਿਸ ਵਿਚ ਭਾਸ਼ਾ ਦਾ ਮਸਲਾ, ਰਿਸ਼ਤਿਆਂ ਦੇ ਤਿੜਕਣ ਦੀ ਗੱਲ, ਪਰਿਵਾਰਕ ਭਾਈਚਾਰਕ ਰਸਮਾਂ ਰੀਤਾਂ ਵਿਚ ਆ ਰਹੀ ਤਬਦੀਲੀ, ਜਿਸ ਵਿਚ ਸਭ ਕੁਝ ਰੈਡੀਮੇਡ ਬਣਿਆ ਹੋਇਆ ਪਰੋਸਿਆ ਜਾ ਰਿਹਾ ਹੈ, ਨਸ਼ਿਆਂ ਦੀ ਲਾਹਨਤ, ਲੋਕ ਵਿਖਾਵਾ, ਵੋਟਾਂ ਦੀ ਰਾਜਨੀਤੀ, ਰਸਮੀ ਰਹਿਣੀ-ਬਹਿਣੀ, ਮੁਸ਼ੱਕਤ ਕਰਨ ਦੇ ਮਸਨੂਈ ਢੰਗ, ਸਿੱਖਿਆ ਦੇ ਖੇਤਰ ਵਿਚ ਪੈਦਾ ਹੋਈਆਂ ਸਮੱਸਿਆਵਾਂ ਆਦਿ ਨੂੰ ਚਿਤਰਿਆ ਗਿਆ ਹੈ। ਇਸ ਸਾਰੇ ਵਾਤਾਵਰਨ ਵਿਚ ਪੰਜਾਬ ਸਿੰਘ, ਹਰਨਾਮ ਸਿੰਘ, ਮੇਲਾ ਸਿੰਘ, ਜਥੇਦਾਰ ਅਤੇ ਹੋਰ ਕਿੰਨੇ ਹੀ ਪੁਰਾਣੀ ਪੀੜ੍ਹੀ ਦੇ ਪ੍ਰਤੀਨਿਧ ਪਾਤਰ ਅੰਦਰੋਂ-ਅੰਦਰੀ ਇਸ ਸੰਕਟਮਈ ਪਲਾਂ ਦੀ ਪੀੜ ਹੰਢਾਉਂਦੇ ਹਨ। ਭਾਵੇਂ ਉਹ ਇਨ੍ਹਾਂ ਸੁੱਖ-ਸਹੂਲਤਾਂ ਨੂੰ ਮਾਣ ਵੀ ਰਹੇ ਹਨ ਪਰ ਖੁਰਦੀ ਜਾ ਰਹੀ ਇਨਸਾਨੀਅਤ ਅਤੇ ਨਿੱਘ-ਅਪਣੱਤ ਪ੍ਰਤੀ ਫ਼ਿਕਰਮੰਦ ਵੀ ਹਨ।
'ਮਿੱਟੀ ਦੇ ਰੰਗ' ਪੁਸਤਕ ਕੰਵਰ ਜਸਮਿੰਦਰ ਪਾਲ ਸਿੰਘ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਸੁਨਹਿਰੀ ਅਤੀਤ ਪ੍ਰਤੀ ਹੇਰਵਾ ਅਤੇ ਭੱਜ-ਦੌੜ ਵਾਲੇ ਅਜੋਕੇ ਦੌਰ ਦੀ ਫ਼ਿਕਰਮੰਦੀ ਹੈ। ਮਾਲਵੇ ਦੀ ਸੁਆਦਲੀ ਭਾਸ਼ਾ, ਰੌਚਿਕ ਸੁਆਦਲੀ ਸ਼ੈਲੀ, ਨਾਟਕੀਅਤਾ ਅਤੇ ਰਸ ਭਰਪੂਰ ਮੁਹਾਵਰੇ ਵਿਚ ਲਿਖੀ ਇਹ ਪੁਸਤਕ ਪਾਤਰਾਂ ਦੇ ਸੁਹਜ-ਸੁਆਦ ਵਿਚ ਵਾਧਾ ਕਰਨ ਵਾਲੀ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਆਪਣਾ ਦੀਪਕ ਆਪ
ਡਾ: ਭੀਮ ਰਾਓ ਅੰਬੇਡਕਰ
ਲੇਖਕ : ਡਾ: ਕੇਵਲ ਸਿੰਘ ਪਰਵਾਨਾ
ਪ੍ਰਕਾਸ਼ਕ : ਇੰਸਚੀਟਿਊਟ ਆਫ ਅੰਬੇਡਕਰ ਸਟੱਡੀਜ਼, ਜਲੰਧਰ
ਮੁੱਲ : 60 ਰੁਪਏ, ਸਫ਼ੇ : 152.

ਇਸ ਪੁਸਤਕ ਵਿਚ ਡਾ: ਅੰਬੇਡਕਰ ਦੇ ਸਮੁੱਚੇ ਜੀਵਨ ਨੂੰ 23 ਕਾਂਡਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਡਾ: ਅੰਬੇਡਕਰ ਦੇ ਬਚਪਨ ਅਤੇ ਮੁਢਲੀ ਵਿੱਦਿਆ ਬਾਰੇ ਦੱਸਿਆ ਹੈ ਕਿ ਜਦੋਂ ਉਹ ਛੇ ਵਰ੍ਹਿਆਂ ਦੇ ਸਨ ਤਾਂ ਉਨ੍ਹਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਪਿਤਾ ਜੀ ਭਜਨ-ਬੰਦਗੀ ਵਿਚ ਲੀਨ ਰਹਿਣ ਲੱਗ ਪਏ ਅਤੇ ਪੁੱਤਰ ਨੂੰ ਵੀ ਇਸ ਪਾਸੇ ਪ੍ਰੇਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਇਸ ਪਾਸੇ ਰੁਚੀ ਨਹੀਂ ਸੀ, ਸਗੋਂ ਆਪਣੇ ਆਲੇ-ਦੁਆਲੇ ਛੂਆ-ਛਾਤ ਵਾਲਾ ਮਾਹੌਲ ਵੇਖ ਕੇ ਉਨ੍ਹਾਂ ਦੇ ਮਨ ਵਿਚ ਵਿਦਰੋਹ ਦੀ ਭਾਵਨਾ ਪੈਦਾ ਹੋਣ ਲੱਗ ਪਈ ਸੀ। ਸਕੂਲ ਵਿਚ ਉਨ੍ਹਾਂ ਨੂੰ ਪਾਣੀ ਦੀ ਟੂਟੀ ਨੂੰ ਹੱਥ ਲਾਉਣ ਦੀ ਆਗਿਆ ਨਹੀਂ ਸੀ ਹੁੰਦੀ। ਅਧਿਆਪਕ ਉਨ੍ਹਾਂ ਦੀਆਂ ਕਾਪੀਆਂ ਕਿਤਾਬਾਂ ਨੂੰ ਹੱਥ ਨਹੀਂ ਸਨ ਲਾਉਂਦੇ। ਕਦਮ-ਕਦਮ 'ਤੇ ਉਨ੍ਹਾਂ ਨੂੰ ਜ਼ਲੀਲ ਹੋਣਾ ਪੈਂਦਾ ਸੀ। ਸਕੂਲ ਤੋਂ ਬਾਅਦ ਕਾਲਜ ਵਿਚ ਵੀ ਇਹੀ ਸਿਲਸਿਲਾ ਜਾਰੀ ਰਿਹਾ। ਬੀ.ਏ. ਪਾਸ ਕਰਨ ਮਗਰੋਂ ਆਪ ਫ਼ੌਜ ਵਿਚ ਲੈਫ਼ਟੀਨੈਂਟ ਭਰਤੀ ਹੋ ਗਏ। ਪਿਤਾ ਜੀ ਦੀ ਮੌਤ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਉਚੇਰੀ ਵਿੱਦਿਆ ਲਈ ਅਮਰੀਕਾ ਚਲੇ ਗਏ। ਐਮ.ਏ., ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਹਰ ਪਾਸੇ ਛੂਆ-ਛਾਤ ਦੀ ਗੰਭੀਰ ਸਮੱਸਿਆ ਨੂੰ ਵੇਖਦਿਆਂ ਉਨ੍ਹਾਂ ਨੇ ਅਛੂਤ ਸਮਾਜ ਦੇ ਵਰਗ ਨੂੰ ਚੇਤੰਨ ਕਰਨਾ ਸ਼ੁਰੂ ਕਰ ਦਿੱਤਾ। ਲੰਦਨ ਤੋਂ ਆਪ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਫਿਰ ਅਛੂਤ ਭਲਾਈ ਸਰਗਰਮੀਆਂ ਵਿਚ ਸਰਗਰਮ ਹੋ ਗਏ। ਸੰਘਰਸ਼ ਦੇ ਰਸਤੇ ਵਿਚ ਉਨ੍ਹਾਂ ਨੂੰ ਅਤਿਅੰਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਆਪ ਲੋਕ ਹਿਤ ਕਾਰਜਾਂ ਵਿਚ ਯਤਨਸ਼ੀਲ ਰਹੇ। ਲੇਖਕ ਨੇ ਡਾ: ਅੰਬੇਡਕਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਬੜੀ ਚੰਗੀ ਤਰ੍ਹਾਂ ਰੌਸ਼ਨੀ ਪਾਈ ਹੈ। ਹੇਠ ਲਿਖੇ ਕਾਂਡਾਂ ਦੁਆਰਾ ਆਪ ਦੀ ਬਹੁਪੱਖੀ ਸ਼ਖ਼ਸੀਅਤ ਤੋਂ ਪਾਠਕਾਂ ਨੂੰ ਜਾਣੂ ਕਰਾਇਆ ਗਿਆ ਹੈ।
ਵਤਨ ਸੁਧਾਰ ਕਾਨੂੰਨ, ਨਾਸਿਕ ਮੰਦਿਰ ਪ੍ਰਵੇਸ਼ ਅੰਦੋਲਨ, ਸਾਈਮਨ ਕਮਿਸ਼ਨ ਦੀ ਰਿਪੋਰਟ ਬਾਰੇ ਪ੍ਰਤੀਕਰਮ, ਗੋਲ ਮੇਜ਼ ਕਾਨਫ਼ਰੰਸਾਂ ਵਿਚ ਪ੍ਰਤੀਨਿਧਤਾ, ਧਰਮ ਪਰਿਵਰਤਣ ਦਾ ਐਲਾਨ, 'ਇੰਡੀਪੈਂਡੈਂਟ ਲੇਬਰ ਪਾਰਟੀ' ਦਾ ਗਠਨ ਅਤੇ ਚੋਣਾਂ, ਲੇਬਰ ਮੰਤਰੀ ਦੇ ਤੌਰ 'ਤੇ ਮਜ਼ਦੂਰਾਂ ਦਾ ਸੁਧਾਰ, ਆਮ ਚੋਣਾਂ ਅਤੇ ਸੱਤਿਆਗ੍ਰਹਿ, ਹਿੰਦੂ ਕੋਡ ਬਿੱਲ : ਨਾਰੀ ਕਲਿਆਣ ਪ੍ਰਤੀ ਕਦਮ, ਬੁੱਧ ਧੰਮ: ਸੱਭਿਆਚਾਰਕ ਕ੍ਰਾਂਤੀ, ਬੁੱਧ ਅਤੇ ਕਾਰਲ ਮਾਰਕਸ, ਪ੍ਰੀ-ਨਿਰਵਾਣ ਆਦਿ।

-ਕੰਵਲਜੀਤ ਸਿੰਘ ਸੂਰੀ
ਮੋ: 93573-24241.

8-2-2014

 ਕਿਸੇ ਨੂੰ ਕੀ ਆਖਾਂ?
ਗ਼ਜ਼ਲਗੋ : ਕਸ਼ਮੀਰਾ ਸਿੰਘ ਚਮਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 120.

ਪ੍ਰਵਾਸੀ ਪੰਜਾਬੀ ਸ਼ਾਇਰ ਚਮਨ ਲੰਮੇ ਸਮੇਂ ਤੋਂ ਪ੍ਰਦੇਸਾਂ ਵਿਚ ਪੰਜਾਬੀਅਤ, ਰੂਹਾਨੀਅਤ, ਇਨਸਾਨੀਅਤ ਅਤੇ ਸ਼ਾਇਰੀ ਦੀ ਮਹਿਕ ਵੰਡਦਾ ਆ ਰਿਹਾ ਹੈ। ਹਥਲਾ ਗ਼ਜ਼ਲ ਸੰਗ੍ਰਹਿ ਉਸ ਨੇ ਮਨੁੱਖਤਾ ਦੀਆਂ ਲੀਹਾਂ ਉਤੇ ਟੁਰਨ ਵਾਲੇ ਉਨ੍ਹਾਂ ਪੰਜਾਬੀ ਅਮਨ ਪਸੰਦ ਲੋਕਾਂ ਦੇ ਨਾਂਅ ਸਮਰਪਣ ਕੀਤਾ ਹੈ, ਜੋ ਦੇਸ਼ਾਂ-ਵਿਦੇਸ਼ਾਂ ਵਿਚ ਰਹਿ ਕੇ ਆਪਣੀ ਜਨਮ ਭੂਮੀ ਨੂੰ ਨਹੀਂ ਭੁੱਲੇ। ਪੰਜਾਬੀ ਕਵਿਤਾ ਦੀ ਝੋਲੀ ਨੂੰ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਅਮੀਰ ਕਰਨ ਵਾਲੇ ਇਸ ਸ਼ਾਇਰ ਨੇ 4500 ਗ਼ਜ਼ਲਾਂ ਲਿਖੀਆਂ ਹਨ ਅਤੇ ਹਰ ਰੋਜ਼ ਇਕ ਨਵੀਂ ਗ਼ਜ਼ਲ ਲਿਖ ਰਿਹਾ ਹੈ। ਇਹ ਗ਼ਜ਼ਲਾਂ ਵਿਸ਼ਾ ਅਤੇ ਰੂਪਕ ਦੋਵਾਂ ਪੱਖਾਂ ਤੋਂ ਬਾਕਮਾਲ ਹਨ। ਇਨ੍ਹਾਂ ਵਿਚ ਰਵਾਨਗੀ, ਸਰਲਤਾ, ਸਪੱਸ਼ਟਤਾ, ਰਸਿਕਤਾ, ਕੋਮਲਤਾ ਅਤੇ ਗਹਿਰਾਈ ਹੈ। ਆਓ, ਕੁਝ ਖੂਬਸੂਰਤ ਸ਼ਿਅਰਾਂ ਦਾ ਲੁਤਫ਼ ਮਾਣੀਏ-
-ਬੀਤੇਗੀ ਸੁਖੀ ਰਾਤ ਤਿਰੀ ਮਿਹਰ ਦੇ ਸਦਕੇ
ਤੱਕਾਂਗਾ ਮੈਂ ਪਰਭਾਤ ਤਿਰੀ ਮਿਹਰ ਦੇ ਸਦਕੇ।
-ਜਗਦੇ ਪਏ ਸੀ ਦੀਪ ਜੋ ਆ ਕੇ ਬੁਝਾ ਰਹੇ
ਮੱਥੇ ਕਲੰਕ ਆਪਣੇ ਮੂਰਖ ਲਗਾ ਰਹੇ।
-ਦਰਦੀ ਕੋਈ ਜਹਾਨ ਤੇ ਮਿਲਿਆ ਅਜੇ ਨਹੀਂ
ਸੂਰਜ ਮਿਰੀ ਤਲਾਸ਼ ਦਾ ਢਲਿਆ ਅਜੇ ਨਹੀਂ।
-ਜੋ ਹੋ ਗਿਆ ਭੁਲਾ ਕੇ ਅੱਗਾ ਸੰਵਾਰ ਸੱਜਣਾ
ਇਕ ਨਾਮ ਦੇ ਸਹਾਰੇ ਜੀਵਨ ਗੁਜ਼ਾਰ ਸੱਜਣਾ।
-ਅੱਥਰੂ ਹਰ ਅੱਖ ਦੇ ਮੈਨੂੰ ਤਾਂ ਮੇਰੇ ਜਾਪਦੇ
ਰੁੱਸੀਆਂ ਨੇ ਰੌਣਕਾਂ ਸੁੰਨੇ ਬਨੇਰੇ ਜਾਪਦੇ।
ਇਨ੍ਹਾਂ ਗ਼ਜ਼ਲਾਂ ਵਿਚ ਗ਼ਜ਼ਲਗੋ ਨੇ ਆਪਣੇ ਦਿਲ ਦੇ ਵਲਵਲੇ ਅਤੇ ਭਾਵਨਾਵਾਂ ਬਹੁਤ ਹੀ ਭਾਵਪੂਰਕ ਅਤੇ ਮਾਰਮਿਕ ਅੰਦਾਜ਼ ਵਿਚ ਪੇਸ਼ ਕੀਤੀਆਂ ਹਨ। ਸ਼ਾਇਰ ਅਰੂਜ਼, ਬਹਿਰ, ਵਜ਼ਨ ਅਤੇ ਗ਼ਜ਼ਲ ਦੀਆਂ ਹੋਰ ਖੂਬੀਆਂ ਤੋਂ ਭਲੀ-ਭਾਂਤ ਵਾਕਿਫ਼ ਹੈ। ਇਨ੍ਹਾਂ ਵਿਚੋਂ ਮਨੁੱਖੀ ਕਦਰਾਂ-ਕੀਮਤਾਂ ਦੀ ਪ੍ਰੇਰਨਾ, ਕਹਿਰ ਦੀ ਰਵਾਨੀ ਅਤੇ ਵਤਨ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ। ਚੋਰ-ਬਾਜ਼ਾਰੀ, ਅੱਤਵਾਦ, ਕਤਲੋਗਾਰਤ ਅਤੇ ਲੁੱਟਾਂ-ਖੋਹਾਂ ਨੇ ਉਸ ਨੂੰ ਚੋਟ ਪਹੁੰਚਾਈ ਹੈ। ਉਹ ਇਨਸਾਨੀ ਭਾਈਚਾਰੇ ਵਿਚ ਪਿਆਰ, ਮੁਹੱਬਤ, ਹਮਦਰਦੀ ਅਤੇ ਸਹਿਚਾਰਤਾ ਵੇਖਣ ਦਾ ਮੁਸ਼ਤਾਕ ਹੈ। ਉਸ ਦੀ ਸੱਚੀ-ਸੁੱਚੀ ਸ਼ਾਇਰੀ ਪੜ੍ਹਨਯੋਗ, ਮਾਣਨਯੋਗ ਅਤੇ ਸਾਂਭਣਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਬੇਟੀ ਹਾਣੀ ਮੰਗਦੀ
ਸ਼ਾਇਰ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 200.

ਜਿਹੜੇ ਪੰਜਾਬੀ-ਜਿਊੜੇ ਪਰਵਾਸ ਵਿਚ ਰਹਿੰਦਿਆਂ ਰੁਜ਼ਗਾਰ ਦੇ ਮਸਲਿਆਂ ਤੋਂ ਉਤਾਂਹ ਉੱਠ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ। ਗਿੱਲ ਮੋਰਾਂਵਾਲੀ ਉਨ੍ਹਾਂ ਵਿਚੋਂ ਵਿਸ਼ੇਸ਼ ਹੈ। ਮੋਰਾਂਵਾਲੀ ਦੀਆਂ ਹੁਣ ਤੱਕ 40 ਤੋਂ ਵਧੇਰੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ: ਤੇਜਵੰਤ ਮਾਨ, ਭਗਵੰਤ ਸਿੰਘ, ਬ੍ਰਹਮਜਗਦੀਸ਼ ਸਿੰਘ, ਡਾ: ਅਮਰ ਕੋਮਲ, ਅਹਿਸਨ ਰੰਧਾਵਾ ਆਦਿ ਦਰਜਨ ਭਰ ਵਿਦਵਾਨ ਆਲੋਚਕਾਂ ਨੇ ਉਸ ਦੀ ਕਵਿਤਾ ਬਾਰੇ ਜ਼ਿਕਰਯੋਗ ਕਾਰਜ ਕੀਤਾ ਹੈ।
ਹਥਲੀ ਪੁਸਤਕ ਦੋਹਾ ਕਾਵਿ ਰੂਪ ਵਿਚ ਹੈ। ਅਸਲ ਵਿਚ ਇਹ ਪੁਸਤਕ ਆਪਣੇ ਨਾਂਅ ਵਾਂਗ ਬੇਟੀਆਂ ਬਾਰੇ ਗੰਭੀਰ ਗੱਲ ਕਰਦੀ ਹੈ। ਪੰਜਾਬੀ ਵਿਚ ਦੋਹਾ ਜਾਂ ਦੋਹਿਰਾ ਕਾਵਿ ਰੂਪ ਸਦੀਆਂ ਤੋਂ ਲਿਖਿਆ ਜਾ ਰਿਹਾ ਹੈ ਅਤੇ ਪੰਜਾਬੀ ਇਸ ਦੀ ਸੁਰ ਲਹਿਰੀ ਤੇ ਅੰਤਰ ਆਤਮਾ ਤੋਂ ਬਾਖੂਬੀ ਜਾਣੂ ਹਨ। ਗਿੱਲ ਮੋਰਾਂਵਾਲੀ ਦੇ ਦੋਹੇ ਸ਼ਿਲਪ ਪੱਖੋਂ ਅਤੇ ਭਾਵ ਪੱਖੋਂ ਵੀ ਸਲਾਹੁਣਯੋਗ ਹਨ।
ਔਰਤ ਦਾ ਪੰਜਾਬੀ ਸਮਾਜ ਵਿਚ ਪਿਤਰਕੀ ਪ੍ਰਬੰਧ ਵਜੋਂ ਸਦੀਆਂ ਤੋਂ ਹੋ ਰਹੇ ਜ਼ੁਲਮ ਦੀ ਗਾਥਾ ਇਨ੍ਹਾਂ ਦੋਹਿਆਂ ਦੀ ਗਾਥਾ ਹੈ। ਵਿਸ਼ੇਸ਼ ਕਰਕੇ ਧੀਆਂ ਦੀ ਹੋਂਦ ਪੰਜਾਬੀ ਸਮਾਜ ਵਿਚ ਥੋਹਰਾਂ ਵਰਗੀ ਹੀ ਰਹੀ ਹੈ। ਉਸ ਨੂੰ ਆਪਣਾ ਹਾਣੀ ਯਾਨਿ ਭਾਵੀ ਜੀਵਨ ਸਾਥੀ ਚੁਣਨ ਦੀ ਵੀ ਖੁੱਲ੍ਹ ਨਹੀਂ ਸੀ। ਦਾਜ ਵਰਗੀ ਲਾਹਨਤ ਨੇ ਧੀਆਂ ਨੂੰ ਜੰਮਦਿਆਂ ਹੀ ਕਤਲ ਕਰਨ ਦਾ ਰਸਤਾ ਖੋਲ੍ਹਿਆ ਪਰ ਵਿਗਿਆਨ ਨੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਗਰਭ ਵਿਚ ਕਤਲ ਕਰਨ ਦਾ ਸੌਖ ਪੈਦਾ ਕਰ ਦਿੱਤਾ। ਗਿੱਲ ਮੋਰਾਂਵਾਲੀ ਵਰਗੇ ਔਰਤ ਪ੍ਰਤੀ ਸੁਹਿਰਦ ਕਵੀਆਂ/ਸ਼ਾਇਰਾਂ ਨੇ ਧੀਆਂ ਦੇ ਹੱਕ ਵਿਚ ਕਾਵਿ ਸਿਰਜੇ ਜਿਸ ਸਦਕਾ ਅਜੋਕੀ ਸਥਿਤੀ ਵਿਚ ਧੀਆਂ ਦਾ ਸਾਹ ਕੁਝ ਸੌਖਾ ਹੋਇਆ ਲਗਦਾ ਹੈ। ਇਹ ਦੋਹੇ ਲੋਕ ਗੀਤਾਂ ਦੀ ਜ਼ਬਾਨ ਵਾਂਗ ਸਹਿਜ ਨਾਲ ਔਰਤ ਮਨ ਦੀ ਤਰਜਮਾਨੀ ਕਰਦੇ ਹਨ। ਸਾਰੇ ਦੋਹੇ ਧੀਆਂ ਦੇ ਮਹਿਜ਼ ਬਿਰਹੜੇ ਜਾਂ ਰੁਦਨ ਨਹੀਂ ਸਗੋਂ ਤਰਕ ਨਾਲ ਗੱਲ ਕਰਦੇ ਹਨ :
ਰਸਮਾਂ ਵਿਚ ਜਕੜੀ ਕੁੜੀ, ਹੁਣ ਨਾ ਰਹਿਣੀ ਚੁੱਪ
ਚਮਕੇਗੀ ਧੀਆਂ ਲਈ ਸੂਰਜ ਦੀ ਵੀ ਧੁੱਪ (ਸਫਾ 189)
ਪੁਸਤਕ ਸਿੱਖਿਆਦਾਇਕ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਵਿਰਸੇ ਨੂੰ ਸੰਭਾਲ
ਲੇਖਕ : ਪੌਲ ਸੰਸਾਰਪੁਰੀ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ (ਜਲੰਧਰ)
ਮੁੱਲ : 100 ਰੁਪਏ, ਸਫ਼ੇ : 120.

'ਵਿਰਸੇ ਨੂੰ ਸੰਭਾਲ' ਪੌਲ ਸੰਸਾਰਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਲੇਖਕ ਨੇ ਇਤਿਹਾਸਕ, ਧਾਰਮਿਕ, ਸੱਭਿਆਚਾਰਕ, ਭਾਸ਼ਾਈ, ਦੇਸ਼ ਪ੍ਰੇਮ, ਮਾਂ-ਬੋਲੀ ਅਤੇ ਵਾਤਾਵਰਨ ਵਰਗੇ ਵਿਸ਼ੇ ਕਵਿਤਾਵਾਂ ਰਾਹੀਂ ਪ੍ਰਗਟਾਏ ਹਨ। ਪੰਜਾਬੀ ਸੱਥ ਲਾਂਬੜਾ ਵੱਲੋਂ ਇਸ ਪੁਸਤਕ ਨੂੰ ਛਾਪ ਕੇ ਪੰਜਾਬੀ ਮਾਂ-ਬੋਲੀ ਦੇ ਮਾਣ-ਸਤਿਕਾਰ ਨੂੰ ਹੋਰ ਵਧਾਉਣ ਦਾ ਯਤਨ ਕੀਤਾ ਗਿਆ ਹੈ। ਪੌਲ ਸੰਸਾਰਪੁਰੀ ਕਿਉਂਕਿ ਆਮ ਲੋਕਾਂ ਵਿਚੋਂ ਹੈ, ਇਸ ਲਈ ਉਸ ਦੀ ਬੋਲੀ, ਸ਼ਬਦਾਵਲੀ ਤੇ ਵਿਸ਼ਾਵਸਤੂ ਸਾਧਾਰਨ ਅਤੇ ਸਰਲ ਹੈ।
ਇਸ ਪੁਸਤਕ ਵਿਚ ਪੌਲ ਸੰਸਾਰਪੁਰੀ ਨੇ 8 ਦਰਜਨ ਦੇ ਕਰੀਬ ਭਿੰਨ-ਭਿੰਨ ਵਿਸ਼ਿਆਂ 'ਤੇ ਕਵਿਤਾਵਾਂ ਲਿਖੀਆਂ ਹਨ। ਕਵੀ ਦਾ ਹਿਰਦਾ ਕੋਮਲ ਹੈ, ਉਹ ਸਮਾਜ ਵਿਚ ਫੈਲੀਆਂ ਕੁਰੀਤੀਆਂ ਤੋਂ ਬੜਾ ਪ੍ਰੇਸ਼ਾਨ ਹੈ। ਉਹ ਇਨਾਂ ਨੂੰ ਦੂਰ ਕਰਕੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦਾ ਹੈ। ਪੰਜਾਬੀ ਮਾਂ-ਬੋਲੀ ਅਤੇ ਸਿੱਖੀ ਬਾਰੇ ਲਿਖੀ ਕਵਿਤਾ 'ਊੜਾ ਤੇ ਜੂੜਾ' ਵਿਚ ਉਹ ਲਿਖਦਾ ਹੈ-
ਪੈਂਤੀ ਅੱਖਰੀ ਭਾਸ਼ਾ ਦੇ ਵਿਚ,
ਪਹਿਲਾ ਹਰਫ਼ ਸਰਤਾਜ ਹੈ ਊੜਾ।
ਰਾਜੇ ਲਈ ਜਿਵੇਂ ਤਖ਼ਤ ਜ਼ਰੂਰੀ,
ਸਿੱਖੀ ਦੇ ਵਿਚ ਤਾਜ ਹੈ ਜੂੜਾ।
ਇਸੇ ਤਰ੍ਹਾਂ ਔਰਤਾਂ ਦੇ ਹੱਕ ਬਾਰੇ ਵੀ ਉਸ ਦੀ ਕਲਮ ਕਵਿਤਾ 'ਰੌਸ਼ਨੀ ਬਣ ਕੇ ਛਾਵੇਗੀ' ਵਿਚ ਲਿਖਦੀ ਹੈ-
ਨਾਰੀ ਨਾ ਰਹੀ ਪੈਰ ਦੀ ਜੁੱਤੀ,
ਇਹ ਰੌਸ਼ਨੀ ਬਣ ਕੇ ਛਾਵੇਗੀ।
ਕਲਪਨਾ ਚਾਵਲਾ, ਕਿਰਨ ਬੇਦੀ ਬਣ,
ਆਪਣੇ ਜੌਹਰ ਵਿਖਾਵੇਗੀ।
'ਮਾਂ' ਕਵਿਤਾ ਵਿਚ ਪੌਲ ਸੰਸਾਰਪੁਰੀ ਬਜ਼ੁਰਗਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੁਝ ਇਸ ਤਰ੍ਹਾਂ ਕਰਦਾ ਹੈ-
ਬਿਰਧ ਆਸ਼ਰਮ ਛੱਡ ਗਿਉਂ ਪੁੱਤਰਾ,
ਦਿਲ ਨਹੀਂ ਲਗਦਾ ਮੇਰਾ।
ਵਿਚ ਯਾਦਾਂ ਦਿਲ ਭੁੱਬਾਂ ਮਾਰੇ,
ਕੱਲ੍ਹ ਜਨਮ ਦਿਨ ਹੈ ਤੇਰਾ।
ਪੌਲ ਸੰਸਾਰਪੁਰੀ ਵੱਲੋਂ ਲਿਖੀਆਂ ਸਾਰੀਆਂ ਹੀ ਕਵਿਤਾਵਾਂ ਯਥਾਰਥ 'ਤੇ ਆਧਾਰਿਤ ਹਨ। ਉਹ ਇਕ ਇਸਾਈ ਅਤੇ ਚਰਚ ਤੋਂ ਸਨਮਾਨਿਤ ਵਿਅਕਤੀ ਹਨ ਪਰ ਸਿੱਖੀ ਕਦਰਾਂ-ਕੀਮਤਾਂ ਨੂੰ ਪਿਆਰ ਕਰਨ ਵਾਲੇ, ਪੰਜਾਬੀ ਭਾਸ਼ਾ ਦੇ ਕਦਰਦਾਨ, ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦੇ ਸਿਧਾਂਤ ਨੂੰ ਬੇਹੱਦ ਪਿਆਰ ਕਰਦੇ ਹਨ। ਸਾਨੂੰ ਪੁਸਤਕ 'ਚੋਂ ਨੇਕ ਰਸਤੇ ਚੱਲਣ ਦੀ ਸੇਧ ਮਿਲਦੀ ਹੈ। ਭਵਿੱਖ ਵਿਚ ਉਨ੍ਹਾਂ ਤੋਂ ਹੋਰ ਵਧੀਆ ਸਾਹਿਤ ਰਚਨਾ ਕਰਨ ਦੀ ਉਮੀਦ ਕਰਦੇ ਹਾਂ। ਪੰਜਾਬੀ ਸੱਥ ਲਾਂਬੜਾ ਵੱਲੋਂ ਉੱਭਰ ਰਹੇ ਅਤੇ ਸਥਾਪਤ ਲੇਖਕਾਂ ਨੂੰ ਛਾਪਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਲਈ ਡਾ: ਨਿਰਮਲ ਸਿੰਘ ਵਧਾਈ ਦੇ ਹੱਕਦਾਰ ਹਨ।

-ਹਰਜਿੰਦਰ ਸਿੰਘ
ਮੋ: 98726-60161

ਗੂੰਗੀ ਚੀਖ਼
ਸ਼ਾਇਰਾ : ਸਿਮਰਨਜੋਤ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96.

'ਗੂੰਗੀ ਚੀਖ਼' ਸਿਮਰਨਜੋਤ ਮਾਨ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਤਕਰੀਬਨ ਨੱਬੇ ਰਚਨਾਵਾਂ ਸ਼ਾਮਿਲ ਹਨ ਤੇ ਇਨ੍ਹਾਂ ਵਿਚ ਬਹੁ-ਗਿਣਤੀ ਗ਼ਜ਼ਲ ਦੀ ਹੈ। ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਰਾ ਕੋਲ ਜਜ਼ਬਾਤ ਤੇ ਵਲਵਲਿਆਂ ਦਾ ਇਕ ਅਸੀਮ ਸਾਗਰ ਹੈ ਤੇ ਜਵਾਰਭਾਟੇ ਸਮੇਂ ਇਸ 'ਚੋਂ ਕਵਿਤਾਵਾਂ ਰੂਪੀ ਸਿੱਪੀਆਂ ਤੇ ਸੰਖ ਬਾਹਰ ਨਿਕਲਦੇ ਹਨ। ਉਹ ਸਭ ਕੁਝ ਜਾਣਦਿਆਂ ਹੋਇਆਂ ਵੀ ਆਪਣੇ ਆਪ ਨੂੰ ਬੁਝਾਰਤ ਸਮਝਦੀ ਹੈ ਜਿਸ ਨੂੰ ਅਜੇ ਤਕ ਬੁੱਝਿਆ ਨਹੀਂ ਗਿਆ। ਉਹ ਖ਼ੁਦ ਨੂੰ ਗੂੰਗੀ ਚੀਖ਼ ਸਮਝਦੀ ਹੈ ਜੋ ਆਪਣੇ ਪਿਆਰੇ ਦੇ ਸਾਥ ਵਿਚ ਨਗ਼ਮਾ ਬਣ ਜਾਂਦੀ ਹੈ। ਆਪਣੀ ਤਨਹਾਈ ਵਿਚ ਉਹ ਖ਼ੁਦ ਨੂੰ ਹੀ ਆਵਾਜ਼ਾਂ ਮਾਰਦੀ ਹੈ ਤੇ ਉਸ ਕੋਲੋਂ ਇਕ ਹੰਝੂ ਦਾ ਭਾਰ ਵੀ ਚੁੱਿਕਆ ਨਹੀਂ ਜਾਂਦਾ। ਉਹ ਯਾਦਾਂ ਵਿਚ ਵਸਦੇ ਪਿਆਰੇ ਨੂੰ ਕਰੀਬ ਬੈਠਾ ਮਹਿਸੂਸ ਕਰਦੀ ਹੈ ਤੇ ਕਲਪਨਾ ਵਿਚ ਉਸ ਨੂੰ ਨਿਹਾਰਦੀ ਹੈ ਤੇ ਉਸ ਨਾਲ ਸੰਵਾਦ ਰਚਾਉਂਦੀ ਹੈ। ਸਿਮਰਨਜੋਤ ਮਾਨ ਦੀ ਸ਼ਾਇਰੀ ਦਰਦ ਦੀ ਸ਼ਾਇਰੀ ਹੈ ਜਿਸ ਦਾ ਮੁੱਖ ਆਧਾਰ ਪਿਆਰ ਹੈ। ਸ਼ਾਇਰਾ ਕੋਲ ਖ਼ਿਆਲ ਹਨ, ਸ਼ਬਦ ਹਨ ਤੇ ਇਨ੍ਹਾਂ ਨੂੰ ਤਰਤੀਬ ਦੇਣ ਦੀ ਜੁਗਤ ਵੀ ਹੈ। ਆਪਣੀ ਪਹਿਲੀ ਪੁਸਤਕ ਵਿਚ ਹੀ ਸਿਮਰਨਜੋਤ ਮਾਨ ਨੇ ਦਰਸਾ ਦਿੱਤਾ ਹੈ ਕਿ ਆਉਣ ਵਾਲੇ ਵਕਤ ਵਿਚ ਉਹ ਹੋਰ ਪੱਕੇ ਪੈਰੀਂ ਸਾਹਿਤਕ ਖ਼ੇਤਰ ਵਿਚ ਉਤਰੇਗੀ। ਅਜੋਕੇ ਪੰਜਾਬੀ ਸਾਹਿਤ ਵਿਚ ਥਾਂ ਬਣਾਉਣ ਲਈ ਮਾਨ ਨੂੰ ਅਜੇ ਤਕਨੀਕੀ ਅਧਿਐਨ ਹੋਰ ਲੋੜੀਂਦਾ ਹੈ। ਕਈ ਜਗ੍ਹਾ ਕਾਫ਼ੀਏ ਦੀਆਂ ਗੰਭੀਰ ਗ਼ਲਤੀਆਂ ਹਨ ਜੋ ਥੋੜ੍ਹੀ ਮਿਹਨਤ ਨਾਲ ਦੂਰ ਹੋ ਸਕਦੀਆਂ ਸਨ। ਕਿਤੇ-ਕਿਤੇ ਬਹਿਰਾਂ ਦਾ ਤਵਾਜ਼ਨ ਵੀ ਵਿਗੜਿਆ ਹੈ। ਭਾਵੇਂ ਬਹੁਤੀਆਂ ਰਚਨਾਵਾਂ ਪਾਠਕ ਨੂੰ ਪ੍ਰਭਾਵਿਤ ਕਰਦੀਆਂ ਹਨ ਪਰ ਕਿਤੇ ਕਿਤੇ ਉਸ ਨੇ ਅਵੇਸਲਾਪਨ ਵਰਤਿਆ ਹੈ ਤੇ ਕਿਸੇ ਸਮਰੱਥ ਸ਼ਾਇਰ ਦੀ ਅਗਵਾਈ ਸ਼ਾਇਰਾ ਦੀਆਂ ਰਚਨਾਵਾਂ ਨੂੰ ਹੋਰ ਮੁੱਲਵਾਨ ਬਣਾ ਸਕਦੀ ਸੀ। ਉਂਝ ਇਹ ਪੁਸਤਕ ਸਿਮਰਨਜੋਤ ਮਾਨ ਦੀ ਸੰਭਾਵਨਾਵਾਂ ਭਰਪੂਰ ਪੁਸਤਕ ਹੈ ਤੇ ਭਵਿੱਖ ਵਿਚ ਉਸ ਤੋਂ ਹੋਰ ਬਿਹਤਰ ਸ਼ਾਇਰੀ ਦੀ ਆਸ ਰੱਖੀ ਜਾ ਸਕਦੀ ਹੈ। ਪੁਸਤਕ ਵਿਚ ਕੋਈ ਮੁੱਖ ਬੰਦ ਨਹੀਂ ਹੈ ਤੇ ਸ਼ਾਇਰਾ ਸਬੰਧੀ ਕੋਈ ਵਿਸ਼ੇਸ਼ ਜਾਣਕਾਰੀ ਇਸ ਪੁਸਤਕ 'ਚੋਂ ਨਹੀਂ ਮਿਲਦੀ।

-ਗੁਰਦਿਆਲ ਰੌਸ਼ਨ
ਮੋ: 9988444002

ਕਿੱਸਾ ਦੁੱਲਾ ਭੱਟੀ
(ਕਿਸ਼ਨ ਸਿੰਘ ਰਚਿਤ)
ਸੰਪਾਦਕ : ਬਿਕਰਮ ਸਿੰਘ ਘੁੰਮਣ ਅਤੇ ਚਰਨਜੀਤ ਸਿੰਘ ਗੁਮਟਾਲਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 112.

ਦਾਮੋਦਰ ਨਾਲ ਸ਼ੁਰੂ ਹੋਈ ਪੰਜਾਬੀ ਕਿੱਸਾ-ਕਾਵਿ ਧਾਰਾ ਵਿਚ ਪ੍ਰੇਮ, ਬੀਰਤਾ ਤੇ ਭਗਤੀ ਦੇ ਤਿੰਨੇ ਰੰਗਾਂ ਦੇ ਕਿੱਸੇ ਵੱਡੀ ਗਿਣਤੀ ਵਿਚ ਪ੍ਰਾਪਤ ਹਨ। ਦੁੱਲਾ ਭੱਟੀ ਦਾ ਕਿੱਸਾ ਬੀਰਤਾ ਨਾਲ ਸਬੰਧਤ ਵਰਗ ਵਿਚ ਆਉਂਦਾ ਹੈ। ਬਿਕਰਮ ਸਿੰਘ ਘੁੰਮਣ ਅਤੇ ਚਰਨਜੀਤ ਸਿੰਘ ਗੁਮਟਾਲਾ ਵੱਲੋਂ ਸੰਪਾਦਿਤ ਦੁੱਲਾ-ਭੱਟੀ ਦਾ ਇਹ ਕਿੱਸਾ ਕਿਸ਼ਨ ਸਿੰਘ ਦੀ ਰਚਨਾ ਹੈ। ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸੁਧਾਰ ਦੇ ਕਿਸ਼ਨ ਸਿੰਘ ਨੇ ਇਹ 1897 ਈ: ਵਿਚ ਲਿਖਿਆ। ਦੁੱਲਾ ਪੰਜਾਬ ਦਾ ਲੋਕ-ਨਾਇਕ ਹੈ ਜੋ ਸ਼ਾਹੀ ਦਰਬਾਰ ਨਾਲ ਟੱਕਰ ਲੈਂਦੇ ਹੋਏ ਜਾਨ ਗਵਾ ਦਿੰਦਾ ਹੈ ਪਰ ਸਿਰ ਨਹੀਂ ਝੁਕਾਉਂਦਾ। ਅਣਖ ਦਾ ਪ੍ਰਤੀਕ। ਗਰੀਬਾਂ ਦਾ ਰੱਖਿਅਕ। ਕਿਸ਼ਨ ਸਿੰਘ ਨੇ ਪਰੰਪਰਾ ਤੋਂ ਪ੍ਰਾਪਤ ਦੁੱਲੇ ਦੀ ਦੰਤ ਕਥਾ ਨੂੰ ਖਾਸਾ ਬਦਲਿਆ ਹੈ। ਅਕਬਰ ਦਾ ਸਮਾਂ। ਲਾਹੌਰ ਤੋਂ ਬਾਰਾਂ ਕੋਹ 'ਤੇ ਸਾਂਦਰ ਬਾਰ ਦੀ ਭੱਟੀ ਰਾਜਪੂਤਾਂ ਦੀ ਪਿੰਡੀ। ਦੁੱਲੇ ਦੇ ਪਿਓ-ਦਾਦਿਆਂ ਦਾ ਟਿਕਾਣਾ। ਬਾਦਸ਼ਾਹ ਦਾ ਲਗਾਨ ਦੇਣ ਤੋਂ ਨਾਂਹ ਕਰਨ ਉਤੇ ਬਾਦਸ਼ਾਹ ਨੇ ਦੁੱਲੇ ਦੇ ਪਿਤਾ ਨੂੰ ਕਤਲ ਕਰਕੇ ਲਾਸ਼ ਲਾਹੌਰ ਦੇ ਦਰਵਾਜ਼ੇ ਉੱਤੇ ਟੰਗ ਦਿੱਤੀ। ਵਿਧਵਾ ਪਤਨੀ ਨੇ ਕਤਲ ਉਪਰੰਤ ਦੁੱਲਾ ਜੰਮਿਆ। ਉਸੇ ਦਿਨ ਅਕਬਰ ਦੇ ਘਰ ਸ਼ੇਖੂ ਜੰਮਿਆ। ਜੋਤਸ਼ੀਆਂ ਦੇ ਆਖੇ ਲੱਗ ਸ਼ੇਖੂ ਦੁੱਲੇ ਦੀ ਮਾਂ ਲੱਧੀ ਨੂੰ ਪਾਲਣਾ ਹਿਤ ਸੌਂਪਿਆ ਗਿਆ। ਲੱਧੀ ਨੇ ਸ਼ੇਖੂ ਤੇ ਦੁੱਲੇ ਦੋਵਾਂ ਨੂੰ ਦੁੱਧ ਚੁੰਘਾ ਕੇ ਵੱਡਾ ਕੀਤਾ। ਵੱਡਾ ਹੋ ਕੇ ਦੁੱਲਾ ਸ਼ਰਾਰਤੀ ਬਣ ਕੇ ਪਿੰਡ ਦੀਆਂ ਮੁਟਿਆਰਾਂ ਦੇ ਘੜੇ ਭੰਨਦਾ। ਕਿਸੇ ਮੁਟਿਆਰ ਨੇ ਬੋਲੀ ਮਾਰੀ ਕਿ ਏਨਾ ਬਹਾਦਰ ਹੈ ਤਾਂ ਪਿਉ ਦਾ ਬਦਲਾ ਲੈ ਅਕਬਰ ਤੋਂ। ਦੁੱਲਾ ਬਾਗ਼ੀ ਹੋ ਕੇ ਅਕਬਰ ਨਾਲ ਟਕਰਾਇਆ ਤੇ ਮਾਰਿਆ ਗਿਆ। ਸ਼ੇਖੂ ਦਾ ਦਖ਼ਲ, ਦੁੱਲੇ ਦੀਆਂ ਲੁੱਟਾਂ, ਅਕਬਰ ਨਾਲ ਟਕਰਾਅ, ਦੁੱਲੇ ਦੇ ਕਾਰਨਾਮੇ, ਦੁੱਲੇ ਦਾ ਬਚਪਨ, ਮਾਂ, ਪਤਨੀ, ਭੈਣ ਦਾ ਵਿਰਲਾਪ ਕੁਝ ਅਜਿਹੇ ਬਿਰਤਾਂਤਕ ਬਿੰਦੂ ਹਨ, ਜਿਨ੍ਹਾਂ ਉੱਤੇ ਕਿਸ਼ਨ ਸਿੰਘ ਦੀ ਕਲਪਨਾ ਦਾ ਕਮਾਲ ਸਿਖ਼ਰ 'ਤੇ ਹੈ। ਸੰਪਾਦਕਾਂ ਨੇ ਕਿੱਸੇ ਦੀ ਮੂਲ ਸਮੱਸਿਆ ਕਿੱਸੇ ਦੀ ਮੂਲ ਕਥਾ, ਹੋਣੀ ਤੇ ਦੁੱਲਾ, ਬੀਰ ਰਸੀ ਵਰਣਨ ਅਤੇ ਕਿੱਸਾਕਾਰ ਕਿਸ਼ਨ ਸਿੰਘ ਦੀ ਕਿੱਸਾਕਾਰੀ ਦੇ ਵਿਸ਼ਲੇਸ਼ਣ ਦੇ ਨਾਲ-ਨਾਲ ਕਿਸ਼ਨ ਸਿੰਘ ਦੇ ਕਿੱਸਾ ਦਾ ਮੂਲ ਪਾਠ ਦਿੰਦੇ ਹੋਏ ਔਖੇ ਸ਼ਬਦਾਂ ਤੇ ਇਤਿਹਾਸਕ/ਮਿਥਿਹਾਸਕ ਹਵਾਲਿਆਂ ਦੀ ਵਿਆਖਿਆ ਵੀ ਦਿੱਤੀ ਹੈ। ਕਿੱਸੇ ਦੇ ਮੂਲ ਸ੍ਰੋਤ ਤੇ ਕਿੱਸਾਕਾਰ ਦੇ ਜੀਵਨ ਵੇਰਵੇ ਵੀ ਦੇ ਕੇ ਪੁਸਤਕ ਨੂੰ ਹਰ ਪੱਖੋਂ ਸੰਪੂਰਨ ਬਣਾਉਣ ਦਾ ਉੱਦਮ ਸੰਪਾਦਕਾਂ ਨੇ ਕੀਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਦੇਖਿਆ ਸੁਣਿਆ : ਪਿੰਡ ਚਿੱਟੀ
ਖੋਜ ਅਤੇ ਆਲੇਖ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਪੰਜ-ਨਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 200 ਰੁਪਏ, ਸਫ਼ੇ : 228.

ਰੰਗਲੀ ਧਰਤ ਪੰਜਾਬ ਦਾ ਮੁਹਾਂਦਰਾ, ਆਤਮਾ ਅਤੇ ਉਸ ਦਾ ਸਰੀਰ ਉਸ ਦੇ ਪਿੰਡ ਹਨ। ਪਿੰਡਾਂ 'ਚ ਵਸਣ ਵਾਲੇ ਪੰਜਾਬੀਆਂ ਲਈ ਉਨ੍ਹਾਂ ਦੇ ਪਿੰਡ ਉਨ੍ਹਾਂ ਦੀ ਜਾਨ ਹਨ, ਰੂਹ ਹਨ। ਆਪਣੇ ਪਿੰਡਾਂ ਲਈ ਉਨ੍ਹਾਂ ਦਾ ਪਿਆਰ ਬੇਮਿਸਾਲ ਹੈ। ਉੱਘੇ ਬਾਲ-ਸਾਹਿਤਕਾਰ ਆਤਮਾ ਸਿੰਘ ਚਿੱਟੀ ਦੀ ਅਦੁੱਤੀ ਮਿਹਨਤ ਅਤੇ ਲਗਨ ਦੀ ਮਿਸਾਲ ਉਨ੍ਹਾਂ ਦੁਆਰਾ ਆਪਣੇ ਪਿੰਡ ਚਿੱਟੀ, ਜ਼ਿਲ੍ਹਾ ਜਲੰਧਰ ਬਾਰੇ ਲਿਖੀ ਵਿਲੱਖਣ ਪੁਸਤਕ 'ਦੇਖਿਆ ਸੁਣਿਆ : ਪਿੰਡ ਚਿੱਟੀ' ਪੜ੍ਹ ਕੇ, ਮਾਣ ਕੇ ਇਹ ਵਿਚਾਰ ਪੱਕੇ ਸਿੱਧ ਹੋ ਜਾਂਦੇ ਹਨ। ਪਿੰਡ ਚਿੱਟੀ ਜਿਸ ਨੂੰ ਪੰਜਾਬ ਦੇ ਦੁਆਬਾ ਖਿੱਤੇ ਦੇ ਇਲਾਕੇ 'ਦੋਨਾ' ਦਾ ਦਰਵਾਜ਼ਾ ਕਹਾਉਣ ਦਾ ਮਾਣ ਹਾਸਲ ਹੈ। ਜਲੰਧਰ-ਨਕੋਦਰ ਸੜਕ 'ਤੇ ਪੈਂਦੇ ਪ੍ਰਸਿੱਧ ਪਿੰਡ ਲਾਂਬੜਾ ਦੇ ਅੱਡੇ ਤੋਂ ਸਾਢੇ ਪੰਜ ਕਿਲੋਮੀਟਰ ਦੇ ਫਾਸਲੇ 'ਤੇ ਪੱਛਮ ਵੱਲ ਵਸਿਆ ਹੋਇਆ ਹੈ। ਇਸ ਪਿੰਡ ਦੇ ਇਤਿਹਾਸ, ਇਸ ਵਿਚ ਵਸਦੇ ਵਸਨੀਕਾਂ ਦੇ ਪਿਛੋਕੜ ਬਾਰੇ ਲੇਖਕ ਆਤਮਾ ਸਿੰਘ ਚਿੱਟੀ ਨੇ ਪੂਰੀ ਤਫ਼ਸੀਲ ਨਾਲ ਲਿਖਿਆ ਹੈ। ਇਸ ਪਿੰਡ ਦੇ ਆਜ਼ਾਦੀ ਘੁਲਾਟੀਆਂ ਬਾਰੇ, ਵੱਖ-ਵੱਖ ਮੋਰਚਿਆਂ 'ਚ ਭਾਗ ਲੈ ਕੇ ਕੁਰਬਾਨੀਆਂ ਕਰਨ ਵਾਲੇ ਆਪਣੇ ਨਗਰ ਚਿੱਟੀ ਦੇ ਉਨ੍ਹਾਂ ਮਹਾਨ ਲੋਕਾਂ ਬਾਰੇ ਉਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲਿਖਿਆ ਹੈ। ਆਪਣੇ ਇਸ ਨਗਰ ਦੇ ਵੱਖ-ਵੱਖ ਪਾਸਿਆਂ ਅਤੇ ਪੱਤੀਆਂ ਬਾਰੇ, ਧਾਰਮਿਕ ਅਸਥਾਨਾਂ ਬਾਰੇ ਲਿਖਦਿਆਂ ਲੇਖਕ ਸ: ਆਤਮਾ ਸਿੰਘ ਚਿੱਟੀ ਪਾਠਕ ਨੂੰ ਉਂਗਲ ਫੜ ਕੇ ਨਾਲ-ਨਾਲ ਤੋਰਦਾ ਮਹਿਸੂਸ ਹੁੰਦਾ ਹੈ। ਲੇਖਕ ਨੇ ਕੋਈ ਅਜਿਹਾ ਨੁਕਤਾ ਨਹੀਂ ਛੱਡਿਆ, ਜਿਸ ਦਾ ਇਸ ਪੁਸਤਕ ਵਿਚ ਜ਼ਿਕਰ ਨਹੀਂ। ਪਿੰਡ ਦਾ ਕੋਈ ਵੀ ਜੀਅ ਜਿਸ ਨੇ ਕੋਈ ਵੀ ਨੇਕ ਭਲਾ ਜਾਂ ਸਿਫ਼ਤ ਭਰਪੂਰ ਕੰਮ ਕੀਤਾ ਹੈ, ਉਸ ਬਾਰੇ ਭਲੀ-ਭਾਂਤ ਵੇਰਵੇ ਦਰਜ ਕੀਤੇ ਗਏ ਹਨ, ਫਿਰ ਭਾਵੇਂ ਉਹ ਪਿੰਡ ਦੇ ਵਿਦੇਸ਼ਾਂ 'ਚ ਵਸਦੇ ਲੋਕ ਹਨ ਜਾਂ ਰਾਮਗੜ੍ਹੀਆ ਬਰਾਦਰੀ ਦੇ ਲੋਕ ਹਨ। ਖਾਸੀਅਤ ਇਹ ਹੈ ਕਿ ਉਸ ਨੇ ਪਿੰਡ 'ਚ ਵਸਦੇ ਹਰੇਕ ਭਾਈਚਾਰੇ ਦੇ ਲੋਕਾਂ ਅਤੇ ਉਨ੍ਹਾਂ ਦੇ ਕਿੱਤਿਆਂ ਬਾਰੇ, ਉਨ੍ਹਾਂ ਦੇ ਯੋਗਦਾਨ ਬਾਰੇ ਭਰਪੂਰ ਸ਼ਬਦਾਂ ਵਿਚ ਲਿਖਿਆ ਹੈ। ਪਿੰਡ ਦੇ ਤਕਰੀਬਨ ਸਾਰੇ ਧਾਰਮਿਕ ਅਸਥਾਨਾਂ ਦੀ ਮਹੱਤਤਾ ਅਤੇ ਮਾਨਤਾ ਬਾਰੇ ਤਾਂ ਉਸ ਦਾ ਜ਼ਿਕਰ ਕੀਤਾ ਹੀ ਹੈ, ਨਾਲ ਹੀ 'ਸਮਾਜ ਸੁਧਾਰਕ ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਦਾਸ ਦੀ ਇਲਾਕੇ ਨੂੰ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਰੂਹਾਨੀਅਤ ਨੂੰ ਸੀਸ ਝੁਕਾਇਆ ਹੈ। ਇਸ ਪੁਸਤਕ ਦੀ ਤਿਆਰੀ ਹਿਤ ਡਾ: ਨਿਰਮਲ ਸਿੰਘ ਸੇਵਾਦਾਰ ਪੰਜਾਬ ਸੱਥ ਅਤੇ ਹੋਰਨਾਂ ਸਹਿਯੋਗੀਆਂ ਦਾ ਵੀ ਉਸ ਨੇ ਭਰਪੂਰ ਜ਼ਿਕਰ ਕੀਤਾ। ਇਹ ਪੁਸਤਕ ਪੜ੍ਹ ਕੇ ਇਹ ਵਿਚਾਰ ਮਨ ਵਿਚ ਸ਼ਿੱਦਤ ਨਾਲ ਉੱਭਰਦਾ ਹੈ ਕਿ ਹਰ ਪਿੰਡ ਬਾਰੇ ਅਜਿਹੀ ਪੁਸਤਕ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਹੀ ਇਸ ਪੁਸਤਕ ਦੀ ਸਹੀ ਅਹਿਮੀਅਤ ਦਾ ਪਤਾ ਲਗਦਾ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

01-02-2014

 ਨਿੱਕੇ ਪੈਰ ਕੰਡਿਆਲੇ ਰਾਹ
(ਭਾਗ ਇਕ ਅਤੇ ਦੋ)
ਸੰਪਾਦਕ : ਡਾ: ਚਰਨਜੀਤ ਸਿੰਘ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 400+400 ਰੁਪਏ,
ਸਫ਼ੇ : 308+320=628.

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪ੍ਰਤੀਕ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ, ਉਸ ਨੂੰ ਪ੍ਰਚਾਰਨ-ਪ੍ਰਸਾਰਨ ਅਤੇ ਅਜੋਕੇ ਜਟਿਲ ਪ੍ਰਦੂਸ਼ਿਤ ਸਮਾਜਿਕ ਵਰਤਾਰਿਆਂ ਦੇ ਪ੍ਰਸੰਗ ਵਿਚ ਉਸ ਦੀ ਸਾਰਥਕਤਾ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਤੇ ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ 'ਪੰਜਾਬੀ ਸੱਥ' ਲਾਂਬੜਾ ਬਹੁਤ ਅਹਿਮ ਤੇ ਪ੍ਰਸੰਸਾਯੋਗ ਯੋਗਦਾਨ ਪਾ ਰਹੀ ਹੈ। ਇਸ ਸਬੰਧ ਵਿਚ ਸਾਹਿਤਕ ਖੇਤਰ ਵਿਚ ਇਸ ਦਾ ਯੋਗਦਾਨ ਵਿਸ਼ੇਸ਼ ਤੌਰ 'ਤੇ ਉਲੇਖਯੋਗ ਹੈ। ਵੱਖ-ਵੱਖ ਵਿਸ਼ਿਆਂ ਤੇ ਸਰੋਕਾਰਾਂ ਨੂੰ ਲੈ ਕੇ ਇਸ ਨੇ ਅਨੇਕਾਂ ਅਜਿਹੀਆਂ ਪੁਸਤਕਾਂ ਨੂੰ ਸੰਪਾਦਿਤ-ਪ੍ਰਕਾਸ਼ਿਤ ਕਰਵਾਇਆ ਹੈ ਕਿ ਜੋ ਸਾਹਿਤਕ, ਸਮਾਜਿਕ, ਸੱਭਿਆਚਾਰਕ, ਖੋਜ, ਇਤਿਹਾਸ, ਆਲੋਚਨਾ ਤੇ ਸੰਪਾਦਨ ਦੇ ਪੱਖ ਤੋਂ ਇਤਿਹਾਸਕ ਮਹੱਤਵ ਦੀਆਂ ਸੂਚਕ ਹੋ ਨਿੱਬੜਦੀਆਂ ਹਨ। ਅਜਿਹੀ ਹੀ ਇਕ ਪੁਸਤਕ ਡਾ: ਚਰਨਜੀਤ ਸਿੰਘ ਦੁਆਰਾ ਸੰਪਾਦਿਤ 'ਨਿੱਕੇ ਪੈਰ ਕੰਡਿਆਲੇ ਰਾਹ' (2012) ਸਾਡੇ ਸਾਹਮਣੇ ਹੈ, ਜਿਸ ਦੇ ਦੋਵਾਂ ਭਾਗਾਂ ਵਿਚ ਬਾਲ ਮਨੋਵਿਗਿਆਨ 'ਤੇ ਆਧਾਰਿਤ ਸੌ ਪੰਜਾਬੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬ ਦੀ ਦਰਦਨਾਕ ਵੰਡ ਨਾਲ ਸਬੰਧਤ ਕਹਾਣੀਆਂ ਦੇ ਦੋ ਪਰਾਗੇ 'ਦਰਦਮੰਦਾਂ ਦੀਆਂ ਆਹੀਂ' ਪੁਸਤਕਾਂ ਦੇ ਰੂਪ ਵਿਚ ਅਤੇ ਬਾਲ ਕਹਾਣੀਆਂ ਦੀ ਇਕ ਪੁਸਤਕ 'ਬਾਤ ਪਾਵਾਂ ਬਤੋਲੀ ਪਾਵਾਂ' ਵੀ ਪੰਜਾਬੀ ਸੱਥ ਦੁਆਰਾ ਪੰਜਾਬੀ ਜਗਤ ਨੂੰ ਭੇਟ ਕੀਤੀ ਜਾ ਚੁੱਕੀ ਹੈ। ਸੱਥ ਦੁਆਰਾ ਇਸ ਕਿਸਮ ਦਾ ਕੀਤਾ ਗੰਭੀਰ ਖੋਜ ਕਾਰਜ ਇਸ ਤੱਥ ਦਾ ਸੂਚਕ ਹੈ ਕਿ ਨਿਰਸਵਾਰਥ ਤੇ ਨਿਰੋਲ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੀਆਂ ਭਾਈਚਾਰਕ ਸੰਸਥਾਵਾਂ ਅਕਸਰ ਉਹ ਕਾਰਜ ਕੁਝ ਹੀ ਵਰ੍ਹਿਆਂ ਵਿਚ ਕਰ ਦਿੰਦੀਆਂ ਹਨ, ਜਿਹੜਾ ਕਿ ਇਸ ਮਕਸਦ ਲਈ ਸਥਾਪਿਤ ਸਰਕਾਰੀ ਅਦਾਰੇ ਦਹਾਕਿਆਂ ਵਿਚ ਵੀ ਨਹੀਂ ਕਰ ਪਾਉਂਦੇ।
ਇਹ ਪੁਸਤਕ ਅਨੇਕ ਪੱਖਾਂ ਤੋਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ। ਪਹਿਲਾ, ਡਾ: ਚਰਨਜੀਤ ਸਿੰਘ ਨੇ ਸੰਪਾਦਨ ਕਾਰਜ ਬਹੁਤ ਹੀ ਮਿਹਨਤ, ਸਿਰੜ, ਲਗਨ ਤੇ ਦੀਰਘ ਸਾਹਿਤਕ ਸੂਝ-ਸਮਝ ਨਾਲ ਕੀਤਾ ਹੈ। ਉਸ ਨੇ ਵਿਸ਼ੇ ਅਨੁਕੂਲ ਕਹਾਣੀ ਦੀ ਚੋਣ ਕਰਨ ਲੱਗਿਆਂ ਉਸ ਦੇ ਕਲਾਤਮਿਕ ਮੁੱਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਇਹੀ ਕਾਰਨ ਹੈ ਕਿ ਭਾਬੀ ਮੈਨਾ (ਗੁਰਬਖਸ਼ ਸਿੰਘ ਪ੍ਰੀਤਲੜੀ), ਬਾਗੀ ਦੀ ਧੀ (ਗੁਰਮੁੱਖ ਸਿੰਘ 'ਮੁਸਾਫ਼ਿਰ'), ਪੇਮੀ ਦੇ ਨਿਆਣੇ (ਸੰਤ ਸਿੰਘ ਸੇਖੋਂ), ਬਾਗਾਂ ਦਾ ਰਾਖਾ (ਸੁਜਾਨ ਸਿੰਘ), ਉਹ ਸੋਚਦੀ (ਦਲੀਪ ਕੌਰ ਦਿਵਾਣਾ) ਤੇ ਕਾਲਾ ਬਾਪ-ਗੋਰਾ ਬਾਪ (ਮਹੀਪ ਸਿੰਘ) ਆਦਿ ਪੰਜਾਬੀਆਂ ਦੇ ਚੇਤੇ ਵਿਚ ਸਦੀਵੀ ਤੌਰ 'ਤੇ ਵਸੀਆਂ ਕਹਾਣੀਆਂ ਇਸ ਸੰਗ੍ਰਹਿ ਵਿਚ ਸੁਭਾਵਿਕ ਹੀ ਸ਼ਾਮਿਲ ਹੋ ਗਈਆਂ ਹਨ। ਦੂਜਾ, ਇਸ ਸੰਗ੍ਰਹਿ ਵਿਚ 4-5 ਪੀੜ੍ਹੀਆਂ ਦੇ ਸਾਰੇ ਹੀ ਪ੍ਰਮੁੱਖ ਕਹਾਣੀਕਾਰ ਸ਼ਾਮਿਲ ਹੋਣ ਕਰਕੇ ਸਾਹਿਤਕ ਇਤਿਹਾਸਕਾਰੀ ਤੇ ਖੋਜ ਦੇ ਪੱਖ ਤੋਂ ਇਸ ਦਾ ਮੁੱਲ ਬਹੁਤ ਹੈ। ਇਸ ਤਰ੍ਹਾਂ ਇਸ ਨੂੰ ਸਮੁੱਚੀ ਕਹਾਣੀ ਦਾ ਪ੍ਰਤੀਨਿਧ ਕਹਾਣੀ ਸੰਗ੍ਰਹਿ ਵੀ ਕਿਹਾ ਜਾ ਸਕਦਾ ਹੈ। ਤੀਜਾ, ਇਸ ਪ੍ਰਤੀਨਿਧਤਾ ਦੇਗੁਣ ਕਾਰਨ ਇਸ ਆਧਾਰ 'ਤੇ ਪੰਜਾਬੀ ਕਹਾਣੀ ਦੇ ਸਮੁੱਚੇ ਕਹਾਣੀ-ਸ਼ਾਸਤਰ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਚੌਥਾ, ਵੱਖ-ਵੱਖ ਉਮਰ ਦੇ ਬਾਲਾਂ ਦੀ ਮਨੋ ਅਵਸਥਾ ਜਾਂ ਸਮੁੱਚੇ ਬਾਲ ਮਨੋਵਿਗਿਆਨ ਬਾਰੇ ਇਸ ਪੁਸਤਕ ਦੇ ਆਧਾਰ 'ਤੇ ਮਹੱਤਵਪੂਰਨ ਖੋਜ ਹੋ ਸਕਦੀ ਹੈ। ਅਸੀਂ ਵੱਡੇ 'ਗਿਆਨੀ' ਤੇ 'ਵਿਦਵਾਨ' ਬਣ ਜਾਂਦੇ ਹਾਂ ਪਰ ਬੱਚਿਆਂ ਦੇ ਮਨ ਤੱਕ ਪਹੁੰਚਦੇ ਹੀ ਨਹੀਂ। ਸੋ, ਹਰ ਉਮਰ, ਹਰ ਵਰਗ, ਸਾਹਿਤਕ-ਅਸਾਹਿਤਕ, ਬੁੱਧੀਜੀਵੀ ਜਾਂ ਆਮ ਪਾਠਕ, ਗੱਲ ਕੀ ਹਰ ਪ੍ਰਕਾਰ ਦੇ ਪਾਠਕ ਲਈ ਅਜਿਹੀ ਪੁਸਤਕ ਪੜ੍ਹਨੀ ਲੋੜੀਂਦੀ ਹੈ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

ਪੰਜਾਬੀ ਲੋਕ ਗੀਤ
ਵਿਹਾਰਕ ਅਧਿਐਨ
ਲੇਖਕ : ਮੁਖਬੈਨ ਸਿੰਘ
ਪ੍ਰਕਾਸ਼ਕ : ਵਾਰਿਸ ਸ਼ਾਹ, ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 112.

ਲੋਕ ਸਾਹਿਤ ਕਿਸੇ ਵੀ ਸਮਾਜ ਨਾਲ ਸਬੰਧਤ ਮਨੁੱਖੀ ਸਮੂਹਾਂ ਦੀਆਂ ਸੱਧਰਾਂ, ਰਸਮਾਂ-ਰਿਵਾਜਾਂ, ਵਿਸ਼ਵਾਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕਰਦਾ ਹੈ। ਇਸ ਸਾਹਿਤ ਦੀ ਇਕ ਲੰਮੀ ਪਰੰਪਰਾ ਹੈ। ਅਜੋਕੇ ਦੌਰ ਵਿਚ ਲੋਕ-ਸਾਹਿਤ ਦਾ ਅਧਿਐਨ ਬੜੇ ਮਹੱਤਵਪੂਰਨ ਸਥਾਨ 'ਤੇ ਪਹੁੰਚ ਚੁੱਕਾ ਹੈ। ਹਥਲੀ ਪੁਸਤਕ ਲੋਕ ਸਾਹਿਤ ਦੇ ਮਹੱਤਵਪੂਰਨ ਅੰਗ ਲੋਕ-ਗੀਤ ਦਾ ਵਿਹਾਰਕ ਅਧਿਐਨ ਅਤੇ ਇਸ ਅਧਿਐਨ ਦੀਆਂ ਵਿਧੀਆਂ ਨੂੰ ਪੇਸ਼ ਕਰਦੀ ਹੈ। ਮੁਖਬੈਨ ਸਿੰਘ ਨੇ ਕਰੀਬ ਇਕ ਦਰਜਨ ਲੋਕ ਗੀਤਾਂ ਦੀ ਵਿਹਾਰਕ ਆਲੋਚਨਾ ਕੀਤੀ ਹੈ, ਜਿਨ੍ਹਾਂ ਵਿਚੋਂ ਲੋਰੀ, ਸੁਰਾਗ, ਵਿਆਹ ਨਾਲ ਸਬੰਧਤ ਗੀਤ, ਲੋਕ ਗਾਥਾਵਾਂ ਆਦਿ ਨਾਲ ਸਬੰਧਤ ਲੋਕ ਗੀਤ ਹਨ। ਲੇਖਕ ਨੇ ਇਨ੍ਹਾਂ ਲੋਕ-ਗੀਤਾਂ ਦਾ ਵਿਸ਼ਲੇਸ਼ਣ ਸਮਾਜਿਕ ਚੇਤਨਾ ਦੇ ਸੰਦਰਭ ਵਿਚ ਕੀਤਾ ਹੈ। ਉਹ ਆਪਣੇ ਅਧਿਐਨ ਨੂੰ ਵਧੇਰੇ ਕਰਕੇ ਮਾਨਵ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਕੇਂਦਰਿਤ ਕਰਦਾ ਹੈ। ਉਸ ਅਨੁਸਾਰ ਇਸ ਨਵੀਂ ਚੇਤਨਾ ਨਾਲ ਲੋਕਧਾਰਾ ਦੇ ਅਧਿਐਨ ਦੇ ਨਵੇਂ ਆਯਾਮ ਪ੍ਰਦਾਨ ਕੀਤੇ ਹਨ, ਜਿਨ੍ਹਾਂ ਵਿਚੋਂ ਸਮਾਜਿਕ ਵਿਗਿਆਨਾਂ ਦੀ ਭੂਮਿਕਾ ਵਧੇਰੇ ਮਹੱਤਵਪੂਰਨ ਰਹੀ ਹੈ। ਬੜੀ ਮਿਹਨਤ ਨਾਲ ਲੋਕ-ਗੀਤਾਂ ਦਾ ਵਿਹਾਰਕ ਅਧਿਐਨ ਕੀਤਾ ਗਿਆ ਹੈ। ਇਨ੍ਹਾਂ ਲੋਕ-ਗੀਤਾਂ ਦੇ ਉਦੇਸ਼, ਸਿਰਜਣਾ ਦੀਆਂ ਪ੍ਰਸਥਿਤੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਏ ਅਰਥਾਂ/ਭਾਵਨਾਵਾਂ ਨੂੰ ਵਿਚਾਰਿਆ ਗਿਆ ਹੈ। ਲੋਕਧਾਰਾ ਦੇ ਖੇਤਰ ਵਿਚ ਅਜਿਹੇ ਨਿੱਗਰ ਕਾਰਜ ਦੀ ਜ਼ਰੂਰਤ ਹੈ। ਲੋਕਧਾਰਾ ਦੇ ਖੇਤਰ ਵਿਚ ਰੁਚੀ ਰੱਖਣ ਵਾਲੇ ਪਾਠਕਾਂ/ਵਿਦਿਆਰਥੀਆਂ ਲਈ ਇਹ ਪੁਸਤਕ ਲਾਹੇਵੰਦ ਹੈ।

-ਹਰਪ੍ਰੀਤ ਹੁੰਦਲ
ਮੋ: 94636-84511.

ਭਗਤ ਸਿੰਘ ਅਤੇ ਸਾਥੀ
ਲੇਖਕ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 128.

ਆਜ਼ਾਦੀ ਦੇ ਕ੍ਰਾਂਤੀਕਾਰੀ ਨਾਇਕ ਭਗਤ ਸਿੰਘ ਬਾਰੇ ਬਹੁਤ ਕੁਝ ਛਪਦਾ ਰਹਿੰਦਾ ਹੈ। ਨੌਜਵਾਨ ਦਿਲਾਂ ਦੀ ਧੜਕਣ ਹੈ ਭਗਤ ਸਿੰਘ। ਉਸ ਬਾਰੇ ਉਸ ਦੇ ਸਾਥੀਆਂ ਤੇ ਗਤੀਵਿਧੀਆਂ ਬਾਰੇ ਵੱਧ ਤੋਂ ਵੱਧ ਜਾਣਨ ਦੀ ਭੁੱਖ ਰਹਿੰਦੀ ਹੈ ਉਨ੍ਹਾਂ ਨੂੰ। ਮਲਵਿੰਦਰ ਜੀਤ ਸਿੰਘ ਵੜੈਚ ਦੀ ਇਹ ਪੁਸਤਕ ਇਸੇ ਜਗਿਆਸਾ ਦੀ ਪੂਰਤੀ ਕਰਦੀ ਹੈ। ਵੜੈਚ ਸਾਹਿਤ, ਇਤਿਹਾਸ, ਰਾਜਨੀਤੀ ਤੇ ਸਮਾਜ ਸ਼ਾਸਤਰ ਦਾ ਵਿਦਵਾਨ ਹੈ। ਸਾਰੀ ਉਮਰ ਅਧਿਆਪਨ ਉਪਰੰਤ ਉਸ ਨੇ ਲਾਅ ਕਰਕੇ ਵਕਾਲਤ ਸ਼ੁਰੂ ਕੀਤੀ। ਆਜ਼ਾਦੀ ਸੰਗਰਾਮੀਆਂ, ਗ਼ਦਰੀਆਂ ਤੇ ਸ਼ਹੀਦਾਂ ਨਾਲ ਸਬੰਧਤ ਕੇਸ ਲੜਦੇ-ਲੜਦੇ ਉਸ ਇਨ੍ਹਾਂ ਬਾਰੇ ਭਾਂਤ-ਭਾਂਤ ਦੇ ਮੂਲ ਸ੍ਰੋਤ ਤੇ ਦਸਤਾਵੇਜ਼ ਘੋਖੇ। ਇਸ ਅਧਿਐਨ ਅਤੇ ਉਮਰ ਭਰ ਨੌਜਵਾਨ ਵਿਦਿਆਰਥੀਆਂ ਦੇ ਸਾਥ ਨੇ ਉਸ ਨੂੰ ਇਸ ਖੇਤਰ ਦੇ ਇਕ ਹਰਮਨ-ਪਿਆਰੇ ਲੇਖਕ ਵਜੋਂ ਸਥਾਪਿਤ ਕੀਤਾ ਹੈ। ਇਕ ਅਜਿਹੇ ਲੇਖਕ ਵਜੋਂ, ਜਿਸ ਕੋਲ ਕਹਿਣ ਨੂੰ ਕੁਝ ਨਵਾਂ ਵੀ ਹੈ ਅਤੇ ਉਸ ਨੂੰ ਪੇਸ਼ ਕਰਨ ਦੀ ਜਾਚ ਵੀ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਬਾਰੇ ਪ੍ਰੋ: ਵੜੈਚ ਦੀ ਇਹ ਕਿਤਾਬ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਵੋਹਰਾ, ਦੁਰਗਾ ਭਾਬੀ, ਸੁਸ਼ੀਲਾ ਦੀਦੀ, ਚੰਦਰ ਸ਼ੇਖ਼ਰ ਆਜ਼ਾਦ, ਕਿਸ਼ੋਰੀ ਲਾਲ, ਰਾਜਾ ਰਾਮ ਸ਼ਾਸਤਰੀ, ਸ਼ਿਵ ਵਰਮਾ, ਜੈ ਦੇਵ ਕਪੂਰ, ਰਾਜ ਗੁਰੂ, ਮਾਸਟਰ ਰੁਦਰ ਨਾਰਾਇਣ, ਭਗਵਾਨ ਦਾਸ ਮਾਹੌਰ, ਭਗਵਤੀ ਚਰਨ, ਜਤਿਨ, ਦਾਸ, ਵਿਸ਼ਵ ਨਾਥ ਵੈਸ਼ਮਪਾਇਨ, ਯੋਗੇਸ਼ ਚੈਟਰਜੀ, ਬਟਕੇਸ਼ਵਰ ਦੱਤ, ਉਦੇ ਵੀਰ ਸ਼ਾਸਤਰੀ, ਸੁਰਿੰਦਰ ਨਾਥ ਪਾਂਡੇ, ਯਸ਼ਪਾਲ, ਵੈਦ ਲੇਖ ਰਾਮ ਸ਼ਰਮਾ ਤੇ ਵਿਜੇ ਕੁਮਾਰ ਸਿਨਹਾ ਜਿਹੇ ਕਿੰਨੇ ਹੀ ਲੋਕਾਂ ਦੇ ਭਗਤ ਸਿੰਘ ਨਾਲ ਜੁੜੇ ਨਿੱਕੇ-ਨਿੱਕੇ ਵੇਰਵਿਆਂ ਨਾਲ ਪਾਠਕ ਦੀ ਸਾਂਝ ਪਾਂਦੀ ਹੈ। ਮੇਰੇ ਲਈ ਇਨ੍ਹਾਂ ਵਿਚ ਬਹੁਤ ਕੁਝ ਨਵਾਂ ਸੀ। ਪਾਠਕਾਂ ਨੂੰ ਵੀ ਇਸ ਦਾ ਅਹਿਸਾਸ ਇਸ ਪੁਸਤਕ ਦੇ ਪਾਠ ਉਪਰੰਤ ਜ਼ਰੂਰ ਹੋਵੇਗਾ। ਪ੍ਰੋ: ਵੜੈਚ ਨਿਡਰ, ਨਿਰਪੱਖ, ਤੱਥਾਂ ਤੇ ਮੂਲ ਸ੍ਰੋਤਾਂ ਦੇ ਆਧਾਰ 'ਤੇ ਭਰੋਸੇ ਯੋਗ ਗੱਲ ਕਰਨ ਵਾਲਾ ਲੇਖਕ ਹੈ। ਪੰਜਾਬ ਦੀ ਮਿੱਟੀ, ਇਸ ਦੇ ਵਿਰਸੇ, ਸੱਭਿਆਚਾਰਕ/ਧਾਰਮਿਕ ਵਿਰਸੇ ਅਤੇ ਮਾਨਸਿਕਤਾ ਦੀ ਨਬਜ਼ ਪਛਾਣਦਾ ਹੈ ਉਹ। ਇਸ ਲਈ ਉਹ ਤੰਗ ਨਜ਼ਰ ਸੰਪਰਦਾਇਕਤਾ ਤੋਂ ਉੱਪਰ ਉੱਠ ਕੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਬਾਰੇ ਸੰਤੁਲਿਤ ਤਸਵੀਰ ਪੇਸ਼ ਕਰਨ ਵਿਚ ਸਫ਼ਲ ਰਿਹਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਜੋ ਕਿਛੁ ਕਹਿਣਾ
ਲੇਖਕ : ਹਰਕੰਵਲਜੀਤ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112.

ਇਹ ਤੀਜੀ ਪੁਸਤਕ ਹੈ ਹਰਕੰਵਲਜੀਤ ਸਾਹਿਬ ਦੀ। ਇਸ ਤੋਂ ਪਹਿਲਾਂ ਇਕ ਨਾਟਕ ਪੁਸਤਕ ਇਸੁ ਗਰਬ ਤੇ ਚਲਿਹ ਬਹੁਤੁ ਵਿਕਾਰਾ ਅਤੇ ਕਵਿਤਾਵਾਂ ਦੀ ਪੁਸਤਕ-ਸ਼ਬਦ ਅਸ਼ਬਦ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਪ੍ਰਵਾਸ ਹੰਢਾਉਂਦਿਆਂ ਮਾਤ ਭਾਸ਼ਾ ਦੀ ਸੇਵਾ ਆਪਣੇ-ਆਪ ਵਿਚ ਵਡਮੁੱਲਾ ਯੋਗਦਾਨ ਹੈ। ਪ੍ਰਵਾਸ ਗ੍ਰਸਤ ਬਹੁਤੇ ਲੇਖਕ ਪ੍ਰਵਾਸ ਦਾ ਦਰਦ, ਆਪਣੀ ਧਰਤੀ ਦਾ ਮੋਹ, ਆਦਿ ਨੂੰ ਕਵਿਤਾਉਂਦਿਆਂ ਫੋਕੀ ਬਿਆਨਬਾਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹਰਕੰਵਲਜੀਤ ਇਸ ਪੱਖੋਂ ਕਾਫੀ ਸੁਚੇਤ ਤੌਰ 'ਤੇ ਆਪਣੇ ਖਿਆਲਾਂ ਨੂੰ ਕਵਿਤਾਉਂਦਿਆਂ ਕਵਿਤਾ ਦੇ ਮਿਆਰ ਨੂੰ ਬਣਾਈ ਰੱਖਦਾ ਹੈ। ਆਪਣੇ ਹੀ ਅੰਦਰੋਂ ਉੱਧਲ ਗਈ ਰੇਸ਼ਮਾਂ ਦੇ ਮਗਰ ਮਗਰ ਭੱਜਦਾ, ਪਿੰਡਾਂ ਨੂੰ ਸ਼ਹਿਰ, ਸ਼ਹਿਰਾਂ ਨੂੰ ਬਦੇਸ਼ ਤਸੱਵਰਦਾ ਕਿਵੇਂ ਪਹੁੰਚ ਗਿਆ, ਓਧਰੀ ਧਰਤੀ ਤੇ ਅਤੇ ਖ਼ੁਦ ਉੱਧਲ ਗਿਆ ਆਲਮੀ ਹੁਕਮ ਦੀਆਂ ਘੁੰਮਣਘੇਰੀਆਂ ਵਿਚ ਬੱਝਾ। ਜੋ ਕਿਛੁ ਕਹਿਣਾ-ਵਿਚ ਸਾਹਿਲ ਬਹੁਤ ਕੁਝ ਅਜਿਹੇ ਅਣਕਿਹਾ ਛੱਡ ਜਾਂਦਾ ਹੈ, ਜੋ ਪੜ੍ਹਨ ਵਾਲੇ ਦੇ ਦਿਮਾਗ ਵਿਚ ਖੁਰੂਦ ਪੈਦਾ ਕਰਦਾ ਹੈ, ਸੋਚ ਪੈਦਾ ਕਰਦਾ ਹੈ, ਚੁੱਪ 'ਚੋਂ ਸ਼ਬਦਾਂ ਨੂੰ ਜਨਮ ਦਿੰਦਾ ਹੈ ਜਦੋਂ ਉਹ ਕਹਿੰਦਾ ਹੈ। ਮਨਫ਼ੀ ਵੀਹ ਤਾਪਮਾਨ 'ਚ ਇਕੱਲਤਾ, ਆਪਣੇ ਹੀ ਘਰ 'ਚ ਕੈਦ, ਠਰੀਆਂ ਕੰਧਾਂ, ਭਿੜ ਰਹੀਆਂ, ਆਪਣੀ ਹੀ ਸੀਤ ਨਾਲ। ਸਾਹਿਲ ਨੂੰ ਭਾਵੇਂ ਆਪਣੇ ਦਰਦ, ਆਪਣੇ ਖੁੱਲ੍ਹਾ, ਆਪਣੇ ਲੋਕ, ਆਪਣਾ ਵਤਨ, ਆਪਣਾ ਸੱਭਿਆਚਾਰ, ਆਪਣੀਆਂ ਰੁੱਤਾਂ ਆਪਣੇ ਤਿਉਹਾਰ, ਆਪਣੇ ਫੁੱਲ, ਆਪਣੀਆਂ ਫ਼ਸਲਾਂ, ਆਪਣੇ ਸੰਗੀ ਸਾਥੀ, ਕਵਿਤਾਵਾਂ ਬਣ ਬਣ ਨਾਲ-ਨਾਲ ਵਿਚਰਦੇ ਮਹਿਸੂਸ ਹੁੰਦੇ ਰਹਿੰਦੇ ਹਨ ਪਰ ਮਾਂ ਦੀ ਮਮਤਾ, ਮਾਂ ਦਾ ਮੋਹ ਮਾਂ ਦਾ ਆਸ਼ੀਰਵਾਦ ਉਸ ਨੂੰ ਪਲ-ਪਲ ਆਪਣੇ ਅੰਗ-ਸੰਗ ਆਪਣੇ ਨਾਲ-ਨਾਲ ਮਹਿਸੂਸ ਇਸ ਤਰ੍ਹਾਂ ਹੁੰਦਾ ਹੈ। ਸਤੰਬਰ ਦਾ ਤੀਜਾ ਹਫ਼ਤਾ, ਰੁੱਖ ਹੇਠੋਂ ਲੰਘਦਿਆਂ, ਅੱਧ ਪੀਲੇ ਪਏ, ਪੱਤਿਆਂ ਵਾਲੀਆਂ ਟਾਹਣੀਆਂ ਹਿੱਲੀਆਂ, ਮਾਂ ਦਾ ਹੱਥ, ਦੁਆ ਮੇਰੇ ਚਿਹਰੇ ਤੇ, ਫੈਲ ਗਈ, ਜਿਊਣ ਜੋਗਾ ਹੋ ਗਿਆ ਮੈਂ। ਅਜਿਹੀਆਂ ਕਵਿਤਾਵਾਂ ਸਮਾਜਿਕ ਚੇਤਨਾ ਪੈਦਾ ਤਾਂ ਕਰਦੀਆਂ ਹੀ ਹਨ, ਕਵਿਤਾ ਦੇ ਮਿਆਰ ਦੀ ਗਵਾਹੀ ਵੀ ਭਰਦੀਆਂ ਹਨ।

-ਰਜਿੰਦਰ ਪਰਦੇਸੀ
ਮੋ: 93576-41552

ਸੂਲਾਂ ਵਿੰਨ੍ਹੀਆਂ ਰੁੱਤਾਂ
ਸ਼ਾਇਰ : ਰੋਜ਼ੀ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 78.

ਰੋਜ਼ੀ ਸਿੰਘ ਪੰਜਾਬੀ ਕਾਵਿ-ਫੁਲਵਾੜੀ ਦਾ ਨਵਾਂ ਹਸਤਾਖ਼ਰ ਹੈ। 'ਸੂਲਾਂ ਵਿੰਨ੍ਹੀਆਂ ਰੁੱਤਾਂ' ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਉਂਝ ਇਹ ਉਸ ਦੀ ਤੀਸਰੀ ਪੁਸਤਕ ਹੈ। ਰੋਜ਼ੀ ਸਿੰਘ ਭਾਵੇਂ ਆਪਣੀਆਂ ਰਚਨਾਵਾਂ ਨੂੰ ਕੋਈ ਨਾਂਅ ਨਹੀਂ ਦਿੰਦਾ ਪਰ ਇਸ ਪੁਸਤਕ ਵਿਚ ਸ਼ਾਮਿਲ ਤਕਰੀਬਨ 56 ਰਚਨਾਵਾਂ ਵਿਚ ਵਧੇਰੇ ਗ਼ਜ਼ਲ ਦੇ ਕਰੀਬ ਹਨ। ਇਸ ਪੁਸਤਕ ਦੀਆਂ ਬਹੁਤੀਆਂ ਰਚਨਾਵਾਂ ਜਵਾਨ ਸੁਪਨਿਆਂ ਦਾ ਜਲੌਅ ਹਨ ਤੇ ਪਿਆਰ ਆਧਾਰਤ ਹਨ। ਰੋਜ਼ੀ ਸਿੰਘ ਅਮਨ ਦੇ ਰਾਗ 'ਚੋਂ ਤੇ ਮੋਹ ਦੇ ਸਾਉਣ 'ਤੋਂ ਗ਼ਜ਼ਲ ਦੀ ਤਲਾਸ਼ ਕਰਦਾ ਹੈ। ਸ਼ਾਇਰ ਕਾਗਜ਼ ਦੀਆਂ ਤਲਵਾਰਾਂ ਨਾਲ ਲੋਹਾ ਕੱਟ ਰਹੇ ਲੋਕਾਂ 'ਤੇ ਵਿਅੰਗ ਕਰਦਾ ਹੈ ਤੇ ਉਹ ਉਨ੍ਹਾਂ ਨੂੰ ਕੋਈ ਢੁਕਵੀਂ ਜੁਗਤ ਲੜਾਉਣ ਦੀ ਸਲਾਹ ਦਿੰਦਾ ਹੈ। ਰੋਜ਼ੀ ਸਿੰਘ ਦੀਆਂ ਤਕਰੀਬਨ ਸਾਰੀਆਂ ਰਚਨਾਵਾਂ ਵਿਚ ਉਹ ਆਪਣੇ ਪਿਆਰੇ ਨਾਲ ਸੰਬੋਧਨੀ ਸੁਰ ਵਿਚ ਵਾਰਤਾਲਾਪ ਕਰਦਾ ਹੈ ਤੇ ਉਸ ਨਾਲ ਆਪਣੇ ਗਿਲੇ-ਸ਼ਿਕਵੇ ਕਰਕੇ ਸਕੂਨ ਮਹਿਸੂਸ ਕਰਦਾ ਹੈ। ਉਸ ਦੀ ਪਿਆਸ ਅਸੀਮ ਹੈ ਤੇ ਉਹ ਇਸ ਦੀ ਤ੍ਰਿਪਤੀ ਲਈ ਪਿਆਰੇ ਦੇ ਤਰਲੇ ਕਰਦਾ ਹੈ। ਕਿਤੇ-ਕਿਤੇ ਸ਼ਾਇਰ ਨੇ ਲੋਕ ਪੱਖੀ ਸ਼ਿਅਰ ਵੀ ਲਿਖੇ ਹਨ ਪਰ ਉਨ੍ਹਾਂ ਦੀ ਗਿਣਤੀ ਬੜੀ ਥੋੜ੍ਹੀ ਹੈ। ਪੁਸਤਕ ਵਿਚ ਕੁਝ ਗੀਤ ਵੀ ਸ਼ਾਮਿਲ ਹਨ। ਜ਼ਰੂਰਤ ਹੈ ਮੁਰਦਿਆਂ ਵਰਗੀ ਜ਼ਿੰਦਗੀ ਜੀਅ ਰਹੇ ਲੋਕਾਂ ਦੇ ਹੰਝੂ ਪੂੰਝਣ ਦੀ ਤੇ ਉਨ੍ਹਾਂ ਦੇ ਸਪਨਿਆਂ ਨੂੰ ਪਰਵਾਜ਼ ਦੇਣ ਦੀ ਜਿਸ ਦੀ ਲੋੜ ਭਵਿੱਖ ਵਿਚ ਸ਼ਾਇਰ ਮਹਿਸੂਸ ਕਰੇਗਾ ਅਜਿਹੀ ਮੈਨੂੰ ਆਸ ਹੈ। 'ਸੂਲਾਂ ਵਿੰਨ੍ਹੀਆਂ ਰੁੱਤਾਂ' ਦੀਆਂ ਰਚਨਾਵਾਂ ਨੂੰ ਪੜ੍ਹਦਿਆਂ ਇਹ ਜਾਪਦਾ ਹੈ ਕਿ ਜੇ ਰੋਜ਼ੀ ਸਿੰਘ ਕਾਵਿ ਵਿਧਾ ਦੇ ਤਕਨੀਕੀ ਪੱਖ ਵੱਲ ਧਿਆਨ ਦੇਵੇ ਤਾਂ ਉਹ ਇਕ ਵਧੀਆ ਸ਼ਾਇਰ ਬਣ ਸਕਦਾ ਹੈ। ਆਸ ਹੈ ਪੁਸਤਕ ਵਿਚ ਗੁਰਭਜਨ ਗਿੱਲ, ਡਾ: ਅਨੂਪ ਸਿੰਘ ਤੇ ਡਾ: ਕੁਲਦੀਪ ਸਿੰਘ ਧੀਰ ਦੇ ਤਾਰੀਫ਼ੀ ਲੇਖਾਂ ਵੱਲ ਬਹੁਤਾ ਧਿਆਨ ਨਾ ਦੇ ਕੇ ਔਝੜੇ ਰਾਹਾਂ ਨੂੰ ਦ੍ਰਿਸ਼ਟੀ ਗੋਚਰ ਰੱਖੇਗਾ ਤੇ ਆਪਣੀ ਸ਼ਾਇਰੀ ਦੇ ਸਫ਼ਰ ਨੂੰ ਸੁਚੇਤ ਹੋ ਕੇ ਤੈਅ ਕਰੇਗਾ।

-ਗੁਰਦਿਆਲ ਰੌਸ਼ਨ
ਮੋ: 9988444002

ਵਾਰੀ ਆਪੋ ਆਪਣੀ
ਲੇਖਕ : ਪਰੇਮਜੀਤ ਸਿੰਘ ਪੰਧੇਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 140ઠਰੁਪਏ, ਸਫ਼ੇ : 95.

ਪਰੇਮਜੀਤ ਸਿੰਘ ਪੰਧੇਰ ਕਲਕੱਤਾ ਨਿਵਾਸੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਸਾਹਿਤਕ ਖੇਤਰਾਂ ਵਿਚੋਂ ਹੈ। ਕਲਕੱਤੇ ਵਿਚ ਉਹ ਕਾਫੀ ਸਮੇਂ ਤੋਂ ਟਰਾਂਸਪੋਰਟ ਦੇ ਕਿੱਤੇ ਵਿਚ ਹੈ ਜਦੋਂ ਬਲਦੇਵ ਸਿੰਘ ਮੋਗੇ ਤੋਂ ਕਲਕੱਤੇ ਗਿਆ ਸੀ। ਬਲਦੇਵ ਸਿੰਘ ਨੇ ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਲੰਮੇ ਸਮੇ ਤੋਂ ਉਨ੍ਹਾਂ ਦੀ ਸਾਹਿਤਕ ਸਾਂਝ ਹੈ। ਪਰੇਮਜੀਤ ਦੀਆਂ ਕਹਾਣੀਆਂ ਭਾਵਪੂਰਤ ਹਨ। ਪੁਸਤਕ ਵਿਚઠ14ઠਕਹਾਣੀਆਂ ਹਨ। ਇਨ੍ਹਾਂ ਵਿਚ ਲੇਖਕ ਦਾ ਟੈਕਸੀ ਚਲਾਉਣ ਦਾ ਅਨੁਭਵ ਹੈ ਨਾਲ ਹੀ ਸੜਕਾਂ ਦੀ ਜ਼ਿੰਦਗੀ ਦੇ ਛੋਟੇ-ਛੋਟੇ ਪਲ ਕਹਾਣੀਆਂ ਵਿਚ ਹਨ। ਲੇਖਕ ਸ਼ਮਸ਼ਾਨਘਾਟ ਵਰਗੀ ਥਾਂ ਦੇ ਬਾਹਰ ਝੁੱਗੀ-ਝੌਂਪੜੀ ਵਿਚ ਰਹਿੰਦੇ ਨਿਮਨ ਵਰਗ ਦੇ ਲੋਕਾਂ ਬਾਰੇ ਵੀ ਕਹਾਣੀ ਲਿਖਦਾ ਹੈ। ਕਹਾਣੀ ਪਵਿੱਤਰ ਗੰਗਾ ਵਿਚ ਮੈਂ ਪਾਤਰ (ਲੇਖਕ) ਕਿਸ਼ਤੀ ਵਿਚ ਪੈਸੇ ਖਾਤਰ ਦੇਹ ਦਰਸ਼ਨ ਕਰਾਉਦੀ ਔਰਤ ਦਾ ਜ਼ਿਕਰ ਕੀਤਾ ਹੈ। ਗੰਗਾ ਕਿਨਾਰੇ ਲੱਗ ਕੇ ਉਹ ਔਰਤ ਤੋਂ ਮਸਾਂ ਖਹਿੜਾ ਛੁਡਾਉਂਦਾ ਹੈ ਜੋ ਨਿਰਵਸਤਰ ਹੋਣ ਦੇ ਪੈਸੇ ਮੰਗਦੀ ਹੈ। ਕਹਾਣੀ ਟੈਕਸੀ ਅਜਿਹੀ ਔਰਤ ਦੀ ਕਹਾਣੀ ਹੈ ਜਿਸ ਨੂੰ ਆਰਥਿਕ ਮਜਬੂਰੀ ਦੇਹ ਵਪਾਰ ਦੇ ਧੰਦੇ ਵੱਲ ਲੈ ਜਾਂਦੀ ਹੈ। ਔਰਤ ਦੇ ਬੋਲ ਹਨ 'ਡਰਾਈਵਰ ਸਾਹਿਬ ਮੇਰੀ ਜ਼ਿੰਦਗੀ ਤਾਂ ਟੈਕਸੀ ਵਰਗੀ ਹੈ, ਮੀਟਰ ਵਾਲੀ ਟੈਕਸੀ ਵਰਗੀ। ਟੈਕਸੀ ਤੇ ਮੇਰੇ ਵਿਚ ਕੋਈ ਫਰਕ ਨਹੀਂ। ਮੇਰਾ ਆਪਣਾ ਕੁਝ ਨਹੀਂ। ਭਾੜਾ ਦੇ ਕੇ ਕੋਈ ਵੀ ਟੈਕਸੀ ਕਿਰਾਏ 'ਤੇ ਲੈ ਸਕਦਾ ਹੈ। (ਟੈਕਸੀ ਪੰਨਾ-22) ਮੌਤ ਹੀ ਜ਼ਿੰਦਗੀ ਦਾ ਕੇਹਰੂ ਸ਼ਮਸ਼ਾਨਘਾਟ ਵੱਲ ਆਉਂਦੀ ਲਾਸ਼ ਵੇਖੀ ਜਾਂਦਾ ਹੈ ਤਾਂ ਜੋ ਉਸ ਦਾ ਗੁਜ਼ਾਰਾ ਚੱਲ ਸਕੇ। ਜਿਸ ਤਨ ਲਾਗੇ ਦਾ ਰਾਮ ਲਾਲ ਸ਼ਰਾਬ ਪੀ ਕੇ ਮੁਰਦੇ ਚੁੱਕ ਕੇ ਗੁਜ਼ਾਰਾ ਕਰਦਾ ਹੈ। ਵਾਰੀ ਆਪੋ-ਆਪਣੀ ਸ੍ਰੰਗਹਿ ਦੀ ਸਭ ਤੋਂ ਛੋਟੀ ਕਹਾਣੀ ਹੈ। ਸਮੇਂ ਦਾઠਫਰਕ, ਸੌਦਾ, ਸੌਂਕਣ, ਸਾਧ ਦਾ ਗੁਰੂ, ਨਸੀਹਤ, ਬਲੀ ਦੇ ਦੋ ਰੂਪ, ਸਵਾਰੀ ਦੀ ਉਡੀਕ ਖੂਬਸੂਰਤ ਕਹਾਣੀਆਂ ਹਨ। ਕਰਮਾਂ ਵਾਲੀ ਪੁਸਤਕ ਦੀ ਸਭ ਤੋਂ ਲੰਮੀ ਕਹਾਣੀ ਹੈ। (ਪੰਨਾ-54ઠਤੋਂઠ79) ਕਹਾਣੀ ਭਰੂਣ ਹੱਤਿਆ ਦੇ ਮਸਲੇ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਾਡੇ ਸਾਹਮਣੇ ਲਿਆਉਦੀ ਹੈ। ਪਾਤਰ ਸੰਤੂ ਨਵਜੰਮੀ ਕੁੜੀ ਨੂੰ ਮੜ੍ਹੀਆਂ ਕੋਲ ਸੁੱਟ ਆਉਂਦਾ ਹੈ। ਪਿੰਡ ਵਿਚ ਰੌਲਾ ਪੈ ਜਾਦਾ ਹੈ। ਪੰਚਾਇਤ ਜੁੜਦੀ ਹੈ। ਪੁਲਿਸ ਆਉਂਦੀ ਹੈ। ਸੰਤੂ ਆਪ ਹੀ ਮੰਨ ਜਾਂਦਾ ਹੈ। ਕੁੜੀ ਨੂੰ ਵਾਪਸ ਘਰ ਲੈ ਆਉਂਦਾ ਹੈ। ਸਮਾਂ ਪਾ ਕੇ ਉਹੀ ਕੁੜੀ ਕਰਮਾਂ ਵਾਲੀ ਬਣ ਜਾਂਦੀ ਹੈ। ਕਹਾਣੀ ਵਿਚ ਨਾਟਕੀ ਰੰਗ ਹੈ। ਕਥਾ ਰਸ ਵਾਰਤਾਲਾਪ ਪ੍ਰਭਾਵਸ਼ਾਲੀ ਹੈ। ਵਧੇਰੇ ਕਹਾਣੀਆਂ ਦੇ ਪਾਤਰ ਗਰੀਬ ਮਜਬੂਰ ਸਮਾਜ ਹੱਥੋਂ ਸਤਾਏ ਹੋਏ ਅਤੇ ਅਤਿ-ਨਿਮਨ ਵਰਗ ਦੇ ਹਨ। ਲੇਖਕ ਸਫਲ ਕਹਾਣੀਆਂ ਦੀ ਪੁਸਤਕ ਲਈ ਮੁਬਾਰਕ ਦਾ ਹੱਕਦਾਰ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

25-01-2014

 ਸਿੰਘਾਸਨ ਬਤੀਸੀ
ਸੰਪਾਦਕ : ਅਮਰਜੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 176.

'ਸਿੰਘਾਸਨ ਬਤੀਸੀ' ਭਾਰਤ ਦੇ ਪੌਰਾਣਿਕ ਸਾਹਿਤ ਦਾ ਇਕ ਬਹੁਮੁੱਲਾ ਅੰਗ ਹੈ। ਮਹਾਰਾਜ ਵਿਕਰਮਾਦਿੱਤ ਦੇ ਜੀਵਨ ਨਾਲ ਸਬੰਧਤ ਇਹ 32 ਕਹਾਣੀਆਂ ਵਿਕਰਮਾਦਿੱਤ ਦੀ ਇਨਸਾਫ਼ਪਸੰਦੀ, ਦੂਰਦਰਸ਼ਿਤਾ ਅਤੇ ਵੀਰਤਾ ਦਾ ਇਕ ਉਤਸੁਕਤਾ ਭਰਪੂਰ ਬ੍ਰਿਤਾਂਤ ਪੇਸ਼ ਕਰਦੀਆਂ ਹਨ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਪੰਜਾਬ ਵਿਚ ਪੂੰਜੀਵਾਦੀ ਯੁਗ ਬਹੁਤਾ ਤਾਕਤਵਰ ਨਹੀਂ ਸੀ ਹੋਇਆ ਅਤੇ ਪੰਜਾਬ ਦੇ ਲੋਕ ਸੰਯੁਕਤ ਪਰਿਵਾਰਕ-ਬਣਤਰਾਂ ਦਾ ਨਿੱਘ ਮਾਣ ਰਹੇ ਸਨ ਤਾਂ ਨਿੱਕੇ ਬਾਲ, ਦਾਦੇ-ਦਾਦੀਆਂ ਦੀ ਗੋਦ ਵਿਚ ਲੇਟ ਕੇ ਕਥਾ-ਕਹਾਣੀਆਂ ਸੁਣਿਆ ਕਰਦੇ ਸਨ ਅਤੇ ਅਜਿਹੀਆਂ ਇਤਿਹਾਸਕ-ਮਿਥਿਹਾਸਕ ਕਹਾਣੀਆਂ ਸੁਣਦੇ-ਸੁਣਦੇ ਸੌਂ ਜਾਂਦੇ ਸਨ। ਇਨ੍ਹਾਂ ਕਹਾਣੀਆਂ ਨਾਲ ਉਨ੍ਹਾਂ ਦੇ ਅੰਦਰਲਾ ਸੱਖਣਾਪਣ ਅਤੇ ਅਸੁਰੱਖਿਅਤ ਥਾਵਾਂ ਭਰ ਜਾਂਦੀਆਂ ਸਨ। ਅਜਿਹੇ ਬਾਲ ਆਪਣੇ ਸੱਭਿਆਚਾਰ ਅਤੇ ਇਤਿਹਾਸ ਦੀਆਂ ਲੋਕਪੱਖੀ ਰਵਾਇਤਾਂ ਨਾਲ ਪੱਕੇ ਤੌਰ 'ਤੇ ਜੁੜ ਜਾਂਦੇ ਸਨ। ਅੱਜ ਉਹ ਸਥਿਤੀ ਤਾਂ ਭਾਵੇਂ ਨਹੀਂ ਰਹੀ ਪਰ ਫਿਰ ਵੀ ਸਾਡੇ ਛੋਟੇ-ਛੋਟੇ ਬਾਲ ਆਪਣੇ ਮਾਤਾ-ਪਿਤਾ ਜਾਂ ਕਿਸੇ ਅੰਕਲ-ਆਂਟੀ ਤੋਂ ਕੋਈ ਨਾ ਕੋਈ ਕਹਾਣੀ ਸੁਣਨ ਦੀ ਜਿੱਦ ਜ਼ਰੂਰ ਕਰਦੇ ਹਨ। ਪਰ ਉਨ੍ਹਾਂ ਨੂੰ ਤਾਂ ਆਪ ਕੋਈ ਕਹਾਣੀ ਨਹੀਂ ਯਾਦ ਹੁੰਦੀ; ਉਹ ਅਜਿਹੇ ਬੱਚਿਆਂ ਦਾ ਦਿਲ ਕਿਵੇਂ ਪਰਚਾਉਣ? ਮੈਨੂੰ ਬੜੀ ਖੁਸ਼ੀ ਹੈ ਕਿ ਸ੍ਰੀਮਤੀ ਅਮਰਜੀਤ ਕੌਰ ਅਤੇ ਅਦਾਰਾ ਵਾਰਿਸ ਸ਼ਾਹ ਫਾਊਂਡੇਸ਼ਨ ਨੇ ਇਸ ਲੋੜ ਨੂੰ ਪਛਾਣਿਆ ਹੈ ਅਤੇ ਬਾਲ-ਸਾਹਿਤ ਲੜੀ ਹੇਠ ਇਹ ਪੁਸਤਕ ਪ੍ਰਕਾਸ਼ਿਤ ਕਰਕੇ ਅਜੋਕੇ ਮਾਪਿਆਂ ਨੂੰ ਬਹੁਮੁੱਲੀ ਸਮੱਗਰੀ ਪ੍ਰਦਾਨ ਕੀਤੀ ਹੈ। ਇਸ ਪੁਸਤਕ ਵਿਚਲੀਆਂ ਇਹ 32 ਕਥਾਵਾਂ ਰਾਜਾ ਵਿਕਰਮਾਦਿੱਤ ਦੇ ਸਿੰਘਾਸਨ ਦੇ ਆਲੇ-ਦੁਆਲੇ ਘੁੰਮਦੀਆਂ ਹਨ। ਇਹ ਸਿੰਘਾਸਨ ਉਜੈਨ ਦੇ ਇਰਦ-ਗਿਰਦ ਪਸ਼ੂ ਚਾਰਨ ਵਾਲੇ ਆਜੜੀ ਮੁੰਡਿਆਂ ਨੂੰ ਇਕ ਨਿਰਜਨ ਸਥਾਨ ਤੋਂ ਲੱਭਿਆ ਸੀ ਅਤੇ ਇਸ ਉੱਪਰ ਬੈਠ ਕੇ ਉਹ ਜੱਜ ਅਤੇ ਅਪਰਾਧੀ ਦੀ ਖੇਡ ਖੇਡਿਆ ਕਰਦੇ ਸਨ। ਉਸ ਸਮੇਂ ਉਜੈਨ ਰਾਜ ਉੱਪਰ, ਰਾਜੇ ਭੋਜ ਦਾ ਰਾਜ ਸੀ। ਉਸ ਨੂੰ ਇਸ ਸਿੰਘਾਸਨ ਦੇ ਕਰਾਮਾਤੀ ਚਰਿੱਤਰ ਬਾਰੇ ਪਤਾ ਚੱਲਿਆ ਤਾਂ ਉਸ ਨੇ ਇਸ ਨੂੰ ਆਪਣੇ ਦਰਬਾਰ ਵਿਚ ਲੈ ਆਂਦਾ। ਇਸ ਸਿੰਘਾਸਨ ਨੂੰ 32 ਪੁਤਲੀਆਂ ਨੇ ਚੁੱਕਿਆ ਹੋਇਆ ਸੀ। ਜਦ ਵੀ ਰਾਜਾ ਭੋਜ ਇਸ ਉੱਪਰ ਬੈਠਣ ਲਗਦਾ ਤਾਂ ਕੋਈ ਨਾ ਕੋਈ ਪੁਤਲੀ ਰਾਜੇ ਨੂੰ ਪੁੱਛ ਲੈਂਦੀ ਕਿ ਕੀ ਉਹ ਆਪਣੇ-ਆਪ ਨੂੰ ਇਸ ਤਖ਼ਤ ਉੱਪਰ ਬੈਠਣ ਦੇ ਯੋਗ ਸਮਝਦਾ ਹੈ ਅਤੇ ਰਾਜੇ ਦੀ ਦੁਬਿਧਾ ਨੂੰ ਵੇਖ ਕੇ ਵਿਕਰਮਾਦਿੱਤ ਦੇ ਇਨਸਾਫ਼ ਅਤੇ ਬਹਾਦਰੀ ਦਾ ਕੋਈ ਬਿਰਤਾਂਤ ਸੁਣਾਉਣ ਲੱਗਦੀ। ਬਿਰਤਾਂਤ ਸੁਣਾ ਕੇ ਉਹ ਆਕਾਸ਼ ਵਿਚ ਉੱਡ ਜਾਂਦੀ। ਇਸ ਪ੍ਰਕਾਰ ਸਾਰੀਆਂ ਪੁਤਲੀਆਂ ਉੱਡ ਗਈਆਂ ਅਤੇ ਸਿੰਘਾਸਨ ਨੂੰ ਵੀ ਆਪਣੇ ਨਾਲ ਹੀ ਲੈ ਗਈਆਂ। ਰਾਜਾ ਭੋਜ ਇਸ ਸਿੰਘਾਸਨ ਉੱਪਰ ਬੈਠਣ ਦੀ ਇੱਛਾ ਨੂੰ ਪੂਰਾ ਨਾ ਕਰ ਸਕਿਆ। ਕੀ ਅੱਜ ਦੇ ਹੁਕਮਰਾਨ ਵੀ ਆਪਣੀ ਜ਼ਮੀਰ ਵਿਚ ਬੈਠੀਆਂ 32 ਪੁਤਲੀਆਂ ਦੀ ਗੱਲ ਨੂੰ ਸੁਣਨਗੇ? ਇੰਜ ਲਗਦਾ ਤਾਂ ਨਹੀਂ ਹੈ। ਸਾਡੇ ਲੋਕਪਾਲ ਦਾ ਕੀ ਬਣੇਗਾ!

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼
ਲੇਖਕ : ਡਾ: ਹਰਚੰਦ ਸਿੰਘ ਬੇਦੀ
ਪ੍ਰਕਾਸ਼ਕ : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ: 423.

ਪਰਵਾਸ ਤੇ ਪਰਵਾਸੀ ਪੰਜਾਬੀ ਸਾਹਿਤ ਦੇ ਬਹੁਪੱਖੀ, ਵਿਧੀਵੱਤ ਤੇ ਅੰਤਰ-ਅਨੁਸ਼ਾਸਨੀ ਅਧਿਐਨ ਦੇ ਪੱਖ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਥਾਪਤ ਸੈਂਟਰ ਫਾਰ ਇਮੀਗਰਾਂਟ ਸਟੱਡੀਜ਼ ਨੇ ਅਕਾਦਮਿਕ ਹਲਕਿਆਂ ਵਿਚ ਆਪਣੀ ਇਕ ਵਿਸ਼ੇਸ਼ ਥਾਂ ਬਣਾ ਲਈ ਹੈ। ਲਗਭਗ 12 ਕੁ ਸਾਲ ਪਹਿਲਾਂ ਸਥਾਪਿਤ ਹੋਏ ਇਸ ਕੇਂਦਰ ਨੇ ਆਪਣੀਆਂ ਪ੍ਰਕਾਸ਼ਨਾਵਾਂ, ਸੰਦਰਭ ਕੋਸ਼ਾਂ, ਖੋਜ ਪ੍ਰਾਜੈਕਟਾਂ ਤੇ ਆਯੋਜਿਤ ਕੀਤੇ ਗਏ ਅਨੇਕ ਅੰਤਰਰਾਸ਼ਟਰੀ ਸੈਮੀਨਾਰਾਂ ਰਾਹੀਂ ਇਸ ਖੇਤਰ ਵਿਚ ਖੋਜ ਕਰ ਰਹੇ ਵਿਦਿਆਰਥੀਆਂ/ਵਿਦਵਾਨਾਂ ਨੂੰ ਨਾ ਕੇਵਲ ਨਵੀਂ ਦਿਸ਼ਾ ਤੇ ਸੇਧ ਹੀ ਦਿੱਤੀ ਹੈ, ਸਗੋਂ ਉਨ੍ਹਾਂ ਨੂੰ ਬਹੁਤ ਮੁੱਲਵਾਨ ਖੋਜ ਸਮੱਗਰੀ ਵੀ ਮੁਹੱਈਆ ਕਰਵਾਈ ਹੈ। ਇਸ ਦ੍ਰਿਸ਼ਟੀ ਤੋਂ ਇਸ ਕੇਂਦਰ ਨੇ ਆਪਣੀ ਵਿਸ਼ੇਸ਼ ਸਾਰਥਕਤਾ ਤੇ ਮਹੱਤਵ ਨੂੰ ਸਥਾਪਿਤ ਕੀਤਾ ਹੈ। ਇਸ ਸੰਦਰਭ ਵਿਚ ਹੀ ਮੈਂ ਰੀਵਿਊ ਅਧੀਨ ਪੁਸਤਕ ਦੇ ਮੁੱਲ ਤੇ ਮਹੱਤਵ ਨੂੰ ਦੇਖਦਾ ਹਾਂ।
ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼ (ਕਹਾਣੀ) ਭਾਗ ਛੇਵਾਂ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਖੋਜ ਤੇ ਆਲੋਚਨਾ, ਇਸਤਰੀ ਲੇਖਕਾਂ, ਵਾਰਤਕ, ਨਾਟਕ ਤੇ ਨਾਵਲ ਨਾਲ ਸਬੰਧਤ ਪੰਜ ਪਰਵਾਸੀ ਸਾਹਿਤ ਸੰਦਰਭ ਕੋਸ਼ ਇਸ ਕੇਂਦਰ ਤੇ ਇਸੇ ਲੇਖਕ ਵੱਲੋਂ ਪੰਜਾਬੀ ਸਾਹਿਤ ਜਗਤ ਨੂੰ ਭੇਟ ਕੀਤੇ ਜਾ ਚੁੱਕੇ ਹਨ। ਇਕ ਸਮਾਂ ਸੀ ਜਦੋਂ ਪਰਵਾਸ ਤੇ ਪਰਵਾਸੀ ਸਾਹਿਤ ਬਾਰੇ ਬਹੁਤ ਘੱਟ ਸਮੱਗਰੀ ਉਪਲਬਧ ਸੀ ਅਤੇ ਇਸ ਖੇਤਰ ਵਿਚ ਖੋਜ ਕਰ ਰਹੇ ਵਿਦਿਆਰਥੀਆਂ/ ਵਿਦਵਾਨਾਂ ਨੂੰ ਅਕਸਰ ਦੁਜੈਲੇ, ਅਪ੍ਰਮਾਣਿਕ ਜਾਂ ਅਪੁਸ਼ਟ ਸਰੋਤਾਂ ਉਤੇ ਨਿਰਭਰ ਹੋਣਾ ਪੈਂਦਾ ਸੀ। ਡਾ: ਬੇਦੀ ਨੇ ਉਕਤ ਕੇਂਦਰ ਦੇ ਕੋਆਰਡੀਨੇਟਰ ਦੇ ਤੌਰ 'ਤੇ ਹੀ ਨਹੀਂ ਸਗੋਂ ਨਿੱਜੀ ਤੌਰ 'ਤੇ ਵੀ ਇਸ ਘਾਟ ਨੂੰ ਦੂਰ ਕਰਨ ਲਈ ਪਿਛਲੇ 20-25 ਸਾਲਾਂ ਵਿਚ ਬਹੁਤ ਅਹਿਮ ਤੇ ਇਤਿਹਾਸਕ ਯੋਗਦਾਨ ਪਾਇਆ ਹੈ। ਪਹਿਲੇ ਸੰਦਰਭ ਕੋਸ਼ਾਂ ਵਾਂਗ ਇਹ ਕੋਸ਼ ਵੀ ਆਪਣੀ ਵਿਸ਼ੇਸ਼ ਵਿਉਂਤ, ਵਿਧੀ ਤੇ ਸਮੱਗਰੀ ਦੇ ਪੱਖ ਤੋਂ ਸਾਡਾ ਉਚੇਚਾ ਧਿਆਨ ਖਿੱਚਦਾ ਹੈ। ਅੱਖਰ ਕ੍ਰਮ ਅਨੁਸਾਰ ਵਿਉਂਤੇ ਗਏ ਇਸ ਕੋਸ਼ ਵਿਚ ਕਹਾਣੀ ਸੰਗ੍ਰਹਿ ਦੇ ਸਿਰਲੇਖ, ਲੇਖਕ, ਪ੍ਰਕਾਸ਼ਕ, ਪ੍ਰਕਾਸ਼ਨ ਤੇ ਸਗਲੇ ਕਹਾਣੀ ਸੰਗ੍ਰਹਿ ਦੇ ਆਧਾਰ 'ਤੇ ਪੰਜ ਇੰਡੈਕਸ ਬਣਾਏ ਗਏ ਹਨ। ਕਹਾਣੀ ਸੰਗ੍ਰਹਿ ਦੇ ਲੇਖਕ, ਕਹਾਣੀ ਸੰਗ੍ਰਹਿ ਦਾ ਨਾਂਅ ਤੇ ਇਸ ਦੇ ਪ੍ਰਕਾਸ਼ਨ ਸਬੰਧੀ ਸਮੁੱਚੀ ਸੂਚਨਾ ਉਪਲਬਧ ਕਰਾਉਣ ਦੇ ਨਾਲ-ਨਾਲ ਜੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਉਪਲਬਧ ਹੈ ਤਾਂ ਉਸ ਦਾ ਐਕਸੈਸ਼ਨ ਨੰਬਰ ਵੀ ਪਾਠਕਾਂ ਦੀ ਸਹੂਲਤ ਲਈ ਅੰਕਿਤ ਕਰ ਦਿੱਤਾ ਗਿਆ ਹੈ। 'ਪਰਵਾਸ ਤੇ ਪਰਵਾਸੀ ਪੰਜਾਬੀ ਕਹਾਣੀ ਦੇ ਮਸਲੇ' ਅਧਿਆਇ ਵਿਚ ਸਮੁੱਚੇ ਪੰਜਾਬੀ ਪਰਵਾਸੀ ਕਹਾਣੀ ਸਾਹਿਤ ਨੂੰ ਇਕ ਠੋਸ ਵਿਚਾਰਧਾਰਕ ਧਰਾਤਲ 'ਤੇ ਨਿਰਖਿਆ-ਪਰਖਿਆ ਹੈ। ਸੋ, ਮੇਰਾ ਮਸ਼ਵਰਾ ਹੈ ਕਿ ਇਹ ਪੁਸਤਕ ਤੁਰੰਤ ਸਭ ਉੱਚ ਸਿੱਖਿਆ ਨਾਲ ਸਬੰਧਤ ਅਦਾਰਿਆਂ ਤੇ ਲੇਖਕਾਂ-ਵਿਦਵਾਨਾਂ ਦੀਆਂ ਨਿੱਜੀ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

ਆਖਰੀ ਮੰਜ਼ਿਲ
ਸ਼ਾਇਰ : ਜਸਵਿੰਦਰ ਪਾਲ ਸਿੰਘ 'ਐਲੀਅਨ'
ਸੰਪਾਦਕ : ਮਨਜੀਤ ਸਿੰਘ 'ਕਮਲਾ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 400 ਰੁਪਏ, 25 ਪੌਂਡ, ਸਫ਼ੇ : 224.

ਬੰਦਗੀ ਵਿਚ ਰੱਤੀ ਅਤੇ ਜ਼ਿੰਦਗੀ ਵਿਚ ਰੰਗੀ ਇਹ ਕਾਵਿ ਪੁਸਤਕ ਦਿਲ ਨੂੰ ਹੁਲਾਰਾ ਅਤੇ ਰੂਹ ਨੂੰ ਤਸਕੀਨ ਦਿੰਦੀ ਹੈ। ਸਵਰਗਵਾਸੀ ਸ਼ਾਇਰ ਨੇ ਅਨਮੋਲ ਮਨੁੱਖਾ ਜੀਵਨ ਦੀ ਆਖ਼ਰੀ ਮੰਜ਼ਿਲ ਨੂੰ ਪਛਾਣਦਿਆਂ ਹੋਇਆਂ ਪਰਮ ਸੱਚ ਨਾਲ ਅਭੇਦ ਹੋਣ ਦਾ ਯਤਨ ਕੀਤਾ ਹੈ। ਇਸ ਗ਼ਜ਼ਲ ਸੰਗ੍ਰਹਿ ਵਿਚ 107 ਅਧਿਆਤਮਕ ਗ਼ਜ਼ਲਾਂ ਸੁੱਚੇ ਮੋਤੀਆਂ ਵਾਂਗ ਪਰੋਈਆਂ ਹੋਈਆਂ ਹਨ। ਮਹਾਂਪ੍ਰਕਾਸ਼ ਅਤੇ ਮਹਾਂਨੂਰ ਦੀ ਬੁੱਕਲ ਵਿਚ ਸਮਾਉਣ ਦੀ ਆਰਜ਼ੂ ਜਗਾਉਂਦੀਆਂ ਇਹ ਗ਼ਜ਼ਲਾਂ ਆਪ ਭੀ ਰੂਹਾਨੀ ਆਭਾ ਨਾਲ ਝਿਲਮਿਲਾ ਰਹੀਆਂ ਹਨ। ਆਓ ਕੁਝ ਚੋਣਵੇਂ ਸ਼ਿਅਰਾਂ ਦੇ ਦੀਦਾਰ ਕਰੀਏ-
-ਰੱਬ ਸ਼ੌਕ ਦੇ ਦਿਵਾਨੇ, ਹੋਏ ਇਸ ਤਰ੍ਹਾਂ ਰਵਾਨੇ
ਖ਼ੁਦ ਆਪ ਆਪਣੇ ਆਪ ਤੋਂ, ਹੋਏ ਆਪ ਹੀ ਬਿਗਾਨੇ।
-ਕਦੀ ਇਸ ਪਾਰ ਦੇਖੇ, ਕਦੀ ਉਸ ਪਾਰ ਦੇਖੇ
ਆ ਜਾ ਕਿ ਰਾਹ ਤੇਰੀ, ਮੇਰਾ ਦਿਲ ਲਾਚਾਰ ਦੇਖੇ।
-ਤੇਰੇ ਗ਼ਮ ਦੀ ਮਿਹਰਬਾਨੀ, ਮਿਲੀ ਰੂਹ ਨੂੰ ਰੌਸ਼ਨੀ
ਦਿਲ ਜਲਿਆ ਜ਼ਰੂਰ ਲੇਕਿਨ, ਉਜਾਲਾ ਤਾਂ ਪਾ ਲਿਆ।
-ਦਿਲ ਦੁਨੀਆ ਦੇ ਨਾਲ ਲਾ ਕੇ, ਦੱਸ ਮਿਲਿਆ ਕੀ ਦਿਲ ਮੇਰੇ
ਰੱਬ-ਨਾਮ ਨੂੰ ਭੁਲਾ ਕੇ, ਦੱਸ ਮਿਲਿਆ ਕੀ ਦਿਲ ਮੇਰੇ।
-ਮੇਰੀ ਹਸਤੀ ਮਿਟਣ ਤੋਂ ਪਹਿਲੇ, ਤੈਨੂੰ ਨਮਸਕਾਰ ਪਿਆਰੇ
ਤੇਰੀ ਦੁਨੀਆ ਛੱਡਣ ਤੋਂ ਪਹਿਲੇ, ਤੈਨੂੰ ਨਮਸਕਾਰ ਪਿਆਰੇ।
ਇਲਾਹੀ ਰੰਗਤ ਵਿਚ ਰੰਗੀ ਇਹ ਸ਼ਾਇਰੀ ਰੱਬੀ ਨਾਮ, ਰੱਬੀ ਯਾਦ ਅਤੇ ਵਸਲ ਦੀ ਤਾਂਘ ਵਿਚ ਭਿੱਜੀ ਹੋਈ ਹੈ। ਇਸ ਵਿਚ ਸਦਗੁਣਾਂ ਦੀ ਅਤੇ ਪਿਆਰ ਦੀ ਮਹਿਕ ਹੈ। ਪਰਮਾਤਮਾ ਤੋਂ ਵਿਛੜੀ ਹੋਈ ਆਤਮਾ ਦੀ ਹੂਕ, ਬਿਰਹੁੰ ਦਾ ਦਰਦ ਅਤੇ ਜੁਦਾਈ ਦੀ ਕੂਕ ਨਾਲ ਸਰਸ਼ਾਰ ਇਹ ਗ਼ਜ਼ਲਾਂ ਸਾਡਾ ਧੁਰ ਅੰਦਰ ਹਿਲਾ ਦਿੰਦੀਆਂ ਹਨ ਅਤੇ ਸਾਨੂੰ ਸੁਚੇਤ ਕਰਦੀਆਂ ਹਨ ਕਿ ਅਮੋਲਕ ਮਨੁੱਖਾ ਜੀਵਨ ਦੀ ਅਸਲੀ ਅਤੇ ਆਖ਼ਰੀ ਮੰਜ਼ਿਲ ਕੇਵਲ ਪ੍ਰਭੂ ਮਿਲਾਪ ਹੈ। ਇਸ ਮੰਜ਼ਿਲ ਦੀ ਪ੍ਰਾਪਤੀ ਲਈ ਨਿਰੰਤਰ ਬੰਦਗੀ, ਸਿਮਰਨ, ਸਾਧਨਾ ਅਤੇ ਤੜਪ ਦੀ ਲੋੜ ਹੈ। ਰੂਹਾਨੀਅਤ ਦੇ ਸਰੂਰ ਅਤੇ ਖੁਮਾਰ ਨਾਲ ਭਰਪੂਰ ਇਹ ਸ਼ਾਇਰੀ ਪੁਰਸਕੂਨ ਅਤੇ ਪ੍ਰਭਾਵਸ਼ਾਲੀ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਨਵੀਆਂ ਪੈੜਾਂ ਦੇ ਸਿਰਜਣਹਾਰ
ਲੇਖਕ : ਸੁੱਚਾ ਸਿੰਘ ਕਲੇਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144.

ਹਫ਼ਤਾਵਾਰੀ ਪੰਜਾਬੀ ਅਖ਼ਬਾਰ ਇੰਡੋ ਕੈਨੇਡੀਅਨ ਟਾਈਮਜ਼ ਵਿਚ ਸੁੱਚਾ ਸਿੰਘ ਕਲੇਰ ਦੀ ਲਿਖੀ ਇਕ ਲੇਖ ਲੜੀ ਦਾ ਕਿਤਾਬੀ ਰੂਪ ਹੈ ਨਵੀਆਂ ਪੈੜਾਂ ਦੇ ਸਿਰਜਣਹਾਰ। ਸਿਰਲੇਖ ਹੀ ਸੰਕੇਤ ਕਰ ਦਿੰਦਾ ਹੈ ਕਿ ਇਸ ਪੁਸਤਕ ਦੇ ਨਿਬੰਧ ਉਨ੍ਹਾਂ ਸਿਰੜੀ ਸ਼ਖ਼ਸੀਅਤਾਂ ਬਾਰੇ ਹਨ, ਜਿਨ੍ਹਾਂ ਮਿਹਨਤ ਨਾਲ ਅਨੁਕਰਣਯੋਗ ਨਵੀਆਂ ਪੈੜਾਂ ਪਾਈਆਂ। ਇਹ ਸ਼ਖ਼ਸੀਅਤਾਂ ਪੰਜਾਬ ਦੇ ਨਿੱਕੇ-ਵੱਡੇ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਤੋਂ ਸਮੇਂ-ਸਮੇਂ ਉਡਾਰੀ ਮਾਰ ਕੇ ਪ੍ਰਦੇਸ਼ ਵਿਚ ਨਾਮਣਾ ਖਟ ਕੇ ਉਥੋਂ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਜੀਵਨ ਵਿਚ ਗੌਲਣ ਯੋਗ ਪ੍ਰਾਪਤੀਆਂ ਕਰਨ ਵਾਲੀਆਂ ਹਨ। 26 ਨਿਬੰਧ ਹਨ ਕੁੱਲ। ਸਾਰੇ ਹੀ ਸਰਲ, ਦਿਲਚਸਪ ਜਾਣਕਾਰੀ ਤੇ ਪ੍ਰੇਰਨਾ ਨਾਲ ਭਰਪੂਰ।
ਜ਼ਿੰਦਗੀ ਤੇ ਸਮਾਜ ਦੇ ਵਿਭਿੰਨ ਖੇਤਰਾਂ ਨਾਲ ਸਬੰਧਤ ਹਨ ਕਲੇਰ ਦੇ ਚੁਣੇ ਇਹ ਨਾਇਕ ਕਹੇ ਜਾ ਸਕਣ ਯੋਗ ਬੰਦੇ। ਖਾਲੀ ਹੱਥੀਂ ਪ੍ਰਦੇਸ਼ ਜਾ ਕੇ ਇਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਜਾਣੇ-ਪਛਾਣੇ ਹਨ ਉਨ੍ਹਾਂ ਦੇ ਨਾਂਅ। ਬੁੱਧ ਸਿੰਘ ਢਾਹਾਂ, ਉਜਲ ਦੁਸਾਂਝ, ਤਾਰਾ ਸਿੰਘ ਹੇਅਰ, ਮੇਅ ਸਹੋਤਾ, ਸੁਰਿੰਦਰ ਪਾਲ ਰਾਢੌਰ, ਆਸਾ ਸਿੰਘ ਜੌਹਲ, ਵੌਲੀ ਉਪਰ, ਮਹਿੰਦਰ ਸਿੰਘ ਤੱਖਰ, ਆਸਾ ਸਿੰਘ ਜੌਹਲ, ਅਰਜਨ ਭੁੱਲਰ, ਬਿਕਰ ਸਿੰਘ ਲਾਲੀ, ਮਲਕੀਤ ਸਿੰਘ ਪਰਹਾਰ, ਪੀਟਰ ਢਿੱਲੋਂ, ਅਮਰੀਕ ਵਿਰਕ, ਹਰਬ ਧਾਲੀਵਾਲ, ਜਗਤ ਸਿੰਘ ਉਪਲ, ਸ਼ਸ਼ੀ ਆਸ਼ਾ ਨੰਦ, ਸੁਸ਼ਮਾ ਦੱਤ, ਗੁਰਨਾਮ ਸਿੰਘ ਰਾਣੂ, ਚਰਨਪਾਲ ਗਿੱਲ, ਮੋਹਨ ਗਿੱਲ, ਬਲਵੰਤ ਸੰਘੇੜਾ, ਇੰਦਰਜੀਤ ਕੌਰ ਸਿੱਧੂ, ਗੁਰਨਾਮ ਸਿੰਘ ਗਿਲ, ਜੀਤ ਸਿੰਘ ਸੰਧੂ, ਜੀਤ ਸੰਧੂ ਤੇ ਰੁਪਿੰਦਰ ਹੇਅਰ।
ਨਵੀਆਂ ਪੈੜਾਂ ਦੇ ਇਨ੍ਹਾਂ ਸਿਰਜਣਹਾਰਿਆਂ ਨੇ ਸਖ਼ਤ ਮਿਹਨਤ ਨਾਲ ਪਰਵਾਸ ਵਿਚ ਕਦਮ-ਕਦਮ ਤੇ ਹਾਲਾਤ ਨਾਲ ਟੱਕਰ ਲਈ। ਆਰਥਿਕ ਪੱਖੋਂ ਪੱਕੇ ਪੈਰੀਂ ਖਲੋਤੇ। ਪੰਜਾਬ, ਦੇਸ਼ ਤੇ ਕੌਮ ਦਾ ਨਾਂਅ ਰੌਸ਼ਨ ਕੀਤਾ। ਆਪਣੀ ਬੋਲੀ, ਧਰਮ ਤੇ ਸੱਭਿਆਚਾਰ ਲਈ ਖੁੱਲ੍ਹੇ ਦਿਲ ਨਾਲ ਪੈਸਾ ਖਰਚਿਆ। ਪਰਵਾਸ ਵਿਚ ਆਪਣੀ ਤੇ ਪੰਜਾਬੀਆਂ ਦੀ ਪਛਾਣ ਬਣਾਈ। ਪੰਜਾਬੀਆਂ ਦੀ ਮਦਦ ਕੀਤੀ। ਸਮਾਜ ਸੇਵਾ ਵਿਚ ਹਿੱਸਾ ਪਾਇਆ। ਆਪਣੇ ਪੰਜਾਬੀ ਭਰਾਵਾਂ ਦੀ ਉੜੇ-ਥੁੜੇ ਵਿਚ ਮਦਦ ਕੀਤੀ। ਸਾਹਿਤ ਸੇਵਾ ਵੀ ਕੀਤੀ ਪੁਸਤਕ ਪੜ੍ਹਨਯੋਗ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਗੁੰਮੀਆਂ ਪੌਣਾਂ ਦਾ ਅਹਿਦ
ਕਵੀ : ਇਕਬਾਲ ਖ਼ਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87.

ਇਕਬਾਲ ਖ਼ਾਨ ਪ੍ਰਵਾਸੀ ਕਵੀ ਹੈ ਜਿਸ ਦੀਆਂ ਤਿੰਨ ਕਾਵਿ-ਪੁਸਤਕਾਂ ਪਹਿਲਾਂ ਛਪ ਚੁੱਕੀਆਂ ਹਨ। ਉਹ ਨਕਸਲੀ ਲਹਿਰ ਸਮੇਂ ਅੱਗ ਨਾਲ ਵੀ ਖੇਡਿਆ ਹੈ ਤੇ ਉਸ ਦਾ ਸਾਰੇ ਦਾ ਸਾਰਾ ਜਿਸਮ ਇਸ ਅੱਗ ਵਿਚ ਝੁਲਸਿਆ ਵੀ ਹੈ। ਆਪਣੇ ਝੁਲਸੇ ਪਿੰਡੇ ਦਾ ਸੇਕ ਆਪਣੀ ਸ਼ਾਇਰੀ ਰਾਹੀਂ ਉਹ ਅੱਜ ਵੀ ਮਹਿਸੂਸ ਕਰ ਰਿਹਾ ਹੈ। ਉਸ ਨੂੰ ਜੇਲ੍ਹ ਵੀ ਜਾਣਾ ਪਿਆ, ਅਨੇਕਾਂ ਤਸੀਹੇ ਵੀ ਝੱਲਣੇ ਪਏ ਤੇ ਅਦਾਲਤੀ ਪ੍ਰਕਿਰਿਆ ਵਿਚੋਂ ਦੀ ਵੀ ਗੁਜ਼ਰਨਾ ਪਿਆ। ਉਹ ਫਿਰ ਵੀ ਸਬੂਤੇ ਦਾ ਸਬੂਤਾ ਵਜੂਦ ਲਈ ਫ਼ੌਲਾਦ ਦੀ ਦੀਵਾਰ ਬਣ ਕੇ ਖਲ੍ਹੋਤਾ ਹੈ। ਉਸ ਦੇ ਫੌਲਾਦੀ ਜਿਸਮ ਤੇ ਅੰਦਰਲੀ ਅੱਗ 'ਚੋਂ ਪੈਦਾ ਹੋਏ ਕਵਿਤਾਵਾਂ ਰੂਪੀ ਨਿੱਕੇ-ਨਿੱਕੇ ਸੂਰਜ 'ਗੁੰਮੀਆਂ ਪੌਣਾਂ ਦਾ ਅਹਿਦ' ਦੇ ਸਫ਼ਿਆਂ ਵਿਚ ਫ਼ੈਲ ਗਏ ਹਨ। ਨਿਰੀ ਕਲਪਨਾ 'ਤੇ ਆਧਾਰਤ ਰਚੀ ਕਵਿਤਾ ਕਦੀ ਵੀ ਪਾਠਕ ਨੂੰ ਸੰਤੁਸ਼ਟ ਨਹੀਂ ਕਰ ਸਕਦੀ ਤੇ ਉਸ ਦਾ ਪ੍ਰਭਾਵ ਚਿਰ ਸਥਾਈ ਨਹੀਂ ਹੋ ਸਕਦਾ। ਪਰ ਇਕਬਾਲ ਖ਼ਾਨ ਦੀ ਇਸ ਪੁਸਤਕ ਦੀਆਂ ਕਵਿਤਾਵਾਂ ਸ਼ਾਇਰ ਦੇ ਪਿੰਡੇ ਦਾ ਸੱਚ ਹਨ। ਇਸੇ ਕਾਰਨ ਪਾਠਕ ਨੂੰ ਇਹ ਆਪਣੀਆਂ ਆਪਣੀਆਂ ਲਗਦੀਆਂ ਹਨ। ਇਨ੍ਹਾਂ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਅਸਲ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਮਿਲਦੀ ਹੈ। ਸ਼ਾਇਰ ਲੋਕਾਂ ਦੀ ਧਿਰ ਬਣ ਕੇ ਖਲ੍ਹੋਤਾ ਹੈ ਤੇ ਉਹ ਤਕਦੀਰ ਦੀ ਥਾਂ ਆਪਣੇ ਹੱਥਾਂ 'ਤੇ ਭਰੋਸਾ ਕਰਨ ਦਾ ਸੁਨੇਹਾ ਦਿੰਦਾ ਹੈ। ਉਹ ਭਾਰਤ-ਪਾਕਿ ਮਿੱਤਰਤਾ ਦਾ ਹਾਮੀ ਹੈ ਤੇ ਪੂਰੇ ਸੰਸਾਰ ਦੀ ਕਿਰਤੀ ਸ਼੍ਰੇਣੀ ਦੀ ਏਕਤਾ ਦਾ ਇੱਛਾਵਾਨ ਹੈ। ਨਕਸਲੀ ਲਹਿਰ ਦੇ ਜੁਝਾਰੂ ਕਵੀਆਂ ਪਾਸ਼ ਤੇ ਦਰਸ਼ਨ ਖਟਕੜ ਦਾ ਸਾਥ ਉਸ ਨੂੰ ਪ੍ਰਾਪਤ ਹੁੰਦਾ ਰਿਹਾ ਹੈ ਤੇ ਇਹ ਸ਼ਾਇਰ ਇਕਬਾਲ ਦੀ ਪ੍ਰੇਰਨਾ ਦਾ ਸੋਮਾ ਰਹੇ ਹਨ। 'ਗੁੰਮੀਆਂ ਪੌਣਾਂ ਦਾ ਅਹਿਦ' ਦੇ ਆਖ਼ਰੀ 22 ਪੰਨੇ ਵਾਰਤਕ ਵਿਚ ਹਨ ਤੇ ਇਹ ਉਸ ਸਮੇਂ ਦੇ ਅਹਿਮ ਦਸਤਾਵੇਜ਼ ਹਨ ਜਦੋਂ ਨਕਸਲੀ ਲਹਿਰ ਪੰਜਾਬ ਵਿਚ ਜ਼ੋਰਾਂ 'ਤੇ ਸੀ। ਇਨ੍ਹਾਂ 22 ਪੰਨਿਆਂ ਵਿਚ ਬੜਾ ਕੁਝ ਅਜਿਹਾ ਹੈ ਜੋ ਪਾਠਕਾਂ ਨੂੰ ਨਵੇਂ ਤੱਥਾਂ ਤੋਂ ਜਾਣੂੰ ਕਰਵਾਉਂਦਾ ਹੈ। ਇਕਬਾਲ ਦੀ ਇਹ ਪੁਸਤਕ ਆਮ ਨਾ ਹੋ ਕੇ ਪੰਜਾਬੀ ਸਾਹਿਤ ਤੇ ਇਕ ਖ਼ਾਸ ਸਮੇਂ ਦੇ ਸੱਚ ਨੂੰ ਜਾਨਣ ਲਈ ਲਈ ਬੜੀ ਅਹਿਮ ਹੈ।

-ਗੁਰਦਿਆਲ ਰੌਸ਼ਨ
ਮੋ: 9988444002

19-1-2014

 ਇਲਮਦੀਨ ਦੀ ਧੀ
ਲੇਖਕ : ਲਛਮਣ ਸਿੰਘ ਰਠੌਰ
ਪ੍ਰਕਾਸ਼ਕ : ਤਿਰਲੋਚਨ ਪਬਲਿਸਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144

ਲਛਮਣ ਸਿੰਘ ਰਠੌਰ ਅਮਰੀਕਾ ਨਿਵਾਸੀ ਹੈ। ਇਧਰ ਨਵਾਂਸ਼ਹਿਰ ਵਿਖੇ ਅਧਿਅਪਕ ਸੀ ਤੇ ਕਈ ਸਾਲਾਂ ਤੋਂ ਕੈਲੇਫੋਰਨੀਆ ਵਿਚ ਰਹਿ ਰਹੇ ਹਨ। ਹੁਣ ਤੱਕ ਉਨ੍ਹਾਂ ਦੀਆਂ 7 ਮੌਲਿਕ ਪੁਸਤਕਾਂ ਛਪੀਆਂ ਹਨ। ਪੰਜ ਕਾਵਿ-ਸੰਗ੍ਰਹਿ, ਇਕ ਨਾਟਕ ਤੇ ਇਕ ਕਹਾਣੀ ਸੰਗ੍ਰਹਿ। ਹਥਲੀ ਪੁਸਤਕ ਵਿਚ ਲੇਖਕ ਦੀਆਂ 23 ਰਚਨਾਵਾਂ ਹਨ। ਡਾ: ਭੁਪਿੰਦਰ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਬੰਦ ਵਿਚ ਲਿਖਿਆ ਹੈ ਕਿ ਲਛਮਣ ਸਿੰਘ ਰਠੌਰ ਦੀਆਂ ਕਹਾਣੀਆਂ ਉਸ ਧਰਾਤਲ 'ਤੇ ਉਸਰੀਆਂ ਹਨ ਜਿਸ ਨੂੰ ਉਸ ਨੇ ਆਪਣੇ ਪਿੰਡੇ 'ਤੇ ਜੀਵਿਆ ਹੈ। ਇਨ੍ਹਾਂ ਕਹਾਣੀਆਂ ਵਿਚ ਕੋਈ ਓਪਰਾਪਣ ਨਹੀਂ ਹੈ। ਇਹ ਕਹਾਣੀਆਂ ਸਹਿਜ ਰੂਪ ਵਿਚ ਰਚੀਆਂ ਗਈਆਂ ਹਨ। ਪੁਸਤਕ ਦੀ ਕਹਾਣੀ 'ਇਲਮਦੀਨ ਦੀ ਧੀ' ਇਨਸਾਨੀ ਪਿਆਰ ਤੇ ਮੋਹ-ਮੁਹੱਬਤ ਦੀ ਵਧੀਆ ਤਸਵੀਰ ਪੇਸ਼ ਕਰਦੀ ਹੈ।ઠਦੇਸ਼ ਵੰਡ ਤੋਂ ਪਹਿਲਾਂ ਪੂਰਬੀ ਤੇ ਪੱਛਮੀ ਪੰਜਾਬ ਵਿਚ ਸਿੱਖ ਤੇ ਮੁਸਲਮਾਨ ਇਕ-ਦੂਜੇ ਦੇ ਸਾਹੀਂ ਜਿਊਂਦੇ ਸਨ। ਸਿੱਖ ਪਾਤਰ ਭੋਲਾ ਸਿੰਘ ਫਿਰਕੂ ਫਸਾਦਾਂ ਵਿਚ ਮਾਰਿਆ ਜਾਂਦਾ ਹੈ। ਉਸ ਦੀ ਜਵਾਨ ਧੀ ਨੂੰ ਭਰਾ ਬਣਿਆ ਮੁਸਲਮਾਨ ਪਾਤਰ ਇਲਮਦੀਨ ਆਪਣੇ ਕੋਲ ਧੀ ਬਣਾ ਕੇ ਰੱਖਦਾ ਹੈ। ਮੁਸਲਮਾਨ ਪਰਿਵਾਰ ਵਿਚ ਰਹਿ ਕੇ ਰਚ-ਮਿਚ ਜਾਂਦੀ ਹੈ। ਫਿਰ ਜਦੋਂ ਦੋਵਾਂ ਦੇਸ਼ਾਂ ਵਿਚ ਵਟਾਂਦਰਾ ਹੁੰਦਾ ਹੈ ਤਾਂ ਭੋਲਾ ਸਿੰਘ ਦੀ ਧੀ ਸੁਮਿਤਰਾ ਨੂੰ ਉਸ ਦੇ ਇਧਰ ਰਹਿੰਦੇ ਰਿਸ਼ਤੇਦਾਰ ਚਾਚੇ ਲਿਜਾਂਦੇ ਹਨ ਤਾਂ ਸਰਹੱਦ 'ਤੇ ਬਹੁਤ ਭਾਵਕ ਦ੍ਰਿਸ਼ ਲੇਖਕ ਨੇ ਪੇਸ਼ ਕੀਤਾ ਹੈ। ਜਿਸ ਦਿਨ ਪਿੰਡੋਂ ਤੁਰਨਾ ਸੀ ਸੁਮਿਤਰਾ ਦੀਆਂ ਸਹੇਲੀਆਂ ਦੀ ਭੀੜ ਉਸ ਦੇ ਘਰ ਜਮ੍ਹਾਂ ਹੋ ਗਈ ਸੀ। ਗਲ ਲਗ ਕੇ ਰੋ ਕੇ ਵਿਦਿਆ ਕੀਤਾ। ਨੰਬਰਦਾਰ ਇਲਮਦੀਨ ਦੇ ਗਲ ਲਗ ਸੁਮਿਤਰਾ ਰੋਈ ਬਾਬਲਾ ਧੰਨ ਏ ਤੂੰ ਮੇਰੇ ਵੱਲੋਂ ਅੰਮਾਂ ਨੂੰ ਸਲਾਮ ਆਖੀਂ (ਪੰਨਾ-44) ਕਹਾਣੀ 'ਅੱਤਵਾਦੀ ਕੌਣ' ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਹੈ। ਪਾਤਰ ਕਲਿਆਣ ਸਿੰਘ ਦਾ ਗੁਨਾਹ ਇਹ ਸੀ ਕਿ ਉਸ ਦੀ ਧੀ ਨੇ ਭਰਾਵਾਂ ਵਰਗੇ ਦੋ ਨੌਜਵਾਨਾਂ ਨੂੰ ਰੋਟੀ ਖਵਾਈ ਸੀ ਜਦੋਂ ਉਹ ਭੱਤਾ ਲੈ ਕੇ ਜਾਂਦੀ ਨੂੰ ਮਿਲੇ ਸੀ। ਕਹਾਣੀ ਵਿਚ ਪੁਲਿਸ ਦੇ ਜਬਰ ਦੀ ਦਾਸਤਾਨ ਹੈ। ਪੁਸਤਕ ਦੀਆਂ ਹੋਰ ਕਹਾਣੀਆਂ ਵਿਚ ਮਿਸਟਰ ਜਾਰਜ ਦਾ ਗੋਰਾ ਪਾਤਰ ਤੇ ਪੰਜਾਬੀ ਪਾਤਰ ਦੀ ਵਾਰਤਾਲਾਪ, 'ਸੰਝ ਦਾ ਚਾਨਣ' ਵਿਚ ਜਨਮ ਦਿਨ 'ਤੇ ਜੁੜੇ ਸਾਹਿਤਕਾਰ, ਅਮਰੀਕਾ ਦੇ ਗੁਰਦੁਆਰਿਆਂ ਵਿਚ ਜੁੜੇ ਪੰਜਾਬੀ ਪਰਿਵਾਰ ਅਤੇ ਉਨ੍ਹਾਂ ਦੇ ਮਸਲੇ ਤੇ ਕੰਮਕਾਰ ਲੇਖਕ ਨੇ ਬਾਖੂਬੀ ਪੇਸ਼ ਕੀਤੇ ਹਨ। ਕਹਾਣੀ ਇਨਕਲਾਬ ਜ਼ਿੰਦਾਬਾਦ ਵਿਚ ਕੇਸਰ ਸਿੰਘ ਆਪਣੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਦੱਸਦਾ ਹੈ। ਫਰਜ਼ਾਂ ਦੀ ਮਹਿਕ ਵਿਚ ਇਨਸਾਨੀ ਸਾਂਝ ਹੈ। (ਪੰਨਾ 73 ਤੋਂ 77) ਧਿਅਨੇ ਦੀ ਵੱਛੀ, ਸਬੱਬ ਨਾਲ, ਖੂਨ ਬੱਗਾ ਹੋ ਗਿਆ, ਨਾਨਕਵਾੜਾ, ਅਸਨੂਰ, ਮਾਈ ਹੀਰ ਦੇ ਮਕਬਰੇ 'ਤੇ ਆਦਿ ਕਹਾਣੀਆਂ ਸਹਿਜ ਤੇ ਸਰਲ ਸ਼ੈਲੀ ਵਿਚ ਹਨ। ਇਨ੍ਹਾਂ ਦੇ ਸਿਰਲੇਖਾਂ ਵਿਚ ਕਲਾ ਦੀ ਘਾਟ ਰੜਕਦੀ ਹੈ। ਪੁਸਤਕ ਦਾ ਮਹੱਤਵ ਪਰਵਾਸੀ ਪੰਜਾਬੀਆਂ ਦੀ ਵਿਦੇਸ਼ਾਂ ਵਿਚ ਚੰਗੀ-ਮਾੜੀ ਜ਼ਿੰਦਗੀ ਦੇ ਕਈ ਪੱਖਾਂ ਨੂੰ ਕਹਾਣੀਆਂ ਵਿਚ ਪੇਸ਼ ਕਰਨਾ ਹੈ। ਪੁਸਤਕ ਦੀ ਛਪਾਈ ਤੇ ਦਿੱਖ ਚੰਗੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਇਹ ਦਿਨ
ਕਵੀ : ਸੰਤੋਖ ਸਿੰਘ ਸੰਤੋਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਜਾਬੀ ਭਵਨ ਲੁਧਿਆਣਾ
ਮੁੱਲ : 135 ਰੁਪਏ, ਸਫ਼ੇ : 64.

ਜਦੋਂ ਅੱਖਰ ਸੂਖਮਤਾ, ਸੁਹਜਤਾ, ਕੋਮਲਤਾ ਅਤੇ ਭਾਵਕਤਾ ਦਾ ਲਿਬਾਸ ਪਹਿਨਦੇ ਹਨ ਤਾਂ ਉਹ ਕਵਿਤਾ ਬਣ ਜਾਂਦੀ ਹੈ। ਕਵਿਤਾ ਜ਼ਿੰਦਗੀ ਦੇ ਕੌੜੇ ਯਥਾਰਥ ਨੂੰ ਵੀ ਸੁੰਦਰਤਾ ਬਖਸ਼ਦੀ ਹੈ। ਕਵੀ ਨੇ ਆਪਣੀ ਜ਼ਿੰਦਗੀ ਦੇ ਸੰਕਟਾਂ, ਸੰਘਰਸ਼ਾਂ ਅਤੇ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਆਪਣੇ ਵਿਚਾਰਾਂ ਨੂੰ ਸ਼ਾਇਰੀ ਵਿਚ ਢਾਲਿਆ ਹੈ। ਇਹ ਨਜ਼ਮਾਂ ਸਾਡੇ ਚਿੰਤਨ, ਚੇਤਨਾ ਅਤੇ ਸੰਵੇਦਨਾ ਨੂੰ ਹਲੂਣਦੀਆਂ ਹਨ। ਕੁਝ ਝਲਕਾਂ ਵੇਖੋ-
-ਤੁਹਾਡੇ ਕਲਬੂਤ ਦੀ ਰਹੇ ਨਾ ਸੁਰਤ ਸੰਭਾਲ
ਕਿਹੜਾ ਦਿਹੁੰ, ਕਿਹੜਾ ਮਹੀਨਾ ਜਾਂ ਸਾਲ
ਬੱਸ ਇਕੋ ਪਿਆਰੇ ਦਾ ਅੱਠੇ ਪਹਿਰ ਖ਼ਿਆਲ।
-ਕੁਝ ਉੜਦੇ ਨੇ ਪਰਿੰਦੇ ਆਪਣੀ ਮੌਜ ਵਿਚ
ਤੇ ਕੁਝ ਨੂੰ ਉੜਾਇਆ ਜਾਂਦਾ ਸ਼ੌਕ ਲਈ
ਅਤੇ ਲੜਾਇਆ ਜਾਂਦਾ ਸ਼ੌਕ ਲਈ
ਮੌਜ ਵਿਚ ਮਰਜ਼ੀ ਦੀ ਸਲਤਨਤ ਹੈ।
-ਜਦ ਤੋਂ ਸੱਜਣ ਪੱਤਣ ਹੋਇਆ
ਬੇੜੀ ਰਹੀ ਹੈ ਡੋਲ
ਦਿਲ ਦੇ ਅੰਦਰ ਯਾਦਾਂ ਨੱਚਣ
ਕੰਨਾਂ ਦੇ ਵਿਚ ਬੋਲ।
-ਕੀ ਹੋਇਆ ਖਾਰੇ ਸਾਗਰਾਂ ਦਾ ਜੇ ਲੂਣ ਬਣਾਇਆ ਜਾ ਸਕਦਾ
ਮੇਰੇ ਵੀ ਖਾਰੇ ਹੰਝੂਆਂ ਦਾ ਮਜ਼ਮੂਨ ਬਣਾਇਆ ਜਾ ਸਕਦਾ।
-ਧਰਮ ਦੀ ਪਵਿੱਤਰਤਾ ਜਦੋਂ ਭੰਗ ਹੁੰਦੀ ਹੈ
ਹਾਕਮਾਂ ਦੀ ਸਾਂਝੀਦਾਰੀ ਅੰਗ ਸੰਗ ਹੁੰਦੀ ਹੈ।
ਇਹ ਨਜ਼ਮਾਂ ਰਾਜਸੀ, ਸਮਾਜਿਕ ਅਤੇ ਸਰਮਾਏਦਾਰੀ ਨਿਜ਼ਾਮ 'ਤੇ ਕਟਾਖਸ਼ ਕਰਦੀਆਂ ਹਨ ਅਤੇ ਸਾਨੂੰ ਕੁਝ ਸੋਚਣ ਲਈ ਪ੍ਰੇਰਦੀਆਂ ਹਨ। ਸ਼ਬਦ ਜੋੜਾਂ ਦੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਦੀ ਲੋੜ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਹੜੱਪਾ ਤੋਂ ਹੀਰੋਸ਼ੀਮਾ ਵੱਲ
ਲੇਖਕ : ਨਿਰੰਜਨ ਸਿੰਘ ਨੂਰ
ਪ੍ਰਕਾਸ਼ਕ : ਵਾਰਿਸ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128.

ਹੜੱਪਾ ਸੱਭਿਅਤਾ ਤੇ ਸੱਭਿਆਚਾਰ ਦਾ ਪੰਘੂੜਾ ਹੈ ਅਤੇ ਹੀਰੋਸ਼ੀਮਾ ਅਮਾਨਵੀ ਦਾਨਵੀ ਸੋਚ ਨਾਲ ਹੋਣ ਵਾਲੇ ਵਿਨਾਸ਼ ਦਾ। ਹੜੱਪਾ ਤੋਂ ਹੀਰੋਸ਼ੀਮਾ ਵੱਲ ਵਧਦੇ ਕਦਮ ਸੱਭਿਅਕ ਮਨੁੱਖ ਦੀ ਬਰਬਾਦੀ ਦੇ ਰਾਹ ਤੁਰਨ ਵਾਲੀ ਮਨੁੱਖਤਾ ਦੀ ਗਵਾਹੀ ਦਿੰਦੇ ਹਨ। ਇਸ ਅਣਮਨੁੱਖੀ ਸੋਚ ਤੇ ਵਿਹਾਰ ਪ੍ਰਤੀ ਫ਼ਿਕਰਮੰਦੀ ਦਾ ਖੁੱਲ੍ਹਾ ਜਿਹਾ ਕਾਵਿਕ ਬਿਰਤਾਂਤ ਹੈ ਨਿਰੰਜਨ ਸਿੰਘ ਨੂਰ ਦੀ ਇਹ ਪੁਸਤਕ, ਜਿਸ ਨੂੰ ਸ਼ਾਇਰ, ਆਲੋਚਕ ਤੇ ਅਧਿਆਪਕ ਸੁਹਿੰਦਰ ਬੀਰ ਨੇ ਸੰਪਾਦਨ ਕੀਤਾ ਹੈ। ਮਾਰਕਸਵਾਦੀ ਚਿੰਤਨ ਨੂੰ ਪ੍ਰਣਾਏ ਪ੍ਰਵਾਸੀ ਕਵੀ ਨੂਰ ਦੀ ਇਹ ਪੁਸਤਕ 1993 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ। ਇਸ ਪੁਨਰ-ਪ੍ਰਕਾਸ਼ਨ ਵਿਚ ਇਸ ਬ੍ਰਿਤਾਂਤਕ ਕਾਵਿ ਦੇ ਵਿਸ਼ੇ/ਰੂਪ ਬਾਰੇ ਪ੍ਰੋ: ਸੁਹਿੰਦਰ ਬੀਰ ਤੇ ਪ੍ਰੋ: ਬ੍ਰਹਮਜਗਦੀਸ਼ ਸਿੰਘ ਦੇ ਦੋ ਵਿਦਵਤਾ ਪੂਰਨ ਨਿਬੰਧ ਇਸ ਦਾ ਮੁੱਲ ਪਾਠਕ ਲਈ ਵਧਾ ਦਿੰਦੇ ਹਨ। ਉਂਜ ਸੰਪਾਦਕ ਨੇ ਕੁਝ ਇਕ ਥਾਵਾਂ 'ਤੇ ਫੁੱਟ ਨੋਟ ਦੇ ਕੇ ਵੀ ਪਾਠਕ ਦਾ ਮਾਰਗ ਦਰਸ਼ਨ ਕੀਤਾ ਹੈ। ਨੂਰ ਦੀ ਇਹ ਕਾਵਿ-ਪੁਸਤਕ ਆਪਣੇ ਰੂਪਾਕਾਰਕ ਪੱਖ ਤੋਂ ਕਿਸੇ ਵੀ ਸਥਾਪਤ ਰੂਪਾਕਾਰ ਵਿਚ ਬੱਝਣ ਤੋਂ ਇਨਕਾਰੀ ਹੈ। ਨਾ ਇਹ ਮਹਾਂ-ਕਾਵਿ ਹੈ ਨਾ ਖੰਡ-ਕਾਵਿ ਅਤੇ ਨਾ ਕਾਵਿ-ਨਾਟਕ। ਨਾਟਕੀ ਕਿਸਮ ਦੀ ਖੁੱਲ੍ਹੀ ਤੇ ਲੰਮੀ ਬਿਰਤਾਂਤਕ ਕਵਿਤਾ ਨੂੰ ਕਿਸੇ ਨਿਸਚਿਤ ਕਥਾ ਅਨੁਸਾਰ ਸੰਗਠਿਤ ਨਹੀਂ ਕੀਤਾ ਜਾ ਸਕਿਆ ਕਵੀ ਵੱਲੋਂ।
ਨਿਰੰਜਣ ਸਿੰਘ ਨੂਰ ਪੰਜਾਬ ਨੂੰ ਆਧਾਰ ਭੂਮੀ ਲੈ ਕੇ ਤੁਰਦਾ ਹੈ। ਚਾਰ ਸਾਢੇ ਚਾਰ ਹਜ਼ਾਰ ਸਾਲ ਦੇ ਪੰਜਾਬ ਦੇ ਸੱਭਿਆਚਾਰ ਦੇ ਬਦਲਦੇ ਦ੍ਰਿਸ਼ ਨੂੰ ਇਸ ਦੇ ਦਰਿਆਵਾਂ ਦੇ ਹਵਾਲੇ ਨਾਲ ਚਿਤਰਨ ਦਾ ਯਤਨ ਕਰਦਾ ਹੈ ਉਹ। ਹੜੱਪਾ ਸੱਭਿਅਤਾ ਉਤੇ ਆਰੀਆ ਲੋਕਾਂ ਦੇ ਆਕਰਸ਼ਣ ਨੂੰ ਉਸ ਨੇ ਰਾਵੀ ਦੇ ਹਵਾਲੇ ਨਾਲ ਚਿਤਰਿਆ ਹੈ। ਸਤਲੁਜ ਨੂੰ ਕੇਂਦਰ ਬਣਾ ਕੇ ਮੁੱਖ ਰੂਪ ਵਿਚ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦੀ ਗੱਲ ਕੀਤੀ ਹੈ। ਜਿਹਲਮ ਨਾਦਰ, ਜ਼ਕਰੀਆ, ਅਬਦਾਲੀ, ਸਿੱਖ ਰਾਜ, ਅੰਗਰੇਜ਼ੀ ਰਾਜ ਤੇ ਉਸ ਪ੍ਰਤੀ ਵਿਦਰੋਹ ਦਾ ਗਵਾਹ ਬਣਾਇਆ ਗਿਆ ਹੈ। ਬਿਆਸ ਇਸ ਬਿਰਤਾਂਤ ਵਿਚਲੇ ਸੰਗਰਾਮ ਨੂੰ ਪੰਜਾਬ ਦੀ ਵੰਡ ਦੇ ਖੂਨੀ ਅਧਿਆਇ ਤੱਕ ਪਹੁੰਚਦਾ ਦੇਖਦਾ ਹੈ। ਝਨਾਂ ਇਸ ਸਾਰੇ ਬਿਰਤਾਂਤ ਉਤੇ ਚਿੰਤਤ ਤੇ ਫ਼ਿਕਰਮੰਦ ਕਵੀ ਦੀ ਮਾਨਸਿਕਤਾ ਦਾ ਦ੍ਰਸ਼ਟਾ ਹੈ।
ਰੂਪ ਨਾਲੋਂ ਵਿਸ਼ੇ ਪ੍ਰਤੀ ਵਧੇਰੇ ਫ਼ਿਕਰਮੰਦੀ ਨੂਰ ਦੀ ਇਸ ਕਾਵਿ-ਪੁਸਤਕ ਦੀ ਸੀਮਾ ਵੀ ਹੈ ਅਤੇ ਪ੍ਰਾਪਤੀ ਵੀ। ਪੁਸਤਕ ਦਾ ਮੁੱਲ ਕੁਝ ਵਧੇਰੇ ਪ੍ਰਤੀਤ ਹੁੰਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਜ਼ਿੰਦਗੀ ਖੁੱਲ੍ਹਾ ਅਸਮਾਨ ਹੈ
ਕਵੀ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 120 ਰੁਪਏ, ਸਫ਼ੇ : 112.

'ਜ਼ਿੰਦਗੀ ਖੁੱਲ੍ਹਾ ਅਸਮਾਨ ਹੈ' ਸ਼ਾਹਗੀਰ ਸਿੰਘ ਗਿੱਲ ਦਾ ਚੌਥਾ ਕਾਵਿ ਸੰਗ੍ਰਹਿ ਹੈ। ਗਿੱਲ ਕੈਨੇਡਾ ਵੱਸਿਆ ਪੰਜਾਬੀ ਕਵੀ ਹੈ। ਇਸ ਤੋਂ ਪਹਿਲਾਂ ਉਹ 'ਚੁੱਪ ਦੇ ਬੋਲ' (2008), 'ਮੁਹੱਬਤ ਦਾ ਦੀਵਾ' (2013) ਅਤੇ 'ਜ਼ਰਾ ਜ਼ਰਾ ਜਿਹੀ ਗੱਲ' (2013) ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕਾ ਹੈ।
ਹਥਲੀ ਪੁਸਤਕ ਵਿਚ ਕੁਝ ਨਜ਼ਮਾਂ ਅਤੇ ਬਾਕੀ ਛੰਦ-ਬੱਧ ਕਵਿਤਾਵਾਂ ਹਨ। ਉਸ ਨੇ ਭਾਵੇਂ ਸਿਰਲੇਖ 'ਗ਼ਜ਼ਲ' ਕਰਕੇ ਨਹੀਂ ਵੀ ਲਿਖੇ ਪਰ ਕਈ ਨਜ਼ਮਾਂ ਉਸ ਦੀਆਂ ਗ਼ਜ਼ਲਾਂ ਹੀ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਸ਼ਾਹਗੀਰ ਆਮ ਤੌਰ 'ਤੇ ਸਵੈ ਨੂੰ ਸੰਬੋਧਨ ਹੋ ਕੇ ਸਮਾਜਿਕ ਪ੍ਰਸ਼ਨ ਉਠਾਉਂਦਾ ਹੈ। ਉਹ ਕਰਦਾ ਤਾਂ ਆਪਣੀ ਗੱਲ ਹੈ ਪਰ ਜ਼ਿਕਰਤ ਜਹਾਨ ਹੁੰਦਾ ਹੈ। ਕਵੀ ਸ਼ਾਹਗੀਰ ਦੇ ਸ਼ਿਅਰ ਨਵੇਂ ਭਾਵ ਬੋਧ ਦੇ ਹਨ, ਜਿਨ੍ਹਾਂ ਵਿਚ ਮੁਹੱਬਤ ਪਿਆਰ ਦੇ ਸ਼ਿਕਵਿਆਂ ਤੋਂ ਲੈ ਕੇ ਦੁਨੀਆ ਭਰ ਦੇ ਮਸਲੇ ਸ਼ਾਮਿਲ ਹਨ। ਇਨ੍ਹਾਂ ਵਿਚ ਸੱਚੇ, ਸੁੱਚੇ ਅਤੇ ਮੌਲਿਕ ਖਿਆਲਾਂ ਦੀ ਪੇਸ਼ਕਾਰੀ ਦਿਲ ਨੂੰ ਟੁੰਬਣ ਵਾਲੀ ਹੈ। ਭਰੂਣ ਹੱਤਿਆ ਬਾਰੇ ਉਸ ਦੇ ਕਈ ਸ਼ਿਅਰ ਸੋਚਣ ਵਾਸਤੇ ਮਜਬੂਰ ਕਰਦੇ ਹਨ :
ਮਾਏ ਨੀ ਮਾਏ ਮੈਂ ਤੇਰੇ ਨੈਣਾਂ ਦੇ ਪਾਣੀ 'ਚ ਵੱਸਣੀ ਆਂ
ਮਾਏ ਨੀ ਮਾਏ ਮੈਂ ਤੈਨੂੰ ਅੱਜ ਦਿਲ ਦੀਆਂ ਦੱਸਣੀ ਆਂ
ਅੰਮੀ ਤੁਹਾਨੂੰ ਵੀ ਤਾਂ ਨਾਨੀ ਮਾਂ ਜਣਿਆ ਸੀ
ਹਰ ਬੋਲ ਸਹਿ ਸਹਿ ਕੇ
ਤੁਹਾਨੂੰ ਤੁਹਾਡੀ ਹੀ ਏਨੀ ਗੱਲ ਮਜਬੂਰ ਹੋ ਕੇ ਆਖਣੀ ਆਂ।
ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਛੰਦ ਬਹਿਰ ਵਿਚ ਹਨ ਅਤੇ ਮੈਨੂੰ ਤਾਂ ਸ਼ਾਹਗੀਰ ਗਿੱਲ ਵਿਚੋਂ ਇਕ ਭਾਵੀਂ ਸਫਲ ਗ਼ਜ਼ਲਗੋ ਦਿੱਸਦਾ ਹੈ। ਥੋੜ੍ਹੀ ਜਿਹੀ ਮਿਹਨਤ ਨਾਲ ਉਹ ਸਿਰਕੱਢ ਗ਼ਜ਼ਲਗੋ ਹੋਣ ਦੇ ਨਜ਼ਦੀਕ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਪੰਜਾਬ ਦੀ ਕਿਸਾਨੀ ਅਤੇ ਰਾਮ ਸਰੂਪ ਅਣਖੀ ਦੇ ਨਾਵਲ
ਲੇਖਕ : ਗੁਰਪ੍ਰੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 119.

ਰਾਮ ਸਰੂਪ ਅਣਖੀ ਪੰਜਾਬੀ ਗਲਪ ਖੇਤਰ ਦਾ ਅਜਿਹਾ ਨਾਮਵਰ ਲੇਖਕ ਹੈ, ਜਿਸ ਨੇ ਮਾਲਵੇ ਦੇ ਸਮਾਜਿਕ, ਸੱਭਿਆਚਾਰਕ ਅਤੇ ਪੰਜਾਬ ਦੀ ਕਿਸਾਨੀ ਦੇ ਬਹੁ-ਪੱਖੀ ਜੀਵਨ-ਸੱਚ ਨੂੰ ਆਪਣੀ ਰਚਨਾ ਦਾ ਆਧਾਰ-ਵਸਤੂ ਬਣਾਇਆ ਹੈ। ਅਣਖੀ ਨੇ ਡੇਢ ਦਰਜਨ ਦੇ ਕਰੀਬ ਨਾਵਲਾਂ ਦੀ ਸਿਰਜਣਾ ਕੀਤੀ ਹੈ। ਅਣਖੀ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਅਜਿਹਾ ਪਹਿਲਾ ਨਾਵਲਕਾਰ ਹੈ, ਜਿਸ ਨੇ ਕਿਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਯਥਾਰਥਕ ਢੰਗ ਨਾਲ ਬਿਆਨ ਕਰਕੇ ਪੰਜਾਬੀ ਨਾਵਲ ਖੇਤਰ ਵਿਚ ਪਰੰਪਰਾਗਤ ਵਿਸ਼ਿਆਂ ਤੋਂ ਹਟ ਕੇ ਲਿਖਿਆ। ਇਸ ਪਿੱਛੋਂ ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ ਆਦਿ ਨਾਵਲਕਾਰਾਂ ਨੇ ਪੰਜਾਬੀ ਕਿਸਾਨੀ ਦੀਆਂ ਸਮੱਸਿਆਵਾਂ ਉੱਪਰ ਲਿਖਿਆ ਹੈ। ਹਥਲੀ ਪੁਸਤਕ ਵਿਚ ਗੁਰਪ੍ਰੀਤ ਸਿੰਘ ਨੇ ਰਾਮ ਸਰੂਪ ਅਣਖੀ ਦੇ ਤਿੰਨ ਨਾਵਲਾਂ-'ਕੋਠੇ ਖੜਕ ਸਿੰਘ', 'ਦੁੱਲੇ ਦੀ ਢਾਬ' ਅਤੇ 'ਕਣਕਾਂ ਦਾ ਕਤਲਾਮ' ਦੇ ਅਧਿਐਨ ਰਾਹੀਂ ਕਿਸਾਨੀ ਦੀ ਨਿੱਘਰਦੀ ਆਰਥਿਕ ਸਥਿਤੀ ਅਤੇ ਧਨੀ ਕਿਸਾਨੀ ਦੀ ਜੀਵਨ-ਸ਼ੈਲੀ ਨੂੰ ਪੇਸ਼ ਕੀਤਾ ਹੈ। ਤਿੰਨਾਂ ਨਾਵਲਾਂ ਬਾਰੇ ਤਿੰਨ ਲੇਖ ਹੀ ਹਨ, ਜੋ ਅਣਖੀ ਦੀ ਗਲਪ-ਚੇਤਨਾ ਰਾਹੀਂ ਔਰਤ ਜਾਤੀ ਉੱਪਰ ਹੋ ਰਹੇ ਦਮਨ ਅਤੇ ਛੋਟੀ ਕਿਸਾਨੀ ਦੀ ਦੁਖਾਂਤਕ ਸਥਿਤੀ ਦਾ ਵਰਨਣ ਕਰਦੇ ਹਨ। 'ਕੋਠੇ ਖੜਕ ਸਿੰਘ ਅਤੇ ਦੁੱਲੇ ਦੀ ਢਾਬ' ਵਿਚ ਅਣਖੀ ਮਾਲਵੇ ਦੀ ਛੋਟੀ ਕਿਸਾਨੀ ਦੀਆਂ ਮੁਸ਼ਕਿਲਾਂ ਅਤੇ ਸਮਾਜਿਕ ਤਬਦੀਲੀ ਰਾਹੀਂ ਔਰਤ ਬਾਰੇ ਬਦਲ ਰਹੇ ਸੰਕਲਪਾਂ ਨੂੰ ਵਿਸ਼ਾਲਤਾ ਨਾਲ ਪ੍ਰਗਟਾਉਂਦਾ ਹੈ। ਅਣਖੀ ਨੇ ਕਿਸਾਨੀ ਜੀਵਨ ਨੂੰ ਆਪਣੇ ਨਾਵਲਾਂ ਵਿਚ ਕੇਂਦਰੀ ਥੀਮ ਵਜੋਂ ਉਭਾਰਿਆ ਹੈ, ਜਿਸ ਰਾਹੀਂ ਸਮੁੱਚੇ ਮਾਲਵੇ ਦੇ ਜੀਵਨ ਦੀਆਂ ਪ੍ਰਸਥਿਤੀਆਂ, ਉਥੋਂ ਦੇ ਸਮਾਜ ਅਤੇ ਸੱਭਿਆਚਾਰ ਦੀ ਤਸਵੀਰ ਸਪੱਸ਼ਟ ਹੁੰਦੀ ਹੈ। ਗੁਰਪ੍ਰੀਤ ਦਾ ਇਹ ਉੱਦਮ ਸ਼ਲਾਘਾਯੋਗ ਹੈ।

ਕਿਛੁ ਹਥਹੁ ਦੇਇ
ਲੇਖਕ : ਡਾ: ਸਵਿੰਦਰ ਸਿੰਘ ਉੱਪਲ
ਪ੍ਰਕਾਸ਼ਕ : ਨੈਸ਼ਨਲ ਬੁਕ ਸ਼ਾਪ, ਦਿੱਲੀ
ਮੁੱਲ : 450 ਰੁਪਏ, ਸਫ਼ੇ : 334.

ਸਵਿੰਦਰ ਸਿੰਘ ਉੱਪਲ ਸਥਾਪਤ ਪੰਜਾਬੀ ਗਲਪਕਾਰ ਹੈ। 'ਕਿਛੁ ਹਥਹੁ ਦੇਇ' ਉਸ ਦੀ ਪ੍ਰਸਤਾਵਿਤ ਤ੍ਰੈਲੜੀ ਦਾ ਦੂਜਾ ਭਾਗ ਹੈ। ਪਹਿਲਾ ਭਾਗ 'ਘਾਲਿ ਖਾਇ' ( 2011) ਛਪ ਚੁੱਕਾ ਹੈ। ਉੱਪਲ ਪੋਠੋਹਾਰੀ ਆਂਚਲਿਕਤਾ ਨੂੰ ਪ੍ਰਗਟਾਉਣ ਵਾਲਾ ਨਾਵਲਕਾਰ ਹੈ। ਇਹ ਨਾਵਲ 1947 ਈ: ਦੀ ਦੇਸ਼-ਵੰਡ ਤੋਂ ਬਾਅਦ ਦੇ ਦੌਰ ਨੂੰ ਆਪਣਾ ਆਧਾਰ-ਵਸਤੂ ਬਣਾਉਂਦਾ ਹੈ। ਵਿਸ਼ੇ ਤੇ ਭਾਸ਼ਾ ਪੱਖੋਂ ਇਹ ਨਾਵਲ ਵਿਲੱਖਣ ਹੈ। ਸ਼ਹਿਰੀ ਪੋਠੋਹਾਰੀ ਭਾਪਿਆਂ ਦੇ ਜੀਵਨ-ਡੰਗ ਅਤੇ ਸਥਾਪਤੀ ਲਈ ਕੀਤੀ ਜੱਦੋ-ਜਹਿਦ ਨੂੰ ਬਾਖੂਬੀ ਪੇਸ਼ ਕੀਤਾ ਹੈ। ਨਾਵਲਕਾਰ ਸਮਾਜ ਦੀ ਤਸਵੀਰ ਆਪਣੇ ਨਜ਼ਰੀਏ ਤੋਂ ਪੇਸ਼ ਕਰਦਾ ਹੈ। ਸਮਾਜ ਦੀਆਂ ਪ੍ਰਸਥਿਤੀਆਂ ਨੂੰ ਦੇਖਦਾ ਹੈ। ਪਰ ਇਨ੍ਹਾਂ ਨੂੰ ਬਦਲਣਾ, ਇਨ੍ਹਾਂ ਦਾ ਮੁਕਾਬਲਾ ਕਰਨਾ ਆਪਣਾ ਕਾਰਜ ਨਹੀਂ ਸਮਝਦਾ। ਇਸ ਨਾਵਲ ਦਾ ਬਿਰਤਾਂਤ ਲਕੀਰੀ ਕਿਸਮ ਦਾ ਹੈ। ਉੱਪਲ ਆਪਣੇ ਨਿਰਧਾਰਤ ਕੀਤੇ ਮਾਰਗ ਉੱਪਰ ਆਪਣੇ ਪਾਤਰਾਂ ਨੂੰ ਤੋਰਦਾ ਹੈ। ਇਹ ਨਾਵਲ ਡਾ: ਸਵਿੰਦਰ ਸਿੰਘ ਉੱਪਲ ਨੇ ਆਪਣੀ ਸਵੈ-ਜੀਵਨੀ ਆਧਾਰਤ ਸਿਰਜੇ ਹਨ। ਨਾਵਲ 'ਜਤਿੰਦਰ' ਪਾਤਰ ਦੇ ਮਾਧਿਅਮ ਰਾਹੀਂ ਆਪਣੀ ਜੀਵਨ ਕਹਾਣੀ ਬਿਆਨ ਕਰਦਾ ਹੈ ਕਿ ਕਿਵੇਂ ਦੇਸ਼ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਰਾਵਲਪਿੰਡੀ ਤੋਂ ਪਟਿਆਲਾ ਆ ਜਾਂਦਾ ਹੈ। ਨਾਇਕ ਨੂੰ ਰੁਜ਼ਗਾਰ ਖਾਤਰ ਦਿੱਲੀ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ। ਆਪਣੀ ਇਮਾਨਦਾਰੀ ਤੇ ਨਿਮਰਤਾ ਨਾਲ ਉਹ ਉੱਚ-ਮੁਕਾਮ 'ਤੇ ਪਹੁੰਚਦਾ ਹੈ। ਵੱਖਰੀ ਗੱਲ ਹੈ ਕਿ ਇਸ ਨਾਵਲ ਵਿਚ ਘਟਨਾਵਾਂ ਫ਼ਿਲਮੀ ਅੰਦਾਜ਼ ਵਿਚ ਵਾਪਰਦੀਆਂ ਹਨ। ਦੇਸ਼-ਵੰਡ ਤੋਂ ਬਾਅਦ ਦੇ ਪੰਜਾਬ ਦੀ ਉਥਲ-ਪੁਥਲ ਦਾ ਬਿਰਤਾਂਤ, ਦਰਦਨਾਕ ਪ੍ਰਸਥਿਤੀਆਂ, ਗ਼ਰੀਬੀ ਆਦਿ ਹਾਲਾਤ ਦਾ ਵਰਨਣ ਹੈ। ਇਹ ਨਾਵਲ ਇਤਿਹਾਸ ਦਾ ਦਸਤਾਵੇਜ਼ੀ ਬਿਰਤਾਂਤ ਬਣਨ ਦੀ ਅਵਸਥਾ ਤੱਕ ਨਹੀਂ ਪਹੁੰਚਦਾ। ਪਿਛਲੇ ਕੁਝ ਸਾਲਾਂ ਤੋਂ 47 ਦੀ ਵੰਡ ਨਾਲ ਸਬੰਧਤ ਬਹੁਤ ਵਧੀਆ ਲਿਖਤਾਂ ਪੜ੍ਹਨ ਨੂੰ ਮਿਲੀਆਂ ਹਨ। ਨਾਵਲਕਾਰ ਆਪਣੇ ਅੰਦਾਜ਼ ਨਾਲ ਇਸ ਸਥਿਤੀ ਦਾ ਵਰਨਣ ਕਰਦਾ ਹੈ। ਇਸ ਸਵੈ-ਜੀਵਨੀ ਮੂਲਕ ਨਾਵ ਦਾ ਸਵਾਗਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਪੰਜਾਬੀ ਕਿੱਸਾ ਕਾਵਿ ਅਤੇ ਦੁਖਾਂਤ ਪਰੰਪਰਾ
ਖੋਜਕਰਤਾ : ਪ੍ਰੋ: ਬਿਕਰਮ ਸਿੰਘ ਘੁੰਮਣ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 272.

ਡਾ: ਬਿਕਰਮ ਸਿੰਘ ਘੁੰਮਣ ਮੱਧਕਾਲੀਨ ਪੰਜਾਬੀ ਸਾਹਿਤ ਦੀਆਂ ਵਿਭਿੰਨ ਪ੍ਰਵਿਰਤੀਆਂ ਦੀ ਵਿਆਖਿਆ-ਵਿਸ਼ਲੇਸ਼ਣ ਕਰਨ ਵਾਲਾ ਇਕ ਪ੍ਰਮੁੱਖ ਵਿਦਵਾਨ ਹੈ। ਉਸ ਨੇ ਪੰਜਾਬੀ ਸੂਫ਼ੀ ਕਾਵਿ, ਗੁਰਮਤਿ ਧਾਰਾ, ਕਿੱਸਾ ਕਾਵਿ, ਵਾਰਾਂ ਅਤੇ ਜੰਗਨਾਮਿਆਂ ਦੇ ਸਾਹਿਤਕ-ਸੱਭਿਆਚਾਰਕ ਸਰੋਕਾਰਾਂ ਬਾਰੇ ਪੂਰਨ ਅਧਿਕਾਰ ਨਾਲ ਲਿਖਿਆ ਹੈ। ਪੰਜਾਬੀ ਸਾਹਿਤ ਦੀਆਂ ਉਕਤ ਧਾਰਾਵਾਂ ਬਾਰੇ ਉਸ ਦੁਆਰਾ ਲਿਖੀਆਂ ਖੋਜ-ਪੁਸਤਕਾਂ ਦੀ ਗਿਣਤੀ ਸੌ ਤੋਂ ਵੀ ਉੱਪਰ ਹੋ ਗਈ ਹੈ। ਮੇਰਾ ਨਹੀਂ ਖਿਆਲ ਕਿ ਪੰਜਾਬੀ ਸਾਹਿਤ ਦੇ ਕਿਸੇ ਹੋਰ ਵਿਦਵਾਨ ਨੇ ਏਨਾ ਵਿਸ਼ਾਲ ਅਤੇ ਚੁਣੌਤੀ ਭਰਪੂਰ ਖੋਜ-ਕਾਰਜ ਕੀਤਾ ਹੋਵੇ। ਇਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਦੇ ਇਤਿਹਾਸ (ਆਲੋਚਨਾ ਖੇਤਰ) ਵਿਚ ਉਸ ਦਾ ਨਾਂਅ ਇਕ ਰੌਸ਼ਨ ਸਿਤਾਰੇ ਵਾਂਗ ਅੰਕਿਤ ਹੋ ਚੁੱਕਾ ਹੈ।
ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਦੇ ਅਜਿਹੇ ਬਿਖਮ ਕਾਰਜ ਨੂੰ ਉਸ ਨੇ 'ਪੰਜਾਬੀ ਕਿੱਸਾ ਕਾਵਿ ਵਿਚ ਦੁਖਾਂਤ ਸੰਕਲਪ' ਦੇ ਵਿਸ਼ੇ ਤੋਂ ਸ਼ੁਰੂ ਕੀਤਾ ਸੀ। ਜਦੋਂ ਉਸ ਨੇ ਇਹ ਕਾਰਜ ਸ਼ੁਰੂ ਕੀਤਾ ਸੀ ਤਾਂ ਸਾਹਿਤ ਦੇ ਖੋਜੀਆਂ ਲਈ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਸਨ। ਪੰਜਾਬੀ ਵਿਚ ਸਰੋਤ-ਪੁਸਤਕਾਂ ਦੀ ਕਾਫੀ ਘਾਟ ਸੀ। ਸੀਨੀਅਰ ਪ੍ਰੋਫੈਸਰਾਂ ਪਾਸ ਏਨਾ ਵਕਤ ਨਹੀਂ ਸੀ ਹੁੰਦਾ ਕਿ ਉਹ ਖੋਜਾਰਥੀਆਂ ਦੀ ਪੂਰੀ ਰਹਿਨੁਮਾਈ ਕਰ ਸਕਦੇ। ਆਉਣ-ਜਾਣ ਦੇ ਵਸੀਲੇ ਆਸਾਨ ਨਹੀਂ ਸਨ ਅਤੇ ਅੱਜ ਵਾਂਗ ਸੂਚਨਾ ਟੈਕਨਾਲੋਜੀ ਦਾ ਵਿਕਾਸ ਨਹੀਂ ਸੀ ਹੋਇਆ। ਇਨ੍ਹਾਂ ਮੁਸ਼ਕਿਲਾਂ ਦੇ ਨਾਲ-ਨਾਲ ਇਕ ਵੱਡੀ ਕਠਿਨਾਈ ਇਹ ਵੀ ਸੀ ਕਿ ਖੋਜ-ਨਿਗਰਾਨ ਪ੍ਰੋਫੈਸਰ ਮਿਆਰੀ ਅਤੇ ਮੌਲਿਕ ਖੋਜ-ਕਾਰਜ ਦੀ ਤਵੱਕਉ ਰੱਖਦੇ ਸਨ। ਪਰ ਇਨ੍ਹਾਂ ਮੁਸ਼ਕਿਲਾਂ ਦੇ ਬਾਵਜੂਦ ਡਾ: ਘੁੰਮਣ ਨੇ ਨਿਰੋਲ ਆਪਣੀ ਅਖੰਡ ਸਾਧਨਾ ਅਤੇ ਕਠਿਨ ਪਰਿਸ਼ਰਮ ਦੇ ਸਹਾਰੇ ਆਪਣੇ ਖੋਜ-ਕਾਰਜ ਨੂੰ ਸਿਰੇ ਚਾੜ੍ਹ ਕੇ ਸਾਨੂੰ ਸਭ ਨੂੰ ਅਚੰਭਿਤ ਕਰ ਦਿੱਤਾ ਸੀ।
ਹਥਲੀ ਖੋਜ ਪੁਸਤਕ ਵਿਚ ਡਾ: ਘੁੰਮਣ ਦੀ ਖੋਜ-ਪ੍ਰਕਿਰਿਆ ਮੁੱਖ ਤੌਰ 'ਤੇ ਤਿੰਨ ਧੁਰਿਆਂ ਦੇ ਆਲੇ-ਦੁਆਲੇ ਘੁੰਮਦੀ ਹੈ : 1. ਪੰਜਾਬੀ ਕਿੱਸਾ ਕਾਵਿ ਦੀ ਉਤਪਤੀ ਅਤੇ ਵਿਕਾਸ ਕਿਵੇਂ ਹੋਇਆ? 2. ਭਾਰਤੀ ਸਾਹਿਤ ਵਿਚ ਸੁਖਾਂਤ-ਪਰੰਪਰਾ ਹੋਣ ਦੇ ਬਾਵਜੂਦ ਪੰਜਾਬੀ ਕਿੱਸਾ ਕਾਵਿ ਵਿਚ ਦੁਖਾਂਤ-ਪਰੰਪਰਾ ਦਾ ਬੀਜਾਰੋਪਣ ਕਿਨ੍ਹਾਂ ਪ੍ਰਸਥਿਤੀਆਂ ਵਿਚ ਹੋਇਆ ਅਤੇ 3. ਪੰਜਾਬੀ ਕਿੱਸਿਆਂ ਵਿਚ ਦੁਖਾਂਤ ਦਾ ਸੁਰੂਪ ਕੈਸਾ ਅਤੇ ਕਿਹੋ ਜਿਹਾ ਰਿਹਾ ਹੈ। ਇਹ ਪੁਸਤਕ ਪੰਜਾਬ ਦੇ ਵਿਦਵਾਨਾਂ ਲਈ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਇਕ ਮਿਆਰੀ ਹਵਾਲਾ-ਪੁਸਤਕ ਦੀ ਭੂਮਿਕਾ ਨਿਭਾਉਂਦੀ ਆ ਰਹੀ ਹੈ ਅਤੇ ਹੁਣ ਤੱਕ ਇਸ ਦੇ ਚਾਰ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਮੱਧਕਾਲੀਨ ਪੰਜਾਬੀ ਸਾਹਿਤ ਬਾਰੇ ਖੋਜ-ਕਾਰਜ ਕਰਨ ਵਾਲੇ ਹਰ ਵਿਦਿਆਰਥੀ ਅਥਵਾ ਵਿਦਵਾਨ ਨੇ ਇਸ ਪੁਸਤਕ ਨੂੰ ਆਪਣੇ ਅਧਿਐਨ-ਖੇਤਰ ਵਿਚ ਸ਼ਾਮਿਲ ਕੀਤਾ ਹੈ। ਇਹ ਪੁਸਤਕ ਪੰਜਾਬੀਆਂ ਦੇ ਥੀਸਿਜ਼ਾਂ ਵਿਚ ਉਧਰਿਤ ਹੋਣ ਵਾਲੀਆਂ ਸਭ ਤੋਂ ਚਰਚਿਤ ਪੁਸਤਕਾਂ ਵਿਚੋਂ ਇਕ ਹੈ। ਮੈਂ ਇਸ ਪੁਸਤਕ ਦੇ ਚੌਥੇ ਸੰਸਕਰਣ ਦੀ ਪ੍ਰਕਾਸ਼ਨਾ ਉੱਪਰ ਡਾ: ਬਿਕਰਮ ਸਿੰਘ ਘੁੰਮਣ ਨੂੰ ਹਾਰਦਿਕ ਸ਼ੁੱਭ ਕਾਮਨਾਵਾਂ ਭੇਟ ਕਰਦਾ ਹਾਂ। ਪਿਛਲੇ ਕੁਝ ਵਰ੍ਹਿਆਂ ਤੋਂ ਇਹ ਪੁਸਤਕ ਮਾਰਕੀਟ ਵਿਚ ਉਪਲਬੱਧ ਨਹੀਂ ਸੀ, ਜਿਸ ਕਾਰਨ ਖੋਜਾਰਥੀਆਂ ਨੂੰ ਕਾਫੀ ਅਸੁਵਿਧਾ ਹੋ ਰਹੀ ਸੀ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਤਝੜ
ਕਵੀ : ਰਣਧੀਰ ਸਿੰਘ ਨਿਊਯਾਰਕ
ਪ੍ਰਕਾਸ਼ਕ : ਪੰਜਾਬੀ ਸਾਹਿਤ ਅਕਾਦਮੀ, ਨਿਊਯਾਰਕ
ਮੁੱਲ : 100 ਰੁਪਏ, ਸਫ਼ੇ : 31.

ਵਰਤਮਾਨ ਪਰਵਾਸੀ ਪੰਜਾਬੀ ਸ਼ਾਇਰਾਂ ਵਿਚ ਰਣਧੀਰ ਸਿੰਘ ਨਿਊਯਾਰਕ ਦਾ ਸ਼ੁਮਾਰ ਹੁੰਦਾ ਹੈ, ਜਿਸ ਨੇ ਛੋਟੀ ਬਹਿਰ ਵਿਚ ਕਲਾਮ ਸਿਰਜ ਕੇ ਪ੍ਰਸਿੱਧੀ ਹਾਸਲ ਕੀਤੀ ਹੈ। ਉਸ ਦੀ ਸ਼ਾਇਰੀ ਵਿਚ ਜਿੱਥੇ ਸਮਾਜ ਦਾ ਦਰਦ ਪੇਸ਼ ਹੁੰਦਾ ਹੈ, ਉਥੇ ਉਹਨੂੰ ਕਵਿਤਾ ਰਾਹੀਂ ਖ਼ੂਬਸੂਰਤ ਚਿੰਨ੍ਹ, ਪ੍ਰਤੀਕ ਅਤੇ ਬਿੰਬ ਸਿਰਜਣ ਦੀ ਵੀ ਖ਼ੂਬਸੂਰਤ ਜਾਚ ਰਹੀ ਹੈ। 'ਪਤਝੜ' ਪੁਸਤਕ ਵਿਚ ਕਵੀ ਦੀ ਇਕੋ ਕਵਿਤਾ 'ਪਤਝੜ' ਪੂਰੇ ਪੰਨਿਆਂ 'ਤੇ ਫੈਲੀ ਹੋਈ ਹੈ। ਇਹ ਪੁਸਤਕ ਕਵੀ ਦੇ ਦਿਹਾਂਤ ਉਪਰੰਤ ਪ੍ਰਕਾਸ਼ਿਤ ਹੋਈ ਹੈ। ਰਣਧੀਰ ਸਿੰਘ ਨਿਊਯਾਰਕ ਨੇ 'ਪਤਝੜ' ਕਵਿਤਾ ਨੂੰ ਮੌਤ ਦੇ ਪ੍ਰਤੀਕ ਵਜੋਂ ਸਿਰਜਿਆ ਹੈ। ਉਸ ਦੀ ਧਾਰਨਾ ਹੈ ਕਿ ਜੇ ਬਹਾਰ ਜੀਵਨ ਦਾ ਪ੍ਰਤੀਕ ਹੈ ਤਾਂ ਪਤਝੜ, ਮੌਤ ਨੂੰ ਸੰਕੇਤ ਕਰਦੀ ਹੈ। ਕਵੀ ਪੱਤਿਆਂ ਅਰਥਾਤ ਜੀਵਨ ਦੇ ਹੋਂਦ ਵਿਚ ਆਉਣ ਦੀ ਲੀਲ੍ਹਾ ਬਾਰੇ ਹੈਰਾਨੀਜਨਕ ਢੰਗ ਨਾਲ ਸਵਾਲ ਦਰ ਸਵਾਲ ਕਰਦਾ ਹੈ ਅਤੇ ਅੰਤ ਵਿਚ ਇਹ ਨਿਰਣਾ ਦਿੰਦਾ ਹੈ:ਂ
ਅਸੀਂ ਪੱਤੇ ਨਿਮਾਣੇ ਬੇਰੰਗ ਹੀ ਹਾਂ
ਕੀ ਅਸੀਂ ਤੇ ਕੀ ਔਕਾਤ ਸਾਡੀ।
ਅਸਲ ਵਿਚ ਬਲਵਾਨ ਹੈ ਵਕਤ ਸਭ ਤੋਂ
ਓਸੇ ਸਦਕਾ ਹੀ ਸ਼ਾਮ ਪ੍ਰਭਾਤ ਸਾਡੀ। (ਪੰਨਾ 28)
ਵੰਨ ਸੁਵੰਨੇ ਫਲਾਂ, ਫੁੱਲਾਂ ਅਤੇ ਜਨੌਰਾਂ ਤੇ ਰੁੱਖਾਂ ਦੇ ਮਾਧਿਅਮ ਦੁਆਰਾ ਮਨੁੱਖੀ ਜੀਵਨ ਨੂੰ ਪ੍ਰਤਿਬਿੰਬਤ ਕਰਦੀ ਇਹ ਪੁਸਤਕ ਪਾਠਕ ਦੇ ਮਨ 'ਤੇ ਅਸਰ ਛੱਡਦੀ ਹੈ। ਇਸ ਕਵਿਤਾ ਨਾਲ ਢੁਕਵੇਂ ਅਤੇ ਰੰਗ-ਬਰੰਗੇ ਚਿੱਤਰ ਕਵਿਤਾ ਦੇ ਸੁਹਜ ਨੂੰ ਸਮਝਣ ਵਿਚ ਮਦਦਗਾਰ ਹੁੰਦੇ ਹਨ ਅਤੇ ਕਵੀ ਦੀ ਕਲਪਨਾ ਨੂੰ ਚਾਰ ਚੰਨ ਲਾਉਂਦੇ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703.

ਪੰਜਾਬੀ ਵਿਰਸਾ ਕੋਸ਼
ਲੇਖਕ : ਹਰਕੇਸ਼ ਸਿੰਘ ਕਹਿਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, 34 ਏ, ਚੰਡੀਗੜ੍ਹ
ਮੁੱਲ : 795 ਰੁਪਏ, ਸਫ਼ੇ : 584.

'ਪੰਜਾਬੀ ਵਿਰਸਾ ਕੋਸ਼' ਪੰਜਾਬ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਵਿਸ਼ਿਆਂ ਨਾਲ ਸਬੰਧਤ ਵਡਮੁੱਲੀ ਪੁਸਤਕ ਹੈ, ਜਿਸ ਨੂੰ ਲੇਖਕ ਨੇ ਵਰ੍ਹਿਆਂ ਦੀ ਘਾਲਣਾ ਘਾਲ ਕੇ ਅਤਿ ਮਿਹਨਤ ਅਤੇ ਸਿਰੜ ਨਾਲ ਪੰਜਾਬੀ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਹੈ। ਇਸ ਵੱਡ ਆਕਾਰੀ ਕੋਸ਼ ਵਿਚ ਵਿਦਵਾਨ ਲੇਖਕ ਨੇ ਪੰਜਾਬ ਦੇ ਪੇਂਡੂ ਜੀਵਨ ਵਿਚੋਂ ਅਲੋਪ ਹੋ ਰਹੇ ਅਤੇ ਹੋ ਚੁੱਕੇ ਸੱਭਿਆਚਾਰਕ ਵਿਰਾਸਤੀ ਅੰਸ਼ਾਂ/ਤੱਤਾਂ ਦੀ ਨਿਸ਼ਾਨਦੇਹੀ ਕਾਰਨ ਉਪਰੰਤ ਉਨ੍ਹਾਂ ਨੂੰ ਇਕ ਕੋਸ਼ ਦੇ ਰੂਪ ਵਿਚ ਸੰਭਾਲਿਆ ਹੈ ਅਤੇ ਵਿਸ਼ੇ ਅਨੁਸਾਰ ਉਨ੍ਹਾਂ ਨੂੰ ਤਰਤੀਬ ਦਿੱਤੀ ਹੈ। ਇਹ ਵੱਡ ਆਕਾਰੀ ਕੋਸ਼ 584 ਪੰਨਿਆਂ ਤੱਕ ਫੈਲਿਆ ਹੋਇਆ ਹੈ, ਜਿਸ ਵਿਚ 864 ਅੰਦਰਾਜ (ਐਂਟਰੀਆਂ) ਦਰਜ ਹਨ। ਐਂਟਰੀਆਂ ਨੂੰ 14 ਸ਼੍ਰੇਣੀਆਂ ਵਿਚ ਵੰਡ ਕੇ ਅੱਖਰ ਕਰਮ ਅਨੁਸਾਰ ਤਰਤੀਬ ਦਿੱਤੀ ਗਈ ਹੈ। ਵਿਸ਼ੇ-ਵਾਰ ਵੰਡ ਇਸ ਪ੍ਰਕਾਰ ਹੈ-1. ਖੇਤੀਬਾੜੀ ਸਬੰਧੀ, 2 ਫਸਲਾਂ ਤੇ ਫਸਲਾਂ ਸਬੰਧੀ, 3. ਘਰੇਲੂ ਵਸਤਾਂ ਤੇ ਧੰਦੇ, 4. ਲੋਕ ਕਿੱਤੇ/ਧੰਦੇ, 5. ਖੁਰਾਕਾਂ, 6. ਪਹਿਰਾਵਾ, 7. ਗਹਿਣੇ, 8. ਰਸਮ-ਰਿਵਾਜ, 9. ਵਿਆਹ ਦੀਆਂ ਰਸਮਾਂ, 10. ਤਿਉਹਾਰ ਤੇ ਮੇਲੇ, 11. ਮਨੋਰੰਜਨ ਦੇ ਸਾਧਨ, 12. ਨਾਤੇਦਾਰੀ-ਸਾਕਾਦਾਰੀ, 13. ਰੁੱਖ-ਬੂਟੇ, 14 ਪਸ਼ੂ-ਪੰਛੀ।
ਲੇਖਕ ਦੀ ਖੂਬੀ ਇਹ ਹੈ ਕਿ ਉਸ ਨੇ ਇਸ ਕੋਸ਼ ਵਿਚ ਦਰਜ ਅੰਦਰਾਜ਼ਾਂ (ਐਂਟਰੀਆਂ) ਦੀ ਕੋਸ਼ਗਤ ਵਿਆਖਿਆ ਕਰਨ ਦੀ ਬਜਾਏ ਆਪਣੇ ਨਿੱਜੀ ਅਨੁਭਵ ਦੇ ਆਧਾਰ 'ਤੇ ਸਰਲ ਅਤੇ ਰੌਚਿਕ ਭਾਸ਼ਾ ਵਿਚ ਵਿਹਾਰਕ ਵਿਆਖਿਆ ਕੀਤੀ ਹੈ ਅਤੇ ਹਰੇਕ ਅੰਦਰਾਜ ਨੂੰ ਵਿਧੀਵਤ ਅਤੇ ਸੁਚਿੱਤਰ ਢੰਗ ਨਾਲ ਬਿਆਨ ਕਰਕੇ 'ਪੰਜਾਬੀ ਵਿਰਸਾ ਕੋਸ਼' ਨੂੰ ਭਰੋਸੇਯੋਗ ਹਵਾਲਾ ਗ੍ਰੰਥ ਦਾ ਰੂਪ ਦੇ ਦਿੱਤਾ ਹੈ। ਇਸ ਵੱਡਮੁੱਲੀ ਘਾਲਣਾ ਲਈ ਲੇਖਕ ਵਧਾਈ ਦਾ ਹੱਕਦਾਰ ਹੈ। ਇਹ ਕੋਸ਼ ਜਿਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਮੁੱਲਵਾਨ ਵਿਰਾਸਤ ਨਾਲ ਜੋੜੇਗਾ, ਉਥੇ ਇਹ ਪੰਜਾਬੀ ਸੱਭਿਆਚਾਰ ਦੇ ਖੋਜਾਰਥੀਆਂ ਲਈ ਸਮਰੱਥ ਸਮੱਗਰੀ ਵੀ ਪ੍ਰਦਾਨ ਕਰੇਗਾ। ਮੈਨੂੰ ਵਿਸ਼ਵਾਸ ਹੈ ਪੰਜਾਬੀ ਪਿਆਰੇ ਇਸ ਵੱਡਮੁੱਲੀ ਅਤੇ ਮਹੱਤਵਪੂਰਨ ਰਚਨਾ ਦਾ ਭਰਪੂਰ ਸਵਾਗਤ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

ਉੱਤਰ ਭਾਰਤ ਦੀ ਸੰਗੀਤ ਪਰੰਪਰਾ
ਵਿਚ ਸਾਜ਼ਾਂ ਦਾ ਮਹੱਤਵ, ਯੋਗਦਾਨ ਅਤੇ ਵਾਦਨ ਵਿਸ਼ੇਸ਼ਤਾਵਾਂ
ਸੰਪਾਦਕ : ਡਾ: ਤੇਜਿੰਦਰ ਕੌਰ ਧਾਲੀਵਾਲ, ਡਾ: ਨੀਨਾ ਮਹਿਤਾ, ਮਿਸ ਹਰਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119.

ਇਹ ਪੁਸਤਕ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ ਦੇ ਸੰਗੀਤਕ ਵਿਭਾਗ ਦੁਆਰਾ ਕਰਵਾਏ ਗਏ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਵੱਖ-ਵੱਖ ਸੰਗੀਤ ਵਿਦਵਾਨਾਂ ਵੱਲੋਂ ਪੜ੍ਹੇ ਗਏ ਖੋਜ-ਪੱਤਰਾਂ ਦਾ ਸੰਗ੍ਰਹਿ ਹੈ। ਇਨ੍ਹਾਂ ਖੋਜ-ਪੱਤਰਾਂ ਵਿਚ ਸੰਗੀਤ ਦੇ ਵਿਭਿੰਨ ਪੱਖਾਂ 'ਤੇ ਚਾਨਣ ਪਾਇਆ ਗਿਆ ਹੈ। ਇਹ ਖੋਜ-ਪੱਤਰ ਤਿੰਨ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਵਿਚ ਲਿਖੇ ਗਏ ਹਨ।
ਪੰਜਾਬੀ ਵਿਚ ਵਿਨੋਦ ਕੁਮਾਰ ਖੁਰਾਣਾ, ਹਰਜੀਤ ਕੌਰ, ਅਮਰਿੰਦਰ ਸਿੰਘ, ਸਵਰਲੀਨ ਕੌਰ, ਗੁਰਬਿੰਦਰ ਕੌਰ, ਰਾਜਬੀਰ ਕੌਰ ਅਤੇ ਗੁਰਵਰਿੰਦਰ ਕੌਰ, ਸੰਗੀਤ ਵਿਦਵਾਨਾਂ ਵੱਲੋਂ ਲਿਖੇ ਗਏ ਸੱਤ ਖੋਜ-ਪੱਤਰਾਂ ਦੁਆਰਾ ਸੰਗੀਤ ਵਿਚ ਸਾਜ਼ਾਂ ਦੀ ਮਹੱਤਤਾ ਅਤੇ ਸਾਰੰਗੀ, ਹਰਮੋਨੀਅਮ, ਸਰੋਦ ਆਦਿ ਸਾਜ਼ਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਹਿੰਦੀ ਵਿਚ ਡਾ: ਗੌਰੀ, ਡਾ: ਸ਼ਸ਼ੀ ਕਾਲੜਾ, ਡਾ: ਸੰਗੀਤਾ ਸ਼ਰਮਾ, ਚਰਨਜੀਤ ਸਿੰਘ, ਪ੍ਰੋ: ਸੰਦੀਪ ਕੁਮਾਰ ਅਤੇ ਸਵਾਤੀ ਸ਼ਰਮਾ ਨੇ ਆਪਣੇ ਖੋਜ-ਪੱਤਰਾਂ ਰਾਹੀਂ ਇਨ੍ਹਾਂ ਵਿਸ਼ਿਆਂ ਬਾਰੇ ਪ੍ਰਕਾਸ਼ ਪਾਇਆ ਹੈ-ਸੰਗੀਤ ਪਰੰਪਰਾ ਵਿਚ ਸਾਜ਼ਾਂ ਦਾ ਮਹੱਤਵ ਤੇ ਯੋਗਦਾਨ, ਤੰਤੀ ਸਾਜ਼ਾਂ ਦੀਆਂ ਵੱਖ-ਵੱਖ ਵਾਦਨ-ਪਰੰਪਰਾਵਾਂ ਸ਼ੈਲੀਆਂ, ਫ਼ਿਲਮੀ-ਸੰਗੀਤ ਵਿਚ ਸ਼ਾਸਤਰੀ-ਸੰਗੀਤ, ਸੰਗੀਤ ਨੂੰ ਆਮ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਏ?, ਲੋਕ-ਸਾਜ਼ ਆਦਿ। ਅੰਗਰੇਜ਼ੀ ਵਿਚ ਡਾ: ਕੰਵਲਜੀਤ ਸਿੰਘ ਨੇ Sikh Sacred Music ਬਾਰੇ ਜਾਣਕਾਰੀ ਦਿੱਤੀ ਹੈ। ਪੁਸਤਕ ਪੜ੍ਹ ਕੇ ਪਾਠਕਾਂ ਨੂੰ ਇਨ੍ਹਾਂ ਸਾਜ਼ਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ-ਰਬਾਬ, ਸਾਰੰਦਾ, ਸਾਰੰਗੀ, ਤਾਊਸ, ਇਸਰਾਜ, ਦਿਲਰੁਬਾ, ਤਾਨਪੁਰਾ, ਮਿਰਦੰਗ, ਪਖਾਵਜ, ਤਬਲਾ, ਢੋਲਕ, ਚਿਮਟਾ, ਮੰਜੀਰਾ, ਖੜਤਾਲ, ਛੈਣੇ, ਜਲ ਤਰੰਗ, ਖੰਜਰੀ, ਕਿੰਗਰੀ, ਸਿਤਾਰ, ਵੀਣਾ ਅਤੇ ਸੁਰਬਹਾਰ। ਇਸ ਪ੍ਰਕਾਰ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਮਨੁੱਖੀ ਸੱਭਿਆਚਾਰ ਦਾ ਇਤਿਹਾਸ ਅਤੇ ਸਾਜ਼ਾਂ ਦਾ ਵਿਕਾਸ ਅਤੇ ਇਤਿਹਾਸ ਨਾਲ-ਨਾਲ ਹੀ ਚਲਦੇ ਹਨ। ਸੰਗੀਤ ਦੀ ਪਰੰਪਰਾ ਨੂੰ ਕਾਇਮ ਰੱਖਣ ਵਿਚ ਸਾਜ਼ਾਂ ਦਾ ਬੜਾ ਵੱਡਾ ਯੋਗਦਾਨ ਹੈ। ਸੰਗੀਤ-ਵਿਦਿਆਰਥੀਆਂ ਅਤੇ ਸੰਗੀਤ-ਪ੍ਰੇਮੀਆਂ ਵਾਸਤੇ ਇਹ ਪੁਸਤਕ ਬਹੁਤ ਲਾਭਦਾਇਕ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241

 

19-1-2014

 ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਪ੍ਰਾਪਤ ਪੁਸਤਕਾਂ
ਬਿਖੜੇ ਪੰਧ
ਲੇਖਕ : ਅਜੀਤ ਸਿੰਘ ਸੰਧੂ
ਮੁੱਲ : 150 ਰੁਪਏ, ਸਫ਼ੇ : 104.
--------
ਅਧੂਰਾ ਸੁਪਨਾ
ਲੇਖਕ : ਡਾ: ਜਨਕ ਸਿੰਘ
ਮੁੱਲ : 250 ਰੁਪਏ, ਸਫ਼ੇ : 152.
--------
ਆਜ਼ਾਦੀ ਤੇ ਗੁਲਾਮੀ
ਲੇਖਕ : ਸੁੱਚਾ ਸਿੰਘ ਮਸਤਾਨਾ
ਮੁੱਲ : 130 ਰੁਪਏ, ਸਫ਼ੇ : 96.
--------
ਸੁਨਹਿਰੀ ਅਸੂਲ
ਲੇਖਕ : ਨਰੰਜਨ ਸਿੰਘ ਵਿਰਕ
ਮੁੱਲ : 150 ਰੁਪਏ, ਸਫ਼ੇ : 80.
--------
ਇਹ ਕੌਣ ਨੇ?
ਲੇਖਕ : ਗੁਰਨਾਮ ਸਿੰਘ 'ਬਿਜਲੀ'
ਮੁੱਲ : 130 ਰੁਪਏ, ਸਫ਼ੇ : 80.
--------
ਬੇਰੀ ਵਾਲਾ ਘਰ
ਲੇਖਕ : ਕੈਲਾਸ਼ ਰਾਣੀ
ਮੁੱਲ : 150 ਰੁਪਏ, ਸਫ਼ੇ : 104.
--------
ਕੰਬਦੀ ਧਰਤੀ
ਲੇਖਕ : ਕਰਨਲ ਹਰਜੀਤ ਬੱਸੀ
ਮੁੱਲ : 150 ਰੁਪਏ, ਸਫ਼ੇ : 112.
--------
ਕਲਮ ਏਕ ਰੰਗ ਅਨੇਕ
ਲੇਖਕ : ਬਾਬੂ ਰਾਮ ਦੀਵਾਨਾ
ਮੁੱਲ : 150 ਰੁਪਏ, ਸਫ਼ੇ : 104.
--------
ਰਸੀਲੇ ਰਤਨ
ਲੇਖਕ : ਨਰਿੰਦਰ ਬਾਇਆ 'ਅਰਸ਼ੀ'
ਮੁੱਲ : 180 ਰੁਪਏ, ਸਫ਼ੇ : 120.

---------

ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਾਪਤ ਪੁਸਤਕਾਂ
ਕ੍ਰਿਸ਼ਨ
ਲੇਖਕ : ਸਵਰਾਜਬੀਰ
ਮੁੱਲ : 150 ਰੁਪਏ, ਸਫ਼ੇ : 132.
--------
ਸਮੇਂ ਦੇ ਹਾਣੀ
ਲੇਖਕ : ਜਰਨੈਲ ਸਿੰਘ
ਮੁੱਲ : 150 ਰੁਪਏ, ਸਫ਼ੇ : 119.
--------
ਬਲਬੀਰੋ
ਲੇਖਕ : ਕਿੰਦਾ ਬਰਾੜ
ਮੁੱਲ : 200 ਰੁਪਏ, ਸਫ਼ੇ : 103.
--------
ਜਜ਼ਬਾਤਾਂ ਦੇ ਤੀਰ
ਲੇਖਕ : ਬਲਬਹਾਦਰ ਸਿੰਘ ਬਰਾੜ
ਮੁੱਲ : 175 ਰੁਪਏ, ਸਫ਼ੇ : 96.
--------
ਗੱਲਾਂ 'ਚੋਂ ਗੱਲ ਬਲਦੇਵ ਸਿੰਘ ਧਾਲੀਵਾਲ ਨਾਲ ਸੰਵਾਦ
ਸੰਪਾਦਕ : ਰਵਿੰਦਰ ਸਿੰਘ ਘੁੰਮਣ
ਮੁੱਲ : 395 ਰੁਪਏ, ਸਫ਼ੇ : 191.
--------

12-01-2014

 ਹਾਸ਼ਮ : ਕਿੱਸਾ ਸ਼ੀਰੀਂ ਫਰਹਾਦ
ਸੰਪਾਦਕ : ਡਾ: ਕਰਮਜੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 112.

ਹਾਸ਼ਮ (ਪੂਰਾ ਨਾਂਅ ਸੱਯਦ ਮੁਹੰਮਦ ਹਾਸ਼ਮ ਸ਼ਾਹ) 18ਵੀਂ ਸਦੀ ਦਾ ਪ੍ਰਸਿੱਧ ਕਿੱਸਾ ਕਵੀ ਸੀ। ਉਸ ਦਾ ਜਨਮ 27 ਨਵੰਬਰ 1735 ਈ: ਨੂੰ ਹਾਜੀ ਮੁਹੰਮਦ ਸ਼ਰੀਫ਼ ਦੇ ਘਰ ਪਿੰਡ ਜਗਦੇਉ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਹੋਇਆ।
ਹਾਸ਼ਮ ਸੂਤਰਬਧ ਰਚਨਾਵਾਂ ਕਰਨ ਵਾਲਾ ਕਵੀ ਸੀ। ਦਮੋਦਰ ਅਤੇ ਵਾਰਸ ਵਾਂਗ ਉਹ ਵਿਸਤਾਰ ਦਾ ਧਨੀ ਨਹੀਂ ਸੀ। ਉਸ ਨੇ 'ਕਿੱਸਾ ਹੀਰ ਰਾਂਝਾ' (ਬਿਰਤੀ) ਕੇਵਲ 120 ਪੰਕਤੀਆਂ ਵਿਚ ਲਿਖਿਆ। ਉਸ ਦੇ ਕੁਝ ਹੋਰ ਕਿੱਸੇ, ਸੋਹਣੀ ਮਹੀਂਵਾਲ (151 ਛੰਦ), ਸੱਸੀ ਪੁਨੂੰ (126 ਛੰਦ) ਅਤੇ ਸ਼ੀਰੀਂ ਫਰਹਾਦ (513 ਦੋਹੇ) ਵੀ ਆਕਾਰ ਵਿਚ ਕਾਫੀ ਛੋਟੇ ਹਨ। ਹਾਸ਼ਮ ਆਪਣੀ ਦ੍ਰਿਸ਼ਟੀ ਇਸ਼ਕ ਉਪਰ ਕੇਂਦਰਿਤ ਕਰਦਾ ਹੈ ਅਤੇ ਹੋਰ ਵੇਰਵਿਆਂ ਵਿਚ ਨਹੀਂ ਜਾਂਦਾ। ਉਸ ਦੇ ਕਿੱਸਿਆਂ ਵਿਚ ਇਸ਼ਕ ਮਿਜਾਜ਼ੀ ਨੂੰ ਵੀ ਇਸ਼ਕ ਹਕੀਕੀ ਜਿੰਨਾ ਮਹੱਤਵਪੂਰਨ ਦਰਸਾਇਆ ਗਿਆ ਹੈ ਬਲਕਿ ਕਈ ਵਾਰ ਤਾਂ ਉਹ ਇਸ਼ਕ ਮਿਜਾਜ਼ੀ ਨੂੰ ਵਧੇਰੇ ਮਹੱਤਵ ਦਿੰਦਾ ਜਾਪਦਾ ਹੈ।
ਡਾ: ਕਰਮਜੀਤ ਕੌਰ ਨੇ ਆਪਣੇ ਇਸ ਸੰਖੇਪ ਆਕਾਰ ਦੇ ਮੋਨੋਗ੍ਰਾਫ਼ ਵਿਚ ਹਾਸ਼ਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਪਹਿਲੇ ਅਧਿਆਇ ਵਿਚ ਹਾਸ਼ਮ ਦੇ ਜੀਵਨ ਅਤੇ ਯੁਗ-ਪ੍ਰਸਥਿਤੀਆਂ ਬਾਰੇ ਚਰਚਾ ਕੀਤੀ ਹੈ, ਦੂਜੇ ਅਧਿਆਇ ਵਿਚ ਹਾਸ਼ਮ ਦੀਆਂ ਪੰਜਾਬੀ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ, ਤੀਜੇ ਅਧਿਆਇ ਵਿਚ 'ਸੀਰੀਂ ਫਹਹਾਦ ਕੀ ਬਾਰਤਾ' ਦੀ ਵਸਤੂ-ਸਮੱਗਰੀ ਦਾ ਵਿਸ਼ੇਸ਼ਣ ਕੀਤਾ ਹੈ, ਚੌਥੇ ਅਧਿਆਇ ਵਿਚ ਹਾਸ਼ਮ ਦੀ ਕਾਵਿ-ਸ਼ੈਲੀ ਬਾਰੇ ਟਿੱਪਣੀਆਂ ਕੀਤੀਆਂ ਹਨ ਅਤੇ ਪੰਜਵੇਂ ਅਧਿਆਇ ਵਿਚ ਇਤਿਹਾਸਕ-ਮਿਥਿਹਾਸਕ ਹਵਾਲਿਆਂ ਦੀ ਕੁੰਜੀ ਪ੍ਰਸਤੁਤ ਕੀਤੀ ਹੈ। ਅੰਤ ਵਿਚ 'ਸ਼ੀਰੀਂ ਫ਼ਰਹਾਦ' ਕਿੱਸੇ ਦਾ ਮੂਲ ਪਾਠ (ਕਠਿਨ ਸ਼ਬਦਾਂ ਦੇ ਅਰਥਾਂ ਸਮੇਤ) ਦਿੱਤਾ ਗਿਆ ਹੈ। ਇੰਜ ਇਹ ਪੁਸਤਕ ਮਾਈਕਰੋ ਰੂਪ ਵਿਚ 'ਸ਼ੀਰੀਂ ਫਰਹਾਦ ਕੀ ਬਾਰਤਾ' ਉਪਰ ਕੇਂਦਰਿਤ ਹੋਣ ਦੇ ਨਾਲ-ਨਾਲ ਮੈਕਰੋ ਰੂਪ ਵਿਚ ਹਾਸ਼ਮ ਦੀ ਸਮੁੱਚੀ ਰਚਨਾਵਲੀ ਬਾਰੇ ਸਟੀਕ ਜਾਣਕਾਰੀ ਉਪਲਬਧ ਕਰਵਾ ਜਾਂਦੀ ਹੈ। ਸਾਹਿਤ ਦੇ ਵਿਦਿਆਰਥੀਆਂ ਲਈ ਇਹ ਇਕ ਅਤਿਅੰਤ ਉਪਯੋਗੀ ਪੁਸਤਕ ਹੈ। ਮੈਂ ਸੂਝਵਾਨ ਸੰਪਾਦਕਾ ਨੂੰ ਸ਼ਾਬਾਸ਼ ਦਿੰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸੱਚ ਦੇ ਅੱਖਰ
ਗ਼ਜ਼ਲਕਾਰ : ਕਸ਼ਮੀਰਾ ਸਿੰਘ ਚਮਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 128.

ਸੱਚ ਦੇ ਅੱਖਰ, ਕਸ਼ਮੀਰਾ ਸਿੰਘ ਚਮਨ ਦੀ ਬੱਤੀਵੀਂ ਪੁਸਤਕ ਹੈ। ਹਥਲੇ ਗ਼ਜ਼ਲ ਸੰਗ੍ਰਹਿ ਤੋਂ ਇਲਾਵਾ ਉਹ ਦਰਜਨ ਦੇ ਕਰੀਬ ਗ਼ਜ਼ਲ ਸੰਗ੍ਰਹਿ ਮਾਂ-ਬੋਲੀ ਦੀ ਝੋਲੀ ਪਾ ਚੁੱਕਾ ਹੈ, ਪਿਛਲੇ ਚਾਲੀ ਵਰ੍ਹਿਆਂ ਤੋਂ ਕੈਲਗਰੀ ਕੈਨੇਡਾ ਦੀ ਧਰਤ 'ਤੇ ਪ੍ਰਵਾਸ ਹੰਢਾ ਰਿਹਾ ਹੋਣ ਦੇ ਬਾਵਜੂਦ ਉਹ ਆਪਣੀ ਸਿਰਜਣ ਪ੍ਰਕਿਰਿਆ ਦੀ ਗਤੀਸ਼ੀਲਤਾ ਦੇ ਨਾਲ-ਨਾਲ ਗ਼ਜ਼ਲ ਦੇ ਤਕਨੀਕੀ ਪੱਖ ਤੋਂ ਸੁਚੇਤ ਤੌਰ 'ਤੇ ਵਿਚਰ ਰਿਹਾ ਹੈ। ਤਿੰਨ ਹਜ਼ਾਰ ਤੋਂ ਉੱਪਰ ਗ਼ਜ਼ਲਾਂ ਦੇ ਰਚੇਤਾ ਦੀਆਂ ਗ਼ਜ਼ਲਾਂ ਵਿਚੋਂ ਸਰਲਤਾ, ਸਪੱਸ਼ਟਤਾ, ਮਾਨਵਤਾ ਦੀ ਤਰਜਮਾਨੀ, ਧਾਰਮਿਕ ਕੱਟੜਵਾਦ ਤੇ ਵਿਅੰਗ, ਸਿਆਸਤ ਦੀਆਂ ਲੂੰਬੜਚਾਲਾਂ ਰਾਹੀਂ ਲੋਕਾਂ ਦੀ ਲੁੱਟ-ਖਸੁੱਟ, ਧਰਮ, ਜਾਤ-ਪਾਤ, ਨਸਲਵਾਦ ਦੇ ਉਤੇ ਲੋਕਾਂ ਵਿਚ ਵੰਡੀਆਂ ਦਾ ਜ਼ਿਕਰ ਭਾਵਪੂਰਤ ਢੰਗ ਨਾਲ ਵੇਖਣ ਨੂੰ ਮਿਲਦਾ ਹੈ, ਨਾਲ ਹੀ ਉਹ ਧੀਆਂ ਦੇ ਪਿਆਰ ਅਤੇ ਉਨ੍ਹਾਂ ਦੀ ਅਹਿਮੀਅਤ ਬਾਰੇ ਵੀ ਪੂਰਨ ਤੌਰ 'ਤੇ ਸੁਚੇਤ ਹੈ
ਰੱਖੀ ਹੈ ਪੱਤ ਘਰਾਂ ਦੀ ਧੀਆਂ ਦੁਲਾਰੀਆਂ ਨੇ
ਤਾਹੀਓਂ ਤਾਂ ਪੁੱਤਰਾਂ ਤੋਂ ਵਧ ਕੇ ਪਿਆਰੀਆਂ ਨੇ।
ਇਸ ਪੁਸਤਕ ਵਿਚ ਚਮਨ ਨੇ ਹਰ ਗ਼ਜ਼ਲ ਉੱਪਰ ਗ਼ਜ਼ਲ ਦੀ ਬਹਿਰ ਤਕਤੀਅ ਨਾਲ ਲਿਖ ਕੇ ਨਵੇਂ ਉੱਭਰ ਰਹੇ ਸਿਖਾਂਦਰੂ ਗ਼ਜ਼ਲਕਾਰਾਂ ਲਈ ਬਹਿਰਾਂ ਨੂੰ ਸਮਝਣਾ ਸੁਖਾਲਾ ਬਣਾ ਦਿੱਤਾ ਹੈ ਪਰ ਪੰਨੇ 39 'ਤੇ ਪਤਾ ਨਹੀਂ ਕਿਉਂ, ਮਫ਼ਊਲ, ਫਾਇਲਾਤੁਨ, ਮਫ਼ਊਲ ਫਾਇਲਾਤੁਨ ਵਰਗੀ ਸਰਲ ਤਕਤੀਅ ਦੀ ਬਜਾਏ, ਮੁਸਤਫ਼ਾਇਲੁਨ, ਫਊਲਨ, ਮੁਸਤਫ਼ਇਲੁਨ, ਫਊਲਨ, ਕਿਉਂ ਲਿਖ ਦਿੱਤਾ। ਇਸੇ ਤਰ੍ਹਾਂ ਸਫ਼ਾ 43 'ਤੇ ਬਹਿਰ-ਏ-ਹਜ਼ਜ਼ ਦੀ ਗ਼ਜ਼ਲ ਵਿਚ 'ਪ੍ਰੀਤਾ' ਸ਼ਬਦ ਨੂੰ ਫਊਲਨ ਦੇ ਵਜ਼ਨ ਤੇ ਨਜ਼ਮ ਕਰ ਦਿੱਤਾ ਹੈ ਜਦ ਕਿ ਵਜ਼ਨ ਫੇਲੁਨ ਬਣਦਾ ਹੈ। ਜੇ 'ਪ੍ਰੀਤਾ' ਸ਼ਬਦ ਨੂੰ ਫਊਲਨ ਨਜ਼ਮ ਕਰਨਾ ਹੋਵੇ ਤਾਂ 'ਪਰੀਤਾਂ' ਲਿਖਿਆ ਜਾਂਦਾ ਹੈ। ਇਹ ਇੱਕਾ-ਦੁੱਕਾ ਊਣਤਾਈਆਂ ਹੋ ਸਕਦੈ ਪ੍ਰੈੱਸ ਦੀ ਅਣਗਹਿਲੀ ਹੋਵੇ। ਸਮੁੱਚੇ ਤੌਰ 'ਤੇ ਸੱਚੀ-ਸੁੱਚੀ ਮੁਹੱਬਤ ਦੀ ਪਹਿਰੇਦਾਰ ਬਿਰਹਾ ਦੀ ਪੀੜ, ਮਾਨਵਵਾਦੀ ਦਾ ਅਮੀਰ ਸੁਮੇਲ, ਮਨੁੱਖੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ, ਸਮੇਂ ਦੇ ਨਾਲ-ਨਾਲ ਰਲ ਕੇ, ਨੱਚ ਕੇ, ਗਾ ਕੇ ਅੱਗੇ ਵਧਣ ਦਾ ਸੁਨੇਹਾ ਹੈ-ਸੱਚ ਤੇ ਅੱਖਰ।
ਸਮੇਂ ਦੇ ਨਾਲ ਜੋ ਨੱਚੇ ਸਮੇਂ ਦੇ ਨਾਲ ਜੋ ਗਾਏ
ਸਮਾਂ ਸੰਗੀਤ ਬਣ ਕੇ ਨਾਲ ਤੇਰੇ ਤਾਲ ਦੇਵੇਗਾ।

-ਰਾਜਿੰਦਰ ਪਰਦੇਸੀ
ਮੋ: 93576-41552

ਦਿੱਲੀ ਦੇ ਪੁਰਾਣੇ ਪੰਜਾਬੀ ਸਟੇਜੀ ਕਵੀ
ਲੇਖਕ : ਭਗਵਾਨ ਸਿੰਘ ਦੀਪਕ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ (ਦਿੱਲੀ)
ਮੁੱਲ : 300 ਰੁਪਏ, ਸਫ਼ੇ : 208.

ਟਕਸਾਲੀ ਲੇਖਕ ਭਗਵਾਨ ਸਿੰਘ ਦੀਪਕ ਦੀ ਇਹ ਸੱਤਵੀਂ ਪੁਸਤਕ ਹੈ। ਇਹ ਸੱਜਰੀ ਕਿਤਾਬ, ਦਿੱਲੀ ਦੇ ਉਨ੍ਹਾਂ ਨਾਮਵਰ ਪੁਰਾਣੇ ਸਟੇਜੀ ਕਵੀਆਂ ਬਾਰੇ ਹੈ, ਜਿਨ੍ਹਾਂ ਦੀ ਕਦੇ, ਰਾਜਧਾਨੀ ਦਿੱਲੀ ਅਤੇ ਹੋਰਨੀਂ ਥਾਈਂ, ਤੂਤੀ ਬੋਲਦੀ ਸੀ। ਕਵਿਤਾ ਦੇ ਕਦਰਦਾਨ, ਉਨ੍ਹਾਂ ਨੂੰ ਸੁਣਨ ਲਈ, ਹੁੰਮ-ਹੁਮਾ ਕੇ ਪੁੱਜਦੇ ਸਨ ਅਤੇ ਭਰਪੂਰ ਦਾਦ ਦਿੰਦੇ ਸਨ। ਪੁਸਤਕ ਦੀ ਭੂਮਿਕਾ, ਨੈਸ਼ਨਲ ਬੁੱਕ ਟਰੱਸਟ ਦੇ ਮੁੱਖ ਸੰਪਾਦਕ ਡਾ: ਬਲਦੇਵ ਸਿੰਘ ਬੱਧਨ ਨੇ ਲਿਖੀ ਹੈ। ਪੁਸਤਕ ਵਿਚ ਦਿੱਲੀ ਦੇ 43 ਚੋਟੀ ਦੇ ਉਨ੍ਹਾਂ ਕਵੀਆਂ ਦਾ ਵਿਵਰਣ ਹੈ, ਜਿਨ੍ਹਾਂ ਨੇ ਬੀਰ ਰਸ, ਹਾਸ ਰਸ, ਸ਼ਿੰਗਾਰ ਰਸ ਸਮੇਤ ਸਾਰੇ ਕਾਵਿਕ ਰਸਾਂ ਦੇ ਨਾਲ-ਨਾਲ, ਧਾਰਮਿਕ ਸਟੇਜਾਂ ਦੀ ਜ਼ੀਨਤ ਬਣ ਕੇ, ਲੋਕ ਦਿਲਾਂ 'ਤੇ ਲੰਮੇਰਾ ਸਮਾਂ ਰਾਜ ਕੀਤਾ। ਕਵਿਤਾ ਨੂੰ ਸਥਾਪਤ ਕਰਨ ਵਿਚ, ਇਨ੍ਹਾਂ ਮਹਾਨ ਕਵੀਆਂ ਦੇ ਵਡਮੁੱਲੇ ਯੋਗਦਾਨ ਨੂੰ, ਕਦੇ ਭੁਲਾਇਆ ਨਹੀਂ ਜਾ ਸਕਦਾ।
ਪੁਸਤਕ ਵਿਚ ਹਰੇਕ ਕਵੀ ਦੇ ਜੀਵਨ ਵੇਰਵੇ ਦੇ ਨਾਲ-ਨਾਲ, ਉਸ ਦੀ ਕਿਸੇ ਨਾ ਕਿਸੇ ਸ਼ਾਹਕਾਰ ਰਚਨਾ ਨੂੰ ਵੀ ਦਰਜ ਕੀਤਾ ਗਿਆ ਹੈ। ਧਾਰਮਿਕ ਕਵਿਤਾਵਾਂ ਦੀ ਰਚਨਾ ਕਰਨ ਦੌਰਾਨ ਇਹ ਕਵੀ, ਪ੍ਰਚਲਤ ਮਸਲਿਆਂ ਅਤੇ ਸਮੱਸਿਆਵਾਂ ਨੂੰ ਵੀ ਪਾਠਕਾਂ/ਸਰੋਤਿਆਂ ਦੇ ਸਨਮੁੱਖ ਕਰਦੇ ਹਨ। ਪੁਸਤਕ ਦਾ ਆਰੰਭਕ ਲੇਖ, ਕਵੀ ਅਤਰ ਸਿੰਘ ਨੀਰ ਬਾਰੇ ਹੈ। ਰਾਜ ਕਵੀ ਇੰਦਰਜੀਤ ਸਿੰਘ ਤੁਲਸੀ, ਭਾਈਆ ਈਸ਼ਰ ਸਿੰਘ 'ਈਸ਼ਰ', ਵਾਰਾਂ ਦੇ ਬਾਦਸ਼ਾਹ ਹਜ਼ਾਰਾ ਸਿੰਘ ਗੁਰਦਾਸਪੁਰੀ, ਚਤਰ ਸਿੰਘ ਬੀਰ, ਚੰਨ ਨਨਕਾਣਵੀ, ਤੇਜਾ ਸਿੰਘ ਸਾਬਰ, ਹਾਸ ਰਸ ਤੇ ਵਿਅੰਗ ਦੇ ਸਿਰਮੌਰ ਕਵੀ ਤਾਰਾ ਸਿੰਘ ਕਾਮਿਲ, ਪ੍ਰੀਤਮ ਸਿੰਘ ਕਾਸਟ, ਪਾਂਧੀ ਨਨਕਾਣਵੀ, ਪ੍ਰਕਾਸ਼ ਸਾਥੀ, ਬਿਸ਼ਨ ਸਿੰਘ ਉਪਾਸ਼ਕ, ਬਰਕਤ ਪੰਜਾਬੀ, ਸ਼ਹਿਜ਼ਾਦਾ ਰਾਮ ਕ੍ਰਿਸ਼ਨ ਨਾਜ਼ ਲਾਇਲਪੁਰੀ, ਬਲਵੰਤ ਸਿੰਘ ਨਿਰਵੈਰ, ਬੇਅੰਤ ਸਿੰਘ ਪ੍ਰਦੇਸੀ (ਉਸਤਾਦ ਸ਼ਾਇਰ) ਸਮੇਤ 43 ਮਹਾਨ ਪੰਜਾਬੀ ਕਵੀਆਂ ਦੀ, ਮੋਤੀਆਂ ਦੀ ਮਾਲਾ ਰੂਪੀ ਇਹ ਪੁਸਤਕ ਆਪਣੇ-ਆਪ ਵਿਚ ਬਹੁਤ ਨਾਯਾਬ ਅਤੇ ਦੁਰਲੱਭ ਰਚਨਾ ਹੋ ਨਿੱਬੜੀ ਹੈ। ਪੁਸਤਕ 'ਚੋਂ ਕੁਝ ਟੂਕਾਂ ਹਾਜ਼ਰ ਹਨ-
-ਅੱਜ ਯਾਦ ਲਾਹੌਰ ਦੀ ਪਈ ਆਵੇ, ਅਰਜਨ ਗੁਰੂ ਜੀ ਵੇਖ ਤਸਵੀਰ ਤੇਰੀ (ਸਫ਼ਾ 127)
-ਮੈਂ ਗ਼ਰੀਬਾਂ ਦਾ ਸਹਾਰਾ, ਮੈਂ ਹਾਂ ਗੁੰਗੇ ਦੀ ਜ਼ਬਾਨ,
ਮੈਂ ਸਦਾਅ ਹਾਂ ਹੱਕ ਦੀ, ਮੈਂ ਵਕਤ ਦੀ ਆਵਾਜ਼ ਆਂ (ਸਫ਼ਾ 21)
ਝੱਲ ਵਲੱਲੇ ਕਪੜਿਆਂ ਅੰਦਰ, ਏਦਾਂ ਪਈ ਉਹ ਫੱਬੇ,
ਜਾਪੇ ਜਿਵੇਂ 'ਅਨਾਰਕਲੀ', ਪਈ ਫੇਰ 'ਸਲੀਮ' ਨੂੰ ਲੱਭੇ।
43 ਵਿਚੋਂ 26 ਕਵੀਆਂ ਦੀਆਂ ਰੰਗੀਨ ਤਸਵੀਰਾਂ ਰਾਹੀਂ, ਪਾਠਕ ਉਨ੍ਹਾਂ ਦੇ ਦੀਦਾਰੇ ਕਰ ਸਕਦੇ ਹਨ। ਇਸ ਪੁਸਤਕ ਦੀ ਰਚਨਾ ਲਈ ਪ੍ਰਸਿੱਧ ਗੀਤਕਾਰ ਭਗਵਾਨ ਸਿੰਘ ਦੀਪਕ ਵਧਾਈ ਅਤੇ ਧੰਨਵਾਦ ਦੇ ਪਾਤਰ ਹਨ।

-ਤੀਰਥ ਸਿੰਘ ਢਿੱਲੋਂ
ਮੋ: 98154-61710.

12-01-2014

 ਸਰਘੀ ਦੀ ਸਰਗਮ
ਗ਼ਜ਼ਲਗੋ : ਕੁਲਤਾਰ ਸਿੰਘ 'ਕੁਲਤਾਰ'
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 112.

ਆਪਣੇ ਪਲੇਠੇ ਗ਼ਜ਼ਲ ਸੰਗ੍ਰਹਿ ਬਾਰੇ ਸ਼ਾਇਰ ਦਾ ਕਹਿਣਾ ਹੈ ਕਿ ਉਸ ਨੇ ਜੀਵਨ ਦੇ ਪਹਿਲੇ ਪਹਿਰ ਤੋਂ ਚੌਥੇ ਪਹਿਰ ਤੱਕ ਜੋ ਸੁਣਿਆ, ਵੇਖਿਆ ਅਤੇ ਮਹਿਸੂਸਿਆ ਹੈ, ਉਸੇ ਅਹਿਸਾਸ ਨੂੰ ਸ਼ਬਦਾਂ ਦੀ ਮਾਲਾ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਉਸ ਦੀ ਇੱਛਾ ਸਰਘੀ ਦਾ ਸੂਰਜ ਵੇਖਣ ਅਤੇ ਸਰਘੀ ਦਾ ਰਾਗ ਗਾਉਣ ਦੀ ਸੀ ਪਰ ਹਾਲੇ ਤਾਂ ਉਸ ਨੇ ਸਰਗਮਾਂ ਹੀ ਗਾਈਆਂ ਹਨ। ਉਸ ਨੇ ਇਹ ਗ਼ਜ਼ਲਾਂ ਸਰਘੀ ਲਈ ਤਾਂਘ ਰਹੇ ਲੋਕਾਂ ਦੇ ਨਾਂਅ ਕੀਤੀਆਂ ਹਨ। ਇਨ੍ਹਾਂ ਵਿਚ ਮਾਨਵਵਾਦ, ਅਧਿਆਤਮਵਾਦ ਅਤੇ ਸਮਾਜਵਾਦ ਦੇ ਰੰਗ ਹਨ। ਉਹ ਅਜੋਕੇ ਦੌਰ ਦੇ ਅਮਾਨਵੀ ਵਰਤਾਰਿਆਂ ਤੋਂ ਉਪਰਾਮ ਹੈ ਪਰ ਆਸ ਅਤੇ ਵਿਸ਼ਵਾਸ ਦਾ ਪੱਲਾ ਨਹੀਂ ਛੱਡਦਾ। ਉਹ ਮਲਟੀਨੈਸ਼ਨਲ ਕੰਪਨੀਆਂ ਦੀ ਲੁੱਟ-ਖਸੁੱਟ ਤੋਂ, ਰਿਸ਼ਵਤਖੋਰੀ ਤੋਂ, ਬੇਰੁਜ਼ਗਾਰੀ ਤੋਂ ਅਤੇ ਇਸਤਰੀ ਜਾਤੀ ਦੀ ਹੋ ਰਹੀ ਬੇਪਤੀ ਤੋਂ ਚਿੰਤੁਤ ਹੈ ਅਤੇ ਸ਼ਾਇਰੀ ਰਾਹੀਂ ਸਾਨੂੰ ਸੁਚੇਤ ਕਰਦਾ ਹੈ। ਆਓ, ਉਸ ਦੀ ਕਵਿਤਾ ਦੇ ਕੁਝ ਰੰਗ ਦੇਖੀਏ-
-ਅਮਰੀਕਨ ਬਿਜਲੀ ਕੜਕ ਰਹੀ, ਪੱਛਮ ਦੀ ਨ੍ਹੇਰੀ ਆਈ ਹੈ।
ਪੱਤਾ ਪੱਤਾ ਹੈ ਸਹਿਮ ਰਿਹਾ, ਹਰ ਜਾਨ ਲਬਾਂ 'ਤੇ ਆਈ ਹੈ।
-ਅੰਬਰਾਂ ਦੀ ਗੱਲ ਕਰ ਨਾ ਸੂਰਜਾਂ ਦੀ ਬਾਤ ਪਾ
ਪਹਿਲਾਂ ਇਕ ਇਨਸਾਨ ਦੇ ਹਿਰਦੇ ਦੇ ਅੰਦਰ ਝਾਤ ਪਾ।
-ਨਿਰਮਲ ਤੇ ਸਾਫ਼ ਦਿਲ ਜਿਉਂ, ਝਰਨੇ ਦਾ ਆਬ ਹੋਵੇ
ਕਿਉਂ ਨਾ ਫਿਰ ਉਸ ਦਾ ਹਿਰਦਾ, ਖਿੜਿਆ ਗੁਲਾਬ ਹੋਵੇ।
-ਕਦ ਜਾਊ ਖ਼ਾਰਾਂ ਦਾ ਮੌਸਮ
ਕਦ ਆਊ ਪਿਆਰਾਂ ਦਾ ਮੌਸਮ।
-ਚਾਨਣ ਦੀ ਕਿਰਨ ਚਮਕੀ ਫਿਰ ਆਸ ਲਾਇਆ ਡੇਰਾ
ਸਮਿਆਂ ਦੀ ਵਾਗ ਪਕੜੋ ਫਿਰ ਛਾਏ ਨਾ ਹਨੇਰਾ।
ਇਕ ਪ੍ਰਗਤੀਵਾਦੀ ਸ਼ਾਇਰ ਹੋਣ ਦੇ ਨਾਤੇ ਸ਼ਾਇਰੀ ਵਿਚ ਕੋਈ ਸੁਨੇਹਾ ਹੈ, ਕੋਈ ਵਿਚਾਰਧਾਰਾ ਹੈ, ਕੋਈ ਚਿੰਤਨ ਹੈ, ਕੋਈ ਸੰਵੇਦਨਾ ਹੈ। ਇਹ ਗ਼ਜ਼ਲਾਂ ਲੋਕ ਹਿਤਾਂ ਦੀ ਗੱਲ ਕਰਦੀਆਂ ਹਨ। ਭਾਵੇਂ ਬਹਿਰ ਵਜ਼ਨ ਦੇ ਪੱਖੋਂ ਹਾਲੇ ਹੋਰ ਧਿਆਨ ਦੇਣ ਦੀ ਲੋੜ ਹੈ ਪਰ ਵਲਵਲੇ ਅਤੇ ਸੋਚ ਵਜੋਂ ਸੁਚੱਜੀ ਇਹ ਸ਼ਾਇਰੀ ਸੱਚ 'ਤੇ ਪਹਿਰਾ ਦਿੰਦੀ, ਲੋਕ ਪੀੜਾਂ ਚੁਗਦੀ ਅਤੇ ਅਮਨ ਦੇ ਹੱਕ ਵਿਚ ਭੁਗਤਦੀ ਜਾਪਦੀ ਹੈ। ਇਸ ਪਲੇਠੇ ਸੰਗ੍ਰਹਿ ਦਾ ਸਵਾਗਤ ਕਰਦੇ ਹੋਏ ਅਸੀਂ ਹੋਰ ਚੰਗੇਰੀ ਅਤੇ ਡੂੰਘੇਰੀ ਸ਼ਾਇਰੀ ਦੀ ਉਡੀਕ ਵਿਚ ਹਾਂ।

ਹਵਾ ਦੇ ਰੰਗ
ਗ਼ਜ਼ਲਗੋ : ਠਾਕਰ ਪ੍ਰੀਤ 'ਰਾਊਕੇ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112.

ਕਵਿਤਾ ਦਿਲ ਦੀ ਜ਼ਬਾਨ ਹੈ ਅਤੇ ਦਿਲਾਂ ਵਿਚ ਉੱਤਰ ਜਾਣ ਦੀ ਸਮਰੱਥਾ ਰੱਖਦੀ ਹੈ। ਗ਼ਜ਼ਲ ਸ਼ਾਇਰੀ ਦੀ ਇਕ ਖ਼ੂਬਸੂਰਤ ਵੰਨਗੀ ਹੈ ਜੋ ਸੰਜਮ, ਵਲਵਲੇ, ਬਹਿਰ, ਕੋਮਲਤਾ, ਵਿਵੇਕ ਅਤੇ ਸੋਹਜ ਦੀ ਲਖਾਇਕ ਹੈ। ਆਪਣੇ ਪਲੇਠੇ ਗ਼ਜ਼ਲ ਸੰਗ੍ਰਹਿ 'ਹਵਾ ਦੇ ਰੰਗ' ਵਿਚ ਸ਼ਾਇਰ ਨੇ ਬੜੀਆਂ ਸੰਜੀਦਾ ਅਤੇ ਪ੍ਰਭਾਵਸ਼ਾਲੀ ਗ਼ਜ਼ਲਾਂ ਪੇਸ਼ ਕੀਤੀਆਂ ਹਨ। ਉਸ ਦੇ ਸ਼ੇਅਰਾਂ ਵਿਚ ਸਾਦਗੀ, ਸਪੱਸ਼ਟਤਾ ਅਤੇ ਰਵਾਨਗੀ ਹੈ। ਜ਼ਿੰਦਗੀ ਦੇ ਵਿਸ਼ਾਲ ਕੈਨਵਸ ਵਾਂਗ ਉਸ ਦੀਆਂ ਗ਼ਜ਼ਲਾਂ ਦੇ ਵਿਸ਼ੇ ਵੀ ਬਹੁਰੰਗੀ ਅਤੇ ਬਹੁਭਾਂਤੀ ਹਨ। ਮਨੁੱਖੀ ਪਿਆਰ, ਪੂੰਜੀਵਾਦ, ਵਿਸ਼ਵੀਕਰਨ, ਭ੍ਰਿਸ਼ਟਾਚਾਰ, ਮਾਨਸਿਕ ਉਲਝਣਾਂ, ਜ਼ਖ਼ਮੀ ਹੋਏ ਰਿਸ਼ਤੇ, ਇਕੱਲਤਾ, ਬੇਗਾਨਗੀ, ਉਦਰੇਵਾਂ, ਬੇਰੁਜ਼ਗਾਰੀ, ਆਰਥਿਕ ਤੰਗੀਆਂ ਅਤੇ ਰਾਜਸੀ ਸਮੱਸਿਆਵਾਂ ਨੂੰ ਛੋਂਹਦੀਆਂ ਇਨ੍ਹਾਂ ਗ਼ਜ਼ਲਾਂ ਦੀਆਂ ਕੁਝ ਝਲਕਾਂ ਮਾਣੋ-
-ਕਢਦੇ ਨੇ ਕੰਡਾ ਅਕਸਰ, ਸੂਲਾਂ ਤੇ ਸੌਣ ਵਾਲੇ
ਚੁੰਮਦੇ ਕਦੇ ਨਾ ਸੂਲੀ, ਐਸ਼ਾਂ ਉਡਾਉਣ ਵਾਲੇ।
-ਜ਼ਾਲਮਾਂ ਨੇ ਯੋਧਿਆਂ ਦੇ ਨਾਂ ਧਰੇ
ਅੱਤਵਾਦੀ ਵੱਖਵਾਦੀ, ਸਿਰਫਿਰੇ।
-ਹਰ ਸਮੇਂ ਹੀ ਸੁੱਖ ਦੀ ਨਾ ਆਸ ਕਰ
ਘੋਲ ਹੈ ਇਹ ਜ਼ਿੰਦਗੀ ਵਿਸ਼ਵਾਸ ਕਰ।
-ਏ.ਬੀ.ਸੀ. 'ਤੇ ਦਿੱਤਾ ਜਾਂਦੈ ਜ਼ੋਰ ਬੜਾ
ਭੁੱਲਿਆ ਊੜਾ ਐੜਾ ਇਹ ਪੰਜਾਬ ਮੇਰਾ।
-ਪਿਆਰ ਕਰਨੈ? ਕਰ ਖੁਸ਼ੀ ਦੇ ਨਾਲ ਕਰ
ਇਸ ਤੋਂ ਪਹਿਲਾਂ ਪਰ ਤਲੀ 'ਤੇ ਸੀਸ ਧਰ।
ਇਹ ਸ਼ਾਇਰੀ ਸਾਡੀ ਚੇਤਨਾ ਤੇ ਸੰਵੇਦਨਾ ਨੂੰ ਟੁੰਬਦੀ ਹੈ। ਇਨ੍ਹਾਂ ਵਿਚ ਸੰਘਰਸ਼ ਦਾ ਹੋਕਾ ਹੈ ਅਤੇ ਜਾਗ੍ਰਿਤੀ ਦਾ ਸੁਨੇਹਾ ਹੈ। ਖ਼ੂਬਸੂਰਤ ਸੁਚੱਜੀ ਜ਼ਿੰਦਗੀ ਦਾ ਸੁਪਨਾ ਸਜਾ ਕੇ ਸ਼ਾਇਰ ਪਹਿਲੀ ਵਾਰ ਪਾਠਕਾਂ ਦੇ ਸਨਮੁੱਖ ਹੋਇਆ ਹੈ। ਉਸ ਦੇ ਇਸ ਪਲੇਠੇ ਹੰਭਲੇ ਦਾ ਭਰਪੂਰ ਸਵਾਗਤ ਹੈ। ਆਸ ਹੈ ਉਹ ਭਵਿੱਖ ਵਿਚ ਨਵਿਆਂ ਰੰਗਾਂ ਤੇ ਸੁਨੇਹਿਆਂ ਨਾਲ ਸ਼ਾਇਰੀ ਦੇ ਰੂਬਰੂ ਹੋਵੇਗਾ। ਆਮੀਨ!

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਅਜੋਕਾ ਜਲਵਾਯੂ ਸੰਕਟ ਅਤੇ ਸਿਹਤ ਸਮੱਸਿਆਵਾਂ
ਲੇਖਕ : ਡਾ: ਅਜੀਤਪਾਲ ਸਿੰਘ ਐਮ.ਡੀ.
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160.

ਡਾ: ਅਜੀਤਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਿਹਤ ਵਿਗਿਆਨ, ਸਿੱਖਿਆ, ਸੱਭਿਆਚਾਰ, ਰਾਜਨੀਤੀ ਅਤੇ ਵਾਤਾਵਰਨ ਨਾਲ ਸਬੰਧਤ ਵਿਸ਼ਿਆਂ ਉੱਪਰ ਲਿਖ ਰਹੇ ਹਨ। 40 ਦੇ ਕਰੀਬ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਉਨ੍ਹਾਂ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਅਖ਼ਬਾਰਾਂ, ਰਸਾਲਿਆਂ ਵਿਚ ਨਿਰੰਤਰ ਉਨ੍ਹਾਂ ਦੇ ਲੇਖ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਹੈਰਾਨੀ ਹੁੰਦੀ ਹੈ ਕਿ ਡਾ: ਅਜੀਤਪਾਲ ਸਿੰਘ ਸਿਹਤ ਸੇਵਾਵਾਂ ਦੇ ਖੇਤਰ ਵਿਚ ਵਿਚਰਨ ਦੇ ਨਾਲ-ਨਾਲ ਜਨ-ਸਾਧਾਰਨ ਦੀਆਂ ਮੁਸ਼ਕਿਲਾਂ ਅਤੇ ਸੰਘਰਸ਼ਾਂ ਪ੍ਰਤੀ ਲੰਮੇ ਸਮੇਂ ਤੋਂ ਸਰਗਰਮ ਹਨ। ਛਾਤੀ ਰੋਗਾਂ ਦੇ ਵਿਸ਼ੇਸ਼ਗ ਡਾ: ਅਜੀਤਪਾਲ ਸਿੰਘ ਦੀ ਵਾਰਤਕ ਔਖੇ ਅਤੇ ਡੂੰਘੇ ਵਿਸ਼ਿਆਂ ਵਿਚ ਰੌਚਿਕਤਾ ਪੈਦਾ ਕਰ ਦਿੰਦੀ ਹੈ। ਹਥਲੀ ਪੁਸਤਕ ਵਿਚ 49 ਦੇ ਕਰੀਬ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲੇਖ ਹਨ। ਜਾਣਕਾਰੀ ਭਰਪੂਰ ਇਹ ਲੇਖ ਇਕ ਬੱਝਵਾਂ ਪ੍ਰਭਾਵ ਪੈਦਾ ਕਰਦੇ ਹਨ। ਕਿਸੇ ਵੀ ਲੇਖ ਵਿਚ ਕੋਈ ਫਾਲਤੂ ਵੇਰਵਾ ਨਹੀਂ ਹੈ। ਸਮਕਾਲੀ ਸਥਿਤੀ ਬਾਰੇ ਇਕ ਦਰਜਨ ਲੇਖ ਹਨ, ਜਿਹੜੇ ਬੜੀ ਸੰਜੀਦਾ ਬਹਿਸ ਛੇੜਦੇ ਹਨ। 15 ਦੇ ਕਰੀਬ ਲੇਖ ਸਿਹਤ ਸਬੰਧੀ ਹਨ, ਜਿਨ੍ਹਾਂ ਵਿਚ ਅਨੇਕਾਂ ਬਿਮਾਰੀਆਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਤੋਂ ਬਚਣ ਸਬੰਧੀ ਉਪਾਅ ਦੱਸੇ ਹਨ। 10 ਲੇਖ ਵਾਤਾਵਰਨ ਬਾਰੇ ਹਨ, ਜਿਨ੍ਹਾਂ ਵਿਚ ਵਾਤਾਵਰਨ ਦੇ ਤਬਦੀਲ ਹੋਣ ਅਤੇ ਮਨੁੱਖ ਦੁਆਰਾ ਵਿਕਾਸ ਦੇ ਨਾਂਅ ਹੇਠ ਕੀਤੇ ਜਾਂਦੇ ਖਿਲਵਾੜ ਨੂੰ ਬਿਆਨ ਕਰਦੇ ਹਨ। ਲੇਖਕ ਨੇ ਹਥਲੀ ਪੁਸਤਕ ਵਿਚ ਅਜਿਹਾ ਕੋਈ ਵਿਸ਼ਾ ਨਹੀਂ ਛੱਡਿਆ, ਜਿਹੜਾ ਸਾਡੇ ਨਿੱਤਾ-ਜੀਵਨ ਨਾਲ ਸਬੰਧਤ ਨਾ ਹੋਵੇ। ਇਹ ਪੁਸਤਕ ਵੰਨ-ਸੁਵੰਨੇ ਲੇਖਾਂ ਦਾ ਸਮੂਹ ਬਣ ਕੇ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰੇਗੀ। ਲੇਖਕ ਦਾ ਇਹ ਉੱਦਮ ਸ਼ਲਾਘਾਯੋਗ ਹੈ।

-ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ
ਲੇਖਕ : ਰੁਪਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਜਸਵੀਰ ਰਾਣਾ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦਾ ਬਹੁ-ਚਰਚਿਤ ਨਾਂਅ ਹੈ। ਅੱਜਕਲ੍ਹ ਇਸ ਦੇ ਸ਼ਬਦ-ਚਿੱਤਰਾਂ ਦੀ ਪੁਸਤਕ 'ਮੈਂ ਤੇ ਮੇਰੀ ਖ਼ਾਮੋਸ਼ੀ' ਵੀ ਪਾਠਕਾਂ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ। ਰੁਪਿੰਦਰ ਕੌਰ ਵੱਲੋਂ ਕੀਤਾ ਗਿਆ ਇਹ ਖੋਜ-ਕਾਰਜ ਉਪਾਧੀ-ਸਾਪੇਖ ਹੈ। ਮੁੱਖ ਬੰਦ ਤੋਂ ਜਾਪਦਾ ਹੈ ਕਿ ਇਹ ਕਾਰਜ ਪ੍ਰੋ: ਬਲਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਸੰਪੰਨ ਹੋਇਆ ਹੈ। ਇਸ ਮੁੱਖ ਬੰਦ ਵਿਚ ਪ੍ਰੋ: ਧਾਲੀਵਾਲ ਖ਼ੁਦ ਸਵੀਕਾਰ ਕਰਦੇ ਹਨ ਕਿ ਖੋਜ-ਕਾਰਜ ਦੀ ਗੁਣਵੱਤਾ ਨੂੰ ਹਾਲੇ ਅਕਾਦਮਿਕਤਾ ਦੇ ਕਰੜੇ ਮਾਪਦੰਡਾਂ ਨਾਲ ਪਰਖਣਾ ਤਾਂ ਵਾਜਬ ਨਹੀਂ ਲਗਦਾ। ਇਸ ਕਥਨ ਦਾ ਭਾਵ ਇਹੋ ਸਮਝਣਾ ਬਣਦਾ ਹੈ ਐਮ. ਫਿਲ ਲਈ ਕੀਤਾ ਇਹ ਖੋਜ-ਕਾਰਜ ਰੁਪਿੰਦਰ ਕੌਰ ਦੀ ਅਗਲੇਰੀ ਦਿਸ਼ਾ ਨਿਰਧਾਰਤ ਕਰਦਾ ਹੈ। ਖੋਜਕਰਤਾ ਨੇ ਇਸ ਪੁਸਤਕ ਨੂੰ ਚਾਰ ਮੁੱਖ ਕਾਂਡਾਂ ਵਿਚ ਵਿਭਾਜਤ ਕੀਤਾ ਹੈ। ਪਹਿਲਾ ਕਾਂਡ ਜਸਵੀਰ ਰਾਣਾ : ਜੀਵਨ ਤੇ ਰਚਨਾ ਹੈ। ਇਸ ਵਿਚ ਹੋਰ ਰਚਨਾਵਾਂ ਤੋਂ ਇਲਾਵਾ ਉਸ ਦੇ ਦੋ ਕਹਾਣੀ ਸੰਗ੍ਰਹਿਆਂ 'ਸਿਖ਼ਰ ਦੁਪਹਿਰਾ (2003) ਅਤੇ 'ਖਿੱਤੀਆਂ ਘੁੰਮ ਰਹੀਆਂ ਨੇ' (2008) ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਉਹ ਵਾਦ-ਮੁਕਤ ਕਹਾਣੀਕਾਰ ਹੈ। ਉਸ ਨੂੰ ਕਿਸੇ ਵਿਸ਼ੇਸ਼ ਵਾਦ ਨਾਲ ਜੋੜਨਾ ਭੁੱਲ ਹੋਏਗੀ। ਇਸੇ ਕਾਂਡ ਵਿਚ ਖੋਜਕਰਤਾ ਨੇ ਜਸਵੀਰ ਰਾਣਾ ਪਾਸੋਂ ਪੁੱਛੇ ਗਏ ਪ੍ਰਸ਼ਨਾਂ ਨੂੰ ਵੀ ਜੋੜਿਆ ਹੈ। ਇਹ ਇਸ ਕਹਾਣੀਕਾਰ ਨਾਲ ਇਕ ਲੰਮੀ ਮੁਲਾਕਾਤ ਹੈ। ਕਹਾਣੀਕਾਰ ਵੱਲੋਂ ਦਿੱਤੇ ਗਏ ਉੱਤਰਾਂ ਨੂੰ ਇੰਨਬਿੰਨ ਅਤੇ ਖਿੜੇ ਮੱਥੇ ਸਵੀਕਾਰ ਕਰ ਲਿਆ ਗਿਆ ਹੈ। ਕਹਾਣੀਕਾਰ ਵੱਲੋਂ ਦਿੱਤੇ ਗਏ ਉੱਤਰਾਂ ਨੂੰ ਡੀ. ਕੋਡ ਕਰਨਾ ਦਾ, ਜੇਕਰ ਯਤਨ ਕਰ ਲਿਆ ਜਾਂਦਾ ਤਾਂ ਚੰਗਾ ਹੋਣਾ ਸੀ। ਐਮ. ਫਿਲ ਦੀ ਡਿਗਰੀ ਇਕ ਪ੍ਰਕਾਰ ਦੀ ਖੋਜ ਰਿਹਰਸਲ ਹੀ ਮੰਨੀ ਜਾਣੀ ਬਣਦੀ ਹੈ। ਇਸੇ ਕਾਰਨ ਖੋਜ ਕਰਤਾ ਨੇ ਦੂਜਾ ਕਾਂਡ ਕਹਾਣੀਆਂ ਦੀ ਕਥਾ-ਵਸਤੂ ਨੂੰ ਸਮਰਪਿਤ ਕੀਤਾ ਹੈ। ਇੰਜ ਜਸਵੀਰ ਰਾਣਾ ਦੀਆਂ ਕਹਾਣੀਆਂ ਦੇ ਕੇਂਦਰ ਵਿਚ ਮਨੁੱਖ (ਮਨੁੱਖੀ ਅਸਤਿਤਵ), ਗ਼ਰੀਬੀ, ਰਿਸ਼ਤਿਆਂ ਦੀ ਟੁੱਟ-ਭੱਜ, ਇਸਤਰੀ ਮਨ ਦੀ ਅੰਤਰੀਵੀ ਝਾਤ, ਇਸਤਰੀ ਦੀ ਅਣਹੋਂਦ ਵਿਚ ਭਟਕਦੇ ਬੰਦੇ, ਨਿਮਨ-ਕਿਰਸਾਣੀ ਦੀਆਂ ਸਮੱਸਿਆਵਾਂ, ਦਲਿਤ ਚੇਤਨਾ, ਸੱਭਿਆਚਾਰਕ ਰੂਪਾਂਤਰਣ, ਵਾਤਾਵਰਨ ਪ੍ਰਦੂਸ਼ਣ ਆਦਿ ਵਿਸ਼ਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਤੀਸਰੇ ਕਾਂਡ ਵਿਚ ਰਾਣਾ ਦੀਆਂ ਬਿਰਤਾਂਤਕ ਜੁਗਤਾਂ ਬਾਰੇ ਚਰਚਾ ਕੀਤੀ ਗਈ ਹੈ। ਕਹਾਣੀਕਾਰ ਦਾ ਕਥਾ ਆਰੰਭ, ਵਿਕਾਸ ਅਤੇ ਅੰਤ; ਪਾਤਰ ਚਿਤ੍ਰਣ ਵਿਧੀ, ਵਾਰਤਾਲਾਪ, ਵਾਤਾਵਰਨ, ਭਾਸ਼ਾ ਅਤੇ ਸ਼ੈਲੀ ਬਾਰੇ ਨਿੱਠ ਕੇ ਚਰਚਾ ਕੀਤੀ ਗਈ ਹੈ। ਚੌਥੇ ਕਾਂਡ ਵਿਚ ਮਨੋਵਿਗਿਆਨਕ ਸੰਕਲਪਾਂ ਦੀ ਗੱਲ ਕਰਦਿਆਂ ਪਾਤਰਾਂ ਦਾ ਅਸਾਵਾਂਪਨ, ਡਾਵਾਂਡੋਲਤਾ ਅਤੇ ਅੰਦਰੂਨੀ ਟੁੱਟ-ਭੱਜ ਭਾਵ ਖੰਡਿਤ ਵਿਅਕਤਿਤਵ ਨੂੰ ਉਜਾਗਰ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ, ਇੰਜ ਜਸਵੀਰ ਰਾਣਾ ਨੂੰ ਪੰਜਾਬੀ ਕਹਾਣੀ ਨੂੰ ਨਵਾਂ ਰੂਪ ਪ੍ਰਦਾਨ ਕਰਨ ਵਾਲਾ ਸਿੱਧ ਕੀਤਾ ਗਿਆ। ਭਵਿੱਖ ਵਿਚ ਇਸ ਖੋਜਕਰਤਾ ਪਾਸੋਂ ਹਰ ਡੂੰਘੀ ਖੋਜ ਦੀ ਆਸ ਰਹੇਗੀ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਸਮਾਜ ਦੇ ਥੰਮ੍ਹ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 95.

ਰਾਮਨਾਥ ਸ਼ੁਕਲਾ ਇਕ ਬਹੁਵਿਧਾਵੀ ਅਤੇ ਤੀਬਰ ਗਤੀ ਨਾਲ ਲਿਖਣ ਵਾਲਾ ਲੇਖਕ ਹੈ। ਉਸ ਦੇ ਮਹਾਂਕਾਵਿ, ਕਾਵਿ ਸੰਗ੍ਰਹਿ, ਨਾਵਲ, ਲੇਖਾ ਸੰਗ੍ਰਹਿ ਆਦਿ ਦੀ ਗਿਣਤੀ ਅਰਧ ਸੈਂਕੜੇ ਨੂੰ ਪਾਰ ਕਰ ਚੁੱਕੀ ਹੈ। ਉਹ ਨਿਰੰਤਰ ਗਤੀ ਨਾਲ ਲਿਖ ਰਹੇ ਹਨ ਤੇ ਪੁਸਤਕ ਪ੍ਰਕਾਸ਼ਨ ਕਰਾਈ ਜਾ ਰਹੇ ਹਨ। ਲੇਖਕ ਦੀ ਹਥਲੀ ਪੁਸਤਕ 'ਸਮਾਜ ਦੇ ਥੰਮ੍ਹ' ਵਿਚ 'ਚਿੰਤਕ, ਵਿਗਿਆਨਕ, ਅਧਿਆਪਨ, ਕਿਰਸਾਣ, ਮਜ਼ਦੂਰ, ਦਸਤਕਾਰ, ਸੈਨਿਕ ਅਤੇ ਵਿਦਰੋਹੀ' 6 ਸਿਰਲੇਖਾਂ ਹੇਠਾਂ ਸਮਾਜ ਦੇ ਇਨ੍ਹਾਂ ਉਸਰਈਆਂ ਦੀ ਜ਼ਿੰਦਗੀ, ਸਮਾਜ ਵਿਚ ਵਿਚਰਣਾ, ਸਮਾਜਿਕ ਦੇਣ, ਅਜੋਕੀ ਸਮਾਜਿਕ ਸਥਿਤੀ, ਉਨ੍ਹਾਂ ਦੇ ਭੂਤ, ਵਰਤਮਾਨ ਅਤੇ ਭਵਿੱਖ ਨੂੰ ਵਿਸਥਾਰ ਸਹਿਤ ਚਿਤਰਿਆ ਗਿਆ ਹੈ। ਲੇਖਕ ਨੇ ਸਮਾਜਿਕ ਪਿੱਠਭੂਮੀ ਦੇ ਨਾਲ-ਨਾਲ ਅਜੋਕੀ ਆਰਥਿਕ, ਇਤਿਹਾਸਕ ਅਤੇ ਲੋਕਤੰਤਰਿਕ ਸਥਿਤੀ ਵਿਚ ਇਨ੍ਹਾਂ ਸਮਾਜ ਦੇ ਉਸਰਈਆਂ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਅਤੇ ਲੋਕਾਂ ਦੀ ਇਨ੍ਹਾਂ ਪ੍ਰਤੀ ਸੋਚ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। 'ਦਸਤਕਾਰਾਂ' ਦੇ ਮਹੱਤਵ ਨੂੰ ਬਿਆਨ ਕਰਦਿਆਂ ਲੇਖਕ ਲਿਖਦਾ ਹੈ, 'ਦਸਤਕਾਰ ਵੀ ਕਿਸੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਿਸ ਤਰ੍ਹਾਂ ਕਿਸਾਨ ਅਤੇ ਮਜ਼ਦੂਰ ਕਿਸੇ ਸਮਾਜ ਦੇ ਮੂਲ ਥੰਮ੍ਹ ਹੁੰਦੇ ਹਨ, ਇਸੇ ਤਰ੍ਹਾਂ ਸਮਾਜ ਦਸਤਕਾਰਾਂ ਬਿਨਾਂ ਵੀ ਅੱਗੇ ਨਹੀਂ ਵਧ ਸਕਦਾ।'
ਲੇਖਕ ਪਾਸ ਵਿਚਾਰਾਂ ਤੇ ਸ਼ਬਦਾਵਲੀ ਦਾ ਭੰਡਾਰ ਹੈ। ਇਤਿਹਾਸਕ ਅਤੇ ਭੂਗੋਲਿਕ ਜਾਣਕਾਰੀ ਹਾਸਲ ਹੈ। ਤੱਥਾਂ, ਪ੍ਰਮਾਣਾਂ, ਹਵਾਲਿਆਂ ਨਾਲ ਆਪਣੀ ਗੱਲ ਦੀ ਤਰਕ ਸੰਗਤ ਪੁਸ਼ਟੀ ਕਰਨ ਦਾ ਵੱਲ ਹੈ। ਜਿਸ ਨਾਲ ਲੇਖਕ, ਪਾਠਕ ਨੂੰ ਆਪਣੀ ਗੱਲ ਨਾਲ ਸਹਿਮਤ ਕਰਨ ਵਿਚ ਸਫਲ ਹੁੰਦਾ ਹੈ। ਸਰਲ ਬੋਲੀ ਤੇ ਸਪੱਸ਼ਟ ਵਿਚਾਰਧਾਰਾ ਤੇ ਸਹਿਜਤਾ ਇਨ੍ਹਾਂ ਲੇਖਾਂ ਦੀ ਖਾਸੀਅਤ ਹੈ। ਇਹ ਲੇਖਕ ਹਰ ਆਮ-ਓ-ਖਾਸ ਪਾਠਕ ਦੇ ਗਿਆਨ ਵਿਚ ਢੇਰ ਸਾਰਾ ਵਾਧਾ ਕਰਨ ਦੀ ਸਮਰੱਥਾ ਰੱਖਦੇ ਹਨ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਇਕ ਗਲੀ ਦਾ ਕਲਯੁਗ
ਲੇਖਕ : ਸਿਕੰਦਰ ਸੁਖ
ਪ੍ਰਕਾਸ਼ਕ : ਐਚ.ਐਚ. ਔਰਬਿਟ ਪਬਲੀਕੇਸ਼ਨ, ਕੁੱਪ ਕਲਾਂ (ਸੰਗਰੂਰ)
ਮੁੱਲ : 70 ਰੁਪਏ, ਸਫ਼ੇ : 30.

ਸਿਕੰਦਰ ਸੁਖ ਨਵੇਂ ਪੋਚ ਦੇ ਲਿਖਾਰੀਆਂ ਵਿਚੋਂ ਇਕ ਹੈ। ਉਸ ਦਾ ਕਹਾਣੀ ਸੰਗ੍ਰਹਿ 'ਇਕ ਗਲੀ ਦਾ ਕਲਯੁਗ' ਪ੍ਰਕਾਸ਼ਿਤ ਹੋਇਆ ਹੈ। ਇਸ ਪੁਸਤਕ ਦਾ ਬੁਨਿਆਦੀ ਵਿਸ਼ਾ ਵਸਤੂ ਉਨ੍ਹਾਂ ਬੇਵੱਸ, ਸਮੇਂ ਦੀਆਂ ਮਾਰੀਆਂ ਅਤੇ ਬੇਸਹਾਰਾ ਮੁਟਿਆਰਾਂ/ਔਰਤਾਂ ਦੇ ਦਵੰਦ 'ਤੇ ਕੇਂਦਰਿਤ ਹੈ, ਜਿਨ੍ਹਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਦੀ ਥਾਂ ਹਨੇਰਾ ਹੀ ਹਨੇਰਾ ਪੱਸਰਿਆ ਹੋਇਆ ਹੈ। ਕਲਕੱਤੇ ਦੇ ਪ੍ਰਸਿੱਧ ਇਲਾਕੇ 'ਸੋਨਾਗਾਚੀ' ਵਿਚ ਜਿਸਮਾਨੀ ਵਪਾਰ ਦੀ ਦਲਦਲ ਵਿਚ ਖੁੱਭੀਆਂ ਇਹ ਔਰਤਾਂ ਪੇਟ ਦੀ ਭੁੱਖ ਬੁਝਾਉਣ ਲਈ ਅਜਿਹਾ ਧੰਦਾ ਕਰਨ ਲਈ ਮਜਬੂਰ ਹਨ। ਭਾਰਤੀ ਸਮਾਜ ਦਾ ਅਜੋਕਾ ਨਿਜ਼ਾਮ ਜਿਥੇ ਭਰੂਣਹੱਤਿਆ ਦੇ ਵਿਰੋਧ ਵਿਚ ਡੱਟ ਕੇ ਨਾਅਰੇ ਲਗਾ ਰਿਹਾ ਹੈ, ਔਰਤ ਸ਼੍ਰੇਣੀ ਦੀ ਇੱਜ਼ਤ ਆਬਰੂ ਲਈ ਜ਼ੋਰ ਨਾਲ ਪ੍ਰਚਾਰ-ਪ੍ਰਸਾਰ ਕਰ ਰਿਹਾ ਹੈ, ਉਥੇ ਇਹ ਧੰਦਾ ਸਮਾਜ ਦੇ ਸਰੀਰ ਤੇ ਕੋਹੜ ਦੀ ਬਿਮਾਰੀ ਦਾ ਰੂਪ ਧਾਰਣ ਕਰ ਗਿਆ ਹੈ ਜੋ ਲਾਇਲਾਜ ਹੈ। ਜ਼ਲਾਲਤ ਅਤੇ ਬਦਨਾਮੀ ਦੀ ਦਲਦਲ ਵਿਚ ਧਸੀਆਂ ਅਜਿਹੀਆਂ ਔਰਤਾਂ ਪ੍ਰਤੀ ਮਨੁੱਖ ਦਾ ਅੱਖਾਂ ਫੇਰ ਲੈਣਾ, ਔਰਤ ਦੀ ਆਬਰੂ ਦਾ ਜਨਾਜ਼ਾ ਕੱਢਣ ਵਾਲੀ ਗੱਲ ਹੈ। ਕਹਾਣੀਕਾਰ ਨੇ ਵੇਸਵਾਵਾਂ ਦੀ ਜ਼ਿੰਦਗੀ ਨੂੰ ਨੇੜਿਉਂ ਤੱਕਣ ਸੰਬੰਧੀ ਖ਼ੁਦ ਸਵੀਕਾਰ ਕੀਤਾ ਹੈ। ਵੇਸਵਾਵਾਂ ਦੀ ਨਰਕ ਭਰੀ ਜ਼ਿੰਦਗੀ ਦੇ ਵੇਰਵੇ, ਉਨ੍ਹਾਂ ਦੀ ਨਕਲੀ ਮੁਸਕਰਾਹਟ, ਵਿਸ਼ੇਸ਼ ਭਾਸ਼ਾ, ਹਰਕਤਾਂ, ਸੰਕੇਤ ਆਦਿ ਪੱਖ ਵੱਖ-ਵੱਖ ਕਹਾਣੀਆਂ ਰਾਹੀਂ ਉਨ੍ਹਾਂ ਦੇ ਦਰਦ ਨੂੰ ਬਿਆਨ ਕਰਦੇ ਹਨ। ਪ੍ਰਤੀਕਾਤਮਕ ਰੂਪ ਵਿਚ ਲੇਖਕ ਨੇ ਅਜਿਹੀ ਅਵਸਥਾ ਨੂੰ ਦੇਸ਼ ਦੇ ਚਿਹਰੇ ਤੇ ਕਰੂਪ ਦਾਗ ਵਜੋਂ ਉਭਾਰਿਆ ਹੈ। ਲੇਖਕ ਵੱਲੋਂ ਵਰਤੀ ਗਈ ਸਥਾਨਕ ਭਾਸ਼ਾ ਅਤੇ ਢੁੱਕਵੀਂ ਵਾਰਤਾਲਾਪੀ-ਸ਼ੈਲੀ ਨਾਲ ਇਹ ਲਿਖਤ ਹਕੀਕਤ ਦੇ ਹੋਰ ਨੇੜੇ ਹੋ ਜਾਂਦੀ ਹੈ। ਭਾਵੇਂ ਇਹ ਪੁਸਤਕ ਨਿੱਕੇ ਆਕਾਰ ਦੀ ਹੈ ਪਰ ਵਿਸ਼ਾ ਵਸਤੂ ਦੇ ਕਲਾਤਮਕ ਦ੍ਰਿਸ਼ਟੀਕੋਣ ਤੋਂ ਇਸ ਰਾਹੀਂ ਇਕ ਵੱਡੇ ਤੇ ਗੰਭੀਰ ਮਸਲੇ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਕਹਾਣੀ ਦੀਆਂ ਕੜੀਆਂ ਨੂੰ ਜਿਸ ਯਥਾਰਥਕ ਢੰਗ ਨਾਲ ਪ੍ਰਤਿਬਿੰਬਤ ਕੀਤਾ ਗਿਆ ਹੈ ਉਹ ਆਪਣੀ ਮਿਸਾਲ ਆਪ ਹੈ। ਵਰਤਮਾਨ ਨਾਰੀ ਦੇ ਦਰਦ ਦਾ ਖ਼ੂਬਸੂਰਤ ਹਕੀਕੀ ਬਿਰਤਾਂਤ ਹੈ ਇਹ ਪੁਸਤਕ। ਦੂਜੇ ਸ਼ਬਦਾਂ ਵਿਚ ਕਹਿ ਸਕਦਾ ਹਾਂ ਕਿ ਲੇਖਕ ਨੇ ਇਸ ਕ੍ਰਿਤ ਰਾਹੀਂ ਵੇਸਵਾਗਮਨੀ ਦੀ ਜੂਨ ਹੰਢਾਅ ਰਹੀ ਔਰਤ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਅਜਿਹੀਆਂ ਔਰਤਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤਾਂ ਕਰਨ ਲਈ ਲੇਖਕ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪਿਆ ਹੈ ਪਰ ਇਸ ਦੇ ਬਾਵਜੂਦ ਉਸ ਨੇ ਕਲਯੁੱਗ ਨਾਲ ਭਰਪੂਰ ਗਲੀ ਦਾ ਯਥਾਰਥ ਚਿੱਤਰਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਸਤਕ ਦੇ ਟਾਈਟਲ ਤੇ ਔਰਤ ਦੇ ਸਮਾਂਤਰ ਬਣਿਆ ਸੁੱਕਿਆ ਅਤੇ ਖੜਸੁੱਕ ਰੁੱਖ ਬਹੁਤ ਕੁਝ ਕਹਿੰਦਾ ਪ੍ਰਤੀਤ ਹੁੰਦਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703.

2013 ਵਿਚ ਰੀਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰੀਵਿਊ ਨਹੀਂ ਛਪ ਸਕੇ :
ਕਿੱਸਾ ਹੀਰ ਭਗਵਾਨ ਸਿੰਘ ਪਾਠ ਅਤੇ ਆਲੋਚਨਾ
ਸੰਪਾਦਕ : ਡਾ: ਕਰਮਜੀਤ ਕੌਰ
ਪ੍ਰਕਾਸ਼ਕ : ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 160.
--------
ਡਾ: ਗੁਰਚਰਨ ਸਿੰਘ ਮਹਿਤਾ ਅਭਿਨੰਦਨ
ਸੰਪਾਦਕ : ਡਾ: ਗੁਰਮੁਖ ਸਿੰਘ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ (ਰਜਿ:), ਪਟਿਆਲਾ
ਮੁੱਲ : 150 ਰੁਪਏ, ਸਫ਼ੇ : 127.
--------
ਨਿਰੰਤਰ ਸੰਘਰਸ਼ ਦੀ ਦਾਸਤਾਨ : ਕ. ਗੁਰਚਰਨ ਸਿੰਘ ਲਾਧੂਪੁਰ
ਲੇਖਕ : ਸੁਰਿੰਦਰ ਸਿੰਘ ਨਿਮਾਣਾ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ :150 ਰੁਪਏ, ਸਫ਼ੇ : 232.
--------
ਅੱਚਵੀਂ ਰੋਹ ਦੀ
ਲੇਖਕ : ਨਾਇਬ ਰੋਡੇ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 208.
--------
ਐਸਾ ਚਾਹੂੰ ਰਾਜ ਮੈਂ
ਲੇਖਕ : ਸੋਢੀ ਰਾਣਾ
ਪ੍ਰਕਾਸ਼ਕ : ਪ੍ਰਗਤੀ ਕਲਾ ਕੇਂਦਰ (ਰਜਿ:), ਜਲੰਧਰ
ਮੁੱਲ : 50 ਰੁਪਏ, ਸਫ਼ੇ : 112.
--------
ਰਿਸ਼ਤਿਆਂ ਦੀ ਨੀਂਹ
ਲੇਖਕ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਊਡਾਨ ਪਬਲੀਕੇਸ਼ਨ, ਮਾਨਸਾ
ਮੁੱਲ : 130 ਰੁਪਏ, ਸਫ਼ੇ :88.
--------
ਗੁਣਾਂ ਨਾਲ ਭਰਪੂਰ ਫਲ ਅਤੇ ਸਬਜ਼ੀਆਂ
ਲੇਖਕ : ਡਾ: ਸੋਹਨ ਸਿੰਘ ਓਬਰਾਏ, ਰਾਜਿੰਦਰ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਦਿੱਲੀ
ਮੁੱਲ : 175 ਰੁਪਏ, ਸਫ਼ੇ : 128.

ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਪ੍ਰਾਪਤ ਪੁਸਤਕਾਂ
--------
ਗਿੱਲ ਮੋਰਾਂਵਾਲੀ ਦੀ ਕਾਵਿ-ਕਲਾ
ਲੇਖਕ : ਡਾ: ਸੁਖਵੀਰ ਕੌਰ
ਮੁੱਲ : 150 ਰੁਪਏ, ਸਫ਼ੇ : 128.
--------
ਰੀਮੋਟ ਵਾਲਾ ਜਹਾਜ਼
ਲੇਖਕ : ਮਨਜੀਤ ਕੌਰ ਅੰਬਾਲਵੀ
ਮੁੱਲ : 150 ਰੁਪਏ, ਸਫ਼ੇ : 96.
--------
ਚਿੱਬੜਾਂ ਦੀਆਂ ਵੇਲਾਂ
ਲੇਖਕ : ਬਲਦੇਵ ਪੋਹਲੋਪੁਰੀ
ਮੁੱਲ : 150 ਰੁਪਏ, ਸਫ਼ੇ : 80.
--------

05-01-2014

 2013 ਵਿਚ ਰੀਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰੀਵਿਊ ਨਹੀਂ ਛਪ ਸਕੇ :
ਬੇਗਾਨਾ ਮੋੜ
ਲੇਖਕ : ਤੇਗਮੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼,
ਸ੍ਰੀ ਮੁਕਤਸਰ ਸਾਹਿਬ
ਮੁੱਲ : 150 ਰੁਪਏ, ਸਫ਼ੇ : 77.
--------
ਸਾਡਾ ਪ੍ਰਣਾਮ
ਲੇਖਕ : ਧਰਮ ਚੰਦ 'ਮਹੇ'
ਪ੍ਰਕਾਸ਼ਕ : ਮਲਿੰਦ ਪ੍ਰਕਾਸ਼ਨ, ਜਲੰਧਰ
ਮੁੱਲ : 50 ਰੁਪਏ, ਸਫ਼ੇ : 64.
--------
ਕੋਈ ਗੱਲ ਤਾਂ ਜ਼ਰੂਰ ਹੈ
ਲੇਖਕ : ਡਾ: ਰਾਜਿੰਦਰ ਸਿੰਘ
ਪ੍ਰਕਾਸ਼ਕ : ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 184.
--------
ਸਫ਼ਲਤਾ ਦੇ ਰਾਹ
ਲੇਖਕ : ਡਾ: ਰਣਜੀਤ ਸਿੰਘ
ਪ੍ਰਕਾਸ਼ਕ : ਬੁਕਪਾਲਜ਼, ਨਵੀਂ ਦਿੱਲੀ, ਲੁਧਿਆਣਾ
ਮੁੱਲ : 30 ਰੁਪਏ, ਸਫ਼ੇ : 112.
--------
ਤੁਲਸੀ ਵਿਹੜੇ ਦੀ
ਲੇਖਕ : ਗੁਰਮੀਤ ਗਿੱਲ
ਪ੍ਰਕਾਸ਼ਕ : ਸਿਮਰਨ ਪਬਲੀਕੇਸ਼ਨਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 119.
--------
ਜਗਦੇ ਦੀਵੇ
ਲੇਖਕ : ਬਲਦੀਪ ਸਿੰਘ ਰਾਜਪਾਲ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 80 ਰੁਪਏ, ਸਫ਼ੇ : 50.
--------
ਮੇਲੇ ਜ਼ਿਲ੍ਹਾ ਰੂਪਨਗਰ
ਲੇਖਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਅਦਾਰਾ ਜਨ ਸਮਾਚਾਰ, ਰੂਪਨਗਰ
ਮੁੱਲ : 200 ਰੁਪਏ, ਸਫ਼ੇ : 190.
--------
ਵਿਗਿਆਨ, ਗਿਆਨ ਤੇ ਆਦਮੀ
ਲੇਖਕ : ਹਰਪ੍ਰੀਤ ਸਿੰਘ ਮੀਤ
ਪ੍ਰਕਾਸ਼ਕ : ਐਚ. ਐਚ. ਓਰਬਿਟ ਪਬਲੀਕੇਸ਼ਨ, ਸੰਗਰੂਰ
ਮੁੱਲ : 70 ਰੁਪਏ, ਸਫ਼ੇ : 42.
--------
ਸਬਰ ਸਿਦਕ
ਲੇਖਕ : ਮਨਜੀਤ ਕੌਰ ਸੰਧੂ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 100 ਰੁਪਏ, ਸਫ਼ੇ : 80.
--------
ਕੰਡਿਆਲੀ ਤਾਰ ਤੋਂ ਪਾਰ
ਲੇਖਕ : ਦਲੀਪ ਸਿੰਘ ਜੁਨੇਜਾ
ਪ੍ਰਕਾਸ਼ਕ : ਭਿੰਡਰ ਪਬਲਿਸ਼ਰਜ਼, ਪਟਿਆਲਾ
ਮੁੱਲ : 80 ਰੁਪਏ, ਸਫ਼ੇ : 98.
--------
ਪੰਜਾਬੀ ਮਿੰਨੀ ਕਹਾਣੀ : ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ
ਲੇਖਕ : ਨਿਰੰਜਣ ਬੋਹਾ
ਪ੍ਰਕਾਸ਼ਕ : ਊਡਾਨ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 104.
--------
ਮੁਹੱਬਤ ਦਾ ਦੀਵਾ
ਲੇਖਕ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 120 ਰੁਪਏ, ਸਫ਼ੇ : 111.
--------
ਆਧੁਨਿਕਤਾ ਦੀ ਹਨੇਰੀ
ਲੇਖਕ : ਡਾ: ਗੁਰਪ੍ਰੀਤ ਕੌਰ ਗਿੱਲ
ਪ੍ਰਕਾਸ਼ਕ : ਊਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 130 ਰੁਪਏ, ਸਫ਼ੇ : 103.
--------
47-ਏ-ਦਿੱਲੀ
ਲੇਖਕ : ਮਹਿੰਦਰ ਸਿੰਘ ਤਤਲਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 144.
--------
ਮੈਂ, ਸ਼ੈਤਾਨ ਤੇ ਇੰਦੁਮਣੀ
ਲੇਖਕ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 180 ਰੁਪਏ, ਸਫ਼ੇ : 144.
--------
ਬੁੱਕਲ ਤੇ ਸ਼ੀਸ਼ੇ ਦਾ ਸ਼ਹਿਰ
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104.
--------
ਆਗਮਨ ਤੇ ਪ੍ਰਵਾਜ਼
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ
ਮੁੱਲ : 200, ਸਫ਼ੇ : 104.
--------
ਜੀਅ ਕਰਦੈ ਪੰਛੀ ਬਣ ਜਾਵਾਂ
ਲੇਖਕ : ਡਾ: ਹਰਬੰਸ ਸਿੰਘ ਚਾਵਲਾ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 220 ਰੁਪਏ, ਸਫ਼ੇ : 104.
--------
ਪੰਮੀ ਖੁਸ਼ਹਲਪੁਰੀ-ਮਿੱਟੀ ਰੁਸ ਰੁਸ ਬਹਿੰਦੀ
ਸੰਪਾਦਕ : ਬਲਜਿੰਦਰ ਮਾਨ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਹੁਸ਼ਿਆਰਪੁਰ
ਮੁੱਲ : 70 ਰੁਪਏ, ਸਫ਼ੇ : 100.
--------
ਚਿਤਾ ਦੀ ਅੱਗ ਦਾ ਸੇਕ
ਲੇਖਕ : ਕੀਰਤ ਸਿੰਘ 'ਫਰਿਆਦ'
ਪ੍ਰਕਾਸ਼ਕ : ਵਾਸਨ ਪਬਲਿਸ਼ਰਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 40.
--------
ਚਾਨਣ ਦੀ ਫੁਲਕਾਰੀ
ਲੇਖਕ : ਮੇਜਰ ਸਿੰਘ ਛੀਨਾ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 100 ਰੁਪਏ, ਸਫ਼ੇ : 112.
--------
ਕਰਾਰੀ ਚਪੇੜ
ਲੇਖਕ : ਸੰਦੀਪ ਕੌਰ ਭੁੱਲਰ
ਪ੍ਰਕਾਸ਼ਕ : ਲਾਡਲੀ ਪਬਲੀਕੇਸ਼ਨਜ਼, ਮੋਹਾਲੀ
ਮੁੱਲ : 50 ਰੁਪਏ, ਸਫ਼ੇ : 79.
--------
ਕੋਠੇ ਖੜਕ ਸਿੰਘ : ਵਿਸ਼ਾ-ਵਸਤੂ ਤੇ ਬਿਰਤਾਂਤ-ਜੁਗਤਾਂ
ਸੰਪਾਦਕ : ਪ੍ਰੋ: ਬ੍ਰਹਮਜਗਦੀਸ਼ ਸਿੰਘ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 224.
--------

05-01-2014

 ਚੁੱਪ ਦੀ ਇਬਾਰਤ
ਸ਼ਾਇਰ : ਗੁਰਚਰਨ 'ਬੱਧਣ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120.

ਸ਼ਾਇਰ ਗੁਰਚਰਨ 'ਬੱਧਣ' ਇਕ ਪ੍ਰੋੜ੍ਹ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਸੁਹਿਰਦਤਾ ਨਾਲ ਰਚਨਾ ਕਰਨ ਵਾਲਾ ਸ਼ਾਇਰ ਹੈ। ਉਸ ਨੇ ਹਥਲੇ ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਤਿੰਨ ਗ਼ਜ਼ਲ ਸੰਗ੍ਰਹਿ 'ਲੋਢੇ ਵੇਲੇ' (1996), 'ਆਬਾਦ ਰਹੇ ਗੁਲਸ਼ਨ' (2006) ਅਤੇ 'ਤਿੜਕਦੇ ਰਿਸ਼ਤੇ' (2010) ਪ੍ਰਕਾਸ਼ਿਤ ਕਰਵਾਏ ਹਨ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਲਗਭਗ 80 ਸ਼ਾਨਦਾਰ ਗ਼ਜ਼ਲਾਂ ਹਨ। ਪੰਜਾਬੀ ਗ਼ਜ਼ਲ ਹੁਣ ਸ਼ਾਨਦਾਰ ਮੁਕਾਮ ਉਤੇ ਆਸੀਨ ਹੈ ਅਤੇ ਇਹ ਰੂਪਕ ਪੱਖੋਂ ਅਤੇ ਵਿਸ਼ੇ ਪੱਖੋਂ ਵੀ ਸ਼ਾਨਦਾਰ ਪ੍ਰਭਾਵ ਸਿਰਜ ਰਹੀ ਹੈ। ਗ਼ਜ਼ਲਾਂ ਛੰਦ ਅਤੇ ਬਹਿਰ ਤੋਂ ਉੱਚ ਪਾਏ ਦੀਆਂ ਹਨ। ਬੱਧਣ ਨੇ ਆਪਣੀਆਂ ਗ਼ਜ਼ਲਾਂ ਵਿਚ ਛੰਦ ਵੀ ਅਤੇ ਬਹਿਰ ਵੀ ਬੜੇ ਸਲੀਕੇ ਨਾਲ ਵਰਤੇ ਹਨ। ਗ਼ਜ਼ਲ ਦੀ ਤਕਨੀਕ ਪੱਖੋਂ ਉਹ ਸ਼ਿਲਪਕਾਰ ਹੈ। ਉਹ ਸ਼ਬਦਾਂ ਨੂੰ ਚੁਣ-ਚੁਣ ਕੇ ਸੁਨਿਆਰੇ ਵਾਂਗ ਬੀੜਦਾ ਹੈ। ਸ਼ਾਇਰ ਨੇ ਖਿੱਚ-ਧੂਹ ਕੇ ਅਰੂਜ਼ੀ ਬਹਿਰ ਨਹੀਂ ਲਏ ਅਤੇ ਬਹਿਰਾਂ ਦਾ ਵਿਖਾਵਾ ਨਹੀਂ ਕੀਤਾ, ਸਗੋਂ ਛੰਦ-ਬਹਿਰ ਉਸ ਦੀ ਸਹਿਜ ਮਾਨਸਿਕਤਾ ਤੇ ਸੁਰ ਲਹਿਰੀ ਵਿਚ ਸਮਾ ਕੇ ਪੇਸ਼ ਹੁੰਦੇ ਹਨ। ਜਿਨ੍ਹਾਂ ਸ਼ਾਇਰਾਂ ਨੇ ਗ਼ਜ਼ਲ ਨੂੰ ਨਿਰੋਲ ਪੰਜਾਬੀ ਦੇ ਵਸਤਰ ਪਹਿਨਾਏ, ਬੱਧਣ ਅੱਜ ਉਨ੍ਹਾਂ ਵਿਚ ਸ਼ਾਮਿਲ ਹੈ। ਉਸ ਦੀ ਸਿਫ਼ਤ ਹੈ ਕਿ ਉਸ ਨੇ ਫੇਲੁਨ 33 ਜੁੜ ਦੇ ਛੰਦ/ਬਹਿਰ ਬਹੁਤਾਤ ਨਾਲ ਲਏ ਅਤੇ ਨਿਭਾਏ ਹਨ। ਹਰ ਸ਼ਿਅਰ ਇਕ ਕਹਾਣੀ ਪੇਸ਼ ਕਰਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਰਾਜਨੀਤੀ, ਆਰਥਿਕ, ਸਮਾਜਿਕ ਅਤੇ ਧਾਰਮਿਕ ਮਸਲੇ ਬੜੇ ਸਹਿਜ ਨਾਲ ਪੇਸ਼ ਹੋਏ ਹਨ। ਬੱਧਣ ਦੇ ਸ਼ਿਅਰ ਪੜ੍ਹਦਿਆਂ ਜਜ਼ਬਾਤਾਂ ਦੇ ਫੁੱਲ ਮਹਿਕਦੇ ਹਨ ਅਤੇ ਸੋਚ-ਤਰਕ-ਵਿਚਾਰ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ। ਉਹ ਔਖੇ ਤੋਂ ਔਖੇ ਅਤੇ ਬਿਖਰੇ ਹੋਏ ਵਿਸ਼ਿਆਂ ਨੂੰ ਇਕ ਸ਼ਿਅਰ ਵਿਚ ਪਰੋਣ ਵਾਲਾ ਸ਼ਾਇਰ ਹੈ। ਗ਼ਜ਼ਲ ਦੇ ਖੇਤਰ ਵਿਚ ਇਸ ਸੰਗ੍ਰਹਿ ਦਾ ਸਵਾਗਤ ਹੋਵੇਗਾ ਇਹ ਮੇਰੀ ਆਸ ਹੈ। ਇਕ ਸ਼ਿਅਰ ਦੇ ਕੇ ਅਲਵਿਦਾ :
ਤੂੰ ਇਸ ਦੁਨੀਆ ਦੇ ਨਕਸ਼ੇ 'ਤੇ ਕੁਝ ਨਵੀਆਂ ਲੀਹਾਂ ਪਾ 'ਬੱਧਣ'
ਤੇਰੇ ਨਕਸ਼ ਕਦਮ 'ਤੇ ਚੱਲਣਗੇ ਜੇਕਰ ਚੰਗੀ ਕਾਰਗੁਜ਼ਾਰੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਝੱਖੜ ਝੌਲਾ
ਲੇਖਕ : ਸੁੱਚਾ ਸਿੰਘ ਮਸਤਾਨਾ
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 96.

ਜ਼ਿੰਦਗੀ ਦੀਆਂ 78 ਬਸੰਤ ਬਹਾਰਾਂ ਦਾ ਅਨੰਦ ਲੈ ਚੁੱਕਾ ਅਤੇ ਪੇਂਡੂ ਪਿਛੋਕੜ ਨਾਲ ਜੁੜਿਆ ਹੋਇਆ ਸੁੱਚਾ ਸਿੰਘ ਮਸਤਾਨਾ ਕਿੱਤੇ ਵਜੋਂ ਅਧਿਆਪਕ ਦੀਆਂ ਸੇਵਾਵਾਂ ਦੇ ਨਾਲ-ਨਾਲ ਕਵਿਤਾ ਰਾਹੀਂ ਗਿਆਨ ਤੇ ਨੈਤਿਕ ਕਦਰਾਂ-ਕਮਤਾਂ ਕਾਇਮ ਰੱਖਣ ਦਾ ਸੁਨੇਹਾ ਦਿੰਦਾ ਹੈ ਹੋਇਆ ਆਪਣੇ ਤੀਸਰੇ ਕਾਵਿ ਸੰਗ੍ਰਹਿ 'ਝੱਖੜ ਝੌਲਾ' ਰਾਹੀਂ ਪਾਠਕਾਂ ਦੇ ਰੂਬਰੂ ਹੋ ਰਿਹਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ 'ਚ ਆ ਰਹੇ ਨਿਘਾਰ ਤੋਂ ਉਹ ਕਾਫੀ ਫ਼ਿਰਕਮੰਦ ਹੈ ਤੇ ਆਪਣੀ ਲੇਖਣੀ ਰਾਹੀਂ ਵਿਅੰਗਮਈ ਸ਼ਬਦਾਂ ਰਾਹੀਂ ਪਾਠਕਾਂ ਦੇ ਸਾਹਮਣੇ ਰੱਖਦਾ ਹੋਇਆ ਸਹੀ ਸੇਧ ਤੇ ਦਿਸ਼ਾ ਪ੍ਰਦਾਨ ਕਰਨ ਲਈ ਹੰਭਲਾ ਮਾਰਦਾ ਹੈ। ਉਹ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦਾ ਹੈ ਤੇ ਉਸ ਦਾ ਨਜ਼ਰੀਆ ਲੋਕ-ਪੱਖੀ ਤੇ ਉਸਾਰੂ ਹੈ। ਉਸ ਨੇ ਹਥਲੀ ਪੁਸਤਕ ਵਿਚਲੀਆਂ ਆਪਣੀਆਂ 45 ਕਵਿਤਾਵਾਂ ਵਿਚ ਸਮਾਜ ਦੇ ਹਰ ਵਰਗ ਦਾ ਜ਼ਿਕਰ ਕੀਤਾ ਹੈ। ਉਹ ਆਪਣੇ ਧਰਮ ਸਬੰਧੀ ਵੀ ਜਾਗਰੂਕ ਹੈ ਤੇ ਆਪਣੀ ਪਹਿਲੀ ਕਵਿਤਾ 'ਧੰਨ ਮਾਤਾ ਗੁਜਰੀ' ਵਿਚ ਇਕ ਮਾਂ ਦੇ ਜਿਗਰੇ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ :
'ਦੇਣ ਸ਼ਹੀਦੀ ਪਿਤਾ ਭੇਜਿਆ, ਗੋਬਿੰਦ ਨੂੰ ਤੋਂ ਟੋਕਿਆ ਨਹੀਂ,
ਨੌਵੇਂ ਗੁਰਾਂ ਨੂੰ ਦਿੱਲੀ ਜਾਂਦਿਆਂ, ਸ਼ੁਭ ਕਰਮਨ ਤੋਂ ਰੋਕਿਆ ਨਹੀਂ।
ਉਹ ਅਜੋਕੇ ਸੰਤਾਂ ਮਹਾਤਮਾ 'ਤੇ ਕਟਾਖਸ਼ ਕਰਦਾ ਹੋਇਆ ਲਿਖਦਾ ਹੈ :
'ਗੁਰੂ ਨਾਨਕ ਨੇ ਪੈਦਲ ਉਪਦੇਸ਼ ਦਿੱਤਾ,
ਬਾਬੇ ਭਾਲਦੇ ਕਾਰਾਂ ਬੇਗਾਨੀਆਂ ਨੇ।
ਤੇ 'ਨਵਾਂ ਸਾਲ' ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਦਰਸਾਉਂਦਾ ਹੋਇਆ ਲਿਖਦਾ ਹੈ 'ਸਭ ਦੇ ਹੱਕ ਬਰਾਬਰ ਹੋਣ, ਬੈਠ ਚੁਰਾਹੇ ਲੋਕ ਨਾ ਰੋਣ', 'ਰਿਸ਼ਵਤ ਧੱਕਾ ਨਾ ਹੋਵੇ ਬਾਣ, ਹੱਕ ਦੀ ਰੋਟੀ ਸਾਰੇ ਖਾਣ।' ਅੱਜ ਦੀ ਭ੍ਰਿਸ਼ਟਾਚਾਰੀ ਰਾਜਨੀਤੀ ਬਾਰੇ ਸਵਾਲ ਕਰਦਾ ਹੋਇਆ ਆਪਣਾ ਡਰ ਜ਼ਾਹਰ ਕਰਦਾ 'ਚੋਣਾਂ' ਕਵਿਤਾ 'ਚ ਕਹਿੰਦਾ ਹੈ, 'ਸਾਧਾਰਨ ਵਿਅਕਤੀ ਕਿੱਧਰ ਜਾਵੇ, ਚਾਰੇ ਤਰਫ਼ ਹਨੇਰਾ ਹੈ, ਜਿਸ ਤੋਂ ਰਖੇ ਆਸ ਬਚਾਉ ਅੰਦਰੋਂ ਉਹ ਲੁਟੇਰਾ ਹੈ'। ਉਹ ਆਪਣੀ ਕਵਿਤਾ 'ਹੰਸ ਉਡਾਰੀ' ਵਿਚ ਆਵਾਮ ਨੂੰ ਨਸੀਹਤ ਵੀ ਕਰਦਾ ਹੈ' ਹੱਕ ਪਰਾਇਆ ਛੱਡਦੇ ਖਾਣਾ, ਛੱਡਦੇ ਸੀਨਾਜ਼ੋਰੀ' ਸਿਆਸੀ ਲੀਡਰਾਂ ਦੀ ਦੋਹਰੀ ਰਾਜਨੀਤੀ ਨੂੰ ਵਿਅੰਗਮਈ ਤਰੀਕੇ ਨਾਲ ਭੰਡਦਾ ਹੋਇਆ ਕਹਿੰਦਾ ਹੈ, 'ਨਸ਼ੇ ਛੱਡੋ ਦਾ ਹੋਕਾ ਲਾਉਂਦੇ, ਵਿਚ ਇਲੈਕਸ਼ਨ ਆਪ ਪਿਲਾਉਂਦੇ'। ਭਾਵੇਂ ਅਸੀਂ 21ਵੀਂ ਸਦੀ 'ਚ ਪ੍ਰਵੇਸ਼ ਕਰ ਗਏ ਹਾਂ ਪਰ ਸੋਚ ਅਜੇ ਵੀ ਹਜ਼ਾਰਾਂ ਸਾਲ ਪੁਰਾਣੀ 'ਕੁੜੀ ਜੰਮੇ ਸੋਗ ਵਰਤਦਾ, ਗਰੀਬ ਘਰਾਣੇ ਜੰਮੀ' ਹੀ ਹੈ। ਮਸਤਾਨਾ ਦੀ ਕਾਵਿ-ਸ਼ੈਲੀ ਬਹੁਤ ਹੀ ਸਪੱਸ਼ਟ ਤੇ ਸੌਖੀ ਸ਼ਬਦਾਵਲੀ ਵਾਲੀ ਹੋਣ ਕਰਕੇ ਆਮ ਪਾਠਕ ਦੀ ਸਮਝ ਵਿਚ ਆਉਂਦੀ ਹੈ। ਇਸੇ ਲਈ ਹੀ ਉਸ ਨੂੰ ਲੋਕ ਕਵੀ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143

ਸ਼ਬਦਾਂ ਦੇ ਗੁਲਾਬ
ਲੇਖਕ : ਸੁਦਰਸ਼ਨ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ: 128.

ਸੁਦਰਸ਼ਨ ਗਾਸੋ ਇਸ ਪੁਸਤਕ ਤੋਂ ਪਹਿਲਾਂ, ਹੁਨਰ ਦੀ ਮਹਿਕ, ਗਾਉਂਦੇ ਜਜ਼ਬੇ, ਖੁਸ਼ਬੂਆਂ ਦੇ ਕੰਗਣ, ਕਾਵਿ ਸੰਗ੍ਰਹਿਆਂ ਤੋਂ ਇਲਾਵਾ ਆਲੋਚਨਾ ਅਤੇ ਸੰਪਾਦਿਤ 15 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਪੰਜਾਬੀ ਤੋਂ ਇਲਾਵਾ ਸੁਦਰਸ਼ਨ 'ਬਾਤੇਂ ਕਰਤਾ ਆਕਾਸ਼' ਹਿੰਦੀ ਕਵਿਤਾਵਾਂ ਦਾ ਸੰਪਾਦਨ ਅਤੇ ਤਪੱਸਿਆ, ਆਲੋਚਨਾ ਦੀ ਪੁਸਤਕ ਰਾਹੀਂ ਪੰਜਾਬੀ/ਹਿੰਦੀ ਸਾਹਿਤ ਦੇ ਖੇਤਰ ਵਿਚ ਨਾਮਣਾ ਖੱਟ ਚੁੱਕਾ ਹੈ।
'ਸ਼ਬਦਾਂ ਦੇ ਗੁਲਾਬ' ਖੁੱਲਵੀਆਂ ਕਵਿਤਾਵਾਂ ਦਾ ਸੰਗ੍ਰਹਿ ਹੋਣ ਦੇ ਬਾਵਜੂਦ, ਲੈਅ ਅਤੇ ਤਾਲ ਵਿਚ ਇਕਸੁਰਤਾ ਅਤੇ ਇਕਸਾਰਤਾ ਬਰਕਰਾਰ ਰੱਖਦਾ ਕਵਿਤਾਵਾਂ ਦਾ ਮਜਮੂਆਂ ਹੈ। ਜਿਥੇ ਸਮਾਜਿਕ, ਰਾਜਸੀ ਚੇਤਨਾ ਦੀ ਜਾਗਰੂਕਤਾ ਕਵੀ ਦੀ ਕਵਿਤਾ ਦਾ ਵਿਸ਼ੇਸ਼ ਗੁਣ ਹੁੰਦੇ ਹਨ, ਉਥੇ ਮੁਹੱਬਤੀ ਚੇਤਨਾ ਦੀ ਕਵਿਤਾ ਵੀ ਸਮਾਜਿਕ ਨਾਬਰਾਬਰੀ ਦੇ ਵਿਰੁੱਧ ਸਮਾਜ ਨੂੰ ਸੰਘਰਸ਼ਸ਼ੀਲ ਰੱਖਣ ਲਈ ਆਪਣੀ ਨਰੋਈ ਭੂਮਿਕਾ ਨਿਭਾਉਂਦੀ ਹੈ। ਸੁਦਰਸ਼ਨ ਗਾਸੋ ਇਸ ਪ੍ਰਤੀ ਸੁਚੇਤ ਕਵੀ ਹੈ। ਮੈਂ ਪਿੰਗਲ/ਅਰੂਜ਼ ਦਾ ਧਾਰਨੀ ਹੋਣ ਦੇ ਬਾਵਜੂਦ ਇਸ ਗੱਲ ਦਾ ਧਾਰਨੀ ਰਿਹਾ ਹਾਂ ਕਿ ਕਿਸੇ ਵੀ ਰੂਪ ਵਿਚ ਕਵਿਤਾ ਵਿਚੋਂ ਕਵਿਤਾ ਮਨਫ਼ੀ ਨਹੀਂ ਹੋਣੀ ਚਾਹੀਦੀ। ਡਾ: ਸੁਰਜੀਤ ਪਾਤਰ ਹੋਰਾਂ ਅਨੁਸਾਰ ਵੀ ਗਾਸੋ ਪਰਿਵਾਰ ਦਾ ਪੰਜਾਬੀ ਪ੍ਰੇਮ ਟੁੰਬਣਵਾਲਾ ਹੈ। ਉਨ੍ਹਾਂ ਦੀ ਸ਼ਬਦ ਚੋਣ ਸ਼ਬਦ ਜੜਤ ਮੋਹ ਭਰੀ, ਲਗਨ, ਮਿਹਨਤ, ਪ੍ਰਤਿਭਾ, ਨਿੱਘ ਅਤੇ ਅਪਣੱਤ ਕਮਾਲ ਦੀ ਹੈ। ਇਸ਼ਤਿਹਾਰਬਾਜ਼ੀ ਦੀ ਚਕਾਚੌਂਧ ਵਿਚ ਗੁਆਚ ਰਹੀ ਮਾਨਵਤਾ, ਮਨ ਦੇ ਪੰਛੀਆਂ ਨੂੰ ਫੁੰਡ ਰਿਹਾ ਪੂੰਜੀਵਾਦ, ਸਾਂਝੇ ਘਰਾਂ ਪਰਿਵਾਰਾਂ ਦੇ ਖੇਰੂੰ-ਖੇਰੂੰ ਹੋ ਰਹੇ ਰਿਸ਼ਤੇ, ਮਾਨਵੀ ਸਬੰਧਾਂ ਦੀਆਂ ਬਦਲ ਰਹੀਆਂ ਸਮਾਜਿਕ ਕਦਰਾਂ-ਕੀਮਤਾਂ, ਸਰਬ ਸਾਂਝੇ ਸੁਪਨਿਆਂ ਦੀ ਹੋਣੀ ਲਈ ਫ਼ਿਕਰਮੰਦ ਅਤੇ ਬਾਰੂਦ ਦੀ ਗੰਧ ਨਾਲ ਅਪੰਗ ਹੋ ਰਹੇ ਸਮਾਜ ਲਈ, ਫੁੱਲਾਂ ਫਸਲਾਂ ਅਤੇ ਸਾਂਝੀਵਾਲਤਾ ਦੇ ਸੁਪਨਿਆਂ ਨੂੰ ਸਾਕਾਰਨ ਦਾ ਜੇਹਾਦ ਕਰਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ-ਸ਼ਬਦਾਂ ਦੇ ਗੁਲਾਬ।

-ਰਾਜਿੰਦਰ ਪਰਦੇਸੀ
ਮੋ: 93576-41552.

29-12-2013

 ਰੌਸ਼ਨੀਆਂ ਦੀ ਭਾਲ ਵਿਚ
ਗ਼ਜ਼ਲਗੋ : ਮੰਗਤ 'ਚੰਚਲ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਦੁਨੀਆ ਦੀ ਹਰ ਰੂਹ ਰੌਸ਼ਨੀ ਦੀ ਤਲਾਸ਼ ਵਿਚ ਹੈ। ਇਸ਼ਕ ਮੁਹੱਬਤ ਦੀ ਲੋਅ ਜ਼ਿੰਦਗੀ ਵਿਚ ਜ਼ਿੰਦਗੀ ਭਰਦੀ ਹੈ ਅਤੇ ਨਫ਼ਰਤਾਂ ਦੇ ਹਨੇਰਿਆਂ ਨੂੰ ਦੂਰ ਕਰਦੀ ਹੈ। ਗ਼ਜ਼ਲਗੋ ਮੰਗਤ 'ਚੰਚਲ' ਵੀ ਰੌਸ਼ਨੀਆਂ ਦੀ ਭਾਲ ਵਿਚ ਹੈ। ਉਸ ਦੇ ਸ਼ਿਅਰ ਰਾਤ ਦੇ ਹਨੇਰਿਆਂ ਵਿਚ ਜੁਗਨੂੰਆਂ ਵਾਂਗ ਟਿਮਟਿਮਾਉਂਦੇ ਹਨ। ਆਓ, ਇਨ੍ਹਾਂ ਝਿਲਮਿਲਾਉਂਦੇ ਸ਼ਿਅਰਾਂ ਦੀ ਝਲਕ ਮਾਣੀਏ-
-ਹਰ ਕਿਸੇ ਨੂੰ ਜੀਣ ਦੀ ਤੂੰ ਆਸ ਬਖ਼ਸ਼ੀਂ ਮਾਲਕਾ
ਜੇ ਘੜੀ ਦੁੱਖ ਦੀ ਬਣੇ, ਧਰਵਾਸ ਬਖ਼ਸ਼ੀਂ ਮਾਲਕਾ।
-ਕਦੀ ਇਹ ਭਰਦੇ ਰਹਿੰਦੇ ਨੇ, ਕਦੀ ਇਹ ਫਿਸਦੇ ਰਹਿੰਦੇ ਨੇ
ਜੋ ਛਾਲੇ ਦਿਲ 'ਤੇ ਹੁੰਦੇ ਨੇ, ਹਮੇਸ਼ਾ ਰਿਸਦੇ ਰਹਿੰਦੇ ਨੇ।
-ਗੀਤ ਲਿਖ ਜਾਂ ਗ਼ਜ਼ਲ ਲਿਖ, ਜੋ ਦਿਲ ਕਰੇ ਤੂੰ ਯਾਰ ਲਿਖ
ਜੋਤ ਜਗਦੀ ਹੈ ਜਿਵੇਂ, ਐਸੇ ਵੀ ਅੱਖਰ ਚਾਰ ਲਿਖ।
-ਲਹੂ 'ਚ ਭਿੱਜੀ ਖਸਮਾਂ ਖਾਣੀ, ਆਉਂਦੀ ਹੈ ਅਖ਼ਬਾਰ ਜਦੋਂ
ਬੱਚੀ ਮੇਰੀ ਸਹਿਮ ਕੇ ਬਹਿ ਜੇ, ਪੜ੍ਹ ਲਏ ਅੱਖਰ ਚਾਰ ਜਦੋਂ।
-ਹੰਝੂਆਂ ਦੀ ਕਿਣਮਿਣ ਵਿਚ ਜੋ ਗੱਲਬਾਤ ਹੋਈ
ਉਹਦੇ ਵਰਗੀ ਮੁੜ ਕੇ ਨਾ ਬਰਸਾਤ ਹੋਈ।
ਇਸ ਸ਼ਾਇਰੀ ਵਿਚ ਜ਼ਿੰਦਗੀ ਦੇ ਰੰਗ ਹਨ, ਇਸ ਦੇ ਤਰੰਗ ਹਨ, ਪਿਆਰ ਦੇ ਉਮੰਗ ਹਨ, ਸੁਹਜ ਦੀ ਸੁਗੰਧ ਹੈ ਅਤੇ ਰਸਿਕਤਾ ਹੈ। ਗ਼ਜ਼ਲਾਂ ਸਰਲ ਅਤੇ ਪਾਏਦਾਰ ਹਨ। ਇਨ੍ਹਾਂ ਵਿਚ ਚਿੰਤਨ ਦੀ ਗਹਿਰਾਈ ਹੈ ਅਤੇ ਭਾਵਨਾ ਦੀ ਉਚਾਈ ਹੈ। ਗ਼ਜ਼ਲ ਦੀ ਤਕਨੀਕ ਨੂੰ ਪਰਬੀਨਤਾ ਨਾਲ ਨਿਭਾਇਆ ਗਿਆ ਹੈ। ਇਨ੍ਹਾਂ ਵਿਚ ਉੱਚੇ ਖਿਆਲ ਅਤੇ ਸੁੱਚੇ ਆਦਰਸ਼ਾਂ ਦੀ ਬਾਤ ਪਾਈ ਗਈ ਹੈ। ਕਿਤੇ-ਕਿਤੇ ਵਿਅੰਗ ਦੀਆਂ ਚੋਟਾਂ ਹਨ, ਜੋ ਸਾਡੀ ਚੇਤਨਾ ਨੂੰ ਟੁੰਬਦੀਆਂ ਹਨ। ਉਹ ਤ੍ਰਿਸ਼ਨਾਵਾਂ, ਨਫ਼ਰਤਾਂ ਅਤੇ ਸੜਿਆਂ ਵਿਚ ਜਲਦੀ ਬਲਦੀ ਲੁਕਾਈ ਨੂੰ ਪ੍ਰੀਤ ਅਤੇ ਮੁਹੱਬਤ ਦੇ ਸੁਨੇਹੇ ਵੰਡਣਾ ਚਾਹੁੰਦਾ ਹੈ। ਕੁੜੀਆਂ ਦੀ ਬੇਕਦਰੀ, ਭਰੂਣ ਹੱਤਿਆ, ਭ੍ਰਿਸ਼ਟਾਚਾਰ, ਜਹਾਲਤ ਅਤੇ ਨਸ਼ਿਆਂ ਦੇ ਵਧਦੇ ਰੁਝਾਨ ਤੋਂ ਉਹ ਉਪਰਾਮ ਹੈ। ਉਹ ਕੋਮਲ ਹਰਫ਼ਾਂ ਰਾਹੀਂ ਸਭ ਦੇ ਦਿਲਾਂ 'ਤੇ ਮਰਹਮ ਲਗਾਉਣਾ ਲੋਚਦਾ ਹੈ। ਦਿਲਾਂ ਵਿਚ ਉਤਰ ਜਾਣ ਵਾਲੇ ਇਸ ਗ਼ਜ਼ਲ ਸੰਗ੍ਰਹਿ ਦਾ ਦਿਲੀ ਸਵਾਗਤ ਹੈ।

ਦਰਦ ਦਾਮਨ-ਦਾਮਨ
ਗ਼ਜ਼ਲਗੋ : ਗੁਰਦੀਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਸ਼ਾਇਰ ਦਾ ਦਸਵਾਂ ਗ਼ਜ਼ਲ ਸੰਗ੍ਰਹਿ ਦਰਦ ਦਾਮਨ-ਦਾਮਨ ਦਰਦਮੰਦਾਂ ਨੂੰ ਸਮਰਪਿਤ ਹੈ। ਉਸ ਨੂੰ ਸ਼ਿਕਵਾ ਹੈ ਕਿ ਉਸ ਦੀ ਸ਼ਾਇਰੀ ਨੂੰ ਠੀਕ ਢੰਗ ਨਾਲ ਸਮਝਿਆ ਨਹੀਂ ਜਾ ਰਿਹਾ। ਉਸ ਕੋਲ ਸਮਝਾਉਣ ਵਾਲੀ ਜ਼ਬਾਨ ਨਹੀਂ ਅਤੇ ਉਸ ਦੇ ਪਾਠਕਾਂ ਕੋਲ ਉਸ ਦੇ ਤਸੱਵਰਾਂ ਨੂੰ ਸਮਝਣ ਵਾਲਾ ਦਿਲ ਨਹੀਂ। ਉਹ ਮਹਿਸੂਸ ਕਰਦਾ ਹੈ ਕਿ ਉਸ ਦੀ ਸ਼ਾਇਰੀ ਕੁਝ ਵੱਖਰੀ ਕਿਸਮ ਦੀ ਹੈ। ਹੋਰ ਸ਼ਾਇਰ ਸ਼ਿਅਰ ਕਹਿ ਕੇ ਖੁਸ਼ੀ ਹਾਸਲ ਕਰਦੇ ਹਨ ਪਰ ਉਹ ਹੋਰ ਵੀ ਤਨਹਾ ਹੋ ਜਾਂਦਾ ਹੈ। ਉਸ ਨੂੰ ਕਿਤਾਬ ਛਪਾ ਕੇ ਵੀ ਕੋਈ ਖੁਸ਼ੀ ਨਹੀਂ ਹੁੰਦੀ ਪਰ ਉਹ ਫਰਜ਼ ਵੱਲੋਂ ਸ਼ਿਅਰ ਕਹੀ ਜਾਂਦਾ ਹੈ। ਆਓ, ਉਸ ਦੇ ਦਿਲ ਦੇ ਦਰਦ ਨਾਲ ਸਾਂਝ ਪਾਈਏ-
-ਆਉਂਦੀ ਹੈ ਦਿਲ ਦੇ ਸਾਜ਼ ਤੋਂ ਆਵਾਜ਼ ਹੋਰ ਹੀ
ਅਪਣਾ ਲਿਆ ਹੈ ਤੜਪ ਨੇ ਅੰਦਾਜ਼ ਹੋਰ ਹੀ।
-ਦੁਸ਼ਮਣ ਹੈ ਆਪ ਚੈਨ ਦਾ, ਇਹ ਦਿਲ ਅਜੀਬ ਸ਼ੈਅ ਹੈ
ਲੁਕ ਕੇ ਪੁਕਾਰਦੀ ਹੈ, ਇਹ ਮੰਜ਼ਲ ਅਜੀਬ ਸ਼ੈਅ ਹੈ।
-ਹਵਾ ਇਕ ਉਦਾਸੀ ਨੂੰ ਸੀਨੇ ਲੁਕਾਈ
ਮੇਰਾ ਹਾਲ ਪੁੱਛਣ ਬਹੁਤ ਵਾਰ ਆਈ।
-ਭੀੜ ਭਰਿਆ ਇਹ ਜੋ ਬੀਆਬਾਨ ਹੈ
ਇਕ ਨਵੀਂ ਤਹਿਜ਼ੀਬ ਦਾ ਵਰਦਾਨ ਹੈ।
-ਸ਼ੋਰ ਵਿਚ ਸੁੱਤੇ ਨੇ ਜੋ ਸੌਖੇ ਜਗਾ ਹੋਣੇ ਨਹੀਂ
ਬਿਨ ਜਗਾਏ ਲੁੱਟ ਹੁੰਦੇ ਘਰ ਬਚਾ ਹੋਣੇ ਨਹੀਂ।
ਉਸ ਦੇ ਸ਼ਿਅਰਾਂ ਵਿਚ ਵਲਵਲਿਆਂ ਦੀ ਤੀਖਣਤਾ, ਜਜ਼ਬਿਆਂ ਦੀ ਡੂੰਘਾਈ ਅਤੇ ਦਿਲ ਚੀਰਵੀਂ ਤਨਹਾਈ ਹੈ। ਗ਼ਜ਼ਲਾਂ ਵਿਚ ਉਰਦੂ ਸ਼ਬਦਾਂ ਦੀ ਭਰਮਾਰ ਹੈ ਪਰ ਉਨ੍ਹਾਂ ਦੇ ਅਰਥ ਪੰਜਾਬੀ ਵਿਚ ਦਿੱਤੇ ਹੋਏ ਹਨ। ਇਹ ਸ਼ਾਇਰੀ ਦਿਲ ਦੀ ਪੁਕਾਰ ਹੈ, ਰੂਹ ਦੀ ਆਵਾਜ਼ ਹੈ ਅਤੇ ਧੁਰ ਅੰਦਰ ਤੱਕ ਲਹਿ ਜਾਂਦੀ ਹੈ। ਇਸ ਖੂਬਸੂਰਤ, ਖੂਬਸੀਰਤ, ਵਜ਼ਨਦਾਰ, ਪੁਖ਼ਤਾ ਅਤੇ ਪੁਰਅਸਰ ਸ਼ਾਇਰੀ ਦਾ ਸਤਿਕਾਰ ਕਰਨਾ ਬਣਦਾ ਹੈ। ਇਸ ਪੁਸਤਕ ਨੂੰ ਖੁਸ਼ਆਮਦੀਦ ਕਹਿੰਦੇ ਹੋਏ ਮੈਂ ਮਾਣ ਮਹਿਸੂਸ ਕਰਦੀ ਹਾਂ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼
ਸੰਪਾਦਕ : ਪ੍ਰੋ: ਬਿਕਰਮ ਸਿੰਘ ਘੁੰਮਣ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 272.

ਡਾ: ਬਿਕਰਮ ਸਿੰਘ ਘੁੰਮਣ ਨੇ ਆਪਣੇ ਨਾਲ ਇਕ ਉਤਸ਼ਾਹੀ ਵਿਦਵਾਨ ਡਾ: ਜਗੀਰ ਸਿੰਘ ਨੂਰ ਨੂੰ ਸ਼ਾਮਿਲ ਕਰਕੇ 'ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼' (2013) ਤਿਆਰ ਕੀਤਾ ਹੈ। ਇਹ ਕੋਸ਼ ਸਕੂਲ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਲਈ ਇਕ ਬਹੁਮੁੱਲੀ ਸੌਗਾਤ ਹੈ। ਇਸ ਕੋਸ਼ ਵਿਚ ਲਗਭਗ ਸਾਢੇ ਤਿੰਨ ਹਜ਼ਾਰ ਮੁਹਾਵਰੇ ਅਤੇ ਡੇਢ ਹਜ਼ਾਰ ਅਖਾਣ ਸੰਗ੍ਰਹਿਤ ਹਨ। ਹਰ ਇੰਦਰਾਜ਼ (ਐਂਟਰੀ) ਓ, ਅ ਦੇ ਕ੍ਰਮ ਅਨੁਸਾਰ ਹੈ, ਜਿਸ ਕਾਰਨ ਕਿਸੇ ਵੀ ਮੁਹਾਵਰੇ ਜਾਂ ਅਖਾਣ ਨੂੰ ਲੱਭਣਾ ਕਾਫੀ ਸੌਖਾ ਹੋ ਗਿਆ ਹੈ। ਹਰ ਮੁਹਾਵਰੇ ਅਤੇ ਅਖਾਣ ਦੇ ਅਰਥ ਦਿੱਤੇ ਗਏ ਹਨ। ਕਈ ਮੁਹਾਵਰੇ ਇਲਾਕੇ ਅਨੁਸਾਰ ਵੱਖਰੇ-ਵੱਖਰੇ ਅਰਥਾਂ ਵਿਚ ਵੀ ਵਰਤੇ ਜਾਂਦੇ ਹਨ। ਅਜਿਹੇ ਮੁਹਾਵਰਿਆਂ ਦੇ ਇਕ ਤੋਂ ਵੱਧ ਅਰਥ ਨਿਕਲਦੇ ਹਨ। ਵਿਦਵਾਨ ਸੰਪਾਦਕਾਂ ਨੇ ਅਜਿਹੇ ਸਾਰੇ ਅਰਥ ਦਿੱਤੇ ਹਨ।
ਕੋਸ਼ ਦੇ ਆਰੰਭ ਵਿਚ ਮੁਹਾਵਰਿਆਂ ਅਤੇ ਅਖਾਣਾਂ ਦੀ ਪ੍ਰਕਿਰਤੀ, ਉਤਪਤੀ ਅਤੇ ਮਹੱਤਵ ਬਾਰੇ ਗੰਭੀਰ ਵਿਚਾਰ ਚਰਚਾ ਛੇੜੀ ਗਈ ਹੈ। ਡਾ: ਘੁੰਮਣ, 'ਮੁਹਾਵਰਾ' ਸ਼ਬਦ ਨੂੰ ਪਰਿਭਾਸ਼ਿਤ ਕਰਦਾ ਹੋਇਆ ਲਿਖਦਾ ਹੈ ਕਿ ਮੁਹਾਵਰਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ : ਕਿਸੇ ਖਾਸ ਢੰਗ ਨਾਲ ਗੱਲ ਕਰਨਾ। ਮੁਹਾਵਰਾ ਦੋ-ਚਾਰ ਸ਼ਬਦਾਂ ਦਾ ਛੋਟਾ ਸਮੂਹ ਹੁੰਦਾ ਹੈ। ਇਸ ਦੇ ਸ਼ਬਦੀ ਅਰਥ ਕੁਝ ਹੋਰ ਅਤੇ ਭਾਵ ਅਰਥ ਕੁਝ ਹੋਰ ਹੁੰਦੇ ਹਨ। ਇਸ ਦੀ ਵਰਤੋਂ ਹਮੇਸ਼ਾ ਭਾਵ ਅਰਥਾਂ ਵਿਚ ਕੀਤੀ ਜਾਂਦੀ ਹੈ। (ਪੰਨਾ 7) ਡਾ: ਜਗੀਰ ਸਿੰਘ ਨੂਰ ਨੇ ਮੁਹਾਵਰਿਆਂ ਅਤੇ ਅਖਾਣਾਂ ਦੀ ਰੂਪ-ਰਚਨਾ ਬਾਰੇ ਸੰਵਾਦ ਛੇੜਿਆ ਹੈ। ਉਸ ਅਨੁਸਾਰ, ਮੁਹਾਵਰੇ ਅਤੇ ਅਖਾਣ ਕਿਸੇ ਵੀ (ਲੋਕ) ਸਾਹਿਤ ਦਾ ਵਡਮੁੱਲਾ ਖਜ਼ਾਨਾ ਅਤੇ (ਲੋਕ) ਭਾਸ਼ਾ ਦੀ ਕਾਰਗਰ ਜੁਗਤ ਹੁੰਦੇ ਹਨ। ਇਹ ਕਿਸੇ ਭਾਸ਼ਾ ਦੀ ਅਮੀਰੀ, ਪੁਖ਼ਤਗੀ ਅਤੇ ਵਿਸ਼ਾਲਤਾ ਦਾ ਮੀਰੀ ਗੁਣ ਹੁੰਦੇ ਹਨ। (ਪੰਨਾ 19) ਮੁਹਾਵਰੇ ਅਤੇ ਅਖਾਣ ਕਿਸੇ ਸੱਭਿਆਚਾਰ ਦੇ ਵਿਸ਼ੇਸ਼ ਅੰਗਾਂ ਅਤੇ ਚਰਿੱਤਰ ਨੂੰ ਸਮਝਣ ਲਈ ਜ਼ਰੂਰੀ ਹੁੰਦੇ ਹਨ। ਅੰਗਰੇਜ਼ ਹਾਕਮਾਂ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਪਾਸੋਂ 'ਪੰਜਾਬੀ ਬਾਤ ਚੀਤ' ਪੁਸਤਕ ਦੀ ਰਚਨਾ ਇਸੇ ਮਨਸ਼ਾ ਨੂੰ ਮੁੱਖ ਰੱਖ ਕੇ ਕਰਵਾਈ ਸੀ। ਇਸ ਪੁਸਤਕ ਵਿਚ ਮਾਝੇ, ਦੁਆਬੇ, ਮਾਲਵੇ ਅਤੇ ਪੰਜਾਬ ਦੇ ਪਰਬਤੀ ਖੇਤਰਾਂ ਦੇ ਸੱਭਿਆਚਾਰ ਨੂੰ ਮੁਹਾਵਰਿਆਂ ਅਤੇ ਅਖਾਣਾਂ ਦੇ ਸੰਦਰਭ ਵਿਚ ਰੂਪਮਾਨ ਕੀਤਾ ਗਿਆ ਸੀ। ਅਜੋਕੇ ਸਮੇਂ ਵਿਚ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਆਦਿ ਸ਼ਹਿਰਾਂ ਵਿਚ ਸਥਿਤ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਖੇਤਰੀ ਕੋਸ਼ ਤਿਆਰ ਕਰਨ ਦੀ ਵੀ ਜ਼ਰੂਰਤ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੈਨੂੰ ਕੀ
ਲੇਖਕ : ਜਰਨੈਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 125ઠਰੁਪਏ, ਸਫ਼ੇઠ: 80.

ਕੈਨੇਡਾ ਵਾਸੀ ਜਰਨੈਲ ਸਿੰਘ ਦੀ ਇਹ ਕਿਤਾਬ ਨਵੇਂ ਸੰਸਕਰਨ ਵਿਚ ਛਪ ਕੇ ਆਈ ਹੈ। ਪੁਸਤਕ ਇਸ ਤੋਂ ਪਹਿਲਾਂઠ1981 ਤੇઠ2007ઠਵਿਚ ਛਪੀ ਸੀ। ਇਸ ਤੋਂ ਪਹਿਲਾਂ ਲੇਖਕ ਦੀਆਂ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ। ਪੁਸਤਕ ਵਿਚ ਲੇਖਕ ਦੀਆਂઠ15ઠਕਹਾਣੀਆਂ ਹਨ। ਸੁਜਾਨ ਸਿੰਘ ਦਾ ਕਥਨ ਹੈ ਕਿ ਜਰਨੈਲ ਸਿੰਘઠਆਪਣੇ ਅਨੁਭਵ ਵਿਚੋਂ ਲਿਖਦਾ ਹੇ। ਕਹਾਣੀਆਂ ਦਾ ਆਕਾਰ ਛੋਟਾ ਹੈ। ਅਨੁਭਵ ਦੇ ਨਾਲ-ਨਾਲ ਜੀਵਨ ਦੇ ਯਥਾਰਥ ਦੀ ਤਸਵੀਰ ਹੈ। ਕਹਾਣੀਕਾਰ ਪ੍ਰੇਮ ਗੋਰਖੀ (ਚੰਡੀਗੜ੍ਹ) ਨੇઠਪੁਸਤਕ ਬਾਰੇ ਲਿਖਿਆ ਹੈ 'ਤੇਰੀਆਂ ਕਹਾਣੀਆਂ ਦੇ ਹਜ਼ੂਮ ਵਿਚ ਖੜ੍ਹਿਆਂ ਮੈਂ ਸੰਤੁਸ਼ਟਤਾ ਮਹਿਸੂਸ ਕੀਤੀ ਹੈ ਪਰ ਕਹਾਣੀਆਂ ਦੀ ਧਰਤ ਰਤਾ ਕੁ ਰੱਕੜ ਜਿਹੀ ਹੈ'। ਆਪਣੇ ਸਮਕਾਲੀ ਕਹਾਣੀਕਾਰ ਨੂੰ ਖੁਸ਼ਆਮਦੀਦ ਕਿਹਾ ਹੈ। ਕਹਾਣੀ ਬੁਰਜ ਦੀ ਇੱਟ (ਪੰਨਾ-11) ਦੋ ਭਰਾਵਾਂ ਵਿਚਕਾਰ ਪਾਣੀ ਪਿੱਛੇ ਲੜਾਈ ਦੀ ਹੈ। ਇਨ੍ਹਾਂ ਵਿਚੋਂ ਇਕ ਭਰਾ ਊਧਮ ਸਿੰਘ ਕਚਹਿਰੀ ਵਿਚ ਵਕੀਲਾਂ ਨੂੰ ਫੀਸਾਂ ਦਿੰਦਾ ਥੱਕ ਜਾਦਾ ਹੈ। ਪਰ ਜਦੋਂ ਭਤੀਜਾ ਸਾਂਝੀਵਾਲਤਾ ਦੀ ਗੱਲ ਕਰਦਾ ਹੈ ਤਾਂ ਉਸ ਵਾਸਤੇ ਭਤੀਜਾ ਬੁਰਜ ਹੈ। ਪਰ ਉਹ ਸੋਚਦਾ ਹੈ ਕਿ ਭਰਾਵਾਂ ਦੇ ਰਿਸ਼ਤੇ ਦੇ ਬੁਰਜ ਦੀ ਇੱਟ ਡਿਗ ਚੁੱਕੀ ਹੈ। ਕਹਾਣੀ ਹੱਕ (ਪੰਨਾ-16) ਮਛੇਰਿਆਂ ਵੱਲੋਂ ਮੱਛੀ ਫੜਨ ਦੀ ਹੈ। ਪਰ ਅਜਾਇਬ ਘਰ ਵਿਚ ਰੱਖਣ ਵੇਲੇ ਇਨਾਮ ਦੀ ਲਾਲਸਾ ਵਿਚ ਮੱਛੀ ਫੜਨ ਦਾ ਦਾਅਵਾ ਅਫਸਰ ਕਰਦਾ ਹੈ। ਬੂਸ਼ਟਰ ਵਿਚ ਝੂਠੀ ਮੁਕੱਦਮੇਬਾਜ਼ੀ ਅਤੇ ਸਿਆਸਤਦਾਨਾਂ ਦੀ ਧੱਕੇਸ਼ਾਹੀ ਦਾ ਜ਼ਿਕਰ ਹੈ। ਕਹਾਣੀ ਸੁਆਹ ਦੀ ਢੇਰੀ ਵਿਚ ਦੇਸ਼ ਦੀ ਖਾਤਰ ਸ਼ਹੀਦ ਹੋਏ ਪਾਤਰ ਦਵਿੰਦਰ ਦੀ ਚਿਖਾ ਬਲਦੀ ਵੇਖ ਉਸ ਦੇ ਸਾਥੀ ਭਾਵਕ ਹੋ ਜਾਂਦੇ ਹਨ। ਕਹਾਣੀ ਫਲੈਸ਼ ਬੈਕ ਵਿਚ ਹੈ। (ਪੰਨਾ-25) ਮਖੌਟੇ (ਪੰਨਾ-30) ਵਿਚ ਵਿਖਾਵਾ ਕਰਦੀ ਸ਼ਹਿਰੀ ਮਾਨਸਿਕਤਾ ਦਾ ਜ਼ਿਕਰ ਹੈ। ਮੌਜਾਂ ਹੀ ਮੌਜਾਂ ਆਰਥਿਕ ਵਿਸ਼ੇ 'ਤੇ ਕੇਂਦਰਿਤ ਹੈ। ਕਹਾਣੀ ਵਿਸ਼ਵੀਕਰਨ ਵਿਚ ਗੁਆਚੇ ਪਾਤਰ ਕੁਲਬੀਰ ਸਿੰਘ ਦੀ ਹੈ ਜੋ ਟਰੈਕਟਰ ਖਰੀਦ ਤਾਂ ਲੈਂਦਾ ਹੈ ਪਰ ਮੁਰਮੰਤ ਕਰਾਉਣ ਵੇਲੇ ਔਖਾ ਹੁੰਦਾ ਹੈ। ਅੱਗੋਂ ਉਸ ਦਾ ਸ਼ਰੀਕ ਬਚਨ ਸਿੰਘ ਕਹਿੰਦਾ ਹੈ, ਕੁਲਬੀਰ ਸਿੰਹਾ ਤੈਨੂੰ ਤਾਂ ਮੌਜਾਂ ਹੀ ਮੌਜਾਂ ਨੇ। (ਪੰਨਾ-38) ਹੋਰ ਕਹਾਣੀਆਂ ਵਿਚ ਚੰਦਰਕਾਂਤਾ, ਜਾਲ, ਚਾਬੀ, ਜੰਗ, ਦੌਲਾ, ਤਮਾਸ਼ਾ ਠੀਕ-ਠੀਕ ਹਨ, ਕਲਾਤਮਿਕ ਪੱਖ ਭਾਵੇਂ ਕਮਜ਼ੋਰ ਹੈ। ਸਿਰਲੇਖ ਵਾਲੀ ਕਹਾਣੀ (ਪੰਨਾ-78) ਦਾ ਪਾਤਰ ਮੋਟਰ ਸਾਈਕਲ ਖ਼ਰਾਬ ਹੋਣ 'ਤੇ ਚਿੰਤਾ ਵਿਚ ਹੈ। ਆਲੇ-ਦੁਆਲੇ ਖੇਡਦੇ ਬੱਚਿਆਂ ਦਾ ਫਿਕਰ ਕਰਦਾ ਮੈਨੂੰ ਕੀ ਕਹਿੰਦਾ ਹੈ।ઠਕਹਾਣੀ ਦਾ ਮੰਤਵ ਸਪੱਸ਼ਟ ਨਹੀਂ ਹੁੰਦਾ। ਕਥਾ ਰਸ ਦਾ ਅਨੰਦ ਪਾਠਕ ਨੂੰ ਜ਼ਰੂਰ ਮਿਲ ਜਾਂਦਾ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਗੋਰੀ ਸਰਕਾਰ
ਲੇਖਕ : ਦਵਿੰਦਰ ਸਿੰਘ ਮਲਹਾਂਸ
ਪ੍ਰਕਾਸਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 107.

ਦਵਿੰਦਰ ਸਿੰਘ ਮਲਹਾਂਸ ਦਾ ਇਹ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਸ ਦੀਆਂ ਸਾਰੀਆਂ ਕਹਾਣੀਆਂ ਉਨ੍ਹਾਂ ਪੰਜਾਬੀ ਨੌਜਵਾਨਾਂ ਦੀ ਮਾਨਸਿਕਤਾ ਨਾਲ ਜੁੜੀਆਂ ਹੋਈਆਂ ਹਨ, ਜੋ ਪੈਰ-ਪੈਰ 'ਤੇ ਵਿਦੇਸ਼ੀਂ ਜਾਣ ਲਈ ਤਰਲੋਮੱਛੀ ਹੋ ਰਹੇ ਹਨ, ਭਾਵੇਂ ਉਨ੍ਹਾਂ ਨੂੰ ਉਥੇ ਕੁਝ ਵੀ ਕਰਨਾ ਪਵੇ। ਮਲਹਾਂਸ ਦੀਆਂ ਸਾਰੀਆਂ ਕਹਾਣੀਆਂ ਵਾਚਣ ਤੋਂ ਬਾਅਦ ਉਸ ਦੇ ਅੰਦਰਲੇ ਦਰਦ ਦਾ ਸਹਿਜੇ ਹੀ ਪਤਾ ਚਲਦਾ ਹੈ। ਉਸ ਦੇ ਚਿੰਤਨ ਤੋਂ ਹੁਨਰਬੰਦੀ 'ਚ ਹੋਏ ਵਿਕਾਸ ਦੀ ਝਲਕ ਵੀ ਕਹਾਣੀਆਂ 'ਚੋਂ ਝਲਕਦੀ ਹੈ। ਕਹਾਣੀਆਂ ਦੇ ਵਿਸ਼ੇ ਭਾਵੇਂ ਆਮ ਪ੍ਰਵਾਸੀ ਪੰਜਾਬੀ ਲੇਖਕਾਂ ਵਰਗੇ ਹਨ। ਜੋ ਵਿਦੇਸ਼ ਵਸਦੇ ਹੋਏ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਰਹਿੰਦੇ ਹਨ। ਲੇਖਕ ਇਨ੍ਹਾਂ ਕਹਾਣੀਆਂ ਵਿਚ ਯਥਾਰਥ ਦੇ ਅੰਗ-ਸੰਗ ਰਹਿ ਕੇ ਉਥੇ ਵਸੇ ਪੰਜਾਬੀਆਂ ਦੇ ਰਹਿਣ-ਸਹਿਣ, ਤੌਰ-ਤਰੀਕੇ ਅਤੇ ਸਾਫ਼-ਸੁਥਰੇ ਵਾਰਤਾਲਾਪ ਦੁਆਰਾ ਇਹ ਸਿੱਧ ਕਰਦਾ ਹੈ ਕਿ ਪੰਜਾਬੀ ਆਪਣੀ ਜ਼ਬਾਨ ਅਤੇ ਇਥੋਂ ਦੇ ਸੱਭਿਆਚਾਰ ਨੂੰ ਕਦੇ ਵੀ ਨਹੀ ਛੱਡ ਸਕਦੇ। ਉਸ ਕੋਲ ਅਜਿਹਾ ਮਘਦਾ ਅਹਿਸਾਸ ਵੀ ਹੈ, ਜਿਸ ਰਾਹੀਂ ਹਰ ਪ੍ਰਵਾਸੀ ਬਿਗਾਨੀ ਧਰਤੀ 'ਤੇ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਭੈਣ-ਭਰਾ, ਦੋਸਤ-ਮਿੱਤਰ, ਮਾਸੀ, ਤਾਈ, ਮਾਤਾ-ਪਿਤਾ ਸਮੇਤ ਪੰਜਾਬੀਆਂ ਦੀ ਨੇੜਤਾ ਤੇ ਦੂਰੀ ਦੇ ਜਟਿਲ ਸਮੀਕਰਨਾਂ ਨੂੰ ਹੰਢਾਉਂਦਾ ਹੋਇਆ ਆਪਣੇ-ਆਪ ਨੂੰ ਵਿਦੇਸ਼ਾਂ ਵਿਚ ਗੁਆਚਣ ਨਹੀਂ ਦਿੰਦਾ। ਦਵਿੰਦਰ ਮਲਹਾਂਸ ਨੇ ਬਹੁਤ ਹੀ ਕਲਾਮਈ ਢੰਗ ਨਾਲ ਪ੍ਰਵਾਸੀ ਪੰਜਾਬੀ ਅਤੇ ਵਿਦੇਸ਼ੀ ਮੂਲ ਦੇ ਲੋਕਾਂ ਵਿਚਕਾਰ ਬਣੇ ਸਬੰਧਾਂ ਨੂੰ ਉਜਾਗਰ ਕੀਤਾ ਹੈ। ਉਸ ਨੇ ਕਾਫੀ ਸ਼ਿੱਦਤ ਨਾਲ ਪੰਜਾਬੀਆਂ ਅਤੇ ਵਿਦੇਸ਼ੀ ਲੋਕਾਂ ਦੀ ਮਾਨਸਿਕਤਾ ਨੂੰ ਪਾਠਕਾਂ ਸਾਹਮਣੇ ਖੋਲ੍ਹਿਆ ਹੈ। ਉਸ ਦੀਆਂ ਕਹਾਣੀਆਂ ਮੁੰਡਾ, ਸੂਜਨ- ਪਾਮਿਲਾ, ਸਰਕਾਰੀ ਨਲਕਾ ਤੇ ਉਸ ਤੋਂ ਬਾਅਦ, ਸੇਮ, ਭਵਜਲ ਅਤੇ ਇਹ ਉਹ ਕਾਰਗਿਲ ਨਹੀਂ, ਇਸੇ ਪੰਜਾਬੀ ਪ੍ਰਵਾਸੀ ਮੂਲ ਤੇ ਪੈਂਤੜੇ ਦੀਆਂ ਕਹਾਣੀਆਂ ਹਨ, ਜਿਸ ਨੂੰ ਉਹ ਸਫ਼ਲਤਾ ਨਾਲ ਪਾਠਾਂ ਵਿਚਕਾਰ ਰੱਖਣ ਵਿਚ ਹਰ ਪੱਖੋਂ ਸਫ਼ਲ ਹੋਇਆ ਹੈ। ਲੇਖਕ ਆਪਣੇ ਇਸ ਤਜਰਬੇ ਨੂੰ ਗਹਿਰਾਈ ਤੱਕ ਲਿਜਾਣ ਵਿਚ ਕਾਮਯਾਬ ਹੋਇਆ ਹੈ।

-ਰਮੇਸ਼ ਤਾਂਗੜੀ
ਮੋ: 9463079655

ਦਰਦਾਂ ਦੇ ਗੀਤ
ਲੇਖਕ : ਸਿੰਦਰ ਧੌਲਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 64

ਸਿੰਦਰ ਧੌਲਾ ਜਾਣਿਆ-ਪਛਾਣਿਆ ਗੀਤਕਾਰ ਨਹੀਂ, ਪਰ ਜਾਣੇ-ਪਛਾਣੇ ਕਈ ਗੀਤਕਾਰਾਂ ਨਾਲੋਂ ਅੱਡਰੀ ਸੋਚ ਜ਼ਰੂਰ ਰੱਖਦਾ ਹੈ। ਉਹ ਮਨ ਦੇ ਵਲਵਲੇ ਰਿਕਾਰਡ ਹੋਣ ਲਈ ਪ੍ਰਗਟ ਨਹੀਂ ਕਰਦਾ, ਸਗੋਂ ਹੁੰਦੇ-ਵਾਪਰਦੇ ਪ੍ਰਤੀ ਉਸ ਦੇ ਮਨ ਵਿਚ ਡਾਢਾ ਦੁੱਖ ਹੈ। ਉਸ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਗੀਤਕਾਰਾਂ ਨੇ ਪੰਜਾਬਣ ਮੁਟਿਆਰ, ਪੰਜਾਬ ਦੀ ਜਵਾਨੀ, ਪੰਜਾਬ ਦੇ ਹਾਲਾਤ ਨੂੰ ਗ਼ਲਤ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਸਿੰਦਰ ਦੀ ਪਲੇਠੀ ਪੁਸਤਕ 'ਦਰਦਾਂ ਦੇ ਗੀਤ' ਦੇ ਸਾਰੇ ਗੀਤ ਰਵਾਇਤੀ ਗੀਤਕਾਰੀ ਨਾਲੋਂ ਵੱਖਰੇ ਹਨ। ਉਸ ਨੇ ਪਿਆਰ ਦੇ ਝੂਟਿਆਂ ਤੇ ਵਿਛੋੜੇ ਦੀ ਤਾਬ ਦੀ ਥਾਂ ਪੰਜਾਬ ਵੱਲੋਂ ਝੱਲੇ ਪੈਂਦੇ ਸੰਤਾਪ ਦੀ ਗੱਲ ਕੀਤੀ ਹੈ। ਉਸ ਨੇ ਉਨ੍ਹਾਂ ਕਾਮਿਆਂ ਦੀ ਗੱਲ ਕੀਤੀ ਹੈ, ਜੋ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਨੇ, ਪਰ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਵੱਜਦਾ ਹੈ। ਜੱਟਾਂ ਨਾਲ ਹੁੰਦੀ ਧੱਕੇਸ਼ਾਹੀ, ਅੰਧਵਿਸ਼ਵਾਸੀ ਸੋਚ, ਕੁੱਖਾਂ 'ਚ ਮਰਦੀਆਂ ਧੀਆਂ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲੇ ਕ੍ਰਾਂਤੀਕਾਰੀ ਗੀਤ ਉਸ ਨੇ ਲਿਖੇ ਹਨ। ਧਰਤੀ ਮਾਂ ਨੂੰ ਵੇਚਣ 'ਤੇ ਤੁਲੇ ਲੀਡਰਾਂ ਬਾਰੇ ਸਿੰਦਰ ਨੇ ਬਹੁਤ ਭਾਵੁਕਤਾ ਨਾਲ ਲਿਖਿਆ ਹੈ :
ਇਹ ਹੈ ਮੇਰੇ ਦੇਸ਼ ਦੀ ਧਰਤੀ,
ਪੰਜ ਦਰਿਆਵਾਂ ਦੀ ਰਾਣੀ ਮਾਂ,
ਰਲ ਮਾਲਕਾਂ ਕਹਿਣੇ ਕਰ'ਤੀ।
ਭਾਰਤ ਦੀ ਭ੍ਰਿਸ਼ਟ ਰਾਜਨੀਤੀ 'ਤੇ ਸਿੰਦਰ ਨੇ ਕਰਾਰੀ ਚੋਟ ਮਾਰੀ ਹੈ। ਉਸ ਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਵੋਟਾਂ ਵੇਲੇ ਸਾਰੀਆਂ ਪਾਰਟੀਆਂ ਦੇ ਆਗੂ ਹੱਥ ਜੋੜ-ਜੋੜ ਦਰਾਂ 'ਤੇ ਆਉਂਦੇ ਨੇ, ਪਰ ਜਦੋਂ ਗੱਦੀ 'ਤੇ ਬੈਠ ਜਾਂਦੇ ਨੇ ਤਾਂ ਅੱਖਾਂ ਫੇਰ ਲੈਂਦੇ ਨੇ। ਉਹ ਲਿਖਦਾ ਹੈ :
ਸਿਰ 'ਤੇ ਸੁਨਹਿਰੀ ਤਾਜ ਵਾਲਿਓ,
ਜਨਤਾ ਤੁਸੀਂ ਠੱਗ ਚੋਰ ਹੋ।
ਵੋਟਾਂ ਵੇਲੇ ਹੱਥ ਤੁਸੀਂ ਬੰਨ੍ਹਦੇ,
ਗੱਦੀ ਉੱਤੇ ਬੈਠੇ ਬਣੇ ਹੋਰ ਹੋ।
ਇਸੇ ਤਰ੍ਹਾਂ ਪੁਸਤਕ ਵਿਚਲੇ ਬਾਕੀ ਦੇ ਸਾਰੇ ਗੀਤ ਲੋਕਾਂ ਦੀ ਸੋਚ ਬਦਲਣ ਦਾ ਹੋਕਾ ਦੇਣ ਵਾਲੇ ਨੇ। ਸਿੰਦਰ ਧੌਲਾ ਦਾ ਨਾਂਅ ਗੀਤਕਾਰੀ ਖੇਤਰ ਵਿਚ ਬੇਸ਼ੱਕ ਨਵਾਂ ਹੈ, ਪਰ ਉਸ ਦੀ ਸੋਚ ਮੰਝੀ ਹੋਈ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

2013 ਵਿਚ ਰੀਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰੀਵਿਊ ਨਹੀਂ ਛਪ ਸਕੇ :

'ਸਿੱਧੂ ਬੰਸ' ਅਤੇ 'ਸਿੱਖ ਮਿਸਲਾਂ' ਦਾ ਸੰਖੇਪ ਇਤਿਹਾਸ
ਲੇਖਕ : ਮਾਸਟਰ ਨਛੱਤਰ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 150 ਰੁਪਏ, ਸਫ਼ੇ : 288.
--------
ਹਰਫਾਂ ਦੇ ਦੀਵੇ
ਲੇਖਕ : ਤੀਰਥ ਸਿੰਘ ਦਰਦ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 124.
--------
ਸ਼ਬਦ ਨਿਮੋਲੀਆਂ
ਲੇਖਕ : ਡਾ: ਸੁਰਜੀਤ ਖੁਰਮਾ
ਪ੍ਰਕਾਸ਼ਕ : ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 80.
------------
ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਾਪਤ ਪੁਸਤਕਾਂ
ਕਲਿ ਆਈ ਕੁੱਤੇ ਮੂਹੀਂ
ਲੇਖਕ : ਅਸ਼ੋਕ ਚਰਨ 'ਆਲਮਗੀਰ'
ਮੁੱਲ : 500 ਰੁਪਏ, ਸਫ਼ੇ : 456
--------
ਮੱਸਿਆ ਦੀ ਰਾਤ
ਲੇਖਕ : ਸਵਰਾਜਬੀਰ
ਮੁੱਲ : 125 ਰੁਪਏ, ਸਫ਼ੇ : 104.
--------
ਮੇਦਨੀ
ਲੇਖਕ : ਸਵਰਾਜਬੀਰ
ਮੁੱਲ : 125 ਰੁਪਏ, ਸਫ਼ੇ : 115.
--------
ਕੈਕਟਸ ਦੀ ਖੁਸ਼ਬੂ
ਲੇਖਕ : ਨਰਿੰਦਰਪਾਲ ਕੌਰ
ਮੁੱਲ : 175 ਰੁਪਏ, ਸਫ਼ੇ : 88.
--------
ਹੇਠ ਵਗੇ ਦਰਿਆ
ਲੇਖਕ : ਕੁਲਵੰਤ
ਮੁੱਲ : 150 ਰੁਪਏ, ਸਫ਼ੇ : 91.
--------
ਧਰਮ ਗੁਰੂ
ਲੇਖਕ : ਸਵਰਾਜਬੀਰ
ਮੁੱਲ : 125 ਰੁਪਏ, ਸਫ਼ੇ : 92.
--------
ਜਾਗੋ ਨਹੀਂ ਆਈ
ਲੇਖਕ : ਹਰਕੋਮਲ ਬਰਿਆਰ
ਮੁੱਲ : 150 ਰੁਪਏ, ਸਫ਼ੇ : 111.
--------
ਚਿੜੀਆਂ ਦਾ ਚੋਗ
ਲੇਖਕ : ਡਾ: ਅਸ਼ਵਨੀ ਕੁਮਾਰ
ਮੁੱਲ : 150 ਰੁਪਏ, ਸਫ਼ੇ : 103.
--------
ਕਾਸ਼ਿਕਾ
ਲੇਖਕ : ਧਰਮਿੰਦਰ ਸੇਖੋਂ
ਮੁੱਲ : 175 ਰੁਪਏ, ਸਫ਼ੇ : 128.
--------
ਕੰਬੋਜਾਂ ਦਾ ਇਤਿਹਾਸ
ਲੇਖਕ : ਪਰਕਾਸ਼ ਸਿੰਘ ਜੰਮੂ
ਮੁੱਲ : 600 ਰੁਪਏ, ਸਫ਼ੇ : 568.

29-12-2013

 ਵਿਸ਼ਵੀਕਰਨ : ਵਿਸ਼ਲੇਸ਼ਣ ਅਤੇ ਵਿਵੇਚਨ
ਸੰਪਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 188.

ਵਿਸ਼ਵੀਕਰਨ, ਪੂੰਜੀਵਾਦ ਦਾ ਹੀ ਵਿਕਸਤ ਹੋਇਆ ਰੂਪ ਹੈ। ਇਸ ਬਾਰੇ ਸੰਸਾਰ ਦੇ ਵੱਖ-ਵੱਖ ਚਿੰਤਕਾਂ ਦੇ ਵਿਲੱਖਣ ਵਿਚਾਰਾਂ ਸਨਮੁਖ ਵਿਚਰਦਿਆਂ ਸਾਨੂੰ ਪੂੰਜੀਵਾਦ ਦੀਆਂ ਨਿੱਤ ਨਵੀਆਂ ਬਦਲਦੀਆਂ ਪ੍ਰਵਿਰਤੀਆਂ ਦਾ ਗਿਆਨ ਹੁੰਦਾ ਹੈ। ਵਿਸ਼ਵੀਕਰਨ ਦੇ ਭਿਆਨਕ ਪ੍ਰਭਾਵਾਂ ਨੇ ਸਮੁੱਚੇ ਸੰਸਾਰ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਆਪਣਾ ਮਾਲ ਵੇਚਣ ਲਈ ਲੋਕਾਂ ਵਿਚ ਗ਼ੈਰ-ਜ਼ਰੂਰੀ ਜਾਂ ਮਸਨੂਈ ਲੋੜਾਂ ਪੈਦਾ ਕੀਤੀਆਂ ਜਾਂਦੀਆਂ ਹਨ। ਇਸੇ ਭਾਵਨਾ ਅਧੀਨ ਬਹੁਕੌਮੀ ਕੰਪਨੀਆਂ ਸੰਸਾਰ ਵਿਚ ਉਪਭੋਗਤਾਵਾਦੀ ਸਮਾਜ ਸਿਰਜਣ ਦੇ ਯਤਨ ਵਿਚ ਰਹਿੰਦੀਆਂ ਹਨ। ਅਜਿਹੇ ਦੌਰ ਵਿਚ ਸਾਹਿਤ, ਸੱਭਿਆਚਾਰ, ਮੀਡੀਆ, ਸੰਗੀਤ ਆਦਿ ਸਭ ਕੁਝ ਵਿਕਣ ਲਈ ਪਰੋਸਿਆ ਜਾਂਦਾ ਹੈ।
ਪੰਜਾਬੀ ਪਾਠਕਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਡਾ: ਭੀਮ ਇੰਦਰ ਸਿੰਘ ਦੁਆਰਾ 'ਵਿਸ਼ਵੀਕਰਨ' ਵਿਸ਼ੇ ਨਾਲ ਸਬੰਧਤ ਵੱਖ-ਵੱਖ ਚਿੰਤਕਾਂ ਦੀਆਂ ਲਿਖਤਾਂ ਇਸ ਪੁਸਤਕ ਵਿਚ ਸੰਪਾਦਤ ਕੀਤੀਆਂ ਗਈਆਂ ਹਨ। ਸੋਲਾਂ ਲੇਖ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਹਨ। ਇਨ੍ਹਾਂ ਵਿਦਵਾਨਾਂ ਵਿਚ ਪ੍ਰੋ: ਰਣਧੀਰ ਸਿੰਘ, ਪ੍ਰੋ: ਏਜਾਜ਼ ਅਹਿਮਦ, ਸਰਦਾਰਾ ਸਿੰਘ ਮਾਹਿਲ, ਪ੍ਰੋ: ਸੁੱਚਾ ਸਿੰਘ ਗਿੱਲ, ਡਾ: ਰੌਣਕੀ ਰਾਮ, ਪ੍ਰੋ: ਟੀ. ਆਰ. ਵਿਨੋਦ, ਪ੍ਰੋ: ਹਰਿਭਜਨ ਸਿੰਘ ਭਾਟੀਆ, ਡਾ: ਸੁਰਜੀਤ ਬਰਾੜ, ਹਰਵਿੰਦਰ ਭੰਡਾਲ, ਪ੍ਰੋ: ਸੁਖਦੇਵ ਸਿੰਘ, ਪ੍ਰੋ: ਕਮਲੇਸ਼ ਉੱਪਲ, ਡਾ: ਕੁਲਦੀਪ ਸਿੰਘ ਦੀਪ, ਪ੍ਰੋ: ਸੁਰਿੰਦਰ ਕੁਮਾਰ ਦਵੇਸਵਰ ਅਤੇ ਤਸਕੀਨ ਆਦਿ ਸ਼ਾਮਿਲ ਹਨ। ਇਨ੍ਹਾਂ ਸਭ ਚਿੰਤਕਾਂ ਨੇ ਵੱਖ-ਵੱਖ ਖੇਤਰਾਂ ਵਿਚ ਪੈਂਦੇ ਪ੍ਰਭਾਵਾਂ ਨੂੰ ਪੇਸ਼ ਕੀਤਾ ਹੈ। ਵਿਸ਼ਵੀਕਰਨ ਦੇ ਬੁਨਿਆਦੀ ਸਰੋਕਾਰ, ਵਿਸ਼ਵ ਪੱਧਰ ਦੀ ਆਰਥਿਕਤਾ, ਖੇਤੀ ਸੈਕਟਰ ਵਿਚਲਾ ਪ੍ਰਭਾਵ, ਸੱਭਿਆਚਾਰ, ਭਾਸ਼ਾ, ਮੀਡੀਆ, ਪੰਜਾਬੀ ਕਵਿਤਾ, ਕਹਾਣੀ, ਰੰਗਮੰਚ, ਨਾਵਲ ਆਦਿ ਸਬੰਧੀ ਆਪਣੀ ਚਿੰਤਾਵਾਂ ਪ੍ਰਗਟ ਕੀਤੀਆਂ ਹਨ।
ਪੰਜਾਬੀ ਭਾਸ਼ਾ ਵਿਚ ਕੀਤੇ ਅਜਿਹੇ ਉਪਰਾਲੇ ਬੜੇ ਸ਼ਲਾਘਾਯੋਗ ਹਨ। ਪ੍ਰਗਤੀਸ਼ੀਲ ਧਿਰਾਂ ਪਿਛਲੇ ਕਾਫੀ ਸਮੇਂ ਤੋਂ ਵਿਆਪਕ ਪੱਧਰ 'ਤੇ ਆਪਣਾ ਨੀਤੀਗਤ ਵਿਰੋਧ ਪ੍ਰਗਟਾ ਰਹੀਆਂ ਹਨ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਮੈਖ਼ਾਨਾ-ਜਾਮ-ਓ-ਪੈਮਾਨਾ
ਸੰਪਾਦਕ : ਟੀ. ਐਨ. ਰਾਜ਼
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 147.

ਬਿਨਾਂ ਸ਼ੱਕ ਉਰਦੂ ਗ਼ਜ਼ਲ ਦਾ ਮੁੱਢਲਾ ਦੌਰ ਵਧੇਰੇ ਕਰਕੇ ਸ਼ਰਾਬ, ਸ਼ਬਾਬ ਤੇ ਇਸ਼ਕ ਦੁਆਲੇ ਕੇਂਦਰਤ ਰਿਹਾ ਹੈ ਤੇ ਹੌਲੀ-ਹੌਲੀ ਇਸ ਦੇ ਵਿਸ਼ਿਆਂ ਦਾ ਘੇਰਾ ਵਸੀਹ ਹੁੰਦਾ ਚਲਾ ਗਿਆ। ਸਮਾਂ ਪਾ ਕੇ ਉਰਦੂ ਗ਼ਜ਼ਲ ਨੇ ਵੀ ਆਪਣਾ ਸਰੂਪ ਬਦਲਣਾ ਸ਼ੁਰੂ ਕਰ ਦਿੱਤਾ ਤੇ ਪੰਜਾਬੀ ਵਿਚ ਆ ਕੇ ਤਾਂ ਗ਼ਜ਼ਲ ਨੇ ਆਪਣੇ ਸੁਭਾਅ ਵਿਚ ਵਰਨਣਯੋਗ ਤਬਦੀਲੀਆਂ ਕੀਤੀਆਂ ਹਨ। ਪਰ ਪੰਜਾਬੀ ਦੇ ਕੁਝ ਗ਼ਜ਼ਲਗੋ ਉਰਦੂ ਗ਼ਜ਼ਲ ਦੇ ਉਪਰੋਕਤ ਮੁਢਲੇ ਵਿਸ਼ਿਆਂ ਨੂੰ ਪੰਜਾਬੀ ਵਿਚ ਵਰਜਿਤ ਕਰੀ ਜਾ ਰਹੇ ਹਨ, ਜਿਸ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ। ਉਪਰੋਕਤ ਵਿਸ਼ਿਆਂ ਨੂੰ ਜ਼ਿੰਦਗੀ 'ਚੋਂ ਮਨਫ਼ੀ ਕਰਕੇ ਦੇਖੋ, ਬਾਕੀ ਬਚਦਾ ਹੀ ਕੁਝ ਨਹੀਂ ਹੈ। ਪੰਜਾਬ ਸ਼ਰਾਬ ਦੀ ਖ਼ਪਤ ਲਈ ਪੂਰੇ ਦੇਸ਼ 'ਚੋਂ ਅੱਗੇ ਹੈ ਜੇ ਫਿਰ ਵੀ ਗ਼ਜ਼ਲ ਵਿਚ ਇਸ ਸ਼ਬਦ ਦੇ ਪ੍ਰਯੋਗ ਨੂੰ ਪਰੰਪਰਾ ਕਹਿ ਕੇ ਭੰਡਿਆ ਜਾਏ ਤਾਂ ਇਹ ਇਮਾਨਦਾਰੀ ਨਹੀਂ ਹੈ, ਹਾਂ ਨਵੀਨਤਾ ਤੇ ਸਮਰੱਥਾ ਦਾ ਮਹੱਤਵ ਝੁਠਲਾਇਆ ਨਹੀਂ ਜਾ ਸਕਦਾ। 'ਮੈਖ਼ਾਨਾ-ਜਾਮ-ਓ-ਪੈਮਾਨਾ' ਟੀ. ਐਨ. ਰਾਜ਼ ਵੱਲੋਂ ਸੰਪਾਦਿਤ ਕੀਤੀ ਅਜਿਹੀ ਹੀ ਪੁਸਤਕ ਹੈ, ਜਿਸ ਵਿਚ ਨਾਮਵਰ ਉਰਦੂ ਸ਼ਾਇਰਾਂ ਦੇ ਸ਼ਰਾਬ ਨਾਲ ਸਬੰਧਤ ਮਸ਼ਹੂਰ ਸ਼ਿਅਰ ਇਕੱਤਰ ਕੀਤੇ ਗਏ ਹਨ ਤੇ ਕੁਝ ਮਸਲਸਲ ਗ਼ਜ਼ਲਾਂ ਵੀ। ਇਸ ਵਿਚ ਕੁਝ ਕਤੇਅ ਤੇ ਰੁਬਾਈਆਂ ਵੀ ਹਨ ਤੇ ਰਾਜਾ ਮੇਹਦੀ ਅਲੀ ਖਾਂ ਦੀ ਇਕ-ਦੋ ਪਾਤਰੀ ਰਚਨਾ 'ਦੋ ਸ਼ਰਾਬੀ' ਵੀ ਪ੍ਰਕਾਸ਼ਿਤ ਕੀਤੀ ਗਈ ਹੈ। ਰਾਜ਼ ਹੁਣ ਤੱਕ ਉਰਦੂ ਸ਼ਾਇਰੀ ਦੇ ਪੰਜਾਬੀ ਵਿਚ ਛੇ ਅਨੁਵਾਦ ਪ੍ਰਸਤੁਤ ਕਰ ਚੁੱਕਾ ਹੈ। ਇਨ੍ਹਾਂ ਸਾਰੀਆਂ ਪ੍ਰਕਾਸ਼ਨਾਵਾਂ ਦੀ ਭਰਪੂਰ ਪ੍ਰਸੰਸਾ ਹੋਈ ਹੈ। 'ਮੈਖ਼ਾਨਾ-ਜਾਮ-ਓ-ਪੈਮਾਨਾ' ਵਿਚ ਉਰਦੂ ਦੇ ਉਸਤਾਦ ਗ਼ਜ਼ਲਕਾਰਾਂ ਦੇ ਸ਼ਿਅਰ ਤੇ ਕਲਾਮ ਦਰਜ ਹਨ। ਇਹ ਪੁਸਤਕ ਭਾਵੇਂ ਵਿਸ਼ਾਬੱਧ ਹੈ ਪਰ ਫਿਰ ਵੀ ਇਸ ਨੂੰ ਪੜ੍ਹਦਿਆਂ ਪਾਠਕ ਦਾ ਜੋਸ਼ ਮੱਠਾ ਨਹੀਂ ਪੈਂਦਾ ਤੇ ਅੱਗੇ ਪੜ੍ਹਨ ਦੀ ਲਾਲਸਾ ਲਗਾਤਾਰ ਬਣੀ ਰਹਿੰਦੀ ਹੈ। ਕਿਸੇ ਪੁਸਤਕ ਨੂੰ ਸੰਪਾਦਿਤ ਕਰਨਾ ਸੁਖਾਲ਼ਾ ਕਾਰਜ ਨਹੀਂ ਹੁੰਦਾ ਤੇ ਇਹ ਹੋਰ ਵੀ ਕਠਿਨ ਕਾਰਜ ਬਣ ਜਾਂਦਾ ਹੈ ਜਦ ਉਸਤਾਦ ਸ਼ਾਇਰਾਂ ਨੂੰ ਇਕ ਥਾਂ ਇਕੱਠਾ ਕਰਨਾ ਹੋਵੇ। ਸੋ ਉਪਰੋਕਤ ਪੁਸਤਕ ਦੀ ਸੰਪਾਦਨਾ ਲਈ ਰਾਜ਼ ਭਰਪੂਰ ਵਧਾਈ ਦਾ ਹੱਕਦਾਰ ਹੈ ਜਿਸ ਨੇ ਉਰਦੂ ਨਾ ਜਾਨਣ ਵਾਲਿਆਂ ਨੂੰ ਵੀ ਇਸ ਜ਼ੁਬਾਨ ਦੀ ਖ਼ੂਬਸੂਰਤ ਸ਼ਾਇਰੀ ਦੇ ਰੂਬਰੂ ਕਰਵਾਇਆ ਹੈ। ਹਰ ਪੰਨੇ ਦੇ ਹੇਠਾਂ ਔਖੇ ਸ਼ਬਦਾਂ ਦੇ ਅਰਥ ਦੇਣ ਤੇ ਅੰਤ ਵਿਚ ਸ਼ਰਾਬ ਸਬੰਧੀ ਚੋਣਵੀਂ ਸ਼ਬਦਾਬਲੀ ਦੇਣ ਨਾਲ ਪੁਸਤਕ ਦਾ ਵਜ਼ਨ ਹੋਰ ਵੀ ਵਧ ਗਿਆ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਿੱਸਾ ਕਾਵਿ-ਸਮਾਜਿਕ ਤਨਾਉ ਅਤੇ ਤ੍ਰਾਸਦੀ
ਲੇਖਿਕਾ : ਗੁਰਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ
ਮੁੱਲ : 200 ਰੁਪਏ, ਸਫ਼ੇ : 134.

ਕਿੱਸਾ ਕਾਵਿ ਮੱਧ-ਕਾਲੀਨ ਪੰਜਾਬੀ ਸਾਹਿਤ ਦੀ ਵਿਸ਼ੇਸ਼ ਪ੍ਰਾਪਤੀ ਹੈ। ਇਹ ਵਿਧਾ ਪੰਜਾਬੀ ਲੋਕ ਜੀਵਨ ਨਾਲ ਹੋਰਨਾਂ ਪਰੰਪਰਾਵਾਂ ਨਾਲੋਂ ਵੱਧ ਜੁੜੀ ਹੋਈ ਹੈ। ਕਿੱਸਾ ਕਾਵਿ ਪੰਜਾਬੀ ਸੱਭਿਆਚਾਰ ਨੂੰ ਭਰਵੇਂ ਰੂਪ ਵਿਚ ਉਜਾਗਰ ਕਰ ਸਕਿਆ ਹੈ। ਡਾ: ਗੁਰਪ੍ਰੀਤ ਕੌਰ ਨੇ ਵਿਚਾਰਾਧੀਨ ਪੁਸਤਕ ਵਿਚ 'ਕਿੱਸਾ ਕਾਵਿ-ਸਮਾਜਿਕ ਤਨਾਉ ਅਤੇ ਤ੍ਰਾਸਦੀ' ਸਬੰਧੀ ਗੰਭੀਰ ਚਰਚਾ ਛੋਹੀ ਹੈ। ਉਸ ਨੇ ਆਪਣੇ ਅਧਿਐਨ ਨੂੰ ਪੰਜ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ ਕਿੱਸਾ ਕਾਵਿ ਦੇ ਰਚਨਾਤਮਿਕ ਪਰਿਪੇਖ ਸਬੰਧੀ ਨਿੱਠ ਕੇ ਸੰਵਾਦ ਰਚਾਇਆ ਹੈ। ਅਸਲ ਵਿਚ ਇਹ ਕਾਂਡ ਰਸਮੀ ਸਿਧਾਂਤਕ ਪਰਿਪੇਖ ਹੈ। ਇਸ ਵਿਚ ਕਿੱਸਾ ਕਾਵਿ ਦੀ ਪਰਿਭਾਸ਼ਾ ਕਰਦਿਆਂ ਵਿਭਿੰਨ ਸਾਹਿਤ ਕੋਸ਼ਾਂ ਅਤੇ ਵਿਦਵਾਨਾਂ ਦੀਆਂ ਟੂਕਾਂ ਦੀ ਵਰਤੋਂ ਕੀਤੀ ਗਈ ਹੈ। ਕਿੱਸਾ ਕਾਵਿ ਨੂੰ ਬਿਰਤਾਂਤਕ ਕਾਵਿ ਸਵੀਕਾਰ ਕੀਤਾ ਗਿਆ ਹੈ, ਜਿਸ ਦੀ ਕਥਾ ਲੰਮੀ ਹੁੰਦੀ ਹੈ। ਇਸ ਕਾਵਿ ਰੂਪ ਵਿਚ ਵਿਅਕਤੀ ਅਤੇ ਸਮਾਜ ਦੇ ਦਵੰਦ ਦੀ ਪੇਸ਼ਕਾਰੀ ਹੁੰਦੀ ਹੈ। ਦੱਸਿਆ ਗਿਆ ਹੈ ਕਿ ਇਹ ਕਾਵਿ ਰੂਪ ਸਾਮੀ ਪ੍ਰਭਾਵ ਅਧੀਨ ਹੋਂਦ ਵਿਚ ਆਇਆ। ਇਹ ਲੌਕਿਕ ਸਾਹਿਤ ਦੀ ਪ੍ਰਥਮ ਉਦਾਹਰਨ ਹੈ ਜੋ ਕਿ ਪੰਜਾਬ ਦੀ ਲੋਕਧਾਰਾ ਤੋਂ ਪ੍ਰਭਾਵਿਤ ਹੈ। ਖੋਜਕਰਤਾ ਨੇ ਅਗਲੇ ਕਾਂਡਾਂ ਵਿਚ ਕ੍ਰਮਵਾਰ ਇਸ਼ਕ, ਸੂਰਮਗਤੀ ਅਤੇ ਭਗਤੀ ਦੇ ਕਿੱਸਿਆਂ ਵਿਚ ਸਮਾਜਿਕ ਤਣਾਉ ਅਤੇ ਤ੍ਰਾਸਦੀ ਸਬੰਧੀ ਡੂੰਘੀ ਨੀਝ ਨਾਲ ਨੁਕਤੇ ਉਜਾਗਰ ਕੀਤੇ ਹਨ। ਇਸ਼ਕ ਦੇ ਕਿੱਸਿਆਂ ਵਿਚੋਂ ਹੀਰ, ਸੱਸੀ, ਸ਼ੀਰੀ-ਫ਼ਰਹਾਦ, ਮਿਰਜ਼ਾ ਸਾਹਿਬਾਂ ਆਦਿ ਵਿਚੋਂ ਤਨਾਉ ਅਤੇ ਤ੍ਰਾਸਦੀ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਕਿੱਸਿਆਂ ਵਿਚ ਨਾਇਕ ਪਰਦੇਸੀ, ਇਕੱਲੇ, ਸਾਧਨਹੀਣ ਹੋਣ ਦੇ ਬਾਵਜੂਦ ਟੈਬੂ ਸਮਾਜ ਨਾਲ ਸਖ਼ਤ ਟੱਕਰ ਲੈਂਦੇ ਹਨ। ਉਨ੍ਹਾਂ ਦਾ ਸੰਘਰਸ਼ ਭਾਵੇਂ ਵਿਅਕਤੀਗਤ ਹੈ ਪਰ ਉਹ ਆਪਣੇ ਕਾਰਜ ਤੋਂ ਥਿੜਕਦੇ ਨਹੀਂ। ਨਾਇਕ ਨਾਇਕਾਵਾਂ ਦੀ ਅਸਾਧਾਰਨ ਪ੍ਰਤੀਬੱਧਤਾ ਇਨ੍ਹਾਂ ਕਿੱਸਿਆਂ ਵਿਚ ਤ੍ਰਾਸਦੀ ਨੂੰ ਜਨਮ ਦਿੰਦੀ ਹੈ। ਖੋਜਕਰਤਾ ਨੇ ਸੂਰਮਗਤੀ ਦੇ ਕਿੱਸਿਆਂ ਵਿਚੋਂ ਦੁੱਲਾ ਭੱਟੀ ਅਤੇ ਰਸਾਲੂ ਦੀ ਚੋਣ ਕੀਤੀ ਹੈ। ਦੁੱਲਾ ਟਕਰਾਉ ਅਤੇ ਤਣਾਉ ਵਿਚੋਂ ਮਰ ਕੇ ਵੀ ਉੱਭਰਦਾ ਹੈ। ਰਸਾਲੂ ਦੀ ਵਿਲੱਖਣਤਾ ਇਹ ਹੈ ਕਿ ਆਰਾਮ ਨਹੀਂ ਕਰਦਾ। ਇਕ ਜਿੱਤ ਤੋਂ ਬਾਅਦ ਦੂਜੀ ਲਈ ਜੂਝਦਾ ਹੈ। ਉਸ ਦੀ ਯਾਤਰਾ ਦਰਦ ਤੋਂ ਦਰਦ ਦੀ ਮੁਕਤੀ ਤੱਕ ਹੈ। ਭਗਤੀ ਦੇ ਕਿੱਸਿਆਂ ਵਿਚੋਂ ਡਾ: ਗੁਰਪ੍ਰੀਤ ਨੇ ਪੂਰਨ ਭਗਤ, ਰਾਜਾ ਭਰਥਰੀ ਅਤੇ ਗੋਪੀ ਚੰਦ ਨੂੰ ਅਧਿਐਨ ਵਸਤੂ ਵਜੋਂ ਅੰਗੀਕਾਰ ਕੀਤਾ ਹੈ। ਕਾਦਰਯਾਰ ਦੇ ਪੂਰਨ ਭਗਤ ਦੇ ਸਾਰੇ ਪਾਤਰ ਤ੍ਰਾਸਦੀ ਭੋਗਦੇ ਹਨ। ਰਾਜਾ ਭਰਥਰੀ ਦੀ ਕਥਾ ਰਿਸ਼ਤਿਆਂ ਦੀ ਨਿਰਾਰਥਕਤਾ ਦੀ ਕਥਾ ਹੈ। ਗੋਪੀ ਚੰਦ ਸੰਸਾਰ ਤੋਂ ਉਪਰਾਮਤਾ ਗ੍ਰਹਿਣ ਕਰਦਾ ਹੈ। ਭਗਤੀ ਕਿੱਸਿਆਂ ਦੇ ਨਾਇਕ ਅਣਦਿਸਦੇ ਸੰਸਾਰ ਨਾਲ ਜੁੜ ਕੇ ਆਪਾ ਉੱਚਿਆਉਂਦੇ ਹਨ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

22-12-2013

 ਹੀਰੇ ਮੋਤੀ
ਸੰਪਾਦਕ : ਡਾ: ਕਰਮਜੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 160.

'ਹੀਰੇ ਮੋਤੀ' ਪੁਸਤਕ ਵਿਚ ਮਨੁੱਖੀ ਜੀਵਨ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚੋਣਵੀਆਂ ਸੂਕਤੀਆਂ (ਸੁਚੱਜੇ ਕਥਨ) ਸੰਗ੍ਰਹਿਤ ਕੀਤੀਆਂ ਗਈਆਂ ਹਨ। ਪੁਸਤਕ ਦੀ ਸੂਝਵਾਨ ਸੰਪਾਦਕਾ ਡਾ: ਕਰਮਜੀਤ ਕੌਰ ਨੇ ਇਨ੍ਹਾਂ ਸੂਕਤੀਆਂ ਨੂੰ ਗੁਰਮੁਖੀ ਵਰਣਮਾਲਾ ਦੇ ਅਖਰ ਕ੍ਰਮ (ਓ, ਅ, ੲ) ਅਨੁਸਾਰ ਸੰਕਲਿਤ ਕੀਤਾ ਹੈ। ਇਹੋ ਜਿਹਾ ਕੰਮ ਧੀਰਜ-ਭਾਅ ਨਾਲ ਕਰਨ ਵਾਲਾ ਹੁੰਦਾ ਹੈ। ਡਾ: ਕਰਮਜੀਤ ਕੌਰ ਨੇ ਧੀਰਜ, ਠਰ੍ਹੰਮੇ ਅਤੇ ਕਠਿਨ ਸਾਧਨਾ ਦੁਆਰਾ ਇਸ ਪੁਸਤਕ ਦੀ ਵਸਤੂ-ਸਮਗਰੀ ਨੂੰ ਸਰੰਜਾਮ ਦਿੱਤਾ ਹੈ। ਕਈ ਵਿਸ਼ਿਆਂ ਬਾਰੇ ਇਕ ਤੋਂ ਵੱਧ ਸੂਕਤੀਆਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। 'ਸੱਚ' ਦੇ ਸੰਕਲਪ ਬਾਰੇ ਸੰਗ੍ਰਹਿਤ ਕੀਤੀਆਂ ਉਸ ਦੀਆਂ ਕੁਝ ਟਿੱਪਣੀਆਂ ਦੇਖੋ : 1. ਸੱਚ ਬੋਲੋਗੇ ਤਾਂ ਤੁਸੀਂ ਦੋਸਤਾਂ ਨੂੰ ਵੀ ਦੁਸ਼ਮਣ ਬਣਾ ਲਵੋਗੇ, 2. ਸੱਚ ਹਮੇਸ਼ਾ ਕੌੜਾ ਹੁੰਦਾ ਹੈ, 3. ਸੱਚ ਬੋਲੋ ਪਰ ਸੱਚ ਬੋਲ ਕੇ ਉਸੇ ਵਕਤ ਭੱਜ ਜਾਉ, 4. ਝੂਠ ਦੇ ਕਈ ਰੂਪ ਹੁੰਦੇ ਹਨ ਪਰ ਸੱਚ ਦਾ ਇਕੋ ਰੂਪ ਹੁੰਦਾ ਹੈ, 5. ਜਿਹੜਾ ਆਦਮੀ ਸੱਚ ਬੋਲਦਾ ਹੈ, ਉਸ ਦੇ ਬਹੁਤ ਘੱਟ ਮਿੱਤਰ ਹੁੰਦੇ ਹਨ, 6. ਸੱਚ ਦੀ ਭਾਸ਼ਾ ਬਹੁਤ ਸਰਲ ਹੁੰਦੀ ਹੈ ਪਰ ਇਹ ਬਹੁਤ ਘੱਟ ਲੋਕਾਂ ਦੇ ਸਮਝ ਆਉਂਦੀ ਹੈ, 7. ਸੱਚ ਦੀ ਨੀਂਹ ਅਜਿਹੀ ਹੁੰਦੀ ਹੈ ਜਿਹੜੀ ਲੱਖਾਂ ਤੂਫ਼ਾਨ ਆਉਣ 'ਤੇ ਵੀ ਢਹਿੰਦੀ ਨਹੀਂ, 8. ਸੱਚਾ ਜਵਾਬ ਦੋ-ਟੁੱਕ ਹੁੰਦਾ ਹੈ ਪਰ ਝੂਠਾ ਇਧਰ-ਉਧਰ ਦੀਆਂ ਮਾਰਦਾ ਰਹਿੰਦਾ ਹੈ। (ਸਫ਼ੇ 30-31)। ਸਾਨੂੰ 'ਹੀਰੇ ਮੋਤੀ' ਵਰਗੀਆਂ ਬਹੁਤ ਸਾਰੀਆਂ ਪੁਸਤਕਾਂ ਦੀ ਜ਼ਰੂਰਤ ਹੈ। ਲੇਖਕਾ ਨੂੰ ਚਾਹੀਦਾ ਹੈ ਕਿ ਉਹ ਸਿੱਖ ਸਤਿਗੁਰਾਂ, ਸੂਫ਼ੀ ਦਰਵੇਸ਼ਾਂ, ਕਿੱਸਾ ਕਵੀਆਂ ਅਤੇ ਸੰਸਾਰ ਪ੍ਰਸਿੱਧ ਲੇਖਕਾਂ ਦੀਆਂ ਟੂਕਾਂ ਨੂੰ ਵੀ ਸੰਗ੍ਰਹਿਤ ਕਰਨ ਦਾ ਉਪਰਾਲਾ ਕਰੇ ਕਿਉਂਕਿ ਜਦੋਂ ਕਿਸੇ ਪ੍ਰਭਾਵਸ਼ਾਲੀ ਕਥਨ ਨਾਲ ਉਸ ਦੇ ਲੇਖਕ ਦਾ ਨਾਂਅ ਜੁੜ ਜਾਂਦਾ ਹੈ ਤਾਂ ਇਹ ਵਧੇਰੇ ਉਪਯੋਗ ਅਤੇ ਪ੍ਰਮਾਣਯੋਗ ਬਣ ਜਾਂਦਾ ਹੈ। 'ਹੀਰੋ ਮੋਤੀ' ਵਿਚ ਸੰਕਲਿਤ ਕਥਨਾਂ ਨਾਲ ਉਨ੍ਹਾਂ ਦੇ ਲੇਖਕਾਂ ਦੇ ਨਾਂਅ ਨਹੀਂ ਆਏ। ਮੇਰਾ ਖਿਆਲ ਹੈ ਕਿ ਆਪਣੇ ਆਗਾਮੀ ਯਤਨਾਂ ਵਿਚ ਸੰਪਾਦਕਾ ਇਹ ਕਮਜ਼ੋਰੀ ਦੂਰ ਕਰ ਲਵੇਗੀ। ਤਾਂ ਵੀ ਸਕੂਲਾਂ-ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਹ ਪੁਸਤਕ ਅਤਿਅੰਤ ਉਪਯੋਗੀ ਸਿੱਧ ਹੋਵੇਗੀ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਚੈਖ਼ੋਵ ਦੀਆਂ ਸ੍ਰੇਸ਼ਟ ਕਹਾਣੀਆਂ
ਅਨੁਵਾਦਕ : ਧਰਮ ਸਿੰਘ ਗੁਲਾਟੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 200.

'ਚੈਖ਼ੋਵ ਦੀਆਂ ਸ੍ਰੇਸ਼ਠ ਕਹਾਣੀਆਂ' ਦਾ ਅਨੁਵਾਦ ਪ੍ਰਸਿੱਧ ਲੇਖਕ ਧਰਮ ਸਿੰਘ ਗੁਲਾਟੀ ਵੱਲੋਂ ਕੀਤਾ ਗਿਆ ਹੈ। ਉਸ ਨੇ ਇਸ ਵਿਚ ਨੌਂ ਸੰਸਾਰ ਪ੍ਰਸਿੱਧ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਹ ਚੋਣ ਉਸ ਦੀ ਨਿਰੋਲ ਆਪਣੀ ਹੀ ਹੈ। ਇਨ੍ਹਾਂ ਨੌਂ ਕਹਾਣੀਆਂ ਵਿਚ ਚੈਖ਼ੋਵ ਦੀ ਕਹਾਣੀ ਕਲਾ ਤੇ ਉੱਤਮਤਾ ਦੇ ਕਈ ਰੰਗ ਤੇ ਸ਼ੈਲੀਆਂ ਉੱਘੜ ਕੇ ਸਾਹਮਣੇ ਆਉਂਦੀਆਂ ਹਨ।
ਇਸ ਵਿਚ 'ਨਕਾਬ' ਅਤੇ 'ਗਿਰਗਟ' ਜਿਹੀਆਂ ਵਿਅੰਗਾਤਮਕ ਕਹਾਣੀਆਂ ਵੀ ਹਨ। ਇਸ ਵਿਚ ਮਨੁੱਖ ਦੇ ਪਲ-ਪਲ ਬਦਲਦੇ ਵਿਹਾਰ ਅਤੇ ਦੋਗਲੇ ਕਿਰਦਾਰ ਨੂੰ ਚੈਖ਼ੋਵ ਨੇ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ। 'ਕਲਰਕ ਦੀ ਮੌਤ' ਤੇ 'ਦੁਸ਼ਮਣ' ਮਨੋਵਿਗਿਆਨਕ ਕਹਾਣੀਆਂ ਹਨ, ਜੋ ਮਨੁੱਖ ਦੇ ਧੁਰ ਅੰਦਰ ਵਾਪਰ ਰਹੇ ਪਛਤਾਵੇ ਅਤੇ ਘ੍ਰਿਣਾ ਦਾ ਪ੍ਰਗਟਾਵਾ ਕਰਦੀਆਂ ਹਨ. 'ਵਾਕਾਂ' ਤੇ 'ਸੰਤਾਪ' ਮਾਨਵੀ ਦੁੱਖਾਂ ਦੀ ਗਾਥਾ ਪੇਸ਼ ਕਰਦੀਆਂ ਹਨ। 'ਵਾਰਡ ਨੰ: 6' ਰੂਸ ਦੇ ਹਸਪਤਾਲਾਂ ਦੀ ਮੰਦੀ ਦੇ ਘਿਨਾਉਣੀ ਹਾਲਤ ਦਾ ਬਿਆਨ ਪੇਸ਼ ਕਰਨ ਵਾਲੀਆਂ ਕਹਾਣੀਆਂ ਹਨ। 'ਖੋਲ ਦੇ ਅੰਦਰ' ਇਕ ਅਜਿਹੇ ਬੰਦੇ ਦੀ ਕਹਾਣੀ ਹੈ, ਜੋ ਖੋਲ ਦੀ ਦੁਨੀਆ 'ਚ ਰਹਿ ਕੇ ਜ਼ਿਆਦਾ ਸੁਰੱਖਿਅਤ ਅਨੁਭਵ ਕਰਦਾ ਹੈ। 'ਇਕ ਰਸਹੀਨ ਕਹਾਣੀ' ਲੰਮੀ ਰਚਨਾ ਹੈ ਜਿਸ ਦਾ ਪ੍ਰੋਫੈਸਰ ਨਾਇਕ ਪ੍ਰਸਿੱਧ ਵਿਅਕਤੀ ਹੈ ਪਰ ਉਹ ਆਪਣੀ ਪ੍ਰਸਿੱਧੀ ਤੋਂ ਹੀ ਭੈਭੀਤ ਰਹਿੰਦਾ ਹੈ। ਚੈਖ਼ੋਵ ਦੀਆਂ ਕਹਾਣੀਆਂ ਸਦੀਵੀ ਸੱਚ ਦੀ ਤਲਾਸ਼ ਕਰਦੀਆਂ ਹਨ ਤੇ ਇਹ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ, ਜਿੰਨੀਆਂ ਦੋ ਸੌ ਸਾਲ ਪਹਿਲਾਂ ਸਨ। ਇਹੋ ਜਿਹੇ ਯਤਨ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਹਰ ਨਵੀਂ ਪੀੜ੍ਹੀ ਦੇ ਪਾਠਕ ਚੰਗੇ ਤੇ ਮਹਾਨ ਸਾਹਿਤਕ ਵਿਰਸੇ ਨਾਲ ਜੁੜੇ ਰਹਿਣ।

-ਕੇ. ਐਲ. ਗਰਗ
ਮੋ: 94635-37050

ਤੇਰੇ ਬਿਨਾਂ
ਗ਼ਜ਼ਲਕਾਰ : ਕੁਲਵਿੰਦਰ ਫੁੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 112.

ਟੁੱਟ-ਭੱਜ ਦੇ ਇਸ ਦੌਰ ਵਿਚ ਮਨੁੱਖ ਨੂੰ ਦੋ ਹੀ ਚੀਜ਼ਾਂ ਜੋੜੀ ਰੱਖਣ ਵਿਚ ਸਹਾਈ ਹੁੰਦੀਆਂ ਹਨ ਸੰਗੀਤ ਅਤੇ ਸ਼ਾਇਰੀ। 'ਤੇਰੇ ਬਿਨਾਂ' ਮੁਹੱਬਤ ਦੀ ਉਹ ਸ਼ਾਇਰੀ ਹੈ ਜੋ ਅਣਉਚਿਤ ਕਦਰਾਂ-ਕੀਮਤਾਂ ਨੂੰ ਨਕਾਰਦਿਆਂ ਆਪਣੀਆਂ ਸੂਖਮਭਾਵੀ ਕਦਰਾਂ-ਕੀਮਤਾਂ ਦੀ ਬਲੀ ਨਹੀਂ ਦਿੰਦੀ ਅਤੇ ਇਕ ਸੰਤੁਲਨ ਬਣਾਈ ਰੱਖਦੀ ਹੈ। ਕੁਲਵਿੰਦਰ ਫੁੱਲ ਉਨ੍ਹਾਂ ਗ਼ਜ਼ਲਕਾਰਾਂ ਦੇ ਕਾਫਲੇ ਵਿਚ ਸ਼ਾਮਿਲ ਰਿਹਾ ਹੈ, ਜਿਨ੍ਹਾਂ ਨੇ ਦਹਾਕਿਆਂ ਪਹਿਲਾਂ ਗ਼ਜ਼ਲ ਵਿਰੋਧੀ ਲਹਿਰ ਨਾਲ ਦਸਤਪੰਜਾ ਲਿਆ ਅਤੇ ਗ਼ਜ਼ਲ ਨੂੰ ਅੱਜ ਦੇ ਗੌਰਵਮਈ ਮੁਕਾਮ 'ਤੇ ਪਹੁੰਚਾਉਣ ਲਈ ਆਪਣਾ ਯੋਗਦਾਨ ਪਾਇਆ। ਤੇਰੇ ਬਿਨਾਂ, ਕੁਲਵਿੰਦਰ ਫੁੱਲ ਦਾ ਭਾਵੇਂ ਪਹਿਲਾਂ ਗ਼ਜ਼ਲ ਸੰਗ੍ਰਹਿ ਹੈ ਪਰ ਇਸ ਵਿਚ ਡਾ: ਸਾਧੂ ਸਿੰਘ ਹਮਦਰਦ ਜੀ ਵੱਲੋਂ 'ਅਜੀਤ' ਵਿਚ ਸ਼ੁਰੂ ਕੀਤੀ ਗ਼ਜ਼ਲ ਫੁਲਵਾੜੀ ਤੋਂ ਲੈ ਕੇ ਅੱਜ ਤੱਕ ਦੀਆਂ 'ਫੁੱਲ' ਦੀਆਂ ਗ਼ਜ਼ਲਾਂ ਦਾ ਸਫ਼ਰ ਸ਼ਾਮਿਲ ਹੈ ਇਨ੍ਹਾਂ ਵਰ੍ਹਿਆਂ ਵਿਚ, ਉਸ ਦੀ ਜ਼ਿੰਦਗੀ ਵਿਚ ਵਾਪਰੀਆਂ ਚੰਗੀਆਂ ਮਾੜੀਆਂ ਵੱਡੀਆਂ ਤਬਦੀਲੀਆਂ ਨੂੰ ਗ਼ਜ਼ਲ ਦੀਆਂ ਛੋਟੀ ਬਹਿਰਾਂ ਵਿਚ ਕਵਿਤਾਉਣ ਦਾ ਕ੍ਰਿਸ਼ਮਾ ਵੀ ਪੰਜਾਬੀ ਗ਼ਜ਼ਲ ਦੇ ਮਹਾਨ ਉਸਤਾਦ ਮਰਹੂਮ 'ਦੀਪਕ ਜੈਤੋਈ' ਸਾਹਿਬ ਦੀ ਫੁੱਲ ਨੂੰ ਮਿਲੀ ਸਰਪ੍ਰਸਤੀ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ। ਤੇਜਿੰਦਰ ਮਨਚੰਦਾ ਵੱਲੋਂ ਬਣਾਏ ਕਲਾਤਮਿਕ ਟਾਈਟਲ ਅਤੇ ਗ਼ਜ਼ਲਾਂ 'ਤੇ ਕੀਤੇ ਆਰਟ ਵਰਕ ਨੇ ਪੁਸਤਕ ਦੀ ਖੂਬਸੂਰਤੀ ਵਿਚ ਵੀ ਖੂਬ ਵਾਧਾ ਕੀਤਾ ਹੈ, ਸਰਲਤਾ, ਸਪੱਸ਼ਟਤਾ ਅਤੇ ਗ਼ਜ਼ਲ ਦੀਆਂ ਬਾਰੀਕੀਆਂ 'ਤੇ ਪਕੜ ਇਸ ਪੁਸਤਕ ਦਾ ਵਿਸ਼ੇਸ਼ ਗੁਣ ਹੋਣ ਕਰਕੇ, ਘਰ-ਪਰਿਵਾਰ ਵਿਚ ਪੜ੍ਹੀ ਜਾਣ ਵਾਲੀ ਇਹ ਪੁਸਤਕ, ਆਧੁਨਿਕਤਾ ਦੇ ਦੌਰ ਵਿਚ, ਮੁੱਠਾਂ 'ਚੋਂ ਕਿਰਦੀ ਮਨੁੱਖੀ ਭਾਈਚਾਰੇ ਮੁਹੱਬਤ ਨੂੰ ਅਜਿਹੇ ਸ਼ਿਅਰਾਂ ਰਾਹੀਂ ਬੋਚਣ ਦਾ ਭਰਪੂਰ ਯਤਨ ਹੈ 'ਤੇਰੇ ਬਿਨਾਂ'।

-ਰਾਜਿੰਦਰ ਪਰਦੇਸੀ
ਮੋ: 93576-41552

ਪੰਧ ਹਯਾਤੀ
ਗ਼ਜ਼ਲਗੋ : ਗਿਆਨ ਸਿੰਘ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104.

ਪੰਜਾਬ ਦੀ ਵਿਰਾਸਤੀ ਮਿੱਟੀ ਦਾ ਮੋਹ ਅਜਿਹਾ ਹੈ ਜੋ ਹਜ਼ਾਰਾਂ ਮੀਲ ਦੂਰ ਬੈਠੇ ਪ੍ਰਵਾਸੀਆਂ ਨੂੰ ਵੀ ਆਪਣੇ ਨਾਲ ਜੋੜੀ ਰੱਖਦਾ ਹੈ। ਪੰਜਾਬੀ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵਿਚ ਜਾ ਵਸੇ ਪਰ ਉਨ੍ਹਾਂ ਦੇ ਦਿਲ ਦੀਆਂ ਤਾਰਾਂ ਆਪਣੀ ਜਨਮ ਭੂਮੀ ਨਾਲ ਜੁੜੀਆਂ ਰਹੀਆਂ। ਉਦਰੇਵਿਆਂ ਦੇ ਮਾਰੇ ਦਿਲਾਂ ਵਿਚੋਂ ਵਲਵਲਿਆਂ ਦਾ ਹੜ੍ਹ ਵਗਿਆ ਤਾਂ ਉਹ ਕਵਿਤਾ ਦਾ ਰੂਪ ਧਾਰ ਕੇ ਉਛਲਿਆ ਤੇ ਅੰਦਰ ਤਾਈਂ ਭਿਉਂ ਗਿਆ। 'ਪੰਧ ਹਯਾਤੀ' ਦਾ ਰਚਣਹਾਰ ਤਲਖ਼ ਹਕੀਕਤਾਂ ਅਤੇ ਸੰਘਰਸ਼ਾਂ ਵਿਚੋਂ ਗੁਜ਼ਰਿਆ ਪਰ ਆਪਣੀ ਮਾਂ ਬੋਲੀ, ਧਰਮ, ਇਤਿਹਾਸ ਅਤੇ ਮਹਾਨ ਵਿਰਸੇ ਪ੍ਰਤੀ ਹਮੇਸ਼ਾ ਜਾਗਰੂਕ ਰਿਹਾ। ਜਦ ਕਦੇ ਉਸ ਦੀ ਰੂਹ ਨੇ ਸੱਚ ਦਾ ਪ੍ਰਕਾਸ਼ ਮਹਿਸੂਸ ਕੀਤਾ ਤਾਂ ਉਸ ਨੂੰ ਸ਼ਾਇਰੀ ਇਬਾਦਤ ਬਣ ਕੇ ਨਾਜ਼ਲ ਹੋਈ। ਆਉ, ਮਾਣੀਏ ਇਸ ਕਾਵਿ ਦੀਆਂ ਕੁਝ ਸੁੰਦਰ ਝਲਕਾਂ-
-ਚੁੱਪ ਕਰੋ ਜੀ ਚੁੱਪ ਕਰੋ, ਕੋਈ ਨਜ਼ਰ ਨਾ ਲਾ ਜਾਵੇ
ਮੌਤ ਦੇ ਗਲ ਲੱਗ ਅੱਜ ਮੇਰੀ ਇਹ ਜਿੰਦ ਚੱਲੀ ਮੁਕਲਾਵੇ।
-ਮਹਿਬੂਬ ਦੇ ਦਰ ਉਤੇ ਭੇਟ ਕਰਨ ਵਾਸਤੇ
ਅੱਜ ਤੱਕ ਮੈਂ ਰੱਖੀ ਇਹ ਕੁਆਰੀ ਹੈ ਜ਼ਿੰਦਗੀ।
-ਵਕਤ-ਦਰ-ਵਕਤ ਲੈਣ ਲਈ, ਜ਼ੁਲਮ ਦੇ ਝੱਖੜਾਂ ਦਾ ਹਿਸਾਬ
ਆਪਣੇ ਗੁਰੂ ਦਸ਼ਮੇਸ਼ ਪਿਤਾ ਦੀ, ਦੋ ਧਾਰੀ ਤਲਵਾਰ ਹਾਂ ਮੈਂ।
-ਝੱਖੜ ਝੁਲਦੇ ਜ਼ੁਲਮ ਦੇ ਸਹਿੰਦੀ ਰਹੀ ਸਿੱਖ ਕੌਮ
ਫਿਰ ਵੀ ਚੜ੍ਹਦੀਆਂ ਕਲਾਂ ਵਿਚ ਰਹਿੰਦੀ ਰਹੀ ਸਿੱਖ ਕੌਮ।
-ਛੱਡ ਨਾ ਕਰ ਇਸ ਜਹਾਨ ਦੀ ਗੱਲ
ਕਰ ਕੇਵਲ ਇਕ ਭਗਵਾਨ ਦੀ ਗੱਲ।
ਅਧਿਆਤਮਕਤਾ ਦੇ ਰਸ ਵਿਚ ਡੁੱਬੀ ਯਥਾਰਥਕ ਸ਼ਾਇਰੀ ਦੀ ਇਸ ਪੁਸਤਕ ਦਾ ਭਰਪੂਰ ਸਵਾਗਤ ਹੈ। ਵਿਚਾਰਧਾਰਾ ਦੇ ਪੱਖੋਂ ਇਹ ਪਲੇਠਾ ਗ਼ਜ਼ਲ ਸੰਗ੍ਰਹਿ ਇਕ ਉੱਤਮ ਕ੍ਰਿਤ ਹੈ, ਤਕਨੀਕੀ ਪੱਖੋਂ ਹੋਰ ਧਿਆਨ ਦੇਣ ਦੀ ਲੋੜ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਆਧੁਨਿਕ ਪੰਜਾਬੀ ਕਹਾਣੀ-ਸਿਆਸੀ ਪਰਿਪੇਖ
ਲੇਖਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 184.

ਪੰਜਾਬੀ ਚਿੰਤਕ ਡਾ: ਭੀਮ ਇੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਆਲੋਚਨਾ ਦੇ ਖੇਤਰ ਵਿਚ ਸਰਗਰਮੀ ਨਾਲ ਲਿਖ ਰਿਹਾ ਹੈ। ਹਥਲੀ ਪੁਸਤਕ ਵਿਚ ਉਸ ਨੇ ਸਮੇਂ-ਸਮੇਂ ਪੇਸ਼ ਹੋਈ ਪੰਜਾਬੀ ਕਹਾਣੀ ਦੀ ਸਿਆਸੀ ਚੇਤਨਾ ਦੀ ਦ੍ਰਿਸ਼ਟੀ ਨੂੰ ਆਪਣੇ ਚਿੰਤਨ ਦਾ ਵਿਸ਼ਾ ਬਣਾਇਆ ਹੈ। ਆਰੰਭਲੇ ਦੌਰ ਤੋਂ ਹੀ ਪੰਜਾਬੀ ਕਹਾਣੀ ਸਮਕਾਲੀ ਸਿਆਸੀ ਯਥਾਰਥ ਦਾ ਕੇਂਦਰ ਹੋਣ ਕਰਕੇ ਚਰਚਿਤ ਰਹੀ ਹੈ। 21ਵੀਂ ਸਦੀ ਤੱਕ ਪਹੁੰਚਦੇ ਹੋਏ ਇਸ ਦੇ ਰੂਪ ਤੇ ਵਿਸ਼ੇ ਪੱਖੋਂ ਕਈ ਤਬਦੀਲੀਆਂ ਆਉਂਦੀਆਂ ਰਹੀਆਂ ਹਨ, ਵਿਸ਼ਵ ਪੱਧਰ 'ਤੇ ਤਾਕਤਾਂ ਦੇ ਬਦਲਦੇ ਰਹੇ ਸਮੀਕਰਨਾਂ, ਸਮਾਜਵਾਦੀ ਢਾਂਚੇ ਨੂੰ ਆਈਆਂ ਚੁਣੌਤੀਆਂ, ਸਾਮਰਾਜਵਾਦੀ ਧਿਰਾਂ ਦੇ ਤਾਕਤਵਰ ਹੋਣ, ਮਨੁੱਖੀ ਅਧਿਕਾਰਾਂ ਦੇ ਹੁੰਦੇ ਘਾਣ ਆਦਿ ਪੱਖਾਂ ਨੇ ਪ੍ਰਭਾਵਿਤ ਕੀਤਾ। ਅਜਿਹੀ ਸਮਾਜਿਕ ਸਥਿਤੀ ਵਿਚ ਲਿਖੀ ਗਈ ਪੰਜਾਬੀ ਕਹਾਣੀ ਨਵ-ਉਦਾਰਵਾਦੀ, ਸਾਮੰਤਵਾਦੀ ਅਤੇ ਪੂੰਜੀਵਾਦੀ ਪ੍ਰਬੰਧ ਦੇ ਵਿਭਿੰਨ ਪੱਖਾਂ ਨੂੰ ਪੇਸ਼ ਕਰਦੀ ਹੈ। ਇਸ ਕਹਾਣੀ ਨੇ ਸਿਆਸੀ ਚੇਤਨਾ ਦੀ ਪੇਸ਼ਕਾਰੀ ਕਲਾਤਮਿਕ ਅੰਦਾਜ਼ ਨਾਲ ਕੀਤੀ ਹੈ।
ਭੀਮ ਇੰਦਰ ਸਿੰਘ ਨੇ ਭੂਮਿਕਾ ਵਜੋਂ ਇਟਲੀ ਦੇ ਪ੍ਰਸਿੱਧ ਮਾਰਕਸੀ ਚਿੰਤਕ ਐਨਤੋਨੀਓ ਗ੍ਰਾਮਸ਼ੀ ਦਾ ਲੇਖ ਦਿੱਤਾ ਹੈ, ਜੋ ਚਿੰਤਨ ਨੂੰ ਪਰੰਪਰਾ ਦੇ ਰਚਨਾਤਮਕ ਅਤੇ ਯਥਾਰਥਕ ਪੱਖ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਲੇਖ ਵਿਚ ਗ੍ਰਾਮਸ਼ੀ ਦੀਆਂ ਸਿਆਸੀ ਟਿੱਪਣੀਆਂ ਕਮਿਊਨਿਸਟ ਪਾਰਟੀ ਦੇ ਸਵਾਲ ਬਾਰੇ ਕਈ ਪੱਖਾਂ ਤੋਂ ਵਾਦ-ਵਿਵਾਦ ਵਾਲੀਆਂ ਹਨ। ਸੱਤ ਅਧਿਆਇ ਵਿਚ ਅੰਕਿਤ ਇਹ ਪੁਸਤਕ ਪੰਜਾਬੀ ਕਹਾਣੀ ਦੀ ਸਿਆਸੀ ਚੇਤਨਾ, ਪਿੱਠ ਭੂਮੀ, ਜੁਝਾਰਵਾਦੀ ਸੂਝ, ਪੰਜਾਬ ਸੰਕਟ ਦੇ ਖੌਫ਼ਨਾਕ ਦੌਰ, ਦਲਿਤ ਚੇਤਨਾ ਅਤੇ ਵਿਸ਼ਵੀਕਰਨ ਤੇ ਉਦਾਰੀਕਰਨ ਆਦਿ ਨੂੰ ਉਜਾਗਰ ਕੀਤਾ ਗਿਆ ਹੈ। ਪੰਜਾਬੀ ਕਹਾਣੀ ਦਾ ਸਿਆਸੀ ਚੇਤਨਾ ਦੇ ਪੱਖ ਤੋਂ ਸਮੁੱਚਾ ਅਧਿਐਨ ਕਰਨ ਦਾ ਇਹ ਪਹਿਲਾ ਤੇ ਨਿੱਗਰ ਉੱਦਮ ਹੈ। ਸਿਆਸੀ ਸੂਝ ਮਨੁੱਖ ਨੂੰ ਮਾਨਸਿਕ ਤੇ ਸਮਾਜਿਕ ਪੱਖੋਂ ਵਧੇਰੇ ਸੂਝਵਾਨ ਬਣਾਉਂਦੀ ਹੈ। ਅਜਿਹੇ ਅਧਿਐਨ ਅੱਜ ਦੇ ਸਮੇਂ ਦੀ ਲੋੜ ਹੈ। ਨਿਰੀ-ਪੁਰੀ ਆਪਣੇ-ਆਪਣੇ ਧੜੇ ਤੇ ਯਾਰਾਂ ਬਾਸ਼ਾਂ ਦਾ ਜ਼ਿਕਰ (ਸੂਚੀ) ਪੇਸ਼ ਕਰਨ ਵਾਲੇ ਚਿੰਤਨ ਤੋਂ ਬਚਦੀ ਹੋਈ ਇਹ ਪੁਸਤਕ ਇਕ ਚੰਗਾ ਉਪਰਾਲਾ ਸਿੱਧ ਹੁੰਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਪੀੜਾਂ ਦੇ ਪਰਛਾਵੇਂ
ਕਹਾਣੀਕਾਰ : ਮਹੀਪ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136.

'ਪੀੜਾਂ ਦੇ ਪਰਛਾਵੇਂ' ਡਾ: ਮਹੀਪ ਸਿੰਘ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 15 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਤਕਰੀਬਨ ਮੱਧਵਰਗੀ ਮਹਾਂਨਗਰੀ ਦੁਨੀਆ ਨਾਲ ਸਬੰਧ ਰੱਖਣ ਵਾਲੇ ਹਨ ਪਰ ਕਿਤੇ-ਕਿਤੇ ਨਿਮਨ-ਵਰਗ ਅਤੇ ਉੱਚ-ਵਰਗ ਬਾਰੇ ਵੀ ਜ਼ਿਕਰ ਹੋਇਆ ਮਿਲਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਵਿਸ਼ੇ ਅਜੋਕੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਮਨੁੱਖੀ ਮਾਨਸਿਕਤਾ ਵਿਚ ਹੋ ਰਹੀ ਟੁੱਟ ਭੱਜ ਨੂੰ ਪੇਸ਼ ਕਰਦੀਆਂ ਹਨ। ਇਸੇ ਕਰਕੇ ਹੀ ਕਹਾਣੀਆਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਵਿਚ ਪੇਸ਼ ਵੱਖ-ਵੱਖ ਪਾਤਰਾਂ ਦੇ ਆਪਣੇ-ਆਪਣੇ ਸੱਚ ਹਨ, ਜਿਨ੍ਹਾਂ ਦੀਆਂ ਤੰਦਾਂ ਵਿਚ ਉਹ ਉਲਝੇ ਹੋਏ ਹਨ। ਮਿਸਾਲ ਵਜੋਂ 'ਪਤੀ' ਕਹਾਣੀ ਵਿਚਲਾ ਮਹਿਤਾ ਆਪਣੀ ਪਤਨੀ ਮਾਲਤੀ ਨੂੰ ਇਸ ਕਰਕੇ ਪਸੰਦ ਨਹੀਂ ਕਰਦਾ ਕਿਉਂਕਿ ਉਹ ਆਦਮੀ ਵਾਲੀ ਜ਼ਿੰਦਗੀ ਜਿਊਂਦੀ ਹੈ, ਜੋ ਮਹਿਤੇ ਦੇ ਸਟੇਟਸ ਦੇ ਮੁਤਾਬਕ ਠੀਕ ਨਹੀਂ, ਉਹ ਉਸ ਨੂੰ 'ਭੈਣ ਜੀ' ਮਾਰਕਾ ਵੀ ਖਿਆਲ ਕਰਦਾ ਹੈ। ਇਸੇ ਤਰ੍ਹਾਂ 'ਪਿਤਾ' ਵਿਚਲਾ ਪਿਤਾ ਪਾਤਰ ਆਪਣੀ ਹਉਮੈ ਸਦਕਾ ਸਿਰਜਣਾਤਮਿਕਤਾ ਨੂੰ ਪਸੰਦ ਨਹੀਂ ਕਰਦਾ ਪਰ ਅਖੀਰ 'ਤੇ ਉਹੀ ਸਿਰਜਣਾਤਮਿਕਤਾ ਉਸ ਨੂੰ ਸਕੂਨ ਬਖਸ਼ਦੀ ਹੈ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰਾਂ ਕੋਲ ਸੁੱਖ ਸਹੂਲਤਾਂ ਦੀ ਘਾਟ ਨਹੀਂ ਪਰ ਜ਼ਿੰਦਗੀ ਦਾ ਸਹਿਜ ਇਨ੍ਹਾਂ ਦੇ ਹਿੱਸੇ ਨਹੀਂ ਆਇਆ। ਇਕ ਅਜੀਬ ਕਿਸਮ ਦੀ ਅਚਵੀ ਇਨ੍ਹਾਂ ਦੀ ਮਾਨਸਿਕਤਾ ਵਿਚ ਚਲਦੀ ਰਹਿੰਦੀ ਹੈ। 'ਕਿੱਲ' ਕਹਾਣੀ ਵਿਚਲਾ ਪਾਤਰ ਆਪਣੀ 'ਧੀ' ਦੀਆਂ ਭਾਵਨਾਵਾਂ ਨੂੰ ਨਾ ਸਮਝ ਕੇ ਆਪਣੇ ਹੀ ਦਾਇਰੇ ਵਿਚ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। 'ਭਲਕ' ਕਹਾਣੀ ਵਿਚਲੀ ਪਾਤਰ ਦੀ ਮਾਨਸਿਕ ਸਥਿਤੀ ਵਿਚ ਅਜੀਬ ਤਰ੍ਹਾਂ ਦੇ ਅਹਿਸਾਸ ਹਨ। 'ਕਿਹੜੇ ਕਿਹੜੇ ਰੰਗ' ਕਹਾਣੀ ਨਸ਼ਾ, ਲਾਚਾਰੀ ਅਤੇ ਪਰਿਵਾਰਕ ਸੰਕਟ ਨੂੰ ਪੇਸ਼ ਕਰਦੀ ਕਹਾਣੀ ਹੈ। 'ਪੀੜਾਂ ਦੇ ਪਰਛਾਵੇਂ' ਕਹਾਣੀ ਵੀ ਘਰੇਲੂ ਕਲੇਸ਼ ਅਤੇ ਔਰਤ ਦੀ ਦਸ਼ਾ ਬਿਆਨਦੀ ਹੈ। ਜੇਕਰ ਸਾਰੀਆਂ ਕਹਾਣੀਆਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਇਕ ਗੱਲ ਉਭਰਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਵਿਚ ਸਾਡੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਆਲੇ-ਦੁਆਲੇ ਵਿਚ ਪੈਦਾ ਹੋਈ ਖਿੱਚੋਤਾਣ ਅਤੇ ਇਸ ਖਿੱਚੋਤਾਣ ਵਿਚੋਂ ਪੈਦਾ ਹੋਈ ਬੇਚੈਨੀ, ਸਕੂਨ ਰਹਿਤ ਜ਼ਿੰਦਗੀ ਦੇ ਚਿੱਤਰ ਮਿਲਦੇ ਹਨ, ਜਿਨ੍ਹਾਂ ਵਿਚ ਸਾਡੇ ਰਿਸ਼ਤਿਆਂ ਦੀਆਂ ਉਲਝੀਆਂ ਤਾਣੀਆਂ ਵੀ ਹਨ ਤੇ ਸਮਾਜ ਦੇ ਵਿਗੜੇ ਢਾਂਚੇ ਦੀ ਤਸਵੀਰਕਸ਼ੀ ਵੀ ਹੈ। ਪੀੜਾਂ ਦੇ ਪਰਛਾਵੇਂ ਸੰਗ੍ਰਹਿ ਵਿਚਲੀਆਂ ਇਹ ਕਹਾਣੀਆਂ ਜ਼ਿਆਦਾਤਰ ਨਾਟਕੀ ਸ਼ੈਲੀ ਵਿਚ ਹਨ ਅਤੇ ਸਮੱਸਿਆਵਾਂ ਦੀਆਂ ਤੰਦਾਂ ਬਿਰਤਾਂਤਕਾਰ ਦੇ ਖ਼ੁਦ ਦੱਸਣ ਦੀ ਬਜਾਇ ਪਾਤਰਾਂ ਦੇ ਵਾਰਤਾਲਾਪਾਂ ਤੋਂ ਹੀ ਖੁੱਲ੍ਹਦੀਆਂ ਹਨ।

-ਸਰਦੂਲ ਸਿੰਘ ਔਜਲਾ
ਮੋ: 98141-68611

ਮਨੁੱਖ ਤੇ ਮਨੁੱਖ
ਲੇਖਕ : ਜਰਨੈਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 100.

ਪਰਵਾਸੀ ਪੰਜਾਬੀ ਲੇਖਕ ਜਰਨੈਲ ਸਿੰਘ ਦੀ ਪੁਸਤਕ ਕਹਾਣੀਆਂ ਦੀ ਹੈ, ਜਿਸ ਵਿਚ 11 ਕਹਾਣੀਆਂ ਹਨ। ਪੁਸਤਕ ਦੇ ਲੇਖਕ ਦੀਆਂ ਪਹਿਲਾਂ ਛਪੀਆਂ ਪੁਸਤਕਾਂ ਦੀ ਸੂਚੀ ਵਿਚ ਇਹ ਪੁਸਤਕ 1983 ਵਿਚ ਛਪੀ ਹੈ। ਹੁਣ ਇਸ ਦਾ ਦੂਜਾ ਸੰਸਕਰਣ ਲਗਦਾ ਹੈ ਪਰ ਇਸ ਬਾਰੇ ਅੰਦਰ ਕੋਈ ਸੂਚਨਾ ਨਹੀਂ ਹੈ। ਦੋ ਟਾਪੂ ਲੇਖਕ ਦੀ ਪੁਸਤਕ ਇਸ ਤੋਂ ਪਹਿਲਾਂ ਸ਼ਾਹਮੁਖੀ ਤੇ ਹਿੰਦੀ ਵਿਚ ਵੀ ਛਪੀਆਂ ਹਨ। ਹਥਲੀ ਪੁਸਤਕ ਬਾਰੇ ਟਾਈਟਲ ਪੰਨੇ 'ਤੇ ਡਾ: ਕਰਮਜੀਤ ਸਿੰਘ ਦੇ ਵਿਚਾਰ ਛਪੇ ਹਨ, ਜਿਸ ਅਨੁਸਾਰ ਇਸ ਪੁਸਤਕ ਦੀਆਂ ਕਹਾਣੀਆਂ ਇਲਾਕਾਵਾਦ ਤੇ ਸੰਪਰਦਾਇਕਤਾ ਤੋਂ ਉੱਪਰ ਹਨ। ਲੇਖਕ ਕੋਲ ਫ਼ੌਜੀ ਜੀਵਨ ਦਾ ਵਿਸ਼ਾਲ ਤਜਰਬਾ ਹੈ। ਪੁਸਤਕ ਦੀਆਂ ਕਹਾਣੀਆਂ ਵਿਚ ਫ਼ੌਜੀ ਜੀਵਨ ਦਾ ਇਹ ਤਜਰਬਾ ਸਪੱਸ਼ਟ ਵਿਖਾਈ ਦਿੰਦੀ ਹੈ। ਕਹਾਣੀਆਂ ਦਾ ਦੀਰਘ ਪਾਠ ਕਰਨ 'ਤੇ ਪਤਾ ਲਗਦਾ ਹੈ ਕਿ ਲੇਖਕ ਕੋਲ ਕਿਸਾਨੀ ਜੀਵਨ ਦੀ ਵੀ ਪੂੰਜੀ ਹੈ। ਮਾਨਵਵਾਦੀ ਵਿਚਾਰਧਾਰਾ ਹੈ। ਲੇਖਕ ਸ਼ਰੀਕੇਬਾਜ਼ੀਆਂ, ਈਰਖਾ, ਨਫ਼ਰਤ ਤੋਂ ਪਾਰ ਮੋਹ-ਮੁਹੱਬਤ ਦੇ ਰੰਗ ਵਿਚ ਇਨ੍ਹਾਂ ਕਹਾਣੀਆਂ ਦੀ ਸਿਰਜਣਾ ਕਰਦਾ ਹੈ। ਪੁਸਤਕ ਦੀ ਕਹਾਣੀ ਦੇ ਦੋ ਭਰਾ ਪਾਤਰ ਜਗੀਰ ਤੇ ਪਿਆਰਾ ਲੜ-ਝਗੜ ਕੇ ਹਥਿਆਰਬੰਦ ਹੋ ਕੇ ਵੀ ਕਹਾਣੀ ਦੇ ਅਖੀਰ ਵਿਚ ਇਕ ਹੋ ਜਾਂਦੇ ਹਨ। ਜਗੀਰ ਲੜ ਕੇ ਭੈਣ ਕੋਲ ਚਲਾ ਜਾਂਦਾ ਹੈ। ਪਰ ਉਥੇ ਜਾ ਕੇ ਵੀ ਛੋਟੇ ਭਰਾ ਪਿਆਰੇ ਬਾਰੇ ਕਹਿੰਦਾ ਹੈ-ਜਾਹ ਪਿੰਡ ਨੂੰ ਜਾਹ, ਕਿਤੇ ਗੁੱਸੇ ਵਿਚ ਆ ਕੇ ਗੱਡੀ ਥੱਲੇ ਸਿਰ ਨਾ ਦੇ ਦੇਵੇ... ਕਹਾਣੀ (ਬੰਨ੍ਹ ਉਠਾਈ ਪੋਟਲੀ ਪੰਨਾ 23) ਕੰਬਦਾ ਚਾਨਣ ਵਿਚ ਛੁੱਟੀ ਆਇਆ ਜਗਮੀਤ ਸਿੰਘ ਆਪਣੇ ਪਿੰਡ ਦੀ ਮਿੱਟੀ ਦਾ ਜ਼ਰਾ-ਜ਼ਰਾ ਮੁਹੱਬਤ ਨਾਲ ਵੇਖਦਾ ਹੈ। ਦੇਸ਼ ਵੰਡ ਵੇਲੇ ਦਾ ਦ੍ਰਿਸ਼ ਯਾਦ ਕਰਦਾ ਹੈ। ਕਹਾਣੀ ਕਾਲਾ ਸੂਰਜ ਵਿਚ ਜੰਗ ਦਾ ਦ੍ਰਿਸ਼ ਹੈ। ਫ਼ੌਜੀ ਪਾਤਰ ਹਨ। ਕੰਡਿਆਲੀ ਧਰਤੀ ਵਿਚ ਕੁੰਦਨ ਕਿਸਾਨ ਪਾਤਰ ਹੈ। ਸਾਰਾ ਟੱਬਰ ਖੇਤਾਂ ਵਿਚ ਮਿਹਨਤ ਕਰਦਾ ਹੈ। ਕਹਾਣੀ 'ਦਾਤੀ' ਵਿਚ ਨਿਰੋਲ ਪੇਂਡੂ ਸੱਭਿਆਚਾਰ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ ਗਈ ਹੈ। ਸੰਗ੍ਰਹਿ ਦੀ ਅੰਤਿਮ ਕਹਾਣੀ ਮਨੁੱਖ ਤੇ ਮਨੁੱਖ 1971 ਵਿਚ ਬੰਗਲਾਦੇਸ਼ ਬਣਨ ਦੇ ਵਿਸ਼ੇ 'ਤੇ ਲੰਮੀ ਰਚਨਾ ਹੈ। ਸਿੱਖ, ਮੁਸਲਮਾਨ ਪਾਤਰ ਹਨ, ਪਾਕਿਸਤਾਨੀ ਫ਼ੌਜਾਂ ਵੱਲੋਂ ਕੀਤੇ ਤਸ਼ੱਦਦ ਦਾ ਬੁੱਢੀ ਮਾਂ ਦੇ ਮੂੰਹੋਂ ਕੀਤਾ ਜ਼ਿਕਰ ਕਹਾਣੀ ਦੀ ਰੂਹ ਹੈ। ਕੈਪਟਨ ਜਾਵੇਦ, ਹੌਲਦਾਰ ਬਲਜੀਤ ਸਿੰਘ ਮੱਖਣ, ਜੋਗਾ ਸਿੰਘ, ਤਰਸੇਮ ਲਾਲ ਆਦਿ ਫ਼ੌਜੀ ਪਾਤਰ ਹਨ, ਜੋ ਲੇਖਕ ਦੇ ਤਜਰਬੇ ਦੀ ਗੱਲ ਕਰਦੇ ਹਨ। ਸਮੁੱਚੇ ਤੌਰ 'ਤੇ ਸੰਗ੍ਰਹਿ ਦੀਆਂ ਕਹਾਣੀਆਂ ਰਸਦਾਇਕ ਤੇ ਇਨਸਾਨੀਅਤ ਦੀ ਰੰਗਦਾਰ ਤਸਵੀਰ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਮੇਰਾ ਪਿੰਡ ਮੇਰੀਆਂ ਯਾਦਾਂ
ਲੇਖਕ : ਸਤਨਾਮ ਸਿੰਘ ਦਰਦੀ
ਪ੍ਰਕਾਸ਼ਕ : ਪੰਜਾਬੀ ਸੱਥ, ਲਾਂਬੜਾ
ਮੁੱਲ : 300 ਰੁਪਏ, ਸਫ਼ੇ : 290

ਹਰ ਇਨਸਾਨ ਨੂੰ ਆਪਣੀ ਜੰਮਣ ਭੋਇੰ ਨਾਲ ਅੰਤਾਂ ਦਾ ਮੋਹ ਹੁੰਦੈ, ਜਿਵੇਂ ਸਤਨਾਮ ਸਿੰਘ ਦਰਦੀ ਨੂੰ ਹੈ। ਉਨ੍ਹਾਂ ਦਾ ਪਿੰਡ ਜਲੰਧਰ ਜ਼ਿਲ੍ਹੇ ਵਿਚ ਚਾਨੀਆਂ ਹੈ, ਜਿਸ ਨਾਲ ਉਨ੍ਹਾਂ ਨੂੰ ਬੇਹੱਦ ਪਿਆਰ ਹੈ। ਇਹ ਪਿਆਰ ਹੀ 'ਮੇਰਾ ਪਿੰਡ ਮੇਰੀਆਂ ਯਾਦਾਂ' ਪੁਸਤਕ ਛਪਾਈ ਦਾ ਕਾਰਨ ਬਣਿਆ ਹੈ ਤੇ ਇਸ ਪੁਸਤਕ ਨੂੰ ਪੜ੍ਹ ਏਦਾਂ ਜਾਪਦਾ ਏ, ਜਿਵੇਂ ਅਸੀਂ ਵਾਰਤਕ ਨਹੀਂ, ਕਵਿਤਾ ਪੜ੍ਹ ਰਹੇ ਹੋਈਏ। ਸਤਨਾਮ ਸਿੰਘ ਦਰਦੀ ਨੇ ਆਪਣੇ ਮਨ ਦੇ ਵਲਵਲੇ ਇਸ ਪੁਸਤਕ ਵਿਚ ਬਹੁਤ ਤਰੀਕੇ ਨਾਲ ਪੇਸ਼ ਕੀਤੇ ਹਨ। ਕਿਵੇਂ ਉਨ੍ਹਾਂ ਦਾ ਪਿੰਡ ਬੱਝਾ, 1947 ਵੇਲੇ ਪਿੰਡ ਦਾ ਕੀ ਬਣਿਆ, ਜਦੋਂ ਪੰਜਾਬ ਦੇ ਹਾਲਾਤ ਵਿਗੜੇ ਤਾਂ ਇਸ ਪਿੰਡ ਨੇ ਕੀ ਸੰਤਾਪ ਹੰਢਾਇਆ, ਪਿੰਡ ਦੇ ਲੋਕ ਕਿਵੇਂ ਰਹਿੰਦੇ ਨੇ, ਲੋਕਾਂ ਦਾ ਖਾਣ-ਪੀਣ, ਪਹਿਨਣ-ਪੱਚਰਨ ਅਤੇ ਰਹਿਣ-ਸਹਿਣ ਕਿਹੋ ਜਿਹਾ ਹੈ। ਸਤਨਾਮ ਸਿੰਘ ਦਰਦੀ ਨੇ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪਿੰਡ ਦਾ ਬੱਝਣਾ, ਉੱਜੜਨਾ ਤੇ ਮੁੜ ਆਬਾਦ ਹੋਣਾ, ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਵਹਿਮ-ਭਰਮ, ਪਿੰਡ ਦਾ ਪ੍ਰਬੰਧ, ਪਿੰਡ ਦਾ ਭਾਈਚਾਰਾ, ਖੇਡਾਂ, ਵਿਆਹ, ਸਿੰਚਾਈ ਸਾਧਨ, ਸਵਾਣੀਆਂ ਦੇ ਘਰੇਲੂ ਔਜ਼ਾਰ, ਪਿੰਡ ਦੇ ਰਾਂਗਲੇ ਪਾਤਰ, ਪਿੰਡ ਦੀ ਸਿਆਸਤ, ਧਾਰਮਿਕ ਅਸਥਾਨ ਸਮੇਤ ਕਈ ਕੁਝ ਹੋਰ ਛੋਟੇ-ਛੋਟੇ ਲੇਖਾਂ ਜ਼ਰੀਏ ਪੇਸ਼ ਕੀਤਾ ਹੈ।
ਦੂਜੇ ਭਾਗ ਵਿਚ ਦਰਦੀ ਹੁਰਾਂ ਆਪਣੀਆਂ ਯਾਦਾਂ ਦਾ ਵੇਰਵਾ ਦਿੱਤਾ ਹੈ। 47 ਦਾ ਘੱਲੂਘਾਰਾ, ਮੋਰਚਾ ਖੁਸ਼ਹਾਲੀ ਟੈਕਸ, ਸ਼ੇਰਦਿਲ ਅਫ਼ਸਰ, ਮਿਸਟਰ ਮਿਰਚੀਆ, ਪਿੰਡ ਛੱਡ ਗਏ ਪਿੰਡ ਦੇ ਜਾਏ, ਪਿੰਡ ਤੁਹਾਡੇ 'ਤੇ ਮਾਣ ਕਰਦਾ ਹੈ, ਲੇਖਾਂ ਜ਼ਰੀਏ ਉਨ੍ਹਾਂ ਪਿੰਡ ਅਤੇ ਪਿੰਡ ਦੇ ਮਾਣਯੋਗ ਸੱਜਣਾਂ ਬਾਰੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਆਖਰੀ ਭਾਗ ਵਿਚ ਉਨ੍ਹਾਂ ਬਹੁਤ ਪਿੰਡ ਦਾ ਕੁਰਸੀਨਾਮਾ ਪੇਸ਼ ਕੀਤਾ ਹੈ, ਜਿਸ 'ਤੇ ਕਾਫੀ ਮਿਹਨਤ ਕੀਤੀ ਪ੍ਰਤੀਤ ਹੁੰਦੀ ਹੈ। ਪਿੰਡ ਨਾਲ ਸਬੰਧਤ ਕੁਝ ਰੰਗੀਨ ਤਸਵੀਰਾਂ ਵੀ ਦਿੱਤੀਆਂ ਹਨ, ਜੋ ਆਪਣੀ ਕਹਾਣੀ ਆਪ ਬਿਆਨ ਕਰਦੀਆਂ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

ਕੈਨੇਡਾ ਦੀ ਮੱਸਿਆ ਤੇ ਪੁੰਨਿਆ
ਲੇਖਕ : ਜਗਦੇਵ ਸਿੰਘ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫੇ: 128.

ਮੱਸਿਆ ਤੇ ਪੁੰਨਿਆ ਚੰਦਰਮਾ ਚੱਕਰ ਦੇ ਮਹੱਤਵਪੂਰਨ ਸ਼ਬਦ ਹਨ। ਆਮ ਭਾਸ਼ਾ ਵਿਚ ਇਹ ਸ਼ਬਦ ਹਨੇਰੇ ਤੇ ਚਾਨਣ ਦੇ ਪ੍ਰਤੀਕ ਹਨ। ਇਨ੍ਹਾਂ ਪ੍ਰਤੀਕਾਂ ਦੀ ਵਰਤੋਂ ਕਰਦਿਆਂ ਹੀ ਜਗਦੇਵ ਸਿੰਘ ਸੰਧੂ ਨੇ ਕੈਨੇਡਾ ਦੇਸ਼ ਦੇ ਮਾੜੇ ਤੇ ਚੰਗੇ ਪੱਖ ਨੂੰ ਉਜਾਗਰ ਕਰਨ ਲਈ ਉਸ ਦੇਸ਼ 'ਚ ਵਿਚਰਨ ਦੇ ਆਪਣੇ ਅਨੁਭਵਾਂ ਨੂੰ 'ਕੈਨੇਡਾ ਦੀ ਮੱਸਿਆ ਤੇ ਪੁੰਨਿਆ' ਨਾਂਅ ਦੀ ਪੁਸਤਕ ਵਿਚ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੁਨੀਆ ਦਾ ਕੋਈ ਵੀ ਦੇਸ਼ ਮਾੜਾ ਜਾਂ ਚੰਗਾ ਨਹੀਂ ਹੁੰਦਾ। ਪਰ ਉਥੋਂ ਦੇ ਬਸ਼ਿੰਦਿਆਂ ਜਾਂ ਸੈਲਾਨੀਆਂ ਦੀ ਸੋਚ-ਸਮਝ ਅਤੇ ਵਿਚਰਨ ਦੀ ਗਤੀਵਿਧੀਆਂ ਉੱਤੇ ਹੀ ਨਿਰਭਰ ਕਰਦਾ ਹੈ ਕਿ ਉਹ ਦੇਸ਼ ਉਨਾਂ ਨੂੰ ਕਿਨ੍ਹਾਂ ਕੁ ਰਾਸ ਆ ਰਿਹਾ ਹੈ। ਜਿਥੇ ਜਿਊਣ ਦੀਆਂ ਸੁੱਖ-ਸਹੂਲਤਾਂ ਦੀ ਉਪਲਬਧਤਾ, ਫਰਜ਼ ਤੇ ਹੱਕਾਂ ਦਾ ਸੁਮੇਲ ਅਤੇ ਕਾਇਦੇ-ਕਾਨੂੰਨ ਅਨੁਸਾਰ ਅਨੁਸ਼ਾਸਨ ਪੂਰਨ ਕੰਮਕਾਜ ਹੋਵੇ, ਉਹ ਥਾਂ ਕਿਸੇ ਵੀ ਬਹਿਸ਼ਤ ਤੋਂ ਘੱਟ ਨਹੀਂ ਹੁੰਦੀ।
ਲੇਖਕ ਨੇ ਆਪਣੇ ਮੂਲ ਦੇਸ਼ ਭਾਰਤ ਤੇ ਕੈਨੇਡਾ ਦੇਸ਼ ਵਿਚਲੇ ਰਹਿਣ-ਸਹਿਣ, ਸੱਭਿਆਚਾਰ, ਸੰਸਕ੍ਰਿਤੀ, ਕਾਇਦੇ-ਕਾਨੂੰਨ ਦੇ ਜ਼ਮੀਨ-ਅਸਮਾਨ ਦੇ ਫ਼ਰਕ ਨੂੰ ਬੜੀ ਸੰਜ਼ੀਦਗੀ ਨਾਲ ਯਥਾਰਥ ਭਰਪੂਰ ਕਈ ਉਦਹਾਰਨਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਸਭ ਨਾਗਰਿਕਾਂ (ਭਾਵੇਂ ਉਹ ਆਮ ਹੋਵੇ, ਚਾਹੇ ਕੋਈ ਅਹਿਲਕਾਰ ਹੋਵੇ) ਕਾਨੂੰਨ/ਪੁਲਿਸ ਵਿਵਹਾਰ ਸਭ ਲਈ ਬਰਾਬਰ, ਪੁਲਿਸ ਦਾ ਮਦਦਗਾਰ ਵਜੋਂ ਨਾ ਕਿ ਹੁਕਮਰਾਨ ਵਜੋਂ ਪੇਸ਼ ਆਉਣਾ, ਡੰਡੇ ਨਾਲੋਂ ਹਲੀਮੀ ਦਾ ਭਾਰੂ ਹੋਣਾ, ਕਿਰਤ ਨੂੰ ਤਰਜੀਹ, ਦਿੜ੍ਰਤਾ, ਚੇਤਨਾ ਅਤੇ ਆਪਸੀ ਸਹਿਯੋਗੀ ਭਾਵਨਾ ਨਾਲ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹਣਾ ਆਦਿ ਪੁੰਨਿਆ ਦੀਆਂ ਰਿਸ਼ਮਾਂ ਹੋ ਨਿਬੜਦੀਆਂ ਹਨ। ਖੁੱਲ੍ਹ (ਆਜ਼ਾਦੀ) ਦੇ ਨਾਂਅ ਉੱਤੇ ਬੇ-ਪਰਦਾ ਹੋ ਕੇ ਸ਼ਰਮ-ਹਯਾ ਦਾ ਛਿੱਕੇ ਟੰਗ ਦੇਣਾ, ਨਵੇਂ ਪੋਸ਼ ਵੱਲੋਂ ਆਪਣੇ ਮੂਲ (ਬਜ਼ੁਰਗਾਂ) ਦੀ ਪ੍ਰਵਾਹ ਨਾ ਕਰਨਾ, ਨੰਗੇਜ਼ਵਾਦ ਅਤੇ ਅਨੈਤਿਕਤਾ ਭਰੇ ਅਮਲਾਂ ਨਾਲ ਨੈਤਿਕ ਕਦਰਾਂ-ਕੀਮਤਾਂ ਨੂੰ ਕੱਖੋਂ ਹੌਲੇ ਕਰਨ ਨੂੰ ਵਧੇਰੇ ਤਰਜੀਹ ਦੇਣਾ, ਅੰਧ ਵਿਸ਼ਵਾਸ ਦਾ ਬੋਲਬਾਲਾ, ਡਾਲਰਾਂ ਦੀ ਫੋਕੀ ਚਮਕ ਅਤੇ ਸੋਨੇ ਦੇ ਪਿੰਜਰੇ ਵਿਚਲੀ ਕੈਦ ਦਾ ਅਹਿਸਾਸ ਆਦਿ ਮੱਸਿਆ ਦੇ ਕਰੂਪ ਚਿਹਰਾ ਦੀ ਇਕ ਚਰਮ-ਸੀਮਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858.

2013 ਵਿਚ ਰੀਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰੀਵਿਊ ਨਹੀਂ ਛਪ ਸਕੇ :

ਹਾਸੇ ਦੇ ਵਪਾਰੀ
ਲੇਖਕ : ਗੁਰਨਾਮ ਸਿੰਘ ਸੀਤਲ
ਪ੍ਰਕਾਸ਼ਕ : ਸ਼ਰੂਤੀ ਪਾਕੇਟ ਬੁੱਕ, ਚੰਡੀਗੜ੍ਹ
ਮੁੱਲ : 60 ਰੁਪਏ, ਸਫ਼ੇ : 95.
--------
ਅਹਿਸਾਸ
ਲੇਖਕ : ਡਾ: ਇੰਦਰਜੀਤ ਸਿੰਘ ਚੀਮਾ
ਪ੍ਰਕਾਸ਼ਕ : ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ
ਮੁੱਲ : 125 ਰੁਪਏ, ਸਫ਼ੇ : 131.
--------
ਫਕੀਰਾਂ ਦੀ ਜੀਵਨ ਕਥਾ
ਲੇਖਕ : ਗੁਰਤੇਜ ਪੱਖੀ ਕਲਾਂ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 50 ਰੁਪਏ, ਸਫ਼ੇ : 130.
--------
ਇੰਤਜ਼ਾਰ
ਲੇਖਕ : ਨਾਇਬ ਬੁੱਕਣਵਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88.

ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਾਪਤ ਪੁਸਤਕਾਂ

ਤੂੰ ਭਰੀਂ ਹੁੰਗਾਰਾ
ਲੇਖਕ : ਰਣਬੀਰ ਕੌਰ ਰਾਣਾ
ਮੁੱਲ : 200 ਰੁਪਏ, ਸਫ਼ੇ : 160.
--------
ਜਲ, ਜੰਗਲ ਅਤੇ ਜ਼ਮੀਨ ਦਾ ਸੰਕਟ
ਲੇਖਕ : ਡਾ: ਅਜੀਤਪਾਲ ਸਿੰਘ ਐਮ.ਡੀ.
ਮੁੱਲ : 100 ਰੁਪਏ, ਸਫ਼ੇ : 160.
--------
ਜੋ ਜੂਝੇ ਆਜ਼ਾਦੀ ਲਈ
ਲੇਖਕ : ਸ਼ਹੀਦ ਸੁਰਜੀਤ ਸਿੰਘ ਜੀਤ, ਰਣਜੀਤ ਸਿੰਘ ਲਹਿਰਾ
ਮੁੱਲ : 60 ਰੁਪਏ, ਸਫ਼ੇ : 80.
--------
ਉਹ ਦੇਖਦੇ ਰਹੇ
ਲੇਖਕ : ਮਹਿੰਦਰ ਸਿੰਘ ਢਿੱਲੋਂ
ਮੁੱਲ : 100 ਰੁਪਏ, ਸਫ਼ੇ : 80.
--------
ਜੱਗੋਂ ਤੇਰ੍ਹਵੀਂ
ਲੇਖਕ : ਸੁਰਜੀਤ ਸਿੰਘ
ਮੁੱਲ : 120 ਰੁਪਏ, ਸਫ਼ੇ : 104.
--------
ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਪ੍ਰਾਪਤ ਪੁਸਤਕਾਂ
ਨਾਤ ਪਰਿੰਦਿਆਂ ਦੀ
ਲੇਖਕ : ਜਸਮੇਰ ਮਾਨ
ਮੁੱਲ : 150 ਰੁਪਏ, ਸਫ਼ੇ : 143.
--------
ਡਾ: ਐਸ. ਤਰਸੇਮ ਸੰਘਰਸ਼ ਤੇ ਸਿਰਜਣਾ
ਸੰਪਾਦਕ : ਮਿੱਤਰ ਸੇਨ ਮੀਤ
ਮੁੱਲ : 550 ਰੁਪਏ, ਸਫ਼ੇ : 455.
--------
ਪ੍ਰਸਿੱਧ ਅਖਾਣਾਂ 'ਤੇ ਮੁਹਾਵਰੇ
ਸੰਪਾਦਕ : ਜਸਪ੍ਰੀਤ ਸਿੰਘ ਜਗਰਾਓਂ
ਮੁੱਲ : 200 ਰੁਪਏ, ਸਫ਼ੇ : 246.
--------

15-12-2013

 ਉੱਤਰ ਭਾਰਤ ਦੇ ਲੋਕ-ਨਾਚ
ਲੇਖਿਕਾ : ਡਾ: ਰਸ਼ਮੀ ਨੰਦਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 216.

'ਉੱਤਰ ਭਾਰਤ ਦੇ ਲੋਕ ਨਾਚ' ਲੋਕ ਨਾਚ ਅਤੇ ਲੋਕ ਸੰਗੀਤ ਦੇ ਵਿਸ਼ੇ 'ਤੇ ਰਚੀ ਗਈ ਨ੍ਰਿਤ ਕਲਾ ਦੀ ਪ੍ਰਸਿੱਧ ਅਧਿਆਪਕਾ ਡਾ: ਰਸ਼ਮੀ ਨੰਦਾ ਦੀ ਵਡਮੁੱਲੀ ਰਚਨਾ ਹੈ, ਜਿਸ ਨੂੰ ਉਸ ਨੇ ਆਪਣੇ ਲੰਮੇ ਤਜਰਬੇ ਦੇ ਆਧਾਰ 'ਤੇ ਪ੍ਰਸਤੁਤ ਕੀਤਾ ਹੈ। ਮੂਲ ਰੂਪ ਵਿਚ ਇਹ ਡਾ: ਨੰਦਾ ਵੱਲੋਂ 'ਉੱਤਰ ਭਾਰਤ ਦੇ ਲੋਕ ਨਾਚਾਂ ਦੇ ਸੰਗੀਤਕ ਤੱਤ' ਵਿਸ਼ੇ 'ਤੇ ਕੀਤਾ ਗਿਆ ਖੋਜ ਪ੍ਰਬੰਧ ਕਾਰਜ ਹੈ, ਜਿਸ ਨੂੰ ਉਸ ਨੇ ਮਿਹਨਤ ਅਤੇ ਲਗਨ ਨਾਲ ਸਰਅੰਜਾਮ ਦਿੱਤਾ ਹੈ। ਆਦਿ ਕਾਲ ਤੋਂ ਹੀ ਉੱਤਰੀ ਭਾਰਤ ਸਾਹਿਤ, ਕਲਾ ਅਤੇ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਸਮੁੱਚੇ ਭਾਰਤ ਵਿਚ ਮੋਹਰੀ ਸਥਾਨ ਦਾ ਧਾਰਨੀ ਰਿਹਾ ਹੈ ਅਤੇ ਇਸ ਖੇਤਰ ਦੇ ਲੋਕ ਨਾਚਾਂ ਦੀ ਨਿਵੇਕਲੀ ਪਛਾਣ ਹੈ, ਵਿਲੱਖਣਤਾ ਹੈ। ਡਾ: ਨੰਦਾ ਨੇ ਇਨ੍ਹਾਂ ਸੂਖਮ ਨ੍ਰਿਤ ਕਲਾਵਾਂ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ ਹੈ।
ਹਵਾਲਾ ਅਧੀਨ ਪੁਸਤਕ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕ ਨਾਚਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪੁਸਤਕ ਦੇ ਪਹਿਲੇ ਅਧਿਆਇ ਵਿਚ ਨ੍ਰਿਤ ਅਤੇ ਸੰਗੀਤ ਦੇ ਸੂਖਮ ਅੰਤਰ-ਸਬੰਧਾਂ ਨੂੰ ਸਥਾਪਤ ਕਰਨ ਦਾ ਯਤਨ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ ਲੋਕ, ਲੋਕ ਸੰਗੀਤ, ਲੋਕ ਗੀਤ, ਲੋਕ ਨ੍ਰਿਤ ਅਤੇ ਲੋਕ ਸਾਜ਼ ਦੇ ਮੁੱਖ ਤੱਤਾਂ ਅਤੇ ਇਨ੍ਹਾਂ ਦੇ ਅੰਤਰ-ਸਬੰਧਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਤੀਜਾ ਅਧਿਆਇ ਉੱਤਰ ਭਾਰਤ ਦੇ ਲੋਕ ਨਾਚਾਂ ਸਬੰਧੀ ਹੈ, ਜਿਸ ਵਿਚ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਚੌਥਾ ਅਧਿਆਇ ਉੱਤਰ ਪ੍ਰਦੇਸ਼ ਦੇ ਲੋਕ ਨਾਚਾਂ ਨਾਲ ਸਬੰਧਤ ਲੋਕ ਗੀਤਾਂ ਬਾਰੇ ਹੈ, ਜੋ ਹਰ ਖੇਤਰ ਦੀ ਸੱਭਿਆਚਾਰਕ ਪਛਾਣ ਸਥਾਪਤ ਕਰਨ ਵਿਚ ਸਹਾਈ ਹੁੰਦੇ ਹਨ। ਇਸ ਪੁਸਤਕ ਦੇ ਪੰਜਵੇਂ ਅਧਿਆਇ ਵਿਚ ਉੱਤਰੀ ਭਾਰਤ ਦੇ ਲੋਕ ਸਾਜ਼ਾਂ ਦਾ ਉਲੇਖ ਕੀਤਾ ਗਿਆ ਹੈ। ਪੁਸਤਕ ਦੇ ਆਖਰੀ ਅਧਿਆਇ ਵਿਚ ਇਸ ਖਿੱਤੇ ਦੇ ਲੋਕ ਨ੍ਰਿਤ ਗੀਤਾਂ ਦੀਆਂ ਸੁਰਲਿਪੀਆਂ ਬਾਰੇ ਮਹੱਤਵਪੂਰਨ ਚਾਨਣਾ ਪਾਇਆ ਗਿਆ ਹੈ।
ਪੁਸਤਕ ਦੇ ਅਧਿਐਨ ਤੋਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਵਿਦਵਾਨ ਲੇਖਿਕਾ ਨੇ ਲੋਕ ਨਾਚਾਂ, ਲੋਕ ਸੰਗੀਤ ਦੇ ਪਰੰਪਰਕ, ਇਤਿਹਾਸਕ ਅਤੇ ਵਿਰਾਸਤੀ ਪਿਛੋਕੜ ਦਾ ਬਾਰੀਕੀ ਨਾਲ ਅਧਿਐਨ ਕਰਕੇ ਆਪਣੇ ਖੋਜ ਕਾਰਜ ਨੂੰ ਨੇਪਰੇ ਚਾੜ੍ਹਿਆ ਹੈ, ਜਿਸ ਸਦਕਾ ਉਸ ਨੇ ਵਡਮੁੱਲੀ ਪੁਸਤਕ ਪੰਜਾਬੀ ਸਾਹਿਤ ਜਗਤ ਅਤੇ ਕਲਾ ਜਗਤ ਦੇ ਪਾਠਕਾਂ ਦੇ ਸਨਮੁੱਖ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472

ਜਤਿੰਦਰ ਹਾਂਸ ਦੀ ਕਥਾ-ਸੰਵੇਦਨਾ
ਸੰਪਾਦਕ : ਡਾ: ਦਵਿੰਦਰ ਸਿੰਘ ਬੋਹਾ
ਪ੍ਰਕਾਸ਼ਕ : ਪੁਸਤਕ ਸੱਥ, ਕੋਟਕਪੂਰਾ
ਮੁੱਲ : 125 ਰੁਪਏ, ਸਫ਼ੇ : 136.

ਜਤਿੰਦਰ ਹਾਂਸ ਪੰਜਾਬੀ ਸਾਹਿਤ ਦੀ ਚੌਥੀ ਪੀੜ੍ਹੀ ਦਾ ਕਹਾਣੀਕਾਰ ਹੈ। ਉਹ ਇਕ ਵਾਦ-ਮੁਕਤ ਲੇਖਕ ਹੈ। ਆਪਣੇ ਪਹਿਲੇ ਹੀ ਕਹਾਣੀ ਸੰਗ੍ਰਹਿ 'ਪਾਵੇ ਨਾਲ ਬੰਨ੍ਹਿਆ ਕਾਲ' ਨਾਲ ਉਸ ਨੇ ਸੂਝਵਾਨ ਪਾਠਕਾਂ ਅਤੇ ਬਿਰਤਾਂਤ-ਸ਼ਾਸਤਰੀਆਂ ਦਾ ਧਿਆਨ ਆਕਰਸ਼ਤ ਕੀਤਾ। ਉਸ ਦਾ ਦੂਸਰਾ ਕਹਾਣੀ ਸੰਗ੍ਰਹਿ ਹੈ-'ਈਸ਼ਵਰ ਦਾ ਜਨਮ'। ਇਸ ਦੂਸਰੀ ਪੁਸਤਕ ਉਤੇ 'ਹਾਂਸ' ਦੀ ਕਥਾ-ਸੰਵੇਦਨਾ ਨੂੰ ਸਮਝਣ ਹਿਤ ਡਾ: ਦਵਿੰਦਰ ਸਿੰਘ ਬੋਹਾ ਨੇ ਹਥਲੀ ਪੁਸਤਕ ਦਾ ਸੰਪਾਦਨ ਕੀਤਾ ਹੈ। ਇਸ ਸੰਪਾਦਨ ਵਿਚ 10 ਵਿਦਵਾਨਾਂ ਨੇ ਵਿਭਿੰਨ ਦ੍ਰਿਸ਼ਟੀਆਂ ਤੋਂ ਜਤਿੰਦਰ ਹਾਂਸ ਦੀ ਕਥਾ-ਸੰਵੇਦਨਾ ਨੂੰ ਅਧਿਐਨ-ਵਸਤੂ ਵਜੋਂ ਨਿਰਖ-ਪਰਖ ਕਰਨ ਦਾ ਯਤਨ ਕੀਤਾ ਹੈ। 'ਈਸ਼ਵਰ ਦਾ ਜਨਮ' ਕਥਾ ਸੰਗ੍ਰਹਿ ਵਿਚ ਕੁੱਲ 8 ਕਹਾਣੀਆਂ ਹਨ। ਇਸ ਪੁਸਤਕ ਵਿਚ 'ਤੱਖੀ', 'ਰਾਹੂ-ਕੇਤੂ', 'ਬੇਰਵਾਜ਼ਾ ਸੂਟ', 'ਈਸ਼ਵਰ ਦਾ ਜਨਮ', 'ਚਲੋ ਪਿਆਰ ਕਰੀਏ', 'ਸਾਖੀ ਅੱਗੇ ਚੱਲੀ', 'ਅੱਗ ਬੰਨ੍ਹਣ ਵਾਲਾ', 'ਉਹ ਇੰਜ ਵੀ ਜਿਊਂਦਾ ਸੀ'-ਕਹਾਣੀਆਂ ਸ਼ਾਮਿਲ ਹਨ। ਇਸ ਸੰਪਾਦਕ ਵਿਚ ਵਿਦਵਾਨਾਂ ਨੇ ਜਿਨ੍ਹਾਂ ਪੱਖਾਂ 'ਤੇ ਵਿਚਾਰ ਕੀਤਾ, ਉਨ੍ਹਾਂ ਵਿਚ ਸ਼ਾਮਿਲ ਹਨ : ਲੋਕ ਚੇਤਨਾ ਦੀ ਚਰਖੜੀ ਤੇ ਘੁੰਮਦੀਆਂ ਦਮਿਤ ਇੱਛਾਵਾਂ (ਪ੍ਰੋ: ਜੀ.ਬੀ. ਸੇਖੋਂ), ਕਥਾ-ਮੂਲਕ ਤੱਥਾਂ ਦੀ ਗਹਿਰੀ ਪਛਾਣ (ਡਾ: ਗੁਰਮੇਲ ਿਿਸੰਘ), ਮਿਥ, ਮਨੌਤਾਂ 'ਤੇ ਉਸਰਿਆ ਵਿਵੇਕ (ਲਾਲ ਸਿੰਘ), ਸਾਹਿਤਕ ਮੁਲਾਂਕਣ (ਡਾ: ਨਛੱਤਰ ਖੀਵਾ), ਆਧੁਨਿਕ ਤੇ ਮਿਥਹਾਸਕ ਵੇਰਵੇ (ਡਾ: ਅਕਵਿੰਦਰ ਕੌਰ), ਲੋਕ-ਧਾਰਾਈ ਲੋਅ 'ਚ ਨਵੇਂ ਦਿਸਹੱਦਿਆਂ ਦੀ ਤਲਾਸ਼ (ਡਾ: ਦਵਿੰਦਰ ਬੋਹਾ), ਚੇਤਨ ਤੇ ਅਵਚੇਤਨ ਦੇ ਦਵੰਦ ਦਾ ਸਿਰਜਕ (ਡਾ: ਕੁਲਦੀਪ ਦੀਪ), ਬਿਰਤਾਂਤ ਵਿਧੀ ਦੀ ਤਲਾਸ਼ (ਡਾ: ਸਰਘੀ), ਤੱਖੀ (ਇਕ ਵਿਸ਼ਲੇਸ਼ਣ) ਤੋਂ ਬਿਨਾਂ ਪ੍ਰੇਮ ਪ੍ਰਕਾਸ਼ ਅਤੇ ਡਾ: ਸਤਿੰਦਰ ਸਿੰਘ ਨੂਰ ਦੇ ਵਿਚਾਰ ਵੀ ਦਿੱਤੇ ਗਏ ਹਨ। ਪ੍ਰੇਮ ਪ੍ਰਕਾਸ਼ ਦਾ ਵਿਚਾਰ ਹੈ, 'ਇਸ ਸੰਗ੍ਰਹਿ 'ਚ ਪੁਸਤਕ ਦੇ ਨਾਂਅ ਵਾਲੀ ਕਹਾਣੀ 'ਈਸ਼ਵਰ ਦਾ ਜਨਮ' ਪਾਠਕ ਤੋਂ ਵੱਧ ਗੰਭੀਰਤਾ ਦੀ ਮੰਗ ਕਰਦੀ ਹੈ। ਬੰਦਾ ਸਦੀਆਂ ਤੋਂ ਇਸ ਸੋਚ ਦੇ ਚੱਕਰ 'ਚ ਪਿਆ ਹੋਇਆ ਹੈ ਕਿ ਉਹ ਆਪ ਕੌਣ ਹੈ? ਇਹ ਸ੍ਰਿਸ਼ਟੀ ਕੀਹਨੇ ਰਚੀ ਏ?... ਜਤਿੰਦਰ ਦੀਆਂ ਕਹਾਣੀਆਂ ਪੁਰਾਣਾਂ, ਸਾਖੀਆਂ ਤੇ ਲੋਕ ਕਹਾਣੀਆਂ-ਤੱਤਾਂ ਨਾਲ ਭਰੀਆਂ ਪਈਆਂ ਹਨ। ਉਹਨੂੰ ਕਹਾਣੀਆਂ ਦੇ ਕੁੰਡੇ ਜੋੜਨ ਦੀ ਜਾਂਚ ਆਪਣੇ ਬਹੁਤੇ ਸਮਕਾਲੀਆਂ ਤੋਂ ਵੱਖ ਕਰਦੀ ਏ।' ਡਾ: ਨੂਰ ਦਾ ਵਿਚਾਰ ਹੈ : 'ਜਤਿੰਦਰ ਹਾਂਸ ਦੀਆਂ ਇਹ ਕਹਾਣੀਆਂ ਨਵੀਂ ਕਹਾਣੀ ਦੀ ਸੰਰਚਨਾ ਦਾ ਅਹਿਸਾਸ ਕਰਾਉਂਦੀਆਂ ਹਨ।' ਸਮੁਚੇ ਤੌਰ 'ਤੇ ਡਾ: ਦਵਿੰਦਰ ਸਿੰਘ ਬੋਹਾ ਦਾ ਇਹ ਸੰਪਾਦਨ ਉਸ ਵੱਲੋਂ ਕੀਤੀ ਮਿਹਨਤ ਦੀ ਸਾਖੀ ਭਰਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਸਫ਼ਲ ਸੋਚ ਦੇ ਹਾਣੀ
ਲੇਖਕਾ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128.

ਡਾ: ਵਾਡੀਆ ਨੇ ਆਪਣੀ ਪ੍ਰਤਿਭਾਸ਼ਾਲੀ ਲੇਖਣੀ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਨਿਵੇਕਲੀ ਪਛਾਣ ਸਥਾਪਤ ਕਰ ਲਈ ਹੈ। ਹੁਣ ਤੱਕ ਉਸ ਦੀਆਂ 30 ਤੋਂ ਵਧੇਰੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਅੱਧੀਆਂ ਲੈਬਨਾਨ ਦੇ ਮਹਾਨ ਫ਼ਿਲਾਸਫ਼ਰ, ਸੁਧਾਰਕ ਤੇ ਸਾਹਿਤਕਾਰ ਖ਼ਲੀਲ ਜਿਬਰਾਨ ਦੇ ਜੀਵਨ ਤੇ ਵਿਚਾਰਧਾਰਾ ਉੱਪਰ ਭਰਪੂਰ ਚਾਨਣ ਪਾਉਣ ਵਾਲੀਆਂ ਹਨ। ਇਨ੍ਹਾਂ ਦਾ ਅਨੁਵਾਦ ਏਨਾ ਸਰਲ ਤੇ ਸਫ਼ਲ ਹੈ ਕਿ ਇਹ ਮੌਲਕ ਰਚਨਾਵਾਂ ਹੀ ਲਗਦੀਆਂ ਹਨ।
ਹਥਲੀ ਪੁਸਤਕ (ਸਫ਼ਲ ਸੋਚ ਦੇ ਹਾਣੀ) ਲੇਖਕਾ ਦੀ ਸਭ ਤੋਂ ਮਗਰਲੀ ਮੌਲਕ ਕਿਰਤ ਹੈ। ਇਸ ਵਿਚਲੇ ਨਿਬੰਧ ਆਕਾਰ ਵਿਚ ਭਾਵੇਂ ਨਿੱਕੇ ਹਨ ਪਰ ਇਨ੍ਹਾਂ ਵਿਚਲੇ ਵਿਸ਼ੇ ਬੜੇ ਮਹਾਨ ਹਨ, ਜੋ ਜੀਵਨ ਨੂੰ ਚੰਗੇਰਾ ਤੇ ਉਚੇਰਾ ਬਣਾਉਣ ਵਾਲੇ ਹਨ। ਇਕ ਖੂਬਸੂਰਤ ਮਾਲਾ ਵਿਚ 42 ਸੁੱਚੇ ਮੋਤੀਆਂ ਨੂੰ ਬੜੀ ਸੁਚੱਜਤਾ ਨਾਲ ਪਰੋਇਆ ਗਿਆ ਹੈ। ਮਨੁੱਖੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਅਤੇ ਗੁਣਾਂ ਦੀ ਮਹਿਕ ਖਿਲੇਰਨ ਲਈ ਇਸ ਪੁਸਤਕ ਵਿਚ ਵਡਮੁੱਲੇ ਨੁਕਤੇ ਸੁਝਾਏ ਗਏ ਹਨ। ਗੁਰਮਤਿ ਸਿਧਾਂਤਾਂ ਨੂੰ ਵੀ ਕਈਆਂ ਨਿਬੰਧਾਂ ਵਿਚ ਆਧਾਰ ਬਣਾਇਆ ਗਿਆ ਹੈ, ਜਿਵੇਂ ਨਿਵਣ ਸੁ ਅਖਰ..., ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਿਸ ਕੀ ਬਸਤੁ ਤਿਸੁ ਅਗੈ ਰਾਖੈ, ਮਨਿ ਸਾਚਾ ਮੁਖਿ ਸਾਚਾ ਸੋਇ, ਮਨ ਨੂੰ ਜੋਤਿ ਸਰੂਪ ਹੈ, ਕਾਮੁ ਕ੍ਰੋਧੁ ਕਾਇਆ ਕਉ ਗਾਲੈ ਆਦਿ। ਇਸ ਤੋਂ ਛੁੱਟ ਹੇਠ ਲਿਖੇ ਵਿਸ਼ਿਆਂ ਨੂੰ ਸੰਖੇਪ ਤੇ ਭਾਵਪੂਰਤ ਸ਼ੈਲੀ ਦੁਆਰਾ ਉਲੀਕਿਆ ਗਿਆ ਹੈ-ਖੁਸ਼ਹਾਲ ਜੀਵਨ, ਚੜ੍ਹਦੀ ਕਲਾ ਵਿਚ ਰਹਿਣਾ, ਹੁਣ ਵਿਚ ਜੀਓ, ਹਾਸਾ ਠੱਠਾ, ਸ੍ਵੈ-ਕਾਬੂ, ਸਬਰ ਸੰਤੋਖ, ਸਦੀਵੀ ਖੁਸ਼ੀ ਦਾ ਰਾਜ਼, ਕਿਰਤ ਦੀ ਮਹੱਤਤਾ, ਪਰਉਪਕਾਰ, ਹਾਂ-ਪੱਖੀ ਸੋਚ, ਮੋਹ ਦੀਆਂ ਤੰਦਾਂ, ਅਜੋਕੀ ਔਰਤ ਆਦਿ। ਲੇਖਕਾ ਦੀ ਖੂਬਸੂਰਤ ਭਾਸਾ ਸ਼ੈਲੀ ਦਾ ਨਮੂਨਾ ਪੇਸ਼ ਹੈ :
'ਕਿਸੇ ਸ਼ਖ਼ਸੀਅਤ ਦਾ ਫੁੱਲਾਂ ਵਰਗਾ ਹੋਣਾ ਆਪਣੇ-ਆਪ ਵਿਚ ਇਕ ਖੂਬਸੂਰਤ ਗੱਲ ਹੈ, ਪਰ ਕਿਸੇ ਸ਼ਖ਼ਸੀਅਤ ਦਾ ਮਹਿਕ ਵਰਗਾ ਹੋਣਾ ਉਸ ਤੋਂ ਅਗਲਾ ਪੜਾਅ ਹੈ। ...ਜ਼ਿੰਦਗੀ ਤਾਂ ਸਾਰੇ ਜੀਅ ਲੈਂਦੇ ਹਨ, ਪਰ ਸਾਰਥਕ ਜ਼ਿੰਦਗੀ ਜਿਊਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ।' ਪਾਠਕਾਂ ਲਈ ਇਹ ਪੁਸਤਕ ਨਿਰਸੰਦੇਹ ਪ੍ਰੇਰਨਾ-ਸਰੋਤ ਸਾਬਤ ਹੋਵੇਗੀ।

-ਕੰਵਲਜੀਤ ਸਿੰਘ ਸੂਰੀ
ਮੋ: 93573-24241.

15-12-2013

 ਅਧੂਰੇ ਰਿਸ਼ਤੇ
ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 143.

ਜਸਦੇਵ ਸਿੰਘ ਧਾਲੀਵਾਲ ਜਿਥੇ ਇਕ ਵਾਰਤਕਕਾਰ (ਲੇਖ) ਤੇ ਕਹਾਣੀਕਾਰ ਹੈ, ਉਥੇ ਇਕ ਨਾਵਲਕਾਰ ਵਜੋਂ ਵੀ ਸਥਾਪਿਤ ਨਾਂਅ ਹੈ। ਛੇ ਨਾਵਲਾਂ ਨਾਲ ਸਾਹਿਤ ਖੇਤਰ ਵਿਚ ਯੋਗਦਾਨ ਪਾ ਚੁੱਕਿਆ ਹੈ ਲੇਖਕ।
'ਅਧੂਰੇ ਰਿਸ਼ਤੇ' ਨਾਵਲ ਆਪਣੇ ਅੰਦਰ ਵਿਭਿੰਨ ਵਿਸ਼ਿਆਂ ਨੂੰ ਸਮੋਈ ਬੈਠਾ ਹੈ ਜਿਵੇਂ ਕਿ ਔਰਤ ਦਾ ਜੀਵਨ ਕੀ ਹੈ ਤੇ ਉਹ ਸਾਰੀ ਉਮਰ ਕਿੰਨੇ ਕੁ ਦੁੱਖ ਹੰਢਾਉਂਦੀ ਆਪਣੇ ਅੰਦਰ ਸੰਤਾਪ ਤੇ ਦਰਦ ਸੰਭਾਲੀ ਬੈਠੀ ਹੈ। ਉਸ ਉਤੇ ਘਰ-ਪਰਿਵਾਰ ਦੀ ਸਮੁੱਚੀ ਜ਼ਿੰਮੇਵਾਰੀ ਹੁੰਦੀ ਹੈ। ਲੇਖਕ ਨੇ ਉਸ ਸਮੇਂ ਦੀ ਔਰਤ ਨੂੰ ਪੇਸ਼ ਕੀਤਾ ਹੈ ਜਦੋਂ ਪੈਸੇ ਵਾਲੇ ਸਰਦਾਰ ਕਦੀ-ਕਦੀ ਵਿਆਹ ਕਰਵਾਉਂਦੇ ਸਨ ਪਰ ਔਰਤ ਨੂੰ ਬੋਲਣ ਦਾ ਹੁਕਮ ਨਹੀਂ ਸੀ। ਜਾਗੀਰਦਾਰੀ ਸੋਚ ਪਿਛਾਂਹਖਿੱਚੂ ਸੀ। ਆਪ ਤਾਂ ਐਸ਼ ਕਰਦੇ ਪਰ ਆਪਣੀਆਂ ਧੀਆਂ ਨੂੰ ਘਰ ਦੇ ਅੰਦਰੋਂ ਬਾਹਰ ਕਦਮ ਨਹੀਂ ਸਨ ਰੱਖਣ ਦਿੰਦੇ। ਜੇ ਪੜ੍ਹਾਉਣਾ ਵੀ ਤਾਂ ਘਰ ਦੇ ਅੰਦਰ ਰਹਿ ਕੇ। ਉਸ ਸਮੇਂ ਬੁੱਢੇਵਾਰੇ ਵੀ ਦੋ-ਤਿੰਨ ਵਿਆਹ ਆਮ ਜਿਹੀ ਗੱਲ ਸੀ, ਅਨਜੋੜ ਵਿਆਹ, ਪੈਸੇ ਦੇ ਕੇ ਵਿਆਹ ਕਰਵਾਉਣਾ, ਦੋਸਤੀ ਦੇ ਨਾਤੇ ਪੈਸੇ ਕਾਰਨ ਨਿਭਦੇ, ਆਦਿ ਵਿਸ਼ੇ ਖੁੱਲ੍ਹ ਕੇ ਉਲੀਕੇ ਹਨ। ਲੇਖਕ ਦੇ ਅਨੁਸਾਰ ਔਰਤ ਜ਼ਿੰਮੇਵਾਰ ਹੁੰਦੀ ਹੋਈ ਵੀ ਪੁੱਤ ਦੀ ਆਸ ਰੱਖਦੀ ਤਾਂ ਕਿ ਵੰਸ਼ ਅੱਗੇ ਵਧੇ, ਧੀ ਪੁੱਤਰ ਵਿਚ ਫ਼ਰਕ ਕੀਤਾ ਜਾਂਦਾ ਸੀ, ਕੁੜੀਆਂ ਦੀ ਜ਼ਿੰਦਗੀ ਬਰੈਕਟਾਂ ਵਿਚ ਬੰਦ ਸਵਾਲ ਵਰਗੀ ਹੈ, ਜਿਸ ਨੂੰ ਖੋਲ੍ਹਣ ਲੱਗਿਆਂ ਸਮਾਂ ਲਗਦਾ ਹੈ, ਜ਼ਿੰਦਗੀ ਦੀਆਂ ਉਲਝਣਾਂ ਦੇ ਹੱਲ ਸੁਖਾਲੇ ਨਹੀਂ ਨਿਕਲਦੇ। ਹੋਰ ਵੀ ਕਈ ਮਸਲੇ ਹਨ, ਜਿਨ੍ਹਾਂ ਨੂੰ ਨਾਵਲ ਵਿਚ ਪੇਸ਼ ਕੀਤਾ ਗਿਆ ਹੈ, ਜਿਵੇਂ ਕਿ ਜ਼ਮੀਨ ਜਾਇਦਾਦ ਪਿੱਛੇ ਹੁੰਦੇ ਝਗੜੇ, ਕਤਲ, ਕੋਰਟ ਕਚਹਿਰੀਆਂ ਵਿਚ ਪੈਸਾ ਤੇ ਘਰ ਬਰਬਾਦ ਹੋਣਾ, ਸ਼ਰਾਬ ਨਾਲ ਘਰਾਂ ਦੇ ਘਰ ਬਰਬਾਦ ਹੋਣ, ਦਾਜ ਦਹੇਜ ਦੀ ਮੰਗ ਜਿਸ ਕਰਕੇ ਚੰਗੇ-ਚੰਗੇ ਘਰਾਂ ਦੇ ਬੱਚਿਆਂ ਦੇ ਰਿਸ਼ਤੇ ਠੁਕਰਾਏ ਜਾਂਦੇ ਹਨ, ਕੁਝ ਨੌਜਵਾਨ ਬੱਚੇ ਅਗਾਂਹਵਧੂ ਸੋਚ ਦੇ ਮਾਲਕ ਵੀ ਹਨ, ਜੋ ਬਿਨਾਂ ਦਹੇਜ ਤੋਂ ਵਿਆਹ ਕਰਵਾਉਣ ਨੂੰ ਮਹੱਤਤਾ ਦਿੰਦੇ, 1947 ਦੀ ਵੰਡ ਦਾ ਸਮਾਜ ਤੇ ਔਰਤ ਉਤੇ ਪਿਆ ਅਣਮਨੁੱਖੀ ਪ੍ਰਭਾਵ, ਚੰਡੀਗੜ੍ਹ ਦੀ ਹੋਸਟਲ ਲਾਈਫ਼, ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਆਦਿ।
ਲੇਖਕ ਨੇ ਜਾਗੀਰਦਾਰੀ ਸੋਚ ਨੂੰ ਹੀ ਵਧੇਰੇ ਕਰਕੇ ਨਾਵਲ ਵਿਚ ਚਿਤਰਿਆ ਹੈ, ਜਿਸ ਕਰਕੇ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਸੀ, ਕਿਉਂਕਿ ਆਰਥਿਕਤਾ ਬਹੁਤ ਸਾਰੀਆਂ ਕਮਜ਼ੋਰੀਆਂ ਦੀ ਜੜ੍ਹ ਹੈ ਤੇ ਇਸ ਦਾ ਸ਼ਿਕਾਰ ਮਨੁੱਖ ਜਾਂ ਗਿਰਾਵਟ ਵੱਲ ਜਾਏਗਾ ਜਾਂ ਉੱਚੀ-ਸੁੱਚੀ ਵਿਚਾਰਧਾਰਾ ਅਪਣਾ ਕੇ ਅੱਗੇ ਵਧੇਗਾ। ਪਾਤਰ ਉਸਾਰੀ ਉਸ ਦੇ ਨਾਵਲ ਦੀਆਂ ਪ੍ਰਸਥਿਤੀਆਂ ਦੇ ਅਨੁਕੂਲ ਢੁਕਵੀਂ ਹੈ ਤੇ ਵਾਰਤਾਲਾਪ ਵਿਚ ਮਲਵਈ ਪ੍ਰਭਾਵ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਮੱਥੇ ਵਿਚਲਾ ਤਰਕਸ਼
ਗ਼ਜ਼ਲਗੋ : ਭਜਨ ਸਿੰਘ ਵਿਰਕ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 96.

ਅੱਜ ਦੇ ਗ਼ਜ਼ਲ ਕੇਵਲ ਮੈਖ਼ਾਨੇ, ਹੁਸਨ, ਇਸ਼ਕ ਤੇ ਭਾਵਨਾ ਦੀ ਗੱਲ ਹੀ ਨਹੀਂ ਕਰਦੀ, ਸਗੋਂ ਪ੍ਰਤੀਬੱਧਤਾ ਤੇ ਜ਼ਿੰਮੇਵਾਰੀ ਨਾਲ ਚਿੰਤਨ, ਚੇਤਨਾ, ਜਾਗਰਣ ਅਤੇ ਨਵਯੁੱਗ ਦੀ ਬਾਤ ਪਾਉਂਦੀ ਹੈ। ਸਮਾਜ ਪ੍ਰਤੀ ਚੇਤੰਨ ਸ਼ਾਇਰ ਨੇ ਇਸ ਸੰਗ੍ਰਹਿ ਵਿਚਲੀਆਂ 63 ਗ਼ਜ਼ਲਾਂ ਰਾਹੀਂ ਸਮਾਜਿਕ ਕੁਰੀਤੀਆਂ ਪ੍ਰਤੀ ਸੁਚੇਤ ਕੀਤਾ ਹੈ। ਦੇਸ਼ ਵਿਚ ਨਿੱਤ ਹੁੰਦੇ ਘੁਟਾਲਿਆਂ, ਕਾਣੀ ਵੰਡ ਅਤੇ ਬੇਈਮਾਨੀਆਂ ਤੋਂ ਪ੍ਰੇਸ਼ਾਨ ਕਵੀ ਨੇ ਮਿਹਨਤ, ਇਮਾਨਦਾਰੀ, ਕਿਰਤ ਅਤੇ ਇਨਸਾਨੀਅਤ ਦਾ ਸੁਨੇਹਾ ਦਿੱਤਾ ਹੈ। ਸਰਲ ਭਾਸ਼ਾ ਵਿਚ ਰਚੀਆਂ ਇਨ੍ਹਾਂ ਪ੍ਰੇਰਨਾਦਾਇਕ ਗ਼ਜ਼ਲਾਂ ਦੀਆਂ ਕੁਝ ਵੰਨਗੀਆਂ ਪੇਸ਼ ਹਨ-
-ਸਾਡੇ 'ਚ ਹੁਣ ਤਾਂ ਆਦਮੀਅਤ ਹੀ ਰਹੀ ਨਹੀਂ
ਕਹਿਣਾ ਕਿਸੇ ਨੂੰ ਆਦਮੀ, ਬਿਲਕੁਲ ਸਹੀ ਨਹੀਂ।
-ਕੇਵਲ ਸਾਫ਼ ਦਿਲਾਂ ਵਿਚ ਨੂਰ ਇਲਾਹੀ ਵਸਦਾ ਹੈ
ਤੱਤ ਵਸਾਈਏ ਦਿਲ ਵਿਚ ਗੁਰੂਆਂ ਦੀ ਗੁਰਬਾਣੀ ਦਾ।
-ਕੁੜੀ ਹੋਵੇ ਤਾਂ ਇਕ ਤਿੱਖੀ ਜਿਹੀ ਤਲਵਾਰ ਹੀ ਹੋਵੇ
ਚੁਣੌਤੀ ਨ੍ਹੇਰ ਨੂੰ ਦੇਵੇ, ਕੋਈ ਲਲਕਾਰ ਹੀ ਹੋਵੇ।
-ਦਿੱਲੀ ਦੇ ਮੰਗਤੇ ਤਾਂ ਅੱਜਕਲ੍ਹ ਦਾਨੀ ਬਣ ਗਏ ਨੇ
ਅੰਨਦਾਤਾ ਪੰਜਾਬੀ ਬਣਿਆ ਇਕ ਸਵਾਲੀ ਹੈ।
-ਲੋਕੀਂ ਚੋਣ ਸਮੇਂ ਕਿਉਂ ਤੀਰ ਅਕਲ ਦੇ ਵਰਤਣ ਨਾ!
ਕੀ ਉਨ੍ਹਾਂ ਦੇ ਮੱਥੇ ਵਿਚਲਾ ਤਰਕਸ਼ ਖਾਲੀ ਹੈ!!
ਕਵੀ ਨੇ ਗੰਭੀਰਤਾ ਅਤੇ ਪ੍ਰਤੀਬੱਧਤਾ ਨਾਲ ਮਨੁੱਖਤਾ ਦੇ ਅਣਗੌਲੇ ਦਰਦਾਂ ਤੇ ਫੇਹੇ ਰੱਖੇ ਹਨ। ਸਾਡੇ ਮੁਲਕ ਵਿਚ ਕਿਰਤੀ ਤਰਸਯੋਗ ਹਾਲਤ ਵਿਚ ਹਨ ਜਦ ਕਿ ਵਿਹਲੜ ਅਤੇ ਨਿਕੰਮੇ ਲੋਕ ਮੌਜ ਕਰ ਰਹੇ ਹਨ। ਬਾਹਰਲੇ ਦੇਸ਼ਾਂ ਵਿਚ ਕਿਰਤ ਦਾ ਪੂਰਾ ਮੁੱਲ ਤਾਰਿਆ ਜਾਂਦਾ ਹੈ। ਇਸੇ ਲਈ ਉਹ ਸਾਡੇ ਨਾਲੋਂ ਕਿਤੇ ਅੱਗੇ ਹਨ। ਉਹ ਇਸਤਰੀ ਜਾਤੀ ਦੀ ਮਾਣ-ਮਰਿਆਦਾ ਦਾ ਮੁੱਦਈ ਹੈ। ਉਸ ਦੀ ਸ਼ਾਇਰੀ ਨੂੰ ਲੋਕ ਹਿਤੈਸ਼ੀ ਕਿਹਾ ਜਾ ਸਕਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਮੁੱਲਾ ਨਸਰੁੱਦੀਨ ਦੀਆਂ ਕਹਾਣੀਆਂ
ਸੰਪਾਦਕਾ : ਨਵਪ੍ਰੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 144.

ਮੱਧ ਏਸ਼ੀਆ ਦੇ ਲੋਕਯਾਨ ਵਿਚ ਮੁੱਲਾ ਨਸਰੁੱਦੀਨ ਦੀਆਂ ਕਹਾਣੀਆਂ ਕਾਫੀ ਪ੍ਰਸਿੱਧ ਹਨ। ਇਨ੍ਹਾਂ ਕਹਾਣੀਆਂ ਦੁਆਰਾ ਚਤੁਰ ਅਤੇ ਬੁੱਧੀਮਾਨ ਵਕਤੇ ਆਪਣੇ ਭਾਸ਼ਣਾਂ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਹੋਰ ਤਾਂ ਹੋਰ, ਮਾਣਯੋਗ ਓਸ਼ੋ ਰਜਨੀਸ਼ ਵਰਗੇ ਇਨਕਲਾਬੀ ਫ਼ਿਲਾਸਫ਼ਰ ਵੀ ਨਸਰੁੱਦੀਨ ਦੀ ਹਾਜ਼ਰ-ਜਵਾਬੀ ਦੀਆਂ ਕਹਾਣੀਆਂ ਆਪਣੇ ਸ਼ਰਧਾਲੂਆਂ ਨਾਲ ਸਾਂਝੀਆਂ ਕਰਕੇ ਉਨ੍ਹਾਂ ਦੇ ਗਿਆਨ-ਚਕਸ਼ੂ (ਨੇਤਰ) ਖੋਲ੍ਹਣ ਵਿਚ ਸਫ਼ਲ ਹੋ ਜਾਂਦੇ ਸਨ। ਮੁੱਲਾ ਨਸਰੁੱਦੀਨ ਇਕ ਵਿਵੇਕਸ਼ੀਲ, ਮਾਨਵਵਾਦੀ ਅਤੇ ਇਨਕਲਾਬੀ ਵਿਅਕਤੀ ਸੀ। ਉਹ ਕਿਸੇ ਇਕ ਸਥਾਨ ਉੱਪਰ ਟਿਕ ਕੇ ਨਹੀਂ ਸੀ ਬੈਠਦਾ ਬਲਕਿ ਆਪਣੇ ਆਲੇ-ਦੁਆਲੇ ਵੱਸੇ ਵੱਡੇ-ਵੱਡੇ ਸ਼ਹਿਰਾਂ ਅਤੇ ਗਵਾਂਢੀ ਦੇਸ਼ਾਂ ਵਿਚ ਤੁਰ-ਫਿਰ ਕੇ ਗਰੀਬਾਂ ਅਤੇ ਨਿਆਸਰਿਆਂ ਦੀ ਮਦਦ ਵਾਸਤੇ ਸਦਾ ਤਤਪਰ ਰਹਿੰਦਾ ਸੀ। ਉਹ ਅਭਿਮਾਨੀ ਅਮੀਰਾਂ, ਸੂਦਖੋਰ ਸ਼ਾਹੂਕਾਰਾਂ ਅਤੇ ਜ਼ਾਲਮ ਕਾਜ਼ੀਆਂ ਨੂੰ ਸਬਕ ਸਿਖਾਉਣ ਦੀ ਜੁਰੱਅਤ ਰੱਖਦਾ ਸੀ।
ਨਸਰੁੱਦੀਨ ਵਰਗੇ ਬੁੱਧੀਮਾਨ ਲੋਕ ਜਾਣਦੇ ਹੁੰਦੇ ਹਨ ਕਿ ਕਿਸੇ ਵੀ ਦੇਸ਼ ਜਾਂ ਸਮਾਜ ਵਿਚ ਹੋਣ ਵਾਲਾ ਜ਼ੁਲਮ ਕੁਝ ਲਾਲਚੀ ਅਤੇ ਜ਼ਾਲਮ ਅਮੀਰਾਂ-ਵਜ਼ੀਰਾਂ ਦੇ ਸਵਾਰਥ ਦੀ ਉਪਜ ਹੁੰਦਾ ਹੈ ਅਤੇ ਇਹ ਜ਼ਾਲਮ ਲੋਕ ਉਪਦੇਸ਼ਾਂ ਨਾਲ ਨਹੀਂ ਸਮਝਦੇ ਬਲਕਿ ਡੰਡੇ ਦੀ ਭਾਸ਼ਾ ਸਮਝਦੇ ਹਨ। ਨਸਰੁੱਦੀਨ ਅਜਿਹੇ ਲੋਕਾਂ ਨੂੰ ਸਮਝਾਉਣ ਵਾਸਤੇ ਡੰਡੇ ਦਾ ਪ੍ਰਯੋਗ ਕਰਨ ਤੋਂ ਵੀ ਨਹੀਂ ਸੀ ਝਿਜਕਦਾ। ਉਹ ਬੜੀ ਚਤੁਰਾਈ ਨਾਲ ਭਰੀ ਸਭਾ ਵਿਚ ਇਨ੍ਹਾਂ ਨੂੰ ਅਪਮਾਨਤ ਕਰਦਾ ਸੀ ਅਤੇ ਇਸ ਪ੍ਰਕਾਰ ਗਰੀਬਾਂ ਉੱਪਰ ਕੀਤੇ ਉਨ੍ਹਾਂ ਦੇ ਜ਼ੁਲਮਾਂ ਦਾ ਹਿਸਾਬ ਚੁਕਤਾ ਕਰ ਲੈਂਦਾ ਸੀ।
ਮੈਨੂੰ ਬੜੀ ਖੁਸ਼ੀ ਹੈ ਕਿ ਬੀਬਾ ਨਵਪ੍ਰੀਤ ਕੌਰ ਨੇ ਮੁੱਲਾ ਨਸਰੁੱਦੀਨ ਦੇ ਵਿਵੇਕ ਅਤੇ ਸੂਝ ਨੂੰ ਦਰਸਾਉਣ ਵਾਸਤੇ ਬੜੀਆਂ ਪ੍ਰਭਾਵਸ਼ਾਲੀ ਕਥਾਵਾਂ ਦੀ ਚੋਣ ਕੀਤੀ ਹੈ। ਇਹ ਪੁਸਤਕ ਜੀਵਨੀਮੂਲਕ ਅੰਦਾਜ਼ ਵਿਚ ਲਿਖੀ ਗਈ ਹੈ ਅਤੇ ਪੁਸਤਕ ਦਾ ਪੂਰਾ ਬ੍ਰਿਤਾਂਤ ਇਕ ਇਕਾਈ ਵਿਚ ਬੱਝਾ ਹੋਇਆ ਹੈ। ਲੇਖਕਾ ਨੇ ਨਸਰੁੱਦੀਨ ਦੇ ਬੁਖ਼ਾਰਾ ਵਿਚ ਪ੍ਰਵੇਸ਼ ਅਤੇ ਇਸ ਸ਼ਹਿਰ ਦੇ ਤਾਨਾਸ਼ਾਹ ਹਾਕਮਾਂ ਨਾਲ ਉਸ ਦੇ ਟਕਰਾਉ ਨੂੰ ਬੜੇ ਹੀ ਰੌਚਕ ਅਤੇ ਵਿਅੰਗ ਭਰਪੂਰ ਅੰਦਾਜ਼ ਦੁਆਰਾ ਪੇਸ਼ ਕੀਤਾ ਹੈ। ਉਸ ਨੇ ਸਰਲ ਅਤੇ ਠੇਠ ਪੰਜਾਬੀ ਭਾਸ਼ਾ ਦੇ ਮਾਧਿਅਮ ਦੁਆਰਾ ਮੁੱਲਾ ਨਸਰੁੱਦੀਨ ਦੇ ਚੁਣੌਤੀ ਭਰਪੂਰ ਕਾਰਨਾਮਿਆਂ ਦਾ ਵਰਨਣ ਕੀਤਾ ਹੈ। ਇਹ ਪੁਸਤਕ ਹਰ ਉਮਰ ਅਤੇ ਹਰ ਵਰਗ ਦੇ ਪਾਠਕ ਲਈ ਬੇਹੱਦ ਦਿਲਚਸਪ ਸਿੱਧ ਹੋਵੇਗੀ। ਮੈਂ ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੰਚਤੰਤਰ ਦੀਆਂ ਕਹਾਣੀਆਂ
ਸੰਪਾਦਕਾ : ਅਮਰਜੀਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 112.

ਭਾਰਤੀ ਲੋਕਯਾਨ ਦੇ ਸੰਦਰਭ ਵਿਚ 'ਪੰਚਤੰਤਰ ਦੀਆਂ ਕਥਾਵਾਂ' ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਇਨ੍ਹਾਂ ਕਹਾਣੀਆਂ ਵਿਚ ਮਨੁੱਖ ਨੂੰ ਵਿਹਾਰਕ ਗਿਆਨ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਜਿਥੇ ਅਧਿਆਤਮਕ ਗਿਆਨ ਪ੍ਰਦਾਨ ਕਰਨ ਲਈ ਸਾਡੇ ਇਧਰ ਵੇਦ, ਉਪਨਿਸ਼ਦ ਅਤੇ ਪੁਰਾਣ ਮੌਜੂਦ ਸਨ, ਉਥੇ ਵਿਹਾਰਕ ਗਿਆਨ ਦੇਣ ਵਾਸਤੇ ਪੰਚਤੰਤਰ, ਅਲਿਫ਼ ਲੈਲਾ ਅਤੇ ਵਿਕਰਮ ਬੇਤਾਲ ਵਰਗੀਆਂ ਰਚਨਾਵਾਂ ਦਾ ਪਠਨ-ਪਾਠਨ ਕੀਤਾ ਜਾਂਦਾ ਸੀ। ਬਾਤਾਂ ਦੇ ਰੂਪ ਵਿਚ ਵੀ ਇਹ ਕਹਾਣੀਆਂ ਬਾਲਾਂ ਨੂੰ ਸੁਣਾਈਆਂ ਜਾਂਦੀਆਂ ਸਨ। ਇਹ ਕਹਾਣੀਆਂ ਉਨ੍ਹਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਬੁੱਧੀ ਵਿਚ ਵੀ ਢੇਰ ਇਜ਼ਾਫ਼ਾ ਕਰਦੀਆਂ ਸਨ।
ਪੰਚਤੰਤਰ ਦੀਆਂ ਬਹੁਤੀਆਂ ਕਹਾਣੀਆਂ ਪੰਛੀਆਂ ਅਤੇ ਜਾਨਵਰਾਂ ਦੇ ਬਾਰੇ ਵਿਚ ਹਨ। ਸਾਡਾ ਪੁਰਾਣਾ ਮਨੁੱਖ ਪ੍ਰਕਿਰਤੀ ਦੇ ਅੰਗ-ਸੰਗ ਰਹਿੰਦਾ ਸੀ। ਉਸ ਦਾ ਸ਼ੇਰਾਂ, ਬਘਿਆੜਾਂ, ਕੁੱਤਿਆਂ, ਲੂੰਬੜੀਆਂ, ਖਰਗੋਸ਼ਾਂ, ਤੋਤਿਆਂ, ਕਬੂਤਰਾਂ, ਚਿੜੀਆਂ ਅਤੇ ਮੋਰਾਂ ਆਦਿ ਨਾਲ ਨਿੱਤ ਦਿਹਾੜੇ ਵਾਹ ਪੈਂਦਾ ਸੀ। ਇਨ੍ਹਾਂ ਲੋਕਾਂ ਦੇ ਬਾਲ ਵੀ ਅਜਿਹੇ ਪੰਛੀਆਂ-ਜਾਨਵਰਾਂ ਤੋਂ ਭਲੀਭਾਂਤ ਜਾਣੂ ਹੁੰਦੇ ਸਨ। ਇਸ ਕਾਰਨ ਉਨ੍ਹਾਂ ਨੂੰ ਇਨ੍ਹਾਂ ਦਾ ਜ਼ਿਕਰ ਓਪਰਾ ਜਾਂ ਅਟਪਟਾ ਪ੍ਰਤੀਤ ਨਹੀਂ ਸੀ ਹੁੰਦਾ। ਅਜੋਕੀ ਪੀੜ੍ਹੀ ਦੇ ਬਾਲਕ ਵੀ ਕਾਰਟੂਨ ਫ਼ਿਲਮਾਂ ਅਤੇ ਕਾਮਿਕ-ਬੁਕਸ ਦੁਆਰਾ ਇਨ੍ਹਾਂ ਜਾਨਵਰਾਂ ਦੀ ਸ਼ਕਲ-ਸੂਰਤ ਅਤੇ ਆਚਾਰ-ਵਿਹਾਰ ਨੂੰ ਖੂਬ ਪਛਾਣਦੇ ਹਨ। ਇਹੀ ਕਾਰਨ ਹੈ ਕਿ ਪੰਚਤੰਤਰ ਦੀਆਂ ਕਹਾਣੀਆਂ ਹਰ ਯੁੱਗ ਵਿਚ ਬੇਹੱਦ ਮਕਬੂਲ ਰਹੀਆਂ ਹਨ।
ਮੈਨੂੰ ਖੁਸ਼ੀ ਹੈ ਕਿ ਬੀਬੀ ਅਮਰਜੀਤ ਕੌਰ ਨੇ ਪੰਚਤੰਤਰ ਦੀਆਂ ਕਹਾਣੀਆਂ ਦੇ ਮੁੱਲ ਅਤੇ ਮਹੱਤਵ ਨੂੰ ਸਮਝਦਿਆਂ ਹੋਇਆਂ ਬੜੀ ਸਰਲ ਅਤੇ ਠੇਠ ਪੰਜਾਬੀ ਭਾਸ਼ਾ ਵਿਚ ਇਨ੍ਹਾਂ ਕਹਾਣੀਆਂ ਨੂੰ ਸੰਗ੍ਰਹਿਤ ਕਰਨ ਦਾ ਉੱਦਮ ਕੀਤਾ ਹੈ। ਪੁਸਤਕ ਦਾ ਪ੍ਰਕਾਸ਼ਨ ਬੜਾ ਸੁੰਦਰ ਹੈ। ਮੇਮਣੇ ਦੀ ਚਤੁਰਾਈ, ਚਲਾਕ ਲੂੰਬੜੀ, ਖੱਟੇ ਅੰਗੂਰ, ਕਾਂ ਦੀ ਸੂਝ, ਅਭਿਮਾਨੀ ਘੋੜਾ, ਤਿੰਨ ਠੱਗ, ਹਾਥੀ ਅਤੇ ਗਿੱਦੜ, ਖਰਗੋਸ਼ ਤੇ ਕੱਛੂਕੁੰਮਾ ਆਦਿ ਕਹਾਣੀਆਂ ਸਦੀਆਂ ਤੋਂ ਸਾਡੇ ਸਮਾਜ ਵਿਚ ਪ੍ਰਚਲਤ ਹਨ। ਮੈਂ ਵੇਖਿਆ ਹੈ ਕਿ ਅਜੋਕੀ ਗਲੋਬਲ ਪੀੜ੍ਹੀ ਦੇ ਬੱਚੇ ਵੀ ਇਨ੍ਹਾਂ ਕਹਾਣੀਆਂ ਨੂੰ ਬੜੀ ਦਿਲਚਸਪੀ ਨਾਲ ਸੁਣਦੇ ਹਨ। ਇਹ ਪੁਸਤਕ ਜਨਮ ਦਿਨਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਉੱਪਰ ਬੱਚੇ ਨੂੰ ਦੇਣ ਵਾਲਾ ਇਕ ਉੱਤਮ ਉਪਹਾਰ ਹੈ। ਹਰ ਸਕੂਲ ਦੀ ਲਾਇਬ੍ਰੇਰੀ ਵਿਚ ਇਸ ਪੁਸਤਕ ਦੀਆਂ ਦੋ-ਚਾਰ ਕਾਪੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸ਼ਾਹ ਹੁਸੈਨ ਦੀ ਲੋਕਧਾਰਾਈ ਸੰਵੇਦਨਾ
ਲੇਖਕਾ : ਕਿਰਨਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136.

ਪੰਜਾਬੀ ਸਾਹਿਤ ਵਿਚ ਸੂਫ਼ੀ ਸਾਹਿਤ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਇਸ ਕਾਵਿ-ਧਾਰਾ ਨੇ ਪੰਜਾਬੀ ਭਾਸ਼ਾ ਅਤੇ ਜਨਜੀਵਨ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕੀਤਾ। ਪੰਜਾਬੀ ਸੂਫ਼ੀ ਧਾਰਾ ਦੇ ਮੁਢਲੇ ਤਿੰਨ ਕਵੀ-ਸ਼ੇਖ਼ ਫ਼ਰੀਦ, ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਦੀ ਰਚਨਾ ਇਸ ਧਾਰਾ ਨੂੰ ਬੁਲੰਦੀ 'ਤੇ ਪਹੁੰਚਾਉਂਦੀ ਹੈ। ਇਸ ਧਾਰਾ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਸੂਫ਼ੀ ਕਵੀਆਂ ਨੇ ਪੰਜਾਬੀ ਸਮਾਜ, ਜਨਜੀਵਨ, ਭਾਸ਼ਾ ਅਤੇ ਸੱਭਿਆਚਾਰ ਨੂੰ ਆਧਾਰ ਬਣਾ ਕੇ ਆਪਣੇ ਕਾਵਿ-ਅਨੁਭਵ ਦੀ ਪੇਸ਼ਕਾਰੀ ਕੀਤੀ ਹੈ। ਹਥਲੀ ਪੁਸਤਕ ਸੂਫ਼ੀ ਕਵੀ ਸ਼ਾਹ ਹੁਸੈਨ ਦੀ ਰਚਨਾ ਵਿਚਲੇ ਲੋਕਧਾਰਾਈ ਆਧਾਰਾਂ ਦੀ ਗੱਲ ਕਰਦੀ ਹੈ। ਮਲਾਮਤੀ ਫ਼ਿਰਕੇ ਨਾਲ ਸਬੰਧਤ ਸ਼ਾਹ ਹੁਸੈਨ ਸੂਫ਼ੀ ਕਾਵਿ ਧਾਰਾ ਵਿਚ ਨਿਮਰਤਾ, ਸੰਸਾਰਕ ਨਾਸ਼ਮਾਨਤਾ, ਬਿਰਹਾ, ਪਿਆਰ, ਤੜਪ ਆਦਿ ਵਿਸ਼ਿਆਂ ਰਾਹੀਂ ਪੇਸ਼ਕਾਰੀ ਕਰਦਾ ਹੈ। ਆਪਣੇ ਲੋਕਧਾਰਾਈ ਦ੍ਰਿਸ਼ਟੀਕੋਣ ਰਾਹੀਂ ਉਹ ਅਨੁਭਵ ਨੂੰ ਲੋਕਾਂ ਦੀ ਪੱਧਰ ਤੱਕ ਪਹੁੰਚਾਉਂਦਾ ਹੋਇਆ ਇਸ ਵਿਚਾਰਧਾਰਾ ਨੂੰ ਵਿਲੱਖਣ ਸਰੂਪ ਦਿੰਦਾ ਹੈ। ਪੰਜ ਹਿੱਸਿਆਂ ਵਿਚ ਵੰਡੀ ਇਹ ਪੁਸਤਕ ਲੋਕਧਾਰਾ ਸ਼ਬਦ, ਇਸ ਦੇ ਸੰਕਲਪ ਅਤੇ ਸਰੂਪ ਬਾਰੇ ਵਿਸਤ੍ਰਿਤ ਵੇਰਵਾ ਦਿੰਦੀ ਹੋਈ ਸ਼ਾਹ ਹੁਸੈਨ ਦੀ ਸ਼ਖ਼ਸੀਅਤ ਅਤੇ ਰਚਨਾ ਵਿਚਲੇ ਲੋਕਧਾਰਾਈ ਤੱਤਾਂ ਬਾਰੇ ਸੰਵਾਦ ਛੇੜਦੀ ਹੈ। ਸ਼ਾਹ ਹੁਸੈਨ ਪੰਜਾਬੀ ਲੋਕਧਾਰਾ ਵਿਚੋਂ ਲਈ ਸਮੱਗਰੀ ਰਾਹੀਂ ਸਰਲ ਅਤੇ ਜ਼ੋਰਦਾਰ ਭਾਸ਼ਾ, ਜੋ ਆਮ ਲੋਕਾਂ ਦੀ ਸਮਝ ਦਾ ਹਿੱਸਾ ਹੁੰਦੀ, ਦੀ ਵਰਤੋਂ ਕਰਦਾ ਹੈ। ਉਸ ਦੀ ਸ਼ੈਲੀ ਦੀ ਸੰਬੋਧਨੀ ਸੁਰ ਹੀ ਉਸ ਦੀ ਵਿਲੱਖਣਤਾ ਹੈ।
ਅਜਿਹੇ ਵਿਸ਼ਿਆਂ ਉੱਪਰ ਯੂਨੀਵਰਸਿਟੀਆਂ ਵਿਚ ਬਹੁਤ ਕੰਮ ਹੋ ਚੁੱਕਾ ਹੈ। ਡਾ: ਮੋਹਨ ਸਿੰਘ ਦੀਵਾਨਾ, ਡਾ: ਕਾਲਾ ਸਿੰਘ ਬੇਦੀ ਆਦਿ ਵਿਦਵਾਨ ਲੇਖਕਾਂ ਨੇ ਕਈ ਦਹਾਕੇ ਪਹਿਲਾਂ ਸ਼ਾਹ ਹੁਸੈਨ ਉੱਪਰ ਭਰੋਸੇਯੋਗ ਕੰਮ ਕੀਤਾ ਜੋ ਅੱਜ ਵੀ ਕਾਬਲੇ-ਜ਼ਿਕਰ ਹੈ। ਲੋੜ ਹੈ ਇਸ ਚਿੰਤਨ ਤੋਂ ਅਗਾਂਹ ਜਾਇਆ ਜਾਵੇ। ਕਿਰਨਪ੍ਰੀਤ ਕੌਰ ਦੀ ਕੀਤੀ ਮਿਹਨਤ ਇਸ ਪੁਸਤਕ ਵਿਚੋਂ ਝਲਕਦੀ ਹੈ।

ਰੂਪਾਂਤਰੀ ਪ੍ਰਜਨਕ ਵਿਆਕਰਨ
ਲੇਖਕ : ਡਾ: ਮਿੰਨੀ ਸਲਵਾਨ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 136.

ਪਿਛਲੇ ਕੁਝ ਸਮੇਂ ਤੋਂ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਬਹੁਤ ਮਹੱਤਵਪੂਰਨ ਕੰਮ ਹੋਏ ਹਨ। ਭਾਸ਼ਾ ਮਨੁੱਖ ਦਾ ਸਭ ਤੋਂ ਕੀਮਤੀ ਸਰਮਾਇਆ ਹੈ। ਇਹ ਮਨੁੱਖੀ ਸੰਚਾਰ ਦਾ ਪ੍ਰਮੁੱਖ ਮਾਧਿਅਮ ਹੈ। ਆਧੁਨਿਕ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਫਰਦੀਨਾ-ਦ-ਸੌਸਿਊਰ, ਲਿਉਨਾਰਡ ਬਲੂਮਫੀਲਡ, ਐਫ. ਬੋਆਜ਼, ਹੈਰਿਸ ਅਤੇ ਨੌਮ ਚਾਮਸਕੀ ਆਦਿ ਅਜਿਹੇ ਭਾਸ਼ਾ ਵਿਗਿਆਨੀ ਹੋਏ, ਜਿਨ੍ਹਾਂ ਦੀਆਂ ਭਾਸ਼ਾ ਵਿਗਿਆਨਕ ਖੋਜਾਂ ਨੇ ਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਹਿੱਸਾ ਪਾਇਆ। ਹਥਲੀ ਪੁਸਤਕ ਵਿਚ ਰੂਪਾਂਤਰੀ ਪ੍ਰਜਨਕ ਵਿਆਕਰਨ ਦੇ ਸਰੂਪ, ਸਿਧਾਂਤ ਅਤੇ ਵਿਕਾਸ ਬਾਰੇ ਵਿਚਾਰ ਕਰਦਿਆਂ ਅਹਿਮ ਪੱਖਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਹ ਵਿਆਕਰਨ ਭਾਸ਼ਾ, ਮਨੋਵਿਗਿਆਨ, ਦਰਸ਼ਨ, ਗਣਿਤ ਆਦਿ ਦੇ ਖੇਤਰ ਨਾਲ ਸਬੰਧਤ ਵਿਚਰਨ ਵਾਲਿਆਂ ਦਾ ਧਿਆਨ ਖਿੱਚਦੀ ਹੈ। ਭਾਸ਼ਾ ਵਿਗਿਆਨੀ ਆਧੁਨਿਕ ਭਾਸ਼ਾ ਵਿਗਿਆਨ ਦੀ ਸਭ ਤੋਂ ਵੱਡੀ ਅਤੇ ਚਰਚਿਤ ਉਪਲਬਧੀ ਮੰਨਦੇ ਹਨ। ਨੌਮ ਚਾਮਸਕੀ ਨੇ ਭਾਸ਼ਾ ਦੇ ਮਾਨਸਿਕ ਵਰਤਾਰੇ ਦੀ ਗੱਲ ਕਰਦਿਆਂ ਇਹ ਸਿਧਾਂਤ ਸਥਾਪਤ ਕੀਤਾ ਕਿ ਭਾਸ਼ਾ ਸਿੱਖਣ ਦੀ ਸਮਰੱਥਾ ਜਮਾਂਦਰੂ ਹੁੰਦੀ ਹੈ। ਇਸ ਵਿਚ ਬੜੇ ਸੀਮਤ ਭਾਸ਼ਾਈ ਨਿਯਮਾਂ ਦੀ ਵਰਤੋਂ ਨਾਲ ਅਸੀਮਤ ਵਾਕਾਂ ਦੀ ਸਿਰਜਣਾ ਹੁੰਦੀ ਹੈ। ਚਾਮਸਕੀ ਵੱਲੋਂ ਸਥਾਪਤ ਕੀਤੇ ਇਸ ਸਿਧਾਂਤ ਨੂੰ 'ਰੂਪਾਂਤਰੀ ਪ੍ਰਜਨਕ ਵਿਆਕਰਨ' ਦਾ ਨਾਂਅ ਦਿੱਤਾ ਗਿਆ ਹੈ। ਇਹ ਸਿਧਾਂਤ ਚਾਮਸਕੀ ਦੁਆਰਾ 1957 ਈ: ਵਿਚ ਪ੍ਰਕਾਸ਼ਿਤ ਉਸ ਦੀ ਪੁਸਤਕ 'ਛਖਅਵ਼ਫਵਜਫ ਛਵਗਚਫਵਚਗਕਤ' ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਡਾ: ਮਿੰਨੀ ਸਲਵਾਨ ਨੇ ਇਸ ਖੇਤਰ ਵਿਚ ਕਾਰਜ ਕਰਦੇ ਹੋਏ ਇਸ ਪੁਸਤਕ ਵਿਚ ਪੰਜਾਬੀ ਭਾਸ਼ਾ ਦੀਆਂ ਵਾਕਾਤਮਕ ਵਿਸ਼ੇਸ਼ਤਾਵਾਂ ਨੂੰ ਇਨ੍ਹਾਂ ਪੱਛਮੀ ਭਾਸ਼ਾ ਵਿਗਿਆਨੀਆਂ, ਖਾਸ ਕਰਕੇ ਨੌਮ ਚਾਮਸਕੀ ਦੀ 'ਰੂਪਾਂਤਰੀ ਪ੍ਰਜਨਕ ਵਿਆਕਰਨ' ਦੇ ਆਧਾਰ 'ਤੇ ਸਮਝਣ ਦਾ ਉਪਰਾਲਾ ਕੀਤਾ ਹੈ। ਚਾਮਸਕੀ ਦੇ ਵਿਚਾਰਾਂ ਨੂੰ ਪਿਛਲੇ ਕੁਝ ਸਮੇਂ ਤੋਂ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਸ੍ਰੀ ਕਰਿਸ਼ਨ ਭਗਵਾਨ ਜੀ ਦੀਆਂ ਲੀਲਾਵਾਂ ਦਾ ਵਰਨਣ
ਅਨੁਵਾਦਕ : ਮੋਹਨ ਲਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 120.

ਪੁਸਤਕ 'ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀਆਂ ਲੀਲਾਵਾਂ ਦਾ ਵਰਨਣ' ਮੋਹਨ ਲਾਲ ਵੱਲੋਂ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਪੁਸਤਕ ਹੈ। ਇਸ ਪੁਸਤਕ ਵਿਚ ਸ੍ਰੀ ਕ੍ਰਿਸ਼ਨ ਦੇ ਜੀਵਨ ਦੇ ਅਧਿਆਤਮਕ ਪ੍ਰਸੰਗਾਂ ਦੇ ਅਨੁਵਾਦ ਸ਼ਾਮਿਲ ਕੀਤੇ ਗਏ ਹਨ। ਜਿਵੇਂ ਭਗਵਾਨ ਦੇ ਦੁਆਰਾ ਪ੍ਰਿਥਵੀ ਨੂੰ ਆਸ਼ਵਾਸਨ, ਵਾਸਦੇਵ ਦੇਵਕੀ, ਵਿਆਸ ਅਤੇ ਕੰਸ ਦੁਆਰਾ ਦੇਵਕੀ ਦੇ ਛੇ ਪੁੱਤਰਾਂ ਦੀ ਹੱਤਿਆ, ਭਗਵਾਨ ਦਾ ਗਰਭ ਵਿਚ ਪ੍ਰਵੇਸ਼ ਅਤੇ ਦੇਵਤਾਵਾਂ ਦੁਆਰਾ ਗਰਭ ਉਸਤਤੀ, ਭਗਵਾਨ ਕ੍ਰਿਸ਼ਨ ਦਾ ਪ੍ਰਗਟ ਹੋਣਾ, ਕੰਸ ਦੇ ਹੱਥ ਵਿਚੋਂ ਛੁੱਟ ਕੇ ਯੋਗ ਮਾਇਆ ਦਾ ਆਕਾਸ਼ ਵਿਚ ਜਾ ਕੇ ਭਵਿੱਖਬਾਣੀ ਕਰਨਾ, ਗੋਕੁਲ ਵਿਚ ਭਗਵਾਨ ਦਾ ਜਨਮ ਉਤਸਵ, ਪੂਤਨਾ ਉੱਧਾਰ, ਸੰਕਟ ਭੰਜਨ ਅਤੇ ਤਰਿਣਾ ਵਰਤ ਉੱਧਾਰ, ਨਾਮਕਰਨ ਸੰਸਕਾਰ ਅਤੇ ਬਾਲ ਲੀਲਾ, ਬ੍ਰਹਮਾ ਜੀ ਦਾ ਮੋਹ ਅਤੇ ਉਸ ਦਾ ਨਾਸ਼, ਗਊਆਂ ਅਤੇ ਗੋਪੀਆਂ ਨੂੰ ਦਾਵਾਨਲ ਤੋਂ ਬਚਾਉਣਾ, ਵੇਣੂਗੀਤ, ਗੋਵਰਧਨ ਧਾਰਨ, ਗੋਪਿਕਾਗੀਤ, ਮਹਾਰਾਸ, ਚਾਵੁਰ ਮੁਸਟਿਕ ਆਦਿ ਪਹਿਲਵਾਨ ਅਤੇ ਕੰਸ ਦਾ ਉੱਧਾਰ, ਸ਼ਿਸ਼ੂ ਪਾਲ ਦੇ ਸਾਥੀ ਰਾਜਿਆਂ ਅਤੇ ਰੁਕਮੀ ਦੀ ਹਾਰ ਅਤੇ ਸ੍ਰੀ ਕ੍ਰਿਸ਼ਨ ਰੁਕਮਣੀ ਵਿਆਹ, ਪਰਦੂਮਨ ਦਾ ਜਨਮ, ਸਮਯਗਸੁਰ ਦਾ ਵਧ, ਸ੍ਰੀ ਕ੍ਰਿਸ਼ਨ ਜੀ ਦੁਆਰਾ ਸੁਦਾਮਾ ਜੀ ਦਾ ਸਵਾਗਤ, ਸੁਦਾਮਾ ਜੀ ਨੂੰ ਐਸ਼ਵਰਯ ਪ੍ਰਾਪਤੀ, ਸ਼ੁਕਦੇਵ ਜੀ ਦਾ ਅੰਤਿਮ ਉਪਦੇਸ਼ ਆਦਿ।
ਪੁਸਤਕ ਵਿਚ ਪੰਜਾਬੀ ਅਨੁਵਾਦ ਵਿਚ ਵਧੇਰੇ ਹਿੰਦੀ ਸੰਸਕ੍ਰਿਤ ਸ਼ਬਦਾਂ ਦਾ ਲਿਪੀਅੰਤਰ ਮਿਲਦਾ ਹੈ। ਪੁਸਤਕ ਕਿਹੜੀ ਪੁਸਤਕ ਦਾ ਅਨੁਵਾਦ ਹੈ, ਇਹ ਸਪੱਸ਼ਟ ਨਹੀਂ ਹੁੰਦਾ। ਧਾਰਮਿਕ ਰੁਚੀ ਵਾਲੇ ਪਾਠਕਾਂ ਨੂੰ ਇਹ ਪੁਸਤਕ ਆਕਰਸ਼ਤ ਕਰਦੀ ਹੈ। ਪੁਸਤਕ ਦਾ ਟਾਈਟਲ ਅਤੇ ਛਪਾਈ ਦਿਲਖਿੱਚਵੀਂ ਹੈ। ਸ੍ਰੀ ਕ੍ਰਿਸ਼ਨ ਦੇ ਉਪਾਸਕਾਂ ਲਈ ਇਹ ਪੁਸਤਕ ਇਕ ਉਪਹਾਰ ਹੈ ਅਤੇ ਪੰਜਾਬੀ ਪਾਠਕਾਂ ਲਈ ਸ੍ਰੀ ਕ੍ਰਿਸ਼ਨ ਦੇ ਜੀਵਨ ਦੇ ਵੱਖੋ-ਵੱਖਰੇ ਪੱਖਾਂ ਨੂੰ ਜਾਣਨ, ਸਮਝਣ ਅਤੇ ਪਰਖਣ ਲਈ ਆਧਾਰ ਪ੍ਰਦਾਨ ਕਰਨ ਵਾਲੀ ਹੈ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਕੁੜੀਆਂ ਤੇ ਚਿੜੀਆਂ
ਲੇਖਕ : ਇਕਬਾਲ ਖਾਨਪੁਰੀ
ਪ੍ਰਕਾਸ਼ਕ : ਪੰਡਿਤ ਇੰਦਰ ਸੈਨ ਬ੍ਰਹਮਾ ਨੰਦ ਮੈਮੋਰੀਅਲ ਸਾਹਿਤਕ ਟਰੱਸਟ (ਰਜਿ:) ਰੂਪਨਗਰ
ਮੁੱਲ : 150 ਰੁਪਏ, ਸਫ਼ੇ : 102.

ਭਿੰਨ-ਭਿੰਨ ਕਾਵਿ-ਵੰਨਗੀਆਂ ਵਿਚ ਸ਼ਾਮਿਲ ਕਾਵਿ-ਵੰਨਗੀ 'ਗੀਤ' ਆਪਣੇ ਹਲਕੇ-ਫੁਲਕੇ ਪ੍ਰਭਾਵ ਕਰਕੇ, ਆਪਣੀ ਸੰਗੀਤ ਵਿਚ ਚੱਲਣ ਵਾਲੀ ਤਾਸੀਰ ਕਾਰਨ ਲੋਕਾਂ ਦੇ ਬੁੱਲ੍ਹਾਂ ਉਤੇ ਖੇਡਣ ਦੀ ਸਮਰੱਥਾ ਰੱਖਦਾ ਹੈ। ਇਸੇ ਕਾਰਨ ਗੀਤਕਾਰੀ ਦੇ ਹੁਨਰ ਨਾਲ ਮਾਲਾ-ਮਾਲ ਗੀਤਕਾਰ ਲੋਕਾਂ ਵਿਚ ਜਲਦੀ ਹੀ ਮਕਬੂਲ ਹੋ ਜਾਂਦਾ ਹੈ। 'ਕੁੜੀਆਂ ਤੇ ਚਿੜੀਆਂ' ਗੀਤ-ਸੰਗ੍ਰਹਿ ਦਾ ਰਚੇਤਾ ਗੀਤਕਾਰ ਇਕਬਾਲ ਖਾਨਪੁਰੀ ਨੇ ਇਸ ਪੁਸਤਕ ਵਿਚ ਸ਼ਾਮਿਲ ਕੁੱਲ 77 ਗੀਤਾਂ ਨਾਲ ਇਕ ਅਨੁਭਵ ਗੀਤਕਾਰ ਹੋਣ ਦਾ ਪ੍ਰਭਾਵ ਸਿਰਜਿਆ ਹੈ। ਉਸ ਦੇ ਗੀਤ ਨਾ ਕੇਵਲ ਮਨੋਰੰਜਨ ਤੱਕ ਸੀਮਤ ਹਨ ਬਲਕਿ ਉਨ੍ਹਾਂ ਗੀਤਾਂ ਦੇ ਵੱਖ-ਵੱਖ ਵਿਸ਼ੇ ਸਿੱਧ ਕਰਦੇ ਕਿ ਉਹ ਆਪਣੇ ਗੀਤਾਂ ਰਾਹੀਂ ਵੱਖ ਸਮਾਜਿਕ ਬੁਰਾਈਆਂ, ਸਮਾਜਿਕ ਰਿਸ਼ਤਿਆਂ ਦੀ ਮਹੱਤਤਾ, ਲੋਕ-ਸਚਾਈਆਂ ਹੋਰ ਅਨੇਕਾਂ ਮਨਮੋਹਣ ਵਾਲੇ ਵਿਸ਼ਿਆਂ ਵਾਲੇ ਗੀਤਾਂ ਰਾਹੀਂ ਕੋਈ ਨਾ ਕੋਈ ਉਸ਼ਾਰੂ ਖਿਆਲ ਸਰੋਤਿਆਂ-ਪਾਠਕਾਂ ਨਾਲ ਸਾਂਝਾ ਕਰਦਾ ਮਹਿਸੂਸ ਹੁੰਦਾ ਹੈ। ਉਸ ਦੇ 'ਰੁੱਖ' ਗੀਤ ਵਿਚ ਰੁੱਖਾਂ ਦੀ ਮਹੱਤਤਾ ਨੂੰ ਸਿੱਧ ਕੀਤਾ ਹੈ। ਕੁੜੀਆਂ ਤੇ ਚਿੜੀਆਂ ਗੀਤ ਰਾਹੀਂ ਕੁੜੀਆਂ ਦਾ ਭਰੂਣ ਹੱਤਿਆ ਰਾਹੀਂ ਖ਼ਾਤਮਾ ਕਰਨਾ ਅਤੇ ਚਿੜੀਆਂ ਦਾ ਪ੍ਰਦੂਸ਼ਣ ਕਾਰਨ ਹੋਂਦ ਗੁਆਉਣ ਦਾ ਮਰਮਿਕ ਵਿਸ਼ਾ ਪੇਸ਼ ਕੀਤਾ ਗਿਆ ਹੈ।
'ਨਾਂਹ ਨੀ ਪਸੰਦ' ਸ਼ਜ਼ਾ, ਕਿਤਾਬਾਂ, ਚਿਤਾਵਨੀ, ਖੂਨਦਾਨ, ਰੱਬ, ਸੋਚੋ, ਖਾਹਿਸ਼, ਦਰਾਣੀਆਂ ਜਠਾਣੀਆਂ, ਪਹਿਰੇਦਾਰ, ਅਣਹੋਣੀ, ਏਨਾ ਪਿਆਰ, ਜ਼ਮੀਨ, ਇਤਬਾਰ, ਦੋਵਾਂ ਪੰਜਾਬਾਂ ਵਿਚ, ਧੀਆਂ, ਕ੍ਰਿਪਾ, ਤੇਰੇ ਦਰਸ਼ਨ, ਪਿਆਰ ਵਰਗਾ ਗੀਤ ਗੀਤਕਾਰ ਇਕਬਾਲ ਖਾਨਪੁਰੀ ਕਲਾ-ਪ੍ਰਤਿਭਾ ਦਾ ਦਮ ਭਰਦੇ ਹਨ। ਗੀਤਾਂ ਵਿਚ ਸੰਗੀਤ ਦੇ ਰੰਗ ਵਿਚ ਰੰਗੇ ਜਾਣ ਦੀ ਸਮਰਥਾ ਮੂੰਹ ਚੜ੍ਹ ਕੇ ਬੋਲਦੀ ਹੈ। ਨਾਚ ਰੰਗ ਉਭਾਰਨ ਵਾਲੇ, ਦਿਲ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਪੇਸ਼ ਕਰਨ ਵਾਲੇ ਕਈ ਗੀਤ ਇਸ ਸੰਗ੍ਰਹਿ ਦਾ ਸ਼ਿੰਗਾਰ ਹਨ। ਇਸ ਸੰਗ੍ਰਹਿ ਵਿਚ ਸ਼ਾਮਿਲ ਇਕ ਗੀਤ ਨੂੰ ਸੁਰੀਲੇ ਗਾਇਕ ਗੁਰਬਖਸ਼ ਸ਼ੌਂਕੀ ਨੇ ਰਿਕਾਰਡ ਕਰਵਾ ਕੇ ਇਕਬਾਲ ਖਾਨਪੁਰੀ ਦੀ ਮੰਝੀ ਹੋਈ ਗੀਤਕਾਰੀ 'ਤੇ ਪੱਕੀ ਮੋਹਰ ਜੜੀ ਹੈ। ਇਸ ਆਪਣੇ ਪਲੇਠੇ ਗੀਤ ਸੰਗ੍ਰਹਿ ਨਾਲ ਇਕਬਾਲ ਖਾਨਪੁਰੀ ਨੇ ਗੀਤਕਾਰੀ ਦਾ ਸਫ਼ਰ ਪੂਰੀ ਸ਼ਾਨੋ-ਸ਼ੌਕਤ ਨਾਲ ਆਰੰਭਿਆ ਹੈ, ਜਿਸ ਦਾ ਕਿ ਨਿੱਘਾ ਸਵਾਗਤ ਕਰਨਾ ਬਣਦਾ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਸ਼ਬਦ ਸ਼ਕਤੀ
ਲੇਖਕ : ਡਾ: ਤੇਜਵੰਤ ਮਾਨ
ਪ੍ਰਕਾਸ਼ਕ : ਲਿਟਰੇਚਰ ਹਾਊਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 136.

ਤੇਜਵੰਤ ਮਾਨ (ਡਾ:) ਨੇ ਇਸ ਪੁਸਤਕ ਵਿਚ ਜਿਹੜੀਆਂ ਪੜ੍ਹੀਆਂ ਗਈਆਂ ਪੁਸਤਕਾਂ ਦਾ ਸਰਵੇਖਣ ਕੀਤਾ ਹੈ, ਉਹ ਕਿਸੇ ਇਕ ਵਿਸ਼ੇਸ਼ ਖੇਤਰ ਜਾਂ ਵਿਸ਼ੇਸ਼ ਵੰਨਗੀ ਨਾਲ ਸਬੰਧਤ ਨਹੀਂ ਹਨ, ਸਗੋਂ ਲਗਭਗ ਹਰ ਵੰਨਗੀ ਦੀ ਪੁਸਤਕ ਉਸ ਦੇ ਮੁਲਾਂਕਣ ਦਾ ਆਧਾਰ ਬਣੀ ਹੈ। ਡਾ: ਮਾਨ ਨੇ 'ਛਰਾਟੇ ਗੀਤਾਂ ਦੇ' ਅਤੇ 'ਪੀੜ ਪਰਾਗੇ' (ਗੁਰਬਚਨ ਸਿੰਘ ਲਾਡਪੁਰੀ), 'ਦੇਸ਼ ਭਗਤੀ ਦੀ ਭਾਵਨਾ ਅਤੇ ਹੋਰ ਨਿਬੰਧ' (ਹਰਦੇਵ ਸਿੰਘ ਧਾਲੀਵਾਲ), 'ਰਣਜੀਤ ਸਿੰਘ' (ਡਾ: ਭਗਵੰਤ ਸਿੰਘ), 'ਦਰਕਿਨਾਰ' (ਓਮ ਪ੍ਰਕਾਸ਼ ਗਾਸੋ), 'ਹੱਸਦੇ ਜ਼ਖਮ' (ਬਚਨ ਝਨੇੜੀ), 'ਚੁੱਲ੍ਹੇ ਵਿਚ ਬਸੰਤਰ' (ਕਰਮ ਸਿੰਘ ਜ਼ਖਮੀ), 'ਅੰਬਰ ਦੇ ਤਾਰੇ' ਅਤੇ 'ਅੰਬਰੀ ਛੋਹਾਂ', 'ਆਓ ਬੱਚਿਓ ਬਾਤ ਸੁਣਾਵਾਂ' ਅਤੇ 'ਪੰਛੀਆਂ ਦੀ ਪੰਚਾਇਤ' (ਪਵਨ ਹਰਚੰਦਪੁਰੀ), 'ਗੋਆ, ਗੋਰੇ ਅਤੇ ਸਮੁੰਦਰ' (ਗੁਰਮੇਲ ਮਡਾਹੜ), 'ਸੁਣ ਮਾਏ ਸੁਣ ਬਾਬਲਾ'-ਆਲੋਚਨਾ (ਡਾ: ਰਮਿੰਦਰ ਕੌਰ), 'ਮਾਧਵੀ' (ਰਣਜੀਤ ਰਾਹੀ), 'ਸੁਣ ਮਾਏ ਸੁਣ ਬਾਬਲਾ' (ਗਿੱਲ ਮੋਰਾਂਵਾਲੀ), 'ਤਿੜਕਦੇ ਤਾਰੇ ਦੀ ਬਗ਼ਾਵਤ' (ਅਮਰਜੀਤ ਕੌਰ ਅਮਰ) ਤੋਂ ਇਲਾਵਾ ਕੁਝ ਹੋਰ ਪੁਸਤਕਾਂ 'ਤੇ ਵੀ ਪੰਛੀ ਝਾਤ ਪੁਆਈ ਗਈ ਹੈ। ਪ੍ਰੀਤਮ ਸਿੰਘ ਰਾਹੀ ਦੀ ਸਾਹਿਤਕ ਲਹਿਰ ਦਾ ਵੱਖਰੇ ਮਜ਼ਮੂਨ ਰਾਹੀਂ ਵਿਸ਼ੇਸ਼ ਵਰਨਣ ਕੀਤਾ ਗਿਆ ਹੈ। ਲੇਖਕ ਨੇ ਇਨ੍ਹਾਂ ਪੁਸਤਕਾਂ ਨੂੰ ਲੋਕਵਾਦੀ ਦਰਸ਼ਨੀ ਬਿਰਤਾਂਤ ਪੱਖੋਂ ਨਿਰਖਿਆ ਪਰਖਿਆ ਹੈ, ਉਥੇ ਇਨ੍ਹਾਂ ਪੁਸਤਕਾਂ ਦੇ ਵਿਸ਼ੇ ਅਤੇ ਕਲਾ ਪੱਖ ਤੋਂ ਵੀ ਆਪਣੀ ਵੱਖਰੀ ਰਾਇ ਸਥਾਪਤ ਕੀਤੀ ਹੈ। ਡਾ: ਮਾਨ ਦੀ ਆਲੋਚਨਾ ਦ੍ਰਿਸ਼ਟੀ ਇਸ ਕਰਕੇ ਵੀ ਮੁੱਲਵਾਨ ਕਹੀ ਜਾ ਸਕਦੀ ਹੈ। ਉਸ ਘਸੇ-ਪਿਟੇ ਆਲੋਚਨਾ ਫਾਰਮੂਲਿਆਂ ਨੂੰ ਭੰਡਦਾ ਹੋਇਆ ਨਵੀਆਂ, ਉਸਾਰੂ ਅਤੇ ਵਿਗਿਆਨਕ ਦ੍ਰਿਸ਼ਟੀ ਅਪਣਾਉਣ 'ਤੇ ਬਲ ਦਿੰਦਾ ਹੈ। ਪੁਸਤਕ ਵਿਚ ਕਿਤੇ-ਕਿਤੇ ਅਣਗਹਿਲੀ ਵਾਪਰ ਗਈ ਹੈ। ਮਿਸਾਲ ਵਜੋਂ ਪਹਿਲੇ ਅਧਿਆਏ ਅਸੰਗਤੀ ਸਥਾਪਨਾ ਅਤੇ ਵਿਸਥਾਪਨਾਵਾਂ ਦਾ ਬਿਰਤਾਂਤ ਤਹਿਤ ਸਰਵਣ ਸਿੰਘ ਔਜਲਾ ਦੇ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਦਾ ਮੁਲਾਂਕਣ ਅਤੇ ਬੁੱਧ ਵਿਲਾਸੀ ਕਾਵਿ ਵਿਚਲੇ ਕਟਾਖਸ਼ ਦੀ ਮਹੱਤਤਾ ਅਧਿਆਇ ਅਧੀਨ ਨਵਰਾਹੀ ਘੁਗਿਆਣਵੀ ਦੀ ਕਿਸੇ ਕਿਤਾਬ ਵਿਚ ਪ੍ਰਕਾਸ਼ਿਤ ਲਗਭਗ ਇਕ ਸੌ ਕਾਵਿਮਈ ਤੁਕਬੰਦੀਆਂ ਦੀ ਨਿਰਖ ਪਰਖ ਕੀਤੀ ਗਈ ਹੈ, ਪਰ ਇਨ੍ਹਾਂ ਪੁਸਤਕਾਂ ਦੇ ਨਾਂਅ ਕੀ ਹਨ, ਇਸ ਬਾਰੇ ਪੂਰੇ ਅਧਿਆਇਆਂ ਵਿਚ ਕੋਈ ਜ਼ਿਕਰ ਨਹੀਂ ਹੈ। ਕਵਿਤਾ 'ਸੰਨ੍ਹ' ਦੇ ਰੂਪ ਵਿਚ ਲਿਖਿਆ ਗਿਆ ਪੁਸਤਕ ਦਾ ਮੁੱਖ ਬੰਧ ਵਿਸ਼ਵੀਕਰਨ ਨੂੰ ਸੋਹਣੇ ਢੰਗ ਨਾਲ ਕੇਂਦਰ-ਬਿੰਦੂ ਬਣਾਉਂਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਬੀਤੇ ਸਮੇਂ ਵਿਚ ਲਿਖੀਆਂ ਗਈਆਂ ਪੰਜਾਬੀ ਪੁਸਤਕਾਂ ਬਾਰੇ ਬਹੁਪੱਖੀ ਸੰਵਾਦ ਰਚਾਉਂਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 98144-23703.

ਮਾਰੂਥਲ 'ਚ ਵਹਿੰਦੀ ਨਦੀ
ਸ਼ਾਇਰ : ਸੁਰਜੀਤ ਧਾਮੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 95.

'ਮਾਰੂਥਲ 'ਚ ਵਹਿੰਦੀ ਨਦੀ' ਸੁਰਜੀਤ ਧਾਮੀ ਰਚਿਤ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਅਤਿ ਦੀਆਂ ਪ੍ਰਤੀਕੂਲ ਪ੍ਰਸਥਿਤੀਆਂ ਵਿਚ ਅੰਬਰ ਦਿਆਂ ਨੈਣਾਂ 'ਚੋਂ ਸੂਰਜ ਤਲੀ 'ਤੇ ਟਿਕਾਉਣ ਅਤੇ ਜ਼ਿੰਦਗੀ ਦੇ ਸਫ਼ਰ ਨੂੰ ਖੂਬਸੂਰਤ ਬਣਾਉਣ ਵਾਲੀ ਸਕਾਰਾਤਮਕ ਸੋਚ ਅਪਣਾਉਣ ਦੀ ਪ੍ਰੇਰਨਾ ਦਿੱਤੀ ਹੈ। ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਬਿਲਕੁਲ ਨਹੀਂ ਲਗਦਾ ਕਿ ਇਹ ਸ਼ਾਇਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਉਸ ਦਾ ਵਿਸ਼ਾਲ ਜੀਵਨ ਅਨੁਭਵ ਅਤੇ ਕਾਵਿ ਕੌਸ਼ਲਤਾ ਪਾਠਕ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਕਵਿਤਾ ਪੜ੍ਹਦਿਆਂ ਪਾਠਕ ਲੋਕ-ਕਾਵਿ ਜਿਹਾ ਅਨੰਦ ਮਾਣਦਾ ਮਹਿਸੂਸ ਕਰਦਾ ਹੈ। ਉਹ ਲਿਖਦਾ ਹੈ :
ਗਿੱਧਾ ਆਖੇ ਭੰਗੜੇ ਨੂੰ
ਅੱਥਰੂ ਨਾ ਕੇਰ ਵੇ
ਹਨੇਰਿਆਂ ਨੂੰ ਚੀਰ ਕੇ
ਆਊਗੀ ਸਵੇਰ ਵੇ।
ਇਸੇ ਤਰ੍ਹਾਂ :
ਤੂੰ ਆਪਣੀ ਜ਼ੁਲਫ ਸਵਾਰੀ ਚੱਲ
ਮੈਂ ਨਗਮੇਂ ਕਹਾਂ ਬਹਾਰਾਂ ਦੇ
ਆ ਜੋੜੀਏ ਕੁੱਲੀਆਂ ਮਹਿਲਾਂ ਨੂੰ
ਆ ਮੂੰਹ ਭੰਨੀਏ ਜ਼ਰਦਾਰਾਂ ਦੇ।
ਆ ਹੰਝੂ ਫੁੱਲ ਬਣਾ ਦਈਏ
ਆ ਸੂਰਜ ਤਲੀ ਟਿਕਾ ਲਈਏ।
ਸ਼ਾਇਰ ਨੇ ਜੀਵਨ ਦੇ ਹਰ ਉਸ ਪਹਿਲੂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ, ਜਿਸ ਨਾਲ ਉੱਤਰ-ਆਧੁਨਿਕ ਯੁੱਗ ਵਿਚ ਵਿਚਰਦੇ ਮਨੁੱਖ ਦਾ ਸਰੋਕਾਰ ਹੈ। ਸੁਰਜੀਤ ਧਾਮੀ ਰਚਿਤ ਕਾਵਿ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਕਾਵਿ ਸਿਰਜਣਾ ਲਈ ਉਚੇਚ ਨਹੀਂ ਕਰਨੀ ਪੈਂਦੀ, ਸਗੋਂ ਉਸ ਲਈ ਇਹ ਸਹਿਜ ਪ੍ਰਕਿਰਿਆ ਹੈ। ਉਸ ਦੀ ਕਾਵਿ ਭਾਸ਼ਾ, ਸ਼ਬਦ ਚੋਣ ਅਤੇ ਸ਼ਬਦ ਬਣਤਰ ਪਾਠਕ/ਸਰੋਤੇ ਨੂੰ ਆਕਰਸ਼ਤ ਕਰਨ ਦੀ ਅਥਾਹ ਸਮਰੱਥਾ ਰੱਖਦੀ ਹੈ। ਇਹ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਜਗਤ ਵਿਚ ਇਕ ਮੁੱਲਵਾਨ ਵਾਧਾ ਹੈ।

-ਡਾ: ਜਸਵੀਰ ਸਿੰਘ
ਮੋ: 84170-12430.

ਕੋਣੇ ਦਾ ਸੂਰਜ
ਕਵੀ : ਮੋਹਨਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 155.

ਨਿਵੇਕਲੇ ਕਾਵਿ-ਮੁਹਾਂਦਰੇ ਦੀ ਸਿਰਜਣਸ਼ੀਲਤਾ ਵਾਲਾ ਕਵੀ ਮੋਹਨਜੀਤ ਆਪਣੀ ਨਵੀਂ ਕਾਵਿ-ਕਿਰਤ 'ਕੋਣੇ ਦਾ ਸੂਰਜ' ਲੈ ਕੇ ਪੰਜਾਬੀ ਪਾਠਕਾਂ ਦੇ ਸਨਮੁਖ ਹੋਇਆ ਹੈ। 'ਕੌਣਾਰਕ' ਦੇ ਮੰਦਰ ਉਸਾਰੀ ਅਤੇ ਵਿਰਾਸਤੀ ਚਿੰਨ੍ਹਾਂ ਦੀ ਨਿਸ਼ਾਨਦੇਹੀ ਕਰਦੀ ਮੋਹਨਜੀਤ ਦੀ ਇਹ ਕਵਿਤਾ ਕਿਰਤੀਆਂ, ਸ਼ਿਲਪਕਾਰਾਂ, ਬੁੱਤ-ਤਰਾਸ਼ਾਂ ਦੀਆਂ ਭਾਵੁਕ ਭਾਵਨਾਵਾਂ ਦੇ ਅਤ੍ਰਿਪਤ ਰਹਿਣ ਦੀ ਗਾਥਾ ਦਾ ਬਿਰਤਾਂਤ ਪੇਸ਼ ਕਰਦੀ ਹੈ। ਸੱਤਾ ਲਈ ਆਪਣਾ ਹਿਤ ਪਹਿਲਾਂ ਹੁੰਦਾ ਹੈ, ਜਿਸ ਲਈ ਉਹ ਭਾਵੇਂ ਕੋਈ ਵੀ ਤੌਰ-ਤਰੀਕਾ ਅਪਣਾਏ ਪਰ ਹਿਤ ਪੂਰਤੀ ਅਤਿ ਜ਼ਰੂਰੀ ਹੁੰਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਪੇਸ਼ ਕਿਰਤੀਆਂ ਦਾ ਦੁਖਾਂਤ ਵੀ ਇਹੀ ਹੋ ਨਿੱਬੜਦਾ ਹੈ। ਕਿਰਤੀ ਆਪਣੇ ਪਰਿਵਾਰ ਤੋਂ ਦੂਰ ਸ਼ਿਲਪਕਾਰੀ ਦਾ ਇਕ ਮੁਜੱਸਮਾ ਬਣਾ ਰਿਹਾ ਹੁੰਦਾ ਹੈ ਤੇ ਪਰਿਵਾਰਕ ਦਸ਼ਾ ਕਿਹੋ ਜਿਹੀ ਹੁੰਦੀ ਹੈ, ਉਸ ਦਾ ਚਿੱਤਰ ਮੋਹਨਜੀਤ ਦੇ ਸ਼ਬਦਾਂ ਵਿਚ :
ਇਕ ਦਿਨ ਸੋਚੀਂ ਡੁੱਬੀ ਮਾਂ ਨੂੰ ਪੁੱਛਦਾ ਹੈ
ਮਾਂ ਨੀ ਮਾਂ! ਸਾਰਿਆਂ ਮੁੰਡਿਆਂ ਦੇ ਬਾਪ ਨੇ
ਕੌਣ ਤੇ ਕਿੱਥੇ ਹੈ ਮੇਰਾ ਬਾਪ?
ਮਾਂ ਜਾਣਦੀ ਸੀ-ਇਕ ਦਿਨ ਤਾਂ ਪੁੱਛਣਾ ਈ ਸੀ
ਗੱਭਰੂ ਹੋ ਰਹੇ ਪੁੱਤਰ ਨੇ ਸਵਾਲ
ਦੱਸਦੀ ਹੈ-
ਸ਼ਿਲਪੀ ਹੈ ਤੇਰਾ ਬਾਪ ਕਈ ਵੀਹਾਂ ਕੋਹ ਦੂਰ
ਕੋਣਾਰਕ ਦਾ ਮੰਦਰ ਬਣਾ ਰਿਹਾ
ਸੈਂਕੜੇ ਹੋਰ ਸ਼ਿਲਪੀ ਨੇ ਉਹਦੇ ਨਾਲ।
'ਕੋਣੇ ਦਾ ਸੂਰਜ' ਕਾਵਿ-ਕਿਰਤ ਵਿਚ ਇਕ ਬਿਰਤਾਂਤ ਨਿਰੰਤਰ ਚਲਦਾ ਹੈ ਜੋ ਕਥਾਵਾਂ ਦੇ ਰੂਪ ਵਿਚ ਪ੍ਰਸਤੁਤ ਹੋਇਆ ਹੈ। ਇਸ ਕਵਿਤਾ ਵਿਚ ਮੋਹਨਜੀਤ ਨੇ 'ਕੋਣਾਰਕ ਦੇ ਸੂਰਜ ਮੰਦਰ' ਦੇ ਸਰੂਪ ਦਾ ਵਰਨਣ ਕਰਦਿਆਂ ਏਨੀ ਬਰੀਕਬੀਨੀ ਵਰਤੀ ਹੈ ਕਿ ਪਾਠਕ ਇਸ ਮੰਦਰ ਦੇ ਕੋਨੇ-ਕੋਨੇ ਤੋਂ ਵਾਕਫ਼ ਹੋ ਜਾਂਦਾ ਹੈ, ਇਥੋਂ ਤੱਕ ਬਣੀਆਂ ਮੂਰਤੀਆਂ ਦੇ ਪਾਏ ਗਹਿਣਿਆਂ ਅਤੇ ਸ਼ਿਲਪਕਾਰੀ ਦੇ ਨਿੱਕੇ ਤੋਂ ਨਿੱਕੇ ਨਮੂਨੇ ਨੂੰ ਵੀ ਇਸ ਕਵਿਤਾ ਵਿਚ ਪੇਸ਼ ਕੀਤਾ ਗਿਆ ਹੈ। ਅਸਲ ਵਿਚ ਇਸ ਕਾਵਿ-ਪੁਸਤਕ ਵਿਚ ਜਿਹੜੀਆਂ ਕਥਾਵਾਂ ਦੀਆਂ ਕੜੀਆਂ ਆਪਸ ਵਿਚ ਜੋੜੀਆਂ ਗਈਆਂ ਹਨ, ਉਹ ਮੂਲ ਰੂਪ ਵਿਚ ਇਕ ਹੀ ਥੀਮ ਦੁਆਲੇ ਕੇਂਦਰਿਤ ਹਨ। ਮੋਹਨਜੀਤ ਦੀ ਇਹ ਕਵਿਤਾ ਵਿਸ਼ੇ ਅਤੇ ਸ਼ਿਲਪਕਲਾ ਦੇ ਪੱਖੋਂ ਬਹੁਭਾਂਤੀ ਹੈ। ਕਵਿਤਾ ਲੰਮੀ ਹੋਣ ਦੇ ਬਾਵਜੂਦ ਆਪਣਾ ਸਰੋਦੀਪਣ ਪੂਰੀ ਤਰ੍ਹਾਂ ਕਾਇਮ ਰੱਖਦੀ ਹੈ ਅਤੇ ਜਿਥੇ ਸੱਤਾ ਦੀਆਂ ਦਮਨਕਾਰੀ ਨੀਤੀਆਂ ਦਾ ਖੁਲਾਸਾ ਕਰਦੀ ਹੈ, ਉਥੇ ਭਾਵੁਕ ਰੰਗਣ ਵੀ ਕਵਿਤਾ ਦਾ ਵਿਸ਼ੇਸ਼ ਹਾਸਲ ਹੈ, ਜੋ ਪਾਠਕ ਨੂੰ ਆਕਰਸ਼ਤ ਕਰਦੀ ਹੈ। ਕਵਿਤਾ ਸੂਖਮਭਾਵੀ, ਬਹੁਪਰਤੀ ਅਤੇ ਚਿੰਨ੍ਹਾਤਮਕ ਰੂਪ ਵਿਚ ਆਪਣਾ ਸੁਨੇਹਾ ਪਾਠਕਾਂ ਤੱਕ ਪਹੁੰਚਾਉਂਦੀ ਹੈ। ਕਾਵਿ-ਰਚਨਾ ਦੇ ਨਾਲ-ਨਾਲ ਤਸਵੀਰਾਂ ਦੀ ਪੇਸ਼ਕਾਰੀ ਵੀ ਪਾਠਕ ਦੀ ਰੂਹ ਨੂੰ ਲੈਅਮਈ ਸਰੂਰ ਅਤੇ ਸਕੂਨ ਬਸ਼ਖਦੀ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611

ਚੋਭਾਂ ਸੱਟਾਂ ਦੀਆਂ
ਸ਼ਾਇਰ : ਪ੍ਰਿੰ: ਮਹਿੰਦਰ ਸਿੰਘ ਬਰਾੜ ਭਾਗੀਕੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 120.

ਪ੍ਰਿੰ: ਮਹਿੰਦਰ ਸਿੰਘ ਬਰਾੜ ਭਾਗੀਕੇ ਪ੍ਰਵਾਸੀ ਕਲਮਕਾਰ ਹੈ, ਜਿਸ ਦਾ ਪਿਛੋਕੜ ਮੋਗੇ ਦਾ ਹੈ। 'ਚੋਭਾਂ ਸੱਟਾਂ ਦੀਆਂ' ਉਸ ਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਪ੍ਰਾਚੀਨ ਪਿੰਗਲ ਅਨੁਸਾਰ ਬੈਂਤ, ਦੋਹੜੇ ਤੇ ਹੋਰ ਵੱਖ-ਵੱਖ ਛੰਦਾਂ ਰਾਹੀਂ ਰਚੀਆਂ ਗਈਆਂ ਹਨ। ਇਸ ਪੁਸਤਕ ਵਿਚ ਸੀਹਰਫ਼ੀਆਂ ਹਨ, ਬਾਰਾਮਾਹ ਵੀ ਹਨ ਤੇ ਹਫ਼ਤੇ ਦਿਨਾਂ ਅਨੁਸਾਰ ਵੀ ਕਵਿਤਾਵਾਂ ਦੀ ਰਚਨਾ ਕੀਤੀ ਗਈ ਹੈ। ਸ਼ਾਇਰ ਨੇ ਆਪਣੀਆਂ ਰਚਨਾਵਾਂ ਵਿਚ ਪਿੰਗਲ ਦੀਆਂ ਬੰਦਿਸ਼ਾਂ ਨੂੰ ਨਿਭਾਉਣ ਦਾ ਦਾਅਵਾ ਕੀਤਾ ਹੈ ਪਰ ਕਈ ਜਗ੍ਹਾ ਇਹ ਦਾਅਵਾ ਖਰਾ ਨਹੀਂ ਉਤਰਦਾ। ਉਂਜ ਇਨ੍ਹਾਂ ਕਾਵਿ ਰਚਨਾਵਾਂ ਵਿਚ ਜ਼ਿੰਦਗੀ ਨੂੰ ਬਿਹਤਰ ਬਣਾਉਣ ਤੇ ਨਰੋਏ ਸਮਾਜ ਸਿਰਜਣ ਲਈ ਸ਼ਾਇਰ ਨੇ ਕਾਫ਼ੀ ਨਸੀਹਤਾਂ ਦਿੱਤੀਆਂ ਹਨ। ਸ਼ਾਇਰ ਧੀਆਂ ਨੂੰ ਚੰਗੀ ਵਿੱਦਿਆ ਦੇਣ ਤੇ ਔਰਤ ਦਾ ਸਤਿਕਾਰ ਕਰਨ 'ਤੇ ਜ਼ੋਰ ਦਿੰਦਾ ਹੈ। ਉਹ ਮਨੁੱਖ ਨੂੰ ਸਬਰ ਸੰਤੋਖ, ਨਿਮਰਤਾ, ਇਮਾਨਦਾਰੀ ਤੇ ਪਿਆਰ ਦਾ ਪੱਲਾ ਫੜੀ ਰੱਖਣ ਲਈ ਪ੍ਰੇਰਦਾ ਹੈ। ਇਹ ਰਚਨਾਵਾਂ ਕਈ ਭਾਂਤ ਦੀਆਂ ਹਨ, ਇਨ੍ਹਾਂ ਵਿਚ ਕੁਝ ਕੁ ਨੂੰ ਗ਼ਜ਼ਲ ਦੀ ਸ਼੍ਰੇਣੀ ਵਿਚ ਵੀ ਰੱਖਿਆ ਜਾ ਸਕਦਾ ਹੈ ਤੇ ਕੁਝ ਕੁ ਨੂੰ ਗੀਤ ਦੀ ਸ਼੍ਰੇਣੀ ਵਿਚ। ਪ੍ਰਿੰ: ਮਹਿੰਦਰ ਸਿੰਘ ਬਰਾੜ ਭਾਗੀਕੇ ਨੇ ਪੁਸਤਕ ਵਿਚ ਕੁਝ ਧਾਰਮਿਕ ਘਟਨਾਵਾਂ ਨਾਲ ਸਬੰਧਤ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਹਨ। ਸ਼ਾਇਰ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ ਤੇ ਉਹ ਕੁਦਰਤੀ ਨਜ਼ਾਰਿਆਂ ਵਿਚ ਰਚਮਿਚ ਜਾਣਾ ਲੋਚਦਾ ਹੈ। ਉਸ ਮੁਤਾਬਿਕ ਪਿਆਰ ਦੀ ਜਾਤ ਸਿਰਫ਼ ਪਿਆਰ ਹੈ ਤੇ ਦੁਨੀਆਂ ਦੀ ਹਰ ਨੁੱਕਰ ਵਿਚ ਇਸ ਦਾ ਫ਼ੈਲਾਓ ਹੋਣਾ ਚਾਹੀਦਾ ਹੈ। ਕੁਝ ਕੁ ਰਚਨਾਵਾਂ ਰੋਮਾਂਸਵਾਦੀ ਵੀ ਹਨ ਪਰ ਇਹ ਨੰਗੀਆਂ ਚਿੱਟੀਆਂ ਨਹੀਂ ਹਨ ਤੇ ਸ਼ਾਇਰ ਨੇ ਇਨ੍ਹਾਂ ਨੂੰ ਸਤਿਕਾਰਤ ਇਬਾਰਤ ਦਿੱਤੀ ਹੈ। ਇਸ ਕਿਤਾਬ ਵਿਚ ਇੱਕਾ-ਦੁੱਕਾ ਕਾਵਿ ਕਹਾਣੀਆਂ ਵੀ ਹਨ, ਜਿਨ੍ਹਾਂ ਨੂੰ ਇਸ਼ਾਰਤਨ ਪ੍ਰਯੋਗ ਵਿਚ ਲਿਆਂਦਾ ਗਿਆ ਹੈ। ਇਸ ਪੁਸਤਕ ਵਿਚ ਸ਼ਾਇਰ ਸਬੰਧੀ ਪੂਰਨ ਸਿੰਘ ਪਾਂਧੀ ਦਾ ਮੁੱਖ ਬੰਦ ਤੇ ਸ਼ਾਇਰ ਦਾ ਸਵੈ ਕਥਨ ਵੀ ਦਰਜ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਫੁਲਕਾਰੀ
ਲੇਖਿਕਾ : ਕੰਵਰ ਅਮਰੀਕ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80.

ਕਠੂਆ ਵਾਸੀ ਕੰਵਰ ਅਮਰੀਕ ਸਰਬਾਂਗੀ ਲੇਖਿਕਾ ਹੈ, ਜੋ ਕਵਿਤਾ, ਕਹਾਣੀ ਅਤੇ ਨਾਵਲ ਦੇ ਖੇਤਰ ਵਿਚ ਸਮਾਨ ਅਧਿਕਾਰ ਨਾਲ ਲਿਖ ਕੇ ਪਾਠਕਾਂ ਤੱਕ ਮਕਬੂਲ ਹੋਈ ਹੈ। 'ਨਸੀਬੋ' ਉਸ ਦਾ ਪਹਿਲਾ ਨਾਵਲ ਸੀ। 'ਹੂਕ' ਕਹਾਣੀ-ਸੰਗ੍ਰਹਿ ਤੇ 'ਸਮੇਂ ਦਾ ਦੁਖਾਂਤ' ਕਾਵਿ-ਸੰਗ੍ਰਹਿ ਛਪ ਚੁੱਕੇ ਹਨ।
ਕੰਵਰ ਅਮਰੀਕ ਆਪਣੇ ਆਦਰਸ਼ਾਂ ਰਾਹੀਂ ਸਮਾਜਿਕ ਯਥਾਰਥ ਦੇ ਰੂਬਰੂ ਹੁੰਦੀ ਹੈ। ਉਸ ਦੇ ਔਰਤ-ਮਰਦ ਪਾਤਰ ਪ੍ਰੇਮ ਦੀ ਮੂਰਤ ਹਨ, ਜੋ ਜ਼ਿੰਦਗੀ ਨਾਲ ਲੋਹਾ ਲੈਣ ਦੀ ਹਿੰਮਤ ਵੀ ਰੱਖਦੇ ਹਨ। 'ਫੁਲਕਾਰੀ' ਇਸਤਰੀ-ਪ੍ਰਧਾਨ ਨਾਵਲ ਹੈ, ਜਿਸ ਵਿਚ ਫੁਲਕਾਰੀ ਨਾਂਅ ਦੀ ਤ੍ਰੀਮਤ ਆਪਣੀ ਅਦਭੁੱਤ ਹਿੰਮਤ ਅਤੇ ਹੌਸਲੇ ਨਾਲ ਅਸਫ਼ਲਤਾ ਤੋਂ ਘਬਰਾ ਕੇ ਮਾਨਸਿਕ ਦਬੰਧ ਦਾ ਸ਼ਿਕਾਰ ਹੋਏ ਆਪਣੇ ਪਤੀ ਨੂੰ ਹੌਸਲਾ ਦੇ ਕੇ ਬੜੀ ਸੁਯੋਗਤਾ ਨਾਲ ਕਾਰ-ਵਿਹਾਰ ਚਲਾਉਂਦੀ ਹੈ। ਆਪ ਹੀ ਪੜ੍ਹਾਈ ਕਰਕੇ ਅਧਿਆਪਕਾ ਨਹੀਂ ਬਣਦੀ, ਆਪਣੇ ਪੁੱਤਰਾਂ ਧੀਆਂ ਨੂੰ ਵੀ ਪੜ੍ਹਾ ਲਿਖਾ ਕੇ ਆਪੋ-ਆਪਣੇ ਪੈਰਾਂ 'ਤੇ ਖੜ੍ਹਾ ਕਰਦੀ ਹੈ। ਉਹ ਪੁੱਤ ਪੋਤਿਆਂ ਦੀ ਚੋਣ ਵਿਚ ਅੜਿੱਕਾ ਨਹੀਂ ਬਣਦੀ ਪਰ ਮਾਪਿਆਂ ਪ੍ਰਤੀ ਉਨ੍ਹਾਂ ਦੇ ਬਣਦੇ ਸਰਦੇ ਅਧਿਕਾਰਾਂ ਅਤੇ ਸ਼ਿਸ਼ਟਾਚਾਰ ਨੂੰ ਵੀ ਤਿਲਾਂਜਲੀ ਨਹੀਂ ਦੇਣ ਲਈ ਦਿੰਦੀ। ਉਹ ਬੜੀ ਸਿਆਣਪ ਤੇ ਚਤੁਰਾਈ ਨਾਲ ਪੁੱਤ ਪ੍ਰੀਤ ਅਤੇ ਪੋਤੇ ਪੋਤੀ ਦੇ ਪਿਆਰਾਂ ਦਾ ਆਦਰ ਕਰਦੀ ਹੈ ਤੇ ਇਨ੍ਹਾਂ ਰਿਸ਼ਤਿਆਂ ਵਿਚ ਆਪਣੀ ਕਦਰ ਵੀ ਗੁਆਚਣ ਨਹੀਂ ਦਿੰਦੀ। ਜਾਇਦਾਦ ਦੀ ਵੰਡ ਵੇਲੇ ਵੀ ਉਹ ਬੱਚਿਆਂ ਨੂੰ ਘਰ ਪਰਿਵਾਰ ਲਈ ਕੀਤੀ ਕੁਰਬਾਨੀ ਅਨੁਸਾਰ ਹੀ ਹਿੱਸਾ ਦਿੰਦੀ ਹੈ। ਇਸ ਤਰ੍ਹਾਂ ਕਰਕੇ ਉਹ ਸੁਘੜ ਸਿਆਣੀ ਔਰਤ ਵਾਂਗ ਰਿਸ਼ਤਿਆਂ ਵਿਚ ਹੀ ਕੁੜੱਤਣ ਨਹੀਂ ਆਉਣ ਦਿੰਦੀ। 'ਫੁਲਕਾਰੀ' ਇਕ ਮਿਹਨਤੀ, ਸੰਵੇਦਨਸ਼ੀਲ ਤੇ ਮੋਹ-ਭਿੱਜੀ ਔਰਤ ਦਾ ਅਕਸ ਪੇਸ਼ ਕਰਦੀ ਹੈ।
ਇਕਹਿਰੀ ਪਰਤ ਵਾਲੇ ਇਸ ਨਾਵਲ ਨੂੰ ਪੜ੍ਹ ਕੇ ਇਸ ਦੇ ਲੰਮੀ ਕਹਾਣੀ ਹੋਣ ਦਾ ਭੁਲੇਖਾ ਪੈਂਦਾ ਹੈ। ਅੱਜ ਦੇ ਪੰਜਾਬੀ ਨਾਵਲ ਦੇ ਹਾਣ ਦਾ ਹੋਣ ਲਈ ਕੰਵਰ ਅਮਰੀਕ ਨੂੰ ਥੋੜ੍ਹਾ ਹੋਰ ਹੋਮਵਰਕ ਕਰਨਾ ਪਵੇਗਾ। 'ਬੂਥ ਕੈਚਰਿੰਗ' ਜਿਹੇ ਸ਼ਬਦਾਂ ਤੋਂ ਪਰਹੇਜ਼ ਕਰਨਾ ਪਵੇਗਾ। ਕਿਸੇ ਯੋਗ ਅਗਵਾਈ ਨਾਲ ਅਜਿਹੇ ਸ਼ਬਦਾਂ ਦੀ ਗ਼ਲਤੀ ਤੋਂ ਬਚਿਆ ਜਾ ਸਕਦਾ ਸੀ।

-ਕੇ. ਐਲ. ਗਰਗ
ਮੋ: 94635-37050

 

2013 ਵਿਚ ਲੋਕ ਗੀਤ ਪ੍ਰਕਾਸ਼ਨ ਵੱਲੋਂ ਰਿਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰੀਵਿਊ ਨਹੀਂ ਛਪ ਸਕੇ :
ਜਿਉਂਦੀਆਂ ਲਾਸ਼ਾਂ
ਲੇਖਕ : ਵੇਦਪਾਲ ਭਾਟੀਆ 'ਸੋਨੀ'
ਮੁੱਲ : 150 ਰੁਪਏ, ਸਫ਼ੇ : 112.
--------
ਕੀਮਤ ਕਿਤਾਬ ਦੀ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਮੁੱਲ : 150 ਰੁਪਏ, ਸਫ਼ੇ : 120.
--------
ਵੰਝਲੀ
ਲੇਖਕ : ਪਵਨ ਗਿੱਲਾਂ ਵਾਲਾ
ਮੁੱਲ : 250 ਰੁਪਏ, ਸਫ਼ੇ : 151.
--------
ਸ਼ੌਰਟ-ਕੱਟ ਵਾਇਆ ਲੌਂਗ ਰੂਟ
ਲੇਖਕ : ਅਮਰੀਕ ਸਿੰਘ ਬਲ
ਮੁੱਲ : 300 ਰੁਪਏ, ਸਫ਼ੇ : 296.
--------
ਅਸ਼ਰਫ਼-ਉਲ-ਮਖ਼ਲੂਕ (ਜੁਗਾੜੀਆ)
ਲੇਖਕ : ਬਲਦੇਵ ਸਿੰਘ ਮਨੇਸ
ਮੁੱਲ : 200 ਰੁਪਏ, ਸਫ਼ੇ : 127.
--------
ਕਾਲੇ ਰੰਗ ਦੀ ਮਰੀਅਮ
ਲੇਖਕ : ਮੋਹਣ ਸਿੰਘ ਕੁੱਕੜਪਿੰਡੀਆ
ਮੁੱਲ : 175 ਰੁਪਏ, ਸਫ਼ੇ : 140.
--------
ਮਿੱਟੀ ਰੰਗ ਵਟਾਏ
ਲੇਖਕ : ਬਲਦੇਵ ਸਿੰਘ
ਮੁੱਲ : 500 ਰੁਪਏ, ਸਫ਼ੇ : 312.
--------
ਲਿਸ਼ਕ
ਲੇਖਕ : ਦਰਬਾਰਾ ਸਿੰਘ
ਮੁੱਲ : 175 ਰੁਪਏ, ਸਫ਼ੇ : 112.
--------
ਨਿੰਮੋਲੀਆਂ
ਲੇਖਕ : ਅਰਵਿੰਦਰ
ਮੁੱਲ : 175 ਰੁਪਏ, ਸਫ਼ੇ : 136.
--------
ਮਾਰਕਸੀ ਵਿਸ਼ਵ ਚਿੰਤਨ
ਸੰਪਾ : ਡਾ: ਭੀਮ ਇੰਦਰ ਸਿੰਘ
ਮੁੱਲ : 200 ਰੁਪਏ, ਸਫ਼ੇ : 166.
--------
ਮਿੱਟੀ ਦੀ ਖੁਸ਼ਬੂ
ਲੇਖਕ : ਰਾਮ ਲਾਲ ਭਗਤ
ਮੁੱਲ : 175 ਰੁਪਏ, ਸਫ਼ੇ : 94.
--------
ਬਿਰਹਾ ਦੇ ਬੋਲ
ਲੇਖਕ : ਕਮਲਜੀਤ ਕੌਰ
ਮੁੱਲ : 150 ਰੁਪਏ, ਸਫ਼ੇ : 112.
--------
ਚੁੰਬਕੀ ਤੂਫ਼ਾਨ
ਲੇਖਕ : ਸੁਸ਼ੀਲ ਰਹੇਜਾ
ਮੁੱਲ : 175 ਰੁਪਏ, ਸਫ਼ੇ : 103.
---------

2013 ਵਿਚ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰੀਵਿਊ ਨਹੀਂ ਛਪ ਸਕੇ :
ਨਸੀਬ
ਲੇਖਕ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਰਤਨ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 112.
--------
ਆਖ਼ਰੀ ਖ਼ਤ
ਲੇਖਕ : ਮੁਸ਼ਤਾਕ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119.
--------
ਡਾ: ਜਸਪਾਲ ਮਾਨ ਚਿੰਤਨ ਤੇ ਰਚਨਾ
ਸੰਪਾਦਕ : ਭੁਪਿੰਦਰ
ਪ੍ਰਕਾਸ਼ਕ : ਸਮਕਾਲ ਪ੍ਰਕਾਸ਼ਨ, ਜਗਰਾਉਂ
ਮੁੱਲ : 100 ਰੁਪਏ, ਸਫ਼ੇ : 96.
--------
ਪੀਲੇ ਫੁੱਲ
ਲੇਖਕ : ਹਰਪ੍ਰੀਤ ਸਿੰਘ 'ਮੀਤ'
ਪ੍ਰਕਾਸ਼ਕ : ਡਬਲ, ਐਚ ਆਰਬਿਟ ਪ੍ਰਕਾਸ਼ਨ, ਸੰਗਰੂਰ
ਮੁੱਲ : 200 ਰੁਪਏ, ਸਫ਼ੇ : 364.
--------
ਨਵੀਂ ਤਵਾਇਫ਼
ਸੰਪਾਦਕ : ਚਰਨ ਕੌਸ਼ਲ
ਪ੍ਰਕਾਸ਼ਕ : ਲੋਕਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 96.
--------
ਕਵਿਤਾ ਦੀ ਪਰਕਰਮਾ
ਲੇਖਕ ਭੂਪਿੰਦਰ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 428.
--------
ਮਿੱਠੀ ਰੁੱਤ
ਲੇਖਕ : ਹਰਜਿੰਦਰ ਜੱਜ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 76.
--------
ਵਲੈਤੀਆ
ਲੇਖਕ : ਮੋਹਣ ਸਿੰਘ ਕੁੱਕੜਪਿੰਡੀਆ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ :225 ਰੁਪਏ, ਸਫ਼ੇ : 167.
--------
ਹੱਕ ਲਈ ਲੜਿਆ ਸੱਚ
ਲੇਖਕ : ਅਨਮੋਲ ਕੌਰ
ਪ੍ਰਕਾਸ਼ਕ : ਕੋਲਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 292.
--------
ਹਾਇਕੂ ਬੋਲਦਾ ਹੈ
ਲੇਖਕ : ਪ੍ਰੋ: ਨਿਤਨੇਮ ਸਿੰਘ
ਪ੍ਰਕਾਸ਼ਕ : ਊਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 175 ਰੁਪਏ, ਸਫ਼ੇ : 167.
--------
ਬਾਂਕੇ ਦਰਿਆ
ਲੇਖਕ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਊਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 150 ਰੁਪਏ, ਸਫ਼ੇ : 135.
--------
ਇਨਸਾਨੀਅਤ ਦਾ ਅਲੰਬਰਦਾਰ ਅਤੇ ਹੋਰ ਲੇਖ
ਲੇਖਕ : ਰਾਜਿੰਦਰ ਸਿੰਘ ਜਾਲੀ
ਪ੍ਰਕਾਸ਼ਕ : ਵਰਤਮਾਨ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 180 ਰੁਪਏ, ਸਫ਼ੇ : 119. 

8-12-2013

 2013 ਵਿਚ ਰਿਵਿਊ ਲਈ ਪ੍ਰਾਪਤ ਪੁਸਤਕਾਂ, ਜਿਨ੍ਹਾਂ ਦੇ ਅਜੇ ਤੱਕ ਰਿਵਿਊ ਨਹੀਂ ਛਪ ਸਕੇ :
ਘਪਲਸਤਾਨ ਜ਼ਿੰਦਾਬਾਦ
ਲੇਖਕ : ਜਸਵੀਰ ਭਲੂਰੀਆ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 140 ਰੁਪਏ, ਸਫ਼ੇ : 71.
--------
ਹਰ ਸਿਮਤ ਬਿਖਰ ਜਾਓ
ਲੇਖਕ : ਪ੍ਰੇਮ ਸਾਹਿਲ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 100 ਰੁਪਏ, ਸਫ਼ੇ : 103.
--------
ਚਾਨਣ ਦੇ ਵਣਜਾਰੇ
ਲੇਖਕ : ਜਰਨੈਲ ਸਿੰਘ ਨਿਰਮਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 96.
--------
ਚਾਨਣ ਦੇ ਹਰਫ਼
ਲੇਖਕ : ਡਾ: ਕੇਵਲ ਸਿੰਘ 'ਪਰਵਾਨਾ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96.
--------
ਫਰੰਟ ਪੇਜ
ਲੇਖਕ : ਸੁਰਿੰਦਰ ਸਿੰਘ ਕੋਮਲ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਦਿੱਲੀ
ਮੁੱਲ : 150 ਰੁਪਏ, ਸਫ਼ੇ : 96.
--------
ਨਵੀਂ ਸਦੀ ਦੀ ਨਵੀਂ ਨਸਲ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 200 ਰੁਪਏ, ਸਫ਼ੇ : 128.
--------
ਸ਼ੇਰਾਂ ਜਿਹੇ ਪੁੱਤ
ਲੇਖਕ : ਡਾ: ਦਇਆ ਸਿੰਘ ਚਾਨਣਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 150 ਰੁਪਏ, ਸਫ਼ੇ : 94.
--------
ਸ਼ੀਸ਼ਾ
ਲੇਖਕ : ਅਮਰਜੀਤ ਕੌਰ ਮਾਨ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 80 ਰੁਪਏ, ਸਫ਼ੇ : 80.
--------
ਮੇਰਾ ਕਾਵਿ-ਨਾਟਕ-4
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 475 ਰੁਪਏ, ਸਫ਼ੇ : 344.
--------
ਬੰਦ ਮੁੱਠੀ ਦੀ ਚੀਖ਼
ਲੇਖਕ : ਕ੍ਰਿਸ਼ਨ ਬੇਤਾਬ
ਪ੍ਰਕਾਸ਼ਕ : ਲਿਟਰੇਚਰ ਹਾਊਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112.
--------
ਲਿਖਤ ਪੜਤ
ਲੇਖਕ : ਅਮਰਜੀਤ ਚੰਦਨ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਦਿੱਲੀ
ਮੁੱਲ : 125 ਰੁਪਏ, ਸਫ਼ੇ : 138.
-------
ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਪ੍ਰਾਪਤ ਪੁਸਤਕਾਂ :

ਸੰਤੋਖੇ ਅਨੁਭਵਾਂ ਦੀ ਪ੍ਰਵਾਜ਼
ਸੰਪਾਦਕ : ਡਾ: ਕਮਲਜੀਤ ਕੌਰ ਬਾਂਗਾ
ਮੁੱਲ : 350, ਸਫ਼ੇ : 288.
--------
ਦੁੱਖਾਂ ਨੂੰ ਸੁੱਖਾਂ ਵਿਚ ਕਿਵੇਂ ਬਦਲੀਏ
ਲੇਖਕ : ਯਸ਼ਪਾਲ ਮਾਨਵੀ
ਮੁੱਲ : 150, ਸਫ਼ੇ : 127.
--------
ਸ਼ੂਨਯ ਦੀ ਕਿਤਾਬ
ਲੇਖਕ : ਓਸ਼ੋ
ਮੁੱਲ : 250, ਸਫ਼ੇ : 256.
--------
ਮੀਲ ਪੱਥਰਾਂ ਦੀ ਦਾਸਤਾਨ
ਲੇਖਕ : ਡਾ: ਕੇ. ਜਗਜੀਤ ਸਿੰਘ
ਮੁੱਲ : 250, ਸਫ਼ੇ : 224.
--------
ਸੋਗ ਦਾ ਜਸ਼ਨ
ਲੇਖਕ : ਕੁਲਜੀਤ ਪਾਠਕ
ਮੁੱਲ : 150, ਸਫ਼ੇ : 128.
--------
ਆ ਲੈ ਸਾਂਭ ਕੁੰਜੀਆਂ
ਸੰਪਾਦਕ : ਜਸਬੀਰ ਭੁੱਲਰ
ਮੁੱਲ : 200, ਸਫ਼ੇ : 160.
--------
1947 ਅੱਲੇ ਜ਼ਖਮਾਂ ਦੀ ਦਾਸਤਾਨ
ਸੰਪਾਦਕ : ਜਿੰਦਰ
ਮੁੱਲ : 375 ਸਫ਼ੇ : 632.
-----------
ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਪ੍ਰਾਪਤ ਪੁਸਤਕਾਂ :

ਬਲਦਾ ਦੀਵਾ
ਲੇਖਕ : ਸ਼ਿੰਗਾਰ ਸਿੰਘ ਸੰਧੂ
ਮੁੱਲ : 150 ਰੁਪਏ, ਸਫ਼ੇ : 80.
--------
ਅਰਜ਼ੋਈ
ਲੇਖਕ : ਗੁਰਮੁਖ ਸਿੰਘ ਪਰਾਗਪੁਰ
ਮੁੱਲ : 120 ਰੁਪਏ, ਸਫ਼ੇ : 80.
--------
ਸਮੇਂ ਦਾ ਦੁਖਾਂਤ
ਲੇਖਕ : ਕੰਵਰ ਅਮਰੀਕ
ਮੁੱਲ : 100 ਰੁਪਏ, ਸਫ਼ੇ : 72.
--------
ਸੱਧਰਾਂ ਦੀ ਫੁਲਕਾਰੀ
ਸੰਪਾਦਕ : ਕੇਵਲ ਮਾਣਕਪੁਰੀ
ਮੁੱਲ : 150 ਰੁਪਏ, ਸਫ਼ੇ : 112.
--------------
ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਪ੍ਰਾਪਤ ਪੁਸਤਕਾਂ :

ਹੁਣ ਮੈਂ ਇੰਜੁਆਏ ਕਰਦੀ ਆਂ
ਲੇਖਕ : ਸੁਖਜੀਤ
ਮੁੱਲ : 150 ਰੁਪਏ, ਸਫ਼ੇ : 128.
--------
ਸਿਰਜਣਾ : ਸਮਾਲੋਚਨਾ
ਲੇਖਕ : ਸੰਪਾ: ਇੱਛੂਪਾਲ
ਮੁੱਲ : 275 ਰੁਪਏ, ਸਫ਼ੇ : 184.
--------
ਮੈਂ ਧਾਰਮਕਤਾ ਸਿਖਾਂਦਾ ਹਾਂ ਧਰਮ ਨਹੀਂ
ਲੇਖਕ : ਓਸ਼ੋ
ਮੁੱਲ : 225 ਰੁਪਏ, ਸਫ਼ੇ : 192.

8-12-2013

 ਸਕੂਲਾਂ ਲਈ ਚੋਣਵੀਆਂ ਕਵਿਤਾਵਾਂ ਅਤੇ ਗੀਤ
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 247.

'ਸਕੂਲਾਂ ਲਈ ਚੋਣਵੀਆਂ ਕਵਿਤਾਵਾਂ ਅਤੇ ਗੀਤ' ਇਕ ਅਜਿਹੀ ਪੁਸਤਕ ਹੈ ਜਿਹੜੀ ਪੰਜਾਬ ਭਰ ਦੇ ਪ੍ਰਾਇਮਰੀ, ਮਿਡਲ, ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਲਈ ਵੱਖ-ਵੱਖ ਸਮਾਗਮਾਂ ਸਮੇਂ ਵਿਦਿਆਰਥੀਆਂ ਵੱਲੋਂ ਗਾਈ ਤੇ ਪ੍ਰਸਤੁਤ ਕੀਤੀ ਜਾਣ ਵਾਲੀ ਕਾਵਿ-ਸਮੱਗਰੀ ਦੀ ਲੋੜ ਨੂੰ ਮੁੱਖ ਰੱਖ ਕੇ ਸੰਪਾਦਿਤ ਕਰਵਾਈ ਗਈ ਹੈ, ਜਿਸ ਦੀ ਸੰਪਾਦਨਾ ਮਨਮੋਹਨ ਸਿੰਘ ਦਾਊਂ ਨੇ ਕੀਤੀ ਹੈ। ਇਸ ਕਾਵਿ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 76 ਕਵੀਆਂ ਦੀਆਂ 160 ਕਵਿਤਾਵਾਂ ਤੇ ਗੀਤ ਦਰਜ ਹਨ। ਪੁਸਤਕ ਨੂੰ 12 ਭਾਗਾਂ ਵਿਚ ਵੰਡ ਕੇ ਸਬੰਧਤ ਵਿਸ਼ੇ ਅਨੁਸਾਰ ਕਵਿਤਾਵਾਂ ਤੇ ਗੀਤਾਂ ਦੀ ਚੋਣ ਕੀਤੀ ਗਈ ਹੈ। ਵਰਗ ਵੰਡ ਇਸ ਅਨੁਸਾਰ ਹੈ : (1) ਸਾਂਝੀਵਾਲਤਾ ਤੇ ਦੇਸ਼ ਪਿਆਰ (2) ਸਾਡੇ ਸਾਂਝੇ ਤਿਉਹਾਰ (3) ਮਹੱਤਵਪੂਰਨ ਦਿਵਸ (4) ਮਾਂ ਬੋਲੀ ਪੰਜਾਬੀ ਦੀ ਮਹਿਮਾ (5) ਰੁੱਤਾਂ ਦੇ ਰੰਗ ਨਿਆਰੇ (6) ਖੇਡਾਂ ਖੇਡਣ ਨੂੰ ਚਿਤ ਲੋੜੇ (7) ਰੁੱਖ, ਬੂਟੇ ਫੁੱਲ, ਪੰਛੀ ਲੱਗਣ ਪਿਆਰੇ (8) ਗਿਆਨ ਵਿਗਿਆਨ ਦੀਆਂ ਕਵਿਤਾਵਾਂ (9) ਸ਼ੁੱਧ ਵਾਤਾਵਰਨ ਵਿਚ ਲਈਏ ਸਾਹ (10) ਸਮਾਜਿਕ ਸਮੱਸਿਆਵਾਂ ਕਰੀਏ ਹੱਲ (11) ਚਾਨਣ ਵੰਡਦੇ ਗੀਤ (12) ਮਹਾਨ ਸ਼ਖ਼ਸੀਅਤਾਂ ਨੂੰ ਸਾਡਾ ਪ੍ਰਣਾਮ। ਇਸ ਕਾਵਿ ਸੰਗ੍ਰਹਿ ਵਿਚ ਪੁਰਾਣੇ ਸਥਾਪਤ ਕਵੀਆਂ ਦੀਆਂ ਰਚਨਾਵਾਂ ਵੀ ਹਨ ਅਤੇ ਸਥਾਪਤ ਹੋ ਰਹੇ ਬਾਲ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸੰਪਾਦਕ ਨੂੰ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਕਦੀ ਸਥਾਪਤ ਵਾਰਤਕ ਲੇਖਕਾਂ ਨੂੰ ਵੀ ਕਵੀ ਬਣਾ ਕੇ ਉਨ੍ਹਾਂ ਪਾਸੋਂ ਧੱਕੇ ਨਾਲ ਕਵਿਤਾਵਾਂ ਲਿਖਵਾ ਲਈਆਂ ਹਨ। ਇਹ ਪੁਸਤਕ ਜਿਥੇ ਸਕੂਲਾਂ ਵਿਚ ਵੱਖ-ਵੱਖ ਅਵਸਰਾਂ 'ਤੇ ਕਰਵਾਏ ਜਾਂਦੇ ਸਮਾਗਮਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਖੇਤਰੀ ਵਿਦਿਅਕ ਮੁਕਾਬਲਿਆਂ ਲਈ ਲੋੜੀਂਦੀ ਕਾਵਿ-ਸਮੱਗਰੀ ਦੀ ਲੋੜ ਅਤੇ ਘਾਟ ਨੂੰ ਪੂਰਨ ਲਈ ਸਹਾਈ ਹੋਵੇਗੀ, ਉਥੇ ਇਹ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਨੂੰ ਇਕੋ ਸੋਮੇ ਤੋਂ ਸਮੱਗਰੀ ਪ੍ਰਾਪਤ ਕਰਨ ਦੀ ਸੌਖ ਵੀ ਪ੍ਰਦਾਨ ਕਰੇਗੀ। ਇਸ ਪੁਸਤਕ ਦੀ ਪ੍ਰਕਾਸ਼ਨਾ ਲਈ ਪ੍ਰਕਾਸ਼ਨ ਨੂੰ ਦਾਦ ਦੇਣੀ ਬਣਦੀ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਨਾਸਿਰ ਕਾਜ਼ਮੀ ਦੀ ਚੋਣਵੀਂ ਸ਼ਾਇਰੀ
ਸੰਪਾਦਕ : ਟੀ. ਐਨ. ਰਾਜ਼
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 143.

ਨਾਸਿਰ ਕਾਜ਼ਮੀ 20ਵੀਂ ਸਦੀ ਦਾ ਹਰਮਨ-ਪਿਆਰਾ ਉਰਦੂ ਸ਼ਾਇਰ ਸੀ। ਦੇਸ਼ ਦੀ ਵੰਡ ਉਸ ਲਈ ਜਜ਼ਬਾਤੀ ਹਾਦਸਾ ਸਿੱਧ ਹੋਈ ਅਤੇ ਉਸ ਨੇ ਇਸ ਸੱਭਿਆਚਾਰਕ ਦੁਖਾਂਤ ਨੂੰ ਮੁੱਖ ਤੌਰ 'ਤੇ ਆਪਣੀ ਸ਼ਾਇਰੀ ਦਾ ਆਧਾਰ ਬਣਾਇਆ। ਵੰਡ ਦੇ ਦੌਰ ਦੀ ਤਬਾਹੀ, ਉਥਲ-ਪੁਥਲ, ਦੁੱਖ-ਦਰਦ, ਗਰੀਬੀ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਉਸ ਦੀ ਜਾਨ ਦਾ ਰੋਗ ਬਣ ਗਿਆ। ਉਸ ਦੀ ਸ਼ਾਇਰੀ ਵਿਚ ਜਿਥੇ ਕੁਦਰਤ ਦੇ ਸੁੰਦਰ ਰੰਗ ਸਮੋਏ ਹੋਏ ਹਨ, ਉਥੇ ਇੱਕਲਤਾ, ਵਿਛੜੇ ਸਾਥੀਆਂ ਦਾ ਦਰਦ ਅਤੇ ਵਹਿਸ਼ੀਪਣ ਪ੍ਰਤੀ ਉੱਠਿਆ ਰੋਸ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸ ਦੀ ਖੂਬਸੂਰਤੀ ਉਸ ਦੀ ਉਦਾਸੀ ਵਿਚੋਂ ਉਗਮੀ। ਉਸ ਨੇ ਸਾਹਿਤ ਜਗਤ ਨੂੰ 11 ਪੁਸਤਕਾਂ ਦਾ ਨਜ਼ਰਾਨਾ ਭੇਟ ਕੀਤਾ। ਇਹ ਪੁਸਤਕ ਉਸ ਦੀ ਚੋਣਵੀਂ ਸ਼ਾਇਰੀ ਨੂੰ ਪੇਸ਼ ਕਰਦੀ ਹੈ। ਆਓ ਕੁਝ ਝਲਕਾਂ ਮਾਣੀਏ:
-ਸ਼ਹਰ ਦਰ ਸ਼ਹਰ ਘਰ ਜਲਾਏ ਗਏ
ਯੂੰ ਭੀ ਜਸ਼ਨੇ ਤਰਬ ਮਨਾਏ ਗਏ।
-ਦਿਲ ਮੇਂ ਇਕ ਲਹਰ ਸੀ ਉਠੀ ਹੈ ਅਭੀ
ਕੋਈ ਤਾਜ਼ਾ ਹਵਾ ਚਲੀ ਹੈ ਅਭੀ।
-ਕਿਸੀ ਕਾ ਦਰਦ ਹੈ ਦਿਲ ਬੇਕਰਾਰ ਅਪਨਾ ਹੈ
ਹਵਾ ਕਹੀਂ ਕੀ ਹੋ ਸੀਨਾ ਫ਼ਿਗਾਰ ਅਪਨਾ ਹੈ।
-ਤੂ ਹੈ ਦਿਲੋਂ ਕੀ ਰੌਸ਼ਨੀ, ਤੂ ਹੈ ਸਹਰ ਕਾ ਬਾਂਕਪਨ
ਤੇਰੀ ਗਲੀ ਗਲੀ ਕੀ ਖ਼ੈਰ, ਐ ਮਿਰੇ ਦਿਲਰੁਬਾ ਵਤਨ।
-ਕਯਾ ਕਮੀ ਆ ਗਈ ਵਫ਼ਾਓਂ ਮੇਂ
ਵੋ ਅਸਰ ਹੀ ਨਹੀਂ ਦੁਆਓਂ ਮੇਂ।
ਇਹ ਹਸੀਨ ਸ਼ਾਇਰੀ ਦਿਲ ਅਤੇ ਰੂਹ ਨੂੰ ਸਰਸ਼ਾਰ ਕਰਨ ਵਾਲੀ ਹੈ। ਉਰਦੂ ਦੇ ਔਖੇ ਲਫ਼ਜ਼ਾਂ ਦੇ ਅਰਥ ਪੰਜਾਬੀ ਵਿਚ ਦਿੱਤੇ ਹੋਏ ਹਨ। ਇਨਸਾਨੀ ਦਰਦ ਅਤੇ ਕਸਕ ਨਾਲ ਭਿੱਜੇ ਹੋਏ ਸ਼ਿਅਰ ਪੜ੍ਹਨਯੋਗ, ਮਾਣਨਯੋਗ, ਵਿਚਾਰਨਯੋਗ ਅਤੇ ਸਹੇਜਨਯੋਗ ਹਨ। ਇਸ ਸ਼ਾਇਰੀ ਵਿਚ ਦਹਿਸ਼ਤ, ਵਹਿਸ਼ਤ, ਮੁਹੱਬਤ ਅਤੇ ਕੁਦਰਤ ਦੇ ਰੰਗ ਭਰੇ ਹੋਏ ਹਨ। ਕਾਦਰ ਦੀ ਰਚੀ ਸੁੰਦਰਤਾ ਨੂੰ ਸ਼ਿਅਰਾਂ ਵਿਚ ਪਰੋ ਕੇ ਮਹਿਫੂਜ਼ ਕਰ ਲਿਆ ਗਿਆ ਹੈ। ਹੁਸਨ, ਇਸ਼ਕ, ਹਿਜਰ, ਵਸਲ, ਉਦਾਸੀ ਅਤੇ ਖੁਸ਼ੀ ਨੂੰ ਇਕ ਨਵੇਂ ਅੰਦਾਜ਼ ਅਤੇ ਇਜ਼ਹਾਰ ਵਿਚ ਬੰਨ੍ਹ ਕੇ ਡੂੰਘੀ ਸੰਵੇਦਨਾ ਨਾਲ ਪੇਸ਼ ਕੀਤਾ ਗਿਆ ਹੈ। ਸ਼ਾਇਰ ਨੇ ਮਹਿਰੂਮੀਆਂ, ਮਜਬੂਰੀਆਂ, ਦਿਲਦਾਰੀਆਂ ਅਤੇ ਤਨਹਾਈਆਂ ਨੂੰ ਇਸ ਕਦਰ ਲਫ਼ਜ਼ਾਂ ਵਿਚ ਪਰੋਇਆ ਹੈ ਕਿ ਪਾਠਕ ਉਸ ਦੀ ਦਾਦ ਦਿੱਤੇ ਬਗੈਰ ਨਹੀਂ ਰਹਿ ਸਕਦਾ।

ਉਮਰ ਦੇ ਵਰਕੇ
ਗ਼ਜ਼ਲਗੋ : ਕ੍ਰਿਸ਼ਨ ਭਨੋਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 126.

ਪਰਵਾਸੀ ਸ਼ਾਇਰ ਕ੍ਰਿਸ਼ਨ ਭਨੋਟ ਨੇ ਸਹਿਜਤਾ, ਸਾਦਗੀ, ਤਰਲਤਾ, ਗੰਭੀਰਤਾ, ਰਸਿਕਤਾ, ਕੋਮਲਤਾ, ਸੰਜਮਤਾ ਅਤੇ ਰਵਾਨਗੀ ਨਾਲ ਕਾਵਿ ਸੰਵਾਦ ਰਚਿਆ ਹੈ। ਫਿਰ ਵੀ ਉਸ ਨੂੰ ਲਗਦਾ ਹੈ ਕਿ ਬਹੁਤ ਕੁਝ ਅਣਕਿਹਾ ਰਹਿ ਗਿਆ ਹੈ। ਜ਼ਿੰਦਗੀ ਦੇ ਕੁਰੂਕਸ਼ੇਤਰ ਨੇ ਉਸ ਨੂੰ ਅਨੇਕਾਂ ਸੰਘਰਸ਼ਾਂ, ਪੀੜਾਂ ਅਤੇ ਹਾਦਸਿਆਂ ਦੇ ਰੂਬਰੂ ਕੀਤਾ ਹੈ। ਜਦੋਂ ਪੀੜ ਦੀ ਇੰਤਹਾ ਕਾਰਨ ਅੱਥਰੂ ਵੀ ਜਵਾਬ ਦੇ ਜਾਂਦੇ, ਉਸ ਦਾ ਦਰਦ ਉਸ ਦੀ ਕਲਮ ਰਾਹੀਂ ਵਹਿ ਤੁਰਦਾ। ਇਹ ਦਰਦ ਹੀ ਉਸ ਦੀ ਸਿਰਜਣਾ ਦਾ ਆਧਾਰ ਹੈ। ਆਉ ਆਪਾਂ ਵੀ ਉਸ ਦੇ ਦਰਦ ਵਿਚ ਸ਼ਰੀਕ ਹੋਈਏ :
-ਵਫ਼ਾਦਾਰੀ, ਮੁਹੱਬਤ, ਜਜ਼ਬਿਆਂ ਨੂੰ ਕੌਣ ਪੁੱਛਦਾ ਹੈ
-ਇਹ ਨਗਰੀ ਡਾਲਰਾਂ ਦੀ ਹੈ, ਦਿਲਾਂ ਨੂੰ ਕੌਣ ਪੁੱਛਦਾ ਹੈ।
-ਰਿਸ਼ਤਾ ਬੜਾ ਕਰੀਬ ਦਾ, ਦਿਲ ਤੇ ਦਿਮਾਗ ਦਾ
ਮੀਲਾਂ ਦਾ ਫਿਰ ਵੀ ਫ਼ਾਸਲਾ, ਦਿਲ ਤੇ ਦਿਮਾਗ ਦਾ।
ਨਿਰੰਤਰ ਉਗਲਦੇ ਜਜ਼ਬਾਤ ਨੇ ਸ਼ਾਇਰ ਬਣਾ ਦਿੱਤਾ
ਮੈਂ ਔਗੁਣਹਾਰ ਨੂੰ ਹਾਲਾਤ ਨੇ ਸ਼ਾਇਰ ਬਣਾ ਦਿੱਤਾ।
-ਨਿਰਾਸ਼ਾ, ਭੁੱਖਮਰੀ, ਚੀਖਾਂ, ਪੁਕਾਰਾਂ, ਬੇਬਸੀ, ਥੋੜ੍ਹਾਂ
ਲਿਖਾਂ ਕੀ ਕੀ, ਮੈਂ ਕੀ ਕੀ ਦੇਖਦਾ, ਲਿਖਿਆ ਨਹੀਂ ਜਾਂਦਾ।
-ਹਾਲ ਜਿਸ ਦਾ ਪੁੱਛੀਏ, ਮਿਲਦਾ ਹੈ ਉਹੀ ਪੀੜ ਪੀੜ
ਕਿਉਂ ਖੁਸ਼ੀ ਦੀ ਮਿਹਰ ਕਰਦਾ ਹੈ, ਖ਼ੁਦਾ ਵਿਰਲੇ ਤੇ ਹੀ।
ਹਉਮੈ, ਬਦੀ, ਨਫ਼ਰਤ, ਕੂੜ, ਹਸਦ ਅਤੇ ਬੇਵਫ਼ਾਈ ਦੇ ਬੋਲਬਾਲੇ ਕਾਰਨ ਸੰਸਾਰ ਗੁੱਝੀ ਅੱਗ ਵਿਚ ਜਲ ਰਿਹਾ ਹੈ, ਜਿਸ ਦਾ ਸੇਕ ਸ਼ਾਇਰ ਬੜੀ ਸ਼ਿੱਦਤ ਨਾਲ ਝੱਲਦਾ ਹੈ। ਉਹ ਸ਼ਬਦਾਂ ਦੇ ਕਾਰੋਬਾਰ ਰਾਹੀਂ ਦੁਨੀਆ ਵਿਚ ਅਮਨ, ਮਿਠਾਸ ਅਤੇ ਸਹਿਣਸ਼ੀਲਤਾ ਦੀ ਮਹਿਕ ਵੰਡਣਾ ਚਾਹੁੰਦਾ ਹੈ। ਸ਼ਾਇਰ ਮੰਨਦਾ ਹੈ ਕਿ ਉਸ ਕੋਲ ਗ਼ਜ਼ਲ ਦੇ ਰੂਪ ਵਿਧਾਨ ਦੀ ਬਹੁਤੀ ਜਾਣਕਾਰੀ ਨਹੀਂ ਪਰ ਉਸ ਕੋਲ ਖ਼ਿਆਲਾਂ, ਵਲਵਲਿਆਂ ਅਤੇ ਜਜ਼ਬਿਆਂ ਦੀ ਭਰਪੂਰ ਦੌਲਤ ਹੈ, ਜੋ ਦੂਜਿਆਂ ਦੇ ਦਿਲਾਂ ਵਿਚ ਉਤਰ ਜਾਣ ਦੇ ਸਮਰੱਥ ਹੁੰਦੇ ਹਨ। ਇਸ ਸੰਵੇਦਨਸ਼ੀਲ, ਵਿਵੇਕਸ਼ੀਲ ਅਤੇ ਲੋਕ ਹਿਤੈਸ਼ੀ ਸ਼ਾਇਰੀ ਦੀ ਇਸ ਪੁਸਤਕ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਪੰਜਾਬੀ ਕਾਵਿ
ਪ੍ਰਤੀਰੋਧ ਦਾ ਪ੍ਰਵਚਨ
ਲੇਖਕ : ਸੁਖਦੇਵ ਸਿੰਘ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ, ਜਲੰਧਰ
ਮੁੱਲ : 325 ਰੁਪਏ, ਸਫ਼ੇ : 206.

ਪੰਜਾਬੀ ਕਾਵਿ ਵਿਚ ਪ੍ਰਤੀਰੋਧ ਦੀਆਂ ਧੁਨੀਆਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਡਾ: ਸੁਖਦੇਵ ਸਿੰਘ ਨੇ ਭਗਤ ਕਬੀਰ, ਗੁਰੂ ਅਰਜਨ ਅਤੇ ਸਾਈਂ ਬੁੱਲ੍ਹੇ ਸ਼ਾਹ ਵਰਗੇ ਮਧਕਾਲੀਨ ਮਹਾਂਕਵੀਆਂ ਦੀ ਬਾਣੀ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਪੁਸਤਕ ਵਿਚ ਸੰਕਲਿਤ ਕੁੱਲ 12 ਲੇਖਾਂ ਵਿਚੋਂ ਦੋ ਲੇਖ ਮੁਢਲੇ ਅਤੇ ਸਮਕਾਲੀ ਨਾਰੀ ਕਾਵਿ ਦੇ ਬਾਰੇ ਵਿਚ ਹਨ। ਇਸ ਉਪਰੰਤ ਹਰਿਭਜਨ ਸਿੰਘ ਰੈਣੂ, ਐਸ. ਤਰਸੇਮ, ਸੂਫ਼ੀ ਅਮਰਜੀਤ, ਸੁਰਿੰਦਰ ਧੰਜਲ ਅਤੇ ਬਰਤਾਨਵੀ ਕਵੀ ਦਲਵੀਰ ਦੇ ਕਾਵਿ ਵਿਚ 'ਪ੍ਰਤੀਰੋਧ ਦੇ ਪ੍ਰਵਚਨ' ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਡਾ: ਸਿੰਘ ਦਾ ਵਿਚਾਰ ਹੈ ਕਿ ਆਧੁਨਿਕ ਪੰਜਾਬੀ ਸਾਹਿਤ ਵਿਚ 1857 ਈ: ਦੇ ਗ਼ਦਰ ਤੋਂ ਲੈ ਕੇ ਕੌਮੀ ਸੁਤੰਤਰਤਾ ਸੰਗਰਾਮ ਬਾਰੇ ਰਚੇ ਗਏ ਸਾਹਿਤ ਦੀ ਮੁੱਖ ਸੁਰ ਬਰਤਾਨਵੀ ਬਸਤੀਵਾਦ ਵਿਰੁੱਧ ਪ੍ਰਤੀਰੋਧ ਦੀ ਬਣਦੀ ਹੈ। ਬਾਰਾਂ ਦਾ ਜਾਂਗਲੀ ਵਿਦਰੋਹ, ਕੂਕਾ ਲਹਿਰ, ਸਿੰਘ ਸਭਾ ਲਹਿਰ, ਸਤਿਨਾਮੀ ਲਹਿਰ, 1907 ਦਾ ਕਿਸਾਨ ਅੰਦੋਲਨ, ਗ਼ਦਰ ਲਹਿਰ, ਅਕਾਲੀ/ਬੱਬਰ ਅਕਾਲੀ ਲਹਿਰ ਅਤੇ ਕਿਰਤੀ ਲਹਿਰ ਦਾ ਸਾਹਿਤ ਥੋੜ੍ਹੇ ਬਹੁਤੇ ਫ਼ਰਕ ਨਾਲ ਵਿਦਰੋਹੀ ਸਾਹਿਤ ਹੀ ਹੈ। ਪ੍ਰਗਤੀਵਾਦੀ ਲਹਿਰ ਦੇ ਸਾਹਿਤ ਅਤੇ ਸੁਤੰਤਰਤਾ ਉਪਰੰਤ ਜਨ-ਅੰਦੋਲਨਾਂ ਦੁਆਰਾ ਰਚੇ ਗਏ ਪੰਜਾਬੀ ਸਾਹਿਤ ਦੀ ਮੁੱਖ ਸੁਰ ਸਥਾਪਤੀ ਵਿਰੋਧੀ ਹੀ ਰਹੀ ਹੈ। (ਪੰਨਾ 8) ਡਾ: ਸੁਖਦੇਵ ਸਿੰਘ ਨੇ ਪ੍ਰਤੀਰੋਧ ਦੇ ਪ੍ਰਵਚਨ ਬਾਰੇ ਸਿਧਾਂਤਕ ਜਾਣਕਾਰੀ ਦੇ ਕੇ ਯੂਨੀਵਰਸਿਟੀਆਂ ਵਿਚ ਖੋਜ-ਕਾਰਜ ਕਰਨ ਵਾਲੇ ਯੁਵਾ ਵਿਦਿਆਰਥੀਆਂ ਲਈ ਕਾਫੀ ਮੁੱਲਵਾਨ ਸਮੱਗਰੀ ਮੁਹੱਈਆ ਕੀਤੀ ਹੈ, ਜਿਸ ਦਾ ਉਹ ਭਰਪੂਰ ਲਾਭ ਉਠਾਉਣਗੇ। ਪਰ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਸਟੇਟ ਨੇ ਪ੍ਰਤੀਰੋਧ ਅਤੇ ਅਸਵੀਕਾਰ ਦੇ ਸ੍ਵਰ ਨੂੰ ਬਿਲਕੁਲ ਕੁਚਲ ਕੇ ਰੱਖ ਦਿੱਤਾ ਹੈ। ਸਰਕਾਰੀ ਨੌਕਰੀਆਂ, ਇਨਾਮਾਂ ਅਤੇ ਫੈਲੋਸ਼ਿਪਾਂ ਦੀ ਝਾਕ ਵਿਚ ਆਧੁਨਿਕ ਪੰਜਾਬੀ ਲੇਖਕਾਂ ਨੇ ਯਥਾਸਥਿਤੀਵਾਦ ਅਤੇ ਸਮਝੌਤਾਵਾਦ ਨੂੰ ਅਪਣਾ ਲਿਆ ਹੈ। ਸਾਡੇ ਬਹੁਤੇ ਉੱਘੇ ਲੇਖਕ ਅਪ੍ਰਸੰਗਿਕ ਅਤੇ ਅਪ੍ਰਮਾਣਿਕ ਧੁਨੀਆਂ ਅਲਾਪ ਰਹੇ ਹਨ। ਅਜਿਹੇ ਯੁੱਗ ਵਿਚ ਡਾ: ਸੁਖਦੇਵ ਸਿੰਘ ਦਾ ਇਹ ਯਤਨ ਸਲਾਹੁਣਯੋਗ ਹੈ ਕਿਉਂਕਿ ਸਪੱਸ਼ਟ ਰੂਪ ਵਿਚ ਭਾਵੇਂ ਨਾ ਸਹੀ। ਸੰਕੇਤਿਕ ਰੂਪ ਵਿਚ ਜ਼ਰੂਰ ਉਸ ਨੇ ਪੰਜਾਬੀ ਕਵੀਆਂ ਨੂੰ ਪ੍ਰਤੀਰੋਧ ਅਤੇ ਵਿਦਰੋਹ ਲਈ ਆਮੰਤ੍ਰਿਤ ਕੀਤਾ ਹੈ ਕਿਉਂਕਿ ਇਹੀ ਅੰਦਾਜ਼ ਪ੍ਰਮਾਣਿਕ ਲੇਖਣ ਦੀ ਕਸੌਟੀ ਹੁੰਦਾ ਹੈ।

ਮਲਵਈ ਲੋਕ-ਗੀਤ
ਸੰਵੇਦਨਾ ਅਤੇ ਸਰੋਕਾਰ

ਲੇਖਕਾ : ਡਾ: ਪਰਵਿੰਦਰ ਕੌਰ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 325 ਰੁਪਏ, ਸਫ਼ੇ : 200.

ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਿਚ ਅਧਿਆਪਨ-ਕਾਰਜ ਕਰ ਰਹੀ ਡਾ: ਪਰਵਿੰਦਰ ਕੌਰ ਨੇ ਮਾਲਵਾ ਖੇਤਰ ਵਿਚ ਪ੍ਰਚੱਲਿਤ, ਵਿਆਹ-ਸ਼ਾਦੀਆਂ ਦੇ ਲੋਕ ਗੀਤਾਂ ਬਾਰੇ ਅਨਸੰਧਾਨ ਕਰਕੇ ਆਪਣੀ ਬੌਧਿਕ ਸਮਰੱਥਾ ਦਾ ਬੜਾ ਸੁਚੱਜਾ ਪ੍ਰਦਰਸ਼ਨ ਕੀਤਾ ਹੈ।
ਡਾ: ਪਰਵਿੰਦਰ ਕੌਰ ਦੇ ਇਸ ਖੋਜ ਪ੍ਰਬੰਧ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਉਸ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਦੂਜੇ ਭਾਗ 'ਚ ਮਲਵਈ ਵਿਆਹ-ਸ਼ਾਦੀਆਂ ਨਾਲ ਸਬੰਧਤ ਲੋਕ ਗੀਤਾਂ ਦਾ ਵਰਗੀਕਰਨ ਅਤੇ ਵਿਸ਼ਲੇਸ਼ਣ ਕੀਤਾ ਹੈ। ਲੇਖਕਾ ਦੀ ਧਾਰਨਾ ਹੈ ਕਿ ਪੰਜਾਬ (ਮਾਲਵੇ) ਵਿਚ ਵਿਆਹ-ਰਸਮਾਂ ਨਾਲ ਜੁੜੇ ਗੀਤ ਸਮਾਜਿਕ ਮੁੱਲ ਵਿਧਾਨ ਦੇ ਅਨੁਕੂਲ ਹੁੰਦੇ ਹਨ। ਇਹ ਗੀਤ ਨਾ ਕੇਵਲ ਵਿਆਹ ਵਰਗੇ ਮੰਗਲ ਕਾਰਜ ਨੂੰ ਖੁਸ਼ਗਵਾਰ ਅਤੇ ਅਰਥ ਭਰਪੂਰ ਹੀ ਬਣਾਉਂਦੇ ਹਨ ਸਗੋਂ ਵਿਆਹ ਦੀਆਂ ਗਤੀਵਿਧੀਆਂ ਨੂੰ ਨਿਸਚਿਤ ਦਿਸ਼ਾ ਦੇਣ ਵਿਚ ਸਹਿਯੋਗੀ ਵੀ ਬਣਦੇ ਹਨ (ਪੰਨਾ 193)। ਅੰਤ ਵਿਚ ਲੇਖਕਾ ਨੇ ਤਜਾਰਤੀ ਰੁਚੀਆਂ ਅਧੀਨ ਪੈਦਾ ਹੋਈਆਂ ਕੁਝ ਨਵੀਆਂ ਰਸਮਾਂ ਵੱਲ ਵੀ ਸੰਕੇਤ ਕੀਤਾ ਹੈ। ਇਨ੍ਹਾਂ ਰਸਮਾਂ ਨਾਲ ਕੋਈ ਲੋਕ ਗੀਤ ਨਹੀਂ ਜੁੜੇ ਅਤੇ ਨਾ ਇਹ ਲੋਕਮਾਨਸ ਦਾ ਅੰਗ ਬਣ ਸਕੀਆਂ ਹਨ।
ਵਿਦਵਾਨ ਲੇਖਕਾ ਨੇ ਕਾਮੁਕ ਭਾਵਨਾ ਦੇ ਦੂਹਰੀ ਪਰਤ ਵਾਲੇ ਗੀਤਾਂ ਦਾ ਇਕੱਤਰੀਕਰਨ ਕਰਕੇ ਬੜੀ ਜੁਰਅੱਤ ਅਤੇ ਆਤਮ-ਵਿਸ਼ਵਾਸ ਵਾਲਾ ਕੰਮ ਕੀਤਾ ਹੈ। ਇਸ ਵੰਨਗੀ ਦਾ ਇਕ ਗੀਤ ਦੇਖੋ :
ਲਾੜੇ ਦੀ ਭੈਣ ਦੀ ਕੱਚੀ ਖੂਹੀ
ਡੋਲ ਵਗਾ ਗਿਆ ਕੋਈ ਹੋਰ।
ਲਾੜੇ-ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ,
ਟੀਂਡਾ ਤੋੜ ਗਿਆ ਕੋਈ ਹੋਰ।
ਬਾਗੀਂ ਬੋਲਦੇ ਸੀ ਮੋਰ।
ਇਹ ਪੁਸਤਕ ਪੰਜਾਬੀ ਲੋਕ ਸਾਹਿਤ ਦਾ ਅਧਿਐਨ-ਵਿਸ਼ਲੇਸ਼ਣ ਕਰਨ ਵਾਲੀ ਇਕ ਮਹੱਤਵਪੂਰਨ ਰਚਨਾ ਹੈ। ਮੈਂ ਇਸ ਰਚਨਾ ਦਾ ਸਵਾਗਤ ਕਰਦਾ ਹਾਂ ਅਤੇ ਲੇਖਕਾ ਨੂੰ ਆਪਣਾ ਖੋਜ-ਕਾਰਜ ਹੋਰ ਵਿਸਤਾਰਨ-ਨਿਖਾਰਨ ਦਾ ਸੁਝਾਅ ਦਿੰਦਾ ਹਾਂ। ਉਸ ਵਿਚ ਹੌਸਲਾ ਅਤੇ ਹਿੰਮਤ ਦੋਵੇਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਾਰੀਵਾਦ ਤੇ ਸਾਹਿਤ ਸਮੀਖਿਆ
ਲੇਖਕ : ਪਰਮਜੀਤ ਕੌਰ, ਵਿਨੋਦ ਮਿੱਤਲ
ਪ੍ਰਕਾਸ਼ਕ : ਆਬ ਪਬਲੀਕੇਸ਼ਨਜ਼, ਸਮਾਣਾ/ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 151.

ਨਾਰੀਵਾਦ ਸਬੰਧੀ ਮਿਆਰੀ ਜਾਣਕਾਰੀ ਦਿੰਦੀ ਇਹ ਪੁਸਤਕ ਲੇਖਕਾ/ਲੇਖਕ ਦੇ ਡੂੰਘੇ ਅਧਿਐਨ ਦੀ ਸਾਖੀ ਭਰਦੀ ਹੈ। ਇਸ ਦੇ ਮੁੱਖ ਰੂਪ ਵਿਚ ਦੋ ਭਾਗ ਹਨ। ਪਹਿਲਾ ਭਾਗ ਨਾਰੀਵਾਦ : ਉਤਪਤੀ ਵਿਕਾਸ ਤੇ ਮੌਜੂਦਾ ਸਥਿਤੀ ਨੂੰ ਸਮਰਪਿਤ ਹੈ। ਇਸ ਭਾਗ ਨੂੰ ਅੱਗੋਂ ਨੌਂ ਉਪਭਾਗਾਂ ਵਿਚ ਵੰਡਿਆ ਗਿਆ ਹੈ। ਇਹ ਨੌਂ ਉਪਭਾਗ ਹਨ-ਨਾਰੀਵਾਦ : ਪਰਿਭਾਸ਼ ਤੇ ਵਿਆਖਿਆ, ਇਤਿਹਾਸਕ ਪੜਾਅ, ਵੱਖ-ਵੱਖ ਚਿੰਤਕ, ਜੈਂਡਰ ਸਿਧਾਂਤ, ਨਾਰੀਵਾਦ ਤੇ ਸਿਧਾਂਤ, ਸੀਮੌਨ ਦਾ ਬੂਵਅਰ, ਤੀਜੀ ਦੁਨੀਆ ਦੀ ਔਰਤ, ਮਰਦਾਂ ਲਈ, ਪੰਜਾਬੀ ਜਗਤ ਦੀ ਸਥਿਤੀ ਆਦਿ। ਦੂਜੇ ਮੁੱਖ ਭਾਗ ਵਿਚ ਚੋਣਵੀਂ ਪੰਜਾਬੀ ਕਹਾਣੀ : ਨਾਰੀ ਸਰੋਕਾਰ ਨਾਲ ਸਬੰਧਤ ਹੈ। ਇਸ ਭਾਗ ਨੂੰ ਅੱਗੋਂ ਤਿੰਨ ਉਪ-ਖੰਡਾਂ ਵਿਚ ਵਿਭਾਜਤ ਕੀਤਾ ਗਿਆ-ਪੂਰਵ ਸੁਤੰਤਰਾ ਕਾਲ, 1947 ਤੋਂ ਬਾਅਦ ਅਤੇ 1990 ਤੋਂ ਬਾਅਦ ਦੀ ਪੰਜਾਬੀ ਕਹਾਣੀ, ਪਹਿਲੇ ਉਪ-ਖੰਡ ਵਿਚ ਨਾਨਕ ਸਿੰਘ, ਪ੍ਰੀਤਲੜੀ, ਸੁਜਾਨ ਸਿੰਘ, ਸੇਖੋਂ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਹਾਣੀ, ਦੂਜੇ ਉਪ-ਖੰਡ ਵਿਚ ਪ੍ਰੇਮ ਪ੍ਰਕਾਸ਼, ਅਜੀਤ ਕੌਰ ਅਤੇ ਤੀਜੇ ਉਪ-ਖੰਡ ਵਿਚ ਸੁਖਜੀਤ, ਅਜਮੇਰ ਸਿੱਧੂ, ਵੀਨਾ ਵਰਮਾ ਅਤੇ ਬਲਜਿੰਦਰ ਨਸਰਾਲ ਦੀ ਕਹਾਣੀ ਵਿਚ ਨਾਰੀਵਾਦੀ ਸਰੋਕਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਤਿਹਾਸਕ ਪੜਾਵਾਂ ਵਿਚ ਮਾਰਕਸਵਾਦੀ ਨਾਰੀਵਾਦ, ਉਦਾਰਵਾਦੀ, ਉਗਰਵਾਦੀ, ਅਸਤਿਤਵਵਾਦੀ, ਉਤਰ-ਬਸਤੀ ਲਹਿਰਾਂ ਅਤੇ ਚੇਤਨਾ ਲਹਿਰ 'ਤੇ ਫੋਕਸੀਕਰਨ ਕੀਤਾ ਗਿਆ ਹੈ। ਚਿੰਤਕਾਂ ਵਿਚ ਕੇਟ ਮਿਲੇਟ, ਈਲੇਨ ਸ਼ਵੈਲਟਰ, ਐਲੇਨ ਸਿਕਸੂ, ਜੂਲੀਆ ਕ੍ਰਿਸਤੀਵਾ, ਲੂਸ ਇਰੀਗੈਰੇ, ਬੈਟੀ ਫ਼ਰੀਡਨ, ਤੋਰੀਲ ਮੋਈ, ਜੂਲੀਅਟ ਮਿਸ਼ੇਲ, ਗਰਡਾ ਲਰਨਰ, ਜੌਹਨ ਸਟੂਅਰਟ ਮਿੱਲ, ਜੂਡੀਥ ਬਟਲਰ ਆਦਿ ਵੱਲੋਂ ਨਾਰੀਵਾਦੀ ਲਹਿਰ ਵਿਚ ਯੋਗਦਾਨ ਦੀ ਚਰਚਾ ਕੀਤੀ ਗਈ ਹੈ। ਜੈਂਡਰ ਸਿਧਾਂਤ ਸਬੰਧੀ ਸਮਲਿੰਗੀ ਸਿਧਾਂਤ ਅਤੇ ਅਜਬ-ਗਜ਼ਬ ਸਿਧਾਂਤ ਨਾਲ ਪਾਠਕਾਂ ਦਾ ਪਰਿਚੈ ਕਰਵਾਇਆ ਗਿਆ ਹੈ। ਨਾਰੀਵਾਦੀ ਆਲੋਚਨਾ ਦੇ ਸਿਧਾਂਤ, ਭਾਸ਼ਾ, ਮਨੋਵਿਗਿਆਨ ਅਤੇ ਆਲੋਚਨਾਵਿਧੀ ਸਬੰਧੀ ਚਰਚਾ ਵੀ ਉਪਲਬਧ ਹੈ। ਸੀਮੌਨ ਦਾ ਬੂਵਆਰ ਦੀ ਪੁਸਤਕ 'ਦ ਸੈਕੰਡ ਸੈਕਸ' ਦੀ ਭਰਪੂਰ ਵਿਆਖਿਆ ਲਗਭਗ ਤਰਤਾਲੀ ਪੰਨਿਆਂ ਵਿਚ ਕੀਤੀ ਗਈ ਹੈ। ਨਾਰੀਵਾਦੀ ਸਾਹਿਤ-ਆਲੋਚਨਾ ਦੀਆਂ ਪੁਸਤਕਾਂ ਵਿਚ ਉਸ ਦੀ ਇਸ ਪੁਸਤਕ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ ਕਿਉਂਕਿ ਬੂਵਅਰ ਦੀ ਕਿਰਤ ਔਰਤ ਦੀ ਸਥਿਤੀ ਦਾ ਕੇਵਲ ਵਿਸ਼ਲੇਸ਼ਣ ਹੀ ਨਹੀਂ ਕਰਦੀ ਸਗੋਂ ਇਹ ਇਨਸਾਨ ਦੀ ਅਸਲ ਸਥਿਤੀ ਨੂੰ ਸਪੱਸ਼ਟ ਕਰਦੀ ਹੈ ਭਾਵੇਂ ਉਹ ਔਰਤ ਹੈ ਜਾਂ ਮਰਦ। ਪੂਰਬੀ ਨਾਰੀਵਾਦੀ ਚਿੰਤਕਾਂ ਵਿਚ, ਜਿਨ੍ਹਾਂ ਨੇ ਤੀਜੀ ਦੁਨੀਆ ਦੇ ਨਾਰੀਵਾਦ ਨੂੰ ਅਧਿਐਨ ਦਾ ਖੇਤਰ ਬਣਾਇਆ ਹੈ, ਉਨ੍ਹਾਂ ਵਿਚ ਚੰਦਰਾ ਤਾਲਪਾਡੇ ਮੋਹੰਤੀ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ।
ਲੇਖਕਾਂ ਨੇ ਪ੍ਰਮਾਣਿਤ ਪੁਸਤਕਾਂ ਤੋਂ ਬਿਨਾਂ ਸੰਚਾਰ ਮਾਧਿਅਮ ਇੰਟਰਨੈੱਟ ਤੋਂ ਵੀ ਚੋਖਾ ਗਿਆਨ ਪ੍ਰਾਪਤ ਕੀਤਾ ਹੈ। ਨਿਰਸੰਦੇਹ ਇਹ ਪੁਸਤਕ ਖੋਜੀਆਂ ਲਈ ਲਾਹੇਵੰਦ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਡੁੱਗਰ ਝੰਕਾਰ
ਸੰਪਾਦਕ : ਡਾ: ਬਬਲੀ ਅਰੋੜਾ
ਪ੍ਰਕਾਸ਼ਕ : ਪੰਜਾਬੀ ਸੱਥ, ਲਾਂਬੜਾ
ਮੁੱਲ : 200 ਰੁਪਏ, ਸਫ਼ੇ : 227.

ਪੰਜਾਬੀ ਸੱਥ ਲਾਂਬੜਾ (ਜਲੰਧਰ) ਵੱਲੋਂ ਪੰਜਾਬ ਅਤੇ ਹੋਰ ਖੇਤਰਾਂ ਦੀਆਂ ਉਪਬੋਲੀਆਂ ਨੂੰ ਉਸ ਵਿਚ ਰਚੇ ਗਏ ਸਾਹਿਤ ਨੂੰ ਸਾਂਭਣ ਦਾ ਜੋ ਉਪਰਾਲਾ ਵਿੱਢਿਆ ਹੋਇਆ ਹੈ, ਉਸੇ ਲੜੀ ਵਿਚ ਡਾ: ਬਬਲੀ ਅਰੋੜਾ ਵੱਲੋਂ ਲਿਖੀ ਗਈ ਪੁਸਤਕ 'ਡੁੱਗਰ ਝੰਕਾਰ' ਹੈ। ਇਸ ਸੰਗ੍ਰਹਿ ਵਿਚ ਡਾ: ਬਬਲੀ ਨੇ ਜੰਮੂ ਖੇਤਰ ਵਿਚ ਬੋਲੀ ਜਾਂਦੀ ਡੋਗਰੀ ਦੇ ਲੋਕ ਸਾਹਿਤ ਵਿਚਲੇ ਲੋਕ ਗੀਤਾਂ ਨੂੰ ਵੱਖੋ-ਵੱਖਰੇ ਸਿਰਲੇਖਾਂ ਹੇਠ ਸ਼ਾਮਿਲ ਕੀਤਾ ਹੈ। ਡੋਗਰੀ ਵਿਚ ਸੁਹਾਗ, ਘੋੜੀਆਂ, ਟੱਪੇ, ਸਿਠਨੀਆਂ, ਬੰਦ, ਜਾਗਰਨਾ, ਸਿੱਖਿਆ, ਬਿਰਹਾ ਦੇ ਗੀਤ, ਪਿਉਕੇ ਦਾ ਮੰਦਾ, ਮਾਏ ਧੀਏ ਦੇ ਸੰਵਾਦ, ਕਰਵਾਚੌਥ, ਲੋਹੜੀ, ਤੁਲਸੀ ਮੈਹਮਾ, ਸ਼ਿਸ਼ੂ ਗੀਤ, ਲੋਰੀਆਂ, ਮੌਸਮ ਸਬੰਧੀ, ਛੇੜਛਾੜ ਸਬੰਧੀ, ਖੇਡਾਂ ਸਬੰਧੀ, ਚਰਖਾ ਕੱਤਣਾ, ਪੱਖੀ, ਦੇ ਨਾਲ-ਨਾਲ ਜੰਮੂ ਦੇ ਲੇਖਕਾਂ ਦੀਆਂ ਅਨਮੋਲ ਰਚਨਾਵਾਂ, ਡੁੱਗਰ ਨਾਰ, ਦਾਦੀ ਤੇ ਮਾਂ, ਬਾਰਾਂਮਾਹ ਤੇ ਬਹਾਰਾਂ ਆਦਿ ਨੂੰ ਤਰਤੀਬਵਾਰ ਪੇਸ਼ ਕੀਤਾ ਗਿਆ ਹੈ। ਇਸ ਸੰਗ੍ਰਹਿ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਸਮੁੱਚੇ ਡੋਗਰੀ ਲੋਕ ਪੰਜਾਬੀ ਦੇ ਨਾਲ-ਨਾਲ ਹਿੰਦੀ ਲਿਪੀ ਵਿਚ ਲਿਖਿਆ ਗਿਆ ਹੈ, ਜਿਸ ਨਾਲ ਪੰਜਾਬੀ ਲਿਪੀ ਤੋਂ ਅਨਜਾਣ ਅਤੇ ਖਾਸ ਕਰਕੇ ਜੰਮੂ ਖੇਤਰ ਦੇ ਵਾਸੀ ਵੀ ਆਪਣੇ ਇਸ ਵਡਮੁੱਲੇ ਲੋਕ ਸਾਹਿਤ ਦਾ ਲੁਤਫ਼ ਉਠਾ ਸਕਦੇ ਹਨ। ਇਹ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਦੇ ਖੋਜ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।
ਬਿਨਾਂ ਸ਼ੱਕ ਡੋਗਰੀ ਦੇ ਇਸ ਲੋਕ ਸਾਹਿਤ ਨੂੰ ਪੜ੍ਹਦਿਆਂ ਉਸ ਦੀ ਪੰਜਾਬੀ ਨਾਲ ਬਹੁਤ ਨੇੜਤਾ ਝਲਕਦੀ ਹੈ। ਇੰਜ ਲਗਦਾ ਹੈ ਕਿ ਪੰਜਾਬੀ ਤੇ ਡੋਗਰੀ ਇਕੋ ਮਾਂ ਜਾਈਆਂ ਹਨ, ਜਿਹੜੀਆਂ ਲਿਪੀ ਦੀ ਪੁਸ਼ਾਕ ਕਾਰਨ ਇਸ ਲੋਕ ਮੇਲੇ ਵਿਚ ਵਿਛੜਣ ਦਾ ਸੰਤਾਪ ਭੋਗਦੀਆਂ ਪਈਆਂ ਹਨ। ਡੋਗਰੀ ਉਚਾਰਨ ਨੂੰ ਪੂਰੀ ਸ਼ੁੱਧਤਾ ਤੇ ਪਰਪੱਕਤਾ ਨਾਲ ਦੇਵਨਾਗਰੀ ਵਿਚ ਪ੍ਰਸਤੁਤ ਕਰਨਾ ਡਾ: ਬਬਲੀ ਅਰੋੜਾ ਦਾ ਬਹੁਤ ਹੀ ਮਿਹਨਤ ਤੇ ਲਗਨ ਵਾਲਾ ਕਾਰਜ ਹੈ, ਜਿਹੜਾ ਉਨ੍ਹਾਂ ਨੇ ਸਫ਼ਲਤਾ ਨਾਲ ਨੇਪਰੇ ਚੜ੍ਹਾਇਆ ਹੈ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964

ਇਕ ਸੀ ਮੰਗਾ
ਲੇਖਕ : ਜਗਤਾਰ ਸ਼ੇਰਗਿੱਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 108.

ਜਗਤਾਰ ਸ਼ੇਰਗਿੱਲ ਪੰਜਾਬੀ ਦਾ ਨਵਾਂ ਨਾਵਲਕਾਰ ਹੈ। ਇਹ ਉਸ ਦਾ ਪਹਿਲਾ ਨਾਵਲ ਹੈ, ਜਿਸ ਨੂੰ ਨਾਵਲਕਾਰ ਨੇ ਪੰਜ ਸਾਲ ਦੀ ਮਿਹਨਤ ਪਿੱਛੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਟਕਸਾਲੀ ਖੋਜੀ ਲੇਖਕ ਕਿਰਪਾਲ ਕਜ਼ਾਕ ਦੀ ਅਗਵਾਈ ਹੇਠ ਛਪਵਾਇਆ ਹੈ। ਇਹ ਬਹੁਤ ਚੰਗੀ ਪਿਰਤ ਹੈ। ਕਹਾਣੀਕਾਰ ਜਸਵੀਰ ਸਿੰਘ ਰਾਣਾ ਨੇ ਨਾਵਲਕਾਰ ਨੂੰ ਕਈ ਸੁਝਾਅ ਦਿੱਤੇ ਜੋ ਭੂਮਿਕਾ ਵਿਚ ਦਰਜ ਹਨ। ਨਾਵਲ ਨਿਰੋਲ ਪਾਤਰ ਪ੍ਰਧਾਨ ਹੈ। ਮੁੱਖ ਪਾਤਰ ਮੰਗਾ ਹੈ। ਸ਼ਾਮੋ ਉਸ ਦੀ ਮਾਂ ਤੇ ਮਿੰਦਰ ਬਾਪ ਹੈ। ਪਿੰਡ ਵਿਚ ਦਰਜੀ ਦਾ ਕੰਮ ਹੈ। ਮੀਤਾ ਮੰਗੇ ਦਾ ਛੋਟਾ ਭਰਾ ਹੈ ਤੇ ਛੋਟੋ ਭੈਣ ਹੈ। ਮੰਗੇ ਤੋਂ ਬਿਨਾਂ ਉਸ ਦੇ ਹੋਰ ਭੈਣ ਭਰਾ ਸਾਰੇ ਵਿਆਹੇ ਜਾਂਦੇ ਹਨ। ਮੰਗਾ ਵੀ ਦਰਜੀ ਦਾ ਕੰਮ ਕਰਨ ਲੱਗ ਪੈਂਦਾ ਹੈ। ਮੰਗੇ ਦਾ ਪਿਆਰ ਪਾਲੋ ਨਾਂਅ ਦੀ ਕੁੜੀ ਨਾਲ ਹੋ ਜਾਂਦਾ ਹੈ। ਪਰ ਜਾਤੀ ਭੇਦ ਕਰਕੇ ਇਹ ਪਿਆਰ ਸਿਰੇ ਨਹੀਂ ਚੜ੍ਹਦਾ। ਅਧਵਾਟੇ ਰਹਿ ਜਾਂਦਾ ਹੈ। ਪਿਆਰ ਵਿਚ ਨਾਕਾਮੀ ਕਰਕੇ ਮੰਗਾ ਸਾਧ ਮਲੰਗ ਨਾਥ ਦੇ ਡੇਰੇ ਚਲਾ ਜਾਂਦਾ ਹੈ। ਸਾਧ ਬਣ ਜਾਂਦਾ ਹੈ। ਕੰਨਾਂ ਵਿਚ ਮੁੰਦਰਾਂ ਪਾ ਲੈਂਦਾ ਹੈ। ਪਰ ਕੁਝ ਚਿਰ ਬਾਅਦ ਉਸ ਨੂੰ ਪਰਿਵਾਰ ਪਿੰਡ ਲੈ ਜਾਂਦਾ ਹੈ। ਮੰਗੇ ਦੇ ਛੋਟੇ ਭਰਾ ਮੀਤੇ ਦੇ ਘਰ ਇਕ ਪੁੱਤਰ ਗੁਰਪਿਆਰ ਹੁੰਦਾ ਹੈ। ਕੁਝ ਸਮੇਂ ਬਾਅਦ ਮੀਤਾ ਜਾਇਦਾਦ ਦੇ ਝਗੜੇ ਵਿਚ ਮਾਰਿਆ ਜਾਂਦਾ ਹੈ। ਪਿੰਡ ਦੇ ਲੋਕ ਤੇ ਰਿਸ਼ਤੇਦਾਰ ਵਿਧਵਾ ਛਿੰਦੋ ਦਾ ਵਿਆਹ ਮੰਗੇ ਨਾਲ ਕਰ ਦਿੰਦੇ ਹਨ। ਪਰ ਮੰਗਾ ਪ੍ਰੇਸ਼ਾਨ ਰਹਿੰਦਾ ਹੈ। ਇਸ ਵਿਆਹ ਨੂੰ ਉਹ ਬੰਧਨ ਸਮਝਦਾ ਹੈ। ਸ਼ਾਮੋ ਤੇ ਛਿੰਦੋ (ਨੂੰਹ ਸੱਸ) ਦਾ ਝਗੜਾ ਇਸ ਕਦਰ ਵਧ ਜਾਂਦਾ ਹੈ ਕਿ ਛਿੰਦੋ ਖ਼ੁਦਕੁਸ਼ੀ ਕਰ ਜਾਂਦੀ ਹੈ। ਮੰਗਾ ਤੇ ਉਸ ਦਾ ਪਿਓ ਮਿੰਦਰ ਜੇਲ੍ਹ ਚਲੇ ਜਾਂਦੇ ਹਨ। ਨਾਵਲ ਵਿਚ ਇਹ ਸਾਰਾ ਘਟਨਾਕ੍ਰਮ ਪੂਰੇ ਕਲਾਮਈ ਢੰਗ ਨਾਲ ਪ੍ਰਗਟ ਕੀਤਾ ਗਿਆ ਹੈ। ਨਾਵਲ ਦੇ 11, 12, 13 ਕਾਂਡ ਮੰਗੇ ਦੀ ਜੇਲ੍ਹ ਦੀ ਮਾਨਸਿਕ ਸਥਿਤੀ ਨੂੰ ਬਿਆਨ ਕਰਦੇ ਹਨ। ਕੁਝ ਸਮੇਂ ਬਾਅਦ ਮੰਗਾ ਜ਼ਮਾਨਤ 'ਤੇ ਬਾਹਰ ਆ ਜਾਂਦਾ ਹੈ। ਘਰ ਆਏ ਨੂੰ ਲੋਕ ਦਿਲਾਸੇ ਦਿੰਦੇ ਹਨ। ਪਰ ਭਟਕਨ ਵਿਚ ਉਹ ਫਿਰ ਡੇਰੇ ਚਲਾ ਜਾਂਦਾ ਹੈ। ਡੇਰੇ ਦੀ ਗੱਦੀ ਵੀ ਉਸ ਨੂੰ ਮਿਲ ਜਾਂਦੀ ਹੈ। ਕੁਝ ਦਿਨਾਂ ਬਾਅਦ ਮੰਗਾ ਡੇਰਾ ਛੱਡ ਕੇ ਅਣਦੱਸੀ ਥਾਂ 'ਤੇ ਚਲਾ ਜਾਂਦਾ ਹੈ। 15 ਕਿਸ਼ਤਾਂ ਦਾ ਨਾਵਲ ਦਿਲਚਸਪ ਪਲਾਟ ਵਾਲੀ ਰੌਚਿਕ ਕਥਾ ਪੇਸ਼ ਕਰਦਾ ਹੈ। ਨਵੇਂ ਨਾਵਲਕਾਰ ਦੀ ਮਿਹਨਤ ਨੂੰ ਦਾਦ ਦੇਣੀ ਬਣਦੀ ਹੈ। ਨਾਵਲ ਦਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਮ੍ਰਿਤ ਲੋਕ
ਲੇਖਿਕਾ : ਡਾ: ਕੁਲਬੀਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਡਾ: ਕੁਲਬੀਰ ਕੌਰ ਪੰਜਾਬੀ ਕਵਿਤਾ ਅਤੇ ਕਹਾਣੀ ਦੇ ਦੋਵਾਂ ਖੇਤਰਾਂ ਵਿਚ ਗਤੀਸ਼ੀਲ ਹੈ। 'ਬਾਗ਼ ਅਤੇ ਬੱਚੇ' ਬਾਲ ਨਾਵਲ ਦੀ ਵੀ ਰਚਨਾ ਕੀਤੀ ਹੈ। 'ਮ੍ਰਿਤ ਲੋਕ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਸ ਦੀਆਂ ਕਹਾਣੀਆਂ ਦਾਰਸ਼ਨਿਕ ਸੁਭਾਅ ਤੇ ਗੁੱਝੀਆਂ ਰਮਜ਼ਾਂ ਦਾ ਸੰਕੇਤ ਦਿੰਦੀਆਂ ਹਨ। ਮਨੁੱਖ ਦੀ ਹੋਂਦ ਦੀ ਪਛਾਣ ਕਰਨਾ ਉਨ੍ਹਾਂ ਦਾ ਵਿਸ਼ੇਸ਼ ਖ਼ਾਸਾ ਹੈ। ਆਮ ਔਸਤ ਆਦਮੀ ਦੇ ਕੌੜੇ ਯਥਾਰਥ ਦੇ ਸਨਮੁੱਖ ਹੁੰਦੀਆਂ ਹਨ ਇਹ ਕਹਾਣੀਆਂ।
'ਮ੍ਰਿਤ ਲੋਕ' ਦੇ ਪਤੀ-ਪਤਨੀ ਅਮਰ ਅਤੇ ਨੀਸ਼ਾ ਆਪਣੇ ਜਮਾਤੀ ਖਾਸੇ ਦੇ ਫ਼ਰਕ ਕਾਰਨ ਦੁੱਖ ਭੋਗਦੇ ਹਨ। ਨੀਸ਼ਾ ਦੀਆਂ ਵਾਧੂ ਚਾਹਤਾਂ ਇਸ ਦੁਖਾਂਤ ਦੀ ਬਲਦੀ 'ਤੇ ਤੇਲ ਦਾ ਕੰਮ ਕਰਦੀਆਂ ਹਨ। 'ਸੰਨਿਆਸ' ਕਹਾਣੀ ਦੇ ਪਾਤਰ ਠੁਮਰੀ ਉਰਫ ਰਾਜ ਤੇ ਕੁਸਮ ਆਪਣੇ-ਆਪਣੇ ਢੰਗ ਨਾਲ ਸੰਨਿਆਸ ਦੀ ਪਰਿਭਾਸ਼ਾ ਤਲਾਸ਼ਦੇ ਪ੍ਰਤੀਤ ਹੁੰਦੇ ਹਨ। ਲੇਖਿਕਾ ਅਨੁਸਾਰ ਖੁਸ਼ੀ-ਗ਼ਮੀ ਨੂੰ ਸਹਿਣਾ, ਜੀਣਾ ਅਤੇ ਸਾਤਵਿਕ ਬੋਧ ਦੇਣਾ ਹੀ ਅਸਲ ਸੰਨਿਆਸ ਹੈ। ਦੋਵਾਂ ਦੀ ਤਲਾਸ਼ ਆਖਰ ਇਕ ਨਵੇਂ ਸੰਨਿਆਸ ਨੂੰ ਜਨਮ ਦਿੰਦੀ ਹੈ। 'ਜੀਵਨ-ਸੰਚਾਰ' ਕਹਾਣੀ ਨਾ ਹੋ ਕੇ ਮਨੁੱਖੀ ਉਤਪਤੀ ਤੇ ਮਨੁੱਖੀ ਹੋਂਦ ਦੇ ਸਵਾਲਾਂ ਨੂੰ ਹੀ ਰੂਪ ਦਿੱਤਾ ਗਿਆ ਜਾਪਦੀ ਹੈ। 'ਮੈਂ ਤੇ ਆਲੋਚਕ' 'ਚ ਸਾਹਿਤ ਸਿਰਜਣਾ ਨੂੰ ਕਈ ਕੋਣਾਂ ਤੇ ਦ੍ਰਿਸ਼ਟੀਆਂ ਤੋਂ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ। 'ਰੋਟੀ' ਕਹਾਣੀ ਵੱਖ-ਵੱਖ ਕੋਣਾਂ ਤੋਂ ਰੋਟੀ ਦੀ ਲੋੜ ਨੂੰ ਜੀਵਨ ਦੀ ਲੋੜ ਤੇ ਸ਼ਕਤੀ ਨਾਲ ਜੋੜ ਕੇ ਦੇਖਦੀ ਹੈ। ਅੰਬੋ ਸੋਚਦੀ ਹੈ ਕਿ ਪੂਰਨਮਾਸ਼ੀ ਦਾ ਚੰਨ ਵੀ ਤਾਂ ਇਕ ਵੱਡੀ ਰੋਟੀ ਜਿਹਾ ਹੀ ਤਾਂ ਹੈ। 'ਕੌਲੀ ਦਾਲ ਦੀ' ਗੁਰਮੀਤ ਕੌਰ ਜਿਹੇ ਪਾਤਰ ਨੂੰ ਪੇਸ਼ ਕਰਦੀ ਹੈ ਜੋ ਏਨੀ ਕੰਮਚੋਰ ਤੇ ਲਿੱਧੜ ਹੈ ਕਿ ਹਰ ਕੰਮ ਤੋਂ ਜੀਅ ਚੁਰਾਉਂਦੀ ਹੈ। ਕਬੀਲਦਾਰੀ ਤੋਰਨ ਵਿਚ ਉਸ ਦੀ ਭੋਰਾ ਦਿਲਚਸਪੀ ਨਹੀਂ। 'ਇਕ ਹੋਰ ਸੇਧ' ਦੀ ਉਹ ਕੁੜੀ ਕੈਨੇਡੀਅਨ ਮੁੰਡੇ ਦੀ ਬੇਵਫ਼ਾਈ ਅਤੇ ਧੋਖੇ ਕਾਰਨ ਪੀੜਤ ਹੈ ਜੋ ਉਸ ਨਾਲ ਵਿਆਹ ਕਰਵਾ ਕੇ ਇਕ ਕੰਨਿਆ ਨੂੰ ਜਨਮ ਦੇ ਕੇ ਉਸ ਨੂੰ ਛੱਡ ਕੇ ਚਲਾ ਗਿਆ ਹੈ ਪਰ ਉਹ ਬਹੁਤ ਹੀ ਦਲੇਰੀ ਤੇ ਹਿੰਮਤ ਨਾਲ ਇਸ ਦੁਖਾਂਤਕ ਸਥਿਤੀ 'ਚੋਂ ਸਾਬਤ ਸਬੂਤੀ ਨਿਕਲ ਆਉਣ ਦੇ ਆਹਰ 'ਚ ਹੈ। 'ਆਪਣੇ ਲੋਕ' ਦਾ ਮੁੰਡਾ ਸੱਤੀ ਹੱਸਾਸ ਕਿਸਮ ਦਾ ਨੌਜਵਾਨ ਹੈ, ਜੋ ਗਰੀਬ-ਗੁਰਬੇ ਲੋਕਾਂ ਦੀ ਸਹਾਇਤਾ ਕਰਨ ਲਈ ਹਰ ਵੇਲੇ ਤਤਪਰ ਰਹਿੰਦਾ ਹੈ। 'ਇਕ ਸੱਚ ਸੁਣਾਉਣਾ ਬਾਕੀ ਹੈ' ਦੇ ਸਾਰੇ ਪਾਤਰ ਕਿਸੇ ਨਾ ਕਿਸੇ ਉਲਝਣ ਵਿਚ ਉਲਝੇ ਦਿਖਾਈ ਦਿੰਦੇ ਹਨ। ਬੰਦਗੀ ਹੀ ਉਨ੍ਹਾਂ ਦੀਆਂ ਉਲਝਣਾਂ ਦਾ ਇਕੋ-ਇਕ ਹੱਲ ਭਾਸਦਾ ਹੈ। 'ਮਿੱਟੀ ਦੇ ਕਲਬੂਤ' ਦੀ ਵੀਰਾਂ ਆਪਣੇ ਦੁੱਖਾਂ ਵਿਚ ਹੀ ਸਿਮਟ ਕੇ ਸਰੀਰ ਤਿਆਗ ਦਿੰਦੀ ਹੈ। ਮਿੱਟੀ 'ਚੋਂ ਉਪਜਿਆ ਮਾਨਸ ਸਰੀਰ ਮਿੱਟੀ ਵਿਚ ਹੀ ਮਿਲ ਜਾਂਦਾ ਹੈ। ਕਹਾਣੀਆਂ ਗੰਭੀਰ ਪੜ੍ਹਤ ਦੀ ਮੰਗ ਕਰਦੀਆਂ ਹਨ।

ਹੱਸਦਾ ਪੰਜਾਬ
ਲੇਖਕ : ਗੁਰਨਾਮ ਸਿੰਘ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120.

ਐਸ.ਐਸ. ਚਰਨ ਸਿੰਘ ਸ਼ਹੀਦ ਤੋਂ ਅਗਲੀ ਪੀੜ੍ਹੀ ਦੇ ਹਾਸ-ਵਿਅੰਗ ਲੇਖਕਾਂ ਵਿਚ ਡਾ: ਗੁਰਨਾਮ ਸਿੰਘ 'ਤੀਰ' ਦਾ ਨਾਂਅ ਸਿਰਮੌਰ ਗਿਣਿਆ ਜਾਂਦਾ ਹੈ। ਉਨ੍ਹਾਂ ਹਾਸ-ਵਿਅੰਗ ਦੀ ਹਰ ਵਿਧਾ 'ਤੇ ਲਿਖ ਕੇ ਹਾਸ-ਵਿਅੰਗ ਖੇਤਰ ਵਿਚ ਭਰਪੂਰ ਯੋਗਦਾਨ ਪਾਇਆ ਹੈ। 'ਮੈਨੂੰ ਮੈਥੋਂ ਬਚਾਵੋ' ਵਿਅੰਗ ਸਾਹਿਤ ਵਿਚ ਇਕ ਅਜਿਹੀ ਨਿਵੇਕਲੀ ਰਚਨਾ ਹੈ, ਜਿਸ ਨੂੰ ਅੱਜ ਕਲਾਸਕੀ ਰਚਨਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਕਈ ਵਰ੍ਹਿਆਂ ਬਾਅਦ ਉਨ੍ਹਾਂ ਦੇ ਚੋਣਵੇਂ ਹਾਸ-ਵਿਅੰਗ ਲੇਖਾਂ ਦਾ ਸੰਗ੍ਰਹਿ 'ਹੱਸਦਾ ਪੰਜਾਬ' ਹਾਲ ਹੀ ਵਿਚ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਇਆ ਹੈ, ਜਿਸ ਵਿਚ ਡਾ: ਤੀਰ ਦੇ ਚੋਣਵੇਂ 17 ਵਿਅੰਗ ਲੇਖ/ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ: ਤੀਰ ਇਕ ਅਨੁਭਵੀ ਲੇਖਕ ਸਨ, ਜਿਨ੍ਹਾਂ ਕੋਲ ਪਿੰਡ ਦੇ ਰਸਟਿਕ ਹਿਊਮਰ ਤੋਂ ਲੈ ਕੇ ਮਹਾਂਨਗਰ ਦੇ ਸੂਖ਼ਮ ਹਾਸ-ਬਿਲਾਸ ਦਾ ਚੋਖ਼ਾ ਮਸਾਲਾ ਹਾਜ਼ਰ ਸੀ। ਆਪਣੇ ਵਿਸ਼ਿਆਂ ਨੂੰ ਲੈ ਕੇ ਉਨ੍ਹਾਂ ਨੂੰ ਸੈਂਕੜੇ ਟੋਟਕੇ, ਘਟਨਾਵਾਂ ਯਾਦ ਸਨ। ਵਾਕ-ਚਤੁਰਾਈ, ਭਾਸ਼ਾ-ਸੰਜਮ ਅਤੇ ਠੁੱਕਦਾਰ ਪੰਜਾਬੀ ਮੁਹਾਵਰੇ ਵਰਤਣ ਵਿਚ ਉਨ੍ਹਾਂ ਨੂੰ ਕਮਾਲ ਦੀ ਮੁਹਾਰਤ ਹਾਸਲ ਸੀ। ਨਿਵੇਕਲੀ ਹੱਦਾਂ, ਥਾਣੇਦਾਰਨੀ, ਅੱਗੋਂ ਸੁੱਝੀ, ਘਟਨਾਵਾਂ ਦੇ ਹਾਸ-ਰਸੀ ਵੇਰਵੇ ਪੇਸ਼ ਕਰਨ ਵਾਲੀਆਂ ਰਚਨਾਵਾਂ ਹਨ। 'ਛਪੇ ਹੁਏ ਕਾਰਯਕਰਮ ਕੇ ਸਥਾਨ ਪਰ' ਲੇਖ ਰੇਡੀਉ ਸਟੇਸ਼ਨ ਵਾਲਿਆਂ ਦੀ ਭੈੜੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। 'ਚਾਚਾ ਚੰਡੀਗੜ੍ਹੀਆ ਨੇ ਨੈਸ਼ਨਲ ਪਰਮਿਟ ਲਿਆ', 'ਚਾਚੇ ਦੇ ਦਰਬਾਰ ਵਿਚ ਫਾਰਮੂਲੇ ਤੇ ਫਾਰਮੂਲੀਆ', 'ਚਾਚਾ ਚੰਡੀਗੜ੍ਹੀਆ ਭਾੜੇ ਦੇ ਸਿਆਪੇ ਦੇਖੇ' ਲੇਖ ਉਨ੍ਹਾਂ ਦੇ ਪ੍ਰਸਿੱਧ ਕਾਲਮ 'ਚਾਚਾ ਚੰਡੀਗੜ੍ਹੀਆ' ਰਾਹੀਂ ਸਥਿਤੀ ਪ੍ਰਧਾਨ ਵਿਅੰਗ ਦੇ ਚੰਗੇ ਨਮੂਨੇ ਪੇਸ਼ ਕਰਦੇ ਹਨ। 'ਜੱਟ ਦਾ ਵਰਤ' ਲੇਖ ਭੁੱਖੜਾਂ ਤੇ ਅੰਨ ਦੇ ਦੁਸ਼ਮਣਾਂ ਦੀ ਚੰਗੀ ਹਜ਼ਾਮਤ ਕਰਦਾ ਹੈ। 'ਵਹੁਟੀ ਛੋਟੇ ਕੱਦ ਦੀ', 'ਵਹੁਟੀ ਬੀਮਾ ਏਜੰਟ ਦੀ' ਤਰ੍ਹਾਂ-ਤਰ੍ਹਾਂ ਦੀਆਂ ਹਾਸੋਹੀਣੀਆਂ ਵਹੁਟੀਆਂ ਦਾ ਹਾਸ-ਰਸੀ ਚਿੱਤਰ ਉਘਾੜਦੇ ਹਨ। 'ਸਟੋਰ ਵਿਚ' ਤੇ 'ਆਖਰੀ ਫ਼ੈਸਲਾ' ਗੰਭੀਰ ਕਹਾਣੀਆਂ ਹਨ ਜੋ ਆਮ ਆਦਮੀ ਦੇ ਦੁੱਖ ਤੇ ਸੰਤਾਪ ਨੂੰ ਪੇਸ਼ ਕਰਦੀਆਂ ਹਨ। ਡਾ: ਤੀਰ ਆਪਣੇ ਜ਼ਮਾਨੇ ਦੇ ਬਹੁਤ ਹਰਮਨ-ਪਿਆਰੇ ਵਿਅੰਗ ਲੇਖਕ ਸਨ। ਇਹੋ ਜਿਹੀਆਂ ਹੋਰ ਪੁਸਤਕਾਂ ਨਵੀਂ ਪੀੜ੍ਹੀ ਦੇ ਪਾਠਕਾਂ ਨੂੰ ਤੀਰ ਸਾਹਿਬ ਦੀ ਕਲਮ ਦਾ ਵਧੇਰੇ ਗਿਆਨ ਦੇਣ ਲਈ ਛਪਣੀਆਂ ਜ਼ਰੂਰੀ ਹਨ।

-ਕੇ. ਐਲ. ਗਰਗ
ਮੋ: 94635-37050

ਅੰਗਾਰ
ਲੇਖਿਕਾ : ਨਿਰਮਲ ਜਸਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਨਿਰਮਲ ਜਸਵਾਲ ਦੇ ਇਸ ਤੋਂ ਪਹਿਲਾਂ ਦੋ ਮੌਲਿਕ ਕਹਾਣੀ-ਸੰਗ੍ਰਹਿ 'ਇਕ ਚੁੱਪ ਜਿਹੀ ਕੁੜੀ' (2000, 2002) ਅਤੇ 'ਮੱਛੀਆਂ ਕੱਚ ਦੀਆਂ' (2004) ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਹਥਲਾ ਸੰਗ੍ਰਹਿ ਤਕਰੀਬਨ ਇਕ ਦਹਾਕੇ ਤੋਂ ਬਾਅਦ ਮਾਰਕੀਟ ਵਿਚ ਆਇਆ ਹੈ।
ਸੰਗ੍ਰਹਿ ਵਿਚ ਕੁੱਲ 9 ਕਹਾਣੀਆਂ ਹੀ ਸੰਮਿਲਿਤ ਹਨ। ਗਿਣਤੀ ਪੱਖੋਂ ਭਾਵੇਂ ਉਸ ਨੇ ਘੱਟ ਲਿਖਿਆ ਹੈ ਪਰ ਉਸ ਦਾ ਨਾਂਅ ਚੌਥੀ ਪੀੜ੍ਹੀ ਦੀਆਂ ਕਹਾਣੀਕਾਰਾਂ ਤੋਂ ਕਿਸੇ ਤੋਂ ਵੀ ਪਿੱਛੇ ਨਹੀਂ ਆਉਂਦਾ। ਨਿਰਮਲ ਜਸਵਾਲ ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਦੇ ਖੇਤਰ ਵਿਚ ਇਕ ਨਵਾਂ, ਨਿਵੇਕਲਾ ਅਤੇ ਵਿਲੱਖਣ ਸੰਸਾਰ ਚਿਤਰਪਟ 'ਤੇ ਆਉਂਦਾ ਵਿਖਾਈ ਦਿੰਦਾ ਹੈ। ਵੈਮਪਾਇਰ ਕਹਾਣੀ ਵਿਚ ਮਨੁੱਖ ਦੇ ਵਹਿਸ਼ੀਪੁਣੇ ਦੀ ਦਾਸਤਾਨ ਇਕ ਵੱਖਰੇ ਜ਼ਾਵੀਏ ਤੋਂ ਪੇਸ਼ ਕੀਤੀ ਗਈ ਹੈ। ਮਹਾਂਯੁੱਧ, 1947, 1984 ਦੀ ਕਤਲੋਗਾਰਤ, ਪੋਲੈਂਡ ਦੀ ਹਿੰਸਾ, ਨਸਲੀ ਵਿਤਕਰਾ ਇਸ ਕਹਾਣੀ ਦੇ ਪਾਸਾਰ ਹਨ। 'ਸਰਸਰਾਹਟ' ਕਹਾਣੀ ਰਾਹੀਂ ਇਹ ਮਹੱਤਵਪੂਰਨ ਪ੍ਰਸ਼ਨ ਉਠਾਇਆ ਹੈ ਕਿ ਕੀ ਔਰਤ ਮਹਿਜ਼ ਛਲਾਵਾ ਹੈ ਜਾਂ ਸਿਰਫ ਜਿਸਮ? ਇਸੇ ਤਰ੍ਹਾਂ 'ਗਲੇਸ਼ੀਅਰ' ਸਰੀਰਕ ਤੇ ਮਾਨਸਿਕ ਜਵਾਰਭਾਟੇ ਵਿਚ ਪੈਦਾ ਹੋ ਰਹੀਆਂ ਤਰੰਗਾਂ ਨੂੰ ਪ੍ਰਗਟ ਕਰਦੀ ਹੈ।
'ਇਕ ਲੰਮੀ ਉਦਾਸੀ' ਔਰਤ-ਮਰਦ ਦੇ ਰਿਸ਼ਤਿਆਂ ਵਿਚਲੀ ਭਟਕਣ ਦੀ ਕਹਾਣੀ ਹੈ, ਜਿਥੇ ਦੋਵੇਂ ਇਕ-ਦੂਸਰੇ ਨੂੰ ਐਕਸਪਲਾਇਟ ਕਰਦੇ ਹਨ। 'ਉਹ ਇਕ ਚੂਹਾ' ਪਤੀ-ਪਤਨੀ ਦੀ ਤਣਾਅਮਈ ਜ਼ਿੰਦਗੀ ਦੇ ਪਲਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਜਾਪਦੀ ਹੈ। 'ਲਹਿਰਾਂ' ਵਿਚ ਇਹ ਦਰਸਾਇਆ ਗਿਆ ਹੈ ਕਿ ਔਰਤ ਨੂੰ ਆਪਣੇ ਚਰਿੱਤਰ ਦੀ ਰੱਖਿਆ ਆਪ ਕਰਨੀ ਪਵੇਗੀ। 'ਨੀਲੀਆਂ ਧਾਰੀਆਂ ਵਾਲਾ ਰੁਮਾਲ' ਕਰਮੇ ਵਰਗੇ ਆਮ ਇਨਸਾਨਾਂ ਦੀ ਦਾਸਤਾਨ ਹੈ, ਉਥੇ 'ਲਾਲਸਾ' ਮੁੰਡੇ-ਕੁੜੀ ਵਿਚਲੀ ਸਮਾਜਿਕ ਸਮਝ ਨਾਲ ਸਬੰਧ ਰੱਖਦੀ ਹੈ। 'ਅੰਗਾਰ' ਜੋ ਸੰਗ੍ਰਹਿ ਦੀ ਟਾਈਟਲ ਕਹਾਣੀ ਹੈ, ਬਹੁਤ ਖੂਬਸੂਰਤ ਹੈ, ਜਿਸ ਰਾਹੀਂ ਦਰਸਾਇਆ ਗਿਆ ਹੈ ਕਿ 'ਲੰਘ ਚੁੱਕੇ ਸਮੇਂ' ਦੀ ਕੀਤੀ ਗਈ 'ਪੇਸ਼ਕਸ਼' ਠੁਕਰਾਈ ਹੀ ਜਾਂਦੀ ਹੈ। ਨਿਰਮਲ ਜਸਵਾਲ ਨੇ ਜਿਹੜਾ ਭਾਸ਼ਾ-ਸੰਸਾਰ ਸਿਰਜਿਆ ਹੈ, ਉਹ ਮਲਟੀ-ਲਿੰਗੁਅਲ (ਬਹੁਭਾਸ਼ਾਈ) ਹੈ, ਜਿਹੜਾ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਵੱਖਰੀ ਚਰਚਾ ਦੀ ਮੰਗ ਕਰਦਾ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 09797313927

ਕਿਆ ਤੁਧੁ ਕਰਮ ਕਮਾਇਆ
ਲੇਖਕ : ਪਰਵਿੰਦਰ ਸਿੰਘ ਗਰਚਾ
ਪ੍ਰਕਾਸ਼ਕ : ਗਰਚਾ ਪ੍ਰਕਾਸ਼ਨ, ਲੁਧਿਆਣਾ
ਮੁੱਲ : ਅੰਕਿਤ ਨਹੀਂ, ਸਫੇ : 80.

ਸਮੇਂ ਦੇ ਗੇੜ ਵਿਚ ਜੀਵਨ ਦੀਆਂ ਮੁੱਖ ਚਾਰ ਅਵਸਥਾਵਾਂ (ਬਾਲ, ਕਿਸ਼ੋਰ, ਜਵਾਨੀ ਤੇ ਬੁਢੇਪਾ) ਗੁਜ਼ਰਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਸਭ ਕੁਝ ਇਕ ਰੈਣੀ ਸੁਪਨਾ ਹੀ ਹੋਵੇ। 'ਅੱਖੀਂ ਵੇਖ ਨੈਣੀਂ ਜਗ ਚਲਿਆ' ਅਨੁਸਾਰ ਜੀਵਨ ਰੂਪੀ ਇਸ ਸੁਪਨਾ ਸਾਰਾ ਤਾਂ ਯਾਦ ਨਹੀਂ ਰਹਿੰਦਾ ਪਰ ਇਸ ਦੇ ਕੁਝ ਕੌੜੇ-ਮਿੱਠੇ/ਚੰਗੇ-ਮਾੜੇ ਦ੍ਰਿਸ਼ ਯਾਦ ਦੀ ਪਟਾਰੀ ਵਿਚ ਚਲੇ ਹੀ ਜਾਂਦੇ ਹਨ। ਜਿਨ੍ਹਾਂ ਦਾ ਵਰਨਣ ਬਜ਼ੁਰਗ ਆਮ ਹੀ ਕਰਦੇ ਸੁਣੇ ਜਾ ਸਕਦੇ ਹਨ। ਕੁਝ ਲਿਖਤਾਂ ਰਾਹੀਂ ਸਵੈ-ਜੀਵਨੀ ਦੇ ਰੂਪ ਵਿਚ ਪ੍ਰਗਟ ਕਰਨ ਦਾ ਯਤਨ ਕਰਦੇ ਹਨ। 'ਕਿਆ ਤੁਧੁ ਕਰਮ ਕਮਾਇਆ' ਪੁਸਤਕ ਪਰਵਿੰਦਰ ਸਿੰਘ ਗਰਚਾ ਦੀ ਆਪਣੀ ਜੀਵਨ ਗਾਥਾ ਹੈ।
'ਕਿਆ ਤੁਧੁ ਕਰਮ ਕਮਾਇਆ' ਪੁਸਤਕ ਵਿਚ ਲੇਖਕ ਨੇ ਜਿਥੇ ਆਪਣੇ ਜੀਵਨ ਤੇ ਆਪਣੇ ਪਰਿਵਾਰ ਦੇ ਸੋਹਲੇ ਗਾਏ ਹਨ ਉਥੇ ਆਪਣੀਆਂ ਕਮੀਆਂ-ਪੇਸ਼ੀਆਂ ਨੂੰ ਵੀ ਬਾਖੂਬੀ ਨਾਲ ਪੇਸ਼ ਕਰਕੇ ਆਪਣੀ ਬੇਬਾਕੀ ਦਾ ਪ੍ਰਮਾਣ ਦਿੱਤਾ ਹੈ। ਮਾਪਿਆਂ ਦੀ ਪੁੱਤਰ ਪ੍ਰਾਪਤੀ ਦੀ ਖਾਸ ਚਾਹਤ, ਲਾਡ ਪਿਆਰ ਵਾਲੇ ਮਾਹੌਲ ਵਿਚ ਪਲਣ ਵਾਲੇ ਬੱਚੇ (ਲੇਖਕ) ਲਈ ਸਕੂਲ ਦੀ ਮਾਰ-ਝਿੜਕ ਰਾਮਬਾਣ ਹੋ ਨਿਬੜਨਾ, ਮਿਹਨਤ ਦਾ ਪੱਲਾ ਫੜ ਕੇ ਚੰਗੀ ਵਿੱਦਿਆ ਦੀ ਪ੍ਰਾਪਤੀ ਹੋਣੀ, ਪਹਿਲਾਂ ਅਧਿਆਪਕ ਤੇ ਫਿਰ ਪੋਸਟ ਮਾਸਟਰ ਬਣਨਾ ਅਤੇ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੇ ਬਦਲੇ ਡਾਕ ਸੇਵਾ ਅਵਾਰਡ 2004 ਮਿਲਣਾ ਆਦਿ ਜਿਥੇ ਖ਼ੁਦ ਲੇਖਕ ਲਈ ਜੀਵਨ ਦੇ ਹਾਸਲ ਹਨ, ਉਥੇ ਪਾਠਕਾਂ ਨੂੰ ਵੀ ਚੰਗੀ ਸੇਧ ਦੇਣ ਦੇ ਸਮਰੱਥ ਹਨ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਨੂਰ ਦਾ ਸਾਇਆ
ਗ਼ਜ਼ਲਕਾਰ : ਅਮਰਜੀਤ ਸਿੰਘ 'ਅਮਰ' ਅੰਬਾਲਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 111.

'ਨੂਰ ਦਾ ਸਾਇਆ' ਅਮਰਜੀਤ ਸਿੰਘ 'ਅਮਰ' ਅੰਬਾਲਵੀ ਦਾ ਪੰਜਾਬੀ ਭਾਸ਼ਾ ਵਿਚ ਪਹਿਲਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 98 ਗ਼ਜ਼ਲਾਂ ਸੰਕਲਿਤ ਹਨ। ਇਸ ਤੋਂ ਪਹਿਲਾਂ ਉਹ ਉਰਦੂ ਤੇ ਹਿੰਦੀ ਵਿਚ ਇਕ ਇਕ ਗ਼ਜ਼ਲ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਪੰਜਾਬੀ ਦੇ ਹਰ ਸ਼ਾਇਰ ਵੱਲੋਂ ਅੱਜਕਲ੍ਹ ਗ਼ਜ਼ਲ ਲਿਖਣ ਦਾ ਯਤਨ ਕੀਤਾ ਜਾਂਦਾ ਹੈ ਪਰ ਬਹੁਤ ਘੱਟ ਲੋਕ ਇਸ ਦੀ ਕਸਵੱਟੀ 'ਤੇ ਖਰੇ ਉਤਰਦੇ ਹਨ। ਤੇਜ਼ੀ ਨਾਲ ਵੱਡੀ ਗਿਣਤੀ ਵਿਚ ਛਪ ਰਹੇ ਗ਼ਜ਼ਲ ਸੰਗ੍ਰਹਿਾਂ ਵਿਚੋਂ ਬਹੁਤ ਘੱਟ ਪੜ੍ਹਨਯੋਗ ਹੁੰਦੇ ਹਨ। ਪਰ ਅਮਰਜੀਤ ਸਿੰਘ ਅਮਰ ਦਾ ਗ਼ਜ਼ਲ ਸੰਗ੍ਰਹਿ ਇਸ ਸ਼੍ਰੇਣੀ ਵਿਚ ਨਹੀਂ ਆਉਂਦਾ ਤੇ ਇਸ ਦਾ ਤੁਅੱਲਕ ਪੜ੍ਹਨ ਨਾਲ ਹੈ। ਅਮਰ ਨੂੰ ਉਰਦੂ ਜ਼ਬਾਨ ਦਾ ਕਾਫ਼ੀ ਗਿਆਨ ਹੈ ਤੇ ਇਸ ਲਈ ਉਹ ਗ਼ਜ਼ਲ ਦੀ ਰੂਹ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਦਾ ਹੈ। ਕੁਝ ਕੁ ਉਕਤਾਈਆਂ ਨੂੰ ਛੱਡ ਕੇ ਤਕਨੀਕੀ ਤੌਰ 'ਤੇ ਉਸ ਦੀਆਂ ਗ਼ਜ਼ਲਾਂ ਬਹੁਤ ਸਫ਼ਲ ਹਨ। ਉਸ ਦੇ ਦਿਲ ਦੀ ਧਰਤੀ 'ਤੇ ਜਦੋਂ ਕੋਈ ਗੀਤ ਪੁੰਗਰਦਾ ਹੈ ਤਾਂ ਉਹ ਆਪ-ਮੁਹਾਰਾ ਨੱਚ ਉਠਦਾ ਹੈ ਤੇ ਉਹ ਪਿਆਰ ਦੇ ਗੀਤ ਰਚ ਕੇ ਤਸੱਲੀ ਦਾ ਪ੍ਰਗਟਾਵਾ ਕਰਦਾ ਹੈ। ਭਾਵੇਂ ਉਸ ਦੀਆਂ ਗ਼ਜ਼ਲਾਂ ਦਾ ਮੁੱਖ ਧੁਰਾ ਇਸ਼ਕ ਹੈ ਪਰ ਫਿਰ ਵੀ ਉਸ ਨੂੰ ਦੁਨੀਆਂਦਾਰੀ ਦੀਆਂ ਹੋਰਨਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ। ਸ਼ਾਇਰ ਰਾਤ ਦੇ ਹਨ੍ਹੇਰੇ ਤੋਂ ਮਾਯੂਸ ਨਹੀਂ ਹੈ ਤੇ ਉਹ ਜਾਗ ਕੇ ਸਵੇਰ ਦੀ ਇੰਤਜ਼ਾਰ ਵਿਚ ਹੈ। ਅਮਰਜੀਤ ਸਿੰਘ 'ਅਮਰ' ਅੰਬਾਲਵੀ ਦੀਆਂ ਗ਼ਜ਼ਲਾਂ ਦੀ ਮੁੱਖ ਖ਼ੂਬੀ ਇਨ੍ਹਾਂ ਦੀ ਸਰਲਤਾ ਤੇ ਤਰਲਤਾ ਹੈ। ਉਸ ਦੇ ਸ਼ਿਅਰ ਸਾਦ ਮੁਰਾਦੇ ਤੇ ਸੌਖੇ ਹਨ ਜਿਨ੍ਹਾਂ ਨੂੰ ਦਿਲ ਵਿਚ ਉਤਾਰਨ ਲਈ ਪਾਠਕ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ। ਉਸ ਨੇ ਇਸ ਪੁਸਤਕ ਰਾਹੀਂ ਹਰਿਆਣਾ ਵਿਚ ਵਸਦੇ ਪੰਜਾਬੀ ਗ਼ਜ਼ਲਕਾਰਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਇਸ ਪੁਸਤਕ ਵਿਚ ਡਾ: ਰਮੇਸ਼ ਕੁਮਾਰ ਨੇ ਅਮਰ ਦੀ ਗ਼ਜ਼ਲਗੋਈ ਸਬੰਧੀ ਬੜਾ ਸੰਤੁਲਤ ਲੇਖ ਵੀ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਸ਼ਾਇਰ ਦੀ ਲਿਖਣ ਪ੍ਰਕਿਰਿਆ ਸਬੰਧੀ ਕਾਫ਼ੀ ਜਾਣਕਾਰੀ ਮਿਲਦੀ ਹੈ। ਅਮਰ ਦਾ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਇਹ ਵਧੀਆ ਆਗਾਜ਼ ਹੈ।

ਮਨ ਦੇ ਪਰਿੰਦੇ
ਸ਼ਾਇਰਾ : ਜਗਦੀਪ ਕੌਰ ਨੂਰਾਨੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 80.

'ਮਨ ਦੇ ਪਰਿੰਦੇ' ਜਗਦੀਪ ਕੌਰ ਨੂਰਾਨੀ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ 27 ਗ਼ਜ਼ਲਾਂ, 13 ਨਜ਼ਮਾਂ ਤੇ 2 ਗੀਤ ਪ੍ਰਕਾਸ਼ਿਤ ਹੋਏ ਮਿਲਦੇ ਹਨ। ਨੂਰਾਨੀ ਅੰਗਰੇਜ਼ੀ ਸਾਹਿਤ ਨਾਲ ਜੁੜੀ ਰਹੀ ਹੈ ਪਰ ਪੰਜਾਬੀ ਮਾਂ-ਬੋਲੀ ਵਿਚ ਕਾਵਿ ਸਿਰਜਣਾ ਉਸ ਦੀ ਇਸ ਭਾਸ਼ਾ ਨਾਲ ਪ੍ਰਤੀਬੱਧਤਾ ਪ੍ਰਗਟਾਉਂਦੀ ਹੈ।
ਆਪਣੀਆਂ ਰਚਨਾਵਾਂ ਵਿਚ ਸ਼ਾਇਰਾ ਭਾਵੇਂ ਕਿਧਰੇ-ਕਿਧਰੇ ਉਦਾਸ ਹੈ ਪਰ ਉਹ ਫ਼ਜ਼ੂਲ ਦੇ ਹੰਝੂ ਵਹਾਉਣ ਵਿਚ ਯਕੀਨ ਨਹੀਂ ਰੱਖਦੀ ਤੇ ਉਹ ਆਪਣੇ ਦਰਦ ਨੂੰ ਪੀ ਜਾਣ ਦਾ ਯਤਨ ਕਰਦੀ ਹੈ। ਉਹ ਉਡਣ ਲਈ ਖੰਭਾਂ ਦੀ ਲੋਚਾ ਕਰਦੀ ਹੈ ਤੇ ਆਪਣੇ ਪੈਰੀਂ ਬੰਨ੍ਹੀਆਂ ਜ਼ੰਜੀਰਾਂ ਤੋੜਨ ਲਈ ਯਤਨਸ਼ੀਲ ਹੈ। ਜਗਦੀਪ ਕੌਰ ਨੂਰਾਨੀ ਆਪਣੀਆਂ ਰਚਨਾਵਾਂ ਵਿਚ ਝਿਲਮਿਲ ਕਰਦੇ ਤਾਰਿਆਂ ਨਾਲ ਸੰਵਾਦ ਰਚਾਉਂਦੀ ਹੈ ਤੇ ਜਗਮਗ ਕਰਦੀਆਂ ਰੌਸ਼ਨੀਆਂ ਵਿਚ ਆਪਣਿਆਂ ਦੀ ਇੰਤਜ਼ਾਰ ਦਾ ਨ੍ਹੇਰ ਢੋਂਦੀ ਹੈ। ਲਿਖਦੀ-ਲਿਖਦੀ ਸ਼ਾਇਰਾ ਖ਼ੁਦ ਹੀ ਨਗ਼ਮਾ, ਕਵਿਤਾ ਜਾਂ ਗੀਤ ਬਣਨਾ ਚਾਹੁੰਦੀ ਹੈ ਤੇ ਕਿਸੇ ਦੇ ਹੋਠਾਂ 'ਤੇ ਸਜਣਾ ਚਾਹੁੰਦੀ ਹੈ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਅਜੇ ਅਭਿਆਸੀ ਸ਼੍ਰੇਣੀ ਵਿਚ ਰੱਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਸਿਰਜਣਾ ਨੇ ਸ਼ਾਇਰਾ ਦੀ ਅਗਲੀ ਕਾਵਿਕ ਫ਼ਸਲ ਦਾ ਆਧਾਰ ਬਣਨਾ ਹੈ।
ਗ਼ਜ਼ਲ ਦੀ ਬਾਰੀਕਬੀਨੀ ਦਾ ਅਜੇ ਉਸ ਨੂੰ ਅਧਿਐਨ ਦਰਕਾਰ ਹੈ। ਆਪਣੀਆਂ ਨਜ਼ਮਾਂ ਵਿਚ ਉਹ ਆਪੇ ਨੂੰ ਖੁੱਲ੍ਹ ਕੇ ਪ੍ਰਗਟਾਅ ਸਕੀ ਹੈ ਕਿਉਂਕਿ ਇਨ੍ਹਾਂ ਵਿਚ ਛੰਦ ਬੱਧਤਾ ਨੂੰ ਬਰਕਰਾਰ ਰੱਖਣ ਦੀ ਬੰਦਿਸ਼ ਨਹੀ ਹੈ। ਉਸ ਦੇ ਗੀਤ ਵਧੀਆ ਹਨ ਤੇ ਜਗਦੀਪ ਕੌਰ ਨੂਰਾਨੀ ਗੀਤ ਲੇਖਣ ਵਿਚ ਹੋਰ ਪ੍ਰਾਪਤੀਆਂ ਕਰ ਸਕਦੀ ਹੈ। ਪੁਸਤਕ ਵਿਚ ਜਸਵੰਤ ਜ਼ਫ਼ਰ, ਡਾ: ਲਾਭ ਸਿੰਘ ਖੀਵਾ, ਅਮਰਜੀਤ ਘੁੰਮਣ, ਜਨਮੀਤ ਕੌਰ ਤੇ ਨੂਰਾਨੀ ਦੇ ਖ਼ੁਦ ਦੇ ਲੇਖ ਵੀ ਸ਼ਾਮਿਲ ਹਨ। ਸੰਭਾਵਨਾ ਹੈ ਕਿ ਨੂਰਾਨੀ ਲਈ 'ਮਨ ਦੇ ਪਰਿੰਦੇ' ਪੰਜਾਬੀ ਕਾਵਿ ਖ਼ੇਤਰ ਵਿਚ ਨਵੀਆਂ ਰਾਹਾਂ ਦੀ ਤਲਾਸ਼ ਦਾ ਸਬੱਬ ਬਣੇਗੀ ਤੇ ਉਹ ਪੰਜਾਬੀ ਕਾਵਿ ਸਾਹਿਤ ਵਿਚ ਆਪਣੀ ਥਾਂ ਸੁਰੱਖਿਅਤ ਕਰ ਲਵੇਗੀ।

-ਗੁਰਦਿਆਲ ਰੌਸ਼ਨ
ਮੋ: 9988444002

 

01-12-2013

 ਜੀਵਨ ਜੁਗਤਾਂ
ਲੇਖਕ : ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 256.

ਇਸ ਪੁਸਤਕ ਦੀ ਕਾਂਡ ਵੰਡ 'ਜੀਵਨ ਜੁਗਤਾਂ', 'ਜੀਵਨ ਸੋਧਾਂ', 'ਬੋਲ ਵਿਦਵਾਨਾਂ ਦੇ', 'ਸੱਚੇ ਵਿਚਾਰ', 'ਕੌੜੇ ਸੱਚ', 'ਵਿਚਾਰਮਾਲਾ', 'ਸਵੱਛ ਜੀਵਨ ਕਿਰਿਆਵਾਂ' ਤੇ 'ਨਵਾਂ ਸ਼ਬਦ ਕੋਸ਼' ਸਿਰਲੇਖਾਂ ਹੇਠ ਕੀਤੀ ਗਈ ਹੈ ਤੇ ਹਰ ਸਿਰਲੇਖ ਆਪਣੇ-ਆਪ ਵਿਚ ਜੀਵਨ ਨਾਲ, ਸਮਾਜ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਇਸ ਪੁਸਤਕ ਦਾ ਵਿਸ਼ਾ ਸਮੁੱਚਾ ਜੀਵਨ ਹੀ ਹੈ ਤੇ ਹਰ ਪਹਿਲੂ ਨੂੰ ਬੜੀ ਖੂਬਸੂਰਤੀ ਨਾਲ ਵਿਦਵਾਨਾਂ, ਮਹਾਂਪੁਰਖਾਂ, ਕਵੀਆਂ ਦੀਆਂ ਮਿਸਾਲਾਂ ਦੇ ਕੇ ਪੇਸ਼ ਕੀਤਾ ਹੈ। 'ਯੁਗਾਂਤਰ', 'ਹੱਥ', 'ਸੁਨਣ ਕਲਾ' ਮਨੁੱਖ ਨੂੰ ਸੁਨੇਹਾ ਦਿੰਦੇ ਵਧੀਆ ਲੇਖ ਹਨ। 'ਸਿੱਖਣ ਕਲਾ, ਇਨਸਾਨੀਅਤ, ਵਿਸ਼ਵਾਸ, ਅਤੀਤ ਦਾ ਅਨੁਭਵ, ਆਸ ਤੇ ਅਰਦਾਸ' ਵਿਚ ਜੋ ਜੀਵਨ ਜੁਗਤਾਂ ਤੇ ਵਿਚਾਰ ਪੇਸ਼ ਕੀਤੇ ਹਨ, ਸਫ਼ਲ ਜੀਵਨ ਜਿਊਣ ਲਈ ਰਾਹ ਦਸੇਰਾ ਹਨ। 'ਕੰਮ ਦੀ ਲਗਨ, ਮਿਹਨਤ, ਦੂਰਅੰਦੇਸ਼ੀ, ਸਿੱਖਣ ਪ੍ਰਕਿਰਿਆ, ਵਿਅਕਤੀਤਵ, ਸਾਵੀ ਸੋਚ, ਸਮਾਜ ਸੇਵਾ, ਸਰਬੱਤ ਦਾ ਭਲਾ, ਖੁਸ਼ੀ ਅਤੇ ਗ਼ਮੀ, ਪਰਮਾਤਮਾ ਇਕ ਅਹਿਸਾਸ, ਆਦਤ, ਪੁਸਤਕਾਂ, ਮਾਂ, ਮਾਤ ਭਾਸ਼ਾ, ਨਾਪ ਤੋਲ ਕੇ ਬੋਲੋ-ਕਿਹੜਾ ਵਿਸ਼ਾ ਹੈ, ਜਿਹੜਾ ਲੇਖਕ ਨੇ ਆਪਣੀ ਕਲਮ ਦੇ ਕਲਾਵੇ ਵਿਚ ਨਹੀਂ ਲਿਆ ਅਤੇ ਜੋ ਮਨੁੱਖ ਨੂੰ ਸਾਰਥਕ ਜੀਵਨ ਜਿਊਣ ਦਾ ਰਾਹ ਨਾ ਦੱਸੇ। ਲੇਖਕ ਇਸ ਪਹਿਲੂ ਤੋਂ ਬਾਖੂਬੀ ਜਾਣੂ ਹੈ ਕਿ ਸਮਾਜ ਵਿਚ ਕਾਣੀ ਵੰਡ, ਆਰਥਿਕਤਾ, ਅਨਿਆਂ, ਮਾਨਸਿਕ ਤੰਦਰੁਸਤੀ, ਸੱਚ ਦਾ ਹਸ਼ਰ, ਬੋਲਾਂ ਦੀ ਤਾਕਤ ਦੀ ਕੀ ਮਹੱਤਤਾ ਹੈ, ਕੀ ਹੋ ਰਿਹਾ ਹੈ ਤੇ ਕੀ ਹੋਣਾ ਚਾਹੀਦਾ ਹੈ?
ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ ਨੇ ਜੋ ਵੀ ਵਿਸ਼ਾ ਲਿਆ ਹੈ ਜਾਂ ਜੀਵਨ ਸੇਧ ਉਲੀਕੀ ਹੈ, ਉਹ ਓਪਰੀ ਪੱਧਰ 'ਤੇ ਨਹੀਂ ਸਗੋਂ ਹਕੀਕਤ ਦੀ ਪੱਧਰ 'ਤੇ ਮਹਾਨ ਵਿਦਵਾਨਾਂ ਦੇ ਵਿਚਾਰਾਂ ਤੇ ਫਲਸਫ਼ੇ ਨੂੰ ਆਧਾਰ ਬਣਾ ਕੇ ਪੇਸ਼ ਕੀਤਾ ਹੈ, ਜਿਵੇਂ 'ਸਮਾਂ, ਜਿਊਣ ਕਲਾ, ਸ਼ਬਦ, ਕਰਮਸ਼ੀਲਤਾ, ਜ਼ਮੀਰ' ਅਜਿਹੇ ਪਹਿਲੂ ਹਨ ਜੀਵਨ ਦੇ, ਜਿਨ੍ਹਾਂ ਉਤੇ ਅਮਲ ਕੀਤੇ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। 'ਬਾਬਾ ਜਸਵੰਤ ਸਿੰਘ ਕੰਵਲ ਕਹਿੰਦਾ ਹੈ' ਅਤੇ 'ਸਵਾਮੀ ਵਿਵੇਕਾਨੰਦ ਦੇ ਅਨਮੋਲ ਬਚਨ' ਮਨੁੱਖ ਤੇ ਸਮਾਜ ਨੂੰ ਸੇਧ ਦਿੰਦੇ ਹਨ। ਔਰਤ ਅਤੇ ਸਰਬੱਤ ਦਾ ਭਲਾ, ਸਿੱਖੀ ਦੇ ਨਿਚੋੜ ਦੀਆਂ ਅਦੁੱਤੀ ਉਦਾਹਰਨਾਂ ਹਨ ਅਤੇ ਜੇ ਕਹਿ ਲਈਏ ਕਿ ਲੇਖਕ ਨੇ ਗਾਗਰ ਵਿਚ ਸਾਗਰ ਬੰਦ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਅਕਾਸ਼ ਗੰਗਾ
ਸ਼ਾਇਰ : ਆਰ. ਪੀ. ਕਾਲੀਆ 'ਕੌਸਰ'
ਪ੍ਰਕਾਸ਼ਕ : ਲੇਖਕ ਆਪ
ਮੁੱਲ : 250 ਰੁਪਏ, ਸਫ਼ੇ : 148.

ਇਹ ਉਰਦੂ ਸ਼ਾਇਰੀ ਦੀ ਖ਼ੂਬਸੂਰਤ ਪੁਸਤਕ ਪੰਜਾਬੀ ਭਾਸ਼ਾ ਵਿਚ ਛਪੀ ਹੋਈ ਹੈ। ਰੰਗ-ਬਰੰਗੀਆਂ ਤਸਵੀਰਾਂ ਨਾਲ ਸੁਸਜਿਤ ਪੁਸਤਕ ਵਿਚ 66 ਗ਼ਜ਼ਲਾਂ ਹਨ। ਇਹ ਗ਼ਜ਼ਲਾਂ ਇਸ਼ਕ ਮੁਹੱਬਤ ਦੇ ਅਹਿਸਾਸਾਂ ਨਾਲ ਸਰਾਬੋਰ ਹਨ। ਲਗਭਗ ਸਾਰੀਆਂ ਗ਼ਜ਼ਲਾਂ ਹੀ ਕਲਾਤਮਕ, ਸੁਹਜਾਤਮਕ ਅਤੇ ਭਾਵਪੂਰਤ ਹਨ। ਇਨ੍ਹਾਂ ਵਿਚ ਸ਼ਾਇਰੀ ਦੀ ਨਫ਼ਾਸਤ, ਨਜ਼ਾਕਤ ਅਤੇ ਤਾਕਤ ਭਰੀ ਹੋਈ ਹੈ। ਕੁਝ ਝਲਕਾਂ ਪੇਸ਼ ਹਨ-
-ਹੈ ਜ਼ਮੀਂ ਸੇ ਫ਼ਾਸਿਲਾ ਜੋ ਆਸਮਾਂ ਕਾ
ਉਸ ਸੇ ਊਂਚਾ ਦਰਜਾ ਦੁਨੀਆ ਮੇਂ ਹੈ ਮਾਂ ਕਾ।
-ਤੁਮਹੇਂ ਢੂੰਡਾ ਜ਼ਮੀਂ ਪਰ ਆਸਮਾਂ ਮੇਂ
ਬਮੁਸ਼ਕਿਲ ਤੁਮ ਮਿਲੇ ਹੋ ਕਹਿਕਸ਼ਾਂ ਮੇਂ।
-ਹਯਾਤ ਸਬ ਕੀ ਮਿਟੇਗੀ ਸਦਾ ਕਿਸੀ ਕੀ ਨਹੀਂ
ਚਿਰਾਗ ਸਬ ਕੇ ਬੁਝੇਂਗੇ ਹਵਾ ਕਿਸੀ ਕੀ ਨਹੀਂ।
-ਆਸ਼ਕੀ ਕਿਆ ਹੈ ਦਿਲਬਰੀ ਕਿਆ ਹੈ
ਹਮ ਸੇ ਪੂਛੋ ਕਿ ਸ਼ਾਇਰੀ ਕਿਆ ਹੈ।
-ਲਾਚਾਰਗੀ ਮੇਂ ਹਮ ਕੋ ਖ਼ੁਦਾ ਕੀ ਦੁਆ ਮਿਲੀ
ਮਹਿਸੂਸ ਹੋ ਰਹਾ ਹੈ ਕਿ ਜ਼ਾਤ-ਏ-ਖ਼ੁਦਾ ਮਿਲੀ।
ਸਾਰੇ ਸ਼ਿਅਰਾਂ ਵਿਚ ਸੁਹਜ ਅਤੇ ਰਸਿਕਤਾ ਹੈ। ਔਖੇ ਸ਼ਬਦਾਂ ਦੇ ਅਰਥ ਪੰਜਾਬੀ ਵਿਚ ਦਿੱਤੇ ਗਏ ਹਨ। ਗ਼ਜ਼ਲਾਂ ਵਿਚ ਕੋਮਲਤਾ, ਸੰਜਮਤਾ, ਰਵਾਦਾਰੀ ਅਤੇ ਤਗ਼ੱਜ਼ਲ ਦੇ ਨੁਕਤਿਆਂ ਦੀ ਸਮਝ ਭਰੀ ਹੋਈ ਹੈ। ਗ਼ਜ਼ਲਗੋ ਨੇ ਬਹਿਰਾਂ ਤੇ ਛੰਦਾਂ ਨੂੰ ਪਰਬੀਨਤਾ ਨਾਲ ਨਿਭਾਇਆ ਹੈ। ਸੰਵੇਦਨਾ, ਭਾਵਨਾ, ਜਜ਼ਬਾਤ, ਚੇਤਨਾ, ਚੰਚਲਤਾ, ਖ਼ੂਬਸੂਰਤੀ ਅਤੇ ਖ਼ੂਬਸੀਰਤੀ ਨਾਲ ਭਰਪੂਰ ਇਹ ਸ਼ਾਇਰੀ ਪੜ੍ਹਨਯੋਗ ਅਤੇ ਮਾਨਣਯੋਗ ਹੈ। ਚਿੱਤਰਕਾਰ ਵਿਸ਼ਵਾਮਿੱਤਰ ਦਾ ਬਣਾਇਆ ਸਰਵਰਕ ਅਤੇ ਪੁਸਤਕ ਵਿਚ ਗ਼ਜ਼ਲਾਂ ਦੇ ਭਾਵ ਨਾਲ ਢੁਕਦੀਆਂ ਤਸਵੀਰਾਂ ਦਿਲਕਸ਼ ਹਨ। ਉਰਦੂ ਸ਼ਾਇਰੀ ਦੀ ਸਮਝ ਰੱਖਣ ਵਾਲੇ ਪਾਠਕਾਂ ਲਈ ਇਹ ਪੁਸਤਕ ਇਕ ਸੁੰਦਰ ਦਸਤਾਵੇਜ਼ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਦੁਆਦਸ਼ ਕਿਰਨਾਂ
ਲੇਖਕ : ਕਰਤਾਰ ਸਿੰਘ ਕਾਲੜਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120.

ਕਰਤਾਰ ਸਿੰਘ ਕਾਲੜਾ ਸਾਹਿਤ ਸਾਧਨਾ ਨਾਲ ਨਿਰੰਤਰ ਮੋਹ ਪਾਲਣ ਵਾਲਾ ਸਾਹਿਤਕਾਰ ਹੈ ਅਤੇ ਹੁਣ ਤੱਕ ਉਹ ਢਾਈ ਦਰਜਨ ਤੋਂ ਉੱਪਰ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ। 'ਦੁਆਦਸ਼ ਕਿਰਨਾਂ' ਪੁਸਤਕ ਵੀ ਕਰਤਾਰ ਸਿੰਘ ਕਾਲੜਾ ਦੇ ਸਾਹਿਤ ਖੇਤਰ ਦੇ ਬਿਖੜੇ ਪੈਂਡਿਆਂ 'ਤੇ ਤੁਰਨ ਦੀ ਗਵਾਹੀ ਭਰਦੀ ਹੈ। ਲੇਖਕ ਨੇ ਕੁਝ ਚੁਨਿੰਦਾ ਸਾਹਿਤਕ ਹਸਤੀਆਂ ਦੇ ਜੀਵਨ ਦਾ ਸੰਖੇਪ ਬਿਓਰਾ ਪ੍ਰਸਤੁਤ ਕਰਦਿਆਂ ਉਨ੍ਹਾਂ ਦੀ ਰਚਨਾ/ਰਚਨਾਵਾਂ ਦਾ ਆਲੋਚਨਾਤਮ ਨਜ਼ਰੀਏ ਤੋਂ ਮੁਲਾਂਕਣ ਕੀਤਾ ਹੈ। ਇਨ੍ਹਾਂ ਸਾਹਿਤਕਾਰਾਂ ਵਿਚ ਸਤਿੰਦਰ ਸਿੰਘ ਨੰਦਾ, ਡਾ: ਗੁਰਚਰਨ ਸਿੰਘ ਪ੍ਰਿੰਸੀਪਲ ਸੁਰਜੀਤ ਸਿੰਘ ਭਾਟੀਆ, ਗੁਰਮੁੱਖ ਸਿੰਘ ਮੁਸਾਫ਼ਰ, ਅਵਤਾਰ ਆਜ਼ਾਦ, ਸੁਰਜੀਤ ਰਾਮਪੁਰੀ, ਡਾ: ਆਤਮ ਹਮਰਾਹੀ, ਗੁਲਵੰਤ ਫਾਰਗ਼, ਹਰਿੰਦਰ ਸਿੰਘ ਬਜਾਜ, ਸਰਦਾਰ ਪੰਛੀ, ਫ਼ਕੀਰ ਚੰਦ ਤੁਲੀ, ਮਿਤਰ ਰਾਸ਼ਾ ਆਦਿ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਦੇ ਰੇਖਾ ਚਿੱਤਰ ਪੇਸ਼ ਕਰਦਿਆਂ ਲੇਖਕ ਇਨ੍ਹਾਂ ਦੇ ਨਾਂਅ ਨਾਲ ਕੋਈ ਨਾ ਕੋਈ ਵਿਸ਼ੇਸ਼ਣ ਜ਼ਰੂਰ ਲਗਾਉਂਦਾ ਹੈ, ਜਿਸ ਤੋਂ ਉਸ ਸ਼ਖ਼ਸੀਅਤ ਬਾਰੇ ਕੁਝ ਨਾ ਕੁਝ ਜਾਣਕਾਰੀ ਤਾਂ ਪਹਿਲਾਂ ਹੀ ਪਾਠਕ ਪ੍ਰਾਪਤ ਕਰ ਲੈਂਦਾ ਹੈ ਜਿਵੇਂ ਸੁਹਿਰਦ ਕਿਰਦਾਰਾਂ ਦਾ ਸੁਆਮੀ, ਦਸ ਵਜ ਕੇ ਦਸ ਮਿੰਟ, ਦੇਸ਼ ਭਗਤ ਸਾਹਿਤਕਾਰ, ਤਾਰਿਆਂ ਤੋਂ ਪਰ੍ਹੇ, ਵਿਗਿਆਨਕ ਸੋਚ ਵਾਲਾ ਨਿਵੇਕਲਾ ਸ਼ੈਲੀਕਾਰ। ਇਨ੍ਹਾਂ ਦੀ ਸ਼ਖ਼ਸੀਅਤ ਦੇ ਉਨ੍ਹਾਂ ਲੁਕਵੇਂ ਪੱਖਾਂ 'ਤੇ ਵੀ ਝਾਤ ਪੁਆਉਂਦਾ ਹੈ, ਜਿਨ੍ਹਾਂ ਤੋਂ ਇਨ੍ਹਾਂ ਦੀਆਂ ਲਿਖਤਾਂ ਪੜ੍ਹਨ ਵਾਲੇ ਪਾਠਕ ਹੁਣ ਤੱਕ ਅਭਿੱਜ ਹੀ ਰਹੇ ਹਨ। ਜਿਥੇ ਉਹ ਇਨ੍ਹਾਂ ਸਾਹਿਤਕਾਰਾਂ ਦਾ ਜ਼ਿਕਰ ਬੜੇ ਸੁਹਿਰਦ ਤਰੀਕੇ ਨਾਲ ਕਰਦਾ ਹੈ, ਉਥੇ ਉਨ੍ਹਾਂ ਦੀਆਂ ਲਿਖਤਾਂ ਦਾ ਵਿਸ਼ਲੇਸ਼ਣ ਤੇ ਮੁਲਾਂਕਣ ਵੀ ਪੂਰੀ ਇਮਾਨਦਾਰੀ ਨਾਲ ਕਰਦਾ ਹੈ। ਕਈ ਵਾਰੀ ਪਾਠਕ ਨੂੰ ਇਹ ਮੁਲਾਂਕਣ ਕਿਸੇ ਖੋਜ-ਪੱਤਰ ਦਾ ਭੁਲੇਖਾ ਵੀ ਪਾਉਂਦਾ ਹੈ ਕਿਉਂਕਿ ਪਾਠਕ ਨੂੰ ਇਹ ਸੰਖੇਪ ਜਾਣਕਾਰੀ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੇ ਸਮਾਨ ਮੁਹੱਈਆ ਹੋ ਜਾਂਦੀ ਹੈ। ਭਾਵੇਂ ਕਿ ਕਾਲੜਾ ਨੇ ਇਸ ਪੁਸਤਕ ਵਿਚ ਅੰਨਯ ਪੁਰਖੀ ਸ਼ੈਲੀ ਦੀ ਵਰਤੋਂ ਕੀਤੀ ਹੈ ਪਰ ਹਰਿੰਦਰ ਬਜਾਜ ਦੀ ਸ਼ਖ਼ਸੀਅਤ ਬਾਰੇ ਉਹ 'ਤੂੰ' ਸ਼ਬਦ ਮੱਧਮ ਪੁਰਖ ਦੀ ਵਰਤੋਂ ਕਰਦਾ ਹੈ, ਇਸ ਦਾ ਕਾਰਨ ਉਹ ਹਰਿੰਦਰ ਬਜਾਜ ਦੇ ਬਚਪਨ ਦਾ ਸਾਥੀ ਸੀ ਅਤੇ ਬਹੁਤ ਪਿਆਰੇ ਲਈ ਸ਼ਾਇਦ 'ਤੂੰ' ਸ਼ਬਦ ਹੀ ਜ਼ਿਆਦਾ ਢੁਕਵਾਂ ਹੁੰਦਾ ਹੈ। ਪੁਸਤਕ ਦੇ ਅਖੀਰ 'ਤੇ ਕਰਤਾਰ ਸਿੰਘ ਕਾਲੜਾ ਦੀ ਸਵੈ-ਜੀਵਨੀ ਬਾਰੇ ਡਾ: ਕਰਤਾਰ ਸਿੰਘ ਸੂਰੀ ਨੇ ਆਪਣੇ ਵਿਚਾਰ ਦਰਜ ਕੀਤੇ ਹਨ। ਕੁੱਲ ਮਿਲਾ ਕੇ ਇਹ ਪੁਸਤਕ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਸਾਹਿਤਕ ਭੁੱਖ ਨੂੰ ਤ੍ਰਿਪਤ ਕਰਨ ਅਤੇ ਪੰਜਾਬੀ ਸਾਹਿਤ ਖੇਤਰ ਦੀਆਂ ਨਾਮਵਰ ਹਸਤੀਆਂ ਦੇ ਜੀਵਨ ਨਾਲ ਸਾਂਝ ਨੂੰ ਹੋਰ ਪਕੇਰਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

-ਸਰਦੂਲ ਸਿੰਘ ਔਜਲਾ
ਮੋ: 98141-68611.

ਅਨੁਕੂਲਣ : ਵਿਗਿਆਨਕ ਖੋਜ ਅਤੇ ਆਵਿਸ਼ਕਾਰ
ਲੇਖਕ : ਤਰਸੇਮ ਸਿੰਘ ਰਿਐਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 192.

ਵਿਗਿਆਨ ਬਾਰੇ ਪੰਜਾਬੀ ਵਿਚ ਲਿਖਣ ਦੀ ਕਮੀ ਹੈ। ਇਸ ਲਈ ਇਸ ਖੇਤਰ ਵਿਚ ਆਈ ਹਰ ਨਵੀਂ ਕਲਮ ਤੇ ਲਿਖਤ ਦਾ ਮੈਂ ਸਵਾਗਤ ਕਰਦਾ ਹਾਂ। ਲੇਖਕ ਸੇਵਾ-ਮੁਕਤ ਪ੍ਰਿੰਸੀਪਲ ਹੈ। ਸਾਇੰਸ ਦੇ ਅਧਿਆਪਕ ਵਜੋਂ 1999 ਵਿਚ ਸੇਵਾ-ਮੁਕਤ ਹੋਇਆ। ਇਕ ਹੈੱਡਮਾਸਟਰ, ਇਕ ਡੀ.ਈ.ਓ. ਤੇ ਦੋ ਪ੍ਰਿੰਸੀਪਲਾਂ ਨੇ ਲੇਖਕ ਤੇ ਪੁਸਤਕ ਦੀ ਪ੍ਰਸੰਸਾ ਪੁਸਤਕ ਦੇ ਆਰੰਭਕ ਪੰਨਿਆਂ ਵਿਚ ਕੀਤੀ ਹੈ। ਸਟੇਟ ਤੇ ਨੈਸ਼ਨਲ ਅਵਾਰਡੀ ਹੈ ਲੇਖਕ। ਪੁਸਤਕ ਬਿਜਲੀ, ਬਿਜਲੀ ਦੀ ਧਾਰਾ (ਕਰੰਟ), ਸਟੀਮ ਇੰਜਨ, ਰੇਲ ਗੱਡੀ, ਕਾਰ, ਹਵਾਈ/ਸਮੁੰਦਰੀ ਜਹਾਜ਼, ਟੈਲੀਫੋਨ, ਟੈਲੀਗਰਾਫ, ਗ੍ਰਾਮੋਫੋਨ, ਬੰਦੂਕ, ਮਸ਼ੀਨਗੰਨ, ਬਾਰੂਦ/ਵਿਸਫੋਟਕ ਪਦਾਰਥ, ਫੋਟੋਗ੍ਰਾਫੀ, ਪ੍ਰਿੰਟਿੰਗ ਪ੍ਰੈੱਸ, ਸਿਨੇਮਾ/ਪ੍ਰਾਜੈਕਟਰ, ਕੰਪਿਊਟਰ, ਰਾਡਾਰ, ਟੀ.ਵੀ., ਪ੍ਰਮਾਣੂ ਊਰਜਾ, ਰਾਕਟ ਅਤੇ ਕੁਝ ਵੱਡੇ ਵਿਗਿਆਨੀਆਂ ਬਾਰੇ ਮੁਢਲੀ ਜਾਣਕਾਰੀ ਪੰਜਾਬੀ ਪਾਠਕਾਂ ਨਾਲ ਸਾਂਝੀ ਕਰਦੀ ਹੈ। ਗਿਆਨ-ਵਿਗਿਆਨ ਦਾ ਖੇਤਰ ਸ਼ੁੱਧ/ਪ੍ਰਮਾਣਿਕ ਜਾਣਕਾਰੀ ਦੀ ਮੰਗ ਕਰਦਾ ਹੈ। ਇਸ ਪੱਖੋਂ ਪੰਜਾਬੀ ਪੁਸਤਕ ਵਿਚ ਕੋਈ ਵੀ ਗ਼ਲਤ ਬਿਆਨੀ ਪੰਜਾਬੀ ਦਾ ਵੱਡਾ ਨੁਕਸਾਨ ਕਰੇਗੀ। ਪਹਿਲਾਂ ਹੀ ਸ਼ੁੱਧ ਜਾਣਕਾਰੀ ਲਈ ਅੰਗਰੇਜ਼ੀ/ਹਿੰਦੀ ਦਾ ਆਸਰਾ ਲੈਣ ਵਾਲੇ ਪੰਜਾਬੀ ਤੋਂ ਦੂਰ ਹੋਣਗੇ। ਗਿਆਨ-ਵਿਗਿਆਨ ਦੇ ਵਿਸਫੋਟ ਦੇ ਇਸ ਯੁੱਗ ਵਿਚ ਲੇਖਕਾਂ ਨੂੰ ਪੁਰਾਣੇ ਪੜ੍ਹੇ-ਲਿਖੇ/ਸੁਣੇ ਤੱਕ ਸੀਮਤ ਨਾ ਰਹਿ ਕੇ ਨਿਰੰਤਰ ਨਵੇਂ ਗਿਆਨ ਨਾਲ ਜੁੜਨਾ ਪੈਣਾ ਹੈ। ਨਵੀਂ ਪੀੜ੍ਹੀ ਗਿਆਨ/ਜਾਣਕਾਰੀ ਪੱਖੋਂ ਅਤਿ ਸੁਚੇਤ ਹੈ। ਉਸ ਦਾ ਗੁਜ਼ਾਰਾ ਸਧਾਰਨ ਤੇ ਸਤਹੀ ਗੱਲਾਂ ਨਾਲ ਨਹੀਂ। ਅਨੁਕੂਲਣ ਵਿਚ ਜਾਣੇ/ਅਣਜਾਣੇ ਕੁਝ ਗ਼ਲਤ/ਅਸ਼ੁੱਧ/ ਭ੍ਰਾਂਤੀਪੂਰਕ ਜਾਣਕਾਰੀ ਅੰਕਿਤ ਹੋ ਗਈ ਹੈ, ਜਿਸ ਨਾਲ ਇਸ ਦਾ ਪ੍ਰਭਾਵ ਪਾਠਕਾਂ ਉਤੇ ਮਾੜਾ ਪਵੇਗਾ। ਪੰਨਾ 156 ਉਤੇ ਦਿੱਤੀ ਸਮੀਕਰਨ ਗ਼ਲਤ ਹੈ। ਚੰਦਰਸ਼ੇਖਰ ਵੈਂਕਟਰਮਨ ਨੂੰ 1960 ਵਿਚ ਨੋਬਲ ਪੁਰਸਕਾਰ ਮਿਲਣਾ ਦੱਸਿਆ ਗਿਆ ਹੈ। ਧਰਤੀ ਦੇ ਜਨਮ ਬਾਰੇ ਬਿਰਤਾਂਤ ਵੀ ਵਿਗਿਆਨਕ ਨਹੀਂ। ਲੇਖਕ ਕਹਿੰਦਾ ਹੈ ਕਿ ਆਕਾਸ਼ ਵਿਚ ਇਕ ਗੈਸਾਂ ਦਾ ਗੋਲਾ ਸੀ। ਉਹ ਸੰਕੁਚਿਤ ਹੋਣ ਕਾਰਨ, ਉਸ ਵਿਚ ਉੱਚ ਦਬਾਅ ਕਾਰਨ ਫਟ ਗਿਆ। ਇਕ ਧਮਾਕੇ ਨਾਲ ਉਸ ਦੇ ਕਣ ਚਾਰੇ ਪਾਸੇ ਫੈਲ ਗਏ। ਠੰਢੇ ਹੋ ਕੇ ਗ੍ਰਹਿ ਬਣ ਗਏ। ਸੂਰਜ ਬਾਰੇ ਉਹ ਲਿਖਦਾ ਹੈ ਕਿ ਸੂਰਜ ਵਿਚ ਹੀਲੀਅਮ ਸੀ। ਉੱਚ ਦਬਾਅ ਨਾਲ ਉਹ ਗਰਮ ਹੋਈ। ਬਲ ਕੇ ਹਾਈਡਰੋਜਨ ਵਿਚ ਤਬਦੀਲ ਹੋ ਗਈ। ਇਸ ਕਿਸਮ ਦੀ ਵਿਆਖਿਆ ਵਿਗਿਆਨਕ ਨਹੀਂ।

ਗਿਆਨ-ਵਿਗਿਆਨ
ਲੇਖਕ : ਰਾਜਿੰਦਰ ਬਿਬਰਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 130 ਰੁਪਏ, ਸਫ਼ੇ : 126.

ਰਾਜਿੰਦਰ ਬਿਬਰਾ ਸਿਰਜਨਾਤਮਕ ਲੇਖਣ ਦੇ ਖੇਤਰ ਵਿਚ ਕਹਾਣੀਆਂ ਅਤੇ ਨਾਵਲ ਲਿਖਦਾ ਹੈ। ਅਧਿਐਨ, ਚਿੰਤਨ ਤੇ ਸਿਧਾਂਤੀਕਰਨ ਵੱਲ ਉਸ ਦੀ ਰੁਚੀ ਹੈ। ਧਰਮ, ਵਿਗਿਆਨ, ਮਨੁੱਖ ਦਾ ਵਰਤਮਾਨ ਤੇ ਭਵਿੱਖ ਉਸ ਦੇ ਚਿੰਤਨ ਦੇ ਵਿਸ਼ੇ ਹਨ। ਇਨ੍ਹਾਂ ਖੇਤਰਾਂ ਵਿਚ ਉਹ ਭਾਰਤੀ ਤੇ ਪੱਛਮੀ ਚਿੰਤਕਾਂ/ਖੋਜੀਆਂ ਵੱਲੋਂ ਕੀਤੇ ਕਾਰਜ ਨੂੰ ਪੜ੍ਹਨ-ਸਮਝਣ ਮਗਰੋਂ ਆਪਣੀ ਦ੍ਰਿਸ਼ਟੀ ਪੇਸ਼ ਕਰਦਾ ਹੈ, ਜੋ ਲੀਕ ਤੋਂ ਹਟ ਕੇ ਹੁੰਦੀ ਹੈ। ਉਸ ਦਾ ਇਹ ਚਿੰਤਨ ਮਨ : ਇਕ ਅਧਿਐਨ ਅਤੇ ਸੱਭਿਅਤਾਵਾਂ ਦਾ ਪਤਨ ਨਾਂਅ ਦੀਆਂ ਪੰਜਾਬੀ ਪੁਸਤਕਾਂ ਹੀ ਨਹੀਂ ਕੁਐਸਟ ਇਨ ਰੀਐਲਟੀ ਅਤੇ ਪਾਥ ਫਾਰ ਸਿਨਰਜ਼ ਨਾਂਅ ਦੀਆਂ ਅੰਗਰੇਜ਼ੀ ਕਿਤਾਬਾਂ ਇਸ ਦਾ ਪ੍ਰਮਾਣ ਹਨ। ਗਿਆਨ ਵਿਗਿਆਨ ਇਸੇ ਲੜੀ ਦੀ ਇਕ ਨਵੀਂ ਪੁਸਤਕ ਹੈ।
ਲੇਖਕ ਦੇ ਆਪਣੇ ਕਹਿਣ ਅਨੁਸਾਰ ਇਹ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦਾ ਉਸ (ਰੱਬੀ ਹੋਂਦ) ਦੇ ਅਸਤਿਤਵ ਵਿਚ ਅਟੱਲ ਵਿਸ਼ਵਾਸ ਹੈ ਜੋ ਬ੍ਰਹਿਮੰਡ ਦੀ ਹਰ ਸੂਖਮ/ਸਥੂਲ ਸ਼ੈਅ ਵਿਚ ਵਿਆਪਤ ਹੈ। ਉਹ ਵਿਗਿਆਨ ਤੇ ਵਿਗਿਆਨੀਆਂ ਨਾਲ ਸੰਵਾਦ ਰਚਾਉਂਦਾ ਹੈ। ਅਜੋਕੇ ਯੁੱਗ ਦੇ ਧਰਮ ਗੁਰੂਆਂ ਦੇ ਸ਼ਬਦ ਜਾਲ ਅਤੇ ਦੰਭ ਉਤੇ ਤਿੱਖੀ ਚੋਟ ਵੀ ਕਰਦਾ ਹੈ। ਪੱਛਮ ਦੇ ਪਦਾਰਥ ਤੇ ਭੌਤਿਕਤਾ ਤੱਕ ਸੀਮਤ ਗਿਆਨ-ਵਿਗਿਆਨ ਦੇ ਮੁਕਾਬਲੇ ਭਾਰਤੀ ਪਰੰਪਰਾ ਵਿਚਲੇ ਅਧਿਆਤਮ ਅਤੇ ਗਿਆਨ ਨੂੰ ਸਲਾਹੁੰਦਾ ਹੈ। ਦੋਵਾਂ ਵਿਚ ਇਕ ਸੰਤੁਲਨ ਬਣਾਉਣ ਨਾਲ ਸ਼ਾਇਦ ਮਨੁੱਖਤਾ ਦਾ ਵਧੇਰੇ ਭਲਾ ਹੋਵੇ, ਇਸੇ ਦੀ ਉਸ ਨੂੰ ਤਲਾਸ਼ ਹੈ।
ਜਗਿਆਸਾ, ਸੁੰਨ ਅਵਸਥਾ, ਪੱਛਮੀ ਦ੍ਰਿਸ਼ਟੀਕੋਣ, ਅਸੀਮ ਬ੍ਰਹਿਮੰਡ, ਅਚੇਤ-ਸੁਚੇਤ, ਮਨ ਦੀਆਂ ਅਵਸਥਾਵਾਂ ਵਰਗੇ ਇਸ ਪੁਸਤਕ ਦੇ ਅਧਿਆਵਾਂ ਦੇ ਸਿਰਲੇਖ ਇਸ ਦੇ ਗੰਭੀਰ ਵਿਸ਼ੇ-ਵਸਤੂ ਦੇ ਸੰਕੇਤਕ ਹਨ। ਗੁਰੂਤਾ ਸਿਧਾਂਤ, ਕਵਾਂਟਮ ਥਿਊਰੀ, ਬਿਗ ਬੈਂਗ, ਬਿਗ ਕਰੰਚ, ਪਦਾਰਥ, ਡਾਰਕ ਮੈਟਰ, ਬਲੈਕ ਹੋਲ ਦੇ ਸੰਕਲਪਾਂ ਤੋਂ ਲੇਖਕ ਜਾਣੂ ਹੈ। ਉਹ ਪੂਰਬ-ਪੱਛਮ ਦੇ ਗਿਆਨ-ਵਿਗਿਆਨ ਦੇ ਜਟਿਲ ਮਸਲੇ ਨੂੰ ਛੇੜਦਾ ਹੈ ਪਰ ਇਸ ਨੂੰ ਸਪੱਸ਼ਟਤਾ ਨਾਲ ਕਿਸੇ ਸਿਰੇ ਨਹੀਂ ਲਾ ਸਕਿਆ। ਲਗਦਾ ਹੈ ਕਿ ਭਾਸ਼ਾ ਉਸ ਦਾ ਸਾਥ ਨਹੀਂ ਦੇ ਰਹੀ। ਬਿਬਰਾ ਮੂਲ ਰੂਪ ਵਿਚ ਆਸ਼ਾਵਾਦੀ ਹੈ। ਉਸ ਨੂੰ ਆਸ ਹੈ ਕਿ ਆਉਣ ਵਾਲੇ ਨਿਕਟ ਭਵਿੱਖ ਵਿਚ ਵਿਸ਼ਵ ਵਿਚ ਅਚੰਭੇ ਭਰੀਆਂ ਤਬਦੀਲੀਆਂ ਹੋਣਗੀਆਂ ਅਤੇ ਸ਼ਾਂਤੀ ਤੇ ਭਾਈਚਾਰੇ ਦਾ ਨਵਾਂ ਮਾਹੌਲ ਉਸਰੇਗਾ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਵਿਰਸਾ ਅਤੇ ਸੱਭਿਆਚਾਰ
ਲੇਖਕ : ਪ੍ਰੋ: ਅੱਛਰੂ ਸਿੰਘ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 280.

ਪ੍ਰੋ: ਅੱਛਰੂ ਸਿੰਘ ਇਕ ਵਿਦਵਾਨ, ਕਰਮਸ਼ੀਲ ਅਤੇ ਉਚੇਰੀਆਂ ਕਦਰਾਂ-ਕੀਮਤਾਂ ਨੂੰ ਸਮਰਪਿਤ ਅਧਿਆਪਕ ਰਿਹਾ ਹੈ। ਪਿਛਲੇ ਕਈ ਵਰ੍ਹਿਆਂ ਤੋਂ ਉਹ ਪੰਜਾਬੀ ਸਮਾਜ ਦੇ ਸਰਵਪੱਖੀ ਕਲਿਆਣ ਲਈ ਨਿਬੰਧ-ਰਚਨਾ ਕਰਨ ਦੇ ਨਾਲ-ਨਾਲ ਵਿਸ਼ਵ ਦੇ ਉੱਤਮ ਸਾਹਿਤ ਦਾ ਅਨੁਵਾਦ-ਕਾਰਜ ਕਰਦਾ ਆ ਰਿਹਾ ਹੈ। ਉਹ ਹੁਣ ਤੱਕ ਲਗਭਗ 50 ਮੌਲਿਕ, ਅਨੁਵਾਦਿਤ ਅਤੇ ਸੰਪਾਦਿਤ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ।
ਹਥਲੀ ਪੁਸਤਕ ਵਿਚ ਉਸ ਦੇ 32 ਲੇਖ ਸੰਗ੍ਰਹਿਤ ਹਨ। ਪਹਿਲੇ 4-5 ਲੇਖਾਂ ਵਿਚ ਉਸ ਨੇ ਆਪਣੇ ਗੌਰਵਮਈ ਵਿਰਸੇ ਦੇ ਪ੍ਰਮੁੱਖ ਅੰਗਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਪੰਜਾਬੀ ਘਰਾਂ ਦੀ ਬਣਤਰ, ਰਸੋਈਆਂ ਅਤੇ ਭਾਂਡਿਆਂ-ਟੀਂਡਿਆਂ, ਪਹਿਰਾਵੇ, ਜੁੱਤੀ-ਜੋੜੇ, ਗਹਿਣੇ-ਗੱਟੇ, ਦੁਰਾਸੀਸਾਂ ਅਤੇ ਗਾਲ਼ੀ-ਗਲੋਚ, ਵਹਿਮਾਂ-ਭਰਮਾਂ, ਮੁੰਡਿਆਂ ਅਤੇ ਕੁੜੀਆਂ ਦੀਆਂ ਖੇਡਾਂ, ਵਰ-ਸਰਾਪ ਪਰੰਪਰਾ, ਦੇਸੀ ਮਹੀਨਿਆਂ ਅਤੇ ਤਿੱਥ-ਤਿਉਹਾਰਾਂ ਆਦਿ ਵਿਸ਼ਿਆਂ ਬਾਰੇ ਬੜੇ ਅਧਿਕਾਰਪੂਰਨ ਢੰਗ ਨਾਲ ਲਿਖਿਆ ਹੈ। ਅੰਤਿਮ ਲੇਖ ਵਿਚ ਉਸ ਨੇ ਆਪਣੀ ਵਿਚਾਰਧਾਰਾ ਦਾ ਨਿਸ਼ਕਰਸ਼ ਪੇਸ਼ ਕੀਤਾ ਹੈ। ਉਹ ਲਿਖਦਾ ਹੈ ਕਿ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਪ੍ਰਤੀ ਬਹੁਤ ਹੀ ਸੰਤੁਲਿਤ ਅਤੇ ਵਿਹਾਰਕ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਇਸ ਦੇ ਚੰਗੇ ਪੱਖਾਂ ਦੀ ਹਰ ਹੀਲੇ ਸੰਭਾਲ ਕਰੀਏ ਅਤੇ ਜੋ ਕੁਝ ਬਦਲਣਯੋਗ ਹੈ, ਉਸ ਨੂੰ ਨਿਰਸੰਕੋਚ ਬਦਲੀਏ। (ਬਾਹਰੀ ਪ੍ਰਭਾਵ ਅਤੇ ਸਵੈ ਪੜਚੋਲ, ਪੰਨਾ 279) ਇਸ ਟਿੱਪਣੀ ਤੋਂ ਪਤਾ ਚਲਦਾ ਹੈ ਕਿ ਪ੍ਰੋ: ਅੱਛਰੂ ਸਿੰਘ ਨਾ ਤਾਂ ਰਵਾਇਤੀ/ਪਿਛਾਂਹਖਿਚੂ ਸੋਚ ਦਾ ਮਾਲਕ ਹੈ ਅਤੇ ਨਾ ਹੀ ਬਹੁਤਾ ਰੈਡੀਕਲ ਜਾਂ ਇਨਕਲਾਬੀ ਹੀ ਹੈ। ਉਹ ਪਰੰਪਰਾ ਅਤੇ ਆਧੁਨਿਕਤਾ ਦੇ ਦਰਮਿਆਨ ਇਕ ਸੰਤੁਲਨ ਸਿਰਜਣ ਦਾ ਇੱਛੁਕ ਹੈ। ਕਿਉਂਕਿ ਉਹ ਜਾਣਦਾ ਹੈ ਕਿ ਪਰੰਪਰਾ ਨੂੰ ਅਪਣਾਏ ਤੋਂ ਬਿਨਾਂ ਆਧੁਨਿਕਤਾ ਨੂੰ ਸਥਿਰ ਨਹੀਂ ਰੱਖਿਆ ਜਾ ਸਕਦਾ। ਇਹ ਲੜਖੜਾਉਂਦੀ ਹੀ ਰਹੇਗੀ।
ਅੱਜ ਦੇ ਜਟਿਲ ਅਤੇ ਉਲਝੇ ਹੋਏ ਜੀਵਨ ਵਿਚ ਪ੍ਰੋ: ਅੱਛਰੂ ਸਿੰਘ ਵਰਗੇ ਸਦਭਾਵ ਅਤੇ ਸੁਹਿਰਦ ਲੇਖਕਾਂ ਦੀਆਂ ਰਚਨਾਵਾਂ ਸਵਾਗਤਯੋਗ ਹਨ ਕਿਉਂਕਿ ਇਨ੍ਹਾਂ ਨੂੰ ਪੜ੍ਹ ਕੇ ਸਾਡੀ ਮਧਸ਼੍ਰੇਣੀ ਦੇ ਲੋਕ ਜੀਵਨ ਦੇ ਚੁਰਸਤਿਆਂ ਉੱਪਰ ਪਹੁੰਚ ਕੇ ਠੀਕ ਮਾਰਗ ਦੀ ਚੋਣ ਕਰ ਸਕਣਗੇ। ਉਹ ਭਟਕਣਗੇ ਨਹੀਂ।

ਕਾਲੇ ਤਿੱਤਰ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 182.

'ਕਾਲੇ ਤਿੱਤਰ' ਪੰਜਾਬੀ ਸਾਹਿਤ ਦੇ ਇਕ ਸ਼ਿਰੋਮਣੀ ਬਿਰਤਾਂਤਕਾਰ ਸ: ਬਲਦੇਵ ਸਿੰਘ ਦੀਆਂ 21 ਕਹਾਣੀਆਂ ਦਾ ਸੰਗ੍ਰਹਿ ਹੈ।
ਬਲਦੇਵ ਸਿੰਘ ਆਪਣੇ ਆਸ-ਪਾਸ ਫੈਲੇ ਸਮਾਜਿਕ-ਸੱਭਿਆਚਾਰਕ ਜੀਵਨ ਨੂੰ ਬੜੀ ਗਹੁ ਨਾਲ ਦੇਖਦਾ ਹੈ। ਉਸ ਨੂੰ ਇਸ ਤੱਥ ਦਾ ਬੜਾ ਦੁਖਦ ਅਹਿਸਾਸ ਹੈ ਕਿ ਪੂੰਜੀਵਾਦੀ ਅਰਥ-ਵਿਵਸਥਾ ਦੇ ਦਬਾਵਾਂ ਅਧੀਨ ਸਾਡੇ ਲੋਕਾਂ ਦਾ ਜੀਵਨ ਤੇਜ਼ੀ ਨਾਲ ਬਦਲ ਰਿਹਾ ਹੈ। ਮਨੁੱਖੀ ਰਿਸ਼ਤਿਆਂ ਵਿਚੋਂ ਨਿੱਘ ਅਤੇ ਵਫ਼ਾ ਗਾਇਬ ਹੁੰਦੀ ਜਾ ਰਹੀ ਹੈ। ਉਹ ਉਚੇਰੀਆਂ ਕਦਰਾਂ-ਕੀਮਤਾਂ ਦੇ ਢਹਿ-ਢੇਰੀ ਹੋਣ ਉਪਰ ਫ਼ਿਕਰਮੰਦ ਹੈ ਅਤੇ ਅਜੋਕੇ ਖਪਤਕਾਰੀ ਸਮਾਜ ਦੀ ਖ਼ਸਲਤ ਉੱਪਰ ਤੀਖਣ ਵਿਅੰਗ ਕਰਦਾ ਹੈ। ਪਰ ਉਸ ਦੇ ਵਿਅੰਗ-ਬਾਣਾਂ ਦੀ ਤਹਿ ਹੇਠ ਕਰੁਣਾ ਅਤੇ ਪੀੜਾਂ ਦੀਆਂ ਧੁਨੀਆਂ ਸਾਫ਼ ਸੁਣੀਆਂ ਜਾ ਸਕਦੀਆਂ ਹਨ। 'ਹੁਣ ਗੁਪਤਾ ਕੀ ਕਹੇ' ਵਿਚ ਬੀਮਾ ਏਜੰਟ ਗੁਪਤੇ ਦੇ ਸਫ਼ਲ ਪਰਿਵਾਰਕ ਜੀਵਨ ਦੀ ਉਸ ਦੇ ਦੋਸਤ ਮਿੱਤਰ ਤਾਰੀਫ਼ ਕਰਦੇ ਹਨ ਪਰ ਗੁਪਤਾ ਹੀ ਜਾਣਦਾ ਹੈ ਕਿ ਉਹ ਆਪਣੇ ਤਿੰਨ ਪੁੱਤਰਾਂ ਦੇ ਸਵਾਰਥੀ ਸੁਭਾਉ ਦੇ ਕਾਰਨ ਕਿੰਨਾ ਦੁਖੀ ਹੈ : 'ਮੈਂ ਹੱਸ ਨਾ ਸਕਿਆ', 'ਹੰਝੂਆਂ ਵਿਚ ਤੈਰਦੇ ਸੁਪਨੇ' ਅਤੇ 'ਗੰਗਾ ਜਲ' ਆਦਿਕ ਕਹਾਣੀਆਂ ਵਿਚ ਕਹਾਣੀਕਾਰ ਨੇ ਵਿਪੰਨ ਅਤੇ ਹਾਸ਼ੀਏ ਉਤੇ ਵਿਚਰ ਰਹੇ ਵਰਗਾਂ ਦੇ ਜੀਵਨ ਦੀ ਦੁਖਦਾਈ ਤਸਵੀਰ ਪੇਸ਼ ਕੀਤੀ ਹੈ। 'ਕੋਈ ਜਗਰਾਵਾਂ ਤੋਂ ਆਇਆ ਹੈ?' ਅਤੇ 'ਕਾਲੇ ਤਿੱਤਰ' ਵਿਚ ਉਸ ਨੇ 1947 ਈ: ਵਿਚ ਹੋਏ ਪੰਜਾਬ-ਵਿਭਾਜਨ ਦੇ ਕਰੁਣ ਪ੍ਰਸੰਗ ਛੋਹੇ ਹਨ। ਲੇਖਕ ਅਨੁਸਾਰ ਅਜੇ ਤੱਕ ਦੋਵਾਂ ਪੰਜਾਬਾਂ ਦੇ ਲੋਕ ਆਪਣੀ-ਆਪਣੀ ਜਨਮ-ਭੋਇੰ ਦੀ ਮਿੱਟੀ ਨੂੰ ਛੋਹਣ ਲਈ ਤੜਪ/ਤਰਸ ਰਹੇ ਹਨ। ਲੇਖਕ ਨੇ ਆਪਣੀਆਂ ਕੁਝ ਕਹਾਣੀਆਂ ਵਿਚ ਇਸ ਤ੍ਰਾਸਦਕ ਸੱਚ ਨੂੰ ਨੰਗਾ ਕੀਤਾ ਹੈ ਕਿ ਅਜੋਕੇ ਦੌਰ ਵਿਚ ਮੱਧ-ਸ਼੍ਰੇਣੀ ਦੇ ਲੋਕ ਆਪਣੇ ਬਿਮਾਰ ਮਾਪਿਆਂ ਦੀ ਸੇਵਾ-ਸੰਭਾਲ ਕਰਨ ਵਿਚ ਕਸ਼ਟ ਅਨੁਭਵ ਕਰਦੇ ਹਨ। 'ਥੇਹ (ਆਹ) ਮਾਲਾ ਆਪਣੀ ਲੀਜੈ' ਮੱਧ-ਸ਼੍ਰੇਣਿਕ ਚਰਿੱਤਰ ਦਾ ਇਕ ਹੋਰ ਲੁਪਤ ਪਾਸਾਰ ਪੇਸ਼ ਕਰਨ ਵਾਲੀ ਰਚਨਾ ਹੈ।
ਬਲਦੇਵ ਸਿੰਘ ਨਾਟਕੀ ਵੰਨਗੀ ਦੀਆਂ ਕਹਾਣੀਆਂ ਲਿਖਦਾ ਹੈ। ਕਈ ਕਹਾਣੀਆਂ ਨੂੰ ਪੜ੍ਹਨ ਸਮੇਂ ਇਸ ਤਰ੍ਹਾਂ ਮਾਲੂਮ ਹੁੰਦਾ ਹੈ, ਜਿਵੇਂ ਅਸੀਂ ਕਿਸੇ ਇਕਾਂਗੀ ਨਾਟਕ ਦਾ ਪਾਠ ਕਰ ਰਹੇ ਹੋਈਏ। ਇਸ ਵਿਧੀ ਨਾਲ ਲਿਖੀਆਂ ਕਹਾਣੀਆਂ ਵਿਚ ਪਾਠਕ ਕਹਾਣੀਆਂ ਨੂੰ ਪੜ੍ਹਦਾ/ਸੁਣਦਾ ਨਹੀਂ ਹੈ ਬਲਕਿ ਇਨ੍ਹਾਂ ਨੂੰ ਦੇਖਦਾ ਹੈ, ਇਨ੍ਹਾਂ ਦਾ ਸਾਖਿਆਤਕਾਰ ਕਰਦਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਮਕਾਲੀ ਮਾਰਕਸੀ ਚਿੰਤਨ
ਸੰਪਾ: ਤੇ ਅਨੁਵਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 175.

ਡਾ: ਭੀਮ ਇੰਦਰ ਸਿੰਘ ਵੱਲੋਂ ਪੰਜਾਬੀ ਪਾਠਕਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਸਬੰਧਤ ਸਮੱਗਰੀ ਇਸ ਪੁਸਤਕ ਦੁਆਰਾ ਦਿੱਤੀ ਗਈ ਹੈ। ਹੁਣ ਜਦੋਂ ਪੂੰਜੀਵਾਦੀ ਪ੍ਰਬੰਧ ਦੇ ਮਾਰੂ ਪ੍ਰਭਾਵਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ਤਾਂ ਮਾਰਕਸਵਾਦ ਦੀ ਪ੍ਰਸੰਗਿਕਤਾ ਨੂੰ ਦਰਸਾਉਂਦੇ ਇਹ ਲੇਖ ਨਵੀਆਂ ਸੋਚਾਂ ਪੈਦਾ ਕਰਦੇ ਹਨ। ਸੰਪਾਦਕ ਨੇ 10 ਦੇ ਕਰੀਬ ਮਾਰਕਸਵਾਦੀ ਚਿੰਤਕਾਂ ਦੇ ਲੇਖ ਅਨੁਵਾਦ ਕੀਤੇ ਹਨ। ਇਹ ਲੇਖ ਪ੍ਰੋ ਰਣਧੀਰ ਸਿੰਘ, ਪ੍ਰਭਾਤ ਪਟਨਾਇਕ, ਇਰਫ਼ਾਨ ਹਬੀਬ, ਐਜ਼ਾਜ਼ ਅਹਿਮਦ, ਡਾ: ਕੇਸਰ ਸਿੰਘ ਕੇਸਰ, ਐਨਤੋਨੀਓ ਗ੍ਰਾਮਸ਼ੀ, ਵਾਲਟਰ ਬੈਂਜਾਮਿਨ, ਰਾਲਫ਼ ਮਿਲੀ ਬੈਂਡ, ਜਾਨ ਬਲੇਮੀ ਫ਼ਾਸਟਰ ਅਤੇ ਜੇਮਜ਼ ਪੈਟਰਾਸ ਦੇ ਹਨ।
ਅਜੋਕੇ ਦੌਰ ਵਿਚ ਜਦੋਂ ਮਾਰਕਸਵਾਦ ਦੇ ਖ਼ਤਮ ਹੋਣ ਦੀਆਂ ਗੱਲਾਂ ਵਿਰੋਧੀ ਕੈਂਪ ਵੱਲੋਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਵਿਚਾਰਧਾਰਾ ਸਾਮਰਾਜਵਾਦ ਦੇ ਅਜੋਕੇ ਰੂਪਾਂ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਅਜਿਹੇ ਸਮੇਂ ਮਾਰਕਸ ਤੇ ਉਸ ਦੇ ਅਨੁਯਾਈ ਚਿੰਤਕਾਂ ਨੂੰ ਨਵੀਂ ਵਿਆਖਿਆ ਤੇ ਉਤਸ਼ਾਹ ਨਾਲ ਪੜ੍ਹਿਆ ਜਾਣਾ ਆਰੰਭ ਹੁੰਦਾ ਹੈ।
ਪੱਛਮ ਦੀ ਬੁਰਜੂਆਜ਼ੀ ਲਾਬੀ ਉੱਤਰ-ਆਧੁਨਿਕਤਾਵਾਦ ਦੇ ਆਡੰਬਰ ਰਾਹੀਂ ਸਾਮਰਾਜਵਾਦ ਦੀ ਭਿਆਨਕਤਾ ਉੱਪਰ ਪਰਦਾ ਪਾ ਕੇ ਮਨੁੱਖਤਾ ਦੀਆਂ ਬੁਨਿਆਦੀ ਲੋੜਾਂ ਤੋਂ ਵਾਂਝੇ ਕਰਕੇ ਆਪਣੀ ਪੈਂਠ ਵਿਸ਼ਵ ਪੱਧਰ 'ਤੇ ਜਮਾਉਣੀ ਚਾਹੁੰਦੀ ਹੈ ਤਾਂ ਅਜਿਹੇ ਦੌਰ ਵਿਚ ਮਾਰਕਸੀ ਚਿੰਤਕਾਂ ਵੱਲੋਂ ਜਵਾਬੀ ਹਮਲਾ ਵਧੇਰੇ ਕਾਰਗਰ ਸਾਬਤ ਹੁੰਦਾ ਹੈ। ਇਸ ਵਿਚਾਰਧਾਰਾ ਨੇ ਦੁਨੀਆ ਨੂੰ ਬਹੁਤ ਕੁਝ ਸਿਖਾਇਆ ਹੈ।
ਸੰਪਾਦਕ ਦੀ ਮਿਹਨਤ ਸ਼ਲਾਘਾਯੋਗ ਹੈ। ਮਾਰਕਸਵਾਦ ਨੂੰ ਸਮਝਣ ਲਈ ਇਹ ਕਾਰਜ ਜ਼ਰੂਰ ਸਹਾਈ ਹੋਵੇਗਾ।

ਫ਼ਜ਼ਲ ਸ਼ਾਹ-
ਸੋਹਣੀ ਮਹੀਂਵਾਲ
ਲੇਖਕ : ਡਾ: ਦਿਲਬਾਰਾ ਸਿੰਘ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 150.

ਫ਼ਜ਼ਲ ਸ਼ਾਹ ਦਾ ਕਿੱਸਾ 'ਸੋਹਣੀ ਮਹੀਂਵਾਲ' ਇਕ ਮਹੱਤਵਪੂਰਨ ਰਚਨਾ ਹੈ। ਅਰਬੀ, ਫ਼ਾਰਸੀ ਅਤੇ ਉਰਦੂ ਦਾ ਮਾਹਿਰ ਹੋਣ ਦੇ ਨਾਲ ਉਹ ਪੰਜਾਬੀ ਭਾਸ਼ਾ ਪ੍ਰਤੀ ਵੀ ਚੋਖੀ ਜਾਣਕਾਰੀ ਰੱਖਦਾ ਹੈ। ਦਸ ਦੇ ਕਰੀਬ ਰਚਨਾਵਾਂ ਵਿਚੋਂ ਇਹ ਕਿੱਸਾ (ਸੋਹਣੀ ਮਹੀਂਵਾਲ) ਸਰਵੋਤਮ ਰਚਨਾ ਹੈ।
ਦਿਲਬਾਰਾ ਸਿੰਘ ਬਾਜਵਾ ਦੇ ਨਵੇਂ ਸਿਰੇ ਤੋਂ ਇਸ ਕਿੱਸੇ ਦੇ ਮੂਲ ਪਾਠ ਅਤੇ ਰੂਪਕ ਪਾਸਾਰਾਂ ਉੱਪਰ ਟਿੱਪਣੀ ਕਰਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਫ਼ਜ਼ਲ ਸ਼ਾਹ ਉੱਪਰ ਕਾਫੀ ਚਿਰ ਪਹਿਲਾਂ ਡਾ: ਦੀਵਾਨ ਸਿੰਘ ਅਤੇ ਡਾ: ਰੋਸ਼ਨ ਲਾਲ ਅਹੂਜਾ ਨੇ ਨਿੱਠ ਕੇ ਕੰਮ ਕੀਤਾ ਸੀ, ਜੋ ਅੱਜ ਤੱਕ ਵੀ ਸਾਰਥਕ ਹੈ। ਕਿੱਸਾ ਕਾਵਿ ਪਰੰਪਰਾ ਨੇ ਦੋ-ਤਿੰਨ ਸਦੀਆਂ ਤੋਂ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਸੀ। ਇਕ ਹੀ ਵਿਸ਼ੇ ਨੂੰ ਆਧਾਰ ਬਣਾ ਕੇ ਵੱਖ-ਵੱਖ ਕਿੱਸਾਕਾਰਾਂ ਨੇ ਇਨ੍ਹਾਂ ਦੀ ਰਚਨਾ ਕੀਤੀ। ਹਰ ਕਿੱਸਾਕਾਰ ਨੇ ਕਈ ਜੁਗਤਾਂ ਵਰਤਦੇ ਹੋਏ ਆਪਣੀ ਰਚਨਾ ਵਿਚ ਵੱਖਰਤਾ ਅਤੇ ਨਵੀਨਤਾ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਲੋਕ ਮਨਾਂ ਦੀ ਤਰਜਮਾਨੀ ਕਰਦੇ ਹੋਣ ਕਰਕੇ ਇਹ ਧਾਰਾ ਬੜੀ ਹਰਮਨ-ਪਿਆਰੀ ਰਹੀ। ਹਥਲੀ ਪੁਸਤਕ ਵਿਚ ਲੇਖਕ ਨੇ ਫ਼ਜ਼ਲ ਸ਼ਾਹ ਦੇ ਜੀਵਨ, ਰਚਨਾ ਅਤੇ ਰੂਪਕ ਪਾਸਾਰਾਂ ਬਾਰੇ ਸੰਵਾਦ ਰਚਾਇਆ ਹੈ। ਵੱਖਰੀ ਗੱਲ ਹੈ ਕਿ ਲੇਖਕ ਇਸ ਸੰਵਾਦ ਰਾਹੀਂ ਕੋਈ ਨਵੀਂ ਲੱਭਤ ਪਾਠਕਾਂ ਨੂੰ ਨਹੀਂ ਦੇ ਸਕਿਆ। ਕੁਝ ਇਕ ਪੁਸਤਕਾਂ ਨੂੰ ਆਧਾਰ ਬਣਾ ਕੇ ਉਸ ਨੇ ਬੁੱਤਾ ਸਾਰ ਲਿਆ ਹੈ। ਚਾਹੀਦਾ ਸੀ ਕਿ ਉਹ ਖੋਜ ਪੜਤਾਲ ਕਰਕੇ ਇਸ ਰਚਨਾ ਅਤੇ ਲੇਖਕ ਬਾਰੇ ਅਜਿਹੀ ਜਾਣਕਾਰੀ ਦਿੰਦਾ, ਜਿਸ ਤਰ੍ਹਾਂ ਦੇ ਉੱਦਮ ਵਾਰਿਸ ਸ਼ਾਹ ਦੀ 'ਹੀਰ' ਬਾਰੇ ਹੋਈ ਖੋਜ ਨੂੰ ਪਾਕਿਸਤਾਨੀ ਅਤੇ ਭਾਰਤੀ ਖੋਜੀਆਂ ਨੇ ਮਿਹਨਤ ਕਰਕੇ ਲੱਭਿਆ ਅਤੇ ਡਾ: ਨਿਰਮਲ ਸਿੰਘ 'ਲਾਂਬੜਾ ਸੱਥ' ਵਾਲਿਆਂ ਛਾਪਿਆ ਹੈ। ਫਿਰ ਵੀ ਡਾ: ਬਾਜਵਾ ਦੀ ਆਪਣੇ ਵਸੀਲਿਆਂ ਤੋਂ ਕੀਤੇ ਉੱਦਮ ਦੀ ਸ਼ਲਾਘਾ ਕਰਦੇ ਹਾਂ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਲੰਬੀ ਉਮਰ ਦਾ ਰਾਜ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 176.

'ਲੰਬੀ ਉਮਰ ਦਾ ਰਾਜ' ਲੇਖਕ ਰਾਮ ਨਾਥ ਸ਼ੁਕਲਾ ਦੀ 51ਵੀਂ ਪੁਸਤਕ ਹੈ। ਇਕ ਮਹਾਕਾਵਿ, 13 ਕਾਵਿ ਸੰਗ੍ਰਹਿ ਅਤੇ 13 ਨਾਵਲ ਤੇ 23 ਲੇਖ ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁੱਕੇ ਇਸ ਬਹੁਵਿਧਾਵੀ ਲੇਖਕ ਨੇ ਸਮਾਜ ਦੇ ਲਗਭਗ ਹਰੇਕ ਵਿਸ਼ੇ 'ਤੇ ਕਲਮ ਚਲਾਈ ਹੈ। ਪੁਸਤਕ 'ਲੰਬੀ ਉਮਰ ਦਾ ਰਾਜ' ਵਿਚ ਲੇਖਕ ਨੇ 41 ਵੱਖੋ-ਵੱਖਰੇ ਚੈਪਟਰਾਂ ਹੇਠ ਮਨੁੱਖ ਦੀ ਸਿਹਤ ਦੀ ਯੋਗ ਸਾਂਭ-ਸੰਭਾਲ ਲਈ ਨੁਕਤੇ ਸੁਝਾਏ ਹਨ। ਮਨੁੱਖ ਦੇ ਸਰੀਰਕ, ਮਨੋਵਿਗਿਆਨਕ, ਭਾਵਨਾਤਮਕ, ਆਤਮਕ, ਨੈਤਿਕ, ਸਮਾਜਕ, ਆਤਮ ਵਿਸ਼ਵਾਸ, ਸਮਾਜਿਕ ਬੁਰਾਈਆਂ, ਸਵਾਰਥ ਭਰੇ ਮਾਹੌਲ ਦਾ ਪ੍ਰਭਾਵ, ਰੂੜ੍ਹੀਆਂ, ਪਰੰਪਰਾਵਾਂ, ਆਤਮ ਵਿਸ਼ਲੇਸ਼ਣ, ਕੁਦਰਤ ਨਾਲ ਸਹਿਜਤਾ, ਮਨੁੱਖੀ ਭੋਜਨ, ਮਾਨਸਿਕ ਸੰਤੁਲਨ ਆਦਿ ਹਰੇਕ ਪੱਖ ਤੋਂ ਸੂਖਮ ਵਿਸ਼ਲੇਸ਼ਣ ਕਰਦਿਆਂ ਮਨੁੱਖ ਨੂੰ ਲੰਮੀ ਉਮਰ ਭੋਗਣ, ਨਿਰੋਗ ਰਹਿਣ ਅਤੇ ਸਮਾਜ ਵਿਚ ਸਾਰਥਕ ਯੋਗਦਾਨ ਪਾਉਣ ਲਈ ਵਿਚਾਰ ਪ੍ਰਗਟ ਕੀਤੇ ਹਨ। ਬਿਨਾਂ ਸ਼ੱਕ ਇਨ੍ਹਾਂ ਲੇਖਾਂ ਨੂੰ ਪੜ੍ਹਦਿਆਂ ਪਾਠਕ ਨੂੰ ਲਗਦਾ ਹੈ ਕਿ ਉਹ ਲੇਖਾਂ ਵਿਚਲੀਆਂ ਬਹੁਤ ਸਾਰੀਆਂ ਗੱਲਾਂ ਤੋਂ ਪਹਿਲੋਂ ਹੀ ਜਾਣੂ ਹੈ ਪਰ ਉਨ੍ਹਾਂ ਨੂੰ ਇਕ ਤਰਤੀਬ ਤੇ ਸਿਲਸਿਲੇਵਾਰ ਕੜੀ-ਦਰ-ਕੜੀ ਜੋੜ ਕੇ ਪਾਠਕ ਨੂੰ ਉਨ੍ਹਾਂ ਗੱਲਾਂ ਪ੍ਰਤੀ ਮੁੜ ਸੁਚੇਤ ਕਰਨਾ ਅਤੇ ਸਿਹਤ ਸੰਭਾਲ ਲਈ ਪ੍ਰੇਰਿਤ ਕਰਨਾ, ਇਸ ਪੁਸਤਕ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ਅਤੇ ਲੇਖਕ ਵੀ ਆਪਣੇ ਮਨੋਰਥ ਵਿਚ ਸਫਲ ਹੁੰਦਾ ਜਾਪਦਾ ਹੈ।
ਲੇਖਕ ਦੀ ਜੀਵ ਵਿਗਿਆਨਕ, ਮਨੋਵਿਗਿਆਨਕ ਅਤੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਅਣਗੌਲੇ ਰਹਿ ਜਾਣ ਵਾਲੇ ਛੋਟੇ-ਛੋਟੇ ਪਰ ਮਹੱਤਵਪੂਰਨ ਨੁਕਤਿਆਂ ਦੀ ਜਾਣਕਾਰੀ ਕਮਾਲ ਦੀ ਹੈ। ਸਰਲ ਭਾਸ਼ਾ, ਸਪੱਸ਼ਟਤਾ ਤੇ ਸਹਿਜਤਾ ਵਾਲੀ ਸ਼ੈਲੀ ਵਿਚ ਇਥੇ ਇਹ ਲੇਖ ਪਾਠਕ ਲਈ ਵੱਡਮੁੱਲੀ ਜਾਣਕਾਰੀ ਦਾ ਭੰਡਾਰ ਹਨ। ਇਨ੍ਹਾਂ 'ਤੇ ਅਮਲ ਕਰਕੇ ਪਾਠਕ ਬਿਨਾਂ ਸ਼ੱਕ ਨਿਰੋਗ ਲੰਮੀ ਉਮਰ ਭੋਗ ਸਕਦਾ ਹੈ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964

ਐਨਾ ਸੱਚ ਨਹੀਂ ਬੋਲੀਦਾ
ਲੇਖਕ : ਹਰਬੰਸ ਲਾਲ 'ਪ੍ਰਦੇਸੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 101.

ਹਰਬੰਸ ਲਾਲ 'ਪ੍ਰਦੇਸੀ' ਇਨਸਾਨੀਅਤ ਨੂੰ ਧਰਮਾਂ ਤੋਂ ਵੱਡੀ ਆਖਣ ਵਾਲਾ ਅਤੇ ਮਨੁੱਖੀ ਮਨ ਦੀਆਂ ਬੁਣਤਰਾਂ ਲੈ ਕੇ 80 ਗੀਤਾਂ ਕਵਿਤਾਵਾਂ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਨਿਵੇਕਲੇ ਅੰਦਾਜ਼ ਵਾਲੇ ਇਸ ਲੇਖਕ ਨੇ 'ਐਨਾ ਸੱਚ ਨਹੀਂ ਬੋਲੀਦਾ' ਪੁਸਤਕ ਵਿਚ ਉਸ ਨੇ ਸਮਾਜੀ ਸਰੋਕਾਰਾਂ ਨੂੰ ਸੂਖਮਭਾਵੀ ਦ੍ਰਿਸ਼ਟੀ ਨਾਲ ਵਿਗਿਆਨਕ ਪਾਸਾਰਾਂ ਦਾ ਸਹਾਰਾ ਲੈ ਕੇ ਇੰਜ ਨਿਚੋੜਿਆ ਹੈ ਕਿ ਉਸ ਦੇ ਗੀਤਾਂ ਕਵਿਤਾਵਾਂ ਵਿਚਲੀ ਲੈਅ, ਸੁਰ ਅਤੇ ਤਾਲ ਤੇ ਸੰਗੀਤ ਡਾਵਾਂਡੋਲ ਹੋ ਜਾਂਦੇ ਹਨ। ਫਿਰ ਵੀ ਉਸ ਨੇ ਸੰਜੀਦਗੀ ਨਾਲ ਆਪਣੀ ਪੀੜਾ ਨੂੰ ਮਨੁੱਖੀ ਕਦਰਾਂ-ਕੀਮਤਾਂ ਦੇ ਅੰਗ-ਸੰਗ ਰੱਖ ਕੇ ਪਾਠਕਾਂ ਨੂੰ ਚੇਤੰਨ ਕਰਨ ਦਾ ਯਤਨ ਕੀਤਾ ਹੈ। ਉਸ ਦੀ ਪੁਸਤਕ ਸਿੱਧ ਪੱਧਰੀ, ਮਨੁੱਖੀ ਤੇ ਸਮਾਜੀ ਸਮੱਸਿਆਵਾਂ ਨੂੰ ਪੇਸ਼ ਕਰਦੀ ਹੋਈ ਨਿਰਵੈਰ ਭਾਵਨਾਵਾਂ ਨਾਲ ਲਿਪਟੀ ਹੋਈ ਹੈ।
'ਪ੍ਰਦੇਸੀ' ਆਪਣੀ ਪਹਿਲੀ ਕਵਿਤਾ 'ਦੁਆ' ਵਿਚ ਪਰਮਾਤਮਾ ਅੱਗੇ ਪਰਿਵਾਰ, ਲੋਕਾਈ ਦੀ ਸੁੱਖ ਮੰਗਦਾ ਹੋਇਆ ਹਰੇਕ ਦੇ ਖੁਸ਼ ਰਹਿਣ ਦੀ ਦੁਆ ਕਰਦਾ ਹੈ। ਲੇਖਕ ਨੇ ਆਪਣੀ ਪੁਸਤਕ ਵਿਚ ਮਨੁੱਖੀ ਕਦਰਾਂ-ਕੀਮਤਾਂ ਦੇ ਹੋ ਰਹੇ ਘਾਣ, ਟੁੱਟ ਰਹੇ ਰਿਸ਼ਤੇ ਨਾਤੇ, ਸਮਾਜੀ ਸਬੰਧ, ਪਿਆਰ, ਬ੍ਰਿਹੋਂ, ਧੀਆਂ-ਪੁੱਤਰ, ਜਵਾਨੀ ਮਸਤਾਨੀ, ਕਰਮਕਾਂਡ, ਮੌਜੂਦਾ ਨਿੱਜਪ੍ਰਸਤ ਮਾਨਸਿਕਤਾ, ਬਾਪੂ-ਬੇਬੇ, ਗਰੀਬੀ, ਬੇਰੁਜ਼ਗਾਰੀ, ਵਿਚੋਲਗੀ, ਹੰਕਾਰ, ਰੁਜ਼ਗਾਰ ਲਈ ਵਿਦੇਸ਼ ਭੱਜਣ, ਪੈਸੇ ਦੀ ਹੋੜ ਅਤੇ ਮੌਕਾਪ੍ਰਸਤ ਰਾਜਨੀਤੀ, ਅੰਧ-ਵਿਸ਼ਵਾਸ, ਨਸ਼ੇ ਅਤੇ ਗੰਧਲ ਰਹੇ ਸਮਾਜ ਵਰਗੀਆਂ ਸਮੱਸਿਆਵਾਂ ਨੂੰ ਹਾਂ-ਪੱਖੀ ਟੱਪਿਆ ਵਿਚ ਪੇਸ਼ ਕਰਦਿਆਂ ਪਾਠਕਾਂ ਨੂੰ ਬੁਰਾਈਆਂ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ ਹੈ। 'ਪ੍ਰਦੇਸੀ' ਦੀ ਇਸ ਪੁਸਤਕ ਤੋਂ ਸਪੱਸ਼ਟ ਹੈ ਕਿ ਜੋ ਉਸ ਨੇ ਮਹਿਸੂਸ ਕੀਤਾ, ਉਸ ਨੂੰ ਕਵਿਤਾ ਗੀਤ ਦੇ ਰੂਪ ਵਿਚ ਚਿਤਵਿਆ ਹੈ। ਉਹ ਭ੍ਰਿਸ਼ਟ ਪ੍ਰਬੰਧ ਅਤੇ ਖ਼ਤਮ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ ਦਾ ਜ਼ਿਕਰ ਤਾਂ ਥਾਂ-ਥਾਂ ਕਰਦਾ ਹੈ ਪਰ ਉਸ ਬਾਰੇ ਠੋਸ ਹੱਲ ਕੱਢਣ ਤੋਂ ਅਸਮਰੱਥ ਰਿਹਾ ਹੈ। ਆਪਣੀ ਪੁਸਤਕ ਦੀਆਂ ਦੋ ਕਵਿਤਾਵਾਂ ਵਿਚ ਉਹ ਪੁਲਿਸ ਪ੍ਰਬੰਧ ਦੀ ਸਰਾਹਨਾ ਕਰਦਾ ਹੈ। ਕੁੱਲ ਮਿਲਾ ਕੇ ਪ੍ਰਦੇਸੀ ਆਪਣੀ ਇਸ ਕੋਸ਼ਿਸ਼ ਵਿਚ ਸਫ਼ਲ ਹੋਇਆ ਹੈ।

-ਰਮੇਸ਼ ਤਾਂਗੜੀ
ਮੋ: 094630-79655

ਸਫਰੀ ਮਨ-ਤਰੰਗ
ਸੰਪਾਦਕ : ਹਰਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫੇ : 138.

ਵੰਨ-ਸੁਵੰਨਤਾ ਭਰਪੂਰ ਇਸ ਦੁਨੀਆ ਵਿਚ ਬਹੁਤ ਸਾਰੇ ਮਨੁੱਖ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਆਮ ਕਰਕੇ ਵਜੂਦ ਸਮੇਂ ਦੀ ਧੂੜ ਹੇਠ ਦਫਨ ਹੋ ਕੇ ਹੀ ਰਹਿ ਜਾਂਦਾ ਹੈ। ਪਰ ਕੁਝ ਅਜਿਹੇ ਇਨਸਾਨ ਹੁੰਦੇ ਹਨ, ਜਿਨ੍ਹਾਂ ਦਾ ਧਰਮ-ਕਰਮ ਇਤਿਹਾਸ ਵਿਚ ਨਵੇਂ ਪੰਨੇ ਜੋੜ ਕੇ ਇਤਿਹਾਸ ਨੂੰ ਮਾਣ ਮਤਾ ਬਣਾ ਦਿੰਦਾ ਹੈ। ਤੇਜਾ ਸਿੰਘ ਸਫਰੀ (ਪਿੰਡ ਸਰਾਭਾ) ਉਨ੍ਹਾਂ ਦੇਸ਼ ਭਗਤਾਂ ਵਿਚੋਂ ਹੋਏ ਸਨ, ਜਿਨ੍ਹਾਂ ਨੇ ਆਜ਼ਾਦ ਫਿਜ਼ਾ ਦੀ ਪ੍ਰਾਪਤੀ ਲਈ ਵਿਚਾਰਧਾਰਾ (ਕਲਮ) ਨਾਲ ਗੁਲਾਮੀ ਵਿਰੁੱਧ ਲੋਕ ਜਾਗ੍ਰਤੀ ਲਈ ਬੀੜਾ ਉਠਾਇਆ।
ਤੇਜਾ ਸਿੰਘ ਸਫਰੀ ਦੇ ਕ੍ਰਾਂਤੀਕਾਰੀ ਜੀਵਨ ਬਾਰੇ ਅਤੇ ਉਨ੍ਹਾਂ ਦੀਆਂ ਦੇਸ਼ ਭਗਤੀ ਨਾਲ ਓਤ-ਪੋਤ ਰਚਨਵਾਂ ਦੀ ਖੋਜ ਪੜਤਾਲ ਕਰਕੇ ਅਤੇ ਲੋੜੀਂਦੀ ਸੁਧਾਈ ਕਰਕੇ ਹਰਦੇਵ ਸਿੰਘ ਗਰੇਵਾਲ ਨੇ 'ਸਫਰੀ ਮਨ-ਤਰੰਗ' ਪੁਸਤਕ ਦੀ ਸੰਪਾਦਨਾ ਕਰਕੇ ਪੰਜਾਬੀ ਸਾਹਿਤ ਜਗਤ ਵਿਚ ਇਕ ਵੱਡਮੁਲਾ ਯੋਗਦਾਨ ਪਾਇਆ ਹੈ।
ਬਾਹਰੀ ਸੁੰਦਰਤਾ ਦਿੱਖ ਵਾਲੀ ਇਸ ਪੁਸਤਕ ਵਿਚਲਾ ਖਜ਼ਾਨਾ ਕਿਰਤ ਦੀ ਮਹਾਨਤਾ, ਲੁੱਟ-ਖਸੁੱਟ, ਗੁਲਾਮ ਜੀਵਨ ਦੀ ਤਰਾਸਦੀ, ਗ਼ਲਤ ਸੋਚ (ਜਾਤ-ਪਾਤ ਧਰਮ ਦੇ ਨਾਂਅ ਉੱਤੇ ਵੰਡੀਆਂ) ਦਾ ਵਿਰੋਧ, ਜ਼ਰਵਾਣਿਆਂ ਨੂੰ ਵੰਗਾਰਨਾ ਅਤੇ ਸਿਰ 'ਤੇ ਕਫਨ ਬੰਨ੍ਹ ਕੇ ਦਮਨ ਵਿਰੁੱਧ ਜੂਝਣਾ ਆਦਿ ਵਿਚਾਰਕ ਮੋਤੀਆਂ ਨਾਲ ਭਰਪੂਰ ਹੈ। ਇਸ ਖਜ਼ਾਨੇ ਵਿਚਲੇ ਕੁਝ ਕੁ ਮੋਤੀਆਂ ਦੀ ਝਲਕ ਆਤਮਸਾਤ ਕਰਨ ਲਈ ਹਾਜ਼ਿਰ ਹਨ :
ਉਹੀ, ਹੀਰ ਆਜ਼ਾਦੀ ਦੇ ਪਾਉਣ ਦਰਸ਼ਨ,
ਦੇਸ਼ ਭੇਟ ਜੋ ਕਰਨ ਪਰਿਵਾਰ ਮਾਤਾ।
ਵੇਖ, ਡਾਲੀਓਂ ਟੁੱਟਦਾ ਏ ਫੁਲ ਪਹਿਲਾਂ,
ਪਿਛੋਂ ਬਣਦਾ ਏ ਗਲੇ ਦਾ ਹਾਰ ਮਾਤਾ।
ਇਤਿਹਾਸਕ ਯਾਦਗਾਰਾਂ, ਇਨ੍ਹਾਂ ਨੂੰ ਸੁਰਜੀਤ ਕਰਨ ਤੇ ਸਾਂਭ-ਸੰਭਾਲਣ ਵਾਲਿਆਂ ਅਤੇ ਸਫਰੀ ਦੇ ਖਾਨਦਾਨ ਦੀਆਂ ਖੂਬਸੂਰਤ ਤਸਵੀਰਾਂ ਇਸ ਪੁਸਤਕ ਨੂੰ ਹੋਰ ਚਾਰ ਚੰਨ ਲਾਉਂਦੀਆਂ ਹਨ। ਦੇਸ਼ ਭਗਤੀ ਰੰਗ ਵਿਚ ਰੰਗੇ ਤੇਜਾ ਸਿੰਘ ਸਫਰੀ ਦਾ ਪਹਿਲਾ ਅਤੇ ਆਖਰੀ ਕਾਵਿ-ਸੰਗ੍ਰਹਿ ਨੂੰ ਪਾਠਕਾਂ ਦੇ ਰੂਬਰੂ ਕਰਨਾ ਸੰਪਾਦਕ ਹਰਦੇਵ ਸਿੰਘ ਗਰੇਵਾਲ ਦਾ ਇਹ ਇੱਕ ਸਲਾਹੁਣਯੋਗ ਕਾਰਜ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਗਿਆਨ ਹੀ ਸੁੰਦਰ ਹੈ
ਲੇਖਿਕਾ : ਪ੍ਰੇਮ ਲਤਾ (ਪ੍ਰਿੰ:)
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 72.

'ਗਿਆਨ ਹੀ ਸੁੰਦਰ ਹੈ' ਪੁਸਤਕ ਦੀ ਲੇਖਿਕਾ ਪ੍ਰੇਮ ਲਤਾ ਕਿੱਤੇ ਵਜੋਂ ਪ੍ਰਿੰਸੀਪਲ ਹਨ। ਇਸ ਪੁਸਤਕ ਵਿਚ ਉਨ੍ਹਾਂ ਦੇ 19 ਲੇਖ ਦਰਜ ਹਨ। ਜੋ ਕਿ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਆਰਥਿਕ ਵਿਸ਼ਿਆਂ 'ਤੇ ਆਧਾਰਿਤ ਹਨ। ਹਥਲੀ ਪੁਸਤਕ ਦੇ ਵਿਸ਼ਿਆਂ ਦੀ ਚੋਣ, ਪੇਸ਼ਕਾਰੀ ਅਤੇ ਨਿਭਾਅ ਵਧੀਆ ਹੋਇਆ। ਹਰ ਲੇਖ ਵਿਚ ਪਾਠਕ ਦਾ ਗਿਆਨ ਵਧਾਉਣ ਅਤੇ ਉਸ ਨੂੰ ਸਮੁੱਚੇ ਪ੍ਰਬੰਧ ਪ੍ਰਤੀ ਚੇਤੰਨ ਕਰਨ ਦਾ ਯਤਨ ਕੀਤਾ ਗਿਆ ਹੈ। ਜਿਸ ਤਰ੍ਹਾਂ ਦੀ ਬਹੁ-ਭਾਂਤੀ ਜਾਣਕਾਰੀ ਦਿੱਤੀ ਗਈ ਹੈ। ਉਸ ਦੀ ਸੋਝੀ ਹਰ ਪੜ੍ਹੇ-ਲਿਖੇ ਵਿਅਕਤੀ ਨੂੰ ਜ਼ਰੂਰ ਹੋਣੀ ਚਾਹੀਦੀ ਹੈ। ਸਚਮੁੱਚ ਗਿਆਨ ਸਮੁੰਦਰ ਹੈ ਅਤੇ ਇਸ ਦੀ ਵਿਸ਼ਾਲਤਾ ਹੀ ਇਸ ਨੂੰ ਸੁੰਦਰ ਬਣਾਉਂਦੀ ਹੈ। ਗਿਆਨ ਭਾਵੇਂ ਮਨੁੱਖ ਕੋਲ ਕਿੰਨਾ ਵੀ ਕਿਉਂ ਨਾ ਹੋਵੇ। ਉਹ ਥੋੜ੍ਹਾ ਹੁੰਦਾ ਹੈ। ਗਿਆਨ ਪੱਖੋਂ ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੈ। ਵਿਸ਼ਵ ਪੱਧਰ ਦਾ ਗਿਆਨ ਅਸੰਭਵ ਹੁੰਦਾ ਹੈ। ਲੇਖਿਕਾ ਨੇ ਛੋਟੇ-ਛੋਟੇ ਲੇਖਾਂ ਦੇ ਜ਼ਰੀਏ ਵੱਖ-ਵੱਖ ਗੰਭੀਰ ਤੇ ਅਹਿਮ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਹੈ। ਕੌਮੀਅਤ ਨਾਲ ਪਿਆਰ, ਮਾਨਵਤਾ ਦੀ ਭਲਾਈ ਅਤੇ ਉਸਾਰੂ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ। ਲੇਖਿਕਾ ਦਾ ਸਮਾਜਿਕ ਪ੍ਰਬੰਧ ਪ੍ਰਤੀ ਦ੍ਰਿਸ਼ਟੀਕੋਨ ਅਗਾਂਹਵਧੂ ਹੈ। ਉਸ ਨੂੰ ਪ੍ਰਬੰਧ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਗਿਆਨ-ਵਿਗਿਆਨ ਦੀ ਡੂੰਘੀ ਸਮਝ ਹੈ। ਆਮ ਕਰਕੇ ਧਾਰਮਿਕ ਸਾਹਿਤ ਦੀ ਸਿਰਜਣਾ ਕਰਨ ਵਾਲੇ ਲਿਖਾਰੀ ਵਿਗਿਆਨਕ ਪੱਖ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ। ਅੱਜ ਜੋ ਅਸੀਂ ਨਵੀਆਂ-ਨਵੀਆਂ ਹੈਰਾਨੀਜਨਕ ਖੋਜਾਂ, ਤਕਨੀਕੀ, ਵਿਕਾਸ ਵੇਖਦੇ ਹਾਂ, ਉਹ ਵਿਗਿਆਨ ਦਾ ਹੀ ਚਮਤਕਾਰ ਹੈ। ਇਸ ਰੌਸ਼ਨੀ 'ਚ 'ਡਾਰਵਿਨ ਅਤੇ ਏਂਜਲ', 'ਬਾਸੜੀਆ ਮੇਲਾ' ਅਤੇ ਐਡਵਰਡ ਜੈਨਰ ਅਤੇ ਕੁਝ ਹੋਰ ਲੇਖ ਆਉਂਦੇ ਹਨ। ਅਜੋਕੇ ਦੌਰ ਦੀ ਵਿਕਰਾਲ ਅਤੇ ਵਿਸ਼ਵ-ਵਿਆਪੀ ਸਮੱਸਿਆ ਹੈ, ਵਾਤਾਵਰਣ ਪ੍ਰਦੂਸ਼ਣ। ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਵੱਧ ਤੋਂ ਵੱਧ ਰੁਖ਼ ਲਾਉਣੇ ਚਾਹੀਦੇ ਹਨ ਤੇ ਪਹਿਲਾਂ ਲੱਗੇ ਹੋਏ ਰੁੱਖਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਆਵਾਜ਼ ਪ੍ਰਦੂਸ਼ਣ ਤੇ ਪਾਣੀ ਦੇ ਪ੍ਰਦੂਸ਼ਣ 'ਤੇ ਵੀ ਲਿਖਿਆ ਜਾਣਾ ਚਾਹੀਦਾ ਹੈ। ਮਹਾਂਵੀਰ ਜੈਨ, ਮਹਾਤਮਾ ਬੁੱਧ, ਸੰਤ ਰਾਮਾਨੰਦ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਵੀ ਲੇਖ ਸ਼ਾਮਿਲ ਹਨ। ਫਜ਼ੂਲ ਖਰਚੀ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਸੁਝਾਅ ਦਿੱਤੇ ਗਏ ਹਨ। 'ਗਊ ਧਨ', 'ਭਾਰਤੀ ਨੋਬਲ ਪੁਰਸਕਾਰ' ਤੇ 'ਹਾਕੀ ਸਾਡੀ ਕੌਮੀ ਖੇਡ' ਲੇਖ ਵਧੀਆ ਹਨ। ਗਿਆਨ 'ਚ ਵਾਧੇ ਲਈ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110.

ਦਰਦ ਸੁਨਿਹੜੇ
ਗ਼ਜ਼ਲਕਾਰ : ਕਸ਼ਮੀਰਾ ਸਿੰਘ ਚਮਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ,
ਸਫ਼ੇ : 112.

ਕਸ਼ਮੀਰਾ ਸਿੰਘ ਚਮਨ ਪ੍ਰਵਾਸੀ ਪੰਜਾਬੀ ਗ਼ਜ਼ਲਕਾਰ ਹੈ, ਜਿਸ ਦਾ ਗ਼ਜ਼ਲ ਵਿਚ ਉਚੇਚਾ ਸਥਾਨ ਹੈ। ਉਹ ਪਿਛਲੇ ਚਾਰ ਦਹਾਕੇ ਤੋਂ ਵਿਦੇਸ਼ ਵਿਚ ਗ਼ਜ਼ਲ ਦੀ ਲਗਾਤਾਰ ਸਿਰਜਣਾ ਕਰ ਰਿਹਾ ਹੈ। ਉਹ ਬਹੁਪੱਖੀ ਕਲਮਕਾਰ ਹੈ, ਜਿਸ ਨੇ ਨਾਟਕ ਤੇ ਨਾਵਲ ਲਿਖਣ ਵਲ ਵੀ ਧਿਆਨ ਦਿੱਤਾ ਹੈ। ਉਸ ਨੇ ਅਨੁਵਾਦ ਤੇ ਪੁਸਤਕ ਸੰਪਾਦਨਾ ਵੀ ਕੀਤੀ ਹੈ। ਉਸ ਦੀਆਂ ਹੁਣ ਤੱਕ ਢਾਈ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵਿਚਾਰਨਯੋਗ ਪੁਸਤਕ 'ਦਰਦ ਸੁਨਿਹੜੇ' ਗ਼ਜ਼ਲ ਸੰਗ੍ਰਹਿ ਹੈ, ਜਿਸ ਨੂੰ ਚਮਨ ਨੇ ਸ: ਹਰਦੀਪ ਸਿੰਘ ਢਿੱਲੋਂ ਨੂੰ ਸਮਰਪਿਤ ਕੀਤਾ ਹੈ ਤੇ ਮੁਢਲੀਆਂ ਗ਼ਜ਼ਲਾਂ ਵਿਚੋਂ ਤਿੰਨ ਗ਼ਜ਼ਲਾਂ ਉਸ ਦੇ ਨਾਂਅ ਹੀ ਹਨ। ਬਹੁਤੀਆਂ ਗ਼ਜ਼ਲਾਂ ਮਸਲਸਲ ਹਨ, ਜੋ ਇਕ ਹੀ ਵਿਸ਼ੇ ਦੁਆਲੇ ਕੇਂਦਰਿਤ ਹਨ। ਧੀਆਂ ਵਿਸ਼ੇ 'ਤੇ ਉਸ ਨੇ ਕਈ ਵਿਸ਼ੇਸ਼ ਗ਼ਜ਼ਲਾਂ ਲਿਖੀਆਂ ਹਨ। ਇਸ ਪੁਸਤਕ ਦੀਆਂ ਤਕਰੀਬਨ ਅੱਧੀਆਂ ਗ਼ਜ਼ਲਾਂ ਕਿਸੇ ਨਾ ਕਿਸੇ ਵਿਛੜੀ ਸ਼ਖ਼ਸੀਅਤ ਨੂੰ ਸਮਰਪਿਤ ਹਨ ਸ਼ਾਇਦ ਇਸੇ ਕਾਰਨ ਇਸ ਦਾ ਨਾਂਅ 'ਦਰਦ ਸੁਨਿਹੜੇ' ਰੱਖਿਆ ਗਿਆ ਹੈ। ਅਜਿਹੀਆਂ ਗ਼ਜ਼ਲਾਂ ਦੇ ਨਾਲ ਵਾਰਤਕ ਵਿਚ ਜਾਣਕਾਰੀ ਵੀ ਦਿੱਤੀ ਗਈ ਹੈ। ਆਪਣੀਆਂ ਹੋਰਨਾਂ ਗ਼ਜ਼ਲਾਂ ਵਿਚ ਉਹ ਪੁਰਾਣੇ ਜ਼ਮਾਨੇ ਨੂੰ ਯਾਦ ਕਰਦਾ ਹੈ ਤੇ ਆਪਣੇ ਦੇਸ਼ ਦੀ ਮਿੱਟੀ ਦੀ ਮਹਿਕ ਉਸ ਨੂੰ ਸਤਾਉਂਦੀ ਹੈ। ਆਪਣੇ ਸ਼ਿਅਰਾਂ ਵਿਚ ਉਹ ਆਪਣੇ ਪੁਰਾਣੇ ਯਾਰਾਂ ਬੇਲੀਆਂ ਨੂੰ ਚੇਤੇ ਕਰਦਾ ਹੈ ਤੇ ਉਨ੍ਹਾਂ ਦੀ ਦੋਸਤੀ ਅਜੇ ਵੀ ਉਸ ਦੇ ਚੇਤੇ ਵਿਚ ਵਸੀ ਹੋਈ ਹੈ। ਸ਼ਾਇਰ ਮੁਤਾਬਿਕ ਦੁੱਖ-ਦਰਦ ਜ਼ਿੰਦਗੀ ਦਾ ਹਿੱਸਾ ਹਨ ਤੇ ਇਨ੍ਹਾਂ ਦੇ ਹੁੰਦੇ ਸੁੰਦੇ ਵੀ ਉਸ ਨੂੰ ਜ਼ਿੰਦਗੀ ਖ਼ੂਬਸੂਰਤ ਲਗਦੀ ਹੈ। ਚਮਨ ਨੂੰ ਬਹਿਰ ਵਜ਼ਨ ਦਾ ਕਾਫ਼ੀ ਗਿਆਨ ਹਾਸਲ ਹੈ ਪਰ ਫਿਰ ਵੀ ਕਿਤੇ-ਕਿਤੇ ਇਸ ਸਬੰਧੀ ਉਸ ਦਾ ਅਵੇਸਲਾਪਨ ਨਜ਼ਰੀਂ ਆਉਂਦਾ ਹੈ। ਤਮਾਮ ਗ਼ਜ਼ਲਾਂ ਸਰਲ ਭਾਸ਼ਾ ਵਿਚ ਹਨ ਤੇ ਇਨ੍ਹਾਂ ਵਿਚ ਸਾਦਗੀ ਹੈ। ਪੁਸਤਕ ਦੇ ਅੰਤਿਮ 16 ਸਫ਼ਿਆਂ 'ਤੇ ਸ਼ਾਇਰ ਸਬੰਧੀ ਸੱਤਰ ਦੇ ਕਰੀਬ ਭਾਰਤੀ ਤੇ ਪਾਕਿਸਤਾਨੀ ਚਿੰਤਕਾਂ ਦੇ ਚਮਨ ਸਬੰਧੀ ਵਿਚਾਰ ਦਰਜ ਹਨ।

-ਗੁਰਦਿਆਲ ਰੌਸ਼ਨ
ਮੋ: 9988444002

ਮਲਕਾ
ਲੇਖਿਕਾ : ਡਾ: ਹਰਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 103.

ਲੇਖਿਕਾ ਭਾਵੇਂ ਪਿਛਲੇ 30 ਦਹਾਕਿਆਂ ਤੋਂ ਵੀ ਉੱਪਰ ਦੇ ਸਮੇਂ ਤੋਂ ਕਹਾਣੀਆਂ ਲਿਖਦੀ ਆ ਰਹੀ ਹੈ ਪਰ ਪੁਸਤਕ ਰੂਪ ਵਿਚ ਇਹ ਉਸ ਦਾ ਪਹਿਲਾ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੀਆਂ ਕੇਵਲ ਚੋਣਵੀਆਂ ਅੱਠ ਕਹਾਣੀਆਂ ਹੀ ਸ਼ਾਮਿਲ ਕੀਤੀਆਂ ਹਨ। ਨੌਕਰੀ ਦੇ ਝਮੇਲਿਆਂ ਅਤੇ ਪਰਿਵਾਰਕ ਜੀਵਨ ਦੇ ਸੁੱਖਾਂ-ਦੁੱਖਾਂ ਨੂੰ ਹੰਢਾਉਂਦਿਆਂ ਸ਼ਾਇਦ ਉਸ ਕੋਲ ਸਮਾਂ ਹੀ ਨਹੀਂ ਮਿਲਿਆ। ਉਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦਾ ਅਧਿਐਨ ਕਰਾਉਂਦਿਆਂ, ਪੰਜਾਬੀ ਸਾਹਿਤ ਨਾਲ ਨਿਰੰਤਰ ਜੁੜੀ ਰਹੀ ਹੈ। ਕਹਾਣੀਆਂ ਵਿਚ ਵੱਖੋ-ਵੱਖਰੇ ਸੰਸਾਰ ਸਿਰਜੇ ਗਏ ਹਨ, ਭਾਵੇਂ ਕਿ 'ਸਾਂਝੇ ਸੂਤਰ' ਵੀ ਲੱਭੇ ਜਾ ਸਕਦੇ ਹਨ। 'ਮਲਕਾ' ਜੋ ਇਸ ਸੰਗ੍ਰਹਿ ਦੀ ਟਾਈਟਲ ਕਹਾਣੀ ਹੈ, ਖੁਸਰਿਆਂ ਦੀ ਵਿਚਿਤਰ ਦੁਨੀਆ ਬਾਰੇ ਗਲਪੀ ਵੇਰਵੇ ਪੇਸ਼ ਕਰਦੀ ਹੈ। 'ਘਰਾਣੇ ਦੀ' ਬਾਂਝ ਔਰਤ ਦੀ ਮਾਨਸਿਕਤਾ ਪੇਸ਼ ਕਰਨ ਦੇ ਨਾਲ-ਨਾਲ ਸਮਾਜਿਕ ਵਰਤਾਰੇ ਦੀ ਨਿਸ਼ਾਨਦੇਹੀ ਕਰਦੀ ਜਾਪਦੀ ਹੈ। 'ਮੁੱਠੀ ਵਿਚ ਬੰਦ ਵਰਮਾਨ' ਭ੍ਰਿਸ਼ਟਾਚਾਰ ਬਾਰੇ ਹੈ। 'ਖਲਾਅ 'ਚੋਂ ਉਤਰਦੇ ਅਕਸ' ਨਵੀਂ ਪੀੜ੍ਹੀ ਦੇ ਵਰਤਾਰੇ ਦੀ ਝਲਕੀ ਹੈ ਜਿਹੜੀ ਬਜ਼ੁਰਗਾਂ ਦੀ ਲੋੜ ਵੇਲੇ ਕੋਈ ਸਹਾਇਤਾ ਨਹੀਂ ਕਰਦੀ, ਮਰਨ ਤੋਂ ਬਾਅਦ ਭੋਗ ਸਮੇਂ ਆਪਣੀ ਸ਼ਾਨੋ-ਸ਼ੌਕਤ ਕਾਇਮ ਕਰਨ ਲਈ ਉਚੇਚੇ ਪ੍ਰਬੰਧ ਕਰਦੀ ਹੈ। 'ਤਲੀ 'ਤੇ ਬਲਦੀ ਚਿਖ਼ਾ' ਕੁਝ ਇਸੇ ਤਰ੍ਹਾਂ ਦੀ ਵਿਅੰਗਭਾਵੀ ਤਸਵੀਰ ਪੇਸ਼ ਕਰਦੀ ਹੈ। 'ਕੋਠੀ ਝਾੜ' ਵਿਆਹ ਸਮੇਂ ਦਿੱਤੇ ਗਏ ਘੱਟ ਸ਼ਮਨ ਦੀ ਨਿਸ਼ਾਨਦੇਹੀ ਕਰਦੀ ਹੈ। 'ਵਾਦੀਆਂ 'ਚ ਘੁਲਦਾ ਜ਼ਹਿਰ' ਪਹਾੜੀ ਲੋਕਾਂ ਦੇ ਨਿਰਛਲ ਵਿਹਾਰ ਨੂੰ ਪੇਸ਼ ਕਰਦੀ ਹੈ ਪਰ ਜਿਥੇ ਵੀ ਆਧੁਨਿਕ ਸੱਭਿਅਤਾ ਪ੍ਰਵੇਸ਼ ਕਰ ਗਈ ਹੈ, ਉਤੇ 'ਹੁਣ' ਕੀਮਤਾਂ ਵੀ ਆ ਗਈਆਂ ਹਨ। ਕਹਾਣੀਆਂ ਵਿਚ ਪੇਸ਼ ਲੋਕ ਸੱਭਿਅਤਾ ਸਲਾਹੁਣਯੋਗ ਹੈ।
'ਐਕਸੀਡੈਂਟ' ਦੀ ਘਟਨਾ ਕੁਝ ਕਹਾਣੀਆਂ ਵਿਚ ਕੇਂਦਰੀ ਯੁੱਗ ਹੈ। ਡਾ: ਹਰਜੀਤ ਕੌਰ ਦੀ ਭਾਸ਼ਾ ਸਰਲ ਤੇ ਸਹਿਜ ਹੈ। ਉਸ ਦੀਆਂ ਕਹਾਣੀਆਂ ਪੂੰਜੀਵਾਦੀ ਕੀਮਤਾਂ ਕਾਰਨ ਵਧ ਰਹੀਆਂ ਖਪਤਕਾਰੀ ਰੁਚੀਆਂ, ਰਿਸ਼ਤਿਆਂ ਦੇ ਵਿਗਠਨ ਅਤੇ ਨੌਕਰੀਪੇਸ਼ਾ ਔਰਤਾਂ ਦੀਆਂ ਦੁਸ਼ਵਾਰੀਆਂ ਦੇ ਕਥਾਤਮਕ ਵੇਰਵੇ ਹਨ। ਕੁਝ ਕਹਾਣੀਆਂ ਵਿਚ ਜੇ 'ਫਲੈਸ਼ ਬੈਕ' ਜੁਗਤ ਵਰਤੀ ਜਾਂਦੀ ਤਾਂ ਵਧੇਰੇ ਸਾਰਥਿਕ ਹੋਣਾ ਸੀ। 'ਜੁਗਤਾਂ' ਬਾਰੇ ਲੇਖਿਕਾ ਨੂੰ ਹੋਰ ਵਧੇਰੇ ਸੁਚੇਤ ਰਹਿਣ ਦੀ ਸਲਾਹ ਤਾਂ ਦਿੱਤੀ ਹੀ ਜਾ ਸਕਦੀ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 09797313927

ਚਿੱਠੀਆਂ ਬੋਲਦੀਆਂ
ਸੰਪਾਦਕ ਤੇ ਅਨੁਵਾਦਕ : ਇੰਦਰ ਸਿੰਘ ਖਾਮੋਸ਼
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 250 ਰੁਪਏ, ਸਫ਼ੇ : 360.

2013 ਵਿਚ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਰਿਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰਿਵਿਊ ਨਹੀਂ ਛਪ ਸਕੇ :

ਕਦੇ ਕਦਾਈਂ
ਲੇਖਕ : ਅਰਤਿੰਦਰ ਸੰਧੂ
ਮੁੱਲ : 150 ਰੁਪਏ, ਸਫ਼ੇ : 120.
--------
ਸੁਨਹਿਰੇ ਸੁਪਨੇ
ਲੇਖਕ : ਰਾਜਬੀਰ ਰੰਧਾਵਾ
ਮੁੱਲ : 150 ਰੁਪਏ, ਸਫ਼ੇ : 104.
--------
ਮੂਲਨਿਵਾਸੀ ਬਹੁਜਨ ਇਨਕਲਾਬ
ਲੇਖਕ : ਹਰੀਕ੍ਰਿਸ਼ਨ ਸੈਂਪਲੇ
ਮੁੱਲ : 295 ਰੁਪਏ, ਸਫ਼ੇ : 258.
--------
ਕਰੂੰਬਲਾਂ
ਲੇਖਕ : ਦੀਪਤੀ ਬਬੂਟਾ
ਮੁੱਲ : 150, ਸਫ਼ੇ : 110.
--------
ਸ਼ਗਨਾਂ ਦੇ ਗੀਤ
ਲੇਖਕ : ਸੁਖਦੇਵ ਮਾਦਪੁਰੀ
ਮੁੱਲ : 150, ਸਫ਼ੇ : 174.
--------
ਮਹਿਕਦੀ ਸਵੇਰ
ਸੰਪਾਦਿਕਾ : ਸਿੰਮੀਪ੍ਰੀਤ ਕੌਰ
ਮੁੱਲ : 175, ਸਫ਼ੇ : 118.
--------
ਜੁਗਾੜ-ਸਾਧਾਰਣ ਲੋਕ ਅਸਾਧਾਰਣ ਸਫ਼ਲਤਾ ਕਿਵੇਂ ਪ੍ਰਾਪਤ ਕਰ ਲੈਂਦੇ ਹਨ
ਲੇਖਕ : ਵਰਿੰਦਰ ਕਪੂਰ
ਮੁੱਲ : 200, ਸਫ਼ੇ : 210.
--------
ਜ਼ਿੰਦਗੀ ਦੇ ਮੇਲੇ
ਲੇਖਕ : ਬੂਟਾ ਸਿੰਘ ਸ਼ਾਦ
ਮੁੱਲ : 150, ਸਫ਼ੇ : 96.
--------
ਔਰਤ, ਪਿਆਰ ਤੇ ਖਿੱਚ
ਲੇਖਕ : ਖੁਸ਼ਵੰਤ ਸਿੰਘ
ਮੁੱਲ : 150, ਸਫ਼ੇ : 171.
--------
ਆਪਨੜੇ ਗਿਰੀਵਾਨ ਮਹਿ
ਲੇਖਕ : ਫਕੀਰ ਹਿਊਸਟੋਨਵੀ
ਮੁੱਲ : 150, ਸਫ਼ੇ : 70.
--------
ਸਮੁੰਦਰ ਮੰਥਨ
ਲੇਖਕ : ਮੇਜਰ ਮਾਂਗਟ
ਮੁੱਲ : 400, ਸਫ਼ੇ : 290.
--------
ਕੱਚੇ ਕੋਠੇ ਦੀ ਛੱਤ
ਲੇਖਕ : ਦਵਿੰਦਰ ਕੌਰ ਗੁਰਾਇਆ
ਮੁੱਲ : 350, ਸਫ਼ੇ : 168.
--------
ਰਾਮ ਸਰੂਪ ਅਣਖੀ ਦਾ ਸੰਪੂਰਨ ਕਾਵਿ ਲੋਕ
ਲੇਖਕ : ਰਾਮ ਸਰੂਪ ਅਣਖੀ
ਮੁੱਲ : 350, ਸਫ਼ੇ : 222.
--------
ਹਰਫਾਂ ਦੇ ਫੁੱਲ
ਲੇਖਕ : ਵੀਰਪਾਲ ਕੌਰ ਬਰਗਾੜੀ
ਮੁੱਲ : 150, ਸਫ਼ੇ : 72.
--------
ਕਿੱਟੀ ਮਾਰਸ਼ਲ
ਲੇਖਕ : ਕੁਲਜੀਤ ਮਾਨ
ਮੁੱਲ : 495, ਸਫ਼ੇ : 420.
--------
ਸਾਨੂੰ ਟੋਹਲ ਲਈ ਵਲੈਤੋਂ ਆ ਕੇ
ਲੇਖਕ : ਮੋਹਣ ਸਿੰਘ ਕੁੱਕੜਪਿੰਡੀਆ
ਮੁੱਲ : 250, ਸਫ਼ੇ : 198.
--------
ਸਾਹਾਂ ਦੀ ਪੱਤਰੀ
ਲੇਖਕ : ਦਿਓਲ ਪਰਮਜੀਤ
ਮੁੱਲ : 150, ਸਫ਼ੇ : 78.
--------
2013 ਵਿਚ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਰਿਵਿਊ ਲਈ ਪ੍ਰਾਪਤ ਪੁਸਤਕਾਂ ਜਿਨ੍ਹਾਂ ਦੇ ਅਜੇ ਤੱਕ ਰਿਵਿਊ ਨਹੀਂ ਛਪ ਸਕੇ :

ਮਰਦਾਨੇ ਕੇ-ਸਮਾਜਿਕ, ਸੱਭਿਆਚਾਰ ਪਹਿਚਾਣ
ਲੇਖਕ : ਜਗਰਾਜ ਧੌਲਾ
ਮੁੱਲ : 150, ਸਫ਼ੇ : 136.
--------
ਮਨ ਅਟਕਿਆ ਬੇਪ੍ਰਵਾਹ ਦੇ ਨਾਲ
ਲੇਖਕ : ਹਰਜਿੰਦਰਜੀਤ ਸਿੰਘ ਮਾਨ
ਮੁੱਲ : 120, ਸਫ਼ੇ : 80.
--------
ਸਲੀਬ ਤੇ ਸਰਗਮ
ਲੇਖਕ : ਪ੍ਰੋ: ਸਾਧੂ ਸਿੰਘ
ਮੁੱਲ : 144, ਸਫ਼ੇ : 96.
--------
ਇਹ ਮੇਰਾ ਪੰਜਾਬ
ਲੇਖਕ : ਸੇਖੋਂ ਜੰਡ ਵਾਲੀਆ
ਮੁੱਲ : 120, ਸਫ਼ੇ : 96.
--------
ਗਰੀਬ ਬਨਾਮ ਭਾਰਤੀ ਅਰਥਚਾਰਾ
ਲੇਖਕ : ਅਜੀਤਪਾਲ ਸਿੰਘ ਐਮ.ਡੀ.
ਮੁੱਲ : 100 ਰੁਪਏ, ਸਫ਼ੇ : 160.
--------
ਫਾਂਸੀ, ਦੰਗੇ ਤੇ ਹੋਰ ਕੌਮੀ ਮਸਲੇ
ਲੇਖਕ : ਡਾ: ਅਜੀਤਪਾਲ ਸਿੰਘ ਐਮ.ਡੀ.
ਮੁੱਲ : 100 ਰੁਪਏ, ਸਫ਼ੇ : 160.
--------
ਕੈਨੇਡੀਅਨ ਪੰਜਾਬੀ ਸਾਹਿਤ
(ਭਾਗ ਤੀਜਾ)
ਲੇਖਕ : ਸੁਖਿੰਦਰ
ਮੁੱਲ : 200 ਰੁਪਏ, ਸਫ਼ੇ : 197.
--------
ਕਵਿਤਾ ਦੀ ਤਲਾਸ਼ ਵਿਚ
ਲੇਖਕ : ਸੁਖਿੰਦਰ
ਮੁੱਲ : 350 ਰੁਪਏ, ਸਫ਼ੇ : 616.
--------

24-11-2013

 ਦੋ ਪੱਤੀਆਂ ਇਕ ਕਲੀ
ਲੇਖਕ : ਮੁਲਕ ਰਾਜ ਆਨੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 220.

ਮੁਲਕ ਰਾਜ ਆਨੰਦ ਭਾਰਤ ਦੀ ਪ੍ਰਗਤੀਸ਼ੀਲ ਲਹਿਰ ਨਾਲ ਜੁੜਿਆ ਅੰਗਰੇਜ਼ੀ ਦਾ ਇਕ ਪਰਸਿੱਧ ਲੇਖਕ ਸੀ। ਭਾਰਤੀ ਸਾਹਿਤ ਦੇ ਪ੍ਰਮਾਣਿਕ ਗਲਪਕਾਰਾਂ ਵਿਚ ਉਸ ਦਾ ਨਾਂਅ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਸ ਦੇ ਬਹੁਤ ਸਾਰੇ ਨਾਵਲ ਭਾਰਤ ਦੀਆਂ ਮੁਖ਼ਤਲਿਫ਼ ਜ਼ਬਾਨਾਂ ਵਿਚ ਅਨੁਵਾਦ ਹੋ ਚੁੱਕੇ ਹਨ। 'ਦੋ ਪੱਤੀਆਂ ਇਕ ਕਲੀ' ਦੀ ਵਸਤੂ-ਸਾਮਗਰੀ ਆਸਾਮ ਪ੍ਰਦੇਸ਼ ਵਿਚ ਅੰਗਰੇਜ਼ ਅਧਿਕਾਰੀਆਂ ਵੱਲੋਂ ਲਗਾਏ ਚਾਹ ਦੇ ਬਾਗ਼ਾਂ ਵਿਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਦੀ ਤ੍ਰਾਸਦਕ ਸਥਿਤੀ ਨੂੰ ਅੰਕਿਤ ਕਰਨ ਵਾਲਾ ਇਕ ਬਹੁਤ ਹੀ ਮਹੱਤਵਪੂਰਨ ਨਾਵਲ ਹੈ। ਮੁਲਕ ਰਾਜ ਆਨੰਦ ਦੀ ਸਾਹਿਤਕ ਪ੍ਰਤਿਭਾ ਇਸ ਨਾਵਲ ਵਿਚ ਪੂਰੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਨਾਵਲ ਦਾ ਅਨੁਵਾਦ ਬਹੁਤ ਚੁਣੌਤੀ ਭਰਪੂਰ ਕਾਰਜ ਸੀ। ਮੈਨੂੰ ਖੁਸ਼ੀ ਹੈ ਕਿ ਸ: ਸਵਰਨ ਸਿੰਘ ਭੰਗੂ ਨੇ ਇਸ ਚੁਣੌਤੀ ਦਾ ਨਿਰਵਾਹ ਬੜੀ ਸਫ਼ਲਤਾ ਨਾਲ ਕੀਤਾ ਹੈ।
'ਦੋ ਪੱਤੀਆਂ ਇਕ ਕਲੀ' ਨਾਵਲ ਦਾ ਬ੍ਰਿਤਾਂਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਬਜ਼ੁਰਗ ਕਿਸਾਨ ਗੰਗੂ ਦੇ ਆਲੇ-ਦੁਆਲੇ ਘੁੰਮਦਾ ਹੈ। ਗੰਗੂ ਆਪਣੇ ਹੀ ਪਿੰਡ ਦੇ ਇਕ ਚਤੁਰ ਠੇਕੇਦਾਰ ਬੂਟਾ ਰਾਮ ਦੀਆਂ ਗੱਲਾਂ ਵਿਚ ਆ ਕੇ ਵਧੇਰੇ ਕਮਾਈ ਕਰਨ ਦੇ ਲਾਲਚ ਵਿਚ ਆਸਾਮ ਤੁਰ ਜਾਂਦਾ ਹੈ। ਉਹ ਆਪਣੀ ਪਤਨੀ ਸਜਨੀ, ਬੇਟੀ ਲੀਲ੍ਹਾ ਅਤੇ ਛੋਟੀ ਉਮਰ ਦੇ ਬੇਟੇ ਬੁੱਧੂ ਨੂੰ ਆਪਣੇ ਨਾਲ ਲੈ ਜਾਂਦਾ ਹੈ। ਪਰ ਆਸਾਮ ਜਾ ਕੇ ਉਸ ਨੂੰ ਪਤਾ ਚਲਦਾ ਹੈ ਕਿ ਉਹ ਤਾਂ ਠੱਗਿਆ ਗਿਆ ਹੈ। ਚਾਹ ਦੇ ਬਾਗ਼ਾਂ ਦੀ ਦੇਖ-ਭਾਲ ਕਰਨ ਵਾਲੇ ਅੰਗਰੇਜ਼ ਅਧਿਕਾਰੀ, ਮਜ਼ਦੂਰਾਂ ਉੱਪਰ ਬੇਪਨਾਹ ਜ਼ੁਲਮ ਕਰਦੇ ਹਨ। ਉਨ੍ਹਾਂ ਨੂੰ ਅੱਠ ਆਨੇ ਦਿਹਾੜੀ ਮਿਲਦੀ ਸੀ ਅਤੇ ਉਸ ਵਿਚੋਂ ਵੀ ਲਹਿਣੇਦਾਰ ਅੱਧ-ਪਚੱਧ ਵੰਡਾ ਲੈਂਦੇ ਸਨ। ਆਸਾਮ ਵਿਚ ਹੈਜ਼ਾ ਅਤੇ ਮਲੇਰੀਆ ਆਮ ਫੈਲਣ ਵਾਲੀਆਂ ਬਿਮਾਰੀਆਂ ਸਨ। ਇਲਾਜ ਦੀ ਕੋਈ ਵਿਵਸਥਾ ਨਹੀਂ ਸੀ, ਜਿਸ ਕਾਰਨ ਹਰ ਵਰ੍ਹੇ ਅਨੇਕ ਮਜ਼ਦੂਰ ਇਨ੍ਹਾਂ ਬਿਮਾਰੀਆਂ ਦੀ ਵਜ੍ਹਾ ਨਾਲ ਮਰ ਜਾਂਦੇ ਸਨ। ਅੰਗਰੇਜ਼ ਅਫ਼ਸਰ, ਭਾਰਤੀ ਕਾਮਿਆਂ ਦੀਆਂ ਬਹੂ-ਬੇਟੀਆਂ ਦਾ ਜਿਣਸੀ ਸ਼ੋਸ਼ਣ ਕਰਨਾ ਵੀ ਆਪਣਾ ਅਧਿਕਾਰ ਸਮਝਦੇ ਸਨ। ਇੰਜ ਇਨ੍ਹਾਂ ਬਾਗ਼ਾਂ ਵਿਚ ਭਾਰਤੀ ਕਾਮੇ, ਜਿਨ੍ਹਾਂ ਨੂੰ ਅੰਗਰੇਜ਼ ਲੋਕ 'ਕੁਲੀ' ਕਹਿ ਕੇ ਉਨ੍ਹਾਂ ਦੀ ਹੱਤਕ ਕਰਦੇ ਸਨ, ਨਰਕਾਂ ਵਰਗਾ ਜੀਵਨ ਜਿਊਣ ਲਈ ਮਜਬੂਰ ਸਨ।
ਮੁਲਕ ਰਾਜ ਇਕ ਬਹੁਤ ਚੇਤੰਨ ਅਤੇ ਵਚਨਬੱਧ ਲੇਖਕ ਸੀ। ਇਸ ਨਾਵਲ ਵਿਚ ਉਸ ਨੇ ਅੰਗਰੇਜ਼ਾਂ ਦੇ ਇਕ ਸੱਭਿਆ ਕੌਮ ਹੋਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਅਤੇ ਦਰਸਾਇਆ ਹੈ ਕਿ ਇਨ੍ਹਾਂ ਲੋਕਾਂ ਵਿਚ ਕਰੁਣਾ, ਸਹਾਨੁਭੂਤੀ ਅਤੇ ਸੰਵੇਦਨਾ ਨਾਂਅ ਦੀ ਕੋਈ ਵੀ ਚੀਜ਼ ਨਹੀਂ ਸੀ। ਇਹ ਨਾਵਲ ਭਾਰਤ ਵਿਚ ਅੰਗਰੇਜ਼ਾਂ ਦੇ ਬਸਤੀਵਾਦ ਨੂੰ ਨੰਗਾ ਕਰਨ ਵਾਲਾ ਇਕ ਮੁੱਲਵਾਨ ਦਸਤਾਵੇਜ਼ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਰੇਸ਼ਮੀ ਕੁੜੀ
ਲੇਖਿਕਾ : ਸੁਰਜੀਤ ਬੈਂਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਸੁਰਜੀਤ ਬੈਂਸ ਕਵਿੱਤਰੀ ਵੀ ਹੈ ਤੇ ਕਹਾਣੀਕਾਰਾ ਵੀ। ਕਈ ਵਾਰੀ ਦੋਵੇਂ ਵਿਧਾਵਾਂ ਇਕ-ਦੂਸਰੀ 'ਤੇ ਅਸਰਦਾਰ ਹੁੰਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਦੀਆਂ ਕਹਾਣੀਆਂ ਦੀ ਸ਼ੈਲੀ ਕਾਵਿਕ ਤੇ ਲੈਅਪੂਰਨ ਹੁੰਦੀ ਹੈ। ਇਹ ਤੱਥ 'ਰੇਸ਼ਮੀ ਕੁੜੀ' ਸੰਗ੍ਰਹਿ ਦੀਆਂ 22 ਕਹਾਣੀਆਂ ਪੜ੍ਹ ਕੇ ਭਲੀਭਾਂਤ ਸਮਝ ਆ ਜਾਂਦਾ ਹੈ।
'ਰੇਸ਼ਮੀ ਕੁੜੀ' ਸੰਗ੍ਰਹਿ ਦੀਆਂ ਲਗਭਗ ਸਾਰੀਆਂ ਕਹਾਣੀਆਂ ਹੀ (ਛੋਟੀਆਂ-ਵੱਡੀਆਂ) ਲੇਖਿਕਾ ਦੀਆਂ ਆਪ ਬੀਤੀਆਂ ਘਟਨਾਵਾਂ ਪ੍ਰਤੀਤ ਹੁੰਦੀਆਂ ਹਨ। ਉਹ ਹਰ ਕਹਾਣੀ ਨੂੰ ਬਾਤ ਵਾਂਗ ਸੁਣਾਉਂਦੀ ਹੋਈ ਮਾਨਵੀ ਕਦਰਾਂ-ਕੀਮਤਾਂ 'ਤੇ ਪਹਿਰਾ ਦਿੰਦੀ ਦਿਖਾਈ ਪੈਂਦੀ ਹੈ। ਉਸ ਨੂੰ ਉੱਚ ਵਰਗ ਦੀ ਸੁਆਣੀ ਵਾਂਗ ਵਿਚਰ ਕੇ ਵੀ ਆਮ ਪੇਂਡੂ ਤੇ ਸਾਧਾਰਨ ਲੋਕਾਂ ਨਾਲ ਹਮਦਰਦੀ ਹੈ। ਉਸ ਦੀਆਂ ਕਹਾਣੀਆਂ ਆਮ ਔਸਤ ਆਦਮੀ/ਔਰਤ ਦੇ ਦਰਦਾਂ ਤੇ ਦੁੱਖਾਂ ਦਾ ਬਿਆਨ ਪੇਸ਼ ਕਰਦੀਆਂ ਹਨ। ਮਹਾਂ ਨਗਰੀ ਜੀਵਨ ਸ਼ੈਲੀ ਜਿਉਂਦਿਆਂ ਵੀ ਉਹ ਪੇਂਡੂ ਰਹਿਤਲ ਆਕਾਰਾਂ ਤੇ ਵਿਸਥਾਰਾਂ ਵਿਚ ਆਨੰਦਿਤ ਮਹਿਸੂਸ ਕਰਦੀ ਹੈ। ਉਸ ਦੇ ਇਸਤਰੀ ਪਾਤਰ ਜ਼ਿੰਦਗੀ ਨਾਲ ਜੂਝਦੇ ਤੇ ਕੁਰਬਾਨੀ ਦੀ ਆਹਲਾ ਮਿਸਾਲ ਬਣਦੇ ਦਿਖਾਈ ਪੈਂਦੇ ਹਨ। 'ਰੇਸ਼ਮੀ ਕੁੜੀ', 'ਭਾਗਭਰੀ', 'ਮਾਸੀ ਭਾਗ', 'ਘੜੀ', 'ਹੀਰੋ ਤਾਰੋ', 'ਜੈਨਾ ਟਪਰੀ ਵਾਲੀ' ਆਦਿ ਕਹਾਣੀਆਂ ਵਿਚਲੀਆਂ ਔਰਤਾਂ ਸੰਘਰਸ਼ ਭਰਿਆ ਜੀਵਨ ਜਿਊਂਦਿਆਂ ਵੀ ਮੋਹ ਦੀਆਂ ਪਾਤਰ ਬਣੀਆਂ ਰਹਿੰਦੀਆਂ ਹਨ। ਉਹ ਆਪਾ ਵਾਰ ਕੇ ਵੀ ਦੂਸਰਿਆਂ ਦੇ ਕੰਮ ਆਉਂਦੀਆਂ ਹਨ। 'ਟਕਾ ਆਨਾ ਦੁਆਨੀ' ਅੰਧ-ਵਿਸ਼ਵਾਸ ਨੂੰ ਤੋੜਦੀ ਕਹਾਣੀ ਹੈ। 'ਕੁੱਤੀ ਦਾ ਪੁੱਤਰ' ਨਸ਼ਿਆਂ ਦੇ ਖਿਲਾਫ਼ ਮਾਹੌਲ ਸਿਰਜਣ ਵਾਲੀ ਕਹਾਣੀ ਹੈ। 'ਮੇਰੇ ਗੋਬਿੰਦਾ' ਅੱਤਵਾਦ 'ਤੇ ਡੂੰਘਾ ਕਟਾਖਸ਼ ਕਰਨ ਵਾਲੀ ਕਹਾਣੀ ਹੈ। 'ਜ਼ਮਾਨਾ' ਸਮਿਆਂ ਦੇ ਬਦਲ ਰਹੇ ਮੁੱਲਾਂ ਤੇ ਅਕਾਂਖਿਆਵਾਂ ਦੀ ਬਾਤ ਪਾਉਂਦੀ ਹੈ। 'ਬੰਦਾ ਤੇ ਬਾਂਦਰ' ਅੱਜਕਲ੍ਹ ਦੇ ਹੋਛੀ ਜ਼ਿੰਦਗੀ ਜੀਅ ਰਹੇ ਲੋਕਾਂ 'ਤੇ ਵਿਅੰਗ ਕਰਦੀ ਹੈ।
ਇਹ ਕਹਾਣੀਆਂ ਅਸਲ ਵਿਚ ਸਵੈ-ਜੀਵਨੀ ਦੇ ਛੋਟੇ-ਛੋਟੇ ਟੁਕੜਿਆਂ ਨੂੰ ਜੋੜਣ ਦਾ ਯਤਨ ਮਾਤਰ ਲਗਦੀਆਂ ਹਨ। ਕਹਾਣੀ ਲਿਖਣ ਨਾਲੋਂ ਕਹਾਣੀ ਸੁਣਾਉਣ ਵੱਲ ਵਧੇਰੇ ਰੁਚਿਤ ਹਨ। ਆਮ ਲੋਕਾਂ ਦੇ ਦੁੱਖ-ਸੁੱਖ ਦੀਆਂ ਕਹਾਣੀਆਂ ਹੀ ਤਾਂ ਹਨ ਇਹ।

-ਕੇ. ਐਲ. ਗਰਗ
ਮੋ: 94635-37050

ਢਾਹ ਲੱਗੀ ਬਸਤੀ
ਲੇਖਕ : ਮਲਿਕ ਮਿਹਰ ਅਲੀ
ਲਿਪੀਅੰਤਰ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 88.

ਪਾਕਿਸਤਾਨ ਵਿਚ ਪੰਜਾਬੀ ਕਹਾਣੀ ਦਾ ਮੁਹਾਂਦਰਾ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ। ਮਲਿਕ ਮਿਹਰ ਅਲੀ (ਇਸਲਾਮਾਬਾਦ) ਦੀ ਇਹ ਪੁਸਤਕ ਦਾ ਲਿਪੀਅੰਤਰ ਡਾ: ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ। ਪੁਸਤਕ ਵਿਚ 14 ਕਹਾਣੀਆਂ ਹਨ। ਹਿਜਰਤ, ਤਾਂਘ, ਕਬਰਸਤਾਨ ਦੀ ਭੀੜ, ਚਿੱਟਾ ਲਹੂ, ਦਰਿਆ ਦੇ ਕੰਡੇ ਰਹਿਣ ਵਾਲੇ, ਕਬਰੀਂ ਮੋਏ, ਸਿਉਂਕ, ਢੇਰੀਆਂ, ਅਜੋੜ, ਵਿੱਥ, ਪੁੱਠੀ ਤਾਰੀ, ਮਿੱਟੀ ਦੇ ਸੰਗਲ ਕਹਾਣੀਆਂ ਪੁਸਤਕ ਵਿਚ ਹਨ। ਇਨ੍ਹਾਂ ਤੋਂ ਇਲਾਵਾ ਆਰੰਭ ਵਿਚ ਮਲਿਕ ਮਿਹਰ ਅਲੀ ਦੀ ਕਹਾਣੀ ਸਿਰਜਣਾ ਬਾਰੇ ਡਾ: ਧੀਮਾਨ ਨੇ ਗੰਭੀਰ ਚਰਚਾ ਕੀਤੀ ਹੈ। ਕਹਾਣੀਆਂ ਤੋਂ ਬਾਅਦ ਪੰਨਾ 81-88 'ਤੇ ਮੁਲਾਕਾਤ ਹੈ, ਜਿਸ ਵਿਚ ਮਲਿਕ ਮਿਹਰ ਅਲੀ ਨੇ 19 ਸਵਾਲਾਂ ਦੇ ਜਵਾਬ ਲਿਖੇ ਹਨ। ਇਸ ਮੁਲਾਕਾਤ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਮਲਿਕ ਮਿਹਰ ਅਲੀ ਆਮ ਮਨੁੱਖਾਂ ਦੇ ਹੱਕਾਂ ਦੀ ਰਾਖੀ ਲਈ ਕਹਾਣੀਆਂ ਦੀ ਸਿਰਜਣਾ ਕਰਦਾ ਹੈ। ਇਨ੍ਹਾਂ ਕਹਾਣੀਆਂ ਵਿਚ ਸਾਧਾਰਨ ਲੋਕਾਂ ਦੀ ਜ਼ਿੰਦਗੀ ਦੀ ਤਸਵੀਰ ਹੈ। ਮਿਹਨਤਕਸ਼ ਲੋਕ ਕਹਾਣੀਆਂ ਦੇ ਪਾਤਰ ਹਨ। ਕਹਾਣੀਕਾਰ ਅਨੁਸਾਰ ਇਥੋਂ ਦੀ ਕਹਾਣੀ ਦਾ ਪਾਸਾਰ ਅਜੇ ਏਨਾ ਮੋਕਲਾ ਨਹੀਂ ਹੋਇਆ। ਜ਼ਿਆਦਾਤਰ ਕਹਾਣੀਆਂ ਸਤਹੀ ਮਸਲਿਆਂ ਬਾਰੇ ਨੇ। ਨੀਝ ਲਾ ਕੇ ਤੱਕਣ ਵਾਲੇ ਮਸਲਿਆਂ ਨੂੰ ਬਿਆਨ ਕਰਨ ਵਾਲੇ ਅਜੇ ਨਹੀਂ ਆਏ। (ਪੰਨਾ 83-84) ਕਹਾਣੀਆਂ ਦੇ ਪਾਤਰਾਂ ਦੀ ਸਾਧਾਰਨ ਗੱਲਬਾਤ ਵਿਚ ਨਿਰੋਲ ਲਹਿੰਦੀ ਸ਼ਬਦ 'ੜ' ਅੱਖਰ ਦੀ ਵਰਤੋਂ ਕਰਕੇ ਸ਼ਬਦਾਂ ਦੀ ਮਿਠਾਸ ਪੈਦਾ ਕੀਤੀ ਗਈ ਹੈ।
'ਬੱਚੜਾ! ਸਾਡੇ ਘਰ ਤਾਂ ਹੁਣ ਅਗਾਹ ਹੀ ਬਣਨਗੇ। ਉਹ ਵੀ ਜੇ ਕਿਸਮਤ ਵਿਚ ਹੋਏ ਤਾਂ' ....(ਪੰਨਾ 79)
'ਨਹੀਂ ਮਾਂ ਇੰਝ ਨਾ ਕਹਿ'।
'ਕਮਲਾ ਹੋ ਗਿਆ ਉਹ ਤਾਂ ਸਿਰਫ ਤਮਾਸ਼ਾ ਸੀ। ਤੂੰ ਐਨੂੰ ਹੱਕੀ ਜਾਨ ਲਿਆ ਏ' .... (ਪੰਨਾ 79)
ਬੋਲੀ ਦੀ ਮਿਠਾਸ ਵੇਖੋ
'ਵਖਤਾਂ ਵਾਲੀਏ ਮੈਂ ਇਸ ਨਦੀ ਦਾ ਤਾਰੂ ਹਿੱਸਾ ਟੱਪ ਗਿਆਂ' .... (ਪੰਨਾ 45)
ਸੰਗ੍ਰਹਿ ਵਿਚ ਪਾਤਰਾਂ ਦੀ ਮਾਸੂਮੀਅਤ ਮਜਬੂਰੀਆਂ, ਗ਼ਰੀਬੀ, ਮੰਦੀ ਆਰਥਿਕਤਾ ਦਾ ਅਹਿਸਾਸ ਹੁੰਦਾ ਹੈ। ਕਹਾਣੀ ਸੰਗ੍ਰਹਿ ਜਿਥੇ ਪਾਕਿਸਤਾਨੀ ਪੰਜਾਬੀ ਕਹਾਣੀ ਦੇ ਮਿਆਰ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ, ਉਥੇ ਪੰਜਾਬੀ ਮਾਂ ਬੋਲੀ ਦੀ ਵਡੇਰੀ ਸੀਮਾ ਵੀ ਨਿਸਚਿਤ ਕਰਦਾ ਹੈ। ਪੰਜਾਬੀ ਕਹਾਣੀ ਦੇ ਖੋਜੀ ਪਾਠਕਾਂ, ਭਾਸ਼ਾ ਵਿਗਿਆਨਾਂ ਬੁੱਧੀਜੀਵੀਆਂ ਤੇ ਪੱਛਮੀ ਪੰਜਾਬ ਦੇ ਲੋਕਾਂ ਦਾ ਆਮ ਸੱਭਿਆਚਾਰ ਜਾਨਣ ਲਈ ਪੁਸਤਕ ਲਾਹੇਵੰਦ ਹੈ। ਪ੍ਰਕਾਸ਼ਕ ਵੱਲੋਂ ਰੀਝ ਨਾਲ ਪੁਸਤਕ ਛਾਪੀ ਗਈ ਹੈ ਪਰ ਇਸ ਵਿਚ ਪ੍ਰਕਾਸ਼ਨ ਵਰ੍ਹਾ ਨਹੀਂ ਲਿਖਿਆ ਗਿਆ। ਸਾਂਝੇ ਪੰਜਾਬ ਦੇ ਸਾਹਿਤ ਪ੍ਰੇਮੀਆਂ ਵੱਲੋਂ ਪੁਸਤਕ ਦਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਵਿਕਾਸਵਾਦ ਅਤੇ ਉਪਨਸਲਾਂ
ਲੇਖਕ : ਦਲਜੀਤ ਸਿੰਘ
ਪ੍ਰਕਾਸ਼ਕ : ਸਾਇੰਸ ਐਂਡ ਜਨਰਲ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 600 ਰੁਪਏ, ਸਫ਼ੇ : 452.

ਚਾਰਲਸ ਡਾਰਵਿਨ ਦੀ ਓਰਿਜਿਨ ਆਫ ਸਪੀਸ਼ੀਜ਼ ਨੇ ਵਿਕਾਸਵਾਦ ਦਾ ਸਿਧਾਂਤ ਪੇਸ਼ ਕਰਕੇ ਵਿਗਿਆਨ ਹੀ ਨਹੀਂ ਚਿੰਤਨ ਦੇ ਸਮੁੱਚੇ ਖੇਤਰ ਵਿਚ ਵੱਡੀ ਹਲਚਲ ਪੈਦਾ ਕੀਤੀ। ਲੱਖਾਂ ਕਰੋੜਾਂ ਸਾਲਾਂ ਵਿਚ ਅਮੀਬਾ ਜਿਹੇ ਇਕ ਸੈਲ ਵਾਲੇ ਜੀਵਨ ਤੋਂ ਮਨੁੱਖ ਜਿਹੇ ਜਟਿਲ ਪ੍ਰਾਣੀ ਤੱਕ ਦਾ ਕ੍ਰਮਿਕ ਵਿਕਾਸ ਇਸ ਸਿਧਾਂਤ ਦੀ ਕੇਂਦਰੀ ਧਾਰਨਾ ਹੈ। ਇਸ ਪੁਸਤਕ ਵਿਚਲੀ ਵਿਆਖਿਆ ਬੀਗਲ ਨਾਮੀ ਸ਼ਿਪ ਉਤੇ ਡਾਰਵਿਨ ਦੁਆਰਾ ਕੀਤੀ ਦੇਸ਼ ਕਾਲ ਦੀ ਲੰਮੀ ਯਾਤਰਾ ਦੌਰਾਨ ਇਕੱਠੇ ਕੀਤੀ ਸਮੱਗਰੀ ਤੇ ਤੱਥਾਂ ਦੇ ਵਿਸ਼ਲੇਸ਼ਣ ਉਤੇ ਆਧਾਰਿਤ ਹੈ। ਦਲਜੀਤ ਸਿੰਘ ਨੇ ਡਾਰਵਿਨ ਦੀ ਇਸ ਮਹੱਤਵਪੂਰਨ ਰਚਨਾ ਦਾ ਸੁਤੰਤਰ ਅਨੁਵਾਦ ਕਰਨ ਦਾ ਯਤਨ ਕੀਤਾ ਹੈ। ਆਪਣੇ-ਆਪ ਵਿਚ ਇਹ ਉਪਰਾਲਾ ਨਿਸਚੇ ਹੀ ਪ੍ਰਸੰਸਾਯੋਗ ਹੈ। ਅਨੁਵਾਦਕ/ਲੇਖਕ ਪੁਸਤਕ ਦੀ ਭੂਮਿਕਾ ਵਿਚ ਹੀ ਸਪੱਸ਼ਟ ਕਰ ਦਿੰਦਾ ਹੈ ਕਿ ਡਾਰਵਿਨ ਦੇ ਮੂਲ ਗ੍ਰੰਥ ਦਾ ਸੰਪੂਰਨ ਅਨੁਵਾਦ ਨਹੀਂ। ਵਿਚਾਰ ਡਾਰਵਿਨ ਦੇ ਹਨ। ਪੁਸਤਕ ਖੁੱਲ੍ਹਾ ਅਨੁਵਾਦ ਹੈ। ਇਹ ਪਹੁੰਚ ਵੀ ਮੈਨੂੰ ਚੰਗੀ ਲੱਗੀ ਕਿ ਮੂਲ ਲੇਖਕ ਦੀਆਂ ਪ੍ਰਮੁੱਖ ਧਾਰਨਾਵਾਂ ਨੂੰ ਵਿਆਖਿਆ ਸਹਿਤ ਸਰਲ ਪੰਜਾਬੀ ਜ਼ਬਾਨ ਵਿਚ ਪੰਜਾਬੀ ਪਾਠਕਾਂ ਨਾਲ ਸਾਂਝਾ ਕਰਨਾ ਚੰਗੀ ਗੱਲ ਹੈ। ਇਸ ਨਾਲ ਕਈ ਪ੍ਰਕਾਰ ਦੀਆਂ ਬਾਰੀਕੀਆਂ ਨੂੰ ਛੱਡਣਾ ਸੰਭਵ ਹੋ ਜਾਂਦਾ ਹੈ। ਦੇਸ਼/ਕਾਲ ਨਾਲ ਸਬੰਧਤ ਕਈ ਵੇਰਵੇ, ਜੋ ਸਾਡੇ ਲਈ ਓਪਰੇ ਹਨ, ਉਹ ਛੱਡੇ ਜਾ ਸਕਦੇ ਹਨ। ਉਦਾਹਰਨਾਂ ਦਾ ਖਿਲਾਰਾ ਪਾਸੇ ਕੀਤਾ ਜਾ ਸਕਦਾ ਹੈ। ਤਕਨੀਕੀ ਸ਼ਬਾਦਵਲੀ ਨਾਲ ਰਤਾ ਖੁੱਲ੍ਹ ਲਈ ਜਾ ਸਕਦੀ ਹੈ। ਇਸ ਸਾਰੇ ਕੁਝ ਦੇ ਬਾਵਜੂਦ ਇਹ ਪੁਸਤਕ ਆਪਣੇ ਉਦੇਸ਼ ਵਿਚ ਬੁਰੀ ਤਰ੍ਹਾਂ ਅਸਫ਼ਲ ਹੈ। ਸਾਢੇ ਚਾਰ ਸੌ ਪੰਨੇ ਪੜ੍ਹ ਕੇ ਵੀ ਪਾਠਕ ਦੇ ਪੱਲੇ ਸਾਢੇ ਚਾਰ ਪੰਨੇ ਨਹੀਂ ਪੈਂਦੇ। ਕੁਛ ਨਾ ਸਮਝੇ ਖ਼ੁਦਾ ਕਰੇ ਕੋਈ। ਕਾਰਨ ਲੇਖਕ ਨੂੰ ਆਪਣੇ ਵਿਸ਼ੇ ਦੀ ਆਪ ਹੀ ਸਮਝ ਨਹੀਂ। ਉਸ ਦੀ ਇਹ ਕਮਜ਼ੋਰੀ ਉਸ ਨੂੰ ਭਾਸ਼ਾ ਦੇ ਪੱਧਰ 'ਤੇ ਵੀ ਨਿਆਂ ਨਹੀਂ ਕਰਨ ਦਿੰਦੀ। ਉਦਾਹਰਨਾਂ ਵੇਖੋ : ਕੀ ਇਹ ਇਕ ਜਾਂ ਕਈ ਮਾਪੇ-ਉਪ ਨਸਲਾਂ ਦੀ ਉੱਤਰ-ਉਤਪਤੀ ਹਨ? ...ਇਸ ਤਰ੍ਹਾਂ ਅਸੀਂ ਕੁਦਰਤ ਦੀ ਜੰਗ ਤੋਂ ਕਾਲ (ਫੈਮਿਨ) ਅਤੇ ਮੌਤ ਤੋਂ ਉਚੇਰੇ ਪਸ਼ੂਆਂ ਦੀ ਉਪਜ ਦੇਖਦੇ ਹਾਂ ਜਿਹੜੀ ਇਸ ਤੋਂ ਮਗਰੋਂ ਸਿੱਧੇ ਤੌਰ 'ਤੇ ਚਲਦੀ ਹੈ। ... ਵਿਸ਼ਾ/ਭਾਸ਼ਾ/ਪਾਠਕ/ਡਾਰਵਿਨ ਕਿਸੇ ਨਾਲ ਵੀ ਨਿਆਂ ਨਹੀਂ ਕਰਦੀ ਇਹ ਪੁਸਤਕ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਯੁਗਾਂ ਦੀ ਧੂੜ
ਲੇਖਕ : ਖ਼ਲੀਲ ਜਿਬਰਾਨ
ਅਨੁਵਾਦਕ : ਜਗਦੀਸ਼ ਕੌਰ ਵਾਡੀਆ (ਡਾ:)
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 144.

ਡਾ: ਜਗਦੀਸ਼ ਕੌਰ ਵਾਡੀਆ ਇਕ ਵਿਦਵਾਨ ਲੇਖਿਕਾ ਹੈ। ਖ਼ਲੀਲ ਜਿਬਰਾਨ ਸਬੰਧੀ ਲੇਖਿਕਾ ਦਾ ਵਿਚਾਰ ਹੈ ਕਿ ਉਸ ਨੇ ਇਕ ਬਾਗੀ ਤੋਂ ਪੈਗੰਬਰ ਤੱਕ ਦਾ ਲੰਮਾ ਸਫ਼ਰ ਤੈਅ ਕੀਤਾ। ਸੰਸਾਰ ਦੇ ਮਹਾਨ ਚਿੰਤਕਾਂ ਵਿਚ ਉਸ ਦਾ ਸਥਾਨ ਵਿਲੱਖਣ ਹੈ। ਉਸ ਸਬੰਧੀ 16 ਪੁਸਤਕਾਂ ਦਾ ਅਨੁਵਾਦ ਅਤੇ ਇਕ ਪੁਸਤਕ ਮੌਲਿਕ ਰੂਪ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ। ਹਥਲੀ ਪੁਸਤਕ ਵਿਚ ਤਿੰਨ ਪੁਸਤਕਾਂ ਦਾ ਇਕੱਠਾ ਅਨੁਵਾਦ ਪੇਸ਼ ਕੀਤਾ ਗਿਆ ਹੈ ਕਿਉਂ ਜੋ ਇਹ ਪੁਸਤਕਾਂ ਆਕਾਰ ਪੱਖੋਂ ਛੋਟੀਆਂ ਸਨ। ਇਹ ਤਿੰਨ ਪੁਸਤਕਾਂ ਮਾਰਥਾ, ਯੁਗਾਂ ਦੀ ਧੂੜ, ਸਦੀਵੀ ਅੱਗ ਅਤੇ ਪਾਗਲ ਜੋਹਨ ਸ਼ਾਮਿਲ ਹਨ। ਇਹ ਸੰਗ੍ਰਹਿ ਵਿਧਾ ਦੀ ਦ੍ਰਿਸ਼ਟੀ ਤੋਂ ਕਹਾਣੀ, ਕਵਿਤਾ ਅਤੇ ਲੇਖਾਂ ਦਾ ਮਿਸ਼ਰਤ ਰੂਪ ਹੈ। 'ਮਾਰਥਾ' ਪੁਸਤਕ ਵਿਚ 'ਮਾਰਥਾ' ਨਾਂਅ ਦੀ ਲੜਕੀ ਦਾ ਦੁਖਾਂਤ ਹੈ, ਜਿਸ ਨੂੰ ਕਿਸੇ ਦਰਿੰਦੇ ਨੇ ਨਰਕੀ ਜੀਵਨ ਵਿਚ ਸੁੱਟਿਆ। ਉਹ ਇਕ ਕੁਚਲਿਆ ਗਿਆ ਫੁੱਲ ਸੀ। ਉਸ ਨੂੰ ਵੇਸਵਾ ਦਾ ਜੀਵਨ ਜਿਊਣਾ ਪਿਆ। ਇਨ੍ਹਾਂ ਸਬੰਧਾਂ 'ਚੋਂ ਪੈਦਾ ਹੋਏ ਉਸ ਦੇ ਬੇਟੇ ਦਾ ਨਾਂਅ 'ਫ਼ਵਾਦ' ਹੈ। ਉਸ ਨੂੰ ਡਰ ਹੈ ਕਿ ਸਮਾਜ ਉਸ ਦੇ ਪੁੱਤ ਨੂੰ ਨਫ਼ਰਤ ਕਰੇਗਾ। ਉਸ ਨੂੰ 'ਫ਼ਵਾਦ' ਦੀ ਹਾਜ਼ਰੀ ਵਿਚ ਖੇਤਾਂ ਵਿਚ ਦਫ਼ਨਾ ਦਿੱਤਾ ਜਾਂਦਾ ਹੈ। ਸਿੱਖਿਆ ਦਿੱਤੀ ਗਈ ਹੈ ਕਿ 'ਦੁੱਖ ਦੇਣ ਵਾਲੇ ਨਾਲੋਂ ਦੁੱਖ ਸਹਿਣ ਵਾਲਾ ਬਣਨਾ ਕਿਤੇ ਚੰਗਾ ਹੈ।' 'ਯੁਗਾਂ ਦੀ ਧੂੜ ਅਤੇ ਸਦੀਵੀ ਅੱਗ' ਵਿਚ ਦੋ ਪਿਆਰਿਆਂ ਦਾ ਵਿਛੋੜਾ ਅਤੇ ਅਗਲੇ ਜਨਮ ਵਿਚ ਮਿਲਾਪ ਦੀ ਕਥਾ ਪੇਸ਼ ਕੀਤੀ ਗਈ ਹੈ। 'ਪਾਗਲ ਜੋਹਨ' ਪੁਸਤਕ ਦਾ ਨਾਇਕ ਜੋਹਨ ਪਾਗਲ ਨਹੀਂ ਸਗੋਂ ਧਰਮ ਦੇ ਅਖੌਤੀ ਠੇਕੇਦਾਰਾਂ ਵਿਰੁੱਧ ਬੋਲਣ ਲਈ ਲੋਹੜੇ ਦਾ ਜਾਦੂ ਰੱਖਦਾ ਸੀ। ਉਸ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਪੁਸਤਕ ਦੇ 'ਰਮਤਾ' ਵਾਲੇ ਭਾਗ ਵਿਚ 81 ਮਿੰਨੀ ਕਹਾਣੀਆਂ/ਸਾਖੀਆਂ ਵਰਗੀਆਂ ਰਚਨਾਵਾਂ ਹਨ। ਇਵੇਂ 'ਮੋਹਰੀ' ਵਾਲੇ ਭਾਗ ਵਿਚ 25 ਕਹਾਣੀਆਂ/ਸਾਖੀਆਂ ਹਨ। ਇਹ ਸਾਰੀਆਂ ਮਾਨਵਤਾ ਲਈ ਉਪਦੇਸ਼ਾਤਮਕ ਹਨ ਅਤੇ ਇਸ ਜੀਵਨ ਨੂੰ ਅਰਥ-ਭਰਪੂਰ ਬਣਾਉਣ ਲਈ ਲਾਹੇਵੰਦ ਹਨ। ਇਸ ਪੁਸਤਕ ਦੀ ਖੂਬਸੂਰਤੀ ਪ੍ਰਕਿਰਤੀ ਚਿਤਰਣ ਵਿਚ ਨਿਹਿਤ ਹੈ। ਅਨੁਵਾਦਕ ਵਿਦੁਸ਼ੀ (ਵਿਦਵਾਨ ਇਸਤਰੀ) ਨੇ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਬਾਖੂਬੀ ਪ੍ਰਸਤੁਤ ਕੀਤਾ ਹੈ। ਦਰਅਸਲ ਅਨੁਵਾਦ ਵਿਚ ਪੰਜਾਬੀ ਆਤਮਾ ਪ੍ਰਵੇਸ਼ ਕਰ ਗਈ ਹੈ, ਜਿਸ ਕਾਰਨ ਇਸ ਵਿਚੋਂ ਮੌਲਿਕਤਾ ਦੀ ਮਹਿਕ ਆਉਂਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਮੇਰੀਆਂ ਸਾਰੀਆਂ ਕਹਾਣੀਆਂ
ਲੇਖਿਕਾ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 350, ਸਫ਼ੇ : 592.

ਦਲੀਪ ਕੌਰ ਟਿਵਾਣਾ ਪੰਜਾਬੀ ਦੀ ਉੱਚ ਦੁਮੇਲੜੀ ਲੇਖਿਕਾ ਹੈ। ਉਹ ਪਿਛਲੇ 45 ਸਾਲ ਤੋਂ ਉੱਪਰ ਸਮੇਂ ਤੋਂ ਨਿਰੰਤਰ ਸਾਹਿਤ ਸਾਧਨਾ ਕਰ ਰਹੀ ਹੈ। ਉਹ ਤਕਰੀਬਨ 50 ਕਿਤਾਬਾਂ ਦੀ ਰਚੇਤਾ ਹੈ ਜਿਸ ਵਿਚੋਂ 30 ਨਾਵਲ ਅਤੇ 12 ਕਹਾਣੀ ਸੰਗ੍ਰਹਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸਵੈ-ਜੀਵਨੀ, ਵਾਰਤਕ ਲੇਖਣ ਅਤੇ ਰੇਖਾ ਚਿੱਤਰ ਦੀ ਪੁਸਤਕ ਵੀ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। ਖੁਸ਼ੀ ਦੀ ਗੱਲ ਹੈ ਕਿ ਉਸ ਦੀ ਕਲਮ ਅਜੇ ਵੀ ਨਿਰੰਤਰ ਚੱਲ ਰਹੀ ਹੈ। ਵਿਚਾਰ ਅਧੀਨ ਪੁਸਤਕ 'ਮੇਰੀਆਂ ਸਾਰੀਆਂ ਕਹਾਣੀਆਂ' ਵਿਚ ਟਿਵਾਣਾ ਦੀਆਂ ਦਸ ਕਹਾਣੀ ਪੁਸਤਕਾਂ ਵਿਚਲੀਆਂ ਸਾਰੀਆਂ ਕਹਾਣੀਆਂ ਨੂੰ ਸਮੱਗਰ ਰੂਪ ਵਿਚ ਇਕ ਵੱਡੀ ਗ੍ਰੰਥ ਅਕਾਰੀ ਪੁਸਤਕ ਵਿਚ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਵਿਚ ਟਿਵਾਣਾ ਦੇ ਕਹਾਣੀ ਸੰਗ੍ਰਹਿ 'ਤੇਰਾ ਕਮਰਾ ਮੇਰਾ ਕਮਰਾ', 'ਇਕ ਕੁੜੀ', 'ਕਿਸੇ ਦੀ ਧੀ', 'ਸਾਧਨਾ', 'ਵੇਦਨਾ', 'ਯਾਤਰਾ', 'ਪ੍ਰਬਲ ਵਹਿਣ', 'ਵੈਰਾਗੇ ਨੈਣ', 'ਤ੍ਰਾਣਾ' ਅਤੇ 'ਤੂੰ ਭਰੀ ਹੁੰਗਾਰਾ' ਦੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁੱਲ ਮਿਲਾ ਕੇ 142 ਕਹਾਣੀਆਂ ਛੇ ਸੌ ਪੰਨਿਆਂ ਦੇ ਕਰੀਬ ਫੈਲੀਆਂ ਹੋਈਆਂ ਹਨ।
ਟਿਵਾਣਾ ਆਪਣੀਆਂ ਕਹਾਣੀਆਂ ਵਿਚ ਮਨੁੱਖੀ ਮੂਲ ਵਿਸ਼ੇਸ਼ਕਰ ਔਰਤ ਦੇ ਅੰਤਰਮਨ ਦੀਆਂ ਪਰਤਾਂ ਨੂੰ ਫਰੋਲਦੀ ਹੈ। ਉਹ ਤੀਜੇ ਪੜਾਅ ਦੇ ਕਹਾਣੀ ਲੇਖਕਾਂ ਵਿਚ ਸ਼ਾਮਿਲ ਅਜਿਹੀ ਕਹਾਣੀਕਾਰਾ ਹੈ ਜੋ ਜ਼ਿਆਦਾਕਰ ਸਿੱਧ ਪੱਧਰੀ ਅਤੇ ਸਾਦਮੁਰਾਦੀ ਕਹਾਣੀ ਲਿਖਦੀ ਹੈ। ਉਸ ਦੀ ਕਹਾਣੀ ਤੇਜੀ ਨਾਲ ਅੱਗੇ ਵੱਲ ਵੱਧਦੀ ਹੈ ਅਤੇ ਇਹ ਕਿਸੇ ਇਕ ਕੇਂਦਰੀ ਵਿਸ਼ੇ ਨੂੰ ਲੈ ਕੇ ਮੂਲ ਢਾਂਚੇ ਦੀ ਉਸਾਰੀ ਕਰਦੀ ਹੈ। ਉਸ ਦੀਆਂ ਕਹਾਣੀਆਂ ਵਿਚ ਪੇਂਡੂ ਅਤੇ ਸ਼ਹਿਰੀ ਪਾਤਰ ਬਰਾਬਰ ਰੂਪ ਵਿਚ ਇਕੋ ਜਿੰਨੀ ਪੁਖ਼ਤਗੀ ਨਾਲ ਉੱਭਰਦੇ ਹਨ। ਉਹ ਹਲਕੇ ਫੁਲਕੇ ਢੰਗ ਨਾਲ ਬਿਨਾਂ ਕਿਸੇ ਉਚੇਚ ਦੇ ਡੂੰਘੀ ਗੱਲ ਕਹਿ ਜਾਂਦੀ ਹੈ। ਇਸ ਨਿਰਉਚੇਚਪੁਣੇ ਵਿਚ ਹੀ ਟਿਵਾਣਾ ਦੀ ਕਹਾਣੀ ਦਾ ਕੌਸ਼ਲ ਛਿਪਿਆ ਹੋਇਆ ਹੈ। 'ਮੇਰੀਆਂ ਸਾਰੀਆਂ ਕਹਾਣੀਆਂ' ਪੁਸਤਕ ਨੂੰ ਪੜ੍ਹਣ ਉਪਰੰਤ ਪਾਠਕ ਟਿਵਾਣਾ ਦੇ ਕਹਾਣੀ ਸਫ਼ਰ ਦੇ ਵਿਕਾਸ ਨਾਲ ਵੀ ਨੇੜਿਓਂ ਰਿਸ਼ਤਾ ਸਿਰਜ ਸਕਦਾ ਹੈ। ਇਸ ਵਿਕਾਸ ਯਾਤਰਾ ਵਿਚ ਟਿਵਾਣਾ ਦੀ ਸਥੂਲਤਾ ਤੋਂ ਦਾਰਸ਼ਨਿਕਤਾ ਵੱਲ ਦੀ ਵਿਕਾਸ ਯਾਤਰਾ ਛਿਪੀ ਹੋਈ ਹੈ। ਪਰ ਇਸ ਵਿਚ ਜਿਹੜੀ ਗੱਲ ਨਿਰੰਤਰ ਰਹਿੰਦੀ ਹੈ ਉਹ ਹੈ ਕਹਾਣੀ ਨੂੰ ਕਹਿਣ ਦਾ ਢੰਗ। ਟਿਵਾਣਾ ਹਮੇਸ਼ਾ ਹੀ ਬੇਲੋੜੀਆਂ ਗਲਪੀ ਜੁਗਤਾਂ ਤੋਂ ਗੁਰੇਜ਼ ਕਰਦੀ ਹੈ ਅਤੇ ਆਪਣੀ ਗੱਲ ਸਾਦ ਮੁਰਾਦੇ ਢੰਗ ਨਾਲ ਕਹਿੰਦੀ ਹੈ। ਬੇਸ਼ੱਕ ਇਸ ਸਭ ਨਾਲ ਕਈ ਵਾਰ ਕਹਾਣੀ ਪਾਠ ਉਕਤਾਊ ਅਤੇ ਬੋਝੜ ਵੀ ਬਣ ਜਾਂਦਾ ਹੈ। ਬਹੁਤ ਸਾਰੇ ਵਿਸ਼ਿਆਂ ਦਾ ਦੁਹਰਾਓ ਵੀ ਅੱਖਰਦਾ ਹੈ। ਪਰ ਇਹ ਪੁਸਤਕ ਦਲੀਪ ਕੌਰ ਟਿਵਾਣਾ ਦੇ ਪਾਠਕਾਂ ਦੇ ਨਾਲ-ਨਾਲ ਉਸ ਦੇ ਕਹਾਣੀ ਸੰਸਾਰ 'ਤੇ ਖੋਜ ਕਰ ਰਹੇ ਖੋਜਾਰਥੀਆਂ ਲਈ ਮੁੱਲਵਾਨ ਤੋਹਫ਼ਾ ਹੈ।

-ਪ੍ਰੋ: ਸੁਖਪਾਲ ਸਿੰਘ ਥਿੰਦ
ਮੋ: 98885-21960

ਤੀਨ ਲੋਕ ਸੇ ਨਿਆਰੀ
ਨਾਵਲਕਾਰ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 108.

ਦਲੀਪ ਕੌਰ ਟਿਵਾਣਾ ਪੰਜਾਬੀ ਨਾਵਲ ਜਗਤ ਦੀ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀ ਸਾਹਿਤ ਦੀ ਆਦਰਯੋਗ ਹਸਤੀ ਹੈ, ਜਿਸ ਨੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾਇਆ ਹੈ। ਉਸ ਨੇ ਪੰਜਾਬੀ ਨਾਵਲ ਜਗਤ ਵਿਚ ਆਪਣਾ ਵਿਸ਼ੇਸ਼ ਅਤੇ ਵਿਲੱਖਣ ਮੁਕਾਮ ਬਣਾਇਆ ਹੈ ਅਤੇ ਉਸ ਦਾ ਨਾਵਲੀ ਸਫ਼ਰ ਵੀ ਬਹੁਤ ਲੰਮੇਰਾ ਹੈ। 'ਏਹੁ ਹਮਾਰਾ ਜੀਵਣਾ' ਵਰਗੀ ਸ਼ਾਹਕਾਰ ਰਚਨਾ ਨੂੰ ਪੰਜਾਬੀ ਸਾਹਿਤ ਦੇ ਪਾਠਕ ਅੱਜ ਵੀ ਦਿਲਚਸਪੀ ਨਾਲ ਪੜ੍ਹਦੇ ਅਤੇ ਯਾਦ ਕਰਦੇ ਹਨ।
ਦਲੀਪ ਕੌਰ ਟਿਵਾਣਾ ਦੀ ਨਵੀਂ ਨਾਵਲੀ ਸਿਰਜਣਾ 'ਤੀਨ ਲੋਕ ਸੇ ਨਿਆਰੀ' ਨਾਵਲ ਦੇ ਰੂਪ ਵਿਚ ਸਾਹਮਣੇ ਆਈ ਹੈ, ਜਿਸ ਨੇ ਕਿ ਉਸ ਦੇ ਸਿਰਜਨਾਤਮਕ ਸਫ਼ਰ ਵਿਚ ਇਕ ਨਵਾਂ ਅਧਿਆਇ ਜੋੜਿਆ ਹੈ। ਭਾਵੇਂ ਕਿ ਦਲੀਪ ਕੌਰ ਟਿਵਾਣਾ ਦੇ ਸਿਰਜਨਾਤਮਕ ਕਲੇਵਰ ਨੂੰ ਔਰਤ ਦੀ ਸਥਿਤੀ ਤੱਕ ਮਹਿਦੂਦ ਰੱਖਣ ਬਾਰੇ ਵੱਖ-ਵੱਖ ਰਾਵਾਂ ਵੀ ਚਲਦੀਆਂ ਹਨ ਪਰ ਔਰਤ ਦੀ ਅਸਲ ਤਸਵੀਰ ਨੂੰ ਜਿਵੇਂ ਦਲੀਪ ਕੌਰ ਟਿਵਾਣਾ ਪੇਸ਼ ਕਰਦੀ ਹੈ, ਸ਼ਾਇਦ ਹੀ ਕੋਈ ਹੋਰ ਕਰ ਸਕੇ। ਉਹ ਔਰਤ ਨੂੰ ਉਸ ਦੇ ਆਲੇ-ਦੁਆਲੇ ਦੇ ਸਮੁੱਚੇ ਪ੍ਰਸੰਗ ਅਤੇ ਪ੍ਰਬੰਧ ਵਿਚ ਰੱਖ ਕੇ ਪੇਸ਼ ਕਰਦੀ ਹੈ ਅਤੇ ਔਰਤ ਨੂੰ ਦਰਪੇਸ਼ ਸਮਾਜਿਕ ਚੁਣੌਤੀਆਂ ਨੂੰ ਪੂਰੇ ਵਿਵੇਕਸ਼ੀਲ ਨਜ਼ਰੀਏ ਤੋਂ ਚਿਤਰਦੀ ਹੈ। 'ਤੀਨ ਲੋਕ ਸੇ ਨਿਆਰੀ' ਨਾਵਲ ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਸਾਹਿਬਾ ਤੋਂ ਸਾਹਿਬ ਕੌਰ ਅਤੇ ਫਿਰ ਖਾਲਸੇ ਦੀ ਮਾਤਾ ਬਣਨ ਦਾ ਇਤਿਹਾਸਕ ਬਿਰਤਾਂਤ ਹੈ, ਜਿਸ ਨੂੰ ਦਲੀਪ ਕੌਰ ਟਿਵਾਣਾ ਨੇ ਨਾਵਲੀ ਰੂਪਾਂਤਰਣ ਵਿਚ ਪੇਸ਼ ਕੀਤਾ ਹੈ। ਇਸ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਵੀ ਔਰਤ-ਮਨ ਦੀਆਂ ਵਿਭਿੰਨ ਪਰਤਾਂ ਦੀ ਪੇਸ਼ਕਾਰੀ ਹੋਈ ਹੈ। ਭਾਵੇਂ ਕਿ ਮਾਤਾ ਸਾਹਿਬ ਕੌਰ ਖਾਲਸੇ ਦੀ ਮਾਤਾ ਹੈ ਪਰ ਉਸ ਦੇ ਅੰਤਰਮਨ ਵਿਚ ਔਰਤ ਵਾਲਾ ਜਜ਼ਬਾਤੀਪਣ ਹੈ। ਦਲੀਪ ਕੌਰ ਟਿਵਾਣਾ ਨੇ ਇਸ ਨਾਵਲ ਵਿਚਲੀ ਇਕ ਹੋਰ ਔਰਤ ਪਾਤਰ ਫਾਤਿਮਾ ਨਾਲ ਸੰਵਾਦੀ ਸੁਰ ਵਿਚ ਇਸ ਨਾਵਲ ਦੇ ਬਿਰਤਾਂਤ ਨੂੰ ਅੱਗੇ ਤੋਰਿਆ ਹੈ ਤੇ ਪੂਰੇ ਇਕ ਇਤਿਹਾਸਕ ਵਾਤਾਵਰਨ ਨੂੰ ਪਾਠਕਾਂ ਦੀਆਂ ਅੱਖਾਂ ਸਾਹਮਣੇ ਉਸਾਰਨ ਅਤੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਨਾਵਲ ਵਿਚ ਦਾਰਸ਼ਨਿਕ ਗਹਿਰਾਈ ਵੀ ਹੈ। ਲੋਕਧਾਰਕ ਛੋਹਾਂ ਵੀ ਹਨ ਅਤੇ ਗੁਰਬਾਣੀ ਟੂਕਾਂ ਦੁਆਰਾ ਗਹਿਰ-ਗੰਭੀਰ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ ਗਏ ਹਨ। ਇਕ ਜਗਿਆਸਾਮਈ ਵਾਤਾਵਰਨ ਉਸਾਰ ਕੇ ਨਾਵਲ ਦੇ ਬਿਰਤਾਂਤ ਨੂੰ ਇਸ ਤਰ੍ਹਾਂ ਨਿਭਾਇਆ ਗਿਆ ਹੈ ਕਿ ਘਟਨਾ ਅਤੀਤ ਦੀਆਂ ਯਾਦਾਂ ਵੱਲ ਵੀ ਮੋੜਾ ਕੱਟਦੀ ਹੈ ਅਤੇ ਵਰਤਮਾਨ ਵਿਚ ਵੀ ਵਾਪਰਦੀ ਹੈ। ਨਾਵਲ ਵਿਚ ਔਰਤ-ਮਨ ਦੀਆਂ ਬਹੁਤ ਸਾਰੀਆਂ ਅਕਾਂਖਿਆਵਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪੂਰਤੀ ਗੁਰਮਤਿ ਆਸ਼ੇ ਅਨੁਸਾਰ ਕਰਵਾਈ ਗਈ ਹੈ। ਦਲੀਪ ਕੌਰ ਟਿਵਾਣਾ ਦਾ ਇਹ ਨਾਵਲ 'ਤੀਨ ਲੋਕ ਸੇ ਨਿਆਰੀ' ਪੰਜਾਬੀ ਨਾਵਲ ਦੇ ਸੰਜੀਦਾ ਪਾਠਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੇਗਾ। ਨਾਵਲਕਾਰਾਂ ਇਸ ਰਚਨਾ ਲਈ ਵਧਾਈ ਦੀ ਹੱਕਦਾਰ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਟੁੱਟਦੇ ਤਾਰੇ ਦੀ ਬਗਾਵਤ
ਲੇਖਿਕਾ : ਅਮਰਜੀਤ ਕੌਰ ਅਮਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫੇ : 110.

ਚੇਤਨ ਮਨੁੱਖ ਹਮੇਸ਼ਾ ਕੁਝ ਨਾ ਕੁਝ ਸਿਰਜਣ ਦਾ ਚਾਹਵਾਨ ਹੁੰਦਾ ਹੈ। ਕਲਾ ਕ੍ਰਿਤੀਆਂ, ਨਵੇਂ ਵਿਚਾਰ ਤੇ ਰਚਨਾਵਾਂ ਚੇਤਨਤਾ ਤੇ ਵਲਵਲਿਆਂ ਹੀ ਦੀ ਉਪਜ ਹੁੰਦੀਆਂ ਹਨ। ਮਨ ਦੇ ਵਲਵਲਿਆਂ ਦੀ ਵਧੀਆ ਪੇਸ਼ਕਾਰੀ ਦੀ ਰੰਗੀਲੀ ਉਡਾਣ ਦਾ ਜ਼ਰੀਹਾ ਵਧੇਰੇ ਕਰਕੇ ਕਵਿਤਾ ਨੂੰ ਹੀ ਮੰਨਿਆ ਗਿਆ ਹੈ। ਇਹ ਰੰਗੀਲੀ ਉਡਾਣ ਭਰਦਿਆਂ ਹੀ ਅਮਰਜੀਤ ਕੌਰ ਅਮਰ ਨੇ 'ਟੁਟਦੇ ਤਾਰੇ ਦੀ ਬਗਾਵਤ' ਨਾਂਅ ਦੀ ਪੁਸਤਕ ਸਾਹਿਤਕ ਝੋਲੀ ਵਿਚ ਪਾਈ ਹੈ।
'ਟੁਟਦੇ ਤਾਰੇ ਦੀ ਬਗਾਵਤ' ਵਿਚਲਾ ਕਾਵਿ-ਰੰਗ ਕਵਿਤਾ ਦੇ ਨਿਆਰੇ ਆਕਾਸ਼ ਦੀ ਸੈਰ ਕਰਾਉਣ ਦੇ ਕਾਫੀ ਹੱਦ ਤੱਕ ਸਮਰੱਥ ਹੈ। ਟੁੱਟਦਾ ਤਾਰਾ ਭਾਵੇਂ ਜੀਵਨ ਦੇ ਅੰਤਲੇ ਪੜਾਅ ਦਾ ਪ੍ਰਤੀਕ ਹੈ ਪਰ ਹੋਂਦ ਦੀ ਸ਼ੁਰੂਆਤ ਤੋਂ ਲੈ ਕੇ ਪ੍ਰੌਢ ਜੀਵਨ ਤੱਕ ਬੜਾ ਕੁਝ ਕੀਤਾ ਜਾ ਸਕਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਹਿੰਮਤ/ਉਦਮ ਦੀ ਉਂਗਲ ਫੜ ਕੇ ਕਿਰਤ ਨੂੰ ਇਬਾਦਤ ਬਣਾ ਲਿਆ ਜਾਵੇ।
'ਜੇ ਹੱਥੀਂ ਕੰਮ ਕਰਨਾ ਬਣ ਜਾਏ ਆਦਤ ਜਵਾਨੀ ਦੀ'
ਤਾਂ ਉਸ ਦਾ ਕੰਮ ਹੀ ਉਸ ਵਾਸਤੇ ਰੱਬ ਦੀ ਇਬਾਦਤ ਹੈ।
ਦੁੱਖ-ਸੁੱਖ ਦੀ ਸਾਂਝ, ਹਾਸੇ ਵੰਡਣੇ, ਦਰਦ ਵੰਡਾਉਣੇ, ਵਹਿਮ-ਭਰਮ ਤੋਂ ਮੁਕਤੀ, ਲਹੂ ਪੀਣੀਆਂ ਜੋਕਾਂ ਤੋਂ ਛੁਟਕਾਰਾ, ਧੀਆਂ-ਧਿਆਣੀਆਂ ਦਾ ਸਤਿਕਾਰ, ਮਿਲਾਪ ਲਈ ਤਾਂਘ, ਪਿਆਰ ਤੋਂ ਸੱਖਣਾ ਬੀਆਬਾਨ, ਰੁੱਖਾਂ/ਪੰਛੀਆਂ ਅਜਿਹਾ ਨਿਰਛਲ ਜੀਵਨ, ਹੇਰਾ-ਫੇਰੀ, ਸਿਆਸੀ ਘੋਗਿਆਂ ਦੀ ਕਲਾਬਾਜ਼ੀ, ਬੁਰਾਈਆਂ ਵਿਰੁੱਧ ਬਗਾਵਤ ਅਤੇ ਚੰਗੇ ਕਰਮ/ਅਮਲਾਂ ਦੀ ਹਮਾਇਤ ਆਦਿ ਨੂੰ ਭਾਵ ਪੂਰਤ ਤੇ ਸੂਖਮ ਵਿਸ਼ਿਆਂ ਨੂੰ ਲੇਖਿਕਾ ਨੇ ਨਿਵੇਕਲੇ ਰੰਗ ਵਿਚ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਆਸ ਹੈ ਕਿ ਨਦੀ ਦੇ ਨੀਰ ਵਰਗੇ ਅਜਿਹੇ ਨਿਰਮਲ ਵਿਚਾਰਾਂ ਨੂੰ ਕਾਵਿ ਰੰਗਾਂ ਵਿਚ ਰੰਗਦੀ ਹੋਈ ਅਮਰਜੀਤ ਕੌਰ ਅਮਰ ਇਕ ਨਿਵੇਕਲੀ ਧਾਰਾ ਵਹਿਣ ਦਾ ਨਿਰੰਤਰ ਯਤਨ ਕਰਦੀ ਰਹੇਗੀ।
ਟੁਟਦੇ ਤਾਰੇ ਦੀ ਬਗਾਵਤ ਵਿਚਲੇ ਇਕ ਹੋਰ ਰੰਗ ਆਤਮਸਾਤ ਕਰਨ ਲਈ ਹਾਜ਼ਿਰ ਹੈ :
'ਪੂਜਿਆ ਨਾ ਗਿਆ ਇਨਸਾਨ ਸਾਥੋਂ ਅਜੇ ਤੱਕ,
ਸੋਚਦੀ ਹਾਂ ਕਿਵੇਂ ਲੋਕੀਂ ਪੂਜਦੇ ਨੇ ਮੜੀਆਂ।'

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਸਾਹਿਬ ਮੇਰਾ ਨੀਤ ਨਵਾਂ
ਲੇਖਕ : ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ : ਸਰਦਾਰ ਕਰਤਾਰ ਸਿੰਘ ਮੈਮੋਰੀਅਲ ਮੀਰੀ ਪੀਰੀ ਕਲੱਬ, ਘੁਡਾਣੀ ਕਲਾਂ (ਲੁਧਿਆਣਾ)
ਮੁੱਲ : 100 ਰੁਪਏ, ਸਫ਼ੇ : 192.

ਇਸ ਪੁਸਤਕ ਦੇ ਲੇਖਕ ਬੰਤਾ ਸਿੰਘ ਘੁਡਾਣੀ ਨੇ ਜ਼ਿੰਦਗੀ ਨੂੰ ਹੰਢਾਇਆ ਤੇ ਮਾਣਿਆ ਹੈ। ਉਹ ਆਪਣੀ ਹੰਢਾਈ ਹੋਈ ਜ਼ਿੰਦਗੀ ਦੇ ਤਲਖ਼ ਤਜਰਬੇ ਨੂੰ ਜਦੋਂ ਕਾਵਿ-ਸਤਰਾਂ ਵਿਚ ਕਾਗਜ਼ ਉੱਪਰ ਉਤਾਰਦਾ ਹੈ ਤਾਂ ਉਹ ਸਹਿਜ-ਸੁਭਾਅ ਹੀ ਆਮ ਲੋਕਾਂ ਦੀ ਅਗਵਾਈ ਕਰਦਾ ਜਾਪਦਾ ਹੈ। ਉਹ ਹੁਣ ਤੱਕ ਲਗਭਗ ਅੱਧੀ ਦਰਜਨ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਆਪਣੀ ਲਿਖਤ ਵਿਚ ਉਹ ਕਈ ਥਾਵਾਂ 'ਤੇ ਆਪਣੀ ਉਸਾਰੂ ਸੋਚ ਦਾ ਪ੍ਰਗਟਾਵਾ ਕਰਦਿਆਂ ਮੌਜੂਦਾ ਪ੍ਰਬੰਧਕੀ ਢਾਂਚੇ ਨੂੰ ਬਦਲਣ ਤੋਂ ਬਿਨਾਂ ਇਸ ਵਿਚ ਸੁਧਾਰ ਕਰਨਾ ਚਾਹੁੰਦਾ ਹੈ। ਉਹ ਵਿਤਕਰੇ ਭਰਪੂਰ ਲੋਟੂ ਸਮਾਜ ਪ੍ਰਤੀ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦਾ ਹੈ। ਪਰ ਇਸ ਤੋਂ ਉਲਟ ਬਹੁਤ ਸਾਰੀਆਂ ਕਵਿਤਾਵਾਂ ਵਿਚ ਉਸ ਦਾ ਹਿਰਦਾ ਫੁੱਲਾਂ ਵਾਂਗ ਕੋਮਲ ਜਾਪਦਾ ਹੈ, ਉਸ ਦੀ ਸੋਚ ਵਿਸ਼ਾਲ ਅਤੇ ਸਮੁੰਦਰ ਜਿੰਨੀ ਗਹਿਰੀ ਹੈ। ਅਸਲ ਵਿਚ ਕਵੀ ਕੌਮੀ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦਾ ਚਾਹਵਾਨ ਹੈ। ਇਸ ਪੁਸਤਕ ਵਿਚ ਉਸ ਨੇ ਸੈਂਕੜੇ ਦੇ ਲਗਭਗ ਸ਼ਾਮਿਲ ਕਵਿਤਾਵਾਂ ਦੀ ਕਾਵਿ-ਪਟਾਰੀ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ ਹੈ। ਉਸ ਦੀ ਹਰ ਕਵਿਤਾ ਕਵੀ ਦੀ ਅੰਤਰ-ਆਤਮਾ ਦੀ ਪੁਕਾਰ ਹੈ। ਕਵਿਤਾ 'ਜੇਕਰ ਅਸੀਂ ਤਜ ਸਕਦੇ ਹੋਈਏ' ਦੇ ਬੋਲ ਹਰ ਹਿਰਦੇ ਨੂੰ ਟੁੰਬਦੇ ਹਨ-
ਸਿਰ ਸੁੱਟ ਕੇ ਜੇ ਟੁਰਦੇ ਜਾਈਏ, ਰਾਹ ਦੇ ਕੰਡੇ ਨਾ ਹਟਾਈਏ,
ਰੋੜੇ ਵਾਟ ਦੇ ਜੇ ਨਾ ਉਠਾਈਏ, ਕੌੜਾ ਸੱਚ ਜੇ ਕਹਿ ਨਾ ਸਕੀਏ,
ਕੂੜ ਕੁਫ਼ਰ ਫਿਰ ਕਿਵੇਂ ਮਿਟਾਈਏ।
'ਬਹੁਰੰਗੀ ਦੁਨੀਆ ਰੰਗ ਇਕੋ ਹੈ' ਵਿਚ ਇਹ ਭਾਵ ਪੇਸ਼ ਕੀਤਾ ਹੈ ਕਿ ਵੈਰ, ਵਿਰੋਧ, ਵਿਤਕਰਾ, ਅੰਧ-ਵਿਸ਼ਵਾਸ ਵਰਗੀਆਂ ਬੁਰਾਈਆਂ ਅਤੇ ਔਗੁਣਾਂ ਨੂੰ ਛੱਡ ਕੇ ਜੀਵਨ ਦੇ ਅਸਲ ਮਕਸਦ ਨੂੰ ਪਛਾਨਣ ਲਈ ਯਤਨਸ਼ੀਲ ਰਹਿਣਾ ਹੀ ਜ਼ਿੰਦਗੀ ਹੈ।
ਸਮੇਂ ਦੇ ਸੰਗ-ਸੰਗ ਟੁਰਦੇ ਜਾਣਾ, ਕਿਉਂ ਨਾ ਬੰਦੇ ਨੂੰ ਭਾਏ,
ਸਾਹਿਬ ਸਾਡਾ ਨੀਤ ਨਵਾਂ ਹੈ, ਨਿੱਤ ਉਹ ਬਣ ਕੇ ਆਏ।
ਮਨੁੱਖ ਦੀ ਸੋਚ 'ਤੇ ਨਿਰਭਰ ਹੈ, ਚੰਗਾ ਕੀ ਹੈ ਤੇ ਮੰਦਾ ਕੀ ਹੈ। ਸਵਰਗ ਤੇ ਨਰਕ ਕੇਵਲ ਮਨੁੱਖੀ ਮਨ ਦਾ ਡਰ ਹੈ। 'ਨੇਕੀ ਬਦੀ ਦਾ ਭੇੜ ਹੈ ਜਗ ਵਿਚ' ਕਵਿਤਾ ਵਿਚ ਅਜਿਹੇ ਵਿਚਾਰਾਂ ਨਾਲ ਪਾਠਕਾਂ ਦੀ ਸਾਂਝ ਪੁਆਈ ਗਈ ਹੈ।

-ਭਗਵਾਨ ਸਿੰਘ ਜੌਹਲ
ਮੋ: 98143-24040


ਰਜਿ: ਨੰ: PB/JL-138/2018-20 ਜਿਲਦ 64, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX