ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਪੁਲਵਾਮਾ 'ਚ ਅਧਿਆਪਕ ਦੀ ਪੁਲਿਸ ਹਿਰਾਸਤ 'ਚ ਮੌਤ, ਅੱਤਵਾਦ ਨਾਲ ਜੁੜੇ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
. . .  1 day ago
ਸ੍ਰੀਨਗਰ, 19 ਮਾਰਚ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਪੁਲਿਸ ਹਿਰਾਸਤ 'ਚ ਇੱਕ 28 ਸਾਲਾ ਸਕੂਲ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਵਿਭਾਗ ਨੇ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਇੱਕ ਪੁਲਿਸ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਫੱਗਣ ਸੰਮਤ 547
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਤੁਹਾਡੇ ਖ਼ਤ

3-6-2015

 ਪੰਜਾਬ ਸਰਕਾਰ ਸਿੱਖਿਆ ਸਬੰਧੀ ਜ਼ਿੰਮੇਵਾਰੀ ਨਿਭਾਏ
ਪਿਛਲੇ ਦਿਨੀਂ 'ਅਜੀਤ' 'ਚ ਸ੍ਰੀ ਸਤਨਾਮ ਸਿੰਘ ਮਾਣਕ ਜੀ ਦਾ 'ਪੰਜਾਬ ਸਰਕਾਰ ਸਿੱਖਿਆ ਸਬੰਧੀ ਜ਼ਿੰਮੇਵਾਰੀ ਨਿਭਾਏ' ਸਿਰਲੇਖ ਅਧੀਨ ਲੇਖ ਪੜ੍ਹਿਆ। ਲੇਖਕ ਨੇ ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਅਤਿ ਤਰਸਯੋਗ ਹਾਲਤ ਅਖ਼ਤਿਆਰ ਕਰ ਚੁੱਕੀ ਪੰਜਾਬ ਦੀ ਸਰਕਾਰੀ ਸਕੂਲੀ ਸਿੱਖਿਆ ਬਾਰੇ ਬੜੀ ਬੇਬਾਕੀ ਨਾਲ ਵਿਸਥਾਰਪੂਰਨ ਜਾਣਕਾਰੀ ਦਿੱਤੀ ਹੈ। ਲੇਖਕ ਸੱਚ ਲਿਖਣ ਲਈ ਪ੍ਰਸੰਸਾ ਅਤੇ ਵਧਾਈ ਦਾ ਪਾਤਰ ਹੈ। ਅਸੀਂ ਪੰਜਾਬ ਦੀ ਬਾਦਲ ਹਕੂਮਤ ਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕੇ ਜਾਣ ਦੇ ਝੂਠੇ ਤੇ ਫੋਕੇ ਦਮਗਜ਼ੇ ਮਾਰਦੇ ਰਹਿਣ ਦੀ ਥਾਂ ਉਹ ਹਕੀਕਤ 'ਚ ਉਕਤ ਸਕੂਲਾਂ ਦੀ ਹਾਲਤ ਸੁਧਾਰਨ ਦੇ ਇਮਾਨਦਾਰੀ ਨਾਲ ਉਪਰਾਲੇ ਕਰੇ ਤਾਂ ਜੋ ਸਰਕਾਰੀ ਸਕੂਲੀ ਸਿੱਖਿਆ ਦਾ ਬੇੜਾ ਗਰਕ ਹੋਣੋਂ ਬਚਾਇਆ ਜਾ ਸਕੇ।

-ਯਸ਼ ਪੱਤੋ
ਪਿੰਡ ਤੇ ਡਾਕ : ਪੱਤੋ ਹੀਰਾ ਸਿੰਘ (ਮੋਗਾ)।

ਪਿਆਸੇ ਪੰਛੀ
ਇਨ੍ਹੀਂ ਦਿਨੀਂ ਗਰਮੀ ਦਾ ਮੌਸਮ ਜ਼ੋਰ ਫੜਦਾ ਜਾ ਰਿਹਾ ਹੈ। ਮਨੁੱਖਤਾ ਦੀ ਪਿਆਸ ਬੁਝਾਉਣ ਲਈ ਥਾਂ-ਥਾਂ ਪਾਣੀ ਦੀਆਂ ਛਬੀਲਾਂ ਲਾਈਆਂ ਜਾ ਰਹੀਆਂ ਹਨ। ਪੁਰਾਣੇ ਸਮਿਆਂ 'ਚ ਘੜਿਆਂ 'ਚ ਪਾਣੀ ਭਰ ਕੇ ਕਈ ਸੂਝਵਾਨ ਸੋਚ ਦੇ ਬੰਦੇ ਪਾਣੀ ਦੇ ਪੌਹ ਲਾਉਂਦੇ ਤਾਂ ਕਿ ਰਾਹੀ ਪਾਂਧੀ ਆਪਣੀ ਪਿਆਸ ਮਿਟਾ ਸਕਣ ਪਰ ਇਸ ਦੇ ਨਾਲ ਸਾਨੂੰ ਕੁਦਰਤ ਦੁਆਰਾ ਰਚੇ ਪੰਛੀਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਕਈ ਪਿੰਡਾਂ ਵਿਚ ਲੱਕੜ ਦੇ ਆਲ੍ਹਣੇ ਖੰਭਿਆਂ ਤੇ ਟੰਗੇ ਹੋਏ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਾਨੂੰ ਆਪਣੇ ਘਰਾਂ ਦੀਆਂ ਕੰਧਾਂ, ਛੱਤਾਂ ਜਾਂ ਬੂਹਿਆਂ ਅੱਗੇ ਮਿੱਟੀ ਦੇ ਬਣੇ ਬਰਤਨਾਂ 'ਚ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ। ਜੇਕਰ ਸਰਕਾਰੀ ਦਫ਼ਤਰਾਂ ਅੱਗੇ ਵੀ ਇਹ ਸਭ ਕੁਝ ਹੋਵੇ ਤਾਂ ਹੋਰ ਵੀ ਬਿਹਤਰ ਹੈ। ਇਸ ਪਾਣੀ ਨਾਲ ਸਾਡੇ ਆਪਣੇ ਹੀ ਮਿੱਤਰ ਪੰਛੀ, ਜੀਵ, ਜੰਤੂ ਪਾਣੀ ਪੀ ਕੇ ਆਪਣੀ ਤਿਖੜੀ ਤੇਹ ਮਿਟਾ ਸਕਣ, ਕਿਉਂਕਿ ਪਹਿਲਾਂ ਹੀ ਟਾਵਰਾਂ ਨੇ ਪੰਛੀਆਂ ਦੀਆਂ ਕਈ ਨਸਲਾਂ ਖੁੱਡੇ ਲਾਈਨ ਲਾ ਦਿੱਤੀਆਂ ਅਤੇ ਰਹਿੰਦੀਆਂ ਨੂੰ ਪਾਣੀ ਖੁਣੋਂ ਬਚਾਉਣ ਦਾ ਨਿਮਾਣਾ ਜਿਹਾ ਇਹ ਯਤਨ ਕਰੀਏ। ਆਓ! ਫਿਰ ਕੁਦਰਤ ਦੁਆਰਾ ਬਣਾਏ ਗਏ ਇਸ ਤਾਣੇ-ਬਾਣੇ ਵਿਚ ਥੋੜ੍ਹਾ ਜਿਹਾ ਧਿਆਨ ਦੇਣ ਦਾ ਯਤਨ ਕਰੀਏ। ਕੀ ਤੁਸੀਂ ਇਹ ਮੰਨਣ ਲਈ ਤਿਆਰ ਹੋ, ਜੇ ਹਾਂ ਤਾਂ ਬਿਨਾਂ ਕੁਝ ਖਰਚੇ ਇਸ ਨੇਕਦਿਲੀ ਕੰਮ ਨੂੰ ਤਰਜੀਹ ਦੇਣ ਲਈ ਯਤਨਸ਼ੀਲ ਹੋਈਏ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਫ਼ਿਰਕੂ ਟਿੱਪਣੀਆਂ
ਭਾਰਤ ਵਿਚ ਬਹੁਤ ਸਾਰੇ ਧਾਰਮਿਕ ਆਗੂ ਜਿਨ੍ਹਾਂ ਦਾ ਸਿਆਸਤ ਵਿਚ ਵੀ ਪੂਰਾ ਬੋਲਬਾਲਾ ਹੈ। ਪਰ ਕਈ ਅਜਿਹੇ ਘਟੀਆਂ ਤੇ ਫ਼ਿਰਕੂ ਬਿਆਨ ਦੇ ਕੇ ਭਾਰਤੀ ਸੰਵਿਧਾਨ, ਕਾਨੂੰਨ, ਏਕਤਾ, ਅਖੰਡਤਾ ਤੇ ਅਸੂਲਾਂ ਦੀਆਂ ਧੱਜੀਆਂ ਉਡਾ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਅਜਿਹੇ ਆਗੂ ਅਮਨ, ਸ਼ਾਂਤੀ ਤੇ ਇਕਸੁਰਤਾ ਦਾ ਸੰਦੇਸ਼ ਦੇਣ ਪ੍ਰੰਤੂ ਇਹ ਜਨਤਾ ਨੂੰ ਧਰਮ ਤੇ ਜਾਤੀਆਂ ਦੀਆਂ ਵੰਡੀਆਂ 'ਚ ਪਾ ਕੇ ਖਾਨਾਜੰਗੀ ਵੱਲ ਉਕਸਾ ਰਹੇ ਹਨ। ਬੀਬੀ ਹੁਮਰਾ ਕੁਰੈਸ਼ੀ ਨੇ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਆਪਣੇ ਲੇਖ 'ਦੇਸ਼ ਲਈ ਘਾਤਕ ਹਨ ਫ਼ਿਰਕੂ ਅਨਸਰਾਂ ਦੀਆਂ ਟਿੱਪਣੀਆਂ' ਦੁਆਰਾ ਕਈ ਜ਼ਿੰਮੇਵਾਰ ਵਿਅਕਤੀਆਂ ਦੀ ਇਨਸਾਨੀਅਤ ਤੋਂ ਕੋਹਾਂ ਦੂਰ ਨੀਵੀਂ ਪੱਧਰ ਦੀ ਬਿਆਨਬਾਜ਼ੀ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਜਿਹੜੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਫ਼ਤ ਮਿਲੀਆਂ ਹੋਣ, ਉਨ੍ਹਾਂ ਨੂੰ ਕੀ ਪਤਾ ਕਿ ਭਾਰਤ ਵਿਚ ਕਰੋੜਾਂ ਲੋਕ ਗ਼ਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਹਨ। ਕਿੱਥੇ ਹੈ ਸਮਾਨਤਾ ਦਾ ਅਧਿਕਾਰ?

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ ਜ਼ਿਲ੍ਹਾ ਲੁਧਿਆਣਾ।

ਤਿੜਕਦੇ ਰਿਸ਼ਤੇ
ਅੱਜ ਰਿਸ਼ਤੇ ਨਾਤੇ ਤਿੜਕਣ ਦਾ ਅਸਰ ਸਾਂਝੇ ਪਰਿਵਾਰ ਉੱਤੇ ਸਿੱਧੇ ਤੌਰ 'ਤੇ ਪਿਆ ਹੈ, ਜਿਸ ਕਰਕੇ ਪਰਿਵਾਰ ਖੇਰੂੰ-ਖੇਰੂੰ ਹੋ ਗਏ ਹਨ। ਇਸ ਨਾਲ ਸਮਾਜ ਵਿਚ ਸੁਰੱਖਿਆ ਦੀ ਭਾਵਨਾ ਘਟ ਗਈ ਹੈ। ਸਮਾਜ ਵਿਚ ਫੈਲੀ ਗਰੀਬੀ, ਬੇਰੁਜ਼ਗਾਰੀ ਅਤੇ ਸਮਾਜਿਕ ਅਸੁਰੱਖਿਆ ਨੇ ਰਿਸ਼ਤੇ ਨਾਤੇ ਤਿੜਕਣ ਲਾ ਦਿੱਤੇ ਹਨ, ਜੋ ਅੱਜ ਸਹਿਕਦੇ ਨਜ਼ਰੀ ਪੈਂਦੇ ਹਨ। ਕੁਦਰਤ ਦਾ ਨਿਯਮ ਹੈ ਜਿਹਾ ਬੀਜੋਗੇ ਤੇਹਾ ਕੱਟੋਗੇ। ਜੇ ਅਸੀਂ ਖ਼ੁਦ ਰਿਸ਼ਤੇ ਨਾਤਿਆਂ ਦਾ ਸਤਿਕਾਰ ਨਹੀਂ ਕਰਦੇ ਤਾਂ ਸਾਨੂੰ ਵੀ ਸਤਿਕਾਰ ਨਹੀਂ ਮਿਲੇਗਾ। ਰਿਸ਼ਤੇ ਨਾਤਿਆਂ ਦੇ ਤਿੜਕਦੇ ਮਾਹੌਲ ਵਿਚ ਅਸੀਂ ਜੰਗਲੀ ਜੀਵਨ ਜੀਅ ਰਹੇ ਹਾਂ। ਭਵਿੱਖ ਦੇ ਹਿੰਸਾਤਮਕ ਅਤੇ ਅਰਾਜਕਤਾ ਵਾਲੇ ਮਾਹੌਲ ਤੋਂ ਬਚਣ ਲਈ ਸਮੇਂ ਦੀ ਮੁੱਖ ਲੋੜ ਇਹ ਹੈ ਕਿ ਆਪਣੇ ਬੱਚਿਆਂ ਦਾ ਸੱਭਿਅਕ ਤਰੀਕੇ ਨਾਲ ਸਮਾਜੀਕਰਨ ਕਰੀਏ ਤਾਂ ਜੋ ਰਿਸ਼ਤੇ ਨਾਤਿਆਂ ਨੂੰ ਮੁੜ ਸੁਰਜੀਤ ਕਰੀਏ ਜਿਸ ਨਾਲ ਸਮਾਜ ਵਿਚ ਖੁਸ਼ੀਆਂ ਖੇੜਿਆਂ ਦਾ ਵਾਸਾ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਮਾਪਿਆਂ ਦਾ ਸਤਿਕਾਰ
ਅਸਲੀ ਸਵਰਗ ਮਾਂ-ਪਿਉ ਦੇ ਚਰਨਾਂ ਵਿਚ ਹੈ। ਕਿਉਂਕਿ ਉਨ੍ਹਾਂ ਦੇ ਹਿਰਦੇ ਵਿਚ ਆਪਣੇ ਪੁੱਤਰ ਲਈ ਅੰਤਾਂ ਦਾ ਮੋਹ, ਮਮਤਾ ਤੇ ਪਿਆਰ ਹੁੰਦਾ ਹੈ। ਤਾਂਈਓ ਤਾਂ ਮਾਂ ਆਪਣੇ ਪੁੱਤ ਦੇ ਲੱਗੇ ਕੰਡੇ ਦੀ ਚੀਸ਼ ਨਹੀ ਝੱਲ ਸਕਦੀ। ਮੇਰੀ ਸਾਰੇ ਮਾਵਾਂ ਦੇ ਪੁੱਤਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਰਬਣ ਪੁੱਤ ਬਣ ਕੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ। ਕਿਉਂਕਿ ਮਾਂ-ਬਾਪ ਦੇ ਚਰਨਾਂ ਵਿਚ ਸਵਰਗ ਹੁੰਦਾ ਹੈ, ਜਿਸ ਨੂੰ ਦੇਖਿਆ ਨਹੀਂ ਜਾਂਦਾ, ਸਗੋਂ ਮਹਿਸੂਸ ਕੀਤਾ ਜਾਂਦਾ ਹੈ। ਇਸ ਕਰਕੇ ਬਚਪਨ ਵਿਚ ਲਾਡ-ਲੁਡਾਉਣ ਵਾਲੇ ਮਾਪੇ, ਪੰਜਾਹ ਸਾਲ ਦੀ ਉਮਰ ਤੋਂ ਬਾਅਦ ਆਪਣੇ ਤੋਂ ਵੀ ਲਾਡ-ਪਿਆਰ ਅਤੇ ਆਦਰ ਦੀ ਉਮੀਦ ਰੱਖਦੇ ਹਨ। ਇਸ ਲਈ ਸਭ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

-ਤਰਸੇਮ ਮਹਿਤੋ
ਪਿੰਡ- ਬਈਏਵਾਲ (ਸੰਗਰੂਰ)।

ਲੱਚਰ ਗਾਇਕੀ
ਅੱਜ ਦੀ ਲੱਚਰ ਗਾਇਕੀ ਨੇ ਨੌਜਵਾਨ ਵਰਗ ਦੇ ਇਕ ਵੱਡੇ ਹਿੱਸੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਇਸ ਲੱਚਰਤਾ ਦੇ ਕਲਾਵੇ ਵਿਚ ਆਇਆ ਨੌਜਵਾਨ ਮਾੜੀ ਮਾਨਸਿਕਤਾ ਦਾ ਸ਼ਿਕਾਰ ਹੋ ਕੇ ਉਸਾਰੂ ਗੀਤਾਂ ਤੋਂ ਕੰਨੀ ਕਤਰਾਉਂਦਾ ਨਜ਼ਰ ਆ ਰਿਹਾ ਹੈ। ਜੋ ਸਾਡੇ ਉੱਚੇ-ਸੁੱਚੇ ਤੇ ਅਮੀਰ ਸੱਭਿਆਚਾਰ ਲਈ ਵੱਡੇ ਦੁੱਖ ਵਾਲੀ ਗੱਲ ਹੈ। ਅੱਜ ਗਿਣਤੀ ਦੇ ਕਲਾਕਾਰਾਂ ਨੇ ਫੋਕੀ ਸ਼ੁਹਰਤ ਦੇ ਚੱਕਰ ਵਿਚ ਪੰਜਾਬੀ ਦੀ ਮਹਾਨਤਾ ਨੂੰ ਮਿੱਟੀ ਵਿਚ ਰੋਲ ਕੇ ਪੰਜਾਬੀ ਪਰਿਵਾਰਾਂ ਦੀ ਸੁਹਜਮਈ ਸੋਚ ਨੂੰ ਬਦ ਤੋਂ ਬਦਤਰ ਬਣਾ ਕੇ ਰੱਖ ਦਿੱਤਾ ਹੈ। ਰੰਗ ਬਿਰੰਗੀਆਂ ਪੈਂਟਾਂ-ਸ਼ਰਟਾਂ ਜਿਹੀਆਂ ਪਾ ਕੇ ਤੇ ਸਿਰਾਂ ਦੇ ਟੇਢੇ-ਮੇਢੇ ਜਿਹੇ ਪਟੇ ਕਰਵਾ ਕੇ ਅਤੇ ਮਾਰ-ਧਾੜ ਤੋਂ ਇਲਾਵਾ ਕਾਮੁਕ ਭਰੇ ਦ੍ਰਿਸ਼ ਦਿਖਾ ਕੇ ਪਤਾ ਨਹੀਂ ਇਹ ਅਖੌਤੀ ਕਲਾਕਾਰ ਕਿਹੜੇ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ? ਪੈਸੇ ਦੇ ਜ਼ੋਰ ਨਾਲ ਅੱਗੇ ਆਉਣ ਵਾਲਿਓ ਮਸ਼ਹੂਰ ਨਹੀਂ ਮਹਾਨ ਬਣੋ ਤਾਂ ਕਿ ਤੁਹਾਡੀ ਜ਼ਮੀਰ ਨੂੰ ਕੁਝ ਸਕੂਨ ਮਿਲ ਸਕੇ। ਅੱਜ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਜਿੱਥੇ ਸੈਂਸਰ ਬੋਰਡ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਉਥੇ ਧਾਰਮਿਕ, ਸਮਾਜਿਕ ਤੇ ਹੋਰ ਅਗਾਂਹਵਧੂ ਸੋਚ ਰੱਖਣ ਵਾਲਿਆਂ ਲੋਕਾਂ ਨੂੰ ਅੱਗੇ ਆਉਣਾ ਹੀ ਪਵੇਗਾ। ਨਹੀਂ ਤਾਂ ਇਹ ਗਿਣਤੀ ਦੇ ਅਖੌਤੀ ਕਲਾਕਾਰ, ਨੌਜਵਾਨ ਵਰਗ ਨੂੰ ਕੁਰਾਹੇ ਪਾਉਂਦੇ ਰਹਿਣਗੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

29-5-2015

 ਕੇਂਦਰ ਵੱਲੋਂ ਦਿੱਲੀ ਸਰਕਾਰ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਸੰਵਿਧਾਨ ਦੀ ਉਲੰਘਣਾ
ਦਿੱਲੀ ਸਰਕਾਰ ਤੇ ਉਪ ਰਾਜਪਾਲ ਨਜੀਬ ਜੰਗ ਵਿਚਕਾਰ ਅਧਿਕਾਰਾਂ ਨੂੰ ਲੈ ਕੇ ਛਿੜੇ ਵਿਵਾਦ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਨੂੰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਸੰਵਿਧਾਨ ਦੀ ਉਲੰਘਣਾ ਹੈ। ਲੋਕਤੰਤਰ ਦੀ ਹੱਤਿਆ ਹੈ। ਭਾਜਪਾ ਅਗਵਾਈ ਵਾਲੀ ਸਰਕਾਰ ਦਾ ਕੀ ਅਜਿਹਾ ਵਿਕਾਸ ਕਰਨ ਦੀ ਮਨਸ਼ਾ ਹੈ? ਜੋ ਅਕਸਰ ਵਿਕਾਸ ਕਰਨ ਦਾ ਰੌਲਾ ਪਾਉਂਦੀ ਹੈ। ਇਹ ਲੋਕ ਵਿਕਸਿਤ ਦੇਸ਼ਾਂ ਦੇ ਲੋਕਤੰਤਰਿਕ ਪ੍ਰਬੰਧ ਅੱਗੇ ਕਿਵੇਂ ਟਿੱਕ ਸਕਣਗੇ? ਕੀ ਅਜਿਹੇ ਵਿਵਾਦ ਸਾਨੂੰ ਇਜਾਜ਼ਤ ਦੇਣਗੇ ਕੀ ਅਸੀਂ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰ ਸਕੀਏ?

ਦਰਸ਼ਨ ਸਿੰਘ ਧਾਲੀਵਾਲ
ਕੈਨੇਡਾ।
darshan1840@gmail.com

22-5-2015

 ਅਧਿਆਪਕ ਯੋਗਤਾ ਇਮਤਿਹਾਨ

ਅਧਿਆਪਕ ਯੋਗਤਾ ਟੈਸਟ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਦਿਲ ਨੂੰ ਗਹਿਰੀ ਠੇਸ ਪਹੁੰਚਾਈ ਹੈ। ਪਹਿਲਾਂ ਨੌਜਵਾਨ ਲੜਕੇ-ਲੜਕੀਆਂ, ਬੀ.ਐੱਡ. ਜਾਂ ਈ.ਟੀ.ਟੀ. ਕਰਕੇ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਸਿਰਜਦੇ ਸਨ। ਪਰ ਸਰਕਾਰਾਂ ਦੀ ਇਸ ਗਿਣੀ-ਮਿਥੀ ਸਾਜ਼ਿਸ਼ ਨੇ ਸਾਥੋਂ ਇਸ ਸੁਪਨੇ ਦਾ ਅਧਿਕਾਰ ਵੀ ਲਗਭਗ ਖੋਹ ਹੀ ਲਿਆ ਹੈ। ਸਰਕਾਰਾਂ ਵੱਲੋਂ ਲਿਆ ਜਾਂਦਾ ਇਹ ਯੋਗਤਾ ਟੈਸਟ, ਬੇਰੁਜ਼ਗਾਰਾਂ ਨਾਲ ਮਖੌਲ ਹੈ। ਇਹ ਟੈਸਟ ਅਧਿਆਪਕਾਂ ਦੀ ਯੋਗਤਾ ਪਰਖਣ ਦਾ ਕੋਈ ਸਾਧਨ ਨਹੀਂ, ਸਗੋਂ ਨੌਕਰੀ ਵੱਲੋਂ ਅੰਗੂਠਾ ਦਿਖਾਉਣ ਦਾ ਇਕ ਜ਼ਰੀਆ ਹੈ। ਜਿਵੇਂ ਅਧਿਆਪਕਾਂ ਨੇ ਬੱਚਿਆਂ ਦਾ ਭਵਿੱਖ ਸਿਰਜਣਾ ਹੁੰਦਾ ਹੈ। ਇਸੇ ਤਰ੍ਹਾਂ ਲੀਡਰਾਂ ਨੇ ਦੇਸ਼ ਦਾ ਭਵਿੱਖ ਤੈਅ ਕਰਨਾ ਹੁੰਦਾ ਹੈ। ਕੀ ਲੀਡਰਾਂ ਲਈ ਅਜਿਹਾ ਕੋਈ ਯੋਗਤਾ ਟੈਸਟ ਜ਼ਰੂਰੀ ਨਹੀਂ ਹੋਣਾ ਚਾਹੀਦਾ? ਜੇਕਰ ਲੀਡਰਾਂ ਦਾ ਕੋਈ ਅਜਿਹਾ ਯੋਗਤਾ ਟੈਸਟ ਹੋਵੇ ਤਾਂ ਕਿੰਨੇ ਕੁ ਲੀਡਰ ਇਸ ਯੋਗਤਾ ਟੈਸਟ ਨੂੰ ਪਾਸ ਕਰਨਗੇ। ਅਧਿਆਪਕ ਯੋਗਤਾ ਟੈਸਟ ਇਕ ਅਜਿਹਾ ਟੈਸਟ ਹੈ, ਜਿਸ ਨੂੰ ਪਾਸ ਕਰਨਾ, ਟੇਢੀ ਖੀਰ ਹੈ, ਕਿਉਂਕਿ ਇਸ ਟੈਸਟ ਦਾ ਸਿਲੇਬਸ ਹੀ ਨਿਰਧਾਰਤ ਨਹੀਂ। ਆਪਣੇ ਪਿਆਰੇ 'ਅਜੀਤ' ਰਾਹੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਗਲੇ ਟੈਸਟ ਤੋਂ ਪਹਿਲਾਂ ਸਾਨੂੰ ਇਸ ਟੈਸਟ ਦੇ ਸਿਲੇਬਸ ਬਾਰੇ ਦੱਸਿਆ ਜਾਵੇ।

-ਕੁਲਵਿੰਦਰ ਕੌਰ ਸੰਦਲ
ਮਕਸੂਦੜਾ (ਲੁਧਿਆਣਾ)।

ਫ ਫ ਫ

ਅਜੋਕਾ ਮਨੁੱਖ ਕਾਹਲੀ ਦਾ ਸ਼ਿਕਾਰ

ਅਜੋਕਾ ਮਨੁੱਖ ਸਭ ਕੁਝ ਹਾਸਲ ਕਰਨ ਵਾਸਤੇ ਹਮੇਸ਼ਾ ਹੀ ਕਾਹਲਾ ਹੁੰਦਾ ਹੈ। ਜਿਉਂ-ਜਿਉਂ ਤਰੱਕੀ ਦੀ ਰਫ਼ਤਾਰ ਤੇਜ਼ ਹੁੰਦੀ ਗਈ ਹੈ, ਤਿਉਂ ਹੀ ਮਨੁੱਖ ਨੂੰ ਕਾਹਲੀ ਦੀ ਬਿਮਾਰੀ ਲੱਗ ਗਈ। ਕਾਹਲੀ ਦੀ ਇਸ ਬਿਮਾਰੀ ਦਾ ਸ਼ਿਕਾਰ ਮਨੁੱਖ ਆਪਣੇ-ਆਪ ਨੂੰ ਵੀ ਚੰਗੀ ਤਰ੍ਹਾਂ ਨਹੀਂ ਪਛਾਣ ਸਕਿਆ। ਅੱਜ ਹਰ ਸਮੇਂ ਮਨੁੱਖ ਕਾਹਲਾ ਹੀ ਰਹਿੰਦਾ ਹੈ। ਖਾਣ-ਪੀਣ ਸਮੇਂ ਵੀ ਕਾਹਲੀ, ਸੌਣ ਅਤੇ ਜਾਗਣ ਦੀ ਕਾਹਲੀ, ਜਾਣ ਤੇ ਆਉਣ ਦੀ ਕਾਹਲੀ, ਕਹਿਣ ਅਤੇ ਸੁਣਨ ਦੀ ਕਾਹਲੀ ਹੋਰ ਤਾਂ ਹੋਰ ਜੰਮਣ ਅਤੇ ਮਰਨ ਸਮੇਂ ਵੀ ਕਾਹਲੀ ਰਹਿੰਦੀ ਹੈ। ਕਹਿੰਦੇ ਨੇ ਕਿ ਕਾਹਲੀ ਅੱਗੇ ਟੋਏ ਹੁੰਦੇ ਹਨ ਪਰ ਅਜੋਕਾ ਮਨੁੱਖ ਇਨ੍ਹਾਂ ਟੋਇਆਂ ਨੂੰ ਟੱਪਣ ਦੀ ਵੀ ਕਾਹਲੀ ਕਰਦਾ ਹੈ।

-ਸੰਤੋਖ ਸਿੰਘ ਸੋਖਾ
ਕੰਧੋਲਾ, ਚਮਕੌਰ ਸਾਹਿਬ (ਰੋਪੜ)।

ਫ ਫ ਫ

ਕਿਸਾਨ ਬਨਾਮ ਸਰਕਾਰ

ਪਿਛਲੇ ਦਿਨੀਂ 'ਅਜੀਤ' ਵਿਚ ਛਪਿਆ ਕੁਲਦੀਪ ਨਈਅਰ ਦਾ ਲੇਖ ਬਹੁਤ ਵਧੀਆ ਲੱਗਾ। ਉਨ੍ਹਾਂ ਨੇ ਐਨ.ਜੀ.ਓ. ਅਤੇ ਕਿਸਾਨਾਂ ਦੇ ਜੋ ਪੱਖ ਨੂੰ ਉਭਾਰਿਆ, ਉਹ ਬਿਲਕੁਲ ਸਾਰਥਕ ਹੈ। ਜਿਥੇ ਸਰਕਾਰ ਚੁੱਪ ਹੋ ਜਾਂਦੀ ਹੈ, ਉਥੇ ਐਨ.ਜੀ.ਓ. ਹੀ ਆਮ ਜਨਤਾ ਦੇ ਪੱਖ ਵਿਚ ਉਤਰਦੇ ਹਨ। ਸਰਕਾਰ ਕੋਲ ਤਾਂ ਨਿੱਤ-ਦਿਨ ਨਵੇਂ ਮੁੱਦੇ ਉੱਠਦੇ ਹਨ ਤੇ ਪੈਸੇ ਦੇ ਕੇ ਦਬਾਅ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਬੱਚੇ ਨੂੰ ਖਿਡੌਣਾ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਰਾਜਸਥਾਨ ਦੇ ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ 'ਤੇ ਅਫ਼ਸੋਸ ਪ੍ਰਗਟ ਕਰਕੇ ਅਤੇ 10 ਲੱਖ ਦੀ ਪਰਿਵਾਰ ਨੂੰ ਮਾਲੀ ਸਹਾਇਤਾ ਦੇ ਕੇ ਮੁੱਦਾ ਦਬਾਅ ਦਿੱਤਾ ਗਿਆ। ਕੀ ਉਸ 10 ਲੱਖ ਨਾਲ ਕਿਸਾਨ ਦੇ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਜਾਵੇਗਾ? ਸਮਾਜ ਗਿਰਾਵਟ ਵੱਲ ਜਾ ਰਿਹਾ ਹੈ। ਭਾਰਤ ਨੂੰ ਜਿੰਨੀ ਤਰੱਕੀ ਕਰਨੀ ਚਾਹੀਦੀ ਸੀ, ਉਹ ਉਸ ਦੇ ਨੇੜੇ ਵੀ ਨਹੀਂ। 5-5 ਸਾਲਾਂ ਦੀ ਗੁਲਾਮੀ ਪਤਨ ਵੱਲ ਲੈ ਕੇ ਜਾ ਰਹੀ ਹੈ। ਕਥਨ ਸਭ ਦੇ ਸਾਹਮਣੇ ਹਨ ਪਰ ਉਨ੍ਹਾਂ ਕਾਰਨਾਂ ਵਿਰੁੱਧ ਬੁਲੰਦ ਹੋਈਆਂ ਆਵਾਜ਼ਾਂ ਕਿਸ ਤਰ੍ਹਾਂ ਦੱਬ ਜਾਂਦੀਆਂ ਹਨ ਜਾਂ ਦਬਾਅ ਦਿੱਤੀਆਂ ਜਾਂਦੀਆਂ ਹਨ, ਇਸ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ।

-ਕੰਵਲ ਭੱਟੀ
ਬੂਥਗੜ੍ਹ (ਖੰਨਾ)।

ਫ ਫ ਫ

ਲੁੱਟਾਂ-ਖੋਹਾਂ

ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਵਿਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਛੱਲਾਂ ਮਾਰ ਰਿਹਾ ਹੈ। ਆਏ ਦਿਨ ਬੇਸ਼ੁਮਾਰ ਨੌਜਵਾਨ ਨਸ਼ਿਆਂ ਦੇ ਇਸ ਦਰਿਆ ਵਿਚ ਡੁੱਬਦੇ ਨਜ਼ਰ ਆ ਰਹੇ ਹਨ। ਨਸ਼ੇ ਦੇ ਆਦੀ ਹੋਏ ਨਸ਼ੇੜੀਆਂ ਨੂੰ ਜਦੋਂ ਨਸ਼ੇ ਦੀ ਪੂਰਤੀ ਲਈ ਘਰੋਂ ਪੈਸਾ-ਧੇਲਾ ਨਹੀਂ ਮਿਲਦਾ ਤਾਂ ਇਹ ਆਪਣੀ ਲਲਕ ਪੂਰੀ ਕਰਨ ਲਈ ਸੁੰਨਸਾਨ ਰਸਤਿਆਂ ਵਿਚ ਖੜ੍ਹ ਕੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਨਸ਼ੇ ਵਿਚ ਟੁੰਨ ਹੋਏ ਇਹ ਨਸ਼ੇੜੀ ਕਈ ਵਾਰ ਤਾਂ ਰਾਹਗੀਰਾਂ ਨੂੰ ਕੁੱਟਣ ਦੇ ਨਾਲ-ਨਾਲ ਭਿਆਨਕ ਰੂਪ ਵਿਚ ਜ਼ਖਮੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਸੋ, ਅੱਜ ਜਿਥੇ ਪੁਲਿਸ ਨੂੰ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਉਥੇ ਲੋਕਾਂ ਨੂੰ ਵੀ ਰਾਹਾਂ ਵਿਚ ਖੜ੍ਹਦੇ ਅਣਪਛਾਤੇ ਲੋਕਾਂ ਦੀ ਸੂਚਨਾ ਤੁਰੰਤ ਪੁਲਿਸ ਕਰਮਚਾਰੀਆਂ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਅਣਹੋਣੀ ਘਟਨਾ ਨੂੰ ਸਮਾਂ ਰਹਿੰਦਿਆਂ ਹੀ ਰੋਕਿਆ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਮੋ: 94654-11585.

ਫ ਫ ਫ

ਖੱਬੀ ਲਹਿਰ ਬਾਰੇ

ਪਿਛਲੇ ਦਿਨੀਂ 'ਅਜੀਤ' ਵਿਚ ਮੰਗਤ ਰਾਮ ਪਾਸਲਾ ਹੁਰਾਂ ਦਾ ਲੇਖ 'ਖੱਬੀ ਲਹਿਰ ਨੂੰ ਮੁੜ ਪ੍ਰਭਾਵੀ ਕਿਵੇਂ ਬਣਾਇਆ ਜਾਵੇ' ਪੜ੍ਹਿਆ। ਲੇਖਕ ਨੇ ਬਹੁਤ ਵਧੀਆ ਪੱਖਾਂ ਨੂੰ ਸਾਡੇ ਸਾਹਮਣੇ ਰੱਖਿਆ ਹੈ ਪਰ ਇਥੇ ਮੈਂ ਵੀ ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਖੱਬੇ ਪੱਖੀ ਲਹਿਰ ਨੂੰ ਸਭ ਤੋਂ ਵੱਡੀ ਢਾਹ ਅਖੌਤੀ ਕਾਮਰੇਡੀ ਲੀਡਰਾਂ ਕਰਕੇ ਪਈ ਹੈ। ਇਨ੍ਹਾਂ ਲੀਡਰਾਂ ਦੀਆਂ ਦੋਗਲੀਆਂ ਗੱਲਾਂ/ਭਾਸ਼ਣਾਂ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਇਸ ਲੋਕ/ਮਜ਼ਦੂਰ ਪੱਖੀ ਲਹਿਰ ਤੋਂ ਟੁੱਟਿਆ। ਇਨ੍ਹਾਂ ਅਖੌਤੀ ਲੀਡਰਾਂ ਨੇ ਆਪਣੇ ਭਾਸ਼ਣਾਂ ਵਿਚ ਤਾਂ ਪੂੰਜੀਵਾਦੀ ਪ੍ਰਬੰਧ/ਕਾਰਪੋਰੇਟ ਪ੍ਰਣਾਲੀ ਨੂੰ ਭੰਡਿਆ ਹੈ ਪਰ ਆਪ ਆਪਣੇ ਨਿੱਜੀ ਹਿਤਾਂ ਲਈ ਇਨ੍ਹਾਂ ਕਾਰਪੋਰੇਟ ਘਰਾਣਿਆਂ ਨਾਲ ਹੀ ਹੱਥ ਮਿਲਾਇਆ ਹੈ। ਕਈ ਅਖੌਤੀ ਲੀਡਰ ਆਪਣੇ ਭਾਸ਼ਣਾਂ ਵਿਚ ਅਮਰੀਕਾ ਵਰਗੇ ਦੇਸ਼ਾਂ ਅਤੇ ਉਥੇ ਦੀਆਂ ਬਹੁਰਾਸ਼ਟਰੀ ਕੰਪਨੀਆਂ ਦਾ ਵਿਰੋਧ ਕਰਦੇ ਹਨ ਪ੍ਰੰਤੂ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਅਮਰੀਕਾ ਭੇਜਦੇ ਹਨ। ਜਿਥੇ ਉਹ ਇਨ੍ਹਾਂ ਬਹੁਰਾਸ਼ਟਰੀ ਕੰਪਨੀਆਂ ਵਿਚ ਹੀ ਕੰਮ ਕਰਦੇ ਸਨ, ਜਿਸ ਦੀ ਜਾਇਜ਼ਤਾ ਇਹ ਕਈ ਤਰੀਕਿਆਂ ਨਾਲ ਸਹੀ ਵੀ ਸਿੱਧ ਕਰ ਦਿੰਦੇ ਹਨ। ਪ੍ਰੰਤੂ ਇਕ ਆਮ ਪੇਂਡੂ/ਮਜ਼ਦੂਰ ਵਿਅਕਤੀ ਜਦੋਂ ਇਨ੍ਹਾਂ ਲੀਡਰਾਂ ਦੇ ਭਾਸ਼ਣਾਂ ਵਿਚ ਅਤੇ ਇਨ੍ਹਾਂ ਦੀ ਕਰਨੀ ਵਿਚ ਫ਼ਰਕ ਦੇਖੇਗਾ ਤਾਂ ਉਸ ਦੇ ਮਨ ਵਿਚ ਇਸ ਲਹਿਰ ਪ੍ਰਤੀ ਸਮਰਥਨ ਦੀ ਭਾਵਨਾ ਨਹੀਂ ਆ ਸਕਣੀ। ਪੁਰਾਣੇ ਸਮਿਆਂ ਵਿਚ ਮਜ਼ਦੂਰਾਂ ਦੇ ਲੀਡਰ ਆਪ ਮਜ਼ਦੂਰ ਹੀ ਸਨ ਪ੍ਰੰਤੂ ਇਹ ਅਖੌਤੀ ਲੀਡਰ ਹਨ, ਜਿਨ੍ਹਾਂ ਨੇ ਇਸ ਮਹਾਨ ਮਜ਼ਦੂਰ ਪੱਖੀ ਲਹਿਰ ਨੂੰ ਬਹੁਤ ਭਾਰੀ ਢਾਹ ਲਾਈ ਹੈ।

-ਰਾਕੇਸ਼ ਸ਼ਰਮਾ
ਪਿੰਡ ਕਾਲੋਮਾਜਰਾ, ਡਾਕ: ਜਾਸਲਾ, ਤਹਿ: ਰਾਜਪੁਰਾ, ਪਟਿਆਲਾ।

ਫ ਫ ਫ

ਭਾਰਤ ਦੀ ਨਾਰੀ

ਦੇਸ਼ ਵਿਚ ਲਗਾਤਾਰ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹਨ। ਦਰਿੰਦਿਆਂ ਵੱਲੋਂ ਪਹਿਲਾਂ ਲੜਕੀ ਨੂੰ ਅਗਵਾ ਕਰਨਾ ਫਿਰ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕਰ ਦੇਣੀ ਕਿੱਥੋਂ ਤੱਕ ਜਾਇਜ਼ ਹੈ? ਸਰਕਾਰ ਸਮੇਂ-ਸਮੇਂ 'ਤੇ ਜੋ ਲੜਕੀਆਂ ਦੇ ਹੱਕ ਵਿਚ ਮੁਹਿੰਮ ਚਲਾਉਂਦੀ ਆ ਰਹੀ ਹੈ, ਉਹ ਸਰਕਾਰ ਦਾ ਸਲਾਹੁਣਯੋਗ ਉਪਰਾਲਾ ਹੈ ਪਰ ਸਮਾਜ ਦੇ ਵੈਰੀਆਂ ਨੇ ਔਰਤ ਦਾ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਹੈ। ਕਿਤੇ ਔਰਤ 'ਤੇ ਤੇਜ਼ਾਬ ਪਾ ਕੇ ਉਸ ਨੂੰ ਬਦਸੂਰਤ ਕਰ ਦਿੱਤਾ ਜਾਂਦਾ ਹੈ, ਕਿਧਰੇ ਉਸ ਨਾਲ ਜਬਰ ਜਨਾਹ ਤੋਂ ਬਾਅਦ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਜੇਕਰ ਅਜਿਹੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਮਿਲਣ ਤਾਂ ਅਜਿਹੀਆਂ ਸ਼ਰਮਨਾਕ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕਦੀ ਹੈ। ਜੱਗ ਜਣਨੀ ਨਾਲ ਅੱਜ ਜੋ ਕੁਝ ਹੋ ਰਿਹਾ ਹੈ, ਉਹ ਸਹਿਣਯੋਗ ਨਹੀਂ ਹੈ। ਭਾਰਤ ਦੀ ਨਾਰੀ ਸੁਰੱਖਿਅਤ ਕਿਉਂ ਨਹੀਂ ਹੈ, ਨਾਰੀ ਦੀ ਸੁਰੱਖਿਆ ਲਈ ਸਰਕਾਰ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਇਹ ਗੱਲ ਆਮ ਪੜ੍ਹਨ-ਸੁਣਨ ਵਿਚ ਆਉਂਦੀ ਹੈ ਕਿ ਅੱਜ ਦੇ ਯੁੱਗ ਵਿਚ ਮਰਦ ਮੁਕਾਬਲੇ ਔਰਤ ਨੂੰ ਕਿਸੇ ਪੱਖੋਂ ਘੱਟ ਨਹੀਂ ਸਮਝਣਾ ਚਾਹੀਦਾ, ਇਹ ਗੱਲ ਬਿਲਕੁਲ ਦਰੁਸਤ ਹੈ ਪਰ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ ਜਾਣਕਾਰੀ ਸਹਿਜੇ ਹੀ ਮਿਲ ਜਾਂਦੀ ਹੈ ਕਿ ਕਿਵੇਂ ਔਰਤ ਨੂੰ ਸ਼ੈਤਾਨ ਸੋਚ ਦੇ ਮਾਲਕਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਔਰਤ ਨੂੰ ਮਜਬੂਰਨ ਗੁਜ਼ਰਨਾ ਪੈਂਦਾ ਹੈ ਪਰ ਔਰਤ ਦੀ ਦੁਰਦਸ਼ਾ ਤਰਸਯੋਗ ਹੁੰਦੀ ਹੈ। ਸੋ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀ ਹਨ ਤਾਂ ਕਿ ਮਹਾਨ ਭਾਰਤ ਦੀ ਨਾਰੀ ਸੁਰੱਖਿਅਤ ਰਹਿ ਕੇ ਆਪਣੀ ਜ਼ਿੰਦਗੀ ਦੇ ਦਿਨ ਖੁਸ਼ੀਆਂ ਖੇੜਿਆਂ ਨਾਲ ਗੁਜ਼ਾਰੇ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

15-5-2015

 ਨਿਰਾਸ਼ ਹੋਇਆ ਪੰਜਾਬ

ਕਿਸਾਨ ਤੇ ਵਪਾਰੀ ਦਾ ਅਟੁੱਟ ਰਿਸ਼ਤਾ ਸੰਪੂਰਨ ਸਮਾਜ ਨੂੰ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ। ਇਸ ਵੇਲੇ ਪੰਜਾਬ 'ਚ ਸਿਆਸੀ ਗਠਜੋੜ ਵੀ ਇਨ੍ਹਾਂ ਦੋਵਾਂ ਵਰਗਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਜੇ ਇਕ ਪਾਰਟੀ ਨੂੰ ਪੇਂਡੂ ਵੋਟਰਾਂ ਦਾ ਸਹਾਰਾ ਹੈ ਤਾਂ ਦੂਜੀ ਧਿਰ ਆਪਣੇ ਆਪ ਨੂੰ ਸ਼ਹਿਰੀ ਵਰਗ ਦਾ ਪ੍ਰਤੀਨਿਧੀ ਸਮਝਦੀ ਹੈ। ਇਸ ਕਰਕੇ ਜਿਸ ਤਰ੍ਹਾਂ ਦੇ ਸਮੀਕਰਨ ਇਸ ਸਮੇਂ ਪੰਜਾਬ 'ਚ ਹਨ ਤੇ ਕੇਂਦਰ ਵਿਚ ਵੀ ਇਨ੍ਹਾਂ ਦੀ ਆਪਣੀ ਸਰਕਾਰ ਹੈ ਤਾਂ ਪੰਜਾਬ ਦੀਆਂ ਤਾਂ ਪੰਜੇ ਉਂਗਲਾਂ ਘਿਓ 'ਚ ਹੋਣੀਆਂ ਚਾਹੀਦੀਆਂ ਹਨ। ਪਰ ਹਲਾਤ ਬਿਲਕੁਲ ਇਸ ਦੇ ਉਲਟ ਹਨ। ਪੰਜਾਬ ਦਾ ਵਪਾਰੀ ਵੀ ਦੁਖੀ ਹੈ ਤੇ ਕਿਸਾਨ ਦੀ ਮਿਹਨਤ ਵੀ ਮੰਡੀਆ 'ਚ ਰੁਲ ਰਹੀ ਹੈ। ਪੰਜਾਬ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਨੇ ਤਾਂ ਬਹੁਤ ਹੀ ਜ਼ੋਰ ਨਾਲ ਇਹ ਪ੍ਰਚਾਰ ਕੀਤਾ ਸੀ ਕਿ ਕੇਂਦਰ ਵਿਚ ਆਪਣੀ ਸਰਕਾਰ ਬਣ ਜਾਵੇਗੀ ਤਾਂ ਇਸ ਦੇ ਵਾਰੇ ਨਿਆਰੇ ਹੋ ਜਾਣਗੇ। ਲੋਕ ਵੀ ਬਹੁਤ ਉਮੀਦ ਲਾਈ ਬੈਠੇ ਸਨ ਜਦ ਕਿ ਹੋਇਆ ਉਲਟ ਹੀ ਹੈ। ਪੰਜਾਬ ਵਿਚ ਵਪਾਰੀ ਦੁਖੀ ਤੇ ਕਿਸਾਨ ਵੀ ਦੁਖੀ ਹੈ ਤੇ ਹੁਣ ਲਗਦਾ ਹੈ ਕਿ ਆਪਣੇ ਆਪ ਨੂੰ ਕਿਸਾਨਾਂ ਵਪਾਰੀਆਂ ਦੇ ਹਮਾਇਤੀ ਕਹਿਣ ਵਾਲੇ ਕਿਧਰੇ ਗਾਇਬ ਹੋ ਚੁੱਕੇ ਹਨ।

-ਵਿਵੇਕ
ਮਾਨਵਤਾ ਭਵਨ, ਕੋਟ ਈਸੇ ਖਾਂ (ਮੋਗਾ)।

ਫ ਫ ਫ

ਅਨਾਜ ਦੀ ਬਰਬਾਦੀ

ਇਹ ਬਹੁਤ ਹੀ ਸਿਤਮਜ਼ਰੀਫ਼ੀ ਵਾਲੀ ਗੱਲ ਹੈ ਕਿ ਇਕ ਪਾਸੇ ਤਾਂ ਨੀਲੀ ਛੱਤ ਹੇਠ ਪਿਆ ਲੱਖਾਂ ਟਨ ਅਨਾਜ ਖਰਾਬ ਹੋ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਵਿਚ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਇਕ ਸਮੇਂ ਸੁਪਰੀਮ ਕੋਰਟ ਨੇ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਕੋਲ ਵਾਧੂ ਅਨਾਜ ਹੈ ਤਾਂ ਉਸ ਨੂੰ ਗਰੀਬਾਂ ਵਿਚ ਮੁਫ਼ਤ ਵੰਡ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਦੇਸ਼ ਦੇ ਕਿਸਾਨਾਂ ਵੱਲੋਂ ਖੂਨ-ਪਸੀਨਾ ਵਹਾਅ ਕੇ ਪੈਦਾ ਕੀਤਾ ਗਿਆ ਅਨਾਜ ਇਸੇ ਤਰ੍ਹਾਂ ਰੁਲ ਕੇ ਬਰਬਾਦ ਹੁੰਦਾ ਰਿਹਾ ਤਾਂ ਦੇਸ਼ ਦੀ ਅਨਾਜ ਸੁਰੱਖਿਆ ਹੀ ਖ਼ਤਰੇ ਵਿਚ ਪੈ ਜਾਵੇਗੀ। ਕੇਂਦਰੀ ਸਰਕਾਰ ਅਤੇ ਵੱਖ-ਵੱਖ ਰਾਜਾਂ ਦੀਆਂ ਸਬੰਧਤ ਸਰਕਾਰਾਂ ਨੂੰ ਅਨਾਜ ਦੀ ਸਾਂਭ-ਸੰਭਾਲ ਨੂੰ ਤਰਜੀਹੀ ਆਧਾਰ 'ਤੇ ਲੈਣਾ ਚਾਹੀਦਾ ਹੈ। ਵੱਖ-ਵੱਖ ਅਨਾਜ ਪੈਦਾ ਕਰਨ ਵਾਲੇ ਰਾਜਾਂ ਵਿਚ ਲੋੜੀਂਦੀ ਮਾਤਰਾ ਵਿਚ ਸਟੋਰਾਂ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਫ ਫ ਫ

ਆਸ਼ਾਵਾਦੀ ਨਜ਼ਰੀਆ

ਮਨੁੱਖ ਆਪਣੀ ਜ਼ਿੰਦਗੀ ਦੇ ਟੀਚੇ ਪੂਰੇ ਕਰ ਸਕਦਾ ਹੈ ਜੇ ਉਸ ਦੀ ਸੋਚ ਉਸਾਰੂ ਹੈ। ਭਾਵ ਮਨੁੱਖ ਆਸ਼ਾਵਾਦੀ ਹੋਏਗਾ ਤਾਂ ਹੀ ਆਪਣੀਆਂ ਆਸਾਂ ਪੂਰੀਆਂ ਕਰ ਸਕੇਗਾ। ਜੇਕਰ ਨਿਰਾਸ਼ਾਵਾਦੀ ਬਿਰਤੀ ਦਾ ਮਾਲਕ ਹੋਏਗਾ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਕਿਸੇ ਨੇ ਸੱਚ ਹੀ ਕਿਹਾ ਹੈ 'ਹਿੰਮਤੇ ਮਰਦਾਂ, ਮਦਦੇ ਖੁਦਾਅ'। ਭਾਵ ਮਾਲਕ ਅਕਾਲ ਪੁਰਖ ਨੇ ਰੋਟੀ ਤਾਂ ਸਾਨੂੰ ਦੇਣੀ ਹੈ ਪਰ ਨਿਵਾਲਾ ਆਪਣੇ ਹੱਥਾਂ ਨਾਲ ਹੀ ਮੂੰਹ ਵਿਚ ਪਾਇਆ ਜਾਂਦਾ ਹੈ। ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾਅ ਭਾਵੇਂ ਬਚਪਨ, ਜਵਾਨੀ ਜਾਂ ਬਿਰਧ ਅਵਸਥਾ ਹੋਵੇ, ਸਦਾ ਹੀ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਹਿੰਮਤ ਪੂਰੀ ਹੋਵੇ ਤਾਂ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਹੀ 20-30 ਫ਼ੀਸਦੀ ਕੰਮ ਸ਼ੁਰੂ ਹੋ ਗਿਆ ਹੁੰਦਾ ਹੈ। ਇਸ ਲਈ ਸਦਾ ਹੀ ਸਾਨੂੰ ਹਾਂ-ਪੱਖੀ ਸੋਚ ਰੱਖ ਕੇ ਜਿਊਣਾ ਚਾਹੀਦਾ ਹੈ।

-ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ (ਗੁਰਦਾਸਪੁਰ)।

ਫ ਫ ਫ

ਪਾਣੀ ਦਾ ਡਿਗਦਾ ਪੱਧਰ

ਪਾਣੀ ਦੀ ਸਮੱਸਿਆ ਇਕੱਲੇ ਕਿਸਾਨ ਵਰਗ ਨਾਲ ਸਬੰਧਤ ਨਹੀਂ ਹੈ। ਸਾਰੇ ਪੰਜਾਬੀਆਂ ਨੂੰ ਇਸ ਖ਼ਤਰਨਾਕ ਚੁਣੌਤੀ ਵੱਲ ਗਹਿਰਾ ਧਿਆਨ ਦੇਣ ਦੀ ਲੋੜ ਹੈ। ਹਰ ਸਾਲ ਲਗਭਗ ਦੋ ਫੁੱਟ ਪਾਣੀ ਹੇਠਾਂ ਚਲਿਆ ਜਾਣਾ ਧਰਤੀ ਹੇਠਲੇ ਜਲ ਭੰਡਾਰ ਦੇ ਘਟਦੇ ਅਤੇ ਖ਼ਤਮ ਹੋ ਰਹੇ ਜਲ ਭੰਡਾਰ ਲਈ ਖ਼ਤਰੇ ਦੀ ਘੰਟੀ ਹੈ। ਜੇਕਰ ਅਸੀਂ ਸਮੂਹ ਪੰਜਾਬੀ ਇਸ ਸਮੱਸਿਆ ਅਰਥਾਤ ਪਾਣੀ ਦੀ ਬੱਚਤ ਲਈ ਸਾਵਧਾਨ ਨਹੀਂ ਹੋਵਾਂਗੇ ਤਾਂ ਨਿਕਟ ਭਵਿੱਖ ਵਿਚ ਪੰਜਾਬ ਵੀ ਰਾਜਸਥਾਨ ਵਾਂਗ ਮਾਰੂਥਲ ਦਾ ਰੂਪ ਅਖ਼ਤਿਆਰ ਕਰ ਜਾਵੇਗਾ। ਕੁਦਰਤ ਦੀ ਇਸ ਅਮੋਲਕ ਦਾਤ ਨਾਲ ਹੀ ਸਮੁੱਚੀ ਕਾਇਨਾਤ, ਬਨਸਪਤੀ, ਜੀਵ-ਜੰਤੂਆਂ, ਪਸ਼ੂਆਂ, ਮਨੁੱਖਾਂ ਆਦਿ ਦਾ ਭਲਾ ਹੈ। ਸੋ, ਇਸ ਦੀ ਸਾਂਭ-ਸੰਭਾਲ ਕਰਨੀ ਸਾਡਾ ਮੁਢਲਾ ਫਰਜ਼ ਹੈ। ਇਸ ਨੂੰ ਪੂਰੀ ਤਨ, ਮਨ ਅਤੇ ਧਨ ਦੀ ਸਮਰੱਥਾ ਨਾਲ ਸਮੂਹਿਕ ਉਪਰਾਲੇ ਨਾਲ ਸੰਭਾਲਣ ਦੀ ਫੌਰੀ ਲੋੜ ਹੈ।

-ਮਨਿੰਦਰ ਸਿੰਘ
ਧਨੌਲਾ ਰੋਡ, ਬਰਨਾਲਾ।

ਜੰਗਲ ਰਾਜ

ਪੰਜਾਬ ਦੀ ਧਰਤੀ ਪੀਰਾਂ, ਫ਼ਕੀਰਾਂ, ਗੁਰੂਆਂ, ਭਗਤਾਂ ਅਤੇ ਸੂਰਮਿਆਂ ਦੀ ਧਰਤੀ ਹੈ ਅਤੇ ਖ਼ਾਸ ਕਰਕੇ ਪੰਜਾਬ ਵਿਚ ਕੋਈ ਵੀ ਕੁਕਰਮ ਪੰਜਾਬ ਦੀ ਇਨਸਾਨੀਅਤ ਨੂੰ ਸੋਭਾ ਨਹੀਂ ਦਿੰਦਾ। ਜਦੋਂ ਵੀ ਇਸ ਧਰਤੀ 'ਤੇ ਬਲਾਤਕਾਰ ਜਾਂ ਕੋਈ ਹੋਰ ਧੱਕੇਸ਼ਾਹੀਆਂ ਹੁੰਦੀਆਂ ਹਨ ਤਾਂ ਜਿਹੜੇ ਆਪਣੇ-ਆਪ ਨੂੰ ਪੰਜਾਬ ਦਾ ਪੁੱਤਰ ਹੋਣ ਦਾ ਮਾਣ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪਰ ਸਾਡੀ ਪੰਜਾਬ ਸਰਕਾਰ ਨੂੰ ਨਿਮਰਤਾ ਹਿਤ ਬੇਨਤੀ ਹੈ ਕਿ ਪੰਜਾਬ ਨੂੰ ਜੰਗਲ ਰਾਜ ਹੋਣ ਤੋਂ ਬਚਾਇਆ ਜਾਵੇ ਤਾਂ ਜੋ ਗੁਰੂਆਂ ਦੀ ਧਰਤੀ 'ਤੇ ਵਸਦਾ ਹਰੇਕ ਪੰਜਾਬੀ ਸੁਖ ਦਾ ਸਾਹ ਲੈਂਦਾ ਰਹੇ। ਆਮ ਅਵਾਮ ਨੂੰ ਵੀ ਧਾਰਮਿਕ ਅਤੇ ਰਾਜਨੀਤਕ ਵਿਚਾਰਾਂ ਤੋਂ ਉੱਪਰ ਉੱਠ ਕੇ ਗੁੰਡਾਗਰਦੀ ਅਤੇ ਧੱਕੇਸ਼ਾਹੀਆਂ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ। ਜੇ ਸਰਕਾਰ ਗੁੰਡਾਗਰਦੀ ਅਤੇ ਧੱਕੇਸ਼ਾਹੀਆਂ ਨੂੰ ਨੱਥ ਪਾਉਂਦੀ ਹੈ ਤਾਂ ਸਾਨੂੰ ਸਰਕਾਰ ਦੀ ਵੀ ਖੁੱਲ੍ਹ ਕੇ ਮਦਦ ਕਰਨੀ ਅਤੇ ਸਾਥ ਦੇਣਾ ਚਾਹੀਦਾ ਹੈ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

11-5-2015

 ਬਾਪੂ ਗਾਂਧੀ ਦਾ ਅੰਤਿਮ ਸੰਸਕਾਰ

ਮਹਾਤਮਾ ਗਾਂਧੀ ਕੋਲ ਸਿਰਫ਼ ਲੰਗੋਟੀ, ਸੋਟੀ, ਵੀ ਚੱਪਲ, ਘੜੀ, ਐਨਕ, ਬੱਕਰੀ ਤੇ ਚਰਖਾ ਹੀ ਸੀ। ਉਹ ਬਹੁਤ ਹੀ ਘੱਟ ਖਰਚ ਕਰਦੇ ਸਨ। ਪਰ ਉਨ੍ਹਾਂ ਦੀ ਮੌਤ ਬਾਰੇ ਇਕ ਲੇਖ ਉਨ੍ਹਾਂ ਦੇ ਪੋਤੇ ਗੋਪਾਲ ਕਿਸ਼ਨ ਗਾਂਧੀ ਨੇ 20 ਅਪ੍ਰੈਲ, 15 ਦੀ ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਵਿਚ ਲਿਖਿਆ, ਜਿਸ ਵਿਚ ਦੱਸਿਆ ਹੈ ਕਿ ਬਾਪੂ ਦੇ ਸੰਸਕਾਰ 'ਤੇ 15 ਮਣ ਸੰਦਲ ਦੀ ਲੱਕੜੀ, ਚਾਰ ਮਣ ਦੇਸੀ ਘਿਓ, 2 ਮਣ ਖੁਸ਼ਬੂਦਾਰ ਸਮੱਗਰੀ, ਇਕ ਮਣ ਨਾਰੀਅਲ ਅਤੇ 15 ਸੇਰ ਕਪੂਰ ਖਰਚ ਕੀਤਾ ਗਿਆ। ਹੋਰ ਇਹ ਕਿ ਉਨ੍ਹਾਂ ਦੀ ਦੇਹ ਨੂੰ ਨੇਵੀ ਦੀ ਤੋਪ ਗੱਡੀ 'ਤੇ ਰੱਖ ਕੇ ਲਿਜਾਇਆ ਗਿਆ ਤੇ ਸਮਾਧੀ ਦਾ ਨਾਂਅ ਵੀ ਰਾਜ ਘਾਟ ਰੱਖਿਆ ਗਿਆ। ਜਦਕਿ ਬਾਪੂ ਬੇਹੱਦ ਸ਼ਾਂਤੀ ਪਸੰਦ ਸਨ ਤੇ ਰਾਜ ਕਰਨ ਵਿਚ ਨਹੀਂ ਸੇਵਾ ਕਰਨ ਵਿਚ ਵਿਸ਼ਵਾਸ ਰੱਖਦੇ ਸਨ।
ਇਹ ਇਕ ਮਿਸਾਲ ਹੈ ਕਿ ਸਰਕਾਰ ਨੇ ਬਾਪੂ ਗਾਂਧੀ ਨੂੰ ਵੀ ਕਿਸ ਤਰ੍ਹਾਂ ਆਪਣੇ ਸਿਆਸੀ ਲਾਹੇ ਲਈ ਵਰਤਿਆ।

-ਰਘਬੀਰ ਸਿੰਘ ਚੀਮਾ
ਪਿੰਡ ਤੇ ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਗੁਲਾਮ ਔਰਤ

ਤਕਰੀਬਨ ਇਕ ਸਦੀ ਪਹਿਲਾਂ ਭਾਰਤ ਵਿਚ ਵੀ ਔਰਤ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ ਅਤੇ ਅੱਜ ਜਦੋਂ ਮਨੁੱਖ ਚੰਦਰਮਾ 'ਤੇ ਵੀ ਪੈਰ ਪਸਾਰ ਰਿਹਾ ਹੈ। ਬਾਹਰਲੇ ਕਈ ਮੁਲਕਾਂ ਵਿਚ ਅੱਜ ਵੀ ਔਰਤ ਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ ਅਤੇ ਔਰਤ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਇਹ ਔਰਤਾਂ ਗੁਲਾਮੀ ਦਾ ਜੀਵਨ ਬਤੀਤ ਕਰ ਰਹੀਆਂ ਹਨ। ਭਾਰਤ ਅਤੇ ਯੂਰਪੀਨ ਦੇਸ਼ਾਂ ਵਿਚ ਤਕਰੀਬਨ ਔਰਤ ਸਮਾਜ ਨੂੰ ਮਰਦ ਸਮਾਜ ਦੇ ਬਰਾਬਰ ਮੰਨਿਆ ਗਿਆ ਹੈ। ਇਥੋਂ ਤੱਕ ਕਿ ਸਾਡੇ ਦੇਸ਼ ਵਿਚ ਪਾਇਲਟ ਤੱਕ ਵੀ ਔਰਤ ਦਾ ਹੋਣਾ ਬੜੇ ਮਾਣ ਵਾਲੀ ਗੱਲ ਹੈ। ਸੋ, ਸਾਨੂੰ ਸਾਰਿਆਂ ਨੂੰ ਰਲ ਕੇ ਔਰਤ ਦੀ ਗੁਲਾਮੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਦੀ ਨਾਰੀ ਵੀ ਪੁਰਸ਼ਾਂ ਵਾਲੇ ਸਾਰੇ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ।

-ਜਸਪ੍ਰੀਤ ਕੌਰ ਵਿਰਦੀ
ਸ਼ੰਕਰ, ਲੁਧਿਆਣਾ।

ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ

ਅੱਜ ਰੋਜ਼ਾਨਾ ਅਖ਼ਬਾਰਾਂ ਭਰੀਆਂ ਆ ਰਹੀਆਂ ਹਨ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ ਹੋ ਰਹੀ ਹੈ। ਸਿੱਖਿਆ ਮੰਤਰੀ ਸਾਹਿਬ ਨੇ ਤਾਂ 10 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਦੀ ਤਾਂ ਮੀਟਿੰਗ ਵੀ ਰੱਖੀ ਹੋਈ ਹੈ। ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਪਰ ਪੰਜਾਬੀ ਵਿਚ ਇਕ ਕਹਾਵਤ ਆਮ ਹੈ ਕਿ ਪਾਣੀ ਨੂੰ ਜਿੰਨਾ ਮਰਜ਼ੀ ਰਿੜਕ ਲਓ, ਨਿਕਲਣਾ ਵਿਚੋਂ ਕੁਝ ਵੀ ਨਹੀਂ। ਸਾਰੇ ਉਪਰਾਲੇ ਇਹ ਕਹਾਵਤ ਹੀ ਸਾਬਤ ਹੋ ਰਹੇ ਹਨ। ਸਾਰੇ ਪ੍ਰਤੱਖ ਵੇਖ ਰਹੇ ਹਨ ਪਰ ਕੁਝ ਅਜਿਹੇ ਉਪਰਾਲੇ ਵੀ ਹਨ ਜਿਨ੍ਹਾਂ ਦੇ ਲਾਗੂ ਕੀਤਿਆਂ ਬੱਚੇ ਜ਼ਰੂਰ ਵਧ ਸਕਦੇ ਹਨ, ਜਿਵੇਂ ਸਰਕਾਰੀ ਸਕੂਲ ਦੀਆਂ ਇਮਾਰਤਾਂ ਨੂੰ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਖੜ੍ਹਾ ਕੀਤਾ ਜਾਵੇ। ਸਾਰੇ ਸਰਕਾਰੀ ਕਰਮਚਾਰੀ ਆਪਣੇ ਬੱਚਿਆਂ ਨੂੰ ਘੱਟੋ-ਘੱਟ ਦਸਵੀਂ ਤੱਕ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ। ਸਰਕਾਰੀ ਸਕੂਲਾਂ ਵਿਚ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵੀ ਦਿੱਤਾ ਜਾਵੇ। ਇਕ ਪ੍ਰਾਇਮਰੀ ਸਕੂਲ ਵਿਚ ਇਕ ਸਫ਼ਾਈ ਕਰਮਚਾਰੀ ਹੋਵੇ ਜੋ ਗੇਟ-ਕੀਪਰ ਦਾ ਵੀ ਕੰਮ ਕਰੇ। ਹਰੇਕ ਸਕੂਲ ਨੂੰ ਘੱਟੋ-ਘੱਟ ਤਿੰਨ ਮੁਲਾਜ਼ਮ ਪੱਕੇ ਦਿੱਤੇ ਜਾਣ। ਅਧਿਆਪਕਾਂ 'ਤੇ ਸਿਰਫ ਪੜ੍ਹਾਈ ਦਾ ਹੀ ਕੰਮ ਪਾਇਆ ਜਾਵੇ, ਹੋਰ ਕੰਮ ਘਟਾਏ ਜਾਣ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੇਕਰ ਉਪਰੋਕਤ ਕੰਮ ਕੀਤੇ ਜਾਣ ਤਾਂ ਨਿਸਚਿਤ ਹੀ ਸਾਨੂੰ ਬੱਚੇ ਲੱਭਣ ਦੀ ਲੋੜ ਨਹੀਂ ਪਵੇਗੀ, ਸਗੋਂ ਮੋਟੇ-ਮੋਟੇ ਬੈਨਰ ਲਾਉਣੇ ਪੈਣਗੇ ਕਿ ਸੀਟਾਂ ਭਰ ਗਈਆਂ ਹਨ, ਦਾਖਲਾ ਬੰਦ ਹੈ।

-ਮਾ: ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ ਧਾਰੀਵਾਲ, ਗੁਰਦਾਸਪੁਰ।

ਧੀਆਂ ਸਾਡਾ ਮਾਣ

ਬਿਨਾਂ ਸ਼ੱਕ ਸਾਡੀਆਂ ਧੀਆਂ ਸਾਡਾ ਮਾਣ ਹਨ। ਸਮਾਜ ਵਿਚ ਧੀਆਂ ਆਪਣਾ ਹੱਕ ਅਤੇ ਅਧਿਕਾਰ ਰੱਖਦੀਆਂ ਹਨ। ਪਰ ਜਿਹੜੀ ਧੀ ਆਪਣੇ ਫ਼ਰਜ਼ ਤੋਂ ਪਾਸਾ ਵੱਟਦੀ ਹੈ, ਉਸ ਨੂੰ ਵੇਖ ਕੇ ਦੁੱਖ ਹੁੰਦਾ ਹੈ। ਚੁੰਨੀ ਸਾਡੀ ਅਣਖ, ਅਦਬ ਅਤੇ ਸਤਿਕਾਰ ਦੀ ਪ੍ਰਤੀਕ ਹੈ। ਪਰ ਜਿਨ੍ਹਾਂ ਧੀਆਂ ਦੇ ਸਿਰ 'ਤੇ ਚੁੰਨੀ ਨਹੀਂ, ਉਨ੍ਹਾਂ ਨੂੰ ਵੇਖ ਕੇ ਇੰਜ ਲਗਦਾ ਹੈ ਕਿ ਆਪਣਾ ਵਿਰਸਾ ਅਤੇ ਸੱਭਿਆਚਾਰ ਧੀਆਂ ਨੂੰ ਮੁਆਫ਼ਕ ਨਹੀਂ ਆ ਰਿਹਾ। ਇਹ ਗੱਲ ਪੰਜਾਬੀਅਤ ਦੇ ਵਿਰਸੇ ਵਿਚੋਂ ਅਤੀਤ ਤੋਂ ਪ੍ਰਤੱਖ ਹੈ ਕਿ ਜਿਸ ਧੀ ਦੇ ਸਿਰ ਚੁੰਨੀ ਹੈ, ਉਸ ਨੇ ਹਮੇਸ਼ਾ ਘਰ ਪਰਿਵਾਰ ਅਤੇ ਸਮਾਜ ਵਿਚ ਆਪਣੇ ਵਿਰਸੇ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ। ਜਿਸ ਨੇ ਵਿਰਸਾ ਅਤੇ ਸੱਭਿਆਚਾਰ ਵਿਸਾਰ ਦਿੱਤਾ ਤਾਂ ਉਹ ਸਮਝੋ ਕੁਰਾਹੇ ਪੈ ਗਿਆ। ਸਮੇਂ ਦੀ ਝੁੱਲੀ ਹਨੇਰੀ ਨੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਡੇ ਵਿਰਸੇ ਅਤੇ ਸੱਭਿਆਚਾਰ ਉਤੇ ਪਾ ਦਿੱਤਾ ਹੈ ਪਰ ਫਿਰ ਵੀ ਬਹੁਤੀ ਧੀਆਂ ਨੇ ਆਪਣਾ ਵਿਰਸਾ ਸਾਂਭਿਆ ਹੋਇਆ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਅਵਾਰਾ ਕੁੱਤਿਆਂ ਦੀ ਦਹਿਸ਼ਤ

'ਅਜੀਤ' ਵਿਚ ਪਿਛਲੇ ਦਿਨੀਂ ਸੰਪਾਦਕੀ ਲੇਖ 'ਮੇਨਕਾ ਗਾਂਧੀ ਅਤੇ ਅਵਾਰਾ ਕੁੱਤੇ' ਪੰਜਾਬ ਵਿਚ ਫੈਲੇ ਅਵਾਰਾ ਕੁੱਤਿਆਂ ਦੇ ਦਹਿਸ਼ਤ ਦੀ ਸਹੀ ਤਸਵੀਰ ਸੀ। ਅਵਾਰਾ ਕੁੱਤਿਆਂ ਦੀ ਦਹਿਸ਼ਤ ਇਸ ਕਦਰ ਹੈ ਕਿ ਬੱਚੇ ਤਾਂ ਬੱਚੇ, ਸਗੋਂ ਨੌਜਵਾਨ ਵੀ ਰਾਤ-ਬਰਾਤੇ ਕਿਧਰੇ ਜਾਣ ਤੋਂ ਝਿਜਕਦੇ ਹਨ। ਰਾਤਾਂ ਨੂੰ ਕੰਮਾਂ ਤੋਂ ਮੁੜਨ ਕਾਮੇ, ਹੱਡਾ ਰੋੜੀ ਵਾਲੇ ਰਸਤੇ ਪਿੰਡਾਂ ਨੂੰ ਆਉਣ ਦੀ ਬਜਾਏ, ਦੋ-ਦੋ, ਤਿੰਨ-ਤਿੰਨ ਕਿਲੋਮੀਟਰ ਦਾ ਗੇੜ ਪਾ ਕੇ ਘਰਾਂ ਨੂੰ ਆਉਂਦੇ ਹਨ। ਲੋਕ ਮਨਾਂ ਵਿਚ ਅਜਿਹਾ ਸਹਿਮ ਤਾਂ ਅੱਤਵਾਦ ਦੇ ਦੌਰ ਵੇਲੇ ਵੀ ਨਹੀਂ ਸੀ। ਸਰਕਾਰੀ ਅੰਕੜਿਆਂ ਅਨੁਸਾਰ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਕੇ ਹਰ ਸਾਲ ਤਕਰੀਬਨ 30 ਹਜ਼ਾਰ ਲੋਕ ਮਰਦੇ ਹਨ, ਜਦ ਕਿ ਅਸਲੀਅਤ ਇਸ ਤੋਂ ਕਿਤੇ ਜ਼ਿਆਦਾ ਭਿਆਨਕ ਹੈ। ਪਹਿਲਾਂ ਅਵਾਰਾ ਕੁੱਤਿਆਂ ਨੂੰ ਮਾਰ ਕੇ ਇਨ੍ਹਾਂ ਦੀ ਗਿਣਤੀ ਦਾ ਤਵਾਜ਼ਨ ਠੀਕ ਰੱਖਿਆ ਜਾਂਦਾ ਸੀ। ਪ੍ਰੰਤੂ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਪਹਿਲ 'ਤੇ ਕਈ ਸਾਲ ਪਹਿਲਾਂ ਅਵਾਰਾ ਕੁੱਤਿਆਂ ਨੂੰ ਮਾਰਨ 'ਤੇ ਰੋਕ ਲਗਾ ਦਿੱਤੀ ਗਈ। ਹੁਣ ਕੁੱਤਿਆਂ (ਅਵਾਰਾ) ਦੀ ਨਸਬੰਦੀ ਦੇ ਬਣਾਏ ਜਾ ਰਹੇ ਪ੍ਰੋਗਰਾਮ ਦੇ ਰਾਹ ਵਿਚ ਮੇਨਕਾ ਗਾਂਧੀ ਵੱਲੋਂ ਅੜਿੱਕੇ ਡਾਹੇ ਜਾ ਰਹੇ ਹਨ। ਮੇਨਕਾ ਗਾਂਧੀ ਨੂੰ ਕੁੱਤਿਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਫ਼ਿਕਰ ਕਰਨਾ ਚਾਹੀਦਾ ਹੈ, ਜਿਹੜੇ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਸਾਨੂੰ ਸਮੂਹਿਕ ਰੂਪ ਵਿਚ ਵੀ ਮੇਨਕਾ ਗਾਂਧੀ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਦੇ ਹੱਠ ਕਰਕੇ ਆਮ ਲੋਕ ਮੌਤ ਦੇ ਮੂੰਹ ਵਿਚ ਨਾ ਜਾਈ ਜਾਣ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ (ਲੁਧਿਆਣਾ)।

ਕਿਸਾਨ ਦੀ ਮਿਹਨਤ

ਦੇਸ਼ ਦਾ ਅੰਨਦਾਤਾ ਆਪਣੀ ਫਸਲ ਨੂੰ ਪੁੱਤਰਾਂ ਵਾਂਗ ਪਾਲ ਕੇ ਪੂਰੀ ਇਮਾਨਦਾਰੀ ਨਾਲ ਮੰਡੀ ਵਿਚ ਲੈ ਕੇ ਆਉਂਦਾ ਹੈ। ਫਿਰ ਉਸ ਦੁਆਰਾ ਕੀਤੀ ਮਿਹਨਤ 'ਤੇ ਸ਼ੱਕ ਕਿਸ ਗੱਲ ਦੀ ਰਹਿ ਜਾਂਦੀ ਹੈ? ਕੀ ਉਸ ਵੱਲੋਂ ਤਿਆਰ ਕੀਤੇ ਅਨਾਜ ਵਿਚ ਕਿਸੇ ਤਰ੍ਹਾਂ ਦੀ ਕਮੀ ਰਹਿ ਜਾਂਦੀ ਹੈ? ਜੇਕਰ ਨਹੀਂ ਤਾਂ ਉਸ ਦੀ ਏਨੀ ਖੱਜਲ-ਖੁਆਰੀ ਕਿਉਂ ਹੋ ਰਹੀ ਹੈ? ਕਿਸਾਨ ਆਪ ਕੋਈ ਚੀਜ਼ ਬਾਜ਼ਾਰ ਵਿਚੋਂ ਖਰੀਦਦਾ ਹੈ, ਉਹ ਵਿਚਾਰਾ ਸਿਰਫ ਚੀਜ਼ ਦਾ ਰੇਟ ਹੀ ਦੇਖਦਾ ਹੈ, ਉਸ ਚੀਜ਼ ਸਬੰਧੀ ਕਿਸੇ ਤਰ੍ਹਾਂ ਦਾ ਕਿੰਤੂ-ਪ੍ਰੰਤੂ ਕਰੇ ਬਿਨਾਂ ਚੀਜ਼ ਖਰੀਦ ਲੈਂਦਾ ਹੈ। ਜੇਕਰ ਕਿਸਾਨ ਚੀਜ਼ ਖਰੀਦਣ ਲੱਗਿਆਂ ਕਿਸੇ ਤਰ੍ਹਾਂ ਦਾ ਕਿੰਤੂ-ਪ੍ਰੰਤੂ ਨਹੀਂ ਕਰਦਾ, ਫਿਰ ਮੰਡੀਆਂ ਵਿਚ ਹਰ ਛੇ ਮਹੀਨੇ ਬਾਅਦ ਉਸ ਦੀ ਖੱਜਲ-ਖੁਆਰੀ ਕਿਉਂ ਹੁੰਦੀ ਹੈ? ਦੇਸ਼ ਵਿਚ ਅੰਨ ਦਾ ਭੰਡਾਰ ਪੈਦਾ ਕਰਨ ਵਾਲਾ ਆਪ ਖ਼ੁਦਕੁਸ਼ੀਆਂ ਦੇ ਰਾਹ ਕਿਉਂ ਪੈ ਰਿਹਾ ਹੈ? ਅਜਿਹਾ ਕਦੋਂ ਤੱਕ ਹੁੰਦਾ ਰਹੇਗਾ? ਉਦੋਂ ਤੱਕ ਜਦੋਂ ਤੱਕ ਦੇਸ਼ ਦੀ ਜਨਤਾ ਭੁੱਖ ਨਾਲ ਮਰ ਨਹੀਂ ਜਾਂਦੀ ਜਾਂ ਫਿਰ ਉਦੋਂ ਤੱਕ ਕਿ ਜਦ ਕਿਸਾਨ ਖ਼ੁਦ ਖ਼ਤਮ ਹੋ ਗਿਆ ਹੈ? ਕਿਸਾਨ ਦੀ ਅਜੋਕੀ ਹਾਲਤ ਏ.ਸੀ. 'ਚ ਬੈਠਣ ਵਾਲੇ ਕੀ ਜਾਣਦੇ ਹਨ। ਜੇਕਰ ਕਿਸਾਨ ਦਾ ਸਾਥ ਸਰਕਾਰਾਂ ਹੀ ਛੱਡ ਦੇਣਗੀਆਂ ਫਿਰ ਤਾਂ ਦੇਸ਼ ਦਾ ਰੱਬ ਹੀ ਰਾਖਾ ਹੈ। ਮਿਹਨਤ ਕਰਨ ਵਾਲਿਆਂ ਦੀ ਹਾਲਤ ਏਨੀ ਤਰਸਯੋਗ ਨਾ ਹੋਣ ਦਿਓ, ਕਿਉਂਕਿ ਇਨ੍ਹਾਂ ਸਹਾਰੇ ਹੀ ਦੇਸ਼ ਤਰੱਕੀ ਦੇ ਰਾਹ 'ਤੇ ਹੈ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

23-4-2015

 ਬੱਸ ਕਿਰਾਏ ਵਿਚ ਵਾਧਾ ਕਿਉਂ?

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦੋ ਖ਼ਬਰਾਂ ਪ੍ਰਮੁੱਖਤਾ ਨਾਲ ਛਪੀਆਂ ਹਨ। ਇਕ ਤਾਂ ਇਹ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਰੁਪਏ 21 ਪੈਸੇ ਪ੍ਰਤੀ ਲਿਟਰ ਕਮੀ ਹੋਈ। ਦੂਜੀ ਇਹ ਕਿ ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਿਚ 3 ਤੋਂ 6 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕੀਤਾ ਗਿਆ। ਸਮਝ ਨਹੀਂ ਆਉਂਦੀ ਕਿ ਇਹ ਵਾਧਾ ਕਿਉਂ ਕੀਤਾ ਗਿਆ, ਜਦੋਂ ਕਿ ਪਿਛਲੇ ਇਕ ਸਾਲ ਦੇ ਮੁਕਾਬਲੇ ਡੀਜ਼ਲ ਦੀਆਂ ਕੀਮਤਾਂ ਘਟੀਆਂ ਹਨ। ਪੰਜਾਬ ਵਿਚ ਬੱਸ ਕਿਰਾਇਆ ਪਹਿਲਾਂ ਹੀ ਗੁਆਂਢੀ ਸੂਬਿਆਂ ਨਾਲੋਂ ਜ਼ਿਆਦਾ ਹੈ। ਇਸ ਕਰਕੇ ਲੋਕ ਤਾਂ ਉਮੀਦ ਕਰ ਰਹੇ ਸਨ ਕਿ ਸਰਕਾਰ ਬੱਸ ਕਿਰਾਇਆ ਘਟਾ ਕੇ ਗਰੀਬਾਂ ਨੂੰ ਤੋਹਫ਼ਾ ਦੇਵੇਗੀ, ਪ੍ਰੰਤੂ ਹੋਇਆ ਇਸ ਤੋਂ ਬਿਲਕੁਲ ਉਲਟ। ਬੱਸ ਕਿਰਾਏ ਵਿਚ ਕੀਤੇ ਇਸ ਵਾਧੇ ਨੂੰ ਸਰਕਾਰ ਭਾਵੇਂ ਮਾਮੂਲੀ ਹੀ ਕਹੇ ਪਰ ਇਹ ਗ਼ਰੀਬ ਵਰਗ ਨਾਲ ਸਰਾਸਰ ਧੱਕਾ ਹੈ। ਕਿਉਂਕਿ ਬੱਸਾਂ ਵਿਚ ਜ਼ਿਆਦਾ ਗਰੀਬ ਵਰਗ ਹੀ ਸਫ਼ਰ ਕਰਦਾ ਹੈ। ਨਿੱਤ ਵਧਦੀ ਮਹਿੰਗਾਈ ਨੇ ਗਰੀਬਾਂ ਦਾ ਜਿਊਣਾ ਪਹਿਲਾਂ ਹੀ ਮੁਹਾਲ ਕਰ ਰੱਖਿਆ ਹੈ, ਉਤੋਂ ਇਹ ਬੱਸ ਕਿਰਾਏ 'ਚ ਵਾਧਾ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਦਾ ਕੰਮ ਕਰੇਗਾ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ (ਲੁਧਿਆਣਾ)।

ਫ ਫ ਫ

ਜੁਰਮ ਸਬੰਧੀ ਫ਼ਿਲਮ

ਪਿਛਲੇ ਦਿਨੀਂ ਪੜ੍ਹਿਆ ਕਿ ਸਲਮਾਨ ਖਾਨ ਨੇ ਕਾਲਾ ਹਿਰਨ ਮਾਰ ਕੇ ਜੋ ਕੁਝ ਦਿਨ ਜੇਲ੍ਹ 'ਚ ਕੈਦੀ ਨੰ: 210 ਬਣ ਕੇ ਗੁਜ਼ਾਰੇ, ਉਸ 'ਤੇ ਨਿਰਦੇਸ਼ਕ ਰਣਜੀਤ ਵੱਲੋਂ ਫ਼ਿਲਮ ਬਣ ਰਹੀ ਹੈ। ਗੱਲ ਕਿੱਧਰ ਨੂੰ ਗਈ ਕੁਦਰਤ ਦੀਆਂ ਚੀਜ਼ਾਂ ਨਸ਼ਟ ਕਰੋ ਫ਼ਿਲਮ ਬਣਾਓ, ਪੈਸਾ, ਮਸ਼ਹੂਰੀ ਖੱਟੋ। ਇਹ ਫ਼ਿਲਮ ਸਮਾਜ ਨੂੰ ਕੀ ਸੇਧ ਦਿੰਦੀ ਹੈ। ਉਸ ਤੋਂ ਬਾਅਦ ਸਲਮਾਨ ਨੇ ਜੋ ਫੁੱਟਪਾਥ 'ਤੇ ਪਏ ਗਰੀਬ ਬੇਘਰਾਂ ਨੂੰ ਦਰੜ੍ਹਿਆ, ਉਸ 'ਤੇ ਫ਼ਿਲਮ ਬਣੇਗੀ। ਫ਼ਿਲਮ ਬਣਾਉਣ ਵਾਲਿਆਂ ਨੇ ਕਦੀ ਜਤਿਨ ਦਾਸ ਵਰਗੇ ਮਹਾਨ ਸ਼ਹੀਦ ਜਿਸ ਨੇ ਆਜ਼ਾਦੀ ਲਈ ਜੇਲ੍ਹ 'ਚ 29 ਦਿਨ ਭੁੱਖ ਹੜਤਾਲ ਰੱਖੀ ਤੇ ਭੁੱਖ ਨਾਲ ਸ਼ਹੀਦ ਹੋ ਗਿਆ ਸੀ, ਬਾਰੇ ਕਦੀ ਨਹੀਂ ਸੋਚਿਆ। ਮੇਨਕਾ ਗਾਂਧੀ, ਸਮੂਹ ਵਾਤਾਵਰਨ ਪ੍ਰੇਮੀਆਂ ਨੂੰ ਇਸ ਵਿਰੁੱਧ ਸਖ਼ਤ ਸਟੈਂਡ ਲੈਣਾ ਪਵੇਗਾ। ਸੈਂਸਰ ਬੋਰਡ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀਆਂ ਕੁਦਰਤ ਦੀ ਵਿਨਾਸ਼ਤਾ ਅਤੇ ਜੁਰਮਾਂ ਨੂੰ ਹੁਲਾਰਾ ਦੇਣ ਵਾਲੀਆਂ ਫ਼ਿਲਮਾਂ 'ਤੇ ਰੋਕ ਲਾਵੇ।

-ਇੰਸ: ਗੁਰਸਵਿੰਦਰ ਸਿੰਘ ਬਿਲਾਸਪੁਰ
ਸਿਵਲ ਹਸਪਤਾਲ, ਲੁਹਾਰਾ (ਮੋਗਾ)।

ਫ ਫ ਫ

ਅਧਿਆਪਕ ਬਨਾਮ ਬੱਚੇ

ਸਕੂਲ 'ਚ ਦਾਖਲਾ ਲੈਣ ਲਈ ਕਈ ਬੱਚੇ ਤਾਂ ਸਹਿਜ-ਸੁਭਾਅ ਖੁਸ਼ੀ-ਖੁਸ਼ੀ ਸਕੂਲ ਆਉਂਦੇ ਹਨ ਪਰ ਕਈ ਡਰ, ਤਣਾਅ, ਰੋ-ਧੋ ਕੇ ਸਕੂਲ ਆਉਂਦੇ ਹਨ। ਪ੍ਰਾਈਵੇਟ ਸਕੂਲਾਂ ਵਿਚ ਤਾਂ ਢਾਈ ਤੋਂ 3 ਸਾਲ ਦੀ ਉਮਰ ਵਿਚ ਹੀ ਦਾਖਲਾ ਹੋ ਜਾਂਦਾ ਹੈ, ਉਥੇ ਬੱਚੇ ਲਈ 'ਪਲੇਅ ਵੇਅ' ਢੰਗ ਰਾਹੀਂ ਖਿਡੌਣਿਆਂ, ਝੂਲਿਆਂ ਰਾਹੀਂ ਅਗਾਜ਼ ਪੜ੍ਹਾਈ ਦਾ ਹੁੰਦਾ ਹੈ। ਪਰ ਸਰਕਾਰੀ ਸਕੂਲਾਂ ਵਿਚ ਭਾਵੇਂ 'ਜੋੜੋ ਗਿਆਨ' 'ਪਲੇਅ ਵੇਅ' ਦਾ ਹੀ ਰੂਪ ਹੈ ਪਰ ਬਹੁਤ ਕੁਝ ਕਰਨਾ ਇਸ ਵਿਚ ਬਾਕੀ ਹੈ। ਮਿਥੇ ਟੀਚੇ ਦਾ ਡੰਡਾ ਅਧਿਆਪਕਾਂ ਸਿਰ ਹੋਣ ਕਰਕੇ ਉਹ ਸਿੱਧਾ ਪੜ੍ਹਾਈ ਤੋਂ ਸ਼ੁਰੂ ਕਰ ਦਿੰਦੇ ਹਨ। ਜਿਹੜੀ ਗੱਲ ਅਧਿਆਪਕਾਂ ਦੁਆਰਾ ਹੋ ਸਕਦੀ ਹੈ, ਉਹ ਹੈ ਉਨ੍ਹਾਂ ਦਾ 'ਵਰਤਾਓ'। ਪਿਆਰ, ਹਲੀਮੀ, ਦੋਸਤਾਨਾ, ਮਾਂ ਵਾਂਗ ਵਤੀਰਾ ਪਹਿਲਾਂ ਇਨ੍ਹਾਂ ਬੱਚਿਆਂ ਲਈ ਠਹਿਰਾਅ ਦਾ ਕੰਮ ਕਰਦਾ ਹੈ। ਪੜ੍ਹਾਈ ਤਾਂ ਬਾਅਦ ਦੀ ਗੱਲ ਹੈ। ਅਧਿਆਪਕ ਮਾਂ ਤੋਂ ਬਾਅਦ 'ਬੱਚੇ ਦੀ ਮਾਂ' ਹੈ। ਘੱਟੋ-ਘੱਟ ਅਧਿਆਪਕ ਨੂੰ ਚਾਹੀਦਾ ਹੈ ਕਿ 2-3 ਮਹੀਨੇ ਬੱਚੇ ਨਾਲ ਮਾਨਸਿਕਤਾ ਬੱਚੇ ਵਾਲੀ ਰੱਖੀ ਜਾਵੇ। ਉਸ ਦਾ ਮਨ ਲਗਾਇਆ ਜਾਵੇ। ਉਹ ਸਕੂਲ ਡਰ ਜਾਂ ਹਊਆ ਸਮਝ ਕੇ ਨਾ ਆਵੇ, ਸਗੋਂ ਅਜਿਹਾ ਸੋਚੇ ਕਿ ਸਕੂਲ ਉਸ ਦਾ ਘਰ ਹੈ।

-ਗੁਰਲਵਦੀਪ ਸਿੰਘ
ਈ.ਟੀ.ਟੀ. ਅਧਿਆਪਕ, ਸਰਕਾਰੀ ਐਲੀਮੈਂਟਰੀ ਸਕੂਲ, ਕੋਟ ਧਰਮ ਚੰਦ ਕਲਾਂ (ਤਰਨ ਤਾਰਨ)।

ਫ ਫ ਫ

ਫਜ਼ੂਲ-ਖਰਚੀ

ਸਾਡੇ ਸਮਾਜ ਵਿਚ ਲੋਕ ਦਿਖਾਵੇ ਲਈ ਕੀਤਾ ਗਿਆ ਅੰਨਾ ਖਰਚ ਖ਼ੁਦਕੁਸ਼ੀ ਨੂੰ ਦਾਅਵਤ ਦਿੰਦਾ ਹੈ। ਵੱਡੇ ਲੋਕਾਂ ਦੇ ਵਿਆਹ-ਸ਼ਾਦੀਆਂ 'ਤੇ ਲੋਕ ਦਿਖਾਵੇ ਲਈ ਵਧਾਏ ਖਰਚ ਉਨ੍ਹਾਂ ਲਈ ਤਾਂ ਮਨੋਰੰਜਨ ਤੇ ਸ਼ੌਕ ਹਨ ਪਰ ਗ਼ਰੀਬ ਲਈ ਅੱਜ ਦੀ ਮਹਿੰਗਾਈ ਦੇ ਯੁੱਗ ਵਿਚ ਦੋ ਡੰਗ ਦੀ ਰੋਟੀ ਹੀ ਮਸਾਂ ਪੂਰੀ ਹੁੰਦੀ ਹੈ। ਕਿਸਾਨ ਕਰਜ਼ੇ ਚੁੱਕ-ਚੁੱਕ ਕੇ ਇਨ੍ਹਾਂ ਖਰਚਿਆਂ ਨੂੰ ਪੂਰ ਚੜ੍ਹਾਉਂਦੇ ਹਨ ਤੇ ਜਦ ਉਹ ਕਰਜ਼ੇ ਲਾਹੁਣ ਤੋਂ ਅਸਮਰੱਥ ਹੋ ਜਾਂਦੇ ਹਨ ਤਾਂ ਅੰਤ ਮੌਤ ਨੂੰ ਗਲੇ ਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਸਾਨੂੰ ਸਮਾਜ ਮੁਤਾਬਿਕ ਨਹੀਂ ਸਗੋਂ ਆਪਣੇ ਮੁਤਾਬਿਕ ਖਰਚ ਕਰਨਾ ਚਾਹੀਦਾ ਹੈ। ਆਮ ਕਿਹਾ ਜਾਂਦਾ ਹੈ ਕਿ 'ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ' ਤਾਂ ਜੋ ਫਾਲਤੂ ਖਰਚ ਨੂੰ ਰੋਕ ਕੇ ਆਮ ਆਦਮੀ ਦੀ ਸਲਾਮਤੀ ਮੰਗ ਸਕੀਏ।


-ਮੇਜਰ ਸਿੰਘ ਸੁਖਾਣਾਂ
ਮਾਲੇਰਕੋਟਲਾ ਰੋਡ, ਰਾਏਕੋਟ।

ਰਾਖਵੇਂਕਰਨ ਦੀ ਨੀਤੀ

ਵੱਖ-ਵੱਖ ਧਰਮਾਂ-ਜਾਤਾਂ ਦਾ ਸਮੂਹ ਮੇਰਾ ਭਾਰਤ ਮਹਾਨ ਅੱਜ ਆਜ਼ਾਦੀ ਪ੍ਰਾਪਤੀ ਦੇ 68 ਸਾਲਾਂ ਬਾਅਦ ਵੀ ਰਾਖਵੇਂਕਰਨ ਦਾ ਸੰਤਾਪ ਹੰਢਾਅ ਰਿਹਾ ਹੈ। ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਇਹ ਮਹਿਸੂਸ ਕੀਤਾ ਗਿਆ ਸੀ ਕਿ ਕੁਝ ਕਮਜ਼ੋਰ ਵਰਗਾਂ ਨੂੰ 1960 ਤੱਕ ਰਾਖਵੇਂਕਰਨ ਦਾ ਮੌਕਾ ਦੇ ਕੇ ਸਮਾਜ ਵਿਚ ਬਰਾਬਰਤਾ ਦਾ ਅਹਿਸਾਸ ਕਰਵਾਇਆ ਜਾਏਗਾ। ਇਸ ਤਹਿਤ ਹੀ ਅਨੁਸੂਚਿਤ ਜਾਤੀ ਨੂੰ 25 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਸੀ। ਭਾਵੇਂ ਇਸ ਜਾਤੀ ਦੇ ਲੋਕਾਂ ਦੀ ਆਰਥਿਕ ਹਾਲਤ ਤੇ ਸਮਾਜਿਕ ਰੁਤਬਾ 1960 ਤੱਕ ਕਾਫੀ ਸੁਧਰ ਗਿਆ ਸੀ ਪ੍ਰੰਤੂ ਦੇਸ਼ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਨੇ ਪੂਰੇ ਦੇਸ਼ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਬਹੁਮਤ ਗਿਣਤੀ ਨੂੰ ਦੇਖਦੇ ਹੋਏ ਇਸ ਨੂੰ ਆਪਣੇ ਵੋਟ ਬੈਂਕ ਦਾ ਹਿੱਸਾ ਬਣਾ ਕੇ ਹਰ 10 ਸਾਲ ਲਈ ਵਧਾਉਣਾ ਸ਼ੁਰੂ ਕਰ ਦਿੱਤਾ, ਜੋ ਅੱਜ ਤੱਕ ਜਾਰੀ ਹੈ। ਅੱਜ ਜਾਟ ਰਾਖਵਾਂਕਰਨ ਦਾ ਮੁੱਦਾ ਫਿਰ ਸਿਆਸਤ ਦੇ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਰਾਜਨੀਤਕ ਲੋਕ ਸਿਆਸੀ ਪੱਤਾ ਇਸ ਲਈ ਖੇਡ ਰਹੇ ਹਨ ਕਿ ਦੇਸ਼ ਦੇ 9 ਰਾਜਾਂ ਵਿਚ ਜਾਟਾਂ ਦੀ ਗਿਣਤੀ ਵਧੇਰੇ ਹੈ। ਦੇਸ਼ ਦੇ ਮੱਧ ਵਰਗੀ ਲੋਕ ਗਰੀਬੀ ਦੀ ਚੱਕੀ ਵਿਚ ਪਿਸ ਰਹੇ ਹਨ। ਰਾਖਵਾਂਕਰਨ ਆਰਥਿਕ ਆਧਾਰ 'ਤੇ ਹੋਣਾ ਚਾਹੀਦਾ ਹੈ, ਜਾਤ ਆਧਾਰਿਤ ਨਹੀਂ। ਦੇਸ਼ ਨਿਰਮਾਣ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਅਜਿਹੇ ਹੱਥਕੰਡੇ ਨਹੀਂ ਅਪਣਾਉਣੇ ਚਾਹੀਦੇ, ਜਿਸ ਨਾਲ ਜਾਤਾਂ ਅਤੇ ਧਰਮਾਂ ਵਿਚ ਦੂਰੀਆਂ ਵਧ ਜਾਣ। ਅਜਿਹੀਆਂ ਸਿਆਸੀ ਸਰਗਰਮੀਆਂ ਨਾਲ ਭਾਰਤ ਵਿਚ ਕਦੀ ਅੱਛੇ ਦਿਨ ਨਹੀਂ ਆਉਣਗੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

17-4-2015

 ਸ਼ਹੀਦਾਂ ਦੇ ਸੁਪਨੇ

ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਸੈਂਕੜੇ ਹੀ ਆਜ਼ਾਦੀ ਪਸੰਦ ਪਰਵਾਨਿਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਸੀ ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਤੱਕ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਸਿਰਜਿਆ ਜਾ ਸਕਿਆ। ਸ਼ਹੀਦਾਂ ਦਾ ਸੁਪਨਾ ਸੀ ਕਿ ਹਰ ਦੇਸ਼ ਵਾਸੀ ਨੂੰ ਪੂਰਾ ਮਾਣ-ਸਤਿਕਾਰ ਮਿਲੇ, ਊਚ-ਨੀਚ ਤੇ ਜਾਤ-ਪਾਤ ਨੂੰ ਕੋਈ ਥਾਂ ਨਾ ਹੋਵੇ, ਸਭ ਇਕ ਬਰਾਬਰ ਹੋਣ, ਸਭ ਲਈ ਰੁਜ਼ਗਾਰ ਹੋਵੇ, ਚੰਗੀਆਂ ਸਿਹਤ ਸਹੂਲਤਾਂ ਹੋਣ, ਉਸਾਰੂ ਸਿੱਖਿਆ, ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਸਮਾਜਿਕ ਸਮਾਨਤਾ ਨੂੰ ਪਹਿਲ ਦਿੱਤੀ ਜਾਵੇ। ਪਰ ਆਜ਼ਾਦੀ ਤੋਂ ਬਾਅਦ ਅੱਜ ਤੱਕ ਹਰ ਸਰਕਾਰੀ ਤੇ ਗ਼ੈਰ-ਸਰਕਾਰੀ ਮਹਿਕਮੇ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਸ ਤੋਂ ਸਪੱਸ਼ਟ ਹੈ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਅਜੇ ਦੂਰ ਦੀ ਗੱਲ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਫ ਫ ਫ

ਸ਼ੁਕਰਾਨਾ

ਅਜੋਕਾ ਮਨੁੱਖ ਬੜਾ ਸਵਾਰਥੀ ਹੋ ਰਿਹਾ ਹੈ। ਹਰ ਵਕਤ ਝੋਲੀ ਅੱਡ ਕੇ ਹੀ ਰੱਖਦਾ ਹੈ। ਕਿਸੇ ਦੂਜੇ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਖੋਹਣ ਵਾਸਤੇ ਨਜ਼ਰ ਟਿਕਾਈ ਰੱਖਦਾ ਹੈ। ਕਦਰਾਂ-ਕੀਮਤਾਂ ਨੂੰ ਛਿੱਕੇ 'ਤੇ ਟੰਗ ਕੇ ਆਪਣੀ ਭੁੱਖ ਨੂੰ ਪੂਰਾ ਕਰਨ ਵਾਸਤੇ ਹਰ ਯਤਨ ਕਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿਚ ਪੂਰੀ ਤਰ੍ਹਾਂ ਫਸਿਆ ਅੱਜ ਦਾ ਮਨੁੱਖ ਪਰਮਾਤਮਾ ਦੁਆਰਾ ਸਿਰਜੀ ਇਸ ਕੁਦਰਤ ਤੋਂ ਸਭ ਲੈ ਕੇ ਵੀ ਸ਼ੁਕਰਾਨਾ ਨਹੀਂ ਕਰਦਾ।

-ਸੰਤੋਖ ਸਿੰਘ ਸੋਖਾ
ਕੰਧੋਲਾ, ਚਮਕੌਰ ਸਾਹਿਬ (ਰੋਪੜ)।

ਫ ਫ ਫ

ਜਲ ਹੀ ਜੀਵਨ ਹੈ

ਪਾਣੀ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਤੱਤ ਹੈ, ਜਿਸ ਤੋਂ ਬਿਨਾਂ ਜਿਊਂਦੇ ਰਹਿਣਾ ਅਸੰਭਵ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿਗਦਾ ਪੱਧਰ, ਪ੍ਰਦੂਸ਼ਿਤ ਵਾਤਾਵਰਨ ਅਤੇ ਰੁੱਖਾਂ ਦੀ ਘਾਟ ਸਭ ਲੋਕਾਂ ਅਤੇ ਵਿਚਾਰਵਾਨਾਂ ਲਈ ਇਕ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗਦੇ ਪੱਧਰ ਲਈ ਪੰਜਾਬ ਵਿਚ ਰੁਟੀਨ ਵਿਚ ਹੋ ਰਹੀ ਝੋਨੇ ਦੀ ਕਾਸ਼ਤ ਜ਼ਿੰਮੇਵਾਰ ਹੈ। ਪੰਜਾਬ ਨੂੰ ਹਰਿਆ-ਭਰਿਆ ਰੱਖਣ ਲਈ ਪਾਣੀ ਜਿਹੇ ਕੁਦਰਤੀ ਸੋਮੇ ਨੂੰ ਸੰਭਾਲਣ ਦੀ ਜ਼ਰੂਰਤ ਹੈ। ਇਸ ਲਈ ਸਭ ਨੂੰ ਮਿਲ ਕੇ ਸਮੂਹਿਕ ਯਤਨ ਕਰਨੇ ਪੈਣਗੇ ਅਤੇ ਝੋਨੇ ਦੀ ਥਾਂ ਹੋਰ ਫਸਲਾਂ ਦਾ ਬਦਲ ਲੱਭਣਾ ਪਵੇਗਾ। ਫਸਲੀ ਚੱਕਰ ਦੇ ਵਿਭਿੰਨੀਕਰਨ ਲਈ ਪੰਜਾਬ ਸਰਕਾਰ ਦੁਆਰਾ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਕੁਦਰਤੀ ਵਾਤਾਵਰਨ ਦੀ ਸੰਭਾਲ ਲਈ ਸਰਕਾਰ, ਕਿਸਾਨਾਂ ਅਤੇ ਖੇਤੀ ਮਾਹਰਾਂ ਵਿਚ ਆਪਸੀ ਤਾਲਮੇਲ ਜ਼ਰੂਰੀ ਹੈ। ਕੱਚੀਆਂ ਥਾਵਾਂ ਦਿਨ-ਪ੍ਰਤੀਦਿਨ ਘਟ ਰਹੀਆਂ ਹਨ, ਜਿਸ ਕਾਰਨ ਪਾਣੀ ਰਿਸਣ ਦੀ ਮਾਤਰਾ ਵੀ ਘਟ ਗਈ ਹੈ। ਧਰਤੀ ਹੇਠਲੇ ਪਾਣੀ ਦਾ ਜਲ ਪੱਧਰ ਵਧਾਉਣ ਲਈ ਜ਼ਰੂਰੀ ਹੈ ਕਿ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਧਰਤੀ ਹੇਠ ਭੇਜਿਆ ਜਾਵੇ। ਇਸ ਲਈ ਛੱਪੜ ਮੁੱਖ ਭੂਮਿਕਾ ਨਿਭਾਅ ਸਕਦੇ ਹਨ। ਆਓ ਵੀਰੋ, 'ਪਾਣੀ ਪਿਤਾ' ਦੀ ਬਰਬਾਦੀ ਨੂੰ ਰੋਕਣ ਦਾ ਕੋਈ ਯਤਨ ਕੀਤਾ ਜਾਵੇ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਫ ਫ ਫ

ਸਰਕਾਰੀ ਸਕੂਲਾਂ 'ਚ ਪੜ੍ਹਾਓ ਬੱਚੇ

ਸਰਕਾਰੀ ਸਕੂਲਾਂ ਵਿਚ ਹੁਣ ਜ਼ਿਆਦਾਤਰ ਉਹੀ ਬੱਚੇ ਪੜ੍ਹ ਰਹੇ ਹਨ, ਜੋ ਨਿੱਜੀ ਸਕੂਲਾਂ ਦੇ ਭਾਰੀ ਖਰਚੇ ਨਹੀਂ ਚੁੱਕ ਸਕਦੇ। ਹਰ ਇਕ ਮਾਂ-ਬਾਪ ਦੀ ਕੋਸ਼ਿਸ਼ ਹੈ ਕਿ ਆਪਣੇ ਬੱਚੇ ਵਧੀਆ ਸਕੂਲ ਵਿਚ ਭੇਜੇ। ਇਕ ਹੋੜ ਜਿਹੀ ਮਚੀ ਹੋਈ ਹੈ। ਆਪਣੀ ਆਰਥਿਕ ਹੈਸੀਅਤ ਤੋਂ ਵੀ ਵਧ ਕੇ ਮਹਿੰਗੇ ਸਕੂਲ ਲੱਭੇ ਜਾ ਰਹੇ ਹਨ। ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਨਾਂਅ 'ਤੇ ਬੱਚਿਆਂ ਦੇ ਮਾਂ-ਬਾਪ ਤੋਂ ਨਿਯਮਾਂ ਦੇ ਉਲਟ ਜ਼ਿਆਦਾ ਫੀਸ ਅਤੇ ਫੰਡ ਵਸੂਲ ਕੀਤੇ ਜਾਂਦੇ ਹਨ। ਪ੍ਰਸ਼ਾਸਨ ਵੀ ਇਨ੍ਹਾਂ ਪ੍ਰਾਈਵੇਟ ਸਕੂਲਾਂ ਵੱਲੋਂ ਨਾਜਾਇਜ਼ ਵਸੂਲੇ ਜਾ ਰਹੇ ਫੰਡਾਂ ਉੱਪਰ ਕੋਈ ਗੌਰ ਨਹੀਂ ਕਰਦਾ ਅਤੇ ਪੜ੍ਹਾਈ ਦੇ ਨਾਂਅ 'ਤੇ 'ਬਿਜ਼ਨਸ' ਦੀਆਂ ਇਹ ਦੁਕਾਨਾਂ ਚਲਦੀਆਂ ਰਹਿੰਦੀਆਂ ਹਨ। ਨਿੱਜੀ ਸਕੂਲਾਂ ਨੇ ਮਾਂ-ਬਾਪ ਦੀਆਂ ਜੇਬਾਂ 'ਚੋਂ ਪੈਸੇ ਕਢਵਾਉਣ ਲਈ ਕਈ ਤਰੀਕੇ ਅਪਣਾ ਲਏ ਹਨ।
ਦੂਸਰੇ ਪਾਸੇ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਮੁਫ਼ਤ ਕਿਤਾਬਾਂ ਵੰਡੀਆਂ ਜਾਂਦੀਆਂ ਹਨ। ਪਹਿਲੀ ਤੋਂ ਅੱਠਵੀਂ ਤੱਕ ਕੋਈ ਸਰਕਾਰੀ ਫੀਸ ਜਾਂ ਫੰਡ ਨਹੀਂ ਲਏ ਜਾਂਦੇ। ਪਹਿਲੀ ਤੋਂ ਅੱਠਵੀਂ ਕਲਾਸ ਤੱਕ ਵਰਦੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਪਹਿਲੀ ਤੋਂ ਅੱਠਵੀਂ ਤੱਕ ਵਧੀਆ ਪੌਸ਼ਟਿਕ ਤੱਤਾਂ ਵਾਲਾ ਖਾਣਾ ਵੀ ਅੱਧੀ ਛੁੱਟੀ ਵੇਲੇ ਦਿੱਤਾ ਜਾਂਦਾ ਹੈ। ਅਧਿਆਪਕਾਂ ਦੀ ਕਮੀ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਵਧੀਆ ਆਉਂਦੇ ਹਨ। ਲੋਕਾਂ ਨੂੰ ਰੀਸ ਵਿਚੋਂ ਨਿਕਲਣਾ ਪੈਣਾ ਹੈ ਤੇ ਸਰਕਾਰੀ ਸਕੂਲਾਂ ਵੱਲ ਮੁੜਨਾ ਪੈਣਾ ਹੈ, ਫਿਰ ਹੀ ਨਿੱਜੀ ਸਕੂਲਾਂ ਦੀ ਲੁੱਟ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਰਕਾਰ ਨੂੰ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਉੱਪਰ ਚੁੱਕਣ ਲਈ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ।

-ਅਮਰਾ 'ਪੰਚ' ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਫ ਫ ਫ

ਵਾਤਾਵਰਨ ਦੀ ਸੁਰੱਖਿਆ

ਕੁਝ ਅਰਸੇ ਤੋਂ ਮੌਸਮ 'ਚ ਬੜੇ ਤੇਜ਼ੀ ਨਾਲ ਬਦਲਾਅ ਆ ਰਹੇ ਹਨ। ਮੌਸਮ ਦੇ ਇਸ ਬਦਲੇ ਹੋਏ ਮਿਜ਼ਾਜ਼ ਲਈ ਮਨੁੱਖ ਖ਼ੁਦ ਹੀ ਜ਼ਿੰਮੇਵਾਰ ਹੈ। ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਪ੍ਰਤੀ ਬਿਲਕੁਲ ਹੀ ਸੰਜੀਦਾ ਨਹੀਂ ਹਾਂ। ਅਸੀਂ ਸਮਝਦੇ ਹਾਂ ਕਿ ਵਾਤਾਵਰਨ ਨੂੰ ਬਚਾ ਕੇ ਰੱਖਣਾ ਸਿਰਫ ਸਰਕਾਰਾਂ ਦਾ ਹੀ ਕੰਮ ਹੈ। ਸਰਕਾਰਾਂ ਵੀ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਮੁਹਿੰਮ ਚਲਾਉਂਦੀਆਂ ਹਨ ਪਰ ਸਮਾਂ ਬੀਤਣ ਨਾਲ ਅਜਿਹੀਆਂ ਮੁਹਿੰਮਾਂ ਵੀ ਦਮ ਤੋੜ ਜਾਂਦੀਆਂ ਹਨ। ਇਸ ਮਾਮਲੇ 'ਚ ਕਿਸੇ ਦੀ ਵੀ ਕੋਈ ਜਵਾਬਦੇਹੀ ਨਹੀਂ ਹੈ। ਅਸੀਂ ਸਿਰਫ ਇਕ ਪੌਦਾ ਲਗਾ ਕੇ ਆਪਣੇ-ਆਪ 'ਤੇ ਫ਼ਖ਼ਰ ਮਹਿਸੂਸ ਕਰਦੇ ਹੋਏ ਆਪਣੇ-ਆਪ ਨੂੰ ਜ਼ਿੰਮੇਵਾਰ ਨਾਗਰਿਕ ਸਮਝਣ ਦਾ ਭਰਮ ਪਾਲ ਲੈਂਦੇ ਹਾਂ। ਅਸੀਂ ਕਦੇ ਦੁਬਾਰਾ ਉਸ ਪੌਦੇ ਨੂੰ ਨਹੀਂ ਦੇਖਦੇ ਕਿ ਉਹ ਹੈ ਵੀ ਕਿ ਮੁਰਝਾ ਗਿਆ ਹੈ। ਅਸੀਂ ਭਾਰਤੀ ਸੁਵਿਧਾਪ੍ਰਸਤ ਜੀਵਨ ਜਿਊਣ ਦੇ ਆਦੀ ਹੋ ਗਏ ਹਾਂ ਪਰ ਅਸੀਂ ਇਹ ਭੁੱਲ ਗਏ ਹਾਂ ਕਿ ਤੰਦਰੁਸਤ ਅਤੇ ਸੁਖੀ ਜੀਵਨ ਲਈ ਸਾਫ਼ ਅਤੇ ਨਿਰਮਲ ਵਾਤਾਵਰਨ ਦੀ ਬਹੁਤ ਲੋੜ ਹੈ। ਸਾਨੂੰ ਕੁਦਰਤ ਨਾਲ ਸੰਤੁਲਨ ਕਾਇਮ ਕਰਨਾ ਪਏਗਾ ਨਹੀਂ ਤਾਂ ਮਨੁੱਖੀ ਜੀਵਨ ਖ਼ਤਰੇ 'ਚ ਪੈ ਜਾਏਗਾ। ਜੇ ਅਸੀਂ ਮੌਸਮ 'ਚ ਹੋਣ ਵਾਲੇ ਭਿਅੰਕਰ ਬਦਲਾਵਾਂ ਤੋਂ ਬਚਣਾ ਹੈ ਤਾਂ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਸੁਚੇਤ ਹੋਣਾ ਪਵੇਗਾ। ਸਾਨੂੰ ਜੰਗਲਾਂ ਅਤੇ ਦਰੱਖਤਾਂ ਦੀ ਰੱਖਿਆ ਕਰਨੀ ਪਏਗੀ। ਸਾਨੂੰ ਵਾਤਾਵਰਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ ਵਾਤਾਵਰਨ ਪ੍ਰੇਮੀਆਂ ਜਾਂ ਸੰਸਥਾਵਾਂ 'ਤੇ ਹੀ ਨਹੀਂ ਛੱਡ ਦੇਣੀ ਚਾਹੀਦੀ ਸਗੋਂ ਚੰਗੇ ਅਤੇ ਖੁਸ਼ਹਾਲ ਜੀਵਨ ਲਈ ਖ਼ੁਦ ਵਾਤਾਵਰਨ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫਾਜ਼ਿਲਕਾ।

10-4-2015

 ਅੰਮ੍ਰਿਤਸਰ ਸਿਫ਼ਤੀ ਦਾ ਘਰ...?

ਅਕਸਰ ਹੀ ਸਾਨੂੰ ਸਭ ਨੂੰ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ 'ਅੰਮ੍ਰਿਤਸਰ-ਸਿਫ਼ਤੀ ਦਾ ਘਰ'। ਕੋਈ ਵੇਲਾ ਸੀ ਜਦੋਂ ਸੱਚੀ-ਮੁੱਚੀਂ ਹੀ ਇਹ ਕਥਨ ਅੰਮ੍ਰਿਤਸਰ ਬਾਰੇ ਢੁਕਦਾ ਸੀ ਪਰ ਅਜੋਕੇ ਦੌਰ ਵਿਚ ਇਸ ਸ਼ਹਿਰ ਦੀ ਇਤਿਹਾਸਕ ਤੇ ਧਾਰਮਿਕ ਪੱਖੋਂ ਤਾਂ ਸਿਫ਼ਤ ਕੀਤੀ ਜਾ ਸਕਦੀ ਹੈ ਪਰ ਦਿੱਖ ਪੱਖੋਂ ਇਹ ਪ੍ਰਦੂਸ਼ਿਤ ਤੇ ਦੂਸ਼ਿਤ ਸ਼ਹਿਰ ਵਜੋਂ ਹੀ ਨਜ਼ਰੀਂ ਪੈਂਦਾ ਹੈ। ਜਦੋਂ ਹੀ ਤੁਹਾਡੀ ਬੱਸ ਜਾਂ ਕੋਈ ਹੋਰ ਨਿੱਜੀ ਸਾਧਨ ਬੱਸ ਅੱਡੇ ਵਿਚ ਦਾਖ਼ਲ ਹੋਣ ਜਾਂ ਅੱਡੇ ਦੇ ਅੱਗੋਂ ਦੀ ਲੰਘਣ ਲਈ ਜੱਦੋ-ਜਹਿਦ ਕਰਦਾ ਹੈ ਤਾਂ ਬੱਸ ਅੱਡੇ ਮੂਹਰਲੀ ਸੜਕ, ਉੱਚੀਆਂ-ਨੀਵੀਆਂ, ਨਿੱਕੀਆਂ-ਨਿੱਕੀਆਂ ਪਹਾੜੀਆਂ ਦਾ ਭੁਲੇਖਾ ਪਾਉਂਦੀ ਹੈ। ਤੁਹਾਡਾ ਸਾਧਨ ਕਦੀ ਖੱਬੇ ਪਾਸੇ ਤੋਂ ਨੀਵਾਂ ਹੁੰਦਾ ਹੈ ਤੇ ਕਦੀ ਸੱਜੇ ਪਾਸੇ ਤੋਂ ਭਾਵ ਖੱਡੇਨੁਮਾ ਸੜਕ ਸਵਾਰੀਆਂ ਦਾ ਹਾਜ਼ਮਾ ਦਰੁਸਤ ਕਰ ਦਿੰਦੀ ਹੈ। ਹਵਾ ਦਾ ਪ੍ਰਦੂਸ਼ਣ ਵੀ ਦਿਨੋ-ਦਿਨ ਵਧ ਰਿਹਾ ਹੈ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ ਪੱਟੀ।

ਫ ਫ ਫ

ਵਧਦੇ ਸੜਕ ਹਾਦਸੇ

ਅਖ਼ਬਾਰਾਂ ਦੀਆਂ ਸੁਰਖੀਆਂ 'ਚ ਨਿੱਤ ਹਾਦਸਿਆਂ ਦੀ ਖ਼ਬਰ ਸੁਣ ਸਭ ਦੁਖੀ ਤਾਂ ਹੁੰਦੇ ਹਨ ਪਰ ਕੁਝ ਚਿਰ ਲਈ ਤੇ ਆਪਣੇ-ਆਪ ਉੱਤੇ ਇਸ ਦਾ ਕੋਈ ਅਮਲ ਨਹੀਂ ਕਰਦਾ। ਇਕ-ਦੂਜੇ ਤੋਂ ਅੱਗੇ ਲੰਘਣ ਲਈ ਸੜਕ 'ਤੇ ਮੁਕਾਬਲੇ ਹੁੰਦੇ ਨਿੱਤ ਵੇਖੇ ਜਾ ਸਕਦੇ ਹਨ ਪਰ ਇਸ ਮੁਕਾਬਲੇ ਨੂੰ ਰੋਕਣ ਦਾ ਉਪਰਾਲਾ ਕੋਈ ਨਹੀਂ ਕਰਦਾ। ਹਾਦਸਾ ਭਾਵੇਂ ਕਿਤੇ ਵੀ ਹੋਵੇ, ਇਹ ਇਕ ਚਿਤਾਵਨੀ ਹੁੰਦੀ ਹੈ, ਸੁਧਾਰ ਕਰਨ ਲਈ ਸੋਚ-ਵਿਚਾਰ ਕਰਨ ਲਈ ਤੇ ਅਜਿਹਾ ਮੁੜ ਨਾ ਵਾਪਰਨ ਦਾ ਹੱਲ ਲੱਭਣ ਲਈ। ਲੋਕਾਂ ਵੱਲੋਂ ਸੜਕਾਂ 'ਤੇ ਲਾਪ੍ਰਵਾਹੀ, ਕਾਹਲੀ, ਨਸ਼ੇ ਅਤੇ ਉਨੀਂਦਰੇ ਵਿਚ ਟ੍ਰੈਫਿਕ ਨਿਯਮਾਂ ਨੂੰ ਤੋੜ ਕੇ ਅਤੇ ਗੁੱਸੇ ਵਿਚ ਗੱਡੀ ਚਲਾਈ ਜਾਂਦੀ ਹੈ। ਸਭ ਤੋਂ ਵੱਡਾ ਕਾਰਨ ਹੈ ਮੋਬਾਈਲ ਫੋਨ, ਕਿਉਂਕਿ ਫੋਨ ਕਦੇ ਵੀ ਆ ਸਕਦਾ ਹੈ ਅਤੇ ਚਾਲਕ ਵੀ ਗੱਡੀ ਰੋਕ ਕੇ ਸੁਣਨ ਦੀ ਬਜਾਏ ਚਲਾਉਂਦੇ ਸਮੇਂ ਹੀ ਸੁਣਦੇ ਹਨ, ਜਿਸ ਕਾਰਨ ਧਿਆਨ ਭਟਕਦਾ ਹੈ। ਬੇਸ਼ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਦੀ ਭੇਟ ਚੜ੍ਹ ਜਾਂਦੀਆਂ ਹਨ। ਹਜ਼ਾਰਾਂ ਘਰਾਂ ਦੇ ਚਿਰਾਗ ਸਦਾ ਲਈ ਬੁਝ ਜਾਂਦੇ ਹਨ। ਆਓ, ਅਸੀਂ ਸਾਰੇ ਰਲ ਕੇ ਇਸ ਪਾਸੇ ਹੰਭਲਾ ਮਾਰੀਏ ਤੇ ਸਾਡੇ ਦੇਸ਼ ਨੂੰ ਇਨ੍ਹਾਂ ਦੁਰਘਟਨਾਵਾਂ ਤੋਂ ਮੁਕਤੀ ਦਿਵਾਈਏ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਫ ਫ ਫ

ਨਵੀਂ ਦਿਸ਼ਾ

ਅੱਜ ਪੰਜਾਬ ਦੀ ਆਵਾਜ਼ 'ਅਜੀਤ' ਅਖ਼ਬਾਰ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵਿਲੱਖਣਤਾ ਸਦਕਾ ਨਿੱਤ ਨਵੀਂ ਦਿਸ਼ਾ ਹਾਸਲ ਕਰ ਰਿਹਾ ਹੈ, ਜੋ ਕਿ ਸਮੂਹ ਪੰਜਾਬੀਆਂ ਵਾਸਤੇ ਬੜੇ ਫ਼ਖਰ ਵਾਲੀ ਗੱਲ ਹੈ। ਲੱਖਾਂ ਪਾਠਕਾਂ ਦੇ ਚਹੇਤੇ 'ਅਜੀਤ' ਨੇ ਵੱਡੀ ਗਿਣਤੀ ਵਿਚ ਮਿਲਦੇ ਪਾਠਕਾਂ ਦੇ ਵਿਚਾਰਾਂ ਨੂੰ ਵੱਖਰੇ ਤੌਰ 'ਤੇ ਇਕ ਸਫ਼ੇ ਵਿਚ ਸੋਮਵਾਰ ਨੂੰ 'ਲੋਕ ਮੰਚ' ਕਾਲਮ ਤਹਿਤ ਰੰਗਦਾਰ ਛਾਪਣ ਦਾ ਬਹੁਤ ਹੀ ਸਲਾਹੁਣਯੋਗ ਸਿਲਸਿਲਾ ਸ਼ੁਰੂ ਕੀਤਾ ਹੈ। ਭਾਸ਼ਾਈ ਅਖ਼ਬਾਰਾਂ ਵਿਚੋਂ 'ਅਜੀਤ' ਹੀ ਅਜਿਹਾ ਇਕੋ-ਇਕ ਅਖ਼ਬਾਰ ਹੈ, ਜਿਸ ਨੇ ਅਜਿਹੀ ਪਹਿਲ ਕੀਤੀ ਹੈ। ਅੰਤ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ।

-ਜਸਕਰਨ ਸਿੰਘ
ਦਸਮੇਸ਼ ਨਗਰ, ਲੁਧਿਆਣਾ।

ਫ ਫ ਫ

ਸਿੱਖਿਆ ਬੋਰਡ ਦੇ ਧਿਆਨ ਹਿਤ

31 ਮਾਰਚ ਨੂੰ ਸਿੱਖਿਆ ਬੋਰਡ ਦੀ ਹਦਾਇਤ ਮੁਤਾਬਿਕ ਸਰਕਾਰੀ ਸਕੂਲਾਂ ਨੇ ਆਪਣਾ ਨਤੀਜਾ ਐਲਾਨ ਕਰਨਾ ਸੀ ਅਤੇ ਇਸੇ ਦਿਨ ਮਾਪੇ-ਟੀਚਰ ਮੀਟਿੰਗ ਵੀ ਰੱਖੀ ਜਾਣੀ ਸੀ। ਪਰ ਸਾਡੇ ਸਿੱਖਿਆ ਬੋਰਡ ਨੇ ਦੂਹਰਾ ਹੁਕਮ ਜਾਰੀ ਕਰਕੇ 31 ਮਾਰਚ ਨੂੰ ਹੀ ਦਸਵੀਂ ਕਲਾਸ ਦਾ ਪੇਪਰ ਰੱਖ ਦਿੱਤਾ। ਜ਼ਿਆਦਾਤਰ ਟੀਚਰਾਂ ਦੀ ਡਿਊਟੀ ਪ੍ਰੀਖਿਆ ਕੇਂਦਰਾਂ ਵਿਚ ਲੱਗੀ ਹੋਣ ਕਰਕੇ ਮਾਪੇ ਅਤੇ ਬੱਚਿਆਂ ਨੂੰ ਨਤੀਜਾ ਪ੍ਰਾਪਤ ਕਰਨ ਲਈ ਕਾਫੀ ਦਿੱਕਤ ਮਹਿਸੂਸ ਹੋਈ। ਉਮੀਦ ਹੈ ਕਿ ਸਿੱਖਿਆ ਬੋਰਡ ਅੱਗੇ ਤੋਂ 31 ਮਾਰਚ ਵਾਲੇ ਦਿਨ ਸਾਰੇ ਅਧਿਆਪਕਾਂ ਨੂੰ ਆਪਣੇ ਸਕੂਲ ਦਾ ਸਾਲਾਨਾ ਨਤੀਜਾ ਦੇਣ ਦਾ ਮੌਕਾ ਜ਼ਰੂਰ ਦੇਵੇਗਾ।

-ਲਖਵਿੰਦਰ ਸਿੰਘ ਧਨਾਨਸੂ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਫ ਫ ਫ

ਰਾਖਵਾਂਕਰਨ ਬਨਾਮ ਜਾਤੀਵਾਦ

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਉ ਅੰਬੇਡਕਰ ਨੇ ਦਲਿਤਾਂ ਅਤੇ ਹੋਰ ਪਛੜੇ ਵਰਗਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਹੈ। ਇਹ ਨੀਤੀ ਸਦਾ ਲਈ ਨਹੀਂ ਸੀ ਸਗੋਂ ਕੁਝ ਸਮੇਂ ਤੱਕ ਸੀ। ਪਰ ਲੋਕਤੰਤਰ ਦੇਸ਼ ਵਿਚ ਸੱਤਾ ਦੀ ਕੁਰਸੀ 'ਤੇ ਬੈਠਣ ਅਤੇ ਵੋਟ ਬੈਂਕ ਨੂੰ ਪੱਕੇ ਕਰਨ ਲਈ ਸਾਡੇ ਸਿਆਸਤਦਾਨਾਂ ਨੇ ਜਾਤੀਵਾਦ ਨੂੰ ਹੋਰ ਬੜ੍ਹਾਵਾ ਦਿੱਤਾ ਹੈ। ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਟ ਰਾਖਵੇਂਕਰਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਸਮੁੱਚੇ ਰੂਪ ਵਿਚ ਵੀ ਰਾਖਵੇਂਕਰਨ ਬਾਰੇ ਵਿਚ ਵਿਚਾਰ-ਚਰਚਾ ਵੱਡੀ ਪੱਧਰ 'ਤੇ ਛਿੜੇਗੀ। ਜਿਥੇ 65 ਸਾਲ ਤੋਂ ਜਾਰੀ ਰਾਖਵੇਂਕਰਨ ਦੇ ਲਾਭਾਂ ਤੇ ਨੁਕਸਾਨਾਂ ਸਬੰਧੀ ਸਮੁੱਚੇ ਰੂਪ ਵਿਚ ਮੁੜ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ, ਉਥੇ ਰਾਖਵੇਂਕਰਨ ਦੇ ਆਧਾਰ ਨੂੰ ਵੀ ਨਵੇਂ ਸਿਰੇ ਤੋਂ ਸਪੱਸ਼ਟ ਕੀਤੇ ਜਾਣ ਦੀ ਜ਼ਰੂਰਤ ਹੈ। ਰਾਖਵਾਂਕਰਨ ਸਮਾਜਿਕ ਨਾ-ਬਰਾਬਰੀ ਨੂੰ ਜਨਮ ਦੇ ਰਿਹਾ ਹੈ। ਰਾਖਵਾਂਕਰਨ ਜਨਰਲ ਵਰਗ ਦੇ ਉਮੀਦਵਾਰਾਂ ਦੀ ਯੋਗਤਾ ਦਾ ਘਾਣ ਕਰ ਰਿਹਾ ਹੈ। ਜਾਤੀ ਆਧਾਰਿਤ ਰਾਖਵਾਂਕਰਨ ਬੰਦ ਹੋਣਾ ਚਾਹੀਦਾ ਹੈ। ਸੋ, ਹੁਣ ਸਮਾਂ ਆ ਗਿਆ ਹੈ ਕਿ ਕਿਸੇ ਤਰ੍ਹਾਂ ਦੇ ਵੀ ਰਾਖਵੇਂਕਰਨ ਦਾ ਆਧਾਰ ਲੋਕਾਂ ਦੀ ਆਰਥਿਕਤਾ ਬਣਾਇਆ ਜਾਏ ਤਾਂ ਜੋ ਹਰ ਜਾਤ-ਬਰਾਦਰੀ ਅਤੇ ਧਰਮ ਨਾਲ ਸਬੰਧਤ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਕੇ ਜੀਵਨ ਬਸਰ ਕਰ ਰਹੇ ਕਰੋੜਾਂ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

6-4-2015

 ਬਹਾਦਰ ਕੁੜੀਆਂ
ਰੋਜ਼ਾਨਾ ਹੀ ਜਬਰ-ਜਨਾਹ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਮਨ ਬਹੁਤ ਦੁਖੀ ਹੁੰਦਾ ਹੈ ਅਤੇ ਹਰੇਕ ਧੀ ਦੇ ਮਾਪੇ ਕੁੜੀ ਨੂੰ ਬਾਹਰ ਤੋਰ ਕੇ ਰਾਜ਼ੀ ਨਹੀਂ ਹੁੰਦੇ ਕਿਉਂਕਿ ਸਮਾਂ ਹੀ ਏਨਾ ਡਰਾਉਣਾ ਅਤੇ ਭਿਆਨਕ ਆ ਗਿਆ ਹੈ ਕਿ ਗੁੰਡਾਗਰਦੀ ਕਰਨ ਵਾਲੇ ਭੋਰਾ ਵੀ ਖੌਫ਼ ਨਹੀਂ ਖਾਂਦੇ। ਇਕੱਲੇ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੇ ਭਾਰਤ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ।
ਪਿਛਲੇ ਕੁਝ ਸਮੇਂ ਵਿਚ ਭਾਵੇਂ ਸਰਕਾਰ ਨੇ ਕਈ ਠੋਸ ਕਾਨੂੰਨ ਬਣਾਏ ਹਨ ਅਤੇ ਇਹੋ ਜਿਹੇ ਅਨਸਰਾਂ ਦੇ ਨੱਕ ਵਿਚ ਨਕੇਲ ਪਾਉਣ ਦਾ ਯਤਨ ਕੀਤਾ ਹੈ। ਪ੍ਰੰਤੂ ਬੇਖੌਫ਼ ਚਿਹਰੇ ਅਜੇ ਵੀ ਅਜਿਹਾ ਕਰਨ ਵਿਚ ਢਿਲ ਨਹੀਂ ਕਰਦੇ ਅਤੇ ਕਈ ਜਗ੍ਹਾ 'ਤੇ ਕੁੜੀਆਂ ਨੇ ਗੁੰਡਿਆਂ ਵਿਰੁੱਧ ਮੁਕਾਬਲਾ ਵੀ ਕੀਤਾ ਹੈ। ਅਜਿਹੀਆਂ ਕੁੜੀਆਂ ਸਲਾਹੁਣਯੋਗ ਹਨ ਅਤੇ ਖ਼ਾਸ ਕਰਕੇ ਘਰੋਂ ਬਾਹਰ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਹਮੇਸ਼ਾ ਅਜਿਹੇ ਮਾੜੇ ਅਨਸਰਾਂ ਵਿਰੁੱਧ ਬਹਾਦਰੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਠੋਸ ਰੁਖ਼ ਅਪਣਾਉਣ ਦੀ ਲੋੜ ਹੈ।

-ਜਸਪ੍ਰੀਤ ਕੌਰ ਬੇਦੀ
ਸ਼ੰਕਰ, ਲੁਧਿਆਣਾ।

ਅਵਾਰਾ ਜਾਨਵਰਾਂ ਦਾ ਖੌਫ਼
ਕੁਝ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਅਵਾਰਾ ਜਾਨਵਰਾਂ ਦੀ ਤਾਦਾਦ ਦਿਨ ਪਰ ਦਿਨ ਵਧਦੀ ਜਾ ਰਹੀ ਹੈ। ਜਿਸ ਵੀ ਰਸਤੇ ਤੋਂ ਲੰਘੋ ਅਵਾਰਾ ਕੁੱਤੇ, ਪਸ਼ੂ ਆਮ ਦੇਖਣ ਨੂੰ ਮਿਲਦੇ ਹਨ। ਸਕੂਟਰ, ਸਾਈਕਲ 'ਤੇ ਚਲਦਿਆਂ ਕੁੱਤੇ ਪਿੱਛੇ ਪੈਂਦੇ ਹਨ, ਡਰ ਕੇ ਇਨਸਾਨ ਡਿਗ ਜਾਂਦੇ ਹਨ, ਗੰਭੀਰ ਸੱਟਾਂ ਲਗਦੀਆਂ ਹਨ ਤੇ ਮੌਤ ਵੀ ਹੋ ਜਾਂਦੀ ਹੈ। ਬੱਚੇ ਕੀ ਵੱਡੇ ਵੀ ਇਕੱਲੇ ਕਿਤੇ ਜਾ ਨਹੀਂ ਸਕਦੇ। 10-10 ਕੁੱਤਿਆਂ ਦੇ ਇਕੱਠੇ ਝੁੰਡ ਫਿਰਦੇ ਹਨ। ਕਈ ਥਾਵਾਂ ਤੋਂ ਇਨਸਾਨਾਂ ਨੂੰ ਖਾਣ ਦੀਆਂ ਘਟਨਾਵਾਂ ਸੁਣਨ ਨੂੰ ਤੇ ਅਖ਼ਬਾਰਾਂ ਵਿਚੋਂ ਪੜ੍ਹਨ ਨੂੰ ਮਿਲਦੀਆਂ ਹਨ। ਭੂਸਰੇ ਸਾਂਢ ਵੀ ਇਨਸਾਨਾਂ ਦੇ ਪਿੱਛੇ ਪੈਂਦੇ ਹਨ।
ਸ਼ਰੇਆਮ ਸੜਕਾਂ ਦੇ ਵਿਚਾਲੇ ਬੈਠੇ ਹਨ। ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਕਈ ਲੋਕ ਇਨ੍ਹਾਂ ਕਰਕੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਪ੍ਰਸ਼ਾਸਨ ਸੁੱਤਾ ਪਿਆ ਹੈ, ਉਨ੍ਹਾਂ ਨੂੰ ਲੋਕਾਂ ਦੀ ਜਾਨ-ਮਾਲ ਦੀ ਕੋਈ ਪ੍ਰਵਾਹ ਵੀ ਨਹੀਂ। ਕਾਨੂੰਨ ਬਣਾਉਣ ਵਾਲੇ ਚੁੱਪ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਵਿਚੋਂ ਵਿਚਰਨਾ ਨਹੀਂ ਪੈਂਦਾ। ਹਾਦਸਾਗ੍ਰਸਤ ਤਾਂ ਆਮ ਪਬਲਿਕ ਹੋ ਰਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਖ਼ਤ ਤੋ ਸਖ਼ਤ ਕਾਨੂੰਨ ਬਣਾਵੇ ਜਾਂ ਇਨ੍ਹਾਂ ਅਵਾਰਾ ਜਾਨਵਰਾਂ ਦੀ ਸਾਂਭ-ਸੰਭਾਲ ਵਾਸਤੇ ਕੋਈ ਕਦਮ ਚੁੱਕੇ ਤਾਂ ਜੋ ਮਨੁੱਖੀ ਜ਼ਿੰਦਗੀਆਂ ਬਚ ਸਕਣ।

-ਕਰਮਜੀਤ ਕੌਰ ਸੋਹੀ
ਅਰਬਨ ਅਸਟੇਟ, ਪਟਿਆਲਾ।

108 ਐਂਬੂਲੈਂਸ ਬਾਰੇ
ਦੂਸਰੇ ਰਾਜਾਂ ਵਾਂਗ ਪੰਜਾਬ ਸਰਕਾਰ ਨੇ ਵੀ ਗਰੀਬ ਮਰੀਜ਼ਾਂ ਦੀ ਸਹਾਇਤਾ ਲਈ 108 ਨੰਬਰ ਐਂਬੂਲੈਂਸ ਚਲਾਈ ਹੋਈ ਹੈ। ਜਿਹੜਾ ਗਰੀਬ ਪਰਿਵਾਰ ਅਜਿਹੇ ਨਾਜ਼ੁਕ ਸਮੇਂ ਵਿਚ ਪਿੰਡ ਵਿਚੋਂ ਕੋਈ ਗੱਡੀ ਆਦਿ ਦਾ ਮੌਕੇ 'ਤੇ ਪ੍ਰਬੰਧ ਨਹੀਂ ਕਰ ਸਕਦਾ, ਸਰਕਾਰ ਵੱਲੋਂ ਮਿੰਟੋ-ਮਿੰਟੀ ਗੱਡੀ ਦਾ ਬੰਦੋਬਸਤ ਕੀਤਾ ਜਾਂਦਾ ਹੈ ਅਤੇ ਜਣੇਪੇ ਵਾਲੀਆਂ ਔਰਤਾਂ ਨੂੰ ਵੀ ਇਸ ਰਾਹੀਂ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾਂਦਾ ਹੈ।
ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਕਿਸੇ ਜਣੇਪੇ ਵਾਲੀ ਔਰਤ ਨੂੰ ਕਿਸੇ ਸਰਕਾਰੀ ਹਸਪਤਾਲ ਵਿਚੋਂ ਪੀ.ਜੀ.ਆਈ. ਵਰਗੇ ਹਸਪਤਾਲ ਵਿਚ ਰੈਫਰ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਗਰੀਬ ਪਰਿਵਾਰਾਂ ਦੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੀ.ਜੀ.ਆਈ. ਤੱਕ ਕਿਰਾਇਆ ਆਪਣੀ ਜੇਬ ਵਿਚੋਂ ਦੇਣਾ ਪੈਂਦਾ ਹੈ। ਸੋ, ਸਾਡੀ ਸਰਕਾਰ ਨੂੰ ਅਪੀਲ ਹੈ ਕਿ ਪੀ.ਜੀ.ਆਈ. ਤੱਕ ਵੀ 108 ਐਂਬੂਲੈਂਸ ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਮ ਗਰੀਬ ਪਰਿਵਾਰਾਂ ਨੂੰ ਕੋਈ ਦੁੱਖ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਔਰਤਾਂ ਦੀ ਡਿਊਟੀ...
ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਲਈ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਬਿਲ 'ਔਰਤਾਂ ਨੂੰ ਰਾਤ ਦੀ ਡਿਊਟੀ ਦਾ ਹੱਕ' ਸਹੀ ਅਰਥਾਂ 'ਚ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਔਰਤਾਂ ਨੂੰ ਮਰਦਾਂ ਦੇ ਬਰਾਬਰ ਕੰਮਕਾਜ ਮਿਲਣਗੇ ਤੇ ਉਹ ਰਾਤ ਨੂੰ ਵੀ ਆਪਣੀ ਮਿਹਨਤ ਦੇ ਨਾਲ ਆਪਣੇ ਕਾਰ-ਵਿਹਾਰ ਕਰ ਸਕਣਗੇ। ਪਰ ਇਸ ਦੇ ਨਾਲ ਹੀ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਅਜੋਕੇ ਸਮੇਂ ਵਿਚ ਅਜਿਹੇ ਫੈਸਲੇ ਲਾਜ਼ਮੀ ਹਨ। ਅੱਜ ਵੀ ਲੋਕ ਸਭਾ ਦੇ 545 ਮੈਂਬਰਾਂ ਵਿਚੋਂ ਔਰਤਾਂ ਦੀ ਸੰਖਿਆ ਕੇਵਲ 61 ਹੀ ਹੈ। ਇਸ ਫ਼ੈਸਲੇ ਦੇ ਨਾਲ ਮਰਦ ਪ੍ਰਧਾਨ ਸਮਾਜ ਵਿਚ ਔਰਤ ਤੇ ਮਰਦ ਵਿਚ ਪੈ ਰਿਹਾ ਫਾਸਲਾ ਦੂਰ ਹੋਵੇਗਾ ਤੇ ਔਰਤ ਪ੍ਰਤੀ ਨਜ਼ਰੀਆ ਤਬਦੀਲ ਹੋ ਕੇ ਉਨ੍ਹਾਂ ਦੀ ਹਿੱਸੇਦਾਰੀ ਯਕੀਨੀ ਬਣੇਗੀ।

-ਪਰਮਜੀਤ ਸਿੰਘ
ਅਨੰਦਪੁਰ ਸਾਹਿਬ।

ਪੈਦਲ ਤੁਰਨਾ
ਜਿਉਂ-ਜਿਉਂ ਇਨਸਾਨ ਅਤੇ ਵਿਗਿਆਨ ਨੇ ਤਰੱਕੀ ਕੀਤੀ ਹੈ। ਤਿਉਂ-ਤਿਉਂ ਹੀ ਅੱਜ ਦੇ ਆਦਮੀ ਦੀ ਜੀਵਨ-ਸ਼ੈਲੀ ਬਦਲਦੀ ਜਾ ਰਹੀ ਹੈ। ਸਹੂਲਤਾਂ ਦੇ ਪਸਾਰ ਕਾਰਨ ਬੇਸ਼ੱਕ ਅੱਜ ਦੇ ਇਨਸਾਨ ਦੀ ਜ਼ਿੰਦਗੀ ਸੁਖਾਲੀ ਹੋਈ ਹੈ ਪ੍ਰੰਤੂ ਸਿਹਤ ਪੱਖੋਂ ਆਇਆ ਨਿਗਾਰ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਅੱਜ ਹਰ ਤੀਸਰਾ ਵਿਅਕਤੀ ਕਿਸੇ ਨਾ ਕਿਸੇ ਤਕਲੀਫ਼ ਨਾਲ ਘਿਰਿਆ ਹੋਇਆ ਹੈ। ਜ਼ਿਆਦਾਤਰ ਵਿਕਾਰ ਬੇ-ਲੋੜਾ ਮੋਟਾਪਾ ਅਤੇ ਪੇਟ ਦੀਆਂ ਅਲਾਮਤਾਂ ਹਨ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਸ ਦਾ ਇਕ ਵੱਡਾ ਕਾਰਨ ਇਨਸਾਨ ਦਾ ਘੱਟ ਪੈਦਲ ਤੁਰਨਾ ਵੀ ਹੈ। ਹਰ ਛੋਟੇ-ਮੋਟੇ ਕੰਮ ਜਾਂ ਸਫ਼ਰ ਲਈ ਸਾਧਨਾਂ ਦੀ ਵਰਤੋਂ ਨੇ ਇਨਸਾਨੀ ਸਿਹਤ ਵਿਚ ਖ਼ਲਲ ਪੈਦਾ ਕੀਤਾ ਹੈ। ਸੋ, ਚੰਗਾ ਹੋਵੇ ਜੇਕਰ ਅੱਜ ਹਰ ਆਦਮੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕੁਝ ਪਲ ਕੱਢ ਕੇ ਪੈਦਲ ਤੁਰੇ। ਜੇਕਰ ਅਜਿਹਾ ਹੋਵੇ ਤਾਂ ਨਤੀਜਾ ਆਪਣੇ-ਆਪ ਸਾਹਮਣੇ ਆਵੇਗਾ।

-ਧਰਮਿੰਦਰ ਸ਼ਾਹਿਦ ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ-141401 (ਲੁਧਿਆਣਾ)।

ਮੇਲੇ ਤੇ ਨੌਜਵਾਨ
ਜਦੋਂ ਵੀ ਪੰਜਾਬ ਵਿਚ ਕੋਈ ਮਸ਼ਹੂਰ ਮੇਲਾ ਲਗਦਾ ਹੈ ਤਾਂ ਮੱਛਰੀ ਹੋਈ ਵਿਹਲੜ ਮੁੰਡ੍ਹੀਰ ਮੋਟਰਸਾਈਕਲਾਂ 'ਤੇ ਉਧਰ ਨੂੰ ਹੀ ਚਾਲੇ ਪਾ ਦਿੰਦੀ ਹੈ। ਘਰ ਵਿਚ ਕੰਮ ਕਰਨ ਦੀ ਬਜਾਏ ਪਿਓ ਦੇ ਗਲ 'ਚ 'ਗੂਠਾ ਦੇ ਕੇ ਪੈਸੇ ਲੈਂਦੇ ਹਨ। ਮੋਟਰਸਾਈਕਲਾਂ 'ਤੇ ਝੰਡੀਆਂ ਲਾ ਕੇ ਅਤੇ ਸਾਈਕਲਾਂ 'ਤੇ ਡੈੱਕ ਲਾ ਕੇ ਤੁਰ ਪੈਂਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਮੇਲਿਆਂ ਦੀ ਧਾਰਮਿਕ ਮਹੱਤਤਾ ਬਾਰੇ ਪਤਾ ਤੱਕ ਨਹੀਂ ਹੁੰਦਾ। ਧਾਰਮਿਕ ਮੇਲਿਆਂ ਵਿਚ ਜਾਣ ਦਾ ਮਤਲਬ ਇਹ ਹੁੰਦਾ ਹੈ ਕਿ ਆਪਣੇ ਵਿਰਸੇ ਤੋਂ ਜਾਣੂ ਹੋਣਾ ਪਰ ਨਸ਼ਿਆਂ ਨਾਲ ਡੱਕ ਕੇ ਮੇਲਿਆਂ ਵਿਚ ਜਾ ਕੇ ਜੋ ਗੁਲ ਖਿਲਾਉਂਦੇ ਹਨ ਉਹ ਸਭ ਦੇ ਸਾਹਮਣੇ ਹੈ। ਧਾਰਮਿਕ ਜਗ੍ਹਾ ਕਰਕੇ ਅਧਿਕਾਰੀ ਵੀ ਚੈਕਿੰਗ ਘੱਟ ਹੀ ਕਰਦੇ ਹਨ, ਪਰ ਜਦੋਂ ਇਹ ਆਪਣੀਆਂ ਘਟੀਆ ਹਰਕਤਾਂ ਕਰਕੇ ਫੜੇ ਜਾਂਦੇ ਹਨ ਤਾਂ ਵਿਤਕਰੇ ਦਾ ਦੋਸ਼ ਲਾਉਂਦੇ ਹਨ।
ਮੇਲਿਆਂ ਵਿਚ ਲੜਾਈ-ਝਗੜੇ ਤੇ ਛੇੜ-ਛਾੜ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਮੋਟਰਸਾਈਕਲ ਸਵਾਰ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਹਾਦਸਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਨੌਜਵਾਨ ਪੁੱਤਰਾਂ ਨੂੰ ਚੰਗੇ ਇਤਿਹਾਸ ਦੀ ਜਾਣਕਾਰੀ ਦੇਣ ਤਾਂ ਕਿ ਨੌਜਵਾਨ ਸਮਾਜ ਦੀ ਸੇਵਾ ਕਰਨ। ਨੌਜਵਾਨਾਂ ਨੂੰ ਵੀ ਚੰਗੇ ਸਾਥੀਆਂ ਨਾਲ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ, ਜ਼ਿਲ੍ਹਾ ਮੋਗਾ।

30-5-2015

 ਕਿਤਾਬਾਂ ਤੋਂ ਦੂਰ ਨਾ ਜਾਓ
ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਜਿਹਾ ਸਮਾਂ ਸੀ ਜਦੋਂ ਨੌਜਵਾਨ ਆਪਣਾ ਕਾਫ਼ੀ ਸਮਾਂ ਆਪਣੀ ਕਿਤਾਬਾਂ ਵਾਲੀ ਪੜ੍ਹਾਈ ਵਿਚ ਲਗਾਉਂਦਾ ਸੀ। ਪਰ ਅੱਜ ਦਾ ਨੌਜਵਾਨ ਇਸ ਤੋਂ ਬਿਲਕੁਲ ਉਲਟ ਹੈ। ਉਹ ਸੌਣ ਵੇਲੇ ਵੀ ਹੱਥਾਂ ਵਿਚ ਮੋਬਾਈਲ ਰੱਖਦਾ ਹੈ ਅਤੇ ਜਦੋਂ ਸਵੇਰੇ ਅੱਖਾਂ ਖੋਲ੍ਹਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਮੋਬਾਈਲ ਹੀ ਚੁੱਕਦਾ ਹੈ। ਨੌਜਵਾਨ ਕਿਤਾਬਾਂ ਦੀ ਜਗ੍ਹਾ ਹੁਣ ਮੋਬਾਈਲਾਂ ਦੀ ਪੜ੍ਹਾਈ ਕਰ ਰਹੇ ਹਨ। ਨੌਜਵਾਨਾਂ ਨੂੰ ਸਿਰਫ਼ ਕੰਪਿਊਟਰ ਅਤੇ ਮੋਬਾਈਲਾਂ ਦਾ ਤਜਰਬਾ ਤਾਂ ਜ਼ਰੂਰ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਸਮਾਜਿਕ ਰਿਸ਼ਤਿਆਂ ਦਾ ਤਜਰਬਾ ਤੇ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ, ਇਸ ਦਾ ਖਿਆਲ ਬਿਲਕੁਲ ਨਹੀਂ। ਨੌਜਵਾਨਾਂ ਨੂੰ ਸਮਾਜ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਨੂੰ ਨਹੀਂ ਪਤਾ ਕਿ ਸਮਾਜ ਅਤੇ ਸੱਭਿਆਚਾਰ ਤੋਂ ਟੁੱਟਿਆ ਹੋਇਆ ਆਦਮੀ ਕੱਖਾਂ ਦਾ ਵੀ ਨਹੀਂ ਰਹਿੰਦਾ।
ਅੱਜ ਨੌਜਵਾਨ ਅਖ਼ਬਾਰਾਂ ਅਤੇ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਬਿਲਕੁਲ ਵੀ ਸਮਾਂ ਨਹੀਂ ਕੱਢ ਰਿਹਾ। ਜਦੋਂ ਤੱਕ ਉਨ੍ਹਾਂ ਨੂੰ ਸਮਾਜਿਕ ਗਿਆਨ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਉਹ ਅਗਿਆਨਤਾ ਦੇ ਹਨੇਰੇ ਵਿਚੋਂ ਸ਼ਾਇਦ ਨਹੀਂ ਨਿਕਲ ਸਕਦੇ। ਕੰਪਿਊਟਰ ਤੇ ਮੋਬਾਈਲ ਦਾ ਗਿਆਨ ਮਾੜਾ ਨਹੀਂ, ਪਰ ਨਾਲ-ਨਾਲ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਚੰਗੀਆਂ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਨਾਲ ਨੌਜਵਾਨ ਸਹੀ ਰਸਤੇ ਵੱਲ ਜਾ ਸਕਦਾ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਪ੍ਰਮਾਣੂ ਊਰਜਾ
ਕਿਸੇ ਦੇਸ਼ ਦੀ ਤਰੱਕੀ ਦੀ ਰਫ਼ਤਾਰ ਬਹੁਤ ਹੱਦ ਤੱਕ ਉਸ ਦੇਸ਼ ਦੀ ਊਰਜਾ ਸ਼ਕਤੀ 'ਤੇ ਨਿਰਭਰ ਕਰਦੀ ਹੈ। ਊਰਜਾ ਉਤਪਾਦਨ ਦੇ ਵੱਖ-ਵੱਖ ਤਰੀਕੇ ਹਨ, ਸਾਧਨ ਹਨ। ਭਾਰਤ ਸਰਕਾਰ ਵੱਲੋਂ ਪ੍ਰਮਾਣੂ ਪਲਾਂਟਾਂ ਬਾਰੇ ਵਿਖਾਈ ਜਾ ਰਹੀ ਪਹਿਲਕਦਮੀ ਕਿੰਨੀ ਕੁ ਜਾਇਜ਼ ਹੈ, ਇਸ ਬਾਰੇ ਵਿਚਾਰਨਾ ਬੜਾ ਜ਼ਰੂਰੀ ਹੈ। ਪਿਛਲੇ ਸਾਲਾਂ ਵਿਚ ਜਾਪਾਨ ਵਿਚ ਫੁਕੂਸ਼ੀਮਾ ਪ੍ਰਮਾਣੂ ਪਲਾਂਟਾਂ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਵਿਕਿਰਨਾਂ ਤੋਂ ਬਚਾਅ ਵਾਸਤੇ ਜਾਪਾਨ ਤਾਂ ਕੁਝ ਹੱਦ ਤੱਕ ਪ੍ਰਬੰਧ ਕਰ ਗਿਆ ਪਰ ਭਾਰਤ ਵਰਗੇ ਦੇਸ਼ ਕੋਲ ਕੋਈ ਅਜਿਹਾ ਪ੍ਰਬੰਧ ਨਹੀਂ ਜਿਸ ਨਾਲ ਭਵਿੱਖੀ ਮੁਸ਼ਕਿਲਾਂ ਤੋਂ ਬਚਿਆ ਜਾ ਸਕਦਾ ਹੋਵੇ। ਜਿਥੇ ਜਾਪਾਨ ਵਿਚ ਵਾਪਰੇ ਦੁਖਾਂਤ ਤੋਂ ਬਾਅਦ ਪ੍ਰਮਾਣੂ ਊਰਜਾ ਦੇ ਉਤਪਾਦਨ ਦਾ ਵਿਸ਼ਾ ਅਜੇ ਵਿਵਾਦਾਂ ਭਰਪੂਰ ਹੈ, ਉਥੇ ਅਮਰੀਕਾ ਵਿਚ ਪਿਛਲੇ 15 ਸਾਲਾਂ ਤੋਂ ਕੋਈ ਪ੍ਰਮਾਣੂ ਪਲਾਂਟ ਨਹੀਂ ਲੱਗਾ। ਉਹ ਇਸ ਲਈ ਕਿ ਉਥੋਂ ਦੇ ਲੋਕ ਪ੍ਰਮਾਣੂ ਊਰਜਾ ਉਤਪਾਦਨ ਦੇ ਭਾਰੀ ਵਿਰੋਧ ਵਿਚ ਹਨ। ਅਮਰੀਕਾ ਵਰਗੀ ਸਥਿਤੀ ਹੋਰ ਦੇਸ਼ਾਂ ਵਿਚ ਵੀ ਹੈ। ਜਿਵੇਂ ਫਰਾਂਸ, ਰੂਸ, ਜਾਪਾਨ ਆਦਿ। ਭਾਰਤ ਪ੍ਰਮਾਣੂ ਊਰਜਾ ਉਤਪਾਦਨ ਨੂੰ ਊਰਜਾ ਦਾ ਸਸਤਾ ਸਾਧਨ ਮਹਿਸੂਸ ਕਰਦਾ ਹੋਵੇ ਪਰ ਫਰਾਂਸ ਦੇ ਪ੍ਰਮਾਣੂ ਊਰਜਾ ਪਲਾਂਟਾਂ ਦੇ ਪ੍ਰਬੰਧ ਨੂੰ ਚਲਾ ਰਹੀਆਂ ਕੰਪਨੀਆਂ ਦੇ ਘਾਟੇ ਪ੍ਰਤੀ ਦਿੱਤੇ ਜਾ ਰਹੇ ਬਿਆਨਾਂ ਤੋਂ ਇਸ ਦੇ ਸਸਤਾ ਹੋਣ ਦਾ ਭੁਲੇਖਾ ਵੀ ਦੂਰ ਹੋਰ ਜਾਂਦਾ ਹੈ। ਅਸਲੀਅਤ ਤੋਂ ਅੱਖਾਂ ਮੀਟ ਲੈਣਾ ਕਿੰਨੀ ਕੁ ਚੰਗੀ ਗੱਲ ਹੈ, ਇਹ ਵਿਚਾਰ ਜਨਤਾ ਨੂੰ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਬਾਜਵਾ
ਗਿਆਨ ਸਾਗਰ ਕਾਲਜ, ਕਲਾਨੌਰ, ਗੁਰਦਾਸਪੁਰ।

26-3-2014

 ਚੁੰਬਕੀ ਰੇਡੀਏਸ਼ਨ
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਮੋਬਾਈਲ ਟਾਵਰਾਂ ਵਿਚੋਂ ਨਿਕਲਣ ਵਾਲੀ ਚੁੰਬਕੀ ਰੇਡੀਏਸ਼ਨ ਅੱਜ ਵੱਡੀ ਪੱਧਰ 'ਤੇ ਲੋਕਾਂ ਨੂੰ ਆਪਣੀ ਜਕੜ ਵਿਚ ਲੈ ਰਹੀ ਹੈ, ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਮਾਰੂ ਪ੍ਰਭਾਵ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਲੋਕਾਂ 'ਤੇ ਪੈ ਰਿਹਾ ਹੈ। ਅੱਜ ਮੌਤ ਦਰ ਵਿਚ ਵਾਧਾ ਵੀ ਚੁੰਬਕੀ ਰੇਡੀਏਸ਼ਨ ਕਾਰਨ ਹੀ ਹੋ ਰਿਹਾ ਹੈ। ਭਾਵੇਂ ਮਾਣਯੋਗ ਸੁਪਰੀਮ ਕੋਰਟ ਦੇ ਨਾਲ-ਨਾਲ ਵਾਤਾਵਰਨ ਵਿਭਾਗ ਨੇ ਵੀ ਸ਼ੁਰੂ ਵਿਚ ਹੀ ਮੋਬਾਈਲ ਟਾਵਰ ਸੰਘਣੀ ਆਬਾਦੀ, ਸਕੂਲਾਂ-ਕਾਲਜਾਂ ਤੇ ਹਸਪਤਾਲਾਂ ਆਦਿ ਨੇੜੇ ਬਿਲਕੁਲ ਨਾ ਲਾਏ ਜਾਣ ਬਾਰੇ ਚਿਤਾਵਨੀ ਦਿੱਤੀ ਸੀ, ਪਰ ਲਗਦਾ ਹੈ ਕਿ ਜਿਵੇਂ ਮੋਬਾਈਲ ਕੰਪਨੀਆਂ ਨੂੰ ਚਿਤਾਵਨੀਆਂ ਦੀ ਕੋਈ ਪ੍ਰਵਾਹ ਹੀ ਨਾ ਹੋਵੇ। ਮਨੁੱਖਤਾ ਦੇ ਨਾਲ-ਨਾਲ ਪਸ਼ੂ-ਪੰਛੀਆਂ 'ਤੇ ਵੀ ਇਹ ਚੁੰਬਕੀ ਰੇਡੀਏਸ਼ਨ ਮਾਰੂ ਹਮਲੇ ਕਰ ਰਹੀ ਹੈ। ਅੱਜ ਜ਼ਰੂਰੀ ਹੋ ਗਿਆ ਹੈ ਕਿ ਨਿਯਮਾਂ ਦੀ ਕਸੌਟੀ 'ਤੇ ਖਰਾ ਨਾ ਉਤਰਨ ਵਾਲੀਆਂ ਮੋਬਾਈਲ ਕੰਪਨੀਆਂ 'ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਚੁੰਬਕੀ ਰੇਡੀਏਸ਼ਨ ਦਾ ਮਾਰੂ ਪ੍ਰਭਾਵ ਪੂਰੀ ਮਨੁੱਖਤਾ ਨੂੰ ਬਹੁਤ ਛੇਤੀ ਆਪਣੀ ਜਕੜ ਵਿਚ ਲੈ ਲਵੇਗਾ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਕੀਮਤੀ ਜਾਨਾਂ ਬਨਾਮ ਸੜਕੀ ਹਾਦਸੇ
ਰੋਜ਼ਾਨਾ ਬੇਸ਼ਕੀਮਤੀ ਜਾਨਾਂ ਸੜਕੀ ਹਾਦਸਿਆਂ ਦੇ ਨਾਂਅ 'ਤੇ ਅਜਾਈਂ ਜਾ ਰਹੀਆਂ ਹਨ। ਕੋਈ ਦਿਨ ਸ਼ਾਇਦ ਹੀ ਹੋਵੇ, ਜਿਸ ਦਿਨ ਵੱਡਾ ਸੜਕੀ ਹਾਦਸਾ ਪੜ੍ਹਨ ਜਾਂ ਸੁਣਨ ਨੂੰ ਮਿਲੇ। ਇਸ ਸਭ ਦੇ ਲਈ ਜਿਥੇ ਸਰਕਾਰਾਂ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਵੇਸਲਾਪਨ ਵਿਖਾਉਂਦੀਆਂ ਹਨ, ਉਤੇ ਅਸੀਂ ਖ਼ੁਦ ਵੀ ਸਾਰੇ ਭੈੜੇ ਸਿਸਟਮ ਲਈ ਖ਼ੁਦ ਵੀ ਜ਼ਿੰਮੇਵਾਰ ਹਾਂ। ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਸੜਕਾਂ ਦੇ ਨਿਯਮਾਂ ਪ੍ਰਤੀ ਵੀ ਜਾਗਰੂਕ ਕੈਂਪ ਲਾ ਕੇ ਜਾਗਰੂਕ ਕਰਨਾ ਚਾਹੀਦਾ ਹੈ। ਬੱਚਿਆਂ ਨੂੰ 18 ਸਾਲ ਤੋਂ ਪਹਿਲਾਂ ਵਾਹਨ ਨਹੀਂ ਚਲਾਉਣ ਦੇਣਾ ਚਾਹੀਦਾ। ਹਮੇਸ਼ਾ ਸਫ਼ਰ ਕਰਨ ਸਮੇਂ ਸਮਾਂ ਜ਼ਿਆਦਾ ਰੱਖ ਕੇ ਚੱਲਣਾ ਚਾਹੀਦਾ ਹੈ। ਪਤਾ ਨਹੀਂ ਕਿੰਨੇ ਪੁੱਤਰ, ਪਿਉ ਭਰਾ, ਮਾਵਾਂ ਭੈਣਾਂ , ਪਤੀ ਆਦਿ ਸੜਕੀ ਹਾਦਸਿਆਂ ਰਾਹੀਂ ਮੌਤ ਦੇ ਮੂੰਹ 'ਚ ਜਾ ਪਏ ਹਨ। ਲੋੜ ਹੈ ਸੁਰੱਖਿਅਤ ਭਾਵਨਾ ਦੀ।

-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ। ਮੋ: 94637-32100

ਸਵਾਈਨ ਫਲੂ ਦਾ ਕਹਿਰ
ਅੱਜ ਸਾਰੇ ਦੇਸ਼ ਵਿਚ ਸਵਾਈਨ ਫਲੂ ਨਾਂਅ ਦੀ ਬਿਮਾਰੀ ਏਨੀ ਵਧ ਚੁੱਕੀ ਹੈ ਕਿ ਇਹ ਖ਼ਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੀ। ਇਸ ਬਿਮਾਰੀ ਨੇ ਹਰ ਪਾਸੇ ਆਪਣੇ ਪੈਰ ਪਸਾਰ ਲਏ ਹਨ। ਸ਼ਾਇਦ ਹੀ ਕੋਈ ਸੂਬਾ ਅਜਿਹਾ ਹੋਵੇ, ਜਿਥੇ ਸਵਾਈਨ ਫਲੂ ਨਾ ਫੈਲਿਆ ਹੋਵੇ। 'ਅਜੀਤ' ਅਖ਼ਬਾਰ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਦੇਸ਼ ਭਰ ਵਿਚ 626 ਮੌਤਾਂ ਸਵਾਈਨ ਫਲੂ ਕਾਰਨ ਹੋ ਚੁੱਕੀਆਂ ਹਨ। ਸਵਾਈਨ ਫਲੂ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਸਬੰਧਤ ਖ਼ਬਰਾਂ ਰੋਜ਼ ਪੜ੍ਹਨ ਨੂੰ ਮਿਲਦੀਆਂ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ। ਜੇਕਰ ਸਵਾਈਨ ਫਲੂ ਦਾ ਕੋਈ ਲੱਛਣ ਨਜ਼ਰ ਆਉਂਦਾ ਵੀ ਹੈ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਕਿਉਂਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਵੀ ਹੋ ਸਕਦੀ ਹੈ। ਡਾਕਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਉਣ, ਤਾਂ ਜੋ ਲੋਕ ਇਸ ਬਿਮਾਰੀ ਤੋਂ ਬਚ ਸਕਣ।

-ਸੁਖਵੀਰ ਕੌਰ ਲੱਖੇਵਾਲੀ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।

ਇਨਸਾਨ ਦੀ ਦੌੜ
ਕੁਦਰਤ ਨੇ ਮਨੁੱਖ ਨੂੰ ਹੋਰ ਵਸਤਾਂ ਦੇ ਨਾਲ-ਨਾਲ ਹਵਾ ਤੇ ਪਾਣੀ ਖਾਸ ਤੋਹਫ਼ੇ ਦਿੱਤੇ ਹੋਏ ਹਨ। ਅੱਜ ਮਨੁੱਖ ਨੇ ਕੁਦਰਤ ਦੇ ਬਖਸ਼ੇ ਇਨ੍ਹਾਂ ਤੋਹਫ਼ਿਆਂ ਨਾਲ ਦੋਵੇਂ ਹੱਥੀਂ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਹੈ। ਹਵਾ ਅਤੇ ਪਾਣੀ ਨੂੰ ਮਨੁੱਖ ਦੂਸ਼ਿਤ ਕਰ ਰਿਹਾ ਹੈ। ਜਿਸ ਹਵਾ ਵਿਚੋਂ ਪ੍ਰਾਣੀ ਨੇ ਸਾਹ ਲੈਣਾ ਅਤੇ ਸਰੀਰ ਵਿਚ ਪਾਣੀ ਦੀ ਕਮੀ ਨੂੰ ਬਰਕਰਾਰ ਰੱਖਣ ਲਈ ਸਾਫ਼-ਸੁਥਰਾ ਪਾਣੀ ਬਚਾਅ ਕੇ ਰੱਖਣਾ ਹੈ, ਉਨ੍ਹਾਂ ਦੀ ਕੀਮਤ ਇਨਸਾਨ ਭੁੱਲਦਾ ਜਾ ਰਿਹਾ ਹੈ। ਅੱਜ ਇਨਸਾਨ ਆਪਣੀਆਂ ਗ਼ਲਤੀਆਂ ਕਾਰਨ ਆਪਣਾ ਮੂਲ ਨਹੀਂ ਪਛਾਣ ਰਿਹਾ। ਇਸ ਸਮੇਂ ਇਕ-ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਇਹ ਦੌੜ ਹੁਣ ਲੱਗੀ ਹੀ ਰਹੇਗੀ, ਕਿਉਂਕਿ ਇਸ ਦੌੜ ਵਿਚ ਨਾ ਹੀ ਕੋਈ ਰੁਕਣਾ ਚਾਹੁੰਦਾ ਹੈ ਅਤੇ ਨਾ ਹੀ ਕੋਈ ਪਿੱਛੇ ਮੁੜਨਾ ਚਾਹੁੰਦਾ ਹੈ। ਇਨਸਾਨ ਕਹਿ ਰਿਹਾ ਹੈ ਕਿ ਮੈਂ ਤਰੱਕੀ ਦੇ ਰਸਤੇ 'ਤੇ ਪਿਆ ਹੋਇਆ ਹਾਂ। ਸੱਚਮੁੱਚ ਹੀ ਇਨਸਾਨ ਬਹੁਤ ਅੱਗੇ ਨਿਕਲ ਚੁੱਕਿਆ ਹੈ। ਹੁਣ ਪਿੱਛੇ ਵੱਲ ਮੁੜਨਾ ਤਾਂ ਕੀ ਇਹ ਪਿੱਛੇ ਵੱਲ ਤੱਕ ਵੀ ਨਹੀਂ ਸਕਦਾ। ਇਨਸਾਨ ਤਰੱਕੀਆਂ ਕਰਦਾ-ਕਰਦਾ ਆਪਣੀ ਬਰਬਾਦੀ ਦੇ ਬਹੁਤ ਨੇੜੇ ਪਹੁੰਚ ਚੁੱਕਿਆ ਹੈ। ਜੇਕਰ ਇਨਸਾਨ ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਨ ਨੂੰ ਤਰੱਕੀ ਕਹਿ ਰਿਹਾ ਹੈ ਤਾਂ ਫਿਰ ਇਸ ਲੱਗੀ ਹੋਈ ਤਰੱਕੀ ਵਾਲੀ ਦੌੜ ਵਿਚੋਂ ਇਨਸਾਨ ਨੂੰ ਕੌਣ ਰੋਕੇਗਾ। ਕੁਦਰਤੀ ਸੋਮਿਆਂ ਨੂੰ ਟਿੱਚ ਸਮਝਣ ਵਾਲਾ ਇਨਸਾਨ ਕਿਸ ਰਸਤੇ 'ਤੇ ਤੁਰ ਪਿਆ ਹੈ, ਇਹ ਤਾਂ ਕੁਦਰਤ ਹੀ ਸਮਝ ਸਕਦੀ ਹੈ। ਪਰਮਾਤਮਾ ਇਨਸਾਨ ਨੂੰ ਸੁਮੱਤ ਬਖਸ਼ੇ ਇਹ ਤਰੱਕੀਆਂ ਦੀ ਆੜ ਵਿਚ ਕੁਦਰਤੀ ਸੋਮਿਆਂ ਨੂੰ ਨੁਕਸਾਨ ਕਰਨ ਤੋਂ ਕਿਵੇਂ ਨਾ ਕਿਵੇਂ ਰੁਕ ਜਾਵੇ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਨਵੇਂ ਟਿਊਬਵੈੱਲ ਕੁਨੈਕਸ਼ਨ
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਦੇਸ਼ ਦੇ ਅੰਨ ਭੰਡਾਰ ਵਿਚ ਚੋਖਾ ਹਿੱਸਾ ਪਾਉਂਦਾ ਹੈ। ਖੇਤੀ ਲਈ ਪਾਣੀ ਦੀ ਬੜੀ ਮਹੱਤਤਾ ਹੈ, ਜਿਸ ਕਰਕੇ ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦਾ ਆਪਣਾ ਟਿਊਬਵੈੱਲ ਅਤੇ ਬਿਜਲੀ ਦਾ ਕੁਨੈਕਸ਼ਨ ਹੋਵੇ। ਪੰਜਾਬ ਵਿਚ ਅੱਜ ਵੀ ਹਜ਼ਾਰਾਂ ਕਿਸਾਨਾਂ ਕੋਲ ਆਪਣੇ ਟਿਊਬਵੈੱਲ ਕੁਨੈਕਸ਼ਨ ਨਾ ਹੋਣ ਕਰਕੇ ਆਪਣੇ ਖੇਤਾਂ ਵਿਚੋਂ ਪੂਰੀ ਫਸਲ ਨਹੀਂ ਲੈ ਪਾ ਰਹੇ। ਉਤੋਂ ਜ਼ਮੀਨਾਂ ਘਟਣ ਕਰਕੇ ਕਿਸਾਨ ਹੋਰ ਵੀ ਕਰਜ਼ਾਈ ਹੋ ਰਿਹਾ ਹੈ। ਪਰ ਅਫ਼ਸੋਸ ਰਾਜਸੀ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ ਕਰਕੇ ਇਹ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਿਆ ਹੈ। ਸੰਨ 2012 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਸਰਕਾਰ ਨੇ ਚੋਣਾਂ ਜਿੱਤਣ ਲਈ ਕਿਸਾਨਾਂ ਕੋਲੋਂ ਹਜ਼ਾਰਾਂ ਅਰਜ਼ੀਆਂ ਲੈ ਕੇ ਉਨ੍ਹਾਂ ਨੂੰ ਡਿਮਾਂਡ ਨੋਟਿਸ ਵੰਡ ਦਿੱਤੇ ਜੋ ਕਿ ਵੋਟਾਂ ਲੈਣ ਲਈ ਉਨ੍ਹਾਂ ਨੂੰ ਭਰਮਾਉਣਾ ਸੀ। ਪਰ ਪੰਜਾਬ ਰਾਜ ਬਿਜਲੀ ਬੋਰਡ ਨੇ 1990 ਤੋਂ 1996 ਤੱਕ ਦੇ ਕੁਨੈਕਸ਼ਨਾਂ ਦੇ ਡਿਮਾਂਡ ਨੋਟਿਸ ਜਾਰੀ ਕਰਕੇ ਹਰ ਕਿਸਾਨ ਕੋਲੋਂ ਲਗਭਗ ਇਕ ਲੱਖ ਰੁਪਏ ਟ੍ਰਾਂਸਫਾਰਮਰ ਖਰਚਾ ਸਾਲ 2013 ਵਿਚ ਜਮ੍ਹਾਂ ਕਰਵਾਇਆ ਸੀ। ਇਹ ਕੁਨੈਕਸ਼ਨ ਲੱਗਣੇ ਸ਼ੁਰੂ ਹੋਏ ਤਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਨਵੇਂ ਕੁਨੈਕਸ਼ਨ ਦੇਣ 'ਤੇ ਰੋਕ ਲਗਾ ਦਿੱਤੀ। ਅਸੀਂ ਹਜ਼ਾਰਾਂ ਕਿਸਾਨਾਂ ਦੀ ਆਵਾਜ਼ 'ਅਜੀਤ' ਰਾਹੀਂ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਕਿ ਉਹ ਇਨ੍ਹਾਂ ਕਿਸਾਨਾਂ ਦੇ ਹਿਤਾਂ ਦੀ ਪੈਰਵੀ ਕਰੇ।

-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।
ਮੋ: 95010-45704

ਗੱਡੀਆਂ ਵਾਲੇ
ਪਿਛਲੇ ਦਿਨਾਂ ਦੇ ਲੋਕ ਮੰਚ ਵਿਚ ਗੁਰਪ੍ਰੀਤ ਸਿੰਘ ਮਾਨ ਮੌੜ ਦਾ ਲਿਖਿਆ 'ਅਣਗੌਲੇ ਲੋਕ : ਗੱਡੀਆਂ ਵਾਲੇ' ਪੜ੍ਹਿਆ ਜੋ ਸਾਨੂੰ ਬਹੁਤ ਵਧੀਆ ਲੱਗਾ। ਅਸੀਂ ਅਖ਼ਬਾਰ ਤੇ ਲੇਖਕ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਸਾਡੇ ਬਾਰੇ ਸੋਚਿਆ। ਅਸੀਂ ਤਾਂ ਪੱਕੇ ਮਕਾਨਾਂ ਵਿਚ ਰਹਿ ਰਹੇ ਹਾਂ ਤੇ ਸਾਡੇ ਬੱਚੇ ਵੀ ਪੜ੍ਹ ਰਹੇ ਨੇ ਤੇ ਸਾਡੀਆਂ ਵੋਟਾਂ ਵੀ ਬਣੀਆਂ ਹੋਈਆਂ ਨੇ ਪਰ ਸਾਡੇ ਕੁਝ ਭੈਣ-ਭਰਾ ਅੱਜ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਸਾਰਾ ਪਿੰਡ ਵੀ ਸਹਿਯੋਗ ਦਿੰਦਾ ਹੈ। ਕੱਲ੍ਹ ਨੂੰ ਅਸੀਂ ਪੜ੍ਹ-ਲਿਖ ਗਏ ਤਾਂ ਸਾਡੀ ਨੌਕਰੀ ਦਾ ਪ੍ਰਬੰਧ ਵੀ ਕੀਤਾ ਜਾਵੇ। ਬਹੁਤ-ਬਹੁਤ ਧੰਨਵਾਦ ਅਖ਼ਬਾਰ ਤੇ ਲੇਖਕ ਦਾ।

-ਮੇਵਾ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ
ਫਿਰੰਗੀ (ਗੱਡੀਆਂ ਵਾਲੇ)
ਪਿੰਡ ਤੇ ਡਾਕ: ਕੋਠਾ ਗੁਰੂ ਕਾ (ਬਠਿੰਡਾ)।

23-3-2015

 ਬਜ਼ੁਰਗਾਂ ਦਾ ਸਤਿਕਾਰ
ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਅੱਜ ਸਾਡਾ ਬੁਢੇਪਾ ਬਿਰਧ ਆਸ਼ਰਮਾਂ ਵਿਚ ਰੁਲ ਰਿਹਾ ਹੈ। ਪੁਰਾਣੇ ਸਮੇਂ ਹੁੰਦੇ ਸਨ ਜਦੋਂ ਬਜ਼ੁਰਗਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਘਰ ਦੇ ਜਿੰਦਰੇ ਸਮਝਿਆ ਜਾਂਦਾ ਸੀ। ਘਰ ਦੇ ਬਜ਼ੁਰਗ ਦੀ ਗੱਲ ਨੂੰ ਸਾਰੇ ਜੀਆਂ ਨੇ ਸਤਿਕਾਰ ਸਹਿਤ ਮੰਨਣਾ। ਜੇਕਰ ਪਰਿਵਾਰ ਵਿਚ ਬਜ਼ੁਰਗ ਨਾ ਹੋਣ ਤਾਂ ਆਂਢ-ਗੁਆਂਢ ਦੇ ਬਜ਼ੁਰਗ ਦੀ ਸਲਾਹ ਲੈ ਕੇ ਕੰਮ ਕਰਨਾ ਪਰ ਹੁਣ ਤਾਂ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਬੋਝ ਸਮਝਦੀ ਹੈ। ਉਹ ਬਜ਼ੁਰਗ ਜਿਨ੍ਹਾਂ ਪਤਾ ਨਹੀਂ ਜ਼ਿੰਦਗੀ ਵਿਚ ਕਿੰਨੀ ਵਾਰ ਖ਼ੁਦ ਭੁੱਖੇ ਰਹਿ ਕੇ ਸਾਡਾ ਢਿੱਡ ਭਰਿਆ ਹੋਵੇਗਾ, ਕਿੰਨੀਆਂ ਧੁੱਪਾਂ, ਝੱਖੜ ਸਾਡੀ ਖਾਤਰ ਜਰੇ ਹੋਣਗੇ, ਉਹ ਬਜ਼ੁਰਗ ਅੱਜ ਸਾਡੇ ਲਈ ਬੋਝ ਬਣ ਚੁੱਕੇ ਹਨ। ਇਸੇ ਕਾਰਨ ਤਾਂ ਕਿਹਾ ਗਿਆ ਹੈ ਕਿ ਮਾਪੇ ਤਾਂ ਚਾਰ-ਪੰਜ ਬੱਚਿਆਂ ਦਾ ਪੇਟ ਪਾਲ ਸਕਦੇ ਹਨ ਪਰ ਚਾਰ-ਪੰਜ ਬੱਚਿਆਂ ਕੋਲੋਂ ਅੱਜ ਆਪਣੇ ਮਾਪੇ ਹੀ ਨਹੀਂ ਸੰਭਾਲੇ ਜਾਂਦੇ।
ਸਾਡੀ ਨੌਜਵਾਨ ਪੀੜ੍ਹੀ ਇਕ ਗੱਲ ਸ਼ਾਇਦ ਭੁੱਲ ਚੁੱਕੀ ਹੈ ਕਿ ਅਸੀਂ ਉਹੀ ਕੁਝ ਕੱਟਾਂਗੇ, ਜੋ ਅੱਜ ਬੀਜ ਰਹੇ ਹਾਂ। ਜੇਕਰ ਅਸੀਂ ਆਪਣੇ ਬਜ਼ੁਰਗਾਂ ਦਾ ਦਿੱਤਾ ਦੇਣ ਭੁਲਾ ਸਕਦੇ ਹਾਂ ਤਾਂ ਕੱਲ੍ਹ ਨੂੰ ਸਾਡੇ ਨਾਲ ਵੀ ਅਜਿਹਾ ਹੀ ਹੋਵੇਗਾ। ਜੇਕਰ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਕੱਲ੍ਹ ਨੂੰ ਆਪਣੇ ਬੱਚਿਆਂ ਕੋਲੋਂ ਵੀ ਸਤਿਕਾਰ ਦੀ ਆਸ ਨਹੀਂ ਰੱਖ ਸਕਦੇ।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਖ਼ੁਦਕੁਸ਼ੀਆਂ ਵਿਚ ਵਾਧਾ
ਅੱਜਕਲ੍ਹ ਹਰ ਰੋਜ਼ ਅਖ਼ਬਾਰਾਂ ਵਿਚ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ। ਖ਼ੁਦਕੁਸ਼ੀ ਦਾ ਮਤਲਬ ਆਪਣੀ ਜ਼ਿੰਦਗੀ ਤੋਂ ਹਾਰ ਜਾਣਾ ਹੈ। ਅਸੀਂ ਜ਼ਿੰਦਗੀ ਨੂੰ ਜਿੱਤਣਾ ਹੈ। ਮੁਸ਼ਕਿਲਾਂ ਦਾ ਹਮੇਸ਼ਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਚੰਗਾ ਜਾਂ ਬੁਰਾ ਸਮਾਂ ਤਾਂ ਚਲਦਾ ਹੀ ਰਹਿੰਦਾ ਹੈ। ਥੋੜ੍ਹਾ ਸਬਰ ਕਰਨਾ ਹੀ ਔਖਾ ਹੁੰਦਾ ਹੈ। ਜਿੱਤ ਜਾਂ ਹਾਰ ਤਾਂ ਜ਼ਿੰਦਗੀ ਦਾ ਇਕ ਹਿੱਸਾ ਹਨ। ਨੌਕਰੀਆਂ ਜਾਂ ਪੈਸਾ ਤਾਂ ਆ ਹੀ ਜਾਂਦਾ ਹੈ, ਪਰ ਇਸ ਦੁਨੀਆ ਤੋਂ ਗਿਆ ਬੰਦਾ ਕਦੇ ਵਾਪਸ ਨਹੀਂ ਆਉਂਦਾ। ਸੋ, ਹਰ ਕਦਮ ਸੋਚ ਕੇ ਚੱਲੋ।

-ਮੇਜਰ ਸਿੰਘ ਸੁਖਾਣਾਂ
ਮਾਰੇਲਕੋਟਲਾ ਰੋਡ, ਰਾਏਕੋਟ।

ਅਨਾਜ ਦੀ ਬਰਬਾਦੀ
ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਜੋ ਅੰਕੜੇ ਸਾਹਮਣੇ ਆਏ ਹਨ, ਉਹ ਬਹੁਤ ਹੀ ਦਿਲ-ਕੰਬਾਊ ਹਨ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਜਿਥੇ ਭਾਰਤ ਵਿਚ ਕਰੋੜਾਂ ਲੋਕ ਹਰ ਰਾਤ ਭੁੱਖੇ ਢਿੱਡ ਸੌਂਦੇ ਹਨ, ਉਥੇ ਦੇਸ਼ ਵਿਚ 40 ਫ਼ੀਸਦੀ ਤੋਂ ਵੱਧ ਹਰ ਰੋਜ਼ ਮਨੁੱਖੀ ਖਾਣੇ ਦੀ ਬਰਬਾਦੀ ਹੁੰਦੀ ਹੈ। ਭ੍ਰਿਸ਼ਟਾਚਾਰ ਦਾ ਬੋਲਬਾਲਾ ਗਰੀਬਾਂ ਤੱਕ ਅੰਨ ਪਹੁੰਚਣ ਵਿਚ ਮੁਸ਼ਕਿਲ ਪੈਦਾ ਕਰਦਾ ਹੈ। ਅਨਾਜ ਸੰਭਾਲਣ ਦੀਆਂ ਕਮੀਆਂ ਕਾਰਨ ਖੁੱਲ੍ਹੇ ਆਸਮਾਨ ਵਿਚ ਲੱਖਾਂ ਟਨ ਪਿਆ ਅਨਾਜ ਬਰਬਾਦ ਹੋ ਜਾਂਦਾ ਹੈ। ਸਰਕਾਰਾਂ ਨੂੰ ਇਸ ਮੰਤਵ ਲਈ ਉਪਰਾਲੇ ਕਰਕੇ ਅਨਾਜ ਨੂੰ ਖਰਾਬ ਹੋਣ ਤੋਂ ਬਚਾਅ ਕੇ ਹਰ ਇਕ ਵਿਅਕਤੀ ਤੱਕ ਪੁੱਜਦਾ ਕਰਨਾ ਜ਼ਰੂਰੀ ਹੈ।

-ਮਲਕੀਤ ਸਿੰਘ
ਫਤਹਿਗੜ੍ਹ ਸਾਹਿਬ।

19-3-2015

 ਮਿਲਾਵਟੀ ਪਦਾਰਥ

ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ 'ਚ ਮਿਲਾਵਟ ਦੀਆਂ ਖ਼ਬਰਾਂ ਲੰਮੇ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ। ਦੁੱਧ ਤੋਂ ਇਲਾਵਾ ਚੌਲ, ਆਟਾ, ਦਾਲਾਂ ਅਤੇ ਮਸਾਲਿਆਂ ਆਦਿ ਵਿਚ ਮਿਲਾਵਟ ਦੇ ਮਾਮਲੇ ਨਿੱਤ ਦਿਨ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਮਾਣਯੋਗ ਪੰਜਾਬ, ਹਰਿਆਣਾ ਹਾਈ ਕੋਰਟ ਨੇ ਸਰ੍ਹੋਂ ਦੇ ਖੁਰਾਕੀ ਤੇਲ ਵਿਚ ਮਿਲਾਵਟ ਦੇ ਮਾਮਲੇ 'ਤੇ ਸੂਬਾ ਤੇ ਕੇਂਦਰ ਸਰਕਾਰ ਨੂੰ ਝਾੜ ਪਾਉਂਦਿਆਂ ਨੋਟਿਸ ਜਾਰੀ ਕੀਤਾ ਹੈ। ਪਤਾ ਲੱਗਾ ਹੈ ਕਿ ਇਹ ਮਿਲਾਵਟੀ ਤੱਤ ਬੇਹੱਦ ਜ਼ਹਿਰੀਲੇ ਹਨ ਤੇ ਮਨੁੱਖੀ ਸਿਹਤ ਲਈ ਘਾਤਕ ਦੱਸੇ ਜਾ ਰਹੇ ਹਨ। ਮਿਲਾਵਟਖੋਰੀ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਸਾਲ 2006 ਵਿਚ ਇਕ ਖੁਰਾਕ ਸੁਰੱਖਿਆ ਅਤੇ ਮਾਨਕ (ਸਟੈਂਡਰਡਜ਼) ਐਕਟ ਬਣਾਇਆ ਸੀ, ਜੋ ਕਿ ਸਾਲ 2011 ਵਿਚ ਲਾਗੂ ਕਰ ਦਿੱਤਾ ਸੀ। ਇਸ ਐਕਟ ਤਹਿਤ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਗੱਲ ਕੀਤੀ ਗਈ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਮਿਲਾਵਟਖੋਰਾਂ ਖਿਲਾਫ਼ ਸਖ਼ਤੀ ਵਰਤਣ। ਇਹ ਚੰਗੀ ਗੱਲ ਹੈ ਕਿ ਅਦਾਲਤਾਂ ਖ਼ੁਦ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਗੰਭੀਰ ਹੋਈਆਂ ਹਨ।

-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

ਪੰਜਾਬ ਦੀ ਸਥਿਤੀ

ਪੰਜਾਬ ਇਸ ਵੇਲੇ ਇਕ ਅਜਿਹੇ ਮੋੜ 'ਤੇ ਹੈ ਜਿਸ ਤੋਂ ਅਗਾਂਹ ਮੰਜ਼ਿਲ ਦਾ ਕੁਝ ਪਤਾ ਨਹੀਂ ਹੈ। ਇਸ ਵੇਲੇ ਸਭ ਤੋਂ ਵੱਡੀ ਮੰਗ ਰੁਜ਼ਗਾਰ ਦੀ ਹੈ। ਨਾ ਇਥੇ ਕੋਈ ਵੱਡਾ ਰੇਲਵੇ ਪ੍ਰਾਜੈਕਟ ਹੈ, ਨਾ ਕੋਈ ਵੱਡਾ ਸਨਅਤੀ ਅਦਾਰਾ ਤੇ ਨਾ ਹੀ ਛੋਟੇ ਉਦਯੋਗ ਹਨ, ਜੋ ਹੁਨਰਮੰਦ ਤੇ ਘੱਟ ਹੁਨਰਮੰਦ ਨੌਜਵਾਨਾਂ ਨੂੰ ਕੰਮ ਦੇ ਸਕੇ। ਪੜ੍ਹੇ-ਲਿਖੇ ਹਰ ਨੌਜਵਾਨ ਦਾ ਸੁਪਨਾ ਵਿਦੇਸ਼ੀ ਧਰਤੀ ਬਣ ਚੁੱਕੀ ਹੈ। ਪਹਿਲਾਂ ਤਾਂ ਮਾਂ-ਪਿਓ ਪ੍ਰਦੇਸ਼ ਭੇਜਣ ਨੂੰ ਹਾਂ ਨਹੀਂ ਕਹਿੰਦੇ ਸਨ ਕਿਉਂਕਿ ਪ੍ਰਵਾਸ ਦੁਸ਼ਵਾਰੀਆਂ ਦਾ ਘਰ ਹੈ ਪਰ ਹੁਣ ਤਾਂ ਹਰ ਮਾਂ-ਪਿਓ ਦਾ ਵੀ ਜ਼ੋਰ ਇਸ ਗੱਲ 'ਤੇ ਲੱਗ ਰਿਹਾ ਹੈ ਕਿ ਕਿਸੇ ਤਰ੍ਹਾਂ ਉਨ੍ਹਾਂ ਦਾ ਬੱਚਾ ਵਿਦੇਸ਼ ਪਹੁੰਚ ਜਾਵੇ। ਇੰਜ ਤਾਂ ਇਕ ਦਿਨ ਇਹ ਪੰਜਾਬ ਪੜ੍ਹੇ-ਲਿਖੇ ਨੌਜਵਾਨਾਂ ਤੋਂ ਖਾਲੀ ਹੀ ਹੋ ਜਾਵੇਗਾ। ਗ਼ਰੀਬੀ ਦਾ ਦਾਇਰਾ ਵਧ ਰਿਹਾ ਹੈ ਤੇ ਆਮ ਆਦਮੀ ਸਿਰਫ ਰੋਟੀ ਦੇ ਜੁਗਾੜ ਤੱਕ ਸਿਮਟ ਕੇ ਰਹਿ ਗਿਆ ਹੈ। ਹੋਰ ਸੁੱਖ ਸਹੂਲਤਾਂ ਅਜੇ ਵੀ ਦੂਰ ਦੀ ਕੌਡੀ ਜਾਪਦੀ ਹੈ। ਲੋੜ ਹੈ ਪੰਜਾਬ ਤੇਜ਼ ਤਰੱਕੀ ਕਰੇ, ਵੱਡੇ ਪ੍ਰਾਜੈਕਟ ਲੱਗਣ, ਪਿੰਡ ਪੱਧਰ ਤੋਂ ਲੈ ਕੇ ਸ਼ਹਿਰ ਤੱਕ ਨਵੀਂ ਯੋਜਨਾਬੰਦੀ ਲਾਗੂ ਹੋਵੇ, ਜਿਸ ਦਾ ਮੁੱਖ ਮੰਤਵ ਰੁਜ਼ਗਾਰ ਹੀ ਹੋਵੇ, ਹਰ ਹੱਥ ਨੂੰ ਕੰਮ ਹੀ ਪੰਜਾਬ ਦਾ ਭਲਾ ਕਰ ਸਕਦਾ ਹੈ।

-ਵਿਵੇਕ
ਕੋਟ ਈਸੇ ਖਾਂ
ਮੋ: 96535-08582

ਵਡਿਆਈ

ਰੂਸੀ ਕਹਾਵਤ ਹੈ ਕਿ ਬੰਦੇ ਦੀ ਵਡਿਆਈ ਉਸ ਦੇ ਅੰਦਰ ਹੁੰਦੀ ਹੈ, ਪਸ਼ੂ ਦੀ ਬਾਹਰ। ਪ੍ਰੰਤੂ ਕਈ ਲੋਕ ਬਾਹਰਲੀ ਵਡਿਆਈ ਦੇ ਭੁੱਖੇ ਹੁੰਦੇ ਹਨ। ਉਹ ਕਈ ਚੁਸਤ ਚਲਾਕੀਆਂ ਦੀ ਖੇਡ ਖੇਡ ਕੇ ਵਡਿਆਈ ਭਾਲਦੇ ਰਹਿੰਦੇ ਹਨ। ਵਡਿਆਈ ਖੋਰੇ ਸਮਝਦੇ ਹਨ ਕਿ ਅਸੀਂ ਦੂਜਿਆਂ ਨਾਲੋਂ ਸਿਆਣੇ, ਸੱਚੇ ਤੇ ਸੁੱਚੇ ਹਾਂ। ਕਈ ਲੋਕ ਆਪਣੇ-ਆਪ ਨੂੰ ਉੱਘਾ, ਪ੍ਰਸਿੱਧ ਆਦਿ ਲਿਖ ਕੇ ਆਪਣੇ-ਆਪ ਨੂੰ ਸਮਾਜ 'ਚ ਵਡਿਆਉਂਦੇ ਰਹਿੰਦੇ ਹਨ। ਮੂਹਰੇ ਹੋ ਕੇ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਦੂਜਿਆਂ ਨੂੰ ਨਜ਼ਰ-ਅੰਦਾਜ਼ ਕਰਕੇ ਆਪ ਹੀ ਵਡਿਆਈ ਲੈਣੀ ਵੀ ਚੰਗੀ ਗੱਲ ਨਹੀਂ ਹੈ। ਇਸ ਜੀਵਨ ਯਾਤਰਾ 'ਚ ਸਭ ਦਾ ਸਤਿਕਾਰ ਤੇ ਲਿਹਾਜ਼ ਕਰੋ। ਸਭ ਨੂੰ ਬਣਦਾ ਮੌਕਾ ਤੇ ਸਨਮਾਨ ਦੇਵੋ। ਨਿੰਦਿਆਂ ਚੁਗਲੀ ਤੋਂ ਪਰਹੇਜ਼ ਕਰੋ। ਫਿਰ ਸਮਾਜ 'ਚ ਤੁਹਾਨੂੰ ਆਪ ਹੀ ਵਡਿਆਈ ਮਿਲਦੀ ਰਹੇਗੀ।

-ਸਨੇਹਇੰਦਰ ਮੀਲੂ ਫਰੌਰ
ਖੰਨਾ।

17-3-2015

 ਸਵਾ ਅਰਬ ਆਬਾਦੀ
ਅੱਜ ਦੇਸ਼ ਦੀ ਆਬਾਦੀ ਸਵਾ ਅਰਬ ਤੋਂ ਟੱਪ ਚੁੱਕੀ ਹੈ। ਇਸ ਬੇਰੋਕ-ਟੋਕ ਵਧ ਰਹੀ ਆਬਾਦੀ ਨੇ ਅਗਾਂਹਵਧੂ ਸੋਚ ਰੱਖਣ ਵਾਲਿਆਂ ਨੂੰ ਚਿੰਤਾ ਵਿਚ ਡੋਬ ਰੱਖਿਆ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 2028 ਤੱਕ ਭਾਰਤ ਆਬਾਦੀ ਪੱਖ ਤੋਂ ਚੀਨ ਨਾਲੋਂ ਅੱਗੇ ਲੰਘ ਜਾਵੇਗਾ। ਭਾਵ ਆਬਾਦੀ ਪੱਖੋਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਚੀਨ ਨੂੰ ਇਹ ਸਮਝ ਆ ਗਈ ਹੈ ਕਿ ਵੱਧ ਆਬਾਦੀ ਵਿਕਾਸ ਵਿਚ ਰੋੜਾ ਬਣ ਰਹੀ ਹੈ, ਜਿਸ ਕਰਕੇ ਉਸ ਨੇ ਇਸ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਭਾਰਤ ਨੂੰ ਵੀ ਇਸ ਪਾਸੇ ਗੰਭੀਰ ਹੋਣਾ ਚਾਹੀਦਾ ਹੈ। ਦੇਸ਼ ਦੇ ਹੁਕਮਰਾਨਾਂ ਨੂੰ ਇਸ ਪਾਸਿਉਂ ਮੂੰਹ ਨਹੀਂ ਮੋੜਨਾ ਚਾਹੀਦਾ। ਚੀਨ ਵਾਂਗ ਸੁਚੱਜੇ ਢੰਗ-ਤਰੀਕੇ ਅਪਣਾ ਕੇ ਇਸ 'ਤੇ ਕਾਬੂ ਪਾਇਆ ਜਾਣਾ ਅੱਜ ਜ਼ਰੂਰੀ ਹੋ ਗਿਆ ਹੈ। ਵੱਡੀ ਆਬਾਦੀ ਬੇਰੁਜ਼ਗਾਰੀ ਨੂੰ ਜਨਮ ਦੇ ਰਹੀ ਹੈ। ਬੇਰੁਜ਼ਗਾਰੀ ਕਾਰਨ ਲੁੱਟਾਂ-ਖੋਹਾਂ ਤੇ ਕਤਲੋਗਾਰਤ ਵਿਚ ਵਾਧਾ ਹੋ ਰਿਹਾ ਹੈ। ਨੌਜਵਾਨ ਅਤੇ ਮੁੰਡੇ-ਕੁੜੀਆਂ ਡਿਗਰੀਆਂ ਚੁੱਕੀ ਘੁੰਮ ਰਹੇ ਹਨ। ਪਰ ਪੱਲੇ ਨਿਰਾਸ਼ਾ ਤੋਂ ਸਿਵਾਏ ਕੁਝ ਨਹੀਂ ਪੈ ਰਿਹਾ ਹੈ। ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਆਬਾਦੀ 'ਤੇ ਕਾਬੂ ਪਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸੜਕੀ ਨਿਯਮ
ਸੜਕ ਦੁਰਘਟਨਾਵਾਂ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਪਰਿਵਾਰਾਂ ਦੇ ਪਰਿਵਾਰ ਹਾਦਸਿਆਂ ਦੇ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਅੱਜ ਦੇ ਹਾਲਾਤ ਅਨੁਸਾਰ ਜ਼ਰੂਰੀ ਹੋ ਗਿਆ ਹੈ ਕਿ ਸੜਕੀ ਨਿਯਮਾਂ ਦੀ ਪਾਲਣਾ ਨੂੰ ਜ਼ਰੂਰੀ ਬਣਾਇਆ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਬਣਦੀ ਸਜ਼ਾ ਦਿੱਤੀ ਜਾਵੇ। ਨਿਯਮਾਂ ਸਬੰਧੀ ਜਾਗਰੂਕ ਮੁਹਿੰਮ ਨੂੰ ਸਕੂਲਾਂ ਵਿਚ ਵੀ ਲਗਾਤਾਰ ਜਾਰੀ ਰੱਖਿਆ ਜਾਵੇ। ਜੇ ਜਾਨ ਹੈ ਤਾਂ ਜਹਾਨ ਹੈ। ਸਫ਼ਰ ਕਰਦੇ ਸਮੇਂ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਘਰ ਕੋਈ ਤੁਹਾਡੀ ਇੰਤਜ਼ਾਰ ਕਰ ਰਿਹਾ ਹੈ। ਨਿਯਮਾਂ ਵਿਚ ਰਹਿਣਾ ਹੀ ਲੋਕਾਈ ਦੇ ਹਿਤ ਵਿਚ ਹੈ।

-ਮਨਿੰਦਰ ਸਿੰਘ ਰਾਜੂ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

ਭੂਮੀ ਪ੍ਰਾਪਤੀ ਕਾਨੂੰਨ
ਅੱਛੇ ਦਿਨ ਆਉਣ ਦੀ ਉਡੀਕ ਕਰਦੇ ਕਿਸਾਨਾਂ ਨੂੰ ਮੋਦੀ ਸਰਕਾਰ ਬਣਨ 'ਤੇ ਬੁਰੇ ਦਿਨ ਆਉਣ ਦਾ ਡਰ ਹੋ ਗਿਆ ਹੈ। ਕਾਰਪੋਰੇਟ ਸੈਕਟਰ ਜਾਂ ਕਹਿ ਲਈਏ ਕਿ ਵਿਦੇਸ਼ੀ ਕੰਪਨੀਆਂ ਲਈ ਕਿਸਾਨਾਂ ਦੀ ਜ਼ਮੀਨ ਹੁਣ ਮੋਦੀ ਸਰਕਾਰ ਧੱਕੇ ਨਾਲ ਖੋਹ ਕੇ ਦੇਣ ਤੇ ਪਹਿਲਾਂ ਹੀ ਅਧਮੋਈ ਕਿਸਾਨੀ ਨੂੰ ਮਾਰਨ 'ਤੇ ਤੁਲ ਪਈ ਹੈ। ਭੂਮੀ ਪ੍ਰਾਪਤੀ ਕਾਨੂੰਨ ਵਿਚ ਸੋਧ ਕਰਕੇ ਹੁਣ ਕਿਸਾਨਾਂ ਤੋਂ ਉਪਜਾਊ ਜ਼ਮੀਨ ਲੈਣ ਲਈ ਕਿਸਾਨਾਂ ਦੀ ਰਜ਼ਾਮੰਦੀ ਜ਼ਰੂਰੀ ਨਹੀਂ ਹੋਵੇਗੀ ਜਦੋਂ ਕਿ ਪਹਿਲਾਂ ਦੇ ਇਸ ਕਾਨੂੰਨ (ਭੂਮੀ ਪ੍ਰਾਪਤੀ ਕਾਨੂੰਨ 2013) ਵਿਚ 70-80 ਫ਼ੀਸਦੀ ਕਿਸਾਨਾਂ ਦੀ ਸਹਿਮਤੀ ਜ਼ਰੂਰੀ ਸੀ। ਦੇਸ਼ ਦੇ ਕੇਂਦਰੀ ਪੂਲ ਵਿਚ ਅਨਾਜ ਦਾ 65 ਫ਼ੀਸਦੀ ਤੋਂ ਵੀ ਵੱਧ ਹਿੱਸਾ ਪਾਉਣ ਵਾਲੇ ਪੰਜਾਬ ਦਾ ਕਿਸਾਨ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਕਿਸਾਨ ਹਿਤੈਸ਼ੀ ਜਥੇਬੰਦੀਆਂ ਨੂੰ ਹੁਣ ਇਕ ਪਲੇਟਫਾਰਮ ਬਣਾ ਕੇ ਇਸੇ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਹੈ।

-ਜਗਤਾਰ ਸਿੰਘ 'ਰੁਲਦੂਵਾਲਾ'
ਹੈਲਥ ਇੰਸਪੈਕਟਰ, ਅਮਰਗੜ੍ਹ (ਸੰਗਰੂਰ)।

16-3-2015

 ਮੁਫ਼ਤ ਸਹੂਲਤਾਂ
ਦੇਸ਼ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਸੱਤਾ ਅਤੇ ਕੁਰਸੀ ਦੇ ਲਾਲਚ ਵਿਚ ਦੇਸ਼ ਦੀ ਤਰੱਕੀ ਅਤੇ ਰੁਜ਼ਗਾਰ ਦੇ ਏਜੰਡਿਆਂ ਨੂੰ ਇਕ ਪਾਸੇ ਕਰਕੇ ਵੋਟਾਂ ਲਈ ਮੁਫ਼ਤੋ-ਮੁਫ਼ਤ ਸਕੀਮਾਂ ਦਾ ਹੋਕਾ ਦੇ ਕੇ ਲੜਦੀਆਂ ਹਨ, ਜੋ ਦੇਸ਼ ਦੇ ਵਿਕਾਸ ਦੀ ਸਿਹਤ ਲਈ ਠੀਕ ਨਹੀਂ ਹੈ। ਪੰਜਾਬ ਦੀ ਹੀ ਉਦਾਹਰਨ ਲੈ ਲਓ। ਸਰਕਾਰ ਦੀਆਂ ਬਹੁਤ ਸਾਰੀਆਂ ਮੁਫ਼ਤ ਦੀਆਂ ਸਹੂਲਤਾਂ ਨੇ ਪੰਜਾਬ ਦੇ ਬਜਟ ਨੂੰ ਡੋਬ ਦਿੱਤਾ ਹੈ ਅਤੇ ਵਿਕਾਸ ਮੁਖੀ ਕਾਰਜਾਂ ਵਿਚ ਖੜੋਤ ਆਈ ਹੈ। ਕਹਿਣ ਨੂੰ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਹੈ ਪਰ ਵਿਕਾਸ ਕਿਤੇ ਦਿਖਦਾ ਨਹੀਂ। ਇਹ ਦਾਅਵੇ ਬਦੋਬਦੀ ਮਨਾਉਣ ਵਾਲੀ ਗੱਲ ਹੈ। ਦਿੱਲੀ ਦੀ 'ਆਪ' ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬੇਰੁਜ਼ਗਾਰੀ ਖ਼ਤਮ ਕਰਨ ਤੇ ਵਿਕਾਸ ਦੇ ਏਜੰਡੇ ਨੂੰ ਹਵਾ ਦੇ ਤੀਰਾਂ ਵਾਂਗ ਨਾ ਚਲਾਉਣ। ਲੋਕ ਸਭ ਜਾਣਦੇ ਹਨ। ਜੇਕਰ ਸਾਨੂੰ ਜ਼ਮੀਰ ਤੋਂ ਦੇਸ਼ ਦੀ ਤਰੱਕੀ ਬਾਰੇ ਸੋਚਣਾ ਹੈ ਤਾਂ ਸਾਨੂੰ ਇਨ੍ਹਾਂ ਮੁਫ਼ਤ ਦੇ ਦਾਅਵਿਆਂ ਨੂੰ ਛੱਡਣਾ ਹੋਵੇਗਾ।

-ਚੰਨਦੀਪ ਸਿੰਘ 'ਬੁਤਾਲਾ'
ਰੁੱਖ ਬਚਾਓ ਕੁੱਖ ਬਚਾਓ ਫਾਊਂਡੇਸ਼ਨ, ਅੰਮ੍ਰਿਤਸਰ।

ਸੋਚ ਬਦਲੋ
ਜਿਵੇਂ ਕਿਹਾ ਜਾਂਦਾ ਹੈ ਕਿ ਅੱਜ ਮਨੁੱਖ ਓਨਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈ ਜਿੰਨਾ ਦੂਸਰਿਆਂ ਦੇ ਸੁੱਖ ਤੋਂ ਹੋ ਰਿਹਾ ਹੈ। ਅਸੀਂ ਸਭ ਅੱਜ ਦੇਖ ਹੀ ਰਹੇ ਹਾਂ ਕਿ ਕਿਵੇਂ ਲੋਕਾਂ ਵੱਲੋਂ ਇਕ-ਦੂਸਰੇ ਦੀ ਤਰੱਕੀ ਨੂੰ ਦੇਖ ਕੇ ਆਪਣੇ-ਆਪ ਨੂੰ ਸਾੜਿਆ ਜਾ ਰਿਹਾ ਹੈ। ਕਿਸੇ ਦੇ ਕੋਈ ਸੰਦ ਖਰੀਦੇ ਦੀ ਵਧਾਈ ਤਾਂ ਕੀ ਦੇਣੀ ਸਗੋਂ ਕਈ ਲੋਕਾਂ ਵੱਲੋਂ ਦਿਨ-ਰਾਤ ਆਪਣੇ ਮਨ 'ਤੇ ਇਸ ਗੱਲ ਦਾ ਬੋਝ ਪਾ ਲਿਆ ਜਾਂਦਾ ਹੈ ਕਿ ਉਸ ਕੋਲ ਇਸ ਕੰਮ ਲਈ ਪੈਸਾ ਆਇਆ ਤੇ ਆਇਆ ਕਿੱਥੋਂ? ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵੱਲੋਂ ਕਿਸੇ ਦੇ ਧੀ-ਪੁੱਤਰ ਦੇ ਮਾੜੇ ਕੰਮ ਦੀਆਂ ਗੱਲਾਂ ਮੂੰਹ ਜੋੜ-ਜੋੜ ਕੇ ਅਤੇ ਮਸਾਲੇ ਲਗਾ ਕੇ ਇਕ-ਦੂਜੇ ਕੋਲ ਕੀਤੀਆਂ ਜਾਂਦੀਆਂ ਹਨ ਅਤੇ ਇਹ ਬਿਲਕੁਲ ਨਹੀਂ ਸੋਚਿਆ ਜਾਂਦਾ ਕਿ ਅਜਿਹੀ ਕੋਈ ਘਟਨਾ ਕੱਲ੍ਹ ਨੂੰ ਸਾਡੇ ਆਪਣੇ ਪਰਿਵਾਰਾਂ 'ਤੇ ਵੀ ਘੱਟ ਸਕਦੀ ਹੈ। ਸੋ, ਜੇਕਰ ਅਸੀਂ ਕਿਸੇ ਦਾ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਸਾਨੂੰ ਕਿਸੇ ਬਾਰੇ ਬੁਰਾ ਸੋਚਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਬੁਢਾਪਾ ਪੈਨਸ਼ਨ ਬਾਰੇ
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਵਿਧਵਾ ਇਸਤਰੀਆਂ ਨੂੰ ਇਕ ਸਕੀਮ ਅਧੀਨ ਬੁਢਾਪਾ ਅਤੇ ਵਿਧਵਾ ਪੈਨਸ਼ਨ ਦਿੱਤੀ ਜਾ ਰਹੀ ਹੈ। ਪੈਨਸ਼ਨ ਸਬੰਧੀ ਕਾਗਜ਼ੀ ਕਾਰਵਾਈ ਕੀੜੀ ਦੀ ਚਾਲ ਹੁੰਦੀ ਹੈ। ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣ ਲਈ ਬਿਨੇਕਾਰ ਵੱਲੋਂ ਪਹਿਲਾਂ ਇਕ ਬਿਨੇ ਪੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਨੂੰ ਦਿੱਤਾ ਜਾਂਦਾ ਹੈ। ਕਾਗਜ਼ੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਦਫ਼ਤਰ ਵੱਲੋਂ ਬਿਨੇਕਾਰ ਨੂੰ ਪੀ.ਐਲ.ਏ. ਮਿਲਦਾ ਹੈ ਅਤੇ ਕਈ ਮਹੀਨਿਆਂ ਬਾਅਦ ਬਿਨੇਕਾਰ ਦਾ ਏ.ਟੀ.ਐਮ. ਕਾਰਡ ਬਣਦਾ ਹੈ। ਇਸ ਤੋਂ ਬਾਅਦ ਕਈ ਲਾਭਪਾਤਰੀਆਂ ਨਾਲ ਜੋ ਬੀਤਦੀ ਹੈ, ਉਹ ਹੀ ਜਾਣਦੇ ਹਨ। ਕਾਗਜ਼ੀ ਕਾਰਵਾਈ ਪੂਰੀ ਤਰ੍ਹਾਂ ਦਰੁਸਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੈਨਸ਼ਨ ਲਗਵਾਉਣ ਲਈ ਵਡੇਰੀ ਉਮਰ ਵਿਚ ਥਾਂ-ਥਾਂ ਭਟਕਣਾ ਪੈਂਦਾ ਹੈ। ਕਈ ਬਜ਼ੁਰਗ ਖੱਜਲ-ਖੁਆਰੀ ਦਾ ਸਾਹਮਣਾ ਨਾ ਸਹਾਰਦੇ ਹੋਏ ਪੈਨਸ਼ਨ ਦੀ ਆਸ ਛੱਡ ਕੇ ਘਰ ਬੈਠ ਜਾਂਦੇ ਹਨ। ਸਰਕਾਰ ਬਣਨ ਤੋਂ ਪਹਿਲਾਂ ਜਨਤਾ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਘਰ ਬੈਠੇ ਲਾਭ ਪਾਤਰੀਆਂ ਨੂੰ ਡਾਕੀਆ ਘੰਟੀ ਵਜਾ ਕੇ ਪੈਨਸ਼ਨ ਦੇ ਕੇ ਜਾਇਆ ਕਰੇਗਾ। ਚਲੋ, ਜੇਕਰ ਸਰਕਾਰ ਉਸ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਤਾਂ ਇਸ ਸਮੇਂ ਪੈਨਸ਼ਨ ਲਗਵਾਉਣ ਦੇ ਚੱਕਰ ਕੱਟ ਰਹੇ ਬਜ਼ੁਰਗਾਂ ਵੱਲ ਧਿਆਨ ਜ਼ਰੂਰ ਦੇਵੇ। ਸਰਕਾਰ ਦਾ ਧੰਨਵਾਦ ਹੋਵੇਗਾ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

13-3-2015

 ਅਪੀਲ

ਸਾਡੇ ਦੇਸ਼ ਵਿਚ ਲੋਕਤੰਤਰ ਤਰੀਕੇ ਨਾਲ ਸਰਕਾਰਾਂ ਬਣਾਈਆਂ ਜਾਂਦੀਆਂ ਹਨ। ਜਦੋਂ ਦੇਸ਼ ਵਿਚ ਚੋਣਾਂ ਦਾ ਸਮਾਂ ਹੁੰਦਾ ਹੈ। ਹਰੇਕ ਰਾਜਨੀਤਕ ਪਾਰਟੀ ਵੱਲੋਂ ਜਾਂ ਜੋ ਆਜ਼ਾਦ ਉਮੀਦਵਾਰ ਖੜ੍ਹਦੇ ਹਨ, ਉਨ੍ਹਾਂ ਵੱਲੋਂ ਆਪਣਾ-ਆਪਣਾ ਚੋਣ ਮੈਨੀਫੈਸਟੋ ਆਮ ਜਨਤਾ ਸਾਹਮਣੇ ਲਿਆਂਦਾ ਜਾਂਦਾ ਹੈ। ਜਿਹੜਾ ਚੋਣ ਮੈਨੀਫੈਸਟੋ ਲੋਕਾਂ ਵਿਚ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ, ਲੋਕ ਉਸ ਨੂੰ ਵੀ ਅਜਮਾਉਣ ਦਾ ਯਤਨ ਕਰਦੇ ਹਨ। ਦਿੱਲੀ ਵਿਚ ਹੋਈਆਂ ਚੋਣਾਂ ਅਨੁਸਾਰ ਕੇਜਰੀਵਾਲ ਦਾ ਚੋਣ ਮੈਨੀਫੈਸਟੋ ਆਮ ਲੋਕਾਂ ਨੇ ਪਸੰਦ ਕੀਤਾ, ਜਿਸ ਵਿਚ ਉਸ ਨੇ ਮਹਿਕਮਿਆਂ ਵਿਚ ਚਲਦਾ ਠੇਕੇਦਾਰੀ ਸਿਸਟਮ ਬੰਦ ਕਰਨ ਅਤੇ ਪੱਕੀ ਭਰਤੀ ਕਰਨ ਦਾ ਵਾਅਦਾ ਕੀਤਾ ਹੈ। ਠੇਕੇਦਾਰੀ ਸਿਸਟਮ ਬੰਦ ਕਰਨਾ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ ਹੋਇਆ ਜਾਪਦਾ ਹੈ। ਕੇਜਰੀਵਾਲ ਦਾ ਬਾਕੀ ਚੋਣ ਮੈਨੀਫੈਸਟੋ ਵੀ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਚ ਇਸ ਮੈਨੀਫੈਸਟੋ ਦਾ ਕੀ ਅਸਰ ਹੁੰਦਾ ਹੈ ਅਤੇ ਮੌਜੂਦਾ ਰਾਜ ਕਰਦੀ ਪਾਰਟੀ ਨੂੰ ਵੀ ਠੇਕੇਦਾਰੀ ਸਿਸਟਮ ਬੰਦ ਕਰਕੇ ਲੋਕਾਂ ਦਾ ਮਨ ਜਿੱਤਣਾ ਚਾਹੀਦਾ ਹੈ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਸਾਦਗੀ ਤੇ ਸੰਜਮ

ਤਬਦੀਲੀ ਕੁਦਰਤ ਦਾ ਨਿਯਮ ਹੈ। ਤਬਦੀਲੀ ਆਉਣੀ ਵੀ ਜ਼ਰੂਰੀ ਹੈ। ਪਰ ਜਿਸ ਤਰ੍ਹਾਂ ਦੀ ਤਬਦੀਲੀ ਸਾਡੇ ਅਜੋਕੇ ਸਮਾਜ ਵਿਚ ਆ ਰਹੀ ਹੈ, ਖ਼ਤਰਨਾਕ ਰੁਝਾਨ ਹੈ। ਅੱਜ ਸਾਡੇ ਵਿਚੋਂ ਸਾਦਗੀ ਤੇ ਸਿਦਕਦਿਲੀ ਖ਼ਤਮ ਹੁੰਦੀ ਜਾ ਰਹੀ ਹੈ। ਸਾਦਗੀ ਵਿਚ ਗੁਜ਼ਾਰਿਆ ਜੀਵਨ ਚਿਰਜੀਵੀ ਹੁੰਦਾ ਹੈ। ਸਾਦਗੀ ਤਾਂ ਹੀ ਹੋਵੇਗੀ ਜੇ ਸੰਜਮ ਹੋਵੇਗਾ, ਸਿਦਕ ਹੋਵੇਗਾ। ਖਾਣ-ਪੀਣ ਵਿਚ, ਰਹਿਣ-ਸਹਿਣ ਵਿਚ ਸੰਜਮ ਨਾਂਅ ਦੀ ਕੋਈ ਚੀਜ਼ ਨਹੀਂ ਰਹਿ ਗਈ। ਚਟਪਟੇ ਖਾਣੇ, ਭੜਕੀਲਾ ਲਿਬਾਸ, ਸਾਰਾ ਸਾਰਾ ਦਿਨ ਮੋਬਾਈਲਾਂ, ਫੇਸ ਬੁੱਕਾਂ ਤੇ ਸਚਾਈ ਤੋਂ ਕੋਹਾਂ ਦੂਰ ਟੀ.ਵੀ. ਚੈਨਲਾਂ 'ਤੇ ਚਲਦੇ ਸੀਰੀਅਲ, ਮਾਰਧਾੜ ਅਤੇ ਅਸ਼ਲੀਲ ਫ਼ਿਲਮਾਏ ਗਾਣੇ, ਹੱਥਾਂ ਵਿਚ ਗੰਨਾਂ ਤੇ ਪਿਸਟਲ ਫੜੀ, ਵਿਆਹਾਂ ਸ਼ਾਦੀਆਂ ਵਿਚ ਨਸ਼ੇ ਨਾਲ ਟੱਲੀ ਹੋ ਕੇ ਅੱਧ ਨੰਗੀਆਂ ਕੁੜੀਆਂ ਨਾਲ ਆਪਣੀਆਂ ਮਾਵਾਂ-ਭੈਣਾਂ ਸਾਹਮਣੇ ਨੱਚਣਾ ਤੇ ਬੇਹੂਦਾ ਹਰਕਤਾਂ ਕਰਨੀਆਂ, ਕੀ ਇਹ ਸਭ ਕੁਝ ਸੰਜਮ ਤੇ ਸਾਦਗੀ ਹੈ? ਵਿਆਹਾਂ-ਸ਼ਾਦੀਆਂ ਅਤੇ ਮਰਨੇ-ਪਰਨੇ ਸਮੇਂ ਫਜ਼ੂਲ ਖਰਚੇ ਅਤੇ ਝੂਠੇ ਵਿਖਾਵੇ, ਕੀ ਇਹ ਸਿਦਕ ਹੈ? ਆਓ ਆਪਣੇ ਅੰਦਰ ਝਾਤੀ ਮਾਰੀਏ, ਸਾਦਗੀ, ਸਿਦਕਦਿਲੀ ਅਤੇ ਸੰਜਮ ਸਾਡੇ ਅਮੀਰ ਵਿਰਸੇ ਦਾ ਹਿੱਸਾ ਹਨ। ਆਪਣੇ ਵਿਰਸੇ ਨੂੰ ਪਛਾਣੀਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਗ਼ਲਤ ਸੋਚ

ਅੱਜ ਸਾਡੇ ਦੇਸ਼ ਵਿਚ ਮਹਿੰਗਾਈ ਦਾ ਬੋਲਬਾਲਾ ਹੈ। ਹਰ ਇਕ ਨਾਗਰਿਕ ਮਹਿੰਗਾਈ ਤੋਂ ਡਾਢਾ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਬੇਸ਼ੱਕ ਇਸ ਵਧ ਰਹੀ ਮਹਿੰਗਾਈ ਲਈ ਕਾਫੀ ਹੱਦ ਤੱਕ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ ਪਰ ਇਸ ਦੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਅੱਜ ਲੋਕਾਂ ਵੱਲੋਂ ਲੋਕ ਵਿਖਾਵੇ ਦੇ ਚੱਕਰਾਂ ਵਿਚ ਖ਼ੁਦ ਬਹੁਤ ਸਾਰੀਆਂ ਆਪ ਮਾਰੂ ਨੀਤੀਆਂ ਵੀ ਅਪਣਾ ਲਈਆਂ ਗਈਆਂ ਹਨ, ਜਿਸ ਕਾਰਨ ਮਹਿੰਗਾਈ ਦਾ ਗ੍ਰਾਫ ਦਿਨ-ਬ-ਦਿਨ ਹੋਰ ਉੱਚਾ ਹੁੰਦਾ ਜਾ ਰਿਹਾ ਹੈ। ਅਸੀਂ ਅੱਜ ਦੇਖ ਹੀ ਰਹੇ ਹਾਂ ਕਿਵੇਂ ਲੋਕਾਂ ਵੱਲੋਂ ਵਿਆਹ-ਸ਼ਾਦੀਆਂ, ਗਮੀਆਂ, ਲੋਹੜੀਆਂ, ਦੀਵਾਲੀਆਂ ਅਤੇ ਜਨਮ ਦਿਨ ਪਾਰਟੀਆਂ ਉੱਪਰ ਬੇਹੱਦ ਮਹਿੰਗੇ ਸਮਾਗਮ ਕਰਕੇ ਪੈਸੇ ਦੀ ਬੇਸ਼ੁਮਾਰ ਬਰਬਾਦੀ ਕੀਤੀ ਜਾ ਰਹੀ ਹੈ। ਐਸ਼ਪ੍ਰਸਤੀ 'ਤੇ ਚਲਦਿਆਂ ਲੋਕਾਂ ਵੱਲੋਂ ਹੱਥੀਂ ਕੰਮ ਕਰਨ ਦਾ ਰੁਝਾਨ ਤਕਰੀਬਨ ਖ਼ਤਮ ਹੀ ਹੁੰਦਾ ਜਾ ਰਿਹਾ ਹੈ। ਨਿੱਕੀ-ਨਿੱਕੀ ਦੂਰੀ ਵਾਲੇ ਕੰਮ ਧੰਦੇ ਜਾਣ ਲਈ ਵੀ ਅੱਜ ਸਾਈਕਲਾਂ ਦੀ ਥਾਂ ਮੋਟਰ ਸਾਈਕਲ ਹੀ ਘੁਮਾਏ ਜਾ ਰਹੇ ਹਨ। ਇਸ ਸਭ ਨਾਲ ਜਦੋਂ ਆਮਦਨ ਤੋਂ ਖਰਚ ਵਧਦਾ ਹੈ ਤਾਂ ਮਹਿੰਗਾਈ ਦਾ ਰੋਣਾ ਰੋਇਆ ਜਾਂਦਾ ਹੈ। ਸੋ, ਸਾਨੂੰ ਇਸ ਮਹਿੰਗਾਈ ਦੀ ਮਾਰ ਤੋਂ ਬਚਣ ਲਈ ਸਰਕਾਰ ਨੂੰ ਕੋਸਣ ਦੇ ਨਾਲ-ਨਾਲ ਆਪਣੇ ਦੁਆਰਾ ਖ਼ੁਦ ਸਹੇੜੀਆਂ ਆਪ ਮਾਰੂ ਨੀਤੀਆਂ ਪ੍ਰਤੀ ਪੜਚੋਲ ਕਰਨ ਦੀ ਵੀ ਅਤਿਅੰਤ ਲੋੜ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਅੰਧ-ਵਿਸ਼ਵਾਸ

ਚਮਤਕਾਰ ਕੀ ਹੈ? ਜਿਸ ਨੂੰ ਦਲੀਲ ਨਾਲ ਪ੍ਰਮਾਣਿਤ ਨਾ ਕੀਤਾ ਜਾ ਸਕੇ, ਜਿਸ ਦਾ ਆਧਾਰ ਸਿਰਫ ਅੰਧ-ਵਿਸ਼ਵਾਸ ਹੁੰਦਾ ਹੈ। ਮਨੁੱਖ ਇਕ ਕਮਜ਼ੋਰ ਪ੍ਰਾਣੀ ਹੈ। ਉਹ ਕਈ ਤਰ੍ਹਾਂ ਦੇ ਸੰਕਟਾਂ ਵਿਚ ਘਿਰਿਆ ਰਹਿੰਦਾ ਹੈ। ਧਰਮ ਅਤੇ ਈਸ਼ਵਰ ਵਿਚ ਵਿਸ਼ਵਾਸ ਉਸ ਨੂੰ ਤਾਕਤ ਪ੍ਰਦਾਨ ਕਰਦਾ ਹੈ ਪਰ ਚਮਤਕਾਰ ਦਾ ਢੌਂਗ ਕਰਨ ਵਾਲੇ ਕੁਝ ਸਵਾਰਥੀ ਲੋਕ ਮਨੁੱਖ ਦੀਆਂ ਕਮਜ਼ੋਰੀਆਂ ਅਤੇ ਸੀਮਾਵਾਂ ਦਾ ਲਾਭ ਉਠਾਉਂਦੇ ਹਨ। ਧਰਮ ਦਾ ਚਮਤਕਾਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਧਰਮ ਵਿਅਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਜਦ ਕਿ ਚਮਤਕਾਰ ਉਸ ਨੂੰ ਕਮਜ਼ੋਰ ਬਣਾਉਂਦੇ ਹਨ। ਜਿਵੇਂ-ਜਿਵੇਂ ਮਨੁੱਖ ਵਿਚ ਆਪਣੀ ਸ਼ਕਤੀ, ਯੋਗਤਾ, ਸਰਗਰਮੀ ਵਿਚ ਵਿਸ਼ਵਾਸ ਵਧੇਗਾ, ਉਹ ਕਥਿਤ ਚਮਤਕਾਰੀ ਬਾਬਿਆਂ, ਜੋਤਸ਼ੀਆਂ ਅਤੇ ਤਾਂਤਰਿਕਾਂ ਦੇ ਮਾਇਆ ਜਾਲ ਤੋਂ ਮੁਕਤੀ ਪ੍ਰਾਪਤ ਕਰਦਾ ਜਾਵੇਗਾ।

-ਰਾਜੂ ਰਾਏਕੋਟੀ
ਗੁਰੂ ਨਾਨਕ ਆਟੋ ਸਪੇਅਰਜ਼, ਲੁਧਿਆਣਾ ਰੋਡ, ਰਾਏਕੋਟ।

12-3-2015

 ਸੜਕੀ ਨਿਯਮ
ਅੱਜ ਸੜਕ ਦੁਰਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਹੈਰਾਨ ਕਰਨ ਵਾਲੇ ਅੰਕੜੇ ਦੱਸਦੇ ਹਨ ਕਿ ਹਰ ਸਾਲ ਚਾਰ ਹਜ਼ਾਰ ਦੇ ਕਰੀਬ ਲੋਕ ਸੜਕ ਦੁਰਘਟਨਾਵਾਂ ਕਾਰਨ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਥੇ ਸਵਾਲ ਉੱਠਦਾ ਹੈ ਕਿ ਅਸਲ ਵਿਚ ਐਨੀ ਵੱਡੀ ਗਿਣਤੀ ਵਿਚ ਸੜਕੀ ਹਾਦਸੇ ਕਿਉਂ ਵਾਪਰ ਰਹੇ ਹਨ? ਕੀ ਵਾਹਨਾਂ ਦੀ ਗਿਣਤੀ ਵਧ ਗਈ ਹੈ ਜਾਂ ਸੜਕਾਂ ਤੰਗ ਹੋ ਗਈਆਂ ਹਨ ਜਾਂ ਫਿਰ ਸੜਕੀ ਨਿਯਮਾਂ ਦੀ ਉਸ ਤਰ੍ਹਾਂ ਪਾਲਣਾ ਨਹੀਂ ਹੋ ਰਹੀ, ਜਿਸ ਤਰ੍ਹਾਂ ਹੋਣੀ ਚਾਹੀਦੀ ਹੈ। ਇਸ ਭਿਆਨਕ ਰੁਝਾਨ ਨੂੰ ਰੋਕਣ ਲਈ ਜ਼ਰੂਰੀ ਹੋ ਗਿਆ ਹੈ ਕਿ ਸੜਕੀ ਨਿਯਮਾਂ ਦੀ ਪਾਲਣਾ ਨੂੰ ਜ਼ਰੂਰੀ ਬਣਾਇਆ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਬਣਦੀ ਸਜ਼ਾ ਦਿੱਤੀ ਜਾਵੇ। ਨਿਯਮਾਂ ਸਬੰਧੀ ਜਾਗਰੂਕ ਮੁਹਿੰਮ 'ਚ ਤੇਜ਼ੀ ਲਿਆਈ ਜਾਵੇ ਤੇ ਇਸ ਨੂੰ ਸਕੂਲਾਂ ਵਿਚ ਲਗਾਤਾਰ ਜਾਰੀ ਰੱਖਿਆ ਜਾਵੇ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜੇ ਜਾਨ ਹੈ ਤਾਂ ਜਹਾਨ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

11-3-2015

 ਆਵਾਰਾ ਕੁੱਤਿਆਂ ਦੀ ਦਹਿਸ਼ਤ
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਧਰਤੀ 'ਤੇ ਆਵਾਰਾ ਕੁੱਤਿਆਂ ਨੇ ਜੋ ਖੂੰਖਾਰ ਰੂਪ ਧਾਰਨ ਕੀਤਾ ਹੋਇਆ ਹੈ, ਤੋਂ ਹਰ ਪੰਜਾਬੀ ਭੈਭੀਤ ਹੋ ਰਿਹਾ ਹੈ। ਥਾਂ-ਥਾਂ ਆਵਾਰਾ ਕੁੱਤਿਆਂ ਨੇ ਮੌਤ ਦਾ ਤਾਂਡਵ ਮਚਾਇਆ ਹੋਇਆ ਹੈ। ਤਾਜ਼ੀ ਘਟਨਾ ਅਨੁਸਾਰ ਨਜ਼ਦੀਕੀ ਪਿੰਡ ਪੱਖੋਵਾਲ ਵਿਖੇ ਇਕ 50 ਕੁ ਸਾਲ ਦੇ ਆਦਮੀ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ। ਸਥਾਨਕ ਲੋਕਾਂ ਅਨੁਸਾਰ ਕੁੱਤੇ ਸਾਰੀ ਰਾਤ ਉਸ ਦੇ ਬੁਰੀ ਤਰ੍ਹਾਂ ਜ਼ਖਮੀ ਸਰੀਰ ਨੂੰ ਲਾਗਲੇ ਖੇਤਾਂ ਵਿਚ ਖਿੱਚੀ ਫਿਰਦੇ ਰਹੇ। ਲੋਕ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਤੋਂ ਖੌਫ਼ਜ਼ਦਾ ਹਨ। ਕਾਨੂੰਨ ਬਣਾਉਣ ਵਾਲਿਆਂ ਅੱਗੇ ਪ੍ਰਸ਼ਨ ਮੂੰਹ ਖਲੋਤੀ ਖੜ੍ਹਾ ਹੈ ਕਿ ਕੀ ਇਨਸਾਨੀ ਜ਼ਿੰਦਗੀ ਬਚਾਉਣੀ ਜਾਂ ਮਨੁੱਖ ਦੀ ਹਿਫ਼ਾਜ਼ਤ ਕੁੱਤਿਆਂ ਨਾਲੋਂ ਜ਼ਰੂਰੀ ਨਹੀਂ? ਸੋ, ਲੋੜ ਹੈ ਇਨ੍ਹਾਂ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਲਈ ਕਾਨੂੰਨ ਬਣਾਉਣ ਵਾਲੇ ਦੁਬਾਰਾ ਸੋਚਣ। ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਰੰਤ ਇਨ੍ਹਾਂ ਕੁੱਤਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਏ ਤਾਂ ਜੋ ਪੰਜਾਬੀ ਲੋਕ ਬੇਖੌਫ਼ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ।

-ਜਗਤਾਰ ਸਿੰਘ
ਪਿੰਡ ਹੇਰਾਂ (ਲੁਧਿਆਣਾ)।

ਸਹਿਕਦੀ ਮਾਂ-ਬੋਲੀ
ਸਹਿਕਦੀ ਦਾ ਭਾਵ ਅਰਥ ਹੁੰਦਾ ਹੈ ਨਾ ਜਿਊਂਦੀ ਨਾ ਮਰੀ। ਸਾਡੀ ਮਾਂ-ਬੋਲੀ ਦਾ ਵੀ ਇਹੋ ਹਾਲ ਹੋ ਚੁੱਕਾ ਹੈ। ਮਾਂ-ਬੋਲੀ ਲਈ ਭਾਵੇਂ ਲੱਖਾਂ ਉਪਰਾਲੇ ਹੋਏ ਹਨ, ਪਰ ਇਸ ਪ੍ਰਤੀ ਸਾਡੀ ਖੋਟੀ ਨੀਤੀ ਜਾਰੀ ਹੈ। ਸਰਕਾਰਾਂ ਵੀ ਮਾਂ-ਬੋਲੀ ਦੀ ਚੜ੍ਹਦੀ ਕਲਾ ਲਈ ਕੋਈ ਸਖ਼ਤ ਕਾਰਵਾਈ ਕਰਨ ਦੇ ਰੌਂਅ ਵਿਚ ਨਹੀਂ ਹਨ। ਭਾਵੇਂ ਸਰਕਾਰੀ ਤੌਰ 'ਤੇ ਇਸ ਨੂੰ ਅਪਣਾਉਣ ਲਈ ਪੱਤਰ ਜਾਰੀ ਹੋਏ ਹਨ, ਪਰ ਅੰਗਰੇਜ਼ੀ ਦਾ ਵਰਤਾਰਾ ਅਜੇ ਵੀ ਜਾਰੀ ਹੈ। ਤਕਰੀਬਨ ਸਾਰੇ ਕੋਰਸਾਂ ਡਿਗਰੀਆਂ ਦਾ ਮਾਧਿਅਮ ਪੰਜਾਬੀ ਦੀ ਬਜਾਇ ਅੰਗਰੇਜ਼ੀ ਹੈ। ਅੱਜ ਮਾਂ-ਬੋਲੀ ਆਪਣਾ ਅਤੀਤ ਲੱਭਦੀ ਫਿਰਦੀ ਹੈ। ਉਦਾਸੀ ਦੇ ਆਲਮ ਵਿਚੋਂ ਗੁਜ਼ਰ ਰਹੀ ਮਾਂ-ਬੋਲੀ ਜਾਏ ਤਾਂ ਜਾਏ ਕਿੱਥੇ? ਆਪਣੇ ਪੁੱਤਰਾਂ ਹੱਥੋਂ ਹੀ ਤਰਸਯੋਗ ਹਾਲਤ ਵਿਚ ਹੈ। ਜਦੋਂ ਮਾਂ-ਬੋਲੀ ਨੂੰ ਪਤਾ ਚਲਦਾ ਹੈ ਕਿ ਉਸ ਦੇ ਪੁੱਤਰਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਹਨ ਤਾਂ ੳਸ ਦੇ ਦਿਲ 'ਤੇ ਕੀ ਗੁਜ਼ਰਦੀ ਹੋਊ? ਜਿਸ ਮਾਂ-ਬੋਲੀ ਦੀ ਲੋਰੀ ਨਾਲ ਜਵਾਨ ਹੋਏ ਹਾਂ, ਉਸੇ ਵਿਚ ਜ਼ਹਿਰ ਘੋਲ ਰਹੇ ਹਾਂ। ਅੱਜ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਸਾਨੂੰ ਮਾਂ-ਬੋਲੀ ਦੀ ਪੂਰੀ ਪੈਂਤੀ ਵੀ ਲਿਖਣੀ ਨਹੀਂ ਆਉਂਦੀ। ਅਸੀਂ ਮਾਂ-ਬੋਲੀ ਪ੍ਰਤੀ ਅਕ੍ਰਿਤਘਣ ਹੋ ਚੁੱਕੇ ਹਾਂ। ਪਰ ਸਾਡੀ ਮਾਂ-ਬੋਲੀ ਫਿਰ ਵੀ ਅਸੀਸਾਂ ਦਿੰਦੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਜਿਸ ਮਾਂ-ਬੋਲੀ ਦੀ ਮਿੱਠੀ-ਮਿੱਠੀ ਲੋਰੀ ਨਾਲ ਅਸੀਂ ਆਪਣਾ ਪਾਲਣ-ਪੋਸ਼ਣ ਕਰਾਇਆ ਹੈ, ੳਸ ਨੂੰ ਸਹਿਕਣ ਦੀ ਬਜਾਇ ਮਹਿਕਣ ਲਈ ਉਪਰਾਲੇ ਸ਼ੁਰੂ ਕਰੀਏ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਸਕੂਲੀ ਸਿੱਖਿਆ 'ਚ ਗਿਰਾਵਟ
ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਡਿਊਟੀਆਂ ਜਿਹੜੀਆਂ ਨਿਭਾਉਣੀਆਂ ਪੈਂਦੀਆਂ ਹਨ, ਉਹ ਇਨ੍ਹਾਂ ਦੇ ਅਸਲ ਕੰਮ ਪੜ੍ਹਾਉਣ ਨਾਲ ਇਨਸਾਫ਼ ਨਹੀਂ ਹੈ। ਬਹੁਤ ਸਕੂਲਾਂ ਵਿਚ ਅਸਾਮੀਆਂ ਦੀ ਕਮੀ ਕਾਰਨ ਪੜ੍ਹਾਈ ਤਾਂ ਪਹਿਲਾਂ ਹੀ ਨਹੀਂ ਹੋ ਰਹੀ, ਫਿਰ ਉੱਪਰੋਂ ਕੋਈ ਨਾ ਕੋਈ ਇਲੈਕਸ਼ਨ ਤਾਂ ਆਈ ਹੀ ਰਹਿੰਦੀ ਹੈ। ਇਕ ਮਹੀਨਾ ਇਨ੍ਹਾਂ ਦੀਆਂ ਰਿਹਰਸਲਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਤੇ ਸਾਡੇ ਬੱਚਿਆਂ ਦੇ ਭਵਿੱਖ ਦੇ ਨਿਰਮਾਤਾ ਉਧਰ ਰੁੱਝਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਭਵਿੱਖ ਦਾਅ 'ਤੇ ਲੱਗ ਜਾਂਦਾ ਹੈ। ਇਸ ਕਰਕੇ ਸਰਕਾਰਾਂ ਨੂੰ ਉੱਪਰ ਦੀਆਂ ਡਿਊਟੀਆਂ ਦਾ ਬਦਲ ਹੋਰ ਲੱਭਣਾ ਚਾਹੀਦਾ ਹੈ। ਮਿਡ-ਡੇ-ਮੀਲ ਵੀ ਬੰਦ ਕਰਕੇ ਬੱਚਿਆਂ ਨੂੰ ਨਕਦ ਪੈਸੇ ਦੇਣ ਦੀ ਸਹੂਲਤ ਵੀ ਸਮੇਂ ਦੀ ਮੰਗ ਹੈ। ਇਸ ਨਾਲ ਵੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਘੱਟ ਹੋ ਸਕਦਾ ਹੈ।

-ਮਨਜੀਤ ਸਿੰਘ ਭਾਮ
ਭਾਮ, ਹੁਸ਼ਿਆਰਪੁਰ।

9-3-2015

 ਜ਼ਮੀਨ ਪ੍ਰਾਪਤੀ ਬਿੱਲ
ਕਿਸਾਨ ਜਥੇਬੰਦੀਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਪਿਛਲੀ ਸਰਕਾਰ ਨੇ 2013 ਵਿਚ ਇਕ ਬਿੱਲ ਪਾਸ ਕੀਤਾ ਸੀ ਕਿ ਜੇਕਰ ਪ੍ਰਭਾਵਿਤ ਜ਼ਿਮੀਂਦਾਰ 70 ਫ਼ੀਸਦੀ ਜ਼ਮੀਨਾਂ ਦੇਣ ਨੂੰ ਤਿਆਰ ਨਾ ਹੋਣ ਤੇ ਸਰਕਾਰ ਕਿਸਾਨ ਜ਼ਿਮੀਂਦਾਰਾਂ ਤੋਂ ਜ਼ਮੀਨ ਨਹੀਂ ਸੀ ਲੈ ਸਕਦੀ। ਪਰ ਮੋਦੀ ਸਰਕਾਰ ਨੇ ਇਹ ਜ਼ਮੀਨ ਪ੍ਰਾਪਤੀ ਆਰਡੀਨੈਂਸ ਫਿਰ ਸੰਸਦ ਵਿਚ ਪੇਸ਼ ਕੀਤਾ ਹੈ ਤਾਂ ਜੋ 70 ਫ਼ੀਸਦੀ ਦੀ ਵਿਵਸਥਾ ਨੂੰ ਆਰਡੀਨੈਂਸ ਵਿਚੋਂ ਖਤਮ ਕੀਤਾ ਜਾ ਸਕੇ, ਸਰਕਾਰ ਨੇ ਆਰਡੀਨੈਂਸ ਵਿਚ ਸੋਧ ਕਰਕੇ ਆਪਣੀ ਜ਼ਮੀਨ ਸਬੰਧੀ ਨਿਆਂ ਲੈਣ ਵਾਸਤੇ ਕਿਸਾਨਾਂ ਦੇ ਅਦਾਲਤ ਵਿਚ ਜਾਣ ਦਾ ਰਸਤਾ ਬੰਦ ਕਰ ਦਿੱਤਾ ਹੈ। ਜੇਕਰ ਜ਼ਮੀਨ ਪ੍ਰਾਪਤੀ ਬਿੱਲ ਪਹਿਲਾਂ ਹੀ ਸੰਸਦ ਵਿਚ ਪਾਸ ਹੋ ਚੁੱਕਾ ਹੈ ਤਾਂ ਆਰਡੀਨੈਂਸ ਲਿਆਉਣ ਦੀ ਕੀ ਲੋੜ ਸੀ? ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਸਾਰੀਆਂ ਵਿਰੋਧੀ ਪਾਰਟੀਆਂ, ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਸ਼ਿਵ ਸੈਨਾ ਜਿਹੜੀ ਕਿ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਸਰਕਾਰ ਵਿਚ ਵੀ ਸ਼ਾਮਿਲ ਹੈ, ਤਿੱਖਾ ਵਿਰੋਧ ਕਰ ਰਹੀ ਹੈ।
ਪ੍ਰਸਿੱਧ ਸਮਾਜਸੇਵੀ ਤੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਨੂੰ ਕਿਸਾਨਾਂ ਵਿਰੋਧੀ ਤੇ ਗ਼ੈਰ-ਲੋਕਤੰਤਰ ਕਰਾਰ ਦਿੰਦਿਆਂ ਇਸ ਵਿਰੁੱਧ ਵਿਸ਼ਾਲ ਧਰਨੇ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ ਪਰ ਸਰਕਾਰ ਇਹ ਆਰਡੀਨੈਂਸ ਸੰਸਦ ਵਿਚ ਪੇਸ਼ ਕਰਨ ਲਈ ਵਜ਼ਿਦ ਹੈ। ਜੇਕਰ ਇਹ ਜ਼ਮੀਨ ਆਰਡੀਨੈਂਸ ਪਾਸ ਹੋ ਜਾਂਦਾ ਹੈ ਤਾਂ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਰਹੇਗਾ। ਲੋੜ ਹੈ ਸਰਕਾਰ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਅਤੇ ਆਰਡੀਨੈਂਸ 'ਤੇ ਦੁਬਾਰਾ ਪੜਚੋਲ ਕਰਨ ਦੀ।

-ਗੁਰਮੇਲ ਸਿੰਘ ਗਿੱਲ
ਪਿੰਡ ਗੇਹਲੜਾਂ, ਜਲੰਧਰ-144201.

ਪੰਜਾਬ ਦੀ ਚੰਗੀ ਕਾਰਗੁਜ਼ਾਰੀ
35ਵੀਆਂ ਕੌਮੀ ਖੇਡਾਂ ਕੇਰਲਾ ਵਿਚ ਸਮਾਪਤ ਹੋਈਆਂ। ਪੰਜਾਬ ਨੇ 27 ਸੋਨੇ ਦੇ ਤਗਮਿਆਂ ਸਮੇਤ ਕੁੱਲ 93 ਮੈਡਲ ਜਿੱਤ ਕੇ ਪੰਜਵੇਂ ਸਥਾਨ 'ਤੇ ਆਪਣਾ ਨਾਂਅ ਦਰਜ ਕਰਵਾ ਲਿਆ। ਇਸ ਤੋਂ 4 ਸਾਲ ਪਹਿਲਾਂ 2011 ਵਿਚ 34ਵੀਆਂ ਕੌਮੀ ਖੇਡਾਂ ਵਿਚ ਪੰਜਾਬ ਨੌਵੇਂ ਸਥਾਨ 'ਤੇ ਸੀ।
4 ਪੁਜੀਸ਼ਨਾਂ ਦਾ ਸੁਧਾਰ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜਵਾਨੀ ਚੰਗੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਹੈ। ਸੁਧਾਰ ਤਾਂ ਅਜੇ ਹੋਰ ਵੀ ਸੰਭਵ ਹੈ। ਸੁਹਿਰਦ ਯਤਨਾਂ ਦੀ ਘਾਟ ਕਾਰਨ ਪੰਜਾਬ ਪਹਿਲੇ, ਦੂਜੇ 'ਤੇ ਨਹੀਂ ਹੈ। ਲੋੜ ਹੈ ਚੰਗੇ ਖਿਡਾਰੀਆਂ ਦੀ ਚੋਣ ਕਰਨਾ, ਉਨ੍ਹਾਂ ਨੂੰ ਆਕਰਸ਼ਿਕ ਇਨਾਮ, ਸਨਮਾਨ ਦੇਣਾ। ਕੇਰਲਾ ਨੇ ਜੇਤੂ ਖਿਡਾਰੀਆਂ ਲਈ 5-5 ਲੱਖ, ਮਹਾਰਾਸ਼ਟਰ, ਮੱਧ ਪ੍ਰਦੇਸ਼ ਨੇ 4-4 ਲੱਖ, ਹਰਿਆਣਾ ਨੇ 3-3 ਲੱਖ ਪਹਿਲਾਂ ਹੀ ਐਲਾਨੇ ਹੋਏ ਸਨ। ਪੰਜਾਬ ਸਰਕਾਰ ਨੇ ਪਹਿਲਾਂ ਤਾਂ ਕੀ, ਬਾਅਦ ਵਿਚ ਵੀ ਅਜੇ ਤੱਕ ਨਹੀਂ ਐਲਾਨੇ। ਲੋੜਾਂ ਦੀ ਲੋੜ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਮਾਹੌਲ ਤਿਆਰ ਕਰੇ। ਅਗਲੀਆਂ ਕੌਮੀ ਖੇਡਾਂ ਦੀ ਤਿਆਰੀ ਲਈ ਅੱਜ ਤੋਂ ਹੀ ਯਤਨ ਅਰੰਭੇ ਜਾਣ।

-ਗੁਰਪ੍ਰੀਤ ਸਿੰਘ ਬਾਜਵਾ
ਗਿਆਨ ਸਾਗਰ ਕਾਲਜ ਕਲਾਨੌਰ, ਗੁਰਦਾਸਪੁਰ।

ਆਬਾਦੀ ਦਾ ਬੋਝ
ਸਾਲ-ਦਰ-ਸਾਲ ਆਬਾਦੀ ਦਾ ਬੋਝ ਵਧ ਰਿਹਾ ਹੈ। ਉਸੇ ਹਿਸਾਬ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ ਜਿਵੇਂ ਕਿ ਹਵਾ, ਪਾਣੀ, ਜ਼ਮੀਨ, ਪੇੜ-ਪੌਦੇ, ਤੇਲ, ਗੈਸ ਆਦਿ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਕਹਿੰਦੇ ਹਨ ਕਿ ਪਿਛਲੇ 25 ਸਾਲਾਂ ਵਿਚ ਦੁਨੀਆ ਦੀ ਆਬਾਦੀ ਵਿਚ ਕਰੀਬ ਇਕ ਤਿਹਾਈ ਦਾ ਵਾਧਾ ਹੋਇਆ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਬੜੀ ਮੁਸ਼ਕਿਲ ਹੋ ਜਾਵੇਗੀ। ਸੋ, ਇਸ ਲਈ ਜ਼ਰੂਰੀ ਹੈ ਕਿ ਆਬਾਦੀ ਦੇ ਵਾਧੇ ਨੂੰ ਰੋਕਿਆ ਜਾਵੇ। 'ਇਕ ਬੱਚਾ ਸਭ ਲਈ ਅੱਛਾ' ਦਾ ਨਾਅਰਾ ਦਿੱਤਾ ਜਾਵੇ।

-ਸੁਰਿੰਦਰ ਸਿੰਘ
ਧਨੌਲਾ ਰੋਡ, ਬਰਨਾਲਾ।

ਨਾਜਾਇਜ਼ ਕਬਜ਼ੇ
ਪਿਛਲੇ ਦਿਨੀਂ ਖ਼ਬਰ ਸੀ ਕਿ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਸਰਕਾਰੀ ਜ਼ਮੀਨਾਂ 'ਤੇ ਰਸੂਖਵਾਨਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਸਰਕਾਰ ਇਸ ਸਬੰਧੀ ਢਿੱਲ-ਮੱਠ ਵਰਤ ਰਹੀ ਹੈ। ਸਾਡੇ ਦੇਸ਼ ਵਿਚ ਹਰ ਸਰਕਾਰੀ ਸ਼ੈਅ ਦੀ ਮਾੜੀ ਦੁਰਦਸ਼ਾ ਇਸੇ ਕਰਕੇ ਹੀ ਹੈ। ਸਾਡੇ ਨੇਤਾਵਾਂ ਨੂੰ ਆਪਣੀ ਸੋਚ, ਆਪਣੇ ਨਿੱਜ ਤੋਂ ਉੱਪਰ ਚੁੱਕਣ ਦੀ ਲੋੜ ਹੈ।
ਜੇਕਰ ਸੋਚ ਨਿੱਜ ਤੋਂ ਉਪਰ ਜਾਏਗੀ ਤਾਂ ਹੀ ਅਸੀਂ ਦੇਸ਼ ਬਾਰੇ ਸੋਚ ਸਕਾਂਗੇ। ਸਰਕਾਰ ਨੂੰ ਬਿਨਾਂ ਸ਼ਰਤ ਸਾਰੀ ਸਰਕਾਰੀ ਜ਼ਮੀਨ ਖਾਲੀ ਕਰਵਾਉਣੀ ਚਾਹੀਦੀ ਹੈ। ਫਿਰ ਉਸ 'ਤੇ ਫਸਲ ਉਗਾਉਣੀ ਚਾਹੀਦੀ ਹੈ ਜਾਂ ਉਹ ਜ਼ਮੀਨ ਹੋਰ ਕੰਮਾਂ ਜਿਵੇਂ ਲੋੜ ਮੁਤਾਬਿਕ ਪਿੰਡਾਂ ਦੇ ਮੁੰਡਿਆਂ ਲਈ ਖੇਡ ਦੇ ਮੈਦਾਨ ਜਾਂ ਹੋਰ ਅਜਿਹੇ ਕਾਰੋਬਾਰ ਜੋ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ, ਕਰਨੇ ਚਾਹੀਦੇ ਹਨ। ਜੇਕਰ ਆਪਣੇ ਬੈਂਕ ਬਕਾਇਆਂ ਵੱਲ ਘੱਟ ਤੇ ਦੇਸ਼ ਦੇ ਬਕਾਇਆਂ ਵੱਲ ਖਿਆਲ ਹੋਏਗਾ ਤਾਂ ਹੀ ਇਕ ਖੁਸ਼ਹਾਲ ਰਾਸ਼ਟਰ ਵਿਕਸਤ ਹੋਏਗਾ।

-ਮਾ: ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਧਾਰੀਵਾਲ ਗੁਰਦਾਸਪੁਰ।

6-3-2015

 ਫ਼ਸਲੀ ਵਿਭਿੰਨਤਾ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬਦਲਾਅ ਕੁਦਰਤ ਦਾ ਨਿਯਮ ਹੈ। ਸਮੇਂ ਦੇ ਨਾਲ-ਨਾਲ ਸਾਰਥਿਕ ਤਬਦੀਲੀਆਂ ਦਾ ਆਉਣਾ ਇਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਗੱਲ ਜੇਕਰ ਖੇਤੀਬਾੜੀ ਦੀ ਹੋਵੇ ਤਾਂ ਇਹ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ 'ਤੇ ਅਪਣਾਇਆ ਜਾਵੇ ਅਤੇ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਨਿਕਲ ਕੇ ਤੇਲ ਬੀਜਾਂ, ਸਬਜ਼ੀਆਂ ਤੇ ਕਮਾਦ ਵਰਗੀਆਂ ਫਸਲਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਖੇਤੀਬਾੜੀ ਵਿਚ ਹੋਰ ਪ੍ਰਾਪਤੀਆਂ ਕਰਨ ਲਈ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਖੇਤੀਬਾੜੀ ਦੇ ਮਾਹਿਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਹੀ ਕੀਤੀ ਜਾਵੇ। ਅਜਿਹਾ ਕਰਨ ਨਾਲ ਭੂਮੀ ਵਿਚਲੇ ਪੌਸ਼ਕ ਤੱਤਾਂ ਦੀ ਕਮੀ ਉਪਰ ਵੀ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਫਸਲੀ ਵਿਭਿੰਨਤਾ ਅਪਣਾ ਕੇ ਕਿਸਾਨ ਵੀਰ ਵਾਤਾਵਰਨ ਅਤੇ ਸਮਾਜ ਨੂੰ ਸਾਰਥਿਕ ਰੂਪ ਵਿਚ ਬਦਲ ਕੇ ਆਪਣਾ ਉਚੇਚਾ ਯੋਗਦਾਨ ਪਾ ਸਕਦੇ ਹਨ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਸਕਦੇ ਹਨ।

-ਧਰਮਿੰਦਰ ਸ਼ਾਹਿਦ ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

ਦਾਗ਼ੀ ਸਿਆਸਤਦਾਨ

ਜੇ ਹਿੰਦੁਸਤਾਨ ਦੀ ਕੌਮੀ ਰਾਜਨੀਤੀ ਦੀ ਗੱਲ ਕਰੀਏ ਤਾਂ ਸਭ ਕੁਝ ਸਾਨੂੰ ਦਿਸ ਰਿਹਾ ਹੈ ਕਿ ਸਾਡੇ ਸਿਆਸਤਦਾਨਾਂ ਦਾ ਕੀ ਚਰਿੱਤਰ ਹੈ। ਅੱਜ ਪਾਰਲੀਮੈਂਟ ਵਿਚ ਹੀ ਹੁਣੇ ਚੁਣ ਕੇ ਬਣੀ ਨਵੀਂ ਸਰਕਾਰ ਵਿਚ ਦਾਗ਼ੀ ਮੰਤਰੀਆਂ ਦੀ ਭਰਮਾਰ ਹੈ। ਦਾਗ਼ ਵੀ ਛੋਟਾ ਨਹੀਂ, ਵੱਡੇ-ਵੱਡੇ ਦਾਗ਼ ਹਨ। ਕਿਸੇ 'ਤੇ ਕਈ-ਕਈ ਕਤਲ ਕੇਸ, ਦੰਗਾ ਭੜਕਾਊ ਕੇਸ, ਧਰਮ-ਜਾਤ ਨਾਲ ਸਬੰਧਤ ਕੇਸ ਤੇ ਹੋਰ ਗੰਭੀਰ ਕੇਸਾਂ ਤੋਂ ਬਿਨਾਂ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਤਾਂ ਬਹੁਤੇ ਦਾਗੀ ਹਨ। ਇਸ ਤੋਂ ਬਿਨਾਂ ਪੰਜਾਬ ਦੀ ਰਾਜਨੀਤੀ ਵਿਚ ਵੀ ਸਾਡੇ ਸਿਆਸਤਦਾਨਾਂ 'ਤੇ ਬਹੁਤ ਹੀ ਗੰਭੀਰ ਇਲਜ਼ਾਮ ਸੁਣਦੇ-ਤੱਕਦੇ ਹਾਂ, ਏਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਸਿਆਸਤਦਾਨ ਸੱਤਾ ਤੋਂ ਪਾਸੇ ਹੋਣ ਦੀ ਬਜਾਏ, ਆਪਣੀ ਗੱਦੀ ਹੋਰ ਪੱਕੀ ਕਰ ਰਹੇ ਹਨ ਜੋ ਕਿ ਸ਼ੋਭਾ ਨਹੀਂ ਦਿੰਦੀ। ਸਾਡੇ ਸਿਆਸਤਦਾਨਾਂ ਨੂੰ ਵਿਦੇਸ਼ੀ ਮੁਲਕਾਂ ਤੋਂ ਸਬਕ ਲੈਣਾ ਚਾਹੀਦਾ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਜ਼ਿਲ੍ਹਾ ਲੁਧਿਆਣਾ।

ਔਰਤ ਦਾ ਸਹੀ ਬਿੰਬ

ਅੱਜ ਸਮੇਂ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਰੂਰੀ ਹੋ ਗਿਆ ਹੈ ਕਿ ਅਜੋਕੀ ਪੰਜਾਬੀ ਗਾਇਕੀ ਦੇ ਫਿਲਮਾਂਕਣਾਂ ਵਿਚ ਔਰਤ ਦੇ ਸਹੀ ਬਿੰਬ ਨੂੰ ਪੇਸ਼ ਕੀਤਾ ਜਾਵੇ। ਪੰਜਾਬੀ ਗਾਇਕੀ ਦੇ ਫਿਲਮਾਂਕਣ ਵਿਚ ਅੱਜ ਜੋ ਨੰਗੇਜ਼ ਦਿਖਾਇਆ ਜਾਂਦਾ ਹੈ, ਉਹ ਸਾਡੀ ਪੰਜਾਬੀ ਗਾਇਕੀ ਰਹਿਤਲ ਦਾ ਹਿੱਸਾ ਨਹੀਂ ਹੈ। ਗਾਇਕੀ ਤਾਂ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਪੰਜਾਬੀ ਸੱਭਿਆਚਾਰ ਵਿਚਲੀ ਜੀਵਨ ਜਾਚ ਝਲਕਦੀ ਹੋਵੇ।
ਕਈ ਵਾਰ ਗਾਇਕ ਦੇ ਗੀਤ ਦੇ ਬੋਲ ਚੰਗੇ ਹੁੰਦੇ ਹਨ, ਪਰ ਗੀਤ ਦੇ ਫਿਲਮਾਂਕਣ ਵਿਚ ਔਰਤ ਦਾ ਮਾੜਾ ਬਿੰਬ ਗਾਇਕੀ ਦਾ ਸੁਆਦ ਹੀ ਕਿਰਕਿਰਾ ਕਰ ਦਿੰਦਾ ਹੈ। ਸਾਡੇ ਗੁਰੂਆਂ ਨੇ ਔਰਤ ਨੂੰ ਉੱਚਾ-ਸੁੱਚਾ ਦਰਜਾ ਦਿੱਤਾ ਹੈ। ਇਹ ਵੀ ਯਾਦ ਰੱਖਿਆ ਜਾਵੇ ਕਿ ਔਰਤ ਇਕ ਜਨਣੀ ਹੈ ਜਿਸ ਨੇ ਗੁਰੂਆਂ, ਫਕੀਰਾਂ, ਯੋਧੇ, ਸੂਰਮਿਆਂ ਨੂੰ ਜਨਮ ਦਿੱਤਾ ਹੈ। ਲੋੜ ਹੈ ਔਰਤ ਦੇ ਸਹੀ ਬਿੰਬ ਨੂੰ ਸਮਝਣ ਦੀ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

5-3-2015

 ਪੰਜਾਬੀ ਮਾਂ-ਬੋਲੀ ਦੀ ਗੱਲ
ਪੰਜ-ਆਬ ਬੇਸ਼ੱਕ ਦੋ ਹਿੱਸਿਆਂ ਵਿਚ ਟੁੱਟ ਚੁੱਕਾ ਹੈ ਅਤੇ ਇਕ ਹਿੱਸਾ ਪੱਛਮੀ ਪੰਜਾਬ ਤੇ ਦੂਜਾ ਪੂਰਬੀ ਪੰਜਾਬ ਕਹਾਉਂਦਾ ਹੈ। ਅੰਗਰੇਜ਼ਾਂ ਵੱਲੋਂ ਭਾਰਤ ਦੀ ਵੰਡ ਦੌਰਾਨ ਲੱਖਾਂ ਪੰਜਾਬੀਆਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਾਅਦ ਭਾਰਤ ਦੇ ਨਾਲ ਜੁੜਿਆ ਪੰਜਾਬ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਭਾਸ਼ਾ ਆਧਾਰਿਤ ਸੂਬਾ ਬਣਿਆ ਪ੍ਰੰਤੂ ਇਸ ਦੇ ਅੰਗ ਕੱਟ ਕੇ ਹਰਿਆਣਾ ਤੇ ਹਿਮਾਚਲ ਬਣਾ ਦਿੱਤੇ ਗਏ ਅਤੇ ਪੰਜਾਬੀ ਬੋਲਦੇ ਇਲਾਕਿਆਂ ਸਬੰਧੀ ਇਨਸਾਫ਼ ਨਾ ਕਰਕੇ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ। ਪੰਜਾਬੀ ਸੂਬੇ ਦੇ ਬਣਨ ਦੇ ਬਾਵਜੂਦ ਇਸ ਦੀ ਮਾਂ-ਬੋਲੀ ਪੰਜਾਬੀ ਨੂੰ ਸਰਕਾਰੇ-ਦਰਬਾਰੇ ਬਣਦਾ ਮਾਣ-ਸਤਿਕਾਰ ਨਹੀ ਕੀਤਾ ਗਿਆ। ਬੇਸ਼ੱਕ ਮੌਜੂਦਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਰਕਾਰੀ ਦਫਤਰਾਂ ਵਿਚ ਲਾਜ਼ਮੀ ਕੀਤੀ ਗਈ ਹੈ, ਪ੍ਰੰਤੂ ਅਫਸਰਸ਼ਾਹੀ ਨੂੰ ਪਤਾ ਨਹੀ ਪੰਜਾਬੀ ਨਾਲ ਕੀ ਵੈਰ ਹੈ ਤੇ ਅੰਗਰੇਜ਼ੀ ਨਾਲ ਹੇਜ ਹੈ ਕਿ ਉਹ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਨ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਹਰਬੇ ਵਰਤਦੀ ਦੀ ਆ ਰਹੀ ਹੈ। ਕੀ ਪੰਜਾਬੀ ਦੀ ਗੱਲ ਕਰਨੀ ਜਾਂ ਪੰਜਾਬੀ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਤ ਕਰਨਾ ਫਿਰਕਾਪ੍ਰਸਤੀ ਹੈ? ਕੀ ਪੰਜਾਬੀ ਭਾਸ਼ਾ ਕਿਸੇ ਖਾਸ ਫਿਰਕੇ ਦੀ ਬੋਲੀ ਹੈ ਜਾਂ ਸਰਬਸਾਂਝੇ ਸਰਬਤ ਦਾ ਭਲਾ ਮੰਗਣ ਵਾਲੇ ਸਮੂਹ ਪੰਜਾਬੀਆਂ ਦੀ ਮਾਤ ਭਾਸ਼ਾ? ਜੇ ਇਹ ਪੰਜਾਬ ਦੀ ਬੋਲੀ ਹੈ ਤਾਂ ਕੀ ਪੰਜਾਬੀ ਫ਼ਿਰਕਾਪ੍ਰਸਤ ਹਨ?

-ਬੱਬੀ ਪੱਤੋ
ਮੋ: 9814745867.

ਰਿਸ਼ਵਤਖੋਰੀ
ਰਿਸ਼ਵਤਖੋਰੀ ਨੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਲਿਆ ਹੈ। ਇਸ ਸਭ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ? ਸਾਡੀ ਸਮਾਜਿਕ ਅਤੇ ਰਾਜਨੀਤਕ ਵਿਵਸਥਾ। ਪਰ ਇਮਾਨਦਾਰ ਆਦਮੀ ਇਸ ਸਮਾਜਿਕ ਤੇ ਰਾਜਨੀਤਕ ਵਿਵਸਥਾ 'ਚ ਮਾਨਸਿਕ ਤੌਰ 'ਤੇ ਨਪੀੜਿਆ ਜਾਂਦਾ ਹੈ। ਉਸ ਨੂੰ ਨਾ ਚਾਹੁੰਦੇ ਵੀ ਇਸ ਵਿਵਸਥਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਰਿਸ਼ਵਤ ਲੈਣ ਵਾਲੇ ਦੇ ਨਾਲ-ਨਾਲ ਰਿਸ਼ਵਤ ਦੇਣ ਵਾਲਾ ਵੀ ਬਰਾਬਰ ਦਾ ਦੋਸ਼ੀ ਹੈ। ਸਾਨੂੰ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਰਿਸ਼ਵਤਖੋਰੀ ਭੈੜੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿੱਖਿਅਤ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ ਰਿਸ਼ਵਤਖੋਰਾਂ 'ਤੇ ਸਖ਼ਤੀ ਨਾਲ ਸ਼ਿਕੰਜਾ ਕੱਸਣਾ ਚਾਹੀਦਾ ਹੈ।

-ਮਲਕੀਤ ਸਿੰਘ
ਫਤਿਹਗੜ੍ਹ ਸਾਹਿਬ।

ਫੋਕਾ ਦਿਖਾਵਾ
ਅਸੀਂ ਵਿਖਾਵੇ ਦੇ ਚੱਕਰਾਂ ਵਿਚ ਆਪਣੀਆਂ ਲੋੜਾਂ ਹੀ ਐਨੀਆਂ ਵਧਾ ਲਈਆਂ ਹਨ, ਜਿਨ੍ਹਾਂ ਦੀ ਪੂਰਤੀ ਲਈ ਸਾਨੂੰ ਯੋਗ ਆਮਦਨ ਨਹੀਂ ਹੋ ਰਹੀ ਹੈ। ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਸਾਨੂੰ ਸੌਖੇ ਰਹਿਣ ਲਈ ਹਮੇਸ਼ਾ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ਪਰ ਅੱਜ ਅਸੀਂ ਦੇਖਦੇ ਹੀ ਹਾਂ ਕਿ ਕਿਵੇਂ ਤਕੜਿਆਂ ਦੀ ਰੀਸ ਨਾਲ ਬਹੁਤ ਸਾਰੇ ਮੱਧ ਵਰਗੀ ਪਰਿਵਾਰਾਂ ਵੱਲੋਂ ਵਿਆਹ-ਸ਼ਾਦੀਆਂ ਉੱਪਰ ਆਪਣੀ ਹੈਸੀਅਤ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ। ਦੇਖੋ-ਦੇਖੀ ਅਤੇ ਰੀਸੋ-ਰੀਸ ਕਿਵੇਂ ਲੋਕਾਂ ਵੱਲੋਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ-ਦੌਲਤ 3-4 ਘੰਟਿਆਂ ਦੇ ਇਕ ਵਿਆਹ ਵਿਚ ਰੂੰ ਦੇ ਫੰਬਿਆਂ ਵਾਂਗ ਉਡਾ ਕੇ ਸਾਰੀ ਜ਼ਿੰਦਗੀ ਲਈ ਆਪਣੇ-ਆਪ ਨੂੰ ਕਰਜ਼ੇ ਦੀ ਪੰਡ ਹੇਠ ਦੱਬ ਲਿਆ ਜਾਂਦਾ ਹੈ। ਸੋ, ਅੱਜ ਲੋੜ ਹੈ ਆਰਥਿਕ ਪੱਖੋਂ ਮਜ਼ਬੂਤ ਲੋਕਾਂ ਵੱਲੋਂ ਸਾਦੇ ਵਿਆਹ ਸਮਾਗਮ ਕਰਨ ਵਿਚ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਆਮ ਵਰਗ ਦੇ ਨੱਕ ਰੱਖਣ ਦੇ ਚੱਕਰ ਵਿਚ ਹੋ ਰਹੇ ਉਜਾੜੇ ਨੂੰ ਠੱਲ੍ਹ ਪਾਈ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਮੋ: 94654-11585

4-3-2014

 ਸ਼੍ਰੋਮਣੀ ਕਮੇਟੀ ਦੇ ਧਿਆਨ ਹਿਤ
ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਦਾ ਅਰਬਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਇਹ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਪ੍ਰਚਾਰ ਉਸ ਪੱਧਰ 'ਤੇ ਕਿਉਂ ਨਹੀਂ ਕਰ ਰਹੀ, ਜਿੰਨਾ ਹੋਣਾ ਚਾਹੀਦਾ ਹੈ? ਇਹੀ ਹਾਲ ਯੂਰਪ ਅਤੇ ਅਮਰੀਕਾ ਵਿਚਲੇ ਬਹੁਤੇ ਗੁਰੂ ਘਰਾਂ ਦਾ ਹੈ। ਮੈਂ ਖ਼ੁਦ ਵੇਖ ਚੁੱਕਾ ਹਾਂ ਕਿ ਦੇਸ਼-ਪ੍ਰਦੇਸ ਦੇ ਕਿਸੇ ਗੁਰੂ ਘਰ ਵਿਚ ਗੁਰਬਾਣੀ ਅਤੇ ਸਿੱਖ ਇਤਿਹਾਸ ਮੁਫ਼ਤ ਨਹੀਂ ਵੰਡਿਆ ਜਾ ਰਿਹਾ। ਸਿੱਖੀ ਦਾ ਪ੍ਰਚਾਰ ਨਾ ਹੋਣ ਕਰਕੇ ਹੀ ਅਨੇਕਾਂ ਸਿੱਖ ਡੇਰੇਦਾਰਾਂ ਦੇ ਪਿੱਛੇ ਲੱਗੇ ਹੋਏ ਹਨ। ਇਥੇ ਮੈਂ ਇਕ ਤੁਲਨਾ ਕਰਨੀ ਚਾਹੁੰਦਾ ਹਾਂ ਕਿ ਈਸਾਈ ਧਰਮ ਵੱਲੋਂ ਬਾਈਬਲ ਦਾ ਸੰਸਾਰ ਦੀ ਹਰ ਭਾਸ਼ਾ ਵਿਚ ਤਰਜਮਾ ਕਰਕੇ ਮੁਫ਼ਤ ਵੰਡਿਆ ਜਾਂਦਾ ਹੈ। ਫਿਰ ਸਿੱਖਾਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ?

-ਆਤਮਾ ਸਿੰਘ ਬਰਾੜ
ਲੈਂਗਲੇ, ਬਰਕਸ (ਬਰਤਾਨੀਆ)
atmabrar@yahoo.com

ਸਖ਼ਤ ਕਾਨੂੰਨਾਂ ਦੀ ਲੋੜ
ਪੰਜਾਬ ਵਿਚ ਅਕਸਰ ਚੋਰੀ, ਲੁੱਟ-ਖੋਹ ਅਤੇ ਕਤਲਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਪੁਲਿਸ ਵੱਲੋਂ ਅਨੇਕਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਂਦਾ ਹੈ ਪਰ ਕਾਨੂੰਨ ਨਰਮ ਹੋਣ ਕਰਕੇ ਅਤੇ ਕਾਨੂੰਨੀ ਚੋਰ ਮੋਰੀਆਂ ਹੋਣ ਕਰਕੇ ਅਜਿਹੇ ਅਪਰਾਧੀਆਂ ਦੀ ਜਾਂ ਤਾਂ ਜ਼ਮਾਨਤ ਹੋ ਜਾਂਦੀ ਹੈ ਜਾਂ ਫਿਰ ਉਹ ਥੋੜ੍ਹੀ-ਬਹੁਤੀ ਸਜ਼ਾ ਭੁਗਤ ਕੇ ਬਾਹਰ ਆ ਜਾਂਦੇ ਹਨ ਅਤੇ ਮੁੜ ਅਪਰਾਧ ਕਰਨ ਲਗਦੇ ਹਨ। ਇਸੇ ਕਰਕੇ ਅਪਰਾਧਾਂ ਨੂੰ ਠੱਲ੍ਹ ਨਹੀਂ ਪੈ ਰਹੀ। ਲੋੜ ਹੈ ਕਾਨੂੰਨ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਤਾਂ ਕਿ ਅਮਨ-ਸ਼ਾਂਤੀ ਯਕੀਨੀ ਬਣ ਸਕੇ।

-ਇੰਦਰਜੀਤ ਸਿੰਘ
ਸ਼ਾਰਜਾਹ, (ਯੂ.ਏ.ਈ.)
inderjit.europcar@gmail.com

ਜਾਂਚ ਟੀਮ ਲਈ ਧੰਨਵਾਦ
ਅਸੀਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਬੇਹੱਦ ਧੰਨਵਾਦੀ ਹਾਂ ਕਿ ਇਸ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਮੁੜ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਇਕ ਵਾਰ ਫਿਰ ਜਾਗ ਪਈ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਭਾਜਪਾ ਸਿੱਖਾਂ ਨੂੰ ਇਨਸਾਫ਼ ਮੁਹੱਈਆ ਕਰਾਉਣ ਪ੍ਰਤੀ ਗੰਭੀਰ ਹੈ। ਜੇ '84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ ਹਨ ਤਾਂ ਇਹ ਭਾਜਪਾ ਦੀ ਸਰਕਾਰ ਦਾ ਇਕ ਇਤਿਹਾਸਕ ਕਦਮ ਹੋਵੇਗਾ।

-ਅਮਰਜੀਤ ਸਿੰਘ ਗੁਰਾਇਆ
ਸਿਡਨੀ (ਆਸਟਰੇਲੀਆ)
amarjitsingh41@yahoo.com.au

ਅਪੀਲ
ਮੇਰੀ ਅਪੀਲ ਹੈ ਕਿ ਸਾਡੇ ਗੁਰਪੁਰਬਾਂ ਦੇ ਦਿਹਾੜਿਆਂ ਦੀਆਂ ਤਰੀਕਾਂ ਨਿਸਚਿਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਗੁਰਪੁਰਬ ਹਰ ਸਾਲ ਉਸੇ ਤਾਰੀਖ਼ ਨੂੰ ਹੀ ਆਵੇ। ਮੌਜੂਦਾ ਸਮੇਂ ਗੁਰਪੁਬਰਾਂ ਦੀਆਂ ਅੱਗੇ-ਪਿੱਛੇ ਹੋਣ ਨਾਲ ਕਈ ਭੰਬਲਭੂਸੇ ਪੈਦਾ ਹੋ ਰਹੇ ਹਨ। ਸਿੱਖ ਕੌਮ ਨੂੰ ਬਿਕਰਮੀ ਕੈਲੰਡਰ ਦੀ ਦੁਬਿਧਾ 'ਚੋਂ ਨਿਕਲਣਾ ਚਾਹੀਦਾ ਹੈ।

-ਅਜੀਤ ਸਿੰਘ
ਓਂਟਾਰੀਓ (ਕੈਨੇਡਾ)।

ਕਾਰਵਾਈ ਦੀ ਲੋੜ
ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਐਨ.ਆਰ.ਆਈ. ਥਾਣੇ ਬਣਾਏ ਗਏ ਹਨ ਪਰ ਮੇਰਾ ਤਜਰਬਾ ਇਹ ਰਿਹਾ ਹੈ ਕਿ ਇਨ੍ਹਾਂ ਥਾਣਿਆਂ ਵਿਚ ਪੁਲਿਸ ਵੱਲੋਂ ਕਈ ਵਾਰ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾਂਦੀ। ਮੇਰੀ ਪੰਜਾਬ ਸਰਕਾਰ ਵੱਲੋਂ ਅਪੀਲ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤ ਹਦਾਇਤਾਂ ਕੀਤੀਆਂ ਜਾਣ ਕਿ ਪੰਜਾਬੀ ਪ੍ਰਵਾਸੀਆਂ ਦੀ ਸੁਣਵਾਈ ਯਕੀਨੀ ਹੋਵੇ।

-ਨਰੇਸ਼ ਕੁਮਾਰ ਗੌਤਮ
ਸਕਾਟਲੈਂਡ (ਬਰਤਾਨੀਆ)
nareshkumargautam@ymail.com

2-3-2015

ਸਹੂਲਤਾਂ ਤੋਂ ਵਾਂਝੇ ਲੋਕ
ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਮੇਕ ਇਨ ਇੰਡੀਆ' ਯੋਜਨਾ ਐਲਾਨੀ ਗਈ ਹੈ | ਇਸ ਯੋਜਨਾ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਫੈਕਟਰੀਆਂ ਤੇ ਹੋਰ ਪ੍ਰੋਜੈਕਟ ਲਗਾਉਣ ਦਾ ਖੁੱਲ੍ਹਾ ਸੱਦਾ ਦੇਣਾ ਹੈ | ਸਰਕਾਰ ਦੀ ਯੋਜਨਾ ਭਾਰਤ ਵਾਸੀਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਹੈ | ਬਿਨਾਂ ਸ਼ੱਕ, ਸਰਕਾਰ ਇਸ ਸਮੇਂ ਆਪਣੇ ਐਲਾਨ ਨੂੰ ਨੇਪਰੇ ਚਾੜ੍ਹਨ ਲਈ ਸਾਰਥਕ ਕਦਮ ਚੁੱਕ ਵੀ ਰਹੀ ਹੈ | ਰੁਜ਼ਗਾਰ ਦੇ ਵਾਧੇ ਲਈ ਕਾਨੂੰਨੀ ਵਿਧੀਆਂ ਨੂੰ ਸਰਲ ਕੀਤਾ ਜਾ ਰਿਹਾ ਹੈ | ਭਾਰਤ ਇਕ ਅਮੀਰ ਦੇਸ਼ ਹੈ ਪਰ ਇਸ ਦੇ ਵਸਨੀਕ ਗਰੀਬ ਹਨ | ਭਾਰਤ ਦੇਸ਼ ਕੁਦਰਤੀ ਤੋਹਫਿਆਂ ਦਾ ਭੰਡਾਰ ਹੈ, ਸਮੰੁਦਰਾਂ ਤੇ ਪਹਾੜਾਂ ਨਾਲ ਘਿਰਿਆ, ਪਠਾਰ, ਮਾਰੂਥਲ, ਮੈਦਾਨੀ ਇਲਾਕਿਆਂ ਨਾਲ ਸ਼ਿੰਗਾਰਿਆ ਹਰੇਕ ਪ੍ਰਕਾਰ ਦੇ ਮੌਸਮ ਦਾ ਨਿੱਘ ਬਖਸ਼ਦਾ ਹੈ | ਅੱਜ ਭਾਰਤ ਦੇਸ਼ ਵਿਚ ਲਗਭਗ ਅੱਧੀ ਆਬਾਦੀ ਨੂੰ ਪੌਸ਼ਟਿਕ ਭੋਜਨ ਦੀ ਪ੍ਰਾਪਤੀ ਨਹੀਂ ਹੋ ਰਹੀ, ਝੁੱਗੀਆਂ-ਝੌਾਪੜੀਆਂ ਹਰੇਕ ਪਿੰਡ, ਸ਼ਹਿਰ ਵਿਚ ਆਮ ਵੇਖੀਆਂ ਜਾ ਸਕਦੀਆਂ ਹਨ, ਉੱਚ-ਵਿੱਦਿਆ ਤੇ ਸਿਹਤ ਸਹੂਲਤਾਂ ਕੁਝ ਸੀਮਤ ਲੋਕਾਂ ਨੂੰ ਹੀ ਪ੍ਰਾਪਤ ਹਨ | ਸੋ, ਭਾਰਤ ਨੂੰ ਖੁਸ਼ਹਾਲ ਬਣਾਉਣ ਲਈ ਅਜੇ ਕਾਫ਼ੀ ਕੁਝ ਕਰਨ ਦੀ ਲੋੜ ਹੈ |

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ |

ਸਿੱਖਿਆ ਸੁਧਾਰ ਲਈ ਸੁਝਾਅ
ਆਜ਼ਾਦੀ ਪ੍ਰਾਪਤੀ ਦੇ 68 ਸਾਲਾਂ ਬਾਅਦ ਵੀ ਮੁਢਲੀ ਸਿੱਖਿਆ, ਸਿੱਖਿਆ ਵਿਭਾਗ ਦੀ ਇਕ ਕਮਜ਼ੋਰ ਕੜੀ ਸਾਬਤ ਹੋ ਰਹੀ ਹੈ | ਭਾਵੇਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਸਿੱਖਿਆ ਹਰ ਬੱਚੇ ਦਾ ਮੌਲਕ ਹੱਕ ਦੱਸਦਾ ਹੈ ਪੰ੍ਰਤੂ ਸਥਿਤੀ ਇਹ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਕੇਵਲ ਕਾਗਜ਼ੀ ਗਿਣਤੀ ਵਧੀ ਹੈ ਅਤੇ ਗੁਣਵੱਤਾ ਖਤਮ ਹੋ ਗਈ ਹੈ | ਸਿੱਖਿਆ ਮਨੁੱਖ ਦੀ ਬੁਨਿਆਦੀ ਜ਼ਰੂਰਤ ਹੈ ਅਤੇ ਇਸ ਤੋਂ ਬਿਨਾਂ ਹਰ ਇਨਸਾਨ ਅਧੂਰਾ ਹੈ | ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਅਣਗੌਲਿਆਂ ਕਰ ਰਹੀ ਹੈ ਜਿਸ ਨਾਲ ਪ੍ਰਾਈਵੇਟ ਸਿੱਖਿਅਕ ਅਦਾਰੇ ਖੰੁਬਾਂ ਵਾਂਗ ਹੋਂਦ ਵਿਚ ਆ ਰਹੇ ਹਨ | ਇਕ ਸਰਵੇ ਮੁਤਾਬਿਕ ਪਿਛਲੇ ਸਾਲ ਦੌਰਾਨ 18 ਫ਼ੀਸਦੀ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਸਨ ਅਤੇ ਅੱਜ ਇਹ 31 ਫ਼ੀਸਦੀ ਹੋ ਗਏ ਹਨ | ਸਰਕਾਰੀ ਸਿੱਖਿਆ ਵਿਚ ਖਾਮੀਆਂ ਲਗਾਤਾਰ ਵਧ ਰਹੀਆਂ ਹਨ | ਮੁਢਲੀ ਸਿੱਖਿਆ ਬੱਚੇ ਦਾ ਮਜ਼ਬੂਤ ਆਧਾਰ ਹੋਣੀ ਚਾਹੀਦੀ ਹੈ ਪੰ੍ਰਤੂ ਸਾਡੀ ਐਲੀਮੈਂਟਰੀ ਸਿੱਖਿਆ ਰੇਤ ਦੀਆਂ ਕੱਚੀਆਂ ਨੀਹਾਂ ਉੱਪਰ ਖੜ੍ਹੀ ਦਿਖਾਈ ਦਿੰਦੀ ਹੈ |
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਵਿਚ ਇਕ ਕਾਨੂੰਨ ਲੈ ਕੇ ਆਵੇ, ਜਿਸ ਵਿਚ ਹਰ ਵਿਧਾਇਕ, ਮੰਤਰੀ ਪ੍ਰਸ਼ਾਸਨਿਕ ਅਧਿਕਾਰੀ ਸਮੂਹ ਪੰਜਾਬ ਦੇ ਅਧਿਆਪਕ ਜੋ ਸਰਕਾਰੀ ਖਜ਼ਾਨੇ ਵਿਚੋਂ ਤਨਖਾਹ ਲੈਂਦੇ ਹਨ, ਆਪਣੇ ਬੱਚੇ ਕੇਵਲ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਾਉਣ ਲਈ ਪਾਬੰਦ ਹੋਣ | ਫਿਰ ਉਹ ਦਿਨ ਦੂਰ ਨਹੀਂ ਰਹੇਗਾ ਜਦੋਂ ਪੰਜਾਬ ਸਿੱਖਿਆ ਵਿਭਾਗ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ |

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਮੁਕੇਰੀਆਂ (ਹੁਸ਼ਿਆਰਪੁਰ) |

ਪੰਜਾਬੀ ਜਾਗਿ੍ਤੀ ਮਾਰਚ
ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਸਮਾਜ ਸੇਵੀ ਸੰਸਥਾ ਪੰਜਾਬ ਜਾਗਿ੍ਤੀ ਮੰਚ ਜਲੰਧਰ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਜਲੰਧਰ 'ਚ ਪੰਜਵਾਂ ਵਿਸ਼ਾਲ ਤੇ ਪ੍ਰਭਾਵਸ਼ਾਲੀ ਪੰਜਾਬੀ ਜਾਗਿ੍ਤੀ ਮਾਰਚ ਕੱਢਿਆ ਗਿਆ | ਪੰਜਾਬੀ ਭਾਸ਼ਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਮਾਂ-ਬੋਲੀ ਦੀ ਸੇਵਾ ਲਈ ਕੀਤਾ ਗਿਆ ਇਹ ਬਹੁਤ ਵੱਡਾ ਉਪਰਾਲਾ ਹੈ | ਏਸ਼ੀਆ 'ਚ ਕੇਵਲ ਦੋ ਹੀ ਮੁਲਕ ਹਨ, ਜਿਨ੍ਹਾਂ ਨੇ ਸਭ ਤੋਂ ਵੱਧ ਤਰੱਕੀ ਕੀਤੀ ਹੈ ਤੇ ਉਹ ਹਨ ਜਾਪਾਨ ਤੇ ਚੀਨ | ਇਨ੍ਹਾਂ ਦੋਵਾਂ ਮੁਲਕਾਂ ਦੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉਨ੍ਹਾਂ ਨੇ ਆਪਣੀ ਮਾਂ ਬੋਲੀ ਦਾ ਪੱਲਾ ਨਹੀਂ ਛੱਡਿਆ | ਨੋਬਲ ਇਨਾਮ ਜੇਤੂ ਡਾ: ਰਾਬਿੰਦਰ ਨਾਥ ਟੈਗੋਰ ਨੇ ਜੋ ਵੀ ਪ੍ਰਾਪਤੀਆਂ ਕੀਤੀਆਂ ਸਨ, ਆਪਣੀ ਮਾਂ-ਬੋਲੀ ਦੇ ਸਿਰ 'ਤੇ ਹੀ ਕੀਤੀਆਂ ਸਨ | ਇਸ ਲਈ ਸਾਨੂੰ ਵੀ ਆਪਣੀ ਬੋਲੀ ਨਾਲ ਪਿਆਰ ਕਰਨ ਦੇ ਨਾਲ-ਨਾਲ ਇਸ ਉੱਪਰ ਫ਼ਖਰ ਮਹਿਸੂਸ ਕਰਨਾ ਚਾਹੀਦਾ ਹੈ |

-ਮੇਜਰ ਸਿੰਘ ਸੁਖਾਣਾ
ਗੁਰਦੁਆਰਾ ਭਗਤ ਨਾਮਦੇਵ ਧਰਮਸ਼ਾਲਾ, ਮਾਲੇਰਕੋਟਲਾ ਰੋਡ, ਰਾਏਕੋਟ |

ਸਹੂਲਤਾਂ ਦੀ ਸਾਰਥਿਕਤਾ
ਸਾਡੇ ਮੁਲਕ ਦਾ ਸਮੁੱਚਾ ਢਾਂਚਾ ਹੀ ਵਿਗੜਿਆ ਹੋਇਆ ਹੈ | ਕੋਈ ਵੀ ਸੰਸਥਾ, ਦਫਤਰ, ਵਿਭਾਗ ਇਸ ਸਮੱਸਿਆ ਤੋਂ ਬਚਿਆ ਨਹੀਂ ਹੈ | ਸਿੱਖਿਆ ਦੇ ਖੇਤਰ ਨੂੰ ਹੀ ਲੈ ਲਵੋ, ਮੁਫ਼ਤ ਪੜ੍ਹਾਈ, ਮੁਫ਼ਤ ਪਾਠ-ਪੁਸਤਕਾਂ ਅਤੇ ਇਸ ਤੋਂ ਵੀ ਹੋਰ ਅੱਗੇ, ਲਗਭਗ ਸਾਰੇ ਹੀ ਵਰਗਾਂ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਸਹੂਲਤ ਹੈ | ਇਥੇ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਵਿਦਿਆਰਥੀ ਇਸ ਤੋਂ ਪੂਰਾ ਲਾਭ ਉਠਾ ਰਹੇ ਹਨ? ਜਵਾਬ ਹੈ... ਨਹੀਂ | ਇਨ੍ਹਾਂ ਸਹੂਲਤਾਂ ਦੇ ਮਿਲਣ ਦੇ ਬਾਵਜੂਦ ਵੀ ਵਿਦਿਆਰਥੀ ਨਾ ਪੜ੍ਹਨ ਤਾਂ ਕਸੂਰ ਕਿਸ ਦਾ ਹੈ? ਕਿਤੇ ਅਧਿਆਪਕ ਘੱਟ ਪਰ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਦੂਜੇ ਪਾਸੇ ਵਿਦਿਆਰਥੀਆਂ ਦੀ ਗਿਣਤੀ ਅਧਿਆਪਕਾਂ ਦੇ ਮੁਕਾਬਲੇ ਬਹੁਤ ਘੱਟ ਹੈ | ਇਹ ਅੰਤਰ ਦੂਰ ਕੀਤਾ ਜਾਣਾ ਬਹੁਤ ਹੀ ਜ਼ਰੂਰੀ ਹੈ | ਹਾਂ, ਵਿਦਿਆਰਥੀ ਵੀ ਦਿਲ ਲਾ ਕੇ ਪੜ੍ਹਾਈ ਕਰਨ ਤਦ ਹੀ ਮੁਫ਼ਤ ਵਿਚ ਮਿਲਣ ਵਾਲੀਆਂ ਇਨ੍ਹਾਂ ਸਹੂਲਤਾਂ ਦੀ ਸਾਰਥਿਕਤਾ ਹੈ |

-ਲੈਕਚਰਾਰ ਵਰਿੰਦਰ ਸ਼ਰਮਾ
ਸਰਕਾਰੀ ਸੀ. ਸੈ. ਸਕੂਲ ਕੈਲਾ, ਧਰਮਕੋਟ |

27-2-2015

 ਬੇਰੁਜ਼ਗਾਰੀ

ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ। ਹਰੇਕ ਸਾਲ ਡਿਗਰੀਆਂ, ਡਿਪਲੋਮੇ ਤੇ ਹੋਰ ਪੜ੍ਹਾਈ ਪੂਰੀ ਕਰਕੇ ਲੋੜੀਂਦਾ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਬੇਰੁਜ਼ਗਾਰਾਂ ਦੀ ਕਤਾਰ ਵਿਚ ਆ ਖੜ੍ਹਦੇ ਹਨ। ਮਾਪੇ ਬੜੀਆਂ ਔਖਿਆਈਆਂ ਕਟ ਕੇ ਕਈ ਵਾਰ ਤਾਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਇਸ ਆਸ ਨਾਲ ਪੜ੍ਹਾ ਰਹੇ ਹਨ ਕਿ ਉਹ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣਨਗੇ ਪ੍ਰੰਤੂ ਆਪਣੇ ਬੱਚਿਆਂ ਨੂੰ ਬੇਰੁਜ਼ਗਾਰ ਦੇਖ ਕੇ ਤੇ ਉਨ੍ਹਾਂ ਦੇ ਧੁੰਦਲੇ ਭਵਿੱਖ ਬਾਰੇ ਸੋਚ ਕੇ ਸਿਰਜੇ ਹੋਏ ਸੁਪਨੇ ਚਕਨਾਚੂਰ ਹੋ ਰਹੇ ਹਨ। ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦੇ ਆਦੀ ਬਣ ਕੇ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਬੇਰੁਜ਼ਗਾਰੀ ਭੱਤੇ ਦੀ ਰਾਸ਼ੀ ਵੀ ਅਜੋਕੇ ਮਹਿੰਗਾਈ ਦੇ ਹਿਸਾਬ ਨਾਲ ਕਾਫੀ ਨਿਗੂਣੀ ਹੈ। ਸੋ, ਲੋੜ ਹੈ ਸਰਕਾਰ ਨੂੰ ਬੇਰੁਜ਼ਗਾਰੀ ਦੂਰ ਕਰਨ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ।

-ਮੁਹੰਮਦ ਇਕਬਾਲ (ਪਾਲੀ)
ਪਿੰਡ ਫ਼ਲੌਂਡ ਕਲਾਂ (ਮਾਲੇਰਕੋਟਲਾ)।

ਜ਼ਮੀਨ ਸਿਹਤ ਕਾਰਡ

ਪਿਛਲੇ ਦਿਨੀਂ 'ਅਜੀਤ' ਦੇ ਸੰਪਦਾਕੀ ਵਿਚ ਜ਼ਮੀਨ ਸਿਹਤ ਕਾਰਡ ਸਬੰਧੀ ਕੇਂਦਰ ਸਰਕਾਰ ਦੀ ਪ੍ਰਸੰਸਾ ਕੀਤੀ ਗਈ ਹੈ ਜੋ ਕਿ ਹੈ ਵੀ ਬਿਲਕੁਲ ਸੱਚ ਭਾਰਤ ਦੀ ਆਬਾਦੀ ਵੱਧਣ ਦੇ ਨਾਲ ਖੁਰਾਕ ਦੀ ਮੰਗ ਵੀ ਬਹੁਤ ਵਧੀ ਹੈ। ਖੁਰਾਕ ਦੀ ਵੱਡੀ ਲੋੜ ਦੇਸ਼ ਦੀ ਧਰਤੀ ਉੱਤੇ ਹੀ ਪੈਦਾ ਹੁੰਦੀ ਹੈ। ਰਸਾਇਣਿਕ ਖਾਦਾ ਨੇ ਜ਼ਮੀਨ ਦੀ ਸ਼ਕਤੀ 'ਤੇ ਪ੍ਰਭਾਵ ਵੀ ਪਾਏ ਹਨ। ਬਿਨਾਂ ਸ਼ੱਕ ਕਿਸਾਨ ਨੇ ਇਨ੍ਹਾਂ ਪ੍ਰਭਾਵਾਂ ਵੱਲ ਧਿਆਨ ਹੀ ਨਹੀਂ ਦਿੱਤਾ। ਅੱਜ ਸਮੇਂ ਦੀ ਲੋੜ ਹੈ ਕਿ ਜ਼ਮੀਨ ਨੂੰ ਸਿਹਤਮੰਦ ਰੱਖਣ ਨਾਲ ਹੀ ਸਾਡਾ ਭਵਿੱਖ ਸੁਰੱਖਿਅਤ ਰਾਹੇਗਾ। ਜ਼ਮੀਨ ਸਿਹਤ ਕਾਰਡ ਨਾਲ ਸਾਡੀ ਸਰਕਾਰ ਵੱਲੋਂ ਕਿਸਾਨ ਅਤੇ ਜ਼ਿਮੀਂਦਾਰ ਦੇ ਪੱਖ ਨੂੰ ਤਰਜੀਹ ਦਿੱਤੀ ਗਈ ਹੈ। ਸੰਪਾਦਕੀ ਤੋਂ ਸਪੱਸ਼ਟ ਹੈ ਕਿ ਸਰਕਾਰ ਕਿਸਾਨੀ ਹਿੱਤਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ। ਕਿਸਾਨ ਨੂੰ ਵੀ ਲੋੜ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਕਿਸਾਨ ਦਾ ਫਰਜ਼ ਹੈ ਕਿ ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਪੰਜਾਬ ਦਾ ਤੇ ਦੇਸ਼ ਦੇ ਕਿਸਾਨ ਦਾ ਭਵਿੱਖ ਸੁਰੱਖਿਅਤ ਰਹੇ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਅੰਧਵਿਸ਼ਵਾਸ

ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਇਕ ਅਖਾਣ ਸੁਣਿਆ ਕਰਦੇ ਸੀ ਕਿ 'ਸ਼ਹਿਰੀਂ ਵੱਸਣ ਦੇਵਤੇ, ਵੱਡੇ ਪਿੰਡੀਂ ਮਨੁੱਖ, ਛੋਟੇ ਪਿੰਡੀਂ...।' ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੁਰਾਣੇ ਬਜ਼ੁਰਗਾਂ ਨੇ ਦੇਵਤੇ ਦੱਸਿਆ ਸੀ, ਅਜੋਕੇ ਦੌਰ 'ਚ ਇਹ ਦੇਵਤੇ ਪੰਡਿਤਾਂ ਅੱਗੇ ਹੱਥ ਅੱਡ ਕੇ ਆਪਣੇ ਚੰਗੇ-ਮਾੜੇ ਸਮੇਂ ਬਾਰੇ ਪੁੱਛਾਂ ਪਾ ਰਹੇ ਹਨ। ਅੰਧਵਿਸ਼ਵਾਸ ਦੇ ਸ਼ਿਕਾਰ ਇਹ ਲੋਕ ਪਹਾੜਾਂ ਦੀਆਂ ਟੀਸੀਆਂ ਤੋਂ ਨਹਿਰਾਂ ਵਿਚ ਆਏ ਨਿਰਮਲ, ਖਣਿਜ ਪਦਾਰਥਾਂ ਨਾਲ ਭਰਪੂਰ ਅਤੇ ਖੇਤੀਬਾੜੀ ਲਈ ਲਾਹੇਵੰਦ ਪਾਣੀ ਨੂੰ ਗੰਦ-ਮੰਦ ਸੁੱਟ ਕੇ ਦੂਸ਼ਿਤ ਕਰ ਰਹੇ ਹਨ। ਸਾਡੀ ਜਾਚੇ ਸ਼ਹਿਰ ਦੇ ਇਹ ਲੋਕ ਸ਼ਾਇਦ ਪਿੰਡਾਂ ਵਾਲਿਆਂ ਤੋਂ ਜ਼ਿਆਦਾ ਅੰਧਵਿਸ਼ਵਾਸੀ ਅਤੇ ਨਿਕੰਮੇ ਹੁੰਦੇ ਹਨ। ਆਪਣਾ ਨਿੱਤ ਦਾ ਗੰਦ ਤਾਂ ਇਹ ਵਿਚ ਸੁੱਟਦੇ ਹੀ ਹਨ, ਇਹ ਬਾਕੀ ਅੰਧਵਿਸ਼ਵਾਸੀ ਸਮੱਗਰੀ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਪਾ ਕੇ ਕੱਪੜੇ ਵਿਚ ਬੰਨ੍ਹ ਕੇ ਖਾਸ ਕਰਕੇ ਚੁੰਨੀਆਂ ਨਹਿਰਾਂ ਵਿਚ ਸੁਟਣੋਂ ਨਹੀਂ ਹਟਦੇ। ਕਈ ਲੋਕ ਨਹਿਰਾਂ ਦੇ ਨਿਰਮਲ, ਸਵੱਛ ਜਲ ਵਿਚ ਮੁਰਦਿਆਂ ਦੇ ਫੁੱਲ (ਹੱਡੀਆਂ ਦੀ ਰਾਖ) ਵੀ ਸੁੱਟੀ ਜਾ ਰਹੇ ਹਨ। ਪਹਿਲੇ ਸਮਿਆਂ ਵਿਚ ਇਹ ਲੋਕ ਅਜਿਹੇ ਕੰਮ ਦਰਿਆਵਾਂ ਵਿਚ ਕਰਦੇ ਸਨ, ਪਰ ਕਾਹਲ-ਵਸ ਲਾਗੇ ਵਗਦੀਆਂ ਨਹਿਰਾਂ ਨੂੰ ਵਰਤਣ ਲੱਗ ਪਏ ਹਨ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ ਪੱਟੀ।
ਮੋ: 98147-64344.

26-2-2015

 ਬੇਰੁਜ਼ਗਾਰੀ ਬਨਾਮ ਨਸ਼ੇ
ਅੱਜਕਲ੍ਹ ਜ਼ਿਆਦਾਤਰ ਮਾਂ-ਬਾਪ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲਾਂ-ਕਾਲਜਾਂ ਵਿਚ ਪੜ੍ਹਾਈ ਕਰਾਉਂਦੇ ਹਨ ਪਰ ਅਜਿਹੀ ਪੜ੍ਹਾਈ ਪੂਰੀ ਕਰਕੇ ਵੀ ਕੋਈ ਨੌਕਰੀ ਹੱਥ ਨਹੀਂ ਲਗਦੀ। ਪਰ ਪੜ੍ਹ ਕੇ, ਡਿਗਰੀਆਂ ਕਰਕੇ ਕੋਈ ਨੌਕਰੀ ਨਾ ਮਿਲੇ ਤਾਂ ਕੁਝ ਨੌਜਵਾਨ ਮਾੜੀ ਸੰਗਤ ਵਿਚ ਪੈ ਜਾਂਦੇ ਹਨ ਤੇ ਨਸ਼ਿਆਂ ਦੇ ਆਦੀ ਬਣ ਜਾਂਦੇ ਹਨ, ਕਿਉਂਕਿ ਨਾ ਤਾਂ ਉਨ੍ਹਾਂ ਨੂੰ ਕੋਈ ਖੇਤੀ ਦਾ ਤਜਰਬਾ ਹੁੰਦਾ ਹੈ, ਨਾ ਹੀ ਕੋਈ ਕਿਸੇ ਕਾਰੋਬਾਰ ਦਾ। ਪਰ ਇਹ ਕਸੂਰ ਸਾਡੇ ਨੌਜਵਾਨ ਵੀਰਾਂ ਦਾ ਨਹੀਂ, ਇਹ ਕਸੂਰ ਸਾਡੀਆਂ ਸਰਕਾਰਾਂ ਦਾ ਹੈ। ਅੱਜ ਲੋੜ ਸਾਡੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਜੋ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਤੇ ਨਸ਼ੇ ਤੋਂ ਮੁਕਤ ਹੋ ਸਕੇ।

-ਜਸਵੀਰ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।

ਅਮੀਰ ਹੋਣ ਦਾ ਸਬੂਤ
ਅਸੀਂ ਸਭ ਜਾਣਦੇ ਹਾਂ ਕਿ ਦੇਸ਼ ਦੀ ਜਨਤਾ ਮਹਿੰਗਾਈ ਨਾਲ ਜੂਝ ਰਹੀ ਹੈ ਪਰ ਅਸੀਂ ਕਦੇ ਇਹ ਸੋਚਣ ਦਾ ਕਸ਼ਟ ਉਠਾਇਆ ਹੈ ਕਿ ਜਨਤਾ ਨੇ ਆਪਣੇ ਨਾਜਾਇਜ਼ ਖਰਚੇ ਕਿੰਨੇ ਵਧਾਏ ਹੋਏ ਹਨ? ਖੁਸ਼ੀਆਂ ਦੇ ਜਿਹੜੇ ਪ੍ਰੋਗਰਾਮ ਸਾਦੇ ਢੰਗ ਨਾਲ ਹੋ ਸਕਦੇ ਹਨ, ਉਨ੍ਹਾਂ ਪ੍ਰੋਗਰਾਮਾਂ 'ਤੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਜਾਂਦੇ ਹਨ। ਕਿਸੇ ਬਜ਼ੁਰਗ ਦੇ ਚੜ੍ਹਾਈ ਕਰ ਜਾਣ 'ਤੇ ਉਸ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਆਏ ਲੋਕਾਂ ਲਈ ਮਠਿਆਈਆਂ ਦਾ ਪ੍ਰਬੰਧ ਕਰਨ ਸਮੇਂ ਕੀ ਮਹਿੰਗਾਈ ਘੱਟ ਜਾਂਦੀ ਹੈ? ਬਜ਼ੁਰਗ ਦੇ ਭੋਗ 'ਤੇ ਨਾਜਾਇਜ਼ ਖਰਚਾ ਕਰਨਾ, ਲੋਕਾਂ ਨੂੰ ਆਪਣੇ ਅਮੀਰ ਹੋਣ ਦਾ ਸਬੂਤ ਦੇਣ ਤੋਂ ਸਿਵਾਏ ਕੁਝ ਨਹੀਂ। ਬਜ਼ੁਰਗ ਦੇ ਭੋਗ 'ਤੇ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਦਾਲ-ਫੁਲਕਾ ਖੁਆਉਣ ਨਾਲ ਸਰ ਸਕਦਾ ਹੈ, ਫਿਰ ਸਾਰੇ ਪਿੰਡ ਨੂੰ ਮਠਿਆਈ ਕਿਉਂ? ਕੀ ਇਹ ਨਾਜਾਇਜ਼ ਖਰਚਾ ਨਹੀਂ? ਮਹਿੰਗਾਈ ਸਬੰਧੀ ਗੱਲ ਕਰਨ 'ਤੇ ਜਨਤਾ ਸਰਕਾਰ ਨੂੰ ਕੋਸਦੀ ਹੈ ਜਦੋਂ ਕਿ ਜਨਤਾ ਆਪਣੇ ਨਿੱਜੀ ਖਰਚਿਆਂ ਦੁਆਰਾ ਲੁੱਟ-ਪੁੱਟ ਹੋ ਰਹੀ ਹੈ। ਲੋਕ ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਕਾਰਜਾਂ ਵਿਚ ਨਾਜਾਇਜ਼ ਖਰਚਾ ਕਰ-ਕਰਕੇ ਕਰਜ਼ੇ ਹੇਠ ਦੱਬੇ ਜਾ ਰਹੇ ਹਨ। ਜੇਕਰ ਅਸੀਂ ਇਹ ਆਖ ਕੇ ਆਪਣਾ ਪੱਲਾ ਝਾੜ ਦਿਆਂਗੇ ਕਿ ਸਰਕਾਰ ਮਹਿੰਗਾਈ ਨਹੀਂ ਘੱਟ ਕਰ ਰਹੀ ਫਿਰ ਅਸੀਂ ਛੋਟੇ-ਮੋਟੇ ਪ੍ਰੋਗਰਾਮਾਂ 'ਤੇ ਵੀ ਨਾਜਾਇਜ਼ ਖਰਚਾ ਕਰਨ ਤੋਂ ਬਾਜ਼ ਨਹੀਂ ਆਉਂਦੇ, ਕਿਉਂ?

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਬਿਮਾਰ ਮਾਨਸਿਕਤਾ
ਅੱਜਕਲ੍ਹ ਹਲਕੀ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਜੋਤਿਸ਼ ਦਾ ਫ੍ਰੀ ਕੈਂਪ, ਕਠਿਨ ਸਮੱਸਿਆਵਾਂ ਦਾ ਸਮਾਧਾਨ, ਵਸ਼ੀਕਰਨ, ਸ਼ਾਦੀ 'ਚ ਰੁਕਾਵਟ, ਫੇਸ ਰੀਡਿੰਗ ਦੇ ਮਾਹਿਰ ਆਦਿ ਹਾਸੋ-ਹੀਣੇ ਇਸ਼ਤਿਹਾਰ ਪੜ੍ਹ ਕੇ ਹਾਸਾ ਵੀ ਆਉਂਦਾ ਹੈ ਅਤੇ ਦੁੱਖ ਵੀ। ਦੁੱਖ ਤਾਂ ਹੋਰ ਵੀ ਵਧ ਜਾਂਦਾ ਹੈ ਜਦੋਂ ਪੜ੍ਹੇ-ਲਿਖੇ ਲੋਕ ਇਨ੍ਹਾਂ ਮਗਰ ਲੱਗ ਤੁਰਦੇ ਹਨ। ਜੋਤਿਸ਼ ਕੇਂਦਰਾਂ ਦੇ ਬਾਹਰ ਲੋਕਾਂ ਦੀ ਭੀੜ ਵੇਖ ਕੇ ਅਜਿਹਾ ਲਗਦਾ ਹੈ ਕਿ ਲੋਕ ਬਿਨਾਂ ਹੱਥ ਹਿਲਾਇਆਂ, ਬਿਨਾਂ ਮਿਹਨਤ ਕੀਤਿਆਂ, ਬਿਨਾਂ ਆਪਣੇ ਦਿਮਾਗ ਤੋਂ ਕੰਮ ਲਿਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ। ਇੰਜ ਲਗਦਾ ਹੈ ਜਿਵੇਂ ਇਨ੍ਹਾਂ ਦੇ ਆਪਣੇ ਦਿਮਾਗ ਨੂੰ ਜੰਦਰੇ ਵੱਜ ਗਏ ਹੋਣ। ਤੁਸੀਂ ਆਪਣੇ ਆਲੇ-ਦੁਆਲੇ ਝਾਤੀ ਮਾਰੋ ਕਈਆਂ ਨੇ ਤਾਂ ਆਪਣੇ ਹੱਥਾਂ ਦੀਆਂ ਅੱਠਾਂ ਉਂਗਲਾਂ 'ਤੇ ਰੰਗ-ਬਰੰਗੇ ਪੱਥਰਾਂ ਵਾਲੀਆਂ ਮੁੰਦਰੀਆਂ ਪਾਈਆਂ ਹੁੰਦੀਆਂ ਹਨ। ਜਾਪਦਾ ਹੈ ਲੋਕਾਂ ਵਿਚੋਂ ਤਰਕਸ਼ੀਲਤਾ ਜਾਂਦੀ ਰਹੀ ਹੈ। ਮੁੰਦਰੀਆਂ ਪਾਉਣ ਵਾਲਿਆਂ ਦੇ ਭਾਗ ਭਾਵੇਂ ਨਾ ਜਾਗਣ ਪਰ ਵੇਚਣ ਵਾਲਿਆਂ ਦੇ ਭਾਗ ਜ਼ਰੂਰ ਜਾਗ ਪਏ ਹਨ। ਇਨ੍ਹਾਂ ਚੀਜ਼ਾਂ ਵੱਲ ਤਣਾਅਗ੍ਰਸਤ ਲੋਕ ਜ਼ਿਆਦਾ ਆਉਂਦੇ ਹਨ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਫਜ਼ੂਲ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਮਿਹਨਤ ਨਾਲ ਹੀ ਸਭ ਕੁਝ ਮਿਲਦਾ ਹੈ। ਲੋੜ ਹੈ ਇਨ੍ਹਾਂ ਲੋਟੂ ਲੋਕਾਂ ਤੋਂ ਬਚਣ ਦੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪ੍ਰੀਖਿਆਵਾਂ ਡਿਊਟੀਆਂ
ਦਸਵੀਂ/ਬਾਰ੍ਹਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ ਹੋਣ ਵਾਲੀ ਹੈ। ਪਰ ਸੁਣਨ ਵਿਚ ਆਇਆ ਹੈ ਕਿ ਇਨ੍ਹਾਂ ਹੋਣ ਵਾਲੀਆਂ ਪ੍ਰਖਿਆਵਾਂ ਵਿਚ ਜ਼ਿਆਦਾਤਰ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਪਰ ਕੀ ਇਹ ਕਦਮ ਸਹੀ ਹੋਵੇਗਾ? ਇਕ ਪਾਸੇ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਸਿੱਖਿਆ ਵਿਚ ਸੁਧਾਰ ਲਈ ਅਗਾਂਹਵਧੂ ਉਪਰਾਲੇ ਕਰ ਰਹੇ ਹਨ, ਜਿਸ ਨਾਲ ਸਿੱਖਿਆ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਪਰ ਜੇ ਹੋ ਰਹੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ ਤਾਂ ਸਕੂਲਾਂ ਦੇ ਨਵੇਂ ਦਾਖਲਿਆਂ 'ਤੇ ਬੇਹੱਦ ਮਾੜਾ ਪ੍ਰਭਾਵ ਪਵੇਗਾ। ਨਵੀਆਂ ਜਮਾਤਾਂ ਵਿਚ ਬੱਚਿਆਂ ਦੀ ਗਿਣਤੀ ਘਟੇਗੀ। ਦੂਜਾ ਪ੍ਰਵੇਸ਼ ਪ੍ਰਾਜੈਕਟ ਦੇ ਕੰਮ ਵਿਚ ਵੀ ਖੜੋਤ ਆ ਸਕਦੀ ਹੈ। ਕੀ ਬੋਰਡ ਅਜਿਹੇ ਸਮੇਂ ਹੋਏ ਘੱਟ ਦਾਖਲਿਆਂ ਤੇ ਪੜ੍ਹਾਈ ਦੇ ਡਿਗਦੇ ਪੱਧਰ ਦੀ ਜ਼ਿੰਮੇਵਾਰੀ ਲੈ ਸਕੇਗਾ? ਜਾਂ ਫਿਰ ਇਸ ਤਰ੍ਹਾਂ ਨਾਲ ਸਿੱਖਿਆ ਮੰਤਰੀ ਸਾਹਿਬ ਦੇ ਸਿੱਖਿਆ ਸੁਧਾਰਾਂ ਨੂੰ ਬਰੇਕਾਂ ਲੱਗਣਗੀਆਂ। ਅਗਰ ਅਜਿਹਾ ਹੋਇਆ ਤਾਂ ਬੋਰਡ ਜ਼ਰੂਰ ਅਜਿਹੀਆਂ ਡਿਊਟੀਆਂ ਲਗਾਉਣ ਤੋਂ ਪਹਿਲਾਂ ਸੋਚ ਵਿਚਾਰ ਕਰੇ।

-ਜਸਦੀਪ ਸਿੰਘ ਖੰਨਾ
ਮੋ: 94630-57786

4-3-2016

 ਵਿਸ਼ੇਸ਼ ਆਰਥਿਕ ਪੈਕੇਜ

ਸੰਨ 2017 ਦੇ ਸ਼ੁਰੂ ਸਾਲ ਵਿਚ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਵਾਲਾ ਵਿਸ਼ੇਸ਼ ਆਰਥਿਕ ਪੈਕੇਜ ਪੰਜਾਬ ਦੀ ਆਰਥਿਕਤਾ ਦਾ ਕੁਝ ਸਵਾਰ ਸਕੇਗਾ ਜਾਂ ਨਹੀਂ, ਇਹ ਗੱਲ ਸਮਝ ਤੋਂ ਬਾਹਰ ਹੈ। ਪੰਜਾਬ ਸਰਕਾਰ ਵੱਲੋਂ ਅਜਿਹੇ ਪੈਕੇਜ ਦੀ ਮੰਗ ਵਾਰ-ਵਾਰ ਉਠਾਈ ਜਾਂਦੀ ਰਹੀ ਹੈ। ਪ੍ਰੰਤੂ ਕੇਂਦਰ ਸਰਕਾਰ ਅਜਿਹਾ ਪੈਕੇਜ ਦੇਣ ਤੋਂ ਲਗਾਤਾਰ ਨਾਂਹ-ਨੁੱਕਰ ਕਰਦੀ ਆ ਰਹੀ ਹੈ ਅਤੇ ਗਠਜੋੜ ਤੋਂ ਵੱਖ ਹੋ ਕੇ ਇਕੱਲਿਆਂ ਚੋਣਾਂ ਲੜਨ ਦੇ ਮਾਹੌਲ ਦਾ ਅਧਿਐਨ ਵੀ ਕਰਦੀ ਰਹੀ ਹੈ। ਪ੍ਰੰਤੂ ਦਿੱਲੀ, ਬਿਹਾਰ, ਜੰਮੂ-ਕਸ਼ਮੀਰ ਅਤੇ ਹੋਰ ਪ੍ਰਾਂਤਾਂ ਵਿਚ ਭਾਜਪਾ ਦੀ ਡਿਗਦੀ ਸਾਖ਼ ਨੂੰ ਵੇਖ ਕੇ ਜੇਕਰ ਭਾਜਪਾ ਦੀ ਕੇਂਦਰ ਸਰਕਾਰ ਅਜਿਹਾ ਪੈਕੇਜ ਦੇ ਵੀ ਦਿੰਦੀ ਹੈ ਤਾਂ ਇਸ ਗੱਲ ਦਾ ਕੀ ਭਰੋਸਾ ਹੈ ਕਿ ਇਸ ਪੈਕੇਜ ਵਿਚੋਂ ਵੱਡਾ ਹਿੱਸਾ ਵਿਧਾਨ ਸਭਾ ਚੋਣਾਂ ਵਿਚੋਂ ਪੰਜਾਬ ਦੀ ਗਠਜੋੜ ਸਰਕਾਰ ਨੂੰ ਜਿਤਾਉਣ 'ਤੇ ਖਰਚ ਨਹੀਂ ਕੀਤਾ ਜਾਵੇਗਾ? ਅਜਿਹੀ ਹਾਲਤ ਵਿਚ ਸੰਨ 2017 ਦੇ ਸ਼ੁਰੂ ਸਾਲ ਵਿਚ ਪੰਜਾਬ ਦੀ ਨਵੀਂ ਸਰਕਾਰ ਲਈ ਫੰਡਾਂ ਦੀ ਕਮੀ ਮੁੜ ਤੋਂ ਰੜਕੇਗੀ। ਪ੍ਰੰਤੂ ਜੇਕਰ ਗਠਜੋੜ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਂਦ ਵਿਚ ਆ ਗਈ ਤਾਂ ਕੇਂਦਰੀ ਸਰਕਾਰ ਦਾ ਵਤੀਰਾ ਕਿਹੋ ਜਿਹਾ ਹੋਵੇਗਾ ਤੇ ਪੰਜਾਬ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ, ਇਹ ਇਕ ਚਿੰਤਾ ਦਾ ਵੱਡਾ ਵਿਸ਼ਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
4724-ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਅਵਾਰਾ ਕੁੱਤਿਆਂ ਦੀ ਸਮੱਸਿਆ

ਪਿਛਲੇ ਦਿਨੀਂ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਵੱਖ-ਵੱਖ ਲੇਖਕਾਂ ਦੇ ਲੇਖ ਪੜ੍ਹਨ ਨੂੰ ਮਿਲੇ। ਇਨ੍ਹਾਂ ਦੀ ਲਗਾਤਾਰ ਵਧ ਰਹੀ ਆਬਾਦੀ ਨੇ ਇਨ੍ਹਾਂ ਨੂੰ ਭੁਖਮਰੀ ਕਾਰਨ ਦਰਵੇਸ਼ਾਂ ਤੋਂ ਆਦਮਖੋਰ ਬਣਾ ਦਿੱਤਾ ਹੈ। ਅੱਜਕਲ੍ਹ ਇਹ ਮਨੁੱਖਾਂ ਨੂੰ ਵੱਢਣ, ਬੱਚਿਆਂ ਨੂੰ ਖਾਣ ਅਤੇ ਆਵਾਜਾਈ ਵਿਚ ਰੁਕਾਵਟ ਪਾਉਣ ਕਾਰਨ ਵੱਡੀ ਮੁਸੀਬਤ ਬਣੇ ਖੜ੍ਹੇ ਹਨ। ਸਰਕਾਰੀ ਤੌਰ 'ਤੇ ਜੀਵ-ਹੱਤਿਆ 'ਤੇ ਲੱਗੀ ਪਾਬੰਦੀ ਕਾਰਨ ਇਹ ਸਭ ਕੁਝ ਵਾਪਰ ਰਿਹਾ ਹੈ। ਕੁੱਤਿਆਂ ਦੀ ਬੇਤਹਾਸ਼ਾ ਆਬਾਦੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਇਨ੍ਹਾਂ ਦੀ ਨਸਬੰਦੀ ਵੱਲ ਫੌਰੀ ਧਿਆਨ ਦੇਣਾ ਚਾਹੀਦਾ ਹੈ। ਦੂਜੇ ਦੇਸ਼ਾਂ ਵੱਲੋਂ ਖੂੰਖਾਰ ਜਾਨਵਰਾਂ ਤੋਂ ਬਚਣ ਲਈ ਕੀਤੇ ਗਏ ਉਪਾਅ ਧਿਆਨ ਵਿਚ ਰੱਖਣੇ ਚਾਹੀਦੇ ਹਨ। ਸਾਡੇ ਗੁਆਂਢੀ ਦੇਸ਼ ਚੀਨ ਵਿਚ 1994 ਤੱਕ ਕਿਸੇ ਵੀ ਨਾਗਰਿਕ ਨੂੰ ਘਰ ਵਿਚ ਕੁੱਤਾ ਰੱਖਣ ਦੀ ਇਜਾਜ਼ਤ ਨਹੀਂ ਸੀ, ਅਵਾਰਾ ਕੁੱਤਿਆਂ ਨੂੰ ਬਰਦਾਸ਼ਤ ਕਰਨਾ ਤਾਂ ਬੜੀ ਦੂਰ ਦੀ ਗੱਲ ਸੀ। ਸਰਕਾਰ ਘਰਾਂ ਵਿਚ ਪਾਲਤੂ ਕੁੱਤੇ ਰੱਖਣ ਦੇ ਸ਼ੌਕੀਨ ਲੋਕਾਂ ਨੂੰ ਲਾਇਸੰਸ ਜਾਰੀ ਕਰਕੇ ਅਤੇ ਟੈਕਸ ਲਗਾ ਕੇ ਆਪਣੀ ਆਮਦਨ ਵਧਾ ਸਕਦੀ ਹੈ। ਪੰਜਾਬ ਵਿਚ ਅੱਜਕਲ੍ਹ 'ਕੁੱਤਿਆਂ ਦੀ ਲੜਾਈ' ਜਿਹੀ ਮਹਿੰਗੀ ਖੇਡ ਵੀ ਜ਼ੋਰ ਫੜ ਰਹੀ ਹੈ, ਜਿਸ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰੇ ਪੰਜਾਬ ਵਿਚ ਅਵਾਰਾ ਪਸ਼ੂਆਂ ਤੋਂ ਬਾਅਦ ਇਹ ਦੂਜੀ ਵੱਡੀ ਸਮੱਸਿਆ ਹੈ।


-ਅਮਨਦੀਪ ਸਿੰਘ ਬਖ਼ਤਗੜ੍ਹ
ਪਿੰਡ ਤੇ ਡਾਕ: ਬਖ਼ਤਗੜ੍ਹ (ਬਰਨਾਲਾ)।ਸੜਕ ਦੁਰਘਟਨਾਵਾਂ

ਅੱਜਕਲ੍ਹ ਸੜਕਾਂ 'ਤੇ ਅਨੇਕਾਂ ਦੁਰਘਟਨਾਵਾਂ ਹੋ ਰਹੀਆਂ ਹਨ, ਜਿਸ ਵਿਚ ਅਨੇਕਾਂ ਲੋਕ ਮਾਰੇ ਜਾਂਦੇ ਹਨ। ਕਈ ਵਾਰ ਤਾਂ ਪੂਰਾ ਪਰਿਵਾਰ ਹੀ ਮਾਰਿਆ ਜਾਂਦਾ ਹੈ। ਦੁਰਘਟਨਾਵਾਂ ਵਿਚ ਲੋਕ ਸਦਾ ਲਈ ਅੰਗਹੀਣ ਹੋ ਜਾਂਦੇ ਹਨ। ਇਨ੍ਹਾਂ ਦੁਰਘਟਨਾਵਾਂ ਦੇ ਕਈ ਕਾਰਨ ਹਨ ਜਿਵੇਂ ਨਸ਼ਾ ਕਰਕੇ ਡਰਾਈਵਿੰਗ ਕਰਨਾ, ਸੀਟ ਬੈਲਟ ਨਾ ਪਹਿਨਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ, ਖਸਤਾ ਹਾਲਤ ਵਿਚ ਆਏ ਵਾਹਨਾਂ ਨੂੰ ਸੜਕਾਂ 'ਤੇ ਚਲਾਉਣਾ ਆਦਿ। ਇਨ੍ਹਾਂ ਕਾਰਨਾਂ ਕਰਕੇ ਅਨੇਕਾਂ ਦੁਰਘਟਨਾਵਾਂ ਹੋ ਰਹੀਆਂ ਹਨ। ਸਮਾਜ ਸੁਧਾਰਕਾਂ ਜਾਂ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਲੋਕ ਇਨ੍ਹਾਂ ਪ੍ਰਤੀ ਸੁਚੇਤ ਹੋ ਸਕਣ।


-ਪਵਨਪ੍ਰੀਤ ਸਿੰਘ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਰਗਾੜੀ, ਜ਼ਿਲ੍ਹਾ ਫ਼ਰੀਦਕੋਟ।


ਮੌਤ ਵੰਡ ਰਿਹਾ ਪ੍ਰਦੂਸ਼ਣ

ਬੀਤੇ ਦਿਨੀਂ 'ਅਜੀਤ' ਦੇ ਮਾਧਿਅਮ ਰਾਹੀਂ ਲੁਧਿਆਣਾ ਅਤੇ ਪੰਜਾਬ ਵਿਚ ਕਈ ਜਗ੍ਹਾ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦੀ ਜਾਣਕਾਰੀ ਮਿਲੀ। ਇਹ ਸਭ ਜਾਣੇ-ਅਣਜਾਣੇ ਵਿਚ ਨਹੀਂ ਹੋਇਆ, ਸਗੋਂ ਸਾਡੀਆਂ ਲਾਪ੍ਰਵਾਹੀਆਂ ਦਾ ਨਤੀਜਾ ਹੈ। ਅਸੀਂ ਖ਼ੁਦ ਆਪਣੇ ਸਾਫ਼ ਪੌਣ ਪਾਣੀ ਨੂੰ ਦੂਸ਼ਿਤ ਕਰਕੇ ਆਪਣੀ ਮੌਤ ਨੂੰ ਬੁਲਾਵਾ ਦੇ ਰਹੇ ਹਾਂ। ਕਿੰਨਾ ਚੰਗਾ ਹੁੰਦਾ ਜੇਕਰ ਇਹ ਪ੍ਰਦੂਸ਼ਣ ਫੈਲਾਅ ਰਿਹਾ ਇੰਡਸਟਰੀ ਏਰੀਆ ਸਾਡੇ ਪਿੰਡਾਂ, ਸ਼ਹਿਰਾਂ ਅਤੇ ਖੇਤੀ ਖੇਤਰ ਤੋਂ ਦੂਰ ਕਿਸੇ ਮਹਿਫੂਜ਼ ਜਗ੍ਹਾ 'ਤੇ ਸਥਾਪਤ ਕੀਤਾ ਜਾਂਦਾ। ਕਈ ਉਦਯੋਗਿਕ ਇਕਾਈਆਂ ਆਪਣੇ ਵੱਲੋਂ ਵਰਤੇ ਹੋਏ ਤੇਜ਼ਾਬੀ ਜਾਂ ਕੈਮੀਕਲ ਵਾਲੇ ਪਾਣੀ ਨੂੰ ਨਾਲਿਆਂ ਰਾਹੀਂ ਜਾਂ ਡੂੰਘੇ ਬੋਰਾਂ ਰਾਹੀਂ ਧਰਤੀ ਹੇਠਲੇ ਸਾਫ਼ ਪਾਣੀ ਦੀ ਸਤਹਿ ਵਿਚ ਮਿਲਾ ਦਿੰਦੀਆਂ ਹਨ ਅਤੇ ਕਈ ਫੈਕਟਰੀਆਂ ਵਿਚ ਬਾਲਣ ਦੀ ਜਗ੍ਹਾ ਪਲਾਸਟਕ ਜਾਂ ਰਬੜ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਇਨਸਾਨੀ ਜ਼ਿੰਦਗੀਆਂ ਲਈ ਘਾਤਕ ਹੱਥਕੰਡਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗ਼ੈਰ-ਜ਼ਿੰਮੇਵਾਰ ਸਨਅਤੀ ਇਕਾਈਆਂ ਨੂੰ ਵਾਤਾਵਰਨ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰੇ ਅਤੇ ਕਾਲਾ ਪੀਲੀਆ ਅਤੇ ਕੈਂਸਰ ਪ੍ਰਭਾਵਿਤ ਮਰੀਜ਼ਾਂ ਦੀ ਪਛਾਣ ਲਈ ਮੁਫ਼ਤ ਡਾਕਟਰੀ ਜਾਂਚ ਦਾ ਪ੍ਰਬੰਧ ਕਰੇ।

-ਲੱਖੀ ਗਿੱਲ ਧਨਾਨਸੂ
ਮੋ: 88726-60007.

 

ਬਹਿਸਬਾਜ਼ੀ ਤੋਂ ਗੁਰੇਜ਼

ਜਿੰਨਾ ਅਸੀਂ ਵੱਧ ਪੜ੍ਹ-ਲਿਖ ਗਏ ਹਾਂ, ਓਨਾ ਹੀ ਅਸੀਂ ਕੜ੍ਹ ਗਏ ਭਾਵ ਆਪਣੀ ਵਿਦਵਤਾ ਦੀ ਆੜ 'ਚ ਹਰ ਆਮ ਨੂੰ ਕੀੜੇ-ਮਕੌੜੇ ਸਮਝਣ ਲੱਗ ਪਏ ਹਾਂ। ਖ਼ਾਸ ਕਰਕੇ ਅਲ੍ਹੜ ਉਮਰ ਦੇ ਨੌਨਿਹਾਲ ਵੱਡਿਆਂ ਨਾਲ ਬਹਿਸਬਾਜ਼ੀ 'ਚ ਫਖ਼ਰ ਸਮਝਦੇ ਹਨ। ਵੱਡਿਆਂ ਦਾ ਸਤਿਕਾਰ 'ਬੀਤੇ ਦੀ ਗੱਲ' ਹੋ ਕੇ ਰਹਿ ਗਈ ਹੈ। ਇਸ ਸਭ ਦਾ ਕਾਰਨ ਅੱਜ ਟੀ.ਵੀ. ਚੈਨਲਾਂ 'ਤੇ ਧੜਾਧੜ ਚਲਦੇ ਅਸ਼ਲੀਲ, ਮਾਰਧਾੜ ਵਾਲੇ ਗੀਤ, ਫੇਸਬੁੱਕ, ਇੰਟਰਨੈੱਟ ਆਦਿ ਹਨ। ਪਿੰਡਾਂ ਵਿਚ ਸੱਥਾਂ, ਮੋੜਾਂ ਜਿਥੇ ਬੈਠਣ ਲਈ ਚਾਰ ਬੰਦੇ ਜੁੜਦੇ ਨੇ, ਉਥੇ ਬਹਿਸਬਾਜ਼ੀ ਕਈ ਵਾਰ ਲੜਾਈ ਮੁੱਲ ਲੈਣ ਦਾ ਜ਼ਰੀਆ ਵੀ ਬਣਦੀ ਹੈ। ਭਾਵੇਂ ਕਿਸੇ ਵੀ ਦੇਸ਼ ਦੀ ਨੌਜਵਾਨ ਪੀੜ੍ਹੀ ਉਥੋਂ ਦਾ ਸਰਮਾਇਆ ਹੁੰਦੀ ਹੈ ਪਰ ਵੱਡੇ ਵੀ ਦੇਸ਼ ਦਾ ਅਮੁੱਲ ਰਤਨ ਤੇ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਸੁਮੇਲ ਹੁੰਦੇ ਹਨ। ਇਥੇ ਹਰ ਕੋਈ ਦੁਨੀਆ ਨੂੰ ਆਪਣੇ ਹਿਸਾਬ ਨਾਲ ਤਾਂ ਚਲਾਉਣਾ ਚਾਹੁੰਦਾ ਹੈ ਪਰ ਆਪ ਦੁਨੀਆ ਮੁਤਾਬਿਕ ਚੱਲਣ ਲਈ ਤਿਆਰ ਨਹੀਂ। ਫਜ਼ੂਲ ਦੀ ਬਹਿਸਬਾਜ਼ੀ ਜਿਥੇ ਮਾਨਸਿਕ ਤਣਾਅ ਪੈਦਾ ਕਰਦੀ ਹੈ, ਉਥੇ ਸਾਨੂੰ ਕਈ ਚਿੰਤਾਵਾਂ ਵਿਚ ਵੀ ਗ੍ਰਸਦੀ ਹੈ। ਜ਼ਰੂਰੀ ਨਹੀਂ ਜੇ ਅਸੀਂ ਆਰਥਿਕ ਪੱਖ ਤੋਂ ਸੰਤੁਸ਼ਟ ਹਾਂ ਤਾਂ ਆਪਣੇ ਬਹਿਸ ਦੇ ਜ਼ੋਰ ਦੂਜਿਆਂ ਨੂੰ ਘਾਹ-ਫੂਸ ਸਮਝੀਏ। ਆਓ! ਫਿਰ ਸਦਗੁਲਾਬ ਦੇ ਫੁੱਲਾਂ ਦੀ ਮਹਿਕ ਵਰਗੇ ਲਿਆਕਤ ਪਸੰਦ ਦੋਸਤੋ ਫੋਕੀ ਬਹਿਸਬਾਜ਼ੀ ਵਿਚ ਆਪਣਾ ਕੀਮਤੀ ਵਕਤ ਜ਼ਾਇਆ ਨਾ ਕਰ ਆਪਣੀ ਊਰਜਾ ਨੂੰ ਸਾਰਥਿਕ ਕੰਮਾਂ ਵੱਲ ਲਾਉਣ ਨੂੰ ਤਰਜੀਹ ਦੇਈਏ। ਠੋਸ ਗੱਲ ਹੀ ਠੋਸ ਇਨਸਾਨਾਂ ਦੀ ਪਛਾਣ ਹੁੰਦੀ ਹੈ। ਫਿਰ ਹਵਾ 'ਚ ਤਲਵਾਰਾਂ ਕਿਉਂ?

-ਜਸਬੀਰ 'ਦੱਧਾਹੂਰ'
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

21-2-2015

 ਟ੍ਰੈਫਿਕ ਨਿਯਮਾਂ ਦੀ ਘਾਟ

ਪਿਛਲੇ ਦਿਨੀਂ ਕੁਲਦੀਪ ਚੰਦ ਦਾ ਲੇਖ 'ਟ੍ਰੈਫਿਕ ਨਿਯਮਾਂ ਸਬੰਧੀ ਕਿਉਂ ਨਹੀਂ ਜਾਗਰੂਕ ਹੋ ਰਹੇ ਲੋਕ?' ਵਧੀਆ ਲਿਖਿਆ ਹੋਇਆ ਸੀ। ਪੰਜਾਬ ਵਿਚ ਟ੍ਰੈਫਿਕ ਹਫ਼ਤਾ ਮਨਾਉਣਾ ਮਹਿਜ਼ ਖਾਨਾਪੂਰਤੀ ਹੈ। ਟ੍ਰੈਫਿਕ ਨਿਯਮਾਂ ਦੀ ਘਾਟ ਲਈ ਪੁਲਿਸ ਜ਼ਿੰਮੇਵਾਰ ਹੈ। ਪੁਲਿਸ ਦਾ ਕੰਮ ਚਲਾਨ ਕੱਟਣ ਤੇ ਰਿਸ਼ਵਤ ਲੈਣ ਤੱਕ ਸੀਮਤ ਹੈ। ਸਕੂਲਾਂ ਵਿਚ 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਬਗੈਰ ਲਾਇਸੰਸ ਤੋਂ ਵਾਹਨ ਚਲਾਉਣੇ ਵੀ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਟ੍ਰੈਫਿਕ ਲਾਈਟਾਂ ਦਾ ਲਗਾਤਾਰ ਨਾ ਚੱਲਣਾ ਵੀ ਵੱਡੀ ਘਾਟ ਹੈ। ਸਭ ਤੋਂ ਵੱਧ ਟ੍ਰੈਫਿਕ ਨਿਯਮਾਂ ਪ੍ਰਤੀ ਲਾਪਰਵਾਹੀ ਜ਼ਿੰਮੇਵਾਰ ਹੈ। ਪੰਜਾਬ ਵਿਚ ਸਖ਼ਤ ਕਾਨੂੰਨ ਨਾ ਹੋਣ ਕਾਰਨ ਟ੍ਰੈਫਿਕ ਨਿਯਮ ਡੰਗ ਟਪਾਊ ਬਣ ਗਏ ਹਨ। ਰਿਸ਼ਵਤ ਸਹਾਰੇ ਓਵਰ ਲੋਡ ਗੱਡੀਆਂ ਦਾ ਚੱਲਣਾ, ਸੜਕਾਂ 'ਤੇ ਗੱਡੀਆਂ ਖੜ੍ਹੀਆਂ ਹੋਣਾ, ਰਾਤ ਸਮੇਂ ਡਿਪਰ ਦੀ ਵਰਤੋਂ ਨਾ ਕਰਨੀ ਅਤੇ ਤੇਜ਼ ਲਾਈਟਾਂ ਵੀ ਹਾਦਸੇ ਦਾ ਕਾਰਨ ਬਣਦੇ ਹਨ। ਰਾਤ ਸਮੇਂ ਸ਼ਰਾਬ ਪੀ ਕੇ ਗੱਡੀ ਚਲਾਉਣਾ, ਤੇਜ਼ ਭਜਾਉਣਾ, ਸੀਟ ਬੈਲਟ ਨਾ ਲਾਉਣੀ, ਆਚਨਕ ਗੱਡੀ ਦਾ ਖਰਾਬ ਹੋਣਾ ਤੇ ਧੁੰਦ ਹਾਦਸੇ ਦਾ ਕਾਰਨ ਬਣਦੇ ਹਨ। ਟ੍ਰੈਫਿਕ ਨਿਯਮ ਅਪਣਾਉਣੇ ਜ਼ਰੂਰੀ ਹਨ।

-ਹਰਜਿੰਦਰ ਸਿੰਘ
ਜਵੱਦੀ ਕਲਾਂ, ਲੁਧਿਆਣਾ।

ਆਵਾਰਾ ਪਸ਼ੂ ਬਨਾਮ ਗਊਸ਼ਾਲਾਵਾਂ

ਆਵਾਰਾ ਪਸ਼ੂਆਂ ਦੀ ਸਮੱਸਿਆ ਅੱਜ ਕੋਈ ਨਵੀਂ ਸਮੱਸਿਆ ਨਹੀਂ ਬਲਕਿ ਇਹ ਸਮੱਸਿਆ ਤਾਂ ਬਹੁਤ ਲੰਮੇਰੀ ਸਮੱਸਿਆ ਹੈ, ਜਿਸ ਤੋਂ ਸਾਡੇ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਨਿਜ਼ਾਤ ਨਹੀਂ ਮਿਲ ਸਕੀ। ਆਵਾਰਾ ਪਸ਼ੂਆਂ ਦੀ ਸਮੱਸਿਆ ਪ੍ਰਤੀ ਜਦੋਂ ਵੀ ਕਿਸੇ ਪੰਜਾਬ ਦੇ ਨੇਤਾ ਨੂੰ ਪੁੱਛ ਲਉ ਤਾਂ ਅੱਗੋਂ ਇਹ ਹੀ ਜਵਾਬ ਮਿਲੇਗਾ ਕਿ ਆਵਾਰਾ ਪਸ਼ੂਆਂ ਲਈ ਸਰਕਾਰ ਜਲਦੀ ਹੀ ਸਾਰੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੱਡੀਆਂ ਗਊਸ਼ਾਲਾਵਾਂ ਦਾ ਨਿਰਮਾਣ ਕਰ ਰਹੀ ਹੈ ਪਰ ਕੀ ਗਊਸ਼ਾਲਾਵਾਂ ਦਾ ਨਿਰਮਾਣ ਕਰਨ ਨਾਲ ਆਵਾਰਾ ਪਸ਼ੂਆਂ ਤੋਂ ਨਿਜ਼ਾਤ ਮਿਲ ਸਕੇਗੀ? ਆਪਣੇ ਆਸ-ਪਾਸ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਨਜ਼ਰ ਮਾਰ ਕੇ ਦੇਖ ਲਉ ਤਾਂ ਤੁਹਾਨੂੰ ਬਥੇਰੀਆਂ ਗਊਸ਼ਾਲਾਵਾਂ ਦੇਖਣ ਨੂੰ ਮਿਲ ਜਾਣਗੀਆਂ ਪਰ ਉਨ੍ਹਾਂ ਗਊਸ਼ਾਲਾਵਾਂ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਲਾ ਕੋਈ ਨਹੀਂ ਜਾ ਕਹਿ ਲਉ ਕਿ ਕੋਈ ਜ਼ਿਆਦਾ ਆਮਦਨ ਦਾ ਸਾਧਨ ਨਹੀਂ। ਕੇਂਦਰ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੀ ਰੱਖ-ਸੰਭਾਲ ਲਈ 17 ਰੁਪਏ ਪ੍ਰਤੀ ਪਸ਼ੂ ਖਰਚਾ ਗਊਸ਼ਾਲਾਵਾਂ ਨੂੰ ਦਿੱਤਾ ਜਾ ਰਿਹਾ ਹੈ ਪਰ ਉਸ ਖਰਚੇ ਨੂੰ ਵੀ ਪ੍ਰਾਪਤ ਕਰਨ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ ਅਤੇ ਬਹੁਤੀਆਂ ਗਊਸ਼ਾਲਾਵਾਂ ਨੂੰ ਤਾਂ ਉਹ ਵੀ ਨਸੀਬ ਨਹੀਂ ਹੋ ਰਿਹਾ। ਜੇ ਸਰਕਾਰ ਪਹਿਲੀਆਂ ਗਊਸ਼ਾਲਾਵਾਂ ਨੂੰ ਸੁਚੱਜੇ ਢੰਗ ਨਾਲ ਸਾਂਭੇ ਤਾਂ ਪੰਜਾਬ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਆ ਨਹੀਂ ਸਕਦੀ।

-ਸੋਨੂੰ ਸ਼ਰਮਾ
ਕੋਟ ਈਸੇ ਖਾਂ (ਮੋਗਾ)।

ਜਨ-ਧਨ ਯੋਜਨਾ

ਦੇਸ਼ ਦੇ ਆਰਥਿਕ ਸਾਧਨਾਂ ਨੂੰ ਆਮ ਵਿਅਕਤੀ ਤੱਕ ਪਹੁੰਚਾਉਣਾ ਸਾਰੇ ਦੇਸ਼ਵਾਸੀਆਂ ਨੂੰ ਆਧਾਰ ਕਾਰਡ ਰਾਹੀਂ ਬੈਂਕਾਂ ਨਾਲ ਜੋੜਨ ਦੀ ਯੋਜਨਾ ਦਾ ਨਾਂਅ ਜਨ-ਧਨ ਯੋਜਨਾ ਹੈ। ਇਸ ਯੋਜਨਾ ਰਾਹੀਂ ਸਰਕਾਰ ਵੱਲੋਂ ਦਿੱਤੀ ਕੋਈ ਵੀ ਆਰਥਿਕ ਰਾਸ਼ੀ ਸਿੱਧੀ ਬੈਂਕਾਂ ਵਿਚ ਜਮ੍ਹਾ ਹੋਵੇਗੀ। ਭਾਰਤ ਵਰਗੇ ਵਿਸ਼ਾਲ ਦੇਸ਼, ਵੱਖ-ਵੱਖ ਭਾਸ਼ਾਵਾਂ ਤੇ ਸੱਭਿਆਚਾਰਾਂ ਵਾਲੇ ਦੇਸ਼ ਵਿਚ ਇਸ ਯੋਜਨਾ ਦਾ ਬਹੁਤ ਲਾਭ ਹੋਵੇਗਾ। ਵਿਚਾਰ ਕਰੀਏ ਤਾਂ ਭਾਰਤ ਦੇਸ਼ ਵਿਚ ਉਪਲਬੱਧ ਸਾਧਨਾਂ ਦੀ ਕਮੀ ਨਹੀਂ ਹੈ। ਲੋੜ ਹੈ ਦੇਸ਼ ਦੇ ਸਾਧਨਾਂ ਨੂੰ ਦੇਸ਼ਵਾਸੀਆਂ ਵਿਚ ਲਗਭਗ ਵੰਡਣ ਦੀ ਭਾਵ ਸਮੱਸਿਆ ਹੈ ਕਾਣੀ-ਵੰਡ ਦੀ। ਜੇਕਰ ਦੇਸ਼ ਦੀ ਭੂਮੀ ਤੇ ਧਨ ਨੂੰ ਬਰਾਬਰ ਵੰਡਣ ਦੇ ਉਪਰਾਲੇ ਕੀਤੇ ਜਾਣ ਤਾਂ ਸਭ ਖੁਸ਼ਹਾਲ ਹੋ ਸਕਦੇ ਹਨ। ਭਾਰਤ ਇਕ ਅਮੀਰ ਦੇਸ਼ ਹੈ ਪਰ ਇਸ ਦੇ ਨਾਗਰਿਕ ਗਰੀਬ ਹਨ। ਇਸ ਯੋਜਨਾ ਦੇ ਸਹੀ ਸੰਚਾਲਨ ਨਾਲ ਨਾਗਰਿਕ ਵੀ ਅਮੀਰ ਹੋ ਜਾਣਗੇ।

-ਭਾਈ ਕੁਲਵਿੰਦਰ ਸਿੰਘ
ਹੁਸ਼ਿਆਰਪੁਰ।

1-3-2016

 ਨਕਲ ਬਣਾਉਂਦੀ 'ਨਕਲੀ ਬੰਦੇ'

ਪ੍ਰੀਖਿਆਵਾਂ ਦੇ ਦਿਨ ਚੱਲ ਰਹੇ ਹਨ। ਬਹੁਤ ਪਾਸੀਂ ਨਕਲ ਦਾ ਬੋਲਬਾਲਾ ਹੈ। ਇਸ ਨਕਲ ਨੇ ਸਾਡੇ ਦੇਸ਼ ਤੇ ਸਮਾਜ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਨਕਲੀ ਤੇ ਅਯੋਗ ਅਧਿਕਾਰੀਆਂ ਤੇ ਨੇਤਾਵਾਂ ਨੇ ਦੇਸ਼ ਦੇ ਭਵਿੱਖ ਭਾਵ ਨੌਜਵਾਨ ਪੀੜ੍ਹੀ ਨੂੰ ਆਪਣੀ ਗ਼ਲਤ ਤੇ 'ਨਕਲੀ ਸੋਚ' ਦੀ ਬਦੌਲਤ ਮਜਬੂਰੀ ਵੱਸ ਵਿਦੇਸ਼ੀਂ ਜਾਣ ਲਈ ਮਜਬੂਰ ਕਰ ਦਿੱਤਾ ਹੈ। ਜਿਨ੍ਹਾਂ ਫਰੰਗੀਆਂ ਤੋਂ ਅਸੀਂ ਸੂਰਬੀਰ ਯੋਧਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਸੀ, ਅੱਜ ਉਸੇ ਹੀ ਕੌਮ ਦੇ ਲੋਕ ਜ਼ਮੀਨਾਂ ਵੇਚ ਕੇ, ਵੱਡੇ-ਵੱਡੇ ਕਰਜ਼ੇ ਲੈ ਕੇ ਅੰਗਰੇਜ਼ਾਂ ਦੀ ਗੁਲਾਮੀ ਕਰਨ ਲਈ ਕਾਹਲੇ ਪਏ ਹੋਏ ਹਨ। ਇਸ ਸਭ ਦਾ ਸਿੱਟਾ ਹੈ ਨਕਲ ਤੇ ਅਯੋਗਤਾ। ਨਕਲ, ਨਕਲ ਹੀ ਹੁੰਦੀ ਹੈ, ਇਹ ਅਸਲ ਦਾ ਸਾਹਮਣਾ ਨਹੀਂ ਕਰ ਸਕਦੀ, ਕਾਗਜ਼ ਦੇ ਫੁੱਲਾਂ ਵਿਚੋਂ ਕਦੇ ਮਹਿਕ ਨਹੀਂ ਆਉਂਦੀ, ਕਾਂ ਕਦੇ ਹੰਸ ਦੀ ਚਾਲ ਨਹੀਂ ਚੱਲ ਸਕਿਆ।
ਨਕਲੀ ਬੰਦਾ ਜਦ ਕਿਸੇ ਵਿਦਵਾਨ ਜਾਂ ਸੂਝਵਾਨ ਬੰਦੇ ਦੀ ਨਕਲ ਕਰਦਾ ਹੈ ਤਾਂ ਸਮਾਜ ਵਿਚ ਮਜ਼ਾਕ ਦਾ ਪਾਤਰ ਬਣਦਾ ਹੈ। ਨਕਲੀ ਬੰਦੇ ਦੀ ਪ੍ਰਸੰਸਾ ਜਾਂ ਗੁਣਗਾਣ ਕਰਨ ਵਾਲੇ ਵੀ ਮਰੇ ਇਖਲਾਕ ਦੇ ਨਕਲੀ ਬੰਦੇ ਹੀ ਹੁੰਦੇ ਹਨ। ਕਿਸੇ ਵਿਦਵਾਨ ਨੇ ਬਹੁਤ ਖੂਬ ਲਿਖਿਆ ਹੈ, 'ਸਭ ਕੁਝ ਨਕਲ ਹੋ ਸਕਦਾ ਹੈ ਪਰ ਚਰਿੱਤਰ ਤੇ ਵਿਹਾਰ ਨਹੀਂ।' ਸੋ ਵਿਦਿਆਰਥੀ ਵਰਗ ਨੂੰ ਹਾਰਦਿਕ ਬੇਨਤੀ ਹੈ ਕਿ ਆਓ ਅਸਲੀ ਬੰਦੇ ਬਣੀਏਂ, ਕਿਉਂਕਿ ਭਾਰਤ 'ਚ ਪਹਿਲਾਂ ਹੀ ਨਕਲੀਆਂ ਦੀ ਭੀੜ ਹੈ।

-ਪ੍ਰਿੰ: ਗੁਰਬਚਨ ਸਿੰਘ ਲਾਲੀ,
ਲੇਖਕ ਮੰਚ, ਪੱਟੀ।
ਮੋਬਾ: 98147-64344

19-2-2015

 ਜੇ ਧੀ ਪੜ੍ਹੀ ਹੋਵੇ ਤਾਂ...

ਸਿਆਣੇ ਕਹਿੰਦੇ ਹਨ ਕਿ ਅਗਰ ਧੀ ਪੜ੍ਹ ਜਾਏ ਤਾਂ ਕੁਲ ਸੁਧਾਰ ਦਿੰਦੀ ਹੈ। ਅੱਜ ਵੀ ਸਾਡਾ ਸਮਾਜ ਪੜ੍ਹਾਈ ਪੱਖੋਂ ਭਾਵੇਂ ਤਰੱਕੀ ਕਰ ਰਿਹਾ ਹੈ ਪਰ ਫਿਰ ਵੀ ਹਾਲੇ ਪਛੜਿਆ ਹੋਇਆ ਹੈ ਅਤੇ ਬਹੁਤੇ ਖੇਤਰਾਂ ਵਿਚ ਕੁੜੀਆਂ ਦੀ ਪੜ੍ਹਾਈ ਵੱਲ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਪਰ ਜੇ ਇਸ ਦੇ ਉਲਟ ਜੇਕਰ ਕੁੜੀਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕੁੜੀਆਂ ਨੂੰ ਆਸਮਾਨ ਛੂਹਣ ਤੋਂ ਕੋਈ ਰੋਕ ਨਹੀਂ ਸਕਦਾ, ਕਿਉਂਕਿ ਜੇਕਰ ਇਕ ਕੁੜੀ ਪੜ੍ਹ-ਲਿਖ ਜਾਵੇ ਤਾਂ ਉਸ ਦਾ ਫਾਇਦਾ ਕਈ ਪਰਿਵਾਰਾਂ ਨੂੰ ਹੁੰਦਾ ਹੈ ਅਤੇ ਇਕ ਪੜ੍ਹੀ-ਲਿਖੀ ਲੜਕੀ ਸਾਰੀ ਕੁਲ ਨੂੰ ਸੁਧਾਰ ਦਿੰਦੀ ਹੈ। ਸੋ, ਸਾਨੂੰ ਕੁੜੀਆਂ ਦੀ ਪੜ੍ਹਾਈ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

-ਸੇਵਾ ਰਾਮ ਸਿੰਗਲਾ
ਮੇਨ ਅਜੀਤ ਰੋਡ, ਬਠਿੰਡਾ।

ਬਿੱਗ ਬੌਸ ਬਨਾਮ ਵਿਦਿਆਰਥੀ

ਐਸ਼ੋ-ਇਸ਼ਰਤ ਨਾਲ ਜੀਵਨ ਜਿਊਣ ਵਾਲੇ ਕਿਰਦਾਰਾਂ ਅਤੇ ਅਸ਼ਲੀਲਤਾ ਨਾਲ ਭਰਿਆ ਪ੍ਰੋਗਰਾਮ 'ਬਿੱਗ ਬੌਸ' ਕਿਸ ਹੱਦ ਤੱਕ ਸਾਡੀ ਨੌਜਵਾਨ ਪੀੜ੍ਹੀ ਤੇ ਵਿਦਿਆਰਥੀਆਂ ਨੂੰ ਕੀ ਸਿੱਖਿਆ ਦੇਵੇਗਾ? ਨੌਜਵਾਨ ਤੇ ਵਿਦਿਆਰਥੀ ਤਾਂ ਆਪਣੇ ਜੀਵਨ ਦੇ ਅਸਲ ਰੁਝੇਵਿਆਂ ਨੂੰ ਛੱਡ ਕੇ ਇਸ ਵਿਚ ਗ੍ਰਸੇ ਪ੍ਰਤੀਤ ਲੱਗਦੇ ਹਨ। ਰਾਤ ਨੂੰ 10 ਵਜੇ ਤੱਕ ਇਸ ਪ੍ਰੋਗਰਾਮ ਦੀ ਰੋਜ਼ਾਨਾ ਸਮਾਪਤੀ, ਉਸ ਉਪਰੰਤ ਉਸ ਦੇ ਦ੍ਰਿਸ਼ਾਂ ਨੂੰ ਸਾਰੀ ਰਾਤ ਸੁਪਨਿਆਂ ਵਿਚ ਤੱਕ ਕੇ ਕੀ ਵਿਦਿਆਰਥੀ ਜਾਂ ਨੌਜਵਾਨਾਂ ਲਈ ਕੋਈ ਰੁਜ਼ਗਾਰ ਦਾ ਸਾਧਨ ਬਣ ਸਕਦਾ ਹੈ ਜਾਂ ਪੜ੍ਹਾਈ ਪੱਖੋਂ ਵਿਦਿਆਰਥੀ ਲਾਇਕ ਬਣ ਸਕਦੇ ਹਨ? ਜੀ ਨਹੀਂ, ਕਿਉਂਕਿ ਇਸ ਦਾ ਮੰਤਵ ਤਾਂ ਚੈਨਲ ਦਾ ਪ੍ਰਚਾਰ ਕਰਨ ਤੋਂ ਇਲਾਵਾ ਯਥਾਰਥਿਕ ਜੀਵਨ ਵਿਚ ਕੋਈ ਮਹੱਤਵ ਦਿਖਾਈ ਨਹੀਂ ਦਿੰਦਾ। ਜੇਕਰ ਅਜਿਹੇ ਰਿਅਲਿਟੀ ਸੋ ਦਿਖਾਉਣੇ ਹੀ ਹਨ ਤਾਂ ਉਹ ਸਮਾਜਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਹੋਣ ਅਤੇ ਟੈਲੀਵਿਜ਼ਨ ਉੱਪਰ ਸ਼ਾਮ ਸਮੇਂ ਜਲਦੀ ਦਿਖਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

-ਮਾ: ਅਮਰਜੀਤ ਸਿੰਘ ਘੁਡਾਣੀ
ਦੋਰਾਹਾ (ਲੁਧਿਆਣਾ)।

ਹਿੰਸਕ ਗਾਇਕੀ

ਅਜੋਕੀ ਗਾਇਕੀ ਸੁਣਨ ਨਾਲੋਂ ਵੇਖਣ ਵਾਲੀ ਵੱਧ ਹੋ ਗਈ ਹੈ। ਗੀਤਾਂ ਦੇ ਫ਼ਿਲਮਾਂਕਣ ਵਿਚ ਜ਼ਿਆਦਾ ਹਿੰਸਾ ਵਿਖਾਈ ਜਾਂਦੀ ਹੈ। ਗੰਡਾਸੇ, ਰਿਵਾਲਵਰ, ਰਫਲਾਂ, ਮਾਰਧਾੜ, ਖੂਨ-ਖਰਾਬਾ ਜ਼ਿਆਦਾ ਵਿਖਾਇਆ ਜਾਂਦਾ ਹੈ। ਪਰ ਲੋਕਾਂ ਨੂੰ ਇਸ ਬਾਰੇ ਆਪ ਹੀ ਜਾਗਰੂਕ ਹੋਣਾ ਪਵੇਗਾ। ਵਧੀਆ ਸੁਣਨ ਅਤੇ ਵਧੀਆ ਵੇਖਣ ਦੀ ਸੋਚ ਅਪਣਾਉਣੀ ਪਵੇਗੀ। ਦੂਜੇ ਪਾਸੇ ਸਾਡੇ ਗਾਇਕਾਂ, ਗੀਤਕਾਰਾਂ, ਸੰਗੀਤ ਕੰਪਨੀਆਂ ਨੂੰ ਵਪਾਰਕ ਪੱਖ ਤੋਂ ਥੋੜ੍ਹਾ ਪਾਸੇ ਹੋ ਕੇ ਵਧੀਆ ਸੰਗੀਤ ਪਰੋਸਣਾ ਚਾਹੀਦਾ ਹੈ, ਜਿਸ ਨਾਲ ਸਾਡਾ ਸੱਭਿਆਚਾਰਕ ਪੱਖ ਮਜ਼ਬੂਤ ਰਹਿ ਸਕੇ।

-ਜਗਤਾਰ ਸਿੰਘ 'ਰੁਲਦੂਵਾਲਾ'
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।

ਇਤਿਹਾਸਕ ਜਿੱਤ

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨਕੁੰਨ ਰਹੇ ਹਨ। ਦਿੱਲੀ ਦੇ ਲੋਕਾਂ ਨੇ ਇਕ ਵਾਰ ਮੁੜ ਆਮ ਆਦਮੀ ਵਿਚ ਭਰੋਸਾ ਪ੍ਰਗਟ ਕੀਤਾ ਹੈ। ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ 67 ਅਤੇ ਭਾਜਪਾ ਨੂੰ ਸਿਰਫ 3 ਸੀਟਾਂ ਮਿਲੀਆਂ ਹਨ। ਦੂਜੇ ਪਾਸੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਇਨ੍ਹਾਂ ਚੋਣਾਂ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਦਿੱਲੀ ਵਿਚ ਲੋਕਾਂ ਵੱਲੋਂ ਇਸ ਪਾਰਟੀ ਨੂੰ ਵੱਡਾ ਹੁੰਗਾਰਾ ਦੇਣ ਤੋਂ ਪਿੱਛੋਂ ਹੁਣ ਆਮ ਆਦਮੀ ਪਾਰਟੀ ਤੋਂ ਚੰਗੀਆਂ ਅਤੇ ਪ੍ਰਭਾਵਸ਼ਾਲੀ ਪ੍ਰਾਪਤੀਆਂ ਦੀ ਉਮੀਦ ਕੀਤੀ ਜਾ ਰਹੀ ਹੈ। ਦਿੱਲੀ ਦੇ ਵੋਟਰਾਂ ਦੁਆਰਾ ਸਜਾਏ ਭਵਿੱਖ ਦੇ ਸੁਪਨੇ ਸਾਕਾਰ ਕਰਨ ਵਿਚ ਇਹ ਪਾਰਟੀ ਕਿੰਨੀ ਕੁ ਕਾਮਯਾਬ ਸਿੱਧ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਹਰੀਸ਼ ਅਗਰਵਾਲ
ਜਲੰਧਰ।

ਵਿਆਹਾਂ ਵਿਚ ਚਲਦੇ ਡੀ.ਜੇ.

ਪਿਛਲੇ ਕੁਝ ਸਮੇਂ ਤੋਂ ਲੋਕਾਂ ਵੱਲੋਂ ਆਪਣੇ ਵਿਆਹ ਸ਼ਾਦੀਆਂ ਵਿਚ ਰਾਤ ਸਮੇਂ ਉੱਚੀ ਆਵਾਜ਼ ਵਿਚ ਡੀ.ਜੇ. ਲਾ ਕੇ ਭੰਗੜੇ ਪਾਉਣੇ ਆਮ ਹੀ ਹੋ ਗਏ ਹਨ। ਡੀ.ਜੇ. ਦੀ ਆਵਾਜ਼ ਉਸ ਪਿੰਡ ਵਿਚ ਤਾਂ ਕੀ ਸਗੋਂ ਆਂਢ-ਗੁਆਂਢੀ ਪਿੰਡਾਂ ਤੱਕ ਵੀ ਬੜੀ ਆਸਾਨੀ ਨਾਲ ਸੁਣਾਈ ਦਿੰਦੀ ਹੈ। ਦੇਖਿਆ ਗਿਆ ਹੈ ਕਿ ਕਈ ਵਾਰ ਤਾਂ ਕਈ ਸਿਰ ਫਿਰੇ ਲੋਕਾਂ ਵੱਲੋਂ ਅੱਧੀ-ਅੱਧੀ ਰਾਤ ਨੂੰ ਅਜਿਹੇ ਅਸ਼ਲੀਲ ਦੋਗਾਣੇ ਚਲਾ ਦਿੱਤੇ ਜਾਂਦੇ ਹਨ, ਜਿਸ ਨਾਲ ਇਕ ਆਮ ਇਨਸਾਨ ਆਪਣੇ ਘਰ ਵਿਚ ਹੀ ਬੇਹੱਦ ਸ਼ਰਮਸਾਰ ਹੋਇਆ ਮਹਿਸੂਸ ਕਰਦਾ ਹੈ। ਹੁਣ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਇਨ੍ਹਾਂ ਮਹੀਨਿਆਂ ਵਿਚ ਹੀ ਵੱਖ-ਵੱਖ ਕਲਾਸਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਆਪਣੇ ਸਾਲਾਨਾ ਪੇਪਰਾਂ ਦੀ ਤਿਆਰੀ ਕਰਨੀ ਹੁੰਦੀ ਹੈ, ਜਿਨ੍ਹਾਂ ਲਈ ਇਹ ਡੀ.ਜੇ. ਬੇਹੱਦ ਘਾਤਕ ਸਿੱਧ ਹੋ ਰਿਹਾ ਹੈ। ਉੱਚੀ ਆਵਾਜ਼ ਵਿਚ ਚਲਦੇ ਡੀ.ਜੇ. ਕਾਰਨ ਉਨ੍ਹਾਂ ਦੀ ਪੜ੍ਹਾਈ ਵਿਚ ਇਕਰਾਰਤਾ ਨਹੀਂ ਬੱਝਦੀ, ਜਿਸ ਕਾਰਨ ਉਨ੍ਹਾਂ ਦਾ ਬੇਹੱਦ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਘਰਾਂ ਵਿਚ ਪਏ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਨੀਂਦ ਹਰਾਮ ਕਰਨ ਵਿਚ ਵੀ ਡੀ.ਜੇ. ਮੋਹਰੀ ਨਜ਼ਰ ਆਉਂਦਾ ਹੈ। ਸੋ, ਪ੍ਰਸ਼ਾਸਨ ਨੂੰ ਸਖ਼ਤੀ ਨਾਲ ਵਿਆਹ ਸ਼ਾਦੀਆਂ ਵਿਚ ਰਾਤ ਸਮੇਂ ਉੱਚੀ ਆਵਾਜ਼ ਵਿਚ ਚਲਦੇ ਡੀ.ਜੇ. ਦਾ ਸਮਾਂ ਅਤੇ ਸੀਮਾ ਦੀ ਨਿਸਚਿਤਤਾ ਯਕੀਨੀ ਬਣਾਉਣੀ ਚਾਹੀਦੀ ਹੈ।

-ਰਾਜਾ ਗਿੱਲ (ਚੜਿੱਕ)
ਗਿੱਲ ਸੀਮੈਂਟ ਐਂਡ ਹਾਰਡਵੇਅਰ ਸਟੋਰ, ਚੜਿੱਕ (ਮੋਗਾ)।

17-2-2016

 ਪ੍ਰੈਸ਼ਰ ਹਾਰਨ

ਅੱਜਕਲ੍ਹ ਦੇ ਮਾਹੌਲ ਦੇ ਪ੍ਰਦੂਸ਼ਣ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ, ਜਿਸ ਵਿਚ ਗੰਦਾ ਪਾਣੀ ਜੋ ਸਿਹਤ ਲਈ ਹਾਨੀਕਾਰਕ ਹੈ, ਗੰਦੀ ਹਵਾ ਜੋ ਕਿ ਗੱਡੀਆਂ ਪੈਟਰੋਲ-ਡੀਜ਼ਲ ਦਾ ਧੂੰਆਂ ਛੱਡਦੀਆਂ ਹਨ, ਸਾਹ ਦੀਆਂ ਬਿਮਾਰੀਆਂ ਦਾ ਕਾਰਨ ਹਨ। ਇਸ ਦੇ ਨਾਲ ਹੀ ਗੱਡੀਆਂ, ਮੋਟਰਸਾਈਕਲਾਂ ਉੱਤੇ ਲੱਗੇ ਪ੍ਰੈਸ਼ਰ ਹਾਰਨ ਕਿਸੇ ਪ੍ਰਦੂਸ਼ਣ ਤੋਂ ਘੱਟ ਨਹੀਂ ਹਨ। ਇਹ ਪ੍ਰੈਸ਼ਰ ਹਾਰਨ ਖ਼ਾਸ ਕਰਕੇ ਦਿਲ ਦੇ ਮਰੀਜ਼ਾਂ ਲਈ ਘਾਤਕ ਸਿੱਧ ਹੋ ਰਹੇ ਹਨ। ਇਨਸਾਨਾਂ ਦੇ ਕੰਨਾਂ 'ਤੇ ਮਾੜਾ ਅਸਰ ਪੈਂਦਾ ਹੈ, ਖਾਸ ਕਰਕੇ ਗਲੀਆਂ ਅੰਦਰ ਘਰਾਂ ਵਿਚ ਬੱਚੇ ਰਹੇ ਹੁੰਦੇ ਹਨ, ਕੋਈ ਪਾਠ ਕਰ ਰਿਹਾ ਹੁੰਦਾ ਹੈ, ਘਰ ਅੱਗੇ ਪ੍ਰੈਸ਼ਰ ਹਾਰਨ ਵਜਾ ਕੇ ਧਿਆਨ ਭੰਗ ਕਰ ਦਿੱਤਾ ਜਾਂਦਾ ਹੈ। ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ।

-ਕਰਨੈਲ ਸਿੰਘ
ਮੁਹੱਲਾ ਫਤਹਿਗੜ੍ਹ, ਲੁਧਿਆਣਾ।

ਆਸ਼ਾ ਵਰਕਰ

ਆਸ਼ਾ ਵਰਕਰ ਦਾ ਕੰਮ ਜਣੇਪੇ ਵਾਲੀ ਔਰਤ ਨੂੰ ਸਮੇਂ-ਸਮੇਂ ਅਨੁਸਾਰ ਜਾਣਕਾਰੀ ਦੇਣਾ ਅਤੇ ਡਾਕਟਰੀ ਸੇਵਾ ਉਪਲਬਧ ਕਰਵਾਉਣਾ ਹੈ। ਬੱਚਾ ਹੋਣ ਤੋਂ ਬਾਅਦ ਵੀ ਆਸ਼ਾ ਵਰਕਰ ਨੂੰ ਜੱਚਾ-ਬੱਚਾ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਵਿਚਾਰੀਆਂ ਆਸ਼ਾ ਵਰਕਰਾਂ ਨੂੰ ਮਿਲ ਰਿਹਾ ਮਾਣ ਭੱਤਾ ਬਹੁਤ ਹੀ ਨਿਗੂਣੀ ਮਾਤਰਾ ਵਿਚ ਹੈ ਅਤੇ ਸਾਡੀ ਪੰਜਾਬ ਸਰਕਾਰ ਨੂੰ ਇਨ੍ਹਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਕ ਮਹੱਤਵਪੂਰਨ ਕਾਰਨ ਹੋਰ ਕਿ ਇਹ ਆਸ਼ਾ ਵਰਕਰਾਂ ਸਾਰੇ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ ਅਤੇ ਇਨ੍ਹਾਂ ਕੋਲ ਹੋਰ ਕੁਝ ਕਮਾਈ ਦੇ ਸਾਧਨ ਨਹੀਂ ਹਨ, ਜਿਸ ਕਰਕੇ ਆਸ਼ਾ ਵਰਕਰਾਂ ਦੇ ਪਰਿਵਾਰਾਂ ਦਾ ਸ਼ੋਸ਼ਣ ਹੋ ਰਿਹਾ ਹੈ। ਸੋ, ਸਾਡੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਨ੍ਹਾਂ ਆਸ਼ਾ ਵਰਕਰਾਂ ਬਾਰੇ ਜ਼ਰੂਰ ਕੁਝ ਸੋਚਿਆ ਜਾਵੇ, ਤਾਂ ਜੋ ਇਨ੍ਹਾਂ ਨੂੰ ਕੀਤੀ ਮਿਹਨਤ ਦਾ ਮੁੱਲ ਮਿਲ ਸਕੇ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ (ਸੰਗਰੂਰ)।

ਟੀ. ਵੀ. ਚੈਨਲਾਂ 'ਤੇ ਆਰ. ਐੱਸ. ਐੱਸ. ਬੁਲਾਰੇ

ਆਮ ਤੌਰ 'ਤੇ ਸਾਰੇ ਹਿੰਦੀ ਸਮਾਚਾਰ ਚੈਨਲ ਹਰ ਰੋਜ਼ ਕਿਸੇ ਭਖਦੇ ਚਲੰਤ ਮਸਲੇ ਬਾਰੇ ਬਹਿਸ ਕਰਵਾਉਂਦੇ ਰਹਿੰਦੇ ਹਨ, ਜਿਸ ਵਿਚ ਸ਼ਾਮਿਲ ਹੋਣ ਲਈ ਐਂਕਰ ਵੱਲੋਂ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ, ਤਾਂ ਜੋ ਆਪਣੀ-ਆਪਣੀ ਪਾਰਟੀ ਦਾ ਉਸ ਮਸਲੇ ਬਾਰੇ ਵਿਚਾਰ ਜਾਂ ਸਟੈਂਡ ਰੱਖ ਸਕਣ। ਕਈ ਚੈਨਲ ਲਗਪਗ ਹਰ ਬਹਿਸ ਵਿਚ ਹਿੱਸਾ ਲੈਣ ਲਈ ਆਰ. ਐੱਸ. ਐੱਸ. ਦੇ ਬੁਲਾਰਿਆਂ ਨੂੰ ਬੁਲਾ ਲੈਂਦੇ ਹਨ, ਜਦੋਂ ਕਿ ਉਸ ਪੈਨਲ ਵਿਚ ਭਾਜਪਾ ਦਾ ਬੁਲਾਰਾ ਵੀ ਹੁੰਦਾ ਹੈ। ਸੰਘ ਪਰਿਵਾਰ ਨੇ ਵੀ ਭਾਜਪਾ ਦੇ ਪੱਖ ਵਿਚ ਹੀ ਬੋਲਣਾ ਹੁੰਦਾ ਹੈ। ਆਰ. ਐੱਸ. ਐੱਸ. ਕੋਈ ਰਾਜਸੀ ਪਾਰਟੀ ਨਹੀਂ ਹੈ, ਇਸ ਲਈ ਉਸ ਨੂੰ ਬੁਲਾਉਣਾ ਗ਼ਲਤ ਹੈ। ਇਕ ਪੈਨਲ ਵਿਚ ਕਾਂਗਰਸ ਦੀ ਪ੍ਰਵਕਤਾ ਨੇ ਇਸ 'ਤੇ ਇਤਰਾਜ਼ ਕੀਤਾ ਸੀ ਜੋ ਕਿ ਬਿਲਕੁਲ ਠੀਕ ਸੀ। ਜਿਸ ਮਸਲੇ ਬਾਰੇ ਆਰ. ਐੱਸ. ਐੱਸ. ਦਾ ਸਬੰਧ ਨਾ ਹੋਵੇ, ਉਸ ਦੇ ਬੁਲਾਰੇ ਨੂੰ ਨਹੀਂ ਬੁਲਾਇਆ ਜਾਣਾ ਚਾਹੀਦਾ। ਦੂਜੀਆਂ ਪਾਰਟੀਆਂ ਨੂੰ ਉਸ ਪੈਨਲ ਦਾ ਬਾਈਕਾਟ ਕਰਕੇ ਆ ਜਾਣਾ ਚਾਹੀਦਾ ਹੈ। ਇਨ੍ਹਾਂ ਬਹਿਸ ਦੇ ਪ੍ਰੋਗਰਾਮਾਂ ਵਿਚ ਸਿੱਖ ਪ੍ਰਤੀਨਿਧੀਆਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਹੈ।

-ਹਰਬੀਰ ਸਿੰਘ ਭੰਵਰ
ਲੁਧਿਆਣਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX