ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਅੱਸੂ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਨੂੰ ਨਹੀਂ, ਸਗੋਂ ਸਾਧਨਹੀਣ ਵਿਅਕਤੀ ਨੂੰ ਹਕੂਮਤ ਦੇਣ ਵਿਚ ਹੈ। -ਅਰਸਤੂ

ਕਿਤਾਬਾਂ

4-8-2013

 ਵਿਹੜਾ ਸ਼ਗਨਾਂ ਦਾ
ਲੇਖਿਕਾ : ਡਾ: ਸੁਖਬੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 278.

ਡਾ: ਸੁਖਵੀਰ ਕੌਰ ਨੇ 'ਸਾਹਿਤ ਦੇ ਰੂਪ' ਆਲੋਚਨਾ ਦੀ ਪੁਸਤਕ ਤੋਂ ਬਾਅਦ ਵਿਆਹ ਦੇ ਲੋਕ ਗੀਤਾਂ ਉਤੇ ਕਲਮ ਅਜ਼ਮਾਈ ਕਰਦੇ ਹੋਏ ਪੁਸਤਕ ਰੂਪ ਦਿੱਤਾ ਹੈ।
ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਤੇ ਲੋਕ ਗੀਤ ਪੰਜਾਬੀਆਂ ਦਾ ਅਮੀਰ ਵਿਰਸਾ ਹੈ ਤੇ ਰੋਜ਼ਮਰਾ ਜੀਵਨ ਦਾ ਅਹਿਮ ਹਿੱਸਾ। ਪੁਸਤਕ ਦੇ ਸਿਰਲੇਖ 'ਵਿਹੜਾ ਸ਼ਗਨਾਂ ਦਾ' ਤੋਂ ਇਕ ਪਹਿਲੂ ਤਾਂ ਬਹੁਤ ਸਪੱਸ਼ਟ ਹੈ ਕਿ ਇਹ ਸ਼ਗਨਾਂ ਭਰੇ ਗੀਤਾਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਮੁੰਡੇ ਤੇ ਕੁੜੀ ਦੋਵਾਂ ਦੇ ਵਿਆਹਾਂ 'ਤੇ ਗਾਏ ਜਾਣ ਵਾਲੇ ਲੋਕ ਗੀਤ ਸ਼ਾਮਿਲ ਹਨ ਜਿਵੇਂ ਕਿ ਘੋੜੀਆਂ, ਸੁਹਾਗ, ਲੰਮੇ ਗੀਤ, ਢੋਲਕੀ ਦੇ ਗੀਤ, ਜਾਗੋ ਕੱਢਣੀ, ਵੱਟਣਾ ਮਲਣਾ, ਨੁਹਾਉਣਾ, ਕਾਰੇ ਚੜ੍ਹਾਉਣਾ, ਸਿਹਰਾ ਬੰਨ੍ਹਣਾ, ਚੂੜਾ ਚੜ੍ਹਾਉਣਾ, ਜੰਝ ਸਮੇਂ ਦੇ ਗੀਤ, ਗਿੱਧੇ, ਬੋਲੀਆਂ, ਸਿਠਣੀਆਂ ਤੇ ਛੰਦ ਆਦਿ। ਜੰਮਣ ਤੋਂ ਲੈ ਕੇ ਮਰਨ ਤੱਕ ਕੋਈ ਅਜਿਹਾ ਮੌਕਾ ਨਹੀਂ ਜਿਸ ਬਾਰੇ ਗੀਤ ਉਪਲਬਧ ਨਾ ਹੋਣ। ਇਹ ਇਕ ਤਰ੍ਹਾਂ ਨਾਲ ਪੰਜਾਬੀ ਮਨਾਂ ਵਿਚ ਸਾਂਭਿਆ ਸਰਮਾਇਆ ਹੈ, ਕੀਮਤੀ ਖ਼ਜ਼ਾਨਾ ਅਰਥਾਤ ਜੀਵਨ ਦੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਇਨ੍ਹਾਂ ਲੋਕ ਗੀਤਾਂ ਵਿਚ ਵੇਖਣ ਨੂੰ ਮਿਲਦੀ ਹੈ।
ਲੇਖਿਕਾ ਨੇ ਇਨ੍ਹਾਂ ਲੋਕ ਗੀਤਾਂ ਦੀ ਵੰਡ ਕੁਝ ਇਸ ਤਰ੍ਹਾਂ ਕੀਤੀ ਹੈ-ਵਿਆਹ ਦੇ ਰੀਤੀ-ਰਿਵਾਜ਼, ਸਿਠਣੀਆਂ, ਸਿਹਰਾ, ਸੁਹਾਗ, ਘੋੜੀਆਂ, ਗੀਤ ਵੰਗੜੀਆਂ, ਢੋਲਾ, ਢੋਲਕ ਗੀਤ, ਲੰਮੀਆਂ ਬੋਲੀਆਂ, ਬੋਲੀਆਂ ਤੇ ਛੰਦ ਆਦਿ। ਵਿਆਹ ਦੇ ਹਰ ਮੌਕੇ 'ਤੇ ਗਾਏ ਜਾਂਦੇ ਗੀਤਾਂ ਨੂੰ ਲੇਖਿਕਾ ਨੇ ਬੜੇ ਵਿਸਥਾਰ ਨਾਲ ਇਕੱਠਾ ਕਰਕੇ ਸਾਂਭਿਆ ਤੇ ਪਾਠਕਾਂ ਸਾਹਵੇਂ ਪੇਸ਼ ਕੀਤਾ ਹੈ ਜੋ ਮਨੁੱਖੀ ਮਨ ਦੀਆਂ ਸੱਧਰਾਂ ਤੇ ਭਾਵਨਾਵਾਂ ਦੀ ਬਾਖ਼ੂਬੀ ਤਰਜਮਾਨੀ ਕਰਦੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਹਨ। ਇਨ੍ਹਾਂ ਵਿਚ ਸਮਾਜ ਦਾ ਦਿਲ ਧੜਕਦਾ ਹੈ। ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਲੋਕ ਗੀਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਵਿਚ ਜਿਊਂਦੇ ਰੱਖਣ ਦਾ, ਰੀਤੀ-ਰਿਵਾਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦਾ ਤੇ ਲੋਕ-ਜੀਵਨ ਨਾਲ ਸਾਂਝ ਪੁਆਉਣ ਦਾ। ਇਨ੍ਹਾਂ ਵਿਚੋਂ ਪੂਰਾ ਨੱਚਦਾ ਟੱਪਦਾ ਪੰਜਾਬ ਨਜ਼ਰੀਂ ਪੈਂਦਾ ਹੈ ਜੋ ਸਾਡੀਆਂ ਸੱਭਿਆਚਾਰਕ ਕੀਮਤਾਂ ਦਾ ਦਰਪਣ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਦੱਬੇ ਕੁਚਲੇ ਲੋਕ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪਬਲੀਕੇਸ਼ਨ ਪਟਿਆਲਾ
ਮੁੱਲ : 130 ਰੁਪਏ, ਸਫ਼ੇ : 116.

ਬਹੁਪੱਖੀ ਪ੍ਰਤਿਭਾ ਦੇ ਮਾਲਕ ਪ੍ਰਸਿੱਧ ਸਾਹਿਤਕਾਰ ਰਾਮ ਨਾਥ ਸ਼ੁਕਲਾ ਨੇ ਬਤੌਰ ਵਾਰਤਕਕਾਰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਰਾਹੀਂ ਆਪਣੀ ਵਾਰਤਕ-ਕਲਾ ਦੀ ਪਰਪੱਕਤਾ ਨੂੰ ਸਿੱਧ ਕੀਤਾ ਹੈ। ਉਸ ਨੇ ਇਕ ਮਜ਼ਦੂਰ ਤੋਂ ਲੈ ਕੇ ਦੱਬ-ਕੁਚਲੇ ਗਰੀਬ ਦੇਸ਼ਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਦੇ ਵਿਸ਼ੇ ਬਣਾਇਆ ਹੈ। ਲੇਖਕ ਅਨੁਸਾਰ, 'ਕੇਵਲ ਏਨਾ ਹੀ ਨਹੀਂ ਕਿ ਸਮਾਜ ਦੇ ਕੁਝ ਵਰਗ ਹੀ ਦੱਬੇ-ਕੁਚਲੇ ਲੋਕਾਂ ਵਿਚ ਸ਼ਾਮਿਲ ਹਨ, ਕੁਝ ਅਜਿਹੇ ਛੋਟੇ ਅਤੇ ਗਰੀਬ ਦੇਸ਼ਾਂ ਦੀ ਸਮੁੱਚੀ ਜਨਤਾ ਹੀ ਅਜਿਹੀ ਹੈ ਜਿਹੜੀ ਵੱਡੇ ਅਤੇ ਤਾਕਤਵਰ ਦੇਸ਼ਾਂ ਦੇ ਦਬਾਅ ਹੇਠ ਸਾਹ ਲੈ ਰਹੀ ਹੈ।' ਲੇਖਕ ਸ਼ੁਕਲਾ ਨੇ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਮਜ਼ਦੂਰ, ਛੋਟੇ ਕਿਸਾਨ, ਛੋਟੇ ਅਤੇ ਇਮਾਨਦਾਰ ਮੁਲਾਜ਼ਮ, ਘਰੇਲੂ ਇਸਤਰੀਆਂ, ਧਾਰਮਿਕ ਘੱਟ-ਗਿਣਤੀਆਂ, ਪੱਟੀ ਦਰਜ ਕਬੀਲੇ, ਪਛੜੀਆਂ ਅਨੁਸੂਚਿਤ ਜਾਤੀਆਂ, ਛੋਟੇ ਅਤੇ ਗਰੀਬ ਦੇਸ਼, ਬੰਧੂਆ ਮਜ਼ਦੂਰ ਬੱਚੇ, ਵਿਆਹੁਤਾ ਬੰਧੂਆ ਘਰੇਲੂ ਇਸਤਰੀਆਂ, ਬੰਧੂਆ ਵਿਆਹੁਤਾ ਮਰਦ, ਨਿਆਸਰੇ ਮਾਪੇ, ਕਰੂਪ ਨਸਲਾਂ, ਕੱਟੜ ਧਰਮਾਂ ਦੇ ਸਤਾਏ ਲੋਕ ਆਦਿ ਰਾਹੀਂ ਮਨੁੱਖ ਦੀ ਗੁਲਾਮੀ 'ਤੇ ਹਾਅ ਦਾ ਨਾਆਰਾ ਮਾਰਿਆ ਹੈ। ਸ਼ੁੱਧ ਤੇ ਸੁਥਰੀ ਭਾਸ਼ਾ ਰਾਹੀਂ ਉਸ ਨੇ ਇਕ ਸਿੱਧ-ਪੱਧਰੀ ਲਿਖਣ ਸ਼ੈਲੀ ਦਾ ਇਸ ਪੁਸਤਕ ਦੇ ਰੂਪ ਵਿਚ ਪੁਖ਼ਤਾ ਸਬੂਤ ਦਿੱਤਾ ਹੈ। ਨਿਮਨ ਪੱਧਰ ਦੀ ਜ਼ਿੰਦਗੀ ਜਿਊਂਦੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਮਜਬੂਰੀਆਂ ਅਤੇ ਤਾਕਤਵਰ ਲੋਕਾਂ ਦੇ ਜ਼ੁਲਮ ਅਤੇ ਧੱਕੇ ਇਸ ਪੁਸਤਕ ਦਾ ਵਿਸ਼ਾ-ਵਸਤੂ ਹਨ। ਸਹਿਜ ਅਤੇ ਸਰਲ ਵਿਚਾਰਾਂ ਦੀ ਪੇਸ਼ਕਾਰੀ ਇਸ ਪੁਸਤਕ ਦੀ ਖ਼ਾਸੀਅਤ ਹੈ। ਪੰਜਾਬੀ ਵਾਰਤਕ ਨੂੰ ਅਜਿਹੀ ਪੁਸਤਕ ਦੀ ਚਿਰਾਂ ਤੋਂ ਲੋੜ ਸੀ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਇਉਂ ਵੇਖਿਆ ਨੇਪਾਲ
ਸਫ਼ਰਨਾਮਾਕਾਰ : ਸੀ. ਮਾਰਕੰਡਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147.

'ਇਉਂ ਵੇਖਿਆ ਨੇਪਾਲ' ਬਹੁਪੱਖੀ ਪ੍ਰਤਿਭਾ ਦੇ ਮਾਲਕ ਲੇਖਕ ਸੀ. ਮਾਰਕੰਡਾ ਦਾ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਵਿਚ ਸਫ਼ਰਨਾਮਾਕਾਰ ਨੇ ਆਪਣੀ ਨੇਪਾਲ ਦੇਸ਼ ਦੀ ਯਾਤਰਾ ਦੇ ਅਨੁਭਵ ਪਾਠਕਾਂ ਦੇ ਸਨਮੁੱਖ ਕੀਤੇ ਹਨ। ਲੇਖਕ ਭਾਵੇਂ ਆਪਣੀ ਤੇ ਆਪਣੇ ਸਾਥੀਆਂ ਦੀ ਘੁਮੱਕੜ ਬਿਰਤੀ ਦਾ ਵੇਰਵਾ ਵੀ ਦਿੰਦਾ ਹੈ ਪਰ ਨੇਪਾਲ ਯਾਤਰਾ ਨੂੰ ਆਪਣੀ ਪਹਿਲੀ ਤਰਜੀਹ ਨਹੀਂ ਕਹਿੰਦਾ ਸਗੋਂ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਦੇ ਬਣਦੇ ਟੁੱਟਦੇ ਪ੍ਰੋਗਰਾਮਾਂ ਵਿਚੋਂ ਨੇਪਾਲ ਦੀ ਯਾਤਰਾ ਦਾ ਸਬੱਬ ਬਣਦਾ ਹੈ। ਇਸ ਤੋਂ ਇਲਾਵਾ ਲਖਨਊ ਸ਼ਹਿਰ ਵਿਚ ਪਹੁੰਚਣ ਅਤੇ ਲਖਨਊ ਦੇ ਇਤਿਾਹਸਕ ਪਿਛੋਕੜ ਬਾਰੇ ਵੀ ਲੇਖਕ ਨੇ ਵੇਰਵੇ ਪ੍ਰਸਤੁਤ ਕੀਤੇ ਹਨ। ਨੇਪਾਲ ਦੇ ਇਤਿਹਾਸ ਅਤੇ ਭੂਗੋਲ ਬਾਰੇ ਵੀ ਸਫ਼ਰਨਾਮੇ ਵਿਚ ਜਾਣਕਾਰੀ ਸੰਖੇਪ ਪਰ ਭਾਵਪੂਰਤ ਢੰਗ ਨਾਲ ਦਿੱਤੀ ਗਈ ਹੈ। ਲੇਖਕ ਦੱਸਦਾ ਹੈ ਨੇਪਾਲ ਹੀ ਸੰਸਾਰ ਦਾ ਇਕ ਮਾਤਰ ਹਿੰਦੂ ਮੱਤ ਦਾ ਦੇਸ਼ ਹੈ। ਕੁਝ ਬੋਧੀ ਲੋਕ ਵੀ ਹਨ ਅਤੇ ਮਹਾਤਮਾ ਬੁੱਧ ਨੂੰ ਭਗਵਾਨ ਨਾਰਾਇਣ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ। ਲੇਖਕ ਸਫ਼ਰਨਾਮੇ ਵਿਚ ਰੌਚਕਤਾ ਪੈਦਾ ਕਰਨ ਲਈ ਨੇਪਾਲੀ ਭਾਸ਼ਾ ਦੀਆਂ ਹੂ-ਬਹੂ ਉਦਾਹਰਨਾਂ ਵੀ ਪੇਸ਼ ਕਰਦਾ ਹੈ। ਲੇਖਕ ਪੁਲਿਸ ਪ੍ਰਬੰਧ ਬਾਰੇ ਤੁਲਨਾਤਮਕ ਟਿੱਪਣੀਆਂ ਵੀ ਪੇਸ਼ ਕਰਦਾ ਹੈ ਅਤੇ ਨੇਪਾਲੀ ਲੋਕਾਂ ਦੇ ਵਿਵਹਾਰ ਦੀ ਪ੍ਰਸੰਸਾ ਵੀ ਕਰਦਾ ਹੈ।
ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚਣ ਤੋਂ ਪਹਿਲਾਂ ਨੇਪਾਲ ਦੇ ਸ਼ਹਿਰ ਪੋਖਰਾ ਦਾ ਬਿਰਤਾਂਤ ਵੀ ਲੇਖਕ ਨੇ ਦਿਲਚਸਪ ਬਣਾ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਵਿਸ਼ੇਸ਼ ਕਰਕੇ 'ਸਕਾਈ ਪੈਲੇਸ ਰੈਸਟੋਰੈਂਟ' ਦਾ ਦ੍ਰਿਸ਼ ਤਾਂ ਲੇਖਕ ਨੇ ਪੂਰੇ ਵਿਸਥਾਰ ਵਿਚ ਚਿੱਤਰਿਆ ਹੈ ਅਤੇ ਇਥੋਂ ਦੇ ਕਲੱਬਾਂ ਦੀ ਅਸਲੀਅਤ ਬਾਰੇ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸੇ ਤਰ੍ਹਾਂ ਕਾਠਮੰਡੂ ਵਿਚਲੇ ਕੈਸੀਨੋ ਦਾ ਵੇਰਵਾ ਵੀ ਲੇਖਕ ਨਿੱਜੀ ਦਿਲਚਸਪੀ ਨਾਲ ਚਿੱਤਰਦਾ ਹੈ। 'ਸਕਾਈ ਪੈਲੇਸ ਅਤੇ ਰੈਸਟੋਰੈਂਟ' ਅਤੇ ਕੈਸੀਨੋ ਦਾ ਦ੍ਰਿਸ਼ ਲੇਖਕ ਇਸ ਤਰ੍ਹਾਂ ਚਿੱਤਰਦਾ ਹੈ ਕਿ ਪਾਠਕ ਨੂੰ ਨੇਪਾਲ ਦੀ ਯਾਤਰਾ ਭੁੱਲ ਕੇ ਕੇਵਲ ਉਪਰੋਕਤ ਥਾਵਾਂ ਦੀ ਹੀ ਯਾਤਰਾ ਜਾਪਣ ਲੱਗ ਪੈਂਦੀ ਹੈ। ਇਥੇ ਏਨੇ ਵਿਸਥਾਰ ਦੀ ਲੋੜ ਤੋਂ ਬਿਨਾਂ ਵੀ ਸਰ ਸਕਦਾ ਸੀ। ਇਸੇ ਤਰ੍ਹਾਂ ਲੇਖਕ ਵਿਸ਼ਵ ਪ੍ਰਸਿੱਧ ਪਸ਼ੂਪਤੀ ਮੰਦਰ ਬਾਰੇ ਵੀ ਵਿਸਥਾਰਤ ਵੇਰਵੇ ਦਿੰਦਾ ਹੈ ਜੋ ਨੇਪਾਲੀ ਲੋਕਾਂ ਦੀ ਧਰਮ ਆਸਥਾ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਦਾ ਉਪਰਾਲਾ ਹੈ। ਲੇਖਕ ਨੇਪਾਲ ਦੇ ਹੋਰ ਮੰਦਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ ਪਰ ਨਾਲ ਹੀ ਨੇਪਾਲ ਦੀ ਯਾਤਰਾ ਬਾਰੇ ਆਪਣਾ ਇਹ ਮੱਤ ਪੇਸ਼ ਕਰਦਾ ਹੈ ਕਿ ਨੇਪਾਲ ਦੀ ਯਾਤਰਾ ਲਈ ਕਿਸੇ ਵਿਅਕਤੀ ਕੋਲ ਵਿਹਲ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਪੂਰਨ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਇਹ ਸਫ਼ਰਨਾਮਾ 'ਇਉਂ ਵੇਖਿਆ ਨੇਪਾਲ' ਪਾਠਕਾਂ ਨੂੰ ਨੇਪਾਲ ਬਾਰੇ ਦਿਲਚਸਪ ਜਾਣਕਾਰੀ ਦੇਣ ਦਾ ਇਕ ਵੱਡਮੁੱਲਾ ਉਪਰਾਲਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

4-8-2013

 ਜ਼ਿੰਦਗੀ
ਸ਼ਾਇਰ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111.

ਇਹ ਪੁਸਤਕ ਜ਼ਿੰਦਗੀ ਦੁਆਲੇ ਘੁੰਮਦੀ ਇਕ ਲੰਮੀ ਕਵਿਤਾ ਹੈ। ਸ਼ਾਇਰ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਜ਼ਿੰਦਗੀ ਦੀਆਂ ਅਨੇਕ ਕਾਵਿਕ ਪਰਿਭਾਸ਼ਾ ਦਿੱਤੀਆਂ ਹਨ। ਇਸ ਦਾ ਸੁਹਜ, ਸਹਿਜ, ਰਵਾਨੀ, ਸੰਗੀਤਆਤਮਿਕਤਾ, ਸੁਹਜਤਮਿਕਤਾ ਅਤੇ ਵੰਨ-ਸੁਵੰਨਤਾ ਪਾਠਕ ਨੂੰ ਨਸ਼ਿਆ ਦਿੰਦੀ ਹੈ। ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹਰ ਇਕ ਦਾ ਆਪਣਾ ਹੀ ਹੈ। ਜ਼ਿੰਦਗੀ ਨੂੰ ਘੁੱਟ-ਘੁੱਟ ਕਰਕੇ ਪੀਣਾ ਅਤੇ ਜੀਵਨ ਸਫ਼ਰ ਦੀ ਹਰ ਪੈੜ ਨੂੰ ਮਾਨਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਜ਼ਿੰਦਗੀ ਦੇ ਰਹੱਸ ਬਾਰੇ ਕਵੀ ਦੇ ਅਨੁਭਵ ਇਸ ਤਰ੍ਹਾਂ ਹਨ-
-ਜ਼ਿੰਦਗੀ, ਪੱਤਿਆਂ 'ਚੋਂ ਝਰਦੀ ਸਰਘੀ ਦਾ ਝਲਕਾਰਾ
ਤ੍ਰੇਲ ਤੁਪਕਿਆਂ ਦੀ ਸੁੱਚਮਤਾ ਦਾ ਨਜ਼ਾਰਾ।
-ਜ਼ਿੰਦਗੀ, ਫੁੱਲਾਂ ਦੀ ਸੰਗਤ
ਭੌਰਿਆਂ ਦੀ ਪੰਗਤ
'ਵਾਵਾਂ ਦੇ ਪਿੰਡੇ ਤੇ
ਸੰਗੀਤਕ ਰੰਗਤ
-ਜ਼ਿੰਦਗੀ, ਸੰਦਲੀ ਰੁੱਤੇ
ਇਕ ਪਿਲੱਤਣ
ਬੈਠੀ ਕੀ ਕਰੇ?
-ਜ਼ਿੰਦਗੀ, ਇਕ ਖੁੱਲ੍ਹੀ ਕਿਤਾਬ
ਜਿਸ ਤੇ ਆਪੂੰ ਉਕਰਿਆ ਜਾਂਦਾ
ਸਮੇਂ ਦਾ ਹਿਸਾਬ-ਕਿਤਾਬ।
ਇਹ ਖਿਆਲ ਸਾਡੇ ਚਿੰਤਨ ਤੇ ਚੇਤਨਾ ਨੂੰ ਜਗਾ ਕੇ ਜ਼ਿੰਦਗੀ ਬਾਰੇ ਸੋਚਣ ਲਈ ਪ੍ਰੇਰਦੇ ਹਨ। ਇਕ ਨਿਵੇਕਲੇ ਅੰਦਾਜ਼, ਨਿਵੇਕਲੇ ਵਿਸ਼ੇ ਅਤੇ ਡੂੰਘੇ ਫਲਸਫ਼ੇ ਨਾਲ ਜਾਣ-ਪਛਾਣ ਕਰਾਉਂਦੀ ਇਹ ਪੁਸਤਕ ਜ਼ਿੰਦਗੀ ਮਾਣਨ ਲਈ ਪ੍ਰੇਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।

ਗੁਆਚੇ ਵਰਕ
ਸ਼ਾਇਰਾ : ਬੱਬੂ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 118.

ਸ਼ਾਇਰਾ ਅਨੁਸਾਰ ਜ਼ਿੰਦਗੀ ਵਿਚ ਰਿਸ਼ਤੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਰਿਸ਼ਤੇ ਹੀ ਜ਼ਿੰਦਗੀ ਦੀ ਅਸਲੀ ਕਮਾਈ ਹੁੰਦੇ ਹਨ। ਉਸ ਨੇ ਕਿੰਨੇ ਹੀ ਰੇਗਿਸਤਾਨ ਆਪਣੀ ਹੋਂਦ ਵਿਚ ਜਜ਼ਬ ਕਰਕੇ ਇਕ ਸਮੁੰਦਰ ਜਿਹੀ ਸ਼ਖ਼ਸੀਅਤ ਦੁਨੀਆ ਦੀ ਨਜ਼ਰ ਕੀਤੀ ਹੈ। ਰਿਸ਼ਤਿਆਂ ਦੀਆਂ ਪੇਚੀਦਗੀਆਂ ਅਤੇ ਅਣਕਹੀਆਂ ਬਾਤਾਂ ਨੂੰ ਨਜ਼ਮਾਂ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਕੁਝ ਝਲਕਾਂ ਪੇਸ਼ ਹਨ-
-ਕੁਝ ਵਾਸਤੇ ਬੇਵਜਹ ਹੀ
ਪੈ ਜਾਂਦੇ ਹਨ
ਤੇ ਕਈਆਂ ਦੀ ਵਜਹ
ਯੁੱਗਾਂ ਮਗਰੋਂ ਵੀ ਨਹੀਂ ਲਭਦੀ!!
-ਤੂੰ ਵੀ ਛੱਡ ਦੋਸਤੀ ਦੇ ਨਕਸ਼ੇ
ਜਿਹੇ ਉਲੀਕਣਾ
ਸਫ਼ਰ ਤੋਂ ਪਹਿਲਾਂ ਮੁਸਾਫ਼ਿਰ ਤੋਂ
ਮੰਜ਼ਿਲ ਨਹੀਂ ਪੁੱਛਦੇ।
-ਕੁਝ ਰਿਸ਼ਤੇ ਵਗਦੇ ਪਾਣੀਆਂ ਵਰਗੇ
ਅੱਧੀਆਂ ਅਧੂਰੀਆਂ ਕਹਾਣੀਆਂ ਵਰਗੇ
ਇਕ ਖਿਆਲ ਜਹਾਨ ਮੇਰਾ ਆਬਾਦ ਕਰਦਾ ਹੈ
ਸੁਣਿਆ ਉਹ ਕਦੇ ਕਦੇ ਮੈਨੂੰ ਯਾਦ ਕਰਦਾ ਹੈ।
ਸਾਰੀਆਂ ਨਜ਼ਮਾਂ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਉਲਝੀਆਂ ਹੋਈਆਂ ਹਨ। ਤੀਬਰ ਅਹਿਸਾਸ, ਪਿਆਸ, ਆਸ, ਵਲਵਲੇ, ਉਡੀਕ, ਵਫ਼ਾ, ਸੋਚ ਅਤੇ ਭਾਵਨਾ ਦੀ ਇਹ ਸ਼ਾਇਰੀ ਦਿਲ ਨੂੰ ਟੁੰਬਦੀ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਪੰਜਾਬੀ ਲੋਕ-ਕਾਵਿ ਦਾ ਵਿਚਾਰਧਾਰਕ ਪਰਿਪੇਖ
ਲੇਖਕਾ : ਡਾ: ਹਰਪ੍ਰੀਤ ਕੌਰ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 120.

ਲੋਕ-ਕਾਵਿ ਸਮਾਜ ਵਿਚ ਪੈਦਾ ਹੁੰਦੇ ਤਣਾਵਾਂ, ਰੀਝਾਂ ਅਤੇ ਸੁਪਨਿਆਂ ਦੀ ਸਹਿਜ ਪੂਰਤੀ ਦਾ ਚਿਤ੍ਰਣ ਹੈ। ਵਿਚਾਰਧਾਰਾ ਵਿਚ ਪਰੰਪਰਾ, ਵਿਸ਼ਵਾਸਾਂ, ਜੀਵਨ ਸੂਝ, ਅਨੁਭਵ ਸਾਰੇ ਹੀ ਆਪੋ-ਆਪਣੀ ਭੂਮਿਕਾ ਨਿਭਾਉਂਦੇ ਹਨ। ਲੋਕ ਕਾਵਿ ਵਿਚ ਬਹੁਤ ਕੁਝ ਘੁਲਿਆ-ਮਿਲਿਆ ਪਿਆ ਹੁੰਦਾ ਹੈ। ਤਥ/ਮਿਥ, ਵਿਰੋਧੀ ਧਿਰਾਂ ਦੇ ਆਪੋ-ਆਪਣੇ ਸੁਪਨੇ ਤੇ ਟਕਰਾਅ। ਇੰਜ ਲੋਕ ਕਾਵਿ ਵਿਚੋਂ ਉਦੈ ਹੁੰਦੀ ਵਿਚਾਰਧਾਰਾ ਨੂੰ ਸਮਝਣ ਦਾ ਉਦਮ ਮਿਹਨਤ ਅਤੇ ਸੂਝ ਨਾਲ ਕਰਨ ਵਾਲਾ ਵੀ ਹੈ ਤੇ ਮਹੱਤਵ ਪੂਰਨ ਵੀ। ਹਰਪ੍ਰੀਤ ਕੌਰ ਦਾ ਇਹ ਉਦਮ ਇਸ ਪੱਖੋਂ ਤਸੱਲੀਬਖਸ਼ ਹੈ।
ਉਸ ਨੇ ਵਿਚਾਰਧਾਰਾ ਦੇ ਸ਼ਾਬਦਿਕ, ਪਰੰਪਰਾਗਤ ਅਰਥ/ਸੰਕਲਪ ਤੋਂ ਤੁਰ ਕੇ ਮਾਰਕਸਵਾਦੀ ਮਾਡਲ ਤੱਕ ਇਸ ਸੰਕੇਤ ਦੇ ਵਿਭਿੰਨ ਪਾਸਾਰ ਉਲੀਕੇ ਹਨ। ਇਸ ਦਾ ਸਰੂਪ ਲੋਕ ਕਾਵਿ ਵਿਚੋਂ ਪਛਾਨਣ ਦੇ ਜਟਿਲ ਵੇਰਵਿਆਂ ਉਤੇ ਉਂਗਲ ਰੱਖੀ ਹੈ। ਲੋਕ ਕਾਵਿ ਦੇ ਸਿਧਾਂਤਕ ਪਿਛੋਕੜ ਨੂੰ ਸੂਝ-ਬੂਝ ਨਾਲ ਵਿਸ਼ਲੇਸ਼ਿਤ ਕੀਤਾ ਹੈ। ਮੌਖਿਤਾ, ਪਰੰਪਰਾ, ਲਚਕੀਲਾਪਨ, ਲੋਕ ਮਨ, ਗਾਇਨ ਯੋਗਤਾ, ਸੱਭਿਆਚਾਰਕ ਅੰਸ਼, ਲੋਕ ਪ੍ਰਵਾਨਗੀ, ਲੋਕ ਬੋਲੀ ਦੀ ਵਰਤੋਂ ਲੋਕ ਕਾਵਿ ਦੇ ਨਿਰਧਾਰਕ ਵੇਰਵੇ ਹਨ। ਡਾ: ਔਲਖ ਨੇ ਲੋਕ-ਕਾਵਿ ਦੇ ਉਨ੍ਹਾਂ ਰੂਪਾਂ ਬਾਰੇ ਸੰਖੇਪ ਪਛਾਣ ਉਪਰੰਤ ਇਨ੍ਹਾਂ ਦੇ ਵਿਚਾਰਧਾਰਾਈ ਸਰੋਕਾਰਾਂ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਪੰਜਾਬੀ ਸੱਭਿਆਚਾਰ ਸ਼ੁਰੂ ਤੋਂ ਹੀ ਧਰਮ-ਮੁਖੀ ਰਿਹਾ ਹੈ। ਰੀਤਾਂ ਰਸਮਾਂ, ਸੰਸਕਾਰ, ਵਿਸ਼ਵਾਸ ਸਭ ਧਰਮ ਕੇਂਦਰਿਤ ਹਨ। ਇਹ ਵੱਖਰੀ ਗੱਲ ਹੈ ਕਿ ਸੰਸਥਾਗਤ ਧਰਮ ਨਾਲੋਂ ਵਧ ਲੋਕ ਧਰਮ ਸੱਭਿਆਚਾਰ ਵਿਚ ਵਧੇਰੇ ਅਭਿਵਿਅੰਜਤ ਹੋਇਆ ਹੈ। ਨੈਤਿਕਤਾ ਤੇ ਉੱਚੀਆਂ ਕਦਰਾਂ-ਕੀਮਤਾਂ, ਆਸਥਾ ਤੇ ਭੈਅ ਦੇ ਕਈ ਰੰਗ ਲੋਕ-ਕਾਵਿ ਦੀ ਵਿਚਾਰਧਾਰਾ ਵਿਚ ਪ੍ਰਾਪਤ ਹਨ। ਵਰਤ, ਵਹਿਮ-ਭਰਮ, ਜਾਦੂ ਟੂਣੇ, ਪੀਰ ਫਕੀਰ, ਬਿਰਖ, ਜਲ, ਅਗਨੀ ਆਦਿ ਦੀ ਪੂਜਾ ਲੋਕ ਕਾਵਿ ਵਿਚ ਵਿਚਾਰਧਾਰਾ ਦੀਆਂ ਪ੍ਰਗਟਾਅ ਵਿਧੀਆਂ ਮਾਤਰ ਹਨ। ਇਹ ਪੁਸਤਕ ਲੋਕ ਕਾਵਿ ਦੀ ਬਹੁ-ਪਰਤੀ ਤੇ ਬਹੁ-ਦਿਸ਼ਾਈ ਸੰਰਚਨਾ ਦੀ ਵਿਚਾਰਧਾਰਾ ਨੂੰ ਮੁੱਖ ਰੂਪ ਵਿਚ ਲੋਕ ਧਰਮ ਦੁਆ ਕੇ ਸੰਗਠਿਤ ਹੁੰਦਾ ਵੇਖਦੀ ਪਛਾਣਦੀ ਹੈ। ਉਸ ਦੀ ਇਹ ਪਛਾਣ ਪ੍ਰਮਾਣਿਕ ਹੈ, ਭਾਵੇਂ ਬਹੁਤੀ ਡੂੰਘੀ ਨਹੀਂ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਰੂਹ ਦੀ ਆਰਸੀ
ਸੰਪਾਦਕ : ਚੇਤਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 142.

'ਰੂਹ ਦੀ ਆਰਸੀ' ਪੁਸਤਕ ਵਿਚ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੁਆਰਾ ਡਾ: ਗੁਰਮੁਖ ਸਿੰਘ ਪਟਿਆਲਾ ਦੇ ਨਾਂਅ ਲਿਖੇ 85 ਖ਼ਤ ਸੰਗ੍ਰਹਿਤ ਹਨ। ਪ੍ਰੋ: ਮਹਿਬੂਬ ਬਹੁਤ ਨਿੱਘੇ ਅਤੇ ਪਿਆਰ ਕਰਨ ਵਾਲੇ ਸਦਭਾਵੀ ਮਨੁੱਖ ਸਨ। ਡਾ: ਗੁਰਮੁਖ ਸਿੰਘ, ਗੁਰੂ ਨਾਨਕ ਦੇਵ ਜੀ ਦੀ ਪੰਚਮ ਜਨਮ ਸ਼ਤਾਬਦੀ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐਮ. ਏ. ਕਰਕੇ ਬਾਹਰ ਨਿਕਲਿਆ। ਉਹ ਮੁੱਢ ਤੋਂ ਹੀ ਇਕ ਅਤਿਅੰਤ ਮਿਹਨਤੀ ਅਤੇ ਕਰਮਸ਼ੀਲ ਵਿਅਕਤੀ ਰਿਹਾ। ਕੁਝ ਸਮੇਂ ਬਾਅਦ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵਿਚ ਨੌਕਰੀ ਪ੍ਰਾਪਤ ਹੋ ਗਈ। ਭਾਸ਼ਾ ਵਿਭਾਗ ਦਾ ਪੁਸਤਕਾਲਾ ਬਹੁਤ ਅਮੀਰ ਸੀ। ਗਿਆਨੀ ਲਾਲ ਸਿੰਘ, ਡਾ: ਜੀਤ ਸਿੰਘ ਸੀਤਲ, ਪ੍ਰੋ: ਪਿਆਰਾ ਸਿੰਘ ਪਦਮ, ਸੰਤ ਇੰਦਰ ਸਿੰਘ ਚੱਕਰਵਰਤੀ ਅਤੇ ਡਾ: ਗੋਬਿੰਦ ਸਿੰਘ ਲਾਂਬਾ ਨੇ ਇਸ ਪੁਸਤਕਾਲੇ ਵਿਚ ਬਹੁਤ ਸਾਰੇ ਹੱਥ ਲਿਖਤ ਖਰੜੇ ਵੀ ਸਾਂਭ ਰੱਖੇ ਸਨ। ਗੁਰਮੁਖ ਸਿੰਘ ਨੇ ਇਨ੍ਹਾਂ ਸਾਰੇ ਖਰੜਿਆਂ ਦਾ ਗੰਭੀਰ ਅਧਿਐਨ ਕੀਤਾ ਅਤੇ ਬਹੁਤ ਸਾਰੇ ਖਰੜਿਆਂ ਦਾ ਸੰਪਾਦਨ ਕਰਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਵੀ ਕਰ ਦਿੱਤਾ, ਜਿਸ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਨਜ਼ਰ ਆਉਂਦੇ ਬਹੁਤ ਸਾਰੇ ਖੱਪੇ ਪੂਰੇ ਗਏ।
ਪ੍ਰੋ: ਮਹਿਬੂਬ ਨੂੰ ਡਾ: ਗੁਰਮੁਖ ਸਿੰਘ ਨਾਲ ਬਹੁਤੀ ਨਿਟਕਤਾ 1987-88 ਵਿਚ ਪੈਦਾ ਹੋਈ, ਜੋ ਪ੍ਰੋ: ਸਾਹਿਬ ਦੇ ਅਕਾਲ ਚਲਾਣੇ (14.2.2010) ਤੱਕ ਖੂਬ ਨਿਭੀ। ਚਿੱਠੀ-ਪੱਤਰਾਂ ਦਾ ਸਿਲਸਿਲਾ 2002 ਤੱਕ ਬਾਦਸਤੂਰ ਚਲਦਾ ਰਿਹਾ। ਇਹ ਪੱਤਰ ਪ੍ਰੋ: ਮਹਿਬੂਬ ਦੀ ਸ਼ਖ਼ਸੀਅਤ ਦਾ ਸਿਰਨਾਵਾਂ ਹਨ। ਇਨ੍ਹਾਂ ਦੇ ਆਧਾਰ 'ਤੇ ਅਸੀਂ ਉਸ ਬੇਨਜ਼ੀਰ ਵਿਦਵਾਨ ਦੇ ਅੰਤਹਕਰਣ ਵਿਚ ਝਾਤ ਪਾ ਸਕਦੇ ਹਾਂ। ਜਦੋਂ ਅਸੀਂ ਇਸ ਪੁਸਤਕ ਵਿਚ ਸੰਕਲਿਤ ਪੱਤਰਾਂ ਉੱਪਰ ਨਜ਼ਰ ਮਾਰਦੇ ਹਾਂ ਤਾਂ ਮਾਲੂਮ ਹੋ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਆਪਣੇ-ਆਪਣੇ ਜੀਵਨ ਵਿਚ ਅਨੇਕ ਮੁਸੀਬਤਾਂ ਅਤੇ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ। ਪਰ ਇਨ੍ਹਾਂ ਸਿਰਲੱਥ ਯੋਧਿਆਂ ਨੇ ਮੁਸੀਬਤਾਂ ਦੇ ਸਨਮੁੱਖ ਕਦੇ ਘੁਟਨੇ ਨਹੀਂ ਟੇਕੇ ਬਲਕਿ ਪੂਰਾ ਨਿਸਚਾ ਕਰਕੇ ਇਨ੍ਹਾਂ ਉੱਪਰ ਫ਼ੈਸਲਾਕੁਨ ਜਿੱਤ ਪ੍ਰਾਪਤ ਕੀਤੀ। ਇਹ ਪੁਸਤਕ ਪੰਜਾਬੀ ਦੇ ਹਰ ਗੰਭੀਰ ਪਾਠਕ ਅਤੇ ਸਮਰਪਿਤ ਅਧਿਆਪਕ ਲਈ ਬੇਹੱਦ ਮਹੱਤਵਪੂਰਨ ਹੈ। ਮੈਂ ਸ: ਚੇਤਨ ਸਿੰਘ ਅਤੇ 'ਪ੍ਰੋ: ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਟਰੱਸਟ ਗੜ੍ਹਦੀਵਾਲਾ' ਨੂੰ ਇਸ ਪੁਰਸ਼ਾਰਥ ਲਈ ਮੁਬਾਰਕਬਾਦ ਦਿੰਦਾ ਹਾਂ।

ਤਨਹਾਈਆਂ
ਕਵਿਤਰੀ : ਮਨਪ੍ਰੀਤ ਕੌਰ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 80.

ਮਨਪ੍ਰੀਤ ਕੌਰ ਬਰਾੜ ਇਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਸਵੈਮਾਨ ਵਾਲੀ ਪੰਜਾਬੀ ਮੁਟਿਆਰ ਹੈ। ਭਾਵੇਂ ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਤਨਹਾਈਆਂ' 2012 ਈ: ਵਿਚ ਪ੍ਰਕਾਸ਼ਿਤ ਹੋਇਆ ਹੈ ਪਰ ਉਹ ਜਨਮਜਾਤ ਕਵਿੱਤਰੀ ਸੀ। ਆਪਣੀ ਸਿਰਜਣਾਤਮਕ ਪ੍ਰਕਿਰਿਆ ਦਾ ਭੇਤ ਬਿਆਨ ਕਰਦੀ ਹੋਈ ਉਹ ਲਿਖਦੀ ਹੈ ਕਿ ਜਦੋਂ ਵੀ ਉਸ ਦੇ ਜ਼ਿਹਨ ਵਿਚ ਕੁਝ ਅਹਿਸਾਸ ਤੜਪਦੇ ਅਤੇ ਲੁੱਛਦੇ ਹਨ ਤਾਂ ਉਹ ਇਨ੍ਹਾਂ ਨੂੰ ਸਹੇਜ ਕੇ ਕਾਗਜ਼ ਦੇ ਪੰਨਿਆਂ ਉੱਪਰ ਉਤਾਰ ਲੈਂਦੀ ਹੈ ਅਤੇ ਇੰਜ ਉਸ ਦਾ ਲੇਖਣ ਕਵਿਤਾਵਾਂ ਦਾ ਰੂਪ ਧਾਰ ਲੈਂਦਾ ਹੈ। ਉਸ ਨੂੰ ਸੁਰ ਨਾਲ ਸੁਰ ਮਿਲਆਉਣ ਲਈ ਕੋਈ ਸੰਗਤ ਨਹੀਂ ਮਿਲ ਰਹੀ, ਇਸੇ ਕਾਰਨ ਉਹ ਤਨਹਾਈ ਦੇ ਸੁਰ ਅਲਾਪ ਰਹੀ ਹੈ। ਪ੍ਰਥਮ ਸੰਗ੍ਰਹਿ ਹੋਣ ਕਾਰਨ ਉਸ ਦੀਆਂ ਬਹੁਤੀਆਂ ਕਵਿਤਾਵਾਂ ਨਿੱਜੀ ਕਸ਼ਮਕਸ਼ ਦੇ ਇਰਦ-ਗਿਰਦ ਘੁੰਮਦੀਆਂ ਹਨ ਪਰ ਜਦ ਕਦੇ ਉਹ ਸਾਮਾਨਯ ਹੁੰਦੀ ਹੈ ਤਾਂ ਉਹ ਆਪਣੇ ਆਸ-ਪਾਸ ਦੇ ਜਗਤ ਉੱਪਰ ਵੀ ਨਜ਼ਰ ਮਾਰਦੀ ਹੈ। ਉਸ ਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਹਰ ਤਰਫ਼ ਹਿੰਸਾ, ਸ਼ੋਰ-ਸ਼ਰਾਬਾ, ਆਪੋਧਾਪੀ ਅਤੇ ਖ਼ੁਦਗਰਜ਼ੀ ਦੇ ਮੰਜ਼ਰ ਦਿਖਾਈ ਦਿੰਦੇ ਹਨ। ਉਸ ਨੂੰ ਇਸ ਗੱਲ ਦਾ ਡਾਢਾ ਹਿਰਖ ਹੈ ਕਿ ਸਾਡੇ ਗੱਭਰੂ ਨਸ਼ੇ ਦੀ ਦਲਦਲ ਵਿਚ ਗਰਕ ਹੁੰਦੇ ਜਾ ਰਹੇ ਹਨ ਅਤੇ ਮੁਟਿਆਰਾਂ ਆਤਮ-ਪ੍ਰਦਰਸ਼ਨ ਦੀ ਦੀਵਾਨਗੀ ਵਿਚ ਅਰਧ-ਨਗਨ ਹੋਣ ਤੋਂ ਵੀ ਸੰਕੋਚ ਨਹੀਂ ਕਰਦੀਆਂ। ਉਹ ਇਸ ਵਿਸ਼ੈਲੇ ਆਲੇ-ਦੁਆਲੇ ਵਿਚੋਂ ਪ੍ਰਵਾਜ਼ ਕਰਕੇ ਮਾਨਵਤਾ ਦੀਆਂ ਪਵਿੱਤਰ ਸਿਖ਼ਰਾਂ ਨੂੰ ਛੋਹਣ ਦਾ ਸੰਕਲਪ ਕਰੀ ਬੈਠੀ ਹੈ : ਮੈਂ ਸਾਰੇ ਤੋੜ ਕੇ ਬੰਧਨ ਉਚੀ ਪਰਵਾਜ਼ ਕਰਨੀ ਹੈ। ਰਸਤਾ ਹੈ ਬੜਾ ਔਖਾ ਪਰ ਮੰਜ਼ਿਲ ਸਰ ਮੈਂ ਕਰਨੀ ਹੈ। ਜ਼ਮਾਨਾ ਰੋਲ ਦਿੰਦਾ ਹੈ ਜੇ ਇਸ ਦੇ ਅੱਗੇ ਝੁਕ ਜਾਓ, ਨਾ ਇਸਦੇ ਅੱਗੇ ਝੁਕਣਾ ਹੈ, ਨਾ ਇਸ ਦੀ ਮਾਰ ਜਰਨੀ ਹੈ। (ਪੰਨਾ 15) ਮੈਂ ਮਨਪ੍ਰੀਤ ਦੇ ਇਸ ਆਸ਼ਾਵਾਦੀ ਅਤੇ ਜੁਝਾਰੂ ਪੈਂਤੜੇ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਰਵਾਸੀ ਪੰਜਾਬੀ ਕਥਾ ਚਿੰਤਨ
ਲੇਖਕ : ਡਾ: ਜਸਵਿੰਦਰ ਸਿੰਘ ਗੁਰਾਇਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ , ਸਫ਼ੇ : 231

ਜਦੋਂ ਤੋਂ ਪਰਵਾਸੀ ਪੰਜਾਬੀ ਸਾਹਿਤ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਬਣਿਆ ਹੈ, ਉਸ ਸਮੇਂ ਤੋਂ ਇਸ ਖੇਤਰ ਵਿਚ ਬਹੁਤ ਨਿਗਰ ਚਿੰਤਨ ਹੋਣਾ ਸ਼ੁਰੂ ਹੋਇਆ ਹੈ। ਇਹ ਸਾਹਿਤ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਪਰਵਾਸੀ ਚੇਤਨਾ ਵਾਲਾ ਇਹ ਸਾਹਿਤ ਅਜੋਕੀ ਸਾਹਿਤਕ ਤੇ ਅਕਾਦਮਿਕ ਪ੍ਰਾਪਤੀ ਦਾ ਵਿਲੱਖਣ ਅੰਗ ਬਣ ਗਿਆ ਹੈ। ਡਾ: ਜਸਵਿੰਦਰ ਸਿੰਘ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਵਿਭਿੰਨ ਪਾਸਾਰਾਂ ਨੂੰ ਪਛਾਣਨ ਦਾ ਯਤਨ ਕੀਤਾ ਹੈ। ਪੁਸਤਕ ਦਾ ਪਹਿਲਾ ਲੇਖ 'ਪਰਵਾਸੀ ਚੇਤਨਾ-ਸਿਧਾਂਤਕ ਪਰਿਪੇਖ' ਪਰਵਾਸੀ ਪੰਜਾਬੀ ਚੇਤਨਾ ਦੇ ਵਿਭਿੰਨ ਪੱਖਾਂ ਨੂੰ ਇਤਿਹਾਸਕ ਸੰਦਰਭ ਵਿਚ ਵਿਚਾਰਦਾ ਹੈ। ਉਹ ਪਰਵਾਸੀ ਚੇਤਨਾ ਦੇ ਅਨੇਕਾਂ ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ, ਨਸਲੀ ਆਧਾਰ ਨਿਸ਼ਚਿਤ ਕਰਦਾ ਹੈ, ਜਿਨ੍ਹਾਂ ਕਾਰਨ ਉਹ ਪਰਵਾਸੀ ਬੰਦਾ ਮਾਨਸਿਕ ਤਣਾਓ ਭੁਗਤਦਾ ਹੈ। ਦੂਸਰੇ ਲੇਖਾਂ ਵਿਚ ਪਰਵਾਸੀ ਪੰਜਾਬੀ ਕਹਾਣੀ ਦੇ ਪੰਜ ਪ੍ਰਮੁੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚਲੀ ਵਸਤੂ ਸਮੱਗਰੀ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹ ਕਹਾਣੀਕਾਰ ਹਨ ਰਘੁਬੀਰ ਢੰਡ, ਸਾਧੂ ਬਿਨਿੰਗ, ਜਰਨੈਲ ਸਿੰਘ, ਅਮਨਪਾਲ ਸਾਰਾ ਅਤੇ ਵੀਨਾ ਵਰਮਾ। ਰਘੁਬੀਰ ਢੰਡ ਪੰਜਾਬੀ ਸਾਹਿਤ ਦਾ ਪ੍ਰਮੁੱਖ ਕਹਾਣੀਕਾਰ ਹੈ, ਉਸ ਨੇ ਜ਼ਿੰਦਗੀ ਦੇ ਹੰਢਾਏ ਅਨੁਭਵਾਂ ਅਤੇ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਬੜੀ ਵਿਲੱਖਣਤਾ ਨਾਲ ਪੇਸ਼ ਕੀਤਾ ਹੈ। ਪਰਵਾਸੀ ਪੰਜਾਬੀ ਕਹਾਣੀ ਨੂੰ ਉਸ ਉਪਰ ਮਾਣ ਹੈ। ਸਾਧੂ ਬਿਨਿੰਗ ਇਕ ਬਹੁ-ਪੱਖੀ ਤੇ ਚਰਚਿਤ ਸ਼ਖ਼ਸੀਅਤ ਦਾ ਮਾਲਕ ਹੈ। ਕੈਨੇਡਾ ਦੀ ਹਰ ਸਰਗਰਮੀ ਵਿਚ ਨਿਰੰਤਰ ਹਿੱਸਾ ਲੈਣ ਵਾਲਾ ਸਾਡਾ ਇਹ ਲੇਖਕ ਪਰਵਾਸੀ ਜੀਵਨ ਦੀਆਂ ਬਾਰੀਕੀਆਂ ਨੂੰ ਸਮਾਜ, ਸੱਭਿਆਚਾਰ ਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਜਰਨੈਲ ਸਿੰਘ ਵੀ ਵੱਡਾ ਕਹਾਣੀਕਾਰ ਹੈ। ਉਸ ਨੂੰ ਆਮ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ, ਸਮੱਸਿਆਵਾਂ ਨਾਲ ਜੂਝਦੇ ਮਨੁੱਖ ਦੇ ਜੀਵਨ ਅਨੁਭਵਾਂ ਦਾ ਡੂੰਘਾ ਗਿਆਨ ਹੈ। ਉਹ ਸਿਰਫ਼ ਪਰਵਾਸੀ ਜੀਵਨ ਦੀ ਗੱਲ ਨਹੀਂ ਕਰਦਾ ਸਗੋਂ ਸਮੁੱਚੇ ਵਿਸ਼ਵ ਲਈ ਚੁਣੌਤੀ ਬਣੇ ਮਸਲਿਆਂ ਨੂੰ ਵੀ ਉਜਾਗਰ ਕਰਦਾ ਹੈ। ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿਚ ਪਰਵਾਸੀ ਜੀਵਨ ਦੇ ਯਥਾਰਥ ਦੀ ਪੇਸ਼ਕਾਰੀ ਹੋਈ ਹੈ, ਉਹ ਪਰਵਾਸੀ ਚੇਤਨਾ ਦੀ ਪੇਸ਼ਕਾਰੀ ਕਰਦਾ ਹੈ। ਵੀਨਾ ਵਰਮਾ ਸੈਕਸ ਨਾਲ ਲਬਰੇਜ਼ ਕਹਾਣੀ ਦੀ ਸਿਰਜਣਾ ਕਰਦੀ, ਕੁਝ ਖਾਸ ਵਰਗ ਵੱਲੋਂ ਹੀ ਪ੍ਰਵਾਨਿਤ ਹੈ। ਜਸਵਿੰਦਰ ਸਿੰਘ ਨੇ ਇਨ੍ਹਾਂ ਕਹਾਣੀਕਾਰਾਂ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਅਤੇ ਮਿਹਨਤ ਨਾਲ ਕੀਤਾ ਹੈ। ਪਰਵਾਸੀ ਸਾਹਿਤ ਦੀ ਇਹ ਪੁਸਤਕ ਸਹੀ ਜਾਣਕਾਰੀ ਪ੍ਰਸਤੁਤ ਕਰਦੀ ਹੈ।

ਕਥਾ ਮੁਹਾਂਦਰਾ
(ਸਮਕਾਲੀ ਪੰਜਾਬੀ ਕਹਾਣੀ ਸੰਗ੍ਰਹਿ)
ਸੰਪਾਦਕ : ਹਰਪ੍ਰੀਤ ਸਿੰਘ ਕੇਵਲ ਕ੍ਰਾਂਤੀ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ ਪ੍ਰਕਾਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫੇ : 252.

ਪੰਜਾਬੀ ਕਹਾਣੀ ਦੀ ਅਮੀਰ ਤੇ ਲੰਮੀ ਪ੍ਰੰਪਰਾ ਹੈ। ਇਹ ਸ਼ਿਲਪ ਅਤੇ ਵਿਸ਼ੇ ਪੱਖੋਂ ਆਪਣੀ ਤਕਨੀਕ ਅਤੇ ਰੂਪ ਬਦਲਦੀ ਰਹੀ ਹੈ। ਜਿਵੇਂ-ਜਿਵੇਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਬਦਲਦੀਆਂ ਰਹੀਆਂ, ਇਸ ਸਥਿਤੀ ਵਿਚ ਪੰਜਾਬੀ ਕਹਾਣੀ ਵੀ ਪਰਿਵਰਤਨਸ਼ੀਲ ਹੁੰਦੀ ਰਹੀ ਹੈ। ਅਜੋਕੇ ਦੌਰ ਵਿਚ ਦਰਪੇਸ਼ ਸਥਿਤੀ ਦਾ ਅਸਰ ਪੰਜਾਬੀ ਕਹਾਣੀ ਉਪਰ ਪਿਆ ਹੈ। ਇਸ ਰਾਹੀਂ ਬਦਲਦੀ ਹੋਈ ਸਥਿਤੀ ਅਤੇ ਉਲਝਣਾਂ ਭਰੀ ਜ਼ਿੰਦਗੀ ਦੀ ਪੇਸ਼ਕਾਰੀ ਹੋਣ ਲੱਗੀ। ਅਜਿਹੇ ਮਾਹੌਲ ਨੂੰ ਪੇਸ਼ ਕਰਦਾ ਇਹ ਕਹਾਣੀ ਸੰਗ੍ਰਹਿ ਹੋਂਦ ਵਿਚ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਦੋ ਉਤਸ਼ਾਹੀ ਨੌਜਵਾਨ ਸਮੇਂ-ਸਮੇਂ 'ਤੇ ਵੱਖ-ਵੱਖ ਥਾਈਂ ਛਪੀਆਂ ਪੰਜਾਬੀ ਦੇ ਮਹੱਤਵਪੂਰਨ ਕਹਾਣੀਕਾਰਾਂ ਦੀਆਂ ਵਿਲੱਖਣ ਤੇ ਦਿਲਚਸਪ ਕਹਾਣੀਆਂ ਇਕੱਠੀਆਂ ਕਰਦੇ ਹਨ ਤਾਂ ਉਨ੍ਹਾਂ ਦੀ ਚੋਣ ਅਤੇ ਸ਼ੌਕ ਦੀ ਦਾਦ ਦੇਣੀ ਬਣਦੀ ਹੈ। ਇਸ ਦੌਰ ਦੇ ਸਥਾਪਤ ਕਹਾਣੀਕਾਰਾਂ-ਵਰਿਆਮ ਸਿੰਘ ਸੰਧੂ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਸੁਖਜੀਤ, ਜਤਿੰਦਰ ਹਾਂਸ, ਜਸਵੀਰ ਸਿੰਘ ਰਾਣਾ, ਬਲਜਿੰਦਰ ਨਸਰਾਲੀ, ਸਾਂਵਲ ਧਾਮੀ, ਅਜਮੇਰ ਸਿੱਧੂ ਅਤੇ ਅਨੇਮਨ ਸਿੰਘ ਦੀਆਂ ਖੂਬਸੂਰਤ ਤੇ ਉੱਚ-ਪਾਏ ਦੀਆਂ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਇਹ ਸਾਰੀਆਂ ਕਹਾਣੀਆਂ ਪਾਠਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਹਨ। ਹਰ ਕਹਾਣੀ ਪਾਠਕਾਂ ਸੰਗ ਕੁਝ ਸਵਾਲ ਛੱਡ ਜਾਂਦੀ ਹੈ। ਪੰਜਾਬੀ ਕਹਾਣੀ ਥੀਮਕ ਤੇ ਕਲਾਤਮਿਕ ਪੱਖੋਂ ਨਿਵੇਕਲੀ ਅਤੇ ਵੱਖਰੀ ਹੋਂਦ ਗ੍ਰਹਿਣ ਕਰਦੀ ਹੈ। ਆਪਣੇ ਏਸੇ ਸੁਭਾਅ ਜਾਂ ਗੁਣ ਕਰਕੇ ਹੀ ਪੰਜਾਬੀ ਕਹਾਣੀ ਸਾਹਿਤ ਦੀਆਂ ਬਾਕੀ ਵਿਧਾਵਾਂ ਤੋਂ ਵਧੇਰੇ ਧਿਆਨ ਨਾਲ ਪੜ੍ਹੀ ਤੇ ਮਾਣੀ ਜਾਂਦੀ ਹੈ। ਇਨ੍ਹਾਂ ਸੰਪਾਦਕ ਲੇਖਕਾਂ ਨੇ ਕਹਾਣੀਆਂ ਦੇ ਇਸ ਗੁਲਦਸਤੇ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕੀਤਾ ਹੈ। ਸੁੰਦਰ ਛਪੀ ਇਹ ਪੁਸਤਕ ਪਾਠਕ ਵਰਗ ਨੂੰ ਸੁਹਜਮਈ ਆਨੰਦ ਦੇਣ ਦੇ ਨਾਲ-ਨਾਲ ਅਜੋਕੇ ਦੌਰ ਦੇ ਮਸਲਿਆਂ ਤੇ ਸਵਾਲਾਂ ਜਵਾਬਾਂ ਸੰਗ ਖਹਿਣ ਲਈ ਮਜਬੂਰ ਕਰੇਗੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਅਮਰ ਪ੍ਰੇਮ
ਲੇਖਕ : ਗੁਰਚਰਨ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਗੁਰਚਰਨ ਦਰਦੀ (ਚੰਡੀਗੜ੍ਹ) ਦੇ ਕਹਾਣੀ ਸੰਗ੍ਰਹਿ ਵਿਚ 18 ਕਹਾਣੀਆਂ ਹਨ। ਇਸ ਤੋਂ ਪਹਿਲਾਂ ਲੇਖਕ ਦੀਆਂ 8 ਕਿਤਾਬਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿਚ 3 ਕਹਾਣੀ ਸੰਗ੍ਰਹਿ ਤੇ 5 ਨਾਟਕ ਸੰਗ੍ਰਹਿ ਹਨ। ਹਥਲੀ ਪੁਸਤਕ ਬਾਰੇ ਡਾ: ਸਰਬਜੀਤ ਕੌਰ ਨੇ ਲਿਖਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਹਾਣੀਕਾਰ ਨੇ ਆਪਣੇ ਦਿਲੀ-ਭਾਵਾਂ ਨੂੰ, ਜਜ਼ਬਾਤਾਂ ਨੂੰ ਵਿਅਕਤ ਕਰਨ ਲਈ ਕਹਾਣੀ ਨੂੰ ਮਾਧਿਅਮ ਬਣਾਇਆ ਹੈ। ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ੇ ਸਾਡੇ ਆਲੇ-ਦੁਆਲੇ ਵਾਪਰਦੀਆਂ ਸਮਾਜਿਕ ਪਰਿਵਾਰਕ ਘਟਨਾਵਾਂ ਹਨ। ਕਹਾਣੀ ਅਮਰ ਪ੍ਰੇਮ ਵਿਚ ਰੋਜ਼ੀ ਤੇ ਪ੍ਰਦੀਪ ਦੇ ਪਿਆਰ ਦੀ ਕਹਾਣੀ ਵਾਰਤਾ ਹੈ। ਇਹ ਜੋੜਾ ਗੁਰੂ ਘਰ ਵਿਚ ਸੇਵਾ ਕਰਦਾ ਹੈ। ਅਰਦਾਸਾਂ ਅਤੇ ਸੇਵਾ ਕਰਕੇ ਰੋਜ਼ੀ ਤੰਦਰੁਸਤ ਹੋ ਜਾਂਦੀ ਹੈ। ਕਹਾਣੀ ਆਸਥਾ ਦੀ ਜਿਉਂਦੀ ਮਿਸਾਲ ਹੈ। ਕਹਾਣੀ ਜ਼ਿੰਦਗੀ ਦੇ ਦੋ ਪਲ ਦੇ ਪਾਤਰ ਡਾ: ਜਗਤਾਰ ਤੇ ਪਤਨੀ ਭੁਪਿੰਦਰ ਕੌਰ ਅਮਰੀਕਾ ਜਾ ਕੇ ਵੀ ਇਧਰ ਮਾਤ ਭੂਮੀ ਵਿਚ ਆ ਕੇ ਸਕੂਨ ਹਾਸਲ ਕਰਦੇ ਹਨ। ਪਿਆਰ ਦਾ ਪ੍ਰਗਟਾਵਾ ਫ਼ਿਲਮੀ ਤਰਜ਼ ਦੀ ਕਹਾਣੀ ਹੈ। ਪਿਆਰ ਅਧਵਾਟੇ ਰਹਿ ਜਾਂਦਾ ਹੈ। ਹੀਣਤਾ ਭਾਵ ਵਿਚ ਮਨਿੰਦਰ ਤੇ ਦਰਸ਼ੀ ਸਮੇਂ ਸਿਰ ਨਹੀਂ ਮਿਲ ਪਾਉਂਦੇ।
ਬਾਅਦ ਵਿਚ ਵੱਖਰੀ ਥਾਂ ਵਿਆਹੇ ਜਾਣ ਤੇ ਪਛਤਾਵਾ ਕਰਦੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਭਾਗਾਂ ਵਾਲੀ ਸੰਤੁਸ਼ਟੀ ਪਸਚਾਤਾਪ ਆਖਰੀ ਨਿਸ਼ਾਨੀ, ਅਭਿਮਾਨ, ਓਲਡ ਏਜ ਹੋਮ, ਗ਼ਲਤ ਸੋਚ, ਦਾਜ ਦੀ ਮਸ਼ੀਨ ਅਮਿਟ ਯਾਦਾਂ ਪ੍ਰਣਾਮ ਸ਼ਹੀਦਾਂ ਨੂੰ, ਜ਼ਾਲਮਾਂ ਇਕ ਵਾਰ ਤਾਂ... ਸੰਗ੍ਰਹਿ ਦੀਆਂ ਚੰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਕਥਾ ਰਸ ਹੈ। ਤੇਜ਼ੀ ਨਾਲ ਘਟਨਾਵਾਂ ਤੁਰਦੀਆਂ ਹਨ। ਪਾਤਰ ਲੇਖਕ ਦੇ ਹੱਥਾਂ ਵਿਚ ਕਠਪੁਤਲੀਆਂ ਵਾਂਗ ਵਿਚਰਦੇ ਹਨ। ਨਾਟਕੀ ਜਮਾਤ ਦੀ ਵਧੇਰੇ ਵਰਤੋਂ ਕੀਤੀ ਗਈ ਹੈ। ਫ਼ਿਲਮੀ ਅੰਦਾਜ਼ ਹੈ। ਆਖਰੀ ਕਹਾਣੀ ਵਿਚ ਦੇਸ਼ ਭਗਤੀ ਵਾਲਾ ਰੰਗ ਹੈ। ਕਦੇ-ਕਦੇ ਕਹਾਣੀਕਾਰ ਪਾਤਰਾਂ ਨੂੰ ਆਪਣੀ ਮਰਜ਼ੀ ਨਾਲ ਤੋਰਣਾ ਹੈ। ਪਰਿਵਾਰਕ ਵਿਸ਼ਿਆਂ ਵਾਲੀਆਂ ਕਹਾਣੀਆਂ ਵਿਚ ਪਿਆਰ ਪ੍ਰਮੁੱਖ ਧਾਰਾ ਹੈ। ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸਿਧਾਂਤ ਪਿਆਰ ਕਬਜ਼ ਨਹੀਂ ਪਛਾਣ ਹੈ, ਨੂੰ ਕਹਾਣੀਕਾਰ ਨੇ ਇਸ ਸੰਗ੍ਰਹਿ ਰਾਹੀਂ ਅੱਗੇ ਤੋਰਿਆ ਹੈ। ਪੁਸਤਕ ਪੜ੍ਹਨ ਵਾਲੀ ਹੈ। ਕਥਾ ਜੁਗਤ ਵਿਚ ਲੇਖਕ ਕਾਮਯਾਬ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.


ਅਮੀਲੋ
ਲੇਖਕ : ਅਜਾਇਬ ਸਿੰਘ ਸੰਧੂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 250 ਰੁਪਏ, ਸਫੇ : 200.

ਅਜਾਇਬ ਸਿੰਘ ਸੰਧੂ ਕਵਿਤਾ ਦੇ ਨਾਲ-ਨਾਲ ਨਾਵਲ ਰਚਨਾ ਵੱਲ ਵੀ ਰੁਚਿਤ ਹੈ। 'ਅਮੀਲੋ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਵਾਸ ਅਤੇ ਪ੍ਰਵਾਸ ਦੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਈ ਹੈ। ਨਾਇਕ ਅਮੀਲੋ ਕੈਨੇਡੀਅਨ ਗੋਰੀ ਤੇ ਪੰਜਾਬੀ ਨੌਜਵਾਨ ਸਮਸ਼ੇਰ ਸਿੰਘ ਦੇ ਪ੍ਰੇਮ ਵਿਆਹ 'ਚੋਂ ਪੈਦਾ ਹੋਇਆ ਹੈ। ਕਾਨੂੰਨ ਦਾ ਪਾਬੰਦ ਹੈ। ਮਾਸੂਮ ਹੈ ਤੇ ਹਿੰਮਤ ਵਾਲਾ ਵੀ ਹੈ। ਆਪਣੇ-ਆਪ ਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ ਪਰ ਕੈਨੇਡਾ ਪ੍ਰਤੀ ਵੀ ਸਮਰਪਿਤ ਭਾਵਨਾ ਨਾਲ ਸੋਚਦਾ ਹੈ।
ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ਦਾ ਹਿਸਾਬ-ਕਿਤਾਬ ਕਰਨ ਲਈ ਉਹ ਪੰਜਾਬ ਆਉਂਦਾ ਹੈ। ਇਥੋਂ ਦਾ ਪ੍ਰਬੰਧ ਉਸ ਦੇ ਪਿਤਾ ਦਾ ਪੁਰਾਣਾ ਸਹਿਪਾਠੀ ਤੇ ਮਿੱਤਰ ਦਰਸ਼ਨ ਸਿੰਘ ਤੇ ਉਸ ਦਾ ਪੁੱਤਰ ਗੁਰਮੀਤ ਕਰਦੇ ਹਨ। ਇਥੇ ਕੁਝ ਦੇਰ ਰਹਿਕੇ ਅਮੀਲ ਪੰਜਾਬੀ ਜਨ-ਜੀਵਨ ਤੋਂ ਵੀ ਜਾਣੂ ਹੋਣ ਦਾ ਯਤਨ ਕਰਦਾ ਹੈ। ਲੇਖਕ ਨੇ ਸੰਵਾਦਾਂ ਰਾਹੀਂ ਤੇ ਪਿਛਲ ਝਾਤ ਦੁਆਰਾ ਇਥੋਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਕਹਾਣੀ ਨੂੰ ਅਗਾਂਹ ਤੋਰਿਆ ਹੈ। ਯਾਦਾਂ ਦਾ ਬਿਰਤਾਂਤ ਵੀ ਕਹਾਣੀ ਨੂੰ ਅਗਾਂਹ ਸਰਕਾਉਣ ਵਿਚ ਸਹਾਈ ਹੁੰਦਾ ਹੈ। ਲੇਖਕ, ਦਰਸ਼ਨ, ਮੀਤੇ ਤੇ ਅਮੀਲ ਦੇ ਸੰਵਾਦਾਂ ਰਾਹੀਂ ਇਸ ਪੰਜਾਬੀ ਸਮਾਜ ਦੇ ਕਈ ਔਗੁਣਾਂ 'ਤੇ ਉਂਗਲੀ ਧਰਨ ਦਾ ਯਤਨ ਕਰਦਾ ਹੈ। ਸਿੱਖ ਰਹੁ-ਰੀਤਾਂ ਤੋਂ ਦੂਰ ਜਾ ਰਹੇ ਨੌਜਵਾਨ, ਨਸ਼ਿਆਂ ਦੇ ਚਿੱਕੜ 'ਚ ਧਸ ਰਹੇ ਪੰਜਾਬੀ, ਡੇਰਿਆਂ ਦੀ ਵਧ ਰਹੀ ਜਕੜ, ਡਰੱਗ ਦਾ ਧੰਦਾ ਕਰਨ ਵਾਲੇ ਲੋਕ, ਮੈਲੀ ਹੋ ਰਹੀ ਰਾਜਨੀਤੀ, ਜਾਤਪਾਤ ਦੀ ਪਕੜ ਦਾ ਕੋਹੜ ਜਿਹੀਆਂ ਅਨੇਕਾਂ ਭੈੜਾਂ ਦਾ ਜ਼ਿਕਰ ਨਾਟਕ ਵਿਚ ਆਇਆ ਹੈ। ਅਮੀਲੋ ਚੰਗੇ ਦਿਲ ਵਾਲਾ ਭੋਲਾ-ਭਾਲਾ ਨੌਜਵਾਨ ਹੈ। ਆਪਣੀ ਪਸੰਦ ਦੀ ਨਰਸ ਕੁੜੀ ਨਾਲ ਵਿਆਹ ਕਰਾ ਲੈਂਦਾ ਹੈ। ਅਮੀਲ ਨੂੰ ਆਪਣੇ ਚੰਗੇ ਕਾਰਜਾਂ ਕਰਕੇ ਕੈਨੇਡਾ ਸਰਕਾਰ ਦਾ ਵੱਡਾ ਮਾਣ-ਸਨਮਾਨ ਮਿਲਦਾ ਹੈ। ਅਮੀਲੋ ਦਾ ਚਰਿੱਤਰ ਆਦਰਸ਼ ਨਾਇਕ ਵਜੋਂ ਪੇਸ਼ ਹੁੰਦਾ ਹੈ।

ਕੁੱਖ ਦੀ ਭੁੱਖ
ਲੇਖਕ : ਅਮਰਜੀਤ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਲੁਧਿਆਣਾ/ਚੰਡੀਗੜ੍ਹ
ਮੁੱਲ : 125 ਰੁਪਏ, ਸਫੇ : 103.

ਅਮਰਜੀਤ ਸਿੰਘ ਹੇਅਰ ਪੰਜਾਬੀ ਦਾ ਅਨੁਭਵੀ ਕਹਾਣੀ ਲੇਖਕ ਹੈ। ਉਸ ਨੇ 'ਦੱਬੀ ਅੱਗ ਦਾ ਸੇਕ' ਕਹਾਣੀ-ਸੰਗ੍ਰਹਿ ਰਾਹੀਂ ਪਹਿਲਾਂ ਹੀ ਆਪਣੀ ਸਾਖ਼ 'ਤੇ ਧਾਕ ਪੰਜਾਬੀ ਆਲੋਚਕਾਂ/ਪਾਠਕਾਂ ਵਿਚ ਬਣਾ ਲਈ ਹੈ। 'ਕੁੱਖ ਦੀ ਭੁੱਖ' ਉਸ ਦੀਆਂ ਕਹਾਣੀਆਂ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਪੰਝੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਅਮਰਜੀਤ ਸਿੰਘ ਹੇਅਰ ਯਥਾਰਥਵਾਦੀ ਕਥਾ-ਲੇਖਕ ਹੈ। ਉਸ ਦੇ ਆਲੇ-ਦੁਆਲੇ ਜੋ ਕੁਝ ਨਿੱਤ ਦਿਹਾੜੀ ਵਾਪਰਦਾ ਹੈ, ਉਸੇ ਨੂੰ ਉਹ ਆਪਣੀਆਂ ਕਹਾਣੀਆਂ ਦੇ ਕਥਾਨਕ ਵਜੋਂ ਵਰਤ ਕੇ ਕਹਾਣੀ ਦੀ ਸਿਰਜਣਾ ਕਰਦਾ ਹੈ। ਉਸ ਦੀਆਂ ਕਹਾਣੀਆਂ ਸੱਚਮੁੱਚ ਨਿੱਕੀ ਕਹਾਣੀ ਦੀ ਪਰਿਭਾਸ਼ਾ ਦੇ ਅਨੁਰੂਪ ਹੀ ਬੁਣੀਆਂ ਹੋਈਆਂ ਹਨ। ਕਹਾਣੀ ਬਾਤ ਸੁਣਾਉਣ ਦੇ ਲਹਿਜ਼ੇ 'ਚ ਸ਼ੁਰੂ ਹੋ ਕੇ ਆਪਣੇ ਰੱਥ ਵੱਲ ਤੇਜ਼ੀ ਨਾਲ ਸਫ਼ਰ ਕਰਦੀ ਹੋਈ ਸਿੱਟਾ ਕੱਢ ਕੇ ਚੁੱਪ ਹੋ ਜਾਂਦੀ ਹੈ। ਬਾਕੀ ਸੋਚਣ ਦਾ ਕੰਮ ਪਾਠਕਾਂ ਲਈ ਛੱਡ ਜਾਂਦੀ ਹੈ।
ਵੰਨ-ਸੁਵੰਨੇ ਵਿਸ਼ੇ ਹੇਅਰ ਦੀਆਂ ਕਹਾਣੀਆਂ ਵਿਚ ਥਾਂ-ਪੁਰ-ਥਾਂ ਸੰਜੋਏ ਮਿਲਦੇ ਹਨ। ਕਦੀ-ਕਦੀ ਨਿੱਕੇ-ਨਿੱਕੇ ਅਹਿਸਾਸ ਹੀ ਕਹਾਣੀ ਦਾ ਤਾਣਾ-ਪੇਟਾ ਬਣਦੇ ਪ੍ਰਤੀਤ ਹੁੰਦੇ ਹਨ। ਕੁਝ ਕਹਾਣੀਆਂ ਸਵੈ-ਜੀਵਨੀ ਮੂਲਕ ਹੋਣ ਦੀ ਗਵਾਹੀ ਵੀ ਭਰਦੀਆਂ ਹਨ। ਦੇਸ਼-ਵੰਡ ਦਾ ਦੁਖਾਂਤ ਵਾਰ-ਵਾਰ ਕਹਾਣੀਆਂ ਵਿਚ ਦੁਖਦੀ ਰਗ ਵਾਂਗ ਸ਼ਮੂਲੀਅਤ ਕਰਦਾ ਹੈ। 'ਸੇਵਾਮੁਕਤੀ' ਦਾ ਪਾਤਰ ਸੇਵਾ-ਮੁਕਤੀ ਨੂੰ ਇਕ ਵਰਦਾਨ ਵਜੋਂ ਸਵੀਕਾਰ ਕਰਦਾ ਹੈ। 'ਹਮੀਦਾ', 'ਦੁਸ਼ਮਣੀ', 'ਬਦਲਾ', 'ਦੋ ਇਮਾਰਤਾਂ ਦਾ ਕਤਲ' ਆਦਿ ਕਹਾਣੀਆਂ ਦੇਸ਼-ਵੰਡ ਦੇ ਦੁਖਾਂਤ 'ਤੇ ਉਸ 'ਚੋਂ ਉਪਜੇ ਹੋਰ ਦੁਖਾਤਾਂ ਦੇ ਵੇਰਵੇ ਪੇਸ਼ ਕਰਦੀਆਂ ਹਨ। 'ਦੁਬਿਧਾ' ਦੀ ਮਨੋਰਮਾ ਕੋਈ ਵੀ ਫੈਸਲਾ ਲੈਣ ਤੋਂ ਅਸਮਰਥ ਹੈ। 'ਬਰਖਾ' ਨਾਂਅ ਦੀ ਕੁੜੀ ਬਰਖਾ ਵੇਲੇ ਜਨਮ ਲੈ ਕੇ ਬਰਖਾ ਕਾਰਨ ਪੈਦਾ ਹੋਏ ਮਨੋਭਾਵਾਂ ਦੀ ਆਪੂਰਤੀ ਕਰਦੀ ਹੈ। 'ਪੁੱਤ-ਕਪੁੱਤ' ਦਾ ਪਿਓ-ਪਾਤਰ ਪੁੱਤਰਾਂ ਦੇ ਭੈੜੇ ਵਰਤਾਓ ਦਾ ਬਦਲਾ ਲੈਂਦਾ ਹੈ। 'ਦੋਸਤੀ' ਵਿਚ ਸੱਚੀ ਦੋਸਤੀ ਦੇ ਕੁਝ ਦ੍ਰਿਸ਼ਟਾਂਤ ਪੇਸ਼ ਕੀਤੇ ਗਏ ਹਨ। 'ਪਾਪ ਦਾ ਪਛਤਾਵਾ' ਤੇ 'ਦਾਦੀ ਪੋਤੀ' ਇਸ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ, ਜਿਨ੍ਹਾਂ ਵਿਚ ਪਛਤਾਵੇ ਰਾਹੀਂ ਪ੍ਰੇਮ ਤੇ ਲਗਾਓ ਪੈਦਾ ਹੁੰਦਾ ਹੈ। ਦੋ ਸੰਸਕ੍ਰਿਤੀਆਂ ਦੇ ਭੇੜ 'ਚੋਂ ਮੁਹੱਬਤ ਤੇ ਆਪਸੀ ਗਿਆਨ ਲੱਭਦਾ ਹੈ। ਇਹੋ ਜਿਹੀਆਂ ਕਹਾਣੀਆਂ ਅਮਰਜੀਤ ਸਿੰਘ ਹੇਅਰ ਦੀ ਕਥਾਕਾਰ ਵਜੋਂ ਸਥਾਪਤੀ ਦੇ ਸੰਕੇਤ ਕਰਦੀਆਂ ਹਨ।

-ਕੇ. ਐਲ. ਗਰਗ
ਮੋ: 94635-37050.

ਗਿੱਲ ਮੋਰਾਂਵਾਲੀ ਦੀ ਨਾਰੀ ਚੇਤਨਾ ਦਾ ਮਰਦਾਵੀਂ ਚਿੰਤਨ
ਸੰਪਾਦਕ : ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 96.

ਪਰਵਾਸੀ ਕਵੀ ਗਿੱਲ ਮੋਰਾਂਵਾਲੀ ਮੁੱਖ ਤੌਰ 'ਤੇ ਨਾਰੀ ਚੇਤਨਾ ਦਾ ਕਵੀ ਹੈ। ਹਥਲੀ ਸੰਪਾਦਿਤ ਪੁਸਤਕ ਵਿਚ ਪੁਰਸ਼ ਵਿਦਵਾਨਾਂ ਦੇ ਅਜਿਹੇ ਨਿਬੰਧ ਹਨ ਜੋ ਗਿੱਲ ਦੀ ਕਵਿਤਾ ਵਿਚ ਨਾਰੀ ਚੇਤਨਾ ਦਾ ਮੁਲਾਂਕਣ ਕਰਦੇ ਹਨ। ਇਨ੍ਹਾਂ ਨਿਬੰਧਾਂ ਦਾ ਸੰਪਾਦਕਨ ਪੰਜਾਬੀ ਸਾਹਿਤ ਦੇ ਦੋ ਵਿਦਵਾਨਾਂ (ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ) ਨੇ ਕੀਤਾ ਹੈ। ਇਸਤਰੀ ਆਲੋਚਕਾਂ ਦੀ ਦ੍ਰਿਸ਼ਟੀ ਤੋਂ ਇਸ ਪ੍ਰਕਾਰ ਦੇ ਨਿਬੰਧਾਂ ਦਾ ਸੰਪਾਦਨ ਪਹਿਲਾਂ ਹੀ ਡਾ: ਰਮਿੰਦਰ ਕੌਰ ਕਰ ਚੁੱਕੇ ਹਨ। ਪੁਸਤਕ ਦੇ ਪਹਿਲੇ 13 ਪੰਨਿਆਂ ਵਿਚ ਕ੍ਰਮਵਾਰ ਡਾ: ਤੇਜਵੰਤ ਮਾਨ, ਡਾ: ਭਗਵੰਤ ਅਤੇ ਗਿੱਲ ਮੋਰਾਂਵਾਲੀ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਮਾਨਾਂ-ਸਨਮਾਨਾਂ ਦੀਆਂ ਸੂਚੀਆਂ ਉਪਲਬੱਧ ਹਨ। ਬੇਸ਼ੱਕ ਪੁਸਤਕ ਦੇ ਟਾਈਟਲ ਉੱਪਰ ਦੋ ਸੰਪਾਦਕਾਂ ਦੇ ਨਾਂਅ ਹਨ ਪਰ ਡਾ: ਮਾਨ ਮੁੱਖ ਸ਼ਬਦ ਸਿਰਲੇਖ ਅਧੀਨ ਇਸ ਪੁਸਤਕ ਦੇ ਸੰਪਾਦਨ ਨੂੰ ਡਾ: ਭਗਵੰਤ ਸਿੰਘ ਵੱਲੋਂ ਕੀਤਾ ਹੀ ਦੱਸਦਾ ਹੈ। ਇਨ੍ਹਾਂ ਖੋਜ-ਨਿਬੰਧਾਂ ਵਿਚ ਇਕ ਦਰਜਨ ਮਰਦ-ਸਮੀਖਿਆਕਾਰਾਂ ਦੇ ਨਿਬੰਧ ਸ਼ਾਮਿਲ ਹਨ। ਡਾ: ਭਗਵੰਤ ਸਿੰਘ ਨੇ ਆਪਣੇ ਵੱਲੋਂ ਲਿਖੀ ਭੂਮਿਕਾ ਵਿਚ ਗਿੱਲ ਨੂੰ ਨਾਰੀ ਚੇਤਨਾ ਦਾ ਸ਼ਾਇਰ ਪ੍ਰਵਾਨ ਕੀਤਾ ਹੈ। ਡਾ: ਖੀਵਾ ਲਈ ਗਿੱਲ-ਕਾਵਿ 'ਮਰਯਾਦਾ-ਭੰਗਕ ਪ੍ਰਵਚਨ ਹੈ'। ਡਾ: ਅਮਰ ਕੋਮਲ ਨੂੰ ਗਿੱਲ ਮੋਰਾਂਵਾਲੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਧੀ ਦੀ ਪੀੜ ਨੂੰ 'ਸਮੂਹ ਦੀ ਪੀੜ' ਵਿਚ ਬਦਲਦਾ ਪ੍ਰਤੀਤ ਹੁੰਦਾ ਹੈ। ਗਿੱਲ ਦਾ ਦੋਹਾ ਕਾਵਿ-ਰੂਪ, ਡਾ: ਆਸ਼ਟ ਨੂੰ, ਉਸ ਦੀ 'ਪ੍ਰਥਮ ਵਿਸ਼ੇਸ਼ਤਾ' ਮਹਿਸੂਸ ਹੁੰਦੀ ਹੈ। ਡਾ: ਬਲਜੀਤ ਸਿੰਘ ਨੂੰ ਗਿੱਲ-ਕਾਵਿ ਨਾਰੀ ਜਾਤੀ ਦੇ ਹੱਕ ਵਿਚ 'ਕਾਵਿਕ ਸੰਘਰਸ਼' ਅਤੇ 'ਜਨ-ਜਾਗ੍ਰਿਤੀ' ਲਈ ਹੋਕਾ ਦਿੰਦਾ ਜਾਪਦਾ ਹੈ। ਡਾ: ਸੁਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਵੀ ਨੇ 'ਕੇਵਲ ਧੀਆਂ ਦੇ ਦੁੱਖ ਹੀ ਨਹੀਂ ਰੋਏ' ਸਗੋਂ ਇਸ ਕਾਵਿ ਵਿਚ ਪੰਜਾਬ ਦੀਆਂ ਕਈ 'ਰਸਮਾਂ ਰੀਤਾਂ' ਵੀ ਰੂਪਮਾਨ ਹੋਈਆਂ ਹਨ। ਡਾ: ਨਰਿੰਦਰਪਾਲ ਸਿੰਘ ਦਾ ਵਿਚਾਰ ਹੈ ਕਿ ਕਵੀ ਨੇ 'ਸਮੱਸਿਆਵਾਂ' ਨੂੰ 'ਸੱਭਿਆਚਾਰਕ ਝਰੋਖੇ' ਰਾਹੀਂ ਚਿਤ੍ਰਿਆ ਹੈ। ਡਾ: ਗੁਲਜ਼ਾਰ ਸਿੰਘ ਕੰਗ ਇਸ ਗੱਲੋਂ ਗਿੱਲ ਦੀ ਪ੍ਰਸੰਸਾ ਕਰਦਾ ਹੈ ਕਿ ਉਸ ਨੇ 'ਅਮਲੀ ਜੀਵਨ' ਵਿਚ ਆਪਣੀਆਂ ਧੀਆਂ ਨੂੰ ਖੱਲ੍ਹ ਦਿੱਤੀ ਹੈ। ਡਾ: ਸੁਰਿੰਦਰ ਮੰਡ ਕਵੀ ਦੀ 'ਸੂਤ੍ਰਿਕ ਸ਼ੈਲੀ' ਨੂੰ ਵਡਿਆਉਂਦਾ ਹੈ। ਡਾ: ਸਰਹਿੰਦੀ ਅਨੁਸਾਰ ਕਵੀ ਸਾਡੀ 'ਸੁੱਤੀ ਪਈ ਜ਼ਮੀਰ' ਨੂੰ ਜਗਾਉਂਦਾ ਹੈ। ਡਾ: ਜੀ.ਡੀ. ਚੌਧਰੀ ਨੂੰ ਗਿੱਲ ਦੀ 'ਵਿਗਿਆਨਕ ਅਤੇ ਮਨੋਵਿਗਿਆਨਕ' ਪੇਸ਼ਕਾਰੀ ਪ੍ਰਭਾਵਿਤ ਕਰਦੀ ਹੈ। ਡਾ: ਤੇਜਾ ਸਿੰਘ ਤਿਲਕ ਅਨੁਸਾਰ ਗਿੱਲ ਔਰਤ ਦੀ ਸਜ਼ਾ ਤੋਂ 'ਚਿੰਤਾਤੁਰ' ਤਾਂ ਹੈ ਪਰ 'ਨਿਰਾਸ਼' ਨਹੀਂ। ਇੰਜ ਕਵੀ, ਪ੍ਰੋ: ਜੱਸੀ ਦੀ ਪਰਖ ਵਿਚ, 'ਨਾਰੀ ਬਰਾਦਰੀ ਦੀ ਵਕਾਲਤ ਕਰਦਾ ਹੈ।' ਕੁੱਲ ਮਿਲਾ ਕੇ ਇਸ ਪੁਸਤਕ ਦੇ ਸੁਚੱਜੇ ਸੰਪਾਦਨ ਲਈ ਸੰਪਾਦਕ ਵਧਾਈ ਦੇ ਪਾਤਰ ਹਨ। ਗਿੱਲ-ਕਾਵਿ ਦੇ ਖੋਜੀ ਵਿਦਿਆਰਥੀਆਂ ਲਈ ਪੁਸਤਕ ਬੜੀ ਲਾਭਦਾਇਕ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਖਿੜਦੇ ਫੁੱਲ
ਕਵੀ : ਗੁਰਵਿੰਦਰ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120.

'ਖਿੜਦੇ ਫੁੱਲ' ਨੌਜਵਾਨ ਕਵੀ ਗੁਰਵਿੰਦਰ ਸਿੰਘ ਸ਼ੇਰਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ ਸਾਰੀਆਂ ਕਵਿਤਾਵਾਂ, ਨਜ਼ਮਾਂ ਰੁਬਾਈਆਂ, ਗੀਤ ਅਤੇ ਗ਼ਜ਼ਲਾਂ ਛੰਦ ਬੱਧ ਹਨ। ਗੁਰਵਿੰਦਰ ਪਿੰਗਲ ਅਤੇ ਅਰੂਜ਼ ਦਾ ਗਿਆਤਾ ਹੈ। ਉਸ ਦੀਆਂ ਸਮੁੱਚੀਆਂ ਕਵਿਤਾਵਾਂ ਬਹਿਰ ਤੋਲ ਵਿਚ ਅਤੇ ਕਾਫੀਏ ਹਦੀਫਾਂ ਨਾਲ ਸੁਸੱਜਤ ਹਨ। ਭਾਵੇਂ ਇਹ ਪੁਸਤਕ ਉਸ ਦੀ ਪਹਿਲੀ ਹੈ ਪਰ ਕਵੀ ਨੇ ਭਰਪੂਰ ਮਿਹਨਤ ਕਰਕੇ ਨਜ਼ਮਾਂ ਵਿਚ ਰਵਾਨੀ ਅਤੇ ਸਰੋਕਾਰਾਂ ਨੂੰ ਬਹਾਲ ਕੀਤਾ ਹੈ। ਅੱਜਕਲ੍ਹ ਦੇ ਨੌਜਵਾਨ ਜਿਥੇ ਮਿਹਨਤ ਤੋਂ ਡਰਦੇ ਹੋਏ ਖੁੱਲ੍ਹੀ ਕਵਿਤਾ ਨੂੰ ਹੀ ਤਰਜੀਹ ਦਿੰਦੇ ਹਨ, ਉਥੇ ਸ਼ੇਰਗਿੱਲ ਨੇ ਪਿੰਗਲ ਅਤੇ ਅਰੂਜ਼ ਨੂੰ ਸਮਝ ਕੇ ਅਤੇ ਅਮਲ ਵਿਚ ਲਾਗੂ ਕਰਕੇ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਹੋ ਸਕਦੀ ਹੈ। ਕਵਿਤਾਵਾਂ ਦੇਸ਼ ਪਿਆਰ ਦੀਆਂ ਅਤੇ ਸਮਾਜ ਸੁਧਾਰ ਕਰਨ ਵਾਲੇ ਵਿਸ਼ਿਆਂ ਤੇ ਸਰੋਕਾਰਾਂ ਨਾਲ ਸਬੰਧਤ ਹਨ। ਕਵਿਤਾ ਲਿਖਦਾ ਹੋਇਆ ਕਵੀ ਵਿਸ਼ੇ ਦਾ ਇਕ ਚਿੱਤਰ ਅੱਖਾਂ ਸਾਹਮਣੇ ਪੇਸ਼ ਕਰ ਜਾਂਦਾ ਹੈ। ਕਵਿਤਾ ਛੰਦ ਵਿਚ ਹੋਣ ਕਰਕੇ ਸਰੋਤੇ/ਪਾਠਕ ਦੇ ਸੁਆਦ ਵਿਚ ਸ਼ਾਮਿਲ ਹੋ ਕੇ ਮਨ ਮਸਤਕ ਤੱਕ ਤਰਕ ਜਗਾਉਂਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਨਸ਼ਿਆਂ ਦੇ ਪ੍ਰਚਲਨ ਅਤੇ ਨਾਰੀ ਦੀ ਗੁਲਾਮੀ ਦੀ ਭਰਪੂਰ ਨਿਖੇਧੀ ਹੈ। ਉਹ ਮਨੁੱਖੀ ਸਮਾਜ ਨੂੰ ਜਾਤਾਂ, ਪਾਤਾਂ ਅਤੇ ਧਰਮਾਂ ਦੇ ਨਾਂਅ ਉਤੇ ਵੰਡਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਉਸ ਨੇ ਭਾਵੇਂ ਗ਼ਜ਼ਲਾਂ ਦੇ ਸਿਰਲੇਖ ਨਜ਼ਮਾਂ ਵਾਂਗ ਲਿਖੇ ਹਨ ਪ੍ਰੰਤੂ ਉਹ ਆਪਣੇ ਗ਼ਜ਼ਲ ਸਰੂਪ ਵਿਚ ਪੂਰੀਆਂ ਹਨ। ਉਨ੍ਹਾਂ ਦੇ ਛੰਦ ਬਹਿਰ ਅਤੇ ਕਾਫੀਏ ਰਦੀਫ ਸੰਪੂਰਨ ਹਨ। ਉਸ ਦੇ ਕਈ ਸ਼ਿਅਰ ਦਿਲ ਨੂੰ ਮੋਂਹਦੇ ਅਤੇ ਆਤਮਾ ਨੂੰ ਝੰਜੋੜਦੇ ਹਨ। ਕੁਝ ਸ਼ਿਅਰ ਪੇਸ਼ ਹਨ :
ੲ ਔਰਤ ਕੁੱਖੋਂ ਜਨਮ ਲਿਆ ਔਰਤ ਨੂੰ ਮਾੜਾ ਕਹਿੰਦਾ ਏ
ਤੈਨੂੰ ਰੱਬ ਨੇ ਕਲਮ ਹੈ ਦਿੱਤੀ ਸੋਚ ਕੇ ਕਲਮ ਚਲਾਇਆ ਕਰ।
ੲ ਮੈਂ ਮਿੱਟੀ ਦਾ ਪੁਤਲਾ ਮੇਰਾ ਮਾਣਸ ਨਾਂਅ
ਵਿਚ ਮਜ਼੍ਹਬਾਂ ਦੇ ਵੰਡਿਆ ਮੇਰਾ ਸ਼ਹਿਰ ਗਿਰਾਂ।
ੲ ਹਾਕਿਮਾਂ ਲਈ ਕਾਨੂੰਨ ਨਹੀਂ ਮਜ਼ਲੂਮ ਫਸਾਏ ਜਾਂਦੇ ਨੇ
ਕੁਰਸੀ ਖਾਤਿਰ ਲੋਕਾਂ ਵਿਚ ਦੰਗੇ ਕਰਵਾਏ ਜਾਂਦੇ ਨੇ।
'ਖਿੜਦੇ ਫੁੱਲ' ਕਾਵਿ ਸੰਗ੍ਰਹਿ ਵਿਚ ਵੰਨ-ਸੁਵੰਨਤਾ ਦੇ ਵਿਸ਼ਿਆਂ ਦੇ ਸਿਖਿਆਦਾਇਕ ਫੁੱਲ ਮਹਿਕ ਰਹੇ ਹਨ। ਪੁਸਤਕ ਨੂੰ ਦਿਲੋਂ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਇਕ ਚੂੰਢੀ ਲੂਣ ਦੀ
ਲੇਖਕ : ਫਰਜ਼ੰਦ ਅਲੀ
ਅਨੁਵਾਦਕ (ਲਿਪੀਅੰਤਰ) : ਪਰਮਜੀਤ ਸਿੰਘ ਮੀਸ਼ਾ (ਡਾ:)
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 260 ਰੁਪਏ, ਸਫ਼ੇ : 232.

ਖਲਕਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਇਕ ਲੋਕਾਂ ਦੀ ਜੋਕਾਂ ਦੀ। ਅਸੰਤੁਲਿਤ ਨਿਜ਼ਾਮ ਵਾਲੇ ਇਸ ਸਮਾਜ ਵਿਚ ਕਿਰਤੀਆਂ ਵੱਲੋਂ ਜਿੰਦ ਤੋੜ ਕੇ ਕਿਰਤ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਫਾਕਿਆਂ ਭਰੇ ਦਿਨਾਂ ਨਾਲ ਹੀ ਦੋ-ਚਾਰ ਹੁੰਦਿਆਂ ਸਿਰਫ ਦਿਨ ਕਟੀ ਹੀ ਕਰਨੀ ਪੈਂਦੀ ਹੈ ਸਗੋਂ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਦਾ ਸਰਾਫ ਵੀ ਭੁਗਤਣਾ ਪੈਂਦਾ ਹੈ। ਬਗਾਵਤੀ ਇਰਾਦੇ ਬੜਾ ਕੁਝ ਨੂੰ ਲੋਚਦੇ ਹਨ ਜਿਸ ਲਈ ਯਤਨ ਵੀ ਕੀਤੇ ਜਾਂਦੇ ਨੇ ਪਰ ਬੇਵਸੀ ਭਾਰੂ ਪੈ ਜਾਂਦੀ ਹੈ। 'ਇਕ ਚੂੰਢੀ ਲੂਣ ਦੀ (ਨਾਵਲ))' ਵਿਚ ਲੇਖਕ ਫਰਜ਼ੰਦ ਅਲੀ ਨੇ ਅਜਿਹੇ ਯਥਾਰਥਵਾਦ ਹੀ ਨੂੰ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਲਿਪੀਅੰਤਰ ਕਰਕੇ ਪਰਮਜੀਤ ਸਿੰਘ ਮੀਸ਼ਾ ਨੇ ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ।
ਕਿਰਤੀ ਸੱਭਿਆਚਾਰ ਦਾ ਮਿੱਟੀ ਨਾਲ ਮਿੱਟੀ ਵੀ ਹੋਣਾ, ਆਪਣੇ ਮਾਲਕਾਂ (ਸ਼ਾਹਾਂ) ਨਾਲ ਵਫ਼ਾਦਾਰੀ ਨਿਭਾਉਣੀ, ਮੂੰਹ ਫੱਟ ਜ਼ੋਰੂ ਨਾਲ ਸਬਰ ਨਾਲ ਹੰਢਣਾ, ਧੀਆਂ ਵੱਲੋਂ ਮਾਪਿਆਂ ਨਾਲ ਧਿਰਾਂ ਬਣ ਕੇ ਖੜ੍ਹਨਾ, ਗਰੀਬੀ ਦੇ ਫਾਕਿਆਂ ਵਿਚ ਹੀ ਕਿਸੇ ਯਤੀਮ ਪਰ ਉੱਦਮੀ ਗੱਭਰੂ ਦਾ ਪੜ੍ਹ ਜਾਣਾ, ਹੱਕ ਹਕੂਕ ਲਈ ਜੱਦੋ-ਜਹਿਦ ਵਿੱਢਣਾ, ਕ੍ਰਾਂਤੀ ਦੀ ਚਿਣਗ ਫੁੱਟਣੀ, ਸਰਮਾਏਦਾਰੀ ਵੱਲੋਂ ਸੁੱਟੀਆਂ ਬੁਰਕੀਆਂ ਨਾਲ ਡੱਬੂਆਂ ਦੀ ਹੇੜ ਪੈਦਾ ਹੋਣੀ, ਮਜ਼ਦੂਰ ਯੂਨੀਅਨ ਦੇ ਵਿਕਾਊ ਨੇਤਾਵਾਂ ਵੱਲੋਂ ਮਾਲਿਕਾਂ ਨਾਲ ਗੰਢ-ਤੁਪ ਕਰਕੇ ਬੁੱਲ੍ਹੇ ਲੁੱਟਣੇ, ਮੁੱਠੀ ਭਰ ਬਾਗੀਆਂ ਦਾ ਮੁਕਾਬਲਾ ਬਣ ਜਾਣਾ, ਵਿੱਢੇ ਜੱਦੋ-ਜਹਿਦ ਅੱਧ ਵਿਚ ਹੀ ਖਿੰਡ ਜਾਣ ਦੀ ਤਰਾਸਦੀ, ਮਜ਼ਦੂਰਾਂ ਦਾ ਫਿਰ ਤੋਂ ਕੋਹਲੂ ਦਾ ਬੈਲ ਬਣਨ ਲਈ ਸਿਰ ਸੁੱਟ ਲੈਣਾ, ਚਾਰ ਛਿੱਲੜਾਂ ਜੇਬ ਵਿਚ ਆ ਜਾਣ ਨਾਲ ਆਪਣੀ ਔਕਾਤ ਨੂੰ ਭੁੱਲ ਕੇ ਹਉਮੈ ਦੀ ਪਹਾੜੀ ਚੜ੍ਹ ਬਹਿਣਾ, ਪੈਸੇ ਦੀ ਅੰਨ੍ਹੀ ਲਾਲਸਾ ਵਿਚ 'ਇਕ ਚੂੰਢੀ ਲੂਣ ਦੀ' ਵੀ ਨਾ ਖਾ ਸਕਣਾ, ਵਿਛੜੇ ਮਾਂ ਪੁੱਤ ਦੇ ਆਪਸੀ ਮਿਲਾਪ ਲਈ ਤਰਸੇਵਾਂ, ਧਰਮ ਸਥਾਨਾਂ ਉਤੇ ਸ਼ਾਹੂਕਾਰੀ ਦਾ ਦਬਦਬਾ, ਔਰਤ ਜਾਤੀ ਨੂੰ ਅਪਮਾਨਤ ਕਰਨ ਲਈ ਗ਼ਲਤ ਵਿਖਿਆਣ ਹੋਣੇ ਅਤੇ ਪਾਕਿ ਪਵਿੱਤਰ ਅਸਥਾਨਾਂ ਨੂੰ ਅੱਯਾਸ਼ੀ ਦੇ ਅੱਡੇ ਬਣ ਜਾਣੇ ਆਦਿ ਵਰਤਾਰਿਆਂ ਦੇ ਕੌੜੇ ਸੱਚ ਦੇ ਡੂੰਘੇ ਸ਼ਬਦੀ ਸਾਗਰ ਵਿਚੋਂ ਮੋਤੀਆਂ ਦੀ ਮਾਲਾ ਲੱਭ ਕੇ ਪਾਠਕਾਂ ਦੇ ਰੂਬਰੂ ਕਰਨ ਦੀ ਇਕ ਸਫਲ ਕੋਸ਼ਿਸ਼ ਹੈ ਇਹ ਨਾਵਲ 'ਇਕ ਚੂੰਢੀ ਲੂਣ ਦੀ।'
ਇਹ ਨਾਵਲ ਆਪਣੀ ਰੌਚਕ ਕਹਾਣੀ ਨਾਲ ਜਿਥੇ ਪਾਠਕਾਂ ਨੂੰ ਪੜ੍ਹਨ ਦੀ ਚੇਟਕ ਲਾਉਣ ਵਿਚ ਕਾਫੀ ਸਮਰੱਥਾ ਰੱਖਦਾ ਹੈ, ਉਥੇ ਆਪਣੀ ਖੇਤਰੀ (ਸ਼ਾਹਮੁਖੀ) ਸ਼ਬਦਾਵਲੀ (ਜਿਵੇਂ ਜਣਾ/ਮਰਦ, ਜਣੀ/ ਔਰਤ, ਬਾਜੀ/ਵੱਡੀ ਭੈਣ, ਮੰਮਨੀ/ਸੁਸਰੀ, ਕੰਡੋਰੀ/ਚੰਗੇਰ, ਚਾਈ/ਚੁੱਕੀ, ਇਹਤਰਾਮ/ਸਤਿਕਾਰ, ਵੰਞਣ/ਜਾਣ ਅਤੇ ਆਕਬਤ/ਪ੍ਰਲੋਕ ਆਦਿ ਨਾਲ) ਪੰਜਾਬੀ ਪਾਠਕ ਦੇ ਗਿਆਨ ਭੰਡਾਰ ਵਿਚ ਵਾਧਾ ਕਰਨ ਦੇ ਵੀ ਸਮਰੱਥ ਹੈ।

ਨਿਆਗਰਾ ਦੇ ਦੇਸ਼ ਵਿਚ
ਲੇਖਕ : ਸਲੀਮ ਪਾਸ਼ਾ
ਅਨੁਵਾਦਕ: ਰੋਜ਼ੀ ਸਿੰਘ
ਪ੍ਰਕਾਸ਼ਕ: ਕੋਲਾਜ਼ ਪ੍ਰਕਾਸ਼ਨ ,ਜਲੰਧਰ
ਮੁੱਲ :150 ਰੁਪਏ, ਸਫ਼ੇ : 126.

ਕੁਦਰਤ ਨੇ ਆਪਣੀ ਕਲਾ ਵਰਤਾਉਂਦਿਆਂ ਜਿਥੇ ਧਰਤੀ ਦੇ ਖਾਸ ਖੇਤਰਾਂ ਨੂੰ ਇਕ ਨਿਵੇਕਲੀ ਸੁਹਜ ਭਰੀ ਦਿੱਖ ਪ੍ਰਦਾਨ ਕੀਤੀ ਹੈ, ਉਥੇ ਮਨੁੱਖ ਨੇ ਵੀ ਆਪਣੇ ਉੱਦਮ ਹਿੰਮਤ ਨਾਲ ਅਜਿਹੇ ਖੇਤਰਾਂ ਨੂੰ ਇਕ ਸੁਪਨਈ ਜਗ੍ਹਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕੈਨੇਡਾ ਵੀ ਇਸੇ ਧਰਤੀ ਦਾ ਹੀ ਇਕ ਅਜਿਹਾ ਹਿੱਸਾ ਜਿਥੇ ਕੁਦਰਤੀ ਸੁਹਜ ਵੀ ਹੈ ਤੇ ਮਾਨਵੀ ਕਦਰਾਂ-ਕੀਮਤਾਂ ਨਾਲ ਮਾਲਾਮਾਲ ਕਾਇਦੇ ਕਾਨੂੰਨ ਲਾਗੂ ਹਨ। ਇਸ ਸਭ ਕੁਝ ਨੂੰ ਮਾਨਣ ਦੇ ਸਬੱਬ ਨੇ ਹੀ ਪਾਕਿਸਤਾਨੀ ਭਰਾ ਉਘੇ ਚਿਤਰਕਾਰ ਤੇ ਲੇਖਕ ਸਲੀਮ ਪਾਸ਼ਾ ਨੂੰ ਸਫਰਨਾਮਾ ਲਿਖਣ ਲਈ ਉਤਸ਼ਾਹ ਭਰਿਆ। ਸ਼ਾਹਮੁੱਖੀ ਵਿਚ ਲਿਖੇ ਇਸ ਸਫ਼ਰਨਾਮੇ ਨੂੰ ਰੋਜ਼ੀ ਸਿੰਘ ਨੇ ਪੰਜਾਬੀ (ਗੁਰਮੁਖੀ)ਵਿਚ ਅਨੁਵਾਦ ਕਰਕੇ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ ਹੈ।
ਸਲੀਮ ਪਾਸ਼ਾ ਨੇ ਆਪਣੀ ਕੈਨੇਡਾ ਫੇਰੀ ਦੀ ਹਰ ਬਰੀਕੀ ਨੂੰ ਇਸ ਵਿਧਾ/ਢੰਗ ਨਾਲ ਪੇਸ਼ ਕੀਤਾ ਕਿ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਸ਼ਬਦਾਂ ਦੇ ਕੰਧੇੜੇ ਚੜਕੇ ਜਿਵੇਂ ਖ਼ੁਦ ਹੀ ਕੈਨੇਡਾ ਵਿਚ ਜਾ ਲੱਥਾ ਹੋਵੇ ਤੇ ਉਥੋਂ ਦੀ ਆਬੋ-ਹਵਾ ਮਾਣ ਰਿਹਾ ਹੋਵੇ। ਪੰਜਾਬੀ ਬੋਲੀ ਦੇ ਦੇਸ਼ੀ ਵਿਦੇਸ਼ੀ ਖਿਦਮਤਦਾਰਾਂ ਡਾ.ਅਜ਼ਹਰ ਮਹਿਮੂਦ, ਡਾ: ਦਰਸ਼ਨ ਸਿੰਘ ਬੈਂਸ, ਅਜਾਇਬ ਸਿੰਘ ਚੱਠਾ, ਸੱਯਦ ਅਲੀ ਇਰਫ਼ਾਨ ਅਖ਼ਤਰ, ਇਕਬਾਲ ਫਰਹਾਦ, ਸ਼ੱਬੀਰ ਹੁਸੈਨ, ਰਵੀ ਸ਼ਰਮਾ, ਸੰਤੋਖ ਸਿੰਘ ਸੰਧੂ ਅਤੇ ਕੁਲਜੀਤ ਸਿੰਘ ਜੰਜੂਆ ਵੱਲੋਂ ਪੰਜਾਬੀ ਬੋਲੀ ਲਈ ਕੀਤੇ ਜਾਂਦੇ ਸੁਹਿਰਦ ਯਤਨਾਂ ਨੂੰ ਸਮਰਪਿਤ ਇਹ ਸਫ਼ਰਨਾਮਾ ਮਨੁੱਖੀ ਰਹਿਣੀ-ਬਹਿਣੀ, ਕਾਰ-ਵਿਹਾਰ ਤੇ ਸੁਭਾਅ ਦੇ ਵਖਰੇਵੇਂ ਨੂੰ ਵੀ ਉਜਾਗਰ ਕਰਦਾ ਹੈ।
ਪਾਸ਼ਾ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਹੈ ਕਿ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾਂਦੇ ਉਪਰਾਲੇ/ਕਾਨਫ਼ਰੰਸਾਂ ਅਦਬ ਦੇ ਆਰ-ਪਾਰ ਹੁੰਦੇ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਫਿਰਕੁਪਣੇ ਦੇ ਆਧਾਰਿਤ ਹੋਈ ਰਾਜਨੀਤਕ ਵੰਡ ਤੇ ਉਥਲ-ਪੁਥਲ ਨੇ ਪੰਜਾਬੀ ਬੋਲੀ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ। ਇਸ ਨੂੰ ਇਕ ਵਿਸ਼ੇਸ਼ ਫਿਰਕੇ ਨਾਲ ਜੋੜ ਕੇ ਦੂਜੇ ਫ਼ਿਰਕੇ ਵੱਲੋਂ ਬੇਲੋੜੀ ਨਫ਼ਰਤ ਭਰੀ ਨਿਗ੍ਹਾ ਨਾਲ ਹੀ ਵੇਖਿਆ ਜਾਂਦਾ ਹੈ। ਸ਼ਾਇਦ ਏਸੇ ਕਰਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਨਹੀਂ ਸਗੋਂ ਉਰਦੂ ਲਿਪੀ ਵਿਚ ਜਾਣੀ ਸ਼ਾਹਮੁੱਖੀ ਵਿਚ ਲਿਖਿਆ ਜਾ ਰਿਹਾ ਹੈ। ਜੇਕਰ ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਗੁਰਮੁਖੀ ਲਿਪੀ ਸਿੱਖਣ-ਸਿਖਾਉਣ ਦਾ ਉਪਰਾਲਾ ਕਰਨ ਤਾਂ ਇਹ ਉਨ੍ਹਾਂ ਵੱਲੋਂ ਪੰਜਾਬੀ ਦੀ ਸੇਵਾ ਲਈ ਇਕ ਹੋਰ ਮੀਲ ਪੱਥਰ ਸਾਬਤ ਹੋ ਸਕਦਾ ਹੈ ਤੇ ਨਾਲ ਹੀ ਪੰਜਾਬੀ ਬੋਲੀ ਫ਼ਿਰਕੂਪੁਣੇ ਦੇ ਗ੍ਰਹਿਣ ਤੋਂ ਮੁਕਤ ਹੋਕੇ ਸੱਚੀਂ-ਮੁਚੀਂ ਪੰਜਾਬੀਆਂ ਦੀ ਮਾਣਮੱਤੀ ਬੋਲੀ ਬਣ ਸਕੇਗੀ।
ਲੇਖਕ ਪਾਸ਼ਾ ਨੇ ਦੇਸ਼ ਦੀ ਹੋਈ ਫ਼ਿਰਕੂ ਵੰਡ ਉਤੇ ਇਸ ਤਰ੍ਹਾਂ ਹਾਅ ਦਾ ਨਾਅਰਾ ਮਾਰਿਆ ਹੈ :
'ਇਕ ਧਰਤੀ ਵਰਗੀ ਮਾਂ ਸੀ,
ਜਿਸ ਦੀ ਪੁੱਤਰਾਂ ਵੰਡੀ ਛਾਂ ਸੀ।'

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

 

29-3-2014

 ਅਜੇ ਨਾ ਗਿਣ
ਸ਼ਾਇਰ : ਅਜਾਇਬ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 80.

ਅਜਾਇਬ ਸਿੰਘ ਹੁੰਦਲ ਦਾ ਇਹ ਗ਼ਜ਼ਲ ਸੰਗ੍ਰਹਿ ਉਸ ਦੇ ਪ੍ਰੋੜ੍ਹ ਹੁੰਦਾ ਜਾ ਰਹੇ ਅਨੁਭਵ ਦੀ ਗਵਾਹੀ ਭਰਦਾ ਹੈ। ਕਵੀ ਨੇ ਪੰਜਾਬੀ ਗ਼ਜ਼ਲ ਨੂੰ ਕਈ ਵਿਲੱਖਣ ਵਿਚਾਰਧਾਰਕ ਧਰਾਤਲ ਪ੍ਰਦਾਨ ਕੀਤੇ ਹਨ। ਉਹ ਰਮਜ਼ ਭਰਪੂਰ ਸ਼ਾਇਰੀ ਦਾ ਕਵੀ ਹੈ ਅਤੇ ਤੁਗ਼ਜ਼ਲ ਉਸ ਦੀ ਸ਼ਾਇਰੀ ਦਾ ਮੀਰੀ ਲੱਛਣ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ :
ਵਿਹੜੇ ਵਿਚ ਜੋ ਉਡਦੀ ਫਿਰਦੀ ਤਿਤਲੀ ਹੈ
ਮੈਨੂੰ ਲਗਦੀ ਬਿਲਕੁਲ ਆਪਣੀ ਬੇਟੀ ਹੈ
ਗਿਣਤੀ ਕਰਦਾ ਹਾਂ ਤਾਂ ਘਰ ਦੇ ਜੀਅ ਦਸ ਨੇ
ਸੋਚਾਂ ਤਾਂ ਘਰ ਲਗਦਾ ਖਾਲੀ-ਖਾਲੀ ਹੈ
ਮਹਿਕ ਪਈ ਸੀ ਜੋ ਪਹਿਲੀ ਹੀ ਬਾਰਿਸ਼ ਨਾਲ
ਮੈਂ ਉਹ ਮਿੱਟੀ ਉੱਡਦੀ ਹੋਈ ਦੇਖੀ ਹੈ
ਡੋਬੀ ਜਾਵੇ ਕਿਹੜੀ ਚੀਜ਼ 'ਅਜਾਇਬ' ਨੂੰ
ਨਹਿਰ, ਨਦੀ, ਦਰਿਆ ਨਾ ਕੋਈ ਸੁਨਾਮੀ ਹੈ।
ਇਸ ਸੰਗ੍ਰਹਿ ਦੀ ਅੰਤਿਮ ਗ਼ਜ਼ਲ ਨਾ ਕੇਵਲ ਕਵੀ ਦੇ ਅਨੁਭਵ ਦੀ ਵਿਲੱਖਣਤਾ ਦਾ ਨਿਰੂਪਣ ਕਰਦੀ ਹੈ ਬਲਕਿ ਇਕ ਤਰ੍ਹਾਂ ਨਾਲ ਉਸ ਦਾ ਕਾਵਿ-ਮੈਨੀਫੈਸਟੋ ਵੀ ਹੈ। ਕਵੀ ਦੀਆਂ ਰਚਨਾਵਾਂ ਭ੍ਰਿਸ਼ਟ ਸਮਾਜ ਅਤੇ ਆਤਮ-ਕੇਂਦਰਿਤ ਸਮਾਜ ਨੂੰ ਝੰਜੋੜਦੀਆਂ ਹਨ। ਉਹ ਕਲਿਆਣਕਾਰੀ ਕਦਰਾਂ-ਕੀਮਤਾਂ ਦੀ ਡਟ ਕੇ ਵਕਾਲਤ ਕਰਦਾ ਹੈ। ਉਹ ਦੰਭੀ ਅਤੇ ਅਤਿਆਚਾਰੀ ਸੱਤਾਧਾਰੀਆਂ ਨੂੰ ਅਜਿਹੇ ਸਵਾਲ ਕਰਦਾ ਹੈ ਕਿ ਉਹ ਘਬਰਾ ਜਾਂਦੇ ਹਨ। ਜੀਵਨ ਦੇ ਹਰ ਪੜਾਅ ਉੱਪਰ ਉਸ ਦੀ ਰਫ਼ਤਾਰ ਤੇਜ਼ ਹੁੰਦੀ ਗਈ ਹੈ, ਜਦੋਂ ਕਿ ਉਸ ਦੇ ਬਹੁਤ ਸਾਰੇ ਹਮਸਫ਼ਰ ਕਦੋਂ ਦੇ ਹਾਰ-ਹੰਭ ਕੇ ਬੈਠ ਗਏ ਹਨ ਜਾਂ ਫਿਰ ਉਨ੍ਹਾਂ ਨੇ ਆਪਣੀ ਸੁਵਿਧਾ ਦੀ ਖ਼ਾਤਰ ਦਿਸ਼ਾਵਾਂ ਹੀ ਬਦਲ ਲਈਆਂ ਹਨ। ਮੈਨੂੰ ਉਸ ਦਾ ਇਹ ਕਾਵਿ-ਕਥਨ ਅਤਿਅੰਤ ਪ੍ਰਾਸੰਗਿਕ ਮਾਲੂਮ ਹੋਇਆ ਹੈ : ਹਰ ਪੜਾਅ 'ਤੇ ਚਾਲ ਮੇਰੀ ਤੇਜ਼ ਹੁੰਦੀ ਵੇਖ ਕੇ, ਜੋ ਅਲੱਗ ਹੋਇਆ, ਉਹ ਮੇਰੀ ਧੁੱਪ ਦਾ ਸਾਇਆ ਨਹੀਂ। ਹੈ ਬੜਾ ਲਿਖਿਆ ਤੇ ਲਿਖਣਾ ਵੀ 'ਅਜਾਇਬ' ਹੈ ਅਜੇ, ਪਰ ਕਿਸੇ ਦੀਵਾਰ 'ਤੇ ਮੈਂ ਨਾਂਅ ਲਿਖਵਾਇਆ ਨਹੀਂ। (ਪੰਨਾ 80)
ਅਜਾਇਬ ਹੁੰਦਲ ਨੂੰ ਗ਼ਜ਼ਲ ਦੇ ਮਿਜ਼ਾਜ ਬਾਰੇ ਖ਼ੂਬ ਜਾਣਕਾਰੀ ਹੈ। ਉਹ ਹਰ ਸ਼ਿਅਰ ਦੇ ਦੋਵਾਂ ਮਿਸਰਿਆਂ ਨੂੰ ਵਕ੍ਰੋਕਤੀ ਦੀ ਵਿਧਾ ਦੁਆਰਾ ਇਸ ਪ੍ਰਕਾਰ ਬੰਨ੍ਹਦਾ ਹੈ ਕਿ ਪਾਠਕ ਉਸ ਦੇ ਕਿਸੇ ਵੀ ਸ਼ਿਅਰ ਨੂੰ ਪੜ੍ਹ ਕੇ ਇਕ ਅਨੋਖੀ ਕੈਫ਼ੀਅਤ ਦੇ ਰੂਬਰੂ ਹੋ ਜਾਂਦਾ ਹੈ। ਭਾਵੇਂ ਕਵੀ ਦੀਆਂ ਇਹ ਗ਼ਜ਼ਲਾਂ ਹੈਨ ਤਾਂ 'ਮੈਂ-ਕੇਂਦ੍ਰਿਤ' ਪਰ ਕਵੀ ਦੀ 'ਮੈਂ' ਉਸ ਦੇ ਨਿੱਜਤਵ ਤੱਕ ਹੀ ਸੀਮਤ ਨਹੀਂ ਹੈ। ਇਨ੍ਹਾਂ ਵਿਚ ਮੱਧ ਸ਼੍ਰੇਣੀ ਦੇ ਹਰ ਆਮ ਆਦਮੀ ਦੇ ਬਹੁਪੱਖੀ ਸੰਘਰਸ਼ ਦੀ ਦਾਸਤਾਨ ਅੰਕਿਤ ਹੋਈ ਹੈ। ਪ੍ਰਕਾਸ਼ਕ ਨੇ ਇਸ ਪੁਸਤਕ ਦੀ ਰੂਪ-ਸੱਜਾ ਅਤੇ ਵਿਉਂਤ ਡਾਢੀ ਰੀਝ ਨਾਲ ਕੀਤੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜੀਅੜਾ ਅਗਨ ਬਰਾਬਰ ਤਪੈ
ਲੇਖਕ : ਹਰਪ੍ਰਾਣ ਬਗ਼ਦਾਦੀ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਦਿੱਲੀ
ਮੁੱਲ : 325 ਰੁਪਏ, ਸਫ਼ੇ : 262.

ਪੁਸਤਕ ਵਿਚ ਹਰਪ੍ਰਾਣ ਬਗ਼ਦਾਦੀ ਵੱਲੋਂ ਰਚਿਤ ਨੌਂ ਕਹਾਣੀਆਂ ਅਤੇ ਉਸ ਦੀ ਸੰਖੇਪ ਸਵੈ-ਜੀਵਨੀ ਸ਼ਾਮਿਲ ਹੈ। ਇਹ ਪੁਸਤਕ ਲੇਖਕ ਦੇ ਸਾਂਢੂ ਸਾਹਿਬ ਡਾ: ਅਮਰਜੀਤ ਸਿੰਘ ਨੇ ਲੇਖਕ ਦੀ ਮ੍ਰਿਤੂ ਉਪਰੰਤ ਛਪਵਾਈ ਹੈ। ਬਗ਼ਦਾਦੀ ਦਾ ਅਨੁਭਵ ਵਿਸ਼ਾਲ ਅਤੇ ਪ੍ਰਮਾਣਿਕ ਹੈ। ਕਹਾਣੀਆਂ ਵਿਚਲਾ ਕਹਾਣੀ-ਰਸ ਪਾਠਕ ਦੀ ਉਤਸੁਕਤਾ ਬਣਾਈ ਰੱਖਦਾ ਹੈ। ਟਾਈਟਲ ਕਹਾਣੀ ਵਿਚ ਪਿੰਡ ਦਾ ਸਜੀਵ ਚਿਤਰਣ, ਜ਼ਮੀਨ-ਜਾਇਦਾਦ ਲਈ ਹੁੰਦੇ ਝਗੜੇ, ਮੁਕੱਦਮੇ, ਵਰਜਿਤ ਰਿਸ਼ਤਿਆਂ ਕਾਰਨ ਵਾਪਰਦੇ ਹਾਦਸੇ ਆਦਿ ਦਾ ਖ਼ੂਬਸੂਰਤ ਵਰਨਣ ਹੈ। 'ਪਵਿੱਤਰਤਾ ਦੀ ਖ਼ੁਸ਼ਬੋਈ' ਵਿਚਲੇ ਪਾਤਰ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਨਰਿੰਦਰ ਕੁਮਾਰ-ਵਾਸਨਾਵਾਂ ਦਾ ਦਾਸ, ਰਾਮ ਪੂਰਤੀ-ਜੀਵਨ ਦੀ ਸਹਿਜ ਅਵਸਥਾ, ਸੋਮ-ਮਨ ਦੀਆਂ ਉਡਾਰੀਆਂ ਆਦਿ। ਸੁਨੈਣੀ ਕਹਾਣੀ ਬੰਬਈ ਵਿਚਲੀਆਂ ਝੁੱਗੀਆਂ-ਝੌਂਪੜੀਆਂ ਤੋਂ ਲੈ ਕੇ ਫ਼ਿਲਮੀ ਸੱਭਿਆਚਾਰ ਦੇ ਲੁਪਤ ਯਥਾਰਥ ਨੂੰ ਰੂਪਮਾਨ ਕਰਦੀ ਹੈ। 'ਅਬਲਾ ਜੱਸੀ' ਪਾਤਰ ਪ੍ਰਧਾਨ ਹੈ। ਦੇਹ ਤੋਂ ਮਸ਼ੀਨ ਬਣ ਜਾਣ ਦੀ ਕਥਾ ਵਾਰਤਾ। 'ਕ੍ਰਿਸਟਲ ਦਾ ਸ਼ੈਤਾਨ' ਅਤੇ 'ਮੁੜ ਮਿਲਣੀ' ਯਥਾਰਥਵਾਦੀ ਕਹਾਣੀਆਂ ਹਨ। 'ਬੋਫਰਜ਼ ਦਾ ਸ਼ਹੀਦ' ਕਤਲ ਦੇ ਰਹੱਸ ਨਾਲ ਸਬੰਧਤ ਹੈ। 'ਦੁੱਖ ਲੁਤਰ ਲੁਤਰ' ਸਵੈਜੀਵਨੀ ਹੈ। ਜਿਸ ਵਿਚ ਭਾਰਤ, ਬਗਦਾਦ, ਇਰਾਕ ਆਦਿ ਦੇਸ਼ਾਂ ਦਾ ਖ਼ੂਬਸੂਰਤ ਵਰਨਣ ਹੈ। ਇਸ ਦੇ ਨਾਲ ਹੀ ਫ਼ੌਜੀ ਜੀਵਨ, ਰੇਲਵੇ ਕਰਮਚਾਰੀਆਂ ਦੀ ਜ਼ਿੰਦਗੀ, ਮਹਾਂਯੁੱਧ ਦੇ ਵੇਰਵੇ, ਲੇਖਕ ਦਾ ਸਾਹਿਤਕ ਸਫ਼ਰ ਆਦਿ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਕੁਝ ਵੇਰਵੇ ਨਿੱਜੀ ਤੇ ਪਰਿਵਾਰਕ ਹਨ, ਜਿਨ੍ਹਾਂ ਦੇ ਵਰਨਣ ਤੋਂ ਬਚਿਆ ਜਾ ਸਕਦਾ ਸੀ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਸ਼ਰੀਕ
ਗ਼ਜ਼ਲਕਾਰ : ਸੁਖਦੇਵ ਸਿੰਘ ਸਾਗਰ
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 103.

ਸ਼ਰੀਕ, ਸੁਖਦੇਵ ਸਿੰਘ ਸਾਗਰ ਦੀ ਤੀਸਰੀ ਪੁਸਤਕ ਹੈ। ਉਹ ਇਸ ਤੋਂ ਪਹਿਲਾਂ ਦਰਦੇ ਦਿਲ, ਸੁਲਗਦੇ ਅੰਗਿਆਰ ਗ਼ਜ਼ਲ ਸੰਗ੍ਰਹਿ ਪੰਜਾਬੀ ਪਿਆਰਿਆਂ ਦੀ ਝੋਲੀ ਪਾ ਚੁੱਕੇ ਹਨ। ਵਿਚਾਰ ਪ੍ਰਧਾਨ ਹਥਲੇ ਗ਼ਜ਼ਲ ਸੰਗ੍ਰਹਿ ਵਿਚ ਲੋਕ ਹਿਤਾਂ ਲਈ ਸੰਘਰਸ਼ ਕਰਨ, ਧਾਰਮਿਕ ਕੱਟੜਤਾ ਅਤੇ ਰੱਬ ਦੇ ਨਾਂਅ 'ਤੇ ਹੋ ਰਹੀ ਲੁੱਟ-ਖਸੁੱਟ ਵਿਰੁੱਧ ਚੇਤਨਾ ਪੈਦਾ ਕਰਨ, ਅਗਿਆਨਤਾ ਦੂਰ ਕਰਨ, ਜਾਤ-ਪਾਤ ਖ਼ਤਮ ਕਰਕੇ ਬਰਾਬਰਤਾ ਲਿਆਉਣ, ਸਮਾਜਿਕ ਵਰਤਾਰੇ 'ਚੋਂ ਕੁਨਬਾਪ੍ਰਵਰੀ/ਕਬਜ਼ਾਪ੍ਰਸਤੀ ਖ਼ਤਮ ਕਰਨ, ਔਰਤ ਦੀ ਹੋ ਰਹੀ ਦੁਰਦਸ਼ਾ ਅਤੇ ਇਸ ਪ੍ਰਤੀ ਸਰਕਾਰਾਂ ਅਤੇ ਲੋਕਾਂ ਦੇ ਦੁਹਰੇ ਪੈਮਾਨੇ ਅਤੇ ਹੋਰ ਬਹੁਤ ਸਾਰੇ ਸਮਾਜਿਕ ਸਰੋਕਾਰਾਂ ਨੂੰ ਮਾਧਿਅਮ ਬਣਾ ਕੇ, ਸਾਗਰ ਹੋਰਾਂ, ਆਪਣਿਆਂ ਸ਼ਿਅਰਾਂ/ਗ਼ਜ਼ਲਾਂ ਨੂੰ ਹਥਿਆਰ ਬਣਾਉਣ ਦਾ ਯਤਨ ਕੀਤਾ ਹੈ। ਅੱਜ ਦੀ ਲੱਕ-ਤੋੜਵੀਂ ਮਹਿੰਗਾਈ ਵਿਚ ਜੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤਾਂ ਉਹ ਹੈ ਮੱਧ ਵਰਗ। ਹੇਠਲੇ ਵਰਗ ਨਾਲ ਉਹ ਖਲੋ ਨਹੀਂ ਸਕਦਾ ਅਤੇ ਉੱਪਰਲੇ ਵਰਗ ਨਾਲ ਮੇਚ ਨਹੀਂ ਆ ਸਕਦਾ। ਬੱਚਿਆਂ ਦੀਆਂ ਮਹਿੰਗੀਆਂ ਪੜ੍ਹਾਈਆਂ, ਵੇਖਾ-ਵੇਖੀ ਸਹੇੜੇ ਮਹਿੰਗੇ ਰਸਮੋ-ਰਿਵਾਜ, ਉਸ ਦੀਆਂ ਆਰਥਿਕ ਥੁੜਾਂ ਉਸ ਨੂੰ ਆਪਣੀ ਗਰਾਹੀ ਬਣਾਈ ਜਾ ਰਹੀਆਂ ਹਨ। ਇਸ ਮਹਿੰਗਾਈ ਦੇ ਮਾਰੇ ਮੁਲਾਜ਼ਮ ਵਰਗ ਦੀ ਵੇਦਨਾ ਇਸ ਸ਼ਿਅਰ ਵਿਚ ਵੇਖੋ :
ਇਕ ਤਾਰੀਖ਼ ਨੂੰ, ਸਾਡੀ ਜੇਬ੍ਹ 'ਚ ਜੁਗਨੂੰ ਨੱਚਦੇ ਨੇ
ਤੀਹ ਦਿਨ ਤੱਕ ਫਿਰ ਜੇਬ੍ਹ 'ਚ ਸਾਡੇ ਛਾਇਆ ਰਹੇ ਹਨੇਰਾ।
ਸਾਗਰ ਹੁਰਾਂ ਦਾ ਜੋ ਰੋਸ ਹੈ ਜੋ ਸਾਗਰ ਹੋਰਾਂ ਦੀ ਬਗਾਵਤ ਹੈ ਤਾਂ ਉਹ ਸਿਸਟਮ ਨਾਲ ਹੈ, ਵਿਵਸਥਾ ਨਾਲ ਹੈ। ਉਹ ਬਗੈਰ ਕਿਸੇ ਗੈਬੀ ਸ਼ਕਤੀ ਦੇ ਬੇਨਾਮੀ ਭਗਵਾਨ ਦੇ ਹਿੰਮਤ ਅਤੇ ਮਿਹਨਤ ਨਾਲ ਵਿਵਸਥਾ ਨੂੰ ਸਿਸਟਮ ਨੂੰ ਬਦਲਣਾ ਲੋਚਦੇ ਹਨ। ਦੇਸ਼ ਪ੍ਰਤੀ ਪਿਆਰ, ਵਤਨ ਪ੍ਰਤੀ ਸ਼ਰਧਾ ਹੀ ਹੈ ਜੋ ਦੇਸ਼ ਲਈ ਦਿੱਤੀ ਗਈ ਕੁਰਬਾਨੀ ਨੂੰ ਉੱਤਮ ਦਾਨ ਗਰਦਾਨਦੀ ਹੈ। ਸ਼ਿਅਰ ਵੇਖੋ :
ਹਿੰਮਤ, ਮਿਹਨਤ ਵਿਸ਼ਵਾਸ ਹੀ ਭਗਵਾਨ ਹੈ
ਦੇਸ਼ ਲਈ ਕੁਰਬਾਨੀ ਉੱਤਮ ਦਾਨ ਹੈ।
ਪੂਰੀ ਪੁਸਤਕ ਵਿਚ ਉੱਤਮ ਵਿਚਾਰਾਂ ਦਾ ਖੌਲਦਾ ਸਾਗਰ ਹੈ, ਦੇਸ਼ ਪ੍ਰੇਮ ਹੈ, ਜੀਵਨ ਦੀ ਬਿਹਤਰੀ ਲਈ ਸੰਘਰਸ਼ ਕਰਨ ਦਾ ਹੋਕਾ ਹੈ। ਵਿਚਾਰਾਂ ਦਾ ਪ੍ਰਗਟਾਵਾ ਤਾਂ ਲੇਖਾਂ, ਕਹਾਣੀਆਂ, ਨਾਵਲਾਂ, ਨਾਟਕਾਂ ਰਾਹੀਂ ਵੀ ਕੀਤਾ ਜਾਂਦਾ ਹੈ ਪਰ ਉਨ੍ਹਾਂ ਵਿਚ ਕਵਿਤਾ ਨਹੀਂ ਹੁੰਦੀ। ਵਿਚਾਰਾਂ ਨੂੰ ਕਵਿਤਾਉਣ ਲੱਗਿਆਂ ਕਵਿਤਾ ਦਾ ਹਾਣੀ ਬਣਨਾ ਪੈਂਦਾ ਹੈ। ਸੰਗੀਤਾਤਮਕਤਾ ਦਾ ਧਿਆਨ ਰੱਖਣਾ ਪੈਂਦਾ ਹੈ। ਪਿੰਗਲ/ਅਰੂਜ਼ ਅਤੇ ਛੰਦਾਂ ਦੀ ਜਾਣਕਾਰੀ ਹੋਣਾ ਵੀ ਅਤਿ ਜ਼ਰੂਰੀ ਹੈ, ਖ਼ਾਸ ਕਰਕੇ ਗ਼ਜ਼ਲ ਵਰਗੀ ਵਿਧਾ ਦੀ ਅਸੂਲੀ ਜਾਣਕਾਰੀ ਨਾਲ ਹੀ ਵਿਚਾਰਾਂ ਨੂੰ ਵਧੇਰੇ ਖੂਬਸੂਰਤ, ਵਧੇਰੇ ਪੁਖਤਗੀ ਨਾਲ ਪੇਸ਼ ਕੀਤਾ ਜਾ ਸਕਦਾ ਹੈ।

-ਰਾਜਿੰਦਰ ਪਰਦੇਸੀ
ਮੋ: 93576-41552

ਪੁਲੀਟੀਕਲ ਇਨਸਾਈਕਲੋਪੀਡੀਆ ਆਫ਼ ਪੰਜਾਬ
ਲੇਖਕ : ਜੰਗਪਾਲ ਸਿੰਘ
ਪ੍ਰਕਾਸ਼ਕ : ਟਵੰਟੀ ਫਸਟ ਸੈਂਚਰੀ, ਪਟਿਆਲਾ
ਮੁੱਲ : 600 ਰੁਪਏ, ਸਫ਼ੇ : 269.

1947 ਵਿਚ ਦੇਸ਼ ਦੇ ਆਜ਼ਾਦ ਹੋਣ ਉਪਰੰਤ ਪੰਜਾਬ ਦਾ ਸਿਆਸੀ ਜੀਵਨ ਬਹੁਤ ਵਚਿੱਤਰ, ਗੁੰਝਲਦਾਰ ਤੇ ਉਤਰਾਵਾਂ-ਚੜ੍ਹਾਵਾਂ ਭਰਪੂਰ ਰਿਹਾ ਹੈ। ਸੰਨ '56 ਵਿਚ ਪੰਜਾਬ ਤੇ ਪੈਪਸੂ ਸਟੇਟ ਦਾ ਰਲੇਵਾਂ ਹੋਣ ਤੋਂ ਪਹਿਲਾਂ ਸਾਡੀਆਂ ਵਿਧਾਨ ਸਭਾਵਾਂ ਵੀ ਦੋ ਸਨ-ਇਕ ਪੰਜਾਬ ਦੀ ਤੇ ਦੂਸਰੀ ਪੈਪਸੂ ਦੀ। ਉਦੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਰਿਜ਼ਰਵ ਹਲਕੇ ਵੀ ਵੱਖਰੇ ਨਹੀਂ ਸਨ ਸਗੋਂ ਕੁਝ ਹਲਕਿਆਂ ਨੂੰ ਜਨਰਲ ਤੇ ਰਿਜ਼ਰਵ ਦੇ ਰੂਪ ਵਿਚ ਦੁਹਰੇ ਬਣਾ ਕੇ ਰਾਖਵੇਂਕਰਨ ਦਾ ਘਰ ਪੂਰਾ ਕੀਤਾ ਜਾਂਦਾ ਸੀ। 1966 ਵਿਚ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋਂ ਪਹਿਲਾਂ ਇਕ ਪਾਸੇ ਸ਼ਿਮਲਾ ਤੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ, ਹਮੀਰਪੁਰ, ਪਾਲਮਪੁਰ, ਕੁੱਲੂ ਆਦਿ ਵਿਧਾਨ ਸਭਾਈ ਹਲਕੇ ਪੰਜਾਬ ਦਾ ਹਿੱਸਾ ਸਨ, ਉਥੇ ਦੂਜੇ ਪਾਸੇ ਪੂਰੇ ਦੇ ਪੂਰਾ ਹਰਿਆਣਾ ਵੀ ਇਸ ਵਿਚ ਸੰਮਿਲਤ ਸੀ। ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਤੇ ਪ੍ਰਬੰਧਕੀ ਸਰੂਪ ਵਾਰ-ਵਾਰ ਬਦਲਦਾ ਰਿਹਾ। ਇਸ ਸਾਰੇ ਸਮੇਂ ਵਿਚ ਸੂਬੇ ਦਾ ਸਿਆਸੀ ਪਾਰਾ ਚੜ੍ਹਿਆ ਰਿਹਾ; ਸਿਆਸੀ ਟੁੱਟ-ਭੱਜ ਹੁੰਦੀ ਰਹੀ; ਮੋਰਚੇ ਲੱਗਦੇ ਰਹੇ ਤੇ ਚੋਣ ਦੰਗਲ ਵੀ ਹੁੰਦੇ ਰਹੇ। ਇਸ ਸਭ ਦੇ ਪਿਛੋਕੜ ਵਿਚ ਸਾਡੇ ਸਿਆਸਤਦਾਨਾਂ ਦਾ ਸਿਆਸੀ ਜੀਵਨ ਬਹੁਤ ਵਚਿੱਤਰ ਤੇ ਰੌਚਿਕ ਤੱਥਾਂ ਦਾ ਜ਼ਾਮਨ ਹੈ। ਇਸ ਨੂੰ ਜਾਨਣ-ਸਮਝਣ ਲਈ ਰਿਵਿਊ ਅਧੀਨ ਪੁਸਤਕ 'ਪੁਲੀਟੀਕਲ ਇਨਸਾਈਕਲੋਪੀਡੀਆ ਆਫ ਪੰਜਾਬ'-ਅੰਗਰੇਜ਼ੀ ਭਾਸ਼ਾ (2013) ਬਹੁਤ ਅਹਿਮ ਤੇ ਮੁੱਲਵਾਨ ਦਸਤਾਵੇਜ਼ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦੀ ਹੈ।
ਇਸ ਇਨਸਾਈਕਲੋਪੀਡੀਆ ਨੂੰ ਲੇਖਕ ਨੇ ਬਹੁਤ ਸਖ਼ਤ ਖੋਜ-ਸਾਧਨਾ ਤੇ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਵਿਚ ਦਰਜ ਤੱਥਾਂ-ਤੱਤਾਂ ਨੂੰ ਉਸ ਨੇ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ, ਰਾਜ ਚੋਣ ਅਫ਼ਸਰ ਜਾਂ ਮੁੱਖ ਚੋਣ ਕਮਿਸ਼ਨਰ ਨਵੀਂ ਦਿੱਲੀ ਆਦਿ ਮੁਢਲੇ ਸਰੋਤਾਂ 'ਤੇ ਆਧਾਰਿਤ ਕੀਤਾ ਹੈ, ਜਿਸ ਕਰਕੇ ਇਸ ਦੀ ਪ੍ਰਮਾਣਿਕਤਾ ਨੂੰ ਵਧੇਰੇ ਭਰੋਸੇਮੰਦ ਤੇ ਉੱਚਿਤ ਕਿਹਾ ਜਾ ਸਕਦਾ ਹੈ। ਇਸ ਪੁਸਤਕ ਵਿਚ ਹਰ ਉਸ ਸਿਆਸਤਦਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਨੇ ਘੱਟੋ-ਘੱਟ ਇਕ ਵਾਰ ਵਿਧਾਨ, ਲੋਕ ਸਭਾ ਜਾਂ ਰਾਜ ਸਭਾ ਦੀ ਚੋਣ ਜਿੱਤੀ ਹੋਵੇ। ਇਸ ਤੋਂ 1947 ਤੋਂ ਲੈ ਕੇ ਹੁਣ ਤੱਕ ਪ੍ਰਾਂਤਕ/ਕੌਮੀ ਪੱਧਰ 'ਤੇ ਮਾਨਤਾ ਪ੍ਰਾਪਤ ਪਾਰਟੀਆਂ ਦੇ ਮੁਖੀਆਂ ਅਤੇ ਸਮੇਂ-ਸਮੇਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੇ ਪ੍ਰਧਾਨਾਂ ਬਾਰੇ ਸੂਚਨਾ ਵੀ ਅੰਕਿਤ ਕੀਤੀ ਗਈ ਹੈ। ਕੇਵਲ ਜਿੱਤਣ ਵਾਲੇ ਉਮੀਦਵਾਰਾਂ ਬਾਰੇ ਹੀ ਨਹੀਂ ਸਗੋਂ ਹਲਕੇਵਾਰ ਵੀ ਪੂਰਾ-ਪੂਰਾ ਵੇਰਵਾ ਦਿੱਤਾ ਗਿਆ ਕਿ ਹਲਕਾ ਕਿਸ ਪ੍ਰਕਾਰ ਦਾ ਸੀ, ਮੁਕਾਬਲਾ ਸਿੱਧਾ-ਅਸਿੱਧਾ ਜਾਂ ਬਹੁਕੋਨੀ ਸੀ ਅਤੇ ਹਾਰਨ ਵਾਲੇ ਉਮੀਦਵਾਰ ਦਾ ਵੋਟ ਫ਼ਰਕ ਤੇ ਪਾਰਟੀ ਕੀ ਸੀ ਆਦਿ...। ਇਸ ਪੁਸਤਕ ਦੇ ਆਧਾਰ 'ਤੇ ਬਹੁਤ ਸਾਰੇ ਮੌਜੂਦਾ ਸਿਆਸੀ ਮਹਾਂਰਥੀਆਂ, ਪਾਰਟੀਆਂ ਤੇ ਚੋਣ ਹਲਕਿਆਂ ਦੀ ਪੁਲੀਟੀਕਲ ਪ੍ਰੋਫ਼ਾਈਲ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਅਨੇਕ ਸਿਆਸੀ ਰੁਝਾਨਾਂ ਦੀ ਥਾਹ ਵੀ ਸਹਿਜੇ ਪਾਈ ਜਾ ਸਕਦੀ ਹੈ। ਇਸੇ ਕਰਕੇ ਮੈਂ ਇਸ ਨੂੰ ਇਕ ਦਸਤਾਵੇਜ਼ ਦਾ ਦਰਜਾ ਦਿੱਤਾ ਹੈ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

ਪੰਜਾਬੀ ਕੋਸ਼-ਪਰੰਪਰਾ ਦੀ ਇਕ ਮਾਣਮੱਤੀ ਪ੍ਰਾਪਤੀ
ਗੁਰਦਿਆਲ ਸਿੰਘ ਸੰਦਰਭ ਕੋਸ਼
ਲੇਖਕ : ਡਾ: ਤਰਸੇਮ ਸ਼ਰਮਾ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 950 ਰੁਪਏ, ਸਫ਼ੇ : 763.

ਡਾ: ਤਰਸੇਮ ਸ਼ਰਮਾ ਦਆਰਾ ਤਿਆਰ ਕੀਤਾ ਗਿਆ 'ਗੁਰਦਿਆਲ ਸਿੰਘ ਸੰਦਰਭ ਕੋਸ਼' ਇਕ ਇਤਿਹਾਸਕ ਕਾਰਜ ਹੈ, ਜਿਸ ਵਿਚ ਸੁਪ੍ਰਸਿੱਧ ਬਹੁ-ਪੱਖੀ ਲੇਖਕ ਗੁਰਦਿਆਲ ਸਿੰਘ ਦੀ ਰਚਨਾ ਬਾਰੇ ਵੇਰਵਾਮੂਲਕ ਸਮੱਗਰੀ ਇਕੱਤਰ ਕੀਤੀ ਗਈ ਹੈ।
ਗੁਰਦਿਆਲ ਸਿੰਘ ਨੂੰ ਜੇ ਪੰਜਾਬੀ ਦਾ ਸਭ ਤੋਂ ਅਹਿਮ ਜਾਂ ਸਰਵੋਤਮ ਨਾਵਲਕਾਰ ਕਿਹਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਗੁਰਦਿਆਲ ਸਿੰਘ ਨੇ 10 ਨਾਵਲਾਂ ਤੋਂ ਇਲਾਵਾ 11 ਕਹਾਣੀ ਸੰਗ੍ਰਹਿ, ਤਿੰਨ ਨਾਟਕ, ਅੱਠ ਵਾਰਤਕ ਸੰਗ੍ਰਹਿ, 24 ਬਾਲ ਸਾਹਿਤ ਪੁਸਤਕਾਂ ਅਤੇ 40 ਦੇ ਕਰੀਬ ਅਨੁਵਾਦਿਤ ਪੁਸਤਕਾਂ ਨਾਲ ਇਕ ਬਹੁ-ਵਿਧਾਈ ਲੇਖਕ ਵਜੋਂ ਆਪਣੀ ਛਾਪ ਛੱਡੀ ਹੈ ਪਰ ਉਸ ਦੀ ਪ੍ਰਮੁੱਖ ਪਛਾਣ ਨਾਵਲਕਾਰ ਵਜੋਂ ਹੀ ਸਥਾਪਿਤ ਹੋਈ ਹੈ।
ਡਾ: ਤਰਸੇਮ ਨੇ ਇਕ ਪ੍ਰਤੀਬੱਧ ਖੋਜੀ ਵਾਲੇ ਸਿਰੜ ਨਾਲ ਇਕ ਪਾਸੇ ਗੁਰਦਿਆਲ ਸਿੰਘ ਦੀਆਂ ਰਚਨਾਵਾਂ ਨੂੰ ਉਨ੍ਹਾਂ ਦੇ ਛਪਣ ਕਾਲ-ਵਿਸ਼ੇਸ਼ ਅਨੁਸਾਰ ਸਾਂਭਿਆ ਅਤੇ ਦੂਜੇ ਪਾਸੇ ਗੁਰਦਿਆਲ ਸਿੰਘ ਦੀਆਂ ਲਿਖਤਾਂ ਸਬੰਧੀ ਸਮੁੱਚੇ ਖੋਜ-ਕਾਰਜ ਨੂੰ ਇਕੱਤਰ ਕਰਕੇ ਭਵਿੱਖ ਦੇ ਖੋਜੀਆਂ ਲਈ ਵਿਸ਼ੇਸ਼ ਤਰਤੀਬ ਨਾਲ ਪਰੋਸਿਆ। ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਕੋਸ਼ਕਾਰ ਨੇ ਨਾਵਲਾਂ, ਕਹਾਣੀਆਂ ਅਤੇ ਵਾਰਤਕ ਲਿਖਤਾਂ ਦੇ ਮਹਿਜ਼ ਵੇਰਵੇ ਹੀ ਨਹੀਂ ਦਿੱਤੇ ਬਲਕਿ ਹਰੇਕ ਬਾਰੇ ਵਿਸਥਾਰਪੂਰਵਕ (ਇਕ ਪੰਨੇ ਦੇ ਕਰੀਬ) ਇੰਦਰਾਜ ਦਰਜ ਕੀਤੇ ਹਨ। ਇੰਦਰਾਜ ਲਿਖਣ ਦਾ ਢੰਗ ਵੀ ਸਿਰਜਣਾਤਮਕ ਭਾਂਤ ਦਾ ਹੈ। ਯਾਨੀ ਇੰਜ ਲੱਗਦਾ ਹੈ ਜਿਵੇਂ ਗੁਰਦਿਆਲ ਸਿੰਘ ਖ਼ੁਦ 'ਮੈਂ' ਵਕਤਾ ਬਣ ਕੇ ਨਾਵਲ ਜਾਂ ਕਹਾਣੀ ਦਾ ਬੋਲ-ਚਾਲ ਦੀ ਭਾਸ਼ਾ ਵਿਚ ਸਾਰ ਸੁਣਾ ਰਿਹਾ ਹੋਵੇ। ਮਿਸਾਲ ਵਜੋਂ ਨਾਵਲ 'ਮੜ੍ਹੀ ਦੀ ਦੀਵਾ' ਵਾਲੇ ਇੰਦਰਾਜ ਵਿਚ ਉਹ ਲਿਖਦਾ ਹੈ, 'ਹਰ ਦੁੱਖ ਸਹਿ ਕੇ, ਸਮਾਜ ਦੀ ਨਮੋਸ਼ੀ ਦੀ ਪ੍ਰਵਾਹ ਨਾ ਕਰਦਿਆਂ ਭਾਨੀ ਇਸ਼ਕ ਨੂੰ ਆਂਚ ਨਹੀਂ ਆਉਣ ਦਿੰਦੀ। ਠੋਲੇ ਵਾਂਗ ਜਗਸੀਰ ਨੇ ਵੀ ਬੜੀ ਤਨਦੇਹੀ ਨਾਲ ਧਰਮ ਸਿੰਘ ਦੀ ਜ਼ਮੀਨ ਸੰਭਾਲੀ ਹੀ ਨਹੀਂ ਵਧਾਈ ਵੀ।'
'ਗੁਰਦਿਆਲ ਸਿੰਘ ਦੇ ਸਾਹਿਤ ਦੀ ਸ਼ਬਦਾਵਲੀ' ਵਾਲਾ ਭਾਗ ਇਸ ਪੱਖੋਂ ਬਹੁਤ ਦਿਲਚਸਪ ਹੈ ਕਿ ਇਹ ਸਵਾ ਕੁ ਸੌ ਪੰਨੇ ਦਾ ਮਲਵਈ ਭਾਸ਼ਾ ਕੋਸ਼ ਹੀ ਬਣ ਗਿਆ ਹੈ। 'ਗੁਰਦਿਆਲ ਸਿੰਘ ਦੇ ਸਾਹਿਤ ਦੀ ਆਲੋਚਨਾ ਦੇ ਸੰਦਰਭ' ਵਾਲੇ ਅਧਿਆਇ ਵਿਚ ਵੀ ਡਾ: ਤਰਸੇਮ ਨੇ ਸਿਰਫ਼ ਪੁਸਤਕ ਸੂਚੀ ਹੀ ਨਹੀਂ ਦਿੱਤੀ ਬਲਕਿ ਸਮੀਖਿਆ ਪੁਸਤਕਾਂ ਦੇ ਤਤਕਰੇ ਵੀ ਦਿੱਤੇ ਹਨ ਅਤੇ ਸੁਤੰਤਰ ਲੇਖਾਂ ਨੂੰ ਵੀ ਉਨ੍ਹਾਂ ਦੇ ਛਪਣ-ਸ੍ਰੋਤਾਂ ਸਮੇਤ ਦਿੱਤਾ ਹੈ।
ਗੁਰਦਿਆਲ ਸਿੰਘ ਪੰਜਾਬੀ ਭਾਸ਼ਾ ਦਾ ਸਿਰਮੌਰ ਲੇਖਕ ਹੈ। ਉਸ ਬਾਰੇ ਅਜੇ ਹੋਰ ਵੱਖ-ਵੱਖ ਕੋਣਾਂ ਤੋਂ ਬਹੁਤ ਖੋਜ-ਕਾਰਜ ਹੋਣਾ ਹੈ। ਡਾ: ਤਰਸੇਮ ਦਾ ਇਹ ਨਿੱਗਰ ਅਤੇ ਪ੍ਰਮਾਣਿਕ ਕਾਰਜ ਆਉਣ ਵਾਲੇ ਖੋਜੀਆਂ ਅਤੇ ਰਚਨਾਵਾਂ ਨੂੰ ਸਿਲੇਬਸਾਂ ਰਾਹੀਂ ਪੜ੍ਹਨ ਵਾਲੇ ਗ਼ੈਰ-ਮਲਵਈ ਵਿਦਿਆਰਥੀਆਂ ਲਈ ਰਾਹ-ਦਸੇਰਾ ਸਿੱਧ ਹੋਵੇਗਾ। ਡਾ: ਤਰਸੇਮ ਨੇ ਜਿੰਨੀ ਮਿਹਨਤ, ਪ੍ਰਤੀਬੱਧਤਾ, ਸ਼ਿੱਦਤ ਅਤੇ ਇਤਿਹਾਸਕ ਸੂਝ ਨਾਲ ਇਸ ਸੰਦਰਭ ਕੋਸ਼ ਨੂੰ ਤਿਆਰ ਕੀਤਾ ਹੈ, ਓਨੀ ਹੀ ਰੀਝ ਅਤੇ ਜ਼ਿੰਮੇਵਾਰੀ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਨਿਵੇਕਲੇ, ਅਹਿਮ ਅਤੇ ਵੱਡ-ਆਕਾਰੀ ਕੋਸ਼ ਨੂੰ ਸੁੰਦਰ ਢੰਗ ਨਾਲ ਪ੍ਰਕਾਸ਼ਿਤ ਕੀਤਾ ਹੈ। ਭਾਵੇਂ ਛੋਟੇ ਆਧਾਰ ਵਾਲੀਆਂ ਰਚਨਾਵਾਂ ਦੇ ਵਿਸਥਾਰਪੂਰਵਕ ਸਾਰ-ਤੱਤ ਦੇਣ ਵਿਚ ਕੁਝ ਸੰਜਮ ਵਰਤ ਕੇ ਆਕਾਰ ਕਾਫ਼ੀ ਘਟਾਇਆ ਜਾ ਸਕਦਾ ਸੀ ਪਰ ਉਸ ਨਾਲ ਸ਼ਾਇਦ ਬਿਆਨ ਵਿਚ ਜੀਵੰਤਤਾ ਘਟ ਜਾਣੀ ਸੀ। ਸੰਦਰਭ-ਕੋਸ਼ ਤਿਆਰ ਕਰਕੇ ਡਾ: ਤਰਸੇਮ ਨੇ ਇਕ ਪਾਸੇ ਪ੍ਰਸਿੱਧ ਲੇਖਕ ਗੁਰਦਿਆਲ ਸਿੰਘ ਦੀ ਵਿਸ਼ੇਸ਼ ਪਛਾਣ ਨੂੰ ਹੋਰ ਗੂੜ੍ਹੀ ਕਰਨ ਵਿਚ ਢੁਕਵਾਂ ਯੋਗਦਾਨ ਪਾਇਆ ਹੈ, ਦੂਜੇ ਪਾਸੇ ਪੰਜਾਬੀਆਂ ਦੀ ਮੱਧਮ ਪੈ ਰਹੀ ਇਤਿਹਾਸਕ ਚੇਤਨਾ ਨੂੰ ਵੀ ਝੰਜੋੜਿਆ ਹੈ।

-ਡਾ: ਬਲਦੇਵ ਸਿੰਘ ਧਾਲੀਵਾਲ
ਮੋ: 9872835835

22-2-14

 ਮਾਲਵੇ ਦੇ ਲੋਕ ਗੀਤ ਅਤੇ ਲੋਕ ਬੋਲੀਆਂ
ਸੰਗ੍ਰਹਿ ਕਰਤਾ : ਜਸਬੀਰ ਸਿੰਘ ਕੰਗਣਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 136.

ਲੋਕ ਗੀਤਾਂ ਵਿਚ ਜੰਗਲੀ ਫੁੱਲਾਂ ਵਰਗੀ ਤਾਜ਼ਗੀ ਅਤੇ ਮਹਿਕ ਹੁੰਦੀ ਹੈ। ਪੰਜਾਬ ਕੋਲ ਲੋਕ ਗੀਤਾਂ ਦਾ ਅਨਮੋਲ ਸਰਮਾਇਆ ਹੈ। ਇਹ ਦਿਲਾਂ ਵਿਚੋਂ ਨਿਕਲੀਆਂ ਹੋਈਆਂ ਹੂਕਾਂ, ਕੂਕਾਂ, ਕਿਲਕਾਰੀਆਂ ਅਤੇ ਦਿਲਦਾਰੀਆਂ ਹਨ। ਇਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਹੈ ਨਹੀਂ ਤਾਂ ਇਹ ਬਜ਼ੁਰਗ ਪੰਜਾਬਣਾਂ ਦੇ ਨਾਲ ਹੀ ਦਫ਼ਨ ਹੋ ਜਾਣਗੇ। ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਬੋਲੀਆਂ, ਗੀਤਾਂ, ਟੱਪਿਆਂ, ਮਾਹੀਏ ਆਦਿ ਵੰਨਗੀਆਂ ਨੂੰ ਸਹੇਜ ਕੇ ਇਕ ਲੜੀ ਲਈ ਪਰੋਣ ਦਾ ਸੁਚੱਜਾ ਯਤਨ ਕਰਦੀ ਇਹ ਪੁਸਤਕ ਮਾਲਵੇ ਦੇ ਹੁਨਰ ਦਾ ਕਮਾਲ ਹੈ। ਇਸ ਵਿਚ ਸਾਡਾ ਪਿਛੋਕੜ, ਸੱਭਿਆਚਾਰ ਅਤੇ ਰਹੁ-ਰੀਤਾਂ ਸਮੋਈਆਂ ਹੋਈਆਂ ਹਨ। ਪੀੜ੍ਹੀਓ-ਪੀੜ੍ਹੀ ਚਲਦੇ ਲੋਕ ਗੀਤ ਲੋਕ-ਦਿਲਾਂ ਦੇ ਅਸਲੀ ਅਨੁਭਵ ਹਨ, ਇਸ ਲਈ ਇਹ ਸਿੱਧੇ ਦਿਲਾਂ ਵਿਚ ਉਤਰ ਜਾਂਦੇ ਹਨ।
ਲੇਖਕ ਨੇ ਬਹੁਤ ਮਿਹਨਤ ਕਰਕੇ ਇਨ੍ਹਾਂ ਗੀਤਾਂ, ਬੋਲੀਆਂ, ਸੁਹਾਗ, ਘੋੜੀਆਂ ਸਿੱਠਣੀਆਂ ਆਦਿ ਨੂੰ ਇਕੱਤਰ ਕੀਤਾ ਹੈ ਅਤੇ ਸੁੰਦਰ ਢੰਗ ਨਾਲ ਮਾਲਾ ਵਾਂਗ ਪਰੋ ਕੇ ਪਾਠਕਾਂ ਸਾਹਵੇਂ ਰੱਖਿਆ ਹੈ। ਪੁਸਤਕ ਵਿਚ ਵਿਆਹ ਦੀਆਂ ਰਸਮਾਂ ਵਿਚ ਗਾਏ ਜਾਣ ਵਾਲੇ ਗੀਤ, ਨ੍ਹਾਈ ਧੋਈ ਤੇ ਵਟਣਾ ਮਲਣਾ, ਸਿਹਰਾ ਬੰਨ੍ਹਣਾ, ਸੁਰਮਾ ਪਾਉਣਾ, ਘੋੜੀ, ਮੱਥਾ ਟਿਕਾਉਣ, ਜੰਞ ਚੜ੍ਹਨ, ਜੰਞ ਢੁੱਕਣ, ਜੰਞ ਬੰਨ੍ਹਣ, ਫੇਰਿਆਂ, ਵਿਦਾਈ, ਡੋਲੀ ਉਤਾਰਨ ਸਮੇਂ ਅਤੇ ਪਾਣੀ ਵਾਰਨ ਸਮੇਂ ਆਦਿ ਦੇ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਸਿੱਠਣੀਆਂ, ਪੱਗ, ਕਰੀਰ, ਸੰਦੂਕ, ਵੀਰ ਦੇ ਵਿਆਹ, ਮਹਿੰਦੀ, ਹਾਰ-ਸ਼ਿੰਗਾਰ, ਸਾਉਣ, ਛੰਦ ਪਰਾਗੇ, ਚਰਖੇ ਆਦਿ ਬਾਬਤ ਗੀਤ ਸੰਗ੍ਰਹਿਤ ਕੀਤੇ ਗਏ ਹਨ। ਲੋਕ ਗੀਤਾਂ ਵਿਚ ਵੱਖੋ-ਵੱਖਰੇ ਰਿਸ਼ਤਿਆਂ ਜਿਵੇਂ ਵਿਚੋਲਾ-ਵਿਚੋਲਣ, ਭੈਣ-ਭਰਾ, ਸੱਸ-ਨੂੰਹ, ਦਿਉਰ-ਭਰਜਾਈ, ਮਾਂ-ਧੀ ਦੇ ਸਬੰਧਾਂ ਨੂੰ ਵੀ ਬਿਆਨਿਆ ਗਿਆ ਹੈ। ਹੀਰ-ਰਾਂਝਾ, ਮਲਕੀ-ਕੀਮਾ, ਤਮਾਸ਼ੇ ਅਤੇ ਕੁਝ ਹੋਰ ਬੋਲੀਆਂ ਦੇ ਨਾਲ-ਨਾਲ ਆਉਂਦੀ ਕੁੜੀਏ ਜਾਂਦੀ ਕੁੜੀਏ, ਜੰਡ, ਥਾਣੇਦਾਰ, ਮਾਪੇ, ਮੱਤਾਂ ਆਦਿ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਗੀਤਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਸਾਰਾ ਬ੍ਰਹਿਮੰਡ ਹੀ ਕੋਈ ਇਲਾਹੀ ਨਾਦ ਗਾ ਰਿਹਾ ਹੈ, ਧਰਤੀ ਗਾ ਰਹੀ ਹੈ, ਪਹਾੜ ਗਾ ਰਹੇ ਹਨ, ਵਿਆਹ ਗਾ ਰਹੇ ਹਨ, ਰੁੱਤਾਂ ਗਾ ਰਹੀਆਂ ਹਨ, ਪਰੰਪਰਾਵਾਂ ਗਾ ਰਹੀਆਂ ਹਨ, ਦਿਲ ਗਾ ਰਹੇ ਹਨ, ਨਾੜਾਂ ਗਾ ਰਹੀਆਂ ਹਨ। ਸਾਡਾ ਰੋਮ-ਰੋਮ ਕਿਸੇ ਅਗੰਮੀ ਰਾਗ ਨਾਲ ਲਹਿਰਾਉਣ ਲਗਦਾ ਹੈ। ਅੱਜ ਦੇ ਕੰਨ ਪਾੜੂ, ਸ਼ੋਰ-ਸ਼ਰਾਬੇ ਵਾਲੇ ਲੱਚਰ ਸੰਗੀਤ ਦੀ ਹਨੇਰੀ ਵਿਚ ਸਾਡੇ ਪਰੰਪਰਕ ਲੋਕ ਗੀਤ ਬਾਰਸ਼ ਦੀ ਠੰਢੀ ਫੁਹਾਰ ਵਾਂਗ ਸੀਤਲਤਾ ਤੇ ਸ਼ਾਂਤੀ ਪ੍ਰਦਾਨ ਕਰਦੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਫ ਫ ਫ

ਬਲਦੇਵ ਸਿੰਘ ਦਾ ਗਲਪ-ਸੰਸਾਰ
ਲੇਖਕ : ਡਾ: ਅਸ਼ਵਨੀ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 220.

1977 ਤੋਂ ਲੈ ਕੇ ਹੁਣ ਤੱਕ ਨਿਰੰਤਰ ਲਿਖਣ ਵਾਲਾ ਬਲਦੇਵ ਸਿੰਘ (ਸੜਕਨਾਮਾ) ਲਗਭਗ ਪੰਜਾਹ ਪੁਸਤਕਾਂ ਦਾ ਲੇਖਕ ਹੈ, ਜੋ ਨਾਵਲ, ਕਹਾਣੀ, ਨਿਬੰਧ, ਬਾਲ ਸਾਹਿਤ ਤੇ ਨਾਟਕ ਦੇ ਵਿਭਿੰਨ ਖੇਤਰਾਂ ਤੱਕ ਪਸਰੀਆਂ ਹੋਈਆਂ ਹਨ। ਮੁੱਖ ਰੂਪ ਵਿਚ ਉਹ ਗਲਪਕਾਰ ਹੈ ਅਤੇ ਢਾਹਵਾਂ ਦਿੱਲੀ ਦੇ ਕਿੰਗਰੇ ਨਾਵਲ ਦੇ ਨਾਂਅ 'ਤੇ ਸਾਹਿਤ ਅਕਾਦਮੀ ਪੁਰਸਕਾਰ (2011) ਹਾਸਲ ਕਰ ਚੁੱਕਾ ਹੈ। ਡਾ: ਅਸ਼ਵਨੀ ਸ਼ਰਮਾ ਦੀ ਇਹ ਪੁਸਤਕ ਉਸ ਦੇ ਡਿਗਰੀ ਸਾਪੇਖ ਖੋਜ ਕਾਰਜ ਦਾ ਪ੍ਰਕਾਸ਼ਿਤ ਰੂਪ ਹੈ ਅਤੇ ਇਸ ਕਾਰਜ ਲਈ ਨਿਸਚਿਤ ਰੂਪ-ਰੇਖਾ ਅਨੁਸਾਰ ਹੀ ਸੰਪੂਰਨ ਕੀਤਾ ਗਿਆ ਹੈ।
ਪੰਜ ਅਧਿਆਵਾਂ ਵਿਚ ਸੰਪੂਰਨ ਇਸ ਅਧਿਐਨ ਦਾ ਆਰੰਭ ਬਲਦੇਵ ਸਿੰਘ ਦੇ ਜੀਵਨ ਬਿਰਤਾਂਤ, ਵਿੱਦਿਆ, ਰੋਜ਼ੀ-ਰੋਟੀ ਲਈ ਭਾਂਤ-ਸੁਭਾਂਤੇ ਲੰਮੇ ਸੰਘਰਸ਼, ਸਾਹਿਤਕ ਸਫ਼ਰ ਅਤੇ ਮਾਣ-ਸਨਮਾਨਾਂ 'ਤੇ ਝਾਤ ਪੁਆ ਕੇ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ ਉਸ ਦੇ 12 ਕਹਾਣੀ ਸੰਗ੍ਰਹਿਆਂ ਦਾ ਵਿਸ਼ਲੇਸ਼ਣ ਹੈ। ਉਸ ਦੀਆਂ ਕਹਾਣੀਆਂ ਦੀਆਂ ਮੁੱਖ ਥੀਮਿਕ ਇਕਾਈਆਂ ਹਨ : ਕਿਸਾਨੀ ਜੀਵਨ, ਦਲਿਤ ਚੇਤਨਾ, ਮਹਾਂਨਗਰੀ ਚੇਤਨਾ, ਨਾਰੀ ਚੇਤਨਾ ਤੇ ਡਰਾਇਵਰੀ ਜੀਵਨ। ਪਾਤਰ, ਵਾਤਾਵਰਣ, ਭਾਸ਼ਾ, ਕਲਾ ਜੁਗਤਾਂ ਸਭ ਨੂੰ ਉਕਤ ਥੀਮਿਕ ਇਕਾਈਆਂ ਦੇ ਪ੍ਰਸੰਗ ਵਿਚ ਹੀ ਸਮਝਣ ਦਾ ਯਤਨ ਅਸ਼ਵਨੀ ਨੇ ਕੀਤਾ ਹੈ। ਤੀਜੇ ਅਧਿਆਇ ਵਿਚ ਨਾਵਲਾਂ ਦਾ ਅਧਿਐਨ ਕਰਦੇ ਸਮੇਂ ਹਰ ਨਾਵਲ ਬਾਰੇ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਸਮੇਂ ਨਾਵਲ ਨੂੰ ਦੇਸ਼ ਕਾਲ, ਸੰਸਕ੍ਰਿਤੀ, ਵਿਸ਼ੇ ਰੂਪ ਜੁਗਤਾਂ ਦੀ ਗੱਲ ਕੀਤੀ ਹੈ। ਖੋਜਾਰਥੀ ਅਨੁਸਾਰ ਇਨ੍ਹਾਂ ਨਾਵਲਾਂ ਦੀ ਆਧਾਰ ਵਸਤੂ ਪੰਜਾਬੀ ਕਿਸਾਨੀ ਦੀਆਂ ਵਿਭਿੰਨ ਪਰਤਾਂ ਹਨ, ਜਿਨ੍ਹਾਂ ਦੀਆਂ ਲੋੜਾਂ ਥੁੜਾਂ, ਸੁਪਨੇ, ਮਾਨਸਿਕਤਾ ਤੇ ਵਿਹਾਰ ਬਦਲਦੇ ਸਮਾਜਿਕ ਇਤਿਹਾਸਕ ਪ੍ਰਸੰਗਾਂ ਵਿਚ ਸਮਝਣ ਦਾ ਸਿਰਜਣਾਤਮਕ ਯਤਨ ਇਨ੍ਹਾਂ ਵਿਚ ਕੀਤਾ ਗਿਆ ਹੈ। ਇਹ ਬਿਰਤਾਂਤਕ ਉੱਦਮ ਪ੍ਰਗਤੀਵਾਦੀ/ਮਾਨਵਵਾਦੀ ਦ੍ਰਿਸ਼ਟੀ ਤੋਂ ਬਲਦੇਵ ਸਿੰਘ ਨੇ ਤਾਂ ਕੀਤਾ ਹੀ ਹੈ, ਅਸ਼ਵਨੀ ਨੇ ਇਸੇ ਦ੍ਰਿਸ਼ਟੀ ਤੋਂ ਇਸ ਦਾ ਵਿਸ਼ਲੇਸ਼ਣ ਵੀ ਸਫ਼ਲਤਾ ਨਾਲ ਕੀਤਾ ਹੈ। ਬਲਦੇਵ ਸਿੰਘ ਦੀ ਗਲਪ ਦੇ ਵਿਚਾਰਧਾਰਾਈ ਆਧਾਰਾਂ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਨਿਤਾਰਨ ਸਮੇਂ ਅਸ਼ਵਨੀ ਨੇ ਸਿਧਾਂਤਕ ਪਰਿਪੱਕਤਾ ਦਾ ਪ੍ਰਮਾਣ ਦਿੱਤਾ ਹੈ। ਉਸ ਦੀ ਗਲਪ ਦੀ ਕਲਾਤਮਕ ਵਿਲੱਖਣਤਾ ਨੂੰ ਪਛਾਣਨ ਦਾ ਉੱਦਮ ਕਰਕੇ ਖੋਜਾਰਥੀ ਨੇ ਵਿਸ਼ੇ ਅਤੇ ਰੂਪ ਦੋਵਾਂ ਪੱਖਾਂ ਤੋਂ ਇਸ ਅਧਿਐਨ ਨੂੰ ਸੰਤੁਲਿਤ ਬਣਾ ਦਿੱਤਾ ਹੈ। ਖੋਜਾਰਥੀ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਵਾਲ ਸਟਰੀਟ
ਲੇਖਕ : ਨਛੱਤਰ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 222.

ਲੇਖਕ ਵਿਸ਼ਾਲ ਸੂਝ-ਬੂਝ ਦਾ ਮਾਲਕ ਹੈ ਅਤੇ ਦੇਸ਼ ਪਿਆਰ ਉਸ ਦੇ ਰਗ-ਰਗ ਵਿਚ ਵਸਿਆ ਹੋਇਆ ਹੈ। ਹਥਲਾ ਨਾਵਲ ਅਜਿਹੀ ਇਕ ਮਿਸਾਲ ਹੈ, ਜੋ ਹਿੰਦੁਸਤਾਨ ਦੇ ਕੁਰਬਾਨੀ ਦੇ ਪੁੰਜ ਗ਼ਦਰੀ ਬਾਬਿਆਂ ਤੇ ਸ਼ਹੀਦਾਂ ਨੂੰ ਸਮਰਪਿਤ ਹੈ। ਲੇਖਕ ਅਨੁਸਾਰ ਸਾਡਾ ਫਰਜ਼ ਹੈ ਕਿ ਸੰਸਾਰ ਤੇ ਸਮਾਜ ਵਿਚ ਵਾਪਰ ਰਹੀਆਂ ਅਮਾਨਵੀ ਤੇ ਮਨੁੱਖ ਦੋਖੀ ਮਾਰੂ ਨੀਤੀਆਂ ਨੂੰ ਨੰਗਾ ਕਰੀਏ। ਲੁਕਾਈ ਨੂੰ ਭੱਤੀ ਦਾ ਬਾਲਣ ਬਣਾਉਣ ਤੇ ਸੱਚ ਨੂੰ ਸੂਲੀ ਟੰਗਣ, ਵਾਲਿਆਂ ਬਾਰੇ ਜਨਤਾ ਨੂੰ ਸੁਚੇਤ ਕਰੀਏ ਤਾਂ ਕਿ ਲੁਕਾਈ ਕਾਲੀਆਂ ਸ਼ਕਤੀਆਂ ਨੂੰ ਵੰਗਾਰਨ ਤੇ ਲਲਕਾਰਨ ਲਈ ਇਕਜੁਟ ਹੋ ਜਾਵੇ। ਅਜਿਹੇ ਵਿਸ਼ੇ ਨੂੰ ਨਾਵਲ ਵਿਚ ਵੱਖ-ਵੱਖ ਪਾਤਰਾਂ ਤੇ ਘਟਨਾਵਾਂ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਲੇਖਕ ਨੇ ਮਾਪਿਆਂ ਤੇ ਬੱਚਿਆਂ ਵਿਚਲੇ ਵਿਚਾਰਧਾਰਕ ਅੰਤਰ ਨੂੰ ਵੀ ਵੀਸ਼ਾ ਪਾਤਰ ਰਾਹੀਂ ਬਾਖੂਬੀ ਪੇਸ਼ ਕੀਤਾ ਹੈ, ਜਦੋਂ ਕਿ ਬੱਚੇ ਮਾਪਿਆਂ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੁੰਦੇ, ਸਗੋਂ ਮਨਮਾਨੀਆਂ ਕਰਦੇ, ਆਪੇ ਤੋਂ ਬਾਹਰੇ ਹੋ ਕੇ ਵਿਚਰਦੇ ਹਨ। ਅਜੋਕੇ ਪਦਾਰਥਵਾਦੀ ਯੁੱਗ ਦਾ ਕਿਹਾ ਵਰਤਾਰਾ ਹੈ ਕਿ ਜਾਨਵਰਾਂ ਨੂੰ ਤਾਂ ਪਿਆਰਿਆ ਜਾਂਦਾ ਹੈ ਪਰ ਮਨੁੱਖਾਂ ਨੂੰ ਮਾਰਿਆ ਜਾਂਦਾ ਹੈ। ਕਾਮਿਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ, ਬੈਂਕਰ ਡਾਕੂ ਲੁਟੇਰੇ ਹਨ, ਸਰਕਾਰਾਂ ਦਾ ਨਿੱਜੀਕਰਨ ਮੰਡੀ ਨੂੰ ਵਪਾਰ ਬਣਾਉਂਦਾ, ਪੱਛਮੀ ਪ੍ਰਭਾਵ ਇਕੱਲਤਾ ਦਾ ਜੀਵਨ ਪ੍ਰਦਾਨ ਕਰਦਾ, ਸਰਕਾਰ ਦੀ ਅੰਨ੍ਹੀ ਖਪਤਕਾਰੀ ਨੇ ਸਮਾਜੀ ਰਿਸ਼ਤਿਆਂ ਨੂੰ ਖ਼ਤਮ ਕਰ ਦਿੱਤਾ ਹੈ, ਪਿਆਰ ਦੇ ਰਿਸ਼ਤੇ ਮਹਿੰਗਾਈ ਦੀ ਮਾਰ ਹੇਠ ਆ ਕੇ ਟੁੱਟਣ ਦੀ ਕਗਾਰ 'ਤੇ ਹਨ, ਲੁੱਟਾਂ-ਖੋਹਾਂ ਕਰਨ ਵਾਲਿਆਂ ਵਿਰੁੱਧ ਜਨਤਾ ਸੰਘਰਸ਼ ਲਈ ਉੱਠ ਖੜ੍ਹੀ ਹੁੰਦੀ ਹੈ ਆਦਿ ਵਿਸ਼ਿਆਂ ਨੂੰ ਲੇਖਕ ਨੇ ਬੜੇ ਵਿਸਥਾਰ ਨਾਲ ਉਲੀਕਿਆ ਹੈ। ਏਨਾ ਹੀ ਨਹੀਂ, ਹੋਰ ਵੀ ਕਈ ਪਹਿਲੂ ਲਏ ਹਨ, ਜੋ ਜੀਵਨ ਨਾਲ ਸਬੰਧਤ ਹਨ, ਜਿਵੇਂ ਕਿ ਮਨ ਸ਼ਕਤੀਸ਼ਾਲੀ ਕਦੋਂ ਹੁੰਦਾ ਹੈ, ਕੁਦਰਤ ਮਾਨਸਿਕ ਸਕੂਨ ਬਖਸ਼ਦੀ ਹੈ, ਮਾਪਿਆਂ ਨਾਲ ਬੱਚਿਆਂ ਦੀ ਨੇੜਤਾ ਹੋਣੀ ਬਹੁਤ ਜ਼ਰੂਰੀ, ਆਤਮ ਚੇਤੰਨਤਾ ਜ਼ਰੂਰੀ, ਪੜ੍ਹੇ-ਲਿਖੇ ਛੋਟੇ ਤੋਂ ਛੋਟਾ ਕੰਮ ਕਰਦੇ ਹਨ ਪੇਟ ਦੀ ਖਾਤਰ, ਪਿਆਰ, ਦੋਸਤੀ, ਸਤਿਕਾਰ, ਰਾਜਸੱਤਾ, ਭਾਈਚਾਰਕ ਸਾਂਝ, ਪ੍ਰਾਹੁਣਚਾਰੀ, ਚੇਤੰਨਤਾ, ਔਰਤ ਬਾਰੇ ਪਾਸ਼ ਦੀ ਵਿਚਾਰਧਾਰਾ ਤੰਗਦਿਲ, ਮਾਂ-ਬਾਪ ਬਣਨ ਦੀ ਖੁਸ਼ੀ ਅਨੋਖੀ ਹੁੰਦੀ ਹੈ ਅਤੇ ਪੱਛਮ ਵਿਚ ਵੀ ਵਿਆਹੁਤਾ ਜੋੜਿਆਂ ਦੀ ਉਮਰ ਭਰ ਨਿਭਦੀ ਹੈ ਆਦਿ। ਲੇਖਕ ਨੇ ਇਕ ਵਿਸ਼ਾਲ ਕੈਨਵਸ ਉਤੇ ਸਮੁੱਚੇ ਜੀਵਨ ਨੂੰ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਫ ਫ ਫ

ਤਰਕਸ਼
ਸ਼ਾਇਰ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 64.

ਇਸ ਕਾਵਿ-ਪੁਸਤਕ ਵਿਚ ਸ਼ਾਮਿਲ 106 ਕਾਵਿ-ਵਿਅੰਗ ਤਕਨੀਕੀ ਪੱਖੋਂ ਸ਼ਾਇਰ ਦੀ ਪਰਪੱਕ ਸੋਚ ਅਤੇ ਕਲਾ ਪਰਪੱਕਤਾ ਦਾ ਪੁਖਤਾ ਸਬੂਤ ਹਨ। ਡਾ: ਤੇਜਵੰਤ ਸਿੰਘ ਮਾਨ ਅਨੁਸਾਰ, 'ਇਸ ਵਿਅੰਗ-ਕਾਵਿ ਸੰਗ੍ਰਹਿ ਵਿਚਲੇ ਬੰਦਾਂ ਨੂੰ ਪੜ੍ਹਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਨਵਰਾਹੀ ਦਾ ਕਾਵਿ ਬੁੱਧ-ਵਿਲਾਸੀ ਸਮਝਦਾਰ, ਘੁੰਤਰੀ ਵਿਅੰਗ-ਕਾਵਿ ਹੈ। ਉਸ ਦਾ ਕਾਵਿ ਮਕਰ, ਖੱਬਤੀ ਜਾਂ ਹੁਜਤੀ ਨਹੀਂ।'
ਉਸ ਨੇ ਆਪਣੇ ਇਨ੍ਹਾਂ ਕੀਮਤੀ ਕਾਵਿ-ਵਿਅੰਗਾਂ ਵਿਚ ਹਲਕੀ ਪੱਧਰ ਦੀ ਨਿੰਦਾ ਜਾਂ ਮਖੌਲ ਨਹੀਂ ਉਡਾਇਆ। ਉਹਦੇ ਵਿਅੰਗ ਬੰਦ ਅਜਿਹੇ ਨਸ਼ਤਰ ਹਨ, ਜੋ ਅੱਜ ਦੇ ਯੁੱਗ ਵਿਚ ਡਿਗ ਰਹੇ ਸਮਾਜਿਕ, ਨੈਤਿਕ, ਸੱਭਿਆਚਾਰਕ, ਸਾਹਿਤਕ ਕਦਰਾਂ-ਕੀਮਤਾਂ ਦੇ ਮਿਆਰ ਦੀ ਚੀਰ-ਫਾੜ ਕਰਦੇ ਅਨੁਭਵ ਹੁੰਦੇ ਹਨ।
ਉਹ ਅੱਜ ਦੀ ਉਪਭੋਗਤਾ ਵਾਲੀ ਰੁਚੀ ਦਾ ਵਿਅੰਗ ਵਿਧੀ ਰਾਹੀਂ ਜੰਮ ਕੇ ਖੰਡਨ ਕਰਦਾ ਹੈ। ਉਸ ਦੇ ਇਨ੍ਹਾਂ ਬੰਦਾਂ ਵਿਚ ਹਾਸਾ, ਟਿੱਚਰ ਜਾਂ ਕੇਵਲ ਮਖੌਲ ਦਾ ਰੰਗ ਹੀ ਨਹੀਂ ਉੱਭਰਦਾ, ਸਗੋਂ ਇਸ ਦੇ ਨਾਲ ਹੀ ਵਿਅੰਗ ਦੀ ਗੰਭੀਰਤਾ ਭਰੀ ਵਿਸ਼ੇਸ਼ਤਾ ਵੀ ਉੱਭਰਦੀ ਹੈ। 'ਸਸਤੇ ਬੋਲ' ਨਾਂਅ ਦਾ ਵਿਅੰਗ-ਕਾਵਿ ਅੱਜ ਦੀ ਹਲਕੀ ਤੇ ਸਸਤੀ ਸ਼ੁਹਰਤ ਖੱਟਣ ਵਾਲੀ ਗੀਤਕਾਰੀ ਬਾਰੇ ਗੰਭੀਰ ਟਿੱਪਣੀ ਹੈ। ਨੁਸਖਾ, ਨਿਸ਼ਾਨ, ਟੀਰ, ਤਰਾਜ਼ੂ, ਰਵਾਇਤ, ਦੁਰਦਸ਼ਾ, ਜੱਗ ਰਵੀਰਾ, ਘੁੰਗਰੂ, ਤੁਲਨਾ, ਕਲਿਆਣ, ਜ਼ਹਿਰਾਂ, ਹੇਠਾਂ, ਤਕੀਆ, ਇਸ਼ਾਰਾ, ਮਾਇਆਧਾਰੀ, ਤਰੱਕੀ, ਸਹੀ ਇਲਾਜ, ਹਾਜ਼ਮਾ, ਇਲਤਜ਼ਾ, ਆਪਾ-ਧਾਪੀ, ਵੱਕਾਰ, ਪਸਾਰ, ਸਿੱਖਿਆ, ਚੋਰਾਂ ਨੂੰ ਮੋਰ, ਸੌਗਾਤ ਵਰਗੇ ਕਾਵਿ-ਵਿਅੰਗ ਸਮੇਂ ਦੀ ਨਬਜ਼ 'ਤੇ ਉਂਗਲੀ ਰੱਖਦੇ ਹੋਏ ਸਾਨੂੰ ਬਹੁਤ ਕੁਝ ਬਦਲਣ ਅਤੇ ਢੁਕਵੇਂ ਫ਼ੈਸਲੇ ਲੈ ਕੇ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਨਵਰਾਹੀ ਘੁਗਿਆਣਵੀ ਵੱਖ-ਵੱਖ ਅਖ਼ਬਾਰਾਂ ਵਿਚ ਛਪਣ ਵਾਲਾ ਅੱਜ ਦਾ ਜਾਣਿਆ-ਪਛਾਣਿਆ ਕਾਵਿ-ਵਿਅੰਗ ਰਚਣ ਵਾਲਾ ਸ਼ਾਇਰ ਹੈ। ਪੰਜਾਬੀ ਕਾਵਿ-ਵਿਅੰਗ ਸਾਹਿਤ ਨੂੰ ਅਜੇ ਉਸ ਤੋਂ ਹੋਰ ਵੀ ਲੰਮੇਰੀਆਂ ਅਤੇ ਭਰਪੂਰ ਆਸਾਂ ਹਨ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਫ ਫ ਫ

ਬਦਲਦੀ ਰੁੱਤ
ਕਵੀ : ਤੇਜਾ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 150, ਸਫ਼ੇ : 80.

'ਬਦਲਦੀ ਰੁੱਤ' ਕਵੀ ਤੇਜਾ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਉਸ ਨੇ ਇਹ ਕਵਿਤਾਵਾਂ ਆਪਣੇ ਲੰਮੇ ਜੀਵਨ ਸੰਘਰਸ਼ ਵਿਚੋਂ ਕੌੜੇ-ਮਿੱਠੇ ਤਜਰਬਿਆਂ ਵਿਚੋਂ ਪ੍ਰਾਪਤ ਕੀਤੀਆਂ ਹਨ। ਤੇਜਾ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਉਸ ਦੀ ਸਮਾਜਿਕ ਸਰੋਕਾਰਾਂ ਦੀ ਸੁਹਿਰਦਤਾ ਝਰ-ਝਰ ਪੈਂਦੀ ਹੈ। ਇਨ੍ਹਾਂ ਨਿੱਕੀਆਂ ਤੇ ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਵਿਚ ਭਾਵੇਂ ਛੰਦ-ਬਹਿਰ ਦੀ ਪ੍ਰਸਤੁਤੀ ਨਹੀਂ ਹੈ ਪਰ ਕਵਿਤਾਵਾਂ ਪਾਠਕ ਦੇ ਦਿਲ ਤੱਕ ਪਹੁੰਚਦੀਆਂ ਹਨ ਤੇ ਤਰਕ ਸਿਰਜਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਮਨੁੱਖੀ ਸਾਮਾਨ ਵਿਚ ਅਤਿ ਨਵੇਂ ਮਸਲਿਆਂ ਨੂੰ ਕਾਵਿ ਜ਼ਬਾਨ ਦਿੱਤੀ ਗਈ ਹੈ। ਪੰਜਾਬੀ ਸਮਾਜ ਵਿਚ ਹਿੰਸਾ ਅਤੇ ਅਸੱਭਿਅਕ ਕਾਰਜ ਤੇਜਾ ਸਿੰਘ ਨੂੰ ਦੁਖੀ ਕਰਦੇ ਹਨ। ਪੰਜਾਬੀ ਕਲਚਰ ਪੱਛਮੀ ਕਲਚਰ ਵਿਚ ਸਮੋ ਰਿਹਾ ਹੈ। ਇਸ ਪ੍ਰਤੀ ਵੀ ਉਹ ਕਾਵਿ-ਹੇਰਵਾ ਸਿਰਜਦਾ ਹੈ। ਸਮਾਜ ਵਿਚਲੇ ਨਿੱਕੇ-ਨਿੱਕੇ ਜ਼ਿਕਰਯੋਗ ਕਾਰਜਾਂ ਨੂੰ ਕਵਿਤਾਵਾਂ ਵਿਚ ਪੇਸ਼ ਕਰਨ ਦਾ ਸਹਿਜ ਕਵੀ ਨੂੰ ਖੂਬ ਆਉਂਦਾ ਹੈ। ਕਵੀ ਆਸ ਮੁਖੀ ਹੈ ਅਤੇ ਨਿਰਾਸ਼ਾ ਨੂੰ ਸਫ਼ਰ ਦਾ ਟੋਇਆ ਸਮਝਦਾ ਹੈ। ਤਿੜਕ ਰਹੇ ਮਾਨਵੀ ਰਿਸ਼ਤੇ ਅਤੇ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਮਨੁੱਖੀ ਸੁਭਾਅ ਵਿਚ ਜੋ ਕੌੜ ਤੇ ਅਵੇਸਲਾਪਨ ਪੈਦਾ ਕਰ ਦਿੱਤਾ ਹੈ, ਕਵੀ ਨੂੰ ਕੰਡੇ ਵਾਂਗ ਚੁੱਭਦਾ ਹੈ। ਕਵਿਤਾਵਾਂ ਦੀ ਭਾਸ਼ਾ ਸਰਲ ਤੇ ਸਾਧਾਰਨ ਤੋਂ ਸਾਧਾਰਨ ਪਾਠਕ ਦੇ ਸਮਝ ਆਉਣ ਵਾਲੀ ਹੈ। ਕਵੀ ਨਿੱਕੀਆਂ ਕਵਿਤਾਵਾਂ ਦਾ ਵੱਡਾ ਸ਼ਾਇਰ ਪ੍ਰਤੀਤ ਹੁੰਦਾ ਹੈ। ਉਸ ਦੀ ਆਸਮੁਖਤਾ ਸਲਾਹੁਣਯੋਗ ਹੈ :
ਸੂਲਾਂ 'ਤੇ ਸੌਣਾ ਸਿੱਖੀਏ/ਰੋਂਦੇ ਹਸਾਉਣਾ ਸਿੱਖੀਏ
ਬਣੋਂ ਨਾ ਕੱਚ ਦੇ ਯਾਰ/ਟੁੱਟੋ ਨਾ ਅੱਧ-ਵਿਚਕਾਰ
ਬਣੋਂ ਕਾਫ਼ਲਾ ਕਿ ਲੁੱਟ ਨਾ ਸਕੇ ਕੋਈ
ਚਮਕੋ ਬਨੇਰਿਆਂ 'ਤੇ ਚਿਰਾਗ ਬਣ...।

-ਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਉਲਟੀ ਨਾਵ ਤਰਾਵੈ
ਲੇਖਕ : ਨਰਿੰਦਰਜੀਤ ਸਿੰਘ ਸੋਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਨਰਿੰਦਰਜੀਤ ਸਿੰਘ ਸੋਮਾ ਇਕ ਅਨੁਭਵਸ਼ੀਲ ਵਿਅਕਤੀ ਹੈ। ਉਹ ਆਪਣੀ ਵਾਰਤਕ ਪੁਸਤਕ 'ਉਲਟੀ ਨਾਵ ਤਰਾਵੈ' ਲੈ ਕੇ ਪਾਠਕਾਂ ਦੇ ਰੂ-ਬਰੂ ਹੋਇਆ ਹੈ ਅਤੇ ਉਸ ਨੇ ਇਸ ਪੁਸਤਕ ਨੂੰ ਵਾਰਤਕ ਰੂਪ ਸਵੈ-ਜੀਵਨੀ ਦੇ ਰੂਪ ਵਿਚ ਦਰਸਾਇਆ ਹੈ। ਪਰ ਸਾਡੀ ਜਾਚੇ ਇਹ ਪੁਸਤਕ ਸਵੈ-ਜੀਵਨੀ ਦੀ ਵਿਧਾ ਦੀਆਂ ਲੋੜਾਂ ਪੂਰੀਆਂ ਨਾ ਕਰਦੀ ਹੋਈ ਉਸ ਦੀਆਂ ਯਾਦਾਂ ਦਾ ਸੰਗ੍ਰਹਿ ਬਣ ਜਾਂਦੀ ਹੈ। ਪੁਸਤਕ ਦਾ ਸਿਰਲੇਖ 'ਉਲਟੀ ਨਾਵ ਤਰਾਵੈ' ਪੁਸਤਕ ਦੇ ਹਰੇਕ ਪਾਠ ਅਤੇ ਸ਼ਬਦ ਵਿਚ ਸਮਾਇਆ ਹੋਇਆ ਹੈ। ਲੇਖਕ 'ਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਗੁਰਬਾਣੀ ਹੀ ਉਸ ਦਾ ਆਸਰਾ ਬਣਦੀ ਹੈ। ਬੇਸ਼ੱਕ ਉਸ ਦੇ ਫ਼ੌਜ ਦੇ ਦਿਨਾਂ ਦੀ ਕੋਈ ਘਟਨਾ ਹੋਵੇ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਾਰਜ ਕਰਦਿਆਂ ਕੋਈ ਸਮੱਸਆ ਆਈ ਹੋਵੇ, ਗੁਰਬਾਣੀ ਦਾ ਸਿਮਰਨ ਹੀ ਉਸ ਦਾ ਬੇੜਾ ਬੰਨੇ ਲਾਉਂਦਾ ਹੈ। ਇਥੋਂ ਤੱਕ ਕਿ ਫ਼ੌਜ ਵਿਚ ਭਰਤੀ ਹੋਣ ਦੀ ਘਟਨਾ ਹੋਵੇ, ਚਾਹੇ 'ਵੈਸਾਖੀ ਪ੍ਰਭੁ ਭਾਵੈ' ਵਾਲੇ ਸਿਰਲੇਖ ਵਿਚ ਬਦਲੀ ਕਰਵਾਉਣ ਵਾਲਾ ਵੇਰਵਾ ਹੋਵੇ, ਚਾਹੇ ਜੇਲ੍ਹ ਯਾਤਰਾ ਵਾਲਾ ਬਿਰਤਾਂਤ ਹੋਵੇ 'ਉਲਟੀ ਨਾਵ ਤਰਾਵੈ' ਵਾਲਾ ਗੁਰਬਾਣੀ ਸਿਮਰਨ ਲੇਖਕ ਨੂੰ ਹਮੇਸ਼ਾ ਹੀ ਸਫ਼ਲਤਾ ਪ੍ਰਦਾਨ ਕਰਦਾ ਹੈ।
'ਉਲਟੀ ਨਾਵ ਤਰਾਵੈ' ਪੁਸਤਕ ਵਿਚ ਨਰਿੰਦਰਜੀਤ ਸਿੰਘ ਸੋਮਾ ਨੇ 32 ਲੇਖ ਵੱਖ-ਵੱਖ ਸਿਰਲੇਖਾਂ ਹੇਠ ਲਿਖੇ ਹਨ, ਜੋ ਉਸ ਦੀ ਜ਼ਿੰਦਗੀ ਦੀਆਂ ਯਾਦਾਂ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਇਕ ਲੇਖ ਉਸ ਦੀ ਜ਼ਿੰਦਗੀ ਵਿਚ ਆਏ ਕੁਝ ਵਿਅਕਤੀਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚ ਡਾ: ਤਾਰਨ ਸਿੰਘ ਦਾ ਜ਼ਿਕਰ ਉਹ ਬੜੇ ਸਤਿਕਾਰ ਨਾਲ ਕਰਦਾ ਹੈ। ਲੇਖਕ ਨੇ ਆਪਣੀਆਂ ਇਨ੍ਹਾਂ ਯਾਦਾਂ ਤਹਿਤ ਹਰੇਕ ਉਸ ਵਿਅਕਤੀ ਦਾ ਜ਼ਿਕਰ ਛੇੜਿਆ ਹੈ, ਜੋ ਖਾਸ ਕਰਕੇ ਵਿਭਾਗੀ ਨੌਕਰੀ ਸਮੇਂ ਉਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਬਾ-ਵਸਤਾ ਰਿਹਾ। ਇਥੋਂ ਤੱਕ ਕਿ 'ਵਡਭਾਗਣ' ਵਾਲੇ ਸਿਰਲੇਖ ਵਿਚ ਲੇਖਕ ਨੇ ਨਿੰਮ ਦਾ ਵੀ ਮਾਨਵੀਕਰਨ ਕਰ ਵਿਖਾਇਆ ਹੈ। ਗੁਰਬਾਣੀ ਸ਼ਬਦਾਂ ਦੀਆਂ ਪੰਕਤੀਆਂ ਵੀ ਲੇਖਾਂ ਨੂੰ ਅਨੋਖਾ ਰੰਗ ਚਾੜ੍ਹਦੀਆਂ ਹਨ। ਇਸ ਪੁਸਤਕ ਵਿਚਲੀ ਲੇਖਕ ਦੀ ਕੋਈ ਯਾਦ ਪੜ੍ਹ ਲਵੋ, ਹਰੇਕ ਵਿਚੋਂ ਗੁਰਬਾਣੀ ਮਾਰਗ ਦੀ ਰੌਸ਼ਨੀ ਦੀਆਂ ਧੁਨੀਆਂ ਹੀ ਸੁਣਾਈ ਦਿੰਦੀਆਂ ਹਨ। ਪਾਠਕ ਇਸ ਪੁਸਤਕ ਵਿਚਲੀ ਸਰਲ ਤੇ ਸਾਦੀ ਸ਼ੈਲੀ ਦਾ ਆਨੰਦ ਮਾਣਦਿਆਂ ਜ਼ਿੰਦਗੀ ਦੀਆਂ ਸੁਚੱਜੀਆਂ ਕਦਰਾਂ-ਕੀਮਤਾਂ ਵੀ ਗ੍ਰਹਿਣ ਕਰਦਾ ਹੈ। ਸੰਖੇਪ ਪਰ ਭਾਵਪੂਰਤ ਯਾਦਾਂ ਦੇ ਰੂਪ ਵਿਚ ਲਿਖੇ ਇਹ ਲੇਖ ਲੇਖਕ ਦੀ ਗੂੜੀ ਹੋਈ ਸ਼ਖ਼ਸੀਅਤ ਦਾ ਹੁੰਗਾਰਾ ਬਣਦੇ ਹਨ। ਪਾਠਕਾਂ ਨੂੰ ਇਹ ਪੁਸਤਕ ਜ਼ਿੰਦਗੀ ਦੀਆਂ ਉੱਚ ਕਦਰਾਂ-ਕੀਮਤਾਂ ਨਾਲ ਜੋੜਨ ਦਾ ਉਪਰਾਲਾ ਬਣੇਗੀ। ਇਸ ਪੁਸਤਕ ਲਈ ਲੇਖਕ ਨਰਿੰਦਰਜੀਤ ਸਿੰਘ ਸੋਮਾ ਵਧਾਈ ਦਾ ਹੱਕਦਾਰ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

05-01-2014

ਇਹ ਕਿਹੋ ਜਿਹੇ ਰਿਸ਼ਤੇ
ਲੇਖਕ : ਅਸ਼ਵਨੀ ਕੁਮਾਰ 'ਸਾਵਣ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸਨ ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 136.

ਅਸ਼ਵਨੀ ਕੁਮਾਰ 'ਸਾਵਣ' ਨਾਟਕ ਤੋਂ ਕਹਾਣੀ ਵੱਲ ਪਰਤਿਆ, ਜਿਸ ਵਿਚ 17 ਕਹਾਣੀਆਂ ਹਨ। ਇਸ ਤੋਂ ਪਹਿਲਾਂ ਉਸ ਦਾ ਪੂਰਾ ਨਾਟਕ 'ਬੰਦਾ ਸਿੰਘ ਬਹਾਦਰ', ਪੰਜ ਅਣਛਪੇ ਪਰ ਖੇਡੇ ਜਾ ਚੁੱਕੇ ਨਾਟਕ ਤੇ ਹੋਰ ਦਰਜਨ ਕੁ ਦੇ ਕਰੀਬ ਛੋਟੇ ਨਾਟਕ ਆ ਚੁੱਕੇ ਹਨ। ਪੁਸਤਕ ਦੀਆਂ ਕਹਾਣੀਆਂ ਵਿਚ ਸਪੱਸ਼ਟਤਾ ਦਾ ਮੀਰੀ ਗੁਣ ਹੈ। ਕਹਾਣੀ ਆਪਣਾ 'ਦੇਸ਼ ਆਪਣੇ ਲੋਕ' ਵਿਚ ਪੂਰਬੀ ਭਈਆ ਰਾਧੇ ਸ਼ਾਮ ਚੰਨਣ ਸਿੰਘ ਦੇ ਘਰ ਕੰਮ ਕਰਦਾ ਹੈ। ਚੰਨਣ ਸਿੰਘ ਦਾ ਪੁੱਤਰ ਜੀਤ ਤੇ ਰਾਧੇ ਸ਼ਾਮ ਦਾ ਪੁੱਤਰ ਰਾਮੂ ਬਚਪਨ ਦੇ ਹਾਣੀ ਹਨ। 'ਕੱਠੇ ਖੇਡਦੇ ਹਨ। ਬਾਅਦ ਵਿਚ ਜੀਤ ਕੈਨੇਡਾ ਚਲਾ ਜਾਂਦਾ ਹੈ। ਵਾਪਸ ਆ ਕੇ ਉਸ ਦੇ ਅੰਦਰਲਾ ਜਾਤੀ ਹੰਕਾਰ ਬੋਲਦਾ ਹੈ।
'ਤੂੰ ਸਾਲਿਆ ਸਾਡੇ ਟੁਕੜਿਆਂ 'ਤੇ ਪਲ ਕੇ ਸਾਡੇ ਬਰਾਬਰ ਕਿਥੋਂ ਹੋ ਗਿਆਂ?'
ਅੱਗੋਂ ਰਾਮੂੰ ਕਹਿੰਦਾ ਹੈ 'ਅਸੀਂ ਪੰਜਾਬ ਆ ਕੇ ਹੱਡ ਭੰਨ ਕੇ ਕੰਮ ਕਰਦੇ ਹਾਂ। ਤੁਸੀਂ ਉਧਰ ਜਾ ਕੇ ਕਰਦੇ ਹੋ।
ਅਸੀਂ ਏਧਰ ਭਈਏ,ਤੁਸੀ ਉਧਰ ਭਈਏ' (ਪੰਨਾ-55) ਸੌ ਦਾ ਨੋਟ ਰੁੜ੍ਹ ਗਿਆ (ਪੰਨਾ-70) ਬੜੀ ਦਿਲਚਸਪ ਕਹਾਣੀ ਹੈ। ਸ੍ਰੀਮਤੀ ਸ਼ਰਮਾ ਦੇ ਘਰ ਮਿਸਤਰੀ ਕੰਮ ਕਰਕੇ ਚਲੇ ਗਏ ਥੋੜ੍ਹੀ ਜਿਹੀ ਰੇਤਾਂ ਬਚ ਗਈ। ਉਹ ਚਾਹੁੰਦੀ ਹੈ ਕਿ ਰੇਤਾਂ ਸੌ ਰੁਪਏ ਦੀ ਵਿਕ ਜਾਵੇ ਪਰ ਖਰੀਦਣ ਕੋਈ ਨਾ ਆਇਆ। ਫਿਰ ਮੰਦਿਰ ਵਿਚ ਰੇਤਾ ਦਾਨ ਦੇਣ ਬਾਰੇ ਸੋਚਿਆ ਮੰਦਿਰ ਵਾਲੇ ਥੋੜ੍ਹੀ ਜਿਹੀ ਰੇਤਾਂ ਲੈ ਗਏ ਬਾਕੀ ਛੱਡ ਗਏ। ਤੇਜ਼ ਮੀਂਹ ਪਿਆ। ਰੇਤ ਰੁੜ੍ਹ ਕੇ ਗਟਰ ਵਿਚ ਚਲੀ ਗਈ। ਮੁਹੱਲੇ ਦਾ ਪਾਣੀ ਰੁਕ ਗਿਆ। ਲੋਕਾਂ ਦੇ ਫੋਨ 'ਤੇ ਫੋਨ ਆਉਣ ਲੱਗੇ। ਗਟਰ ਸਾਫ਼ ਕਰਨ ਵਾਲੇ ਆਏ। ਉਨ੍ਹਾਂ ਪੰਜ ਸੌ ਰੁਪਏ ਮੰਗ ਲਏ। ਸ੍ਰੀਮਤੀ ਸ਼ਰਮਾ ਬਹੁਤ ਪਛਤਾਈ। ਇਥੇ ਗੱਲ ਸ਼ਹਿਰੀ ਮਾਨਸਿਕਤਾ ਦੀ ਹੈ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਚੰਗੀ ਰੌਚਿਕਤਾ ਹੈ। ਇਸ ਦੇ ਪਾਤਰ ਵੀ ਪੂਰੀ ਤਰ੍ਹਾਂ ਕਿਰਿਆਸ਼ੀਲ ਹਨ। ਭਰਪੂਰ ਕਥਾ ਰਸ ਹੈ। 'ਅੱਕ ਦਾ ਫਲ' ਵਿਚ ਭੈਣ ਭਰਾ ਵਿਚ ਜਾਇਦਾਦ ਦੇ ਝਗੜੇ ਤੋਂ ਚਿੱਟੇ ਹੁੰਦੇ ਲਹੂ ਦੀ ਦਾਸਤਾਨ ਹੈ। (ਪੰਨਾ-85) 'ਕੱਖੋਂ ਹੌਲੀ ਜ਼ਿੰਦਗੀ' ਕਹਾਣੀ ਦੀ ਔਰਤ ਪਾਤਰ ਆਪਣੀ ਵੇਦਨਾ ਕਹਿੰਦੀ ਹੈ ਕਿ ਤੁਹਾਡੀ ਤੇ ਇਕ ਧੀ ਦੀ ਜਾਨ ਗਈ ਸੀ। ਪਰ ਉਸ ਦੇ ਬਦਲੇ ਤੁਸੀਂ ਜਿਨ੍ਹਾਂ ਧੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਜਾ ਰਹੇ ਹੋ, ਉਨ੍ਹਾਂ ਦਾ ਇਨਸਾਫ਼ ਕੌਣ ਕਰੇਗਾ?
(ਪੰਨਾ-97) ਪੁਸਤਕ ਦੀਆਂ ਕਹਾਣੀਆਂ ਡਾਲੀ ਨਾਲੋਂ ਟੁੱਟਾ ਫੁੱਲ, ਕੌਣ ਦਿਲਾਂ ਦੀਆਂ ਜਾਣੇ, ਜਨਮ ਪੱਤਰੀ, ਪੀੜ ਪਰਾਈ, ਤਰੱਕੀ, ਆਸ਼ਿਕ ਰੋਂਦੇ ਰੱਤ ਨੀ, ਗਵਾਚਾ ਪਿੰਡ ਪੁਸਤਕ ਦੀਆਂ ਸਮਾਜਿਕ ਵਿਸ਼ਿਆਂ 'ਤੇ ਚੰਗੀਆਂ ਕਹਾਣੀਆਂ ਹਨ। ਪੁਸਤਕ ਹਰ ਵਰਗ ਦੇ ਪਾਠਕ ਵਾਸਤੇ ਪੜ੍ਹਨ ਵਾਲੀ ਹੈ।

¸ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160


 ਦਿਲ ਦਾ ਕੌਲ ਫੁੱਲ

ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 128.

ਲੇਖਕ ਨੂੰ ਜੀਵਨ ਦਾ ਡੂੰਘਾ ਅਨੁਭਵ ਹੈ, ਜਿਸ ਸਦਕਾ ਉਸ ਨੇ ਆਪਣੇ ਨਾਵਲਾਂ ਵਿਚ ਜੀਵਨ ਦਾ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਰਾਜਸੀ ਭ੍ਰਿਸ਼ਟਾਚਾਰ ਤੇ ਆਰਥਿਕ ਨਾਬਰਾਬਰੀ ਦੀ ਗੱਲ ਖੁੱਲ੍ਹ ਕੇ ਪੇਸ਼ ਕੀਤੀ ਹੈ। ਨਾਵਲ ਦਾ ਮੁੱਢ ਭਾਵੇਂ ਇਕ ਪ੍ਰੇਮ ਕਹਾਣੀ ਤੋਂ ਹੁੰਦਾ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਮਨੁੱਖ ਦੇ ਅੰਦਰੋਂ ਸਾਰੇ ਔਝੜ ਰਾਹ ਪਾਰ ਕਰਦਾ ਹੋਇਆ ਪ੍ਰਗਟ ਹੋ ਜਾਂਦਾ ਹੈ। ਇਕ ਪਾਸੇ ਮਾਂ ਪਿਆਰ ਤੋਂ ਸੱਖਣੇ ਨੌਜਵਾਨ ਦੀ ਗਾਥਾ ਹੈ, ਜੋ ਆਪਣੇ ਜੀਵਨ ਪੰਧ ਬਾਰੇ ਕੁਝ ਫ਼ੈਸਲਾ ਨਹੀਂ ਲੈ ਸਕਦਾ। ਉਸ ਦੀ ਸੋਚ ਸੀਮਤ ਹੈ ਆਪਣੇ ਬਾਪ ਦੇ ਫ਼ੈਸਲੇ ਤੱਕ। ਨਾ ਉਸ ਦੀ ਕੋਈ ਸਲਾਹ ਨਾ ਮਰਜ਼ੀ, ਪਰ ਜਦੋਂ ਦਸ ਸਾਲ ਦੀ ਹਾਨਣ ਕੁੜੀ ਸਿਲ੍ਹੀਆਂ ਅੱਖਾਂ ਆਪਣੀ ਚੁੰਨੀ ਨਾਲ ਪੂੰਝਦੀ ਹੈ ਤਾਂ ਪਿਆਰ ਆਪਮੁਹਾਰੇ ਉਮੜ ਆਉਂਦਾ ਹੈ, ਬਚਪਨ ਦਾ ਪਿਆਰ ਬਿਨਾਂ ਕਿਸੇ ਲਾਲਸਾ ਤੋਂ। ਦੂਜੇ ਅਜਿਹੇ ਜਾਗੀਰਦਾਰੀ ਸਮਾਜ ਦਾ ਚਿਤਰਨ ਹੈ, ਜਿਸ ਵਿਚ ਸਰਦਾਰ ਕਈ-ਕਈ ਵਿਆਹ ਕਰਵਾਉਂਦੇ, ਐਸ਼ਾਂ ਕਰਦੇ ਤੇ ਪਤਨੀਆਂ ਦੇ ਹੱਥ ਮੰਜੇ ਦੇ ਪਾਵਿਆਂ ਹੇਠ ਰੱਖ ਕੇ ਆਪ ਘੁਰਾੜੇ ਮਾਰਦੇ ਸੌਂ ਜਾਂਦੇ-ਕਿਹੋ ਜਿਹਾ ਗ਼ੈਰ-ਮਨੁੱਖੀ ਵਤੀਰਾ ਸੀ ਔਰਤ ਪ੍ਰਤੀ। ਔਰਤਾਂ ਪੂਰਨ ਤੌਰ 'ਤੇ ਗੁਲਾਮੀ ਦਾ ਜੀਵਨ ਬਸਰ ਕਰਦੀਆਂ, ਪਿਉ ਪੁੱਤਰਾਂ ਤੋਂ ਉਨ੍ਹਾਂ ਦੇ ਹੱਕ ਖੋਹ ਕੇ ਮੂਲ ਲੋੜਾਂ ਤੋਂ ਵਾਂਝੇ ਰੱਖਦੇ, ਸ਼ਰਾਬ ਉਨ੍ਹਾਂ ਨੂੰ ਅੰਨਿਆ ਕਰੀ ਰੱਖਦੀ ਤੇ ਗੁਲਾਮ ਔਰਤਾਂ ਮਰਦਾਂ ਦੇ ਸਿਰ 'ਤੇ ਐਸ਼ ਕਰਦੇ।
ਏਨਾ ਹੀ ਨਹੀਂ ਲੇਖਕ ਨੇ ਇਕ ਹੋਰ ਪਹਿਲੂ ਵੀ ਚਿਤਰਿਆ ਹੈ ਕਿਰਤੀਆਂ ਦਾ ਸੰਸਾਰ, ਇਮਾਨਦਾਰਾਂ ਤੇ ਲੋਕ ਹਿਤੂਆਂ ਦਾ ਸੰਸਾਰ, ਜੋ ਹੱਕਾਂ ਲਈ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਹਨ ਹੱਕਾਂ ਲਈ। ਇਕ ਜਮਾਤ ਹੈ ਟੁਕੜਬੋਚਾਂ ਦੀ, ਨੌਕਰਸ਼ਾਹੀ ਦੀ ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ, ਆਤਮਾ ਮਰੀ ਹੋਈ ਹੈ, ਜੋ ਕੇਵਲ ਮਾਲਕ ਦੀ ਜੀ ਹਜ਼ੂਰੀ ਦੇ ਸਿਰ 'ਤੇ ਗੁਜ਼ਾਰਾ ਕਰਦੇ ਹਨ, ਚਾਹੁੰਦੇ ਹੋਏ ਵੀ ਇਸ ਜਾਲ ਵਿਚੋਂ ਨਹੀਂ ਨਿਕਲ ਸਕਦੇ। ਇਕ ਜਮਾਤ ਹੈ ਬੁਰਛਾਗਰਦੀ ਦੀ ਜੋ ਮਾਲਕ ਦੀ ਖਾਤਰ ਲੜ ਮਰਨ ਨੂੰ ਤਿਆਰ ਰਹਿੰਦੇ ਹਨ। ਇਹੀ ਨਹੀਂ ਲੇਖਕ ਨੇ ਜਾਤ-ਪਾਤ ਵਿਚਲਾ ਪਾੜਾ, ਜਗੀਰੂ ਸੋਚ ਮਰਦ ਉਤੇ ਦੂਸਰੀ ਔਰਤ ਦਾ ਹਾਵੀ ਹੋਣਾ, ਧਾਰਮਿਕ ਪਾਖੰਡ ਜੋ ਸਮਾਜ ਨੂੰ ਖੋਖਲਾ ਕਰ ਰਿਹਾ ਹੈ, ਦਾਜ ਦਹੇਜ ਦੀ ਸਮੱਸਿਆ, ਮੇਲੇ-ਤਿਉਹਾਰ ਤੇ ਪਿੰਡ ਤੇ ਸ਼ਹਿਰ ਦਾ ਸੱਭਿਆਚਾਰ ਦਾ ਵਰਨਣ ਵੀ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਸੰਸਾਰ ਦਾ ਸੱਚ ਸ਼ਕਤੀ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 96.

ਬਹੁਵਿਧਾਵੀ ਲੇਖਕ ਰਾਮਨਾਥ ਸ਼ੁਕਲਾ ਦੀ 55ਵੀਂ ਪੁਸਤਕ 'ਸੰਸਾਰ ਦਾ ਸੱਚ ਸ਼ਕਤੀ' ਪੰਜਾਬੀ ਪਾਠਕਾਂ ਦੇ ਰੂਬਰੂ ਹੋਈ ਹੈ। ਲੇਖਕ ਨੇ ਮਹਾਕਾਵਿ, ਕਾਵਿ ਅਤੇ ਮਗਰੋਂ ਲੇਖ ਰਚਨਾ 'ਤੇ ਆਪਣੀ ਮੁਹਾਰਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਥਲੇ ਸੰਗ੍ਰਹਿ ਵਿਚ ਵੱਖੋ-ਵੱਖਰੀਆਂ ਸ਼ਕਤੀਆਂ ਦਾ ਵਰਨਣ ਕਰਦਿਆਂ ਲੇਖਕ ਨੇ ਸਿੱਟਾ ਕੱਢਿਆ ਹੈ ਕਿ ਸੰਸਾਰ ਵਿਚ ਸ਼ਕਤੀ ਹਾਸਲ ਕੀਤੇ ਬਿਨਾਂ ਯਸ਼ ਦੀ ਪ੍ਰਾਪਤੀ ਨਹੀਂ ਹੁੰਦੀ, ਚਾਹੇ ਉਹ ਬੁੱਧੀ, ਸਰੀਰਕ ਜਾਂ ਧਨ ਦੀ ਸ਼ਕਤੀ ਹੋਵੇ।
ਲੇਖਕ ਨੇ ਕਰਾਮਾਤੀ ਸ਼ਕਤੀ, ਭੌਤਿਕ ਸ਼ਕਤੀ, ਆਰਥਿਕ ਸ਼ਕਤੀ, ਰਾਜਨੀਤਕ ਸ਼ਕਤੀ, ਕੁਦਰਤੀ ਸ਼ਕਤੀ, ਬੁੱਧੀ ਦੀ ਸ਼ਕਤੀ, ਰੱਬੀ ਅਵਤਾਰ ਤੇ ਸ਼ਕਤੀ, ਸਾਧਾਰਨ ਲੋਕ ਤੇ ਕਰਾਮਾਤਾਂ, ਚਲਾਕੀ ਨੂੰ ਚਲਾਕੀ ਨਾਲ ਕੱਟਣਾ, ਸ਼ਕਤੀ ਤੇ ਅਹੰਕਾਰ, ਸ਼ਕਤੀ ਤੇ ਯਸ਼, ਚੜ੍ਹਦੇ ਸੂਰਜ ਨੂੰ ਸਲਾਮ, ਸਾਡੇ ਅਡੰਬਰ ਧਨ ਅਤੇ ਯਸ਼ ਲਈ, ਸ਼ਕਤੀ ਹੀ ਭਗਵਾਨ ਹੈ, ਪੂਜਾ ਹਮੇਸ਼ਾ ਸ਼ਕਤੀ ਦੀ ਹੁੰਦੀ ਹੈ, ਸ਼ਕਤੀ ਸੰਸਾਰ ਦਾ ਮੂਲ ਹੈ, ਸ਼ਕਤੀ ਮੂਲ ਬਦਲਦੀ ਹੈ, ਸ਼ਕਤੀ ਲਚਕਦਾਰ ਹੈ, ਭੌਤਿਕ ਅਤੇ ਮਾਨਸਿਕ ਸ਼ਕਤੀ ਦਾ ਸੁਮੇਲ ਮਨੁੱਖ ਨੂੰ ਅਵਤਾਰ ਬਣਾ ਦਿੰਦਾ ਹੈ, ਸ਼ਕਤੀ ਬ੍ਰਹਿਮੰਡ ਦੀ ਧੁਰੀ ਹੈ ਆਦਿ ਚੈਪਟਰਾਂ ਵਿਚ ਆਪਣੀ ਤਰਕਸ਼ੀਲ, ਵਿਗਿਆਨਕ, ਇਤਿਹਾਸਕ, ਮਿਥਹਾਸਕ, ਆਰਥਿਕ, ਰਾਜਨੀਤਕ ਤੇ ਪ੍ਰਕਿਰਤਕ ਸੋਚ ਨੂੰ ਆਧਾਰ ਬਣਾ ਕੇ ਆਕਰਸ਼ਕ ਦ੍ਰਿਸ਼ਟਾਂਤਾਂ ਰਾਹੀਂ ਲੇਖਾਂ ਨੂੰ ਰੌਚਕਤਾ ਪ੍ਰਦਾਨ ਕੀਤੀ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਾਠਕ ਕਿਸੇ ਹੱਦ ਤੱਕ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਤੋਂ ਦੂਰ ਹੁੰਦਾ ਹੈ। ਉਸ ਨੂੰ ਸਮੁੱਚੇ ਬ੍ਰਹਿਮੰਡ ਦੀਆਂ ਸ਼ਕਤੀਆਂ ਸਾਹਮਣੇ ਆਪਣੀ ਨਿਗੁਣੀ ਜਿਹੀ ਹੋਂਦ ਦਾ ਅਹਿਸਾਸ ਹੁੰਦਾ ਹੈ। ਸਰਲਤਾ, ਸਹਿਜਤਾ, ਸੰਜਮਤਾ ਤੇ ਰੌਚਕਤਾ ਇਨ੍ਹਾਂ ਲੇਖਾਂ ਦਾ ਵਿਸ਼ੇਸ਼ ਗੁਣ ਹੈ। ਚੰਗੀ ਗੱਲ ਇਹ ਹੈ ਕਿ ਲੇਖਕ ਪਾਠਕ ਦੇ ਪੂਰਵ ਗਿਆਨ, ਅਨੁਭਵ ਤੇ ਸੋਚ ਨੂੰ ਆਪਣੀ ਰਚਨਾ ਨਾਲ ਇਕਮਿਕ ਕਰਕੇ ਉਸ ਨੂੰ ਆਪਣੇ ਨਾਲ ਜੋੜ ਕੇ ਤੋਰੀ ਰੱਖਣ ਦੀ ਸਮਰੱਥਾ ਰੱਖਦਾ ਹੈ। ਇਹ ਪੁਸਤਕ ਸਾਹਿਤ ਜਮਾਤ ਵਿਚ ਗੁਣਾਤਮਿਕ ਅਤੇ ਗਿਣਾਤਮਿਕ ਦੋਹਾਂ ਤਰ੍ਹਾਂ ਦਾ ਵਾਧਾ ਕਰਨ ਦਾ ਮਾਣ ਹਾਸਲ ਕਰੇਗੀ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਚੰਨ ਸੂਰਜ ਦੀ ਵਹਿੰਗੀ
ਕਵੀ : ਸੁਰਜੀਤ ਪਾਤਰ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80.

'ਚੰਨ ਸੂਰਜ ਦੀ ਵਹਿੰਗੀ' ਪੰਜਾਬੀ ਦੇ ਮੁਮਤਾਜ਼ ਕਵੀ ਸੁਰਜੀਤ ਪਾਤਰ ਦੀ ਅੱਠਵੀਂ ਕਾਵਿ-ਰਚਨਾ ਹੈ। ਸੁਰਜੀਤ ਪਾਤਰ ਨੇ ਪੰਜਾਬੀ ਗ਼ਜ਼ਲ ਨੂੰ ਇਕ ਅਜਿਹਾ ਦਿਲਕਸ਼ ਅੰਦਾਜ਼ ਪ੍ਰਦਾਨ ਕੀਤਾ ਹੈ ਕਿ ਸਾਡੇ ਵੇਖਦਿਆਂ-ਵੇਖਦਿਆਂ ਹੀ ਪੰਜਾਬੀ ਦਾ ਹਰ ਕਵੀ ਗ਼ਜ਼ਲਗੋ ਬਣ ਗਿਆ। ਇਹੋ ਜਿਹੇ ਕ੍ਰਿਸ਼ਮੇ ਕੋਈ ਯੁਗ-ਕਵੀ ਹੀ ਕਰ ਸਕਦਾ ਹੈ ਅਤੇ ਬੇਸ਼ੱਕ ਸੁਰਜੀਤ ਪਾਤਰ ਇਕ ਯੁਗ-ਕਵੀ ਹੈ। ਪਰ 'ਚੰਨ ਸੂਰਜ ਦੀ ਵਹਿੰਗੀ' ਵਿਚ ਉਸ ਨੇ ਗ਼ਜ਼ਲ ਦੀ ਬਜਾਇ ਪ੍ਰਗੀਤ ਅਤੇ ਨਜ਼ਮ ਨੂੰ ਆਪਣੇ ਭਾਵ-ਅਭਿਵਿਅੰਜਨ ਦਾ ਵਾਹਨ ਬਣਾਇਆ ਹੈ। ਇਸ ਸੰਗ੍ਰਹਿ ਵਿਚ ਉਹ ਇਕ ਚੜ੍ਹਦੀ ਕਲਾ ਵਾਲੇ ਆਸ਼ਾਵਾਦੀ ਕਵੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜੋ ਕੁਪੱਤੀਆਂ ਪੌਣਾਂ ਦੇ ਸਨਮੁੱਖ ਵੀ ਮੋਮਬੱਤੀਆਂ ਜਗਾਉਣ ਦੀ ਜੁਰਅਤ ਕਰਦਾ ਹੈ। ਇਹ ਜੁਰਅੱਤ ਉਹ ਇਸ ਲਈ ਵੀ ਕਰਦਾ ਹੈ ਤਾਂ ਜੋ ਹਨ੍ਹੇਰਾ ਇਹ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਇਹ ਨਾ ਸੋਚੇ ਕਿ ਸੂਰਜ ਮਰ ਗਿਆ ਹੈ।
ਇਸ ਪੁਸਤਕ ਦੀਆਂ ਕੁਝ ਕਵਿਤਾਵਾਂ ਵਿਚ ਕਵੀ ਨੇ ਪੰਜਾਬ ਦੇ 'ਡੈਮੋਗ੍ਰਾਫ਼ਿਕ ਮੈਪ' ਵਿਚ ਆ ਰਹੀਆਂ ਤਬਦੀਲੀਆਂ ਉਪਰ ਵੀ ਬੜੀਆਂ ਸਹਿਜ ਪ੍ਰੰਤੂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ। ਇਹੋ ਜਿਹੀਆਂ ਕਵਿਤਾਵਾਂ ਸੁਰਜੀਤ ਪਾਤਰ ਵਰਗਾ ਕੋਈ ਪਰਿਪੱਕ ਅਤੇ ਸਮਰੱਥ ਕਵੀ ਹੀ ਕਰ ਸਕਦਾ ਸੀ। ਕਵੀ ਦੀ ਇਹ ਕਾਮਨਾ ਕਿੰਨੀ ਮਾਸੂਮ ਅਤੇ ਪਿਆਰੀ ਹੈ :
ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਓਥੇ ਈ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ...
ਸਾਰੀ ਧਰਤੀ ਇਕ ਹੋ ਜਾਏ
ਕੋਈ ਨਾ ਕਹੇ ਪਰਾਏ
ਇਹ ਮੇਰੀ ਅਰਦਾਸ! (ਅਰਦਾਸ)
ਆਪਣੀਆਂ ਇਨ੍ਹਾਂ ਕਵਿਤਾਵਾਂ ਦੀ ਮਾਰਫ਼ਤ ਕਵੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਾਵਿ ਅਤੇ ਰਾਗ ਨੂੰ ਜੁਦਾ-ਜੁਦਾ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਪ੍ਰਵੀਨ ਰਾਗੀ ਹੀ ਮਹਾਨ ਕਵੀ ਦਾ ਮਰਤਬਾ ਹਾਸਲ ਕਰ ਸਕਦਾ ਹੈ। ਬੇਸ਼ੱਕ ਅੱਜ ਤੋਂ ਕਈ ਸਦੀਆਂ ਪਹਿਲਾਂ ਸਿੱਖ ਸਤਿਗੁਰਾਂ ਅਤੇ ਭਗਤ ਕਵੀਆਂ ਨੇ ਵੀ ਇਸ ਤੱਥ ਉੱਪਰ ਮੋਹਰ-ਛਾਪ ਲਾ ਦਿੱਤੀ ਸੀ ਪਰ ਹੁਣ ਫਿਰ ਇਸ ਤੱਥ ਨੂੰ ਪੁਨਰ-ਘੋਸ਼ਿਤ ਕਰਨਾ ਬਣਦਾ ਸੀ ਕਿਉਂਕਿ ਅਜੋਕੇ ਯੁਗ ਵਿਚ ਬਹੁਤ ਸਾਰੇ ਬੇਸੁਰੇ ਅਤੇ ਬੇਤਾਲੇ ਲੇਖਕ ਵੀ ਮਹਾਂਕਵੀ ਹੋਣ ਦਾ ਭਰਮ ਪਾਲੀ ਬੈਠੇ ਹਨ। ਪਾਤਰ ਨੇ ਉਨ੍ਹਾਂ ਦੇ ਇਸ ਭਰਮ ਨੂੰ ਤੋੜ ਦਿੱਤਾ ਹੈ।

ਚੋਣਵੀਆਂ ਕਹਾਣੀਆਂ
ਲੇਖਕ : ਬੀ.ਐਸ. ਬੀਰ
ਚੋਣਕਾਰ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 650 ਰੁਪਏ, ਸਫ਼ੇ : 508.

ਬੀ.ਐਸ. ਬੀਰ ਪੰਜਾਬੀ ਪਾਠਕਾਂ ਲਈ ਕੋਈ ਓਪਰਾ ਜਾਂ ਅਜਨਬੀ ਨਾਂਅ ਨਹੀਂ ਹੈ। ਪਿਛਲੇ ਦੋ ਕੁ ਦਹਾਕਿਆਂ ਤੋਂ ਉਹ ਪੰਜਾਬੀ ਵਿਚ ਨਿਰੰਤਰ ਲਿਖਦਾ ਅਤੇ ਪ੍ਰਕਾਸ਼ਿਤ ਹੁੰਦਾ ਆ ਰਿਹਾ ਹੈ।
ਬੀ.ਐਸ. ਬੀਰ ਮਨੁੱਖੀ ਜੀਵਨ ਨੂੰ ਬੜੀ ਡੂੰਘੀ ਨੀਝ ਨਾਲ ਦੇਖਣ ਵਾਲਾ ਸੰਵੇਦਨਸ਼ੀਲ ਕਹਾਣੀਕਾਰ ਹੈ। ਬਹੁਤੀ ਵਾਰ ਉਹ ਸਾਧਾਰਨ ਮਨੁੱਖ ਦੀ ਸਾਧਾਰਨਤਾ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਉਂਦਾ ਹੈ। ਕਹਾਣੀ ਦੀ ਤਕਨੀਕ ਵਿਚ ਪਰਿਪੱਕ ਹੋਣ ਕਾਰਨ ਕਈ ਵਾਰ ਉਹ ਅਜਿਹੇ ਵਿਸ਼ਿਆਂ ਬਾਰੇ ਵੀ ਕਹਾਣੀ ਕਹਿਣ ਵਿਚ ਸਫ਼ਲ ਹੋ ਜਾਂਦਾ ਹੈ, ਜਿਥੇ ਸਥੂਲ ਅਰਥਾਂ ਵਿਚ ਕੋਈ ਕਹਾਣੀ ਹੁੰਦੀ ਹੀ ਨਹੀਂ। 'ਮੌਸਮ' ਅਤੇ 'ਇਕ ਮੁੱਠੀ ਜਾਨ' ਇਸੇ ਪ੍ਰਕਾਰ ਦੀਆਂ ਕਹਾਣੀਆਂ ਹਨ। 'ਮੌਸਮ' ਵਿਚ ਇਕ ਸੇਵਾ-ਮੁਕਤ ਅਧਿਕਾਰੀ ਦੀ ਮਨੋਸਥਿਤੀ ਨੂੰ ਬਿਆਨ ਕੀਤਾ ਗਿਆ ਹੈ ਅਤੇ 'ਇਕ ਮੁੱਠੀ ਜਾਨ' ਬਾਲ-ਮਨੋਵਿਗਿਆਨ ਦੀ ਪੇਸ਼ਕਾਰੀ ਕਰਨ ਵਾਲੀ ਰਚਨਾ ਹੈ। ਇਨ੍ਹਾਂ ਕਹਾਣੀਆਂ ਵਿਚ ਘਟਨਾਵਾਂ ਦੇ ਵੇਰਵੇ ਬਹੁਤ ਘੱਟ ਆਏ ਹਨ ਪ੍ਰੰਤੂ ਲੇਖਕ ਨੇ ਚੇਤਨਾ ਪ੍ਰਵਾਹ ਧਾਰਾ ਤਕਨੀਕ ਦੀ ਸੁਘੜ ਵਰਤੋਂ ਕਰਕੇ ਇਨ੍ਹਾਂ ਕਹਾਣੀਆਂ ਨੂੰ ਜਾਨਦਾਰ ਬਣਾ ਦਿੱਤਾ ਹੈ।
ਕੁਝ ਹੋਰ ਕਹਾਣੀਆਂ ਵਿਚ ਵੇਰਵਿਆਂ ਦੀ ਭਰਮਾਰ ਹੈ। 'ਕੁਸ਼ਤੀ' ਇਸ ਵੰਨਗੀ ਦੀ ਕਹਾਣੀ ਹੈ। ਇਸ ਕਹਾਣੀ ਨੂੰ ਆਂਚਲਿਕ ਅੰਦਾਜ਼ ਵਿਚ ਬਿਆਨ ਕਰਕੇ ਲੇਖਕ ਨੇ ਕਹਾਣੀ-ਰਚਨਾ ਦੀਆਂ ਨਵੀਆਂ ਸਿਖਰਾਂ ਛੋਹੀਆਂ ਹਨ। ਕਰਤਾਰ ਸਿੰਘ ਦੁੱਗਲ ਤੋਂ ਬਾਅਦ ਇਸ ਵੰਨਗੀ ਦੀਆਂ ਬਹੁਤ ਘੱਟ ਕਹਾਣੀਆਂ ਮੇਰੀ ਨਜ਼ਰ ਵਿਚ ਆਈਆਂ ਹਨ। 'ਇਹ ਜਨਮ ਤੁਮਾਰੇ ਲੇਖੇ' ਦੀ ਵਸਤੂ-ਸਮੱਗਰੀ ਬੜੀ ਬਚਿੱਤਰ ਹੈ। ਲੇਖਕ ਨੇ ਇਸ ਕਹਾਣੀ ਦੀਆਂ ਮੁਸ਼ਕਿਲ ਤੰਦਾਂ ਨੂੰ ਬੜੀ ਸਤਰਕਤਾ ਨਾਲ ਸੰਭਾਲਿਆ ਹੈ। ਕੋਈ ਸਾਧਾਰਨ ਕਹਾਣੀਕਾਰ ਹੁੰਦਾ ਤਾਂ ਉਸ ਤੋਂ ਇਸ ਕਹਾਣੀ ਦਾ ਅੰਤ ਸੰਭਾਲਿਆ ਨਹੀਂ ਸੀ ਜਾਣਾ। 'ਦੁਹਾਜੂ' ਵੀ ਇਸੇ ਪ੍ਰਕਾਰ ਦੀ ਇਕ ਚੁਣੌਤੀ ਭਰਪੂਰ ਕਹਾਣੀ ਸਿੱਧ ਹੁੰਦੀ ਹੈ। ਕਹਾਣੀਕਾਰ ਨੇ ਦਰਸਾਇਆ ਹੈ ਕਿ ਕਈ ਵਾਰ ਜੀਵਨ ਦੇ ਸਾਧਾਰਨ ਤੱਥ ਵੀ ਮਨੁੱਖ ਦੇ ਜੀਵਨ ਨੂੰ ਨਾਖੁਸ਼ਗਵਾਰ ਅਤੇ ਬੋਝਲ ਬਣਾਉਣ ਲਈ ਕਾਫੀ ਹੁੰਦੇ ਹਨ। ਮੈਨੂੰ ਬੀ.ਐਸ. ਬੀਰ ਦੀਆਂ ਕਹਾਣੀਆਂ ਦਾ ਸਾਦਾ, ਸਹਿਜ ਅਤੇ ਸੰਤੁਲਿਤ ਅੰਦਾਜ਼ ਬੇਹੱਦ ਪਸੰਦ ਆਇਆ ਹੈ। ਇਹ ਕਹਾਣੀਆਂ ਅਜੋਕੀ ਪੰਜਾਬੀ ਕਹਾਣੀ ਦੀ ਪਰੰਪਰਾ ਨੂੰ ਅਮੀਰ ਬਣਾਉਣ ਵਾਲੀਆਂ ਪ੍ਰਮਾਣਿਕ ਰਚਨਾਵਾਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਰੰਗਤ ਵੇਖ ਸਿਆਹੀ ਦੀ
ਗ਼ਜ਼ਲਗੋ : ਕੁਲਤਾਰ ਬਜਰਾਵਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 103.

ਇਨ੍ਹਾਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਪਿਆਰ ਹੈ। ਪਿਆਰ ਨਾਲ ਜੁੜੇ ਜਜ਼ਬੇ, ਹਉਕੇ, ਹਾਵੇ, ਵਿਛੋੜੇ, ਵਸਲ ਆਦਿ ਦਾ ਪ੍ਰਗਟਾਵਾ ਸੁਹਜਾਤਮਕ ਢੰਗ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਦੀ ਭ੍ਰਿਸ਼ਟ ਰਾਜਨੀਤੀ, ਤਬਾਹ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਮਸਲੇ ਅਤੇ ਪਾਖੰਡ ਆਦਿ ਦੀ ਵੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਹੈ। ਇਹ ਗ਼ਜ਼ਲਾਂ ਸਹਿਜ ਅਤੇ ਸੁਹਜ ਨੂੰ ਸਮੋ ਕੇ ਭਾਵੇਂ ਮਦਮਸਤ ਫ਼ਕੀਰਾਂ ਵਾਂਗ ਝੂਮਦੀਆਂ ਹਨ ਪਰ ਦੁਨਿਆਵੀ ਕੂੜ-ਕੁਸੱਤ ਤੋਂ ਖ਼ਬਰਦਾਰ ਵੀ ਕਰਦੀਆਂ ਹਨ। ਆਓ, ਕੁਝ ਰੰਗ ਆਪਾਂ ਵੀ ਮਾਣੀਏ-
-ਨਾ ਬਹੁਤੇ ਦਾ ਫ਼ਰਕ ਹੈ ਪੈਂਦਾ, ਨਾ ਘਾਟਾਂ ਦਾ ਅਸਰ ਕੋਈ
ਚਲਣ ਬਦਲਦੇ ਨਾਲ ਹਾਲਾਤਾਂ ਨਹੀਉਂ ਕਦੇ ਫ਼ਕੀਰਾਂ ਦੇ।
-ਲੰਮੀ ਤਾਂ ਉਡਾਨ ਬੜੀ ਹੁੰਦੀ ਸੋਚ ਦੀ
ਡਾਚੀ ਨਹੀਉਂ ਪਰ ਮੁੜਦੀ ਬਲੋਚ ਦੀ।
-ਪਿਆਰ ਤੇਰਾ ਹੈ ਅੰਦਰ ਵਸਿਆ ਫਿਰ ਵੀ ਤਲਬ ਅਥਾਹ ਸਾਨੂੰ
ਮਨ ਮੇਰਾ ਸਾਗਰ ਵਰਗਾ ਮਗਰ ਪਿਆਸਾ ਪਾਣੀ ਦਾ।
-ਜੇਕਰ ਰਹਿਮਤ ਵਰ੍ਹ ਜਾਵੇ
ਸ਼ਾਇਦ ਫੁੱਟ ਲਗਰ ਜਾਵੇ।
-ਜਦ ਵੀ ਮੈਂ ਗੁਰਬਾਣੀ ਗਾਵਾਂ, ਝੂਮਾਂ ਵਿਚ ਖ਼ੁਮਾਰੀ
ਦੇ ਗਿਆ ਆਪਣੀ ਬਾਂਸਰੀ, ਮੈਨੂੰ ਕ੍ਰਿਸ਼ਨ ਮੁਰਾਰੀ।
-ਕੌਣ ਸਾਨੂੰ ਮਹਿਕਦਾ ਐਸਾ ਖ਼ੁਆਬ ਦੇ ਗਿਆ
ਜਾਂ ਕਿ ਸਾਡੇ ਖਾਬ ਨੂੰ ਕੋਈ ਗੁਲਾਬ ਦੇ ਗਿਆ।
ਆਮ ਇਨਸਾਨ ਦੁਨਿਆਵੀ ਮੋਹ ਨੂੰ ਹੀ ਪਿਆਰ ਸਮਝਦਾ ਹੈ, ਇਸ ਲਈ ਸਦਾ ਅਸੰਤੁਸ਼ਟ ਅਤੇ ਦੁਖੀ ਰਹਿੰਦਾ ਹੈ। ਜੇ ਇਸ਼ਕ ਮਿਜਾਜ਼ੀ ਦਾ ਰੁਖ਼ ਇਸ਼ਕ-ਹਕੀਕੀ ਵੱਲ ਹੋ ਜਾਏ ਤਾਂ ਉਹ ਫੱਕਰਾਂ ਦੀ ਅਲਮਸਤੀ ਅਤੇ ਸਦੀਵੀ ਪਿਆਰ ਦੀ ਛਾਂ ਮਾਣ ਸਕਦਾ ਹੈ।

ਸ਼ਬਦ ਮੋਤੀ
ਗ਼ਜ਼ਲਗੋ : ਦਰਸ਼ਨ ਸਿੰਘ ਬਨੂੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95.

ਇਹ ਗ਼ਜ਼ਲਾਂ ਮੁਹੱਬਤ ਦੀ ਮਿੱਠੀ ਬਾਤ ਪਾਉਂਦੀਆਂ ਹਨ। ਇਨ੍ਹਾਂ ਵਿਚੋਂ ਮੁਹੱਬਤ ਦੀ ਖੁਸ਼ਬੋ ਵੀ ਉੱਠਦੀ ਹੈ ਅਤੇ ਬਿਰਹਾ ਦਾ ਸੇਕ ਵੀ। ਸ਼ਾਇਰ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਅਨੈਤਿਕਤਾ ਅਤੇ ਗਿਰਾਵਟ ਤੋਂ ਸੁਚੇਤ ਹੈ ਅਤੇ ਇਹ ਰੰਗ ਇਨ੍ਹਾਂ ਗ਼ਜ਼ਲਾਂ ਵਿਚ ਝਲਕਦੇ ਹਨ। ਆਓ, ਉਸ ਦੇ ਸ਼ੇਅਰਾਂ ਵਿਚਲੀ ਵੰਨ-ਸੁਵੰਨਤਾ ਦੀ ਮਹਿਕ ਮਾਣੀਏ-
-ਲਿਖਦਾ ਹਾਂ ਗ਼ਜ਼ਲ ਸੌਖੀ, ਪੰਜਾਬੀ ਜ਼ਬਾਨ ਅੰਦਰ
ਬੋਲੀ ਮੇਰੀ ਦਾ ਝੂਲੇ, ਝੰਡਾ ਜਹਾਨ ਅੰਦਰ।
-ਨੀਵੀਂ ਥਾਂ 'ਤੇ ਬਹਿਣਾ ਸਿੱਖ
ਵਿਚ ਰਜ਼ਾ ਦੇ ਰਹਿਣਾ ਸਿੱਖ।
-ਕਿਹੋ ਜਿਹਾ ਮਾਹੌਲ ਹੋ ਗਿਆ
ਸਭ ਕੁਝ ਏਥੇ ਗੋਲ ਹੋ ਗਿਆ।
-ਪੱਥਰਾਂ ਸੰਗ ਰਹਿ ਚੰਗਾ ਵਕਤ ਲੰਘਾਇਆ ਮੈਂ
ਐਪਰ ਫੁੱਲਾਂ ਕੋਲੋਂ ਨਾ ਬਚ ਪਾਇਆ ਮੈਂ।
-ਰਾਹਾਂ ਦੇ ਵਿਚ ਰੋੜ ਬੜੇ ਨੇ
ਉਸ ਮੰਜ਼ਿਲ ਤੱਕ ਮੋੜ ਬੜੇ ਨੇ।
-ਝੱਟ ਸਾਗਰ ਵਿਚ ਲਹਿ ਜਾਂਦੇ ਉਹ ਜਿਨ੍ਹਾਂ ਸਾਗਰ ਤਰਨਾ ਹੁੰਦਾ
ਬੈਠ ਕਿਨਾਰੇ ਲਹਿਰਾਂ ਗਿਣਦੇ, ਜਿਨ੍ਹਾਂ ਕੁਝ ਨਹੀਂ ਕਰਨਾ ਹੁੰਦਾ।
ਇਨ੍ਹਾਂ ਗ਼ਜ਼ਲਾਂ ਵਿਚ ਸਰਲਤਾ ਸਹਿਜਤਾ, ਰੌਚਿਕਤਾ, ਬੇਬਾਕੀ ਅਤੇ ਬਾਂਝਪਨ ਹੈ। ਭਾਵੇਂ ਇਹ ਪਿੰਗਲ, ਆਰੂਜ਼ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ ਪਰ ਆਮ ਬੰਦੇ ਦੀ ਸਮਝ ਵਿਚ ਆਉਣ ਵਾਲੀਆਂ ਅਤੇ ਦਿਲਾਂ ਨੂੰ ਛੂਹਣ ਵਾਲੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸਭ ਨੂੰ ਚਾਹੀਦੈ ਸਹਾਰਾ
ਲੇਖਕ : ਡਾ: ਰੂਪ ਦੇਵਗੁਣ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ (ਹਰਿਆਣਾ)
ਮੁੱਲ : 150 ਰੁਪਏ, ਸਫ਼ੇ : 112.

ਡਾ: ਰੂਪ ਦੇਵ ਮੂਲ ਰੂਪ ਵਿਚ ਪੰਜਾਬੀ ਹਨ ਪਰ ਲਿਖਦੇ ਹਿੰਦੀ ਵਿਚ ਹਨ। 'ਸਭ ਨੂੰ ਚਾਹੀਦੈ ਸਹਾਰਾ' ਕਥਾ-ਸੰਗ੍ਰਹਿ ਰਾਹੀਂ ਉਨ੍ਹਾਂ ਨੇ ਪੰਜਾਬੀ ਵੱਲ ਮੋੜਾ ਕੱਟ ਕੇ ਆਪਣੇ ਸੱਚੇ-ਸੁੱਚੇ ਪੰਜਾਬੀ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਕੁੱਲ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਹ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਵਿਚ ਫੈਲੀਆਂ ਵਿਸੰਗਤੀਆਂ, ਦੋਗਲੇ ਕਿਰਦਾਰਾਂ ਤੇ ਗਲ-ਸੜ ਰਹੀਆਂ ਮਾਨਤਾਵਾਂ ਦਾ ਨੰਗ ਜ਼ਾਹਰ ਕਰਦੇ ਹਨ। ਸਹਿਜ ਵਿਅੰਗ ਰਾਹੀਂ ਉਹ ਸਮਾਜ ਦੇ ਕੋਹੜ ਤੇ ਕੋਝੇ ਯਥਾਰਥ ਨੂੰ ਪੇਸ਼ ਕਰਨ ਦੇ ਆਹਰ 'ਚ ਹਨ।
'ਅਨਜਾਨ ਹੱਥ ਦੀ ਇਬਾਰਤ' ਇਕ ਅਜਿਹੇ ਲੇਖਕ ਦੀ ਕਹਾਣੀ ਹੈ, ਜੋ ਚੰਗੀਆਂ ਲਿਖਤਾਂ ਲਿਖਣ ਲਈ ਬੇਚੈਨ ਰਹਿੰਦਾ ਹੈ ਪਰ ਉਸ ਨੂੰ ਕਿਤੋਂ ਸ਼ਾਬਾਸ਼ ਨਹੀਂ ਮਿਲਦੀ। ਘਰ ਫੂਕ ਤਮਾਸ਼ਾ ਦੇਖਦਾ ਹੈ ਪਰ ਕਿਤੇ-ਕਿਤੇ ਕਦੇ-ਕਦੇ ਕਿਸੇ ਪਾਠਕ ਦੀ ਹੌਸਲਾਅਫ਼ਜ਼ਾਈ ਉਸ ਨੂੰ ਚੜ੍ਹਦੀ ਕਲਾ ਵਿਚ ਲਿਆ ਦਿੰਦੀ ਹੈ। 'ਚੌਥੀ ਘੰਟੀ' ਵਿੱਦਿਆ ਵਿਭਾਗ 'ਤੇ ਕਰੜਾ ਵਿਅੰਗ ਕਰਦੀ ਕਹਾਣੀ ਹੈ। 'ਸੇਫ਼ਟੀ ਪਿੰਨ' ਰਸਮਾਂ ਰੀਤਾਂ ਵਿਚ ਦਿਖਾਵੇਬਾਜ਼ੀ 'ਤੇ ਕੀਤਾ ਗਿਆ ਵਿਅੰਗ ਹੈ, ਜਿਥੇ ਸਭ ਰਿਸ਼ਤੇ ਕੇਵਲ ਤੇ ਕੇਵਲ ਪੈਸੇ ਰਾਹੀਂ ਹੀ ਨਿਭਾਏ ਜਾਂਦੇ ਹਨ। 'ਹਿੰਦਸਾ' ਕਹਾਣੀ ਜੇਲ੍ਹ 'ਚ ਤਾੜੇ ਕੈਦੀਆਂ ਦੀ ਮਨੋਦਿਸ਼ਾ ਤੇ ਮਨੋਬਿਰਤਾਂਤ ਦਾ ਕੱਚਾ ਚਿੱਠਾ ਪੇਸ਼ ਕਰਨ ਵਾਲੀ ਕਹਾਣੀ ਹੈ। 'ਕੁਲਫ਼ੀਵਾਲਾ' ਇਕ ਖ਼ੁੱਦਾਰ ਮੁੰਡੇ ਦਾ ਚਰਿੱਤਰ ਪੇਸ਼ ਕਰਨ ਵਾਲੀ ਕਹਾਣੀ ਹੈ ਜੋ ਸਮਾਜ ਵਿਚ ਉੱਚਾ ਉੱਠਣ ਲਈ ਇਮਾਨਦਾਰੀ ਤੇ ਹਿੰਮਤ ਨਾਲ ਮਿਹਨਤ ਕਰਦਾ ਹੈ। 'ਵਕਤ ਦੀਆਂ ਕਿੱਲਾਂ' ਬਦਲ ਰਹੇ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ, ਜਿਸ ਵਿਚ ਪੁਰਾਣੇ ਤਿਉਹਾਰਾਂ ਤੇ ਹਾਸੇ ਠੱਠੇ ਨੂੰ ਨਜ਼ਰਅੰਦਾਜ਼ ਕਰਕੇ ਮਨੁੱਖ ਆਪਣੇ ਹੀ ਬਣਾਏ ਖੋਲ ਵਿਚ ਵੜ ਜਾਣ ਲਈ ਮਜਬੂਰ ਹੈ। 'ਅਣਚਾਹੇ' ਮਹਾਂਨਗਰ 'ਚ ਨੌਕਰੀ ਕਰ ਰਹੇ ਅਜਿਹੇ ਪਰਿਵਾਰ ਦਾ ਬਿਰਤਾਂਤ ਹੈ ਜੋ ਨਿੱਕੀਆਂ-ਨਿੱਕੀਆਂ ਖੁਸ਼ੀਆਂ ਤੋਂ ਵੀ ਵਾਂਝੇ ਰਹਿ ਜਾਣ ਲਈ ਮਜਬੂਰ ਹੈ। 'ਵੇਦਨਾ ਦਾ ਚੱਕਰਵਿਊ' ਕਹਾਣੀ ਯਾਮਲੀ ਜਿਹੀ ਔਰਤ ਦੀ ਕਹਾਣੀ ਹੈ ਜੋ ਪਰਾਏ ਸਬੰਧਾਂ 'ਚੋਂ ਸਕੂਨ ਲੱਭਦੀ ਹੈ। 'ਸਭ ਨੂੰ ਚਾਹੀਦੈ ਸਹਾਰਾ' ਇਸ ਸੰਗ੍ਰਹਿ ਦੀ ਸਭ ਤੋਂ ਲੰਮੀ ਕਹਾਣੀ ਹੈ ਜੋ ਮਰਦ-ਔਰਤ ਦੇ ਰਿਸ਼ਤਿਆਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ ਪਰਖਣ ਦਾ ਯਤਨ ਕਰਦੀ ਹੈ। 'ਚਾਬੀ ਵਾਲਾ ਖਿਡੌਣਾ' ਇਕ ਅਜਿਹੇ ਅਧਿਆਪਕ ਦਾ ਕਿਰਦਾਰ ਪੇਸ਼ ਕਰਦੀ ਹੈ, ਜੋ ਵਿਦਿਆਰਥੀ ਵੱਲੋਂ ਦਿਖਾਏ ਸਨਮਾਨ ਤੋਂ ਰੋਮਾਂਚਿਤ ਹੁੰਦਾ ਹੈ ਪਰ ਦੂਸਰਿਆਂ ਵੱਲੋਂ ਦਿਖਾਈ ਬੇਰੁਖ਼ੀ ਤੋਂ ਜ਼ਲੀਲ ਤੇ ਪ੍ਰੇਸ਼ਾਨ ਹੋਇਆ ਮਹਿਸੂਸ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050

17 ਰਾਨਡੇ ਰੋਡ
ਲੇਖਕ : ਰਵਿੰਦਰ ਕਾਲੀਆ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 304.

'17 ਰਾਨਡੇ ਰੋਡ' ਚਰਚਿਤ ਹਿੰਦੀ ਲੇਖਕ ਰਵਿੰਦਰ ਕਾਲੀਆ ਦਾ ਹਿੰਦੀ ਨਾਵਲ ਹੈ, ਜਿਸ ਦਾ ਤਰਸੇਮ ਨੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ।
ਇਸ ਨਾਵਲ ਦੀ ਪਟਕਥਾ ਦਾ ਧਰਾਤਲ ਬੰਬਈ ਹੈ, ਜਿਸ ਨੂੰ ਅੱਜਕਲ੍ਹ 'ਮੁੰਬਈ' ਆਖਦੇ ਹਨ। ਲੇਖਕ ਨੇ ਬੰਬਈ ਵਿਚ ਵਸਦੇ ਲੋਕਾਂ ਦੀ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਜੀਵਨਸ਼ੈਲੀ ਨੂੰ ਬੜੀ ਬਾਰੀਕੀ ਨਾਲ ਵੇਖਿਆ ਹੈ ਅਤੇ ਇਸ ਦਾ ਚਿਤਰਨ ਆਪਣੀ ਵਿਲੱਖਣ ਸ਼ੈਲੀ ਵਿਚ ਕੀਤਾ ਹੈ। ਬੰਬਈ ਦਾ ਸੰਸਾਰ ਇਕ ਵਚਿੱਤਰ ਸੰਸਾਰ ਹੈ, ਜਿਥੇ ਫ਼ਿਲਮੀ ਸਿਤਾਰਿਆਂ ਦਾ ਗਲੈਮਰ ਵੀ ਹੈ ਤੇ ਨਾਲ ਹੀ ਮਹਾਰਾਸ਼ਟਰ ਦੇ ਮੰਦਹਾਲੀ ਕਾਰਨ ਨਰਕ ਭਰਿਆ ਜੀਵਨ ਜੀਅ ਰਹੇ ਲੋਕਾਂ ਦੇ ਜੀਵਨ ਝਲਕਾਰੇ ਵੀ ਹਨ।
ਨਾਵਲ ਦਾ ਆਗਾਜ਼ ਅਕਾਸ਼ਬਾਣੀ ਜਲੰਧਰ ਤੋਂ ਹੁੰਦਾ ਹੈ-ਅਕਾਸ਼ਬਾਣੀ ਦਾ ਸਕਰਿਪਟ ਰਾਈਟਰ ਸੁਦਰਸ਼ਨ ਪੁਰਸ਼ਾਰਥੀ ਜੋ ਵਧੀਆ ਗ਼ਜ਼ਲਗੋ ਹੈ, ਆਪਣੀ ਕਲਾ ਨੂੰ ਬੜਾਵਾ ਦੇਣ ਲਈ ਬੰਬਈ ਜਾ ਪੁੱਜਦਾ ਹੈ ਅਤੇ ਰਹਿਣ ਲਈ ਭੂਤਬਾੜੇ ਦੇ ਵਾਸੀ ਸੰਪੂਰਨ ਓਬਰਾਏ ਨਾਲ ਜਾ ਸਾਂਝ ਪਾਉਂਦਾ ਹੈ। ਸੰਪੂਰਨ ਵੀ ਇਕ ਪੰਜਾਬੀ ਗੱਭਰੂ ਹੈ ਜਿਹੜਾ ਅੰਮ੍ਰਿਤਸਰ ਤੋਂ ਭੱਜ ਕੇ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਆਇਆ ਸੀ। ਸੰਪੂਰਨ ਨਾਵਲ ਦਾ ਮੁੱਖ ਪਾਤਰ ਹੈ-ਸਾਰਾ ਨਾਵਲ ਉਸ ਦੇ ਜੀਵਨ ਵਰਤਾਰੇ ਨੂੰ ਚਿਤਰਦਾ ਹੈ-ਸੰਪੂਰਨ ਇਕ ਵਧੀਆ ਸੁਪਨਸਾਜ਼, ਥੁੱਕ ਨਾਲ ਬੜੇ ਪਕਾਉਣ ਵਾਲਾ, ਚੁਸਤ-ਚਲਾਕ ਵਿਅਕਤੀ ਹੈ, ਜੋ ਇਕ ਮਹਾਰਾਸ਼ਟਰੀ ਮੁਟਿਆਰ ਸੁਪੁਰੀਆ ਨਾਲ ਬਿਨਾਂ ਵਿਆਹ ਕਰਵਾਏ ਭੂਤਬਾੜੇ ਨਾਂਅ ਦੇ ਫਲੈਟ 'ਤੇ ਰਹਿੰਦਾ ਹੈ। ਇਹ ਫਲੈਟ ਵੀ ਉਸ ਨੇ ਬੜੀ ਚੁਸਤੀ ਨਾਲ ਹਥਿਆਇਆ ਹੈ, ਜਿਥੇ ਉਹ ਆਏ ਦਿਨ ਸ਼ਰਾਬ, ਕਬਾਬ ਅਤੇ ਸ਼ਬਾਬ ਭਰਪੂਰ ਪਾਰਟੀਆਂ ਦਾ ਆਯੋਜਨ ਕਰਦਾ ਹੈ, ਜਿਸ ਵਿਚ ਬੰਬੇ ਦੇ ਨਾਮਵਰ ਅਦਾਕਾਰ, ਕਲਾਕਾਰ ਅਤੇ ਸਨਅਤਕਾਰ ਸ਼ਾਮਿਲ ਹੋ ਕੇ ਰੰਗਰਲੀਆਂ ਮਨਾਉਂਦੇ ਹਨ।
ਸੰਪੂਰਨ ਵਿਚ ਖੂਬੀ ਇਹ ਹੈ ਕਿ ਉਹ ਮਲੰਗਾਂ ਵਾਲਾ ਜੀਵਨ ਜਿਊਂਦਾ ਹੋਇਆ ਵੀ ਆਪਣੇ ਆਤਮ-ਵਿਸ਼ਵਾਸ ਦੇ ਬਲਬੂਤੇ ਕਈ ਜੁਗਾੜ ਵਿੱਢਦਾ ਹੈ ਅਤੇ ਸੁਪਨੇ ਸਿਰਜਦਾ ਹੈ ਤਾਂ ਕਿ ਉਹ ਬੰਬੇ ਦੇ ਉੱਚ ਕੋਟੀ ਦੇ ਫ਼ਿਲਮਕਾਰਾਂ ਅਤੇ ਸਨਅਤਕਾਰਾਂ ਵਿਚ ਸ਼ੁਮਾਰ ਹੋ ਸਕੇ। ਨਾਵਲ ਦਾ ਹਰ ਕਾਂਡ ਨਿਵੇਕਲਾ ਹੈ, ਜਿਸ ਵਿਚ ਅਜਿਹੇ ਨਵੇਂ ਪਾਤਰ ਵੀ ਨਜ਼ਰੀਂ ਪੈਂਦੇ ਹਨ, ਜਿਹੜੇ ਇਸ ਗਲੈਮਰ ਭਰੀ ਦੁਨੀਆ ਵਿਚ ਆਪਣੀ ਕਿਸਮਤ ਅਜਮਾਉਣ ਆਏ ਸਨ ਪ੍ਰੰਤੂ ਧੱਕੇ-ਧੌਲੇ ਖਾ ਰਹੇ ਹਨ। ਲੇਖਕ ਨੇ ਮਿਸਟਰ ਸਲੂਜਾ ਦੇ ਪਾਤਰ ਚਿੱਤਰਣ ਰਾਹੀਂ ਦੂਰਦਰਸ਼ਨ ਦੇ ਇਨ੍ਹਾਂ ਉੱਚ ਅਧਿਕਾਰੀਆਂ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਹੜੇ ਸੀਰੀਅਲਾਂ ਦੀ ਪ੍ਰਵਾਨਗੀ ਲਈ ਰਿਸ਼ਵਤ ਲੈਣ ਤੋਂ ਇਲਾਵਾ ਇਸ਼ਤਿਹਾਰਾਂ ਅਤੇ ਮੁਨਾਫ਼ੇ ਵਿਚ ਵੀ ਹਿੱਸਾ ਪੱਤੀ ਭਾਲਦੇ ਹਨ। ਇਹ ਇਕ ਦਿਲਚਸਪ ਨਾਵਲ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਉਹ ਦਿਨ ਇਹ ਦਿਨ
ਲੇਖਕ : ਪ੍ਰੋ: ਸੁਲੱਖਣ ਮੀਤ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ ,ਬਰਨਾਲਾ
ਮੁੱਲ : 60 ਰੁਪਏ, ਸਫ਼ੇ 64.

ਸਮੇਂ ਦੀਆਂ ਸੂਈਆਂ ਕਦੇ ਨਹੀਂ ਰੁਕਦੀਆਂ। ਚੰਗੇ ਮਾੜੇ ਦਿਨ ਲੰਘੀ ਜਾਂਦੇ ਨੇ। ਸਮੇਂ ਦੇ ਇਸ ਗੇੜ ਵਿਚ ਚੰਗੇ-ਮਾੜੇ ਦਾ ਸੁਮੇਲ ਹੁੰਦਾ ਹੈ। ਜਿਨਾਂ ਨੂੰ ਜੀਵਨ ਮਾਣਨ ਦੀ ਜਾਚ ਆ ਜਾਂਦੀ ਹੈ ਉਹ ਕੰਡਿਆਂ ਨੂੰ ਵੀ ਫੁੱਲਾਂ ਦੇ ਸਮਾਨ ਸਮਝ ਕੇ ਜੀਵਨ ਨੂੰ ਹੋਰ ਵੀ ਰੰਗੀਲਾ ਬਣਾ ਲੈਂਦੇ ਹਨ। ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਬਿਖੇਰਦੀ ਹੋਈ ਕਾਵਿ ਪੁਸਤਕ 'ਉਹ ਦਿਨ ਇਹ ਦਿਨ' ਦੀ ਸਾਹਿਤ ਜਗਤ ਵਿਚ ਆਮਦ ਹੋਈ ਹੈ।
ਪ੍ਰੋ: ਸੁਲੱਖਣ ਮੀਤ ਨੇ ਜਿਥੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿਚ ਆਪਣੀ ਪੂਰੀ ਧਾਂਕ ਜਮਾਈ ਹੋਈ ਹੈ, ਉਥੇ ਉਹ ਕਾਵਿ ਰੰਗ ਬਿਖੇਰਨ ਤੋਂ ਵੀ ਪਿੱਛੇ ਨਹੀਂ। ਇਸ ਹਥਲੀ ਪੁਸਤਕ ਵਿਚ ਕਰੀਬ 110 ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਛੋਟੀਆਂ ਪਰ ਭਾਵਪੂਰਤ ਇਹ ਕਵਿਤਾਵਾਂ ਦੋਹਰੇ/ਤੀਹਰੇ ਅਰਥ ਸਮੋਈ ਬੈਠੀਆਂ ਹਨ। ਪਾਠਕ ਨੂੰ ਅਕਾਉਂਦੀਆਂ ਨਹੀਂ, ਸਗੋਂ ਪਾਠਕ ਨੂੰ ਆਪਣੀ ਉਂਗਲੇ ਲਾ ਟੁਰਦੀਆਂ ਹਨ।
ਢਿੱਡੋਂ ਭੁੱਖੇ ਲਈ ਅਖੌਤੀ ਵਿਕਾਸ ਦੀ ਹਨੇਰੀ, ਮਾਡਰਨਾਈਜ਼ੇਸ਼ਨ ਦੀ ਹੱਦੋਂ ਵੱਧ ਸ਼ੋਸ਼ੇਬਾਜ਼ੀ ਅਤੇ ਔਕਾਤ/ਪਹੁੰਚ ਤੋਂ ਪਰੇ ਦੇ ਰੰਗ ਤਮਾਸ਼ੇ ਕਿਸ ਕੰਮ ਹਨ? ਇਹ ਸਭ ਕੁਝ ਮਰੇ ਦੇ ਮੂੰਹ ਨੂੰ ਘਿਓ ਲਾਉਣ ਦੇ ਤੁਲ ਹੈ। ਸਰਮਾਏਦਾਰੀ ਵੱਲੋਂ ਮਨੁੱਖਤਾ ਨੂੰ ਗੁਲਾਮੀ ਦੇ ਜੂਲੇ ਹੇਠ ਲਿਆਉਣ ਦੇ ਕੋਝੇ ਯਤਨ ਹਨ। ਇਨ੍ਹਾਂ ਯਤਨਾਂ ਨੂੰ ਖੁੰਢੇ ਕਰਨ ਲਈ ਕਲਮਾਂ ਹੀ ਤੀਰ/ਤਲਵਾਰ ਹੁੰਦੇ ਹਨ। ਸਾਰਥਿਕ ਰਚਨਾਵਾਂ ਜ਼ਫਰਨਾਮਿਆਂ ਦਾ ਰੂਪ ਧਾਰਦੀਆਂ ਹੋਈਆਂ ਸਮੇਂ ਦੇ ਔਰੰਗਜ਼ੇਬ/ਜਾਬਰਾਂ ਤੇ ਉਨ੍ਹਾਂ ਦੀ ਜਦ ਪੁਸ਼ਤ ਨੂੰ ਐਸਾ ਹਲੂਣਾ ਦੇਣ ਦੇ ਸਮਰੱਥ ਹੁੰਦੀਆਂ ਹਨ। ਜਬਰ/ਜ਼ੁਲਮ ਨਮੋਸ਼ੀ ਨਾਲ ਹੀ ਮਰ-ਮੁੱਕਣ ਦੇ ਆਸਾਰ ਬਣ ਜਾਂਦੇ ਹਨ:
'ਸੱਚ ਦੀਆਂ ਐਸੀਆਂ ਚੋਭਾਂ ਲਾਵਾਂਗਾ,
ਜਿਹਨਾਂ ਨਾਲ ਜਾਬਰ ਦੀ ਔਲਾਦ, ਨਮੋਸ਼ੀ ਨਾਲ ਹੀ ਮਰ ਜਾਏਗੀ।'
ਪ੍ਰੋ: ਸੁਲੱਖਣ ਮੀਤ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਆਪਣੇ ਸੱਭਿਆਚਾਰ, ਪਹਿਰਾਵੇ ਤੇ ਬੋਲੀ ਨੂੰ ਛੱਡ ਕੇ ਹੋਰਾਂ ਦੇ ਟੰਮਣੇ/ਕੰਧੇਰੇ ਚੜ੍ਹ ਕੇ ਕੱਚਘਰੜੇ ਵਰਤਾਓ ਨਾਲ ਆਪਣੀ ਹਾਲਤ ਪਾਣੀਓਂ ਪਤਲੀ ਤੇ ਹਾਸੋਹੀਣੀ ਸਥਿਤੀ ਪੈਦਾ ਕਰ ਲੈਣ ਦੇ ਆਮ ਚਰਚਿਆਂ ਨੂੰ ਵੀ ਸਨਮੁਖ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਜਦੋਂ ਅਸ਼ਕ ਬਣਦੇ ਨੇ ਬੋਲ
ਗ਼ਜ਼ਲਕਾਰ : ਗੁਰਚਰਨ ਸਿੰਘ ਢੁੱਡੀਕੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88.

ਗੁਰਚਰਨ ਸਿੰਘ ਢੁੱਡੀਕੇ ਬੜਾ ਪਿਆਰਾ ਗ਼ਜ਼ਲਗ਼ੋ ਸੀ, ਜੋ ਪਿੱਛੇ ਜਿਹੇ ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਤੋਂ ਸਦਾ ਲਈ ਵਿਛੜ ਗਿਆ। ਜਨਾਬ ਦੀਪਕ ਜੈਤੋਈ ਦਾ ਗ਼ਜ਼ਲ ਤਕਨੀਕ ਦਾ ਇਹ ਪ੍ਰਪੱਕ ਸ਼ਾਗਿਰਦ ਜਿਊਂਦੇ-ਜੀਅ ਆਪਣੀ ਪੁਸਤਕ ਵੀ ਪ੍ਰਕਾਸ਼ਿਤ ਨਾ ਕਰਵਾ ਸਕਿਆ। ਹੁਣ ਉਸ ਦੀ ਸੁਪਤਨੀ ਦੇ ਯਤਨਾਂ ਨਾਲ ਗੁਰਚਰਨ ਸਿੰਘ ਢੁੱਡੀਕੇ ਦੇ ਪਹਿਲੇ ਗ਼ਜ਼ਲ ਸੰਗ੍ਰਹਿ ਦਾ ਪ੍ਰਕਾਸ਼ਨ ਹੋਇਆ ਹੈ। ਇਹ ਸਵ: ਢੁੱਡੀਕੇ ਨੂੰ ਇਕ ਸ਼ਾਨਦਾਰ ਸ਼ਰਧਾਂਜਲੀ ਹੈ।
ਇਸ ਕਿਤਾਬ ਵਿਚ ਕੁੱਲ 76 ਗ਼ਜ਼ਲਾਂ ਛਾਇਆ ਹੋਈਆਂ ਹਨ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਸ਼ਾਇਰ ਆਖਦਾ ਹੈ ਕਿ ਗੱਲ ਚਾਹੇ ਜ਼ੁਲਫ਼ਾਂ ਦੀ ਹੋਵੇ ਜਾਂ ਇਨਕਲਾਬ ਦੀ ਬਸ ਗ਼ਜ਼ਲ ਲਿਖੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਸ਼ਾਇਰ ਦੀ ਗ਼ਜ਼ਲ ਸਬੰਧੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ। ਉਹ ਚਾਹੁੰਦਾ ਹੈ ਕਿ ਗ਼ਜ਼ਲ ਵਿਚ ਲੋਕਾਂ ਦੇ ਦਰਦ ਦੀ ਗੱਲ ਹੋਣੀ ਚਾਹੀਦੀ ਹੈ। ਗ਼ਜ਼ਲਕਾਰ ਸਾਂਝਾ ਸੁਰ ਛੇੜਨ ਤੇ ਪਿਆਰ ਦੀ ਤਾਨ ਛੇੜਨ ਦਾ ਹੋਕਾ ਦਿੰਦਾ ਹੈ। ਉਹ ਕਾਲੇ ਮੌਸਮ ਵਿਚ ਆਪਣੇ ਪਿਆਰੇ ਦੇ ਨਕਸ਼ ਚਿਤਰਨ ਵਿਚ ਅਸਮਰਥਾ ਪ੍ਰਗਟਾਉਂਦਾ ਹੈ ਤੇ ਆਖਦਾ ਹੈ ਕਿ ਉਹ ਹਾਲੇ ਅੱਗ ਦੇ ਦੌਰ ਵਿਚ ਦੀ ਗੁਜ਼ਰ ਰਿਹਾ ਹੈ। ਉੱਚੇ ਮੀਨਾਰਾਂ ਕੋਲ ਉਸ ਨੂੰ ਆਮ ਆਦਮੀ ਦੇ ਘਟ ਰਹੇ ਆਕਾਰ ਦਾ ਫ਼ਿਕਰ ਹੈ ਤੇ ਉਹ ਇਸ ਖ਼ਿਲਾਫ਼ ਸੰਘਰਸ਼ ਕਰਨ ਦੇ ਰੌਂਅ ਵਿਚ ਹੈ। ਸ਼ਾਇਰ ਫਿਰਕੂ ਜਨੂੰਨ, ਧਰਮ ਦੇ ਨਾਂਅ 'ਤੇ ਪਾਖੰਡ ਤੇ ਰਾਜਨੀਤਕ ਚਾਲਬਾਜ਼ੀਆਂ ਦਾ ਕੱਟੜ ਵਿਰੋਧੀ ਹੈ ਤੇ ਉਹ ਆਪਣੀ ਕਲਮ ਰਾਹੀਂ ਸਮਾਨਤਮ ਸਮਾਜ ਸਿਰਜਣ ਦਾ ਹਾਮੀ ਹੈ।
ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰ ਸਾਦੀ ਜ਼ਬਾਨ ਵਿਚ ਹਨ ਤੇ ਇਹ ਪਾਠਕ ਲਈ ਬੁਝਾਰਤਾਂ ਨਹੀਂ ਬਣਦੇ। ਤਕਨੀਕੀ ਤੌਰ 'ਤੇ ਇਹ ਗ਼ਜ਼ਲਾਂ ਆਮ ਤੌਰ 'ਤੇ ਮੁਕੰਮਲ ਹਨ ਕਿਉਂਕਿ ਗੁਰਚਰਨ ਉੱਤੇ ਜਨਾਬ ਦੀਪਕ ਜੈਤੋਈ ਜਿਹੇ ਮਾਹਿਰ ਦਾ ਥਾਪੜਾ ਰਿਹਾ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ ਉੱਤੇ ਗੁਰਚਰਨ ਸਿੰਘ ਢੁੱਡੀਕੇ ਦੀ ਸੁਪਤਨੀ ਸ੍ਰੀਮਤੀ ਨਛੱਤਰ ਕੌਰ ਦਾ ਲਘੂ ਲੇਖ 'ਬਸ ਯਾਦਾਂ ਰਹਿ ਗਈਆਂ' ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ਾਇਰ ਦੇ ਬੇਟੇ ਅਨੁਦੀਪ ਸਰੋਏ ਤੇ ਬੇਟੀ ਅਨੁਜੋਤ ਕੌਰ ਨੇ ਵੀ ਆਪਣੇ ਪਿਤਾ ਨੂੰ ਢੁਕਵੇਂ ਸ਼ਬਦਾਂ ਵਿਚ ਸ਼ਰਧਾਂਜਲੀ ਭੇਟ ਕੀਤੀ ਹੈ।

ਮੇਰੇ ਜਜ਼ਬਾਤ
ਸ਼ਾਇਰਾ : ਸੁਮਨ ਬਘਰੇਟਾ
ਪ੍ਰਕਾਸ਼ਕ : ਆਬ ਪਬਲੀਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 96.

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬੀ ਸਾਹਿਤ ਵਿਚ ਇਸ ਸਮੇਂ ਸਭ ਤੋਂ ਵਧ ਸਿਰਜਣਾ ਕਵਿਤਾ ਦੀ ਹੋ ਰਹੀ ਹੈ ਤੇ ਕਾਵਿ-ਪੁਸਤਕਾਂ ਦਾ ਪ੍ਰਕਾਸ਼ਨ ਧੜਾ-ਧੜ ਹੋ ਰਿਹਾ ਹੈ। ਇਸ ਨਾਲ ਪੰਜਾਬੀ ਕਾਵਿ ਸਾਹਿਤ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਕੁਝ ਹਾਂ ਪੱਖੀ ਪਹਿਲੂ ਵੀ ਸਾਹਮਣੇ ਆ ਰਹੇ ਹਨ। ਨੁਕਸਾਨ ਇਹ ਕਿ ਕੱਚ ਘਰੜ ਕਵਿਤਾ ਪੰਜਾਬੀ ਸ਼ਾਇਰੀ ਦੇ ਪਾਠਕਾਂ ਨੂੰ ਕਵਿਤਾ ਤੋਂ ਦੂਰ ਲਿਜਾ ਰਹੀ ਹੈ ਤੇ ਹਾਂ ਪੱਖੀ ਪਹਿਲੂ ਇਹ ਹੈ ਕਿ ਕਾਵਿ ਸਾਹਿਤ ਸਿਰਜਣਾ ਖੇਤਰ ਜਿਸ 'ਤੇ ਵਧੇਰੇ ਕਰਕੇ ਮਰਦਾਂ ਦਾ ਹੀ ਕਬਜ਼ਾ ਸੀ, ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੀਆਂ ਹਨ। 'ਮੇਰੇ ਜਜ਼ਬਾਤ' ਇਸ ਦੀ ਉਦਾਹਰਨ ਹੈ ਜਿਸ ਦੀ ਰਚੇਤਾ ਸੁਮਨ ਬਘਰੇਟਾ ਹੈ। ਇਹ ਸ਼ਾਇਰਾ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 88 ਛੰਦ ਬੰਦ ਤੇ ਖੁੱਲ੍ਹੀਆਂ ਰਚਨਾਵਾਂ ਸ਼ਾਮਿਲ ਹਨ। ਸੁਮਨ ਬਘਰੇਟਾ ਦੀ ਇਹ ਪਹਿਲੀ ਪੁਸਤਕ ਹੋਣ ਕਾਰਨ ਇਸ ਵਿਚ ਭਾਵਨਾਵਾਂ ਦਾ ਵੇਗ ਤੀਬਰ ਹੈ। ਉਹ ਧਰਮ, ਈਮਾਨ ਤੇ ਖ਼ੂਬਸੂਰਤ ਸੁਪਨਿਆਂ ਦੇ ਗੁੰਮ ਹੋ ਜਾਣ 'ਤੇ ਦੁੱਖ ਮਹਿਸੂਸ ਕਰਦੀ ਹੈ ਤੇ ਇਸ ਦਾ ਦਰਦ ਉਸ ਦੀ ਕਲਮ 'ਚੋਂ ਸੇਕ ਬਣ ਕੇ ਨਿਕਲਦਾ ਹੈ। ਉਹ ਫੁੱਲਾਂ ਦੀ ਖ਼ਾਹਿਸ਼ ਰੱਖਦੀ ਹੈ ਪਰ ਉਸ ਦੀ ਇੰਤਜ਼ਾਰ ਦੇ ਵਿਹੜੇ ਪੋਲ਼ੀ ਤੇ ਭੱਖੜੇ ਉੱਗਦੇ ਹਨ। ਆਪਣੀਆਂ ਰਚਨਾਵਾਂ ਵਿਚ ਸ਼ਾਇਰਾ ਧੁਖਦੀ ਹੈ, ਰੋਂਦੀ ਹੈ ਤੇ ਦੀਵਾਰ ਬਣੇ ਸਮਾਜ ਨੂੰ ਕੋਸਦੀ ਹੈ। ਉਹ ਆਪਣਿਆਂ ਦੀ ਬੇਵਫ਼ਾਈ 'ਤੇ ਵੀ ਦੁਆਵਾਂ ਦਿੰਦੀ ਹੈ ਤੇ ਉਨ੍ਹਾਂ ਦੇ ਪਰਤ ਆਉਣ ਦੀਆਂ ਆਸਾਂ ਲਾਈ ਬੈਠੀ ਹੈ। ਬਘਰੇਟਾ ਦੀਆਂ ਤਮਾਮ ਰਚਨਾਵਾਂ ਉਸ ਦੀ ਨਿੱਜਤਾ ਨਾਲ ਸਬੰਧਤ ਹਨ। ਚੰਗਾ ਹੁੰਦਾ ਜੇ ਉਸ ਨੇ ਆਪਣੀ ਸ਼ਾਇਰੀ ਵਿਚ ਹੋਰਨਾਂ ਸਮਾਜਿਕ ਸਮੱਸਿਆਵਾਂ ਨੂੰ ਵੀ ਸ਼ਾਮਿਲ ਕੀਤਾ ਹੁੰਦਾ ਹੈ। ਸ਼ਾਇਰੀ ਬੜੀ ਨਾਜ਼ੁਕ ਸਿਨਫ਼ ਹੈ ਜਿਸ ਵਿਚ ਬਿਨਾਂ ਅਧਿਐਨ ਦੇ ਸ਼ਬਦ ਭੰਡਾਰ ਵਿਸ਼ਾਲ ਨਹੀਂ ਹੋ ਸਕਦਾ। ਕਿਸੇ ਪਰਪੱਕ ਸ਼ਾਇਰ ਦੀ ਅਗਵਾਈ ਵੀ ਰਚਨਾਵਾਂ ਨੂੰ ਨਿਖਾਰਦੀ ਹੈ। ਉਦਾਹਰਨ ਦੇ ਤੌਰ 'ਤੇ ਅਲਫ਼ਾਜ਼ ਤੇ ਜਜ਼ਬਾਤ ਸ਼ਬਦ ਬਹੁ ਵਚਨ ਹਨ ਪਰ ਇਨ੍ਹਾਂ ਨੂੰ ਇਕ ਵਚਨ ਵਜੋਂ ਇਸਤੇਮਾਲ ਕੀਤਾ ਗਿਆ ਹੈ। ਕਿਸੇ ਸਿਆਣੇ ਸ਼ਾਇਰ ਦਾ ਥਾਪੜਾ ਪੁਸਤਕ ਦੀਆਂ ਕੁਝ ਘਾਟਾਂ ਨੂੰ ਘਟਾ ਸਕਦਾ ਸੀ। ਇਸ ਪੁਸਤਕ ਦਾ ਸਵਾਗਤ ਹੈ ਪਰ ਸ਼ਾਇਰਾ ਨੇ ਪੱਕੇ ਪੈਰੀਂ ਖਲ੍ਹੋਣਾ ਹੈ ਤਾਂ ਉਸ ਨੂੰ ਸ਼ਾਇਰੀ ਦੀਆਂ ਬਾਰੀਕੀਆਂ ਬਾਰੇ ਹੋਰ ਜਾਨਣਾ ਹੋਵੇਗਾ।

-ਗੁਰਦਿਆਲ ਰੌਸ਼ਨ
ਮੋ: 9988444002 

22-9-2013

 ਦਲਿਤ ਚਿੰਤਨ : ਮਾਰਕਸੀ ਪਰਿਪੇਖ
ਸੰਪਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁਕਸ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 182.

ਅਜੋਕੇ ਪੰਜਾਬੀ ਮਾਰਕਸਵਾਦੀ ਚਿੰਤਕਾਂ ਵਿਚ ਡਾ: ਭੀਮ ਇੰਦਰ ਆਪਣੀ ਪ੍ਰਤਿਬੱਧਤਾ, ਸਪੱਸ਼ਟ ਦ੍ਰਿਸ਼ਟੀ ਤੇ ਬੇਬਾਕ ਅਭਿਵਿਅਕਤੀ ਹੀ ਨਹੀਂ, ਸੋਚ ਤੇ ਵਿਹਾਰ ਵਿਚ ਸੁਮੇਲ ਕਾਰਨ ਵੱਖਰੀ ਪਛਾਣ ਦਾ ਅਧਿਕਾਰੀ ਹੈ। ਮਨ ਹੋਰ ਮੁੱਖ ਹੋਰ ਨਹੀਂ। ਕਥਨੀ ਕਰਨੀ ਵਿਚ ਪਾੜਾ ਨਹੀਂ। ਕਿਸੇ ਵੀ ਵਿਸ਼ੇ ਉਤੇ ਉਹ ਕਦੇ ਵੀ ਲਿਖੇ, ਉਹ ਆਪਣੇ ਸਿਧਾਂਤਕ ਮਾਰਕਸਵਾਦੀ ਆਧਾਰ ਤੋਂ ਥਿੜਕਦਾ ਨਹੀਂ। ਦਲਿਤ ਚਿੰਤਨ ਵਿਚ ਦਲਿਤ ਸਰੋਕਾਰਾਂ ਬਾਰੇ ਉਸ ਦੁਆਰਾ ਸੰਪਾਦਿਤ ਕੀਤੇ ਤੇਰਾਂ ਨਿਬੰਧ ਹਨ ਅਤੇ ਇਹ ਸਾਰੇ ਇਸੇ ਵਿਚਾਰਧਾਰਾਈ ਆਧਾਰ ਨਾਲ ਜੁੜੇ ਹੋਏ ਹਨ।
ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਨਿਬੰਧ ਹਨ, ਉਹ ਹਨ : ਡਾ: ਕੇਸਰ ਸਿੰਘ ਕੇਸਰ, ਡਾ: ਸਰਬਜੀਤ ਸਿੰਘ, ਡਾ: ਰੌਣਕੀ ਰਾਮ, ਡਾ: ਜਗਬੀਰ ਸਿੰਘ, ਡਾ: ਟੀ.ਆਰ. ਵਿਨੋਦ, ਡਾ: ਸੁਰਜੀਤ ਸਿੰਘ ਭੱਟੀ, ਹਰਵਿੰਦਰ ਭੰਡਾਲ, ਤਸਕੀਨ, ਸ਼ਬਦੀਸ਼, ਦਰਸ਼ਨ ਖਟਕੜ, ਤਰਲੋਚਨ ਸਿੰਘ ਅਤੇ ਇਸ ਪੁਸਤਕ ਦਾ ਸੰਪਾਦਕ ਆਪ। ਡਾ: ਕੇਸਰ ਨੇ ਦਲਿਤ ਸੰਕਲਪ ਤੇ ਸਾਹਿਤ ਨੂੰ ਪਰਿਭਾਸ਼ਤ ਕਰਦੇ ਹੋਏ ਇਸ ਦੀ ਇਤਿਹਾਸ ਰੇਖਾ ਉਲੀਕੀ ਹੈ। ਖਟਕੜ ਨੇ ਜਾਤ ਤੇ ਜਮਾਤ ਦਾ ਦਲਿਤ ਸੰਦਰਭ ਸਿਰਜਿਆ ਹੈ। ਇਹੀ ਸਿਧਾਂਤਕ ਸੰਦਰਭ ਰਤਾ ਸਪੱਸ਼ਟ ਤਕਨੀਕੀ ਸ਼ਬਦਾਵਲੀ ਨਾਲ ਭੀਮ ਇੰਦਰ ਨੇ ਪੇਸ਼ ਕੀਤਾ ਹੈ। ਡਾ: ਸਰਬਜੀਤ ਦਲਿਤ ਦੇ ਜਾਤ/ਜਮਾਤ ਬਾਰੇ ਉਕਤ ਦ੍ਰਿਸ਼ਟੀ ਦੇ ਨਾਲ ਹੋਰ ਸਾਹਿਤਕ ਮਸਲੇ ਵੀ ਆਪਣੇ ਨਿਬੰਧ ਵਿਚ ਛੇੜਦਾ ਹੈ। ਡਾ: ਰੌਣਕੀ ਰਾਮ ਇਸ ਪ੍ਰਸੰਗ ਵਿਚ ਰਤਾ ਕੁ ਆਦਿ ਧਰਮੀ ਲਹਿਰ ਤੇ ਸਿੱਖ ਧਰਮ ਦੇ ਇਸ ਮਸਲੇ ਨਾਲ ਜੁੜੇ ਸਰੋਕਾਰਾਂ ਦੀ ਚਰਚਾ ਕਰਦਾ ਹੈ। ਡਾ: ਜਗਬੀਰ ਸਿੰਘ ਦਲਿਤ ਚੇਤਨਾ ਨੂੰ ਗੁਰਬਾਣੀ ਦੇ ਪ੍ਰਸੰਗ ਵਿਚ ਵਿਸ਼ਲੇਸ਼ਿਤ ਕਰਦਾ ਹੈ। ਪੰਜਾਬੀ ਕਹਾਣੀ ਤੇ ਨਾਵਲ ਵਿਚ ਦਲਿਤ ਚੇਤਨਾ ਬਾਰੇ ਡਾ: ਭੀਮ ਇੰਦਰ ਤੇ ਡਾ: ਵਿਨੋਦ ਨੇ ਵਿਹਾਰਕ ਅਧਿਐਨ ਪੇਸ਼ ਕੀਤੇ ਹਨ। ਸ਼ਬਦੀਸ਼ ਇਸਤਰੀ ਤੇ ਦਲਿਤ ਚਿੰਤਨ ਦੋਵਾਂ ਦੀ ਹਾਸ਼ੀਆਗਤ ਹੋਂਦ ਦੀ ਗੱਲ ਕਰਦਾ ਹੈ। ਤਸਕੀਨ ਇਸ ਮਸਲੇ ਨੂੰ ਬਸਤੀਵਾਦ ਨਾਲ ਜੋੜ ਕੇ ਵਿਸ਼ਲੇਸ਼ਿਤ ਕਰਦਾ ਹੈ।
ਪੁਸਤਕ ਦੀ ਸਮੁੱਚੀ ਦ੍ਰਿਸ਼ਟੀ ਇਹ ਬਣਦੀ ਹੈ ਕਿ ਦਲਿਤ ਲੇਖਕ ਕੇਵਲ ਦਲਿਤ ਲੇਖਕਾਂ ਦਾ ਰੁਦਨ ਨਹੀਂ। ਇਹ ਉਨ੍ਹਾਂ ਤੱਕ ਸੀਮਤ ਵੀ ਨਹੀਂ ਕਰਨਾ ਚਾਹੀਦਾ। ਭਾਰਤ ਵਿਚ ਜਾਤ-ਪਾਤ ਪ੍ਰਬੰਧ ਦੀ ਦਲਿਤ ਪ੍ਰਤੀ ਗ਼ਲਤ ਸੋਚ/ਪ੍ਰਭਾਵ ਤੋਂ ਮੁਕਤੀ ਲਈ ਜਾਤ ਦੀ ਥਾਂ ਵਰਗ ਸੰਘਰਸ਼ ਵੱਲ ਅਤੇ ਆਰਥਿਕ ਮਸਲੇ ਵੱਲ ਮੁੜਨ ਦੀ ਲੋੜ ਹੈ।

ਪੰਜਾਬੀ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰ
ਲੇਖਕ : ਡਾ: ਜਸਵੰਤ ਰਾਏ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 540 ਰੁਪਏ, ਸਫ਼ੇ : 312.

ਡਾ: ਜਸਵੰਤ ਰਾਏ ਰਚਿਤ ਇਹ ਪੁਸਤਕ ਲੇਖਕ ਦਾ ਡਾਕਟਰੇਟ ਦੀ ਡਿਗਰੀ ਲਈ ਲਿਖਿਆ ਖੋਜ ਪ੍ਰਬੰਧ ਹੈ। ਇਸ ਵਿਚ ਦੁਆਬੇ ਦੀਆਂ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਵਿਸ਼ਲੇਸ਼ਣ ਪੇਸ਼ ਹੈ। ਲੋਕ ਕਥਾਵਾਂ ਆਂਚਲਿਕ ਹੁੰਦੀਆਂ ਹਨ। ਇਨ੍ਹਾਂ ਦਾ ਮੌਲਿਕ ਉਚਾਰ ਖੇਤਰੀ ਸਰੋਕਾਰਾਂ ਨਾਲ ਜੁੜਿਆ ਰਹਿੰਦਾ ਹੈ। ਬਿਰਤਾਂਤ ਸ਼ਾਸਤਰ ਦੇ ਆਧਾਰ 'ਤੇ ਇਨ੍ਹਾਂ ਲੋਕ ਕਥਾਵਾਂ ਦੇ ਅਧਿਐਨ ਨਾਲ ਇਨ੍ਹਾਂ ਦੀਆਂ ਸਿਰਜਨ ਜੁਗਤਾਂ, ਸਾਮੱਗਰੀ ਅਤੇ ਵਿਚਾਰਧਾਰਾਈ ਵੱਥ ਨੂੰ ਗਹਿਰਾਈ ਨਾਲ ਸਮਝਣਾ ਸੰਭਵ ਹੋਇਆ ਹੈ।
ਲੇਖਕ ਨੇ ਆਪਣਾ ਅਧਿਐਨ ਦੁਆਬੇ ਦੇ ਭੂਗੋਲ, ਇਤਿਹਾਸ ਤੇ ਸੱਭਿਆਚਾਰ ਦੀ ਸੰਖੇਪ ਜਾਣ-ਪਛਾਣ ਨਾਲ ਅਰੰਭ ਕੀਤਾ ਹੈ। ਇਸ ਉਪਰੰਤ ਉਸ ਨੇ ਲੋਕ ਧਾਰਾ ਦੀ ਪਰਿਭਾਸ਼ਾ ਦਿੰਦੇ ਹੋਏ ਲੋਕ ਕਥਾ ਦਾ ਕਾਵਿ-ਸ਼ਾਸਤਰ ਸਿਰਜਿਆ ਹੈ। ਪੁਸਤਕ ਦਾ ਚੌਥਾ ਅਧਿਆਇ ਲੋਕਾਂ ਦੀ ਜੀਵਨ ਦ੍ਰਿਸ਼ਟੀ ਅਤੇ ਬਿਰਤਾਂਤ ਦੇ ਪਰਸਪਰ ਸਬੰਧਾਂ ਨੂੰ ਸਮਝਣ ਦਾ ਯਤਨ ਹੈ। ਲੋਕ ਕਥਾ ਵਿਚ ਪਾਤਰਾਂ ਦੀ ਸਿਰਜਣਾ ਖੋਜ ਪ੍ਰਾਜੈਕਟ ਦਾ ਅਗਲਾ ਪੜਾਅ ਹੈ। ਛੇਵੇਂ ਅਧਿਆਇ ਵਿਚ ਲੋਕ ਕਥਾ ਵਿਚ ਘਟਨਾ ਪ੍ਰਬੰਧ ਦਾ ਵਿਸ਼ਲੇਸ਼ਣ ਹੈ। ਸਤਵੇਂ ਅਧਿਆਇ ਵਿਚ ਖੋਜਾਰਥੀ ਨੇ ਸਮੇਂ ਸਥਾਨ ਅਤੇ ਫੋਕਸੀਕਰਨ ਦੇ ਬਿਰਤਾਂਤ ਸ਼ਾਸਤਰੀ ਸੰਕਲਪਾਂ ਦੀ ਵਰਤੋਂ ਨਾਲ ਲੋਕ ਕਥਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਕਾਰਜ ਦੇ ਅੰਤਿਮ ਚਰਨ ਵਿਚ ਦੁਆਬੇ ਦੀਆਂ ਦਸ ਲੋਕ ਕਥਾਵਾਂ ਦਾ ਨਿਕਟ ਅਧਿਐਨ ਕੀਤਾ ਗਿਆ ਹੈ।
ਖੋਜਾਰਥੀ ਨੇ ਇਸ ਅਧਿਐਨ ਦਾ ਆਧਾਰ ਫੀਲਡ ਵਰਕ ਨੂੰ ਬਣਾਇਆ ਹੈ। ਲੋਕ ਕਥਾਵਾਂ ਮਿਹਨਤ ਨਾਲ ਰਿਕਾਰਡ ਕੀਤੀਆਂ ਹਨ। ਲੋਕਧਾਰਾ ਦੀ ਮੁੱਖ ਵੰਨਗੀ ਹੈ ਲੋਕ ਕਥਾ। ਇਸ ਨੂੰ ਲੇਖਕ ਨੇ ਮਿਥ ਦੰਦ ਕਥਾ ਤੇ ਲੋਕ ਕਹਾਣੀ ਦੇ ਤਿੰਨ ਵਰਗਾਂ ਵਿਚ ਵੰਡਿਆ ਹੈ। ਸਿਧਾਂਤਕ ਪੱਧਰ 'ਤੇ ਲੇਖਕ ਨੇ ਪ੍ਰਾਪ, ਰੋਲਾਂ ਬਾਰਤ, ਤੋਦੋਰੋਵ, ਪ੍ਰਿੰਸ ਤੇ ਮੀਕਬਲ ਦੇ ਬਿਰਤਾਂਤ ਸ਼ਾਸਤਰ ਦੇ ਕਾਰਜ ਨੂੰ ਬਾਰੀਕੀ ਨਾਲ ਸਮਝਣ ਤੇ ਵਰਤਣ ਦਾ ਉਪਰਾਲਾ ਕੀਤਾ ਹੈ। ਪਾਤਰਾਂ ਦੀ ਪ੍ਰਕਾਰਜ ਦੇ ਆਧਾਰ 'ਤੇ ਪ੍ਰਾਪ ਦੁਆਰਾ ਕੀਤੀ ਵਰਗ ਵੰਡ ਅਤੇ ਮੀਕਬਲ ਦਾ ਪਾਤਰ-ਚਰਿਤਰਾਂ ਦੀ ਬਿੰਬ ਸਿਰਜਣਾ ਦਾ ਖੋਜਾਰਥੀ ਦਾ ਅਧਿਐਨ ਸਰਲ ਤੇ ਪ੍ਰਭਾਵਸ਼ਾਲੀ ਹੈ। ਘਟਨਾਵਾਂ ਦੀ ਸਮਾਂ ਸੀਮਾ, ਰਫ਼ਤਾਰ, ਵਿਸਤਾਰ, ਸੰਖੇਪਤਾ, ਅਟਕਾਓ ਆਦਿ ਜੁਗਤਾਂ ਦਾ ਕਥਾ ਉਤੇ ਪ੍ਰਭਾਵ ਵੇਖਣਾ ਬਿਰਤਾਂਤ ਸ਼ਾਸਤਰ ਦੀ ਵੱਡੀ ਪ੍ਰਾਪਤੀ ਹੈ। ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਅਧਿਐਨ ਇਨ੍ਹਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਯੋਗ ਬਣਾਉਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਆਸ ਨਿਰਾਸੀ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 192.

ਡਾ: ਅਮਰਜੀਤ ਸਿੰਘ ਕਿਸੇ ਵਿਸ਼ੇਸ਼ ਜਾਣਕਾਰੀ ਦੇ ਮੁਥਾਜ ਨਹੀਂ ਕਿਉਂਕਿ ਉਨ੍ਹਾਂ ਨੇ 1964 ਤੋਂ ਲੈ ਕੇ ਹੁਣ ਤੱਕ ਕਈ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਨਾਵਲ (23) ਤੇ ਵਾਰਤਕ ਪੁਸਤਕਾਂ ਨਾਲ ਸਾਹਿਤ ਦੇ ਖਜ਼ਾਨੇ ਨੂੰ ਮਾਲਾਮਾਲ ਕੀਤਾ ਹੈ।
ਇਹ ਤਿੰਨ ਲੜੀਆ ਨਾਵਲ ਹੈ, ਜਿਨ੍ਹਾਂ ਵਿਚਲੇ ਵੇਰਵੇ ਤਾਂ ਭਾਵੇਂ ਬਦਲ ਗਏ ਹਨ ਪਰ ਘਟਨਾਵਾਂ ਤੇ ਪਾਤਰਾਂ ਦਾ ਸਿਧਾਂਤਕ ਪੈਂਤੜਾ ਕਾਇਮ ਹੈ। ਨਾਵਲ ਮੱਧ ਵਰਗ ਦੇ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਘਟਨਾਵਾਂ ਤੇ ਪਾਤਰ ਉਸੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ। ਮੁੱਖ ਪਾਤਰ ਪੰਡਿਤ ਤੇ ਰਤਨ ਸਿੰਘ ਨਕਸਲੀ ਲਹਿਰ ਤੇ ਮਾਰਕਸਵਾਦੀ ਵਿਚਾਰ ਦੇ ਧਾਰਨੀ ਹਨ ਤੇ ਖੁੱਲ੍ਹ ਕੇ ਲਹਿਰ ਦਾ ਹਿੱਸਾ ਬਣਦੇ ਹਨ। ਇਕ ਹੋਰ ਪਾਤਰ ਪ੍ਰੋ: ਸੰਧੂ ਖੁੱਲ੍ਹ ਕੇ ਸਾਹਮਣੇ ਆਉਣ ਦੀ ਬਜਾਏ ਪਿੱਛੇ ਰਹਿ ਕੇ ਇਸ ਵਿਚਾਰਧਾਰਾ ਦਾ ਪ੍ਰਚਾਰ ਸਾਹਿਤ ਦੇ ਮਾਧਿਅਮ ਰਾਹੀਂ ਕਰਦਾ ਹੈ। ਇਸ ਦਾ ਕਾਰਨ ਸੀ ਸਰਕਾਰੀ ਨੌਕਰੀ ਦੇ ਖੁਸ ਜਾਣ ਦਾ ਖਦਸ਼ਾ। ਇਸ ਦੇ ਨਾਲ-ਨਾਲ ਲੇਖਕ ਨੇ ਯੂਰਪ ਵਿਚ ਜ਼ੋਰ ਫੜ ਰਹੀ ਲਹਿਰ ਵਿਦਿਆਰਥੀ ਲਹਿਰ ਦਾ ਵੀ ਖੁਲਾਸਾ ਕੀਤਾ ਹੈ।
ਪਾਤਰ ਰਤਨ ਸਿੰਘ ਦਾ ਭੇਸ ਬਦਲਣਾ ਉਸ ਦੀ ਮਾਨਸਿਕਤਾ, ਡਰ ਭੈ ਤੇ ਭਾਂਜਵਾਦ ਮਨ ਵਿਚ ਉਠਦੇ ਵਿਚਾਰਾਂ ਨੂੰ ਉਭਾਰਿਆ ਹੈ। ਕਿਸੇ ਵੀ ਵੱਡੇ ਇਨਕਲਾਬ ਲਈ ਨੌਜਵਾਨ ਇਨਕਲਾਬੀਆਂ ਦੀ ਲੋੜ ਹੁੰਦੀ ਹੈ, ਜੋਸ਼, ਨਿਡਰਤਾ ਤੇ ਹੌਸਲਾ ਉਨ੍ਹਾਂ ਦਾ ਵੱਡਾ ਹਥਿਆਰ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਭਗਤਾਂ ਤੇ ਇਨਕਲਾਬੀਆਂ ਉਤੇ ਪੁਲਿਸ ਦੇ ਜਬਰ, ਜ਼ੁਲਮ ਦੀ ਇੰਤਹਾ, ਧੜੇਬੰਦੀ, ਰਿਸ਼ਤੇਦਾਰਾਂ ਉਤੇ ਵੀ ਜ਼ੁਲਮ ਤੇ ਤਸ਼ੱਦਦ ਨੂੰ ਪੇਸ਼ ਕੀਤਾ ਗਿਆ ਹੈ। ਨਾਵਲਕਾਰ ਨੇ ਇਨਕਲਾਬੀ ਕਵਿਤਾਵਾਂ ਨੂੰ ਵੀ ਜੋਸ਼ ਦਾ ਹਥਿਆਰ ਬਣਾਇਆ ਹੈ, ਜੋ ਹਕੀਕਤ ਹੈ, ਉਸ ਨੇ ਮਾਓ ਦੀਆਂ ਨੀਤੀਆਂ ਦੀ ਗੱਲ ਕੀਤੀ ਹੈ, ਜ਼ਿੰਦਗੀ ਦੀ ਕਸ਼ਮਕਸ਼ ਨੂੰ ਪੇਸ਼ ਕੀਤਾ ਹੈ, ਪਤੀ-ਪਤਨੀ ਵਿਚਾਲੇ ਸ਼ਕ ਸ਼ੁਬਹ, ਦੁਪਾਸੀ ਸ਼ੰਕਾ ਵਿਸ਼ੇ ਨੂੰ ਵੀ ਛੂਹਿਆ ਹੈ, ਕਿਵੇਂ ਕਵਿਤਰੀਆਂ ਵੀ ਸ਼ਰਾਬ ਪੀਂਦੀਆਂ ਤੇ ਖੁੱਲ੍ਹ ਕੇ ਵਿਚਰਦੀਆਂ ਹਨ, ਉਨ੍ਹਾਂ ਦੇ ਹਾਲਾਤ ਤੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਨਾਵਲ ਦਾ ਹਿੱਸਾ ਬਣੀਆਂ ਹਨ। ਇਹ ਨਾਵਲ ਕੇਵਲ ਗ਼ਦਰ ਲਹਿਰ ਜਾਂ ਨਕਸਲੀ ਤੇ ਮਾਰਕਸਵਾਦੀ ਲਹਿਰ ਕਾਲ ਹੀ ਨਹੀਂ, ਸਗੋਂ 1984 ਵਿਚ ਹੋਏ ਦੰਗਿਆਂ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ, ਉਸ ਦੇ ਕਾਰਨਾਂ ਤੇ ਸਿੱਟਿਆਂ ਉਤੇ ਚਾਨਣਾ ਪਾਇਆ ਗਿਆ ਹੈ। ਸਾਹਿਤ ਦੀ ਗੱਲ ਕੀਤੀ ਹੈ ਨਾਨਕ ਸਿੰਘ, ਗੁਰਦਿਆਲ ਸਿੰਘ ਤੇ ਪ੍ਰੇਮ ਪ੍ਰਕਾਸ਼ ਸਿੰਘ ਦੇ ਨਾਵਲਾਂ ਦੀ ਆਪਸ ਵਿਚ ਸੋਚ ਤੇ ਭਿੰਨਤਾ ਨੂੰ ਚਿਤਰਿਆ ਹੈ ਪਾਤਰਾਂ ਦੇ ਆਪਸੀ ਵਾਰਤਾਲਾਪ ਰਾਹੀਂ ਕਵਿਤਾ, ਕਹਾਣੀ ਨਾਵਲ ਤੇ ਸਫ਼ਰਨਾਮਿਆਂ ਬਾਰੇ ਉਨ੍ਹਾਂ ਦੀ ਸੋਚਣੀ ਤੇ ਵਿਚਾਰਧਾਰਾ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਨਾਵਲ ਵਿਚ ਰੁਮਾਂਸ ਤੇ ਕਹਾਣੀ ਵੀ ਨਾਲ-ਨਾਲ ਚਲਦੀ ਹੈ ਪਰ ਮੁੱਖ ਤੌਰ 'ਤੇ ਲਹਿਰਾਂ ਨੂੰ ਹੀ ਪੇਸ਼ ਕੀਤਾ ਹੈ ਤੇ ਇਨ੍ਹਾਂ ਦੇ ਪਏ ਪ੍ਰਭਾਵ ਵੀ ਸਪੱਸ਼ਟ ਹੁੰਦੇ ਹਨ। ਨਾਵਲ ਦੇ ਪਾਤਰ, ਵਾਰਤਾਲਾਪ, ਕਹਾਣੀ ਰਸ ਤੇ ਵਿਚਾਰਧਾਰਾ ਬੜੇ ਹੀ ਸੁਚੱਜੇ ਢੰਗ ਨਾਲ ਉਸਾਰੇ, ਗੁੰਦੇ ਤੇ ਪੇਸ਼ ਕੀਤੇ ਗਏ ਹਨ। ਮੁੱਖ ਤੌਰ 'ਤੇ ਪਾਤਰਾਂ ਦੀ ਅਗਾਂਹਵਧੂ ਸੋਚ ਨੂੰ ਉਬਾਰਨ ਦਾ ਯਤਨ ਹੈ।

ਕੂੜ ਅਮਾਵਸ
ਲੇਖਕ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

ਵਿਲੱਖਣ ਢੰਗ ਨਾਲ ਲਿਖਿਆ ਨਾਵਲ ਆਪਣੇ ਅੰਦਰ ਅਨੇਕਾਂ ਵਿਸ਼ੇ ਸਮੋਈ ਬੈਠਾ ਹੈ ਜੋ ਸਮਾਜਿਕ ਸਰੋਕਾਰਾਂ, ਨਿੱਜੀ ਜੀਵਨ ਤੇ ਕੌੜਾ ਯਥਾਰਥ ਨਾਲ ਸਬੰਧਤ ਹਨ। ਮੁਢਲੇ ਪੰਨਿਆਂ ਵਿਚ ਹੀ ਕੈਂਸਰ ਵਰਗੀ ਲਾਇਲਾਜ ਬਿਮਾਰੀ ਬਾਰੇ ਦੱਸ ਕੇ ਇਸ ਦੇ ਸ਼ਿਕਾਰ ਹੋਏ ਪਾਤਰ ਤੇ ਪਰਿਵਾਰ ਦੀ ਮਾਨਸਿਕ ਅਵਸਥਾ ਨੂੰ ਚਿਤਰਿਆ ਹੈ। ਪਿੰਡ ਵਾਲਿਆਂ ਦਾ ਆਪਸੀ ਮੋਹ ਪਿਆਰ, ਕਿਸਾਨ ਦਾ ਧਰਤੀ ਤੇ ਬਲਦ ਨਾਲ ਪਿਆਰ, ਸਾਡਾ ਵਿਗੜਿਆ ਹੋਇਆ ਸਮਾਜਿਕ ਸਿਸਟਮ, ਵਿਦਿਅਕ ਢਾਂਚੇ ਵਿਚ ਕਮੀਆਂ ਪੇਸ਼ੀਆਂ ਜਿਹੇ ਵਿਸ਼ੇ ਲੇਖਕ ਦੇ ਮਨ ਵਿਚ ਮਚਾਉਂਦੀ ਉਥਲ-ਪੁਥਲ ਨੂੰ ਪ੍ਰਗਟ ਕਰਦੇ ਹਨ। ਅੱਤਵਾਦ ਦੇ ਸਮੇਂ ਦੌਰਾਨ ਜੋ ਕੁਝ ਵਾਪਰਿਆ, ਉਹ ਕਿਸੇ ਤੋਂ ਭੁੱਲਿਆ ਨਹੀਂ, ਪਰ ਜੋ ਅੱਤ ਪੁਲਿਸ ਨੇ ਚੁੱਕੀ ਝੂਠੇ ਮੁਕਾਬਲਿਆਂ ਵਿਚ ਨੌਜਵਾਨ ਮਰਵਾ ਕੇ ਤਗਮੇ ਲੈਣੇ ਇਹ ਵੀ ਚਿੱਟਾ ਸੱਚ ਹੈ। ਕਿਹਾ ਜਾਂਦਾ ਸੀ ਕਿ ਸਰਹੱਦਾਂ ਦੇ ਨਾਲ ਲਗਦੇ ਪਿੰਡਾਂ ਵਿਚੋਂ ਸਾਲਾਂਬੱਧੀ ਕੋਈ ਬਾਰਾਤ ਨਹੀਂ ਜਾਏਗੀ ਤੇ ਹੋਇਆ ਵੀ ਇਹੀ ਕੁਝ ਜਿਸ ਦਾ ਵਰਨਣ ਹੇਅਰ ਨੇ ਬਾਖੂਬੀ (ਪੰਨਾ 25-26) ਕੀਤਾ ਹੈ। ਉਸ ਨੇ 1984 ਦੇ ਦੰਗਿਆਂ ਬਾਰੇ ਵੀ ਪਾਤਰਾਂ ਦੇ ਮੂੰਹੋਂ ਢੁਕਵਾਂ ਵਾਰਤਾਲਾਪ ਕਰਵਾਇਆ ਹੈ।
ਏਨਾ ਹੀ ਨਹੀਂ, ਲੇਖਕ ਨੇ ਔਰਤ ਲਈ ਮਰਦ ਦੀ ਭੁੱਖ ਤੇ ਔਰਤ ਦੀ ਮਾਨਸਿਕਤਾ ਨੂੰ ਵੀ ਉਲੀਕਿਆ ਹੈ। ਧਾਰਮਿਕ ਸਥਾਨਾਂ ਵਿਚ ਮਾੜੇ ਅਨਸਰਾਂ ਦੀ ਹੋਂਦ, ਗੋਲਕ ਵਿਚੋਂ ਪੈਸੇ ਕਢਣੇ ਤੇ ਸਾਰਿਆਂ ਦਾ ਰਲ-ਮਿਲ ਕੇ ਖਾਣਾ (38-40), ਧਾਰਮਿਕ ਸਥਾਨਾਂ ਲਈ ਲੋਕ ਲੱਖਾਂ ਰੁਪਏ ਦਿੰਦੇ ਹਨ ਪਰ ਲੋੜਵੰਦਾਂ ਤੱਕ ਨਹੀਂ ਪੁੱਜਦਾ, ਗੁਰਦੁਆਰਿਆਂ ਵਿਚ ਚੋਣਾਂ ਦੌਰਾਨ ਹੱਥੋ-ਪਾਈ ਤੱਕ ਨੌਬਤ ਆਉਣੀ, ਬੱਚਿਆਂ ਦੀ ਧਰਮ ਤੋਂ ਗਿਰਾਵਟ, ਸਿੱਖ ਪੰਥ ਵਿਚ ਆ ਰਹੀ ਗਿਰਾਵਟ, ਚੋਣਾਂ ਵਿਚ ਧਾਂਦਲੀਆਂ, ਅੱਜ ਦੀ ਜੰਗ ਪਿਸਤੌਲਾਂ ਦੀ ਜੰਗ ਇਕ ਵਿਅੰਗ (143-151), ਰਿਫਿਊਜੀਆਂ ਦਾ ਮੰਦਾ ਹਾਲ, ਗੰਦੀ ਰਾਜਨੀਤੀ ਜੋ ਧਾਰਮਿਕ ਸਥਾਨਾਂ ਵਿਚ ਵੀ ਆ ਵੜੀ ਹੈ ਪੈਸੇ ਤੇ ਸ਼ਰਾਬ ਦੀ ਖੇਡ ਅਰਥਾਤ ਹਰ ਵਿਸ਼ੇ ਨੂੰ ਲੇਖਕ ਨੇ ਬਾਖੂਬੀ ਵਿਅੰਗ ਰੂਪ ਵਿਚ ਚਿਤਰਿਆ ਹੈ।
ਹਰਨੇਕ ਸਿੰਘ ਨੇ ਭਾਸ਼ਾ, ਪਾਤਰਾਂ ਦੀ ਢੁਕਵੀਂ ਵਾਰਤਾਲਾਪ, ਕਹਾਣੀ ਦੀ ਉਸਾਰੀ ਤੇ ਰਸ ਨੂੰ ਸੁਚੱਜੇ ਢੰਗ ਨਾਲ ਕਾਇਮ ਰੱਖਿਆ ਹੈ ਤੇ ਨਾਵਲ ਵਿਚਲੀਆਂ ਘਟਨਾਵਾਂ ਜੋ ਕੂੜ ਅਮਾਵਸ ਦੇ ਰੂਪ ਵਿਚ ਉਲੀਕੀਆਂ ਹਨ, ਅਜੋਕੇ ਸਮਾਜ ਦਾ ਕੌੜਾ ਯਥਾਰਥ ਹੈ, ਜਿਨ੍ਹਾਂ ਤੋਂ ਪਰਦਾ ਚੁੱਕਣ ਲੱਗਿਆਂ ਗੁਰੇਜ਼ ਨਹੀਂ ਕੀਤਾ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਕਵਿਤਾ ਮੇਰੇ ਨਾਲ ਨਾਲ
ਲੇਖਕ : ਡਾ: ਰਵਿੰਦਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 508.

ਡਾ: ਰਵਿੰਦਰ ਆਪਣੀ ਸਮੁੱਚੀ ਸ਼ਾਇਰੀ ਦੀ ਪੁਸਤਕ ਲੈ ਕੇ ਪਾਠਕਾਂ ਸਨਮੁੱਖ ਹੈ। ਉਸ ਦੀਆਂ ਅੱਧੀ ਦਰਜਨ ਕਾਵਿ-ਪੁਸਤਕਾਂ ਇਕ ਜਿਲਦ ਵਿਚ ਪੇਸ਼ ਹੋਈਆਂ ਹਨ। ਉਸ ਵਿਚ ਕੁਝ ਕਵਿਤਾਵਾਂ ਪੰਜਾਬ ਦੇ ਮਾਹੌਲ ਨੂੰ ਸੰਕੇਤਿਕ ਢੰਗ ਨਾਲ ਛੂਹੰਦੀਆਂ ਹਨ-
ਬਸਤੀ ਡਰਦੀ ਹੈ, ਉਡੀਕ 'ਚ ਪੱਥਰ ਹੋ ਰਹੀਆਂ, ਮਾਂ ਦੀਆਂ ਅੱਖਾਂ ਤੋਂ,
ਤੜਕ ਸਾਰ ਬੂਹੇ 'ਤੇ ਹੁੰਦੀ ਦਸਤਕ ਤੋਂ, ਗਲੀਆਂ 'ਚ ਫਿਰਦੇ,
ਬੇਵਰਦੀ ਤੇ ਬਾਵਰਦੀ ਪਰਛਾਵਿਆਂ ਤੋਂ, ਬਸਤੀ ਡਰਦੀ ਹੈ,
ਸੰਖਾਂ ਘੰਟੀਆਂ ਆਜ਼ਾਨਾਂ ਤੋਂ ਕਤਲਗਾਹਾਂ ਸ਼ਮਸ਼ਾਨਾਂ ਤੋਂ।
(ਪੰਨਾ 128)
ਡਾ: ਰਵਿੰਦਰ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਜ਼ਿੰਦਗੀ ਦੇ ਸੁਹਿਰਦ ਪਲਾਂ ਨੂੰ ਆਪਣੀ ਕਲਾਤਮਕ ਸੂਝ ਨਾਲ ਬਿਆਨ ਕਰਦੀ ਹੈ। ਲੜਕੀਆਂ ਬਾਰੇ ਉਸ ਦੀਆਂ ਕੁਝ ਖੂਬਸੂਰਤ ਕਵਿਤਾਵਾਂ ਵਿਸ਼ੇਸ਼ ਧਿਆਨ ਦਾ ਕੇਂਦਰ ਬਣਦੀਆਂ ਹਨ-
ਇੰਝ ਦੀਆਂ ਵੀ ਹੁੰਦੀਆਂ ਨੇ ਧੀਆਂ, ਸੜਕਾਂ 'ਤੇ ਰੋੜੀ ਕੁੱਟਦੀਆਂ,
ਖੇਤਾਂ 'ਚ ਸਿੱਟੇ ਚੁਗਦੀਆਂ, ਲੀਹਾਂ 'ਚ ਪਿੰਡਾ ਸਾਂਭ ਕੇ,
ਹਵਸਾਂ ਦੀ ਲੂਅ ਵਿਚ ਝੁਲਸ ਕੇ ਵੀ, ਪਾਕ-ਦਾਮਨ ਰਹਿੰਦੀਆਂ,
ਸੜਕਾਂ ਤੇ ਦਫ਼ਤਰਾਂ ਵਿਚ, ਆਪਸੀ ਜਵਾਨੀ ਢਾਲ ਕੇ,
ਨਿੱਕੇ ਜਿਹੇ ਆਲ੍ਹਣੇ ਦਾ, ਖ਼ੁਆਬ ਬੁਣਦੀਆਂ
(ਪੰਨਾ 253)
- - - - -
ਇਹ ਚਿੜੀਆਂ ਅਸਮਾਨੀ ਉਡਣ, ਇਹ ਚਿੜੀਆਂ ਸਾਗਰ ਤਹਿ ਫੋਲਣ,
ਹੁਣ ਨਾ ਇਹ ਵਿਚਾਰੀਆਂ ਚਿੜੀਆਂ, ਇਹ ਚਿੜੀਆਂ ਹੁਣ, ਬਾਜ਼ ਦੀਆਂ ਅੱਖਾਂ ਵਿਚ ਝਾਕਣ (ਪੰਨਾ 441)
ਕਵੀ ਬੱਚਿਆਂ ਦਾ ਮਾਹਰ ਡਾਕਟਰ ਹੋਣ ਕਰਕੇ ਬੜੀ ਧੀਮੀ ਸੁਰ ਵਿਚ ਨਿੱਕੇ-ਨਿੱਕੇ ਮਾਸੂਮ ਬੱਚਿਆਂ ਬਾਰੇ ਕਵਿਤਾ ਲਿਖਦਾ ਹੈ-
ਰੋਜ਼ ਮੇਰੇ ਕੋਲ, ਨਿੱਕੇ ਨਿੱਕੇ ਰੱਬ ਆਉਂਦੇ ਨੇ, ਗੋਦੀਆਂ 'ਚ ਬਹਿ ਅੰਗੂਠੇ ਚੂਸਦੇ,
ਟਿਕਟਿਕੀ ਲਾ ਵੇਖਦੇ ਆਲੇ ਦੁਆਲੇ, ਬੜਾ ਕੁਝ ਦਿੰਦੇ ਨੇ ਸਾਨੂੰ,
ਰੱਬ ਇਹ ਨਿੱਕੇ-ਨਿੱਕੇ, ਲੋੜ ਨਾ ਇਨ੍ਹਾਂ ਦੇ ਹੁੰਦਿਆਂ, ਹੋਰ ਵੱਡੇ ਰੱਬ ਦੀ...।
(ਪੰਨਾ 290)
ਡਾ: ਰਵਿੰਦਰ ਦੀ ਸ਼ਾਇਰੀ ਵਿਚੋਂ ਰਾਜਸੀ ਸੁਰ ਗਾਇਬ ਰਹਿੰਦੀ ਹੈ। ਉਸ ਦੀ ਕਵਿਤਾ ਵਿਚਲੇ ਕਿਰਦਾਰ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਮਾਨਸਿਕ ਉਲਝਣਾਂ ਅਤੇ ਬੇਬਸੀ ਨੂੰ ਬਿਆਨ ਕਰਦੇ ਹਨ। ਛੇ ਕਾਵਿ-ਸੰਗ੍ਰਹਿਆਂ ਨੂੰ ਇਕੱਠਾ ਛਾਪਣਾ ਪ੍ਰਸੰਸਾਯੋਗ ਉਪਰਾਲਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਅਸਮਾਨ ਵੱਲ ਖੁੱਲ੍ਹਦੀ ਖਿੜ੍ਹਕੀ
ਕਵੀ : ਰਾਜਬੀਰ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 80.

ਅਸਮਾਨ ਵੱਲ ਖੁੱਲ੍ਹਦੀ ਖਿੜਕੀ, ਕਵੀ ਰਾਜਬੀਰ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਹੁਣ ਤੱਕ ਉਸ ਦੇ ਛੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੇ ਰਾਜਬੀਰ ਨੂੰ ਪੰਜਾਬੀ ਕਾਵਿ ਖੇਤਰ ਵਿਚ ਸਥਾਪਤ ਕੀਤਾ ਹੈ। ਇਸ ਸੰਗ੍ਰਹਿ ਵਿਚ ਰਾਜਬੀਰ ਇਕ ਵਾਰ ਫਿਰ ਆਪਣਾ ਨਿਵੇਕਲਾ ਕਾਵਿ ਮੁਹਾਂਦਰਾਂ ਲੈ ਕੇ ਹਾਜ਼ਰ ਹੁੰਦਾ ਹੈ।
ਇਸ ਸੰਗ੍ਰਹਿ ਵਿਚ ਰਾਜਬੀਰ ਦੀਆਂ ਕਵਿਤਾਵਾਂ ਜੀਵਨ ਦੇ ਨਿੱਕੇ-ਨਿੱਕੇ ਵਸਤੂ ਵਰਤਾਰਿਆਂ ਨੂੰ ਬਹੁਤ ਸਹਿਜ ਸੂਖਮ ਭਾਵ ਨਾਲ ਪੇਸ਼ ਕਰਦੀਆਂ ਹਨ। ਕਵੀ ਜੀਵਨ ਨੂੰ ਸਹਿਜ ਦ੍ਰਿਸ਼ਟੀ ਨਾਲ ਵੇਖਦਾ ਤੇ ਕਵਿਤਾਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਦੁਨੀਆ ਵਿਚ ਹਰ ਸ਼ਖ਼ਸ ਦੇ ਹਿਰਦੇ ਵਿਚ ਪ੍ਰੇਮ ਹੋਣਾ ਅਤਿ ਜ਼ਰੂਰੀ ਹੈ। ਉਹ ਲੋਕ ਉਸ ਨੂੰ ਚੰਗੇ ਲਗਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਇਹ ਲਫ਼ਜ਼, ਇਹ ਭਾਵ ਲਿਸ਼ਕਦਾ ਹੈ। ਰਾਜਬੀਰ ਦੇ ਕਾਵਿ ਸੰਸਾਰ ਵਿਚ ਦਾਖਲ ਹੋਣ ਲਈ ਇਸ ਸੰਗ੍ਰਹਿ ਦੀ ਕਵਿਤਾ 'ਪ੍ਰੇਮ' ਵੇਖੀ ਜਾ ਸਕਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ 'ਪ੍ਰੇਮ' ਦਾ ਇਹ ਸੂਤਰ ਪਰੋਖ/ਅਪਰੋਖ ਰੂਪ ਵਿਚ ਹਾਜ਼ਰ ਰਹਿੰਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਵਿਚ ਕਵੀ ਅਤੀਤ ਦੀਆਂ ਸਿਮਰਤੀਆਂ ਨੂੰ ਪੁਨਰ ਸਿਰਜਤ ਕਰਦਾ ਹੈ। ਅਨਾਰ ਦਾ ਬੂਟਾ, ਮੇਲਾ, ਬਚਪਨ ਚੇਤ ਕਰਦਿਆਂ, ਕਸ਼ਮੀਰਨ, ਘਰ ਦਾ ਵਿਹੜਾ ਇਸ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਅਜਬ ਕਿਸਮ ਦਾ ਸਹਿਜ ਹੈ-ਬੈਚੇਨੀ ਜਾਂ ਤੜਪ ਨਹੀਂ। ਜਿਵੇਂ ਕੋਈ ਸਿਧਾਰਥ ਰਾਤ ਨੂੰ ਘਰ ਛੱਡਣ ਵੇਲੇ ਆਪਣੇ ਬੀਬੀ ਬੱਚੇ ਵੱਲ ਮੁੜ ਕੇ ਦੇਖਦਾ ਹੈ ਤੇ ਤੁਰ ਪੈਂਦਾ ਹੈ। ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਨਿੱਕੇ-ਨਿੱਕੇ ਅਹਿਸਾਸਾਂ ਨੂੰ ਰੂਪਮਾਨ ਕੀਤਾ ਗਿਆ ਹੈ। ਰਾਜਬੀਰ ਆਮ ਸਾਧਾਰਨ ਭਾਸ਼ਾ ਵਿਚ ਕਾਵਿ ਸਿਰਜਣਾ ਕਰਨ ਵਿਚ ਯਕੀਨ ਰੱਖਦਾ ਹੈ। ਇਸੇ ਲਈ ਉਸ ਦੀ ਹਰ ਕਵਿਤਾ ਦੀ ਗਹਿਰਾਈ ਵਿਚ ਉਤਰਿਆ ਜਾ ਸਕਦਾ ਹੈ :
ਉੱਡਣ ਲਈ
ਆਕਾਸ਼ ਨਾ ਮਿਲਿਆ
ਧਰਤੀ 'ਤੇ ਰੀਂਗਣ ਲੱਗੇ
ਤੇ ਕੱਟੇ ਹੋਏ ਖੰਭ ਸਦਾ
ਅਸਮਾਨ ਵੱਲ ਵੇਖਦੇ ਰਹਿੰਦੇ...
ਸਮੁੱਚੇ ਰੂਪ ਵਿਚ ਰਾਜਬੀਰ ਦਾ ਨਵਾਂ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਖੇਤਰ ਵਿਚ ਕਵੀ ਦੀ ਪਛਾਣ ਨੂੰ ਹੋਰ ਪਕੇਰਾ ਤੇ ਸਥਾਪਿਤ ਕਰਦਾ ਹੈ। ਰਾਜਬੀਰ ਇਸ ਕਾਵਿ ਸੰਗ੍ਰਹਿ ਲਈ ਮੁਬਾਰਕ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

28-7-2013

 ਟਿਕੀ ਹੋਈ ਰਾਤ
ਲੇਖਕ : ਸੁਖਦੇਵ ਸਿੰਘ ਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 320.

ਸੁਖਦੇਵ ਸਿੰਘ ਮਾਨ ਦਾ ਨਾਵਲ 'ਟਿਕੀ ਹੋਈ ਰਾਤ' ਨਿਮਨ ਕਿਸਾਨੀ ਵਰਗ ਦੇ ਮੌਜੂਦਾ ਆਰਥਿਕ ਸੰਕਟ ਨੂੰ ਪੇਸ਼ ਕਰਦਾ ਹੈ। ਇਹ ਇਕ ਵੱਡਆਕਾਰੀ ਰਚਨਾ ਹੈ ਜੋ ਆਪਣੇ ਵਿਚ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲੇ ਸਮੋਈ ਬੈਠੀ ਹੈ। ਆਰੰਭ ਵਿਚ ਖਾੜਕੂਵਾਦ ਦਾ ਬੋਲਬਾਲਾ ਤੇ ਉਸ ਦਾ ਜਨਜੀਵਨ ਤੇ ਨੌਜਵਾਨ ਵਰਗ ਉਤੇ ਪਿਆ ਮਾੜਾ ਪ੍ਰਭਾਵ ਦਰਸਾਉਂਦੇ ਹੋਏ ਅੱਤਵਾਦ ਸਮੇਂ ਦੇ ਫ਼ੌਜੀਆਂ ਦੇ ਰੋਅਬਦਾਬ, ਨਸ਼ਿਆਂ ਤੇ ਕਮਜ਼ੋਰੀ, ਝੂਠੇ ਮੁਕਾਬਲੇ ਵਿਚ ਦੋਸ਼ੀ ਠਹਿਰਾਏ ਨੌਜਵਾਨ ਤੇ ਜੀਵਨ ਲੀਲਾ ਦਾ ਖ਼ਾਤਮਾ ਕਰਦਾ ਪਾਤਰ ਬਰਾੜ ਦੀਆਂ ਵਧੀਕੀਆਂ ਤੇ ਨੀਚ ਹਰਕਤਾਂ, ਨੌਜਵਾਨਾਂ ਦਾ ਨਸ਼ੇ ਪੱਤੇ ਲਈ ਚੋਰੀਆਂ ਕਰਨੀਆਂ ਤੇ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਖੁੱਲ੍ਹ ਕੇ ਪੇਸ਼ ਕੀਤਾ ਹੈ। ਏਨਾ ਹੀ ਨਹੀਂ, ਲੇਖਕ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਹਰ ਪਾਸੇ ਲੁੱਟਮਾਰ ਮਚੀ ਹੋਈ ਸੀ ਕਿ ਗੁਰਦੁਆਰੇ ਤੇ ਕੀ ਪੰਚਾਇਤਾਂ, ਕਮੇਟੀਆਂ ਸਕੂਲ ਜ਼ਮੀਨੀ ਝਗੜਿਆਂ ਵਿਚ ਉਲਝੇ ਹੋਏ ਸਨ। ਪੁਜਾਰੀ ਪੜ੍ਹਾਈ ਦਾ ਵਿਰੋਧ ਕਰਦੇ ਪਰ ਸਾਰਾ ਪੈਸਾ ਧਾਰਮਿਕ ਇਮਾਰਤਾਂ ਉਸਾਰਨ ਵੱਲ ਲਾ ਦਿੰਦੇ, ਲੋਕਾਂ ਵਿਚ ਏਕੇ ਦੀ ਕਮੀ ਸੀ ਤੇ ਸਭ ਨੇ ਆਪਣੇ ਅੱਡ-ਅੱਡ ਧਰਮ ਬਣਾ ਲਏ ਸਨ, ਭਰੂਣ ਹੱਤਿਆ ਜਿਹੇ ਵਿਸ਼ੇ ਉਤੇ ਵੀ ਚਾਨਣਾ ਪਾਇਆ ਹੈ। ਇਹ ਆਮ ਜੱਟ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਗਾਥਾ ਹੈ। ਜੱਟ ਮਾਰ ਖਾਂਦਾ ਹੈ ਜ਼ਮੀਨ ਜਾਇਦਾਦ ਦੇ ਝਗੜੇ ਵਿਚ ਤੇ ਫਿਰ ਪੁਲਿਸ ਖਰੀਦ ਲਈ ਜਾਂਦੀ ਹੈ, ਸਰਕਾਰ ਦਾ ਵਿਰੋਧ, ਦੇਸ਼ ਵਿਕ ਰਿਹਾ ਹੈ ਪਰ ਲੋਕ ਪੱਖੀ ਵਿਚਾਰਧਾਰਾ ਨੂੰ ਲੇਖਕ ਨੇ ਅੱਖੋਂ-ਪਰੋਖੇ ਨਹੀਂ ਕੀਤਾ। ਆਰਥਿਕਤਾ ਦਾ ਮੰਦਾ ਹਾਲ ਏਨਾ ਹੈ ਕਿ ਧੀ ਦਾ ਜਣੇਪਾ ਕਟਵਾਉਣ ਲਈ ਟੂੰਮਾਂ ਤੱਕ ਗਹਿਣੇ ਰੱਖਣੀਆਂ ਪਰ ਦੂਜੇ ਪਾਸੇ ਪੈਸੇ ਦੀ ਕਾਣੀ ਵੰਡ ਨੇ ਲੋਕਾਂ ਨੂੰ ਅੰਦਰੋਂ ਅੰਦਰ ਖ਼ਤਮ ਕਰ ਦਿੱਤਾ ਹੈ। ਇਕ ਪੁਲਿਸ ਅਫ਼ਸਰ ਬਰਾੜ ਦੀ ਵਿਗੜੀ ਧੀ ਗਰੀਬ ਮੁੰਡੇ ਨਾਲ ਪਿਆਰ ਕਰ ਬੈਠਦੀ ਪਰ ਨੇਪਰੇ ਨਹੀਂ ਚੜ੍ਹਦਾ, ਗਰੀਬੀ ਦੀ ਮਾਰ ਹੇਠ ਆਇਆ ਨੌਜਵਾਨ ਵਰਗ ਨਸ਼ਿਆਂ ਤੇ ਐਬਾਂ ਵਿਚ ਫਸ ਕੇ ਜੁਆਨੀ ਗਾਲ ਲੈਂਦੇ ਹਨ। ਗੱਲ ਕੀ ਕਿਹੜਾ ਵਿਸ਼ਾ ਹੈ ਜੋ ਲੇਖਕ ਨੇ ਨਹੀਂ ਛੋਹਿਆ, ਜੋ ਉਸ ਦੀ ਵਿਸ਼ਾਲ ਸੋਚ ਤੇ ਅਨੁਭਵ ਦਾ ਸਿੱਟਾ ਹੀ ਹੋ ਸਕਦਾ ਹੈ। ਘਟਨਾਵਾਂ ਨੂੰ ਉਲੀਕ ਦੇਣਾ ਹੀ ਰਚਨਾ ਦੀ ਸਫ਼ਲਤਾ ਨਹੀਂ ਹੁੰਦੀ ਸਗੋਂ ਉਨ੍ਹਾਂ ਨੂੰ ਘਟਨਾਵਾਂ ਨੂੰ ਸਿਲਸਿਲੇਵਾਰ, ਰੌਚਕ ਢੰਗ ਨਾਲ ਕਹਾਣੀ ਰਸ ਭਰ ਕੇ, ਖੂਬਸੂਰਤੀ ਨਾਲ ਪਾਤਰਾਂ ਦੇ ਵਾਰਤਾਲਾਪ ਤੇ ਸੰਜਮ ਭਰਪੂਰ ਸ਼ਬਾਦਵਲੀ ਰਾਹੀਂ ਪੇਸ਼ ਕਰਨਾ ਰਚਨਾ ਨੂੰ ਚਾਰ ਚੰਦ ਲਾਉਂਦੀ ਹੈ। ਇਹ ਵਿਸ਼ੇਸ਼ਤਾ ਇਸ ਨਾਵਲ ਵਿਚ ਮੌਜੂਦ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਸਾਧੂ ਸਦਾ ਰਾਮ ਦੀ ਕਵਿਤਾ
ਸੰਪਾਦਕ : ਡਾ: ਬਲਜੀਤ ਰੰਧਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 240.

ਸਾਧੂ ਸਦਾ ਰਾਮ (1861-1933) ਪੰਜਾਬੀ ਦਾ ਇਕ ਪ੍ਰਮੁੱਖ ਕਵੀਸ਼ਰ ਸੀ। ਉਸ ਨੇ 'ਸੋਹਣੀ ਮਹੀਵਾਲ', 'ਸਸੀ ਪੁਨੂੰ', 'ਪ੍ਰਹਿਲਾਦ ਭਗਤ', 'ਦਮਦਮਾ ਸਾਹਿਬ ਫ਼ਲ', 'ਜੀਵ ਹੇਤੂ', 'ਗੋ ਰਕਸ਼ਾ' ਅਤੇ 'ਸ੍ਵਮਨਾਮਾ' ਆਦਿਕ ਕਿੱਸੇ ਅਥਵਾ ਪ੍ਰਸੰਗ ਲਿਖੇ ਜੋ ਕਾਫੀ ਪ੍ਰਸਿੱਧ ਹੋਏ। ਉਸ ਦੀਆਂ ਕਈ ਰਚਨਾਵਾਂ ਗੁੰਮ-ਗਵਾਚ ਵੀ ਗਈਆਂ ਹਨ, ਜਿਨ੍ਹਾਂ ਬਾਰੇ ਡਾ: ਬਲਜੀਤ ਰੰਧਾਵਾ ਨੇ ਆਪਣੀ ਇਸ ਪੁਸਤਕ ਦੀ ਆਦਿਕਾ ਵਿਚ ਸੰਕੇਤ ਕੀਤੇ ਹਨ। ਉਨੀਵੀਂ ਸਦੀ ਦੇ ਪਿਛਲੇ ਅੱਧ ਵਿਚ ਪੰਜਾਬ ਉਪਰ ਅੰਗਰੇਜ਼ੀ ਰਾਜ ਦੀ ਪੂਰਨ ਸਥਾਪਨਾ ਹੋ ਚੁੱਕੀ ਸੀ। ਇਸ ਅਰਸੇ ਵਿਚ ਪੰਜਾਬ ਅੰਦਰ ਕਈ ਅਕਾਲ ਵੀ ਪਏ ਅਤੇ ਵੀਹਵੀਂ ਸਦੀ ਦੇ ਆਰੰਭ ਤੱਕ ਪਹੁੰਚਦਿਆਂ-ਪਹੁੰਚਦਿਆਂ ਪੰਜਾਬੀ ਕਿਸਾਨਾਂ ਅਤੇ ਹੋਰ ਕਿਤਰੀਆਂ ਦੀ ਹਾਲਤ ਅਤਿਅੰਤ ਦਯਨੀਯ ਹੋ ਚੁੱਕੀ ਸੀ। ਬੇਸ਼ੱਕ ਸਿੰਘ ਸਭਾ ਅਤੇ ਆਰੀਆ ਸਮਾਜ ਵਰਗੀਆਂ ਸੁਧਾਰਵਾਦੀ ਲਹਿਰਾਂ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਪ੍ਰਸੰਗਿਕ ਅਤੇ ਯੁਗਾਨੁਕੂਲ ਬਣਾਉਣ ਲਈ ਕਾਫੀ ਕੰਮ ਕੀਤਾ ਸੀ ਪਰ ਇਸ ਦੇ ਬਾਵਜੂਦ ਆਮ ਪੰਜਾਬੀ ਲੋਕ ਨਿਰਾਸ਼ਾ, ਮਾਯੂਸੀ ਅਤੇ ਮਜਬੂਰੀ ਨੂੰ ਹੰਢਾਉਣ ਲਈ ਸਰਾਪੇ ਹੋਏ ਮਹਿਸੂਸ ਕਰ ਰਹੇ ਹਨ। ਸਾਧੂ ਸਦਾ ਰਾਮ ਦੇ ਕਿੱਸਿਆਂ ਵਿਚ ਪੰਜਾਬੀ ਜਨ-ਜੀਵਨ ਵਿਚਲੀ ਇਹ ਉਦਾਸੀ ਅਤੇ ਮਾਯੂਸੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ।
ਬੇਸ਼ੱਕ ਸਾਧੂ ਸਦਾ ਰਾਮ ਕੋਈ ਵੱਡਾ ਕਵੀ ਤਾਂ ਨਹੀਂ ਸੀ ਪਰ ਉਸ ਦੀਆਂ ਰਚਨਾਵਾਂ ਵਿਚ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੇ ਪੰਜਾਬੀ ਸੱਭਿਆਚਾਰ ਬਾਰੇ ਬੜੀਆਂ ਨਿੱਗਰ ਅਤੇ ਮੁੱਲਵਾਨ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ। ਇਸ ਕਾਰਨ ਉਸ ਦੀਆਂ ਇਹ ਰਚਨਾਵਾਂ ਕਾਫੀ ਮਹੱਤਵਪੂਰਨ ਹਨ। ਮੂਲ ਰੂਪ ਵਿਚ ਉਹ ਇਕ ਮਲਵਈ ਕਿੱਸਾਕਾਰ ਸੀ ਪ੍ਰੰਤੂ ਇਕ ਵਿਰਕਤ ਸਾਧੂ ਹੋਣ ਦੇ ਕਾਰਨ ਉਹ ਕਈ ਵਾਰ ਸਾਧ ਭਾਖਾ ਦਾ ਪ੍ਰਯੋਗ ਵੀ ਕਰ ਲੈਂਦਾ ਹੈ। ਉਹ ਇਸ ਨੂੰ ਉਰਦੂ ਜ਼ਬਾਨ ਦਾ ਨਾਂਅ ਦਿੰਦਾ ਹੈ। ਉਸ ਨੇ ਚੌਪਈ, ਕੋਰੜਾ, ਕਬਿੱਤ, ਭੁਯੰਗ ਪ੍ਰਯਾਤ, ਜਰਾਪਤ, ਸਵੈਯਾ, ਦੋਹਰਾ, ਬੈਂਤ, ਮੁਕੰਦ ਛੰਦ ਆਦਿ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਡਾ: ਬਲਜੀਤ ਰੰਧਾਵਾ ਨੇ ਕਵੀਸ਼ਰ ਸਦਾ ਰਾਮ ਦੀਆਂ ਕਿਰਤਾਂ ਨੂੰ ਸੰਕਲਿਤ ਕਰਕੇ ਮਧਕਾਲੀਨ ਪੰਜਾਬੀ ਸਾਹਿਤ ਦੇ ਸੰਕਲਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ ਪਰ ਚੰਗਾ ਹੁੰਦਾ ਜੇ ਉਹ ਇਸ ਕਵੀਸ਼ਰ ਦੇ ਕਾਵਿ-ਕਰਮ ਬਾਰੇ ਵੀ ਵਿਸਤਾਰ ਨਾਲ ਕੁਝ ਲਿਖ ਦਿੰਦੀ। ਉਸ ਪਾਸ ਇਹ ਕਾਰਜ ਕਰਨ ਦੀ ਪ੍ਰਤਿਭਾ ਅਤੇ ਯੋਗਤਾ ਮੌਜੂਦ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮਣੀਆਂ!
ਕਵੀ : ਬਲਦੇਵ ਸਿੰਘ ਮਨੇਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128.

'ਮੈਦਾਨ ਤੋਂ ਘਾਟੀ ਤੱਕ' ਤੋਂ ਬਾਅਦ ਮਣੀਆਂ, ਬਲਦੇਵ ਸਿੰਘ ਮਨੇਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਕਵੀ ਨੇ ਵਿਭਿੰਨ ਵਸਤੂ ਵਰਤਾਰਿਆਂ ਨਾਲ ਸਬੰਧਤ ਕਵਿਤਾਵਾਂ ਨੂੰ ਸੰਕਿਲਤ ਕੀਤਾ ਹੈ। ਬਲਦੇਵ ਮਨੇਸ ਦੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ/ਗੀਤ, ਇਕ ਪ੍ਰੌੜ ਸੋਚ ਦੇ ਧਾਰਨੀ ਮਨੁੱਖ ਦੇ ਅਹਿਸਾਸ ਹਨ। ਬਹੁਤ ਥਾਂ 'ਤੇ ਇਹ ਸ਼ਾਇਰੀ ਸੂਫ਼ੀ ਸ਼ਾਇਰੀ ਦੇ ਪਦਚਿੰਨ੍ਹਾਂ 'ਤੇ ਤੁਰਦੀ ਪ੍ਰਤੀਤ ਹੁੰਦੀ ਹੈ। ਕਵੀ ਮਾਨਸਿਕ ਉਚੇਰੀ ਅਵਸਥਾ ਦੇ ਅਦਭੁਤ ਮੰਡਲਾਂ ਵਿਚ ਵਿਚਰਦਾ ਪ੍ਰਤੀਤ ਹੁੰਦਾ ਹੈ। ਹੇਠਲੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ
ਕੱਤ ਲੈਣ ਦੇ ਕੱਤ ਲੈਣ ਦੇ
ਕੱਤ ਲੈਣ ਦੇ ਪੂਣੀ ਵੇ
ਮੈਂ ਤਾਂ ਦੂਰ ਸੱਜਣ ਜੀ ਜਾਣਾ
ਕੀਤੀ ਵਾਟ ਨਾ ਪੂਰੀ ਵੇ......
ਕੁਦਰਤ ਦੇ ਨਾਲ ਇਕ ਮਿੱਕ ਹੋਇਆ ਮਨ ਕੁਦਰਤ ਦੇ ਗੁਣ ਗਾਉਂਦਾ ਨਹੀਂ ਥੱਕਦਾ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਕਵੀ ਕਿਤੇ ਬਸੰਦੀ ਸਵੇਰ ਦੀ ਉਡੀਕ ਕਰਦਾ ਹੈ, ਕਿਤੇ ਸਰ੍ਹੋਂ ਦੇ ਫੁੱਲਾਂ ਵਿਚੋਂ ਸਵਰਗ ਜਿਹਾ ਆਨੰਦ ਭਾਲਦਾ ਹੈ ਕਿਤੇ ਉਹ ਕਣਕ ਦੀਆਂ ਬੱਲੀਆਂ 'ਚੋਂ ਸੋਨੇ ਜਿਹੇ ਰੰਗ ਵੇਖਦਾ ਹੈ ਤੇ ਕਿਤੇ ਕਪਾਹ ਚੋਂ ਚਾਂਦੀ ਦੀਆਂ ਲਿਸ਼ਕੋਰਾਂ ਤੱਕਦਾ ਹੈ। ਇੰਜ ਕੁਦਰਤ ਦੇ ਹਰ ਰੰਗ ਨੂੰ ਮਾਣਦਾ ਆਨੰਦਿਤ ਹੁੰਦਾ ਉਹ ਕਾਵਿ ਸਿਰਜਣਾ ਕਰਦਾ ਹੈ। ਬਲਦੇਵ ਮਨੇਸ ਮਹਿਸੂਸ ਕਰਦਾ ਹੈ ਕਿ ਆਧੁਨਿਕ ਜੀਵਨ ਵਿਚ ਬੰਦਾ ਸੰਵੇਦਨਾ ਤੋਂ ਖਾਲੀ ਹੁੰਦਾ ਜਾ ਰਿਹਾ ਹੈ ਤੇ ਪੱਥਰ ਦਿਲ ਇਨਸਾਨ ਕੁਦਰਤ ਤੇ ਮਨੁੱਖ ਪ੍ਰਤੀ ਆਪਣੀ ਸੰਵੇਦਨਾ ਗੁਆ ਚੁੱਕਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਵਿਚ ਸ਼ਮਾ ਜਲਾਉ ਪਿਆਰ ਦੀ, ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਕਾਦਰ ਦੀ ਕੁਦਰਤ ਤੇ ਮਨੁੱਖੀ ਮੁਹੱਬਤ ਦੇ ਅਹਿਸਾਸ ਨੂੰ ਚਿਤਵਦੀਆਂ ਇਹ ਕਵਿਤਾਵਾਂ ਪਾਠਕਾਂ ਦੇ ਮਨ ਵਿਚ ਆਪਣਾ ਸਥਾਨ ਬਣਾਉਣਗੀਆਂ, ਅਜਿਹਾ ਮੈਨੂੰ ਯਕੀਨ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਇੰਦਰਜੀਤ ਹਸਨਪੁਰੀ ਦੀ ਗੀਤ-ਕਲਾ
ਲੇਖਕ : ਪ੍ਰੋ: ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

ਪ੍ਰੋ: ਜਸਪਾਲ ਸਿੰਘ ਜੱਸੀ ਨੇ ਵਿਚਾਰਾਧੀਨ ਪੁਸਤਕ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਵਿਚ ਵਿਭਾਜਿਤ ਕੀਤਾ ਹੈ। ਪਹਿਲੇ ਭਾਗ 'ਸੰਖੇਪ ਜਾਇਜ਼ਾ' ਨੂੰ ਅੱਗੋਂ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। (ੳ) ਜਨਮ, ਵਿੱਦਿਆ, ਜੀਵਨ ਪਿਛੋਕੜ। (ਅ) ਗੀਤ-ਸੰਗ੍ਰਹਿ ਸੰਖੇਪ ਪਰਿਚੈ। (ੲ) ਹਸਨਪੁਰੀ ਤੇ ਸਮਕਾਲੀ ਗੀਤਕਾਰਾਂ ਦੀਆਂ ਸਾਂਝਾਂ ਤੇ ਵਖਰੇਵੇਂ। ਖੋਜ-ਕਰਤਾ ਨੇ ਹੁਣ ਤੱਕ ਦੀ ਪੰਜਾਬੀ ਗੀਤਕਾਰੀ ਨੂੰ ਤਿੰਨ ਦੌਰਾਂ ਵਿਚ ਵੰਡਿਆ ਹੈ। ਉਸ ਨੇ ਪਹਿਲੇ ਦੌਰ ਵਿਚ ਨੂਰੀ, ਰਾਜਾ ਰਾਮਸਾਕੀ, ਬੇਕਲ, ਸ਼ੁਗਲ, ਰਾਏ, ਬਲੱਗਣ ਉਪਾਸ਼ਕ, ਸ਼ਰਫ਼ ਆਦਿ ਸਮੇਤ ਲਗਭਗ ਦੋ ਦਰਜਨ ਗੀਤਕਾਰਾਂ ਨੂੰ ਰੱਖਿਆ ਹੈ। ਇਸ ਦੌਰ ਦੇ ਗੀਤਕਾਰ ਜ਼ਿਆਦਾਤਰ ਲੋਕ-ਟੱਪਿਆਂ ਦੇ ਮੁਖੜਿਆਂ ਉਤੇ ਭਾਵ-ਉਤੇਜਕ ਗੀਤ ਲਿਖਦੇ ਸਨ। ਦੂਜੇ ਦੌਰ ਦੇ ਗੀਤਕਾਰਾਂ ਵਿਚ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਹਰਦੇਵ ਦਿਲਗੀਰ, ਯਮਲਾ, ਸ਼ਿਵ ਕੁਮਾਰ, ਸੁਰਜੀਤ ਰਾਮਪੁਰੀ ਆਦਿ ਸ਼ਾਮਿਲ ਹਨ। ਇਸੇ ਹੀ ਦੌਰ ਵਿਚ ਇੰਦਰਜੀਤ ਹਸਨਪੁਰੀ ਨੂੰ ਰੱਖਿਆ ਗਿਆ ਹੈ। ਇਹ ਸਮਾਂ ਸਾਹਿਤਕ ਅਤੇ ਲੌਕਿਕ ਗੀਤਕਾਰੀ ਦੇ ਸੰਗਮ ਵਜੋਂ ਜਾਣਿਆ ਜਾਂਦਾ ਹੈ। ਤੀਜੇ ਦੌਰ ਵਿਚ ਗੁਰਦਾਸ ਮਾਨ, ਹਾਕਮ ਸੂਫ਼ੀ, ਸਿਵੀਆ, ਮਖਸੂਸਪੁਰੀ, ਸੰਗੋਵਾਲੀਆ, ਸੰਦੀਲਾ, ਚਮਕੀਲਾ ਆਦਿ ਉੱਭਰਵੇਂ ਗੀਤਕਾਰ ਹਨ। ਖੋਜ-ਕਰਤਾ ਅਨੁਸਾਰ ਇਨ੍ਹਾਂ ਵਿਚੋਂ ਬਹੁਤਿਆਂ ਨੇ ਸੱਭਿਆਚਾਰ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸਗੋਂ ਗੜਕ, ਭੜਕ ਅਤੇ ਵਪਾਰਕ-ਪੁਣੇ ਨੂੰ ਵਧੇਰੇ ਕਰਕੇ ਪਹਿਲੀ ਥਾਂ ਦਿੱਤੀ ਹੈ। ਪਰ ਇੰਦਰਜੀਤ ਹਸਨਪੁਰੀ ਦੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੇ ਲਗਭਗ ਸਾਰੇ ਰਿਸ਼ਤੇ-ਨਾਤੇ ਪ੍ਰਤੀਬਿੰਬਤ ਹੁੰਦੇ ਹਨ। ਉਸ ਦੇ ਗੀਤਾਂ ਵਿਚ ਸਮਕਾਲੀ ਜੀਵਨ-ਵਰਤਾਰਾ ਭਰਵੇਂ ਰੂਪ ਵਿਚ ਸਥਾਨ ਗ੍ਰਹਿਣ ਕਰਦਾ ਹੈ। ਪੰਜਾਬੀ ਜੀਵਨ ਦੀਆਂ ਕਦਰਾਂ-ਕੀਮਤਾਂ ਉਸ ਦੇ ਗੀਤਾਂ ਦਾ ਵਿਸ਼ੇਸ਼ ਭਾਗ ਬਣਦੀਆਂ ਹਨ। ਖੋਜ-ਕਰਤਾ ਹਸਨਪੁਰੀ ਦੀ ਬਿੰਬਾਵਲੀ ਅਤੇ ਅਲੰਕਾਰਾਂ ਦਾ ਅਧਿਐਨ ਵੀ ਕਰਦਾ ਹੈ। ਨਿਰਸੰਦੇਹ, ਹਸਨਪੁਰੀ ਨੇ ਫ਼ਿਲਮਾਂ ਅਤੇ ਗ਼ੈਰ-ਫ਼ਿਲਮਾਂ ਦੋਵਾਂ ਖੇਤਰਾਂ ਲਈ ਗੀਤ-ਸਿਰਜਣਾ ਕੀਤੀ ਹੈ। ਹਸਨਪੁਰੀ ਦੇ ਗੀਤ-ਮੁਖੜਿਆਂ ਦੀ ਸੂਚੀ ਇਸ ਅਧਿਐਨ ਦੀ ਪ੍ਰਾਪਤੀ ਹੈ, ਜਿਸ ਨਾਲ ਨਵੇਂ ਪਾਠਕਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਪਰ ਇਕ ਮੁਖੜੇ (ਰਾਤੀਂ ਸੀ ਉਡੀਕਾਂ ਤੇਰੀਆਂ-ਪੰਨਾ 40) ਦੀ ਮੁੜ ਨਜ਼ਰਸਾਨੀ ਕਰਨੀ ਬਣਦੀ ਹੈ-ਕਿਤੇ ਇਹ ਗੁਰਦੇਵ ਮਾਨ ਦਾ ਤਾਂ ਨਹੀਂ?
ਖੋਜ-ਕਰਤਾ ਨੇ ਹਸਨਪੁਰੀ ਦੇ ਗੀਤ-ਸੰਗ੍ਰਹਿਆਂ-ਔਸੀਆਂ, ਜ਼ਿੰਦਗੀ ਦੇ ਗੀਤ, ਸਮੇਂ ਦੀ ਆਵਾਜ਼, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਕਿੱਥੇ ਗਏ ਉਹ ਦਿਨ (ਲੰਮੀ ਕਵਿਤਾ) ਆਦਿ ਦਾ ਕਈ ਪੱਖਾਂ ਤੋਂ ਵਿਸ਼ਲੇਸ਼ਣ ਕੀਤਾ ਹੈ। ਹਸਨਪੁਰੀ ਨੂੰ ਪਹਿਲਾ ਡਿਊਟ ਲੇਖਕ ਸਿੱਧ ਕੀਤਾ ਹੈ ਜਿਸ ਨੇ ਸੁਹਜਾਤਮਕ ਗੀਤਾਂ ਦੇ ਸਮਵਿੱਥ ਦੇਸ਼-ਪਿਆਰ, ਧਾਰਮਿਕ ਅਤੇ ਅਮਨ ਦੇ ਸੰਦੇਸ਼ ਨਾਲ ਭਰਪੂਰ ਗੀਤਾਂ ਦੀ ਸਿਰਜਣਾ ਕੀਤੀ। ਪੁਸਤਕ ਪੰਜਾਬੀ ਗੀਤ-ਖੋਜ ਦੇ ਖੇਤਰ ਦੀ ਅਹਿਮ ਪ੍ਰਾਪਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

14-7-2013

 ਭੋਰੇ ਵਾਲਾ ਪੂਰਨ
ਲੇਖਕ : ਡਾ: ਸ਼ਹਰਯਾਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64.

ਸਾਡੇ ਸਮੇਂ ਦੇ ਚਰਚਿਤ ਤੇ ਪ੍ਰਬੁੱਧ, ਜਾਗਰੂਕ ਤੇ ਤੀਖਣ ਕਾਵਿ-ਪ੍ਰਤਿਭਾ ਦੇ ਮਾਲਕ ਡਾ: ਸ਼ਹਰਯਾਰ ਦੀ ਇਕ ਕਾਵਿਕ ਸ਼ੈਲੀ ਵਿਚ ਨਾਟ-ਰਚਨਾ ਹੈ। ਸਮਾਜ ਦੇ ਕੋਹਝਾਂ ਦੇ ਪਾਜ ਉਘੇੜਦੇ ਮੀਰਜ਼ਾਦਾ ਅਤੇ ਮੀਰਜ਼ਾਦੀ, ਇਸ ਕਾਵਿ ਨਾਟਕ ਦੇ ਸੂਤਰਧਾਰ ਵਜੋਂ ਕਾਵਿ-ਨਾਟ ਦਾ ਆਰੰਭ ਕਰਦੇ ਹਨ। ਇਸ ਨਿਵੇਕਲੀ ਵਿਧਾ ਰਾਹੀਂ ਸ਼ਹਰਯਾਰ ਨੇ ਪਾਤਰ ਉਸਾਰੀ ਕੀਤੀ ਹੈ। ਪੂਰਨ ਭਗਤ, ਪੰਜਾਬੀ ਜਨਜੀਵਨ ਦਾ ਮਾਣਮੱਤਾ ਨਾਇਕ ਅਤੇ ਕਦੇ ਨਾ ਵਿਸਾਰਨਯੋਗ ਪਾਤਰ ਹੈ। ਡਾਕਟਰ ਸ਼ਹਰਯਾਰ ਨੇ ਲੋਕ ਚੇਤਿਆਂ ਵਿਚ ਵਸੀ ਪੂਰਨ ਭਗਤ ਦੀ ਅਮਰ ਗਾਥਾ ਦੇ ਅਣਗੌਲੇ ਪੱਖਾਂ ਨੂੰ ਮਨੋਵਿਗਿਆਨਕ ਢੰਗ ਰਾਹੀਂ ਉਜਾਗਰ ਕਰਕੇ, ਇਕ ਨਵਾਂ ਅਤੇ ਸਫ਼ਲ ਤਜਰਬਾ ਕੀਤਾ ਹੈ।
'ਭੋਰੇ ਵਾਲਾ ਪੂਰਨ' ਪੂਰਨ ਦੀ ਮਾਂ ਇੱਛਰਾਂ, ਪੂਰਨ ਅਤੇ ਉਸ ਨੂੰ ਪਾਲਣ ਵਾਲੀ ਦਾਸੀ ਮਾਂ ਦੇ ਅੰਤਰੀਵ ਦਰਦ ਦੀ ਪੱਕਾਸੀ ਕਰਦੀ ਰਚਨਾ ਹੋ ਨਿਬੜੀ ਹੈ। ਭੋਰੇ ਵਿਚ ਪਏ ਪੂਰਨ ਨੂੰ ਇੱਛਰਾਂ ਪਲ-ਪਲ ਚੇਤੇ ਕਰਦੀ ਤੇ ਉਸ ਦੀ ਪੀੜਾ ਨੂੰ ਹੰਢਾਉਂਦੀ ਹੈ। ਉਹਦੇ ਰਾਜੇ ਸਲਵਾਨ ਨੂੰ ਪੁੱਛੇ ਇਸ ਸਵਾਲ ਦਾ ਰਾਜੇ ਕੋਲ ਕੋਈ ਉੱਤਰ ਨਹੀਂ :
'ਲੇਕਿਨ ਮੈਂ ਵੀ ਮਾਂ ਹਾਂ
ਮੇਰਾ ਬਾਲਕ, ਕਿੰਝ ਦੁਨੀਆ ਤੋਂ ਵੱਖਰਾ ਹੋਵੇ।'
ਭੋਰੇ ਵਿਚ ਕਿਸੇ ਹੋਰ ਔਰਤ ਦੀ ਨਿਗਰਾਨੀ ਹੇਠ ਪਲਦਾ ਪੂਰਨ, ਮਾਂ ਇੱਛਰਾਂ ਦੀ ਸੁਰਤ ਨੂੰ ਕਦੇ ਚੈਨ ਨਹੀਂ ਲੈਣ ਦਿੰਦਾ। ਆਪਣੀ ਅਸਲ (ਜਨਮ ਦੇਣ ਵਾਲੀ ਮਾਂ) ਬਾਰੇ ਪਤਾ ਲੱਗਣ 'ਤੇ ਪੂਰਨ ਦੀ ਆਤਮਾ ਨੂੰ ਸਦਮੇ ਵਰਗਾ ਝਟਕਾ ਲਗਦੈ। ਜਨਮ ਦੇਣ ਵਾਲੀ ਮਾਂ ਦੀ ਮਮਤਾ ਬਾਰੇ ਉਹਦੇ ਮਨ ਵਿਚ ਅਨੇਕ ਸੰਸੇ ਉਤਪੰਨ ਹੋ ਜਾਂਦੇ ਨੇ।
ਕਾਵਿ-ਨਾਟ ਦਾ ਅੰਤਲਾ ਹਿੱਸਾ, ਪਾਠਕ ਦੀਆਂ ਤਰਬਾਂ ਛੇੜਣ ਦੇ ਸਮਰਥ ਹੈ। ਵਰ੍ਹਿਆਂ ਦੇ ਵਿਛੋੜੇ ਮਗਰੋਂ, ਮਿਲਾਪ ਦਾ ਸੁਖਦ ਅਹਿਸਾਸ, ਕੁਝ ਪਲ, ਪਰ ਵੇਖਦਿਆਂ ਹੀ ਵੇਖਦਿਆਂ, ਹੱਥਾਂ ਵਿਚੋਂ, ਕਿਰ ਗਏ, ਅਲੋਪ ਹੋ ਗਏ, ਤੇ ਪਿੱਛੇ ਛੱਡ ਗਏ ਅਨੇਕਾਂ ਸਵਾਲ ਅਤੇ ਡੂੰਘੀ ਸੋਚ, ਤੇ ਪੀੜਤ ਅਹਿਸਾਸਾਂ ਦੀ ਪੰਡ।
ਮਾਤਾ ਤੇਰੀ
ਹੋਣੀ ਦੇ ਪਰਛਾਵੇਂ ਵਿੰਹਦੀ, ਸਹਿੰਦੀ ਸਹਿੰਦੀ
ਕਹਿੰਦੀ ਵੀ ਤਾਂ ਕਿਸ ਨੂੰ ਕਹਿੰਦੀ
ਤੂੰ ਜਿਸ ਭੋਰੇ ਨੂੰ, ਭੁੱਲ ਆਇਐਂ
ਰੱਬ ਕਰੇ ਇ ਭੁੱਲਦਾ ਰਹਿਸੇਂ
ਤੇਰੇ ਪਾਤਰ ਅਗਲੇ ਭੋਰੇ। ਤੇਰੀ ਉਮਰ ਉਡੀਕ ਰਹੇ ਨੇ
ਕਦੇ ਕਦੇ ਇਹ ਮਾਂ ਵੀ ਤੈਨੂੰ, ਸੁਪਨੇ ਵਿਚ ਨਜ਼ਰੀ ਆਵੇਗੀ।
ਅੱਖ ਖੁੱਲ੍ਹਿਆਂ ਸਭ ਭੁੱਲ ਜਾਵੇਗੀ।
ਪੂਰਨ-'ਮਾਤਾ। ਮਾਤਾ' ਆਵਾਜ਼-'ਭੁੱਲ ਜਾ ਪੁੱਤਰਾ।' ਪੂਰਨ-'ਮਾਂ ਮਾਂ', ਆਵਾਜ਼-'ਪੁੱਤਰਾ ਪੁੱਤਰਾ'।
(ਦੋਵੇਂ, ਉਲਟ ਦਿਸ਼ਾ ਵੱਲ ਉਹਲੇ ਹੋ ਜਾਂਦੇ ਹਨ)
ਸਟੇਜ 'ਤੇ ਤਿੱਖੀ ਰੌਸ਼ਨੀ, ਫੇਰ ਹਨੇਰਾ, ਫੇਰ ਹਲਕੀ ਹਲਕੀ ਰੌਸ਼ਨੀ। ਇੰਜ, ਡਾ: ਸ਼ਹਰਯਾਰ ਨੇ ਪੂਰਨ ਭਗਤ ਦੇ, ਲੋਕ ਮਨਾਂ ਵਿਚ ਵਸਦੇ ਕਿੱਸੇ ਨੂੰ, ਇਕ ਨਵੇਂ ਜ਼ਾਵੀਏ ਤੋਂ, ਕਾਵਿ-ਨਾਟਕ ਰਾਹੀਂ ਪੇਸ਼ ਕਰਕੇ, ਇਸ ਨੂੰ ਤਵੱਜੋ ਨਾਲ ਪੜ੍ਹਨ ਅਤੇ ਸਾਂਭਣਯੋਗ ਦਸਤਾਵੇਜ਼ ਬਣਾ ਦਿੱਤੈ।

-ਤੀਰਥ ਸਿੰਘ ਢਿੱਲੋਂ
ਮੋ: 98154-61710

ਮੈਂ ਤਾਰੇ ਕੀ ਕਰਨੇ
ਕਵਿੱਤਰੀ : ਗੁਰੂਤੇਜ ਪਾਰਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.

ਕਵਿੱਤਰੀ ਗੁਰੂਤੇਜ ਪਾਰਸਾ ਦੀ ਪਹਿਲੀ ਪਲੇਠੀ ਕਵਿਤਾ ਦੀ ਪੁਸਤਕ 'ਮੈਂ ਤਾਰੇ ਕੀ ਕਰਨੇ' ਗੰਭੀਰ ਅਤੇ ਹਿਰਦੇ ਮੂਲਕ ਕਵਿਤਾ ਹੈ। ਸਫ਼ਾ 73 ਤੱਕ ਉਸ ਦੀਆਂ ਭਾਵਪੂਰਤ ਕਵਿਤਾਵਾਂ ਹਨ ਜਦੋਂ ਕਿ 73 ਤੋਂ 112 ਸਫ਼ੇ ਵਿਚ ਉਸ ਦੇ ਜਜ਼ਬਾ ਭਰਪੂਰ ਗੀਤ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਅਨੇਕ ਰੰਗ ਹਨ। ਇਸ ਕਵਿਤਾ ਵਿਚ ਔਰਤ ਦੇ ਦਿਲੀ ਦਰਦ, ਮੁਹੱਬਤ ਵਿਚ ਹਾਰਾਂ ਦੀ ਟੀਸ, ਮੇਲ ਦੀ ਖੁਸ਼ੀ, ਜ਼ਿੰਦਗੀ ਪ੍ਰਤੀ ਸ਼ਿਕਵੇ, ਔਰਤ ਵੱਲੋਂ ਦੱਬੂ ਸਥਿਤੀ ਤੋਂ ਬਗਾਵਤ, ਮਾਨਸਿਕ ਵਲਵਲੇ ਅਤੇ ਫਰਜ਼ਾਂ ਪ੍ਰਤੀ ਹਾਂ-ਮੁਖੀ ਪਹੁੰਚ ਹੈ। ਉਸ ਦੀ ਪਹਿਲੀ ਕਵਿਤਾ ਬਾਬਲ ਪ੍ਰਤੀ ਮੋਹ ਤੋਂ ਅਗਾਂਹ ਸ਼ਰਧਾ ਅਤੇ ਆਸਤਿਕਤਾ ਦਾ ਜਲੌਅ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਹਨ ਪਰ ਜਦ ਉਹ ਛੰਦਬੱਧ ਕਵਿਤਾ ਲਿਖਦੀ ਹੈ ਤਾਂ ਕਮਾਲ ਕਰਦੀ ਹੈ। ਉਸ ਦੇ ਗੀਤਾਂ ਵਿਚ ਉਹ ਸਾਰੇ ਗੁਣ ਹਨ ਜੋ ਕਿ ਅਜੋਕੀ ਸਥਿਤੀ ਵਿਚ ਪ੍ਰਗੀਤ ਲੋੜਦਾ ਹੈ। ਉਸ ਦੀ ਕਵਿਤਾ ਇਕ ਖ਼ੁਦ ਰੌ ਜਾਂ ਕੁਦਰਤੀ ਨਦੀ ਦੇ ਪ੍ਰਵਾਹ ਵਾਂਗ ਹੈ। ਕਵਿੱਤਰੀ ਉਹੀ ਲਿਖਦੀ ਹੈ ਜੋ ਉਸ ਨੂੰ ਨਾਜ਼ਿਲ ਹੁੰਦਾ ਹੈ। ਪਰ ਨਾਜ਼ਿਲ ਉਹੀ ਹੁੰਦਾ ਹੈ ਜੋ ਉਹ ਸਿਰਜਣਾ ਦੇ ਖਾਬ ਵਿਚ ਵੇਖਦੀ ਹੈ। ਇਸੇ ਲਈ ਉਸ ਦੀਆਂ ਕਵਿਤਾਵਾਂ ਵਿਚ ਜਿਥੇ ਅੰਬਰੀ-ਜਜ਼ਬਾਤੀ ਰੰਗ ਹੈ, ਉਤੇ ਯਥਾਰਥ ਦੀ ਜ਼ਮੀਨ ਦੀ ਖੁਸ਼ਬੂ ਵੀ ਹੈ। ਉਸ ਦੀਆਂ ਕਵਿਤਾਵਾਂ ਵਿਚ ਲੈਅ ਹੈ। ਇਸੇ ਲਈ ਰਸ ਹੈ। ਰੂਪ ਦੀ ਸੁੰਦਰਤਾ ਹੀ ਵਿਸ਼ੇ ਦੀ ਸੁੰਦਰਤਾ ਨੂੰ ਬਹਾਲ ਕਰਦੀ ਹੈ। ਉਸ ਦੀ ਕਵਿਤਾ ਦੇ ਬਿੰਹ, ਚਿੰਨ੍ਹ ਤੇ ਅਲੰਕਾਰ ਸਲਾਹੁਣਯੋਗ ਹਨ। ਭਾਵੇਂ ਪਾਰਸਾ ਦੀ ਇਹ ਪਹਿਲੀ ਕਾਵਿ ਪੁਸਤਕ ਹੈ ਪਰ ਲਗਦਾ ਹੈ ਕਿ ਉਹ ਇਕ ਗੁੜ੍ਹੀ ਹੋਈ ਕਵਿੱਤਰੀ ਹੈ। ਉਹ ਕਵਿਤਾ ਨੂੰ ਜੀਂਦੀ ਹੈ ਜਿਵੇਂ ਕੋਈ ਆਤਮਾ ਨੂੰ ਨਾਲ-ਨਾਲ ਰੱਖ ਕੇ ਜਿਊਂਦਾ ਹੈ। ਇਸੇ ਤਰ੍ਹਾਂ ਉਸ ਦੀ ਕਵਿਤਾ ਉਸ ਦੀ ਆਤਮਾ ਵਾਂਗ ਹਾਜ਼ਰ ਰਹਿੰਦੀ ਹੈ। ਤਰਕ, ਵਿਤਰਕ, ਵਿਵੇਕ, ਪ੍ਰਚਲਿਤ ਵਿਹਾਰ, ਆਦਰਸ਼, ਖਾਬ, ਅਹਿਸਾਸ, ਅਵਚੇਤਨ ਅਤੇ ਚਿੰਤਨ ਇਨ੍ਹਾਂ ਕਵਿਤਾਵਾਂ ਦੇ ਅੰਬਰਾਂ ਦੇ ਚੰਨ ਤਾਰੇ ਹਨ :
'ਦੁਨੀਆਦਾਰੀ ਸ਼ਹਿਦ ਬਰੋਬਰ/ਜੋ ਖੁੱਭਿਆ ਸੋ ਹਰਿਆ ਏ-ਨਿਤਨੇਮ ਭਾਵੇਂ ਰੂਹ ਰੁਸ਼ਨਾਏ/ਪਰ ਨੇਹ ਬਿਨਾ ਕਦ ਸਰਿਆ ਏ?/ਲੱਖ ਉਡਾਨਾਂ ਸੁਪਨੇ ਨਿਹਫਲ/ਜੇ ਰਾਹ ਨਾ ਇਸ਼ਕ ਦਾ ਫੜਿਆ ਏ/...' ਇਕ ਹੋਰ ਕਵਿਤਾ 'ਸੁਖ ਦਾ ਇਕ ਘੁਟ' ਵਿਚੋਂ ਇਕ ਬੰਦ ਦੇ ਕੇ ਅਲਵਿਦਾ ਕਹਾਂਗਾ :
'ਇਕ ਕਿਰਨ ਸੂਰਜ 'ਚੋਂ ਨਿਕਲੇ/ਮਸਤਕ ਵਿਚ ਧਸ ਜਾਏ-ਦਿਲ ਦੀ ਮਹਿਕ ਬਣੇ ਇਕ ਝਰਨਾ ਰੁਣ ਝੁਣ ਵਹਿੰਦੀ ਜਾਏ...।
'ਮੈਂ ਤਾਰੇ ਕੀ ਕਰਨੇ' ਕਾਵਿ ਸੰਗ੍ਰਹਿ ਆਧੁਨਿਕ ਨਾਰੀ ਕਾਵਿ ਚਿੰਤਕਾਂ ਅਤੇ ਗੰਭੀਰ ਪਾਠਕਾਂ ਲਈ ਅਮੁੱਲ ਪੁਸਤਕ ਹੈ। ਜੀ ਆਇਆਂ।

-ਸੁਲੱਖਣ ਸਰਹੱਦੀ
ਮੋ: 94174-84337

ਪੁੰਨਿਆਂ ਤੋਂ ਪਹਿਲਾਂ
ਲੇਖਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਸੁਰਿੰਦਰ ਰਾਮਪੁਰੀ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਿਰੰਤਰ ਸਿਰਜਣਾਸ਼ੀਲ ਹੈ। 'ਪੁੰਨਿਆਂ ਤੋਂ ਪਹਿਲਾਂ' ਉਸ ਦੇ ਕਹਾਣੀ-ਸੰਗ੍ਰਹਿ ਦੀ ਦੂਸਰੀ ਨਵੀਂ ਐਡੀਸ਼ਨ ਹੈ, ਜਿਸ ਵਿਚ ਉਸ ਨੇ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਸੁਰਿੰਦਰ ਰਾਮਪੁਰੀ ਔਰਤ-ਮਰਦ ਦੇ ਰਿਸ਼ਤਿਆਂ ਵਿਚਕਾਰ ਪਈਆਂ ਗੰਢਾਂ ਖੋਲ੍ਹਣ ਵਾਲਾ ਕਹਾਣੀਕਾਰ ਹੈ। ਉਸ ਦੇ ਪਾਤਰ ਮੁਹੱਬਤ, ਛਲ, ਵੇਦਨਾ, ਸੰਵੇਦਨਾ ਵਿਚਕਾਰ ਅਜੀਬ ਵਿਹਾਰ ਕਰਦੇ ਪ੍ਰਤੀਤ ਹੁੰਦੇ ਹਨ। ਕਈ ਵਾਰੀ ਉਹ ਸਮਾਜਿਕ ਉਲੰਘਣਾਵਾਂ ਪਾਰ ਕਰਦੇ ਹਨ ਤੇ ਕਈ ਵਾਰੀ ਨਵੇਂ ਰਿਸ਼ਤਿਆਂ ਦੇ ਵੀ ਪਾਂਧੀ ਬਣਦੇ ਹਨ। 'ਚਿੰਤਾ ਵਾਲੀ ਗੱਲ' ਪਿਆਰ, ਕੁਰਬਾਨੀ ਤੇ ਛਲ ਵਿਚਕਾਰ ਘੁੰਮਦੀ ਹੋਈ ਅਮਰੀਜੀਤ ਦੀ ਕਹਾਣੀ ਹੈ। 'ਰੇਖਾਵਾਂ ਦੇ ਆਰ-ਪਾਰ' ਕਹਾਣੀ ਦੇ ਪਤੀ-ਪਤਨੀ ਸੰਤਾਨ ਨਾ ਹੋਣ ਦਾ ਸੰਤਾਪ ਭੋਗਦੇ ਹੋਏ ਕਿਸੇ ਪ੍ਰੇਮਿਕਾ ਤੋਂ ਬੱਚਾ ਲੈਣ ਦੀ ਤਾਂਘ ਰੱਖਦੇ ਹਨ। 'ਆਪਣੀ ਆਪਣੀ ਪਹੁੰਚ' ਦਾ ਅਮਰ ਚੰਦ ਚੌਕੀਦਾਰ ਰਾਤੋ-ਰਾਤ ਅਮੀਰ ਹੋਣ ਲਈ ਅੱਕੀਂ-ਪਲਾਹੀਂ ਹੱਥ ਮਾਰਦਾ ਦਿਖਾਈ ਦਿੰਦਾ ਹੈ। 'ਅੰਨ੍ਹਾ ਖੂਹ' ਇਸ ਸੰਗ੍ਰਹਿ ਦੀ ਬਹੁਤ ਹੀ ਵਧੀਆ ਤੇ ਗੁੰਝਲਦਾਰ ਕਹਾਣੀ ਹੈ, ਜਿਸ ਵਿਚ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਕੇ ਸਮਾਜਿਕ ਤੇ ਪਰਿਵਾਰਕ ਸੰਤਾਪ ਪੈਦਾ ਕੀਤਾ ਗਿਆ ਹੈ। 'ਕਿੱਝ' ਕਹਾਣੀ ਪੰਜਾਬ 'ਚ ਅੱਤਵਾਦ ਦੇ ਸਹਿਮ ਦੇ ਪ੍ਰਛਾਵਿਆਂ ਨੂੰ ਫੜਨ ਦਾ ਆਹਰ ਕਰਦੀ ਹੈ। 'ਉਦੋਂ ਹੀ' ਮਿਥਿਹਾਸ ਦੀ ਵਰਤੋਂ ਰਾਹੀਂ ਆਧੁਨਿਕ ਸਮੱਸਿਆਵਾਂ ਵੱਲ ਸੰਕੇਤ ਕੀਤਾ ਗਿਆ ਹੈ। 'ਸੁਨੀਤਾ ਦਾ ਵਹਿਮ' ਦੀ ਸੁਨੀਤਾ ਨੂੰ ਵਹਿਮ ਸੀ ਕਿ ਉਹ ਜਿਸ ਨੂੰ ਵੀ ਪ੍ਰੇਮ ਕਰਦੀ ਸੀ, ਉਹ ਮੌਤ ਦੇ ਮੂੰਹ 'ਚ ਜਾ ਪੈਂਦਾ ਸੀ। 'ਪੁੰਨਿਆਂ ਤੋਂ ਪਹਿਲਾਂ' ਸ਼ਰਨਜੀਤ ਦੇ ਸੰਘਰਸ਼ ਦੀ ਕਹਾਣੀ ਹੈ ਜੋ ਹਾਰ ਕੇ ਵੀ ਮੁੜ ਲੜਨ ਲਈ ਹਿੰਮਤ ਪੈਦਾ ਕਰਦਾ ਹੈ। 'ਮੱਥੇ ਦੀ ਚੀਸ' ਦਹੇਜ ਦੇ ਲੋਭੀਆਂ ਦਾ ਪਾਜ ਉਘਾੜਦੀ ਹੈ। ਰਾਮਪੁਰੀ ਹੋਣਹਾਰ ਕਹਾਣੀ ਲੇਖਕ ਹੈ। ਪੁਸਤਕ ਦਾ ਦੂਸਰਾ ਐਡੀਸ਼ਨ ਛਾਪਣਾ ਆਪਣੇ-ਆਪ ਵਿਚ ਵੱਡਾ ਕੰਮ ਹੈ।

ਆਮ ਤੋਂ ਖ਼ਾਸ
ਲੇਖਿਕਾ : ਪ੍ਰਭਾ ਖੇਤਾਨ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗ਼ੜ੍ਹ
ਮੁੱਲ : 350 ਰੁਪਏ, ਸਫ਼ੇ : 270.

ਪ੍ਰਭਾ ਖੇਤਾਨ ਹਿੰਦੀ ਦੀ ਜਾਣੀ-ਪਛਾਣੀ ਤੇ ਪ੍ਰਤਿਸ਼ਟਤ ਗਲਪ-ਲੇਖਿਕਾ ਹੈ। 'ਆਮ ਤੋਂ ਖ਼ਾਸ' ਉਸ ਦੀ ਸਵੈ-ਜੀਵਨੀ ਹੈ ਜੋ ਪਹਿਲਾਂ ਹਿੰਦੀ ਵਿਚ 'ਅੰਨਿਆ ਸੇ ਅਨੰਨਿਆ' ਦੇ ਨਾਂਅ ਹੇਠ ਪ੍ਰਕਾਸ਼ਿਤ ਹੋਈ ਸੀ। ਇਸ ਦਾ ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਕਹਾਣੀ ਲੇਖਕ ਮਹਿਤਾਬ-ਉਦ-ਦੀਨ ਦੁਆਰਾ ਪੇਸ਼ ਕੀਤਾ ਗਿਆ ਹੈ।
ਪ੍ਰਭਾ ਖੇਤਾਨ ਬੰਗਾਲ ਵਿਚ ਵਸਦੇ ਇਕ ਧਨੀ ਤੇ ਪ੍ਰਤਿਸ਼ਠਤ ਮਾਰਵਾੜੀ ਪਰਿਵਾਰ ਨਾਲ ਸਬੰਧਤ ਔਰਤ ਹੈ। ਮਾਰਵਾੜੀ ਟੱਬਰ ਭਾਵੇਂ ਕਾਫੀ ਦੇਰ ਤੋਂ ਕਲਕੱਤੇ ਰਹਿ ਰਿਹਾ ਹੈ ਪਰ ਉਸ ਦੇ ਸੰਸਕਾਰ, ਰਹੁ-ਰੀਤਾਂ ਤੇ ਖ਼ਿਆਲਾਤ ਸਭ ਆਮ ਮਾਰਵਾੜੀਆਂ ਵਾਂਗ ਹੀ ਹਨ। ਉਹ ਬੰਗਾਲੀ ਜਨ-ਜੀਵਨ ਅਨੁਸਾਰ ਨਹੀਂ ਢਲੇ। ਪ੍ਰਭਾ ਖੇਤਾਨ ਇਹੋ ਜਿਹੇ ਸੰਸਕਾਰੀ ਤੇ ਪੁਰਾਤਨ-ਪੰਥੀ ਪਰਿਵਾਰ ਦੀ ਧੀ ਹੋਣ ਦੇ ਬਾਵਜੂਦ ਆਜ਼ਾਦੀ ਨਾਲ ਆਪਣੀਆਂ ਹੀ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਦਾ ਯਤਨ ਕਰਦੀ ਹੈ। ਉਹ ਰਵਾਇਤੀ ਵਿਆਹ ਦੇ ਬੰਧਨਾਂ ਵਿਚ ਨਹੀਂ ਬੱਝਦੀ। ਉਹ ਪੰਜ ਬੱਚਿਆਂ ਦੇ ਪਿਉ ਤੇ ਇਕ ਸ਼ਾਦੀਸ਼ੁਦਾ ਅੱਖਾਂ ਦੇ ਡਾਕਟਰ ਸੱਰਾਫ਼ ਨੂੰ ਮੁਹੱਬਤ ਕਰਨ ਲਗਦੀ ਹੈ ਤੇ ਇਸ ਤਰ੍ਹਾਂ ਇਕ ਵੱਡੇ ਚੈਲੰਜ ਦੇ ਰੂ-ਬਰੂ ਹੁੰਦੀ ਹੈ। ਉਹ ਜਾਣਦੀ ਹੈ ਕਿ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਵਾਲੀ ਔਰਤ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਅਤਿਅੰਤ ਲਾਜ਼ਮੀ ਹੈ। ਇਸੇ ਲਈ ਉਹ ਚਮੜੇ ਦੇ ਵਪਾਰ 'ਚ ਰੁਚੀ ਲੈਣ ਲਗਦੀ ਹੈ ਤੇ ਕੁਝ ਹੀ ਵਰ੍ਹਿਆਂ ਵਿਚ ਦੇਸ਼-ਵਿਦੇਸ਼ ਦੀ ਇਕ ਪ੍ਰਸਿੱਧ ਵਪਾਰੀ ਬਣ ਜਾਂਦੀ ਹੈ। ਇਸ ਵਪਾਰਕ ਕਾਮਯਾਬੀ ਨਾਲ ਉਸ ਨੂੰ ਆਪਣੇ ਪੈਰਾਂ 'ਤੇ ਖਲੋਣ ਤੇ ਮਜ਼ਬੂਤੀ ਨਾਲ ਜ਼ਿੰਦਗੀ ਜਿਊਣ ਦਾ ਰਾਹ ਤਾਂ ਭਾਵੇਂ ਮਿਲ ਜਾਂਦਾ ਹੈ ਪਰ ਸੰਸਕਾਰਾਂ ਵਿਚ ਬੱਝਿਆ ਸਮਾਜ ਡਾ: ਸੱਰਾਫ਼ ਨਾਲ ਉਸ ਦੇ ਰਿਸ਼ਤੇ ਨੂੰ ਕਦਾਚਿਤ ਪ੍ਰਵਾਨਗੀ ਨਹੀਂ ਦਿੰਦਾ। ਨਤੀਜਾ ਉਸ ਨੂੰ ਕਦਮ-ਕਦਮ 'ਤੇ ਜ਼ਲੀਲ ਤੇ ਪੜਤਾੜਿਤ ਹੋਣਾ ਪੈਂਦਾ ਹੈ। ਇਹੋ ਉਸ ਜਿਹੀ ਔਰਤ ਦੀ ਹੋਣੀ ਬਣਦੀ ਹੈ।
ਲੇਖਿਕਾ ਭਾਵੇਂ ਇਸ ਨੂੰ ਆਪਣੀ ਸਵੈ-ਜੀਵਨੀ ਆਖਦੀ ਹੈ ਪਰ ਇਸ ਵਿਚ ਇਕ ਚੰਗੇ ਨਾਵਲ ਦੇ ਸਾਰੇ ਗੁਣ ਮੌਜੂਦ ਹਨ। ਕਲਕੱਤੇ ਦੇ ਜੀਵਨ ਦਾ ਖੁੱਲ੍ਹਾ-ਡੁੱਲ੍ਹਾਪਨ, ਨੌਜਵਾਨਾਂ ਦੀਆਂ ਅਕਾਂਖਿਆਵਾਂ, ਚਾਹਤਾਂ ਤੇ ਤਾਂਘਾਂ, ਬੰਗਾਲੀਆਂ ਤੇ ਮਾਰਵਾੜੀਆਂ ਦੇ ਆਪਸੀ ਸਬੰਧ, ਨਕਸਲਵਾੜੀ ਅੰਦੋਲਨ, ਐਮਰਜੈਂਸੀ, ਖੱਬੀਆਂ ਪਾਰਟੀਆਂ ਦੀ ਚੜ੍ਹਤ ਆਦਿ ਦੇ ਵੇਰਵੇ ਸਮੁੱਚੇ ਰੂਪ ਵਿਚ ਇਸ ਕਥਾ ਵਿਚ ਉਪਲਬਧ ਹੁੰਦੇ ਹਨ। ਵਿਦੇਸ਼ੀ ਬਾਜ਼ਾਰ ਦੀਆਂ ਲੋੜਾਂ-ਹੋੜਾਂ ਵੀ ਸਮਝ 'ਚ ਆਉਂਦੀਆਂ ਹਨ। ਦਰਾਮਦ-ਬਰਾਮਦ ਨਾਲ ਜੁੜੇ ਭਾਰਤੀ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਪਤਾ ਲਗਦੀਆਂ ਹਨ। ਦਾਦੀ ਮਾਂ, ਮਿਸ ਆਈਵੀ ਜਿਹੇ ਮਾਰਮਿਕ ਚਰਿੱਤਰ ਇਸ ਕਥਾ ਨੂੰ ਹੋਰ ਵੀ ਸਜੀਵ ਬਣਾਉਂਦੇ ਹਨ। ਪ੍ਰਭਾ ਖੇਤਾਨ ਕੋਲ ਅਜਿਹੀ ਸਸ਼ਕਤ ਬੋਲੀ ਤੇ ਕਥਾ ਰਸ ਹੈ ਕਿ ਇਸ ਨੂੰ ਇਕ ਵਾਰ ਸ਼ੁਰੂ ਕਰਕੇ ਛੱਡਿਆ ਨਹੀਂ ਜਾ ਸਕਦਾ। ਪ੍ਰੇਮ ਕਰਨ ਵਾਲੀ ਆਜ਼ਾਦ ਔਰਤ ਦੀ ਮਾਰਮਿਕ ਕਹਾਣੀ ਦਿਲ ਨੂੰ ਛੂੰਹਦੀ ਹੈ। ਅਨੁਵਾਦ ਵਿਚ ਥੋਨੂੰ, ਥੋਡਾ ਜਿਹੇ ਸ਼ਬਦ ਓਪਰੇ ਲਗਦੇ ਹਨ। ਪੁਸਤਕ ਬਹੁਤ ਹੀ ਰੌਚਿਕ ਹੈ।

-ਕੇ. ਐਲ. ਗਰਗ
ਮੋ: 94635-37050

ਅੱਖਾਂ! ਅੱਖਾਂ!! ਅੱਖਾਂ!!!
ਕਵੀ : ਡਾ: ਗੁਲਜ਼ਾਰ ਸਿੰਘ ਸੱਭਰਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਡਾ: ਗੁਲਜ਼ਾਰ ਸਿੰਘ ਸੱਭਰਵਾਲ ਲੋਕ ਮੁਹਾਂਦਰੇ ਵਾਲਾ ਕਵੀ ਹੈ। ਹਥਲਾ ਕਾਵਿ-ਸੰਗ੍ਰਹਿ 'ਅੱਖਾਂ! ਅੱਖਾਂ!! ਅੱਖਾਂ!!!' ਵਿਚ ਨਜ਼ਮਾਂ, ਗੀਤ, ਦੋਗਾਣੇ ਅਤੇ ਗ਼ਜ਼ਲਾਂ ਆਦਿ ਸ਼ਾਮਿਲ ਹਨ। ਮੁੱਖ ਰੂਪ ਵਿਚ ਡਾ: ਗੁਲਜ਼ਾਰ ਸਿੰਘ ਸੱਭਰਵਾਲ ਪਿਆਰ ਭਾਵਨਾਵਾਂ ਦਾ ਕਵੀ ਵੀ ਹੈ। ਪਿਆਰ ਸਮਰਪਣ ਦੀ ਭਾਵਨਾ ਦਾ ਨਾਂਅ ਹੈ। ਸਮਰਪਣ ਦੀ ਭਾਵਨਾ ਨੂੰ ਡਾ: ਸੱਭਰਵਾਲ ਬਹੁਤ ਖੂਬਸੂਰਤ ਢੰਗ ਨਾਲ ਪ੍ਰਗਟਾਉਂਦਾ ਹੈ :
ਮੈਨੂੰ ਨਾ ਬੁਲਾਉ ਨੀ,
ਮੈਂ ਉਹਦੇ ਵਿਚ ਖੋਈ ਆਂ।
ਤਨੋ-ਮਨੋ-ਧਨੋ ਨੀ,
ਮੈਂ ਬੱਸ ਉਹਦੀ ਹੋਈ ਆਂ.
ਕਵਿਤਾ ਵਿਚ ਵਿਅੰਗ ਦੀ ਧਾਰ ਬਹੁਤ ਤਿੱਖੀ ਹੈ। ਨਾਲ ਹੀ ਨਾਲ ਸਾਡੇ ਸਮਾਜ ਦੇ ਰਾਜਨੀਤਕ ਅਤੇ ਵਿਦਿਅਕ, ਸਮਾਜਿਕ ਤਾਣੇ-ਬਾਣੇ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ। ਉਦਾਹਰਨ ਵਜੋਂ 'ਦੱਸ ਬੱਲੇ ਤੇਰੇ ਪੁੱਤਰਾ' ਨਾਮੀ ਗਾਣੇ 'ਚ ਅਜੋਕੇ ਵਿਦਿਅਕ ਸਿਸਟਮ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ, ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਪੈਦਾ ਕਰਦੀ ਹੈ। ਕਵੀ ਨੇ ਹਰ ਵਰਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੀ ਕਵਿਤਾਵਾਂ 'ਚ ਕੀਤਾ ਹੈ। ਪੁਸਤਕ ਦੀ ਭੂਮਿਕਾ ਪਰਮਜੀਤ ਕੌਰ ਸਰਹਿੰਦ ਅਤੇ ਡਾ: ਹਰਚੰਦ ਸਿੰਘ ਸਰਹਿੰਦੀ ਨੇ ਲਿਖੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਸੂਲੀ ਟੰਗਿਆ ਸੱਚ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 240.

ਕੁਦਰਤ ਦਾ ਹਰ ਜੀਵਨ ਆਪਣੀ ਵਿਸ਼ੇਸ਼ ਵਿਲੱਖਣਤਾ ਨਾਲ ਭਰਪੂਰ ਹੁੰਦਾ ਹੈ। ਕਿਸੇ ਨਾ ਕਿਸੇ ਰੂਪ/ਰੰਗ ਵਿਚ ਇਹ ਵਿਲੱਖਣਤਾ ਜ਼ਾਹਰ ਹੁੰਦੀ ਰਹਿੰਦੀ ਹੈ। ਮਨੁੱਖੀ ਜੀਵਨ-ਸ਼ੈਲੀ ਵਿਚ ਵੀ ਕੁਝ ਖ਼ਾਸ ਮਨੁੱਖ ਹੁੰਦੇ ਹਨ ਜੋ ਆਪਣੇ ਅਨੁਭਵਾਂ, ਵਿਚਾਰਾਂ ਤੇ ਆਲੇ-ਦੁਆਲੇ ਪਨਪਦੀਆਂ/ਵਾਪਰਦੀਆਂ ਬੇਜ਼ੁਬਾਨ ਘਟਨਾਵਾਂ ਨੂੰ ਕਲਮ ਰੂਪੀ ਐਸੀ ਜ਼ਬਾਨ ਲਾਉਣ ਦੇ ਸਮਰੱਥ ਹੁੰਦੇ ਹਨ ਕਿ ਰਚਨਾਵਾਂ ਬੋਲ ਉਠਦੀਆਂ ਹਨ। ਅਜਿਹੇ ਹੀ ਖ਼ਾਸ ਮਨੁੱਖ ਡਾ: ਗੁਰਚਰਨ ਸਿੰਘ ਔਲਖ ਨੇ ਬਹੁਤ ਸਾਰੀਆਂ ਰਚਨਾਵਾਂ ਅਤੇ ਅਨੁਵਾਦਾਂ ਨਾਲ ਸਾਹਿਤ ਜਗਤ ਦੀ ਝੋਲੀ ਨੂੰ ਸਰਸ਼ਾਰ ਕੀਤਾ ਹੋਇਆ ਹੈ। ਸਵੈ-ਜੀਵਨ ਗਾਥਾ 'ਸੂਲੀ ਟੰਗਿਆ ਸੱਚ' ਵਿਚ ਡਾ: ਔਲਖ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਬਾਖੂਬੀ ਪਾਠਕਾਂ ਦੇ ਰੂਬਰੂ ਕਰਨ ਦਾ ਸਫਲ ਯਤਨ ਕੀਤਾ ਹੈ। ਮਨੁੱਖ ਨੂੰ ਜੀਵਨ ਵਿਚ ਵਿਚਰਦਿਆਂ ਬਹੁਤ ਸਾਰੇ ਦੁੱਖਾਂ-ਸੁੱਖਾਂ ਤੇ ਸੱਚ-ਝੂਠ ਨਾਲ ਦੋ-ਚਾਰ ਵੀ ਹੋਣਾ ਪੈਂਦਾ ਹੈ। ਜਗਤ ਹੱਸ-ਹਵਾਨੇ (ਜੱਗ-ਹਸਾਈ) ਤੋਂ ਬਚਣ ਲਈ ਆਮ ਮਨੁੱਖ ਪਰਦੇ ਹੇਠ ਸਭ ਕੁਝ ਵੀ ਨੱਪਣ ਦੀ ਕੋਸ਼ਿਸ਼ ਕਰਦਾ ਹੈ ਪਰ ਡਾ: ਔਲਖ ਨੇ ਆਪਣੇ ਜੀਵਨ ਦੀ ਕਰੀਬ ਹਰ ਬਰੀਕੀ ਤੋਂ ਪਰਦਾ ਉਠਾਉਣ ਦੀ ਯਤਨ ਕੀਤਾ ਹੈ।
ਪਰਿਵਾਰਕ ਤੰਗੀਆਂ-ਤੁਰਸ਼ੀਆਂ, ਉੱਦਮ ਨਾਲ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰ ਲੈਣੀ, ਸਕੂਲ/ਕਾਲਜ ਅਧਿਆਪਕ ਦੀ ਹਰ ਸੁਹਿਰਦ ਡਿਊਟੀ ਨਾਲ ਬਗੈਰ ਕਿਸੇ ਝਿਜਕ/ਡਰ ਤੋਂ ਤਨੋਂ-ਮਨੋਂ ਨਿਪਟਣਾ, ਲੇਖਕ/ ਅਨੁਵਾਦਕ/ਆਲੋਚਕ ਵਜੋਂ ਯੂਨੀਕ ਤਜਰਬੇ, ਗ੍ਰਹਿਸਥੀ ਦੇ ਪਾਂਧੀ ਬਣਨ ਦੇ ਰੌਚਕ ਕਿੱਸੇ, ਘਰ ਦਾ ਕੱਖਾਂ-ਕਾਨਿਆਂ ਵਾਲਾ ਢਾਰਾ ਹੀ ਹਨੀਮੂਨ ਮਨਾਉਣ ਲਈ ਨਸੀਬ ਹੋਣਾ, ਪੀ.ਐਚ.ਡੀ. ਕਰਾਉਣ ਵਾਲੇ ਕੁਝ ਅਖੌਤੀ ਗੁਰੂਆਂ ਵੱਲੋਂ ਸਿਖਿਆਰਥੀਆਂ ਦਾ ਹਰ ਕਿਸਮ ਦਾ ਸ਼ੋਸ਼ਣ ਕਰਨ ਨੂੰ ਤਰਜੀਹ ਦੇਣ ਦਾ ਰੁਝਾਨ, ਮਾਣ-ਸਨਮਾਨ ਵਿਚ ਹੁੰਦੀ ਬਾਂਦਰ ਵੰਡ ਤੇ ਸ਼ੋਕ ਸਮਾਗਮਾਂ ਸਮੇਂ ਵੀ ਕੁਝ ਮੰਨੇ-ਪ੍ਰਮੰਨੇ ਸਨਕੀ ਲੇਖਕਾਂ ਵੱਲੋਂ ਸ਼ਰਾਬ ਤੇ ਕਬਾਬ ਦਾ ਝੱਸ ਪੂਰਾ ਕਰਨ ਲਈ ਉੱਠ ਭੱਜਣਾ ਆਦਿ ਅਨੁਭਵਾਂ ਨੂੰ ਬੜੀ ਬੇਬਾਕੀ ਨਾਲ 'ਸੂਲੀ ਟੰਗਿਆ ਸੱਚ' ਵਿਚ ਪਾਠਕ ਨੂੰ ਪੜ੍ਹਨ ਲਈ ਮਿਲ ਜਾਂਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵੇਖਣ ਹੋਰ ਨੇ।
ਜਵਾਨ-ਜਹਾਨ ਪੁੱਤਰ ਅਤੇ ਦੋਹਤੀ ਦਾ ਜੱਗ ਤੋਂ ਤੁਰ ਜਾਣ ਦੇ ਸੱਲ੍ਹ ਨੇ ਡਾ: ਔਲ਼ਖ ਦੇ ਜੀਵਨ ਨੂੰ ਕਾਫੀ ਡਾਵਾਂਡੋਲ ਕਰ ਦਿੱਤਾ ਸੀ। ਭਾਣਾ ਮੰਨਣ ਤੋਂ ਸਿਵਾਏ ਹੋਰ ਹੋ ਵੀ ਕੀ ਸਕਦਾ ਹੈ, 'ਤੇ ਅਮਲ ਕਰਦਿਆਂ ਵਿਚਾਰਾਂ/ਮਨੋਵੇਗ ਨੂੰ ਕਲਮ ਨਾਲ ਝਰੀਟਦਿਆਂ 'ਤੁਰਿਆ ਚਲ ਇਕ ਸਾਰ ਮੁਸਾਫਰਾ' ਦਾ ਸਬੂਤ ਦਿੱਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

20-9-2014

 ਰੂਹ ਰਾਗ
ਕਵੀ : ਪ੍ਰਭਜੋਤ ਸੋਹੀ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 80.

ਪਿੰਡ ਸੋਹੀਆਂ (ਜ਼ਿਲ੍ਹਾ ਲੁਧਿਆਣਾ) ਦਾ ਰਹਿਣ ਵਾਲਾ ਨੌਜਵਾਨ ਲੇਖਕ ਪ੍ਰਭਜੋਤ ਸੋਹੀ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸਾਹਿਤ ਦੀ ਸਿਰਜਣਾ ਨਾਲ ਵਚਨਬੱਧ ਹੋ ਕੇ ਜੁੜਿਆ ਹੋਇਆ ਹੈ। ਮੈਨੂੰ ਇਸ ਗੱਲ ਦੀ ਵਧੇਰੇ ਖੁਸ਼ੀ ਹੈ ਕਿ ਅਜੋਕੇ ਦੌਰ ਵਿਚ ਜਦੋਂ ਪੰਜਾਬ ਦੇ ਬਹੁਤੇ ਲੋਕ ਧਨ-ਪ੍ਰਾਪਤੀ ਨੂੰ ਹੀ ਜੀਵਨ ਦਾ ਇਕੋ-ਇਕ ਉਦੇਸ਼ ਮਿਥੀ ਅਤੇ ਬਣਾਈ ਬੈਠੇ ਹਨ, ਸਾਡੇ ਪਾਸ ਅਜੇ ਵੀ ਅਨੇਕਾਂ ਸਮਰਪਿਤ ਰੂਹਾਂ ਹਨ, ਜਿਹੜੀਆਂ ਆਪਣੀਆਂ 'ਰੂਹਾਂ ਦੇ ਰਾਗ' ਨੂੰ ਹੀ ਮਨੁੱਖੀ ਜੀਵਨ ਦਾ ਬੇਸ਼ਕੀਮਤੀ ਸਰਮਾਇਆ ਸਮਝ ਕੇ ਇਸ ਰਾਗ ਦਾ ਸਹਿਜ ਅਲਾਪ ਕਰ ਰਹੀਆਂ ਹਨ।
ਪ੍ਰਭਜੋਤ ਸੋਹੀ ਆਪਣੇ ਆਸ-ਪਾਸ ਫੈਲੇ ਜੀਵਨ ਨੂੰ ਬੜੀ ਸ਼ਿੱਦਤ ਨਾਲ ਦੇਖਦਾ ਹੈ ਅਤੇ ਸਿਮਰਦਾ ਹੈ। ਇਹੀ ਕਾਰਨ ਹੈ ਕਿ ਉਸ ਦਾ ਜ਼ਿਹਨ ਸਦਾ ਕਿਸੇ ਨਾ ਕਿਸੇ ਕਵਿਤਾ ਨਾਲ ਗਰਭਿਤ ਰਹਿੰਦਾ ਹੈ। ਮੈਨੂੰ ਪ੍ਰਭਜੋਤ ਸੋਹੀ ਦੇ ਕਾਵਿ ਅਨੁਭਵ ਦਾ ਇਹ ਪੱਖ ਵੀ ਕਾਫੀ ਪਸੰਦ ਆਇਆ ਹੈ ਕਿ ਉਹ ਮਨੁੱਖੀ ਜੀਵਨ ਵਿਚ ਵਾਪਰਨ ਵਾਲੀਆਂ ਵੱਖ-ਵੱਖ ਘਟਨਾਵਾਂ ਨੂੰ ਮੌਲਿਕ ਢੰਗ ਨਾਲ ਵੇਖਦਾ ਅਤੇ ਵਿਚਾਰਦਾ ਹੈ। ਉਹ ਦੁੱਖ ਵਿਚੋਂ ਵੀ ਸੁੱਖ ਨੂੰ ਕਸ਼ੀਦ ਕਰ ਲੈਣ ਵਾਲਾ ਚੜ੍ਹਦੀ ਕਲਾ ਦਾ ਸ਼ਾਇਰ ਹੈ। ਸ਼ਿਵਜੀ ਵਾਂਗ ਉਹ ਵਿਸ਼ਪਾਨ ਕਰਨ ਤੋਂ ਬਾਅਦ ਦੀ ਆਪਣੇ ਸਮਕਾਲੀ ਸਮਾਜ ਨੂੰ ਅੰਮ੍ਰਿਤ ਦੀਆਂ ਘੁੱਟਾਂ ਵੰਡਣ ਦਾ ਮੁਦਈ ਹੈ।
ਪੰਜਾਬੀ ਦੇ ਬਹੁਤੇ ਕਵੀਆਂ ਵਾਂਗ ਅਜੇ ਉਹ 'ਪ੍ਰੋਫੈਸ਼ਨਲ' ਕਵੀ ਨਹੀਂ ਬਣਿਆ। ਪ੍ਰੋਫੈਸ਼ਨਲ ਕਵੀ ਬਣਨ ਤੋਂ ਬਗੈਰ ਪ੍ਰਸਿੱਧੀ ਅਤੇ ਹੋਰ ਰੁਤਬੇ ਹੱਥ ਨਹੀਂ ਆਉਂਦੇ। ਪ੍ਰੋਫੈਸ਼ਨਲ ਕਵੀਆਂ ਦੇ ਕਲਾਮ ਨੂੰ ਪੜ੍ਹ ਕੇ ਉਨ੍ਹਾਂ ਦੇ ਪਾਠਕ ਤਾਂ ਖੂਬ ਪ੍ਰਸੰਨ ਹੋ ਜਾਂਦੇ ਹਨ ਪਰ ਕਵੀ ਨੂੰ ਖ਼ੁਦ ਕੋਈ ਪ੍ਰਸੰਨਤਾ ਹਾਸਲ ਨਹੀਂ ਹੁੰਦੀ ਕਿਉਂਕਿ ਕਵੀ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਕਵਿਤਾਵਾਂ 'ਜੈਨੁਇਨ' ਨਹੀਂ ਸਨ ਬਲਕਿ ਇਹ 'ਹੋਸ਼ਿਆਰੀ' ਨਾਲ ਲਿਖੀਆਂ ਹੋਈਆਂ ਰਚਨਾਵਾਂ ਸਨ। ਇਸੇ ਕਾਰਨ ਮੈਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪ੍ਰਭਜੋਤ ਸੋਹੀ ਵਰਗੇ ਮੌਲਿਕ ਕਵੀਆਂ ਦਾ ਤਾਜ਼ਾ ਕਲਾਮ ਪੜ੍ਹਨਾ ਅਤੇ ਸੁਣਨਾ ਪਸੰਦ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਬੁੱਤ ਸ਼ਿਕਨ
ਲੇਖਕ : ਇੰਦਰ ਸਿੰਘ ਖਾਮੋਸ਼
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 280.

ਬੁੱਤ ਸ਼ਿਕਨ ਫਰਾਂਸੀਸੀ ਲੇਖਕ ਵੋਲਟੇਅਰ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ। ਵੋਲਟੇਅਰ ਨੂੰ ਸਮੇਂ ਦੀ ਰੂਹ ਤੇ ਮਹਿਕ ਅਤੇ ਹੱਸਦਾ ਬੱਬਰ ਸ਼ੇਰ ਕਿਹਾ ਜਾਂਦਾ ਸੀ। ਜੀਵਨ ਕਾਲ ਵਿਚ 99 ਰਚਨਾਵਾਂ ਦੀ ਸਿਰਜਣਾ ਕੀਤੀ, ਜੋ ਉਸ ਦੇ ਅਥਾਹ ਜੋਸ਼, ਹਿੰਮਤ, ਜ਼ਿੰਦਾਦਿਲੀ, ਦਿਮਾਗ ਦੀ ਤੀਖਣਤਾ ਤੇ ਵਿਸ਼ਵ ਕੋਸ਼ ਦੀ ਵਿਸ਼ਾਲਤਾ ਦਾ ਸਬੂਤ ਹਨ। ਉਸ ਨੇ ਜ਼ਿੰਦਗੀ ਦੇ 83 ਸਾਲ ਬਤੀਤ ਕੀਤੇ, ਜੋ ਆਪਣੇ ਦੇਸ਼ ਲਈ ਪੁਨਰ ਸੁਰਜੀਤੀ ਤੇ ਪੁਨਰ ਗਠਨ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਇਸ ਨਾਵਲ ਵਿਚ ਲੇਖਕ ਨੇ ਉਸ ਦੇ ਜੀਵਨ ਦੇ ਹਰ ਪਹਿਲੂ ਨੂੰ ਬਾਖੂਬੀ ਉਘਾੜ ਕੇ ਪੇਸ਼ ਕੀਤਾ ਹੈ, ਚੰਗੇ ਤੇ ਮਾੜੇ ਦੋਵੇਂ ਪਹਿਲੂ ਬਿਨਾਂ ਕਿਸੇ ਓਹਲੇ ਤੋਂ। ਜਿਥੇ ਉਹ ਇਕ ਪਾਸੇ ਬੇਹੱਦ ਦਿਆਲੂ, ਦੂਸਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਾਲਾ, ਦੂਸਰਿਆਂ ਲਈ ਤਨ, ਮਨ ਤੇ ਧਨ ਨਾਲ ਸੇਵਾ ਕਰਨ ਵਾਲੇ ਤੇ ਮਿੱਤਰਾਂ ਦਾ ਮਿੱਤਰ ਸੀ, ਉਥੇ ਦੂਜੇ ਪਾਸੇ ਗਰਮਜੋਸ਼ੀ ਨਾਲ ਦੁਸ਼ਮਣਾਂ ਉਤੇ ਵਾਰ ਕਰਨ ਵਾਲਾ, ਬੜਬੋਲਾ, ਨਾਸਤਿਕ, ਅਸੂਲਹੀਣ ਤੇ ਅਸ਼ਲੀਲ ਵੀ ਸੀ ਅਰਥਾਤ ਸਵੈ-ਵਿਰੋਧੀ ਗੁਣਾਂ ਦਾ ਮਿਸ਼ਰਣ ਸੀ ਵੋਲਟੇਅਰ। ਉਹ ਹਰ ਵੇਲੇ ਕੰਮ ਵਿਚ ਰੁਝਿਆ ਰਹਿਣ ਵਾਲਾ, ਸੰਤੁਲਤ ਤੇ ਸੂਖਮ ਬਿਰਤੀ ਦਾ ਮਾਲਕ ਵੀ ਸੀ। ਮੌਤ ਨੂੰ ਆਪਣੇ ਤੋਂ ਦੂਰ ਰਹਿਣ ਲਈ ਵੰਗਾਰਨ ਵਾਲਾ ਉਹ ਵਿਅਕਤੀ ਜੀਵਨ ਵਿਚ ਕਿਹੜੇ ਦੁੱਖਾਂ ਦੀ ਕੁਠਾਲੀ ਵਿਚੋਂ ਨਹੀਂ ਲੰਘਿਆ, ਇਸ ਦਾ ਵਰਨਣ ਲੇਖਕ ਨੇ ਇਸ ਵੱਡ ਆਕਾਰੀ ਨਾਵਲ ਵਿਚ ਕੀਤਾ ਹੈ। ਉਸ ਨੇ ਉਮਰ ਦਾ ਵੱਡਾ ਹਿੱਸਾ ਜਲਾਵਤਨੀ ਵਿਚ ਬਿਤਾਇਆ, ਕੈਦ ਕੱਟੀ, ਚਰਚ ਤੇ ਰਾਜ ਅਧਿਕਾਰੀਆਂ ਵੱਲੋਂ ਸਖ਼ਤੀ ਦਾ ਨਿਸ਼ਾਨਾ ਬਣਿਆ। ਸਰਕਾਰ ਵੱਲੋਂ ਉਸ ਦੀ ਹਰ ਪੁਸਤਕ ਉੱਤੇ ਪਾਬੰਦੀ ਲਾਈ ਗਈ ਪਰ ਜ਼ਿੰਦਾਦਿਲੀ ਦੀ ਮਿਸਾਲ ਹੈ ਕਿ ਉਹ ਆਪਣੀਆਂ ਲਿਖਤਾਂ ਕਿਸੇ ਹੋਰ ਨਾਂਅ 'ਤੇ ਛਪਵਾਉਂਦਾ ਰਿਹਾ। ਸਰੀਰਕ ਬਿਮਾਰੀਆਂ, ਸਮਾਜਿਕ ਤੇ ਰਾਜਸੀ ਦੁਸ਼ਵਾਰੀਆਂ ਦੇ ਬਾਵਜੂਦ ਸਰਕਾਰਾਂ ਅੱਗੇ ਝੁਕਿਆ ਨਹੀਂ, ਸਗੋਂ ਹਰ ਹਾਲਤ ਦਾ ਡਟ ਕੇ ਸਾਹਮਣਾ ਕੀਤਾ।
ਲੇਖਕ ਦੇ ਅਨੁਸਾਰ ਉਸ ਦਾ ਪਰਿਵਾਰਕ ਜੀਵਨ ਵੀ ਦੁਸ਼ਵਾਰੀਆਂ ਭਰਿਆ ਸੀ। ਬਾਪ ਵਕੀਲ ਸੀ ਤੇ ਚਾਹੁੰਦਾ ਸੀ ਕਿ ਵੋਲਟੇਅਰ ਵੀ ਵਕੀਲ ਬਣੇ ਪਰ ਹੱਠੀ ਮਨੁੱਖ ਕਦੇ ਝੁਕਦੇ ਨਹੀਂ, ਬਾਪ ਨੇ ਪੈਸੇ ਧੇਲੇ ਤੋਂ ਵਾਂਝੇ ਕਰ ਦਿੱਤਾ ਪਰ ਅੰਤ ਉਸੇ ਬਾਪ ਦੇ ਪੈਸੇ ਦੇ ਸਿਰ 'ਤੇ ਅਮੀਰੀ ਦਾ ਜੀਵਨ ਜੀਵਿਆ, ਔਰਤਾਂ ਨਾਲ ਦੋਸਤੀ, ਪਿਆਰ ਤੇ ਰਿਸ਼ਤੇ ਬਣਾਏ ਪਰ ਕੋਈ ਵੀ ਸਿਰੇ ਨਾ ਚੜ੍ਹਿਆ, ਪਿਆਰ ਅਧਵਾਟੇ ਹੀ ਰਿਹਾ, ਭੈਣ ਦੀ ਮੌਤ ਉਪਰੰਤ ਭਾਣਜੀ ਨਾਲ ਪਿਆਰ ਕੀਤਾ ਤੇ ਉਮਰ ਭਰ ਨਿਭਾਇਆ ਵੀ ਪਰ ਰਿਹਾ ਕੁਆਰਾ ਹੀ। ਇਸ ਦਾ ਜੀਵਨ ਨਿਰਾਸ਼ਾ ਤੇ ਮਾਯੂਸੀ ਦਾ ਜੀਵਨ ਸੀ ਪਰ ਸਾਹਿਤ ਪ੍ਰਤੀ ਪ੍ਰਤੀਬੱਧਤਾ ਸਦਕਾ ਉਸ ਨੇ ਲੰਮੀ ਉਮਰ ਭੋਗੀ। ਉਸ ਨੇ ਦੁਖਾਂਤ ਨਾਟਕ 'ਕੱਟੜਤਾ ਦਾ ਪੈਗੰਬਰ' ਲਿਖੇ, ਉਥੇ ਸੁਖਾਂਤ ਨਾਟਕ ਵੀ ਲਿਖੇ ਅਤੇ ਆਪਣੇ ਨਾਟਕਾਂ ਦੀ ਲੋਕਪ੍ਰਿਅਤਾ ਸਦਕਾ ਹੀ ਉਹ ਵਿਸ਼ਵ ਦਾ ਪ੍ਰਸਿੱਧ ਸਾਹਿਤਕਾਰ ਕਹਾਇਆ। ਮਜ਼ੇ ਦੀ ਗੱਲ ਤਾਂ ਇਹ ਸੀ ਕਿ ਜਿੰਨੀਆਂ ਮੁਸੀਬਤਾਂ ਤੇ ਪਾਬੰਦੀਆਂ ਉਮਰ ਭਰ ਸਹਿਣ ਕੀਤੀਆਂ, ਉਸ ਦੀ ਸ਼ਕਤੀਸ਼ਾਲੀ ਤੇ ਸਚਾਈ ਦੀ ਵਿਚਾਰਧਾਰਾ ਸਦਕਾ ਹੀ ਅੰਤਲੀ ਉਮਰ ਬਾਦਸ਼ਾਹ, ਪੋਪ ਤੇ ਅਮੀਰ ਵੀ ਦਾਅਵਤਾਂ ਦੇਣ ਲੱਗ ਪਏ, ਤਖ਼ਤ ਉਸ ਦੇ ਸਾਹਵੇਂ ਕੰਬਦਾ ਸੀ ਤੇ ਜਨਤਾ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 140.

ਮਲਵਿੰਦਰ ਜੀਤ ਸਿੰਘ ਵੜੈਚ ਗਦਰੀ, ਕ੍ਰਾਂਤੀਕਾਰੀ, ਦੇਸ਼ ਭਗਤੀ ਤੇ ਆਜ਼ਾਦੀ ਸੰਗ੍ਰਾਮ ਸਾਹਿਤ ਦੇ ਰਚਣਹਾਰਿਆਂ ਵਿਚ ਪ੍ਰਮੁੱਖ ਸਥਾਨ ਰੱਖਦੇ ਹਨ। ਉਨ੍ਹਾਂ ਨੂੰ ਸੱਚ ਹੀ 'ਗ਼ਦਰੀ ਬਾਬਿਆਂ ਦੇ ਮੁਨਸ਼ੀ' ਆਖਣਾ ਕੋਈ ਅਤਿਕਥਨੀ ਨਹੀਂ ਹੈ। ਹਥਲੀ ਪੁਸਤਕ ਵਿਚ ਭਾਰਤ ਦੇ ਮਹਾਨ ਆਜ਼ਾਦੀ ਸੰਗਰਾਮੀਏ ਤੇ ਅਮਰ ਸ਼ਹੀਦ ਭਗਤ ਸਿੰਘ ਦੀ ਜੀਵਨੀ ਅੰਕਿਤ ਕੀਤੀ ਗਈ ਹੈ।
ਪ੍ਰੋ: ਵੜੈਚ ਹੁਰਾਂ ਆਪਣੀ ਇਸ ਪੁਸਤਕ ਦੀ ਤਿਆਰੀ ਲਈ ਸਰਕਾਰੀ ਰਿਕਾਰਡਾਂ, ਸੰਗ੍ਰਹਿਆਲਿਆਂ ਵਿਚ ਪਏ ਦਸਤਾਵੇਜ਼ਾਂ, ਮੁਲਾਕਾਤਾਂ, ਆਪਣੀਆਂ ਤੇ ਭਗਤ ਸਿੰਘ ਦੇ ਸਾਥੀਆਂ ਦੀਆਂ ਯਾਦਾਂ, ਰਚਨਾਵਾਂ ਆਦਿ ਦਾ ਸਹਾਰਾ ਲਿਆ ਹੈ। ਆਪਣੇ ਤੱਥਾਂ ਨੂੰ ਤਰਕਸੰਗਤ ਬਣਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ। ਭਗਤ ਸਿੰਘ ਦੇ ਜੀਵਨ ਦੀਆਂ ਵੱਡੀਆਂ-ਵੱਡੀਆਂ ਲੋਕ-ਗਿਆਤ ਤੇ ਇਤਿਹਾਸ-ਗਿਆਤ ਘਟਨਾਵਾਂ ਤਾਂ ਇਸ ਜੀਵਨੀ ਵਿਚ ਸ਼ਾਮਿਲ ਹੋਈਆਂ ਹੀ ਹਨ, ਭਗਤ ਸਿੰਘ ਦੇ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਦਿਲਚਸਪ ਘਟਨਾਵਾਂ ਵੀ ਇਸ ਪੁਸਤਕ ਵਿਚ ਦਰਜ ਕੀਤੀਆਂ ਗਈਆਂ ਹਨ। ਲੇਖਕ ਖ਼ੁਦ ਵੀ ਭਗਤ ਸਿੰਘ ਦੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਦਾ ਰਿਹਾ ਹੈ। ਜਿਵੇਂ ਭਗਤ ਸਿੰਘ ਦੇ ਮਾਤਾ ਜੀ, ਸੋਹਨ ਸਿੰਘ ਭਕਨਾ, ਜੈ ਦੇਵ ਤੇ ਸ਼ਿਵ ਵਰਮਾ ਨਾਲ ਲੇਖਕ ਦੀਆਂ ਬਹੁਤ ਗੂੜ੍ਹੀਆਂ ਤੇ ਨਿੱਜੀ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ਰਾਹੀਂ ਲੇਖਕ ਨੇ ਭਗਤ ਸਿੰਘ ਦੇ ਚਮਤਕਾਰੀ ਜੀਵਨ ਨੂੰ ਉਭਾਰਨ ਦਾ ਪੂਰਾ ਅਵਸਰ ਪ੍ਰਾਪਤ ਕੀਤਾ ਹੈ।
ਇਸ ਜੀਵਨੀ ਰਾਹੀਂ ਸਾਨੂੰ ਭਗਤ ਸਿੰਘ ਦੇ ਜੀਵਨ ਦੀਆਂ ਕਈ ਅਦਭੁੱਤ, ਅਸਾਧਾਰਨ ਤੇ ਸਾਧਾਰਨ ਆਦਤਾਂ ਦਾ ਪਤਾ ਲਗਦਾ ਹੈ। ਭਗਤ ਸਿੰਘ ਗੋਰਾ-ਚਿੱਟਾ, ਸੁਹਣਾ-ਸੁਨੱਖਾ, ਛੈਲ-ਛਬੀਲਾ ਨੌਜਵਾਨ ਸੀ। ਉਸ ਦੇ ਮਨ ਵਿਚ ਆਪਣੇ ਟੱਬਰ ਦੇ ਵੱਡਿਆਂ ਬਜ਼ੁਰਗਾਂ ਲਈ ਅਥਾਹ ਪ੍ਰੇਮ ਤੇ ਸ਼ਰਧਾ ਝਲਕਦੀ ਸੀ, ਜੋ ਉਸ ਦੀਆਂ ਲਿਖੀਆਂ ਚਿੱਠੀਆਂ ਤੋਂ ਭਲੀਭਾਂਤ ਪ੍ਰਗਟ ਹੁੰਦੀ ਸੀ। ਉਹ ਸੰਗੀਤ ਪ੍ਰੇਮੀ, ਕਲਾ-ਪ੍ਰੇਮੀ ਤੇ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ। ਇਸ ਸੌਕ ਨੂੰ ਉਸ ਨੇ ਫਾਂਸੀ ਚੜ੍ਹਨ ਤੱਕ ਵੀ ਕਾਇਮ ਰੱਖਿਆ। ਉਸ ਵਿਚ ਹਾਸਾ-ਮਜ਼ਾਕ ਕਰਨ ਦੀ ਅਦਭੁੱਤ ਸ਼ਕਤੀ ਸੀ ਤੇ ਅੰਤਾਂ ਦਾ ਸਾਹਸ ਸੀ। ਉਹ ਮਾਨਵਤਾ ਹਿਤੈਸ਼ੀ ਤੇ ਅੰਤਰਰਾਸ਼ਟਰੀ ਚਿੰਤਨ ਵਾਲਾ ਚਿੰਤਕ ਸੀ। ਇਸ ਪੁਸਤਕ ਰਾਹੀਂ ਸਾਨੂੰ ਭਗਤ ਸਿੰਘ ਦੇ ਆਦਰਸ਼ਾਂ, ਸੋਚ ਤੇ ਚਿੰਤਨ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਦੁਰਲੱਭ ਤਸਵੀਰਾਂ ਕਾਰਨ ਪੁਸਤਕ ਹੋਰ ਵੀ ਜ਼ਿਆਦਾ ਮੁੱਲਵਾਨ ਹੋ ਗਈ ਹੈ। ਪੁਸਤਕ ਰੌਚਿਕ ਤੇ ਗਿਆਨਵਰਧਕ ਹੈ।

-ਕੇ. ਐਲ. ਗਰਗ
ਮੋ: 94635-37050

ਚਾਨਣ ਦੇ ਵਣਜਾਰੇ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ
ਮੁੱਲ : 250 ਰੁਪਏ, ਸਫੇ : 180.

ਮਨੁੱਖੀ ਜੀਵਨ ਵਿਚ ਸਮਾਜਿਕ ਰਿਸ਼ਤਿਆਂ ਦੀ ਬੜੀ ਅਹਿਮੀਅਤ ਹੈ। ਕੁਝ ਰਿਸ਼ਤੇ ਚਾਨਣ ਦੇ ਵਣਜਾਰੇ ਬਣ ਕੇ ਜੀਵਨ ਨੂਰੋ-ਨੂਰ ਕਰਨ ਦੇ ਸਮਰੱਥ ਹੁੰਦੇ ਹਨ ਤੇ ਕੁਝ ਰਿਸ਼ਤੇ ਮਨੁੱਖ ਨੂੰ ਬੁਰਾਈਆਂ ਦੇ ਹਨੇਰੇ ਨੂੰ ਢੋਣ ਲਈ ਮਜਬੂਰ ਕਰ ਦਿੰਦੇ ਹਨ। 'ਚਾਨਣ ਦੇ ਵਣਜਾਰੇ' ਨਾਵਲ ਅਜਿਹੀ ਕਰੂਰ ਸਚਾਈ ਨੂੰ ਪਾਠਕਾਂ ਦੇ ਸਨਮੁੱਖ ਕਰਦਾ ਹੈ। ਪ੍ਰੋਢ ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਸਮਾਜ ਵਿਚ ਹੋ ਰਹੇ ਨੈਤਿਕ ਕਦਰਾਂ-ਕੀਮਤਾਂ ਦੇ ਘਾਣ ਦੇ ਵਿਸ਼ੇ ਨੂੰ ਬੜੇ ਹੀ ਸਰਲ ਪਰ ਅਨੋਖੇ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਮਾਂ ਮਿਹਟਰ (ਮਾਂ ਵਿਹੂਣੇ ਬੱਚੇ ਖ਼ਾਸ ਕਰਕੇ ਕੁੜੀਆਂ ਦਾ) ਬਹੁਤੀਆਂ ਮਤਰੇਈਆਂ ਮਾਂਵਾਂ ਜਿਊਣਾ ਹਰਾਮ ਕਰਕੇ ਅਨੈਤਿਕਤਾ ਭਰਿਆ ਜੀਵਨ ਜਿਊਣ ਲਈ ਮਜਬੂਰ ਕਰ ਦਿੰਦੀਆਂ ਹਨ। ਇਕ ਪਾਸੇ ਇਸ ਨਾਵਲ ਦੇ ਖਲਨਾਇਕ ਪਾਤਰ ਬਦਚਲਨ/ਬਦਕਾਰ ਲੋਕਾਂ ਦੀ ਰਹਿਨੁਮਾਈ ਕਰਦੇ ਪ੍ਰਤੀਤ ਹੁੰਦੇ ਹਨ ਜੋ ਆਪਣੀ ਕਾਮ ਬਿਰਤੀ ਨੂੰ ਪੱਠੇ ਪਾਉਣ ਲਈ ਇਧਰ-ਉਧਰ ਮੂੰਹ ਮਾਰਨ ਲੱਗ ਪੈਂਦੇ ਹਨ। ਇਨ੍ਹਾਂ ਦਾ ਦੁਰਪ੍ਰਭਾਵ ਉਨਾਂ ਦੇ ਘਰ-ਪਰਿਵਾਰ ਜਾਨੀ ਉਨ੍ਹਾਂ ਦੇ ਭੈਣ-ਭਰਾਵਾਂ,ਧੀਆਂ ਭੈਣ-ਪੁੱਤਰਾਂ ਉਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ। ਸਮਾਜ ਦੇ ਅਜਿਹੇ ਖਲਨਾਇਕ ਪਾਤਰ ਆਪ ਖੁਦ ਚਰਿੱਤਰ ਪੱਖੋਂ ਕਾਣੇ ਹੋਣ ਕਰਕੇ ਹੋਰਨਾਂ ਨੂੰ ਇਸ ਬੁਰੇ ਕਰਮ ਤੋਂ ਵਰਜਣ ਤੋਂ ਅਸਮਰੱਥ ਹੁੰਦੇ ਹਨ। ਭੁੰਜੇ ਲੱਥੇ ਅਜਿਹੇ ਨਿੱਘਰੇ ਲੋਕ ਕੁਝ ਅਣਖੀ ਲੋਕਾਂ ਹੱਥੋਂ ਮਾਰੇ ਵੀ ਜਾਂਦੇ ਹਨ ਜਾਂ ਫਿਰ ਏਡਜ਼ ਵਰਗੇ ਮੌਤ ਦੇ ਭਿਆਨਕ ਦੈਂਤ ਦਾ ਸ਼ਿਕਾਰ ਬਣ ਵੀ ਜਾਂਦੇ ਹਨ। ਦੂਜੇ ਪਾਸੇ ਇਸ ਨਾਵਲ ਦੇ ਨਾਇਕ ਸੱਚੇ ਆਸ਼ਕਾਂ (ਪ੍ਰੇਮੀਆਂ) ਦੀ ਉਦਾਹਰਨ ਬਣਦੇ ਹੋਏ ਕਾਮ ਵਾਸ਼ਨਾ ਤੋਂ ਉੱਪਰ ਉੱਠ ਕੇ ਗ੍ਰਹਿਸਥ ਧਰਮ ਧਾਰਨ ਕਰਦਿਆਂ ਇਕ-ਦੂਜੇ ਦੇ ਵਫਾਦਾਰ ਜੀਵਨ ਸਾਥੀ ਬਣਨ ਵਿਚ ਵਿਸ਼ਵਾਸ ਰੱਖਦੇ ਹਨ। ਕਿਰਤ ਕਰਮ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਲਈ ਸਾਰਥਕ ਸੁਨੇਹਾ ਦੇਣ ਦੇ ਵੀ ਸਮਰੱਥ ਹੁੰਦੇ ਹਨ।
ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਇਸ ਨਾਵਲ ਨੂੰ ਰੌਚਿਕ ਬਣਾਉਣ ਲਈ ਇਸ ਦੇ ਹਰ ਕਾਂਡ ਦੀ ਸ਼ੁਰੂਆਤ ਅਤੇ ਅੰਤ ਨੂੰ ਬਹੁਅਰਥੀ ਕਾਵਿ-ਲਾਈਨਾਂ ਨਾਲ ਸਜਾਉਣ ਦਾ ਨਿਵੇਕਲਾ ਯਤਨ ਵੀ ਕੀਤਾ ਹੈ। ਸੋ ਵਹਿਮ ਭਰਮ, ਅੰਧਵਿਸ਼ਵਾਸ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਪਣੇ ਬਲ ਬੁੱਧੀ/ਲਿਅਕਤ ਨਾਲ ਜੇਹਾਦ ਛੇੜਨ ਦਾ ਇਕ 'ਹਰਕਾਰਾ' ਹੋਣਾ ਵੀ ਇਸ ਨਾਵਲ ਦਾ ਵਿਸ਼ੇਸ਼ ਹਾਸਲ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਦਾਰੋ ਘਤਿੱਤੀ
ਲੇਖਕ : ਪ੍ਰੀਤ ਨੀਤਪੁਰ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 160.

'ਦਾੜ੍ਹੀ 'ਚ ਗੁਆਚੇ ਹੰਝੂ' (1998) ਤੋਂ ਬਾਅਦ 'ਦਾਰੋ ਘਤਿੱਤੀ' (2014) ਪ੍ਰੀਤ ਨੀਤਪੁਰ ਦਾ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਕੁੱਲ 10 ਕਹਾਣੀਆਂ ਹਨ। ਪ੍ਰੀਤ ਨੀਤਪੁਰ ਆਪਣੇ ਵਿਸ਼ੇ ਪੇਂਡੂ ਜੀਵਨ 'ਚੋਂ ਲੈਂਦਾ ਹੈ। ਪੇਂਡੂ ਸਮਾਜ ਦੀ ਬਣਤਰ ਅਤੇ ਬੁਣਤਰ ਬਾਰੇ ਉਸ ਨੂੰ ਚੋਖੀ ਜਾਣਕਾਰੀ ਹੈ। ਪਾਤਰ ਉਸ ਦੇ ਆਮ ਤੌਰ 'ਤੇ ਉਸ ਸ਼੍ਰੇਣੀ ਵਿਚੋਂ ਹੁੰਦੇ ਹਨ, ਜਿਹੜੇ ਦੱਬੇ-ਕੁਚਲੇ, ਅਧਿਕਾਰਹੀਣ ਅਤੇ ਦਿਹਾੜੀ-ਦੱਪਾ ਕਰਨ ਵਾਲੇ ਹਨ। ਉਹ ਇਨ੍ਹਾਂ ਨੂੰ ਕਿਸੇ 'ਨਾਇਕ' ਵਜੋਂ ਪੇਸ਼ ਨਹੀਂ ਕਰਦਾ, ਸਗੋਂ ਇਹ ਆਪਣੇ ਗੁਣਾਂ-ਔਗੁਣਾਂ ਸਮੇਤ ਸਾਹਮਣੇ ਆਉਂਦੇ ਹਨ। 'ਦਾਰੋ ਘਤਿੱਤੀ' ਇਕ ਪ੍ਰਤੀਨਿਧ ਪਾਤਰ ਹੈ। ਇਸ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ। ਵਿਆਹੇ ਨਾ ਜਾਣ ਕਰਕੇ ਉਹ 'ਮੁੱਲ ਦੀ ਤੀਵੀਂ' ਲਿਆਉਂਦਾ ਹੈ, ਜਿਹੜੀ ਸਿੱਧਰੀ ਜਿਹੀ ਹੁੰਦੀ ਹੈ। 'ਕੱਚੀ ਇੱਟ' ਇਕ ਖੂਬਸੂਰਤ ਕਥਾ ਰਚਨਾ ਹੈ ਜਿਹੜੇ ਵਰਜਿਤ ਰਿਸ਼ਤਿਆਂ ਦੀ ਅਸਲੀਅਤ ਪ੍ਰਗਟ ਕਰਦੀ ਹੈ। 'ਉਮੀਦਾਂ ਦੀ ਮੌਤ', ਸੁਪਨਿਆਂ ਦੇ ਖੰਡਰਾਂ ਦੀ ਗੱਲ ਕਰਦੀ ਜਾਪਦੀ ਹੈ। ਕਿਰਸਾਨ ਤੇ ਕਾਮੇ ਦੇ ਸਬੰਧਾਂ ਨੂੰ ਪ੍ਰਗਟਾਉਣ ਦੇ ਨਾਲ-ਨਾਲ ਗ਼ਰੀਬਾਂ ਦੀ ਤ੍ਰਾਸਦਿਕ ਸਥਿਤੀ ਦਾ ਵਰਨਣ ਕਰਦੀ ਹੈ। ਰੁੱਖ, ਸੱਪ ਤੇ ਮਨੁੱਖ ਪ੍ਰਤੀਕਾਤਮਕ ਕਹਾਣੀ ਹੈ। 'ਬਾਪੂ ਦੀ ਪੱਗ' ਅਤੇ 'ਮਮਤਾ 'ਚ ਖੋਟ ਨਹੀਂ ਹੁੰਦਾ' ਭਾਵਨਾਤਮਕ ਰੁਚੀ ਪੈਦਾ ਕਰਦੀਆਂ ਹਨ। 'ਪੈੜਾਂ' ਮਰਦ ਲਈ ਚਿੰਤਾ ਤਣਾਅਸ਼ੀਲ ਬਿਰਤਾਂਤਕ ਸਥਿਤੀਆਂ ਦੀ ਨਿਸ਼ਾਨਦੇਹੀ ਕਰਦੀਆਂ ਜਾਪਦੀਆਂ ਹਨ। 'ਪਿਆਸੀ ਨਦੀ' ਬਦਲ ਰਹੇ ਰਿਸਤਿਆਂ ਦੀ ਕਸ਼ਮਕਸ਼ ਪੇਸ਼ ਕਰਦੀ ਹੈ। ਪ੍ਰੀਤ ਨੀਤਪੁਰ ਨੇ ਕੁਝ ਕਹਾਣੀਆਂ ਵਿਚ ਨਾਰੀ ਮਨ ਦੀ ਵੇਦਨਾ-ਸੰਵੇਦਨਾ ਨੂੰ ਵੀ ਪ੍ਰਗਟ ਕੀਤਾ ਹੈ। ਵਾਰਤਾਲਾਪੀ, ਫਲੈਸ਼ ਬੈਕ, ਦੁਆਬੇ ਦੇ ਮੁਹਾਵਰੇ ਵਾਲੀ ਭਾਸ਼ਾ ਆਦਿ ਉਸ ਦੀਆਂ ਕਹਾਣੀਆਂ ਦੇ ਹੋਰ ਅਮੀਰੀ ਗੁਣ ਹਨ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਅਣਖੀ ਗੁਲਦਸਤਾ
ਲੇਖਕ : ਗਿਆਨੀ ਅਜੈਬ ਸਿੰਘ
ਅਣਖੀ 'ਮੌ ਵਾਲੇ'
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 120 ਰੁਪਏ ਰੁਪਏ, ਸਫ਼ੇ : 128

ਗਿਆਨੀ ਅਜੈਬ ਸਿੰਘ ਅਣਖੀ ਦੀਆਂ ਇਸ ਤੋਂ ਪਹਿਲਾਂ 'ਅਣਖੀ ਯਾਦਾਂ' ਅਤੇ 'ਅਣਖੀ ਨਗ਼ਮੇ' ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਅਣਖੀ ਹੁਰੀਂ ਧਾਰਮਿਕ ਬਿਰਤੀ ਦੇ ਮਾਲਕ ਹਨ ਤੇ ਉਨ੍ਹਾਂ ਦੀਆਂ ਬਹੁਤੀਆਂ ਰਚਨਾਵਾਂ ਉਨ੍ਹਾਂ ਦੇ ਸੁਭਾਅ ਦੀ ਤਰਜਮਾਨੀ ਕਰਦੀਆਂ ਹਨ।
ਹੁਣ ਉਹ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਟੋਰਾਂਟੋ ਰਹਿ ਰਹੇ ਹਨ ਤੇ ਆਪਣੇ ਕਵੀਸ਼ਰੀ ਜਥੇ ਨਾਲ ਉਹ ਵੱਖ-ਵੱਖ ਮੁਲਕਾਂ ਵਿਚ ਜਾਂਦੇ ਰਹੇ ਹਨ।
ਅਜੈਬ ਸਿੰਘ ਅਣਖੀ ਦੀ ਪੁਸਤਕ 'ਅਣਖੀ ਗੁਲਦਸਤਾ' ਵਿਚਲੀਆਂ ਸਾਰੀਆਂ ਰਚਨਾਵਾਂ ਧਾਰਮਿਕਤਾ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਹਨ। ਰੁੱਖਾਂ ਤੇ ਕੁੱਖਾਂ ਦੀ ਸੰਭਾਲ ਬਾਰੇ ਉਨ੍ਹਾਂ ਖੂਬ ਲਿਖਿਆ ਹੈ :
ਬੜੇ ਹੁੰਦੇ ਸੀ ਫ਼ਾਇਦੇ ਥਾਂ-ਥਾਂ ਲੱਗੇ ਰੁੱਖਾਂ ਦੇ,
ਪਤਾ ਨਹੀਂ ਕਿਉਂ ਖਿਆਲ ਬਦਲ ਗਏ
ਅੱਜ ਮਨੁੱਖਾਂ ਦੇ,
ਨਾ ਛਾਂ ਮਿਲਦੀ, ਨਾ ਬਾਲਣ,
ਥਾਂ-ਥਾਂ ਟਾਲ ਜ਼ਰੂਰੀ ਹੈ,
ਰੁੱਖਾਂ ਤੇ ਕੁੱਖਾਂ ਦੀ ਅੱਜ ਸੰਭਾਲ ਜ਼ਰੂਰੀ ਹੈ।
ਅਣਖੀ ਦੀਆਂ ਰਚਨਾਵਾਂ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਸੋਹਣੇ ਸਮਾਜ ਦੇ ਇੱਛੁਕ ਹਨ, ਜੋ ਛਲ ਕਪਟ ਮੁਕਤ ਹੋਵੇ, ਜਿੱਥੇ ਇਨਸਾਨ ਇਨਸਾਨ ਦੀ ਕਦਰ ਕਰਦਾ ਹੋਵੇ, ਸਭ ਪਿਆਰ ਦੇ ਰੰਗ ਵਿਚ ਰੰਗੇ ਹੋਏ ਹੋਣ। ਗੁਰੂ ਸਾਹਿਬਾਨ ਦੇ ਜੀਵਨ, ਉਨ੍ਹਾਂ ਦੀ ਉਸਤਤ ਅਤੇ ਸਿਖਿਆਵਾਂ ਬਾਰੇ ਉਨ੍ਹਾਂ ਖੂਬ ਲਿਖਿਆ ਹੈ :
ਜਿਹੜਾ ਸ਼ਰਧਾ ਨਾਲ ਆਵੇ,
ਆ ਕੇ ਸੀਸ ਨੂੰ ਝੁਕਾਵੇ,
ਦਾਤਾ ਖੈਰ ਝੋਲ ਪਾਵੇ,
ਨਾਹੀਂ ਸਮਝੇ ਬੇਗਾਨਾ
ਬਾਬੇ ਨਾਨਕ ਦਾ ਦਰ,
ਦੁਖੀਆਂ ਲਈ ਆਸ਼ਿਆਨਾ।
ਅੱਜ ਦੀ ਪੰਜਾਬੀ ਗਾਇਕੀ ਕਿਹੋ ਜਿਹੀ ਹੈ, ਸਾਰੇ ਜਾਣਦੇ ਹੀ ਨੇ। ਅਣਖੀ ਹੁਰੀਂ ਲੱਚਰ ਗੀਤ ਲਿਖਣ ਵਾਲਿਆਂ ਨੂੰ ਝਾੜ ਪਾਉਂਦੇ ਹਨ। ਜਿਹੜੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨੂੰ ਭੁੱਲ ਗਏ ਹਨ, ਦੁਨਿਆਵੀ ਰੰਗਾਂ ਵਿਚ ਰੰਗੇ ਗਏ ਹਨ, ਚੰਗੇ ਤੇ ਮੰਦੇ ਵਿਚਲਾ ਫ਼ਰਕ ਨਹੀਂ ਸਮਝਦੇ, ਉਨ੍ਹਾਂ ਨੂੰ ਉਹ ਸਹੀ ਰਾਸਤੇ 'ਤੇ ਪਰਤ ਆਉਣ ਲਈ ਆਖਦੇ ਹਨ:
ਲੱਚਰ ਗੀਤਾਂ ਨੂੰ ਸੁਣ ਸੁਣ ਕੇ
ਤੂੰ ਫਿਰੇਂ ਮੂਰਖਾ ਫੁੱਲਿਆ,
ਵਾਅਦਾ ਕੀਤਾ ਜੋ ਮਾਲਕ ਨਾਲ
ਆਣ ਜਗਤ ਵਿਚ ਭੁੱਲਿਆ,
ਕਿਰਤ ਕਰੀਂ ਤੇ ਵੰਡ ਕੇ ਖਾਵੀਂ,
ਸਭ ਨੂੰ ਕਰੀਂ ਪਿਆਰ,
ਉਹ ਬੰਦਿਆ ਦੁਨੀਆ 'ਤੇ,
ਮੇਲਾ ਹੈ ਦਿਨ ਚਾਰ।
'ਅਣਖੀ ਗੁਲਦਸਤਾ' ਵਿਚਲੀਆਂ ਸਾਰੀਆਂ ਰਚਨਾਵਾਂ ਸਾਫ਼-ਸੁਥਰੀਆਂ ਹਨ, ਜਿਹੜੀਆਂ ਪੜ੍ਹਨਯੋਗ ਹਨ। ਉਮੀਦ ਹੈ ਅਜੈਬ ਸਿੰਘ ਅਣਖੀ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ।

-ਸਵਰਨ ਸਿੰਘ ਟਹਿਣਾ
ਮੋ: 98141-78883

 

13-9-2014

 ਦੋ ਘੁੱਟਾਂ ਸੀਰ
ਲੇਖਕ : ਰਣਜੀਤ ਰਾਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 144.

'ਦੋ ਘੁੱਟਾਂ ਸੀਰ' ਵਿਚ ਸੰਕਲਿਤ ਕਹਾਣੀਆਂ ਦੀ ਵਸਤੂ-ਸਮੱਗਰੀ ਬਹੁਤ ਵਿਲੱਖਣ ਕਿਸਮ ਦੀ ਹੈ। ਉਸ ਦੀਆਂ ਕਹਾਣੀਆਂ ਵਿਚ ਆਏ ਵੇਰਵੇ ਅਣਜਾਣੇ ਅਤੇ ਅਣਸੁਣੇ ਹਨ। ਇਸ ਕਾਰਨ ਇਹ ਕਹਾਣੀਆਂ ਪਾਠਕ ਨੂੰ ਬੰਨ੍ਹ ਕੇ ਬਿਠਾ ਲੈਂਦੀਆਂ ਹਨ। ਇਸ ਤੋਂ ਵੀ ਅੱਗੇ, ਰਣਜੀਤ ਰਾਹੀ ਬਿਰਤਾਂਤ-ਕਲਾ ਵਿਚ ਅਤਿਅੰਤ ਨਿਪੁੰਨ ਹੈ। ਉਹ ਆਪਣੀਆਂ ਕਹਾਣੀਆਂ ਨੂੰ ਵਰਤਮਾਨ ਕਾਲ ਤੋਂ ਸ਼ੁਰੂ ਕਰ ਲੈਂਦਾ ਹੈ, ਕਿਹੜੇ ਭੂਤਕਾਲੀਨ ਵੇਰਵੇ ਨੂੰ ਕਦੋਂ ਅਤੇ ਕਿਵੇਂ ਪ੍ਰਗਟ ਕਰਨਾ ਹੈ, ਇਸ ਭੇਤ ਨੂੰ ਉਸ ਨਾਲੋਂ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਜਾਣਦਾ। 'ਜਰਾ ਵਿਆਧ ਕੀ ਅੰਸ' ਵਿਚ ਹਰਨਾਮ ਕੌਰ, ਮਥਰਾ ਦਾਸ, ਯੋਗੀਆਂ ਪਾਸ਼ਾਂ ਅਤੇ ਨਿਹਚਲ ਦਾਸ ਆਦਿ ਪਾਤਰਾਂ ਦੇ ਅਤੀਤ ਨਾਲ ਸਬੰਧਤ ਮਹੱਤਵਪੂਰਨ ਵੇਰਵਿਆਂ ਨੂੰ ਉਹ ਬੜੇ ਸਹਿਜ ਨਾਲ ਪੂਰਾ ਸਸਪੈਂਸ ਬਣਾ ਚੁੱਕਣ ਦੇ ਬਾਅਦ ਬਿਆਨ ਕਰਦਾ ਹੈ। ਇਹੀ ਵਿਧੀ ਉਸ ਦੀਆਂ ਬਾਕੀ ਕਹਾਣੀਆਂ ਵਿਚ ਵੀ ਬੜੇ ਸੁਚੱਜੇ ਢੰਗ ਨਾਲ ਅਪਣਾਈ ਗਈ ਹੈ। 'ਅਧਿਆਰਾ' ਕਹਾਣੀ ਦਾ ਨਾਟਕੀ ਅੰਤ ਕਰਨ ਪਿੱਛੋਂ ਉਹ ਇਸ ਅੰਤ ਦੀਆਂ ਸੰਭਾਵਨਾਵਾਂ ਨੂੰ ਨਵੇਂ ਸਿਰਿਉਂ ਨਿਰਖਦਾ-ਪਰਖਦਾ ਹੈ ਅਤੇ ਆਪਣੀ ਰਚਨਾਤਮਕਤਾ ਨੂੰ ਪ੍ਰਮਾਣਿਤ ਕਰਨ ਲਈ ਇਸ ਕਹਾਣੀ ਦਾ ਇਕ ਹੋਰ ਅੰਤ ਵੀ ਸੁਣਾ ਦਿੰਦਾ ਹੈ। ਇਹ ਦੋਵੇਂ ਅੰਤ ਬੜੇ ਕਲਾਤਮਕ ਹਨ ਅਤੇ ਇਸ ਕਹਾਣੀ ਦੇ ਮੁੱਖ ਪਾਤਰ ਸ਼ਿੱਬੂ ਉਰਫ ਰੱਬ ਦੀ 'ਰੱਬਤਾ' ਨੂੰ ਸਿੱਧ ਕਰਨ ਦੇ ਸਮਰੱਥ ਹਨ। ਰਣਜੀਤ ਰਾਹੀ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਸਮਾਜ ਵੱਲੋਂ ਧੱਕੇ, ਸਤਾਏ, ਅਤੇ ਅਣਗੌਲੇ ਕੀਤੇ ਦੁਖੀ ਪਾਤਰ ਹਨ ਪਰ ਉਹ ਕਾਲੇ-ਸਿਆਹ ਹਨੇਰੇ ਵਿਚੋਂ ਵੀ ਰੌਸ਼ਨੀ ਦੀਆਂ ਕਿਰਨਾਂ ਲੱਭ ਲੈਂਦੇ ਹਨ। ਉਨ੍ਹਾਂ ਦਾ ਇਕ ਹੋਰ ਸਾਂਝਾ ਲੱਝਣ ਇਹ ਹੈ ਕਿ ਵਿਪਰੀਤ ਸਥਿਤੀਆਂ ਵਿਚ ਲਗਾਤਾਰ ਉਲਜੇ ਰਹਿਣ ਦੇ ਬਾਵਜੂਦ ਉਹ ਆਪਣੀ ਇਨਸਾਨੀਅਤ ਨੂੰ ਮਰਨ ਨਹੀਂ ਦਿੰਦੇ। ਅਜਿਹੇ ਪਾਤਰਾਂ ਦੀ ਸਿਰਜਣਾ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਇਹ ਲੇਖਕ ਦੀ ਕਲਾਤਮਕ ਨਿਪੁੰਨਤਾ ਦੇ ਪ੍ਰਤੀਕ ਹਨ। ਰਣਜੀਤ ਰਾਹੀ ਦੀਆਂ ਕਹਾਣੀਆਂ ਆਧੁਨਿਕ ਪੰਜਾਬੀ ਕਹਾਣੀ ਦੇ ਭੰਡਾਰ ਵਿਚ ਇਕ ਗੁਣਾਤਮਕ ਵਾਧਾ ਕਰਦੀਆਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕੁੜੀਆਂ ਨੂੰ ਸਵਾਲ ਨਾ ਕਰੋ
ਲੇਖਕ : ਦਰਸ਼ਨ ਦਰਵੇਸ਼
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 100 ਰੁਪਏ, ਸਫ਼ੇ : 112.

ਫ਼ਿਲਮ ਨਿਰਦੇਸ਼ਕ, ਲੇਖਕ ਅਤੇ ਸ਼ਾਇਰ ਵਜੋਂ ਜਾਣਿਆ ਜਾਂਦਾ ਕਵੀ 'ਦਰਸ਼ਨ ਦਰਵੇਸ਼' ਆਪਣੇ ਦੂਸਰੇ ਕਾਵਿ ਸੰਗ੍ਰਹਿ 'ਕੁੜੀਆਂ ਨੂੰ ਸਵਾਲ ਨਾ ਕਰੋ' ਨਾਲ ਤਕਰੀਬਨ ਤਿੰਨ ਦਹਾਕਿਆਂ ਉਪਰੰਤ ਆਪਣਾ ਪਹਿਲਾ ਕਾਵਿ ਸੰਗ੍ਰਹਿ 'ਉਦਾਸ ਸਿਰਲੇਖ' ਪਿੱਛੋਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਕੇ ਪਾਠਕਾਂ ਦੇ ਸਾਹਮਣੇ ਰੂਬਰੂ ਹੋਇਆ ਹੈ, ਜੋ ਉਸ ਦੀ ਪੰਜਾਬੀ ਮਾਂ-ਬੋਲੀ ਸਬੰਧੀ ਮੋਹ ਦੀ ਤਰਜਮਾਨੀ ਹੈ। ਉਸ ਨੇ ਇਸ ਪੁਸਤਕ ਰਾਹੀਂ ਇਸ ਲੰਮੇ ਸਮੇਂ ਦੇ ਪਾੜੇ ਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਸਮੁੱਚੀ ਕਾਵਿ ਸ਼ੈਲੀ ਉਸ ਦੇ ਚੁਗਿਰਦੇ 'ਚ ਵਾਪਰੀਆਂ ਘਟਨਾਵਾਂ, ਫ਼ਿਲਮ ਨਗਰੀ ਤੇ ਮਹਾਂਨਗਰੀ ਮਾਨਸਿਕਤਾ ਦਾ ਪ੍ਰਤੀਕ ਹੈ, ਜਿਸ ਵਿਚ ਪਿਆਰ ਮੁਹੱਬਤ, ਗ਼ਮ, ਬਿਰਹਾ, ਚੁੱਪ ਦੇ ਬੋਲ, ਹੰਝੂ ਅਤੇ ਵਿਛੋੜੇ ਦੀ ਤੜਪ ਦੇ ਨਾਲ-ਨਾਲ ਗੀਤਾਂ ਦਾ ਸੰਗੀਤ ਵੀ ਪਾਠਕਾਂ ਦੇ ਹਿਰਦੇ ਨੂੰ ਟੁੰਬਦਾ ਹੈ। ਉਸ ਦੀ ਕਵਿਤਾ ਦੀ ਤਲਾਸ਼ ਅਮੁੱਕ ਹੈ। ਬੇਸ਼ੱਕ ਉਹ ਕਾਵਿ ਤੌਰ 'ਤੇ ਮੁਕਤ-ਛੰਦ ਬੰਦੀ, ਕਾਵਿ ਚਾਲ, ਸੁਰ ਤੇ ਤਾਲ ਪ੍ਰਤੀ ਪੂਰਾ ਫ਼ਿਕਰਮੰਦ ਹੈ ਪਰ ਉਸ ਨੂੰ ਇਸ ਮਾਰਗ 'ਤੇ ਚਲਦਿਆਂ ਹੋਰ ਵੀ ਚੇਤੰਨ ਹੋਣ ਦੀ ਲੋੜ ਭਾਸਦੀ ਹੈ। ਹਰ ਕਵੀ ਆਪਣੇ ਚੁਗਿਰਦੇ ਤੋਂ ਪ੍ਰਭਾਵਿਤ ਸਾਹਮਣੇ ਆਏ ਮੁੱਦੇ 'ਤੇ ਤਰਾਸਦੀ ਮਾਨਵਤਾ ਦਾ ਦੁੱਖ ਆਪਣੀ ਰਚਨਾ 'ਚ ਪਰੋਸ ਕੇ ਲੋਕਾਈ ਦੇ ਦੁੱਖ ਨੂੰ ਆਪਣਾ ਸਮਝਦਾ ਹੋਇਆ ਪ੍ਰਤੀਤ ਹੁੰਦਾ ਹੋਇਆ ਕਿਸਾਨਾਂ ਦੀ ਲੁੱਟ ਇਉਂ ਬਿਆਨਦਾ ਹੈ,
'ਮਿੱਟੀ ਦੀ ਮਹਿਕ ਜਦ, ਮੰਡੀਆਂ 'ਚ ਰੁਲਦੀ,
ਸਾਹਾਂ ਦੀ ਬੋਲੀ ਨਮਕ ਦੇ ਭਾਅ ਤੁਲਦੀ,
ਧਰਤੀ ਦੇ ਮੱਥੇ ਕੋਈ ਦਾਗ ਹਰਾ ਹੁੰਦਾ, ਫਸਲਾਂ ਦੇ ਜ਼ਖ਼ਮ,
ਜਦ ਤੁਹਾਡੇ ਘਰ ਵੱਲ ਤੱਕਦੇ, ਮੈਂ ਤਦ ਲਿਖਦਾ ਹਾਂ।'
ਉਸ ਦੀ ਕਵਿਤਾ ਵਿਚ ਬਿਰਹੋ ਦਾ ਸੰਤਾਪ ਤੇ ਦਰਦ ਆਪ ਮੁਹਾਰੇ ਹੀ ਫੁਟਦੇ ਇੰਜ ਨਜ਼ਰ ਆਉਂਦੇ ਹਨ,
'ਮੋਹ ਨੂੰ ਲਾਂਬੂ ਲਾ ਕੇ ਸਾਰੀ ਰਾਤ ਸੇਕਦਾ ਰਿਹਾ ਤੂੰ,
ਤਾਹੀਓਂ ਕਰਦਾ ਸੀ ਗੱਲਾਂ ਵੀ ਅੰਗਾਰਾ ਬਣ ਕੇ।'
ਅਜੋਕੇ ਪਦਾਰਥਵਾਦੀ ਯੁੱਗ ਦੀ ਦੇਣ ਟੁੱਟਦੇ ਰਿਸ਼ਤਿਆਂ ਤੇ ਨਿਘਰ ਰਹੀਆਂ ਕਦਰਾਂ-ਕੀਮਤਾਂ ਤੇ ਮੋਹ ਦੀਆਂ ਤੰਦਾਂ ਬਾਰੇ ਉਹ 'ਘਰ ਅੰਦਰ ਘਰ ਵੀ ਤਾਂ ਹੋਣਾ ਚਾਹੀਦੈ', ਬਾਰੇ ਵੀ ਲੋਚਦਾ ਹੈ। ਉਹ ਤਰਾਸਦੀ ਤੇ ਤੜਪ ਰਹੀ ਮਾਨਵਤਾ ਨੂੰ ਸੁੱਖ ਦੇਣ ਲਈ 'ਰਿਸ਼ੀ ਸੋਚਦਾ ਹੈ-ਬਿਰਖ ਬਣ ਜਾਂਵਾਂ ਮੈਂ, ਮੇਰੀ ਠੰਢੀ ਛਾਂ ਮਾਣੇ ਹਰ ਕੋਈ' ਵਰਗੀਆਂ ਨਜ਼ਮਾਂ ਵੀ ਸਿਰਜਦਾ ਹੈ।'
ਉਸ ਦੀ ਲੰਮੀ ਕਵਿਤਾ 'ਕੁੜੀਆਂ ਨੂੰ ਸਵਾਲ ਨਾ ਕਰੋ' ਉਸ ਦੀ ਲੰਮੇ ਸਮੇਂ ਦੀ ਕਾਵਿ ਰਚਨਾ ਦਾ ਖੂਬਸੂਰਤ ਇਤਿਹਾਸ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143

ਯਾਦਾਂ ਪਾਕਿਸਤਾਨ ਦੀਆਂ
ਲੇਖਕ : ਮਹਿੰਦਰ ਸਿੰਘ 'ਦੋਸਾਂਝ'
ਪ੍ਰਕਾਸ਼ਕ : ਐਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 100/150 ਰੁਪਏ, ਸਫ਼ੇ : 132.

ਮਹਿੰਦਰ ਸਿੰਘ ਦੋਸਾਂਝ ਸਫ਼ਲ ਤੇ ਅਗਾਂਹਵਧੂ ਕਿਸਾਨ ਹੋਣ ਦੇ ਨਾਲ-ਨਾਲ ਪੰਜਾਬੀ ਦਾ ਮਾਨਵਵਾਦੀ ਸ਼ਾਇਰ ਤੇ ਕਹਾਣੀਕਾਰ ਹੈ। 'ਯਾਦਾਂ ਪਾਕਿਸਤਾਨ ਦੀਆਂ' ਉਸ ਦੀ ਪਾਕਿਸਤਾਨ ਯਾਤਰਾ ਦੇ ਬਿਰਤਾਂਤ ਪੇਸ਼ ਕਰਦਾ ਹੈ, ਜੋ ਉਸ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਬੈਨਰ ਹੇਠ ਕੀਤੀ ਸੀ। ਸਫ਼ਾਰਤਖਾਨਿਆਂ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਗਰੁੱਪ ਨੂੰ ਵੀਜ਼ੇ ਮਿਲਣ 'ਚ ਦੇਰੀ ਹੋਈ ਤੇ ਉਹ ਕਾਨਫ਼ਰੰਸ ਮੁੱਕਣ ਤੋਂ ਪਿੱਛੋਂ (ਅੱਠ ਦਸ ਘੰਟੇ ਬਾਅਦ) ਲਾਹੌਰ ਪੁੱਜੇ ਸਨ। ਉਨ੍ਹਾਂ ਦੇ ਗਰੁੱਪ 'ਚ ਡਾ: ਐਸ.ਐਨ. ਸੇਵਕ, ਗੁਰਸ਼ਰਨ ਸਿੰਘ ਨਰੂਲਾ, ਪ੍ਰਿੰਸੀਪਲ ਬਜਾਜ ਤੇ ਸ੍ਰੀ ਮਾਂਗਟ ਸਾਹਿਬ ਸਨ।
ਇਹ ਸਫ਼ਰਨਾਮਾ ਬਹੁਤ ਹੀ ਸਰਲ ਭਾਸ਼ਾ 'ਚ ਰਚਿਆ ਗਿਆ ਹੈ। ਇਸ ਨੂੰ ਲੰਮੀ ਕਹਾਣੀ ਜਾਂ ਨਾਵਲ ਵਾਂਗ ਹੀ ਪੜ੍ਹਿਆ ਵਾਚਿਆ ਜਾ ਸਕਦਾ ਹੈ। ਨਿੱਕੇ-ਨਿੱਕੇ ਵੇਰਵੇ ਇਸ ਸਫ਼ਰਨਾਮੇ ਦੀ ਰੂਹ ਹਨ। ਪਾਕਿਸਤਾਨੀ ਆਮ ਲੋਕਾਂ ਵਿਚ ਸਾਡੇ ਪੰਜਾਬੀਆਂ ਲਈ ਜੋ ਮੋਹ ਤੇ ਹੁਲਾਸ ਭਰਿਆ ਹੋਇਆ ਹੈ, ਉਸ ਦੀਆਂ ਕਈ ਤਸਵੀਰਾਂ ਤੇ ਵੇਰਵੇ ਇਸ ਯਾਤਰਾ ਵਿਚੋਂ ਉਪਲਬਧ ਹੁੰਦੇ ਹਨ। ਦੋਸਾਂਝ ਹੁਰੀਂ ਖ਼ੁਦ ਵੀ ਅਮਨ ਤੇ ਮਨੁੱਖੀ ਭਾਈਚਾਰੇ ਦੇ ਮੁੱਦਈ ਹਨ, ਇਸੇ ਲਈ ਇਸ ਯਾਤਰਾ ਸੰਸਮਰਣ ਵਿਚ ਕਿਸੇ ਤਰ੍ਹਾਂ ਦੀ ਨਫ਼ਰਤ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ। ਲੇਖਕਾਂ, ਕਿਸਾਨਾਂ, ਆਮ ਲੋਕਾਂ ਦੀਆਂ ਭਾਵਨਾਵਾਂ ਵਿਚੋਂ ਪ੍ਰਗਟ ਕੀਤੀ ਖੁਸ਼ਬੂ ਹੀ ਇਸ ਲਿਖਤ ਵਿਚ ਫੈਲੀ ਦਿਖਾਈ ਦਿੰਦੀ ਹੈ। ਮਹਿੰਦਰ ਸਿੰਘ ਦੁਸਾਂਝ ਸਫ਼ਲ ਕਿਸਾਨ ਹੋਣ ਨਾਤੇ ਇਧਰਲੇ ਪੰਜਾਬ ਤੇ ਉਧਰਲੇ ਪੰਜਾਬ ਦੇ ਕਿਸਾਨਾਂ ਵਿਚਕਾਰ ਤਜਾਰਤੀ ਰਾਬਤਾ ਕਾਇਮ ਕਰਨ ਦਾ ਵੀ ਮੁੱਦਈ ਹੈ। ਇਸੇ ਲਈ ਉਹ ਦੋਵਾਂ ਪੰਜਾਬਾਂ ਦੀਆਂ ਖੇਤੀ ਜਿਣਸਾਂ ਦੇ ਮੁੱਲਾਂ ਦਾ ਟਾਕਰਾ ਕਰਕੇ ਸਹੀ-ਸਹੀ ਤਸਵੀਰ ਪੇਸ਼ ਕਰਨ ਦਾ ਯਤਨ ਕਰਦਾ ਹੈ। ਆਮ ਬੰਦੇ ਦੇ ਪਿਆਰ ਦਾ ਜ਼ਿਕਰ ਤੇ ਕਿਤੇ-ਕਿਤੇ ਵਕੀਲ ਜਿਹੇ ਚਲਾਕ ਬੰਦੇ ਦੀ ਨੌਸਰਬਾਜ਼ੀ ਇਸ ਸਫ਼ਰਨਾਮੇ ਨੂੰ ਯਥਾਰਥਮਈ ਰੰਗਤ ਵਿਚ ਪੇਸ਼ ਕਰਦੀ ਹੈ। ਇਹ ਸਫ਼ਰਨਾਮਾ ਪਾਕਿਸਤਾਨ ਬਾਰੇ ਸਾਡੇ ਗਿਆਨ 'ਚ ਵਾਧਾ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050

ਚੇਤਨਾ ਤੇ ਚਿੰਤਨ
ਸੰਪਾਦਕਾ : ਦਵਿੰਦਰ ਪ੍ਰੀਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.

ਦੇਵਿੰਦਰ ਦੀਦਾਰ ਪੰਜਾਬੀ ਕਥਾ ਸੰਸਾਰ ਦਾ ਇਕ ਜਾਣਿਆ-ਪਛਾਣਿਆ ਹਸਤਾਖ਼ਰ ਹੈ, ਜਿਸ ਦੇ ਦੋ ਕਹਾਣੀ ਸੰਗ੍ਰਹਿ 'ਦਿਸ਼ਾਹੀਣ ਲੋਕ' ਅਤੇ 'ਅੰਨ੍ਹੇ ਘੋੜਿਆਂ ਦੀ ਦੌੜ' ਪ੍ਰਕਾਸ਼ਿਤ ਹੋਣ ਤੋਂ ਬਾਅਦ ਇਕ ਲੰਮੀ ਚੁੱਪ (35 ਵਰ੍ਹੇ ਦੀ) ਤੋਂ ਬਾਅਦ ਉਸ ਦਾ ਨਿਬੰਧ ਸੰਗ੍ਰਹਿ 'ਜ਼ਿੰਦਗੀ ਦੇ ਹਨੇਰੇ ਦੀਆਂ ਰੌਸ਼ਨ ਬੱਤੀਆਂ' ਪ੍ਰਕਾਸ਼ਿਤ ਹੋਇਆ ਅਤੇ ਇਕ ਸਾਲ ਦੇ ਅੰਦਰ-ਅੰਦਰ ਇਸ ਸੰਗ੍ਰਹਿ ਦੇ ਤਿੰਨ ਐਡੀਸ਼ਨ ਪ੍ਰਕਾਸ਼ਿਤ ਕਰਨੇ ਪਏ ਜੋ ਉਸ ਦੀ ਵਾਰਤਕ ਦੇ ਵਿਸ਼ਿਆਂ ਅਤੇ ਪ੍ਰਸਤੁਤ ਕਲਾ ਦੀ ਹਰਮਨ-ਪਿਆਰਤਾ ਨੂੰ ਸਵੈ-ਸਿੱਧ ਕਰਦੇ ਹਨ। ਇਸ ਨਿਬੰਧ ਸੰਗ੍ਰਹਿ ਦਾ ਵਿਭਿੰਨ ਵਿਦਵਾਨਾਂ ਨੇ ਅਨੇਕ ਪੱਖਾਂ ਤੋਂ ਮੁਲਾਂਕਣ ਕੀਤਾ। ਹਥਲੀ ਪੁਸਤਕ ਦੀ ਸੰਪਾਦਕਾ ਦਵਿੰਦਰ ਪ੍ਰੀਤ ਨੇ ਇਸੇ ਨਿਬੰਧ ਸੰਗ੍ਰਹਿ ਬਾਰੇ ਪੰਦਰਾਂ ਆਲੋਚਨਾਤਮਕ ਲੇਖਾਂ ਨੂੰ ਸੰਕਲਤ ਕੀਤਾ ਹੈ। ਇਸ 'ਚੇਤਨਾ ਤੇ ਚਿੰਤਨ' ਪੁਸਤਕ ਦਾ ਪਹਿਲਾ ਨਿਬੰਧ ਤਲਵਿੰਦਰ ਦਾ ਹੈ-'ਹਨੇਰੇ ਵਿਚ ਚਮਕਦਾ ਜੁਗਨੂੰ' ਜਿਸ ਨੂੰ ਲੇਖਕ ਨੇ ਦੀਦਾਰ ਨਾਲ ਜਾਣ-ਪਛਾਣ ਕਰਵਾਉਂਦਿਆਂ ਉਸ ਦੇ ਤਕੀਆ ਕਲਾਮ 'ਪੰਜਾਬੀ ਵਿਚ' ਨੂੰ ਵਿਸ਼ੇਸ਼ ਤੌਰ 'ਤੇ ਦਰਸਾਇਆ ਹੈ। ਸਤਿੰਦਰ ਨੰਦਾ ਨੇ 'ਜ਼ਿੰਦਗੀ ਦਾ ਦਸਤੂਰ' ਲੇਖ ਵਿਚ ਦੀਦਾਰ ਦੀ ਨਿਬੰਧ ਕਲਾ ਨੂੰ ਵਿਭਿੰਨ ਵਿਦਵਾਨਾਂ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਪਰਖਿਆ ਹੈ। ਡਾ: ਨਰੇਸ਼ ਕੁਮਾਰ ਕਾਦੀਆਂ ਅਨੁਸਾਰ ਦੀਦਾਰ ਨੇ ਸਾਡੇ ਸਮੇਂ ਦੇ ਸੱਚ ਨੂੰ ਨਿਡਰਤਾ ਸਹਿਤ ਪੇਸ਼ ਕੀਤਾ ਹੈ। ਡਾ: ਬਲਜੀਤ ਚੰਡੀਗੜ੍ਹ ਦਾ ਕਹਿਣਾ ਹੈ ਕਿ ਦੀਦਾਰ ਦੇ ਨਿਬੰਧ ਚਿੰਤਨ ਦਾ ਮਾਰਗ ਖੋਲ੍ਹਦੇ ਹਨ। ਡਾ: ਪਰਮਜੀਤ ਕਲਸੀ ਦੀਆਂ ਨਜ਼ਰਾਂ ਵਿਚ ਇਹ ਸੰਗ੍ਰਹਿ ਸੂਖਮ ਭਾਵਾਂ ਵਾਲੇ ਨਿਬੰਧਾਂ ਦੀ ਵਿਲੱਖਣ ਵੰਨਗੀ ਹੈ। ਸੰਪਾਦਕਾ ਨੇ ਇਨ੍ਹਾਂ ਨਿਬੰਧਾਂ ਵਿਚ ਕਥਾ-ਪ੍ਰਭਾਵ ਦੀ ਨਿਸ਼ਾਨਦੇਹੀ ਕੀਤੀ ਹੈ। ਪ੍ਰੋ: ਸੋਹਣ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਕੇਂਦਰੀ ਥੀਮ ਉਸਾਰੂ ਜੀਵਨ-ਜਾਚ ਹੈ। ਚਮਕ ਸੁਰਜੀਤ ਨੂੰ ਉਦਾਹਰਨਾਂ ਅਤੇ ਦਲੀਲਾਂ ਦੀ ਚਮਕ ਨੇ ਮੋਹਿਆ ਹੈ। ਡਾ: ਸੈਮੂਅਲ ਗਿੱਲ ਨਿਬੰਧਕਾਰ ਨਾਲ ਸਹਿਮਤ ਹੈ ਕਿ ਤਰੱਕੀ ਦੇ ਯੁੱਗ ਵਿਚ ਕਦਰਾਂ-ਕੀਮਤਾਂ ਗੁਆਚ ਰਹੀਆਂ ਹਨ। ਪ੍ਰੋ: ਕੁਲਜੀਤ ਕੌਰ ਇਨ੍ਹਾਂ ਨਿਬੰਧਾਂ ਨੂੰ ਨਵੀਂ ਪੀੜ੍ਹੀ ਨੂੰ ਪੜ੍ਹਨ ਵਿਚ ਸਿਫ਼ਾਰਸ਼ ਕਰਦੀ ਪ੍ਰਤੀਤ ਹੁੰਦੀ ਹੈ। ਡਾ: ਸਰਘੀ ਨੂੰ ਇਹ ਨਿਬੰਧ ਭੂਤ ਦੀ ਵਰਤਮਾਨ ਨਾਲ ਤੁਲਨਾ ਕਰਦੇ ਵਿਖਾਈ ਦਿੰਦੇ ਹਨ। ਪ੍ਰਿੰ: ਗੁਰਮੀਤ ਫਾਜ਼ਿਲਕਾ ਲੇਖਕ ਦੀ ਹੁਸੀਨ ਵਾਰਤਕ 'ਤੇ ਲੱਟੂ ਹੈ। ਡਾ: ਜੋਗਿੰਦਰ ਕੈਰੋਂ ਅਨੁਸਾਰ ਲੇਖਕ ਪੰਜਾਬੀ ਵਾਰਤਕ ਵਿਚ ਖੰਡ-ਮਿਸ਼ਰੀ ਘੋਲਣ ਦੇ ਆਹਰ ਵਿਚ ਹੈ। ਪ੍ਰੋ: ਜੀਤ ਦਵਿੰਦਰ ਇਨ੍ਹਾਂ ਵਿਚ ਕਿਤੇ-ਕਿਤੇ ਵਿਚਾਰਾਂ ਦਾ ਦੁਹਰਾਉ ਨੋਟ ਕਰਦੀ ਹੈ। ਜੋਗਿੰਦਰ ਫੁੱਲ ਦੀਦਾਰ ਦੀ ਸੂਝ-ਬੂਝ ਅਤੇ ਡੂੰਘਾਈ ਦਾ ਪ੍ਰਸੰਸਕ ਹੈ। ਵਿਦਵਾਨ ਸੰਪਾਦਕਾ ਨੇ ਸਾਰੇ ਆਲੋਚਕਾਂ ਦੇ ਮੋਬਾਈਲ ਹਰ ਲੇਖ ਦੇ ਅੰਤ 'ਤੇ ਦਿੱਤੇ ਹਨ। ਇਨ੍ਹਾਂ ਆਲੋਚਕਾਂ ਬਾਰੇ ਕੁਝ ਹੋਰ ਜਾਣਕਾਰੀ ਵੀ ਅੰਤਿਕਾ ਵਿਚ ਦਿੱਤੀ ਜਾਂਦੀ ਹੈ ਤਾਂ ਠੀਕ ਸੀ। ਸੰਪਾਦਕਾ ਦਾ ਇਹ ਯਤਨ ਪ੍ਰਸੰਸਾ ਦਾ ਅਧਿਕਾਰੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਅੰਤਰ-ਲੀਲ੍ਹਾ
ਲੇਖਕ : ਕੁਲਵੰਤ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 160.

'ਅੰਤਰ-ਲੀਲ੍ਹਾ' ਨੌਜਵਾਨ ਕਹਾਣੀਕਾਰ ਕੁਲਵੰਤ ਗਿੱਲ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 8 ਕਹਾਣੀਆਂ ਦਰਜ ਹਨ। ਹਰ ਕਹਾਣੀ ਔਸਤਨ 18-19 ਪੰਨਿਆਂ ਦੇ ਆਰ-ਪਾਰ ਫੈਲੀ ਹੋਈ ਹੈ। ਇਸ ਲਿਹਾਜ਼ ਨਾਲ ਜੇ ਇਨ੍ਹਾਂ ਕਹਾਣੀਆਂ ਨੂੰ ਵੇਖਿਆ ਜਾਵੇ ਤਾਂ ਇਹ ਲੰਮੀ ਕਹਾਣੀ ਦੀ ਵੰਨਗੀ ਦੀਆਂ ਕਹਾਣੀਆਂ ਹਨ।
ਕਹਾਣੀਆਂ ਦੇ ਨਾਮਕਰਣ ਦੇ ਪੱਖ ਤੋਂ ਜੇ ਵੇਖੀਏ ਤਾਂ ਇਸ ਕਿਤਾਬ ਵਿਚ 'ਘੋਰੜੂ', 'ਗੋਲ ਗੋਲ ਘੁੰਮਦਿਆਂ', 'ਸਿਗਰਟ ਜਿਹੀ ਜ਼ਿੰਦਗੀ', 'ਤਾਂਡਵ ਨ੍ਰਿਤ', 'ਇਕ ਜ਼ਰਾ ਜਿੰਨੀ ਗੱਲ', 'ਨਿੰਮ ਵਾਲੀ ਗਲੀ', 'ਮਿਰਗ ਤ੍ਰਿਸ਼ਨਾ' ਅਤੇ 'ਦਲਾਲਗਾਹ' ਨਾਮਕ ਕਹਾਣੀਆਂ ਸ਼ਾਮਿਲ ਹਨ। ਉਂਜ ਤਾਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਨਵਾਂ ਸੋਚਣ ਲਈ ਪ੍ਰੇਰਣ ਵਾਲੀਆਂ ਹਨ ਪਰ 'ਘੋਰੜੂ' ਅਤੇ 'ਮਿਰਗ ਤ੍ਰਿਸ਼ਨਾ' ਕਹਾਣੀਆਂ ਨੂੰ ਕੁਲਵੰਤ ਗਿੱਲ ਦੀਆਂ ਮਾਡਲ ਕਹਾਣੀਆਂ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਸਮੂਹ ਕਹਾਣੀਆਂ ਨੂੰ ਗਿੱਲ ਨੇ 'ਤੁਰ ਰਹੇ ਸਮੇਂ ਦੀ ਪੈੜ ਨੱਪਦੀਆਂ ਉਸ ਚੀਕ ਦੀਆਂ ਕਹਾਣੀਆਂ ਕਿਹਾ ਹੈ, ਜੋ ਉਹ ਅਤੇ ਆਪਾਂ ਸਭ ਮਾਰਨਾ ਚਾਹੁੰਦੇ ਹਾਂ।' ਇਹ ਕਹਾਣੀਆਂ ਸਰਲ ਬਿਰਤਾਂਤ ਦੀਆਂ ਕਹਾਣੀਆਂ ਨਹੀਂ ਸਗੋਂ ਬਹੁਪਰਤੀ ਸੰਵਾਦ ਦੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਪਿਛਲੇ ਲਗਭਗ 60-65 ਸਾਲ ਵਿਚ ਪੰਜਾਬੀ ਬੰਦੇ ਨਾਲ ਵਾਪਰੀਆਂ ਤਿੱਖੀਆਂ ਤਬਦੀਲੀਆਂ ਨੂੰ ਸਝਣ ਅਤੇ ਇਸ ਨੂੰ ਬਿਆਨਣ ਦਾ ਕਾਰਜ ਕੀਤਾ ਗਿਆ ਹੈ। ਹਰ ਕਹਾਣੀ ਵਿਚ ਪਾਤਰ ਦਾ ਇਕ ਉਹ ਰੂਪ ਹੈ ਜੋ ਜੀਵਨ ਦੀਆਂ ਉਸਾਰੂ ਅਤੇ ਚੰਗੀਆਂ ਕੀਮਤਾਂ ਨਾਲ ਜੁੜਨ ਦੀ ਇੱਛਾ ਨਾਲ ਜੀਅ ਰਿਹਾ ਹੈ ਪਰ ਆਸੇ-ਪਾਸੇ ਦੇ ਦਬਾਅ ਇਸ ਕਦਰ ਵਿਕਰਾਲ ਅਤੇ ਭਿਅੰਕਰ ਹਨ ਕਿ ਪਾਤਰ ਇਸ ਦੇ ਰੋੜ੍ਹ ਵਿਚ ਬੁਰੀ ਤਰ੍ਹਾਂ ਰੁੜ੍ਹ ਚੁੱਕਾ ਜਾਪਦਾ ਹੈ। ਅਜਿਹੇ ਪਾਤਰਾਂ ਨੂੰ ਗਿੱਲ ਬੜੇ ਹੀ ਮਾਨਵਵਾਦੀ ਢੰਗ ਨਾਲ ਚਿਤਰਦਿਆਂ ਡੂੰਘੇ ਵਿਅੰਗ ਦਾ ਨਿਸ਼ਾਨਾ ਵੀ ਬਣਾਉਂਦਾ ਹੈ। ਉਸ ਦੀਆਂ ਕਹਾਣੀਆਂ ਵਿਚ ਪਾਤਰਾਂ ਦੀ ਦੂਹਰੀ ਤੀਹਰੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ। ਇਹ ਪਾਤਰ ਚੰਗੀ ਜ਼ਿੰਦਗੀ ਦੀ ਲਾਲਸਾ ਦੇ ਪ੍ਰਣਾਏ ਬੜੀ ਤੇਜ਼ੀ ਨਾਲ ਆਪਣੇ ਮੂਲ ਮਾਨਵੀ ਮੁੱਲਾਂ ਨੂੰ ਛੱਡਦੇ ਜਾ ਰਹੇ ਹਨ ਅਤੇ ਨਵੀਂ ਤਰਜ਼ੇ ਜ਼ਿੰਦਗੀ ਵਿਚ ਢੱਲ ਰਹੇ ਹਨ। ਇਹ ਪਾਤਰ ਵਿਅਕਤੀਗਤ ਆਜ਼ਾਦੀ ਦੇ ਅਜੋਕੇ ਮਾਡਲ ਦੇ ਪ੍ਰਤੀਨਿਧ ਕਿਰਦਾਰ ਹਨ। ਇਸ ਆਜ਼ਾਦੀ ਨੂੰ ਹਾਸਲ ਕਰਨ ਲਈ ਇਹ ਜੋ ਕੁਝ ਦਾਅ 'ਤੇ ਲਾ ਰਹੇ ਹਨ ਅਤੇ ਇਸ ਨਾਲ ਇਨ੍ਹਾਂ ਅੰਦਰ ਜੋ ਟੁੱਟ-ਭੱਜ ਵਾਪਰ ਰਹੀ ਹੈ, ਉਸ ਸਭ ਦੀਆਂ ਡੂੰਘੀਆਂ ਪਰਤਾਂ ਨੂੰ ਗਿੱਲ ਨੇ ਆਪਣੀਆਂ ਕਹਾਣੀਆਂ ਵਿਚ ਫਰੋਲਿਆ ਹੈ।
ਕੁਲਵੰਤ ਗਿੱਲ ਦੇ ਇਸ ਕਹਾਣੀ ਸੰਗ੍ਰਹਿ ਨਾਲ ਅਜੋਕੀ ਪੰਜਾਬੀ ਕਹਾਣੀ ਵਿਚ ਬਹੁਤ ਕੁਝ ਨਵਾਂ ਜੁੜਨ ਲਈ ਆਧਾਰ ਬਣ ਰਿਹਾ ਹੈ। ਜਿਸ ਚੌਥੇ ਅਤੇ ਪੰਜਵੇਂ ਪੜਾਅ ਦੀ ਕਹਾਣੀ ਦੀ ਹੁਣ ਗੱਲ ਤੁਰ ਰਹੀ ਹੈ, ਇਹ ਕਹਾਣੀਆਂ ਉਸ ਦਾ ਪ੍ਰਤੀਨਿਧ ਰੂਪ ਹਨ। ਮੈਂ ਕਹਾਣੀ ਦੇ ਸ਼ੌਕੀਨ ਪਾਠਕਾਂ ਨੂੰ ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ।

-ਪ੍ਰੋ: ਸੁਖਪਾਲ ਸਿੰਘ ਥਿੰਦ
ਮੋ: 9888521960

ਮੇਰੀ ਸਰਘੀ
ਕਹਾਣੀਕਾਰਾ : ਹਰਜਿੰਦਰ ਪਾਲ ਕੌਰ ਕੰਗ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 80.

ਪੰਜਾਬੀ ਦੇ ਕਹਾਣੀ-ਸਾਹਿਤ ਵਿਚ ਪੂਰੀ ਸਫਲਤਾ ਨਾਲ ਪ੍ਰਵਾਨੀ ਗਈ ਕਹਾਣੀ ਦੀ ਨਵੀਂ-ਨਿਵੇਕਲੀ ਵਿਧਾ 'ਮਿੰਨੀ ਕਹਾਣੀ' ਬੇਸ਼ੱਕ ਆਧੁਨਿਕ ਜੀਵਨ-ਸ਼ੈਲੀ ਦੀਆਂ ਮਨੁੱਖੀ ਜ਼ਰੂਰਤਾਂ ਕਾਰਨ ਹੋਂਦ ਵਿਚ ਆਈ ਹੈ ਪਰ ਇਸ ਵੇਲੇ ਇਹ ਇਕ ਸੁਤੰਤਰ ਸਾਹਿਤ ਵੰਨਗੀ ਵਜੋਂ ਪਾਠਕਾਂ ਦਾ ਵਿਸ਼ਾਲ ਘੇਰਾ ਕਾਇਮ ਕਰ ਚੁੱਕੀ ਹੈ। ਮਿੰਨੀ ਕਹਾਣੀ ਲਿਖਣ ਵਾਲੇ ਲੇਖਕਾਂ ਦੀ ਇਕ ਲੰਮੀ-ਚੌੜੀ ਫਹਿਰਿਸਤ ਆਪਣੇ ਪਾਠਕਾਂ ਦੀ ਚਹੇਤੀ ਬਣ ਚੁੱਕੀ ਹੈ। ਇਸ ਲੰਮੀ-ਚੌੜੀ ਫਹਿਰਿਸਤ ਵਿਚ ਸ਼ਾਮਿਲ ਮਿੰਨੀ ਕਹਾਣੀ ਲੇਖਕਾਂ ਵਿਚ ਲੇਖਿਕਾ ਹਰਜਿੰਦਰ ਪਾਲ ਕੌਰ ਕੰਗ ਨੇ ਆਪਣੇ ਇਸ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ ਨਾਲ ਹੀ ਆਪਣੀ ਮਾਂਜੀ ਹੋਈ ਕਹਾਣੀ-ਕਲਾ ਦਾ ਬਿਹਤਰੀਨ ਸਬੂਤ ਦਿੱਤਾ ਹੈ। 'ਮੇਰੀ ਸਰਘੀ' ਨਾਂਅ ਦੇ ਇਸ ਸੰਗ੍ਰਹਿ ਵਿਚ ਸ਼ਾਮਿਲ ਉਸ ਦੀਆਂ 45 ਮਿੰਨੀ ਕਹਾਣੀਆਂ ਆਪਣੇ ਰੰਗ-ਬਰੰਗੇ ਵਿਸ਼ਿਆਂ ਰਾਹੀਂ ਸਮਾਜ ਵਿਚ ਜੋ ਧੱਕੇ ਅਤੇ ਜ਼ੁਲਮ ਹੋ ਰਹੇ ਹਨ, ਮਨੁੱਖੀ ਰਿਸ਼ਤਿਆਂ 'ਚੋਂ ਜੋ ਨਿੱਘ ਅਤੇ ਆਪਣਾਪਨ ਮੁਕਦਾ ਜਾ ਰਿਹਾ ਹੈ, ਦਾ ਦਸਤਾਵੇਜ਼ੀ ਸਬੂਤ ਸਿੱਧ ਹੁੰਦੀਆਂ ਹਨ। ਮਨੁੱਖੀ ਮਨ 'ਚੋਂ ਮੁਕਦੀ ਜਾ ਰਹੀ ਹਮਦਰਦੀ ਅਤੇ ਦਇਆ ਕਾਰਨ ਵਾਪਰਦੇ ਦੁਖਦਾਈ ਕਾਂਡ ਇਨ੍ਹਾਂ ਕਹਾਣੀਆਂ 'ਚੋਂ ਨਿਕਲ ਕੇ ਪਾਠਕ ਨੂੰ ਸਿਰ ਫੜ ਕੇ ਬੈਠਣ ਲਈ ਮਜਬੂਰ ਕਰਦੇ ਹਨ। ਕਈ ਕਹਾਣੀਆਂ ਪੰਜਾਬ 'ਚ ਚੱਲੀ ਅੱਤਵਾਦ ਦੀ ਤਿੱਖੀ ਤੁਰਸ਼ ਹਵਾ ਕਾਰਨ ਹੰਢਾਏ ਸੰਤਾਪ ਦੇ ਵੇਰਵੇ ਪੇਸ਼ ਕਰਦੀਆਂ ਹਨ। ਕਈ ਕਹਾਣੀਆਂ ਭਰੂਣ ਹੱਤਿਆ ਵਰਗੀਆਂ ਹੋ ਕਈ ਕੁਲਹਿਣੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੰਦੀਆਂ ਹਨ। ਇਸ ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਮੇਰੀ ਸਰਘੀ' ਅਜਿਹੇ ਸਮਾਜ ਦਾ ਸੰਕਲਪ ਪੇਸ਼ ਕਰਦੀ ਹੈ, ਜਿਥੇ ਕੋਈ ਭੁੱਖਾ ਨਾ ਹੋਵੇ ਜਾਂ ਆਪਣੀਆਂ ਲੋੜਾਂ ਕਰਕੇ ਅਧੂਰੀ ਜ਼ਿੰਦਗੀ ਜਿਊਣ ਲਈ ਮਜਬੂਰ ਨਾ ਹੋਵੇ। ਆਦਰਸ਼ ਡਾਕਟਰ, ਪੈਨਸ਼ਨ, ਸੋਨੇ ਦੀ ਪੌੜੀ, ਕਲਯੁਗੀ ਸਰਵਣ, ਸੰਤਾਪ, ਗੈਸਟ ਰੂਮ, ਫੋਕਾ ਧਰਵਾਸਾ, ਸੇਫ ਮਦਰਹੁੱਡ, ਟੁੱਟਦਾ ਸੁਪਨਾ, ਘੁਟਣ, ਇਸ਼ਾਰਾ, ਸੋਢਲ ਭੂਆ, ਮਿਲਾਵਟ, ਮਾਂ ਦੀ ਰੱਖਿਆ, ਕਾਨੂੰਨ, ਆਪਣਾ ਆਪਣਾ ਗਮ, ਚੈੱਕ, ਟੁੱਟਦੇ ਰਿਸ਼ਤੇ, ਤਿੰਨ ਦਹਾਕੇ ਬਾਅਦ ਆਦਿ ਕਹਾਣੀਆਂ ਇਸ ਸਾਹਿਤ ਵਿਧਾ ਦੇ ਤਮਾਮ ਗੁਣਾਂ ਨੂੰ ਆਪ 'ਚ ਸਮੇਟੀ ਬੈਠੀਆਂ ਹਨ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

 

6-9-2014

 ਮੋਤੀਆਂ ਵਰਗੇ ਅੱਖਰ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 475 ਰੁਪਏ, ਸਫ਼ੇ : 262.

ਸ: ਹਰਭਜਨ ਸਿੰਘ ਹੁੰਦਲ ਇਕ ਬਹੁਵਿਧਾਈ, ਕੁਲਵਕਤੀ ਅਤੇ ਸਮਰਪਿਤ ਲੇਖਕ ਹੈ। 'ਮੋਤੀਆਂ ਵਰਗੇ ਅੱਖਰ' ਪੰਜਾਬੀ ਦੇ ਸਮਾਚਾਰ ਪੱਤਰ 'ਦੇਸ਼ ਸੇਵਕ' ਵਿਚ 1996 ਤੋਂ 1998 ਤੱਕ ਪ੍ਰਕਾਸ਼ਿਤ ਹੋਏ ਮਿਡਲ ਲੇਖ ਹਨ। ਇਹ ਲੇਖ ਸ: ਗੁਲਜ਼ਾਰ ਸਿੰਘ ਸੰਧੂ ਨੇ ਉਸ ਪਾਸੋਂ ਉਚੇਚੇ ਰੂਪ ਵਿਚ ਲਿਖਵਾਏ ਸਨ। ਇਨ੍ਹਾਂ ਵਿਚ ਸ: ਹੁੰਦਲ ਨੇ ਆਪਣੀਆਂ ਕੁਝ ਉਨ੍ਹਾਂ ਅਭੁੱਲ ਯਾਦਾਂ ਨੂੰ ਰੂਪਮਾਨ ਕੀਤਾ ਹੈ, ਜਿਹੜੀਆਂ 20ਵੀਂ ਸਦੀ ਦੇ ਪਿਛਲੇ ਅੱਧ ਨਾਲ ਸਬੰਧਤ ਪੰਜਾਬ ਦੇ ਸੱਭਿਆਚਾਰਕ ਅਤੇ ਸਾਹਿਤਕ ਦ੍ਰਿਸ਼ ਉੱਪਰ ਕਾਫੀ ਰੌਸ਼ਨੀ ਪਾਉਂਦੀਆਂ ਹਨ। ਹੁੰਦਲ ਸਾਹਿਬ ਦਾ ਜਨਮ ਪੱਛਮੀ ਪੰਜਾਬ ਵਿਚ ਹੋਇਆ ਸੀ। ਉਧਰੋਂ ਇਧਰ ਪੂਰਬੀ ਪੰਜਾਬ ਵਿਚ ਆਉਣ ਸਮੇਂ ਉਹ ਕਿਸ਼ੋਰਾਵਸਥਾ ਵਿਚੋਂ ਗੁਜ਼ਰ ਰਿਹਾ ਸੀ। ਇਧਰ ਆ ਕੇ ਮੈਟ੍ਰਿਕ ਪਾਸ ਕਰਨ ਪਿੱਛੋਂ ਉਸ ਨੇ ਰਣਧੀਰ ਕਾਲਜ ਕਪੂਰਥਲੇ ਤੋਂ ਬੀ.ਏ. ਪਾਸ ਕੀਤੀ। ਮੇਰੇ ਖਿਆਲ ਵਿਚ ਇਹ ਕਾਲਜ ਸੰਯੁਕਤ ਪੰਜਾਬ ਦਾ ਸਭ ਤੋਂ ਪੁਰਾਣਾ ਕਾਲਜ ਹੈ। ਉਸ ਵਕਤ ਅਜੇ ਪਟਿਆਲੇ, ਅੰਮ੍ਰਿਤਸਰ ਅਤੇ ਲਾਹੌਰ ਵਿਚ ਵੀ ਕੋਈ ਕਾਲਜ ਨਹੀਂ ਸੀ ਬਣਿਆ। ਇਹ ਕਾਲਜ ਭਾਰਤ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਕੋਲਕਾਤਾ ਨਾਲ ਸਬੰਧਤ ਸੀ। ਉਸ ਤੋਂ ਬਾਅਦ ਲੇਖਕ ਨੇ ਰਾਮਗੜ੍ਹੀਆ ਟਰੇਨਿੰਗ ਕਾਲਜ ਤੋਂ ਬੀ.ਟੀ. ਕੀਤੀ। ਇਸੇ ਦੌਰਾਨ ਉਸ ਦੀਆਂ ਸਾਹਿਤਿਕ ਰੁਚੀਆਂ ਜਾਗ੍ਰਿਤ ਹੋ ਗਈਆਂ ਸਨ ਅਤੇ ਉਹ ਲੇਖਕ ਬਣ ਗਿਆ ਸੀ। ਹਰਭਜਨ ਸਿੰਘ ਹੁੰਦਲ ਦੇ ਇਨ੍ਹਾਂ ਲੇਖਾਂ ਨੂੰ ਪੜ੍ਹਨਾ, ਪੰਜਾਬ ਦੇ ਸੱਭਿਆਚਾਰਕ ਇਤਿਹਾਸ ਦੇ ਰੂਬਰੂ ਹੋਣਾ ਹੈ। ਹੁੰਦਲ ਸਾਹਿਬ ਵਰਗੇ ਸਿਰੜੀ ਅਤੇ ਨਿੱਜ ਤੋਂ ਪਰ੍ਹਾਂ ਸੋਚਣ ਵਾਲੇ ਲੇਖਕ ਅੱਜਕਲ੍ਹ ਕਿਥੇ ਮਿਲਦੇ ਹਨ? ਗੁਰਸਿੱਖੀ ਅਤੇ ਮਾਰਕਸਵਾਦ ਦਾ ਜੋ ਸੁਮਿਸ਼ਰਣ ਉਸ ਦੀ ਸ਼ਖ਼ਸੀਅਤ ਵਿਚ ਰਚਿਆ-ਬਸਿਆ ਹੈ, ਉਸੇ ਨੇ ਹੁੰਦਲ ਨੂੰ ਇਕ ਮਾਨਵਤਾਵਾਦੀ ਵਿਅਕਤੀ ਬਣਾਇਆ ਹੋਇਆ ਹੈ। ਉਸ ਦੁਆਰਾ ਲਿਖੇ ਇਨ੍ਹਾਂ ਮਿਡਲ-ਲੇਖਾਂ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਕਿਧਰੇ ਵੀ ਬੜਬੋਲਾਪਣ ਨਜ਼ਰ ਨਹੀਂ ਆਉਂਦਾ। ਉਸ ਦੇ ਛੋਟੇ ਸਮਕਾਲੀਆਂ (ਮੇਰੇ ਵਰਗਿਆਂ) ਨੂੰ ਸਿੱਖ-ਸਮਝ ਲੈਣਾ ਚਾਹੀਦਾ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਕਿਸੇ ਚੰਗੇ ਮਕਸਦ ਵਾਲੇ ਕੰਮ ਵਿਚ ਰੁੱਝੇ ਹੋਏ ਹੋ, ਮੌਤ ਤੁਹਾਡੇ ਨੇੜੇ ਵੀ ਨਹੀਂ ਢੁੱਕ ਸਕਦੀ ਅਤੇ ਨਾ ਤੁਹਾਨੂੰ ਭੈਭੀਤ ਕਰ ਸਕਦੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਲੋਅ ਡਾਊਨ
ਲੇਖਕ : ਨਛੱਤਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160.

ਨਾਵਲ 'ਸਲੋਅ ਡਾਊਨ' ਵਿਸ਼ਵੀਕਰਨ ਦੇ ਵਿਸਤਾਰ ਨਾਲ ਸਬੰਧਤ ਹੈ, ਜਿਸ ਨੇ ਭਾਰਤ ਸਮੇਤ ਸਾਰੇ ਵਿਸ਼ਵ ਨੂੰ ਹੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਲੇਖਕ ਨੇ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਸੋਚ ਦੇ ਪਾਤਰਾਂ ਰਾਹੀਂ ਪ੍ਰਸਥਿਤੀਆਂ ਨੂੰ ਚਿਤਰਨ ਦਾ ਉਪਰਾਲਾ ਕੀਤਾ ਹੈ। ਇਕ ਪੀੜ੍ਹੀ ਪੁਰਾਣੀ ਸੋਚ ਨਾਲ ਜੁੜੀ ਹੋਈ ਹੈ। ਦੂਸਰੀ ਕੁਝ ਅਗਾਂਹਵਧੂ ਤੇ ਤੀਸਰੀ ਪੀੜ੍ਹੀ ਪੂਰੀ ਤਰ੍ਹਾਂ ਪੱਛਮੀ ਰੰਗ ਵਿਚ ਰੰਗੀ ਹੋਈ ਮਾਪਿਆਂ ਤੋਂ ਦੂਰ, ਰਿਸ਼ਤਿਆਂ ਵਿਚ ਸਾਂਝ ਦੀ ਘਾਟ, ਇਕੱਲਤਾ ਦੇ ਮਾਰੇ ਮਾਪੇ-ਇਹ ਸਭ ਇਸ ਅਜੋਕੇ ਪਦਾਰਥਵਾਦੀ ਯੁੱਗ ਦੀ ਦੇਣ ਹੈ। ਨਾਵਲ ਵਿਚ ਬੇਰੁਜ਼ਗਾਰੀ, ਵਿਦੇਸ਼ੀ ਕੰਪਨੀਆਂ ਦੀ ਖਿੱਚ, ਪਿੰਡ ਤੋਂ ਸ਼ਹਿਰ ਤੱਕ ਦਾ ਫ਼ਾਸਲਾ ਤੈਅ ਕਰਨਾ, ਜਾਤ-ਪਾਤ ਤੋਂ ਉੱਪਰ ਉੱਠਣ ਲਈ ਰਾਖਵੀਂ ਸੀਟ ਨਾ ਲੈਣੀ, ਅੰਤਰਜਾਤੀ ਵਿਆਹ ਆਦਿ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਜਿਹੜਾ ਵੱਡਾ ਮਸਲਾ ਅੱਜ ਦੇ ਸਮਾਜ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ 'ਜਨਰੇਸ਼ਨ ਗੈਪ', ਬੱਚੇ ਮਾਪਿਆਂ ਤੋਂ, ਬਜ਼ੁਗਰਾਂ ਤੋਂ ਕਿਉਂ ਦੂਰ ਹੋ ਰਹੇ ਹਨ, ਕਿਉਂਕਿ ਮਾਪੇ ਵੀ ਢਲਣ ਲਈ ਤਿਆਰ ਨਹੀਂ ਹੁੰਦੇ, ਜਿਸ ਕਰਕੇ ਮਾਣ-ਸਤਿਕਾਰ ਵੀ ਖ਼ਤਮ ਹੋ ਰਿਹਾ ਹੈ; ਇਸ ਤੋਂ ਇਲਾਵਾ ਪਿਆਰ ਵਿਚ ਧੋਖਾ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਆਉਂਦੀਆਂ ਔਕੜਾਂ, ਪ੍ਰੇਮੀਆਂ ਦੀ ਮਾਨਸਿਕਤਾ, ਮਰਦਾਂ ਦੀ ਦੂਸਰੀਆਂ ਔਰਤਾਂ ਪ੍ਰਤੀ ਖਿੱਚ ਵਧਣੀ, ਪਤਨੀ ਤੋਂ ਬੇਮੁੱਖ ਹੋਣਾ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਵਾਪਰਨੀਆਂ, ਆਰਥਿਕ ਮੰਦਹਾਲੀ ਕਾਰਨ ਬਹੁਤ ਪੜ੍ਹੇ-ਲਿਖੇ ਲੋਕ ਵੀ ਚੋਰੀਆਂ ਡਾਕੇ ਤੇ ਕਤਲੇਆਮ ਵਰਗੀਆਂ ਵਾਰਦਾਤਾਂ ਵਿਚ ਸ਼ਾਮਿਲ ਹੋ ਜਾਂਦੇ ਹਨ, ਕਿਉਂਕਿ ਪੇਟ ਭਰਨ ਲਈ ਰੋਜ਼ੀ-ਰੋਟੀ ਲੋੜੀਂਦੀ ਹੈ, ਪਰ ਇਹ ਢੰਗ ਗ਼ਲਤ ਦਰਸਾਇਆ ਹੈ, ਪਰ ਇਕ ਗੱਲ ਹੋਰ ਜੋ ਲੇਖਕ ਨੇ ਖੁੱਲ੍ਹ ਕੇ ਪੇਸ਼ ਕੀਤੀ ਹੈ ਕਿ ਅੰਦੋਲਨਾਂ ਦੇ ਪਿੱਛੇ ਸਰਕਾਰਾਂ ਦੇ ਹੱਥ ਜ਼ਰੂਰ ਹੁੰਦੇ ਹਨ, ਜੋ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਾਹੇ ਪਾ ਦਿੰਦੇ ਹਨ।
ਪੇਂਡੂ ਤੇ ਸ਼ਹਿਰੀ ਸੱਭਿਆਚਾਰ ਅਤੇ ਪਾਤਰਾਂ ਵਿਚ ਉਨ੍ਹਾਂ ਦੀ ਵਿਚਾਰਧਾਰਾ ਵਿਚਲਾ ਪਰਿਵਰਤਨ ਵੀ ਇਕ ਵੱਡਾ ਮੁੱਦਾ ਹੈ, ਜੋ ਨਾਵਲ ਵਿਚੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਪਾਤਰਾਂ ਦੇ ਮਾਨਸਿਕ ਤੇ ਸਮਾਜਿਕ ਜੀਵਨ ਵਿਚ ਆਈਆਂ ਤ੍ਰੇੜਾਂ ਦਾ ਮੁੱਖ ਕਾਰਨ ਆਰਥਿਕ ਮੰਦਹਾਲੀ ਤੇ ਪੂੰਜੀਵਾਦੀ ਸਮਾਜ ਹੀ ਹੈ। ਸੋ, ਇਹ ਨਾਵਲ ਬਹੁ-ਪੱਖੀ ਵਿਸ਼ੇ ਲੈ ਕੇ ਪਾਠਕਾਂ ਸਾਹਵੇਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲੈ ਕੇ ਆਉਂਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

 

ਕੱਲੀਆਂ ਕਾਰੀਆਂ
ਲੇਖਿਕਾ : ਡਾ: ਲੱਕੀ ਸ਼ਰਮਾ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਮਾਈ ਹੀਰਾਂ ਗੇਟ, ਜਲੰਧਰ
ਮੁੱਲ : 125 ਰੁਪਏ , ਸਫੇ : 80

ਔਰਤ ਅੰਦਰਲਾ ਦੁੱਖ ਪੀੜਾ ਤੇ ਉਸ ਨੂੰ ਆਪਣੇ ਪਿੰਡੇ 'ਤੇ ਹੰਡਾਉਣ ਦਾ ਤਜਰਬਾ ਉਸੇ ਔਰਤ ਕੋਲ ਹੁੰਦਾ ਹੈ ਜੋ ਚਾਰ-ਦੀਵਾਰੀ ਵਿਚ ਡੱਕੀ ਤੇ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਔਰਤ ਦੇ ਸਾਰੇ ਰੂਪਾਂ ਨੂੰ ਸੰਜੀਦਗੀ, ਨਿਡਰਤਾ ਤੇ ਸੰਵੇਦਨਾ ਨਾਲ ਉਸਦੀ ਹਰ ਤਰ੍ਹਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਸਮਰੱਥਾ ਰੱਖਦੀ ਹੈ। ਡਾਕਟਰ ਲੱਕੀ ਸਰਮਾ ਵੀ ਇਕ ਅਜਿਹੀ ਅਨਭਵੀ ਲੇਖਿਕਾ ਹੈ ਜੋ ਆਪਣੇ ਪਲੇਠੇ ਕਹਾਣੀ ਸੰਗ੍ਰਹਿ 'ਕੱਲੀਆਂ ਕਾਰੀਆਂ' ਰਾਹੀਂ ਯਥਾਰਥ ਦੀ ਉਂਗਲ ਫੜ ਕੇ ਪੁਰਾਤਨ ਔਰਤ ਦੀ ਮਨੋਦਸਾ ਤੋਂ ਅੱਜ ਦੀ ਔਰਤ ਤੱਕ ਦੇ ਜਜ਼ਬਾਤਾਂ, ਉਸ ਦੇ ਅੰਦਰਲੇ ਕਰਮ, ਧਰਮ, ਡਰ, ਗੁਲਾਮੀ, ਆਜ਼ਾਦੀ, ਬੇਵਸੀ, ਵਿਦਰੋਹ ਅਤੇ ਹੋਰ ਰੂਪਾਂ ਨੂੰ ਬਹੁਤ ਹੀ ਨੇੜਿਉਂ ਚਿਤਰਣ ਦੀ ਸਮੱਰਥਾ ਰੱਖਦੀ ਹੈ। ਸੰਗ੍ਰਹਿ ਵਿਚ ਸ਼ਾਮਿਲ 12 ਕਹਾਣੀਆਂ ਤੋਂ ਸਪੱਸ਼ਟ ਹੈ ਕਿ ਲੇਖਿਕਾ ਔਰਤ ਦੀ ਜ਼ਿੰਦਗੀ ਦੇ ਸਾਰੇ ਪੜਾਵਾਂ ਵਿਚੋਂ ਗੁਜ਼ਰਦੀ ਹੋਈ ਨੌਕਰੀਸ਼ੁਦਾ, ਸੁਆਣੀ, ਪਤਨੀ, ਮਾਂ ਆਦਿ ਦੇ ਰੁਤਬੇ ਨੂੰ ਬੜੀ ਸ਼ਿੱਦਤ ਨਾਲ ਚਿਤਵਦੀ ਹੈ ਅਤੇ ਔਰਤ ਦੀ ਆਜ਼ਾਦੀ, ਗੁਲਾਮੀ, ਬੋਲਬਾਣੀ, ਪਿਆਰ, ਬਿਰਹੋਂ, ਬਦਲਾ ਅਤੇ ਉਸ ਅੰਦਰਲੀ ਮਾਨਸਿਕਤਾ ਦੇ ਤਾਣੇ-ਬਾਣੇ ਬਾਰੇ ਪਕੇਰਾ ਗਿਆਨ ਰੱਖਦੀ ਹੈ। ਉਸ ਨੂੰ ਇਸ ਰੂੜੀਵਾਦੀ ਸਮਾਜ, ਬਣਦੇ, ਟੁੱਟਦੇ ਰਿਸ਼ਤਿਆਂ, ਬੋਲੀ ਵਾਰਤਾਲਾਪ ਕਹਿਣੀ-ਕਰਨੀ ਬੇਰੁਜ਼ਗਾਰੀ, ਮਕਾਰੀ, ਗ਼ਰੀਬੀ ਪੁਰਾਤਨ ਤੇ ਮੌਜੂਦਾ ਪ੍ਰਸਥਿਤੀਆਂ ਦੀ ਪਕੇਰੀ ਸਮਝ ਨਾਲ ਪ੍ਰਗਤੀਵਾਦੀ ਮਾਡਲ ਅਤੇ ਮੌਜੂਦਾ ਪ੍ਰਬੰਧ ਦਾ ਗਿਆਨ ਹੈ। ਇਸ ਮਰਦ ਪ੍ਰਧਾਨ ਸਮਾਜ ਦੀ ਗੱਲ ਕਰਦਿਆਂ ਡਾਕਟਰ ਲੱਕੀ ਦੀਆਂ ਕਹਾਣੀਆਂ 'ਰਬੜ ਸਟੈਂਪ', 'ਵਿਮੈਨਜ਼ ਡੇ' ਅਤੇ 'ਕੱਲੀਆਂ ਕਾਰੀਆਂ' ਔਰਤਾਂ ਦੀ ਅਸੁਰੱਖਿਆ ਦੇ ਪੈਂਤੜੇ ਵਿਚ ਦਲੇਰੀ, ਪਕਿਆਈ ਅਤੇ ਦਾਅ-ਪੇਚਕ ਢੰਗ ਨਾਲ ਹਾਲਤਾਂ ਨੂੰ ਬਿਆਨਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਡਾਕਟਰ ਲੱਕੀ ਸ਼ਰਮਾ 'ਕੱਲੀਆਂ ਕਾਰੀਆਂ' ਦੀ ਪੇਸ਼ਕਾਰੀ ਸਮੇਂ ਉਦੋਂ ਹਾਂ-ਪੱਖੀ ਅਤੇ ਅਗਾਂਹ ਵਧੂ ਪੈਂਤੜਾ ਮਾਰਦੀ ਹੈ। ਜਦੋਂ ਇਕ ਮਰਦ-ਔਰਤ ਦੇ ਵਿਦਰੋਹ ਦਾ ਸ਼ਿਕਾਰ ਹੋ ਕੇ ਉਸ ਦੇ ਪੈਰਾਂ ਵਿਚ ਪਿਆ ਚੀਕ ਰਿਹਾ ਸੀ, 'ਮੈਂ ਕੱਲਾ ਕਾਰਾ, ਗ਼ਲਤੀ ਹੋ ਗਈ ਛੱਡ ਦਿਉ, ਛੱਡ ਦਿਉ', ਲੇਖਿਕਾ ਨੇ ਇਨ੍ਹਾਂ ਕਹਾਣੀਆਂ ਵਿਚ ਮਨੁੱਖ ਦੇ ਅੰਦਰਲੇ ਡਰ ਨੂੰ ਦਲੇਰੀ ਨਾਲ ਪੇਸ਼ ਕੀਤਾ ਹੈ।
'ਉਹੀ ਕਹਾਣੀ ਕੁਝ ਨਵੀਂ ਪੁਰਾਣੀ' ਅਤੇ 'ਰਬੜ ਸਟੈਂਪ' ਕਹਾਣੀਆਂ ਇਸ ਪੱਖ ਤੋਂ ਮਜ਼ਬੂਤ ਹਨ ਕਿ ਲੇਖਿਕਾ ਮਰਦਾਂ ਦੇ ਦੋਹਰੇ ਮਾਪ ਦੰਡ, ਪਾਖੰਡ, ਹਉਮੈਵਾਦੀ, ਔਰਤ ਅਪਮਾਨ ਅਤੇ ਆਪਹੁਦਰਾਸ਼ਾਹੀ ਸੋਚ ਨੂੰ ਪਾਠਕਾਂ ਸਾਹਮਣੇ ਪੇਸ਼ ਕਰਨ ਵਿਚ ਸਫ਼ਲ ਹੋਈ ਹੈ। ਮੋਨਾਲੀਜਾ ਦੀ ਆਤਮ ਕਥਾ ਵਿਚ ਸਾਫ਼-ਸੁਥਰੀ ਸੋਚ ਦੀ ਮਾਲਕ ਲੜਕੀ ਦੇ ਦੁਖਾਂਤ ਨੂੰ ਮਰਦ ਦੁਆਰਾ ਦਬਾਉਣ ਦੀ ਸਮੱਸਿਆ ਨੂੰ ਚਿਤਵਿਆ ਹੈ। 'ਉਡੀਕਾਂ' ਦੂਰ ਦੇਸ਼ ਦੇ ਰਾਜ ਕੁਮਾਰ ਦੀਆਂ ਕਹਾਣੀ ਵਿਚ ਪਤੀ ਦੁਆਰਾ ਪਤਨੀ ਨੂੰ ਝੂਠੇ ਢਾਰਸ ਦੇਣ ਦਾ ਬਿਰਤਾਂਤ ਪੇਸ਼ ਕੀਤਾ ਹੈ। ਜਾਗੋ, ਚੀਪ, ਇਕ ਖਤ ਤੇ ਕਾਸ਼ ਵਿਚ ਲੇਖਿਕਾ ਨੇ ਔਰਤ ਦੇ ਜਜ਼ਬਾਤਾਂ ਦੀ ਪੇਸ਼ਕਾਰੀ ਨੂੰ ਸਫ਼ਲਤਾ ਨਾਲ ਖੋਲ੍ਹਿਆ ਹੈ। 'ਵਿਦਰੋਹ' ਵਿਚ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਆਪਸੀ ਟਕਰਾਅ ਨੂੰ ਅਨੋਖੇ ਢੰਗ ਨਾਲ ਪੇਸ਼ ਕੀਤਾ ਹੈ। 'ਹਰਾ ਪੈਨ' ਕਹਾਣੀ ਪੜ੍ਹੀ-ਲਿਖੀ ਅਤੇ ਉੱਚੇ ਰੁਤਬੇ 'ਤੇ ਪਹੁੰਚੀ ਔਰਤ ਦੇ ਰੁਮਾਨੀ ਸ਼ੋਸ਼ਣ ਦੀ ਦਰਦਨਾਕ ਦਾਸਤਾਨ ਨੂੰ ਉਭਾਰਦੀ ਹੈ। ਇਸ ਕਹਾਣੀ ਸੰਗ੍ਰਹਿ ਵਿਚ ਲੇਖਿਕਾ ਕਈ ਥਾਵਾਂ 'ਤੇ ਖ਼ੁਦ ਪਾਤਰ ਜਾਪਦੀ ਹੈ ਅਤੇ ਔਰਤਾਂ ਬਾਰੇ ਏਨੀ ਗੰਭੀਰਤਾ ਨਾਲ ਲਿਖੇ ਇਸ ਕਹਾਣੀ ਸੰਗ੍ਰਹਿ ਦੀ ਉਸ ਨੂੰ ਦਾਦ ਦੇਣੀ ਬਣਦੀ ਹੈ। ਕਹਾਣੀਆਂ ਦੇ ਸਿਰਲੇਖ ਢੁਕਦੇ ਤੇ ਫਬਦੇ ਹਨ। ਇਸ ਕਹਾਣੀ ਸੰਗ੍ਰਹਿ ਵਿਚ ਜਿਵੇਂ ਉਸ ਨੇ ਔਰਤਾਂ ਦੀ ਮਾਨਸਿਕਤਾ ਦੀਆਂ ਗੰਢਾਂ ਕਾਫੀ ਦਿਲਚਸਪ ਢੰਗ ਨਾਲ ਖੋਲ੍ਹੀਆਂ ਹਨ, ਇਵੇਂ ਉਹ ਮਰਦ ਦੀ ਮਨੋਦਸ਼ਾ ਦਾ ਮਨੋਵਿਗਿਆਨ ਵਿਸ਼ਲੇਸ਼ਣ ਕਰਨ ਦੇ ਪੂਰਨ ਸਮਰੱਥ ਜਾਪਦੀ ਹੈ। ਉਮੀਦ ਹੈ ਕਿ ਉਹ ਛੇਤੀ ਹੀ ਔਰਤ-ਮਰਦ ਦੇ ਸਮਾਜੀ ਤਾਣੇ-ਬਾਣੇ ਨਾਲ ਪਾਠਕਾਂ ਅੱਗੇ ਪੇਸ਼ ਹੋਵੇਗੀ।

-ਰਮੇਸ਼ ਤਾਂਗੜੀ
ਮੋ: 9463079655

ਇਕ ਮੁੱਠੀ ਚੁੱਕ ਲੈ...
ਲੇਖਕ : ਮੁਖਤਿਆਰ ਸਿੰਘ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 140 ਰੁਪਏ, ਸਫ਼ੇ : 128.

ਇਸ ਪੁਸਤਕ ਵਿਚ ਮੁਖਤਿਆਰ ਸਿੰਘ ਦੀਆਂ ਸੱਤ ਲੰਮੀਆਂ ਕਹਾਣੀਆਂ ਹਨ। ਕਹਾਣੀਆਂ ਟੁਕੜਿਆਂ ਵਿਚ ਹਨ। ਕਹਾਣੀ ਦਾ ਪ੍ਰਭਾਵ ਰਚਨਾ ਦੀ ਲੰਬਾਈ ਵਧਣ ਨਾਲ ਭਾਵੇਂ ਕੁਝ ਪੇਤਲਾ ਪੈ ਜਾਂਦਾ ਹੈ ਪਰ ਮੁਖਤਿਆਰ ਸਿੰਘ ਇਸ ਤੋਂ ਬੇਪਰਵਾਹ ਹੋ ਕੇ ਕਹਾਣੀ ਦੇ ਪਾਤਰ ਦਾ ਅੱਗਾ ਪਿੱਛਾ, ਉਸ ਦੀ ਮਾਨਸਿਕਤਾ, ਖੇਤਾਂ ਦਾ, ਘਰ, ਪਰਿਵਾਰ ਦਾ, ਅਜੋਕੀ ਰਾਜਨੀਤੀ, ਜਾਇਦਾਦਾਂ ਦੇ ਝਗੜੇ, ਟੁੱਟਦੀ ਬਣਦੀ ਮਾਨਸਿਕਤਾ, ਡਾਵਾਂਡੋਲ ਹੁੰਦੀ ਕਿਸਾਨੀ, ਨਿੱਘਰਦੀ ਆਰਥਿਕ ਹਾਲਾਤ, ਖੇਡਾਂ ਦੇ ਦ੍ਰਿਸ਼, ਪਸ਼ੂ ਪੰਛੀਆਂ ਦਾ ਜ਼ਿਕਰ, ਪਰਿਵਾਰਾਂ ਵਿਚ ਈਰਖਾ, ਆਪਸੀ ਖਹਿਬਾਜ਼ੀ, ਧੀਆਂ ਦੇ ਰਿਸ਼ਤੇ ਆਦਿ ਕਈ ਕੁਝ ਕਹਾਣੀਆਂ ਵਿਚ ਆਪਣੀ ਸਥਾਨਕ ਭਾਸ਼ਾ ਵਿਚ ਇਸ ਕਦਰ ਸਿਰਜਦਾ ਹੈ ਕਿ ਪਾਠਕਾਂ ਨੂੰ ਕਿਧਰੇ ਵੀ ਅਕੇਵਾਂ ਜਾਂ ਬੋਰੀਅਤ ਮਹਿਸੂਸ ਨਹੀਂ ਹੁੰਦੀ। ਸੰਗ੍ਰਹਿ ਦੀ ਟਾਈਟਲ ਕਹਾਣੀ ਕੁੱਲ 40 ਸਫ਼ਿਆਂ 'ਤੇ ਫੈਲੀ ਹੋਈ ਅੰਤਿਮ ਰਚਨਾ ਹੈ। ਇਸ ਕਹਾਣੀ ਦਾ ਪਾਤਰ (ਨਾਂਅ ਤੋਂ ਬਗੈਰ) ਆਪਣੇ ਪਿੰਡ ਵਾਲੇ ਮਕਾਨ ਦੀ ਖੈਰ ਸੁੱਖ ਦਾ ਪਤਾ ਲੈਣ ਲਈ ਸਕੂਟਰ 'ਤੇ ਸ਼ਹਿਰ ਤੋਂ ਤੁਰਦਾ ਹੈ। ਧੁੜਕੂ ਇਹ ਹੈ ਕਿ ਉਸ ਨੂੰ ਪਤਾ ਲਗਦਾ ਹੈ ਕਿ ਪਿੰਡ ਵਾਲੇ ਮਕਾਨ 'ਤੇ ਕਬਜ਼ਾ ਉਸ ਦੇ ਭਰਾ ਨੇ ਕਰ ਲਿਆ ਹੈ। ਸਾਰੀ ਕਹਾਣੀ ਸਕੂਟਰ ਚਲਾਉਂਦੇ ਦੀ ਉਸ ਦੀ ਸੋਚ ਦਾ ਹੀ ਪਸਾਰਾ ਹੈ। ਰਸਤੇ ਵਿਚ ਉਹ ਮਨ ਅੰਦਰ ਮਕਾਨ ਬਾਰੇ, ਮਕਾਨ ਦੇ ਨਾਲ ਰਹਿੰਦੇ ਗੁਆਂਢੀਆਂ ਬਾਰੇ, ਕਈ ਕੁਝ ਉਧੇੜ ਬੁਣ ਵਿਚ ਸਕੂਟਰ ਚਲਾਈ ਜਾਂਦਾ ਹੈ।
ਘਰੋਂ ਫੋਨ ਵੀ ਰਸਤੇ ਵਿਚ ਆਉਂਦਾ ਹੈ ਕਿ ਮੁੜ ਆਵੇ। ਪਰ ਉਹ ਮੁੜਦਾ ਨਹੀਂ। ਪਿੱਛੇ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮਕਾਨ ਦਾ ਤਾਂ ਨਾਮੋ-ਨਿਸ਼ਾਨ ਹੀ ਨਹੀਂ ਹੈ। ਢਹਿ ਚੁੱਕਾ ਹੈ। ਉਹ ਵਾਪਸ ਸਕੂਟਰ ਤੋਰ ਲੈਂਦਾ ਹੈ। ਕਹਾਣੀ ਸੂਏ ਦਾ ਪਾਣੀ, ਸਿਰ ਹਾਜ਼ਰ ਹੈ। ਜੇ ਉਹ ਮੰਨ ਜਾਣ, ਕਣੀਆਂ ਦੇ ਨਿਸ਼ਾਨ, ਅੱਗ ਦੇ ਆਰ-ਪਾਰ ਸੰਗ੍ਰਹਿ ਦੀਆਂ ਚੰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚੋਂ ਕੁਝ ਕਹਾਣੀਆਂ ਦੇ 15-20 ਛੋਟੇ-ਛੋਟੇ ਟੁਕੜੇ ਹਨ, ਜੋ ਸਟਾਰ ਲਾ ਕੇ (.......) ਲੇਖਕ ਨੇ ਬਣਾਏ ਹਨ। ਇੰਜ ਇਹ ਰਚਨਾਵਾਂ ਨਾਵਲੈਟ ਵਾਂਗ ਬਣ ਗਈਆਂ ਹਨ। ਕਹਾਣੀਕਾਰ ਆਸਾਨੀ ਨਾਲ ਇਨ੍ਹਾਂ ਵਿਚੋਂ ਕੁਝ ਕਹਾਣੀਆਂ ਨੂੰ ਨਾਵਲ/ਨਾਲਵੈਟ ਵਿਧਾ ਦਾ ਰੂਪ ਦੇ ਸਕਦਾ ਸੀ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 98148-56160

ਮਹਾਂ ਕੰਬਣੀ
ਲੇਖਕ : ਦਰਸ਼ਨ ਬੁੱਟਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96.

ਮਹਾਂਕੰਬਣੀ ਸ਼ਾਇਰ ਦਰਸ਼ਨ ਬੁੱਟਰ ਦਾ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਤੋਂ ਪਹਿਲਾਂ ਇਸ ਸ਼ਾਇਰ ਦੇ ਅਨੇਕ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ ਸੰਗ੍ਰਹਿ ਜੀਵਨ-ਦਰਸ਼ਨ ਦੇ ਨਵੇਂ ਪਾਸਾਰਾਂ ਵੱਲ ਦਿਸ਼ਾ-ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ।
ਇਸ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਇਕ ਸੰਵਾਦ ਦੇ ਰੂਪ ਵਿਚ ਹਨ, ਜੋ ਜਿਗਿਆਸੂ ਤੇ ਗੁਰੂਦੇਵ ਦੇ ਆਪਸੀ ਸੰਵਾਦ ਵਿਚੋਂ ਆਕਾਰ ਲੈਂਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਇਕ ਸਫ਼ੇ ਤੇ ਜਗਿਆਸਾ ਦਾ ਸਵਾਲ ਤੇ ਦੂਜੇ ਸਫ਼ੇ 'ਤੇ ਗੁਰੂਦੇਵ ਦਾ ਜਵਾਬ ਹਾਜ਼ਰ ਹੈ। ਦਰਅਸਲ ਤਾਂ ਸਵਾਲ ਤੇ ਜਵਾਬ ਦਾ ਇਹ ਸਮੁੱਚਾ ਸੰਵਾਦ ਮਾਨਵ ਦੇ ਅੰਤਰਮਨ ਦਾ ਹੀ ਹੈ, ਜੋ ਆਦਿ ਕਾਲ ਤੋਂ ਨਿਰੰਤਰ ਚੱਲ ਰਿਹਾ ਹੈ ਤੇ ਅਨੰਤ ਕਾਲ ਤੱਕ ਜਿਸ ਨੇ ਨਿਰੰਤਰ ਪ੍ਰਵਾਹਮਾਨ ਰਹਿਣਾ ਹੈ। ਹਰ ਮਨੁੱਖ ਇਸ ਸੰਵਾਦ ਨੂੰ ਆਪਣੇ ਮਨ ਦੀ ਧਰਤੀ 'ਤੇ ਵਾਪਰਦਾ ਤੇ ਵਿਗਸਦਾ ਵੇਖਦਾ ਹੈ। ਦਰਸ਼ਨ ਬੁੱਟਰ ਨੇ ਇਸੇ ਸੰਵਾਦ ਨੂੰ ਆਪਣੀ ਦ੍ਰਿਸ਼ਟੀ ਤੋਂ ਸਮਝਣ/ਸਿਰਜਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਆਧੁਨਿਕ ਮਨੁੱਖ ਦੀ ਬੇਚੈਨ ਆਤਮਾ ਵਿਚ ਸੁਲਘਦੇ ਸਵਾਲਾਂ ਦਾ ਚਿਹਨਕ ਪ੍ਰਗਟਾਵਾ ਹਨ। ਇਨ੍ਹਾਂ ਸਵਾਲਾਂ ਦਾ ਮਸਲਾ ਸਮਾਜਿਕ ਚਿੰਤਨ ਨਾਲ ਘੱਟ ਤੇ ਆਤਮਿਕ ਚਿੰਤਨ ਅਤੇ ਰਹੱਸ-ਜਗਤ ਨਾਲ ਵਧੇਰੇ ਵਾਬਸਤਾ ਹੈ। ਸਮਾਜਿਕ ਸਮੱਸਿਆਵਾਂ ਨੂੰ ਸਰ ਕਰ ਲੈਣ ਮਗਰੋਂ ਮਨੁੱਖ ਰੂਹਾਨੀ ਤੇ ਆਤਮਿਕ/ਦਾਰਸ਼ਨਿਕ ਮਸਲਿਆਂ ਨਾਲ ਦੋ-ਚਾਰ ਹੁੰਦਾ ਹੈ। ਇਹ ਕਵਿਤਾਵਾਂ ਕਲਕਲ ਕਰਦੀ ਇਸੇ ਚੇਤਨਾ ਦਾ ਪ੍ਰਗਟਾਵਾ ਹਨ। ਇਹ ਕਵਿਤਾਵਾਂ 'ਵੱਡਾ ਕੱਤਣ' ਦੇ ਆਹਰ ਵਿਚ ਹਨ
ਏਨਾ ਨਿੱਕਾ ਨਾ ਕੱਤ ਗੁਰੂਦੇਵ
ਕਿ ਪਕੜ ਵਿਚ ਹੀ ਨਾ ਆਉਣ
ਤੇਰੀ ਸੰਵੇਦਨਾ ਦੀਆਂ ਤੰਦਾਂ...
ਸਮੁੱਚੇ ਰੂਪ ਵਿਚ ਇਹ ਕਾਵਿ ਸੰਗ੍ਰਹਿ ਪੰਜਾਬੀ ਕਵਿਤਾ ਵਿਚ ਨਵੀਆਂ ਤਰੰਗਾਂ ਤੇ ਸੰਵੇਦਨਾਵਾਂ ਦੀਆਂ ਸੁਰਾਂ ਨੂੰ ਛੇੜਨ ਦੇ ਸਮਰੱਥ ਹੈ। ਦਰਸ਼ਨ ਬੁੱਟਰ ਇਸ ਸੰਗ੍ਰਹਿ ਲਈ ਵਧਾਈ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਨਵੇਂ ਅਰਥਾਂ ਦੀ ਤਲਾਸ਼
ਸ਼ਾਇਰ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ ਔੜ (ਸ਼.ਭ.ਸ. ਨਗਰ)
ਮੁੱਲ : 150 ਰੁਪਏ, ਸਫ਼ੇ : 120.

ਇਸ ਸੰਗ੍ਰਹਿ ਵਿਚ ਸ਼ਾਮਿਲ ਸ਼ਾਇਰ ਦਲਜੀਤ ਗਿੱਲ ਦੀਆਂ ਸਵਾ ਕੁ ਸੌ ਤੋਂ ਵੱਧ ਵੱਡੀਆਂ, ਛੋਟੀਆਂ ਅਤੇ ਦਰਮਿਆਨੇ ਆਕਾਰ ਵਿਚ ਰਚੀਆਂ ਨਜ਼ਮਾਂ ਪੜ੍ਹ ਕੇ ਲੇਖਕ ਦੇ ਨਵੇਂ-ਨਵੇਲੇ ਅੰਦਾਜ਼ ਨੂੰ ਧੁਰ ਅੰਤਰ-ਮਨ ਨਾਲ ਪਾਠਕ ਮਹਿਸੂਸ ਕਰਦਾ ਹੈ। ਇਸ ਪੁਸਤਕ ਦਾ ਸਿਰਨਾਵਾਂ ਬਣੇ ਨਜ਼ਮ 'ਨਵੇਂ ਅਰਥਾਂ ਦੀ ਤਲਾਸ਼' ਅਜੋਕੇ ਸਮੇਂ 'ਚ ਮਨੁੱਖੀ ਸਮਾਜ ਦੇ ਕਈ ਕਰੂਪ ਪੱਖਾਂ ਨੂੰ ਬੇਬਾਕੀ ਨਾਲ ਨੰਗਿਆਂ ਕਰਦੀ ਹੈ। ਸਮਾਜ ਦੇ ਕਈ ਪਵਿੱਤਰ ਕਹਾਉਂਦੇ ਪੱਖ ਕਿੰਜ ਗੰਧਲੇ ਹੋ ਗਏ ਹਨ, ਉਸ ਦਾ ਯਥਾਰਥਕ ਸ਼ਬਦ ਚਿੱਤਰ ਹੈ ਇਹ ਨਜ਼ਮ। ਅਜੋਕੀ ਔਰਤ ਨਾਲ ਹਰ ਪੱਧਰ 'ਤੇ ਵਾਪਰਦੇ ਹਾਦਸਿਆਂ ਦਾ ਮਾਤਮ ਮਨਾਉਂਦੀਆਂ ਉਸ ਦੀਆਂ ਨਜ਼ਮਾਂ 'ਫੱਟ', ਉਲੰਘਣਾ, ਨੀ ਕੁੜੀਓ, ਹੇ! ਨਾਰੀ, ਜ਼ਿਆਦਤੀ, ਸਿਰਜਕ, ਨਸਲ, ਇਸ ਤੱਥ ਦੀਆਂ ਲਾ-ਮਿਸਾਲ ਮਿਸਾਲਾਂ ਹਨ। ਸੱਜਰੇ ਕਾਵਿ-ਬਿੰਬ, ਨਿਵੇਕਲੀਆਂ ਤਸ਼ਬੀਹਾਂ ਪੰਜਾਬੀ ਕਵਿਤਾ ਦੇ ਵਿਹੜੇ 'ਚ ਰੁਮਕਦੀ ਪੌਣ ਦਾ ਦਮ ਭਰਦੀਆਂ ਹਨ। ਉਸ ਦੀ ਹਰ ਨਜ਼ਮ ਇਕ ਵੱਖਰੀ ਬਾਤ ਹੈ। ਜਿਹੜੀ ਪਾਠਕ ਦੀਆਂ ਅੱਖਾਂ ਥਾਣੀ ਉਸ ਦੇ ਮਨ ਮਸਤਿਕ 'ਚ ਡੂੰਘੀਆਂ ਲਹਿ ਕੇ ਉਸ ਦੇ ਵਜੂਦ 'ਤੇ ਹਾਵੀ ਹੋ ਜਾਂਦੀਆਂ ਹਨ। ਜ਼ਹਿਰ, ਸਿਲਸਿਲਾ, ਤੇਰੇ ਆਉਣ 'ਤੇ, ਡੰਗ, ਬੇਖ਼ਬਰੀ, ਮੰਡੀ, ਸਮੇਂ ਦੀ ਲੋੜ, ਅਰਥ, ਸੁਚੇਤ, ਪੈਮਾਨਾ, ਅਪੰਗ, ਜੇਰਾ, ਮਾਤ, ਸਮਾਂ, ਹਕੀਕਤ, ਛੱਟਾ, ਵਿਛੋੜਾ ਸੱਚ, ਜਦੋਂ ਕੋਈ ਆਪਣਾ ਵਰਗੀਆਂ ਨਜ਼ਮਾਂ ਗਿੱਲ ਦੀ ਪਹੁੰਚੀ ਹੋਈ ਕਾਵਿ ਕਲਾ ਦੀਆਂ ਅਨੇਕਾਂ ਪਰਤਾਂ ਸਮੇਟੀ ਬੈਠੀਆਂ ਹਨ। ਪੁਸਤਕ ਦੇ ਅੰਤ 'ਚ ਉਸ ਦੇ ਲਿਖੇ ਗੀਤ ਵੀ ਨਿਵੇਕਲੇਪਨ ਦਾ ਦਮ ਭਰਦੇ ਹਨ। ਪ੍ਰਕਾਸ਼ਨਾ ਨਵਜੋਤ ਸਾਹਿਤ ਸੰਸਥਾ ਦੇ ਸਾਰੇ ਆਗੂ ਇਹਦੇ ਲਈ ਵਧਾਈ ਦੇ ਪਾਤਰ ਹਨ। ਦਲਜੀਤ ਦੀ ਕਾਵਿ ਕਲਾ ਬਾਰੇ ਹਰ ਪੱਧਰ 'ਤੇ ਨਿਰਖ-ਪਰਖ ਹੋਣੀ ਲਾਜ਼ਮੀ ਹੈ ਅਤੇ ਉਸ ਨੂੰ ਉਸ ਦਾ ਬਣਦਾ ਸਥਾਨ ਮਿਲਣਾ ਉਸ ਦੀ ਸੁੱਚੀ ਕਾਵਿ ਕਲਾ ਦਾ ਹੱਕ ਹੈ।

-ਸੁਰਿੰਦਰ ਸਿੰਘ ਕਰਮ
ਮੋ: 98146-81444.

31-8-2014

 ਵੇਦਨਾ ਸੰਵੇਦਨਾ ਤੇ ਹੋਰ ਨਿਬੰਧ
ਲੇਖਕ : ਡਾ: ਅਮਰ ਕੋਮਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 176.

ਨਿਰੰਤਰ ਲਿਖਣ ਵਾਲੇ ਅਮਰ ਕੋਮਲ ਦਾ ਨਿਬੰਧ ਸੰਗ੍ਰਹਿ ਹੈ ਇਹ ਪੁਸਤਕ। ਨਿਬੰਧ ਦੀ ਵੱਡੀ ਖੂਬੀ ਉਸ ਵਿਚ ਸੋਚ ਦੀ ਸੁਤੰਤਰ ਉਡਾਰੀ ਹੁੰਦੀ ਹੈ। ਲੇਖਕ ਦੀ ਸ਼ਖ਼ਸੀਅਤ ਦਾ ਨਿੱਜ, ਅਨੁਭਵ ਅਧਿਐਨ ਅਤੇ ਕਲਪਨਾ ਨਾਲ ਨਿਬੰਧ ਪਾਠਕ ਦੇ ਸੁਹਜ ਸੁਆਦ ਦੀ ਤ੍ਰਿਪਤੀ ਕਰਦਾ ਹੋਇਆ, ਉਸ ਨੂੰ ਗਿਆਨ ਦੇ ਖੇਤਰ ਵਿਚ ਸੁਤੰਤਰ ਉਡਾਰੀਆਂ ਮਾਰਨ ਲਈ ਪ੍ਰੇਰਿਤ ਕਰਦਾ ਹੈ। ਇਹ ਯੋਗਤਾ ਵਿਰਲੇ ਨਿਬੰਧਕਾਰਾਂ ਵਿਚ ਹੀ ਸੰਭਵ ਹੈ। ਇਸ ਪੁਸਤਕ ਵਿਚਲੇ ਨਿਬੰਧ ਸੁਤੰਤਰ ਉਡਾਰੀ, ਸਹਿਜ ਕਲਪਨਾ ਤੇ ਗਿਆਨ ਨਾਲੋਂ ਵਧੇਰੇ ਸੁਨਿਯੋਜਿਤ ਹਨ। ਸੋਚੇ ਵਿਉਂਤੇ ਹੋਏ। ਸੰਜਮ, ਸਿਸਟਮ ਤੇ ਮਿਹਨਤ ਨਾਲ ਲਿਖੀਆਂ ਸੋਚੀਆਂ ਸਮਝੀਆਂ ਰਚਨਾਵਾਂ।
ਵੇਦਨਾ ਸੰਵੇਦਨਾ ਦੇ ਲਗਭਗ ਹਰ ਨਿਬੰਧ ਵਿਚ ਸੋਚੀ-ਸਮਝੀ ਵਿਉਂਤ ਦਾ ਅਹਿਸਾਸ ਪਹਿਲੀ ਨਜ਼ਰੇ ਹੀ ਹੋਣ ਲਗਦਾ ਹੈ।
ਵੇਦਨਾ (ਸੰ.) ਦੇ ਅਰਥ ਹਨ, ਦੁੱਖ (ਸੁੱਖ) ਦਾ ਅਨੁਭਵ (ਵੇਦਨਾ ਸੰਵੇਦਨਾ)। ਸੋਚ (ਸੰ.) ਸ਼ਬਦ ਸੋਚਣ ਹੈ ਜੋ ਸੰਗਯਾ ਰੂਪ ਵਿਚ ਫ਼ਿਕਰ ਕਰਨ ਦੀ ਕਿਰਿਆ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ (ਸੋਚ)। ਚੁੱਪ (ਸੰ.) ਧਾ ਧੀਰੇ ਧੀਰੇ ਚਲਣਾ, ਸੰਗਿਆ ਦੇ ਤੌਰ 'ਤੇ ਖਾਮੋਸ਼ ਅਰਥਾਂ ਦਾ ਲਖਾਇਕ ਸ਼ਬਦ ਹੈ (ਚੁੱਪ)। ਗਿਆਨ ਗਯਾਨ ਸੰਸਕ੍ਰਿਤ ਦਾ ਸ਼ਬਦ ਹੈ। ਸੰਗਿਆ ਰੂਪ ਵਿਚ ਇਸ ਦੇ ਅਰਥ ਬੋਧ ਸਮਝ ਇਲਮ ਹੈ (ਗਿਆਨ-ਵਿਗਿਆਨ)। ਸਾਰੇ ਨਿਬੰਧਾਂ ਦਾ ਇਹੀ ਹਾਲ ਹੈ। ਇਸ ਨਾਲ ਨਿਬੰਧ ਸਹਿਜ ਰਵਾਨੀ ਵਾਲੀਆਂ ਲਿਖਤਾਂ ਦੀ ਥਾਂ ਬੋਝਲ ਤੇ ਨੀਰਸ ਹੁੰਦੇ ਲਗਦੇ ਹਨ। ਲੇਖਣ ਤੇ ਪ੍ਰਕਾਸ਼ਨ ਦੋਵਾਂ ਪੱਧਰਾਂ ਉਤੇ ਕਾਹਲ ਕਾਰਨ ਵਾਕ ਬਣਤਰ ਵੀ ਉਖੜੀ-ਉਖੜੀ ਹੈ।
ਗਿਆਨ ਦੇ ਤੇਜ਼ ਵਿਸਫੋਟ ਦੇ ਇਸ ਯੁੱਗ ਵਿਚ ਪਾਠਕ ਨੂੰ ਆਪਣੇ ਨਾਲ ਸਹਿਜੇ ਹੀ ਤੋਰਨ ਦੀ ਸਮਰੱਥਾ ਵਾਲੇ ਸਾਹਿਤ ਰੂਪ ਨਿਬੰਧ ਦੀਆਂ ਸੰਭਾਵਨਾਵਾਂ ਦਾ ਆਂਸ਼ਿਕ ਲਾਭ ਹੀ ਉਠਾ ਸਕਿਆ ਹੈ ਇਸ ਨਿਬੰਧ ਸੰਗ੍ਰਹਿ ਦਾ ਲੇਖਕ! ਨਿਬੰਧਾਂ ਦੇ ਵਿਸ਼ੇ ਨਿਰਸੰਦੇਹ ਸੰਭਾਵਨਾਵਾਂ ਭਰਪੂਰ ਹਨ ਪਰ ਇਨ੍ਹਾਂ ਦੇ ਨਿਭਾਅ ਵਿਚ ਇਸੇ ਪੁਸਤਕ ਲਈ ਦੋ ਸ਼ਬਦ ਲਿਖਣ ਵਾਲੇ ਨਿਬੰਧਕਾਰ ਨਰਿੰਦਰ ਸਿੰਘ ਕਪੂਰ ਵਾਲੀ ਤਾਜ਼ਗੀ ਨਹੀਂ।

ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਵਿਤਾ
ਲੇਖਕ : ਡਾ: ਸੰਦੀਪ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 116.

ਇਸਲਾਮੀ ਰਹੱਸਵਾਦ ਹੀ ਸੂਫ਼ੀਵਾਦ ਹੈ। ਉਦਾਰਵਾਦੀ ਸਮਨਵੈਵਾਦੀ ਪਹੁੰਚ ਇਸ ਦੀ ਪਛਾਣ ਹੈ। ਪ੍ਰੇਮ, ਸਦਾਚਾਰ ਤੇ ਖ਼ੁਦਾ ਦੀ ਬੰਦਗੀ ਨੂੰ ਇਹ ਕੱਟੜ ਮਜ਼ਹਬੀ ਸੀਮਾਵਾਂ ਤੋਂ ਮੁਕਤ ਕਰਨ ਵਾਲੀ ਚਿੰਤਨ-ਧਾਰਾ ਹੈ। ਮਜ਼ਹਬੀ ਸ਼ਰ੍ਹਾ ਨੂੰ ਬਾਹਰੀ ਕਰਮ ਕਾਂਡ ਤੱਕ ਸੀਮਤ ਨਾ ਕਰਕੇ ਉਸ ਨੂੰ ਉਸ ਦੀ ਰੂਹ ਦੇ ਅੰਤਰੀਵ ਅਰਥਾਂ ਸਹਿਤ ਸਵੀਕਾਰਦੀ ਹੈ। ਆਪਣੀ ਇਸ ਸੰਤੁਲਿਤ ਦ੍ਰਿਸ਼ਟੀ ਕਾਰਨ ਸੂਫ਼ੀ ਧਾਰਾ ਦਾ ਮਹੱਤਵ ਅੱਜ ਵੀ ਓਨਾ ਹੀ ਹੈ, ਜਿੰਨਾ ਮੱਧ ਕਾਲ ਵਿਚ ਸੀ. ਦੰਭ, ਪਾਖੰਡ, ਪੈਸਾ, ਪਦਾਰਥ ਤੇ ਪਦਵੀ ਦੇ ਬੋਲ-ਬਾਲੇ ਵਿਚ ਸੂਫ਼ੀਆਂ ਦੇ ਬੋਲ ਸੁਖਾਵੀਂ ਜੀਵਨ ਸ਼ੈਲੀ ਲਈ ਸਾਡੇ ਮਾਰਗ ਦਰਸ਼ਕ ਬਣ ਸਕਦੇ ਹਨ। ਸੰਦੀਪ ਕੌਰ ਦੀ ਇਹ ਛੋਟੀ ਜਿਹੀ ਪੁਸਤਕ ਇਸ ਕਾਵਿ ਧਾਰਾ ਅਤੇ ਇਸ ਦੇ ਮੁੱਖ ਸੂਫ਼ੀਆਂ ਦੇ ਕਲਾਮ ਨਾਲ ਸਾਡੀ ਜਾਣ-ਪਛਾਣ ਕਰਵਾਉਂਦੀ ਹੈ।
ਆਰੰਭ ਸੂਫ਼ੀਵਾਦ ਤੇ ਪੰਜਾਬੀ ਸੂਫ਼ੀ ਕਾਵਿ ਪਰੰਪਰਾ ਦੇ ਸੰਖੇਪ ਇਤਿਹਾਸ ਨਾਲ ਕੀਤਾ ਗਿਆ ਹੈ। ਇਸ ਉਪਰੰਤ ਚਰਚਾ ਹੈ ਮੱਧਕਾਲੀ ਕਾਵਿ ਵਿਚ ਪੇਸ਼ ਮਾਨਵੀ ਸਰੋਕਾਰਾਂ ਦੀ। ਨੈਤਿਕਤਾ, ਦਰਵੇਸ਼ੀ ਆਚਰਣ ਆਪਣੇ ਔਗੁਣਾਂ ਦੀ ਸੋਝੀ, ਚੰਗੇ ਕਰਮਾਂ ਉਤੇ ਬਲ, ਫੋਕੇ ਕਰਮ ਕਾਂਡ ਤੋਂ ਮੁਕਤੀ ਖ਼ਾਲਕ ਤੇ ਉਸ ਦੀ ਖ਼ਲਕਤ ਨਾਲ ਪ੍ਰੇਮ, ਜ਼ਾਤ/ਮਜ਼ਹਬ ਦੇ ਨਾਂਅ 'ਤੇ ਭੇਦ ਭਾਵ ਦਾ ਵਿਰੋਧ ਇਸ ਕਾਵਿ ਦੇ ਮੁੱਖ ਮਾਨਵੀ ਸਰੋਕਾਰ ਹਨ। ਇਸ ਪਿੱਠ ਭੂਮੀ ਉਪਰੰਤ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਅਤੇ ਉਨ੍ਹਾਂ ਦੇ ਕਲਾਮ ਬਾਰੇ ਵੱਖ-ਵੱਖ ਅਧਿਆਵਾਂ ਵਿਚ ਰਤਾ ਵਿਸਤਾਰ ਨਾਲ ਗੱਲ ਲੇਖਿਕਾ ਨੇ ਕੀਤੀ ਹੈ।
ਡਾ: ਸੰਦੀਪ ਕੌਰ ਨੇ ਬਾਬਾ ਫ਼ਰੀਦ ਦੀ ਕਾਵਿ ਦ੍ਰਿਸ਼ਟੀ, ਸ਼ਾਹ ਹੁਸੈਨ ਦੇ ਰੂਹਾਨੀ ਅਤੇ ਸੱਭਿਆਚਾਰਕ ਸਰੋਕਾਰਾਂ, ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਅਤੇ ਸੁਲਤਾਨ ਬਾਹੂ ਦੇ ਕਾਵਿ ਵਿਚ ਪੇਸ਼ ਰਹੱਸਵਾਦ ਦਾ ਵਿਸ਼ਲੇਸ਼ਣ ਉਕਤ ਸੂਫ਼ੀਆਂ ਦੇ ਕਲਾਮ ਅਤੇ ਇਨ੍ਹਾਂ ਬਾਰੇ ਪ੍ਰਾਪਤ ਆਲੋਚਨਾਤਮਿਕ ਪੁਸਤਕਾਂ ਦੇ ਆਧਾਰ 'ਤੇ ਕੀਤਾ ਹੈ। ਇਸ ਵਿਸ਼ਲੇਸ਼ਣ ਦਾ ਮੁਹਾਵਰਾ ਅਤੇ ਤਾਜ਼ਗੀ ਪ੍ਰਸੰਸਾਯੋਗ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਅੰਮ੍ਰਿਤ ਕੁੰਡ
ਲੇਖਕ : ਗੁਰਮੀਤ ਹਯਾਤਪੁਰੀ
ਪ੍ਰਕਾਸ਼ਕ : ਬਾਰਾਂਦਰੀ ਪ੍ਰਕਾਸ਼ਨ, ਹੁਸ਼ਿਆਰਪੁਰ
ਮੁੱਲ : 100 ਰੁਪਏ, ਸਫ਼ੇ : 156.

ਗੁਰਮੀਤ ਹਯਾਤਪੁਰੀ ਮੂਲ ਰੂਪ ਵਿਚ ਸ਼ਾਇਰ ਹੈ, ਜਿਸ ਦੀਆਂ ਚਾਰ ਕਾਵਿ-ਪੁਸਤਕਾਂ ਨੇ ਪਾਠਕਾਂ-ਆਲੋਚਕਾਂ ਦਾ ਧਿਆਨ ਖਿੱਚਿਆ ਹੈ। 'ਮਮੀਰੇ ਦੀ ਗੰਢੀ' ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। 'ਅੰਮ੍ਰਿਤ ਕੁੰਡ' ਰਾਹੀਂ ਉਸ ਨੇ ਕਹਾਣੀ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਹੈ ਤੇ ਕੁਝ ਚੰਗੀਆਂ ਕਹਾਣੀਆਂ ਲਿਖਣ ਦੀ ਪਹਿਲ ਕੀਤੀ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
'ਫ਼ਿਕਰਾਂ ਦਾ ਭਾਰ' ਕਹਾਣੀ ਬਲਬੀਰ ਜਿਹੇ ਪੇਂਡੂ ਨੌਜਵਾਨ ਦਾ ਕਿਰਦਾਰ ਪੇਸ਼ ਕਰਦੀ ਹੈ, ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਕਰਜ਼ੇ ਦੀ ਮਾਰ ਹੇਠੋਂ ਕੱਢਣ ਦੇ ਆਹਰ 'ਚ ਹੈ। ਆਪਣੇ ਘਰ 'ਚ ਪਲ ਰਹੇ ਡੰਗਰਾਂ ਨੂੰ ਵੀ ਸੌਖੀ ਰਹਿਤਲ ਦਿਲਾਉਣ ਦਾ ਯਤਨ ਕਰਦਾ ਹੈ। 'ਇਨਾਮ ਲਟਕਦਾ ਰਿਹਾ' ਇਕ ਪੁਲਿਸੀਏ ਦੇ ਅਜਿਹੇ ਕਿਰਦਾਰ ਦਾ ਚਰਿੱਤਰ ਪੇਸ਼ ਕਰਦਾ ਹੈ ਜੋ ਪੈਸੇ ਤੇ ਇਨਾਮ ਦੇ ਲਾਲਚ 'ਚ ਮਿੱਤਰ-ਧ੍ਰੋਹ ਕਮਾਉਂਦਾ ਹੈ ਤੇ ਖ਼ੁਦ ਵੀ ਮਾਰਿਆ ਜਾਂਦਾ ਹੈ। 'ਖੂਨ ਦਾ ਮੁੱਲ' ਵਿਅੰਗ ਤੇ ਕਟਾਖਸ਼ ਪ੍ਰਧਾਨ ਕਹਾਣੀ ਹੈ, ਜਿਸ ਵਿਚ ਪੁਲਿਸ, ਡਾਕਟਰਾਂ ਦੇ ਹੋਛੇ ਕਿਰਦਾਰਾਂ 'ਤੇ ਵਿਅੰਗ ਕੱਸਿਆ ਗਿਆ ਹੈ। 'ਟੁੱਟੀਆਂ ਵੰਗਾਂ' ਕਹਾਣੀ ਅਜਿਹੇ ਲੇਖਕਾਂ 'ਤੇ ਵਿਅੰਗ ਕਰਦੀ ਹੈ ਜੋ ਡਰਾਇੰਗ ਰੂਮ ਵਿਚ ਬਹਿ ਕੇ ਆਮ ਲੋਕਾਂ ਦੀਆਂ ਕਹਾਣੀਆਂ ਲਿਖਣ ਦਾ ਢੋਂਗ ਕਰਦੇ ਹਨ। 'ਜੇਬਕਤਰੀ' ਕਹਾਣੀ ਦੀ ਨਾਇਕ ਮਜਬੂਰੀ ਤੇ ਮੁਹੱਬਤ ਵਿਚਕਾਰਲੀ ਖਿੱਚੋਤਾਣ ਵਿਚ ਫਸੀ ਮਹਿਸੂਸਦੀ ਹੈ। ਮਜਬੂਰੀਵੱਸ ਉਸ ਨੂੰ ਉਸ ਨੌਜਵਾਨ ਦੀ ਵੀ ਜੇਬ੍ਹ ਕੱਟਣੀ ਪੈਂਦੀ ਹੈ, ਜਿਸ ਨੂੰ ਉਹ ਦਿਲੋਂ ਪਿਆਰ ਕਰਦੀ ਹੈ। 'ਫੁੱਲੀਆਂ' ਵਿਚਲਾ ਜੀਤ ਤਰੱਕੀ ਦੇ ਲਾਲਚ 'ਚ ਆਪਣੇ ਸਾਥੀ ਕਾਮਿਆਂ ਨਾਲ ਧ੍ਰੋਹ ਕਰਕੇ ਵੱਡੇ ਸਾਹਬ ਦਾ ਚਮਚਾ ਬਣਦਾ ਹੈ ਪਰ ਆਪਣੀ ਭੁੱਲ ਦਾ ਅਹਿਸਾਸ ਹੋਣ 'ਤੇ ਵਾਪਸ ਯੂਨੀਅਨ ਵਿਚ ਆ ਰਲਦਾ ਹੈ। 'ਅੰਮ੍ਰਿਤ ਕੁੰਡ', 'ਸਰਟੀਫਿਕੇਟ' ਤੇ 'ਸ਼ਗਨ' ਪ੍ਰਤੀਕਾਤਮਕ ਕਹਾਣੀਆਂ ਹਨ, ਜਿਨ੍ਹਾਂ ਵਿਚ ਕਵੀ, ਦੇਸ਼ ਭਗਤ ਤੇ ਪ੍ਰੇਮੀਆਂ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਹੈ। 'ਤਮਾਸ਼ਾ', 'ਨੰਬਰਵਾਰ' ਕਹਾਣੀਆਂ ਅੱਤਵਾਦ ਦੇ ਦਿਨਾਂ ਦੀ ਯਾਦ ਦਿਵਾਉਂਦੀਆਂ ਹਨ ਜਦੋਂ ਪੁਲਿਸ ਤੇ ਅੱਤਵਾਦੀਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ। 'ਗੁਟਕਣੀ' ਦਾ ਕਿਰਦਾਰ ਕੀੜੂ ਕਿਰਤੀਆਂ ਦੇ ਹੱਕਾਂ ਦੀ ਗੱਲ ਹਲਕੀ-ਫੁਲਕੀ ਰੌਂਅ 'ਚ ਕਰਦਾ ਹੈ। ਉਹ ਬਹੁਤ ਹੀ ਹਲਕੇ ਅੰਦਾਜ਼ 'ਚ ਗੰਭੀਰ ਗੱਲ ਆਖਦਾ ਹੈ। ਮੇਰੀ ਜਾਚੇ 'ਖੂਨ ਦਾ ਮੁੱਲ' ਤੇ 'ਗੁਟਕਣੀ' ਇਸ ਸੰਗ੍ਰਹਿ ਦੀਆਂ ਸ੍ਰੇਸ਼ਠ ਕਹਾਣੀਆਂ ਹਨ ਜੋ ਗੁਰਮੀਤ ਹਯਾਤਪੁਰੀ ਦੀ ਪੰਜਾਬੀ ਕਹਾਣੀ ਵਿਚ ਵੱਖਰੀ ਪਛਾਣ ਬਣਾਉਣ ਵਿਚ ਸਹਾਈ ਹੋਣਗੀਆਂ।
ਇਹ ਕਹਾਣੀਆਂ ਨਿੱਕੀ ਪੰਜਾਬੀ ਕਹਾਣੀ ਦੇ ਮਾਪਦੰਡਾਂ 'ਤੇ ਖਰੀਆਂ ਉਤਰਦੀਆਂ ਹਨ। ਗੁਰਮੀਤ ਹਯਾਤਪੁਰੀ ਪੇਂਡੂ ਤੇ ਸ਼ਹਿਰੀ ਦੋਵਾਂ ਤਰ੍ਹਾਂ ਦੇ ਰਹਿਤਲ ਦੀਆਂ ਕਹਾਣੀਆਂ ਰਚਣ ਵਿਚ ਮਾਹਰ ਹੈ। ਇਨ੍ਹਾਂ 12 ਕਹਾਣੀਆਂ ਦਾ ਅੰਗਰੇਜ਼ੀ ਉਲੱਥਾ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਵਿਦੇਸ਼ੀ ਪਾਠਕ ਵੀ ਇਨ੍ਹਾਂ ਕਹਾਣੀਆਂ ਦਾ ਲੁਤਫ਼ ਲੈ ਸਕਦੇ ਹਨ।

-ਕੇ. ਐਲ. ਗਰਗ
ਮੋ: 94635-37050

ਵਰਿਆਮ ਮਸਤ ਦਾ ਨਾਟ-ਸ਼ਾਸਤਰ
ਲੇਖਕ : ਡਾ: ਪ੍ਰਿਥਵੀ ਰਾਜ ਥਾਪਰ
ਪ੍ਰਕਾਸ਼ਕ : ਸ਼ਿਲਾਲੇਖ, ਦਿੱਲੀ
ਮੁੱਲ : 240 ਰੁਪਏ, ਸਫ਼ੇ : 128.

ਵਿਦਵਾਨ ਡਾ: ਪ੍ਰਿਥਵੀ ਰਾਜ ਥਾਪਰ ਪੰਜਾਬੀ ਗਲਪ ਅਤੇ ਵਾਰਤਕ ਦੀ ਆਲੋਚਨਾ ਦੇ ਕਾਰਜ ਦੇ ਨਾਲ-ਨਾਲ ਸੰਪਾਦਨ ਅਤੇ ਅਨੁਵਾਦ ਵਿਚ ਵੀ ਸਿੱਧ-ਹਸਤ ਹੈ। ਪਰ ਹਥਲੀ ਪੁਸਤਕ ਵਿਚ ਉਸ ਨੇ ਪੰਜਾਬੀ ਦੇ ਬਹੁ-ਚਰਚਿਤ ਨਾਟਕਕਾਰ ਵਰਿਆਮ ਮਸਤ ਦੇ ਨਾਟਕਾਂ ਨੂੰ ਸਮਝਣ-ਸਮਝਾਉਣ ਦਾ ਉਪਰਾਲਾ ਕੀਤਾ ਹੈ। ਆਲੋਚਕ ਨੇ ਭੂਮਿਕਾ ਵਿਚ ਆਈ.ਸੀ. ਨੰਦਾ ਤੋਂ ਲੈ ਕੇ ਵਰਿਆਮ ਮਸਤ ਤੱਕ ਦੇ ਨਾਟਕ, ਰੰਗਮੰਚ ਅਤੇ ਨਾਟਕੀ ਜੁਗਤਾਂ ਦਾ ਸਰਵੇਖਣ ਕੀਤਾ ਹੈ। ਇਸ ਉਪਰੰਤ ਵਰਿਆਮ ਮਸਤ ਦੁਆਰਾ ਰਚਿਤ ਦਸ ਨਾਟਕਾਂ (ਘਰਲੀ, ਸੱਥ ਵਿਚ ਪੱਤ ਰੁਲਗੀ, ਰਿਸ਼ਤੇ, ਸ਼ੇਖਚਿਲੀ ਦੀ ਮੈਨਾ, ਵਿਹੜੇ ਦੀ ਮਹਿਕ, ਭੱਬਕਾ, ਉਡਾਰੀ, ਕੁੰਡਲੀ, ਨਾਟਕ ਬਾਕੀ ਹੈ, ਦੇਖ ਤਮਾਸ਼ਾ ਪੁਤਲੀ ਦਾ) ਦਾ ਅਧਿਐਨ ਅਤੇ ਵਿਸ਼ਲੇਸ਼ਣ ਵਿਸ਼ਾ ਵਸਤੂ ਅਤੇ ਮੰਚਣ ਦੋਵਾਂ ਪੱਖਾਂ ਤੋਂ ਕੀਤਾ ਹੈ। ਵਿਸ਼ਾ ਵਸਤੂ ਦੀ ਦ੍ਰਿਸ਼ਟੀ ਤੋਂ ਗ਼ਰੀਬਾਂ ਦੀ ਦਸ਼ਾ, ਸੱਭਿਆਚਰਕ ਟੁੱਟ-ਭੱਜ, ਪਰਵਾਸ ਬਨਾਮ ਰਿਸ਼ਤੇ, ਸੱਤਾ-ਲਾਲਚ ਦਾ ਸੰਕਟ, ਸਮਾਜਿਕ ਤਰੁਟੀਆਂ, ਬੰਦੇ 'ਚੋਂ ਬੰਦੇ ਦੀ ਅਣਹੋਂਦ, ਨਾਰੀ ਸੰਤਾਪ ਅਤੇ ਨਾਰੀ ਸੰਘਰਸ਼, ਨਾਟਕੀ ਵਿਸ਼ੇ ਦੀ ਤਲਾਸ਼ ਭ੍ਰਿਸ਼ਟਾਚਾਰ ਆਦਿ ਦੀ ਮੁੱਖ ਰੂਪ ਵਿਚ ਨਿਸ਼ਾਨਦੇਹੀ ਕੀਤੀ ਗਈ ਹੈ, ਪਰ ਪੁਸਤਕ ਦਾ ਅਧਿਐਨ 'ਮਸਤ' ਦੇ ਵਿਸ਼ਿਆਂ ਨੂੰ ਬਹੁ-ਪਰਤੀ ਦਰਸਾਉਂਦਾ ਹੈ ਕਿਉਂਕਿ ਇਨ੍ਹਾਂ ਵਿਚ ਵੱਖ-ਵੱਖ ਥੀਮਿਕ ਇਕਾਈਆਂ ਉਪਬਲਧ ਹਨ। ਇਸ ਅਧਿਐਨ ਦੁਆਰਾ ਵਰਿਆਮ ਮਸਤ ਦੀ ਨਾਟ-ਕਲਾ ਜਾਂ ਨਾਟ-ਸ਼ਾਸਤਰ ਦੀਆਂ ਜੋ ਵਿਸ਼ੇਸ਼ਤਾਈਆਂ ਉਘੜਦੀਆਂ ਹਨ, ਉਨ੍ਹਾਂ ਵਿਚ ਲੋਕ ਵਿਰਸਾ, ਲੋਕ-ਸਾਹਿਤ, ਲੋਕ-ਬੋਲੀਆਂ, ਲੋਕ-ਸੰਗੀਤ, ਕਾਵਿਮਈ ਵਾਰਤਾਲਾਪ, ਭੰਡ, ਨਕਲੀਏ ਪੁਤਲੀਆਂ ਆਦਿ ਲੋਕ-ਨਾਟ ਵਿਧੀਆਂ ਦਾ ਪ੍ਰਯੋਗ ਸ਼ਾਮਿਲ ਹੈ। ਪ੍ਰਤੀਕਾਂ ਅਤੇ ਬਿੰਬਾਂ ਦੁਆਰਾ ਪ੍ਰਸਤੁਤੀ ਇਸ ਦੀ ਵਿਸ਼ੇਸ਼ਤਾ ਹੈ। ਨਵੇਂ ਮੈਟਾਫ਼ਰਾਂ ਦਾ ਪ੍ਰਯੋਗ, ਬਰੈਕਟਾਂ ਵਿਚ ਸੰਕੇਤ, ਸੁਪਨ-ਤਕਨੀਕ, ਪਿਛਲਝਾਤ, ਮਨਬਚਨੀ ਆਦਿ ਜੁਗਤਾਂ ਉਸ ਦੇ ਨਾਟਕਾਂ ਦਾ ਅਰਥ ਵਿਸਤਾਰ ਕਰਨ ਵਿਚ ਸਹਾਈ ਹੁੰਦੀਆਂ ਹਨ। ਨਾਟਕੀ ਸਕ੍ਰਿਪਟ ਦਾ ਵੱਖਰਾ ਢਾਂਚਾ ਖੜ੍ਹਾ ਕਰਨ ਵਿਚ ਵਰਿਆਮ ਮਸਤ ਪ੍ਰਸ਼ਨ ਤਾਂ ਖੜ੍ਹੇ ਕਰਦਾ ਹੈ, ਪਰ ਉਨ੍ਹਾਂ ਪ੍ਰਸ਼ਨਾਂ ਦਾ ਹੱਲ ਪਾਠਕਾਂ/ਦਰਸ਼ਕਾਂ/ਸਮਾਜ 'ਤੇ ਛੱਡਦਾ ਹੈ। ਇਹ ਲੱਛਣ ਗਾਰਗੀ ਦੇ ਨਾਟਕਾਂ ਵਿਚ ਵੀ ਵੇਖਿਆ ਜਾ ਸਕਦਾ ਹੈ। 'ਮਸਤ' ਦੇ ਨਾਟਕ ਸਾਧਾਰਨੀਕਰਨ ਦੀ ਪ੍ਰਕਿਰਿਆ ਅਨੁਸਾਰ ਅਰਥਾਂ ਦੀ ਅਹਿਮੀਅਤ ਵਿਚ ਵਾਧਾ ਕਰਦੇ ਹਨ। ਸੰਵਾਦਾਂ ਨਾਲੋਂ ਉਹ ਕਾਰਜ ਨੂੰ ਵੱਧ ਮਹੱਤਵ ਦੇਣ ਦੇ ਹੱਕ ਵਿਚ ਹੈ। ਕੁੱਲ ਮਿਲਾ ਕੇ ਡਾ: ਥਾਪਰ ਦੀ ਆਲੋਚਨਾ 'ਮਸਤ' ਦੀ ਨਾਟ-ਕਲਾ ਪ੍ਰਤੀ ਪੂਰਨ ਹਾਂ-ਪੱਖੀ ਹੁੰਗਾਰਾ ਭਰਦੀ ਹੈ। ਲੇਖਕ ਇਸ ਸੱਚ ਨੂੰ ਵੀ ਸਵੀਕਾਰਦਾ ਹੈ ਕਿ 'ਅਜਿਹੇ ਨਾਟਕ ਲਿਖਣ ਤੇ ਖੇਡਣ ਲਈ ਪਹਿਲਾਂ ਪਹਿਲ ਵਰਿਆਮ ਮਸਤ ਦੀ ਬਹੁਤ ਆਲੋਚਨਾ ਹੋਈ, ਪਰ ਅਜਿਹੀ ਹੋਈ ਆਲੋਚਨਾ ਨੂੰ ਡਾ: ਥਾਪਰ ਨੇ ਆਪਣੀ ਆਲੋਚਨਾਤਮਕ ਪੁਸਤਕ ਵਿਚ ਪੇਸ਼ ਕਰਨ ਤੋਂ ਸੰਕੋਚ ਕੀਤਾ ਹੈ। ਉਹ ਆਲੋਚਨਾ ਕੀ ਸੀ? ਮਸਤ ਨੇ ਉਸ ਆਲੋਚਨਾ ਦਾ ਖੰਡਨ ਕਰਕੇ ਕਿੰਜ ਮਕਬੂਲੀਅਤ ਹਾਸਲ ਕੀਤੀ? ਇਹ ਕੁਝ ਸੋਨੇ ਵਰਗੀ ਪੁਸਤਕ ਲਈ ਸੁਹਾਗਾ ਬਣ ਸਕਦਾ ਸੀ। ਤਾਂ ਵੀ ਮਸਤ ਦੇ ਨਾਟ-ਸ਼ਾਸਤਰ ਨੂੰ ਸਮਝਣ ਲਈ ਇਹ ਪੁਸਤਕ ਬੜੀ ਹੀ ਲਾਹੇਵੰਦ ਹੋ ਨਿੱਬੜੀ ਹੈ। ਪੁਸਤਕ ਵਿਚਾਰਜਨਕ ਹੈ ਅਤੇ ਅਗਲੇਰੇ ਸੰਵਾਦ ਲਈ ਆਵਾਜ਼ ਦਿੰਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਕਿੱਕਲੀ ਕਲੀਰ ਦੀ
ਗੀਤਕਾਰ : ਅਰਸ਼ੀ ਠੁਆਣੇ ਵਾਲਾ
ਪ੍ਰਕਾਸ਼ਕ : ਵਧਾਵਨ ਪ੍ਰਿੰਟਿੰਗ ਪ੍ਰੈੱਸ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 113

ਅਰਸ਼ੀ ਠੁਆਣੇ ਵਾਲਾ ਉਹ ਗੀਤਕਾਰ ਹੈ, ਜਿਸ ਦੇ ਜ਼ਿਆਦਾਤਰ ਗੀਤ ਪਾਏਦਾਰ ਹਨ। ਉਸ ਦੇ ਕਈ ਗੀਤ ਸਮੇਂ-ਸਮੇਂ ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਨੇ ਗਾਏ ਹਨ। ਲਿਖਣ ਦਾ ਉਹ ਸ਼ੈਦਾਈ ਹੈ ਤੇ ਪਾਏਦਾਰ ਲਿਖਣਾ ਉਸ ਦੀ ਪ੍ਰਾਪਤੀ ਹੈ। ਉਹ ਘੱਟ, ਪਰ ਚੰਗਾ ਲਿਖਣ ਵਿਚ ਯਕੀਨ ਰੱਖਦਾ ਹੈ। ਉਸ ਦੀਆਂ ਚਾਰ ਪੁਸਤਕਾਂ ਇਸ ਤੋਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਵਿਚਾਰ ਅਧੀਨ ਪੁਸਤਕ 'ਕਿੱਕਲੀ ਕਲੀਰ ਦੀ' ਅਰਸ਼ੀ ਠੁਆਣੇ ਵਾਲਾ ਦੇ ਗੀਤਾਂ ਦਾ ਸੰਗ੍ਰਹਿ ਹੈ। ਗੀਤਾਂ ਨੂੰ ਪੜ੍ਹ ਕੇ ਅਰਸ਼ੀ ਦੀ ਸੋਚ ਬਾਬਤ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਉਹ ਰੰਗਲੇ ਪੰਜਾਬ ਦੀਆਂ ਰੌਣਕਾਂ ਦਾ ਆਸ਼ਕ ਹੈ, ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਅਤੇ ਗੀਤਾਂ ਜ਼ਰੀਏ ਔਰਤ ਦੀ ਇੱਜ਼ਤ ਲੋਚਦਾ ਹੈ।
ਭਾਰਤ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਅਰਸ਼ੀ ਨੇ ਕੁਝ ਇਸ ਤਰ੍ਹਾਂ ਕੀਤਾ ਹੈ :
ਦੇਸ਼ ਮੇਰੇ ਦੀ ਨਵੀਂ ਜਵਾਨੀ, ਅੰਬਰੀਂ ਪੀਂਘਾਂ ਪਾਈਆਂ,
ਰੂਪਮੱਤੀਆਂ ਸਭ ਮੁਟਿਆਰਾਂ, ਪੀਂਘਾਂ ਝੂਟਣ ਆਈਆਂ।
ਲੰਮੀਆਂ ਧੌਣਾਂ ਵਾਂਗ ਸੁਰਾਹੀ, ਅੱਖੀਆਂ ਨੇ ਨਸ਼ਿਆਈਆਂ,
ਇਕ ਦੂਜੇ ਨੂੰ ਕਰਨ ਮਸ਼ਖਰੀ, ਨਾਲੇ ਗਾਉਂਦੀਆਂ ਗਾਣੇ,
ਭੰਗੜਾ ਪਾ ਮੁੰਡਿਆ, ਦੇਸ਼ ਆਜ਼ਾਦੀ ਮਾਣੇ।
ਦੇਸ਼ ਦੀ ਰਾਖੀ ਕਰਨ ਵਾਲੇ ਬਹਾਦਰ ਜਵਾਨਾਂ ਤੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਸਮਰਪਿਤ ਗੀਤ ਵਿਚ ਅਰਸ਼ੀ ਨੇ ਆਪਣੇ ਮਨ ਦੇ ਵਲਵਲੇ ਪੇਸ਼ ਕੀਤੇ ਹਨ। ਉਹ ਜਾਣਦਾ ਹੈ ਕਿ ਇਨ੍ਹਾਂ ਜਵਾਨਾਂ ਤੇ ਕਿਸਾਨਾਂ ਦੀ ਦੇਸ਼ ਨੂੰ ਕਿੰਨੀ ਵੱਡੀ ਦੇਣ ਹੈ। ਉਹ ਲਿਖਦਾ ਹੈ :
ਜਲਾਂ ਤੇ ਥਲਾਂ ਵਿਚ ਤੂੰ ਹੀ ਪਿਆ ਗੂੰਜੇਂ,
ਵੈਰੀਆਂ ਨੂੰ ਪਲ ਵਿਚ ਲਾਈ ਜਾਵੇਂ ਖੂੰਜੇ,
ਗੁਣ ਗਾਵੇ ਤੇਰਾ ਜ਼ਮੀਂ ਅਸਮਾਨ,
ਜੈ ਜਵਾਨ, ਜੈ ਕਿਸਾਨ, ਦੇਸ਼ ਮੇਰੇ ਦੀ ਤੂੰ ਜਿੰਦ ਜਾਨ,
ਵਤਨ ਤੋਂ ਤਨ, ਮਨ, ਧਨ ਕੁਰਬਾਨ।
ਅਰਸ਼ੀ ਠੁਆਣਾ ਦੀ ਇਸ ਪੁਸਤਕ ਵਿਚ ਕਈ ਦੋਗਾਣੇ ਵੀ ਦਰਜ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੰਘੇ ਵੇਲੇ ਦੇ ਰਿਸ਼ਤਿਆਂ ਦੀ ਨੋਕ-ਝੋਕ ਦਾ ਪਤਾ ਲਗਦਾ ਹੈ। ਉਸ ਦੇ ਸਾਦ-ਮੁਰਾਦੇ ਗਾਣੇ ਪਾਠਕਾਂ ਨੂੰ ਚੰਗੇ ਲਗਦੇ ਹਨ ਤੇ ਜਿੰਨੇ ਕੁ ਗੀਤ ਉਸ ਦੇ ਵੱਖ-ਵੱਖ ਕਲਾਕਾਰਾਂ ਨੇ ਗਾਏ ਹਨ, ਉਹ ਸਰੋਤਿਆਂ ਨੂੰ ਚੰਗੇ ਲੱਗੇ ਹਨ। ਪੁਸਤਕ ਵਿਚ ਪਰੂਫ਼ ਰੀਡਿੰਗ ਦੀਆਂ ਗਲਤੀਆਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਹੋਰ ਵਧੀਆ ਗੱਲ ਹੁੰਦੀ।

-ਸਵਰਨ ਸਿੰਘ ਟਹਿਣਾ
ਮੋ: 98141-78883

ਹਰਫ਼ਾਂ ਦੇ ਫੁੱਲ
ਕਵਿੱਤਰੀ : ਵੀਰਪਾਲ ਬਰਗਾੜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72.

'ਹਰਫ਼ਾਂ ਦੇ ਫੁੱਲ' ਕਵਿੱਤਰੀ ਵੀਰਪਾਲ ਬਰਗਾੜੀ ਦੀ ਪਹਿਲ ਪਲੇਠੀ ਕਾਵਿ-ਪੁਸਤਕ ਹੈ। ਸਾਹਿਤ ਦੇ ਖੇਤਰ ਵਿਚ ਉਸ ਨੇ ਭਾਵੇਂ ਨਵਾਂ ਕਦਮ ਰੱਖਿਆ ਹੈ, ਪਰ ਉਸ ਦੀ ਕਾਵਿ ਪ੍ਰਤਿਭਾ ਉੱਚੇ ਦਰਜੇ ਦੀ ਹੈ। ਹਥਲੇ ਸੰਗ੍ਰਹਿ ਵਿਚ ਗ਼ਜ਼ਲਾਂ, ਗੀਤ ਅਤੇ ਕੁਝ ਖੁੱਲ੍ਹੀਆਂ ਕਵਿਤਾਵਾਂ ਹਨ। ਕਵਿੱਤਰੀ ਨੇ ਇਹ ਸਾਰੀਆਂ ਵੰਨਗੀਆਂ ਰਲੀਆਂ-ਮਿਲੀਆਂ ਹੀ ਦਿੱਤੀਆਂ ਹਨ ਅਤੇ ਪੁਸਤਕ ਦੇ ਭਾਗ ਨਹੀਂ ਬਣਾਏ। ਉਹ ਲਿਖਦੀ ਹੈ : 'ਸੱਚ ਸ਼ਾਇਰੀ 'ਚ ਨਗੀਨੇ ਵਾਂਗ ਹੁੰਦਾ ਏ/ਅਸੀਂ ਤਾਂ ਨਗੀਨੇ ਹਾਂ/ਤੂੰ ਕੱਚ ਜੜਨ ਦੀ ਕੋਸ਼ਿਸ਼ ਨਾ ਕਰ/ਅਸੀਂ ਦਬਦਬੇ ਜਰਦੇ ਨਹੀਂ/ਫੋਕੀ ਹਮਦਰਦੀ ਲੱਭਦੇ ਨਹੀਂ/...ਅਸੀਂ ਤਾਂ ਇਨਸਾਨ ਹਾਂ...ਸ਼ੈਤਾਨ ਨਹੀਂ' ਇਸ ਤਰ੍ਹਾਂ ਕਵਿੱਤਰੀ ਇਨਸਾਫ਼, ਸੱਚ ਅਤੇ ਬਰਾਬਰੀ ਦੇ ਹੱਕ ਵਿਚ ਖਲੋਣ ਦਾ ਅਹਿਦ ਪਾਲਦੀ ਹੈ।
ਵੀਰਪਾਲ ਆਪਣੀਆਂ ਗ਼ਜ਼ਲਾਂ ਵਿਚ ਆਪਣੇ ਅਹਿਸਾਸਾਂ ਨੂੰ ਸ਼ੁੱਧਤਾ ਨਾਲ ਪੇਸ਼ ਕਰਦੀ ਹੈ। ਉਹ ਨਾਰੀ ਸੰਵੇਦਨਾ ਅਤੇ ਨਾਰੀ ਮੁਕਤੀ ਵਾਸਤੇ ਸ਼ਿਅਰਕਾਰੀ ਨੂੰ ਬੁਲੰਦ ਅਵਸਥੀ ਬਣਾ ਕੇ ਪੇਸ਼ ਕਰਦੀ ਹੈ :
ਮਹਿਲਾਂ ਦੀ ਵਲਗਣ ਅੰਦਰ ਮੇਰਾ ਦਮ ਘੁਟਦਾ ਏ
ਪਤਾ ਨਹੀਂ ਕੀ ਕਾਹਲੀ ਕਾਹਲੀ ਮੇਰੇ ਅੰਦਰ ਟੁਟਦਾ ਏ
ਪੱਥਰਾਂ 'ਚ ਰਹਿ ਕੇ ਪੱਥਰ ਨਹੀਂ ਬਣਨਾ ਚਾਹੁੰਦੀ ਮੈਂ
ਸਭ ਝੂਠ ਐ ਕਿ ਪੱਥਰਾਂ 'ਚੋਂ ਭਗਵਾਨ ਫੁਟਦਾ ਏ...।
ਵੀਰਪਾਲ ਦੇ ਸ਼ਿਅਰਾਂ ਵਿਚ ਭਾਵੇਂ ਛੰਦ ਬਹਿਰ ਦੀ ਅਜੇ ਤੱਕ ਪਕਿਆਈ ਨਹੀਂ ਆਈ, ਪਰ ਉਸ ਦੇ ਖਿਆਲ ਬਹੁਤ ਮਾਸੂਮਤਾ ਅਤੇ ਸਹਿਜ ਨਾਲ ਪੇਸ਼ ਹੋਏ ਹਨ। ਕਵਿੱਤਰੀ ਨੇ ਦਿਲ ਦੇ ਵਲਵਲੇ ਸਾਫ਼ਗੋਈ ਨਾਲ ਪੇਸ਼ ਕੀਤੇ ਹਨ। ਉਹ ਜੀਵਨ ਦੇ ਸੱਚ ਨੂੰ ਸੰਬੋਧਨ ਹੁੰਦੀ ਹੈ ਅਤੇ ਪਰਤ-ਦਰ-ਪਰਤ ਸਚਾਈ ਅਤੇ ਅਸਲੀਅਤ ਦੀ ਭਾਲ ਵਿਚ ਕਾਵਿ ਰਚਨਾ ਕਰਦੀ ਹੈ। ਉਹ ਰਿਸ਼ਤਿਆਂ ਨੂੰ ਇਕ-ਦੂਜੇ ਦੀ ਭਾਵਨਾ ਦੇ ਪੂਰਕ ਮੰਨਦੀ ਹੈ। ਬਰਗਾੜੀ ਦੀ ਨਿਰਛਲ ਭਰੀ ਕਾਵਿ ਸ਼ੈਲੀ ਨੂੰ ਜੀ ਆਇਆਂ।

-ਸੁਲੱਖਣ ਸਰਹੱਦੀ
ਮੋ: 94174-84337

31-8-2014

 ਦੇਖ ਬੰਦੇ ਦੇ ਭੇਖ
ਲੇਖਕ : ਪ੍ਰੇਮ ਪ੍ਰਕਾਸ਼
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 292.

ਪ੍ਰੇਮ ਪ੍ਰਕਾਸ਼ ਪੰਜਾਬੀ ਸਾਹਿਤ ਜਗਤ ਦਾ ਮਾਣਮੱਤਾ ਲੇਖਕ ਹੈ। ਆਧੁਨਿਕ ਮਨੁੱਖ ਦੇ ਅੰਦਰਲੀਆਂ ਜਟਿਲਤਾਵਾਂ, ਦਵੰਦਾਂ, ਬੇਚੈਨੀ ਤੇ ਦੰਭ ਨੂੰ ਜਿਸ ਤਰ੍ਹਾਂ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਲਿਖਤਾਂ ਵਿਚ ਪ੍ਰਸਤੁਤ ਕੀਤਾ ਹੈ, ਉਸ ਦਾ ਕੋਈ ਸਾਨੀ ਨਹੀਂ। ਮਨੁੱਖੀ ਮਾਨਸਿਕਤਾ ਵਿਚਲਾ ਦੰਭ ਉਸ ਦੀਆਂ ਲਿਖਤਾਂ ਵਿਚ ਆ ਕੇ ਮਨੁੱਖੀ ਸੁਭਾਅ ਦੇ ਇਕ ਅਹਿਮ ਹਿੱਸੇ ਵਜੋਂ ਸਵੀਕ੍ਰਿਤੀ ਹਾਸਲ ਕਰਦਾ ਹੈ। ਪ੍ਰੇਮ ਪ੍ਰਕਾਸ਼ ਦੀਆਂ ਲਿਖਤਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ ਕਿ ਕੋਈ ਵੀ ਸੱਚ, ਅੰਤਿਮ ਸੱਚ ਨਹੀਂ ਹੁੰਦਾ ਤੇ ਕੋਈ ਵੀ ਬੰਦਾ ਦੇਵਤਾ ਨਹੀਂ ਹੁੰਦਾ। ਮਨੁੱਖ ਦੀਆਂ ਕਮੀਆਂ/ਖੂਬੀਆਂ ਨੂੰ ਇਮਾਨਦਾਰੀ ਨਾਲ ਚਿਤਰਨਾ ਪ੍ਰੇਮ ਪ੍ਰਕਾਸ਼ ਦੀਆਂ ਲਿਖਤਾਂ ਦਾ ਮੂਲ ਵਰਤਾਰਾ ਰਿਹਾ ਹੈ।
ਅਨੇਕ ਕਥਾ-ਪੁਸਤਕਾਂ, ਜੀਵਨੀ, ਸਵੈ-ਜੀਵਨੀ, ਅਨੁਵਾਦ ਸਾਹਿਤ ਮਗਰੋਂ ਇਕ ਵਾਰ ਫਿਰ ਪ੍ਰੇਮ ਪ੍ਰਕਾਸ਼ ਦੀ ਜੀਵਨੀ 'ਦੇਖ ਬੰਦੇ ਦੇ ਭੇਖ' ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ। ਭਾਵੇਂ ਪ੍ਰੇਮ ਪ੍ਰਕਾਸ਼ ਦੀਆਂ ਇਸ ਤੋਂ ਪਹਿਲਾਂ 'ਆਤਮ ਗਾਥਾ' ਤੇ 'ਸਾਹਿਤਕ ਸਵੈ-ਜੀਵਨੀ', ਜੀਵਨੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਇਹ ਜੀਵਨੀ ਆਉਣ ਨਾਲ ਲੇਖਕ ਇਹ ਰਹੱਸ ਉਜਾਗਰ ਕਰਦਾ ਹੈ ਕਿ ਕੋਈ ਮਨੁੱਖ ਕਦੇ ਵੀ ਪੂਰੇ ਦਾ ਪੂਰਾ ਆਪਣੀ ਲਿਖਤ ਵਿਚ ਨਹੀਂ ਸਮਾ ਸਕਦਾ। ਬਹੁਤ ਕੁਝ ਹੁੰਦਾ ਹੈ, ਜੋ ਮਨ ਦੀਆਂ ਹਨੇਰੀਆਂ ਕੰਦਰਾਂ ਵਿਚ ਲੁਕਿਆ/ਅਟਕਿਆ ਰਹਿ ਜਾਂਦਾ ਹੈ। ਬਹੁਤ ਕੁਝ ਉਮਰ ਤੇ ਵਕਤ ਨਾਲ ਬਦਲ ਜਾਂਦਾ ਹੈ। ਬਹੁਤ ਗੱਲਾਂ ਪ੍ਰਤੀ ਬਦਲਦੇ ਵਕਤ ਨਾਲ ਵਿਚਾਰ ਬਦਲ ਜਾਂਦੇ ਹਨ। ਸ਼ਾਇਦ ਇਹੀ ਅਣਕਿਹਾ, ਬਦਲਿਆ ਹੀ ਮਨੁੱਖ ਨੂੰ ਹੋਰ ਤੇ ਹੋਰ ਲਿਖਣ ਲਈ ਨਵੀਂ ਜ਼ਮੀਨ ਪ੍ਰਦਾਨ ਕਰਦਾ ਹੈ।
ਇਸ ਸਵੈ-ਜੀਵਨੀ ਵਿਚ ਪ੍ਰੇਮ ਪ੍ਰਕਾਸ਼ ਆਪਣੇ ਜੀਵਨ ਦੇ ਮੁਢਲੇ ਦਿਨਾਂ, ਖੰਨੇ ਭਾਦਸੋਂ ਵਿਚ ਬਿਤਾਏ ਵਰ੍ਹਿਆਂ ਦੇ ਨਾਲ-ਨਾਲ ਆਪਣੇ ਅੰਤਰਮਨ ਵਿਚ ਵਾਪਰਦੇ ਵਰਤਾਰਿਆਂ ਦਾ ਜ਼ਿਕਰ ਵੀ ਆਪਣੀ ਨਿਵੇਕਲੀ ਸ਼ੈਲੀ ਵਿਚ ਕਰਦਾ ਹੈ। ਬਹੁਤ ਸਾਰੀਆਂ ਗੱਲਾਂ ਪਹਿਲੀਆਂ ਜੀਵਨੀਆਂ ਵਿਚ ਲਿਖੀਆਂ ਘਟਨਾਵਾਂ ਦਾ ਵਿਸਤਾਰ ਵੀ ਜਾਪਦੀਆਂ ਹਨ। ਇਸ ਜੀਵਨੀ ਵਿਚ 'ਮੇਰੀਆਂ ਕਹਾਣੀਆਂ ਦੇ ਬੀਜ' ਅਧਿਆਇ ਵਿਚ ਜਿਹੜੇ ਘਟਨਾਤਮਕ ਵੇਰਵੇ ਦਿੱਤੇ ਹਨ, ਉਹ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚਲੇ ਯਥਾਰਥ ਤੇ ਅਸਲ ਜੀਵਨ ਵਿਚਲੇ ਯਥਾਰਥ ਵਿਚ ਸੁਮੇਲ ਕਰਨ ਲਈ ਉਸ ਦੇ ਪਾਠਕਾਂ ਲਈ ਸਹਾਇਕ ਸਿੱਧ ਹੋ ਸਕਦੇ ਹਨ। 292 ਸਫ਼ਿਆਂ ਵਿਚ ਫੈਲੀ ਇਸ ਸਵੈ-ਜੀਵਨੀ ਦੇ ਹਰ ਚੈਪਟਰ ਦਾ ਵਿਸਤਾਰ ਦੇਣਾ ਇਥੇ ਸੰਭਵ ਨਹੀਂ ਪਰ ਨਿਰਸੰਦੇਹ ਇਹ ਲਿਖਤ ਪ੍ਰੇਮ ਪ੍ਰਕਾਸ਼ ਦੇ ਪੂਰਵ-ਨਿਸਚਿਤ ਬਿੰਬ ਨੂੰ ਹੋਰ ਵਧੇਰੇ ਪਕੇਰਾ ਤੇ ਸਾਰਥਿਕ ਕਰਦੀ ਹੈ। ਇਸ ਪੁਸਤਕ ਦਾ ਪੰਜਾਬੀ ਸਾਹਿਤ ਜਗਤ ਵਿਚ ਸਵਾਗਤ ਕਰਨਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਬਾਗ਼ੀ ਬੋਲ
ਲੇਖਕ : ਜਸਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 40 ਰੁਪਏ, ਸਫੇ : 60.

ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਵਿਵਹਾਰਕ ਕੁਰੀਤੀਆਂ ਵਿਰੁੱਧ ਝੰਡਾ ਬੁਲੰਦ ਕਰਦਿਆਂ ਜਸਦੇਵ ਸਿੰਘ ਲਲਤੋਂ ਨੇ ਆਪਣੀਆਂ ਭਾਵਨਾਵਾਂ ਨੂੰ ਕਾਵਿ ਰੂਪ ਦੇਣ ਦੀ ਕੋਸ਼ਿਸ਼ ਕਰਦਿਆਂ 'ਬਾਗੀ ਬੋਲ' ਨਾਂਅ ਦੀ ਪੁਸਤਕ ਨੂੰ ਸਾਹਿਤਕ ਵਰਣਮਾਲਾ ਵਿਚ ਪਰੋਇਆ ਹੈ।
'ਬਾਗੀ ਬੋਲ' ਪੁਸਤਕ ਭਾਵੇਂ ਆਕਾਰ ਤੇ ਭਾਰ ਪੱਖੋਂ ਹਲਕੀ-ਫੁਲਕੀ ਹੈ ਪਰ ਵਿਚਾਰਧਾਰਾ ਪੱਖੋਂ ਇਕ ਪ੍ਰੋਢ ਪੁਸਤਕ ਹੈ। ਇਸ ਪੁਸਤਕ ਦੀਆਂ ਕਾਵਿਤਾਵਾਂ ਲੇਖਕ ਵੱਲੋਂ ਹੱਡੀਂ ਹੰਢਾਏ ਹਕੀਕੀ ਦਰਦ ਦੀਆਂ ਦਰਪਣ ਹਨ। ਮਨੁੱਖੀ ਦਰਿੰਦਗੀ ਦੀ ਸ਼ਿਕਾਰ ਕਿਰਨਜੀਤ ਦੇ ਕਾਂਡ ਦੇ ਕਾਲਜੇ ਨੂੰ ਧੂਹ ਪਾਉਂਦੇ ਅਤੇ ਅਬਲਾ ਦੀ ਦਲੇਰੀ ਵਿਖਾਉਂਦੇ ਹਾਵ- ਭਾਵ ਕੁਝ ਇਸ ਤਰ੍ਹਾਂ ਹਨ :
ਡਾਰੋਂ ਕੱਲੀ ਕੂੰਜ ਸੀ, ਕਾਗਾਂ ਨੇ ਘੇਰੀ।
ਬਣਾਏ ਹੱਥ ਹਥਿਆਰ ਤੈਂ, ਧੰਨ ਅਣਖ ਸੀ ਤੇਰੀ
ਕੀਤਾ ਜੰਮ ਮੁਕਾਬਲਾ, ਜਿੰਦ ਕੱਲੀ ਕਹਿਰੀ।
'ਬਾਬਾ ਬੰਦਾ ਸਿੰਘ ਬਹਾਦਰ' ਜੀ ਵੱਲੋਂ ਜਗੀਰਦਾਰੀ ਦਾ ਖ਼ਾਤਮਾ ਕਰਕੇ ਉਥੇ ਬਣਦੇ ਕਿਸਾਨੀ ਹੱਕ ਦਾ ਮੁੱਢ ਬੰਨ੍ਹਣ, ਛੜੱਪੇ ਮਾਰਦੀ ਮਹਿੰਗਾਈ, ਭ੍ਰਿਸ਼ਟਾਚਾਰੀ, ਪਖੰਡਬਾਜ਼ੀ, ਔਰਤ ਦਾ ਚੰਡੀ ਰੂਪ, ਵੋਟਾਂ ਲੈਣ ਦੀ ਥਾਂ ਹੜੱਪਣ ਦਾ 'ਕੁੱਤਾਕਰਨ', ਨਸ਼ਿਆਂ ਦੇ ਵਾਪਾਰ ਤੇ ਦੁਰਪ੍ਰਭਾਵ, ਅਖੌਤੀ ਵਿਕਾਸ ਜਾਨੀ ਵਿਨਾਸ, ਹੱਦੋਂ ਵੱਧ ਜ਼ਹਿਰਾਂ ਦਾ ਛੜਕਾਅ, ਮੀਡੀਆ ਵੱਲੋਂ ਨੰਗੇਜ਼ਵਾਦ ਤੇ ਅਸੱਭਿਅਕ ਵਰਤਾਰੇ ਨੂੰ ਹਵਾ ਦੇਣੀ, ਸਾਮਰਾਜਾਂ ਵੱਲੋਂ ਲੁੱਟ-ਖਸੁੱਟ ਵਾਲੀ ਬਾਂਦਰ ਵੰਡ ਬਿਰਤੀ ਬੇਬੱਸ ਬਿੱਲੀਆਂ ਦੇ ਪ੍ਰਤੀਕ ਕੌਮਾਂ/ਦੇਸ਼ਾਂ ਦੀ ਤਰਾਸਦੀ ਅਤੇ ਕਿਰਤੀਆਂ ਦਾ ਲਹੂ ਪੀਣੀਆਂ ਜੋਕਾਂ ਆਦਿ ਵਿਸ਼ਿਆਂ ਨੂੰ ਵੱਖ-ਵੱਖ ਕਾਵਿਤਾਵਾਂ ਰਾਹੀਂ ਉਜਾਗਰ ਕਰਨ ਦੀ ਕਵੀ ਵੱਲੋਂ ਸਫਲ ਕੋਸ਼ਿਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਲੋਟੂਆਂ ਨੂੰ ਚਿਤਾਵਨੀ ਦੇਣਾ ਕਿ ਸ਼ਾਂਤ ਸਮੁੰਦਰ ਦੀ ਸ਼ਾਂਤੀ ਉਸ ਦੀ ਕਮਜ਼ੋਰੀ ਨਾ ਸਮਝੀ ਜਾਵੇ ਕਿਉਂਕਿ ਜਾਗੇ ਆਮ ਆਦਮੀ (ਆਵਾਮ) ਲਈ ਮੰਜ਼ਿਲ ਕੋਈ ਜ਼ਿਆਦਾ ਦੂਰ ਨਹੀਂ ਹੁੰਦੀ। ਫਿਰ ਜਿਨ੍ਹਾਂ ਦਾ ਹੱਕ ਆਪੇ ਲੈਣਗੇ ਖੋਹ ਵਾਲੀ ਸਥਿਤੀ ਵੀ ਆ ਸਕਦੀ ਹੈ। ਸੋ ਕਿਰਤੀ ਦਾ ਹੱਕ ਉਸ ਦੇ ਹਵਾਲੇ ਕਰਨ ਵਿਚ ਹੀ ਸਿਆਣਪ ਹੈ ਆਦਿ ਯਥਾਰਥਵਾਦੀ ਸੁਨੇਹੇ 'ਬਾਗੀ ਬੋਲ' ਪੁਸਤਕ ਰੂਪੀ ਸਾਹਿਤਕ ਵਰਣਮਾਲਾ ਦੇ ਵਿਸ਼ੇਸ਼ ਮੋਤੀ ਹਨ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਯੂਨੀਸਟਾਰ ਜਨਰਲ ਨਾਲਿਜ ਪੰਜਾਬ
(ਦੇਸ਼ ਦੀ ਪੂਰੀ ਜਾਣਕਾਰੀ ਸਮੇਤ)
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ,
ਮੁੱਲ : 225 ਰੁਪਏ, ਸਫ਼ੇ : 530.

ਬਿਨਾਂ ਸ਼ੱਕ ਕਿਤਾਬੀ ਗਿਆਨ ਮਨੁੱਖੀ ਜੀਵਨ ਵਿਚ ਬੜਾ ਕੀਮਤੀ ਹੈ ਪਰ ਇਸ ਦੇ ਨਾਲ-ਨਾਲ ਦੇਸ਼ ਦੁਨੀਆ, ਪਾਤਾਲ, ਆਕਾਸ਼, ਵਿਗਿਆਨ, ਧਰਮ ਅਤੇ ਹੋਰ ਅਨੇਕਾਂ ਵਿਸ਼ਿਆਂ ਦਾ ਗਿਆਨ ਹੋਣਾ ਵੀ ਬੇਹੱਦ ਜ਼ਰੂਰੀ ਹੈ। ਅੱਜ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਪੇਸ਼ੇਵਰ ਕਿੱਤਿਆਂ ਦੀ ਚੋਣ ਲਈ ਵੱਖਰੇ ਟੈਸਟ ਪਾਸ ਕਰਨ ਲਈ ਵਧੀਆ ਸੂਝਬੂਝ ਅਤੇ ਸਾਧਾਰਨ ਗਿਆਨ ਦੀ ਚੰਗੀ ਪਕੜ ਦੀ ਲੋੜ ਹੈ। ਉਨ੍ਹਾਂ 'ਚੋਂ ਅੱਵਲ ਰਹਿਣ ਵਾਲੇ ਨੂੰ ਹੀ ਮੰਜ਼ਿਲ ਮਿਲਦੀ ਹੈ।
ਜਨਰਲ ਨਾਲਿਜ (ਆਮ ਜਾਣਕਾਰੀ) ਨਾਲ ਸਬੰਧਤ ਬਹੁਤ ਸਾਰੀਆਂ ਪੁਸਤਕਾਂ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਹਨ। 'ਯੂਨੀਸਟਾਰ ਜਨਰਲ ਨਾਲਿਜ ਪੰਜਾਬ' ਨਾਂਅ ਦੀ ਹਥਲੀ ਪੁਸਤਕ ਵਿਚ ਦੇਸ਼ ਦੀ ਤਾਜ਼ਾ ਆਮ ਜਾਣਕਾਰੀ ਦਰਜ ਕੀਤੀ ਗਈ ਹੈ। ਇਸ ਪੁਸਤਕ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿਚ ਲੋਕ ਸਭਾ ਦੀਆਂ ਚੋਣਾਂ-2014 ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਦੂਜੇ ਹਿੱਸੇ ਵਿਚ ਭਾਰਤ ਦੇ ਇਤਿਹਾਸ ਅਤੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਹੈ। ਤੀਜੇ ਹਿੱਸੇ ਵਿਚ ਪੰਜਾਬ ਦੇ ਇਤਿਹਾਸ, ਧਰਤੀ, ਲੋਕਰਾਜ, ਅਰਥਚਾਰੇ ਅਤੇ ਹੋਰ ਵਿਸ਼ਿਆਂ 'ਤੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਖੀਰ ਵਿਚ ਵਾਤਾਵਰਨ ਅਧਿਐਨ ਅਤੇ ਵਿਗਿਆਨ ਬਾਰੇ ਆਮ ਜਾਣਕਾਰੀ ਹੈ।
ਸਕੂਲੀ ਬੱਚੇ ਸਿਲੇਬਸ ਦੀਆਂ ਪੁਸਤਕਾਂ ਨੂੰ ਤਾਂ ਰੱਟਾ ਲਗਾ ਲੈਂਦੇ ਹਨ ਪਰ ਜ਼ਿੰਦਗੀ ਦੇ ਹਰ ਮੋੜ 'ਤੇ ਕੰਮ ਆਉਣ ਵਾਲੇ ਸਾਧਾਰਨ ਗਿਆਨ ਤੋਂ ਅਕਸਰ ਵਾਂਝੇ ਰਹਿ ਜਾਂਦੇ ਹਨ, ਜਦੋਂ ਕਿ ਇਹ ਗਿਆਨ ਸਿਲੇਬਸ ਦੇ ਗਿਆਨ ਨਾਲੋਂ ਕਿਤੇ ਵੱਧ ਕੀਮਤੀ ਹੈ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਇਸ ਦੀ ਲੋੜ ਪੈਂਦੀ ਰਹਿੰਦੀ ਹੈ। ਯੂਨੀਸਟਾਰ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਹਰ ਆਮ-ਖਾਸ ਦੀ ਜਾਣਕਾਰੀ ਵਿਚ ਵਾਧਾ ਕਰਨ ਦਾ ਬੜਾ ਵਧੀਆ ਮਾਧਿਅਮ ਹੈ।

-ਹਰਜਿੰਦਰ ਸਿੰਘ
ਮੋ: 98726-60161

ਬੋਧ ਗਯਾ ਤੋਂ ਗਿਆਨ ਦੀ ਧਾਰਾ
ਲੇਖਕ : ਜਗਤਾਰ ਸਿੰਘ ਹਿੱਸੋਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 150.

ਸਾਹਿਤ ਦੀ ਕੋਈ ਵਿਧਾ ਹੋਵੇ, ਮਨੋਰੰਜਨ ਦੇ ਨਾਲ ਗਿਆਨ-ਸੰਚਾਰਨ, ਉਸ ਦਾ ਮੂਲ ਉਦੇਸ਼ ਹੈ। 'ਬੋਧ ਗਯਾ ਤੋਂ ਗਿਆਨ ਦੀ ਧਾਰਾ' ਦਾ ਲੇਖਕ ਇਸੇ ਉਦੇਸ਼ ਦੀ ਪੂਰਤੀ ਲਈ ਇਸ ਪੁਸਤਕ ਦਾ ਪ੍ਰਕਾਸ਼ਨ ਕਰਵਾਉਂਦਾ ਹੈ।
ਪੁਸਤਕ ਦੇ ਅਨੇਕਾਂ ਕਾਂਡ ਹਨ। ਪਹਿਲੇ ਹਿੱਸੇ ਵਿਚ ਕਪਲਵਸਤੂ ਦੇ ਇਸ ਰਾਜ ਕੁਮਾਰ ਦੇ ਮਹਾ ਤਿਆਗ, ਸੰਬੋਧੀ ਦੀ ਪ੍ਰਾਪਤੀ, ਧਰਮ ਚੱਕਰ ਪਰਿਵਰਤਨ ਦਾ ਪਹਿਲੇ ਗੇੜ ਤੋਂ ਲੈ ਕੇ ਮਹਾ ਪ੍ਰੀਨਿਰਵਾਣ ਤੱਕ ਦਾ ਸੁੰਦਰ ਗਿਆਨ ਪ੍ਰਦਾਨ ਕਰਨ ਵਾਲੀ ਇਤਿਹਾਸਕ ਯਾਤਰਾ ਦੀ ਕਹਾਣੀ ਹੈ। ਦੂਜੇ ਅਧਿਆਇ ਵਿਚ ਬੁੱਧ ਪੁਰਸ਼ ਨਾਲ ਯਾਤਕ ਕਥਾਵਾਂ ਦਾ ਵਰਨਣ ਹੈ। ਅਗਲੇ ਕਾਂਡ ਵਿਚ ਬੁੱਧ ਨੇ ਫਰਮਾਇਆ, ਸਿਰਲੇਖ ਅਧੀਨ, ਮਹਾਤਮਾ ਬੁੱਧ ਦੇ ਅਮਰ ਸੁਨੇਹੜੇ ਅਮਰ ਪਦਾਂ ਦੇ ਰੂਪ ਵਿਚ ਪੇਸ਼ ਹਨ।
ਲੇਖਕ ਨੇ ਮਹਾਤਮਾ ਬੁੱਧ ਨੂੰ ਡੂੰਘੇ ਵਿਸ਼ਾਲ ਅਨੁਭਵ ਨਾਲ ਅਧਿਐਨ ਕਰਦਿਆਂ ਜ਼ਿੰਦਗੀ ਲਈ (ਅਜੋਕੇ ਸਮੇਂ ਲਈ ਵੀ) ਸ਼ਕਤੀ ਸਮਰੱਥਾ, ਗਿਆਨ, ਸੇਧ, ਸਿੱਖਿਆ, ਦਰਸ਼ਨ ਅਤੇ ਉੱਦਮੀ ਸੰਵਾਦ ਗ੍ਰਹਿਣ ਪ੍ਰਾਪਤ ਕਰਨ ਦੇ ਅਵਸਰ ਪ੍ਰਾਪਤ ਕੀਤੇ ਤੇ ਉਸ ਨੇ ਬੁੱਧ ਦਰਸ਼ਨ ਦਾ ਅਧਿਐਨ ਅਧਿਆਪਨ ਕਰਨ ਦਾ ਆਪਣਾ ਜੀਵਨ ਲਕਸ਼ ਬਣਾ ਲਿਆ, ਜਿਸ ਦੇ ਫਲਸਰੂਪ, ਇਸ ਪੁਸਤਕ ਦਾ ਪ੍ਰਕਾਸ਼ਨ ਸਾਡੇ ਸਾਹਮਣੇ ਹੈ। ਭਾਵੇਂ ਅਸੀਂ ਦੈਨਿਕ 'ਅਜੀਤ' ਦੇ ਮੰਗਲਵਾਰੀ ਕਾਲਮ 'ਧਰਮ ਤੇ ਵਿਰਸੇ' ਰਾਹੀਂ ਛਪਦੇ ਇਹ ਬੁੱਧ ਗਿਆਨ ਦਾ ਪਾਠ ਕਰਦੇ ਰਹੇ ਹਾਂ, ਪ੍ਰੰਤੂ ਪੁਸਤਕ ਰੂਪ ਵਿਚ ਇਸ ਦਾ ਪ੍ਰਕਾਸ਼ਨ ਵਿਸ਼ੇਸ਼ ਪ੍ਰਾਪਤੀ ਹੈ।
ਧਰਮ ਕੋਈ ਵੀ ਹੋਵੇ, ਉਸ ਦੇ ਮੂਲ ਸਿਧਾਂਤਾਂ ਨੂੰ ਅਮਲ ਵਿਚ ਲਿਆਉਣਾ ਹੀ ਅਸਲੀ ਮਕਸਦ ਦੀ ਪੂਰਤੀ ਸਮਝੀ ਜਾਂਦੀ ਹੈ। ਜਗਤਾਰ ਸਿੰਘ ਹਿੱਸੋਵਾਲ ਨੇ ਲੰਮੇ ਅਧਿਐਨ ਪਿੱਛੋਂ, ਪੰਜਾਬੀ ਪਾਠਕਾਂ ਲਈ ਬੁੱਧ ਫਿਲਾਸਫ਼ੀ ਅਤੇ ਮਹਾਤਮਾ ਬੁੱਧ ਦੀ ਜੀਵਨ ਕਹਾਣੀ ਨੂੰ ਪੇਸ਼ ਕੀਤਾ ਹੈ। ਇਹ ਸਲਾਹੁਣਯੋਗ ਹੈ। ਬੁੱਧ ਬਾਣੀ 'ਤੇ ਆਧਾਰਿਤ ਬੁੱਧ ਕਥਾਵਾਂ, ਅਜੋਕੇ ਸਮੇਂ ਰੌਚਿਕ, ਸਿੱਖਿਆ, ਮਾਨਸਿਕ ਸ਼ਕਤੀ ਅਤੇ ਬੌਧਿਕ ਕਲਿਆਣ ਦਾ ਸਰੋਤ ਬਣ ਸਕਦੀਆਂ ਹਨ। ਲੋਕਾਂ ਵਿਚ ਮਾਨਵੀ ਗੁਣ ਭਰ ਕੇ ਉਨ੍ਹਾਂ ਅੰਦਰ ਗਿਆਨ, ਧਿਆਨ, ਕਲਿਆਣ, ਸ਼ਕਤੀ ਸਮਰੱਥਾ, ਕਰੁਣਾ, ਦਯਾ ਮਿਲਵਰਤਨ, ਸਲੀਕਾ, ਸਾਦਗੀ, ਉੱਚੇ ਵਿਚਾਰ, ਸੰਚਾਰਨ ਦਾ ਸਰੋਤ ਹਨ।

-ਡਾ: ਅਮਰ ਕੋਮਲ
ਮੋ: 8437873565.

ਅਧੂਰਾ ਦਾਨ
ਲੇਖਕ : ਗੁਰਮੇਲ ਸਿੰਘ 'ਘੁੰਮਾਣ'
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 64.

'ਅਧੂਰਾ ਦਾਨ' ਗੁਰਮੇਲ ਸਿੰਘ 'ਘੁੰਮਾਣ' ਦਾ ਪਲੇਠਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ। ਅਜੇ ਲੇਖਕ ਕਹਾਣੀ ਰਚਨਾ ਦੇ ਮੁਢਲੇ ਪੜਾਅ ਉਪਰ ਹੀ ਹੈ ਪਰ ਉਸ ਦੀਆਂ ਇਨ੍ਹਾਂ ਕਹਾਣੀਆਂ ਦੇ ਪਾਠ ਤੋਂ ਪਿੱਛੋਂ ਉਸ ਨੂੰ ਸੰਭਾਵਨਾਵਾਂ ਭਰਪੂਰ ਕਿਹਾ ਜਾ ਸਕਦਾ ਹੈ। ਘੁੰਮਾਣ ਆਪਣੀਆਂ ਕਹਾਣੀਆਂ ਦੇ ਵਿਸ਼ੇ ਆਮ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਵਿਚੋਂ ਚੁਣਦਾ ਹੈ। ਉਸ ਦੀ ਭਾਵਨਾ ਸ਼ੁੱਭ ਹੈ ਅਤੇ ਉਹ ਸੁਖਾਵੀਂ ਪੱਧਰੀ ਜ਼ਿੰਦਗੀ ਦਾ ਚਾਹਵਾਨ ਹੈ। 'ਅਧੂਰਾ ਦਾਨ' ਕਹਾਣੀ ਭਾਵਨਾਤਮਕ ਵਿਰੇਚਣ ਵਾਲੀ ਕਹਾਣੀ ਹੈ, ਜਿਸ ਵਿਚ ਨਾਇਕ ਇਕ ਅਪਾਹਜ ਦੀ ਮਦਦ ਕਰਕੇ ਵੀ ਇਸ ਨੂੰ ਅਧੂਰਾ ਦਾਨ ਹੀ ਸਮਝਦਾ ਹੈ। 'ਅੰਗਾ' ਪਾਤਰ ਪ੍ਰਧਾਨ ਕਥਾ ਰਚਨਾ ਹੈ। ਅੰਗਾ ਤੇ ਟੰਨਾ ਥੁੜੇ ਟੁੱਟੇ ਲੋਕ ਹਨ, ਜੋ ਅਣਹੋਇਆਂ ਦਾ ਜੀਵਨ ਬਤੀਤ ਕਰ ਰਹੇ ਹਨ। 'ਠਾਣੇਦਾਰਨੀ' ਅਤੇ 'ਮਜਬੂਰ ਮੰਗਤੀ' ਕਾਰੀ ਸੰਵੇਦਨਾ ਦੀਆਂ ਕਹਾਣੀਆਂ ਹਨ। 'ਗਊ ਹੱਤਿਆ' ਵਿਅੰਗਭਾਵੀ ਦ੍ਰਿਸ਼ਟੀ ਪੇਸ਼ ਕਰਦੀ ਹੈ। ਸ਼ਹਿਰਾਂ ਵਿਚ ਫਿਰ ਰਹੇ ਆਵਾਰਾ ਪਸ਼ੂਆਂ ਦੀ ਦਰਦਨਾਕ ਤਸਵੀਰ ਅਤੇ ਲੋਕਾਂ ਦੇ ਦੰਭੀ ਕਿਰਦਾਰ ਦਾ ਪਰਦਾਫਾਸ਼ ਕਰਦੀ ਹੈ। 'ਗੁਲਾਬੋ' ਵੀ ਪਾਤਰ ਕਹਾਣੀ ਹੈ, ਉਂਜ ਇਸ ਨੂੰ ਵਰਜਿਤ ਰਿਸ਼ਤਿਆਂ ਦੇ ਵਿਅੰਗ ਦੀ ਕਹਾਣੀ ਵੀ ਕਿਹਾ ਜਾ ਸਕਦਾ ਹੈ। 'ਦਰਵੇਸ਼ ਮਨੁੱਖ ਗਾਸੋ' ਤਾਂ ਹੈ ਹੀ ਪ੍ਰਸਿੱਧ ਗਲਪਕਾਰ ਓਮ ਪ੍ਰਕਾਸ਼ ਗਾਸੋ ਦਾ ਸ਼ਬਦ ਚਿਤਰ ਜੋ ਸ਼ਰਧਾਭਾਵੀ ਹੈ। 'ਸਰਪੰਚ' ਕਹਾਣੀ ਸਰਪੰਚੀ-ਹੈਂਕੜ ਨੂੰ ਪੇਸ਼ ਕਰਨ ਵਾਲੀ ਯਥਾਰਥਵਾਦੀ ਕਥਾ-ਰਚਨਾ ਹੈ। ਲੇਖਕ ਦੀ ਭਾਸ਼ਾ ਸਰਲ, ਸਾਧਾਰਨ ਅਤੇ ਆਮ ਬੋਲਚਾਲ ਵਾਲੀ ਹੈ, ਜਿਸ ਵਿਚ ਮਲਵਈ ਦੀ ਆਭਾ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਮੌਤ ਇਕ ਨਗ਼ਮੇ ਦੀ
ਲੇਖਕ : ਪ੍ਰੋ: ਦੀਦਾਰ ਸਿੰਘ ਦੀਦਾਰ
ਪ੍ਰਕਾਸ਼ਕ : ਅਸੀਮ ਪ੍ਰਕਾਸ਼ਨ, ਜਲੰਧਰ
ਮੁੱਲ : 180 ਰੁਪਏ, ਸਫ਼ੇ : 164.

ਪ੍ਰੋ: ਦੀਦਾਰ ਦੇ ਤੁਰ ਜਾਣ ਤੋਂ 20 ਵਰ੍ਹੇ ਮਗਰੋਂ ਉਨ੍ਹਾਂ ਦੇ ਬੇਟੇ ਹਰਮਨਜੀਤ ਸਿੰਘ ਦੀਦਾਰ ਨੇ ਪ੍ਰੋ: ਦੀਦਾਰ ਦੀਆਂ ਕੁਝ ਅਣਛਪੀਆਂ ਰਚਨਾਵਾਂ ਦੇ ਨਾਲ-ਨਾਲ ਪਹਿਲਾਂ ਛਪੇ ਦੋ ਸੰਗ੍ਰਹਿ-ਧੁਖਦੇ ਪਲ ਅਤੇ ਮਾਰੂਥਲ ਦੀਆਂ ਕਲੀਆਂ-ਦੀਆਂ ਰਚਨਾਵਾਂ ਨੂੰ ਇਕ ਲੜੀ ਵਿਚ ਪਰੋ ਮੌਤ ਇਕ ਨਗ਼ਮੇ ਦੀ ਪੰਜਾਬੀ ਪਿਆਰਿਆਂ ਨੂੰ ਭੇਟ ਕੀਤੀ ਹੈ। ਪ੍ਰੋ: ਦੀਦਾਰ ਦੀ ਸ਼ਾਇਰੀ ਦੀ ਜ਼ਬਾਨਦਾਨੀ ਦੀ ਸਰਲਤਾ ਸ਼ਬਦਾਂ ਦੀ ਸ਼ੁੱਧਤਾ ਉਸ ਦੇ ਖਿਆਲਾਂ ਦੀ ਪੇਸ਼ਕਾਰੀ ਨੂੰ ਲੋਕ ਵੇਦਨਾ ਬਣਾ ਦਿੰਦੀ ਹੈ। ਅਸਫ਼ਲ ਮੁਹੱਬਤ ਦੀ ਸ਼ਾਇਰੀ ਵੀ ਤਾਂ ਸਮਾਜਿਕ ਨਾ-ਬਰਾਬਰੀ ਦੀ ਦੇਣ ਹੀ ਤਾਂ ਹੁੰਦੀ ਹੈ। ਇਸੇ ਲਈ 'ਮੌਤ ਇਕ ਨਗ਼ਮੇ ਦੀ' ਨੂੰ ਵੀ ਸਮਾਜਿਕ ਕਦਰਾਂ-ਕੀਮਤਾਂ ਦੀ ਹੋ ਰਹੀ ਨਿੱਤ ਦਿਹਾੜੀ ਦੀ ਮੌਤ, ਲੁੱਟ-ਖਸੁੱਟ, ਸਿਆਸਤਦਾਨਾਂ ਦੀਆਂ ਕੋਝੀਆਂ ਭ੍ਰਿਸ਼ਟਾਚਾਰਕ ਪ੍ਰਵਿਰਤੀਆਂ, ਆਮ ਆਦਮੀ ਦੀਆਂ ਸਧਰਾਂ ਦੀ ਪਲ-ਪਲ ਹੁੰਦੀ ਮੌਤ ਦਾ ਕਾਵਿਕ ਚਿਤਰਣ ਹੀ ਕਿਹਾ ਜਾ ਸਕਦਾ ਹੈ।
ਪੈਰ ਪਾਟੇ, ਪੇਟ ਭੁੱਖੇ, ਸੋਚ ਸੁੰਨ ਅੱਖੀਆਂ ਉਦਾਸ
ਮੁੜ ਪਏ ਕਾਮੇ ਘਰੀਂ ਕਰਕੇ ਕਮਾਈ ਦਿਨ ਢਲੇ।
ਪ੍ਰੋ: ਦੀਦਾਰ ਦੀ ਸ਼ਾਇਰੀ ਵਿਚ ਬਿੰਬ, ਮੁਹਾਵਰੇ, ਸ਼ਬਦ ਜੜਤ ਬੜੀ ਹੀ ਸਾਦਗੀ ਅਤੇ ਸਰਲਤਾ ਨਾਲ ਆਪ ਮੁਹਾਰੇ ਇਸ ਤਰ੍ਹਾਂ ਫਿੱਟ ਹੁੰਦੇ ਚਲੇ ਜਾਂਦੇ ਹਨ ਕਿ ਜਬਰ ਜ਼ੁਲਮ ਅਤੇ ਹੋ ਰਹੇ ਕਤਲੇਆਮ ਦੇ ਦਰਦ ਨੂੰ ਪਾਣੀਆਂ 'ਤੇ ਉੱਠਦਾ ਇਉਂ ਦ੍ਰਿਸ਼ਟਾਂਤਤ ਕਰ ਦਿੰਦਾ ਹੈ ਕਿ
ਹੱਸ ਕੇ ਸੋਹਣੀ ਚਨ੍ਹਾ ਵਿਚ ਡੁੱਬ ਗਈ
ਦੇਰ ਤੱਕ ਹਰ ਲਹਿਰ ਕੁਰਲਾਂਦੀ ਰਹੀ।
... ... ... ...
ਸ਼ਹਿਰ ਤੇਰੇ ਦੇ ਸਭ ਵਿਦਿਆਲੇ ਪੁਲਿਸ ਘਰਾਂ ਵਿਚ ਬਦਲ ਗਏ
ਲਾਠੀ ਗੋਲੀ ਸਬਕ ਮਿਲੇਗਾ ਪੜ੍ਹਨ ਜਦੋਂ ਤੂੰ ਜਾਵੇਂਗਾ।
ਡਾ: ਸੁਰਜੀਤ ਪਾਤਰ ਹੁਰਾਂ ਅਨੁਸਾਰ ਪ੍ਰੋ: ਦੀਦਾਰ ਬਰਾਬਰੀ ਤੇ ਇਨਸਾਫ਼ ਭਰੀ ਦੁਨੀਆ ਦੀ ਕਾਮਨਾ ਕਰਨ ਵਾਲਾ ਸ਼ਾਇਰ ਹੈ। ਡਾ: ਪ੍ਰਿਤਪਾਲ ਸਿੰਘ ਮਹਿਰੋਕ ਅਨੁਸਾਰ ਪ੍ਰੋ: ਦੀਦਾਰ ਦੀਆਂ ਗ਼ਜ਼ਲਾਂ ਢਾਊ ਕੀਮਤਾਂ, ਰੋਗੀ ਵਰਤਾਰਿਆਂ, ਨਾਕਸ ਸਮਾਜਿਕ, ਆਰਥਿਕ, ਰਾਜਨੀਤਕ ਪ੍ਰਬੰਧਨ 'ਤੇ ਉਂਗਲੀ ਧਰਦਿਆਂ ਭਵਿੱਖ ਵਿਚ ਸੁਖਾਵੇਂ ਅਰਥਚਾਰੇ ਵਾਲੀ ਵਿਵਸਥਾ ਦੀ ਆਮਦ ਦੀ ਆਸ ਲਗਾਉਣ 'ਤੇ ਟਿਕੀਆਂ ਹਨ। ਪੁਸਤਕ ਵਿਚ ਪ੍ਰੋ: ਦੀਦਾਰ ਬਾਰੇ ਉਸਤਾਦ ਸ਼ਾਇਰ ਜਨਾਬ ਸਰਦਾਰ ਪੰਛੀ ਹੋਰਾਂ ਦੇ ਫਾਰਸੀ ਦੇ ਸ਼ਿਅਰ, ਜਨਾਬ ਦੀਪਕ ਜੈਤੋਈ ਹੋਰਾਂ ਦਾ ਆਸ਼ੀਰਵਾਦ, ਪ੍ਰੋ: ਗੁਰਭਜਨ ਗਿੱਲ ਦੀ ਮੁਹੱਬਤ, ਡਾ: ਸੁਰਜੀਤ ਕੌਰ ਬਾਜਵਾ ਦੀ ਸ਼ਰਧਾਂਜਲੀ, ਪੁਸਤਕ ਦੀ ਗੁਣਵੱਤਾ ਦੀ ਚਕਾਚੌਂਧ ਵਿਚ ਖੂਬਸੂਰਤ ਵਾਧਾ ਹਨ। ਪਰ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਦਾਲ ਵਿਚ ਕੋਕੜੂ ਦਾ ਕੰਮ ਵੀ ਸ਼ਰੇਆਮ ਕਰਦੀਆਂ ਵਿਖਾਈ ਦਿੰਦੀਆਂ ਹਨ।

-ਰਾਜਿੰਦਰ ਪਰਦੇਸੀ
ਮੋ: 93576-41552.

ਮੇਰਾ ਦਾਦਕਾ ਪਿੰਡ
ਲੇਖਕ : ਮਹਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 95.

ਵਾਰਤਕਕਾਰ ਮਹਿੰਦਰ ਸਿੰਘ ਰਾਹੀ ਨੇ ਆਪਣੀ ਇਸ ਦਿਲਕਸ਼ ਪੁਸਤਕ ਜ਼ਰੀਏ ਪੰਜਾਬੀ ਵਾਰਤਕ ਦੇ ਬੂਹੇ 'ਤੇ ਇਕ ਲਾਜਵਾਬ ਦਸਤਕ ਦਿੱਤੀ ਹੈ। ਉਸ ਨੇ ਆਪਣੇ ਦਾਦਕੇ ਪਿੰਡ ਯਾਨੀ ਕਿ ਆਪਣੇ ਮਲਵਈ ਪਿੰਡ ਦੇ ਵੱਖ-ਵੱਖ ਵਸਨੀਕਾਂ ਦੀ ਪਾਤਰ-ਉਸਾਰੀ ਕਰਕੇ ਮਾਲਵੇ ਦੇ ਪੁਰਾਤਨ ਪਿੰਡਾਂ ਦੀ, ਉਥੋਂ ਦੇ ਸਾਧਾਰਨ ਲੋਕਾਂ ਦੀ, ਉਨ੍ਹਾਂ ਦੇ ਗੁਣਾਂ ਦੀ, ਔਗੁਣਾਂ ਦੀ, ਉਨ੍ਹਾਂ ਦੇ ਮਿਹਨਤੀ ਸੁਭਾਅ ਦੀ, ਉਥੋਂ ਦੇ ਰੇਤਲੇ ਟਿੱਬਿਆਂ ਦੀ, ਉਥੋਂ ਦੀ ਕਾਲੀ-ਬੋਲੀ ਹਨ੍ਹੇਰੀ ਦੀ, ਉਥੋਂ ਦੇ ਸ਼ਾਨਦਾਰ ਅਤੇ ਜਾਨਦਾਰ ਰਸਮੋ-ਰਿਵਾਜਾਂ ਦੀ, ਉਥੋਂ ਦੇ ਗਿੱਧੇ-ਭੰਗੜੇ ਦੀ, ਉਥੋਂ ਦੀ ਬੋਲੀ ਦੀ ਸੱਚੀ-ਸੁੱਚੀ ਤਸਵੀਰ ਪੇਸ਼ ਕੀਤੀ ਹੈ। ਉਸ ਨੇ ਅਜਿਹੇ ਪਾਤਰਾਂ ਦੀ ਯਥਾਰਥਕ ਜਾਣਕਾਰੀ ਦਰਜ ਕੀਤੀ ਹੈ, ਜਿਨ੍ਹਾਂ ਦੀ ਸਰੀਰਕ ਤਾਕਤ, ਭੋਲਾਪਨ, ਸਾਫਾਗੋਈ ਮਨਾਂ ਨੂੰ ਮੋਂਹਦੀ ਹੈ। ਮਾਲਵੇ ਦੇ ਪਿੰਡਾਂ ਦੇ ਲੋਕਾਂ ਦੇ ਉਸ ਸੁਭਾਅ ਦਾ ਖਾਲਸ ਖੁਲਾਸਾ ਕੀਤਾ ਹੈ, ਜਿਹੜੇ ਕੁਦਰਤੀ ਆਫ਼ਤਾਂ ਦੀ ਮਾਰ ਝੱਲਦੇ ਹੋਏ, ਮੁੜ ਫਿਰ ਜਿਊਣ ਦੀ ਇੱਛਾ ਨੂੰ ਪਾਲਦੇ ਹੋਏ, ਮੱਥੇ 'ਤੇ ਵੱਟ ਪਾ ਕੇ ਰੱਬ ਅਤੇ ਕੁਦਰਤ ਨੂੰ ਤਾਹਨੇ ਨਹੀਂ ਮਾਰਦੇ। ਲੇਖਕ ਨੇ ਆਪਣੇ ਵਿਸ਼ਾਲ ਗਿਆਨ ਭੰਡਾਰ ਨੂੰ ਇਸ ਪੁਸਤਕ ਦੀਆਂ ਤਿੰਨ ਦਰਜਨ ਤੋਂ ਵੱਧ ਰਚਨਾਵਾਂ ਵਿਚ ਜਿਵੇਂ ਉਲੱਦ ਹੀ ਦਿੱਤਾ ਹੈ।
ਇਸ ਪੁਸਤਕ ਵਿਚ ਸ਼ਾਮਿਲ ਲੇਖ ਉੱਚ ਦਰਜੇ ਦੀ ਵਾਰਤਕ ਦੇ ਬੇਸ਼ਕੀਮਤੀ ਨਮੂਨੇ ਹਨ। ਪੁਸਤਕ ਦੇ ਇਨ੍ਹਾਂ ਵਿਲੱਖਣ ਲੇਖਾਂ ਵਿਚ ਸ਼ਾਮਿਲ 'ਪਰੀਚੇ', 'ਤਾਈ ਦਾਨੀ', 'ਲੋਗੂ ਗਠਾਵੇ ਪਨਹੀ', 'ਗੁੱਚੀ ਕਾ ਚੰਦ', 'ਚਲਾਕੀ ਮਾਰ', 'ਕਾਰਾ ਸੂਰਮਾ', 'ਸਭ ਕੁਝ ਮਾਫ਼', 'ਬਚਨਾ ਡਉਂ', 'ਨਾਵਾਂ ਦੀ ਐਹੀ ਤਹੀ', 'ਗਦੌੜਾ', 'ਭਾਈ ਜੀ', 'ਮਹਾਂਭਾਰਤ ਦਾ ਪਾਤਰ', 'ਅੰਬੋ ਭਾਗੀ', 'ਊਠ ਮਾਰਨਾ', 'ਬਾਬਾ ਕੁੰਡਾ', 'ਰੂੰਡੀ ਥੋਰੀ', 'ਵੀਹੀਂ', 'ਛੱਪੜੀ ਵਾਲਾ ਕੇਰ', 'ਪਟਵਾਰੀ', 'ਥੋੜ੍ਹਾ ਜਿਹਾ ਮਿੱਠਾ', 'ਕਾਲੀ ਬੋਲੀ', 'ਦੁੱਖ ਦੀ ਗੱਲ', 'ਬਾਬਾ ਨਰੰਜਣ', 'ਜੋਟੀਦਾਰ', 'ਮਿੱਟੀ ਕੱਢਣਾ', 'ਗੰਗਾ ਅਤੇ ਜੰਗਾ', 'ਸ਼ਿਕਾਰ ਕਰਨਾ', 'ਨਾਜਰ ਬਗਾਰੀ', 'ਈਸ਼ਰ ਬਾਗੀ', 'ਲੰਬਰਦਾਰ ਲਾਲ ਸਿੰਘ', 'ਹਾਥੀ ਦੀ ਦਾਤ', 'ਡੱਬਾ ਅਤੇ ਗੋਰਾ', 'ਆਰੀਆ ਭੱਟ', ਆਦਿ ਲੇਖ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਦੀ ਜਾਨ ਸਿੱਧ ਕਰਨ ਵਿਚ ਕੋਈ ਕਸਰ ਛੱਡਦੇ ਨਜ਼ਰ ਨਹੀਂ ਆਉਂਦੇ। ਇਸ ਵਿਲੱਖਣ ਪੁਸਤਕ ਦਾ ਸਾਰੇ ਪੰਜਾਬੀ ਜਗਤ ਨੂੰ ਜ਼ੋਰਦਾਰ ਸਵਾਗਤ ਕਰਨਾ ਚਾਹੀਦਾ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਨਵੇਂ ਸੁਪਨਿਆਂ ਦੀ ਸਿਰਜਨਾ
ਸ਼ਾਇਰ : ਅਮਰ ਸਿੰਘ 'ਅਲੂਣਾ'
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 96.

'ਨਵੇਂ ਸੁਪਨਿਆਂ ਦੀ ਸਿਰਜਨਾ' ਅਮਰ ਸਿੰਘ ਅਲੂਣਾ ਦਾ ਤੀਸਰਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਰਾਹੀਆ ਰਾਹ ਢੂੰਡੇਦਿਆਂ' ਅਤੇ 'ਪਾੜ ਦਿਓ ਬੇਦਾਵਾ' ਕਾਵਿ ਸੰਗ੍ਰਹਿਾਂ ਦੀ ਸਿਰਜਣਾ ਕੀਤੀ ਹੈ। ਉਹ ਭਾਰਤੀ ਰਾਜ ਪ੍ਰਬੰਧ ਦੇ ਸਾਮਰਾਜੀ ਸਰੂਪ ਵਿਚੋਂ ਖਾਰਜ ਹੱਕ-ਸੱਚ ਅਤੇ ਇਨਸਾਫ਼ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਕਾਵਿ ਰੂਪਾਂਤਰਿਤ ਕਰਦਾ ਹੈ। ਸ਼ਾਇਰ ਪਰਸਪਰ ਨਾ-ਬਰਾਬਰੀ ਵਾਲੀ ਸਥਿਤੀ ਤੋਂ ਨਿਜਾਤ ਪ੍ਰਾਪਤ ਕਰਨ ਲਈ ਇਨਕਲਾਬੀ ਵਿਚਾਰਧਾਰਾ ਨੂੰ ਅਪਣਾਉਣ ਅਤੇ ਅਣਖ ਨਾਲ ਜ਼ਿੰਦਗੀ ਜਿਊਣ ਲਈ ਹਰ ਪ੍ਰਕਾਰ ਦੀ ਵੰਗਾਰ ਦਾ ਡੱਟ ਕੇ ਮੁਕਾਬਲਾ ਕਰਨ ਦੀ ਸੋਚ ਦਾ ਧਾਰਨੀ ਹੋਣ ਦੀ ਵਕਾਲਤ ਕਰਦਾ ਹੈ। ਉਹ ਅਜੋਕੇ ਡਰ ਅਤੇ ਸਹਿਮ ਦੇ ਮਾਹੌਲ ਵਿਚ ਜ਼ਿੰਦਗੀ ਜਿਊਂਦੇ ਮਨੁੱਖਾਂ ਲਈ ਅਮਨ ਦੀ ਜ਼ਿੰਦਗੀ ਦੀ ਕਲਪਨਾ ਅਤੇ ਕਾਮਨਾ ਕਰਦਾ ਹੋਇਆ ਲਿਖਦਾ ਹੈ :
ਅਸੀਂ ਅਮਨ ਚਾਹੁੰਦੇ ਹਾਂ
ਪੂਰਨ ਅਮਨ
ਸਮੁੱਚੀ ਮਨੁੱਖਤਾ ਲਈ
... ... ... ... ...
ਸਾਡੀਆਂ ਅਮਨ ਵੱਲ ਨੂੰ
ਪੁੱਟੀਆਂ ਪੁਲਾਂਘਾਂ
ਮਨੁੱਖਤਾ ਦੀ ਜਿੱਤ ਵਾਲ
ਰਾਹ ਦਾ ਮੀਲ ਪੱਥਰ
ਹੋ ਨਿਬੜਨਗੀਆਂ।

-ਡਾ: ਜਸਵੀਰ ਸਿੰਘ
ਮੋ: 94170-12430

 

30-8-2014

 ਕਰਮਯੋਗੀ ਨਾਵਲਕਾਰ ਨਾਨਕ ਸਿੰਘ
ਲੇਖਕ : ਕੰਵਲਜੀਤ ਸਿੰਘ ਸੂਰੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਇੰਡੀਆ, ਦਿੱਲੀ
ਮੁੱਲ : 165 ਰੁਪਏ, ਸਫ਼ੇ : 192.

ਰਾਸ਼ਟਰੀ ਜੀਵਨੀਆਂ ਦੀ ਲੜੀ ਵਿਚ ਪ੍ਰਕਾਸ਼ਿਤ ਇਹ ਪੁਸਤਕ ਪੰਜਾਬੀ ਸਾਹਿਤ ਦੇ ਸਭ ਤੋਂ ਲੋਕਪ੍ਰਿਆ ਨਾਵਲਕਾਰ ਸ: ਨਾਨਕ ਸਿੰਘ ਦੇ ਜੀਵਨ ਉੱਪਰ ਕਈ ਕੋਨਿਆਂ ਤੋਂ ਪ੍ਰਕਾਸ਼ ਪਾਉਂਦੀ ਹੈ। ਇਸ ਪੁਸਤਕ ਦੇ ਬਹੁਤ ਸਾਰੇ ਪੰਨੇ ਇਕ ਸਵੈ-ਜੀਵਨੀ ਦੇ ਰੂਪ ਵਿਚ ਨਾਨਕ ਸਿੰਘ ਨੇ ਖ਼ੁਦ ਲਿਖੇ ਹਨ, ਜੋ ਉਨ੍ਹਾਂ ਦੀਆਂ ਕੁਝ ਪੁਸਤਕਾਂ ਵਿਚ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਕੁਝ ਪੰਨੇ ਬਲਰਾਜ ਸਾਹਨੀ, ਸਾਧੂ ਸਿੰਘ ਹਮਦਰਦ ਅਤੇ ਬਰਜਿੰਦਰ ਸਿੰਘ ਹਮਦਰਦ ਦੁਆਰਾ ਲਿਖੇ ਗਏ ਹਨ ਪਰ ਪੁਸਤਕ ਦੀ ਸਮੁੱਚੀ ਰੂਪ-ਰੇਖਾ ਅਤੇ ਮੂਲ ਪਾਠ ਨੂੰ ਉਨ੍ਹਾਂ ਦੇ ਸਪੁੱਤਰ ਕੰਵਲਜੀਤ ਸਿੰਘ ਸੂਰੀ ਨੇ ਤਿਆਰ ਕੀਤਾ ਹੈ। ਸ: ਨਾਨਕ ਸਿੰਘ (1897-1971) ਨੇ ਭਰਪੂਰ ਜੀਵਨ ਜੀਵਿਆ। ਉਸ ਦਾ ਜਨਮ ਜ਼ਿਲ੍ਹਾ ਜਿਹਲਮ ਦੇ ਇਕ ਛੋਟੇ ਜਿਹੇ ਪਿੰਡ ਚੱਕ ਹਮੀਦ ਵਿਚ ਹੋਇਆ। ਉਸ ਦੇ ਪਿਤਾ ਸ੍ਰੀ ਬਹਾਦਰ ਚੰਦ ਦੀ ਪਿਸ਼ਾਵਰ ਵਿਚ ਆੜ੍ਹਤ ਦੀ ਦੁਕਾਨ ਸੀ। ਨਾਨਕ ਸਿੰਘ ਦਾ ਪਹਿਲਾ ਨਾਂਅ ਹੰਸ ਰਾਜ ਸੀ। ਪਰ ਪਿਤਾ ਛੇਤੀ ਚਲਾਣਾ ਕਰ ਗਿਆ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਨਾਨਕ ਸਿੰਘ ਦੇ ਬਾਲ-ਮੋਢਿਆਂ ਉੱਪਰ ਆਣ ਪਈ। ਅੰਤਾਂ ਦੀ ਗ਼ਰੀਬੀ ਅਤੇ ਮੁਸੀਬਤਾਂ ਨੇ ਉਸ ਨੂੰ ਬਾਲਪਣ ਦੀ ਉਮਰ ਵਿਚ ਹੀ ਕਵੀ ਬਣਾ ਦਿੱਤਾ। ਉਸ ਦੀ ਪਹਿਲੀ ਰਚਨਾ 'ਸੀਹਰਫ਼ੀ-ਹੰਸ ਰਾਜ' ਉਸ ਸਮੇਂ ਲਿਖੀ ਗਈ ਜਦੋਂ ਉਸ ਦੀ ਉਮਰ ਕੇਵਲ 12 ਵਰ੍ਹੇ ਦੀ ਸੀ।
1915 ਈ: ਵਿਚ ਗਿਆਨੀ ਬਾਗ ਸਿੰਘ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕ ਕੇ ਉਹ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ। 1918 ਈ: ਵਿਚ ਉਸ ਦੀ ਧਾਰਮਿਕ ਗੀਤਾਂ ਦੀ ਪੁਸਤਕ 'ਸਤਿਗੁਰ ਮਹਿਮਾ' ਪ੍ਰਕਾਸ਼ਿਤ ਹੋਈ। ਅਗਲੇ ਵਰ੍ਹੇ ਉਹ ਅੰਮ੍ਰਿਤਸਰ ਪਹੁੰਚ ਗਿਆ ਅਤੇ ਫਿਰ ਪੂਰਾ ਜੀਵਨ ਇਸੇ ਪਵਿੱਤਰ ਸ਼ਹਿਰ ਵਿਚ ਬਿਤਾਇਆ। ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਉਸ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹਨ ਦਾ ਸੁਅਵਸਰ ਪ੍ਰਾਪਤ ਹੋਇਆ। ਇਹ ਵਿਧਾ ਉਸ ਨੂੰ ਏਨੀ ਭਾਈ ਕਿ ਉਸ ਨੇ ਨਾਵਲਕਾਰ ਬਣਨ ਦਾ ਫ਼ੈਸਲਾ ਕਰ ਲਿਆ। 1923 ਈ: ਵਿਚ ਉਸ ਨੇ ਪਹਿਲਾ ਨਾਵਲ 'ਮਤਰੇਈ ਮਾਂ' ਲਿਖਿਆ ਅਤੇ ਇਸ ਤੋਂ ਪਿੱਛੋਂ 1967 ਈ: ਤੱਕ ਉਹ ਨਿਰੰਤਰ ਨਾਵਲ-ਰਚਨਾ ਕਰਦਾ ਰਿਹਾ। ਉਸ ਦਾ ਆਖਰੀ ਨਾਵਲ 'ਗਗਨ ਦਮਾਮਾ ਬਾਜਿਆ' ਸੀ। ਇਹ ਨਾਵਲ 1965 ਦੀ ਹਿੰਦ-ਪਾਕਿ ਲੜਾਈ ਨਾਲ ਸਬੰਧਤ ਸੀ।
ਸ: ਨਾਨਕ ਸਿੰਘ ਨੂੰ ਜੀਵਨ ਦਾ ਬੜਾ ਡੂੰਘਾ ਅਨੁਭਵ ਪ੍ਰਾਪਤ ਸੀ। ਉਸ ਨੇ ਆਪਣੇ ਜੀਵਨ ਵਿਚ ਅਨੇਕ ਹਾਦਸੇ ਆਪਣੇ ਆਸ-ਪਾਸ ਵਾਪਰਦੇ ਦੇਖੇ ਅਤੇ ਬਹੁਤ ਸਾਰੇ ਹਾਦਸਿਆਂ ਨੂੰ ਉਸ ਨੇ ਆਪਣੇ ਪਿੰਡੇ ਉੱਪਰ ਵੀ ਹੰਢਾਇਆ। ਉਹ ਇਕ ਬਹੁਤ ਹੀ ਜ਼ਰਖੇਜ਼ ਅਤੇ ਕਲਪਨਾਸ਼ੀਲ ਭਾਵਬੋਧ ਦਾ ਮਾਲਕ ਸੀ। ਇਹੀ ਕਾਰਨ ਹੈ ਕਿ ਅੱਜ ਵੀ ਉਸ ਦੇ ਨਾਵਲ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਅਤੇ ਅਰਥਪੂਰਨ ਦਿਖਾਈ ਦਿੰਦੇ ਹਨ। ਸਚਮੁੱਚ ਉਹ ਭਾਰਤ ਦਾ ਇਕ ਮਹਾਨ ਨਾਵਲਕਾਰ ਸੀ। ਇਹ ਪੁਸਤਕ ਉਸ ਦੇ ਜੀਵਨ ਦਾ ਇਕ ਆਈਨਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਵਿਹੜੇ ਦੀ ਮਿੱਟੀ
ਲੇਖਕ : ਰਤਨ ਸਿੰਘ ਕੰਵਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128.

ਰਤਨ ਸਿੰਘ ਕੰਵਲ ਨਵੀਂ ਪੀੜ੍ਹੀ ਦਾ ਕਸ਼ਮੀਰ ਵਸਦਾ ਕਹਾਣੀ ਲੇਖਕ ਹੈ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਪੱਤੇ ਪਤਝੜ ਦੇ' 2006 ਵਿਚ ਪ੍ਰਕਾਸ਼ਿਤ ਹੋਇਆ ਸੀ। 'ਵਿਹੜੇ ਦੀ ਮਿੱਟੀ' (2014) ਉਸ ਦਾ ਚੌਥਾ ਕਹਾਣੀ ਸੰਗ੍ਰਹਿ ਹੈ। 14 ਕਹਾਣੀਆਂ ਸ਼ਾਮਿਲ ਹਨ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਆਮ ਤੌਰ 'ਤੇ ਖਪਤਕਾਰੀ ਰੁਚੀਆਂ ਅਧੀਨ ਮਾਨਵੀ ਕਦਰਾਂ-ਕੀਮਤਾਂ ਦੀ ਟੁੱਟ-ਭੱਜ, ਰਿਸ਼ਤਿਆਂ ਵਿਚ ਵਗ ਰਹੀ ਬੇਗਾਨਗੀ ਦੀ ਭਾਵਨਾ, ਪੀੜ੍ਹੀ-ਪਾੜਾ, ਨਾਰੀ-ਚੇਤਨਾ ਅਤੇ ਸਮਾਜਿਕ ਬੁਰਾਈਆਂ ਆਦਿ ਨਾਲ ਸਬੰਧਤ ਹੁੰਦੇ ਹਨ। 'ਨਵੀਂ ਸੜਕ' ਵਿਕਾਸ ਦੇ ਨਾਂਅ 'ਤੇ ਹੋ ਰਹੇ ਉਜਾੜੇ ਦੀ ਦਾਸਤਾਨ ਹੈ। 'ਤਨੋ ਤੇ ਰਾਤ' ਮਾਨਵਵਾਦੀ ਰਚਨਾ ਹੈ। 'ਧੁੱਪ ਛਾਂ' ਅਤੇ 'ਤੁਰਦੀ ਕੰਧ' ਪ੍ਰਤੀਕਾਤਮਕ ਕਹਾਣੀਆਂ ਹਨ। 'ਵਿਹੜੇ ਦੀ ਮਿੱਟੀ' ਖੂਬਸੂਰਤ ਕਥਾ ਰਚਨਾ ਹੈ, ਜੋ ਕਸ਼ਮੀਰ ਵਿਚਲੇ ਸਿੱਖਾਂ ਦੀ ਦਰਦਨਾਕ ਤਸਵੀਰ ਪੇਸ਼ ਕਰਦੀ ਹੈ। 'ਮ੍ਰਿਗ ਮਰੀਚਕਾ', 'ਮਤਵਾਜੀ ਰਾਹੇ' ਯਥਾਰਥਵਾਦੀ ਕਥਾ ਰਚਨਾਵਾਂ ਹਨ। 'ਪਾਇਡ ਪਾਇਪਰ' ਹਸਪਤਾਲਾਂ ਵਿਚ ਹੋ ਰਹੀ ਧੱਕੇਸ਼ਾਹੀ ਨੂੰ ਪ੍ਰਗਟ ਕਰਦੀ ਹੈ। 'ਬਸਤੀ ਆਪਣੀ-ਆਪਣੀ' ਜ਼ਿੰਦਗੀ ਵਿਚ ਆਸਥਾ ਜਗਾਉਂਦੀ ਜਾਪਦੀ ਹੈ। ਕੰਵਲ ਕੁਝ ਕਹਾਣੀਆਂ ਵਿਚ ਜੀਵੰਤ ਪਾਤਰਾਂ ਨੂੰ ਪੇਸ਼ ਕਰ ਗਿਆ ਹੈ। ਉਸ ਦੀ ਕਥਾ-ਭਾਸ਼ਾ ਕਸ਼ਮੀਰੀ, ਤੋਮਰੀ, ਮੋਜਰੀ, ਪੁਣਛੀ ਆਦਿ ਉਪ ਭਾਸ਼ਾਵਾਂ ਦਾ ਮਿਸ਼ਰਣ ਹੈ ਜੋ ਪਾਤਰਾਂ ਅਨੁਕੂਲ ਹੁੰਦੀ ਹੈ। ਆਂਚਲਿਕਤਾ ਇਨ੍ਹਾਂ ਕਹਾਣੀਆਂ ਦਾ ਮੀਰੀ ਗੁਣ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਪੰਜਾਬੀ ਲੋਕ ਗੀਤ
ਸੰਪਾਦਕ : ਬਿਕਰਮ ਸਿੰਘ ਘੁੰਮਣ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 288.

ਹੱਥਲੀ ਪੁਸਤਕ ਪੰਜਾਬੀ ਲੋਕ ਗੀਤਾਂ ਨਾਲ ਸਬੰਧਤ ਹੈ। ਸੰਪਾਦਕ ਦੁਆਰਾ ਇਨ੍ਹਾਂ ਗੀਤਾਂ ਨੂੰ ਇਕੱਤਰ ਕਰਨ ਸਮੇਂ ਆਉਂਦੀਆਂ ਮੁਸ਼ਕਿਲਾਂ, ਲੋੜੀਂਦੀ ਸਮੱਗਰੀ ਅਤੇ ਇਸ ਕਾਰਜ ਪ੍ਰਤੀ ਉਤਸ਼ਾਹ ਆਦਿ ਬਾਰੇ ਜ਼ਿਕਰ ਕੀਤਾ ਹੈ। ਇਸ ਖੇਤਰ ਵਿਚ ਵਧੇਰੇ ਸਾਰਥਕ ਤੇ ਵਿਲੱਖਣ ਕਾਰਜ/ਖੋਜ ਪ੍ਰਸਿੱਧ ਲੇਖਕ ਦਵਿੰਦਰ ਸਤਿਆਰਥੀ ਨੇ ਸ਼ੁਰੂ ਕੀਤਾ ਸੀ। ਕਈ ਸਾਲ ਉਹ ਵੱਖ-ਵੱਖ ਖਿੱਤਿਆਂ, ਕਬੀਲਿਆਂ ਅਤੇ ਸੱਭਿਆਚਾਰਾਂ ਵਿਚ ਵਿਚਰਦਾ ਰਿਹਾ ਅਤੇ ਸਾਡੇ ਲੋਕਧਾਰਾਈ ਵਿਰਸੇ ਨੂੰ ਲਿਖਤੀ ਰੂਪ ਵਿਚ ਸਾਂਭਣ ਦਾ ਕਾਰਜ ਕਰ ਗਿਆ। ਸ਼ੌਂਕ ਨਾਲ ਕੀਤਾ ਕੰਮ ਵਧੇਰੇ ਬਹੁਮੁੱਲਾ ਹੁੰਦਾ ਹੈ। ਸਰਕਾਰੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਅਸੀਮ ਸਾਧਨਾਂ ਦੇ ਬਾਵਜੂਦ ਵੀ ਦਿਖਾਵੇ ਮਾਤਰ ਕਾਰਜਾਂ ਤੱਕ ਸੀਮਤ ਰਹਿੰਦੀਆਂ ਹਨ। ਸੰਪਾਦਕ ਅਨੁਸਾਰ ਲੋੜ ਹੈ ਕਿ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਐਲਵਿਨ ਵੈਰੀਅਰ ਵਰਗੇ ਖੋਜੀ ਦੁਆਰਾ ਕੀਤੇ ਕਾਰਜ ਦੀ, ਜਿਸ ਆਪਣਾ ਸਾਰਾ ਜੀਵਨ ਹੀ ਮੱਧ ਪ੍ਰਦੇਸ਼ ਦੇ ਬਸਤਰ ਇਲਾਕੇ ਦੇ ਕਬੀਲੇ ਵਿਚ ਰਹਿ ਕੇ ਅਜਿਹੀ ਸਮੱਗਰੀ ਇਕੱਤਰ ਕਰਨ 'ਤੇ ਲਗਾ ਦਿੱਤਾ। ਪ੍ਰੋ: ਬਿਕਰਮ ਸਿੰਘ ਘੁੰਮਣ ਦੁਆਰਾ ਇਕੱਤਰ ਕੀਤੀ ਸਮੱਗਰੀ ਵਿਚ ਜਨਮ ਤੇ ਬਚਪਨ ਦੇ ਗੀਤ, ਪੇਕੇ ਸਹੁਰੇ, ਰਿਸ਼ਤੇ ਨਾਤੇ, ਵਿਛੋੜੇ ਤੇ ਮਿਲਾਪ, ਵਿਆਹ ਦੇ ਗੀਤ, ਰੁੱਤਾਂ, ਤਿਉਹਾਰ ਤੇ ਮੇਲੇ, ਤੀਆਂ ਤੇ ਤ੍ਰਿੰਝਣ, ਛੜਿਆਂ ਦੇ ਗੀਤ, ਭੰਗੜੇ ਦੀਆਂ ਬੋਲੀਆਂ, ਦੋ ਤੁਕੀਆਂ ਜਾਂ ਦੁਹਰੀਆਂ ਬੋਲੀਆਂ ਟੱਪੇ ਆਦਿ ਨਾਲ ਸਬੰਧਤ ਲੋਕ ਗੀਤ ਇਕੱਤਰ ਕੀਤੇ ਗਏ ਹਨ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਜੀਵਨ ਅਤੇ ਸਮਾਂ ਦੇਸ਼ ਭਗਤ ਗਦਰੀ
ਬਾਬਾ ਪਾਖਰ ਸਿੰਘ ਚੂਹੜ ਚੱਕ
ਲੇਖਕ : ਡਾ: ਨਿਰਮਲ ਸਿੰਘ ਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 128.

'ਜੀਵਨ ਅਤੇ ਸਮਾਂ' ਕੈਲੀਫੋਰਨੀਆ (ਅਮਰੀਕਾ) ਨਿਵਾਸੀ ਡਾ: ਨਿਰਮਲ ਸਿੰਘ ਮਾਨ ਦੀ ਦੇਸ਼ ਭਗਤ ਗਦਰੀ ਬਾਬਾ ਪਾਖਰ ਸਿੰਘ ਚੂਹੜ ਚੱਕ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਨੂੰ ਬਿਆਨ ਕਰਨ ਵਾਲੀ ਮੂਲ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਖੋਜ ਭਰਪੂਰ ਪੁਸਤਕ ਹੈ, ਜਿਹੜੀ ਉਨ੍ਹਾਂ ਨੇ ਕੈਲੀਫੋਰਨੀਆ ਅਮਰੀਕਾ ਵਿਚ ਵਸਦੇ ਪੰਜਾਬੀਆਂ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਆਪਣੇ ਵਿਰਸੇ ਅਤੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਕ ਦਸਤਾਵੇਜ਼ ਦੇ ਰੂਪ ਵਿਚ ਸਾਲਾਂਬੱਧੀ ਮਿਹਨਤ ਨਾਲ ਤਿਆਰ ਕੀਤੀ ਸੀ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਸੂਫ਼ੀ ਅਮਰਜੀਤ ਅਤੇ ਨਛੱਤਰ ਸਿੰਘ ਗਿੱਲ ਨੇ ਕੁਸ਼ਲਤਾ ਪੂਰਵਕ ਕੀਤਾ ਹੈ। ਇਹ ਪੁਸਤਕ ਕੇਵਲ ਬਾਬਾ ਪਾਖਰ ਸਿੰਘ ਦੀ ਜੀਵਨ ਗਾਥਾ ਹੀ ਬਿਆਨ ਨਹੀਂ ਕਰਦੀ, ਬਲਕਿ 20ਵੀਂ ਸਦੀ ਦੇ ਆਰੰਭ ਵਿਚ ਅਮਰੀਕਾ ਵਿਚ ਭਟਕਦੇ ਪੰਜਾਬੀ ਪਰਵਾਸੀਆਂ ਅਤੇ ਹੋਰਨਾਂ ਘੱਟ-ਗਿਣਤੀਆਂ ਨਾਲ ਅਮਰੀਕਨ ਪ੍ਰਸ਼ਾਸਨ ਅਤੇ ਗੋਰਿਆਂ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ, ਉਨ੍ਹਾਂ ਨੂੰ ਦਰਪੇਸ਼ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮਸਲਿਆਂ, ਸਮੱਸਿਆਵਾਂ, ਜ਼ਮੀਨਾਂ ਦੀ ਮਾਲਕੀ ਅਤੇ ਅਮਰੀਕਨ ਨਾਗਰਿਕਤਾ ਹਾਸਲ ਕਰਨ ਲਈ ਲੰਮੇ ਸਮੇਂ ਤੱਕ ਲੜੇ ਘੋਲ ਦੀ ਦਾਸਤਾਨ ਵੀ ਬਿਆਨ ਕਰਦੀ ਹੈ। ਲੇਖਕ ਨੇ ਪੁਸਤਕ ਨੂੰ ਮੁੱਖ ਤੌਰ 'ਤੇ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ 'ਸੇਖੀਅਨ ਅਤੇ ਜੱਟ' ਹੈ, ਜਿਸ ਵਿਚ ਜੱਟਾਂ ਦੇ ਪਿਛੋਕੜ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਦੂਜਾ ਭਾਗ 'ਪੰਜਾਬ ਦੇ ਸਿੱਖ' ਇਸ ਪੁਸਤਕ ਦਾ ਅਹਿਮ ਭਾਗ ਹੈ ਜਿਸ ਰਾਹੀਂ ਸਿੱਖਾਂ ਦੇ ਗੌਰਵਮਈ ਇਤਿਹਾਸ, ਸੱਭਿਆਚਾਰ ਅਤੇ ਖਾੜਕੂ ਵਿਰਸੇ ਬਾਰੇ ਖੋਜ ਭਰਪੂਰ ਤੱਥ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤੇ ਗਏ ਹਨ। ਤੀਜਾ ਭਾਗ ਗੁਮਨਾਮ ਗਦਰੀ ਯੋਧੇ ਅਤੇ ਕਰਮਯੋਗੀ ਬਾਬਾ ਪਾਖਰ ਸਿੰਘ ਚੂਹੜ ਚੱਕ ਦੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਜੀਵਨ ਗਾਥਾ ਨੂੰ ਬਿਆਨ ਕਰਦਾ ਹੈ। ਡਾ: ਨਿਰਮਲ ਸਿੰਘ ਮਾਨ ਨੇ ਬੜੀ ਮਿਹਨਤ ਅਤੇ ਲਗਨ ਨਾਲ ਖੋਜ ਕਰਕੇ ਬਾਬਾ ਪਾਖਰ ਸਿੰਘ ਦੇ ਜੀਵਨ ਬਾਰੇ ਤੱਥ ਅਤੇ ਅਦਾਲਤੀ ਰਿਪੋਰਟਾਂ ਲੱਭ ਕੇ ਉਨ੍ਹਾਂ ਦੀ ਜੀਵਨੀ ਪਾਠਕਾਂ ਦੇ ਰੂਬਰੂ ਕਰਕੇ ਇਕ ਮਹੱਤਵਪੂਰਨ, ਇਤਿਹਾਸਕ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ
ਲੇਖਕ : ਸ਼ਰਨਜੀਤ ਬੈਂਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 99.

ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਦੇ ਜੀਵਨ ਅਤੇ ਇਸ ਖੇਤਰ ਵਿਚ ਉਨ੍ਹਾਂ ਦੁਆਰਾ ਘਾਲੀ ਘਾਲਣਾ ਤੇ ਪ੍ਰਾਪਤ ਕੀਤੀ ਸ਼ੋਹਰਤ ਦੇ ਬਾਰੇ ਵਿਚ ਵਿਸਤ੍ਰਿਤ ਝਾਤ ਪੁਆਉਂਦੀ ਸ਼ਰਨਜੀਤ ਬੈਂਸ ਦੁਆਰਾ ਲਿਖੀ ਪੁਸਤਕ ਨਹੀਉਂ ਲੱਭਣੇ ਲਾਲ ਗੁਆਚੇ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ ਸਾਹਮਣੇ ਆਈ ਹੈ।
ਇਸ ਪੁਸਤਕ ਵਿਚ ਸ਼ਰਨਜੀਤ ਬੈਂਸ ਨੇ ਖ਼ਾਂ ਸਾਹਿਬ ਦੇ ਜੀਵਨ ਦੇ ਉਨ੍ਹਾਂ ਲੁਕਵੇਂ ਪੱਖਾਂ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ, ਜਿਸ ਬਾਰੇ ਆਮ ਪਾਠਕ ਬਿਲਕੁਲ ਹੀ ਅਣਜਾਣ ਹੈ। ਇਥੋਂ ਤੱਕ ਕਿ ਉਸ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਵੀ ਇਸ ਜਾਣਕਾਰੀ ਤੋਂ ਅਭਿੱਜ ਹਨ। ਮਿਸਾਲ ਵਜੋਂ ਲੇਖਕ ਦੱਸਦਾ ਹੈ ਕਿ ਭਾਵੇਂ ਇਨ੍ਹਾਂ ਦੀ ਵਿਰਾਸਤ ਵਿਚ ਗਾਇਕੀ ਸੀ, ਇਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਂ ਵੀ ਸੰਗੀਤ ਜਗਤ ਦੀਆਂ ਮੰਨੀਆਂ ਹੋਈਆਂ ਹਸਤੀਆਂ ਵਿਚ ਸ਼ੁਮਾਰ ਸਨ ਪਰ ਉਹ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਅਤੇ ਗਾਉਣ ਵਜਾਉਣ ਤੋਂ ਉਸ ਨੂੰ ਦੂਰ ਰੱਖਣਾ ਚਾਹੁੰਦੇ ਸਨ ਪਰ ਅਜਬ ਇਤਫ਼ਾਕ ਸੀ ਕਿ ਉਹ ਫਿਰ ਵੀ ਇਸ ਪਾਸੇ ਹੀ ਆਣ ਪਹੁੰਚੇ। ਲੇਖਕ ਨੇ ਛੋਟੀਆਂ-ਛੋਟੀਆਂ ਘਟਨਾਵਾਂ ਅਤੇ ਹਵਾਲਿਆਂ ਨਾਲ ਆਪਣੀ ਗੱਲ ਨੂੰ ਰੌਚਿਕ ਬਣਾ ਕੇ ਪੇਸ਼ ਕੀਤਾ ਹੈ। ਸੰਗੀਤ ਸਾਧਨਾ ਉਨ੍ਹਾਂ ਨੂੰ ਰੱਬੀ ਹੁਕਮ ਦੇ ਮੁਤਾਬਿਕ ਹੀ ਪ੍ਰਾਪਤ ਹੋਈ ਦਰਸਾਈ ਗਈ ਹੈ। ਸੁਪਨੇ ਵਿਚ ਨੁਸਰਤ ਨੂੰ ਉਸ ਦੇ ਅੱਲਾ ਦਾ ਮਿਲਣਾ ਅਤੇ ਮਜ਼ਾਰ 'ਤੇ ਗਾਉਣ ਲਈ ਲੈ ਜਾਣਾ ਇਹ ਦਿਲਚਸਪ ਘਟਨਾ ਹੈ ਜਿਸ ਨੇ ਨੁਸਰਤ ਨੂੰ ਗਾਇਕੀ ਦੀ ਬੁਲੰਦੀ 'ਤੇ ਪਹੁੰਚਾ ਦਿੱਤਾ। ਜਦ ਕਿ ਇਸ ਤੋਂ ਪਹਿਲਾਂ ਨੁਸਰਤ ਨੂੰ ਲੋਕਾਂ ਦੇ ਤਾਹਨੇ ਮਿਹਣੇ ਵੀ ਸਹਿਣ ਕਰਨੇ ਪਏ ਸਨ ਕਿ ਉਸ ਦੀ ਪਛਾਣ ਸਿਰਫ ਉਸ ਦੇ ਪਿਤਾ ਫਤਹਿ ਅਲੀ ਖ਼ਾਂ ਕਰਕੇ ਹੀ ਹੈ। ਪਰ ਉਸ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣਾ ਵੱਖਰਾ ਮੁਕਾਮ ਕਾਇਮ ਕਰ ਦਿਖਾਇਆ। ਇਸ ਪੁਸਤਕ ਵਿਚ ਨੁਸਰਤ ਫ਼ਤਹਿ ਅਲੀ ਖਾਂ ਦੀ ਗਾਇਕੀ ਨੂੰ ਪਸੰਦ ਕਰਨ ਵਾਲਿਆਂ ਬਾਰੇ ਵੀ ਦਿਲਚਸਪ ਕਿੱਸੇ ਪੇਸ਼ ਕੀਤੇ ਗਏ ਹਨ।

-ਸਰਦੂਲ ਸਿੰਘ ਔਜਲਾ
ਮੋ: 98141-68611

ਖੁਸ਼ਕ ਅੱਖ ਦਾ ਖ਼ਾਬ
ਲੇਖਕ : ਅਜਮੇਰ ਸਿੱਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 128.

ਅਜਮੇਰ ਸਿੱਧੂ ਅਜੋਕੀ ਪੰਜਾਬੀ ਕਹਾਣੀ ਦਾ ਚਰਚਿਤ ਨਾਂਅ ਹੈ। ਹਥਲੇ ਕਹਾਣੀ ਸੰਗ੍ਰਹਿ ਵਿਚ ਉਸ ਦੀਆਂ ਅੱਠ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚੋਂ 'ਸ਼ਾਇਦ ਰੰਮੀ ਮੰਨ ਜਾਏ', 'ਜਹਾਜ਼ ਵਾਲੀ ਟੈਂਕੀ', 'ਈਵਾਨ ਇਲੀਚ ਦੀ ਦੂਜੀ ਮੌਤ' ਅਤੇ 'ਖੁਸ਼ਕ ਅੱਖ ਦਾ ਖ਼ਾਬ' ਵਿਸ਼ੇਸ਼ ਜ਼ਿਕਰਯੋਗ ਹਨ। ਇਹ ਕਹਾਣੀਆਂ ਕਿਤਾਬੀ ਰੂਪ ਵਿਚ ਛਪਣ ਤੋਂ ਪਹਿਲਾਂ ਵੱਖ-ਵੱਖ ਮੈਗਜ਼ੀਨਾਂ ਵਿਚ ਛਪ ਕੇ ਢੁਕਵੀਂ ਪਾਠਕੀ ਪ੍ਰਵਾਨਗੀ ਪ੍ਰਾਪਤ ਕਰ ਚੁੱਕੀਆਂ ਹਨ।
ਹਥਲੀ ਪੁਸਤਕ ਦੀਆਂ ਸਮੂਹ ਕਹਾਣੀਆਂ 'ਤੇ ਜੇ ਝਾਤ ਮਾਰੀ ਜਾਏ ਤਾਂ ਇਨ੍ਹਾਂ ਦਾ ਕਥਾ-ਪ੍ਰਬੰਧ ਅਜੋਕੇ ਸੰਸਾਰੀਕਰਨ ਦੇ ਬੂਥੇ ਚੜ੍ਹੇ ਮਨੁੱਖ ਅਤੇ ਉਸ ਵਿਚ ਪਸਰ ਰਹੇ ਖਪਤਵਾਦੀ ਰੁਝਾਨਾਂ ਵਿਚੋਂ ਆਪਣਾ ਰੂਪ ਅਖ਼ਤਿਆਰ ਕਰਦਾ ਜਾਪਦਾ ਹੈ। ਇਸ ਪ੍ਰਬੰਧ ਨੇ ਅਜੋਕੇ ਮਨੁੱਖ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ, ਜਿਸ ਕਾਰਨ ਉਸ ਦਾ ਸਮੁੱਚਾ ਰਿਸ਼ਤਾਨਾਤਾ ਪ੍ਰਬੰਧ ਭਾਰੀ ਦਬਾਅ ਹੇਠ ਤਿੜਕ ਰਿਹਾ ਹੈ। ਇਸ ਤਿੜਕਣ ਦੀ ਚੀਸ ਅਤੇ ਇਸ ਨਾਲ ਜੁੜੀ ਚੇਤਨਾ ਹੀ ਇਨ੍ਹਾਂ ਕਹਾਣੀਆਂ ਦਾ ਆਧਾਰ ਬਣਦੀ ਹੈ। ਅਜਮੇਰ ਸਿੱਧੂ ਸਮਾਜ ਵਿਚ ਵਿਆਪਤ ਰਾਜਨੀਤੀ ਦੀਆਂ ਚਾਲਾਂ ਅਤੇ ਇਸ ਪਿਛਲੀ ਵਿਆਕਰਨ ਨਾਲ ਸੰਵਾਦ ਸਿਰਜਣ ਵਾਲਾ ਕਥਾਕਾਰ ਹੈ। ਇਸ ਸੰਵਾਦ ਕਾਰਨ ਹੀ ਮਾਰੂ ਸਥਿਤੀਆਂ ਵਿਚ ਵੀ ਉਸ ਦੇ ਪਾਤਰ ਇਤਿਹਾਸ ਦੇ ਕਿਸੇ ਨਾਇਕ ਜਾਂ ਉਸ ਦੀ ਵਿਚਾਰਧਾਰਾ ਤੋਂ ਰੌਸ਼ਨੀ ਦੀ ਕਾਤਰ ਲੈ ਕੇ ਆਪਣੇ ਹਨ੍ਹੇਰੇ ਮਨਾਂ ਵਿਚ ਚਾਨਣ ਦੇ ਦੀਪ ਜਗਾਉਣ ਦਾ ਯਤਨ ਕਰਦੇ ਹਨ। ਉਂਜ ਇਹ ਪਾਤਰ ਜ਼ਿਆਦਾਤਰ ਖਪਤਵਾਦ ਦੀ ਚੱਕੀ ਚੜ੍ਹ ਕੇ ਬੁਰੀ ਤਰ੍ਹਾਂ ਥਿੜਕੇ ਹੋਏ ਹਨ। ਅਜਿਹੀ ਥਿੜਕਣ ਨੇ ਉਨ੍ਹਾਂ ਨੂੰ ਦੇਹ ਵਪਾਰ ਜਿਹੀ ਚੀਜ਼ ਵੀ 'ਧੰਦਾ' ਜਾਪਦੀ ਹੈ। (ਸ਼ਾਇਦ ਰੰਮੀ ਮੰਨ ਜਾਏ) ਵਿਦੇਸ਼ ਜਾਣ ਲਈ ਹਰ ਕੀਮਤ ਤਾਰਨ ਲਈ ਤਿਆਰ ਹਨ। (ਜਹਾਜ਼ ਵਾਲੀ ਟੈਂਕੀ), ਕੈਰੀਅਰ ਦੀ ਖਾਤਰ ਵੱਡੀ ਕੀਮਤ ਤਾਰਨ ਦੇ ਬਾਵਜੂਦ ਅਸਫ਼ਲ ਹਨ (ਈਵਾਨ ਇਲੀਚ ਦੀ ਦੂਜੀ ਮੌਤ) ਨਵੀਂ ਪੀੜ੍ਹੀ ਵਿਚ ਰਿਸ਼ਤਿਆਂ ਦਾ ਮੋਹ ਖੁਰ ਖਿੰਡ ਗਿਆ ਹੈ (ਖੁਸ਼ਕ ਅੱਖ ਦਾ ਖ਼ਾਬ)।
ਅਜਮੇਰ ਸਿੱਧੂ ਦੀ ਕਹਾਣੀ ਦਾ ਬਿਰਤਾਂਤ ਬਹੁ-ਪਰਤਾਂ ਵਿਚ ਛੋਟੇ-ਛੋਟੇ ਵਕਫ਼ਿਆਂ ਵਿਚ ਅੱਗੇ ਵਧਦਾ ਹੈ। ਇਹ ਪਾਠਕ ਨੂੰ ਕੀਲਦਾ ਨਹੀਂ, ਬੇਚੈਨ ਕਰਦਾ ਹੈ। ਇਹ ਸੀਨੇ ਨੂੰ ਠਾਰਦਾ ਨਹੀਂ, ਸੀਨੇ ਵਿਚ ਰੜਕਦਾ ਹੈ। ਇਹ ਮਿਠਾਸ ਭਰਿਆ ਨਹੀਂ ਖੁਸ਼ਕ ਅਤੇ ਬੋਝ ਭਰਿਆ ਹੈ। ਇਹ ਗਹਿਰੀ ਤਰ੍ਹਾਂ ਸਮਾਜੀ ਰਾਜਨੀਤੀ ਨਾਲ ਲਬਰੇਜ ਹੈ, ਇਸ ਲਈ ਵਿਵੇਕਸ਼ੀਲ ਹੈ। ਵਧੇਰੇ ਵਿਵੇਕਸ਼ੀਲਤਾ ਕਾਰਨ ਇਹ ਕਈ ਵਾਰ ਅੱਖਰਦਾ ਵੀ ਹੈ।

-ਪ੍ਰੋ: ਸੁਖਪਾਲ ਸਿੰਘ ਥਿੰਦ
ਮੋ: 98885-21960

... ਤੇ ਗੰਗਾ ਵਗਦੀ ਰਹੀ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 135.

ਡਾ: ਕੁਲਵਿੰਦਰ ਕੌਰ ਮਿਨਹਾਸ ਪੂਰਨ ਤੌਰ 'ਤੇ ਲੋਕ ਸੇਵਾ ਨਾਲ ਜੁੜੀ ਲੇਖਿਕਾ ਹੈ। ਧਾਰਮਿਕ ਵਿਚਾਰ ਤੇ ਅਧਿਆਤਮਕ ਰੰਗ ਵਿਚ ਰੰਗਿਆ ਉਸ ਦਾ ਇਕਲੱਤਾ ਭਰਿਆ ਜੀਵਨ ਸਾਧੂ ਸੰਤਾਂ ਵਾਲਾ ਅਲੌਕਿਕ ਮਾਰਗ, ਜਿਸ ਦੀ ਪੂਰੀ ਜਾਣਕਾਰੀ ਇਸ ਨਾਵਲ ਦੇ ਅੰਤ ਵਿਚ ਪੰਨਾ 131 ਤੋਂ 135 ਤੱਕ ਦੇ ਸਿਰਲੇਖ ਆਪਣੇ ਆਪੇ ਨੂੰ ਮਿਲਦਿਆਂ.... ਵਿਚ ਡਾ: ਮਿਨਹਾਸ ਨੇ ਦਿੱਤੀ ਹੈ। ਲੇਖਿਕਾ ਦਾ ਆਪਣਾ ਜੀਵਨ ਤੇ ਰਹਿਣ ਸਹਿਣ ਇਸ ਨਾਵਲ ਵਿਚੋਂ ਪ੍ਰਗਟ ਹੁੰਦਾ ਹੈ। ਨਾਵਲ ਵਿਚ ਜੈ ਰੂਪ ਪੜ੍ਹਿਆ ਲਿਖਿਆ ਉਚੇਰੀ ਸਿੱਖਿਆ ਹਾਸਲ ਪਾਤਰ ਹੈ, ਜੋ ਆਪਣੀ ਮਾਂ ਦੇ ਫੁੱਲ ਗੰਗਾ ਵਿਚ ਰੋੜ੍ਹਨ ਗਿਆ, ਸਾਧੂ ਬਣ ਜਾਂਦਾ ਹੈ। ਉਥੇ ਉਹ ਗੋਬਿੰਦ ਸਾਧੂ ਦੇ ਸਾਥ ਵਿਚ ਰਹਿਣ ਲੱਗ ਪੈਂਦਾ ਹੈ। ਸਵਾਮੀ ਜੀ (ਜੈ ਰੂਪ) ਦਾ ਪਿਛਲਾ ਜੀਵਨ ਦੁਰਾਚਾਰੀ ਕੁਝ ਕਪਟ ਤੇ ਛਲਾਵੇ ਵਾਲਾ ਸੀ। ਸਿਮਰਨ ਨਾਂਅ ਦੀ ਲੜਕੀ ਨੂੰ ਉਸ ਨੇ ਧੋਖੇ ਵਿਚ ਰੱਖਿਆ ਤੇ ਲੰਮਾ ਸਮਾਂ ਉਸ ਨੂੰ ਝੂਠ ਬੋਲ ਕੇ ਵਿਆਹ ਤੋਂ ਟਾਲਦਾ ਰਿਹਾ ਸੀ। ਅਖੀਰ ਸਿਮਰਨ ਖ਼ੁਦਕੁਸ਼ੀ ਕਰ ਗਈ। ਇਸ ਪਛਤਾਵੇ ਵਿਚ (ਜੈ ਰੂਪ) ਸਵਾਮੀ ਦੇ ਭੇਸ ਵਿਚ ਗੋਬਿੰਦ ਤੇ ਹੋਰ ਸਾਧੂਆਂ ਨਾਲ ਗੱਲਬਾਤ ਕਰਦਾ ਹੈ।
ਨਾਵਲ ਵਿਚ ਸਾਧੂਆਂ ਵਾਲੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਨਾਵਲ ਦੇ ਕੁੱਲ 18 ਕਾਂਡ ਹਨ ਪਰ ਇਨ੍ਹਾਂ ਵਿਚੋਂ 15ਵਾਂ ਕਾਂਡ ਗ਼ੈਰ-ਹਾਜ਼ਰ ਹੈ। ਗੋਬਿੰਦ ਸਾਧੂ, ਗੰਗਾ ਨਾਂਅ ਦੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ। ਸਵਾਮੀ ਇਸ ਵਿਚ ਵਿਚੋਲਾ ਬਣਦਾ ਹੈ। ਨਾਵਲਕਾਰਾ ਨੇ ਇਹ ਬਿਰਤਾਂਤ ਬੜੇ ਮੌਲਿਕ ਅਤੇ ਭਾਵਪੂਰਤ ਵਿਧਾ ਵਿਚ ਸਿਰਜਿਆ ਹੈ। ਨਾਵਲ ਦੇ ਅੰਤ ਵਿਚ ਗੋਬਿੰਦ ਸਾਧੂ ਤੇ ਗੰਗਾ ਦੇ ਘਰ ਬਾਲਕ ਜਨਮ ਲੈਂਦਾ ਹੈ। ਲੇਖਿਕਾ ਨੇ ਦੋਵੇਂ ਪੱਖ ਨਾਵਲ ਵਿਚ ਲਏ ਹਨ-ਵਿਭਚਾਰਕ ਤੇ ਰਹੱਸਵਾਦੀ। ਸਾਧੂ ਦੇ ਗ੍ਰਹਿਸਥ ਮਾਰਗ 'ਤੇ ਜਾਣ ਦਾ ਵਿਰੋਧ ਵੀ ਹੋਰ ਸਾਧੂਆਂ ਵੱਲੋਂ ਕੀਤਾ ਜਾਂਦਾ ਹੈ। ਲੇਖਿਕਾ ਨੇ ਇਥੇ ਸਾਧੂਆਂ ਕੋਲੋਂ ਗੁਰਬਾਣੀ ਵਾਕ ਅਖਵਾਏ ਹਨ। ਮੰਤਵ ਗੁਰਬਾਣੀ ਦੀ ਉੱਤਮਤਾ ਦਰਸਾਉਂਦਾ ਹੈ। ਅਜੋਕੇ ਯੁੱਗ ਵਿਚ ਇਸ ਨਾਵਲ ਦੀ ਮਹੱਤਤਾ ਮਨ ਦੀ ਸ਼ਾਂਤੀ ਹਾਸਲ ਕਰਨ ਵਿਚ ਹੈ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 98148-56160

23-8-2014

 ਆਧੁਨਿਕ ਪੰਜਾਬੀ ਕਵਿਤਾ
ਸੂਫ਼ੀ ਕਲਾਮ ਦੇ ਰੂਬਰੂ
ਖੋਜਕਰਤਾ : ਡਾ: ਜਸਪਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160.

ਵਿਚਾਰਾਧੀਨ ਖੋਜ-ਕਾਰਜ ਵਿਚ ਡਾ: ਜਸਪਾਲ ਸਿੰਘ ਨੇ ਡਾ: ਦੀਪਕ ਮਨਮੋਹਨ ਸਿੰਘ ਤੋਂ ਥਾਪੜਾ ਹਾਸਲ ਕਰਕੇ ਆਧੁਨਿਕ ਪੰਜਾਬੀ ਕਾਵਿ ਉੱਪਰ ਪੈਣ ਵਾਲੇ ਸੂਫ਼ੀ ਪ੍ਰਭਾਵਾਂ ਬਾਰੇ ਗੰਭੀਰ ਚਰਚਾ ਛੇੜੀ ਹੈ।
ਪੰਜਾਬ ਦੇ ਪ੍ਰਮੁੱਖ ਸੂਫ਼ੀ ਕਵੀਆਂ ਸ਼ੇਖ਼ ਫ਼ਰੀਦ, ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਇਤਿਆਦਿ ਨੇ ਇਸ਼ਕ ਹਕੀਕੀ ਦੀ ਪ੍ਰਾਪਤੀ ਲਈ ਇਸ਼ਕ ਮਿਜ਼ਾਜੀ ਨੂੰ ਇਕ ਜ਼ਰੂਰੀ ਪਲੇਟਫਾਰਮ ਮੰਨਿਆ ਸੀ। ਇਨ੍ਹਾਂ ਦਰਵੇਸ਼ਾਂ ਦੀ ਨਜ਼ਰ ਵਿਚ ਇਸ਼ਕ ਹਕੀਕੀ ਤੱਕ ਪਹੁੰਚਣਾ ਬੜੀ ਕਠਿਨ ਸਾਧਨਾ ਦੀ ਮੰਗ ਕਰਦਾ ਸੀ। ਇਸ ਵਾਸਤੇ ਇਹ ਕਵੀ ਨਾ ਕੇਵਲ ਆਪ ਇਸ਼ਕ ਮਿਜ਼ਾਜੀ ਨੂੰ ਇਕ 'ਸਪਰਿੰਗ ਬੋਰਡ' ਵਜੋਂ ਵਰਤ ਲੈਂਦੇ ਸਨ, ਬਲਕਿ ਆਪਣੇ ਮੁਰੀਦਾਂ ਨੂੰ ਵੀ ਇਹੀ ਸਲਾਹ ਦਿੰਦੇ ਸਨ। ਦੂਜੇ ਪਾਸੇ ਪੰਜਾਬ ਦੇ ਕਿੱਸਾ ਕਵੀਆਂ ਲਈ ਇਸ਼ਕ ਮਿਜ਼ਾਜੀ ਹੀ ਆਪਣੇ ਸਿਖ਼ਰ ਉੱਪਰ ਪਹੁੰਚ ਕੇ ਇਸ਼ਕ ਹਕੀਕੀ ਹੋ ਨਿੱਬੜਦਾ ਸੀ, ਉਹ ਇਨ੍ਹਾਂ ਦੋਵਾਂ ਮਨੋਸਥਿਤੀਆਂ ਵਿਚ ਕੋਈ ਫ਼ਰਕ ਨਹੀਂ ਸਨ ਕਰਦੇ। ਪਰ ਇਸ ਪ੍ਰਸੰਗ ਵਿਚ ਗੁਰਮਤਿ ਧਾਰਾ ਦੇ ਕਵੀ ਇਕ ਵੱਖਰੀ ਪਹੁੰਚ ਅਪਣਾਉਂਦੇ ਹਨ। ਉਹ ਸਿਮਰਨ, ਸੇਵਾ, ਸ਼ੁਕਰ ਅਤੇ ਸਤਿਗੁਰੂ ਦੀ ਅਗਵਾਈ ਦੁਆਰਾ ਸਿੱਧੇ ਹੀ ਅਧਿਆਤਮਕ ਪ੍ਰੇਮ ਦੀ ਮੰਜ਼ਲ ਤੱਕ ਪਹੁੰਚਣ ਦੀ ਪ੍ਰੇਰਨਾ ਕਰਦੇ ਹਨ। ਗੁਰਮਤਿ ਧਾਰਾ ਦਾ ਮਾਰਗ ਵਧੇਰੇ ਚੁਣੌਤੀਪੂਰਨ ਅਤੇ ਕਠਿਨ ਸੀ, ਇਹੀ ਕਾਰਨ ਹੈ ਕਿ ਆਧੁਨਿਕ ਪੰਜਾਬੀ ਕਵੀ ਆਪਣੀਆਂ ਕਾਵਿ-ਜੁਗਤਾਂ ਵਿਚ ਗੁਰਮਤਿ ਪਰੰਪਰਾ ਨਾਲੋਂ, ਸੂਫ਼ੀ ਅਤੇ ਕਿੱਸਾ ਕਾਵਿ ਪਰੰਪਰਾ ਦੇ ਸੰਕਲਪਾਂ ਅਤੇ ਸਿਧਾਂਤਾਂ ਦਾ ਪ੍ਰਯੋਗ ਵਧੇਰੇ ਵਿਸਤਾਰ ਨਾਲ ਕਰ ਲੈਂਦੇ ਹਨ। ਡਾ: ਜਸਪਾਲ ਸਿੰਘ ਨੇ ਭਾਈ ਵੀਰ ਸਿੰਘ, ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਜਗਤਾਰ, ਸੁਰਜੀਤ ਪਾਤਰ, ਮੋਹਨਜੀਤ, ਵਨੀਤਾ ਅਤੇ ਦਰਸ਼ਨ ਬੁੱਟਰ ਵਰਗੇ ਕਵੀਆਂ ਦੇ ਕਲਾਮ ਦਾ ਅਧਿਐਨ ਕਰਨ ਉਪਰੰਤ ਇਸ ਨਿਸ਼ਕਰਸ਼ ਦੀ ਸਥਾਪਨਾ ਕੀਤੀ ਹੈ ਕਿ ਸਾਡੇ ਇਹ ਸਤਿਕਾਰਤ ਕਵੀ ਆਪਣੇ ਅਨੁਭਵ ਦੀ ਅਭਿਵਿਅਕਤੀ ਲਈ ਸੂਫ਼ੀ ਕਾਵਿ-ਪਰੰਪਰਾ ਵਿਚੋਂ ਹਾਸਲ ਹੋਏ ਕਾਵਿ-ਸਰੋਕਾਰਾਂ ਦਾ ਪ੍ਰਯੋਗ ਕਰਦੇ ਰਹੇ ਹਨ।
ਡਾ: ਜਸਪਾਲ ਸਿੰਘ ਦੁਆਰਾ ਸ਼ੁਰੂ ਕੀਤਾ ਗਿਆ ਖੋਜ-ਕਾਰਜ ਨਵਾਂ ਹੋਣ ਦੇ ਨਾਲ-ਨਾਲ, ਕਾਲ ਅਤੇ ਦੇਸ਼ ਵਿਚ ਬਹੁਤ ਦੂਰ-ਦੂਰ ਤੱਕ ਫੈਲਿਆ ਹੋਇਆ ਸੀ। ਏਨੇ ਵੱਡੇ ਕਾਰਜ ਵਿਚੋਂ ਗੁਜ਼ਰਨਾ ਇਸ ਨੂੰ ਸੰਭਾਲਣਾ ਅਤੇ ਸਹੇਜਣਾ ਕਾਫੀ ਕਠਿਨ ਕੰਮ ਸੀ। ਇਸ ਲਈ ਵਿਸ਼ੇ-ਮਾਹਰਾਂ ਦੀ ਨਜ਼ਰ ਵਿਚ ਕੁਝ ਕਮਜ਼ੋਰੀਆਂ ਵੀ ਰਹਿ ਗਈਆਂ ਹੋਣਗੀਆਂ, ਪਰ ਮੈਂ ਇਸ ਨਵੇਂ ਆਲੋਚਕ ਦੇ ਇਸ ਯਤਨ ਨਾਲ ਕਾਫੀ ਸੰਤੁਸ਼ਟ ਹਾਂ। ਪਰ ਸੂਫ਼ੀ ਕਾਵਿ-ਸ਼ਾਸਤਰ ਦਾ ਨਿਰਮਾਣ ਕਰਨ ਲਈ ਉਸ ਨੂੰ ਸੂਫ਼ੀਆਂ ਦੀ ਵਿਚਾਰਧਾਰਾ ਨਾਲੋਂ ਉਨ੍ਹਾਂ ਦੀਆਂ ਵਿਧੀਆਂ ਅਤੇ ਰੂਪਾਕਾਰਕ ਵਿਸ਼ੇਸ਼ਤਾਵਾਂ ਨੂੰ ਹੀ ਪਕੜਨਾ ਹੋਵੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਲੀਹੋਂ ਲੱਥੇ ਲੋਕ
ਲੇਖਕ : ਬਰਿਸ਼ ਭਾਨ ਘਲੋਟੀ
ਪ੍ਰਕਾਸ਼ਕ : ਲੋਕਧਾਰਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫੇ : 96.

ਜੀਵਨ ਇਕ ਲੀਹ ਹੈ। ਕਦਰਾਂ-ਕੀਮਤਾਂ ਦੇ ਲੀਹੇ ਤੁਰਿਆਂ ਦਾ ਸਫ਼ਰ ਕਾਫੀ ਆਸਾਨ ਹੁੰਦਾ ਹੈ। ਲੀਹੋਂ ਲੱਥ ਜਾਣ ਦੇ ਦੋ ਅਰਥ ਲਏ ਜਾ ਸਕਦੇ ਹਨ। ਪਹਿਲਾ ਅਰਥ ਕਦਰਾਂ-ਕੀਮਤਾਂ ਨੂੰ ਭੁੱਲ ਕੇ ਰਾਹ ਵਿਚ ਭਟਕ ਜਾਣਾ ਹੁੰਦਾ ਹੈ। ਦੂਜਾ ਅਰਥ ਹੈ ਲੀਹੋਂ ਲੱਥ (ਭੇਡਚਾਲ ਤੋਂ ਮੁਕਤ ਹੋ) ਕੇ ਨਵੀਆਂ ਲੀਹਾਂ ਉਸਾਰ ਦੇਣੀਆਂ। ਭਾਵ ਨਵੀਆਂ ਪੈੜਾਂ ਪਾ ਦੇਣੀਆਂ। ਇਸ ਆਸ਼ੇ ਨੂੰ ਮੁੱਖ ਰੱਖ ਕੇ ਬਰਿਸ਼ ਭਾਨ ਘਲੋਟੀ ਨੇ ਮਿੰਨੀ ਕਹਾਣੀ ਸੰਗ੍ਰਹਿ ਨੂੰ 'ਲੀਹੋਂ ਲੱਥੇ ਲੋਕ' ਦੇ ਸਿਰਲੇਖ ਹੇਠ ਪਾਠਕ ਵਰਗ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ।
ਇਸ ਕਹਾਣੀ ਸੰਗ੍ਰਹਿ ਵਿਚ ਕਰੀਬ ਸੱਤ ਕੁ ਦਰਜਨ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਜਿਥੇ ਦੋਹਰਾ ਕਿਰਦਾਰ/ਮਾਪਦੰਡ, ਕਹਿਣੀ ਤੇ ਕਰਨੀ ਵਿਚ ਫਰਕ, ਧਰਮ/ਅਫਸਰਸ਼ਾਹੀ ਦੀ ਆੜ ਵਿਚ ਗ਼ੈਰ-ਕਾਨੂੰਨੀ ਕੰਮ ਕਰਨ ਜਾਂ ਕਰਾਉਣ, ਪਖੰਡਵਾਦ, ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਮਨੁੱਖੀ ਸੁਭਾਅ ਅਤੇ ਚਾਪਲੂਸੀ ਉਤੇ ਬੜੀ ਬੇਬਾਕੀ ਨਾਲ ਤਿੱਖੀ ਚੋਭ ਦਾ ਅਹਿਸਾਸ ਹੁੰਦਾ ਹੈ, ਉਥੇ ਲਕੀਰ ਦੇ ਫਕੀਰ ਵਾਲੀ ਪਿਰਤ ਤੋਂ ਮੁਕਤ ਹੋ ਕੇ ਨਵੀਆਂ ਸਾਰਥਕ ਲੀਹਾਂ ਉਸਾਰ ਦੇਣ ਵਾਲੇ ਸਾਰਥਿਕ ਪਾਤਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਉਭਾਰਨਾ ਬਰਿਸ਼ ਭਾਨ ਘਲੋਟੀ ਦੀ ਕਹਾਣੀ ਲੇਖਣੀ ਦਾ ਇਕ ਵਾਧੂ ਹਾਸਲ ਹੈ। ਜਿਵੇਂ 'ਪਹਿਲੀ ਤਨਖਾਹ', 'ਸੱਚਾ ਕਰਮਯੋਗੀ' ਅਤੇ 'ਦੇਵੀ ਦਰਸ਼ਨ' ਆਦਿ ਅਜਿਹੀਆਂ ਕਹਾਣੀਆਂ ਸਮਾਜ ਨੂੰ ਉਸਾਰੂ ਤੇ ਸਹੀ ਸੇਧ ਦੇਣ ਵਾਲੀਆਂ ਕਹਾਣੀਆਂ ਹਨ।
ਬੇਸ਼ੱਕ ਇਹ ਕਹਾਣੀਆਂ ਮਿੰਨੀ ਜ਼ਰੂਰ ਹਨ, ਪਰ ਇਨ੍ਹਾਂ ਦਾ ਸੰਦੇਸ਼ ਕਾਫੀ ਵਿਸ਼ਾਲ ਹੈ। ਜਾਨੀ ਕੁੱਜੇ ਵਿਚ ਵਿਚ ਗਿਆਨ ਦਾ ਸਮੁੰਦਰ ਵੀ ਪ੍ਰਤੀਤ ਹੁੰਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕਿਤੇ -ਕਿਤੇ ਵਿਸ਼ੇ , ਸਿਰਲੇਖ ਦਾ ਦੁਹਰਾਓ/ਰਲਗਡ ਅਤੇ ਕੁਝ ਇਕ ਕਹਾਣੀਆਂ ਵਿਚ ਵਿਚਾਰਾਂ ਦਾ ਆਪਸੀ ਵਿਰੋਧਾਭਾਸ ਵੀ ਮਹਿਸੂਸ ਹੁੰਦਾ ਹੈ। ਆਸ ਹੈ ਕਿ ਲੇਖਕ ਅਜਿਹੀਆਂ ਕੁਤਾਹੀਆਂ ਤੋਂ ਬਚਦਾ ਹੋਇਆ ਆਪਣੀ ਲੇਖਣੀ ਵਿਚ ਹੋਰ ਸਰਗਰਮ ਹੋ ਕੇ ਮਾਂ-ਬੋਲੀ ਦੀ ਸੇਵਾ ਵਿਚ ਜੁਟਿਆ ਰਹੇਗਾ ਤੇ ਪਾਠਕ ਵਰਗ ਨੂੰ ਉਸਾਰੂ ਸੇਧ ਦੇਣ ਵਾਲੀਆਂ ਕਹਾਣੀਆਂ ਪ੍ਰਦਾਨ ਕਰਦਾ ਰਹੇਗਾ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਬੈਠ ਸਮੁੰਦਰ ਕੰਢੇ
ਗ਼ਜ਼ਲਕਾਰ : ਪ੍ਰਿੰ: ਪੁਸ਼ਵਿੰਦਰ ਸਿੰਘ ਰਾਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111.

ਪ੍ਰੀਤ ਦੇ ਗੀਤ, ਗੀਤ ਸੰਗ੍ਰਹਿ ਤੋਂ ਬਾਅਦ ਪ੍ਰਿੰ: ਪੁਸ਼ਵਿੰਦਰ ਸਿੰਘ ਰਾਣਾ ਦੀ ਦੂਜੀ ਪੁਸਤਕ ਹੈ। ਗ਼ਜ਼ਲ ਸੰਗ੍ਰਹਿ 'ਬੈਠ ਸਮੁੰਦਰ ਕੰਢੇ' 84 ਗ਼ਜ਼ਲਾਂ ਦੇ ਇਸ ਗ਼ਜ਼ਲ ਸੰਗ੍ਰਹਿ ਵਿਚ ਰਾਣਾ ਨੇ ਸਮਾਜਿਕ ਰਿਸ਼ਤਿਆਂ ਦੇ ਵਿਗੜਦੇ ਸਰੂਪ, ਮਾਨਸਿਕ ਦਵੰਦ, ਆਰਥਿਕ ਲੁੱਟ, ਭ੍ਰਿਸ਼ਟਾਚਾਰ, ਸਿਆਸੀ ਗਿਰਾਵਟ, ਦੰਭ, ਧੀਆਂ ਨਾਲ ਵਿਤਕਰਾ ਆਦਿ ਵਿਸ਼ਿਆਂ ਨੂੰ ਆਪਣੀ ਸੁਹਜਮਈ ਕਾਵਿ-ਸ਼ੈਲੀ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ ਪਰ ਬਹੁਤੀਆਂ ਗ਼ਜ਼ਲਾਂ ਮੁਹੱਬਤਾਈ ਤਰਾਸਦੀ ਦਾ ਚਿਤਰਨ ਵੀ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕਰਦੀਆਂ ਹਨ। ਪੱਛਮੀ ਸੱਭਿਆਚਾਰ ਦੀ ਰੀਸੇ ਆਪਣੇ ਸੱਭਿਆਚਾਰ ਨੂੰ ਲੱਗ ਰਹੇ ਖੋਰੇ ਪ੍ਰਤੀ ਵੀ ਸ਼ਾਇਰ ਸੁਚੇਤ ਹੈ।
ਛੱਡ ਕੇ ਆਪਣਾ ਵਿਰਸਾ ਪਿੱਛੇ ਪੱਛਮ ਦੇ
ਤੂੰ ਕਿਉਂ ਭੱਜੀ ਜਾਵੇਂ ਇਹ ਗੱਲ ਚੰਗੀ ਨਹੀਂ
ਲਾਲਚ ਦੌਲਤ ਸ਼ੁਹਰਤ ਦੀ ਕੋਈ ਹੱਦ ਬਣਾ
ਹੱਦ ਮਿਟਾਈ ਜਾਵੇਂ ਇਹ ਗੱਲ ਚੰਗੀ ਨਹੀਂ
ਵੇਖ ਕੇ ਮਹਿਲ ਮੁਨਾਰੇ ਆਸੇ ਪਾਸੇ ਦੇ
ਕੁੱਲੀ ਢਾਈ ਜਾਵੇਂ ਇਹ ਗੱਲ ਚੰਗੀ ਨਹੀਂ।
ਖੂਬਸੂਰਤ ਖਿਆਲ, ਖੂਬਸੂਰਤ ਸ਼ਾਇਰੀ ਲਈ ਕੁਝ ਪੈਮਾਨੇ, ਕੁਝ ਅਸੂਲ ਹਨ, ਜਿਨ੍ਹਾਂ ਤੋਂ ਰਾਣਾ ਜੀ ਨੂੰ ਸੁਚੇਤ ਹੋਣ ਦੀ ਲੋੜ ਹੈ। ਮਸਲਨ, ਗ਼ਜ਼ਲ ਨੰ: 10 (ਜ਼ਿੰਦਗੀ ਵਿਚ ਬਹਾਰ ਬੜੀ ਹੈ) ਇਥੇ 'ਜ਼ਿੰਦਗੀ' ਨੂੰ ਫੇਲੁਨ ਦੇ ਵਜ਼ਨ ਤੇ ਨਜ਼ਮ ਕਰ ਦਿੱਤਾ ਹੈ ਜਦ ਕਿ 'ਜੀਵਨ' ਸ਼ਬਦ ਨਾਲ ਇਹ ਗ਼ਲਤੀ ਦਰੁਸਤ ਕੀਤੀ ਜਾ ਸਕਦੀ ਸੀ। ਇਸੇ ਤਰ੍ਹਾਂ ਇਕ ਹੋਰ ਗ਼ਜ਼ਲ ਵਿਚ ਜ਼ਖ਼ਮ ਨੂੰ ਜ਼+ਖਮ ਨਜ਼ਮ ਕੀਤਾ ਹੈ ਜਦ ਕਿ ਇਸ ਸ਼ਬਦ ਦਾ ਵਜ਼ਨ ਜ਼ਖ+ਮ ਹੈ। 'ਰੁਸਵਾਈ' ਸ਼ਬਦ ਦਾ ਅਰਥ ਹੈ 'ਬਦਨਾਮੀ' ਹੈ ਪਰ ਰਾਣੇ ਹੁਰਾਂ ਇਸ ਨੂੰ 'ਰੋਸੇ' ਵਜੋਂ ਨਜ਼ਮ ਕੀਤਾ ਹੈ। ਹੋਰ ਵੀ ਇਸ ਤਰ੍ਹਾਂ ਦੀਆਂ ਊਣਤਾਈਆਂ ਹਨ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਮਿਹਨਤ ਨਾਲ ਹੀ ਦਰੁਸਤ ਕੀਤਾ ਜਾ ਸਕਦਾ ਸੀ। ਇਸ ਦੇ ਬਾਵਜੂਦ ਪੁਸਤਕ ਵਿਚ ਅਜਿਹੇ ਸ਼ਿਅਰਾਂ ਦੀ ਘਾਟ ਨਹੀਂ, ਜਿਨ੍ਹਾਂ ਰਾਹੀਂ ਪਰਿਵਾਰਕ ਰਿਸ਼ਤਿਆਂ ਵਿਚ ਆ ਰਹੀ ਕਰੂਰਤਾ, ਰਿਸ਼ਤਿਆਂ ਨੂੰ ਮੱਲੋ-ਮੱਲੀ ਨਿਭਾਉਣ ਦੀ ਮਜਬੂਰੀ, ਸਮਾਜਿਕ ਪਰਿਵਰਤਨ ਨਾਲ ਆ ਰਹੀਆਂ ਨਵੀਆਂ-ਨਵੀਆਂ ਔਕੜਾਂ, ਮਨੁੱਖ ਦਾ ਆਪਣੇ ਫ਼ਰਜ਼ਾਂ ਤੋਂ ਭੱਜਣਾ ਆਪਸੀ ਈਰਖਾ ਆਦਿ ਦਾ ਸਫ਼ਲ ਕਾਵਿਕ ਚਿਤਰਨ ਹੈ ਬੈਠ ਸਮੁੰਦਰ ਕੰਢੇ।
ਨਾ ਚਾਟੀ ਨਾ ਓਹੋ ਮਧਾਣੀ ਦੁੱਧ ਨਾਲੋਂ ਵੱਧ ਵਿਕਦਾ ਪਾਣੀ
ਦਾਦਾ ਦਾਦੀ ਘਰ 'ਚੋਂ ਕੱਢੇ ਕੌਣ ਸੁਣਾਵੇ ਫੇਰ ਕਹਾਣੀ।
ਅਜਿਹੇ ਖੂਬਸੂਰਤ ਸ਼ਿਅਰਾਂ ਦੀ ਪੁਸਤਕ ਨੂੰ ਜੀ ਆਇਆਂ ਕਹਿਣਾ ਬਣਦਾ ਹੈ।

-ਰਜਿੰਦਰ ਪਰਦੇਸੀ
ਮੋ: 93576-41552

ਘਰਾਣੇ ਦੀ ਧੀ
ਗੀਤਕਾਰ : ਛੱਤਾ ਮਾਣੂੰਕੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96

ਨਛੱਤਰ ਸਿੰਘ ਉਰਫ਼ ਛੱਤਾ ਮਾਣੂੰਕੇ ਦੇ ਕਈ ਗੀਤ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਵਿਚ ਰਿਕਾਰਡ ਹੋਏ ਨੇ। ਗੀਤਕਾਰੀ ਦਾ ਸ਼ੌਕ ਉਸ ਨੂੰ ਨਿੱਕੇ ਹੁੰਦਿਆਂ ਤੋਂ ਸੀ ਤੇ ਹੌਲੀ-ਹੌਲੀ ਇਹ ਸ਼ੌਕ ਜਵਾਨ ਹੁੰਦਾ ਗਿਆ। ਕੁਝ ਸਾਲ ਪਹਿਲਾਂ ਤੱਕ ਜਦੋਂ ਬਠਿੰਡਾ ਮਾਰਕੀਟ ਦੀ ਪੰਜਾਬੀ ਗਾਇਕੀ 'ਚ ਚੜ੍ਹਤ ਸੀ ਤਾਂ ਸਵ: ਮੇਜਰ ਰਾਜਸਥਾਨੀ, ਧਰਮਪ੍ਰੀਤ, ਅੰਮ੍ਰਿਤਾ ਵਿਰਕ, ਬਬਲੀ ਖੋਸਾ ਅਤੇ ਕੁਝ ਹੋਰ ਕਲਾਕਾਰਾਂ ਨੇ ਛੱਤਾ ਮਾਣੂੰਕੇ ਦੇ ਗੀਤ ਗਾਏ।
ਹੁਣ ਛੱਤੇ ਨੇ ਆਪਣੀ ਪੁਸਤਕ 'ਘਰਾਣੇ ਦੀ ਧੀ' ਪਾਠਕਾਂ ਸਨਮੁਖ ਕੀਤੀ ਹੈ। ਪੁਸਤਕ ਦਾ ਟਾਈਟਲ ਮੇਜਰ ਰਾਜਸਥਾਨੀ ਦੀ ਆਵਾਜ਼ ਵਿਚ ਗਾਇਆ ਗੀਤ ਹੈ, ਜਿਸ ਨੂੰ ਉਦੋਂ ਸਰੋਤਿਆਂ ਨੇ ਚੰਗਾ ਪਿਆਰ ਦਿੱਤਾ ਸੀ। ਕੁਝ ਇਕ ਨੂੰ ਛੱਡ ਇਸ ਪੁਸਤਕ ਵਿਚ ਸ਼ਾਮਿਲ ਬਹੁਤੇ ਗੀਤ ਚਲੰਤ ਵਿਸ਼ਿਆਂ ਵਾਲੇ ਹਨ, ਜਿਹੜੇ ਲੰਘੇ ਦੌਰ ਵਿਚ ਸੰਗੀਤ ਪ੍ਰੇਮੀਆਂ ਦੀ ਪਸੰਦ ਬਣਦੇ ਰਹੇ ਹਨ।
ਪੰਜਾਬੀ ਗਾਇਕੀ 'ਤੇ ਇਕ ਦੌਰ ਅਜਿਹਾ ਆਇਆ, ਜਦੋਂ ਹਟਕੋਰਿਆਂ ਵਾਲੇ ਗਾਇਕ ਪਸੰਦ ਕੀਤੇ ਗਏ। ਉਹ ਟੁੱਟੀ ਮੁਹੱਬਤ ਦੀ ਤੜਫ਼, ਪਸੰਦ-ਨਾ ਪਸੰਦ ਅਤੇ ਮਨ ਦੇ ਵਲਵਲਿਆਂ ਨੂੰ ਖਾਸ ਲਹਿਜੇ ਵਿਚ ਪੇਸ਼ ਕਰਦੇ ਸਨ। ਕੁਝ ਸਾਲ ਉਸ ਤਰ੍ਹਾਂ ਦੀ ਗਾਇਕੀ ਦੀ ਚੜ੍ਹਤ ਰਹੀ, ਪਰ ਫਿਰ ਜਿਨ੍ਹਾਂ ਨੇ ਅੰਦਾਜ਼ ਬਦਲਿਆ, ਉਹ ਖੜ੍ਹੇ ਰਹੇ ਤੇ ਬਾਕੀ ਪਛੜ ਗਏ।
ਧਰਤੀ ਨੂੰ ਹਰ ਕੋਈ ਵੰਡਣ 'ਤੇ ਤੁਲਿਆ ਹੋਇਆ। 'ਆਹ ਜ਼ਮੀਨ ਮੇਰੀ, ਔਹ ਟੁਕੜਾ ਮੇਰਾ...' ਬਸ ਮੇਰੀ-ਮੇਰੀ ਕਰਦਾ ਬੰਦਾ ਤੁਰ ਜਾਂਦਾ ਹੈ। ਪਰ ਧਰਤੀ ਮਾਂ ਆਖਦੀ ਹੈ ਕਿ ਮੈਂ ਵੰਡੀ ਨਹੀਂ ਜਾਂਦੀ, ਮੈਨੂੰ ਵੰਡਣ ਵਾਲੇ, ਮੇਰੇ 'ਤੇ ਹੱਕ ਜਤਾਉਣ ਵਾਲੇ ਲਗਾਤਾਰ ਤੁਰੀ ਜਾਂਦੇ ਨੇ। ਛੱਤੇ ਨੇ 'ਧਰਤੀ ਮਾਂ ਪੁਕਾਰੇ' ਗੀਤ ਖੂਬਸੂਰਤ ਤਰੀਕੇ ਨਾਲ ਲਿਖਿਆ ਹੈ :
ਮੈਂ ਮਿੱਟੀ, ਮੇਰੇ ਪੁੱਤਰ ਮਿੱਟੀ, ਮਿੱਟੀ ਪਿੱਛੇ ਲੜਦੇ,
ਮੇਰੀ ਖਾਤਰ ਸਕੇ ਵੀਰ ਵੀ ਹੱਥ ਗੰਡਾਸੇ ਫੜਦੇ,
ਹੱਥ ਨੰਗੀਆਂ ਤਲਵਾਰਾਂ ਵੇਖ ਕੇ ਮੈਂ ਜਾਨੀਂ ਆਂ ਝੂਰੀ,
ਮੈਂ ਪੂਰੀ ਦੀ ਪੂਰੀ ਵੇ ਪੁੱਤਰੋ, ਮੈਂ ਪੂਰੀ ਦੀ ਪੂਰੀ।
ਨਸ਼ਿਆਂ ਦੀ ਥਾਂ ਘਰ ਦੀ ਖੁਰਾਕ ਦੀ ਪ੍ਰੇਰਨਾ ਦੇਣ ਵਾਲਾ ਛੱਤੇ ਦਾ ਇਕ ਗੀਤ ਬਾਕਮਾਲ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਕਿਵੇਂ ਤੰਦਰੁਸਤ ਰੱਖਣ ਵਾਲੀਆਂ ਚੀਜ਼ਾਂ ਖਾਈਦੀਆਂ ਨੇ ਤੇ ਨਸ਼ਿਆਂ ਵੱਲ ਅੱਖ ਨਹੀਂ ਕਰੀਦੀ। ਬੋਲ ਹਨ :
ਘਰ ਵਿਚ ਰੱਖੀਆਂ ਨੇ ਸੱਤ ਮੱਝਾਂ ਬੂਰੀਆਂ,
ਕੁੱਟ ਕੁੱਟ ਖਾਈ ਦੀਆਂ ਘਿਓ ਦੀਆਂ ਚੂਰੀਆਂ,
ਬੇਬੇ ਹਾਰੇ ਵਿਚ ਰੱਖਦੀ ਆ ਕਾੜ੍ਹਨੀ,
ਨੱਕੋ ਨੱਕ ਹੁੰਦੀ ਹੈ ਭਰੀ,
ਦੁੱਧ ਪੀਈਦਾ, ਘਿਓ ਅਸੀਂ ਖਾਈਦਾ,
ਨਸ਼ੇ ਵੱਲ ਅੱਖ ਨ੍ਹੀਂ ਕਰੀ।
ਚਲੰਤ ਗੀਤਾਂ ਦੇ ਨਾਲ-ਨਾਲ 'ਘਰਾਣੇ ਦੀ ਧੀ' ਵਿਚ ਕੁਝ ਪਾਏਦਾਰ ਗੀਤ ਵੀ ਦਰਜ ਹਨ, ਜਿਹੜੇ ਚੰਗੇ ਲਗਦੇ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

ਪਰਦੇ ਓਹਲੇ
ਲੇਖਕ : ਡਾ: ਕੇ. ਐਸ. ਯਾਦਵ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 134.

ਪਰਦੇ ਉਹਲੇ, ਡਾ: ਕੇ. ਐਸ. ਯਾਦਵ ਦਾ ਨਵਾਂ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਜੀਵਨ ਦੇ ਬਹੁਰੰਗੀ ਵਰਤਾਰਿਆਂ ਨੂੰ ਸ਼ਬਦਾਂ ਦੇ ਜਾਮੇ ਵਿਚ ਲਪੇਟ ਕੇ ਪੇਸ਼ ਕੀਤਾ ਹੈ।
ਡਾ: ਕੇ. ਐਸ. ਯਾਦਵ ਉਮਰ ਦੇ ਇਕ ਪ੍ਰੌੜ੍ਹ ਪੜਾਅ 'ਤੇ ਪਹੁੰਚਿਆ ਲੇਖਕ ਹੈ, ਜਿਸ ਕੋਲ ਜੀਵਨ ਵਰਤਾਰੇ ਸਬੰਧੀ ਇਕ ਪ੍ਰਪੱਕ ਜੀਵਨ ਦ੍ਰਿਸ਼ਟੀ ਹੈ, ਜਿਹੜੀ ਉਸ ਦੀਆਂ ਕਵਿਤਾਵਾਂ ਵਿਚ ਉਸ ਦੇ ਅਨੁਭਵ ਤੇ ਉਸ ਦੇ ਚਿੰਤਨ ਦੀ ਗਵਾਹੀ ਭਰਦੀ ਪ੍ਰਤੀਤ ਹੁੰਦੀ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜੀਵਨ ਦੇ ਬਹੁ-ਭਾਂਤ ਵੇਰਵਿਆਂ ਨਾਲ ਸਬੰਧਤ ਹਨ। ਕੁਝ ਕਵਿਤਾਵਾਂ ਵਿਚ ਲੇਖਕ ਕੁਦਰਤ ਦੀ ਮਹਿਮਾ ਦਾ ਗੁਣਗਾਨ ਕਰਦਾ ਹੈ ਤੇ ਕਿਧਰੇ ਮਾਨਵਤਾ ਲਈ ਚੰਗੇਰੇ ਭਵਿੱਖ ਦੀ ਦੁਆ ਕਰਦਾ ਹੈ। ਕਿਤੇ ਉਹ ਪੰਜਾਬੀ ਅਤੇ ਭਾਰਤੀ ਸੱਭਿਆਚਾਰ ਦੀ ਤਾਰੀਫ਼ ਵਿਚ ਆਪਣੀ ਕਾਵਿ ਸਿਰਜਣਾ ਕਰਦਾ ਹੈ ਤੇ ਦੇਸ਼ ਦੀ ਆਨ-ਸ਼ਾਨ ਲਈ ਮਰ ਮਿਟਣ ਵਾਲੇ ਅਮਰ ਸ਼ਹੀਦਾਂ ਸਬੰਧੀ ਗੁਣਗਾਨ ਕਰਦਾ ਪ੍ਰਤੀਤ ਹੁੰਦਾ ਹੈ। ਕਿਧਰੇ ਉਹ ਪੰਜਾਬ ਦੇ ਤਿਉਹਾਰਾਂ ਨੂੰ ਇਕ ਅਮੀਰ ਵਿਰਾਸਤ ਵਜੋਂ ਦੇਖਦਾ ਹੈ ਤੇ ਕਿਤੇ ਬੀਤੇ ਦਿਨਾਂ 'ਤੇ ਝੋਰਾ ਕਰਦਾ ਪ੍ਰਤੀਤ ਹੁੰਦਾ ਹੈ। ਅਨੇਕ ਕਵਿਤਾਵਾਂ ਵਿਚ ਕਵੀ ਸਾਡੇ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਕੁਹਜ ਸਬੰਧੀ ਵੀ ਆਪਣੇ ਵਿਚਾਰ ਪੇਸ਼ ਕਰਦਾ ਹੈ।
ਇਸ ਸੰਗ੍ਰਹਿ ਦੀ ਟਾਈਟਲ ਕਵਿਤਾ 'ਪਰਦੇ ਉਹਲੇ' ਇਸ ਸੰਗ੍ਰਹਿ ਦੀ ਲੰਮੀ ਕਵਿਤਾ ਹੈ, ਜਿਸ ਵਿਚ ਲੇਖਕ ਨੇ ਇਕ ਵੇਸਵਾ ਦੀ ਜੀਵਨ ਕਹਾਣੀ, ਉਸ ਦੇ ਦੁੱਖ, ਉਸ ਦੀ ਮਾਨਸਿਕਤਾ ਨੂੰ ਸਮਾਜਿਕ ਪਰਿਪੇਖ ਵਿਚ ਸਮਝਣ ਤੇ ਚਿਤਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਇਸ ਸੰਗ੍ਰਹਿ ਵਿਚ ਲੇਖਕ ਦੀ ਆਪਣੀ ਪਤਨੀ ਦੇ ਨਾਂਅ ਲੰਮੀ ਕਵਿਤਾ ਵੀ ਜ਼ਿਕਰਯੋਗ ਹੈ।
ਕੇ. ਐਸ. ਯਾਦਵ ਦੇ ਇਸ ਕਾਵਿ-ਸੰਗ੍ਰਹਿ ਵਿਚ ਉਸ ਦੀਆਂ ਲੰਮੀਆਂ ਕਵਿਤਾਵਾਂ ਦੇ ਨਾਲ ਛੋਟੀਆਂ ਕਵਿਤਾਵਾਂ ਵੀ ਸ਼ਾਮਿਲ ਹਨ। ਪਰ ਇਸ ਕਾਵਿ ਸੰਗ੍ਰਹਿ ਦੀ ਖੂਬਸੂਰਤੀ ਇਹ ਹੈ ਕਿ ਕਵੀ ਨੇ ਹਰ ਤਰ੍ਹਾਂ ਦੀ ਕਵਿਤਾ ਪੇਸ਼ ਕਰਦਿਆਂ ਆਪਣੀ ਸ਼ਾਬਦਿਕ ਸਮਰੱਥਾ ਦਾ ਭਰਪੂਰ ਪ੍ਰਗਟਾਵਾ ਕੀਤਾ ਹੈ। ਇਸ ਸੰਗ੍ਰਹਿ ਲਈ ਲੇਖਕ ਮੁਬਾਰਕ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਅਣਕਹੇ ਬੋਲ
ਕਵੀ : ਦਰਸ਼ਨ ਸਿੰਘ ਦਰਸ਼ਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ
ਮੁੱਲ : 195 ਰੁਪਏ, ਸਫ਼ੇ : 136.

ਮਰਹੂਮ ਲੋਕ ਕਵੀ ਦਰਸ਼ਨ ਸਿੰਘ ਦਰਸ਼ਨ ਉਮਰ ਭਰ ਲੋਕ-ਮੁਕਤੀ ਲਈ ਕਵਿਤਾ ਰਚਦਾ ਰਿਹਾ। ਆਖਰੀ ਉਮਰੇ ਵੀ ਉਸ ਨੇ ਕਾਫੀ ਕਵਿਤਾਵਾਂ ਲਿਖੀਆਂ ਸਨ, ਜੋ ਉਸ ਦੇ ਜੀਂਦੇ ਜੀਅ ਛਪ ਨਾ ਸਕੀਆਂ ਪਰ ਉਸ ਦੇ ਪੁੱਤਰ ਅਤੇ ਦਾਮਾਦ ਨੇ ਇਹ ਕਵਿਤਾਵਾਂ ਇਕੱਤਰ ਕਰਕੇ ਹਥਲੀ ਪੁਸਤਕ ਪ੍ਰਕਾਸ਼ਿਤ ਕਰਵਾਉਣ ਦਾ ਸਾਹਿਤਕ ਜੱਸ ਖੱਟਿਆ ਹੈ। 'ਦਰਸ਼ਨ' ਇਕ ਕਾਵਿ ਸੰਗ੍ਰਹਿ ਤੋਂ ਪਹਿਲਾਂ ਪੰਜ ਕਾਵਿ/ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਹ ਹਨ : ਮਨ ਮਨਾਇਆ ਮਨ (ਕਾਵਿ ਸੰਗ੍ਰਹਿ 1992), ਧੁਖਦੇ ਬੋਲ (ਕਾਵਿ ਸੰਗ੍ਰਹਿ 1994) ਰਿਸਤੇ ਜ਼ਖ਼ਮ (1997), ਮਘਦੇ ਅੱਖਰ (ਗ਼ਜ਼ਲ ਸੰਗ੍ਰਹਿ 2001) ਅਤੇ ਜਗਦੇ ਅੱਖਰ (ਗ਼ਜ਼ਲ ਸੰਗ੍ਰਹਿ 2008)। ਹਥਲੀ ਪੁਸਤਕ ਵਿਚ 100 ਦੇ ਕਰੀਬ ਕਵਿਤਾਵਾਂ ਹਨ। ਇਹ ਸਾਰੀਆਂ ਕਵਿਤਾਵਾਂ ਲੋਕ/ਸਮਾਜਿਕ ਸਰੋਕਾਰਾਂ ਦੀਆਂ ਲਖਾਇਕ ਹਨ। ਦਰਸ਼ਨ ਨੂੰ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਵਿਸੰਗਤੀਆਂ ਅੱਖ ਪੜਵਾਲ ਵਾਂਗ ਚੁੱਭਦੀਆਂ ਹਨ। ਉਹ ਸਮਾਜਿਕ ਅਤੇ ਆਰਥਿਕ ਬਰਾਬਰੀ ਚਾਹੁੰਦਾ ਹੈ। ਉਹ ਲੋਟੂਆਂ ਦੀ ਨਿੰਦਿਆ ਕਰਦਾ ਹੈ ਅਤੇ ਲੁੱਟੇ ਜਾ ਰਹੇ ਕਾਮਿਆਂ ਤੇ ਹਲਵਾਹਕਾਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਦਾ ਸੱਦਾ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਸਰਮਾਏਦਾਰੀ ਦਾ ਕੋਹੜ, ਮਿਹਨਤ ਕਰਦੇ ਲੋਕ, ਲੋਕ ਤੂਫ਼ਾਨ, ਜੂਝਣ ਲਈ ਉੱਠੋ, ਰੱਤ ਪੀਣੇ ਹਾਕਮ, ਜ਼ੁਲਮੀ ਜੁੰਡਲੀ, ਅਮਲ ਹੀ ਜ਼ਿੰਦਗੀ, ਬੰਦੇ ਦੇ ਦੁਸ਼ਮਣ ਆਦਿ ਵਿਸ਼ੇ ਬੜੀ ਲੋਕ ਸੁਰ ਵਿਚ ਉੱਭਰੇ ਹਨ : 'ਇਹ ਜ਼ਾਲਿਮ ਸਰਕਾਰਾਂ/ਜਾਬਰ ਦੀਵਾਰਾਂ/ਕਿਰਤੀ ਕਾਮਿਓ ਤੋੜ ਦਿਉ/ਕੱਠਾ ਹੋਇਆ ਸਾਰਾ ਹੈ ਇਹ/ਧਾੜਵੀਆਂ ਦਾ ਡੇਰਾ/ਤੋੜ ਦਿਉ ਤੋੜ ਦਿਉ...' ਦਰਸ਼ਨ ਨੇ ਸਾਰੀ ਉਮਰ ਇਕ ਕਾਮੇ ਦੇ ਤੌਰ 'ਤੇ ਬਿਤਾਈ। ਉਹ ਕਾਮਿਆਂ ਦੀ ਜ਼ਬਾਨ ਅਤੇ ਬਾਗੀ ਬੋਲਾਂ ਦਾ ਕਵੀ ਹੈ। ਲੋਕ ਮੁਕਤੀ ਦੀ ਵੰਗਾਰ ਇਸ ਪੁਸਤਕ ਨੂੰ ਜੀ ਆਇਆਂ।

-ਸੁਲੱਖਣ ਸਰਹੱਦੀ
ਮੋ: 94174-84337

17-8-2014

 ਕਲਗੀ ਦਾ ਸਫ਼ਰ
(ਮਹਾਂ ਕਾਵਿ)
ਲੇਖਿਕਾ : ਰੁਪਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 191

'ਕਲਗੀ ਦਾ ਸਫ਼ਰ' 21ਵੀਂ ਸਦੀ ਦੇ ਦੂਜੇ ਦਹਾਕੇ ਦਾ ਮਹੱਤਵਪੂਰਨ ਮਹਾਂ-ਕਾਵਿ ਹੈ, ਜੋ 12 ਸਰਗਾਂ 'ਚ ਸੰਪੂਰਨ ਕੀਤਾ ਗਿਆ ਹੈ ਅਤੇ ਇਸ ਦੀ ਰਚੇਤਾ ਕਵਿੱਤਰੀ ਹੈ। ਇਸ ਮਹਾਂ-ਕਾਵਿ ਦਾ ਰਚਨਾਤਮਿਕ ਸਰੋਤ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਸਿਰਜਕ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਵਿਸ਼ੇਸ਼ਤਰ ਉਨ੍ਹਾਂ ਦੇ ਸ਼ਰਧਾਲੂ ਅਤੇ ਸਿੱਖੀ ਦੀ ਲਾਜ ਨੂੰ ਸਦੀਵੀ ਰੱਖਣ ਵਾਲੇ ਮਰਜ਼ੀਵੜੇ, ਯੋਧੇ ਤੇ ਸਿੱਖ ਭਾਈ ਜੈਤਾ ਜੀ ਹਨ। ਸਭ ਤੋਂ ਪਹਿਲਾਂ ਮੰਗਲਾਚਰਨ ਵਿਚ ਦਸਾਂ ਗੁਰੂ ਸਾਹਿਬਾਂ ਦੇ ਓਟ ਆਸਰੇ ਨੂੰ ਸ਼ਰਧਾਮੂਲਕ ਕਾਵਿ ਰਾਹੀਂ ਪ੍ਰਗਟਾਇਆ ਹੈ। ਫਿਰ ਭਾਈ ਜੈਤਾ ਜੀ ਦੀ ਬੰਸਾਵਲੀ ਬਾਬਤ ਡੂੰਘੀ ਇਤਿਹਾਸਕ ਖੋਜ ਨੂੰ ਕਾਵਿ-ਜ਼ਰੀਏ ਪ੍ਰਗਟ ਕੀਤਾ ਹੈ ਅਤੇ ਭਾਈ ਜੈਤਾ ਜੀ ਦੇ ਜਨਮ ਸਬੰਧੀ ਬਿਰਤਾਂਤ ਪੇਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਬੰਧੀ ' ਗੁਰੂ ਲਾਧਿਓ ਰੇ ' ਤੋਂ ਇਲਾਵਾ ਸਰਗ-4, 5 ਅਤੇ 6 ਵਿਚ ਅਲੌਕਿਕ ਪਰ ਤੱਥ ਮੂਲਕ ਗਿਆਨ ਪੇਸ਼ ਕੀਤਾ ਗਿਆ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਪੁਸਤਕ ਦਾ ਮਹੱਤਵਪੂਰਨ ਭਾਗ ਸਰਗ-7 ਸ਼ਹੀਦੀ ਗੁਰੂ ਤੇਗ ਬਹਾਦਰ, ਸਰਗ-8 ਸੀਸ ਮਾਰਗ ਨਿਰੋਲ ਰੂਪ ਵਿਚ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਪੜ੍ਹਨ ਤੇ ਹਰ ਵਰਗ ਦੇ ਪਾਠਕ ਵੈਰਾਗਮਈ ਅਵਸਥਾ ਵਿਚ ਆ ਜਾਂਦੇ ਹਨ। ਸਰਗ-10 ਖਾਲਸੇ ਦੀ ਸਾਜਣਾ, ਪੰਜਾਂ ਪਿਆਰਿਆਂ ਦੀ ਚੋਣ, ਦਸਤਾਰ ਦੀ ਮਹੱਤਤਾ, ਅੰਮ੍ਰਿਤਪਾਨ ਕਰਨਾ ਆਦਿ ਸੰਕਲਪਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਰਤੀ ਕੌਮ ਦੀ ਆਜ਼ਾਦੀ ਲਈ ਲੜੀਆਂ ਜੰਗਾਂ ਦਾ ਜ਼ਿਕਰ ਕਾਵਿ-ਭਾਸ਼ਾ 'ਚ ਪਾਠਕਾਂ ਦੇ ਸਨਮੁੱਖ ਕਰਦਾ ਹੈ। ਸਰਗ-11 ਵਿਚ ਚਮਕੌਰ ਦੀ ਲੜਾਈ ਦਾ ਵੀ ਜ਼ਿਕਰ ਹੈ, ਗੁਰੂ ਘਰ ਦੇ ਦੋਖੀਆਂ ਦਾ ਵੀ ਉਲੇਖ ਹੈ ਅਤੇ ਖਾਲਸੇ ਦੀ ਵੱਖਰੀ ਹੋਂਦ-ਸਥਿਤੀ ਦਾ ਵੀ ਨਿਰੂਪਣ ਹੈ। ਪੁਸਤਕ ਦੇ ਸਿਰਲੇਖ ਦਾ ਵਿਖਿਆਣ ਸਰਗ-12 ਵਿਚ ਬਹੁਤ ਕਾਵਿ-ਪ੍ਰਤਿਭਾ ਦੇ ਪ੍ਰਗਟਾਵੇ ਤਹਿਤ ਹੋਇਆ ਹੈ। ਇਸ ਵਿਚ ' ਕਲਗੀ ' ਦੇ ਮਹੱਤਵ ਨੂੰ ਇਤਿਹਾਸਕ ਪਰਿਪੇਖ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ, ਜਿਸ ਦਾ ਕਾਲ-ਖੰਡ ਗੁਰੂ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ-ਕਾਲ ਅਤੇ ਇਸ ਉਪਰੰਤ ਅੰਗਰੇਜ਼ਾਂ ਦੇ ਰਾਜ ਤੱਕ ਦਾ ਵਿਵਰਣ ਹੈ ਅਤੇ ਅਭਿਲਾਸ਼ਾ ਪ੍ਰਗਟ ਕੀਤੀ ਗਈ ਹੈ ਕਿ ਜਿਸ ਕਲਗੀ ਨਾਲ ਸੁਸ਼ੋਭਿਤ ਹੋ ਕੇ ਸੰਤ-ਸਿਪਾਹੀ ਤਖ਼ਤਾਂ ਦੇ ਮਾਲਕ ਹੋ ਨਿਬੜੇ ਸਨ, ਉਹ ਵਿਦੇਸ਼ੀ ਹੁਕਮਰਾਨਾਂ ਪਾਸ ਨਹੀਂ ਰਹਿਣੀ ਚਾਹੀਦੀ। ਕਵਿੱਤਰੀ ਦੀ ਕਾਵਿ-ਪ੍ਰਬੀਨਤਾ ਦੀ ਪਛਾਣ ਹਰ ਸਰਗ ਵਿਚੋਂ ਪ੍ਰਗਟ ਹੁੰਦੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

ਪੰਜਾਬ ਦੀ ਲੋਕ ਸਾਜ਼ ਪਰੰਪਰਾ
ਲੇਖਕ : ਡਾ: ਜਸਪਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 168.

ਜਸਪਾਲ ਸਿੰਘ ਆਪਣੇ ਖੋਜ-ਕਾਰਜ ਵਿਚ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਜਨਜੀਵਨ ਨਾਲ ਜੋੜ ਕੇ ਵੇਖਣ-ਵਿਖਾਉਣ ਵਿਚ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ ਹੈ। ਉਸ ਨੂੰ ਪੰਜਾਬ ਦੇ ਲੋਕਯਾਨਿਕ ਵਿਰਸੇ ਦੀ ਡੂੰਘੀ ਸਮਝ ਹੈ। ਉਸ ਨੇ ਇਸ ਵਿਰਸੇ ਬਾਰੇ ਜਾਣਕਾਰੀ ਦਿੰਦੇ ਸਮੇਂ ਇਕ ਕੁਸ਼ਲ ਸਿਰਜਣਾਤਮਕ ਆਲੋਚਕ ਹੋਣ ਦੇ ਪ੍ਰਮਾਣ ਵੀ ਪੇਸ਼ ਕੀਤੇ ਹਨ। ਉਸ ਨੇ ਪੰਜਾਬ ਵਿਚ ਪ੍ਰਚਲਿਤ ਲੋਕ ਸਾਜ਼ਾਂ ਨੂੰ ਚਾਰ ਸ਼੍ਰੇਣੀਆਂ ਵਿਚ ਵਿਭਾਜਿਤ ਕੀਤਾ ਹੈ।
ਮਲਿਕ ਮੁਹੰਮਦ ਜਾਯਸੀ ਨੇ ਵੀ ਭਾਰਤ ਦੇ ਸੰਗੀਤਕ ਉਪਕਰਨਾਂ ਦਾ ਸ਼੍ਰੇਣੀਕਰਨ ਕੁਝ ਇਸੇ ਪ੍ਰਕਾਰ ਕੀਤਾ ਸੀ : ਤਤ ਵਿਤਤ ਸਿਖਰ ਘਨਤਾਰਾ 1 (ਪਦਮਾਵਤ, ਪੰਨ 687) ਇਹ ਚਾਰ ਸ਼੍ਰੇਣੀਆਂ ਹਨ : 1 ਅਵਨਧ ਸਾਜ਼, 2. ਸੁਸ਼ਿਰ ਸਾਜ਼ (ਮੂੰਹ ਦੀ ਹਵਾ ਨਾਲ ਵਜਾਉਣ ਵਾਲੇ ਸਾਜ਼ ਬੀਨ, ਅਲਗੋਜ਼ਾ, ਵੰਝਲੀ, ਬੰਸਰੀ ਆਦਿ), 3. ਤਤ (ਤੰਤੀ) ਸਾਜ਼ (ਤਾਰਾਂ ਨੂੰ ਟੁਣਕਾ ਕੇ ਜਾਂ ਇਨ੍ਹਾਂ ਉੱਪਰ ਗਜ਼ ਫੇਰ ਕੇ ਵਜਾਏ ਜਾਣ ਵਾਲੇ ਸਾਜ਼ ਸਾਰੰਗੀ, ਤੂੰਬੀ, ਇਕਤਾਰਾ, ਵਾਇਲਨ ਆਦਿ) ਅਤੇ 4. ਘਨ ਸਾਜ਼ (ਲੱਕੜ ਜਾਂ ਧਾਤ ਉੱਪਰ ਪ੍ਰਹਾਰ ਕਰਕੇ ਵਜਾਏ ਜਾਣ ਵਾਲੇ ਸਾਜ਼ ਘੜਿਆਲ, ਟੱਲੀ, ਚਿਮਟਾ, ਸੱਪ ਆਦਿ)।
ਜਸਪਾਲ ਸਿੰਘ ਨੇ ਲੋਕ-ਸਾਜ਼ਾਂ ਦੀ ਸ਼੍ਰੇਣੀ ਨਾਲ ਸਬੰਧਤ ਸਾਰੇ ਸਾਜ਼ਾਂ ਬਾਰੇ ਭਰਪੂਰ ਵਾਕਫ਼ੀਅਤ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਚਿੱਤਰ ਵੀ ਦਿੱਤੇ ਹਨ ਤਾਂ ਜੋ ਆਮ ਪਾਠਕਾਂ ਨੂੰ ਵੀ ਇਨ੍ਹਾਂ ਸਾਜ਼ਾਂ ਦੇ ਬਾਰੇ ਵਿਚ ਸਹੀ ਇਲਮ ਹੋ ਜਾਵੇ। ਡਾ: ਜਸਪਾਲ ਸਿੰਘ ਨੇ ਆਪਣੇ ਖੋਜ ਕਾਰਜ ਦੀ ਪੂਰਤੀ ਲਈ ਡਾ: ਗੁਰਨਾਮ ਸਿੰਘ, ਡਾ: ਤਾਰਾ ਸਿੰਘ, ਡਾ: ਅਨਿਲ ਨਰੂਲਾ ਅਤੇ ਡਾ: ਗੁਰਪ੍ਰਤਾਪ ਸਿੰਘ ਵਰਗੇ ਪੰਜਾਬੀ ਸੰਗੀਤਚਾਰੀਆਂ ਦੇ ਨਾਲ-ਨਾਲ ਭਰਤ ਮੁਨੀ, ਅਰਵਿੰਦ ਸ਼ਰਮਾ, ਚਿਤਰਾ ਗੁਪਤਾ, ਗੀਤਾ ਪੈਂਤਲ, ਲਾਲਮਣੀ ਮਿਸ਼ਰ, ਰਵੀ ਬਹਾਦਰ, ਐਨਥਨੀ ਬੇਨਜ਼, ਬੀ.ਜੀ. ਦੇਵ, ਸਤਰੰਗ ਫਾਕਸ, ਜਾਰਜ ਫਾਰਮਰ ਹੈਨਰੀ, ਬਾਬੂ ਰਾਉ ਜੋਸ਼ੀ, ਐਸ. ਕ੍ਰਿਸ਼ਨਾਸਵਾਮੀ ਅਤੇ ਅਲਕਾ ਪਾਂਡੇ ਵਰਗੇ ਹਿੰਦੀ ਅਤੇ ਅੰਗਰੇਜ਼ੀ ਵਿਦਵਾਨਾਂ ਦੀਆਂ ਪੁਸਤਕਾਂ ਦਾ ਵੀ ਗੰਭੀਰ ਅਧਿਐਨ ਕੀਤਾ ਹੈ। ਇਸ ਪੁਸਤਕ ਵਿਚੋਂ ਖੋਜਕਰਤਾ ਦੀ ਮੌਲਿਕ ਸੋਚ ਅਤੇ ਪਰਿਪੱਕ ਸ਼ੈਲੀ ਦੇ ਝਲਕਾਰੇ ਪੈਂਦੇ ਹਨ। ਮੈਂ ਇਸ ਰਚਨਾ ਦਾ ਸਵਾਗਤ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕਮਾਦ ਵਾਲਾ ਖੇਤ
ਲੇਖਕ : ਰਾਜਵਿੰਦਰ ਸਿੰਘ ਰਾਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ
ਮੁੱਲ : 160 ਰੁਪਏ, ਸਫ਼ੇ : 128.

ਰਾਜਵਿੰਦਰ ਸਿੰਘ ਦੀਆਂ ਕਹਾਣੀਆਂ ਵਿਚ ਅਧਿੱਕਤਰ ਅੱਧੀ ਸਦੀ ਤੋਂ ਪਹਿਲਾਂ ਦੇ ਪੰਜਾਬ ਦਾ ਯਥਾਰਥਕ ਚਿਤਨ ਮਿਲਦਾ ਹੈ। ਉਹ ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ਤੋਂ ਬੇਹੱਦ ਪ੍ਰਭਾਵਿਤ ਹੈ। ਭੁੱਲਰ ਦੀ ਲਿਖੀ ਭੂਮਿਕਾ ਅਨੁਸਾਰ 'ਰਾਜਾ' ਨੇ ਆਪਣੀਆਂ ਕਹਾਣੀਆਂ ਦੀ ਪੇਸ਼ਕਾਰੀ ਵਿਚ ਅਨੇਕਾਂ ਮੋਟਿਫ਼ ਉਸ ਦੀਆਂ ਕਹਾਣੀਆਂ ਵਾਂਗ ਹੀ ਪ੍ਰਯੁਕਤ ਕਰ ਲਏ ਹਨ। ਮਿਸਾਲ ਵਜੋਂ 'ਕਮਾਦ ਵਾਲਾ ਖੇਤ' ਵਿਚ (ਧੁੰਦ ਅਤੇ ਸੂਰਜ) ਦਾ ਇਕ ਮੋਟਿਫ਼; 'ਪਾਪ-ਪੁੰਨ ਜਾਂ ਪੁੰਨ-ਪਾਪ' ਵਿਚ 'ਓਪਰਾ ਮਰਦ, ਦੀਵੇ ਵਾਂਗ ਬਲਦੀ ਅੱਖ-ਦੋ ਮੋਟਿਫ਼); 'ਅਮਰਵੇਲ' ਵਿਚ (ਤੋਰੀ ਦੀ ਵੇਲ) ਇਕ ਮੋਟਿਫ਼; ਪਹੀਏ (ਜਿਸ ਮਰਨੇ ਤੇ ਜਗ ਡਰੈ)-ਇਕ ਮੋਟਿਫ਼ ਪ੍ਰਯੋਗ ਕੀਤੇ ਵਿਖਾਈ ਦਿੰਦੇ ਹਨ। ਬਰੈਕਟੀ ਕਹਾਣੀਆਂ ਭੁੱਲਰ ਦੀਆਂ ਹਨ। ਅਜਿਹਾ ਹੋਣ ਦੇ ਬਾਵਜੂਦ ਵੀ ਭੁੱਲਰ ਤੋਂ ਪ੍ਰੇਰਿਤ ਇਹ ਕਥਾਕਾਰ ਆਪਣੀਆਂ ਇਨ੍ਹਾਂ ਕਹਾਣੀਆਂ ਵਿਚ 'ਚੇਲੇ ਜਾਣ ਛੜੱਪ' ਦਾ ਪ੍ਰਭਾਵ ਸਿਰਜਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਵਿਚ ਬਰਾਤਾਂ ਧਰਮਸ਼ਾਲਾਵਾਂ/ਡੇਰਿਆਂ ਵਿਚ ਟਿਕਾਣਾ ਕਰਦੀਆਂ ਨੇ; ਮੰਜੇ ਜੋੜ ਕੇ ਵਿਆਹ ਵਾਲੇ ਘਰ ਕੋਠੇ ਤੇ ਸਪੀਕਰ ਵੱਜਦੇ ਨੇ; ਮੇਲ-ਗੇਲ ਆਉਂਦੇ ਨੇ; ਨਚਾਰ ਨੱਚਦੇ ਨੇ; ਪੈਸੇ ਵਾਰੇ ਜਾਂਦੇ ਨੇ; ਛੜੇ ਆਪਣਾ ਹੀਲਾ ਢੂੰਡਦੇ ਨੇ; ਵਾਜੇ ਵੱਜਦੇ ਨੇ; ਜ਼ਮੀਨਾਂ ਦੀ ਭਰਾਵਾਂ ਵਿਚ ਵੰਡ ਹੁੰਦੀ ਹੈ; ਕੰਮੀਆਂ ਦੀ ਤੰਗ-ਦਸਤੀ ਦਾ ਜੀਵਨ ਹੈ; ਪਿਆਰ ਵਿਚ ਚਿੱਠੀਆਂ (ਮੋਬਾਈਲ ਨਹੀਂ) ਦਾ ਵਟਾਂਦਰਾ ਹੈ; ਅਸਫ਼ਲ ਪ੍ਰੀਤ ਦੀਆਂ ਝਾਕੀਆਂ ਹਨ; ਨਾਜਾਇਜ਼ ਸਬੰਧਾਂ ਦੇ ਦ੍ਰਿਸ਼ ਹਨ; ਰੇਡੀਓ ਕਿਸੇ ਕਿਸੇ ਘਰ ਹੈ। ਆਮ ਕਹਾਣੀਆਂ ਸੁਧਾਰ ਤੋਂ ਵਿਗਾੜ ਵੱਲ ਯਾਤਰਾ ਕਰਦੀਆਂ ਹਨ। ਕਥਾ-ਵਿਕਾਸ ਕਾਲਕ੍ਰਮਿਕ ਹੈ। ਕਥਾ-ਰਸ ਵਿਚ ਅਖਾਣਾਂ-ਮੁਹਾਵਰਿਆਂ ਅਤੇ ਅਟੱਲ ਸਚਾਈਆਂ ਦਾ ਯੋਗਦਾਨ ਸਿਰ ਚੜ੍ਹ ਕੇ ਬੋਲਦਾ ਹੈ, ਗੁੱਝੇ ਵਿਅੰਗਾਂ ਦੀ ਮਾਰ ਪਾਤਰਾਂ ਦੇ ਸੁਭਾਅ ਦਾ ਅੰਗ ਹੈ। ਕਹਾਣੀਆਂ ਦੇ ਸਿਰਲੇਖ ਪ੍ਰਤੀਕਾਤਮਕ ਹਨ ਜਿਵੇਂ ਕਿੱਕਰ, ਕਮਾਦ ਵਾਲਾ ਖੇਤ, ਅਮਰਵੇਲ, ਪਹੀਏ, ਸੱਪ ਆਦਿ। ਸ਼ੈਲੀ ਉੱਤਪੁਰਖੀ ਵੀ ਹੈ ਤੇ ਅਨ੍ਰਯ-ਪੁਰਖੀ ਵੀ। ਕਹਾਣੀਕਾਰ ਨੂੰ ਕਹਾਣੀ ਸ਼ੁਰੂ ਕਰਨ ਤੇ ਬੰਦ ਕਰਨ ਦੀ ਜਾਚ ਹੈ। ਰਾਜਵਿੰਦਰ ਪਾਸ ਗਾਲਪਨਿਕ ਵਿਵੇਕ ਹੈ। ਅਜਿਹੀ ਪ੍ਰਤਿਭਾ ਪਾਸੋਂ ਹੋਰ ਵਧੀਆ ਕਹਾਣੀਆਂ ਦੀ ਆਸ ਬਣੀ ਰਹੇਗੀ। ਹੁਣ ਉਹ ਪ੍ਰਭਾਵ-ਮੁਕਤ ਹੋ ਕੇ ਲਿਖਣ ਦੇ ਵੀ ਸਮਰੱਥ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਰੁੱਤਾਂ ਲਹੂ ਲੁਹਾਣ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਐਡਮਿੰਟਨ, ਕੈਨੇਡਾ
ਮੁੱਲ : 250 ਰੁਪਏ, ਸਫੇ: 311.

ਫ਼ਰਜ਼ ਤੇ ਹੱਕ ਦਾ ਸੁਮੇਲ ਇਕ ਵਧੀਆ ਸਮਾਜ ਸਿਰਜਕ ਹੁੰਦਾ ਹੈ। ਇਸ ਵਿਚ ਉਪਜੀ ਤਰੇੜ ਅਰਾਜਕਤਾ/ਬੇਚੈਨੀ ਦੀ ਮੁੱਢ ਬਣਦੀ ਹੈ। ਹੱਲ ਲੱਭਣ ਦੀ ਥਾਂ ਸਮੇਂ ਦੀਆਂ ਸਰਕਾਰਾਂ ਇਸ ਬੇਚੈਨੀ ਨੂੰ ਬਗਾਵਤ ਸਮਝ ਕੇ ਦਬਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰ ਦੀਆਂ ਹਨ। ਜਬਰ ਤੇ ਸਬਰ ਆਹਮੋ-ਸਾਹਮਣੇ ਹੋ ਜਾਂਦੇ ਹਨ। ਫਿਰ ਹੱਦੋਂ ਵੱਧ ਦਨਦਨਾਉਂਦੀ ਜਬਰ ਦੀ ਤਲਵਾਰ ਜੋ ਜਬਰ ਦੀਆਂ ਸਭ ਹੱਦਾਂ ਪਾਰ ਕਰ ਜਾਂਦੀ ਹੈ, ਨੂੰ ਖੁੰਢਾ ਕਰਨ ਕਈ ਸਿਰਲੱਥ ਯੋਧੇ ਮੈਦਾਨ ਵਿਚ ਨਿੱਤਰ ਆਉਂਦੇ ਹਨ। 'ਰੁੱਤਾਂ ਲਹੂ-ਲੁਹਾਣ' ਨਾਵਲ ਅਜਿਹੀ ਗਾਥਾ ਨੂੰ ਹੀ ਵਰਣਨ ਕਰਦਾ ਹੈ।
ਰੁੱਤਾਂ ਲਹੂ ਲੁਹਾਣ ਨਾਵਲ ਵਿਚ ਆਜ਼ਾਦੀ ਤੋਂ ਬਾਅਦ ਉੱਠੀ ਨਕਸਲਵਾੜੀ ਲਹਿਰ ਦੇ ਯਥਾਰਥਵਾਦੀ ਇਤਿਹਾਸ ਨੂੰ ਮਹਿੰਦਰਪਾਲ ਸਿੰਘ ਧਾਲੀਵਾਲ ਨੇ ਬਹੁਤ ਹੀ ਰੌਚਿਕ ਢੰਗ ਨਾਲ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਇਹ ਨਾਵਲ ਪੜ੍ਹਦਿਆਂ ਨਕਸਲਬਾੜੀ ਲਹਿਰ ਵਿਚ ਵਾਪਰੇ ਸਾਕਿਆਂ ਦਾ ਦ੍ਰਿਸ਼ ਰੂਪਮਾਨ ਹੋ ਜਾਂਦਾ ਹੈ। ਸਰਕਾਰ ਲਈ ਸਿਰਦਰਦੀ ਬਣਦੀਆਂ ਅਜਿਹੀਆਂ ਲਹਿਰਾਂ ਦੇ ਉਪਜਣ ਦੇ ਕਾਰਨ, ਵਾਪਰਦੀਆਂ ਦੁਖਾਂਤਕ ਘਟਨਾਵਾਂ ਨੂੰ ਵੀ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੋਇਆ। ਅਜਿਹੀਆਂ ਲਹਿਰਾਂ ਦੀ ਸਫਲਤਾ ਜਾਂ ਅਸਫ਼ਲਤਾ ਏਨਾ ਮਾਈਨੇ ਨਹੀਂ ਰੱਖਦੀ ਸਗੋਂ ਇਹ ਗੱਲ ਬਹੁਤ ਹੀ ਮਹੱਤਵਪੂਰਨ ਹੋ ਨਿੱਬੜਦੀ ਹੈ ਕਿ ਲੋਕਾਂ ਤੇ ਸਰਕਾਰ ਨੂੰ ਹੱਕਾਂ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਲਈ ਹਲੂਣਾ ਦੇਣ ਵਿਚ ਇਹ ਲਹਿਰਾਂ ਕਿੰਨਾ ਕੁ ਸਫਲ ਹੁੰਦੀਆਂ ਹਨ। ਇਹ ਸਾਰਅੰਸ਼ ਇਸ ਕਾਲ ਦਾ ਇਕ ਵੱਡਾ ਹਾਸਲ ਹੈ।
ਖ਼ੁਦਗਰਜ਼ੀਆਂ ਅਤੇ ਲਾਲਚ ਦੇ ਚਿੱਕੜ ਨਾਲ ਲਿਬੜੀ ਸੋਚ ਨੂੰ ਬਦਲਣਾ ਕਾਫੀ ਔਖਾ ਹੁੰਦਾ ਹੈ, ਪਰ ਜੇ ਅਜਿਹਾ ਸੰਭਵ ਹੋ ਜਾਏ ਤਾਂ ਦੁਨੀਆ ਬਹੁਤ ਸਾਰੀਆਂ ਸਮੱਸਿਆਵਾਂ ਦਾ ਹਲ ਖੁਦ-ਬ-ਖੁਦ ਹੋ ਜਾਣ ਦੀ ਕਾਫੀ ਸੰਭਾਵਨਾ ਹੈ। ਅਜਿਹੇ ਬਹੁਤ ਸਾਰੇ ਉਸਾਰੂ ਵਿਚਾਰਾਂ ਦੇ ਭੰਡਾਰ 'ਰੁੱਤਾਂ ਲਹੂ ਲੁਹਾਣ' ਨਾਵਲ ਦੀ ਪਾਠਕ ਸੱਥ ਵਿਚ ਹੋਈ ਆਮਦ ਦਾ ਹਾਰਦਿਕ ਸੁਆਗਤ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਸੰਜਮ ਦਾ ਬੂਟਾ
ਗੀਤਕਾਰ : ਜੇ.ਪੀ. ਸਿੰਘ ਖਰਲਾਂ ਵਾਲਾ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ: 96.

'ਸੰਜਮ ਦਾ ਬੂਟਾ' ਗੁਰਦਾਸਪੁਰ ਨਿਵਾਸੀ ਪ੍ਰਸਿੱਧ ਗੀਤਕਾਰ ਜੇ.ਪੀ. ਖਰਲਾਂ ਵਾਲਾ ਦਾ ਸ਼ਾਨਦਾਰ ਗੀਤ ਸੰਗ੍ਰਹਿ ਹੈ। ਖਰਲਾਂ ਵਾਲੇ ਦੇ ਕਈ ਗੀਤ ਪ੍ਰਸਿੱਧ ਗਾਇਕਾਂ ਗਾਏ ਵੀ ਹਨ। ਸਟੇਜੀ ਲੋਕ ਗੀਤਾਂ ਦਾ ਲੱਚਰਤਾ ਦਾ ਇਕ ਯੁੱਗ ਖਰਲਾਂ ਵਾਲਾ ਵਰਗੇ ਸੱਭਿਆਚਾਰਕ ਗੀਤਕਾਰਾਂ ਦੀ ਸੁਹਿਰਦ ਕੋਸ਼ਿਸ਼ ਨੇ ਹੀ ਖ਼ਤਮ ਕੀਤਾ ਹੈ। ਅੱਜ ਕਿਸੇ ਵੀ ਸਟੇਜ ਉਤੇ ਲੱਚਰ ਗੀਤਾਂ ਨਾਲ ਠੁਮਕਾ ਨਹੀਂ ਵਜਦਾ ਤਾਂ ਇਸ ਵਿਚ ਜੇ.ਪੀ. ਖਰਲਾਂ ਵਾਲੇ ਦੀ ਕਲਮ ਦੀ ਕਮਾਈ ਦਾ ਹੀ ਅਸਰ ਹੈ। ਲੋਕ ਟੇਸਟ ਵਿਚ ਬਦਲਾਓ ਲਿਆਉਂਦੇ ਹਥਲੀ ਪੁਸਤਕ ਦੇ ਗੀਤ ਸਲਾਹੁਣਯੋਗ ਅਤੇ ਗਾਉਣਯੋਗ ਹਨ। ਖਰਲਾਂ ਵਾਲੇ ਨੇ ਆਪਣੇ ਗੀਤਾਂ ਵਿਚ ਸੁਹਿਰਦਤਾ ਨਾਲ ਪੰਜਾਬੀ ਸੱਭਿਆਚਾਰ ਦੇ ਨਰੋਏ ਅੰਗਾਂ ਨੂੰ ਬੜੇ ਹੀ ਸਹਿਜ ਅਤੇ ਮਾਣ ਨਾਲ ਪੇਸ਼ ਕੀਤਾ ਹੈ ਪਰ ਸਮਾਜਿਕ ਬੁਰਾਈਆਂ ਤੇ ਗਈਆਂ ਗੁਜ਼ਰੀਆਂ ਰਸਮਾਂ ਨੂੰ ਨਿਠ ਕੇ ਨਿੰਦਿਆ ਵੀ ਹੈ। ਉਸ ਦੇ ਗੀਤਾਂ ਵਿਚ ਲੋਕ ਮੁਖੀ ਮੁਹਾਵਰਾ ਬੜੇ ਸਹਿਜ ਅਤੇ ਸੁਲਭ ਨਾਲ ਪੇਸ਼ ਹੋਇਆ ਹੈ ਪਰ ਸੁੰਦਰਤਾ ਇਹ ਹੈ ਕਿ ਗੀਤਾਂ ਵਿਚ ਸਾਹਿਤਕ ਵਿਚਾਰਮੁਖਤਾ ਦਾ ਰੋਲ ਸਲਾਹੁਣਯੋਗ ਹੈ। ਅੱਜ ਆਮ ਸਟੇਜਾਂ ਉਤੇ ਵੀ ਲੋਕਾਂ ਗੀਤਾਂ ਵਿਚ ਸਾਹਿਤਕ ਮਿਠਾਸ ਝਰ ਰਹੀ ਹੈ ਤਾਂ ਉਹ ਖਰਵਾਂ ਵਾਲੇ ਵਰਗੇ ਨਵੇਂ ਭਾਵ ਬੋਧ ਦੇ ਕਵੀ ਗੀਤਕਾਰਾਂ ਕਰਕੇ ਹੀ ਹੈ। ਖਰਲਾਂ ਵਾਲਾ ਪਿਛਲੇ 30 ਸਾਲਾਂ ਤੋਂ ਕਵਿਤਾ ਨਾਲ ਜੁੜਿਆ ਹੋਇਆ ਹੈ ਪਰ ਉਸ ਦੇ ਗੀਤਾਂ ਵਿਚ ਜੋ ਪੇਸ਼ਕਾਰੀ ਹੋ ਸਕੀ ਹੈ, ਉਹ ਕਿਸੇ ਵਿਰਲੇ ਗੀਤਕਾਰ ਦੇ ਹਿੱਸੇ ਆਉਂਦੀ ਹੈ। ਭਾਵੇਂ ਪੰਜਾਬੀ ਦੇ ਲੋਕ ਗੀਤ ਲੇਖਕਾਂ ਨੂੰ ਮਜਬੂਰੀ ਤਹਿਤ ਵੀ ਪ੍ਰੇਮ-ਇਸ਼ਕ ਦੇ ਸੰਘਣਤਾ ਭਰਪੂਰ ਵੇਰਵੇ ਦੇਣੇ ਪੈਂਦੇ ਨੇ ਪਰ ਖਰਲਾਂ ਵਾਲਾ ਗੱਲਾਂ-ਗੱਲਾਂ ਵਿਚ ਸਮਾਜਿਕ ਬੁਰਾਈਆਂ ਦੀ ਨਿੰਦਿਆ ਕਰ ਜਾਂਦਾ ਹੈ।

-ਸੁਲੱਖਣ ਸਰਹੱਦੀ
ਮੋ: 94174-84337

ਕੁਕਨਸ ਦਾ ਸਫ਼ਰ
ਕਵੀ : ਪ੍ਰਿੰ: ਦਾਸ ਭਾਰਤੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 126.

'ਉਡਾਰੀ' ਤੇ 'ਸਮਿਆਂ ਦੇ ਸਨਮੁਖ' ਤੋਂ ਬਾਅਦ ਪ੍ਰਿੰ: ਦਾਸ ਭਾਰਤੀ ਦਾ ਇਹ ਤੀਸਰਾ ਕਾਵਿ ਸੰਗ੍ਰਹਿ ਹੈ। ਆਪਣੇ ਪਹਿਲੇ ਕਾਵਿ-ਸੰਗ੍ਰਹਿਾਂ ਵਿਚ ਲੇਖਕ ਨੇ ਇਕ ਗੰਭੀਰ ਅਤੇ ਸੁਹਿਰਦ ਕਵੀ ਦੇ ਤੌਰ 'ਤੇ ਆਪਣਾ ਜੋ ਬਿੰਬ ਸਥਾਪਿਤ ਕੀਤਾ ਸੀ, ਉਸ ਨੂੰ ਸ਼ਾਇਰ ਇਸ ਸੰਗ੍ਰਹਿ ਵਿਚ ਹੋਰ ਵਧੇਰੇ ਪਕੇਰਾ ਤੇ ਸਥਾਪਿਤ ਕਰਦਾ ਹੈ। ਪ੍ਰਿੰ: ਦਾਸ ਭਾਰਤੀ ਜੀਵਨ ਦੀਆਂ ਅਨੇਕ ਔਕੜਾਂ, ਮੁਸ਼ਕਿਲਾਂ, ਦੁਸ਼ਵਾਰੀਆਂ ਵਿਚੋਂ ਨਿਕਲਿਆ ਸ਼ਾਇਰ ਹੈ। ਇਸ ਲਈ ਉਸ ਦੀ ਦ੍ਰਿਸ਼ਟੀ ਵਧੇਰੇ ਤਾਰਕਿਕ ਤੇ ਚਿੰਤਨਸ਼ੀਲ ਹੈ। ਉਹ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਤਲੇ ਜਾਂ ਸਤਹੀ ਪੱਧਰ 'ਤੇ ਨਹੀਂ ਚਿਤਰਦਾ ਸਗੋਂ ਉਨ੍ਹਾਂ ਨੂੰ ਆਪਣੀ ਚਿੰਤਨਸ਼ੀਲ ਦ੍ਰਿਸ਼ਟੀ ਵਿਚੋਂ ਲੰਘਾ ਕੇ ਆਪਣੀ ਕਵਿਤਾ ਵਿਚ ਪੇਸ਼ ਕਰਦਾ ਹੈ।
ਇਸ ਸੰਗ੍ਰਹਿ ਦੀ ਕਵਿਤਾ 'ਮੇਰੀ ਕਵਿਤਾ' ਦਾਸ ਭਾਰਤੀ ਦੇ ਕਾਵਿ ਸੰਦਰਭ ਨੂੰ ਸਮਝਣ ਲਈ ਵੇਖੀ ਜਾ ਸਕਦੀ ਹੈ। ਇਸ ਵਿਚ ਕਵਿਤਾ ਕੁਦਰਤੀ ਵਰਤਾਰਿਆਂ ਨੂੰ ਸਵਾਲ ਕਰਦੀ ਹੈ ਕਿ ਤੁਸੀਂ ਕਿਉਂ ਆਪਣੇ-ਆਪ ਦਾ ਵਿਅਰਥ ਵਿਸਤਾਰ ਕਰ ਰਹੇ ਹੋ ਜਦੋਂ ਕਿ ਸਰਮਾਏਦਾਰੀ ਦੀ ਕੁਹਾੜੀ ਨੇ ਤੁਹਾਡਾ ਵਜੂਦ ਇਕ ਝਟਕੇ ਨਾਲ ਹੀ ਖ਼ਤਮ ਕਰ ਦੇਣਾ ਹੈ। ਕਵੀ ਇਸ ਦੌਰ ਵਿਚ ਗੁਆਚ ਰਹੀ ਸਰਘੀ ਪ੍ਰਤੀ ਆਪਣੀ ਚਿੰਤਾ ਵਿਅਕਤ ਕਰਦਾ ਹੈ, ਜਿਸ ਨੂੰ ਮਸ਼ੀਨੀ ਯੁੱਗ ਦੇ ਰਾਬਰਟ ਨੇ ਨਿਗਲ ਲਿਆ ਹੈ। ਇਸ ਕਵਿਤਾ ਵਿਚ ਉਹ ਗੁਆਚ ਰਹੇ ਸੱਭਿਆਚਾਰਕ ਵਿਰਸੇ ਅਤੇ ਮਾਸੂਮੀਅਤ 'ਤੇ ਵੀ ਆਪਣੀ ਚਿੰਤਾ ਪ੍ਰਗਟਾਉਂਦਾ ਹੈ। ਇਸ ਤਰ੍ਹਾਂ ਇਸ ਸੰਗ੍ਰਹਿ ਦੀ ਹਰ ਕਵਿਤਾ ਆਪਣੇ-ਆਪ ਵਿਚ ਕੋਈ ਨਾ ਕੋਈ ਸਵਾਲ ਸਿਰਜਦੀ ਹੈ। 'ਸ਼ੁਕਰ ਕਰ ਮੇਰੇ ਬੱਚੇ' ਵਿਚ ਉਹ ਆਧੁਨਿਕ ਸਿੱਖਿਆ ਪ੍ਰਬੰਧ 'ਤੇ ਬਹੁਤ ਕਰਾਰੀ ਚੋਟ ਕਰਦਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਉਦਾਰੀਕਰਨ ਦੇ ਨਾਂਅ 'ਤੇ ਬਣਾਈਆਂ ਜਾ ਰਹੀਆਂ ਨੀਤੀਆਂ ਕੀ ਸਚਮੁੱਚ ਠੀਕ ਹਨ?
ਇਸ ਤਰ੍ਹਾਂ ਦਾਸ ਭਾਰਤੀ ਦੀਆਂ ਇਹ ਕਵਿਤਾਵਾਂ ਇਕ ਉਸ ਸ਼ਾਇਰ ਦੀ ਸ਼ਾਇਰੀ ਹੈ, ਜਿਸ ਨੇ ਜੀਵਨ ਦੇ ਅਨੇਕ ਰੰਗਾਂ ਨੂੰ ਘੋਖਿਆ/ਪੜਚੋਲਿਆ ਹੈ ਤੇ ਉਸ ਵਿਚੋਂ ਇਕ ਜੀਵਨ ਦ੍ਰਿਸ਼ਟੀ ਦਾ ਵਿਸਤਾਰ ਕੀਤਾ ਹੈ। ਇਹ ਵਿਸਤਾਰ ਹੀ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਦੇਖਣ ਨੂੰ ਮਿਲਦਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

ਅਪਰਾਧੀ ਦੂਣਾ ਨਿਵੈ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਦਿੱਲੀ
ਮੁੱਲ : 275 ਰੁਪਏ, ਸਫ਼ੇ : 206.

ਡਾ: ਅਮਰਜੀਤ ਸਿੰਘ ਮੂਲ ਰੂਪ ਵਿਚ ਪ੍ਰਬੁੱਧ ਗਲਪਕਾਰ ਹੈ ਪਰ ਹਥਲੀ ਪੁਸਤਕ ਉਸ ਦੀ ਵਾਰਤਕਨੁਮਾ ਨਿਬੰਧਾਂ ਦੀ ਪੁਸਤਕ ਹੈ। ਇਨ੍ਹਾਂ ਦੀ ਰਚਨਾ 2010 ਤੋਂ ਲੈ ਕੇ 2012 ਦੇ ਵਿਚਕਾਰ ਉਸ ਦੇ ਲੁਧਿਆਣਾ ਅਤੇ ਸੋਲਨ ਵਿਖੇ ਨਿਵਾਸ ਦੌਰਾਨ ਹੋਈ ਹੈ। ਕੁਝ ਨਿਬੰਧਾਂ ਦੇ ਨੀਚੇ ਮਹਿਜ਼ ਤਾਰੀਖ ਹੀ ਲਿਖੀ ਹੈ। ਉਸ ਦੇ ਇਨ੍ਹਾਂ ਨਿਬੰਧਾਂ ਦੇ ਵਿਸ਼ੇ ਮੁੱਖ ਤੌਰ 'ਤੇ ਸਮਾਜਿਕ-ਰਾਜਨੀਤਕ, ਸੱਭਿਆਚਾਰਕ, ਰਹੱਸਵਾਦ, ਅਧਿਆਤਮਵਾਦ, ਸਾਹਿਤਕ ਆਦਿ ਹੀ ਹਨ। ਲੇਖਕ ਦਾ ਦ੍ਰਿਸ਼ਟੀਕੋਣ ਭਾਵੇਂ ਮਾਰਕਸਵਾਦੀ ਹੈ, ਪਰ ਗੁਰਬਾਣੀ ਬਾਰੇ ਵੀ ਉਹ ਭਰਪੂਰ ਜਾਣਕਾਰੀ ਰੱਖਦਾ ਹੈ ਪਰ ਗੁਰਬਾਣੀ ਨੂੰ ਵੀ ਉਹ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਹੀ ਨਿਰਖਦਾ ਪਰਖਦਾ ਹੈ। ਅਪਰਾਧੀ ਦੂਣਾ ਨਿਵੈ, ਗਿਆਨੀ ਜੀਵੇ ਸਦਾ ਸਦਾ, ਰੱਜ ਨਾ ਕੋਈ ਜੀਵਿਆ, ਸੁੱਤਿਆਂ ਗਈ ਵਿਹਾਏ, ਜਬ ਲਗ ਦੁਨੀਆ ਰਹੀਏ, ਨਿੰਦਕ ਮੁਝੇ ਪਿਆਰਾ ਆਦਿ ਵਿਚੋਂ ਇਹ ਝਲਕਾਂ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਲੇਖਾਂ ਦੀਆਂ ਮੁੱਖ ਜੁਗਤਾਂ ਸਾਹਿਤਕ ਸਵੈ-ਜੀਵਨੀ ਪਰਕ, ਨੌਕਰੀ ਦੌਰਾਨ ਵਾਪਰੀਆਂ ਦੁਸ਼ਵਾਰੀਆਂ, ਰਿਸ਼ਤੇਦਾਰਾਂ-ਸਾਕ ਸੰਬੰਧੀਆਂ, ਯਾਤਰਾ ਸੰਸਮਰਣ, ਯਾਦਾਂ ਆਦਿ ਨਾਲ ਸਬੰਧਤ ਹਨ। ਖਾਸ ਤੌਰ 'ਤੇ ਕਸ਼ਮੀਰ ਯਾਤਰਾ, ਜਿਥੇ ਪੰਛੀ ਵੀ ਖ਼ੁਦਕੁਸ਼ੀ ਕਰਦੇ ਹਨ, ਸ਼ੁਕੀਨੀ, ਪਿਆਰ ਮਰ ਗਿਆ, ਮੇਰੇ ਨਾਨਕੇ-1, 2,4, 5, 6, ਖਰੀ ਸਿਆਣੀ, ਇਸ਼ਕ-ਮੁਸ਼ਕ ਵਿਹਲਾ ਸਮਾਂ, ਝੂਠ ਕਿਉਂ ਬੋਲਦੈਂ ਨਿਬੰਧ ਬਹੁਤ ਹੀ ਦਿਲਚਸਪ ਅਤੇ ਆਕਰਸ਼ਕ ਹਨ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644.

9-8-2014

 ਸਾਡਾ ਜੱਗੋਂ ਸੀਰ ਮੁੱਕਿਆ
ਰੂਪਾਂਤਰਕਾਰ : ਡਾ: ਨਵਨਿੰਦਰਾ ਬਹਿਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136.

ਪੰਜਾਬੀ ਸਾਹਿਤ ਦੇ ਪ੍ਰਸੰਗ ਵਿਚ ਡਾ: ਬਲਦੇਵ ਸਿੰਘ ਧਾਲੀਵਾਲ ਅਤੇ ਡਾ: ਨਵਨਿੰਦਰਾ ਬਹਿਲ ਦਾ ਵਿਸ਼ੇਸ਼ ਮੁਕਾਮ ਹੈ। ਬਲਦੇਵ ਸਿੰਘ ਧਾਲੀਵਾਲ ਦਾ ਮੁੱਖ ਖੇਤਰ ਕਹਾਣੀ ਹੈ ਅਤੇ ਨਵਨਿੰਦਰਾ ਨੇ ਪੰਜਾਬੀ ਨਾਟਕ, ਰੰਗਮੰਚ ਅਤੇ ਸਿਨੇਮਾ ਦੇ ਖੇਤਰ ਵਿਚ ਵਧੇਰੇ ਕੰਮ ਕੀਤਾ ਹੈ। ਬਲਦੇਵ ਸਿੰਘ ਦੀ ਇਕ ਕਹਾਣੀ 'ਕਾਰਗਿਲ' ਪੰਜਾਬ ਦੇ ਸਾਹਿਤਕ ਹਲਕਿਆਂ ਵਿਚ ਬੜੀ ਮਕਬੂਲ ਹੋਈ ਸੀ।
ਇਹ ਕਹਾਣੀ ਪੰਜਾਬ ਦੀ ਛੋਟੀ ਕਿਰਸਾਨੀ ਉੱਪਰ ਪੈਣ ਵਾਲੇ ਸੱਭਿਆਚਾਰਕ, ਆਰਥਿਕ ਦਬਾਵਾਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਕਹਾਣੀ ਦੇ ਮੁੱਖ ਪਾਤਰ 'ਰਣਬੀਰ' ਨਾਲ ਹੋਣੀ ਵਾਪਰਦੀ ਹੈ। ਜਦੋਂ ਉਸ ਦੀ ਚਾਰ-ਪੰਜ ਕਿੱਲੇ ਜ਼ਮੀਨ ਨੂੰ ਤਾਏ-ਚਾਚੇ ਅਤੇ ਘਾਗ ਕਿਸਮ ਦੇ ਵਪਾਰੀ ਹਥਿਆ ਲੈਂਦੇ ਹਨ ਤਾਂ ਉਹ ਨਾ ਕੇਵਲ ਆਪ ਹੀ ਕੋਈ ਨਾਮੁਰਾਦ ਜ਼ਹਿਰ ਖਾ ਲੈਂਦਾ ਹੈ ਬਲਕਿ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਵੀ ਇਹ ਜ਼ਹਿਰ ਖੁਆ ਕੇ ਮੌਤ ਦੇ ਘਾਟ ਉਤਾਰ ਦਿੰਦਾ ਹੈ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਇਹ ਸੋਚਦੇ ਸਨ ਕਿ ਸਭ ਨੂੰ ਰਿਜ਼ਕ ਦੇਣ ਵਾਲਾ 'ਰੱਬ' ਹੈ ਪ੍ਰੰਤੂ ਆਧੁਨਿਕ ਪੂੰਜੀਵਾਦੀ ਯੁੱਗ ਵਿਚ ਅਸੀਂ ਰੱਬ ਤੋਂ ਸਾਰੀ ਜ਼ਿੰਮੇਵਾਰੀ ਖੋਹ ਕੇ ਉਸ ਨੂੰ ਸੇਵਾ-ਮੁਕਤ ਕਰ ਦਿੱਤਾ ਹੈ। ਸਾਡੀ ਹਉਮੈ ਏਨੀ ਵਧ ਗਈ ਹੈ ਕਿ ਅਸੀਂ ਆਪ ਹੀ ਕਰਨ-ਕਰਾਵਣਹਾਰ ਬਣ ਗਏ ਹਾਂ। ਸੋਚਦੇ ਹਾਂ ਕਿ ਆਪਣੀਆਂ ਲਘੂ ਕਿਸਮ ਦੀਆਂ ਚਾਲਾਕੀਆਂ-ਹੁਸ਼ਿਆਰੀਆਂ ਨਾਲ ਅਸੀਂ ਆਪਣੇ ਭਾਗ-ਵਿਧਾਤਾ ਬਣੇ ਰਹਾਂਗੇ, ਪਰ ਬਹੁਤੀ ਵਾਰ ਇਉਂ ਨਹੀਂ ਹੁੰਦਾ; ਏਨੀ ਹਉਮੈ ਕਰਨੀ ਵੀ ਨਹੀਂ ਚਾਹੀਦੀ। ਇਹ ਬੰਦੇ ਦਾ ਆਪਣਾ ਹੀ ਨੁਕਸਾਨ ਕਰਦੀ ਹੈ।
ਡਾ: ਨਵਨਿੰਦਰਾ ਨੇ ਯੂਨੀਵਰਸਿਟੀ ਦੇ ਨਾਟਕ-ਸਿਨੇਮਾ ਵਿਭਾਗ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਕ ਚੈਲਿੰਜਿੰਗ ਸਕ੍ਰਿਪਟ ਦੇਣ ਵਾਸਤੇ 'ਕਾਰਗਿਲ' ਕਹਾਣੀ ਦਾ ਬੜਾ ਸਟੀਕ ਨਾਟਕੀ ਰੂਪਾਂਤਰਨ ਕੀਤਾ ਹੈ। ਉਸ ਨੇ ਇਸ ਕਹਾਣੀ ਨੂੰ 20 ਨਾਟਕੀ ਦ੍ਰਿਸ਼ਾਂ ਵਿਚ ਵਿਉਂਤਬੱਧ ਕਰਕੇ ਮੰਚਿਤ ਕੀਤਾ ਹੈ। ਇਸ ਸਕ੍ਰਿਪਟ ਦਾ ਰੰਗਮੰਚੀ ਡਿਜ਼ਾਈਨ ਪੰਜਾਬ ਦੇ ਪ੍ਰਸਿੱਧ ਨਾਟ-ਨਿਰਦੇਸ਼ਕ ਅਤੇ ਨਿਰਮਾਤਾ ਕੇਵਲ ਧਾਲੀਵਾਲ ਨੇ ਤਿਆਰ ਕੀਤਾ ਸੀ, ਜੋ ਕਿਸੇ ਵੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਡਾ: ਬਲਦੇਵ ਧਾਲੀਵਾਲ ਨੂੰ ਇਹ ਨਾਟਕੀ ਰੂਪਾਂਤਰਨ ਬੇਹੱਦ ਪਸੰਦ ਆਇਆ ਸੀ। ਉਸ ਤੋਂ ਬਿਨਾਂ ਥੀਏਟਰ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਬਾਰੀਕੀ ਨਾਲ ਸਮਝਣ ਵਾਲੇ ਰੰਗਕਰਮੀਆਂ-ਆਲੋਚਕਾਂ ਡਾ: ਕਮਲੇਸ਼ ਉੱਪਲ, ਪ੍ਰੀਤ ਮਹਿੰਦਰ ਸੇਖੋਂ ਅਤੇ ਬਲਵਿੰਦਰ ਗਰੇਵਾਲ ਨੇ ਵੀ ਇਸ ਨਾਟਕੀ ਰੂਪਾਂਤਰਨ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਮੈਂ ਇਸ ਟੈਕਸਟ ਨੂੰ ਮੰਚਿਤ ਹੁੰਦੇ ਨਹੀਂ ਵੇਖ ਸਕਿਆ, ਇਸ ਕਾਰਨ ਪ੍ਰੋਡਕਸ਼ਨ ਬਾਰੇ ਕੁਝ ਕਹਿਣ ਦੀ ਹਿੰਮਤ ਨਹੀਂ ਹੋ ਰਹੀ। ਬਹਰਹਾਲ, ਡਾ: ਨਵਨਿੰਦਰਾ ਦੀ ਪ੍ਰਤਿਭਾ ਨਿਰਵਿਵਾਦ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੰਜਾਬੀ ਕਾਵਿ ਵਿਚ ਸੱਭਿਆਚਾਰਕ ਰੂਪਾਂਤਰਣ
ਲੇਖਕ : ਡਾ: ਜਸਪਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 224.

ਪੰਜਾਬੀ ਸੱਭਿਆਚਾਰ ਪੰਜਾਬੀਆਂ ਦੀ ਉਹ ਸਮੁੱਚੀ ਰਹਿਣੀ-ਬਹਿਣੀ ਹੈ, ਜੋ ਇਸ ਭੂਮੀ ਖੰਡ ਦੇ ਲੋਕਾਂ ਦੀ ਪ੍ਰਕਿਰਤੀ ਨਾਲ ਟਕਰਾਉਂਦੇ ਹੋਏ ਸਮਾਜਿਕ ਜੀਵਨ ਲਈ ਯੋਗ ਹਾਲਾਤ ਵਿਕਸਿਤ ਕਰਨ ਦੇ ਸਿੱਟੇ ਵਜੋਂ ਰੂਪਮਾਨ ਹੋਈ ਹੈ। ਵਿਅਕਤੀ ਨੂੰ ਢਾਲਣ ਵਾਲਾ ਸੱਭਿਆਚਾਰ ਆਰਥਿਕ ਆਧਾਰਾਂ ਤੇ ਇਸ ਉੱਪਰਲੇ ਵਿਭਿੰਨ ਪਸਾਰਾਂ ਦੇ ਨਿਰੰਤਰ ਟਕਰਾਅ ਤੇ ਬਦਲਾਅ ਦੇ ਸਿੱਟੇ ਵਜੋਂ ਰੂਪਾਂਤਰਿਤ ਹੁੰਦਾ ਰਹਿੰਦਾ ਹੈ। ਇਸ ਰੂਪਾਂਤਰਨ ਦੇ ਪਰਛਾਵੇਂ 1960 ਤੋਂ 1985 ਤੱਕ ਦੇ ਕਾਲ ਖੰਡ ਵਿਚੋਂ ਵੇਖਣ ਦਾ ਉਪਰਾਲਾ ਡਾ: ਜਸਪਾਲ ਸਿੰਘ ਨੇ ਉਪਰੋਕਤ ਪੁਸਤਕ ਵਿਚ ਕੀਤਾ ਹੈ। ਪੁਸਤਕ ਦੀ ਰੂਪ-ਰੇਖਾ ਤੇ ਗੰਭੀਰਤਾ ਤੋਂ ਇਹ (ਉਸ ਦੇ) ਡਾਕਟਰੇਟ ਦੇ ਖੋਜ ਪ੍ਰਬੰਧ ਦਾ ਪ੍ਰਕਾਸ਼ਿਤ ਰੂਪ ਪ੍ਰਤੀਤ ਹੁੰਦੀ ਹੈ।
ਉਕਤ ਕਾਲ ਖੰਡ ਦੀ ਕਵਿਤਾ ਦੀਆਂ ਤਿੰਨ ਮੁੱਖ ਪ੍ਰਵਿਰਤੀਆਂ ਪ੍ਰਯੋਗਵਾਦ, ਜੁਝਾਰਵਾਦ ਤੇ ਪੰਜਾਬ ਸੰਕਟ ਦੀ ਪੇਸ਼ਕਾਰੀ ਹਨ। ਇਸ ਸੱਭਿਆਚਾਰਕ ਰੂਪਾਂਤਰਨ, ਦੌਰਾਨ ਬਹੁਪਰਤੀ, ਜਟਿਲ ਤੇ ਗੁੰਝਲਦਾਰ ਤਬਦੀਲੀਆਂ ਨੇ ਰਿਸ਼ਤਿਆਂ, ਕਦਰਾਂ-ਕੀਮਤਾਂ, ਵਿਅਕਤੀ ਤੇ ਸਮਾਜ ਦੀ ਸੋਚ ਤੇ ਵਿਹਾਰ ਨੂੰ ਜਿਵੇਂ ਪ੍ਰਭਾਵਿਤ ਕੀਤਾ, ਉਸ ਦੇ ਪ੍ਰਮਾਣਿਕ ਵੇਰਵੇ ਇਸ ਕਵਿਤਾ ਵਿਚੋਂ ਉਦਾਹਰਨ ਸਹਿਤ ਪੇਸ਼ ਕਰਕੇ ਉਨ੍ਹਾਂ ਦੀ ਤਰਕ ਪੂਰਨ ਵਿਆਖਿਆ ਮਾਰਕਸਵਾਦੀ ਨੁਕਤਾ-ਨਿਗਾਹ ਤੋਂ ਪੇਸ਼ ਕੀਤੀ ਹੈ ਲੇਖਕ ਨੇ। ਆਰਥਿਕ ਵਿਕਾਸ ਤੇ ਸੱਭਿਆਚਾਰਕ ਵਿਹਾਰ ਦੇ ਟਕਰਾਵਾਂ ਤੇ ਵਿਰੋਧਾਂ ਪੱਖੋਂ ਇਹ ਕਾਲ ਖੰਡ ਪੰਜਾਬ ਦੇ ਅਜੋਕੇ ਇਤਿਹਾਸ ਦਾ ਸਭ ਤੋਂ ਅਹਿਮ ਕਾਲ ਹੈ।
ਪ੍ਰਯੋਗਵਾਦ ਦੇ ਸੰਚਾਲਕਾਂ ਤੇ ਕਵੀਆਂ ਨੇ ਇਸ ਨੂੰ ਪ੍ਰਗਤੀਵਾਦ ਦੇ ਵਿਰੋਧ ਵਿਚ ਨਵੇਂ/ਆਧੁਨਿਕ ਬੋਧ ਦੇ ਹਾਣ ਦੀ ਕਾਵਿ-ਸ਼ੈਲੀ ਵਜੋਂ ਪੇਸ਼ ਕੀਤਾ। ਇਸ ਦੀ ਵਿਅਕਤੀਵਾਦੀ, ਉਪਭੋਗੀ, ਅੰਤਰਮੁਖੀ, ਜਨ-ਸਾਧਾਰਨ ਤੋਂ ਟੁੱਟੀ ਤੇ ਕਿਸੇ ਹੱਦ ਤੱਕ ਲੋਕ-ਵਿਰੋਧੀ ਦ੍ਰਿਸ਼ਟੀ ਨੇ ਕਵਿਤਾ ਵਿਚ ਅਲਗਾਵ, ਨਿਰਾਸ਼ਾ ਤੇ ਵਿਅਕਤੀਵਾਦ ਨੂੰ ਜ਼ਬਾਨ ਦਿੱਤੀ। ਜੁਝਾਰਵਾਦ ਲੰਮੇ ਸਮਾਜਿਕ ਅਨਿਆਂ, ਸ਼ੋਸ਼ਣ, ਲੁੱਟ-ਖਸੁੱਟ ਤੇ ਦਮਨ ਵਿਰੁੱਧ ਲੋਕ ਰਾਜੀ ਬਦਲਾਅ ਤੋਂ ਨਿਰਾਸ਼ ਆਦਮੀ ਦੀ ਹਥਿਆਰਬੰਦ ਕ੍ਰਾਂਤੀ ਰਾਹੀਂ ਬਦਲਾਅ ਦੀ ਨਕਸਲੀ ਲਹਿਰ ਦਾ ਕਾਵਿ ਸੀ। ਲੋਕਮੁਖੀ ਬੋਲ, ਸੱਭਿਆਚਾਰਕ ਨਾਇਕਾਂ/ਮਿਥਾਂ/ਪ੍ਰਤੀਕਾਂ ਦੀ ਲੋਕ ਹਿਤੂ ਕ੍ਰਾਂਤੀ ਲਈ ਵਰਤੋਂ ਲਈ ਹਿੰਸਾ ਦਾ ਪ੍ਰਵਚਨ ਜਿਸ ਨੇ ਸਥਾਪਤੀ ਨੂੰ ਵੰਗਾਰਿਆ। ਪੰਜਾਬ ਸੰਕਟ ਪੰਜਾਬ ਨਾਲ ਕੇਂਦਰ ਸਰਕਾਰ ਦੇ ਲੰਮੇ ਅਨਿਆਂ, ਗ਼ਲਤ ਨੀਤੀਆਂ, ਅਸਾਵੇਂ, ਅਧੂਰੇ ਵਿਕਾਸ ਤੇ ਹਿੰਦੂ-ਸਿੱਖ ਬੁਰਜ਼ੂਆਂ ਸੰਗਠਨਾਂ ਦੀ ਗ਼ਲਤ ਸੋਚ ਦੀ ਉਪਜ ਸੀ। ਤਿੰਨੇ ਮੁੱਖ ਕਾਵਿ ਧਾਰਾਵਾਂ ਦਾ ਸੱਭਿਆਚਾਰਕ ਰੂਪਾਂਤਰਨ ਵਿਚ ਯੋਗਦਾਨ ਇਸ ਪੁਸਤਕ ਦਾ ਵਿਸ਼ਾ ਵਸਤੂ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਬਲਦੇਵ ਸਿੰਘ ਦੇ ਇਤਿਹਾਸਕ ਨਾਵਲਾਂ ਦਾ ਵਰਤਮਾਨ ਪ੍ਰਸੰਗ
ਸੰਪਾਦਕ : ਡਾ: ਗੁਰਜੀਤ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 184.

ਵਿਚਾਰ ਅਧੀਨ ਪੁਸਤਕ ਵਿਚ ਬਲਦੇਵ ਸਿੰਘ ਦੇ ਇਤਿਹਾਸਕ ਨਾਵਲਾਂ ਬਾਰੇ ਅਨੇਕ ਵਿਦਵਾਨਾਂ ਨੇ ਵਿਭਿੰਨ ਦ੍ਰਿਸ਼ਟੀਆਂ ਤੋਂ ਚਰਚਾ ਕੀਤੀ ਹੈ। ਡਾ: ਟੀ. ਆਰ. ਵਿਨੋਦ ਨੇ ਲੇਖਕ ਦੀ ਸਮੁੱਚੀ ਨਾਵਲ ਕਲਾ 'ਤੇ ਫੋਕਸ ਕੀਤਾ ਹੈ। ਇਸ ਤੋਂ ਬਾਅਦ ਡਾ: ਸੰਧੂ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਬਲਦੇਵ ਸਿੰਘ ਦੇ ਚਾਰ ਇਤਿਹਾਸਕ ਨਾਵਲਾਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਗਿਆ ਹੈ। 'ਢਾਹਵਾਂ ਦਿੱਲੀ ਦੇ ਕਿੰਗਰੇ' ਨਾਵਲ ਵਿਚ ਪਹਿਲੀ ਵਾਰ ਸਾਂਦਲਬਾਰ ਦੇ ਨਾਇਕ (ਦੁੱਲਾ ਭੱਟੀ) ਨੂੰ ਗਲਪੀ-ਪ੍ਰਵਚਨ ਵਿਚ ਢਾਲਿਆ ਗਿਆ ਹੈ (ਪ੍ਰੋ: ਜੇ.ਬੀ. ਸੇਖੋਂ); ਇਸ ਨਾਵਲ ਦੀ ਵੰਡ 6 ਬਿਰਤਾਂਤਕ ਇਕਾਈਆਂ ਵਿਚ ਹੈ (ਡਾ: ਗੁਰਜੀਤ ਸੰਧੂ); ਦੁੱਲੇ ਦੀ ਲੜਾਈ ਖ਼ੁਦਦਾਰ ਜ਼ਿੰਦਗੀ ਜਿਊਣ ਦੀ ਹੈ, ਉਸ ਦੀ ਆਪਣੀ ਮੌਤ ਮਰਨ ਦੀ ਘਟਨਾ ਅਕਬਰ ਦੀ ਸ਼ਕਤੀ ਨੂੰ ਵੰਗਾਰ ਸੀ (ਡਾ: ਸਰਵਨ ਸਿੰਘ ਮਾਨ); (ਮੇਰਾ) ਇਹ ਨਾਵਲ ਸੱਤਾ ਤੋਂ ਨਾਬਰੀ ਹੈ (ਬਲਦੇਵ ਸਿੰਘ); 'ਪੰਜਵਾਂ ਸ਼ਾਹਿਬਜ਼ਾਦਾ' ਨਾਵਲ ਦੇ ਮੁਲਾਂਕਣ ਵਿਚ ਡਾ: ਦਵੇਸ਼ਵਰ ਅਤੇ ਡਾ: ਅਸ਼ਵਨੀ ਦੇ ਵਿਚਾਰਾਂ ਵਿਚ ਦੇਵਨੇਤ ਨਾਲ ਹੀ ਕੁਝ ਸਾਂਝ ਆ ਗਈ ਹੈ। ਫਿਰ ਵੀ ਡਾ: ਦਵੇਸ਼ਵਰ ਦੀਆਂ ਫੋਲੀਆਂ ਪਰਤਾਂ ਡੂੰਘਾਈ ਵਾਲੀਆਂ ਹਨ। ਇਸ ਨਾਵਲ ਵਿਚ ਕੁਝ ਘਟਨਾਵਾਂ ਵਿਵਾਦੀ ਹਨ (ਸੁਰਜੀਤ ਗਿੱਲ); ਡਾ: ਗੁਰਜੀਤ ਸਿੰਘ ਇਸ ਵਿਚੋਂ ਬਿਰਤਾਂਤਕ ਜੁਗਤਾਂ ਢੂੰਡਣ ਦੇ ਆਹਰ ਵਿਚ ਹੈ। ਇਸ ਨਾਵਲ ਵਿਚ ਘਟਨਾਵਾਂ ਪੁਨਰ-ਸੁਰਜੀਤ ਹੋਈਆਂ ਹਨ (ਡਾ: ਪਰਮਿੰਦਰ ਸਿੰਘ)। 'ਸਤਲੁਜ ਵਹਿੰਦਾ ਰਿਹਾ' ਦੀ ਸਿਰਜਣ ਪ੍ਰਕਿਰਿਆ ਬਾਰੇ ਖ਼ੁਦ ਬਲਦੇਵ ਸਿੰਘ ਦੇ ਵਿਚਾਰ ਮੁੱਲਵਾਨ ਹਨ। ਭਗਤ ਸਿੰਘ ਦੇ ਪਰਿਵਾਰ ਦੀ ਮਨੋ-ਪੀੜਾ ਦੀ ਪੇਸ਼ਕਾਰੀ ਨਾਵਲਕਾਰ ਦੀ ਵਿਲੱਖਣ ਪ੍ਰਾਪਤੀ ਹੈ (ਡਾ: ਦਵੇਸ਼ਵਰ); ਇਹ ਨਾਵਲ 'ਇਤਿਹਾਸਕ ਜੀਵਨੀ' ਹੈ (ਡਾ: ਚਰਨਜੀਤ ਕੌਰ); ਨਾਵਲਕਾਰ ਸ੍ਰੋਤਾਂ ਨੂੰ ਵਰਤਣ ਸਮੇਂ 'ਕੀ ਛੱਡਾਂ ਕੀ ਰੱਖਾਂ' ਦੀ ਦੁਬਿਧਾ ਵਿਚ ਹੈ (ਡਾ: ਗੁਰਮੁਖ ਸਿੰਘ); 'ਮਹਾਂਬਲੀ ਸੂਰਾ' ਦੀ ਕਥਾ ਚਾਰ ਧਰਾਤਲਾਂ 'ਤੇ ਵਿਚਰਦੀ ਹੈ (ਡਾ: ਪਰਮਜੀਤ ਢੀਂਗਰਾ); ਇਸ ਨਾਵਲ ਦੀ ਸੁਰ ਅਗਰਗਾਮੀ ਹੈ। ਮੁਗਲਾਂ ਨਾਲ ਬੰਦਾ ਸਿੰਘ ਬਹਾਦਰ ਦੀ ਟੱਕਰ ਬਦਲਾਖੋਰੀ ਨਹੀਂ ਸਗੋਂ ਜਮਾਤੀ ਟੱਕਰ ਹੈ (ਡਾ: ਸੁਰਜੀਤ ਬਰਾੜ); ਇਸ ਨਾਵਲ ਵਿਚ ਨਾਬਰੀ ਦਾ ਪੰਜਾਬੀ ਵਰਤਾਰਾ ਵਰਤਮਾਨ ਸਮੇਂ ਵਿਚ ਹੋਰ ਵੀ ਸਾਰਥਿਕਤਾ ਰੱਖਦਾ ਹੈ (ਡਾ: ਗੁਰਮੀਤ ਕੌਰ ਸੰਧੂ)। ਵਿਦਵਾਨ ਆਲੋਚਕਾਂ ਦੇ ਇਨ੍ਹਾਂ ਵਿਚਾਰਾਂ ਤੋਂ ਸਵੈ ਸਿੱਧ ਹੈ ਕਿ ਬਲਦੇਵ ਸਿੰਘ ਨੇ ਆਪਣੇ ਇਤਿਹਾਸਕ ਨਾਵਲਾਂ ਨਾਲ 'ਅਣਗੌਲੀਆਂ ਇਤਿਹਾਸਕ ਸ਼ਖ਼ਸੀਅਤਾਂ' ਨੂੰ ਮਹਾਂ-ਨਾਇਕਾਂ ਦਾ ਗਲਪੀ-ਬਿੰਬ ਪ੍ਰਦਾਨ ਕਰਕੇ ਪੰਜਾਬੀ ਨਾਵਲ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ। ਬਲਦੇਵ ਸਿੰਘ ਦੀ ਘਾਲਣਾ ਪ੍ਰਸੰਸਾ ਦੀ ਅਧਿਕਾਰੀ ਹੈ। ਸੰਪਾਦਕ ਵਧਾਈ ਦਾ ਪਾਤਰ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਪਿਆਸ
ਲੇਖਕ : ਅਮਰਜੀਤ ਕੌਂਕੇ
ਪ੍ਰਕਾਸ਼ਕ : ਪ੍ਰਤੀਕ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 160.

ਅਮਰਜੀਤ ਕੌਂਕੇ ਵਰਤਮਾਨ ਪੰਜਾਬੀ ਕਵਿਤਾ ਦਾ ਪ੍ਰਪੱਕ ਕਵੀ ਹੈ। ਉਸ ਦੀ ਕਵਿਤਾ ਨੇ ਨਿਰੰਤਰ ਵਿਕਾਸ ਕਰਦਿਆਂ ਸਮਕਾਲੀਨ ਚਿੰਤਾਵਾਂ ਤੇ ਚੁਣੌਤੀਆਂ ਨਾਲ ਦਸਤਪੰਜਾ ਲਿਆ ਹੈ। ਆਪਣੇ ਮੁਢਲੇ ਕਾਵਿ ਸੰਗ੍ਰਹਿਆਂ-'ਨਿਰਵਾਣ ਦੀ ਤਲਾਸ਼' ਤੇ 'ਦਵੰਦ ਕਥਾ' ਵਿਚ ਉਹ ਆਪਣੀ ਪ੍ਰਗਤੀਸ਼ੀਲ ਕਾਵਿ-ਦ੍ਰਿਸ਼ਟੀ ਨੂੰ ਭਲੀਭਾਂਤ ਪ੍ਰਮਾਣਿਤ ਕਰ ਚੁੱਕਾ ਹੈ। ਅੱਜ ਉਸ ਦਾ ਸ਼ੁਮਾਰ ਪੰਜਾਬੀ ਦੇ ਪਹਿਲੇ ਦਰਜੇ ਦੇ ਬਹੁਤ ਚੰਗੇ ਕਵੀਆਂ ਵਿਚ ਹੁੰਦਾ ਹੈ। ਹੁਣ ਉਸ ਦੀ ਕਵਿਤਾ ਵਿਚ ਇਕ ਨਵਾਂ ਮੋੜ ਆ ਚੁੱਕਾ ਹੈ ਅਤੇ ਉਸ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਬਾਹਰ-ਮੁਖੀ ਸਮੱਸਿਆਵਾਂ ਤੇ ਚਿੰਤਾਵਾਂ ਦੇ ਨਾਲ-ਨਾਲ ਮਨੁੱਖ ਦੇ ਹਿਰਦੇ ਅੰਦਰ ਇਕ ਹੋਰ ਹੀ ਸੰਸਾਰ ਵਸਦਾ ਹੁੰਦਾ ਹੈ, ਜੋ ਉਸ ਦੀਆਂ ਸੋਚਾਂ ਤੇ ਮਨੋਭਾਵਾਂ ਨੂੰ ਨਿਰੰਤਰ ਪ੍ਰਭਾਵਿਤ ਕਰਦਾ ਰਹਿੰਦਾ ਹੈ। 'ਪਿਆਸ' ਨਾਂਅ ਦੇ ਕਾਵਿ-ਸੰਗ੍ਰਹਿ ਵਿਚ ਉਸ ਦੀਆਂ ਪਿਛਲਿਆਂ ਵਰ੍ਹਿਆਂ ਦੀਆਂ ਖੂਬਸੂਰਤ ਪਿਆਰ ਕਵਿਤਾਵਾਂ ਹਨ ਅਤੇ ਇਹ ਗੱਲ ਦਾਅਵੇ ਨਾਲ ਕਹਿਣ ਵਿਚ ਮੈਨੂੰ ਕੋਈ ਸੰਕੋਚ ਨਹੀਂ ਕਿ ਇਹ ਪਿਆਰ ਕਵਿਤਾਵਾਂ ਪੰਜਾਬੀ ਭਾਸ਼ਾ ਦੀਆਂ ਮਾਣਯੋਗ ਰਚਨਾਵਾਂ ਹਨ। ਭਾਵੇਂ ਉਸ ਦੀਆਂ ਸਮੁੱਚੀਆਂ ਕਵਿਤਾਵਾਂ ਵਿਚੋਂ ਪ੍ਰਮਾਣ ਵਜੋਂ ਟੂਕਾਂ ਦੇਣੀਆਂ ਸੰਭਵ ਨਹੀਂ ਹਨ, ਫਿਰ ਵੀ ਕੁਝ ਕਾਵਿ ਰਚਨਾਵਾਂ ਅਜਿਹੀਆਂ ਹਨ ਕਿ ਤੁਸੀਂ ਖ਼ੁਦ-ਬ-ਖ਼ੁਦ ਉਨ੍ਹਾਂ ਦਾ ਜ਼ਿਕਰ ਕਰਨ ਤੋਂ ਰਹਿ ਨਹੀਂ ਸਕਦੇ, ਜਦ ਉਹ ਆਪਣੇ ਸਵੈ ਤੇ ਪਿਆਰ ਅਨੁਭਵ ਦੀ ਗੱਲ ਕਰਦਾ ਹੈ ਤਾਂ ਉਹ ਕਦੇ ਵੀ ਸਮਾਜਿਕ ਪ੍ਰਸਥਿਤੀਆਂ ਨੂੰ ਅੱਖੋਂ ਉਹਲੇ ਨਹੀਂ ਕਰਦਾ-
'ਜੇ ਮੇਰੀਆਂ ਕਵਿਤਾਵਾਂ, ਕਿਸੇ ਦੀ ਪੀੜ ਦਾ ਬਿਆਨ ਨਹੀਂ ਕਰਦੀਆਂ ਤਾਂ ਰੁਲਣ ਦਿਓ, ਮੇਰੀਆਂ ਕਵਿਤਾਵਾਂ ਨੂੰ, ਸੜਕਾਂ ਤੇ ਗਲੀਆਂ 'ਚ ਕੂੜੇ ਦੇ ਢੇਰਾਂ 'ਤੇ। ਜਿਨ੍ਹਾਂ ਨੂੰ ਕੂੜਾ ਚੁਗਦੇ ਬੱਚੇ, ਵੇਚ ਕੇ, ਅੰਨ ਦੀ ਮੁੱਠੀ ਖਰੀਦ ਸਕਣ।'
........................
ਜੇ ਇਹ, ਆਮ ਆਦਮੀ ਦੇ ਕੰਮ ਦੀਆਂ ਨਹੀਂ, ਤਾਂ ਇਨ੍ਹਾਂ ਨੂੰ ਲਾਇਬਰੇਰੀਆਂ 'ਚ, ਸਾਂਭ ਕੇ ਕੀ ਕਰਨਾ।' (ਪੰਨਾ 158-159)
ਇਸ ਸੰਗ੍ਰਹਿ ਵਿਚ 'ਮਾਂ' ਬਾਰੇ ਉਸ ਦੀਆਂ ਲਿਖੀਆਂ ਸੱਤ ਕਵਿਤਾਵਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ। ਇਹ ਅਜਿਹੀਆਂ ਪ੍ਰਭਾਵਸ਼ਾਲੀ ਤੇ ਵਿਕੋਲਿਤਰੀਆਂ ਕਾਵਿ-ਰਚਨਾਵਾਂ ਹਨ ਕਿ ਸਾਰੀਆਂ ਦੀਆਂ ਸਾਰੀਆਂ ਦਰਜ ਕਰਨ ਦੇ ਕਾਬਲ ਹਨ-
ਘਰ ਨੂੰ ਕਦੇ ਨਾ ਛੱਡਣ ਵਾਲੀ ਮਾਂ, ਉਨ੍ਹਾਂ ਲੰਮੇ ਪੈਂਡਿਆਂ 'ਤੇ ਨਿਕਲ ਗਈ ਜਿਥੋਂ ਕਦੇ ਕੋਈ ਪਰਤ ਕੇ ਨਹੀਂ ਆਉਂਦਾ, ਉਸ ਦੇ ਜਾਣ ਤੋਂ ਬਿਨਾਂ ਸਭ ਕੁਝ ਉਸੇ ਤਰ੍ਹਾਂ ਹੈ....। (ਪੰਨਾ 70)
ਇਸ ਸੰਗ੍ਰਹਿ ਦੇ ਛਪਣ ਉਤੇ ਲੇਖਕ ਨਿਸਚੇ ਹੀ ਮੁਬਾਰਕਬਾਦ ਦਾ ਹੱਕਦਾਰ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਛਰਾਟੇ ਗੀਤਾਂ ਦੇ
ਲੇਖਕ : ਗੁਰਬਚਨ ਸਿੰਘ ਲਾਡਪੁਰੀ
ਪ੍ਰਕਾਸ਼ਕ : ਫ਼ੇਮ ਡਾਇਰੈਕਟਰੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 120.

ਗੀਤਕਾਰ ਗੁਰਬਚਨ ਸਿੰਘ ਲਾਡਪੁਰੀ ਦੇ ਹੁਣ ਤੱਕ ਅੱਠ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਨੇ ਪੰਜਾਬੀ ਗੀਤਕਾਰੀ ਵਿਚ ਆਪਣੀ ਇਕ ਨਿਵੇਕਲੀ ਥਾਂ ਬਣਾ ਲਈ ਹੈ। ਲੋਕ ਭਾਸ਼ਾ ਤੇ ਲੋਕ ਬਿੰਬਾਵਲੀ ਵਿਚ ਲਿਖੇ, ਇਸ ਹਥਲੇ ਗੀਤ-ਸੰਗ੍ਰਹਿ ਵਿਚਲੇ ਗੀਤਾਂ ਵਿਚ ਵਗਦੇ ਪਾਣੀਆਂ ਵਰਗੀ ਰਵਾਨੀ ਹੈ। ਨਸ਼ਿਆਂ ਦਾ ਵਿਰੋਧ, ਭ੍ਰਿਸ਼ਟਾਚਾਰ, ਧੀਆਂ ਦਾ ਕਤਲ ਆਦਿ ਸਮਾਜਿਕ ਬੁਰਾਈਆਂ ਆਦਿ ਵਿਸ਼ਿਆਂ ਨਾਲ ਸਬੰਧਤ ਉਸ ਨੇ ਗੀਤ ਲਿਖੇ ਹਨ।
'ਮਾਂ' ਬਾਰੇ ਕਵੀ ਲਿਖਦਾ ਹੈ-
ਵੰਡੇ ਜੋ ਹਰ ਦਮ ਹੀ ਛਾਵਾਂ, ਉਹ ਹੁੰਦੀ ਏ ਮਾਂ।
ਰੱਖੇ ਸਭ ਲਈ ਖੁੱਲ੍ਹੀਆਂ ਬਾਹਵਾਂ, ਉਹ ਹੁੰਦੀ ਏ ਮਾਂ।
ਪਰ ਅੱਜ ਇਹ ਹਾਲਤ ਹੈ-
ਬੱਚਿਆਂ ਲਾ ਲਏ ਮਾਪੇ ਨੌਕਰ, ਘਰ ਹੁਣ ਸਾਂਭਣ ਨੂੰ
ਬਾਪੂ ਪੱਠੇ ਪਾਉਣ ਤੇ ਬੇਬੇ ਭਾਂਡੇ ਮਾਂਜਣ ਨੂੰ।
ਅਜੋਕੇ ਪੰਜਾਬੀ ਸੱਭਿਆਚਾਰ ਦੀ ਝਾਕੀ ਕਵੀ ਇੰਜ ਉਲੀਕਦਾ ਹੈ-
ਮੁੱਕਿਆ ਜਾਪੇ ਸੱਭਿਆਚਾਰ।
ਟੁੱਟ ਚਲਿਆ ਘਰ ਘਰ ਦਾ ਪਿਆਰ।
ਖੇਰੂੰ ਹੋਇਆ ਹਰ ਪਰਿਵਾਰ,
ਵਿਗੜ ਚੱਲੀ ਕੁੱਲ ਤਾਣੀ ਏ।
ਪਹਿਲਾਂ ਦੁੱਧ ਮੁੱਕਿਆਂ ਘਰ ਘਰ 'ਚੋਂ
ਹੁਣ ਗਿਆ ਪਾਣੀ ਧਾਣੀ ਏ।
ਕਵੀ ਨੇ ਧੀਆਂ ਦਾ ਦੁਖਾਂਤ ਇਸ ਤਰ੍ਹਾਂ ਬਿਆਨ ਕੀਤਾ ਹੈ-
ਕਿਉਂ ਧੀਆਂ ਨੂੰ ਪਾਲ ਪੋਸ ਕੇ ਦਾਜਾਂ ਵੱਸ ਚੜ੍ਹਾਉਂਦੇ
ਚੰਦਰੇ ਲੋਕੀਂ ਕਿਉਂ ਧੀਆਂ ਨੂੰ, ਕੁੱਖੀ ਕਤਲ ਕਰਾਉਂਦੇ।
ਪਤੀ-ਪਤਨੀ ਦੇ ਸੱਚੇ-ਸੁੱਚੇ ਰਿਸ਼ਤੇ ਨੂੰ ਕਵੀ ਗੀਤ ਵਿਚ ਇਸ ਤਰ੍ਹਾਂ ਦਰਸਾਉਂਦਾ ਹੈ-
ਮਾਹੀਆ ਫੁੱਲ ਗੁਲਾਬ ਦਿਆ, ਮੈਂ ਤੇਰੀ ਆਂ ਖੁਸ਼ਬੋ।
ਦਿਲੋਂ ਅਸੀਂ ਇਕ ਮਿਕ ਹਾਂ, ਭਾਵੇਂ ਲਗਦੇ ਦੋ।
ਪੁਸਤਕ ਦੇ ਮਗਰਲੇ ਭਾਗ ਵਿਚ ਗੱਭਰੂ-ਮੁਟਿਆਰ ਦੇ ਦੋ-ਗਾਣੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਦਾ ਵਿਸ਼ਾ ਹਲਕਾ ਫੁਲਕਾ ਤੇ ਰੌਚਕ ਹੈ।
ਇਸ ਪ੍ਰਕਾਰ ਗੁਰਬਚਨ ਸਿੰਘ ਲਾਡਪੁਰੀ ਨੇ ਨਵੀਂ ਪੀੜ੍ਹੀ ਨੂੰ ਇਨ੍ਹਾਂ ਗੀਤਾਂ ਰਾਹੀਂ ਇਕ ਨਰੋਈ ਸੇਧ ਦਿੱਤੀ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241

ਕਦੇ ਕਦਾਈਂ ਹੀ ਸਹੀ
ਲੇਖਕ : ਹਰਬੰਸ ਚਾਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 96.

ਹਰਬੰਸ ਚਾਹਲ ਸਹਿਜ ਬਿਰਤੀ ਦਾ ਸੁਚੇਤ ਕਵੀ ਹੈ। ਇਨ੍ਹਾਂ ਕਵਿਤਾਵਾਂ ਦੇ ਰਚਨ ਸਰੋਤ, ਕਵੀ ਦੀ ਜ਼ਿੰਦਗੀ ਦੇ ਉਹ ਪਲ ਹਨ, ਜੋ ਉਸ ਨੇ ਹੱਡੀਂ ਹੰਢਾਏ ਹਨ। ਕਦੇ ਤਲਖ਼ੀਆਂ, ਕਦੇ ਦੁੱਖਾਂ-ਦਰਦਾਂ ਦੀਆਂ ਹਨੇਰੀਆਂ, ਕਦੇ ਉਦਾਸੀਆਂ ਦੀ ਪਿੱਠਭੂਮੀ ਵਿਚ ਜਦ ਇਨ੍ਹਾਂ ਕਵਿਤਾਵਾਂ ਦਾ ਜਨਮ ਹੁੰਦਾ ਰਿਹਾ, ਉਨ੍ਹਾਂ ਵਿਚ ਉਹ ਵਿਸ਼ੇ ਸਹਿਜੇ ਹੀ ਅੰਕਿਤ ਹੋਏ, ਜਿਹੜੇ ਆਧੁਨਿਕ ਮਨੁੱਖ ਦੇ ਜੀਵਨ ਨਾਲ ਸਬੰਧਤ ਹਨ। ਉੱਤਰ ਆਧੁਨਿਕ-ਮਨੁੱਖੀ ਜੀਵਨ, ਸਮਾਜ ਦਾ ਯਥਾਰਥ ਸਹਿਜੇ ਹੀ ਸੰਚਾਰਿਆ ਦ੍ਰਿਸ਼ਟੀਗੋਚਰ ਹੁੰਦਾ ਹੈ।
'ਸਾਡੇ ਘਰ' ਨਾਂਅ ਦੀ ਕਵਿਤਾ, ਆਧੁਨਿਕ ਮਨੁੱਖ ਦੀ ਹੋਣੀ ਹੈ, ਪ੍ਰਕਿਰਤੀ ਹੈ, ਮਨ ਵਿਚ ਪੈਦਾ ਹੰਦੇ ਦਵੰਦਾਤਮਕ ਵਿਚਾਰਾਂ ਦੀ ਟੱਕਰ ਦਾ ਤਣਾਓ ਹੈ। ਅਨਿਸਚਿਤਤਾ ਹੈ। ਘੁਟਣ ਹੈ।' ਕਵੀ ਇਨ੍ਹਾਂ ਕਵਿਤਾਵਾਂ ਵਿਚ ਤਲਖ਼ ਹਕੀਕਤਾਂ ਨਾਲ ਜੂਝਦੇ ਮਨੁੱਖ ਨੂੰ ਤਸਵੀਰਨ ਦਾ ਯਤਨ ਕਰਦਾ ਹੈ।
'ਕਦੇ ਕਦਾਈਂ ਹੀ ਸਹੀ' ਨਾਂਅ ਦੀ ਕਵਿਤਾ, ਮਾਨਵੀ ਵਿਕਾਸ ਦੇ ਕਾਲ ਵਿਚ ਮਾਨਵ ਅੱਗੇ, ਲੰਮੇ ਦੁਖਾਂਤ ਦਾ ਜ਼ਿਕਰ ਹੈ। ਕਵੀ, ਮਾਨਵ ਦੇ ਇਸ ਸੰਘਰਸ਼ ਪ੍ਰਤੀ ਸੁਚੇਤ ਹੈ। ਇਸ ਕਾਵਿ-ਪੁਸਤਕ ਦਾ ਕਵਿਤਾ ਭਾਗ : ਅਜੋਕੇ ਪੰਜਾਬੀ ਕਾਵਿ ਦੇ ਨਾਲ ਕਦਮ ਮਿਲਾਉਂਦਾ ਗੰਭੀਰ ਵਿਸ਼ਿਆਂ ਸਬੰਧੀ ਚਰਚਾ ਕਰਦਾ ਹੈ। ਸ਼ਨਾਖ਼ਤੀ ਕਾਰਡ, ਵਿੱਥ, ਮੈਂ ਤੇ ਮੇਰੀ ਹਉਮੈ, ਦੁਚਿੱਤੀ ਆਦਿ ਕਵਿਤਾਵਾਂ ਪੜ੍ਹਨਯੋਗ ਤੇ ਚਿੰਤਨਸ਼ੀਲ ਕਵਿਤਾਵਾਂ ਹਨ। ਪੁਸਤਕ ਵਿਚ ਬੋਲੀਆਂ, ਗੀਤ ਤੇ ਗ਼ਜ਼ਲਾਂ ਵੀ ਹਨ। ਕਵੀ ਨੇ ਆਪਣੀਆਂ ਗ਼ਜ਼ਲਾਂ ਦੀ ਸੰਰਚਨਾ ਸਬੰਧੀ ਆਪ ਮੁਲਾਂਕਣ ਕਰਦਿਆਂ ਕੁਝ ਸਪਸ਼ਟੀਕਰਨ ਪੇਸ਼ ਕੀਤੇ ਹਨ।
ਹਰਬੰਸ ਚਾਹਲ ਦੀ ਇਹ ਪਹਿਲੀ ਕਾਵਿ-ਪੁਸਤਕ ਹੈ। ਪੜ੍ਹ ਕੇ ਇਨ੍ਹਾਂ ਕਵਿਤਾਵਾਂ ਸਬੰਧੀ ਚਿੰਤਨ ਕੀਤਾ ਜਾਵੇ ਤਾਂ ਸਹਿਜੇ ਹੀ ਪਾਠਕ ਆਪਣੇ ਮਨ ਵਿਚ ਸਿਰਜਣਾਤਮਕ ਵਲਵਲੇ ਜਗਾ ਸਕਦੇ ਹਨ।

-ਡਾ: ਅਮਰ ਕੋਮਲ
ਮੋ: 84378-73565

2-8-2014

 ਇਕ ਰਾਤ ਦਾ ਸਮੁੰਦਰ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 120.

ਕਰਨਲ ਜਸਬੀਰ ਭੁੱਲਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਗਲਪ ਦੇ ਖੇਤਰ ਵਿਚ ਆਪਣੇ ਵਿਲੱਖਣ ਹਸਤਾਖਰ ਅੰਕਿਤ ਕਰ ਰਿਹਾ ਹੈ। ਉਹ ਇਕ ਸੁਹਜਵਾਦੀ ਅਤੇ ਸੂਖਮਵਾਦੀ ਗਲਪਕਾਰ ਹੋਣ ਦੇ ਨਾਲ-ਨਾਲ ਇਕ ਬਾਗ਼ੀ ਕਿਸਮ ਦਾ ਲੇਖਕ ਹੈ। ਉਹ ਪੰਜਾਬੀ ਗਲਪ ਦੇ ਬਣੇ-ਬਣਾਏ ਰਾਹਾਂ ਉਤੇ ਨਹੀਂ ਚੱਲਿਆ ਬਲਕਿ ਉਸ ਨੇ ਆਪਣੇ ਲਈ ਨਵੇਂ ਰਾਹਾਂ ਦੀ ਸਿਰਜਣਾ ਕੀਤੀ ਹੈ। ਉਸ ਦੀਆਂ ਗਲਪ ਰਚਨਾਵਾਂ ਵਿਚ ਕਾਵਿ ਅਤੇ ਗੱਦ ਵਿਚਲਾ ਰਵਾਇਤੀ ਫ਼ਰਕ ਨਜ਼ਰ ਨਹੀਂ ਆਉਂਦਾ। ਇਹ ਦੋਵੇਂ ਰੂਪਾਕਾਰ ਉਸ ਦੀਆਂ ਗਲਪ ਰਚਨਾਵਾਂ ਵਿਚ ਘੁਲ-ਮਿਲ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਪਾਠਕ ਨੂੰ ਉਸ ਦੀ ਗਲਪ ਵਿਚੋਂ ਕਵਿਤਾ ਵਰਗਾ ਅਨੰਦ ਵੀ ਪ੍ਰਾਪਤ ਹੁੰਦਾ ਰਹਿੰਦਾ ਹੈ।
ਜਸਬੀਰ ਭੁੱਲਰ ਦੀਆਂ ਕਹਾਣੀਆਂ ਦੇ ਵਿਸ਼ੇ ਅਤਿਅੰਤ ਵੰਨ-ਸੁਵੰਨੇ ਅਤੇ ਹੈਰਤਅੰਗੇਜ਼ ਹੁੰਦੇ ਹਨ। ਜੀਵਨ ਦੇ ਢਾਈ ਕੁ ਦਹਾਕੇ ਭਾਰਤੀ ਸੈਨਾ ਨਾਲ ਸਬੰਧਤ ਰਿਹਾ ਹੋਣ ਕਰਕੇ ਉਸ ਦਾ ਅਨੁਭਵ ਬਹੁਤ ਵਿਸ਼ਾਲ ਹੋ ਗਿਆ ਹੈ। ਜਿਥੇ ਸਾਡੇ ਬਹੁਤੇ ਕਹਾਣੀਕਾਰ ਆਪਣੇ-ਆਪਣੇ ਆਂਚਲ (ਮਾਝਾ, ਮਾਲਵਾ ਜਾਂ ਦੁਆਬਾ ਆਦਿ) ਵਿਚ ਹੀ ਫਸੇ ਰਹਿੰਦੇ ਹਨ, ਉਥੇ ਭੁੱਲਰ ਦੀਆਂ ਕਹਾਣੀਆਂ ਪਾਠਕ ਨੂੰ ਚੰਡੀਗੜ੍ਹ, ਅੰਡੇਮਾਨ ਦੇ ਟਾਪੂਆਂ, ਸਿਆਚਿਨ ਦੇ ਗਲੇਸ਼ੀਅਰਾਂ ਅਤੇ ਪਹਾੜਾਂ ਦੀਆਂ ਚੋਟੀਆਂ ਉੱਪਰ ਲਈ ਫਿਰਦੀਆਂ ਹਨ। ਉਹ ਦੱਸਣ ਨਾਲੋਂ ਦਿਖਾਉਣ ਉੱਪਰ ਵਧੇਰੇ ਜ਼ੋਰ ਦਿੰਦਾ ਹੈ ਅਤੇ ਇਸ ਮੰਤਵ ਲਈ ਅਜਨਬੀਕਰਨ ਦੀ ਵਿਧੀ ਦਾ ਬਹੁਤ ਸਸ਼ਕਤ ਪ੍ਰਯੋਗ ਕਰਦਾ ਹੈ। ਉਸ ਦੀਆਂ ਕਹਾਣੀਆਂ ਵਿਚ ਅਨੇਕ ਪ੍ਰਕਾਰ ਦੇ ਬਿੰਬ ਨਗੀਨਿਆਂ ਵਾਂਗ ਚਮਕਦੇ ਵਿਖਾਈ ਦੇ ਜਾਂਦੇ ਹਨ।
ਉਹ ਜੀਵਨ ਨੂੰ ਸੁੰਦਰ, ਸਵਸਥ ਅਤੇ ਕਲਿਆਣਕਾਰੀ ਬਣਾਉਣਾ ਲੋਚਦਾ ਹੈ। ਉਹ ਅਜੋਕੇ ਪੂੰਜੀਵਾਦੀ ਦੌਰ ਦੇ ਗ੍ਰਸੇ ਹੋਏ ਲਾਲਚੀ, ਉਪਭੋਗਤਾਵਾਦੀ ਅਤੇ ਆਤਮ-ਕੇਂਦਰਿਤ ਮਨੁੱਖ ਦੀ ਬੜੀ ਬੇਕਿਰਕ ਆਲੋਚਨਾ ਕਰਦਾ ਹੈ। ਉਹ ਬਾਲ-ਮਜ਼ਦੂਰੀ ਦੇ ਖਿਲਾਫ਼ ਡਟ ਕੇ ਖਲੋ ਜਾਂਦਾ ਹੈ (ਦੇਖੋ : ਸੁਪਨਿਆਂ ਦੀ ਤਾਸੀਰ), ਵਿਆਹ-ਸ਼ਾਦੀ ਦੇ ਮਾਮਲਿਆਂ ਵਿਚ ਮੁੰਡੇ ਵਾਲਿਆਂ ਦੇ ਲਾਲਚੀ ਸੁਭਾਅ ਨੂੰ ਰੱਜ ਕੇ ਕੋਸਦਾ ਹੈ (ਪਾਟੇ ਹੋਏ ਮੂੰਹ ਵਾਲਾ) ਅਤੇ ਸੈਨਿਕ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਮਾਨਵਤਾਵਾਦੀ ਦ੍ਰਿਸ਼ਟੀਕੋਣ ਤੋਂ ਰੂਪਮਾਨ ਕਰਦਾ ਹੈ (ਜਦੋਂ ਕੁਝ ਨਹੀਂ ਹੁੰਦਾ)। ਬੇਸ਼ੱਕ ਉਹ ਕਲਾਵਾਦ ਦਾ ਉਪਾਸਕ ਹੈ ਪਰ ਉਹ 'ਕਲਾ ਕਲਾ ਲਈ' ਦੇ ਸਿਧਾਂਤ ਦਾ ਧਾਰਨੀ ਨਹੀਂ ਹੈ ਬਲਕਿ ਕਲਾ ਨੂੰ ਜੀਵਨ ਵਾਸਤੇ ਸਮਰਪਿਤ ਕਰਨ ਵਾਲੇ ਸਿਧਾਂਤ ਦਾ ਮੁਦਈ ਹੈ।
ਉਹ ਯਾਰਾਂ ਦਾ ਯਾਰ ਹੈ ਅਤੇ ਹਰ ਕਿਸੇ ਦੇ ਕੰਮ ਆਉਣ ਦੀ ਭਾਵਨਾ ਨਾਲ ਓਤਪੋਤ ਇਕ ਸੱਚਾ ਅਤੇ ਸੁਹਿਰਦ ਪੰਜਾਬੀ ਹੈ ਪਰ ਕਦੇ-ਕਦੇ ਮੈਨੂੰ ਲਗਦਾ ਹੈ ਕਿ ਅਸੀਂ ਉਸ ਦੀ ਸਾਹਿਤਕਾਰੀ ਦਾ ਬਣਦਾ ਮੁੱਲ ਨਹੀਂ ਪਾਇਆ। ਜੁਗਾੜੀ ਕਿਸਮ ਦੇ ਕਚਘਰੜ ਲੇਖਕਾਂ ਦੀ ਚਰਚਾ ਹੋਈ ਜਾਂਦੀ ਹੈ, ਪਰ ਜਸਬੀਰ ਭੁੱਲਰ ਵਰਗੇ ਜੈਨੁਇਨ ਕਿਸਮ ਦੇ ਲੇਖਕਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਕੀ ਇਹ ਵੀ ਕੋਈ ਸਾਜ਼ਿਸ਼ ਹੈ? ਮੈਨੂੰ ਇਸ ਬਾਰੇ ਇਲਮ ਨਹੀਂ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਤਾਬੂਤ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਮਹਿਕ ਵਤਨ ਦੀ, ਕੈਨੇਡਾ
ਮੁੱਲ : 140 ਰੁਪਏ, ਸਫ਼ੇ : 128.

ਗੁਰਮੇਲ ਸਿੰਘ ਬੌਡੇ ਦੀ ਇਹ ਪੁਸਤਕ ਕਹਾਣੀਆਂ ਦੀ ਹੈ, ਜਿਸ ਵਿਚ ਲੇਖਕ ਦੀਆਂ 12 ਰਚਨਾਵਾਂ ਹਨ। ਇਹ ਕਹਾਣੀਆਂ ਉਨ੍ਹਾਂ ਸੂਖਮ ਅਹਿਸਾਸਾਂ ਅਤੇ ਆਮ ਮਨੁੱਖ ਵੱਲੋਂ ਹੰਢਾਈਆਂ ਜਾ ਰਹੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਹਾਲਾਤ ਦੇ ਪਲਾਂ ਵਿਚੋਂ ਉਗਮੀਆਂ ਹਨ, ਜਿਸ ਦਾ ਜ਼ਿਕਰ ਪੁਸਤਕ ਦੇ ਪਹਿਲੇ ਸਫ਼ੇ 'ਤੇ ਹੈ। ਇਸ ਤੋਂ ਪਹਿਲਾਂ ਲੇਖਕ ਦੀ ਸਵੈ-ਜੀਵਨੀ ਅਣਫਰੋਲੇ ਵਰਕੇ ਤੇ ਅੱਧੀ ਦਰਜਨ ਦੇ ਕਰੀਬ ਕਾਵਿ ਸੰਗ੍ਰਹਿ ਅਤੇ ਗਲਪ ਪੁਸਤਕਾਂ ਛੱਪ ਚੁੱਕੀਆਂ ਹਨ। ਡਾ: ਸੁਰਜੀਤ ਦੌਧਰ ਨੇ ਲੇਖਕ ਦੀ ਕਹਾਣੀ ਕਲਾ ਬਾਰੇ ਮੁਢਲੇ ਸਫ਼ਿਆਂ 'ਤੇ ਚਰਚਾ ਕੀਤੀ ਹੈ। ਕਹਾਣੀਕਾਰ ਦਾ ਆਲਾ-ਦੁਆਲਾ, ਜੀਵਨ ਅਨੁਭਵ, ਨਿੱਜੀ ਤਜਰਬੇ ਇਨ੍ਹਾਂ ਕਹਾਣੀਆਂ ਦਾ ਮੂਲ ਆਧਾਰ ਹਨ। ਲੇਖਕ ਦਾ ਆਪਣਾ ਸਾਧਾਰਨ ਜੀਵਨ, ਸਾਧਾਰਨ ਵਿਅਕਤੀਆਂ ਦੀਆਂ ਆਮ ਖਾਸ ਘਟਨਾਵਾਂ ਇਨ੍ਹਾਂ ਕਹਾਣੀਆਂ ਵਿਚ ਹਨ। ਨਾਸੂਰ ਜਿਹਾ ਰਿਸ਼ਤਾ ਸਾਧਾਰਨ ਪਾਤਰਾਂ ਦੀ ਜ਼ਿੰਦਗੀ ਦੇ ਵਰਕੇ ਹਨ। ਪਾਤਰ ਰਣਜੀਤ, ਗੁਰਜੋਤ, ਹਰਜੀਤ, ਗੁਰਮੀਤ ਜ਼ਿੰਦਗੀ ਦੀ ਸਾਧਾਰਨਤਾ ਵਿਚੋਂ ਨਕਸ਼ ਤਲਾਸ਼ਦੇ ਹਨ। ਇਹ ਪਾਤਰ ਸਾਹਿਤ ਦੀ ਗੱਲ ਵੀ ਕਰਦੇ ਹਨ। (ਪੰਨਾ 17) 31 ਪੰਨਿਆਂ 'ਤੇ ਫੈਲੀ ਇਸ ਲੰਮੀ ਕਹਾਣੀ ਵਿਚ ਖਿਲਾਰਾ ਅਤੇ ਪਾਤਰਾਂ ਦੀ ਗਿਣਤੀ ਜ਼ਿਆਦਾ ਹੈ। ਪੰਜਾਬੀ ਨਿੱਕੀ ਕਹਾਣੀ ਦੇ ਪਾਠਕ ਲੰਮੀ ਰਚਨਾ ਤੋਂ ਦੂਰ ਹੋ ਰਹੇ ਹਨ। ਤਲਾਸ਼-ਦਰ-ਤਲਾਸ਼ ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਹੈ। ਇਨ੍ਹਾਂ ਦਿਨਾਂ ਪਿੱਛੇ ਸਿਆਸਤਦਾਨਾਂ ਦੇ ਰੋਲ ਦੀ ਗੱਲ ਕਹਾਣੀ ਦੀ ਰੂਹ ਹੈ। ਭੁਲੇਖਾ ਵਿਚ ਬੈਂਕਾਂ ਵੱਲੋਂ ਕਰਜ਼ੇ ਦੇ ਕੇ ਕਿਸਾਨਾਂ ਦੇ ਕੀਤੇ ਜਾ ਰਹੇ ਸ਼ੋਸ਼ਣ 'ਤੇ ਹੈ। ਵੋਟ ਰਾਜਨੀਤੀ 'ਤੇ ਵਿਅੰਗ ਹੈ-
'ਬਾਈ ਜੀ ਮੈਂ ਤੁਹਾਡਾ ਸੇਵਾਦਾਰ ਹਾਂ, ਇਕ ਵਾਰ ਮੈਨੂੰ ਚੇਅਰਮੈਨ ਬਣ ਜਾਣ ਦਿਓ, ਦੇਖਿਓ ਸਹੀ ਤੁਹਾਡੀ ਜੂਨ ਸੁਧਾਰ ਦੇਵਾਂਗਾ। ਵਰਦੀ ਦੀ ਸੜਿਆਂਦ (ਪੰਨਾ 48) ਪੁਲਿਸ ਦੇ ਭ੍ਰਿਸ਼ਟ (ਪੰਨਾ 46) ਕਿਰਦਾਰ ਬਾਰੇ ਚੰਗੀ ਕਹਾਣੀ ਹੈ। ਸੂਰਮਾ ਕਹਾਣੀ ਵਿਚ ਕਾਲੇ ਦਿਨਾਂ ਦੀ ਸੂਖਮ ਬਾਤ ਪਾਉਂਦੀ ਇਤਿਹਾਸਕ ਰਚਨਾ ਹੈ। ਪੁਸਤਕ ਸਿਰਲੇਖ ਵਾਲੀ ਕਹਾਣੀ 'ਤਾਬੂਤ' ਸ਼ਹੀਦ ਹੋਏ ਫ਼ੌਜੀ ਦੀ ਰਚਨਾ ਹੈ। ਸ਼ਹੀਦ ਫ਼ੌਜੀ ਦਾ ਬਾਪ ਰਾਜਸੀ ਲੋਕਾਂ 'ਤੇ ਖਫ਼ਾ ਹੈ, ਜੋ ਫ਼ੌਜੀਆਂ ਦੇ ਕੱਫ਼ਨਾਂ ਵਿਚ ਵੀ ਲੁੱਟ ਕਰਦੇ ਹਨ। ਉਹ ਤਾਬੂਤ ਵਾਪਸ ਕਰਨ ਲਈ ਬਜ਼ਿੱਦ ਹੈ। ਸਿਆਸਤ ਵਿਚ ਭ੍ਰਿਸ਼ਟਾਚਾਰ ਵਿਸ਼ੇ 'ਤੇ ਜ਼ੋਰਦਾਰ ਰਚਨਾ ਹੈ। ਰੋਹ ਦੀ ਅੰਗੜਾਈ, ਜੁਆਈ ਦਾ ਮਾਣ, ਢੋਂਗੀ, ਇੰਤਹਾ, ਗੁਆਚੇ ਅਰਥ ਪੁਸਤਕ ਦੀਆਂ ਵਧੀਆ ਕਹਾਣੀਆਂ ਹਨ। ਕਹਾਣੀਆਂ ਦੇ ਸਿਰਲੇਖ ਹੋਰ ਵੀ ਸਰਲ ਅਤੇ ਸਪੱਸ਼ਟ ਰੱਖੇ ਜਾ ਸਕਦੇ ਸਨ। ਪਾਪਾਂ ਬਾਝਹੁ ਹੋਵੈ ਨਾਹੀ... ਸਿਰਲੇਖ ਲੰਮਾ ਹੈ। ਧਰਮ ਵਿਚ ਪਖੰਡਵਾਦ ਬਾਰੇ ਢੋਂਗੀ ਕਹਾਣੀ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਗ਼ਦਰ ਲਹਿਰ ਦੇ ਸਰੋਕਾਰ
ਸੰਪਾਦਕ : ਬਲਵੀਰ ਪਰਵਾਨਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 144.

ਨਾਮੀ ਲਿਖਾਰੀ ਬਲਵੀਰ ਪਰਵਾਨਾ ਦੀ ਸੰਪਾਦਿਤ ਦੇਸ਼ ਭਗਤੀ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਣ ਵਾਲੀ ਵਾਰਤਕ ਸਾਹਿਤ ਵੰਨਗੀ ਦੀ ਪੁਸਤਕ 'ਗ਼ਦਰ ਲਹਿਰ ਦੇ ਸਰੋਕਾਰ' ਗ਼ਦਰ ਲਹਿਰ ਦਾ ਇਤਿਹਾਸਕ ਦਸਤਾਵੇਜ਼ ਸਿੱਧ ਹੁੰਦੀ ਹੈ।
ਪਰਵਾਨਾ ਦੇ ਆਪਣੇ ਲਫ਼ਜ਼ਾਂ ਵਿਚ 'ਗ਼ਦਰ ਲਹਿਰ ਪੰਜਾਬੀਆਂ ਦੀ ਬੀਤੀ ਸਦੀ ਦੀ ਪਹਿਲੀ ਹਥਿਆਰਬੰਦ ਬਗ਼ਾਵਤ ਸੀ, ਜਿਸ ਨੇ ਅੰਗਰੇਜ਼ੀ ਸਾਮਰਾਜ ਦੇ ਖ਼ਿਲਾਫ਼ ਲਾਮਬੰਦੀ ਦਾ ਆਧਾਰ ਅਫ਼ਿਰਕੂ ਅਤੇ ਕਿਰਤ ਦੇ ਪੈਂਤੜੇ ਤੋਂ ਲਿਆ। ਦੇਸ਼ ਨੂੰ ਆਜ਼ਾਦ ਕਰਾਉਣ ਦੇ ਸੁਪਨੇ 'ਚ ਅਸਫ਼ਲ ਰਹਿਣ ਦੇ ਬਾਵਜੂਦ ਇਸ ਨੇ ਪੰਜਾਬ ਦੀ ਰਾਜਨੀਤੀ ਇਸ ਦੇ ਸੱਭਿਆਚਾਰ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਚੇਤਨਾ 'ਤੇ ਡੂੰਘਾ ਪ੍ਰਭਾਵ ਪਾਇਆ ਤੇ ਮਗਰੋਂ ਪੰਜਾਬ 'ਚ ਉੱਠੀਆਂ ਜਨਤਕ ਬਗ਼ਾਵਤਾਂ ਦਾ ਪ੍ਰੇਰਨਾ ਸਰੋਤ ਬਣੀ। ...ਆਪਣੀ ਅਸਫ਼ਲਤਾ ਦੇ ਬਾਵਜੂਦ ਵਧੇਰੇ ਪ੍ਰਭਾਵਸ਼ਾਲੀ ਮੀਲ ਪੱਥਰ ਸਾਬਤ ਹੋਈ। ਇਸ ਦਾ ਜਵਾਬ ਇਸ ਦੇ ਚਿੰਤਨ ਅਤੇ ਇਸ ਦੇ ਇਤਿਹਾਸਕ ਵਿਸ਼ਲੇਸ਼ਣ 'ਚੋਂ ਲੱਭਿਆ ਜਾ ਸਕਦਾ ਹੈ।'
ਪਰਵਾਨਾ ਦੇ ਕਹੇ ਲਫ਼ਜ਼ਾਂ 'ਤੇ ਇਹ ਪੁਸਤਕ ਸੌ ਫ਼ੀਸਦੀ ਖਰੀ ਉੱਤਰਦੀ ਅਨੁਭਵ ਕੀਤੀ ਜਾ ਸਕਦੀ ਹੈ। ਗ਼ਦਰ ਲਹਿਰ ਦੇ ਅਸਫ਼ਲਤਾ ਦੇ ਕਾਰਨਾਂ ਅਤੇ ਅਨੇਕਾਂ ਪੱਖਾਂ ਨੂੰ ਵਿਸ਼ਲੇਸ਼ਣਾਤਮਿਕ ਲੇਖਾਂ ਰਾਹੀਂ ਪੇਸ਼ ਕਰਕੇ ਇਸ ਪੁਸਤਕ ਦੀ ਹੋਂਦ ਨੂੰ ਸੱਚੀ ਤੇ ਸਾਰਥਿਕ ਸਿੱਧ ਕੀਤਾ ਗਿਆ ਹੈ। ਲੇਖਕ ਨਰਭਿੰਦਰ, ਸੁਦਾਗਰ ਬਰਾੜ ਲੰਡੇ ਅਤੇ ਬਾਬਾ ਜਵਾਲਾ ਸਿੰਘ ਦੇ ਲੇਖ ਇਸ ਲਹਿਰ ਦੇ ਪਿਛੋਕੜ 'ਤੇ ਸਾਰਥਕ ਝਾਤ ਪੁਆਉਂਦੇ ਹਨ।
ਇਸੇ ਤਰ੍ਹਾਂ ਬਾਬਾ ਸੋਹਣ ਸਿੰਘ ਭਕਨਾ ਦੀ ਅਨੁਭਵੀ ਰਚਨਾ ਲਹਿਰ ਦੀ ਆਰੰਭਤਾ ਬਾਰੇ ਰੌਚਕ ਵੇਰਵਾ ਪੇਸ਼ ਕਰਦੀ ਹੈ। ਇਸ ਲਹਿਰ ਬਾਰੇ ਚਿੰਤਨਸ਼ੀਲਤਾ ਨਾਲ ਵਿਚਾਰ ਪੇਸ਼ ਕਰਨ ਵਾਲੇ ਬੁੱਧੀਜੀਵੀਆਂ ਲਾਲਾ ਹਰਦਿਆਲ, ਪ੍ਰੋ: ਰਣਧੀਰ ਸਿੰਘ, ਹਰੀਸ਼ਪੁਰੀ, ਜਗਰੂਪ, ਡਾ: ਸਰਬਜੀਤ ਸਿੰਘ ਅਤੇ ਅਤਰਜੀਤ ਦੇ ਲੇਖ ਇਸ ਲਹਿਰ ਦੇ ਸਮੁੱਚੇ ਪ੍ਰਭਾਵ ਨੂੰ ਆਰ-ਪਾਰ ਤੋਂ ਪੁਣ-ਛਾਣ ਕਰਕੇ ਇਸ ਪੁਸਤਕ ਦੇ ਵਿਸ਼ਾ-ਵਸਤੂ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਇਸੇ ਤਰ੍ਹਾਂ ਚਰਨ ਸਿੰਘ ਵਿਰਦੀ ਅਤੇ ਸੁਖਦਰਸ਼ਨ ਨੱਤ ਨੇ ਇਸ ਲਹਿਰ ਦੇ ਪ੍ਰਭਾਵਾਂ ਨੂੰ ਸਾਕਾਰ ਕੀਤਾ ਹੈ। ਪੁਸਤਕ ਦੇ ਅੰਤਲੇ ਪੰਨਿਆਂ 'ਤੇ ਦਿੱਤਾ 'ਹਿੰਦੋਸਤਾਨ ਗ਼ਦਰ ਦਾ ਕਾਨਸਟੀਚਿਊਸ਼ਨ' ਪੇਸ਼ ਕਰਕੇ ਇਸ ਪੁਸਤਕ ਨੂੰ ਕੀਮਤੀ ਅਤੇ ਮਹੱਤਵਪੂਰਨ ਬਣਾਉਣ ਲਈ ਕਾਫੀ ਹੈ। ਇਸ ਪੁਸਤਕ ਦਾ ਹਰ ਲਾਇਬ੍ਰੇਰੀ 'ਚ ਹੋਣਾ ਲਾਜ਼ਮੀ ਬਣਦਾ ਹੈ। ਬਲਵੀਰ ਪਰਵਾਨਾ ਦੀ ਮਿਹਨਤ ਨੂੰ ਤਦ ਹੀ ਬੂਰ ਪਵੇਗਾ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444

ਬਾਬੀਹਾ
ਲੇਖਕ : ਕੇਵਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 152.

ਕੇਵਲ ਨੇ ਜੋ ਹੰਢਾਇਆ ਤੇ ਪ੍ਰਤੀਤ ਕੀਤਾ, ਉਸ ਨੂੰ 'ਬਾਬੀਹਾ' ਨਾਮੀ ਕਾਵਿ ਸੰਗ੍ਰਹਿ ਦੇ ਰੂਪ ਵਿਚ ਆਪਣੀ ਪਹਿਲੀ ਰਚਨਾ ਪਾਠਕਾਂ ਦੇ ਰੂਬਰੂ ਕਰਨ ਦਾ ਮਾਣ ਪ੍ਰਾਪਤ ਕਰ ਰਿਹਾ ਹੈ। ਇਕ ਸੌ ਅਕਵੰਜਾ ਕਵਿਤਾਵਾਂ ਦੇ ਇਸ ਸੰਗ੍ਰਹਿ ਵਿਚ ਵੱਖ-ਵੱਖ ਮੁੱਦਿਆਂ ਨੂੰ ਪੇਸ਼ ਕਰਦੀਆਂ ਇਹ ਕਵਿਤਾਵਾਂ ਉਸ ਦੇ ਪਰਪੱਕ ਕਵੀ ਹੋਣ ਦਾ ਸੰਕੇਤ ਦਿੰਦੀਆਂ ਹਨ। ਇਸ ਵਿਚੋਂ ਉਸ ਦੀ ਜ਼ਿੰਦਗੀ ਪ੍ਰਤੀ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਤੇ ਸਮਾਜਿਕ ਸੂਝ, ਸਰਲ ਤੇ ਸਹਿਜਤਾ ਪਾਠਕਾਂ ਨੂੰ ਟੁੰਭਣ ਦੀ ਸਮਰੱਥ ਰੱਖਦੀ ਹੈ। ਉਹ ਅਜੋਕੇ ਵਿਕਾਸ ਦੇ ਨਾਂਅ ਥੱਲੇ ਗਿਰ ਰਹੀਆਂ ਮਾਨਵ ਕਦਰਾਂ-ਕੀਮਤਾਂ, ਤਿੜਕਦੇ ਰਿਸ਼ਤਿਆਂ, ਸਾਂਝੇ ਪਰਿਵਾਰਾਂ ਦੀ ਭੰਨ-ਤੋੜ ਬਾਰੇ 'ਘਰ' ਕਵਿਤਾ 'ਚ ਲਿਖਦਾ ਹੈ, 'ਵਿਸਥਾਰ ਦੇ ਇਸ ਵਿਸਥਾਰ 'ਚ ਗੁੰਮ ਹੋ ਕੇ ਰਹਿ ਗਿਆ ਕਿਤੇ, ਇਕ ਨਿੱਕਾ ਜਿਹਾ ਸ਼ਬਦ ਘ-ਰ ਘਰ। ਅਤੇ 'ਬਾਜ਼ਾਰ' ਕਵਿਤਾ 'ਚ 'ਘਰ ਬਣ ਗਏ ਦੁਕਾਨਾਂ ਇਥੇ ਲੋਕ ਕਰਦੇ, ਰਿਸ਼ਤਿਆਂ ਦਾ ਵਪਾਰ ਹੈ' ਬਾਰੇ ਆਪਣੇ ਖਿਆਲ ਪ੍ਰਗਟਾਉਂਦਾ ਹੈ, ਜੋ ਸਚਾਈ ਬਣ ਚੁੱਕੇ ਹਨ। ਪ੍ਰਦੂਸ਼ਤ ਹੋਏ ਵਾਤਾਵਰਨ ਤੋਂ ਪ੍ਰਭਾਵਿਤ ਉਹ ਕਹਿ ਉੱਠਦਾ ਹੈ 'ਬਨਵਾਸ' ਵਿਚ, 'ਘੋਲ ਦਿੱਤਾ ਹੈ ਜ਼ਹਿਰ ਇਨ੍ਹਾਂ ਸਾਡੀਆਂ ਪਵਿੱਤਰ ਪੌਣਾਂ ਦੀਆਂ ਸੁਗੰਧੀਆਂ 'ਚ'। ਉਹ ਅਜੋਕੀ ਰਾਜਨੀਤੀ ਦੇ ਗੰਧਲੇਪਣ ਨੂੰ ਕੁਝ ਇਸ ਤਰ੍ਹਾਂ ਬਿਆਨਦਾ ਹੈ, 'ਮਖੌਟੇ ਦੇਣਗੇ ਸਲਾਮੀ ਕੌਮੀ ਝੰਡੇ 'ਚ ਮੌਜੂਦ ਹਰੇ, ਕੇਸਰੀ ਤੇ ਇੰਦਰ ਧਨੁੱਸ਼ੀ ਚਿੱਟੇ ਰੰਗ ਨੂੰ' ਅਤੇ 'ਸਨਮਾਨਿਤ ਕੀਤੀਆਂ ਜਾਣਗੀਆਂ ਨਾਮੀ ਹਸਤੀਆਂ, ਕੋਸ਼ਿਸ਼ ਹੋਵੇਗੀ ਕਾਲੇ ਧਨ ਨੂੰ ਕੋਈ ਟੈਕਸ ਲਾ ਸਫੈਦ ਕਰਨ ਦੀ ਹਰ ਸਾਲ ਦੀ ਤਰ੍ਹਾਂ ਤੇ ਵਿਅੰਗ ਕੱਸਦਾ ਹੈ 'ਸਪੂਤ' ਕਵਿਤਾ 'ਚ ਉਨ੍ਹਾਂ ਬਾਰੇ ਜੋ 'ਜੁਰਮ ਕਰਕੇ ਵੀ ਇਹ ਬੇਚਾਰੇ ਬਣੇ ਰਹਿੰਦੇ ਨੇ'। ਉਹ ਤਬਦੀਲੀ ਦੀ ਮੰਗ ਕਰਦਾ 'ਸ਼ੁਰੂਆਤ' 'ਚ ਸ਼ੁਰੂ ਕਰਨ ਦੀ ਅਪੀਲ ਕਰਦਾ ਹੈ ਇਕ ਨਵੀਂ ਸਵੇਰ ਦੀ 'ਆਓ, ਇਸ ਸਵੇਰ ਨੂੰ ਕੁਝ ਨਵਾਂ ਕਰੀਏ, ਮੱਧਮ ਪੈਂਦੇ ਚਿਰਾਗਾਂ 'ਚ ਥੋੜ੍ਹਾ ਤੇਲ ਭਰੀਏ... ਹਨ੍ਹੇਰੇ ਨੂੰ ਚਾਨਣ ਕਰੀਏ।' ਉਹ ਕ੍ਰਾਂਤੀ ਦਾ ਨਾਅਰਾ ਲਾਉਣ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੰਗ ਕਰਦਾ ਹੈ ਕਿ 'ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲਿਓ, ਸਾਨੂੰ ਕ੍ਰਾਂਤੀ ਨਹੀਂ... ਰੋਟੀ ਚਾਹੀਦੀ' ਅਤੇ ਕਹਿ ਉੱਠਦਾ ਹੈ ਕਿ 'ਕ੍ਰਾਂਤੀ ਖ਼ੂਨ ਮੰਗਦੀ ਹੈ, ਪਰ ਸਾਡਾ ਖ਼ੂਨ ਤਾਂ ਕਦ ਦਾ ਮੁੜ੍ਹਕਾ ਬਣ ਕੇ ਸੁੱਕ ਚੁੱਕਾ ਹੈ।'
'ਕੇਵਲ' ਕੋਲ ਕਵਿਤਾ ਪ੍ਰਤੀ ਸਮਝ ਤੇ ਸੂਝ-ਬੂਝ ਹੈ। ਇਸੇ ਲਈ ਉਹ ਆਪਣੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਰਾਹੀਂ ਕੁੱਜੇ 'ਚ ਸਾਗਰ ਭਰਨ ਦੀ ਜਾਣਕਾਰੀ ਰੱਖਦਾ ਹੈ ਅਤੇ ਇਹ ਹੀ ਉਸ ਨੂੰ ਸਫ਼ਲ ਕਵੀ ਬਣਾਉਂਦੀ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143

ਆਟੇ ਦਾ ਰੰਗ
ਕਹਾਣੀਕਾਰ : ਭੀਮ ਸਿੰਘ ਗਰਚਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104.

'ਆਟੇ ਦਾ ਰੰਗ' ਭੀਮ ਸਿੰਘ ਗਰਚਾ ਦਾ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ। ਜਿੰਨੀਆਂ ਵੀ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ, ਉਨ੍ਹਾਂ ਵਿਚ ਤਕਰੀਬਨ ਸਾਡੀਆਂ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ। ਗਰਚਾ ਆਪਣੀ ਕਹਾਣੀ ਨੂੰ ਬੜੇ ਸਹਿਜ ਤਰੀਕੇ ਨਾਲ ਸ਼ੁਰੂ ਕਰਦਾ ਹੈ ਅਤੇ ਕਹਾਣੀ ਦੇ ਖ਼ਤਮ ਹੋਣ 'ਤੇ ਪਾਠਕ ਨੂੰ ਇਕਦਮ ਅਚੰਭਿਤ ਕਰ ਜਾਂਦਾ ਹੈ ਕਿਉਂਕਿ ਨਿੱਕੀਆਂ-ਨਿੱਕੀਆਂ ਘਟਨਾਵਾਂ ਵਿਚੋਂ ਵੱਡੇ ਅਰਥ ਸਾਕਾਰ ਕਰਨੇ ਕਹਾਣੀਕਾਰ ਦੀ ਵਿਸ਼ੇਸ਼ਤਾ ਹੈ। ਮਿਸਾਲ ਵਜੋਂ ਕਹਾਣੀ 'ਖੂਨ', 'ਧਮਾਕਾ', 'ਪੈਂਤੜਾ', 'ਪਰਖ', 'ਆਟੇ ਦਾ ਰੰਗ' ਤੇ ਹੋਰ ਵੀ ਕਈ ਕਹਾਣੀਆਂ ਇਸ ਸੰਗ੍ਰਹਿ ਵਿਚ ਅਜਿਹੀਆਂ ਹਨ, ਜੋ ਪਾਠਕਾਂ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਉਤਮ ਪੁਰਖੀ ਸ਼ੈਲੀ ਵਿਚ ਵੀ ਹਨ ਅਤੇ ਵਾਰਤਾਲਾਪੀ ਸ਼ੈਲੀ ਵਿਚ ਵੀ ਹਨ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਸਮੱਸਿਆਵਾਂ ਵਿਚ ਉਲਝੇ ਹੋਏ ਆਪਣੀ ਜ਼ਿੰਦਗੀ ਭੋਗਦੇ ਨਜ਼ਰੀਂ ਪੈਂਦੇ ਹਨ। ਮਿਸਾਲ ਵਜੋਂ 'ਉਲਾਂਭਾ' ਕਹਾਣੀ ਦਾ ਪਾਤਰ ਜੋ ਕਿ ਰਾਜ ਮਿਸਤਰੀ ਹੈ, ਉਹ ਬਰਾਂਡੇ ਦੀ ਛੱਤ ਇਸ ਕਰਕੇ ਵਧੀਆ ਨਹੀਂ ਪਾਉਂਦਾ ਕਿਉਂਕਿ ਉਸ ਨੂੰ ਕੰਮ ਕਰਨ ਵੇਲੇ ਰੋਟੀ ਵਧੀਆ ਢੰਗ ਨਾਲ ਪਰੋਸੀ ਨਹੀਂ ਸੀ ਗਈ ਅਤੇ ਚੰਗੇ ਤਰੀਕੇ ਨਾਲ ਬਣਾ ਕੇ ਖਵਾਈ ਨਹੀਂ ਸੀ ਗਈ।
ਇਸੇ ਤਰ੍ਹਾਂ ਕਹਾਣੀਕਾਰ ਸਾਡੇ ਸਮਾਜ ਵਿਚ ਵਿਚਰਦੇ ਅਖ਼ੌਤੀ ਵਿਅਕਤੀਆਂ ਦੇ ਦੋਗਲੇ ਕਿਰਦਾਰਾਂ ਦੀ ਨਕਾਬਕੁਸ਼ਾਈ ਵੀ ਕਰਦਾ ਹੈ ਕਿ ਉਹ ਕਿਵੇਂ ਮੂੰਹ ਤੋਂ ਹੋਰ ਹਨ ਪਰ ਦਿਲ ਵਿਚ ਕਿੰਨੀਆਂ ਬੁਰਾਈਆਂ ਛੁਪਾਈਆਂ ਫਿਰਦੇ ਹਨ। ਇਸ ਦੀ ਉਦਾਹਰਨ 'ਵਧਾਈਆਂ' ਕਹਾਣੀ ਵਿਚਲੇ ਪਾਤਰ 'ਸੇਠ' ਦੇ ਰੂਪ ਵਿਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ 'ਪਟਾਕੇ ਦੀ ਆਵਾਜ਼' ਕਹਾਣੀ ਵੀ ਸਮਾਜਿਕ ਰਿਸ਼ਤਿਆਂ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਦੀ ਕਹਾਣੀ ਹੈ, ਜਿੱਥੇ ਸਾਡੇ ਰਿਸ਼ਤੇ ਨਿੱਘ ਅਪਣੱਤ ਤੋਂ ਊਣੇ ਹੋ ਕੇ ਕੇਵਲ ਨਾਂਅ ਦੇ ਰਿਸ਼ਤੇ ਬਣ ਚੁੱਕੇ ਹਨ। ਭੀਮ ਸਿੰਘ ਗਰਚਾ ਭਾਵੇਂ ਲੰਮੇ ਸਮੇਂ ਦੀ ਚੁੱਪ ਤੋਂ ਬਾਅਦ ਮਿੰਨੀ ਕਹਾਣੀ ਸੰਗ੍ਰਹਿ ਲੈ ਕੇ ਹਾਜ਼ਰ ਹੋਇਆ ਹੈ ਪਰ ਇਸ ਮਿੰਨੀ ਕਹਾਣੀ ਸੰਗ੍ਰਹਿ 'ਆਟੇ ਦਾ ਰੰਗ' ਵਿਚ ਉਸ ਦਾ ਅਨੁਭਵਸ਼ੀਲ ਆਪਾ ਦਿਖਾਈ ਦਿੰਦਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਉਦਾਸ ਪੌਣਾਂ ਦੇ ਨਗਮੇ
ਕਵੀ : ਬਲਬੀਰ ਸਿੰਘ ਧੀਰ
ਪ੍ਰਕਾਸ਼ਕ : ਮੰਦਾਲਾ ਆਰਟ ਪ੍ਰਿੰਟਰਜ਼, ਫਰੀਦਕੋਟ
ਮੁੱਲ : 120 ਰੁਪਏ, ਸਫ਼ੇ : 86.

ਬਲਬੀਰ ਸਿੰਘ ਧੀਰ ਹੰਢਿਆ-ਵਰਤਿਆ ਕਵੀ ਹੈ। ਉਹ ਹੈੱਡਮਾਸਟਰ ਦੇ ਮਾਣਯੋਗ ਅਹੁਦੇ ਉਤੇ ਬਿਰਾਜਮਾਨ ਰਿਹਾ। ਇਸ ਪੁਸਤਕ ਵਿਚ ਉਸ ਦੇ ਉਮਰ ਭਰ ਦੇ ਅਹਿਸਾਸ ਹਨ, ਜਿਨ੍ਹਾਂ ਨੂੰ ਉਸ ਨੇ ਛੰਦਬੱਧ ਗੀਤਾਂ, ਨਜ਼ਮਾਂ, ਬੈਂਤਾਂ ਅਤੇ ਰੁਬਾਈਆਂ ਵਿਚ ਪੇਸ਼ ਕੀਤਾ ਹੈ। ਉਹ ਲੋਕਾਂ ਦੇ ਦਰਦਾਂ ਅਤੇ ਦੁਖੜਿਆਂ ਦਾ ਸ਼ਾਇਰ ਹੈ। ਉਸ ਦੇ ਬੋਲਾਂ ਵਿਚ ਗਹਿਰ ਗੰਭੀਰ ਅਤੇ ਗਹਿਨ ਜਜ਼ਬਾਤ ਠਾਠਾਂ ਮਾਰਦੇ ਹਨ। ਉਸ ਕੋਲ ਸੰਵੇਦਨਾ ਹੈ ਅਤੇ ਇਕ ਸੰਵੇਦਨਾ ਨਾਲ ਉਹ ਲੋਕ-ਵੇਦਨਾ ਨੂੰ ਕਵਿਤਾ ਵਿਚ ਢਾਲਣ ਦਾ ਮੰਤਵ ਹਾਸਲ ਕਰ ਸਕਿਆ ਹੈ। ਸਮਾਜ ਵਿਚ ਫੈਲੀ ਆਪਾਧਾਪੀ, ਭ੍ਰਿਸ਼ਟਾਚਾਰੀ, ਲੀਹੋਂ ਲੱਥੀ ਰਾਜਨੀਤੀ, ਵਿਚਲਤ ਹੋ ਰਿਹਾ ਸੱਭਿਆਚਾਰਕ ਮੁਹਾਂਦਰਾ ਅਤੇ ਆਰਥਿਕ ਨਾ-ਬਰਾਬਰੀ ਉਸ ਦੀਆਂ ਨਜ਼ਮਾਂ ਅਤੇ ਗੀਤਾਂ ਦੇ ਵਿਸ਼ੇ ਹਨ।
ਪੁਸਤਕ ਨੂੰ ਬਲਬੀਰ ਸਿੰਘ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਗੀਤ, ਦੂਜੇ ਵਿਚ ਗ਼ਜ਼ਲਾਂ ਅਤੇ ਆਖਰੀ ਭਾਗ ਵਿਚ ਲੰਮੀਆਂ ਨਜ਼ਮਾਂ ਹਨ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਭਾਵਪੂਰਤ ਅਤੇ ਟਕਸਾਲੀ ਸੋਚ ਦੇ ਧਾਰਨੀ ਹਨ। ਭਾਵੇਂ ਇਨ੍ਹਾਂ ਗ਼ਜ਼ਲਾਂ ਵਿਚ ਬਹਿਰਾਂ ਛੰਦਾਂ ਦੀਆਂ ਕੁਝ ਉਕਾਈਆਂ ਰੜਕਦੀਆਂ ਵੀ ਹਨ, ਪਰ ਫਿਰ ਵੀ ਉਸ ਦੇ ਸ਼ਿਅਰਾਂ ਵਿਚ ਸਮਾਜਿਕ ਅਤੇ ਮਾਨਵੀ ਵਿਸੰਗਤੀਆਂ ਦੀ ਪੇਸ਼ਕਾਰੀ ਸਹਿਜ ਨਾਲ ਹੋਈ ਹੈ। ਉਸ ਦੇ ਗੀਤਾਂ ਵਿਚ ਔਰਤ ਮਨ ਦੀ ਹੂਕ ਅਤੇ ਮੌਕੇ ਦੇ ਹਾਕਿਮਾਂ ਪ੍ਰਤੀ ਰੋਸ ਦਾ ਰੰਗ ਹੈ। ਉਸ ਦੀਆਂ ਨਜ਼ਮਾਂ ਵਾਲਾ ਭਾਗ ਸਲਾਹੁਣਯੋਗ ਹੈ। ਇਨ੍ਹਾਂ ਛੰਦਬੱਧ ਕਵਿਤਾਵਾਂ ਵਿਚ ਕਵੀ ਨੇ ਵੇਸਵਾ, ਭ੍ਰਿਸ਼ਟਾਚਾਰ, ਅਮ੍ਰਿਤ ਸ਼ਕਤੀ, ਸਿੱਖੀ ਦੀ ਵੰਗਾਰ, ਹਿੰਦ ਦੀ ਚਾਦਰ, ਨੌਵੀਂ ਪਾਤਸ਼ਾਹੀ ਦੀ ਕੁਰਬਾਨੀ ਵਰਗੇ ਵਿਸ਼ੇ ਨਿਭਾਏ ਹਨ। ਧੀਰ ਨੇ ਵਿਅੰਗ ਵਿਧਾ ਦੀਆਂ ਕਵਿਤਾਵਾਂ ਵੀ ਲਿਖੀਆਂ ਹਨ। ਪੁਸਤਕ ਸਿਖਿਆਦਾਇਕ ਕਾਵਿ-ਭਰਪੂਰ ਸ਼ੈਲੀ ਦੀ ਹੈ।

-ਸੁਲੱਖਣ ਸਰਹੱਦੀ
ਮੋ: 94174-84337

 

26-7-2014

 ਲੋਕ ਗੀਤਾਂ ਦਾ ਸੱਭਿਆਚਾਰਕ ਮਹੱਤਵ
ਲੇਖਕ : ਅਸ਼ੋਕ ਕੁਮਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

'ਲੋਕ ਗੀਤਾਂ ਦਾ ਸੱਭਿਆਚਾਰਕ ਮਹੱਤਵ' ਡਾ: ਅਸ਼ੋਕ ਕੁਮਾਰ ਦੀ ਪਲੇਠੀ ਵਾਰਤਕ ਰਚਨਾ ਹੈ, ਜਿਸ ਵਿਚ ਉਸ ਨੇ ਪੰਜਾਬੀ ਲੋਕ ਗੀਤਾਂ ਦਾ ਸੱਭਿਆਚਾਰਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਕੀਤਾ ਹੈ। 'ਲੋਕ ਗੀਤਾਂ ਦਾ ਸੱਭਿਆਚਾਰਕ ਮਹੱਤਵ' ਵੀ ਡਾ: ਅਸ਼ੋਕ ਕੁਮਾਰ ਦੁਆਰਾ ਕੀਤਾ ਗਿਆ ਸੋਧ ਕਾਰਜ ਹੀ ਹੈ। ਇਹ ਉਸ ਦੇ ਖੋਜ ਭਰਪੂਰ ਅਧਿਐਨ ਦੀ ਸ਼ਾਹਦੀ ਭਰਨ ਵਾਲੀ ਰਚਨਾ ਹੈ। ਪੁਸਤਕ ਦੇ ਛੇ ਭਾਗ ਹਨ। ਪਹਿਲੇ ਭਾਗ 'ਲੋਕ ਗੀਤ : ਸਿਧਾਂਤ ਅਤੇ ਵਰਗੀਕਰਨ' ਵਿਚ ਲੋਕ ਗੀਤ ਦੀ ਸਿਧਾਂਦਿਤ ਪੱਖ ਤੋਂ ਵਿਆਖਿਆ ਕਰਕੇ ਲੋਕਧਾਰਾ ਵਿਸ਼ੇਸ਼ਗਾਂ ਵੱਲੋਂ ਨਿਰਮਤ ਲੋਕ ਗੀਤ ਦੀਆਂ ਪਰਿਭਾਸ਼ਾਵਾਂ ਨੂੰ ਆਧਾਰ ਬਣਾ ਕੇ ਲੋਕ ਗੀਤ ਦੇ ਸਰੂਪ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਵਰਗ ਵੰਡ ਕੀਤੀ ਗਈ ਹੈ ਪ੍ਰੰਤੂ ਰੂਪ ਭੇਦਾਂ ਦਾ ਜ਼ਿਕਰ ਕਰਦਿਆਂ ਗੀਤ ਰੂਪ ਮਾਹੀਆ ਨੂੰ ਵਿਸਾਰ ਦਿੱਤਾ ਹੈ। ਦੂਜੇ ਭਾਗ ਵਿਚ ਪੰਜਾਬ ਦੇ ਲੋਕ ਨਾਚਾਂ ਨਾਲ ਸਬੰਧਤ ਲੋਕ ਗੀਤਾਂ ਬਾਰੇ ਚਰਚਾ ਕੀਤੀ ਹੈ ਪ੍ਰੰਤੂ ਭੰਗੜਾ ਨਾਚ ਨਾਲ ਗਾਏ ਜਾਂਦੇ ਲੋਕ ਗੀਤ 'ਢੋਲੇ' ਦਾ ਕੋਈ ਜ਼ਿਕਰ ਨਹੀਂ। ਪੁਸਤਕ ਦੇ ਤੀਜੇ ਭਾਗ 'ਸੰਸਕਾਰ ਇਕ ਅਧਿਐ' ਵਿਚ ਮਨੁੱਖੀ ਜੀਵਨ ਵਿਚ ਨਿਭਾਏ ਜਾਂਦੇ ਜਨਮ ਸੰਸਕਾਰ, ਵਿਆਹ ਸੰਸਕਾਰ ਅਤੇ ਮ੍ਰਿਤੂ ਸੰਸਕਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਅਤੇ ਇਸੇ ਵਿਸ਼ੇ ਨਾਲ ਸਬੰਧਤ ਅਗਲੇ ਭਾਗ ਵਿਚ ਇਨ੍ਹਾਂ ਸੰਸਕਾਰਾਂ ਨਾਲ ਜੁੜੇ ਲੋਕ ਗੀਤਾਂ ਦਾ ਵਰਗੀਕਰਨ ਕਰਕੇ ਵਰਨਣ ਕੀਤਾ ਹੈ। ਪੰਜਵਾਂ ਭਾਗ ਸੱਭਿਆਚਾਰ ਦੀ ਸਿਧਾਂਤਕ ਪਛਾਣ ਕਰਵਾਉਂਦਾ ਹੈ ਅਤੇ ਅੰਤਲੇ ਕਾਂਡ ਜੋ ਇਸ ਪੁਸਤਕ ਦਾ ਮਹੱਤਵਪੂਰਨ ਕਾਂਡ ਹੈ, ਵਿਚ ਸੰਸਕਾਰ ਗੀਤਾਂ ਦੇ ਸੱਭਿਆਚਾਰਕ ਮਹੱਤਵ ਬਾਰੇ ਚਾਨਣਾ ਪਾਇਆ ਗਿਆ ਹੈ। ਲੇਖਕ ਨੇ ਆਪਣੇ ਵੱਲੋਂ ਨਿਰਮਤ ਨਿਰਣਿਆਂ/ਸਿੱਟਿਆਂ ਦੀ ਪੁਸ਼ਟੀ ਲਈ ਲੋਕਧਾਰਾ ਸ਼ਾਸਤਰੀਆਂ ਅਤੇ ਲੋਕਧਾਰਾ ਦੀਆਂ ਪੁਸਤਕਾਂ ਦੇ ਹਵਾਲੇ ਦੇ ਕੇ ਇਸ ਪੁਸਤਕ ਦੇ ਮੁੱਲ ਅਤੇ ਸਾਰਥਿਕਤਾ ਵਿਚ ਵਾਧਾ ਕੀਤਾ ਹੈ। ਇਹ ਪੁਸਤਕ ਸਰਲ ਅਤੇ ਸਹਿਜ ਭਰਪੂਰ ਸ਼ੈਲੀ ਵਿਚ ਲਿਖੀ ਗਈ ਹੈ, ਜੋ ਪਾਠਕ ਨੂੰ ਆਪਣੇ ਨਾਲ ਤੋਰਦੀ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਹੈਰਤ
ਸ਼ਾਇਰ : ਸ਼ਿਵਦੀਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 275, ਸਫ਼ੇ : 160.

'ਹੈਰਤ' ਕਾਵਿ ਸੰਗ੍ਰਹਿ ਸ਼ਿਵਦੀਪ ਰਚਿਤ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਸ਼ਾਇਰ ਨੇ ਅਜੋਕੇ ਮਨੁੱਖੀ ਜੀਵਨ ਦੀਆਂ ਵਿਭਿੰਨ ਸਥਿਤੀਆਂ ਨੂੰ ਦਾਰਸ਼ਨਿਕ ਢੰਗ ਨਾਲ ਕਾਵਿ-ਰੂਪਾਂਤਰਿਤ ਕੀਤਾ ਹੈ। ਇਸ ਕਾਵਿ ਸੰਗ੍ਰਹਿ ਵਿਚ ਕਈ ਕਵਿਤਾਵਾਂ ਇਤਿਹਾਸਕ ਮਿਥਿਹਾਸਕ ਸੰਦਰਭਾਂ ਦਾ ਪ੍ਰਵਚਨ ਸਿਰਜਦੀਆਂ ਭਲੀ-ਭਾਂਤ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਸ਼ਿਵ ਦੀਪ ਦੀ ਕਾਵਿ ਸਿਰਜਨਾ ਦੀ ਵਿਲੱਖਣਤਾ ਇਹ ਹੈ ਕਿ ਉਹ ਇਕ ਚੇਤੰਨ ਮਨੁੱਖ ਵਾਂਗ ਮਿਥਿਹਾਸਕ ਸਥਿਤੀਆਂ ਦਾ ਅਵਲੋਕਨ ਕਰਦਾ ਹੈ। ਉਹ ਲਿਖਦਾ ਹੈ:
ਖੰਭਾਂ ਦੀ ਜਾਈਏ
ਮੈਂ ਤੈਨੂੰ ਹੁਣ ਉਥੇ ਹੀ ਮਿਲਣਾ ਹੈ
ਉਥੇ, ਜਿਥੇ ਮੈਨੂੰ ਖੜਾਵਾਂ ਬਦਲੇ
ਤੂੰ ਮੇਰੇ ਪੈਰ ਵਾਪਸ ਕਰੇਂਗੀ।
ਸ਼ਾਇਰ ਦੀ ਕਾਵਿ ਕੌਸ਼ਲਤਾ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਵਿਤਾ ਲਿਖਦਾ ਨਹੀਂ ਕਵਿਤਾ ਨੂੰ ਮਾਣਦਾ ਪ੍ਰਤੀਤ ਹੁੰਦਾ ਹੈ।
ਗੱਲਾਂ ਦੇ ਲਈ ਪਈ ਹੈ
ਜ਼ਿੰਦਗੀ ਤੋਂ ਬਾਅਦ ਸਾਰੀ ਜ਼ਿੰਦਗੀ
ਚਾਹੁੰਦਾ ਹਾਂ
ਜਦ ਇਸ ਵੇਰਾਂ ਤੂੰ ਆਵੇਂ
ਗੱਲ ਨਾ ਕਰੇਂ
ਸ਼ਿਵਦੀਪ ਦਾ ਇਹ ਕਾਵਿ ਸੰਗ੍ਰਹਿ ਜਿਥੇ ਵਿਸ਼ੇਗਤ ਵਿਸ਼ਾਲਤਾ ਦੀ ਪੇਸ਼ਕਾਰੀ ਕਰਦਾ ਹੈ, ਉਥੇ ਇਸ ਕਾਵਿ ਸੰਗ੍ਰਹਿ ਦੀ ਕਾਵਿ ਭਾਸ਼ਾ ਅਤੇ ਸ਼ਬਦ ਸਿਰਜਨਾ ਪਾਠਕ ਨੂੰ ਆਕਰਸ਼ਿਤ ਕਰਨ ਦੀ ਅਥਾਹ ਸਮਰਥਾ ਰੱਖਦੀ ਹੈ।

-ਡਾ: ਜਸਵੀਰ ਸਿੰਘ
ਮੋ: 94170-12430

ਗੀਤ ਪਰਾਗਾ
ਗੀਤਕਾਰ : ਦਲਜੀਤ ਜੱਸਲ
ਪ੍ਰਕਾਸ਼ਕ : ਵਿਰਾਸਤ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80.

ਦਲਜੀਤ ਜੱਸਲ ਪ੍ਰਸਿੱਧ ਸੱਭਿਆਚਾਰਕ ਕਾਰਜਕਰਤਾ ਹੈ। ਉਸ ਨੇ ਆਪਣੀ ਉਮਰ ਦਾ ਬਿਹਤਰ ਹਿੱਸਾ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁਲਿਤ ਕਰਨ ਹਿਤ ਲਾਇਆ। ਉਸ ਦੇ ਦਿਲ ਵਿਚ ਸਦਾ ਹੀ ਪੰਜਾਬੀ ਸਾਹਿਤ ਕਲਾ ਅਤੇ ਕਲਚਰ ਨੂੰ ਪ੍ਰਫੁਲਿਤ ਕਰਨ ਦਾ ਚਾਅ ਠਾਠਾਂ ਮਾਰਦਾ ਰਿਹਾ। ਆਖਰ ਉਸ ਨੇ 17 ਅਕਤੂਬਰ 1978 ਨੂੰ ਲੁਧਿਆਣਾ ਦੀ ਘੁਮਿਆਰ ਮੰਡੀ ਵਿਖੇ ਵਿਰਾਸਤ ਭਵਨ ਦੀ ਉਸਾਰੀ ਕੀਤੀ। ਜਿਥੇ ਸਾਹਿਤ ਕਲਾ ਅਤੇ ਸੱਭਿਆਚਾਰਕ ਸਰਗਰਮੀਆਂ ਦੀ ਸ਼ੁਰੂਆਤ ਹੋਈ। ਜੱਸਲ ਜਿਥੇ ਪੰਜਾਬੀ ਦੇ ਹੋਰ ਸਾਫ਼-ਸੁਥਰੀ ਗੀਤਕਾਰੀ ਦੇ ਮੁਦਈ ਗੀਤਕਾਰਾਂ ਨੂੰ ਪਰਮੋਟ ਕਰਦਾ ਰਿਹਾ, ਉਥੇ ਉਸ ਨੇ ਆਪ ਵੀ ਸੱਭਿਆਚਾਰਕ ਗੀਤ ਲਿਖੇ ਅਤੇ ਗੀਤਕਾਰੀ ਦੀ ਸ਼ੈਲੀ ਨੂੰ ਲੋਕ ਭਾਵਨਾਵਾਂ ਦੀ ਸੁੱਚੀ ਪੇਸ਼ਕਾਰੀ ਨਾਲ ਜੋੜਿਆ।
ਪੁਸਤਕ ਦੇ ਕੁੱਲ 80 ਸਫ਼ੇ ਹਨ, ਜਿਸ ਵਿਚ ਪਹਿਲੇ 30 ਸਫ਼ੇ ਭੂਮਿਕਾਵਾਂ ਦੇ ਅਤੇ ਆਖਰੀ 15 ਸਫ਼ੇ ਵਿਰਾਸਤ ਭਵਨ ਦੀਆਂ ਸਰਗਰਮੀਆਂ ਦੀਆਂ ਤਸਵੀਰਾਂ ਨਾਲ ਸੱਜੇ ਹੋਏ ਹਨ। ਮੱਧ ਦੇ 33 ਕੁ ਸਫ਼ਿਆਂ ਵਿਚ ਜੱਸਲ ਦੇ 30-32 ਗੀਤ ਹਨ। ਉਸ ਦੇ ਗੀਤਾਂ ਦੇ ਸਿਰਨਾਵੇ ਇਸ ਤਰ੍ਹਾਂ ਦੇ ਹਨ ਕੀੜੀ ਦਾ ਗੀਤ, ਪੈਣ ਭੰਗੜੇ, ਨੀ ਮਾਰੀਂ ਨਾ ਮਾਰੀਂ ਅੰਮੀਏ, ਸ਼ਹਿਰ ਲੁਧਿਆਣਾ ਬਈ, ਆਇਆ ਸਾਉਣ, ਅੱਜ ਨੱਚਣਾ, ਕਾਵਾਂ ਵੇ ਕਾਵਾਂ, ਚੂੜੀਆਂ, ਲੋਰੀ, ਕੱਚੇ ਘਰ ਆਦਿ। ਉਸ ਦੇ ਗੀਤਾਂ ਦੀ ਭਾਸ਼ਾ ਲੋਕ ਮੁਖੀ ਅਤੇ ਭਾਵਨਾ ਯੁਕਤ ਹੈ। ਉਸ ਦੇ ਗੀਤ ਭਾਵੇਂ ਸਤਹੀ ਕਿਸਮ ਦੇ ਹਨ ਪਰ ਉਨ੍ਹਾਂ ਵਿਚ ਸਾਹਿਤਕ ਅਤੇ ਸੱਭਿਆਚਾਰਕ ਮਾਸੂਮਤਾ ਦੀ ਮਹਿਕ ਦਿਲ ਨੂੰ ਮੋਂਹਦੀ ਹੈ।
ਅਸਲ ਵਿਚ ਇਹ ਕਿਤਾਬ ਜੱਸਲ ਦੇ ਸੱਭਿਆਚਾਰਕ ਜੀਵਨ ਦੀਆਂ ਝਲਕੀਆਂ ਪ੍ਰਦਾਨ ਕਰਨ ਵਿਚ ਸਫ਼ਲ ਹੈ। ਗੀਤ ਤਾਂ ਇਕ ਬਹਾਨਾ ਹਨ।

-ਸੁਲੱਖਣ ਸਰਹੱਦੀ
ਮੋ: 94174-84337.

ਲਰਜ਼ਦੇ ਪਾਣੀ
ਕਵੀ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96.

ਰਾਮ ਸਰੂਪ ਸ਼ਰਮਾ ਇਕ ਅਨੁਭਵੀ ਸਾਹਿਤਕਾਰ ਹੈ। ਸਾਹਿਤ ਦੇ ਖੇਤਰ ਵਿਚ ਉਸ ਦਾ ਕਾਰਜ ਜ਼ਿਕਰਯੋਗ ਹੈ। ਹੁਣ ਤੱਕ ਇਸ ਸ਼ਾਇਰ ਦੇ ਤਿੰਨ ਕਾਵਿ-ਸੰਗ੍ਰਹਿ, ਇਕ ਜੀਵਨੀ ਅਤੇ ਤਿੰਨ ਅਨੁਵਾਦ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਲਰਜ਼ਦੇ ਪਾਣੀ' ਲੇਖਕ ਦਾ ਨਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਸਰੋਦੀ-ਕਾਵਿ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚ ਰਾਮ ਸਰੂਪ ਸ਼ਰਮਾ ਨੇ ਪ੍ਰਕ੍ਰਿਤਕ ਬਿੰਬਾਂ ਚਿੰਨ੍ਹਾਂ ਰਾਹੀਂ ਸਮਾਜ ਵਿਚ ਫੈਲੇ ਸੁਹਜ/ਕੁਹਜ, ਦੁੱਖਾਂ-ਸੁੱਖਾਂ ਨੂੰ ਕਵਿਤਾ ਵਿਚ ਰੂਪਾਂਤਰਣ ਕਰਨ ਦਾ ਯਤਨ ਕੀਤਾ ਹੈ। ਉਸ ਨੂੰ ਕੁਦਰਤ ਦੇ ਵਰਤਾਰੇ ਵਿਚ ਉਸ ਕਾਦਰ ਦਾ ਹੁਸਨ ਤੇ ਜਲਵਾ ਨਜ਼ਰ ਆਉਂਦਾ ਹੈ, ਜਿਸ ਨੂੰ ਲੇਖਕ ਹੇ ਊਸ਼ਾ, ਧਰਤੀ ਹੇ ਜਲ ਦੇਵ, ਹੇ ਅਕਾਸ਼ ਜਿਹੀਆਂ ਕਵਿਤਾਵਾਂ ਵਿਚ ਚਿਤਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਉਹ ਕੁਦਰਤ ਦੀ ਵਿਸ਼ਾਲ ਮੀਨਾਕਾਰੀ ਦੀ ਭਰਪੂਰ ਪ੍ਰਸੰਸਾ ਕਰਦਾ ਹੈ। ਉਹ ਧਰਤੀ ਤੇ ਸਦਾ ਦੀਵੇ ਜਗਦੇ ਰਹਿਣ ਦੀ ਦੁਆ ਕਰਦਾ ਹੈ। ਹੋਠਾਂ 'ਤੇ ਵੰਝਲੀ ਥਿਰਕਦੀ ਰਹਿਣ ਦੀ ਤੇ ਖੁਆਬਾਂ ਦੀ ਨਗਰੀ ਵਸਦੀ ਰਹਿਣ ਦੀ ਕਾਮਨਾ ਕਰਦਾ ਹੈ। ਇਕ ਰਹੱਸਵਾਦੀ ਰੰਗ ਇਨ੍ਹਾਂ ਕਵਿਤਾਵਾਂ ਦੀ ਰਚਨਾ ਦੇ ਆਰ-ਪਾਰ ਫੈਲਿਆ ਪ੍ਰਤੀਤ ਹੁੰਦਾ ਹੈ। ਰਾਮ ਸਰੂਪ ਸ਼ਰਮਾ ਦੀ ਇਸ ਪੁਸਤਕ ਦਾ ਇਕ ਵਿਸ਼ੇਸ਼ ਗੁਣ ਇਨ੍ਹਾਂ ਕਵਿਤਾਵਾਂ ਵਿਚਲਾ ਸਰੋਦੀ ਤੇ ਪ੍ਰਗੀਤਕ ਅੰਸ਼ ਹੈ। ਇਹ ਸਰੋਦ ਕਵੀ ਦੀ ਰੂਹ ਵਿਚੋਂ ਨਿਕਲਦਾ ਪ੍ਰਤੀਤ ਹੁੰਦਾ ਹੈ, ਜੋ ਪਾਠਕ ਦੀ ਰੂਹ ਨੂੰ ਕੀਲਦਾ ਹੈ। ਭਾਵੇਂ ਲੇਖਕ ਨੇ ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਸਮੇਂ ਵਿਚ ਸਮਾਜ ਨੂੰ ਦਰਪੇਸ਼ ਸੰਕਟਾਂ ਜਾਂ ਸਮੱਸਿਆਵਾਂ ਨੂੰ ਚਿਤਰਨ ਦੀ ਥਾਂ ਵਧੇਰੇ ਜ਼ੋਰ ਕੁਦਰਤ ਦੇ ਰਹੱਸ ਨੂੰ ਪਛਾਣਨ ਤੇ ਚਿਤਰਨ 'ਤੇ ਲਾਇਆ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

19-7-2014

 ਰਾਹ ਪ੍ਰਦੇਸਾਂ ਦੇ
ਲੇਖਕ : ਕੇਹਰ ਸਿੰਘ ਮਠਾਰੂ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 259.

ਇਹ ਪੁਸਤਕ ਲੇਖਕ ਦਾ ਦਿਲਚਸਪ ਸਫ਼ਰਨਾਮਾ ਹੈ। ਇਸ ਵਿਚ ਕਿਊਬਾ, ਮੈਕਸੀਕੋ, ਫਲੋਰੀਡਾ, ਨਿਆਗਰਾ ਫਾਲਜ਼ ਅਤੇ ਟੋਰਾਂਟੋ ਆਦਿ ਵਿਦੇਸ਼ੀ ਧਰਤੀਆਂ ਦੀ ਸੈਰ ਦੇ ਨਜ਼ਾਰੇ ਬਹੁਤ ਰੌਚਿਕ ਢੰਗ ਨਾਲ ਦਿੱਤੇ ਗਏ ਹਨ। ਸੈਰ-ਸਪਾਟੇ ਦਾ ਸ਼ੌਕ ਰੱਖਣ ਵਾਲਿਆਂ ਲਈ ਇਹ ਪੁਸਤਕ ਬਹੁਤ ਮਹੱਤਵਪੂਰਨ ਹੈ। ਲੇਖਕ ਨੇ ਵਿਦੇਸ਼ੀ ਧਰਤੀਆਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਸੈਰ ਕਰਨ ਵੇਲੇ ਯਾਦ ਰੱਖਣਯੋਗ ਗੱਲਾਂ ਅਤੇ ਚਿਤਾਵਨੀਆਂ ਵੀ ਦਰਜ ਕੀਤੀਆਂ ਹਨ। ਉਸ ਨੇ ਆਪਣੀ ਲੇਖਣੀ ਨੂੰ ਯਾਦਗਾਰੀ ਤਸਵੀਰਾਂ, ਚੁਟਕਲਿਆਂ, ਮੁਹਾਵਰਿਆਂ ਅਤੇ ਟੋਟਕਿਆਂ ਨਾਲ ਸ਼ਿੰਗਾਰਿਆ ਹੈ। ਪੁਸਤਕ ਵਿਚ ਪ੍ਰਸਿੱਧ ਸੈਰਗਾਹਾਂ ਬਾਬਤ ਅਨੋਖਾ ਗਿਆਨ ਸਮੋਇਆ ਹੋਇਆ ਹੈ।
ਕਿਊਬਾ ਦੀ ਧਰਤੀ ਨੂੰ ਕੋਲੰਬਸ ਨੇ 28 ਅਕਤੂਬਰ, 1492 ਨੂੰ ਲੱਭਿਆ ਸੀ ਅਤੇ ਕਿਹਾ ਸੀ ਕਿ ਇਹ ਇਨਸਾਨੀ ਅੱਖ ਦੇ ਵੇਖਣ ਵਾਲੀ ਦੁਨੀਆ ਦੀ ਸਭ ਤੋਂ ਸੋਹਣੀ ਧਰਤੀ ਹੈ। ਇਹ ਵੈਸਟ ਇੰਡੀਜ਼ ਦੇ ਟਾਪੂਆਂ ਵਿਚੋਂ ਸਭ ਤੋਂ ਵੱਡਾ ਟਾਪੂ ਹੈ। ਇਥੋਂ ਦੇ ਲੋਕ ਸਪੈਨਿਸ਼ ਭਾਸ਼ਾ ਬੋਲਦੇ ਹਨ। ਇਥੇ ਦੋ ਕਿਸਮ ਦੀ ਕਰੰਸੀ ਚਲਦੀ ਹੈ। ਇਥੇ ਸੁੰਦਰ ਪਹਾੜੀਆਂ ਅਤੇ ਬੀਚ ਹਨ।
ਮੈਕਸੀਕੋ ਆਪਣੇ ਪੁਰਾਤਨ ਇਤਿਹਾਸ, ਅਮੀਰ ਵਿਰਸੇ, ਸੱਭਿਆਚਾਰ ਅਤੇ ਸਮਾਜਿਕ ਰਸਮੋ-ਰਿਵਾਜ ਕਾਰਨ ਪ੍ਰਸਿੱਧ ਹੈ। ਇਸ ਦੇਸ਼ ਦੀ ਸਰਕਾਰੀ ਬੋਲੀ ਸਪੈਨਿਸ਼ ਹੈ ਪਰ ਬਹੁਤੇ ਲੋਕ ਅਨਪੜ੍ਹ ਹਨ। ਇਸ ਦੇ ਕੌਮੀ ਝੰਡੇ ਵਿਚ ਤਿੰਨ ਰੰਗ ਹਨ-ਚਿੱਟਾ ਰੰਗ ਸ਼ਾਂਤੀ ਅਤੇ ਪਵਿੱਤਰਤਾ, ਹਰਾ ਰੰਗ ਆਸ ਅਤੇ ਜਿੱਤ ਅਤੇ ਲਾਲ ਰੰਗ ਸ਼ਹੀਦਾਂ ਦੇ ਖੂਨ ਤੇ ਕੁਰਬਾਨੀ ਦਾ ਪ੍ਰਤੀਕ ਹੈ। ਇਥੇ ਪ੍ਰਾਚੀਨ ਮੰਦਿਰਾਂ ਦੇ ਥੇਹ ਵੀ ਮਿਲਦੇ ਹਨ।
ਅਮਰੀਕਾ ਦੀ ਰਿਆਸਤ ਫਲੋਰੀਡਾ ਸਮੁੰਦਰੀ ਤਟ ਨਾਲ ਲੱਗੀ ਹੋਣ ਕਰਕੇ ਜਿਥੇ ਕੁਦਰਤੀ ਹੁਸਨ, ਜਲ ਜੀਵਾਂ ਅਤੇ ਬੰਦਰਗਾਹਾਂ ਦਾ ਭੰਡਾਰ ਹੈ, ਉਥੇ ਸਪੇਸ ਸੈਂਟਰ, ਡਿਜ਼ਨੀ ਵਰਲਡ, ਚਿੜੀਆਂ-ਘਰਾਂ, ਬੀਚਾਂ, ਆਰਟ ਗੈਲਰੀਆਂ, ਜਲ ਜੀਵ ਸ਼ਾਲਾਵਾਂ ਅਤੇ ਅਜਾਇਬ ਘਰਾਂ ਲਈ ਵੀ ਮਸ਼ਹੂਰ ਹੈ। ਲੇਖਕ ਨੇ ਇਥੋਂ ਦੇ ਮਸ਼ਹੂਰ ਸ਼ਹਿਰਾਂ ਫੋਰਟ ਲੌਟਰਡੇਲ ਅਤੇ ਸੇਂਟ ਪੀਟਰਸਬਰਗ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ।
ਜਗਤ ਪ੍ਰਸਿੱਧ ਨਿਆਗਰਾ ਫਾਲਜ਼ ਕੁਦਰਤ ਦੀ ਬਹੁਤ ਹੀ ਖੂਬਸੂਰਤ ਨਾਯਾਬ ਰਚਨਾ ਹੈ, ਜਿਸ ਦੀ ਉਚਾਈ 51 ਮੀਟਰ ਅਤੇ ਚੌੜਾਈ 792 ਮੀਟਰ ਹੈ। ਇਥੇ ਇਕ ਸੈਕਿੰਡ ਵਿਚ ਲਗਭਗ 22,71,247 ਲੀਟਰ ਪਾਣੀ ਹੇਠਾਂ ਡਿਗਦਾ ਹੈ ਅਤੇ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਲੇਖਕ ਨੇ ਟੋਰਾਂਟੋ ਸ਼ਹਿਰ ਦੀਆਂ ਦਿਲਚਸਪ ਥਾਵਾਂ ਬਾਰੇ ਵੀ ਰੌਸ਼ਨੀ ਪਾਈ ਹੈ। ਇਥੋਂ ਦੀ ਵੰਡਰਲੈਂਡ ਪਾਰਕ ਵਿਚ 200 ਖੇਡਾਂ, 65 ਝੂਟੇ ਲੈਣ ਵਾਲੇ ਸਾਧਨ, 20 ਏਕੜ ਪਾਣੀ ਦੀਆਂ ਖੇਡਾਂ ਆਦਿ ਦੀ ਸਹੂਲਤ ਹੈ। ਕੁੱਲ ਮਿਲਾ ਕੇ ਇਹ ਪੁਸਤਕ ਬਹੁਤ ਹੀ ਲਾਭਦਾਇਕ ਸਮੱਗਰੀ ਨਾਲ ਸੁਸਜਿਤ ਹੈ। ਇਹ ਪੜ੍ਹਨਯੋਗ ਅਤੇ ਸਾਂਭਣਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367

ਬੋਲਦੇ ਅੱਖਰ
ਕਵੀ : ਲੈਫ. ਕਰਨਲ ਬਾਬੂ ਸਿੰਘ ਦੁੱਗ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 91.

ਬੋਲਦੇ ਅੱਖਰ, ਲੈਫ. ਕਰਨਲ ਬਾਬੂ ਸਿੰਘ ਦੁੱਗ ਹੋਰਾਂ ਦਾ ਤੀਸਰਾ ਕਾਵਿ ਸੰਗ੍ਰਹਿ ਹੈ। ਉਹ ਇਸ ਤੋਂ ਪਹਿਲਾਂ ਅੱਖਰਾਂ ਦੀ ਮਹਿਕ-ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। 38 ਸਾਲ 10 ਮਹੀਨੇ 10 ਦਿਨ, ਫ਼ੌਜ ਵਿਚ ਰਹਿੰਦਿਆਂ ਦੇਸ਼ ਦੀ ਸੇਵਾ ਕਰਦਿਆਂ ਵੱਖ-ਵੱਖ ਪ੍ਰਾਂਤਾਂ ਵਿਚ ਘੁੰਮਦਿਆਂ ਅਨੇਕਾਂ ਘਟਨਾਵਾਂ ਉਨ੍ਹਾਂ ਦੇ ਦ੍ਰਿਸ਼ਟੀਗੋਚਰ ਹੋਈਆਂ ਅਨੇਕਾਂ ਤ੍ਰਾਸਦੀਆਂ ਨੂੰ ਉਨ੍ਹਾਂ ਨੇ ਐਨਾ ਨੇੜਿਓਂ ਵੇਖਿਆ ਕਿ ਉਨ੍ਹਾਂ ਦੇ ਕਾਵਿਕ ਮਨ 'ਤੇ ਉਨ੍ਹਾਂ ਦਾ ਪ੍ਰਭਾਵ ਕਵਿਤਾਵਾਂ ਦਾ ਗਰਭ ਧਰਨ ਲੱਗ ਪਿਆ, ਘਰ ਪਰਿਵਾਰ ਤੋਂ ਦੂਰ ਮਿੱਤਰ ਪਿਆਰਿਆਂ ਤੋਂ ਦੂਰ, ਆਪਣਿਆਂ ਦੀ ਮੁਹੱਬਤ ਦੇ ਹੇਰਵੇ ਨੇ ਦੁੱਗ ਹੋਰਾਂ ਨੂੰ ਸ਼ਾਇਰਾਂ ਵਰਗਾ ਬਣਾ ਦਿੱਤਾ ਅਤੇ ਦੂਜਿਆਂ ਦੇ ਦੁੱਖ ਨੂੰ ਮਹਿਸੂਸਣ ਦੀ ਕਿਰਿਆ ਨੇ ਉਨ੍ਹਾਂ ਦੇ ਸੰਵੇਦਨਸ਼ੀਲ ਮਨ ਨੂੰ ਸ਼ਾਇਰ। ਉਹ ਆਪ ਲਿਖਦੇ ਹਨ ਕਿ ਇਸ ਪੁਸਤਕ ਵਿਚ ਪਿਆਰ ਮੁਹੱਬਤ, ਸਮਾਜਿਕ ਕੁਰੀਤੀਆਂ, ਚੁਣੌਤੀਆਂ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਅਟੱਲ ਸੱਚਾਈਆਂ, ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਿਹਾ ਨਿਘਾਰ, ਰਿਸ਼ਤਿਆਂ ਦੀ ਟੁੱਟ ਭੱਜ, ਰਿਸ਼ਵਤ ਖੋਰੀ, ਭਰੂਣ ਹੱਤਿਆ, ਨਸ਼ਿਆਂ ਦਾ ਵਧ ਰਿਹਾ ਰੁਝਾਨ, ਭ੍ਰਿਸ਼ਟ ਨਿਜ਼ਾਮ, ਅਮੀਰੀ/ਗ਼ਰੀਬੀ ਵਿਚ ਵਧ ਰਿਹਾ ਪਾੜਾ, ਪਾਣੀਆਂ ਦਾ ਸੁੱਕੀ ਜਾਣਾ, ਗਲੋਬਲ ਵਾਰਮਿੰਗ, ਦਾਜ ਪ੍ਰਥਾ ਮੁਕਦੀ ਜਾਂਦੀ ਇਨਸਾਨੀਅਤ ਨੂੰ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਤਸਵੀਰ ਪੁਸਤਕ ਵਿਚੋਂ ਸਪੱਸ਼ਟ ਨਜ਼ਰੀਂ ਵੀ ਆਉਂਦੀ ਹੈ ਪਰ ਮੁਹੱਬਤਾਈ ਰੰਗ ਵਧੇਰੇ ਭਾਰੂ ਹੈ ਕਿਉਂਕਿ ਜਦੋਂ ਦੁਨੀਆ ਮੁਹੱਬਤ ਵਿਚ ਰੰਗੀ ਜਾਵੇ ਤਾਂ ਬਹੁਤੀਆਂ ਸਮੱਸਿਆਵਾਂ ਆਪੇ ਹੀ ਹੱਲ ਹੋ ਜਾਂਦੀਆਂ ਹਨ, ਇਸੇ ਲਈ ਉਹ ਲਿਖਦੇ ਹਨ :
ਦਿਲ ਸਭ ਨੂੰ ਮਿਲਦਾ ਹੈ ਦਿਲਦਾਰ ਨਹੀਂ ਮਿਲਦਾ।
ਜੋ ਦਿਲ ਤੋਂ ਪਿਆਰ ਕਰੇ ਉਹ ਯਾਰ ਨਹੀਂ ਮਿਲਦਾ।
ਦਿਨੋਂ-ਦਿਨ ਵਧ ਰਹੇ ਬਾਬਿਆਂ ਦੇ ਡੇਰਿਆਂ ਤੋਂ ਕਿਸੇ ਚਮਤਕਾਰ ਰਾਹੀਂ ਆਪਣੇ ਦੁੱਖਾਂ-ਦਰਦਾਂ, ਕਲੇਸ਼ਾਂ ਤੋਂ ਨਿਜਾਤ ਪਾਉਣ ਦੀ ਆਸ ਰੱਖਣ ਵਾਲਿਆਂ ਨੂੰ ਉਹ ਸੁਚੇਤ ਕਰਦਿਆਂ ਲਿਖਦੇ ਹਨ :
ਛੱਡ ਝਗੜੇ ਝੇੜਿਆਂ ਨੂੰ ਸਭ ਝੂਠ ਬਖੇੜਿਆਂ ਨੂੰ,
ਬਾਬਿਆਂ ਦੇ ਡੇਰਿਆਂ ਤੋਂ ਚਮਤਕਾਰ ਨਹੀਂ ਮਿਲਦਾ।
ਦੁੱਗ ਹੋਰਾਂ ਦੇ ਉਸਤਾਦ ਜਨਾਬ ਦੇਸ ਰਾਜ ਜੀਤ ਲਿਖਦੇ ਹਨ, 'ਬਾਬੂ ਸਿੰਘ ਦੀ ਰੂਹ ਵਿਚ ਸ਼ਾਇਰੀ ਹੈ, ਉਹ ਜਿਵੇਂ ਪੈਦਾ ਹੋਵੇ, ਉਸੇ ਹਾਲਤ ਵਿਚ ਪੇਸ਼ ਕਰ ਦਿੰਦਾ ਹੈ।' ਇਕ ਉਸਤਾਦ ਸ਼ਾਇਰ ਵੱਲੋਂ ਆਪਣੇ ਸ਼ਾਗਿਰਦ ਨੂੰ ਅਜਿਹੀ ਖੁੱਲ੍ਹ ਦੇਣੀ ਕਿੰਨੀ ਕੁ ਵਾਜਿਬ ਹੈ? ਇਹੀ ਕਾਰਨ ਹੈ ਕਿ ਬਹੁਤ ਸਾਰੇ ਸ਼ਬਦਾਂ ਦੇ ਵਜ਼ਨ ਗ਼ਲਤ ਨਜ਼ਮ ਕੀਤੇ ਹੋਏ ਹਨ, ਚਲੋ ਦੁੱਗ ਹੋਰਾਂ ਦੇ ਇਸ ਸ਼ਿਅਰ ਨਾਲ ਮੈਂ ਜੀ ਆਇਆਂ ਆਖਦਾ ਹਾਂ। ਬੋਲਦੇ ਅੱਖਰ ਪੁਸਤਕ ਨੂੰ
ਤੂੰ ਤੂੰ ਮੈਂ ਮੈਂ ਕਰਕੇ ਦਿਲ ਪਰਚਾ ਲੈਂਦੇ ਹਾਂ
ਤੱਤੀਆਂ ਠੰਢੀਆਂ ਸੁਣਦੇ ਅਤੇ ਸੁਣਾ ਲੈਂਦੇ ਹਾਂ।

-ਰਾਜਿੰਦਰ ਪਰਦੇਸੀ
ਮੋ: 93576-41552

ਅੱਖੀਂ ਡਿੱਠਾ ਭਾਰਤ
ਲੇਖਕ : ਆਤਮਾ ਸਿੰਘ ਬਰਾੜ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 318.

ਆਤਮਾ ਸਿੰਘ ਬਰਾੜ ਨੂੰ ਬ੍ਰਿਟਿਸ਼ ਏਅਰ ਲਾਈਨਜ਼ ਵਿਚ ਮੁਲਾਜ਼ਮਤ ਦੌਰਾਨ ਦੁਨੀਆ ਵੇਖਣ ਦੇ ਅਵਸਰ ਮਿਲੇ। ਇਹ ਅਵਸਰ ਉਸ ਨੇ ਖੂਬ ਵਰਤੇ ਅਤੇ ਰੰਗ-ਬਰੰਗੀ ਦੁਨੀਆ ਨੂੰ ਘੁੰਮ-ਫਿਰ ਕੇ ਵੇਖਣ ਸਮਝਣ ਨੂੰ ਉਸ ਨੇ ਆਪਣਾ ਸ਼ੌਕ ਬਣਾ ਲਿਆ। ਏਅਰ ਲਾਈਨਜ਼ ਨੇ ਉਸ ਨੂੰ ਸਮੇਂ-ਸਮੇਂ ਮੁਫ਼ਤ ਟਿਕਟਾਂ ਵੀ ਦਿੱਤੀਆਂ ਅਤੇ ਖਾਸੇ ਕਨਸੈਸ਼ਨ ਵੀ। ਇਨ੍ਹਾਂ ਸੁਵਿਧਾਵਾਂ ਦਾ ਲਾਭ ਉਠਾ ਕੇ ਉਸ ਨੇ ਦੁਨੀਆ ਦੇ ਸੈਂਕੜੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਅਫਰੀਕਾ, ਏਸ਼ੀਆ ਬਾਰੇ ਕਿਤਾਬਾਂ ਲਿਖੀਆਂ। ਸੰਸਾਰ ਦੇ ਅਜੂਬਿਆਂ ਨੂੰ ਅੱਖੀਂ ਵੇਖ ਕੇ ਉਨ੍ਹਾਂ ਬਾਰੇ ਲਿਖਿਆ। ਇਸ ਪੁਸਤਕ ਵਿਚ ਉਸ ਨੇ ਸਮੁੱਚੇ ਭਾਰਤ ਦੇ ਦਰਸ਼ਨ ਆਪ ਕਰਕੇ ਪਾਠਕਾਂ ਨੂੰ ਕਰਵਾਏ ਹਨ। ਲੇਖਕ ਦੀ ਇਸ ਲਿਖਤ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਧਿਆਨ ਦੇਣਯੋਗ ਹਨ। ਉਹ ਕੇਵਲ ਸਤਹੀ ਭੌਤਿਕ, ਭੂਗੋਲਿਕ, ਸਮਾਜਿਕ ਵੇਰਵਿਆਂ ਤੱਕ ਸੀਮਤ ਨਹੀਂ ਰਹਿੰਦਾ। ਉਹ ਸਮੇਂ ਸਥਾਨ ਦੀ ਗੱਲ ਇਤਿਹਾਸਕ ਪ੍ਰਸੰਗਾਂ ਵਿਚ ਚੇਤੰਨ ਇਤਿਹਾਸਕ ਦ੍ਰਿਸ਼ਟੀ ਨਾਲ ਕਰਦਾ ਹੈ। ਇਹ ਦ੍ਰਿਸ਼ਟੀ ਸੁਹਿਰਦ ਤੇ ਜਨ-ਸਾਧਾਰਨ ਦੇ ਹਿਤ ਵਾਲੀ ਹੈ। ਜ਼ਾਲਮ, ਜ਼ੁਲਮ, ਅਨਿਆਂ, ਦਮਨ ਦੇ ਵਿਰੁੱਧ। ਹਰ ਥਾਂ ਉਹ ਲੋਕ ਹਿਤੂ ਸ਼ਕਤੀਆਂ ਦੀ ਗੱਲ ਕਰਦਾ ਹੈ। ਉਨ੍ਹਾਂ ਨੂੰ ਅਗਰਭੂਮਿਤ ਕਰਨ ਦਾ ਯਤਨ ਕਰਦਾ ਹੈ।
ਇਸ ਪੁਸਤਕ ਦੀ ਦੂਜੀ ਖ਼ਾਸੀਅਤ ਭੂਗੋਲਿਕ, ਸਮਾਜਿਕ ਵਿਸਤਾਰਾਂ, ਵੇਰਵਿਆਂ ਤੇ ਅੰਕੜਿਆਂ ਨੂੰ ਲਿਖਤ ਵਿਚ ਥਾਂ ਦੇਣ ਦੀ ਰੁਚੀ ਹੈ। ਇਸ ਦੇ ਬਿਰਤਾਂਤ ਦੀਆਂ ਨਿੱਜੀ ਛੋਹਾਂ ਦੇਖਣਯੋਗ ਥਾਵਾਂ ਦੇ ਅੱਖੀਂ ਡਿੱਠੇ ਵੇਰਵੇ ਦੇਣ ਕਾਰਨ ਪੜ੍ਹਨ, ਮਾਣਨਯੋਗ ਵਾਰਤਕ ਦਾ ਰੂਪ ਧਾਰ ਗਏ ਹਨ। ਲੇਖਕ ਵਿਭਿੰਨ ਪ੍ਰਾਂਤਾਂ, ਸ਼ਹਿਰਾਂ, ਇਮਾਰਤਾਂ ਤੇ ਯਾਦਗਾਰੀ ਥਾਵਾਂ ਦੇ ਵਰਤਮਾਨ ਤੱਕ ਸੀਮਤ ਨਹੀਂ ਰਹਿੰਦਾ। ਉਹ ਦੂਰ ਅਤੀਤ ਤੱਕ ਪਾਠਕਾਂ ਦੀ ਝਾਤ ਪਵਾਉਂਦਾ ਹੈ। ਬਰਾੜ ਦੀ ਇਹ ਪੁਸਤਕ ਪਾਠਕਾਂ ਨੂੰ ਆਪ ਭਾਰਤ ਘੁੰਮ-ਫਿਰ ਕੇ ਵੇਖਣ ਲਈ ਉਤਸ਼ਾਹਿਤ ਕਰਦੀ ਹੈ। ਉਹ ਵੱਖ-ਵੱਖ ਧਰਮਾਂ, ਜਾਤਾਂ, ਭਾਸ਼ਾਵਾਂ, ਵਰਗਾਂ, ਵਿਚਾਰਾਂ ਦੇ ਲੋਕਾਂ ਨੂੰ ਖੁੱਲ੍ਹੇ ਮਨ ਨਾਲ ਮਿਲਦਾ ਹੈ। ਉਨ੍ਹਾਂ ਨਾਲ ਸੰਵਾਦ ਤੋਂ ਸਿੱਖਦਾ ਸਮਝਾਉਂਦਾ ਹੈ ਤੇ ਪਾਠਕ ਨੂੰ ਵੀ ਬਹੁਤ ਕੁਝ ਨਵਾਂ ਦੱਸਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਮੰਟੋ ਜ਼ਿੰਦਾ ਹੈ
ਮੂਲ ਲੇਖਕ : ਨਰੇਂਦਰ ਮੋਹਨ
ਅਨੁਵਾਦਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਮਾਈ ਹੀਰਾਂ ਗੇਟ, ਜਲੰਧਰ
ਮੁੱਲ : 350 ਰੁਪਏ, ਸਫ਼ੇ : 192.

ਨਰੇਂਦਰ ਮੋਹਨ ਹਿੰਦੀ ਸਾਹਿਤ ਦੇ ਪ੍ਰਸਿੱਧ ਕਵੀ, ਨਾਟਕਕਾਰ ਅਤੇ ਆਲੋਚਕ ਹਨ। ਭਾਰਤ ਅਤੇ ਪਾਕਿਸਤਾਨ 15 ਅਗਸਤ, 1947 ਈ: ਨੂੰ ਸੁਤੰਤਰਤਾ ਪ੍ਰਾਪਤ ਕਰਕੇ ਭਾਵੇਂ ਦੋ ਵੱਖ-ਵੱਖ ਦੇਸ਼ ਬਣ ਗਏ ਪ੍ਰੰਤੂ ਸਆਦਤ ਹਸਨ ਮੰਟੋ, 18 ਜਨਵਰੀ, 1955 ਵਿਖੇ ਪਰਲੋਕ ਸਿਧਾਰਨ ਪਿੱਛੋਂ ਵੀ ਦੋਵਾਂ ਦੇਸ਼ਾਂ ਦਾ ਸਾਂਝਾ ਲੇਖਕ ਮੰਨਿਆ ਗਿਆ, ਜਿਹੜਾ ਅੱਜ ਵੀ ਪਾਠਕਾਂ ਦੇ ਮਨਾਂ ਅੰਦਰ ਜਿਊਂਦਾ ਹੈ। ਦੇਸ ਰਾਜ ਕਾਲੀ ਦੀ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਬਹੁਤ ਵੱਡੀ ਸੇਵਾ ਹੈ। ਇਸ ਪੁਸਤਕ ਦੇ 17 ਅਧਿਆਇ ਹਨ। ਹਰ ਅਧਿਆਇ ਸਆਦਤ ਹਸਨ ਮੰਟੋ ਦੀ ਜੀਵਨੀ ਦੇ ਵੱਖ-ਵੱਖ ਸਮੇਂ ਦਾ ਵਿਸਥਾਰ ਸਹਿਤ ਉਲੇਖ ਕਰਦਾ ਹੈ। ਨਰੇਂਦਰ ਮੋਹਨ ਦਾ ਮੰਟੋ ਸਬੰਧੀ ਖੋਜ ਕਰਕੇ ਲਿਖਣਾ ਉਸ ਦੇ ਜੀਵਨ ਦੀਆਂ ਅਨੇਕਾਂ ਪਰਤਾਂ ਨੂੰ ਖੋਲ੍ਹਦਾ ਹੈ। ਨਰੇਂਦਰ ਮੋਹਨ, ਮੰਟੋ ਦੀ ਇਹ ਜੀਵਨ-ਕਹਾਣੀ ਲਿਖਦਾ, ਇਕ ਖੋਜੀ, ਇਕ ਇਤਿਹਾਸਕਾਰ, ਇਕ ਮਨੋਵਿਗਿਆਨੀ ਡਾਕਟਰ ਅਤੇ ਇਕ ਨਿਰਪੱਖ ਆਲੋਚਕ ਲਗਦਾ ਹੈ। ਲੇਖਕ, ਮੰਟੋ ਦੀ ਅਸਲੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਸ ਦੀਆਂ ਕਮਜ਼ੋਰੀਆਂ ਅਤੇ ਖੂਬੀਆਂ ਦਾ ਖੁੱਲ੍ਹ ਕੇ ਜ਼ਿਕਰ ਕਰਦਾ ਹੈ, ਜਿਵੇਂ ਉਸ ਦੇ ਸ਼ਬਦਾਂ ਵਿਚ 'ਮੰਟੋ ਵਿਚ ਵਿਰੋਧੀ-ਧਾਰਾਵਾਂ ਦਾ ਜ਼ਬਰਦਸਤ ਟਕਰਾਅ ਹੈ, ਨਾਲ ਹੀ ਗਿਆਨ ਅਤੇ ਸੰਵੇਦਨਾ ਦਾ ਅਦਭੁੱਤ ਮੇਲ ਹੈ।' ਹੋਰ ਅਨੇਕਾਂ ਭੇਦ,ਗੁਣ : ਔਗਣ ਹਨ, ਉਹ ਨਿਰਪੱਖ ਹੋ ਕੇ ਲਿਖਦਾ ਹੈ। ਨਰੇਂਦਰ ਮੋਹਨ ਨੇ ਸਆਦਤ ਹਸਨ ਮੰਟੋ ਸਬੰਧੀ 'ਜਿਹੜੇ ਦੋਸ਼-ਆਰੋਪਣ' ਉਸ ਉੱਪਰ ਲਗਦੇ ਰਹੇ ਹਨ, ਉਨ੍ਹਾਂ ਸਬੰਧੀ ਨਵੇਂ ਸਪੱਸ਼ਟੀਕਰਨ ਦਿੱਤੇ ਹਨ। ਮੰਟੋ ਸਬੰਧੀ ਹਰ ਪ੍ਰਕਾਰ ਦੀ ਭਰਪੂਰ ਜਾਣਕਾਰੀ ਦੇਣ ਵਾਲੀ ਇਹ ਪੁਸਤਕ ਪੰਜਾਬੀ ਸਾਹਿਤ ਦੇ ਕਹਾਣੀਕਾਰਾਂ, ਪਾਠਕਾਂ ਲਈ ਅਮੁੱਲ ਰਚਨਾ ਹੈ, ਜਿਸ ਨੂੰ ਪੜ੍ਹ ਕੇ ਅਸੀਂ ਉਸ ਸਮੇਂ ਦੇ ਲੇਖਕਾਂ, ਸਾਹਿਤਕਾਰਾਂ, ਰਸਾਲਿਆਂ, ਅਦਬੀ ਤੇ ਫ਼ਿਲਮੀ ਹਸਤੀਆਂ ਸਬੰਧੀ ਭਰਪੂਰ ਵਾਕਫ਼ੀ ਪ੍ਰਾਪਤ ਕਰ ਸਕਦੇ ਹਾਂ। ਅਨੁਵਾਦਕ ਨੇ ਪੰਜਾਬੀ ਭਾਸ਼ਾ ਵਿਚ ਸ਼ਬਦਾਂ, ਵਾਕਾਂ, ਪਹਿਰਿਆਂ ਦੀ ਖੂਬਸੂਰਤੀ ਬਣਾਈ ਰੱਖਣ ਲਈ ਉਰਦੂ, ਫ਼ਾਰਸੀ, ਅਰਬੀ ਦੇ ਅਸਲ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਹੜੇ ਨਵੇਂ ਪਾਠਕਾਂ ਨੂੰ ਘੱਟ ਸਮਝ ਆਉਂਦੇ ਹਨ।

-ਡਾ: ਅਮਰ ਕੋਮਲ
ਮੋ: 8437873565.

ਹਾਸਾ, ਹੰਝੂ ਤੇ ਦੀਵਾਨਾ
ਲੇਖਕ : ਖ਼ਲੀਲ ਜਿਬਰਾਨ
ਅਨੁਵਾਦਕ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 144.

ਖ਼ਲੀਲ ਜਿਬਰਾਨ (1883-1931) ਇਕ ਸੰਸਾਰ ਪ੍ਰਸਿੱਧ ਕਵੀ, ਪੇਂਟਰ, ਲੇਖਕ, ਦਾਰਸ਼ਨਿਕ, ਧਰਮ-ਸ਼ਾਸਤਰੀ ਅਤੇ ਰਾਜਨੀਤਕ ਚਿੰਤਕ ਸੀ। ਉਸ ਦਾ ਜਨਮ ਤਾਂ ਭਾਵੇਂ ਲਿਬਨਾਨ ਵਿਚ ਹੋਇਆ ਪਰ ਉਸ ਦੀ ਆਯੂ ਦਾ ਬਹੁਤਾ ਸਮਾਂ ਅਮਰੀਕਾ ਵਿਚ ਬਤੀਤ ਹੋਇਆ। ਸੰਸਾਰ ਵਿਚ ਉਸ ਦੀ ਪ੍ਰਸਿੱਧੀ 'ਦ ਪਰੌਫ਼ਿਟ' ਅਤੇ 'ਬਰੋਕਨ ਵਿੰਗਜ਼' ਕਰਕੇ ਜ਼ਿਆਦਾ ਹੈ। ਡਾ: ਵਾਡੀਆ ਨੇ ਇਸ ਪੁਸਤਕ ਵਿਚ ਦੋ ਪੁਸਤਕਾਂ ਦਾ ਅਨੁਵਾਦ ਪੇਸ਼ ਕੀਤਾ ਹੈ। ਟੀਅਰਜ਼ ਐਂਡ ਲਾਫ਼ਟਰ (ਹਾਸਾ ਤੇ ਹੰਝੂ), ਦ ਮੈਡ ਮੈਨ (ਦੀਵਾਨਾ) ਇੰਜ ਹਾਸਾ ਤੇ ਹੰਝੂ ਵਿਚ 30 ਰਚਨਾਵਾਂ ਅਤੇ ਦੀਵਾਨਾ ਵਿਚ 35 ਰਚਨਾਵਾਂ ਦਾ ਅਨੁਵਾਦ ਪੇਸ਼ ਹੈ। ਇਨ੍ਹਾਂ ਰਚਨਾਵਾਂ ਵਿਚ ਵਾਰਤਕ ਅਤੇ ਕਵਿਤਾ ਦੋਵਾਂ ਮੁੱਖ ਵਿਧਾਵਾਂ ਦਾ ਤਰਜਮਾ ਪ੍ਰਸਤੁਤ ਕੀਤਾ ਗਿਆ ਹੈ। ਇਨ੍ਹਾਂ ਵਿਚ ਨੀਤੀ ਕਥਾਵਾਂ, ਦ੍ਰਿਸ਼ਟਾਂਤ ਰੂਪੀ ਕਥਾਵਾਂ, ਕਹਾਵਤਾਂ ਅਤੇ ਰੂਹਾਨੀ ਹਕੀਕਤ ਵਾਲੀਆਂ ਕਥਾਵਾਂ ਸੰਮਿਲਤ ਹਨ। ਸੂਤਰ-ਬੱਧ ਕਥਨ ਇਨ੍ਹਾਂ ਦਾ ਉਘੜਵਾਂ ਲੱਛਣ ਹੈ। ਅਨੇਕਾਂ ਥਾਵਾਂ 'ਤੇ ਡਾ: ਵਾਡੀਆ ਦਾ ਉਲੱਥਾ ਅਲੰਕ੍ਰਿਤ ਸ਼ੈਲੀ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ। ਕਵਿਤਾਵਾਂ ਦੇ ਅਨੁਵਾਦ ਏਨੇ ਮਨਮੋਹਕ ਹਨ ਕਿ ਇਹ ਅਨੁਵਾਦ ਦੀ ਥਾਂ ਪੰਜਾਬੀ ਦੀਆਂ ਮੌਲਿਕ ਰਚਨਾਵਾਂ ਪ੍ਰਤੀਤ ਹੁੰਦੀਆਂ ਹਨ। ਇਸ ਪੁਸਤਕ ਦੀ ਗਹਿਨ ਸੰਰਚਨਾ ਨੂੰ ਸਮਝਦਿਆਂ ਪਤਾ ਚਲਦਾ ਹੈ ਕਿ ਖ਼ਲੀਲ ਜਿਬਰਾਨ ਦਾ ਪ੍ਰਕਿਰਤੀ ਪਿਆਰ ਵਰਡਜ਼ਵਰਥ ਦੇ ਅਨੁਰੂਪ ਹੈ ਕਿਉਂਕਿ ਉਹ ਕੁਦਰਤ ਵਿਚੋਂ ਕਾਦਰ ਦੇ ਦਰਸ਼ਨ ਵੀ ਕਰਦਾ ਹੈ ਅਤੇ ਇਸ ਦੁਆਰਾ ਆਪਣੇ ਸਵੈ ਨੂੰ ਵੀ ਸਮਝਦਾ ਹੈ। ਉਸ ਦੀ ਵਿਚਾਰ-ਪ੍ਰਸਤੁਤੀ ਦੀ ਵਿਧੀ ਦਾ ਉਘੜਵਾਂ ਲੱਛਣ ਤੁਲਨਾਤਮਕ ਹੈ ਮਸਲਨ : ਅਮੀਰੀ ਬਨਾਮ ਗ਼ਰੀਬੀ; ਰੁੱਤ-ਤੁਲਨਾ; ਮਾਇਆ ਬਨਾਮ ਦੈਵੀ ਆਨੰਦ; ਤਬਾਹੀ ਬਨਾਮ ਪੁਨਰ-ਉਸਾਰੀ; ਖੁਸ਼ੀ ਬਨਾਮ ਗ਼ਮੀ; ਨੇਕ ਬਨਾਮ ਅਪਰਾਧੀ; ਜੀਵਤ ਬਨਾਮ ਮ੍ਰਿਤਕ ਕਵੀ ਆਦਿ। ਪੰਜਾਬੀ ਪਾਠਕਾਂ ਦੀ ਸੌਖ ਲਈ ਕੁਝ ਇਤਿਹਾਸਕ ਮਿਥਿਹਾਸਕ ਹਵਾਲੇ (ਫੁਟ ਨੋਟ) ਦੇਣੇ ਠੀਕ ਰਹਿਣੇ ਸਨ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਮਾਨਤਾ ਤੇ ਮਨੁੱਖ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 110 ਰੁਪਏ, ਸਫ਼ੇ : 86.

ਰਾਮ ਨਾਥ ਸ਼ੁਕਲਾ ਕਈ ਵਰ੍ਹਿਆਂ ਤੋਂ ਨਿਰੰਤਰ ਸਿਰਜਣਾ ਕਰਨ ਵਾਲਾ ਸਰਬਾਂਗੀ ਲੇਖਕ ਹੈ। ਉਸ ਨੇ ਕਵਿਤਾ, ਨਾਵਲ ਤੇ ਵਾਰਤਕ ਲਿਖਣ ਵਿਚ ਕਾਫੀ ਮੁਹਾਰਤ ਹਾਸਲ ਕੀਤੀ ਹੈ। ਉਹ ਆਪਣੀ ਸਿਰਜਣਾ ਰਾਹੀਂ ਪੰਜਾਬੀ ਦੇ ਵਿਸ਼ਾਲ ਪਾਠਕ-ਜਗਤ ਨਾਲ ਜੁੜਿਆ ਹੋਇਆ ਹੈ।
ਹੱਥਲੀ ਪੁਸਤਕ 'ਮਾਨਤਾ ਤੇ ਮਨੁੱਖ' ਮਨੁੱਖ ਅਤੇ ਮਾਨਤਾ ਦੇ ਰਿਸ਼ਤੇ ਨੂੰ ਵੱਖ-ਵੱਖ ਕੋਣਾਂ ਅਤੇ ਵੱਖੋ-ਵੱਖਰੀਆਂ ਦ੍ਰਿਸ਼ਟੀਆਂ ਤੋਂ ਨਿਰਖਣ-ਪਰਖਣ ਦਾ ਉਪਰਾਲਾ ਹੈ। ਮਨੁੱਖ ਚਿੰਤਨਸ਼ੀਲ ਜੀਵ ਹੈ। ਆਪਣੇ-ਆਪ ਨੂੰ ਪ੍ਰਮੁੱਖ ਬਣਾਉਣ ਤੇ ਸਮਝਣ ਲਈ ਉਹ ਮਾਨਤਾ ਦਾ ਸਹਾਰਾ ਲੈਂਦਾ ਹੈ। ਮਨੁੱਖ ਮਾਨਤਾ ਦਾ ਭੁੱਖਾ ਹੈ। ਮਾਨਤਾ ਮਿਲਣ 'ਤੇ ਫੁੱਲ ਕੇ ਕੁੱਪਾ ਹੋ ਜਾਂਦਾ ਹੈ, ਨਾ ਮਿਲਣ 'ਤੇ ਉਦਾਸ ਅਤੇ ਦੁਖੀ ਹੁੰਦਾ ਹੈ। ਇਸ ਪੁਸਤਕ ਵਿਚਲੇ 12 ਲੇਖਾਂ ਰਾਹੀਂ ਸ਼ੁਕਲਾ ਮਾਨਤਾ ਅਤੇ ਮਨੁੱਖ ਦੇ ਆਪਸੀ ਰਿਸ਼ਤੇ ਨੂੰ ਸਮਝਣ ਸਮਝਾਉਣ ਦਾ ਯਤਨ ਕਰਦਾ ਹੈ। ਆਪਣਿਆਂ ਵੱਲੋਂ, ਬਰਾਬਰ ਵਾਲਿਆਂ ਵੱਲੋਂ, ਨੀਵਿਆਂ ਤੇ ਉੱਚਿਆਂ ਵੱਲੋਂ ਮਾਨਤਾ ਮਿਲਣ ਦੇ ਕੀ ਮਾਪਦੰਡ ਹਨ? ਮਰਨ ਉਪਰੰਤ ਮਾਨਤਾ ਕਿਵੇਂ ਮਿਲਦੀ ਹੈ? ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਮਾਨਤਾ ਦੇ ਕੀ ਉਦੇਸ਼ ਹਨ? ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਸ਼ੁਕਲਾ ਤਰਕ ਰਾਹੀਂ ਦੇਣ ਦੇ ਆਹਰ 'ਚ ਹੈ। ਮਾਨਤਾ ਤੇ ਸਮਾਨਤਾ ਕੀ ਹੁੰਦੀ ਹੈ ਤੇ ਸਰਵਪੱਖੀ ਮਾਨਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਹ ਇਤਿਹਾਸਕ, ਮਿਥਿਹਾਸਕ ਤੇ ਲੋਕ ਬਾਤਾਂ ਦਾ ਸਹਾਰਾ ਲੈਂਦਾ ਹੈ। ਬੀਤੇ ਦੀਆਂ ਘਟਨਾਵਾਂ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਦੇ ਲੋਕ ਮੁਹਾਵਰੇ ਦੀ ਵਰਤੋਂ ਕਰਕੇ ਉਹ ਆਪਣੇ ਲੇਖਾਂ ਨੂੰ ਉਚਿਤ ਮਾਪਦੰਡ ਤਾਂ ਦਿੰਦਾ ਹੀ ਹੈ, ਉਨ੍ਹਾਂ ਵਿਚ ਲੋੜੀਂਦੀ ਰੌਚਿਕਤਾ ਨੂੰ ਪੈਦਾ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050

12-7-2014

 ਗ਼ਰੌਸਰੀ
ਲੇਖਕ : ਸਾਥੀ ਲੁਧਿਆਣਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 200.

1960 ਈ: ਤੋਂ ਬਾਅਦ ਜਿਵੇਂ ਹੀ ਸਾਹਿਤ ਪੜ੍ਹਨ ਦਾ ਸ਼ੌਕ ਪੈਦਾ ਹੋਇਆ, ਸਾਥੀ ਲੁਧਿਆਣਵੀ ਦਾ ਨਾਂਅ ਮੇਰੇ ਜ਼ਿਹਨ ਵਿਚ ਪੱਕੀ ਤਰ੍ਹਾਂ ਨਾਲ ਅੰਕਿਤ ਹੋ ਗਿਆ ਸੀ। ਭਾਵੇਂ ਉਨ੍ਹਾਂ ਦਿਨਾਂ ਵਿਚ ਸਾਹਿਰ ਲੁਧਿਆਣਵੀ ਦਾ ਨਾਂਅ ਹਰ ਹਿੰਦੁਸਤਾਨੀ ਦੀ ਜ਼ਬਾਨ ਉੱਪਰ ਚੜ੍ਹਿਆ ਹੋਇਆ ਸੀ ਅਤੇ ਨੁਕਤਾਚੀਨ ਲੋਕ ਇਹ ਕਹਿ ਸਕਦੇ ਸਨ ਕਿ ਸਾਥੀ ਲੁਧਿਆਣਵੀ ਨੇ ਸਾਹਿਰ ਦੇ ਨਾਂਅ ਦੀ ਨਕਲ ਕੀਤੀ ਹੈ ਪ੍ਰੰਤੂ ਸਾਥੀ ਦੀ ਕਲਮ ਵਿਚ ਏਨੀ ਸ਼ਕਤੀ ਸੀ ਕਿ ਕਦੇ ਵੀ ਉਸ ਨੂੰ ਸਾਹਿਰ ਦਾ ਨਕਲਚੀ ਨਾ ਮੰਨਿਆ ਗਿਆ। 'ਸਮੁੰਦਰੋਂ ਪਾਰ' ਵਰਗਾ ਕਾਲਮ ਲਿਖਣ ਵਾਲਾ ਅਤੇ ਉਹ ਵੀ ਪ੍ਰੀਤਲੜੀ ਵਰਗੇ ਪ੍ਰਸਿੱਧ ਪਰਚੇ ਵਿਚ; ਅਜਿਹੇ ਸੰਭਾਵਨਾਪੂਰਨ ਸ਼ਖ਼ਸ ਦੀ ਲੇਖਣੀ ਉੱਪਰ ਭਲਾ ਕਿਹੜਾ ਕੰਬਖਤ ਉਂਗਲ ਧਰ ਸਕਦਾ ਸੀ? ਗੱਲ ਕੀ, ਸਾਥੀ ਲੁਧਿਆਣਵੀ ਪਿਛਲੇ ਛੇ ਦਹਾਕਿਆਂ ਤੋਂ ਸਾਡਾ ਹਰਮਨ-ਪਿਆਰਾ ਵਾਰਤਾਕਾਰ ਬਣਿਆ ਰਿਹਾ ਹੈ।
ਪਰ ਇਸੇ ਦੌਰਾਨ ਪੰਜਾਬੀ ਸਾਹਿਤ ਵਿਚ ਕੁਝ ਅਜਬ ਤਬਦੀਲੀਆਂ ਵਾਪਰੀਆਂ। ਪੰਜ ਦਰਿਆ, ਕਵਿਤਾ ਅਤੇ ਆਰਸੀ ਵਰਗੇ ਪ੍ਰਮੁੱਖ ਪਰਚੇ ਇਕ-ਇਕ ਕਰਕੇ ਬੰਦ ਹੋ ਗਏ। ਸਾਥੀ ਲੁਧਿਆਣਵੀ ਨਾਲੋਂ ਵੀ ਸੰਪਰਕ ਟੁੱਟ ਗਿਆ। ਹੁਣ ਜਦੋਂ 'ਗਰੌਸਰੀ' ਪੁਸਤਕ ਵਿਚਲੀਆਂ ਕਹਾਣੀਆਂ ਪੜ੍ਹੀਆਂ ਤਾਂ ਇਹ ਦੇਖ ਕੇ ਬੜਾ ਸੁਖਦ ਅਸਚਰਜ ਹੋਇਆ ਕਿ ਅਜੇ ਵੀ ਉਸ ਦਾ ਅਨੁਭਵ ਓਨਾ ਹੀ ਤੀਖਣ ਅਤੇ ਚੇਤੰਨ ਹੈ, ਜਿੰਨਾ ਸੱਠਵਿਆਂ ਵਿਚ ਹੋਇਆ ਕਰਦਾ ਸੀ। ਇਸ ਸੰਗ੍ਰਹਿ ਵਿਚ ਉਸ ਦੀਆਂ 21 ਕਹਾਣੀਆਂ ਸੰਕਲਿਤ ਹਨ, ਜਿਹੜੀਆਂ ਉਸ ਨੇ ਪਿਛਲੇ ਡੇਢ-ਦੋ ਦਹਾਕਿਆਂ ਵਿਚ ਲਿਖੀਆਂ ਹਨ। ਸਾਥੀ ਲੁਧਿਆਣਵੀ ਦੀਆਂ ਇਨ੍ਹਾਂ ਕਹਾਣੀਆਂ ਵਿਚ ਪਰਵਾਸੀ ਜੀਵਨ ਦੇ ਵਿਭਿੰਨ ਵੇਰਵੇ ਬੜੇ ਕਲਾਤਮਿਕ ਢੰਗ ਨਾਲ ਰੂਪਮਾਨ ਹੋਏ ਹਨ। ਉਸ ਨੂੰ ਨਿੱਕੀ ਕਹਾਣੀ ਦੀ ਤਕਨੀਕ ਉੱਪਰ ਵੀ ਪੂਰਾ ਅਧਿਕਾਰ ਹੈ ਅਤੇ ਉਸ ਦੀ ਇਹ ਧਾਰਨਾ ਬੜੀ ਸਹੀ ਹੈ ਕਿ ਨਿੱਕੀ ਕਹਾਣੀ ਨੂੰ 'ਨਿੱਕੀ' ਹੀ ਹੋਣਾ ਚਾਹੀਦਾ ਹੈ, ਕਿਉਂਕਿ ਲੰਮੀ ਕਹਾਣੀ ਨਾਵਲੈਟ ਦਾ ਰੂਪ ਧਾਰਨ ਕਰ ਜਾਂਦੀ ਹੈ। ਉਸ ਦੀ ਹਰ ਕਹਾਣੀ ਸੂਤਰਬੱਧ ਅਤੇ ਸੁਝਾਊ ਅੰਤ ਵਾਲੀ ਹੈ।
ਕਹਾਣੀਕਾਰ ਦੁਖਾਂਤਕ ਅਤੇ ਸੁਖਾਂਤਕ ਦੋਵਾਂ ਪ੍ਰਕਾਰ ਦੀਆਂ ਕਹਾਣੀਆਂ ਪ੍ਰਤੀ ਇਕੋ ਜਿਹਾ ਨਜ਼ਰੀਆ ਰੱਖਦਾ ਹੈ। ਉਸ ਨੇ ਪਰਵਾਸੀ ਜੀਵਨ ਦੇ ਮਹੱਤਵਪੂਰਨ ਵੇਰਵਿਆਂ ਨੂੰ ਆਪਣੀਆਂ ਕਹਾਣੀਆਂ ਦੀ ਵਸਤੂ-ਸਮੱਗਰੀ ਬਣਾਇਆ ਹੈ। ਇਨ੍ਹਾਂ ਕਹਾਣੀਆਂ ਦੇ ਬਹੁਤੇ (ਬਜ਼ੁਰਗ) ਪਾਤਰ, ਆਪਣੇ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਸਲਾਮਤ/ਬਰਕਰਾਰ ਰੱਖਣਾ ਲੋਚਦੇ ਹਨ। ਉਹ ਇਸ ਤੱਥ ਬਾਰੇ ਚੇਤੰਨ ਨਹੀਂ ਹਨ ਕਿ ਹਰ ਸੱਭਿਆਚਾਰ ਆਪਣੇ ਆਲੇ-ਦੁਆਲੇ ਦੇ ਇਕਾਲੋਜੀਕਲ ਅਤੇ ਆਰਥਿਕ ਦਬਾਵਾਂ ਨਾਲ ਬਰ ਮੇਚਣ (ਫਰਬਕ) ਵਿਚੋਂ ਪੈਦਾ ਹੁੰਦਾ ਹੈ। ਜਦੋਂ ਇਕਾਲੋਜੀਕਲ ਅਤੇ ਆਰਥਿਕ ਸਥਿਤੀਆਂ ਬਦਲ ਜਾਂਦੀਆਂ ਹਨ ਤਾਂ ਪੁਰਾਣੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਢੋਈ ਜਾਣਾ ਨਾ ਤਾਂ ਸੰਭਵ ਹੁੰਦਾ ਹੈ ਅਤੇ ਨਾ ਤਰਕਸੰਗਤ। ਲੇਖਕ ਨੇ ਪੱਛਮੀ ਸੱਭਿਆਚਾਰ ਵਿਚ ਜੰਮੀ-ਪਲੀ ਜਾਂ ਟਰਾਂਸਪਲਾਂਟ ਕਰ ਦਿੱਤੀ ਗਈ ਪੰਜਾਬੀ ਨਾਰੀ ਦੀ ਸ਼ਖ਼ਸੀਅਤ ਵਿਚ ਆਉਣ ਵਾਲੀਆਂ ਤਬਦੀਲੀਆਂ ਨੂੰ ਵੀ ਬੜੀ ਪ੍ਰਮਾਣਿਕਤਾ ਸਹਿਤ ਅੰਕਿਤ ਕੀਤਾ ਹੈ। ਉਦਾਹਰਨ ਲਈ ਕਿਸ-ਕਿਸ ਕਹਾਣੀ ਦਾ ਉਲੇਖ ਕੀਤਾ ਜਾਵੇ, ਉਸ ਦੀ ਹਰ ਕਹਾਣੀ ਪਰਵਾਸੀ ਪੰਜਾਬੀਆਂ ਦੇ ਜੀਵਨ ਦਾ ਸੱਚਾ-ਸੁੱਚਾ ਦਸਤਾਵੇਜ਼ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸ਼ਾਹ ਮੁਹੰਮਦ
ਜੰਗ ਸਿੰਘਾਂ ਤੇ ਅੰਗਰੇਜ਼ਾਂ
ਸੰਪਾ: ਬਲਬੀਰ ਸਿੰਘ ਪੂਨੀ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 220 ਰੁਪਏ, ਸਫ਼ੇ : 112.

ਵੰਨ-ਸੁਵੰਨੇ ਸਿਰਲੇਖਾਂ ਨਾਲ ਪ੍ਰਚਲਿਤ ਹੋਇਆ ਸ਼ਾਹ ਮੁਹੰਮਦ ਦਾ ਇਹ ਕਿੱਸਾ ਪੰਜਾਬੀ ਸਾਹਿਤ ਦੀ ਸ਼ਾਹਕਾਰ ਰਚਨਾ ਹੈ। ਸ਼ਾਹ ਮੁਹੰਮਦ ਨੇ ਸਿੰਘਾਂ ਤੇ ਅੰਗਰੇਜ਼ਾਂ ਦੀ ਹੋਈ ਪਹਿਲੀ ਲੜਾਈ ਦਾ ਬਿਰਤਾਂਤ ਸਭ ਤੋਂ ਪਹਿਲਾਂ ਦਰਦਭਰੀ ਵੇਦਨਾ ਨਾਲ ਲਿਖਿਆ ਹੈ। ਕਵੀ ਨੇ ਇਸ ਇਤਿਹਾਸਕ ਲੜਾਈ ਦਾ ਪਿਛੋਕੜ 46 ਬੰਦਾਂ ਵਿਚ ਬੜੇ ਵਿਸਥਾਰ ਨਾਲ ਦਿੱਤਾ ਹੈ। ਉਸ ਨੇ ਇਹ ਕਿੱਸਾ ਪੰਜਾਬੀ ਰਾਜ ਦੇ ਖ਼ਤਮ ਹੋਣ 'ਤੇ ਦੁੱਖਭਰੀ ਅਵਸਥਾ ਵਿਚ ਲਿਖਿਆ ਹੈ। ਇਹ ਰਚਨਾ ਪੰਜਾਬੀ ਸਾਹਿਤ ਵਿਚ ਇਕ ਮੀਲ-ਪੱਥਰ ਸਾਬਤ ਹੁੰਦੀ ਹੈ। ਇਸ ਰਚਨਾ ਦਾ ਵਿਸ਼ਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਫੈਲੀ ਹਨੇਰਗਰਦੀ ਅਤੇ ਅੰਗਰੇਜ਼ਾਂ ਨਾਲ ਹੋਏ ਯੁੱਧਾਂ ਦਾ ਵਰਨਣ ਹੈ। ਸੰਪਾਦਕ ਨੇ ਪ੍ਰੋ: ਦੀਵਾਨ ਸਿੰਘ, ਡਾ: ਤੇਜਵੰਤ ਸਿੰਘ ਗਿੱਲ ਅਤੇ ਡਾ: ਹਰਿਭਜਨ ਸਿੰਘ ਭਾਟੀਆ ਦੇ ਮਹੱਤਵਪੂਰਨ ਅਤੇ ਚਰਚਿਤ ਲੇਖ ਸ਼ਾਮਿਲ ਕੀਤੇ ਹਨ। ਸ਼ਾਹ ਮੁਹੰਮਦ ਦਾ ਕਿੱਸਾ ਇਤਿਹਾਸਕ ਕਵਿਤਾ ਦਾ ਵਧੀਆ ਨਮੂਨਾ ਹੈ, ਕਿਉਂਕਿ ਉਸ ਨੇ ਬੜੇ ਸੰਜਮ ਨਾਲ ਬਿਆਨ ਕੀਤਾ ਹੈ। ਉਹ ਬੜੇ ਵਿਸਥਾਰ ਨਾਲ ਲਾਹੌਰ ਦਰਬਾਰ ਦੇ ਪਤਨ ਵੱਲ ਜਾਣ ਦੇ ਕਾਰਨ ਬਿਆਨ ਕਰਦਾ ਹੈ :
ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਏ ਸ਼ੁੱਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ।
ਇਸ ਕਿੱਲੇ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਾਹ ਮੁਹੰਮਦ ਵਾਪਰ ਰਹੇ ਯਥਾਰਥ ਦੇ ਵੇਰਵਿਆਂ ਨੂੰ ਪੇਸ਼ ਹੀ ਨਹੀਂ ਕਰਦਾ, ਸਗੋਂ ਇਸ ਸਾਰੇ ਘਟਨਾਕ੍ਰਮ ਨੂੰ ਆਪਣੀ ਦ੍ਰਿਸ਼ਟੀ ਵਿਚੋਂ ਵੀ ਲੰਘਾਉਂਦਾ ਹੈ। ਉਹ ਘਟਨਾਵਾਂ ਦੀ ਪੇਸ਼ਕਾਰੀ ਬੜੇ ਕਲਾਤਮਿਕ ਅੰਦਾਜ਼ ਵਿਚ ਕਰਦਾ ਹੈ। ਹਰ ਵਾਰ ਪੜ੍ਹਨ 'ਤੇ ਇਹ ਕਿੱਸਾ ਇਕ ਵੱਖਰਾ ਹੀ ਪ੍ਰਭਾਵ ਪੈਦਾ ਕਰਦਾ ਹੈ। ਸੰਪਾਦਕ ਬਲਵੀਰ ਸਿੰਘ ਪੂਨੀ ਦੁਆਰਾ ਬੜੀ ਮਿਹਨਤ ਨਾਲ ਇਸ ਨੂੰ ਪਾਠਕਾਂ ਸੰਗ ਪੇਸ਼ ਕੀਤਾ, ਜੋ ਚੰਗਾ ਉੱਦਮ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਰੌਸ਼ਨ ਰਾਹਾਂ ਦਾ ਪੰਧ
ਲੇਖਕ : ਬੀਰ ਸਿੰਘ ਨਿਰਵੈਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 158.

ਪੁਸਤਕ 'ਰੌਸ਼ਨ ਰਾਹਾਂ ਦਾ ਪੰਧ' ਬੀਰ ਸਿੰਘ ਨਿਰਵੈਰ ਰਚਿਤ ਸਤਾਰਾਂ ਨਿਬੰਧਾਂ ਦਾ ਸੰਗ੍ਰਹਿ ਹੈ। ਲੇਖਕ ਭਾਵੇਂ ਇਕੋ ਸਮੇਂ ਨਾਵਲ, ਕਵਿਤਾ, ਸਵੈ-ਜੀਵਨੀ ਰੂਪ-ਵਿਧਾ 'ਤੇ ਕਲਮ ਅਜ਼ਮਾ ਚੁੱਕਾ ਹੈ ਪਰ ਉਸ ਦੀ ਵਧੇਰੇ ਪ੍ਰਸਿੱਧੀ ਵਾਰਤਕ ਭਾਵ ਨਿਬੰਧ-ਰਚਨਾ ਸਦਕਾ ਹੋਈ ਹੈ। 'ਰੌਸ਼ਨ ਰਾਹਾਂ ਦਾ ਪੰਧ' ਪੁਸਤਕ ਅਜੋਕੀ ਮਾਨਵਤਾ ਨੂੰ ਮਿਆਰੀ ਨੈਤਿਕ ਅਤੇ ਧਾਰਮਿਕ ਮੁੱਲਾਂ ਦੇ ਗਿਆਨ ਬੋਧ ਤੋਂ ਵਾਕਿਫ ਕਰਾਉਂਦੀ ਹੋਈ ਮਨੁੱਖ ਵਿਚ ਸਮਾਜਿਕ ਅਤੇ ਸੱਭਿਆਚਾਰਕ ਜਾਗਰੂਕਤਾ ਦਾ ਬੀਜ ਵੀ ਬੀਜਦੀ ਪ੍ਰਤੀਤ ਹੋਈ ਹੈ। ਸਭਨਾਂ ਨਿਬੰਧਾਂ ਦਾ ਸਿਰਜਣਾਤਮਕ ਸਰੋਤ ਗੁਰਮਤਿ ਦੀ ਸਿੱਖਿਆ, ਦੀਖਿਆ ਅਤੇ ਅਮਲ ਹੈ। ਲੇਖਕ ਭਾਵੇਂ ਪ੍ਰਕਿਰਤੀ ਦੀ ਗੱਲ ਕਰਦਾ ਹੈ, ਭਾਵੇਂ ਮਨੁੱਖ 'ਚੋਂ ਨਿੱਘਰ ਚੁੱਕੇ ਮਨੁੱਖ ਦੀ ਗੱਲ ਕਰਦਾ ਹੈ, ਹਰ ਥਾਂ ਲਗਨ, ਮਿਹਨਤ, ਸਿਰੜ੍ਹ, ਨੇਕ-ਨੀਤੀ, ਸਰਬੱਤ ਦੇ ਭਲੇ ਦੀ ਲੋਚਾ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ। ਬੀਰ ਸਿੰਘ ਨਿਰਵੈਰ ਦੇ ਇਹ ਨਿਬੰਧ ਬੜੀ ਸਰਲ, ਠੇਠ ਅਤੇ ਸਪੱਸ਼ਟ ਭਾਸ਼ਾ ਵਿਚ ਲੋਕ-ਭਲਾਈ ਅਤੇ ਸੁਆਰਥ, ਜ਼ਿੰਦਗੀ ਬਾਬਤ ਚੇਤਨਾ, ਸੱਚ ਅਤੇ ਕੂੜ, ਗੈਬੀ- ਸ਼ਕਤੀ, ਕੁਦਰਤ ਦੀ ਅਦਭੂਤਤਾ ਅਤੇ ਮਨੁੱਖ ਨਾਲ ਇਸ ਦਾ ਸੰਬੰਧ, ਸ੍ਰਿਸ਼ਟੀ ਦੀ ਰਚਨਾ ਤੇ ਸਾਰਥਕਤਾ, ਰੱਬ ਦੀ ਹੋਂਦ, ਸਬਰ, ਸਹਿਜ, ਸ਼ਾਂਤੀ, ਰੱਬ ਦੀ ਬੇਅੰਤਤਾ ਆਦਿ ਸੰਕਲਪਾਂ ਨੂੰ ਪ੍ਰਗਟ ਕਰਦੇ ਹਨ। ਲੇਖਕ ਦੀ ਖੂਬੀ ਹੈ ਕਿ ਉਸ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਪ੍ਰਕਿਰਤੀ, ਮਨੁੱਖ ਅਤੇ ਹੋਰ ਸਗਲ ਪਸਾਰੇ ਦੀ ਸਾਰਥਿਕਤਾ ਨੂੰ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਅਤੇ ਤਸਬੀਹਾਂ ਦੇ ਅੰਤਰਗਤ ਗੰਭੀਰ ਚਿੰਤਨਧਾਰਾ ਨੂੰ ਹਰ ਵਰਗ ਦੇ ਪਾਠਕ ਦੀ ਸਮਝ-ਸ਼ਕਤੀ 'ਚ ਆ ਜਾਣ ਵਾਲੀ ਸ਼ਬਦਾਵਲੀ ਜ਼ਰੀਏ ਪ੍ਰਗਟ ਕੀਤਾ ਹੈ। ਸੁਪਨੇ ਜਿਉਂ ਸੰਸਾਰ, ਜਾਨਵਰ ਸਮਾਜ ਬਨਾਮ ਮਾਨਵ ਸਮਾਜ, ਸਰੀਰਕ ਗਿਆਨ ਸੱਚ ਸੋਨਾ ਹੁੰਦਾ ਹੈ, ਸਿੱਖ, ਪੰਜਾਬੀ ਸੂਬਾ ਅਤੇ ਗੁਰਸਿੱਖੀ ਨਿਬੰਧ ਤਾਂ ਅਜੋਕੇ ਮਨੁੱਖ ਦੀਆਂ ਮਨੋਬਿਰਤੀਆਂ ਵਿਚ ਆ ਰਹੇ ਖਲਾਅ ਦੇ ਉਸਾਰੂ ਸਮਾਧਾਨ ਦੇ ਸਰੋਕਾਰਾਂ ਨਾਲ ਓਤਪੋਤ ਹਨ। ਅਜਿਹੀ ਨਿਬੰਧਕਾਰੀ ਨੂੰ ਪੰਜਾਬੀ ਵਾਰਤਕ ਦਾ ਉੱਤਮ ਨਮੂਨਾ ਕਿਹਾ ਜਾ ਸਕਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

ਸਪਤ ਰਿਸ਼ੀ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 88.

ਡਾ: ਕੇ. ਜਗਜੀਤ ਸਿੰਘ ਪੰਜਾਬੀ ਦੇ ਜਾਣੇ-ਪਛਾਣੇ ਸਾਹਿਤਕਾਰ ਹਨ। ਇਸ ਪੁਸਤਕ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਕਥਾ-ਪੁਸਤਕਾਂ, ਸਵੈ-ਜੀਵਨੀ ਤੇ ਅੰਗਰੇਜ਼ੀ ਵਿਚ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਸਪਤ ਰਿਸ਼ੀ' ਡਾ: ਕੇ. ਜਗਜੀਤ ਸਿੰਘ ਦੀ ਨਵੀਂ ਪੁਸਤਕ ਹੈ, ਜਿਸ ਵਿਚ ਲੇਖਕ ਨੇ ਪੰਜਾਬੀ ਸਾਹਿਤ ਨਾਲ ਤੇ ਉਰਦੂ ਸਾਹਿਤ ਨਾਲ ਸਬੰਧਤ ਸੱਤ ਮਹਾਂਰਥੀਆਂ ਦੇ ਰੇਖਾ-ਚਿੱਤਰ ਸ਼ਾਮਿਲ ਕੀਤੇ ਹਨ।
ਇਸ ਪੁਸਤਕ ਵਿਚ ਲੇਖਕ ਨੇ ਸ: ਖੁਸ਼ਵੰਤ ਸਿੰਘ, ਰਾਜਿੰਦਰ ਸਿੰਘ ਬੇਦੀ, ਸਾਹਿਰ ਲੁਧਿਆਣਵੀ, ਸਆਦਤ ਹਸਨ ਮੰਟੋ, ਪ੍ਰਿੰ: ਤੇਜਾ ਸਿੰਘ, ਪ੍ਰਿੰ: ਗੁਰਬਚਨ ਸਿੰਘ ਤਾਲਿਬ ਅਤੇ ਮੂਲਕ ਰਾਜ ਆਨੰਦ ਦੇ ਜੀਵਨ ਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਬਾਰੇ ਰੇਖਾ-ਚਿੱਤਰਾਂ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਰੇਖਾ-ਚਿੱਤਰਾਂ ਵਿਚ ਲੇਖਕ ਨੇ ਜਿਥੇ ਇਨ੍ਹਾਂ ਮਹਾਂਰਥੀਆਂ ਦੇ ਬਾਹਰੀ ਦਿਸਦੇ ਜੀਵਨ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ, ਉਥੇ ਉਸ ਨੇ ਇਨ੍ਹਾਂ ਲੇਖਕਾਂ ਦੇ ਮਨ ਦੀਆਂ ਅੰਤਰੀਵ ਪਰਤਾਂ, ਜਟਿਲਤਾਵਾਂ ਨੂੰ ਸਮਝਣ, ਫਰੋਲਣ ਦਾ ਯਤਨ ਵੀ ਕੀਤਾ ਹੈ। ਖੁਸ਼ਵੰਤ ਸਿੰਘ ਬਾਰੇ ਲਿਖਦਿਆਂ ਲੇਖਕ ਨੇ ਜਿਥੇ ਉਨ੍ਹਾਂ ਦੇ ਖਾਣ-ਪੀਣ, ਸੌਣ ਬਾਰੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਉਨ੍ਹਾਂ ਨੇ ਖੁਸ਼ਵੰਤ ਸਿੰਘ ਦੇ ਮਨ ਦੀਆਂ ਬਾਰੀਕੀਆਂ ਨੂੰ ਫੜਨ ਦਾ ਉਪਰਾਲਾ ਵੀ ਕੀਤਾ ਹੈ। ਇਸੇ ਤਰ੍ਹਾਂ ਰਾਜਿੰਦਰ ਸਿੰਘ ਬੇਦੀ ਦੇ ਰੇਖਾ-ਚਿੱਤਰ ਵਿਚ ਲੇਖਕ ਬੇਦੀ ਦੀ ਸ਼ਖ਼ਸੀਅਤ ਦੀਆਂ ਅਨੇਕ ਅਣਸੁਲਝੀਆਂ ਗੁੰਝਲਾਂ ਨੂੰ ਵੀ ਖੋਲ੍ਹਦਾ ਹੈ। ਇਸ ਰੇਖਾ-ਚਿੱਤਰ ਵਿਚ ਰਾਜਿੰਦਰ ਸਿੰਘ ਬੇਦੀ ਦੇ ਅੰਤਲੇ ਦਿਨਾਂ ਦਾ ਬਿਰਤਾਂਤ ਮਨ ਨੂੰ ਛੂਹ ਲੈਣ ਵਾਲਾ ਹੈ। ਇਸ ਤਰ੍ਹਾਂ ਦੇ ਵੇਰਵੇ ਹੀ ਹੋਰਾਂ ਰੇਖਾ-ਚਿੱਤਰਾਂ ਵਿਚ ਵੀ ਮਿਲ ਜਾਂਦੇ ਹਨ। ਲੇਖਕ ਦਾ ਬਿਆਨ ਢੰਗ ਬਿਲਕੁਲ ਸਾਧਾਰਨ ਤੇ ਸਿੱਧਾ ਸਾਦਾ ਹੈ, ਬਿਨਾਂ ਕਿਸੇ ਵਲ ਫੇਰ ਤੋਂ। ਇਸ ਲਈ ਪਾਠਕ ਦਾ ਰਾਬਤਾ ਸਿੱਧਾ ਲਿਖਤ ਨਾਲ ਜਾ ਬਣਦਾ ਹੈ। ਇਸ ਪੁਸਤਕ ਨਾਲ ਸਾਹਿਤ ਦੇ ਮਹਾਂਰਥੀਆਂ ਦੇ ਜੀਵਨ-ਆਚਾਰ ਨੂੰ ਜਾਣਨ-ਪਛਾਣਨ ਦਾ ਇਕ ਹੋਰ ਸਬੱਬ ਪੈਦਾ ਹੋਇਆ ਹੈ। ਇਸ ਲਈ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਕੁੜੀਆਂ ਤੇ ਕਵਿਤਾਵਾਂ
ਸੰਪਾਦਕ : ਕਰਨ ਭੀਖੀ ਅਤੇ ਸੁਖਵਿੰਦਰ ਸੁੱਖੀ ਭੀਖੀ
ਪ੍ਰਕਾਸ਼ਕ : ਐਚ.ਐਚ. ਔਰਬਿਟ ਪਬਲੀਕੇਸ਼ਨ ਕੁੱਪ ਕਲਾਂ, ਜ਼ਿਲ੍ਹਾ ਸੰਗਰੂਰ
ਮੁੱਲ : 150 ਰੁਪਏ, ਸਫ਼ੇ : 128.

'ਕੁੜੀਆਂ ਤੇ ਚਿੜੀਆਂ' ਪੰਜਾਬੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਇਆ ਇਕ ਅਜਿਹਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਨਿਰੋਲ ਇਸਤਰੀ ਕਵਿੱਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਵਿਚ ਕੇਵਲ ਸਥਾਪਿਤ ਕਵਿੱਤਰੀਆਂ ਦੀਆਂ ਰਚਨਾਵਾਂ ਹੀ ਸ਼ਾਮਿਲ ਨਹੀਂ ਕੀਤੀਆਂ ਗਈਆਂ ਬਲਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਰਜਸ਼ੀਲ ਉੱਭਰ ਰਹੀਆਂ ਯੁਵਤੀਆਂ ਨੂੰ ਵੀ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕੀਤਾ ਗਿਆ ਹੈ।
ਇਸ ਕਾਵਿ-ਸੰਗ੍ਰਹਿ ਵਿਚ 105 ਕਵਿੱਤਰੀਆਂ ਦੀ ਇਕ-ਇਕ ਕਵਿਤਾ ਸ਼ਾਮਿਲ ਹੈ, ਜਿਨ੍ਹਾਂ ਦੀ ਚੋਣ ਸੁਹਿਰਦ ਤੇ ਸਾਹਸੀ ਦੋ ਨੌਜਵਾਨ ਸੰਪਾਦਕਾਂ ਕਰਨ ਭੀਖੀ ਅਤੇ ਸੁਖਵਿੰਦਰ ਸੁੱਖੀ ਭੀਖੀ ਨੇ ਸੁਚੱਜਤਾ ਅਤੇ ਮਿਹਨਤ ਨਾਲ ਕੀਤੀ ਹੈ।
ਗ਼ਜ਼ਲਾਂ, ਗੀਤਾਂ ਅਤੇ ਨਜ਼ਮਾਂ ਦਾ ਇਹ ਸੰਗ੍ਰਹਿ ਜਿਥੇ ਪੰਜਾਬ ਦੀਆਂ ਧੀਆਂ ਦੇ ਦਿਲੀ ਵਲਵਲਿਆਂ, ਮਨੋਭਾਵਾਂ, ਜਜ਼ਬਿਆਂ, ਉਦਗਾਰਾਂ, ਨਾਰੀ ਚੇਤਨਾ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਗਟਾਉਂਦਾ ਹੈ, ਉਥੇ ਉਨ੍ਹਾਂ ਦੀ ਪ੍ਰਤਿਭਾ ਨੂੰ ਵੀ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦਾ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਦੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਨਵਯੁਵਤੀਆਂ ਵਿਚ ਜਾਗਰੂਕ ਅਤੇ ਸੰਵੇਦਨਸ਼ੀਲ ਕਵਿੱਤਰੀਆਂ ਬਣਨ ਦੀਆਂ ਭਰਪੂਰ ਸੰਭਾਵਨਾਵਾਂ ਹਨ। ਮਿਹਨਤ, ਲਗਨ, ਅਭਿਆਸ ਅਤੇ ਅਧਿਐਨ ਸਦਕਾ ਇਹ ਕਾਵਿ-ਸਿਰਜਣਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਸਕਣ ਦੇ ਸਮਰੱਥ ਹਨ।

-ਸੁਖਦੇਵ ਮਾਦਪੁਰੀ
ਮੋ: 94630-34472.

ਕਲਮਾਂ ਦੇ ਹਲ਼
ਕਵੀ : ਪ੍ਰੀਤ ਸੰਘਰੇੜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 112.

'ਪ੍ਰੀਤ ਸੰਘਰੇੜੀ' ਮੂਲ ਰੂਪ ਵਿਚ ਪੰਜਾਬੀ ਸੱਭਿਆਚਾਰ ਦੀ ਸੁੱਚਤਾ ਦਾ ਗੀਤਕਾਰ ਹੈ। ਉਸ ਦੇ ਕਈ ਗੀਤ ਪ੍ਰਸਿੱਧ ਗਾਇਕਾਂ ਵੀ ਗਾਏ ਹਨ। ਇਸ ਪੁਸਤਕ ਤੋਂ ਪਹਿਲਾਂ ਉਹ ਤਿੰਨ ਗੀਤ ਸੰਗ੍ਰਹਿ 'ਮੇਰੇ ਹਾਣੀ', 'ਅੰਤਿਮ ਇੱਛਾ' ਅਤੇ 'ਮੋਹ ਦੀਆਂ ਤੰਦਾਂ' ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਪ੍ਰੀਤ ਨੇ ਪੰਜਾਬੀ ਦੀ ਸਟੇਜੀ ਗੀਤਕਾਰੀ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਗੀਤ ਲਿਖਦਾ ਲਿਖਦਾ ਉਹ ਇਸ ਪੁਸਤਕ ਵਿਚ ਇਕ ਸਫ਼ਲ ਲੋਕ ਕਵੀ ਵਜੋਂ ਪ੍ਰਕਾਸ਼ ਵਿਚ ਆ ਗਿਆ ਹੈ। ਉਹ ਅਕਾਦਮਿਕ ਪੱਧਰ ਉਤੇ ਸਾਹਿਤਕ ਖੋਜ ਕਾਰਜਾਂ ਵਿਚ ਵੀ ਲੱਗਾ ਹੋਇਆ ਹੈ, ਜਿਸ ਕਰਕੇ ਉਸ ਦੀ ਕਲਮ ਦੀ ਜੰਘੀ ਜਿਥੇ ਲੋਕ ਖੇਤਾਂ ਵਿਚ ਸਿੱਧੇ ਸਿਆੜ ਰੱਖਦੀ ਹੈ, ਉਥੇ ਅਕਾਦਮ ਬੀਜ ਦੇ ਵੀ ਸ਼ਬਦਾਂ ਦੀ ਸਹੀ ਕੇਰ ਕਰਦੀ ਹੈ। ਪ੍ਰੀਤ ਨੇ ਆਪਣੀ ਚੜ੍ਹਦੀ ਉਮਰ ਹੀ ਕਲਮ ਦੇ ਲੇਖੇ ਲਾ ਦਿੱਤੀ ਹੈ, ਜਿਸ ਕਰਕੇ ਉਸ ਤੋਂ ਚੰਗੀ ਕਵਿਤਾ ਦੀਆਂ ਬਿਹਤਰ ਆਸਾਂ ਹਨ।
ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰੀਤ ਸੰਘਰੇੜੀ ਦੀਆਂ ਸਾਰੀਆਂ ਨਜ਼ਮਾਂ ਛੰਦਾਂ ਅਤੇ ਬਹਿਰਾਂ ਵਿਚ ਪਰਿਪੂਰਨ ਹਨ। ਉਸ ਦੀ ਕਲਮਕਾਰੀ ਵਿਚ ਸ਼ਬਦ ਸੁਹਜ ਦਾ ਰੰਗ ਗੂੜ੍ਹਾ ਹੈ। ਉਹ ਆਪਣੀ ਗੀਤਕਾਰੀ ਨੂੰ ਪੰਜਾਬੀ ਸੱਭਿਆਚਾਰਕ ਸ਼ੁੱਧਤਾ ਅਤੇ ਸੁੱਚਤਾ ਦੀ ਪ੍ਰਤੀਕ ਬਣਾਉਣ ਵਿਚ ਸਫ਼ਲ ਹੋ ਰਿਹਾ ਹੈ। ਉਸ ਦੇ ਗੀਤ ਲੋਕ ਸੱਥਾਂ ਦੀ ਗੁਫ਼ਤਗੂ ਹਨ। ਉਹ ਸੱਭਿਆਚਾਰ ਦੇ ਕੀਮਤੀ ਅੰਸ਼ਾਂ ਨੂੰ ਮੋਹ ਨਾਲ ਯਾਦ ਕਰਦਾ ਹੈ ਅਤੇ ਸਮਾਜ ਵਿਚ ਫੈਲ ਰਹੇ ਬਦਸੂਰਤ ਵਰਤਾਰਿਆਂ ਨੂੰ ਰੱਦ ਕਰਦਾ ਹੈ। ਉਹ ਰਾਜਨੀਤਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਮੁਹਾਜ਼ਾਂ 'ਤੇ ਖਲੋ ਕੇ ਪੁੱਛਦਾ ਹੈ :
ਇਹ ਸ਼ਾਹੂਕਾਰਾਂ ਦੇ ਕਰਜ਼ ਜਿਹੇ
ਇਹ ਕਿਸੇ ਜਮਾਂਦਰੂ ਮਰਜ਼ ਜਿਹੇ ਦਿਨ ਕਦੋਂ ਮੁੱਕਣਗੇ
ਉਦੇ ਇਹ ਵਿਚ ਵਿਚ ਮੁਕਾਉਣ ਵਾਲੇ ਦਿਨ ਕਦੋਂ ਮੁੱਕਣਗੇ...।
ਪੁਸਤਕ ਨੂੰ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

5-7-2014

 ਕੋਰਾ ਕਾਗਜ਼ ਤੇ ਸ਼ਬਦਾਂ ਦਾ ਸਫ਼ਰ
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104+104.

ਵਿਦੇਸ਼ੀ ਧਰਤੀ ਕੈਨੇਡਾ ਵਸਦਾ ਸਾਹਿਤਕਾਰ ਚਰਨ ਸਿੰਘ ਹੁਣ ਤੱਕ ਪੰਜਾਬੀ ਸਾਹਿਤ ਜਗਤ ਦੀ ਝੋਲੀ ਲਗਭਗ 26 ਕਾਵਿ ਸੰਗ੍ਰਹਿ ਪਾ ਚੁੱਕਿਆ ਹੈ ਅਤੇ 22 ਪੁਸਤਕਾਂ ਛਪਾਈ ਅਧੀਨ ਹਨ। ਵਿਦੇਸ਼ ਵਿਚ ਰਹਿ ਕੇ ਵੀ ਉਹ ਆਪਣੀ ਧਰਤੀ, ਆਪਣੇ ਲੋਕਾਂ ਤੇ ਪੰਜਾਬੀ ਸਮਾਜ-ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਪਰ ਉਸ ਦੀ ਕਵਿਤਾ ਬੜੀ ਗਹਿਰ ਗੰਭੀਰ ਤੇ ਡੂੰਘੇ ਭਾਵਾਂ ਵਾਲੀ ਹੈ। ਪਰਤ ਦਰ ਪਰਤ ਖੁੱਲ੍ਹਦੀ ਵਿਸ਼ਾਲ ਦ੍ਰਿਸ਼ਟੀਕੋਣ ਦੀ ਧਾਰਨੀ ਸਤਹ ਵਿਚ ਡੂੰਘੇ ਅਰਥ ਸਮੋਈ ਹੋਈ ਹੈ। ਜੇ ਲੇਖਕ 'ਲੋਕ' ਕਵਿਤਾ ਵਿਚ ਧਰਤੀ ਉਤੇ ਵਸਦੇ ਲੋਕਾਂ ਬਾਰੇ ਗੱਲ ਕਰਦਾ ਹੈ ਤਾਂ ਬਹੁਪੱਖੀ ਪਹਿਲੂ ਵੀ ਪੇਸ਼ ਕਰਦਾ ਹੈ। ਕੁਝ ਲੋਕ ਵਿਅਰਥ ਜੀਵਨ ਬਤੀਤ ਕਰਦੇ ਹਨ, ਕੁਝ ਲੋਕ ਮੌਤ ਦੀ ਸਰਦਲ 'ਤੇ ਜੀਵਨ ਅੰਕੁਰ ਧਰਦੇ ਹਨ ਅਤੇ ਕੁਝ ਲੋਕ-
ਲੋਕ ਜਿਊਂਦੇ ਹਨ
ਨਾ ਜੀਵਨ ਨਾ ਮੌਤ
ਸਿਰਫ ਆਪਣਾ ਸੱਚ ਜਿਊਂਦੇ ਹਨ
ਜੀਵਨ ਦਾ ਪ੍ਰਯੋਜਨ ਸਮਝਦੇ ਹਨ।
ਕਵੀ ਕਵਿਤਾ ਵਿਚ 'ਕਰਮ ਫਲ' ਬਾਰੇ ਦੱਸਦਾ ਹੋਇਆ ਜੀਵਨ ਵਿਚਾਲੇ ਸੱਚ ਨੂੰ ਪੇਸ਼ ਕਰਦਾ ਹੈ ਤੇ ਸੱਚ ਬੋਲਣ ਵਾਲੇ ਦਾ ਕੀ ਹਸ਼ਰ ਹੁੰਦਾ ਹੈ-
ਸ਼ਹਿਰੀ ਪਤਵੰਤਿਆਂ ਉਚਾਰਿਆ
ਇਸ ਨੂੰ ਸ਼ਰ੍ਹੇਆਮ
ਸੂਲੀ 'ਤੇ ਚਾੜ੍ਹ ਦਿਓ
ਸੱਚ ਇਮਾਨਦਾਰੀ ਹੱਕ ਹਲਾਲ
ਤੇ ਧਰਮ ਦਾ ਜਨੂੰਨ
ਇਸ ਦੇ ਸਿਰ ਤੋਂ ਉਤਾਰ ਦਿਓ।
ਕਵਿਤਾ 'ਚਿਹਰੇ ਦਾ ਭਰਮ', ਸ਼ਿਕਸਤ ਤੇ ਵਿਜੈ, ਸੱਚ ਦੀ ਤਲਾਸ਼, ਕਟਿਆ ਸਿਰ ਤੇ ਬੁੱਤ ਤੇ ਸਨੇਹ ਵਿਚ ਮਨੁੱਖੀ ਹੋਂਦ, ਸਵੈ ਦੀ ਪਛਾਣ ਤੇ ਹੱਕ ਸੱਚ ਦੀ ਗੱਲ ਕੀਤੀ ਹੈ। 'ਮੰਡੀ' ਕਵਿਤਾ ਵਿਚ ਗ਼ਰੀਬੀ ਵਿਕਦੀ ਹੈ, ਬੱਚੇ ਵੇਚੇ ਜਾਂਦੇ ਹਨ, ਕੁੜੀਆਂ ਸਸਤੇ ਭਾਅ ਵਿਕਦੀਆਂ ਹਨ, ਜਿਨ੍ਹਾਂ ਨੂੰ-
ਖਰੀਦੋ, ਰਖੇਲ ਬਣਾਓ ਕੋਠਿਆਂ 'ਤੇ ਬਿਠਾਓ
ਜਾਂ ਆਪਣੀ ਹਵਸ ਲਈ ਬਿਸਤਰ 'ਤੇ ਵਿਛਾਓ
ਜਾਂ ਵੇਚ ਕੇ ਮੁਨਾਫ਼ਾ ਕਮਾਓ, ਇਹ ਤੁਹਾਡੀ ਜਾਇਦਾਦ ਹੈ
ਇਹ 70 ਪ੍ਰਤੀਸ਼ਤ ਆਫ ਹਨ
ਇਕ ਦੀ ਥਾਂ ਦੋ ਲੈ ਜਾਓ।
ਕਿੰਨਾ ਤਗੜਾ ਵਿਅੰਗ ਹੈ ਇਸ ਸਮਾਜ ਉਤੇ, ਜਿਥੇ ਜਗ ਜਨਨੀ ਇਸ ਭਾਅ ਵਿਕ ਰਹੀ ਹੈ। 'ਕੋਰਾ ਕਾਗਜ਼' ਕਵਿਤਾ ਵਿਚ ਹੀ ਇਹੀ ਵਿਸ਼ਾ ਚਿਤਰਿਆ ਹੈ ਤੇ ਸਤਿਅਮ, ਸ਼ਿਵਮ, ਸੁੰਦਰਮ ਦੀ ਗੱਲ ਕੀਤੀ ਹੈ-
ਸੱਚ ਸੁੰਦਰਤਾ ਕਲਿਆਣ ਦੀਆਂ
ਸੂਰਤਾਂ ਦੇ ਦਰਾਂ 'ਤੇ ਹੀ
ਮਨੁੱਖ ਬਾਲ ਕੇ ਸੁਗੰਧਾਂ ਦੇ
ਚਿਰਾਗ ਧਰਦਾ ਹੈ।
ਇਹ ਰਚਨਾ ਖੁੱਲ੍ਹੀ ਕਵਿਤਾ ਹੈ, ਅਲੰਕਾਰ ਢੁਕਵੇਂ ਵਰਤੇ ਹਨ ਪਰ ਭਾਸ਼ਾ ਆਮ ਪਾਠਕ ਦੀ ਪੱਧਰ ਤੋਂ ਉਚੇਰੀ ਬੁੱਧੀਜੀਵੀ ਵਰਗ ਦੇ ਅਨੁਕੂਲ ਹੈ, ਜਿਸ ਵਿਚੋਂ ਗੂੜ ਗਿਆਨ, ਰਹੱਸਵਾਦ ਤੇ ਚਿੰਨ੍ਹਵਾਦ ਝਲਕਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਰਿਸ਼ੀ ਮਾਮਾ
ਕਹਾਣੀਕਾਰ : ਸੁਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87.

ਕਹਾਣੀ ਸਾਹਿਤ ਦੀ ਇਕ ਬਹੁਤ ਪਿਆਰੀ ਵਿਧਾ ਹੈ ਜਿਸ ਵਿਚ ਰੌਚਿਕ ਢੰਗ ਨਾਲ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਪਾਤਰਾਂ ਦਾ ਦਿਲਚਸਪ ਚਿੱਤ੍ਰਣ ਹੁੰਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚਲੀਆਂ ਦਸ ਕਹਾਣੀਆਂ ਦੇਸੀ ਅਤੇ ਵਿਦੇਸ਼ੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਸਮਾਜਿਕ ਬੁਰਾਈਆਂ, ਪ੍ਰਦੇਸਾਂ ਦੇ ਦੁੱਖ, ਨਿਮਨ ਵਰਗ ਦੇ ਲੋਕਾਂ ਦਾ ਸ਼ੋਸ਼ਣ, ਵਿਰਸੇ ਅਤੇ ਸੰਸਕ੍ਰਿਤੀ ਨੂੰ ਖੋਰ ਰਹੀਆਂ ਜਵਾਨੀਆਂ ਅਤੇ ਅਜੋਕੇ ਮਨੁੱਖ ਦੀ ਮਾਨਸਿਕਤਾ ਦਾ ਵਰਨਣ ਬਾਖੂਬੀ ਕੀਤਾ ਗਿਆ ਹੈ। ਕਹਾਣੀ 'ਬੇਤਾਜ ਬਾਦਸ਼ਾਹ' ਇਕ ਵਿਦੇਸ਼ੀ ਬਜ਼ੁਰਗ ਦੀ ਦਿਲ-ਚੀਰਵੀਂ ਗਾਥਾ ਹੈ, ਜੋ 40 ਸਾਲ ਪਹਿਲਾਂ ਗੁਜ਼ਰ ਚੁੱਕੀ ਆਪਣੀ ਪਤਨੀ ਦੀ ਯਾਦ ਵਿਚ ਏਨਾ ਡੁੱਬ ਚੁੱਕਾ ਹੈ ਕਿ ਹਰ ਸਾਲ ਭਾਰਤ ਆ ਕੇ ਤਾਜ ਮਹਿਲ ਨੂੰ ਸਿਜਦਾ ਕਰਦਾ ਹੋਇਆ ਆਪਣੀ ਵਿਛੜੀ ਹੋਈ ਪਤਨੀ ਦੀ ਮੁਹੱਬਤ ਨੂੰ ਤਾਜ਼ਾ ਕਰਦਾ ਹੈ। ਕਹਾਣੀ 'ਰਿਸ਼ੀ ਮਾਮਾ' ਵਿਚ ਮਨੁੱਖੀ ਤੰਦਾਂ ਦੀ ਪਵਿੱਤਰਤਾ ਅਤੇ ਸਦਾਚਾਰਕ ਉੱਚਤਾ ਦੀ ਬਾਤ ਪਾਈ ਗਈ ਹੈ। ਕਹਾਣੀ 'ਸ਼ਗਨ' ਵਿਚ ਆਦਰਸ਼ਾਂ 'ਤੇ ਪਹਿਰਾ ਦੇਣ ਅਤੇ ਉੱਚੇ ਸਿਧਾਂਤਾਂ ਲਈ ਕਿਸੇ ਕੀਮਤ 'ਤੇ ਸਮਝੌਤਾ ਨਾ ਕਰਨ ਦਾ ਸੰਦੇਸ਼ ਹੈ। 'ਜੜ੍ਹ' ਨਾਮਕ ਕਹਾਣੀ ਵਿਚ ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਹੈ ਕਿ ਸਾਡੀ ਤਕਦੀਰ, ਤਾਕਤ ਅਤੇ ਲਿਆਕਤ ਦੀਆਂ ਜੜ੍ਹਾਂ ਸਾਡੇ ਇਤਿਹਾਸ ਅਤੇ ਅਨਮੋਲ ਵਿਰਸੇ ਵਿਚ ਹਨ। ਵਿਦੇਸ਼ੀ ਲੋਕ ਵੀ ਇਤਿਹਾਸਕ ਆਧਾਰ 'ਤੇ ਇਕ-ਦੂਜੇ ਦਾ ਸਤਿਕਾਰ ਕਰਦੇ ਹਨ। ਦਸਤਾਰਧਾਰੀ ਪੰਜਾਬੀ ਚੜ੍ਹਦੀ ਕਲਾ, ਵਿਸ਼ਵਾਸ ਅਤੇ ਇਮਾਨਦਾਰੀ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ ਪਰ ਜਿਉਂ ਹੀ ਉਹ ਆਪਣੇ ਵਿਰਸੇ ਤੋਂ ਟੁੱਟ ਕੇ ਬਾਹਰਲਿਆਂ ਦੀ ਰੀਸ ਕਰਨ ਲਗਦੇ ਹਨ, ਤਿਉਂ ਹੀ ਆਪਣੀਆਂ ਜੜ੍ਹਾਂ ਨਾਲੋਂ ਟੁੱਟੀਆਂ ਟਾਹਣੀਆਂ ਵਾਂਗੂ ਸੁੱਕ ਕੇ ਕੁਮਲਾਉਣ ਲਗਦੇ ਹਨ। ਕਹਾਣੀ 'ਟੈਕਟ' ਵਿਚ ਦਫ਼ਤਰੀ ਬਾਬੂਆਂ ਹੱਥੋਂ ਖੱਜਲ-ਖੁਆਰ ਹੁੰਦੇ ਲੋਕਾਂ ਦਾ ਸਜੀਵ ਚਿੱਤ੍ਰਣ ਹੈ। 'ਧੀਆਂ ਪੁੱਤ' ਨਾਮੀ ਕਹਾਣੀ ਵਿਚ ਦਰਸਾਇਆ ਗਿਆ ਹੈ ਕਿ ਧੀਆਂ ਹਰ ਦੁੱਖ-ਸੁੱਖ ਦੇ ਸਮੇਂ ਮਾਪਿਆਂ ਦੀ ਧਿਰ ਬਣ ਕੇ ਉਨ੍ਹਾਂ ਦੀ ਸੇਵਾ ਕਰਦੀਆਂ ਹਨ, ਜਦ ਕਿ ਪੁੱਤਾਂ ਨੂੰ ਸਿਰਫ ਪੈਸੇ ਨਾਲ ਵਾਸਤਾ ਹੁੰਦਾ ਹੈ। ਫਿਰ ਵੀ ਸਮਾਜ ਵਿਚ ਧੀਆਂ ਦੇ ਜੰਮਣ ਦਾ ਸੋਗ ਜਿਹਾ ਮਨਾਇਆ ਜਾਂਦਾ ਹੈ। 'ਕੱਚੀ ਨੌਕਰੀ' ਵਿਚ ਅਫ਼ਸਰਾਂ ਵੱਲੋਂ ਕੱਚੇ ਮੁਲਾਜ਼ਮਾਂ ਦੇ ਕੀਤੇ ਜਾਂਦੇ ਸ਼ੋਸ਼ਣ ਦਾ ਜ਼ਿਕਰ ਹੈ। ਕਹਾਣੀ 'ਉਲਕਾ ਪੱਥਰ' ਵਿਚ ਕੁੜੀਆਂ ਵਿਚ ਆਈ ਜਾਗ੍ਰਿਤੀ ਅਤੇ ਕ੍ਰਾਂਤੀ ਦਾ ਨਿਖਾਰ ਹੈ। ਕਹਾਣੀ 'ਬੁਆਇ ਫਰੈਂਡ' ਅੱਜ ਦੀ ਡਿੱਗ ਚੁੱਕੀ ਇਖਲਾਕੀ ਜ਼ਹਿਨੀਅਤ ਦੀ ਗੱਲ ਕਰਦੀ ਹੈ। ਕਹਾਣੀ 'ਮਗਰਮੱਛ' ਵਿਚ ਡਾਢੇ ਬੰਦਿਆਂ ਦੀ ਹੈਵਾਨੀਅਤ ਅਤੇ ਮੱਕਾਰੀ ਨਾਲ ਭੋਲੇ-ਭਾਲੇ ਲੋਕਾਂ ਦੀ ਲੁੱਟ ਦਾ ਜ਼ਿਕਰ ਹੈ। ਸਾਰੀਆਂ ਕਹਾਣੀਆਂ ਪੜ੍ਹਨਯੋਗ, ਮਾਣਨਯੋਗ ਅਤੇ ਵਿਚਾਰਨਯੋਗ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਅੱਖੀਆਂ 'ਚ ਤੂੰ ਵਸਦਾ
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 224

ਪੰਜਾਬੀ ਗਲਪਕਾਰੀ ਦੇ ਖੇਤਰ 'ਚ ਸ਼ਿਵਚਰਨ ਜੱਗੀ ਕੁੱਸਾ ਦਾ ਚੰਗਾ ਨਾਂਅ ਹੈ।
ਉਸ ਨੇ ਇਕ ਦਰਜਨ ਤੋਂ ਵੱਧ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਹਨ। ਉਸ ਨੇ ਕੁਝ ਕਹਾਣੀ, ਕਵਿਤਾ, ਲੇਖ ਅਤੇ ਵਿਅੰਗ ਸੰਗੱਿਹ ਵੀ ਲਿਖੇ ਹਨ। 'ਅੱਖੀਆਂ 'ਚ ਤੂੰ ਵਸਦਾ' ਉਸ ਦਾ ਨਵਾਂ ਨਾਵਲ ਹੈ, ਜਿਸ ਦੇ 17 ਕਾਂਡ ਹਨ। ਇਸ ਨਾਵਲ 'ਚ ਉਸ ਨੇ ਸਮਾਜ ਦੀਆਂ ਕਈ ਗੰਭੀਰ ਸਮੱਸਿਆਵਾਂ ਨੂੰ ਛੂਹਿਆ ਹੈ, ਜੋ ਕਿ ਅਜੋਕੇ ਦੌਰ ਦੀਆਂ ਵਿਕਰਾਲ ਅਤੇ ਚਿੰਤਾਜਨਕ ਸਮੱਸਿਆਵਾਂ ਬਣ ਰਹੀਆਂ ਹਨ। ਇਸ ਨਾਵਲ ਦੀ ਕਹਾਣੀ ਅੰਦਰ ਜਿੱਥੇ ਉਹ ਅਖੌਤੀ ਬਾਬਿਆਂ ਦੇ ਨੈਤਿਕ ਕਿਰਦਾਰ ਨੂੰ ਨੰਗਾ ਕਰਦਾ ਹੈ, ਉਥੇ ਪੁਲਿਸ ਵਿਭਾਗ ਵਿਚ ਫ਼ੈਲੇ ਭ੍ਰਿਸ਼ਟਾਚਾਰ ਦੀਆਂ ਵੀ ਕਈ ਪਰਤਾਂ ਨੂੰ ਫ਼ਰੋਲਦਾ ਹੈ। ਅਜੋਕੇ ਦੌਰ ਦੀ ਦਿਸ਼ਾਹੀਣ ਹੋ ਰਹੀ ਨਵੀਂ ਪੀੜ੍ਹੀ ਪ੍ਰਤੀ ਵੀ ਉਹ ਫ਼ਿਕਰਮੰਦੀ ਜ਼ਾਹਰ ਕਰਦਾ ਹੈ। ਉਹ ਦੱਸਦਾ ਹੈ ਕਿ ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਸਤਾਏ ਹੋਏ ਨੌਜਵਾਨ ਕਿਵੇਂ ਨਸ਼ਿਆਂ ਦੀ ਦਹਿਲੀਜ਼ ਪਾਰ ਕਰ ਜਾਂਦੇ ਹਨ ਅਤੇ ਫ਼ਿਰ ਆਪਣੇ ਕਦਮਾਂ ਨੂੰ ਪਿੱਛੇ ਵੱਲ ਨੂੰ ਨਹੀਂ ਮੋੜਦੇ। ਸਾਡੇ ਬੇਰੁਜ਼ਗਾਰ ਨੌਜਵਾਨ ਮਜਬੂਰੀਵੱਸ ਨਸ਼ਿਆਂ ਦੀ ਦਲ-ਦਲ 'ਚ ਫਸ ਰਹੇ ਹਨ। ਕਈ ਨੌਜਵਾਨ ਰੁਜ਼ਗਾਰ ਦੀ ਤਲਾਸ਼ 'ਚ ਕਿਵੇਂ ਨਾ ਕਿਵੇਂ ਵਿਦੇਸ਼ਾਂ 'ਚ ਜਾ ਕੇ ਵਧੀਆ ਢੰਗ ਨਾਲ ਸੈਟਲ ਹੋਣਾ ਲੋਚਦੇ ਹਨ। ਪਰ ਇਨ੍ਹਾਂ ਰਾਹਾਂ 'ਤੇ ਤੁਰਦਿਆਂ ਉਹ ਏਜੰਟਾਂ ਦੀ ਵੱਡੀ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਦੀ ਆਰਥਿਕਤਾ ਨੂੰ ਠੁੰਮਣਾ ਮਿਲਣ ਦੀ ਬਜਾਏ ਵੱਡਾ ਝਟਕਾ ਲੱਗਦਾ ਹੈ, ਜਿਸ ਦੀ ਮਾਰ ਦਾ ਅਸਰ ਉਨ੍ਹਾਂ ਦੇ ਬੇਦੋਸ਼ੇ ਮਾਪਿਆਂ ਨੂੰ ਵੀ ਕਈ ਵਾਰ ਭੁਗਤਣਾ ਪੈਂਦਾ ਹੈ। ਇਉਂ ਨਾਵਲਕਾਰ ਨਾਵਲ ਦੀ ਸਮੁੱਚੀ ਕਹਾਣੀ ਅੰਦਰ ਕਈ ਅਤਿ ਗੰਭੀਰ ਸਮੱਸਿਆਵਾਂ ਨੂੰ ਬਾਖ਼ੂਬੀ ਪੇਸ਼ ਕਰਨ ਵਿਚ ਪੂਰਾ ਸਫ਼ਲ ਹੋਇਆ ਹੈ। ਸਮਾਜ ਦੇ ਕੁਝ ਗ਼ਲਤ ਬੰਦਿਆਂ ਦੇ ਢਹੇ ਚੜ੍ਹ ਕੇ ਨੌਜਵਾਨ ਕੁੜੀਆਂ ਦਾ ਸਰੀਰਿਕ ਸ਼ੋਸ਼ਣ, ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਅਤੇ ਕਈ ਹੋਰ ਨਾਜ਼ੁਕ ਵਿਸ਼ਿਆਂ ਨੂੰ ਲੇਖਕ ਨੇ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਨਾਵਲ ਦੇ 13ਵੇਂ ਕਾਂਡ 'ਚ ਇਕ ਗ਼ਰੀਬ ਕਿਸਾਨ ਆਪਣੀ ਧੀ ਨਿੰਮੀ ਦਾ ਵਿਆਹ ਕਰਨ ਲਈ ਆਪਣਾ 4 ਲੱਖ ਰੁਪਏ ਦਾ ਮਜਬੂਰੀ 'ਚ ਗੁਰਦਾ ਵੇਚਦਾ ਹੈ, ਇਹ ਹਿਰਦੇਵੇਦਕ ਘਟਨਾ, ਦਿਨੋਂ-ਦਿਨ ਮਜ਼ਦੂਰਾਂ ਦੀ ਕਤਾਰ 'ਚ ਤੇਜ਼ੀ ਨਾਲ ਖੜ੍ਹੋ ਰਹੀ ਨਿਮਨ ਕਿਸਾਨੀ ਦੇ ਆਰਥਿਕ ਦੁਖਾਂਤ ਨੂੰ ਬਿਆਨਦੀ ਹੈ। ਪ੍ਰਵਾਸੀ ਜੀਵਨ, ਸ਼ੋਸ਼ਲ ਮੀਡੀਏ ਦੇ ਮਾਧਿਅਮ ਰਾਹੀਂ ਉਸਾਰੂ ਪੱਖਾਂ ਨੂੰ ਉਭਾਰਨ ਦੇ ਨਾਲ-ਨਾਲ ਕੁਝ ਪਿਛਾਂਹਖਿੱਚੂ ਅਤੇ ਜਾਅਲਸਾਜ਼ੀ ਨੂੰ ਵੀ ਲੇਖਕ ਨੇ ਆਪਣੀ ਰਚਨਾ ਦਾ ਵਿਸ਼ਾ-ਵਸਤੂ ਬਣਾਇਆ ਹੈ। ਮਲਵਈ ਬੋਲੀ 'ਚ ਲਿਖਿਆ ਗਿਆ ਹਥਲਾ ਨਾਵਲ ਵਿਸ਼ਾ ਵਸਤੂ, ਬੁਣਤੀ, ਪਾਤਰ ਉਸਾਰੀ, ਪੇਸ਼ਕਾਰੀ ਅਤੇ ਰਚਨਾਤਮਕ ਪੱਖੋਂ ਵਧੀਆ ਹੋਣ ਦੇ ਨਾਲ-ਨਾਲ ਪਾਠਕ ਨੂੰ ਦਿਨੋਂ-ਦਿਨ ਪਣਪ ਰਹੀਆਂ ਅਸਲੋਂ ਨਵੀਆਂ ਸਮੱਸਿਆਵਾਂ ਪ੍ਰਤੀ ਵੀ ਸੁਚੇਤ ਕਰਦਾ ਹੈ, ਜਿਸ ਲਈ ਲੇਖਕ ਵਧਾਈ ਪਾਤਰ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110

ਕਵਿਤਾ ਕਰਵਟ ਲੈਂਦੀ ਹੈ
ਕਵੀ : ਡਾ: ਧਰਮ ਚੰਦ ਵਾਤਿਸ਼
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112.

ਡਾ: ਧਰਮ ਚੰਦ ਵਾਤਿਸ਼ ਪੰਜਾਬੀ ਸਾਹਿਤ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਆਲੋਚਨਾ ਅਤੇ ਅਧਿਆਪਨ ਦੇ ਖੇਤਰ ਵਿਚ ਉਸ ਦਾ ਨਾਂਅ ਜ਼ਿਕਰਯੋਗ ਹੈ। ਆਲੋਚਨਾ ਪੁਸਤਕਾਂ ਤੋਂ ਬਾਅਦ 'ਕਵਿਤਾ ਕਰਵਟ ਲੈਂਦੀ ਹੈ' ਡਾ: ਬਾਤਿਸ਼ ਦਾ ਨਵਾਂ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਲੇਖਕ ਦੇ ਜੀਵਨ ਦੇ ਬਹੁਰੰਗੀ ਵਰਤਾਰੇ ਨੂੰ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਹੈ।
'ਕਵਿਤਾ ਕਰਵਟ ਲੈਂਦੀ ਹੈ' ਨਾਂਅ ਦੀ ਟਾਈਟਲ ਕਵਿਤਾ ਵਿਚ ਹੀ ਕਵੀ ਆਪਣੇ ਕਾਵਿ-ਸਰੋਕਾਰਾਂ ਦੀ ਨਿਸ਼ਾਨਦੇਹੀ ਕਰ ਦਿੰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀ ਗੁਆਚ ਰਹੇ ਸਾਂਝੇ ਸੱਭਿਆਚਾਰ ਸਬੰਧੀ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ। ਪਲੀਤ ਹੋ ਰਹੀ ਭਾਸ਼ਾ ਨੂੰ ਸੰਭਾਲਣ ਦਾ ਹੋਕਾ ਦਿੰਦਾ ਹੈ। ਤੁਰ ਗਏ ਲੋਕ ਪੱਖੀ ਕਵੀਆਂ ਨੂੰ ਆਪਣੀ ਕਵਿਤਾ ਰਾਹੀਂ ਪੁਨਰ-ਸਿਮਰਿਤ ਕਰਦਾ ਹੈ। ਇਸ ਨਾਲ ਹੀ ਉਹ ਸਾਡੇ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਚੋਣ ਪ੍ਰਬੰਧ, ਭਰੂਣ ਹੱਤਿਆ, ਬੇਈਮਾਨੀ, ਇਨਾਮਾਂ-ਸਨਮਾਨਾਂ ਦੀ ਦੌੜ ਤੇ ਵਿਅੰਗਾਤਮਕ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਇਸ ਸੰਗ੍ਰਹਿ ਵਿਚ ਲੇਖਕ ਜੀਵਨ ਵਿਚ ਫੈਲੀਆਂ ਵਿਸੰਗਤੀਆਂ ਨੂੰ ਆਪਣੀ ਕਵਿਤਾ ਵਿਚ ਵਿਅੰਗ ਦੀ ਦ੍ਰਿਸ਼ਟੀ ਤੋਂ ਚਿਤਰਦਾ ਹੈ।
'ਕਵਿਤਾ ਕਰਵਟ ਲੈਂਦੀ ਹੈ' ਪੁਸਤਕ ਵਿਚਲੀਆਂ ਕਵਿਤਾਵਾਂ ਸਰਲ ਸਹਿਜ ਮੁਹਾਵਰੇ ਦੀਆਂ ਕਵਿਤਾਵਾਂ ਹਨ। ਲੇਖਕ ਆਮ ਸਾਧਾਰਨ ਸ਼ਬਦਾਂ ਵਿਚ ਆਪਣੇ ਵਸਤੂ ਨੂੰ ਕਾਵਿ-ਕਲਪਨਾ ਰਾਹੀਂ ਕਾਵਿਕ ਆਕਾਰ ਦਿੰਦਾ ਹੈ। ਪਾਠਕ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਾ ਭਰਪੂਰ ਬੌਧਿਕ ਆਨੰਦ ਦੀ ਪ੍ਰਾਪਤੀ ਕਰਦਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698

ਝੱਖੜਾਂ 'ਚ ਬਲਦੀ ਮਸ਼ਾਲ
ਕਵੀ : ਸੁਖਦੇਵ ਸਿੰਘ ਪ੍ਰੇਮੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 128.

ਸੁਖਦੇਵ ਸਿੰਘ ਪ੍ਰੇਮੀ ਇਕ ਹੰਢਿਆ ਵਰਤਿਆ, ਪੁਰ ਅਹਿਸਾਸ ਅਤੇ ਲੋਕ ਸਰੋਕਾਰਾਂ ਪ੍ਰਤੀ ਸੰਵੇਦਨਸ਼ੀਲ ਕਵੀ ਹੈ। ਉਸ ਨੇ ਲੰਮੀ ਉਮਰ ਲੋਕ ਜਥੇਬੰਦੀਆਂ ਵਿਚ ਸਰਗਰਮ ਭੂਮਿਕਾ ਨਿਭਾਈ ਅਤੇ ਇਕ ਹੈੱਡ ਮਾਸਟਰ ਦੇ ਤੌਰ 'ਤੇ ਰਿਟਾਇਰ ਹੋਇਆ। ਪ੍ਰੇਮੀ ਨੇ ਆਪਣੀ ਕਾਵਿ ਪ੍ਰਤਿਭਾ ਲੋਕਾਂ ਵਿਚੋਂ ਗ੍ਰਹਿਣ ਕੀਤੀ ਹੈ ਅਤੇ ਲੋਕ ਹੱਕਾਂ ਪ੍ਰਤੀ ਚੇਤਨਤਾ ਦੀ ਮਿਸ਼ਾਲ ਉਸ ਨੇ ਜ਼ੁਲਮੀ ਝੱਖੜਾਂ ਵਿਚ ਜਗਾਈ ਰੱਖਣ ਦਾ ਅਹਿਦ ਵੀ ਪਾਲਿਆ ਹੈ। ਉਸ ਨੇ ਕਵਿਤਾ ਨੂੰ ਆਪਣੇ ਸਾਹਾਂ ਵਿਚ ਘੋਲ ਕੇ ਪਿਆਰਿਆ। ਉਸ ਦਾ ਪਹਿਲਾ ਕਾਵਿ ਸੰਗ੍ਰਹਿ 35 ਸਾਲ ਪਹਿਲਾਂ ਛਪਿਆ ਸੀ। ਇਸ ਤਰ੍ਹਾਂ ਕਾਵਿ ਸਫ਼ਰ ਉਸ ਦਾ ਜੀਵਨ ਸਫ਼ਰ ਹੀ ਹੈ। 'ਪ੍ਰੇਮੀ ਸਮਕਾਲੀ ਯਥਾਰਥ ਦੇ ਪਾਸਾਰਾਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕਰਦਾ ਹੈ। ਇਨ੍ਹਾਂ ਪਾਸਾਰਾਂ ਵਿਚ ਪ੍ਰਮੁੱਖ ਰੂਪ ਵਿਚ ਹਾਕਮਾਂ ਦਾ ਲੋਕ ਦੋਖੀ ਕਿਰਦਾਰ ਤੇ ਵਿਹਾਰ, ਰਾਜਕੀ ਜਬਰ, ਸਰਕਾਰਾਂ ਦੀ ਅਮਾਨਵੀ ਪਹੁੰਚ ਦ੍ਰਿਸ਼ਟੀ, ਪੁਲਿਸ ਤੇ ਹਾਕਮਾਂ ਦਾ ਅਮਾਨਵੀ ਗ਼ੈਰ-ਮਨੁੱਖੀ ਵਿਹਾਰ ਕਿਰਦਾਰ, ਔਰਤਾਂ ਅਤੇ ਘੱਟ-ਗਿਣਤੀਆਂ ਉਤੇ ਹੋ ਰਿਹਾ ਜਬਰ, ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਗੁਲਾਮੀ ਵਰਗੀ ਦਸ਼ਾ ਦੇ ਕਾਵਿ ਵਿਸਤਾਰ ਅਹਿਮ ਹਨ' ਉਸ ਨੂੰ ਰੰਜ ਹੈ ਕਿ ਮਿਹਨਤਕਸ਼ਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਅਨਪੜ੍ਹਤਾ ਅਤੇ ਅਗਿਆਨਤਾ ਦਾ ਚਾਰੇ ਪਾਸੇ ਬੋਲਬਾਲਾ ਹੈ।
ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰੇਮੀ ਦੀਆਂ ਕਰੀਬ ਸਾਰੀਆਂ ਹੀ ਕਵਿਤਾਵਾਂ ਕਿਸੇ ਨਾ ਕਿਸੇ ਨਿਰਧਾਰਤ ਛੰਦ ਬਹਿਰ ਵਿਚ ਪਰਿਪੂਰਨ ਹਨ। ਸਮਾਜਿਕ ਵਿਸੰਗਤੀਆਂ ਅਤੇ ਜੀਵਨ ਦੀਆਂ ਉਲਟ ਦਿਸ਼ਾਵਾਂ ਦਾ ਉਹ ਘੋਰ ਵਿਰੋਧੀ ਹੈ। ਉਸ ਨੂੰ ਰੰਜ ਹੈ ਕਿ :
ਆਪਣੇ ਦੇਸ਼ 'ਚ ਵਸਦੇ ਹੋਏ ਸਮਝਣ ਸਭ ਪ੍ਰਵਾਸੀ ਲੋਕ।
ਬੁਝਿਆ ਬੁਝਿਆ ਜੀਵਨ ਜਿਊਂਦੇ ਲਗਦੇ ਬਾਸੀ ਬਾਸੀ ਲੋਕ।
ਪੁਸਤਕ ਨੂੰ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337

28-6-2014

 ਕੁਦਰਤ ਬੋਲਦੀ ਹੈ
ਸ਼ਾਇਰਾ : ਬਰਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.

ਸੰਵੇਦਨਸ਼ੀਲ ਸ਼ਾਇਰ ਕਾਦਰ ਅਤੇ ਕੁਦਰਤ ਦੇ ਬਹੁਤ ਨੇੜੇ ਹੁੰਦਾ ਹੈ। ਕੁਦਰਤ ਦੀ ਗੋਦ ਉਸ ਨੂੰ ਮਾਂ ਦੀ ਬੁੱਕਲ ਜਿਹਾ ਨਿੱਘ, ਪਿਆਰ ਅਤੇ ਸਕੂਨ ਬਖਸ਼ਦੀ ਹੈ। ਇਹ ਸਾਡੀ ਸਿੱਖਿਆਦਾਤੀ ਹੈ। ਇਸ ਵਿਚ ਖਿੜੇ ਹੋਏ ਫੁੱਲ, ਚਹਿਕ ਰਹੇ ਪੰਛੀ, ਲਹਿਲਹਾਉਂਦੀਆਂ ਫਸਲਾਂ ਅਤੇ ਸਰਸਬਜ਼ ਬਨਸਪਤੀਆਂ ਸਾਡੇ ਅੰਦਰ ਖੇੜਾ, ਟਹਿਕ, ਮਹਿਕ ਅਤੇ ਭਰਪੂਰਤਾ ਭਰ ਦਿੰਦੀਆਂ ਹਨ। ਕਵਿੱਤਰੀ ਨੇ ਕੁਦਰਤ ਨਾਲ ਇਕ-ਮਿਕ ਹੋ ਕੇ ਖੂਬਸੂਰਤ ਕਵਿਤਾਵਾਂ ਸਿਰਜੀਆਂ ਹਨ। ਆਓ, ਆਪਾਂ ਉਸ ਦੀ ਸਿਰਜਣਾ ਦੀਆਂ ਕੁਝ ਝਲਕਾਂ ਮਾਣੀਏ-
-ਚੋਟੀਏ ਪਹਾੜ ਦੀਏ
ਮੇਰਾ ਨਮਸਕਾਰ ਕਬੂਲ
ਝੁਕ ਝੁਕ ਮੈਂ ਤੈਨੂੰ ਸੀਸ ਨਿਵਾਵਾਂ
ਤੇਰੀ ਹਰ ਅਦਾ ਤੋਂ ਸਦਕੇ ਜਾਵਾਂ।
-ਫੁੱਲਾਂ ਦਾ ਨਾਚ
ਅਲੌਕਿਕ ਨਜ਼ਾਰਾ
ਕੁਦਰਤ ਦਾ ਖੇਲ
ਅਰਸ਼ੀ ਨਜ਼ਾਰਾ।
-ਮਿੱਟੀ ਹੈ ਜੀਵਨ
ਜੀਵਨ ਦਾ ਸਾਰ
ਇਹੀ ਹੈ ਦੁਨੀਆ
ਦੁਨੀਆ ਦਾ ਅੰਤ
ਕਣ-ਕਣ ਵੀ ਇਹੀ
ਆਦਿ ਵੀ ਇਹੀ।
ਹਿੰਦੀ ਵਿਚ ਕਵਿਤਾ ਲਿਖਣ ਵਾਲੀ ਕਵਿੱਤਰੀ ਦਾ ਇਹ ਪਲੇਠਾ ਪੰਜਾਬੀ ਕਾਵਿ-ਸੰਗ੍ਰਹਿ ਹੈ। ਇਸ ਵਿਚ ਕਿਤੇ-ਕਿਤੇ ਹਿੰਦੀ ਮੁਹਾਵਰਾ ਝਲਕਦਾ ਹੈ, ਸ਼ਬਦ ਜੋੜਾਂ ਦੀਆਂ ਵੀ ਉਕਾਈਆਂ ਹਨ। ਪਰ ਇਨ੍ਹਾਂ ਰਚਨਾਵਾਂ ਵਿਚ ਇਕ ਤੜਪ ਹੈ ਫੁੱਲ ਬਣ ਕੇ ਖਿੜਨ ਦੀ, ਪੰਛੀ ਬਣ ਕੇ ਚਹਿਚਹਾਉਣ ਦੀ ਅਤੇ ਪੈਲੀਆਂ ਬਣ ਕੇ ਝੂਮਣ ਦੀ। ਇਨ੍ਹਾਂ ਵਿਚ ਸੁਨੇਹਾ ਹੈ ਕਿ ਜ਼ਿੰਦਗੀ ਨੂੰ ਹਸਦਿਆਂ, ਖੇਡਦਿਆਂ ਮਾਣਨਾ ਚਾਹੀਦਾ ਹੈ। ਕੁਦਰਤ ਅਤੇ ਚਾਦਰ ਦੀ ਸ਼ਰਨ ਜੀਵਨ ਦੇ ਸਾਰੇ ਦੁੱਖਾਂ, ਹਾਦਸਿਆਂ ਅਤੇ ਚਿੰਤਾਵਾਂ ਤੋਂ ਮੁਕਤ ਕਰਕੇ ਸਾਨੂੰ ਸਹੀ ਜੀਵਨ ਜਾਚ ਬਖਸ਼ਦੀ ਹੈ। ਇਸ ਕਾਵਿ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਪ੍ਰਗਤੀਵਾਦੀ ਪੰਜਾਬੀ ਕਵਿਤਾ ਵਿਚ ਲੋਕਧਾਰਾਈ ਰੂਪਾਂਤਰਣ
ਲੇਖਿਕਾ : ਡਾ: ਸਤਿੰਦਰ ਕੌਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 225 ਰੁਪਏ, ਸਫ਼ੇ : 270.

ਡਾ: ਸਤਿੰਦਰ ਕੌਰ ਦੀ ਹਥਲੀ ਖੋਜ ਪੁਸਤਕ ਉਸ ਦਾ ਨਿੱਠ ਕੇ ਕੀਤਾ ਖੋਜ ਕਾਰਜ ਹੈ। ਵੇਖਿਆ ਗਿਆ ਹੈ ਕਿ ਪੀ.ਐਚ.ਡੀ. ਦੀ ਡਿਗਰੀ ਲੈਣ ਵਾਸਤੇ ਕੀਤੇ ਗਏ ਖੋਜ ਕਾਰਜ ਆਮ ਕਰਕੇ ਪ੍ਰਕਾਸ਼ਿਤ ਨਹੀਂ ਕੀਤੇ ਜਾਂਦੇ, ਕਿਉਂਕਿ ਅਜਿਹੇ ਖੋਜ ਕਾਰਜ ਮਾਤਰ ਰਸਮੀ ਹੁੰਦੇ ਹਨ। ਪਰ ਕੁਝ ਕੁ ਖੋਜ ਕਾਰਜ ਸਾਹਿਤ ਦੀ ਜ਼ੀਨਤ ਬਣ ਜਾਂਦੇ ਹਨ। ਸਤਿੰਦਰ ਕੌਰ ਦੀ ਇਹ ਪੁਸਤਕ ਵੀ ਇਕ ਮੌਲਿਕ ਅਤੇ ਪ੍ਰਗਤੀਵਾਦੀ ਕਾਵਿ ਦੇ ਨਵ-ਪਾਸਾਰਾਂ ਦੀ ਸਮਾਲੋਚਨਾ ਦਾ ਨਵ-ਰੂਪਾਂਤ੍ਰਣ ਕਰਦੀ ਹੈ। ਪੁਸਤਕ ਦੇ ਸੱਤ ਅਧਿਆਏ ਹਨ। ਪਹਿਲੇ ਅਧਿਆਏ ਵਿਚ ਪ੍ਰਗਤੀਵਾਦ, ਸਾਹਿਤ ਅਤੇ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਭਰਪੂਰ ਵਿਚਾਰ ਕੀਤਾ ਗਿਆ ਹੈ। ਇਸ ਕਾਂਡ ਵਿਚ ਪ੍ਰਗਤੀਵਾਦ ਕਾਵਿ ਦੇ ਵਿਚਾਰਧਾਰਾਈ ਅਧਿਐਨ ਤੋਂ ਅਗਾਂਹ ਲੋਕਧਾਰਾਈ ਦ੍ਰਿਸ਼ਟੀ ਅਧੀਨ ਰੁਪਾਂਤ੍ਰਣ ਕਰਨ ਦੇ ਕਾਰਜ ਦੀ ਜਾਣ-ਪਛਾਣ ਅਤੇ ਜ਼ਰੂਰਤ ਦਰਸਾਈ ਗਈ ਹੈ। ਕਾਵਿ ਵਿਚ ਲੋਕਧਾਰਾਈ ਅੰਸ਼ਾਂ ਦੀ ਸੰਘਣਤਾ ਦਰਸਾਉਣ ਵਾਸਤੇ ਲੇਖਿਕਾ ਨੇ ਪੰਜ ਪ੍ਰਸਿੱਧ ਪ੍ਰਗਤੀਵਾਦੀ ਕਵੀਆਂ ਦਾ ਕਾਵਿ ਸੰਸਾਰ ਨਿਰਧਾਰਤ ਕੀਤਾ ਹੈ। ਇਹ ਕਵੀ ਹਨ ਪ੍ਰੋ: ਮੋਹਨ ਸਿੰਘ, ਬਾਵਾ ਬਲਵੰਤ, ਪਾਸ਼, ਸੁਰਜੀਤ ਪਾਤਰ ਅਤੇ ਹਰਭਜਨ ਸਿੰਘ ਹੁੰਦਲ। ਲੇਖਿਕਾ ਦਾ ਸਭ ਤੋਂ ਅਹਿਮ ਕਾਰਜ ਸਾਹਿਤ, ਲੋਕ ਸਾਹਿਤ ਅਤੇ ਲੋਕਧਾਰਾ ਦੇ ਅੰਤਰ ਸਬੰਧਾਂ ਦੀ ਵਿਗਿਆਨਕ ਸਮੀਖਿਆ ਹੈ। ਪ੍ਰਗਤੀਵਾਦੀ ਸਾਹਿਤ ਬੇਸ਼ਕ ਮਾਰਕਸਵਾਦੀ ਦਰਸ਼ਨ ਉਤੇ ਆਧਾਰਿਤ ਸਾਹਿਤਕ ਅੰਦੋਲਨ ਮੰਨਿਆ ਜਾਂਦਾ ਹੈ ਪਰ ਲੇਖਿਕਾ ਨੇ ਇਸ ਕਾਵਿ ਨੂੰ ਇਤਿਹਾਸਕ ਪਰਿਪੇਖ ਵਿਚ ਉੱਭਰ ਰਹੀਆਂ ਸਥਿਤੀਆਂ/ਪ੍ਰਸਥਿਤੀਆਂ ਦੀ ਲੋੜ ਵਿਚੋਂ ਪੈਦਾ ਹੋਈ ਲਹਿਰ ਵਜੋਂ ਨਵ-ਦ੍ਰਿਸ਼ਟੀ ਦੀ ਸਥਾਪਤੀ ਉਜਾਗਰ ਕਰਕੇ ਖੋਜ ਕਾਰਜ ਨੂੰ ਨਵੇਂ ਆਯਾਮ ਪੇਸ਼ ਕੀਤੇ ਹਨ।

-ਸੁਲੱਖਣ ਸਰਹੱਦੀ
ਮੋ: 94171-84337.

ਅਜੀਬ ਰਿਸ਼ਤਾ
ਲੇਖਕ : ਹਰਨੇਕ ਸਿੰਘ ਬੱਧਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 140 ਰੁਪਏ , ਸਫੇ : 111

ਹਰਨੇਕ ਸਿੰਘ ਬੱਧਣੀ 'ਤੇ ਉਸ ਦੀ ਜਵਾਨ ਉਮਰ ਵਿੱਚ ਨਕਸਲੀ ਲਹਿਰ ਦਾ ਪਿਆ ਪ੍ਰਭਾਵ ਉਸ ਨੂੰ ਹੀਰਾ ਬਣਾ ਗਿਆ। ਉਸ ਕੋਲ ਅਗਾਂਹਵਧੂ ਸ਼ਬਦ ਭੰਡਾਰ ਅਤੇ ਸ਼ੈਲੀ ਜਮ੍ਹਾਂ ਹੋ ਗਈ। ਛੋਟੀ ਉਮਰੇ ਉਸ ਦੀ ਸਿਰਜਣਾ ਸ਼ਕਤੀ ਨੇ ਉਸਨੂੰ ਲਿਖਣ ਲਈ ਝੰਜੋੜਿਆ, ਪਰ ਸਮੇਂ ਦੀ ਤੇਜ਼ ਰਫ਼ਤਾਰ ਨੇ ਉਸ ਨੂੰ ਲਿਖਣ ਵਾਲੇ ਪਾਸੇ ਨਾ ਜਾਣ ਦਿੱਤਾ। ਉਹ ਅਧਿਆਪਕ ਬਣ ਗਿਆ। 31 ਸਾਲ ਸਕੂਲ ਮਾਸਟਰੀ ਕਰਨ ਸਮੇਂ ਉਹ ਮੌਜੂਦਾ ਪ੍ਰਬੰਧ ਨੂੰ ਚੰਗੀ ਤਰ੍ਹਾਂ ਸਮਝਣ-ਵਾਚਣ ਦੇ ਸਮੱਰਥ ਹੋ ਗਿਆ। ਇਹ ਤਰਾਸਿਆ ਹੀਰਾ ਨੌਕਰੀ ਤੋਂ ਬਾਅਦ ਵਿਦੇਸ਼ ਚਲਾ ਗਿਆ ਜਿਥੋਂ ਉਸ ਦੀ ਲਿਖਣ ਕਲਾ ਨੇ ਉਸ ਨੂੰ ਫਿਰ ਝੰਜੋੜਿਆ ਅਤੇ ਹਕੀਕਤ ਹਾਲਤਾਂ ਨੂੰ ਲੈ ਕੇ ਉਸ ਨੇ ਕਲਮ ਚੁੱਕ ਹੀ ਲਈ। ਸਿੱਟੇ ਵਜੋਂ ਉਸ ਨੇ 12 ਕਹਾਣੀਆਂ ਲਿਖ ਕੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ 'ਅਜੀਬ ਰਿਸ਼ਤਾ' ਪਾਠਕਾਂ ਦੇ ਰੂਬਰੂ ਕੀਤਾ ਹੈ।
ਲੇਖਕ ਦੇ 12 ਕਹਾਣੀਆਂ ਵਾਲੇ ਸੰਗ੍ਰਹਿ ਵਿਚ ਕਹਾਣੀਆਂ ਦਾ ਵਿਸ਼ਾ ਵਸਤੂ, ਮਨੁੱਖੀ ਸੁਭਾਅ, ਸਮਾਜੀ ਸਰੋਕਾਰ ਅਤੇ ਲੋਕ ਸਮੱਸਿਆਵਾਂ ਦਾ ਦਰਦ ਪ੍ਰਗਤੀਵਾਦੀ ਮਾਡਲ ਵਿੱਚ ਅਤੀ ਸੂਖਮਤਾ ਤੇ ਸੰਜੀਦਗੀ ਨਾਲ ਲਿਪਟਿਆ ਹੋਇਆ ਹੈ, ਜਿਸ ਤੋਂ ਉਸ ਦੇ ਨਵੇਂ ਕਹਾਣੀਕਾਰ ਨਹੀਂ, ਸਗੋਂ ਪੁਰਾਣੇ ਤੇ ਸਥਾਪਤ ਲੇਖਕ ਹੋਣ ਦਾ ਪ੍ਰਭਾਵ ਪੈਂਦਾ ਹੈ। ਉਹ ਆਪਣੀਆਂ ਕਹਾਣੀਆਂ ਵਿਚ ਯਥਾਰਥ ਦੀ ਉਂਗਲ ਪਕੜ ਕੇ ਸੰਜੀਦਗੀ, ਸੂਖਮਤਾ ਤੇ ਸਪੱਸ਼ਟਤਾ ਨਾਲ ਤੁਰਦਾ ਹੈ। ਲੇਖਕ ਤਿੰਨ ਦਹਾਕੇ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ। ਉਸ ਦੀ ਵਿਦਿਅਕ ਯੋਗਤਾ, ਲਿਖਣ ਪੜ੍ਹਨ ਤੇ ਸ਼ਬਦਾਵਲੀ ਦੀ ਸਹੀ ਚੋਣ ਅਤੇ ਸਿਰਜਣਾਤਮਕ ਸ਼ਕਤੀ ਕਾਫੀ ਵਿਸ਼ਾਲ ਤੇ ਪੁਰਾਣੀ ਹੈ, ਜਿਸ ਕਰਕੇ ਉਹ ਹਰ ਵਿਸ਼ੇ ਨੂੰ ਗੰਭੀਰਤਾ ਨਾਲ ਸਹਿਜੇ ਹੀ ਸਮਝਣ-ਲਿਖਣ ਦੀ ਨਿਪੁੰਨਤਾ ਰੱਖਦਾ ਹੈ। ਅਜੀਬ ਰਿਸ਼ਤਾ ਵਿਚ ਦੁਸ਼ਮਣੀ ਦਾ ਅੰਤ , ਬਦਨਸੀਬ, ਅੰਨਾ ਪਿਆਰ, ਪੁੱਤਰ ਮੋਹ, ਮੁਨੱਖੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਪੈਸੇ ਦੀ ਦੌੜ ਲਈ ਬਦਲਦੀ ਮਾਨਸਿਕਤਾ, ਬਦਲ ਰਿਹਾ ਸੱਭਿਆਚਾਰ, ਸੌੜੀ ਸੋਚ ਅਤੇ ਮਾਤਾ-ਪਿਤਾ, ਭੈਣ ਭਰਾ, ਭੂਆ ਫੁੱਫੜ, ਮਾਸੀ, ਚਾਚੀ, ਤਾਈ ਆਦਿ ਵਰਗੇ ਪੀਡੇ ਰਿਸ਼ਤਿਆਂ 'ਚ ਆ ਰਹੀ ਲਚਕਤਾ ਨੂੰ ਪੂਰੀ ਦਲੇਰੀ, ਸਾਫਗੋਈ ਤੇ ਸਪੱਸ਼ਟਤਾ ਨਾਲ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਬੂਬਨੇ ਸਾਧ ਅਖੌਤੀ ਚੇਲਿਆਂ ਦੀ ਮਰੀ ਮਾਨਸਿਕਤਾ ਨੂੰ ਰੂਪਮਾਨ ਕਰਦੀ ਹੈ। ਦੇਸ਼ ਦੀ ਅਮੀਰੀ, ਸੱਚ ਦੀ ਜਿੱਤ, ਬੇਸ਼ਰਮ, ਖਰਬੂਜ਼ੇ ਦਾ ਰੰਗ, ਬੀਬੀ ਸੂਬੇਦਾਰਨੀ, ਫ਼ਰਜ਼, ਸੱਭਿਆਚਾਰ ਵਿਚ ਵਿਚਰਦੀਆਂ ਘਟਨਾਵਾਂ ਦੇ ਐਸੇ ਸੱਚ ਹਨ ਜੋ ਇੰਗਲੈਂਡ, ਕੈਨੇਡਾ ਦੀ ਧਰਤੀ 'ਤੇ ਵੀ ਉਥੋਂ ਦੇ ਪ੍ਰਬੰਧ ''ਚ ਪੰਜਾਬੀ ਲੋਕਾਂ ਦੀ ਗੱਲ ਕਰਦੇ ਹਨ। ਲੇਖਕ ਨੇ ਆਪਣੀਆਂ ਕਹਾਣੀਆਂ ਵਿਚ ਜੋ ਵੇਖਿਆ ਚਿਤਵਿਆ ਤੇ ਹੰਡਾਇਆ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਕਲਾ ਦੇ ਉਲੇਖ ਪੱਖੋਂ ਵੀ ਉਹ ਕਿਤੇ ਨਹੀਂ ਉਲਰਿਆ, ਸਗੋਂ ਆਪਣੇ ਇਸ ਪਹਿਲੇ ਕਹਾਣੀ ਸੰਗ੍ਰਹਿ ਵਿਚ ਹਰ ਪੱਖੋਂ ਸਫ਼ਲ ਹੋਇਆ ਹੈ।

-ਰਮੇਸ਼ ਤਾਂਗੜੀ
ਮੋ: 9463079655

ਰਾਤੀਂ ਰੁੱਸ ਗਿਆ ਤੂੰ ਵੇ
ਲੇਖਕ : ਬਲਬੀਰ ਲਹਿਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 120

ਬਲਬੀਰ ਲਹਿਰਾ ਪੰਜਾਬ ਦਾ ਜਾਣਿਆ-ਪਛਾਣਿਆ ਗਾਇਕ ਹੈ। ਇਕ ਵੇਲ਼ੇ ਉਸ ਦੀ ਗਾਇਕੀ ਦੀ ਪੂਰੀ ਮਹਿਮਾ ਸੀ। ਲਹਿਰਾ ਗਾਇਕ ਹੋਣ ਦੇ ਨਾਲ-ਨਾਲ ਵਧੀਆ ਗੀਤਕਾਰ ਵੀ ਹੈ, ਜਿਸ ਦੇ ਲਿਖੇ ਗੀਤ ਦਰਜਨਾਂ ਕਲਾਕਾਰਾਂ ਨੇ ਗਾਏ ਹਨ। ਉਸ ਦੇ ਬਹੁਗਿਣਤੀ ਗੀਤ ਸੁਥਰੇ ਹਨ, ਜਿਨ੍ਹਾਂ ਵਿਚ ਦੋਗਾਣੇ ਤੇ ਸੋਲੋ ਦੋਨੋਂ ਵੰਨਗੀਆਂ ਸ਼ਾਮਿਲ ਹਨ।
ਹੁਣ ਬਲਬੀਰ ਲਹਿਰਾ ਆਪਣੇ ਲਿਖੇ ਗੀਤਾਂ ਦੀ ਪਲੇਠੀ ਪੁਸਤਕ ਲੈ ਕੇ ਹਾਜ਼ਰ ਹੋਇਆ ਹੈ। ਪੁਸਤਕ ਵਿਚਲੇ ਸਾਰੇ ਗੀਤ ਵੱਖ-ਵੱਖ ਕਲਾਕਾਰਾਂ ਨੇ ਗਾਏ ਹਨ ਤੇ ਜ਼ਿਆਦਾਤਰ ਗੀਤ ਉਸ ਦੇ ਆਪਣੇ ਗਾਏ ਨੇ। ਕੁਲਦੀਪ ਮਾਣਕ, ਗਿੱਲ ਹਰਦੀਪ, ਨਛੱਤਰ ਗਿੱਲ, ਰਵਿੰਦਰ ਗਰੇਵਾਲ, ਕਰਨੈਲ ਗਿੱਲ, ਕਰਤਾਰ ਰਮਲਾ, ਜਸਵੰਤ ਸੰਦੀਲਾ, ਹਰਭਜਨ ਸ਼ੇਰਾ, ਫ਼ਕੀਰ ਚੰਦ ਪਤੰਗਾ, ਮਿੰਟੂ ਧੂਰੀ, ਕੁਲਦੀਪ ਸ਼ੇਰਗਿੱਲ, ਸੁਦੇਸ਼ ਕੁਮਾਰੀ ਤੇ ਕੁਝ ਹੋਰ ਕਲਾਕਾਰਾਂ ਦੇ ਗਾਏ ਗੀਤ ਉਸ ਨੇ 'ਰਾਤੀਂ ਰੁੱਸ ਗਿਆ ਤੂੰ ਵੇ' ਪੁਸਤਕ ਵਿੱਚ ਸ਼ਾਮਿਲ ਕੀਤੇ ਹਨ।
ਪੁਸਤਕ ਵਿਚ ਦਰਜ ਸਾਰੇ ਗੀਤ ਬਲਬੀਰ ਲਹਿਰਾ ਦੀ ਸਾਫ਼-ਸੁਥਰੀ ਸੋਚ ਦੀ ਗਵਾਹੀ ਭਰਦੇ ਹਨ। ਰੋਮਾਂਸ ਦੀ ਗੱਲ ਕਰਦਿਆਂ ਉਸ ਦੀ ਸੋਚ ਲੀਹੋਂ ਨਹੀਂ ਲੱਥੀ ਤੇ ਬਿਰਹਾ ਦੀ ਗੱਲ ਕਰਦਿਆਂ ਉਸ ਨੂੰ ਨਜ਼ਾਕਤ ਦਾ ਪਤਾ ਹੈ। ਪੁਸਤਕ ਵਿੱਚ ਸੋਲੋ ਨਾਲੋਂ ਵੱਧ ਦੋਗਾਣੇ ਸ਼ਾਮਿਲ ਹਨ।
ਕੁਲਦੀਪ ਮਾਣਕ ਦੀ ਆਵਾਜ਼ 'ਚ ਰਿਕਾਰਡ ਹੋਇਆ ਲਹਿਰਾ ਦਾ ਧਾਰਮਿਕ ਗੀਤ ਕਮਾਲ ਦਾ ਹੈ :
ਭੋਰਾ ਝਿਜਕੀਂ ਨਾ ਡਰੀਂ,
ਕਰੀਂ ਤਕੜਾ ਇਰਾਦਾ,
ਮੇਰਾ ਰੀਝ ਨਾਲ ਕੱਟੀਂ,
ਬੰਦ ਬੰਦ ਓਏ ਜੱਲਾਦਾ।
ਲਹਿਰਾ ਅੱਜ-ਕੱਲ੍ਹ ਅਮਰੀਕਾ ਰਹਿੰਦਾ ਹੈ ਤੇ ਉਥੇ ਬੈਠਾ ਵੀ ਉਹ ਪੰਜਾਬ ਦੇ ਸੰਗੀਤਕ ਮਾਹੌਲ ਨਾਲ ਪੂਰਾ ਤਾਲਮੇਲ ਰੱਖਦਾ ਹੈ। ਸਵ: ਦੀਦਾਰ ਸੰਧੂ, ਜਿਨ੍ਹਾਂ ਨੂੰ ਪੰਜਾਬੀ ਸੰਗੀਤ ਪ੍ਰੇਮੀ ਕਦੇ ਭੁੱਲ ਨਹੀਂ ਸਕਦੇ, ਦਾ ਉਹ ਸ਼ਾਗਿਰਦ ਹੈ, ਏਸੇ ਕਰਕੇ ਉਸ ਦੀ ਲੇਖਣੀ ਵਿੱਚ ਏਨੀ ਰਵਾਨਗੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

ਚਰਨ ਸਿੰਘ ਦਾ ਕਾਵਿ ਲੋਕ
ਲੇਖਕ : ਪ੍ਰੋ: ਬ੍ਰਹਮਜਗਦੀਸ਼ ਸਿੰਘ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 192.

ਪੰਜਵੀਂ ਸਾਹਿਤ ਸਿਧਾਂਤ, ਭਾਸ਼ਾ ਵਿਗਿਆਨ, ਇਤਿਹਾਸਕਾਰੀ, ਚਿੰਤਨ, ਆਲੋਚਨਾ ਤੇ ਮੈਟਾ ਆਲੋਚਨਾ ਦੇ ਖੇਤਰ ਵਿਚ ਪ੍ਰੋ: ਬ੍ਰਹਮਜਗਦੀਸ਼ ਸਿੰਘ ਦਾ ਕਾਰਜ ਬਹੁਤ ਮਹੱਤਵਪੂਰਨ ਹੈ। ਚਾਹੇ ਸਾਹਿਤ ਦੀ ਸਿਧਾਂਤਕਾਰੀ ਹੋਵੇ, ਇਤਿਹਾਸਕਾਰੀ ਹੋਵੇ, ਭਾਸ਼ਾ ਵਿਗਿਆਨਕ ਅਧਿਐਨ ਹੋਵੇ, ਬਾਣੀ-ਗੁਰਬਾਣੀ, ਕਵਿਤਾ, ਨਾਵਲ, ਨਾਟਕ, ਵਾਰਤਕ ਤੇ ਹੋਰ ਸਾਹਿਤ ਰੂਪਾਂ ਦਾ ਅਧਿਐਨ ਹੋਵੇ ਜਾਂ ਲੇਖਕਾਂ ਦਾ ਮੋਨੋਗ੍ਰਾਫ਼ਕ ਅਧਿਐਨ ਹੋਵੇ-ਪ੍ਰੋ: ਬ੍ਰਹਮਜਗਦੀਸ਼ ਸਿੰਘ ਇਨ੍ਹਾਂ ਸਭ ਖੇਤਰਾਂ ਵਿਚ ਇਕੋ ਜਿੰਨੀ ਯੋਗਤਾ ਤੇ ਸਮਰਥਾ ਨਾਲ ਕੰਮ ਕਰਨ ਵਾਲੀ ਅਨੋਖੀ ਪ੍ਰਤਿਭਾ ਦਾ ਨਾਂਅ ਹੈ। ਕੁਝ ਪਾਠਕ ਇਹ ਜਾਣ ਕੇ ਸ਼ਾਇਦ ਹੈਰਾਨ ਹੋਣ ਕਿ ਇਨ੍ਹਾਂ ਸਭ ਖੇਤਰਾਂ ਵਿਚ ਕੀਤੇ ਕਾਰਜ ਨਾਲ ਸਬੰਧਤ 70 ਕੁ ਪੁਸਤਕਾਂ ਉਸ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅਨੁਵਾਦ ਤੇ ਸੰਪਾਦਨ ਦਾ ਕੰਮ ਇਸ ਤੋਂ ਵੱਖਰਾ ਹੈ। ਰੀਵਿਊ ਅਧੀਨ ਪੁਸਤਕ ਵਿਚ ਉਸ ਨੇ ਕੈਨੇਡਾ ਨਿਵਾਸੀ ਚਰਨ ਸਿੰਘ ਦੀ ਸਮੁੱਚੀ ਕਵਿਤਾ ਦਾ ਅਧਿਐਨ-ਮੁਲਾਂਕਣ ਪੇਸ਼ ਕੀਤਾ ਹੈ।
ਇਸ ਪੁਸਤਕ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਚਰਨ ਸਿੰਘ ਦੀ ਸਮੁੱਚੀ ਕਾਵਿ-ਸਿਰਜਣਾ ਬਾਰੇ ਕੁਝ ਤੱਥ ਪਾਠਕਾਂ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਉਹ 1980 ਵਿਚ ਕੈਨੇਡਾ ਪਰਵਾਸ ਕਰ ਗਿਆ ਸੀ ਅਤੇ 1982 ਵਿਚ ਉਸ ਦੀ ਪਹਿਲੀ ਕਾਵਿ ਪੁਸਤਕ 'ਤੀਸਰੀ ਅੱਖ' ਪ੍ਰਕਾਸ਼ਿਤ ਹੋਈ। ਸਮਾਜਿਕ ਸਰੋਕਾਰਾਂ ਨਾਲ ਭਰਪੂਰ, ਸਵੈ-ਹੋਂਦ ਤੇ ਹੋਣੀ ਦੇ ਪ੍ਰਸ਼ਨਾਂ ਨਾਲ ਜੂਝਦੀ ਇਸ ਰਚਨਾ ਤੋਂ ਬਾਅਦ ਇਸ ਕਵੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪ੍ਰਗਤੀ ਤੇ ਪ੍ਰਯੋਗ ਦੇ ਬੁਨਿਆਦੀ ਰਚਨਾ ਸੂਤਰਾਂ ਤੋਂ ਪ੍ਰੇਰਿਤ ਉਸ ਦੀ ਬ੍ਰਹਿਮੰਡਲ ਚੇਤਨਾ ਵਾਲੀ ਊਰਜਾ ਭਰਪੂਰ ਕਵਿਤਾ ਨਿੱਤ ਨਵੇਂ ਦਿਸਹੱਦੇ ਤਲਾਸ਼ਦੀ ਰਹੀ। ਕਵੀ ਦੀ ਇਹ ਸਿਰਜਣਾਤਮਕ ਜੁਸਤਜੂ ਤੇ ਤਲਾਸ਼ ਏਨੀ ਮੁਸੱਲਸਲ ਤੇ ਸ਼ਿੱਦਤ ਭਰਪੂਰ ਹੈ ਕਿ ਉਹ ਹੁਣ ਤੱਕ 28 ਕਾਵਿ-ਪੁਸਤਕਾਂ ਪੰਜਾਬੀ ਸਾਹਿਤ ਸੰਸਾਰ ਨੂੰ ਦੇ ਚੁੱਕਾ ਹੈ ਤੇ ਉਸ ਵੱਲੋਂ ਦਰਜ ਸੂਚਨਾ ਅਨੁਸਾਰ 18-20 ਹੋਰ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ। ਨਾ ਕੇਵਲ ਗਿਣਤੀ ਦੇ ਪੱਖ ਤੋਂ ਬਲਕਿ ਗੁਣਵੱਤਾ ਦੇ ਪੱਖ ਤੋਂ ਵੀ ਉਸ ਦੀ ਕਵਿਤਾ ਬੇਮਿਸਾਲ ਹੈ। ਇਸ ਹਿਸਾਬ ਨਾਲ ਉਸ ਦਾ ਨਾਂਅ ਅਜਾਇਬ ਕਮਲ ਜਾਂ ਰਵਿੰਦਰ ਰਵੀ ਵਰਗੇ ਚੋਟੀ ਦੇ ਪਰਵਾਸੀ ਸ਼ਾਇਰਾਂ ਦੀ ਕੋਟੀ ਵਿਚ ਸ਼ੁਮਾਰ ਹੋਣਾ ਚਾਹੀਦਾ ਸੀ ਪਰ ਕਿਸੇ ਨੇ ਉਸ ਦਾ ਨੋਟਿਸ ਨਾ ਲਿਆ, ਬਣਦਾ ਮਾਣ-ਸਨਮਾਨ ਤਾਂ ਦੂਰ ਦੀ ਗੱਲ ਹੈ। ਸਾਡੀ ਸਾਹਿਤਕ ਰਾਜਨੀਤੀ ਏਨੀ ਗੰਦਲੀ ਹੋ ਚੁੱਕੀ ਹੈ ਕਿ ਬਿਨਾਂ ਕਹੇ-ਸੁਣੇ ਜਾਂ 'ਜੁਗਾੜ' ਦੇ ਕੋਈ ਧਿਆਨ ਨਹੀਂ ਦਿੰਦਾ। ਇਸ ਪ੍ਰਸੰਗ ਵਿਚ ਜਿੱਥੇ ਮੈਂ ਚਰਨ ਸਿੰਘ ਦੀ ਅੰਤਰਮੁੱਖ ਕਾਵਿ-ਸਾਧਨਾ, ਸਿਰੜ, ਲਗਨ ਤੇ ਡੂੰਘੀ ਪ੍ਰਤੀਬੱਧਤਾ ਨੂੰ ਸਲਾਮ ਕਰਦਾ ਹਾਂ, ਉਥੇ ਪ੍ਰੋ: ਬ੍ਰਹਮਜਗਦੀਸ਼ ਸਿੰਘ ਦੀ ਵੀ ਪ੍ਰਸੰਸਾ ਕਰਦਾ ਹਾਂ, ਜਿਸ ਨੇ ਅਣਗੌਲੇ ਪਰ 'ਵੱਡੇ' ਇਸ ਕਵੀ ਦੀ ਰਚਨਾ ਨੂੰ ਆਪਣੇ ਅਧਿਐਨ ਦਾ ਆਧਾਰ ਬਣਾਇਆ।
ਇਸ ਪੁਸਤਕ ਵਿਚ ਲੇਖਕ ਨੇ ਚਰਨ ਸਿੰਘ ਦੀ ਸਮੁੱਚੀ ਕਵਿਤਾ ਦਾ ਵਿਕਾਸ, ਸਮੁੱਚਾ ਯੋਗਦਾਨ ਅਤੇ ਉਸ ਦੀਆਂ 28 ਪੁਸਤਕਾਂ ਦਾ ਮਾਈਕਰੋ ਅਧਿਐਨ ਪੇਸ਼ ਕੀਤਾ ਹੈ। ਕਵੀ ਦਾ ਆਪਣੀ ਰਚਨਾ ਬਾਰੇ ਸਵੈ ਕਥਨ ਉਸ ਦੀ ਸਮੁੱਚੀ ਰਚਨਾ ਪ੍ਰਕਿਰਿਆ, ਰਚਨਾ-ਸ੍ਰੋਤਾਂ ਤੇ ਰਚਨਾ ਦ੍ਰਿਸ਼ਟੀ ਬਾਰੇ ਮੁੱਲਵਾਨ ਜਾਣਕਾਰੀ ਦਿੰਦਾ ਹੈ। ਉਹ ਆਪਣੇ ਕਾਵਿ ਨੂੰ ਆਤਮ-ਸੰਤੋਸ਼ ਨਹੀਂ, ਆਤਮ-ਖੋਜ ਦਾ ਕਾਵਿ ਮੰਨਦਾ ਹੈ। ਇਹ ਆਤਮ-ਖੋਜ ਦਾ ਕਾਵਿ ਆਧੁਨਿਕ ਮਨੁੱਖ ਦੀ ਜਟਿਲ ਸ਼ਖ਼ਸੀਅਤ ਨੂੰ ਗਲੋਬਲੀ ਪਾਸਾਰਾਂ ਦੇ ਸੰਦਰਭ ਵਿਚ ਆਸ਼ਾਵਾਦੀ ਨੋਟ ਨਾਲ ਰੇਖਾਂਕਿਤ ਕਰਦਾ ਹੈ। ਇਹੀ ਇਸ ਕਵਿਤਾ ਦੀ ਪ੍ਰਾਪਤੀ ਹੈ। ਬ੍ਰਹਮਜਗਦੀਸ਼ ਸਿੰਘ ਦਾ ਅਧਿਐਨ ਇਸ ਨੂੰ ਠੋਸ ਸਿਧਾਂਤਕ ਪਰਿਪੇਖ ਪ੍ਰਦਾਨ ਕਰਦਾ ਹੈ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

21-6-2014

 ਧਰਤੀ ਦੀ ਫੁਲਕਾਰੀ
ਗੀਤਕਾਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਮੁੱਲ : 100 ਰੁਪਏ, ਸਫ਼ੇ : 96.

ਜਨਾਬ ਗੁਰਦਿਆਲ ਰੌਸ਼ਨ ਪ੍ਰਗੀਤ ਦਾ ਸ਼ਾਇਰ ਹੈ। ਉਹ ਪਿਛਲੇ ਤਿੰਨ-ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਕਰਮਸ਼ੀਲ ਹੈ। ਸੰਨ 1991 ਈ: ਤੋਂ ਲੈ ਕੇ 2014 ਈ: ਤੱਕ ਉਸ ਦੇ 6 ਗੀਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। 'ਧਰਤੀ ਦੀ ਫੁਲਕਾਰੀ' ਵਿਚ ਉਸ ਨੇ ਇਨ੍ਹਾਂ 6 ਪੁਸਤਕਾਂ ਵਿਚੋਂ ਕੁਝ ਚੋਣਵੇਂ ਗੀਤ ਲੈ ਕੇ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਗੀਤਾਂ ਦੀ ਚੋਣ ਵੀ ਉਸ ਨੇ ਆਪ ਹੀ ਕੀਤੀ ਹੈ। ਇਸ ਪ੍ਰਕਾਰ ਇਹ ਪੁਸਤਕ ਉਸ ਦਾ ਪ੍ਰਤੀਨਿਧ ਗੀਤ-ਸੰਗ੍ਰਹਿ ਹੋ ਨਿੱਬੜੀ ਹੈ।
ਗੁਰਦਿਆਲ ਰੌਸ਼ਨ, ਨੰਦ ਲਾਲ ਨੂਰਪੁਰੀ, ਦੀਪਕ ਜੈਤੋਈ, ਚਰਨ ਸਿੰਘ ਸਫ਼ਰੀ, ਸ਼ਿਵ ਕੁਮਾਰ, ਇੰਦਰਜੀਤ ਹਸਨਪੁਰੀ ਅਤੇ ਕਰਤਾਰ ਸਿੰਘ ਬਲੱਗਣ ਵਰਗੇ ਸਾਹਿਤਕ ਵੰਨਗੀ ਦੇ ਗੀਤ ਲਿਖਣ ਵਾਲੇ ਗੀਤਕਾਰਾਂ ਦੀ ਪਰੰਪਰਾ ਦਾ ਕਵੀ ਹੈ। ਇਸ ਪ੍ਰਤੀਨਿਧ ਸੰਕਲਨ ਵਿਚ ਉਸ ਦੇ ਗੀਤ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਪਰਤਾਂ ਨੂੰ ਰੂਪਮਾਨ ਕਰਦੇ ਹਨ। ਉਸ ਦੇ ਕੁਝ ਗੀਤਾਂ ਦੇ ਮੁਖੜੇ ਦੇਖੋ :
- ਮੈਨੂੰ ਮਾਏ ਮੇਰੀਏ ਜਹਾਨ ਦੇਖ ਲੈਣ ਦੇ।
- ਭਾਰਤ ਦੇ ਗੁਮਨਾਮ ਸ਼ਹੀਦੋ ਜ਼ਿੰਦਾਬਾਦ।
- ਮੈਂ ਭਾਰਤ ਦੇਸ਼ ਦਾ ਵਾਸੀ ਹਾਂ,
ਪਰ ਪਾਕਿਸਤਾਨ ਵੀ ਮੇਰਾ ਹੈ।
- ਬਾਬਿਆਂ ਦੇ ਡੇਰੇ 'ਚ ਨਾ ਜਾਈਂ ਕੁੜੀਏ,
ਆਪਣੀ ਤੂੰ ਆਬਰੂ ਬਚਾਈਂ ਕੁੜੀਏ।
- ਮੈਂ ਲੁੱਚੇ ਸ਼ਬਦਾਂ ਨੂੰ ਗੀਤ ਨਹੀਂ ਮੰਨਦਾ।
ਗੁਰਦਿਆਲ ਰੌਸ਼ਨ ਦੇ ਕੁਝ ਗੀਤਾਂ ਵਿਚ ਉਸ ਕਿਸਮ ਦਾ ਪ੍ਰਗਤੀਵਾਦੀ ਰੰਗ ਵੀ ਦੇਖਿਆ ਜਾ ਸਕਦਾ ਹੈ, ਜੋ ਪਾਸ਼ ਅਤੇ ਸੰਤ ਰਾਮ ਉਦਾਸੀ ਦੇ ਗੀਤਾਂ ਦੀ ਮੂਲ ਸ਼ਨਾਖ਼ਤ ਹੁੰਦਾ ਸੀ। ਮੈਂ ਚਾਹੁੰਦਾ ਹਾਂ ਕਿ ਕਵੀ ਉਸ ਰੰਗ ਨੂੰ ਹੋਰ ਗੂੜ੍ਹਾ ਕਰੇ। ਇਸ ਕਾਰਜ ਲਈ ਉਸ ਪਾਸ ਅਨੁਭਵ ਵੀ ਹੈ ਅਤੇ ਸ਼ਿਲਪਗਤ ਨਿਪੁੰਨਤਾ ਵੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਸੂਰਬੀਰ ਯੋਧਾ ਗੁਰੂ ਗੋਬਿੰਦ ਸਿੰਘ
(ਜੀਵਨ, ਸੰਦੇਸ਼ ਅਤੇ ਬਾਣੀ)
ਲੇਖਕ : ਪ੍ਰੋ: ਬ੍ਰਹਮਜਗਦੀਸ਼ ਸਿੰਘ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 160.

ਆਲੋਚਨਾ ਦੇ ਖੇਤਰ ਵਿਚ ਨਿਰੰਤਰ ਲਿਖਣ ਵਾਲੀ ਸ਼ਖ਼ਸੀਅਤ ਪ੍ਰੋ: ਬ੍ਰਹਮਜਗਦੀਸ਼ ਸਿੰਘ ਹਥਲੀ ਪੁਸਤਕ ਰਾਹੀਂ ਸਿੱਖ ਇਤਿਹਾਸ ਪ੍ਰਤੀ ਆਪਣੀ ਸਮਝ/ਸੂਝ ਦਾ ਪ੍ਰਮਾਣ ਪੇਸ਼ ਕਰਦਾ ਹੈ। ਸਿੱਖ ਇਤਿਹਾਸ ਉੱਪਰ ਆਏ ਦਿਨ ਵਿਧੀਗਤ ਤਰੀਕੇ ਨਾਲ ਬੜਾ ਖੋਜ ਭਰਪੂਰ ਕੰਮ ਹੋ ਰਿਹਾ ਹੈ। ਜਿਉਂ-ਜਿਉਂ ਸੂਚਨਾ ਤੇ ਤਕਨਾਲੋਜੀ ਦੇ ਖੇਤਰ ਵਿਚ ਨਵੇਂ ਰਹੱਸ ਪ੍ਰਗਟ ਹੋ ਰਹੇ ਹਨ, ਤਿਉਂ-ਤਿਉਂ ਖੋਜੀ ਇਤਿਹਾਸਕਾਰ ਆਪਣੀ ਘਾਲਣਾ ਨਾਲ ਨਵੇਂ ਦਿਸਹੱਦਿਆਂ ਨੂੰ ਪੇਸ਼ ਕਰ ਰਹੇ ਹਨ। ਹਰ ਖਿੱਤੇ ਵਿਸ਼ੇਸ਼ ਵਿਚ ਧਰਮ ਦੀ ਪ੍ਰਕਿਰਤੀ ਸਮਕਾਲੀ ਸਮਾਜ ਵਿਚ ਨਵੀਂ ਸ਼ਕਤੀ/ਊਰਜਾ ਅਤੇ ਸੇਧ ਪ੍ਰਦਾਨ ਕਰਨ ਦਾ ਮਕਸਦ ਧਾਰਨ ਕਰਦੀ ਹੈ।
ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੁਆਰਾ ਮਾਨਵੀ ਕਲਿਆਣ ਲਈ ਸਥਾਪਤ ਕੀਤੀ ਇਕ ਨਵੀਂ ਵਿਚਾਰਧਾਰਾ (ਗੁਰਮਤਿ) ਰਾਹੀਂ ਮਨੁੱਖ ਦੇ ਇਕ ਸੰਪੂਰਨ ਮਾਡਲ ਨੂੰ ਪੇਸ਼ ਕਰਨ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਉਂਦੀ ਹੈ। ਲੇਖਕ ਬਹੁਤੀ ਆਧਾਰ ਸਮੱਗਰੀ ਇਤਿਹਾਸਕ ਸਰੋਤਾਂ ਤੋਂ ਲੈਣ ਦੀ ਬਜਾਏ ਜਨਮ ਸਾਖੀਕਾਰਾਂ ਤੋਂ ਪ੍ਰਾਪਤ ਕਰਦਾ ਹੈ। ਅੱਠ ਅਧਿਆਇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ, ਸੰਦੇਸ਼, ਬਾਣੀ ਅਤੇ ਇਤਿਹਾਸਕ, ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਪਰਿਪੇਖ ਨੂੰ ਚਿਤਰਿਆ ਗਿਆ ਹੈ। ਇਹ ਵਿਸ਼ਾ ਅਜੇ ਹੋਰ ਮਿਹਨਤ ਦੀ ਮੰਗ ਕਰਦਾ ਹੈ। ਸਿੱਖ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਰ ਤਰ੍ਹਾਂ ਦੀ ਸਾਧਾਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਸ਼ਰਧਾਲੂ ਅਤੇ ਸਾਧਾਰਨ ਪਾਠਕਾਂ ਲਈ ਇਹ ਜਾਣਕਾਰੀ ਬਹੁਤ ਵੱਡਮੁੱਲੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਹੌਂਕੇ ਦਰ ਹੌਂਕੇ
ਲੇਖਕ : ਰਾਜਿੰਦਰ ਚਾਵਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 140 ਰੁਪਏ , ਸਫ਼ੇ 87

ਹੌਂਕੇ ਦਰ ਹੌਂਕੇ ਰਾਜਿੰਦਰ ਚਾਵਲਾ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਇਸ ਕਿਤਾਬ ਵਿਚ ਕੁਲ 50 ਕਾਵਿ ਰਚਨਾਵਾ ਹਨ, ਜਿਨ੍ਹਾਂ ਨੂੰ ਹੌਕੇ ਦਰ ਹੌਕੇ ਨਾਂਅ ਦੀ ਵੱਡੀ ਕਵਿਤਾ ਸਮੇਤ ਛੋਟੇ ਕਾਵਿ ਵਿਅੰਗ ਅਤੇ ਸੰਤ ਬਾਣੀ ਭਾਗ ਵਿਚ ਕੇਵਲ ਤਿੰਨ ਕਵਿਤਾਵਾਂ ਸ਼ਾਮਿਲ ਕੀਤੀਆ ਹਨ। ਚਾਵਲਾ ਦੀਆਂ ਕਵਿਤਾਵਾਂ ਦੇ ਸਿਰਲੇਖ ਬਾਖੂਬੀ ਉਸ ਦੇ ਅੰਦਰਲੇ ਦਰਦ ਨੂੰ ਬਿਆਨਦੇ ਹਨ। ਉਸ ਦੀਆ ਮੁਢਲੀਆਂ ਕਵਿਤਾਵਾਂ ਸਹਿਜੇ ਹੀ ਨਾਕਾਮ ਮੁਹੱਬਤ ਦੁਆਲੇ ਕੇਂਦਰਤ ਹਨ ਤੇ ਇਨ੍ਹਾਂ ਵਿਚ ਲੇਖਕ ਦੀ ਉਪਰਾਮਤਾ ਸਾਫ ਝਲਕਦੀ ਹੈ। ਇਸ ਨਿਰਾਸ਼ਾ ਵਿਚ ਕਦੇ ਉਹ ਆਸ਼ਾਵਾਦੀ ਹੋਣ ਲੱਗਦਾ ਹੈ ਤੇ ਉਸ ਦਾ ਧਿਆਨ ਸਮਾਜਿਕ ਸਰੋਕਾਰਾਂ ਵੱਲ ਟਿਕਦਾ ਹੈ। ਲੇਖਕ ਕਈ ਤੌਰ-ਤਰੀਕਿਆਂ ਰਾਹੀਂ ਆਪਣੀਆਂ ਮੁਹੱਬਤੀ ਪੈੜਾਂ ਦੇ ਰੰਗ ਬਿਖੇਰਦਾ ਹੈ। ਜਿਥੋਂ ਉਸ ਦੇ ਸੰਵੇਦਨਸ਼ੀਲ ਅਤੇ ਸੂਖਮਭਾਵੀ ਦ੍ਰਿਸ਼ਟੀ ਵਾਲੇ ਕਵੀ ਹੋਣ ਦੀ ਪੁਸ਼ਟੀ ਹੁੰਦੀ ਹੈ।
ਹੌਂਕੇ ਦਰ ਹੌਂਕੇ ਨਾਂਅ ਦੀ ਵੱਡੀ ਕਵਿਤਾ ਵਿਚ ਚਾਵਲਾ ਨੇ ਇਕ ਲੜਕੀ ਦੇ ਦੁਖਾਂਤ ਦੀਆਂ ਪਰਤਾਂ ਫਰੋਲਦਿਆਂ ਸੰਜੀਦਗੀ ਨਾਲ ਸਮਾਜੀ ਪੀੜਾ ਨੂੰ ਪਾਠਕਾ ਦੇ ਅੰਗ-ਸੰਗ ਰੱਖ ਕੇ ਲੋਕਾਈ ਨੂੰ ਨਸ਼ਿਆਂ ਵਰਗੀ ਬੁਰਾਈ ਤੋਂ ਚੇਤਨ ਕਰਨ ਦਾ ਯਤਨ ਕਰਦੀ ਹੈ। ਇਸ ਤਰ੍ਹਾਂ ਮੈਂ ਤੇ ਮੇਰੀ ਗ਼ਰੀਬੀ, ਗੁਨਾਹਗਾਰ, ਉਲਾਭਾਂ, ਰੁੱਕਾ, ਸ਼ੁਦਾਈ ਉਡੀਕਾਂ, ਹਿਜਰ, ਗੁੱਤ ਨਾਗਣੀ ਅਤੇ ਪਟਾਰੀ ਕਵਿਤਾਵਾਂ ਵਿਚ ਦਿਨ ਨੂੰ ਟੁੰਭਣ ਵਾਲੀ ਸ਼ੈਲੀ ਵਰਤ ਕੇ ਇਸ਼ਕ ਮੁਸ਼ਕ ਤੇ ਬਿਰਹੋ ਨਾਲ ਸੰਜੋਏ ਸੁਪਨਿਆਂ ਨੂੰ ਸਮਾਜਿਕ, ਆਰਥਿਕ ਤੇ ਵਿਗਿਆਨਕ ਦ੍ਰਿਸ਼ਟੀ ਤੋਂ ਵਾਚਦਿਆਂ ਸਮਾਜਿਕ ਬੁਰਾਈਆਂ ਦੀ ਪਾਨ ਵੀ ਨਾਲ ਸਾਕਾਰ ਕਰਨ ਦਾ ਯਤਨ ਕੀਤਾ ਹੈ। ਚਾਵਲਾ ਨੇ ਕਾਵਿ ਸੰਗ੍ਰਹਿ ਭਾਗ ਵਿਚ ਨਿੱਕੀਆਂ 33 ਕਵਿਤਾਵਾਂ ਰਾਹੀਂ ਲੈਅ, ਸੁਰ ਤੇ ਸ਼ੈਲੀ ਦਾ ਖਿਆਲ ਰੱਖਦਿਆਂ ਅਜੋਕੇ ਰਾਜਸੀ ਆਗੂਆਂ, ਅਖੌਤੀ ਬਾਬਿਆਂ, ਸਰਕਾਰੀ ਕੰਮ-ਕਾਜ, ਫੈਸ਼ਨ, ਦਿੱਲੀ ਵਾਸੀਆਂ, ਵੋਟ ਸੱਭਿਆਚਾਰ ਤੇ ਨੇਤਾ ਸੱਤਾਧਾਰੀ ਰਾਜ ਸਰਕਾਰ, ਸਿੱਖਿਆ, ਮੋਬਾਈਲ, ਸਵਿਸ ਬੈਂਕਾਂ ਦਾ ਪਿਛੋਕੜ, ਮਨੁੱਖੀ ਫਿਤਰਤ, ਭ੍ਰਿਸ਼ਟਾਚਾਰ, ਇਸ਼ਕ, ਮੁਲਾਜ਼ਮ ਮਜ਼ਦੂਰ, ਪੱਤਰਕਾਰੀ ਵਰਗੇ ਕਿੱਤਿਆਂ 'ਤੇ ਘੱਟ ਲਫ਼ਜ਼ਾਂ 'ਚ ਭਾਰੀ ਵਿਅੰਗ ਕੱਸੇ ਹਨ। ਇਸ ਭਾਗ 'ਚ ਕਵੀ ਨੇ ਤਿੰਨ ਕਵਿਤਾਵਾਂ ਹਿੰਦੀ ਵਿਚ ਵੀ ਲਿਖੀਆਂ ਹਨ ਜੋ ਉੱਪਰੀਆਂ ਲਗਦੀਆਂ ਹਨ। ਅਖੀਰ 'ਤੇ ਸੰਤਬਾਣੀ ਸ਼ਾਮਿਲ ਤਿੰਨ ਕਵਿਤਾਵਾਂ 'ਚ ਉਸ ਨੇ ਸਮਾਜ ਲਈ ਅਰਦਾਸ ਕੀਤੀ ਹੈ, ਉਥੇ ਪ੍ਰਮਾਤਮਾ ਦੇ ਪਿਆਰ 'ਚ ਲਿਪਟ ਕੇ ਸੰਤਾਂ ਮਹਾਤਾਵਾਂ ਦੇ ਲੜ ਲੱਗਣ ਦੀ ਪ੍ਰੇਰਣਾ ਵੀ ਦਿੱਤੀ ਹੈ। ਕੁੱਲ ਮਿਲਾ ਕੇ ਚਾਵਲਾ ਦੀ ਪੁਸਤਕ ਹੌਕੇ ਦਰ ਹੌਕੇ ਉਸਦਾ ਸਫਲ ਤਜਰਬਾ ਰਿਹਾ ਹੈ, ਜਿਸ ਲਈ ਹੋਰ ਮਿਹਨਤ ਕਰਨੀ ਬਣਦੀ ਹੈ।

-ਰਮੇਸ਼ ਤਾਂਗੜੀ
ਮੋ: 9463079655

ਵਿਆਹ
ਰਸਮਾਂ ਅਤੇ ਲੋਕ-ਗੀਤ

ਲੇਖਿਕਾ : ਡਾ: ਰੁਪਿੰਦਰਜੀਤ ਗਿੱਲ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 160

ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੀ ਸਮੀਖਿਆ ਤੇ ਖੋਜ ਕਾਰਜ ਪ੍ਰਤੀ ਸਬੰਧਤ ਇਸ ਪੁਸਤਕ ਵਿਚ ਵਿਆਹ ਸੰਸਕਾਰ ਨਾਲ ਸਬੰਧਤ ਸੁਹਾਗ ਘੋੜੀਆਂ, ਸਿੱਠਣੀਆਂ, ਦੋਹੇ ਤੇ ਛੰਦਾਂ ਦਾ ਅਧਿਐਨ ਅਤੇ ਇਕੱਤਰੀਕਰਨ ਕੀਤਾ ਹੈ। ਉਂਜ ਵੀ ਲੋਕ ਸਾਹਿਤ ਵਿਚ ਲੋਕ-ਗੀਤ ਖਾਸ ਮਹੱਤਵ ਰੱਖਦੇ ਹਨ। ਲੋਕ ਗੀਤਾਂ ਤੋਂ ਬਗੈਰ ਲੋਕ ਸਾਹਿਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਗਿਆਤ ਵਿਅਕਤੀਆਂ ਦੀ ਇਹ ਸਿਰਮੌਰ ਸਿਰਜਣਾ ਸੱਭਿਅਤਾ ਤੇ ਸੱਭਿਆਚਾਰ ਦਾ ਗਤੀਸ਼ੀਲ ਪ੍ਰਗਟਾਵਾ ਹੈ ਤੇ ਮੁਸਲਸਲ ਤੇ ਨਿਰੰਤਰ ਵਹਿਣ-ਪ੍ਰਗਟਾਵਾ ਹੈ।
ਡਾ: ਰੁਪਿੰਦਰਜੀਤ ਗਿੱਲ ਨੇ ਇਸ ਪੁਸਤਕ ਵਿਚ ਸੰਸਕ੍ਰਿਤੀ ਅਤੇ ਪਰੰਪਰਾ ਦੇ ਦਰਪਣ ਸੁਹਾਗ, ਘੋੜੀਆਂ, ਸਿੱਠਣੀਆਂ ਦੋਹੇ ਤੇ ਛੰਦਾਂ ਰਾਹੀਂ ਵਿਆਹ ਸੰਸਕਾਰ ਦੀ ਪੇਸ਼ਕਾਰੀ ਦਿੱਤੀ ਹੈ। ਸਮਾਜ ਦੁਆਰੇ ਸਿਰਜੇ ਵਿਆਹ ਰੂਪ ਦੀ ਸਮਾਜਿਕਤਾ ਤੇ ਇਸ ਦਾ ਸੱਭਿਆਚਾਰਕ ਪੱਖੋਂ ਵਿਸ਼ਲੇਸ਼ਣ ਵੀ ਕੀਤਾ ਹੈ। ਮੁੰਡੇ ਦਾ ਵਿਆਹ, ਕੁੜੀ ਦਾ ਵਿਆਹ, ਇਸ ਦਾ ਨਿਭਾਓ ਤੇ ਇਸ ਦੇ ਵੱਖਰੇ-ਵੱਖਰੇ ਵੇਰਵੇ ਬੜੀ ਬਾਰੀਕੀ ਨਾਲ ਦਰਸਾਉਣ ਦਾ ਪ੍ਰਯਤਨ ਕੀਤਾ ਹੈ।
ਵਿਆਹ ਦੀ ਰਸਮਾਂ ਵਿਚ ਵਿਆਹ ਨਾਲ ਸਬੰਧਤ ਹਰ ਰਸਮ ਵੇਖ-ਵਿਖਾਵਾ, ਰੋਕਾ-ਠਾਕਾ, ਜਾਤ-ਗੋਤ, ਵਿਆਹ ਤੋਂ ਪਹਿਲਾਂ ਦਿਨ-ਤਿਉਹਾਰ ਭੇਜਣ ਤੋਂ ਲੈ ਕੇ ਮੰਗਣੀ, ਸਾਹਾ ਚਿੱਠੀ, ਵਰੀ, ਗੰਢ-ਭੇਜਣੀ, ਮਾਈਏ ਪੈਣਾ, ਚੂੜਾ ਤੋਂ ਲੈ ਕੇ ਤਕਰੀਬਨ ਵਿਆਹ ਦੀ ਹਰ ਰਸਮ ਨੂੰ ਛੂਹਣ ਤੇ ਨਿਭਾਉਣ ਦਾ ਪ੍ਰਯਤਨ ਕੀਤਾ ਹੈ। ਵਿਆਹ ਤੋਂ ਬਾਅਦ ਦੀਆਂ ਰਸਮਾਂ ਬੁਰਕੀਆਂ, ਕੰਗਣਾ ਖੇਡਣਾ, ਗੋਤ ਕਨਾਲਾ, ਮੱਥਾ ਟੇਕਣਾ, ਖੁਸਰੇ-ਬਾਜ਼ੀਗਰਾਂ ਦਾ ਨਚਾਉਣਾ, ਚੌਂਕੇ ਚੜ੍ਹਨ ਤੱਕ ਦੀਆਂ ਰਸਮਾਂ ਨੂੰ ਸਿਰਜਣਾਤਮਕ ਦ੍ਰਿਸ਼ਟੀ 'ਤੇ ਸਿਰਜਿਆ ਹੈ। ਪੁਸਤਕ ਦੇ ਅਖੀਰ ਵਿਚ ਵਿਆਹ ਦੇ ਲੋਕ-ਗੀਤ ਸਿਰਲੇਖ ਹੇਠ ਸੁਹਾਗ, ਘੋੜੀਆਂ, ਸਿੱਠਣੀਆਂ, ਛੰਦ ਤੇ ਦੋਹੇ ਇਕੱਤਰ ਕਰਕੇ ਪੇਸ਼ ਕੀਤੇ ਹਨ।
ਪੁਸਤਕ ਦੀ ਖਾਸੀਅਤ ਹੈ ਕਿ ਪਾਠਕ ਰੌਚਿਕਤਾ ਤੇ ਮਨੋਰੰਜਨ ਨਾਲ ਸਰਸ਼ਾਰ ਹੋ ਜਾਂਦਾ ਹੈ। ਪੁਸਤਕ ਵਿਚ ਹਰੇਕ ਅਧਿਆਇ ਦੇ ਨਾਲ ਹਵਾਲੇ ਤੇ ਟਿੱਪਣੀਆਂ ਇਸ ਨੂੰ ਖੋਜ ਕਾਰਜ ਵਰਗੀ ਦਿੱਖ ਪ੍ਰਦਾਨ ਕਰਦੀਆਂ ਹਨ।

-ਡਾ: ਬਲਵਿੰਦਰ ਕੌਰ ਬਰਿਆਣਾ
ਮੋ: 98766-16699.

ਫਲਸਫ਼ਾ ਮਹਾਪੁਰਖਾਂ ਦਾ...
(ਭਾਗ-ਪਹਿਲਾ)
ਲੇਖਕ : ਪ੍ਰੀਤਮ ਕੁਦਰਤਵਾਦੀ
ਪ੍ਰਕਾਸ਼ਕ : ਪ੍ਰੀਤਮ ਕੁਦਰਤਵਾਦੀ, ਭਰਤਗੜ੍ਹ-ਰੂਪਨਗਰ
ਮੁੱਲ : 300 ਰੁਪਏ, ਸਫ਼ੇ : 269.

ਪੁਸਤਕ 'ਫਲਸਫ਼ਾ ਮਹਾਂਪੁਰਖਾਂ ਦਾ...' ਆਦਿ ਕਾਲ ਤੋਂ ਲੈ ਕੇ ਵਰਤਮਾਨ ਕਾਲ ਤੱਕ ਮਾਨਵੀ ਚਿੰਤਨ ਦੇ ਵਿਕਾਸ ਕ੍ਰਮ, ਇਸ ਦੀ ਉਪਯੋਗਤਾ, ਸਮੇਂ ਸਮੇਂ ਇਸ ਚਿੰਤਨਧਾਰਾ 'ਚ ਆਉਂਦੇ ਰਹੇ ਪਰਿਵਰਤਨ ਅਤੇ ਮਾਨਵੀ ਕਦਰਾਂ-ਕੀਮਤਾਂ ਦੇ ਉਥਾਨ ਤੇ ਨਿਘਾਰ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਨਿਰੂਪਣ ਕਰਦੀ ਹੈ। ਲੇਖਕ ਉਸਾਰੂ ਚਿੰਤਨਧਾਰਾ ਦਾ ਪੈਰੋਕਾਰ ਹੈ , ਉਸ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਹੋਰ ਸੰਤਾਂ, ਮਹਾਂਪੁਰਖਾਂ ਅਤੇ ਗੁਰੂ-ਸਾਹਿਬਾਨ ਦੀਆਂ ਸਿੱਖਿਆਵਾਂ ਜੋ ਬਾਣੀ ਜਾਂ ਸ਼ਬਦ ਰੂਪ 'ਚ ਹਨ, ਨੂੰ ਡੂੰਘੀ ਨੀਝ ਨਾਲ ਘੋਖ ਕੇ, ਉਨ੍ਹਾਂ ਦੁਆਰਾ ਦਿੱਤੇ ਗਏ ਵਿਸ਼ਵ ਵਿਆਪੀ, ਅਮਨ, ਸ਼ਾਂਤੀ, ਸਮਾਜ-ਸੁਧਾਰ, ਕਰਮ-ਕਾਂਡਾਂ ਤੋਂ ਰਹਿਤ ਹੋਣ, ਉੱਚ-ਪੱਧਰੀ ਚਿੰਤਨ ਦੇ ਧਾਰਕ ਬਣਨ ਅਤੇ ਵਿਗਿਆਨਕ ਸੋਚ ਰੱਖਣ ਦੇ ਸੰਦੇਸ਼ ਨੂੰ ਪ੍ਰਗਟ ਕੀਤਾ ਹੈ। ਪੁਸਤਕ ਦੇ ਅੱਠ ਅਧਿਆਇ ਹਨ, ਹਰੇਕ ਅਧਿਆਇ ਅੱਗੋਂ ਉਪ ਭਾਗਾਂ 'ਚ ਰੌਚਕ ਸਿਰਲੇਖਾਂ ਦੇ ਅੰਤਰਗਤ ਪੇਸ਼ ਕੀਤਾ ਗਿਆ ਹੈ। ਫਲਸਫ਼ੇ ਦੇ ਗਹਿਨ ਅਰਥਾਂ ਤੋਂ ਆਰੰਭ ਕਰਕੇ, ਪੁਰਾਤਨ ਫਲਸਫ਼ੇ, ਮੱਧ ਕਾਲੀਨ ਫਲਸਫ਼ੇ ਅਤੇ ਅਤਿ-ਆਧੁਨਿਕ ਕਾਲ-ਖੰਡ ਵਿਚ ਪ੍ਰਚਲਿਤ ਫਲਸਫ਼ੇ ਨੂੰ ਬੜੀ ਤੀਖਣ ਬੁੱਧੀ ਨਾਲ ਦਰਸਾਅ ਕੇ ਗੰਭੀਰ ਸਿੱਟੇ ਕੱਢੇ ਹਨ, ਜੋ ਸਮੁੱਚੀ ਮਾਨਵਤਾ ਦੇ ਚੱਜ-ਅਚਾਰ, ਵਰਤਾਰੇ ਆਦਿ ਨਾਲ ਸੰਬੰਧਿਤ ਹਨ। ਲੇਖਕ ਸਾਮਰਾਜਵਾਦੀ, ਪੂੰਜੀਵਾਦੀ, ਪਦਾਰਥਵਾਦੀ ਅਤੇ ਅਤਿ ਵਿਗਿਆਨਕ ਸਰੋਕਾਰਾਂ ਦਾ ਖੂਬ ਮੰਥਨ ਕਰਦਾ ਹੈ। ਲੇਖਕ ਇਸਤਰੀ ਜਾਤੀ ਬਾਰੇ, ਜਾਤ-ਪਾਤ ਬਾਰੇ, ਕਰਮ-ਕਾਂਡਾਂ ਬਾਰੇ, ਊਰਜਾ ਸ਼ਕਤੀ ਬਾਰੇ, ਬਨਸਪਤੀ ਬਾਰੇ, ਜੀਵ-ਜੰਤੂਆਂ ਬਾਰੇ, ਆਕਾਸ਼-ਪਤਾਲ ਬਾਰੇ ਬੜੀ ਡੂੰਘੀ ਸੋਚ-ਦ੍ਰਿਸ਼ਟੀ ਦਾ ਪ੍ਰਗਟਾਵਾ, ਮਹਾਂਪੁਰਖਾਂ ਜਿਨ੍ਹਾਂ 'ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਦਰਜਨਾਂ ਹੀ ਸਤਿਕਾਰਤ ਮਹਾਂਪੁਰਖ ਭਗਤ ਕਬੀਰ ਸਾਹਿਬ, ਗੁਰੂ ਰਵਿਦਾਸ ਜੀਓ ਸ਼ਾਮਿਲ ਹਨ, ਸਭਨਾਂ ਦੀ ਬਾਣੀ ਦੀਆਂ ਉਦਾਹਰਣਾਂ ਸਹਿਤ ਆਪਣੇ ਮੱਤ ਦੀ ਪੁਸ਼ਟੀ ਕਰਦਾ ਹੈ। ਜੈਨ ਧਰਮ, ਬੁੱਧ ਧਰਮ, ਪੱਛਮੀ ਦੇਸ਼ਾਂ ਦੇ ਹੋਰ ਧਰਮ, ਹਿੰਦੂ ਧਰਮ ਤੇ ਸਿੱਖ ਧਰਮ ਆਦਿ ਸਭਨਾਂ ਦੇ ਸੱਚ, ਤੱਥ ਅਤੇ ਕੱਥ ਨੂੰ ਨਿਚੋੜ ਰੂਪ ਵਿਚ , ਇਸ ਪੁਸਤਕ ਵਿਚ ਵਿਅੱਕਤ ਕੀਤਾ ਗਿਆ ਹੈ। ਅਧਿਆਤਮਵਾਦ, ਰਹੱਸਵਾਦ, ਯਥਾਰਥਵਾਦ ਅਤੇ ਭੌਤਿਕਵਾਦ ਦੇ ਆਪਸੀ ਸੰਬੰਧਾਂ ਅਤੇ ਅੰਤਰਾਂ ਨੂੰ ਤਾਂ ਖੂਬ ਪੜਚੋਲਵੇਂ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। ਅਜੋਕੇ ਮਨੁੱਖ ਦੀ ਹਰ ਉਸਾਰੂ ਅਭਿਲਾਸ਼ਾ ਨੂੰ ਤ੍ਰਿਪਤ ਕਰਦੀ ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਪੜ੍ਹਨ ਅਤੇ ਸੰਭਾਲਣਯੋਗ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

ਜਨਰਲ ਨਾਲਿਜ
ਸੰਗ੍ਰਹਿ ਕਰਤਾ : ਅਮਨਦੀਪ ਕੌਰ ਜਲਵਾਣਾ ਤੇ ਹਰਮਿੰਦਰ ਸਿੰਘ ਰਾਜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160

ਕਿਤਾਬੀ ਗਿਆਨ ਇਨਸਾਨੀ ਜ਼ਿੰਦਗੀ ਵਿਚ ਬੜਾ ਕੀਮਤੀ ਹੈ, ਪਰ ਨਾਲ-ਨਾਲ ਦੇਸ਼ ਦੁਨੀਆ, ਪਤਾਲ-ਅਕਾਸ਼, ਵਿਗਿਆਨ, ਧਰਮ ਤੇ ਹੋਰ ਸਭ ਵਿਸ਼ਿਆਂ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਕਈ ਵਿਭਾਗੀ ਪ੍ਰੀਖਿਆਵਾਂ ਵਿੱਚ ਆਮ ਜਾਣਕਾਰੀ ਦੇ ਵੱਖਰੇ ਟੈਸਟ ਹੁੰਦੇ ਹਨ ਤੇ ਉਨ੍ਹਾਂ 'ਚੋਂ ਮੋਹਰੀ ਰਹਿਣ ਵਾਲੇ ਨੂੰ ਹੀ ਮੰਜ਼ਲ ਨਸੀਬ ਹੁੰਦੀ ਹੈ।
'ਆਮ ਗਿਆਨ' ਨਾਲ ਸਬੰਧਤ ਬਹੁਤ ਸਾਰੀਆਂ ਪੁਸਤਕਾਂ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਹਨ ਤੇ ਇਸੇ ਲੜੀ ਤਹਿਤ ਅਮਨਦੀਪ ਕੌਰ ਜਲਵਾਣਾ ਤੇ ਹਰਮਿੰਦਰ ਸਿੰਘ ਰਾਜ ਵੱਲੋਂ ਸੰਗ੍ਰਹਿਤ ਕੀਤੀ ਗਈ ਅਬਜੈਕਟਿਵ ਟਾਈਪ 'ਜਨਰਲ ਨਾਲਿਜ' ਪੁਸਤਕ ਪਾਠਕਾਂ ਤੱਕ ਅੱਪੜਦੀ ਕੀਤੀ ਗਈ ਹੈ।
ਇਸ ਪੁਸਤਕ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਇੱਕ ਸਵਾਲ ਪੁੱਛ ਕੇ ਉਸ ਥੱਲੇ ਚਾਰ ਉੱਤਰ ਦਿੱਤੇ ਗਏ ਨੇ, ਜਿਨ੍ਹਾਂ ਜ਼ਰੀਏ ਪਾਠਕ ਨੂੰ ਆਪਣਾ ਗਿਆਨ ਪਰਖਣ ਦਾ ਮੌਕਾ ਮਿਲਦਾ ਹੈ ਤੇ ਜਿਹੜਾ ਉੱਤਰ ਸਹੀ ਹੈ, ਉਸ ਦੀ ਚੋਣ ਕੀਤੀ ਜਾ ਸਕਦੀ ਹੈ। ਉਸ ਅਧਿਆਇ ਦੇ ਅਖੀਰ 'ਤੇ ਇਨ੍ਹਾਂ ਸਵਾਲਾਂ ਦੇ ਸਹੀ ਉੱਤਰ ਵੀ ਦਿੱਤੇ ਹੋਏ ਹਨ।
ਉਦਾਹਰਣ ਵਜੋਂ, 'ਭਾਰਤ ਦਾ ਸਭ ਤੋਂ ਪਹਿਲਾ ਤੇਲ ਖੂਹ ਕਿਸ ਰਾਜ ਨੇ ਪੁੱਟਿਆ ਸੀ?'
(ੳ) ਆਸਾਮ (ਅ) ਮਹਾਰਾਸ਼ਟਰ (ੲ) ਗੁਜਰਾਤ (ਸ) ਬੰਗਾਲ
ਤੇ ਇਸ ਦਾ ਉੱਤਰ ਹੈ (ੳ) ਆਸਾਮ
ਸਕੂਲੀ ਬੱਚੇ ਬੇਸ਼ੱਕ ਸਿਲੇਬਸ ਦੀਆਂ ਪੁਸਤਕਾਂ ਨੂੰ ਰੱਟਾ ਲਗਾ ਲੈਂਦੇ ਹਨ, ਪਰ ਜ਼ਿੰਦਗੀ ਦੇ ਹਰ ਮੋੜ 'ਤੇ ਕੰਮ ਆਉਣ ਵਾਲੇ ਸਧਾਰਨ ਗਿਆਨ ਤੋਂ ਉਹ ਅਕਸਰ ਵਾਂਝੇ ਰਹਿ ਜਾਂਦੇ ਹਨ, ਜਦਕਿ ਇਹ ਗਿਆਨ ਸਿਲੇਬਸ ਦੇ ਗਿਆਨ ਨਾਲੋਂ ਵੀ ਵੱਧ ਕੀਮਤੀ ਹੈ।
'ਜਨਰਲ ਨਾਲਿਜ' ਪੁਸਤਕ ਜਾਣਕਾਰੀ ਵਿੱਚ ਵਾਧਾ ਕਰਨ ਦਾ ਬਹੁਤ ਵਧੀਆ ਮਾਧਿਅਮ ਹੈ। ਇਸ ਤਰ੍ਹਾਂ ਦੀਆਂ ਪੁਸਤਕਾਂ ਲਈ ਜਾਣਕਾਰੀ ਇਕੱਤਰ ਕਰਨ ਦੇ ਬੇਸ਼ੱਕ ਸਰੋਤ ਕਾਫੀ ਹੁੰਦੇ ਹਨ, ਪਰ ਜਾਣਕਾਰੀ ਨੂੰ ਜਿਲਦਬੱਧ ਕਰਨਾ ਵੀ ਛੋਟਾ ਕੰਮ ਨਹੀਂ।

-ਸਵਰਨ ਸਿੰਘ ਟਹਿਣਾ
ਮੋ: 98141-78883

14-6-2014

 ਰੁੱਤਾਂ ਦਾ ਮਾਤਮ
ਸ਼ਾਇਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਮੁੱਲ : 100 ਰੁਪਏ, ਸਫ਼ੇ : 96.

ਜਨਾਬ ਗੁਰਦਿਆਲ ਰੌਸ਼ਨ ਨੇ ਆਪਣੀ ਚੋਣਵੀਂ ਸ਼ਾਇਰੀ ਪ੍ਰਕਾਸ਼ਿਤ ਕਰਨ ਦਾ ਮਹੱਤਵਪੂਰਨ ਕਾਰਜ ਸ਼ੁਰੂ ਕਰ ਰੱਖਿਆ ਹੈ। 'ਰੁੱਤਾਂ ਦਾ ਮਾਤਮ' ਵਿਚ ਉਸ ਨੇ ਆਪਣੇ 12 ਗ਼ਜ਼ਲ-ਸੰਗ੍ਰਹਿਾਂ ਵਿਚੋਂ ਚੋਣਵੀਆਂ ਗ਼ਜ਼ਲਾਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਨੇ ਗ਼ਜ਼ਲ-ਲੇਖਣ ਸਬੰਧੀ ਫਾਰਮਲ ਸਿਖਲਾਈ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਤੋਂ ਹਾਸਲ ਕੀਤੀ ਸੀ। ਇਸ ਖੇਤਰ ਵਿਚ 20-25 ਵਰ੍ਹੇ ਕੰਮ ਕਰਨ ਪਿੱਛੋਂ ਉਸ ਨੇ ਏਨੀ ਪਰਿਪੱਕਤਾ ਅਤੇ ਗਹਿਰਾਈ ਅਰਜਿਤ ਕਰ ਲਈ ਕਿ ਦੀਪਕ ਸਾਹਿਬ ਨੇ ਉਸ ਨੂੰ ਆਪਣੇ ਨਾਂਅ ਨਾਲ ਸਬੰਧਤ ਗ਼ਜ਼ਲ-ਸਕੂਲ ਦਾ ਸੰਚਾਲਕ ਅਤੇ ਉਸਤਾਦ ਗ਼ਜ਼ਲਗੋ ਥਾਪ ਦਿੱਤਾ ਸੀ। ਹੁਣ ਉਹ ਗ਼ਜ਼ਲ-ਲੇਖਣ ਦੇ ਨਾਲ-ਨਾਲ ਨਵੇਂ ਅਤੇ ਯੁਵਾ ਕਵੀਆਂ ਨੂੰ ਗ਼ਜ਼ਲ ਸਬੰਧੀ ਸਿਖਲਾਈ ਅਤੇ ਇਸਲਾਹ ਵੀ ਦੇ ਰਿਹਾ ਹੈ। ਗੁਰਦਿਆਲ ਰੌਸ਼ਨ ਗ਼ਜ਼ਲ ਦੇ ਸੰਬਾਦਮੁੱਖ ਮਿਜਾਜ਼ ਤੋਂ ਸੁਪਰਿਚਿਤ ਹੈ। ਉਹ ਵਿਭਿੰਨ ਅਦਾਵਾਂ ਦੁਆਰਾ ਪਾਠਕਾਂ ਨਾਲ ਸੰਬਾਦ ਰਚਾਉਂਦਾ ਹੈ। ਦੇਖੋ :
ਟੱਲੀਆਂ, ਢੋਲਕ, ਸੰਖ ਵਜਾਈ ਜਾਂਦੇ ਹੋ।
ਰੱਬ ਦੇ ਨਾਂਅ 'ਤੇ ਸ਼ੋਰ ਮਚਾਈ ਜਾਂਦੇ ਹੋ।
ਆਏ ਹੋ ਮਹਿਫ਼ਿਲ ਵਿਚ ਏਦਾਂ ਬਣ ਠਣ ਕੇ,
ਏਧਰ ਓਧਰ ਨ੍ਹੇਰ ਮਚਾਈ ਜਾਂਦੇ ਹੋ।
ਸੁਬਹ ਸ਼ਾਮ ਤੁਸੀਂ ਮਿਲਦੇ ਹੋ ਗ਼ੈਰਾਂ ਨੂੰ,
ਕਿਉਂ ਜਲਿਆਂ ਨੂੰ ਹੋਰ ਜਲਾਈ ਜਾਂਦੇ ਹੋ।
ਬਾਰਿਸ਼ ਦਾ ਮੌਸਮ ਹੈ ਇਹ ਢਹਿ ਜਾਣੀ ਹੈ,
ਕਿਉਂ ਮਿੱਟੀ ਦੀ ਕੰਧ ਬਣਾਈ ਜਾਂਦੇ ਹੋ।
(ਪੰਨਾ 72)
ਗ਼ਜ਼ਲ ਦੇ ਉਕਤ ਸ਼ਿਅਰਾਂ ਵਿਚ ਵਾਚਕ (ਨੈਰੇਟਰ) ਤਾਂ ਉਹੀ ਰਹਿੰਦਾ ਹੈ ਪ੍ਰੰਤੂ ਸੰਬੋਧਕੀ-ਧਿਰ ਨਿਰੰਤਰ ਬਦਲਦੀ ਰਹਿੰਦੀ ਹੈ। ਕਦੇ ਕਵੀ ਕਿਸੇ ਇਕ ਧਿਰ ਨੂੰ ਸੰਬੋਧਨ ਕਰਦਾ ਹੈ ਅਤੇ ਕਦੇ ਕਿਸੇ ਹੋਰ ਨੂੰ। ਇਸ ਵਿਧੀ ਦੁਆਰਾ ਗ਼ਜ਼ਲ ਦਾ ਕੈਨਵਸ ਨਿਰੰਤਰ ਵਿਸ਼ਾਲ ਅਤੇ ਵੰਨ-ਸੁਵੰਨਾ ਹੋਈ ਜਾਂਦਾ ਹੈ। ਸ਼ਾਇਰ ਦੇ ਕਲਾਮ ਦੀ ਇਕ ਹੋਰ ਵਿਲੱਖਣਤਾ ਪ੍ਰਤੀਕਾਤਮਕ ਅਭਿਵਿਅੰਜਨ ਹੈ। ਉਹ ਸਿੱਧੀ-ਸਪਾਟ ਸ਼ਾਇਰੀ ਦੀ ਬਜਾਇ ਪ੍ਰਤੀਕਾਂ ਦੇ ਮਾਧਿਅਮ ਦੁਆਰਾ ਆਪਣੇ ਭਾਵਾਂ ਦਾ ਇਜ਼ਹਾਰ ਕਰਦਾ ਹੈ। ਦੇਖੋ :
ਕੁਝ ਕੁ ਰਾਹੀਆਂ ਨੂੰ ਸਮੁੰਦਰ ਖਾ ਗਏ।
ਕੁਝ ਕੁ ਨੂੰ ਧਰਤੀ ਤੇ ਅੰਬਰ ਖਾ ਗਏ।
ਕੁਝ ਮੁਸਾਫ਼ਿਰ ਵਿਛ ਗਏ ਸੜਕਾਂ ਦੇ ਵਿਚ
ਬਹੁਤਿਆਂ ਨੂੰ ਮੀਲ-ਪੱਥਰ ਖਾ ਗਏ।
ਗੁਰਦਿਆਲ ਰੌਸ਼ਨ ਨੇ ਦੀਪਕ ਸਾਹਿਬ ਦੀ ਪਰੰਪਰਾ ਨੂੰ ਕਾਫੀ ਵਿਸਤਾਰਿਆ ਅਤੇ ਨਿਖਾਰਿਆ ਵੀ ਹੈ। ਉਹ ਰਸਮੀ ਅੰਦਾਜ਼ ਦੀ ਬਜਾਇ ਗ਼ੈਰ-ਰਸਮੀ ਅਤੇ ਸਹਿਜ-ਸੁਭਾਵਿਕ ਅੰਦਾਜ਼ ਵਿਚ ਸ਼ਿਅਰ ਕਹਿੰਦਾ ਹੈ। ਮੈਨੂੰ ਉਸ ਦਾ ਇਹ ਅੰਦਾਜ਼ ਬਹੁਤ ਪਸੰਦ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਪਛਤਾਵੇ ਤੋਂ ਪਛਤਾਵੇ ਤੱਕ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁਕ ਸ਼ਾਪ, ਦਿੱਲੀ
ਮੁੱਲ : 170 ਰੁਪਏ, ਸਫ਼ੇ : 111.

ਡਾ: ਅਮਰਜੀਤ ਸਿੰਘ ਪੰਜਾਬੀ ਦਾ ਸਥਾਪਿਤ ਨਾਵਲਕਾਰ ਹੈ। ਹੁਣ ਤੱਕ ਤਿੰਨ ਦਰਜਨ ਨਾਵਲਾਂ ਦੀ ਸਿਰਜਣਾ ਕਰ ਚੁੱਕਾ ਹੈ। ਯੂਨੀਵਰਸਿਟੀ ਅਧਿਆਪਨ ਤੋਂ ਸੇਵਾ-ਮੁਕਤ ਹੋਣ ਤੋਂ ਪਿੱਛੋਂ ਡਾ: ਅਮਰਜੀਤ ਸਿੰਘ (ਗੋਰਕੀ) ਨੇ ਥੋੜ੍ਹੇ ਜਿਹੇ ਸਾਲਾਂ ਵਿਚ ਹੀ ਬਹੁਤ ਚਰਚਿਤ ਅਤੇ ਜੀਵਨ-ਸੱਚ ਨਾਲ ਜੂਝਦੇ ਕਿਰਤੀ ਮਨੁੱਖਾਂ ਨੂੰ ਚਿਤਰਿਆ ਹੈ। ਇਕ-ਇਕ ਸਾਲ ਵਿਚ ਚਾਰ-ਪੰਜ ਨਾਵਲ ਡਾ: ਅਮਰਜੀਤ ਸਿੰਘ ਨੇ ਲਿਖੇ ਹਨ। ਰਚਨਾ ਪ੍ਰਕਿਰਿਆ ਦਾ ਉਹ ਵਹਿੰਦਾ ਦਰਿਆ ਹੈ।
ਹਥਲਾ ਨਾਵਲ ਗੰਭੀਰ ਵਿਸ਼ਿਆਂ ਤੋਂ ਹਟ ਕੇ ਲਿਆ ਵਿਸ਼ਾ ਹੈ। ਇਹ ਨਾਵਲ ਮੱਧ-ਸ਼੍ਰੇਣੀ ਪਰਿਵਾਰ ਦੀ ਇਸਤਰੀ ਦੀ ਕਹਾਣੀ ਹੈ। ਇਸ ਔਰਤ ਦੀ ਜ਼ਿੰਦਗੀ ਪਛਤਾਵੇ ਦੀ ਅਵਸਥਾ ਤੋਂ ਸ਼ੁਰੂ ਹੁੰਦੀ ਹੈ। ਇਹ ਜੀਵਨ ਦੇ ਅਨੇਕਾਂ ਉਤਰਾ-ਚੜਾਅ ਹੰਢਾਉਂਦੀ ਅਖ਼ੀਰ ਪਛਤਾਵੇ 'ਤੇ ਹੀ ਇਹ ਗਲਪ ਰਚਨਾ ਸਮਾਪਤ ਹੁੰਦੀ ਹੈ। ਉਹ ਪਛਤਾਵੇ ਦੇ ਦੋ ਪੁੜਾਂ ਵਿਚਕਾਰ ਪਿਸਦੀ ਹੋਈ, ਜੀਵਨ ਸੱਚ ਨੂੰ ਸਮਝਣ ਤੋਂ ਅਸਮਰੱਥ ਰਹਿੰਦੀ ਹੈ। ਇਹ ਪਾਤਰ ਬੇਸਮਝੀ ਵਿਚ ਆਪਣਾ ਜੀਵਨ, ਪਰਿਵਾਰ, ਬੱਚੇ, ਮਾਣ ਸਤਿਕਾਰ ਸਭ ਕੁਝ ਦਾਅ 'ਤੇ ਲਗਾ ਦਿੰਦਾ ਹੈ। ਅਜਿਹੀ ਅਵਸਥਾ ਬਾਰੇ ਨਾਵਲਕਾਰ ਦੋ-ਤਿੰਨ ਨਾਵਲ ਲਿਖ ਚੁੱਕਾ ਹੈ।
ਡਾ: ਅਮਰਜੀਤ ਸਿੰਘ ਸਮਰੱਥ ਨਾਵਲਕਾਰ ਹੈ। ਸਾਹਿਤ ਦੇ ਚਿੰਤਕ ਅਤੇ ਇਤਿਹਾਸਕਾਰ ਹੋਣ ਦੇ ਨਾਲ ਪ੍ਰਤਿਭਾਵਾਨ ਮਾਰਕਸਵਾਦੀ ਆਲੋਚਕ ਵਜੋਂ ਇਕ ਪਛਾਣ ਰੱਖਦਾ ਹੈ। ਅਜਿਹੀ ਸਮਰੱਥ ਕਲਮ ਤੋਂ ਅਜਿਹੇ ਹਲਕੇ ਵਿਸ਼ੇ ਉੱਪਰ ਲਿਖੇ ਨਾਵਲ ਪੜ੍ਹਨ 'ਤੇ ਹੈਰਾਨੀ ਹੁੰਦੀ ਹੈ। ਲੋੜ ਹੈ ਕਿ ਲੇਖਕ ਆਪਣੀ ਕਲਮ ਤੋਂ ਅਜੋਕੇ ਸਮੇਂ ਦੀਆਂ ਰਾਜਸੀ, ਸਮਾਜਿਕ, ਆਰਥਿਕ ਸਥਿਤੀਆਂ ਪ੍ਰਤੀ ਸਮਝ ਨਾਲ ਸਮਾਜ ਨੂੰ ਸੇਧ ਭਰਪੂਰ ਰਚਨਾਵਾਂ ਦੇਵੇ। ਅਜੋਕੇ ਦੌਰ ਵਿਚ ਲੇਖਕ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਘੜੀਐ ਸਬਦੁ ਸਚੀ ਟਕਸਾਲ
ਗ਼ਜ਼ਲਗ਼ੋ : ਚਰਨ ਸੀਚੇਵਾਲਵੀ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਲਾਂਬੜਾ।
ਮੁੱਲ : ਸਜਿਲਦ 180 ਰੁਪਏ, ਪੇਪਰ ਬੈਕ : 150 ਰੁਪਏ, ਸਫ਼ੇ : 172.

ਸ਼ਾਇਰੀ ਜ਼ਿੰਦਗੀ ਦੀ ਇਬਾਦਤ ਹੈ, ਰੂਹ ਦਾ ਸੰਵਾਦ ਹੈ ਅਤੇ ਅੰਦਰ ਦਾ ਵਿਸਮਾਦ ਹੈ। ਜਦੋਂ ਇਸ਼ਕ ਹਕੀਕੀ ਦੀ ਬਾਤ ਪਾਈ ਜਾਵੇ ਤਾਂ ਸੱਚੀ ਟਕਸਾਲ ਤੇ ਸ਼ਬਦ ਦੀ ਘਾੜਤ ਘੜੀ ਜਾਂਦੀ ਹੈ। ਫਿਰ ਇਹ ਸ਼ਾਇਰੀ ਆਤਮਾ ਨੂੰ ਸਕੂਨ ਬਖ਼ਸ਼ਦੀ ਹੈ। ਸੀਚੇਵਾਲਵੀ ਦੀਆਂ ਇਨ੍ਹਾਂ ਗ਼ਜ਼ਲਾਂ ਵਿਚ ਰੂਹਾਨੀਅਤ ਦੀ ਮਹਿਕ ਵੀ ਹੈ, ਜ਼ਿੰਦਗੀ ਦੀ ਟਹਿਕ ਵੀ ਹੈ ਅਤੇ ਸ਼ਬਦਾਂ ਦੀ ਚਹਿਕ ਵੀ ਵਿਦਮਾਨ ਹੈ। ਆਓ! ਕੁਝ ਮਿਲੇ-ਜੁਲੇ ਰੰਗ ਮਾਣੀਏ-
-ਜਿਸ ਵਿਚ ਚੰਨ ਤੇ ਤਾਰੇ ਹੋਵਣ ਬਖ਼ਸ਼ਿਸ਼ ਦੇ
ਸਿਰ ਉੱਤੇ ਮੇਰੇ ਐਸਾ ਅੰਬਰ ਓੜ੍ਹ ਦਿਓ।
ਇਹ ਸ਼ਬਦਾਂ ਦੇ ਅੰਮ੍ਰਿਤ ਦਾ ਜੋ ਝਰਨਾ ਵਗਦਾ
ਉਹ ਅੰਮ੍ਰਿਤ ਮੇਰੇ ਮੱਥੇ ਵਿਚ ਨਿਚੋੜ ਦਿਓ।
-ਜਾਂ ਇਹ ਸੀਸ ਝੁਕਾ ਕੇ ਚੱਲੋ
ਜਾਂ ਇਹ ਸੀਸ ਕਟਾ ਕੇ ਚੱਲੋ
ਜੇ ਸਤਿਲੁਜ ਦੀ ਲਹਿਰ ਬਣੇ ਹੋ
ਲਹਿਰ-ਲਹਿਰ ਲਹਿਰਾ ਕੇ ਚੱਲੋ।
-ਹੋਇਆ ਔਹ ਜਿਸ ਦਾ ਜਾਮਾ ਅੱਜ ਲੀਰੋ-ਲੀਰ ਲਗਦਾ
ਜਾਂ ਉਹ ਕੋਈ ਹੈ ਸ਼ਾਇਰ ਜਾਂ ਉਹ ਫ਼ਕੀਰ ਲਗਦਾ।
-ਜੇ ਨਾ ਮਨ ਦਾ ਚੇਤਰ ਖਿੜਿਆ ਫਿਰ ਕਿੱਧਰ ਨੂੰ ਜਾਵੇਂਗਾ
ਜੇ ਨਾ ਰਾਗ ਬਿਲਾਵਲ ਤੁਰਿਆ ਫਿਰ ਕਿੱਧਰ ਨੂੰ ਜਾਵੇਂਗਾ।
-ਪੌਣਾਂ ਦਾ ਦੁੱਖ ਹਰੋ-ਹਰੋ ਜੀ
ਪੌਣਾਂ ਨਿਰਮਲ ਕਰੋ-ਕਰੋ ਜੀ।
ਇਸ ਕਾਵਿ-ਪੁਸਤਕ ਦੇ ਪੰਜ ਖੰਡ ਹਨ-ਅਧਿਆਤਮਿਕ, ਪੰਜਾਬ ਦੀ ਧਰਤੀ ਦਾ ਸੰਤਾਪ, ਦੇਸ਼ ਪਿਆਰ/ਪਿਆਰ, ਗੁਰਬਤ ਅਤੇ ਪ੍ਰਦੂਸ਼ਣ। ਇਨ੍ਹਾਂ ਗ਼ਜ਼ਲਾਂ ਵਿਚ ਚਿੰਤਨ ਹੈ, ਚੇਤਨਾ ਹੈ, ਸੇਧ ਹੈ ਅਤੇ ਸੁਹਜ ਹੈ। ਇਸ ਵਿਚ ਨਿੱਜ ਪੀੜਾ ਤੋਂ ਲੈ ਕੇ ਸਰਬੱਤ ਪੀੜਾ ਤੱਕ ਦਾ ਸਫ਼ਰ ਹੈ। ਇਹ ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਤੱਕ ਦਾ ਪੈਂਡਾ ਹੈ। ਗ਼ਜ਼ਲਾਂ ਖ਼ੂਬਸੂਰਤ ਹਨ, ਇਨ੍ਹਾਂ ਵਿਚ ਸਰਲਤਾ, ਸਪੱਸ਼ਟਤਾ ਅਤੇ ਮੁਹਾਰਤ ਹੈ। ਇਨ੍ਹਾਂ ਦੇ ਵਿਸ਼ੇ ਸਾਰਥਕ ਅਤੇ ਸੇਧ ਦੇਣ ਵਾਲੇ ਹਨ। ਇਨ੍ਹਾਂ ਵਿਚ ਜ਼ਿੰਦਗੀ ਦੀ ਖ਼ੂਬਸੂਰਤ ਜੁਗਤ ਹੈ। ਇਹ ਅਜੋਕੇ ਸੰਤਾਪ, ਕੁਦਰਤ ਦੀ ਬੇਕਦਰੀ ਅਤੇ ਮਨੁੱਖ ਦੀ ਸੌੜੀ ਸੋਚ ਦੀ ਬਾਤ ਪਾਉਂਦੀਆਂ ਹਨ। ਇਨ੍ਹਾਂ ਵਿਚ ਜਗਤ ਦੇ ਕਸੁੰਭੜੇ ਅਤੇ ਰੂਹਾਨੀਅਤ ਦੇ ਮਜੀਠੇ ਰੰਗਾਂ ਦੀ ਪਛਾਣ ਹੈ। ਇਸ ਗ਼ਜ਼ਲ ਸੰਗ੍ਰਹਿ ਦਾ ਤਹਿ-ਦਿਲੋਂ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਮੈਂ ਕਿਉਂ ਜੀ ਰਿਹਾਂ
ਲੇਖਕ : ਡਾ: ਕਰਮਜੀਤ ਸਿੰਘ, ਨਡਾਲਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ ਜਲੰਧਰ
ਮੁੱਲ 180 ਰੁਪਏ, ਸਫੇ : 144.

ਮਰਨਾ ਸੱਚ ਜਿਊਣਾ ਝੂਠ। ਚੰਗਾ-ਮਾੜਾ ਜੀਵਨ ਫਿਰ ਵੀ ਚਲੀ ਜਾ ਰਿਹਾ। ਆਮ ਲੋਕ ਕੰਨ ਲਪੇਟ ਕੇ 'ਮੈਨੂੰ ਕੀ?' ਦੇ ਸਿਧਾਂਤ ਦੀ ਲਕੀਰ ਦੇ ਫਕੀਰ ਬਣੇ ਹੋਏ ਹਨ। ਪਰ ਚਿੰਤਤ ਲੋਕ ਇਸ ਲਕੀਰ ਤੋਂ ਹੱਟਵੇਂ ਹੋ ਕੇ ਲੋਕਾਈ ਦੇ ਭਲੇ ਲਈ ਕਲਮ ਰਾਹੀਂ ਕੁਝ ਨਾ ਕੁਝ ਝਰੀਟੀ ਜਾ ਰਹੇ ਹਨ। ਵਾਰਤਕ ਵਿਚ ਕਹਾਣੀਆਂ (ਬਾਤਾਂ) ਨਾਲ ਮਨੁੱਖ ਦਾ ਆਦਿ ਕਾਲ ਤੋਂ ਸਰੋਕਾਰ ਰਿਹਾ ਹੈ। ਇਸ ਸਰੋਕਾਰ ਨਾਲ ਜੁੜਦਿਆਂ ਡਾ: ਕਰਮਜੀਤ ਸਿੰਘ ਨਡਾਲਾ ਨੇ ਕਹਾਣੀ ਸੰਗ੍ਰਹਿ 'ਮੈਂ ਕਿਉਂ ਜੀ ਰਿਹਾਂ' ਨਾਲ ਸਾਹਿਤ ਦੀ ਦੁਨੀਆ ਵਿਚ ਆਣ ਦਸਤਕ ਦਿੱਤੀ ਹੈ।
ਇਸ ਹੱਥਲੀ ਪੁਸਤਕ ਵਿਚ ਕੁੱਲ ਦਸ ਕਹਾਣੀਆਂ ਹਨ। ਲੇਖਕ ਨੇ ਹਰ ਕਹਾਣੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਡਾਹਢੇ ਦਾ ਸੱਤੀਂ ਵੀਹ ਸੌ, ਪੀੜਤ ਹਮਾਤੜਾਂ ਦੇ ਦਰਦ/ਪੀੜ ਨੂੰ ਬੜੀ ਸ਼ਿੱਦਤ ਨਾਲ ਉਘਾੜਿਆ ਹੈ। ਗ੍ਰਹਿਸਤ ਦਾ ਚੱਕਰਵਿਊ (ਅਣ-ਸੁਖਾਵੇਂ ਹਾਲਾਤ) ਵਿਚ ਕਈ ਵਾਰ ਮਰਦ ਨਾਲੋਂ ਔਰਤ ਦਾ ਹੱਥ ਉਪਰ ਹੋਣ, ਫ਼ਿਰਕੂ ਫਸਾਦਾਂ ਵਿਚ ਬੇਕਸੂਰੇ ਲੋਕਾਂ ਦਾ ਨਪੀੜੇ ਜਾਣ, ਧਰਮ ਦੇ ਨਾਂਅ ਉਤੇ ਵਿਸ਼ਵਾਸਘਾਤ ਹੋੇਣ, ਛਲੇਡਾ ਜਾਨੀ ਥੁੜ੍ਹਾਂ ਦੀ ਮਾਰੀ ਕਿਰਸਾਨੀ ਦੀ ਤਰਾਸਦੀ, ਖ਼ੁਦਕੁਸ਼ੀਆਂ, ਮਨੁੱਖਾਂ ਦੀ ਵੱਧਦੀ ਭੀੜ ਤੇ ਵਸੇਬੇ ਲਈ ਹੱਦੋਂ ਵੱਧ ਇਮਾਰਤਸਾਜ਼ੀ, ਰੁੱਖਾਂ ਦੀ ਘੱਟਦੀ ਗਿਣਤੀ ਨਾਲ ਪੰਛੀ ਜੀਵਨ ਤੀਲ੍ਹਾ-ਤੀਲ੍ਹਾ ਹੋਣ, ਹੈਂਕੜਬਾਜ਼ੀ ਵੱਲੋਂ ਦਿਆਨਤਦਾਰੀ ਦਾ ਮਾਨ ਬਨਾਮ ਅਪਮਾਨ ਤੇ ਚੋਣਾਂ ਬਨਾਮ ਵੋਟਾਂ ਦੀ ਖੋਹ-ਖਿੰਝ ਲਈ ਭਰਮਾਊ ਤੇ ਲਾਲਚੀ ਜਾਲ ਸੁੱਟਣ ਅਤੇ ਗ਼ਰੀਬੀ ਦੇ ਹਵਾਈ ਮਹਿਲਾਂ ਉਤੇ ਹੋਈ ਗੜੇਮਾਰੀ 'ਤੇ ਬੜੀ ਬੇਬਾਕੀ ਨਾਲ ਉਂਗਲ ਧਰੀ ਗਈ ਹੈ। ਭਾਵੇਂ ਇਹ ਕਹਾਣੀਆਂ ਕੁਝ ਲੰਮੀਆਂ ਜ਼ਰੂਰ ਹਨ ਪਰ ਇਨ੍ਹਾਂ ਵਿਚਲੀ ਰੋਚਕਤਾ ਪਾਠਕ ਵਿਚਲੀ ਪੜ੍ਹਨ ਰੁਚੀ ਵਿਚ ਕੋਈ ਉਕਾਊਪਨ ਨਹੀਂ ਆਉਣ ਦਿੰਦੀ। ਇਤਿਹਾਸਕ ਤੇ ਸਮੇਂ ਦੇ ਯਥਾਰਥ ਨੂੰ ਇਸ ਵਿਧਾ ਨਾਲ ਪੇਸ਼ ਕੀਤਾ ਗਿਆ ਹੈ ਕਿ ਪਾਠਕ ਨੂੰ ਹੋਰ ਅਗਾਂਹ ਪੜ੍ਹਨ ਲਈ ਉਤਸਕ ਕਰਨ ਵਿਚ ਇਹ ਪੁਸਤਕ 'ਮੈਂ ਕਿਉਂ ਜੀ ਰਿਹਾਂ' ਕਾਫੀ ਹੱਦ ਤੱਕ ਸਫਲ ਹੈ ਅਤੇ ਦਿਲਚਸਪ ਪੁਸਤਕਾਂ ਦੇ ਗੁਲਦਸਤੇ ਵਿਚ ਇਕ ਪੰਖੜੀ ਵਜੋਂ ਇਹ ਪੁਸਤਕ ਸ਼ੁਮਾਰ ਹੋਣ ਦੇ ਲਖਾਇਕ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਬਲਦੇਵ ਸਿੰਘ ਦੀ ਗਲਪ-ਚੇਤਨਾ
ਸਮੁੱਚੇ ਨਾਵਲਾਂ ਦੇ ਸੰਦਰਭ ਵਿਚ
ਲੇਖਿਕਾ : ਡਾ: ਰਮਨਪ੍ਰੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 187.

ਬਲਦੇਵ ਸਿੰਘ ਅਜੋਕੇ ਸਮੇਂ ਦਾ ਸਥਾਪਤ ਨਾਵਲਕਾਰ ਹੈ, ਜਿਸ ਨੇ ਪੰਜਾਬੀ ਨਾਵਲ ਦੇ ਖੇਤਰ ਵਿਚ ਵਿਸ਼ਾ-ਵਸਤੂ ਅਤੇ ਕਲਾਤਮਿਕ ਦ੍ਰਿਸ਼ਟੀ ਤੋਂ ਨਵੀਆਂ ਲੀਹਾਂ ਪਾਈਆਂ ਹਨ। ਇਸੇ ਕਾਰਨ ਵਿਦਵਾਨ ਅਤੇ ਖੋਜੀ ਉਸ ਦੇ ਨਾਵਲਾਂ ਨੂੰ ਵੱਖ-ਵੱਖ ਦ੍ਰਿਸ਼ਟੀਆਂ ਤੋਂ ਵਾਚਣ ਵਿਚ ਦਿਲਚਸਪੀ ਵਿਖਾ ਰਹੇ ਹਨ। ਹਥਲੀ ਪੁਸਤਕ ਵਿਚ ਡਾ: ਰਮਨਜੀਤ ਕੌਰ ਨੇ ਆਪਣੇ ਅਧਿਐਨ ਨੂੰ 5 ਅਧਿਆਵਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ ਉਸ ਨੇ ਬਿਰਤਾਂਤ-ਸ਼ਾਸਤਰ ਬਾਰੇ ਵਲਾਦੀਮੀਰ ਪਰਾਪ, ਰੋਮਨ ਜੈਕਬਸਨ, ਪ੍ਰਿੰਸ, ਰਿਮਨ ਕੇਨਨ, ਲੈਵੀ ਸਤਰਾਸ, ਗਰੇਮਾਸ, ਤੋਦੋਰੋਵ ਅਤੇ ਜੈਨੇ ਤੋਂ ਬਿਨਾਂ ਰੋਲਾਂ ਬਾਰਥ ਅਤੇ ਮੀਕਬਲ ਆਦਿ ਦੇ ਅਧਿਐਨ ਦੁਆਰਾ ਜਾਣਕਾਰੀ ਦਿੱਤੀ ਹੈ। ਪੰਜਾਬੀ ਦੇ ਬਿਰਤਾਂਤ ਸ਼ਾਸਤਰੀਆਂ ਡਾ: ਜਗਬੀਰ ਸਿੰਘ, ਡਾ: ਧਨਵੰਤ ਕੌਰ ਅਤੇ ਡਾ: ਸੁਖਪਾਲ ਥਿੰਦ ਦੇ ਵਿਚਾਰਾਂ ਨੂੰ ਵੀ ਪੇਸ਼ ਕੀਤਾ ਹੈ। ਇੰਜ ਆਪਣੇ ਅਧਿਐਨ ਨੂੰ ਪ੍ਰਮਾਣਿਕ ਆਧਾਰ ਪ੍ਰਦਾਨ ਕੀਤਾ ਹੈ। ਦੂਸਰੇ ਕਾਂਡ ਵਿਚ ਭਾਈ ਵੀਰ ਸਿੰਘ ਤੋਂ ਲੈ ਕੇ ਅੱਜ ਤੱਕ ਦੇ ਪੰਜਾਬੀ ਨਾਵਲ ਦਾ ਇਤਿਹਾਸ (ਸਮੇਤ ਪਰਵਾਸੀ ਨਾਵਲ) ਉਲੀਕਿਆ ਗਿਆ ਹੈ ਅਤੇ ਡਾ: ਜੋਗਿੰਦਰ ਰਾਹੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਜੇ 'ਇਤਿਹਾਸਕ ਸੰਭਾਵਨਾਵਾਂ ਦੇ ਅਨੁਭਵ ਵੱਲ ਰੁਚਿਤ ਹੋਣਾ ਸਾਡੇ ਨਾਵਲ ਦੀ ਇਕ ਵੱਡੀ ਲੋੜ ਹੈ।' ਇੰਜ ਬਲਦੇਵ ਸਿੰਘ ਦਾ ਸਥਾਨ ਨਿਸਚਤ ਕਰਦਿਆਂ ਉਸ ਨੂੰ ਲੋਕ-ਨਾਇਕਾਂ ਦਾ ਸਿਰਜਕ ਦੱਸਿਆ ਹੈ। ਤੀਸਰੇ ਕਾਂਡ ਵਿਚ ਬਲਦੇਵ ਸਿੰਘ ਦੇ ਮੁਢਲੇ ਨਾਵਲਾਂ ਦੀ ਵਸਤ ਤੇ ਬਿਰਤਾਂਤਕਾਰੀ ਬਾਰੇ ਚਰਚਾ ਕੀਤੀ ਹੈ। ਇਹ ਨਾਵਲ ਹਨ-ਦੂਸਰਾ ਹੀਰੋਸ਼ੀਮਾ, ਕੱਲਰੀ ਧਰਤੀ, ਸੂਲੀ ਟੰਗੇ ਪਹਿਰ, ਜੀ.ਟੀ. ਰੋਡ ਆਦਿ। ਇਨ੍ਹਾਂ ਵਿਚ ਪੰਚਾਇਤੀ ਰਾਜ ਦਾ ਮਿਥ-ਭੰਜਨ ਅਤੇ ਡਰਾਈਵਰੀ ਕਿੱਤੇ ਦੀਆਂ ਮੁਸ਼ਕਿਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਚੌਥੇ ਕਾਂਡ ਵਿਚ ਬਹੁ-ਪਰਤੀ ਅਤੇ ਬਹੁ-ਪਾਸਾਰੀ ਨਾਵਲਾਂ ਦੇ ਅੰਤਰਗਤ ਕੱਚੀਆਂ ਕੰਧਾਂ, ਲਾਲ ਬੱਤੀ ਅਤੇ ਅੰਨਦਾਤਾ ਨੂੰ ਅਧਿਐਨ ਵਸਤੂ ਵਜੋਂ ਲਿਆ ਗਿਆ ਹੈ। ਇਨ੍ਹਾਂ ਨਾਵਲਾਂ ਵਿਚੋਂ ਨਿਮਨ ਕਿਸਾਨੀ ਦੀ ਟੁੱਟ-ਭੱਜ, ਸਮਾਜਿਕ ਰਿਸ਼ਤਿਆਂ ਵਿਚ ਨਿਘਾਰ, ਨਕਸਲਵਾਦ ਅਤੇ ਦਹਿਸ਼ਤਵਾਦ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਵੇਸਵਾਗਮਨੀ 'ਤੇ ਵੀ ਫੋਕਸ ਕੀਤਾ ਗਿਆ ਹੈ। ਨਾਇਕ ਮੂਲਕ ਨਾਵਲਾਂ ਦਾ ਅਧਿਐਨ ਪੰਜਵੇਂ ਕਾਂਡ ਵਿਚ ਕੀਤਾ ਗਿਆ ਹੈ। ਇਹ ਨਾਵਲ ਹਨ-ਪੰਜਵਾਂ ਸਾਹਿਬਜ਼ਾਦਾ, ਸਤਲੁਜ ਵਹਿੰਦਾ ਰਿਹਾ, ਢਾਹਵਾਂ ਦਿੱਲੀ ਦੇ ਕਿੰਗਰੇ ਅਤੇ ਮਹਾਂਬਲੀ ਸੂਰਾ। ਸਮੁੱਚੇ ਅਧਿਐਨ ਦਾ ਨਿਸ਼ਕਰਸ਼ ਨਹੀਂ ਦਿੱਤਾ ਗਿਆ। ਹਵਾਲੇ ਅਤੇ ਟਿੱਪਣੀਆਂ ਹਰ ਕਾਂਡ ਦੇ ਅੰਤ 'ਤੇ ਹਨ ਪਰ ਪੁਸਤਕ ਸੂਚੀ ਗ਼ੈਰ-ਹਾਜ਼ਰ ਹੈ। ਸਿਧਾਂਤਕ ਪਰਿਪੇਖ ਵਿਚ ਦਿੱਤੀਆਂ ਬਿਰਤਾਂਤਕ ਜੁਗਤਾਂ ਨੂੰ ਵਿਵਹਾਰਕ ਆਲੋਚਨਾ ਕਰਦਿਆਂ ਵਰਤਣ ਤੋਂ ਸੰਕੋਚ ਹੈ। ਨਾਵਲ ਦਾ ਇਤਿਹਾਸਕ ਸਰਵੇਖਣ ਖੋਜੀਆਂ ਲਈ ਮੁੱਲਵਾਨ ਹੈ। ਨਿਰਸੰਦੇਹ ਡਾ: ਰਮਨਪ੍ਰੀਤ ਕੌਰ ਦੀ ਸਖ਼ਤ ਮਿਹਨਤ ਇਸ ਪੁਸਤਕ ਦਾ ਇਕ ਹਾਸਲ ਹੈ। ਬਲਦੇਵ ਸਿੰਘ ਦੇ ਨਾਵਲਾਂ ਦੇ ਖੋਜੀਆਂ ਲਈ ਪੁਸਤਕ ਪੜ੍ਹਨਯੋਗ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਮਿੱਟੀ ਅੱਗ ਹਵਾ ਤੇ ਪਾਣੀ
ਗ਼ਜ਼ਲਕਾਰ : ਪਾਲ ਢਿੱਲੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 110.

ਪਾਲ ਢਿੱਲੋਂ ਪੰਜਾਬੀ ਵਿਚ ਨਿਰੰਤਰ ਗ਼ਜ਼ਲ ਲਿਖਣ ਵਾਲਾ ਸ਼ਾਇਰ ਹੈ ਜਿਸ ਦੀਆਂ ਇਸ ਤੋਂ ਪਹਿਲਾਂ ਛੇ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ 'ਚੋਂ ਪੰਜ ਗ਼ਜ਼ਲ ਸੰਗ੍ਰਹਿ ਹਨ। ਇਨ੍ਹਾਂ ਪੰਜ ਗ਼ਜ਼ਲ ਸੰਗ੍ਰਹਿਆਂ 'ਚੋਂ ਵਧੀਆ ਗ਼ਜ਼ਲਾਂ ਚੁਣ ਕੇ 'ਮਿੱਟੀ, ਅੱਗ, ਹਵਾ ਤੇ ਪਾਣੀ' ਪੁਸਤਕ ਛਾਪੀ ਗਈ ਹੈ ਜਿਸ ਨੂੰ ਜਸਵੀਰ ਕੌਰ ਢਿੱਲੋਂ ਨੇ ਸੰਪਾਦਿਤ ਕੀਤਾ ਹੈ। ਢਿੱਲੋਂ ਮੁਹੱਬਤ ਦੇ ਲੰਬੇ ਤੇ ਔਖੇ ਪੈਂਡਿਆਂ ਦਾ ਰਾਹੀ ਹੈ। ਸ਼ਾਇਰ ਜਾਣਦਾ ਹੈ ਕਿ ਜ਼ਿੰਦਗੀ ਦੇ ਝੱਖੜਾਂ ਵਿਚ ਓਹੀ ਬਚੇਗਾ ਜੋ ਸਖ਼ਤ ਜਾਨ ਹੋਏਗਾ। ਸ਼ਾਇਰ ਜਵਾਨੀ ਨੂੰ ਗੀਤ, ਫੁੱਲ, ਖ਼ੁਸ਼ਬੂ, ਲੈਅ ਤੇ ਸਾਜ਼ ਸਮਝਦਾ ਹੈ ਤੇ ਉਸ ਮੁਤਾਬਿਕ ਇਹ ਕੁਦਰਤ ਦਾ ਹਸੀਨ ਤੇ ਬੇਹਤਰੀਨ ਤੋਹਫ਼ਾ ਹੈ। ਉਸ ਦੇ ਸ਼ਿਅਰਾਂ ਅਨੁਸਾਰ ਸ਼ਾਇਰ ਦੇ ਅੰਦਰ ਭਾਵੇਂ ਮੋਮ ਵਰਗਾ ਦਿਲ ਹੈ ਪਰ ਉਸ ਕੋਲ ਬਗ਼ਾਵਤੀ ਤਾਕਤ ਦੀ ਕੋਈ ਕਮੀ ਨਹੀਂ ਹੈ। ਢਿੱਲੋਂ ਦੇ ਵਿਸ਼ਿਆਂ ਦੀ ਕੈਨਵਸ ਬੜੀ ਵਸੀਹ ਹੈ ਤੇ ਉਹ ਮਨੁੱਖੀ ਜ਼ਿੰਦਗੀ ਨਾਲ ਸਬੰਧਤ ਹਰ ਰਾਬਤੇ ਬਾਰੇ ਖੁੱਲ੍ਹ ਕੇ ਲਿਖਦਾ ਹੈ। ਗ਼ਜ਼ਲ ਸਬੰਧੀ ਨਿਯਮਾਂ ਦੀ ਉਸ ਨੂੰ ਚੋਖੀ ਜਾਣਕਾਰੀ ਹੈ ਤੇ ਉਸ ਦੀ ਗ਼ਜ਼ਲ ਆਮ ਕਰਕੇ ਗ਼ਜ਼ਲੀਅਤ ਨੂੰ ਨਹੀਂ ਵਿਸਾਰਦੀ। ਇਨ੍ਹਾਂ ਗ਼ਜ਼ਲਾਂ ਦੀ ਭਾਸ਼ਾ ਤੇ ਸ਼ਬਦਾਬਲੀ ਸਾਦੀ ਹੈ ਤੇ ਪ੍ਰਭਾਵੀ ਹੈ। ਕਈ ਜਗ੍ਹਾ ਢਿੱਲੋਂ ਨੇ ਆਪਣੇ ਵਿਚਾਰਾਂ ਨੂੰ ਬੜੀ ਬੇਬਾਕੀ ਨਾਲ ਰੱਖਿਆ ਹੈ, ਇਹੀ ਸ਼ਾਇਰੀ ਦੀ ਅਸਲ ਖ਼ੂਬੀ ਹੁੰਦੀ ਹੈ। ਪ੍ਰਵਾਸੀ ਸ਼ਾਇਰ ਹੋਣ ਦੇ ਬਾਵਜੂਦ ਉਸ ਨੂੰ ਆਪਣੇ ਵਤਨ ਨਾਲ ਮੋਹ ਹੈ ਤੇ ਉਹ ਏਧਰਲੀ ਹਰ ਤਰ੍ਹਾਂ ਦੀ ਕਨਸੋਅ ਰੱਖਦਾ ਹੈ ਤੇ ਫ਼ਿਕਰਮੰਦ ਹੁੰਦਾ ਹੈ। ਪਾਲ ਢਿੱਲੋਂ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਇਹ ਸੰਗ੍ਰਹਿ ਉਨ੍ਹਾਂ ਪਾਠਕਾਂ ਲਈ ਲਾਹੇਵੰਦਾ ਸਾਬਿਤ ਹੋਵੇਗਾ ਜੋ ਸ਼ਾਇਰ ਦੀਆਂ ਬਾਕੀ ਪੁਸਤਕਾਂ ਤੱਕ ਪਹੁੰਚ ਨਹੀਂ ਰੱਖਦੇ।

-ਗੁਰਦਿਆਲ ਰੌਸ਼ਨ
ਮੋ: 9988444002

 

7-6-2014

 ਆਧੁਨਿਕ ਪੰਜਾਬੀ ਕਵਿਤਾ ਨਾਲ ਸੰਵਾਦ
ਲੇਖਕ : ਡਾ: ਜਗੀਰ ਸਿੰਘ ਢੇਸਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120.

20ਵੀਂ ਸਦੀ ਵਿਚ ਉਭਰੇ ਤੇ ਪ੍ਰਵਾਨ ਚੜ੍ਹੇ ਆਧੁਨਿਕ ਪੰਜਾਬੀ ਸਾਹਿਤ ਦੇ ਅੰਤਰਗਤ ਸਭ ਤੋਂ ਵੱਧ ਮਾਤਰਾ ਵਿਚ ਕਵਿਤਾ ਦੀ ਰਚਨਾ ਹੀ ਹੋਈ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਲੰਮੇ ਕਾਲ-ਖੰਡ ਪਾਸਾਰੇ ਵਿਚ ਸਮੇਂ-ਸਮੇਂ 'ਤੇ ਸਾਹਿਤਕ, ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਸਿਆਸਤ ਦੇ ਖੇਤਰ ਵਿਚ ਉੱਭਰੀਆਂ ਲਹਿਰਾਂ ਦਾ ਸਭ ਤੋਂ ਵੱਧ ਤੀਬਰ ਤੇ ਤੱਟ-ਫੱਟ ਪ੍ਰਭਾਵ ਕਾਵਿ-ਸਿਰਜਣਾ ਦੇ ਰੂਪ ਵਿਚ ਹੀ ਸਾਹਮਣੇ ਆਇਆ ਹੈ। ਇਸ ਵਿਚ ਸ਼ੱਕ ਨਹੀਂ ਕਿ ਇਨ੍ਹਾਂ ਲਹਿਰਾਂ ਨੇ ਬਹੁਤ ਸਾਰੇ ਸਮਰੱਥ ਕਵੀ ਵੀ ਸਾਨੂੰ ਦਿੱਤੇ ਪਰ ਨਾਲ ਦੀ ਨਾਲ ਇਹ ਵੀ ਵਾਪਰਦਾ ਰਿਹਾ ਕਿ ਅਨੇਕ ਕਵੀ ਆਪਣੀ ਸੁਕਿਰਿਆ ਸਿਆਸੀ-ਸਮਾਜੀ ਭੂਮਿਕਾ ਕਾਰਨ ਅਮੁੱਲ ਕਾਵਿ-ਪ੍ਰਤਿਭਾ ਨੂੰ ਅਜਾਈਂ ਵੀ ਗਵਾਉਂਦੇ ਰਹੇ। ਜਿਥੋਂ ਤੱਕ ਕਾਵਿ ਚਿੰਤਨ, ਖੋਜ ਤੇ ਆਲੋਚਨਾ ਦਾ ਸਬੰਧ ਹੈ। ਮਿਕਦਾਰ ਦੇ ਰੂਪ ਵਿਚ ਤਾਂ ਬਹੁਤ ਕੰਮ ਹੋਇਆ ਪਰ ਲਹਿਰਾਂ ਤੇ ਕਾਵਿ ਪ੍ਰਵਿਰਤੀਆਂ ਦੇ ਜਟਿਲ ਰਿਸ਼ਤੇ ਨੂੰ ਅੰਤਰ ਦਵੰਦਾਤਮਕ ਸਬੰਧਾਂ ਦੇ ਠੋਸ ਸਿਧਾਂਤਕ ਆਧਾਰਾਂ 'ਤੇ ਸਮਝਣ ਦੇ ਯਤਨ ਬਹੁਤ ਵਿਰਲੇ ਹੋਏ ਹਨ। ਇਨ੍ਹਾਂ ਵਿਰਲੇ ਯਤਨਾਂ ਵਿਚ ਡਾ: ਕਰਮਜੀਤ ਸਿੰਘ, ਡਾ: ਸੁਖਦੇਵ ਸਿੰਘ ਸਿਰਸਾ ਤੇ ਡਾ: ਗੁਰਇਕਬਾਲ ਸਿੰਘ ਆਦਿ ਦੇ ਕੰਮ ਨੂੰ ਮੈਂ ਵਿਸ਼ੇਸ਼ ਮਹੱਤਵ ਦੀ ਦ੍ਰਿਸ਼ਟੀ ਤੋਂ ਦੇਖਦਾ ਹਾਂ। ਡਾ: ਜਗੀਰ ਸਿੰਘ ਢੇਸਾ ਦੀ ਰੀਵਿਊ ਅਧੀਨ ਪੁਸਤਕ 'ਆਧੁਨਿਕ ਪੰਜਾਬੀ ਕਵਿਤਾ ਨਾਲ ਸੰਵਾਦ' (2013) ਦੇ ਅਧਿਐਨ ਨੂੰ ਵੀ ਮੈਂ ਇਸੇ ਲੜੀ ਵਿਚ ਇਕ ਚੰਗਾ ਮੀਲ-ਪੱਥਰ ਸਮਝਦਾ ਹਾਂ। ਆਧੁਨਿਕ ਪੰਜਾਬੀ ਕਵਿਤਾ ਨਾਲ ਇਹ ਇਕ ਅਜਿਹਾ ਭਰਪੂਰ ਸੰਵਾਦ ਹੈ, ਜਿਸ ਵਿਚੋਂ ਇਸ ਕਵਿਤਾ ਦੇ ਠੋਸ ਵਿਚਾਰਧਾਰਕ ਧਰਾਤਲਾਂ ਦੀ ਤਲਾਸ਼ ਵੀ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਕਾਵਿ ਸ਼ਾਸਤਰੀ ਦ੍ਰਿਸ਼ਟੀ ਤੋਂ ਅਲੱਗ-ਅਲੱਗ ਪ੍ਰਵਿਰਤੀਆਂ ਜਾਂ ਇਨ੍ਹਾਂ ਪ੍ਰਵਿਰਤੀਆਂ ਦੇ ਪ੍ਰਤੀਨਿਧ ਸ਼ਾਇਰਾਂ ਦੇ ਰਚਨਾਤਮਕ ਅਮਲ ਅੰਦਰ ਵਾਪਰ ਰਹੇ ਪਰਿਵਰਤਨੀ ਰੁਝਾਨਾਂ ਦੇ ਸਾਰ ਨੂੰ ਵੀ ਸਹਿਜੇ ਗ੍ਰਹਿਣ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਭਾਈ ਵੀਰ ਸਿੰਘ, ਪੂਰਨ ਸਿੰਘ, ਬਾਵਾ ਬਲਵੰਤ ਆਦਿ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ, ਪਾਸ਼ ਤੇ ਸੁਰਜੀਤ ਪਾਤਰ ਆਦਿ ਤੱਕ ਸਭ ਬਾਰੇ ਉਸ ਦੀਆਂ ਧਾਰਨਾਵਾਂ ਵਿਚ ਮੌਲਿਕਤਾ, ਨਵਾਂਪਨ ਤੇ ਤਾਜ਼ਗੀ ਹੈ। ਇਹ ਅਧਿਐਨ ਕੇਵਲ ਪਾਤਰ-ਪਾਸ਼ ਤੱਕ ਸੀਮਤ ਨਹੀਂ ਸਗੋਂ ਅਸਲੋਂ ਨਵੀਂ ਕਵਿਤਾ ਜਾਂ ਉਤਰ ਆਧੁਨਿਕ ਪਰਿਪੇਖ ਦੇ ਅੰਤਰਗਤ ਗੂੰਜ ਰਹੀਆਂ ਨਵੀਆਂ ਧੁਨੀਆਂ ਦੀ ਪ੍ਰਕਿਰਤੀ ਨੂੰ ਵੀ ਇਸ ਅਧਿਐਨ ਨੇ ਖੂਬ ਸਮਝਿਆ ਹੈ। ਸੁਰਜੀਤ ਜੱਜ, ਦਰਸ਼ਨ ਬੁੱਟਰ, ਲਖਵਿੰਦਰ ਜੌਹਲ, ਕੁਲਵੰਤ ਔਜਲਾ ਤੇ ਸਵਰਨਜੀਤ ਸਵੀ ਵਰਗੇ ਨਿਵੇਕਲੇ ਚਿੰਤਨੀ ਪਰਿਪੇਖ ਵਾਲੇ ਨਵੇਂ ਸ਼ਾਇਰਾਂ ਤੱਕ ਉਸ ਦੀ ਪਹੁੰਚ ਸਹਿਜੇ ਹੀ ਹੋ ਜਾਂਦੀ ਹੈ। ਡਾ: ਢੇਸਾ ਦੀ ਇਸ ਚਿੰਤਨ ਵਿਧੀ ਨੇ ਮੈਨੂੰ ਚੋਖਾ ਪ੍ਰਭਾਵਿਤ ਕੀਤਾ ਹੈ। ਉਸ ਨੂੰ ਸੰਵਾਦ ਰਚਣ-ਰਚਾਉਣ ਦਾ ਵੱਲ ਆਉਂਦਾ ਹੈ। ਉਸ ਦੇ ਚਿੰਤਨ ਵਿਚ ਸਹਿਜ ਤੇ ਤਰਕ ਹੈ। ਸਮਝ ਵਿਚ ਮੌਲਿਕਤਾ ਹੈ। ਇਹੀ ਕਾਰਨ ਆਮ ਰਿਵਾਜ ਅਨੁਸਾਰ ਉਸ ਨੂੰ ਵਾਰ-ਵਾਰ ਟੂਕਾਂ/ਹਵਾਲਿਆਂ ਦਾ ਸਹਾਰਾ ਨਹੀਂ ਲੈਣਾ ਪੈਂਦਾ ਹੈ। ਮੈਂ ਡਾ: ਢੇਸਾ ਦੇ ਇਸ ਅਧਿਐਨ ਨੂੰ ਮੁੱਲਵਾਨ ਸਮਝਦਾ ਹਾਂ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

ਇਕੱਲਾ ਨਹੀਂ ਹੁੰਦਾ ਬੰਦਾ
ਸ਼ਾਇਰ : ਗਗਨ ਦੀਪ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200, ਸਫ਼ੇ : 123.

ਇਕੱਲਾ ਨਹੀਂ ਹੁੰਦਾ ਬੰਦਾ ਕਾਵਿ ਸੰਗ੍ਰਹਿ ਗਗਨ ਦੀਪ ਸ਼ਰਮਾ ਰਚਿਤ ਦੂਜਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਤਕਨਾਲੋਜੀ ਦੇ ਇਸ ਯੁੱਗ ਵਿਚ ਨੈਤਿਕ ਕਦਰਾਂ-ਕੀਮਤਾਂ ਵਿਹੂਣੀ ਜ਼ਿੰਦਗੀ ਜਿਊਂਦੇ ਮਨੁੱਖ ਦੀ ਤਰਸਯੋਗ ਸਥਿਤੀ ਨੂੰ ਕਾਵਿ-ਰੂਪਾਂਤਰਿਤ ਕੀਤਾ ਹੈ। ਸ਼ਾਇਰ ਪਦਾਰਥਵਾਦੀ ਯੁੱਗ ਵਿਚ ਮੰਡੀ ਦੀ ਜਕੜ ਦੇ ਸ਼ਿਕਾਰ ਮਨੁੱਖ ਦੀ ਦਿਸ਼ਾ-ਵਿਹੂਣੀ ਜੀਵਨ ਸਥਿਤੀ ਤੋਂ ਭਲੀ-ਭਾਂਤ ਵਾਕਿਫ਼ ਹੈ, ਜਿਥੇ ਵਸਤਾਂ ਮਨੁੱਖ ਨਾਲੋਂ ਵਧੇਰੇ ਅਹਿਮੀਅਤ ਰੱਖਦੀਆਂ ਹਨ ਅਤੇ ਵਸਤਾਂ ਰਾਹੀਂ ਅਮੀਰੀ ਦਾ ਭਰਮ ਦਿਨੋ-ਦਿਨ ਮਾਨਵੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰ ਰਿਹਾ ਹੈ ਉਹ ਲਿਖਦਾ ਹੈ :
ਭਰਮ ਵਿਚ ਜਿਊਂਦੇ ਹੋ ਤੁਸੀਂ
ਅਨੇਕਾਂ ਵਸਤਾਂ ਨੂੰ ਮੋਹ ਕਰਨ ਦੇ
ਤੁਹਾਨੂੰ ਦਿਸਦੀ ਹੈ ਉਨ੍ਹਾਂ ਵਿਚੋਂ
ਤੁਹਾਡੇ ਵਡਾਰੂਆਂ ਦੇ 'ਕਲਚਰ' ਦੀ ਅਮੀਰੀ ਗਗਨ ਦੀਪ ਸ਼ਰਮਾ ਸਾਹਿਤ ਦੀ ਅਹਿਮੀਅਤ ਅਤੇ ਸ਼ਬਦ ਦੀ ਸ਼ਕਤੀ ਤੋਂ ਜਨਸਾਧਾਰਨ ਨੂੰ ਜਾਣੂ ਵੀ ਕਰਵਾਉਂਦਾ ਹੈ ਅਤੇ ਪ੍ਰੇਰਿਤ ਵੀ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਸ਼ਬਦ ਹੀ ਮਨੁੱਖ ਵਿਚ ਚੇਤਨਤਾ ਪੈਦਾ ਕਰਦਾ ਹੈ ਅਤੇ ਸੰਵੇਦਨਸ਼ੀਲਤਾ ਵਧਾਉਂਦਾ ਹੈ। ਉਹ ਹਰ ਹਾਲ ਵਿਚ ਸੰਘਰਸ਼ ਲਈ ਪ੍ਰੇਰਿਤ ਕਰਦਿਆਂ ਲਿਖਦਾ ਹੈ :
ਬੰਦਾ ਲੜਦਾ ਜਦ ਵੀ ਕਦੇ
ਸੰਘਰਸ਼ ਦਾ ਰੂਪ ਧਾਰ ਲੈਂਦਾ ਜਦ ਜੀਵਨ
- - - - - - -
ਕਿੰਨੇ ਹੀ ਕੁਝ ਦੀਆਂ ਸੰਭਾਵਨਾਵਾਂ ਜੁੜਦੀਆਂ
ਜਦ ਚੁੱਕਦਾ ਹੈ ਬੰਦਾ ਤਲਵਾਰ।

-ਡਾ: ਜਸਵੀਰ ਸਿੰਘ
ਮੋ: 94170-12430

ਟਿਮਕਦੇ ਤਾਰੇ
ਗ਼ਜ਼ਲਕਾਰ : ਦਰਸ਼ਨ ਸਿੰਘ ਆਵਾਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 96.

ਦਰਸ਼ਨ ਸਿੰਘ ਆਵਾਰਾ ਪੰਜਾਬੀ ਦੇ ਮੋਢੀ ਗ਼ਜ਼ਲਕਾਰਾਂ 'ਚੋਂ ਸਨ ਜਿਨ੍ਹਾਂ ਦੀ ਪਹਿਲੀ ਪੁਸਤਕ 1923 ਵਿਚ ਛਪੀ ਸੀ ਤੇ ਛਪਦੇ ਸਾਰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਸੀ। ਉਹ ਮੁੱਢ ਤੋਂ ਹੀ ਬਾਗ਼ੀ ਤਬੀਅਤ ਦੇ ਸਨ ਜਿਸ ਕਾਰਨ ਉਨ੍ਹਾਂ ਨੇ ਮਜ਼ਹਬੀ ਕੱਟੜਵਾਦ, ਧਰਮ ਦੇ ਨਾਂਅ 'ਤੇ ਪਾਖੰਡ ਤੇ ਕੁਫ਼ਰ ਬਾਰੇ ਬੜੀ ਬੇਬਾਕੀ ਨਾਲ ਲਿਖਿਆ। ਆਪਣੀ ਲਿਖਣ ਸ਼ੈਲੀ ਦੀ ਬਾਗ਼ੀਆਨਾ ਵਿਲੱਖਣਤਾ ਵਾਲੇ ਉਹ ਪੰਜਾਬੀ ਦੇ ਪਹਿਲੇ ਸ਼ਾਇਰ ਸਨ। ਇਸ ਪੁਸਤਕ ਤੋਂ ਪਹਿਲਾਂ ਆਵਾਰਾ ਦੀਆਂ ਸੱਤ ਪੁਸਤਕਾਂ ਛਪੀਆਂ ਮਿਲਦੀਆਂ ਹਨ। ਇਸ ਪੁਸਤਕ ਦਾ ਖਰੜਾ ਵੀ ਕਿਧਰੇ ਰੁਲ ਖੁਲ ਜਾਣਾ ਸੀ ਜੇ ਗੁਰਮੁਖ ਸਿੰਘ ਤੇ ਕੀਰਤ ਸਿੰਘ ਕੋਹਲੀ ਵਰਗੇ ਇਸ ਨੂੰ ਨਾ ਸੰਭਾਲਦੇ। ਇਸ ਪੁਸਤਕ ਵਿਚ ਆਵਾਰਾ ਦੀਆਂ ਤਕਰੀਬਨ ਚਹੌਤਰ ਰਚਨਾਵਾਂ ਦਰਜ ਹਨ ਜਿਨ੍ਹਾਂ ਨੂੰ ਡਾ: ਗੁਰਮੁਖ ਸਿੰਘ ਨੇ ਸੰਪਾਦਿਤ ਕੀਤਾ ਹੈ। ਧਰਮ ਦੇ ਨਾਂਅ 'ਤੇ ਪਾਖੰਡ ਦੀ ਨਿੰਦਾ ਆਵਾਰਾ ਦੀ ਸ਼ਾਇਰੀ ਦਾ ਮੁੱਖ ਧੁਰਾ ਰਿਹਾ ਹੈ ਤੇ ਜਿਸ ਕੈਫ਼ੀਅਤ ਨਾਲ ਉਸ ਨੇ ਇਸ ਨੂੰ ਨਿਭਾਇਆ ਹੈ, ਇਹ ਕਿਸੇ ਹੋਰ ਸ਼ਾਇਰ ਦੇ ਹਿੱਸੇ ਨਹੀਂ ਆ ਸਕਿਆ। ਆਵਾਰਾ ਦੀ ਇਹ ਵਿਚਾਰਧਾਰਾ ਅੱਜ ਵੀ ਓਨੀ ਹੀ ਢੁਕਵੀਂ ਹੈ। ਅਜੋਕੀ ਗ਼ਜ਼ਲ ਦਾ ਸਰੂਪ ਭਾਵੇਂ ਆਵਾਰਾ ਦੀ ਸ਼ੈਲੀ ਤੋਂ ਬਹੁਤ ਵੱਖਰਾ ਹੋ ਗਿਆ ਹੈ ਪਰ ਇਸ ਪੁਸਤਕ ਦੀਆਂ ਗ਼ਜ਼ਲਾਂ ਦਾ ਆਪਣਾ ਆਨੰਦ ਹੈ ਤੇ ਇਨ੍ਹਾਂ ਦਾ ਆਪਣਾ ਰੰਗ ਹੈ। ਇਹ ਗ਼ਜ਼ਲਾਂ ਸਟੇਜੀ ਸ਼ਾਇਰੀ ਦੇ ਬਹੁਤ ਨਜ਼ਦੀਕ ਹਨ ਤੇ ਸੰਬੋਧਨੀ ਹਨ। ਇਨ੍ਹਾਂ ਗ਼ਜ਼ਲਾਂ ਵਿਚ ਭਾਵੇਂ ਅਰੂਜ਼ ਦੀ ਬਹੁਤੀ ਪਰਵਾਹ ਨਹੀਂ ਕੀਤੀ ਗਈ, ਪਰ ਫਿਰ ਵੀ ਇਨ੍ਹਾਂ ਵਿਚ ਗ਼ਜ਼ਲ ਦੇ ਮੁਢਲੇ ਨਿਯਮਾਂ ਨੂੰ ਬਹੁਤਾ ਕਰਕੇ ਅੱਖੋਂ ਪ੍ਰੋਖੇ ਨਹੀਂ ਕੀਤਾ ਗਿਆ। ਦਰਸ਼ਨ ਸਿੰਘ ਆਵਾਰਾ ਦੀ ਸ਼ਾਇਰੀ ਨੂੰ ਸਲਾਮ।

-ਗੁਰਦਿਆਲ ਰੌਸ਼ਨ
ਮੋ: 9988444002

ਕਲੀਆਂ ਦੇ ਵਪਾਰੀ
ਲੇਖਕ : ਹਾਕਮ ਸਿੰਘ ਗ਼ਾਲਿਬ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 135.

ਹਾਕਮ ਸਿਘ ਗ਼ਾਲਿਬ ਇਸ ਤੋਂ ਪਹਿਲਾਂ ਦੋ ਕਹਾਣੀ ਸੰਗ੍ਰਹਿ 'ਧੁੰਦ ਵਿਚ ਬਲਦੇ ਚਿਰਾਗ' (2006) ਅਤੇ 'ਰੁੱਤਾਂ ਦੀ ਦਸਤਕ' (2010) ਮਾਂ-ਬੋਲੀ ਪੰਜਾਬੀ ਦੀ ਝੋਲੀ ਪਾ ਚੁੱਕਿਆ ਹੈ। ਇਸ ਤਰ੍ਹਾਂ 'ਕਲੀਆਂ ਦੇ ਵਪਾਰੀ' ਉਸ ਦਾ ਤੀਜਾ ਕਹਾਣੀ ਸੰਗ੍ਰਹਿ ਹੈ, ਜਿਹੜਾ 2012 ਵਿਚ ਛਪਿਆ ਸੀ। ਆਪਣੀ ਕਹਾਣੀ ਸਿਰਜਣ ਪ੍ਰਕਿਰਿਆ ਬਾਰੇ ਉਸ ਦਾ ਕਹਿਣਾ ਹੈ, 'ਮੈਨੂੰ ਵੀ ਇਸ ਧਰਤੀ 'ਤੇ ਵਿਚਰਦਿਆਂ, ਜੋ ਕੁਝ ਦਿਸਦਾ ਹੈ, ਅਨੁਭਵ ਜਾਂ ਮਹਿਸੂਸ ਹੁੰਦਾ ਹੈ...ਉਸੇ ਵਿਚੋਂ ਮੈਨੂੰ ਰਚਨਾਤਮਕ ਸ਼ਕਤੀ ਮਿਲਦੀ ਹੈ।' ਨਿਰਸੰਦੇਹ ਇਹ ਕਥਾ-ਰਚਨਾਵਾਂ ਉਸ ਦੇ ਆਪਣੇ ਮੌਲਿਕ ਅਨੁਭਵ ਦੀਆਂ ਹੀ ਪ੍ਰਮਾਣਿਕ ਉਦਾਹਰਨਾਂ ਹਨ। ਉਸ ਦਾ ਆਲਾ-ਦੁਆਲਾ ਪੇਂਡੂ ਹੈ। ਇਸ ਲਈ ਇਨ੍ਹਾਂ ਦਾ ਘਟਨਾ ਸਥਲ ਵੀ ਪੇਂਡੂ ਅਤੇ ਪਰਿਵਾਰਕ ਹੀ ਹੈ। ਉਹ ਯਥਾਰਥਵਾਦੀ ਕਹਾਣੀ ਲੇਖਕ ਹੈ। ਲਗਭਗ ਸਾਰੀਆਂ ਕਹਾਣੀਆਂ ਜ਼ਿੰਦਗੀ ਦੀ ਹੂਬਹੂ ਤਰਜਮਾਨੀ ਕਰਦੀਆਂ ਜਾਪਦੀਆਂ ਹਨ। 'ਢਲਦੇ ਪ੍ਰਛਾਵੇਂ' ਅੱਜਕਲ੍ਹ ਦੇ ਸਮੇਂ ਵਿਚ ਬਜ਼ੁਰਗਾਂ ਦੀ ਤਰਸਯੋਗ ਸਥਿਤੀ ਦਾ ਵਰਨਣ ਕਰਦੀ ਹੈ। 'ਟੁੱਟਦੇ ਸੁਪਨੇ' ਸੁਪਨਿਆਂ ਦੇ ਚਕਨਾਚੂਰ ਹੋਣ ਦੀ ਦਾਸਤਾਨ ਹੈ। ਨਵੀਂ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੈ, ਜਿਸ ਕਾਰਨ ਪਰਿਵਾਰਕ ਤਣਾਓ ਉਪਜਦਾ ਹੈ। 'ਕਲੀਆਂ ਦੇ ਵਪਾਰੀ' ਜੋ ਟਾਈਟਲ ਕਹਾਣੀ ਹੈ, ਖੂਬਸੂਰਤ ਕਥਾ-ਰਚਨਾ ਹੈ, ਜਿਸ ਰਾਹੀਂ ਧੀਆਂ ਦੇ ਦੁੱਖ ਅਤੇ ਯੋਗ ਵਰਾਂ ਦੀ ਘਾਟ ਦਾ ਵਰਨਣ ਹੈ। 'ਸਾਂਝੀ ਪੀੜ' ਯਥਾਰਥਵਾਦੀ ਕਹਾਣੀ ਹੈ। ਸਾਥੀ ਦੀ ਮੌਤ ਉੱਪਰ ਕੀਤੀ ਗਈ ਮਦਦ ਸਾਂਝੀ ਪੀੜ ਦਾ ਅਹਿਸਾਸ ਕਰਵਾਉਂਦੀ ਜਾਪਦੀ ਹੈ। 'ਤਲਾਕ' ਵਿਚ ਸ਼ਰਾਬੀ ਪਤੀ ਦੀ ਦਸ਼ਾ ਅਤੇ ਦੁਰਦਸ਼ਾ ਦੀ ਤਸਵੀਰਕਸ਼ੀ ਕੀਤੀ ਗਈ ਹੈ। 'ਪਾਰੋ ਤੇ ਨੂਰਾਂ' ਪਾਤਰ ਪ੍ਰਧਾਨ ਕਹਾਣੀ ਹੈ। 'ਦੋ ਮਾਵਾਂ' ਕਥਾ-ਰਚਨਾ ਮਮਤਾ ਦੀ ਮਮਤਾਮਈ ਪੇਸ਼ਕਾਰੀ ਹੈ। ਇਸੇ ਤਰ੍ਹਾਂ ਹੀ 'ਲਾਵਾਰਿਸ' ਕਹਾਣੀ ਰੇਹੜੀ ਵਾਲਿਆਂ ਦਾ ਸਜੀਵ ਚਿੱਤਰ ਪੇਸ਼ ਕਰਦੀ ਹੈ। ਗ਼ਾਲਿਬ ਦੀਆਂ ਪ੍ਰਮੁੱਖ ਜੁਗਤਾਂ ਸਵੈ-ਜੀਵਨੀ ਪਰਕ, ਫਲੈਸ਼ ਬੈਕ, ਵਾਰਤਾਲਾਪ ਅਤੇ ਸੰਵਾਦ ਹਨ। ਭਾਸ਼ਾ ਮਲਵਈ ਹੈ, ਜਿਸ ਦੇ ਵੇਰਵੇ ਆਂਚਲਿਕ ਰੰਗਣ ਭਰਦੇ ਹਨ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਪਾਣੀ ਅੰਦਰ ਲੀਕ
ਲੇਖਕ : ਈਸ਼ਰ ਸਿੰਘ ਚੁਚਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95.

'ਪਾਣੀ ਅੰਦਰ ਲੀਕ' ਈਸ਼ਰ ਸਿੰਘ ਚੁਚਰਾ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 81 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਕਵਿ-ਰੂਪਾਂ ਵਿਚੋਂ ਗ਼ਜ਼ਲ ਲਿਖਣਾ ਕਠਿਨ ਕਾਰਜ ਹੈ। ਅਰੂਜ਼ੀ ਬੰਦਸ਼ਾਂ ਵਿਚ ਰਹਿੰਦਿਆਂ ਆਪਣੀ ਗੱਲ ਕਹਿਣੀ ਕਰੜੀ ਘਾਲਣਾ ਦਾ ਹਿੱਸਾ ਹੈ। ਅੱਜ ਗ਼ਜ਼ਲ ਦੇ ਖੇਤਰ ਵਿਚ ਬਹੁਤ ਸਾਰੇ ਪੰਜਾਬੀ ਕਵੀ ਆਪਣਾ ਨਾਂਅ-ਥਾਂ ਬਣਾ ਚੁੱਕੇ ਹਨ। ਈਸ਼ਰ ਸਿੰਘ ਚੁਚਰਾ ਦਾ ਨਾਂਅ ਵੀ ਇਸ ਪੁਸਤਕ ਨਾਲ ਪੰਜਾਬੀ ਗ਼ਜ਼ਲਕਾਰਾਂ ਦੀ ਸੂਚੀ ਵਿਚ ਪੱਕੇ ਪੈਰੀਂ ਹੋ ਗਿਆ ਹੈ। ਪੁਸਤਕ ਦੇ ਆਰੰਭ ਵਿਚ ਬਲਬੀਰ ਸਿੰਘ ਸੈਣੀ (ਸੰਪਾਦਕ 'ਸੂਲ ਸੁਰਾਹੀ') ਅਤੇ ਡਾ: ਗੁਲਜ਼ਾਰ ਸਿੰਘ ਕੰਗ ਨੇ ਲੇਖਕ ਅਤੇ ਉਸ ਦੀ ਗ਼ਜ਼ਲਕਾਰੀ ਬਾਰੇ ਚਰਚਾ ਕੀਤੀ ਹੈ।
ਈਸ਼ਰ ਸਿੰਘ ਚੁਚਰਾ ਨੇ ਹਥਲੀ ਪੁਸਤਕ ਵਿਚ ਪ੍ਰਸਤੁਤ ਕੀਤੀਆਂ ਗ਼ਜ਼ਲਾਂ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਬਾਖ਼ੂਬੀ ਚਿਤਰਿਆ ਹੈ। ਉਸ ਨੇ ਜਿਥੇ ਪਿਆਰ-ਮੁਹੱਬਤ 'ਤੇ ਗ਼ਜ਼ਲਾਂ ਲਿਖੀਆਂ ਹਨ, ਉਥੇ ਸਮਾਜਿਕ, ਇਤਿਹਾਸਕ, ਰਾਜਨੀਤਕ ਅਤੇ ਵਿਗਿਆਨਕ ਵਿਚਾਰਾਂ ਨੂੰ ਵੀ ਪੇਸ਼ ਕੀਤਾ ਹੈ। ਇਤਿਹਾਸਕ ਪ੍ਰਸੰਗ ਵਿਚ ਉਸ ਦੀ ਪਹਿਲੀ ਗ਼ਜ਼ਲ ਹੀ ਦੇਖੀ ਜਾ ਸਕਦੀ ਹੈ। ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਉਹ ਸ਼ੁਰੂਆਤ ਕਰਦਾ ਹੈ:
ਦਸਮੇਸ਼ ਗੁਰੂ, ਤੇਰੇ ਜੀਵਨ ਦਾ ਇਤਿਹਾਸ ਸੁਣਾਇਆ ਜਾਣਾ ਨਹੀਂ।
ਜੋ ਖੂਨ ਨਾਲ ਤੂੰ ਲਿਖਿਆ ਹੈ, ਉਹ ਕਦੇ ਮਿਟਾਇਆ ਜਾਣਾ ਨਹੀਂ।
ਰਾਜਨੀਤਕ ਪੱਖ ਤੋਂ ਉਹ ਅਨੇਕਾਂ ਗ਼ਜ਼ਲਾਂ ਵਿਚ ਵਿਚਾਰ ਪ੍ਰਗਟ ਕਰਦਾ ਹੈ। ਰਾਜਸੀ ਧਿਰਾਂ ਵੱਲੋਂ ਲੋਕਾਂ ਨਾਲ ਕੀਤੀ ਜਾਂਦੀ ਵਾਅਦਾ ਖ਼ਿਲਾਫ਼ੀ ਸਬੰਧੀ ਉਹ ਤਿੱਖੀ ਸੁਰ ਵਰਤਦਾ ਹੈ। ਦੇਸ਼ ਵਿਚ ਵਾਪਰ ਰਹੇ ਰਾਜਨੀਤਕ ਵਰਤਾਰੇ ਨੂੰ ਬਿਆਨਦੇ ਉਸ ਦੇ ਕੁਝ ਸ਼ਿਅਰ ਵੇਖੋ:
-ਦੇਸ਼ ਮੇਰੇ ਦੇ ਲੀਡਰ ਅਪਣਾ, ਏਦਾਂ ਫ਼ਰਜ਼ ਨਿਭਾਈ ਜਾਂਦੇ।
ਅੰਦਰ ਖਾਤੇ ਰਲ-ਮਿਲ ਸਾਰੇ, ਸਭ ਕੁਝ ਵੇਚ ਕੇ ਖਾਈ ਜਾਂਦੇ।
-ਭਾਵੇਂ ਅੱਜਕਲ੍ਹ ਲੋਕਾਂ ਦੀ ਸਰਕਾਰ ਹੈ।
ਤਾਂ ਵੀ ਹਰ ਇਕ ਪਾਸੇ ਹਾਹਾਕਾਰ ਹੈ।
-ਨਾਲ ਭਾਸ਼ਨਾਂ ਜਿਹੜੇ ਨੇਤਾ, ਡੀਂਗਾਂ ਮਾਰਦੇ ਥੱਕਦੇ ਨਹੀਂ ਉਹ,
ਚਿੰਨ੍ਹ ਮਾਤਰ ਹੀ ਭੀੜ ਪੈਣ 'ਤੇ, ਚੁੱਪ ਕਰ ਅੰਦਰ ਵੜ ਜਾਂਦੇ ਨੇ।
-ਰਾਜਨੀਤੀ ਦੇਸ਼ ਦੀ, ਕੀ ਰੰਗ ਵਿਖਾਂਦੀ ਪਈ ਹੈ।
ਵਾੜ ਸਾਡੇ ਸਾਹਮਣੇ ਹੀ, ਖੇਤ ਖਾਂਦੀ ਪਈ ਹੈ।
ਇੰਝ ਹੀ ਸਮਾਜਕ ਸਰੋਕਾਰਾਂ ਨਾਲ ਜੁੜੀਆਂ ਗ਼ਜ਼ਲਾਂ ਵੀ ਪ੍ਰਭਾਵਸ਼ਾਲੀ ਹਨ। ਸਮਾਜ ਵਿਚ ਔਰਤ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤ ਨੂੰ ਮਰਦਾਂ ਦੇ ਨਾਲ-ਨਾਲ ਕਈ ਮੁਸ਼ਕਿਲਾਂ ਔਰਤ ਵੱਲੋਂ ਵੀ ਪੇਸ਼ ਆਉਂਦੀਆਂ ਹਨ। ਔਰਤ ਦੀ ਔਰਤ ਪ੍ਰਤੀ ਸੋਚ ਨੂੰ ਰੂਪਮਾਨ ਕਰਦਿਆਂ ਕਵੀ ਆਖਦਾ ਹੈ:
ਧੀ ਬਹੂ ਵਿਚ ਫਰਕ ਜੇ ਔਰਤ ਕਰਦੀ ਨਾ।
ਆਪਣੇ ਹੀ ਸੰਤਾਪ 'ਚ ਏਦਾਂ ਮਰਦੀ ਨਾ।
ਅੰਤ 'ਚ ਕਹਾਂਗਾ ਕਿ ਈਸ਼ਰ ਸਿੰਘ ਚੁਚਰਾ ਸਰਲ ਸ਼ੈਲੀ ਦਾ ਕਵੀ ਹੈ। ਉਸ ਦੇ ਸ਼ਿਅਰ ਸਮਝਣ ਲਈ ਕਿਸੇ ਉਚੇਚ ਦੀ ਲੋੜ ਨਹੀਂ ਪੈਂਦੀ, ਸਗੋਂ ਇਹ ਸਹਿਜੇ ਹੀ ਸਮਝ ਆ ਜਾਣ ਦੀ ਸਮਰੱਥਾ ਰੱਖਦੇ ਹਨ।

-ਹਰਭਜਨ ਸਿੰਘ ਵਕਤਾ
ਮੋ: 98148-98510

ਗਦਰੀ ਬਾਬਾ ਪਾਲਾ ਸਿੰਘ ਢੁੱਡੀਕੇ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫੇ : 96.

ਇਸ ਦੁਨੀਆ ਉਤੇ ਸਭ ਵੱਡਾ ਨਰਕ 'ਗੁਲਾਮੀ' ਮੰਨਿਆ ਗਿਆ ਹੈ। ਇਸ ਨਰਕ ਤੋਂ ਮੁਕਤੀ ਲਈ ਮਰਜੀਵੜੇ/ਸਿਰ ਲੱਥ ਯੋਧੇ ਯਤਨ ਆਰੰਭ ਕਰ ਦਿੰਦੇ ਹਨ, ਜਿਸ ਖਾਤਰ ਉਨ੍ਹਾਂ ਨੂੰ ਸਮੇਂ ਦੀ ਹਕੂਮਤ ਦੇ ਭਾਰੀ ਤਸ਼ੱਦਦ ਝੱਲਣਾ ਪੈਂਦਾ ਹੈ। ਭਾਰਤੀ ਦੇਸ਼ ਭਗਤਾਂ ਵਲੋਂ ਵੀ ਆਜ਼ਾਦੀ ਲਈ ਅੰਗਰੇਜ਼ ਸਾਮਰਾਜ ਦੇ ਵਿਰੋਧ ਵਿਚ ਕਈ ਲਹਿਰਾਂ ਚਲਾਈਆਂ, ਜਿਨ੍ਹਾਂ ਵਿਚੋਂ ਪ੍ਰਮੁੱਖ ਲਹਿਰ ਗਦਰ ਵੀ ਸੀ। ਇਸ ਲਹਿਰ ਨਾਲ ਜੁੜੇ ਆਜ਼ਾਦੀ ਪ੍ਰਵਾਨਿਆਂ ਨੂੰ 'ਗਦਰੀ ਬਾਬਿਆਂ' ਨਾਲ ਵੀ ਜਾਣਿਆ ਜਾਂਦਾ ਹੈ।
'ਗਦਰੀ ਬਾਬਾ ਪਾਲਾ ਸਿੰਘ ਢੁੱਡੀਕੇ' ਨਾਂਅ ਦੀ ਇਸ ਪੁਸਤਕ ਵਿਚ ਲੇਖਕ ਹਰੀ ਸਿੰਘ ਢੁੱਡੀਕੇ ਨੇ ਗਦਰੀ ਬਾਬਾ ਪਾਲਾ ਸਿੰਘ ਢੁੱਡੀਕੇ ਦੇ ਜੀਵਨ ਦੇ ਹਰ ਪਹਿਲੂ ਨੂੰ ਬੜੀ ਸ਼ਿਦਤ ਨਾਲ ਵਿਚਾਰਿਆ ਹੈ ਅਤੇ 'ਬੰਸਾਵਲੀ ਬਾਬਾ ਪਾਲਾ ਸਿੰਘ' ਗਦਰੀ ਬਾਬੇ ਦੇ ਪਿਛੋਕੜੀ ਤੇ ਅਗੇਤਰੀ ਪਰਿਵਾਰ ਦੀ ਜਾਣਕਾਰੀ ਦਿੰਦੀ ਹੈ। ਉਥੇ ਹੋਰ ਗਦਰੀ ਬਾਬਿਆਂ ਦੇ ਨਾਵਾਂ ਦੀ ਸੂਚੀ, ਸੰਖੇਪ ਜੀਵਨ ਅਤੇ ਬੜੀ ਬਰੀਕੀ ਨਾਲ ਪੇਸ਼ ਕੀਤੀਆਂ ਗਦਰ ਲਹਿਰ ਦੀਆਂ ਇਤਿਹਾਸਕ ਘਟਨਾਵਾਂ ਦਾ ਵਰਨਣ ਵੀ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਮਿਲਦਾ ਹੈ :
ਗਦਰ ਪਾਰਟੀ ਬੀੜਾ ਚੁੱਕਿਆ ਹਿੰਦ ਆਜ਼ਾਦ ਕਰਾਵਣ ਦਾ,
ਆਓ ਸ਼ੇਰੋ ਗਦਰ ਮਚਾਈਏ ਮੌਕਾ ਨਹੀਂ ਖੁੰਝਾਵਣ ਦਾ।
ਗਦਰ ਨਾਲ ਜੁੜਨ ਵਾਲੇ ਸੂਰਮੇ ਦੀ ਅਣਖੀ ਭਾਵਨਾ ਵਾਲਾ ਜੁੜਿਆ ਐਲਾਨ ਇਸ ਪੁਸਤਕ ਦਾ ਸ਼ਿੰਗਾਰ ਬਣਿਆ ਹੋਇਆ ਹੈ : 'ਤਨਖਾਹ-ਮੌਤ, ਇਨਾਮ-ਸ਼ਹੀਦੀ, ਪੈਨਸ਼ਨ -ਆਜ਼ਾਦੀ, ਸਥਾਨ-ਹਿੰਦੁਸਤਾਨ।' ਇਸ ਪੁਸਤਕ ਦੇ ਅੰਤ ਵਿਚ ਬਾਬਾ ਪਾਲ ਸਿੰਘ ਦੇ ਪਰਿਵਾਰ ਦੀਆਂ ਤਸਵੀਰਾਂ ਇਸ ਪੁਸਤਕ ਨੂੰ ਹੋਰ ਚੰਨ ਲਾਉਂਦੀਆਂ ਹਨ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

31-5-2014

 ਸ਼ਬਦਾਂ ਦੀ ਸੰਸਦ
ਕਵੀ : ਲਖਵਿੰਦਰ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 92.

ਸ੍ਰੀ ਲਖਵਿੰਦਰ ਜੌਹਲ ਇਕ ਬੁੱਧੀਮਾਨ, ਜਾਗਰੂਕ ਅਤੇ ਹੱਸਾਸ ਕਵੀ ਹੈ। ਉਹ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਨਿਰੰਤਰ ਕਾਵਿ ਸਿਰਜਣਾ ਕਰ ਰਿਹਾ ਹੈ। ਹੁਣ ਤੱਕ ਉਸ ਦੇ ਛੇ-ਸੱਤ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।
ਲਖਵਿੰਦਰ ਜੌਹਲ ਵਿਰਸੇ ਦੁਆਰਾ ਪ੍ਰਾਪਤ ਜਾਂ ਅਭਿਆਸ ਦੁਆਰਾ ਹਾਸਲ ਕੀਤੀ ਕਵਿਤਾ ਦੀ ਫ਼ਾਰਮ ਨਾਲ ਸੰਤੁਸ਼ਟ ਹੋਣ ਵਾਲਾ ਕਵੀ ਨਹੀਂ ਹੈ ਬਲਕਿ ਉਹ ਮਾਧਿਅਮ ਨਾਲ ਨਿਰੰਤਰ ਸੰਘਰਸ਼ ਕਰਨ ਵਾਲਾ ਕਵੀ ਹੈ। ਬੇਸ਼ੱਕ ਰੁਜ਼ਗਾਰ ਦੇ ਦਬਾਵਾਂ ਅਤੇ ਪਰਿਵਾਰ ਦੇ ਆਗ੍ਰਹਾਂ ਨੇ ਉਸ ਨੂੰ ਕਵਿਤਾ ਦੀ ਫ਼ਾਰਮ ਵਿਚ ਮੂਲਭੂਤ ਤਬਦੀਲੀਆਂ ਕਰਨ ਦਾ ਆਕਾਸ਼ ਤਾਂ ਨਹੀਂ ਦਿੱਤਾ ਪਰ ਤਾਂ ਵੀ ਉਸ ਦੇ ਮਨ ਵਿਚ ਨਿਰੰਤਰ, ਇਕ ਚੁਭਣ ਜਾਂ ਕਸਕ ਜਿਹੀ ਉੱਠਦੀ ਰਹਿੰਦੀ ਹੈ ਕਿ ਉਹ ਕਵਿਤਾ ਦੀ ਫਾਰਮ ਨੂੰ ਪੁਨਰ-ਨਿਰਮਿਤ ਕਰਨ ਵਿਚ ਜਿੰਨਾ ਯੋਗਦਾਨ ਪਾ ਸਕਦਾ ਸੀ ਅਥਵਾ ਉਸ ਵਿਚ ਜਿੰਨੀਆਂ ਸੰਭਾਵਨਾਵਾਂ ਸਨ, ਉਹ ਉਨ੍ਹਾਂ ਦਾ ਸਦਉਪਯੋਗ ਨਹੀਂ ਕਰ ਸਕਿਆ। ਮੈਨੂੰ ਉਸ ਦੇ ਜ਼ਿਹਨ ਵਿਚਲੀ ਇਹ ਕਸਕ ਬੜੀ ਮੁਬਾਰਕ ਪ੍ਰਤੀਤ ਹੋਈ ਹੈ ਕਿਉਂਕਿ ਇਸੇ ਕਾਰਨ ਉਹ ਨਿਰੰਤਰ ਚੰਗੀ ਤੋਂ ਚੰਗੇਰੀ ਕਵਿਤਾ ਰਚਦਾ ਆਇਆ ਹੈ।
ਇਸ ਪੁਸਤਕ ਦੀ ਭੂਮਿਕਾ ਵਿਚ ਕਵੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਆਤਮ-ਕਥਨ ਕਰਨ ਦੇ ਬਹਾਨੇ ਸਪੱਸ਼ਟ ਕੀਤਾ ਹੈ ਕਿ ਵਿਅਕਤੀ (ਕਵੀ) ਅਤੇ ਸਮਾਜ ਦੇ ਸਰੋਕਾਰ ਇਕ-ਦੂਸਰੇ ਵਿਚ ਇਸ ਕਦਰ ਓਤਪੋਤ ਹੋਏ ਰਹਿੰਦੇ ਹਨ ਕਿ ਇਨ੍ਹਾਂ ਨੂੰ ਇਕ-ਦੂਸਰੇ ਤੋਂ ਵਿਛੁੰਨਣਾ ਸੰਭਵ ਨਹੀਂ ਹੁੰਦਾ। ਇਹ ਨਹੀਂ ਹੋ ਸਕਦਾ ਕਿ ਸਮਾਜ ਸੁਤੰਤਰ ਹੋਵੇ ਪਰ ਮਨੁੱਖ ਗੁਲਾਮ ਹੋਵੇ ਜਾਂ ਮਨੁੱਖ ਸੁਤੰਤਰ ਹੋਵੇ ਪਰ ਸਮਾਜ ਗੁਲਾਮ ਹੋਵੇ। ਜਦੋਂ ਇਹ ਤਵਾਜ਼ਨ ਵਿਗੜਦੇ ਹਨ ਤਾਂ ਇਨਕਲਾਬ ਜਾਂ ਉਲਟ-ਇਨਕਲਾਬ ਵਾਪਰਦੇ ਹਨ। (ਪੰਨੇ 9-10) ਕਵੀ ਸ਼ਬਦਾਂ ਅਤੇ ਸਾਹਾਂ ਦੇ ਰਿਸ਼ਤੇ ਨੂੰ ਆਪਣੀ ਸਿਰਜਣ-ਪ੍ਰਕਿਰਿਆ ਦੀ ਧੁਰੀ ਦੱਸਦਾ ਹੈ।
ਲਖਵਿੰਦਰ ਜੌਹਲ ਨੇ ਇਸ ਸੰਗ੍ਰਹਿ ਵਿਚ ਪ੍ਰਕਾਸ਼ਿਤ ਪ੍ਰਗੀਤਾਂ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਹੈ : 1. ਦੋਹਾ ਕਾਵਿ (ਲਗਭਗ 160 ਦੋਹੇ), 2. ਗ਼ਜ਼ਲ ਕਾਵਿ (20 ਗ਼ਜ਼ਲਾਂ) ਅਤੇ 3. ਗੀਤ ਕਾਵਿ (15 ਗੀਤ)। ਕਵੀ ਦੁਆਰਾ ਰਚਿਤ ਇਕ ਗੀਤ ਦਾ ਅੰਦਾਜ਼ ਵੇਖੋ :
ਕਾਲਖ਼ ਦੀਆਂ ਸਲਾਈਆਂ ਫੜ ਕੇ
ਦੁਨੀਆ ਸੁਪਨੇ ਬੁਣਦੀ ਵੇਖੀ
ਝੂਠੀ ਸ਼ੋਹਰਤ, ਝੂਠੇ ਰੁਤਬੇ
ਮੱਥੇ ਉਤੇ ਖੁਣਦੀ ਵੇਖੀ
ਰਿਸ਼ਤੇ, ਨਾਤੇ, ਪਿਆਰ-ਮੁਹੱਬਤ
ਗ਼ਰਜ਼ਾਂ ਥਾਣੀਂ ਪੁਣਦੀ ਵੇਖੀ
ਝੂਠੀ ਕਾਇਆ, ਝੂਠੀ ਮਾਇਆ
ਕਿੱਦਾਂ ਸਾਥ ਨਿਭਾਵਾਂ-ਜਾਵਾਂ। (ਜੀ ਕਰਦੈ)
ਕਵੀ ਜੌਹਲ ਦਾ ਇਹ ਕਾਵਿ ਸੰਗ੍ਰਹਿ ਉਸ ਦੇ ਸਥਾਪਿਤ ਬਿੰਬ ਨੂੰ ਹੋਰ ਸ਼ਕਤੀਸ਼ਾਲੀ ਅਤੇ ਵਿਲੱਖਣ ਬਣਾਉਂਦਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਦਰਦ ਨਗੀਨੇ ਯਾਰ ਦੇ
ਸੰਪਾਦਕ : ਪਰਵਿੰਦਰ ਸਿੰਘ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 68.

'ਦਰਦ ਨਗੀਨੇ ਯਾਰ ਦੇ' ਕਾਵਿ ਸੰਗ੍ਰਹਿ ਪਰਵਿੰਦਰ ਸਿੰਘ ਸੰਪਾਦਿਤ ਪੁਸਤਕ ਹੈ, ਜਿਸ ਵਿਚ ਪਰਵਿੰਦਰ ਸਿੰਘ ਤੋਂ ਇਲਾਵਾ ਜਸਵਿੰਦਰ ਸਿੰਘ, ਮਨਿੰਦਰ ਸਿੰਘ, ਸਤਵੰਤ ਸਿੰਘ ਅਤੇ ਉਪਕਾਰ ਸਿੰਘ ਦੀਆਂ ਕਵਿਤਾਵਾਂ ਸ਼ਾਮਿਲ ਹਨ। ਇਹ ਕਾਵਿ ਸੰਗ੍ਰਹਿ ਉਪਰੋਕਤ ਸਾਰੇ ਸ਼ਾਇਰਾਂ ਵੱਲੋਂ ਸਾਹਿਬ ਸਿੰਘ ਸਾਭਾ ਨੂੰ ਸਮਰਪਿਤ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਸਾਹਿਬ ਸਿੰਘ ਦੀ ਬੇਵਕਤੀ ਮੌਤ ਦੇ ਦਰਦ ਦੀ ਅਭਿਵਿਅਕਤੀ ਹੋਈ ਹੈ। ਇਹ ਸੰਗ੍ਰਹਿ ਇਕ ਇਮਾਨਦਾਰ, ਅਣਖੀ, ਦਲੇਰ ਅਤੇ ਪਿਆਰੇ ਮਨੁੱਖ ਦੇ ਵਿਛੋੜੇ ਦੇ ਅਥਾਹ ਦੁੱਖ ਦੀ ਅਭਿਵਿਅਕਤੀ ਕਰਨ ਵਾਲਾ ਸੰਗ੍ਰਹਿ ਹੈ। ਇਸ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਭਾਵੇਂ ਇਕੋ ਵਿਅਕਤੀ ਨੂੰ ਕੇਂਦਰ ਬਿੰਦੂ ਬਣਾਉਣ ਦੇ ਸਾਹਿਤਕ ਦੋਸ਼ ਦਾ ਸ਼ਿਕਾਰ ਹਨ ਪਰ ਫਿਰ ਵੀ ਸੱਚੇ ਦੋਸਤਾਂ ਵੱਲੋਂ ਆਪਣੇ ਵਿਛੜੇ ਦੋਸਤ ਦੀ ਜ਼ਿੰਦਗੀ ਉੱਪਰ ਪਾਈ ਝਾਤ ਇਕ ਬਹਾਦਰ ਯੋਧੇ ਦਾ ਬਿੰਬ ਜ਼ਰੂਰ ਉਘਾੜਦੀ ਹੈ ਅਤੇ ਇਸ ਭਾਂਜਵਾਦੀ ਸਮਾਜ ਵਿਚ ਦਲੇਰੀ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੀ ਪ੍ਰਤੀਤ ਹੁੰਦੀ ਹੈ। ਇਸ ਸੰਗ੍ਰਹਿ ਵਿਚ ਸਾਹਿਬ ਸਿੰਘ ਸਾਭਾ ਦੇ ਜੀਵਨ ਚਰਿੱਤਰ ਦੀ ਪੇਸ਼ਕਾਰੀ ਨੂੰ ਮੂਲ ਸਰੋਕਾਰ ਬਣਾਇਆ ਗਿਆ ਹੈ। ਉਦਾਹਰਨ ਲਈ ਹੇਠ ਲਿਖੀਆਂ ਸਤਰਾਂ ਵਰਨਣਯੋਗ ਹਨ :
ਸਾਬ! ਦਿਲ ਸ਼ੇਰ ਜਿਹਾ ਤੇ ਮੂਰਤ ਪਿਆਰ ਦੀ
ਜਿਵੇਂ ਫੁੱਲਾਂ ਦੀ ਕਿਆਰੀ, ਬਣੀ ਹੋਈ ਬਹਾਰ ਦੀ।
ਖਿੜੇ ਮੱਥੇ ਰਹਿੰਦਾ ਬਾਜ਼ੀ ਜਿੱਤੇ ਚਾਹੇ ਹਾਰਦਾ
ਚਲਦਾ ਸੀ ਸਿੱਕਾ ਸਾਡੇ ਸਾਬ ਯਾਰ ਦਾ।

-ਡਾ: ਜਸਵੀਰ ਸਿੰਘ
ਮੋ: 94170-12430

ਤਾਈ ਨਿਹਾਲੀ ਦਾ ਗਿਫ਼ਟ ਪੈਕ
ਲੇਖਕ : ਡਾ: ਸਾਧੂ ਰਾਮ ਲੰਗੇਆਣਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ-6
ਮੁੱਲ : 175 ਰੁਪਏ, ਸਫ਼ੇ : 112.

ਪੰਜਾਬੀ ਹਾਸ-ਵਿਅੰਗ ਦੇ ਖੇਤਰ ਵਿਚ ਡਾ: ਸਾਧੂ ਰਾਮ ਲੰਗੇਆਣਾ ਦਾ ਨਾਂਅ ਉੱਭਰਵੇਂ ਰੂਪ ਵਿਚ ਪੇਸ਼ ਹੋਇਆ ਹੈ। ਉਸ ਨੇ ਆਪਣੀਆਂ ਹਾਸ-ਵਿਅੰਗ ਕਿਰਤਾਂ ਰਾਹੀਂ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਇਸ ਤੋਂ ਪਹਿਲਾਂ ਉਹ 'ਤਾਈ ਨਿਹਾਲੀ' ਪੁਸਤਕ ਰਾਹੀਂ ਕਾਫੀ ਚਰਚਾ ਵਿਚ ਆ ਚੁੱਕਿਆ ਹੈ।
'ਤਾਈ ਨਿਹਾਲੀ' ਡਾ: ਸਾਧੂ ਰਾਮ ਦਾ ਸਟਾਕ ਕਰੈਕਟਰ ਹੈ। ਤਾਈ ਨਿਹਾਲੀ ਤੇ ਤਾਇਆ ਨਰੈਣਾ ਦੀ ਜੋੜੀ ਪੰਜਾਬੀ ਹਾਸ-ਵਿਅੰਗ ਦਾ ਹਾਸਲ ਬਣ ਗਈ ਹੈ। ਐਤਕੀਂ ਤਾਈ ਨਿਹਾਲੀ ਪਾਠਕਾਂ ਲਈ ਆਪਣਾ ਇਕ ਗਿਫ਼ਟ ਪੈਕ ਵੀ ਲੈ ਕੇ ਆਈ ਹੈ। ਇਹ ਗਿਫ਼ਟ ਪੈਕ ਦੀਵਾਲੀ ਦਾ ਤੋਹਫ਼ਾ ਵੀ ਹੋ ਸਕਦਾ ਹੈ। ਇਸ ਵਿਚੋਂ ਹਾਸ-ਵਿਅੰਗ ਦੀਆਂ ਫੁੱਲਝੜੀਆਂ, ਪਟਾਖੇ, ਪਟਵੀਜ਼ਨੇ, ਆਤਿਸ਼ਬਾਜ਼ੀਆਂ, ਸ਼ੁਰਲੀਆਂ ਨਿਕਲ ਸਕਦੀਆਂ ਹਨ। ਇਨ੍ਹਾਂ ਵਿਚੋਂ ਛੋਟੀਆਂ-ਛੋਟੀਆਂ ਸ਼ੁਰਲੀਆਂ ਤੇ ਹਾਸਿਆਂ ਦੇ ਗੋਲ ਗੱਪੇ ਵੀ ਮਿਲਣਗੇ। ਇਨ੍ਹਾਂ ਨਾਲ ਤੁਹਾਡੇ ਫੇਫੜੇ ਖੁੱਲ੍ਹ ਜਾਣਗੇ, ਮੂੰਹ ਦਾ ਜ਼ਾਇਕਾ ਵਧੀਆ ਹੋ ਜਾਏਗਾ ਤੇ ਵਾਧੂ ਦੀ ਗੈਸ ਵੀ ਨਿਕਲ ਜਾਏਗੀ।
ਤੁਸੀਂ ਕਿਸੇ ਨੂੰ ਮੱਲੋ ਜ਼ੋਰੀਂ ਨਹੀਂ ਹਸਾ ਸਕਦੇ। ਹਾਸਾ ਤਾਂ ਬੰਦੇ ਦੇ ਅੰਦਰੋਂ ਚਸ਼ਮੇ ਤੇ ਝਰਨੇ ਵਾਂਗ ਫੁੱਟਣਾ ਤੇ ਵਹਿਣਾ ਚਾਹੀਦਾ ਹੈ। ਡਾ: ਸਾਧੂ ਰਾਮ ਦੀਆਂ ਛੋਟੀਆਂ-ਛੋਟੀਆਂ ਚੂੰਢੀਆਂ, ਨਿੱਕੀਆਂ-ਨਿੱਕੀਆਂ ਕੁਤਕੁਤਾਰੀਆਂ ਤੁਹਾਨੂੰ ਹੱਸਣ ਲਈ ਮਜਬੂਰ ਹੀ ਨਹੀਂ ਕਰਨਗੀਆਂ, ਸਗੋਂ ਲਗਾਤਾਰ ਹੱਸਦੇ ਰਹਿਣ ਲਈ ਪ੍ਰੇਰਦੀਆਂ ਵੀ ਹਨ। ਤਾਈ ਨਿਹਾਲੀ ਤੇ ਤਾਇਆ ਨਰੈਣਾ ਮਲਵਈ ਸਮਾਜ ਦੇ ਅਜਿਹੇ ਹੀਰੇ ਹਨ, ਜੋ ਆਪਣੀ ਸਾਦਗੀ ਤੇ ਅਨਭੋਲਤਾ ਰਾਹੀਂ ਤੁਹਾਡੇ ਮਨ ਨੂੰ ਆਪਣੇ ਵੱਲ ਖਿੱਚਦੇ ਹਨ। ਮਲਵਈ ਜ਼ਬਾਨ ਦੀ ਠੇਠਤਾ, ਅੱਖੜਪਨ, ਮੁਹਾਵਰਾ, ਅਖੌਤਾਂ ਦਾ ਭਰਪੂਰ ਸੁਆਦ ਇਨ੍ਹਾਂ ਲੇਖ/ਕਹਾਣੀਆਂ ਵਿਚੋਂ ਪਾਇਆ ਜਾ ਸਕਦਾ ਹੈ। ਮਲਵਈ ਜਨ-ਜੀਵਨ ਦੀ ਜੱਫਾਮਾਰ ਮੁਹੱਬਤ ਤੇ ਸਾਫ਼ਗੋਈ ਦੇ ਵੀ ਇਨ੍ਹਾਂ ਲੇਖਾਂ 'ਚੋਂ ਭਰਪੂਰ ਦਰਸ਼ਨ ਹੁੰਦੇ ਹਨ। ਮੈਂ ਡਾ: ਸਾਧੂ ਰਾਮ ਦੀ ਇਸ ਨਵੀਂ ਪੁਸਤਕ ਨੂੰ ਖ਼ੁਦ ਪੜ੍ਹਨ ਤੇ ਦੂਸਰਿਆਂ ਨੂੰ ਪੜ੍ਹਾਉਣ ਦੀ ਸਿਫ਼ਾਰਸ਼ ਕਰਦਾ ਹਾਂ।

-ਕੇ. ਐਲ. ਗਰਗ
ਮੋ: 94635-37050

ਯਾਦਾਂ ਦੇ ਗਲੋਟੇ
ਗੀਤਕਾਰ : ਜਗਦੀਸ਼ ਰਾਣਾ
ਪ੍ਰਕਾਸ਼ਕ : ਜ਼ੀਨਤ ਪਬਲੀਕੇਸ਼ਨ, ਜਲੰਧਰ
ਮੁੱਲ : 85 ਰੁਪਏ, ਸਫ਼ੇ : 112.

ਜਗਦੀਸ਼ ਰਾਣਾ ਦਾ ਪਹਿਲਾ ਗੀਤ ਸੰਗ੍ਰਹਿ ਹੈ 'ਯਾਦਾਂ ਦੇ ਗਲੋਟੇ' ਲੱਚਰਤਾ ਦੀ ਚੱਲ ਰਹੀ ਹਨੇਰੀ ਦੇ ਦੌਰ ਵਿਚ ਸਾਹਿਤਕ ਅਤੇ ਸੱਭਿਆਚਾਰਕ ਜੋਤ ਨੂੰ ਜਗਦੀ ਰੱਖਣ ਲਈ ਇਕ ਹੰਭਲਾ ਹੈ, ਸੰਘਰਸ਼ ਹੈ, ਚੁਣੌਤੀ ਹੈ, ਆਸ ਦੀ ਕਿਰਨ ਨਹੀਂ ਲਾਟ ਹੈ ਅਤੇ ਲੱਚਰਤਾ ਦੇ ਨਾਲ-ਨਾਲ ਬੇਸੁਰਿਆਂ ਦੇ ਬੋਲਬਾਲੇ ਲਈ ਵੰਗਾਰ ਹੈ
ਐ ਫਨਕਾਰਾ ਸੁਰ ਵਿਚ ਗਾ
ਆਪਣੇ ਹੀ ਨਾ ਰੋਣੇ ਰੋ
ਲੋਕਾਂ ਦੇ ਵੀ ਦਰਦ ਸੁਣਾ।
ਮੁਹੱਬਤਾਈ ਦੁਖਾਂਤ ਵੀ ਸਮਾਜਿਕ-ਆਰਥਿਕ ਨਾ ਬਰਾਬਰੀ ਦੀ ਦੇਣ ਹੀ ਹੁੰਦੇ ਹਨ। ਇਸ ਪੱਖੋਂ ਜਗਦੀਸ਼ ਸੁਚੇਤ ਹੈ। ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਚੇਤਨਾ ਪੈਦਾ ਕਰਨ, ਸਿੱਧੀ ਸਪਾਟ ਸ਼ਬਦਾਵਲੀ ਦੀ ਵਰਤੋਂ ਜੋ ਸੁਣਨ-ਪੜ੍ਹਨ ਵਾਲੇ ਨੂੰ ਝੱਟ ਆਪਣੇ ਪ੍ਰਭਾਵ ਹੇਠ ਲੈ ਆਉਂਦੀ ਹੈ ਅਤੇ ਚਿਰ ਸਥਾਈ ਅਸਰ ਰੱਖਦੀ ਹੈ। ਜਗਦੀਸ਼ ਪਿਆਰ ਮੁਹੱਬਤ ਦੇ ਨਾਲ-ਨਾਲ ਕਿਰਸਾਨੀ ਦੀ ਹੋ ਰਹੀ ਦੁਰਦਸ਼ਾ ਦੀ ਪੇਸ਼ਕਾਰੀ ਵੀ ਪ੍ਰਭਾਵਸ਼ਾਲੀ ਕਾਵਿ ਚਿਤਰਣ ਰਾਹੀਂ ਕਰਦਾ ਹੈ। ਉਹ ਆਪਣੇ ਗੀਤਾਂ ਰਾਹੀਂ, ਜੱਟਾਂ ਦੇ ਹੱਥੀਂ, ਗੰਡਾਸੇ, ਬੰਦੂਕਾਂ ਅਤੇ ਸ਼ਰਾਬਾਂ ਦੀਆਂ ਬੋਤਲਾਂ ਨਹੀਂ ਫੜਾਉਂਦਾ। ਉਹ ਲਿਖਦਾ ਹੈ
ਖੜ੍ਹੀ ਫਸਲ ਨੂੰ ਗੜੇ ਮਾਰ ਗਏ,
ਕਈ ਵਰਤ ਗਏ ਭਾਣੇ।
ਨੱਚੇ ਕਿਵੇਂ ਕਿਸਾਨ ਕਿ ਰੁਲ ਗਏ
ਫੇਰ ਮੰਡੀ ਵਿਚ ਦਾਣੇ
ਗਾਉਣ ਵਾਲਿਆਂ ਨੇ ਪਰ ਸਾਨੂੰ
ਡਾਕੂ ਜਿਹੇ ਬਣਾ ਤਾ
ਸਾਡੇ ਹੱਥੀਂ ਦਾਰੂ, ਬਰਛੇ ਤੇ ਪਸਤੌਲ ਫੜਾ ਤਾ।
ਜਗਦੀਸ਼ ਰਾਣਾ, ਬਹੁਤ ਸਾਰੇ ਗਾਇਕ ਕਲਾਕਾਰਾਂ ਨਾਲ ਜੁੜਿਆ ਹੋਇਆ ਹੈ। ਉਹ ਉਨ੍ਹਾਂ ਦੇ ਦਫ਼ਤਰਾਂ ਵਿਚ, ਕਾਰਮੁਖਤਾਰ ਹੋਣ ਦੇ ਬਾਵਜੂਦ ਵੀ ਪੈਸਾ ਕਮਾਉਣ ਦੇ ਲਾਲਚ ਵੱਸ ਆਪਣੀ ਸਾਹਿਤਕ ਲੀਹ ਤੋਂ ਭੋਰਾ ਭਰ ਵੀ ਨਹੀਂ ਥਿੜਕਿਆ, ਫਿਰ ਵੀ ਉਸ ਦੇ ਬਹੁਤ ਸਾਰੇ ਗੀਤ ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਗਾਏ ਹਨ। ਇਹ ਇਸ ਪੁਸਤਕ ਦੀ ਪ੍ਰਾਪਤੀ ਵੀ ਹੈ ਅਤੇ ਸੁਨੇਹਾ ਵੀ ਕਿ ਹਰਮਨ-ਪਿਆਰਤਾ ਹਾਸਲ ਕਰਨ ਲਈ ਸਾਹਿਤਕਤਾ ਦੀ ਕੁਰਬਾਣੀ ਦੇਣੀ ਜ਼ਰੂਰੀ ਨਹੀਂ। ਇਸ ਪੁਸਤਕ ਦੇ ਗੀਤਾਂ ਵਿਚ ਉਦਰੇਵਾਂ, ਜੁਦਾਈ, ਖੁਸ਼ੀਆਂ, ਗ਼ਮੀਆਂ, ਅਨਿਆਂ, ਨਾਬਰਾਬਰੀ, ਸਿਆਸਤ ਦੀਆਂ ਕੋਝੀਆਂ ਚਾਲਾਂ, ਧਾਰਮਿਕ ਕੱਟੜਤਾਵਾਂ, ਜਾਤੀਵਾਦ, ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਭਰਪੂਰ ਕਾਵਿਕ ਚਿਤਰਣ ਹੋਣ ਕਰਕੇ, ਹਰ ਪੰਜਾਬੀ ਪਿਆਰੇ ਦੇ ਘਰ ਦਾ ਸ਼ਿੰਗਾਰ ਬਣਨ ਦੇ ਯੋਗ ਹੈ-ਯਾਦਾਂ ਦੇ ਗਲੋਟੇ।

-ਰਾਜਿੰਦਰ ਪਰਦੇਸੀ
ਮੋ: 93576-41552

ਗੱਡਾ ਡਹੀਏਂ
(ਬਰਨਾਰਡ ਸ਼ਾਅ ਰਚਿਤ 'ਦ ਐਪਲ ਕਾਰਟ' ਦਾ ਪੰਜਾਬੀ ਅਨੁਵਾਦ)
ਅਨੁ : ਪ੍ਰੋ: ਅੱਛਰੂ ਸਿੰਘ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੁੱਲ : 180, ਸਫ਼ੇ : 110.

ਜਾਰਜ ਬਰਨਾਰਡ ਸ਼ਾਅ (1876-1950) ਨੋਬਲ ਪੁਰਸਕਾਰ ਵਿਜੇਤਾ ਨਾਵਲਕਾਰ ਤੇ ਨਾਟਕਕਾਰ ਹੈ। ਬਿਨਾਂ ਹਿੰਸਕ ਇਨਕਲਾਬ ਪੂੰਜੀਵਾਦੀ ਸ਼ੋਸ਼ਣ ਤੋਂ ਮੁਕਤੀ ਹਾਸਲ ਕਰਕੇ ਸਮਾਜਵਾਦ ਲਿਆਉਣ ਦਾ ਹਾਮੀ 'ਦ ਐਪਲ ਕਾਰਟ' ਉਸ ਦਾ ਪ੍ਰਸਿੱਧ ਅੰਗਰੇਜ਼ੀ ਨਾਟਕ ਹੈ, ਜਿਸ ਦਾ ਸਰਲ ਮੁਹਾਵਰੇਦਾਰ ਪੰਜਾਬੀ ਵਿਚ ਅਨੁਵਾਦ ਪ੍ਰੋ: ਅੱਛਰੂ ਸਿੰਘ ਨੇ ਕੀਤਾ ਹੈ। ਅਨੁਵਾਦਕ ਦੀ ਜ਼ਬਾਨ ਦਾ ਅੰਦਾਜ਼ਾ ਪੁਸਤਕ ਦੇ ਮੁਹਾਵਰੇਦਾਰ ਨਾਂਅ ਤੋਂ ਹੀ ਹੋ ਜਾਂਦਾ ਹੈ। ਅੱਜਕਲ੍ਹ ਦੇ ਸ਼ਹਿਰੀਆਂ ਵਿਚੋਂ ਕਈਆਂ ਨੇ ਗੱਡਾ ਹੀ ਨਹੀਂ ਵੇਖਿਆ ਹੋਣਾ। ਗੱਡਾ ਡਹੀਏਂ ਕਰਨ ਦਾ ਉਨ੍ਹਾਂ ਨੂੰ ਕੀ ਪਤਾ ਹੋਣੈਂ। ਗੱਡਾ ਡਹੀਏਂ ਕਰਨ ਦਾ ਮਤਲਬ ਹੈ, ਕਿਸੇ ਚਲਾਕ ਦੀ ਚਲਾਕੀ ਅਸਫ਼ਲ ਕਰਕੇ ਉਸ ਦਾ ਪਾਸਾ ਪੁੱਠਾ ਕਰ ਦੇਣਾ। ਮੂੰਹ ਦੀ ਖਾਣ ਲਈ ਮਜਬੂਰ ਕਰ ਦੇਣਾ।
ਇੰਗਲੈਂਡ ਦੇ ਰਾਜੇ ਮੈਗਨਸ ਅਤੇ ਉਸ ਦੇ ਚਲਾਕ ਪ੍ਰਧਾਨ ਮੰਤਰੀ ਪ੍ਰੋਟੀਅਸ ਵਿਚ ਮਤਭੇਦ ਦੁਆਲੇ ਘੁੰਮਦਾ ਹੈ ਨਾਟਕ। ਪ੍ਰੋਟੀਅਸ ਦੇ ਮੰਤਰੀ, ਰਾਜੇ ਦੀ ਰਾਣੀ, ਪ੍ਰੇਮਿਕਾ, ਨਿੱਜੀ ਸਕੱਤਰ ਦੂਜੇ ਮੁੱਖ ਪਾਤਰ ਹਨ। ਪ੍ਰਧਾਨ ਮੰਤਰੀ ਤੇ ਉਸ ਦੇ ਸਾਥੀ ਰਾਜੇ ਨੂੰ ਰਬੜ ਦੀ ਮੁਹਰ ਵਾਂਗ ਵਿਹਾਰ ਕਰਨ ਲਈ ਮਜਬੂਰ ਕਰਨਾ ਚਾਹੁੰਦੇ ਹਨ। ਉਹ ਚੁਣੇ ਹੋਏ ਹੋਣ ਕਾਰਨ ਪਰਜਾਤੰਤਰ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਦੇ ਹਨ। ਰਾਜੇ ਨੂੰ ਉਹ ਰਾਜਤੰਤਰ ਦੀ ਰਹਿੰਦ-ਖੂੰਹਦ ਵਜੋਂ ਪਾਸੇ ਕਰਨਾ ਚਾਹੁੰਦੇ ਹਨ। ਉਹ ਰਾਜੇ ਨੂੰ ਅਲਟੀਮੇਟਮ ਦਿੰਦੇ ਹਨ ਕਿ ਸ਼ਾਮ ਪੰਜ ਵਜੇ ਤੱਕ ਉਨ੍ਹਾਂ ਦੇ ਪ੍ਰਸਤਾਵ ਉਤੇ ਸਮਝੌਤੇ ਦੇ ਦਸਤਖ਼ਤ ਕਰ ਦੇਵੇ। ਮੈਗਨਸ ਸ਼ਾਮ ਨੂੰ ਇਹ ਫ਼ੈਸਲਾ ਸੁਣਾਉਂਦਾ ਹੈ ਕਿ ਮੈਂ ਗੱਦੀ ਪੁੱਤਰ ਨੂੰ ਸੌਂਪ ਕੇ ਮੰਤਰੀ ਮੰਡਲ ਭੰਗ ਕਰ ਦਿਆਂਗਾ। ਚੋਣ ਲੜਾਂਗਾ ਤੁਹਾਡੇ ਵਾਂਗ। ਉਸ ਪਿੱਛੋਂ ਮੈਂ ਵੀ ਤੁਹਾਡੇ ਵਾਂਗ ਪ੍ਰਧਾਨ ਮੰਤਰੀ, ਮੰਤਰੀ ਬਣ ਸਕਦਾ ਹਾਂ। ਇਸ ਚਾਲ ਲਈ ਨਾ ਪ੍ਰਧਾਨ ਮੰਤਰੀ ਤਿਆਰ ਹੁੰਦਾ ਹੈ ਅਤੇ ਨਾ ਹੀ ਬਾਕੀ ਮੰਤਰੀ। ਉਨ੍ਹਾਂ ਦਾ ਪਾਸਾ ਇੰਜ ਪੁੱਠਾ ਪਾਉਣ ਵਿਚ ਮੈਗਨਸ ਕਾਮਯਾਬ ਹੁੰਦੈ।
ਰਾਜਤੰਤਰ ਤੇ ਪਰਜਾਤੰਤਰ ਦੀ ਇਸ ਦ੍ਰਿਸ਼ਟਮਾਨ ਪੱਧਰ ਦੀ ਲੜਾਈ ਵਿਚ ਰਾਜਤੰਤਰ ਤੇ ਪਰਜਾਤੰਤਰ ਵਿਚੋਂ ਕਿਹੜੀ ਧਿਰ ਨਾਲ ਸ਼ਾਅ ਦੀ ਹਮਦਰਦੀ ਹੈ? ਇਹ ਮੂਲ ਨੁਕਤਾ ਨਹੀਂ। ਮੂਲ ਨੁਕਤਾ ਇਹ ਹੈ ਕਿ ਦੋਵਾਂ ਨੂੰ ਹੀ ਵੱਡੇ ਪੂੰਜੀਪਤੀ ਤੇ ਉਦਯੋਗਪਤੀ ਚਲਾਉਂਦੇ ਹਨ। ਪੈਸਾ ਚਲਾਉਂਦਾ ਹੈ। ਸਾਰੀ ਤਾਕਤ ਉਨ੍ਹਾਂ ਕੋਲ ਹੈ। ਰਾਜਤੰਤਰ ਜਾਂ ਪਰਜਾਤੰਤਰ ਤਾਂ ਮੋਹਰੇ ਹਨ। ਅਜੋਕੀ ਭਾਰਤੀ ਚੁਣਾਵੀ ਸਿਆਸਤ ਵਿਚ ਕੁਝ ਇਸੇ ਕਿਸਮ ਦੀ ਗੱਲ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਕਹਿ ਰਿਹਾ ਹੈ ਭਾਜਪਾ ਅਤੇ ਕਾਂਗਰਸ ਦੋਵਾਂ ਬਾਰੇ। ਨਕਾਰਖਾਨੇ ਵਿਚ ਉਸ ਦੀ ਤੂਤੀ ਲੋਕ ਕਿੰਨੀ ਸੁਣਨਗੇ?

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਪੈੜਾਂ ਪਿੱਤਰਾਂ ਦੀਆਂ
ਲੇਖਕ : ਅਜਾਇਬ ਸਿੰਘ ਹਾਂਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :150 ਰੁਪਏ, ਸਫ਼ੇ : 88.

'ਪੈੜਾਂ ਪਿੱਤਰਾਂ ਦੀਆਂ' ਦਾ ਲੇਖਕ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਆਪਣੇ ਪਿੰਡ ਦੇ ਮੋਹ ਤੇ ਆਪਣੇ ਗੋਤ ਦੇ ਪਿਆਰ ਸਦਕਾ ਉਸ ਨੇ ਇਹ ਖੋਜੀ ਪੁਸਤਕ ਲਿਖਣ ਦਾ ਮਨ ਬਣਾਇਆ ਹੈ। ਇਹ ਪੁਸਤਕ ਮਨੁੱਖੀ ਨਸਲ ਦੇ ਵਿਕਾਸ ਦੀ ਕਹਾਣੀ ਹੈ ਜਿਸ ਦਾ ਅੰਤ ਹਾਂਸ ਗੋਤ ਦੇ ਇਰਦ-ਗਿਰਦ ਸਿਮਟ ਜਾਂਦਾ ਹੈ। ਲੇਖਕ ਨੇ ਇਸ ਪੁਸਤਕ ਲਈ ਕਾਫ਼ੀ ਅਧਿਐਨ ਕੀਤਾ ਹੈ ਅਤੇ ਕਈ ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਲੇਖਕ ਨੇ ਮੁਢਲੇ ਸਫ਼ਿਆਂ ਵਿਚ ਧਰਤੀ ਦੇ ਹੋਂਦ ਵਿਚ ਆਉਣ ਦੀ ਜਾਣਕਾਰੀ ਤੋਂ ਸ਼ੁਰੂ ਕਰਕੇ ਮਨੁੱਖੀ ਨਸਲ ਦੀ ਉਤਪਤੀ ਤੇ ਵਿਕਾਸ ਤੱਕ ਅੱਗੇ ਵਧਾਇਆ ਹੈ।
ਲੇਖਕ ਨੇ ਤਾਰਾ ਵਿਗਿਆਨੀਆਂ ਦੇ ਹਵਾਲੇ ਨਾਲ ਬ੍ਰਹਿਮੰਡ ਵਿਚ ਤਾਰਿਆਂ ਦੀ ਗਿਣਤੀ ਦਸ ਬ੍ਰਿਲੀਅਨ ਟ੍ਰਿਲੀਅਨ ਦੱਸੀ ਹੈ। ਲੇਖਕ ਨੇ ਇਸ ਸਬੰਧੀ ਵਿਗਿਆਨਕ ਨਜ਼ਰੀਏ ਦੇ ਨਾਲ-ਨਾਲ ਗੁਰਬਾਣੀ ਦੇ 'ਪਾਤਾਲਾ ਪਾਤਾਲ ਲਖ ਆਗਾਸਾ ਆਗਾਸ' ਨੂੰ ਵੀ ਨਾਲ-ਨਾਲ ਰੱਖਿਆ ਹੈ। ਇਸ ਪੁਸਤਕ ਵਿਚ ਡਾਰਵਿਨ ਦੇ ਸਿਧਾਂਤ ਨੂੰ ਵੀ ਵਿਸਥਾਰ ਨਾਲ ਛਾਪਿਆ ਗਿਆ ਹੈ। ਡਾਰਵਿਨ ਮੁਤਾਬਿਕ ਮਨੁੱਖ ਦੇ ਪੂਰਵਜ ਬਾਂਦਰ ਤੇ ਚਿਪੈਂਜੀ ਹਨ। ਅੱਜ ਦੇ ਯੁੱਗ ਵਿਚ ਬਾਕੀ ਬਚਦੇ ਚਿਪੈਂਜੀ ਤੇ ਬਾਂਦਰ ਮਨੁੱਖ ਕਿਉਂ ਨਾ ਬਣੇ, ਪੁਸਤਕ ਵਿਚ ਇਸ ਬਾਰੇ ਕੁਝ ਪੰਨੇ ਲਿਖੇ ਗਏ ਹਨ। ਧਰਤੀ ਤੋਂ ਸੂਰਜ ਤੇ ਚੰਦਰਮਾ ਦੀ ਸਥਿਤੀ ਦਾ ਵੀ ਇਸ ਵਿਚ ਵਰਨਣ ਹੈ। ਆਖ਼ਰੀ ਪੰਨਿਆਂ 'ਤੇ ਇਸ ਪੁਸਤਕ ਵਿਚ ਜੱਟਾਂ ਦਾ ਸੰਖੇਪ ਇਤਿਹਾਸ ਦਰਜ ਹੈ ਤੇ ਇਸ ਤੋਂ ਅੱਗੇ ਗੋਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਾਂਸ ਵੱਲੋਂ ਇਸ ਕਿਤਾਬ ਵਿਚ ਪਿੰਡ ਹਾਂਸ ਕਲਾਂ ਵਿਚ ਹਾਂਸ ਗੋਤ ਦੀਆਂ ਪੁਰਾਣੀਆਂ ਪੀੜ੍ਹੀਆਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਭਾਵੇਂ 'ਪੈੜਾਂ ਪਿੱਤਰਾਂ ਦੀਆਂ' ਦਾ ਵਿਸ਼ਾ ਬੜਾ ਸੀਮਤ ਸੀ, ਪਰ ਲੇਖਕ ਵੱਲੋਂ ਨਵੀਆਂ-ਨਵੀਆਂ ਜਾਣਕਾਰੀਆਂ ਦੇ ਕੇ ਇਸ ਪੁਸਤਕ ਨੂੰ ਖਿੱਚ-ਭਰਪੂਰ, ਰੌਚਕ ਤੇ ਜਾਣਕਾਰੀ ਭਰਪੂਰ ਪੁਸਤਕ ਬਣਾ ਦਿੱਤਾ ਹੈ। 'ਪੈੜਾਂ ਪਿੱਤਰਾਂ ਦੀਆਂ' ਦੇ ਅੰਤ ਵਿਚ ਮਨੁੱਖੀ ਨਸਲ ਦੇ ਵਿਕਾਸ ਸਬੰਧੀ ਰੰਗੀਨ ਤਸਵੀਰਾਂ ਵੀ ਛਾਪੀਆਂ ਗਈਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

 

24-5-2014

 ਭਾਰਤੀ ਸਿਨੇਮਾ ਦੇ ਸੌ ਵਰ੍ਹੇ
ਲੇਖਕ : ਕੁਲਵਿੰਦਰ ਸਿੰਘ ਸਰਾਂ, ਸੁਖਚੈਨ ਸਿੰਘ ਨਰੂਆਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 350.

'ਭਾਰਤੀ ਸਿਨੇਮਾ ਦੇ ਸੌ ਵਰ੍ਹੇ' ਇਕ ਮਹੱਤਵਪੂਰਨ ਅਤੇ ਚੁਣੌਤੀ ਭਰਪੂਰ ਪ੍ਰਾਜੈਕਟ ਸੀ, ਜਿਸ ਨੂੰ ਪੰਜਾਬ ਦੇ ਇਕ ਕਾਲਜ ਵਿਚ ਪੜ੍ਹਾਉਣ ਵਾਲੇ, ਪੰਜਾਬੀ ਸਾਹਿਤ ਦੇ ਦੋ ਅਧਿਆਪਕਾਂ ਨੇ ਸੰਪੂਰਨ ਕਰਕੇ ਭਾਰਤੀ ਸਿਨੇਮਾ ਵਿਚ ਦਿਲਚਸਪੀ ਰੱਖਣ ਵਾਲੇ ਹਰ ਵਿਅਕਤੀ ਦਾ ਦਿਲ ਜਿੱਤ ਲਿਆ ਹੈ।
ਇਸ ਖੋਜ-ਕਾਰਜ ਨੂੰ 7 ਭਾਗਾਂ (ਕਾਂਡਾਂ) ਵਿਚ ਵਿਭਾਜਿਤ ਕੀਤਾ ਗਿਆ ਹੈ। ਆਰੰਭ ਵਿਚ 29-30 ਪੰਨਿਆਂ ਦੀ ਇਕ ਵਿਸਤ੍ਰਿਤ ਭੂਮਿਕਾ ਹੈ, ਜਿਸ ਵਿਚ ਭਾਰਤੀ ਸਿਨੇਮਾ ਦਾ ਸੰਖੇਪ ਇਤਿਹਾਸ ਅੰਕਿਤ ਕੀਤਾ ਗਿਆ ਹੈ। ਭਾਰਤੀ ਸਿਨੇਮਾ ਦਾ ਆਰੰਭ ਬਾਂਬੇ ਪ੍ਰੈਜ਼ੀਡੈਂਸੀ ਵਿਚ 1870 ਈ: ਨੂੰ ਪੈਦਾ ਹੋਏ ਇਕ ਸੁਪਨੇਸਾਜ਼ ਵਿਅਕਤੀ ਧੁੰਡੀਰਾਜ ਗੋਵਿੰਦ (ਦਾਦਾ) ਫਾਲਕੇ ਨੇ ਰਾਜਾ ਹਰੀਸ਼ ਚੰਦਰ (1913) ਨਾਂਅ ਦੀ ਇਕ ਛੋਟੀ ਜਿਹੀ ਫ਼ਿਲਮ ਬਣਾ ਕੇ ਕੀਤਾ ਸੀ। ਉਸ ਤੋਂ ਬਾਅਦ ਚੰਦੂ ਲਾਲ ਸ਼ਾਹ, ਹਿਮਾਂਸ਼ੂ ਰਾਯ, ਚਮਨ ਲਾਲ ਦੇਸਾਈ, ਵੀ. ਸ਼ਾਂਤਾਰਾਮ ਅਤੇ ਦੇਵਕੀ ਬੋਸ ਵਰਗੇ ਨਿਰਮਾਤਾ-ਨਿਰਦੇਸ਼ਕਾਂ ਨੇ ਭਾਰਤੀ ਫ਼ਿਲਮ ਉਦਯੋਗ ਨੂੰ ਨਵੀਆਂ ਸਿਖ਼ਰਾਂ ਉਤੇ ਪਹੁੰਚਾ ਦਿੱਤਾ। ਅਜੋਕਾ ਭਾਰਤੀ ਸਿਨੇਮਾ ਵਿਸ਼ਵ ਦੇ ਪ੍ਰਸਿੱਧ ਸਿਨੇਮਾ ਦਾ ਮੁਕਾਬਲਾ ਕਰਦਾ ਹੈ। ਬੇਸ਼ੱਕ ਸਾਡੇ ਕੋਲ ਗੋਦਾਰ, ਆਈਜ਼ਨਟਾਈਨ, ਰੋਜ਼ਿਲੇਨੀ ਜਾਂ ਹਿੱਚਕਾਕ ਵਰਗੇ ਯੁਗ-ਫ਼ਿਲਮਸਾਜ਼ ਤਾਂ ਨਹੀਂ ਰਹੇ ਪ੍ਰੰਤੂ ਸਤਯਜੀਤ ਰਾਯ, ਮ੍ਰਿਣਾਲ ਸੇਨ ਅਤੇ ਰਿਤਵਕ ਘਟਿਕ ਵਰਗੇ ਫ਼ਿਲਮਸਾਜ਼ ਕਿਸੇ ਤੋਂ ਘੱਟ ਵੀ ਨਹੀਂ ਹਨ। ਬਿਮਲ ਰਾਯ, ਚੇਤਨ ਆਨੰਦ, ਤਪਨ ਸਿਨਹਾ ਅਤੇ ਗੁਰੂਦੱਤ ਦੀਆਂ ਪ੍ਰਾਪਤੀਆਂ ਵੀ ਕਾਫੀ ਮਹੱਤਵਪੂਰਨ ਰਹੀਆਂ ਹਨ।
ਵਿਦਵਾਨ ਲੇਖਕਾਂ ਨੇ 1913 ਤੋਂ ਲੈ ਕੇ 2013 ਤੱਕ ਭਾਰਤੀ ਸਿਨੇਮਾ ਦੇ ਪ੍ਰਮੁੱਖ ਨਿਰਮਾਤਾ-ਨਿਰਦੇਸ਼ਕਾਂ, ਅਭਿਨੇਤਰੀਆਂ, ਅਭਿਨੇਤਾਵਾਂ, ਗਾਇਕਾਂ/ਗਾਇਕਾਵਾਂ, ਸੰਗੀਤਕਾਰਾਂ ਅਤੇ ਗੀਤਕਾਰਾਂ ਦੇ ਜੀਵਨ-ਬਿਰਤਾਂਤਾਂ ਅਤੇ ਪ੍ਰਾਪਤੀਆਂ ਨੂੰ ਉਪ-ਅਧਿਆਵਾਂ ਵਿਚ ਵਿਉਂਤਬੱਧ ਕਰਕੇ ਬੜੇ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਪਰਿਸ਼ਿਸਟ ਵਿਚ ਦਾਦਾ ਸਾਹਿਬ ਫਾਲਕੇ ਐਵਾਰਡ, ਰਾਸ਼ਟਰੀ ਫ਼ਿਲਮ ਐਵਾਰਡ ਅਤੇ ਫ਼ਿਲਮ ਫੇਅਰ ਐਵਾਰਡ ਜਿੱਤਣ ਵਾਲੇ ਕਲਾਕਾਰਾਂ, ਫ਼ਿਲਮਾਂ ਅਤੇ ਗੀਤਕਾਰਾਂ/ਸੰਗੀਤਕਾਰਾਂ ਦੀ ਕਾਲਕ੍ਰਮਿਕ ਸੂਚੀ ਦਿੱਤੀ ਗਈ ਹੈ, ਜੋ ਪੁਸਤਕ ਦੇ ਮੁੱਲ ਅਤੇ ਮਹੱਤਵ ਵਿਚ ਬੇਅੰਤ ਵਾਧਾ ਕਰਦੀ ਹੈ। ਹਿੰਦੀ ਅਤੇ ਅੰਗਰੇਜ਼ੀ ਵਿਚ ਤਾਂ ਇਸ ਕਿਸਮ ਦੀਆਂ ਜਾਣਕਾਰੀ ਭਰਪੂਰ ਕਾਫੀ ਪੁਸਤਕਾਂ ਮਿਲ ਜਾਂਦੀਆਂ ਹਨ ਪਰ ਪੰਜਾਬੀ ਵਿਚ ਇਸ ਪ੍ਰਕਾਰ ਦੇ ਸਾਹਿਤ ਦਾ ਅਭਾਵ ਹੀ ਸੀ। ਮੈਂ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਲਈ ਸ੍ਰੀ ਹਰੀਸ਼ ਜੈਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਅਤੇ ਪੁਸਤਕ ਦੇ ਲੇਖਕਾਂ ਨੂੰ ਸ਼ਾਬਾਸ਼ ਦਿੰਦਾ ਹਾਂ। ਉਨ੍ਹਾਂ ਨੂੰ ਇਸ ਦਿਸ਼ਾ ਵਿਚ ਕੰਮ ਕਰਦੇ ਰਹਿਣਾ ਚਾਹੀਦਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਵੇਂ ਲੋਕ
ਬਹੁ-ਪੱਖੀ ਅਧਿਐਨ
ਲੇਖਿਕਾ : ਡਾ: ਭੁਪਿੰਦਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96.

ਨਵੇਂ ਲੋਕ : ਬਹੁ-ਪੱਖੀ ਅਧਿਐਨ ਵਿਦਿਆਰਥੀ ਉਪਯੋਗੀ ਆਲੋਚਨਾਤਮਕ ਪੁਸਤਕ ਹੈ। ਪੰਜਾਬੀ ਦੇ ਉਚ-ਦੁਮਾਲੜੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਹਾਣੀ-ਸੰਗ੍ਰਹਿ ਨਵੇਂ ਲੋਕ ਦਾ ਅਧਿਐਨ ਵਿਸ਼ਲੇਸ਼ਣ ਕੀਤਾ ਗਿਆ ਹੈ ਇਸ ਵਿਚ। ਕਹਾਣੀਕਾਰ ਵਿਰਕ ਤੇ ਉਸ ਦੀ ਕਹਾਣੀ ਕਲਾ ਦਾ ਉਸ ਦੇ ਇਸ ਕਥਾ-ਸੰਗ੍ਰਹਿ ਦੇ ਆਧਾਰ ਉਤੇ ਅਧਿਐਨ ਵਿਸ਼ਲੇਸ਼ਣ ਯੂਨੀਵਰਸਿਟੀ ਪੱਧਰ 'ਤੇ ਕਈ ਪ੍ਰੀਖਿਆਵਾਂ ਲਈ ਨਿਰਧਾਰਿਤ ਪਾਠ-ਕ੍ਰਮ ਦਾ ਹਿੱਸਾ ਅਕਸਰ ਹੀ ਰਹਿੰਦਾ ਹੈ। ਇਸ ਲਈ ਵਿਰਕ ਦੀ ਕਹਾਣੀ ਕਲਾ ਬਾਰੇ ਪੁਸਤਕਾਂ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਹ ਪੁਸਤਕ ਇਸੇ ਸ਼੍ਰੇਣੀ ਵਿਚ ਆਉਂਦੀ ਹੈ।
ਸਮੇਂ ਦੇ ਬੀਤਣ ਨਾਲ ਵਿਰਕ ਦੀ ਕਹਾਣੀ ਕਲਾ ਦੇ ਵਿਸ਼ਲੇਸ਼ਣ ਵਿਚ ਗਹਿਰਾਈ ਆਉਣੀ ਕੁਦਰਤੀ ਹੈ। ਆਲੋਚਨਾਤਮਕ ਚਿੰਤਨ, ਮੁਹਾਵਰੇ ਤੇ ਦ੍ਰਿਸ਼ਟੀ ਵਿਚ ਵੀ ਬੜੇ ਪਰਿਵਰਤਨ ਵਾਪਰਦੇ ਹਨ। ਇਸ ਲਈ ਬਦਲਦੇ ਸਮੇਂ ਦੇ ਅਨੁਰੂਪ ਸਮੇਂ ਦੇ ਹਾਣ ਦੇ ਆਲੋਚਨਾਤਮਕ ਮੁਹਾਵਰੇ ਤੇ ਪ੍ਰਾਪਤ ਚਿੰਤਨ ਦੇ ਪ੍ਰਸੰਗ ਵਿਚ ਵਿਰਕ ਨੂੰ ਸਮਝਣ ਦੀ ਲੋੜ ਹਮੇਸ਼ਾ ਰਹੇਗੀ। ਭੁਪਿੰਦਰ ਕੌਰ ਨੇ ਇਸ ਲੋੜ ਨੂੰ ਆਪਣੇ ਅਨੁਭਵ ਤੇ ਸਾਹਿਤ-ਯੋਗਤਾ ਅਨੁਸਾਰ ਪੂਰਾ ਕਰਨ ਦਾ ਪ੍ਰਮਾਣ ਦਿੱਤਾ ਹੈ ਇਸ ਪੁਸਤਕ ਵਿਚ। ਲੇਖਿਕਾ ਨੇ ਵਿਰਕ ਨੂੰ ਮਾਨਵਵਾਦੀ ਕਹਾਣੀਕਾਰ ਦੇ ਪਰੰਪਰਾਗਤ ਲੇਬਲ ਤੋਂ ਮੁਕਤ ਕਰਕੇ ਵੇਖਿਆ ਹੈ। ਉਸ ਨੇ ਉਸ ਦੀਆਂ ਕਹਾਣੀਆਂ ਵਿਚ ਪ੍ਰੇਮ/ਦੇਹ ਪ੍ਰਤੀ ਦ੍ਰਿਸ਼ਟੀ ਨੂੰ ਵੀ ਸੁਹਿਰਦਤਾ ਨਾਲ ਸਮਝਣ ਦਾ ਉਪਰਾਲਾ ਕੀਤਾ ਹੈ। ਉਸ ਅਨੁਸਾਰ ਵਿਰਕ ਦਾ ਮਾਨਵਵਾਦ ਜਾਂ ਉਸ ਦੀ ਪ੍ਰੇਮ/ਸੈਕਸ ਪ੍ਰਤੀ ਪਹੁੰਚ ਉਸ ਨੂੰ ਪ੍ਰਗਤੀਵਾਦੀ/ਸਮਾਜਵਾਦੀ ਵਿਚਾਰਧਾਰਾ ਦਾ ਵਿਰੋਧੀ ਨਹੀਂ ਬਣਾਉਂਦੀ। ਵਿਰਕ ਪ੍ਰਤੀ ਭੁਪਿੰਦਰ ਕੌਰ ਦੀ ਦ੍ਰਿਸ਼ਟੀ ਸੰਤੁਲਿਤ ਸੁਹਿਰਦ ਤੇ ਵਿਵੇਕਪੂਰਨ ਹੈ। ਭੁਪਿੰਦਰ ਕੌਰ ਨੇ ਪੰਜਾਬੀ ਕਹਾਣੀ ਤੇ ਵਿਰਕ ਦੇ ਇਤਿਹਾਸਕ ਪਰਿਪੇਖ ਤੋਂ ਗੱਲ ਸ਼ੁਰੂ ਕੀਤੀ ਹੈ। ਵਿਰਕ ਦੀ ਵਿਲੱਖਣਤਾ, ਮਾਨਵਵਾਦ, ਲਿੰਗਕ ਰੁਚੀਆਂ, ਪਾਤਰ ਚਿਤ੍ਰਣ ਤੇ ਬਿਰਤਾਂਤ-ਕਲਾ ਬਾਰੇ ਉਸ ਨੇ ਸਾਰਥਕ ਗੱਲਾਂ ਕੀਤੀਆਂ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਸਫ਼ਰ ਪਗਡੰਡੀ ਦਾ
ਲੇਖਕ : ਕਰਨਲ ਹਰਜੀਤ ਬੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127.

ਜਿਵੇਂ ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ ਤਿਵੇਂ ਪਗਡੰਡੀਆਂ ਦਾ ਸੁਮੇਲ ਹੀ ਇਕ ਵੱਡੇ ਕਾਫਲੇ ਨੂੰ ਜਨਮ ਦੇਣ ਦੇ ਸਮਰੱਥ ਹੁੰਦਾ ਹੈ। ਵੱਖ-ਵੱਖ ਵਿਚਾਰਧਾਰਾਵਾਂ ਭਾਵੇਂ ਆਪਣੇ ਆਪ ਵਿਚ ਪਗਡੰਡੀਆਂ ਦੇ ਸਮਾਨ ਹੀ ਹੁੰਦੀਆਂ ਹਨ ਪਰ ਇਨ੍ਹਾਂ ਦਾ ਸੁਮੇਲ ਖਾਸ ਮੰਜ਼ਿਲਾਂ ਦਾ ਰਾਹ ਬਣ ਜਾਂਦਾ ਹੈ।
ਕੁਦਰਤੀ ਵਰਤਾਰੇ ਦੀ ਭਿਆਨਕ ਕਰਵਟ ਲਈ ਵਧੇਰੇ ਕਰਕੇ ਮਨੁੱਖ ਹੀ 'ਕਸੂਰਵਾਰ' ਹੈ। ਇਸ ਤੱਥ ਦੀ ਪ੍ਰੋੜਤਾ ਕਰਦਾ ਹੋਇਆ ਲੇਖਕ ਆਪਣੀ ਕਾਲਪਨਿਕ ਚੇਤਨਾ ਨਾਲ ਰੱਬ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਜਾਂ ਮਨੁੱਖ ਦਾ ਸਰੂਪ ਹੀ ਬਦਲ ਦਿੱਤਾ ਜਾਏ ਜਾਂ ਫਿਰ ਇਸ ਦੀ ਹੋਂਦ ਹੀ ਮਿਟਾ ਦਿੱਤੀ ਜਾਏ। ਫ਼ੌਜੀ ਦੇਸ਼ ਦੇ ਰਖਵਾਲੇ ਹੁੰਦੇ ਹਨ। ਦੇਸ਼ ਦੀ ਆਨ-ਸ਼ਾਨ ਕਾਇਮ ਰੱਖਣਾ, ਉਨ੍ਹਾਂ ਦਾ ਕਰਮ-ਧਰਮ ਹੁੰਦਾ ਹੈ। ਪਰ ਬੇਵਜ੍ਹਾ ਗੋਲਾਬਾਰੀ ਕਰਕੇ ਇਕ-ਦੂਜੇ ਨੂੰ ਮਾਰੀ ਜਾਣਾ ਜਾਂ ਘਾਤ ਲਾ ਕੇ ਮਾਰੂ ਹਮਲੇ ਕਰਨਾ ਅਣ-ਮਨੁੱਖੀ ਵਰਤਾਰੇ ਹਨ, ਜਿਸ ਦੇ ਸਬੰਧ ਵਿਚ ਇਕ ਫ਼ੌਜੀ ਜ਼ਖਮੀ ਹੋਏ ਦੁਸ਼ਮਣ ਫ਼ੌਜੀ ਤੋਂ ਮੁਆਫ਼ੀ ਮੰਗ ਕੇ ਚੰਗੀ ਇਨਸਾਨੀਅਤ ਦਾ ਸਬੂਤ ਦਿੰਦਾ ਹੈ, 'ਫ਼ੌਜੀ ਦਾ ਦਿਲ' ਦੀ ਕਹਾਣੀ ਵਿਚਲਾ ਪਾਤਰ ਰਾਜਵੀਰ।
ਪਛਤਾਵੇ ਦੇ ਹੰਝੂ, ਸੁਅੰਬਰ, ਕੁੱਤਾ ਕਰਨਲ ਦਾ, ਰਿਫਊਜ਼ੀ ਮਾਂ, ਗੁਸਾਤਾਖ ਪੁੱਤ, ਭੇਡੀਏ ਦੀ ਖੱਲ, ਊਸ਼ਾ ਆਕਾਸ਼ ਦੀ,ਬਾਬਾ ਸੁਧਰ ਗਿਆ ਅਤੇ ਪੋਤਾ ਬਾਬੇ ਦਾ ਆਦਿ ਕਹਾਣੀਆਂ ਵਿਚਲੇ ਨਿਵੇਕਲੇ ਵਿਸ਼ਿਆਂ ਨਾਲ ਪਗਡੰਡੀ ਦਾ ਸਫ਼ਰ ਹੋਰ ਵੀ ਸੋਹਾਵਣਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਗਡੰਡੀ ਦੇ ਸਫਰ ਦੌਰਾਨ ਲੇਖਕ ਕਰਨਲ ਹਰਜੀਤ ਬੱਸੀ ਨੇ ਜੀਵਨ ਦੀਆਂ ਕੌੜੀਆਂ ਪਰ ਤਲਖ ਹਕੀਕਤਾਂ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਸਗੋਂ ਇਨ੍ਹਾਂ ਨੂੰ ਚੰਗੀ ਵਿਉਂਤਬੰਦੀ ਰਾਹੀਂ ਜੀਵਨ ਦੇ ਇਸ ਸਭ ਕੁਝ ਨੂੰ ਵੀ ਪਾਠਕਾਂ ਦੇ ਰੂਬਰੂ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਅਰਸ਼ ਤੇ ਫ਼ਰਸ਼
ਸ਼ਾਇਰ : ਪ੍ਰਿੰ: ਸਰਵਣ ਸਿੰਘ ਔਜਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120.

ਕੈਨੇਡਾ ਵਾਸੀ ਸ਼ਾਇਰ ਪ੍ਰਿੰ: ਸਰਵਣ ਸਿੰਘ ਔਜਲਾ ਦਾ ਕਾਵਿ ਸੰਗ੍ਰਹਿ ਸੁੱਖਾ ਦੀ ਤਾਂਘ ਵਿਚ ਦੁੱਖ ਭੋਗਦੀ ਲੋਕਾਈ ਨੂੰ ਸਮਰਪਿਤ ਹੈ। ਸ਼ਾਇਰ ਨੇ ਇਸ ਤੋਂ ਪਹਿਲਾਂ ਦੋ ਪੁਸਤਕਾਂ ਲਿਖੀਆਂ ਹਨ। ਹਥਲੀ ਪੁਸਤਕ ਵਿਚ ਛੋਟੀਆਂ-ਵੱਡੀਆਂ 50 ਕਾਵਿ ਰਚਨਾਵਾਂ ਹਨ। ਸਫ਼ਾ 19 ਤੋਂ 62 ਤੱਕ ਸਿੱਖ ਇਤਿਹਾਸ ਨਾਲ ਸਬੰਧਤ 11 ਕਾਵਿ ਰਚਨਾਵਾਂ ਵਾਕ ਕਾਵਿ ਰੂਪ ਵਿਚ ਹਨ। ਇਨ੍ਹਾਂ ਵਿਚ ਅਰਦਾਸ ਗੁਰੂ ਨਾਨਕ ਪਾਤਸ਼ਾਹ ਦੀ ਉਦਾਸੀ ਵੇਲੇ ਬੀਬੀ ਸੁਲੱਖਣੀ ਤੇ ਬੇਬੇ ਨਾਨਕੀ ਸੰਵਾਦ, ਭਾਈ ਲਹਿਣਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਇਤਿਹਾਸਕ ਵਾਰਤਾਲਾਪ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ, ਵਾਰ ਚਾਂਦਨੀ ਚੌਕ (ਨੌਵੇਂ ਸਤਿਗੁਰਾਂ ਦੀ ਸ਼ਹਾਦਤ ਦਾ ਪ੍ਰਸੰਗ) ਵਾਰ ਮੁਕਤਸਰ ਸਾਹਿਬ ਦਸਮੇਸ਼ ਪਿਤਾ ਅਤੇ ਸਿੱਖੀ ਸਰਹੰਦ ਦੀ ਖੂਨੀ ਦੀਵਾਰ, ਪ੍ਰਗਟਿਓ ਖਾਲਸਾ (ਪੰਜ ਪਿਆਰੇ ਸਾਜਨਾ ਦਾ ਚਮਤਕਾਰ) ਪੁਸਤਕ ਦੀਆਂ ਉੱਤਮ ਕਾਵਿ ਕਿਰਤਾਂ ਹਨ।
ਤੂੰ ਕੌਣ ਏਂ ਭਾਈ ਜੀ ਮੈਂ ਲਹਿਣਾ
ਜੀ ਆਇਆਂ ਨੂੰ ਤੂੰ ਸੱਚੀ ਲਹਿਣਾ (ਪੰਨਾ 24)
ਜਨਮ ਸਾਖੀ ਵਾਂਗ ਇਹ ਸੰਵਾਦ ਪੜ੍ਹ ਕੇ ਪਾਠਕ ਨੂੰ ਅਗੰਮੀ ਰਸ ਮਿਲਦਾ ਹੈ ਤੇ ਰੂਹ ਅਰਸ਼ਾਂ ਤੱਕ ਪਹੁੰਚ ਜਾਂਦੀ ਹੈ। ਇਸੇ ਪ੍ਰਸੰਗ ਵਿਚ ਭਾਈ ਲਹਿਣਾ, ਗੁਰੂ ਨਾਨਕ ਸਾਹਿਬ ਦੇ ਇਕ ਸਵਾਲ ਦਾ ਉੱਤਰ ਦਿੰਦਾ ਹੈ :
ਇਹ ਤੇਰੀਆਂ ਰਾਤਾਂ ਇਹ ਤੂੰ ਹੀ ਜਾਣੇ
ਇਹ ਕੂਕਰ ਦਰ ਦਾ ਕੀ ਭੇਤ ਪਛਾਣੇ
ਜੋ ਰਾਤ ਹੈ ਲੰਘੀ ਉਹ ਤੇਰਾ ਭਾਣਾ
ਕਿੰਨੀ ਬਚਦੀ ਬਾਕੀ ਮੈਂ ਕੀਕੂੰ ਜਾਣਾ (ਪੰਨਾ 26)
ਇਸ ਤਰ੍ਹਾਂ ਪਾਠਕ ਅੱਗੇ ਸਿੱਖ ਇਤਿਹਾਸ ਸਾਕਾਰ ਹੁੰਦਾ ਜਾਂਦਾ ਹੈ। ਕਾਵਿ ਰਚਨਾਵਾਂ ਦੇ ਹੋਰ ਰੂਪ ਵੀ ਹਨ। ਪੰਨਾ 102-113 ਤੱਕ ਚਾਰ-ਸਤਰੀ ਰੁਬਾਈਆਂ ਹਨ। ਇਨ੍ਹਾਂ ਦੀ ਸੁਰ ਉਪਦੇਸ਼ਮਈ ਹੈ। ਭਾਈ ਵੀਰ ਸਿੰਘ ਜੀ ਦਾ ਪ੍ਰਭਾਵ ਸਪੱਸ਼ਟ ਵਿਖਾਈ ਦਿੰਦਾ ਹੈ। ਤੀਜੀ ਕਿਸਮ ਦੀਆਂ ਸਾਧਾਰਨ ਕਵਿਤਾਵਾਂ ਹਨ, ਜਿਨ੍ਹਾਂ ਵਿਚ ਪੱਛਮੀ ਸੱਭਿਆਚਾਰ (ਮੈਂ ਅਜੇ ਕੁਆਰੀ ਪੰਨਾ 94) ਹਿੰਦੂ ਇਤਿਹਾਸ ਮਿਥਿਹਾਸ, ਰੁੱਖਾਂ ਬਾਰੇ, ਮਨੁੱਖੀ ਕਦਰਾਂ-ਕੀਮਤਾਂ ਆਦਿ ਵਿਸ਼ੇ ਲਏ ਹਨ। ਰਿਦਮ ਪ੍ਰੋ: ਮੋਹਨ ਸਿੰਘ ਦੀ ਕਵਿਤਾ ਵਾਲਾ ਹੈ। ਪੁਸਤਕ ਦੇ ਮੁੱਖ ਸ਼ਬਦ ਡਾ: ਤੇਜਵੰਤ ਮਾਨ ਕੇਂਦਰੀ ਪ੍ਰਧਾਨ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਹਨ। ਤੇਜਾ ਸਿੰਘ ਤਿਲਕ ਤੇ ਸੁਰਜੀਤ ਸਿੰਘ ਪੰਛੀ ਨੇ ਸ਼ਾਇਰ, ਉਸ ਦੀ ਸਿਰਜਨਾ ਬਾਰੇ ਵਿਸ਼ਲੇਸ਼ਣ ਕੀਤਾ ਹੈ। ਵਿਭਿੰਨ ਤਰ੍ਹਾਂ ਦੀਆਂ ਕਾਵਿ ਰਚਨਾਵਾਂ ਨਾਲ ਭਰਪੂਰ ਪੁਸਤਕ ਦਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 98148-56160

ਪੰਜਾਬੀ ਗੀਤਕਾਰੀ ਅਤੇ ਗਾਇਕੀ :
ਸਿਧਾਂਤਕ ਪਰਿਪੇਖ
ਲੇਖਕ : ਪ੍ਰੋ: ਜਸਪਾਲ ਸਿੰਘ 'ਜੱਸੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਪ੍ਰੋ: ਜਸਪਾਲ ਸਿੰਘ ਜੱਸੀ ਵੱਲੋਂ ਰਚਿਤ ਇਹ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ਇਕ ਗੀਤ ਸੰਗ੍ਰਹਿ 'ਦਿਲਜਾਨੀਆ' ਅਤੇ 'ਇੰਦਰਜੀਤ ਹਸਨਪੁਰੀ ਦੀ ਗੀਤ ਕਲਾ' ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਨੂੰ ਉਸ ਨੇ ਅੱਠ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਪੰਜ ਕਾਂਡ ਸਿਧਾਂਤਕ ਤੌਰ 'ਤੇ ਗੀਤਕਾਰੀ ਦੇ ਵਿਭਿੰਨ ਪੱਖਾਂ 'ਤੇ ਰੌਸ਼ਨੀ ਪਾਉਂਦੇ ਹਨ। ਪਹਿਲੇ ਕਾਂਡ ਵਿਚ ਪੰਜਾਬੀ ਗੀਤਕਾਰੀ, ਗਾਇਕੀ ਸੰਕਲਪ ਅਤੇ ਗੀਤਕਾਰੀ ਦੇ ਇਤਿਹਾਸ ਦਾ ਸਰਵੇਖਣ ਕੀਤਾ ਗਿਆ ਹੈ। ਪ੍ਰਗੀਤ ਦੀ ਪਛਾਣ ਸਬੰਧੀ ਨਿਸ਼ਾਨਦੇਹੀ ਕੀਤੀ ਗਈ ਹੈ। ਵੱਖ-ਵੱਖ ਕਾਵਿ-ਰੂਪਾਂ 'ਤੇ ਚਰਚਾ ਵੀ ਇਸੇ ਕਾਂਡ ਵਿਚ ਪ੍ਰਸਤੁਤ ਕੀਤੀ ਗਈ ਹੈ। ਤਰਕ ਸੰਗਤ ਅਤੇ ਵਿਗਿਆਨਕ ਵਿਸ਼ਲੇਸ਼ਣ ਕਰਨ ਵਿਚ ਵਿਦਵਾਨ ਆਲੋਚਕ ਪ੍ਰਗੀਤ ਦੇ ਵੱਖ-ਵੱਖ ਰੂਪਾਂ ਪ੍ਰਤੀ ਪ੍ਰਤੱਖ ਤੌਰ 'ਤੇ ਸੁਚੇਤ ਹੈ। ਦੂਸਰੇ ਕਾਂਡ ਵਿਚ ਗਾਇਕੀ ਦੇ ਸੰਕਲਪ ਦੀ ਚਰਚਾ ਕਰਦਿਆਂ ਲੇਖਕ ਨੇ ਸਿੱਧ ਕੀਤਾ ਹੈ ਕਿ ਸਮਕਾਲੀ ਸੱਤਾ, ਧਾਰਮਿਕ ਸੱਤਾ, ਮੱਧ ਸ਼੍ਰੇਣੀ, ਮਹਿਕੂਮ ਸ਼੍ਰੇਣੀ ਆਦਿ ਸਾਰੀਆਂ ਸ਼੍ਰੇਣੀਆਂ ਨੂੰ ਆਪੋ-ਆਪਣੀ ਅਨੁਭੂਤੀ ਰਾਹੀਂ ਗਾਇਕੀ ਵਿਚੋਂ ਆਨੰਦ ਪ੍ਰਾਪਤ ਹੁੰਦਾ ਹੈ। ਪਾਪੂਲਰ ਗਾਇਕੀ ਸਮਰੱਥ ਧਿਰ ਦੀ ਕਠਪੁਤਲੀ ਹੁੰਦੀ ਹੈ। ਪੰਜਾਬ ਦੇ ਅਨੇਕਾਂ ਗੀਤਕਾਰਾਂ ਨੇ ਅਸ਼ਲੀਲ ਗੀਤਾਂ ਨਾਲ ਸੱਭਿਆਚਾਰਕ ਪ੍ਰਦੂਸ਼ਣ ਫੈਲਾਇਆ ਹੈ। ਸਾਫ਼-ਸੁਥਰੀ ਗਾਇਕੀ ਵਿਚ ਯਮਲਾ ਜੱਟ ਅਤੇ ਨਰਿੰਦਰ ਬੀਬਾ ਨੂੰ ਸ਼ਾਮਿਲ ਕੀਤਾ ਗਿਆ ਹੈ। ਵਿਦਵਾਨ ਖੋਜੀ ਨੇ ਸਾਹਿਤਕ ਗੀਤਕਾਰੀ ਵਾਲੇ ਕਾਂਡ ਵਿਚ ਪ੍ਰੋ: ਮੋਹਨ ਸਿੰਘ, ਅੰਮ੍ਰਿਤਾ, ਸ਼ਿਵ, ਡਾ: ਹਰਿਭਜਨ, ਸੁਰਜੀਤ ਪਾਤਰ ਆਦਿ ਨੂੰ ਗਿਣਿਆ ਹੈ ਪਰ ਲੰਮੀ ਹੇਕ ਵਾਲੇ ਇਨਕਲਾਬੀ ਸਾਹਿਤਕ ਗੀਤਕਾਰ ਸੰਤਰਾਮ ਉਧਾਸੀ ਨੂੰ ਪਤਾ ਨਹੀਂ ਕਿਵੇਂ ਭੁੱਲ ਗਿਆ? ਵਪਾਰਕ ਗੀਤਕਾਰੀ ਸਬੰਧੀ ਲੇਖਕ ਦਾ ਵਿਚਾਰ ਹੈ ਇਹ ਪੰਜਾਬੀ ਪਾਠਕਾਂ ਅਤੇ ਸਰੋਤਿਆਂ ਵਿਚ ਨਿਮਨ ਪੱਧਰ ਦਾ ਸੁਹਜ ਸਵਾਦ ਪੈਦਾ ਕਰਦੀ ਹੈ। ਲੇਖਕ ਚਮਕੀਲਾ ਨੂੰ ਪੰਜਾਬੀ ਗੀਤਕਾਰੀ ਅਥਵਾ ਗਾਇਕੀ ਵਿਚ ਲੱਚਰ ਕਿਸਮ ਦੀ ਪ੍ਰਥਾ ਦਾ ਸਿਖ਼ਰ ਮੰਨਦਾ ਹੈ। ਦੀਦਾਰ ਸੰਧੂ ਨੂੰ ਲੇਖਕ ਨੇ ਇਕ ਮੌਲਿਕ ਅਤੇ ਵਿਲੱਖਣ ਗੀਤਕਾਰ ਦੱਸਦਿਆਂ ਉਸ ਦੇ ਦੋ-ਗਾਣਿਆਂ ਦੀ ਪ੍ਰਸੰਸਾ ਕੀਤੀ ਹੈ। ਬਾਬੂ ਸਿੰਘ ਮਾਨ ਦੇ ਗੀਤ ਜਨ ਸਾਧਾਰਨ ਨੂੰ ਅਤੀ ਪ੍ਰਭਾਵਿਤ ਕਰਦੇ ਹਨ। ਵਿਦਵਾਨ ਲੇਖਕ ਅਨੁਸਾਰ ਲਾਭ ਚਤਾਮਲੀ ਦੇ ਗੀਤਾਂ ਸਬੰਧੀ ਅਜੇ ਹੋਰ ਖੋਜ ਦੀ ਲੋੜ ਹੈ। ਪੰਜਾਬੀ ਗੀਤਕਾਰੀ ਅਤੇ ਗਾਇਕੀ ਸਬੰਧੀ ਅਜੇ ਹੋਰ ਨਿਠਕੇ ਅਧਿਐਨ ਕਰਨ ਦੀ ਲੋੜ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਤੂੰ ਸੋਚਾਂ ਵਿਚ
ਸ਼ਾਇਰ : ਬਲਵੰਤ ਸਿੰਘ ਗਿਆਸਪੁਰਾ
ਪ੍ਰਕਾਸ਼ਕ : ਐੱਚ. ਐੱਚ. ਆਰਬਿਟ ਪ੍ਰਕਾਸ਼ਨ, ਕੁੱਪ ਕਲਾਂ
ਮੁੱਲ : 100 ਰੁਪਏ, ਸਫ਼ੇ : 96.

'ਤੂੰ ਸੋਚਾਂ ਵਿਚ' ਬਲਵੰਤ ਸਿੰਘ ਗਿਆਸਪੁਰਾ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਛਿਆਸੀ ਰਚਨਾਵਾਂ ਦਰਜ ਹਨ। ਇਸ ਸੰਗ੍ਰਹਿ ਵਿਚ ਗੀਤ, ਗ਼ਜ਼ਲਾਂ ਤੇ ਨਜ਼ਮਾਂ ਸ਼ਾਮਿਲ ਹਨ। ਗਿਆਸਪੁਰਾ ਨੌਜਵਾਨ ਹੈ ਤੇ ਇਸੇ ਲਈ ਉਸ ਦੀ ਸ਼ਾਇਰੀ ਦਾ ਮੁੱਖ ਕੇਂਦਰ-ਦੂ ਪਿਆਰ ਹੈ। ਇਹ ਸੁਭਾਵਿਕਤਾ ਹੈ ਜੋ ਬਿਨਾਂ ਕਿਸੇ ਉਚੇਚ ਦੇ ਕਲਾਕਾਰ ਦੀਆਂ ਕਲਾਕ੍ਰਿਤੀਆਂ ਵਿਚ ਸ਼ਾਮਿਲ ਹੋ ਜਾਂਦੀ ਹੈ। ਸ਼ਾਇਰ ਦੀਆਂ ਕਵਿਤਾਵਾਂ ਅਨੁਸਾਰ ਉਹ ਮਹਿਬੂਬ ਦੀ ਸੁੰਦਰਤਾ ਦੀ ਜਗ੍ਹਾ ਉਸ ਦੇ ਭੋਲੇਪਨ ਤੇ ਸਾਦਗੀ ਨੂੰ ਤਰਜੀਹ ਦਿੰਦਾ ਹੈ। ਉਹ ਆਪਣੇ ਪਿਆਰੇ ਦੀ ਜੁਦਾਈ ਵਿਚ ਮਾਯੂਸ ਹੈ ਤੇ ਆਪਣੀਆਂ ਕਵਿਤਾਵਾਂ ਵਿਚ ਉਸ ਨੇ ਮਿਲਣ ਦੀ ਆਸ ਦੀ ਚਿਣਗ ਮਘਾ ਰੱਖੀ ਹੈ। ਸ਼ਾਇਰ ਸੁਪਨਿਆਂ, ਸੋਚਾਂ, ਕਲਪਨਾਵਾਂ ਤੇ ਇੱਛਾਵਾਂ ਵਿਚ ਵਸਲ ਦਾ ਅਨੁਭਵ ਮਹਿਸੂਸ ਕਰਦਾ ਹੈ। ਇਸੇ ਉਮਰ ਦੀ ਵੱਡੀ ਸਮੱਸਿਆ ਰੁਜ਼ਗਾਰ ਦੀ ਸਮੱਸਿਆ ਹੁੰਦੀ ਹੈ, ਜਿਸ ਨੂੰ ਗਿਆਸਪੁਰਾ ਨੇ ਆਪਣੀ ਕਵਿਤਾ 'ਬੇਰੁਜ਼ਗਾਰ' ਵਿਚ ਪ੍ਰਗਟ ਕੀਤਾ ਹੈ। ਉਸ ਮੁਤਾਬਿਕ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਡਿਗਰੀਆਂ ਦਾ ਭਾਰ ਲੈ ਕੇ ਵਿਹਲੇ ਮਾਯੂਸੀ ਦੇ ਆਲਮ ਵਿਚ ਵਿਚਰ ਰਹੇ ਹਨ, ਪਰ ਸਿਆਸੀ ਨੇਤਾ ਲੋਕਾਂ ਨੂੰ ਲੁੱਟ-ਪੁੱਟ ਕੇ ਗੂੜ੍ਹੀ ਨੀਂਦੇ ਸੌਂਦੇ ਹਨ। 'ਪੰਜਾਬ ਦੀ ਗੱਲ' ਵਿਚ ਸ਼ਾਇਰ ਪੰਜਾਬ ਦੀ ਤਾਰੀਫ਼ ਕਰਦਾ ਹੈ ਤੇ ਇਸ ਦੇ ਅਮੀਰ ਵਿਰਸੇ 'ਤੇ ਮਾਣ ਮਹਿਸੂਸ ਕਰਦਾ ਹੈ। 'ਅਣਜੰਮੀ ਧੀ ਦੀਆਂ ਮਿੰਨਤਾਂ' ਵਿਚ ਗਿਆਸਪੁਰਾ ਨੇ ਅਣਜੰਮੀ ਧੀ ਦੇ ਦਰਦ ਨੂੰ ਜ਼ਬਾਨ ਦਿੱਤੀ ਹੈ। ਬਲਵੰਤ ਸਿੰਘ ਗਿਆਸਪੁਰਾ ਨੇ ਗ਼ਜ਼ਲ ਕਹਿਣ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਅਜੇ ਉਸ ਨੂੰ ਸਾਬਿਤਕਦਮੀ ਨਾਲ ਇਸ ਖ਼ੇਤਰ ਵਿਚ ਆਉਣਾ ਪਵੇਗਾ। ਉਂਝ ਵੀ ਸ਼ਾਇਰ ਨੂੰ ਆਪਣੇ ਵਿਸ਼ਿਆਂ ਦੇ ਦਾਇਰੇ ਨੂੰ ਵਿਸ਼ਾਲ ਕਰਨ ਦੀ ਲੋੜ ਹੈ ਤੇ ਕਵਿਤਾ ਦੇ ਹੁਨਰ ਲਈ ਹੋਰ ਅਧਿਐਨ ਦਰਕਾਰ ਹੈ।

-ਗੁਰਦਿਆਲ ਰੌਸ਼ਨ
ਮੋ: 9988444002

 

17-5-2014

 ਅਜੋਕੀ ਸਿੱਖਿਆ ਪ੍ਰਣਾਲੀ ਦਸ਼ਾ ਤੇ ਦਿਸ਼ਾ
ਲੇਖਕ : ਡਾ: ਅਜੀਤਪਾਲ ਸਿੰਘ ਐਮ.ਡੀ.
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160.

ਹਥਲੀ ਪੁਸਤਕ 'ਅਜੋਕੀ ਸਿੱਖਿਆ ਪ੍ਰਣਾਲੀ-ਦਸ਼ਾ ਤੇ ਦਿਸ਼ਾ' ਨਾਲ ਸਬੰਧਤ ਹੈ। ਸਿੱਖਿਆ ਪ੍ਰਣਾਲੀ ਨੂੰ ਵੱਖ-ਵੱਖ ਪਹਿਲੂਆਂ ਤੋਂ ਉਲੀਕਿਆ ਗਿਆ ਹੈ ਇਸ ਦੇ ਚੰਗੇ ਤੇ ਮਾੜੇ ਦੋਵੇਂ ਪਹਿਲੂ। ਪਹਿਲੇ ਲੇਖ ਵਿਚ ਹੀ ਲੇਖਕ ਨੇ ਇਹ ਪੋਲ ਖੋਲ੍ਹੀ ਹੈ ਕਿ ਮੱਧ ਪ੍ਰਦੇਸ਼ ਦੇ ਸਕੂਲਾਂ ਵਿਚ ਗੀਤਾਂ ਦੇ ਸਹਾਰੇ ਸਿੱਖਿਆ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ। ਉੱਚ ਸਿੱਖਿਆ ਵਿਚ ਵਿਦੇਸ਼ੀ ਘੁਸਪੈਠ ਕਿਵੇਂ ਹੋ ਰਹੀ ਹੈ, ਉਨ੍ਹਾਂ ਦਾ ਮੰਤਵ ਇਕ ਅਜਿਹੀ ਸਿੱਖਿਆ ਪ੍ਰਣਾਲੀ ਕਾਇਮ ਕਰਨਾ ਹੈ ਜੋ ਨਵੀਂ ਸਾਮਰਾਜੀ ਆਰਥਿਕ ਪ੍ਰਣਾਲੀ ਦੇ ਅਨੁਕੂਲ ਹੋਵੇ, ਜਿਸ ਵਿਚ ਮੱਧਵਰਗੀ ਪਰਿਵਾਰ ਦੇ ਬੱਚੇ ਸਿੱਖਿਆ ਹਾਸਲ ਕਰਨ ਲਈ ਜ਼ਮੀਨ ਜਾਇਦਾਦ ਵੇਚਣ ਲਈ ਮਜਬੂਰ ਹੋਣ। ਸਿੱਖਿਆ ਦਾ ਬਾਜ਼ਾਰੀਕਰਨ ਕਿਵੇਂ ਹੋਇਆ, ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਤੇ ਸਮੁੱਚੇ ਸਮਾਜ ਦਾ ਸ਼ੋਸ਼ਣ ਹੁੰਦਾ ਹੈ। ਲੇਖ 'ਲੋਕਾਂ ਦਾ ਸਾਹਿਤ ਕਿਸ ਨੂੰ ਕਹਿੰਦੇ ਹਨ?' ਵਿਚ ਲੋਕ ਸਾਹਿਤ ਬਾਰੇ ਵਿਚਾਰ ਪੇਸ਼ ਕੀਤੇ ਤੇ ਦੱਸਿਆ ਹੈ ਕਿ ਸਾਹਿਤ ਦਾ ਉਦੇਸ਼ ਸੱਭਿਆਚਾਰਕ ਉਦੇਸ਼ ਹੈ, ਮਾਨਸਿਕ ਵਿਕਾਸ ਹੈ। ਲੋਕਾਂ ਦਾ ਸਾਹਿਤ ਤੋਂ ਭਾਵ ਹੈ ਜਨਤਾ ਲਈ ਸਾਹਿਤ, ਉਹ ਜਨਤਾ ਜੋ ਸਿੱਖਿਆ ਤੇ ਸੱਭਿਆਚਾਰ ਰਾਹੀਂ ਕੁਝ ਪੈਮਾਨੇ ਹਾਸਲ ਕਰ ਚੁੱਕੀ ਹੋਵੇ। ਇਕ ਹੋਰ ਨਵਾਂ ਵਿਸ਼ਾ ਲਿਆ ਹੈ ਭਾਰਤ ਵਿਚ ਮੈਡੀਕਲ ਸਿੱਖਿਆ ਦਾ ਪਤਨ ਕਿਵੇਂ ਹੋ ਰਿਹਾ ਹੈ, ਸਮੁੱਚਾ ਢਾਂਚਾ ਸਾਮਰਾਜੀ ਹੱਥਾਂ ਵਿਚ ਖੇਡ ਰਿਹਾ ਹੈ, ਭ੍ਰਿਸ਼ਟਾਚਾਰ ਸਦਕਾ ਸੰਸਥਾਵਾਂ ਦੇ ਮਾਲਕ ਕਰੋੜਾਂ ਵਿਚ ਖੇਡ ਰਹੇ ਹਨ ਤੇ ਲੁੱਟ-ਖਸੁੱਟ ਹੋ ਰਹੀ ਹੈ ਜਨਤਾ ਦੀ। ਜਿਹੜੇ ਲੱਖਾਂ ਰੁਪਏ ਦੇ ਕੇ ਮੈਡੀਕਲ ਵਿਚ ਦਾਖਲਾ ਲੈਂਦੇ ਹਨ, ਉਨ੍ਹਾਂ ਵਿਚ ਸੇਵਾ ਭਾਵ ਦੀ ਥਾਂ ਪੈਸਾ ਕਮਾਉਣਾ ਹੀ ਮੰਤਵ ਹੁੰਦਾ ਹੈ। ਸਿੱਖਿਆ ਦੇ ਖੇਤਰ ਵਿਚ ਉਮਰ ਹੱਦ ਵਧਾ ਕੇ ਸਰਕਾਰ ਕੀ ਸਿੱਧ ਕਰ ਰਹੀ ਹੈ-ਕੀ ਇਹ ਬੇਰੁਜ਼ਗਾਰੀ ਨੂੰ ਜਨਮ ਨਹੀਂ ਦੇ ਰਹੀ ਅਤੇ ਉਹ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਜਾਂ ਵਿਦੇਸ਼ੀ ਕੰਪਨੀਆਂ ਵਿਚ ਚਲੇ ਜਾਂਦੇ ਹਨ ਜਾਂ ਨਸ਼ਿਆਂ ਦਾ ਸ਼ਿਕਾਰ ਹੁੰਦੇ ਹਨ। ਦੇਸ਼ ਵਿਚ ਡੀਮਡ ਯੂਨੀਵਰਸਿਟੀਆਂ ਦਾ ਕਹਿਰ ਕਿਵੇਂ ਰੁਕੇ? ਜੋ ਲੁੱਟ-ਖਸੁੱਟ ਦਾ ਵੱਡਾ ਸਾਧਨ ਹਨ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦਾ ਫੈਲਦਾ ਧੰਦਾ ਹੈ ਕੀ? ਬਾਰੇ ਵੀ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ ਹਨ।
ਹੋਰ ਵੀ ਬਹੁਤ ਸਾਰੇ ਵੱਖ-ਵੱਖ ਵਿਸ਼ੇ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ ਜਿਵੇਂ ਕਿ ਕਿਵੇਂ ਹੌਲੀ-ਹੌਲੀ ਮਰਦੀਆਂ ਹਨ ਭਾਸ਼ਾਵਾਂ, ਆਜ਼ਾਦੀ ਤੋਂ ਬਾਅਦ ਦੀ ਸਿੱਖਿਆ ਨੀਤੀ, ਕਿਵੇਂ ਪੇਡ ਨਿਊਜ਼ ਦੇ ਜ਼ਰੀਏ ਵਧਦੀ ਧਾਰਮਿਕ ਪੂੰਜੀ, ਘਰੇਲੂ ਹਿੰਸਾ, ਇਸ਼ਤਿਹਾਰਬਾਜ਼ੀ ਵਿਚ ਵਧਦਾ ਨੰਗੇਜ਼, ਕਟਹਿਰੇ 'ਚ ਭਾਰਤੀ ਨਿਆਂ ਪ੍ਰਣਾਲੀ, ਫ਼ੌਜ ਵਿਚ ਭ੍ਰਿਸ਼ਟਾਚਾਰ ਨਾਲ ਦੇਸ਼ ਕਿਵੇਂ ਸ਼ਰਮਸਾਰ ਹੋਇਆ, ਅਰਥਚਾਰੇ ਦਾ ਵਿਗੜਦਾ ਹਿਸਾਬ-ਕਿਤਾਬ ਭ੍ਰਿਸ਼ਟ ਨੇਤਾ, ਅਫ਼ਸਰਸ਼ਾਹੀ ਤੇ ਮਾਫ਼ੀਆ ਦੀ ਮਿਲੀਭੁਗਤ ਅਤੇ ਕੀ ਹੈ ਸਦਭਾਵਨਾ ਮਿਸ਼ਨ, ਭ੍ਰਿਸ਼ਟਾਚਾਰ ਵਿਰੋਧੀ ਯਾਤਰਾ ਆਦਿ। ਇਹ ਵਿਸ਼ੇ ਅਜਿਹੇ ਹਨ, ਜਿਨ੍ਹਾਂ ਬਾਰੇ ਜਨਤਾ ਤੇ ਸਰਕਾਰਾਂ ਦੋਵਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਜੇ ਅਸੀਂ ਇਕ ਸੁਚੱਜਾ ਤੇ ਵਧੀਆ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਮਿਲ-ਜੁਲ ਕੇ ਉਪਰਾਲੇ ਕਰਨੇ ਪੈਣਗੇ, ਜਿਸ ਵਿਚ ਵੱਡਾ ਹੱਥ ਲੇਖਕਾਂ ਤੇ ਬੁੱਧੀਜੀਵੀਆਂ ਦਾ ਹੋਵੇਗਾ। ਜਿਵੇਂ ਇਸ ਪੁਸਤਕ ਦੇ ਲੇਖਕ ਨੇ ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਖੜ੍ਹੇ ਕੀਤੇ ਹਨ, ਕਈਆਂ ਦੇ ਹੱਲ ਵੀ ਸੁਝਾਏ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਅਸਲੀ ਪੰਜਾਬ ਸਾਡਾ
ਸ਼ਾਇਰ : ਜੀ. ਐਸ. ਖੱਟੜਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 72.

'ਅਸਲੀ ਪੰਜਾਬ ਸਾਡਾ' ਜੀ. ਐਸ. ਖੱਟੜਾ ਦਾ ਪਹਿਲਾ ਗੀਤ ਸੰਗ੍ਰਹਿ ਹੈ। ਗੀਤ ਸਿਰਜਣਾ ਪੰਜਾਬੀ ਕਾਵਿ ਸਾਹਿਤ ਦੀ ਕਮਜ਼ੋਰ ਕੜੀ ਹੈ। ਸ਼ਾਇਰਾਂ ਵਿਚ ਇਸ ਸਿਨਫ਼ ਪ੍ਰਤੀ ਬੇਧਿਆਨੀ ਕਾਰਨ ਪੰਜਾਬੀ ਗੀਤ ਕਾਵਿ ਸਾਹਿਤ ਦਾ ਹਿੱਸਾ ਨਹੀਂ ਬਣ ਸਕੇ। ਇਸ ਸਿਨਫ਼ ਦਾ ਹਾਲ ਭੰਵਰ ਵਿਚ ਫਸੀ ਲਾਵਾਰਿਸ ਕਿਸ਼ਤੀ ਵਰਗਾ ਹੈ। ਪੰਜਾਬੀ ਗੀਤ ਸੰਗ੍ਰਹਿ ਅਕਸਰ ਛਪਦੇ ਰਹਿੰਦੇ ਹਨ, ਪਰ ਉਨ੍ਹਾਂ ਦਾ ਪੱਧਰ ਅਕਸਰ ਹਲਕਾ ਹੁੰਦਾ ਹੈ। ਇਹ ਤਸੱਲੀ ਦੀ ਗੱਲ ਹੈ ਕਿ ਪੁਸਤਕ 'ਅਸਲੀ ਪੰਜਾਬ ਸਾਡਾ' ਦੇ ਗੀਤ ਕਿਸੇ ਹੱਦ ਤੱਕ ਅਨੁਸ਼ਾਸਨ ਵਿਚ ਹਨ ਜਿਨ੍ਹਾਂ ਨੂੰ ਪੜ੍ਹ ਕੇ ਜਾਂ ਸੁਣ ਕੇ ਸ਼ਰਮਸਾਰੀ ਨਹੀਂ ਹੁੰਦੀ। ਪੁਸਤਕ ਦੇ ਬਹੁਤੇ ਗੀਤ ਹਲਕੇ-ਫੁਲਕੇ ਅੰਦਾਜ਼ ਵਿਚ ਹਨ। ਇਨ੍ਹਾਂ ਵਿਚ ਪਿਆਰ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਤੇ ਬਹੁਤੇ ਗੀਤ ਆਪਣੇ ਪਿਆਰੇ ਨਾਲ ਮਿਹਣੋ-ਮਿਹਣੀ ਹੋਣ ਵਾਲੇ ਹਨ। ਕੁਝ ਗੀਤਾਂ ਦਾ ਵਿਸ਼ਾ ਦੇਸ਼ ਪਿਆਰ ਹੈ ਤੇ ਕੁਝ ਵਿਚ ਪੰਜਾਬੀ ਜਨ-ਜੀਵਨ ਦੀ ਝਲਕ ਮਿਲਦੀ ਹੈ। ਬਹੁ-ਗਿਣਤੀ ਗੀਤ ਜੁਦਾਈ 'ਤੇ ਆਧਾਰਿਤ ਹਨ ਤੇ ਉਦਾਸ ਲਹਿਜੇ ਵਾਲੇ ਹਨ। ਇਨ੍ਹਾਂ ਤਮਾਮ ਗੀਤਾਂ ਨੂੰ ਸਹਿਜ ਨਾਲ ਗਾਇਆ ਜਾ ਸਕਦਾ ਹੈ ਤੇ ਗਾਉਣ ਨਾਲ ਇਨ੍ਹਾਂ ਦੀ ਸ਼ਬਦਾਬਲੀ ਹੋਰ ਚਮਕ ਸਕਦੀ ਹੈ। ਜੀ. ਐਸ. ਖੱਟੜਾ ਦੇ ਇਸ ਪਹਿਲੇ ਗੀਤ ਸੰਗ੍ਰਹਿ ਦੇ ਵਿਸ਼ੇ ਸੀਮਤ ਹਨ ਤੇ ਉਸ ਨੂੰ ਮਨੁੱਖੀ ਜੀਵਨ ਲਈ ਪੇਸ਼ ਆ ਰਹੀਆਂ ਦੁਸ਼ਵਾਰੀਆਂ ਨੂੰ ਵੀ ਆਪਣੀ ਕਲਮ ਰਾਹੀਂ ਪ੍ਰਗਟ ਕਰਨਾ ਚਾਹੀਦਾ ਹੈ। ਮੈਂ ਆਸ ਕਰਦਾ ਹਾਂ ਕਿ ਗੀਤਕਾਰ ਅੱਗੇ ਤੋਂ ਇਸ ਪੱਖ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰੇਗਾ। ਪਹਿਲੀ ਕਿਤਾਬ ਰਾਹੀਂ ਪੰਜਾਬੀ ਕਾਵਿ ਖ਼ੇਤਰ ਵਿਚ ਪ੍ਰਵੇਸ਼ ਕਰਨ ਵਾਲੇ ਰੱਖੜਾ ਦਾ ਸਵਾਗਤ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਪੰਜਾਬ ਦਾ ਸੁਪਨਸਾਜ਼
ਡਾ: ਐਮ.ਐਸ. ਰੰਧਾਵਾ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87.

ਪੰਜਾਬ ਦੇ ਸਾਹਿਤਕ, ਸਮਾਜਿਕ-ਸੱਭਿਆਚਾਰਕ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਡਾ: ਐਮ.ਐਸ. ਰੰਧਾਵਾ ਨੂੰ ਧੜੱਲੇਦਾਰ ਵਿਅਕਤੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜੋ ਇਮਾਨਦਾਰੀ ਤੇ ਨੇਕ ਨੀਅਤੀ ਨਾਲ ਤੁਰੰਤ ਫ਼ੈਸਲੇ ਲੈਣ ਤੇ ਲਾਗੂ ਕਰਨ, ਤੁਰੰਤ ਕੰਮ ਕਰਨ ਤੇ ਕਰਵਾਉਣ ਵਿਚ ਵਿਸ਼ਵਾਸ ਰੱਖਦਾ ਸੀ। ਹਰ ਖੇਤਰ ਵਿਚ ਉਸ ਦੇ ਕੀਤੇ ਕੰਮਾਂ ਤੇ ਪਾਏ ਪੂਰਨਿਆਂ ਨੂੰ ਅੱਜ ਵੀ ਲੋਕ ਡੂੰਘੀ ਸ਼ਰਧਾ ਤੇ ਹਸਰਤ ਨਾਲ ਯਾਦ ਕਰਦੇ ਹਨ। ਜੋ ਵੀ ਉਸ ਦੇ ਸੰਪਰਕ ਵਿਚ ਆਇਆ, ਉਸ ਦੀ ਉੱਚ ਦੁਮਾਲੜੀ ਵੱਡੀ ਸ਼ਖ਼ਸੀਅਤ ਤੋਂ ਅਜਿਹਾ ਪ੍ਰਭਾਵ ਲੈ ਕੇ ਮੁੜਿਆ ਕਿ ਉਹ ਸਦਾ ਲਈ ਉਸ ਦਾ ਹੋ ਕੇ ਰਹਿ ਗਿਆ। ਅਜਿਹੇ ਵਿਅਕਤੀਆਂ ਦੀ ਸੂਚੀ ਬੜੀ ਲੰਮੀ ਹੈ ਜਿਹੜੇ ਇਸ ਲੀਜੈਂਡਰੀ ਹਸਤੀ ਦੀ ਦਰਿਆਦਿਲੀ ਤੇ ਦੂਰਦ੍ਰਿਸ਼ਟੀ ਦੀਆਂ ਗੱਲਾਂ ਨੂੰ ਆਪਣੇ ਨਿੱਜੀ ਅਨੁਭਵ ਦੇ ਆਧਾਰ 'ਤੇ ਦੱਸਦੇ ਰਹੇ ਹਨ। ਮਨਮੋਹਨ ਸਿੰਘ ਦਾਊਂ ਨੇ ਵੀ ਆਪਣੇ ਨਿੱਜੀ ਅਨੁਭਵ, ਸਬੰਧਾਂ, ਯਾਦਾਂ ਤੇ ਡਾ: ਰੰਧਾਵਾ ਦੀ ਲੇਖਣੀ ਦੇ ਆਧਾਰ 'ਤੇ ਉਸ ਦੀ ਬਹੁਪੱਖੀ ਕਰਤਾਰੀ ਸ਼ਖ਼ਸੀਅਤ ਦਾ ਇਕ ਭਰਪੂਰ ਚਿਤਰ 'ਪੰਜਾਬ ਦਾ ਸੁਪਨਸਾਜ਼ ਡਾ: ਐਮ.ਐਸ. ਰੰਧਾਵਾ' (2014) ਪੁਸਤਕ ਦੇ ਰੂਪ ਵਿਚ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਸੱਚਮੁੱਚ ਉਹ ਆਧੁਨਿਕ ਪੰਜਾਬ ਦਾ ਅਜਿਹਾ ਸੁਪਨਸਾਜ਼ ਸੀ ਜੋ ਵਿਕਾਸ, ਸਾਹਿਤ ਕਲਾ ਤੇ ਸੱਭਿਆਚਾਰ ਹਰ ਖੇਤਰ ਵਿਚ ਪੰਜਾਬ ਨੂੰ ਅੱਗੇ ਦੇਖਣਾ ਚਾਹੁੰਦਾ ਸੀ।
ਇਹ ਪੁਸਤਕ ਭਾਵੇਂ ਆਕਾਰ ਵਿਚ ਬਹੁਤ ਵੱਡੀ ਨਹੀਂ ਪਰ ਇਸ ਵਿਚ ਡਾ: ਰੰਧਾਵਾ ਦੀ ਬਹੁਪੱਖੀ/ਬਹੁਪਾਸਾਰੀ ਸ਼ਖ਼ਸੀਅਤ ਦੇ ਤਕਰੀਬਨ ਸਾਰੇ ਹੀ ਪੱਖਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ। 'ਪਿੰਡਾਂ ਦੀ ਆਧੁਨਿਕ ਦਿੱਖ ਦਾ ਲੋਚਾਵਾਨ-ਡਾ: ਰੰਧਾਵਾ' ਨਾਂਅ ਦੇ ਲੇਖ ਵਿਚ ਆਈ.ਸੀ.ਐਸ. ਅਫਸਰ ਦੀ ਹੈਸੀਅਤ ਵਿਚ ਡਾ: ਰੰਧਾਵਾ ਵੱਲੋਂ ਸਮੇਂ-ਸਮੇਂ 'ਤੇ ਕੀਤੇ ਗਏ ਅਹਿਮ ਕਾਰਜਾਂ ਦਾ ਲੇਖਾ-ਜੋਖਾ ਕਰਦਿਆਂ ਲੇਖਕ ਦਾ ਇਹ ਕਹਿਣਾ ਉਚਿਤ ਹੈ ਕਿ ਅੱਜ ਪੰਜਾਬ ਦੀ ਕਿਸਾਨੀ ਦੀ ਅਧੋਗਤੀ ਅਤੇ ਸੰਕਟ ਨੂੰ ਦੂਰ ਕਰਨ ਲਈ ਡਾ: ਰੰਧਾਵਾ ਵਰਗੀ ਨਿਰਮਲ, ਉਸਾਰੂ, ਬੇਦਾਗ ਤੇ ਵਿਗਿਆਨਕ ਸੋਚ ਵਾਲੀ ਸ਼ਖ਼ਸੀਅਤ ਦੀ ਲੋੜ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਪਹਿਲੇ ਚੀਫ ਕਮਿਸ਼ਨਰ ਹੁੰਦੇ ਹੋਏ ਉਸ ਦੀ ਸੁੰਦਰਤਾ ਦੀ ਵਿਉਂਤਬੰਦੀ ਏਸ਼ੀਆ ਦੇ ਸਭ ਤੋਂ ਵੱਡੇ ਰੋਜ਼ ਗਾਰਡਨ ਦੀ ਉਸਾਰੀ ਜਾਂ ਆਰਟ ਗੈਲਰੀ ਤੇ ਪੰਜਾਬ ਕਲਾ ਭਵਨ ਦੀ ਸਥਾਪਨਾ ਉਸ ਦੇ ਬੇਜੋੜ ਪ੍ਰਕਿਰਤੀ ਪ੍ਰੇਮ ਤੇ ਕਲਾ ਸੁਹਜ ਦੀ ਸ਼ਾਹਦੀ ਭਰਦੇ ਹਨ। ਪੁਸਤਕ ਦੇ ਅਖੀਰ ਵਿਚ ਇਕ ਲੇਖਕ ਦੇ ਤੌਰ 'ਤੇ ਵੀ ਰੰਧਾਵਾ ਸਾਹਿਬ ਦੁਆਰਾ ਕੀਤੇ ਗਏ ਕੰਮ ਦਾ ਵੇਰਵਾ ਦਰਜ ਹੈ। ਪੰਜਾਬੀ ਵਿਚ ਲਿਖੀਆਂ ਗਈਆਂ 13 ਪੁਸਤਕਾਂ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ ਵਿਚ 17 ਪੁਸਤਕਾਂ ਆਰਟ ਉਤੇ ਲਿਖੀਆਂ ਹਨ, ਜਿਨ੍ਹਾਂ ਵਿਚੋਂ 7 ਤਾਂ ਇਕੱਲੀਆਂ ਕਾਂਗੜਾ ਦੀ ਚਿੱਤਰ ਕਲਾ ਬਾਰੇ ਹੀ ਹਨ। ਅਜਿਹੀ ਅਜ਼ੀਮ, ਸ਼ਖ਼ਸੀਅਤ ਬਾਰੇ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਲਿਖ ਕੇ ਬਹੁਤ ਨੇਕ ਕੰਮ ਕੀਤਾ ਹੈ। ਨਵੀਂ ਪੀੜ੍ਹੀ ਦਾ ਰੋਲ ਮਾਡਲ ਅਜਿਹੀਆਂ ਚਾਨਣ ਮੁਨਾਰਾ ਸ਼ਖ਼ਸੀਅਤਾਂ ਹੀ ਹੋ ਸਕਦੀਆਂ ਹਨ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

ਅਣਦੇਖੀ ਅੱਗ
ਕਹਾਣੀਕਾਰ : ਤੇਲੂ ਰਾਮ ਕੁਹਾੜਾ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 104.

ਬਹੁ-ਪ੍ਰਤਿਭਾਸ਼ਾਲੀ ਸਾਹਿਤਕਾਰ ਤੇਲੂ ਰਾਮ ਕੁਹਾੜਾ ਸਾਹਿਤਕਾਰੀ ਅਤੇ ਪੱਤਰਕਾਰੀ ਵਿਚ ਇਕੋ ਜਿੰਨਾ ਪ੍ਰਸਿੱਧ ਨਾਂਅ ਹੈ। ਬਤੌਰ ਕਹਾਣੀਕਾਰ ਉਹ ਖ਼ੁਦ ਨੂੰ ਸਥਾਪਿਤ ਕਰ ਚੁੱਕਾ ਹੈ। ਕਹਾਣੀ ਕਹਿਣ ਦੀ ਕਲਾ 'ਚ ਨਿਵੇਕਲਾਪਨ ਹੀ ਤੇਲੂ ਰਾਮ ਦੀ ਖਾਸ ਪਛਾਣ ਹੈ। ਇਹ ਪਛਾਣ ਉਸ ਨੇ ਆਪਣੇ ਪਲੇਠੇ ਕਹਾਣੀ ਸੰਗ੍ਰਹਿ 'ਰੰਗ ਬਦਲਦੇ ਮੌਸਮ' ਦੀ ਪ੍ਰਕਾਸ਼ਨਾ ਦੇ ਨਾਲ ਹੀ ਪੱਕੀ ਕਰ ਲਈ ਸੀ। ਹੁਣ ਇਸ ਦੂਜੇ ਕਹਾਣੀ ਸੰਗ੍ਰਹਿ 'ਅਣਦੇਖੀ ਅੱਗ' ਵਿਚ ਸ਼ਾਮਿਲ 19 ਕਹਾਣੀਆਂ ਉਸ ਦੀ ਕਹਾਣੀ-ਕਲਾ ਦੀ ਪ੍ਰਪੱਕਤਾ ਦਾ ਪ੍ਰਤੱਖ ਸਬੂਤ ਹਨ। ਇਸ ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਵਿਚਲੇ ਪਾਤਰ ਗ਼ਰੀਬੀ, ਮਜਬੂਰੀ, ਬੇਵਸੀ ਅਤੇ ਹੋਰ ਕਈ ਪ੍ਰਕਾਰ ਦੀਆਂ ਮਾਰਾਂ ਕਰਕੇ ਅੰਦਰ ਹੀ ਅੰਦਰ ਇਕ ਅਣਦੇਖੀ ਅੱਗ ਵਿਚ ਭੁੱਜਦੇ ਮਹਿਸੂਸ ਕੀਤੇ ਜਾ ਸਕਦੇ ਹਨ। ਪਹਿਲੀ ਕਹਾਣੀ 'ਪਤਾਸੇ' ਵਿਚਲੇ ਦਾਦੇ ਪਿਆਰਾ ਸਿੰਘ ਦੇ ਮਨ ਵਿਚ ਆਪਣੇ ਪੋਤਿਆਂ-ਪੋਤੀਆਂ ਲਈ ਜਿਹੜੀ ਪਿਆਰ ਦੀ ਅੱਗ ਮਹਿਸੂਸ ਹੁੰਦੀ ਹੈ, ਉਹਦਾ ਕੋਈ ਸਾਨੀ ਨਹੀਂ। 'ਮੱਖਣ ਵਰਗੇ' ਕਹਾਣੀ ਦਾ ਪਾਤਰ ਮੱਖਣ ਜ਼ੋਰਾਵਰਾਂ ਦੀ ਵਧੀਕੀ ਦਾ ਸ਼ਿਕਾਰ ਹੋ ਕੇ ਜਿਸ ਮਜਬੂਰੀ ਅਤੇ ਬੇਵਸੀ ਦੀ ਅੱਗ ਵਿਚ ਸੜਦਾ ਹੈ, ਉਸ ਅੱਗ ਨਾਲ ਸਰਮਾਏਦਾਰੀ ਅਤੇ ਜ਼ੋਰਾਵਰੀ ਦੇ ਸ਼ਾਸਨ ਨੂੰ ਸਾੜਨ ਅਤੇ ਤਬਾਹ ਕਰਨ ਦੀ ਤਾਕਤ ਹੈ। ਇਸੇ ਤਰ੍ਹਾਂ ਕਹਾਣੀ 'ਚੁੰਘਣੀ', 'ਕਲਮਾਂ ਵਾਲੇ', 'ਹੜਤਾਲ', 'ਸੁੱਖ ਸੰਘਣੀ ਛਾਂ ਦਾ', 'ਪੁੱਠੇ ਪੈਰ', 'ਪੰਛੀ', 'ਆਊਟ ਅਣਦੇਖੀ ਅੱਗ', 'ਚੋਰੀ', 'ਭੂਆ ਨਹੀਂ ਬਦਲੀ', 'ਤਾਰਾ ਨਹੀਂ ਡੁੱਬਿਆ', 'ਅਚਾਰੀ ਅੰਬ', 'ਫੱਟੇ ਚੱਕ', 'ਇਕ ਮੁੱਠੀ ਚੁੱਕ ਲੈ', 'ਖੋਲ੍ਹੋ', 'ਕੰਡਿਆਲੀ ਤਾਰ' ਅਤੇ ਮਾਵਾਂ ਆਪੋ-ਆਪਣੇ ਵਿਸ਼ਿਆਂ ਨੂੰ ਸਪੱਸ਼ਟ ਕਰਨ ਵਾਲੀਆਂ ਲਾਜਵਾਬ ਕਹਾਣੀਆਂ ਹਨ। ਕਹਾਣੀਕਾਰ ਤੇਲੂ ਰਾਮ ਕੁਹਾੜਾ ਦੀ ਪਾਤਰ ਉਸਾਰੀ ਦੀ ਕਲਾ ਕਹਾਣੀਆਂ ਦੇ ਵਿਸ਼ਿਆਂ ਨੂੰ ਹੋਰ ਵੀ ਉਘਾੜ ਕੇ ਪੇਸ਼ ਕਰਦੀ ਹੈ। ਪਾਤਰਾਂ ਦੀ ਬੋਲੀ ਕੇਂਦਰੀ ਪੰਜਾਬੀ ਦੇ ਜ਼ਿਆਦਾ ਨੇੜੇ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਪੜ੍ਹ ਕੇ ਪਾਠਕ ਆਪਣੇ ਅੰਦਰ ਵੀ ਬੇਵਸੀ ਅਤੇ ਮਜਬੂਰੀ ਦੀ ਅੱਗ ਨੂੰ ਮਹਿਸੂਸ ਕਰਦਾ ਹੈ। ਕਹਾਣੀਕਾਰ ਦੀਆਂ ਕਹਾਣੀਆਂ ਅਕਸਰ ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਇਸ ਪੁਸਤਕ ਵਿਚ ਸ਼ਾਮਿਲ ਤਮਾਮ ਕਹਾਣੀਆਂ ਉਸ ਦੀ ਹਰਮਨ-ਪਿਆਰਤਾ ਵਿਚ ਵਾਧਾ ਕਰਨ ਵਾਲੀਆਂ ਹਨ। ਸਹੀ ਅਰਥਾਂ 'ਚ ਤੇਲੂ ਰਾਮ ਕੁਹਾੜਾ ਦੀ ਕਹਾਣੀ-ਕਲਾ ਦਾ ਪੰਜਾਬੀ ਕਹਾਣੀ ਜਗਤ ਵਿਚ ਖਿੜੇ ਮੱਥੇ ਸਵਾਗਤ ਕਰਨਾ ਬਣਦਾ ਹੈ।

-ਸੁਰਿੰਦਰ ਸਿੰਘ ਕਰਮ
ਮੋ: 98146-81444.

10-5-2014

 ਪੂਰਨ ਸਿੰਘ ਦਾ ਕਾਵਿ-ਚਿੰਤਨ
ਲੇਖਿਕਾ : ਡਾ: ਭੂਪਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160.

ਪ੍ਰੋ: ਪੂਰਨ ਸਿੰਘ ਪੰਜਾਬੀ ਕਾਵਿ ਦਾ ਇਕ ਵਿਲੱਖਣ ਹਸਤਾਖ਼ਰ ਹੈ। ਡਾ: ਭੂਪਿੰਦਰ ਕੌਰ ਨੇ ਇਸ ਪੁਸਤਕ ਵਿਚ ਆਪਣੇ ਅਧਿਐਨ ਨੂੰ ਪੰਜ ਅਧਿਆਵਾਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਆਧੁਨਿਕ ਪੰਜਾਬੀ ਕਾਵਿ ਦੇ ਵਿਕਾਸ-ਪੜਾਅ ਦਾ ਸਰਵੇਖਣ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ: ਪੂਰਨ ਸਿੰਘ; ਦੂਜੇ ਪੜਾਅ ਵਿਚ ਪ੍ਰੋ: ਮੋਹਨ ਸਿੰਘ, ਬਾਵਾ ਬਲਵੰਤ, ਅੰਮ੍ਰਿਤਾ ਪ੍ਰੀਤਮ; ਤੀਜੇ ਪੜਾਅ ਵਿਚ ਸ਼ਿਵ ਕੁਮਾਰ, ਹਰਿਭਜਨ ਸਿੰਘ, ਐਸ.ਐਸ. ਮੀਸ਼ਾ, ਜਸਵੰਤ ਸਿੰਘ ਨੇਕੀ ਤੋਂ ਬਿਨਾਂ ਪ੍ਰਯੋਗਸ਼ੀਲ ਡਾ: ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ, ਅਜਾਇਬ ਕਮਲ, ਤਾਰਾ ਸਿੰਘ, ਜਗਤਾਰ ਆਦਿ; ਜੁਝਾਰਵਾਦੀ ਕਾਵਿ ਵਿਚ ਪਾਸ਼, ਉਦਾਸੀ, ਚੰਦਨ, ਦਿਲ ਆਦਿ; ਪੰਜਾਬ ਸੰਕਟ ਦੇ ਕਾਵਿ ਵਿਚ ਜਗਤਾਰ, ਪਾਤਰ; ਨਾਰੀਵਾਦੀ ਕਾਵਿ ਵਿਚ ਮਨਜੀਤ ਟਿਵਾਣਾ ਆਦਿ ਅਤੇ ਚੌਥੇ ਪੜਾਅ ਵਿਚ ਸਮਕਾਲੀ ਕਾਵਿ ਦਾ ਅਧਿਐਨ ਕੀਤਾ ਹੈ। ਇਸ ਕਾਂਡ ਨੂੰ 79 ਪੰਨੇ ਸਮਰਪਿਤ ਹਨ। ਦੂਜਾ ਅਧਿਆਇ ਪ੍ਰੋ: ਪੂਰਨ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਸਮਰਪਿਤ ਹੈ। ਦਰਅਸਲ ਪੁਸਤਕ ਦੇ ਨਾਮਕਰਨ ਅਨੁਸਾਰ ਅਧਿਐਨ ਇਥੋਂ ਹੀ ਆਰੰਭ ਹੁੰਦਾ ਹੈ। ਤੀਜੇ ਕਾਂਡ ਵਿਚ ਪ੍ਰੋ: ਪੂਰਨ ਸਿੰਘ ਦੀਆਂ ਰਚਨਾਵਾਂ ਦਾ ਵੇਰਵਾ ਹੈ, ਜਿਸ ਵਿਚ ਪੰਜਾਬੀ ਤੋਂ ਬਿਨਾਂ ਅੰਗਰੇਜ਼ੀ-ਹਿੰਦੀ ਸਾਹਿਤ ਵੀ ਸ਼ਾਮਿਲ ਹੈ। ਚੌਥੇ ਕਾਂਡ ਅਤੇ ਪੰਜਵੇਂ ਕਾਂਡ ਵਿਚ ਕ੍ਰਮਵਾਰ ਖੁੱਲ੍ਹੇ ਮੈਦਾਨ ਪੁਸਤਕ ਦੇ ਕਾਵਿ-ਸਰੋਕਾਰ ਅਤੇ ਕਾਵਿ-ਜੁਗਤਾਂ ਸਬੰਧੀ ਚਰਚਾ ਕੀਤੀ ਗਈ ਹੈ। 'ਖੁੱਲ੍ਹੇ ਮੈਦਾਨ' ਦਾ ਵਿਸਤ੍ਰਤ ਅਧਿਐਨ ਵਿਦਵਾਨ ਲੇਖਿਕਾ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਲੋੜਾਂ ਪੂਰੀਆਂ ਕਰਨ ਹਿਤ ਕੀਤਾ ਪ੍ਰਤੀਤ ਹੁੰਦਾ ਹੈ। ਖੁੱਲ੍ਹੇ ਘੁੰਡ ਅਤੇ ਖੁੱਲ੍ਹੇ ਅਸਮਾਨੀ ਰੰਗ ਬਾਰੇ ਸੰਖੇਪ ਜਾਣਕਾਰੀ ਹੈ। ਇਨ੍ਹਾਂ ਦੋਵਾਂ ਪੁਸਤਕਾਂ ਦਾ ਡੂੰਘਾ ਅਧਿਐਨ ਨਹੀਂ ਹੋ ਸਕਿਆ। 'ਖੁੱਲ੍ਹੇ ਮੈਦਾਨ' ਬਾਰੇ ਲੇਖਿਕਾ ਨੇ ਬੜੀ ਗੰਭੀਰ ਅਤੇ ਵਿਦਵਤਾ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸ ਅਧਿਐਨ ਵਿਚ ਲੇਖਿਕਾ ਨੇ ਪ੍ਰੋ: ਪੂਰਨ ਸਿੰਘ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸਿੱਧ ਕੀਤਾ ਹੈ। ਕਵੀ ਦੇ ਰਹੱਸਵਾਦ, ਪ੍ਰਕਿਰਤੀ ਚਿਤ੍ਰਣ ਅਤੇ ਪੁਰਾਣੇ ਪੰਜਾਬ ਨਾਲ ਮੋਹ ਨੂੰ ਦਰਸਾਇਆ ਗਿਆ ਹੈ। ਆਜ਼ਾਦੀ ਲਈ ਸੰਘਰਸ਼ ਉਸ ਦੀ ਕਲਮ ਦੀ ਨੋਕ 'ਤੇ ਨਹੀਂ ਆ ਸਕਿਆ ਕਿਉਂ ਜੋ ਉਹ ਅੰਦਰਲੇ ਵਹਿਣਾਂ ਵਿਚ ਹੀ ਵਹਿੰਦਾ ਰਿਹਾ ਅਤੇ ਆਵੇਸ਼ ਅਧੀਨ ਕਾਵਿ-ਸਿਰਜਨ ਕਰਦਾ ਰਿਹਾ ਹੈ। ਇਹ ਪੁਸਤਕ ਵਿਦਿਆਰਥੀਆਂ ਦੀਆਂ ਅਕਾਦਮਿਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਪ੍ਰੋ: ਪੂਰਨ ਸਿੰਘ ਦੇ ਕਾਵਿ ਸਬੰਧੀ ਖੋਜ ਕਰਨ ਵਾਲਿਆਂ ਲਈ ਵੀ ਲਾਭਦਾਇਕ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਇਕੱਲਾਪਣ
ਲੇਖਕ : ਅਵਤਾਰ ਲੰਗੇਰੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫੇ : 95.

ਸਮਾਜ ਵਿਚ ਵਿਚਰਦਿਆਂ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਸਭ ਕੁਝ ਹੁੰਦਿਆ ਹੋਇਆਂ ਵੀ ਮਨੁੱਖ 'ਵਿਚਾਰਾ' ਜਿਹਾ ਹੋ ਕੇ ਰਹਿ ਜਾਂਦਾ ਹੈ। ਢੇਰ ਸਾਰੇ ਰਿਸ਼ਤੇ ਹੋਣ ਦੇ ਬਾਵਜੂਦ ਇਕੱਲਾਪਣ ਆਣ ਘੇਰਦਾ ਹੈ। ਵਿਚਾਰਕ ਵਿਰੋਧਾਭਾਸ ਇਸ ਦਾ ਸਬੱਬ ਬਣਦਾ ਹੈ। ਭੀੜ ਤੋਂ ਨਿਰਲੇਪਤਾ ਦਾ ਆਪਣਾ ਹੀ ਰੰਗ ਹੁੰਦਾ ਹੈ। ਇਹ ਰੰਗ ਮਿੰਨੀ ਕਹਾਣੀ ਦੇ ਸੰਗ੍ਰਹਿ 'ਇਕੱਲਾਪਣ' ਵਿਚ ਖੂਬ ਮਾਣਿਆ ਜਾ ਸਕਦਾ ਹੈ। 'ਇਕੱਲਾਪਣ' ਸਿਰਲੇਖ ਹੇਠ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਛੇ ਕੁ ਦਰਜਨ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਲੇਖਕ ਅਵਤਾਰ ਲੰਗੇਰੀ ਦਾ ਜੀਵਨ ਅਨੁਭਵ, ਤਜਰਬਾ ਤੇ ਸਮਾਜ ਵਿਚ ਵਿਚਰਨ ਦੇ ਅਨੌਖੇ ਸਲੀਕੇ ਦਾ ਝਲਕਾਰਾ ਰੂਪਮਾਨ ਹੁੰਦਾ ਹੈ। ਲੇਖਕ ਜਿਥੇ ਇਨ੍ਹਾਂ ਕਹਾਣੀਆਂ ਰਾਹੀਂ ਕਾਰ-ਵਿਹਾਰ ਵਿਚ ਦੋਗਲਾਪਨ, ਕਹਿਣੀ ਤੇ ਕਥਨੀ ਵਿਚ ਫ਼ਰਕ, ਧਰਮ ਵਿਚ ਅਧਰਮ ਦੀ ਘੁਸਪੈਠ, ਫੋਕੀ ਹਮਦਰਦੀ ਦੇ ਮੱਗਰਮੱਛ ਅੱਥਰੂ, ਹਰ ਖੇਤਰ ਵਿਚ ਸਿਆਸਤ ਦੀ ਚਿਕੜੀ ਅੰਧਵਿਸ਼ਵਾਸ/ਵਹਿਮ-ਭਰਮ/ਕਰਮਕਾਂਡ ਅਤੇ ਗਰੀਬੀ-ਅਮੀਰੀ ਵਿਚ ਵਧਦੇ ਪਾੜੇ, ਅਮੀਰੀ ਦੀ ਧੱਕੜ ਕਬਜ਼ਾਧਾਰੀ ਨੀਤੀ ਨਾਲ ਗਰੀਬਾਂ ਦਾ ਸਾਧਨ ਦਾ ਵਿਹੂਣਾ ਹੋਈ ਜਾਣਾ ਆਦਿ ਵਿਸ਼ਿਆਂ ਉਪਰ ਬੜੀ ਬੇਬਾਕੀ ਨਾਲ ਉਂਗਲ ਧਰਦਾ ਹੈ। ਉਥੇ ਨੇਕ-ਨੀਤੀ, ਪਰਉਪਕਾਰੀ ਬਿਰਤੀ, ਹਿੰਮਤ, ਮਿਹਨਤ ਅਤੇ ਸਿਰੜ ਨੂੰ ਵੀ ਸ਼ਾਬਸ਼ਾ ਦੇ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਸੰਸਾਰ ਸਿਰਫ ਦੁੱਖਾਂ ਦਾ ਘਰ ਸਮਝ ਕੇ 'ਮੈਨੂੰ ਕੀ' ਕਹਿੰਦਿਆਂ ਢੇਰੀ ਨਹੀਂ ਢਾਹ ਲੈਣੀ ਚਾਹੀਦੀ ਸਗੋਂ ਮਨੋ-ਤਨੋ ਉਪਰਾਲਾ ਕਰਦਿਆਂ ਨਿਕੰਮੇ ਨਿਜ਼ਾਮ ਨੂੰ ਬਦਲਣ ਲਈ ਹਰ ਹੀਲਾ ਵਰਤਣਾ ਚਾਹੀਦਾ ਹੈ। ਸਭ ਲਈ ਮੁੱਢਲੀਆਂ ਲੋੜਾਂ ਦੀ ਉਪਲੱਭਧੀ ਲਈ ਹਰ ਆਮ ਆਦਮੀ ਨੂੰ ਸਰਗਰਮ ਕਰਨ ਲਈ ਹੋਕਾ ਦੇਣ ਵਾਲੀ 'ਗਦਰ ਤੋਂ ਗਦਰ ਤੱਕ' ਮਿੰਨੀ ਕਹਾਣੀ ਇਸ ਪੁਸਤਕ ਦੀ ਵਿਸ਼ੇਸ਼ ਕਿਰਤ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਅੰਬਰਾਂ ਦੀ ਭਾਲ ਵਿਚ
ਗ਼ਜ਼ਲਕਾਰ : ਹਰਦਮ ਸਿੰਘ ਮਾਨ
ਪ੍ਰਕਾਸ਼ਕ : ਹੁਣ ਪ੍ਰਕਾਸ਼ਨ ਮੋਹਾਲੀ-ਲੰਦਨ
ਮੁੱਲ : 150 ਰੁਪਏ, ਸਫ਼ੇ : 72.

ਹਰਦਮ ਸਿੰਘ ਮਾਨ ਪੰਜਾਬੀ ਗ਼ਜ਼ਲ ਦਾ ਪੁਰ ਅਹਿਸਾਸ ਅਤੇ ਸੰਵੇਦਨਾ ਭਰਪੂਰ ਸ਼ਾਇਰ ਹੈ। ਉਹ ਪਿਛਲੇ 35 ਸਾਲਾਂ ਤੋਂ ਪੰਜਾਬੀ ਗ਼ਜ਼ਲ ਦੇ ਚੌਮੁਖੀਏ ਦੀਵੇ ਵਿਚ ਆਪਣੀ ਲਗਨ, ਦ੍ਰਿੜ੍ਹਤਾ ਅਤੇ ਚੇਤਨਾ ਦਾ ਤੇਲ ਪਾ ਰਿਹਾ ਹੈ। 'ਅੰਬਰਾਂ ਦੀ ਭਾਲ ਵਿਚ' ਗ਼ਜ਼ਲ ਸੰਗ੍ਰਹਿ ਭਾਵੇਂ ਉਸ ਦਾ ਪ੍ਰਥਮ ਹੈ ਪਰ ਉਸ ਨੇ ਛਪਣ ਦੀ ਕਾਹਲੀ ਨਹੀਂ ਕੀਤੀ ਅਤੇ ਲੰਮੀ ਸਾਧਨਾ ਕਰਕੇ ਆਪਣੀ ਉਮਰਾਂ ਦੀ ਸ਼ਿਅਰਕਾਰੀ ਪਾਠਕਾਂ ਗੋਚਰੀ ਕੀਤੀ ਹੈ।
ਉਸ ਦੀਆਂ ਗ਼ਜ਼ਲਾਂ ਵਿਚ ਸਮਾਜਿਕ ਸਰੋਕਾਰਾਂ ਦੀ ਸਹਿਜਕਾਰੀ ਦੇ ਨਾਲ-ਨਾਲ ਬਦਲਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਪ੍ਰਸਥਿਤੀਆਂ ਦੇ ਪ੍ਰਸੰਗ, ਮਨੁੱਖੀ ਅਸਤਿਤਵ ਚੇਤਨਾ, ਮਾਨਵੀ ਰਿਸ਼ਤਿਆਂ ਦੇ ਸੰਦਰਭ, ਅਜੋਕੇ ਮਨੁੱਖ ਦੇ ਅੰਦਰ ਦਾ ਜੰਗਲ, ਨਿਰਾਸ਼ਾ ਤੇ ਬੇਭਰੋਸਗੀ, ਵਿਸ਼ਵ ਅਮਨ ਦੀ ਜ਼ਰੂਰਤ, ਕੰਡਿਆਲਾ ਯਥਾਰਥ, ਨਾਰੀ ਅਵਚੇਤਨ, ਵਿਕਾਊ ਕਿਰਦਾਰ, ਹਉਕਿਆਂ ਦੀ ਜ਼ਿੱਲਤ ਹੰਢਾਉਂਦਾ ਆਦਮੀ, ਸ਼ਾਇਰਾਂ ਦਾ ਦੋਗਲਾਪਨ, ਅਸਾਵਾਂ ਸ਼ਹਿਰੀਕਰਨ, ਮਰ ਰਹੇ ਸੁਪਨੇ, ਨਕਾਬਾਂ ਵਾਲੀ ਜ਼ਿੰਦਗੀ ਆਦਿ ਗਹਿਰ-ਗੰਭੀਰ ਵਿਸ਼ੇ ਬਹੁਤ ਹੀ ਸਲਾਹੁਣਯੋਗ ਸਹਿਜ-ਸੁਹਜ ਅਤੇ ਗ਼ਜ਼ਲੀਅਤ ਵਿਚ ਪੇਸ਼ ਹੋਏ ਹਨ। ਮਾਨ ਭਾਵੇਂ ਪਹਿਲਾਂ ਵੀ ਪ੍ਰਸਿੱਧ ਗ਼ਜ਼ਲਕਾਰ ਸੀ ਪਰ ਹੱਥਲੀ ਪੁਸਤਕ ਨਾਲ ਉਹ ਪੰਜਾਬੀ ਦੇ ਸੰਵੇਦਨਸ਼ੀਲ, ਸੋਝੀਵਾਨ, ਦੂਰਦ੍ਰਿਸ਼ਟ ਅਤੇ ਸਮਰੱਥਾਵਾਨ ਸ਼ਾਇਰਾਂ ਦੀ ਕਤਾਰ ਵਿਚ ਸ਼ਾਮਿਲ ਹੋ ਗਿਆ ਹੈ। ਉਸ ਨੂੰ ਸ਼ਿਅਰ ਵਿਚ ਸਹਿਜ ਨਾਲ ਸੰਸਾਰ ਪੱਧਰੀ ਗੱਲ ਕਰਨ ਦਾ ਹੁਨਰ ਹੈ।
ਪੰਜਾਬੀ ਗ਼ਜ਼ਲ ਦੀ ਤਕਨੀਕ, ਛੰਦ, ਬਹਿਰ, ਕਾਫੀਏ, ਰਦੀਫ, ਮੁਹਾਵਰਾਕਾਰੀ ਅਤੇ ਵਿਅੰਗ ਵਿਧਾ ਦਾ ਉਸ ਨੂੰ ਪੂਰਨ ਗੁਣ ਹਾਸਲ ਹੈ। ਉਹ ਬਾ-ਬਹਿਰ ਸ਼ਾਇਰ ਹੈ। ਉਂਜ ਵੀ ਜਨਾਬ ਦੀਪਕ ਜੈਤੋਈ ਜੀ ਦੇ ਗੁਆਂਢ ਵਸਦੇ ਮਾਨ ਜਿਹੇ ਸ਼ਾਇਰ ਤੋਂ ਅਜਿਹੀ ਹੀ ਆਸ ਸੀ। ਉਸ ਦਾ ਇਕ ਸ਼ਿਅਰ ਦੇ ਕੇ ਪੁਸਤਕ ਨੂੰ ਜੀ ਆਇਆਂ ਹੈ :
ਆਪਣਾ ਦਰਦ ਛੁਪਾ ਕੇ ਤਾਹੀਂ ਸੀਨੇ ਅੰਦਰ ਰਖਦਾਂ
ਅਕਸਰ ਲੋਕੀਂ ਜ਼ਖ਼ਮ ਕੁਰੇਦਣ ਮਰਹਮ ਲਾਉਂਦੇ ਜਾਉਂਦੇ।

-ਸੁਲੱਖਣ ਸਰਹੱਦੀ
ਮੋ: 94174-84337

ਮੂੰਹ ਆਈ ਬਾਤ ਨਾ ਰਹਿੰਦੀ ਏ
ਗ਼ਜ਼ਲਕਾਰ : ਕਸ਼ਮੀਰਾ ਸਿੰਘ ਚਮਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 112.

ਹਰ ਮਹੀਨੇ ਪੰਜਾਬੀ ਵਿਚ ਗ਼ਜ਼ਲ ਸੰਗ੍ਰਹਿ ਚੋਖੀ ਗਿਣਤੀ ਵਿਚ ਛਪ ਰਹੇ ਹਨ ਤੇ ਇਹ ਸਿਨਫ਼ ਪੰਜਾਬੀ ਸ਼ਾਇਰੀ ਦੇ ਪਾਠਕਾਂ ਵੱਲੋਂ ਖੁੱਲ੍ਹੇ ਦਿਲ ਨਾਲ ਅਪਣਾ ਲਈ ਗਈ ਹੈ। ਇਹ ਵੀ ਸੱਚ ਹੈ ਕਿ ਛਪ ਰਹੇ ਸਾਰੇ ਪੰਜਾਬੀ ਗ਼ਜ਼ਲ ਸੰਗ੍ਰਹਿਆਂ 'ਚੋਂ ਬਹੁਤੇ ਗ਼ਜ਼ਲ ਨਾਲ ਇਨਸਾਫ਼ ਨਹੀਂ ਕਰਦੇ। ਇਹ ਵੀ ਸੱਚ ਹੈ ਕਿ ਚੰਗੇ ਗ਼ਜ਼ਲਗੋਆਂ ਦੇ ਨਵੇਂ ਸੰਗ੍ਰਹਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਕਸ਼ਮੀਰਾ ਸਿੰਘ ਚਮਨ ਪੁਰਾਣਾ ਪੰਜਾਬੀ ਗ਼ਜ਼ਲਗੋਅ ਹੈ ਜਿਸ ਨੂੰ ਗ਼ਜ਼ਲ ਦੀ ਚੋਖੀ ਸਮਝ ਹੈ ਤੇ ਇਸ ਦੇ ਨਿਯਮਾਂ ਦਾ ਗਿਆਨ ਹੈ। ਉਹ ਹੁਣ ਤੱਕ ਢਾਈ ਦਰਜਨ ਦੇ ਕਰੀਬ ਪੁਸਤਕਾਂ ਛਪਾ ਚੁੱਕਾ ਹੈ। ਸਾਹਿਤ ਦੀਆਂ ਹੋਰ ਵਿਧਾਵਾਂ ਤੋਂ ਇਲਾਵਾ ਉਸ ਨੇ ਗ਼ਜ਼ਲ ਤੇ ਗੀਤ ਲੇਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਸ ਦੀ ਵੱਡੀ ਪਛਾਣ ਇਕ ਗ਼ਜ਼ਲਕਾਰ ਦੇ ਤੌਰ 'ਤੇ ਹੈ। 'ਮੂੰਹ ਆਈ ਬਾਤ ਨਾ ਰਹਿੰਦੀ ਏ' ਵਿਚ ਇੱਕਾ-ਦੁੱਕਾ ਕਵਿਤਾਵਾਂ ਨੂੰ ਛੱਡ ਕੇ ਵਧੇਰੇ ਗ਼ਜ਼ਲਾਂ ਹੀ ਸ਼ਾਮਿਲ ਹਨ। ਚਮਨ ਦੀ ਗ਼ਜ਼ਲ ਦਾ ਲਹਿਜਾ ਸਾਦ ਮੁਰਾਦਾ ਹੈ ਤੇ ਉਸ ਦੇ ਸ਼ਿਅਰ ਆਮ ਬੋਲਚਾਲ ਦੀ ਬੋਲੀ ਵਿਚ ਹਨ। ਇਸ ਲਈ ਉਸ ਦੇ ਸ਼ਿਅਰਾਂ ਦੀ ਰੂਹ ਤੱਕ ਅਪੜਨ ਵਿਚ ਕੋਈ ਤਰੱਦਦ ਨਹੀਂ ਕਰਨਾ ਪੈਂਦਾ। ਉਹ ਜਗ੍ਹਾ-ਜਗ੍ਹਾ ਰੌਸ਼ਨੀ ਦੇਖਣ ਦਾ ਚਾਹਵਾਨ ਹੈ ਤੇ ਉਹ ਜਾਣਦਾ ਹੈ ਕਿ ਜਗ ਰਹੇ ਦੀਵਿਆਂ ਨੂੰ ਬੁਝਾ ਕੇ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਸ਼ਾਇਰ ਏਸ ਜ਼ਮਾਨੇ ਵਿਚ ਨਿਮਨ ਪੱਧਰ ਦੀਆਂ ਘਟ ਰਹੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੈ ਤੇ ਮਨੁੱਖੀ ਜੀਵਨ ਦੀ ਪੇਤਲੀ ਸ਼ੈਲੀ ਉਸ ਨੂੰ ਪਸੰਦ ਨਹੀਂ। ਉਸ ਮੁਤਾਬਿਕ ਅੱਜ ਦੇ ਦੌਰ ਵਿਚ ਡਾਂਗਾਂ ਵਾਲੇ ਰਾਜ ਕਰ ਰਹੇ ਹਨ ਤੇ ਬੇਵਸ ਲੋਕ ਭੁੱਖੇ ਮਰ ਰਹੇ ਹਨ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਦੇ ਉੱਤੇ ਗ਼ਜ਼ਲ ਦੀ ਬਹਿਰ ਦਾ ਨਾਂਅ ਤੇ ਵਜ਼ਨ ਅੰਕਿਤ ਕੀਤਾ ਗਿਆ ਹੈ ਜੋ ਸਿਖਾਂਦਰੂ ਗ਼ਜ਼ਲਕਾਰਾਂ ਲਈ ਲਾਹੇਬੰਦਾ ਸਾਬਿਤ ਹੋ ਸਕਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਇਲਹਾਮ ਦੇ ਅੰਗ ਸੰਗ
ਗ਼ਜ਼ਲਕਾਰ :
ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 108.

ਡਾ: ਗੁਰਚਰਨ ਸਿੰਘ ਔਲਖ ਸਾਹਿਤ ਦੇ ਹਰ ਵਿਧਾਅ ਦਾ ਸਫ਼ਲ ਲੇਖਕ ਰਿਹਾ ਹੈ। ਕਾਵਿ-ਕਲਾ, ਗਲਪ ਕਲਾ, ਵਾਰਤਕ (ਵਿਅੰਗ ਤੇ ਨਿਬੰਧ), ਜੀਵਨੀ ਸਫ਼ਰਨਾਮੇ, ਖੋਜ-ਕਾਰਜ, ਆਲੋਚਨਾ, ਇਤਿਹਾਸ ਤੇ ਧਰਮ ਪੁਸਤਕਾਂ ਦੇ ਲੇਖਕ ਤੋਂ ਇਲਾਵਾ ਉਹ ਸਫ਼ਲ ਅਨੁਵਾਦਕ ਅਤੇ ਸੰਪਾਦਕ ਦੇ ਤੌਰ 'ਤੇ ਸਥਾਪਿਤ ਹਸਤਾਖ਼ਰ ਹੈ। ਇਹ ਪੁਸਤਕ ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ।
ਉਸ ਦੀ ਗ਼ਜ਼ਲ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਰਨੀ ਬਣਦੀ ਹੈ ਕਿ ਗ਼ਜ਼ਲ ਇਕ ਅਜਿਹਾ ਕਾਵਿ ਰੂਪ ਹੈ, ਜਿਸ ਨੂੰ ਪੰਜਾਬੀ ਗ਼ਜ਼ਲਕਾਰਾਂ ਨੇ ਸਦਾ ਕਾਫੀਏ ਤੇ ਰਦੀਫ ਦੀਆਂ ਬੰਦਸ਼ਾਂ ਵਿਚ ਘੁੱਟ-ਘੁੱਟ ਕੇ ਰੱਖਣ ਦਾ ਯਤਨ ਕੀਤਾ ਹੈ। ਇਸ ਯਤਨ ਦੌਰਾਨ ਕਈ ਵਾਰ ਭਾਵਨਾਤਮਕ ਪੱਧਰ 'ਤੇ ਗ਼ਜ਼ਲ ਕਈ ਵਾਰ ਦਿਲ ਦੀਆਂ ਗਹਿਰਾਈਆਂ ਨੂੰ ਛੂਹਣ ਦੀ ਬਜਾਏ, ਦਿਮਾਗ ਦੀਆਂ ਉਲਝਣਾਂ ਵਿਚ ਫਸ ਜਾਂਦੀ ਹੈ। ਇਸ ਤਰ੍ਹਾਂ ਗ਼ਜ਼ਲ ਆਪ ਮੁਹਾਰੇ ਫੁੱਟਦੇ ਝਰਨੇ ਵਾਂਗ ਨਾ ਹੋ ਕੇ ਟਿਊਬਵੈੱਲ ਦੇ ਪਾਣੀ ਵਾਂਗ ਲੇਖਕ ਦੀ ਮਰਜ਼ੀ ਨਾਲ ਪੈਦਾ ਹੁੰਦੀ ਪ੍ਰਤੀਤ ਹੁੰਦੀ ਹੈ। ਆਪਣੇ ਕੁਦਰਤੀ ਹੁਨਰ ਨੂੰ ਕੁਝ ਤਰਾਸ਼ਿਆ, ਨਿਯਮਤ ਜਿਹਾ ਰੂਪ ਦੇਣਾ ਗ਼ਜ਼ਲ ਦੀ ਬੇਬਸੀ ਪ੍ਰਤੀਤ ਹੁੰਦੀ ਹੈ। ਮੈਂ ਆਪਣੇ ਤੌਰ 'ਤੇ ਗ਼ਜ਼ਲ ਦੀ ਖੂਬਸੂਰਤੀ ਉਸ ਦੀ ਭਾਵਨਾਤਮਕ ਛੋਹ ਤੋਂ ਹੀ ਮੰਨਦੀ ਹਾਂ। ਔਲਖ ਦੀ ਗ਼ਜ਼ਲ ਵਿਚ ਨਿੱਜਵਾਦ ਤੇ ਸਮਾਜਵਾਦ ਦੋਵੇਂ ਤੱਤ ਬਹੁਲਤਾ ਨਾਲ ਪ੍ਰਗਟ ਹੁੰਦੇ ਹਨ। ਅਨੁਭਵ ਤੇ ਹੋਣੀਆਂ ਨਾਲੋ-ਨਾਲ ਚਲਦੀਆਂ ਪ੍ਰਤੀਤ ਹੁੰਦੀਆਂ ਹਨ। ਦੁੱਖ-ਸੁੱਖ, ਵਿਵੇਕ-ਬੁੱਧੀਮਤਾ, ਵਿਰਾਗ-ਕਰੁਣਾ ਤੇ ਕਿਤੇ-ਕਿਤੇ ਸੂਫ਼ੀਆਨਾ ਰੰਗਤ ਵੀ ਝਲਕਦੀ ਹੈ। ਆਲਮੀ ਰੰਗ ਤਹਿਤ ਜਨ-ਸਾਧਾਰਨ ਦੀ ਗੱਲ ਵੀ ਕਰਦਾ ਹੈ। ਪਿਆਰ-ਸਬਰ, ਯਾਦ, ਤਨਹਾਈ, ਤਨ ਤੇ ਮਨ ਦੀ ਗੱਲ ਔਲਖ ਬੜੇ ਸੁਹਜਮਈ ਸ਼ਬਦਾਂ ਵਿਚ ਕਰਦਾ ਹੈ ਜਿਵੇਂ ਸਫ਼ਾ 84 'ਤੇ ਔਲਖ ਲਿਖਦਾ ਹੈ।
ਹੀਰ ਕੁੰਦਨ ਹੋ ਗਈ ਸੀ, ਰਾਂਝਣੇ ਦੀ ਢੋਕ ਜਾ ਕੇ
ਇਸ਼ਕ ਵਿਚ ਤਾਂ ਰੂਹ ਦਾ ਕਣ ਕਣ ਰਾਖਵਾਂ ਉਸ ਯਾਰ ਦਾ।
ਅਤੇ ਸਫ਼ਾ 16 'ਤੇ ਅਜਿਹੀ ਖੂਬਸੂਰਤੀ ਦਾ ਪ੍ਰਗਟਾਵਾ ਹੈ :
ਮੈਂ ਤੈਨੂੰ ਸਮਝਿਆ ਜੀਕਰ ਮੈਂ ਤੈਨੂੰ ਜਾਣਿਆ ਜੀਕਰ,
ਤੂੰ ਮੈਨੂੰ ਵੀ ਇਵੇਂ ਸਮਝੀ, ਮਿਰਾ ਦੁੱਖ ਦਰਦ ਪਹਿਚਾਣੀ।
ਆਪ ਨੂੰ ਸਮਝਣਾ ਤੇ ਆਪਣੇ ਸਵੈ ਵਰਗਾ ਸਭ ਨੂੰ ਸਮਝਣਾ ਹੀ ਸਾਹਿਤ ਦੀ ਹਰ ਵੰਨਗੀ ਦਾ ਮਨੋਰਥ ਹੁੰਦਾ ਹੈ ਇਹ ਉਸ ਦੀ ਪੁਸਤਕ ਦੀ ਪ੍ਰਾਪਤੀ ਹੈ।

-ਡਾ: ਬਲਵਿੰਦਰ ਕੌਰ ਬਰਿਆਣਾ
ਮੋ: 98766-16699.

ਮਹਿੰਦੀ ਸ਼ਗਨਾਂ ਦੀ
ਗੀਤਕਾਰ : ਮੀਤ ਮਾਜਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 170.

ਮੀਤ ਮਾਜਰੀ ਜਾਣਿਆ-ਪਛਾਣਿਆ ਗੀਤਕਾਰ ਹੈ, ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਇਸ ਖੇਤਰ ਵਿਚ ਸਰਗਰਮ ਹੈ। ਉਸ ਦੇ ਹੁਣ ਤੱਕ ਸਾਢੇ ਕੁ ਚਾਰ ਸੌ ਦੇ ਕਰੀਬ ਗੀਤ ਨਵੇਂ-ਪੁਰਾਣੇ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋਏ ਨੇ, ਜਿਨ੍ਹਾਂ ਵਿਚੋਂ ਕੁਝ ਖਾਸੇ ਮਕਬੂਲ ਵੀ ਹੋਏ। ਰਿਕਾਰਡਿੰਗ ਕਰਾਉਣ ਦੇ ਨਾਲ-ਨਾਲ ਮੀਤ ਮਾਜਰੀ ਨੇ ਆਪਣੇ ਗੀਤਾਂ ਨੂੰ ਜ਼ਿਲਦਬੱਧ ਕਰਨਾ ਵੀ ਸ਼ੁਰੂ ਕੀਤਾ ਹੈ। ਵਿਚਾਰ ਅਧੀਨ ਪੁਸਤਕ 'ਮਹਿੰਦੀ ਸ਼ਗਨਾਂ ਦੀ' ਗੀਤਾਂ ਦਾ ਸੰਗ੍ਰਹਿ ਹੈ, ਜਿਸ ਵਿਚ ਬਹੁਤੇ ਗੀਤ ਚਲੰਤ ਮਾਹੌਲ ਵਾਲੇ ਹਨ। ਮੀਤ ਨੇ ਦੋਗਾਣੇ, ਸੋਲੋ ਸਭ ਵੰਨਗੀਆਂ ਦੇ ਗੀਤ ਇਸ ਵਿਚ ਦਰਜ ਕੀਤੇ ਹਨ। ਕੁਝ ਕੁ ਗੀਤ ਸਮਾਜਿਕ ਸਰੋਕਾਰਾਂ ਵਾਲੇ ਵੀ ਹਨ, ਪਰ ਬਦਕਿਸਮਤੀ ਦੀ ਗੱਲ ਹੈ ਕਿ ਚੰਗੀ ਗੀਤਕਾਰੀ ਨੂੰ ਸਰੋਤਿਆਂ ਵੱਲੋਂ ਓਨਾ ਪਸੰਦ ਨਹੀਂ ਕੀਤਾ ਜਾ ਰਿਹਾ, ਜਿੰਨਾ ਹਲਕੇ ਪੱਧਰ ਵਾਲੀ ਨੂੰ।
ਮੀਤ ਮਾਜਰੀ ਪੰਜਾਬੀਆਂ ਦੇ ਤਕੜੇ ਜੁੱਸਿਆਂ ਤੇ ਦਰਿਆਦਿਲੀ ਦੀ ਤਾਰੀਫ਼ ਕਰਦਾ ਹੈ। ਉਸ ਨੂੰ ਪੰਜਾਬੀਆਂ 'ਤੇ ਮਾਣ ਹੈ ਤੇ ਇਸ ਮਾਣ ਵਿਚੋਂ ਹੀ ਇਹ ਗੀਤ ਨਿਕਲਿਆ ਹੈ :
ਜਿੰਦ ਵਾਰ ਦੇਂਦੇ ਨੇ ਜਿਨ੍ਹਾਂ ਨਾਲ ਦੋਸਤੀ ਗੰਢੀ,
ਪੂਰੀ ਦੁਨੀਆ ਵਿਚ ਪੰਜਾਬੀ ਸ਼ੇਰਾਂ ਦੀ ਹੈ ਝੰਡੀ। ਪੰਜਾਬੀਆਂ ਬਾਰੇ ਹੁਣ ਤੱਕ ਇਹ ਮਸ਼ਹੂਰ ਰਿਹਾ ਹੈ ਕਿ ਇਹ ਯਾਰੀ ਖਾਤਰ ਜਾਨ ਤੱਕ ਵਾਰ ਦਿੰਦੇ ਨੇ। ਇਹ ਯਾਰ ਖਾਤਰ ਸਿਰ ਦੇ ਸਕਦੇ ਨੇ, ਪਰ ਪਿੱਛੇ ਨਹੀਂ ਹਟਦੇ। ਅੱਜ ਬੇਸ਼ੱਕ 'ਯਾਰੀ' ਦੀ ਪਰਿਭਾਸ਼ਾ ਬਦਲ ਗਈ ਹੋਵੇ, ਪਰ ਮੀਤ ਨੂੰ ਭਲੇ ਵੇਲੇ ਦੀਆਂ ਯਾਰੀਆਂ 'ਤੇ ਮਾਣ ਹੈ। ਉਸ ਨੇ ਲਿਖਿਆ ਹੈ :
ਯਾਰੀ ਜਾਨ ਤੋਂ ਪਿਆਰੀ ਇਹ ਜੱਗ ਸਾਰਾ ਆਖ ਰਿਹਾ,
ਔਹ ਕੋਈ ਚੁਗਲ ਵੇਖ ਲੈ ਵਿਰਲਾਂ ਥਾਣੀਂ ਝਾਕ ਰਿਹਾ।
ਮੀਤ ਮਾਜਰੀ ਦੇ ਬਹੁਤੇ ਗੀਤ ਇਸ਼ਕ-ਮੁਸ਼ਕ ਵਾਲੇ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਇਕ ਵਰਗ ਪਸੰਦ ਕਰ ਸਕਦਾ ਹੈ। ਪਰ ਪਿਛਲੇ ਲੰਮੇ ਸਮੇਂ ਤੋਂ ਗੀਤਕਾਰੀ ਨਾਲ ਜੁੜੇ ਹੋਣ ਕਰਕੇ ਉਸ ਨੇ ਹੱਦੋਂ ਵੱਧ ਭੜਕੀਲਾਪਣ ਗੀਤਕਾਰੀ ਜ਼ਰੀਏ ਪੇਸ਼ ਕਰਨ ਤੋਂ ਪਾਸਾ ਕੀਤਾ ਹੈ। ਅੱਜ ਜ਼ਰੂਰਤ ਹੈ ਚੰਗੀ ਗੀਤਕਾਰੀ ਦੀ, ਕਿਉਂਕਿ ਗੁੰਮਰਾਹ ਹੋਈ ਜਵਾਨੀ ਨੂੰ ਲੀਹ 'ਤੇ ਲਿਆਉਣ ਲਈ ਸੁਥਰੇ ਮਨੋਰੰਜਨ ਦੀ ਜ਼ਰੂਰਤ ਹੈ। ਮੀਤ ਮਾਜਰੀ ਨੂੰ ਇਸ ਪੁਸਤਕ ਲਈ ਮੁਬਾਰਕਬਾਦ।

-ਸਵਰਨ ਸਿੰਘ ਟਹਿਣਾ
ਮੋ: 98141-78883.

 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX