ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 18 ਚੇਤ ਸੰਮਤ 548
ਵਿਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜਵੈਲਟ

ਕਿਤਾਬਾਂ

26-3-2016

 ਸਮੁੰਦਰ ਦਾ ਆਦਮੀ
ਲੇਖਕ : ਪਰਮਜੀਤ ਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 112
ਸੰਪਰਕ : 98761-22170.


ਇਨ੍ਹਾਂ ਕਹਾਣੀਆਂ ਵਿਚ ਰਿਸ਼ਤਿਆਂ ਵਿਚਲੀਆਂ ਤੈਹਾਂ, ਉਨ੍ਹਾਂ ਵਿਚ ਮੋਹ-ਪਿਆਰ, ਲਗਾਓ, ਸ਼ੱਕ ਤੇ ਟਕਰਾਅ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਗਈ ਹੈ। ਪਤੀ-ਪਤਨੀ ਵਿਚ ਲੰਮਾ ਸਮਾਂ ਦੂਰੀ ਜੀਵਨ ਨੂੰ ਬੇਰੰਗ ਕਰ ਦਿੰਦੀ ਹੈ ਤੇ ਰਿਸ਼ਤੇ ਵਿਚ ਦਰਾਰ ਵੀ ਪੈ ਜਾਂਦੀ ਹੈ। ਸਾਰੀਆਂ ਹੀ ਕਹਾਣੀਆਂ ਸਮੁੰਦਰ ਤੇ ਮਨੁੱਖੀ ਮਾਨਸਿਕਤਾ ਦੁਆਲੇ ਘੁੰਮਦੀਆਂ ਹਨ। ਜਹਾਜ਼ਾਂ ਵਿਚ ਨੌਕਰੀ ਕਰਨ ਵਾਲਿਆਂ ਲਈ ਸਮੁੰਦਰ ਜਿਥੇ ਵਰਦਾਨ ਹੈ, ਉਥੇ ਸਰਾਪ ਵੀ ਬਣ ਜਾਂਦਾ ਹੈ। 'ਬੰਦ ਦਰਵਾਜ਼ਾ' ਕਹਾਣੀ ਵਿਚ ਮਨੁੱਖੀ ਭਾਵਨਾਵਾਂ, ਮਾਨਸਿਕ ਸਥਿਤੀ ਤੇ ਪਿਆਰ ਵਿਚ ਧੋਖਾ ਨੂੰ ਚਿਤਰਿਆ ਗਿਆ ਹੈ। 'ਡਾਲਰ' ਕਹਾਣੀ ਵਿਚ ਪਤੀ-ਪਤਨੀ ਦੇ ਰਿਸ਼ਤੇ ਵਿਚ ਆਰਥਿਕਤਾ ਨੂੰ ਪਹਿਲ ਦੇ ਕੇ ਦਰਸਾਇਆ ਹੈ ਜੋ ਪੱਛਮ ਦੀ ਦੇਣ ਹੈ। 'ਤੂਫ਼ਾਨ ਅੰਦਰ ਤੂਫ਼ਾਨ' ਵਿਚ ਸਮੁੰਦਰ ਵਿਚ ਆਏ ਤੂਫ਼ਾਨ ਤੇ ਮਨ ਦੇ ਤੂਫ਼ਾਨ ਵਾਲੀ ਪ੍ਰਸਥਿਤੀ ਨੂੰ ਪੇਸ਼ ਕੀਤਾ ਹੈ ਜੋ ਕਰਮਚਾਰੀਆਂ ਨਾਲ ਅਕਸਰ ਵਾਪਰਦਾ ਹੈ। ਪਾਤਰ ਦੀਦਾਰ ਦੂਰ ਰਹਿ ਕੇ ਵੀ ਆਪਣੀ ਪਤਨੀ ਪ੍ਰਤੀ, ਸੱਭਿਆਚਾਰ ਪ੍ਰਤੀ ਵਫ਼ਾਦਾਰ ਦਰਸਾਇਆ ਹੈ। ਜਹਾਜ਼ ਦੇ ਕੈਪਟਨ ਤੇ ਕਰਮਚਾਰੀਆਂ ਦੀ ਮਾਨਸਿਕ ਉਲਝਣ ਨੂੰ ਪੇਸ਼ ਕਰਦੀ ਕਹਾਣੀ ਹੈ 'ਮੌਤ ਦਾ ਘੇਰਾ'। ਔਰਤ ਦੇ ਮਨ ਵਿਚਲੀਆਂ ਭਾਵਨਾਵਾਂ, ਜੋ ਪਤੀ ਪਿਆਰ ਦੇ ਦੋ ਬੋਲਾਂ ਨੂੰ ਤਰਸਦੀ ਹੈ ਪਰ ਪਤੀ ਵੱਲੋਂ ਪ੍ਰਗਟਾ ਨਾ ਹੋਣ 'ਤੇ ਮਨ ਨੂੰ ਠੇਸ ਲਗਣੀ ਤੇ ਡਿਗਦੀ-ਢਹਿੰਦੀ, ਉਤਰਾ-ਚੜ੍ਹਾਅ ਵਾਲੀ ਮਾਨਸਿਕਤਾ ਉੱਭਰ ਕੇ ਸਾਹਮਣੇ ਆਉਂਦੀ ਹੈ। ਜਲ ਪਰੀ ਦੀ ਹਕੀਕਤ ਮਨੁੱਖੀ ਮਨ ਦੇ ਵਲਵਲੇ, ਸਮੁੰਦਰ ਦਾ ਬੁਲਾਵਾ ਦਾ ਚਿਤਰਨ 'ਜਲ ਪਰੀ' ਤੇ ਐਂਡਰੀਅਨ ਦੀ ਉਡੀਕ' ਕਹਾਣੀਆਂ ਵਿਚ ਕੀਤਾ ਗਿਆ ਹੈ।
ਕਹਾਣੀਆਂ ਰੌਚਕ, ਸਰਲ ਤੇ ਸਾਦਾ ਭਾਸ਼ਾ ਵਿਚ ਪਾਠਕ ਦੇ ਮਨਾਂ ਨੂੰ ਕੀਲ ਲੈਂਦੀਆਂ ਹਨ। ਵੱਖ-ਵੱਖ ਟਾਪੂਆਂ, ਬੰਦਰਗਾਹਾਂ, ਸੱਭਿਆਚਾਰ ਤੇ ਰਿਸ਼ਤਿਆਂ ਨੂੰ ਲੇਖਕ ਨੇ ਡੂੰਘਾਈ ਵਿਚ ਜਾ ਕੇ ਪੇਸ਼ ਕੀਤਾ ਹੈ ਜੋ ਲੇਖਕ ਦੇ ਨਿੱਜੀ ਜੀਵਨ ਉੱਤੇ ਆਧਾਰਿਤ ਹਨ।


ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.ਗੀਤ ਲੋਕ
ਬਾਬੂ ਸਿੰਘ ਮਾਨ
ਲੇਖਿਕਾ : ਰਮਨਦੀਪ ਕੌਰ ਪੈਰੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 99887-22795.


ਹੱਥਲੀ ਪੁਸਤਕ ਬਾਬੂ ਸਿੰਘ ਮਾਨ (ਮਰਾੜਾਂ ਵਾਲੇ) ਦੀ ਪ੍ਰਤਿਭਾ ਦੇ ਅਨੇਕਾਂ ਲੁਪਤ ਪੱਖਾਂ ਨੂੰ ਪ੍ਰਗਟ ਕਰਦੀ ਹੈ। ਲੇਖਿਕਾ ਦੀ ਇਹ ਪੁਸਤਕ ਭਾਵੇਂ ਪਹਿਲੀ-ਰਚਨਾ ਹੈ, ਪਰ ਜਿਸ ਖੋਜ-ਪੱਧਤੀ ਜ਼ਰੀਏ ਉਸ ਨੇ ਬਾਬੂ ਸਿੰਘ ਮਾਨ ਦੀ ਸਮੁੱਚੀ ਦੇਣ ਨੂੰ ਪ੍ਰਗਟ ਕੀਤਾ ਹੈ, ਨਿਸਚੈ, ਉਹ ਗੰਭੀਰ ਚਿੰਤਨਧਾਰਾ ਦੇ ਪ੍ਰਤਿਮਾਨਾਂ ਨੂੰ ਉਭਾਰਦੀ ਹੈ। ਗੀਤ ਦੀ ਵਰਗ ਵੰਡ, ਲੋਕ ਗੀਤ ਨਾਲੋਂ ਸਾਹਿਤਕ ਗੀਤ ਦਾ ਨਿਖੇੜਾ, ਗੀਤ ਦੇ ਵਿਭਿੰਨ ਰੂਪ ਅਤੇ ਇਸ ਦੇ ਵੱਖਰੇ ਪਛਾਣ-ਚਿੰਨ੍ਹਾਂ ਦੀ ਸਥਾਪਤੀ ਉਪਰੰਤ ਲੋਕਧਾਰਾਈ ਅਧਿਐਨ ਵਿਧੀ ਦੇ ਵਿਭਿੰਨ ਸਰੋਕਾਰਾਂ ਨੂੰ ਗੀਤ-ਸਰੰਚਨਾ ਦੇ ਮਾਡਲਾਂ ਜ਼ਰੀਏ ਪਰਖਿਆ ਵਿਚਾਰਿਆ ਗਿਆ ਅਤੇ ਮੌਲਿਕ ਸਿੱਟਿਆਂ ਦਾ ਨਿਰੂਪਣ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਸਿਧਾਂਤਕ ਮਾਡਲਾਂ ਉਪਰੰਤ ਬਾਬੂ ਸਿੰਘ ਮਾਨ ਦੇ ਸਿਰਜਣ ਜਗਤ ਦਾ ਨਿੱਠ ਕੇ ਵਿਸ਼ਾਗਤ ਵਿਸ਼ਲੇਸ਼ਣ ਪੇਸ਼ ਕੀਤਾ ਹੈ ਅਤੇ ਇਸ ਤੋਂ ਅੱਗੇ ਜਾ ਕੇ ਬਾਬੂ ਸਿੰਘ ਮਾਨ ਦੇ ਗੀਤਾਂ ਦਾ ਵਿਵਹਾਰਿਕ ਪੱਧਤੀ ਅਨੁਸਾਰ ਲੋਕਧਾਰਾਈ ਅਧਿਐਨ ਕੀਤਾ ਗਿਆ ਹੈ। ਇਹ ਦੋਵੇਂ ਅਧਿਆਇ ਲੇਖਿਕਾ ਦੀ ਪ੍ਰਤੀਬੱਧਤਾ ਅਤੇ ਮਾਨ ਸਾਹਿਬ ਦੀ ਸਮੁੱਚੀ ਗੀਤ ਰਚਨਾ ਦੇ ਨਵੇਂ-ਨਿਵੇਕਲੇ ਪੱਖਾਂ ਦਾ ਅਰਥ-ਬੋਧ ਪ੍ਰਗਟਾਉਂਦੇ ਹੋਏ, ਉਸ ਦੀ ਗੀਤਕਾਰੀ ਦੇ ਵਿਲੱਖਣ ਪਹਿਲੂਆਂ ਦਾ ਉਦਾਹਰਣ-ਦਰ-ਉਦਾਹਰਣ ਪ੍ਰਗਟਾਵਾ ਵੀ ਹਨ। ਮਾਨ ਰਚਿਤ ਗੀਤਾਂ ਦੀਆਂ ਵਿਸ਼ੈਗਤ ਅਨੇਕ ਵੰਨਗੀਆਂ, ਰੂਪ ਪੱਖੋਂ ਹੋਰਨਾਂ ਗੀਤਕਾਰਾਂ ਨਾਲੋਂ ਭਿੰਨਤਾ ਅਤੇ ਵੱਖਰੇ ਮੁਹਾਂਦਰੇ ਦਾ ਚਿੱਤਰ ਇਨ੍ਹਾਂ ਚੈਪਟਰਾਂ 'ਚੋਂ ਹੀ ਉਦੈਮਾਨ ਹੁੰਦਾ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਅੰਗ ਉਹ ਵੀ ਹੈ, ਜਿੱਥੇ ਲੇਖਿਕਾ ਨੇ ਬਾਬੂ ਸਿੰਘ ਮਾਨ ਨਾਲ ਕੀਤੀ ਨਿੱਜੀ ਮੁਲਾਕਾਤ ਨੂੰ ਅੰਕਿਤ ਕੀਤਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਜੀਵਨ-ਬਿਊਰਾ, ਉਸ ਦੁਆਰਾ ਰਚਿਤ ਪੁਸਤਕਾਂ ਦਾ ਵੇਰਵਾ, ਉਸ ਨੂੰ ਮਿਲੇ ਮਾਣ-ਸਨਮਾਨ, ਉਸ ਦੇ ਰਿਕਾਰਡਿਡ ਗੀਤਾਂ ਦੀ ਸੂਚੀ, ਗੀਤਾਂ ਨੂੰ ਗਾਉਣ ਵਾਲਿਆਂ ਦੇ ਨਾਂਅ, ਉਸ ਦੇ ਫ਼ਿਲਮੀ ਗੀਤ, ਗੀਤਾਂ ਸਬੰਧੀ ਹੋਈ ਖੋਜ ਆਦਿ ਦਾ ਵੇਰਵਾ ਵੀ ਤਸਦੀਕ ਕੀਤਾ ਹੈ। ਲੇਖਿਕਾ ਦਾ ਇਹ ਕਾਰਜ ਸਲਾਹੁਣਯੋਗ ਹੈ।


ਂਡਾ: ਜਗੀਰ ਸਿੰਘ ਨੂਰ
ਮੋ: 9814209732.

 

 

ਓਇ ਭੀ ਚੰਦਨੁ ਹੋਇ ਰਹੇ
ਲੇਖਕ : ਦਲਵੀਰ ਸਿੰਘ ਲੁਧਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 94170-01983.


ਇਸ ਨਾਵਲ ਵਿਚ ਕਥਾਕਾਰ ਨੇ ਦੋ ਪਰਿਵਾਰਾਂ ਦੇ ਪਾਤਰ ਲਾਏ ਹਨ ਜੋ ਕਿ ਪੁੱਜ ਕੇ ਅਮੀਰ ਹਨ ਤੇ ਆਪਣਾ ਇਲਾਜ ਕਰਵਾਉਣ ਲਈ ਕਰੋੜਾਂ ਰੁਪਏ ਤੇ ਲੱਖਾਂ ਡਾਲਰ ਖਰਚ ਕਰ ਸਕਦੇ ਹਨ। ਇਸ ਵਿਚ ਗਰੀਬ ਪਾਤਰਾਂ ਨੂੰ ਕੋਈ ਸਥਾਨ ਹਾਸਲ ਨਹੀਂ ਹੈ। ਨਾਵਲ ਦੇ ਸਾਰੇ ਪਾਤਰ ਧਾਰਮਿਕ ਬਿਰਤੀ ਵਾਲੇ ਅਤੇ ਭਾਣਾ ਮੰਨਣ ਵਾਲੇ ਹਨ। ਨਾਵਲ ਦੀ 'ਸੁਜੇਤ' ਨੂੰ ਛੇ ਕਾਂਡਾਂ ਅਤੇ ਅੱਗੋਂ ਉਪ ਕਾਂਡਾਂ ਵਿਚ ਵੰਡਿਆ ਗਿਆ ਹੈ। ਲੇਖਕ ਨੇ ਨਾਵਲ ਦਾ ਸਿਰਲੇਖ 'ਓਇ ਭੀ ਚੰਦਨੁ ਹੋਇ ਰਹੇ' ਕਬੀਰ ਬਾਣੀ ਵਿਚੋਂ ਲਿਆ ਹੈ। ਇਸ ਦਾ ਭਾਵ ਹੈ ਕਿ ਬੰਦਾ ਚੰਗੀ ਸੰਗਤ ਵਿਚ ਰਹਿ ਕੇ ਚੰਗੇ ਗੁਣ ਗ੍ਰਹਿਣ ਕਰ ਲੈਂਦਾ ਹੈ। ਲੇਖਕ ਨੇ ਲੜਕੀਆਂ ਦੀ ਵਿੱਦਿਆ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਲੜਕਿਆਂ ਵਾਂਗ ਹੀ ਕਰਨ ਦਾ ਸੁਝਾਅ ਦਿੱਤਾ ਹੈ। ਲੇਖਕ ਉਪਦੇਸ਼ ਕਰਦਾ ਹੈ ਕਿ ਦੁੱਖ ਅਤੇ ਸੁੱਖ ਦੋਵੇਂ ਹੀ ਜੀਵਨ ਦਾ ਅੰਗ ਹਨ। ਘਣੇ ਦੁੱਖ ਵਿਚ ਵੀ ਲੇਖਕ ਆਸ਼ਾਵਾਦੀ ਦ੍ਰਿਸ਼ਟੀਕੋਣ ਦਾ ਸੰਦੇਸ਼ ਦਿੰਦਾ ਹੈ। ਇਸ ਨਾਵਲ ਵਿਚ ਸ਼ਿਮਲਾ, ਮਸੂਰੀ ਆਦਿ ਪਹਾੜੀ ਸਥਾਨਾਂ ਅਤੇ ਅਮਰੀਕਾ ਦੀਆਂ ਵੇਖਣਯੋਗ ਥਾਵਾਂ/ਸੰਸਥਾਵਾਂ ਦਾ ਪ੍ਰਕਿਰਤੀ ਚਿਤਰਨ ਬਾਖੂਬੀ ਉਘਾੜਿਆ ਹੈ। ਲੇਖਕ ਦਾ ਪਲੇਠਾ ਨਾਵਲ ਹੋਣ ਕਰਕੇ ਇਸ ਵਿਚ 'ਦੁਹਰਾਅ' ਬਹੁਤ ਜ਼ਿਆਦਾ ਹੈ। 'ਓਇ ਭੀ ਚੰਦਨੁ ਹੋਇ ਰਹੇ' ਤੇ 'ਰੱਬ ਦੇ ਘਰ ਦੇਰ ਹੈ ਹਨੇਰ ਨਹੀਂ' ਦਾ ਵਾਰ-ਵਾਰ ਦੁਹਰਾਅ ਨਾਵਲ ਵਿਚ 'ਇਕਮੁਠਤਾ' ਪੈਦਾ ਕਰਦਾ ਹੈ। ਲੇਖਕ ਨੇ ਆਪਣੇ ਬਿਰਤਾਂਤ ਰੋਕ ਕੇ ਅਨੇਕਾਂ ਥਾਵਾਂ 'ਤੇ 'ਗਲਪ ਕਾਰੋ ਵਾਚ' ਰਾਹੀਂ ਜੀਵਨ ਬਾਰੇ ਭਾਵਪੂਰਤ ਟਿੱਪਣੀਆਂ ਪੇਸ਼ ਕੀਤੀਆਂ ਹਨ। ਨਾਵਲ ਵਿਚ ਪੂਰਵ ਸੰਕੇਤ ਮਿਲਣ ਕਾਰਨ ਉੱਤਰਵਰਤੀ ਘਟਨਾਵਾਂ ਸਬੰਧੀ ਪਾਠਕ ਪਹਿਲਾਂ ਹੀ ਅੰਦਾਜ਼ਾ ਲਗਾ ਲੈਂਦਾ ਹੈ। ਨਾਵਲਕਾਰ ਨੇ ਨਾਵਲ ਵਿਚ 'ਸ਼ੰਕਾ' ਅਤੇ 'ਟਕਰਾਅ' ਦੀ ਸਥਿਤੀ ਤੋਂ ਸੰਕੋਚ ਕੀਤਾ ਹੈ। ਜੇ ਕਿਧਰੇ ਕੋਈ ਟਕਰਾਅ ਦੀ ਸੰਭਾਵਨਾ ਵੀ ਪੈਦਾ ਹੋਈ ਹੈ ਤਾਂ ਉਸ ਦਾ ਸਮਾਧਾਨ ਵੀ ਤੁਰੰਤ ਹੀ ਹੋ ਜਾਂਦਾ ਹੈ। ਨਾਵਲ ਵਿਚ ਬਹੁਤੀਆਂ ਗੱਲਾਂ ਵਿਚ ਸੰਚਾਰ ਮਾਧਿਅਮ ਫੋਨ ਅਤੇ ਡਾਇਰੀ ਵਾਰਤਾਲਾਪ ਹਨ। ਸਮੁੱਚੇ ਰੂਪ ਵਿਚ ਇਹ ਨਾਵਲ ਸੁਧਾਰਵਾਦੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ।


ਂਧਰਮ ਚੰਦ ਵਾਤਿਸ਼
ਮੋ: 98144-46007.ਨੀ ਮਾਂ
ਲੇਖਿਕਾ : ਸੈਂਡੀ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 104
ਸੰਪਰਕ : 0172-4608699.


ਅਜੋਕੇ ਸਮੇਂ ਵਿਚ ਸੰਚਾਰ ਸਾਧਨਾਂ ਦੀਆਂ ਵਿਕਸਤ ਵਿਧੀਆਂ (ਤਕਨੀਕਾਂ) ਰਾਹੀਂ ਰਚੀ ਜਾ ਰਹੀ ਕਵਿਤਾ ਦੀ ਇਕ ਵੰਨਗੀ ਸੈਂਡੀ ਗਿੱਲ ਦੀ 'ਨੀ ਮਾਂ' ਕਾਵਿ-ਪੁਸਤਕ ਹੈ। 'ਫੇਸਬੁੱਕ ਅਤੇ ਯੂ ਟਿਊਬ ਉੱਪਰ ਸਮੇਂ-ਸਮੇਂ ਪੇਸ਼ ਕੀਤੀਆਂ ਕਵਿਤਾਵਾਂ ਨੂੰ ਪੰਜਾਬੀ ਕਾਵਿ-ਜਗਤ ਸਨਮੁੱਖ ਕੀਤਾ ਗਿਆ ਹੈ। ਕਵਿਤਰੀ ਤੇ ਕਲਾਕਰ ਸੈਂਡੀ ਗਿੱਲ ਦਾ ਬਹੁਤਾ ਸਿਰਜਣਾਤਮਿਕ ਕਾਰਜ ਭਾਵੇਂ ਰੁਮਾਂਟਿਕ ਨਜ਼ਰੀਏ ਰਾਹੀਂ ਸੰਚਾਰ ਕਰਦਾ ਹੈ ਪਰ ਇਸ ਵਿਚ ਸੋਚਾਂ, ਜਜ਼ਬਿਆਂ ਦੇ ਕਈ ਰੰਗ ਹਨ। ਇਸ ਸਾਰੀ ਕਵਿਤਾ ਵਿਚ ਮੁਹੱਬਤ ਦਾ ਅਹਿਸਾਸ ਵਧੇਰੇ ਤੀਖਣਤਾ ਨਾਲ ਪੇਸ਼ ਹੁੰਦਾ ਹੈਂ
ਪਲਕਾਂ ਨਾਲ ਖਹਿੰਦੀ ਮੇਰੇ ਸੁਰਮੇ ਦੀ ਧਾਰ ਸੀ
ਕੱਲ੍ਹ ਵਾਲੀ ਦੀਦ ਦਾ ਹਾਲੇ ਵੀ ਖੁਮਾਰ ਸੀ
ਮੇਰੇ ਛਾਲਿਆਂ ਤੇ ਕਰੇ ਕੋਸੇ ਸਾਹਾਂ ਦੀ ਟਕੋਰ
ਤਾਂ ਹੀ ਰੁਲ੍ਹਣੇ ਦੀ ਥਲਾਂ ਵਿਚ ਰੀਝ ਬੇਸ਼ੁਮਾਰ ਸੀ।
ਕਵਿਤਰੀ ਦਾ ਇਹ ਉਪਰਾਲਾ ਨਿਵੇਕਲਾ ਹੈ। ਵੱਡ-ਆਕਾਰੀ ਆਰਟ ਪੇਪਰ 'ਤੇ ਚਿੱਤਰਾਂ ਨਾਲ ਛਪੀ ਇਹ ਪੁਸਤਕ ਇਕ ਨਿਵੇਕਲਾ ਯਤਨ ਹੈ। ਮੁਢਲੇ ਸ਼ਬਦ ਸੁਰਜੀਤ ਪਾਤਰ ਵੱਲੋਂ ਲਿਖੇ ਗਏ ਹਨ। ਸੈਂਡੀ ਗਿੱਲ ਨੂੰ ਅਜੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ। ਬਹੁਤੇ ਥਾਈਂ ਬਹਿਰ ਦਾ ਨਿਭਾਅ ਨਹੀਂ ਹੋ ਸਕਿਆ। ਕਿਤੇ-ਕਿਤੇ ਕੋਈ ਵਿਰਲੀ ਟਾਵੀਂ ਗ਼ਜ਼ਲ ਵਿਚ ਰੜਕ ਹੈਂ
ਮੋਰ ਆਉਣਗੇ ਮੇਰੀ ਕੈਨਵਸ ਤੇ ਪੈਲਾਂ ਪਾਉਣ ਨੂੰ,
ਰੰਗਾਂ ਦੀ ਕਿਣਮਿਣ ਨਾਲ ਏਥੇ ਮੌਨਸੂਨ ਹੋਣਗੇ।
ਲੇਖਿਕਾ ਲਈ ਮੁਹੱਬਤ ਦੇ ਨਾਲ-ਨਾਲ ਸਮਾਜ ਨੂੰ ਸਮਝਣਾ ਵੀ ਜ਼ਰੂਰੀ ਹੈ। ਸਮਾਜ ਨਾਲੋਂ ਟੁੱਟੀ ਰਚਨਾ ਆਪਣਾ ਕਰਤੱਵ ਨਹੀਂ ਨਿਭਾਅ ਸਕਦੀ। ਮਨ ਵਿਚਲੇ ਭਾਵਾਂ/ਖਿਆਲਾਂ ਨੂੰ ਪਕੜਨ ਦੀ ਸ਼ਿੱਦਤ ਨੂੰ ਸ਼ਬਦਾਂ ਅਤੇ ਕਲਪਨਾ ਰਾਹੀਂ ਪਕੜਨਾ ਪੈਂਦਾ ਹੈ।


ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

 

ਗਿੱਲ ਮੋਰਾਂਵਾਲੀ ਦੀ ਨਾਰੀ-ਸੰਵੇਦਨਾ
ਸਮਾਲੋਚਕ : ਡਾ: ਪ੍ਰਿਥਵੀ ਰਾਜ ਥਾਪਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 098184-11018.


ਪੁਸਤਕ ਨੂੰ 8 ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਭਾਗ ਨੂੰ ਇਕ ਕਾਂਡ ਪ੍ਰਦਾਨ ਕੀਤਾ ਗਿਆ ਹੈ ਜਿਵੇਂ 1. ਗਿੱਲ ਮੋਰਾਂਵਾਲੀ ਦਾ ਸਾਹਿਤਕ ਸਰਵੇਖਣ, 2. ਪੰਜਾਬੀ ਨਾਰੀ ਕਾਵਿ ਅਤੇ ਗਿੱਲ ਮੋਰਾਂਵਾਲੀ, 3. ਬਾਬਲ ਜਾਈ ਕੀ ਕਰੇ, 4. ਅੰਮੀ ਜਾਈ ਕੀ ਕਰੇ, 5. ਸੁਣ ਮਾਏ ਸੁਣ ਬਾਬਲਾ, 6. ਨਿਸ਼ਕਰਸ਼, 7. ਗਿੱਲ ਮੋਰਾਂਵਾਲੀ ਨਾਲ ਇਕ ਮੁਲਾਕਾਤ, 8. ਅੰਤਿਕਾ। ਇਸ ਪੁਸਤਕ ਵਿਚ ਉਕਤ ਤਿੰਨ ਕਾਵਿ ਪੁਸਤਕਾਂ ਜੋ ਕਿ ਗਿੱਲ ਮੋਰਾਂਵਾਲੀ ਵੱਲੋਂ ਸਿਰਜਤ ਹਨ, ਨੂੰ ਸਮਾਲੋਚਨਾ ਦਾ ਆਧਾਰ ਬਣਾਇਆ ਗਿਆ ਹੈ। ਪਹਿਲੇ ਭਾਗ 'ਗਿੱਲ ਮੋਰਾਂਵਾਲੀ ਦਾ ਸਾਹਿਤਕ ਸਰਵੇਖਣ' ਵਿਚ ਮੋਰਾਂਵਾਲੀ ਦੇ ਸਾਹਿਤਕ ਸਫ਼ਰ ਬਾਰੇ ਵਿਸਤ੍ਰਤ ਜਾਣਕਾਰੀ ਹੈ। ਇਸ ਕਾਂਡ ਤੋਂ ਪਤਾ ਲਗਦਾ ਹੈ ਕਿ ਪਰਵਾਸੀ ਸ਼ਾਇਰ ਮਹਿੰਦਰ ਸਿੰਘ ਗਿੱਲ ਮੋਰਾਂਵਾਲੀ ਨੇ ਪਹਿਲਾ ਕਾਵਿ ਸੰਗ੍ਰਹਿ 1964 ਵਿਚ ਪ੍ਰਕਾਸ਼ਿਤ ਕਰਵਾਇਆ ਸੀ ਅਤੇ ਅਗਲੇ ਤਿੰਨ ਦਹਾਕਿਆਂ ਵਿਚ ਉਸ ਨੇ ਇਕ ਦਰਜਨ ਕਾਵਿ ਪੁਸਤਕਾਂ ਦੀ ਸਿਰਜਣਾ ਕੀਤੀ, ਜਿਨ੍ਹਾਂ ਵਿਚ ਲਲਕਾਰ, ਮੈਅਖਾਨਾ, ਜਾਗ ਪਏ ਹਿੰਦ ਦੇ ਜਵਾਨ, ਕੈਫ-ਏ-ਗ਼ਜ਼ਲ, ਮਿੱਟੀ ਦੀ ਸੁਗੰਧ ਆਦਿ ਕਾਫੀ ਚਰਚਿਤ ਹੋਈਆਂ। ਉਹ ਅੱਜਕਲ੍ਹ ਕੈਨੇਡਾ ਵਸਦਾ ਹੈ ਪਰ ਉਸ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਕਵਿਤਾ ਲਈ ਜਿਥੇ ਨਿੱਜੀ ਰਚਨਾ ਕਰਕੇ ਸੇਵਾ ਭਾਵਨਾ ਉਜਾਗਰ ਕੀਤੀ ਹੈ, ਉਥੇ ਲੇਖਕ ਜਥੇਬੰਦੀਆਂ ਵਿਚ ਵੀ ਕਾਰਜ ਕਰਕੇ ਕੈਨੇਡਾ ਵਿਚ ਪੰਜਾਬੀ ਕਲਚਰ, ਭਾਸ਼ਾ ਤੇ ਸਾਹਿਤ ਨੂੰ ਤਰੱਕੀ ਬਖਸ਼ੀ। ਸਮਾਲੋਚਕ ਨੇ ਲਿਖਿਆ ਹੈ ਕਿ ਗਿੱਲ ਮੋਰਾਂਵਾਲੀ ਦੋਹਿਆਂ ਦਾ ਉਸਤਾਦ ਹੈ ਅਤੇ ਕਈ ਕਾਵਿ ਪੁਸਤਕਾਂ ਉਸ ਨੇ ਦੋਹਿਆਂ ਵਿਚ ਹੀ ਲਿਖੀਆਂ ਹਨ।
ਪੁਸਤਕ ਦੇ ਸਤਵੇਂ ਭਾਗ ਦਾ ਵਿਵਰਣ ਬੇਸ਼ਕੀਮਤੀ ਹੈ, ਜਿਸ ਵਿਚ ਕੈਨੇਡਾ ਵਿਚ ਪੰਜਾਬੀ ਅਤੇ ਸਾਹਿਤ ਦੀ ਪ੍ਰਫੁੱਲਤਾ ਵਿਚ ਕਵੀ ਗਿੱਲ ਮੋਰਾਂਵਾਲੀ ਦਾ ਜ਼ਿੰਦਗੀ ਭਰ ਦਾ ਯੋਗਦਾਨ ਹੈ। ਕਿਸੇ ਪਰਵਾਸੀ ਸ਼ਾਇਰ, ਜਿਸ ਨੇ ਉਮਰ ਭਰ ਸਾਹਿਤ, ਭਾਸ਼ਾ ਅਤੇ ਨਾਰੀ ਚੇਤਨਾ ਵਾਸਤੇ ਕਾਰਜਸ਼ੀਲਤਾ ਵਿਖਾਈ ਹੋਵੇ।


ਂਸੁਲੱਖਣ ਸਰਹੱਦੀ
ਮੋ: 94174-84337.

 

 

 

ਉਮਰਾਂ ਦਾ ਬਨਵਾਸ
ਲੇਖਕ : ਮੀਤ ਅਨਮੋਲ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 80544-69900.


ਇਸ ਕਾਵਿ ਸੰਗ੍ਰਹਿ ਵਿਚ ਲੇਖਕ ਨੇ ਮੁਹੱਬਤ, ਬਿਰਹਾ ਅਤੇ ਮਿਲਾਪ ਬਾਰੇ ਆਪਣੇ ਅਹਿਸਾਸਾਂ ਨੂੰ ਕਾਵਿਬੱਧ ਕੀਤਾ ਹੈ। ਮੀਤ ਅਨਮੋਲ ਸਰਲ, ਸਪੱਸ਼ਟ ਭਾਸ਼ਾ ਰਾਹੀਂ ਆਪਣੇ ਮਨ ਦੀ ਬਾਤ ਪਾਉਂਦਾ ਹੈ। ਉਹ ਮਨੋਭਾਵਾਂ ਦੀਆਂ ਉਡਾਰੀਆਂ ਲਾਉਂਦਾ ਹੈ। ਉਸ ਦੀ ਕਾਵਿ-ਰਚਨਾ ਦਾ ਕੇਂਦਰੀ ਵਿਸ਼ਾ ਮੁਹੱਬਤ ਅਤੇ ਬਿਰਹਾ ਹੈ। ਉਸ ਦੀ ਮੁਹੱਬਤ ਦਾ ਅਹਿਸਾਸ ਨਿਰਾਸ਼ਾਵਾਦੀ ਹੈ। ਪਿਆਰੇ ਦੀ ਬੇਰੁਖੀ ਦਾ ਅਹਿਸਾਸ ਉਸ ਨੂੰ ਅੰਦਰ ਤੱਕ ਝੰਜੋੜਦਾ ਹੈ :
ਮੇਰੀ ਆਸ਼ਾਵਾਦੀ ਸੋਚ ਨੇ
ਮੇਰੇ ਤੋਂ ਸਭ ਕੁਝ ਖੋਹ ਲਿਆ
ਮੇਰਾ ਰੱਬ, ਮੇਰਾ ਪਰਿਵਾਰ, ਮੇਰੇ ਦੋਸਤ, ਮੇਰਾ ਮੀਤ
ਤੇ ਮੇਰਾ ਆਪਣਾ ਆਪ ਵੀ
ਤੇ ਹੁਣ ਮੈਂ ਖਾਲੀ ਹਾਂ, ਇਸ ਲਈ ਨਿਰਾਸ਼ਾਵਾਦੀ ਹਾਂ।
ਵਿਸ਼ਵੀਕਰਨ ਦੇ ਦੌਰ ਵਿਚੋਂ ਨੈਤਿਕ ਕਦਰਾਂ-ਕੀਮਤਾਂ ਦਾ ਡਿਗਦਾ ਮਿਆਰ, ਇਨਸਾਨੀ ਰਿਸ਼ਤਿਆਂ 'ਚ ਭਾਰੂ ਹੁੰਦਾ ਸਵਾਰਥ ਉਸ ਨੂੰ ਦੁਖੀ ਕਰਦਾ ਹੈ। ਉਦਯੋਗੀਕਰਨ ਦੇ ਇਸ ਦੌਰ ਵਿਚ ਰਿਸ਼ਤਿਆਂ ਦਾ ਵੀ ਜਿਵੇਂ ਮੰਡੀਕਰਨ ਹੋ ਰਿਹਾ ਹੈ। ਇਕੱਲਤਾ ਦਾ ਦੁੱਖ, ਮਾਨਸਿਕ ਦਵੰਦ, ਸੁਪਨਿਆਂ ਦਾ ਟੁੱਟਣਾ, ਆਧੁਨਿਕ ਯੁੱਗ ਵਿਚ ਮੱਧਕਾਲੀ ਮਨੁੱਖ ਦਾ ਦੁਖਾਂਤ ਹਨ। ਉਸ ਦੀਆਂ ਕਵਿਤਾਵਾਂ ਨੇਰੀ ਤੇ ਲਿਫ਼ਾਫ਼ੇ, ਦੀਵਾਲੀ, ਮਾਰਗ ਦਰਸ਼ਕ, ਆਖਰੀ ਖਾਹਿਸ਼, ਏਨਾ ਵੀ ਸੌਖਾ ਨਹੀਂ ਹੁੰਦਾ, ਖਿਆਲਾਂ ਦਾ ਸਰੋਵਰ, ਮੇਰਾ ਜੀਵਨ ਇਕ ਨਜ਼ਮ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਔਰਤ ਦੀ ਸਮਾਜਿਕ ਸਥਿਤੀ ਅਤੇ ਆਰਥਿਕ ਗੁਲਾਮੀ ਪ੍ਰਤੀ ਉਹ ਚਿੰਤਤ ਹੈ। ਉਸ ਦੀ ਕਵਿਤਾ 'ਔਰਤ, ਵੇਖੀ ਜਾ ਸਕਦੀ ਹੈ :
ਜਿਹੜੀ
ਆਪਣੇ ਹੀ ਤਨ ਦੇ ਹਿੱਸੇ ਨੂੰ
ਆਪਣੇ ਹੀ ਹੱਥੀਂ
ਦਿੰਦੀ ਏ ਮਾਰ, ਉਹ ਔਰਤ ਹੈ ਕਿੰਨੀ ਮਜਬੂਰ
ਕਿੰਨੀ ਲਾਚਾਰ!!
ਉਹ ਇਨਕਲਾਬੀ ਰੰਗ ਵਿਚ ਰੰਗਿਆ ਇਹ ਭਲੀਭਾਂਤ ਜਾਣਦਾ ਹੈ ਕਿ ਲੋਕਾਈ ਦੀ ਤਾਕਤ ਤਖ਼ਤੋਂ ਤਾਜ ਬਦਲ ਸਕਦੀ ਹੈ ਤੇ ਮਖੌਟਾਧਾਰੀ ਹਾਕਮ ਲੋਕਾਂ ਦੀ ਤਾਕਤ ਦੇ ਚਾਨਣ ਤੋਂ ਡਰਦੇ ਹਨ। ਕਵੀ ਦੀ ਕਾਵਿਕ ਸੁਰ ਗਿਲੇ ਭਰਪੂਰ ਹੈ, ਉਹ ਆਪਣੇ-ਆਪ ਨੂੰ ਹੀਣਾ ਮਹਿਸੂਸ ਕਰਦਾ ਹੈ, ਜਦ ਉਸ ਦਾ ਪਿਆਰਾ ਉਸ ਤੋਂ ਬੇਮੁੱਖ ਹੋ ਜਾਂਦਾ ਹੈ। ਕਵੀ ਨੇ ਵਿਅੰਗਮਈ ਅੰਦਾਜ਼ ਵਿਚ ਵੀ ਆਪਣੇ ਭਾਵ ਪ੍ਰਗਟ ਕੀਤੇ ਹਨ। ਉਸ ਨੇ ਇਨਸਾਨੀ ਮਨ ਦੇ ਅੰਦਰ ਦੀਆਂ ਕਈ ਪਰਤਾਂ ਖੋਲ੍ਹੀਆਂ ਹਨ। 'ਮੈਂ ਪਾਤਰ' ਕਵਿਤਾ ਰਾਹੀਂ ਇਕ ਇਨਸਾਨ ਅੰਦਰਲੇ ਅਨੇਕਾਂ ਭਾਵਾਂ ਨੂੰ ਕਵੀ ਨੇ ਉਭਾਰਿਆ ਹੈ।


ਂਪ੍ਰੋ: ਕੁਲਜੀਤ ਕੌਰ ਅਠਵਾਲਛੱਲਾ
ਲੇਖਕ : ਮੋਹਣ ਸਿੰਘ ਕੁੱਕੜਪਿੰਡੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 217
ਸੰਪਰਕ : 95019-63730.


ਮੋਹਣ ਸਿੰਘ ਕੁੱਕੜਪਿੰਡੀਆ ਇੰਗਲੈਂਡ ਦੇ ਪ੍ਰਵਾਸੀ ਪੰਜਾਬੀ ਲੇਖਕਾਂ ਵਿਚ ਚਰਚਿਤ ਨਾਂਅ ਹੈ, ਜੋ ਪਿਛਲੀ ਅੱਧੀ ਸਦੀ ਤੋਂ ਨਾਵਲ ਸਿਰਜਣਾ ਨਾਲ ਜੁੜਿਆ ਹੋਇਆ ਹੈ। 'ਛੱਲਾ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ। ਇਸ ਨਾਇਕ-ਪ੍ਰਧਾਨ ਨਾਵਲ ਵਿਚ ਉਹ ਸ਼ੈਲਿੰਦਰ ਉਰਫ਼ ਛੱਲੇ ਅਤੇ ਉਸ ਦੇ ਤਾਏ ਦੀ ਨੂੰਹ ਸਰਤਾਜ ਦੀ ਵਹੁਟੀ ਦੇ ਪ੍ਰੇਮ-ਪ੍ਰਸੰਗਾਂ ਦਾ ਬਿਰਤਾਂਤ ਪੇਸ਼ ਕਰਦਾ ਹੈ। ਛੱਲਾ ਆਪਣੀ ਕਮਸਿਨ ਉਮਰ ਤੋਂ ਹੀ ਆਪਣੀ ਭਰਜਾਈ ਬਲਵੀਰੋ ਅਰਥਾਤ ਬਿੱਲੋ ਨਾਲ ਮਾਨਸਿਕ ਰੂਪ ਵਿਚ ਜੁੜ ਗਿਆ ਸੀ। ਉਹ ਭਾਵੇਂ ਉਮਰ ਵਿਚ ਉਸ ਤੋਂ 8 ਵਰ੍ਹੇ ਛੋਟਾ ਸੀ ਪਰ ਲਾਡ-ਲਾਡ ਵਿਚ ਕੀਤਾ ਪ੍ਰੇਮ ਅਜਿਹਾ ਪ੍ਰਪੱਕ ਹੋਇਆ ਕਿ ਉਸ ਦੇ ਫ਼ੌਜੀ ਭਰਾ ਸਰਤਾਜ ਦੀ ਗ਼ੈਰ-ਹਾਜ਼ਰੀ ਵਿਚ ਦੇਹੀ-ਪ੍ਰੇਮ ਤੱਕ ਪਹੁੰਚ ਗਿਆ। ਫਿਰ ਇਹੋ ਪ੍ਰੇਮ ਕੁਰਬਾਨੀ ਦੇ ਜਜ਼ਬੇ ਨਾਲ ਲਬਰੇਜ਼ ਹੋ ਕੇ ਸਰਤਾਜ ਦੀ ਮੌਤ ਤੋਂ ਬਾਅਦ ਆਪਸੀ ਵਿਆਹ ਤੱਕ ਅੱਪੜ ਗਿਆ।
ਇਸ ਕਹਾਣੀ ਦੇ ਸਮਾਂਤਰ ਹੀ ਛੱਲੇ ਦੇ ਪੁਲਸੀਏ ਚਾਚੇ ਭਗਵੰਤ ਸਿੰਘ ਤੇ ਉਸ ਦੇ ਟੱਬਰ ਦੀ ਕਹਾਣੀ ਮੁੱਕਦੀ ਹੈ ਜੋ ਅੱਤਵਾਦ ਦੀ ਹਨੇਰੀ ਵਿਚ ਚੰਗੇ ਹੱਥ ਰੰਗਦਾ ਹੈ। ਲੇਖਕ ਨੇ ਇੰਗਲੈਂਡ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੇ ਵੀ ਕਈ ਪੱਖ ਇਸ ਨਾਵਲ ਵਿਚ ਪੇਸ਼ ਕੀਤੇ ਹਨ। ਨਾਵਲ ਦੇ ਕਾਂਡ ਬਣ ਜਾਂਦੇ ਤਾਂ ਪੜ੍ਹਨਾ ਆਸਾਨ ਹੋ ਜਾਂਦਾ। ਉਂਜ ਨਾਵਲ ਰੌਚਕ ਹੈ।


ਂਕੇ. ਐਲ. ਗਰਗ
ਮੋ: 94635-37050


 

 ਸਹੀ ਫ਼ੈਸਲਾ ਕਿਵੇਂ ਲਈਏ
ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 01679-241744.


ਹਥਲੀ ਪੁਸਤਕ 'ਸਹੀ ਫ਼ੈਸਲਾ ਕਿਵੇਂ ਲਈਏ' ਡਾ: ਵਿਜੈ ਅਗਰਵਾਲ ਦੀ ਲਿਖੀ ਹੋਈ ਹੈ। ਉਹ ਦੇਸ਼ ਦੀਆਂ ਅਨੇਕਾਂ ਸਿੱਖਿਆ ਸੰਸਥਾਵਾਂ ਦੇ ਮਹਿਮਾਨ ਬੁਲਾਰੇ ਹਨ। ਉਨ੍ਹਾਂ ਨੇ ਅਨੇਕਾਂ ਪੁਸਤਕਾਂ ਲਿਖੀਆਂ ਹਨ। ਫ਼ੈਸਲੇ ਕਿਵੇਂ ਲਈਏ, ਮਨੁੱਖ ਫ਼ੈਸਲੇ ਲੈਣੇ ਕਿਉਂ ਲੋਚਦਾ ਹੈ, ਸਹੀ ਫ਼ੈਸਲਿਆਂ ਦਾ ਜ਼ਿੰਦਗੀ ਵਿਚ ਮਹੱਤਵ, ਗ਼ਲਤ, ਫ਼ੈਸਲਿਆਂ ਦਾ ਦੁੱਖ ਅਤੇ ਇਨ੍ਹਾਂ ਦਾ ਕਾਮਯਾਬੀ ਨਾਲ ਸਬੰਧ, ਵਿਸ਼ਿਆਂ ਸਬੰਧੀ ਨਿਵੇਕਲੀ ਜਾਣਕਾਰੀ ਦਿੱਤੀ ਹੈ।
ਡਾ: ਅਗਰਵਾਲ ਨੇ ਇਸ ਪੁਸਤਕ ਨੂੰ 11 ਹਿੱਸਿਆਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ 'ਫ਼ੈਸਲੇ ਨਾਲ ਜਾਣ ਪਛਾਣ' ਹੈ ਕਿ ਫ਼ੈਸਲਾ ਕਿਉਂ ਲਿਆ ਜਾਂਦਾ ਹੈ। ਦੂਜਾ ਭਾਗ, 'ਫ਼ੈਸਲਾ ਲੈਣ ਦਾ ਤੱਤ' ਹੈ ਕਿ ਇਹ ਕਿਵੇਂ ਲਿਆ ਜਾਂਦਾ ਹੈ। 'ਫ਼ੈਸਲੇ ਲੈਣ ਦਾ ਤਰੀਕਾ', 'ਫ਼ੈਸਲੇ ਦਾ ਟੀਚਾ', 'ਜ਼ਿੰਦਗੀ ਦੇ ਜ਼ਰੂਰੀ ਫ਼ੈਸਲੇ', 'ਫ਼ੈਸਲਿਆਂ ਦੇ ਸਟੱਡੀ ਕੇਸ', 'ਆਮ ਫ਼ੈਸਲੇ', 'ਕਿਉਂ ਹੋ ਜਾਂਦੇ ਹਨ ਗ਼ਲਤ ਫ਼ੈਸਲੇ', 'ਸੰਕਟ ਵੇਲੇ ਦੇ ਫ਼ੈਸਲੇ', 'ਸਹੀ ਫ਼ੈਸਲੇ ਦਾ ਮਜ਼ਾ' ਅਤੇ 'ਕੀ ਕਰੀਏ', ਸਾਰੇ ਅਧਿਆਇ ਪਾਠਕ ਨੂੰ ਫ਼ੈਸਲੇ ਦਾ ਕਾਰਨ, ਫ਼ੈਸਲੇ ਲੈਣ ਦਾ ਤਰੀਕਾ ਅਤੇ ਸਹੀ ਫ਼ੈਸਲੇ ਦੇ ਮਹੱਤਵ ਬਾਰੇ ਦੱਸਦੇ ਹਨ।
ਲੇਖਕ ਨੇ ਹਰ ਅਧਿਆਇ ਨੂੰ ਉਦਾਹਰਨਾਂ ਸਹਿਤ ਪੇਸ਼ ਕੀਤਾ ਹੈ। ਇਤਿਹਾਸ ਦੇ ਹਵਾਲੇ ਨਾਲ ਕਈ ਵੱਡੀਆਂ ਸ਼ਖ਼ਸੀਅਤਾਂ ਦੇ ਸਹੀ-ਗ਼ਲਤ ਫ਼ੈਸਲਿਆਂ ਬਾਰੇ ਬਿਆਨ ਕੀਤਾ ਹੈ।
ਫ਼ੈਸਲੇ ਚਾਹੇ ਕੋਈ ਵੀ ਲਈਏ ਪਰ ਜ਼ਿਆਦਾਤਰ ਫ਼ੈਸਲਿਆਂ ਬਾਰੇ ਬਾਅਦ 'ਚ ਅਸੀਂ ਸੋਚਦੇ ਹਾਂ ਕਿ ਕਾਸ਼ ਇਹ ਫ਼ੈਸਲਾ ਨਾ ਲਿਆ ਹੁੰਦਾ। ਸਾਡੇ ਕੁਝ ਫ਼ੈਸਲੇ ਏਨੇ ਮੁਕੰਮਲ ਤੇ ਸਹੀ ਹੁੰਦੇ ਹਨ ਕਿ ਜਿਨ੍ਹਾਂ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੁੰਦਾ। ਇਸ ਤਰ੍ਹਾਂ ਦੇ ਵਿਚਾਰਾਂ ਨਾਲ ਲੈਸ ਇਹ ਪੁਸਤਕ ਪਾਠਕ ਨੂੰ ਫ਼ੈਸਲੇ ਲੈਣ, ਨਾ ਲੈਣ ਬਾਰੇ ਬੜਾ ਕੁਝ ਦੱਸਦੀ ਹੈ। ਡਾ: ਅਗਰਵਾਲ ਇਕ ਮਨੋਵਿਗਿਆਨੀ ਦੀ ਤਰ੍ਹਾਂ ਫ਼ੈਸਲਿਆਂ ਦੀ ਅਹਿਮੀਅਤ ਨੂੰ ਦੱਸਦੇ ਹਨ, ਇਹ ਸਭ ਵਰਗਾਂ ਦੀ ਸਾਂਝੀ ਹੈ, ਕਿਉਂਕਿ ਫ਼ੈਸਲਾ ਪੜ੍ਹੇ-ਲਿਖੇ ਅਤੇ ਅਨਪੜ੍ਹ, ਬਿਮਾਰ ਅਤੇ ਤੰਦਰੁਸਤ, ਛੋਟੇ ਅਤੇ ਵੱਡੇ ਸਭ ਨੇ ਲੈਣਾ ਹੁੰਦਾ ਹੈ। ਪੁਸਤਕ ਲੇਖਕ ਦਾ ਵਧੀਆ ਉਪਰਾਲਾ ਹੈ।


ਂਹਰਜਿੰਦਰ ਸਿੰਘਖਿਆਲਾਂ ਦੀ ਪੈੜ-ਚਾਲ
ਲੇਖਕ : ਨਿਰੰਜਣ ਸਿੰਘ ਸੈਲਾਨੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁਲ : 150 ઠਰੁਪਏ, ਸਫ਼ੇ : 80
ਸੰਪਰਕ : 98762-28703.


ਨਾਮਵਰ ਲੇਖਕ ਨਿਰੰਜਣ ਸਿੰਘ ਸੈਲਾਨੀ ਦੀ ਇਸ ਪੁਸਤਕ ਵਿਚ ਉਸ ਦੀ ਜ਼ਿੰਦਗੀ ਨਾਲ ਜੁੜੇ ਅਨੁਭਵ ਇਕ ਦਰਜਨ ਲੇਖਾਂ ਦੇ ਰੂਪ ਵਿਚ ਅੰਕਿਤ ਹਨ। 9 ਲੇਖ ਪਹਿਲੇ ਭਾਗ ਵਿਚ ਤੇ ਤਿੰਨ ਲੇਖ ਦੂਜੇ ਭਾਗ ਦੇ। ਪਹਿਲੇ ਕੁਝ ਲੇਖਾਂ ਵਿਚ ਲੇਖਕ ਦੇ ਬਚਪਨ ਤੇ ਸਕੂਲ ਪੜ੍ਹਦੇ ਸਮੇਂ ਦੀਆਂ ਮਿਠੀਆਂ ਤੇ ਹੁਸੀਨ ਯਾਦਾਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਪੁਰਾਣੇ ਪੰਜਾਬ ਦੇ ਖੋਲ੍ਹੇ ਖੁਲਾਸੇ ਦਿਨਾਂ ਦੀ ਯਾਦ ਆ ਜਾਂਦੀ ਹੈ। ਕਿਵੇ ਸਕੂਲੋਂ ਭੱਜ ਕੇ ਨਹਿਰਾਂ ਦੇ ਡੂੰਘੇ ਪਾਣੀਆਂ ਵਿਚ ਨਹਾਉਣਾ, ਰੁੱਖਾਂ 'ਤੇ ਚੜ੍ਹਨਾ, ਹਵਾਈ ਜੜ੍ਹਾਂ ਨਾਲ ਝੂਟੇ ਲੈਣੇ ਬਚਪਨ ਦੇ ਸਾਰੇ ਚੋਜ ਹਨ। ਪਰ ਹੁਣ ਇਹ ਸਭ ਗੱਲਾਂ ਖ਼ਤਮ ਹਨ। ਨਿੱਜੀ ਸਕੂਲਾਂ ਦੀ ਪੜ੍ਹਾਈ ਨੇ ਸਾਡੇ ਬੱਚੇ ਮਾਤ ਭਾਸ਼ਾ ਤੋਂ ਦੂਰ ਕਰ ਦਿੱਤੇ ਹਨ। ਬਸਤੇ ਦਾ ਬੋਝ ਪਹਿਲਾਂ ਨਾਲੋਂ ਵਧ ਗਿਆ ਹੈ ।ਲੇਖਾਂ ਵਿਚ ਸਿੱਖ ਇਤਿਹਾਸ ਦੇ ਸੁੰਦਰ ਹਵਾਲੇ ਹਨ। ਮਹਾਰਾਜਾ ਦਲੀਪ ਸਿੰਘ, ਰਾਣੀ ਜਿੰਦਾ, ਰਾਣੀ ਸਾਹਿਬ ਕੌਰ ਸਿੱਖਾਂ ਤੇ ਮਰਹੱਟਿਆਂ ਦੀ ਜੰਗ ਦਾ ਜ਼ਿਕਰ ਹੈ (ਜੰਗ ਮਰਦਾਨਪੁਰ) ਕਪੂਰੀ ਦਾ ਮੇਲਾ ਲੇਖ ਵਿਚ ਬਾਬਾ ਫਰੀਦ ਦਾ ਪ੍ਰਸੰਗ ਹੈ। ਡੂਬਦੇ ਸੂਰਜ ਦਾ ਨਜ਼ਾਰਾ, ਮਾਊਂਟ ਆਬੂ ਦੇ ਦ੍ਰਿਸ਼ (ਸੰਨ ਸੈਟ ਪੁਆਇੰਟ ਪੰਨਾ 35) ਪੜ੍ਹਨ ਵਾਲੇ ਹਨ।
ਸਾਰੇ ਲੇਖਾਂ ਦੀ ਵਾਰਤਕ ਸੁਹਜਮਈ, ਗਹਿਰ ਗੰਭੀਰ, ਅਲੰਕਾਰਿਕ ਤੇ ਪਾਠਕ ਨੂੰ ਕੀਲ ਲੈਣ ਵਾਲੀ ਹੈ। ਦੋ ਬੋਲ ਮੁਹੱਬਤ ਦੇ ਲੇਖ ਵਿਚ ਲੇਖਕ ਦੀਆਂ ਕਵਿਤਾਵਾਂ ਦੀ ਪ੍ਰੇਰਨਾ ਸਰੋਤ ਕੁੜੀ ਨਾਲ ਦਿਲਚਸਪ ਸੰਵਾਦ ਹੈ ।ਜਾਗਣ ਤੇ ਚਿੰਤਨ ਦਾ ਵੇਲਾ ਬਹੁਤ ਖੂਬਸੂਰਤੀ ਨਾਲ ਮਾਤ ਭਾਸ਼ਾ ਪ੍ਰਤੀ ਚੇਤੰਨ ਕਰਦਾ ਹੈ। ਪੁਸਤਕ ਦਾ ਦੂਜਾ ਭਾਗ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਮੁਹੱਬਤੀ ਸ਼ਖਸੀਅਤ ਬਾਰੇ ਵਿਰਕ ਦੀ ਪਤਨੀ ਦੀ ਜ਼ਬਾਨੀ ਕਈ ਦਿਲਚਸਪ ਵਾਕਿਆਤ 'ਤੇ ਰੌਸ਼ਨੀ ਪਾਉਂਦਾ ਹੈ। ਪੜ੍ਹ ਕੇ ਅਨੰਦ ਆ ਜਾਂਦਾ ਹੈ। ਵਿਰਕ ਤੇ ਰਾਮ ਸਰੂਪ ਅਣਖੀ ਦੀ ਨੇੜਤਾ, ਡਾ: ਅਤਰ ਸਿੰਘ ਦੇ ਬਹੁਮੁਲੇ ਵਿਚਾਰ ਪੁਸਤਕ ਦੀ ਸ਼ਾਨ ਹਨ। ਸ਼ਹੀਦ ਭਗਤ ਸਿੰਘ ਦੇ ਜੀਵਨ ਸਿਧਾਂਤ ਬਾਰੇ ਪੜ੍ਹ ਕੇ ਆਜ਼ਾਦੀ ਪਿਛੋਂ ਦੀ ਸ਼ਹੀਦਾਂ ਵੱਲੋਂ ਚਿਤਵੀ ਸੋਚ ਬਾਰੇ ਪੜ੍ਹ ਕੇ ਮਨ ਮਾਯੂਸ ਹੁੰਦਾ ਹੈ। ਪੁਸਤਕ ਦੀ ਛਪਾਈ, ਦਿਖ, ਟਾਈਟਲ ਬਾਕਮਾਲ ਹੈ। ਹਰ ਪਾਠਕ ਦੇ ਪੜ੍ਹਨ ਵਾਲੀ ਹੈ।


ਂਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 9814856160ਕਿੱਸਾ ਕੈਸ ਦੀ ਲੈਲਾ
ਲੇਖਕ : ਸ਼ੇਰ ਸਿੰਘ ਸ਼ੇਰਪੁਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94785 82534


'ਕਿੱਸਾ ਕੈਸ ਦੀ ਲੈਲਾ' ਵਿਚ ਦੋ ਪ੍ਰੇਮੀਆਂ ਲੈਲਾ ਮਜਨੂੰ (ਕੈਸ) ਦੀ ਪ੍ਰੇਮ-ਕਹਾਣੀ ਨੂੰ ਕਿੱਸਾਕਾਰ ਨੇ ਇੰਜ ਵਰਨਣ ਕੀਤਾ ਹੈ ਜਿਵੇਂ ਹੁਣ ਵੀ ਜਿਊਂਦੇ ਜਾਗਦੇ ਪਾਤਰ ਹੋਣ। ਦੋ ਰੂਹਾਂ ਦੇ ਮੇਲ ਨੂੰ ਕਬਿਤ ਛੰਦ ਵਿਚ ਵਰਨਣ ਕੀਤਾ ਹੈ। ਜਿਸ ਤਰ੍ਹਾਂ ਬਬੀਹੇ ਸਵਾਤੀ ਬੂੰਦ ਤੇ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਪ੍ਰੇਮੀਆਂ ਵਿਚ ਵੀ ਮਿਲਾਪ ਲਈ ਤੜਪ ਹਮੇਸ਼ਾ ਭਾਰੂ ਰਹੀ ਹੈ। ਇਹ ਮੇਲ ਜਿਸਮਾਨੀ ਨਹੀਂ ਸਗੋਂ ਰੂਹਾਨੀ ਹੁੰਦਾ ਹੈ।
ਇਸ ਮੇਲ ਲਈ ਇਮਤਿਹਾਨ ਬੜਾ ਸਖ਼ਤ ਹੁੰਦਾ ਹੈ। ਸਿਰੜੀ ਪ੍ਰੇਮੀ ਕੈਸ ਇਸ਼ਕ ਵਿਚ ਆਪਣੇ ਆਪ ਨੂੰ ਏਨਾ ਖੋਹ ਦਿੰਦਾ ਹੈ ਕਿ ਝੱਲਾ/ਮਜਨੂੰ ਬਣ ਬੈਠਦਾ ਹੈ। ਕਿੱਸਾਕਾਰ ਨੇ ਆਪਣੀ ਛੰਦ ਬੰਦੀ ਨਾਲ ਪੂਰਾ ਨਿਆਂ ਕਰਦਿਆਂ, ਇਸ ਪ੍ਰੇਮ ਗਾਥਾ ਨੂੰ ਇੰਜ ਬਿਆਨ ਕੀਤਾ ਹੈ :
'ਚਲਦੇ ਜਹਾਨ ਵਿਚੋਂ ਸ਼ੇਰਪੁਰੀ ਤੁਰ ਜਾਣੈ,
ਕਾਵਿਤਾ ਪਰੀਤ ਕਹਿੰਦੇ ਕਦੇ ਵੀ ਨਾ ਮਰੀ ਐ।
ਛੰਦ/ਤੁਕਬੰਦੀ, ਆਰੂਜ਼ੀ ਹੱਦਬੰਦੀ ਵਿਚ ਰਹਿ ਕੇ ਕਿੱਸਾਕਾਰ ਸ਼ੇਰਪੁਰੀ ਨੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦਾ ਸਫਲ ਤਜਰਬਾ ਕੀਤਾ ਹੈ। ਇਹ ਕਿੱਸਾ ਸਿਖਾਂਦਰੂ ਕਵੀਆਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਉਕਤ ਪ੍ਰੇਮੀ ਜਿਸ ਸਿਦਕ ਨਾਲ ਇਸ਼ਕ ਮਾਰਗ 'ਤੇ ਤੁਰੇ ਉਸੇ ਤਰ੍ਹਾਂ ਹੀ ਸ਼ੇਰਪੁਰੀ ਨੇ ਵੀ ਬੜੀ ਸ਼ਿੱਦਤ ਨਾਲ ਇਸ ਪ੍ਰੇਮ ਗਾਥਾ ਨੂੰ ਆਪਣੀ ਕਲਮ ਰਾਹੀਂ 'ਧੁਰ ਸੰਜੋਗੀ ਗੀਤ' ਬਣਾ ਦਿੱਤਾ ਹੈ।


ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858ਜਦੋਂ ਖੇਤ ਜਾਗੇ
ਨਾਵਲਕਾਰ : ਕ੍ਰਿਸ਼ਨ ਚੰਦਰ
ਅਨੁਵਾਦਕ :ਅਮਰਜੀਤ ਚੰਦਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 75 ਰੁਪਏ, ਸਫ਼ੇ : 71
ਸੰਪਰਕ : 99151-03490.


'ਜਦੋਂ ਖੇਤ ਜਾਗੇ' ਉਰਦੂ ਭਾਸ਼ਾ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਕ੍ਰਿਸ਼ਨ ਚੰਦਰ ਦੁਆਰਾ ਲਿਖਿਆ ਅਤੇ ਅਮਰਜੀਤ ਚੰਦਨ ਦੁਆਰਾ ਅਨੁਵਾਦ ਕੀਤਾ ਅਜਿਹਾ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਤਿਲੰਗਾਨਾ ਮੋਰਚਾ ਜੋ ਕਿ ਕਿਸਾਨਾਂ ਦੁਆਰਾ ਭਾਰਤ ਦੇ ਪ੍ਰਾਂਤ ਆਂਧਰਾ ਪ੍ਰਦੇਸ਼ ਵਿਚ ਆਪਣੀਆਂ ਜ਼ਮੀਨਾਂ ਦੀ ਹੱਕੀ ਪ੍ਰਾਪਤੀ ਲਈ ਲਗਾਇਆ ਸੀ, ਦੇ ਸੰਘਰਸ਼ ਦੀ ਗਾਥਾ ਨੂੰ ਪੇਸ਼ ਕਰਦਾ ਹੈ।
ਇਸ ਨਾਵਲ ਦਾ ਨਾਇਕ ਰਾਘਵ ਰਾਓ ਜੋ ਵੀਰਈਆ ਦਾ ਪੁੱਤਰ ਹੈ 'ਵਿੱਟੀ' ਭਾਵ ਮਜ਼ਦੂਰ ਅਤੇ ਮਿਹਨਤਕਸ਼ ਸ਼੍ਰੇਣੀ ਨਾਲ ਸਬੰਧ ਰੱਖਦਾ ਹੈ। ਬਚਪਨ ਤੋਂ ਸਖ਼ਤ ਮੁਸੀਬਤਾਂ ਝੱਲਦਾ ਹੋਇਆ ਅਜਿਹੀ ਹਨੇਰੀ ਦਾ ਰੂਪ ਧਾਰਦਾ ਹੈ, ਜੋ ਦੂਜਿਆਂ ਸਾਧਨ ਵਿਹੂਣੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਕੇ ਜ਼ੁਲਮੀ ਜ਼ਿਮੀਂਦਾਰਾਂ ਦੇ ਖਿਲਾਫ਼ ਫ਼ੈਸਲਾਕੁੰਨ ਲੜਾਈ ਲੜਦਾ ਹੈ ਅਤੇ ਇਸ ਸੰਘਰਸ਼ ਨੂੰ ਸਮੂਹਿਕ ਸੰਘਰਸ਼ ਦੇ ਰੂਪ ਵਿਚ ਸੇਧਗਾਰ ਕਰਦਾ ਹੈ। ਭੀਮਈਆ ਅਤੇ ਦੁਰਗਈਆ ਵਰਗੇ ਵੱਡੇ ਲੋਕਾਂ ਦੇ ਕਰਿੰਦੇ ਜ਼ਬਰਦਸਤੀ ਮਿਹਨਤਕਸ਼ਾਂ ਕੋਲੋਂ ਵਗਾਰ ਕਰਵਾਉਂਦੇ ਹਨ।
ਰਾਘਵ ਰਾਓ ਦੁਆਰਾ ਆਪਣੇ ਹੱਡੀਂ ਹੰਢਾਈਆਂ ਨਾ-ਇਨਸਾਫ਼ੀਆਂ ਅਤੇ ਜ਼ੁਲਮ ਭਾਵੇਂ ਉਸ ਦੀਆਂ ਭਾਵੁਕ ਭਾਵਨਾਵਾਂ ਤੋਂ ਉਸ ਨੂੰ ਵਾਂਝਾ ਕਰ ਦਿੰਦੇ ਹਨ ਪਰ ਮਕਬੂਲ ਵਰਗੇ ਵਿਅਕਤੀਆਂ ਦਾ ਸੰਪਰਕ ਉਸ ਦੀ ਜ਼ਿੰਦਗੀ ਬਦਲ ਦਿੰਦਾ ਹੈ ਅਤੇ ਯੱਲਾ ਰੈਡੀ ਵਰਗਿਆਂ ਦੀ ਕੁਰਬਾਨੀ ਉਸ ਦੀ ਤਬੀਅਤ ਵਿਚ ਨਵਾਂ ਜੋਸ਼ ਭਰਦੀ ਹੈ। ਇਸ ਸੰਘਰਸ਼ ਵਿਚ ਕਾਨਤੰਮਾ ਅਤੇ ਪੁੰਨਿਆ ਵਰਗੀਆਂ ਔਰਤਾਂ ਦੇ ਯੋਗਦਾਨ ਨੂੰ ਵੀ ਲੇਖਕ ਨੇ ਵਿਵੇਕ ਸਹਿਤ ਚਿਤਰਨ ਕੀਤਾ ਹੈ। ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰੇਰਿਤ ਇਸ ਸੰਘਰਸ਼ ਦੀ ਗਾਥਾ ਨੂੰ ਪੇਸ਼ ਕਰਦਾ ਇਹ ਨਾਵਲ ਭਾਵੇਂ ਲਕੀਰੀ ਬਿਰਤਾਂਤ ਵਿਚ ਹੀ ਸਰੂਪ ਗ੍ਰਹਿਣ ਕਰਦਾ ਹੈ ਪਰ ਚੇਤਨਾ ਪ੍ਰਵਾਹ ਅਤੇ ਨਾਟਕੀ ਵਿਧੀਆਂ ਵੀ ਇਸ ਦੇ ਬਿਰਤਾਂਤਕ ਚੌਖਟੇ ਨੂੰ ਗਤੀਸ਼ੀਲ ਅਤੇ ਦਿਲਚਸਪ ਬਣਾਉਂਦੀਆਂ ਹਨ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਵਿੱਛੜ ਗਿਆ ਭਰਾਵੋ ਮੇਲਾ
ਲੇਖਿਕਾ : ਪ੍ਰੋ: ਬਲਵੀਰ ਕੌਰ ਰੀਹਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 115
ਸੰਪਰਕ : 94643-30803.


ਵਾਰਤਕ ਦੀ ਇਹ ਪੁਸਤਕ ਰਚ ਕੇ ਪ੍ਰੋ: ਬਲਵੀਰ ਕੌਰ ਰੀਹਲ ਨੇ ਜਿਥੇ ਬਤੌਰ ਵਾਰਤਕਕਾਰ ਇਕ ਸੁਲਝਿਆ ਤੇ ਉਸਾਰੂ ਕਾਰਜ ਨੇਪਰੇ ਚਾੜ੍ਹਿਆ, ਉਥੇ ਇਸ ਪੁਸਤਕ ਵਿਚ ਸ਼ਾਮਿਲ ਲੇਖ ਉਸ ਨੂੰ ਪੰਜਾਬੀ ਵਿਰਸੇ ਨਾਲ ਰੂਹਾਨੀ ਪਿਆਰ ਕਰਨ ਵਾਲੀ ਲੇਖਿਕਾ ਸਿੱਧ ਕਰਦੇ ਹਨ। ਪੰਜਾਬੀ ਸੱਭਿਆਚਾਰ ਦੇ ਅਲੋਪ ਹੋ ਰਹੇ ਰੰਗ, ਅਲੋਪ ਚੁੱਕੇ ਦ੍ਰਿਸ਼, ਅਲੋਪ ਹੋ ਰਹੇ ਜਾਂ ਅਲੋਪ ਹੋ ਚੁੱਕੇ ਚੇਟਕਾਂ ਬਾਰੇ ਤੇ ਗੁਆਚ ਗਈਆਂ ਝਾਕੀਆਂ ਦੇ ਸ਼ਾਬਦਿਕ ਚਿੱਤਰ ਪੇਸ਼ ਕਰਕੇ ਪ੍ਰੋ: ਰੀਹਲ ਨੇ ਨਵੀਂ ਪੀੜ੍ਹੀ ਲਈ ਇਸ ਪੁਸਤਕ ਨੂੰ ਬੇਹੱਦ ਬੇਸ਼ਕੀਮਤੀ ਅਤੇ ਜ਼ਰੂਰੀ ਬਣਾ ਦਿੱਤਾ ਹੈ। ਹਥਲੀ ਵਾਰਤਕ ਪੁਸਤਕ 'ਵਿਛੜ ਗਿਆ ਭਰਾਵੋ ਮੇਲਾ' ਉਸ ਦੀ ਦੂਜੀ ਵਾਰਤਕ ਵੰਨਗੀ ਨੂੰ ਪੇਸ਼ ਕਰਦੀ ਪੁਸਤਕ ਹੈ, ਜਿਸ ਵਿਚ ਉਸ ਨੇ ਪੰਜਾਬੀ ਵਿਰਾਸਤ ਨਾਲ ਜੁੜੀਆਂ ਵੰਨਗੀਆਂ ਭੰਗੜਾ, ਗਿੱਧਾ, ਸੁਹਾਗ, ਘੋੜੀ, ਜਾਗੋ ਜੋ ਪੰਜਾਬੀ ਦੀ ਮਾਣਮੱਤੀ ਰੀਤ 'ਵਿਆਹ' ਨਾਲ ਜੁੜੀਆਂ ਹੋਈਆਂ ਹਨ, ਬਾਰੇ ਲਿਖਿਆ ਹੈ। ਵਿਆਹ ਦੀਆਂ ਇਨ੍ਹਾਂ ਰੰਗਲੀਆਂ ਰਸਮਾਂ ਬਾਰੇ ਲਿਖ ਕੇ ਉਸ ਨੇ ਇਸ ਪੁਸਤਕ ਨੂੰ ਇਕ ਦਸਤਾਵੇਜ਼ੀ ਪੁਸਤਕ ਵਜੋਂ ਸਾਂਭਣਯੋਗ ਬਣਾ ਦਿੱਤਾ ਹੈ। ਇਸੇ ਤਰ੍ਹਾਂ ਪੰਜਾਬੀ ਵਿਰਾਸਤ ਦੀਆਂ ਠੇਠ ਨਿਸ਼ਾਨੀਆਂ 'ਪੱਖੀ', ਚਰਖਾ, ਮਧਾਣੀ, ਚੱਕੀ, ਕੋਠੀ, ਚੁੱਲ੍ਹਾ, ਭੱਠੀ ਅਤੇ ਤੰਦੂਰ, ਕਪਾਹ ਵੇਲਣਾ, ਸੰਦੂਕ, ਫੁਲਕਾਰੀ, ਘੱਗਰਾ, ਖੂਹ, ਫਲੇ ਪਾਉਣਾ, ਭੱਤਾ ਬਾਰੇ ਜਾਣਕਾਰੀ ਦੇ ਕੇ ਉਸ ਨੇ ਭਲਾ ਅਤੇ ਉਪਕਾਰੀ ਕਾਰਜ ਸਵਾਰਿਆ ਹੈ। ਹੋਰ ਲੇਖਾਂ ਵਿਚ ਉਸ ਨੇ ਸਾਵਣ, ਚਿੜੀਆਂ ਅਤੇ ਬਾਲ ਖੇਡਾਂ ਬਾਰੇ ਪ੍ਰਭਾਵਸ਼ਾਲੀ ਲਿਖਤਾਂ ਰਚ ਕੇ ਇਨ੍ਹਾਂ ਦੀ ਪਛਾਣ ਨੂੰ ਪੰਜਾਬੀਆਂ ਦੇ ਚੇਤਿਆਂ ਵਿਚ ਵਸਾਇਆ ਹੈ।
ਪ੍ਰੋ: ਰੀਹਲ ਨੇ ਸਰਲ ਅਤੇ ਸੁਖੈਨ ਭਾਸ਼ਾ ਅਤੇ ਸ਼ੈਲੀ ਵਿਚ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪੱਖਾਂ ਨੂੰ ਸਫਲਤਾ ਨਾਲ ਉਘਾੜਨ ਵਿਚ ਜਿਥੇ ਪ੍ਰਭਾਵਸ਼ਾਲੀ ਸ਼ਾਬਦਿਕ ਕਲਾ ਦਾ ਜਾਦੂ ਜਗਾਇਆ ਹੈ, ਉੱਥੇ ਸਬੰਧਤ ਵਿਰਾਸਤੀ ਨਿਸ਼ਾਨੀ ਦੀ ਨਾਲ ਤਸਵੀਰ ਛਾਪ ਕੇ ਨਵੀਂ ਪੀੜ੍ਹੀ ਨੂੰ ਉਸ ਨਿਸ਼ਾਨੀ ਦੀ ਤਸਵੀਰ ਆਪਣੇ ਚੇਤਿਆਂ 'ਚ ਸਾਂਭਣ ਦੇ ਯੋਗ ਬਣਾਇਆ ਹੈ।


ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.ਸਾਗਰ ਅਤੇ ਛੱਲਾਂ
ਅਤੇ
ਸਿਲਾ ਨੇਕੀ ਦਾ

ਲੇਖਕ : ਹਰਚੰਦ ਸਿੰਘ ਬਾਗੜੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, 200, ਸਫ਼ੇ : 128, 120
ਸੰਪਰਕ : 98146-73236.


ਹਰਚੰਦ ਸਿੰਘ ਬਾਗੜੀ ਇਕ ਪ੍ਰੋੜ੍ਹ ਸ਼ਾਇਰ ਹੈ, ਜਿਸ ਦੀਆਂ ਇਨ੍ਹਾਂ ਪੁਸਤਕਾਂ ਤੋਂ ਪਹਿਲਾਂ 14 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਦੋ ਪੁਸਤਕਾਂ ਵਿਚ ਲੇਖਕ ਨੇ ਆਪਣੇ ਮਨ ਦੇ ਵਲਵਲਿਆਂ ਨੂੰ ਬਹੁਤ ਹੀ ਖੁੱਲ੍ਹ ਕੇ ਪੇਸ਼ ਕੀਤਾ ਹੈ। ਹਰਚੰਦ ਸਿੰਘ ਬਾਗੜੀ ਬਾਹਰਲੀ ਧਰਤੀ 'ਤੇ ਨਿਵਾਸ ਕਰਦਾ ਹੈ, ਇਸ ਲਈ ਉਸ ਦੀਆਂ ਰਚਨਾਵਾਂ ਵਿਚ ਇਧਰਲੇ ਤੇ ਉਧਰਲੇ ਦੋਵਾਂ ਮੁਲਕਾਂ ਦੇ ਚੰਗੇ-ਮਾੜੇ ਅਨੁਭਵਾਂ ਦਾ ਬਿਰਤਾਂਤ ਵੇਖਣ ਨੂੰ ਮਿਲਦਾ ਹੈ। ਪੂਰਬੀ ਤੇ ਪੱਛਮੀ ਜ਼ਿੰਦਗੀ ਦੇ ਅਨੇਕ ਅਨੁਭਵ ਇਨ੍ਹਾਂ ਪੁਸਤਕਾਂ ਵਿਚ ਵੇਖਣ ਨੂੰ ਮਿਲਦੇ ਹਨ।
ਹਰਚੰਦ ਬਾਗੜੀ ਛੰਦਬੱਧ ਕਵਿਤਾ ਦਾ ਸ਼ਾਇਰ ਹੈ। ਉਸ ਨੇ ਆਪਣੇ ਅਹਿਸਾਸਾਂ ਨੂੰ ਅੱਡੋ-ਅੱਡ ਛੰਦਾਂ ਵਿਚ ਬਹੁਤ ਹੀ ਖੂਬਸੂਰਤੀ ਨਾਲ ਪ੍ਰਗਟਾਇਆ ਹੈ। ਦੋਵਾਂ ਕਵਿਤਾ ਪੁਸਤਕਾਂ ਵਿਚ ਗ਼ਜ਼ਲ, ਗੀਤ ਦੀਆਂ ਪੁਖਤਾ ਮਿਸਾਲਾਂ ਵੇਖਣ ਨੂੰ ਮਿਲਦੀਆਂ ਹਨ। ਹਰਚੰਦ ਬਾਗੜੀ ਜਿਥੇ ਬਾਹਰਲੀ ਧਰਤੀ 'ਤੇ ਪੇਸ਼ ਸਮੱਸਿਆਵਾਂ ਨੂੰ ਆਪਣੀ ਕਵਿਤਾ ਵਿਚ ਚਿਤਰਦਾ ਹੈ, ਉਥੇ ਉਹ ਇਧਰਲੇ ਪੰਜਾਬ ਵਿਚ ਝੋਨਾ ਬੀਜਣ ਨਾਲ ਥੱਲੇ ਜਾ ਰਹੇ ਪਾਣੀ, ਗਰੀਬ ਲੋਕਾਂ ਦੇ ਘਰ ਚੁੱਲ੍ਹਾ ਨਾ ਬਲਣਾ, ਬੇਲੋੜੇ ਲੰਗਰਾਂ ਦੀ ਪਿਰਤ, ਮੰਦਿਰਾਂ, ਮਸਜਿਦਾਂ ਵਿਚ ਹੁੰਦੇ ਝਗੜਿਆਂ ਆਦਿ ਨੂੰ ਵੀ ਆਪਣੀ ਕਵਿਤਾ ਦੇ ਵਸਤੂ ਵਜੋਂ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਲੇਖਕ ਕਾਮਾਗਾਟਾਮਾਰੂ, ਮਹਾਰਾਜਾ ਰਣਜੀਤ ਸਿੰਘ, ਸਿਕੰਦਰ, ਬਾਬਾ ਦੀਪ ਸਿੰਘ ਜਿਹੇ ਇਤਿਹਾਸਕ ਕਿਰਦਾਰਾਂ ਨੂੰ ਵੀ ਆਪਣੀ ਕਵਿਤਾ ਰਾਹੀਂ ਮਹੱਤਵ ਪ੍ਰਦਾਨ ਕਰਦਾ ਹੈ।
ਇਸ ਤਰ੍ਹਾਂ ਇਹ ਕਵਿਤਾਵਾਂ ਅਨੰਦ ਅਤੇ ਸੂਚਨਾ ਪ੍ਰਦਾਨ ਕਰਦੀਆਂ ਪਾਠਕ ਨੂੰ ਸਰਸ਼ਾਰ ਕਰਦੀਆਂ ਹਨ। ਸਾਧਾਰਨ ਭਾਸ਼ਾ ਵਿਚ ਲਿਖੀਆਂ ਇਹ ਕਵਿਤਾਵਾਂ ਆਮ ਸਾਧਾਰਨ ਆਦਮੀ ਦੀ ਸਾਹਿਤਕ ਭੁੱਖ ਨੂੰ ਵੀ ਪੂਰੀਆਂ ਕਰਨਗੀਆਂ।

ਂਡਾ: ਅਮਰਜੀਤ ਕੌਂਕੇ

 


ਸਮੇਂ ਦਾ ਸੱਚ
ਸ਼ਾਇਰ : ਬਲਬੀਰ ਸਾਹਨੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 99150-35575.


ਪੁਰਾਤਨ ਸਮੇਂ ਤੋਂ ਪੰਜਾਬੀ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਵਿਚ ਦੋਹਾ ਕਾਫ਼ੀ ਮਕਬੂਲ ਰਿਹਾ ਹੈ ਤੇ ਮੌਜੂਦਾ ਦੌਰ ਵਿਚ ਪੰਜਾਬੀ ਵਿਚ ਦੋਹਾ ਲਿਖਣ ਦੀ ਪਿਰਤ ਫਿਰ ਤੋਂ ਆਰੰਭ ਹੋਈ ਹੈ। ਦੋਹੇ ਵੀ ਗ਼ਜ਼ਲ ਵਾਂਗ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਹੁੰਦੇ ਹਨ ਜੇਕਰ ਸ਼ਾਇਰ ਕੋਲ ਪ੍ਰਤਿਭਾ ਹੋਵੇ ਤਾਂ। ਬਲਬੀਰ ਸਾਹਨੇਵਾਲ ਕਾਫ਼ੀ ਦੇਰ ਤੋਂ ਪੰਜਾਬੀ ਕਾਵਿ ਦੀ ਸੇਵਾ ਕਰ ਰਿਹਾ ਹੈ। 'ਸਮੇਂ ਦਾ ਸੱਚ' ਉਸ ਦੀ ਸੱਤਵੀਂ ਤੇ ਅਧੁਨਿਕ ਦੋਹਿਆਂ ਦੀ ਤੀਸਰੀ ਪੁਸਤਕ ਹੈ। ਬਲਬੀਰ ਕੋਲ ਸਮਰੱਥਾ ਹੈ ਤੇ ਜ਼ਿੰਦਗੀ ਦਾ ਕੌੜਾ-ਮਿੱਠਾ ਅਨੁਭਵ ਹੈ, ਜਿਸ ਕਾਰਨ ਇਹ ਦੋਹੇ ਮਨੁੱਖੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੀ ਦ੍ਰਿਸ਼ਟੀ ਤੋਂ ਪਰਖਦੇ ਤੇ ਜਾਂਚਦੇ ਹਨ। ਉਸ ਨੇ ਪੰਜਾਬੀ ਵਿਰਸੇ 'ਚੋਂ ਮਿਲੀਆਂ ਸਿਆਣਪਾਂ ਤੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਨੂੰ ਵੀ ਆਪਣੇ ਦੋਹਿਆਂ ਵਿਚ ਅੱਗੇ ਵਧਾਇਆ ਹੈ। ਉਸ ਦੇ ਦੋਹੇ ਉਪਦੇਸ਼ਕ ਵੀ ਹਨ ਤੇ ਦਿਸ਼ਾ ਨਿਰਦੇਸ਼ਕ ਵੀ। ਸ਼ਾਇਰ ਮੁਤਾਬਿਕ ਦੁਨੀਆ ਪੈਸੇ ਦੀ ਪੀਰ ਹੈ ਤੇ ਇਥੇ ਮੂੰਹ ਨੂੰ ਮੁਲਾਹਜ਼ੇ ਹੁੰਦੇ ਹਨ। ਉਹ ਆਖਦਾ ਹੈ ਦੁਨੀਆ ਵਿਚ ਲਿਫਾਫੇਬਾਜ਼ੀ ਤੇ ਦਿਖਾਵਾ ਵਧ ਗਿਆ ਹੈ, ਜਿਸ ਕਾਰਨ ਮਨੁੱਖ ਨੇ ਆਪਣੇ ਦੁੱਖਾਂ ਵਿਚ ਹੋਰ ਵਾਧਾ ਕਰ ਲਿਆ ਹੈ। ਮਾੜੀ ਔਲਾਦ ਤੇ ਘਰ ਦੀ ਅਸ਼ਾਂਤੀ ਦੇ ਹੋਰ ਕਾਰਨਾਂ ਨੂੰ ਵੀ ਉਸ ਨੇ ਆਪਣੇ ਦੋਹਿਆਂ ਵਿਚ ਵਿਸ਼ੇਸ਼ ਜਗ੍ਹਾ ਦਿੱਤੀ ਹੈ। ਕਿਤੇ-ਕਿਤੇ ਸ਼ਾਇਰ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਦਕੀਆਨੂਸੀ ਧਾਰਨਾਵਾਂ ਨੂੰ ਬਲ ਦਿੰਦਾ ਹੋਇਆ ਵੀ ਪ੍ਰਤੀਤ ਹੁੰਦਾ ਹੈ। ਉਸ ਅਨੁਸਾਰ ਦੌਲਤਮੰਦਾਂ ਲਈ ਹੁਸਨ ਦੇ ਮਾਅਨੇ ਹੋਰ ਹਨ ਤੇ ਗ਼ਰੀਬਾਂ ਲਈ ਇਹ ਸਰਾਪ ਹੈ। ਉਹ ਆਖਦਾ ਹੈ ਰਾਤ ਪਿੱਛੋਂ ਪ੍ਰਭਾਤ ਜ਼ਰੂਰ ਹੋਵੇਗੀ ਤੇ ਲੰਬੀ ਔੜ ਪਿੱਛੋਂ ਬਰਸਾਤ ਦਾ ਆਉਣਾ ਵੀ ਲਾਜ਼ਮੀ ਹੈ। ਇਸ ਤਰ੍ਹਾਂ ਸ਼ਾਇਰ ਨੇ ਮਨੁੱਖ ਨੂੰ ਦਰਪੇਸ਼ ਮੁਸ਼ਕਿਲਾਂ ਤੇ ਇਸ ਦੇ ਦਰਦ ਦੇ ਹਰ ਪੱਖ ਨੂੰ ਛੁਹਣ ਦੀ ਕੋਸ਼ਿਸ਼ ਕੀਤੀ ਹੈ। ਬਲਬੀਰ ਸਾਹਨੇਵਾਲ ਜੇਕਰ ਆਪਣੀਆਂ ਰਚਨਾਵਾਂ ਦੀਆਂ ਸਤਰਾਂ ਦੇ ਵਜ਼ਨ 'ਤੇ ਹੋਰ ਨਜ਼ਰਸਾਨੀ ਕਰਦਾ ਤਾਂ ਬਿਹਤਰ ਹੁੰਦਾ।ਟੁਕੜੇ ਟੁਕੜੇ ਜੀਵਨ
ਸ਼ਾਇਰਾ : ਪ੍ਰੋ: ਕੁਲਜੀਤ ਕੌਰ ਅਠਵਾਲ
ਪ੍ਰਕਾਸ਼ਕ : ਕੇ. ਜੀ. ਗ੍ਰਾਫਿਕਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 94173-11919.


'ਟੁਕੜੇ ਟੁਕੜੇ ਜੀਵਨ' ਪ੍ਰੋ: ਕੁਲਜੀਤ ਕੌਰ ਅਠਵਾਲ ਦਾ ਦੂਸਰਾ ਮੌਲਿਕ ਕਾਵਿ ਸੰਗ੍ਰਹਿ ਹੈ। ਇਸ ਪੁਸਤਕ ਵਿਚ ਉਸ ਦੀਆਂ 54 ਗ਼ਜ਼ਲਾਂ ਤੇ ਕੁਝ ਆਜ਼ਾਦ ਨਜ਼ਮਾਂ ਸ਼ਾਮਿਲ ਹਨ। ਅਠਵਾਲ ਨੂੰ ਲਿਖਣ ਦੀ ਕਲਾ ਵਿਰਸੇ 'ਚੋਂ ਮਿਲੀ ਹੈ ਤੇ ਉਸ ਨੇ ਆਪਣੀ ਕਲਮ ਰਾਹੀਂ ਇਸੇ ਵਿਰਸੇ ਨੂੰ ਹੋਰ ਸੰਭਾਵਨਾਵਾਂ ਭਰਪੂਰ ਬਣਾ ਦਿੱਤਾ ਹੈ।
ਪੁਸਤਕ ਦੇ ਸ਼ੁਰੂ ਵਿਚ ਉਸ ਨੇ ਆਪਣੇ ਪਿਤਾ ਦੀ ਲੰਬੀ ਕਵਿਤਾ 'ਪੁੱਤਰੀ ਨੂੰ ਪੱਤਰ' ਪ੍ਰਕਾਸ਼ਿਤ ਕੀਤੀ ਹੈ ਜੋ ਅਸ਼ੀਰਵਾਦ ਤੇ ਥਾਪੜੇ ਲਈ ਢੁਕਵੀਂ ਹੈ। ਸ਼ਾਇਰਾ ਅਧਿਆਪਨ ਕਾਰਜ ਨਾਲ ਜੁੜੀ ਹੋਈ ਹੈ ਤੇ ਕਿਤੇ ਨਾ ਕਿਤੇ ਇਸ ਦੀ ਛਾਪ ਵੀ ਉਸ ਦੀ ਸ਼ਾਇਰੀ 'ਤੇ ਹੈ। ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਰਾਹੀਂ ਉਹ ਲੋਕਾਂ ਦੇ ਚੂਰ ਹੋਏ ਸੁਪਨਿਆਂ ਤੇ ਬਦਹਾਲ ਜ਼ਿੰਦਗੀ ਬਾਰੇ ਹਾਕਮਾਂ ਕੋਲੋਂ ਸਵਾਲ ਪੁੱਛਦੀ ਹੈ। ਅਠਵਾਲ ਆਪਣੇ ਹਿੱਸੇ ਦੀ ਧਰਤੀ ਤੇ ਅਸਮਾਨ ਦੀ ਮੰਗ ਕਰਦੀ ਹੈ ਤੇ ਉਹ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੇ ਅਧਰਮੀਆਂ ਨੂੰ ਵੰਗਾਰਦੀ ਹੋਈ ਸਭ ਧਰਮਾਂ ਦੀ ਰੌਸ਼ਨੀ ਨੂੰ ਆਪਣੇ ਵਿਚ ਸਮੇਟ ਲੈਣਾ ਚਾਹੁੰਦੀ ਹੈ। ਲੋਕਾਂ ਦੇ ਦਰਦ ਨੂੰ ਚਿਤਰਨ ਦੇ ਨਾਲ-ਨਾਲ ਉਸ ਨੇ ਕੁਝ ਨਿੱਜ ਨਾਲ ਸਬੰਧਤ ਰਚਨਾਵਾਂ ਵੀ ਕਹੀਆਂ ਹਨ। ਇਨ੍ਹਾਂ ਵਿਚ ਉਹ ਹਲਕੇ-ਫੁਲਕੇ ਗਿਲੇ-ਸ਼ਿਕਵੇ ਕਰਦੀ ਹੈ ਤੇ ਹੋਰ ਅੱਥਰੂ ਦੇਣ ਦੀ ਥਾਂ ਮੋਹ ਦਾ ਚਿਰਾਗ਼ ਬਾਲਣ ਦੀ ਇੱਛਾ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਭਾਵੇਂ ਅਰੂਜ਼ੀ ਤਕਾਜ਼ਿਆਂ ਦੀ ਪ੍ਰਵਾਹ ਨਹੀਂ ਕਰਦੀਆਂ ਪਰ ਇਨ੍ਹਾਂ ਦੇ ਸ਼ਿਅਰਾਂ ਵਿਚ ਉਸ ਦੀ ਜ਼ਿੰਦਗੀ ਦਾ ਸਾਰ ਹੈ।
ਆਪਣੀਆਂ ਨਜ਼ਮਾਂ ਵਿਚ ਉਹ ਹਯਾਤੀ ਨੂੰ ਇਕ ਜੰਗਲ ਸਮਝਦੀ ਹੈ, ਜਿਸ ਦੁਆਲੇ ਫ਼ਰਜ਼ਾਂ ਦੀ ਵਾੜ ਹੈ। ਉਸ ਮੁਤਾਬਿਕ ਵਕਤ ਭਾਵੇਂ ਬੀਤ ਜਾਂਦਾ ਹੈ ਤੇ ਮੁੜ ਨਹੀਂ ਆਉਂਦਾ ਪਰ ਇਤਿਹਾਸ ਆਪਣੇ ਆਪ ਨੂੰ ਸਦਾ ਦੁਹਰਾਉਂਦਾ ਹੈ। ਆਪਣੀ ਨਜ਼ਮ 'ਰੰਗ ਬਦਰੰਗ' ਵਿਚ ਉਹ ਰੰਗਾਂ ਨੂੰ ਸਮਾਜਿਕ ਤੇ ਵਿਗਿਆਨਕ ਨਜ਼ਰੀਏ ਰਾਹੀਂ ਦੇਖਦੇ ਹੋਏ ਆਪਣੇ ਆਸੇ-ਪਾਸੇ ਪੱਸਰੇ ਹੋਏ ਨਾਂਹ ਪੱਖੀ ਵਰਤਾਰਿਆਂ 'ਤੇ ਚੋਟ ਕਰਦੀ ਹੈ। ਨਿਸਚੇ ਹੀ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਪ੍ਰੋ: ਕੁਲਜੀਤ ਕੌਰ ਅਠਵਾਲ ਦਾ ਹੌਸਲਾ ਵਧੇਗਾ ਤੇ ਉਹ ਭਵਿੱਖ ਵਿਚ ਇਸ ਪੁਸਤਕ ਤੋਂ ਵੀ ਹੋਰ ਬਿਹਤਰ ਪੁਸਤਕਾਂ ਪੰਜਾਬੀ ਕਾਵਿ ਸਾਹਿਤ ਨੂੰ ਦੇਵੇਗੀ।


ਂਗੁਰਦਿਆਲ ਰੌਸ਼ਨ
ਮੋ: 9988444002

 

 

26-03-2016

 ਸਿਰਮੌਰ ਗ਼ਦਰੀ ਸ਼ਹੀਦ ਬੰਤਾ ਸਿੰਘ ਸੰਘਵਾਲ
ਸੰਪਾਦਕ : ਡਾ: ਜਸਬੀਰ ਕੌਰ ਗਿੱਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 96
ਸੰਪਰਕ : 98140-62341.

 

ਇਹ ਵਡਮੁੱਲੀ ਪੁਸਤਕ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਗ਼ਦਰੀ ਬਾਬਿਆਂ ਦਾ ਨਾਂਅ ਸੁਨਹਿਰੇ ਅੱਖਰਾਂ ਵਿਚ ਅਮਰ ਹੈ। ਗ਼ਦਰੀ ਸ਼ਹੀਦ ਬਾਬਾ ਬੰਤਾ ਸਿੰਘ ਸੰਘਵਾਲ ਦੀ ਪੋਤਰੀ ਹੋਣ ਦਾ ਮਾਣ ਅਤੇ ਫ਼ਰਜ਼ ਅਦਾ ਕਰਦਿਆਂ ਸੂਝਵਾਨ ਸੰਪਾਦਕਾ ਨੇ ਬਾਬਾ ਜੀ ਦੇ ਜੀਵਨ ਬਾਬਤ ਪੰਜਾਬੀ ਅਤੇ ਅੰਗਰੇਜ਼ੀ ਦੀ ਸਮੱਗਰੀ ਇਕੱਠੀ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ ਹੈ। ਡਾ: ਰਘਬੀਰ ਕੌਰ, ਚਰੰਜੀ ਲਾਲ, ਗਿਰੀਸ਼, ਪ੍ਰੋ: ਪਿਆਰਾ ਸਿੰਘ ਭੋਗਲ, ਸੀਤਾ ਰਾਮ ਬਾਂਸਲ, ਪ੍ਰੋ: ਗੋਪਾਲ ਸਿੰਘ ਬੁੱਟਰ, ਡਾ: ਵੀ. ਕੇ. ਤਿਵਾੜੀ, ਮਨਜੀਤ ਕੇਸਰ, ਬਲਵਿੰਦਰ ਕੌਰ ਬਾਂਸਲ ਅਤੇ ਡਾ: ਜਸਬੀਰ ਕੌਰ ਗਿੱਲ ਦੇ ਲੇਖਾਂ ਤੋਂ ਇਲਾਵਾ ਕਵੀ ਸੁਜਾਨ ਸਿੰਘ ਸੁਜਾਨ ਦੀਆਂ ਦੋ ਸ਼ਰਧਾਮਈ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਗ਼ਦਰ ਲਹਿਰ ਦੇ ਅਮਰ ਸ਼ਹੀਦਾਂ ਨੇ ਸੰਨ 1915 ਵਿਚ ਮਹਾਨ ਸ਼ਹਾਦਤਾਂ ਦੇ ਕੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ। ਇਹ ਸਾਲ ਗ਼ਦਰ ਲਹਿਰ ਦੀਆਂ ਸਰਗਰਮੀਆਂ ਅਤੇ ਸ਼ਹੀਦੀਆਂ ਦਾ ਸਿਖ਼ਰ ਸੀ, ਜਿਸ ਵਿਚ ਭਾਈ ਮੇਵਾ ਸਿੰਘ ਲੋਪੋਕੇ, ਸੂਫੀ ਅੰਬਾ ਪਰਸਾਦ, ਰਸੂਲ, ਇਮਤਿਆਜ਼ ਅਲੀ, ਰੁਕਨਦੀਨ, ਰਹਿਮਤ ਅਲੀ, ਲਾਲ ਸਿੰਘ, ਜੀਵਨ ਸਿੰਘ, ਜਗਤ ਸਿੰਘ, ਪੰਡਿਤ ਕਾਂਸ਼ੀ ਰਾਮ, ਬਖਸ਼ੀਸ਼ ਸਿੰਘ, ਧਿਆਨ ਸਿੰਘ, ਅਰਜਨ ਸਿੰਘ, ਈਸ਼ਰ ਸਿੰਘ, ਭਗਵਾਨ ਸਿੰਘ, ਬੀਬਾ ਸਿੰਘ, ਹਜ਼ਾਰਾ ਸਿੰਘ, ਫੂਲਾ ਸਿੰਘ, ਭਾਈ ਬਾਲ ਮੁਕੰਦ, ਆਤਮਾ ਸਿੰਘ, ਕਾਲਾ ਸਿੰਘ, ਚੰਨਣ ਸਿੰਘ, ਹਰਨਾਮ ਸਿੰਘ, ਬੰਤਾ ਸਿੰਘ ਸੰਘਵਾਲ, ਬੂਟਾ ਸਿੰਘ, ਮੋਤਾ ਸਿੰਘ, ਜਤਿੰਦਰ ਮੁਕਰਜੀ, ਕਰਤਾਰ ਸਿੰਘ ਸਰਾਭਾ, ਜਗਤ ਸਿੰਘ (ਸੁਰਸਿੰਘ), ਸੁਰੈਣ ਸਿੰਘ, ਬਿਸ਼ਨ ਸਿੰਘ ਵਰਗੇ ਹੀਰਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਜਾਂ ਫਾਂਸੀ ਦੇ ਦਿੱਤੀ ਗਈ। ਗ਼ਦਰੀ ਦੇਸ਼ ਭਗਤ ਵਿਦੇਸ਼ਾਂ ਤੋਂ ਆਪਣੀ ਖੱਟੀ ਕਮਾਈ ਅਤੇ ਪੜ੍ਹਾਈ ਨੂੰ ਛੱਡ ਕੇ ਗ਼ਦਰ ਵਿਚ ਹਿੱਸਾ ਲੈਣ ਲਈ ਭਾਰਤ ਆਏ ਪਰ ਆਪਣੇ ਹੀ ਗ਼ਦਾਰ ਦੇਸ਼ਧ੍ਰੋਹੀਆਂ ਨੇ ਉਨ੍ਹਾਂ ਨੂੰ ਧੋਖਾ ਦੇ ਕੇ ਫੜਾ ਦਿੱਤਾ। ਉਨ੍ਹਾਂ ਵਿਚ ਸੈਂਕੜੇ ਦੇਸ਼ ਭਗਤ ਮਾਰ ਦਿੱਤੇ ਗਏ, ਸੈਂਕੜਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਅਤੇ ਸੈਂਕੜੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਿਚ ਡੱਕ ਦਿੱਤੇ ਗਏ। ਭਾਈ ਬੰਤਾ ਸਿੰਘ ਸੰਘਵਾਲ ਨੇ ਆਪਣਾ ਸਾਰਾ ਜੀਵਨ ਅਤੇ ਜਾਇਦਾਦ ਦੇਸ਼ ਦੀ ਆਜ਼ਾਦੀ ਲਈ ਵਾਰ ਦਿੱਤਾ। ਆਪਣੇ ਕਿਸੇ ਰਿਸ਼ਤੇਦਾਰ ਦੀ ਮੁਖਬਰੀ 'ਤੇ ਫੜੇ ਗਏ ਭਾਈ ਬੰਤਾ ਸਿੰਘ ਨੂੰ 12 ਅਗਸਤ, 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦਿੱਤੀ ਗਈ। ਇਸ ਪੁਸਤਕ ਵਿਚ ਗ਼ਦਰੀ ਸ਼ਹੀਦਾਂ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿਚ ਬਹਾਦਰ ਪੰਜਾਬਣਾਂ ਦੇ ਅਣਗੌਲੇ ਯੋਗਦਾਨ ਨੂੰ ਵੀ ਚੇਤੇ ਕੀਤਾ ਗਿਆ ਹੈ। ਇਹ ਇਕ ਪੜ੍ਹਨਯੋਗ, ਸਾਂਭਣਯੋਗ ਅਤੇ ਵਿਚਾਰਣਯੋਗ ਪੁਸਤਕ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਗੁਰਮਤਿ ਸਿਧਾਂਤ

ਲੇਖਿਕਾ : ਡਾ: ਦਰਸ਼ਨ ਕੌਰ ਭੀਖੀ
ਪ੍ਰਕਾਸ਼ਕ : ਚਿੰਤਨ ਮੰਚ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 142
ਸੰਪਰਕ : 98884-90481.

ਭਾਈ ਸੰਤੋਖ ਸਿੰਘ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਗੁਰਦੁਆਰਿਆਂ ਵਿਚ ਜਿਵੇਂ ਥਾਂ-ਥਾਂ ਹੁੰਦੀ ਹੈ, ਉਸ ੋਤੰ ਸਿੱਖ ਪਰੰਪਰਾ ਵਿਚ ਇਸ ਦੇ ਮਹੱਤਵ ਦਾ ਅਨੁਮਾਨ ਸਹਿਜੇ ਹੀ ਹੋ ਜਾਂਦਾ ਹੈ। ਸੰਪੂਰਨ ਗੁਰ ਇਤਿਹਾਸ ਦੀ ਥਾਂ ਇਸ ਪੁਸਤਕ ਵਿਚ ਭਾਈ ਸਾਹਿਬ ਰਚਿਤ ਗੁਰੂ ਨਾਨਕ ਇਤਿਹਾਸ ਨੂੰ ਗੁਰਮਤਿ ਦੇ ਸਿਧਾਂਤਕ ਆਧਾਰਾਂ ਦੇ ਪ੍ਰਸੰਗ ਵਿਚ ਵਿਸ਼ਲੇਸ਼ਿਤ ਕੀਤਾ ਗਿਆ ਹੈ। ਇੰਜ ਇਸ ਲਈ ਕੀਤਾ ਗਿਆ ਹੈ ਕਿ ਇਸ ਬਿਰਤਾਂਤ ਵਿਚ ਕੁਝ ਥਾਵਾਂ ਉੱਤੇ ਇਨ੍ਹਾਂ ਆਧਾਰਾਂ ਨਾਲ ਨਿਆਂ ਨਾ ਹੋਣ ਦੀ ਗੱਲ ਅਕਾਦਮਿਕ/ਧਾਰਮਿਕ ਜਗਤ ਵਿਚ ਅਕਸਰ ਹੁੰਦੀ ਹੈ। ਲੇਖਿਕਾ ਨੇ ਇਸ ਕਾਰਜ ਨੂੰ ਇਕ ਖੋਜਾਰਥੀ ਵਜੋਂ ਨੇਪਰੇ ਚਾੜ੍ਹਦੇ ਸਮੇਂ ਸਹਿਜ ਤੇ ਨਿਮਰਤਾ ਤੋਂ ਕੰਮ ਲਿਆ ਹੈ। ਬਹੁਤ ਕਰੜੀ ਟਿੱਪਣੀ ਜਾਂ ਬੜਬੋਲੇ ਦਾਅਵੇ ਨਹੀਂ ਕੀਤੇ।
ਇਸ ਦੇ ਅਧਿਐਨ ਦੇ ਚਾਰ ਹਿੱਸੇ ਹਨ। ਪਹਿਲੇ ਵਿਚ ਵੱਖ-ਵੱਖ ਪਰੰਪਰਾਵਾਂ/ਵਿਦਵਾਨਾਂ/ਗ੍ਰੰਥਾਂ ਦੇ ਆਧਾਰ ਉੱਤੇ ਧਰਮ ਸ਼ਾਸਤਰ ਦੀ ਪਰਿਭਾਸ਼ਾ ਸੰਗਰਪ ਤੇ ਸਿਧਾਂਤਾਂ ਨੂੰ ਸਮਝਣ ਦਾ ਯਤਨ ਹੈ। ਦੂਜੇ ਭਾਗ ਵਿਚ ਵਿਚਾਰ ਅਧੀਨ ਗ੍ਰੰਥ ਵਿਚ ਪਰਮਾਤਮਾ ਜਗਤ ਜੀਵ ਤੋਂ ਗੁਰੂ ਬਾਰੇ ਧਾਰਨਾਵਾਂ ਨੂੰ ਅੰਕਿਤ ਕੀਤਾ ਗਿਆ ਹੈ। ਤੀਜੇ ਭਾਗ ਵਿਚ ਇਸ ਗ੍ਰੰਥ ਵਿਚਲਾ ਧਰਮ ਸਾਧਨਾਂ ਦੇ ਚਾਰ ਮੁੱਖ ਪਹਿਲੂਆਂ ਨਾਮ ਸਿਮਰਨ, ਸੇਵਾ, ਸੰਗਤ ਤੇ ਸਦਾਚਾਰਕ ਗੁਣਾਂ ਬਾਰੇ ਦ੍ਰਿਸ਼ਟੀਕੋਣ ਪੇਸ਼ ਹੈ। ਚੌਥੇ ਭਾਗ ਵਿਚ ਉਕਤ ਗ੍ਰੰਥ ਦੇ ਬਿਰਤਾਂਤ ਦਾ ਕਥਾ ਸਾਰ ਹੈ। ਜਨਮ ਤੋਂ ਲੈ ਕੇ ਜੋਤੀ-ਜੋਤ ਸਮਾਉਣ ਤੱਕ 12 ਰਾਸਾਂ/ਕਾਂਡਾਂ ਵਿਚ ਵੰਡੀ ਕਥਾ ਦੀ ਸੰਖੇਪ ਰੂਪ ਰੇਖਾ।
ਦਰਸ਼ਨ ਕੌਰ ਨੇ ਮੂਲ ਬਿਰਤਾਂਤ ਦੇ ਪਾਠ ਬਾਰੇ ਵਿਵਾਦ ਨੂੰ ਨਹੀਂ ਛੇੜਿਆ। ਉਸ ਨੇ ਡਾ: ਵੀਰ ਸਿੰਘ ਦੁਆਰਾ ਸੰਪਾਦਿਤ ਸੂਰਜ ਪ੍ਰਕਾਸ਼ ਗ੍ਰੰਥ ਦੇ ਪਹਿਲੇ ਚਾਰ ਭਾਗਾਂ ਨੂੰ ਆਧਾਰ ਬਣਾਇਆ ਹੈ। ਇਸ ਵਾਸਤੇ ਕਿਸੇ ਵੀ ਹੋਰ ਸਹਾਇਕ ਸਮੱਗਰੀ ਜਾਂ ਹਵਾਲੇ ਵਾਸਤੇ ਉਸ ਨੇ ਡਾ: ਕਿਰਪਾਲ ਸਿੰਘ ਦੁਆਰਾ ਸੰਪਾਦਿਤ ਇਸ ਗ੍ਰੰਥ ਦੀਆਂ ਚਾਰ ਜਿਲਦਾਂ ਵਰਤੀਆਂ ਹਨ। ਇੰਜ ਹਰ ਵਿਵਾਦ ਨੂੰ ਪਾਸੇ ਛੱਡ ਸੰਪਾਦਿਤ ਪਾਠ ਨੂੰ ਵਰਤ ਕੇ ਸਿੱਖ ਧਰਮ ਸ਼ਾਸਤਰ ਦੀਆਂ ਮੁੱਖ ਧਾਰਨਾਵਾਂ ਅਤੇ ਸਾਧਨਾ ਮਾਰਗ ਬਾਰੇ ਵਿਆਖਿਆ ਹੀ ਉਸ ਨੇ ਕੀਤੀ ਹੈ, ਜੋ ਆਪਣੇ ਆਪ ਵਿਚ ਤਸੱਲੀਬਖਸ਼ ਹੈ।


ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550ਕਾਰਲ ਮਾਰਕਸ

ਜੀਵਨੀਕਾਰ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 100 ਰੁਪਏ, ਸਫ਼ੇ : 125
ਸੰਪਰਕ : 99150-42242.

 


ਮੈਂ ਹਰਭਜਨ ਸਿੰਘ ਹੁੰਦਲ ਹੋਰਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ 20ਵੀਂ ਸਦੀ ਦੇ ਅਨੇਕ ਯੁਗਪੁਰਸ਼ਾਂ, ਇਨਕਲਾਬੀਆਂ ਅਤੇ ਸੁਪਨਸਾਜ਼ਾਂ ਦੇ ਜੀਵਨ-ਬਿਰਤਾਂਤ ਤਿਆਰ ਕਰਨ ਪਿੱਛੋਂ ਕਾਰਲ ਮਾਰਕਸ ਦੇ ਜੀਵਨ, ਵਿਅਕਤਿਤਵ ਅਤੇ ਸੰਘਰਸ਼ ਬਾਰੇ ਵੀ ਛੋਟੀ ਜਿਹੀ ਪੋਥੀ ਲਿਖ ਹੀ ਦਿੱਤੀ ਹੈ। ਇਹ ਇਕ ਸਿਧਾਂਤਕ ਪੁਸਤਕ ਹੈ ਅਤੇ ਇਸ ਵਿਚ ਲੇਖਕ ਨੇ ਆਪਣੇ-ਆਪ ਨੂੰ ਕਾਰਲ ਮਾਰਕਸ ਦੇ ਸੰਘਰਸ਼ ਅਤੇ ਸੰਘਰਸ਼ ਵਿਚੋਂ ਪੈਦਾ ਹੋਈ ਥਿਉਰੀ ਤੱਕ ਹੀ ਸੀਮਤ ਰੱਖਿਆ ਹੈ।
ਕਾਰਲ ਮਾਰਕਸ ਸਾਰੀ ਉਮਰ ਇਕ ਦੇਸ਼ ਤੋਂ ਦੂਜੇ ਦੇਸ਼ ਤੱਕ ਭਟਕਦਾ ਰਿਹਾ। ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਦੇ ਕਾਰਨ ਕੋਈ ਵੀ ਦੇਸ਼ ਉਸ ਨੂੰ ਝੱਲਣ ਲਈ ਤਿਆਰ ਨਹੀਂ ਸੀ। ਜਰਮਨੀ ਤੋਂ ਫਰਾਂਸ, ਫਰਾਂਸ ਤੋਂ ਬੈਲਜੀਅਮ ਅਤੇ ਬੈਲਜੀਅਮ ਤੋਂ ਇੰਗਲੈਂਡ। 1849 ਈ: ਵਿਚ ਉਹ ਇੰਗਲੈਂਡ ਚਲਾ ਗਿਆ ਅਤੇ ਇਸ ਤੋਂ ਬਾਅਦ 1883 ਈ: ਤੱਕ ਪੂਰੇ 34 ਵਰ੍ਹੇ ਉਹ ਉਥੇ ਰਿਹਾ। ਉਥੇ ਰਹਿ ਕੇ ਉਸ ਨੇ ਆਪਣੇ ਦਵੰਦਾਤਮਕ ਫਲਸਫ਼ੇ ਨੂੰ ਵਿਕਸਤ ਕੀਤਾ, ਜੋ ਬਾਅਦ ਵਿਚ ਪੂਰੀ ਦੁਨੀਆ ਲਈ ਇਕ 'ਮੁਕਤ-ਦੁਆਰ' ਬਣਿਆ ਰਿਹਾ। ਪ੍ਰੰਤੂ ਵਿਡੰਬਨਾ ਇਹ ਰਹੀ ਕਿ ਪੂੰਜੀ ਅਤੇ ਪਦਾਰਥਾਂ ਤੋਂ 'ਕੋਈ ਵੀ' ਮੁਕਤ ਨਹੀਂ ਹੋਣਾ ਚਾਹੁੰਦਾ। ਬਸ ਮਨੁੱਖ ਦੀ ਇਸੇ ਕਮਜ਼ੋਰੀ ਨੇ ਉਸ ਨੂੰ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚਣ ਨਹੀਂ ਦਿੱਤਾ। ਉਹ ਸੁਤੰਤਰ ਜਾਮੇ ਵਿਚ ਜਨਮ ਲੈਂਦਾ ਹੈ ਪਰ ਉਸ ਦਾ ਅੰਤ ਜ਼ੰਜੀਰਾਂ ਵਿਚ ਹੁੰਦਾ ਹੈ। ਰੂਸੋ ਇਸ ਗੱਲ ਨੂੰ ਸਮਝ ਗਿਆ ਸੀ। ਇਸੇ ਕਾਰਨ ਉਸ ਨੇ 18ਵੀਂ ਸਦੀ ਵਿਚ ਹੀ ਲਿਖ ਦਿੱਤਾ ਸੀ : ઑ$਼ਅ ਜਤ ਲਰਗਅ ਗਿਕਕ ਲਚਵ ਕਡਕਗਖਮੀਕਗਕ ੀਕ ਜਤ ਜਅ ਵੀਕ ਫ਼ੀਜਅਤ.਼ ਮੈਂ ਹੁੰਦਲ ਸਾਹਿਬ ਨੂੰ ਇਸ ਪੁਰਸ਼ਾਰਥ ਲਈ ਮੁਬਾਰਕਬਾਦ ਦਿੰਦਾ ਹਾਂ।


ਂਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136


ਧੁੰਦ ਚੀਰਦੀ ਕਿਰਨ
ਸੰਪਾਦਕ : ਡਾ: ਅਸ਼ੋਕ ਭਾਟੀਆ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ (ਪੇਪਰ ਬੈਕ), ਸਫ਼ੇ : 180
ਸੰਪਰਕ : 094161-52100.

'ਧੁੰਦ ਚੀਰਦੀ ਕਿਰਨ' ਪੁਸਤਕ ਪੰਜਾਬੀ ਦੀਆਂ ਪ੍ਰਤੀਨਿਧ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ। ਸੰਪਾਦਕ ਜਿਥੇ ਪੰਜਾਬੀ ਵਿਚ ਮਿੰਨੀ ਕਹਾਣੀ ਦੀ ਉਤਪਤੀ ਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕਰਦਾ ਹੈ, ਉਥੇ ਪੰਜਾਬੀ ਮਿੰਨੀ ਕਹਾਣੀ ਦੇ ਮੁਢਲੇ ਅਤੇ ਵਰਤਮਾਨ ਲੇਖਕਾਂ ਦੀਆਂ ਕਹਾਣੀਆਂ ਨੂੰ ਸੰਗ੍ਰਹਿ ਕਰਕੇ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ-ਪੰਧਾਂ ਦਾ ਵੀ ਵਿਸ਼ਲੇਸ਼ਣ ਕਰਦਾ ਹੈ। ਇਸ ਸੰਗ੍ਰਹਿ ਦੇ 12 ਲੇਖਕਾਂ ਵਿਚੋਂ ਕੁਝ ਉਨ੍ਹਾਂ ਮੁਢਲੇ ਪੰਜਾਬੀ ਮਿੰਨੀ ਕਹਾਣੀ ਦੇ ਲੇਖਕ ਹਨ, ਜਿਨ੍ਹਾਂ ਨੇ ਪੰਜਾਬੀ ਕਹਾਣੀ ਵਿਕਾਸ ਦੇ ਯੋਗਦਾਨ ਵਿਚ ਨਿੱਗਰ ਹਿੱਸਾ ਪਾਇਆ ਹੈ। 20ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਜਦ ਪੰਜਾਬੀ ਵਿਚ ਮਿੰਨੀ ਕਹਾਣੀ ਦਾ ਵਿਕਾਸ ਆਰੰਭ ਹੋਇਆ, ਉਸ ਸਮੇਂ ਵਿਚ ਵਿਧਾ ਦਾ ਡਟਵਾਂ ਵਿਰੋਧ ਹੋਇਆ। ਇਸ ਸੰਗ੍ਰਹਿ ਵਿਚ ਪੁਰਾਣੇ ਤੇ ਨਵੇਂ ਲੇਖਕ ਸ਼ਾਮਿਲ ਹਨ।
ਪੰਜਾਬੀ ਮਿੰਨੀ ਕਹਾਣੀ ਦੀ ਸੰਰਚਨਾ ਲਈ ਮਹੱਤਵਪੂਰਨ ਭਖਦੇ ਵਿਸ਼ੇ ਵੀ ਜ਼ਰੂਰੀ ਹਨ, ਉਥੇ ਇਸ ਦੇ ਵਿਸ਼ਿਆਂ ਦੀ ਪੇਸ਼ਕਾਰੀ ਵਿਚ ਕਲਾਤਮਕ ਯੁਕਤਾਂ, ਪ੍ਰਤੀਕਾਤਮਕ ਬਿੰਬਾਤਮਕ ਤੇ ਅਲੰਕਾਰਿਤ ਭਾਸ਼ਾ ਦੀ ਲੋੜੀਂਦੀ ਢੁਕਵੀਂ ਵਰਤੋਂ, ਨਾਟਕੀ ਵਾਰਤਾਲਾਪ, ਰੌਚਿਕ ਪ੍ਰਸੰਗ ਅਤੇ ਸਮਝ-ਸੂਝ ਦੀ ਦ੍ਰਿਸ਼ਟੀ ਵੀ ਸੰਚਾਰਨੀ ਜ਼ਰੂਰੀ ਹੈ ਕਿ ਪਾਠਕ ਮਿੰਨੀ ਕਹਾਣੀ ਨੂੰ ਪੜ੍ਹ ਕੇ ਚੁੱਪ ਹੋ ਕੇ ਸੋਚਣ 'ਤੇ ਮਜਬੂਰ ਹੋ ਜਾਣ। ਡਾ: ਅਸ਼ੋਕ ਭਾਟੀਆ ਇਸ ਪ੍ਰਕਾਸ਼ਨ ਲਈ ਵਧਾਈ ਦੇ ਪਾਤਰ ਹਨ।


ਂਡਾ: ਅਮਰ ਕੋਮਲ
ਮੋ: 08437873565.

 

 

 


ਮੁਕਤੀ
ਕਹਾਣੀਕਾਰ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 225 ਰੁਪਏ, ਸਫ਼ੇ : 160
ਸੰਪਰਕ : 95019-80201.ਮੁਕਤੀ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਕਹਾਣੀਆਂ ਦਾ ਮਰਕਜ਼ ਪਰਿਵਾਰ ਹੈ ਅਤੇ ਇਹ ਪਰਿਵਾਰ ਪੂਰੇ ਸਮਾਜ ਵਿਚ ਫੈਲਦਾ ਹੈ। ਕਹਿਣ ਤੋਂ ਭਾਵ ਹੈ ਕਿ ਇਨ੍ਹਾਂ ਕਹਾਣੀਆਂ ਵਿਚ ਪਰਿਵਾਰਕ ਮਸਲੇ, ਤੰਗੀਆਂ, ਥੁੜਾਂ, ਰੀਝਾਂ, ਖਾਹਿਸ਼ਾਂ ਦਾ ਜ਼ਿਕਰ ਹੈ ਪਰ ਇਹ ਸਮਾਜ ਵਿਚਲੇ ਹਰੇਕ ਪਰਿਵਾਰ ਦੀ ਕਹਾਣੀ ਬਣਦੀ ਨਜ਼ਰ ਆਉਂਦੀ ਹੈ। ਔਰਤ ਦੇ ਦੱਬੇ ਹੋਏ ਜਜ਼ਬੇ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਇਹ ਕਹਾਣੀਆਂ ਜਿਥੇ ਔਰਤ ਦੇ ਜਜ਼ਬਾਤਾਂ ਦੀ ਬਾਤ ਪਾਉਂਦੀਆਂ ਹਨ, ਉਥੇ ਉਸ ਦੇ ਨਾਂਹ-ਵਾਚੀ ਕਿਰਦਾਰ ਦਾ ਜ਼ਿਕਰ ਵੀ ਛੇੜਦੀਆਂ ਹਨ। 'ਡਰ' ਅਤੇ 'ਮਹਿਟਰ' ਕਹਾਣੀ ਵਿਚ ਮਤਰੇਈ ਮਾਂ ਦਾ ਵਤੀਰਾ ਔਰਤ ਦੀ ਨਾਂਹ-ਵਾਚੀ ਸ਼ਖ਼ਸੀਅਤ ਬਾਰੇ ਭਾਵਪੂਰਤ ਚਿੱਤਰ ਪੇਸ਼ ਕਰਦਾ ਹੈ। ਸਮਾਜ 'ਚ ਹੁੰਦੀ ਬਜ਼ੁਰਗਾਂ ਦੀ ਬੇਕਦਰੀ ਅਤੇ ਨਿਰਾਸ਼ਾਜਨਕ ਸਥਿਤੀ ਦਾ ਜ਼ਿਕਰ 'ਮੁਕਤੀ' ਕਹਾਣੀ ਸੰਗ੍ਰਹਿ ਵਿਚਲੀਆਂ ਬਹੁਤ ਸਾਰੀਆਂ ਕਹਾਣੀਆਂ ਵਿਚ ਹੋਇਆ ਹੈ ਜਿਵੇਂ 'ਬੁਰੇ ਦਿਨ', 'ਦੋਸਤੀ', 'ਮਾਤਾ ਕੇਸੋ' ਆਦਿ ਕਹਾਣੀਆਂ ਦੇਖੀਆਂ ਜਾ ਸਕਦੀਆਂ ਹਨ। ਮਹਾਂਨਗਰੀ ਸੱਭਿਅਤਾ, ਭ੍ਰਿਸ਼ਟਾਚਾਰੀ ਵਾਤਾਵਰਨ ਅਤੇ ਸਮਾਜ ਵਿਚ ਫੈਲੇ ਹੋਏ ਵਹਿਮ-ਭਰਮ, ਰਿਸ਼ਤਿਆਂ ਵਿਚ ਫੈਲੀ ਕੁੜੱਤਣ ਆਦਿ ਵਿਸ਼ੇ ਕਹਾਣੀਕਾਰ ਦੀ ਬਰੀਕ ਸਮਾਜਿਕ ਸੂਝ ਦੀ ਗਵਾਹੀ ਭਰਦੇ ਹਨ। 'ਮੁਕਤੀ' ਕਹਾਣੀ ਸੰਗ੍ਰਹਿ ਵਿਚ ਸਮਾਜ ਵਿਚ ਫੈਲਦੀ ਨਸ਼ਿਆਂ ਦੀ ਲਾਹਨਤ ਬਾਰੇ ਵੀ 'ਮੁਹੱਬਤ', 'ਤੂੰ ਹੀ ਤੂੰ' ਆਦਿ ਕਹਾਣੀਆਂ ਵਿਚ ਜ਼ਿਕਰ ਹੋਇਆ ਹੈ। ਕਈ ਕਹਾਣੀਆਂ ਵਿਚ ਲੇਖਿਕਾ ਦੁਆਰਾ ਕਹਾਣੀ ਰੋਕ ਕੇ ਕੀਤੀਆਂ ਟਿੱਪਣੀਆਂ ਕਹਾਣੀ ਦੇ ਬਿਰਤਾਂਤ ਵਿਚ ਰੋਕ ਵੀ ਪਾਉਂਦੀਆਂ ਹਨ। ਵਿਅੰਗ, ਰਹੱਸਤਾਤਮਕ ਗੁੰਝਲ, ਨਾਟਕੀ ਸ਼ੈਲੀ ਆਦਿ ਜੁਗਤਾਂ ਕਹਾਣੀ ਦੀ ਰੌਚਕਤਾ ਵਿਚ ਵਾਧਾ ਵੀ ਕਰਦੀਆਂ ਹਨ, ਪਾਠਕ ਨੂੰ ਜੋੜਦੀਆਂ ਵੀ ਹਨ। ਕੁਝ ਕਹਾਣੀਆਂ ਮਿੰਨੀ ਕਹਾਣੀ ਦੀ ਤਰਜ਼ 'ਤੇ ਲਿਖੀਆਂ ਹਨ ਅਤੇ ਕੁਝ ਲੰਮੀਆਂ ਕਹਾਣੀਆਂ ਵੀ ਸ਼ਾਮਿਲ ਹਨ। ਕੁੱਲ ਮਿਲਾ ਕੇ ਕਹਾਣੀ ਸੰਗ੍ਰਹਿ ਪੜ੍ਹਨਯੋਗ ਤੇ ਮਾਣਨਯੋਗ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 


ਹਿੰਦ-ਪਾਕਿ ਬਾਰਡਰਨਾਮਾ

ਲੇਖਕ : ਨਿਰਮਲ ਨਿੰਮਾ ਲੰਗਾਹ
ਪ੍ਰਕਾਸ਼ਕ : ਚੱਕ ਸਤਾਰ੍ਹਾਂ ਪ੍ਰਕਾਸ਼ਨ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 300
ਸੰਪਰਕ : 98552-67822.

'ਹਿੰਦ-ਪਾਕ ਬਾਰਡਰਨਾਮਾ' ਨਿਰਮਲ ਨਿੰਮਾ ਲੰਗਾਹ ਦਾ ਤੀਸਰਾ ਸਵੈਜੀਵਨੀ ਮੂਲਕ ਨਾਵਲ ਹੈ। ਯੂਨੀਵਰਸਿਟੀ ਪੜ੍ਹਦਿਆਂ ਤੇ ਸਾਹਿਤ ਦਾ ਪਾਰਖੂ ਵਿਦਿਆਰਥੀ ਹੁੰਦਿਆਂ ਲੰਗਾਹ ਦੇ ਮਨ ਵਿਚ ਪਾਕਿਸਤਾਨ ਦੇਖਣ ਅਤੇ ਘੁੰਮਣ ਦੀ ਇੱਛਾ ਪੈਦਾ ਹੁੰਦੀ ਹੈ। ਆਪਣੀ ਬਲੈਕੀਏ ਰਿਸ਼ਤੇਦਾਰਾਂ ਰਾਹੀਂ ਉਹ ਬਾਰਡਰ ਕਰਾਸ ਕਰਕੇ ਪਾਕਿ ਜਾਣ ਵਿਚ ਸਫ਼ਲ ਹੋ ਜਾਂਦਾ ਹੈ। ਉਥੇ ਉਸ ਦਾ ਇਸ਼ਕ ਨਸੀਬ ਉਰੂਫ਼ ਸੀਮਾ ਨਾਲ ਹੋ ਜਾਂਦਾ ਹੈ ਜੋ ਕਿਸੇ ਵੱਡੇ ਸਮੱਗਲਰ ਦੀ ਇਕਲੌਤੀ ਭੈਣ ਹੇ ਤੇ ਬੇਹੱਦ ਖੂਬਸੂਰਤ ਹੈ। ਉਸ ਦੇ ਇਸ਼ਕ ਵਿਚ ਬੱਝਿਆ ਉਹ ਵਾਰ-ਵਾਰ ਬਾਰਡਰ ਕਰਾਸ ਕਰਨ ਦੀ ਹਿੰਮਤ ਕਰਦਾ ਹੈ। ਇਕ ਵਾਰ ਬਾਰਡਰ ਪੁਲਿਸ ਤੇ ਫ਼ੌਜ ਹੱਥੋਂ ਗ੍ਰਿਫ਼ਤਾਰ ਵੀ ਹੋ ਜਾਂਦਾ ਹੈ। ਪਰ ਸਮਾ ਆਪਣੇ ਅਤੇ ਭਰਾ ਦੇ ਰਸੂਖ਼ ਨਾਲ ਉਸ ਨੂੰ ਛੁੜਾ ਲੈਂਦੀ ਹੈ। ਉਹ ਪਹਿਲੋਂ ਪੰਮੀ ਨਾਂਅ ਦੀ ਕੁੜੀ ਨਾਲ ਵੀ ਇਸ਼ਕ ਕਰਦਾ ਰਿਹਾ ਹੈ, ਜਿਸ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਸੀਮਾ ਵੀ ਇਕ ਫ਼ੌਜੀ ਕੈਪਟਨ ਨਾਲ ਮੰਗੀ ਹੋਈ ਹੈ, ਵਿਆਹ ਵੀ ਹੋ ਜਾਂਦਾ ਹੈ, ਪਰ ਉਹ ਲੰਗਾਹ ਨੂੰ ਹੀ ਦਿਲੋਂ ਚਾਹੁੰਦੀ ਹੈ ਤੇ ਆਖਰ ਉਸ ਦੀ ਮੁਹੱਬਤ ਦੀ ਨਿਸ਼ਾਨੀ ਵਜੋਂ ਇਕ ਧੀ ਨੂੰ ਜਨਮ ਦਿੰਦੀ ਹੈ। ਬਾਰਡਰ ਪਾਰ ਦੀ ਮੁਹੱਬਤ ਬਹੁਤ ਖ਼ਤਰਿਆਂ ਭਰਪੂਰ ਹੈ ਤੇ ਲੰਮੇ ਸਮੇਂ ਲਈ ਨਿਭਣ ਵਾਲੀ ਨਹੀਂ ਹੈ। ਆਖਰ ਉਹ ਸੀਮਾ ਨੂੰ ਅਲਵਿਦਾ ਕਹਿ ਕੇ ਪੰਜਾਬ ਵਾਪਸ ਆ ਜਾਂਦਾ ਹੈ ਤੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ।
ਲੇਖਕ ਨੂੰ ਪੂਰਬੀ ਤੇ ਪੱਛਮੀ ਪੰਜਾਬ ਨਾਲ ਲਗਦੀ ਸੀਮਾ ਦੇ ਚੱਪੇ-ਚੱਪੇ ਦੀ ਜਾਣਕਾਰੀ ਹੈ। ਬਹੁਤ ਸਾਰੇ ਰੌਂਗਟੇ ਖੜ੍ਹੇ ਕਰਨ ਵਾਲੇ ਦ੍ਰਿਸ਼ਾਂ, ਪੁਲਿਸ ਮੁਕਾਬਲਿਆਂ ਅਤੇ ਪੇਂਡੂ ਜਨ ਜੀਵਨ ਦਾ ਬਿਰਤਾਂਤ ਬਹੁਤ ਰੌਚਕ ਢੰਗ ਨਾਲ ਨਾਵਲ ਵਿਚ ਪੇਸ਼ ਹੋਇਆ ਹੈ।


ਂਕੇ. ਐਲ. ਗਰਗ
ਮੋ: 94635-37050

 

 

19-3-2016

 ਲੁਕਣ ਮੀਟੀ
ਨਾਵਲਕਾਰ : ਵਰਿੰਦਰ ਕੌਰ ਪੰਨੂੰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 224
ਸੰਪਰਕ : 98723-54839.

ਇਹ ਨਾਵਲ ਅੰਧਵਿਸ਼ਵਾਸ ਅਤੇ ਵਹਿਮਾਂ-ਭਰਮਾਂ ਵਿਚ ਲੁੱਟੇ ਲਿਤਾੜੇ ਲੋਕਾਂ ਨੂੰ ਸਮਰਪਿਤ ਹੈ। ਨਾਵਲ ਦੇ ਮੁੱਖ ਪਾਤਰ ਅਮਰਜੀਤ ਸਿੰਘ, ਸੁਰਜੀਤ ਕੌਰ, ਮੁਖਤਾਰ ਸਿੰਘ, ਗਿੰਦਾ, ਸ਼ਿੰਦਾ ਅਤੇ ਬਲਕਾਰ ਹਨ। ਬਲਜੀਤ ਸਿੰਘ ਅਤੇ ਜਸਪ੍ਰੀਤ ਟੀਮ ਸਮੇਤ ਤਰਕਸ਼ੀਲ ਲਹਿਰ ਵਿਚ ਕੰਮ ਕਰਦੇ ਹਨ। ਕਾਨੂੰਨੀ ਉਲਝਣਾਂ ਨੂੰ ਪਾਰ ਕਰਦੇ ਹੋਏ ਇਹ ਪਾਤਰ ਇਕ ਨਰੋਏ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹਨ। ਸਮਾਜਿਕ ਬੁਰਾਈਆਂ ਔਰਤਾਂ ਦਾ ਸ਼ੋਸ਼ਣ, ਨਸ਼ਿਆਂ ਦਾ ਜ਼ਹਿਰ ਅਤੇ ਵਹਿਮ-ਭਰਮ ਇਸ ਨਾਵਲ ਦੇ ਮੁੱਖ ਮੁੱਦੇ ਹਨ। ਵਿਆਹਾਂ 'ਤੇ ਬੇਲੋੜੇ ਖਰਚ ਕੀਤੇ ਜਾ ਰਹੇ ਹਨ। ਫੋਕੀ ਸ਼ਾਨੋ-ਸ਼ੌਕਤ ਲਈ ਕਿਸਾਨ ਬੇਲੋੜੇ ਕਰਜ਼ੇ ਚੁੱਕਦੇ ਹਨ ਅਤੇ ਫਿਰ ਇਨ੍ਹਾਂ ਦੇ ਬੋਝ ਥੱਲੇ ਦੱਬ ਕੇ ਆਤਮਘਾਤ ਕਰਦੇ ਹਨ। ਵਿੱਦਿਆ ਦੇ ਪੱਖੋਂ ਵੀ ਦਿਵਾਲਾ ਨਿਕਲਿਆ ਹੋਇਆ ਹੈ। ਬਿਜਲੀ ਦੀ ਸਮੱਸਿਆ ਵੀ ਕਾਫੀ ਵੱਡੀ ਹੈ। ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਨਸ਼ਿਆਂ ਅਤੇ ਸਦਾਚਾਰਕ ਗਿਰਾਵਟ ਕਾਰਨ ਏਡਜ਼ ਵਰਗੀਆਂ ਮਾਰੂ ਬਿਮਾਰੀਆਂ ਫੈਲ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਅਤੇ ਫੈਲ ਰਹੀਆਂ ਕੁਰੀਤੀਆਂ ਨੂੰ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ।
ਨਾਵਲ ਵਿਚ ਸੱਭਿਆਚਾਰਕ ਗੀਤ, ਘੋੜੀਆਂ, ਸੁਹਾਗ, ਜਾਗੋ, ਸਿੱਠਣੀਆਂ, ਅਖਾਣ, ਮੁਹਾਵਰੇ ਅਤੇ ਕਾਵਿ ਟੋਟਿਆਂ ਦੀ ਵੀ ਭਰਪੂਰ ਵਰਤੋਂ ਕੀਤੀ ਗਈ ਹੈ। ਬੱਚਿਆਂ ਦੇ ਚੁਲਬੁਲੇ ਬੋਲਾਂ ਨੇ ਨਾਵਲ ਨੂੰ ਦਿਲਚਸਪ ਬਣਾ ਦਿੱਤਾ ਹੈ। ਭਾਵੇਂ ਨਾਵਲ ਦਾ ਹਿੱਸਾ ਬਹੁਤ ਹੀ ਗੰਭੀਰ ਹੈ ਪਰ ਲੇਖਿਕਾ ਨੇ ਇਸ ਨੂੰ ਰੌਚਕ ਬਣਾਈ ਰੱਖਿਆ ਹੈ। ਕੰਨਿਆ ਭਰੂਣ ਹੱਤਿਆ, ਦਾਜ ਅਤੇ ਅਨਪੜ੍ਹਤਾ, ਅਗਿਆਨਤਾ ਵਿਰੁੱਧ ਆਵਾਜ਼ ਉਠਾਈ ਗਈ ਹੈ। ਤਰਕਸ਼ੀਲ ਲਹਿਰ ਦੇ ਕਾਰਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਤਰਕਸ਼ੀਲ ਮੇਲੇ, ਸੈਮੀਨਾਰ, ਲੋਕ ਗੀਤ ਅਤੇ ਬੋਲੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਨਾਵਲ ਦਾ ਉਦੇਸ਼ ਇਕ ਸਿਹਤਮੰਦ ਅਤੇ ਆਕਰਸ਼ਕ ਸਮਾਜ ਦੀ ਸਿਰਜਣਾ ਹੈ। ਨਾਵਲ ਵਿਚ ਤਰਕਸ਼ੀਲ ਲਹਿਰ ਦੇ ਪਾਤਰਾਂ ਨੂੰ ਸੰਘਰਸ਼ਾਂ ਵਿਚੋਂ ਲੰਘ ਕੇ ਅੰਤ ਕਾਮਯਾਬ ਹੁੰਦੇ ਦਿਖਾਇਆ ਗਿਆ ਹੈ। ਇਹ ਇਕ ਚੰਗਾ ਯਤਨ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਮੇਰਾ ਜੀਵਨ ਸੰਗਰਾਮ
ਜਾਤੀ ਅਤੇ ਜਮਾਤੀ ਯੁੱਧ
ਲੇਖਕ : ਐਸ. ਐਲ. ਵਿਰਦੀ
ਪ੍ਰਕਾਸ਼ਕ : ਸਮਤਾ ਸਮਾਜ ਅੰਦੋਲਨ, ਫਗਵਾੜਾ
ਮੁੱਲ : 450 ਰੁਪਏ, ਸਫ਼ੇ : 464
ਸੰਪਰਕ : 98145-17499.

ਵਿਰਦੀ ਅਤਿ ਦੀ ਗਰੀਬੀ ਦੇ ਮਾਹੌਲ ਦਾ ਜੰਮਪਲ ਹੈ। ਉਸ ਦੀ ਇਸ ਆਤਮ-ਕਥਾ ਦਾ ਅਧਿਐਨ ਕਰਦਿਆਂ ਪਤਾ ਲਗਦਾ ਹੈ ਕਿ ਆਪਣੀ ਵਿੱਦਿਆ ਪ੍ਰਾਪਤੀ ਦੇ ਦੌਰਾਨ ਹੀ ਉਹ ਡਾ: ਅੰਬੇਡਕਰ, ਬੁੱਧ ਅਤੇ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ। ਉਸ ਨੇ ਜਾਤੀ ਅਤੇ ਜਮਾਤੀ ਵਿਤਕਰਿਆਂ ਵਿਰੁੱਧ ਸੰਘਰਸ਼ ਦਾ ਬੀੜਾ ਚੁੱਕਿਆ। ਉਸ ਨੇ ਦਲਿਤ ਸਮਾਜ ਨੂੰ ਨਵੀਂ ਚੇਤਨਾ ਪ੍ਰਦਾਨ ਕਰਨ ਵਿਚ ਆਪਣਾ ਪੂਰਾ ਯੋਗਦਾਨ ਪਾਇਆ। ਉਹ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਨੂੰ ਸਾਕਾਰ ਹੋਇਆ ਵੇਖਣ ਦਾ ਚਾਹਵਾਨ ਹੈ। ਉਸ ਦੇ ਇਸ ਯਤਨ ਨੂੰ ਪੂਰਬ ਅਤੇ ਪੱਛਮ ਦੇ ਵਿਦਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਸ ਨੇ ਆਪਣੇ ਵਿਦਿਅਕ, ਸਾਹਿਤਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਕਾਨੂੰਨੀ ਅਸਤਿਤਵ ਨੂੰ ਇਸ ਹੱਦ ਤੱਕ ਉਭਾਰਿਆ ਕਿ ਉਸ ਦੀ ਹਮਸਫ਼ਰ ਅਤੇ ਬੱਚੇ ਵੀ ਸਮਾਜ ਵਿਚ ਸਨਮਾਨਯੋਗ ਸਥਾਨ ਹਾਸਲ ਕਰ ਗਏ। ਉਸ ਦੀ ਸ਼ਖ਼ਸੀਅਤ ਹੱਕ ਅਤੇ ਸੱਚ ਲਈ ਸੰਘਰਸ਼ ਕਰਦੀ ਹੋਈ ਵਿਸ਼ਵ ਪ੍ਰਸਿੱਧੀ ਦੀਆਂ ਸਿਖ਼ਰਾਂ ਨੂੰ ਛੋਹਣ ਲੱਗੀ। ਉਹ 'ਅਣਹੋਇਆਂ' ਨੂੰ 'ਹੋਏ' ਬਣਨ ਲਈ ਪ੍ਰੇਰਨਾ-ਸ੍ਰੋਤ ਸਿੱਧ ਹੋਇਆ। ਇਸ ਸਵੈ-ਜੀਵਨੀ ਵਿਚ ਉਸ ਦੀਆਂ ਲਿਖਤਾਂ, ਰੂਬਰੂ, ਭਾਸ਼ਣ, ਮਾਣ-ਸਨਮਾਨ ਅਤੇ ਵਿਦੇਸ਼ੀ ਯਾਤਰਾਵਾਂ ਨਾਲ ਭਰਪੂਰ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਹ ਸਵੈ-ਜੀਵਨੀ ਸੰਸਮਰਨ, ਰੇਮਨੇਸੈਂਸ ਅਤੇ ਜੀਵਨ ਕਾਰਨਾਮਿਆਂ ਦਾ ਭਰਵਾਂ ਚਿੱਤਰ ਪ੍ਰਸਤੁਤ ਕਰਦੀ ਹੈ। ਉਹ ਸਾਹਿਤਕਾਰ ਜਾਂ ਵਕੀਲ ਹੀ ਨਹੀਂ, ਰੰਗ ਕਰਮੀ ਅਤੇ ਤਰਕਸ਼ੀਲ ਆਗੂ ਵੀ ਹਨ। ਭਿੰਨ-ਭਿੰਨ ਅਖ਼ਬਾਰਾਂ ਵਿਚ ਛਪੀਆਂ ਲਿਖਤਾਂ ਪ੍ਰਸੰਸਾਯੋਗ ਮੁਲਾਂਕਣ ਵਿਰਦੀ ਦੀ ਸ਼ਖ਼ਸੀਅਤ ਦਾ ਹਾਸਲ ਹੈ।
ਇਸ ਵੱਡ-ਆਕਾਰੀ ਸਵੈ-ਜੀਵਨੀ ਦੇ 116 ਕਾਂਡ, 10 ਅੰਤਿਕਾਵਾਂ ਹਨ। ਪੰਜਾਹ ਪੰਨੇ ਦੇ ਕਰੀਬ ਤਸਵੀਰਾਂ ਉਸ ਦੇ ਹੰਢਾਏ ਜੀਵਨ ਦੇ ਸੱਚ ਨੂੰ ਰੂਪਮਾਨ ਕਰ ਰਹੀਆਂ ਹਨ। ਇਹ ਰਚਨਾ ਲੇਖਕ ਦੇ ਵਿਅਕਤਿਤਵ ਨਾਲ ਸਬੰਧਤ ਤੱਥਾਂ ਅਤੇ ਘਟਨਾਵਾਂ ਦਾ ਦਸਤਾਵੇਜ਼ ਹੋ ਨਿੱਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਫ ਫ ਫ

ਮੇਵਾ ਸਿੰਘ ਨੇ ਹਾਪਕਿਨਸਨ ਕਿਉਂ ਮਾਰਿਆ?
ਲੇਖਕ : ਗੁਰਪ੍ਰੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112+8
ਸੰਪਰਕ : 98152-98459.

ਹਥਲੀ ਪੁਸਤਕ ਭਾਰਤ ਦੀ ਆਜ਼ਾਦੀ ਵਾਸਤੇ ਅਤੇ ਇਥੋਂ ਦੇ ਬਸ਼ਿੰਦਿਆਂ ਦੀ ਮਾਨਵੀ ਪਛਾਣ ਵਾਸਤੇ ਕੀਤੇ ਗਏ ਯੁੱਧ-ਸੰਘਰਸ਼ ਦੇ ਇਤਿਹਾਸਕ-ਤੱਥ ਮੂਲਕ ਸਿੱਟਿਆਂ ਦਾ ਦਰਪਣ ਹੈ। ਭਾਰਤੀ ਅਣਖ, ਗ਼ੈਰਤ ਅਤੇ ਕੁਰਬਾਨੀਆਂ ਦੇ ਵਿਭਿੰਨ ਦੌਰਾਂ 'ਚ ਗਦਰ ਲਹਿਰ ਦਾ ਜੋ ਉੱਘਾ ਯੋਗਦਾਨ ਰਿਹਾ ਹੈ, ਉਹ ਇਨ੍ਹਾਂ ਦੋ ਦਰਜਨ ਨਿਬੰਧਾਂ ਵਿਚੋਂ ਵਾਚਿਆ ਜਾ ਸਕਦਾ ਹੈ। ਲੇਖਕ ਗੁਰਪ੍ਰੀਤ ਸਿੰਘ ਨੇ ਇਤਿਹਾਸਕ, ਦਫ਼ਤਰੀ, ਪ੍ਰਕਾਸ਼ਿਤ ਸਾਧਨਾਂ ਜ਼ਰੀਏ ਅਜਿਹੇ ਗਿਆਨ ਨੂੰ ਇਥੇ ਸੂਤਰਿਕ ਸ਼ੈਲੀ 'ਚ ਪੇਸ਼ ਕੀਤਾ ਹਾ, ਜਿਨ੍ਹਾਂ ਬਾਬਤ ਪਹਿਲੋਂ-ਪਹਿਲ ਕਈ ਭੁਲੇਖੇ ਵੀ ਚਲੇ ਆ ਰਹੇ ਸਨ। ਪੁਸਤਕ ਦਾ ਸਭ ਤੋਂ ਮਹੱਤਵਪੂਰਨ ਭਾਗ ਵਿਲੀਅਮ ਹਾਪਕਿਨਸਨ, ਜੋ ਵੈਨਕੂਵਰ ਵਿਚ ਇਮੀਗ੍ਰੇਸ਼ਨ ਇੰਸਪੈਕਟਰ ਨੂੰ ਮੇਵਾ ਸਿੰਘ ਲੋਪੋਕੇ ਵੱਲੋਂ ਅਕਤੂਬਰ 1914 ਨੂੰ ਗੋਲੀ ਨਾਲ ਮਾਰ ਦੇਣ ਦੇ ਹਵਾਲਿਆਂ ਨਾਲ ਸਬੰਧਤ ਹੈ। ਇਹ ਉੱਚ ਅਫਸਰ ਬਸਤੀਵਾਦ ਪਰਵਾਸ ਅਤੇ ਨਸਲਵਾਦ ਦੀ ਪੁੱਠ ਸਦਕਾ ਭਾਰਤੀਆਂ ਦਾ ਕਾਮਾਗਾਟਾਮਾਰੂ ਜਹਾਜ਼ ਵਾਪਸ ਕਰਨ ਦਾ ਜ਼ਿੰਮੇਵਾਰ ਸੀ। 376 ਯਾਤਰੀਆਂ ਦਾ ਇਹ ਜਹਾਜ਼ ਜੋ ਬਾਬਾ ਗੁਰਦਿੱਤ ਸਿੰਘ ਤੇ ਹੋਰ ਸਾਥੀਆਂ ਨੇ ਜਾਪਾਨ ਤੋਂ ਪਟੇ 'ਤੇ ਲਿਆ ਸੀ, ਇਸ ਅਫਸਰ ਨੇ ਕਈ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਸਨ ਤਾਂ ਜੋ ਹਿੰਦੁਸਤਾਨੀ ਕੈਨੇਡਾ ਜਾਂ ਉੱਤਰੀ ਅਮਰੀਕਾ 'ਚ ਜਾ ਕੇ ਚੰਗੀ ਸਿੱਖਿਆ ਜਾਂ ਚੰਗੀ ਕਿਰਤ ਕਮਾਈ ਨਾ ਕਰ ਸਕਣ। ਲੇਖਕ ਨੇ ਦੇਸ਼ਾਂ ਵਿਦੇਸ਼ਾਂ ਦੇ ਨਾਮਵਰ ਰਿਸਾਲਿਆਂ 'ਚ ਸਮੁੱਚੇ ਗਦਰ ਲਹਿਰ ਦੇ ਕਾਰਨਾਮਿਆਂ ਨੂੰ ਜਿਸ ਕਦਰ ਪੇਸ਼ ਕੀਤਾ ਸੀ, ਉਨ੍ਹਾਂ ਵਿਚੋਂ ਬਹੁਤ ਸਾਰੇ ਤੱਥ ਇਸ ਪੁਸਤਕ ਦੇ ਵਿਭਿੰਨ ਨਿਬੰਧਾਂ 'ਚ ਪ੍ਰਗਟਾਏ ਗਏ ਹਨ। ਇਸ ਪ੍ਰਗਟਾਵੇ 'ਚ ਮੂਲ ਸਰੋਤਾਂ, ਦੁਜੈਲੇ ਸਰੋਤਾਂ, ਅਖ਼ਬਾਰਾਂ, ਵਿਦੇਸ਼ੀ ਸਰਕਾਰੀ ਦਸਤਾਵੇਜ਼ਾਂ, ਚਿੱਤਰਾਂ, ਘਟਨਾਵਾਂ ਦੇ ਮੌਕਿਆਂ, ਇਮਾਰਤਾਂ, ਕਬਰਾਂ, ਇਤਿਹਾਸਕ ਯਾਦਗਾਰੀ ਸਥਾਨਾਂ ਆਦਿ ਦਾ ਵੇਰਵਾ ਵੀ ਪੇਸ਼ ਕੀਤਾ ਗਿਆ ਹੈ, ਜੋ ਦੁਰਲੱਭ ਜਾਣਕਾਰੀ ਦਾ ਸੋਮਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.

ਫ ਫ ਫ

ਸਿੱਖ ਇਤਿਹਾਸਕਾਰੀ ਵਿਚ ਤੁੱਕਾਕਾਰੀ
ਵਿਸ਼ਲੇਸ਼ਣਕਾਰ : ਖੋਜੀ ਕਾਫ਼ਿਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : singhbro@vsnl.com

ਖੋਜੀ ਕਾਫ਼ਿਰ ਇਕ ਬਹੁਵਿਧਾਈ ਲੇਖਕ ਅਤੇ ਜਾਗਰੂਕ ਵਿਅਕਤੀ ਹੈ। ਹਥਲੀ ਪੁਸਤਕ ਵਿਚ ਉਹ ਸਿੱਖ ਇਤਿਹਾਸਕਾਰੀ ਦੇ ਖੇਤਰ ਵਿਚ ਸਥਾਪਿਤ ਅਤੇ ਪਰਿਪੱਕ ਲੇਖਕਾਂ ਵੱਲੋਂ ਮਾਰੇ ਗਏ ਤੁੱਕਿਆਂ ਦੀ ਇਕ ਵੰਨਗੀ ਪੇਸ਼ ਕਰਦਾ ਹੈ। ਖੋਜੀ ਕਾਫ਼ਿਰ ਦੀ ਇੱਛਾ ਕਿਸੇ ਇਤਿਹਾਸਕਾਰ ਦੇ ਕੰਮ ਨੂੰ ਛੁਟਿਆਉਣਾ ਨਹੀਂ ਹੈ ਬਲਕਿ ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਕੰਮ ਨੂੰ ਦਿਆਨਤਦਾਰੀ ਅਤੇ ਸਖ਼ਤ ਮਿਹਨਤ ਨਾਲ ਨੇਪਰੇ ਚਾੜ੍ਹੇ। ਲੇਖਕ ਨੇ ਪੰਜਾਬੀ ਇਤਿਹਾਸਕਾਰੀ ਦੇ ਖੇਤਰ ਵਿਚ ਮਾਰੇ ਗਏ ਤੁੱਕਿਆਂ ਦੀ ਜਾਣਕਾਰੀ ਦੇਣ ਲਈ ਮੁੱਖ ਤੌਰ 'ਤੇ ਇਕ ਬਿਰਤਾਂਤ ਬਾਰੇ ਹੀ ਗੱਲ ਛੇੜੀ ਹੈ ਅਤੇ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਹੋਈਆਂ ਜੰਗਾਂ ਅਤੇ ਪਰਿਵਾਰ ਵਿਛੋੜਾ। ਇਸ ਬਿਰਤਾਂਤ ਉੱਪਰ ਮਾਈਕਰੋ ਦ੍ਰਿਸ਼ਟੀ ਨਾਲ ਵਿਚਾਰ ਕਰਦਾ ਹੋਇਆ ਉਹ ਲਿਖਦਾ ਹੈ ਕਿ ਏਨੇ ਮਹੱਤਵਪੂਰਨ ਪ੍ਰਸੰਗ ਬਾਰੇ ਲਿਖਣ ਸਮੇਂ ਕਿਸੇ ਵੀ ਇਤਿਹਾਸਕਾਰ ਨੇ ਸੂਝ-ਬੂਝ ਅਤੇ ਪ੍ਰੋਫੈਸ਼ਨਲ ਇਮਾਨਦਾਰੀ ਤੋਂ ਕੰਮ ਨਹੀਂ ਲਿਆ ਬਲਕਿ ਜੋ ਮਨ ਵਿਚ ਆਇਆ, ਲਿਖੀ ਜਾਂਦੇ ਰਹੇ ਹਨ। ਇਸ ਸੂਰਤ ਵਿਚ ਇਤਿਹਾਸ, ਮਿਥਿਹਾਸ ਦਾ ਰੂਪ ਧਾਰਨ ਕਰ ਗਿਆ ਹੈ।
ਪੰਜਾਬ ਇਤਿਹਾਸਕਾਰੀ ਨਾਲ ਸਬੰਧਤ ਇਤਿਹਾਸ ਦੇ ਇਸ ਬਿਰਤਾਂਤ ਦਾ ਵਿਸ਼ਲੇਸ਼ਣ ਕਰਨ ਲਈ ਉਸ ਨੇ ਕਨਿੰਘਮ, ਕੇਵ-ਬਰਾਊਨ, ਪੇਨ, ਗੋਕਲ ਚੰਦ ਨਾਰੰਗ, ਗੰਡਾ ਸਿੰਘ, ਹਰੀ ਰਾਮ ਗੁਪਤਾ, ਖਜ਼ਾਨ ਸਿੰਘ, ਖੁਸ਼ਵੰਤ ਸਿੰਘ, ਮੁਹੰਮਦ ਲਤੀਫ਼, ਮੈਕਾਲਿਫ਼ ਅਤੇ ਗਿਆਨੀ ਗਿਆਨ ਸਿੰਘ ਆਦਿ ਦੇ ਵੇਰਵਿਆਂ ਨੂੰ ਬੜੇ ਧਿਆਨ ਨਾਲ ਪੜ੍ਹਿਆ ਪਰ ਕਿਸੇ ਵੀ ਇਤਿਹਾਸਕਾਰ ਨੇ ਇਤਿਹਾਸ ਨਾਲ ਇਨਸਾਫ਼ ਨਹੀਂ ਕੀਤਾ। ਇਥੋਂ ਉਹ ਇਹ ਸਿੱਟਾ ਕੱਢਦਾ ਹੈ ਕਿ ਇਤਿਹਾਸ ਕਿਸੇ ਨਾਲ ਧਰੋਹ ਨਹੀਂ ਕਰਦਾ ਬਲਕਿ ਇਤਿਹਾਸ ਨਾਲ ਧਰੋਹ ਕੀਤਾ ਜਾਂਦਾ ਹੈ। (ਇਰਫ਼ਾਨ ਹਬੀਬ) ਪਰ ਅਸਲ ਗੱਲ ਤਾਂ ਇਹ ਹੈ ਕਿ ਇਤਿਹਾਸਕਾਰੀ ਇਕ ਉੱਤਮ ਕਿਸਮ ਦੀ ਤੁੱਕਾਕਾਰੀ ਹੀ ਹੈ। ਵਿਦੇਸ਼ੀ ਇਤਿਹਾਸਕਾਰ ਵੀ ਇਹੀ ਕੰਮ ਕਰਦੇ ਹਨ। ਇਤਿਹਾਸ ਦੇ ਅਰਥ ਤੱਥਾਂ ਨਾਲ ਹੀ ਚਿੰਬੜੇ ਰਹਿਣਾ ਨਹੀਂ ਹੈ ਬਲਕਿ ਤੱਥਾਂ ਦੇ ਵਿਸ਼ਲੇਸ਼ਣ ਰਾਹੀਂ ਸੱਚ ਅਤੇ ਯਥਾਰਥ ਤੱਕ ਪਹੁੰਚਣਾ ਹੁੰਦਾ ਹੈ। ਜੇ ਸਾਡੇ ਇਤਿਹਾਸਕਾਰ ਮਿਥਿਆ ਤੱਥਾਂ ਰਾਹੀਂ ਵੀ ਸੱਚ ਅਤੇ ਯਥਾਰਥ ਦੇ ਨੇੜੇ ਪਹੁੰਚ ਜਾਂਦੇ ਹਨ ਤਾਂ ਹੋਰ ਕੀ ਚਾਹੀਦਾ ਹੈ। ...ਬਹਰਹਾਲ, ਖੋਜੀ ਕਾਫ਼ਿਰ ਹੋਰਾਂ ਦਾ ਇਹ ਉੱਦਮ ਸ਼ਲਾਘਾਯੋਗ ਹੈ।

ਂਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਬਿਰਹਾ ਦੀ ਰੜਕ
ਲੇਖਕ : ਤਾਰਾ ਸਿੰਘ ਚੇੜਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94631-16752.

ਪਿਆਰ ਤੇ ਬਿਰਹਾ ਦੇ ਕਵੀ ਤਾਰਾ ਸਿੰਘ ਚੇੜਾ ਦਾ ਹਥਲਾ ਸੰਗ੍ਰਹਿ ਕਵਿਤਾਵਾਂ ਦਾ ਤੀਜਾ ਸੰਗ੍ਰਹਿ ਹੈ। ਵਿਚਾਰ ਅਧੀਨ ਕਾਵਿ ਸੰਗ੍ਰਹਿ ਬਿਰਹਾ ਦੀ ਰੜਕ ਵਿਚ ਤਾਰਾ ਸਿੰਘ ਚੇੜਾ ਦੀਆਂ 49 ਕਵਿਤਾਵਾਂ ਤੇ ਗੀਤ ਸ਼ਾਮਿਲ ਹਨ। ਇਨ੍ਹਾਂ ਕਵਿਤਾਵਾਂ ਨੂੰ ਤੋਲ ਤੁਕਾਂਤ ਵਿਚ ਬੰਨ੍ਹਣ ਦਾ ਯਤਨ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ ਚਾਰ ਕਵਿਤਾਵਾਂ ਮੇਲ ਵਿਛੋੜਾ, ਇੰਜ ਹੋਵੇ ਅੰਤ, ਦੂਰੀਆਂ ਮਜਬੂਰੀਆਂ ਤੇ ਸਲਾਮ ਖੁੱਲ੍ਹੇ ਬਹਿਰ ਵਿਚ ਹਨ।
ਇਸ ਸੰਗ੍ਰਹਿ ਦੀਆਂ ਕਰੀਬ ਸਾਰੀਆਂ ਹੀ ਕਵਿਤਾਵਾਂ, ਗੀਤਾਂ ਵਿਚ ਪਿਆਰ-ਵਿਛੋੜਾ, ਜੁਦਾਈ ਤੇ ਬਿਰਹਾ ਪ੍ਰਧਾਨ ਹੈ।
ਤਾਰਾ ਸਿੰਘ ਚੇੜਾ ਲਿਖਦਾ ਹੈਂ
ਵੀਣੀ ਸਾਡੀ ਘੁੱਟ ਕੇ ਫੜ ਲੈ
ਹੁਣ ਨਾ ਕਰੀਂ ਕਿਨਾਰਾਂਓ ਯਾਰਾ।
ਤਾਰਾ ਸਿੰਘ ਚੇੜਾ ਨੀ ਜਿੰਦੇ ਦਾ 50 ਸਾਲ ਪੁਰਾਣਾ ਸੰਬੋਧਨ ਅਕਸਰ ਆਪਣੇ ਗੀਤਾਂ ਕਵਿਤਾਵਾਂ ਵਿਚ ਵਰਤਦਾ ਹੈਂ
ਨੀ ਜਿੰਦੇ, ਚਲ ਏਥੋਂ ਚਲੀਏ, ਜਿੱਤੀਏ ਨਵੇਂ ਪੜਾ
ਇਹ ਦੁਨੀਆ ਭੁੱਖ-ਨੰਗ ਦੀ ਮਾਰੀ, ਹਰ ਕੋਈ ਕਰੇ ਦਗਾ।
ਚੇੜਾ ਆਪਣੇ ਸੱਜਣ ਨੂੰ ਯਾਦ ਕਰਦਾ ਹੈਂ
ਵੇ ਸੱਜਣਾ ਮੈਂ ਵਾਰੀ ਜਾਵਾਂ, ਤੂੰ ਫੜ ਲੈ ਮੇਰੀ ਬਾਂਹ।
-----
ਮੈਨੂੰ ਅਜੇ ਸੰਭਾਲ ਵੇ ਸੱਜਣਾ, ਨਾ ਮੋਢੇ ਮੈਨੂੰ ਮਾਰ
ਮੈਂ ਵਾਂਗ ਹੀਰੇ ਦੇ ਚਮਕਾਂ, ਮੈਨੂੰ ਹੋਰ ਤਰਾਸ਼।
ਤਾਰਾ ਸਿੰਘ ਚੇੜਾ ਨੇ ਕਿਤੇ-ਕਿਤੇ ਸਮਾਜਿਕ ਹਿਤਾਂ ਦੀ ਚਲੰਤ ਜਿਹੀ ਗੱਲ ਕੀਤੀ ਹੈ। ਉਹ ਆਪਣੀ ਕਵਿਤਾ ਮਾਂ ਦੀਆਂ ਜਾਈਆਂ ਵਿਚ ਭਰੂਣ-ਹੱਤਿਆ ਵਿਰੁੱਧ ਬੋਲਦਾ ਹੈ। ਨਸ਼ੇੜੀ ਕਵਿਤਾ ਬਾਰੇ ਨਸ਼ਿਆਂ ਦੀ ਗੱਲ ਕਰਦਾ ਹੈ। ਨਸ਼ਿਆਂ ਦੀ ਵਧ ਰਹੀ ਬਿਮਾਰੀ ਨੂੰ ਜੜ੍ਹੋਂ ਨਹੀਂ ਫੜਦਾ। ਸ਼ਾਸਕੀ ਤੇ ਪੁਲਿਸ ਸਰਪ੍ਰਸਤੀ ਹੇਠ ਪਨਪ ਰਹੇ ਡਰੱਗ ਮਾਫੀਆ ਬਾਰੇ ਚੁੱਪ ਰਹਿੰਦਾ ਹੈ।
ਸੱਜਣਾ ਵੇ, ਇੰਜ ਦਿਲ ਨਾ ਮਿਲਦੇ, ਬਹਿ ਦੂਰੋਂ ਕਰੇ ਸਲਾਮਾਂ
ਆ ਘੁੱਟ ਗਲਵਕੜੀ ਪਾਈਏ, ਜਿੱਤ ਕੇ ਬੈਠੀਏ ਲਾਵਾਂ।
ਤਾਰਾ ਸਿੰਘ ਚੇੜਾ ਪਾਸੋਂ ਨਰੋਈ ਤੇ ਸਿਹਤਮੰਦ ਕਵਿਤਾ ਦੀ ਆਸ ਹੈ।

ਂਪ੍ਰੋ: ਹਮਦਰਦਵੀਰ ਨੌਸ਼ਹਿਰਵੀ
ਮੋ: 94638-08697.

ਫ ਫ ਫ

ਔਝੜ ਰਾਹੀਂ
ਲੇਖਕ : ਹਰਬਖਸ਼ ਮਕਸੂਦਪੁਰੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 325 ਰੁਪਏ, ਸਫ਼ੇ : 168
ਸੰਪਰਕ : 0181-2214196.

'ਔਝੜ ਰਾਹੀਂ' ਇੰਗਲੈਂਡ ਵਸਦੇ ਪ੍ਰਵਾਸੀ ਸਾਹਿਤਕਾਰ ਹਰਬਖਸ਼ ਮਕਸੂਦਪੁਰੀ ਦੀ ਸਵੈ-ਜੀਵਨੀ ਦਾ ਦੂਸਰਾ ਭਾਗ ਹੈ, ਜਿਸ ਵਿਚ ਉਸ ਨੇ ਆਪਣੇ ਇੰਗਲੈਂਡ ਪ੍ਰਵਾਸ ਦੀਆਂ ਦੁਸ਼ਵਾਰੀਆਂ ਤੇ ਦੁੱਖ-ਤਕਲੀਫ਼ਾਂ ਦਾ ਵੇਰਵਾ ਦਰਜ ਕੀਤਾ ਹੈ। ਪਹਿਲੇ ਭਾਗ 'ਤੱਤੀਆਂ ਠੰਢੀਆਂ ਛਾਵਾਂ' ਵਿਚ ਉਸ ਦੇ ਪੰਜਾਬ ਵਿਚਲੇ ਜੀਵਨ ਬਿਰਤਾਂਤ ਦੇ ਵੇਰਵੇ ਪੇਸ਼ ਕੀਤੇ ਹਨ। ਹਰਬਖਸ਼ ਮਕਸੂਦਪੁਰੀ ਨੇ ਇੰਗਲੈਂਡ ਵਿਚਲੇ ਲੇਖਕਾਂ ਵਿਚ ਤੇ ਪੰਜਾਬੀ ਸਾਹਿਤ ਵਿਚ ਆਪਣੀ ਕਵਿਤਾ ਅਤੇ ਪ੍ਰਪੱਕ ਆਲੋਚਨਾ ਰਾਹੀਂ ਸਤਿਕਾਰਯੋਗ ਥਾਂ ਬਣਾਈ ਹੋਈ ਹੈ।
ਅਸਲ ਵਿਚ ਮਕਸੂਦਪੁਰੀ ਦੀ ਇਹ ਸਵੈ-ਜੀਵਨੀ ਦੂਸਰੀ ਪੀੜ੍ਹੀ ਦੇ ਹਰ ਪ੍ਰਵਾਸੀ ਦੀ ਸਵੈ-ਜੀਵਨੀ ਹੈ, ਜੋ ਪਿੰਡੋਂ ਤਿੰਨ ਪੌਂਡ ਲੈ ਕੇ ਇੰਗਲੈਂਡ ਦੀ ਓਪਰੀ ਧਰਤੀ 'ਤੇ ਚੰਗੇ ਦਿਨਾਂ ਦੀ ਭਾਲ ਵਿਚ ਜਾ ਉੱਤਰਿਆ ਸੀ। ਉਸ ਲਈ ਨਾ ਉਹਦਾ ਧਰਮ ਕੋਈ ਅਰਥ ਰੱਖਦਾ ਸੀ ਤੇ ਨਾ ਹੀ ਕੋਈ ਭਰਮ ਤੇ ਕਰਮ। ਇੰਗਲੈਂਡ ਦੇ ਪੂੰਜੀਵਾਦੀ ਸਿਸਟਮ ਨੇ ਉਸ ਨੂੰ ਆਪਣੀ ਮਸ਼ੀਨ ਦਾ ਸਹੀ ਤੇ ਫਿੱਟ ਪੁਰਜ਼ਾ ਬਣਾਉਣ ਲਈ ਘਾਸੇ ਪਾ ਲਿਆ ਸੀ ਤੇ ਉਸ ਦੀ ਮਜਬੂਰੀ ਦਾ ਹਰ ਤਰ੍ਹਾਂ ਫਾਇਦਾ ਚੁੱਕਣ ਦਾ ਯਤਨ ਕੀਤਾ ਸੀ। ਇਸ ਸਵੈ-ਜੀਵਨੀ ਵਿਚ ਮਕਸੂਦਪੁਰੀ ਉਨ੍ਹਾਂ ਸਾਰੇ ਵੇਰਵਿਆਂ ਦਾ ਬਿਰਤਾਂਤ ਪੇਸ਼ ਕਰਦਾ ਹੈ, ਜੋ ਨਾ ਚਾਹੁੰਦੇ ਹੋਏ ਵੀ ਮਜਬੂਰੀਵੱਸ ਉਸ ਨੂੰ ਕਰਨੇ ਪਏ ਸਨ। ਇੰਗਲੈਂਡ ਜਾ ਕੇ ਦਾੜ੍ਹੀ ਕੇਸ ਕਟਾਉਣੇ, ਦਲਿਤਾਂ ਵਾਲੇ ਕੰਮ ਹੱਸ-ਹੱਸ ਕਰਨੇ ਤੇ ਅਸਲੀ ਤਰੱਕੀ ਦੇ ਰਾਹ ਲੱਭਣ ਲਈ ਮੁਸ਼ੱਕਤਾਂ ਕਰਨੀਆਂ ਆਦਿ ਦੇ ਅਨੇਕਾਂ ਦ੍ਰਿਸ਼ਟਾਂਤ ਇਸ ਸਵੈ-ਜੀਵਨੀ ਵਿਚ ਭਰੇ ਪਏ ਹਨ। ਜੀਵਨ ਦੇ ਆਖਰੀ ਪੜਾਅ 'ਤੇ ਪਹੁੰਚ ਕੇ ਵੀ, 50 ਵਰ੍ਹੇ ਇੰਗਲੈਂਡ ਵਿਚ ਗੁਜ਼ਾਰ ਕੇ ਵੀ, ਪੰਜਾਬ ਲਈ ਉਸ ਦਾ ਮਨ ਲੁੱਛਦਾ ਹੈ।

ਂਕੇ. ਐਲ. ਗਰਗ
ਮੋ: 94635-37050

ਫ ਫ ਫ

 

 

19-3-16

 ਸੰਸਾਰ ਪ੍ਰਸਿੱਧ ਮੁਹਾਵਰੇ
ਚੋਣ ਤੇ ਸੰਪਾਦਨ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 344
ਸੰਪਰਕ : 98152-98459.

ਪਰਮਿੰਦਰ ਸੋਢੀ ਲੰਮੇ ਅਰਸੇ ਤੋਂ ਪਰਵਾਸੀ ਹੈ। ਉਸ ਦੀ ਕਰਮ ਭੂਮੀ ਜਾਪਾਨ ਹੈ। ਜਾਪਾਨੀ ਕਵਿਤਾ, ਜਾਪਾਨੀ ਕਹਾਣੀ ਤੇ ਜਾਪਾਨੀ ਹਾਇਕੂ ਦੇ ਪ੍ਰਸੰਗ ਦੀ ਗੱਲ ਉਸ ਦੇ ਜ਼ਿਕਰ ਬਿਨਾਂ ਅਧੂਰੀ ਪ੍ਰਤੀਤ ਹੁੰਦੀ ਹੈ। ਉਹ ਆਪ ਚੰਗਾ ਕਵੀ ਹੈ ਤੇ ਚੰਗਾ ਸਾਹਿਤ ਪੜ੍ਹਨ ਦਾ ਸ਼ੌਕੀਨ। ਅਨੁਵਾਦਤ ਤੇ ਮੂਲ ਰੂਪ ਵਿਚ ਉਸ ਨੇ ਦੇਸ਼-ਵਿਦੇਸ਼ ਦੇ ਲੇਖਕਾਂ ਸੱਭਿਆਚਾਰਾਂ ਨੂੰ ਪੜ੍ਹਿਆ ਵਿਚਾਰਿਆ ਹੈ। ਆਪਣੇ ਲੰਮੇ ਤੇ ਬਹੁਰੰਗੇ ਅਧਿਐਨ/ਅਨੁਭਵ ਦੇ ਆਧਾਰ 'ਤੇ ਉਸ ਨੇ ਇਸ ਪੁਸਤਕ ਵਿਚ ਦੁਨੀਆ ਦੇ 130 ਦੇਸ਼ਾਂ ਦੀਆਂ ਦੋ ਸੌ ਬੋਲੀਆਂ ਦੇ ਚਾਰ ਹਜ਼ਾਰ ਦੇ ਕਰੀਬ ਅਖਾਣ ਮੁਹਾਵਰੇ ਤੇ ਰਵਾਇਤਾਂ ਇਕੱਠੇ ਕੀਤੇ ਹਨ। ਇਨ੍ਹਾਂ ਸਾਰਿਆਂ ਨੂੰ ਉਸ ਨੇ ਮੁਹਾਵਰੇ ਦਾ ਸਿਰਲੇਖ ਦਿੱਤਾ ਹੈ, ਜਿਸ 'ਤੇ ਭਾਸ਼ਾ ਵਿਗਿਆਨਕ ਆਧਾਰਾਂ ਉੱਤੇ ਕਿੰਤੂ-ਪ੍ਰੰਤੂ ਹੋ ਸਕਦੇ ਹਨ। ਇਸ ਅਕਾਦਮਿਕ ਵਿਵਾਦ ਜਾਂ ਚੁੰਝ ਚਰਚਾ ਨੂੰ ਛੱਡੋ, ਤੁਸੀਂ ਇਸ ਪੁਸਤਕ ਵਿਚਲੀ ਅਮੀਰ ਵਿਚਾਰ ਸਮੱਗਰੀ ਦਾ ਆਨੰਦ ਮਾਣੋ। ਅੰਬ ਖਾਓ ਰੁੱਖ ਗਿਣ ਕੇ ਕੀ ਕਰਨਾ ਹੈ?
ਵਿਚਾਰ ਅਧੀਨ ਪੁਸਤਕ ਦੇ ਨਿੱਕੇ-ਨਿੱਕੇ ਵਿਚਾਰ ਵੱਡੀਆਂ ਸਚਾਈਆਂ ਕੁੱਜੇ ਵਿਚ ਸਮੁੰਦਰ ਵਾਂਗ ਸਾਂਭੀ ਬੈਠੇ ਹਨ। ਸਦੀਆਂ ਦੀ ਸਮੂਹਿਕ ਸਿਆਣਪ ਹੈ ਇਨ੍ਹਾਂ ਵਿਚ। ਇਨ੍ਹਾਂ ਤੋਂ ਮਨੁੱਖੀ ਸੋਚ, ਵਿਹਾਰ ਤੇ ਪ੍ਰਕ੍ਰਿਤਕ ਪ੍ਰਵਿਰਤੀਆਂ ਦੀ ਤਹਿ ਵਿਚ ਛੁਪੀ ਏਕਤਾ ਅਤੇ ਸਤ੍ਹਾ ਉੱਤੇ ਭਾਸ਼ਾਈ, ਭੂਗੋਲਿਕ, ਸੱਭਿਆਚਾਰਕ ਪ੍ਰਭਾਵਾਂ ਕਾਰਨ ਵਿਆਪੀ ਵਿਭਿੰਨਤਾ ਧਿਆਨ ਆਕਰਸ਼ਿਤ ਕਰਦੀ ਹੈ। ਸੋਢੀ ਨੇ ਹਰ ਵਿਚਾਰ ਨਾਲ ਦੇਸ਼, ਕਬੀਲੇ, ਭਾਸ਼ਾ ਦਾ ਸਬੰਧ ਅੰਕਿਤ ਕੀਤਾ ਹੈ। ਇਨ੍ਹਾਂ ਵਿਚਾਰਾਂ ਨੂੰ ਪੇਸ਼ ਕਰਦੇ ਸਮੇਂ ਉਸ ਨੇ ਗੁਰਮੁਖੀ ਵਰਣ ਕ੍ਰਮ ਅਨੁਸਾਰ ਇਨ੍ਹਾਂ ਨੂੰ ਪਾਠਕਾਂ ਦੀ ਸੁਵਿਧਾ ਅਨੁਸਾਰ ਵਰਤੋਂ ਲਈ ਵਰਗਾਂ/ਸਿਰਲੇਖਾਂ ਵਿਚ ਵੰਡਿਆ ਹੈ। ਵਿਸ਼ਵਾਸ, ਵਿਹਲ, ਘਰ, ਘਿਰਣਾ, ਕੰਜੂਸ, ਹੋਣੀ, ਸਿਹਤ, ਸਿਆਣਪ, ਰਿਸ਼ਤੇ ਰੱਬ, ਸ਼ੱਕ ਸ਼ੈਤਾਨ, ਡਰ, ਜਵਾਨੀ, ਅੱਤਿਆਚਾਰ, ਆਲੋਚਕ ਜਿਹੇ ਨਿੱਕੇ-ਨਿੱਕੇ ਸਿਰਲੇਖ ਪਾਠਕ ਨੂੰ ਝੱਟ ਕਿਸੇ ਨਵੇਂ ਵਿਚਾਰ ਨਾਲ ਜੋੜ ਦਿੰਦੇ ਹਨ।

ਫ ਫ ਫ

ਮਨੁੱਖੀ ਯੋਗਤਾਵਾਂ ਦਾ ਉਭਾਰ
ਲੇਖਕ : ਅਜਾਇਬ ਸਿੰਘ ਹਾਂਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 224
ਸੰਪਰਕ : 98152-98459.

ਅਜਾਇਬ ਸਿੰਘ ਹਾਂਸ ਅਧਿਆਪਕ ਰਿਹਾ ਹੈ, ਪੰਜਾਬ ਦੇ ਆਪਣੇ ਪਿੰਡ ਹਾਂਸ ਵਰਗੇ ਪਿੰਡਾਂ ਵਿਚ। ਸਰਪੰਚੀ ਵੀ ਕੀਤੀ ਹੈ ਅਤੇ ਦੋਸਤਾਂ-ਮਿੱਤਰਾਂ ਨਾਲ ਰਲ ਕੇ ਸਮਾਜ ਸੇਵਾ ਵੀ। ਜ਼ਿੰਮੇਵਾਰ ਸਮਾਜਿਕ ਪਰਿਵਾਰਕ ਜੀਵਨ ਜਿਊਂਦੇ ਹੋਏ ਪਿਛਲੇ ਦੋ ਕੁ ਦਹਾਕੇ ਤੋਂ ਉਹ ਕੈਨੇਡਾ ਵਿਚ ਪਰਵਾਸੀ ਬਣ ਕੇ ਰਹਿ ਰਿਹਾ ਹੈ। ਜ਼ਿੰਦਗੀ ਦੀ ਇਸ ਸ਼ਾਮ ਵਿਚ ਉਸ ਨੂੰ ਪਿੰਡ ਤੇ ਪੰਜਾਬ ਚੇਤੇ ਆਉਂਦੇ ਹਨ। ਆਪਣੀ ਤੇ ਦੋਸਤਾਂ ਦੀ ਯਾਦ ਆਉਂਦੀ ਹੈ। ਆਪਣਾ ਜੀਵਨ ਸੰਘਰਸ਼, ਅਧਿਆਪਕ ਵਾਂਗ ਦੂਜਿਆਂ ਨੂੰ ਕੁਝ ਦੱਸਣ ਉਪਦੇਸ਼ਣ ਦੀ ਲਾਲਸਾ ਹੁੰਦੀ ਹੈ। ਆਪਣੀਆਂ ਪ੍ਰਾਪਤੀਆਂ ਤੇ ਹਉਂ ਦਾ ਵਿਸਤਾਰ ਸਾਡੇ ਸਾਰਿਆਂ ਦੀ ਪ੍ਰਵਿਰਤੀ ਹੈ। ਇਸੇ ਦੀ ਪੂਰਤੀ ਦਾ ਨਤੀਜਾ ਹੈ ਇਹ ਕਿਤਾਬ।
ਲੇਖਕ ਨੇ ਆਪਣੇ ਪਿੰਡ ਹਾਂਸ (ਜ਼ਿਲ੍ਹਾ ਲੁਧਿਆਣਾ), ਆਪਣੇ ਮਾਤਾ-ਪਿਤਾ, ਭੈਣਾਂ-ਭਰਾਵਾਂ, ਦੋਸਤਾਂ-ਮਿੱਤਰਾਂ, ਪਰਿਵਾਰ, ਵਿੱਦਿਆ, ਅਧਿਆਪਕਾਂ, ਪ੍ਰਾਪਤੀਆਂ, ਪਿੰਡ ਦੀਆਂ ਸਮੱਸਿਆਵਾਂ ਬਾਰੇ ਵੱਖ-ਵੱਖ ਨਿਬੰਧਾਂ ਵਿਚ ਗੱਲ ਕੀਤੀ ਹੈ। ਉਹ ਸੇਵਾ, ਮਿੱਤਰਤਾ, ਸਿੱਖਿਆ ਦੇ ਚਾਣਨ, ਇਮਾਨਦਾਰੀ, ਸੰਘਰਸ਼ ਤੇ ਉੱਦਮ, ਸਵੈ-ਵਿਸ਼ਵਾਸ, ਮਿਹਨਤ, ਵਿਰਸੇ ਦੀ ਸੰਭਾਲ ਜਿਹੇ ਨੁਕਤਿਆਂ ਉੱਤੇ ਬਲ ਦਿੰਦੇ ਸਮੇਂ ਵਾਰ-ਵਾਰ ਨਿੱਜੀ ਅਨੁਭਵ ਤੇ ਆਪਣੇ ਪਿੰਡ ਦੀ ਗੱਲ ਛੇੜਦਾ ਹੈ। ਪਰਦੇਸ ਬੈਠਿਆਂ ਪਿੰਡ ਚੇਤੇ ਵੀ ਤਾਂ ਬਹੁਤ ਆਉਂਦਾ ਹੈ।
ਅਜਾਇਬ ਸਿੰਘ ਨੇ 85 ਸਾਲ ਦੀ ਲੰਮੀ ਉਮਰ ਭਾਂਤ-ਭਾਂਤ ਦੇ ਪਿੰਡਾਂ, ਨਗਰਾਂ ਤੇ ਧਰਤੀਆਂ ਘੁੰਮ ਕੇ ਭੋਗੀ ਹੈ। ਦੋਸਤਾਂ ਦੀ ਦੋਸਤੀ ਦਾ ਅਨੰਦ ਮਾਣਿਆ ਹੈ ਤੇ ਦੋਸਤੀਆਂ ਆਪ ਨਿਭਾਈਆਂ ਹਨ। ਅਧਿਆਪਕ ਵਜੋਂ, ਆਦਰਸ਼ਕ ਮਾਨਦੰਡ ਸਥਾਪਤ ਕਰਦੇ ਹੋਏ ਰਾਜ ਪੱਧਰੀ ਉੱਤਮ ਸਕੂਲ ਦੇ ਮੁਖੀ ਵਜੋਂ ਮੈਡਲ ਲਿਆ ਹੈ। ਰੈਡ ਕਰਾਸ ਦੀ ਸੇਵਾ ਕਰਕੇ ਵੀ ਮਾਣ ਹਾਸਲ ਕੀਤਾ ਹੈ। ਪਰਵਾਸ ਦੀ ਚਮਕ-ਦਮਕ ਦੌਰਾਨ ਵੀ ਉਹ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਦੇ ਅਧਿਆਪਕਾਂ ਨੂੰ ਨਹੀਂ ਭੁੱਲਿਆ। ਕਾਲਜ ਦੇ ਆਪਣੇ ਅਧਿਆਪਕ ਸੰਤ ਸਿੰਘ ਸੇਖੋਂ ਨੂੰ ਨਹੀਂ ਭੁੱਲਿਆ। ਪਿੰਡ ਅਜੇ ਵੀ ਉਹਦੇ ਨਾਲ-ਨਾਲ ਹੈ। ਛੋਟੀ ਗੱਲ ਨਹੀਂ ਇਹ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਬਸ ਅਜੇ ਏਨਾ ਹੀ
ਲੇਖਕ : ਜਤਿੰਦਰ ਸਿੰਘ ਹਾਂਸ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 106.
ਸੰਪਰਕ : 94633-52107.

ਇਸ ਨਾਵਲ ਵਿਚ ਲੇਖਕ ਨੇ ਵਿਦੇਸ਼ਾਂ ਵਿਚ ਡਾਲਰਾਂ ਦੀ ਚਮਕ-ਦਮਕ ਤੇ ਖਿੱਚ ਨੂੰ ਵਿਸ਼ਾ ਬਣਾ ਕੇ ਕਥਾਨਕ ਦੀ ਉਸਾਰੀ ਕੀਤੀ ਹੈ। ਪੰਜਾਬ ਵਿਚ ਇਹ ਝੁਕਾਅ ਬਣ ਚੁੱਕਿਆ ਹੈ ਕਿ ਕੁੜੀਆਂ ਨੂੰ ਵਿਦੇਸ਼ੀ ਲਾੜਿਆਂ ਨਾਲ ਵਿਆਹ ਦਿਓ ਤਾਂ ਕਿ ਬਾਕੀ ਦਾ ਸਾਰਾ ਪਰਿਵਾਰ ਵੀ ਜਾ ਸਕੇ। ਭਾਵੇਂ ਉਹ ਲਾੜਾ ਪਿਓ ਦੀ ਉਮਰ ਦਾ ਹੋਵੇ, ਦੁਹਾਜੂ ਹੋਵੇ ਜਾਂ ਕਈ ਬੱਚਿਆਂ ਦਾ ਬਾਪ। ਮਾਪੇ ਧੀਆਂ-ਪੁੱਤਰਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਬਹੁਤੇ ਕੇਸਾਂ ਵਿਚ ਧੋਖਾ ਹੁੰਦਾ ਹੈ। ਦੂਸਰੇ ਪਾਸੇ ਬਹੁਤਾ ਕਰਕੇ ਬੱਚੇ ਵੀ ਬਜ਼ਿੱਦ ਹੁੰਦੇ ਹਨ ਵਿਦੇਸ਼ ਜਾਣ ਲਈ, ਭਾਵੇਂ ਕਿਸੇ ਵੀ ਢੰਗ ਨਾਲ ਜਾਣਾ ਪਵੇ ਤੇ ਇਸ ਲਲਕ ਵਿਚ ਉਹ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ, ਜ਼ਮੀਨ-ਜਾਇਦਾਦ ਵੇਚ ਕੇ ਘਰੋਂ ਬੇਘਰ ਹੁੰਦੇ, ਮਾਪਿਆਂ ਦੇ ਸਿਰ ਕਰਜ਼ੇ ਚੜ੍ਹਦੇ ਤੇ ਫਿਰ ਰਾਹਵਾਂ ਵਿਚ ਕੀ-ਕੀ ਮੁਸੀਬਤਾਂ ਝਲਦੇ ਹਨ, ਇਨ੍ਹਾਂ ਗੱਲਾਂ ਨੂੰ ਲੇਖਕ ਨੇ ਚਿਤਰਨ ਦਾ ਉਪਰਾਲਾ ਕੀਤਾ ਹੈ।
ਇਸ ਨਾਵਲ ਦੀ ਕਹਾਣੀ ਕੁਝ ਅਜਿਹੀਆਂ ਹਕੀਕਤਾਂ ਪਾਠਕਾਂ ਸਾਹਮਣੇ ਪੇਸ਼ ਕਰਦੀ ਹੈ। ਨਾਇਕਾ ਮਨੀ ਦਾ ਵਿਆਹ ਕੈਨੇਡਾ ਬੈਠੇ ਬਾਪੂ ਨਾਲ ਕਰਕੇ ਉਸ ਨੂੰ ਕੈਨੇਡਾ ਲਿਆਉਣਾ ਮੁੱਖ ਮੰਤਵ ਹੈ। ਮਨੀ ਦੇ ਸਿਰ ਵੀ ਕੈਨੇਡਾ ਦਾ ਭੂਤ ਸਵਾਰ ਹੁੰਦਾ ਹੈ ਤੇ ਉਹ ਆਪਣੇ ਪ੍ਰੇਮੀ ਦੀਆਂ ਭਾਵਨਾਵਾਂ ਨੂੰ ਅੱਖੋਂ-ਪਰੋਖੇ ਕਰਕੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀ ਹੈ। ਭਾਵੇਂ ਬਾਅਦ ਵਿਚ ਉਸ ਨੂੰ ਬੁਲਾ ਲੈਂਦੀ ਹੈ। ਪਰ ਮਨਜੀਤ ਏਜੰਟ ਦੇ ਧੋਖੇ 'ਤੇ ਦੋ ਨੰਬਰ ਰਾਹੀਂ ਵਿਦੇਸ਼ ਜਾਣ ਸਦਕਾ ਰਸਤੇ ਵਿਚ ਕਿੰਨੇ ਕੁ ਖੱਜਲ-ਖੁਆਰ ਹੁੰਦਾ ਹੈ, ਇਸ ਹਾਲਾਤ ਨੂੰ ਵਿਸਥਾਰ ਨਾਲ ਚਿਤਰਿਆ ਹੈ। ਇਹ ਸਾਰੀ ਦਰਦ ਭਰੀ ਦਾਸਤਾਨ ਹੈ ਇਹ ਨਾਵਲ। ਕਹਾਣੀ ਰੌਚਕ, ਵਾਰਤਾਲਾਪ ਢੁਕਵਾਂ ਤੇ ਪਾਤਰ ਉਸਾਰੀ ਮਾਹੌਲ ਅਨੁਸਾਰ ਕੀਤੀ ਗਈ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298

ਫ ਫ ਫ

ਰੰਗਲੇ ਪਰਾਂਦੇ
ਗੀਤਕਾਰ : ਅਰਸ਼ੀ ਠੁਆਣੇ ਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 124
ਸੰਪਰਕ : 98150-40856.

'ਰੰਗਲੇ ਪਰਾਂਦੇ' ਵਿੱਚ ਅਰਸ਼ੀ ਵੱਲੋਂ ਲਿਖੇ ਮੁਢਲੇ ਬੋਲ ਪੜ੍ਹ ਕੇ ਇੰਜ ਲੱਗਦਾ ਹੈ, ਜਿਵੇਂ ਇਹ ਉਸ ਦਾ ਗੀਤ ਸੰਗ੍ਰਹਿ ਨਹੀਂ, ਸਗੋਂ ਅਮਰੀਕਾ ਸਫ਼ਰਨਾਮਾ ਹੈ। ਪਰ ਅਗਲੇ ਸਫ਼ਿਆਂ 'ਤੇ ਉਹ ਗੀਤਾਂ ਵੱਲ ਤੁਰ ਪੈਂਦਾ ਹੈ। ਇਕ ਤੋਂ ਬਾਅਦ ਦੂਜਾ, ਦੂਜੇ ਮਗਰੋਂ ਤੀਜਾ, ਸਾਰੇ ਗੀਤ ਪੜ੍ਹਨ ਮਗਰੋਂ ਪਾਠਕ ਮਹਿਸੂਸਦਾ ਹੈ ਕਿ ਇਹ ਗੀਤ ਉਸ ਨੇ ਸ਼ਾਇਦ ਰਿਕਾਰਡਿੰਗ ਕਰਾਉਣ ਲਈ ਲਿਖੇ ਹਨ। ਅਰਸ਼ੀ ਦਾ ਪਹਿਲਾ ਗੀਤ ਆਪਣੇ ਪਿੰਡ ਠੁਆਣੇ ਦੀ ਯਾਦ ਨਾਲ ਸਬੰਧਤ ਹੈ। ਪਿੰਡ ਨਾਲ ਮੋਹ ਸਭ ਨੂੰ ਹੀ ਬਹੁਤ ਹੁੰਦੈ ਤੇ ਅਰਸ਼ੀ ਨੂੰ ਵੀ ਹੈ। ਉਹ ਪਿੰਡ ਦੀਆਂ ਗ਼ਲੀਆਂ ਦੀ ਮਹਿਕ ਬਾਬਤ ਲਿਖਦਾ ਹੈ :
ਪਾਕ ਪਵਿੱਤਰ ਗੰਗਾ ਵਰਗੀ, ਧਰਤੀ ਪਿੰਡ ਠੁਆਣੇ ਦੀ,
ਚੁੰਮ-ਚੁੰਮ ਮਿੱਟੀ ਹਿੱਕ ਨੂੰ ਲਾਵਾਂ, ਜਿੱਥੇ ਵਸਦੀ ਰੂਹ ਨਿਮਾਣੇ ਦੀ। ਜ਼ਿੰਦਗੀ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਪੰਜਾਬੀਆਂ ਦਾ ਪ੍ਰਵਾਸ ਧਾਰਨਾ ਕੋਈ ਨਵੀਂ ਗੱਲ ਨਹੀਂ। ਪਰ ਪਿਛਲੇ ਕੁਝ ਸਮੇਂ ਤੋਂ ਵਿਆਹਾਂ ਦੇ ਨਾਂਅ 'ਤੇ ਪ੍ਰਵਾਸ ਧਾਰਨਾ ਲੋੜ ਤੇ ਮਜਬੂਰੀ ਬਣ ਗਈ ਹੈ। ਵਿਦੇਸ਼ ਜਾ ਕੇ ਔਲਾਦ ਨੂੰ ਮਾਪਿਆਂ ਦੀ ਯਾਦ ਕਿੰਨਾ ਸਤਾਉਂਦੀ ਹੈ, ਅਰਸ਼ੀ ਨੇ ਇਸ ਬਾਰੇ ਲਿਖਿਆ ਹੈ :
ਠੰਢੀਆਂ ਹਵਾਵਾਂ ਜਦੋਂ ਵਤਨਾਂ ਤੋਂ ਆਉਂਦੀਆਂ,
ਪੈਂਦੀ ਆ ਕਲੇਜੇ ਵਿਚ ਠੰਢ ਮਾਏ ਮੇਰੀਏ,
ਮਣਾਂ ਮੂੰਹੀਂ ਹੰਝੂ ਅਸੀਂ ਅੱਖੀਆਂ 'ਚੋਂ ਕੇਰਦੇ,
ਚੁੱਕੀ ਫਿਰਾਂ ਹੰਝੂਆਂ ਦੀ ਪੰਡ ਮਾਏ ਮੇਰੀਏ।
ਇਸ ਪੁਸਤਕ ਵਿਚਲੇ ਬਹੁਤੇ ਗੀਤ ਰੋਮਾਂਟਿਕ ਹਨ, ਜਿਹੜੇ ਮੁੰਡੇ-ਕੁੜੀ ਦੇ ਇਸ਼ਕ ਜਾਂ ਵਿਛੋੜੇ ਦੀ ਅੱਗ ਵਾਲੇ ਹਨ। ਉਨ੍ਹਾਂ ਨੂੰ ਪੜ੍ਹ ਕੇ ਇੰਜ ਜਾਪਦਾ ਹੈ ਜਿਵੇਂ ਅਰਸ਼ੀ ਨੇ ਇਨ੍ਹਾਂ ਨੂੰ ਸ਼ਾਇਦ ਇਸ ਕਰਕੇ ਜਿਲਦਬੱਧ ਕੀਤਾ ਹੈ, ਕਿ ਕਿਤੇ ਇਹ ਚੋਰੀ ਨਾ ਹੋ ਸਕਣ ਜਾਂ ਇਨ੍ਹਾਂ ਨੂੰ ਰਜਿਸਟਰਡ ਮੰਨ ਲਿਆ ਜਾਵੇ।

ਂਸਵਰਨ ਸਿੰਘ ਟਹਿਣਾ
ਮੋ: 98141-78883

ਫ ਫ ਫ

ਫ਼ੌਜਦਾਰੀ ਕਾਨੂੰਨ ਦੀ ਮੁਢਲੀ ਜਾਣਕਾਰੀ
ਲੇਖਕ : ਮਿੱਤਰ ਸੈਨ ਮੀਤ
ਪ੍ਰਕਾਸ਼ਕ : ਲੋਕ ਸਾਹਿਤ ਮੰਚ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 320
ਸੰਪਰਕ : 98556-31777.

ਪੰਜਾਬੀ ਗਲਪ ਸਾਹਿਤ ਵਿਚ ਵਿਲੱਖਣ ਸਥਾਨ ਰੱਖਣ ਵਾਲੇ ਮਿੱਤਰ ਸੈਨ ਮੀਤ ਨਿਆਂ ਪ੍ਰਬੰਧ ਨਾਲ ਸਬੰਧਤ ਕਈ ਰਚਨਾਵਾਂ ਦੀ ਸਿਰਜਣਾ ਕਰ ਚੁੱਕਾ ਹੈ। ਭਾਰਤ ਵਿਚ ਇਨਸਾਫ਼ ਪ੍ਰਾਪਤੀ ਦੀ ਪ੍ਰਕਿਰਿਆ ਬੜੀ ਲੰਮੀ ਅਤੇ ਮਹਿੰਗੀ ਹੈ। ਕਈ-ਕਈ ਪੀੜ੍ਹੀਆਂ ਇਸ ਦੀ ਪ੍ਰਾਪਤੀ ਵਿਚ ਰੁਲ ਜਾਂਦੀਆਂ ਹਨ। ਲੇਖਕ ਜ਼ਿਲ੍ਹਾ ਅਟਾਰਨੀ ਅਫਸਰ (ਸੇਵਾ-ਮੁਕਤ) ਹੈ। ਉਹ ਆਪਣੇ ਪਾਠਕਾਂ ਨੂੰ ਸਮੇਂ-ਸਮੇਂ ਫ਼ੌਜਦਾਰੀ ਨਿਆਂ ਪ੍ਰਬੰਧ ਦੀਆਂ ਲੋਕ ਵਿਰੋਧੀ ਕਾਰਵਾਈਆਂ ਬਾਰੇ ਜਾਣੂ ਕਰਵਾਉਂਦਾ ਰਹਿੰਦਾ ਹੈ। ਹਥਲੀ ਪੁਸਤਕ ਫ਼ੌਜਦਾਰੀ ਕਾਨੂੰਨ ਦੀ ਮੁਢਲੀ ਜਾਣਕਾਰੀ ਅਤੇ ਪੀੜਤ ਧਿਰਾਂ ਦੇ ਹੱਕ ਵਿਚ ਆਏ 344 ਫ਼ੈਸਲਿਆਂ 'ਤੇ ਆਧਾਰਿਤ 528 ਸੂਤਰ ਬਿਆਨ ਕਰਦੀ ਹੈ। ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਅਤੇ ਸੁਪਰੀਮ ਕੋਰਟ ਵਿਚ ਹੋਏ ਫ਼ੈਸਲਿਆਂ ਨੂੰ ਆਧਾਰ ਬਣਾ ਕੇ ਲੇਖਕ ਨੇ ਪੰਜਾਬੀ ਭਾਸ਼ਾ ਵਿਚ ਕਾਨੂੰਨ ਦੀਆਂ ਬਾਰੀਕੀਆਂ ਅਤੇ ਪੇਚੀਦਗੀ ਨੂੰ ਪੇਸ਼ ਕੀਤਾ ਹੈ। ਇਹ ਪੁਸਤਕ ਪੀੜਤ ਧਿਰ ਨੂੰ ਹੀ ਨਹੀਂ, ਸਗੋਂ ਆਮ ਮਨੁੱਖ ਨੂੰ ਵੀ ਨਿੱਤ ਵਰਤੋਂ ਲਈ ਕਾਨੂੰਨੀ ਜਾਣਕਾਰੀ ਦਿੰਦੀ ਹੈ। ਲੇਖਕ ਨੇ ਇਸ ਪੁਸਤਕ ਵਿਚ ਦਰਜ ਸੂਤਰਾਂ ਨੂੰ ਪ੍ਰਮਾਣਿਤ ਸਿੱਧ ਕਰਨ ਦੇ ਉਦੇਸ਼ ਤਹਿਤ ਹਰ ਸੂਤਰ ਨਾਲ ਉਸ ਫ਼ੈਸਲੇ ਦਾ ਨਾਂਅ, ਪਤਾ ਅਤੇ ਸਬੰਧਤ ਹਵਾਲੇ ਦਰਜ ਕੀਤੇ ਹਨ। ਇਹ ਉਪਰਾਲਾ ਪੰਜਾਬੀ ਪਾਠਕਾਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਨੂੰ ਨਿਆਂ ਪ੍ਰਬੰਧ ਅਤੇ ਇਸ ਨੂੰ ਲਾਗੂ ਕਰਨ ਵਾਲੀਆਂ ਧਿਰਾਂ ਦੀਆਂ ਚੋਰ-ਮੋਰੀਆਂ/ਧੱਕੇਸ਼ਾਹੀਆਂ ਦਾ ਸ਼ਿਕਾਰ ਨਹੀਂ ਬਣਾਇਆ ਜਾ ਸਕਦਾ। ਜੁਰਮ ਹੋਣ, ਮੁਕੱਦਮਾ ਦਰਜ ਹੋਣ, ਦੋਸ਼ੀ ਦੀ ਗ੍ਰਿਫ਼ਤਾਰੀ, ਗਵਾਹਾਂ ਦੇ ਬਿਆਨ ਆਦਿ ਵੰਨ-ਸੁਵੰਨੀਆਂ, ਪ੍ਰਕਿਰਿਆਵਾਂ ਵਿਚੋਂ ਲੰਘਣ ਵਾਲੀ ਕਾਨੂੰਨੀ ਪ੍ਰਣਾਲੀ ਦੀਆਂ ਬਾਰੀਕੀਆਂ ਇਸ ਪੁਸਤਕ ਵਿਚ ਬੜੀ ਮਿਹਨਤ ਨਾਲ ਬਿਆਨ ਕੀਤੀਆਂ ਗਈਆਂ ਹਨ। ਇਹ ਪੁਸਤਕ ਆਮ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੀ ਹੋਈ ਉਨ੍ਹਾਂ ਨੂੰ ਕਾਨੂੰਨ ਦੀਆਂ ਗੁੰਝਲਾਂ ਸਮਝਣ ਵਿਚ ਸਹਾਈ ਹੋਵੇਗੀ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਫ ਫ ਫ

ਜਾਂਬਾਜ਼ ਜਰਨੈਲ
ਹਰੀ ਸਿੰਘ ਨਲੂਆ
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਪਟਿਆਲਾ
ਮੁੱਲ : 125 ਰੁਪਏ (ਪੇਪਰ ਬੈਕ), ਸਫ਼ੇ : 136.
ਸੰਪਰਕ : 98146-26726.

ਹਥਲੀ ਪੁਸਤਕ ਮਹਾਰਾਜਾ ਰਣਜੀਤ ਸਿੰਘ ਦੇ ਅਣਖੀਲੇ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ ਦੇ ਦੁਰਲੱਭ ਪੱਖਾਂ ਦਾ ਦਰਪਣ ਹੈ। ਰਚਨਾਕਾਰ ਸੋਢੀ ਕੁਲਦੀਪ ਸਿੰਘ ਨੇ ਡੂੰਘੀ ਇਤਿਹਾਸਕ ਖੋਜ ਦੀ ਗੰਭੀਰ ਅਧਿਐਨ-ਸਾਧਨਾ ਦੀ ਪੱਧਤੀ ਜ਼ਰੀਏ ਬਹੁਤ ਸਾਰੇ ਉਨ੍ਹਾਂ ਇਤਿਹਾਸਕ ਪੱਖਾਂ ਨੂੰ ਇਥੇ ਪੇਸ਼ ਕੀਤਾ ਹੈ, ਜੋ ਅਜੇ ਪੰਜਾਬੀ ਪਾਠਕਾਂ ਦੇ ਧਿਆਨ ਵਿਚ ਨਹੀਂ ਸਨ ਆਏ। ਲੇਖਕ ਨੇ ਪੁਸਤਕ ਦੇ ਪੰਝੀ ਕਾਂਡਾਂ 'ਚ ਸ: ਹਰੀ ਸਿੰਘ ਨਲੂਆ ਦਾ ਜੋ ਚਰਿੱਤਰ ਪੇਸ਼ ਕੀਤਾ ਹੈ, ਉਹ ਅੱਜ ਤੱਕ ਪੰਜਾਬ ਦੇ ਸਿੱਖ ਇਤਿਹਾਸ ਵਿਚ ਨਹੀਂ ਹੋਇਆ। ਸ਼ੇਰ ਨੂੰ ਹੱਥਾਂ-ਬਾਹਾਂ 'ਚ ਪਕੜ ਕੇ ਮਾਰਨ ਉਪਰੰਤ 'ਨਲੂਵਾ' ਅਖਵਾਉਣ ਵਾਲਾ ਇਹ ਕਰਮਯੋਗੀ ਯੋਧਾ ਪੰਜਾਬੀਅਤ ਦੀ ਰਹਿਤਲ ਦਾ ਸਿਰਜਕ ਸਾਬਤ ਹੋਇਆ। ਹਥਲੀ ਪੁਸਤਕ ਤਹਿ-ਦਰ-ਤਹਿ ਇਸ ਸਿਰਮੌਰ ਬਹਾਦਰ ਦੇ ਜੀਵਨ-ਕਾਲ 'ਚ ਘਟਿਤ ਘਟਨਾਵਾਂ, ਸ਼ੇਰੇ-ਪੰਜਾਬ ਰਣਜੀਤ ਸਿੰਘ ਦੀਆਂ ਯੋਜਨਾਵਾਂ ਅਤੇ ਇਸ ਅਗੰਮੜੇ ਸੂਰਬੀਰ ਦੀ ਅਗਵਾਈ ਵਿਚ ਲੜੀਆਂ ਗਈਆਂ ਲੜਾਈਆਂ ਤੋਂ ਪ੍ਰਾਪਤ ਹੋਈਆਂ ਜਿੱਤਾਂ ਦਾ ਤੱਥ- ਸੱਚ ਇਤਿਹਾਸਕ ਹਵਾਲਿਆਂ ਸਹਿਤ ਇਸ ਪੁਸਤਕ 'ਚ ਅੰਕਿਤ ਹੈ। ਸ਼ੇਰੇ-ਪੰਜਾਬ ਦੇ ਦਰਬਾਰ ਵਿਚ ਹਰੀ ਸਿੰਘ ਨਲੂਏ ਦੀ ਹਾਜ਼ਰੀ, ਉਪਰੰਤ ਉੱਘੀਆਂ ਘਟਨਾਵਾਂ, ਜਰਨੈਲੀ ਪ੍ਰਾਪਤੀ ਤੋਂ ਬਾਅਦ ਕਸੂਰ, ਮੁਲਤਾਨ, ਕਸ਼ਮੀਰ, ਮਾਂਗਲੀ, ਮੁੰਗੇਰ, ਹਜ਼ਾਰੇ ਆਦਿ ਦੀਆਂ ਜਿੱਤਾਂ ਲਈ ਲੜੇ ਯੁੱਧ-ਸੰਘਰਸ਼ ਦੇ ਵੇਰਵੇ ਇਸ ਪੁਸਤਕ ਦਾ ਵਿਸ਼ੇਸ਼ ਹਾਸਲ ਹਨ। ਇਸੇ ਤਰ੍ਹਾਂ ਹਜ਼ਾਰੇ ਦੇ ਗਵਰਨਰ ਨਾਲ ਮੁਲਾਕਾਤ, ਪੇਸ਼ਾਵਰ 'ਚ ਦਾਖਲ ਹੋਣਾ ਤੇ ਜਿੱਤ ਪ੍ਰਾਪਤ ਕਰਨੀ ਅਤੇ ਜਮਰੌਦ ਦੇ ਕਿਲ੍ਹੇ ਨੂੰ ਫਤਿਹ ਕਰਨਾ ਨਲੂਆ ਦੇ ਸੰਘਰਸ਼ਮਈ ਪਲਾਂ ਦਾ ਸੁਖਦ-ਦੁਖਦ ਬਿਰਤਾਂਤ ਪੇਸ਼ ਕਰਨ ਵਾਲੇ ਕਾਂਡ ਹਨ। ਸ਼ਹੀਦ ਹਰੀ ਸਿੰਘ ਨਲੂਆ ਕਾਂਡ ਅਤਿ ਕਰੁਣਾਮਈ ਭਾਵ-ਬੋਧ ਦਾ ਪ੍ਰਗਟਾਵਾ ਹੈ। ਜੀਵਨੀਕਾਰ ਨੇ ਹਥਲੀ ਪੁਸਤਕ 'ਚ ਸ: ਹਰੀ ਸਿੰਘ ਨਲੂਆ ਦਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਸ਼ਾਮਿਲ ਹੋਣ ਤੋਂ ਲੈ ਕੇ, ਉਸ ਦੇ ਸਰੀਰਕ, ਨਿੱਜੀ ਕੁਨਬੇ, ਧਾਰਮਿਕ ਜੀਵਨ ਆਚਰਣ, ਸੂਰਮਗਤੀ ਦੇ ਕਰਤੱਬਾਂ, ਵਿਦਵਾਨਾਂ ਦੀ ਨਜ਼ਰ 'ਚ ਉਸ ਦਾ ਚਿਤਰਨ, ਯੁੱਧਾਂ ਦੀਆਂ ਜੁਗਤਾਂ, ਉਸ ਦੀਆਂ ਪ੍ਰਾਪਤੀਆਂ ਦਾ ਬਿੰਬ ਬੜੇ ਠੋਸ ਅਤੇ ਤਰਕਸੰਗਤ ਢੰਗ ਨਾਲ ਪੇਸ਼ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ:9814209732

ਫ ਫ ਫ

ਪਿਉ ਦੀ ਧੀ
ਲੇਖਕ : ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਹਾਲ ਬਾਜ਼ਾਰ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫੇ : 150
ਸੰਪਰਕ : 98146 19342

ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਦਾ ਨਾਵਲ ਪਿਉ ਦੀ ਧੀ ਸਮਾਜੀ ਯਥਾਰਥ ਦੀ ਇਕ ਅਜਿਹੀ ਕਹਾਣੀ ਪੇਸ਼ ਕਰਦਾ ਹੈ, ਜਿਸ ਨਾਲ ਪਾਠਕਾਂ ਵਿਚ ਸੰਗਰਾਮੀ ਸੁਰ ਪੈਦਾ ਹੋਣ ਲਗਦੀ ਹੈ। ਲੇਖਕ ਨੇ 8 ਕਾਂਡਾਂ ਵਿਚ ਵੰਡੇ ਇਸ ਨਾਵਲ ਵਿਚ ਭਾਰਤ-ਪਾਕਿ ਵੰਡ ਵੇਲੇ ਡੁੱਲ੍ਹੇ ਖੂਨ ਅਤੇ ਚੱਲੀ ਫ਼ਿਰਕੂ ਹਨੇਰੀ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਰਾਜ ਕਰਦੀਆਂ ਪਾਰਟੀਆਂ ਦੇ ਕਿਰਦਾਰ, ਭ੍ਰਿਸ਼ਟਾਚਾਰ ਅਤੇ ਧੱਕੇਸਾਹੀ ਖਿਲਾਫ਼ ਬਹੁਤ ਹੀ ਸਲੀਕੇ ਨਾਲ ਨਾਵਲ ਦੀ ਕਤਾਰਬੰਦੀ ਕੀਤੀ ਹੈ। ਨਾਵਲ ਦਾ ਸਿਰਲੇਖ ਪੂਰਾ ਢੁਕਦਾ ਹੈ। ਵੰਡ ਵੇਲੇ ਸੰਗਰਾਮੀ ਲੋਕਾਂ ਤੇ ਖਾਸ ਕਰਕੇ ਕਮਿਊਨਿਸਟ ਪਾਰਟੀਆਂ ਦੇ ਚਰਿੱਤਰ ਨੂੰ ਉਘਾੜਿਆ ਹੈ। ਉਹ ਮੌਜੂਦਾ ਜਗੀਰਦਾਰੀ ਤੇ ਸਰਮਾਏਦਾਰੀ ਪ੍ਰਬੰਧ ਤੋਂ ਸੂਖਮਤਾ ਦੀ ਸਮਝ ਨਾਲ ਆਪਣੇ ਨਾਵਲ ਦਾ ਵਿਸ਼ਾ ਦਲਿਤ ਅਤੇ ਕਮਜ਼ੋਰ ਧਿਰ ਨਾਲ ਜੁੜ ਕੇ ਦਲੇਰੀ ਭਰੇ ਯਥਾਰਥ ਨਾਲ ਪੇਸ਼ ਕਰਦਾ ਹੈ। ਵੰਡ ਵੇਲੇ ਕਮਿਊਨਿਸਟ ਪਰਿਵਾਰ ਜੁਝਾਰ ਸਿੰਘ ਦੇ ਘਰ ਪੈਦਾ ਹੋਈ ਲੜਕੀ ਦਲੇਰ ਕੌਰ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਲੋਕ ਹਿਤਾਂ ਲਈ ਪੇਸ਼ ਕੀਤਾ ਹੈ।
ਇਹ ਨਾਵਲ ਜਨਵਾਦੀ ਸੋਚ ਦਾ ਧਾਰਨੀ ਹੈ, ਜੋ ਮਾਨਵੀ ਕਦਰਾਂ-ਕੀਮਤਾਂ ਬੋਲੀ, ਸ਼ੈਲੀ, ਸਮਾਂ, ਸਥਾਨ ਪੱਖੋਂ ਖਰਾ ਉਤਰਦਾ ਹੈ। ਲੇਖਕ ਨੇ ਨਾਵਲ ਵਿਚ ਦਲੇਰ ਕੌਰ ਨਾਮੀ ਲੜਕੀ ਨੂੰ ਜਨਮ ਤੋਂ ਲੋਕ ਹਿਤਾਂ ਲਈ ਲੜਨ ਅਤੇ ਥਾਂ-ਥਾਂ ਔਰਤਾਂ ਮਰਦਾਂ ਨੂੰ ਜਥੇਬੰਦ ਕਰਕੇ ਅਨਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਕਮਿਊਨਿਸਟ ਲਹਿਰਾਂ ਦੇ ਸਿਧਾਂਤਾਂ ਬਾਰੇ ਬਿਰਤਾਂਤ ਪੇਸ਼ ਕੀਤੇ ਹਨ।

ਂਰਮੇਸ਼ ਤਾਂਗੜੀ
ਮੋ: 9463079655

ਫ ਫ ਫ

12-3-16

 ਕਥਾ ਦਾਮਨੀ ਕੀ
ਲੇਖਕ : ਡਾ: ਕਸ਼ਮੀਰੀ ਲਾਲ ਜ਼ਾਕਿਰ
ਅਨੁਵਾਦਕ : ਡਾ: ਬੀ.ਕੇ. ਪਨੂੰ ਪਰਵਾਜ਼
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 93560-94596.

ਡਾ: ਕਸ਼ਮੀਰੀ ਲਾਲ ਜ਼ਾਕਿਰ ਰਾਹੀਂ ਲਿਖੀ ਪੁਸਤਕ 'ਕਥਾ ਦਾਮਿਨੀ ਕੀ' 16 ਦਸੰਬਰ, 2012 ਨੂੰ ਦਿੱਲੀ ਵਿਚ ਵਾਪਰੇ ਸ਼ਰਮਨਾਕ ਤੇ ਦਰਦਨਾਕ ਹਾਦਸੇ ਦੀ ਸੱਚੀ ਘਟਨਾ ਉੱਤੇ ਆਧਾਰਿਤ ਨਾਵਲਿਟ ਹੈ। ਲੇਖਕ ਨੇ ਇਸ ਪੁਸਤਕ ਵਿਚ ਹੂ-ਬਹੂ ਵਾਪਰੀ ਘਟਨਾ ਨੂੰ ਪੇਸ਼ ਕੀਤਾ ਹੈ, ਬਹੁਤ ਸਾਰੀਆਂ ਗੱਲਾਂ ਦਾਮਨੀ ਪਾਤਰ ਦੇ ਮੂੰਹ ਤੋਂ ਤੇ ਕੁਝ ਉਸ ਦੇ ਦੋਸਤ ਅਮਰ ਦੇ ਮੂੰਹ ਤੋਂ ਕਹਾਈਆਂ ਹਨ, ਜੋ ਦਿਲ ਨੂੰ ਟੁੰਬਦੀਆਂ ਹਨ। ਭਾਵੇਂ ਇਸ ਵਾਪਰੀ ਘਟਨਾ ਦਾ ਪ੍ਰਭਾਵ ਜੋ ਪਿਆ, ਉਸ ਦੀ ਆਵਾਜ਼ ਪਾਰਲੀਮੈਂਟ ਤੱਕ ਗੂੰਜੀ, ਹਰ ਸ਼ਹਿਰ, ਕਸਬੇ ਵਿਚ ਪ੍ਰੋਟੈਸਟ ਮਾਰਚ ਹੋਏ, ਕੈਂਡਲ ਮਾਰਚ ਕੱਢੇ ਗਏ ਅਤੇ ਪੁਲਿਸ ਵੱਲੋਂ ਤਸ਼ੱਦਦ ਹੋਇਆ, ਦਾਮਨੀ ਨੂੰ ਜ਼ਖ਼ਮੀ ਹਾਲਤ ਵਿਚ ਦੇਸ਼ ਤੋਂ ਬਾਹਰ ਸਿੰਘਾਪੁਰ ਇਲਾਜ ਲਈ ਭੇਜ ਦਿੱਤਾ ਗਿਆ, ਜੋ ਇਕ ਸਿਆਸੀ ਚਾਲ ਸੀ। ਇਸ ਦਾ ਅਸਰ ਭਾਵੇਂ ਭਾਰਤ ਦੇ ਹਾਕਮਾਂ ਉੱਤੇ ਤਾਂ ਨਾ ਹੋਇਆ ਪਰ ਅਮਰੀਕਾ ਦੇ ਸਦਰ ਬਰਾਕ ਓਬਾਮਾ ਤੇ ਉਸ ਦੀ ਪਤਨੀ ਮਿਸ਼ੈਲ ਨੇ ਐਲਾਨ ਕੀਤਾ ਕਿ ਉਹ ਦਾਮਨੀ ਨੂੰ 'ਇੰਟਰਨੈਸ਼ਨਲ ਕਰੇਜ ਐਵਾਰਡ' ਨਾਲ ਸਨਮਾਨਿਤ ਕਰਨਗੇ ਪਰ ਇਹ ਦਾਮਨੀ ਦੇ ਭਾਗਾਂ ਵਿਚ ਨਹੀਂ ਸੀ। ਇਸ ਪੁਸਤਕ ਵਿਚ ਲੇਖਕ ਨੇ 21ਵੀਂ ਸਦੀ ਦੀ ਘ੍ਰਿਣਾਯੋਗ ਪਰ ਸੱਚੀ ਵਾਰਦਾਤ ਨੂੰ ਪੇਸ਼ ਕਰਕੇ ਜਨਤਾ ਤੇ ਸਰਕਾਰ ਨੂੰ ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ ਹੈ ਤੇ ਨਾਲ ਹੀ ਵਿਅੰਗ ਵੀ ਕੀਤਾ ਹੈ ਕਿਂ'ਭਾਰਤੀਆਂ ਨੇ ਆਪਣੇ ਹੀ ਭਾਈ-ਭੈਣਾਂ ਅਤੇ ਬੱਚਿਆਂ ਦੇ ਜਾਇਜ਼ ਤੇ ਇਨਸਾਨੀ ਹੱਕਾਂ ਦੀ ਅਣਦੇਖੀ ਆਰੰਭ ਕਰ ਦਿੱਤੀ ਹੈ। ਸ਼ਾਇਦ ਉਨ੍ਹਾਂ ਦੇ ਕੰਮਾਂ ਵਿਚ ਰੂੰ ਠੋਸਣ ਦੇ ਨਾਲ-ਨਾਲ ਅੰਨ੍ਹੇ ਧ੍ਰਿਤਰਾਸ਼ਟਰ ਦੀ ਪਤਨੀ ਗੰਧਾਰੀ ਵਾਂਗ ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਲਈ ਹੈ।' ਅਸਲ ਵਿਚ ਫਾਸਟ ਟਰੈਕ ਅਦਾਲਤਾਂ ਦੇ ਫ਼ੈਸਲੇ ਵੀ ਕੀ ਹੋਣਗੇ, ਜੇ ਸਿਆਸਤਦਾਨਾਂ ਨੂੰ ਜਨਤਾ ਦੀਆਂ ਚੀਕਾਂ ਨਹੀਂ ਸੁਣਦੀਆਂ ਤੇ ਨਾ ਹੀ ਇਸ ਦੇ ਜ਼ਖ਼ਮ ਦਿਖਾਈ ਦਿੰਦੇ ਹਨ। ਹੁਣ ਤੱਕ ਪਰਿਵਾਰ ਨੂੰ ਨਾ ਤਾਂ ਕੋਈ ਮੁਆਵਜ਼ਾ ਮਿਲਿਆ ਹੈ ਤੇ ਨਾ ਹੀ ਸੁਰੱਖਿਆ। ਸਰਕਾਰ ਨੇ ਜਿਹੜਾ ਆਰਡੀਨੈਂਸ ਜਾਰੀ ਕੀਤਾ ਸੀ, ਉਸ ਦਾ ਇਸਤਰੀਆਂ ਦੀਆਂ ਕੌਮੀ ਜਮਾਤਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ ਤੇ ਇਤਰਾਜ਼ ਵੀ ਕੀਤੇ ਹਨ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.

ਫ ਫ ਫ

ਇੰਗਲੈਂਡ ਵਿਚ ਵਿਚਰਦਿਆਂ
ਲੇਖਕ : ਜੰਗ ਬਹਾਦਰ ਸਿੰਘ ਘੁੰਮਣ
ਪ੍ਰਕਾਸ਼ਕ : ਖੜਗ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 208
ਸੰਪਰਕ : 98159-72868.

ਸ: ਜੰਗ ਬਹਾਦਰ ਸਿੰਘ ਘੁੰਮਣ ਇਕ ਕਵੀ ਅਤੇ 'ਸੁਬਾਸਕ' (ਤ੍ਰੈਮਾਸਿਕ) ਮੈਗਜ਼ੀਨ ਦੇ ਸੰਪਾਦਕ ਵਜੋਂ ਪੰਜਾਬ ਦੇ ਸਾਹਿਤਕ ਹਲਕਿਆਂ ਵਿਚ ਇਕ ਜਾਣਿਆ-ਪਛਾਣਿਆਂ ਨਾਂਅ ਹੈ। 'ਇੰਗਲੈਂਡ ਵਿਚ ਵਿਚਰਦਿਆਂ' ਉਸ ਦਾ ਪਹਿਲਾ ਸਫ਼ਰਨਾਮਾ ਹੈ। ਉਸ ਦੇ ਦੋਵੇਂ ਬੇਟੇ ਪਰਵਾਸੀ ਬਣ ਚੁੱਕੇ ਹਨ। ਵੱਡਾ ਬੇਟਾ ਨਵਜੋਤ 2002 ਵਿਚ ਇੰਗਲੈਂਡ ਚਲਾ ਗਿਆ ਸੀ ਅਤੇ ਛੋਟਾ ਸਰਬਜੋਤ ਵੀ 2013 ਵਿਚ ਕੈਨੇਡਾ ਦਾ ਨਿਵਾਸੀ ਬਣ ਗਿਆ। 2014 ਵਿਚ ਵੱਡੇ ਬੇਟੇ ਨਵਜੋਤ ਨੂੰ ਮਿਲਣ ਲਈ ਲੇਖਕ ਆਪਣੀ ਪਤਨੀ ਸਮੇਤ ਇੰਗਲੈਂਡ ਦੇ ਸ਼ਹਿਰ ਨੋਟਿੰਘਮ ਵਿਚ ਜਾ ਪਹੁੰਚਾ। ਭਾਵੇਂ ਉਹ ਇਕ ਵਾਰ ਪਹਿਲਾਂ ਵੀ ਉਥੇ ਹੋ ਆਇਆ ਸੀ ਪਰ ਦੂਜੀ ਵਾਰ ਉਸ ਨੇ ਇਸ ਦੇਸ਼ ਦੇ ਸੱਭਿਆਚਾਰ ਨੂੰ ਇਸ ਜਗਿਆਸੂ ਦੀਆਂ ਨਜ਼ਰਾਂ ਨਾਲ ਨਵੇਂ ਸਿਰਿਉਂ ਵੇਖਿਆ।
ਲੇਖਕ ਨੇ ਇਸ ਯਾਤਰਾ ਦੇ ਦੌਰਾਨ ਇਕ ਮੱਧ ਸ਼੍ਰੇਣਿਕ ਸਾਊ ਵਿਅਕਤੀ ਦੇ ਚਿੱਤ ਵਿਚ ਪੈਦਾ ਹੋਣ ਵਾਲੇ ਸੰਸਿਆਂ ਅਤੇ ਆਗ੍ਰਿਹਾਂ ਨੂੰ ਵੀ ਯੋਗ ਸਥਾਨ ਦਿੱਤਾ ਹੈ। ਇੰਗਲੈਂਡ ਵਿਚ ਜਾ ਕੇ ਜੰਗ ਬਹਾਦਰ ਸਿੰਘ ਘੁੰਮਣ ਨੇ ਆਪਣੀ ਯਾਤਰਾ ਦਾ ਪੂਰਨ ਅਨੰਦ ਮਾਣਿਆ। ਉਸ ਨੇ ਮਿਊਜ਼ੀਅਮਾਂ, ਲਾਇਬ੍ਰੇਰੀਆਂ, ਗੁਰਦੁਆਰਿਆਂ, ਬੀਚਾਂ ਅਤੇ ਹੋਰ ਦਰਸ਼ਨੀ-ਸਥਾਨਾਂ ਦੀ ਖੂਬ ਸੈਰ ਕੀਤੀ। ਇਸ ਸਫ਼ਰਨਾਮੇ ਦੇ ਬਿਰਤਾਂਤ ਵਿਚ ਚੇਤਨਾ ਪ੍ਰਵਾਹ ਸ਼ੈਲੀ ਦੇ ਪ੍ਰਯੋਗ ਦੁਆਰਾ ਉਹ ਇੰਗਲੈਂਡ ਅਤੇ ਪੰਜਾਬ ਦੋਵਾਂ ਖਿੱਤਿਆਂ ਉੱਪਰ ਆਪਣੀ ਨਜ਼ਰ ਬਣਾਈ ਰੱਖਦਾ ਹੈ। ਉਧਰ ਘੁੰਮਦਿਆਂ-ਫਿਰਦਿਆਂ ਬਹੁਤ ਵਾਰ ਉਸ ਨੂੰ ਪੰਜਾਬੀ ਲੋਕਾਂ ਦੀ ਜੀਵਨ-ਸ਼ੈਲੀ ਦੇ ਗੁਣ-ਦੋਸ਼ ਬਰਾਬਰ ਯਾਦ ਆਉਂਦੇ ਰਹਿੰਦੇ ਹਨ ਅਤੇ ਲੇਖਕ ਬੜੀ ਨਿਪੁੰਨਤਾ ਨਾਲ ਦੋਵੇਂ ਤਰ੍ਹਾਂ ਦੀਆਂ ਦ੍ਰਿਸ਼ਾਵਲੀਆਂ ਨੂੰ ਇਕ-ਦੂਜੀ ਦੇ ਸਮਵਿੱਥ ਟਿਕਾ ਕੇ ਆਪਣੀ ਅਦਭੁੱਤ ਸਿਰਜਣਾਤਮਕਤਾ ਦੇ ਦਰਸ਼ਨ ਕਰਵਾ ਦਿੰਦਾ ਹੈ। ਇਹ ਸਫ਼ਰਨਾਮਾ ਹਰ ਤਰ੍ਹਾਂ ਨਾਲ ਪੜ੍ਹਨ ਅਤੇ ਮਾਣਨਯੋਗ ਰਚਨਾ ਹੈ।

ਂਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਪਾਕਿਸਤਾਨ ਜਿਹੋ ਜਿਹਾ ਮੈਂ ਵੇਖਿਆ
ਲੇਖਕ : ਬੂਟਾ ਗੁਲਾਮੀ ਵਾਲਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 94171-97395.

ਲੇਖਕ ਦੀ ਇਹ ਪਲੇਠੀ ਪੁਸਤਕ ਪਾਕਿਸਤਾਨ ਦਾ ਸਫ਼ਰਨਾਮਾ ਹੈ। ਪਾਕਿਸਤਾਨ ਵਿਚ ਸਥਿਤ ਪਾਵਨ ਗੁਰਧਾਮਾਂ ਦੇ ਦਰਸ਼ਨਾਂ ਦੀ ਸਿੱਕ ਹਰ ਇਕ ਦੇ ਅੰਦਰ ਧੂਹ ਪਾਉਂਦੀ ਹੈ। ਹਿੰਦ-ਪਾਕਿ ਵੰਡ ਨੇ ਸਾਡੇ ਸਤਿਗੁਰਾਂ ਦੇ ਪਰਮ ਪਵਿੱਤਰ ਚਰਨ ਛੋਹ ਅਸਥਾਨਾਂ ਨੂੰ ਸਾਥੋਂ ਵਿਛੋੜ ਦਿੱਤਾ ਸੀ। ਅੱਜ ਵੀ ਇਨ੍ਹਾਂ ਦੇ ਦੀਦਾਰ ਦੀ ਤੜਪ ਸਾਡੀ ਰੋਜ਼ਾਨਾ ਅਰਦਾਸ ਵਿਚ ਸ਼ਾਮਿਲ ਹੈ। ਨਿਰੰਕਾਰੀ ਜੋਤਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਅਤੇ ਜੋਤੀ ਜੋਤ ਸਮਾਉਣ ਦੇ ਮਹਾਨ ਅਸਥਾਨ ਵੀ ਪਾਕਿਸਤਾਨ ਵਿਚ ਹਨ। ਅੱਜ ਵੀ ਸੰਗਤਾਂ ਹਿੰਦ-ਪਾਕਿ ਬਾਰਡਰ 'ਤੇ ਖੜ੍ਹ ਕੇ ਸਧਰਾਈਆਂ ਨਜ਼ਰਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰੋਂ ਹੀ ਦੀਦਾਰ ਕਰਦੀਆਂ ਹਨ। ਲੇਖਕ ਨੇ ਇਸ ਪੁਸਤਕ ਰਾਹੀਂ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਸਫ਼ਰਨਾਮੇ ਵਿਚ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਕਿਆਰਾ ਸਾਹਿਬ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਪੱਟੀ ਸਾਹਿਬ ਅਤੇ ਲਾਹੌਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਆਦਿ ਅਸਥਾਨਾਂ ਦਾ ਸੰਖੇਪ ਇਤਿਹਾਸ, ਨਵਉਸਾਰੀ ਅਤੇ ਮੁਰੰਮਤ ਦੀ ਕਾਰ ਸੇਵਾ, ਲੰਗਰ ਅਤੇ ਹੋਰ ਪ੍ਰਬੰਧਾਂ ਬਾਰੇ ਚਾਨਣਾ ਪਾਇਆ ਹੈ। ਸਰਲ ਅਤੇ ਸਪੱਸ਼ਟ ਬੋਲੀ ਵਿਚ ਲਹਿੰਦੇ ਪੰਜਾਬ ਦਾ ਰਹਿਣ-ਸਹਿਣ, ਸੱਭਿਆਚਾਰ, ਵਿਰਸਾ ਅਤੇ ਪਹਿਰਾਵਾ ਉਲੀਕਿਆ ਗਿਆ ਹੈ। ਦੋਵਾਂ ਮੁਲਕਾਂ ਦੇ ਲੋਕ ਆਪਸ ਵਿਚ ਬਹੁਤ ਪਿਆਰ ਕਰਦੇ ਹਨ ਪਰ ਰਾਜਨੀਤਕ ਹੱਦਬੰਦੀਆਂ ਇਨ੍ਹਾਂ ਦੇ ਰਾਹ ਦੀਆਂ ਰੁਕਾਵਟਾਂ ਹਨ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਈ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੀਆਂ ਅੜਚਣਾਂ ਤੋਂ ਆਜ਼ਾਦ ਹੋ ਕੇ ਲੋਕ ਸੌਖੇ ਤਰੀਕੇ ਨਾਲ ਗੁਰੂ ਅਸਥਾਨਾਂ ਦਾ ਸਪਰਸ਼ ਮਾਣ ਸਕਣ।
ਲੇਖਕ ਨੇ ਪਾਕਿਸਤਾਨ ਜਾਣ ਲਈ ਪੂਰੀ ਜਾਣਕਾਰੀ ਦਿੰਦਿਆਂ ਹੋਇਆਂ ਸਫ਼ਰ ਦੇ ਨਿੱਘੇ ਪਲਾਂ ਦਾ ਜ਼ਿਕਰ ਬਹੁਤ ਭਾਵਪੂਰਤ ਢੰਗ ਨਾਲ ਕੀਤਾ ਹੈ। ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਪੁਸਤਕ ਬਹੁਤ ਲਾਹੇਵੰਦ ਹੈ। ਰੰਗਦਾਰ ਚਿੱਤਰਾਂ ਰਾਹੀਂ ਗੁਰਦੁਆਰਾ ਡੇਹਰਾ ਸਾਹਿਬ (ਲਾਹੌਰ), ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ), ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ) ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਗਏ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਅਧੂਰੀ ਜ਼ਿੰਦਗੀ
ਲੇਖਿਕਾ : ਡਾ: ਸੰਦੀਪ ਕੌਰ ਸੇਖੋਂ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80

ਸੰਗ੍ਰਹਿ ਵਿਚ 18 ਰਚਨਾਵਾਂ ਹਨ। ਕਹਾਣੀਆਂ ਛੋਟੇ ਆਕਾਰ ਦੀਆਂ ਹਨ। ਕਹਾਣੀ ਹੌਸਲਾ ਬਨਾਮ ਜ਼ਿੰਦਗੀ ਵਿਚ ਔਰਤ ਦੀ ਦੁੱਖਾਂ ਭਰੀ ਜ਼ਿੰਦਗੀ ਦਾ ਚਿਤਰਨ ਹੈ। ਕਹਾਣੀ ਦੀ ਪਾਤਰ ਜਸਵੀਰ ਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ, ਫਿਰ ਸਹੁਰੇ ਦੀ ਮੌਤ, ਫਿਰ ਪਤੀ ਸ਼ਰਾਬੀ, ਬਾਅਦ ਵਿਚ ਮੁੰਡਾ ਨਸ਼ਈ ਨਿਕਲਦਾ ਹੈ। ਇਸ ਤਰ੍ਹਾਂ ਕਹਾਣੀ ਵਿਚ ਔਰਤ ਦੀ ਜ਼ਿੰਦਗੀ ਦੇ ਤਿੰਨ ਪੜਾਅ ਵਿਖਾਏ ਗਏ ਹਨ। ਪਾਤਰ ਜਸਵੀਰ ਦੁੱਖ ਸਹਿੰਦੀ ਹੈ ਪਰ ਹੌਸਲਾ ਨਹੀਂ ਹਾਰਦੀ। ਹੋਰ ਕਹਾਣੀਆਂ ਵਿਚ ਵੀ ਇਹੋ ਸੁਰ ਉੱਭਰਦੀ ਹੈ। ਕਰਮਜੀਤ ਸਿੰਘ ਔਜਲਾ ਨੇ ਭੂਮਿਕਾ ਵਿਚ ਲਿਖਿਆ ਹੈ.... ਲੇਖਿਕਾ ਇਸਤਰੀ ਨੂੰ ਇਕ ਬਹੁਪੱਖੀ ਜੀਵ ਵਾਂਗ ਚਿਤਰਦੀ ਹੈ। ਪਾਂਡਾ ਕਹਾਣੀ ਵਿਚ ਸੱਸ ਨੂੰਹ 'ਤੇ ਕਹਿਰ ਢਾਹੁੰਦੀ ਹੈ। ਭਾਪਣ ਦੀ ਪਿੰਕੀ ਪ੍ਰੇਮ-ਵਿਆਹ ਕਰਵਾ ਕੇ ਜਾਤੀ ਭੇਦ ਦਾ ਸਾਰੀ ਉਮਰ ਸ਼ਿਕਾਰ ਬਣੀ ਰਹਿੰਦੀ ਹੈ। ਚਾਚੇ ਤਾਏ ਵਿਚ ਸ਼ਰੀਕੇਬਾਜ਼ੀ ਹੈ। ਪਛਤਾਵਾ ਦਾ ਜਿੰਦਰ ਆਪਣੀ ਮੋਈ ਮਾਂ ਨੂੰ ਯਾਦ ਕਰਦਾ ਹੈ। ਸੌਰੀ ਦੀ ਪਾਤਰ ਦੀਪ ਪ੍ਰੇਮੀ ਤੋਂ ਇਹ ਸੁਣ ਕੇ ਪੱਥਰ ਹੋ ਜਾਂਦੀ ਹੈ...... ਮੇਰੀ ਮੰਗਣੀ ਹੋ ਗਈ ਹੈ ਅਗਲੇ ਮਹੀਨੇ ਵਿਆਹ ਹੈ। (ਪੰਨਾ 72) ਬੇਵਫ਼ਾਈ ਦਾ ਦੁਖਾਂਤ ਹੈ। ਇਤਫ਼ਾਕ ਵਿਚ ਬਾਪ ਮੰਜੇ 'ਤੇ ਪਿਆ ਪੁੱਤਰਾਂ ਨੂੰ ਇਤਫ਼ਾਕ ਨਾਲ ਰਹਿਣ ਦੀ ਸਿੱਖਿਆ ਦਿੰਦਾ ਹੈ। ਅਧੂਰੀ ਜ਼ਿੰਦਗੀ ਦਾ ਪਾਤਰ ਪ੍ਰੋ: ਗੁਪਤਾ ਪਤਨੀ ਦੀ ਕੈਂਸਰ ਨਾਲ ਮੌਤ ਪਿੱਛੋਂ ਜ਼ਿੰਦਗੀ ਨਾਲ ਜੂਝਦਾ ਹੈ। ਬਾਕੀ ਕਹਾਣੀਆਂ ਵਿਚ ਮਿਹਰਬਾਨੀ, ਕਾਤਰ, ਬਦਲਾ, ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ।

ਂਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 98148-56160.

 

ਧਾੜਵੀ
ਲੇਖਕ : ਫ਼ਰਜ਼ੰਦ ਅਲੀ
ਲਿਪੀਅੰਤਰ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 98152-18545.

ਫ਼ਰਜ਼ੰਦ ਅਲੀ ਦਾ ਇਹ ਨਵਾਂ ਨਾਵਲ ਕੁਝ ਸਮਾਂ ਪਹਿਲਾਂ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਹੈ, ਜਿਸ ਦਾ ਲਿਪੀਅੰਤਰ ਡਾ: ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ। ਅਸਤਿਤਵਵਾਦੀ ਗਾਲਪਨਿਕ ਦ੍ਰਿਸ਼ਟੀ ਅਨੁਸਾਰ ਸਮਝਦਿਆਂ ਫ਼ਰਜ਼ੰਦ ਅਲੀ ਨੇ ਆਪਣੇ ਪਾਤਰਾਂ ਨੂੰ ਜਿਸ ਤਥਾਤਮਕਤਾ (ਫੈਕਟੀਸਿਟੀ) ਵਿਚੋਂ ਉਭਾਰਿਆ ਹੈ, ਉਹ ਕੱਚੇ ਘਰਾਂ ਅਤੇ ਕੱਚੀਆਂ ਗਲੀਆਂ ਦੀ ਬਸਤੀ ਹੈ, ਜਿਥੋਂ ਦੇ ਬਾਸ਼ਿੰਦੇ ਨਰਕ ਵਰਗੀ ਜੂਨ ਭੋਗਦੇ ਹਨ। ਉਹ ਬੇਜ਼ਮੀਨੇ, ਅਨਪੜ੍ਹ, ਬੇਰੁਜ਼ਗਾਰ, ਲੁੱਟਾਂਮਾਰਾਂ ਅਤੇ ਹੋਰ ਘਟੀਆ ਕੰਮ ਕਰਕੇ ਆਪਣੀ ਦਿਨ-ਕਟੀ ਕਰਦੇ ਹਨ। ਇਸ ਵਸੇਬ ਵਿਚ ਨਸ਼ੇ, ਖ਼ੁਦਕੁਸ਼ੀਆਂ ਅਤੇ ਬੰਬ ਧਮਾਕੇ ਹੁੰਦੇ ਹਨ। ਨਾਵਲ ਪੜ੍ਹਦਿਆਂ ਪਤਾ ਚਲਦਾ ਹੈ ਕਿ ਇਸ ਧਰਤੀ ਨੂੰ ਬਾਹਰਲੇ ਧਾੜਵੀਆਂ ਨੇ ਹੀ ਨਹੀਂ ਲੁੱਟਿਆ, ਸਗੋਂ ਹੁਣ ਵੀ ਸਥਾਨਕ ਧਾੜਵੀਆਂ ਦੀ ਨਸਲ ਆਮ ਲੋਕਾਂ ਦਾ ਸ਼ੋਸ਼ਣ ਕਰਦੀ ਹੈ। ਜ਼ਮੀਨਾਂ ਅਤੇ ਮਿੱਲਾਂ ਦੇ ਮਾਲਕ ਧਾੜਵੀ ਹਨ। ਇਸ ਨਾਵਲ ਦੀ ਮੁੱਖ ਕਥਾ ਤਿੰਨ ਪਰਿਵਾਰਾਂ ਨਾਲ ਜ਼ਿਆਦਾ ਸਬੰਧ ਰੱਖਦੀ ਹੈ। ਪਹਿਲਾ ਪਰਿਵਾਰ ਬੱਕਰੀਆਂ ਵਾਲੇ ਫ਼ਕੀਰੀਏ ਦਾ ਹੈ, ਦੂਜਾ ਪਰਿਵਾਰ ਨੰਬਰਦਾਰ ਵਾਜਿਦ ਦਾ ਜੋ ਪਾਰਲੀਮੈਂਟਰੀ ਸਕੱਤਰ ਹੈ, ਜਿਸ ਦੇ ਮੰਤਰੀ ਬਣਨ ਦੀ ਸੰਭਾਵਨਾ ਹੈ। ਤੀਜਾ ਪਰਿਵਾਰ ਨੰਬਰਦਾਰ ਦੇ ਚਾਪਲੂਸ ਅਤੇ ਚੁਗਲਖੋਰ ਨੂਰੇ ਦਾ ਹੈ, ਜਿਸ ਦੀ ਧੀ ਮਲੂਕਾਂ ਫ਼ਕੀਰੀਏ ਦੇ ਛੋਟੇ ਮੁੰਡੇ ਹਬੀਬ ਨਾਲ ਇਕਪਾਸੜ ਪਿਆਰ ਵਜੋਂ ਆਕਰਸ਼ਿਤ ਹੈ। ਨਾਵਲ ਵਿਚ ਜੀਵਨ-ਜਾਚ ਅਤੇ ਦਾਰਸ਼ਨਿਕ ਵਿਚਾਰਾਂ ਦੀ ਭਰਮਾਰ ਹੈ। ਕਈ ਵਿਚਾਰ ਅਸਤਿਤਵਵਾਦੀ ਚਿੰਤਕਾਂ ਨਾਲ, ਸੁਚੇਤ ਜਾਂ ਅਚੇਤ ਸਮਾਨਤਾ ਰੱਖਦੇ ਹਨ।
ਨਾਵਲ ਦਾ ਉਦੇਸ਼ ਬੜਾ ਸਪੱਸ਼ਟ ਹੈ। ਬੰਦੇ ਨੂੰ ਅਗਲੇ ਜਨਮ ਦੀ ਥਾਂ ਇਸ ਜਨਮ ਨੂੰ ਹੀ ਸੰਵਾਰਨਾ ਚਾਹੀਦਾ ਹੈ। ਹਰ ਇਨਸਾਨ ਨੂੰ, ਬਿਨਾਂ ਕਿਸੇ ਬਾਹਰੀ ਦਬਾਅ ਦੇ, ਆਪਣੀ ਪਸੰਦ ਦੀ ਚੋਣ, ਹਯਾਤੀ ਹੰਢਾਉਣ ਅਤੇ ਅਸਤਿਤਵ ਨੂੰ ਵਿਕਸਤ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਫ਼ਕੀਰੀਏ ਅਤੇ ਕਨੀਜ਼ਾ ਦੀ ਮੌਤ ਨਾਲ ਦੁਖਾਂਤ ਸਿਰਜਦਾ ਹੋਇਆ ਨਾਵਲ ਆਪਣੀ ਚਰਮ ਸੀਮਾ ਨੂੰ ਅੱਪੜਦਾ ਹੈ। ਇੰਜ ਇਹ ਨਾਵਲ ਸਮਾਜਿਕ ਯਥਾਰਥ ਨੂੰ ਰੂਪਮਾਨ ਕਰਦਾ ਦਸਤਾਵੇਜ਼ ਹੋ ਨਿੱਬੜਿਆ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਫ ਫ ਫ

ਸੂਰਜ ਨਹੀਂ ਮੋਇਆ
ਲੇਖਕ : ਪਿਆਰਾ ਸਿੰਘ ਕੁੱਦੋਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-98459.

ਪਿਆਰਾ ਸਿੰਘ ਕੁੱਦੋਵਾਲ ਮਾਨਵਵਾਦੀ ਸ਼ਾਇਰ ਹੈ। 'ਸਮਿਆਂ ਦੇ ਪਾਰ' ਤੋਂ ਬਾਅਦ 'ਸੂਰਜ ਨਹੀਂ ਮੋਇਆ' ਉਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਆਪਣੇ ਜੀਵਨ ਅਨੁਭਵਾਂ ਨੂੰ ਮਾਨਵਵਾਦੀ ਨਜ਼ਰੀਏ ਤੋਂ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕੀਤਾ ਹੈ।
ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਵਿਚ ਹੀ ਲੇਖਕ ਨੇ ਆਪਣੇ ਕਾਵਿ ਦ੍ਰਿਸ਼ਟੀਕੋਣ ਦੀ ਪੁਸ਼ਟੀ ਇਹ ਆਖ ਕੇ ਕਰ ਦਿੱਤੀ ਹੈ
ਦੋਸਤੋ
ਇਸ ਤੋਂ ਪਹਿਲਾਂ ਕਿ
ਬਣ ਜਾਈਏ ਆਪਾਂ ਵੀ ਜ਼ਿੰਦਾ ਲਾਸ਼ਾਂ
ਚਲੋ ਇਨ੍ਹਾਂ ਤੇ ਆਪਣੇ ਵਿਚਕਾਰ
ਇਕ ਸਿੱਧੀ ਲਕੀਰ ਖਿੱਚੀਏ....
ਇਸੇ ਤਰ੍ਹਾਂ ਅਗਲੀਆਂ ਕਵਿਤਾਵਾਂ ਵਿਚ ਵੀ ਲੇਖਕ ਇਸੇ ਵਿਚਾਰਧਾਰਾ ਦਾ ਵਿਸਤਾਰ ਕਰਦਾ ਨਜ਼ਰ ਆਉਂਦਾ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਬਾਹਰਲੀ ਧਰਤੀ ਤੇ ਦਫ਼ਤਰਾਂ, ਕਾਰਜਗਾਹਾਂ ਵਿਚ ਹੋ ਰਹੇ ਕਰਮਚਾਰੀਆਂ ਦੇ ਸ਼ੋਸ਼ਣ ਨਾਲ ਸਬੰਧਤ ਹਨ। ਕਿਸ ਤਰ੍ਹਾਂ ਆਪਣੇ-ਆਪ ਨੂੰ ਵਿਸ਼ਵ ਵਿਚ ਸਭ ਤੋਂ ਵਧੇਰੇ ਸੱਭਿਅਕ ਹੋਣ ਦਾ ਮਖੌਟਾ ਪਾਉਣ ਵਾਲੇ ਕਿਸ ਤਰ੍ਹਾਂ ਆਪਣੇ ਅਧੀਨ ਕਰਮਚਾਰੀਆਂ ਨਾਲ ਦੁਰਵਿਹਾਰ ਕਰਦੇ ਤੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ, ਇਹ ਦਰਸ਼ ਇਨ੍ਹਾਂ ਕਵਿਤਾਵਾਂ ਵਿਚ ਦੇਖਿਆ ਜਾ ਸਕਦਾ ਹੈ। ਅਨੇਕ ਕਵਿਤਾਵਾਂ ਵਿਚ ਧਰਮ ਦੇ ਨਾਂਅ 'ਤੇ ਕੀਤੀ ਜਾਣ ਵਾਲੀ ਫ਼ਿਰਕਾਪ੍ਰਸਤੀ ਤੇ ਨਫ਼ਰਤ ਪੈਦਾ ਕਰਕੇ ਮਨੁੱਖਾਂ ਨੂੰ ਆਪਸ ਵਿਚ ਲੜਾਉਣ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ। ਸਮੁੱਚੇ ਰੂਪ ਵਿਚ ਇਹ ਪੁਸਤਕ ਅਮਾਨਵੀ ਸ਼ਕਤੀਆਂ ਦੇ ਖਿਲਾਫ਼ ਇਕ ਸਸ਼ਕਤ ਪ੍ਰਵਚਨ ਉਚਾਰਦੀ ਹੈ।

ਂਡਾ: ਅਮਰਜੀਤ ਕੌਂਕੇ
ਫ ਫ ਫ

12-3-2016

 ਮੈਂ ਘਾਹ ਨਹੀਂ!
ਸ਼ਾਇਰਾ : ਲਵੀਨ ਕੌਰ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 93
ਸੰਪਰਕ : 0161-2413613

ਲਵੀਨ ਕੌਰ ਗਿੱਲ ਇਸ ਦੌਰ ਦੀ ਤਿੱਖੀ ਸੁਰ ਵਾਲੀ ਸੰਭਾਵਨਾ ਭਰਪੂਰ ਸ਼ਾਇਰਾ ਹੈ ਜੋ ਨਾਰੀ ਨੂੰ ਤਰਸ ਦਾ ਪਾਤਰ ਬਣਾਉਣ ਦੀ ਥਾਂ ਇਸ ਦੇ ਹੱਕਾਂ ਲਈ ਰੋਹਲੀ ਆਵਾਜ਼ ਉਠਾਉਂਦੀ ਹੈ। ਸ਼ਾਇਰਾ ਇਹ ਨਹੀਂ ਚਾਹੁੰਦੀ ਕਿ ਔਰਤ ਦੀ ਮੌਜੂਦਾ ਹਾਲਤ 'ਤੇ ਹੰਝੂ ਵਹਾਏ ਜਾਣ ਸਗੋਂ ਉਹ ਸਮਾਜ ਨੂੰ ਇਹ ਸਵਾਲ ਕਰਦੀ ਹੈ ਕਿ ਅਜਿਹੇ ਵਿਤਕਰੇ ਪੈਦਾ ਹੀ ਕਿਉਂ ਹੋਏ। ਉਹ ਭਿੰਨ-ਭੇਦ ਦੇ ਇਸ ਬੁੱਢੇ ਰੁੱਖ ਦੀਆਂ ਟਾਹਣੀਆਂ, ਪੱਤਿਆਂ ਤੇ ਫੁੱਲਾਂ-ਫਲਾਂ ਨੂੰ ਦੋਸ਼ੀ ਨਹੀਂ ਮੰਨਦੀ ਸਗੋਂ ਉਸ ਨੂੰ ਜੜ੍ਹਾਂ ਤੇ ਤਣੇ 'ਤੇ ਮਲਾਲ ਹੈ। ਉਹ ਧਰਤੀ ਵਾਂਗ ਆਪਣੇ-ਆਪ ਨੂੰ ਆਪਣੀ ਹੀ ਧੁਰੀ ਦੁਆਲੇ ਯਾਤਰੀ ਮਹਿਸੂਸ ਕਰਦੀ ਹੈ ਅਤੇ ਉਸ ਨੂੰ ਸੰਸਾਰ ਮ੍ਰਿਗਤ੍ਰਿਸ਼ਨਾ ਦੇ ਸਫ਼ਰ 'ਤੇ ਤੁਰਿਆ ਮਹਿਸੂਸ ਹੁੰਦਾ ਹੈ। 'ਚਿੜੀਆਂ ਦਾ ਚੰਬਾ' ਕਵਿਤਾ ਵਿਚ ਉਹ ਖ਼ੁਦ ਦਾ ਸ਼ੋਸ਼ਣ ਕਰ ਰਹੀਆਂ ਕੁੜੀਆਂ ਨੂੰ ਸ਼ਰਮਿੰਦਾ ਕਰਦੀ ਹੈ ਤੇ ਉਸ ਦਾ ਨਜ਼ਰੀਆ ਹੈ ਕਿ ਆਪਣੀ ਤਰਸਯੋਗ ਸਥਿਤੀ ਸਬੰਧੀ ਸਮਾਜ ਦੇ ਨਾਲ ਨਾਲ ਔਰਤ ਖ਼ੁਦ ਵੀ ਨਿਰਦੋਸ਼ ਨਹੀਂ ਹੈ। 'ਮੈਂ ਘਾਹ ਨਹੀਂ' ਕਵਿਤਾ ਵਿਚ ਉਹ ਮੌਜੂਦਾ ਪ੍ਰਬੰਧ ਤੋਂ ਬਿਲਕੁਲ ਬਾਗ਼ੀ ਹੈ ਤੇ ਆਖਦੀ ਹੈ ਕਿ ਇਹ ਸੰਭਵ ਨਹੀਂ ਹੈ ਕਿ ਤੁਸੀਂ ਮੇਰੇ ਵਜੂਦ ਨੂੰ ਕਿਸੇ ਅਣਚਾਹੀ ਬੂਟੀ ਵਾਂਗ ਪੁੱਟ ਕੇ ਵਗਾਹ ਮਾਰੋਗੇ ਤੇ ਮੇਰੇ ਔਰਤ ਹੋਣ ਦਾ ਅਪਮਾਨ ਕਰੋਗੇ। ਸ਼ਾਇਰਾ ਪਿਆਰ ਦੀ ਪਰਿਭਾਸ਼ਾ ਨੂੰ ਵੀ ਨਵੀਂ ਇਬਾਰਤ ਰਾਹੀਂ ਪ੍ਰਗਟ ਕਰਦੀ ਹੈ। ਉਸ ਮੁਤਾਬਿਕ ਉਹ ਪਿਆਰ ਨਹੀਂ ਹੈ ਜੋ ਸੜ ਕੇ ਸੁਆਹ ਨਾ ਹੋ ਜਾਵੇ ਤੇ ਜਿਸ ਵਿਚ ਮੈਂ ਰਹਿ ਜਾਵੇ। ਇਸ ਪੁਸਤਕ ਵਿਚ ਲਵੀਨ ਕੌਰ ਗਿੱਲ ਦੀਆਂ ਤਮਾਮ ਰਚਨਾਵਾਂ ਇਕ ਮਿਥ ਨੂੰ ਤੋੜਦੀਆਂ ਹਨ। ਇਹ ਔਰਤ ਲਈ ਬਰਾਬਰੀ ਦੀ ਖ਼ੈਰਾਤ ਨਹੀਂ ਮੰਗਦੀਆਂ ਸਗੋਂ ਔਰਤ ਹੋਣ ਦਾ ਮਾਣ ਮਹਿਸੂਸ ਕਰਵਾਉਂਦੀਆਂ ਹਨ। ਇਹ ਕਵਿਤਾਵਾਂ ਭਾਵੇਂ ਖੁੱਲ੍ਹੀਆਂ ਹਨ ਪਰ ਪਾਠਕ 'ਤੇ ਇਨ੍ਹਾਂ ਦਾ ਪ੍ਰਭਾਵ ਬੜਾ ਬੱਝਵਾਂ ਪੈਂਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002

ਫ ਫ ਫ

ਮੇਰੇ ਪ੍ਰੀਤਮ ਜੀਓ
ਕਵੀ : ਸਤਨਾਮ ਔਲਖ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 104
ਸੰਪਰਕ : 98552-65928.

ਹਥਲੀ ਕਾਵਿ ਪੁਸਤਕ ਦਾ ਰਚੇਤਾ ਸਤਨਾਮ ਔਲਖ ਪੰਜਾਬੀ ਸਾਹਿਤ ਵਿਚ ਭਾਵੇਂ ਨਵਾਂ ਹੈ ਪਰ ਉਸ ਦੀ ਕਵਿਤਾ ਦਾ ਢੰਗ ਪਕੇਰਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਕਵੀ ਦਰਬਾਰਾਂ ਅਤੇ ਹੋਰ ਸਾਹਿਤਕ ਮੇਲਿਆਂ ਵਿਚ ਸਾਹਿਤਕ ਸੂਝ ਹਾਸਿਲ ਕਰਦਾ ਆ ਰਿਹਾ ਹੈ। ਭਾਵੇਂ ਉਸ ਦੀਆਂ ਭਾਵਨਾਵਾਂ ਦਾ ਕੇਂਦਰ ਅਧਿਆਤਮਕਵਾਦੀ ਹੈ ਪਰ ਉਸ ਦੇ ਬੋਲਾਂ ਵਿਚ ਮਨੁੱਖ ਮਾਤਰ ਦੀ ਭਲਾਈ ਠਾਠਾਂ ਮਾਰਦੀ ਹੈ। ਉਹ ਜਿਸ ਵਾਹਿਗੁਰੂ ਜਾਂ ਰਾਮ ਨੂੰ ਪੁਕਾਰਦਾ ਹੈ, ਉਹ ਇਸ਼ਟ ਵੀ ਮਨੁੱਖਾਂ ਵਾਸਤੇ ਤਪਦੇ ਰਸਤਿਆਂ ਦੀ ਠੰਢੀ ਛਾਂ ਦੀ ਆਸ-ਮੁਰਾਦ ਹੈ। ਕਵਿਤਾਵਾਂ ਦੀ ਸ਼ਬਦਾਵਲੀ ਫੁੱਲਾਂ ਵਰਗੀ ਕੋਮਲ ਅਤੇ ਅਰਥਾਂ ਪੱਖੋਂ ਜੀਵਨ ਦੀ ਮਹਿਕ ਹੈ। ਭਾਵੇਂ ਆਰਥਿਕ ਨਾਬਰਾਬਰੀ, ਰਾਜਨੀਤਕ ਨੀਵਾਣਾਂ, ਨਿੱਘਰ ਰਿਹਾ ਕਲਚਰ ਅਤੇ ਧਰਮ ਅੰਧਤਾ ਬਾਰੇ ਸਤਨਾਮ ਔਲਖ ਦੀਆਂ ਕਵਿਤਾਵਾਂ ਦੀ ਗਿਣਤੀ ਸੀਮਤ ਹੈ ਪਰ ਜਿੰਨੀਆਂ ਕੁ ਇਸ ਵਿਸ਼ੇ 'ਤੇ ਕਵਿਤਾਵਾਂ ਹਨ, ਉਹ ਤਰਕਮਈ ਅਤੇ ਸਹਿਜਮੁਖੀ ਹਨ। ਉਸ ਦੀ ਸ਼ਬਦਾਵਲੀ ਦਾ ਰੰਗ ਪਿਆਰਾ ਹੈ :
ਸੁਬ੍ਹਾ ਰਾਗਨੀ, ਰਾਤ ਨਾਗਨੀ
ਹੋਂਦ ਵਸੇਂਦੇ ਪ੍ਰੀਤਮ!
ਰਿਸ਼ਮ ਰਿਸ਼ਮ ਤੱਕ ਕਾਇਆ ਹਿੱਲੇ
ਪੱਤ ਉੱਠਦੇ ਪ੍ਰੀਤਮ...।
ਕਵੀ ਦੀਆਂ ਸਾਰੀਆਂ ਕਵਿਤਾਵਾਂ ਕਿਸੇ ਨਾ ਕਿਸੇ ਛੰਦ ਵਿਚ ਨਿਭਣ ਦਾ ਸੁਚੇਤ ਯਤਨ ਕਰਦੀਆਂ ਹਨ। ਉਸ ਦਾ ਰੰਗ ਭਾਈ ਵੀਰ ਸਿੰਘ ਦੀ ਕਵਿਤਾ ਦੇ ਰੰਗ ਦਾ ਹੈ। ਰਹੱਸਵਾਦ ਇਨ੍ਹਾਂ ਕਵਿਤਾਵਾਂ ਦਾ ਮੁੱਖ ਥੀਮ ਹੈ। ਪ੍ਰਭੂ ਮਿਲਣ ਦੀ ਤੜਪ ਅਤੇ ਖੁਸ਼ੀ, ਪ੍ਰਭੂ ਮਿਲਣ ਦੀ ਉਮੰਗ ਆਦਿ ਇਨ੍ਹਾਂ ਕਵਿਤਾਵਾਂ ਦਾ ਰੰਗ ਹੈ :
ਪ੍ਰਭ ਲੱਗੇ ਤੇਰੀ ਲਗਨ ਕੁਸੈਲੀ ਚੱਖਿਆ ਲਗਦੀ ਮਿੱਠੀ...
ਪੈ ਜੇ ਤੈਂ ਘੁਟ ਗਲਵਕੜੀ ਮੈਂ ਨਾ ਮੁਹਰੇ ਟਿਕੀ
ਨਾ ਦਿਨ ਚੈਨ ਨਾ ਰਾਤੀਂ ਨੀਂਦਰ
ਵਿਸੈ ਪ੍ਰੇਮ ਜਾਂ ਰਿੱਖੀ।

ਂਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ


ਗਿਆਨ ਗੀਤ

ਲੇਖਕ : ਜਸਵੰਤ ਸਿੰਘ ਨੇਕੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 176.

ਸ਼ਰਧਾ ਤੇ ਆਸਥਾ, ਰਹੱਸਵਾਦ ਤੇ ਤਰਕ, ਅਨੁਭਵੀ ਗਿਆਨ ਤੇ ਵਿਗਿਆਨ, ਕਲਪਨਾ ਤੇ ਕਠੋਰ ਯਥਾਰਥ, ਕਾਲ-ਬੱਧ ਤੇ ਕਾਲ-ਮੁਕਤ ਦਾ ਸੁਮੇਲ ਕਰਨ ਵਾਲੇ ਜਸਵੰਤ ਸਿੰਘ ਨੇਕੀ ਦੀ ਕਵਿਤਾ ਨੂੰ ਨਵ-ਰਹੱਸਵਾਦ ਦੀ ਨਵੀਂ ਕਾਵਿਧਾਰਾ ਦਾ ਮੋਹਰੀ ਕਵੀ ਕਿਹਾ ਜਾ ਸਕਦਾ ਹੈ। ਪ੍ਰੋ: ਪੂਰਨ ਸਿੰਘ, ਪ੍ਰੀਤਮ ਸਿੰਘ ਸਫ਼ੀਰ ਤੇ ਕੁਝ ਹੱਦ ਤੱਕ ਬਾਵਾ ਬਲਵੰਤ ਉਸ ਰਾਹ ਦੇ ਵੱਡੇ ਨਿੱਕੇ ਪਾਂਧੀ ਮੰਨਣੇ ਸੰਭਵ ਹਨ। ਬਾਵੇ ਦੇ ਤੀਖਣ ਪ੍ਰਗਤੀਵਾਦੀ ਝੁਕਾਵਾਂ ਦੇ ਮੁਕਾਬਲੇ ਨੇਕੀ ਵਿਚ ਅਧਿਆਤਮਕ ਅਨੁਭਵੀ, ਰਹੱਸਵਾਦੀ, ਵੇਰਾਗੀ ਰੰਗ ਭਾਰੀ ਹੈ।
ਗਿਆਨ ਗੀਤ ਵਿਚ ਗੀਤ ਨੂੰ ਅਧਿਆਤਮ ਗਿਆਨ ਦਾ ਵਾਹਨ ਬਣਾਇਆ ਗਿਆ ਹੈ। ਇਹ ਗਿਆਨ ਗੁਰੂ ਕਿਰਪਾ ਰਾਹੀਂ ਮਿਲਦਾ ਹੈ। ਆਪਣੀ ਹਿਕਮਤ ਸਿਆਣਪ ਨਾਲ ਨਹੀਂ। ਭਾਵੁਕ ਤੀਬਰਤਾ ਤੇ ਗਾਇਣ ਦੀ ਸੁਗਮਤਾ ਕਾਰਨ ਇਹ ਗੀਤ ਆਪਣੇ ਵਿਸ਼ੇ ਦੇ ਅਮੂਰਤ ਤੇ ਪਾਰਲੌਕਿਕ ਹੋਣ ਦੇ ਬਾਵਜੂਦ ਸਾਧਾਰਨ ਪਾਠਕਾਂ ਨੂੰ ਵੀ ਸੁਹਜ ਤ੍ਰਿਪਤੀ ਦਿੰਦੇ ਹਨ। ਅਰਸ਼ੀ ਪ੍ਰੀਤਮ ਨਾਲ ਹਕੀਕੀ ਪਿਆਰ ਮਿਜ਼ਾਜੀ ਇਸ਼ਕ ਵਾਲੇ ਨੂੰ ਵੀ ਰੂਹ ਦਾ ਰੱਜ ਦਿੰਦਾ ਹੈ। ਬਿਰਹਾ, ਮੇਲ ਤੇ ਇਸ਼ਕ ਹਰ ਮਨੁੱਖ ਨੂੰ ਕਿਸੇ ਨਾ ਕਿਸੇ ਰੰਗ ਵਿਚ, ਕਿਸੇ ਨਾ ਕਿਸੇ ਛਿਣ ਆਪਣੀ ਗ੍ਰਿਫ਼ਤ ਵਿਚ ਲੈਂਦਾ ਹੀ ਹੈ। ਨੇਕੀ ਦੇ ਇਹ ਅਧਿਆਤਮਕ ਇਸ਼ਕ/ਗਿਆਨ ਦੇ ਗੀਤ ਭਾਵਨਾਵਾਂ ਦੀ ਇਸੇ ਭੂਮੀ ਦੀ ਸਾਂਝ ਕਾਰਨ ਵਿਆਪਕ ਆਧਾਰਾਂ ਵਾਲੇ ਬਣ ਗਏ ਹਨ।
ਨੇਕੀ ਦੀ ਇਸ ਪੁਸਤਕ ਦੇ 10 ਉਪ ਭਾਗ ਹਨ ਜੋ ਵੱਖ-ਵੱਖ ਥੀਮਾਂ ਅਨੁਸਾਰ ਗੀਤਾਂ ਨੂੰ ਵੰਡਦੇ ਹਨ। ਇਹ ਥੀਮ ਹਨ : 1. ਪ੍ਰੇਮ ਤੇ ਬਿਰਹਾ, 2. ਕੁਦਰਤ, 3. ਪ੍ਰਭੂ ਨਾਲ ਵਾਰਤਾ ਤੇ ਮਿਲਾਪ, 4. ਗੁਣ ਗਾਇਣ, 5. ਵਾਹਿਗੁਰੂ ਦਾ ਭਾਣਾ, 6. ਅਰਦਾਸ ਨਦਰ ਸ਼ੁਕਰਾਨਾ, 7. ਪਛਤਾਵਾ ਤੇ ਇਕਬਾਲ, 8. ਰਹੱਸ, 9. ਸੰਸਾਰ ਤੋਂ ਵਿਦਾਇਗੀ ਤੇ ਉਸ ਦੇ ਮਗਰੋਂ, 10. ਮਾਨਵੀ ਸਮੱਸਿਆਵਾਂ। ਇਨ੍ਹਾਂ ਕਾਵਿ-ਧੀਆਂ ਵਿਚ ਅਕਾਲ ਪੁਰਖ ਪਰਮਾਤਮਾ ਨਾਲ ਪ੍ਰੇਮ, ਉਸ ਦੀ ਲੋਚਾ, ਬਿਰਹਾ ਵਿਛੋੜਾ, ਗੁਣ ਗਾਇਣ, ਉਸ ਅੱਗੇ ਅਰਦਾਸ ਬੇਨਤੀ, ਉਸ ਦੀਆਂ ਬਖਸ਼ਿਸ਼ਾਂ, ਉਸ ਦੀ ਰਹੱਸਮਈ ਹੋਂਦ, ਮਨੁੱਖ ਦੇ ਜਨਮ ਮੌਤ ਦੀ ਖੇਡ ਬਾਰੇ ਟਿੱਪਣੀਆਂ ਵਿਚ ਦਰਸ਼ਨ, ਅਧਿਆਤਮ ਤੇ ਮਨੋਵਿਗਿਆਨ ਘੁਲੇ ਮਿਲੇ ਨਜ਼ਰ ਆਉਂਦੇ ਹਨ। ਕਵੀ ਦੇ ਬੋਲ ਰਿਸ਼ੀਆਂ ਵਾਂਗ ਸਹਿਜ ਤੇ ਪ੍ਰਭੂ ਰੰਗ ਵਿਚ ਰੰਗੇ ਹਨ। ਸ਼ਬਦਾਂ ਉੱਤੇ ਲਹਿੰਦੀ ਰੰਗ ਹੈ। ਗੁਰਬਾਣੀ ਦਾ ਪ੍ਰਭਾਵ ਤਾਂ ਹੈ ਹੀ। ਪੰਜਾਬ ਦੇ ਲੋਕ ਕਾਵਿ ਦੀ ਧੁਨੀ ਤੇ ਲੈਅ ਹੈ। ਸੂਫੀ ਰੰਗਣ ਵੀ ਹੈ। ਸ਼ਬਦਾਂ ਤੇ ਬਿੰਬਾਂ ਦੀ ਤਾਜ਼ਗੀ ਹੈ ਇਸ ਕਾਵਿ ਵਿਚ।

ਂਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਫ ਫ ਫ

ਕੰਢੀ ਦੀ ਸੱਭਿਆਚਾਰਕ ਵਿਰਾਸਤ
ਖੋਜ ਅਤੇ ਸੰਕਲਣ ਕਰਤਾ : ਧਰਮਪਾਲ ਸਾਹਿਲ (ਪ੍ਰਿੰ:)
ਪ੍ਰਕਾਸ਼ਕ : ਪੰਜਨਦ ਪ੍ਰਕਾਸ਼ਨ ਲਾਂਬੜਾ, ਜਲੰਧਰ
ਮੁੱਲ :200 ਰੁਪਏ (ਪੇਪਰ ਬੈਕ), ਸਫ਼ੇ : 104
ਸੰਪਰਕ : 98761-56964.

ਹਥਲੀ ਪੁਸਤਕ ਪੰਜਾਬ ਦੀ ਅਨਮੋਲ ਵਿਰਾਸਤ ਨੂੰ ਸਾਂਭੀ ਬੈਠੀ 'ਕੰਢੀ ਖੇਤਰ' ਦੇ ਇਲਾਕੇ ਦੇ ਜੀਵਨ ਚੱਜ, ਵਰਤੋਂ-ਵਿਹਾਰ, ਭਾਸ਼ਾਈ ਸੰਦਰਭਾਂ ਅਤੇ ਹੋਰ ਅਨੇਕ ਵਿੱਲਖਣਤਾਵਾਂ ਦਾ ਸਾਰਥਕ ਗਿਆਨ ਪੇਸ਼ ਕਰਦੀ ਹੈ। ਧਰਮਪਾਲ ਸਾਹਿਲ ਨੇ ਭਾਵੇਂ ਸੰਖੇਪਤਾ ਨੂੰ ਧਾਰਨ ਕੀਤਾ ਹੈ, ਪ੍ਰੰਤੂ ਇਹ ਤਸਵੀਰ ਉਸ ਇਲਾਕੇ ਦਾ ਹੂਬਹੂ ਵਰਨਣ ਹੈ। 20 ਸਿਰਲੇਖਾਂ ਦੇ ਅੰਤਰਗਤ ਦਿੱਤੀ ਜਾਣਕਾਰੀ ਇਲਾਕਾਈ ਆਂਚਲਿਕਤਾ ਦੇ ਵਿਭਿੰਨ ਪ੍ਰਸੰਗਾਂ ਨੂੰ ਗੋਲਣਯੋਗ ਪਾਠਕਾਂ ਦੇ ਸਾਹਮਣੇ ਲਿਆਉਂਦੀ ਹੈ। ਕੰਢੀ ਖੇਤਰ ਦੀਆਂ ਜਨਮ ਨਾਲ ਸਬੰਧਤ ਰਸਮਾਂ, ਵਿਆਹ, ਸੰਸਕਾਰ, ਤਲਾਕ, ਮੁੜ ਵਿਆਹ, ਜਾਇਦਾਦ ਦੇ ਅਧਿਕਾਰ, ਮੌਤ ਸਬੰਧੀ ਰਸਮਾਂ, ਪ੍ਰੋਹੁਣਚਾਰੀ, ਵਿਸ਼ਵਾਸ, ਮਨੌਤਾਂ, ਵਹਿਮ-ਭਰਮ, ਪਰੰਪਰਾਵਾਂ, ਸਮਾਜਿਕ, ਧਾਰਮਿਕ ਰਹੁ-ਰੀਤਾਂ ਆਦਿ ਪੱਖਾਂ ਦਾ ਘੋਖਵਾਂ ਜ਼ਿਕਰ ਕੀਤਾ ਹੈ। ਪੁਸਤਕ ਦਾ ਵਡਿਆਉਣਯੋਗ ਪੱਖ ਉਹ ਹੈ ਜਿਥੇ ਕੰਢੀ ਪਰਿਵੇਸ਼ ਅਤੇ ਇਸ ਦੀ ਬੋਲੀ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ।
ਕੰਢੀ ਖੇਤਰ ਸੁੰਗੜ ਜਾਣ ਦਾ ਜ਼ਿਕਰ ਵੀ ਹੋਇਆ ਹੈ, ਇਥੋਂ ਦੇ ਵਸਨੀਕਾਂ ਨੂੰ ਪੜ੍ਹਾਈ, ਆਰਥਿਕ ਸਹੂਲਤਾਂ, ਸਿਹਤ ਸਬੰਧੀ ਮਿਲਣਯੋਗ ਸੁਵਿਧਾਵਾਂ ਅਤੇ ਆਵਾਜਾਈ ਦੇ ਸਾਧਨਾਂ ਸਬੰਧੀ ਸਮੱਸਿਆਵਾਂ ਦਾ ਵੀ ਜ਼ਿਕਰ ਹੈ। ਲੇਖਕ ਨੇ ਪੰਜਾਬੀ ਦੀਆਂ ਉਪ-ਭਾਸ਼ਾਵਾਂ, ਜਿਨ੍ਹਾਂ 'ਚ ਦੁਆਬੀ, ਕੰਢੀ, ਪਹਾੜੀ, ਕਾਂਗੜੀ ਅਤੇ ਪੁਆਧੀ ਹੈ, ਦੀ ਭਾਸ਼ਾਈ ਸ਼ਬਦਾਵਲੀ ਦੀ ਵੀ ਨਿਰਖ-ਪਰਖ ਕੀਤੀ ਹੈ। ਕੰਢੀ ਖੇਤਰ ਦੇ ਲੋਕ-ਮੁਹਾਵਰੇ, ਲੋਕ-ਬੁਝਾਰਤਾਂ ਅਤੇ ਇਸ ਖੇਤਰ ਨਾਲ ਸਬੰਧਤ ਮਹਾਂਭਾਰਤ ਅਤੇ ਹੋਰ ਸਬੰਧਤ ਪੂਜਨੀਕ ਧਾਰਮਿਕ ਇਤਿਹਾਸਕ ਸਥਾਨਾਂ ਦਾ ਜ਼ਿਕਰ ਵੀ ਕੀਤਾ ਹੈ। ਇਸ ਤਰ੍ਹਾਂ ਇਹ ਪੁਸਤਕ ਕੰਢੀ ਖੇਤਰ ਦਾ ਇਲਾਕਾਈ ਸੱਭਿਆਚਾਰ ਅਤੇ ਇਸ ਦੀ ਵਿਰਾਸਤ ਨੂੰ ਪ੍ਰਗਟ ਕਰਦੀ ਹੋਈ ਪਾਠਕਾਂ ਦੇ ਸਨਮੁਖ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਫ ਫ ਫ

ਯੋਧੇ
ਗੀਤਕਾਰ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98550-93786

'ਯੋਧੇ' ਪੁਸਤਕ ਲਾਭ ਦੇ ਇਨਕਲਾਬੀ ਸੋਚ ਵਾਲੇ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚਲੇ ਗੀਤ ਸ਼ਹੀਦਾਂ ਦੇ ਸਨਮਾਨ ਨਾਲ ਸਬੰਧਤ ਹਨ ਜਾਂ ਫਿਰ ਸਮਾਜਿਕ ਬੁਰਾਈਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਵਾਲੇ। ਇਹ ਜਾਣਦਿਆਂ ਕਿ ਇਨ੍ਹਾਂ ਗੀਤਾਂ ਨੂੰ ਕਲਾਕਾਰਾਂ ਵੱਲੋਂ ਰਿਕਾਰਡ ਨਾ ਦੇ ਬਰਾਬਰ ਕੀਤਾ ਜਾਣਾ ਹੈ, ਲਾਭ ਚਤਾਮਲੀ ਨੇ ਇਕ ਜ਼ਿੰਮੇਵਾਰ ਨਾਗਰਿਕ ਤੇ ਗੀਤਕਾਰ ਹੋਣ ਨਾਤੇ ਇਨ੍ਹਾਂ ਗੀਤਾਂ ਨੂੰ ਕਿਤਾਬੀ ਰੂਪ ਦਿੱਤਾ ਹੈ।
ਲਾਭ ਚਤਾਮਲੀ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ 'ਭਾਅ ਜੀ' ਤੋਂ ਬੇਹੱਦ ਪ੍ਰਭਾਵਤ ਹੈ। ਉਨ੍ਹਾਂ ਨੇ ਜਿਵੇਂ ਆਪਣੀ ਸਾਰੀ ਜ਼ਿੰਦਗੀ ਰੰਗਮੰਚ ਨੂੰ ਸਮਰਪਤ ਕਰ ਦਿੱਤੀ ਤੇ ਲੋਕਾਂ ਨੂੰ ਜਗਾਉਣ ਲਈ ਹਲੂਣਦੇ ਰਹੇ, ਉਸ ਨੂੰ ਮੁੱਖ ਰੱਖ ਕੇ ਲਾਭ ਨੇ ਕਈ ਗੀਤ ਉਨ੍ਹਾਂ ਨੂੰ ਸਮਰਪਤ ਕੀਤੇ ਹਨ। ਇੱਕ ਗੀਤ ਵਿੱਚ ਉਹ ਲਿਖਦਾ ਹੈ :
ਪਿੰਡਾਂ ਦੇ ਵਿੱਚ ਭਾਅ ਜੀ, ਜਦੋਂ ਨਾਟਕ ਵਿਖਾਉਂਦੇ ਸੀ,
ਲੋਕਾਂ ਉਤੇ ਕਿਸੇ ਕਿਸਮ ਦਾ, ਬੋਝ ਨਾ ਪਾਉਂਦੇ ਸੀ।
ਉਹ ਕਹਿੰਦੇ ਸੀ ਆਪਾਂ ਕਿਹੜਾ, ਟੌਹਰ ਬਣਾਉਣੀ ਏਂ,
ਅਸੀਂ ਤਾਂ ਲੋਕਾਂ ਤੀਕਰ ਆਪਣੀ ਗੱਲ ਪੁਚਾਉਣੀ ਏਂ।
ਸ਼ਹੀਦ ਭਗਤ ਸਿੰਘ ਨੇ ਫ਼ਾਂਸੀ ਤੋਂ ਕੁਝ ਸਮਾਂ ਪਹਿਲਾਂ ਸਰਕਾਰ ਦੇ ਨਾਂਅ ਇੱਕ ਚਿੱਠੀ ਵਿੱਚ ਲਿਖਿਆ ਸੀ, 'ਸੰਘਰਸ਼ ਦਾ ਆਖਰੀ ਬਿਗਲ ਵੱਜਣ ਵਾਲਾ ਹੈ, ਜਿਸ ਦਾ ਸਿੱਟਾ ਫ਼ੈਸਲਾਕੁੰਨ ਹੋਵੇਗਾ। ਸਾਮਰਾਜਵਾਦ ਅਤੇ ਪੂੰਜੀਵਾਦ ਆਪਣੀਆਂ ਆਖਰੀ ਘੜੀਆਂ ਗਿਣ ਰਹੇ ਹਨ। ਸਾਨੂੰ ਫ਼ਖ਼ਰ ਹੈ ਕਿ ਅਸੀਂ ਉਨ੍ਹਾਂ ਵਿਰੁੱਧ ਯੁੱਧ ਵਿੱਚ ਹਿੱਸਾ ਲਿਆ।' ਇਸ ਗੱਲ ਨੂੰ ਕੁਮੈਂਟਰੀ ਰੂਪ ਵਿੱਚ ਪੇਸ਼ ਕਰਕੇ ਲਾਭ ਨੇ ਬਹੁਤ ਖੂਬਸੂਰਤ ਗੀਤ ਲਿਖਿਆ ਹੈ :
ਬੇਸ਼ੱਕ ਖੂਨ ਸ਼ਹੀਦਾਂ ਹਾਲੇ ਹੋਰ ਵੀ ਡੁੱਲੇਗਾ,
ਐਪਰ ਭਾਰਤ ਵਿੱਚ ਤਿਰੰਗਾ ਜਲਦੀ ਝੁੱਲੇਗਾ।
ਹੋਰ ਜ਼ੁਲਮ ਨ੍ਹੀਂ ਜਨਤਾ ਨੇ ਹੁਣ ਜਰਨੇ ਗੋਰਿਆਂ ਦੇ,
ਭਾਰਤ ਵਿਚੋਂ ਗੋਲ ਬਿਸਤਰੇ ਕਰਨੇ ਗੋਰਿਆਂ ਦੇ।
ਲਾਭ ਚਤਾਮਲੀ ਪੰਜਾਬੀ ਗੀਤਕਾਰੀ ਦਾ ਮਾਣਮੱਤਾ ਹਸਖਾਤਰ ਤਾਂ ਹੈ ਹੀ, ਇਸ ਪੁਸਤਕ ਨਾਲ ਮੇਰੀ ਜਾਚੇ ਉਸ ਨੇ ਆਪਣਾ ਕੱਦ ਹੋਰ ਵੱਡਾ ਕਰ ਲਿਆ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883

5-3-16

 ਪਟਨਾ ਸ਼ਹਿਰ ਵਿਖੈ ਭਵ ਲਯੋ
ਲੇਖਕ : ਸੁਰਜੀਤ ਸਿੰਘ ਮਰਜਾਰਾ
ਪ੍ਰਕਾਸ਼ਕ : ਸੱਜਣ ਪ੍ਰਕਾਸ਼ਨ, ਮੰਡੀ ਗੋਬਿੰਦਗੜ੍ਹ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 01765-257059.

ਪੁਸਤਕ 'ਪਟਨਾ ਸ਼ਹਿਰ ਵਿਖੈ ਭਵ ਲਯੋ' ਇਕ ਸਫ਼ਰਨਾਮਾ ਹੈ। ਸੁਰਜੀਤ ਸਿੰਘ ਮਰਜਾਰਾ ਇਕ ਵਿਦਵਾਨ ਲੇਖਕ ਹੈ, ਉਨ੍ਹਾਂ ਹਰ ਵਿਧਾ ਵਿਚ ਲਿਖਿਆ। ਉਸ ਦੀ ਦਿਲੀ ਰੀਝ ਸੀ ਕਿ ਉਹ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰੇ, ਜਿਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਵਤਾਰ ਧਾਰਿਆ। ਸਫ਼ਰ ਦੀ ਤਿਆਰੀ, ਸਾਥੀਆਂ ਦਾ ਸਾਥ, ਯਾਤਰਾ ਦਾ ਸਾਧਨ, ਰਸਤੇ ਵਿਚ ਆਉਣ ਵਾਲੀਆਂ ਮੁਸ਼ਕਿਲਾਂ, ਗੱਲ ਕੀ ਹਰ ਪਹਿਲੂ ਬਾਰੇ ਲੇਖਕ ਸੁਚੇਤ ਸੀ। ਅੰਬਾਲੇ ਪਹੁੰਚਦੇ ਸਾਰ ਲੇਖਕ ਆਪ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦਾ ਹੈ। ਉਹ ਰੇਲਵੇ ਸਟੇਸ਼ਨ ਤੋਂ ਲੈ ਕੇ ਬੱਸ ਸਟੈਂਡ ਬਾਰੇ ਵੀ ਜਾਣਕਾਰੀ ਦਿੰਦਾ ਹੈ। ਅੰਬਾਲੇ ਮਿਲੇ ਆਪਣੇ ਵਿਦਿਆਰਥੀ ਨੂੰ ਨਹੀਂ ਭੁੱਲਦਾ।
ਵਾਰਾਣਸੀ ਪਹੁੰਚ ਕੇ ਉਹ ਇਸ ਸ਼ਹਿਰ ਬਾਰੇ ਪੂਰੀ ਜਾਣਕਾਰੀ ਦਿੰਦਾ। ਉਹ ਵਾਰਾਣਸੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦਾ ਵੀ ਜ਼ਿਕਰ ਕਰਦਾ ਹੈ, ਉਥੇ ਪੰਡਤਾਂ ਨਾਲ ਹੋਈ ਵਿਚਾਰ ਗੋਸ਼ਟੀ ਬਾਰੇ ਵੀ ਲਿਖਦਾ ਹੈ। ਜਦੋਂ ਕਬੀਰ ਜੀ ਬਾਰੇ ਲਿਖਦਾ ਹੈ ਤਾਂ ਉਨ੍ਹਾਂ ਵੱਲੋਂ ਰਚੀ ਬਾਣੀ ਬਾਰੇ ਹੀ ਨਹੀਂ ਲਿਖਦਾ, ਬਲਕਿ ਆਮ ਪਾਠਕਾਂ ਲਈ ਬਾਣੀ ਦੇ ਅਰਥ ਵੀ ਕਰਦਾ ਹੈ। ਵਾਰਾਣਸੀ ਵਿਚ ਰਿਕਸ਼ੇ ਰਾਹੀਂ ਕੀਤੇ ਸਫ਼ਰ ਨੂੰ ਵੀ ਲੇਖਕ ਨਹੀਂ ਭੁੱਲਦਾ। ਉਹ ਪੰਜਾਬ ਤੋਂ ਬਾਹਰ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਬਾਰੇ ਪੂਰੀ ਜਾਣਕਾਰੀ ਦਿੰਦਾ ਹੈ। ਪਟਨਾ ਸਾਹਿਬ ਪਹੁੰਚ ਕੇ ਲੇਖਕ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਾ ਹੈ। ਪਟਨਾ ਸਾਹਿਬ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਇਸ ਸਫ਼ਰਨਾਮੇ ਤੋਂ ਮਿਲਦੀ ਹੈ। ਗੁਰੂ ਸਾਹਿਬ ਨਾਲ ਸਬੰਧਤ ਵਸਤਾਂ ਦਾ ਜ਼ਿਕਰ ਪਾਠਕਾਂ ਅੰਦਰ ਸ਼ਰਧਾ ਤੇ ਜਗਿਆਸਾ ਪੈਦਾ ਕਰਦਾ ਹੈ। ਇਹ ਪੁਸਤਕ ਘਰ ਬੈਠੇ ਪਾਤਰਾਂ ਨੂੰ ਪਟਨਾ ਸਾਹਿਬ ਦੀ ਯਾਤਰਾ ਕਰਵਾ ਦਿੰਦੀ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.

ਫ ਫ ਫ

ਮੱਛੀਆਂ
ਲੇਖਕ : ਰਘੁਵੀਰ ਸਿੰਘ ਕਲੋਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 72
ਸੰਪਰਕ : 98550-24495.

ਪੁਸਤਕ ਵਿਚ 13 ਕਹਾਣੀਆਂ ਹਨ। ਟਾਈਟਲ ਕਹਾਣੀ ਮੱਛੀਆਂ ਵਿਚ ਚਿੰਤੂ ਤੇ ਉਹਦੀ ਘਰਵਾਲੀ ਗਰੀਬੀ ਨਾਲ ਜੂਝਦੇ ਹਨ। ਦੋਵੇਂ ਜਣੇ ਪ੍ਰੋਫੈਸਰ ਤੇ ਠੇਕੇਦਾਰ ਕੋਲ ਕਿਰਤ ਕਰਦੇ ਹਨ। ਪ੍ਰੋਫੈਸਰ ਤੇ ਠੇਕੇਦਾਰ ਨੂੰ ਅੰਨ੍ਹੀ ਕਮਾਈ ਹੈ। ਟਿਊਸ਼ਨਾਂ ਤੋਂ ਵਿਹਲਾ ਨਹੀਂ। ਰੱਜੇ-ਪੁੱਜੇ ਪ੍ਰੋਫੈਸਰ ਦੀ ਭੁੱਖ ਏਨੀ ਕਿ ਉਹ ਗਰੀਬ ਚਿੰਤੂ ਦੇ ਘਰ 'ਤੇ ਵੀ ਅੱਖ ਰੱਖਦਾ ਹੈ, ਉਥੇ ਟਿਊਸ਼ਨਾਂ ਦਾ ਹੋਰ ਗਰੁੱਪ ਚੱਲ ਜਾਵੇ। ਨਾਲ ਹੀ ਚਿੰਤੂ ਦੀ ਘਰ ਵਾਲੀ ਟੀ.ਵੀ. 'ਤੇ ਮੱਛੀਆਂ ਵੇਖ ਰਹੀ ਹੈ। ਸੋਚਦੀ ਹੈ, ਛੋਟੀਆਂ ਮੱਛੀਆਂ ਦਾ ਪਾਲਣ ਵੱਡੀਆਂ ਮੱਛੀਆਂ ਕਰਦੀਆਂ ਹੋਣਗੀਆਂ ਪਰ ਉਸ ਦੀ ਸਮਝ ਤੋਂ ਦੂਰ ਹੈ ਕਿ ਵੱਡੀਆਂ ਮੱਛੀਆਂ ਤਾਂ ਪਲਦੀਆਂ ਹੀ ਛੋਟੀਆਂ ਮੱਛੀਆਂ 'ਤੇ ਨੇ (ਪੰਨਾ 64) ਸਮਾਜ ਦੇ ਕਰੂਰ ਵਰਤਾਰੇ 'ਤੇ ਡੂੰਘੀ ਚੋਟ ਹੈ। ਕਹਾਣੀ ਗ਼ਲਤੀਆਂ ਫੜਨੇ ਦਾ ਗੁਰ ਬੱਚਿਆਂ ਵੱਲੋਂ ਬਜ਼ੁਰਗ ਮਾਪਿਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਦੀ ਵਧੀਆ ਕਹਾਣੀ ਹੈ। ਮੈਂ ਪਾਤਰ ਕੋਲ ਅਧਿਆਪਕ ਰਾਮ ਪ੍ਰਕਾਸ਼ ਮਰਦਮਸ਼ੁਮਾਰੀ ਦੀ ਸਰਕਾਰੀ ਡਿਊਟੀ ਇਮਾਨਦਾਰੀ ਨਾਲ ਕਰਦਾ ਹੈ। ਮੈਂ ਪਾਤਰ ਸੁਪਰਵਾਈਜ਼ਰ ਹੈ, ਸਮਝਾਉਂਦਾ ਹੈ ਕਿ ਫਾਰਮ ਭਰਨ ਵੇਲੇ ਗ਼ਲਤੀ ਜੇ ਸ਼ੁਰੂ ਤੋਂ ਹੀ ਫੜ ਲਈ ਜਾਵੇ ਤਾਂ ਪ੍ਰੇਸ਼ਾਨੀ ਨਹੀਂ ਹੁੰਦੀ। ਰਾਮ ਪ੍ਰਕਾਸ਼ ਇਹ ਗੁਰ ਆਪਣੀ ਜ਼ਿੰਦਗੀ ਵਿਚ ਬੱਚੇ ਪਾਲਣ ਵੇਲੇ ਉਕ ਜਾਂਦਾ ਹੈ। ਉਨ੍ਹਾਂ ਨੂੰ ਉਹ ਲਾਡ ਵਿਚ ਰੱਖਦਾ ਹੈ। ਸ਼ੁਰੂ ਤੋਂ ਸੰਭਾਲਦਾ ਨਹੀਂ। ਕੇਤੀ ਛੁੱਟੀ ਨਾਲ ਕਹਾਣੀ ਤਰਕਸ਼ੀਲ ਪਤੀ ਤੇ ਅੰਧਵਿਸ਼ਵਾਸ ਵਿਚ ਭਟਕਦੀ ਅਧਿਆਪਕਾ ਪਤਨੀ ਦੀ ਹੈ। ਸੰਵਾਦ ਦਿਲਚਸਪ ਹੈ। ਪੁੱਤਰ ਵਿਦੇਸ਼ ਵਿਚ ਹੈ। ਪਤਨੀ ਦੀ ਸੋਚ ਹੈ ਜੇ ਇਕ ਪੁੱਤਰ ਹੋਰ ਹੁੰਦਾ, ਉਹ ਸੰਭਾਲਦਾ। ਪੁਰਾਣੀਆਂ ਸੱਟਾਂ ਪਰਿਵਾਰਕ ਕਹਾਣੀ ਹੈ। ਕਾਲੀ ਸੜਕ ਦਾ ਪਾਤਰ ਡੇਰੇ 'ਤੇ ਸਵਾਰੀਆਂ ਢੋਂਦਾ ਆਪਣੀ ਜ਼ਿੰਦਗੀ ਬਾਰੇ ਸੋਚਦਾ ਹੈ। ਕਹਾਣੀਆਂ ਘੁੱਗੀਆਂ ਦਾ ਜੋੜਾ, ਦਾਨੀ, ਨਿਰਮਲੇ ਪ੍ਰਭਾਵਸ਼ਾਲੀ ਕਹਾਣੀਆਂ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਫ ਫ ਫ


ਕਾਤਰਾਂ
ਲੇਖਿਕਾ : ਮਲਕੀਤ ਕੌਰ
ਪ੍ਰਕਾਸ਼ਨ : ਲਾਹੌਰ ਬੁੱਕਸ, ਲੁਧਿਆਣਾ
ਮੁੱਲ 120 ਰੁਪਏ, ਸਫ਼ੇ : 79
ਸੰਪਰਕ : 0161-2740738

ਲੇਖਿਕਾ ਨੇ ਆਪਣੇ ਲਲਿਤ ਨਿਬੰਧਾਂ ਰਾਹੀਂ ਉਨ੍ਹਾਂ ਬੁਨਿਆਦੀ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਪ੍ਰਯਤਨ ਕੀਤਾ ਹੈ ਜਿਹੜੇ ਮਨੁੱਖੀ ਸਮਾਜ ਨੂੰ ਬਿਮਾਰ ਕਰਨ ਲਈ ਜ਼ਿੰਮੇਵਾਰ ਹਨ। ਲੇਖਿਕਾ ਨੇ ਆਰਥਿਕਤਾ, ਕਾਮੁਕਤਾ, ਘਰੇਲੂ ਹਿੰਸਾ, ਅੰਧ-ਵਿਸ਼ਵਾਸ, ਵਿਸ਼ਵੀਕਰਨ, ਬਾਲ ਅਪਰਾਧ, ਘਟਦੇ ਆਦਰ ਸਤਿਕਾਰ ਦੀ ਭਾਵਨਾ, ਸਿੱਖਿਆ ਦਾ ਵਪਾਰੀਕਰਨ, ਗਲੋਬਲੀਕਰਨ ਅਤੇ ਆਧੁਨਿਕ ਸੰਵੇਦਨਹੀਣ ਜੀਵਨ-ਜਾਚ ਆਦਿ ਸਰੋਕਾਰਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਕੇ ਆਪਣੀਆਂ ਭਾਵਨਾਵਾਂ ਪਾਠਕ ਵਰਗ ਨਾਲ ਸਾਂਝੀਆਂ ਕੀਤੀਆਂ ਹਨ। ਲੇਖਿਕਾ ਦੀ ਧਾਰਨਾ ਹੈ ਕਿ ਮਨੁੱਖ ਦੀ ਸੋਚਣੀ ਦਾ ਗ੍ਰਾਫ਼ ਪਹਿਲਾਂ ਨਾਲੋਂ ਬਹੁਤ ਹੇਠਾਂ ਆ ਗਿਆ ਹੈ, ਜਿਸ ਦੀ ਬਦੌਲਤ ਤਿਆਗ, ਕੁਰਬਾਨੀ, ਵਫ਼ਾਦਾਰੀ, ਇਮਾਨਦਾਰੀ, ਪਿਆਰ, ਸਾਦਗੀ, ਨਿਮਰਤਾ ਅਤੇ ਸਹਿਣਸ਼ੀਲਤਾ ਵਰਗੇ ਜਜ਼ਬਿਆਂ ਦੇ ਸੋਮੇ ਸੁੱਕਦੇ ਜਾ ਰਹੇ ਹਨ। ਇਸ ਸੰਦਰਭ ਵਿਚ 'ਟੋਇਆਂ ਤੇ ਟਿੱਬਿਆਂ ਦੀ ਧਰਤੀ', 'ਬੀਬੀਆਂ ਤੇ ਬਾਬੇ', 'ਲੋਕਧਾਰਾ ਤੇ ਵਿਸ਼ਵੀਕਰਨ', 'ਬੱਚਿਆਂ ਅਤੇ ਨੌਜਵਾਨਾਂ ਨਾਲ ਧ੍ਰੋਹ ਕਿਉਂ?', 'ਰਿਟਾਇਰਮੈਂਟ', 'ਉਚੇਰੀ ਸਿੱਖਿਆ ਵਿਚਾਰੀ', 'ਸ਼ਰਾਬੀ ਪੰਜਾਬੀ' ਅਤੇ 'ਨਹੀਓਂ ਲੱਭਣੇ ਲਾਲ ਗੁਆਚੇ' ਆਦਿ ਨਿਬੰਧ ਪਾਠਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਲੇਖਿਕਾ ਨੇ ਕੁਝ ਵਾਪਰੀਆਂ ਘਟਨਾਵਾਂ ਅਤੇ ਯਾਦਾਂ ਨੂੰ ਵੀ ਨਿਬੰਧਾਂ ਵਿਚ ਢੁਕਵੀਆਂ ਥਾਵਾਂ 'ਤੇ ਕਲਮਬੱਧ ਕੀਤਾ ਹੈ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

ਫ ਫ ਫ

ਤੁਰ ਗਏ ਸੱਜਣ ਦੂਰ
ਕਵੀ : ਰਤਨ ਟਾਹਲਵੀ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੋ, ਜਲੰਧਰ
ਮੁੱਲ : 140 ਰੁਪਏ, ਸਫ਼ੇ : 103
ਸੰਪਰਕ : 81462-10637.

ਰਤਨ ਟਾਹਲਵੀ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ 12 ਦੇ ਕਰੀਬ ਪੁਸਤਕਾਂ ਪਾ ਚੁੱਕਿਆ ਹੈ। ਇਹ ਉਸ ਦਾ 13ਵਾਂ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਕਵੀ ਵਾਤਾਵਰਨ, ਕੁਦਰਤ ਤੇ ਵਿਸ਼ਵ ਵਿਚ ਫੈਲੀ ਅਹਿੰਸਾ, ਆਤੰਕ ਤੇ ਅਨਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ। ਇਸ ਸੰਗ੍ਰਹਿ ਦੀਆਂ ਮੁਢਲੀਆਂ ਕਵਿਤਾਵਾਂ ਦਾ ਮੂਲ ਧੁਰਾ ਸਮਾਜਿਕ ਚੌਗਿਰਦੇ ਵਿਚ ਵਿਆਪਕ ਹਿੰਸਾ ਤੇ ਗੁੰਡਾਗਰਦੀ ਦੇ ਖਿਲਾਫ਼ ਆਪਣਾ ਪ੍ਰਵਚਨ ਉਚਾਰਨਾ ਹੈ। ਉਹ ਮਲਾਲਾ ਯੂਸਫ਼ਜ਼ਈ ਨੂੰ ਆਪਣੀ ਕਵਿਤਾ ਰਾਹੀਂ ਸ਼ਾਬਾਸ਼ ਦਿੰਦਾ ਹੈ ਤੇ ਉਸ ਨੂੰ ਤੇ ਉਸ ਨੂੰ ਜਣਨ ਵਾਲੀ ਨੂੰ ਸਲਾਮ ਕਰਦਾ ਹੈ। ਇਸੇ ਤਰ੍ਹਾਂ ਦੇ ਅਹਿਸਾਸ 'ਘਾਟ ਰੁਦਨ ਕਰੇ' ਕਵਿਤਾ ਵਿਚ ਦੇਖੇ ਜਾ ਸਕਦੇ ਹਨ, ਜਿਥੇ ਪਿੰਡ ਦੀ ਸਾਂਝੀ ਸੱਥ ਭੂਤਾਂ ਦਾ ਡੇਰਾ ਬਣ ਕੇ ਰਹਿ ਗਈ ਹੈ। ਇਸੇ ਤਰ੍ਹਾਂ 'ਸ਼ਰਧਾਂਜਲੀ' ਕਵਿਤਾ ਵਿਚ ਕਵੀ ਮਾਸੂਮ ਬੱਚਿਆਂ ਦੇ ਕਤਲ ਤੇ ਆਪਣਾ ਦਰਦ ਆਪਣੀ ਕਵਿਤਾ ਵਿਚ ਬਿਆਨ ਕਰਦਾ ਹੈ। ਇਸ ਤਰ੍ਹਾਂ ਦੀਆਂ ਕਵਿਤਾਵਾਂ ਦੇ ਨਾਲ ਹੀ ਲੇਖਕ ਵਾਤਾਵਰਨ ਪ੍ਰਤੀ ਬਹੁਤ ਸਜਗ ਹੈ, ਉਹ ਆਪਣੀ ਕਵਿਤਾ ਵਿਚ ਆਖਦਾ ਹੈ :
ਰੁੱਖ ਨਾ ਕੱਟਿਓ ਰੁੱਖ ਤਾਂ ਵਾਂਗ ਭਰਾਵਾਂ ਦੇ
ਰੁੱਖਾਂ ਦੀ ਛਾਂ ਯਾਦ ਦਿਵਾਉਂਦੀ ਦੁੱਖ ਭੋਗਦੀਆਂ ਮਾਵਾਂ ਦੇ...।
'ਪਾਣੀ ਦਿਆ ਘੜਿਆ' ਕਵਿਤਾ ਵੀ ਇਸੇ ਪ੍ਰਸੰਗ ਵਿਚ ਦੇਖੀ ਜਾ ਸਕਦੀ ਹੈ। ਕਵੀ ਆਧੁਨਿਕ ਦੌਰ ਵਿਚ ਸਵਾਰਥੀ ਹੋ ਰਹੇ ਰਿਸ਼ਤਿਆਂ ਬਾਰੇ ਵੀ ਆਪਣੀ ਚਿੰਤਾ ਜ਼ਾਹਰ ਕਰਦਾ ਹੈ। ਰਤਨ ਟਾਹਲਵੀ ਕੋਲ ਜੀਵਨ ਦਾ ਅਨੁਭਵ ਵੀ ਹੈ ਤੇ ਉਸ ਅਨੁਭਵ ਦੇ ਪ੍ਰਗਟਾਅ ਲਈ ਢੁਕਵੀਂ ਸ਼ੈਲੀ ਵੀ। ਆਉਂਦੇ ਸਮੇਂ ਵਿਚ ਉਸ ਤੋਂ ਹੋਰ ਚੰਗੀਆਂ ਰਚਨਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

ਂਡਾ: ਅਮਰਜੀਤ ਕੌਂਕੇ
ਫ ਫ ਫ

ਸੂਹੇ-ਸੂਹੇ ਪਲ
ਲੇਖਕ : ਹਰਬਿੰਦਰ ਪਾਲ ਸਿੰਘ
ਪ੍ਰਕਾਸ਼ਕ : ਤਰਲੋਚਨ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99149-38768.

'ਸੂਹੇ-ਸੂਹੇ ਪਲ' ਹਰਬਿੰਦਰ ਪਾਲ ਸਿੰਘ ਦਾ ਅਜਿਹਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 7 ਦਰਜਨ ਦੇ ਲਗਪਗ ਰਵਾਇਤੀ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਆਤਮ-ਅਨਾਤਮ ਜਗਤ ਦੇ ਅਨੇਕਾਂ ਸਰੋਕਾਰਾਂ, ਸੰਵੇਦਨਾਤਮਿਕ ਭਾਵਨਾਵਾਂ ਨੂੰ ਹੀ ਅਭਿਵਿਅਕਤ ਨਹੀਂ ਕਰਦੇ, ਬਲਕਿ ਬਹੁਪਾਸਾਰੀ ਲੋਕਾਂ ਦੇ ਸਮਾਜਿਕ, ਸੱਭਿਆਚਾਰ ਅਤੇ ਮਾਨਸਿਕ ਪੱਖਾਂ ਦਾ ਵਿਸ਼ਲੇਸ਼ਣ ਵੀ ਕਰਦੇ ਹਨ। ਇਸ ਸੰਗ੍ਰਹਿ ਦੀਆਂ ਵਧੇਰੇ ਕਵਿਤਾਵਾਂ ਵਿਚ ਲੋਕ ਵੇਦਨਾ ਨੂੰ ਪੇਸ਼ ਕਰਨ ਦੇ ਅਨੇਕਾਂ ਰੰਗ-ਪ੍ਰਸੰਗ ਮਿਲਦੇ ਹਨ :
ਵਿਹੜੇ ਤੇਰੇ ਹੈ ਜਾਪਦੀ ਭੰਗ ਭੁੱਜਦੀ
ਵੱਡੇ ਦਰਾਂ 'ਤੇ ਜਸ਼ਨ ਦਾ ਸ਼ੋਰ ਜਾਪੇ।
ਅਥਵਾ
ਸਿਖ਼ਰ ਦੁਪਹਿਰੇ ਹੈ ਜਿਸ ਦੀ ਕਿਰਤ ਲੁੱਟੀ
ਕਈ ਵਾਰ ਉਹ ਦਿਨ ਵਿਚ ਮਰਦਾ ਰਿਹਾ।
ਜਾਂ
ਵੰਡ ਕਾਣੀ ਨੇ ਹੀ ਗੇੜ ਖਾਇਆ ਹੈ ਚੁਗਲੀ ਵਾਲਾ
ਕੈਦ ਜਾਪਦੀ ਹੈ ਤੇਰੀ ਸੋਚ॥
ਕਵੀ ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਆਲੇ-ਦੁਆਲੇ ਦੇ ਸਮਾਜ ਅਥਵਾ ਮਨੁੱਖ ਦੀਆਂ ਸਮੱਸਿਆਵਾਂ ਦੇ ਕਾਰਨ ਲੱਭਦਾ ਹੈ, ਕਿਰਤੀਆਂ ਕਾਮਿਆਂ ਨਾਲ ਹੋਈ ਬੇਇਨਸਾਫ਼ੀ ਦਾ ਜ਼ਿਕਰ ਕਰਦਾ ਹੈ, ਉਥੇ ਲੋਕਾਂ ਅੰਦਰ ਜੂਝਣ, ਲੜਨ ਅਤੇ ਹਨੇਰੇ ਦੂਰ ਕਰਨ ਦੇ ਸੁਨੇਹੇ ਵੀ ਦਿੰਦਾ ਹੈ। ਹਰਬਿੰਦਰ ਪਾਲ ਸਿੰਘ ਦੀਆਂ ਕਵਿਤਾਵਾਂ ਅਨੇਕਾਂ ਰੰਗ ਪ੍ਰਸੰਗਾਂ ਨਾਲ ਸਬੰਧਤ ਹਨ। ਬਹੁਪਰਤੀ ਵਿਸ਼ੇ ਹਨ, ਬਹੁਕਿਸਮ ਦੇ ਕਾਵਿ-ਛੰਦ ਹਨ, ਗ਼ਜ਼ਲਾਂ, ਗੀਤ ਦੋਹੇ ਬੋਲੀਆਂ ਹਨ। ਅਜਿਹੀ ਕਵਿਤਾ ਭਾਵਾਂ ਜਜ਼ਬਿਆਂ ਅਤੇ ਸੰਵੇਦਨਾਵਾਂ ਨਾਲ ਭਰਪੂਰ ਹੁੰਦੀ ਹੈ, ਜਿਹੜੀ ਆਪਣੇ ਪਾਠਕਾਂ ਸਰੋਤਿਆਂ ਅੰਦਰ ਉਤਕ੍ਰਿਸ਼ਟ ਸਿਰਜਣਾ ਲਈ ਭਖਦੇ ਤੇ ਨਰੋਏ ਵਲਵਲੇ ਜਗਾ ਸਕਦੀ ਹੈ। ਸੋਚ ਬਦਲ ਸਕਦੀ ਹੈ। ਸੁੱਤਿਆਂ ਨੂੰ ਜਗਾ ਸਕਦੀ ਹੈ।

ਂਡਾ: ਅਮਰ ਕੋਮਲ
ਮੋ: 08437873565.

ਫ ਫ ਫ

ਯਹਾਂ ਚਾਏ ਅੱਛੀ ਨਹੀਂ ਬਨਤੀ
ਲੇਖਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 79
ਸੰਪਰਕ : 94176-58139.

'ਮੇਰੇ ਸਾਹਿਤ ਵਿਚ ਪੁਰਾਣੇ ਰਸ ਭਾਲਣ ਵਾਲੇ ਨਿਰਾਸ਼ ਹੋ ਸਕਦੇ ਹਨ।' ਇਹ ਸ਼ਬਦ ਦੇਸ ਰਾਜ ਕਾਲੀ ਨੇ 'ਸਵੈ ਦੀ ਯਾਤਰਾ ਹੈ ਮੇਰੀ ਕਹਾਣੀ' ਭੂਮਿਕਾ ਵਿਚ ਆਪ ਹੀ ਲਿਖੇ ਹਨ, ਜਿਸ ਤੋਂ ਜਾਪਦਾ ਹੈ ਕਿ ਲੇਖਕ ਆਪਣੀਆਂ ਕਹਾਣੀਆਂ ਦੀ ਸੰਚਾਰ ਯੋਗਤਾ ਦੀ ਸੀਮਤ ਪਹੁੰਚ ਪ੍ਰਤੀ ਸੁਚੇਤ ਹੈ। ਅਸਲ ਵਿਚ ਜਿਸ ਤਰ੍ਹਾਂ ਦੀਆਂ ਕਹਾਣੀਆਂ ਕਾਲੀ ਲਿਖ ਰਿਹਾ ਹੈ, ਉਨ੍ਹਾਂ ਦਾ ਪੰਜਾਬੀ ਵਿਚ 'ਸਾਹਿਤਕ-ਸੱਭਿਆਚਾਰ' ਨਹੀਂ ਹੈ। 'ਬਿੱਲੀ ਤੇਰਾ ਸ਼ੁਕਰੀਆ' ਇਕ ਪ੍ਰਤੀਕਾਤਮਕ ਕਥਾ ਰਚਨਾ ਹੈ ਪਰ ਲੇਖਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਤੀਕ, ਬਿੰਬ, ਮੈਟਾਫ਼ਰ ਕਹਾਣੀ ਦੀ ਪਠਨੀਅਤਾ ਨੂੰ ਸਾਫ਼, ਗੂੜ੍ਹੇ, ਕਰਨ ਵਾਲੇ ਹੋਣੇ ਚਾਹੀਦੇ ਹਨ, ਨਾ ਕਿ ਧੁੰਦਲੇ ਅਤੇ ਅਸਪੱਸ਼ਟ। 'ਸਾਰੇ ਦਿਨ ਕੁੱਤੇ ਭਕਾਈ' ਜ਼ਿੰਦਗੀ ਦੀ ਅਰਥਹੀਣਤਾ ਵਿਚੋਂ 'ਅਰਥ' ਤਲਾਸ਼ਣ ਦੀ ਕੋਸ਼ਿਸ਼ ਕਰਦੀ ਜਾਪਦੀ ਹੈ। 'ਦਰਸ਼ਕ' ਕਹਾਣੀ ਸ਼ਾਇਦ ਜ਼ਿੰਦਗੀ ਦੇ ਨਾਟਕ ਵਿਚ 'ਦਰਸ਼ਕ' ਬਣੇ ਰਹਿਣ ਦਾ ਸਲਾਹ ਦਿੰਦੀ ਹੈ। 'ਯਹਾਂ ਚਾਏ ਅੱਛੀ ਨਹੀਂ ਬਨਤੀ' ਪਾਤਰਾਂ ਦੀਆਂ ਅਜੀਬ ਗਰੀਬ ਹਰਕਤਾਂ ਦਾ ਵਰਨਣ ਕਰਦੀ ਹੈ। 'ਭੈਰਵੀ' ਇਕ ਬਹੁਤ ਹੀ ਖੂਬਸੂਰਤ ਕਥਾ ਰਚਨਾ ਹੈ, ਜਿਸ ਰਾਹੀਂ 'ਜਾਤ ਬਾਹਰੇ' ਵਿਆਹਾਂ ਵਾਲੇ ਪਾਤਰਾਂ ਦੀ ਮਨੋ-ਸਮਾਜਿਕ ਦਸ਼ਾ ਰੂਪਮਾਨ ਕੀਤੀ ਗਈ ਹੈ। 'ਐਬਸਰਡ' ਸ਼ੈਲੀ ਦੀਆਂ ਇਹ 'ਕਹਾਣੀਆਂ' ਜਿਸ ਨੂੰ ਲੇਖਕ ਆਧੁਨਿਕ ਕਹਿੰਦਾ ਹੈ, 'ਆਧੁਨਿਕ' ਨਾ ਹੋ ਕੇ 'ਆਧੁਨਿਕਵਾਦੀ' ਹਨ।

ਂਜੋਗਿੰਦਰ ਸਿੰਘ ਨਿਰਾਲਾ
ਮੋ: 98760-61644.

ਫ ਫ ਫ

05-03-2016

 ਸੁਹਜ ਪ੍ਰਕਾਸ਼
ਭਗਤ ਨਾਮਦੇਵ ਬਾਣੀ
ਲੇਖਿਕਾ : ਡਾ: ਪਰਮਜੀਤ ਕੌਰ ਬਾਜਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 78374-29263.

ਭਗਤੀ ਲਹਿਰ ਦੇ ਪ੍ਰਤਿਮਾਨਾਂ ਨੂੰ ਦੀਰਘ-ਵਿਗਿਆਨਕ ਦ੍ਰਿਸ਼ਟੀ ਦੇ ਅੰਤਰਗਤ ਪਾਠਕਾਂ ਦੇ ਸਨਮੁਖ ਹੁੰਦੀ ਹਥਲੀ ਪੁਸਤਕ ਮੂਲ ਰੂਪ ਵਿਚ ਭਗਤ ਨਾਮ ਦੇਵ ਜੀ ਦੀ ਸਮੁੱਚੀ ਬਾਣੀ ਦਾ ਅਰਥ-ਸੰਚਾਰ ਪੇਸ਼ ਕਰਦੀ ਹੈ। ਪਰਮਜੀਤ ਕੌਰ ਬਾਜਵਾ ਨੇ ਆਪਣੇ ਅਧਿਐਨ ਦੀ ਸੀਮਾ ਨੂੰ ਭਾਵੇਂ ਭਗਤ ਨਾਮਦੇਵ ਜੀ ਦੀ ਬਾਣੀ ਨੂੰ 'ਸੁਹਜ' ਜਾਂ 'ਪ੍ਰਤੀਕ' ਦੇ ਸੰਕਲਪਾਂ ਤਹਿਤ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਇਹ ਅਧਿਐਨ ਭਗਤ ਨਾਮਦੇਵ ਜੀ ਦੀ ਸਮੁੱਚੀ ਬਾਣੀ ਦਾ ਸਮੁੱਚ ਪ੍ਰਗਟ ਕਰਦਾ ਪ੍ਰਤੀਤ ਹੋਇਆ ਹੈ। ਇਸ ਪੁਸਤਕ ਦੇ ਚਾਰ ਅਧਿਆਏ ਹਨ। ਇਨ੍ਹਾਂ ਸਭਨਾਂ ਦੀ ਅਧਿਐਨ-ਪੱਧਤੀ ਤੋਂ ਉਜਾਗਰ ਹੁੰਦਾ ਹੈ ਕਿ ਲੇਖਿਕਾ ਨੇ ਭਗਤ, ਭਗਤੀ ਲਹਿਰ ਅਤੇ ਇਸ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਅਤੇ ਸਮਕਾਲੀਨ ਸ਼ਕਤੀਆਂ ਦੇ ਸ਼ਾਸਨ ਨੂੰ ਵੀ ਖੂਬ ਪੜਚੋਲਿਆ ਹੈ। ਕਵਿਤਾ ਭਾਵੇਂ ਆਦਿਕਾਲ ਤੋਂ ਆਧੁਨਿਕ ਕਾਲ ਦੀ ਹੋਵੇ, ਇਸ ਵਿਚ 'ਪ੍ਰਤੀਕ', ਇਸ ਨੂੰ ਸਦੀਵੀ ਬਣਾ ਦਿੰਦਾ ਹੈ। ਇਸੇ ਸੰਦਰਭ ਵਿਚ ਹਥਲੀ ਪੁਸਤਕ ਵਿਚ 'ਪ੍ਰਤੀਕ' ਦੀ ਪਰਿਭਾਸ਼ਾ, 'ਸੁਹਜ-ਪ੍ਰਬੰਧ' ਸੰਕਲਪਾਂ ਦੇ ਪਰੰਪਰਾ ਤੋਂ ਲੈ ਕੇ ਹੁਣ ਤੱਕ ਦੇ ਮਾਡਲਾਂ ਨੂੰ ਤਰਕਸੰਗਤ ਜੁਗਤਾਂ ਜ਼ਰੀਏ ਪ੍ਰਗਟਾਇਆ ਗਿਆ ਹੈ। ਭਗਤ ਨਾਮਦੇਵ ਜੀ ਦੀ ਬਾਣੀ ਕਰਮਸ਼ੀਲਤਾ ਦੇ ਬੋਧ ਦਾ ਪ੍ਰਗਟਾਵਾ ਹੈ। ਸਮੁੱਚਾ ਗੁਰਮਤਿ-ਸਿਧਾਂਤ ਕਰਮਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਬੋਧ ਦਿੰਦਾ ਹੈ। ਭਗਤ ਨਾਮਦੇਵ ਜੀ ਇਸ ਸਿਧਾਂਤ ਦੇ ਮੁਢਲੇ ਸਿਧਾਂਤਕਾਰਾਂ 'ਚੋਂ ਸਨ। ਬਿਨਾਂ ਫ਼ਿਕਰ ਭਗਤ ਨਾਮਦੇਵ ਜੀ ਦੀ ਸਮੁੱਚੀ ਬਾਣੀ ਮਾਨਵੀ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਜਿਸ ਕਦਰ ਪੇਸ਼ ਕਰਦੀ ਹੈ, ਉਸ ਸਭ ਕਾਸੇ ਦਾ ਨਿਰੂਪਣ ਡਾ: ਪਰਮਜੀਤ ਕੌਰ ਬਾਜਵਾ ਨੇ ਬੜੇ ਠੇਠ ਮੁਹਾਵਰੇ 'ਚ ਪੇਸ਼ ਕੀਤਾ ਹੈ। ਅਜਿਹਾ ਕਰਦੇ ਸਮੇਂ ਪਰਮਜੀਤ ਨੇ ਰੱਬ, ਸ੍ਰਿਸ਼ਟੀ, ਜੀਵ, ਮੁਕਤੀ, ਭਗਤੀ, ਨਾਮ, ਗੁਰੂ, ਭਗਤ ਅਤੇ ਹੋਰ ਮਾਨਵੀ ਕਿੱਤਿਆਂ ਨਾਲ ਸਬੰਧਤ ਬਹੁਤ ਸਾਰੇ ਪ੍ਰਤੀਕਾਂ ਦਾ ਸੁਹਜ-ਸ਼ਾਸਤਰੀ ਅਧਿਐਨ ਵੀ ਪੇਸ਼ ਕਰ ਜਾਂਦੀ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਜੋ ਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਨੂੰ ਸ਼ਾਮਿਲ ਕਰਕੇ ਪੁਸਤਕ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਇਸ ਤਰ੍ਹਾਂ ਸਮੁੱਚੇ ਰੂਪ ਵਿਚ ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਇਕ ਅਦੁੱਤੀ ਭੇਟ ਸਾਬਤ ਹੋ ਸਕਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

ਫ ਫ ਫ

ਅੰਦਰਲੇ ਸੱਚ ਫਰੋਲਦਿਆਂ
ਮੁਲਾਕਾਤੀ : ਸੁਕੀਰਤ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ ਪੰਜਾਬ
ਮੁੱਲ : 150 ਰੁਪਏ, ਸਫ਼ੇ : 180
ਸੰਪਰਕ : 93162-02025.

ਸੁਕੀਰਤ ਦੁਆਰਾ ਕੀਤੀਆਂ ਇਨ੍ਹਾਂ ਮੁਲਾਕਾਤਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੁਕੀਰਤ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਲੇਖਕਾਂ, ਕਲਾਕਾਰਾਂ ਅਤੇ ਖੱਬੇ-ਪੱਖੀ ਨੇਤਾਵਾਂ ਦੇ ਜੀਵਨ-ਸੰਘਰਸ਼ ਨੂੰ ਸਮਝਣ ਅਤੇ ਉਨ੍ਹਾਂ ਨੂੰ ਕੁਰੇਦ ਕੇ ਭਾਰਤ ਦੇ ਮੌਜੂਦਾ ਸੰਕਟ ਉੱਪਰ ਲੈ ਆਉਣ ਵਿਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਉਸ ਦੁਆਰਾ ਕੀਤੀਆਂ ਇਹ ਮੁਲਾਕਾਤਾਂ ਮੌਜੂਦਾ ਦੌਰ ਦੇ ਬਹੁਤ ਸਾਰੇ ਲੁਕਵੇਂ ਪਾਸਾਰਾਂ ਉੱਪਰ ਰੌਸ਼ਨੀ ਪਾਉਂਦੀਆਂ ਹਨ।
ਉਸ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਵਿਚ ਇਕ ਪ੍ਰਪੱਕਤਾ ਅਤੇ ਸੰਜੀਦਗੀ ਦੇ ਦਰਸ਼ਨ ਹੁੰਦੇ ਹਨ। ਗੁਲਜ਼ਾਰ ਨਾਲ ਕੀਤੀ ਗਈ ਮੁਲਾਕਾਤ ਵਿਚ ਉਹ ਜ਼ਰੂਰ ਕੁਝ ਖੁੰਝ ਗਿਆ ਪ੍ਰਤੀਤ ਹੁੰਦਾ ਹੈ ਪ੍ਰੰਤੂ ਮੇਰਾ ਖਿਆਲ ਹੈ ਕਿ ਉਸ ਦਿਨ ਗੁਲਜ਼ਾਰ ਹੀ ਕੁਝ ਚਿੜਚਿੜੀ ਜਿਹੀ ਮਨੋਸਥਿਤੀ ਵਿਚ ਸੀ, ਵਰਨਾ ਸੁਕੀਰਤ ਨੇ ਉਸ ਨੂੰ ਪ੍ਰਸ਼ਨ ਤਾਂ ਬਹੁਤ ਪ੍ਰਸੰਗਿਕ ਪੁੱਛੇ ਸਨ। ਓਮ ਪੁਰੀ ਨੇ ਉਸ ਦੇ ਸਵਾਲਾਂ ਦੇ ਉੱਤਰ ਬੜੇ ਸਹਿਜ ਅਤੇ ਸੁਹਿਰਦਤਾ ਨਾਲ ਦਿੱਤੇ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਸਾਰੇ ਫ਼ਿਲਮਸਾਜ਼/ਕਲਾਕਾਰ ਇਕੋ ਜਿਹੇ ਨਹੀਂ ਹੁੰਦੇ। ਪੰਜਾਬੀ ਲੇਖਕਾਂ ਵਿਚੋਂ ਉਸ ਨੇ ਭਾਅ ਜੀ ਗੁਰਸ਼ਰਨ ਸਿੰਘ, ਕਰਤਾਰ ਸਿੰਘ ਦੁੱਗਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਕੈਲਾਸ਼ ਪੁਰੀ, ਦੇਵ ਅਤੇ ਹਰਪ੍ਰੀਤ ਸੇਖਾ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਹਨ। ਦੇਵ ਨਾਲ ਕੀਤੀ ਗਈ ਮੁਲਾਕਾਤ ਬਹੁ-ਪਾਸਾਰੀ ਅਤੇ ਅਚੰਭਿਤ ਕਰਨ ਵਾਲੀ ਹੈ।
ਪੁਸਤਕ ਦੇ ਅੰਤ ਵਿਚ ਕਾਮਰੇਡ ਏ.ਪੀ. ਬਰਧਨ ਅਤੇ ਦੀਪਾਂਕਾਰ ਭੱਟਾਚਾਰੀਆ ਨਾਲ ਸੰਵਾਦ ਰਚਾਇਆ ਗਿਆ ਹੈ। ਲੇਖਕ ਨੇ ਇਨ੍ਹਾਂ ਘੁਲਾਟੀਆਂ ਪਾਸੋਂ ਖੱਬੇ-ਪੱਖੀ ਲਹਿਰ ਨੂੰ ਲੱਗੇ ਖੋਰੇ ਬਾਰੇ ਕਾਫੀ ਪ੍ਰਮਾਣਿਕ ਸਵਾਲ ਪੁੱਛੇ ਹਨ, ਜਿਨ੍ਹਾਂ ਦੇ ਉੱਤਰ ਕਾਫੀ ਸਪੱਸ਼ਟ ਢੰਗ ਨਾਲ ਦਿੱਤੇ ਗਏ ਹਨ। ਇਹ ਚਿੰਤਕ ਅਜੇ ਵੀ ਖੱਬੇ-ਪੱਖੀ ਲਹਿਰ ਦੇ ਉੱਭਰਨ ਦੀਆਂ ਆਸ਼ਾਵਾਂ ਸੰਜੋਈ ਬੈਠੇ ਹਨ। (ਕਾਸ਼! ਉਨ੍ਹਾਂ ਦੀਆਂ ਆਸ਼ਾਵਾਂ ਉੱਪਰ ਬੂਰ ਪਵੇ ਅਤੇ ਉਹ ਫਲਣ-ਫੁੱਲਣ) ਸੁਕੀਰਤ ਨੇ ਹਰ ਮੁਲਾਕਾਤ ਨੂੰ ਬੜਾ ਢੁਕਵਾਂ ਸਿਰਲੇਖ ਵੀ ਦਿੱਤਾ ਹੈ, ਜੋ ਉਸ ਦੀ ਮੌਲਿਕ ਸੋਚ ਨੂੰ ਪ੍ਰਤੀਬਿੰਬਤ ਕਰਦਾ ਹੈ। ਪੀਪਲਜ਼ ਫੋਰਮ ਬਰਗਾੜੀ ਨੂੰ ਏਨੀ ਮਹੱਤਵਪੂਰਨ ਪੁਸਤਕ ਪ੍ਰਕਾਸ਼ਿਤ ਕਰਨ ਉੱਪਰ ਵਧਾਈ।

ਂਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਜੱਗਾ ਡਾਕੂ
ਲੇਖਕ : ਧਰਮ ਸਿੰਘ ਗੋਰਾਇਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

'ਜੱਗਾ ਡਾਕੂ' ਧਰਮ ਸਿੰਘ ਗੋਰਾਇਆ ਦੀ ਅਜਿਹੀ ਪੁਸਤਕ ਹੈ, ਜੋ ਜੱਗੇ ਡਾਕੂ ਦੇ ਜੀਵਨ ਬਿਰਤਾਂਤ ਨੂੰ ਬਾਖੂਬੀ ਪੇਸ਼ ਕਰਦੀ ਹੈ। ਲੇਖਕ ਦਾ ਮਤ ਹੈ ਕਿ ਕੋਈ ਵੀ ਵਿਅਕਤੀ ਖ਼ੁਦ ਆਪਣੇ-ਆਪ ਡਾਕੂ ਨਹੀਂ ਬਣਦਾ ਸਗੋਂ ਸਮੇਂ ਦੇ ਹਾਲਾਤ ਹੀ ਉਸ ਨੂੰ ਇਸ ਪਾਸੇ ਮੋੜਦੇ ਹਨ। ਇਸ ਲਈ ਲੇਖਕ ਜਿਥੇ ਜੱਗੇ ਦੇ ਜੀਵਨ ਵਿਚੋਂ ਘਟਨਾਵਾਂ ਅਤੇ ਵੇਰਵੇ ਪ੍ਰਸਤੁਤ ਕਰਦਾ ਹੈ, ਉਥੇ ਫੂਲਨ ਦੇਵੀ ਅਤੇ ਡਾਕੂ ਪੰਚਮ ਦੇ ਡਾਕੂ ਬਣਨ ਬਾਰੇ ਵੀ ਵਿਸਤ੍ਰਿਤ ਰੂਪ ਵਿਚ ਚਰਚਾ ਛੇੜਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਜਿਥੇ ਜੱਗੇ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਵੇਰਵੇ ਸਹਿਤ ਵਰਨਣ ਕੀਤਾ ਹੈ, ਉਥੇ ਵੇਰਵਿਆਂ ਦੀ ਪ੍ਰਮਾਣਿਕਤਾ ਲਈ ਉਨ੍ਹਾਂ ਸਰੋਤਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਥੋਂ ਉਸ ਨੂੰ ਤਥਾਤਮਕ ਸਮੱਗਰੀ ਪ੍ਰਾਪਤ ਹੋਈ। ਮਿਸਾਲ ਵਜੋਂ ਜੱਗੇ ਦੀ ਧੀ ਰੇਸ਼ਮ ਕੌਰ (ਗਾਬੋ) ਦਾ ਜ਼ਿਕਰ ਤਸਵੀਰਾਂ ਸਹਿਤ ਕਰਦਾ ਹੈ। ਲੇਖਕ ਦੇ ਦੱਸਣ ਮੁਤਾਬਿਕ ਜੱਗਾ ਜਗੀਰਦਾਰਾਂ, ਸ਼ਾਹੂਕਾਰਾਂ ਅਤੇ ਅੰਗਰੇਜ਼ਾਂ ਦੇ ਪਿੱਠੂਆਂ ਦਾ ਵਿਰੋਧੀ ਸੀ ਅਤੇ ਹਾਕਮ ਜਮਾਤ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ਸੂਰਮਾ ਸੀ। 'ਜੱਗੇ ਦਾ ਹਾਕਮਾਂ ਨੂੰ ਪਹਿਲਾ ਲਲਕਾਰਾ' ਅਤੇ 'ਨਨਕਾਣਾ ਸਾਹਿਬ ਦੀ ਘਟਨਾ' ਵਾਲਾ ਵੇਰਵਾ ਜੱਗੇ ਦੀ ਸ਼ਖ਼ਸੀਅਤ ਦੇ ਲੁਕਵੇਂ ਪੱਖਾਂ ਨੂੰ ਉਜਾਗਰ ਕਰਨ ਵਾਲੇ ਵੇਰਵੇ ਹਨ। ਜੱਗੇ ਦਾ ਜਨਮ 1901 ਈ: ਨੂੰ ਬੁਰਜ ਰਣ ਸਿੰਘ ਵਾਲਾ ਵਿਖੇ ਹੋਇਆ, ਜਿਸ ਕਰਕੇ ਜੱਗਾ ਸ਼ਹੀਦ ਭਗਤ ਸਿੰਘ ਦਾ ਸਮਕਾਲੀ ਸੀ। ਇਕ-ਦੋ ਥਾਵਾਂ 'ਤੇ ਲੇਖਕ ਨੇ ਜੱਗੇ ਦੀ ਦੇਸ਼ ਭਗਤਾਂ ਨਾਲ ਸਾਂਝ ਨੂੰ ਵੀ ਉਜਾਗਰ ਕਰਦੇ ਵੇਰਵੇ ਪ੍ਰਸਤੁਤ ਕੀਤੇ ਹਨ। ਜੱਗਾ ਡਾਕੂ ਪੁਸਤਕ ਵਿਚ ਧਰਮ ਸਿੰਘ ਗੋਰਾਇਆ ਨੇ ਜਗਤ ਸਿੰਘ ਜੱਗਾ ਗਾਇਕ ਅਤੇ ਜੱਗਾ ਡਾਕੂ (ਜਗਤ ਸਿੰਘ) ਦੋਵਾਂ ਦੇ ਵੱਖਰੇ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜੋ ਪਾਠਕ ਨਹੀਂ ਜਾਣਦੇ, ਸਗੋਂ ਦੋਵਾਂ ਹੀ ਨਾਵਾਂ ਨੂੰ ਇਕ-ਦੂਜੇ ਵਿਚ ਰਲਗੱਡ ਕਰਕੇ ਕੇਵਲ ਇਕੋ ਕਿਰਦਾਰ ਹੋਣ ਦੀ ਹੀ ਜਾਣਕਾਰੀ ਰੱਖਦੇ ਹਨ। ਜੱਗਾ ਹਕੂਮਤ ਵਿਰੋਧੀ ਸੀ ਅਤੇ ਗਰੀਬਾਂ ਦਾ ਹਮਦਰਦ। ਜੇਕਰ ਕਦੇ ਉਸ ਕੋਲੋਂ ਕੋਈ ਗ਼ਲਤੀ ਵੀ ਹੋਈ ਤਾਂ ਉਸ ਦੇ ਪਛਤਾਵੇ ਬਾਰੇ ਵੀ ਲੇਖਕ ਨੇ ਜਾਣਕਾਰੀ ਮੁਹੱਈਆ ਕਰਵਾਈ ਹੈ। ਜੱਗੇ ਦੇ ਜੀਵਨ ਨਾਲ ਸਬੰਧਤ ਕਾਵਿ-ਪੰਕਤੀਆਂ ਵੀ ਪਾਠਕ ਦੇ ਸੁਹਜ-ਸੁਆਦ ਅਤੇ ਜਾਣਕਾਰੀ ਵਿਚ ਵਾਧਾ ਕਰਦੀਆਂ। ਲੇਖਕ ਦਾ ਉੱਦਮ ਸ਼ਲਾਘਾਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਫ ਫ ਫ

ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ
ਲੇਖਕ : ਸੀ.ਪੀ. ਕੰਬੋਜ
ਪ੍ਰਕਾਸ਼ਕ : ਕੰਪਿਊਟਰ ਵਿਗਿਆਨ ਪ੍ਰਕਾਸ਼ਨ ਲਾਧੂਕਾ (ਫ਼ਾਜ਼ਿਲਕਾ)
ਮੁੱਲ : 150 ਰੁਪਏ (ਪੇਪਰ ਬੈਕ), ਸਫ਼ੇ : 170
ਸੰਪਰਕ : 94174-55614.

ਡਾ: ਸੀ. ਪੀ. ਕੰਬੋਜ ਮੇਰਾ ਅਜ਼ੀਜ਼ ਹੈ। ਦੇਰ ਤੋਂ ਵਾਕਿਫ਼। ਉਦੋਂ ਤੋਂ ਜਦੋਂ ਉਸ ਨੇ ਕੰਪਿਊਟਰ ਬਾਰੇ ਪੰਜਾਬੀ ਵਿਚ ਲਿਖਣਾ ਸ਼ੁਰੂ ਹੀ ਕੀਤਾ ਸੀ। ਉਦੋਂ ਤੋਂ ਉਹ ਨਿਰੰਤਰ ਇਸ ਪਾਸੇ ਇਕ ਮਿਸ਼ਨਰੀ ਵਾਂਗ ਜੋਸ਼-ਜਨੂੰਨ ਨਾਲ ਜਿਵੇਂ ਕੰਮ ਕਰ ਰਿਹਾ ਹੈ, ਮੇਰਾ ਦਿਲ ਕਰਦਾ ਹੈ ਉਸ ਦਾ ਨਾਂਅ ਹੀ ਕੰਪਿਊਟਰ ਪ੍ਰਕਾਸ਼ ਕੰਬੋਜ ਰੱਖ ਦਿਆਂ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਬਾਰੇ ਉਸ ਨੇ ਇਹ ਕਿਤਾਬ ਆਪ ਆਪਣੇ ਖਰਚ 'ਤੇ ਆਪਣੇ ਪਿੰਡੋਂ ਹੀ ਛਾਪੀ ਹੈ। ਇਸ ਵਿਚ ਉਸ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰ ਸਾਫ਼ਟਵੇਅਰ, ਫੌਂਟਾਂ, ਟਾਈਪ ਬੋਰਡਾਂ, ਫੌਂਟ/ਲਿਪੀ ਪਰਿਵਰਤਨ, ਹਿੰਦੀ/ਉਰਦੂ/ਅੰਗਰੇਜ਼ੀ ਤੋਂ ਪੰਜਾਬੀ ਵਿਚ ਮਸ਼ੀਨੀ ਅਨੁਵਾਦ, ਈ-ਮੇਲ, ਸ਼ਬਦ ਜੋੜਾਂ/ਸ਼ਬਦ-ਕੋਸ਼ਾਂ ਦੀ ਸੁਵਿਧਾ, ਵੈੱਬਸਾਈਟਾਂ ਆਦਿ ਭਾਂਤ-ਭਾਂਤ ਦੇ ਮਸਲਿਆਂ ਉੱਤੇ ਪਾਠਕਾਂ ਨੂੰ ਮੁੱਲਵਾਨ ਜਾਣਕਾਰੀ ਦਿੱਤੀ ਹੈ।
ਉਪਰੋਕਤ ਜਾਣਕਾਰੀ ਤੋਂ ਪਹਿਲਾਂ ਲੇਖਕ ਨੇ ਕੰਪਿਊਟਰ ਦੇ ਨਾਮਕਰਨ, ਪਰਿਭਾਸ਼ਾ, ਸਰਲ ਗਿਣਤੀ-ਮਿਣਤੀ ਦੇ ਕਾਰਜਾਂ ਤੋਂ ਸ਼ੁਰੂ ਹੋ ਕੇ ਭਾਂਤ-ਭਾਂਤ ਦੇ ਜਟਿਲ ਕਾਰਜ ਕਰਨ ਵਾਲੇ ਕੰਪਿਊਟਰ ਦਾ ਪੀੜ੍ਹੀ-ਦਰ-ਪੀੜ੍ਹੀ ਇਤਿਹਾਸ ਉਲੀਕਿਆ ਹੈ। ਐਬੈਕਸ, ਨੇਪੀਅਰ ਬੋਨਜ਼, ਬੈਬੇਜ ਦੇ ਡਿਫਰੈਂਸ਼ਲ/ਐਨੇਲਿਟੀਕਲ ਇੰਜਨ, ਪੰਚ ਕਾਰਡ ਮਸ਼ੀਨਾਂ, ਪੀ.ਸੀ., ਲੈਪਟਾਪ ਤੇ ਆਮ ਵਰਤੀਂਦੇ ਕੰਪਿਊਟਰਾਂ ਦੇ ਹਿੱਸਿਆਂ ਪੁਰਜ਼ਿਆਂ ਤੇ ਕਾਰਜਾਂ ਦੀ ਪਛਾਣ ਤਸਵੀਰਾਂ ਦੇ ਕੇ ਕਰਵਾਈ ਹੈ। ਇਨ੍ਹਾਂ ਤੋਂ ਲਏ ਜਾਂਦੇ ਕੰਮਾਂ ਕਾਰਜਾਂ ਤੇ ਸੰਭਾਵਨਾਵਾਂ ਬਾਰੇ ਦੱਸਿਆ ਹੈ। ਪੰਜਾਬੀ ਫੌਂਟਾਂ ਦੇ ਟਾਈਪ ਫੇਸਾਂ, ਪਰਿਵਾਰ, ਮਸ਼ੀਨੀ ਤੇ ਕੰਪਿਊਟਰ ਫੌਂਟ, ਫੌਂਟ ਉਤਾਰਨ ਲਈ ਵੈੱਬਸਾਈਟਾਂ, ਫੌਂਟ ਡਾਊਨਲੋਡ/ਇੰਸਟਾਲ ਕਰਨ ਦੀ ਵਿਧੀ, ਫੌਂਟ ਕਨਵਰਟਰ, ਫੌਂਟਾਂ ਦਾ ਮਿਆਰੀਕਰਨ, ਹਾਰਡ/ਸਾਫ਼ਟ ਕੀ-ਬੋਰਡ, ਕੀ-ਬੋਰਡ ਲੇਅ-ਆਊਟ, ਟਾਈਪਿੰਗ ਵਿਧੀਆਂ, ਪੰਜਾਬੀ ਟਾਈਪਿੰਗ ਦੀਆਂ ਵਿਹਾਰਕ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਇਸ ਕਿਤਾਬ ਨੂੰ ਕੰਪਿਊਟਰ ਕਾਮੇ ਲਈ ਵਿਹਾਰਕ ਉਪਯੋਗ ਵਾਲੀ ਸ਼ੈਅ ਬਣਾਉਂਦੇ ਹਨ। ਇੰਟਰਨੈੱਟ ਦਾ ਸੰਕਲਪ, ਵਰਤੋਂ, ਈ-ਮੇਲ, ਈ-ਕਾਮਰਸ, ਵੈਬਸਾਈਟਾਂ, ਸਰਚ ਇੰਜਨਾਂ, ਪੰਜਾਬੀ ਅਧਿਐਨ/ਅਧਿਆਪਨ ਲਈ ਸਾਫ਼ਟਵੇਅਰ, ਪੰਜਾਬੀ ਸ਼ਬਦ ਜੋੜ ਚੈਕਿੰਗ, ਕੰਪਿਊਟਰ ਰਾਹੀਂ ਅਨੁਵਾਦ ਦੀਆਂ ਸੰਭਾਵਨਾਵਾਂ ਬਾਰੇ ਵੀ ਹਰ ਪ੍ਰਕਾਰ ਦੀ ਮੁਢਲੀ ਜਾਣਕਾਰੀ ਕੰਬੋਜ ਨੇ ਪਾਠਕਾਂ ਨੂੰ ਦੇਣ ਦਾ ਉੱਦਮ ਕੀਤਾ ਹੈ। ਸਾਈਬਰ ਅਪਰਾਧਾਂ ਦੇ ਵੱਖ-ਵੱਖ ਰੂਪਾਂ, ਅਪਰਾਧੀਆਂ, ਪ੍ਰਭਾਵਾਂ ਤੇ ਉਨ੍ਹਾਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਉਸ ਨੇ ਦੱਸੀਆਂ ਹਨ। ਇਹ ਕਿਤਾਬ ਹਰ ਕੰਪਿਊਟਰ ਕਾਮੇ ਲਈ ਬੜੇ ਕੰਮ ਦੀ ਚੀਜ਼ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਜਸਵੀਰ ਰਾਣਾ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਸੁਖਵਿੰਦਰ ਸੁੱਖੀ ਭੀਖੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼ ਬਾਲੀਆਂ, ਸੰਗਰੂਰ
ਮੁੱਲ : 120 ਰੁਪਏ, ਸਫ਼ੇ : 136
ਸੰਪਰਕ : 98154-48958.

ਇਸ ਕਹਾਣੀ ਸੰਗ੍ਰਹਿ ਦੇ ਸੰਪਾਦਕ ਨੇ ਜਸਵੀਰ ਰਾਣਾ ਦੀਆਂ ਤਿੰਨ ਕਹਾਣੀਆਂ ਦੀਆਂ ਪੁਸਤਕਾਂ ਵਿਚੋਂ ਚੁਣ ਕੇ 7 ਕਹਾਣੀਆਂ ਦਾ ਸੰਪਾਦਨ ਕੀਤਾ ਹੈ। ਇਨ੍ਹਾਂ ਵਿਚੋਂ ਪਹਿਲੀ ਕਹਾਣੀ 'ਪੱਟ 'ਤੇ ਵਾਹੀ ਮੋਰਨੀ' ਵਿਚ ਬਿਰਤਾਂਤਕਾਰ ਨੇ ਕਥਾ ਨਾਇਕ ਦੇ ਬੁੱਢੇ ਬਾਪ ਦੀ ਜਵਾਨੀ ਸਮੇਂ ਕੁਆਰੇ ਪ੍ਰੇਮ 'ਤੇ ਪਿਛਲ ਝਾਤ ਜੁਗਤ ਰਾਹੀਂ ਝਾਤ ਪੁਆਈ ਹੈ। ਦੂਸਰੀ ਕਹਾਣੀ 'ਦੋ ਸਾਹਾਂ ਵਿਚਲਾ ਠਹਿਰਾਅ' ਹੈ। ਇਸ ਕਹਾਣੀ ਵਿਚ ਮਿਥਿਹਾਸਕ ਜੁਗਤ ਦੇ ਪ੍ਰਯੋਗ ਰਾਹੀਂ ਜੀਵਨ ਦੇ ਇਸ ਸੱਚ ਨੂੰ ਰੂਪਮਾਨ ਕੀਤਾ ਗਿਆ ਹੈ ਕਿ ਸੰਸਾਰ ਵਿਚ ਕੁਝ ਵੀ ਅਚਾਨਕ ਨਹੀਂ ਵਾਪਰਦਾ। ਹਰ ਘਟਨਾ ਦੇ ਵਾਪਰਨ ਦਾ ਕੋਈ ਨਾ ਕੋਈ ਕਾਰਨ ਅਵੱਸ਼ ਹੁੰਦਾ ਹੈ। ਕਥਾ ਵਿਚ ਵਾਪਰਦੀਆਂ ਸਾਰੀਆਂ ਘਟਨਾਵਾਂ ਨੂੰ ਪਾਠਕ ਅੰਤਰਦ੍ਰਿਸ਼ਟੀ ਨਾਲ ਹੀ ਸਮਝ ਸਕਦਾ ਹੈ। ਤੀਸਰੀ ਕਹਾਣੀ 'ਚੂੜੇ ਵਾਲੀ ਬਾਂਹ' ਹੈ। ਇਸ ਵਿਚ ਨਸ਼ਿਆਂ ਕਾਰਨ ਬੇਜ਼ਮੀਨੇ ਹੋਏ ਤੇ ਫਿਰ ਛੜੇ ਰਹਿ ਗਏ ਅਤੇ ਫਲਸਰੂਪ ਸਾਰੀ ਉਮਰ ਔਰਤ ਲਈ ਭਟਕਦੇ ਰਹਿ ਗਏ ਪਾਤਰਾਂ ਦੀ ਹੋਣੀ ਉਲੀਕੀ ਗਈ ਹੈ। ਕਮਾਲ ਦੀ ਗੱਲ ਹੈ ਕਿ ਉੱਤਮ ਪੁਰਖੀ ਨਾਇਕ ਜੋ ਕਥਾਵਾਚਕ ਵਜੋਂ ਕਾਰਜਸ਼ੀਲ ਹੈ, ਉਸ ਦੀ ਮੌਤ ਵੀ ਪ੍ਰਤੀਕਾਤਮਕ ਰੂਪ ਵਿਚ ਵਿਖਾਈ ਗਈ ਹੈ। ਮੇਨ ਸਟੋਰੀ ਲਾਈਨ ਨਾਲ ਉਪਕਥਾਵਾਂ ਵੀ ਸ਼ਾਮਿਲ ਹਨ। ਇਹ ਕਹਾਣੀ ਲੇਖਕ ਦੇ ਸਵੈ-ਜੀਵਨੀ ਅੰਸ਼ਾਂ ਨਾਲ ਭਰਪੂਰ ਹੈ। 'ਖ਼ਤ ਲਈ ਸ਼ੁਕਰੀਆ' ਕਹਾਣੀ ਵਿਚ ਆਦਿਕਾਲੀਨ ਸੰਦੇਸ਼ ਜੁਗਤਾਂ ਤੋਂ ਲੈ ਕੇ ਉੱਤਰ-ਆਧੁਨਿਕ ਸੰਚਾਰ ਸਾਧਨਾਂ ਨਾਲ ਕਲਾਤਮਕ ਜਾਣ-ਪਛਾਣ ਕਰਵਾਈ ਗਈ ਹੈ। 'ਨਸਲਘਾਤ' ਕਹਾਣੀ ਇਸ ਬੰਨੇ ਸੰਕੇਤ ਕਰਦੀ ਹੈ ਕਿ ਨਸ਼ਿਆਂ ਦੀ ਮਾਰ ਹੇਠ ਆਏ ਗ਼ਰੀਬ, ਬੇਰੁਜ਼ਗਾਰ, ਯਤੀਮ ਵਿਅਕਤੀ ਦਾ ਕੋਈ ਵੀ ਸਾਧਨ-ਸੰਪੰਨ ਸ਼ੋਸ਼ਣ ਕਰ ਸਕਦਾ ਹੈ। 'ਚਾਦਰ' ਕਹਾਣੀ ਵਿਚ ਇਸ ਸਚਾਈ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਸਮਾਜਿਕ ਜੀਵਨ ਵਿਚ ਨੈਤਿਕਤਾ ਉੱਪਰ ਕਾਮੁਕ ਭੁੱਖ ਭਾਰੂ ਹੈ। 'ਜ਼ਰਾ ਬਚ ਕੇ ਮੋੜ ਤੋਂ' ਵਿਚ ਸੰਵਾਦਕ ਜੁਗਤ ਰਾਹੀਂ ਮੈਰਿਜ ਪੈਲੇਸ ਦੇ ਇਕ ਵੇਟਰ ਦੇ ਅਬਸਰਡ ਜੀਵਨ ਨੂੰ ਬੌਧਿਕ ਅਰਥ ਪ੍ਰਦਾਨ ਕੀਤੇ ਗਏ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਫ ਫ ਫ

ਨਿਹੋਂਦ ਦਾ ਗੀਤ
ਸ਼ਾਇਰ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 011-23264342.

ਇਹ ਕਾਵਿ ਸੰਗ੍ਰਹਿ ਕਵੀ ਦੀ ਪੱਕੀ ਉਮਰ ਦੇ ਪਕੇਰੇ ਅਨੁਭਵਾਂ ਦੀ ਸਿਰਜਣਾ ਹੈ। ਇਹ ਹੋਂਦ ਤੋਂ ਨਿਹੋਂਦ ਭਾਵ ਕੁਝ ਵੀ ਨਾ ਹੋਣ ਦਾ ਸਫ਼ਰ ਹੈ। ਜੀਵਨ ਦੇ ਇਸ ਮੁਕਾਮ 'ਤੇ ਕਵੀ ਕੁਝ ਇਹੋ ਜਿਹਾ ਮਹਿਸੂਸ ਕਰਦਾ ਹੈਂ

ਬਾਹਰ ਵੀ ਤੁਰਿਆ ਨਹੀਂ ਜਾਂਦਾ
ਅੰਦਰ ਵੀ ਮੁੜਿਆ ਨਹੀਂ ਜਾਂਦਾ
ਇਸ ਹੋਂਦ ਨਿਹੋਂਦ ਦੀ ਟੱਕਰ ਵਿਚ
ਇਹ ਕੈਸੀ ਰੁੱਤ ਖਲਾਈ ਏ।
-ਅੱਖਾਂ ਵਿਚ ਆਕਾਸ਼ ਨਹੀਂ ਰਹਿਣਾ
ਖੰਭਾਂ ਨੇ ਵੀ ਟੁੱਟ ਜਾਣਾ ਹੈ
ਜੀਵਨ ਸੰਗ ਜਿਹਨੇ ਇਸ਼ਕ ਕਮਾਇਆ
ਨਬਜ਼ਾਂ ਵਿਚ ਦਿਲ ਰੁਕ ਜਾਣਾ ਹੈ।
ਕਵੀ ਦਾ ਸੰਵੇਦਨਸ਼ੀਲ ਹਿਰਦਾ ਦਹਿਸ਼ਤ ਦੀਆਂ ਕਾਰਵਾਈਆਂ ਕਾਰਨ ਜ਼ਖ਼ਮੀ ਹੋ ਜਾਂਦਾ ਹੈ। ਉਸ ਨੇ ਪੇਸ਼ਾਵਰ ਪਾਕਿਸਤਾਨ ਵਿਚ 16 ਦਸੰਬਰ 2014 ਨੂੰ ਹੋਏ ਸਕੂਲੀ ਬੱਚਿਆਂ ਦੇ ਕਤਲ ਅਤੇ ਫਰਵਰੀ 2015 ਨੂੰ ਲੀਬੀਆ ਵਿਚ 21 ਇਸਾਈਆਂ ਦੇ ਸਿਰ ਕੱਟਣ ਦੀਆਂ ਦੁਖਦਾਈ ਘਟਨਾਵਾਂ ਨੂੰ ਕਵਿਤਾਵਾਂ ਵਿਚ ਕਲਮਬੰਦ ਕੀਤਾ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਵਾਂਗ ਵੰਨ-ਸੁਵੰਨੇ ਹਨ। ਤਕਨਾਲੋਜੀ ਦੇ ਇਸ ਯੁੱਗ ਵਿਚ ਕੰਪਿਊਟਰ, ਫੇਸ ਬੁੱਕ, ਮਸ਼ੀਨੀਕਰਨ, ਵਿਸ਼ਵੀਕਰਨ ਦੀ ਗੱਲ ਵੀ ਕੀਤੀ ਗਈ ਹੈ। ਕਵਿਤਾਵਾਂ ਵਿਚ ਕਈ ਅੰਗਰੇਜ਼ੀ ਦੇ ਸ਼ਬਦ ਵੀ ਵਰਤੇ ਹੋਏ ਹਨ। ਪਿਛਲੇ 37 ਪੰਨਿਆਂ 'ਤੇ ਕਵੀ ਦੀਆਂ ਲਿਖਤਾਂ ਅਤੇ ਇਨਾਮਾਂ-ਸਨਮਾਨਾਂ ਦਾ ਵੇਰਵਾ ਦਿੱਤਾ ਹੋਇਆ ਹੈ।
ਸਮੁੱਚੀ ਕਵਿਤਾ ਬੌਧਿਕਤਾ ਅਤੇ ਨਵੀਨਤਾ ਦੀ ਝਲਕ ਦਿੰਦੀ ਹੈ। ਸਾਰੀਆਂ ਸੁੱਖ-ਸਹੂਲਤਾਂ ਨੂੰ ਮਾਣਦਿਆਂ ਹੋਇਆਂ ਵੀ ਅੱਜ ਦਾ ਮਨੁੱਖ ਉਦਾਸ, ਨਿਰਾਸ ਅਤੇ ਊਣਾ ਹੈ। ਇਹ ਪੁਸਤਕ ਅੰਦਰੂਨੀ ਸੱਖਣੇਪਣ 'ਤੇ ਝਾਤ ਪੁਆਉਂਦੀ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

 

27-2-2016

 ਮੁਲਾਕਾਤਾਂ
ਪੰਜਾਬ ਦੇ ਜੰਗਲੀ ਜੀਵਾਂ ਨਾਲ
ਲੇਖਿਕਾ : ਡਾ: ਪੁਸ਼ਪਿੰਦਰ ਜੈ ਰੂਪ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 750 ਰੁਪਏ, ਸਫ਼ੇ : 148.

ਡਾ: ਪੁਸ਼ਪਿੰਦਰ ਜੈ ਰੂਪ ਪ੍ਰੋ: ਪ੍ਰੀਤਮ ਸਿੰਘ ਦੇ ਪੰਜਾਬੀ ਭਾਸ਼ਾ ਦੀ ਸੇਵਾ ਦੇ ਕਾਰਜ ਨੂੰ ਅੱਗੇ ਤੋਰਨ ਵਾਲੀ ਉਸੇ ਪਰਿਵਾਰ ਦੀ ਬੀਬੀ ਹੈ। ਪੰਜਾਬੀ ਨਾਲ ਮੋਹ ਅਤੇ ਇਸ ਦੇ ਸਰਲ ਮੁਹਾਵਰੇ, ਬੋਲੀ, ਸ਼ੈਲੀ ਨੂੰ ਹਰ ਪ੍ਰਕਾਰ ਦੇ ਗਿਆਨ ਲਈ ਵਰਤਣ ਦਾ ਉਤਸ਼ਾਹ ਉਸ ਨੂੰ ਵਿਰਸੇ ਵਿਚ ਪ੍ਰਾਪਤ ਹੋਇਆ ਹੈ। ਯੂਨੀਵਰਸਿਟੀ ਪੱਧਰ 'ਤੇ ਜੀਵ ਵਿਗਿਆਨ ਦਾ ਵਿਸ਼ਾ ਅੰਗਰੇਜ਼ੀ ਜ਼ਬਾਨ ਵਿਚ ਲੰਮੇ ਸਮੇਂ ਤੱਕ ਉਸ ਨੇ ਵੀ ਪੜ੍ਹਾਇਆ ਹੈ ਅਤੇ ਉਸ ਦੇ ਪਤੀ ਨੇ ਵੀ। ਇਸ ਦੇ ਬਾਵਜੂਦ ਉਸ ਨੇ ਸਾਧਾਰਨ ਪੰਜਾਬੀਆਂ ਲਈ ਆਮ ਕਰਕੇ ਅਤੇ ਪੰਜਾਬੀ ਬੱਚਿਆਂ ਲਈ ਖਾਸ ਕਰਕੇ ਪੰਜਾਬ ਦੇ ਕੀਟ ਪਤੰਗਾਂ, ਪੰਛੀਆਂ ਤੇ ਜੀਵਾਂ ਨਾਲ ਜਾਣ-ਪਛਾਣ ਕਰਵਾਉਣ ਵਾਲੀਆਂ ਰੌਚਕ ਸਚਿੱਤਰ ਪੁਸਤਕ ਲਿਖੀਆਂ ਹਨ। ਵਿਚਾਰ ਅਧੀਨ ਪੁਸਤਕ ਵਿਚ ਉਸ ਨੇ ਪੰਜਾਬ ਦੇ 24 ਜਾਣੇ-ਪਛਾਣੇ ਜੀਵਾਂ ਨਾਲ ਜਾਣ-ਪਛਾਣ ਕਰਵਾਈ ਹੈ।
ਜੀਵ ਤੇ ਥਣਧਾਰੀ ਜੀਵ ਜਗਤ ਦੀ ਵਿਸ਼ਾਲ ਵਿਭਿੰਨਤਾ ਵੱਲ ਸੰਕੇਤ ਕਰਨ ਉਪਰੰਤ ਲੇਖਿਕਾ ਦੱਸਦੀ ਹੈ ਕਿ ਇਸ ਦੇ 13 ਸਮੂਹਾਂ ਦੀਆਂ 410 ਜਾਤੀਆਂ ਦੇ ਥਣਧਾਰੀ ਜੀਵ ਇਸ ਵੇਲੇ ਭਾਰਤ ਵਿਚ ਹਨ। ਇਨ੍ਹਾਂ ਵਿਚੋਂ 89 ਜਾਤੀਆਂ ਵਿਨਾਸ਼ ਦੇ ਖ਼ਤਰੇ ਹੇਠ ਹਨ। ਪੰਜਾਬ ਵਿਚ ਕੁੱਲ 10 ਸਮੂਹਾਂ ਦੀਆਂ 96 ਜਾਤੀਆਂ 20ਵੀਂ ਸਦੀ ਦੇ ਆਰੰਭ ਵਿਚ ਪ੍ਰਾਪਤ ਸਨ। ਜਨਸੰਖਿਆ ਦੇ ਵਿਸਫੋਟ, ਜੰਗਲਾਂ ਦੇ ਕਟਾਅ ਤੇ ਮਨੁੱਖੀ ਲਾਪਰਵਾਹੀ ਕਾਰਨ 1984 ਤੱਕ ਆਉਂਦੇ-ਆਉਂਦੇ ਸਾਡੇ ਕੋਲ ਸਿਰਫ 42 ਜਾਤੀਆਂ ਹੀ ਰਹਿ ਗਈਆਂ ਹਨ। ਅੱਜ ਤਾਂ ਇਨ੍ਹਾਂ ਵਿਚੋਂ ਵੀ ਕਈ ਮਰ ਮੁੱਕ ਚੁੱਕੀਆਂ ਹੋਣਗੀਆਂ। ਇਸ ਕੁਦਰਤੀ ਬਖਸ਼ਿਸ਼ ਨੂੰ ਸੰਭਾਲਣ ਵਾਸਤੇ ਪ੍ਰੇਰਿਤ ਕਰਦੀ ਹੈ ਇਹ ਪੁਸਤਕ।
ਲੇਖਿਕਾ ਦੀ ਸ਼ੈਲੀ ਵਿਚ ਨਿਜ, ਨਿੱਜੀ ਪਰਿਵਾਰ, ਪਤੀ, ਮਾਤਾ, ਪਿਤਾ, ਨਾਨਕਿਆਂ, ਦਾਦਕਿਆਂ, ਬੱਚਿਆਂ, ਭੈਣ, ਭਰਾਵਾਂ, ਸਹੇਲੀਆਂ, ਵਾਕਫ਼ਾਂ ਦਾ ਥਾਂ-ਥਾਂ ਉਲੇਖ ਹੈ। ਉਹ ਵਾਰ-ਵਾਰ ਬੇਟੇ ਨੂੰ ਸੰਬੋਧਨ ਹੋਣ ਦੀ ਜੁਗਤ ਵਰਤਦੀ ਹੈ। ਪਰਥਾਇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਾਰਬ ਜਹਾਨੇ। ਇਹ ਸਾਹਿਤਕ ਜਗਤ ਪਾਠਕਾਂ ਨਾਲ ਨਿੱਘਾ ਰਿਸ਼ਤਾ ਜੋੜਨ ਲਈ ਕਾਰਗਰ ਸਾਬਤ ਹੋਈ ਹੈ। ਰੰਗੀਨ ਤਸਵੀਰਾਂ, ਵਧੀਆ ਆਰਟ ਪੇਪਰ, ਸੁੰਦਰ ਤੇ ਰੀਝ ਨਾਲ ਕੀਤੀ ਛਪਾਈ ਕਾਰਨ ਇਹ ਵਧੀਆ ਕਾਫ਼ੀ-ਟੇਬਲ ਬੁੱਕ ਬਣ ਗਈ ਹੈ।

ਂਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਬਰਫ਼ ਵਿਚ ਉਗਦਿਆਂ
ਲੇਖਕ : ਇਕਬਾਲ ਰਾਮੂਵਾਲੀਆ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 220
ਸੰਪਰਕ : 98729-89313.

ਇਕਬਾਲ ਰਾਮੂਵਾਲੀਆ ਪੰਜਾਬੀ ਦਾ ਇਕ ਬਹੁਵਿਧਾਈ ਲੇਖਕ ਹੈ। ਪਿਛਲੇ ਚਾਰ ਕੁ ਦਹਾਕਿਆਂ ਤੋਂ ਉਹ ਕੈਨੇਡਾ ਵਿਚ ਨਿਵਾਸ ਕਰ ਰਿਹਾ ਹੈ। ਇਕ ਚਰਚਿਤ ਕਵੀ ਤਾਂ ਉਹ ਇਧਰ ਭਾਰਤੀ ਪੰਜਾਬ ਵਿਚ ਰਹਿੰਦਿਆਂ ਹੀ ਬਣ ਗਿਆ ਸੀ ਪਰ ਉਧਰ ਜਾ ਕੇ ਉਸ ਨੇ ਇਕ ਨਾਵਲਕਾਰ, ਕਹਾਣੀਕਾਰ ਅਤੇ ਸਵੈ-ਜੀਵਨੀਕਾਰ ਵਜੋਂ ਵੀ ਆਪਣੀ ਇਕ ਵਿਲੱਖਣ ਪਛਾਣ ਬਣਾ ਲਈ ਹੈ। 'ਬਰਫ਼ ਵਿਚ ਉਗਦਿਆਂ' ਉਸ ਦੀ ਸਵੈ-ਜੀਵਨੀ ਦਾ ਦੂਜਾ ਭਾਗ ਹੈ। ਪਹਿਲਾ ਭਾਗ 2012 ਈ: ਵਿਚ 'ਸੜਦੇ ਸਾਜ਼ ਦੀ ਸਰਗਮ' ਸਿਰਲੇਖ ਅਧੀਨ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਦੂਜੇ ਭਾਗ ਵਿਚ ਇਕਬਾਲ ਨੇ 1972 ਤੋਂ ਲੈ ਕੇ 1986 ਤੱਕ ਦੇ 14 ਵਰ੍ਹਿਆਂ ਦੇ ਬਿਰਤਾਂਤ ਨੂੰ ਅੰਕਿਤ ਕੀਤਾ ਹੈ। ਇਸ ਬਿਰਤਾਂਤ ਵਿਚ ਉਸ ਦੇ ਕੈਨੇਡਾ ਜਾਣ ਅਤੇ ਪੱਕੇ ਪੈਰਾਂ ਉੱਪਰ ਸਥਾਪਤ ਹੋ ਜਾਣ ਨਾਲ ਸਬੰਧਤ ਘਟਨਾਵਾਂ ਨੂੰ ਬਿਆਨ ਕੀਤਾ ਗਿਆ ਹੈ।
1975 ਵਿਚ ਉਹ ਟੋਰਾਂਟੋ ਜਾ ਪਹੁੰਚਿਆ। ਕੁਝ ਸਮਾਂ ਟੈਕਸੀ ਚਲਾਈ, ਨਾਲ-ਨਾਲ ਐਜੂਕੇਸ਼ਨ ਵਿਚ ਡਿਗਰੀ ਹਾਸਲ ਕੀਤੀ ਅਤੇ ਕਾਫੀ ਸਮਾਂ ਸੰਘਰਸ਼ ਕਰਨ ਤੋਂ ਬਾਅਦ ਆਖਰ 1986 ਈ: ਵਿਚ ਉਸ ਨੂੰ ਇਕ ਚੰਗੇ ਸਕੂਲ ਵਿਚ ਪੜ੍ਹਾਉਣ ਦੀ ਨੌਕਰੀ ਮਿਲ ਗਈ। ਇਕਬਾਲ ਦੀ ਸ਼ੈਲੀ ਦਾ ਇਕ ਨਮੂਨਾ ਦੇਖੋ, 'ਟੋਰਾਂਟੋ ਦੀ ਹਰ ਚੀਜ਼ ਇੰਜ ਜਾਪੇ ਜਿਵੇਂ ਹਵਾ ਭਰ ਕੇ ਫੁਲਾਈ ਹੋਵੇ, ਸੜਕਾਂ ਸੱਜੇ-ਖੱਬੇ ਕਿਨਾਰਿਆਂ ਨੂੰ ਦੂਰ ਤੱਕ ਖਿੱਚੀਆਂ ਹੋਈਆਂ, ਹੋਟਲਾਂ ਦੀਆਂ ਇਮਾਰਤਾਂ ਦੇ ਸਿਰ ਬੱਦਲਾਂ 'ਚ ਘੁਸੇ ਹੋਏ! ਕਾਰਾਂ ਇੰਜ ਜਾਪਣ ਜਿਵੇਂ ਭਾਰਤ ਵਿਚਲੀਆਂ ਅੰਬੈਸਡਰਾਂ ਨੂੰ ਵੱਡੇ-ਵੱਡੇ ਜਮੂਰਾਂ ਨਾਲ ਖਿੱਚ ਕੇ ਅੱਗਿਓਂ-ਪਿੱਛਿਓਂ ਵਧਾਇਆ ਹੋਵੇ ਤੇ ਟਰੱਕ ਜਿਵੇਂ 'ਸੁਧਾਰ ਬਾਜ਼ਾਰ' ਦੀਆਂ ਪੰਜ-ਪੰਜ ਦੁਕਾਨਾਂ ਨੂੰ ਜੋੜ ਕੇ ਸੜਕ ਉੱਪਰ ਖਿੱਚਿਆ ਜਾ ਰਿਹਾ ਹੋਵੇ।' ਏਨੀ ਅਦਭੁਤ ਸ਼ੈਲੀ ਦੇ ਲੇਖਕ ਇਕਬਾਲ ਰਾਮੂਵਾਲੀਆ ਨੂੰ ਹਾਰਦਿਕ ਮੁਬਾਰਕਬਾਦ!

ਂਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਇਬਾਦਤ
ਲੇਖਿਕਾ : ਨਰਿੰਦਰ ਨਸਰੀਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97793-98457.

ਇਬਾਦਤ, ਨਰਿੰਦਰ ਨਸਰੀਨ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ ਕਵਿਤਰੀ ਨੇ ਆਪਣੇ ਨਿਜ ਅਤੇ ਪਰ ਦੇ ਅਨੇਕ ਮਸਲਿਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਰੂਪਮਾਨ ਕੀਤਾ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਮੂਲ ਸੁਰ ਅਧਿਆਤਮਵਾਦੀ ਵਿਚਾਰਧਾਰਾ ਨਾਲ ਸਬੰਧਤ ਹੈ। ਕਵਿਤਰੀ ਕਾਇਨਾਤ ਦੇ ਕਣ-ਕਣ ਵਿਚ ਉਸ ਕਾਦਰ ਦਾ ਰੂਪ ਵੇਖਦੀ, ਮਹਿਸੂਸਦੀ ਤੇ ਉਸ ਦੀਆਂ ਤਰੰਗਾਂ ਨੂੰ ਆਪਣੇ ਸ਼ਬਦਾਂ ਦੀ ਰਾਗਣੀ ਰਾਹੀਂ ਸੁਰਬੱਧ ਕਰਨ ਦੀ ਕੋਸ਼ਿਸ਼ ਕਰਦੀ ਹੈ। ਲੇਖਕਾ ਦਾ ਰੱਬ ਦੀ ਹੋਂਦ ਵਿਚ ਅਟੁੱਟ ਵਿਸ਼ਵਾਸ ਹੈ, ਇਸੇ ਲਈ ਇਨ੍ਹਾਂ ਕਵਿਤਾਵਾਂ ਦੀ ਹਰ ਸਤਰ ਵਿਚ ਉਸ ਦੀ ਸਰਬਵਿਆਪਕਤਾ ਦੇ ਝਲਕਾਰੇ ਮਹਿਸੂਸ ਕੀਤੇ ਜਾ ਸਕਦੇ ਹਨ। ਅਨੇਕ ਕਵਿਤਾਵਾਂ ਸਮਾਜ ਵਿਚ ਦਿਨੋ-ਦਿਨ ਫੈਲ ਰਹੇ ਦੰਭ ਤੇ ਝੂਠ ਬਾਰੇ ਹਨ। ਜਿਸ ਤਰ੍ਹਾਂ ਮਨੁੱਖ ਦੇ ਅੰਦਰੋਂ ਮਨੁੱਖਤਾ ਖ਼ਤਮ ਹੋ ਰਹੀ ਹੈ। ਖੂਨ ਦੇ ਰਿਸ਼ਤੇ ਜਾਨ ਦਾ ਖੌਅ ਬਣ ਗਏ ਹਨ।
ਜਿਨ੍ਹਾਂ ਨੂੰ ਬਣਾਇਆ ਸੀ
ਸਭ ਤੋਂ ਪਿਆਰਾ
ਉਹ ਲਈ ਬੈਠੇ ਹਨ
ਹੱਥਾਂ ਵਿਚ ਤਲਵਾਰਾਂ...
ਕੁਝ ਕਵਿਤਾਵਾਂ ਔਰਤ ਜਾਤ ਦੇ ਮਸਲਿਆਂ 'ਤੇ ਉਂਗਲ ਧਰਦੀਆਂ ਹਨ। 'ਧੀਆਂ ਤੇ ਸਮਾਜ' ਵਿਚ ਅਜੋਕੇ ਸਮਾਜ ਵਿਚ ਔਰਤ ਅਤੇ ਧੀਆਂ ਦੀ ਦੁਰਦਸ਼ਾ 'ਤੇ ਸਵਾਲ ਖੜ੍ਹੇ ਕਰਦੀਆਂ ਹਨ। ਸਮੁੱਚੇ ਰੂਪ ਵਿਚ ਲੇਖਕਾ ਦਾ ਇਹ ਪਲੇਠਾ ਯਤਨ ਹੈ। ਆਉਂਦੇ ਸਮੇਂ ਵਿਚ ਨਰਿੰਦਰ ਨਸਰੀਨ ਤੋਂ ਹੋਰ ਵੀ ਵਧੇਰੇ ਪੁਖਤਾ ਰਚਨਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

ਂਡਾ: ਅਮਰਜੀਤ ਕੌਂਕੇ

ਫ ਫ ਫ

ਮੇਰੇ ਹਿੱਸੇ ਦਾ ਅਦਬੀ ਸੱਚ
ਲੇਖਕ : ਨਿਰੰਜਣ ਬੋਹਾ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼ ਬਾਲੀਆਂ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 104
ਸੰਪਰਕ : 89682-82700.

ਨਿਰੰਜਣ ਬੋਹਾ ਦੀ ਪੁਸਤਕ ਸਾਹਿਤਕ ਸਰੋਕਾਰਾਂ ਨਾਲ ਸਬੰਧਤ ਹੈ। ਵਿਸ਼ੇਸ਼ ਤੌਰ 'ਤੇ ਪੰਜਾਬੀ ਸਾਹਿਤਕ ਪ੍ਰਸੰਗਾਂ, ਲੇਖਕਾਂ, ਸਾਹਿਤਕ ਜਥੇਬੰਦੀਆਂ, ਜੁਗਾੜਾਂ, ਗੁੱਟਬੰਦੀਆਂ, ਗੋਸ਼ਟੀਆਂ, ਲਿਖੇ ਅਤੇ ਪੜ੍ਹੇ ਜਾ ਰਹੇ ਸਾਹਿਤਕ ਪਰਚਿਆਂ, ਸਾਹਿਤਕ ਪੱਤਰਕਾਰੀ, ਕਿਤਾਬਾਂ ਦੇ ਵਿਮੋਚਨ, ਲੇਖਕਾਂ ਦੇ ਘਰ ਦੇ ਮਾਹੌਲ, ਰੀਵਿਊਕਾਰੀ, ਸਾਹਿਤਕ ਚੋਰੀ ਆਦਿ ਬਾਰੇ ਲੇਖਕ ਨੇ ਆਪਣੇ ਵਿਚਾਰ ਬਹੁਤ ਹੀ ਬੇਬਾਕੀ ਅਤੇ ਕੁਝ ਹੱਦ ਤੱਕ ਨਿਰਪੱਖਤਾ ਨਾਲ ਪ੍ਰਗਟਾਏ ਹਨ। ਆਪਣੇ ਹਿੱਸੇ ਦਾ ਅਦਬੀ ਸੱਚ ਪ੍ਰਗਟ ਕਰਨ ਲੱਗਿਆਂ ਉਹ ਦ੍ਰਿਸ਼ ਦਾ ਜਿਊਂਦਾ ਜਾਗਦਾ ਵਰਨਣ ਕਰਦਾ ਜਾਪਦਾ ਹੈ। ਲੇਖਕ ਕਿਉਂ ਜੋ ਪਿਛਲੇ ਚਾਰ ਦਹਾਕਿਆਂ ਤੋਂ ਵੀ ਉੱਪਰ ਦੇ ਸਮੇਂ ਤੋਂ ਸਿਰਜਣਸ਼ੀਲਤਾ ਅਤੇ ਸਾਹਿਤਕ ਜਥੇਬੰਦੀਆਂ ਵਿਚ ਸਰਗਰਮੀ ਅਤੇ ਨਿਰੰਤਰਤਾ ਨਾਲ ਵਿਚਰਦਾ ਆ ਰਿਹਾ ਹੈ, ਇਸ ਲਈ ਲੇਖਾਂ ਵਿਚ ਸਹਿਜਤਾ ਅਤੇ ਸੁਭਾਵਿਕਤਾ ਰੂਪਮਾਨ ਹੋਈ ਹੈ। ਉਂਜ ਤਾਂ ਸਾਰੇ ਲੇਖ ਹੀ ਪੜ੍ਹਨਯੋਗ ਹਨ ਪਰ ਵਿਸ਼ੇਸ਼ ਤੌਰ 'ਤੇ ਲੇਖਕ ਹੋਣ ਦਾ ਭਰਮ, ਸ਼ਬਦਾਂ ਦੀ ਦਾਤ, ਅਣਖੀ, ਉਦਾਸੀ ਤੇ ਰਾਹੀ, ਪੰਜਾਬੀ ਲੇਖਕਾਂ ਦੇ ਘਰ ਦਾ ਮਾਹੌਲ, ਪਹਾੜਾਂ 'ਤੇ ਹੁੰਦੀਆਂ ਸਾਹਿਤਕ ਗੋਸ਼ਟੀਆਂ, ਲੇਖਕਾਂ ਦੇ ਤੀਰਥ ਤੇ ਤਿਉਹਾਰ, ਮੈਂ ਲੇਖਕ ਕਿਵੇਂ ਬਣਿਆ, ਆਦਿ ਵਿਸ਼ੇਸ਼ ਅਹਿਮੀਅਤ ਵਾਲੇ ਹਨ।

ਂਜੋਗਿੰਦਰ ਸਿੰਘ ਨਿਰਾਲਾ
ਮੋ: 98760-61644.

ਫ ਫ ਫ

ਖੁਸ਼ਬੂ ਦਾ ਲਿਬਾਸ
ਗੁਲਵਾਸ਼
ਸੰਪਾਦਕ : ਵਿਸ਼ਾਲ
ਪ੍ਰਕਾਸ਼ਕ : ਹੈਰੀਟੇਜ ਹਾਊਸ ਵਿਰਾਸਤ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99884-23237.

ਇਸ ਪੁਸਤਕ ਦਾ ਸੰਪਾਦਨ ਸਾਹਿਤਕਾਰ ਵਿਸ਼ਾਲ ਵੱਲੋਂ ਬੱਬੂ ਮਾਨ ਪ੍ਰਕਾਸ਼ਕ ਦੀ ਪ੍ਰੇਰਨਾ ਨਾਲ ਕੀਤਾ ਗਿਆ ਹੈ। ਇਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਗੁਲਵਾਸ਼ (ਗੁਰਮੇਲ) ਪਿੰਡ ਬੱਤਾ ਨੇੜੇ ਮੋਰਿੰਡਾ ਦਾ ਜੰਮਪਲ, ਵਿੱਦਿਆ ਪ੍ਰਾਪਤੀ ਉਪਰੰਤ ਅਧਿਆਪਕ ਬਣਿਆ, ਪ੍ਰੇਮ-ਵਿਆਹ ਵਰਗਾ ਉਸ ਦਾ ਵਿਆਹ ਹੋਇਆ ਪਰ ਉਸ ਦੀ ਹੋਣੀ ਉਸ ਨੂੰ ਪਹਿਲਾਂ ਪਸੰਦ ਜਾਇਜ਼ ਰਿਸ਼ਤੇ ਨੂੰ ਨਜ਼ਰਅੰਦਾਜ਼ ਕਰਕੇ ਨਾਜਾਇਜ਼ ਰਿਸ਼ਤਿਆਂ ਵੱਲ ਧੂਹ ਕੇ ਲੈ ਗਈ। ਨਤੀਜਾ ਇਹ ਹੋਇਆ ਕਿ ਉਹ ਬਿਰਹਾ/ਗ਼ਮ ਦਾ ਰੋਗ ਸਹੇੜ ਬੈਠਾ ਅਤੇ ਅਤਿ ਦੀ ਸ਼ਰਾਬ ਪੀਣ ਲੱਗ ਪਿਆ। ਗੁਲਵਾਸ਼ ਨੇ ਸ਼ਿਵ ਕੁਮਾਰ ਨੂੰ ਯਾਰ ਬਣਾਇਆ। ਚੰਡੀਗੜ੍ਹ ਵਿਚ ਉਹ ਦੋਵੇਂ ਸ਼ਰਾਬ ਪੀ ਕੇ ਮਸਤੀ ਵਿਚ ਗਾਉਂਦੇ ਰਹਿੰਦੇ। ਫਲਸਰੂਪ ਗੁਲਵਾਸ਼ 1945 ਤੋਂ 1986 ਤੱਕ ਦਾ ਜੀਵਨ ਪੈਂਡਾ ਤੈਅ ਕਰਕੇ ਅੰਤਮ ਸਵਾਸ ਲੈ ਗਿਆ। ਇਸ ਪੁਸਤਕ ਦੀ ਤਿਆਰੀ ਵਿਚ ਮਿੰਦਰ, ਪ੍ਰਮਿੰਦਰਜੀਤ, ਸੁਖਵੰਤ ਚਿੱਤਰਕਾਰ, ਜਗਜੀਤ ਗਿੱਲ, ਤੇਜਿੰਦਰ ਬਾਵਾ, ਭਵਨੀਤ ਕੌਰ (ਭਾਵਨਾ), ਗੁਰਦਰਸ਼ਨ ਪ੍ਰਿੰਸ ਅਤੇ ਹੋਰਨਾਂ ਨਿਕਟ ਸਬੰਧੀਆਂ ਪਾਸੋਂ 'ਵਿਸ਼ਾਲ' ਨੇ ਸਹਿਯੋਗ ਹਾਸਲ ਕੀਤਾ।
ਇਸ ਪੁਸਤਕ ਵਿਚ ਗੁਲਵਾਸ਼ ਦੀਆਂ 3 ਕਹਾਣੀਆਂ, 14 ਕਵਿਤਾਵਾਂ, ਮਿੱਤਰਾਂ-ਦੋਸਤਾਂ ਦੀਆਂ ਅਤੇ ਸਮੇਂ ਦੇ ਪ੍ਰਸਿੱਧ ਸਾਹਿਤਕਾਰਾਂ ਦੀਆਂ 50 ਤੋਂ ਉੱਪਰ ਚਿੱਠੀਆਂ ਅਤੇ 30 ਦੇ ਲਗਪਗ ਚਿੱਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮਿੰਦਰ ਨੇ ਗੁਲਵਾਸ਼ ਨਾਲ ਉਸ ਦੇ ਸੁਭਾਅ ਤੋਂ ਜਾਣੂ ਹੋਣ ਕਾਰਨ ਬੜਾ ਭਾਵਪੂਰਤ ਕਲਪਤ ਸੰਵਾਦ ਰਚਾਇਆ ਲਗਦਾ ਹੈ। ਪ੍ਰਮਿੰਦਰਜੀਤ ਅਤੇ ਤ੍ਰੈਲੋਚਨ ਵਡਮੁੱਲੀ ਜਾਣਕਾਰੀ ਦਿੰਦੇ ਹਨ। ਗੁਲਵਾਸ਼ ਦੀ ਸਾਹਿਤਕ ਸ਼ਖ਼ਸੀਅਤ ਨੂੰ ਪ੍ਰਮਿੰਦਰਜੀਤ ਦੇ ਸ਼ਬਦਾਂ ਵਿਚ ਸੂਤਰਬੱਧ ਕੀਤਾ ਜਾ ਸਕਦਾ ਹੈ, 'ਗੁਰਮੇਲ ਤੋਂ ਉਹ ਗੁਲਵਾਸ਼ ਬਣਿਆ ਉਹ ਆਪਣੇ ਨਾਂਅ ਦੀ ਸਾਰਥਕਤਾ ਨੂੰ ਸਾਕਾਰ ਕਰਦਾ ਰਿਹਾ। ਜ਼ਿੰਦਗੀ ਦੀਆਂ ਬੇਤਰਤੀਬੀਆਂ ਨੇ ਉਹ ਦੀ ਹਯਾਤੀ ਵੀ ਭਰ ਜਵਾਨੀ 'ਚ ਹੀ ਖੋਹ ਲਈ ਤੇ ਉਹਨੂੰ ਕਵਿਤਾ ਦੇ ਗਹਿਰੇ ਪਾਣੀਆਂ 'ਚ ਉਤਰਨ ਦੀ ਮੁਹਲਤ ਵੀ ਨਹੀਂ ਦਿੱਤੀ। ਉਹਦੇ ਕੋਲ ਕਵਿਤਾ ਵਰਗਾ ਮਨ ਵੀ ਸੀ ਪਰ ਮਨ ਵਰਗੀ ਕਵਿਤਾ ਅਣਲਿਖੀ ਹੀ ਰਹਿ ਗਈ।'

ਂਡਾ: ਧਰਮ ਚੰਦ ਵਾਤਿਸ਼
ਮੋ: 98144-46007

ਉਲਟਾ ਦਰੱਖ਼ਤ
ਮੂਲ ਲੇਖਕ : ਕ੍ਰਿਸ਼ਨ ਚੰਦਰ
ਅਨੁਵਾਦਕ : ਗੁਰਮੁਖ ਸਿੰਘ ਸਹਿਗਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 90 ਰੁਪਏ, ਸਫ਼ੇ : 88
ਸੰਪਰਕ : 98154-78936.

ਇਹ ਪੁਸਤਕ ਉਰਦੂ ਦੇ ਲਿਖਾਰੀ ਕ੍ਰਿਸ਼ਨ ਚੰਦਰ ਦਾ ਲਿਖਿਆ ਹੋਇਆ ਇਕ ਨਾਵਲ ਪੇਸ਼ ਕਰਦੀ ਹੈ ਜੋ ਉਸ ਨੇ ਬੱਚਿਆਂ ਲਈ ਲਿਖਿਆ ਸੀ। ਇਹ ਇਕ ਗ਼ਰੀਬ ਮਾਸੂਮ ਅਤੇ ਸਮਝਦਾਰ ਬੱਚੇ ਯੂਸਫ਼ ਦੀ ਕਹਾਣੀ ਹੈ, ਜਿਸ ਦਾ ਪਿਤਾ ਮਰ ਚੁੱਕਾ ਸੀ ਅਤੇ ਉਸ ਲਈ ਸਿਰਫ ਇਕ ਝੌਂਪੜੀ, ਇਕ ਗਊ, ਇਕ ਖੂਹ ਅਤੇ ਇਕ ਬਗੀਚਾ ਛੱਡ ਗਿਆ ਸੀ। ਯੂਸਫ਼ ਦੀ ਮਾਂ ਨੇ ਉਸ ਨੂੰ ਉਸ ਦੇਸ਼ ਦੇ ਬਾਦਸ਼ਾਹ ਦੀ ਨੌਕਰੀ ਕਰਨ ਲਈ ਭੇਜਿਆ। ਬਾਦਸ਼ਾਹ ਬਹੁਤ ਹੀ ਜ਼ਾਲਮ ਸੀ। ਉਸ ਨੇ ਯੂਸਫ਼ ਨੂੰ ਫ਼ੌਜ ਵਿਚ ਭਰਤੀ ਹੋ ਕੇ ਦੂਜੇ ਦੇਸ਼ਾਂ ਵਿਚੋਂ ਲੁੱਟਮਾਰ ਕਰਕੇ ਲਿਆਉਣ ਲਈ ਪੇਸ਼ਕਸ਼ ਕੀਤੀ। ਇਸ ਬੱਚੇ ਨੇ ਲੋਕਾਂ ਨਾਲ ਧੱਕਾ ਕਰਨਾ ਪ੍ਰਵਾਨ ਨਾ ਕੀਤਾ ਤਾਂ ਬਾਦਸ਼ਾਹ ਨੇ ਗੁੱਸੇ ਵਿਚ ਆ ਕੇ ਉਸ ਦਾ ਬਗੀਚਾ ਜ਼ਬਤ ਕਰ ਲਿਆ। ਉਦਾਸ ਹੋਏ ਯੂਸਫ਼ ਨੇ ਆਪਣੇ ਖੂਹ ਵਿਚੋਂ ਪਾਣੀ ਕੱਢ ਕੇ ਆਪਣੀ ਗਾਂ ਨੂੰ ਪਿਆਉਣਾ ਸ਼ੁਰੂ ਕੀਤਾ ਤਾਂ ਬਾਦਸ਼ਾਹ ਦੀ ਹੈਂਕੜਬਾਜ਼ ਧੀ ਆ ਗਈ ਅਤੇ ਉਸ ਦਾ ਖੂਹ ਵੀ ਜ਼ਬਤ ਕਰ ਲਿਆ। ਭੁੱਖ ਅਤੇ ਲਾਚਾਰੀ ਦੇ ਮਾਰੇ ਹੋਏ ਯੂਸਫ਼ ਨੇ ਆਪਣੀ ਗਾਂ ਵੇਚਣੀ ਚਾਹੀ ਤਾਂ ਖੋਜੇ ਨਾਂਅ ਦੇ ਉਲਟੀ ਮੱਤ ਵਾਲੇ ਬੰਦੇ ਨੇ ਉਸ ਨੂੰ ਗਾਂ ਦੇ ਬਦਲੇ ਧੋਖੇ ਨਾਲ ਤਿੰਨ ਦਾਣੇ ਦੇ ਕੇ ਕਿਹਾ ਕਿ ਇਹ ਜਾਦੂ ਦੇ ਦਰੱਖ਼ਤ ਪੈਦਾ ਕਰਨਗੇ। ਯੂਸਫ਼ ਤਿੰਨ ਬੀਜ ਲੈ ਕੇ ਬੀਜਣ ਲੱਗਾ ਤਾਂ ਦੋ ਬੀਜ ਇਕ ਕਾਂ ਖੋਹ ਕੇ ਲੈ ਲਿਆ ਅਤੇ ਇਕ ਬੀਜ ਵਿਚੋਂ ਉਲਟਾ ਦਰੱਖ਼ਤ ਉੱਗਿਆ ਜੋ ਧਰਤੀ ਦੇ ਹੇਠਾਂ ਵੱਲ ਜਾਂਦਾ ਸੀ। ਯੂਸਫ਼ ਇਸ 'ਤੇ ਬੈਠ ਕੇ ਥੱਲੇ ਉੱਤਰ ਗਿਆ। ਉਥੇ ਬਹੁਤ ਅਜੀਬ ਘਟਨਾਵਾਂ ਵਾਪਰੀਆਂ। ਫ਼ਿਲਮਾਂ ਦੇ ਡਾਇਰੈਕਟਰ ਦਰੱਖ਼ਤ ਉੱਤੇ ਉੱਲੂ ਬਣ ਕੇ ਲਟਕੇ ਹੋਏ ਸਨ, ਕਿਉਂਕਿ ਉਨ੍ਹਾਂ ਨੇ ਬੱਚਿਆਂ ਦੇ ਮਨੋਰੰਜਨ ਲਈ ਕੋਈ ਫ਼ਿਲਮ ਨਹੀਂ ਸੀ ਬਣਾਈ। ਨਾਵਲ ਵਿਚ ਸੱਪਾਂ ਦਾ ਸ਼ਹਿਰ, ਸੋਨੇ ਚਾਂਦੀ ਦੇ ਦਿਉ, ਰਹਿਮ ਦਿਲ ਬੁੱਢਾ ਪਾਦਰੀ, ਮਸ਼ੀਨਾਂ ਦੇ ਨਗਰ, ਗਾਇਬ ਹੋਣ ਵਾਲੇ ਲੋਕ, ਜਾਦੂ ਦੀ ਛੜੀ ਉੱਤੇ ਉੱਡਣ ਵਾਲੇ ਲੋਕ, ਅਲਾਦੀਨ ਦੇ ਦੀਵੇ ਵਾਲਾ ਜਿੰਨ ਆਦਿ ਕਾਲਪਨਿਕ ਪਾਤਰ ਹਨ। ਇਸ ਵਿਚ ਜ਼ੁਲਮ ਕਰਨ ਵਾਲਿਆਂ ਵਿਰੁੱਧ ਆਵਾਜ਼ ਉਠਾਈ ਹੋਈ ਹੈ। ਅਨੁਵਾਦ ਬਹੁਤ ਢੁਕਵਾਂ ਕੀਤਾ ਗਿਆ ਹੈ। ਮਹਾਨ ਉਰਦੂ ਲਿਖਾਰੀ ਦੀ ਰਚਨਾ ਗੁਰਮੁਖੀ ਵਿਚ ਪੇਸ਼ ਕਰਕੇ ਅਨੁਵਾਦਕ ਨੇ ਵਧੀਆ ਕਾਰਜ ਕੀਤਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਬਲਦੇਵ ਸਿੰਘ ਦਾ ਗਲਪ ਸਾਹਿਤ
ਅਧਿਐਨ ਤੇ ਮੁਲਾਂਕਣ
ਲੇਖਿਕਾ : ਡਾ: ਮਨਦੀਪ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 94644-46998.

ਬਲਦੇਵ ਸਿੰਘ ਨਾਵਲਕਾਰ ਪੰਜਾਬੀ ਸਾਹਿਤ ਦੇ ਇਸ ਵੇਲੇ ਦੇ ਮੋਹਰੀ ਸਾਹਿਤਕਾਰਾਂ ਵਿਚ ਸ਼ੁਮਾਰ ਰੱਖਦਾ ਹੈ। ਉਸ ਦੇ ਨਾਵਲਾਂ ਉੱਤੇ ਭਿੰਨ-ਭਿੰਨ ਦ੍ਰਿਸ਼ਟੀਕੋਣਾਂ ਤੋਂ ਕਾਫੀ ਗਿਣਤੀ ਵਿਚ ਖੋਜ ਕਾਰਜ ਹੋਇਆ ਤੇ ਹੋ ਰਿਹਾ ਹੈ। ਇਸੇ ਕੜੀ ਤਹਿਤ ਹਥਲੀ ਪੁਸਤਕ ਬਲਦੇਵ ਸਿੰਘ ਦੀ ਗਲਪ ਸਾਹਿਤ ਦਾ ਮੁਲਾਂਕਣ ਕਰਨ ਵੱਲ ਇਕ ਕਦਮ ਹੈ, ਯਤਨ ਹੈ।
ਬਲਦੇਵ ਸਿੰਘ ਦੇ ਗਲਪ ਸਾਹਿਤ ਦੇ ਮੁਲਾਂਕਣ ਸਬੰਧੀ ਕਾਰਜ ਨੂੰ ਡਾ: ਮਨਦੀਪ ਕੌਰ ਨੇ ਅੱਠ ਅਧਿਆਇ ਵਿਚ ਵੰਡਿਆ ਹੈਂਬਲਦੇਵ ਸਿੰਘ ਦੀਆਂ ਕਹਾਣੀਆਂ ਦਾ ਕਲਾਤਮਕ ਪ੍ਰਤੱਖਣ ਅਤੇ ਸੰਚਾਰ, ਬਲਦੇਵ ਸਿੰਘ ਦੇ ਨਾਵਲਾਂ ਦਾ ਕਲਾਤਮਕ ਪ੍ਰਤੱਖਣ ਅਤੇ ਸੰਚਾਰ, ਬਲਦੇਵ ਸਿੰਘ ਦੇ ਗਲਪ ਸਾਹਿਤ ਵਿਚ ਸਮਾਜਿਕ ਯਥਾਰਥ, ਬਲਦੇਵ ਸਿੰਘ ਦੇ ਗਲਪ ਸਾਹਿਤ ਵਿਚ ਰਾਜਨੀਤਕ ਯਥਾਰਥ, ਬਲਦੇਵ ਸਿੰਘ ਦੇ ਗਲਪ ਸਾਹਿਤ ਵਿਚ ਆਰਥਿਕ ਸੱਭਿਆਚਾਰਕ ਰੂਪਾਂਤਰਣ, ਬਲਦੇਵ ਸਿੰਘ ਦੇ ਗਲਪ ਸਾਹਿਤ ਵਿਚ ਦਲਿਤ ਮਾਨਸਿਕਤਾ ਅਤੇ ਔਰਤ ਦਮਨ ਦੇ ਵਿਭਿੰਨ ਪਾਸਾਰਾਂ ਦਾ ਵਿਸ਼ਲੇਸ਼ਣ, ਬਲਦੇਵ ਸਿੰਘ ਦੀ ਵਿਚਾਰਧਾਰਾ ਦਾ ਪ੍ਰਾਪਤ ਸਰੂਪ।
ਪੁਸਤਕ ਪੜ੍ਹਨ, ਘੋਖਣ ਤੋਂ ਬਾਅਦ ਸਿੱਟਾ ਇਹ ਨਿਕਲਦਾ ਹੈ ਕਿ ਡਾ: ਮਨਦੀਪ ਕੌਰ ਕੋਲ ਆਲੋਚਨਾਤਮਕ ਕਾਰਜ ਕਰਨ ਲਈ ਢੁਕਵੀਂ ਸ਼ਬਦਾਵਲੀ ਹੈ। ਉਸ ਨੂੰ ਸਿਧਾਂਤਕ ਸੂਝ ਹੈ। ਡਾ: ਮਨਦੀਪ ਕੌਰ ਜੇ ਇਸੇ ਤਰ੍ਹਾਂ ਆਲੋਚਨਾਤਮਕ ਕਾਰਜ ਖੇਤਰ ਦੀਆਂ ਪੌੜੀਆਂ ਚੜ੍ਹਦੀ ਗਈ, ਛੇਤੀ ਹੀ ਉਹ ਇਸ ਖੇਤਰ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾ ਲਵੇਗੀ। ਵਧੀਆ ਕਾਰਜ ਲਈ ਡਾ: ਮਨਦੀਪ ਕੌਰ ਨੂੰ ਸ਼ਾਬਾਸ਼, ਵਧਾਈਆਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.

 

27-2-2016

 ਤੇਰੀ ਕਿਰਪਾ
ਲੇਖਿਕਾ : ਕਸ਼ਮਾ ਦੇਵੀ ਸ਼ਰਮਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 81465-86208.

ਕਾਵਿ ਸੰਗ੍ਰਹਿ 'ਤੇਰੀ ਕਿਰਪਾ' ਕਸ਼ਮਾ ਦੇਵੀ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ 15 ਕਵਿਤਾਵਾਂ, 16 ਗੀਤ ਅਤੇ ਪੰਜ ਗ਼ਜ਼ਲਾਂ ਸ਼ਾਮਿਲ ਹਨ। ਉਹ ਆਪਣੇ ਨਿੱਜੀ ਅਨੁਭਵ ਰਾਹੀਂ ਆਪਣੀ ਸਿਹਤਯਾਬੀ ਪਿੱਛੋਂ ਪਰਮਾਤਮਾ ਦੇ ਸ਼ੁਕਰਾਨੇ ਵਿਚ ਕੁਝ ਗੀਤ ਤੇ ਗ਼ਜ਼ਲਾਂ ਦੀ ਰਚਨਾ ਕਰਦੀ ਹੈ, ਜਿਨ੍ਹਾਂ ਵਿਚ ਸ਼ੁਕਰਾਨਾ, ਅਰਜੋਈ ਅਤੇ 'ਸੱਚਾ ਆਸਰਾ' ਕਵਿਤਾਵਾਂ ਸ਼ਾਮਿਲ ਹਨ। ਉਸ ਦੀ ਕਾਵਿ ਕਲਮ ਤੋਂ ਜ਼ਿੰਦਗੀ ਪ੍ਰਤੀ ਉਸ ਦੀ ਉਸਾਰੂ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਉਹ ਸਮਾਜਿਕ ਸਮੱਸਿਆਵਾਂ ਤੋਂ ਵੀ ਚੇਤੰਨ ਨਜ਼ਰ ਆਉਂਦੀ ਹੈ। 'ਜਾਗੋ ਆਈ ਆ' ਕਵਿਤਾ ਵਿੱਦਿਆ ਦਾ ਚਾਨਣ ਪਾ ਚੁੱਕੇ ਲੋਕਾਂ ਦੀ ਚੇਤਨਾ ਦਾ ਪ੍ਰਗਟਾਅ ਕਰਦੀ ਹੈ, ਜਿਹੜੇ ਹੁਣ ਸਮਾਜਿਕ ਸਮੱਸਿਆਵਾਂ ਤੋਂ ਜਾਣੂ ਹਨ।
ਉਹ ਨਸ਼ਿਆਂ ਦੀ ਮਾਰ ਤੋਂ ਬਚਣ ਲਈ ਪ੍ਰੇਰਿਤ ਕਰਦੀ :
ਨਸ਼ਿਆਂ ਦੀ ਸਿਉਂਕ ਹੈ ਬਣਾਉਂਦੀ ਮਿੱਟੀ ਤਨ ਨੂੰ
ਇਹਦਾ ਘੁਣ ਖੋਖਲਾ ਕਰ ਦੇਵੇ ਮਨ ਨੂੰ
'ਕੱਠੇ ਹੋ ਕੇ ਮਾਰੀਏ ਆਓ ਨਸ਼ੇ ਦੇ ਸ਼ੇਰ ਨੂੰ
'ਧੀਆਂ ਦੀਆਂ ਆਓ ਆਪਾਂ ਲੋਹੜੀਆਂ ਮਨਾਈਏ', 'ਅੰਮੀਏ ਨੀ ਨਾ ਮਾਰੀਂ ਕੁੱਖ ਵਿਚ, ਨਾ ਹੀ ਲਈਏ', 'ਦਈਏ ਦਾਜ ਅੰਮੀਏ ਨਾ ਮਾਰੀ ਕੁੱਖ' ਵਿਚ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਉਹ ਸਮਕਾਲੀ ਸਾਹਿਤਕਾਰਾਂ ਅਤੇ ਕਵੀਆਂ ਨੂੰ ਸਮੇਂ ਦੀ ਨਬਜ਼ ਪਛਾਨਣ ਲਈ ਪ੍ਰੇਰਦੀ ਹੈ :
ਲਿਖੋ ਨਬਜ਼ ਪਛਾਣ ਸਮੇਂ ਦੀ
ਉੱਠੋ ਨਾ ਹਿੰਮਤ ਹਾਰੋ
ਆਪਣਾ ਫਰਜ਼ ਪਛਾਣੋ 'ਕਸ਼ਮਾ'
ਐ ਕਵੀਓ ਐ ਸਾਹਿਤਕਾਰੋ।
ਪੰਜਾਬ ਬਾਰੇ, ਔਰਤ ਦੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਬਾਰੇ ਪਿਆਰ ਦੇ ਰੋਸੇ ਗਿਲਿਆਂ ਅਤੇ ਬਿਰਹਾ ਬਾਰੇ ਉਸ ਦੀ ਕਾਵਿ ਰਚਨਾ ਬਹੁਤ ਸਲਾਹੁਣਯੋਗ ਹੈ। ਆਪ ਨੇ ਕੁਝ ਰੂਬਾਈਆਂ ਦੀ ਵੀ ਰਚਨਾ ਕੀਤੀ ਹੈ, ਜੋ ਜੀਵਨ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੁੜੀਆਂ ਹਨ।

ਂਪ੍ਰੋ: ਕੁਲਜੀਤ ਕੌਰ ਅਠਵਾਲ

ਫ ਫ ਫ

ਜਿਉਣਾ ਸੀਰੀ
ਕਹਾਣੀਕਾਰ : ਡਾ: ਹਰਨੇਕ ਸਿੰਘ ਕਲੇਰ
ਪ੍ਰਕਾਸ਼ਕ : ਟਵੰਟੀ ਫਸਟ ਸੈਂਚੁਰੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 104
ਸੰਪਰਕ : 095690-71663.

ਇਸ ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਕੁੱਲ 10 ਕਹਾਣੀਆਂ ਕਹਾਣੀਕਾਰ ਡਾ: ਹਰਨੇਕ ਸਿੰਘ ਕਲੇਰ ਦੀ ਕਹਾਣੀ-ਕਲਾ ਦੀ ਪੁਖਤਗੀ ਨੂੰ ਸਿੱਧ ਕਰਨ ਲਈ ਕਾਫੀ ਹਨ। ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਜਿਉਣਾ ਸੀਰੀ' ਸਮੇਤ ਕਹਾਣੀ 'ਕੰਡਿਆਲੀ ਥੋਹਰ', 'ਵੱਟਾਂ', 'ਇਨਸਾਫ਼', 'ਸ਼ਤਰੰਜੀ ਚਾਲ' ਭਾਰਤੀ ਸਮਾਜ ਵਿਚ ਰਚੀ ਜਾਤ-ਪਾਤ ਦੀ ਨਫ਼ਰਤ ਨੂੰ ਉਭਾਰਦੀਆਂ ਹਨ। ਇਹ ਕਹਾਣੀਆਂ ਸਿੱਧ ਕਰਦੀਆਂ ਹਨ ਕਿ ਉੱਚੀ ਜਾਤ ਦਾ ਹੰਕਾਰ ਜੋ ਸਾਡੀ ਮਾਨਸਿਕਤਾ ਵਿਚ ਬੁਰੀ ਤਰ੍ਹਾਂ ਵਸ ਚੁੱਕਾ ਹੈ, ਤੋਂ ਅਸੀਂ ਪੜ੍ਹ-ਲਿਖ ਕੇ ਵੀ ਪਿੱਛਾ ਨਹੀਂ ਛੁਡਾ ਸਕੇ। ਕਾਲਜਾਂ-ਯੂਨੀਵਰਸਿਟੀਆਂ ਵਿਚ ਨਵੀਂ ਪੀੜ੍ਹੀ ਨੂੰ ਨਵੇਂ ਗਿਆਨ ਦੀ ਤਰਕ ਭਰਪੂਰ ਰੌਸ਼ਨੀ ਵੰਡਣ ਵਾਲੇ ਵਿਦਵਾਨ ਵੀ ਇਸ ਜਾਤ-ਪਾਤ ਦੀ 'ਭੁੱਲ' ਤੋਂ ਮੁਕਤ ਨਹੀਂ ਹੋ ਸਕੇ। ਇਹ ਸੱਚ ਕੇਂਦਰ ਬਿੰਦੂ ਬਣ ਕੇ ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਵਿਚ ਵਿਦਮਾਨ ਹੈ।
ਵਰਨਣਾਤਮਿਕ ਸ਼ੈਲੀ ਵਿਚ ਲਿਖੀਆਂ ਉਸ ਦੀਆਂ ਕਈ ਕਹਾਣੀਆਂ ਤਕਨੀਕੀ ਪੱਖੋਂ ਢੁਕਵਾਂ ਪ੍ਰਭਾਵ ਸਿਰਜਦੀਆਂ ਹਨ। ਪਾਤਰਾਂ ਦੀ ਬੋਲੀ ਕੇਂਦਰੀ ਪੰਜਾਬੀ ਦੇ ਜ਼ਿਆਦਾ ਨੇੜੇ ਹੈ। ਆਧੁਨਿਕਤਾ ਦੀ ਪੌੜੀ ਚੜ੍ਹ ਰਿਹਾ ਪੰਜਾਬ ਅਨੇਕਾਂ ਸਮੱਸਿਆਵਾਂ ਨਾਲ ਦੋ-ਚਾਰ ਹੋ ਰਿਹਾ ਹੈ। ਇਹ ਸਮੱਸਿਆਵਾਂ ਵੀ ਵੱਖ-ਵੱਖ ਕਹਾਣੀਆਂ ਦੇ ਵਿਸ਼ਿਆਂ 'ਚੋਂ ਸਪੱਸ਼ਟ ਹੋ ਜਾਂਦੀਆਂ ਹਨ। ਮਨੁੱਖ ਨਾਲ ਮਨੁੱਖ ਦੀ ਨਫ਼ਰਤ ਕਿਵੇਂ ਇਨ੍ਹਾਂ ਸਮੱਸਿਆਵਾਂ 'ਚੋਂ ਕੇਂਦਰੀ ਸਮੱਸਿਆ ਬਣ ਕੇ ਉੱਭਰਦੀ ਹੈ, ਇਹ ਵੀ ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਠ 'ਚੋਂ ਮਹਿਸੂਸ ਕੀਤਾ ਜਾ ਸਕਦਾ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

ਫ ਫ ਫ

ਰਾਜਕੁਮਾਰੀ ਰਤਨਾ
ਲੇਖਕ : ਡਾ: ਤਾਰਾ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 85
ਸੰਪਰਕ : 97813-84776.

ਡਾ: ਤਾਰਾ ਸਿੰਘ ਸੰਧੂ, ਜਿਸ ਨੇ ਨਾਟਕ ਵਿਧਾ ਉੱਤੇ ਕਲਮ ਅਜ਼ਮਾਈ ਕਰਕੇ ਇਸ ਖੇਤਰ ਵਿਚ ਆਪਣੇ-ਆਪ ਨੂੰ ਸਥਾਪਿਤ ਕੀਤਾ ਹੈ, ਦਾ ਹਥਲਾ ਨਾਟਕ 'ਰਾਜ ਕੁਮਾਰੀ ਰਤਨਾ' ਦੇ ਜੀਵਨ ਨਾਲ ਸਬੰਧਤ ਹੈ, ਜੋ ਚੰਬੇ ਦੇ ਰਾਜੇ ਉਦੈ ਸਿੰਘ ਦੀ ਪੁੱਤਰੀ ਸੀ ਅਤੇ ਬੰਦਾ ਸਿੰਘ ਬਹਾਦਰ ਦੀ ਪਤਨੀ ਬਣੀ। ਜਿਥੇ ਬੰਦਾ ਸਿੰਘ ਬਹਾਦਰ ਪੰਜਾਬ ਤੇ ਪੰਜਾਬੀਆਂ ਦੇ ਇਤਿਹਾਸ ਦਾ ਉਹ ਨਾਇਕ ਹੈ, ਜਿਸ ਦੀ ਗਿਣਤੀ ਸੰਸਾਰ ਦੇ ਇਤਿਹਾਸ ਦੇ ਮਹਾਨ ਨਾਇਕਾਂ ਤੇ ਸੈਨਾਪਤੀਆਂ ਵਿਚ ਕੀਤੀ ਜਾਂਦੀ ਹੈ, ਉਥੇ ਇਤਿਹਾਸ ਵਿਚ ਰਾਜ ਕੁਮਾਰੀ ਰਤਨਾ ਦੀ ਕੁਰਬਾਨੀ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ, ਜੋ ਸ਼ਹੀਦ ਪੁੱਤਰ ਅਜੈ ਸਿੰਘ ਦੀ ਮਾਤਾ ਸੀ।
ਲੇਖਕ ਨੇ ਇਸ ਨਾਟਕ ਵਿਚ ਇਕ ਹੋਰ ਪਹਿਲੂ ਉਭਾਰਿਆ ਹੈ ਕਿ ਖਾਲਸਾ ਰਾਜ ਨੂੰ ਢਾਅ ਲਾਉਣ ਵਾਲੇ ਅੰਦਰ ਦੇ ਭੇਤੀ ਹੀ ਸਨ ਜਿਵੇਂ ਬਾਬਾ ਬਿਨੋਦ ਸਿੰਘ ਤੇ ਕਾਹਨ ਸਿੰਘ ਮਾਤਾ ਸੁੰਦਰੀ ਤੇ ਫ਼ੌਜ ਦੇ ਮਨਾਂ ਵਿਚ ਬੰਦੇ ਬਾਰੇ ਗ਼ਲਤਫਹਿਮੀਆਂ ਪੈਦਾ ਕਰਦੇ ਹਨ, ਦੁਫਾੜ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਬਹਾਦਰਸ਼ਾਹ ਨੂੰ ਭੜਕਾਉਂਦੇ ਹਨ ਤੇ ਮਾਤਾ ਸੁੰਦਰੀ ਵੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੀ ਹੈ। ਦੂਸਰੇ ਪਾਸੇ ਬੰਦਾ ਲੋਹਗੜ੍ਹ ਦੇ ਕਿਲ੍ਹੇ ਵਿਚ ਹੁੰਦਾ ਹੈ ਜਦੋਂ ਪੁੱਤਰ ਦੇ ਜਨਮ ਦੀ ਖ਼ਬਰ ਮਿਲਦੀ ਹੈ, ਉਸ ਦਾ ਨਾਂਅ ਅਜੈ ਸਿੰਘ ਰੱਖਿਆ ਜਾਂਦਾ ਹੈ। ਸਢੌਰੇ ਦੇ ਕਿਲ੍ਹੇ ਤੱਕ ਪਰਿਵਾਰ ਇਕੱਠਾ ਸੀ ਪਰ ਬੰਦੇ ਦੀ ਫ਼ੌਜ ਗੁਰਦਾਸ ਨੰਗਲ ਤੱਕ ਪਿੱਛੇ ਹਟ ਜਾਂਦੀ ਹੈ ਅਤੇ ਸੱਤ ਮਹੀਨੇ ਮੁਗ਼ਲ ਫ਼ੌਜ ਘੇਰਾ ਪਾਈ ਰੱਖਦੀ ਹੈ ਅਤੇ ਅਖੀਰ ਬੰਦੇ ਨੂੰ ਉਸ ਦੇ ਸਾਥੀਆਂ ਸਮੇਤ ਕੈਦ ਕਰ ਲਿਆ ਜਾਂਦਾ ਹੈ। ਉਸ ਦੇ ਪੁੱਤਰ ਤੇ 700 ਸਾਥੀਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਜਦੋਂ ਰਤਨਾ ਨੂੰ ਪੁੱਤਰ ਤੇ ਪਤੀ ਦੀ ਮੌਤ ਦੀ ਖ਼ਬਰ ਮਿਲਦੀ ਹੈ ਤਾਂ ਉਹ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੰਦੀ ਹੈ। ਉਸ ਵੇਲੇ ਵੱਡੀ ਬੇਗਮ ਦੇ ਮੂੰਹੋਂ ਨਿਕਲਦਾ ਹੈਂ'ਹੇ ਖ਼ੁਦਾ! ਫ਼ਰਖਸੀਅਰ ਨੂੰ ਆਪਣੇ ਕਹਿਰ ਤੋਂ ਬਚਾਈਂ। ਹੁਣ ਇਸ ਸਲਤਨਤ ਨੂੰ ਕੋਈ ਨਹੀਂ ਬਚਾਅ ਸਕਦਾ।' ਇਹ ਸ਼ਬਦ ਮੁਗ਼ਲਾਂ ਦੇ ਜ਼ੁਲਮ ਤੇ ਰਾਜ ਦੇ ਖ਼ਾਤਮੇ ਵੱਲ ਇਸ਼ਾਰਾ ਕਰਦੇ ਹਨ। ਨਾਟਕ ਵਿਚ ਸ਼ੁਰੂ ਤੋਂ ਅਖੀਰ ਤੱਕ ਕਹਾਣੀ, ਪਾਤਰ ਉਸਾਰੀ ਤੇ ਵਾਰਤਾਲਾਪ ਨੂੰ ਬਾਖੂਬੀ ਨਿਭਾਇਆ ਗਿਆ ਹੈ। ਭਾਸ਼ਾ ਇਲਾਕੇ ਅਨੁਸਾਰ ਵਰਤੀ ਗਈ ਹੈ, ਕਹਾਣੀ ਰਸ ਪਾਠਕ ਨੂੰ ਅਗਾਂਹ ਤੋਰੀ ਰੱਖਦਾ ਹੈ। ਮੁਗ਼ਲਾਂ ਦੇ ਜ਼ੁਲਮ, ਖਾਲਸੇ ਦੇ ਹੌਸਲੇ ਤੇ ਰਤਨਾ ਦੇ ਕਿਰਦਾਰ ਨੂੰ ਉਭਾਰ ਕੇ ਪੇਸ਼ ਕੀਤਾ ਗਿਆ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.

ਫ ਫ ਫ

ਪ੍ਰੀਤ ਮਣੀ
ਸ਼ਾਇਰ : ਸ਼ਿਵ ਰਾਜ ਲੁਧਿਆਣਵੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨ, ਬਾਲੀਆਂ (ਸੰਗਰੂਰ)
ਮੁੱਲ : 150 ਰੁਪਏ, ਸਫ਼ੇ : 118
ਸੰਪਰਕ : 99140-14001.

ਪੰਜਾਬੀ ਕਵਿਤਾ ਵਿਚ ਗੀਤ ਸਭ ਤੋਂ ਵੱਧ ਅਣਗੌਲੀ ਸਿਨਫ਼ ਹੈ। ਕੁਝ ਇਕ ਨਾਮਵਰ ਸ਼ਾਇਰ ਹੀ ਗੀਤਾਂ ਦੀ ਸਿਰਜਣਾ ਲਈ ਵਕਤ ਕੱਢਦੇ ਹਨ, ਇਸ ਲਈ ਸਾਹਿਤਕ ਤੇ ਮਿਆਰੀ ਪੰਜਾਬੀ ਗੀਤਾਂ ਦੀ ਥੋੜ੍ਹ ਬਣੀ ਰਹਿੰਦੀ ਹੈ ਜਿਸ ਦਾ ਫ਼ਾਇਦਾ ਲੱਚਰ ਗੀਤ ਲਿਖਣ ਵਾਲੇ ਉਠਾਉਂਦੇ ਹਨ। ਕਈ ਪੁਰਾਣੀਆਂ ਤੇ ਨਵੀਆਂ ਕਲਮਾਂ ਇਸ ਖ਼ੇਤਰ ਵੱਲ ਧਿਆਨ ਦੇ ਰਹੀਆਂ ਹਨ, ਜਿਨ੍ਹਾਂ 'ਚੋਂ ਸ਼ਿਵ ਰਾਜ ਲੁਧਿਆਣਵੀ ਵੀ ਇਕ ਹੈ।
'ਪ੍ਰੀਤ ਮਣੀ' ਪੁਸਤਕ ਵਿਚ ਜ਼ਿਆਦਾਤਰ ਗੀਤ ਛਾਪੇ ਗਏ ਹਨ। ਇਨ੍ਹਾਂ ਵਿਚ ਮੁਹੱਬਤ ਨਾਲ ਸਬੰਧਤ ਗੀਤਾਂ ਦੀ ਬਹੁਤਾਤ ਹੈ। ਇਨ੍ਹਾਂ ਵਿਚ ਸ਼ਿਵ ਰਾਜ ਲੁਧਿਆਣਵੀ ਨੇ ਸੱਜਰੀ ਤ੍ਰੇਲ ਵਰਗੇ ਇਹਸਾਸ ਅਤੇ ਤਾਜ਼ੇ ਖਿੜੇ ਫੁੱਲਾਂ ਵਰਗੇ ਸ਼ਬਦ ਵਰਤੇ ਹਨ। ਸ਼ਾਇਰ ਨੇ ਆਪਣੀਆਂ ਰਚਨਾਵਾਂ ਦੇ ਹਰ ਮੁਖੜੇ ਨੂੰ ਕੱਜਣ ਦਿੱਤਾ ਹੈ ਤੇ ਇਨ੍ਹਾਂ ਕੱਜਣਾਂ 'ਚੋਂ ਵੀ ਇਨ੍ਹਾਂ ਦਾ ਰੂਪ ਤੇ ਨੁਹਾਰ ਮਾਣੇ ਜਾਣ ਵਾਲੇ ਹਨ। ਕਿਤੇ-ਕਿਤੇ ਉਸ ਦੇ ਗੀਤਾਂ 'ਚੋਂ ਸ਼ਿਵ ਕੁਮਾਰ ਦਾ ਝਾਉਲਾ ਵੀ ਪੈਂਦਾ ਹੈ ਪਰ ਇਨ੍ਹਾਂ ਦੀ ਤਾਸੀਰ ਅਲੱਗ ਹੈ। ਸ਼ਾਇਰ ਮੌਤ ਨਾਲ ਮੁਹੱਬਤ ਪਾ ਕੇ ਰੱਖਦਾ ਹੈ ਤੇ ਉਹ ਆਖਦਾ ਹੈ ਕਿ ਮੈਥੋਂ ਬਾਅਦ ਲੋਕ ਜਦੋਂ ਮੇਰੇ ਗੀਤ ਗਾਉਣਗੇ ਤਾਂ ਉਹ ਇਸ਼ਕ ਨੂੰ ਮੁੜ ਜ਼ਿੰਦਾ ਕਰਨਗੇ। ਬਿਰਹਾ ਸ਼ਾਇਰ ਦੀ ਕਲਮ ਦਾ ਮੁੱਖ ਵਿਸ਼ਾ ਹੈ ਤੇ ਉਹ
ਇਸ ਨੂੰ ਰੱਜ-ਰੱਜ ਕੇ ਮਾਣਨ ਵਿਚ ਯਕੀਨ ਰੱਖਦਾ ਹੈ। 'ਮੈਨੂੰ ਕਰਕੇ ਖ਼ਰਾਬ ਤੁਰ ਚੱਲਿਓਂ, ਪੱਲੇ ਪਾਕੇ ਸ਼ਰਾਬ ਤੁਰ ਚੱਲਿਓਂ' ਵਰਗੀਆਂ ਸਤਰਾਂ ਪਾਠਕ ਦੇ ਚੇਤੇ ਵਿਚ ਮੱਲੋ-ਮੱਲੀ ਜਾ ਵਸਦੀਆਂ ਹਨ। ਸ਼ਿਵ ਰਾਜ ਲੁਧਿਆਣਵੀ ਨੇ ਹੰਝੂ, ਬਿਰਹਾ, ਵੇਦਨ, ਰੂਹ, ਮਹਿਰਮ, ਪੀੜ ਤੇ ਜੁਦਾਈ ਵਰਗੇ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ ਤੇ ਇਸ ਤਰ੍ਹਾਂ ਉਸ ਦੀ ਸ਼ਾਇਰੀ ਸ਼ਿਵ ਕੁਮਾਰ ਦੀ ਪਰੰਪਰਾ ਨੂੰ ਹੀ ਅੱਗੇ ਵਧਾਉਂਦੀ ਹੋਈ ਪ੍ਰਤੀਤ ਹੁੰਦੀ ਹੈ। ਇਹ ਗੀਤ ਗਾਏ ਜਾਣ ਵਾਲੇ ਹਨ ਤੇ ਨੌਜਵਾਨ ਪਾਠਕ ਇਨ੍ਹਾਂ ਨੂੰ ਵਧੇਰੇ ਪਸੰਦ ਕਰਨਗੇ। ਮੁਹੱਬਤ ਲਈ ਤੇ ਮੁਹੱਬਤ ਬਾਰੇ ਲਿਖਣਾ ਵੀ ਸ਼ਾਇਰੀ ਦੀ ਫ਼ਿਤਰਤ ਹੈ ਪਰ ਮਜਬੂਰੀਆਂ ਦੀ ਜੰਗ ਲੜ ਰਹੇ ਆਮ ਬੰਦੇ ਦੇ ਦੁੱਖਾਂ ਨੂੰ ਸ਼ਬਦ ਦੇਣਾ ਵੀ ਵਕਤ ਦੀ ਜ਼ਰੂਰਤ ਹੈ। ਮੇਰਾ ਵਿਸ਼ਵਾਸ ਹੈ ਕਿ ਸ਼ਾਇਰ ਇਸ ਤਰਫ਼ ਵੀ ਸੰਜੀਦਾ ਯਤਨ ਕਰੇਗਾ। ਸ਼ਾਇਰ ਦੀ ਅਗਲੀ ਪੁਸਤਕ ਇਸ ਤੋਂ ਵੀ ਬਿਹਤਰ ਹੋਵੇਗੀ ਅਜਿਹਾ ਮੇਰਾ ਯਕੀਨ ਹੈ।

ਂਗੁਰਦਿਆਲ ਰੌਸ਼ਨ
ਮੋ: 9988444002

ਫ ਫ ਫ

ਗ੍ਰਹਿਸਤ ਦਾ ਗੱਡਾ
ਲੇਖਕ : ਸਤਵਿੰਦਰ ਬੇਗੋਵਾਲੀਆ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98154-65620.

'ਗ੍ਰਹਿਸਤ ਦਾ ਗੱਡਾ' ਨਾਟ ਸੰਗ੍ਰਹਿ ਵਿਚ ਸਤਵਿੰਦਰ ਬੇਗੋਵਾਲੀਆ ਨੇ ਚਾਰ ਨਾਟਕ ਸ਼ਾਮਿਲ ਕੀਤੇ ਹਨ। ਪਹਿਲਾ ਨਾਟਕ 'ਚੜ੍ਹ ਜਾ ਜਹਾਜ਼ 'ਤੇ' ਵਿਦੇਸ਼ਾਂ ਵੱਲ ਮੂੰਹ ਕਰੀ ਖੜ੍ਹੇ ਨੌਜਵਾਨ ਵਰਗ ਅਤੇ ਬਾਕੀ ਸਮਾਜ ਦੀ ਦਸ਼ਾ ਹੈ। ਇਸ ਨਾਟਕ ਦਾ ਨਾਇਕ ਸਾਹਬੀ ਅਗਾਂਹਵਧੂ ਅਤੇ ਸਾਹਿਤਕ ਵਿਚਾਰਾਂ ਵਾਲਾ ਹੈ, ਜੋ ਆਪਣੇ ਸੱਭਿਆਚਾਰਕ ਜਨ-ਜੀਵਨ ਦੀ ਕਦਰ ਕਰਦਾ ਹੈ। ਮਾਂ-ਬਾਪ ਦੇ ਕਹਿਣ 'ਤੇ ਵੀ ਉਹ ਹੋਰ ਮੁਲਕ ਨਹੀਂ ਜਾਣਾ ਚਾਹੁੰਦਾ ਪਰ ਹਾਲਾਤ ਤੋਂ ਮਜਬੂਰ ਵਿਦੇਸ਼ ਜਾਣ ਲਈ ਮਜਬੂਰ ਹੁੰਦਾ ਹੈ। ਨਾਟਕਕਾਰ ਨੇ ਇਸ ਨਾਟਕ ਰਾਹੀਂ ਸਮਾਜ ਦੀਆਂ ਹੋਰ ਸਬੰਧਤ ਅਲਾਮਤਾਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਵੀ ਨਾਲ ਦੀ ਨਾਲ ਪੇਸ਼ ਕੀਤਾ ਹੈ। ਦੂਸਰਾ ਨਾਟਕ 'ਮੈਂ ਮਹਾਂਪੁਰਸ਼ ਨਹੀਂ ਹਾਂ' ਰਾਹੀਂ ਲੇਖਕ ਨੇ ਸਿੱਧ ਕੀਤਾ ਹੈ ਕਿ ਬੰਦਾ ਗਿਆਨ ਨਾਲ ਸੰਤ ਬਣਦਾ, ਪੇਖ ਨਾਲ ਨਹੀਂ, ਜਿਸ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਚਰਨ ਸਿੰਘ ਅਤੇ ਭਾਨ ਸਿੰਘ ਵਰਗੇ ਕਿਰਦਾਰ ਰਾਹੀਂ ਨਾਟਕ ਦੀ ਕਹਾਣੀ ਨੂੰ ਤੋਰਿਆ ਗਿਆ ਹੈ। 'ਗ੍ਰਹਿਸਤ ਦਾ ਗੱਡਾ' ਨਾਟਕ ਵਿਚ ਸਾਧਾਰਨ ਪਰਿਵਾਰ ਦੀ ਕਹਾਣੀ ਹੈ, ਜੋ ਗ਼ਰੀਬੀ ਦੀ ਮਾਰ ਹੇਠ ਹੈ। ਬੱਗਾ ਸਿੰਘ ਦਾ ਪਰਿਵਾਰ ਆਰਥਿਕਤਾ ਨਾਲ ਦੋ ਹੱਥ ਕਰਕੇ ਵੀ ਨਿਭਾਅ ਰਿਹਾ ਜ਼ਿੰਦਗੀ ਦੇ ਪੈਂਡੇ ਨੂੰ, ਪੁੱਤਰ ਦੇ ਸ਼ੌਕ ਨੂੰ ਪੂਰਾ ਕਰਨਾ, ਬੁੱਢੇ ਬਾਪ ਦੀ ਬਿਮਾਰੀ ਦਾ ਇਲਾਜ, ਰਿਸ਼ਤੇਦਾਰੀਆਂ ਨਾਲ ਵਰਤ-ਵਰਤਾ ਤੇ ਹੋਰ ਕਬੀਲਦਾਰੀ ਦੇ ਝੰਜਟ ਵਿਚ ਸਭ ਗ੍ਰਹਿਸਤ ਦੇ ਗੱਡੇ 'ਤੇ ਲੱਦੇ ਹਨ, ਜਿਸ ਦਾ ਬਲਦ ਬੱਗਾ ਸਿੰਘ ਹੈ।
ਪੁਸਤਕ ਦਾ ਆਖਰੀ ਨਾਟਕ 'ਸਿਆਸਤ ਇਕ ਸਕੂਲ ਦੀ' ਵਿਚ ਨਾਟਕਕਾਰ ਵਿੱਦਿਆ ਦੇ ਮੰਦਿਰਾਂ ਵਿਚ ਹੁੰਦੀ ਸਿਆਸਤ ਦਾ ਪਰਦਾਫਾਸ਼ ਕਰਦਾ ਹੈ। ਵਾਈਸ ਪ੍ਰਿੰਸੀਪਲ ਕੇਵਲ ਸਿੰਘ ਅਸੂਲਾਂ 'ਤੇ ਚੱਲਣ ਵਾਲਾ ਨੇਕ ਅਧਿਆਪਕ ਹੈ, ਜਿਸ ਲਈ ਅਧਿਆਪਕ ਦੇ ਫ਼ਰਜ਼ਾਂ ਦੀ ਅਹਿਮੀਅਤ ਨੂੰ ਸਮਝਣਾ ਤੇ ਪਾਲਣਾ ਹੀ ਜ਼ਿੰਦਗੀ ਦਾ ਆਦਰਸ਼ ਲਗਦਾ ਹੈ, ਜਦੋਂ ਕਿ ਖਲਨਾਇਕ ਵਜੋਂ ਪੇਸ਼ ਮਾਸਟਰ ਬਖਤੌਰ ਸਿੰਘ ਸਿੱਖਿਆ ਦੇ ਨਾਂਅ ਧੱਬਾ ਮਹਿਸੂਸ ਹੁੰਦਾ ਹੈ, ਜਿਸ ਲਈ ਸਕੂਲ ਸਿਰਫ ਸਿਆਸਤ ਦਾ ਅਖਾੜਾ ਹੈ।
ਪੁਸਤਕ ਦੇ ਚਾਰੇ ਨਾਟਕ ਸਮਾਜ ਦੀਆਂ ਅਹਿਮ ਘਟਨਾਵਾਂ 'ਤੇ ਆਧਾਰਿਤ ਹਨ ਅਤੇ ਆਦਰਸ਼ਵਾਦ ਦਾ ਹੋਕਾ ਦਿੰਦੇ ਹਨ। ਰੰਗਮੰਚ ਵਿਧੀਆਂ ਤੋਂ ਨਾਟਕ ਸਫ਼ਲ ਹਨ।

ਂਡਾ: ਨਿਰਮਲ ਜੌੜਾ
ਮੋ: 98140-78799.

4-10-2015

 ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ
ਲੇਖਿਕਾ : ਇੰਦਰਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120.
ਸੰਪਰਕ : 98786-03236.

ਪੰਜਾਬੀ ਦੀ ਉਚੇਰੀ ਸਿੱਖਿਆ ਨੇ ਪੰਜਾਬੀ ਦੇ ਅਧਿਐਨ ਅਧਿਆਪਨ ਦਾ ਘੇਰਾ ਖਾਸਾ ਮੋਕਲਾ ਕੀਤਾ ਹੈ। ਅਧਿਆਪਕਾਂ ਲਈ ਖੋਜ ਪੱਤਰਾਂ/ਪੁਸਤਕਾਂ ਦੇ ਪ੍ਰਕਾਸ਼ਨ ਨੂੰ ਚੋਣ ਅਤੇ ਤਰੱਕੀ ਸਮੇਂ ਬਾਕਾਇਦਾ ਮੈਰਿਟ ਦਾ ਹਿੱਸਾ ਬਣਾਉਣ ਦੇ ਯੂ.ਜੀ.ਸੀ. ਦੇ ਨਿਰਦੇਸ਼ਾਂ ਨੇ ਸਾਹਿਤ ਅਧਿਐਨ/ਆਲੋਚਨਾ/ਖੋਜ ਨਾਲ ਸਬੰਧਤ ਪੁਸਤਕਾਂ ਦੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕੀਤਾ ਹੈ। ਇਸ ਲਈ ਹਰ ਕਿਸੇ ਨੂੰ ਆਪਣੇ ਨਾਂਅ 'ਤੇ ਪੁਸਤਕਾਂ/ਖੋਜ ਪੱਤਰ ਪ੍ਰਕਾਸ਼ਿਤ ਕਰਨ ਦੀ ਕਾਹਲ ਹੈ।
ਇਹ ਪੁਸਤਕ ਵੀ ਕੁਝ ਇਸੇ ਕਿਸਮ ਦੀ ਚਿੰਤਾ ਦੀ ਦੇਣ ਹੈ ਜਾਂ ਫਿਰ ਪ੍ਰਕਾਸ਼ਕ ਨੂੰ ਪੈਸੇ ਦੇ ਕੇ ਆਪਣੇ-ਆਪ ਨੂੰ ਲੇਖਕਾਂ ਵਿਚ ਗਿਣਨ ਗਿਣਵਾਉਣ ਦੇ ਸ਼ੌਕ ਦੀ ਪੂਰਤੀ ਦਾ ਫਲ। ਬਹਰਹਾਲ ਇਹ ਰੁਝਾਨ ਚਿੰਤਾਜਨਕ ਹੈ ਪਰ ਲੇਖਿਕਾ ਦੇ ਸ਼ੌਕ ਤੇ ਸੰਭਾਵਨਾਵਾਂ ਦਾ ਸਵਾਗਤ ਹੈ।
ਲੇਖਿਕਾ ਦਾ ਕਹਿਣਾ ਹੈ ਕਿ ਉਸ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਨਾਲ ਸਬੰਧਤ ਇਹ ਨਿਬੰਧ ਪੰਜਾਬ ਯੂਨੀਵਰਸਿਟੀ ਦੇ ਐਮ.ਏ. ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਲਿਖੇ ਹਨ। ਇਹ ਉਨ੍ਹਾਂ ਲਈ ਨਿਰਧਾਰਤ ਪਾਠ ਪੁਸਤਕਾਂ ਦਾ ਅਧਿਐਨ ਵਿਸ਼ਲੇਸ਼ਣ ਕਰਕੇ ਉਨ੍ਹਾਂ ਲਈ ਕੁਝ ਮੁਢਲੀ ਜਾਣਕਾਰੀ ਪ੍ਰਦਾਨ ਕਰਦੇ ਹਨ। ਨਿਬੰਧਾਂ ਨੂੰ ਪੜ੍ਹੀਏ ਤਾਂ ਇਹ ਜਾਣਕਾਰੀ ਸੱਚਮੁੱਚ ਹੀ ਮੁਢਲੀ ਅਤੇ ਕਿਤੇ-ਕਿਤੇ ਸਤਹੀ ਤੇ ਪੇਤਲੀ ਹੈ। ਅੱਜ ਦੇ ਜ਼ਹੀਨ ਵਿਦਿਆਰਥੀ ਇਸ ਨਾਲ ਸੰਤੁਸ਼ਟ ਨਹੀਂ ਹੋ ਸਕਦੇ। ਉਨ੍ਹਾਂ ਨੂੰ ਪਾਠ ਦੀਆਂ ਤਹਿਆਂ ਵਿਚ ਉਤਰ ਕੇ ਸਪੱਸ਼ਟ ਵਿਚਾਰਧਾਰਾਈ ਆਧਾਰਾਂ, ਵਿਸ਼ਾਗਤ ਰੂੜੀਆਂ, ਆਲੋਚਨਾ ਸਿਧਾਂਤਾਂ/ਵਿਧੀਆਂ ਉੱਤੇ ਆਧਾਰਿਤ ਨਿੱਗਰ ਜਾਣਕਾਰੀ ਦੀ ਲੋੜ ਹੈ। ਮੈਂ ਉਸ ਦੇ ਹਿੰਮਤ ਹੌਸਲੇ ਦੀ ਦਾਦ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਅਗਲੇਰਾ ਕਦਮ ਵਧੇਰੇ ਮਿਹਨਤ ਨਾਲ ਪੁੱਟੇਗੀ। ਰੁਕੇਗੀ ਨਹੀਂ।

ਕੁਲਦੀਪ ਸਿੰਘ ਧੀਰ
ਮੋ: 98722-60550

ਰੂੜੀਆਂ 'ਤੇ ਸੁੱਤੇ ਸ਼ੇਰ
ਲੇਖਕ : ਸਰਵਨ ਸਿੰਘ ਪਤੰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 200 ਰੁਪਏ, ਸਫ਼ੇ : 112.
ਸੰਪਰਕ : 98783-28501.

ਰੂੜੀਆਂ 'ਤੇ ਸੁੱਤੇ ਸ਼ੇਰ, ਸਰਵਨ ਸਿੰਘ ਪਤੰਗ ਦਾ ਵਿਅੰਗ ਲੇਖ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 27 ਵਿਅੰਗ ਲੇਖ ਸੰਗ੍ਰਹਿ ਕਰਕੇ ਪ੍ਰਕਾਸ਼ਿਤ ਕਰਵਾਏ ਹਨ। ਜ਼ਿੰਦਗੀ ਵਿਚ ਉਸ ਨੇ ਘਾਟ-ਘਾਟ ਦਾ ਪਾਣੀ ਪੀਤਾ ਲਗਦਾ ਹੈ। ਫ਼ੌਜ ਵਿਚ ਵੀ ਨੌਕਰੀ ਕੀਤੀ ਹੈ। ਮਲਵਈ ਪੇਂਡੂ ਜੀਵਨ ਨੂੰ ਹੱਡੀਂ ਹੰਢਾਇਆ ਹੈ। ਮਲਵਈ ਬੋਲੀ ਦੇ ਪੁਰਾਣੇ ਸ਼ਬਦਾਂ, ਮੁਹਾਵਰਿਆਂ, ਅਖਾਣਾਂ ਨੂੰ ਮਾਣਨ ਦੇ ਅਵਸਰ ਪ੍ਰਾਪਤ ਕੀਤੇ ਹਨ। ਲੋਕ-ਜੀਵਨ ਵਿਚੋਂ ਉਸ ਨੇ ਅਜਿਹੇ ਪਾਤਰ ਚੁਣੇ ਹਨ, ਜੋ ਆਪ ਵਿਅੰਗ, ਹਾਸੇ ਅਤੇ ਮਸਖ਼ਰੀ ਦੀ ਮੂਰਤ ਹਨ। ਉਨ੍ਹਾਂ ਪਾਤਰਾਂ ਨੂੰ ਉਹ ਮਿੱਟੀ ਦੀ ਮਹਿਕ ਵਿਚੋਂ ਚੁਣ ਕੇ ਜਦ ਲੋਕਾਂ ਨੂੰ ਮੁਸਕਾਉਣ ਲਈ ਕੇਂਦਰੀ ਪਾਤਰ ਬਣਾਉਂਦਾ ਹੈ ਤਾਂ ਉਹ ਪਾਤਰ ਅਮਰ ਅਤੇ ਜਿਊਣ ਜੋਗੇ ਪਾਤਰ ਬਣ ਜਾਂਦੇ ਹਨ।
ਸਰਵਨ ਸਿੰਘ ਪਤੰਗ ਸਮਾਜ ਵਿਚ ਲੋਕ-ਜੀਵਨ ਦੀਆਂ ਵਿਸੰਗਤੀਆਂ ਆਰਥਿਕ ਤੰਗੀਆਂ, ਆਪ ਸਹੇੜੀਆਂ ਮੁਸ਼ਕਿਲਾਂ ਅਤੇ ਅਵੈੜੀਆਂ ਆਦਤਾਂ ਦੇ ਸ਼ਿਕਾਰ ਲੋਕਾਂ ਦੇ ਚਰਿੱਤਰ ਪੇਸ਼ ਕਰਦਾ ਹੈ, ਜੋ ਮਾਸੂਮ ਲਗਦੇ ਹਨ। ਆਪਣੀਆਂ ਗ਼ਲਤੀਆਂ ਦਾ ਆਪ ਦੁੱਖ ਭੋਗਦੇ ਹਨ। ਪ੍ਰਸਥਿਤੀਆਂ ਵਿਚ ਉਲਝਣਾਂ ਪੈਦਾ ਕਰਦੇ ਹਨ। ਸਰਵਨ ਸਿੰਘ ਪਤੰਗ ਹਾਲਾਤਿ-ਹਾਜ਼ਰਾ ਨੂੰ ਘੋਖਦਾ ਹੈ, ਪੜਤਾਲਦਾ ਹੈ ਅਤੇ ਪੁੱਛਦਾ ਹੈ? 'ਸਾਡੇ ਪੰਜਾਬੀਆਂ ਦਾ ਹਾਸਾ ਕੌਣ ਲੈ ਗਿਆ? ਤੇ ਆਪ ਹੀ ਉੱਤਰ ਦਿੰਦਾ ਹੈ ਕਿ ਲੋਕਾਂ ਦੇ ਅਮੀਰ ਹੋਣ ਦੀ ਦੌੜ ਤੇ ਸਰਕਾਰਾਂ ਦੇ ਗ਼ਲਤ ਬੰਦੋਬਸਤ ਵਿਚ ਦਰੜਿਆ ਗਿਆ ਹੈ ਹਾਸਾ। ਆਪਣਿਆਂ ਹੀ ਸਕਿਆਂ ਦੇ ਖੂਨ ਦੇ ਪਿਆਸੇ ਦਰਿੰਦਿਆਂ ਤੇ ਬੇਦਰਦ ਸਰਕਾਰਾਂ ਤੋਂ ਪੁੱਛੀਏ ਕਿ ਕੀ ਉਹ ਸਾਡੇ ਰੰਗਲੇ ਪੰਜਾਬ ਦਾ ਹਾਸਾ ਮੋੜ ਦੇਣਗੇ?'
ਲੇਖਕ ਨੇ ਪਿੰਡਾਂ ਦੇ ਅਜਿਹੇ ਬੰਦਿਆਂ ਦੇ ਚਰਿੱਤਰ ਪੇਸ਼ ਕੀਤੇ ਹਨ, ਜੋ ਕੰਮਚੋਰ, ਆਲਸੀ, ਖਾਣ-ਪੀਣ ਦੇ ਸ਼ੌਕੀਨ, ਮੁਫ਼ਤਖੋਰੇ, ਚੁਗਲੀ ਕਰਨ ਵਾਲੇ, ਇਕ-ਦੂਜੇ ਨੂੰ ਲੜਾਉਣ ਵਾਲੇ, ਦੂਜੇ ਦਾ ਘਰ ਫੂਕ ਤਮਾਸ਼ਾ ਵੇਖਣ ਵਾਲੇ ਹਨ। ਉਦੇਸ਼ ਇਹ ਹੈ ਕਿ ਅਜਿਹੀਆਂ ਆਦਤਾਂ ਵਾਲੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਜਾਵੇ।
ਸਰਵਨ ਸਿੰਘ 'ਰੂੜੀਆਂ 'ਤੇ ਸੁੱਤੇ ਸ਼ੇਰ' ਦੀ ਰਚਨਾ ਰਾਹੀਂ ਹਾਸੇ ਵਿਅੰਗ ਦੀ ਚਿਣਗ ਜਗਾਉਂਦਾ ਹੋਇਆ ਸਮਾਜਿਕ ਕੋਹੜ ਦੇ ਖ਼ਾਤਮੇ ਲਈ ਨਵੀਂ ਚੇਤਨਾ ਵੰਡਦਾ ਹੈ, ਸ਼ੁੱਭ-ਇੱਛਾਵਾਂ!

ਡਾ: ਅਮਰ ਕੋਮਲ
ਮੋ: 84378-73565

ਯੁਗ-ਚਿੰਤਕ ਭਾਗ ਦੂਜਾ
ਲੇਖਕ : ਡਾ: ਜੋਗਿੰਦਰ ਸਿੰਘ ਕੈਰੋਂ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 144.
ਸੰਪਰਕ : 97804-51372.

ਡਾ: ਜੋਗਿੰਦਰ ਸਿੰਘ ਕੈਰੋਂ ਪੰਜਾਬੀ ਸਾਹਿਤ ਦਾ ਅਜਿਹਾ ਹਸਤਾਖ਼ਰ ਹੈ, ਜੋ ਵਿਭਿੰਨ ਸਾਹਿਤਕ ਵਿਧਾਵਾਂ (ਕਹਾਣੀ, ਨਾਵਲ, ਨਾਟਕ, ਜੀਵਨੀ, ਬਾਲ ਸਾਹਿਤ) ਦੇ ਸਿਰਜਕ ਵਜੋਂ ਪਹਿਲੋਂ ਹੀ ਆਪਣੀ ਪੈਂਠ ਬਣਾ ਚੁੱਕਾ ਹੈ। ਲੋਕਧਾਰਾ ਦੇ ਚਿੰਤਕ ਵਜੋਂ ਵੀ ਉਸ ਦੀ ਪ੍ਰਾਪਤੀ ਲੁਕੀ-ਛਿਪੀ ਨਹੀਂ। ਅੱਜਕਲ੍ਹ ਉਹ ਪੰਜਾਬੀ ਪਾਠਕਾਂ ਨੂੰ ਯੁਗ ਚਿੰਤਕਾਂ ਦੇ ਜੀਵਨ ਅਤੇ ਦਰਸ਼ਨ ਨਾਲ ਜਾਣ-ਪਛਾਣ ਕਰਵਾਉਣ ਦੇ ਕਾਰਜ ਵਿਚ ਜੁਟਿਆ ਹੋਇਆ ਹੈ। ਇਹ ਕਾਰਜ ਜਿੰਨਾ ਮਹਾਨ ਹੈ, ਓਨੀ ਹੀ ਕਰੜੀ ਘਾਲਣਾ ਦੀ ਮੰਗ ਕਰਦਾ ਹੈ। ਵਿਚਾਰ ਅਧੀਨ ਪੁਸਤਕ ਯੁਗ ਚਿੰਤਕ ਭਾਗ ਦੂਜਾ ਵਿਚ 13 ਦਾਰਸ਼ਨਿਕਾਂ ਨਾਲ ਪਾਠਕਾਂ ਦੀ ਸਾਂਝ ਪੁਆਈ ਗਈ ਹੈ। ਇਨ੍ਹਾਂ ਵਿਚੋਂ ਕ੍ਰਮਵਾਰ ਪਾਇਥਾਗੋਰਸ, ਕਨਫਿਊਸ਼ੀਅਸ, ਅਨੈਕਸਾਗੋਰਸ, ਡੈਮੋਕਰਾਈਟਸ, ਪਲੈਟੋ, ਅਰਸਤੂ, ਇਬਨਾ ਸਿਨਾ, ਰੇਨੇ ਡੇਸਕਾਰਟਸ, ਜੀਨ ਜੈਕੁਅ ਰੂਸੋ, ਐਡਮੰਡ ਹੁਸਰਲ, ਐਲਬਰਟ ਕਾਮੂ, ਫਰਾਂਜ਼ ਫੈਨਨ ਅਤੇ ਨੋਮ ਚੋਮਸਕੀ ਆਦਿ ਸ਼ਾਮਿਲ ਹਨ।
ਇਸ ਸੂਚੀ ਤੋਂ ਹੀ ਸਵੈਸਿੱਧ ਹੈ ਕਿ ਇਨ੍ਹਾਂ ਵਿਚ ਫ਼ਿਲਾਸਫ਼ਰ, ਗਣਿਤ ਸ਼ਾਸਤਰੀ, ਵਿਗਿਆਨੀ, ਚਿਕਿਤਸਕ, ਮਨੋਵਿਸ਼ਲੇਸ਼ਕ, ਬ੍ਰਹਿਮੰਡ ਵਿਗਿਆਨੀ, ਘਟਨਾ ਕਿਰਿਆ ਵਿਗਿਆਨੀ, ਸਮਾਜ ਵਿਗਿਆਨੀ, ਭਾਸ਼ਾ ਵਿਗਿਆਨੀ, ਸਿੱਖਿਆ ਸ਼ਾਸਤਰੀ, ਕਾਵਿ-ਸ਼ਾਸਤਰੀ, ਰਾਜਨੀਤਗ ਆਦਿ ਸ਼ਖ਼ਸੀਅਤਾਂ ਸ਼ਾਮਿਲ ਹਨ। ਲੇਖਕ ਨੇ ਵਿਚਾਰ ਅਧੀਨ/ਪ੍ਰਸੰਗ ਅਧੀਨ ਚਿੰਤਕਾਂ ਦੀ ਜਨਮ ਮਿਤੀ, ਜਨਮ ਸਥਾਨ, ਮਾਪੇ, ਪਰਿਵਾਰਕ ਰੁਤਬਾ, ਪ੍ਰਾਪਤ ਮਾਹੌਲ, ਗ੍ਰਹਿਣ ਕੀਤੇ ਪ੍ਰਭਾਵ, ਵਿਸ਼ੇਸ਼ ਪ੍ਰਾਪਤੀਆਂ ਤੋਂ ਲੈ ਕੇ ਮੌਤ ਤੱਕ ਦਾ ਜ਼ਿਕਰ ਕੀਤਾ ਹੈ। ਬਦਲਵੇਂ ਫੋਕਸੀਕਰਨ ਦੀ ਜੁਗਤ ਰਾਹੀਂ ਹੋਰਨਾਂ ਵਿਗਿਆਨੀਆਂ/ਚਿੰਤਕਾਂ ਦੇ ਹਵਾਲੇ ਵੀ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ ਹੀ ਲਗਦੇ ਹੱਥ ਪੇਸ਼ ਕਰ ਦਿੱਤੇ ਹਨ। ਲਗਪਗ ਹਰ ਚਿੰਤਕ ਦੀਆਂ ਪੁਸਤਕਾਂ ਦੀ ਜਾਣਕਾਰੀ ਦਿੱਤੀ ਗਈ ਹੈ। ਏਡੇ ਕਠਿਨ ਦਾਰਸ਼ਨਿਕ ਸੰਕਲਪ ਜਿਵੇਂ ਕਿ ਪਾਈਥੀਆ, ਰੇਨ, ਪੇਰੀਕਲ, ਅਪਾਲਜਿ, ਫਿਨੋਮੇਨਾਲੋਜੀ, ਜਨਰੇਟਿਵ ਗਰਾਮਰ, ਕਲੋਨੀ, ਮੈਟਰੋਪੋਲ, ਹੈਲਨਾਈਜ਼ਡ ਆਦਿ ਨੂੰ ਸਰਲ ਭਾਸ਼ਾ ਵਿਚ ਸਮਝਾਇਆ ਗਿਆ ਹੈ।
ਖੋਜ ਕਾਰਜ ਵਿਚ ਇਮਾਨਦਾਰੀ ਹੈ, ਕਿਉਂਕਿ ਜਿਸ ਗੱਲ ਬਾਰੇ ਪੱਕਾ ਪਤਾ ਨਹੀਂ, ਉਸ ਦੀ ਪ੍ਰਸਤੁਤੀ 'ਕਿਹਾ ਜਾਂਦਾ ਹੈ' 'ਕਹਿੰਦੇ ਹਨ' ਵਾਕੰਸ਼ੀ ਜੁਗਤ ਰਾਹੀਂ ਕੀਤੀ ਗਈ ਹੈ। ਬਿਰਤਾਂਤ ਵਿਚ ਕਿਤੇ-ਕਿਤੇ ਦੰਤ-ਕਥਾਵਾਂ ਤੋਂ ਵੀ ਸਹਿਯੋਗ ਲਿਆ ਗਿਆ ਹੈ। ਪੰਜਾਬੀ ਜੀਵਨ 'ਚੋਂ ਇੱਕੜ-ਦੁੱਕੜ ਉਦਾਹਰਨਾਂ ਦਿੱਤੀਆਂ ਹਨ। ਪੁਸਤਕ ਦੀ ਅੰਤਿਕਾ ਵਿਚ ਬਹੁਭਾਸ਼ਾਈ ਗਿਆਤਾ ਐਸ.ਜੀ. ਸਿੰਘ ਦੇ ਵਿਚਾਰ ਨਾਲ ਸਹਿਮਤ ਹੋਣਾ ਪੈਂਦਾ ਹੈ ਕਿ 'ਹਰ ਵਿਸ਼ਾ ਫ਼ਲਸਫੇ ਦੀ ਗ੍ਰਿਫ਼ਤ ਵਿਚ ਆ ਜਾਂਦਾ ਹੈ ਪਰ ਫ਼ਲਸਫ਼ਾ ਕਿਸੇ ਇਕ ਖੇਤਰ ਤੱਕ ਮਹਿਦੂਦ ਨਹੀਂ ਰਹਿੰਦਾ।' ਪੁਸਤਕ ਗਿਆਨ ਵਰਧਕ ਅਤੇ ਵਿਚਾਰਜਨਕ ਹੈ। ਜਿਗਿਆਸੂਆਂ ਨੂੰ ਯੁਗ ਚਿੰਤਕ ਭਾਗ ਤੀਜਾ ਦੀ ਉਡੀਕ ਰਹੇਗੀ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਤਾਣਾ ਬਾਣਾ
ਲੇਖਕ : ਗੋਵਰਧਨ ਗੱਬੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 395 (ਸਜਿਲਦ), ਸਫ਼ੇ : 332.
ਸੰਪਰਕ : 94171-73700.

ਗੋਵਰਧਨ ਗੱਬੀ ਇਕ ਬਹੁ-ਵਿਧਾਈ ਸਾਹਿਤਕਾਰ ਹੈ, ਜਿਸ ਨੇ ਪੰਜਾਬੀ ਸਾਹਿਤ ਜਗਤ ਨੂੰ ਕਾਵਿ-ਸੰਗ੍ਰਹਿ ਭੇਟ ਕੀਤੇ ਹਨ। ਵਾਰਤਕ ਦੀ ਇਹ ਉਸ ਦੀ ਪਹਿਲੀ ਪੁਸਤਕ ਹੈ। ਇਨ੍ਹਾਂ ਲੇਖਾਂ ਵਿਚ ਉਸ ਦੇ ਜ਼ਿਆਦਾਤਰ ਨਿੱਜੀ ਅਨੁਭਵ ਹੈ, ਜਿਸ ਵਿਚ ਉਸ ਦੇ ਇਸ ਭੌਤਿਕ ਜਗਤ 'ਚ ਵਿਚਰਦਿਆਂ ਸਮਾਜਿਕ, ਆਰਥਿਕ, ਧਾਰਮਿਕ, ਰਿਸ਼ਤੇ-ਨਾਤੇ, ਤੰਗੀਆਂ-ਤੁਰਸ਼ੀਆਂ, ਮਨੋਵਿਗਿਆਨਕ, ਸੱਭਿਆਚਾਰਕ, ਆਦਿ ਵਰਤਾਰਿਆਂ ਦੀ ਝਲਕ ਮਿਲਦੀ ਹੈ। ਇਨ੍ਹਾਂ ਵਰਤਾਰਿਆਂ/ਸਰੋਕਾਰਾਂ ਨੂੰ ਪ੍ਰਸਤੁਤ ਕਰਦੀਆਂ ਇਕ ਤਰ੍ਹਾਂ ਨਾਲ ਬਹੁਤ ਹੀ ਦਿਲਚਸਪ ਅਤੇ ਰੌਚਿਕ ਕਹਾਣੀਆਂ ਹੀ ਹਨ ਜੋ ਅਛੋਪਲੇ ਹੀ ਪਾਠਕ ਦੇ ਮਨ 'ਚ ਆਪਣਾ ਅਲੌਕਿਕ ਪ੍ਰਭਾਵ ਛੱਡਣ ਵਿਚ ਕਾਮਯਾਬ ਹੋ ਜਾਂਦੀਆਂ ਹਨ। ਬਹੁਤ ਸਾਰੇ ਮਿਥਿਹਾਸਕ ਪਾਤਰਾਂ ਨਾਲ ਵੀ ਉਸ ਨੇ ਆਪਣੇ-ਆਪ ਨੂੰ ਇਕਸੁਰ ਕਰਦਿਆਂ ਆਪਣੇ ਹੰਢਾਏ ਅਨੁਭਵਾਂ ਨੂੰ ਜੋੜਿਆ ਹੈ। ਮਸਲਨ ਰਾਵਣ ਬਹੁਤ ਵੱਡਾ ਗਿਆਨੀ ਸੀ ਪਰ ਸੀਤਾ ਹਰਨ ਕਰਕੇ ਉਹ ਰਮਾਇਣ ਦਾ ਸਭ ਤੋਂ ਵੱਡਾ ਖਲਨਾਇਕ ਬਣ ਗਿਆ। ਇਸ ਪ੍ਰਕਾਰ ਜ਼ਿੰਦਗੀ ਵਿਚ ਕਿਤੇ ਵੀ ਕੁਝ ਵੀ ਵਾਪਰ ਸਕਦਾ ਹੈ। ਉਸ ਅਨੁਸਾਰ ਅਸਲ ਵਿਚ ਜ਼ਿੰਦਗੀ ਪਿਆਰ ਦਾ ਹੀ ਇਕ ਤਾਣਾ ਬਾਣਾ ਹੈ ਅਤੇ ਇਹੀ ਤਾਣਾ ਬਾਣਾ ਮਨੁੱਖੀ ਜ਼ਿੰਦਗੀ ਨੂੰ ਚਲਾਉਣ ਵਿਚ ਸਹਾਇਕ ਹੁੰਦਾ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਖੂਬਸੂਰਤ ਅਨੁਭਵਾਂ ਨਾਲ ਲਬਰੇਜ਼ ਇਹ ਪੁਸਤਕ ਕਈ ਮਾਨਸਿਕ ਤਣਾਵਾਂ ਤੋਂ ਮੁਕਤ ਕਰ ਸਕਦੀ ਹੈ।

ਪ੍ਰੋ: ਸੰਧੂ ਵਰਿਆਣਵੀ
ਮੋ: 098786-14096

ਭਰਿੰਡਾਂ ਦਾ ਛੱਤਾ
ਲੇਖਕ : ਬਲਵਿੰਦਰ ਹੁਕਮਾਂਵਾਲੀ (ਡਾ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.
ਸੰਪਰਕ : 094164-74904.

ਇਹ ਮਿੰਨੀ ਕਹਾਣੀਆਂ ਵਿਸ਼ਵੀਕਰਨ ਦੇ ਹਵਾਲੇ ਨਾਲ ਮਨੁੱਖੀ ਸੁਭਾਅ ਵਿਚ ਦਿਨ-ਬ-ਦਿਨ ਆ ਰਹੇ ਪਰਿਵਰਤਨ ਦਾ ਦਰਪਣ ਹਨ। ਆਧੁਨਿਕ ਸਮਾਜ ਦੀ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਅਵਸਥਾ ਨੂੰ ਵੇਖਦੇ ਹੋਏ ਲੇਖਕ ਨੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧਸਦੀ ਜਾ ਰਹੀ ਅਵਸਥਾ ਨੂੰ ਵਿਸ਼ੇਸ਼ ਤੌਰ 'ਤੇ ਆਧਾਰ ਬਣਾਇਆ ਹੈ ਪ੍ਰੰਤੂ ਦੂਜੇ ਪਾਸੇ ਕਈ ਮਿੰਨੀ ਕਹਾਣੀਆਂ ਵਿਚ ਸੱਚੀ-ਸੁੱਚੀ ਕਿਰਤ ਦਾ ਮੁੱਲ ਵੀ ਉਜਾਗਰ ਕੀਤਾ ਗਿਆ ਹੈ। ਲੇਖਕ ਨੇ ਗੁਰਬਤ ਨਾਲ ਜੂਝਦੀ ਨਿਮਨ ਸ਼੍ਰੇਣੀ ਦਾ ਦਰਦ 'ਘੋੜਾ', 'ਡਰਨਾ', 'ਗੁਜ਼ਾਰਾ' ਅਤੇ 'ਫ਼ਰਕ' ਮਿੰਨੀ ਕਹਾਣੀਆਂ ਵਿਚ ਬਾਖੂਬੀ ਪ੍ਰਸਤੁਤ ਕੀਤਾ ਹੈ। ਦਫ਼ਤਰੀ ਕਾਰਜ ਪ੍ਰਣਾਲੀ ਅਤੇ ਸੁਰੱਖਿਆ ਪ੍ਰਣਾਲੀ ਵਿਚ ਵਿਸ਼ੇਸ਼ ਕਰਕੇ ਪੁਲਿਸ ਪ੍ਰਸ਼ਾਸਨ ਵਿਚ ਆ ਰਹੇ ਵਿਗਾੜ ਅਤੇ ਰਸਾਤਲ ਨੂੰ ਵੀ ਲੇਖਕ ਨੇ 'ਸਕਿਉਰਟੀ', 'ਸਮਾਜ ਸੇਵਾ', 'ਆਪਣੇ ਹੀ ਭਾਈ ਨੇ' ਮਿੰਨੀ ਕਹਾਣੀਆਂ ਰਾਹੀਂ ਉਭਾਰਿਆ ਹੈ। 'ਕਬਜ਼ਾ' ਮਿੰਨੀ ਕਹਾਣੀ ਡਾਢੇ ਦਾ ਸੱਤੀ ਵੀਹੀਂ ਸੌ ਵਾਲੀ ਭਾਵਨਾ ਵੱਲ ਸੰਕੇਤ ਕਰਦੀ ਖੂਬਸੂਰਤ ਰਚਨਾ ਹੈ। ਇਨ੍ਹਾਂ ਵਿਚ ਸਮਾਜ ਦੀਆਂ ਗਲੀਆਂ-ਸੜੀਆਂ ਅਤੇ ਰੂੜ੍ਹੀਵਾਦੀ ਕਦਰਾਂ-ਕੀਮਤਾਂ 'ਤੇ ਥਾਂ ਪੁਰ ਥਾਂ ਕਟਾਖਸ਼ ਹੈ। 'ਡਰਨਾ', 'ਭਰਿੰਡਾਂ ਦਾ ਛੱਤਾ', 'ਘੋੜਾ', 'ਖਾਰ', 'ਸੇਲ', 'ਝੰਡਾ', 'ਝਟਕਾ', 'ਪੰਕਚਰ' ਅਤੇ 'ਚੋਗਾ' ਪ੍ਰਤੀਕਾਤਮਕ ਸ਼ੈਲੀ ਵਿਚ ਲਿਖੀਆਂ ਗਈਆਂ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਬਲਵਿੰਦਰ ਹੁਕਮਾਂਵਾਲੀ ਦੀਆਂ ਇਹ ਮਿੰਨੀ ਕਹਾਣੀਆਂ ਛਿੱਲਤਰ ਦੀ ਚੋਭ ਵਾਂਗ ਮਨਾਂ ਵਿਚ ਚੁੱਭਦੀਆਂ ਹਨ।

ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 98144-23703.

ਰੇਸ਼ਮੀ ਰੁਮਾਲ
ਲੇਖਿਕਾ : ਬਚਿੰਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 0172-5077427.

ਬਹੁਪੱਖੀ ਪ੍ਰਤਿਭਾਸ਼ੀਲ ਲੇਖਿਕਾ ਬਚਿੰਤ ਕੌਰ ਦੀ ਪੁਸਤਕ ਕਹਾਣੀਆਂ ਦੀ ਹੈ। ਕੁੱਲ 26 ਕਥਾਵਾਂ ਦੀ ਪੁਸਤਕ ਲੇਖਿਕਾ ਨੇ ਵੱਖ-ਵੱਖ ਸਮੇਂ ਤੇ ਰਚੀਆਂ ਤੇ ਪੁਸਤਕਾਂ ਵਿਚ ਛਪੀਆਂ ਕਹਾਣੀਆਂ ਲੈ ਕੇ ਇਸ ਪੁਸਤਕ ਨੂੰ ਛਪਵਾਇਆ ਹੈ। ਵਧੇਰੇ ਕਹਾਣੀਆਂ ਔਰਤਾਂ ਬਾਰੇ ਹਨ। ਦੁੱਧ ਤੇ ਪੁੱਤ ਦਾ ਬਾਬਾ ਬਾਰੂ ਤਿੰਨ ਪੱਤਰਾਂ ਦਾ ਪਿਉ ਹੋ ਕੇ ਵਾਰੀ ਸਿਰ ਰੋਟੀ ਖਾਂਦਾ ਹੈ। ਨੂੰਹਾਂ ਕੁੱਤੇਖਾਣੀ ਕਰਦੀਆਂ ਹਨ। ਭਰਾ ਰਾਜ਼ੀ-ਖੁਸ਼ੀ ਇਕੋ-ਇਕ ਪੁੱਤਰ ਕੋਲ ਰਹਿ ਰਿਹਾ ਹੈ। ਜਦੋਂ ਪਤਨੀ ਮਰ ਗਈ ਤਾਂ ਮੰਜੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ (ਪੰਨਾ 9) ਖੁਰੇ ਹੋਏ ਰੰਗ ਵਿਚ ਪੇਂਡੂ ਬੀਬੀਆਂ ਦੀ ਸੱਥ ਹੈ ਬੇਮੇਲ ਵਿਆਹ, ਨਾਜਾਇਜ਼ ਰਿਸ਼ਤੇ ਇਸ ਸੱਥ ਦੇ ਵਿਸ਼ੇ ਹਨ। ਕਹਾਣੀਆਂ ਦਾ ਲੋਕ ਰੰਗ, ਸਹਿਜ ਤੋਰ, ਸੰਵਾਦ, ਪਾਤਰਾਂ ਦੀਆਂ ਜੁੜੀਆਂ ਤੰਦਾਂ, ਸੰਗ੍ਰਹਿ ਦੀ ਮੁੱਖ ਵਿਸ਼ੇਸ਼ਤਾ ਹੈ। ਚੁਬਾਰਾ ਕਹਾਣੀ ਦੀ ਬਿਸ਼ਨ ਕੌਰ, ਸੂਹਾ ਰੰਗ ਸਿਆਹ ਰੰਗ ਦੀ ਔਰਤ ਪਾਤਰ ਸਮਾਜ ਦੇ ਮੋਹਰੀ ਬਣੇ ਲੋਕਾਂ ਤੋਂ ਦੁਖੀ ਹੈ। ਆਪਣੀ ਕਿਤਾਬ ਦਾ ਮੁੱਖ ਬੰਧ ਲਿਖਾਉਣ ਗਈ ਲੇਖਿਕਾ ਵੱਲ ਪ੍ਰੋਫੈਸਰ ਨਿੱਜੀ ਤੌਰ 'ਤੇ ਮਿਲਣ ਲਈ ਕਹਿੰਦਾ ਹੈ। ਇਸੇ ਤਰ੍ਹਾਂ ਦਾ ਵਿਹਾਰ ਰੇਡੀਓ ਰਿਕਾਰਡਿੰਗ ਸਮੇਂ ਉਸ ਨਾਲ ਹੁੰਦਾ ਹੈ। ਡਾਕਟਰ ਵੀ ਇਸ ਪਾਤਰ ਨਾਲ ਰੁਖਾ ਹੀ ਰਹਿੰਦਾ ਹੈ।
ਪੁਸਤਕ ਦੀਆਂ ਕਹਾਣੀਆਂ ਵਿਚ ਆਦਮੀ ਤੀਵੀਂ, ਸਬਲਾ, ਬੀਬੋ, ਹੱਕ ਸਿਰਤਾਜ ਦਾ, ਗੁੰਗੇ ਬੁੱਤ, ਇਜ਼ਹਾਰ-ਏ-ਮੁਹੱਬਤ, ਇਤਿਹਾਸ ਦਾ ਇਕ ਪੰਨਾ, ਕੂੜੇ ਦਾ ਢੇਰ, ਮੂਕ ਧਰਤੀ, ਰੇਸ਼ਮੀ ਰੁਮਾਲ, ਨਚਾਰ ਬਹੁਤ ਦਿਲਚਸਪ, ਸੰਵੇਦਨਸ਼ੀਲ, ਔਰਤ ਦੀ ਮਾਨਸਿਕਤਾ ਦੀ ਤਰਜਮਾਨੀ ਕਰਦੀਆਂ ਰਚਨਾਵਾਂ ਹਨ। ਜਨੂੰਨ ਦਾ ਡੇਵਿਡ ਅਸੁਰੱਖਿਅਤ ਗੱਡੀ ਚਲਾਉਂਦਾ ਪੁਲਿਸ ਦੇ ਕਾਬੂ ਆ ਜਾਂਦਾ ਹੈ। ਨਚਾਰ ਦੀ ਪਾਤਰ ਅੱਧੀ ਰਾਤ ਨੂੰ ਆਪਣੀ ਇੱਛਾ ਪੂਰਤੀ ਲਈ ਘਰੋਂ ਨਿਕਲ ਤੁਰਦੀ ਹੈ। ਪੁਸਤਕ ਲੇਖਿਕਾ ਦੀਆਂ ਕਲਾਸੀਕਲ ਰਚਨਾਵਾਂ ਦਾ ਬਿਹਤਰੀਨ ਗੁਲਦਸਤਾ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਤੂਫ਼ਾਨ
ਕਵੀ : ਦੀਪਕ ਸ਼ਰਮਾ ਚਨਾਰਥਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 112
ਸੰਪਰਕ : 98152-52959.

ਦੀਪਕ ਸ਼ਰਮਾ ਦੀ ਇਹ ਪ੍ਰਥਮ ਕਾਵਿ ਪੁਸਤਕ ਹੈ। ਦੀਪਕ ਮੂਲ ਤੌਰ 'ਤੇ ਇਕ ਪੱਤਰਕਾਰ ਹੈ ਅਤੇ ਪੱਤਰਕਾਰੀ ਦੇ ਖੇਤਰ ਵਿਚ ਆਏ ਮਸਲਿਆਂ ਪ੍ਰਤੀ ਡੂੰਘੀ ਸੰਵੇਦਨਾ ਹੀ ਉਸ ਦੀ ਕਾਵਿਕਾਰੀ ਹੈ। ਉਹ ਸਮਾਜਿਕ ਸਰੋਕਾਰਾਂ ਦਾ ਵਰੋਸਾਇਆ ਸ਼ਾਇਰ ਹੈ। ਸਮਾਜ ਵਿਚ ਆ ਰਹੇ ਨਿਘਾਰ ਅਤੇ ਨਵੀਆਂ ਵਿਡੰਬਨਾਵਾਂ ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਹਨ। ਜੀਵਨ ਦੀ ਕਦਰ ਵਧਾਉਣ ਵਾਲੀਆਂ ਰਚਨਾਵਾਂ ਨੂੰ ਕਵੀ ਨੇ ਸਹਿਲ ਤੇ ਸਹਿਜ ਕਾਵਿ-ਸ਼ਬਦਾਂ ਵਿਚ ਢਾਲ ਕੇ ਪੇਸ਼ ਕੀਤਾ ਹੈ। ਜੀਵਨ ਦੀਆਂ ਤਲਖੀਆਂ, ਕਠੋਰ ਸਚਾਈਆਂ, ਦੋਗਲਾਪਣ, ਆਰਥਿਕ, ਰਾਜਨੀਤਕ ਨਾਬਰਾਬਰੀ, ਧੀਆਂ ਦੀ ਭਰੂਣ ਹੱਤਿਆ, ਨਸ਼ਿਆਂ ਦਾ ਮਾਰੂ ਜ਼ਹਿਰ ਵਰਗੇ ਮੁੱਦਿਆਂ 'ਤੇ ਦੀਪਕ ਨੇ ਨਿੱਠ ਕੇ ਕਲਮ ਚਲਾਈ ਹੈ। ਉਸ ਦੀਆਂ ਸਟੇਜੀ ਰੰਗ 'ਚ ਰੰਗੀਆਂ ਕਵਿਤਾਵਾਂ ਹਰ ਵਰਗ ਤੇ ਹਰ ਉਮਰ ਦੇ ਲੋਕਾਂ ਨੂੰ ਭਾਉਂਦੀਆਂ ਹਨ। ਉਸ ਦੀਆਂ ਸਹਿਜ ਜਿਹੀਆਂ ਕਵਿਤਾਵਾਂ ਡੂੰਘੇ ਅਰਥ ਦਿੰਦੀਆਂ ਹਨ :
ੲ ਕੋਠੇ ਦਾ ਦੂਜਾ ਰੂਪ ਅੱਜ ਫੈਸ਼ਨ ਸ਼ੋਅ ਕਰਾਉਂਦਾ ਏ
ਔਰਤ ਜਿਸ ਨੂੰ ਦੇਵੀ ਨੇ ਆਖਦੇ ਉਸ ਦੀ ਨੁਮਾਇਸ਼ ਲਗਾਉਂਦਾ ਏ
ੲ ਕੱਲ੍ਹ ਤੱਕ ਇਹ ਸੜਕ ਸੁੰਨੀ ਸੀ, ਅੱਜ ਲੱਗ ਗਏ ਨੇ ਮੇਲੇ ਯਾਰੋ
ਜਾਂ ਇਸ ਸੜਕ 'ਤੇ ਕੁੜੀਆਂ ਦਾ ਕਾਲਜ ਖੁੱਲ੍ਹਿਆ
ਜਾਂ ਖੁੱਲ੍ਹ ਗਏ ਨੇ ਠੇਕੇ ਯਾਰੋ...
ੲ ਸਵੇਰੇ ਪਾਰਕ 'ਚ ਸੈਰ ਕਰਦਿਆਂ
ਮੈਨੂੰ ਮਿਲ ਗਿਆ ਰਾਵਣ
ਮੈਂ ਪੁੱਛਿਆ ਤੁਹਾਨੂੰ ਤਾਂ ਕੱਲ੍ਹ ਸਾੜ ਦਿੱਤਾ ਸੀ!
ਉਹ ਹੱਸਿਆ ਤੇ ਕਹਿਣ ਲੱਗਾ
'ਭ੍ਰਿਸ਼ਟਾਚਾਰੀਆਂ ਦੇ ਹੱਥੋਂ ਅੱਗ ਲਾਇਆਂ
ਬਲਾਤਕਾਰੀਆਂ ਦੇ ਤੀਰ ਚਲਾਇਆਂ
ਨੀਂ ਮਰਦਾ ਰਾਵਣ
ਰਾਵਣ ਦੇ ਹੱਥੋਂ ਕਦੇ ਨਹੀਂ ਸੜਦਾ ਰਾਵਣ।'
ਮਹਿੰਗੇ ਆਰਟ ਪੇਪਰ 'ਤੇ ਛਪੀ ਤੇ ਵਧੀਆ ਛਪਾਈ ਵਾਲੀ ਸਿੱਖਿਆਦਾਇਕ ਕਵਿਤਾਵਾਂ ਵਾਲੀ ਇਸ ਕਾਵਿ ਪੁਸਤਕ ਨੂੰ ਜੀ ਆਇਆਂ।

ਸੁਲੱਖਣ ਸਰਹੱਦੀ
ਮੋ: 94174-84337.

3-10-2015

 ਤੁਰਾਂ ਮੈਂ ਨਦੀ ਦੇ ਨਾਲ-ਨਾਲ
ਲੇਖਕ : ਹਮਦਰਦਵੀਰ ਨੌਸ਼ਹਿਰਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 135.
ਸੰਪਰਕ : 94638-08697

ਇਸ ਸੰਗ੍ਰਹਿ ਦੀਆਂ ਕੁਝ ਮੁਢਲੀਆਂ ਕਹਾਣੀਆਂ ਔਰਤ ਦੇ ਦੁੱਖਾਂ-ਸੁੱਖਾਂ ਅਤੇ ਸੰਘਰਸ਼ਾਂ ਦਾ ਬਿਆਨ ਕਰਨ ਵਾਲੀਆਂ ਅਗਾਂਹਵਧੂ ਕਹਾਣੀਆਂ ਹਨ। 'ਚਿੜੀਆਂ ਦਾ ਗਵਾਚਿਆ ਚੰਬਾ' ਨਾਨੀ ਬਿੱਧੋ ਜਿਹੇ ਪਾਤਰ ਦੀ ਕਹਾਣੀ ਹੈ, ਜੋ ਕੁੱਤੇ-ਬਿੱਲੀਆਂ ਨੂੰ ਵੀ ਆਮ ਮਨੁੱਖਾਂ ਵਾਂਗ ਪਿਆਰ ਕਰਦੀ ਹੈ। ਸੰਤਾਲੀ ਦੇ ਵਰਤਾਰੇ ਵਿਚ ਮਜ਼ਲੂਮ ਲੋਕਾਂ ਦਾ ਆਸਰਾ ਬਣਦੀ ਹੈ। ਨਾਨੀ ਬਿਧੋ ਦੀ ਇੱਛਾ ਸੀ ਕਿ ਉਸ ਦੇ ਕੁੱਤੇ-ਬਿੱਲੀਆਂ ਵੀ ਜ਼ਾਲਮਾਂ ਵਿਰੁੱਧ ਹਿੱਕ ਡਾਹ ਕੇ ਲੜਣ। ਪਰ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਉਨ੍ਹਾਂ ਨੂੰ ਡੰਡੇ ਮਾਰ ਕੇ ਘਰੋਂ ਕੱਢ ਦਿੰਦੀ ਹੈ। 'ਮੁੱਠੀ ਵਿਚਲੇ ਤਾਰੇ' ਦੀ ਜੀਤੋ ਮਾਂ ਸਰੂਪ ਤਾਈ ਹੈ ਜਿਸ ਦੇ ਮੋਹ ਸਦਕਾ ਸਵਾ ਕੁ ਸਾਲ ਦਾ ਬੱਚਾ ਪਾਲ ਮੌਤ ਦੇ ਮੂੰਹੋਂ ਨਿਕਲ ਆਉਂਦਾ ਹੈ। 'ਕੌਣ ਦਿਲਾਂ ਦੀਆਂ ਜਾਣੇ' ਦੀ ਜਿਪਸੀ ਮਰਦ ਸ਼ਾਵਨਵਾਦ ਮੂਹਰੇ ਗੋਡੇ ਟੇਕ ਕੇ ਮੌਤ ਦੇ ਮੂੰਹ ਜਾ ਪੈਂਦੀ ਹੈ। 'ਪਸ਼ੋਕ ਅਤੇ ਅਸ਼ੋਕ' ਦੀ ਪਾਤਰ ਸ੍ਰੀਮਤੀ ਅਸ਼ੋਕ ਵਰਮਾ ਅਸ਼ੋਕ ਦੇ ਰੁੱਖ ਕਾਰਨ ਆਪਣੀ ਨਾਮੁਰਾਦ ਬਿਮਾਰੀ 'ਚੋਂ ਨਿਕਲ ਕੇ ਤੰਦਰੁਸਤੀ ਮਹਿਸੂਸ ਕਰਦੀ ਹੈ। 'ਪੱਤਝੜ' ਦੀ ਨਵਜੰਮੀ ਧੀ ਲਈ ਕਿਸੇ ਦੇ ਦਿਲ ਵਿਚ ਪਿਆਰ ਨਹੀਂ ਲੱਭਦਾ। 'ਉਦਾਸ ਪਲਾਂ ਦੀਆਂ ਹੂਕਾਂ' ਦੀ ਧੀ ਧੀਰੋ ਪੁੱਤ ਬਣ ਕੇ ਆਪਣੇ ਪਿਉ ਦੇ ਕੰਮਕਾਜ 'ਚ ਵੱਡਾ ਸਹਾਰਾ ਬਣਦੀ ਹੈ। 'ਜਨਮਾਂ ਤੋਂ ਪਿਆਸੀ' ਹੋਰ ਵੀ ਜੀਵਨ ਤੋਂ ਦੁਖੀ ਹੋ ਕੇ ਮੌਤ ਨੂੰ ਗਲੇ ਲਗਾਉਂਦੀ ਹੈ। 'ਪਿਆਸੀ ਸਾਬਰਮਤੀ' ਦੀ ਪਾਤਰ ਸੁਨੀਤਾ ਅਜਿਹੀ ਬਦਕਿਸਮਤ ਔਰਤ ਹੈ, ਜਿਸ ਨੂੰ ਉਸ ਦਾ ਪੁੱਤ ਅਤੇ ਪਤੀ ਦੋਵੇਂ ਤਿਆਗ ਦਿੰਦੇ ਹਨ। ਉਹ ਪਿਆਰ ਦੀ ਸਿੱਕ ਕਾਰਨ ਤੜਫਦੀ ਦਿਖਾਈ ਦਿੰਦੀ ਹੈ। ਇੰਜ ਇਹ ਕਹਾਣੀਆਂ ਔਰਤ ਦੇ ਸੰਤਾਪ ਦੇ ਵੱਖੋ-ਵੱਖਰੇ ਰੂਪ ਪੇਸ਼ ਕਰਦੀਆਂ ਹਨ। 'ਕੋਸੀ ਨਦੀ ਦੀ ਤਪਸ਼' ਵਿਚ ਬਿਹਾਰ ਦੀ ਕੋਸੀ ਨਦੀ ਦਾ ਆਕ੍ਰੋਸ਼ ਦੇਖਣ ਵਾਲਾ ਹੈ। 'ਸਦੀਆਂ ਤੋਂ ਖਲੋਤੀ ਹੋਈ ਰਾਤ' ਵਿਚ ਲੇਖਕ ਦੀ ਕਲਮ ਵਿਚ ਇਕਦਮ ਰੋਹ ਆ ਜਾਂਦਾ ਹੈ। ਇਹ ਰੋਹ ਚਿਕਨੀਆਂ-ਚੋਪੜੀਆਂ ਗੱਲਾਂ ਕਰਨ ਵਾਲੀ ਹਾਕਮ ਜਮਾਤ ਦੇ ਖਿਲਾਫ਼ ਪ੍ਰਗਟ ਹੁੰਦਾ ਹੈ। 'ਭੂਮੀ ਪੁੱਤਰ' ਕਾਮਰੇਡ ਓਮ ਪ੍ਰਕਾਸ਼ ਦੀ ਕਹਾਣੀ ਹੈ, ਜੋ ਸਾਰੀ ਉਮਰ ਸ਼ੋਸਿਤ ਵਰਗ ਦੇ ਹੱਕਾਂ ਲਈ ਹੀ ਲੜਦਾ-ਲੜਦਾ ਸ਼ਹੀਦ ਹੋ ਗਿਆ। ਹਮਦਰਦਵੀਰ ਨੌਸ਼ਹਿਰਵੀ ਦੀਆਂ ਕਹਾਣੀਆਂ ਸਾਡੇ ਆਮ ਆਦਮੀ ਦੇ ਦੁੱਖਾਂ ਦਾ ਬਿਰਤਾਂਤ ਹੀ ਤਾਂ ਹਨ।

ਕੇ. ਐਲ. ਗਰਗ
ਮੋ: 94635-37050

ਸੰਵਾਦ
(ਪੰਜਾਬੀ ਰਿਸਰਚ ਜਰਨਲ)
ਜਨਵਰੀ-ਜੂਨ 2015

ਸੰਪਾਦਕ : ਡਾ: ਸੁਖਬੀਰ ਸਿੰਘ, ਡਾ: ਆਤਮ ਸਿੰਘ ਰੰਧਾਵਾ
ਪ੍ਰਕਾਸ਼ਕ : ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 164 (ਵੱਡਾ ਸਾਈਜ਼)
ਸੰਪਰਕ : 0183-2258097.

ਡਾ: ਸੁਖਬੀਰ ਸਿੰਘ ਨੇ ਆਪਣੇ ਵਿਭਾਗ ਦੇ 10 ਬੁੱਧੀਮਾਨ ਅਧਿਆਪਕਾਂ ਦੇ ਲੇਖ ਇਸ 'ਪ੍ਰਵੇਸ਼-ਅੰਕ' ਵਿਚ ਸ਼ਾਮਿਲ ਕਰਕੇ ਆਪਣੀ ਦੂਰਦਰਸ਼ਿਤਾ ਅਤੇ ਜ਼ਿੰਮੇਵਾਰੀ ਦਾ ਨਿੱਗਰ ਸਬੂਤ ਜੁਟਾਇਆ ਹੈ।
ਫੈਕਲਟੀ ਮੈਂਬਰਾਂ ਤੋਂ ਬਿਨਾਂ ਪ੍ਰਿੰ: ਸੰਤ ਸਿੰਘ ਸੇਖੋਂ, ਡਾ: ਮਹਿਲ ਸਿੰਘ, ਡਾ: ਹਰਿਭਜਨ ਸਿੰਘ ਭਾਟੀਆ, ਡਾ: ਗੁਰਮੀਤ ਸਿੰਘ ਅਤੇ ਡਾ: ਰਾਮਿੰਦਰ ਕੌਰ ਦੇ ਆਲੋਚਨਾਤਮਕ ਲੇਖ ਵੀ ਇਸ ਰਿਸਰਚ ਜਨਰਲ ਦੀ ਸ਼ੋਭਾ ਵਧਾਉਂਦੇ ਹਨ। ਹਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੂੰ ਇਸ ਪ੍ਰਕਾਰ ਦੇ ਯਤਨ ਕਰਨੇ ਚਾਹੀਦੇ ਹਨ, ਯੂ.ਜੀ.ਸੀ. ਵੱਲੋਂ ਵੀ ਇਸ ਪ੍ਰਕਾਰ ਦਾ ਪ੍ਰਾਵਧਾਨ ਮੌਜੂਦ ਹੈ ਪ੍ਰੰਤੂ ਪਹਿਲ ਕੌਣ ਕਰੇ? ਇਸ ਮੰਤਵ ਲਈ ਡਾ: ਮਹਿਲ ਸਿੰਘ ਵਰਗੀ ਸ਼ਖ਼ਸੀਅਤ ਦਾ ਫੈਕਲਟੀ ਮੈਂਬਰਾਂ ਦੇ ਪਿੱਛੇ ਦ੍ਰਿੜ੍ਹਤਾ ਨਾਲ ਖੜ੍ਹੇ ਹੋਣਾ ਜ਼ਰੂਰੀ ਹੈ।
ਇਸ ਜਰਨਲ ਵਿਚ ਡਾ: ਸੁਖਬੀਰ ਸਿੰਘ ਨੇ 'ਇਤਿਹਾਸ ਦੇ ਸਾਹਿਤਿਕ ਰੂਪਾਂਤਰਣ' ਬਾਰੇ ਲਿਖਿਆ ਹੈ। ਡਾ: ਦਵਿੰਦਰ ਕੌਰ ਨੇ 'ਅਤਰ ਸਿੰਘ ਦੀ ਆਲੋਚਨਾ-ਦ੍ਰਿਸ਼ਟੀ' ਦਾ ਮੁਲੰਕਣ ਕੀਤਾ ਹੈ। ਡਾ: ਰੰਧਾਵਾ, ਡਾ: ਪਰਮਿੰਦਰ ਸਿੰਘ ਅਤੇ ਡਾ: ਭੂਪਿੰਦਰ ਸਿੰਘ ਨੇ 'ਥਿਊਰੀ' ਨਾਲ ਸਬੰਧਤ ਲੇਖ ਲਿਖੇ ਹਨ। ਡਾ: ਕੰਵਲਪ੍ਰੀਤ ਕੌਰ ਅਤੇ ਡਾ: ਸਿਮਰਜੀਤ ਕੌਰ ਨੇ ਭਾਸ਼ਾ ਵਿਗਿਆਨਕ ਵਿਸ਼ਿਆਂ ਉੱਪਰ ਕਲਮ ਉਠਾਈ ਹੈ। ਡਾ: ਕੁਲਦੀਪ ਸਿੰਘ ਢਿੱਲੋਂ (ਨਿਰਮਲ ਸੰਪਰਦਾਇ), ਡਾ: ਜਸਬੀਰ ਸਿੰਘ (ਬਾਵਾ ਬਲਵੰਤ ਦੀ ਪ੍ਰਗਤੀਵਾਦੀ ਸੰਵੇਦਨਾ), ਮਨਜੀਤ ਸਿੰਘ ਅਣਖੀ (ਪੰਜਾਬੀ ਕਵਿਤਾ ਤੇ ਆਧੁਨਿਕ ਬੋਧ) ਅਤੇ ਜਸਲੀਨ ਕੌਰ (ਧਰਮ ਗੁਰੂ : ਅਧਿਐਨ ਤੇ ਵਿਸ਼ਲੇਸ਼ਣ) ਦੇ ਲੇਖ ਵੀ ਅਤਿਅੰਤ ਪ੍ਰਾਸੰਗਿਕ ਅਤੇ ਮੁੱਲਵਾਨ ਹਨ। ਇਹ ਸਾਰੇ ਲੇਖ ਪੰਜਾਬੀ ਆਲੋਚਨਾ ਦੇ ਭੰਡਾਰ ਵਿਚ ਵਾਧਾ ਕਰਨ ਵਾਲੀਆਂ ਰਚਨਾਵਾਂ ਹਨ।
ਮੈਂ ਚਾਹੁੰਦਾ ਹਾਂ ਕਿ 'ਸੰਵਾਦ' ਨਾ ਕੇਵਲ ਆਪ ਜਾਰੀ ਰਹੇ ਬਲਕਿ ਲਾਇਲਪੁਰ ਖਾਲਸਾ ਕਾਲਜ, ਡੀ.ਏ.ਵੀ. ਕਾਲਜ ਜਲੰਧਰ/ਅੰਮ੍ਰਿਤਸਰ ਅਤੇ ਮਹਿੰਦਰਾ ਕਾਲਜ ਪਟਿਆਲਾ ਵਰਗੇ ਵੱਡੇ ਕਾਲਜ ਵੀ ਇਸ ਪੁਰਸ਼ਾਰਥ ਤੋਂ ਪ੍ਰੇਰਨਾ ਲੈਣ ਅਤੇ ਸਿਰਜਣਾਤਮਕ ਜਾਂ ਆਲੋਚਨਾਤਮਕ ਖੇਤਰ ਨਾਲ ਸਬੰਧਤ ਇਹੋ ਜਿਹੇ ਮਿਆਰੀ ਪੱਤਰ ਸ਼ੁਰੂ ਕਰਨ। ਮੈਂ ਡਾ: ਮਹਿਲ ਸਿੰਘ ਅਤੇ ਡਾ: ਸੁਖਬੀਰ ਹੋਰਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕਰਦਾ ਹਾਂ।

ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਵੀਂ ਪੰਜਾਬੀ ਕਵਿਤਾ
ਪਛਾਣ ਅਤੇ ਸਰੋਕਾਰ
ਸੰਪਾਦਕ : ਡਾ: ਸਰਬਜੀਤ ਸਿੰਘ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 250 ਰੁਪਏ, ਸਫ਼ੇ : 160.
ਸੰਪਰਕ : 0181-2214196

ਡਾ: ਸਰਬਜੀਤ ਸਿੰਘ ਆਧੁਨਿਕ ਪੰਜਾਬੀ ਆਲੋਚਨਾ ਦੀ ਨਵੀਂ ਪੀੜ੍ਹੀ ਦਾ ਮਹੱਤਵਪੂਰਨ ਆਲੋਚਕ ਹੈ, ਜਿਸ ਨੇ ਖਾਸ ਕਰਕੇ ਪੰਜਾਬੀ ਕਵਿਤਾ ਉੱਪਰ ਉਸਾਰੀ ਸਮੀਖਿਆ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। 'ਨਵੀਂ ਪੰਜਾਬੀ ਕਵਿਤਾ' ਬਾਰੇ ਕਰਵਾਏ ਸੈਮੀਨਾਰ ਵਿਚ ਕੁਝ ਚੋਣਵੇਂ ਪੰਜਾਬੀ ਕਵੀਆਂ ਦੀ ਕਵਿਤਾ ਉੱਪਰ ਖੋਜ ਪੇਪਰ ਲਿਖਵਾ ਕੇ ਪੰਜਾਬੀ ਦੀ ਨਵੀਂ ਰਚੀ ਜਾ ਰਹੀ ਕਵਿਤਾ ਨੂੰ ਕੇਂਦਰ-ਬਿੰਦੂ ਬਣਾਇਆ ਹੈ। ਇਕ ਦਰਜਨ ਦੇ ਕਰੀਬ ਆਲੋਚਕਾਂ ਵੱਲੋਂ ਸੁਤਿੰਦਰ ਸਿੰਘ ਨੂਰ, ਮਨਮੋਹਨ, ਜਸਵਿੰਦਰ, ਅਮਰਜੀਤ ਕੌਂਕੇ, ਸਵਰਨਜੀਤ ਸਵੀ, ਦੇਵਨੀਤ, ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ, ਸੁਖਪਾਲ, ਦਲਵੀਰ ਕੌਰ, ਮਦਨ ਵੀਰਾ ਅਤੇ ਇੰਦਰਜੀਤ ਨੰਦਨ ਦੀ ਰਚਨਾ ਦਾ ਵਿਸ਼ਲੇਸ਼ਣ ਕਰਦਿਆਂ ਨਵੀਂ ਪੰਜਾਬੀ ਕਵਿਤਾ ਦੇ ਸਰੋਕਾਰਾਂ ਦੀ ਪਛਾਣ ਕੀਤੀ ਹੈ। ਇਕ-ਦੋ ਕਵੀਆਂ ਨੂੰ ਛੱਡ ਕੇ ਬਾਕੀ ਪੰਜਾਬੀ ਦੇ ਸਥਾਪਤ ਕਵੀ ਹਨ। ਪੰਜਾਬ ਸੰਕਟ ਤੋਂ ਬਾਅਦ ਹੋਂਦ ਵਿਚ ਆਈ ਇਸ ਕਵਿਤਾ ਦੀਆਂ ਕਈ ਦ੍ਰਿਸ਼ਟੀਆਂ ਨਜ਼ਰ ਆਉਂਦੀਆਂ ਹਨ। ਇਕ ਗੱਲ ਸਪੱਸ਼ਟ ਹੈ ਕਿ ਇਸ ਨਵੀਂ ਕਵਿਤਾ ਕੋਲ ਉਹ ਅੰਤਰ-ਦ੍ਰਿਸ਼ਟੀਆਂ ਦੀ ਘਾਟ ਹੈ, ਜਿਹੜੀ ਅਜੋਕੇ ਮਾਹੌਲ ਵਿਚ ਦਰਪੇਸ਼ ਸਮੱਸਿਆਵਾਂ/ਸੰਤਾਪਾਂ ਤੋਂ ਮੁਕਤੀ ਦਿਵਾ ਸਕੇ। ਇਹ ਵਿਚਾਰਧਾਰਕ ਤੌਰ 'ਤੇ ਕੋਈ ਸਪੱਸ਼ਟ ਪੈਂਤੜਾ ਲੈਣ ਤੋਂ ਝਿਜਕਦੀ ਹੈ। ਡਾ: ਸਰਬਜੀਤ ਸਿੰਘ ਨੇ ਇਸ ਸੈਮੀਨਾਰ ਰਾਹੀਂ ਅਜਿਹੇ ਫਿਕਰ ਸਾਂਝੇ ਕੀਤੇ ਹਨ। ਵਿਸ਼ੇਸ਼ ਉੱਦਮ ਰਾਹੀਂ ਲਿਖਵਾਏ ਇਹ ਲੇਖ ਇਕ ਉਸਾਰੂ/ਸੰਜੀਦਾ ਬਹਿਸ ਛੇੜਦੇ ਹਨ। ਚੰਗਾ ਹੁੰਦਾ ਜੇ ਇਨ੍ਹਾਂ ਸ਼ਾਇਰਾਂ ਦੇ ਨਾਲ ਕੁਝ ਹੋਰ ਸਥਾਪਤ ਸਮਕਾਲੀ ਪ੍ਰਗਤੀਵਾਦੀ ਸ਼ਾਇਰਾਂ ਨੂੰ ਵੀ ਵਿਚਾਰਿਆ ਜਾਂਦਾ। ਫਿਰ ਵੀ ਅਸੀਂ ਇਸ ਉਪਰਾਲੇ ਦਾ ਸਵਾਗਤ ਕਰਦੇ ਹਾਂ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਕੋਇਲਾਂ ਬੋਲਦੀਆਂ
ਗੀਤਕਾਰ : ਅਮਰੀਕ ਬੇਗ਼ਮਪੁਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.
ਸੰਪਰਕ : 98144-68952.

'ਕੋਇਲਾਂ ਬੋਲਦੀਆਂ' ਗੀਤ-ਸੰਗ੍ਰਹਿ ਵਿਚਲੇ ਗੀਤ ਜਿਥੇ ਆਮ ਸਾਧਾਰਨ ਮਨੁੱਖ ਦੀ ਜ਼ਿੰਦਗੀ ਵਿਚ ਆਉਂਦੀਆਂ ਤੰਗੀਆਂ ਤੁਰਸ਼ੀਆਂ, ਹਾਸਿਆਂ-ਰੋਸਿਆਂ ਦੀ ਬਾਤ ਪਾਉਂਦੇ ਹਨ, ਉਥੇ ਆਧੁਨਿਕਤਾ ਦੇ ਆਉਣ ਨਾਲ ਮਨੁੱਖੀ ਜ਼ਿੰਦਗੀ ਨੂੰ ਦਰਪੇਸ਼ ਮਸਲਿਆਂ ਬਾਰੇ ਵੀ ਇਹ ਗੀਤ ਆਖਰੀ ਸੁਰ ਬੁਲੰਦ ਕਰਦੇ ਹਨ। 'ਕੋਇਲਾਂ ਬੋਲਦੀਆਂ', 'ਪੋਲੀਥੀਨ', 'ਲਵੇਰੇ', 'ਢੱਗੇ' ਆਦਿ ਗੀਤ ਕੁਝ ਅਜਿਹੇ ਵਿਸ਼ਿਆਂ ਨਾਲ ਹੀ ਸਬੰਧਤ ਹਨ। ਅਮਰੀਕ ਬੇਗ਼ਮਪੁਰੀ ਦੇ ਗੀਤਾਂ ਵਿਚ ਤਿੱਖੀ ਚੋਭ ਅਤੇ ਵਿਅੰਗ ਵੀ ਸ਼ਾਮਿਲ ਹੈ। ਇਹ ਵਿਅੰਗ ਉਨ੍ਹਾਂ ਸਮਾਜਿਕ/ਸੱਭਿਆਚਾਰਕ ਵਰਤਾਰਿਆਂ ਨੂੰ ਪੇਸ਼ ਕਰਦਾ ਹੈ, ਜੋ ਸਾਡੇ ਸਮਾਜ ਲਈ ਅਤਿ ਘਾਤਕ ਸਾਬਤ ਹੋ ਰਹੇ ਹਨ। ਇਸ ਗੀਤ-ਸੰਗ੍ਰਹਿ ਵਿਚ ਸ਼ਾਮਿਲ ਗੀਤ ਭਾਵੇਂ ਵੰਨ-ਸੁਵੰਨੇ ਵਿਸ਼ਿਆਂ ਨਾਲ ਸੰਜੋਏ ਹੋਏ ਹਨ ਪਰ ਬਹੁਤ ਸਾਰੇ ਗੀਤ ਰੁਮਾਂਟਿਕ ਕਿਸਮ ਦੇ ਵੀ ਹਨ, ਜਿਥੇ ਸ਼ਾਇਰ ਪਿਆਰ ਵਿਚ ਮਿਲੀ ਬੇਵਫ਼ਾਈ ਅਤੇ ਆਪਣੇ ਪਿਆਰਿਆਂ ਦੇ ਵਿਛੋੜੇ ਵਿਚ ਗ਼ਮਗੀਨ ਹੋ ਕੇ ਬਿਰਹਾ ਭੋਗਦਾ ਹੈ। ਜਦੋਂ ਇਸ ਗੀਤ-ਸੰਗ੍ਰਹਿ ਵਿਚਲੇ ਗੀਤਾਂ ਦੀ ਵੰਨਗੀ ਬਾਰੇ ਗੱਲ ਕਰਦੇ ਹਾਂ ਤਾਂ ਇਸ ਵਿਚ ਸੋਲੋ ਗੀਤ ਵੀ ਹਨ ਅਤੇ ਦੋ ਗਾਣਿਆਂ ਦੀ ਵੰਨਗੀ ਵੀ ਪੇਸ਼ ਕੀਤੀ ਗਈ ਹੈ। ਇਨ੍ਹਾਂ ਗੀਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਅਮਰੀਕ ਬੇਗ਼ਮਪੁਰੀ ਨੂੰ ਗੀਤ ਦੇ ਨਿਭਾਅ ਦੀ ਜੁਗਤ ਚੰਗੇ ਤਰੀਕੇ ਨਾਲ ਆਉਂਦੀ ਹੈ। ਇਹ ਅਮਰੀਕ ਬੇਗ਼ਮਪੁਰੀ ਦਾ ਪਲੇਠਾ ਗੀਤ-ਸੰਗ੍ਰਹਿ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਅੰਤਰ ਯੁੱਧ
ਲੇਖਕ : ਹਰਵਿੰਦਰ ਧਾਲੀਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88.
ਸੰਪਰਕ : 98149-07020.

'ਅੰਤਰ ਯੁੱਧ' ਹਰਵਿੰਦਰ ਧਾਲੀਵਾਲ ਦੀ ਪਲੇਠੀ ਕਾਵਿ-ਪੁਸਤਕ ਹੈ, ਜਿਸ ਵਿਚ ਉਸ ਨੇ 40 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਪੁਸਤਕ ਦੇ ਅਧਿਐਨ ਤੋਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਹਰਵਿੰਦਰ ਧਾਲੀਵਾਲ ਸੰਵੇਦਨਸ਼ੀਲ, ਚੇਤੰਨ ਅਤੇ ਪ੍ਰਤੀਬੱਧ ਲੇਖਕ ਹੈ, ਜਿਸ ਨੇ ਜਨ-ਸਾਧਾਰਨ ਦੀ ਸੰਵੇਦਨਸ਼ੀਲਤਾ, ਲੋਕ ਹਿਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਮੁੱਖ ਤੌਰ 'ਤੇ ਆਪਣੀ ਕਾਵਿ ਰਚਨਾ ਦਾ ਵਿਸ਼ਾ-ਵਸਤੂ ਬਣਾਇਆ ਹੈ। ਉਹ ਤਾਂ ਆਪਣੇ ਨਿੱਜ ਨੂੰ ਵੀ ਲੋਕ ਜਜ਼ਬਿਆਂ ਦੀ ਚਾਸ਼ਨੀ 'ਚ ਸਮੋ ਕੇ ਪ੍ਰਗਟ ਕਰਦਾ ਹੈ।
ਹਰਵਿੰਦਰ ਦੀ ਖੂਬੀ ਇਹ ਵੀ ਹੈ ਕਿ ਉਸ ਨੇ ਆਮ ਲੀਹ ਤੋਂ ਹਟ ਕੇ ਵਿਲੱਖਣ ਕਾਵਿ-ਮੁਹਾਵਰੇ ਦੀ ਸਿਰਜਣਾ ਕੀਤੀ ਹੈ। ਉਸ ਦਾ ਕਵਿਤਾ ਕਹਿਣ ਦਾ ਆਪਣਾ ਅੰਦਾਜ਼ੇ-ਬਿਆਂ ਹੈ, ਜੋ ਪਾਠਕ ਨੂੰ ਧੁਰ ਅੰਦਰ ਤੱਕ ਆਪਣੇ ਨਾਲ ਜੋੜ ਲੈਂਦਾ ਹੈ। ਉਸ ਦੀ ਕਾਵਿ-ਸ਼ੈਲੀ ਭਰਕਮ ਸ਼ਬਦਾਵਲੀ ਦੇ ਸ਼ਬਦ ਜਾਲ ਤੋਂ ਮੁਕਤ ਹੈ। ਅਤਿ ਸਾਦੇ ਸ਼ਬਦਾਂ ਵਿਚ ਰਚੀਆਂ ਕਵਿਤਾਵਾਂ ਸਾਧਾਰਨ ਪਾਠਕ ਨੂੰ ਝੰਜੋੜਦੀਆਂ ਹੀ ਨਹੀਂ, ਬਲਕਿ ਉਸ ਨੂੰ ਚੇਤੰਨ ਵੀ ਕਰਦੀਆਂ ਹਨ। ਮੂੰਹ, ਪਗਡੰਡੀ, ਕਿਰਤੀ ਕੁੜੀ, ਟੁਕੜ ਬੋਚ, ਦੁੱਖ, ਸ਼ੋਰ, ਬੁਢਾਪਾ, ਅੰਤਰ ਯੁੱਧ, ਕਾਇਨਾਤ, ਰਾਹ, ਸਾਗਰ, ਸੜਕ, ਜੰਮਣ ਪੀੜਾਂ, ਚੰਨ ਤਾਰੇ ਸੂਰਜ, ਸ਼ਾਇਰੀ ਖੰਜਰ, ਜਨਮ ਅਤੇ ਤਿਤਲੀ ਆਦਿ ਇਸ ਸੰਗ੍ਰਹਿ ਦੀਆਂ ਮਹੱਤਵਪੂਰਨ ਕਵਿਤਾਵਾਂ ਹਨ।

ਸਖਦੇਵ ਮਾਦਪੁਰੀ
ਮੋ: 94630-34472.

ਪਰਲੋਕ ਦਾ ਭਰਮ
ਲੇਖਕ : ਪੂਰਨ ਸਿੰਘ
ਪ੍ਰਕਾਸ਼ਕ : ਸਾਤਵਿਕ ਬੁਕਸ, ਅੰਮ੍ਰਿਤਸਰ
ਮੁੱਲ : 150 ਰੁਪਏ (ਪੇਪਰ ਬੈਕ),
ਸਫੇ : 240.

ਹਥਲੀ ਪੁਸਤਕ ਵਿਚ ਪੂਰਨ ਸਿੰਘ ਦੁਆਰਾ ਰਚਿਤ-29 ਨਿਬੰਧ ਅੰਕਿਤ ਹਨ। ਪੂਰਨ ਸਿੰਘ ਦੀ ਨਿਬੰਧਕਾਰੀ ਦੀ ਆਪਣੀ ਨਿਵੇਕਲੀ ਪਛਾਣ ਹੈ। ਇਹ ਨਿਬੰਧਕਾਰ ਦਾਰਸ਼ਨਿਕ-ਚਿੰਤਨ ਅਤੇ ਵਿਗਿਆਨਕ ਸੋਚ ਨੂੰ ਸਿਰਜਣਾਤਮਕ ਸ਼ਕਤੀ ਦੀ ਧਰਾਤਲ-ਭੂਮੀ ਵਜੋਂ ਗ੍ਰਹਿਣ ਕਰਕੇ ਵਿਭਿੰਨ ਵਿਸ਼ਿਆਂ ਦੇ ਨਿਬੰਧਾਂ ਦੀ ਸਿਰਜਣਾ ਕਰਦਾ ਹੈ। ਹਥਲੀ ਪੁਸਤਕ ਵੀ ਇਸੇ ਪ੍ਰਿਸ਼ਟ-ਭੂਮੀ 'ਚੋਂ ਉੱਭਰ ਕੇ ਪਾਠਕਾਂ ਦੇ ਸਨਮੁੱਖ ਹੈ। ਪੁਸਤਕ ਵਿਚ ਅਗਿਆਨਤਾ, ਭੁਲੇਖਿਆਂ, ਭਰਮਾਂ, ਅੰਧ-ਵਿਸ਼ਵਾਸਾਂ, ਦੰਭੀ ਮਿਥਾਂ ਤੇ ਸੰਸਕਾਰਾਂ, ਫੋਕੇ ਧਰਵਾਸਾਂ, ਆਸਤਿਕਤਾ-ਨਾਸਤਿਕਤਾ, ਮਜ਼੍ਹਬੀ ਜਨੂੰਨਾਂ, ਪਰਮਾਤਮਾ ਦੀ ਹੋਂਦ ਅਤੇ ਅਣਹੋਂਦ ਬਾਬਤ ਪ੍ਰਚਲਤ ਦੰਭੀ ਵਿਚਾਰਾਂ, ਵੰਡਵਾਦ ਅਤੇ ਫ਼ਿਰਕਾਪ੍ਰਸਤੀ ਜਿਹੇ ਸੰਕਲਪਾਂ ਬਾਰੇ ਵਿਚਾਰ ਪ੍ਰਗਟਾਉਂਦਿਆਂ ਲੇਖਕ ਨੇ ਕਿਤੇ ਵੀ ਤਰਕ ਅਤੇ ਵਿਗਿਆਨਕ ਦ੍ਰਿਸ਼ਟੀ ਦਾ ਪੱਲਾ ਨਹੀਂ ਛੱਡਿਆ, ਸਗੋਂ ਅਗਿਆਨਤਾ ਦੇ ਡਰ, ਸਰਬ-ਵਿਆਪਕਤਾ ਦੀ ਹੋਂਦ-ਸਥਿਤੀ, ਉੱਚਾ ਆਚਰਣ ਅਤੇ ਅਧਿਆਤਮਵਾਦ ਦੇ ਸੰਕਲਪਾਂ ਦੇ ਪੁਨਰ-ਵਿਸ਼ਲੇਸ਼ਣਾਤਮਕ ਅਰਥਾਂ ਤੋਂ ਅਗਾਂਹ ਚਲਦਿਆਂ ਹੋਇਆਂ ਲੋਕ, ਪ੍ਰਲੋਕ, ਪ੍ਰਲੋਕੀ ਸੰਸਕਾਰ, ਭਾਵਨਾ, ਚੇਤਨਾ, ਵਿਕਾਸ ਅਤੇ ਨੇਕਾਚਾਰ ਜਿਹੇ ਸੰਕਲਪਾਂ ਦਾ ਵੀ ਖੂਬ ਵਿਸ਼ਲੇਸ਼ਣ ਕੀਤਾ ਹੈ।
ਮਨੁੱਖੀ ਆਤਮਾ ਦੀ ਸ਼ਾਂਤੀ ਕਿੱਥੇ-ਕਿੱਥੇ ਹੈ, ਜੀਵਨ ਖੇੜਾ ਕਦੋਂ ਅਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਨਿਖੇਧਵਾਦ ਤੋਂ ਕਿਵੇਂ ਸਾਂਝੀਵਾਲਤਾ ਦੀ ਸੋਚ ਵੱਲ ਪਰਤਿਆ ਜਾ ਸਕਦਾ ਹੈ ਆਦਿ ਸੰਕਲਪਾਂ ਨੂੰ ਵੀ ਹਥਲੀ ਪੁਸਤਕ ਦੇ ਨਿਬੰਧਾਂ 'ਚ ਸਰਲ ਸ਼ਬਦਾਵਲੀ, ਸਾਧਾਰਨ ਵਾਕਾਂ ਅਤੇ ਮੁਹਾਵਰੇਦਾਰ ਠੇਠ ਭਾਸ਼ਾ 'ਚ ਪੂਰਨਤਾ ਸਹਿਤ ਪਾਠਕਾਂ ਲਈ ਪੇਸ਼ ਕੀਤਾ ਗਿਆ ਹੈ। ਕੋਈ ਵੀ ਨਿਬੰਧ ਪੜ੍ਹਨਾ ਸ਼ੁਰੂ ਕਰ ਲਈਏ, ਪੂਰਾ ਪੜ੍ਹੇ ਬਗੈਰ ਛੱਡਣ ਨੂੰ ਚਿੱਤ ਨਹੀਂ ਕਰੇਗਾ। ਹਰ ਵਰਗ ਦੇ ਪਾਠਕ ਨੂੰ ਨਵੀਂ-ਨਿਵੇਲੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੋਈ ਇਹ ਪੁਸਤਕ ਧਰਮ, ਸੱਭਿਆਚਾਰ, ਸਮਾਜ, ਰਾਜਨੀਤੀ, ਸਦਾਚਾਰ ਅਤੇ ਜੀਵਨ-ਸ਼ੈਲੀ ਦੀ ਪੱਧਤੀ ਦੇ ਅਦੁੱਤੀ ਗਿਆਨ ਦਾ ਭੰਡਾਰਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 9814209732

ਮੋਇਆਂ ਨਾਲ ਗੱਲਾਂ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 120.
ਸੰਪਰਕ : 94643-91902.

ਇਸ ਪੁਸਤਕ ਵਿਚ ਲੇਖਕ ਨੇ ਇਨਸਾਨ ਦੀਆਂ ਅਕਾਂਖਿਆਵਾਂ, ਉਨ੍ਹਾਂ ਦਾ ਅਵਚੇਤਨ ਵਿਚ ਸਮਾ ਜਾਣਾ, ਸੰਸਾਰਿਕ ਕੰਮਕਾਜ ਵਿਚ ਰੁੱਝੇ ਰਹਿਣ ਕਰਕੇ ਅਕਾਂਖਿਆਵਾਂ ਦਾ ਵਿਸਰ ਜਾਣਾ ਪਰ ਵਿਹਲੇ ਮਨ ਵਿਚ ਸਕ੍ਰਿਆ ਹੋ ਜਾਣਾ ਅਤੇ ਅਪੂਰਨ ਅਕਾਂਖਿਆਵਾਂ ਦਾ ਵਿਹਲੇ ਮਨ ਵਿਚ ਉਛਾਲ ਆਉਣਾ ਆਦਿ ਗੱਲਾਂ ਨੂੰ ਬੜੇ ਵਿਸਥਾਰ ਤੇ ਉਦਾਹਰਨਾਂ ਦੇ ਕੇ ਪੇਸ਼ ਕੀਤਾ ਹੈ। ਏਨਾ ਹੀ ਨਹੀਂ ਉਸ ਨੇ ਸੁਪਨਿਆਂ ਦਾ ਦਿਨ ਵੇਲੇ ਤੇ ਰਾਤ ਵੇਲੇ ਆਉਣਾ, ਮਨ ਹੀ ਮਨ ਇਨ੍ਹਾਂ ਨੂੰ ਸਾਕਾਰ ਕਰਨ ਬਾਰੇ ਸੋਚਣਾ ਤੇ ਸਕ੍ਰਿਆ ਯਤਨ ਕਰਨੇ ਤੇ ਕਈ ਵਾਰ ਸੁਪਨੇ ਸਾਕਾਰ ਹੋਣ ਸਬੰਧੀ ਢੋਂਗ ਕਰਨੇ, ਸੰਸਾਰੀ ਲੋਕਾਂ ਨੂੰ ਗੁੰਮਰਾਹ ਕਰਨਾ ਅਤੇ ਲੋਕਾਂ ਦਾ ਉਨ੍ਹਾਂ ਵਿਚ ਵਿਸ਼ਵਾਸ ਨੂੰ ਲੈ ਕੇ ਵਿਅੰਗ ਵੀ ਕੀਤਾ ਹੈ। ਪਰ ਉਸ ਨੇ ਸਮਾਜ ਨੂੰ ਤੇ ਢੋਂਗੀਆਂ ਨੂੰ ਵੰਗਾਰ ਵੀ ਪਾਈ ਹੈ ਕਿ ਉਹ ਬੁੱਧੀ ਦਾ ਦੁਰਉਪਯੋਗ ਕਰਕੇ ਕੁਦਰਤ ਤੇ ਮਨੁੱਖਤਾ ਨਾਲ ਧਰੋਹ ਕਮਾ ਰਹੇ ਹਨ।
ਕੁਦਰਤ ਦਾ ਰਚਿਆ ਖੇਲ ਹੈ, ਜਿਸ ਨੂੰ ਜਾਨਣਾ ਮਨੁੱਖ ਦੇ ਵੱਸ ਵਿਚ ਨਹੀਂ ਹੈ ਤੇ ਹਾਰ ਕੇ ਕੁਦਰਤ ਅੱਗੇ ਸਿਰ ਝੁਕਾ ਦਿੰਦਾ ਹੈ। ਮਨੁੱਖ ਇਸ ਉਲਝੀ ਤਾਣੀ ਨੂੰ ਸੁਲਝਾਉਣ ਵਿਚ ਰੁਝਿਆ ਹੋਇਆ ਹੈ, ਜੋ ਸੰਭਵ ਨਹੀਂ ਅਤੇ ਇਸ ਦਾ ਫਾਇਦਾ ਹੀ ਅਵਤਾਰੀ ਲੋਕ ਉਠਾਉਂਦੇ ਹਨ ਤੇ ਇਸ ਤਾਣੀ ਨੂੰ ਹੋਰ ਉਲਝਾ ਰਹੇ ਹਨ। ਇਹ ਹਕੀਕਤ ਹੈ ਕਿ ਮਨੁੱਖ ਕੁਦਰਤ ਅੱਗੇ ਹਾਰ ਜਾਂਦਾ ਹੈ, ਅਗੰਮੀ ਸ਼ਕਤੀਆਂ ਦਾ ਭੇਦ ਪਾਉਣਾ ਉਸ ਦੇ ਵੱਸ ਦਾ ਕੰਮ ਨਹੀਂ ਤੇ ਇਸੇ ਨੁਕਤੇ ਨੂੰ ਲੈ ਕੇ ਲੇਖਕ ਨੇ ਉਕਤ ਸਾਰੇ ਪੱਖਾਂ ਬਾਰੇ ਵਿਸਤ੍ਰਿਤ ਵਿਚਾਰ ਪੇਸ਼ ਕੀਤੇ ਹਨ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

27-9-2015

 ਪੰਜਾਬੀ ਨਾਟਕ ਦੀ ਨਕੜਦਾਦੀ
ਨੌਰਾ ਰਿਚਰਡਜ਼
ਸੰਪਾਦਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 98762-95829.

ਦਿਆਲ ਸਿੰਘ ਕਾਲਜ ਲਾਹੌਰ ਦੇ ਅੰਗਰੇਜ਼ੀ ਪ੍ਰੋਫੈਸਰ ਪੀ.ਈ. ਰਿਚਰਡਜ਼ ਦੀ ਪਤਨੀ ਨੌਰਾ ਰਿਚਰਡਜ਼, ਜਿਸ ਦੇ ਹੱਡਾਂ ਵਿਚ ਆਇਰਲੈਂਡ ਦੀ ਸੰਸਕ੍ਰਿਤੀ ਅਤੇ ਨਾਟਕ ਰਚਿਆ ਹੋਇਆ ਸੀ, ਜਦੋਂ ਆਪਣੇ ਜੀਵਨ ਸਾਥੀ ਨਾਲ ਲਾਹੌਰ ਪੁੱਜੀ ਤਾਂ ਉਸ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਕਾਲਜ ਦੇ ਪੰਜਾਬੀ ਮੁੰਡੇ ਅੰਗਰੇਜ਼ੀ ਦੇ ਨਾਟਕ ਹੀ ਰੰਗ ਮੰਚ 'ਤੇ ਖੇਡਿਆ ਕਰਦੇ ਸਨ, ਪੰਜਾਬੀ ਸੱਭਿਆਚਾਰ ਦੇ ਵਿਸ਼ਿਆਂ 'ਤੇ ਉਹ ਨਾਟਕ ਕਿਉਂ ਨਹੀਂ ਲਿਖਦੇ ਅਤੇ ਖੇਡਦੇ? ਫਲਸਰੂਪ ਉਸ ਨੇ 'ਸਰਸਵਤੀ ਸਟੇਜ ਸੁਸਾਇਟੀ' ਬਣਾਈ। ਆਪਣੇ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਨਾਟਕ/ਇਕਾਂਗੀ ਲਿਖਣ ਅਤੇ ਖੇਡਣ ਦੀ ਚੇਟਕ ਲਾਈ। ਮੁਕਾਬਲੇ ਰੱਖੇ। ਇਨਾਮ ਰੱਖੇ। ਉਤਸ਼ਾਹਿਤ ਕੀਤਾ। ਇਨ੍ਹਾਂ ਹੀ ਦਿਨਾਂ 'ਚ ਆਈ.ਸੀ. ਨੰਦਾ ਨੇ ਪਹਿਲਾ ਇਕਾਂਗੀ ਪੰਜਾਬੀ ਵਿਚ ਲਿਖਿਆ ਅਤੇ 1914 ਦੇ ਮੁਕਾਬਲੇ ਵਿਚ ਖੇਡਿਆ ਜੋ ਕਿ ਅੱਵਲ ਰਿਹਾ। 1920 ਵਿਚ ਪਤੀ ਦੇ ਦਿਹਾਂਤ ਦੇ ਬਾਅਦ ਉਹ ਇੰਗਲੈਂਡ ਚਲੀ ਗਈ। ਇਕ ਲੈਕਚਰ ਵਿਚ ਕਿਸੇ ਨੇ ਭਾਰਤ ਬਾਰੇ ਮਾੜੀ ਭਾਸ਼ਾ ਵਰਤੀ। ਨੌਰਾ ਨੇ ਇਸ ਭਾਸ਼ਾ ਦਾ ਵਿਰੋਧ ਕੀਤਾ। ਨਤੀਜੇ ਵਜੋਂ ਇਕ ਮਹੀਨਾ ਜੇਲ੍ਹ ਕੱਟੀ। ਫਿਰ ਪਰਤ ਕੇ ਭਾਰਤ ਆ ਕੇ ਅੰਦਰੇਟਾ (ਕਾਂਗੜਾ) ਵਿਖੇ 'ਵੁਡਲੈਂਡਜ਼ ਅਸਟੇਟ' ਕਾਇਮ ਕੀਤੀ। ਉਥੇ ਓਪਨ ਏਅਰ ਥੀਏਟਰ ਉਸਾਰਿਆ। ਨਾਟਕ ਖੇਡਣ ਦੀ ਪਰੰਪਰਾ ਨਿਰੰਤਰ ਜਾਰੀ ਰਹੀ। ਬਲਵੰਤ ਗਾਰਗੀ ਨੇ ਉਸ ਨੂੰ ਨਾਟਕ ਦੀ ਨਕੜ ਦਾਦੀ ਕਿਹਾ। ਕਿਸੇ ਨੇ ਜਨਮਦਾਤੀ ਜਾਂ ਪੜਦਾਦੀ ਕਿਹਾ। ਨੌਰਾ ਪ੍ਰਕਿਰਤੀ-ਪ੍ਰੇਮਣ ਸੀ। ਪਿੰਡਾਂ ਨਾਲ ਮੋਹ ਸੀ। ਸੁਭਾਅ ਦੀ ਅੱਖੜ ਸੀ। ਸਾਦਗੀ ਪਸੰਦ ਸੀ। ਸਮੇਂ ਦੀ ਪਾਬੰਦ ਸੀ। ਸਾਰੀ ਉਮਰ ਨਾਟਕ ਦੇ ਲੇਖੇ ਲਾ ਦਿੱਤੀ। ਪੰਜਾਬੀ ਯੂਨੀਵਰਸਿਟੀ ਨੂੰ ਉਸ ਨੇ ਆਪਣੀ ਜਾਇਦਾਦ ਅਤੇ ਪੁਸਤਕ ਭੰਡਾਰ ਸੌਂਪ ਦਿੱਤਾ। ਯੂਨੀਵਰਸਿਟੀ ਨੇ ਉਸ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। 3 ਮਾਰਚ, 1971 ਨੂੰ 95 ਸਾਲ ਦੀ ਉਮਰ ਵਿਚ ਉਸ ਨੇ ਅੰਤਿਮ ਸਾਹ ਲਿਆ। ਵੁੱਡਲੈਂਡਜ਼ ਅਸਟੇਟ ਵਿਖੇ ਉਸ ਦੀ ਸਮਾਧੀ 'ਤੇ ਵਿਸਟੀਰੀਆ ਦੇ ਫੁੱਲ ਲਗਾਏ ਗਏ। ਸਮਾਧੀ ਲਾਗੇ ਤਖ਼ਤੀ 'ਤੇ ਲਿਖਿਆ ਗਿਆ : 'ਆਰਾਮ ਕਰ ਥੱਕੇ ਦਿਲਾ, ਤੇਰਾ ਕਾਰਜ ਪੂਰਾ ਹੋ ਗਿਆ।' ਯੂਨੀਵਰਸਿਟੀ ਨੇ ਉਥੇ ਲੇਖਕ ਘਰ ਅਤੇ ਵਿਦਿਆਰਥੀ ਭਵਨ ਦੀ ਉਸਾਰੀ ਕੀਤੀ।
ਇਸ ਸਾਰੀ ਜੀਵਨ-ਕਥਾ ਨੂੰ ਭਰਵੇਂ ਰੂਪ ਵਿਚ ਉਜਾਗਰ ਕਰਦੀ ਹੈ ਪੁਸਤਕ ਪੰਜਾਬੀ ਨਾਟਕ ਦੀ ਨਕੜ ਦਾਦੀ ਨੌਰਾ ਰਿਚਰਡਜ਼ ਜਿਸ ਨੂੰ ਸ: ਹਰਬੀਰ ਸਿੰਘ ਭੰਵਰ ਨੇ ਬੜੀ ਮਿਹਨਤ ਨਾਲ ਆਪ ਲੇਖ ਲਿਖ ਕੇ ਹੋਰਨਾਂ ਤੋਂ ਲਿਖਵਾ ਕੇ ਅਤੇ ਪਹਿਲਾਂ ਹੀ ਲਿਖੇ ਜਾ ਚੁੱਕੇ ਇਕੱਤਰ ਕਰਕੇ ਸੰਪਾਦਿਤ ਕੀਤਾ। ਇਸ ਦੇ ਪ੍ਰਕਾਸ਼ਨ ਦਾ ਸਿਹਰਾ ਪੰਜਾਬੀ ਸਾਹਿਤ ਅਕਾਦਮੀ ਨੂੰ ਜਾਂਦਾ ਹੈ। ਦੁਹਰਾਓ ਦੇ ਬਾਵਜੂਦ ਇਹ ਪੁਸਤਕ ਨੌਰਾ ਬਾਰੇ ਜਾਣਕਾਰੀ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਵੰਗਾਂ ਕੱਚ ਦੀਆਂ
ਸ਼ਾਇਰ : ਜਗਤਾਰ ਗਿੱਲ
ਪ੍ਰਕਾਸ਼ਕ : ਸੰਭਾਵਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94647-80299

ਜਗਤਾਰ ਗਿੱਲ ਭਾਵੇਂ ਕਾਫ਼ੀ ਸਮੇਂ ਤੋਂ ਕਵਿਤਾ ਲਿਖਣ ਦਾ ਸ਼ੌਕ ਪਾਲ ਰਿਹਾ ਹੈ ਪਰ ਮਿੱਤਰਾਂ-ਦੋਸਤਾਂ ਦੀ ਹੱਲਾਸ਼ੇਰੀ ਨਾਲ 'ਵੰਗਾਂ ਕੱਚ ਦੀਆਂ' ਕਾਵਿ ਸੰਗ੍ਰਹਿ ਉਹ ਕਾਫ਼ੀ ਪਛੜ ਕੇ ਛਪਵਾ ਸਕਣ ਵਿਚ ਸਫ਼ਲ ਹੋਇਆ ਹੈ। ਇਸ ਪੁਸਤਕ ਵਿਚ ਉਸ ਦੀਆਂ 23 ਗ਼ਜ਼ਲਾਂ, 13 ਗੀਤ ਤੇ 9 ਕਵਿਤਾਵਾਂ ਸ਼ਾਮਿਲ ਹਨ। ਕੁਝ ਪੰਨਿਆਂ 'ਤੇ ਉਸ ਨੇ ਦੋਹੇ ਤੇ ਮਾਹੀਆ ਨੂੰ ਵੀ ਜਗ੍ਹਾ ਦਿੱਤੀ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਆਮ ਫ਼ਹਿਮ ਜ਼ਬਾਨ ਵਿਚ ਲਿਖੇ ਗਏ ਹਨ ਤੇ ਸਾਦਗੀ ਇਨ੍ਹਾਂ ਦਾ ਵਿਸ਼ੇਸ਼ ਗੁਣ ਹੈ। ਜਗਤਾਰ ਗਿੱਲ ਵਲ਼ ਵਲ਼ੇਵਿਆਂ ਦੀ ਥਾਂ ਸਿੱਧੀ ਗੱਲ ਕਰਨ ਵਿਚ ਯਕੀਨ ਰੱਖਦਾ ਹੈ। ਸ਼ਾਇਰ ਆਦਮੀ ਦੀ ਬਨਾਵਟੀ ਜ਼ਿੰਦਗੀ ਅਤੇ ਝੂਠੇ ਭੇਖ 'ਤੇ ਚਿੰਤਾ ਜ਼ਾਹਰ ਕਰਦਾ ਹੈ। ਉਸ ਮੁਤਾਬਿਕ ਦੁਨੀਆ ਵਿਚ ਰਹਿ ਰਹੇ ਮਨੁੱਖਾਂ ਨੂੰ ਜ਼ਿੰਦਗੀ ਦੀਆਂ ਗੁੰਝਲਾਂ ਨੇ ਉਲਝਾ ਰੱਖਿਆ ਹੈ ਤੇ ਆਟੇ-ਦਾਲ ਦੀ ਜ਼ਰੂਰਤ ਨੇ ਉਨ੍ਹਾਂ ਦੀ ਸੋਚ ਨੂੰ ਜੰਗ ਲਾ ਦਿੱਤਾ ਹੈ। ਉਸ ਦੇ ਜ਼ਿਆਦਾਤਰ ਸ਼ਿਅਰ ਮੁਹੱਬਤ ਦੇ ਵਿਸ਼ੇ ਦੁਆਲੇ ਕੇਂਦਰਿਤ ਹਨ। ਆਪਣੀਆਂ ਗ਼ਜ਼ਲਾਂ ਵਿਚ ਉਹ ਗ਼ਜ਼ਲ ਲਈ ਨਿਰਧਾਰਤ ਨਿਯਮਾਂ 'ਤੇ ਕਈ ਵਾਰ ਪਹਿਰਾ ਨਹੀਂ ਦਿੰਦਾ ਪਰ ਉਸ ਦੇ ਬਹੁਤੇ ਸ਼ਿਅਰ ਆਪਣਾ ਪ੍ਰਭਾਵ ਸਿਰਜਣ ਵਿਚ ਸਫ਼ਲ ਹਨ। ਗਿੱਲ ਦੇ ਗੀਤਾਂ ਦੇ ਵਿਸ਼ੇ ਪੰਜਾਬੀ ਜਨ ਜੀਵਨ 'ਚੋਂ ਲਏ ਗਏ ਹਨ। ਇਹ ਗੀਤ ਪਰੰਪਰਕ ਪੰਜਾਬੀ ਸੱਭਿਆਚਾਰ ਦੇ ਕਾਫ਼ੀ ਨਜ਼ਦੀਕ ਹਨ। ਸ਼ਾਇਰ ਦੀਆਂ ਕੁਝ ਰਚਨਾਵਾਂ ਅੱਜ ਦੇ ਭਖਦੇ ਮਸਲਿਆਂ 'ਤੇ ਆਧਾਰਿਤ ਹਨ। ਰੁੱਖਾਂ ਦੀ ਕਟਾਈ ਤੇ ਦੂਸ਼ਿਤ ਵਾਤਾਵਰਨ ਮੌਜੂਦਾ ਸਮੇਂ ਦੇ ਵੱਡੇ ਫ਼ਿਕਰ ਹਨ ਜਿਨ੍ਹਾਂ ਬਾਰੇ ਸ਼ਾਇਰ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਆਪਣੀ ਪਲੇਠੀ ਪੁਸਤਕ ਤੋਂ ਉਤਸ਼ਾਹਿਤ ਹੋ ਕੇ ਗਿੱਲ ਯਕੀਨਨ ਆਪਣੀ ਸ਼ਾਇਰੀ ਨੂੰ ਹੋਰ ਵਸੀਹ ਕਰੇਗਾ।

ਗੁਰਦਿਆਲ ਰੌਸ਼ਨ
ਮੋ: 9988444002

ਸ਼ਮਸ਼ੀਰ
ਗ਼ਜ਼ਲਕਾਰ : ਜਗਤਾਰ ਸਾਲਮ
ਪ੍ਰਕਾਸ਼ਕ : ਨਵੀਂ ਦੁਨੀਆ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 72.
ਮੋ: 97804-70386.

ਜਗਤਾਰ ਸਾਲਮ ਪੂਰੀ ਦੁਨੀਆ ਲਈ ਸੰਵੇਦਨਸ਼ੀਲ ਸ਼ਾਇਰ ਹੈ। ਉਹ ਸ਼ਾਇਰੀ ਨੂੰ ਇਲਹਾਮ ਜਾਂ ਆਮਦ ਹੋਣ ਵਾਂਗ ਨਹੀਂ ਮੰਨਦਾ। ਪਰ ਸ਼ਾਇਰ ਹੈ, ਸਮਾਜਿਕ ਨਾ-ਬਰਾਬਰੀ, ਲੁੱਟ-ਖਸੁੱਟ, ਸਿਆਸੀ ਤਿਕੜਮਬਾਜ਼ੀਆਂ, ਅਨਿਆਂ ਵੇਖ ਕੇ ਉਦਾਸ ਤਾਂ ਹੋਵੇਗਾ ਹੀ ਪਰ ਨਿਰਾਸ਼ ਨਹੀਂ, ਸਾਲਮ ਹੋਰੀਂ ਨਿਰਾਸ਼ਾ ਦੇ ਆਲਮ ਵਿਚ ਵੀ ਆਪਣੇ ਜ਼ਿਨਹ ਵਿਚ ਰੌਸ਼ਨੀ ਸਾਂਭੀ ਰੱਖਦੇ ਹਨ। ਪ੍ਰਤੀਬੱਧਤਾ ਅਤੇ ਦ੍ਰਿੜ੍ਹਤਾ ਦੀ ਸੁਰ ਨੂੰ ਇਸ ਰੌਸ਼ਨੀ ਨਾਲ ਰਗੜ ਕੇ ਹੋਰ ਤਿੱਖੀ ਕਰਕੇ ਆਪਣੇ-ਆਪਣੇ ਮਜ਼ਬੂਤ ਇਰਾਦੇ ਨਾਲ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਆਪਣੇ ਦਿਲ ਦਿਮਾਗ ਵਿਚ ਸੰਭਾਲ ਲੈਂਦੇ ਹਨ। ਸ਼ਿਅਰ ਦੇਖੋ :
ਮਨ ਦੇ ਹਰ ਇਕ ਕੋਨੇ ਵਿਚੋਂ ਮੈਂ ਕਵਿਤਾ ਨੂੰ ਭਾਲ ਰਿਹਾ ਹਾਂ
ਏਧਰ ਉਧਰ ਜੋ ਕੁਝ ਵੀ ਸੀ ਇਕ ਥਾਂ 'ਤੇ ਸੰਭਾਲ ਰਿਹਾ ਹਾਂ
ਅਤੇ ਜਦੋਂ ਜਗਤਾਰ ਸਾਲਮ ਹੋਰੀਂ ਇਹ ਸੋਚਦੇ ਹਨ ਕਿ
ਕਦੇ ਮੈਂ ਸੋਚਿਆ ਸੀ ਸੁਪਨਿਆਂ ਵਿਚ ਹੀਰ ਦੇਖਾਂਗਾ
ਪਤਾ ਕੀ ਸੀ ਕਿ ਹਰ ਸੁਪਨੇ ਨੂੰ ਲੀਰੋ ਲੀਰ ਦੇਖਾਂਗਾ
ਆਪਣੇ ਸੁਪਨਿਆਂ ਨੂੰ ਲੀਰੋ ਲੀਰ ਹੋਇਆ ਤਕ ਕੇ ਜਦ ਬੇ ਵੱਸ ਲੋਕਾਂ ਦੇ ਸੁਪਨੇ ਵੀ ਲੀਰੋ ਲੀਰ ਨਜ਼ਰੀਂ ਆਉਣ ਤਾਂ ਫਿਰ ਅੰਦਰਲੀ ਅੱਗ ਨੂੰ ਨੱਥ ਨਹੀਂ ਪਾਈ ਜਾ ਸਕਦੀਂ
ਨਾ ਬੁਝੇਗੀ ਇਹ ਬੁਝਾਇਆਂ ਤੇ ਨਾ ਟਾਲੇ ਤੋਂ ਟਲੇਗੀ।
ਕੀ ਪਤਾ ਸੀ ਸ਼ਹਿਰ ਦੀ ਇਹ ਅੱਗ ਸੀਨੇ ਵਿਚ ਬਲੇਗੀ।
ਅਤੇ ਇਹੀ ਅੱਗ ਫਿਰ ਭਾਂਬੜ ਬਣ ਜਾਂਦੀ ਹੈ, ਚੁਣੌਤੀ ਬਣ ਜਾਂਦੀ ਹੈ, ਲਲਕਾਰ ਬਣ ਜਾਂਦੀ ਹੈ, ਸੰਘਰਸ਼ ਦਾ ਬਿਗਲ ਬਣ ਜਾਂਦੀ ਹੈ। ਲੋਟੂ ਜਮਾਤ ਦੇ ਕੰਨ ਖੜ੍ਹੇ ਕਰ ਦਿੰਦੀ ਹੈ :
ਨਹੀਂ ਝੁਕਣਾ ਅਸੀਂ ਹੁਣ ਏਸ ਕਾਲੀ ਰਾਤ ਦੇ ਅੱਗੇ,
ਖੜ੍ਹੇ ਹੋਵਾਂਗੇ ਛਾਤੀ ਤਾਣ ਕੇ ਹਾਲਾਤ ਦੇ ਅੱਗੇ।
ਬੜੀ ਦੇਰ ਬਾਅਦ ਇਕ ਬਹੁਤ ਵਧੀਆ ਜੁਝਾਰੂ ਗ਼ਜ਼ਲ ਸੰਗ੍ਰਹਿ ਪੜਨ ਲਈ ਮਿਲਿਆ ਹੈ। ਸਿੱਧੇ ਤੀਰ ਨਿਸ਼ਾਨੇ 'ਤੇ ਲਾਉਣ ਵਾਲਾ, ਦਿਲਾਂ ਨੂੰ ਟੁੰਭਣ ਵਾਲਾ, ਜਗਤਾਰ ਸਾਲਮ ਦੀ ਸ਼ਮਸ਼ੀਰ ਨੂੰ ਜੀ ਆਇਆਂ।

ਰਾਜਿੰਦਰ ਪਰਦੇਸੀ
ਮੋ: 93576-41552.

ਤੀਜੀ ਅੱਖ ਦਾ ਸਵੇਰਾ
ਕਹਾਣੀਕਾਰਾ : ਪ੍ਰਿੰ: ਪ੍ਰੇਮ ਲਤਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 120
ਸੰਪਰਕ : 98143-41746.

ਪ੍ਰਿੰ: ਪ੍ਰੇਮ ਲਤਾ ਦਾ ਬਤੌਰ ਕਹਾਣੀਕਾਰਾ ਇਹ ਪਲੇਠਾ ਕਹਾਣੀ ਸੰਗ੍ਰਹਿ ਹੈ। ਉਂਜ ਉਨ੍ਹਾਂ ਇਸ ਤੋਂ ਪਹਿਲਾਂ ਇਕ ਪੰਜਾਬੀ ਦਾ ਨਿਬੰਧ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਹੈ। ਇਸ ਕਹਾਣੀ ਸੰਗ੍ਰਹਿ ਵਿਚ ਭਾਵੇਂ ਉਨ੍ਹਾਂ ਦੀਆਂ ਨਿੱਕੀਆਂ ਵੱਡੀਆਂ ਕੁੱਲ ਪੰਝੀ ਕਹਾਣੀਆਂ ਸ਼ਾਮਿਲ ਹਨ ਪਰ ਪੁਸਤਕ ਦੇ ਅੰਤਲੇ ਕੁਝ ਪੰਨਿਆਂ ਉੱਤੇ ਆਪੋ-ਆਪਣੇ ਖੇਤਰ ਵਿਚ ਜ਼ਿਕਰਯੋਗ ਪ੍ਰਾਪਤੀਆਂ ਕਰਨ ਵਾਲੀਆਂ ਛੇ ਇਸਤਰੀਆਂ ਅੰਮ੍ਰਿਤਾ ਦੇਵੀ, ਅਰੁਨਿਮਾ ਸਿਨਹਾ, ਬੁੱਲਾ ਚੌਧਰੀ, ਸ਼ਕੁੰਤਲਾ ਦੇਵੀ, ਪ੍ਰੇਮ ਲਤਾ ਗਰਗ ਅਤੇ ਮਹੀਰ ਸੇਨ ਦੇ ਜੀਵਨ ਚਿੱਤਰ ਦਰਜ ਕੀਤੇ ਗਏ ਹਨ। ਕਹਾਣੀਕਾਰਾ ਦੇ ਇਸ ਨਿਵੇਕਲੇ ਯਤਨ ਸਦਕਾ ਇਹ ਪੁਸਤਕ ਸਾਹਿਤ ਦੇ ਦੋ ਰੰਗਾਂ ਦਾ ਬੇਸ਼ਕੀਮਤੀ ਖਜ਼ਾਨਾ ਹੋ ਨਿੱਬੜੀ ਹੈ।
ਜਿਥੋਂ ਤੱਕ ਇਸ ਪੁਸਤਕ 'ਚ ਸ਼ਾਮਿਲ ਕਹਾਣੀਆਂ ਦੇ ਵਿਸ਼ਾ ਵਸਤੂ, ਪੇਸ਼ਕਾਰੀ ਅਤੇ ਕਹਾਣੀਕਾਰਾ ਦੀ ਕਹਾਣੀ ਕਹਿਣ ਦੀ ਕਲਾ ਦਾ ਸਬੰਧ ਹੈ, ਪੱਖੋਂ ਇਹ ਪੁਸਤਕ ਪਾਠਕ ਦਾ ਧਿਆਨ ਖਿੱਚਣ-ਬੰਨ੍ਹਣ ਦੀ ਸਮਰੱਥਾ ਰੱਖਦੀ ਹੈ। ਤਕਨੀਕੀ ਪੱਖੋਂ ਬੇਸ਼ੱਕ ਕਹਾਣੀ-ਰਚਨਾ ਵਿਚ ਕੋਈ ਗੁੰਝਲਦਾਰ ਕਲਾ-ਜੁਗਤੀ ਦੀ ਵਰਤੋਂ ਕਿਸੇ ਵੀ ਕਹਾਣੀ ਵਿਚ ਨਹੀਂ ਮਿਲਦੀ ਪਰ ਤਮਾਮ ਕਹਾਣੀਆਂ ਨਿਬੰਧਾਤਮਿਕ ਜਾਂ ਬਿਰਤਾਂਤਕ ਸ਼ੈਲੀ ਰਾਹੀਂ ਪਾਠਕ ਨੂੰ ਕਹਾਣੀ ਰਸ ਦਾ ਖੂਬ ਅਨੰਦ ਪ੍ਰਦਾਨ ਕਰਦੀਆਂ ਹਨ। ਸੰਗ੍ਰਹਿ 'ਚ ਸ਼ਾਮਿਲ ਤਿੰਨ ਕਹਾਣੀਆਂ 'ਨਾਮ ਦਾਨ', 'ਲਾਲ ਜਾਲੀ ਵਾਲੀਆਂ ਕੰਧਾਂ' ਅਤੇ 'ਰੂੜੀ ਵਾਲੀ ਥਾਂ 'ਚ ਕੋਠਾ' ਪੰਜਾਬ 'ਚ ਫੈਲੇ ਡੇਰਾਵਾਦ ਕਰਕੇ ਲੋਕਾਂ ਨੂੰ ਮਿਲ ਰਹੇ ਮਾਨਸਿਕ ਕਸ਼ਟਾਂ ਦਾ ਯਥਾਰਥਕ ਵੇਰਵਾ ਪੇਸ਼ ਕਰਦੀਆਂ ਹਨ। ਧਰਮਾਂ ਦੀ ਆੜ 'ਚ ਹੋ ਰਹੇ ਕੁਕਰਮਾਂ ਬਾਰੇ ਪੜ੍ਹ ਕੇ ਪਾਠਕ ਦੀਆਂ ਅੱਖਾਂ ਅੱਡੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੋਰ ਭਿੰਨ-ਭਿੰਨ ਵਿਸ਼ਿਆਂ ਨੂੰ ਉਭਾਰਦੀਆਂ ਹੋਰ ਕਹਾਣੀਆਂ ਜਿਨ੍ਹਾਂ ਵਿਚ 'ਸਰਵਣ ਕੁਮਾਰ ਦੀ ਯਾਤਰਾ ਜਾਰੀ ਹੈ', 'ਲਾਟ ਬਲਦੀ ਰਹੇ', 'ਆਲੂ ਹੀਰਿਆਂ ਦੀ ਸਬਜ਼ੀ', 'ਅਸਲੀ ਬੁੱਤ ਪਰ ਸਸਤੇ ਬੁੱਤ', 'ਸੁਪਨੇ ਵਿਚ ਰਾਵਣ', ਭੂਰੇ ਵਾਲਾਂ ਵਾਲੀ ਗੁੱਡੀ ਅਤੇ ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਤੀਜੀ ਅੱਖ ਦਾ ਸਵੇਰਾ' ਆਦਿ ਸ਼ਾਮਿਲ ਹਨ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

ਪੱਤੀ ਪੱਤੀ ਗੁਲਾਬ
ਸ਼ਾਇਰ : ਲਾਲ ਮਿਸਤਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 88
ਸੰਪਰਕ : 98159-66595.

ਲਾਲ ਮਿਸਤਰੀ ਰਚਿਤ ਕਾਵਿ ਸੰਗ੍ਰਹਿ 'ਪੱਤੀ ਪੱਤੀ ਗੁਲਾਬ' ਉਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਤ੍ਰਿਹਾਏ ਪੱਤਣ' ਕਾਵਿ ਸੰਗ੍ਰਹਿ ਦੀ ਸਿਰਜਣਾ ਰਾਹੀਂ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਪਛਾਣ ਬਣਾ ਚੁੱਕਾ ਹੈ। ਉਸ ਦੀ ਸ਼ਾਇਰੀ ਮੂਲ ਰੂਪ ਵਿਚ ਪ੍ਰੇਮ ਸਬੰਧਾਂ, ਬ੍ਰਿਹੋਂ, ਬਿਹਬਿਲਤਾ ਦੇ ਅਹਿਸਾਸਾਂ ਨੂੰ ਕਾਵਿ ਰੂਪਾਂਤਰਿਤ ਕਰਨ ਕਰਕੇ ਆਪਣੀ ਵਿਸ਼ੇਸ਼ ਪਛਾਣ ਰੱਖਦੀ ਹੈ। ਉਸ ਦੀ ਸਮੁੱਚੀ ਸ਼ਾਇਰੀ ਪ੍ਰੇਮ-ਸਬੰਧਾਂ ਦੀਆਂ ਤੰਦਾਂ ਦੇ ਸੂਖਮ ਅਹਿਸਾਸ ਦੀ ਅਭਿਵਿਅਕਤੀ ਹੈ। ਉਹ ਲਿਖਦਾ ਹੈ:
ਆ ਸੱਜਣਾ ਵੇ ਗੀਤ ਲਿਖਾਂ
ਇਕ ਤੇਰੇ ਮੁੱਖ ਜਿਹਾ
ਬ੍ਰਿਹਾ ਮਾਰੀ ਕਿਸੇ ਵਿਯੋਗਣ
ਦੇ ਗੱਭਰੂ ਦੇ ਦੁੱਖ ਜਿਹਾ
- - - - -
ਇਸੇ ਤਰ੍ਹਾਂ
ਖ਼ਤ ਲਿਖਿਆ ਨਾ ਕਰ
ਸੋਹਣੇ ਸੱਜਣਾ ਦੇ ਨਾਂਅ
ਇਹ ਤਾਂ ਇਹੋ ਬਣੀ ਰਹਿਣੀ
ਕਦੀ ਹਾਂਂਕਦੀ ਨਾਂਹ।
ਸ਼ਾਇਰ ਦਾ ਪ੍ਰੋੜ੍ਹ ਅਨੁਭਵ ਅਤੇ ਸੂਖ਼ਮ ਦ੍ਰਿਸ਼ਟੀ ਉਸ ਦੇ ਕਾਵਿ ਦੀ ਪਛਾਣ ਬਣਦੀ ਹੈ। ਇਹੀ ਕਾਰਨ ਹੈ ਕਿ ਉਸ ਦੇ ਗੀਤ ਲੋਕ ਗੀਤਾਂ ਦਾ ਪ੍ਰਭਾਵ ਸਿਰਜਣ ਦੀ ਸਮਰੱਥਾ ਰੱਖਦੇ ਹਨ। ਉਸ ਦੀ ਸ਼ਾਇਰੀ ਵਿਸ਼ੇ ਅਤੇ ਕਲਾ ਪੱਖ ਪਾਠਕ ਨੂੰ ਆਕਰਸ਼ਿਤ ਕਰਨ ਦੀ ਵਿਸ਼ੇਸ਼ ਸਮਰੱਥਾ ਰੱਖਦੀ ਹੈ।

ਡਾ: ਜਸਵੀਰ ਸਿੰਘ
ਮੋ: 94170-12430.

ਅਰਸ਼-ਦੀਪ
ਸੰਪਾਦਕ : ਕੇਵਲ ਮਾਣਕਪੁਰੀ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ,
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99158-45184

ਗੀਤਕਾਰ ਤੇ ਗਾਇਕ ਕੇਵਲ ਮਾਣਕਪੁਰੀ ਦਾ ਨਾਂਅ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਨੰਦ ਲਾਲ ਨੂਰਪੁਰੀ ਸਾਹਿਤ ਸਭਾ, ਮੁਹਾਲੀ ਦੇ ਪ੍ਰਧਾਨ ਹਨ ਤੇ ਸਮੇਂ ਸਮੇਂ 'ਤੇ ਨਵੇਂ-ਪੁਰਾਣੇ ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਪੁਸਤਕਾਂ ਦੀ ਸੰਪਾਦਨਾ ਕਰਦੇ ਰਹਿੰਦੇ ਹਨ।
ਇਸੇ ਲੜੀ ਤਹਿਤ ਹੁਣ 'ਅਰਸ਼-ਦੀਪ' ਪੁਸਤਕ ਪਾਠਕਾਂ ਦੀ ਝੋਲੀ ਪਾਈ ਗਈ ਹੈ, ਜਿਸ ਵਿਚ ਲਗਪਗ ਦੋ ਦਰਜਨ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕਈ ਕਵੀ ਜਾਣੇ-ਪਛਾਣੇ ਹਨ ਤੇ ਕਈ ਅਸਲੋਂ ਨਵੇਂ, ਪਰ ਸਾਰਿਆਂ ਦੀਆਂ ਕਵਿਤਾਵਾਂ ਨੂੰ ਸ਼ਾਮਿਲ ਕਰਨ ਵੇਲੇ ਪੱਧਰ ਦਾ ਖਿਆਲ ਜ਼ਰੂਰ ਰੱਖਿਆ ਗਿਆ ਹੈ। ਅਮਰੀਕ ਬੇਗ਼ਮਪੁਰੀ, ਸਤਪਾਲ ਸਿੰਘ ਨੂਰ, ਸੁਖਦੇਵ ਸਿੰਘ ਭੱਟੀ, ਸੂਬਾ ਸਿੰਘ ਨੰਬਰਦਾਰ, ਜਗਜੀਤ ਸਿੰਘ ਨੂਰ, ਤਿਲਕ ਰਾਜ, ਨਾਗਾ 'ਬੇਜ਼ਾਰ', ਨਵਜੋਤ ਕੌਰ ਸਿੱਧੂ ਐਡਵੋਕੇਟ, ਵਿਮਲਾ ਗੁਗਲਾਨੀ ਸਮੇਤ ਸਾਰੇ ਹੀ ਕਵੀਆਂ ਦੀਆਂ ਰਚਨਾਵਾਂ ਚੰਗੀਆਂ ਹਨ।
ਕਈ ਲੇਖਕਾਂ ਦੀ ਇਕ-ਇਕ ਰਚਨਾ ਦਰਜ ਹੈ ਤੇ ਕਈਆਂ ਦੀਆਂ ਇਕ ਤੋਂ ਵੱਧ। ਕਵਿਤਾਵਾਂ ਤੇ ਗੀਤ ਜ਼ਿੰਦਗੀ ਦੇ ਫ਼ਲਸਫ਼ੇ ਦੀ ਗੱਲ ਕਰਦੀਆਂ ਹਨ, ਜਿਨ੍ਹਾਂ ਵਿਚ ਰਾਜ, ਸਮਾਜ, ਮੁਹੱਬਤ, ਪੀੜ, ਦੁੱਖ-ਦਰਦ, ਭਾਵੁਕਤਾ ਸਮੇਤ ਸਭ ਰੰਗ ਸ਼ਾਮਿਲ ਹਨ। ਲੇਖਕਾਂ ਨੇ ਆਪਣੇ ਮਨ ਦੇ ਵਲਵਲਿਆਂ ਨੂੰ ਰਚਨਾਵਾਂ ਜ਼ਰੀਏ ਬਾਖੂਬੀ ਪੇਸ਼ ਕੀਤਾ ਹੈ।
ਇਸ ਤਰ੍ਹਾਂ ਦੇ ਉਪਰਾਲੇ ਕਰਨੇ ਭਾਵੇਂ ਸੌਖੇ ਨਹੀਂ, ਪਰ ਕੇਵਲ ਇਸ ਲਈ ਵਧਾਈ ਦਾ ਪਾਤਰ ਹੈ ਕਿ ਉਹ ਬਾਕੀ ਲੇਖਕਾਂ ਨੂੰ ਵੀ ਮੰਚ ਮੁਹੱਈਆ ਕਰਾਉਣ ਲਈ ਉੱਦਮ ਕਰਦਾ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਲੇਖਕਾਂ ਦਾ ਹੌਸਲਾ ਵਧਦਾ ਹੈ ਤੇ ਉਨ੍ਹਾਂ ਦੀਆਂ ਰਚਨਾਵਾਂ ਪਾਠਕਾਂ ਵੱਲੋਂ ਪਸੰਦ, ਨਾਪਸੰਦ ਕੀਤੀਆਂ ਜਾਣ ਕਰਕੇ ਉਨ੍ਹਾਂ ਨੂੰ ਸਿੱਖਣ ਲਈ ਬੜਾ ਕੁਝ ਮਿਲਦਾ ਹੈ।

ਸਵਰਨ ਸਿੰਘ ਟਹਿਣਾ
ਮੋ: 98141-78883

ਸਮੇਂ ਦਾ ਦਰਿਆ
ਕਵੀ : ਗੁਰਪ੍ਰੀਤ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 120 ਰੁਪਏ, ਸਫ਼ੇ : 112.
ਸੰਪਰਕ : 98723-75898

ਸਮੇਂ ਦਾ ਦਰਿਆ, ਗੁਰਪ੍ਰੀਤ ਦਾ ਨਵਾਂ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਕਵੀ ਨੇ ਆਪਣੇ ਦੋ ਕਾਵਿ ਸੰਗ੍ਰਹਿਾਂ 'ਸ਼ਬਦਾਂ ਦੀ ਮਰਜ਼ੀ' ਤੇ 'ਅਕਾਰਕ' ਵਿਚਲੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ।
ਇਸ ਸੰਗ੍ਰਹਿ ਦੇ ਸ਼ੁਰੂ ਵਿਚ ਸੁਖਵੀਰ ਸਿੰਘ ਸੂਹੇ ਅੱਖਰ ਦੀਆਂ ਸਤਰਾਂ ਤੁਹਾਨੂੰ ਇਸ ਸੰਗ੍ਰਹਿ ਵਿਚ ਦਾਖਲ ਹੋਣ ਲਈ ਦਰਵਾਜ਼ਾ ਖੋਲ੍ਹਦੀਆਂ ਹਨ :
ਕਵਿਤਾ ਸਮਝਣ ਦੀ ਚੀਜ਼ ਨਹੀਂ ਹੁੰਦੀ
ਇਹ ਤਾਂ ਸ਼ਬਦਾਂ ਨੂੰ
ਦਿਲ ਦੇ ਧਰਾਤਲ 'ਤੇ
ਮਹਿਸੂਸ ਕਰਨਾ ਹੈ...
ਇਨ੍ਹਾਂ ਸਤਰਾਂ ਨੂੰ ਵਾਚਦਿਆਂ ਜਦੋਂ ਤੁਸੀਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਵਿਚਰਦੇ ਹੋ ਤਾਂ ਤੁਹਾਨੂੰ ਕਵਿਤਾ ਦੀ ਸਮਝ ਆਉਣ ਲਗਦੀ ਹੈ। ਇਹ ਕਵਿਤਾਵਾਂ ਕਿਸੇ ਝਰਨੇ ਦੀ ਰਵਾਨਗੀ ਵਾਂਗ ਵਹਿੰਦੀਆਂ ਨਹੀਂ ਵਗਦੀਆਂ, ਸਗੋਂ ਮੂਹਰਲੀਆਂ ਸਤਰਾਂ ਮੁਤਾਬਿਕ ਤੁਹਾਨੂੰ ਰੁਕ-ਰੁਕ ਕੇ ਇਨ੍ਹਾਂ ਨੂੰ ਦਿਲ ਦੇ ਧਰਾਤਲ 'ਤੇ ਮਹਿਸੂਸ ਕਰਨਾ ਪੈਂਦਾ ਹੈ। ਪਾਠਕ ਨੂੰ ਅਸੁਵਿਧਾ ਨਾ ਹੋਵੇ, ਇਸ ਲਈ ਸ਼ਾਇਰ ਨੇ ਇਨ੍ਹਾਂ ਵਿਚ 'ਸਪੇਸ' ਦਿੱਤੀ ਹੈ। ਪਾਠਕ ਉਥੇ ਕਵੀ ਦੇ ਅਨੁਸਾਰ ਵੀ ਕੁਝ ਸੋਚ ਸਕਦਾ ਹੈ ਤੇ ਆਪਣੀ ਕਲਪਨਾ ਉਡਾਰੀ ਦਾ ਇਮਤਿਹਾਨ ਵੀ ਲੈ ਸਕਦਾ ਹੈ। ਕਵੀ ਆਪਣੀ ਗੱਲ ਬਹੁਤ ਰੋਕ ਰੋਕ ਕੇ, ਮਠਾਰ ਮਠਾਰ ਕੇ ਆਖਦਾ ਹੈ
ਹਿਰਦੇ ਦਾ ਸੰਗੀਤ
ਹਵਾ ਦਾ ਵਗਣਾ
ਪਾਣੀ ਦਾ ਵਹਿਣਾ
ਧੁੱਪ ਦਾ ਵਿਛਣਾ
ਕਿਤੇ-ਕਿਤੇ ਸ਼ਬਦਾਂ ਰਾਹੀਂ ਫੋਟੋਗ੍ਰਾਫਿਕ ਦ੍ਰਿਸ਼ਾਂ ਦੀ ਸਿਰਜਣਾ ਹੋਈ ਮਿਲਦੀ ਹੈ।
ਅਨੰਤ ਧਰਤੀਆਂ
ਅਨੰਤ ਅੰਬਰ
ਅਨੰਤ ਰੂਪਾਂ 'ਚ ਤੁਰਦਾ ਉਡਦਾ
ਆਵਾਜ਼
ਅੰਦਰ ਹੀ
ਮਿਟ ਜਾਂਦਾ ਸਾਰਾ
ਸ਼ਬਦ ਸੰਸਾਰ...
ਇਨ੍ਹਾਂ ਕਵਿਤਾਵਾਂ 'ਚੋਂ ਗੁਜ਼ਰਨਾ ਨਿੱਕੇ-ਨਿੱਕੇ ਅਹਿਸਾਸਾਂ, ਸਥਿਤੀਆਂ, ਸੰਵੇਦਨਾਵਾਂ ਨੂੰ ਛੂਹ ਕੇ ਗੁਜ਼ਰਨਾ ਹੈ। ਸ਼ਬਦਾਂ ਦੇ ਪੰਛੀ ਤੁਹਾਡੀਆਂ ਤਲੀਆਂ ਵਿਚ ਧੜਕਦੇ, ਕੰਬਦੇ ਹਨ ਤੇ ਤੁਸੀਂ ਉਨ੍ਹਾਂ ਦੀ ਕੰਬਣੀ ਮਹਿਸੂਸ ਕਰ ਸਕਦੇ ਹੋ।

ਡਾ: ਅਮਰਜੀਤ ਕੌਂਕੇ
ਮੋ: 98142-31698

26-9-2015

 ਵਿਆਹ ਦੇ ਗੀਤ
ਮਹਿੰਦੀ ਸ਼ਗਨਾਂ ਦੀ
ਲੇਖਕ : ਸੁਖਦੇਵ ਮਾਦਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ (ਪੇਪਰ ਬੈਕ), ਸਫ਼ੇ : 271.
ਸੰਪਰਕ : 94630-34472.

ਹਥਲੀ ਪੁਸਤਕ ਦਾ ਰਚੇਤਾ ਸੁਖਦੇਵ ਮਾਦਪੁਰੀ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਖੇਤਰ 'ਚ ਉੱਘਾ ਯੋਗਦਾਨ ਪਾਉਣ ਸਦਕਾ ਕਿਸੇ ਪਛਾਣ ਦਾ ਮੁਥਾਜ ਨਹੀਂ ਹੈ। ਇਸ ਲੋਕਵਾਣੀ-ਗ੍ਰੰਥ ਵਿਚ ਉਸ ਨੇ ਗਿੱਧਾ, ਜਾਗੋ, ਸੁਹਾਗ, ਘੋੜੀਆਂ, ਹੇਅਰੇ, ਸਿੱਠਣੀਆਂ ਅਤੇ ਛੰਦ-ਪਰਾਗੇ ਲੋਕ ਗੀਤ ਰੂਪਾਂ ਨੂੰ ਸਮੂਹ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। ਅਜਿਹੀਆਂ ਲੋਕ ਗੀਤ ਵੰਨਗੀਆਂ ਨੂੰ ਇਕੱਤਰ ਕਰਨਾ, ਫਿਰ ਇਨ੍ਹਾਂ ਦੀ ਤਰਤੀਬ ਢੁਕਵੇਂ ਮੌਕੇ ਅਨੁਸਾਰ ਅੰਕਿਤ ਕਰਨੀ ਲੰਮੀ ਸਾਧਨਾਂ ਦਾ ਕਾਰਜ ਹੁੰਦਾ ਹੈ। ਮਾਦਪੁਰੀ ਦੀ ਖੋਜ-ਪ੍ਰਤਿਭਾ ਦੀ ਪਛਾਣ ਉਸ ਦੇ ਇਸ ਸਿਰੜ ਭਰਪੂਰ ਕਾਰਜ ਤੋਂ ਸਹਿਜੇ ਹੀ ਹਰ ਵਰਗ ਦਾ ਪਾਠਕ, ਚਿੰਤਕ, ਖੋਜੀ ਅਤੇ ਹਰ ਕਿਸਮ ਦੇ ਪਾਰਖੂ ਕਰ ਸਕਦੇ ਹਨ। ਅਸਲ ਵਿਚ ਇਹ ਪੰਜਾਬੀ ਵਿਰਾਸਤ ਵੀ ਹੈ ਅਤੇ ਚਲੰਤ ਵਰਤਾਰੇ ਦੀ ਨਿਭਾਓ ਪ੍ਰਸੰਗਤਾ ਦੀ ਜਿਊਂਦੀ ਜਾਗਦੀ ਸਮੱਗਰੀ ਵੀ ਹੈ। ਇਸ ਵੱਡਆਕਾਰ ਪੁਸਤਕ ਦੀ ਉੱਘੀ ਖੂਬੀ ਖੁਸ਼ੀ ਦੇ ਮੌਕੇ (ਵਿਆਹ) ਅਵਸਰ ਤੱਕ ਨਿਰਧਾਰਤ ਕਰਕੇ ਪੇਸ਼ਕਾਰੀ ਵਿਚ ਨਿਹਿਤ ਹੈ। ਗਿੱਧੇ ਵਿਚ ਪੰਜਾਬਣਾਂ ਦੀ ਰੂਹ ਕੂਕਦੀ ਹੈ, ਸੁਹਾਗਾਂ ਵਿਚ ਧੀ-ਭੈਣ ਦੇ ਵਿਛੋੜੇ ਦੇ ਭਾਵਭਿੰਨੇ ਬੋਲ ਹੁੰਦੇ ਹਨ। ਘੋੜੀਆਂ 'ਚ ਜਿੱਤ ਦਾ ਅਹਿਸਾਸ ਹੁੰਦਾ ਹੈ। ਸਿੱਠਣੀਆਂ ਵਿਚ ਦਾਦਕੇ, ਨਾਨਕੇ ਪੱਖਾਂ ਦੇ ਰਿਸ਼ਤੇਦਾਰਨੀਆਂ ਵੱਲੋਂ ਦਿਲੀ-ਗੁੱਭ-ਗੁਭਾਟ ਕੱਢ ਕੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਪੀਢੀਆਂ ਕਰਨ ਵਾਸਤੇ ਮਖੌਲ-ਠੱਠੇ ਅਤੇ ਵਿਅੰਗ ਵਾਣੀ ਰਚੀ ਜਾਂਦੀ ਹੈ। ਇਸੇ ਤਰ੍ਹਾਂ ਹੇਅਰੇ ਵਿਅੰਗ, ਚੋਭ, ਪਿਆਰ ਜ਼ਰੀਏ ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਨੂੰ ਹੋਰ ਪੱਕਿਆਂ ਕਰਦੇ-ਕਰਦੇ ਮਨੋਰੰਜਨ ਦਾ ਸਾਧਨ ਬਣਦੇ ਹਨ। ਅਜਿਹੇ ਸਭ ਕਾਰਜਾਂ ਪ੍ਰਕਾਰਜਾਂ ਨੂੰ ਇਹ ਪੁਸਤਕ ਪ੍ਰਗਟ ਰੂਪ ਵਿਚ ਪੇਸ਼ ਕਰਦੀ ਹੈ ਅਤੇ ਨਾਲ ਦੀ ਨਾਲ ਵਿਆਹ ਦੀਆਂ ਅਣਗਿਣਤ ਰਸਮਾਂ, ਰੀਤਾਂ ਜਿਵੇਂ ਕਿ ਜੰਞ ਦਾ ਢੁਕਾਅ, ਰੋਟੀ-ਪਾਣੀ ਛਕਣਾ, ਵਿਆਹ ਤੋਂ ਪਹਿਲੋਂ 'ਜਾਗੋ' ਕੱਢਣੀ, ਵਿਆਂਹਦੜ ਮੁੰਡੇ-ਕੁੜੀ ਨੂੰ ਤੋਰਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਰਸਮਾਂ ਸਮੇਂ ਛੰਦ-ਪਰਾਗੇ ਆਦਿ ਦੇ ਬੋਲ ਉਚਾਰਨੇ, ਸਭ ਕੁਝ ਇਸ ਪੁਸਤਕ ਦੀ ਅਹਿਮੀਅਤ ਦੀ ਪਛਾਣ ਬਣਦੇ ਹਨ। ਇਸ ਤਰ੍ਹਾਂ ਇਹ ਪੁਸਤਕ ਕੇਵਲ ਤੇ ਕੇਵਲ ਮਹਿਜ਼ ਇਕ ਪੁਸਤਕ ਨਾ ਰਹਿ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਰੈਫ਼ਰੈਂਸ (ਹਵਾਲਾ) ਪੁਸਤਕ ਸਾਬਿਤ ਹੋ ਸਕਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 9814209732

ਤਨਖ਼ਾਹੀਏ
(ਨਾਵਲ)
ਲੇਖਕ : ਵਰਿੰਦਰ ਸਿੰਘ ਵਾਲੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216.
ਸੰਪਰਕ : 98140-02183

ਨਾਵਲ 'ਤਨਖਾਹੀਏ' ਦੀ ਕਹਾਣੀ ਸਾਕਾ ਨੀਲਾ ਤਾਰਾ ਦੀ ਖੂਨੀ ਦਾਸਤਾਨ ਨੂੰ ਬਿਆਨ ਕਰਦੀ ਹੈ। ਵੀਹਵੀਂ ਸਦੀ ਵਿਚ ਪੰਜਾਬ ਨਾਲ ਵਾਪਰੇ ਦੋ ਘੱਲੂਘਾਰਿਆਂ- 1947 ਦੀ ਵੰਡ ਤੇ 1984 ਦਾ ਸਾਕਾ ਨੀਲਾ ਤਾਰਾ- ਦੀ ਗਾਥਾ ਇੰਨੀ ਲਹੂ-ਰੰਗੀ ਤੇ ਦੁਖਦਾਈ ਹੈ, ਜਿਸ ਨੂੰ ਲਿਖਦਿਆਂ-ਲਿਖਦਿਆਂ ਲਿਖਾਰੀਆਂ ਦੀਆਂ ਕਲਮਾਂ ਨਹੀਂ ਥੱਕੀਆਂ। ਫਿਰ ਵੀ ਕਹਿੰਦੇ ਹਨ ਕਿ ਸਾਕਾ ਨੀਲਾ ਤਾਰਾ ਦਾ ਪੂਰਾ ਸੱਚ ਅਜੇ ਸਾਹਮਣੇ ਨਹੀਂ ਆਇਆ। ਸਿੱਖ ਰਹਿਤ ਮਰਯਾਦਾ ਵਿਚ 'ਤਨਖਾਹੀਆ' ਉਸ ਨੂੰ ਕਹਿੰਦੇ ਹਨ ਜਿਸ ਨੇ ਕੋਈ ਧਾਰਮਿਕ ਅਵੱਗਿਆ ਕੀਤੀ ਹੋਵੇ ਅਤੇ ਪੰਜ ਸਿੰਘਾਂ ਨੇ ਉਸ ਨੂੰ ਕੋਈ ਤਨਖਾਹ (ਸਜ਼ਾ) ਲਾਈ ਹੋਵੇ। ਲੇਖਕ ਅਨੁਸਾਰ ਸਾਕਾ ਨੀਲਾ ਤਾਰਾ ਦੇ ਸਾਰੇ ਪਾਤਰ ਕਿਸੇ ਨਾ ਕਿਸੇ ਪੱਖੋਂ ਤਨਖਾਹੀਏ ਹਨ। ਸਰਕਾਰ ਨੇ ਰਾਜ ਧਰਮ ਦੀਆਂ ਧੱਜੀਆਂ ਉਡਾਈਆਂ ਅਤੇ ਖਾੜਕੂ ਵੀ ਆਪਣੇ ਧਰਮ ਤੋਂ ਥਿੜਕ ਗਏ।
ਨਾਵਲ ਦੀ ਕਹਾਣੀ ਬੰਗਲਾਦੇਸ਼ ਦੀ ਲੜਾਈ (1971) ਤੋਂ ਸ਼ੁਰੂ ਹੁੰਦੀ ਹੈ। ਬੰਗਲਾਦੇਸ਼ ਦੀ ਜੰਗ ਦਾ ਨਾਇਕ ਜਨਰਲ ਸ਼ਬੇਗ ਸਿੰਘ ਸੀ। ਉਸ ਨੇ ਭਾਰਤ ਦੇਸ਼ ਨਾਲ ਵਫ਼ਾਦਾਰੀ ਨਿਭਾਉਂਦਿਆਂ ਆਪਣੇ ਪਿਆਰੇ ਧਰਮ ਦੀ ਵੀ ਕੁਰਬਾਨੀ ਦੇ ਦਿੱਤੀ। ਕੇਸ ਕਤਲ ਕਰਾਕੇ ਮੁਸਲਮਾਨ ਦਾ ਭੇਸ ਧਾਰਿਆ ਅਤੇ ਬੰਗਾਲੀ ਛਾਪਾਮਾਰਾਂ ਦੀ ਫੌਜ 'ਮੁਕਤੀ ਵਾਹਨੀ' ਖੜ੍ਹੀ ਕੀਤੀ। ਬੰਗਲਾਦੇਸ਼ ਆਜ਼ਾਦ ਹੋ ਗਿਆ ਅਤੇ ਭਾਰਤ ਦੀ ਜਿੱਤ ਹੋ ਗਈ। ਪਰ ਛੇਤੀ ਹੀ ਜਨਰਲ ਸ਼ਬੇਗ ਸਿੰਘ ਦੀਆਂ ਪੜਤਾਲਾਂ ਸ਼ੁਰੂ ਹੋ ਗਈਆਂ ਅਤੇ ਉਸ ਨੂੰ ਭਾਰਤੀ ਫੌਜ ਵਿਚੋਂ ਡਿਸਮਿਸ ਕਰ ਦਿੱਤਾ ਗਿਆ। ਸ਼ਬੇਗ ਸਿੰਘ ਰੋਹ ਤੇ ਗੁੱਸੇ ਨਾਲ ਤੜਫਣ ਲੱਗਾ। ਭਾਰਤ ਸਰਕਾਰ ਤੋਂ ਬਦਲਾ ਲੈਣ ਲਈ ਉਹ ਪੰਜਾਬ ਦੇ ਧਰਮ ਯੁੱਧ ਮੋਰਚੇ ਵਿਚ ਸ਼ਾਮਿਲ ਹੋ ਗਿਆ।
ਸਾਕਾ ਨੀਲਾ ਤਾਰਾ ਦੇ ਦਿਨਾਂ ਵਿਚ ਵਰਿੰਦਰ ਸਿੰਘ ਵਾਲੀਆ ਅੰਮ੍ਰਿਤਸਰ ਤੋਂ ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਸਨ। ਪੰਜਾਬ, ਭਾਰਤ ਤੇ ਪਾਕਿਸਤਾਨ ਤੱਕ ਫੈਲੇ ਇਸ ਘਟਨਾ-ਚੱਕਰ ਦੇ ਕਈ ਦ੍ਰਿਸ਼ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖੇ। ਸਾਰੇ ਦ੍ਰਿਸ਼ਾਂ ਨੂੰ ਇਮਾਨਦਾਰੀ ਤੇ ਨਿਰਪੱਖਤਾ ਨਾਲ ਇਕ ਲੜੀ ਵਿਚ ਪਰੋਇਆ ਹੈ। ਨਾਵਲਕਾਰ ਦਾ ਦ੍ਰਿਸ਼ਟੀਕੋਣ ਨਾਵਲ ਦੇ ਆਖਰੀ ਚਾਰ ਪੰਨਿਆਂ (213-216) ਵਿਚ ਉਘੜਦਾ ਹੈ।
ਨਾਵਲਕਾਰ ਨੇ ਨੀਲਾ ਤਾਰਾ ਬਾਰੇ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਕਈ ਨਵੇਂ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਜਵਾਬ ਆਉਣ ਵਾਲਾ ਸਮਾਂ ਦੇਵੇਗਾ। ਸੋਚਣ ਵਾਲੀ ਗੱਲ ਹੈ ਕਿ ਜੇ ਇਕ ਵਿਅਕਤੀ (ਜਨਰਲ ਸ਼ਬੇਗ ਸਿੰਘ) ਦੀ ਅਸੰਤੁਸ਼ਟਤਾ ਇੰਨਾ ਕੁਝ ਕਰ ਸਕਦੀ ਹੈ ਤਾਂ ਇਕ ਪੂਰੀ ਕੌਮ ਦੀ ਅਸੰਤੁਸ਼ਟਤਾ ਦਾ ਨਤੀਜਾ ਕੀ ਨਿਕਲੇਗਾ? ਜਿਹੜੇ ਲੋਕ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ, ਉਨ੍ਹਾਂ ਨੂੰ ਇਤਿਹਾਸ ਦੁਹਰਾਉਣਾ ਪੈਂਦਾ ਹੈ।

ਨਰਿੰਜਨ ਸਿੰਘ ਸਾਥੀ
ਮੋ: 98155-40968


1. ਅੱਖਰ ਅੱਖਰ ਅਹਿਸਾਸ
2. ਸ਼ਬਦ ਸ਼ਬਦ ਪਰਵਾਜ਼

ਸੰਪਾਦਕ : ਅਮਰਜੀਤ ਕੌਂਕੇ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, 200 ਰੁਪਏ
ਸਫ਼ੇ : 112, 112.
ਸੰਪਰਕ : 98142-31698.

ਪੰਜਾਬੀ ਦਾ ਪ੍ਰਮੁੱਖ ਕਵੀ ਅਮਰਜੀਤ ਕੌਂਕੇ ਪੰਜਾਬੀ ਸਾਹਿਤ ਦੇ ਭੰਡਾਰ ਨੂੰ ਸਮਰਿਧ ਕਰਨ ਲਈ ਕਈ ਧਰਾਤਲਾਂ ਉੱਪਰ ਕੰਮ ਕਰ ਰਿਹਾ ਹੈ। 'ਅੱਖਰ-ਅੱਖਰ ਅਹਿਸਾਸ' ਵਿਚ ਉਸ ਨੇ 21 ਫੇਸਬੁੱਕ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਪੰਜਾਬੀ ਪਾਠਕਾਂ ਦੀ ਨਜ਼ਰ ਕੀਤਾ ਹੈ। ਇਸ ਵਿਚ ਕਵੀ ਆਪਣੀ ਕਿਸੇ ਨਵ-ਰਚਿਤ ਜਾਂ ਪ੍ਰਸੰਗਿਕ ਕਵਿਤਾ ਨੂੰ ਫੇਸਬੁੱਕ ਉੱਪਰ ਪਾਉਂਦਾ ਹੈ। ਇਸ ਸੂਰਤ ਵਿਚ ਰਵਾਇਤੀ ਪੁਸਤਕ ਵਾਂਗ ਪਾਠਕ ਨੂੰ ਇਕ ਹੀ ਬੈਠਕ ਵਿਚ 10-15 ਕਵਿਤਾਵਾਂ ਪੜ੍ਹਨ ਦੀ ਜ਼ਹਿਮਤ ਨਹੀਂ ਉਠਾਉਣੀ ਪੈਂਦੀ। ਇਸ ਸੂਰਤ ਵਿਚ 'ਫੇਸਬੁੱਕ' ਬਹੁਤ ਉਪਯੋਗੀ ਮਾਧਿਅਮ ਬਣ ਕੇ ਪੇਸ਼ ਹੋਇਆ ਹੈ।
ਹਥਲੇ ਸੰਗ੍ਰਹਿ ਵਿਚ ਉਮੇਸ਼ ਘਈ, ਅਸ਼ਵਨੀ ਕੁਮਾਰ ਸਾਵਨ, ਅੰਜੂ ਰੱਤੀ, ਸਤਨਾਮ ਕੌਰ ਚੌਹਾਨ, ਸਵਿੰਦਰ ਸਿੰਘ ਭੱਟੀ, ਸੁਖਮੀਤ, ਸੁਨੀਤਾ ਸ਼ਰਮਾ, ਸੁਰਿੰਦਰ ਸੈਣੀ, ਹਰਸਿਮਰਨ ਉਪਰਾਮ, ਹਰਪ੍ਰੀਤ ਕੌਰ ਰੀਹਨ, ਗੁਰਨੀਰ ਸਾਹਨੀ, ਗੁਰਮੀਤ ਕੌਰ ਜੱਸੀ, ਜਗਦੀਪ ਸਿੱਧੂ, ਜੱਗੀ ਬਰਾੜ ਸਮਾਲਸਰ, ਤੇਜਾ ਸਿੰਘ, ਦਵਿੰਦਰ ਕੌਰ, ਨਵਦੀਪ ਸਿੰਘ ਮੁੰਡੀ, ਫ਼ਤਹਿਜੀਤ ਸਿੰਘ, ਭੁਪਿੰਦਰ ਚਾਹਲ, ਰਵਿੰਦਰ ਸੈਣੀ, ਵਿਸਾਖਾ ਸ਼ਰਮਾ ਆਦਿ ਕਵੀ ਆਏ ਹਨ। ਮੈਨੂੰ ਬੜੀ ਖੁਸ਼ੀ ਹੈ ਕਿ ਨਾਰੀਆਂ ਵੀ ਆਪਣੇ ਭਾਵਾਂ ਦੇ ਇਜ਼ਹਾਰ ਲਈ ਪੇਸ਼-ਪੇਸ਼ ਰਹੀਆਂ ਹਨ। ਨਾਰੀਆਂ ਵੀ ਬਹੁਤ ਚੰਗਾ ਲਿਖ ਰਹੀਆਂ ਹਨ ਬਲਕਿ ਵਧੇਰੇ ਚੰਗਾ ਲਿਖ ਰਹੀਆਂ ਹਨ। ਇਨ੍ਹਾਂ ਨੂੰ ਆਪਣੀ ਝਿਜਕ ਤਿਆਗ ਕੇ ਜੀਵਨ ਦੇ ਰਣ-ਤੱਤੇ ਵਿਚ ਵਧੇਰੇ ਦ੍ਰਿੜ੍ਹਤਾ ਨਾਲ ਜੂਝਣਾ ਹੋਵੇਗਾ।
ਦੂਜੇ ਸੰਗ੍ਰਹਿ 'ਸ਼ਬਦ-ਸ਼ਬਦ ਪਰਵਾਜ਼' ਵਿਚ ਵੀ ਪਹਿਲੇ ਸੰਕਲਨ ਵਾਂਗ 21 ਕਵੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਵਿਚ ਅਮਨ ਗੁਲਾਟੀ ਵਧਵਾ, ਸਤਵਿੰਦਰ ਮਾਨ ਚਹਿਲ, ਸਿਮਰਜੀਤ ਸਿੰਮੀ ਬਰਾੜ, ਕੁਲਵੰਤ ਜ਼ੀਰਾ, ਕੰਵਲ ਸਿੱਧੂ, ਗੁਰਵਿੰਦਰ ਦੂਹੇਵਾਲ, ਜਸਵਿੰਦਰ ਕੌਰ, ਪ੍ਰੋ: ਦਾਤਾਰ ਸਿੰਘ, ਧਰਮਿੰਦਰ ਸੇਖੋਂ, ਪਰਮਿੰਦਰ ਕੌਰ ਸੈਣੀ, ਪਿਆਰਾ ਸਿੰਘ ਗੁਰਨੇ ਕਲਾਂ, ਪ੍ਰਸ਼ੋਤਮ ਪੱਤੋ, ਭੂਪਿੰਦਰ ਕੌਰ ਸਚਦੇਵਾ, ਮਨਮਿੰਦਰ ਢਿੱਲੋਂ, ਯੋਗਿਤਾ ਜੋਸ਼ੀ, ਰਚਨਾ ਮਹਿਰੋਕ, ਰਮਨ ਵਿਰਕ, ਰਾਜਦੀਪ ਤੂਰ, ਰਾਜਵਿੰਦਰ ਜਟਾਣਾ ਅਤੇ ਰਿਸ਼ੀ ਹਿਰਦੇਪਾਲ ਸ਼ਾਮਿਲ ਹਨ। ਹਰ ਕਵੀ ਦੀਆਂ ਕਵਿਤਾਵਾਂ ਦੇਣ ਤੋਂ ਪਹਿਲਾਂ ਉਸ ਦਾ ਇਕ ਫੋਟੋਗ੍ਰਾਫ਼ ਅਤੇ ਸੰਖੇਪ ਬਾਇਓ-ਡਾਟਾ ਵੀ ਦਿੱਤਾ ਗਿਆ ਹੈ, ਜਿਹੜਾ ਇਨ੍ਹਾਂ ਪੁਸਤਕਾਂ ਦੇ ਮਹੱਤਵ ਨੂੰ ਹੋਰ ਵਧਾਉਂਦਾ ਹੈ। ਇਨ੍ਹਾਂ ਪੁਸਤਕਾਂ ਵਿਚ ਸੰਕਲਿਤ ਕਵੀ ਨਾ ਕੇਵਲ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹਨ ਬਲਕਿ ਪੂਰੇ ਵਿਸ਼ਵ ਵਿਚ ਫੈਲੇ ਹੋਏ ਹਨ। ਅਮਰਜੀਤ ਕੌਂਕੇ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਵੇਖਣਾ ਚਾਹੁੰਦਾ ਹੈ। ਆਪਣੀ ਸਖ਼ਤ ਮਿਹਨਤ ਅਤੇ ਸੰਵੇਦਨਸ਼ੀਲਤਾ ਦੇ ਕਾਰਨ ਉਹ ਪੂਰੇ ਪੰਜਾਬੀ ਜਗਤ ਵਿਚ ਜਾਣਿਆ-ਪਛਾਣਿਆ ਹਸਤਾਖਰ ਬਣ ਚੁੱਕਾ ਹੈ।

ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਇਤਿਹਾਸਿਕ ਅਸਥਾਨਾਂ ਦੀ ਯਾਤਰਾ
ਲੇਖਕ : ਕੇਹਰ ਸਿੰਘ ਮਠਾਰੂ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 236.
ਸੰਪਰਕ : 0161-2740738.

ਇਸ ਪੁਸਤਕ ਵਿਚ ਲੇਖਕ ਨੇ ਗੋਆ, ਪੂਨਾ, ਨਾਸਿਕ, ਸਿਰੜੀ, ਦੌਲਤਾਬਾਦ, ਮੁੰਬਈ, ਔਰੰਗਾਬਾਦ, ਅਜੰਤਾ-ਐਲੋਰਾ, ਖੁਲ੍ਹਾਦਾਬਾਦ, ਮਨੀਕਰਨ, ਮੰਡੀ, ਰਿਵਾਲਸਰ, ਪਟਨਾ ਸਾਹਿਬ, ਅਬਚਲ ਨਗਰ (ਹਜ਼ੂਰ ਸਾਹਿਬ) ਤੇ ਨਾਨਕ ਝੀਰਾ ਆਦਿ ਸਥਾਨਾਂ ਬਾਰੇ ਭਰਪੂਰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ। ਗੋਆ ਦੀ ਭੂਗੋਲਿਕ ਜਾਣਕਾਰੀ, ਇਤਿਹਾਸਕ ਤੇ ਭੂਗੋਲਿਕ ਪਿਛੋਕੜ, ਪ੍ਰਬੰਧਕੀ ਢਾਂਚਾ, ਇਥੋਂ ਦੀਆਂ ਪ੍ਰਸਿੱਧ ਇਮਾਰਤਾਂ, ਮੰਦਿਰ, ਬੀਚ, ਸ਼ਹੀਦਾਂ ਦੀ ਯਾਦਗਾਰ ਆਦਿ ਥਾਵਾਂ 'ਤੇ ਨਿੱਜੀ ਤੌਰ 'ਤੇ ਜਾ ਕੇ ਵੇਰਵੇ ਇਕੱਠੇ ਕਰਕੇ ਜਾਣਕਾਰੀ ਦਿੱਤੀ ਹੈ। ਇਸੇ ਤਰ੍ਹਾਂ ਹੀ ਪੂਨੇ ਭਗਤ ਤੁੱਕਾ ਰਾਮ ਦਾ ਮੰਦਿਰ, ਨਾਸਿਕ ਵਿਖੇ ਪੰਚਵਟੀ, ਮਹਾਰਾਣੀ ਜਿੰਦਾ ਦੀ ਸਮਾਧ, ਤਪੋਵਨ, ਮੰਦਿਰ ਰਾਮਕੁੰਡ ਤੇ ਕਮਲੇਸ਼ਵਰ ਮੰਦਿਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਸਿਰੜੀ ਵਿਖੇ ਸਾਈਂ ਬਾਬਾ ਦੀ ਬਹੁਤ ਮਾਨਤਾ ਹੈ ਤੇ ਖੂਬਸੂਰਤ ਪੂਜਾ ਸਥਲ, ਮੁੰਬਈ ਦੀਆਂ ਸੈਰਗਾਹਾਂ, ਗੇਟ ਵੇਅ ਆਫ ਇੰਡੀਆ, ਤਾਜ ਹੋਟਲ, ਐਲੀਫੈਂਟਾਂ ਗੁਫ਼ਾਵਾਂ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਵੀ। 10ਵੀਂ ਸਦੀ ਵਿਚ ਜਿਹੜੀਆਂ ਗੁਫ਼ਾਵਾਂ ਦਾ ਨਿਰਮਾਣ ਹੋਇਆ, ਉਨ੍ਹਾਂ ਵਿਚ ਅਜੰਤਾ ਐਲੋਰਾ ਦੀਆਂ ਗੁਫ਼ਾਵਾਂ ਦੀ ਆਪਣੀ ਵਿਸ਼ੇਸ਼ਤਾ ਹੈ, ਜਿਨ੍ਹਾਂ ਵਿਚ ਮਹਾਤਮਾ ਬੁੱਧ ਦੇ ਵੱਖ-ਵੱਖ ਤਰ੍ਹਾਂ ਦੇ ਕੰਧ ਚਿੱਤਰ ਤੇ ਕਲਾਕ੍ਰਿਤਾਂ ਹਨ, ਇਨ੍ਹਾਂ ਨੂੰ ਜਾਤਕ ਕਥਾਵਾਂ ਕਿਹਾ ਜਾਂਦਾ ਹੈ। ਐਲੋਰਾ ਵਿਖੇ 34 ਗੁਫ਼ਾਵਾਂ ਹਨ, ਜੋ ਬੁੱਧ, ਜੈਨ ਤੇ ਬ੍ਰਾਹਮਣ ਧਰਮਾਂ ਨਾਲ ਸਬੰਧਤ ਕਲਾਕ੍ਰਿਤਾਂ ਦਾ ਸੁੰਦਰ ਨਮੂਨਾ ਹਨ। ਇਸੇ ਤਰ੍ਹਾਂ ਮਨੀਕਰਨ ਸਾਹਿਬ ਦੀ ਮਹੱਤਤਾ ਤੇ ਵਿਸ਼ੇਸ਼ਤਾ, ਪਟਨਾ ਸਾਹਿਬ (ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ) ਦੇ ਗੁਰਦੁਆਰੇ ਤੇ ਮਹੱਤਤਾ ਅਤੇ ਹਜ਼ੂਰ ਸਾਹਿਬ (ਜੋਤੀ ਜੋਤ ਸਮਾਉਣਾ) ਬਾਰੇ ਜਾਣਕਾਰੀ ਬੜੇ ਵਧੀਆ ਢੰਗ ਨਾਲ ਦਿੱਤੀ ਹੈ, ਜੋ ਪਾਠਕਾਂ ਨੂੰ ਘਰ ਬੈਠੇ ਇਨ੍ਹਾਂ ਸਥਾਨਾਂ ਦੇ ਸਜੀਵ ਨਜ਼ਾਰੇ ਵੇਖਣ ਨੂੰ ਮਿਲਦੇ ਹਨ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਤੀਜਾ ਘੱਲੂਘਾਰਾ ਅਤੇ ਕਾਲੇ ਦਿਨ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 207.
ਸੰਪਰਕ : 98763-95829.

ਪੱਤਰਕਾਰੀ ਦੇ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਸਾਡੇ ਇਸ ਪੱਤਰਕਾਰ ਲੇਖਕ ਵੱਲੋਂ ਪੰਜਾਬ ਦੇ ਕਾਲੇ ਦਿਨਾਂ ਵਿਚ ਕੀਤੇ ਕਾਰਜ ਨੂੰ ਇਸ ਪੁਸਤਕ ਵਿਚ ਬਿਆਨ ਕੀਤਾ ਗਿਆ ਹੈ। ਇੰਡੀਅਨ ਐਕਸਪ੍ਰੈੱਸ, ਟ੍ਰਿਬਿਊਨ ਗਰੁੱਪ, ਯੂ.ਐਨ.ਆਈ., ਬੀ.ਬੀ.ਸੀ. (ਲੰਦਨ) ਤੇ ਅਮਰੀਕਨ ਖ਼ਬਰ ਏਜੰਸੀ ਯੂਨਾਈਟਿਡ ਪ੍ਰੈੱਸ ਇੰਟਰਨੈਸ਼ਨਲ ਆਦਿ ਅਨੇਕਾਂ ਨਿਊਜ਼ ਏਜੰਸੀਆਂ ਲਈ ਆਪ ਨੇ ਕੰਮ ਕੀਤਾ। ਪੰਜਾਬ ਦੇ ਭਿਆਨਕ ਸੰਕਟ ਸਮੇਂ 1978 ਤੋਂ 1998-99 ਤੱਕ ਸ੍ਰੀ ਭੰਵਰ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਦੇਖਿਆ ਅਤੇ ਉਨ੍ਹਾਂ ਬਾਰੇ ਰਿਪੋਰਟਿੰਗ ਕੀਤੀ। ਇਸ ਅਤਿ-ਖ਼ਤਰਨਾਕ ਕਾਰਜ ਨੂੰ ਉਸ ਨੇ ਬੜੀ ਨਿੱਡਰਤਾ, ਯੋਗਤਾ, ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਭਾਇਆ। ਅਜਿਹਾ ਕਾਰਜ ਕਰਦਿਆਂ ਦੋਵੇਂ ਧਿਰਾਂ (ਅੱਤਵਾਦੀਆਂ ਤੇ ਸੁਰੱਖਿਆ ਏਜੰਸੀਆਂ) ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸੱਚੀ-ਸੁੱਚੀ ਅਤੇ ਨਿਰਪੱਖ ਪੱਤਰਕਾਰੀ/ਲੇਖਣੀ ਕਰਦੇ ਪੱਤਰਕਾਰਾਂ/ਲੇਖਕਾਂ ਨੂੰ ਸ਼ਹੀਦ ਹੋਣਾ ਪਿਆ। ਲੇਖਕ ਨੇ ਇਹ ਪੁਸਤਕ ਉਨ੍ਹਾਂ ਸੁਤੰਤਰ, ਨਿਰਪੱਖ ਤੇ ਨਿਡਰ ਕਲਮਾਂ ਨੂੰ ਜੋ ਕਾਲੇ ਦਿਨਾਂ ਦੌਰਾਨ ਵੀ ਖਾੜਕੂਆਂ ਤੇ ਪੁਲਿਸ ਦੀ ਦਹਿਸ਼ਤ ਅੱਗੇ ਨਹੀਂ ਝੁਕੀਆਂ ਅਤੇ ਸੱਚ ਲਿਖਦੀਆਂ ਰਹੀਆਂ, ਸਮਰਪਣ ਕੀਤੀ ਹੈ। ਦੋ ਭਾਗਾਂ ਵਿਚ ਵੰਡੀ ਇਸ ਪੁਸਤਕ ਵਿਚ ਇਕ ਹਿੱਸਾ 'ਜੀਵਨੀ' ਸਿਰਲੇਖ ਹੈ, ਜਿਸ ਵਿਚ ਸੰਕਟ-ਕਾਲੀਨ ਸਥਿਤੀ ਬਾਰੇ ਲੇਖ ਹਨ। ਲੇਖਕ ਵਿਸ਼ਲੇਸ਼ਣ ਵਿਧੀ ਰਾਹੀਂ ਆਪਣੀਆਂ ਟਿੱਪਣੀਆਂ ਕਰਦਾ ਹੈ। ਦੂਜੇ ਭਾਗ ਵਿਚ ਉਹ ਆਪਣੇ ਮਿੱਠੇ-ਕੌੜੇ ਤਜਰਬੇ ਗ਼ੈਰ-ਪੱਤਰਕਾਰੀ ਵਿਧੀ ਰਾਹੀਂ ਪਾਠਕਾਂ ਨਾਲ ਸਾਂਝੇ ਕਰਦਾ ਹੈ। ਇਹ 'ਅਭੁੱਲ ਯਾਦਾਂ' ਦੇ ਸਿਰਲੇਖ ਹੇਠ ਦਰਜ ਹਨ। ਰਲਵੇਂ-ਮਿਲਵੇਂ ਪ੍ਰਤੀਕਰਮਾਂ ਵਾਲੀਆਂ ਇਹ ਯਾਦਾਂ ਉਸ ਕਾਲੇ ਦੌਰ ਦੀ ਭਿਆਨਕਤਾ ਨੂੰ ਪ੍ਰਗਟਾਉਂਦੀਆਂ ਹਨ। ਪੰਜਾਬ ਸੰਕਟ ਬਾਰੇ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚ ਬਹੁਤ ਨਿੱਗਰ ਕੰਮ ਹੋਏ ਹਨ। 'ਆਪ੍ਰੇਸ਼ਨ ਬਲਿਊ ਸਟਾਰ' ਬਾਰੇ ਵੱਖ-ਵੱਖ ਧਿਰਾਂ ਵੱਲੋਂ ਆਪਣੇ ਦ੍ਰਿਸ਼ਟੀਕੋਣਾਂ ਅਨੁਸਾਰ ਪੇਸ਼ਕਾਰੀ ਹੋਈ ਹੈ। ਇਹ ਪੁਸਤਕ ਇਕ ਵੱਖਰੀ ਤਰ੍ਹਾਂ ਦੀ ਵੰਨਗੀ ਦੀ ਪੇਸ਼ਕਾਰੀ ਕਰਦੀ ਹੈ। ਲੇਖਕ ਵਧਾਈ ਦਾ ਪਾਤਰ ਹੈ। ਪੁਸਤਕ ਪੜ੍ਹਨਯੋਗ ਹੈ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਪਰਮਾਤਮਾ ਦੇ ਦਰਸ਼ਨ ਰਹੱਸ
ਲੇਖਕ : ਪ੍ਰਿੰਸੀਪਲ ਦਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128.
ਸੰਪਰਕ : 70873-49450.

'ਪਰਮਾਤਮਾ ਦੇ ਦਰਸ਼ਨ ਰਹੱਸ' ਪ੍ਰਿੰਸੀਪਲ ਦਲਜੀਤ ਸਿੰਘ ਦੀ ਇਕ ਅਜਿਹੀ ਪੁਸਤਕ ਹੈ ਜੋ ਆਤਮ-ਖੋਜੀਆਂ ਅਤੇ ਜਗਿਆਸੂਆਂ ਨੂੰ ਅਧਿਆਤਮਕ ਮਾਰਗ ਦੀ ਸੋਝੀ ਵੀ ਕਰਵਾਉਂਦੀ ਹੈ ਅਤੇ ਉਸ ਪਰਮ ਸੱਤਾ ਪ੍ਰਤੀ ਸ਼ਰਧਾ ਅਤੇ ਪ੍ਰੇਮ ਮਾਰਗ ਦਾ ਅਹਿਸਾਸ ਵੀ ਜਗਾਉਂਦੀ ਹੈ। ਇਸ ਪੁਸਤਕ ਵਿਚ ਬੜੇ ਹੀ ਸਰਲ ਤਰੀਕੇ ਨਾਲ ਭਾਰਤੀ ਦਰਸ਼ਨ ਦੀ ਰੌਸ਼ਨੀ ਵਿਚ ਇਸ ਵਿਸ਼ੇ 'ਤੇ ਚਰਚਾ ਕੀਤੀ ਗਈ ਹੈ। ਆਪਣੀ ਗੱਲ ਨੂੰ ਸਮਝਾਉਣ ਲਈ ਲੇਖਕ ਨੇ ਜਿਥੇ ਗੁਰਬਾਣੀ ਅਤੇ ਸਿੱਖ ਧਰਮ ਦੀ ਫਿਲਾਸਫੀ ਨੂੰ ਆਧਾਰ ਬਣਾਇਆ ਹੈ, ਉਥੇ ਨਿੱਕੀਆਂ-ਨਿੱਕੀਆਂ ਸਾਖੀਆਂ ਅਤੇ ਪ੍ਰੇਰਕ ਪ੍ਰਸੰਗਾਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦਾ ਯਤਨ ਵੀ ਕੀਤਾ ਹੈ। ਇਹ 20 ਅਧਿਆਤਮਕ ਲੇਖਾਂ ਦਾ ਸੰਗ੍ਰਹਿ ਹੈ, ਜੋ ਅਜੋਕੀ ਭੱਜਦੌੜ ਵਾਲੀ ਜ਼ਿੰਦਗੀ ਵਿਚੋਂ ਮਨੁੱਖ ਨੂੰ ਨਿਜਾਤ ਦਿਵਾ ਕੇ ਅਸਲ ਵਿਚ ਆਪਣੇ ਅੰਦਰ ਨੂੰ ਖੋਜਣ ਅਤੇ ਆਪਣੇ ਅਸਲ ਜੀਵਨ-ਮਕਸਦ ਨਾਲ ਜੁੜਨ ਦੀ ਪ੍ਰੇਰਨਾ ਕਰਨ ਦੇ ਨਾਲ ਮਨ ਅੰਦਰ ਇਕ ਸਹਿਜ ਅਤੇ ਸਕੂਨ ਦਾ ਅਹਿਸਾਸ ਵੀ ਪੈਦਾ ਕਰਦੇ ਹਨ। ਲੇਖਕ ਦਾ ਮਤ ਹੈ ਕਿ ਅਸੀਂ ਆਪਣੇ ਕੀਤੇ ਦੇ ਖ਼ੁਦ ਹੀ ਜ਼ਿੰਮੇਵਾਰ ਬਣੀਏ ਅਤੇ ਦੂਜਿਆਂ ਦੀ ਹਮਦਰਦੀ ਪ੍ਰਾਪਤ ਕਰਨ ਦੀ ਬਜਾਇ ਆਪਣੇ ਅੰਦਰ ਠਹਿਰਾਓ ਪੈਦਾ ਕਰਕੇ ਹੀ ਅਧਿਆਤਮਕ ਮਾਰਗ ਦੇ ਪਾਂਧੀ ਬਣ ਸਕਦੇ ਹਾਂ ਅਤੇ ਅਜਿਹੇ ਮਨੁੱਖ ਫਿਰ ਕਿਸੇ ਵੀ ਦੁਨਿਆਵੀ ਮੁਸੀਬਤ ਅੱਗੇ ਡੋਲਦੇ ਥਿੜਕਦੇ ਨਹੀਂ ਸਗੋਂ ਆਤਮ-ਵਿਸ਼ਵਾਸ ਸਦਕਾ ਆਪਣੀ ਮੰਜ਼ਿਲ ਵੱਲ ਅਗੇਰੇ ਵਧਦੇ ਹੀ ਰਹਿੰਦੇ ਹਨ। ਇਹ ਪੁਸਤਕ ਪਦਾਰਥਕ ਲਾਲਸਾਵਾਂ ਨੂੰ ਛੱਡਣ ਤੇ ਪਰਮ ਅਨੰਦ ਦੀ ਅਵਸਥਾ ਤੱਕ ਪਹੁੰਚਣ ਦੀ ਚੇਤਨਾ ਜਗਾਉਣ ਵਾਲੀ ਅਤੇ ਇਸ ਵਿਸ਼ੇ 'ਤੇ ਹੋਰ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਪ੍ਰੇਰਨਾ ਦੇਣ ਵਾਲੀ ਪੁਸਤਕ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

20-9-2015

 ਬ੍ਰਹਿਮੰਡ : ਇਕ ਨਜ਼ਰ
ਲੇਖਿਕਾ : ਸਤਵੰਤ ਕੌਰ ਕਲੋਟੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 95011-98881.

ਸਤਵੰਤ ਕੌਰ ਕਲੋਟੀ ਨੇ ਬ੍ਰਹਿਮੰਡ ਬਾਰੇ ਮੁਢਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦੇ ਸਮੇਂ ਤੱਥਾਂ ਦੀ ਸ਼ੁੱਧਤਾ/ਪ੍ਰਮਾਣਿਕਤਾ ਅਤੇ ਸਿਧਾਂਤਕ ਆਧਾਰਾਂ ਬਾਰੇ ਸਪੱਸ਼ਟਤਾ ਨਾਲ ਕੋਈ ਖਿਲਵਾੜ ਨਹੀਂ ਹੋਣ ਦਿੱਤਾ। ਭੌਤਿਕ ਵਿਗਿਆਨ ਦੀ ਅਨੁਭਵੀ ਅਧਿਆਪਕਾ ਵਜੋਂ ਉਸ ਨੇ ਆਪਣੇ ਸਿਧਾਂਤਕ ਗਿਆਨ ਨੂੰ ਲੋੜੀਂਦੇ ਅਧਿਐਨ ਨਾਲ ਲੋੜੀਂਦੀਆਂ ਦਿਸ਼ਾਵਾਂ ਵਿਚ ਵਿਸਤਾਰਿਆ ਹੈ। ਲੋੜ ਪੈਣ 'ਤੇ ਇੰਟਰਨੈੱਟ 'ਤੇ ਪ੍ਰਾਪਤ ਵੈੱਬਸਾਈਟਾਂ ਅਤੇ ਐਨਸਾਈਕਲੋਪੀਡੀਏ ਵੀ ਫਰੋਲੇ ਹਨ। ਇਸ ਪੱਖੋਂ ਉਸ ਨੂੰ ਤੇ ਪਾਠਕਾਂ ਨੂੰ ਇਸ ਗੱਲੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇੰਟਰਨੈੱਟ 'ਤੇ ਪ੍ਰੋਸੀ ਗਈ ਸਮੱਗਰੀ ਦੀ ਪਰਖ ਪੜਤਾਲ ਪ੍ਰਮਾਣਿਕ ਲੇਖਕਾਂ/ਪੁਸਤਕਾਂ/ਕੋਸ਼ਾਂ ਤੋਂ ਕਰਨੀ ਉਚਿਤ ਹੈ, ਕਿਉਂ ਜੋ ਇੰਟਰਨੈੱਟ 'ਤੇ ਅਸ਼ੁੱਧ ਸਮੱਗਰੀ ਵੀ ਬਥੇਰੀ ਪਈ ਹੈ। ...ਖੈਰ ਇਹ ਪੁਸਤਕ ਇਸ ਕਿਸਮ ਦੇ ਵਿਗਾੜ ਤੋਂ ਮੁਕਤ ਅਤੇ ਭਰੋਸੇਯੋਗ ਹੈ।
ਚਾਰ ਇਕਾਈਆਂ ਵਿਚ ਵੰਡੀ ਇਸ ਨਿੱਕੀ ਜਿਹੀ ਕਿਤਾਬ ਦੀ ਪਹਿਲੀ ਇਕਾਈ ਬ੍ਰਹਿਮੰਡ ਦੀ ਉਮਰ, ਵਿਸ਼ਾਲਤਾ, ਇਸ ਦੀ ਉਤਪਤੀ ਦੀਆਂ ਮੁੱਖ ਥਿਊਰੀਆਂ ਤੇ ਪ੍ਰੇਖਣ ਯੋਗ ਬ੍ਰਹਿਮੰਡ ਬਾਰੇ ਜਾਣਕਾਰੀ ਦਿੰਦੀ ਹੈ। ਗਲੈਕਸੀਆਂ ਨਾਲ ਸਬੰਧਤ ਹੈ ਦੂਜੀ ਇਕਾਈ। ਸਤਵੰਤ ਕੌਰ ਨੇ ਇਸ ਵਿਚ ਗਲੈਕਸੀਆਂ ਦੇ ਵਰਗੀਕਰਨ, ਗਿਣਤੀ, ਡਾਪਲਰ ਪ੍ਰਭਾਵ, ਹਬਲ ਦੂਰਬੀਨ, ਹਬਲ ਨੇਮ ਤੇ ਆਪਣੀ ਆਕਾਸ਼ ਗੰਗਾ (ਮਿਲਕੀ ਵੇ ਗੈਲੈਕਸੀ) ਬਾਰੇ ਮੁੱਲਵਾਨ ਸਮੱਗਰੀ ਪੇਸ਼ ਕੀਤੀ ਹੈ। ਤੀਜੀ ਇਕਾਈ ਤਾਰਿਆਂ ਉੱਤੇ ਕੇਂਦਰਿਤ ਹੈ। ਤਾਰੇ ਦਾ ਜਨਮ, ਜੀਵਨ, ਮੌਤ, ਤਾਰਾ ਸਮੂਹ, ਦੂਰ ਨੇੜੇ ਦੇ ਤਾਰੇ ਤੇ ਉਨ੍ਹਾਂ ਨਾਲ ਆਕਾਸ਼ ਵਿਚ ਬਣਦੀਆਂ ਆਕ੍ਰਿਤੀਆਂ ਵੱਲ ਧਿਆਨ ਦੁਆ ਕੇ ਜੋਤਿਸ਼ ਦੀਆਂ ਤਥਾ ਕਥਿਤ ਰਾਸ਼ੀਆਂ ਵੱਲ ਸੰਕੇਤ ਵੀ ਕੀਤੇ ਹਨ ਤਾਂ ਜੋ ਜਨ ਸਾਧਾਰਨ ਨੂੰ ਇਸ ਜਾਲ ਜੰਜਾਲ ਤੋਂ ਸੁਚੇਤ ਕੀਤਾ ਜਾ ਸਕੇ। ਚੌਥੀ ਇਕਾਈ ਸਾਡੇ ਆਪਣੇ ਸੂਰਜ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਰਤਾ ਵਿਸਤ੍ਰਿਤ ਹੈ। ਇਸ ਵਿਚ ਸੂਰਜ ਪਰਿਵਾਰ ਦੇ ਜਨਮ ਧਰਤੀ ਸਮੇਤ ਸਾਰੇ ਗ੍ਰਹਿਆਂ, ਪੂਛਲ ਤਾਰਿਆਂ, ਉਲਕਾ ਪਿੰਡਾਂ, ਉਲਕਾਵਾਂ, ਚੰਨ, ਕੁਦਰਤੀ ਅਤੇ ਬਣਾਵਟੀ ਉਪਗ੍ਰਹਿਆਂ, ਪਲੂਟੋ ਬਾਰੇ ਵਿਵਾਦ ਦੀ ਵਿਗਿਆਨਕ ਪੱਖੋਂ ਅਜੋਕੀ ਸਥਿਤੀ, ਬੌਣੇ ਗ੍ਰਹਿਆਂ ਅਤੇ ਅਜੋਕੀਆਂ ਸਪੇਸ ਪਰੋਬਾਂ ਬਾਰੇ ਪਾਠਕਾਂ ਦੀ ਜਗਿਆਸਾ ਸ਼ਾਂਤ ਕੀਤੀ ਹੈ।
ਲੇਖਿਕਾ ਦੀ ਸ਼ਬਦਾਵਲੀ ਸਰਲ ਤੇ ਭਾਸ਼ਾ ਸਮਝ ਆਉਣ ਵਾਲੀ ਹੈ। ਵਿਗਿਆਨਕ ਸ਼ਬਦਾਵਲੀ ਦੇ ਅੰਗਰੇਜ਼ੀ ਪੰਜਾਬੀ ਸਮਤੁਲ ਸ਼ਬਦਾਂ ਦੀ ਸੂਚੀ ਰਹਿੰਦੀ ਕਸਰ ਪੂਰੀ ਕਰ ਦਿੰਦੀ ਹੈ। ਵਿਗਿਆਨ ਨਾਲ ਸਬੰਧਤ ਮਹੱਤਵਪੂਰਨ ਤੱਥਾਂ, ਸਥਿਰਾਕਾਂ ਤੇ ਇਕਾਈਆਂ ਬਾਰੇ ਵੇਰਵੇ ਵੀ ਪੁਸਤਕ ਨੂੰ ਮੁੱਲਵਾਨ ਬਣਾਉਂਦੇ ਹਨ।

ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਵਾਵਰੋਲਿਆਂ ਦੀ ਯਾਰੀ
ਗ਼ਜ਼ਲਕਾਰ : ਕਸ਼ਮੀਰ ਨੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 225 ਰੁਪਏ, ਸਫ਼ੇ : 112.
ਸੰਪਰਕ : 093138-90054.

ਵਾਵਰੋਲਿਆਂ ਦੀ ਯਾਰੀ ਕਸ਼ਮੀਰ ਨੀਰ ਹੋਰਾਂ ਦਾ ਇਹ ਦੂਜਾ ਗ਼ਜ਼ਲ ਸੰਗ੍ਰਹਿ ਹੈ। ਕਸ਼ਮੀਰ ਨੀਰ ਹੋਰਾਂ ਨੂੰ ਜਿਥੇ ਗ਼ਜ਼ਲ ਦੇ ਵਿਧਾਨ ਪ੍ਰਤੀ ਜਿਥੇ ਸੁਚੱਜੀ ਭਰਪੂਰ ਜਾਣਕਾਰੀ ਹੈ, ਉਥੇ ਉਹ ਵਿਸ਼ੇ ਪ੍ਰਤੀ ਵੀ ਸੁਚੇਤ ਹਨ ਅਤੇ ਆਪਣੀ ਗੱਲ ਕਰਨ ਦਾ ਹੁਨਰ ਵੀ ਨੀਰ ਹੋਰਾਂ ਦਾ ਬਾ-ਕਮਾਲ ਹੈ। ਉਹ ਵਿਵੇਕ ਦੀ ਸੋਝੀ ਨਾਲ ਮਾਲਾਮਾਲ ਵੀ ਹਨ। 88 ਗ਼ਜ਼ਲਾਂ ਦੇ ਇਸ ਸੰਗ੍ਰਹਿ ਵਿਚ ਕਿਤੇ ਵੀ ਉਂਗਲਧਰਾ ਨਹੀਂ ਹੈ। ਹਰ ਗ਼ਜ਼ਲ ਦੇ ਹਰ ਸ਼ਿਅਰ ਵਿਚ ਦੁਹਰਾ ਕਿਤੇ ਵੀ ਨਹੀਂ ਮਿਲਦਾ, ਵਲਵਲਿਆਂ ਦੀ ਡੂੰਘਾਣ ਅਤੇ ਕਾਵਿ ਉਡਾਰੀ ਦਾ ਕਮਾਲ ਵੇਖੋ :
ਸਭ ਪੁਸ਼ਾਕਾਂ ਹੋਣ ਨਵੀਆਂ ਕੋਰੀਆਂ
ਵਕਤ ਕਰ ਦਿੰਦਾ ਇਨ੍ਹਾਂ ਵਿਚ ਮੋਰੀਆਂ
ਘਰ ਲਈ ਸਨ ਕਰਨੀਆਂ ਕੁਰਬਾਨੀਆਂ
ਘਰ 'ਚ ਘਰ ਦੇ ਕਰਨ ਲੱਗ ਪਏ ਚੋਰੀਆਂ
ਆਪਣੀ ਸੱਭਿਆਚਾਰਕ ਹੋਂਦ ਆਪਣੇ ਪਿਛੋਕੜ ਤੋਂ ਜਿਥੇ ਸ਼ਾਇਰ ਫ਼ਿਕਰਮੰਦ ਹੈ, ਉਥੇ ਉਸ ਨੂੰ ਇਸ ਬਦਲਾਅ ਨਾਲ ਲੋਕਾਂ ਦੀ ਨੀਂਦ ਹਰਾਮ ਹੋਈ ਜਾਣ ਦਾ ਤੌਖਲਾ ਵੀ ਵੱਢ-ਵੱਢ ਖਾ ਰਿਹਾ ਹੈ। ਸ਼ਿਅਰ ਦੇਖੋ :
ਗੁੰਮ ਨੇ ਰਸੋਈ ਵਿਚੋਂ ਚਾਟੀਆਂ ਮਧਾਣੀਆਂ
ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸੁਆਣੀਆਂ
ਖੁਰਲੀ ਤੋਂ ਵਹਿੜਕੇ ਬਲਦ ਕਿੱਥੇ ਤੁਰ ਗਏ
ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪਰਾਣੀਆਂ
ਨੌ ਨੌ ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬ ਨਾ
ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ।
ਵਾਵਰੋਲਿਆਂ ਦੇ ਇਸ ਦੌਰ ਵਿਚ, ਵਾਵਰੋਲਿਆਂ ਦੀ ਯਾਰੀ ਦਾ ਸਵਾਗਤ ਹੈ।

ਰਾਜਿੰਦਰ ਪਰਦੇਸੀ
ਮੋ: 93576-41552.

ਚੁਰਾਏ ਗਏ ਵਰ੍ਹੇ
ਲੇਖਿਕਾ : ਪਵਿਤ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 198
ਸੰਪਰਕ : 0172-5077427.

ਹਥਲੀ ਪੁਸਤਕ ਵਿਚ ਪਵਿਤ ਕੌਰ ਨੇ ਆਪਣੇ ਪਿਤਾ ਸ: ਸਿਮਰਨਜੀਤ ਸਿੰਘ ਮਾਨ ਦੇ ਜੀਵਨ ਸੰਘਰਸ਼ ਦੀਆਂ ਉਨ੍ਹਾਂ ਯਾਦਾਂ ਨੂੰ ਬਿਆਨ ਕੀਤਾ ਹੈ ਜੋ ਮਾਨ ਸਾਹਿਬ ਨੇ ਸਾਕਾ ਨੀਲਾ ਤਾਰਾ ਵਾਪਰਨ ਉਪਰੰਤ ਪੰਜ ਵਰ੍ਹੇ ਜੇਲ੍ਹ-ਤੰਤਰ ਦੀਆਂ ਨਿਘਾਰਮੁਖੀ ਅਤੇ ਨਰਕ-ਨੁਮਾ ਪਲ-ਪਲ ਨੂੰ ਹੰਢਾਇਆ ਸੀ। ਮਾਨ ਸਾਹਿਬ ਉੱਤੇ ਇਹ ਤਸ਼ੱਦਦ ਉਦੋਂ ਢਾਹਿਆ ਗਿਆ ਸੀ ਜਦੋਂ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿਚ ਭਾਰਤੀ ਪੁਲਿਸ ਦੇ ਉੱਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸਿੱਖੀ ਮਰਿਆਦਾ ਅਤੇ ਇਸ ਦੀ ਹੋਂਦ-ਸਥਿਤੀ ਨੂੰ ਕਾਇਮ ਰੱਖਣ ਖਾਤਰ ਉਸ 'ਤੇ ਅਨੇਕਾਂ ਝੂਠੇ ਮੁਕੱਦਮੇ ਪਾ ਦਿੱਤੇ ਗਏ ਸਨ। ਲੇਖਿਕਾ ਨੇ ਬੜੀ ਸ਼ਰਧਾ ਅਤੇ ਦਿਆਨਤਦਾਰੀ ਨਾਲ ਸਿੱਖ-ਇਤਿਹਾਸ ਦੇ ਖ਼ੂਨੀ ਪੰਨਿਆਂ ਦੇ ਹਵਾਲੇ ਨਾਲ ਮਾਨ ਸਾਹਿਬ ਦੀ ਡਾਇਰੀ ਲੇਖਣੀ ਉੱਤੇ ਆਧਾਰਿਤ ਸਮੱਗਰੀ ਨੂੰ ਇਸ ਪੁਸਤਕ ਵਿਚ ਰੋਚਕ ਸ਼ੈਲੀ ਜ਼ਰੀਏ ਪੇਸ਼ ਕੀਤਾ ਹੈ। ਪੰਜ ਸਾਲਾਂ ਬਾਅਦ ਭਾਵੇਂ ਮਾਨ ਸਾਹਿਬ ਉਤੇ ਆਇਦ ਕੀਤੇ ਦੋਸ਼ ਸਰਕਾਰ ਨੇ ਵਾਪਸ ਲੈ ਸਏ ਸਨ ਪਰੰਤੂ ਜੋ ਠੇਸ ਵੱਜੀ ਸੀ, ਉਹ ਵਿਸਾਰਨਯੋਗ ਨਹੀਂ ਸੀ। ਇਨ੍ਹਾਂ ਗੰਭੀਰ ਦੁੱਖਾਂ ਦੀ ਦਾਸਤਾਨ ਬਣਦੀ ਹਥਲੀ ਪੁਸਤਕ ਸਮਹੂ ਸੰਪੰਨ ਸਿੱਖ ਪਰਿਵਾਰਾਂ ਦੇ ਹੰਢਾਏ ਦੁਖ਼ਦ-ਪਲਾਂ ਨੂੰ ਵੀ ਚੇਤੇ ਕਰਵਾਉਂਦੀ ਹੈ। ਪੁਸਤਕ ਵਿਚਲੀ ਸਮੱਗਰੀ ਪੰਜਾਬ ਦੇ ਬਟਵਾਰੇ ਅਤੇ ਇਸ ਤੋਂ ਬਾਅਦ ਮਾਨ ਸਾਹਿਬ ਦੇ ਭਾਗਲਪੁਰ ਜੇਲ੍ਹ ਦੇ ਬਿਰਤਾਂਤ ਤੋਂ ਛੁੱਟ ਵੱਖ-ਵੱਖ ਮੁਕੱਦਮਿਆਂ ਦਾ ਵੇਰਵਾ ਦਿਨ-ਮਿਤੀਆਂ ਅਤੇ ਵਰ੍ਹਿਆਂ ਸਮੇਤ ਵਰਣਨ ਇਸ ਪੁਸਤਕ ਦੀ ਇਤਿਹਾਸਿਕਤਾ ਦਾ ਬੋਧ ਬਣਦੇ ਹਨ। ਮਾਨ ਸਾਹਿਬ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਟਾਕਰਾ ਕਰਦੇ ਹੋਏ ਵਿਖਾਇਆ ਗਿਆ ਹੈ। ਸਬੂਤ ਵਜੋਂ ਚਿੱਠੀਆਂ-ਪੱਤਰ, ਸਰਕਾਰੀ ਹੁਕਮ ਦੀਆਂ ਫੋਟੋ-ਕਾਪੀਆਂ ਵੀ ਪੁਸਤਕ ਵਿਚ ਅੰਕਿਤ ਹਨ। ਵੱਖ-ਵੱਖ ਸਮਿਆਂ ਨਾਲ ਸਬੰਧਤ ਪਰਿਵਾਰਕ ਅਤੇ ਹੋਰ ਪ੍ਰਾਪਤੀਆਂ ਬਾਬਤ ਵੀ ਪੁਸਤਕ ਵਿਚ ਖੂਬ ਜਾਣਕਾਰੀ ਹੈ। ਰੂਪਾਕਾਰ ਪੱਖੋਂ ਇਹ ਪੁਸਤਕ ਡਾਇਰੀ, ਜੀਵਨੀ ਅਤੇ ਨਿਬੰਧਕਾਰੀ ਆਦਿ ਦਾ ਮਿਸ਼ਰਣ ਹੈ, ਜੋ ਗਲਪ ਦੀ ਸ਼ੈਲੀ 'ਚ ਪੇਸ਼ ਹੋਇਆ ਹੈ।

ਡਾ: ਜਗੀਰ ਸਿੰਘ ਨੂਰ
ਮੋ: 9814209732.

ਐਵਰਸਟ-1996
ਲੇਖਕ : ਕਮਾਡੈਂਟ ਮੁਹਿੰਦਰ ਸਿੰਘ (ਰਿਟਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 495 ਰੁਪਏ, ਸਫ਼ੇ : 192.
ਸੰਪਰਕ : 0161-2772253.

'ਐਵਰਸਟ-1996' ਕਮਾਂਡੈਂਟ ਮੁਹਿੰਦਰ ਸਿੰਘ (ਰਿਟਾ:) ਦੀ ਅਜਿਹੀ ਪੁਸਤਕ ਹੈ, ਜੋ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰਸਟ ਨੂੰ ਸਰ ਕਰਨ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਇਹ ਪੁਸਤਕ ਮਹਿਜ ਜਾਣਕਾਰੀ ਦਾ ਹੀ ਸਰੋਤ ਨਹੀਂ, ਸਗੋਂ ਮਾਊਂਟ ਐਵਰਸਟ ਦੀ ਚੋਟੀ 'ਤੇ ਚੜ੍ਹਨ ਵਾਲਿਆਂ ਦੇ ਰੁਮਾਂਚ ਅਤੇ ਦੁਖਾਂਤ ਦੀ ਦਸਤਾਵੇਜ਼ ਵੀ ਬਣਦੀ ਹੈ, ਕਿਉਂਕਿ ਲੇਖਕ ਨੇ ਇਕ ਪੁਸਤਕ ਵਿਚ ਮਾਊਂਟ ਐਵਰਸਟ ਦੀ ਮੁਹਿੰਮ 'ਤੇ ਜਾਣ ਤੋਂ ਲੈ ਕੇ ਇਸ ਚੋਟੀ ਨੂੰ ਸਰ ਕਰਨ ਬਾਰੇ ਵੇਰਵੇ ਤੱਥਾਂ ਸਹਿਤ ਪ੍ਰਸਤੁਤ ਕੀਤੇ ਹਨ। ਇਹ ਪੁਸਤਕ ਜਿਥੇ ਇਕ ਯਾਤਰਾ ਬਿਰਤਾਂਤ ਨੂੰ ਪੇਸ਼ ਕਰਦੀ ਹੈ, ਉਥੇ ਇਸ ਚੋਟੀ ਨੂੰ ਸਰ ਕਰਨ ਵਾਲਿਆਂ ਲਈ ਇਕ ਤਰ੍ਹਾਂ ਦਾ ਨਕਸ਼ਾ ਵੀ ਮੁਹੱਈਆ ਕਰਵਾਉਂਦੀ ਹੈ ਕਿਉਂਕਿ ਲੇਖਕ ਆਪਣੇ ਨਾਲ ਲੈ ਕੇ ਜਾਣ ਵਾਲੇ ਸਾਜ਼ੋ-ਸਾਮਾਨ ਅਤੇ ਹੋਰ ਰਸਮੀ ਕਾਰਵਾਈਆਂ ਦੇ ਨਾਲ-ਨਾਲ ਆਪਣੇ ਨਾਲ ਲੈ ਕੇ ਜਾਣ ਵਾਲੇ ਉਪਕਰਣਾਂ ਦੀ ਸੂਚੀ ਵੀ ਦਰਜ ਕੀਤੀ ਹੈ, ਜੋ ਇਸ ਯਾਤਰਾ 'ਤੇ ਜਾਣ ਵਾਲੇ ਹੋਰ ਪਰਬਤਾਰੋਹੀਆਂ ਲਈ ਪ੍ਰੇਰਨਾ ਸਰੋਤ ਵੀ ਬਣਦੀ ਹੈ। ਲੇਖਕ ਨੇ ਉਨ੍ਹਾਂ ਹਦਾਇਤਾਂ ਨੂੰ ਵੀ ਪੁਸਤਕ ਵਿਚ ਦਰਜ ਕੀਤਾ ਹੈ, ਜੋ ਪਰਬਤਾਂ ਦੇ ਯਾਤਰੂਆਂ ਵਾਸਤੇ ਬਹੁਤ ਹੀ ਲਾਹੇਵੰਦੀਆਂ ਸਾਬਤ ਹੁੰਦੀਆਂ ਹਨ। ਪੁਸਤਕ ਵਿਚ ਜਾਪਾਨੀ ਪਰਬਤਾਰੋਹੀਆਂ ਦੀ ਥੋੜ੍ਹੀ ਬੇਰੁਖੀ ਬਾਰੇ ਵੀ ਲੇਖਕ ਨੇ ਜਾਣਕਾਰੀ ਦਿੱਤੀ ਹੈ ਜੋ ਕਿ ਪਰਬਤਾਰੋਹੀਆਂ ਵਿਚ ਨਹੀਂ ਹੋਣੀ ਚਾਹੀਦੀ। ਲੇਖਕ ਨੂੰ ਇਸ ਮੁਹਿੰਮ ਦੀ ਸਫਲਤਾ ਦੀ ਖੁਸ਼ੀ ਵੀ ਹੋਈ ਪਰ ਉਸ ਦੇ ਤਿੰਨ ਜਾਂਬਾਜ ਸਾਥੀਆਂ ਦਾ ਦੁਖਾਂਤ ਲਿਖਤ ਅਤੇ ਪਾਠਕ ਦੇ ਮਨ ਵਿਚ ਉਦਾਸੀ ਵੀ ਪੈਦਾ ਕਰਦਾ ਹੈ। 'ਐਵਰਸਟ-1996' ਕਮਾਂਡੈਂਟ ਮੁਹਿੰਦਰ ਸਿੰਘ (ਰਿਟਾ:) ਦੀ ਇਕ ਮਹੱਤਵਪੂਰਨ ਅਤੇ ਜਾਣਕਾਰੀ ਭਰਪੂਰ ਪੁਸਤਕ ਹੈ, ਜੋ ਮਨੁੱਖੀ ਸਾਹਸ ਅਤੇ ਦ੍ਰਿੜ੍ਹਤਾ ਦੀ ਅਜਿਹੀ ਕਹਾਣੀ ਨੂੰ ਪੇਸ਼ ਕਰਦੀ ਹੈ, ਜਿਸ ਸਦਕਾ ਮਨੁੱਖ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਰੰਗਦਾਰ ਤਸਵੀਰਾਂ ਇਸ ਪੁਸਤਕ ਨੂੰ ਹੋਰ ਵੀ ਵਧੇਰੇ ਆਕਰਸ਼ਕ ਅਤੇ ਦਿਲਚਸਪ ਬਣਾਉਂਦੀਆਂ ਹਨ। ਇਸ ਤੋਂ ਇਲਾਵਾ ਹਿਮਾਲਾ ਪਰਬਤ ਦੇ ਖੇਤਰ ਵਿਚ ਮਿਲਦੀਆਂ ਮੁੱਲਵਾਨ ਜੜ੍ਹੀ-ਬੂਟੀਆਂ ਅਤੇ ਇਨ੍ਹਾਂ ਦੀ ਉਪਯੋਗਤਾ ਬਾਰੇ ਵੀ ਲੇਖਕ ਨੇ ਤਸਵੀਰਾਂ ਸਹਿਤ ਚਿਤਰਣ ਕੀਤਾ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਟੱਪੇ-ਟੱਪੇ-ਟੱਪੇ
ਲੇਖਿਕਾ : ਦੀਪਤੀ ਬਬੂਟਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 140.
ਸੰਪਰਕ : 98146-70707.

'ਟੱਪੇ-ਟੱਪੇ-ਟੱਪੇ' ਦੀਪਦੀ ਬਬੂਟਾ ਦਾ 'ਮਾਹੀਆ' ਕਾਵਿ-ਰੂਪ ਵਿਚ ਰਚਿਆ ਸੱਜਰਾ ਕਾਵਿ ਸੰਗ੍ਰਹਿ ਹੈ। 'ਮਾਹੀਆ' ਪੰਜਾਬੀਆਂ ਦਾ ਛੋਟੇ ਆਕਾਰ ਦਾ ਹਰਮਨ-ਪਿਆਰਾ ਲੋਕ-ਕਾਵਿ ਰੂਪ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ-ਬੋਲੀਆਂ ਵਿਚ ਰਚਿਆ ਹੋਇਆ ਮਿਲਦਾ ਹੈ। ਪੰਜਾਬੀਆਂ ਦਾ ਇਹ ਹਰਮਨ-ਪਿਆਰਾ ਕਾਵਿ-ਰੂਪ ਪੰਜਾਬ ਦੇ ਲੋਕ ਮੰਚ ਤੋਂ ਅਲੋਪ ਹੋ ਰਿਹਾ ਹੈ। ਦੀਪਤੀ ਬਬੂਟਾ ਸ਼ਲਾਘਾ ਦੀ ਪਾਤਰ ਹੈ, ਜਿਸ ਨੇ ਅਲੋਪ ਹੋ ਰਹੇ ਕਾਵਿ-ਰੂਪ ਨੂੰ ਸੰਭਾਲਣ ਲਈ ਮਾਹਿਆ ਕਾਵਿ-ਰੂਪ ਨੂੰ ਆਪਣੀ ਕਾਵਿਕ ਸਿਰਜਣਾ ਦਾ ਮਾਧਿਅਮ ਬਣਾ ਕੇ ਆਪਣੇ ਜਜ਼ਬਿਆਂ ਦਾ ਇਜ਼ਹਾਰ ਕੀਤਾ ਹੈ ਅਤੇ ਭਿੰਨ-ਭਿੰਨ ਵਿਸ਼ਿਆਂ ਨਾਲ ਸਬੰਧਤ ਟੱਪਿਆਂ ਦੀ ਸਿਰਜਣਾ ਕੀਤੀ ਹੈ।
ਇਸ ਸੰਗ੍ਰਹਿ ਵਿਚ ਦੀਪਤੀ ਬਬੂਟਾ ਨੇ ਕਾਫੀ ਮਾਤਰਾ ਵਿਚ ਟੱਪੇ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ ਮੁਹੱਬਤ ਦਾ ਆਪਮੁਹਾਰਾ ਵੇਗ ਵੀ ਹੈ, ਸੂਫੀਆਨਾ ਰੰਗਤ ਵੀ ਹੈ ਅਤੇ ਸਦਾਚਾਰ ਦੀ ਸੁਗੰਧੀ ਵੀ ਹੈ।
ਮੈਨੂੰ ਆਸ ਹੈ ਇਸ ਪੁਸਤਕ ਦਾ ਪਾਠ ਪੰਜਾਬੀ ਪਾਠਕਾਂ ਨੂੰ ਸੁਹਜ ਆਤਮ ਅਨੰਦ ਪ੍ਰਦਾਨ ਕਰੇਗਾ। ਪ੍ਰਕਾਸ਼ਕ ਵੀ ਵਧਾਈ ਦਾ ਹੱਕਦਾਰ ਹੈ, ਜਿਸ ਨੇ ਪੁਸਤਕ ਨੂੰ ਬੜੀ ਰੀਝ ਨਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ।

ਸੁਖਦੇਵ ਮਾਦਪੁਰੀ
ਮੋ: 94630-34472.

ਮੇਰੀਆਂ 52 ਕਹਾਣੀਆਂ
ਲੇਖਕ : ਡਾ: ਐਸ. ਤਰਸੇਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਪਟਿਆਲਾ
ਮੁੱਲ : 375 ਰੁਪਏ, ਸਫ਼ੇ : 360.
ਸੰਪਰਕ : 99151-03490.

ਡਾ: ਐਸ. ਤਰਸੇਮ ਸਰਬਾਂਗੀ ਸਾਹਿਤਕਾਰ ਹੈ, ਜਿਸ ਨੇ ਸਾਹਿਤ ਦੀਆਂ ਪ੍ਰਮੁੱਖ ਵਿਧਾਵਾਂ 'ਤੇ ਆਪਣੀ ਰਚਨਾਤਮਕ ਅਤੇ ਸਿਰਜਣਾਤਮਕ ਪ੍ਰਤਿਭਾ ਦਾ ਜਲੌਅ ਦਿਖਾਇਆ ਹੈ। ਉਸ ਨੇ ਕਹਾਣੀਆਂ, ਕਾਵਿ/ਗ਼ਜ਼ਲ-ਸੰਗ੍ਰਹਿ, ਆਲੋਚਨਾ, ਸਵੈ-ਜੀਵਨੀ, ਸ਼ਬਦ-ਚਿੱਤਰ ਅਤੇ ਸੰਪਾਦਿਤ ਪੁਸਤਕਾਂ ਦੇ ਕੇ ਪੰਜਾਬੀ ਮਾਂ-ਬੋਲੀ ਦੇ ਅਥਾਹ ਭੰਡਾਰੇ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਹਥਲਾ ਕਹਾਣੀ-ਸੰਗ੍ਰਹਿ ਉਸ ਦੇ ਚਾਰ ਕਹਾਣੀ-ਸੰਗ੍ਰਹਿ : 'ਕਣਕ ਦਾ ਬੁੱਕ', 'ਅੱਜ ਦੇ ਮਸੀਹੇ', 'ਪਾਟਿਆ ਦੁੱਧ', 'ਫੈਲਦੇ ਰਿਸ਼ਤੇ' ਵਿਚੋਂ ਲਈਆਂ ਗਈਆਂ 52 ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਸਾਰੀਆਂ ਕਹਾਣੀਆਂ ਪਹਿਲਾਂ ਵੀ ਸਮੁੱਚੇ ਰੂਪ 'ਚਾਰ ਖਣ' ਸਿਰਲੇਖ ਅਧੀਨ ਪ੍ਰਕਾਸ਼ਿਤ ਹੋ ਹੱਥੋਂ-ਹੱਥ ਵਿਕ ਗਈਆਂ ਸਨ। ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਉਸ ਨੂੰ ਸ਼ਬਦ ਤੇ ਸੁਹਜ ਦਾ ਯਾਤਰੀ ਕਹਿ ਕੇ ਵਡਿਆਉਂਦਾ ਹੈ। ਉਸ ਦੀ ਕਹਾਣੀ 'ਫੈਲਦੇ ਰਿਸ਼ਤੇ' ਵਿਚ ਜਿਵੇਂ ਵਿਆਹੋਂ ਬਾਹਰੇ ਰਿਸ਼ਤਿਆਂ ਨੂੰ ਬਿਆਨਿਆ ਗਿਆ ਹੈ, ਉਸ ਦੇ ਅੰਤ ਵਾਂਗ ਹੀ ਉਹ ਪੰਜਾਬੀ ਕਹਾਣੀ ਵਿਚ ਨਵਾਂ ਮੋੜ ਲਿਆਉਣ ਲਈ ਤਤਪਰ ਹੈ। 'ਰਿਸ਼ਤਿਆਂ ਦਾ ਇਮਤਿਹਾਨ' ਕਲਾ ਪੱਖੋਂ ਉਸ ਦੀ ਕਹਾਣੀ ਬਹੁਤ ਹੀ ਖੂਬਸੂਰਤ ਜਾਪਦੀ ਹੈ। ਉਸ ਨੇ ਪ੍ਰਾਪਤ ਸਮਾਜਿਕ ਯਥਾਰਥ ਨੂੰ ਆਪਣੀਆਂ ਕਹਾਣੀਆਂ ਦੇ ਵਿਸ਼ੇ ਬਣਾ ਕੇ, ਉਨ੍ਹਾਂ ਵਿਚ ਕਹਾਣੀਅਤ ਦੇ ਰੰਗ ਭਰ ਕੇ ਸਮਕਾਲੀ ਕਹਾਣੀਕਾਰਾਂ ਵਿਚ ਇਕ ਮਾਣਯੋਗ ਥਾਂ ਬਣਾਉਣ ਲਈ ਭਰਪੂਰ ਯਤਨ ਕੀਤਾ ਹੈ। ਉਸ ਦੀਆਂ ਕਹਾਣੀਆਂ ਵਿਚ ਸਾਦਗੀ, ਸਰਲਤਾ, ਸਪੱਸ਼ਟਤਾ ਦੇ ਗੁਣ ਪ੍ਰਤੱਖ ਨਜ਼ਰੀਂ ਪੈਂਦੇ ਹਨ। ਉਸ ਦੇ ਪਾਤਰ ਸੰਜੀਵ ਲਗਦੇ ਹਨ ਅਤੇ ਉਨ੍ਹਾਂ ਦੀ ਬੋਲਚਾਲ, ਅੰਦਾਜ਼ ਯਥਾਰਥਕ ਲਗਦੇ ਹਨ। 'ਪਾਟਿਆ ਦੁੱਧ' ਕਹਾਣੀ ਕਾਮਿਆਂ ਦੀ ਜ਼ਿੰਦਗੀ ਵਿਚ ਬੜੇ ਕਠੋਰ/ਨਿਰਦਈ ਸਿੱਟਿਆਂ ਨੂੰ ਜਨਮ ਦਿੰਦੀ ਹੈ। 'ਜਲੌਰੇ' ਅਤੇ 'ਕੈਲੇ' ਵਰਗੇ ਪਾਤਰ ਭੁੱਖ-ਨੰਗ ਨਾਲ ਖੇਡਦੇ ਹੋਏ ਆਪਣੀਆਂ ਹਸਰਤਾਂ ਦਿਲ 'ਚ ਦਬਾਈ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਇਹ ਕਹਾਣੀਆਂ ਕ੍ਰਾਂਤੀਕਾਰੀ ਬਦਲਾਅ ਦੀਆਂ ਬਾਤਾਂ ਪਾਉਂਦੀਆਂ ਹਨ, ਇਸ ਲਈ ਇਹ ਕਹਾਣੀਆਂ ਪੰਜਾਬੀ ਸਾਹਿਤ ਦੇ ਕਹਾਣੀ-ਇਤਿਹਾਸ ਵਿਚ ਆਪਣਾ ਮੁੱਲਵਾਨ ਯੋਗਦਾਨ ਅਵੱਸ਼ ਹੀ ਪਾਉਂਦੀਆਂ ਹਨ। ਕਿਤਾਬ ਦੀ ਪੱਕੀ ਜਿਲਦ ਹੈ ਅਤੇ ਮੁੱਲ ਵੀ ਵਾਜਿਬ ਹੈ।

ਪ੍ਰੋ: ਸੰਧੂ ਵਰਿਆਣਵੀ
ਮੋ: 098786-14096.


ਮਸ਼ਾਲ
ਗ਼ਜ਼ਲਕਾਰ : ਭੂਪਿੰਦਰ ਸਿੰਘ ਸੱਗੂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 103
ਸੰਪਰਕ : 0161-2740738.

ਭੂਪਿੰਦਰ ਸਿੰਘ ਸੱਗੂ ਪ੍ਰਵਾਸੀ ਸ਼ਾਇਰ ਹੈ ਜੋ ਲੰਬੇ ਸਮੇਂ ਤੋਂ ਪੰਜਾਬੀ ਵਿਚ ਕਾਵਿ ਸਿਰਜਣਾ ਕਰ ਰਿਹਾ ਹੈ। ਨਿਰੋਲ ਗ਼ਜ਼ਲ ਸੰਗ੍ਰਹਿ 'ਮਸ਼ਾਲ' ਤੋਂ ਪਹਿਲਾਂ ਉਸ ਦੀਆਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। 'ਮਸ਼ਾਲ' ਦੀਆਂ ਗ਼ਜ਼ਲਾਂ ਵਿਚ ਆਰੂਜ਼ ਦੀਆਂ ਬਾਰੀਕੀਆਂ ਨੂੰ ਦ੍ਰਿਸ਼ਟੀਗੋਚਰ ਰੱਖਦੇ ਹੋਏ ਗ਼ਜ਼ਲ ਦੀ ਤਾਸੀਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ। ਇਸ ਪੁਸਤਕ ਦੀਆਂ ਗ਼ਜ਼ਲਾਂ ਦੇ ਸ਼ਿਅਰ ਗੁੰਝਲਾਂ ਪੈਦਾ ਕਰਨ ਦੀ ਥਾਂ ਫੁੱਲਾਂ ਵਰਗੇ ਹਲਕੇ ਤੇ ਖ਼ੁਸ਼ਬੂਦਾਰ ਹਨ। ਇਸ ਸੰਗ੍ਰਹਿ ਵਿਚ ਸੰਕਲਿਤ ਗ਼ਜ਼ਲਾਂ ਦੇ ਵਿਸ਼ੇ ਮੁਹੱਬਤੀ ਵੀ ਹਨ ਪਰ ਵਧੇਰੇ ਕਰਕੇ ਸਮਾਜਿਕ ਸਰੋਕਾਰਾਂ ਦੁਆਲੇ ਕੇਂਦਰਿਤ ਹਨ। ਪਰਵਾਸ ਦਾ ਦਰਦ ਵੀ ਉਸ ਦੇ ਸ਼ਿਅਰਾਂ ਵਿਚ ਸਾਫ਼ ਝਲਕਦਾ ਹੈ ਤਦੇ ਉਹ ਨਸਲਵਾਦ ਦੀ ਤੁਲਨਾ ਸੱਪ ਨਾਲ ਕਰਦਾ ਹੈ ਤੇ ਫਿਰਕੂ ਤਾਕਤਾਂ ਨੂੰ ਵੱਖ-ਵੱਖ ਰੰਗਾਂ ਨਾਲ ਮੇਲਦਾ ਹੈ। ਉਹ ਰਾਹਾਂ ਦੇ ਹਨ੍ਹੇਰਿਆਂ ਤੋਂ ਉੱਕਾ ਨਹੀਂ ਘਬਰਾਉਂਦਾ ਤੇ ਰਾਹੀਆਂ ਨੂੰ ਮਸ਼ਾਲਾਂ ਲੈ ਕੇ ਤੁਰਨ ਦੀ ਸਲਾਹ ਦਿੰਦਾ ਹੈ। ਇੰਝ ਉਹ ਇਸ ਪੁਸਤਕ ਦੇ ਨਾਂਅ ਨੂੰ ਵੀ ਸਾਰਥਿਕ ਕਰਦਾ ਹੈ ਤੇ ਇਕ ਸੰਜੀਦਾ ਸ਼ਾਇਰ ਦੇ ਫ਼ਰਜ਼ ਵੀ ਪਾਲਦਾ ਹੈ। ਉਸ ਅਨੁਸਾਰ ਕਾਮਲ ਤਾਰੂ ਸਾਗਰ ਦੀਆਂ ਛੱਲਾਂ ਤੋਂ ਕਦੀ ਨਹੀਂ ਘਬਰਾਉਂਦਾ ਸਗੋਂ ਹੌਸਲੇ ਨਾਲ ਸਾਗਰ ਪਾਰ ਕਰ ਲੈਂਦਾ ਹੈ। ਸ਼ਾਇਰ ਰੂੜ੍ਹੀਵਾਦੀ ਸੋਚ ਦੇ ਖ਼ਿਲਾਫ਼ ਹੈ ਤੇ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਿਆਂ ਤੋਂ ਖ਼ਫ਼ਾ ਹੈ। ਭੂਪਿੰਦਰ ਸਿੰਘ ਸੱਗੂ ਦਾ ਇਹ ਗ਼ਜ਼ਲ ਸੰਗ੍ਰਹਿ ਨਿਸਚੇ ਹੀ ਪੰਜਾਬੀ ਗ਼ਜ਼ਲ ਸਾਹਿਤ ਵਿਚ ਉਸ ਦੇ ਕੱਦ ਨੂੰ ਹੋਰ ਵੱਡਾ ਕਰਦਾ ਹੈ। ਆਸ ਹੈ, ਉਹ ਭਵਿੱਖ ਵਿਚ ਆਪਣੀ ਚਾਲ ਨੂੰ ਹੋਰ ਵੀ ਧਾਰ ਦੇਵੇਗਾ ਤੇ ਪੰਜਾਬੀ ਗ਼ਜ਼ਲ ਦੇ ਵਿਕਾਸ ਵਿਚ ਆਪਣਾ ਹੋਰ ਯੋਗਦਾਨ ਪਾਵੇਗਾ।

ਗੁਰਦਿਆਲ ਰੌਸ਼ਨ
ਮੋ: 9988444002

 

19-9-2015

 ਸਾਧਾਰਨ ਭਾਸ਼ਾ-ਵਿਗਿਆਨ ਦਾ ਕੋਰਸ
ਅੰਗਰੇਜ਼ੀ ਅਨੁਵਾਦ : ਰੌਇ ਹੈਰਿਸ
ਪੰਜਾਬੀ ਅਨੁਵਾਦ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 288.
ਸੰਪਰਕ : 98152-18545

ਹਥਲੀ ਪੁਸਤਕ ਭਾਸ਼ਾ ਵਿਗਿਆਨ ਅਤੇ ਭਾਸ਼ਾ ਸੰਚਾਰ-ਜੁਗਤਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ। ਇਸ ਪੁਸਤਕ ਦਾ ਹੋਂਦ ਵਿਚ ਆਉਣਾ ਬੜਾ ਵਚਿੱਤਰ ਵਾਕਿਆ ਹੈ। ਆਧੁਨਿਕ ਕਾਲ ਦਾ ਉਚ ਕੋਟੀ ਦਾ ਭਾਸ਼ਾ ਵਿਗਿਆਨੀ ਸੋਸਿਊਰ ਹੋਇਆ ਹੈ, ਜਿਸ ਨੇ ਫ੍ਰੈਂਚ, ਜਰਮਨੀ ਅਤੇ ਸੰਸਕ੍ਰਿਤ ਭਾਸ਼ਾ ਦੇ ਡੂੰਘੇ ਅਧਿਐਨ ਉਪਰੰਤ ਬਹੁਤ ਸਾਰੇ ਨਵੇਂ ਮਾਡਲ ਪੇਸ਼ ਕੀਤੇ ਸਨ, ਪਰ ਉਹ ਕਿਤਾਬੀ ਰੂਪ 'ਚ ਪ੍ਰਕਾਸ਼ਿਤ ਨਾ ਹੋ ਸਕੇ। ਉਸ ਦੀ ਪਤਨੀ, ਉਸ ਦੇ ਸਹਿਕਰਮੀ ਪ੍ਰਾਅਧਿਆਪਕਾਂ ਅਤੇ ਉਸ ਦੇ ਵਿਦਿਆਰਥੀਆਂ ਤੋਂ ਪ੍ਰਾਪਤ ਹੋਏ ਨੋਟਿਸਾਂ ਨੂੰ ਉਸ ਦੇ ਸਹਿਕਰਮੀ ਪ੍ਰਾਅਧਿਆਪਕਾਂ ਚਾਰਲਸ ਬੈਲੇ ਅਤੇ ਸੱਚਾਯੇ ਵੱਲੋਂ ਅਲਬਰਟ ਰੀਅਡਲਿੰਗਰ ਦੇ ਸਹਿਯੋਗ ਨਾਲ 'ਕੋਰਸ ਇਨ ਜਨਰਲ ਲਿੰਗੂਇਸਟਿਕਸ' ਸਿਰਲੇਖ ਤਹਿਤ ਸੰਪਾਦਿਤ ਕੀਤਾ ਗਿਆ। ਇਸ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਰੌਇ ਹੈਰਿਸ ਨੇ ਕੀਤਾ ਅਤੇ ਇਸ ਤੋਂ ਬਾਅਦ ਪੰਜਾਬੀ ਅਨੁਵਾਦ ਬੜੀ ਕਾਮਯਾਬੀ ਅਤੇ ਸਿਰੜ ਨਾਲ ਡਾ: ਹਰਬੰਸ ਸਿੰਘ ਧੀਮਾਨ ਜੀ ਨੇ ਕੀਤਾ ਹੈ। ਇਹ ਪੁਸਤਕ ਭਾਸ਼ਾ ਵਿਗਿਆਨ ਦੇ ਮੂਲ-ਸੰਕਲਪਾਂ ਦੀ ਜਾਣਕਾਰੀ, ਇਸ ਦੇ ਅੰਦਰੂਨੀ ਅਤੇ ਬਾਹਰੀ ਤੱਤਾਂ, ਸਰੀਰ-ਵਿਗਿਆਨਕ, ਧੁਨੀ-ਵਿਗਿਆਨ ਦੇ ਵਿਭਿੰਨ ਸਿਧਾਂਤਾਂ, ਭਾਸ਼ਾਈ ਚਿੰਨ੍ਹਾਂ ਅਤੇ ਸਮਕਾਲਿਕ ਭਾਸ਼ਾ ਵਿਗਿਆਨ ਦੇ ਸਰੋਕਾਰਾਂ ਜਿਵੇਂ ਕੜੀਦਾਰ ਅਤੇ ਸਹਿਚਾਰੀ ਸਬੰਧਾਂ ਅਤੇ ਵਿਆਕਰਣ ਅਤੇ ਇਸ ਦੇ ਉਪਖੰਡਾਂ ਬਾਬਤ ਤਰਕ ਸੰਗਤ ਗੂਹੜ ਗਿਆਨ ਪੇਸ਼ ਕਰਦੀ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ ਜਿਥੇ ਕਾਲ-ਕ੍ਰਮ ਭਾਸ਼ਾ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਨੂੰ ਨਿਖੇੜਦਿਆਂ, ਧੁਨੀ ਪਰਿਵਰਤਨ ਅਤੇ ਨਿਰੁਕਤੀ ਦੇ ਗੰਭੀਰ ਅਧਿਐਨ ਨੂੰ ਪੇਸ਼ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਭੂਗੋਲਿਕ ਭਾਸ਼ਾ ਵਿਗਿਆਨ ਦੇ ਅਨੇਕ ਰੂਪਾਂ ਅਤੇ ਜਟਿਲਤਾਵਾਂ ਨੂੰ ਭਾਵ-ਪੂਰਤ ਸ਼ਬਦਾਂ 'ਚ ਅੰਕਿਤ ਕੀਤਾ ਗਿਆ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਮੁਢਲੀਆਂ ਭਾਸ਼ਾਵਾਂ ਦੇ ਮੂਲ-ਰੂਪਾਂ, ਭਾਸ਼ਾ ਦੇ ਪੁਨਰ ਨਿਰਮਾਣ ਅਤੇ ਭਾਸ਼ਾ ਪਰਿਵਾਰਾਂ ਦਾ ਗੂਹੜ ਗਿਆਨ ਵੀ ਪੇਸ਼ ਕੀਤਾ ਗਿਆ ਹੈ। ਅਜੋਕੇ ਭਾਸ਼ਾ ਵਿਗਿਆਨੀਆਂ ਅਤੇ ਭਾਸ਼ਾ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵਾਸਤੇ ਇਹ ਪੁਸਤਕ ਤੋਹਫ਼ਾ ਸਾਬਤ ਹੋਵੇਗੀ।

ਡਾ: ਜਗੀਰ ਸਿੰਘ ਨੂਰ
ਮੋ: 98142-09732.

ਰੰਗ ਰੰਗ ਦੇ ਰੰਗ
ਨਾਟਕਕਾਰ : ਡਾ: ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 100 ਰੁਪਏ, ਸਫ਼ੇ : 114.
ਸੰਪਰਕ : 94177-17043.

'ਰੰਗ ਰੰਗ ਦੇ ਰੰਗ' ਪੁਸਤਕ ਵਿਚ ਡਾ: ਸਤੀਸ਼ ਕੁਮਾਰ ਵਰਮਾ ਦੇ ਅੱਠ ਰੰਗ ਨਾਟਕ ਸੰਗ੍ਰਹਿਤ ਹਨ। ਡਾ: ਵਰਮਾ ਇਕ ਪ੍ਰਯੋਗਧਰਮੀ ਨਾਟਕਕਾਰ ਹੈ। ਇਨ੍ਹਾਂ ਨਾਟਕਾਂ ਨੂੰ 'ਮੈਟਾ ਨਾਟਕ' ਵੀ ਕਿਹਾ ਜਾ ਸਕਦਾ ਹੈ : ਰਵਾਇਤੀ ਨਾਟਕਾਂ ਦੀ ਜ਼ਮੀਨ ਉੱਪਰ ਲਿਖੇ ਗਏ ਨਵੇਂ ਅਤੇ ਮੌਲਿਕ ਨਾਟਕ।
ਇਨ੍ਹਾਂ ਨਾਟਕਾਂ ਦੇ ਸਬੰਧ ਵਿਚ ਉਲੇਖਯੋਗ ਗੱਲ ਇਹ ਹੈ ਕਿ ਨਾਟਕਕਾਰ ਦੇ ਮਨ ਵਿਚ ਇਹ ਧਾਰਨਾ ਰਹੀ ਹੈ ਕਿ ਉੱਤਰ-ਪੂੰਜੀਵਾਦੀ ਯੁੱਗ ਵਿਚ ਨਾਟਕ-ਲੇਖਣ ਕਿਹੋ ਜਿਹਾ ਹੋਣਾ ਚਾਹੀਦਾ ਹੈ। ਨਾਟਕਕਾਰ ਰੰਗ ਮੰਚ ਦੇ ਖੇਤਰ ਵਿਚ ਉਪਲਬਧ ਨਵੀਆਂ ਕਾਢਾਂ ਨੂੰ ਆਪਣੇ ਨਾਟਕਾਂ ਵਿਚ ਕਿਵੇਂ ਵਰਤੇ ਤਾਂ ਜੋ ਦਰਸ਼ਕਾਂ ਦੇ ਮਨ ਵਿਚ ਵਚਿੱਰਤਾ ਅਤੇ ਅਜਨਬੀਪਣ ਦੇ ਅਹਿਸਾਸ ਬਣੇ ਰਹਿਣ ਅਤੇ ਉਹ ਪੇਸ਼ਕਾਰੀ ਵਿਚ ਖੁੱਭਿਆ ਰਹੇ। ਇਕ ਹੀ ਨਾਟਕ ਵਿਚ ਲੋਕ-ਰੰਗ ਅਤੇ ਆਧੁਨਿਕ ਰੰਗ ਦਾ ਸਮਾਵੇਸ਼ ਕਿਵੇਂ ਕੀਤਾ ਜਾ ਸਕਦਾ ਹੈ, ਇਹ ਭੇਤ ਹਥਲਾ ਸੰਗ੍ਰਹਿ ਪੜ੍ਹ ਕੇ ਹੀ ਪਾਇਆ ਜਾ ਸਕਦਾ ਹੈ।
ਇਸ ਸੰਗ੍ਰਹਿ ਵਿਚ ਸੰਕਲਿਤ ਹਰ ਨਾਟਕ ਵੱਖਰੀ-ਵੱਖਰੀ ਭਾਵ-ਭੂਮੀ ਉਪਰ ਸਥਿਤ ਹੈ। ਕਿਧਰੇ ਛੋਟੀ ਕਿਸਾਨੀ ਉੱਪਰ ਪੈਣ ਵਾਲੇ ਆਰਥਿਕ-ਸੱਭਿਆਚਾਰਕ ਦਬਾਵਾਂ ਦਾ ਜ਼ਿਕਰ ਹੈ (ਪਰਤ ਆਉਣ ਤੱਕ), ਕਿਧਰੇ ਰੋਜ਼ੀ-ਰੋਟੀ ਦੀ ਤਲਾਸ਼ ਲਈ ਪਰਵਾਸੀ ਬਣਨ ਦਾ ਦਬਾਉ ਹੈ (ਮ੍ਰਿਗ ਤ੍ਰਿਸ਼ਨਾ), ਕਿਧਰੇ ਦੇਸ਼ ਭਗਤੀ ਦੇ ਜਜ਼ਬੇ ਦਾ ਵਿਸਤਾਰ ਹੈ (ਊਧਮ ਸਿੰਘ ਜ਼ਿੰਦਾ ਹੈ) ਅਤੇ ਕਿਧਰੇ ਇਕ ਪਾਤਰੀ ਨਾਟਕ ਹੈ (ਇਕ ਗੀਤ ਦੀ ਮੌਤ)... ਇਤਿਆਦਿ। 'ਤੁਹਾਡਾ ਨਾਟਕ ਸਾਡਾ ਨਾਟਕ' ਦੀ ਸਕ੍ਰਿਪਟ ਬਾਲਾਂ ਲਈ ਹੈ। ਮੈਂ ਇਹ ਨਾਟਕ ਪੜ੍ਹ ਕੇ ਹੀ ਜਾਣ ਸਕਿਆ ਹਾਂ ਕਿ ਸਤੀਸ਼ ਕੁਮਾਰ ਵਰਮਾ ਵਰਗੇ ਗੰਭੀਰ ਵਿਦਵਾਨ ਅਤੇ ਵਿਅਸਤ ਵਿਅਕਤੀ ਦੇ ਮਨ ਵਿਚ ਇਕ 'ਵਿਨੋਦਪ੍ਰਿਯ' ਬੰਦਾ ਵੀ ਨਿਵਾਸ ਕਰਦਾ ਹੈ। ਹਾਸ-ਵਿਅੰਗ ਇਨ੍ਹਾਂ ਨਾਟਕਾਂ ਦੀ 'ਬਣਤਰ' ਵਿਚ ਨਿਰੰਤਰ ਮੌਜੂਦ ਰਿਹਾ ਹੈ, ਹਾਲਾਂਕਿ 'ਬੁਣਤਰ' ਵਿਚ ਰੰਗਮੰਚ ਨਾਲ ਸੰਬੰਧਿਤ ਅਨੇਕ ਪ੍ਰਯੋਗ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਨਾਟਕਾਂ ਦੀ ਰੂਪ-ਰਚਨਾ ਵਿਚ ਮਿਰਾਸੀਆਂ ਦੀਆਂ ਨਕਲਾਂ ਤੋਂ ਲੈ ਕੇ ਪਿਰਾਂਦਿਲੋ, ਲੇਡੀ ਗਰੈਗਰੀ ਅਤੇ ਬਰੈਖ਼ਤ ਆਦਿ ਬਹੁਤ ਸਾਰੇ ਪੱਛਮੀ ਨਾਟਕਕਾਰਾਂ ਦੀਆਂ ਧੁਨੀਆਂ ਵਿਅੰਜਿਤ ਹੁੰਦੀਆਂ ਹਨ। ਬਰੈਖ਼ਤ ਕਿਹਾ ਕਰਦਾ ਸੀ ਕਿ ਜਿਸ ਨਾਟਕ ਵਿਚੋਂ ਹਾਸਾ ਨਹੀਂ ਉਪਜਦਾ, ਦਰਸ਼ਕ ਉਸ ਦਾ ਉਪਹਾਸ ਉਡਾਉਣਗੇ। ਸਤੀਸ਼ ਵਰਮਾ ਦੇ ਨਾਟਕਾਂ ਨੂੰ ਘੱਟੋ-ਘੱਟ ਇਹ ਖ਼ਤਰਾ ਨਹੀਂ ਹੈ।

ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਤਰਿੰਜਣ
ਲੇਖਕ : ਅਹਿਮਦ ਰਾਹੀ
ਲਿਪੀਅੰਤਰ : ਹਰਮਿੰਦਰ ਸਿੰਘ ਕਾਲੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 78.
ਸੰਪਰਕ : 0172-5077427.

ਅਹਿਮਦ ਰਾਹੀ ਲਹਿੰਦੇ ਪੰਜਾਬ ਦਾ ਉਰਦੂ ਅਤੇ ਪੰਜਾਬੀ ਜ਼ਬਾਨ ਦਾ ਮਕਬੂਲ ਸ਼ਾਇਰ ਹੈ, ਜਿਸ ਦੇ ਲੂੰ ਲੂੰ ਵਿਚ ਪੰਜਾਬੀ ਵਿਰਾਸਤ, ਸੱਭਿਆਚਾਰ ਅਤੇ ਇਤਿਹਾਸਕ ਦੀ ਮਿਠਾਸ ਤੇ ਮਿੱਝ ਘੁਲੀ ਹੋਈ ਹੈ। ਪੰਜਾਬੀਅਤ ਅਤੇ ਪੰਜਾਬੀ ਜ਼ਬਾਨ ਨਾਲ ਉਸ ਨੂੰ ਅੰਤਾਂ ਦਾ ਮੋਹ ਹੈ। ਉਸ ਨੇ ਆਪਣੇ ਮਨ ਮਸਤਕ ਵਿਚ ਪੰਜਾਬੀ ਲੋਕ ਕਾਵਿ ਅਤੇ ਲੋਕਧਾਰਾ ਨੂੰ ਰਮਾ ਕੇ ਕਾਵਿ ਰਚਨਾ ਕੀਤੀ ਹੈ, ਜਿਸ ਸਦਕਾ ਉਸ ਦੀ ਰਚਨਾ ਵਿਚ ਲੋਕ ਗੀਤਾਂ ਵਰਗੀ ਕੋਮਲਤਾ, ਸਰਲਤਾ, ਸੁਹਜ ਅਤੇ ਰਵਾਨਗੀ ਹੈ। ਉਸ ਨੇ ਆਪਣੇ ਇਸ ਸੰਗ੍ਰਹਿ 'ਤਰਿੰਜਣ' ਵਿਚ ਧੀਆਂ ਦੇ ਦਰਦ, ਅੱਲ੍ਹੜ ਉਮਰ ਦੇ ਪਿਆਰ-ਮੁਹੱਬਤ ਅਤੇ ਵਿਛੋੜੇ ਦੀ ਕਸਕ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਸਮੇਂ ਦੋਵਾਂ ਪੰਜਾਬਾਂ ਵਿਚ ਧੀਆਂ ਦੀ ਹੋਈ ਬੇਪਤੀ ਅਤੇ ਹੁਰਮਤੀ ਨੂੰ ਦਿਲ ਚੀਰਵੀਂ ਅਤੇ ਕੋਮਲ ਭਾਵੀ ਕਵਿਤਾ ਵਿਚ ਬਿਆਨ ਕੀਤਾ ਹੈ। ਉਸ ਨੂੰ ਅੱਲ੍ਹੜ ਹੁਸਨ ਅਤੇ ਮੁਹੱਬਤ ਦੇ ਜਜ਼ਬਿਆਂ ਨੂੰ ਬਿਆਨ ਕਰਨ ਵਿਚ ਅਬੂਰ ਹਾਸਲ ਹੈ। ਉਸ ਦੀਆਂ ਕਵਿਤਾਵਾਂ ਵਿਚ ਪੰਜਾਬੀ ਜਨ-ਜੀਵਨ ਦੀਆਂ ਆਖਾਣਾਂ ਅਤੇ ਆਸ਼ਾਵਾਂ ਵਿਦਮਾਨ ਹਨ। ਅਹਿਮਦ ਰਾਹੀ ਦੀ ਵੱਡੀ ਖੂਬੀ ਇਹ ਹੈ ਕਿ ਉਸ ਨੇ ਲੋਕ ਗੀਤਾਂ ਦੀ ਰੂਹ ਵਿਚ ਸਰਸ਼ਾਰ ਹੋ ਕੇ ਕਾਵਿ-ਸਿਰਜਣਾ ਕੀਤੀ ਹੈ। ਕਿਕਲੀ ਕਲੀਰ ਦੀ, ਵਣਜਾਰਾ, ਵਣਜ ਕਰਨ ਵਣਜਾਰੇ, ਚੰਨਾ ਵੇ ਤੇਰੀ ਚਾਨਣੀ, ਟੱਪੇ, ਮਾਹੀਆ ਅਤੇ ਤਰਿੰਜਣ ਆਦਿ ਇਸ ਸੰਗ੍ਰਹਿ ਦੀਆਂ ਲੋਕ ਮਨਾਂ ਦੇ ਧੁਰ ਅੰਦਰ ਲਹਿ ਜਾਣ ਵਾਲੀਆਂ ਮਹੱਤਵਪੂਰਨ ਕਵਿਤਾਵਾਂ ਹਨ। ਪੇਸ਼ ਹਨ ਉਸ ਦੇ ਕੁਝ ਕਾਵਿ-ਅੰਸ਼ :
ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ
ਕਿਕਲੀ ਕਲੀਰ ਦੀ
---
ਮੇਰੇ ਹਾਸੇ ਲੁੱਟ ਲਏ ਖੇੜਿਆਂ
ਮੇਰੇ ਦਿੱਤੇ ਹੌਂਠ ਪਰੋ
ਮੈਂ ਅਮਾਨਤ ਰਾਂਝੇ ਚਾਕ ਦੀ
ਹੋਇਆ ਮੇਰੇ ਨਾਲ ਧਰੋ
---
ਨਾ ਕੋਈ ਸਿਹਰਿਆਂ ਵਾਲਾ ਆਇਆ
ਤੇ ਨਾਂ ਵੀਰਾਂ ਡੋਲੀ ਟੋਰੀ
ਜਿਸ ਦੇ ਹੱਥ ਜਿਹਦੀ ਬਾਂਹ ਆਈ
ਲੈ ਗਿਆ ਜ਼ੋਰੋ ਜ਼ੋਰੀ।
ਇਸ ਸੰਗ੍ਰਹਿ ਵਿਚ 42 ਕਵਿਤਾਵਾਂ ਸ਼ਾਮਿਲ ਹਨ। ਨਵਾਂ-ਨਵਾਂ ਬੂਰ, ਨਰਮ ਕਾਲਜਾ ਡੋਲ ਗਿਆ, ਨਿੰਮੀ ਨਿੰਮੀ ਵਾ ਵਗਦੀ, ਕੌਲ ਕਰਾਰ, ਦਿਲਾਂ ਦੇ ਸੌਦੇ, ਅੱਲ੍ਹੜਾਂ ਦਾ ਪਿਆਰ, ਸੂਰਜ ਤੇ ਧਰਤੀ, ਜਾਣ ਵਾਲਿਆ, ਟਾਵੇਂ ਟਾਵੇਂ ਤਾਰੇ, ਦਿਲਾਸਾ, ਮੁੜ ਉਹ ਰਾਤ ਨਾ ਆਈ, ਧੱਪਾਂ ਛਾਵਾਂ ਦੀ ਚੱਕੀ ਵਿਚ, ਫਰੇਬੀਆਂ ਕੱਚ ਦਾ ਚੂੜਾ, ਤਾਰਿਆ ਵੇ ਤੇਰੀ ਲੋ, ਕਿੱਥੇ ਬੰਨ ਬਨੇਰੇ ਨੇ ਬਾਬਲੇ ਦੇ, ਸੁਣ ਵੇ ਬਾਬਲ ਮੇਰਿਆ, ਬੂਹੇ ਖੁੱਲ੍ਹੇ ਰੱਖੀਂ, ਬੂਹੇ ਹੋ ਗਏ ਭੀੜੇ, ਮੇਰਾ ਕੋਈ ਨਾ ਦਰਦੀ, ਅੱਜ ਦੀ ਰਾਤ ਅਖੀਰ ਅਤੇ ਜੇ ਤੂੰ ਮਿਰਜ਼ਾ ਹੁੰਦੈ ਇਸ ਕਾਵਿ ਸੰਗ੍ਰਹਿ ਦੀਆਂ ਹੋਰ ਪੜ੍ਹਨ ਯੋਗ ਅਤੇ ਮਾਣਨਯੋਗ ਕਵਿਤਾਵਾਂ ਹਨ। ਪੁਸਤਕ ਵਿਚ 11 ਰੇਖਾ ਚਿੱਤਰ ਵੀ ਦਿੱਤੇ ਗਏ ਹਨ ਜੋ ਕਵਿਤਾਵਾਂ ਨਾਲ ਸਬੰਧਤ ਹਨ।

-ਸੁਖਦੇਵ ਮਾਦਪੁਰੀ
ਮੋ: 94630-34472.

ਹਰਫ਼ਾਂ ਦੀ ਮਹਿਕ
ਲੇਖਿਕਾ : ਡਾ: ਗੁਰਚਰਨ ਕੌਰ ਕੋਚਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 128.
ਸੰਪਰਕ : 94170-31464

ਗੁਰਚਰਨ ਕੌਰ ਕੋਚਰ ਪੰਜਾਬੀ ਗ਼ਜ਼ਲ ਦੀ ਉਤਸ਼ਾਹੀ, ਸਮਰਪਤ ਅਤੇ ਸਮਰੱਥ ਸ਼ਾਇਰਾ ਹੈ, ਜਿਸ ਨੇ ਇਸ ਤੋਂ ਪਹਿਲਾਂ ਤਕਰੀਬਨ ਅੱਧੀ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਨੂੰ ਅਰਪਿਤ ਕੀਤੀਆਂ ਹਨ। ਕੋਚਰ ਨੇ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਮਰਦ ਗ਼ਜ਼ਲਗੋਆਂ ਦੀ ਇਜਾਰੇਦਾਰੀ ਨੂੰ ਤੋੜਿਆ ਹੈ ਅਤੇ ਉਸ ਨੇ ਸਿੱਧ ਕੀਤਾ ਹੈ ਕਿ ਕਿਸੇ ਵੀ ਖ਼ੇਤਰ ਵਿਚ ਔਰਤਾਂ ਮਰਦਾਂ ਨਾਲੋਂ ਪਿੱਛੇ ਨਹੀਂ ਹਨ। ਉਹ ਮੁੱਖ ਤੌਰ 'ਤੇ ਗ਼ਜ਼ਲ ਕਹਿੰਦੀ ਹੈ ਤੇ ਇਸ ਸਬੰਧੀ ਚੋਖਾ ਗਿਆਨ ਰੱਖਦੀ ਹੈ, ਕਿਉਂਕਿ ਉਸ ਨੂੰ ਸਮੇਂ-ਸਮੇਂ ਉਸਤਾਦ ਲੋਕਾਂ ਦੀ ਸੰਗਤ ਪ੍ਰਾਪਤ ਹੁੰਦੀ ਰਹੀ ਹੈ।
'ਹਰਫ਼ਾਂ ਦੀ ਮਹਿਕ' ਗ਼ਜ਼ਲ ਸੰਗ੍ਰਹਿ ਉਸ ਦੇ ਪਹਿਲੇ ਗ਼ਜ਼ਲ ਸੰਗ੍ਰਿਹਾਂ ਤੋਂ ਹਟਵਾਂ ਹੈ ਤੇ ਇਸ ਤੱਕ ਪਹੁੰਚਦਿਆਂ-ਪਹੁੰਚਦਿਆਂ ਉਸ ਦੇ ਅਨੁਭਵ ਦੀ ਕੈਨਵਸ ਕਾਫ਼ੀ ਵਿਸ਼ਾਲ ਹੋ ਗਈ ਹੈ ਤੇ ਉਸ ਨੇ ਰੰਗਾਂ ਦੀਆਂ ਨਿਵੇਕਲੀਆਂ ਤੇ ਅਦਭੁਤ ਸ਼ੇਡਜ਼ ਈਜਾਦ ਕਰ ਲਈਆਂ ਹਨ। ਦਰਅਸਲ ਕੋਚਰ ਮੁਹੱਬਤ ਦੀ ਸ਼ਾਇਰਾ ਹੈ ਜਿਹੜਾ ਕਿ ਗ਼ਜ਼ਲ ਦਾ ਬੁਨਿਆਦੀ ਵਿਸ਼ਾ ਹੈ। ਉਹ ਹਰ ਪਾਸੇ ਪਿਆਰ ਤੇ ਖ਼ਲੂਸ ਨੂੰ ਦੇਖਣਾ ਤੇ ਮਾਨਣਾ ਚਾਹੁੰਦੀ ਹੈ ਤੇ ਇਸੇ ਲਈ ਉਸ ਦੇ ਸ਼ਿਅਰ ਇਸੇ ਦਾ ਪ੍ਰਚਾਰ ਤੇ ਪਾਸਾਰ ਕਰਦੇ ਨਜ਼ਰ ਆਉਂਦੇ ਹਨ। ਡਾ: ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਦਾ ਵੱਡਾ ਗੁਣ ਸਾਦਗੀ ਹੈ ਤੇ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਅਰਥਾਂ ਦਾ ਅਨਰਥ ਨਹੀਂ ਕਰਦੇ। ਇਸ ਪੁਸਤਕ ਵਿਚ ਨਵੀਆਂ ਨਵੀਆਂ ਰਦੀਫ਼ਾਂ ਨੂੰ ਵਰਤੋਂ ਵਿਚ ਲਿਆ ਕੇ ਉਸ ਨੇ ਕਈ ਉਮਦਾ ਗ਼ਜ਼ਲਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਦੇ ਸ਼ਿਅਰ ਸੌਖਿਆਂ ਹੀ ਪਾਠਕਾਂ ਦੇ ਦਿਲ ਵਿਚ ਉਤਰ ਜਾਂਦੇ ਹਨ।
ਅਜਿਹਾ ਵੀ ਨਹੀਂ ਹੈ ਕਿ ਉਹ ਰਾਜਨੀਤੀ ਦੀਆਂ ਚਾਲਾਂ ਅਤੇ ਉਲਝੀ ਹੋਈ ਸਮਾਜਿਕ ਤਾਣੀ ਤੋਂ ਅਨਜਾਣ ਹੈ। ਕੋਚਰ ਨੇ ਇਨ੍ਹਾਂ ਵਿਸ਼ਿਆਂ 'ਤੇ ਵੀ ਸ਼ਿਅਰ ਕਹੇ ਹਨ ਅਤੇ ਇਨ੍ਹਾਂ ਦੀ ਧਾਰ ਵੀ ਬੜੀ ਤਿੱਖੀ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਗੁੰਗਿਆਂ ਨੂੰ ਜ਼ਬਾਨ ਅਤੇ ਨਾ ਦੇਖ ਸਕਣ ਵਾਲਿਆਂ ਲਈ ਰੌਸ਼ਨੀ ਵਰਤਾਉਂਦੀ ਹੋਈ ਨਜ਼ਰੀਂ ਆਉਂਦੀ ਹੈ। ਇਹ ਪੁਸਤਕ ਨਿਸਚੇ ਹੀ ਉਸ ਦਾ ਹਾਸਲ ਗ਼ਜ਼ਲ ਸੰਗ੍ਰਹਿ ਹੈ।

ਗੁਰਦਿਆਲ ਰੌਸ਼ਨ
ਮੋ: 9988444002

ਦਿਮਾਗੀ ਯੋਗਤਾ, ਤਾਰਕਿਕਤਾ ਤੇ ਗਣਿਤ ਨਿਪੁੰਨਤਾ
ਸੰਪਾਦਕ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਫੋਕਸ ਬੁਕਸ, ਪਟਿਆਲਾ
ਮੁੱਲ : 350 ਰੁਪਏ, ਸਫ਼ੇ : 312.
ਸੰਪਰਕ : 99151-03490

ਯੂ.ਜੀ.ਸੀ., ਨੈੱਟ, ਬੈਂਕ, ਰੇਲਵੇ, ਐਸ.ਐਸ.ਸੀ., ਐਸ.ਐਸ.ਐਸ.ਬੀ. ਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਅੱਜਕਲ੍ਹ ਮਾਨਸਿਕ ਯੋਗਤਾ, ਗਣਿਤਕ ਨਿਪੁੰਨਤਾ ਤੇ ਤਾਰਕਿਕ ਯੋਗਤਾ ਦੀ ਪਰਖ ਵਾਸਤੇ ਵਿਸ਼ੇਸ਼ ਪ੍ਰਸ਼ਨ ਜਾਂ ਕਈ ਵਾਰ ਪੂਰਾ ਪਰਚਾ ਹੁੰਦਾ ਹੈ। ਪੰਜਾਬ ਵਿਚ ਸਾਧਾਰਨ ਸਕੂਲਾਂ/ਕਾਲਜਾਂ ਤੋਂ ਪੜ੍ਹੇ ਵਿਦਿਆਰਥੀਆਂ ਲਈ ਇਹ ਅਸਲੋਂ ਨਵੀਂ ਚੀਜ਼ ਹੈ। ਕੀ ਹੁੰਦੇ ਹਨ ਇਹ ਪ੍ਰਸ਼ਨ। ਇਨ੍ਹਾਂ ਨੂੰ ਹੱਲ ਕਰਨ ਲਈ ਕਿਹੜੀਆਂ ਵਿਧੀਆਂ ਹਨ। ਕਿਹੋ ਜਿਹੇ ਸਵਾਲ ਪੁੱਛੇ ਜਾਂਦੇ ਹਨ ਤੇ ਉਨ੍ਹਾਂ ਦੇ ਉੱਤਰ ਕਿਵੇਂ ਦੇਣੇ ਹੁੰਦੇ ਹਨ। ਉੱਤਰਾਂ ਨੂੰ ਬਹੁਤ ਸਾਰੇ ਸੰਭਾਵਿਤ ਉੱਤਰਾਂ ਵਿਚ ਚੁਣਨ ਦੀ ਪ੍ਰਕਿਰਿਆ ਵਿਚ ਸਮੇਂ ਦਾ ਕੀ ਮਹੱਤਵ ਹੈ? ਗਣਿਤ ਦੇ ਫਾਰਮੂਲੇ ਜੋ ਇਨ੍ਹਾਂ ਕੰਮਾਂ ਵਿਚ ਸਹਾਈ ਹਨ, ਉਹ ਕਿਹੜੇ ਹਨ ਤੇ ਕਿਵੇਂ ਵਰਤਣੇ ਹਨ। ਅੰਗਰੇਜ਼ੀ/ਪੰਜਾਬੀ ਵਿਚ ਪੈਰਾ, ਸਾਰ/ਸਮਰੀ (ਪਰੈਸੀ)/ਪੈਰੇ ਦੇ ਆਧਾਰ ਉੱਤੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਲੋੜੀਂਦੇ ਸੁਝਾਅ ਕੀ ਹੋ ਸਕਦੇ ਹਨ? ਅੰਗਰੇਜ਼ੀ/ਪੰਜਾਬੀ ਵਿਚ ਸਾਮਾਨਾਰਥਕ/ਵਿਰੋਧਾਰਥਕ ਸ਼ਬਦ, ਚੋਣਵੇਂ ਅਖਾਣ/ਮੁਹਾਵਰੇ ਕਿਹੜੇ ਹਨ? ਇਹ ਸਾਰੀ ਸਮੱਗਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਦਿਆਰਥੀ ਲਈ ਬੜੀ ਮੁੱਲਵਾਨ ਹੈ। ਪੰਜਾਬੀ ਮਾਧਿਅਮ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਇਸ ਵਿਸ਼ੇ ਨੂੰ ਜਸਪ੍ਰੀਤ ਸਿੰਘ ਜਗਰਾਓਂ ਨੇ ਬੜੇ ਸਰਲ ਢੰਗ ਨਾਲ ਇਸ ਪੁਸਤਕ ਵਿਚ ਸਮਝਾਇਆ ਹੈ।
ਲੇਖਕ ਨੇ ਹਰ ਵਿਸ਼ੇ/ਸਮੱਸਿਆ/ਵਿਧੀ/ਪੈਟਰਨ/ਪ੍ਰਸ਼ਨ ਦੀ ਸਿਧਾਂਤਕ ਵਿਆਖਿਆ ਸਰਲ ਪੰਜਾਬੀ ਵਿਚ ਕਰਨ ਉਪਰੰਤ, ਉਦਾਹਰਨਾਂ ਦੇ ਕੇ ਗੱਲ ਸਮਝਾਈ ਹੈ। ਵੱਡੀ ਗਿਣਤੀ ਵਿਚ ਪ੍ਰਸ਼ਨ ਹੱਲ ਕੀਤੇ ਹਨ ਤੇ ਅਭਿਆਸ ਲਈ ਪ੍ਰਸ਼ਨ ਵੀ ਦਿੱਤੇ ਹਨ। ਪੰਜਾਬੀ ਵਿਚ ਇਸ ਕਿਸਮ ਦੀ ਮੁੱਲਵਾਨ ਸਮੱਗਰੀ ਦੀ ਲੇਖਕ ਵੱਲੋਂ ਪੇਸ਼ਕਾਰੀ ਪ੍ਰਸੰਸਾਯੋਗ ਉਪਰਾਲਾ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਧਰਮ ਤੇ ਹਿੰਸਾ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 230 ਰੁਪਏ, ਸਫ਼ੇ : 176.
ਸੰਪਰਕ : 94643-91902.

ਹਥਲੀ ਪੁਸਤਕ 'ਧਰਮ ਤੇ ਹਿੰਸਾ' ਧਰਮ ਦੇ ਕਈ ਪੱਖਾਂ ਉੱਤੇ ਆਧਾਰਿਤ ਪੁਸਤਕ ਹੈ, ਜਿਸ ਦੇ ਵਿਸ਼ੇ ਹਨਂਕੁਦਰਤ ਨੇ ਕੋਈ ਧਰਮ ਨਹੀਂ ਬਣਾਇਆ, ਧਰਮ ਪਿੱਛੇ ਮਹਾਂਪੁਰਖਾਂ ਦਾ ਕੀ ਮਨੋਰਥ ਸੀ, ਸਮਾਜ ਦੇ ਸੁਆਰਥੀ ਲੋਕਾਂ ਨੇ ਧਰਮ ਉੱਤੇ ਕਬਜ਼ਾ ਕਰਕੇ ਸਿਧਾਂਤਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਸਾਧਾਰਨ ਲੋਕਾਂ ਨੂੰ ਗੁੰਮਰਾਹ ਕਰਨਾ, ਧਰਮ ਦੇ ਨਾਂਅ 'ਤੇ ਯਸ਼ ਦੀ ਪ੍ਰਾਪਤੀ ਤੇ ਆਰਥਿਕ ਲਾਭ ਉਠਾਉਣਾ, ਅਵਤਾਰਾਂ ਦੇ ਨਾਂਅ 'ਤੇ ਰੋਟੀਆਂ ਸੇਕਣਾ ਅਰਥਾਤ ਧਰਮ ਦੁਕਾਨਦਾਰੀ ਵਿਚ ਤਬਦੀਲ ਹੋ ਚੁੱਕਿਆ ਹੈ। ਲੇਖਕ ਨੇ ਬੜੇ ਵਿਅੰਗਮਈ ਅੰਦਾਜ਼ ਵਿਚ ਲਿਖਿਆ ਹੈ ਕਿ ਸਾਧਾਰਨ ਲੋਕ ਬੜੇ ਸੰਵੇਦਨਸ਼ੀਲ ਹਨ ਅਤੇ ਉਨ੍ਹਾਂ ਨੂੰ ਸੌਖਿਆਂ ਹੀ ਉਕਸਾਇਆ ਜਾ ਸਕਦਾ ਹੈ, ਉਨ੍ਹਾਂ ਦੀ ਮਿਹਨਤ ਨੂੰ ਧਰਮ ਦੇ ਨਾਂਅ 'ਤੇ ਲੁੱਟਿਆ ਜਾਣਾ ਸੌਖਾ ਹੈ, ਜਦੋਂ ਕਿ ਰੱਬ ਨੂੰ ਚੜ੍ਹਾਵਿਆਂ ਦੀ ਕੋਈ ਲੋੜ ਨਹੀਂ। ਧਰਮ ਤੇ ਰਾਜਨੀਤੀ ਰਲ ਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਹਨ। ਧਰਮ ਦਾ ਮੂਲ ਅਗਿਆਨ ਹੈ, ਰੂੜ੍ਹੀਵਾਦੀ ਹੈ, ਦਲੀਲ ਦਾ ਦੁਸ਼ਮਣ ਹੈ, ਇਹ ਧਾਰਮਿਕ ਪੁਜਾਰੀ ਧਰਤੀ ਉੱਤੇ ਬੋਝ ਹਨ। ਉਸ ਅਨੁਸਾਰ ਧਰਮ ਤੋਂ ਭਾਵ ਆਚਰਨ ਦੀ ਉੱਚਤਾ, ਭਾਈਚਾਰੇ ਦੀ ਸਹਿਹੋਂਦ, ਦਲੀਲ ਤੋਂ ਕੰਮ ਲੈਣਾ ਕਿਉਂਕਿ ਧਰਮ ਤੋੜਦਾ ਨਹੀਂ ਜੋੜਦਾ ਹੈ। ਇਨਸਾਨੀ ਧਰਮ ਕੁਦਰਤ ਨੂੰ ਸਮਝਣ ਵਿਚ ਹੈ ਪਰ ਅਜੋਕਾ ਧਰਮ ਗਿਆਨ ਦਾ ਵਿਰੋਧ ਕਰਦਾ ਹੈ ਅਤੇ ਸ਼ੁੱਧ ਇਨਸਾਨੀ ਆਚਰਨ ਹੀ ਸਭ ਤੋਂ ਉੱਚਾ ਧਰਮ ਹੈ। ਪਰ ਜਿਉਂ-ਜਿਉਂ ਧਰਮ ਪੁਰਾਣਾ ਹੁੰਦਾ ਹੈ, ਇਸ ਵਿਚ ਊਣਤਾਈਆਂ ਸ਼ਾਮਿਲ ਹੁੰਦੀਆਂ ਜਾਂਦੀਆਂ ਹਨਂਮਨੁੱਖਤਾ ਨੂੰ ਇਨ੍ਹਾਂ ਤੋਂ ਕਿਵੇਂ ਬਚ ਕੇ ਕਹਿਣਾ ਹੈ, ਬਾਰੇ ਲੇਖਕ ਨੇ ਬਾਖੂਬੀ ਵਰਨਣ ਕੀਤਾ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

13-9-2015

 ਲਿਵਿੰਗ ਟੂ ਵਿਨਿੰਗ (ਅੰਗਰੇਜ਼ੀ)
ਲੇਖਿਕਾ : ਮਨਦੀਪ ਕੌਰ
ਪ੍ਰਕਾਸ਼ਕ : ਪਬਲਿਸ਼ ਆਵਰ ਡਰੀਮਜ਼
ਮੁੱਲ : 350 ਰੁਪਏ, ਸਫ਼ੇ : 174.
ਸੰਪਰਕ : www.livingtowinning.com

ਆਧੁਨਿਕ ਯੁੱਗ ਵਿਚ ਜਿਵੇਂ-ਜਿਵੇਂ ਮੁਕਾਬਲੇਬਾਜ਼ੀ ਵਧਦੀ ਜਾ ਰਹੀ ਹੈ, ਕਾਰਪੋਰੇਟ ਸੈਕਟਰ ਵਿਚ ਸਫਲਤਾ ਪ੍ਰਾਪਤ ਕਰਨੀ ਸੌਖੀ ਨਹੀਂ ਰਹੀ। ਹੁਣ ਬਹੁਤੀਆਂ ਪੁਸਤਕਾਂ ਪਾਠਕਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਲਈ ਲਿਖੀਆਂ ਜਾ ਰਹੀਆਂ ਹਨ। ਅੰਗਰੇਜ਼ੀ ਭਾਸ਼ਾ ਵਿਚ ਅਜਿਹੀਆਂ ਪੁਸਤਕਾਂ ਵੱਡੀ ਗਿਣਤੀ ਵਿਚ ਲਿਖੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਵੀ ਕੀਤੇ ਜਾ ਰਹੇ ਹਨ।
ਮਨਦੀਪ ਕੌਰ (ਕਰੀਬੀ ਸਾਥੀਆਂ ਲਈ ਮੈਂਡੀ) ਨੇ ਸਵੈਜੀਵਨੀਮੂਲਕ ਅੰਦਾਜ਼ ਤੋਂ ਸ਼ੁਰੂ ਕਰਕੇ ਇਸ ਪੁਸਤਕ ਨੂੰ ਆਪਣੀਆਂ ਬੇਹੱਦ ਪ੍ਰਾਸੰਗਿਕ ਅੰਗਰੇਜ਼ੀ ਕਵਿਤਾਵਾਂ ਨਾਲ ਸਮਾਪਤ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਉਸ ਨੇ ਅਜੋਕੇ ਖਪਤਵਾਦੀ ਸੱਭਿਆਚਾਰ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਨੂੰ ਸਿੱਧੇ ਅਤੇ ਸਪੱਸ਼ਟ ਲਹਿਜ਼ੇ ਵਿਚ ਬੇਨਕਾਬ ਕੀਤਾ ਹੈ।
ਮਨਦੀਪ ਕੌਰ ਨੇ ਇਹ ਪੁਸਤਕ ਆਪਣੇ ਜੀਵਨ ਦੇ ਉਸ ਦੌਰ ਤੋਂ ਸ਼ੁਰੂ ਕੀਤੀ ਹੈ, ਜਦੋਂ ਉਸ ਨੇ ਐਮ.ਬੀ.ਏ. ਕਰਨ ਉਪਰੰਤ ਦਿੱਲੀ ਦੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਸ਼ੁਰੂ ਕੀਤਾ ਸੀ। ਇਨ੍ਹਾਂ ਹੀ ਚੁਣੌਤੀ ਭਰਪੂਰ ਦਿਨਾਂ ਵਿਚ ਉਸ ਨੂੰ 'ਅਚਲਾ' ਨਾਂਅ ਦੀ ਇਕ ਔਰਤ ਦਾ ਸਾਥ ਨਸੀਬ ਹੋਇਆ, ਜਿਸ ਨੇ ਮਨਦੀਪ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਸਾਵਧਾਨ ਕੀਤਾ ਕਿ ਤੇਰੇ ਅੰਦਰ ਇਕ ਅਗਨੀ ਹੈ, ਇਸ ਨੂੰ ਬੁਝਣ ਨਾ ਦੇਵੀਂ! ਅੱਜ ਦੀ ਯੁਵਾ ਪੀੜ੍ਹੀ ਦੇ ਮਾਰਗ-ਦਰਸ਼ਨ ਲਈ ਇਹ ਇਕ ਪਵਿੱਤਰ ਗ੍ਰੰਥ ਵਾਂਗ ਮੰਜ਼ਿਲ-ਦਰਸਾਊ ਪੁਸਤਕ ਹੈ। ਲੇਖਕਾ ਦੱਸਦੀ ਹੈ ਕਿ ਤੁਹਾਡੇ (ਹਰ ਕਿਸੇ ਦੇ) ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ : 1. ਪ੍ਰੇਰਕ, 2. ਸਹਿਯੋਗੀ, 3. ਅਰਧਹੀਣ ਅਤੇ 4. ਵਿਰੋਧੀ। ਪ੍ਰੇਰਕਾਂ ਅਤੇ ਸਹਿਯੋਗੀਆਂ ਦੀ ਗਿਣਤੀ ਵਿਚ ਵਾਧਾ ਕਰਦੇ ਰਹੋ, ਸਮੇਂ-ਸਮੇਂ ਉਨ੍ਹਾਂ ਦਾ ਧੰਨਵਾਦ ਕਰਦੇ ਰਹੋ! ਅਰਥਹੀਣ ਲੋਕਾਂ ਤੋਂ ਬਚੋ ਅਤੇ ਵਿਰੋਧੀਆਂ ਨੂੰ ਆਪਣੇ ਪੱਖ ਵਿਚ ਬਦਲਣ ਦੀ ਚੇਸ਼ਟਾ ਕਰੋ। ਜੇ ਉਹ ਨਹੀਂ ਬਦਲਦੇ ਤਾਂ ਉਨ੍ਹਾਂ ਤੋਂ ਡਰੋ ਨਾ, ਬਲਕਿ ਡਟ ਕੇ ਮੁਕਾਬਲਾ ਕਰੋ। ਜਿੱਤਦੇ ਰਹਿਣ ਦਾ ਮੰਤਰ ਇਹ ਹੈ : ਪ੍ਰੇਰਕ + ਸਹਿਯੋਗੀ ਂ ਵਿਰੋਧੀ। ਯਾਦ ਰਹੇ ਕਿ ਪ੍ਰੇਰਕਾਂ ਅਤੇ ਸਹਿਯੋਗੀਆਂ ਦਾ ਜੋੜਫਲ ਵਿਰੋਧੀਆਂ ਦੀ ਗਿਣਤੀ ਤੋਂ ਵਧੇਰੇ ਹੋਣਾ ਚਾਹੀਦਾ ਹੈ। ਅੱਜ ਆਪਣੇ ਜੀਵਨ ਦੇ ਦੋ ਦਹਾਕੇ ਕਾਰਪੋਰੇਟ ਸੈਕਟਰ ਵਿਚ ਕੰਮ ਕਰਨ ਤੋਂ ਬਾਅਦ ਮੈਡਮ ਮੈਂਡੀ ਸਫਲਤਾ ਦੀ ਸਿਖਰ ਉੱਪਰ ਬੈਠੀ ਹੋਈ ਹੈ। ਪੰਜਾਬ ਦੇ ਯੁਵਾ-ਵਰਗ ਨੂੰ ਇਸ ਪੁਸਤਕ ਤੋਂ ਪ੍ਰੇਰਨਾ ਲੈ ਕੇ ਜੀਵਨ ਦੇ ਸੰਘਰਸ਼ ਵਿਚ ਡਟ ਜਾਣ ਦੀ ਜ਼ਰੂਰਤ ਹੈ। ਇਨਸ਼ਾ ਅੱਲਾ! ਜਿੱਤ ਉਨ੍ਹਾਂ ਦੇ ਵੀ ਕਦਮ ਚੁੰਮੇਗੀ।

ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਡਾ: ਕੇਸਰ ਕਾਵਿ-ਚਿੰਤਨ :ਪੁਨਰ-ਸੰਵਾਦ
ਲੇਖਿਕਾ : ਡਾ: ਗਗਨਦੀਪ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 175

ਸੰਪਰਕ : 97797-77177.ਡਾ: ਕੇਸਰ ਸਿੰਘ ਕੇਸਰ ਪੰਜਾਬੀ ਮਾਰਕਸਵਾਦੀ ਆਲੋਚਨਾ ਦੀ ਦੂਜੀ ਪੀੜ੍ਹੀ ਦਾ ਪ੍ਰਮੁੱਖ ਆਲੋਚਕ ਹੈ। ਡਾ: ਗਗਨਦੀਪ ਕੌਰ ਨੇ ਉਸ ਦੇ ਕਾਵਿ-ਚਿੰਤਨ ਉਪਰ ਪੁਨਰ-ਸੰਵਾਦ ਰਚਾਇਆ ਹੈ। ਡਾ: ਗਗਨਦੀਪ ਕੌਰ ਨੇ ਪਹਿਲਾਂ ਡਾ: ਕੇਸਰ ਦੇ ਪਿਛੋਕੜ ਨੂੰ ਸਮਝ ਕੇ ਉਸ ਦੇ ਸਾਹਿਤਕ ਅਸਤਿਤਵ ਨੂੰ ਪਿੰਡ ਦੇ ਡੇਰੇ ਦੀ ਸਿੱਖਿਆ ਤੋਂ ਆਰੰਭ ਕਰਕੇ ਪੰਜਾਬ ਵਰਸਟੀ ਦੇ ਪ੍ਰੋਫੈਸਰ ਦੀ ਪਦਵੀ ਤੱਕ ਵਿਕਸਿਤ ਹੁੰਦਾ ਦਰਸਾਇਆ ਹੈ।
ਡਾ: ਕੇਸਰ ਨੇ ਆਪਣਾ ਅਧਿਆਪਨ ਕਾਰਜ ਕਰਦਿਆਂ ਭਾਵੇਂ ਹੋਰਨਾਂ ਵਿਧਾਵਾਂ ਦਾ ਮੁਲਾਂਕਣ ਵੀ ਕੀਤਾ ਹੈ ਪਰ ਉਸ ਦਾ ਮੁੱਖ ਕਾਰਜ ਕਾਵਿ-ਚਿੰਤਨ ਦਾ ਖੇਤਰ ਹੈ, ਇਸੇ ਲਈ ਡਾ: ਗਗਨ ਨੇ ਡਾ: ਕੇਸਰ ਦੇ ਦਿਹਾਂਤ ਤੋਂ ਬਾਅਦ ਅਣਛਪੇ ਲੇਖਾਂ ਦੀਆਂ ਛਪੀਆਂ ਦੋ ਕਾਵਿ-ਪੁਸਤਕਾਂ ਕਾਵਿ-ਚਿੰਤਨ 9 ਅਤੇ ਕਾਵਿ-ਚਿੰਤਨ 99 ਨੂੰ ਅਧਿਐਨ-ਪਸਤੂ ਵੱਲੋਂ ਗ੍ਰਹਿਣ ਕਰਕੇ ਉਸ ਦੀ ਕਾਵਿ-ਦ੍ਰਿਸ਼ਟੀ ਦਾ ਸਿਧਾਂਤਕ ਪਰਿਪੇਖ ਉਸਾਰ ਕੇ, ਉਸ ਦੀ ਮੱਧਕਾਲੀ ਅਤੇ ਆਧੁਨਿਕ ਕਾਵਿ-ਵਿਸ਼ਵੀ ਦੀ ਬੜੀ ਵਿਦਵਤਾ ਨਾਲ ਮੈਟਾ-ਆਲੋਚਨਾ ਕਰਨ ਦਾ ਪ੍ਰਯਾਸ ਕੀਤਾ ਹੈ। ਡਾ: ਗਗਨ ਨੇ ਡਾ: ਕੇਸਰ ਦੇ ਮੱਧ-ਕਾਲ ਕਾਵਿ ਬਾਰੇ ਚਾਰ ਨਿਬੰਧਾਂ (ਦੋ ਸੂਫ਼ੀ ਅਤੇ ਦੋ ਗੁਰਮਤਿ) ਅਤੇ ਆਧੁਨਿਕ ਪੰਜਾਬੀ ਕਾਵਿ ਬਾਰੇ ਉਸ ਦੇ ਨਿਬੰਧਾਂ ਦੀ ਪੰਜ ਭਾਗਾਂ ਵਿਚ ਵੰਡ ਕਰਕੇ ਸਮਝਣ-ਸਮਝਾਉਣ ਦਾ ਉਪਰਾਲਾ ਕੀਤਾ ਹੈ। ਪ੍ਰਗਤੀਵਾਦੀ ਕਾਵਿ ਨੂੰ ਡਾ: ਕੇਸਰ ਗਦਰ-ਕਾਵਿ/ਪਰਵਾਸੀ ਕਾਵਿ ਤੋਂ ਜੁਝਾਰਵਾਦੀ ਕਾਵਿ ਤੱਕ ਫੈਲਿਆ ਸਵੀਕਾਰ ਕਰਦਾ ਹੈ।
ਉਸ ਦੀ ਸਥਾਪਨਾ ਹੈ ਕਿ ਵਿਚਾਰਧਾਰਾ ਕਾਵਿ ਅੰਦਰ ਧੁਨੀ ਵਾਂਗ ਸਮਾਈ ਹੁੰਦੀ ਹੈ। ਡਾ: ਕੇਸਰ ਕਾਵਿ-ਕਿਰਤ ਨੂੰ ਸਾਹਿਤਕਤਾ ਤੱਕ ਘਟਾ ਕੇ ਵੇਖਣ ਦੀ ਥਾਂ ਸੱਭਿਆਚਾਰਕ ਕਿਰਤ ਵਜੋਂ ਗ੍ਰਹਿਣ ਕਰਦਾ ਹੈ। ਡਾ: ਕੇਸਰ ਦਾ ਕਾਵਿ-ਚਿੰਤਨ ਕਈ ਪੂਰਬਲੀਆਂ ਧਾਰਨਾਵਾਂ ਨੂੰ ਉਲਟਾਉਂਦਾ ਹੈ। ਇੰਝ ਉਹ ਮਾਰਕਸਵਾਦੀ ਚਿੰਤਨ ਨੂੰ ਵਿਸਤਾਰਦਾ ਹੈ। ਪੁਸਤਕ ਦੇ ਅਧਿਐਨ ਉਪਰੰਤ ਪਾਠਕ ਦੀ ਜਿਗਿਆਸਾ ਉਪਜ ਸਕਦੀ ਹੈਂਕੀ ਡਾ: ਕੇਸਰ ਦੇ ਚਿੰਤਨ ਦਾ ਉੱਤਰ-ਮਾਰਕਸਵਾਦ ਨਾਲ ਵੀ ਕੋਈ ਸਰੋਕਾਰ ਹੈ? ਡਾ: ਗਗਨ ਡਾ: ਕੇਸਰ ਦੀਆਂ 'ਵੱਡੀਆਂ ਪ੍ਰਾਪਤੀਆਂ' ਦੀ ਥਾਂ ਪੁਰ ਥਾਂ ਬੜੇ ਮਾਣ ਨਾਲ ਨਿਸ਼ਾਨਦੇਹੀ ਕਰਦੀ ਹੈ ਪਰ ਅਸਹਿਮਤੀ ਵੇਲੇ ਉਸ ਦੀ ਸੁਰ ਕੁਝ ਧੀਮੀ ਪ੍ਰਤੀਤ ਹੁੰਦੀ ਹੈ। ਫੁਟ ਨੋਟ ਪੁਸਤਕਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦੇ। ਪੁਸਤਕ ਸੂਚੀ ਦੇ ਦੇਣੀ ਚਾਹੀਦੀ ਹੈ। ਕੁੱਲ ਮਿਲਾ ਕੇ ਮਾਰਕਸਵਾਦੀ ਕਾਵਿ-ਚਿੰਤਨ ਦੀ ਸਮਝ ਲਈ ਪੁਸਤਕ ਬੜੀ ਅਹਿਮ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਸੱਜਣਾ ਦੂਰ ਵਸੇਂਦਿਆ
ਲੇਖਕ : ਹਰਜਿੰਦਰ ਬੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 150 ਰੁਪਏ, ਸਫ਼ੇ : 112.
ਸੰਪਰਕ : 90410-22345.

ਹਰਜਿੰਦਰ ਬੱਲ ਦੇ ਗੀਤਾਂ ਦੀ ਕਿਤਾਬ ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿਚ ਇਕ ਸੁਖਦ ਆਮਦ ਦਾ ਸੰਕੇਤ ਹੈ। ਇਸ ਸੰਗ੍ਰਹਿ ਵਿਚਲੇ ਗੀਤਾਂ ਦਾ ਵਿਸ਼ਾ ਸਾਡੇ ਆਮ ਜੀਵਨ ਤੇ ਸੱਭਿਆਚਾਰ ਨਾਲ ਸਬੰਧਤ ਹੈ। ਲੇਖਕ ਨੇ ਜੀਵਨ ਦੀਆਂ ਥੁੜ੍ਹਾਂ, ਔਕੜਾਂ, ਤੰਗੀਆਂ-ਤੁਰਸ਼ੀਆਂ ਨੂੰ ਆਪਣੇ ਗੀਤਾਂ ਦੇ ਮਾਧਿਅਮ ਰਾਹੀਂ ਪੇਸ਼ ਕੀਤਾ ਹੈ। ਇਨ੍ਹਾਂ ਗੀਤਾਂ ਵਿਚ ਰੋਮਾਂਸ, ਮਮਤਾ, ਬਿਰਹਾ, ਰਹੱਸ ਆਦਿ ਦੇ ਵਿਭਿੰਨ ਭਾਵ ਅੱਡ-ਅੱਡ ਗੀਤਾਂ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ। ਰੋਮਾਂਸਵਾਦੀ ਭਾਵਾਂ ਨੂੰ ਪ੍ਰਗਟ ਕਰਦੇ ਅਨੇਕ ਗੀਤ ਸ਼ਾਮਿਲ ਹਨ। ਇਨ੍ਹਾਂ ਵਿਚ ਲੇਖਕ ਨੇ ਬਹੁਤ ਹੀ ਕਲਾਤਮਕਤਾ ਨਾਲ ਪਿਆਰ-ਭਾਵ ਦਾ ਪ੍ਰਗਟਾਅ ਕੀਤਾ ਹੈ :
ਦਿਲ ਕਰਦੈ ਤੇਰੇ ਨਾਲ ਰਹਾਂ ਮੈਂ,
ਬਣ ਤੇਰਾ ਪ੍ਰਛਾਵਾਂ।
ਜਾਂ ਤੈਨੂੰ ਲੈ ਕੇ ਦੁਨੀਆ ਤੋਂ,
ਦੂਰ ਕਿਤੇ ਉੱਡ ਜਾਵਾਂ...।
ਇਸ ਸੰਗ੍ਰਹਿ ਵਿਚਲੇ ਗੀਤ ਸਾਹਿਤਕ ਸ਼ਬਦਾਵਲੀ ਨਾਲ ਭਰਪੂਰ ਹਨ। ਲੇਖਕ ਨੇ ਕਿਤੇ ਵੀ ਹਲਕੀ ਜਾਂ ਸਸਤੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੋਂ ਗੁਰੇਜ਼ ਕੀਤਾ ਹੈ। ਪੰਜਾਬੀ ਸੱਭਿਆਚਾਰ ਦੀ ਅਮੀਰੀ ਤੇ ਸੂਫੀਆਨਾ ਰੰਗਤ ਵੀ ਅਨੇਕ ਗੀਤਾਂ ਵਿਚ ਦੇਖਣ ਨੂੰ ਮਿਲਦੀ ਹੈ :
ਅਸੀਂ ਉੱਚੀਆਂ ਹਵਾਵਾਂ ਵਿਚ ਉੱਡ ਕੇ,
ਵੇ ਸੁਪਨੇ ਸਜਾਉਂਦੇ ਰਹਿ ਗਏ।
ਨਿੱਤ ਪਾ ਪਾ ਕੇ ਚੂਰੀਆਂ ਬਨੇਰਿਆਂ ਤੋਂ,
ਕਾਵਾਂ ਨੂੰ ਉਡਾਉਂਦੇ ਰਹਿ ਗਏ...।
ਬਦਲਵੇਂ ਜ਼ਮਾਨੇ ਦੇ ਰੰਗਾਂ ਨੂੰ ਇਨ੍ਹਾਂ ਗੀਤਾਂ ਵਿਚ ਵੇਖਿਆ ਜਾ ਸਕਦਾ ਹੈ। ਇਸ ਪੁਸਤਕ ਵਿਚਲੇ ਗੀਤਾਂ ਦਾ ਵੱਡਾ ਗੁਣ ਇਹ ਹੈ ਕਿ ਇਨ੍ਹਾਂ ਵਿਚ ਪ੍ਰਗੀਤਕਤਾ ਦਾ ਅੰਸ਼ ਬਹੁਤ ਗਹਿਰਾ ਹੈ। ਔਖੇ ਵਿਸ਼ਿਆਂ ਨੂੰ ਸ਼ਬਦਾਂ ਵਿਚ ਬੰਨ੍ਹਦਿਆਂ ਵੀ ਕਵੀ ਗੀਤ ਵਿਚਲੀ ਪ੍ਰਗੀਤਕਤਾ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੰਦਾ। ਆਧੁਨਿਕ ਸਸਤੀ ਗੀਤਕਾਰੀ ਤੇ ਗਾਇਕੀ ਦੇ ਦੌਰ ਵਿਚ ਇਸ ਪੁਸਤਕ ਦੀ ਆਮਦ ਇਕ ਸ਼ੁੱਭ ਸ਼ਗਨ ਹੈ। ਲੇਖਕ ਇਸ ਗੱਲ ਲਈ ਮੁਬਾਰਕ ਦਾ ਹੱਕਦਾਰ ਹੈ।

ਡਾ: ਅਮਰਜੀਤ ਕੌਂਕੇ
ਮੋ: 98142-31698

ਭਾਸ਼ਾ, ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ
(ਇਤਿਹਾਸ, ਸਿਧਾਂਤ ਤੇ ਵਿਹਾਰ)
ਲੇਖਕ : ਬਲਦੇਵ ਸਿੰਘ ਚੀਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 263
ਸੰਪਰਕ : 98883-43807.

ਡਾ: ਬਲਦੇਵ ਸਿੰਘ ਚੀਮਾ ਅਜੋਕੇ ਭਾਸ਼ਾ ਵਿਗਿਆਨੀਆਂ ਵਿਚ ਚਰਚਿਤ ਨਾਂਅ ਹੈ। ਲਗਪਗ 16 ਪੁਸਤਕਾਂ ਦਾ ਰਚੇਤਾ ਡਾ: ਚੀਮਾ ਆਪਣੇ ਵਿਸ਼ੇ ਦਾ ਡੂੰਘਾ ਚਿੰਤਕ ਹੈ। ਹਥਲੀ ਪੁਸਤਕ ਵੀ ਡਾ: ਚੀਮਾ ਦੀ ਭਾਸ਼ਾ ਵਿਗਿਆਨ ਵਿਸ਼ੇ 'ਤੇ ਡੂੰਘੀ ਪਕੜ ਦੀ ਸ਼ਾਹਦੀ ਭਰਦੀ ਹੈ। ਉਸ ਨੇ ਇਹ ਪੁਸਤਕ ਪੰਜਾਬੀ ਭਾਸ਼ਾ ਵਿਗਿਆਨ ਦੇ ਕਾਲਜ ਅਤੇ ਯੂਨੀਵਰਸਿਟੀ ਪੱਧਰ ਤੱਕ ਦੇ ਸਿਲੇਬਸਾਂ ਨੂੰ ਧਿਆਨ ਵਿਚ ਰੱਖ ਕੇ ਲਿਖੀ ਹੈ।
ਡਾ: ਚੀਮਾ ਨੇ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ ਸੰਸਾਰ ਭਾਸ਼ਾ ਪਰਿਵਾਰ ਬਾਰੇ ਹੈ, ਜਿਸ ਵਿਚ ਉਸ ਨੇ ਬੜੀ ਡੂੰਘਾਈ ਨਾਲ ਵਿਸ਼ਵ ਪੱਧਰ ਤੋਂ ਲੈ ਕੇ ਪੰਜਾਬੀ ਭਾਸ਼ਾ ਤੱਕ ਭਾਸ਼ਾ ਪਰਿਵਾਰਾਂ ਦਾ ਵਰਣਨ ਕੀਤਾ ਹੈ। ਦੂਜੇ ਭਾਗ ਵਿਚ ਲੇਖਕ ਨੇ ਸ਼ਬਦ ਸ਼੍ਰੇਣੀਆਂ, ਵਿਆਕਰਨ ਇਕਾਈਆਂ ਨਾਂਵ ਵਾਕੰਸ਼, ਕਿਰਿਆ ਵਾਕੰਸ਼ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਪੰਜਾਬੀ ਵਾਕ ਵਿਉਂਤ ਵਾਕਾਤਮਕ ਜੁਗਤਾਂ, ਕਾਰਕ, ਸ਼ਬਦ ਬਣਤਰਾਂ ਤੇ ਨਿਕਟ ਅੰਗ ਵਿਸ਼ਲੇਸ਼ਣ ਬਾਰੇ ਵੀ ਵਰਣਨ ਮਿਲਦਾ ਹੈ। ਭਾਗ ਤੀਜਾ ਵਿਚ ਭਾਸ਼ਾ ਵਿਗਿਆਨੀ ਨੇ ਪੰਜਾਬੀ ਵਿਆਕਰਨ ਦੇ ਅਧਿਆਪਨ, ਪੁਰਾਤਨ ਜਨਮ ਸਾਖੀ ਦੀ ਵਿਆਕਰਨ : ਕੁਝ ਪੱਖ, ਭਗਤ ਕਬੀਰ ਜੀ ਦੀ ਬਾਣੀ ਵਿਚ ਸੰਬੋਧਨ ਦਾ ਸਰੂਪ, ਲੂਣਾ ਵਿਚ ਸ਼ੈਲੀ ਵਿਗਿਆਨ ਜੁਗਤਾਂ, ਬੁਸ਼ਰਾ ਏਜ਼ਾਜ਼ ਦੀ ਕਾਵਿ-ਭਾਸ਼ਾ : ਉਪਭਾਸ਼ਾਈ ਪਿਛੋਕੜ ਅਤੇ ਸੰਬੋਧਨ ਜੁਗਤਾਂ ਅਤੇ ਅੱਖਰ, ਲਿੱਪੀ ਅਤੇ ਧੁਨੀ ਅੰਤਰ-ਸਬੰਧ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਸੰਗ ਵਿਚ) ਦੇ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ।
ਡਾ: ਚੀਮਾ ਦੀ ਇਹ ਪੁਸਤਕ ਭਾਸ਼ਾ ਵਿਗਿਆਨ ਵਿਚ ਰੁਚੀ ਰੱਖਣ ਵਾਲੇ ਪਾਠਕਾਂ, ਵਿਦਿਆਰਥੀਆਂ ਅਤੇ ਖੋਜੀਆਂ ਲਈ ਬਹੁਤ ਲਾਹੇਵੰਦ ਹੈ। ਬੜੀ ਸੌਖੀ ਭਾਸ਼ਾ ਤੇ ਤਰਤੀਬੀ ਭਾਸ਼ਾ ਵਿਚ ਲਿਖੀ ਇਹ ਕਿਤਾਬ ਪੰਜਾਬੀ ਭਾਸ਼ਾ ਵਿਗਿਆਨ ਪੁਸਤਕ ਲੜੀ ਵਿਚ ਜ਼ਿਕਰਯੋਗ ਤੇ ਸਾਂਭਣਯੋਗ ਹੈ। ਡਾ: ਚੀਮਾ ਨੂੰ ਮੁਬਾਰਕ!

ਪ੍ਰੋ: ਸਤਪਾਲ ਸਿੰਘ
ਮੋ: 98725-21515

ਪਾਣੀ ਦਾ ਹਾਸ਼ੀਆ
ਗ਼ਜ਼ਲਕਾਰ : ਗੁਰਤੇਜ ਕੋਹਾਰਵਾਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 97790-30335

ਸ਼ਾਇਰੀ ਖ਼ਾਸ ਤੌਰ 'ਤੇ ਗ਼ਜ਼ਲਕਾਰ ਗੁਰਤੇਜ ਕੋਹਾਰਵਾਲਾ ਦੇ ਖ਼ੂਨ ਵਿਚ ਹੈ ਤੇ ਇਹ ਖ਼ੂਨ ਜਦ ਕੋਰੇ ਵਰਕਿਆਂ 'ਤੇ ਫ਼ੈਲਦਾ ਹੈ ਤਾਂ ਇਸ ਦਾ ਜਲੌਅ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਗੁਰਤੇਜ ਕੋਹਾਰਵਾਲਾ ਪੰਜਾਬੀ ਦਾ ਅਜਿਹਾ ਗ਼ਜ਼ਲਕਾਰ ਹੈ ਜੋ ਗ਼ਜ਼ਲ ਲਿਖਣ ਲਈ ਤਾਂਘਦਾ ਨਹੀਂ ਹੈ ਬਲਕਿ ਜਦ ਖ਼ੁਦ ਗ਼ਜ਼ਲ ਉਸ ਦੀ ਕਲਮ 'ਚੋਂ ਤਾਂਘਦੀ ਹੈ ਤਾਂ ਸਿੱਧ ਪੱਧਰੇ ਰੰਗ ਨਵੀਂ ਭਾਅ ਦੇ ਸ਼ਿਅਰ ਸਿਰਜਦੇ ਹਨ। 'ਪਾਣੀ ਦਾ ਹਾਸ਼ੀਆ' ਇਕ ਨਿਰੋਲ ਤੇ ਮੌਲਿਕ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਗ਼ਜ਼ਲਕਾਰ ਦੀਆਂ ਪੰਜਾਹ ਗ਼ਜ਼ਲਾਂ ਪ੍ਰਕਾਸ਼ਮਾਨ ਹਨ। ਕੋਹਾਰਵਾਲਾ ਪਰਾਈ ਰੌਸ਼ਨੀ ਨਾਲੋਂ ਖ਼ੁਦ ਦੇ ਦਿਲ ਨੂੰ ਜਲਾ ਕੇ ਹਨ੍ਹੇਰੇ ਨੂੰ ਪਛਾੜਨ ਵਿਚ ਯਕੀਨ ਰੱਖਦਾ ਹੈ। ਉਸ ਨੂੰ ਅਫ਼ਸੋਸ ਹੈ ਕਿ ਉਹ ਘਰ ਵਿਚ ਇਕ ਕੈਦੀ ਬਣ ਕੇ ਰਹਿ ਗਿਆ ਹੈ ਤੇ ਸਿਕੰਦਰ ਨਾ ਬਣ ਸਕਿਆ। ਉਹ ਮਾਯੂਸ ਹੈ ਕਿ ਦੁਨੀਆ ਨੂੰ ਨਾਪਣ ਦੀ ਉਸ ਦੀ ਇੱਛਾ ਕਿਧਰੇ ਦਮ ਤੋੜ ਗਈ ਹੈ। ਉਸ ਨੂੰ ਸੌਂ ਰਹੇ ਅਜਿਹੇ ਲੋਕਾਂ 'ਤੇ ਗ਼ਿਲਾ ਹੈ ਜੋ ਨੀਂਦ ਦੇ ਮੋਹ ਵਿਚ ਬਹਾਰਾਂ ਨੂੰ ਵੀ ਮਾਣ ਨਹੀਂ ਸਕਦੇ। ਉਹ ਸੁਲਗਦੇ ਲੋਕਾਂ ਦੀ ਚੁੱਪ ਤੋਂ ਵੀ ਹੈਰਾਨ ਹੈ ਅਤੇ ਉਸ ਨੂੰ ਅਫ਼ਸੋਸ ਹੈ ਕਿ ਇਸ ਅੱਗ ਦੀ ਖ਼ਬਰ ਦੇ ਚੌਰਸਤਿਆਂ ਤੱਕ ਜਲਦੀ ਹੀ ਪਹੁੰਚ ਜਾਣ ਤੋਂ ਉਹ ਬੇਖ਼ਬਰ ਹਨ। ਸ਼ਾਇਰ ਨੂੰ ਸ਼ਹਿਰ ਦਾ ਸੂਰਜ ਆਪਣੇ ਲਹੂ ਵਿਚ ਰੰਗਿਆ ਹੋਇਆ ਪ੍ਰਤੀਤ ਹੁੰਦਾ ਹੈ ਤੇ ਉਸ ਨੂੰ ਬਾਗ਼ ਦੇ ਮੌਸਮ ਗਿਰਵੀ ਰੱਖੇ ਹੋਏ ਜਾਪਦੇ ਹਨ। ਕੋਹਾਰਵਾਲਾ ਵਹਿਣਾ ਦੇ ਨਾਲ ਹੀ ਵਹਿਣ ਵਿਚ ਯਕੀਨ ਨਹੀਂ ਰੱਖਦਾ ਬਲਕਿ ਉਸ ਨੂੰ ਹਵਾ ਦੇ ਉਲਟ ਉਡਾਰੀ ਭਰਨ ਵਿਚ ਆਨੰਦ ਮਹਿਸੂਸ ਹੁੰਦਾ ਹੈ। ਪੁਸਤਕ ਦੇ ਬਹੁਤੇ ਸ਼ਿਅਰ ਪਾਠਕਾਂ ਦੇ ਦਿਲ ਵਿਚ ਉਤਰਨ ਵਾਲੇ ਹਨ ਕੁਝ ਸ਼ਿਅਰਾਂ ਦੇ ਅਰਥਾਂ ਤੱਕ ਪਹੁੰਚਣ ਲਈ ਪਾਠਕ ਨੂੰ ਖ਼ੁਦ ਤਰੱਦਦ ਕਰਨਾ ਪੈਂਦਾ ਹੈ ਤੇ ਕੁਝ ਸ਼ਿਅਰਾਂ ਦੇ ਭਾਵ ਅਰਥ ਉਲਝੇ-ਉਲਝੇ ਹਨ। ਇਸ ਪੁਸਤਕ ਵਿਚ ਸ਼ਾਮਿਲ ਗ਼ਜ਼ਲਕਾਰ ਦੀਆਂ ਜ਼ਿਆਦਾਤਰ ਗ਼ਜ਼ਲਾਂ ਗ਼ਜ਼ਲ ਵਿਧਾਨ ਦੀ ਪਾਲਣਾ ਕਰਦੀਆਂ ਹਨ ਤੇ ਨਵੀਨਤਾ ਦੇ ਬਹਾਨੇ ਆਪਣੇ ਮੂਲ ਨੂੰ ਨਹੀਂ ਵਿਸਾਰਦੀਆਂ।

ਗੁਰਦਿਆਲ ਰੌਸ਼ਨ
ਮੋ: 9988444002

ਕਿੱਸਾ ਹੀਰ ਰਾਂਝਾ
(ਟੈਕਸਟ : ਕਿਸ਼ਨ ਸਿੰਘ ਆਰਿਫ਼)
ਸੰਪਾਦਕ : ਅਰਵਿੰਦਰ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 160.
ਸੰਪਰਕ : 75081-50006.

ਪ੍ਰੋ: ਅਰਵਿੰਦਰ ਕੌਰ ਨੇ ਪੰਜਾਬੀ ਸਾਹਿਤ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪੰਜਾਬੀ ਕਿੱਸਾ ਕਾਵਿ ਨੂੰ ਆਪਣੇ ਅਧਿਐਨ-ਵਿਸ਼ਲੇਸ਼ਣ ਦਾ ਵਿਸ਼ਾ ਚੁਣਿਆ ਹੈ ਅਤੇ ਉਹ ਇਸ ਖੇਤਰ ਵਿਚ ਰਹਿ ਗਏ ਖੱਪਿਆਂ ਨੂੰ ਪੂਰਨ ਲਈ ਯਤਨਸ਼ੀਲ ਹੈ। 'ਕਿੱਸਾ ਹੀਰ ਰਾਂਝਾ' ਪੰਜਾਬੀ ਦੇ ਕਿੱਸਾ ਕਵੀਆਂ ਲਈ ਇਕ ਕਸੌਟੀ ਹੁੰਦਾ ਸੀ ਅਤੇ ਜਿਹੜੇ ਕਵੀ ਨੇ ਇਸ ਕਿੱਸੇ ਉੱਪਰ ਆਪਣੀ ਕਲਮ ਨੂੰ ਨਹੀਂ ਸੀ ਅਜਮਾਇਆ ਹੁੰਦਾ, ਉਸ ਨੂੰ ਸ੍ਰੇਸ਼ਠ ਕਵੀ ਦੇ ਰੂਪ ਵਿਚ ਮਾਨਤਾ ਨਹੀਂ ਸੀ ਮਿਲਦੀ। ਇਹੀ ਕਾਰਨ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਕਵੀਆਂ ਨੇ 'ਕਿੱਸਾ ਹੀਰ ਰਾਂਝਾ' ਦੀ ਰਚਨਾ ਕੀਤੀ ਹੈ।
ਵਾਰਿਸ ਸ਼ਾਹ ਨੇ ਅਠਾਰ੍ਹਵੀਂ ਸਦੀ ਵਿਚ ਇਸ ਕਿੱਸੇ ਉੱਪਰ ਆਪਣੇ ਵਿਲੱਖਣ ਹਸਤਾਖਰ ਸਥਾਪਿਤ ਕਰ ਦਿੱਤੇ ਸਨ। ਵਾਰਿਸ ਵਰਗਾ 'ਅੰਦਾਜ਼ੇ ਬਿਆਂ' ਹੋਰ ਕਵੀ ਕਿੱਥੋਂ ਲਿਆਉਂਦੇ? ਪਰ ਫਿਰ ਵੀ ਕਿਸ਼ਨ ਸਿੰਘ ਆਰਿਫ਼ ਅਤੇ ਭਾਈ ਭਗਵਾਨ ਸਿੰਘ ਵਰਗੇ ਕਵੀਆਂ ਨੇ ਹਾਰ ਨਾ ਮੰਨੀ ਅਤੇ ਇਸ ਕਿੱਸੇ ਨੂੰ ਮੁਕੰਮਲ ਕਰਕੇ ਵਿਖਾ ਦਿੱਤਾ।
ਪ੍ਰੋ: ਅਰਵਿੰਦਰ ਕੌਰ ਨੇ ਕਿਸ਼ਨ ਸਿੰਘ ਆਰਿਫ਼ ਕਿੱਸੇ ਨੂੰ ਬੜੀ ਡੂੰਘੀ ਸੂਝ-ਬੂਝ ਨਾਲ ਸੰਪਾਦਿਤ ਕਰਕੇ ਆਪਣੇ ਨਿਪੁੰਨ ਸੰਪਾਦਕ ਹੋਣ ਦਾ ਪਰਿਚਯ ਦਿੱਤਾ ਹੈ। ਕਿਸ਼ਨ ਸਿੰਘ ਆਰਿਫ਼ ਨੇ 'ਕਲੀ ਛੰਦ' ਵਿਚ ਇਸ ਕਿੱਸੇ ਦੀ ਰਚਨਾ ਕੀਤੀ ਹੈ। ਇਹ ਛੰਦ ਦੋਹੇ (13+11 ਮਾਤ੍ਰਾਵਾਂ) ਨਾਲ ਮਿਲਦਾ-ਜੁਲਦਾ ਹੈ। ਮਾਝੇ ਦੇ ਪਾਠਕਾਂ ਵਿਚ ਉਸ ਦਾ ਇਹ ਕਿੱਸਾ ਕਾਫੀ ਮਕਬੂਲ ਰਿਹਾ। ਪ੍ਰਭਾਤ ਵੇਲੇ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਹਲ ਵਾਹੁਣ ਵਾਲੇ ਕਿਸਾਨ ਇਸ ਕਿੱਸੇ ਦੇ ਪ੍ਰਸਿੱਧ ਬੰਦਾਂ ਨੂੰ ਉੱਚੀ ਆਵਾਜ਼ ਵਿਚ ਗਾ ਕੇ ਆਪਣੀ ਤਨਹਾਈ ਨੂੰ ਪੂਰਨ ਦਾ ਯਤਨ ਕਰਦੇ ਸਨ। ਹੀਰ ਦੇ ਹੁਸਨ ਦੀ ਤਾਰੀਫ਼ ਕਰਦਾ ਹੋਇਆ ਸ਼ਾਇਰ ਲਿਖਦਾ ਹੈ :
ਕੰਨਾਂ ਦੇ ਵਿਚ ਵਾਲੀਆਂ ਬਾਹੀਂ ਚੂੜਾ ਬੰਦ।
ਗਲ ਵਿਚ ਹੱਸੀ ਸੋਂਹਦੀ ਮੱਥੇ ਸੋਹੇ ਚੰਦ।
ਛਾਪਾਂ ਛੱਲੇ ਹੱਥ ਵਿਚ ਸੂਰਤ ਦਿਲ ਪਸੰਦ।
ਇਕ ਹਮੇਲ ਹਿੱਕ ਤੇ, ਲਟਕੇ ਕਰੇ ਅਨੰਦ।
ਕਵੀ ਨੇ ਆਪਣਾ ਇਹ ਕਿੱਸਾ 666 ਬੰਦਾਂ ਵਿਚ ਲਿਖਿਆ ਹੈ। ਹਰ ਬੰਦ ਵਿਚ ਸੱਤ ਪੰਕਤੀਆਂ ਹਨ। ਸੱਤਵੀਂ ਪੰਕਤੀ 'ਕਲੀ' ਰਹਿ ਜਾਂਦੀ ਹੈ, ਜੋਟਾ ਨਹੀਂ ਬਣਦੀ। ਟੈਕਸਟ ਦੇ ਆਰੰਭ ਵਿਚ ਬੀਬਾ ਅਰਵਿੰਦਰ ਕੌਰ ਨੇ ਕਿਸ਼ਨ ਸਿੰਘ ਆਰਿਫ਼ ਦੇ ਜੀਵਨ, ਰਚਨਾਵਾਂ ਅਤੇ ਕਿੱਸੇ ਦੇ ਮੂਲ ਤੱਤਾਂ ਬਾਰੇ ਸੰਖੇਪ ਜਾਣਕਾਰੀ ਵੀ ਪਾਠਕਾਂ ਨਾਲ ਸਾਂਝੀ ਕੀਤੀ ਹੈ। ਅੰਤਿਮ ਅਧਿਆਇ ਵਿਚ ਆਰਿਫ਼ ਦੀ ਕਾਵਿ ਕਲਾ ਦਾ ਦਮੋਦਰ ਅਤੇ ਵਾਰਿਸ ਵਰਗੇ ਸ਼ਿਰੋਮਣੀ ਕਵੀਆਂ ਨਾਲ ਤੁਲਨਾਤਮਿਕ ਅਧਿਐਨ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਲੇਖਕਾ ਪੂਰੀ ਲਗਨ ਨਾਲ ਇਸ ਖੇਤਰ ਬਾਰੇ ਪਰਖ-ਪੜਚੋਲ ਕਰਦੀ ਰਹੇਗੀ।

ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

12-9-2015

 ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ
ਲੇਖਕ : ਡਾ: ਬਲਬੀਰ ਸਿੰਘ ਮੋਮੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 279
ਸੰਪਰਕ : 98723-43070.

ਇਹ ਪੁਸਤਕ ਮਾਝੇ ਦੁਆਬੇ ਦੀ ਕਵੀਸ਼ਰੀ ਦੇ ਵਿਸ਼ੇ ਉੱਤੇ ਡਾਕਟਰੇਟ ਦਾ ਖੋਜ ਪ੍ਰਬੰਧ ਪ੍ਰਤੀਤ ਹੁੰਦੀ ਹੈ। ਮਾਲਵੇ ਦੀ ਕਵੀਸ਼ਰੀ ਬਾਰੇ ਪਹਿਲਾਂ ਕੰਮ ਹੋਇਆ ਹੈ ਪ੍ਰੰਤੂ ਮਾਝੇ ਦੁਆਬੇ ਦੀ ਕਵੀਸ਼ਰੀ ਬਾਰੇ ਇਹ ਪਹਿਲਾ ਪ੍ਰਮਾਣਿਕ ਖੋਜ ਕਾਰਜ ਹੈ।
ਇਸ ਸਰੋਤਾਮੁਖ ਕਾਵਿ ਰੂਪ ਦਾ ਜਨਮ ਭਾਵੇਂ ਮਾਲਵੇ ਵਿਚ ਮੰਨਿਆ ਜਾਂਦਾ ਹੈ ਪ੍ਰੰਤੂ ਇਹ ਮਾਝੇ ਤੇ ਦੁਆਬੇ ਵਿਚ ਵੀ ਖੂਬ ਲੋਕਪ੍ਰਿਯ ਹੋਈ ਹੈ। ਲੋਕ ਬਿੰਬ, ਲੋਕ ਮੁਹਾਵਰਾ, ਲੋਕ ਭਾਸ਼ਾ, ਮੰਗਲਾਚਰਨ, ਕਵੀਸ਼ਰਾਂ ਦਾ ਪਹਿਰਾਵਾ, ਪੇਸ਼ਕਾਰੀ, ਸੰਬੋਧਨ ਮੁਖੀ ਤੇ ਸਰੋਤਾ ਮੁਖੀ ਸੁਭਾਅ, ਗਾਇਣ ਤੇ ਛੰਦ ਕਵੀਸ਼ਰੀ ਨਾਲ ਗਹਿਰਾ ਨਾਤਾ ਰੱਖਦੇ ਹਨ। ਡਾ: ਮੋਮੀ ਨੇ ਕਵੀਸ਼ਰੀ ਦੇ ਜਨਮ ਤੇ ਇਸ ਦੇ ਵਿਸ਼ੇਸ਼ ਪਛਾਣ ਚਿੰਨ੍ਹਾਂ ਬਾਰੇ ਚਰਚਾ ਉਪਰੰਤ ਪੰਜਾਬੀ ਕਵੀਸ਼ਰੀ ਦੇ ਇਤਿਹਾਸ ਦੇ ਕੁਝ ਪ੍ਰਮੁੱਖ ਕਵੀਸ਼ਰਾਂ ਨਾਲ ਜਾਣ-ਪਛਾਣ ਵੀ ਕਰਵਾਈ ਹੈ। ਭਗਵਾਨ ਸਿੰਘ, ਹਜ਼ੂਰਾ ਸਿੰਘ, ਦੌਲਤ ਰਾਮ, ਮਾਘੀ ਸਿੰਘ, ਰਜਬ ਅਲੀ, ਦਯਾ ਸਿੰਘ ਆਰਿਫ਼, ਕਰਨੈਲ ਸਿੰਘ ਪਾਰਸ ਸਮੇਤ ਲਗਪਗ ਦੋ ਦਰਜਨ ਕਵੀਸ਼ਰਾਂ ਦੀ ਚਰਚਾ ਉਸ ਨੇ ਵਿਸਤਾਰ ਨਾਲ ਕੀਤੀ ਹੈ ਤਾਂ ਕਿ ਕਵੀਸ਼ਰੀ ਦੇ ਵਿਸ਼ੇ ਵਸਤੂ, ਜੁਗਤਾਂ ਤੇ ਸੁਹਜ ਸੁਆਦ ਦਾ ਅਨੁਮਾਨ ਪਾਠਕ ਲਾ ਸਕਣ। ਉਸ ਦਾ ਨਿਰਣਾ ਹੈ ਕਿ ਧਰਮ, ਇਤਿਹਾਸ, ਮਿਥਿਹਾਸ, ਕਵੀਸ਼ਰਾਂ ਦੇ ਮੁੱਖ ਵਿਸ਼ੇ ਰਹੇ ਹਨ। ਹਿੰਦੂ/ਮੁਸਲਿਮ ਇਤਿਹਾਸ/ਮਿਥਿਹਾਸ ਤੇ ਇਸ ਦੇ ਹਵਾਲੇ ਇਸ ਪਰੰਪਰਾ ਵਿਚ ਵੱਡੀ ਮਾਤਰਾ ਵਿਚ ਅੰਕਿਤ ਹਨ। ਪੰਜਾਬੀ ਕਵੀਸ਼ਰਾਂ ਨੇ ਗੁਰੂ ਗੋਬਿੰਦ ਸਿੰਘ ਤੇ ਸਿੱਖ ਯੋਧਿਆਂ ਨੂੰ ਖਾਸੀ ਥਾਂ ਦਿੱਤੀ ਹੈ। ਉਂਝ ਉਨ੍ਹਾਂ ਈਸਾਈ ਤੇ ਇਸਲਾਮੀ ਪਰੰਪਰਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ।
ਮਾਝੇ ਦੁਆਬੇ ਦੀ ਕਵੀਸ਼ਰੀ ਦੇ ਮਾਲਵੇ ਦੀ ਕਵੀਸ਼ਰੀ ਤੋਂ ਕੁਝ ਵਿਸ਼ੇਸ਼ ਨਿਖੇੜਵੇਂ ਲੱਛਣ ਹਨ। ਮਾਲਵੇ ਵਿਚ ਡਾਕੂਆਂ ਤੇ ਪ੍ਰੀਤ ਕਥਾਵਾਂ ਉੱਤੇ ਬਲ ਹੈ। ਮਾਝੇ/ਦੁਆਬੇ ਦੀ ਕਵੀਸ਼ਰੀ ਸੂਰਬੀਰਾਂ, ਨਾਇਕਾਂ/ਦੇਸ਼ ਭਗਤਾਂ/ਕੁਦਰਤੀ ਕਰੋਪੀਆਂ/ਕਾਣੀ ਵੰਡ/ਰਿਸ਼ਵਤ/ਸਾਕਾ ਨੀਲਾ ਤਾਰਾ ਆਦਿ ਵਿਸ਼ਿਆਂ ਵੱਲ ਰੁਚਿਤ ਹੈ। ਬੀਰ ਰਸ ਉੱਤੇ ਬਲ ਹੈ। ਕਵੀਸ਼ਰਾਂ ਨੇ ਭਾਸ਼ਾ ਦੇ ਸ਼ਬਦ ਭੰਡਾਰ, ਬਿੰਬਾਂ ਤੇ ਅਲੰਕਾਰਾਂ ਦੀ ਸਾਂਭ-ਸੰਭਾਲ ਤੇ ਵਰਤੋਂ ਪੱਖੋਂ ਜੋ ਦੇਣ ਦਿੱਤੀ ਹੈ, ਉਸ ਦੇ ਵੇਰਵੇ ਦੇ ਕੇ ਲੇਖਕ ਨੇ ਪੁਸਤਕ ਦਾ ਮੁੱਲ ਵਧਾ ਦਿੱਤਾ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਪਾਸ਼ ਦੀ ਪ੍ਰਸੰਗਿਕਤਾ
ਸੰਪਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 143.
ਸੰਪਰਕ : 98149-02040.

ਪਾਸ਼ ਦੀ ਕਵਿਤਾ ਉੱਪਰ ਪਿਛਲੇ ਕੁਝ ਸਮੇਂ ਤੋਂ ਬਹੁਤ ਕੰਮ ਹੋ ਰਿਹਾ ਹੈ। ਲਗਪਗ ਹਰ ਪੰਜਾਬੀ ਅਤੇ ਹਿੰਦੀ ਚਿੰਤਕਾਂ ਵੱਲੋਂ ਪਾਸ਼ ਦੀ ਕਵਿਤਾ ਉੱਪਰ ਨਿੱਗਰ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਸੂਚੀ ਬਹੁਤ ਵੱਡੀ ਹੈ। ਹਥਲੀ ਪੁਸਤਕ ਡਾ: ਭੀਮ ਇੰਦਰ ਸਿੰਘ ਵੱਲੋਂ ਸੰਪਾਦਨ ਕੀਤੀ ਗਈ ਹੈ, ਜਿਸ ਵਿਚ ਪ੍ਰੋ: ਮੈਨੇਜਰ ਪਾਂਡੇ, ਡਾ: ਕੇਸਰ ਸਿੰਘ ਕੇਸਰ, ਵਰਿੰਦਰ ਵਾਲੀਆ, ਡਾ: ਸੁਰਜੀਤ ਭੱਟੀ, ਡਾ: ਜਸਵਿੰਦਰ ਸਿੰਘ, ਡਾ: ਚਮਨ ਲਾਲ, ਡਾ: ਰਾਜਿੰਦਰ ਪਾਲ ਬਰਾੜ, ਡਾ: ਮੋਹਨ ਤਿਆਗੀ, ਡਾ: ਚਰਨਜੀਤ ਕੌਰ, ਪਰਮਜੀਤ ਸਿੰਘ ਕੱਟੂ, ਡਾ: ਵਰਿੰਦਰ ਕੌਰ ਸਿੱਧੂ, ਡਾ: ਅਮਨ ਪਾਲ ਕੌਰ, ਇਕਬਾਲ ਸੋਮੀਆਂ ਅਤੇ ਡਾ: ਭੀਮ ਇੰਦਰ ਸਿੰਘ ਦੇ ਖੋਜ ਨਿਬੰਧ ਹਨ। ਇਹ ਸਾਰੇ ਲੇਖ ਵੱਖ-ਵੱਖ ਪੱਖਾਂ ਤੋਂ ਪਾਸ਼-ਕਾਵਿ ਦਾ ਅਧਿਐਨ ਕਰਦੇ ਹਨ।
ਪਾਸ਼ ਦੀ ਕਵਿਤਾ ਦਾ ਵਡੇਰਾ ਮਹੱਤਵ ਆਪਣੇ ਸਮੇਂ ਦੇ ਸਾਹਿਤਕ, ਰਾਜਨੀਤਕ, ਸਮਾਜਿਕ ਅਤੇ ਇਤਿਹਾਸਕ ਸਥਿਤੀਆਂ ਨਾਲ ਸੰਵਾਦ ਰਚਾ ਕੇ ਅਜਿਹੀ ਕਵਿਤਾ ਦੀ ਸਿਰਜਣਾ ਕਰਨਾ ਹੈ, ਜਿਹੜੀ ਹਥਿਆਰਬੰਦ ਸੰਘਰਸ਼ ਦੀ ਹਮਾਇਤ ਕਰਦੀ ਹੋਵੇ। ਉਸ ਦੀ ਕਵਿਤਾ ਇਕ ਕ੍ਰਾਂਤੀ, ਯੁੱਧ, ਮੁਹੱਬਤ ਅਤੇ ਜ਼ਿੰਦਗੀ ਦੇ ਸੁਹਜ-ਸਵਾਦ ਤੇ ਗੌਰਵ ਸੰਗ ਵਿਚਰਦੇ ਆਧਾਰ ਕਾਰਜਸ਼ੀਲ ਰਹਿੰਦੇ ਹਨ। ਪਾਸ਼ ਆਪਣੀ ਕਲਮ ਨੂੰ ਸਮਾਜਵਾਦ ਲਈ ਵਰਤਦਾ ਹੈ। ਉਹ ਲੁੱਟੇ ਜਾ ਰਹੇ ਲੋਕਾਂ ਦੀ ਵਿਚਾਰਧਾਰਾ ਨਾਲ ਪ੍ਰਤੀਬੱਧ ਹੋ ਕੇ ਲਿਖਦਾ ਹੈ। ਉਸ ਨੇ ਸੱਚ ਨੂੰ ਕਹਿਣ ਤੇ ਲਿਖਣ ਦੀ ਦਲੇਰੀ ਕੀਤੀ। 'ਯੁੱਧ ਤੇ ਸ਼ਾਂਤੀ' ਅਤੇ 'ਕਾਮਰੇਡ ਨਾਲ ਗੱਲਬਾਤ' ਉਸ ਦੀਆਂ ਕਮਾਲ ਦੀਆਂ ਕਵਿਤਾਵਾਂ ਹਨ। ਪਾਸ਼ ਨਕਸਲਬਾੜੀ ਲਹਿਰ ਦੀ ਵੱਡੀ ਪ੍ਰਾਪਤੀ ਹੈ। ਇਹ ਸਾਰੇ ਲੇਖ ਬੜੇ ਵਿਸਥਾਰ ਨਾਲ ਉਸ ਦੀ ਕਵਿਤਾ ਦੀ ਸਮੀਖਿਆ ਕਰਦੇ ਹਨ। ਪੁਸਤਕ ਪੜ੍ਹਨਯੋਗ ਹੈ। ਅਜੋਕੇ ਦੌਰ ਵਿਚ ਪਾਸ਼ ਦੀ ਕਵਿਤਾ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਸ਼ਹੀਦ ਭਗਤ ਸਿੰਘ
ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ
ਸੰਪਾਦਕ : ਜਗਮੋਹਣ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 392
ਸੰਪਰਕ : 98140-01836.

ਭਗਤ ਸਿੰਘ ਤੇ ਉਸ ਦੇ ਸਾਥੀਆਂ ਬਾਰੇ ਟਿੱਪਣੀਆਂ, ਖ਼ਤ, ਤਕਰੀਰਾਂ ਅਤੇ ਬਹਿਸਾਂ ਬਾਰੇ ਅਨੇਕਾਂ ਕਿਤਾਬਚੇ, ਪੁਸਤਕਾਂ ਪਿਛਲੇ ਕੁਝ ਸਾਲਾਂ ਵਿਚ ਹੀ ਸਾਹਮਣੇ ਆਈਆਂ ਹਨ। ਜਨਤਾ ਦਿਨੋ-ਦਿਨ ਹੋਰ ਬਹੁਤ ਕੁਝ ਇਸ ਲੋਕ ਨਾਇਕ ਬਾਰੇ ਜਾਣਨਾ ਚਾਹੁੰਦੀ ਹੈ। ਭਗਤ ਸਿੰਘ ਦੀ ਪ੍ਰਸਿੱਧਤਾ ਇਸੇ ਗੱਲ ਤੋਂ ਆਂਕੀ ਤੇ ਜਾਂਚੀ ਜਾ ਸਕਦੀ ਹੈ ਕਿ ਹਥਲੀ ਪੁਸਤਕ ਦੇ ਹੀ ਕੁਝ ਕੁ ਵਰ੍ਹਿਆਂ ਵਿਚ ਹੀ ਨੌ ਐਡੀਸ਼ਨ ਛਪ ਕੇ ਵਿਕ ਚੁੱਕੇ ਹਨ। ਇਕ ਪੇਂਡੂ ਪੰਜਾਬੀ ਨੌਜਵਾਨ ਰੋਮਾਂਟਕ ਇਨਕਲਾਬੀ ਤੋਂ ਇਤਿਹਾਸਕ ਪਦਾਰਥਵਾਦੀ ਦਵੰਧਾਤਮਿਕ ਵਿਹਾਰਾਂ ਦਾ ਧਾਰਨੀ ਕਿਵੇਂ ਬਣਿਆ, ਇਸ ਵਿਕਾਸ ਦੇ ਸ੍ਰੋਤ ਇਸ ਪੁਸਤਕ ਵਿਚ ਲੱਭੇ ਜਾ ਸਕਦੇ ਹਨ। ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਖਤਾਂ ਤੋਂ ਉਨ੍ਹਾਂ ਦੀ ਪਰਪੱਕ ਦੇਸ਼ ਭਗਤ ਸੋਚ ਦਾ ਪਤਾ ਚਲਦਾ ਹੈ। ਮੈਂ ਨਾਸਤਕ ਕਿਉਂ ਹਾਂ, ਭਾਸ਼ਾ ਅਤੇ ਇਨਕਲਾਬੀ ਪ੍ਰੋਗਰਾਮਾਂ ਬਾਰੇ, ਹਿੰਸਾ ਅਤੇ ਅਹਿੰਸਾ ਬਾਰੇ ਭਗਤ ਸਿੰਘ ਦੇ ਵਿਚਾਰ ਤਰਕ ਦੀ ਸਾਲ੍ਹ 'ਤੇ ਚੜ੍ਹੇ ਪ੍ਰਤੀਤ ਹੁੰਦੇ ਹਨ। ਦੱਸਿਆ ਗਿਆ ਹੈ ਕਿ ਫਾਂਸੀ ਲੱਗਣ ਵਾਲੇ ਦਿਨ ਵੀ ਭਗਤ ਸਿੰਘ ਲੈਨਿਨ ਬਾਰੇ ਪੜ੍ਹ ਰਿਹਾ ਸੀ। ਕੁਝ ਕੱਟੜਪੰਥੀ ਲੋਕ ਤੇ ਸੰਸਥਾਵਾਂ ਹਾਲੇ ਵੀ ਉਸ ਦੇ ਸਹਿਜਧਾਰੀ ਤੇ ਕੇਸਾਧਾਰੀ ਸਿੱਖ ਹੋਣ ਦੇ ਮਸਲੇ ਵਿਚ ਉਲਝੀਆਂ ਦਿਖਾਈ ਦਿੰਦੀਆਂ ਹਨ ਜਦ ਕਿ ਸਮੇਂ ਦੀ ਲੋੜ ਹੈ ਕਿ ਉਸ ਦੇ ਚਿੰਤਨ ਤੇ ਵਿਸ਼ਵਾਸਾਂ ਨੂੰ ਆਮ ਭਾਰਤੀ ਤੱਕ ਪਹੁੰਚਾ ਕੇ ਦੇਸ਼ ਦੀ ਡੁੱਬਦੀ ਬੇੜੀ ਬਾਰੇ ਕੁਝ ਸੋਚਿਆ ਜਾਵੇ। ਇਸ ਪੁਸਤਕ ਰਾਹੀਂ ਸਾਨੂੰ ਭਗਤ ਸਿੰਘ ਦੇ ਸਹੀ ਸਰੂਪ ਅਤੇ ਸੋਚ ਨੂੰ ਸਮਝਣ ਵਿਚ ਕਾਫੀ ਸਹਾਇਤਾ ਮਿਲਦੀ ਹੈ। ਅੱਜ ਵੀ ਦੇਸ਼ ਨੂੰ ਭਗਤ ਸਿੰਘ ਜਿਹੇ ਸਿਰਲੱਥ ਯੋਧਿਆਂ ਦੀ ਅਤਿਅੰਤ ਲੋੜ ਹੈ।

ਕੇ. ਐਲ. ਗਰਗ

ਕੱਜਣ
ਕਵਿਤਰੀ : ਦਲਜੀਤ ਕੌਰ ਦਾਊਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 99155-60280.

'ਕੱਜਣ' ਦਲਜੀਤ ਕੌਰ ਦਾਉਂ ਰਚਿਤ ਤੀਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਧਰਤ ਕਲੇਜੇ ਪੀੜ' ਅਤੇ 'ਮਿੱਟੀ ਦਾ ਬਿਰਹੜਾ' ਕਾਵਿ ਸੰਗ੍ਰਹਿ ਦੀ ਸਿਰਜਣਾ ਕਰ ਚੁੱਕੀ ਹੈ। ਇਸ ਕਾਵਿ ਸੰਗ੍ਰਹਿ ਵਿਚ ਕਵਿਤਰੀ ਨੇ ਪ੍ਰਮੁੱਖਤਾ ਨਾਲ ਨਾਰੀ ਸਰੋਕਾਰਾਂ ਨੂੰ ਆਪਣੀਆਂ ਰਚਨਾਵਾਂ ਦਾ ਵਸਤੂ ਬਣਾਇਆ ਹੈ। 'ਸੋ ਕਿਉ ਮੰਦਾ ਆਖੀਐ', ਧੀਆਂ, ਮਾਂ, ਸੁੱਖ ਮੰਗਣ ਕੁੜੀਆਂ ਚਿੜੀਆਂ, ਬਰਫ਼ ਦੀ ਔਰਤ, ਔਰਤ ਦੀ ਹੋਣੀ, ਸਮੇਂ 'ਤੇ ਉੱਕਰੀ ਧੀ ਦੀ ਇਬਾਰਤ ਅਤੇ ਸੋਚਣ ਬੈਠ ਗ੍ਰਹਿਣੀਆਂ ਆਦਿ ਕਵਿਤਾਵਾਂ ਰਾਹੀਂ ਨਾਰੀ ਜੀਵਨ ਦੀਆਂ ਵਿਭਿੰਨ ਪ੍ਰਸਥਿਤੀਆਂ ਨੂੰ ਕਾਵਿ ਰੂਪਾਂਤਰਿਤ ਕੀਤਾ ਗਿਆ ਹੈ। ਉਹ ਲਿਖਦੀ ਹੈ :
ਸਾਡਾ ਸਤ ਅੱਗ ਵਿਚ ਤਾਅ ਕੇ,
ਮਰਯਾਦਾ ਵਿਚ ਗੁੰਨ੍ਹ ਪਕਾ ਕੇ,
ਪੂਜਾ ਕਰਕੇ, ਧਾਨ ਚੜ੍ਹਾ ਕੇ,
ਝੂਠ ਦੀ ਬਲੀ ਚੜ੍ਹਾਇਆ।
ਕੋਈ ਗੱਲ ਨਹੀਂ,
ਧੁਰ ਦਰਗਾਹੋਂ,
ਨਾਲ ਅਸਾਡੇ
ਏਦਾਂ ਈ ਹੁੰਦਾ ਆਇਆ।
ਕਵਿਤਰੀ ਮਾਨਵੀ ਕਦਰਾਂ-ਕੀਮਤਾਂ ਦੀ ਸਲਾਮਤੀ ਅਤੇ ਸਥਾਪਤੀ ਲਈ ਸੁਚੇਤ ਪੱਧਰ 'ਤੇ ਯਤਨ ਕਰਦੀ ਪ੍ਰਤੀਤ ਹੁੰਦੀ ਹੈ। ਪੰਜਾਬੀ ਸੱਭਿਆਚਾਰਕ ਮੁੱਲ-ਵਿਧਾਨ ਦੀ ਵਡਿਆਈ ਅਤੇ ਬਹਾਲੀ ਇਸ ਕਾਵਿ ਸੰਗ੍ਰਹਿ ਦੇ ਹੋਰ ਮਹੱਤਵਪੂਰਨ ਵਿਸ਼ੇ ਹਨ। ਪੁਰਖਿਆਂ ਦੀ ਇਬਾਦਤ ਕਵਿਤਾ ਉਪਰੋਕਤ ਵਿਚਾਰਾਂ ਦੀ ਤਰਜਮਾਨੀ ਕਰਨ ਵਾਲੀ ਰਚਨਾ ਹੈ :
ਆਓ, ਆਪਣੇ ਪੁਰਖਿਆਂ ਨੂੰ
ਇਬਾਦਤ ਕਰੀਏ,
ਹਰ ਪੁਰਖ ਇਤਿਹਾਸ ਹੈ,
ਉਸ ਸਮੇਂ ਦਾ।
ਉਨ੍ਹਾਂ ਨੂੰ ਨਤਮਸਤਕ ਹੋਈਏ
ਤੇ ਸਿੱਖੀਏ ਕੁਛ ਤੌਰ-ਤਰੀਕੇ
ਜੀਣ ਦੇ, ਥੀਣ ਦੇ।

ਡਾ: ਜਸਵੀਰ ਸਿੰਘ
ਮੋ: 94170-12430.

ਸ਼ਿਕਵਾ
ਸ਼ਾਇਰ : ਸੂਰਜ ਬਡਿਆਲ
ਪ੍ਰਕਾਸ਼ਕ : ਦਰਪਣ ਪਬਲੀਕੇਸ਼ਨ, ਨੂਰਮਹਿਲ (ਜਲੰਧਰ)
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98760-57251.

ਸੂਰਜ ਬਡਿਆਲ ਆਪਣੀ ਪੁਸਤਕ 'ਸ਼ਿਕਵਾ' ਤੋਂ ਪਹਿਲਾਂ ਤਿੰਨ ਹਿੰਦੀ ਕਾਵਿ ਸੰਗ੍ਰਹਿ ਭਾਰਤੀ ਸਾਹਿਤ ਨੂੰ ਅਰਪਣ ਕਰ ਚੁੱਕਾ ਹੈ। ਉਸ ਨੇ ਡੋਗਰੀ ਭਾਸ਼ਾ ਵਿਚ ਵੀ ਸਾਹਿਤ ਸਿਰਜਣਾ ਕੀਤੀ ਹੈ ਪਰ ਪੰਜਾਬੀ ਵਿਚ ਇਹ ਉਸ ਦੀ ਪਹਿਲੀ ਪੁਸਤਕ ਹੈ, ਜਿਸ ਵਿਚ ਉਸ ਦੀਆਂ 30 ਗ਼ਜ਼ਲਾਂ, 24 ਗੀਤ ਤੇ 14 ਕਵਿਤਾਵਾਂ ਦਰਜ ਹਨ। ਸੂਰਜ ਬਡਿਆਲ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਉਸ ਦੇ ਨਿੱਜੀ ਜੀਵਨ ਨਾਲ ਸਬੰਧਤ ਹਨ ਤੇ ਇਨ੍ਹਾਂ ਦਾ ਕੇਂਦਰ ਬਿੰਦੂ ਪਿਆਰ ਹੈ। ਸ਼ਾਇਰ ਹਰ ਪਾਸੇ ਮੁਹੱਬਤ ਅਤੇ ਖ਼ਲੂਸ ਦੇਖਣ ਦਾ ਇੱਛਾਵਾਨ ਹੈ ਪਰ ਅਜਿਹਾ ਉਸ ਨੂੰ ਕਿਧਰੇ ਕੁਝ ਨਜ਼ਰ ਨਹੀਂ ਆ ਰਿਹਾ। ਉਸ ਨੂੰ ਦਿਨ ਉਦਾਸ ਲਗਦਾ ਹੈ ਤੇ ਰਾਤ ਨੂੰ ਤਾਰੇ ਰੁੱਸੇ-ਰੁੱਸੇ ਜਾਪਦੇ ਹਨ। ਉਹ ਹਾਸਿਆਂ ਨਾਲੋਂ ਉਦਾਸੀ ਨੂੰ ਵੱਧ ਪਿਆਰਦਾ ਹੈ ਤੇ ਆਪਣੇ ਉਜਾੜੇ ਵਿਚ ਉਸ ਨੂੰ ਤਸੱਲੀ ਮਹਿਸੂਸ ਹੁੰਦੀ ਹੈ। ਸ਼ਾਇਰ ਮੁਤਾਬਿਕ ਜੇ ਦਿਲਾਂ ਵਿਚ ਫ਼ਾਸਲਾ ਹੈ ਤਾਂ ਗਲ਼ੇ ਮਿਲਣ ਦੀ ਕੋਈ ਤੁੱਕ ਨਹੀਂ ਹੈ। ਕਿਤੇ-ਕਿਤੇ ਉਹ ਸਮਾਜ ਵਿਚ ਵਾਪਰਦੀਆਂ ਅਣਇੱਛਤ ਘਟਨਾਵਾਂ ਤੇ ਹਾਦਸਿਆਂ ਤੋਂ ਨਿਰਾਸ਼ ਹੁੰਦਾ ਦਿਖਾਈ ਦਿੰਦਾ ਹੈ। ਉਸ ਨੂੰ ਆਦਮੀ ਵਿਚੋਂ ਆਦਮੀ ਗਾਇਬ ਹੋਇਆ ਲਗਦਾ ਹੈ ਤੇ ਖ਼ੂਬਸੂਰਤ ਜ਼ਿੰਦਗੀ 'ਚੋਂ ਸਾਦਗੀ ਨਜ਼ਰ ਨਹੀਂ ਆਉਂਦੀ। ਇੰਜ ਉਸ ਦੀਆਂ ਗ਼ਜ਼ਲਾਂ ਗ਼ਜ਼ਲ ਦਾ ਰੰਗ ਕਾਇਮ ਰੱਖਦੀਆਂ ਹਨ ਪਰ ਕਿਤੇ-ਕਿਤੇ ਉਹ ਇਸ ਦੇ ਰੂਪਕ ਤਕਾਜ਼ਿਆਂ ਤੋਂ ਬੇਪ੍ਰਵਾਹ ਹੋ ਜਾਂਦਾ ਹੈ। ਸ਼ਾਇਰ ਦੇ ਗੀਤ ਤੇ ਕਵਿਤਾਵਾਂ ਆਪਣਾ ਪ੍ਰਭਾਵ ਸਿਰਜਦੇ ਹਨ ਪਰ ਸੂਰਜ ਬਡਿਆਲ ਨੇ ਅਜੇ ਪੰਜਾਬੀ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰਨੀ ਹੈ। ਸੂਰਜ ਬਡਿਆਲ ਦੇ ਗੀਤ ਗਾਏ ਜਾਣ ਵਾਲੇ ਹਨ ਤੇ ਇਨ੍ਹਾਂ ਦੀ ਮੁੱਖ ਧਾਰਾ ਵੀ ਮੁਹੱਬਤ ਹੀ ਹੈ।

ਗੁਰਦਿਆਲ ਰੌਸ਼ਨ
ਮੋ: 9988444002

ਖੋਜ
ਕਹਾਣੀਕਾਰ : ਹਰਮਹਿੰਦਰ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 144
ਸੰਪਰਕ : 99151-03490
.

ਇਸ ਪੁਸਤਕ ਵਿਚ ਕਹਾਣੀਕਾਰ ਨੇ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਜੋ ਵਿਸ਼ੇ ਪੱਖੋਂ ਵੰਨ-ਸੁਵੰਨੇ ਸਿਰਜਣਾਤਮਕ ਧਰਾਤਲ 'ਤੇ ਉਸਰੀਆਂ ਹੋਈਆਂ ਹਨ। ਕਿਉਂਕਿ ਕਹਾਣੀਕਾਰ ਖ਼ੁਦ ਪਰਵਾਸ ਹੰਢਾ ਰਿਹਾ ਹੈ। ਇਸ ਕਰਕੇ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਵਿਸ਼ੇ ਪਰਵਾਸੀ ਜੀਵਨ ਯਥਾਰਥ ਨਾਲ ਸਬੰਧਤ ਵੀ ਹਨ। ਇਸ ਦੇ ਤਹਿਤ 'ਪਛਾਣ', ਖੋਜ, ਗਰੀਨ ਕਾਰਡ ਅਤੇ ਵਾਪਸੀ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ ਜਾ ਸਕਦਾ ਹੈ। 'ਖੋਜ' ਸੰਗ੍ਰਹਿ ਵਿਚਲੀਆਂ ਕਹਾਣੀਆਂ ਜਿਥੇ ਮਨੁੱਖੀ ਮਾਨਸਿਕਤਾ ਦੇ ਕਰੂਰ ਯਥਾਰਥ ਨੂੰ ਪੇਸ਼ ਕਰਦੀਆਂ ਹਨ, ਉਥੇ ਮਾਨਵੀ ਕਦਰਾਂ ਦੇ ਅਹਿਸਾਸਾਂ ਨੂੰ ਵੀ ਪੇਸ਼ ਕਰਦੀਆਂ ਹਨ ਜੋ ਹਾਲਾਤ ਦੀ ਮਜਬੂਰੀਵੱਸ ਵੀ ਟੁੱਟ ਰਹੀਆਂ ਹਨ ਅਤੇ ਕਈ ਵਾਰੀ ਨਿੱਜੀ ਮੁਫ਼ਾਦ ਲਈ ਤੋੜੀਆਂ ਵੀ ਜਾ ਰਹੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿਚੋਂ ਪਹਿਲੀ ਕਹਾਣੀ 'ਪਛਾਣ' ਮਨੁੱਖ ਦੇ ਸਵੈ-ਮਾਣ ਅਤੇ ਜ਼ਿੰਦਾਦਿਲੀ ਨੂੰ ਪੇਸ਼ ਕਰਦੀ ਹੈ। 'ਖੋਜ' ਕਹਾਣੀ ਇਸ ਸੰਗ੍ਰਹਿ ਦੀ ਸਰਵੋਤਮ ਕਹਾਣੀ ਹੈ, ਜਿਸ ਵਿਚ ਇਹ ਦਰਸਾਇਆ ਗਿਆ ਹੈ ਮਨੁੱਖੀ ਸੁਭਾਅ ਦੇ ਜੈਨੇਟਿਕ ਲੱਛਣ ਉਸ ਨੂੰ ਉਸ ਦੇ ਮੂਲ ਦੀ ਪਛਾਣ ਕਰਵਾ ਦਿੰਦੇ ਹਨ। ਇਸੇ ਤਰ੍ਹਾਂ 'ਫੁਲਕਾਰੀ' ਕਹਾਣੀ ਜਿਥੇ ਪੈਸਾਵਾਦੀ ਦੌਰ ਵਿਚ ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਪੇਸ਼ ਕਰਦੀ ਹੈ, ਉਥੇ 'ਘੁੰਮਣਘੇਰ' ਕਹਾਣੀ ਵੀ ਨਿੱਜੀ ਆਜ਼ਾਦੀ ਲਈ ਭਾਵੁਕ ਰਿਸ਼ਤਿਆਂ ਨੂੰ ਦਿੱਤੀ ਜਾ ਰਹੀ ਤਿਲਾਂਜਲੀ ਅਤੇ 'ਨਕਾਬਪੋਸ਼' ਕਹਾਣੀ ਖਾੜਕੂਵਾਦ ਦੇ ਦੌਰ ਵਿਚ ਲੋਕਾਂ ਵੱਲੋਂ ਕੱਢੀਆਂ ਆਪਸੀ ਰੰਜ਼ਿਸ਼ਾਂ ਅਤੇ ਲਾਲਚੀ ਬਿਰਤੀ ਨੂੰ ਪੇਸ਼ ਕਰਦੀਆਂ ਹਨ। 'ਮਮਤਾ' ਕਹਾਣੀ ਵਿਚ ਜਾਨਵਰਾਂ ਦੀ ਸੰਵੇਦਨਸ਼ੀਲਤਾ ਅਤੇ ਆਪਣੇ ਬੱਚਿਆਂ ਪ੍ਰਤੀ ਪ੍ਰੇਮ ਭਾਵਨਾ ਨੂੰ ਪੇਸ਼ ਕੀਤਾ ਗਿਆ ਹੈ। 'ਗਰੀਨ ਕਾਰਡ' ਕਹਾਣੀ ਵਿਚ ਵਿਦੇਸ਼ਾਂ ਵਿਚ ਨੌਜਵਾਨ ਪੀੜ੍ਹੀ ਦੇ ਸੰਘਰਸ਼ ਅਤੇ ਅਨੈਤਿਕ ਸਬੰਧਾਂ/ਤਰੀਕਿਆਂ ਨਾਲ ਵਿਦੇਸ਼ ਵਿਚ ਪੱਕੇ ਹੋਣ ਦੀ ਤਸਵੀਰ ਪੇਸ਼ ਹੋਈ ਹੈ। 'ਪੁੰਨ' ਅਤੇ 'ਚਸਕ' ਦੋਵੇਂ ਕਹਾਣੀਆਂ ਮਨੁੱਖੀ ਸੁਭਾਅ ਦੇ ਮਾਨਵੀ ਅਹਿਸਾਸਾਂ ਨੂੰ ਪੇਸ਼ ਕਰਦੀਆਂ, ਜਿਥੇ ਮਨੁੱਖ ਮਜਬੂਰੀਵੱਸ ਭਾਵੁਕ ਸਾਂਝਾਂ ਤੋੜਨ ਲਈ ਵੀ ਮਜਬੂਰ ਹੋ ਜਾਂਦਾ ਹੈ। ਇਨ੍ਹਾਂ ਕਹਾਣੀਆਂ ਦੀ ਇਹ ਖਾਸੀਅਤ ਹੈ ਕਿ ਕਹਾਣੀਆਂ ਦੇ ਪਾਤਰ ਕਿਤੇ ਵੀ ਕਹਾਣੀਕਾਰ ਦੇ ਹੱਥਾਂ ਵਿਚ ਕੱਠਪੁਤਲੀਆਂ ਨਹੀਂ ਬਣਦੇ ਸਗੋਂ ਆਪਣੀ ਹੋਣੀ ਭੋਗਦੇ ਹਨ। ਬਿਰਤਾਂਤ ਵਿਚ ਕਿਤੇ-ਕਿਤੇ ਮੌਕਾ ਮੇਲ ਦੀ ਜੁਗਤ ਦਾ ਵੀ ਇਸਤੇਮਾਲ ਹੋਇਆ ਹੈ। ਜਿਨ੍ਹਾਂ ਕਹਾਣੀਆਂ ਦੇ ਪਲਾਟ ਵਿਦੇਸ਼ੀ ਧਰਤੀ ਦੇ ਬਿਰਤਾਂਤ ਨਾਲ ਉਸਾਰੇ ਗਏ ਹਨ, ਉਨ੍ਹਾਂ ਵਿਚ ਵਿਦੇਸ਼ੀ ਭਾਸ਼ਾ ਦੇ ਸ਼ਬਦਾਂ ਦਾ ਆਉਣਾ ਵੀ ਸੁਭਾਵਿਕ ਹੈ ਤੇ ਆਏ ਵੀ ਹਨ। ਕਹਾਣੀਆਂ ਵਿਚ ਚੇਤਨਾ ਪ੍ਰਵਾਹ ਦੀ ਵਿਧੀ ਦਾ ਇਸਤੇਮਾਲ ਹੋਇਆ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਕਾਠ ਦੀ ਹਾਂਡੀ
ਸੰਪਾਦਕ : ਕੇ. ਐਲ. ਗਰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 275 ਰੁਪਏ, ਸਫ਼ੇ : 184.
ਸੰਪਰਕ : 94635-37050.

'ਕਾਠ ਦੀ ਹਾਂਡੀ' ਅਜੋਕੇ ਦੌਰ ਦੇ ਹਾਸ-ਵਿਅੰਗ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਦਾ ਸੰਪਾਦਨ ਪੰਜਾਬੀ ਦੇ ਪ੍ਰਸਿੱਧ ਵਿਅੰਗਕਾਰ ਅਤੇ ਹਾਸ-ਰਸ ਲੇਖਕ ਕੇ. ਐਲ. ਗਰਗ ਨੇ ਕੀਤਾ ਹੈ।
ਗਰਗ ਹੋਰਾਂ ਨੇ ਵਰਤਮਾਨ ਸਮੇਂ ਦੇ ਹਾਸ-ਵਿਅੰਗ ਲਿਖਣ ਵਾਲੇ 28 ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਇਸ ਸੰਗ੍ਰਹਿ ਵਿਚ ਸ਼ਾਮਿਲ ਕਰਕੇ ਵੱਡਮੁੱਲਾ ਯੋਗਦਾਨ ਪਾਇਆ ਹੈ। ਕਵੀ ਹਨ ਤਾਰਾ ਸਿੰਘ ਖੋਜੇਪੁਰੀ, ਸੁਮੇਰ ਸਿੰਘ ਮਸਤਾਨਾ, ਪ੍ਰੋ: ਜਸਵੰਤ ਸਿੰਘ ਕੈਲਵੀ, ਨਵਰਾਹੀ ਘੁਗਿਆਣਵੀ, ਸੁਰਜੀਤ ਸਿੰਘ ਕਾਉਂਕੇ, ਹਰਦੀਪ ਢਿੱਲੋਂ, ਪ੍ਰਿੰ: ਬਲਦੇਵ ਸਿੰਘ ਆਜ਼ਾਦ, ਤੇਜਾ ਸਿੰਘ ਤੇਜ, ਸਰਵਣ ਸਿੰਘ ਪਤੰਗ, ਪ੍ਰੋ: ਸ਼ੇਰ ਸਿੰਘ ਕੰਵਲ, ਗੁਰਿੰਦਰ ਮਕਨਾ, ਰਾਜਿੰਦਰ ਸਿੰਘ ਜੱਸਲ, ਨਰਾਇਣ ਸਿੰਘ ਸੰਘੇੜਾ, ਦਵਿੰਦਰ ਸਿੰਘ ਗਿੱਲ, ਅਸ਼ਵਨੀ ਗੁਪਤਾ, ਲਾਲੀ ਕਰਤਾਰਪੁਰੀ, ਸੰਦੀਪ ਝਾਂਬ 'ਜੋਗੀ', ਗੁਰਦਾਸ ਸਿੰਘ ਮਿਨਹਾਸ, ਮੰਗਤ ਕੁਲਜਿੰਦ, ਸੇਵਕ ਸਿੰਘ ਸ਼ਮੀਰੀਆ, ਡਾ: ਸਾਧੂ ਰਾਮ ਲੰਙੇਆਣਾ, ਸੁੰਦਰ ਪਾਲ ਪ੍ਰੇਮੀ, ਭਗਵਾਨ ਸਿੰਘ ਤਗੜ, ਜਗਦੀਸ਼ ਰਾਏ ਕੁਲਰੀਆ, ਜਸਵੀਰ ਭਲੂਰੀਆ, ਕੰਵਲਜੀਤ ਭੋਲਾ ਲੰਡੇ, ਸੁਖਦਰਸ਼ਨ ਗਰਗ ਅਤੇ ਦੀਪ ਜ਼ੀਰਵੀ। ਅਜੋਕੇ ਭ੍ਰਿਸ਼ਟ ਸਮਾਜ ਵਿਚ ਹਾਸ-ਵਿਅੰਗ ਦਾ ਨਸ਼ਤਰ ਇਕ ਨਿਪੁੰਨ ਜਿਰਾਹ ਦਾ ਕਾਰਜ ਕਰਦਾ ਹੈ। ਸਾਡੇ ਇਹ ਕਵੀ ਸਮਾਜ ਦੀਆਂ ਵਿਸੰਗਤੀਆਂ 'ਤੇ ਵੀ ਉਂਗਲ ਨਹੀਂ ਧਰਦੇ ਬਲਕਿ ਭ੍ਰਿਸ਼ਟ ਅਤੇ ਦੁਸ਼ਟ ਲੋਕਾਂ ਨੂੰ ਵੀ ਚੁਰਾਹੇ ਵਿਚ ਨੰਗਾ ਕਰਦੇ ਹਨ।

ਸੁਖਦੇਵ ਮਾਦਪੁਰੀ
ਮੋ: 94630-34472.

6-9-2015

 ਗੁਰੂ ਨਾਨਕ ਦੇਵ ਜੀ ਨਾਲ ਸਬੰਧਤ
ਪੰਜਾਬੀ ਮਹਾਂਕਾਵਿ : ਇਕ ਵਿਸ਼ਲੇਸ਼ਣ
ਲੇਖਿਕਾ : ਡਾ: ਜਤਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 112.
ਸੰਪਰਕ : 94176-00027.

ਡਾ: ਜਤਿੰਦਰ ਕੌਰ ਨੇ ਆਪਣੇ ਇਸ ਖੋਜ ਕਾਰਜ ਨੂੰ ਅੱਠ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਦੋ ਕਾਂਡ ਕ੍ਰਮਵਾਰ ਸਿਧਾਂਤਕ ਪਰਿਪੇਖ ਅਤੇ ਪੰਜਾਬੀ ਮਹਾਂਕਾਵਿ ਦੇ ਜਨਮ ਅਤੇ ਵਿਕਾਸ ਨੂੰ ਉਲੀਕਦੇ ਹਨ। ਤੀਜੇ ਕਾਂਡ ਤੋਂ ਅੱਠਵੇਂ ਕਾਂਡ ਤੱਕ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹਾਂਕਾਵਾਂ ਦਾ ਦੀਰਘ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ, ਜਿਨ੍ਹਾਂ ਵਿਚ ਤਰਤੀਬਵਾਰ ਵਿਸ਼ਵ ਨੂਰ (ਅਵਤਾਰ ਸਿੰਘ ਆਜ਼ਾਦ), ਪਰਮ ਪੁਰਖ (ਇੰਦਰਜੀਤ ਸਿੰਘ ਤੁਲਸੀ), ਨਾਨਕਾਇਣ (ਪ੍ਰੋ: ਮੋਹਨ ਸਿੰਘ), ਸੱਚ ਚੰਦਰਮਾ (ਗੁਰਚਰਨ ਸਿੰਘ), ਇਲਾਹੀ ਨਦਰ ਦੇ ਪੈਂਡੇ (ਹਰਿੰਦਰ ਮਹਿਬੂਬ), ਚੜ੍ਹਿਆ ਸੋਧਣਿ ਧਰਤ ਲੁਕਾਈ (ਗੁਰਦੇਵ ਸਿੰਘ ਰਾਏ) ਸ਼ਾਮਿਲ ਹਨ।
ਇਸ ਅਧਿਐਨ ਦੌਰਾਨ ਇਨ੍ਹਾਂ ਮਹਾਂਕਾਵਾਂ ਦੀਆਂ ਅਨੇਕਾਂ ਵਿਲੱਖਣਤਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅਵਤਾਰ ਸਿੰਘ ਆਜ਼ਾਦ ਨੇ ਬਚਪਨ ਤੋਂ ਗੁਰੂ ਸਾਹਿਬ ਨੂੰ ਸੰਤ-ਰੂਪ ਅਤੇ ਅਵਤਾਰ ਦੇ ਰੂਪ ਵਿਚ ਪੇਸ਼ ਕੀਤਾ ਹੈ। ਇੰਦਰਜੀਤ ਸਿੰਘ ਤੁਲਸੀ ਨੇ ਰਾਗਾਤਮਕ ਕਾਵਿ ਦੀ ਸਿਰਜਣਾ ਕਰਦੇ ਹੋਏ ਗੁਰੂ ਜੀ ਦੇ ਜੀਵਨ ਨੂੰ ਪੰਜ ਖੰਡਾਂ ਰਾਹੀਂ ਪ੍ਰਸਤੁਤ ਕੀਤਾ ਹੈ। ਪ੍ਰੋ: ਮੋਹਨ ਸਿੰਘ ਨੇ ਤਾਰਕਿਕ ਦ੍ਰਿਸ਼ਟੀ ਅਪਣਾਉਂਦੇ ਹੋਏ ਇਤਿਹਾਸਕ ਅਤੇ ਮਿਥਿਹਾਸਕ ਘਟਨਾਵਾਂ ਨੂੰ ਸਾਖੀਕਾਰਾਂ ਦੇ ਹਵਾਲਿਆਂ ਨਾਲ ਚਿਤਰਣ ਦਾ ਉਪਰਾਲਾ ਕੀਤਾ ਹੈ। ਉਹ ਸਾਖੀਆਂ ਅਤੇ ਘਟਨਾਵਾਂ ਦੇ ਢੁਕਵੇਂ ਨਵੇਂ ਨਾਂਅ ਘੜਦਾ ਹੈ।
ਗੁਰਚਰਨ ਸਿੰਘ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕਰਨ 'ਤੇ ਜ਼ੋਰ ਦਿੱਤਾ ਹੈ। ਉਸ ਨੇ ਕੇਵਲ ਤਿੰਨ ਉਦਾਸੀਆਂ ਹੀ ਕਾਵਿਕ-ਬ੍ਰਿਤਾਂਤ ਲਈ ਚੁਣੀਆਂ ਹਨ। ਗੁਰਬਾਣੀ ਅਤੇ ਭਾਈ ਗੁਰਦਾਸ ਦੀ ਵਾਰ ਦੇ ਹਵਾਲੇ ਦਿੱਤੇ ਹਨ। ਗੂੜ੍ਹ ਰਹੱਸਵਾਦ ਹਰਿੰਦਰ ਸਿੰਘ ਮਹਿਬੂਬ ਦੇ ਮਹਾਂਕਾਵਿ ਵਿਚ ਝਲਕਾਰੇ ਮਾਰਦਾ ਹੈ। ਉਸ ਨੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਪਾਰਲੌਕਿਕ ਦਰਸਾਈ ਹੈ। ਗੁਰਦੇਵ ਸਿੰਘ ਰਾਏ ਦੇ ਮਹਾਂਕਾਵਿ ਵਿਚ ਪਾਤਰ ਉਸਾਰੀ ਸਾਖੀਕਾਰਾਂ ਦੀ ਅਨੁਸਾਰੀ ਹੈ।
ਲਾਲੋ-ਭਾਗੋ ਦੇ ਬ੍ਰਿਤਾਂਤ ਵਿਚ ਗੁਰੂ ਸਾਹਿਬ ਨੂੰ ਗੜ੍ਹਕਵੀਂ ਭਾਸ਼ਾ ਦਾ ਪ੍ਰਯੋਗ ਕਰਦੇ ਚਿਤਰਿਆ ਹੈ। ਇੰਜ ਜ਼ਿਆਦਾਤਰ ਮਹਾਂਕਾਵਾਂ ਦਾ ਆਧਾਰ ਜਨਮ ਸਾਖੀਆਂ ਹੀ ਹਨ। ਖੋਜ ਦਾ ਸਮੁੱਚਾ ਨਿਸ਼ਕਰਸ਼ ਅਤੇ ਪੁਸਤਕ ਸੂਚੀ ਦੇ ਦੇਣੀ ਅਗਲੇਰੀ ਖੋਜ ਲਈ ਲਾਹੇਵੰਦ ਰਹਿਣੀ ਸੀ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਖੁਰਦੇ ਰੰਗਾਂ ਦੀ ਗਾਥਾ
ਕਵੀ : ਮੋਹਨ ਆਰਟਿਸਟ
ਪ੍ਰਕਾਸ਼ਕ : ਸ਼ਿਲਪੀ ਪ੍ਰਕਾਸ਼ਨ, ਪਾਸ਼ਟਾਂ (ਕਪੂਰਥਲਾ)
ਮੁੱਲ : 150 ਰੁਪਏ, ਸਫ਼ੇ : 92.
ਸੰਪਰਕ : 98152-36982.

'ਖੁਰਦੇ ਰੰਗਾਂ ਦੀ ਗਾਥਾ' ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜੀਵਨ ਦੇ ਵਿਭਿੰਨ ਦਿਸ਼ਾ-ਖੇਤਰਾਂ ਨਾਲ ਸਬੰਧਤ ਹਨ। ਸਮਾਜ ਵਿਚ ਫੈਲੇ ਕੁਹਜ ਤੇ ਵਿਸੰਗਤੀਆਂ ਨੂੰ ਸ਼ਾਇਰ ਇਨ੍ਹਾਂ ਕਵਿਤਾਵਾਂ ਵਿਚ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀ ਆਪਣੀ ਗੱਲ ਕਹਿਣ ਲਈ 'ਤਨਜ਼' ਨੂੰ ਮੁੱਖ ਹਥਿਆਰ ਵਜੋਂ ਵਰਤਦਾ ਹੈ।
'ਸਾਡਾ ਯੁੱਧ' ਕਵਿਤਾ ਵਿਚ ਉਹ ਵਿਅੰਗ ਕਰਦਾ ਹੈ ਕਿ ਅਸੀਂ ਲੜਨਾ ਤਾਂ ਕੁਰੀਤੀਆਂ ਦੇ ਖਿਲਾਫ਼ ਸੀ ਪਰ ਅਸੀਂ ਤਾਂ ਯੁੱਧ ਦੀ ਦਿਸ਼ਾ ਹੀ ਉਲਟ ਪਾਸੇ ਮੋੜ ਦਿੱਤੀ ਹੈ। ਇਸੇ ਤਰ੍ਹਾਂ ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ ਇਸ ਤਰ੍ਹਾਂ ਦੀ ਵਿਅੰਗ-ਵਿਧੀ ਦੀ ਵਰਤੋਂ ਦੇਖੀ ਜਾ ਸਕਦੀ ਹੈ। ਮਰਿਆਦਾ ਪ੍ਰਸ਼ੋਤਮ ਕਵਿਤਾ ਵਿਚੋਂ ਉਦਾਹਰਨ ਵੇਖੀ ਜਾ ਸਕਦੀ ਹੈ :
ਮਰਿਆਦਾ ਪ੍ਰਸ਼ੋਤਮ
ਆਪਣੀ ਬਣਾਈ ਮਰਿਆਦਾ ਨੂੰ
ਮੁੜ ਤੋਂ ਵਿਚਾਰੋ
ਕੁਝ ਦਿਨ
ਸਾਡੇ ਘਰ ਵਿਚ ਗੁਜ਼ਾਰੋ...
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਉਹ ਸਥਾਪਤੀ 'ਤੇ ਤਿੱਖੇ ਵਾਰ ਕਰਦਾ ਹੈ। ਉਸ ਕੋਲ ਆਪਣੀ ਗੱਲ ਕਹਿਣ ਦਾ ਇਕ ਨਿਵੇਕਲਾ ਅੰਦਾਜ਼ ਹੈ, ਜਿਸ ਰਾਹੀਂ ਉਹ ਆਪਣੀ ਕਵਿਤਾ ਨੂੰ ਇਕ ਅਸਤਰ ਦੇ ਰੂਪ ਵਿਚ ਇਸਤੇਮਾਲ ਕਰਦਾ ਹੈ
ਬਾਪੂ! ਮੈਂ ਤੇਰਾ ਪੜ੍ਹਿਆ ਲਿਖਿਆ ਪੁੱਤ
ਪੜ੍ਹ ਨਹੀਂ ਸਕਿਆ
ਧੁੱਪਾਂ ਵੱਲੋਂ
ਤੇਰੇ ਮੋਢਿਆਂ 'ਤੇ ਲਿਖੀ ਇਬਾਰਤ...
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਮੋਹਨ ਆਰਟਿਸਟ ਇਸ ਪੁਸਤਕ ਰਾਹੀਂ ਆਪਣਾ ਇਕ ਮੁਕੰਮਲ ਬਿੰਬ ਸਥਾਪਿਤ ਕਰਦਾ ਹੈ। ਇਸ ਲਈ ਕਵੀ ਮੁਬਾਰਕ ਦਾ ਹੱਕਦਾਰ ਹੈ।

ਡਾ: ਅਮਰਜੀਤ ਕੌਂਕੇ
ਮੋ: 98142-31698.

ਬਿਨ ਦਸਤਕ
ਸ਼ਾਇਰਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 96.
ਸੰਪਰਕ : 98782-49641.

ਪਰਮਜੀਤ ਪਰਮ ਪੰਜਾਬੀ ਕਾਵਿ ਸਿਰਜਣਾ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਹਸਤਾਖ਼ਰ ਹੈ। 'ਬਿਨ ਦਸਤਕ' ਉਸ ਦੀ ਕਾਵਿ ਸਿਰਜਣਾ ਦੀ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਨੇ 'ਜੁਗਨੂੰਆਂ ਦੇ ਸਹਾਰੇ' ਅਤੇ 'ਅਹਿਸਾਸ ਦੇ ਪਲ' ਕਾਵਿ ਸੰਗ੍ਰਹਿ ਨਾਲ ਪਾਠਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਉਸ ਦੀ ਸ਼ਾਇਰੀ ਦੀ ਵਿਸ਼ੇਸ਼ਤਾ ਇਹ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਉਹ ਰਿਸ਼ਤਿਆਂ ਦੀਆਂ ਤੰਦਾਂ ਦੇ ਸੂਖਮ ਅਹਿਸਾਸ ਨੂੰ ਬੜੇ ਸਹਿਜਮਈ ਢੰਗ ਨਾਲ ਕਾਵਿ ਰੂਪਾਂਤਰਿਤ ਕਰਦੀ ਹੈ ਅਤੇ ਕਿਤੇ ਵੀ ਉਪਭਾਵੁਕਤਾ ਜਿਹੀ ਸਥਿਤੀ ਨਹੀਂ ਸਿਰਜਦੀ। ਉਹ ਲਿਖਦੀ ਹੈ :
ਜਦੋਂ ਤੂੰ ਕੋਲ ਸੀ ਮੇਰੇ ਤਾਂ ਬਹੁਤ ਦੂਰ ਸੀ ਮੈਥੋਂ।
ਹੁਣ ਜਦ ਤੂੰ ਬਹੁਤ ਦੂਰ ਹੈਂ ਤਾਂ ਬਹੁਤ ਕੋਲ ਹੈਂ ਮੇਰੇ।
ਤੇਰੀ ਇੱਛਾ ਸੀ ਜੇ ਤੂੰ ਦਿਨ ਨੂੰ ਰਾਤ ਕਹੇਂ
ਮੈਂ ਵੀ ਰਾਤ ਕਹਾਂ
ਜੇ ਤੂੰ ਰਾਤ ਨੂੰ ਦਿਨ ਕਹੇਂ ਮੈਂ ਵੀ ਦਿਨ ਕਹਾਂ
ਪਰ ਮਨ ਸੀ ਕਿ ਮੰਨਦਾ ਹੀ ਨਹੀਂ ਸੀ।
ਇਸ ਕਾਵਿ ਸੰਗ੍ਰਹਿ ਵਿਚ ਵਿਭਿੰਨ ਰੂਪਾਕਾਰਾਂ ਰਾਹੀਂ ਸਿਰਜਣਾ ਹੋਈ ਭਾਸ਼ਾ ਦੀ ਚੋਣ ਅਤੇ ਸਿਰਜਣਾ ਨੇ ਪਰਮਜੀਤ ਪਰਮ ਦੇ ਕਾਵਿ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਵਿਲੱਖਣਤਾ ਪ੍ਰਦਾਨ ਕੀਤੀ ਹੈ। ਉਦਾਹਰਨ ਲਈ ਹੇਠ ਲਿਖੀ ਕਵਿਤਾ ਨੂੰ ਵਿਚਾਰਿਆ ਜਾ ਸਕਦਾ ਹੈ :
ਸੋਹਣੀ ਸਵੇਰ ਪਿੱਛੋਂ
ਨਿੱਘੀ ਦੁਪਹਿਰ ਆਈ
ਲੈ ਸ਼ਾਮ ਆ ਗਈ ਹੁਣ
ਕੀ ਕੀ ਕਰਾਂ ਮੈਂ ਨਾ ਤੇਰੇ?
ਅਜੇ ਤਾਂ ਰਾਤ ਬਾਕੀ ਹੈ।

ਡਾ: ਜਸਵੀਰ ਸਿੰਘ
ਮੋ: 94170-12430

ਮਾਏਂ ਮੇਰਾ ਦਿਲ ਕੰਬਿਆ
ਕਵੀ : ਸੁਰਜੀਤ ਸੁਮਨ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਕ, ਜਲੰਧਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98144-30874

ਇਸ ਕਾਵਿ-ਸੰਗ੍ਰਹਿ ਵਿਚ ਸੁਰਜੀਤ ਸੁਮਨ ਨੇ ਕੁਝ ਗੀਤਾਤਮਕ ਰਚਨਾਵਾਂ, ਸਿਰਲੇਖ ਸਹਿਤ ਗ਼ਜ਼ਲਾਂ ਅਤੇ ਨਜ਼ਮਾਂ ਸ਼ਾਮਿਲ ਕੀਤੀਆਂ ਹਨ। ਜਦੋਂ ਅਸੀਂ ਉਸ ਦੇ ਗੀਤਾਂ ਦੀਆਂ ਪਰਤਾਂ ਫਰੋਲਦੇ ਹਾਂ ਤਾਂ ਇਨ੍ਹਾਂ ਵਿਚੋਂ ਇਹ ਗੱਲ ਉਭਰਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਕਵੀ ਮਨ ਇਸ ਗੱਲੋਂ ਚਿੰਤਾਗ੍ਰਸਤ ਹੈ ਕਿ ਸਮਾਜ ਦੇ ਹਰੇਕ ਖੇਤਰ ਵਿਚ ਨਿਘਾਰ ਆ ਰਿਹਾ ਹੈ ਅਤੇ ਇਹੀ ਨਿਘਾਰ ਅਤੇ ਕਦਰਾਂ-ਕੀਮਤਾਂ ਦੇ ਗੁਆਚ ਜਾਣ ਦਾ ਹੇਰਵਾ ਉਸ ਦੇ ਗੀਤਾਂ ਦੀ ਸਿਰਜਣ-ਭੂਮੀ ਬਣਦਾ ਹੈ। ਜਿਥੇ ਅਜਿਹੇ ਵਰਤਾਰੇ ਨੇ ਸਮੁੱਚੀ ਮਨੁੱਖਤਾ ਨੂੰ ਇਕ ਫ਼ਿਕਰਮੰਦੀ ਵਾਲਾ ਵਾਤਾਵਾਰਨ ਪ੍ਰਦਾਨ ਕੀਤਾ ਹੈ। ਉਸ ਦੇ ਗੀਤਾਂ ਵਿਚ ਜਿਥੇ ਸਮਾਜ ਕਾਣੀ ਵੰਡ, ਜਾਤ-ਪਾਤ ਦੀ ਲਾਹਨਤ, ਸਾਂਝਾ ਦੇ ਟੁੱਟਣ ਅਤੇ ਇਨਸਾਨ ਦੇ ਸ਼ੈਤਾਨ ਬਣਨ ਦੀ ਗਾਥਾ ਬਿਆਨ ਕੀਤੀ ਗਈ ਹੈ, ਉਥੇ ਨਾਲ ਦੀ ਨਾਲ ਉਸ ਸੋਗੀ ਵਾਤਾਵਰਨ ਨੂੰ ਵੀ ਜ਼ਬਾਨ ਦਿੱਤੀ ਗਈ ਹੈ ਜਿਸ ਸਦਕਾ ਸਮੁੱਚੀ ਲੋਕਾਈ ਦੁੱਖ ਭੋਗ ਰਹੀ ਹੈ, ਜਿਵੇਂ :
ਇਨਸਾਨ ਤੋਂ ਇਨਸਾਨੀਅਤ ਹੀ ਦੂਰ ਹੋ ਗਈ ਦੋਸਤੋ
ਚਹਿਕਦੀ ਸੀ ਚਾਨਣੀ ਜੋ ਦੂਰ ਹੋ ਗਈ ਦੋਸਤੋ।
ਉਸ ਦੀਆਂ ਗ਼ਜ਼ਲਾਂ ਵਿਚ ਵੀ ਸਮਾਜਿਕ ਨਾ-ਬਰਾਬਰੀ, ਨੈਤਿਕ ਕਦਰਾਂ-ਕੀਮਤਾਂ ਦਾ ਖ਼ਤਮ ਹੋ ਜਾਣਾ, ਆਪਣਿਆਂ ਦੇ ਪਰਾਏ ਹੋਣ, ਰਿਸ਼ਵਤਖੋਰੀ ਆਦਿ ਵਰਗੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਉਸ ਦੀਆਂ ਨਜ਼ਮਾਂ ਵਿਚੋਂ ਇਸ ਗੱਲ ਦੀ ਥਹੁ ਲਗਦੀ ਹੈ ਸਮਾਜਿਕ ਨਾਇਨਸਾਫ਼ੀ ਕਿਸੇ ਵੀ ਤਰ੍ਹਾਂ ਕਿਸਮਤ ਦਾ ਖੇਲ ਨਹੀਂ ਹੈ, ਸਗੋਂ ਇਙ ਤਾਂ ਸਾਡੀ ਆਪਣੀ ਆਲਸੀ ਬਿਰਤੀ ਦਾ ਹੀ ਨਤੀਜਾ ਹੈ ਕਿਉਂਕਿ ਅਸੀਂ ਇਸ ਵਰਤਾਰੇ ਦੇ ਖਿਲਾਫ਼ ਆਵਾਜ਼ ਨਹੀਂ ਬੁਲੰਦ ਕਰਦੇ ਕਵੀ ਵੰਗਾਰ ਪੇਸ਼ ਕਰਦਾ ਹੈ :
ਚੱਲ ਆਪਣੀ ਸੋਚ ਨੂੰ
ਸਾਣ੍ਹ 'ਤੇ ਚਾੜ੍ਹ
ਐਵੇਂ ਮੂੰਹ ਵਿਚ ਬੁੜ ਬੁੜ ਨਾ ਕਰਿਆ ਕਰ,
ਕੁਝ ਨਹੀਂ ਹੋਣਾ
ਉੱਠ ਕੇ ਖੜ੍ਹਾ ਹੋ ਜਾ/ਉੱਠ ਤਾਂ ਸਹੀ...???
ਉਸ ਦੀ ਨਜ਼ਮ 'ਖੜੱਪਾ' ਵਿਚ ਸਮਾਜਿਕ ਕੁਹਜ ਦੇ ਸਰਬਪੱਖੀ ਦ੍ਰਿਸ਼ ਨੂੰ ਜ਼ਬਾਨ ਦਿੱਤੀ ਗਈ ਹੈ ਤੇ ਅਜਿਹੇ ਵਰਤਾਰੇ ਪ੍ਰਤੀ ਕਵੀ ਮਨ ਦੀ ਵੇਦਨਾ ਅਤੇ ਵਿਦਰੋਹ ਦੋਵੇਂ ਹੀ ਪ੍ਰਗਟ ਹੋ ਜਾਂਦੇ ਹਨ। 'ਜਸ਼ਨ', 'ਛਲ' ਆਦਿ ਕਵਿਤਾਵਾਂ ਉਨ੍ਹਾਂ ਸ਼ਕਤੀਆਂ ਦੀਆਂ ਗੱਲ ਕਰਦੀਆਂ ਹਨ ਜੋ ਸਮਾਜ ਲਈ ਘਾਤਕ ਸਿੱਧ ਹੋ ਰਹੀਆਂ ਹਨ। 'ਮਾਏਂ ਮੇਰਾ ਦਿਲ ਕੰਬਿਆ' ਵਿਚਲੀਆਂ ਕਵਿਤਾਵਾਂ ਵਿਚ ਵਿਅੰਗ ਅਤੇ ਚੋਭ ਪਾਠਕ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611

ਛਾਂਵੇਂ ਬੈਠੀ ਧੁੱਪ
ਗ਼ਜ਼ਲਕਾਰ : ਥੰਮਣ ਸਿੰਘ ਸੈਣੀ
ਪ੍ਰਕਾਸ਼ਕ : ਪਰੰਪਰਾ ਪਬਲਿਸ਼ਿੰਗ ਹਾਊਸ, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 86
ਸੰਪਰਕ : 90412-14798

ਥੰਮਣ ਸਿੰਘ ਸੈਣੀ ਇਕ ਲੰਬੇ ਅਰਸੇ ਤੋਂ ਕਾਵਿ ਸਿਰਜਣਾ ਕਰ ਰਿਹਾ ਹੈ ਪਰ ਉਸ ਦੀ ਪਲੇਠੀ ਪੁਸਤਕ ਹੁਣ ਸਾਹਮਣੇ ਆਈ ਹੈ। ਉਸ ਦੇ ਇਸ ਨਿਰੋਲ ਗ਼ਜ਼ਲ ਸੰਗ੍ਰਹਿ 'ਛਾਂਵੇਂ ਬੈਠੀ ਧੁੱਪ' ਵਿਚ ਕੁਲ ਸੱਤਰ ਗ਼ਜ਼ਲਾਂ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਨਿੱਜੀ ਮੁਹੱਬਤ ਨੂੰ ਵੀ ਥਾਂ ਦਿੱਤੀ ਗਈ ਹੈ ਪਰ ਇਸ ਦੀ ਨਿਸਬਤ ਲੋਕਾਈ ਦਾ ਦਰਦ ਜ਼ਿਆਦਾ ਮਹਿਸੂਸਿਆ ਜਾ ਸਕਦਾ ਹੈ। ਉਸ ਮੁਤਾਬਿਕ ਦੁਨੀਆ ਵਿਚ ਚੜ੍ਹਦੇ ਸੂਰਜ ਨੂੰ ਹੀ ਸਲਾਮ ਹੁੰਦੀ ਹੈ ਤੇ ਮੁਹੱਬਤ ਵਧੇਰੇ ਕਰਕੇ ਟੁਕੜਿਆਂ ਖ਼ਾਤਿਰ ਨੱਚਦੀ ਦੇਖੀ ਜਾ ਸਕਦੀ ਹੈ। ਉਹ ਕਹਿੰਦਾ ਹੈ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਸੁਪਨਾ ਹੋ ਗਈਆਂ ਹਨ ਤੇ ਅੱਜਕਲ੍ਹ ਸਿਆਸੀ ਰੋਟੀਆਂ ਸੇਕਣ ਦਾ ਦੌਰ ਚਲ ਰਿਹਾ ਹੈ। ਸ਼ਾਇਰ ਆਖਦਾ ਹੈ ਕਿ ਜੇ ਪਿੰਡਾਂ ਸ਼ਹਿਰਾਂ ਵਿਚ ਇਉਂ ਹੀ ਪਾਗ਼ਲ ਹਵਾ ਦਾ ਜ਼ੋਰ ਰਿਹਾ ਤਾਂ ਖੰਡਰਾਂ ਤੋਂ ਇਲਾਵਾ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈ। ਉਹ ਭਾਵੇਂ ਕੌਮੀ ਪੱਧਰ ਦੀਆਂ ਅਣਇੱਛਤ ਖ਼ਬਰਾਂ ਤੋਂ ਮਾਯੂਸ ਹੈ ਪਰ ਪੰਜਾਬ ਦੀ ਹਾਲਤ ਬਾਰੇ ਉਹ ਵਿਸ਼ੇਸ਼ ਤੌਰ 'ਤੇ ਉਦਾਸ ਹੈ। ਆਪਣੇ ਸ਼ਿਅਰਾਂ ਵਿਚ ਸੈਣੀ ਮਨੁੱਖ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਵੀ ਕਰਦਾ ਹੈ ਤੇ ਨੇਤਾਵਾਂ ਦੀ ਅਯਾਸ਼ੀ ਦਾ ਵਰਨਣ ਵੀ। ਥੰਮਣ ਸਿੰਘ ਸੈਣੀ ਦੀਆਂ ਗ਼ਜ਼ਲਾਂ ਦੀ ਸ਼ੈਲੀ ਸਾਦਾ ਹੈ ਤੇ ਇਨ੍ਹਾਂ ਵਿਚ ਸਰਲਤਾ ਹੈ। ਉਸ ਨੂੰ ਗ਼ਜ਼ਲ ਵਰਗੀ ਸਿਨਫ਼ ਨਾਲ ਨਿਆਂ ਕਰਨ ਲਈ ਹੋਰ ਅਹਿਦ ਤੇ ਚੌਕਸੀ ਦਰਕਾਰ ਹੈ। ਨਿਸਚੇ ਹੀ ਇਹ ਪੁਸਤਕ ਉਸ ਨੂੰ ਹੋਰ ਅਗੇਰੇ ਚਲਦੇ ਰਹਿਣ ਲਈ ਉਤਸ਼ਾਹਿਤ ਕਰੇਗੀ।

ਗੁਰਦਿਆਲ ਰੌਸ਼ਨ
ਮੋ: 9988444002

ਤਿੜਕੇ ਚਿਹਰੇ
ਗ਼ਜ਼ਲਕਾਰ : ਸਰਵਨ ਰਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 94789-24245.

ਕੋਈ ਚਾਲੀ ਕੁ ਸਾਲ ਦੀ ਲੰਮੀ ਖਾਮੋਸ਼ੀ ਤੋਂ ਬਾਅਦ 'ਤਿੜਕੇ ਚਿਹਰੇ' ਲੈ ਕੇ ਪੰਜਾਬੀ ਪਿਆਰਿਆਂ ਨਾਲ ਰੂ-ਬਰੂ ਹਨ ਸਰਵਨ ਰਾਹੀ। ਚਿਹਰੇ ਹੀ ਨਹੀਂ ਮਨੁੱਖ ਅੱਜ ਦੇ ਦੁਖਾਂਤਕ ਦੌਰ ਵਿਚ ਪੈਰਾਂ ਤੋਂ ਲੈ ਕੇ ਸਿਰ ਤੱਕ ਤਿੜਕਿਆ ਪਿਆ ਹੈ। ਧਾਰਮਿਕ ਅਤੇ ਰਾਜਸੀ ਸ਼ਕਤੀਆਂ ਮਨੁੱਖ ਨੂੰ ਦਿਨੋ-ਦਿਨ ਬਲਹੀਣ ਕਰੀ ਜਾ ਰਹੀਆਂ ਹਨ। ਮਨੁੱਖ ਦੀ ਇਸ ਨਿਰਬਲਤਾ ਨੂੰ ਸ਼ਕਤੀ ਦਾ ਇੰਜੈਕਸ਼ਨ ਲਾਉਂਦਾ ਸ਼ਿਅਰ ਦੇਖੋ :
ਆਪਾਂ ਅਜ਼ਲਾਂ ਤੋਂ ਲੜਦੇ ਹਨੇਰਿਆਂ ਦੇ ਨਾਲ,
ਸਾਂਝਾਂ ਪਾ ਕੇ ਨਿੱਤ ਸੱਜਰੇ ਸਵੇਰਿਆਂ ਦੇ ਨਾਲ।
ਇਸ ਦੇ ਨਾਲ ਹੀ ਰਾਹੀ ਹੋਰੀਂ ਭੁੱਖਾਂ, ਦੁੱਖਾਂ, ਥੁੜਾਂ, ਲੋੜਾਂ ਦੀ ਗੱਲ ਕਰਦਿਆਂ ਇਸ ਗੱਲੋਂ ਵੀ ਸੁਚੇਤ ਕਰਦੇ ਹਨ ਕਿ ਲੋਟੂ ਜਮਾਤ ਨਾਲ ਸਾਂਝ ਭਿਆਲੀ, ਹਮਦਰਦੀ ਹੀ ਸਾਡੇ ਅਜੋਕੇ ਹਾਲਾਤ ਲਈ ਜ਼ਿੰਮੇਵਾਰ ਹੈ।
ਲੋੜਾਂ ਘਰ ਦੀਆਂ ਰਾਤ ਦਿਨ ਲਹੂ ਪੀਂਦੀਆਂ
ਭੁੱਖਾਂ ਬੈਠੀਆਂ ਨੇ ਲੱਗ ਕੇ ਬਨੇਰਿਆਂ ਦੇ ਨਾਲ
ਉਨ੍ਹਾਂ ਕਿਰਤਾਂ ਦਾ ਸਾਰਾ ਸੂਹਾ ਰੰਗ ਪੀ ਲਿਆ
ਭਾਈਵਾਲੀ ਜਿਨ੍ਹਾਂ ਪਾਲੀ ਏ ਲੁਟੇਰਿਆਂ ਦੇ ਨਾਲ
40 ਸਾਲ ਬਾਅਦ ਜਦੋਂ ਚੁੱਪ ਟੁੱਟਦੀ ਹੈ, ਤਾਂ ਉਹ ਇਕ ਬੜੀ ਦਰਦੀਲੀ ਚੀਕ ਬਣ ਕੇ ਟੁੱਟਦੀ ਹੈ। ਉਸ ਵਿਚ ਜਿਥੇ ਕਹਿਰਾਂ ਦਾ ਦਰਦ ਹੁੰਦਾ ਹੈ, ਉਥੇ ਉਹ ਸੰਘਰਸ਼ ਦਾ ਬਿਗਲ ਵੀ ਹੁੰਦੀ ਹੈ ਅਤੇ ਜਦੋਂ ਸੰਘਰਸ਼ਾਤਮਕ ਬਿਗਲ ਫ਼ਿਜ਼ਾ ਵਿਚ ਗੂੰਜਦਾ ਹੈ ਤਾਂ ਲੋਕ ਵਿਰੋਧੀ ਸ਼ਕਤੀਆਂ ਆਮ ਲੋਕਾਂ ਨਾਲੋਂ ਪਹਿਲਾਂ ਸੁਚੇਤ ਹੋ ਕੇ ਅਤੇ ਸੰਗਠਨਾਤਮਕ ਢੰਗ ਨਾਲ ਲੋਕਾਈ ਦੇ ਸੰਘਰਸ਼ਾਤਮਕ ਬਿਗਲ ਦੀ ਆਵਾਜ਼ ਨੂੰ ਦਬਾਉਣ ਲਈ ਆਪਣੇ ਸਭ ਹਰਬੇ ਵਰਤਦੀਆਂ ਹਨ। ਸ਼ਿਅਰ ਵੇਖੋ :
ਮੈਂ ਤੇ ਲੋਕਾਂ ਨੂੰ ਦੱਸੀ ਸੀ ਦਰਦ ਕਹਾਣੀ ਬਸਤੀ ਦੀ
ਮੇਰੇ ਪਿੱਛੇ ਐਵੇਂ ਪੈ ਗਈ ਗਿਰਝਾਂ ਢਾਣੀ ਬਸਤੀ ਦੀ।
ਪਿਆਰ-ਮੁਹੱਬਤ ਦੀ ਉਸਾਰੀ, ਤਿੜਕੇ ਚਿਹਰਿਆਂ ਦੀ ਨਿਸ਼ਾਨਦੇਹੀ ਕਰਦਿਆਂ, ਅਜੋਕੇ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਅਤੇ ਇਸ ਸਭ ਕੁਝ ਲਈ ਜ਼ਿੰਮੇਵਾਰ ਸ਼ਕਤੀਆਂ 'ਤੇ ਉਂਗਲ ਧਰਦੀ ਸ਼ਾਇਰੀ ਦੀ ਇਸ ਪੁਸਤਕ 'ਤਿੜਕੇ ਚਿਹਰੇ' ਨੂੰ ਜੀ ਆਇਆਂ।

ਰਾਜਿੰਦਰ ਪਰਦੇਸੀ
ਮੋ: 93576-41552.

ਮੋਰ ਉਡਾਰੀ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 191
ਸੰਪਰਕ : 99151-03490.

ਅਟਵਾਲ 'ਮੋਰ ਉਡਾਰੀ' ਦੇ ਪ੍ਰਤੀਕ ਰਾਹੀਂ ਆਪਣੀ ਵੇਦਨਾ, ਸੰਵੇਦਨਾ ਤੇ ਮਾਨਵੀ ਕਦਰਾਂ-ਕੀਮਤਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੋਰ ਬਹੁਤੀ ਉੱਚੀ ਤੇ ਲੰਮੀ ਉਡਾਰੀ ਨਹੀਂ ਭਰਦਾ ਪਰ ਉਡਾਰੀ ਦੌਰਾਨ ਉਹ ਧਰਤੀ ਦੀ ਨਿੱਕੀ ਤੋਂ ਨਿੱਕੀ ਚੀਜ਼ ਤੇ ਉਨ੍ਹਾਂ ਦੇ ਵੇਰਵੇ ਗਹੁ ਨਾਲ ਵਾਚਦਾ ਹੈ। ਨਾਵਲ ਦਾ ਮੁੱਖ ਪਾਤਰ ਅਰਵਿੰਦ ਵੀ ਮੋਰ ਉਡਾਰੀ ਜਿਹਾ ਹੀ ਇਕ ਪਾਤਰ ਹੈ। ਉਹ 20 ਵਰ੍ਹਿਆਂ ਬਾਅਦ ਆਪਣੇ ਪਿਉ ਦੇ ਅਸਤ ਪਾਉਣ ਲਈ ਇੰਡੀਆ ਆਉਂਦਾ ਹੈ। ਉਸ ਦੀ ਇਹ ਫੇਰੀ ਥੋੜ੍ਹਚਿਰੀ ਹੈ। ਪਰ ਉਹ ਇੰਡੀਆ ਦੀ ਬਦਲਦੀ ਨੁਹਾਰ ਦੇਖਣ ਲਈ ਵੀ ਉਤਸਕ ਹੈ। ਉਸ ਨੇ ਆ ਕੇ ਦੇਖਿਆ ਕਿ ਇੰਡੀਆ ਵੀ ਗਲੋਬਲਾਈਜ਼ੇਸ਼ਨ ਜਾਂ ਬਾਜ਼ਾਰਵਾਦ ਦੀ ਗ੍ਰਿਫ਼ਤ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਬਾਜ਼ਾਰਵਾਦ ਕਾਰਨ ਇਥੋਂ ਦੀਆਂ ਆਦਤਾਂ, ਜੀਵਨ-ਸ਼ੈਲੀ, ਆਧੁਨਿਕ ਵਿਚਾਰਧਾਰਾ ਤੇ ਨੈਤਿਕਤਾ ਅਤੇ ਆਦਰਸ਼ਾਂ ਵਿਚ ਜ਼ਬਰਦਸਤ ਤਬਦੀਲੀ ਆਈ ਹੈ। ਜਣਾ-ਖਣਾ ਫੇਸਬੁੱਕ, ਸਮਾਰਟ ਫੋਨ, ਈ.-ਮੇਲ ਦੀ ਵਰਤੋਂ ਕਰਦਾ ਹੈ। ਗੋਪਾਲੇ ਵਰਗਾ ਡਰਾਈਵਰ ਵੀ ਕੰਪਿਊਟਰ ਦੇ ਸਾਰੇ ਵੇਰਵੇ ਜਾਣਦਾ ਹੈ। ਮੰਨਤ ਗਰੇਵਾਲ ਜਿਹੀ ਸੁਆਣੀਆਂ ਕੋਲ ਹੁਣ ਨੈਤਿਕਤਾ ਦੀ ਕੋਈ ਬੰਦਿਸ਼ ਨਹੀਂ ਰਹੀ। ਜੋ ਚੀਜ਼ ਪਤੀ ਤੋਂ ਨਹੀਂ ਮਿਲਦੀ, ਉਹ ਬਾਹਰੋਂ ਲੈਣ ਵਿਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ। ਪ੍ਰੋ: ਮੰਨਤ ਗਰੇਵਾਲ ਜਿਸ ਸਹਿਜਤਾ ਨਾਲ ਇਕ ਦਾਹ ਓਪਰੇ (ਫੇਸਬੁਕ ਪਛਾਣ) ਬੰਦੇ ਅਰਵਿੰਦ ਨਾਲ ਸੈਕਸ ਸਬੰਧ ਬਣਾ ਲੈਂਦੀ ਹੈ ਤੇ ਉਸ ਨੂੰ ਇਸ 'ਤੇ ਭੋਰਾ ਵੀ ਚਿੰਤਾ ਤੇ ਦੋਸ਼ ਭਾਵਨਾ ਮਨ ਵਿਚ ਪੈਦਾ ਨਹੀਂ ਹੁੰਦੀ। ਹਾਰਵੀ ਜਿਹੀਆਂ ਸਕੌਲਰ ਕੁੜੀਆਂ ਵੀ ਇਸੇ ਰਾਹ ਤੁਰਨ 'ਚ ਕੋਈ ਉਚੇਚ ਨਹੀਂ ਕਰਦੀਆਂ। ਜ਼ਮੀਨਾਂ ਦੇ ਭਾਅ ਵਧ ਗਏ ਹਨ। ਕੰਜਿਊਮਰਇਜ਼ਮ (ਭੋਗਵਾਦ) ਪਿੰਡਾਂ ਤੱਕ ਪਹੁੰਚ ਚੁੱਕਿਆ ਹੈ। ਪੰਜਾਬੀਆਂ ਦਾ ਬਾਹਰ ਵੱਲ ਭੱਜਣ ਦਾ ਕਰੇਜ਼, ਖ਼ਾਸ ਕਰ ਕੁੜੀਆਂ ਦਾ, ਹਾਲੇ ਵੀ ਬਰਕਰਾਰ ਹੈ। ਉਹ ਭਾਵੁਕਤਾ ਦਾ ਤਿਆਗ ਕਰਕੇ ਹਰੇਕ ਬੰਦਾ ਹੁਣ ਥੋੜ੍ਹਾ-ਬਹੁਤ ਪ੍ਰੈਕਟੀਕਲ ਬਣਦਾ ਜਾ ਰਿਹਾ ਹੈ। ਅਸਤੀਆਂ ਕੀਰਤਪੁਰ ਪਾਉਣ ਜਾਣਾ ਵੀ ਜ਼ਰੂਰੀ ਨਹੀਂ ਰਿਹਾ (ਅਰਵਿੰਦ ਵਾਸਤੇ)। ਉਹ ਗੋਪਾਲੇ ਰਾਹੀਂ ਇਸ ਨੂੰ ਕਿਸੇ ਵਗਦੀ ਨਹਿਰ ਵਿਚ ਵਹਾ ਦੇਣ 'ਤੇ ਵੀ ਰਾਜ਼ੀ ਹੋ ਜਾਂਦਾ ਹੈ। ਯੂਨੀਵਰਸਿਟੀਆਂ ਵਿਚ ਡਾਇਸਪੋਰਾ ਤੇ ਪ੍ਰਵਾਸ ਬਾਰੇ ਬਹਿਸ ਜ਼ੋਰਾਂ 'ਤੇ ਹੈ। ਇਹ ਨਾਵਲ ਬਾਜ਼ਾਰਵਾਦ ਤੇ ਉਪਭੋਗਤਾਵਾਦ ਦੀ ਮਾਰ ਹੇਠ ਆਏ ਇੰਡੀਆ ਦੀ ਯਥਾਰਥਵਾਦੀ ਤਸਵੀਰ ਪੇਸ਼ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।

ਕੇ. ਐਲ. ਗਰਗ
ਮੋ: 94635-37050

5-9-2015

 ਸਿੱਖੀ ਸੋਚ ਦੇ ਪਹਿਰੇਦਾਰ
ਲੇਖਕ : ਤਰਲੋਚਨ ਸਿੰਘ ਸਾਬਕਾ ਐਮ. ਪੀ.
ਸੰਪਾਦਕ : ਉਜਾਗਰ ਸਿੰਘ
ਪ੍ਰਕਾਸ਼ਕ : ਚੜ੍ਹਦੀ ਕਲਾ ਪਬਲੀਕੇਸ਼ਨ, ਪਟਿਆਲਾ।
ਮੁੱਲ : 150 ਰੁਪਏ, ਸਫ਼ੇ : 160

ਸ: ਤਰਲੋਚਨ ਸਿੰਘ ਇਕ ਸੂਝਵਾਨ, ਗਿਆਨਵਾਨ, ਜਾਗ੍ਰਿਤ, ਜੁਰਅੱਤਮੰਦ ਅਤੇ ਅੰਤਰਰਾਸ਼ਟਰੀ ਸਿੱਖ ਹਨ। ਉਨ੍ਹਾਂ ਨੇ ਲੋਕ ਸੰਪਰਕ ਅਫ਼ਸਰ ਦੇ ਛੋਟੇ ਅਹੁਦੇ ਤੋਂ ਉਠ ਕੇ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਹੋਣ ਤੱਕ ਵੱਡੀਆਂ ਪਦਵੀਆਂ 'ਤੇ ਕੰਮ ਕੀਤਾ ਹੈ। ਉਹ ਪਾਰਲੀਮੈਂਟ ਅਤੇ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੀ ਰਹੇ ਹਨ ਅਤੇ ਭਾਰਤੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ। ਉਨ੍ਹਾਂ ਨੂੰ ਦੁਨੀਆ ਦੇ ਹਰ ਦੇਸ਼ ਅਤੇ ਭਾਰਤ ਦੇ ਹਰ ਪ੍ਰਾਂਤ ਵਿਚ ਸਿੱਖਾਂ ਦੀ ਸਥਿਤੀ ਦਾ ਗਿਆਨ ਹੈ। ਉਹ ਪੰਜਾਬ ਤੇ ਪੰਥ ਦੀ ਹਰ ਸਮੱਸਿਆ ਨਾਲ ਨੇੜਿਉਂ ਜੁੜੇ ਰਹੇ ਹਨ।
ਤਰਲੋਚਨ ਸਿੰਘ ਦੀਆਂ ਦੋ ਪੁਸਤਕਾਂ ਪਹਿਲਾਂ ਛਪ ਚੁੱਕੀਆਂ ਹਨ : ਨੇੜਿਉਂ ਤੱਕਿਆ ਇਤਿਹਾਸ ਤੇ ਸਾਜਨ ਦੇਸ ਵਿਦੇਸਅੜੇ। ਤੀਜੀ ਪੁਸਤਕ 'ਸਿੱਖੀ ਸੋਚ ਦੇ ਪਹਿਰੇਦਾਰ' ਸਾਡੇ ਹੱਥ ਵਿਚ ਹੈ। ਇਸ ਪੁਸਤਕ ਵਿਚ ਲੇਖਕ ਦੇ 36 ਲੇਖ ਸ਼ਾਮਿਲ ਹਨ। ਪੰਜ ਲੇਖ ਪੰਥ ਤੇ ਪੰਜਾਬ ਦੇ ਇਤਿਹਾਸ ਬਾਰੇ, ਛੇ ਲੇਖ ਸਾਕਾ ਨੀਲਾ ਤਾਰਾ ਬਾਰੇ ਅਤੇ ਦੋ ਲੇਖ ਪਾਰਲੀਮੈਂਟ ਵਿਚ ਦਿੱਤੇ ਉਨ੍ਹਾਂ ਦੇ ਭਾਸ਼ਨਾਂ ਬਾਰੇ ਹਨ। ਬਾਕੀ ਲੇਖਾਂ ਵਿਚ ਪੰਜਾਬ ਤੇ ਸਿੱਖ ਕੌਮ ਦੇ ਚਲੰਤ ਮਾਮਲਿਆਂ ਨੂੰ ਵਿਚਾਰ-ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਦੇ ਲੇਖਾਂ ਵਿਚ ਕਈ ਥਾਈਂ ਬੜੀ ਅਦਭੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਵੇਂ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਤੇ ਪਾਰਲੀਮੈਂਟ ਹਾਊਸ ਗੁਰਦੁਆਰਾ ਰਕਾਬਗੰਜ ਦੀ ਜ਼ਮੀਨ ਉਤੇ ਬਣੇ ਹੋਏ ਹਨ।... ਤਿੱਬਤ ਵਿਚ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਦੀ ਪੂਜਾ ਹੁੰਦੀ ਹੈ।... ਬੈਂਕਾਕ ਤਾਂ ਦੂਜਾ ਪੰਜਾਬ ਹੈ ਜਿੱਥੋਂ ਦਾ ਸੱਤ-ਮੰਜ਼ਲਾ ਗੁਰਦੁਆਰਾ ਦੇਖਣਯੋਗ ਹੈ।... ਸਿਡਨੀ (ਅਸਟ੍ਰੇਲੀਆ) ਤੋਂ 200 ਮੀਲ ਦੂਰ ਸਮੁੰਦਰ ਕਿਨਾਰੇ 12 ਪਿੰਡ ਸਿੱਖਾਂ ਦੇ ਹਨ।... ਅਰਜਨਟਾਈਨਾ ਦੀ ਇਕ ਸਟੇਟ ਸਿਆਟਲ ਦੀ ਸਾਰੀ ਖੇਤੀ ਦੇ ਸਿੱਖ ਮਾਲਕ ਹਨ, ਆਦਿ।
ਤਰਲੋਚਨ ਸਿੰਘ ਨੇ ਅਨੰਦ ਮੈਰਿਜ ਐਕਟ ਅਤੇ ਸਿੱਖਾਂ ਨੂੰ ਵੱਖਰੀ ਕੌਮ ਕਰਾਰ ਦੇਣ ਲਈ ਸਾਰਾ ਕੇਸ ਵਿਧੀਵਤ ਢੰਗ ਨਾਲ ਤਿਆਰ ਕਰ ਕੇ ਪਾਰਲੀਮੈਂਟ ਤੱਕ ਪਹੁੰਚਾਇਆ ਪਰ ਕੇਂਦਰ ਪੱਧਰ 'ਤੇ ਇਮਾਨਦਾਰੀ ਦੀ ਘਾਟ ਕਾਰਨ ਇਹ ਦੋਵੇਂ ਕਾਨੂੰਨ ਨਹੀਂ ਬਣ ਸਕੇ। ਉਨ੍ਹਾਂ ਨੇ ਸਾਕਾ ਨੀਲਾ ਤਾਰਾ ਵਿਚ ਇੰਦਰਾ ਗਾਂਧੀ, ਗਿ. ਜ਼ੈਲ ਸਿੰਘ ਤੇ ਮੁੱਖ ਮੰਤਰੀ ਸ: ਦਰਬਾਰਾ ਸਿੰਘ ਦੇ ਰੋਲ ਬਾਰੇ ਕਈ ਨਵੇਂ ਤੱਥ ਉਜਾਗਰ ਕੀਤੇ ਹਨ। ਸਾਕਾ ਨੀਲਾ ਤਾਰਾ ਬਾਰੇ ਭਾਵੇਂ ਕਈ ਪੁਸਤਕਾਂ ਲਿਖੀਆਂ ਗਈਆਂ ਹਨ। ਪਰ ਅਜੇ ਵੀ ਇਸ ਭਿਆਨਕ ਘੱਲੂਘਾਰੇ ਦਾ ਪ੍ਰਮਾਣੀਕ ਤੇ ਵਿਸਥਾਰਿਤ ਇਤਿਹਾਸ ਨਹੀਂ ਲਿਖਿਆ ਗਿਆ। ਤਰਲੋਚਨ ਸਿੰਘ ਇਤਿਹਾਸਕਾਰਾਂ ਨੂੰ ਇਹ ਚੁਣੌਤੀ ਸਵੀਕਾਰ ਕਰਨ ਲਈ ਕਹਿੰਦੇ ਹਨ।
ਤਰਲੋਚਨ ਸਿੰਘ ਨੇ ਪਾਰਲੀਮੈਂਟ ਵਿਚ ਇਹ ਵੀ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ 1857 ਵਿਚ ਨਹੀਂ, ਸਗੋਂ 1849 ਵਿਚ ਲੜੀ ਗਈ ਸੀ ਜਦੋਂ ਅੰਗਰੇਜ਼ਾਂ ਵਿਰੁੱਧ ਸਿੱਖਾਂ ਨੇ ਬਹਾਦਰੀ ਨਾਲ ਦੋ ਜੰਗਾਂ ਲੜੀਆਂ। ਪੰਥ-ਹਿਤੈਸ਼ੀ ਹੋਣ ਕਰ ਕੇ ਉਹ ਸਿੱਖਾਂ ਦੀਆਂ ਕੁਝ ਊਣਤਾਈਆਂ ਉਤੇ ਵੀ ਉਂਗਲ ਧਰਦੇ ਹਨ। ਉਹ ਸਿੱਖ 'ਤਾਲਿਬਾਨ' (ਕੱਟੜ-ਪੰਥੀ ਸਿੱਖਾਂ) ਨੂੰ ਸੰਤੁਲਿਤ ਪਹੁੰਚ ਅਪਣਾਉਣ ਦੀ ਸਲਾਹ ਦਿੰਦੇ ਹਨ। ਜਲਸੇ ਜਲੂਸਾਂ ਵਿਚ ਨੰਗੀਆਂ ਤਲਵਾਰਾਂ ਦਾ ਪ੍ਰਦਰਸ਼ਨ ਪੰਥ ਦੇ ਹਿੱਤ ਵਿਚ ਨਹੀਂ ਹੈ। ਪੁਰਾਤਨ ਇਤਿਹਾਸਕ ਨਾਵਾਂ, ਇਤਿਹਾਸਕ ਵਸਤਾਂ ਅਤੇ ਗੁਰੂ ਨਿਸ਼ਾਨੀਆਂ ਸਿੱਖ ਕੌਮ ਦਾ ਅਮੁੱਲ ਸਰਮਾਇਆ ਹਨ। ਉਨ੍ਹਾਂ ਦੇ ਮੁਕੰਮਲ ਵੇਰਵੇ ਇਕ ਪੁਸਤਕ ਵਿਚ ਦਰਜ ਹੋਣੇ ਚਾਹੀਦੇ ਹਨ। ਸ: ਤਰਲੋਚਨ ਸਿੰਘ ਸਿੱਖ ਨੇਤਾਵਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਸਿੱਖ ਕੌਮ ਦੇ ਮਸਲੇ ਬੜੇ ਗੰਭੀਰ ਹਨ ਜੋ ਆਧੁਨਿਕ ਸੂਝ-ਸਿਆਣਪ ਦੀ ਮੰਗ ਕਰਦੇ ਹਨ। ਤਰਲੋਚਨ ਸਿੰਘ ਵਰਗੇ ਸੂਝਵਾਨ, ਗਿਆਨਵਾਨ ਅਤੇ ਅਮਲੀ ਤੌਰ 'ਤੇ ਕੰਮ ਕਰਨ ਵਾਲੇ ਵਿਅਕਤੀ ਘੱਟ ਹੀ ਮਿਲਦੇ ਹਨ। ਕੌਮ ਨੂੰ ਉਨ੍ਹਾਂ ਦੇ ਵਿਚਾਰਾਂ ਤੇ ਸੁਝਾਵਾਂ ਤੋਂ ਲਾਭ ਉਠਾਉਣਾ ਚਾਹੀਦਾ ਹੈ।

ਨਰਿੰਜਨ ਸਿੰਘ ਸਾਥੀ
ਮੋ: 98155-40968

ਕਾਲੇ ਦਿਨ
1984 ਤੋਂ ਬਾਅਦ ਸਿੱਖ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 192.
ਸੰਪਰਕ : 0161-2461194.

1984 ਅਜੋਕੇ ਸਿੱਖ ਇਤਿਹਾਸ ਦਾ ਕਾਲਾ ਪੰਨਾ ਹੈ। ਸਮੁੱਚੇ ਭਾਰਤੀ ਇਤਿਹਾਸ ਲਈ ਸ਼ਰਮਨਾਕ ਪੰਨਾ। ਇਸ ਵਰ੍ਹੇ ਆਪਣੇ ਹੀ ਆਜ਼ਾਦ ਦੇਸ਼ ਦੀ ਸਰਕਾਰ ਦੇ ਹੁਕਮ ਨਾਲ ਆਪਣੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਬਲੀਦਾਨ ਦੇਣ ਵਾਲੀ ਸਿੱਖ ਕੌਮ ਦੇ ਸਭ ਤੋਂ ਪਾਵਨ ਕੇਂਦਰ ਉੱਤੇ ਭਾਰਤੀ ਫ਼ੌਜ ਨੇ ਹੱਲਾ ਬੋਲ ਕੇ ਵੱਡੀ ਗਿਣਤੀ ਵਿਚ ਨਿਰਦੋਸ਼ਾਂ ਦਾ ਘਾਣ ਕਰਦੇ ਹੋਏ ਇਸ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ। ਇਸ ਦੀ ਵੱਡੀ ਕੀਮਤ ਚੁਕਾਉਂਦੇ ਹੋਏ ਇਸੇ ਵਰ੍ਹੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਆਪਣੀ ਜਾਨ ਗੁਆਉਣੀ ਪਈ। ਉਸ ਉਪਰੰਤ ਦੇਸ਼ ਭਰ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਨੇ ਸਥਿਤੀ ਨੂੰ ਹੋਰ ਵਿਗਾੜਿਆ। ਸਰਕਾਰ ਨੇ ਸਿੱਖਾਂ ਉੱਤੇ ਦਮਨ ਚੱਕਰ ਹੋਰ ਤੇਜ਼ ਕੀਤਾ ਤੇ 1984 ਤੋਂ ਬਾਅਦ ਦੇਰ ਤੱਕ ਸਿੱਖਾਂ ਨੂੰ ਕਾਲੇ ਦਿਨਾਂ ਵਿਚ ਜਿਊਣਾ ਪਿਆ। ਇਹ ਪੁਸਤਕ 1984 ਤੋਂ ਅਗਾਂਹ ਪਿਛਾਂਹ ਪਸਰੇ ਹੋਏ ਕਾਲੇ ਦਿਨਾਂ ਦਾ ਬਿਰਤਾਂਤ ਹੈ ਅਤੇ ਬਿਰਤਾਂਤ ਵੀ ਉਸ ਪ੍ਰੋੜ੍ਹ ਤੇ ਸੁਹਿਰਦ ਪੱਤਰਕਾਰ ਦਾ ਜਿਸ ਨੇ ਇਨ੍ਹਾਂ ਕਾਲੇ ਦਿਨਾਂ ਨੂੰ ਸਭ ਤੋਂ ਵੱਧ ਸਮੇਂ ਲਈ ਸਭ ਤੋਂ ਨੇੜੇ ਹੋ ਕੇ ਵੇਖਿਆ ਹੈ। ਕਾਲੇ ਦਿਨਾਂ ਦੌਰਾਨ ਖਾੜਕੂਆਂ ਅਤੇ ਸੁਰੱਖਿਆ ਫੋਰਸਾਂ ਦੀ ਗੋਲੀ ਨਾਲ ਹਲਾਕ ਹੋਏ ਨਿਰਦੋਸ਼ ਪੰਜਾਬੀਆਂ ਨੂੰ ਸਮਰਪਿਤ ਹਰਬੀਰ ਸਿੰਘ ਭੰਵਰ ਦੀ ਡਾਇਰੀ ਦੇ ਪੰਨੇ (ਬਲਿਊ ਸਟਾਰ) ਤੋਂ ਬਾਅਦ ਇਹ ਦੂਜੀ ਕਿਤਾਬ ਹੈ, ਜੋ ਇਤਿਹਾਸਕ ਦਸਤਾਵੇਜ਼ ਦਾ ਦਰਜਾ ਰੱਖਦੀ ਹੈ। 1985 ਵਿਚ ਪ੍ਰਕਾਸ਼ਿਤ ਹੋਈ ਉਸ ਦੀ ਪਹਿਲੀ ਕਿਤਾਬ ਦੀਆਂ ਸਭ ਐਡੀਸ਼ਨਾਂ ਛਪ ਚੁੱਕੀਆਂ ਹਨ। ਉਸ ਦੇ ਅੰਗਰੇਜ਼ੀ, ਹਿੰਦੀ ਤੇ ਬੰਗਲਾ ਅਨੁਵਾਦ ਤੱਕ ਹੋਏ ਹਨ। ਹਥਲੀ ਪੁਸਤਕ ਵਿਚ ਪੰਜਾਬ ਸੰਕਟ ਦੌਰਾਨ ਸਮੇਂ-ਸਮੇਂ ਪੱਤਰ/ਪੱਤ੍ਰਿਕਾਵਾਂ ਲਈ ਲਿਖੇ ਗਏ ਹਰਬੀਰ ਸਿੰਘ ਭੰਵਰ ਦੇ ਚੋਣਵੇਂ ਲੇਖ ਹਨ। ਇਸ ਤੋਂ ਇਲਾਵਾ ਇਸ ਘਟਨਾ ਨਾਲ ਜੁੜੇ ਕੁਝ ਮਹੱਤਵਪੂਰਨ ਦਸਤਾਵੇਜ਼ ਹਨ। ਇਨ੍ਹਾਂ ਵਿਚ ਬਲਿਊ ਸਟਾਰ ਬਾਰੇ ਪ੍ਰਧਾਨ ਮੰਤਰੀ ਵਾਜਪਾਈ ਦਾ ਪਾਰਲੀਮੈਂਟ ਵਿਚ ਕੀਤਾ ਭਾਸ਼ਣ, ਭਾਰਤ ਸਰਕਾਰ ਦੇ ਵਾਈਟ ਪੇਪਰ ਵਿਚ ਨਜ਼ਰਅੰਦਾਜ਼ ਹੋਏ ਬੱਤੀ ਨੁਕਤੇ, ਹਿੰਦੂ ਰਾਸ਼ਟਰੀ ਸੰਘ ਦਾ ਪੰਜਾਬ ਸਮੱਸਿਆ ਬਾਰੇ ਨਜ਼ਰੀਆ, ਸਰਬੱਤ ਖਾਲਸਾ ਤੇ ਸਰਬ ਸੰਸਾਰ ਸਿੱਖ ਸੰਮੇਲਨਾਂ ਦੇ ਮਤੇ, ਰਾਜੀਵ-ਲੌਂਗੋਵਾਲ ਸਮਝੌਤਾ ਤੇ ਅਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਪ੍ਰਮੁੱਖ ਹਨ।

ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਦੁਮੇਲ
ਕਵੀ : ਧਰਮ ਕੰਮੇਆਣਾ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 125 ਰੁਪਏ, ਸਫ਼ੇ : 112.
ਸੰਪਰਕ : 98760-62329.

ਧਰਮ ਕੰਮੇਆਣਾ ਪੰਜਾਬੀ ਸਾਹਿਤ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਇਸ ਸੰਗ੍ਰਹਿ ਵਿਚ ਲੇਖਕ ਆਪਣੇ ਪੂਰਵ-ਸਥਾਪਿਤ ਬਿੰਬ ਨੂੰ ਹੋਰ ਪਕੇਰਾ ਕਰਦਾ ਹੈ। 'ਦੁਮੇਲ' ਵਿਚਲੀਆਂ ਕਵਿਤਾਵਾਂ ਉਤਰ-ਆਧੁਨਿਕ ਜੀਵਨ ਤੇ ਬਦਲਦੇ ਸਮਾਜਿਕ, ਸੱਭਿਆਚਾਰਕ ਵਰਤਾਰੇ ਨਾਲ ਸਬੰਧਤ ਹਨ। ਕਵੀ ਬਦਲਦੇ ਪ੍ਰਤਿਮਾਨਾਂ, ਕਦਰਾਂ-ਕੀਮਤਾਂ ਤੇ ਆਪਣੀ ਸੁਚੇਤ ਦ੍ਰਿਸ਼ਟੀ ਰੱਖਦਾ ਹੈ। ਇਸ ਲਈ ਉਸ ਦੀ ਕਵਿਤਾ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਘਟਨਾਵਾਂ/ ਸਥਿਤੀਆਂ ਨੂੰ ਵੇਖਦੀਆਂ-ਪਰਖਦੀਆਂ ਹਨ।
ਆਧੁਨਿਕ ਜੀਵਨ ਦਾ ਦੰਭ ਇਨ੍ਹਾਂ ਕਵਿਤਾਵਾਂ ਵਿਚ ਥਾਂ-ਥਾਂ 'ਤੇ ਰੂਪਮਾਨ ਹੁੰਦਾ ਹੈ
ਮਨੁੱਖਤਾ ਦਾ ਸਫ਼ਰ
ਨੇਰ੍ਹੀਆਂ ਕੁੰਦਰਾਂ 'ਚੋਂ ਨਿਕਲ ਕੇ
ਏਅਰ ਕੰਡੀਸ਼ਨਡ ਕਮਰਿਆਂ ਤੱਕ
ਪਹੁੰਚ ਗਿਆ
ਤੁਸੀਂ ਮੁੜ-ਮੁੜ ਕੇ
ਕਿਹੜੇ ਸੱਭਿਆਚਾਰ ਨੂੰ ਜੀਣ ਦੀ
ਗੱਲ ਕਰਦੇ ਹੋ
ਕੁਝ ਕਵਿਤਾਵਾਂ ਵਿਚ ਲੇਖਕ ਜੀਵਨ ਹਾਂ-ਪੱਖੀ ਕਦਰਾਂ-ਕੀਮਤਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਉਹ ਜੀਵਨ ਦੇ ਮੋਹ-ਮੁਹੱਬਤ ਵਿਚ ਆਪਣੀ ਆਸਥਾ ਪ੍ਰਗਟ ਕਰਦਾ ਹੈ।
ਨਿੱਕੀਆਂ ਨਿੱਕੀਆਂ
ਮੋਹ ਦੀਆਂ ਤੰਦਾਂ
ਏਨੀਆਂ ਪੱਕੀਆਂ
ਕਿ ਸੌਆਂ ਹਾਥੀਆਂ ਦਾ ਜ਼ੋਰ
ਵੀ ਸਕਦਾ ਨਾ ਤੋੜ...
ਇਸ ਸੰਗ੍ਰਹਿ ਵਿਚ ਲੇਖਕ ਦੀਆਂ ਕੁਝ ਗ਼ਜ਼ਲਾਂ ਵੀ ਸ਼ਾਮਿਲ ਹਨ। ਇਨ੍ਹਾਂ ਗ਼ਜ਼ਲਾਂ ਵਿਚ ਲੇਖਕ ਦੀ ਸ਼ੈਲੀ ਵਧੇਰੇ ਕਟਾਕਸ਼ ਭਰਪੂਰ ਹੈ
ਕੁਰਸੀ ਬਣੇ ਹੋਏ ਬਿਰਖ ਨੇ ਲੰਬਾ ਹਉਕਾ ਭਰਿਆ
ਚਹਿਚਿਹਾਉਂਦੇ ਪੰਛੀਆਂ ਨੂੰ ਯਾਦ ਜਦੋਂ ਉਸ ਕਰਿਆ...
ਸਮੁੱਚੇ ਰੂਪ ਵਿਚ ਧਰਮ ਕੰਮੇਆਣਾ ਪੰਜਾਬੀ ਕਾਵਿ ਖੇਤਰ ਦਾ ਸਮਰੱਥ ਸ਼ਾਇਰ ਹੈ। ਉਸ ਕੋਲ ਆਪਣੀ ਗੱਲ ਕਹਿਣ ਲਈ ਇਕ ਵਿਸ਼ੇਸ਼ ਦ੍ਰਿਸ਼ਟੀ ਹੈ।

ਡਾ: ਅਮਰਜੀਤ ਕੌਂਕੇ
ਮੋ: 98142-31698.

ਭੁੱਲ ਨਾ ਜਾਣਾ... ਕਾਮਰੇਡ
ਮੂਲ ਲੇਖਕ : ਨਿਰੰਜਨ
ਅਨੁਵਾਦਕ : ਬਲਜਿੰਦਰ ਕੋਟਭਾਰਾ ਅਤੇ ਅਮਨਦੀਪ ਹਾਂਸ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 184.
ਸੰਪਰਕ : 96536-12211.

ਇਹ ਨਾਵਲ ਕੇਰਲ ਦੇ ਇਕ ਪਿੰਡ ਕਯੂਰ ਦੇ ਕਿਸਾਨਾਂ ਦੇ ਇਨਕਲਾਬ ਦੀ ਕਥਾ ਬਿਆਨ ਕਰਦਾ ਹੈ ਜੋ ਅੰਗਰੇਜ਼ੀ ਰਾਜ ਵਿਚ ਪ੍ਰਚੱਲਿਤ ਜ਼ਿਮੀਂਦਾਰਾ ਪ੍ਰਣਾਲੀ ਜਾਂ ਜ਼ਮੀਨ ਵੰਡ ਪ੍ਰਣਾਲੀ ਦੇ ਖਿਲਾਫ਼ ਵਿਦਰੋਹ ਕਰਦੇ ਹਨ। ਜ਼ਿਮੀਂਦਾਰਾ ਪ੍ਰਣਾਲੀ ਦੇ ਰਾਖੇ ਨੰਬਿਆਰ ਤੇ ਨੰਬੂਦਰੀ ਜ਼ਿਮੀਂਦਾਰ ਹਨ, ਜੋ ਜ਼ੁਲਮ ਅਤੇ ਤਸ਼ੱਦਦ ਦਾ ਪ੍ਰਤੀਕ ਬਣ ਕੇ ਨਾਵਲ ਵਿਚ ਉੱਭਰਦੇ ਹਨ। ਕਿਸਾਨ ਗ਼ਰੀਬੀ ਅਤੇ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ ਹਨ। ਭਾਰੀ ਵਿਆਜ ਦੇਣ ਦੇ ਬਾਵਜੂਦ ਕਰਜ਼ੇ ਦਾ ਦੈਂਤ ਉਨ੍ਹਾਂ ਦੇ ਸਿਰ ਤੋਂ ਗੁਲਾਮੀ ਦਾ ਜੂਲਾ ਸਿਰੋਂ ਲਹਿਣ ਨਹੀਂ ਦਿੰਦਾ। ਚਿਰੂਕੰਡਨ ਤੇ ਕੰਨਨ ਤਰ੍ਹਾਂ ਦੀ ਜ਼ਮੀਨ ਕੁਰਕ ਵੀ ਕਰ ਲਈ ਜਾਂਦੀ ਹੈ। ਨਾਵਲ ਵਿਚਲੇ ਮਾਸਟਰ ਤੇ ਮੋਟੇ ਦੋ ਕਿਰਦਾਰ ਕਿਸਾਨਾਂ ਨੂੰ ਸਿੱਖਿਅਤ ਕਰਨ ਤੇ ਜਥੇਬੰਦ ਕਰਨ ਲਈ ਕਈ ਉਪਰਾਲੇ ਕਰਦੇ ਦਿਖਾਏ ਗਏ ਹਨ। ਨੰਬਿਆਰ ਜ਼ਿਮੀਂਦਾਰ ਕਿਰਸਾਨਾਂ ਨੂੰ ਧਮਕਾਉਣ, ਆਪਣੀ ਹੈਂਕੜ ਕਾਇਮ ਰੱਖਣ ਲਈ ਅਤੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਦੀ ਸਹਾਇਤਾ ਵੀ ਲੈਂਦਾ ਹੈ। ਜਲੂਸ ਦੌਰਾਨ ਸਰਕਾਰ ਦੇ ਇਕ ਸਿਪਾਹੀ ਨਾਲ ਝਗੜਾ ਹੋ ਜਾਣ ਦੀ ਸਥਿਤੀ ਵਿਚ ਸਿਪਾਹੀ ਨਦੀ ਵਿਚ ਡਿਗ ਕੇ ਮਾਰਿਆ ਜਾਂਦਾ ਹੈ। ਇਸ 'ਤੇ ਪਿੰਡ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਪੁਲਿਸ ਰੋਹ ਅਤੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬਹੁਤ ਸਾਰੇ ਲੋਕ ਗ੍ਰਿਫ਼ਤਾਰ ਕੀਤੇ ਜਾਂਦੇ ਹਨ। ਕਈਆਂ ਨੂੰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਚਾਰ ਨੌਜਵਾਨਾਂ ਘੱਪੂ, ਚਿਰੂਕੰਡਨ, ਰੁਨਹਾਮਬ ਅਤੇ ਅਗੁਬਕਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। 29 ਮਾਰਚ, 1943 ਨੂੰ ਉਨ੍ਹਾਂ ਨੂੰ ਫਾਂਸੀ ਚਾੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਯਾਦ ਵਿਚ ਸਮਾਰਕ ਬਣਾਇਆ ਜਾਂਦਾ ਹੈ ਤੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਬੇਹੱਦ ਸਨਮਾਨ ਤੇ ਸਤਿਕਾਰ ਹੈ।

ਕੇ. ਐਲ. ਗਰਗ
ਮੋ: 94635-37050

ਗੁਰਦਿਆਲ ਰੌਸ਼ਨ ਦੀ ਕਾਵਿ-ਰਚਨਾ
ਲੇਖਿਕਾ : ਸਤਿੰਦਰਜੀਤ ਰਾਏ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 64.
ਸੰਪਰਕ : 81959-81800.

ਜਨਾਬ ਗੁਰਦਿਆਲ ਰੌਸ਼ਨ ਪੰਜਾਬੀ ਦੀ ਪ੍ਰਗੀਤਕ ਸ਼ਾਇਰੀ ਵਿਚ ਇਕ ਉੱਘੜਵਾਂ ਹਸਤਾਖ਼ਰ ਹੈ ਅਤੇ ਗ਼ਜ਼ਲ-ਕਾਵਿ ਦੇ ਖੇਤਰ ਵਿਚ ਤਾਂ ਉਹ ਇਕ ਉਸਤਾਦ ਕਵੀ ਦੀ ਹੈਸੀਅਤ ਰੱਖਦਾ ਹੈ। ਉਸ ਦਾ ਸਬੰਧ 'ਦੀਪਕ ਗ਼ਜ਼ਲ ਸਕੂਲ' ਨਾਲ ਹੈ। ਹਥਲੀ ਪੁਸਤਕ ਇਕ ਛੋਟਾ ਜਿਹਾ ਮੋਨੋਗ੍ਰਾਫ਼ ਹੈ। ਮੈਂ ਚਾਹੁੰਦਾ ਸਾਂ ਕਿ ਰੌਸ਼ਨ ਸਾਹਿਬ ਦੀ ਸ਼ਾਇਰੀ ਬਾਰੇ ਵਧੇਰੇ ਵਿਸਥਾਰ ਨਾਲ ਲਿਖਿਆ ਜਾਂਦਾ। ਲੇਖਿਕਾ ਨੇ ਇਸ ਪੁਸਤਕ ਵਿਚਲੀ ਸਮੱਗਰੀ ਨੂੰ ਚਾਰ ਉਪਭਾਗਾਂ ਵਿਚ ਵਿਭਾਜਿਤ ਕੀਤਾ ਹੈ : 1. ਕਵਿਤਾ ਦਾ ਸਿਧਾਂਤਿਕ ਪਰਿਪੇਖ, 2. ਗੁਰਦਿਆਲ ਰੌਸ਼ਨ ਦੀਆਂ ਗ਼ਜ਼ਲਾਂ ਦਾ ਥੀਮਿਕ ਅਤੇ ਕਲਾ ਪੱਖ, 3. ਗੁਰਦਿਆਲ ਰੌਸ਼ਨ ਦੇ ਗੀਤਾਂ ਦਾ ਥੀਮਿਕ ਅਤੇ ਕਲਾ ਪੱਖ, 4. ਰੌਸ਼ਨ ਨਾਲ ਇਕ ਮੁਲਾਕਾਤ। ਪਹਿਲਾ ਚੈਪਟਰ ਕੁਝ ਅਪ੍ਰਾਸੰਗਿਕ ਪ੍ਰਤੀਤ ਹੁੰਦਾ ਹੈ। ਇਸ ਚੈਪਟਰ ਦੀ ਥਾਂ ਜੇ 'ਪੰਜਾਬੀ ਪ੍ਰਗੀਤ ਕਾਵਿ ਦਾ ਸਿਧਾਂਤਿਕ ਅਤੇ ਇਤਿਹਾਸਕ ਪਰਿਪੇਖ' ਉਸਾਰ ਲਿਆ ਜਾਂਦਾ ਤਾਂ ਇਸ ਮੋਨੋਗ੍ਰਾਫ਼ ਦਾ ਮਹੱਤਵ ਹੋਰ ਵੀ ਵੱਧ ਜਾਣਾ ਸੀ, ਪ੍ਰੰਤੂ ਅਧਿਐਨਕਰਤਾ ਦੀਆਂ ਕੁਝ ਆਪਣੀਆਂ ਸੀਮਾਵਾਂ ਅਤੇ ਮਜਬੂਰੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮੁਲਾਕਾਤ ਨਾਲ ਸਬੰਧਤ ਅਧਿਆਇ ਤੋਂ ਪਤਾ ਚਲਦਾ ਹੈ ਕਿ ਰੌਸ਼ਨ ਸਾਹਿਬ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਲੜੋਆ ਵਿਚ ਰਹਿਣ ਵਾਲੇ ਇਕ ਕਥਿਤ ਦਲਿਤ ਪਰਿਵਾਰ ਵਿਚ ਹੋਇਆ ਸੀ। ਉਸ ਨੇ 1976 ਈ. ਵਿਚ ਆਕਾਸ਼ਵਾਣੀ ਜਲੰਧਰ ਉੱਪਰ ਆਪਣੀ ਕਵਿਤਾ ਪੇਸ਼ ਕੀਤੀ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਗ਼ਜ਼ਲ ਵੱਲ ਉਸ ਦਾ ਝੁਕਾਅ ਸ: ਸਾਧੂ ਸਿੰਘ ਹਮਦਰਦ ਦੀ 'ਅਜੀਤ' ਵਿਚ ਛਪਣ ਵਾਲੀ 'ਗ਼ਜ਼ਲ ਫੁਲਵਾੜੀ' ਤੋਂ ਹੋਇਆ। ਡਾ: ਹਮਦਰਦ, ਦੀਪਕ ਸਾਹਿਬ ਅਤੇ ਉਲਫ਼ਤ ਬਾਜਵਾ ਉਸ ਦੇ ਪ੍ਰੇਰਨਾ-ਸਰੋਤ ਰਹੇ। ਗੁਰਦਿਆਲ ਰੌਸ਼ਨ ਦੇ 11 ਗ਼ਜ਼ਲ ਸੰਗ੍ਰਹਿ ਅਤੇ 5 ਗੀਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਗਿਣਾਤਮਕ ਅਤੇ ਗੁਣਾਤਮਕ ਦ੍ਰਿਸ਼ਟੀ ਤੋਂ ਉਸ ਦੀਆਂ ਉਪਲਬੱਧੀਆਂ ਮਾਣਯੋਗ ਹਨ। ਆਕਾਰ ਵਿਚ ਛੋਟੀ ਹੋਣ ਦੇ ਬਾਵਜੂਦ ਇਹ ਪੁਸਤਕ ਸਿਦਕਦਿਲੀ ਦੇ ਪੱਖੋਂ ਕਾਫੀ ਭਾਰੀ-ਗੌਰੀ ਹੈ। ਮੈਂ ਲੇਖਿਕਾ ਦੇ ਉੱਦਮ ਦੀ ਪ੍ਰਸੰਸਾ ਕਰਦਾ ਹਾਂ।

ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਾਡੀਆਂ ਗੱਲਾਂ ਸਾਡੇ ਲੋਕ
ਲੇਖਕ : ਜਗਦੇਵ ਕਲਸੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128.
ਸੰਪਰਕ : 94171-50031.

ਹਥਲੀ ਪੁਸਤਕ ਵਿਚ ਹੱਡਬੀਤੀ ਤੇ ਜਗਬੀਤੀ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ। ਲਗਪਗ 68 ਵਿਸ਼ੇ ਹਨ, ਜੋ ਸਮਾਜ ਦੀ ਤਸਵੀਰ ਨੂੰ ਸਾਡੇ ਸਾਹਮਣੇ ਰੱਖਦੇ ਹਨ ਜਿਵੇਂ 'ਜਿਹੜੇ ਕਹਿੰਦੇ ਮਰਨ ਦੀ ਵਿਹਲ ਨਹੀਂ, ਤਪੋਂ ਰਾਜ-ਰਾਜੋਂ ਨਰਕ, ਸਾਮਰਾਜੀ ਵਿਗਾੜ, ਨੀਤੀਆਂ ਵਿਸ਼ਵ ਵਪਾਰ ਦੀਆਂ, ਅੰਧਵਿਸ਼ਵਾਸ, ਜਾਤ-ਪਾਤ ਤੇ ਛੂਤ-ਛਾਤ ਦਾ ਕੋਹੜ, ਭਰੂਣ ਹੱਤਿਆ, ਕਿੱਥੇ ਖੜ੍ਹੀ ਹੈ ਸਾਡੀ ਮਾਨਸਿਕਤਾ ਵਿਚ ਲੇਖਕ ਨੇ ਵਿਅੰਗਮਈ ਢੰਗ ਨਾਲ ਸਮਾਜਿਕ ਬੁਰਾਈਆਂ ਨੂੰ ਨੰਗਾ ਕੀਤਾ ਹੈ। 'ਕੀ ਹੈ ਸਾਡੀ ਜ਼ਿੰਮੇਵਾਰੀ' ਵਿਚ ਇਕ ਕਲਰਕ ਦੀ ਬਦਨੀਤੀ ਤੇ ਲੁੱਟ-ਖਸੁੱਟ ਨੂੰ ਉਭਾਰਿਆ ਹੈ ਅਤੇ 'ਠੱਗੀ ਦਾ ਇਕ ਇਹ ਵੀ ਢੰਗ' ਅਜੋਕੇ ਠੱਗਾਂ ਦੇ ਪਾਜ ਖੋਲ੍ਹਦਾ ਲੇਖ ਹੈ। ਕੁਝ ਲੇਖ ਗੁਰਬਾਣੀ ਦੇ ਕਥਾਕਾਰਾਂ ਉੱਤੇ ਵਿਅੰਗ ਹਨ ਜੋ ਜਨਤਾ ਨੂੰ ਗੁੰਮਰਾਹ ਕਰਦੇ ਹਨ, ਇਸੇ ਤਰ੍ਹਾਂ ਸਵੈ-ਰੁਜ਼ਗਾਰ, ਨਸ਼ਾ, ਅੰਧਵਿਸ਼ਵਾਸ ਦਾ ਦਹਿਸ਼ਤਵਾਦ, ਰੈਗਿੰਗ, ਔਰਤ ਦੀ ਹੋਣੀ, ਨੂੰਹਾਂ ਨੂੰ ਮਾਰਨਾ, ਪੈਸੇ ਦੀ ਦੌੜ ਅਤੇ ਕੰਡੇ ਤਾਂ ਚੁਗਣੇ ਹੀ ਪੈਣਗੇ ਆਦਿ ਵਿਸ਼ਿਆਂ ਨੂੰ ਸਮਾਜਿਕ ਸੰਦਰਭ ਵਿਚ ਵਿਅੰਗਮਈ ਤਰੀਕੇ ਨਾਲ ਪੇਸ਼ ਕੀਤਾ ਹੈ।
ਲੇਖਕ ਇਕ ਪੱਤਰਕਾਰ ਹੋਣ ਦੇ ਨਾਤੇ ਨਿਡਰਤਾ, ਬੇਬਾਕੀ ਤੇ ਧੜੱਲੇਦਾਰ ਸ਼ੈਲੀ ਉਸ ਦੀ ਰਚਨਾ ਦੀ ਵਿਲੱਖਣਤਾ ਹੈ ਅਤੇ ਸਮਾਜਿਕ ਕੁਰੀਤੀਆਂ ਨਾਲ ਸਬੰਧਤ ਰਾਜਸੀ, ਧਾਰਮਿਕ ਆਗੂਆਂ ਉਤੇ ਟਕੋਰਾਂ ਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਲੇਖਕ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

30-8-2015

 ਭਾਰਤੀ ਦਰਸ਼ਨ ਦੀ ਰੂਪ-ਰੇਖਾ
ਲੇਖਕ : ਐਮ. ਹਿਰਿਆਨਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ।
ਮੁੱਲ : 200 ਰੁਪਏ, ਸਫ਼ੇ : 430
ਸੰਪਰਕ : 0172-5077427.

'ਭਾਰਤੀ ਦਰਸ਼ਨ ਦੀ ਰੂਪ-ਰੇਖਾ' ਐਮ. ਹਿਰਿਆਨਾ ਦੀ ਅੰਗਰੇਜ਼ੀ ਪੁਸਤਕ 'Outlines of Indian Philosophy' ਦਾ ਪੰਜਾਬੀ ਉਲੱਥਾ ਹੈ, ਜਿਸ ਨੂੰ ਸ: ਪ੍ਰਭਕੀਰਤਨ ਸਿੰਘ ਨੇ ਬਹੁਤ ਹੀ ਮਿਹਨਤ ਅਤੇ ਸੁਚੱਜੇ ਤੇ ਸਰਲ ਰੂਪ ਵਿਚ ਸਿਰੇ ਚਾੜ੍ਹਿਆ ਹੈ। ਇਸ ਪੁਸਤਕ ਵਿਚ ਐਮ. ਹਿਰਿਆਨਾ ਵੱਲੋਂ ਸਮੇਂ-ਸਮੇਂ ਮੈਸੂਰ ਯੂਨੀਵਰਸਿਟੀ ਵਿਚ ਭਾਰਤੀ ਦਰਸ਼ਨ 'ਤੇ ਦਿੱਤੇ ਭਾਸ਼ਣਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਭਾਵੇਂ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ ਪਰ ਭਾਰਤੀ ਦਰਸ਼ਨ ਦੇ ਜਗਿਆਸੂ ਪਾਠਕਾਂ ਵੱਲੋਂ ਵੀ ਇਸ ਨੂੰ ਵਿਚਾਰਿਆ ਤੇ ਪੜ੍ਹਿਆ ਜਾ ਸਕਦਾ ਹੈ।
ਇਸ ਪੁਸਤਕ ਵਿਚ ਭਾਰਤੀ ਦਰਸ਼ਨ ਦੇ ਵੇਰਵੇ ਹੀ ਸ਼ਾਮਿਲ ਨਹੀਂ ਕੀਤੇ ਗਏ, ਸਗੋਂ ਵਿਆਖਿਆ ਅਤੇ ਆਲੋਚਨਾ ਨੂੰ ਵੀ ਥਾਂ ਦਿੱਤੀ ਗਈ ਹੈ। ਪਹਿਲਾਂ ਭਾਰਤੀ ਚਿੰਤਨ ਦੀਆਂ ਵਿਸ਼ੇਸ਼ਤਾਈਆਂ ਦੱਸੀਆਂ ਗਈਆਂ ਹਨ ਤੇ ਅਗਾਂਹ ਭਾਰਤੀ ਚਿੰਤਨ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਵੈਦਿਕ ਕਾਲ, ਉੱਤਰ-ਵੈਦਿਕ ਕਾਲ ਅਤੇ ਮਤਾਂ ਬਾਰੇ ਵਿਆਖਿਆ ਦਰਜ ਕੀਤੀ ਗਈ ਹੈ। ਹਰੇਕ ਚਿੰਤਨ ਦੇ ਮਨੋਵਿਗਿਆਨਕ ਅਤੇ ਤਾਰਕਿਕ ਪੱਖ ਨੂੰ ਵੀ ਉਘਾੜਿਆ ਗਿਆ ਹੈ। ਵੈਦਿਕ ਕਾਲ ਦੇ ਵੇਰਵਿਆਂ ਵੇਲੇ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਦੀ ਵੀ ਲੋੜ ਸੀ ਪਰ ਉਨ੍ਹਾਂ ਦੇ ਅਰਥ ਬਰੈਕਟਾਂ ਵਿਚ ਦੇ ਕੇ ਪਾਠਕ ਲਈ ਸੌਖਾ ਕਰ ਦਿੱਤਾ ਗਿਆ ਹੈ।
ਭਾਰਤੀ ਦਰਸ਼ਨ ਤੇ ਚਿੰਤਨ ਦਾ ਸਮਾਂ ਤੀਹ ਸਦੀਆਂ ਤੱਕ ਫੈਲਿਆ ਹੋਇਆ ਹੈ। ਇਹ ਈਸਾ ਤੋਂ ਵੀ ਪੰਦਰਾਂ ਸਦੀਆਂ ਪਹਿਲਾਂ ਦੇ ਬਿਰਤਾਂਤ ਪੇਸ਼ ਕਰਦਾ ਹੈ। ਬੁੱਧ ਮੱਧ ਬਾਰੇ ਜੋ ਨਜ਼ਰੀਆ ਇਸ ਪੁਸਤਕ ਵਿਚ ਦਰਜ ਹੈ, ਉਹ ਇਸ ਨੂੰ ਸੂੰਨਵਾਦੀ ਮੰਨਣ ਦਾ ਹੈ। ਪਰ ਕੁਝ ਵਿਦਵਾਨ ਇਸ ਨੂੰ ਯਥਾਰਥ ਦਾ ਪਾਜ਼ੇਟਿਵ ਚਿੱਤਰਨ ਮੰਨਦੇ ਹਨ। ਵੇਦਾਂਤ ਦੇ ਵੀ ਦੋ ਪੱਖ ਲਏ ਗਏ ਹਨ, ਇਕ ਹੈ ਸ਼ੰਕਰ ਦੇ ਅਦਵੈਦਵਾਦ ਦੀ ਜੋ ਕਿ ਵੇਦਾਂਤਕ ਬ੍ਰਹਮਵਾਦ ਕਹਾਉਂਦਾ ਹੈ ਅਤੇ ਦੂਸਰੀ ਰਾਮਾਨੁਜ ਦੇ ਵਿਸ਼ਿਸ਼ਟ ਅਦਵੈਦ ਦੀ ਜੋ ਵੇਦਾਂਤ ਈਸ਼ਵਰਵਾਦ ਹੈ। ਬਹੁਤ ਪੁਰਾਤਨ ਚਿੰਤਨ ਹੋਣ ਕਰਕੇ ਇਸ ਦੀ ਪੁਸ਼ਟੀ ਲਈ ਨਾਂਅ, ਥਾਂ ਤੇ ਗਵਾਹੀਆਂ ਕਈ ਵਾਰ ਇਤਿਹਾਸ 'ਚੋਂ ਵੀ ਉਪਲਬਧ ਨਹੀਂ ਹੁੰਦੀਆਂ। ਵਿਅਕਤੀਆਂ ਦੇ ਵੇਰਵਿਆਂ ਬਾਰੇ ਵੀ ਇਤਿਹਾਸ ਚੁੱਪ ਹੈ। ਕਈ ਵਾਰੀ ਵਿਅਕਤੀ ਵਿਸ਼ੇਸ਼ ਆਪਣੇ ਬਾਰੇ ਕੋਈ ਜਾਣਕਾਰੀ ਦੇਣ ਵਿਚ ਸੰਗਾਲੂ ਸਿੱਧ ਹੁੰਦੇ ਹਨ। ਸ੍ਰੋਤਾਂ ਨੂੰ ਲੱਭਣਾ ਇਸ ਲਈ ਵੀ ਔਖਾ ਹੈ ਕਿਉਂਕਿ ਦਾਰਸ਼ਨਿਕ ਅਤੇ ਇਤਿਹਾਸਕ ਵਿਚਾਰ ਇਕ-ਦੂਸਰੇ ਵਿਚ ਰਲਗੱਡ ਹੋ ਚੁੱਕੇ ਹਨ। ਏਨੇ ਔਖੇ ਵਿਸ਼ੇ ਦਾ ਏਨੀ ਸਰਲ ਭਾਸ਼ਾ ਵਿਚ ਅਨੁਵਾਦ ਕਰਨਾ ਇਕ ਚਮਤਕਾਰ ਤੋਂ ਘੱਟ ਨਹੀਂ ਹੈ।

-ਕੇ. ਐਲ. ਗਰਗ
ਮੋ: 94635-37050

ਸਵਾਲ ਨਾ ਕਰ
ਕਵੀ : ਮਲਵਿੰਦਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195, ਸਫ਼ੇ : 120.
ਸੰਪਰਕ : 98720-42344.

ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਗਹਿਰਾਈ ਨਾਲ ਵਾਚਣ ਉਪਰੰਤ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇਸ ਪੜਾਅ 'ਤੇ ਮਲਵਿੰਦਰ ਦੀ ਕਵਿਤਾ ਉੱਤਰ ਆਧੁਨਿਕ ਦੌਰ ਦੇ ਸਮਕਾਲੀ ਮਸਲਿਆਂ ਨੂੰ ਪਕੜਦੀ ਤੇ ਨਜਿੱਠਦੀ ਹੈ। ਇਸ ਸੰਗ੍ਰਹਿ ਵਿਚਲੀਆਂ ਪਿਆਰ ਕਵਿਤਾਵਾਂ ਤੇ ਹੋਰ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਨੂੰ ਇਸੇ ਦ੍ਰਿਸ਼ਟੀ ਤੋਂ ਵੇਖਿਆ ਜਾ ਸਕਦਾ ਹੈ। ਵਸਤੂ ਦੇ ਨਾਲ-ਨਾਲ ਇਨ੍ਹਾਂ ਕਵਿਤਾਵਾਂ ਦੀ ਕਾਵਿ-ਭਾਸ਼ਾ ਵੀ ਆਧੁਨਿਕ ਵਰਤਾਰੇ ਅਨੁਸਾਰ ਤਬਦੀਲ ਹੋਈ ਮਹਿਸੂਸ ਹੁੰਦੀ ਹੈ :
ਚੈਟਿੰਗ ਕਰਦਿਆਂ
ਕਿੰਨੇ ਖੁਸ਼ ਰਹਿੰਦੇ ਹਾਂ ਅਸੀਂ
ਆਨੰਦਿਤ ਅਵਸਥਾ ਵਿਚ
ਹੱਸਦੇ ਬੁੱਧ ਵਾਂਗ...
ਇਹ ਕਵਿਤਾਵਾਂ ਨਿੱਕੇ-ਨਿੱਕੇ ਸੂਖਮ ਪਲਾਂ ਅਤੇ ਸਥਿਤੀਆਂ ਨੂੰ ਆਪਣੇ ਅੰਦਰ ਫੋਕਸ ਕਰਦੀਆਂ ਹਨ। ਨਿੱਕੇ-ਨਿੱਕੇ ਜਿਹੇ ਪਰ ਅਤਿ ਦੇ ਸੰਵੇਦਨਸ਼ੀਲ ਵਿਸ਼ੇ ਨੂੰ ਪਕੜਦੀ ਇਕ ਕਵਿਤਾ ਦੀਆਂ ਕੁਝ ਸਤਰਾਂ ਦੇਖੀਆਂ ਜਾ ਸਕਦੀਆਂ ਹਨ :
ਮਾਰੂਥਲ ਜਿਹੀ ਖੁਸ਼ਕ
ਤੇਰੀ ਦੇਹ ਕੋਲੋਂ
ਹੁਣ ਮੈਨੂੰ ਡਰ ਲਗਦਾ ਹੈ...
ਪਿਆਰ ਵਿਹੂਣੀ ਦੇਹ ਵੀ ਕਿਸ ਤਰ੍ਹਾਂ ਡਰਾਵਣੀ ਵਸਤੂ ਵਿਚ ਤਬਦੀਲ ਹੋ ਜਾਂਦੀ ਹੈ। ਇਸ ਛਿਣ ਨੂੰ ਬਿਆਨ ਕਰਦੀ ਇਹ ਕਵਿਤਾ ਇਸ ਸੰਗ੍ਰਹਿ ਦੀਆਂ ਬਿਹਤਰੀਨ ਕਵਿਤਾਵਾਂ ਵਿਚੋਂ ਇਕ ਹੈ। ਮਲਵਿੰਦਰ ਦੀਆਂ ਇਨ੍ਹਾਂ ਕਵਿਤਾਵਾਂ ਵਿਚਲੀ ਇਕ ਖੂਬਸੂਰਤੀ ਇਹ ਹੈ ਕਿ ਇਹ ਕਵਿਤਾਵਾਂ ਸ਼ਬਦਿਕ ਆਡੰਬਰ ਨਹੀਂ ਸਿਰਜਦੀਆਂ, ਸਗੋਂ ਕਵੀ ਬਹੁਤ ਸਹਿਜ ਭਾਸ਼ਾ ਵਿਚ ਆਪਣੀ ਗੱਲ ਆਪਣੀ ਕਵਿਤਾ ਰਾਹੀਂ ਸੰਚਾਰ ਕਰਦਾ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਮਲਵਿੰਦਰ ਆਪਣੇ ਪੂਰਬਲੇ ਕਾਵਿ-ਬਿੰਬ ਨੂੰ ਉਲੰਘਦਾ ਹੈ। ਇਸ ਸੰਗ੍ਰਹਿ ਲਈ ਕਵੀ ਮੁਬਾਰਕ ਦਾ ਹੱਕਦਾਰ ਹੈ।

ਡਾ: ਅਮਰਜੀਤ ਕੌਂਕੇ
ਮੋ: 98142-31698.

ਪੰਜਾਬੀ ਦੀਆਂ ਕਲਾਸਿਕ ਕਹਾਣੀਆਂ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 287
ਸੰਪਰਕ : 99151-03490.

ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਮਾਣਮੱਤੀ ਵਿਧਾ ਹੋਣ ਦਾ ਰੁਤਬਾ ਪ੍ਰਾਪਤ ਕਰ ਚੁੱਕੀ ਹੈ। ਲਗਪਗ ਇਕ ਸ਼ਤਾਬਦੀ ਤੋਂ ਉੱਪਰ ਸਮੇਂ ਤੋਂ ਇਸ ਵਿਧਾ ਵਿਚ ਉੱਚਪਾਏ ਦੀ ਰਚਨਾ ਕਰਨ ਲਈ ਪੰਜਾਬੀ ਕਲਮਕਾਰ ਨਿਰੰਤਰ ਜੁਟੇ ਹੋਏ ਹਨ। ਇਸ ਸਮੁੱਚੀ ਸਾਹਿਤਕ ਵਿਰਾਸਤ ਨੂੰ ਫਰੋਲਦਿਆਂ ਅਤੇ ਇਸ ਵਿਚੋਂ ਆਪਣੀ ਸਮਝ ਅਨੁਸਾਰ 30 ਕਹਾਣੀਆਂ ਦੀ ਚੋਣ ਕਰਦਿਆਂ ਕਹਾਣੀਕਾਰ ਜਿੰਦਰ ਨੇ ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਨਾਮਕ ਪੁਸਤਕ ਸੰਪਾਦਿਤ ਕੀਤੀ ਹੈ।
ਚੁਣੀਆਂ ਗਈਆਂ ਕਹਾਣੀਆਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ 'ਭਾਬੀ ਮੈਨਾ', ਨਾਨਕ ਸਿੰਘ ਦੀ 'ਤਾਸ਼ ਦੀ ਆਦਤ', ਸੰਤ ਸਿੰਘ ਸੇਖੋਂ ਦੀ 'ਪੇਮੀ ਦੇ ਨਿਆਣੇ', ਸੁਜਾਨ ਸਿੰਘ ਦੀ 'ਰਾਸ ਲੀਲਾ', ਨੌਰੰਗ ਸਿੰਘ ਦੀ 'ਮੁਰਕੀਆਂ', ਕਰਤਾਰ ਸਿੰਘ ਦੁੱਗਲ ਦੀ 'ਚਾਨਣੀ ਰਾਤ ਦਾ ਦੁਖਾਂਤ', ਅੰਮ੍ਰਿਤਾ ਪ੍ਰੀਤਮ ਦੀ 'ਸ਼ਾਹ ਕੰਜਰੀ', ਸੰਤੋਖ ਸਿੰਘ ਧੀਰ ਦੀ 'ਸਵੇਰ ਹੋਣ ਤੱਕ', ਕੁਲਵੰਤ ਸਿੰਘ ਵਿਰਕ ਦੀ 'ਖੱਬਲ', ਪ੍ਰੇਮ ਪ੍ਰਕਾਸ਼ ਦੀ 'ਡੈੱਡ ਲਾਈਨ, ਰਾਮ ਸਰੂਪ ਅਣਖੀ ਦੀ 'ਸੁੱਤਾ ਨਾਗ', ਰਘੁਬੀਰ ਢੰਡ ਦੀ 'ਸ਼ਾਨੇ ਪੰਜਾਬ', ਅਜੀਤ ਕੌਰ ਦੀ 'ਗੁਲਬਾਨੋ', ਗੁਲਜ਼ਾਰ ਸਿੰਘ ਸੰਧੂ ਦੀ 'ਸ਼ਹੀਦ', ਗੁਰਦੇਵ ਸਿੰਘ ਰੁਪਾਣਾ ਦੀ 'ਹਵਾ', ਮੋਹਨ ਭੰਡਾਰੀ ਦੀ 'ਘੋਟਣਾ', ਗੁਰਬਚਨ ਸਿੰਘ ਭੁੱਲਰ ਦੀ 'ਓਪਰਾ ਮਰਦਾ', ਜਸਬੀਰ ਸਿੰਘ ਭੁੱਲਰ ਦੀ 'ਬਰਫ ਦਾ ਦਾਨਵ', ਕਿਰਪਾਲ ਕਜਾਕ ਦੀ 'ਪਾਣੀ ਦੀ ਕੰਧ', ਬਲਦੇਵ ਸਿੰਘ ਦੀ 'ਸਿਉਂਕ', ਜਰਨੈਲ ਸਿੰਘ ਦੀ 'ਦੋ ਟਾਪੂ', ਗੁਰਚਰਨ ਚਾਹਲ ਭੀਖੀ ਦੀ 'ਰਾਜੀਬੰਦਾ', ਵਰਿਆਮ ਸਿੰਘ ਸੰਧੂ ਦੀ 'ਸੁਨਹਿਰੀ ਕਿਣਕਾ', ਗੁਰਪਾਲ ਲਿੱਟ ਦੀ 'ਰੇਪ ਕੇਸ', ਤਲਵਿੰਦਰ ਸਿੰਘ ਦੀ 'ਵਿਚਲੀ ਔਰਤ', ਬਲਵਿੰਦਰ ਸਿੰਘ ਗਰੇਵਾਲ ਦੀ 'ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ', ਸੁਖਜੀਤ ਦੀ 'ਅੰਤਰਾ', ਖਾਲਿਦ ਫਰਹਾਦ ਧਾਲੀਵਾਲ ਦੀ 'ਘਰ' ਅਤੇ ਸੰਪਾਦਕ ਦੀ ਆਪਣੀ ਕਹਾਣੀ 'ਕਤਲ' ਸ਼ਾਮਿਲ ਹਨ।
ਕਲਾਸਿਕ ਰਚਨਾ ਬਾਰੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹ ਥੀਮ, ਦ੍ਰਿਸ਼ਟੀ ਅਤੇ ਕਲਾ ਪੱਖ ਤੋਂ ਉੱਚਤਮ ਸੀਮਾਵਾਂ ਨੂੰ ਛੋਂਹਦੇ ਹੋਏ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਨੂੰ ਉਲੰਘ ਜਾਂਦੀ ਹੈ। ਇਸ ਵਿਚ ਪੇਸ਼ ਜ਼ਿੰਦਗੀ ਵਿਚਾਰਧਾਰਕ ਤੌਰ 'ਤੇ ਵਿਕਾਸ ਕਰਦੇ ਹੋਏ ਦਾਰਸ਼ਨਿਕਤਾ ਵਿਚ ਬਦਲ ਜਾਂਦੀ ਹੈ। ਇਨ੍ਹਾਂ ਪੱਖਾਂ ਤੋਂ ਵੇਖਿਆਂ ਕਿਸੇ ਰਚਨਾ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹੋ ਸਕਦੀਆਂ ਹਨ ਪਰ ਕਲਾਸਿਕ ਰਚਨਾ ਬਾਰੇ ਇਕ ਗੱਲ ਨਿਸਚਤ ਹੈ ਕਿ ਇਹ ਵੱਡੀ ਲੋਕ ਪ੍ਰਵਾਨਗੀ ਵੀ ਹਾਸਲ ਕਰ ਚੁੱਕੀ ਹੁੰਦੀ ਹੈ। ਜਿੰਦਰ ਵੱਲੋਂ ਚੁਣੀਆਂ ਬਹੁਤੀਆਂ ਕਹਾਣੀਆਂ ਇਸ ਪੱਖ ਤੋਂ ਮਿਆਰਾਂ 'ਤੇ ਖਰਾ ਉਤਰਨ ਵਾਲੀਆਂ ਹਨ ਅਤੇ ਇਹ ਪਹਿਲਾਂ ਹੀ ਪੰਜਾਬੀ ਦੇ ਸਾਹਿਤਕ ਪਾਠਕ ਦੀ ਪ੍ਰਵਾਨਗੀ ਪ੍ਰਾਪਤ ਕਰ ਚੁੱਕੀਆਂ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਬਣ ਕੇ ਵਾਰ-ਵਾਰ ਪੜ੍ਹੀਆਂ ਵਿਚਾਰੀਆਂ ਜਾ ਚੁੱਕੀਆਂ ਹਨ। ਵੈਸੇ ਇਸ ਗੱਲ ਬਾਰੇ ਚਰਚਾ ਦੀ ਗੁੰਜਾਇਸ਼ ਬਾਕੀ ਹੈ ਕਿ ਜਿਹੜੀ ਕਹਾਣੀ ਚੁਣੀ ਗਈ ਹੈ ਕੀ ਉਹ ਹੀ ਲੇਖਕ ਦੀ ਸਭ ਤੋਂ ਵਧੀਆ ਕਿਰਤ ਹੈ? ਨਵੇਂ ਕਹਾਣੀਕਾਰਾਂ ਦੇ ਸਬੰਧ ਵਿਚ ਵੀ ਇਹ ਗੱਲ ਵੇਖਣ ਵਾਲੀ ਹੈ ਅਤੇ ਜਿਹੜੇ ਕਹਾਣੀਕਾਰ ਇਸ ਚੋਣ ਦਾ ਹਿੱਸਾ ਬਣਨੋ ਰਹਿ ਗਏ ਹਨ, ਉਨ੍ਹਾਂ ਬਾਰੇ ਵੀ ਗੱਲ ਚੱਲ ਸਕਦੀ ਹੈ। ਸੰਪਾਦਕ ਦਾ ਆਪਣੀ ਕਹਾਣੀ ਸ਼ਾਮਿਲ ਕਰਨ ਦਾ ਮੋਹ ਵੀ ਚਰਚਾ ਦੀ ਗੱਲ ਹੈ। ਖੈਰ! ਕੋਈ ਵੀ ਚੋਣ ਅੰਤਿਮ ਨਹੀਂ ਹੁੰਦੀ ਅਤੇ ਇਸ ਵਿਚ ਵਾਧੇ ਅਤੇ ਸੋਧਾਂ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਉਸ ਪਾਠਕ ਨੂੰ ਇਕ ਪੁਸਤਕ ਵਿਚ ਪੰਜਾਬੀ ਦੀਆਂ ਏਨੀਆਂ ਵਧੀਆ ਕਹਾਣੀਆਂ ਪੜ੍ਹਨ ਲਈ ਦੇਣ ਕਰਕੇ ਸੰਪਾਦਕ ਵਧਾਈ ਦਾ ਹੱਕਦਾਰ ਹੈ।

-ਸੁਖਪਾਲ ਸਿੰਘ ਥਿੰਦ
ਮੋ: 98885-21960

ਅਨਜਾਣੇ ਡਰ ਵਿਚ ਰਹਿੰਦੇ ਲੋਕ
ਲੇਖਕ : ਭੂਪਿੰਦਰ ਸਿੰਘ ਚੌਕੀਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 99145-49724

ਸ: ਭੂਪਿੰਦਰ ਸਿੰਘ ਚੌਕੀਮਾਨ (ਧਾਲੀਵਾਲ) ਨੇ ਆਪਣੀ ਪੁਸਤਕ ਵਿਚ ਇਸ ਤੱਥ ਉੱਤੇ ਹੈਰਾਨੀ ਪ੍ਰਗਟ ਕੀਤੀ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਲੋਕ ਕਿਸੇ ਨਾ ਕਿਸੇ ਅਗਿਆਤ ਭੈਅ ਜਾਂ ਫੋਕਟ ਵਹਿਮਾਂ-ਭਰਮਾਂ ਵਿਚ ਜਿਊਂਦੇ ਰਹਿੰਦੇ ਹਨ। ਉਹ ਚਾਹੁੰਦਾ ਹੈ ਕਿ ਮਨੁੱਖ ਪ੍ਰਕਿਰਤੀ ਨੂੰ ਸਮਝੇ ਅਤੇ ਭੈਅ-ਮੁਕਤ ਹੋ ਕੇ ਵਿਚਰੇ।
ਇਸ ਪੁਸਤਕ ਵਿਚ ਸੰਕਲਿਤ 13 ਲੇਖਾਂ ਵਿਚ ਉਹ ਕੁਦਰਤ ਦੇ ਅਟੱਲ ਵਤੀਰੇ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦਾ ਹੈ। ਉਹ ਇਸ ਗੱਲ ਉੱਪਰ ਚਿੰਤਾ ਦਾ ਇਜ਼ਹਾਰ ਕਰਦਾ ਹੈ ਕਿ ਅਜੋਕੇ ਦੌਰ ਵਿਚ ਅੰਧ-ਵਿਸ਼ਵਾਸ, ਲੁੱਟ ਦਾ ਵੱਡਾ ਕਾਰੋਬਾਰ ਬਣ ਗਿਆ ਹੈ। ਸਾਡੇ ਆਸ-ਪਾਸ ਤਰ੍ਹਾਂ-ਤਰ੍ਹਾਂ ਦੇ ਢੋਂਗੀ ਬਾਬੇ ਖੁੰਬਾਂ ਵਾਂਗ ਪ੍ਰਗਟ ਹੋ ਗਏ ਹਨ ਅਤੇ ਉਨ੍ਹਾਂ ਦੇ ਡੇਰਿਆਂ ਦਾ ਕਾਰੋਬਾਰ ਇਸ ਕਦਰ ਫੈਲ ਗਿਆ ਹੈ ਕਿ ਰਾਜਨੇਤਾ ਅਤੇ ਬਿਊਰੋਕ੍ਰੇਟ ਵੀ ਉਨ੍ਹਾਂ ਦੀ ਸ਼ਰਨ ਵਿਚ ਜਾਣਾ ਸ਼ਾਨ ਵਾਲੀ ਗੱਲ ਸਮਝਦੇ ਹਨ। ਲੇਖਕ ਆਮ ਲੋਕਾਂ ਨੂੰ ਪਾਖੰਡੀ ਬਾਬਿਆਂ ਤੋਂ ਸਾਵਧਾਨ ਰਹਿਣ ਦੀ ਹਦਾਇਤ ਕਰਦਾ ਹੈ। ਉਸ ਅਨੁਸਾਰ ਗੁਰਬਾਣੀ ਵਿਚ ਵਹਿਮਾਂ-ਭਰਮਾਂ ਨੂੰ ਕੋਈ ਥਾਂ ਨਹੀਂ ਹੈ।
ਮਨੁੱਖ ਆਦਿਕਾਲ ਤੋਂ ਹੀ ਪ੍ਰਕਿਰਤੀ ਦੀਆਂ ਵੱਖ-ਵੱਖ ਸ਼ਕਤੀਆਂ ਤੋਂ ਡਰਦਾ ਆਇਆ ਹੈ। ਇਹ ਡਰ ਉਸ ਦੇ ਸਾਮੂਹਿਕ-ਅਵਚੇਤਨ ਵਿਚ ਬੈਠ ਗਿਆ ਹੈ। ਜਿੰਨੀ ਦੇਰ ਤੱਕ ਮਨੁੱਖ ਦਾ ਆਤਮ-ਵਿਸ਼ਵਾਸ ਪ੍ਰਬਲ ਨਹੀਂ ਹੁੰਦਾ, ਉਹ ਨਿਰਭੈ ਨਹੀਂ ਹੋ ਸਕਦਾ ਪਰ ਸਾਡਾ ਸਮਾਜਿਕ-ਸੱਭਿਆਚਾਰਕ ਢਾਂਚਾ ਇਸ ਪ੍ਰਕਾਰ ਦਾ ਹੈ ਕਿ ਇਹ ਮਨੁੱਖ ਨੂੰ ਭੈਅ-ਮੁਕਤ ਨਹੀਂ ਹੋਣ ਦਿੰਦਾ। ਸੱਤਾਧਾਰੀ ਜਮਾਤ ਵੀ ਇਹੀ ਚਾਹੁੰਦੀ ਹੈ ਕਿ ਮਨੁੱਖ ਭੈਭੀਤ ਰਹੇ। ਉਹ ਰਾਜਨੇਤਾਵਾਂ ਨੂੰ ਸਗਲ ਸਮਰੱਥ ਅਤੇ ਆਪਣੇ-ਆਪ ਨੂੰ ਨਿਰਬਲ ਸਮਝਦਾ ਰਹੇ। ਤਾਂ ਹੀ ਆਮ ਆਦਮੀ ਉਨ੍ਹਾਂ ਦੇ ਸਨਮੁੱਖ ਗੋਡੇ ਟੇਕੇਗਾ। ਨਵ-ਅਮੀਰ ਵਰਗਾਂ ਦੇ ਲੋਕ ਇਸ ਲਈ ਡਰਦੇ ਹਨ ਕਿ ਆਰਥਿਕ ਵਸੀਲਿਆਂ ਦੀ ਲੁੱਟ-ਖਸੁੱਟ ਵਿਚ ਉਨ੍ਹਾਂ ਦਾ ਚੰਗਾ ਦਾਅ ਲੱਗਿਆ ਹੋਇਆ ਹੈ।
ਕਿਸੇ ਪ੍ਰਕਾਰ ਦੀ ਕਾਬਲੀਅਤ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਰੋੜਾਂ ਰੁਪਏ ਜਮ੍ਹਾਂ ਕਰ ਲਏ ਹਨ। ਇਸ ਗੱਲ ਨੂੰ ਉਹ ਆਪਣੀ ਚੰਗੀ ਕਿਸਮਤ ਨਾਲ ਜੋੜਦੇ ਹਨ ਅਤੇ ਕਿਸਮਤ ਦੇ ਸਿਤਾਰਿਆਂ ਨੂੰ ਆਪਣੇ ਪੱਖ ਵਿਚ ਰੱਖਣ ਲਈ ਕੋਈ 'ਭੇਖੀ ਬਾਬਾ' ਜੋ ਕਹੇ, ਸਤਿ ਬਚਨ ਕਹਿ ਕੇ ਉਸ ਉੱਪਰ ਫੁੱਲ ਚੜ੍ਹਾਉਂਦੇ ਹਨ। ਮੈਂ ਇਸ ਪੁਸਤਕ ਵਿਚਲੀ ਸਮੱਗਰੀ ਤੋਂ ਕਾਫੀ ਪ੍ਰਭਾਵਿਤ ਹੋਇਆ ਹਾਂ। ਭੂਪਿੰਦਰ ਸਿੰਘ ਚੌਕੀਮਾਨ ਵਰਗੇ ਪ੍ਰਗਤੀਸ਼ੀਲ ਸੱਜਣਾਂ ਨੂੰ ਆਪਣੇ ਲੋਕਹਿਤਕਾਰੀ ਯਤਨ ਜਾਰੀ ਰੱਖਣੇ ਚਾਹੀਦੇ ਹਨ।

ਡਾ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕੁਝ ਭੇਤ ਜ਼ਿੰਦਗੀ ਦੇ
ਕਵੀ : ਸੁਖਦੇਵ ਸਿੰਘ 'ਸ਼ਾਂਤ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 102.
ਸੰਪਰਕ : 98149-01254.

ਕਵਿਤਾ ਇਕ ਰੱਬੀ ਦਾਤ ਹੈ। ਇਹ ਆਤਮਾ ਦੀ ਬੋਲੀ ਹੈ। ਡੂੰਘੇ ਵਲਵਲੇ ਅਤੇ ਜਜ਼ਬੇ ਅੱਖਰਾਂ ਵਿਚ ਗੁੰਦ ਕੇ ਪੇਸ਼ ਕਰਨਾ ਇਕ ਕਲਾ ਹੈ। ਚੰਗੀ ਕਵਿਤਾ ਹਮੇਸ਼ਾ ਹੀ ਦਿਲਾਂ ਨੂੰ ਟੁੰਬਦੀ ਰਹੀ ਹੈ। ਹਥਲੇ ਕਾਵਿ ਸੰਗ੍ਰਹਿ ਵਿਚ ਸ਼ਾਇਰ ਨੇ ਜ਼ਿੰਦਗੀ ਦੇ ਕੁਝ ਭੇਤ ਪਾਠਕਾਂ ਨਾਲ ਸਾਂਝੇ ਕੀਤੇ ਹਨ। ਅਧਿਆਤਮਕ ਅਤੇ ਸਮਾਜਿਕ ਰੰਗ ਦੀ ਇਸ ਸ਼ਾਇਰੀ ਦੀਆਂ ਕੁਝ ਝਲਕਾਂ ਪੇਸ਼ ਹਨਂ
-ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰ ਨਾ ਸਕੇ ਜ਼ਬਾਨ
ਲੱਖ ਕਲਮਾਂ ਜੇ ਘੜ ਲਵਾਂ ਲਿਖ ਨਾ ਸਕਾਂ ਵਖਿਆਨ।
-ਜਦ ਸੱਜਣ ਸਾਡੇ ਵਿਹੜੇ ਆਏ ਤੇਲ ਹਵਾ ਨੇ ਚੋਇਆ
ਪਾਣੀ ਵਾਰ ਚਾਨਣੀ ਪੀਤਾ ਤਾਰਿਆਂ ਹਾਰ ਪਰੋਇਆ।
-ਲੱਖ ਖਿੜੇ ਹੋਣ ਬਾਗ ਬਗੀਚੇ, ਕਦੇ ਨਾ ਨੈਣੀਂ ਭਾਉਂਦੇ
ਹੋਵਣ ਜੇਕਰ ਮਨ ਅੰਬਰ ਤੇ ਗ਼ਮ ਬੱਦਲ ਮੰਡਰਾਉਂਦੇ।
-ਸੁਖਮਨੀ ਸੁਖ ਦੀ ਮਣੀ, ਸੁਖ ਦਾ ਹੀ ਤੱਤਸਾਰ ਹੈ
ਸਤਿਗੁਰ ਸੇਵਾ ਸਾਧ ਸੰਗ, ਸਿਮਰਨ ਸੰਗ ਸਰਸ਼ਾਰ ਹੈ।
-ਤਿਆਗ ਅਤੇ ਕੁਰਬਾਨੀ ਦਾ ਕੋਈ ਮੁੱਲ ਨਹੀਂ
ਕਿਸੇ ਵੀ ਗੁਣ ਇਨਸਾਨੀ ਦਾ ਕੋਈ ਮੁੱਲ ਨਹੀਂ।
ਕਵੀ ਦਾ ਸੰਵੇਦਨਸ਼ੀਲ ਮਨ ਸੱਭਿਆਚਾਰਕ ਗਿਰਾਵਟ, ਕੰਨਿਆ ਭਰੂਣ ਹੱਤਿਆ, ਗ਼ਰੀਬੀ, ਜਬਰ, ਨਸ਼ਿਆਂ ਅਤੇ ਮਾਤ-ਭਾਸ਼ਾ ਦੀ ਹੋ ਰਹੀ ਬੇਕਦਰੀ ਬਾਰੇ ਕੂਕ ਉਠਦਾ ਹੈ। ਉਸ ਨੇ ਧੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਉਹ ਅਸ਼ਲੀਲ ਗਾਇਕੀ, ਬੇਲੋੜੇ ਵਾਦ-ਵਿਵਾਦ, ਰਾਜਨੀਤੀ ਅਤੇ ਦੰਭ ਤੋਂ ਉਪਰਾਮ ਅਤੇ ਪ੍ਰੇਸ਼ਾਨ ਹੈ। ਲਗਪਗ ਸਾਰੀਆਂ ਕਵਿਤਾਵਾਂ ਉਸਾਰੂ ਸੁਨੇਹੇ ਦਿੰਦੀਆਂ ਹਨ। ਇਨ੍ਹਾਂ ਵਿਚ ਸਵਾਰਥੀ ਸੋਚ ਨੂੰ ਤਿਆਗ ਕੇ ਪਰਮਾਰਥ ਅਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਰੁੱਤਾਂ ਦੀ ਕਰਵਟ
ਕਵਿੱਤਰੀ : ਜਸਮੇਲ ਕੌਰ ਢਿੱਲੋਂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99144-52485.

ਸੰਗ੍ਰਹਿ ਵਿਚ ਸ਼ਾਮਿਲ ਤਕਰੀਬਨ ਪੰਜ ਦਰਜਨਾਂ ਤੋਂ ਵੱਧ ਦਰਜ ਰਚਨਾਵਾਂ ਉਸ ਦੇ ਬਾਰੀਕ ਅਹਿਸਾਸਾਂ ਨੂੰ ਝਲਕਾਉਂਦੀਆਂ ਹਨ। ਉਸ ਦੀ ਕਾਵਿ ਕਲਾ ਵਿਚ ਲੋਕ-ਕਾਵਿ ਦੇ ਰਚਣਹਾਰਿਆਂ ਵਰਗਾ ਕੁਦਰਤੀ ਅਨੁਭਵ ਨਜ਼ਰ ਆਉਂਦਾ ਹੈ।
ਉਸ ਦੀਆਂ ਰਚਨਾਵਾਂ ਭਰੂਣ ਹੱਤਿਆ, ਰੱਬ ਦੀ ਵਡਿਆਈ ਅਤੇ ਸਰਬਉੱਚਤਾ, ਦਾਜ, ਮਾਂ ਦੀ ਮਮਤਾ, ਹੋਰ ਅਨੇਕਾਂ ਸਮਾਜਿਕ ਬੁਰਾਈਆਂ ਅਤੇ ਸਮਾਜ ਦੇ ਕੋਝੇ ਪੱਖਾਂ ਨੂੰ ਪੇਸ਼ ਕਰਦੀਆਂ ਪਾਠਕ ਦੇ ਮਨ 'ਤੇ ਚਿਰ ਸਦੀਵੀ ਪ੍ਰਭਾਵ ਪਾਉਂਦੀਆਂ ਹਨ। ਕਵਿਤਾ 'ਫੁਰਸਤ' ਰੱਬ ਦੀ ਵਡਿਆਈ ਦੇ ਨਾਲ-ਨਾਲ ਮਨੁੱਖੀ ਸੁਭਾਅ ਦੀ ਝਲਕ ਅਤੇ ਹੋਰ ਕੁਦਰਤੀ ਸਚਾਈਆਂ ਪੇਸ਼ ਕਰਦੀ ਹੈ। ਨਵਾਂ ਸ਼ਾਲ, ਰੁੱਤਾਂ ਦੀ ਕਰਵਟ, ਪੀੜ੍ਹੀ ਪਾੜਾ, ਕੁਰਾਹੇ ਪਈਆਂ ਧੀਆਂ ਦੇ ਨਾਂਅ, ਸਮੇਂ ਦੀ ਚਾਲ, ਨਜ਼ਾਰੇ ਯਾਨਾ ਫਾਲ ਦੇ, ਵਰਤਮਾਨ, ਸੰਘਣੀ ਛਾਂ, ਏਕੇ ਵਿਚ ਬਰਕਤ, ਖ਼ੁਦਾ ਨਿਆਂ, ਰਾਜ਼, ਮਿਜਾਜ਼ ਮੌਸਮ ਦਾ, ਰੱਬ ਦੀ ਰਜ਼ਾ, ਮਾਂ, ਰਾਖੇ ਬੋਣੇ, ਖਾਬ, ਵਿਰਸਾ, ਰੰਗਲਾ ਮਹੀਨਾ, ਸ਼ਬਦ-ਬਾਣ, ਰਿਸ਼ਤਿਆਂ ਦੇ ਸਿਰਨਾਵੇਂ ਵਰਗੀਆਂ ਨਿੱਕੀਆਂ-ਵੱਡੀਆਂ ਨਜ਼ਮਾਂ ਕਵਿੱਤਰੀ ਦੀ ਕਾਵਿ-ਕਲਾ ਦੇ ਅਨੇਕਾਂ ਪੱਖਾਂ ਨੂੰ ਉਭਾਰਦੀਆਂ ਹਨ।
ਆਪਣੇ ਕਾਵਿ ਅਨੁਭਵਾਂ ਨੂੰ ਸਾਂਝੇ ਕਰਦਿਆਂ ਕਵਿੱਤਰੀ ਖ਼ੁਦ ਪੁਸਤਕ ਦੇ ਆਰੰਭ ਵਿਚ ਲਿਖਦੀ ਹੈ ਕਿ ਜ਼ਿੰਦਗੀ ਦੇ ਕਈ ਦੁੱਖਾਂ ਨੇ ਉਸ ਨੂੰ ਇਹ ਪੁਸਤਕ 'ਰੁੱਤਾਂ ਦੀ ਕਰਵਟ' ਲਿਖਣ ਲਈ ਪ੍ਰੇਰਿਤ ਕੀਤਾ ਹੈ। ਪੁਸਤਕ 'ਚ ਸ਼ਾਮਿਲ ਨਜ਼ਮਾਂ ਨੂੰ ਪੜ੍ਹ ਕੇ ਇਹੋ ਵਿਚਾਰ ਮਨ 'ਚ ਆਉਂਦਾ ਹੈ ਕਿ ਜਸਮੇਲ ਕੌਰ ਢਿੱਲੋਂ ਦੀ ਇਸ ਪੁਸਤਕ ਨੂੰ ਬਣਦਾ ਪਿਆਰ ਸਤਿਕਾਰ ਅਤੇ ਨਿੱਘ ੇ ਸਵਾਗਤ ਦਾ ਭਰਵਾਂ ਹੁਲਾਰਾ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਇਕ ਅਕਹਿ ਚਾਅ ਨਾਲ ਆਪਣੀ ਦੂਜੀ ਪੁਸਤਕ ਰਾਹੀਂ ਆਪਣੇ ਅਛੂਤੇ ਵਿਚਾਰਾਂ ਅਨੁਭਵਾਂ ਨੂੰ ਪਾਠਕਾਂ ਦੇ ਸਨਮੁੱਖ ਕਰ ਸਕੇ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

 

29-8-2015

 ਭਾਈ ਵੀਰ ਸਿੰਘ ਦੇ ਮਹਾਂਕਾਵਿ
'ਰਾਣਾ ਸੂਰਤ ਸਿੰਘ' ਦਾ ਦਾਰਸ਼ਨਿਕ ਅਧਿਐਨ
ਲੇਖਿਕਾ : ਡਾ: ਜਤਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 94176-00027

ਡਾ: ਜਤਿੰਦਰ ਕੌਰ ਨੇ ਆਪਣੇ ਇਸ ਖੋਜ-ਕਾਰਜ ਨੂੰ ਚਾਰ ਅਧਿਆਵਾਂ ਵਿਚ ਵੰਡਿਆ ਹੈ। ਇਹ ਹਨ : ਭਾਈ ਵੀਰ ਸਿੰਘ ਜੀਵਨ ਤੇ ਰਚਨਾ; ਰਾਣਾ ਸੂਰਤ ਸਿੰਘ ਵਿਚ ਜੀਵਨ ਆਦਰਸ਼; ਜੀਵਨ-ਆਦਰਸ਼ ਦਾ ਦਰਸ਼ਨ; ਜੀਵਨ-ਦਰਸ਼ਨ : ਇਕ ਵਿਸ਼ਲੇਸ਼ਣ। ਪਹਿਲੇ ਕਾਂਡ ਵਿਚ ਭਾਈ ਵੀਰ ਸਿੰਘ ਜੀ ਦੀ ਤਥਾਤਮਕਤਾ ਪ੍ਰਸਤੁਤ ਕੀਤੀ ਗਈ ਹੈ, ਜਿਸ ਵਿਚ ਸਮਕਾਲੀ ਰਾਜਸੀ, ਧਾਰਮਿਕ ਘਟਨਾਵਾਂ ਨੂੰ ਰੂਪਮਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਉਹ ਇਕ ਵਿਲੱਖਣ ਸਾਹਿਤਕ ਸ਼ਖ਼ਸੀਅਤ ਵਜੋਂ ਉੱਭਰਦਾ ਹੈ। ਦੂਸਰੇ ਕਾਂਡ ਵਿਚ ਰਾਣੀ ਰਾਜ ਕੌਰ ਦੇ ਪਤੀ ਰਾਣਾ ਸੂਰਤ ਸਿੰਘ ਦੇ ਦਿਹਾਂਤ ਉਪਰੰਤ ਉਸ ਦੇ ਵਿਅਕਤਿੱਤਵ ਵਿਕਾਸ ਨੂੰ ਤਿੰਨ ਪੜਾਵਾਂ ਅਧੀਨ ਵਿਚਾਰਿਆ ਗਿਆ ਹੈ, ਜੋ ਕ੍ਰਮਵਾਰ ਅਗਿਆਨਤਾ, ਗਿਆਨ ਦੀ ਪ੍ਰਾਪਤੀ ਅਤੇ ਸਤਿਸੰਗ ਮਾਰਗ ਸਿੱਧ ਹੁੰਦੇ ਹਨ। ਸਤਿਸੰਗ ਪੜਾਅ 'ਤੇ ਪੁੱਜ ਕੇ ਉਹ ਸੰਤੁਲਿਤ ਅਤੇ ਅਡੋਲ ਸ਼ਖ਼ਸੀਅਤ ਦੀ ਧਾਰਨੀ ਹੋ ਨਿੱਬੜਦੀ ਹੈ। ਤੀਜੇ ਕਾਂਡ ਵਿਚ ਗੁਰਮਤਿ ਦਰਸ਼ਨ ਅਨੁਸਾਰ ਹੀ ਜੀਵ ਨੂੰ ਮੁਕਤੀ ਪ੍ਰਾਪਤ ਹੁੰਦੀ ਦਰਸਾਈ ਗਈ ਹੈ। ਚੌਥੇ ਕਾਂਡ ਵਿਚ ਉਕਤ ਜੀਵਨ-ਦਰਸ਼ਨ ਦਾ ਵਿਸ਼ਲੇਸ਼ਣ ਤਾਰਕਿਕ ਦ੍ਰਿਸ਼ਟੀ ਅਨੁਸਾਰ ਪ੍ਰਸਤੁਤ ਕੀਤਾ ਗਿਆ ਹੈ। ਰਾਣੀ ਰਾਜ ਕੌਰ ਦੇ ਰਾਣਾ ਸੂਰਤ ਸਿੰਘ ਨਾਲ ਅਧਿਆਤਮਕ ਮਿਲਾਪ 'ਤੇ ਪ੍ਰਸ਼ਨ-ਚਿੰਨ੍ਹ ਲਗਾਇਆ ਗਿਆ ਹੈ। ਇਸ ਮੇਲ ਨੂੰ ਹਕੀਕਤ ਦੀ ਥਾਂ ਮਾਨਸਿਕ ਤਸੱਲੀ ਵਜੋਂ ਚਿਤਵਿਆ ਗਿਆ ਹੈ। ਇੰਜ ਕੇਵਲ ਹਕੀਕਤ ਦਾ ਭੁਲੇਖਾ ਹੀ ਸਿਰਜਿਆ ਗਿਆ ਹੈ। ਇਸ ਦਾ ਇਕੋ-ਇਕ ਅਗਾਂਹਵਧੂ ਪਹਿਲੂ ਤਾਂ ਕੇਵਲ ਏਨਾ ਹੀ ਹੈ ਕਿ ਰਾਜ ਕੌਰ ਨੂੰ ਅਜਿਹਾ ਮਾਨਸਿਕ ਸੰਤੁਲਨ ਪ੍ਰਾਪਤ ਹੋ ਜਾਂਦਾ ਹੈ, ਜਿਸ ਕਾਰਨ ਉਹ ਕਾਰਜਸ਼ੀਲ ਹੋ ਕੇ ਰਾਜ ਪ੍ਰਬੰਧ ਦੀ ਵਾਗਡੋਰ ਸੰਭਾਲ ਲੈਂਦੀ ਹੈ। ਇੰਜ ਰਾਣਾ ਸੂਰਤ ਸਿੰਘ ਮਹਾਂਕਾਵਿ ਵਿਚ ਪੇਸ਼ ਦਰਸ਼ਨ ਵਿਚਾਰਵਾਦੀ ਹੋ ਨਿੱਬੜਦਾ ਹੈ। ਨਿਰਸੰਦੇਹ, ਇਸ ਪੁਸਤਕ ਦੀ ਰਚਨਾ ਨਾਲ ਲੇਖਿਕਾ ਦਾ ਚਿੰਤਨਸ਼ੀਲ ਵਿਅਕਤਿੱਤਵ ਨਿੱਖਰ ਕੇ ਸਾਹਮਣੇ ਆਉਂਦਾ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007

ਜ਼ਫ਼ਰਨਾਮਹ ਦੀ ਪੜਤਾਲ
ਲੇਖਕ : ਨਿਸ਼ਾਨ ਸਿੰਘ ਜੌਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 304.
ਸੰਪਰਕ : 94179-66662.

'ਜਫ਼ਰਨਾਮਹ ਦੀ ਪੜਤਾਲ' ਇਕ ਖੋਜ ਭਰਪੂਰ ਪੁਸਤਕ ਹੈ। ਨਿਸ਼ਾਨ ਸਿੰਘ ਜੌਹਲ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਗਤ-ਪ੍ਰਸਿੱਧ ਦਸਤਾਵੇਜ਼ ਦੀਆਂ ਖੂਬੀਆਂ ਆਪਣੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਅਰੂਜ਼ ਇਕ ਕਠਿਨ ਇਲਮ ਹੈ। ਇਸ ਨੂੰ ਬਹੁਤ ਹੀ ਇਕਾਗਰਤਾ ਅਤੇ ਸਿਦਕਦਿਲੀ ਨਾਲ ਕਿਸੇ ਕਾਮਿਲ ਉਸਤਾਦ ਦੇ ਚਰਨਾਂ ਵਿਚ ਬੈਠ ਕੇ ਸਿੱਖਣਾ ਪੈਂਦਾ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਸ: ਜੌਹਲ ਨੂੰ ਇਲਮ ਦੀ ਇਹ ਬੇਸ਼ਕੀਮਤੀ ਦਾਤ ਪ੍ਰਾਪਤ ਹੋ ਗਈ ਹੈ। ਉਸ ਨੇ ਇਸ ਦਾਤ ਦਾ ਸਦਉਪਯੋਗ ਕਰਕੇ ਜ਼ਫ਼ਰਨਾਮਾ ਦੇ 111 ਅਸ਼ਆਰ ਦੀ ਤਕਤੀਹ ਪੂਰਨ ਸਫਲਤਾ ਨਾਲ ਕੀਤੀ ਹੈ। ਜ਼ਫ਼ਰ (ਜਿੱਤ) + ਨਾਮਹ (ਸੰਦੇਸ਼), ਅਸਲ ਵਿਚ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦਾ ਸੂਚਕ ਹੈ। ਇਹ ਉਹ ਪੱਤਰ ਹੈ ਜੋ ਗੁਰੂ ਸਾਹਿਬ ਨੇ ਮਾਲਵੇ ਵਿਚ ਦੀਨਾ ਕਾਂਗੜ ਦੇ ਸਥਾਨ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਸੀ ਅਤੇ ਉਸ ਦੇ ਜ਼ੁਲਮ ਦੀ ਘਿਨੌਣੀ ਤਸਵੀਰ ਪੇਸ਼ ਕੀਤੀ ਸੀ। ਇਸ ਪੁਸਤਕ ਦੇ ਕਈ ਉਪਭਾਗ ਹਨ ਪਰ ਮੂਲ ਵਿਚ ਇਸ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਜ਼ਫ਼ਰਨਾਮੇ ਦੇ ਵਿਭਿੰਨ ਅਸ਼ਆਰ ਦੀ ਬਹਿਰਾਂ ਅਨੁਸਾਰ ਤਕਤੀਹ (ਅੰਗ-ਨਖੇੜ) ਕੀਤੀ ਹੈ। ਦੂਜੇ ਭਾਗ 'ਤਲਮੀਹ' ਵਿਚ ਇਤਿਹਾਸਕ ਘਟਨਾਵਾਂ ਅਤੇ ਹਵਾਲਿਆਂ ਦੀ ਵਿਆਖਿਆ ਕੀਤੀ ਗਈ ਹੈ। 'ਜ਼ਫ਼ਰਨਾਮਹ' ਵਿਚ ਆਏ ਵਿਸ਼ਿਆਂ ਦੀ ਤਫ਼ਸੀਲ ਵੀ ਦਿੱਤੀ ਗਈ ਹੈ। ਤੀਜੇ ਭਾਗ ਵਿਚ ਇਸ ਰਚਨਾ ਦੇ ਵਿਭਿੰਨ ਅਸ਼ਆਰ ਦਾ ਸਰਲ ਭਾਸ਼ਾ ਵਿਚ ਅਨੁਵਾਦ ਪੇਸ਼ ਕੀਤਾ ਗਿਆ ਹੈ। ਏਨਾ ਵੱਡਾ ਅਤੇ ਕਠਿਨ ਕਾਰਜ ਨਿਸ਼ਾਨ ਸਿੰਘ ਜੌਹਲ ਵਰਗੇ ਜਨੂੰਨੀ ਅਤੇ ਗੁਰਸਿੱਖ ਹੀ ਕਰ ਸਕਦੇ ਸਨ। ਨਿਸ਼ਾਨ ਸਿੰਘ ਆਪਣੇ ਵਿਚਾਰਾਂ ਨੂੰ 'ਹਰਫ਼ਿ-ਆਖਰ' ਨਹੀਂ ਮੰਨਦਾ। ਉਹ ਸਤਿਗੁਰਾਂ ਨੂੰ ਹੋਰ ਸੇਧ ਅਤੇ ਰੌਸ਼ਨੀ ਦੇਣ ਲਈ ਨਿਰੰਤਰ ਅਰਦਾਸ ਕਰਦਾ ਰਹਿੰਦਾ ਹੈ। ਅਕਾਲ ਪੁਰਸ਼ ਉਸ ਦੇ ਜ਼ਿਹਨ ਨੂੰ ਹੋਰ ਰੌਸ਼ਨ ਕਰੇ ਤਾਂ ਜੋ ਸਾਹਿਤ ਅਤੇ ਸੱਭਿਆਚਾਰ ਵਿਚ ਛਾਏ ਹੋਏ ਅਗਿਆਨ ਦੇ ਬੱਦਲ ਛਟ ਜਾਣ ਅਤੇ ਸੂਰਜ ਦੀ ਰੌਸ਼ਨੀ ਵਿਚ ਸਭ ਕੁਝ ਸਾਫ਼-ਸਾਫ਼ ਨਜ਼ਰ ਆਉਣ ਲੱਗ ਪਵੇ। ਆਮੀਨ!

ਂਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕੱਖਾਂ 'ਚ ਛੁਪੀ ਅੱਗ
ਲੇਖਕ : ਡਾ: ਚਮਕੌਰ ਸਿੰਘ ਭੌਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 154
ਸੰਪਰਕ : 98555-02450.

ਇਸ ਨਾਵਲ ਵਿਚੋਂ ਇਕ ਗੱਲ ਤਾਂ ਇਹ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਵਿਦੇਸ਼ੀ ਧਰਤੀ ਤੇ ਮਾਹੌਲ ਨਿਰਮੋਹੇ ਹਨ। ਉਥੋਂ ਦਾ ਖੁੱਲ੍ਹਾ-ਡੁੱਲ੍ਹਾ ਵਾਤਾਵਰਨ ਤੇ ਆਜ਼ਾਦੀ ਇਨਸਾਨ ਨੂੰ ਆਪਣੇ ਪਿਛੋਕੜ, ਪਰਿਵਾਰ ਤੇ ਪਿਆਰ ਨਾਲੋਂ ਵੀ ਤੋੜ ਕੇ ਰੱਖ ਦਿੰਦੀ ਹੈ ਤੇ ਪਾਤਰ ਮਾਨਸਿਕ ਕਸ਼ਮਕਸ਼ ਦਾ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਮਾਯੂਸ ਹੋ ਕੇ ਮੌਤ ਨੂੰ ਗਲੇ ਲਗਾਉਣਾ ਪੈਂਦਾ ਹੈ, ਜਿਵੇਂ ਪਰਮਿੰਦਰ ਦੇ ਵਿਦੇਸ਼ ਜਾਣ ਉਪਰੰਤ ਪਤੀ ਰਾਜ ਨੂੰ 8 ਸਾਲ ਬਾਅਦ ਇਹ ਲਿਖ ਦੇਣਾ ਕਿ ਉਹ ਮਜਬੂਰ ਹੈ, ਦੁਬਾਰਾ ਵਿਆਹ ਕਰਵਾ ਕੇ ਨਵਾਂ ਜੀਵਨ ਸ਼ੁਰੂ ਕਰ ਚੁੱਕੀ ਹੈ। ਲੇਖਕ ਨੇ ਦੋਸਤ ਦੇ ਜੀਵਨ ਨੂੰ ਬਚਪਨ ਦੇ ਸਾਥ ਤੋਂ ਲੈ ਕੇ ਉਮਰ ਭਰ ਨਿਭਾਏ ਰਿਸ਼ਤੇ ਨੂੰ ਤੇ ਉਸ ਨਾਲ ਵਾਪਰੇ ਹਰ ਦੁੱਖ-ਸੁੱਖ ਨੂੰ ਬਾਖੂਬੀ ਕਾਵਿਕ ਭਾਸ਼ਾ ਵਿਚ ਉਲੀਕਿਆ ਹੈ। ਏਨਾ ਹੀ ਨਹੀਂ, ਆਪਣੇ ਜੀਵਨ ਤੇ ਹਰ ਚੰਗੀ-ਮਾੜੀ ਘਟਨਾ ਨੂੰ ਵੀ ਪੇਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਿਵੇਂ ਕਿ ਡਾਕਟਰ ਦੀ ਦੁਕਾਨ 'ਤੇ ਕੰਮ ਕਰਦਿਆਂ ਮਰੀਜ਼ਾਂ ਨੂੰ ਚੋਰੀ ਦਵਾਈ ਦੇ ਕੇ ਪੈਸੇ ਆਪ ਰੱਖ ਲੈਣੇ ਅਤੇ ਕਦੇ-ਕਦੇ ਦੋਸਤਾਂ ਦੇ ਚਾਹ-ਪਾਣੀ ਖਾਤਰ ਪੈਸੇ ਚੋਰੀ ਕਰ ਲੈਣੇ। ਏਨੀ ਬੇਬਾਕੀ ਨਾਲ ਲਿਖ ਦੇਣਾ ਵੀ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਇਸ ਵਿਚ ਸ਼ੱਕ ਨਹੀਂ ਕਿ ਲੇਖਕ ਨੇ ਖੇਤਾਂ, ਪਿੰਡਾਂ ਤੇ ਵਾਤਾਵਰਨ ਨੂੰ ਬਹੁਤ ਸੋਹਣੇ ਢੰਗ ਨਾਲ ਚਿਤਰਿਆ ਹੈ ਅਤੇ ਮਨ ਦੀਆਂ ਭਾਵਨਾਵਾਂ ਨੂੰ ਵੀ, ਪਰ ਪੁਸਤਕ ਪੜ੍ਹਦਿਆਂ ਇੰਜ ਜਾਪਦਾ ਹੈ ਜਿਵੇਂ ਸਵੈ-ਜੀਵਨੀ ਲਿਖੀ ਜਾ ਰਹੀ ਹੋਵੇ। ਭਾਸ਼ਾ ਕਾਵਿਕ ਤੇ ਪਾਤਰ ਚਿਤਰਨ ਵਧੀਆ ਹੈ। ਲੇਖਕ ਦਾ ਪਹਿਲਾ ਯਤਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਆਪਣੇ ਆਪ ਨੂੰ ਜਾਣੋ
ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਆਰ. ਐਸ. ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 75 ਰੁਪਏ, ਸਫ਼ੇ : 132.
ਸੰਪਰਕ : 0172-5077427.

'ਆਪਣੇ ਆਪ ਨੂੰ ਜਾਣੋ' ਸਵੇਟ ਮਾਰਡਨ ਦੀ ਅੰਗਰੇਜ਼ੀ ਪੁਸਤਕ 'ਛਕ;਀ਿ 9ਠਬਗਰਡਕਠਕਅਵ' ਦਾ ਪੰਜਾਬੀ ਅਨੁਵਾਦ ਹੈ। ਇਸ ਪੁਸਤਕ ਨੂੰ ਉਸ ਨੇ ਕੁੱਲ 12 ਕਾਂਡਾਂ ਵਿਚ ਵੰਡਿਆ ਹੈ। ਇਹ ਸਭ ਕਾਂਡ ਮਨੁੱਖ ਨੂੰ ਆਪਣੇ ਸਵੈ ਨਾਲ ਜੋੜ ਕੇ ਉਸ ਨੂੰ ਉਸ ਦੀ ਪਛਾਣ ਕਰਵਾਉਣ ਵਿਚ ਸਹਾਈ ਹੁੰਦੇ ਹਨ। ਹਰੇਕ ਕਾਂਡ ਇਕ ਮਹਾਨ ਪੁਰਸ਼ ਦੀ ਕੁਟੇਸ਼ਨ ਨਾਲ ਸ਼ੁਰੂ ਹੁੰਦਾ ਹੈ ਤੇ ਫਿਰ ਉਸ ਕਾਂਡ ਦਾ ਸਾਰਾ ਤਾਣਾ-ਬਾਣਾ ਉਸ ਕੁਟੇਸ਼ਨ ਦੀ ਰੌਸ਼ਨੀ ਵਿਚ ਹੀ ਬੁਣਿਆ ਜਾਂਦਾ ਹੈ। ਜਿਵੇਂ ਪਹਿਲੇ ਕਾਂਡ 'ਆਤਮ-ਚਿੰਤਨ' ਵਿਚ ਅਰਸਤੂ ਦਾ ਕਥਨ ਹੈ ਕਿ 'ਤੂੰ ਆਪਣੇ-ਆਪ ਨੂੰ ਪਛਾਣਿਆ ਹੀ ਨਹੀਂ, ਇਸ ਲਈ ਤੂੰ ਦੁਖੀ ਹੈਂ।' ਕਾਂਡ ਦੇ ਅੰਤ ਵਿਚ ਉਹ ਸਿੱਟਾ ਕੱਢਦਾ ਹੈ, 'ਤੁਸੀਂ ਆਪਣੇ ਆਪ ਨੂੰ ਪਛਾਨਣ ਲਈ ਇਕਾਂਤ ਵਿਚ ਚਿੰਤਨ ਕਰੋ ਤਾਂ ਹੀ ਤੁਹਾਨੂੰ ਇਸ ਗੱਲ ਦਾ ਗਿਆਨ ਹੋਵੇਗਾ ਕਿ ਤੁਸੀਂ ਕੀ ਹੋ।' ਸਾਰੇ ਕਾਂਡ ਪ੍ਰੈਕਟੀਕਲ ਜੀਵਨ ਜਿਊਣ ਵੱਲ ਕਦਮ ਹਨ, ਜਿਵੇਂ ਵੇਲੇ ਦਾ ਕਿਵੇਂ ਲਈਏ ਫਾਇਦਾ, ਪਿੱਛੇ ਰਹਿ ਜਾਣ ਦੇ ਕਾਰਨ, ਮੰਜ਼ਿਲ ਤੱਕ ਪਹੁੰਚਣ ਦਾ ਰਾਹ ਆਦਿ। ਆਪਣੀ ਗੱਲ ਨੂੰ ਤਰਕਸ਼ੀਲ ਤੇ ਰੌਚਿਕ ਬਣਾਉਣ ਲਈ ਮਾਰਡਨ ਸ਼ਕਤੀਆਂ, ਵਿਦਵਾਨਾਂ, ਮਹਾਨ ਆਦਮੀਆਂ, ਸਫਲ ਮਨੁੱਖਾਂ ਦੀਆਂ ਰੁਟੇਸ਼ਨਾਂ, ਜੀਵਨ ਜੁਗਤਾਂ, ਸਵੈ-ਜੀਵਨੀ ਮੂਲਕ ਘਟਨਾਵਾਂ, ਕਹਾਣੀਆਂ, ਸਿਆਣਪ ਭਰੇ ਵਾਕ ਆਦਿ ਦਿੰਦਿਆਂ ਆਪਣੇ ਮੁੱਖ ਵਿਸ਼ੇ ਵੱਲ ਵਧਦਾ ਹੋਇਆ ਆਖਰ ਵਿਚ ਆਪਣੀ ਗੱਲ ਦਾ ਨਿਚੋੜ ਵੀ ਕੱਢਦਾ ਹੈ। ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਦੇ ਅਨੇਕਾਂ ਨੁਸਖੇ ਇਸ ਪੁਸਤਕ ਵਿਚ ਦਰਜ ਹਨ। ਸਵੇਟ ਮਾਰਡਨ ਪਾਜ਼ਿਟਿਵ ਸੋਚ ਦਾ ਧਾਰਨੀ ਹੈ। ਚੜ੍ਹਦੀਆਂ ਕਲਾਂ ਵਿਚ ਰਹਿਣ ਲਈ ਪ੍ਰੇਰਿਤ ਕਰਦਾ ਹੈ। ਸਫਲ ਮਨੁੱਖ ਬਣਨ ਦੇ ਹੀਲੇ-ਵਸੀਲੇ ਦੱਸਦਾ ਹੈ। ਦੁਨੀਆ ਵਿਚ ਕਿਰਿਆਤਮਕ ਮਨੁੱਖ ਤੇ ਸਫਲ ਆਦਮੀ ਬਣਨ ਲਈ ਇਹ ਕਿਤਾਬ ਤੇ ਉਸ ਦੀਆਂ ਇਹੋ ਜਿਹੀਆਂ ਹੋਰ ਕਿਤਾਬਾਂ ਬਹੁਤ ਲਾਹੇਵੰਦ ਹਨ।

ਂਕੇ. ਐਲ. ਗਰਗ
ਮੋ: 94635-37050

ਮੱਥੇ ਉੱਕਰੇ ਸਵਾਲ
ਕਵੀ : ਸੁਖਵਿੰਦਰ ਸੁੱਖੀ ਭੀਖੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਬਾਲੀਆਂ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 98154-48958.

ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਆਧੁਨਿਕ ਦੌਰ ਵਿਚ ਇਕ ਸਾਧਾਰਨ ਮਨੁੱਖ ਦੇ ਖੰਡਿਤ ਅਸਤਿੱਤਵ ਦੀਆਂ ਅਨੇਕ ਪਰਤਾਂ ਨੂੰ ਆਪਣੇ ਕਾਵਿ ਵਸਤੂ ਵਜੋਂ ਪੇਸ਼ ਕਰਦਾ ਹੈ।
ਇਨ੍ਹਾਂ ਕਵਿਤਾਵਾਂ ਦਾ ਕਾਵਿ ਨਾਇਕ ਆਰਥਿਕ ਤੰਗੀਆਂ ਨਾਲ ਜੂਝ ਰਿਹਾ ਇਕ ਨੌਜਵਾਨ ਹੈ, ਜਿਹੜਾ ਆਪਣੀ ਤੰਗੀ ਦੀਆਂ ਜੜ੍ਹਾਂ ਨੂੰ ਸਥਾਪਿਤ ਕਦਰਾਂ-ਕੀਮਤਾਂ ਵਿਚ ਪਸਰਿਆ ਦੇਖਦਾ ਹੈ। ਇਸੇ ਲਈ ਉਹ ਇਨ੍ਹਾਂ ਪਰੰਪਰਕ ਮੁੱਲਾਂ ਨੂੰ ਆਪਣੇ ਸ਼ਬਦਾਂ ਰਾਹੀਂ ਵਿਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਅੱਜ ਦਾ ਨੌਜਵਾਨ
ਦੱਸਣਾ ਚਾਹੁੰਦਾ
ਕਿ ਮੈਂ ਉਹ ਨੌਜਵਾਨ ਹਾਂ
ਜੋ ਕਦਾਚਿਤ ਨਹੀਂ ਝੁਕੇਗਾ।
ਝੂਠੇ ਧਰਮ ਅੱਗੇ...
ਇਸ ਤਰ੍ਹਾਂ ਦੀ ਨਾਬਰੀ ਤੇ ਵਿਦਰੋਹ ਇਨ੍ਹਾਂ ਸਾਰੀਆਂ ਕਵਿਤਾਵਾਂ ਦੇ ਆਰ-ਪਾਰ ਪਸਰਿਆ ਹੋਇਆ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਕਵੀ ਸਾਡੇ ਭ੍ਰਿਸ਼ਟ ਰਾਜਨੀਤਕ ਵਰਤਾਰੇ 'ਤੇ ਆਪਣੀ ਚਿੰਤਾ ਕਰਦਾ ਹੈ ਤੇ ਬਹੁਤ ਸਾਰੀਆਂ ਕਵਿਤਾਵਾਂ ਵਿਚ ਉਹ ਬੀਤ ਗਏ ਬਚਪਨ, ਗੁਆਚ ਰਹੇ ਵਿਰਸੇ, ਗੁਆਚ ਗਏ ਪੇਂਡੂ ਸੱਭਿਆਚਾਰ ਪ੍ਰਤੀ ਹੇਰਵੇ ਭਰਿਆ ਸੁਰ ਉਚਾਰਦਾ ਹੈ। ਸਮੁੱਚੇ ਰੂਪ ਵਿਚ ਕਵੀ ਸਹਿਜ ਭਾਸ਼ਾ ਵਿਚ ਆਪਣੀ ਕਾਵਿ ਸਿਰਜਣਾ ਕਰਦਾ ਹੈ ਜੋ ਪਾਠਕ ਨੂੰ ਆਪਣੇ ਨਾਲ ਤੋਰਨ ਲਈ ਸਮਰੱਥ ਹੈ।

ਂਡਾ: ਅਮਰਜੀਤ ਕੌਂਕੇ
ਮੋ: 98142-31698.

ਪੰਜਾਬ ਦੇ ਤਿਉਹਾਰ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 142.
ਸੰਪਰਕ : 98728-98599.

ਤਿਉਹਾਰ ਕਿਸੇ ਸਮਾਜ ਦਾ ਲੋਕਯਾਨਿਕ ਸ਼ੀਸ਼ਾ ਹਨ। ਇਨ੍ਹਾਂ ਵਿਚੋਂ ਕਿਸੇ ਸੰਸਕ੍ਰਿਤੀ ਦੀ ਜ਼ਿੰਦਗੀ ਤੇ ਰਹਿਣ-ਸਹਿਣ ਝਲਕਦਾ ਹੈ। ਪੰਜਾਬੀ ਰਹਿਤਲ ਦੇ ਵੀ ਬਾਕੀ ਸਮਾਜਾਂ ਵਾਂਗ ਕੁਝ ਤਿਉਹਾਰ ਹਨ, ਜਿਨ੍ਹਾਂ ਨੂੰ ਪਰਮਜੀਤ ਕੌਰ ਸਰਹਿੰਦ ਨੇ ਆਪਣੀ ਇਸ ਹਥਲੀ ਪੁਸਤਕ ਵਿਚ ਕਲਮਬੱਧ ਕੀਤਾ ਹੈ। ਇਸ ਕਿਤਾਬ ਵਿਚ ਲੇਖਿਕਾ ਨੇ ਲੋਹੜੀ ਤੋਂ ਦੀਵਾਲੀ ਤੱਕ ਮਨਾਏ ਜਾਣ ਵਾਲੇ ਕੁਝ ਤਿਉਹਾਰਾਂ ਬਾਰੇ ਲਿਖਿਆ ਹੈ।
ਲੋਹੜੀ, ਬਸੰਤ, ਹੋਲੀ ਤੇ ਹੋਲਾ ਮਹੱਲਾ, ਵਿਸਾਖੀ, ਤੀਆਂ, ਰੱਖੜੀ, ਗੁੱਗਾ ਨੌਵੀਂ, ਨਰਾਤੇ, ਦੁਸਹਿਰਾ, ਕਰਵਾ ਚੌਥ ਤੇ ਦੀਵਾਲੀ ਬਾਰੇ ਸਾਰੇ ਪੰਜਾਬੀ ਜਾਣਦੇ ਹਨ। ਇਨ੍ਹਾਂ ਦੇ ਮਨਾਉਣ ਦੇ ਇਤਿਹਾਸ ਦਾ ਵਰਨਣ ਤੇ ਇਨ੍ਹਾਂ ਤਿਉਹਾਰਾਂ ਦੇ ਅਜੋਕੇ ਸਮੇਂ ਵਿਚ ਬਦਲਦੇ ਸਰੂਪ ਬਾਰੇ ਲੇਖਿਕਾ ਆਪਣੇ ਵਿਚਾਰ ਵਿਅਕਤ ਕਰਦੀ ਹੈ।
ਲੇਖਿਕਾ ਨੇ ਕੁਝ ਐਸੇ ਤਿਉਹਾਰਾਂ ਬਾਰੇ ਵੀ ਪੰਜਾਬੀ ਪਾਠਕ ਨੂੰ ਜਾਣੂ ਕਰਵਾਇਆ ਹੈ, ਜੋ ਪੰਜਾਬ ਦੇ ਕਿਸੇ ਖਾਸ ਖਿੱਤੇ ਵਿਚ ਮਨਾਏ ਜਾਂਦੇ ਹਨ (ਜਿਵੇਂ ਪੁਆਧ ਤੇ ਕੁਝ ਮਲਵਈ ਇਲਾਕੇ)। ਇਨ੍ਹਾਂ ਵਿਚ ਗੁਲਗਲੇ, ਕਚੌਰੀਆਂ, ਵਾਲਾ ਬਾਸੜਿਆਂ ਦਾ ਤਿਉਹਾਰ, ਅਟੜੇ ਪਟੜੇ ਖੋਲ੍ਹ, ਨਮਾਣੀ ਕਾਰਸੀ, ਮਮਾਨੌਰਾਂ, ਝੱਕਰੀਆਂ ਦਾ ਵਰਤ ਅਤੇ ਗੜਬੜਿਆਂ ਦਾ ਤਿਉਹਾਰ। ਪਾਠਕ ਲਈ ਇਹ ਖਿੱਤਾਮਈ ਤਿਉਹਾਰ ਰੌਚਿਕ ਜਾਣਕਾਰੀ ਨਾਲ ਭਰਪੂਰ ਹਨ।
ਲੇਖਿਕਾ ਪੰਜਾਬੀ ਤਿਉਹਾਰਾਂ ਬਾਰੇ ਜਾਣਕਾਰੀ ਦੇਣ ਦੇ ਸਮਾਂਤਰ ਇਨ੍ਹਾਂ ਤਿਉਹਾਰਾਂ ਦਾ ਪੁਰਾਣੇ ਸਮੇਂ ਵਿਚ ਨਿਭਾਓ ਅਤੇ ਅਜੋਕੇ ਵਕਤ ਇਨ੍ਹਾਂ ਦੇ ਬਦਲ ਰਹੇ ਸਰੂਪ ਅਤੇ ਕਾਰਨ ਵੀ ਲਿਖਦੀ ਹੈ।
ਇਸ ਪੁਸਤਕ ਤੋਂ ਸੋਸ਼ਲ ਮੀਡੀਆ ਦੇ ਸਾਏ ਹੇਠ ਪਲ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮੱਤੇ ਵਿਰਸੇ ਨੂੰ ਜਾਣਨ ਤੇ ਸਮਝਣ ਦਾ ਭਰਪੂਰ ਮੌਕਾ ਮਿਲੇਗਾ। ਆਮ ਪਾਠਕ ਤੇ ਖੋਜਾਰਥੀਆਂ ਲਈ ਵੀ ਇਹ ਪੁਸਤਕ ਫਾਇਦੇਮੰਦ ਹੈ।

ਪ੍ਰੋ: ਸਤਪਾਲ ਸਿੰਘ
ਮੋ: 98725-21515

ਖੰਡ ਦੇ ਖਿਡੌਣੇ
ਲੇਖਕ : ਹਰਭਜਨ ਸਿੰਘ ਗੁਲਾਟੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136.
ਸੰਪਰਕ : 99158-83620.

ਪੰਜਾਬੀ ਨਾਟਕ ਅਤੇ ਕਹਾਣੀ ਪਿੜ ਨਾਲ ਵਿਸ਼ੇਸ਼ ਤੌਰ 'ਤੇ ਜੁੜੇ ਹੋਏ ਲੇਖਕ ਹਰਭਜਨ ਸਿੰਘ ਗੁਲਾਟੀ ਦਾ ਨਵਾਂ ਕਹਾਣੀ ਸੰਗ੍ਰਹਿ 'ਖੰਡ ਦੇ ਖਿਡੌਣੇ' ਵਰਤਮਾਨ ਮਨੁੱਖ ਦੀ ਮਾਨਸਿਕਤਾ ਨੂੰ ਆਧਾਰ ਬਣਾ ਕੇ ਲਿਖਿਆ ਹੈ। ਗੁਲਾਟੀ ਨੇ ਇਸ ਸੰਗ੍ਰਹਿ ਵਿਚ ਇਸ ਨੁਕਤੇ ਨੂੰ ਉਭਾਰਨ ਦਾ ਯਤਨ ਕੀਤਾ ਹੈ ਕਿ ਅਜੋਕੇ ਮਨੁੱਖ ਦੀ ਕਹਿਣੀ ਅਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ ਅਤੇ ਉਸ ਦੇ ਆਚਰਣਕ ਪੱਧਰ ਦੀ ਗਿਰਾਵਟ ਦਾ ਬੁਨਿਆਦੀ ਪਹਿਲੂ ਇਹ ਵੀ ਹੈ ਕਿ ਉਹ ਆਪਣੇ ਜੀਵਨ ਮੁੱਲਾਂ ਨਾਲੋਂ ਟੁੱਟ ਕੇ ਪੱਛਮੀ ਸੱਭਿਆਚਾਰ ਦੀ ਚਕਾਚੌਂਧ ਦੀ ਗ੍ਰਿਫ਼ਤ ਵਿਚ ਫਸ ਚੁੱਕਾ ਹੈ। ਇਸ ਹਵਾਲੇ ਨਾਲ ਉਸ ਦੀ ਕਹਾਣੀ 'ਖੱਡ ਦੇ ਖਿਡੌਣੇ' ਉਸ ਬਜ਼ੁਰਗ ਔਰਤ ਦੀ ਕਰੁਣਾਮਈ ਤ੍ਰਾਸਦੀ ਦਾ ਬ੍ਰਿਤਾਂਤ ਪੇਸ਼ ਕਰਦੀ ਹੈ, ਜਿਸ ਦੀ ਜਵਾਨ ਪੋਤੀ ਨੂੰ ਗੁੰਡੇ ਚੁੱਕ ਕੇ ਲੈ ਜਾਂਦੇ ਹਨ ਅਤੇ ਪ੍ਰਸ਼ਾਸਨ ਅਤੇ ਆਮ ਲੋਕ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੀ ਮਾਨਸਿਕ ਸਥਿਤੀ ਨੂੰ ਹੋਰ ਕੁੰਠਿਤ ਕਰਦੇ ਹਨ। 'ਬੰਦ ਕਮਰਾ' ਕਹਾਣੀ ਦਫ਼ਤਰੀ ਵਾਤਾਵਰਨ ਨਾਲ ਸਬੰਧਿਤ ਕਹਾਣੀ ਹੈ, ਜਿਸ ਵਿਚ ਔਰਤ ਮੁਲਾਜ਼ਮਾਂ ਪ੍ਰਤੀ ਸਹਿਕਰਮੀਆਂ ਦਾ ਦ੍ਰਿਸ਼ਟੀਕੋਣ, ਅਫ਼ਸਰਸ਼ਾਹੀ ਦੀਆਂ ਧੱਕੇਸ਼ਾਹੀਆਂ ਦਾ ਦਰਪਣ ਹੈ। 'ਅਧਵਾਟੇ' ਕਹਾਣੀ ਪਤਨੀ ਦੇ ਦਿਹਾਂਤ ਉਪਰੰਤ ਘਰੋਗੀ ਸਮੱਸਿਆਵਾਂ ਵਿਚ ਵਾਧੇ ਦੇ ਦੁਖਾਂਤ ਨੂੰ ਪ੍ਰਗਟ ਕਰਦੀ ਹੈ। 'ਅਮੋੜ' ਕਹਾਣੀ ਧੀਆਂ ਵੱਲੋਂ ਆਪਣੀ ਜ਼ਮੀਨ ਦੇ ਹੱਕ ਵਸੂਲਣ ਦੀ ਗੱਲ ਕਰਦੀ ਹੈ। ਇੰਜ ਗੁਲਾਟੀ ਦੀਆਂ ਇਹ ਕਹਾਣੀਆਂ ਮਜ਼ਹਬੀ ਵਿਤਕਰਿਆਂ, ਆਰਥਿਕ ਨਾਬਰਾਬਰੀ, ਆਧੁਨਿਕਤਾ ਦੇ ਪ੍ਰਭਾਵ ਅਧੀਨ ਧਨ ਦੌਲਤ ਦੀ ਲਾਲਸਾ ਅਤੇ ਸਮਾਜਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਅਤੇ ਖੂਨ ਦੇ ਰਿਸ਼ਤਿਆਂ ਦੀ ਸੋਚ ਵਿਚ ਆਈ ਤਬਦੀਲੀ ਵੱਲੋਂ ਘਰੋਗੀ ਸਮੱਸਿਆਵਾਂ ਵਿਚ ਹੋ ਰਹੇ ਵਾਧੇ ਨੂੰ ਉਜਾਗਰ ਕਰਦੀਆਂ ਹਨ। ਇੰਜ ਕੁੱਲ ਮਿਲਾ ਕੇ ਇਹ ਕਹਾਣੀਆਂ ਮਾਨਵੀ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ ਦੇ ਦੁਖਾਂਤ ਨੂੰ ਅਭਿਵਿਅਕਤ ਕਰਦੀਆਂ ਹਨ।

ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ; 98144-23703.

23-8-2015

 ਮਾਰਕਸਵਾਦ ਅਤੇ ਭਾਸ਼ਾ ਦਾ ਦਰਸ਼ਨ
ਲੇਖਕ : ਵੀ.ਐਨ. ਵੋਲੋਸ਼ਿਨੋਵ
ਅਨੁਵਾਦ : ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 244.
ਸੰਪਰਕ : 98152-18545.

ਵੀ.ਐਨ. ਵੋਲੋਸ਼ਿਨੇਵ (1895 ਤੋਂ 1936) ਰੂਸੀ ਚਿੰਤਕ ਹੈ, ਜਿਸ ਨੇ ਮਾਰਕਸਵਾਦੀ ਚਿੰਤਨ ਨੂੰ ਭਾਸ਼ਾ ਦੇ ਸਮਾਜਿਕ ਪ੍ਰਕਾਰਜ ਨਾਲ ਜੋੜ ਕੇ ਮਹੱਤਵਪੂਰਨ ਕਾਰਜ ਕੀਤਾ ਹੈ। ਸਾਹਿਤ, ਮਨੋਵਿਗਿਆਨ, ਫਲਸਫ਼ਾ ਅਤੇ ਸਮਾਜ ਵਿਗਿਆਨ ਚਾਰੇ ਖੇਤਰਾਂ ਨੂੰ ਛੂਹਣ ਤੇ ਪ੍ਰਭਾਵਿਤ ਕਰਨ ਦੀ ਸਮਰਥਾ ਵਾਲੀ ਉਸ ਦੀ ਪੁਸਤਕ ਮਾਰਕਸਿਜ਼ਮ ਐਂਡ ਫਿਲਾਸਫ਼ੀ ਆਫ ਲੈਂਗੂਏਜ ਜਦੋਂ 1929 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਤਾਂ ਇਸ ਦੀ ਕਦਰ ਨਾ ਪਈ। ਕਈ ਦਹਾਕੇ ਬਾਅਦ ਪ੍ਰੋ: ਪੂਰਨ ਸਿੰਘ ਵਾਂਗ ਉਸ ਦੀ ਕਦਰ ਪੈਣ ਲੱਗੀ। ਉਸ ਦੀਆਂ ਪੁਸਤਕਾਂ ਦੇ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋਣ ਲੱਗੇ। ਪ੍ਰੋ: ਹਰਬੰਸ ਸਿੰਘ ਧੀਮਾਨ ਨੇ ਉਸ ਦੇ ਚਿੰਤਨ ਨੂੰ ਪੰਜਾਬੀ ਜਗਤ ਸਾਹਮਣੇ ਰੱਖਣ ਦਾ ਪ੍ਰਸੰਸਾਯੋਗ ਉਪਰਾਲਾ ਕੀਤਾ ਹੈ।
ਤਿੰਨ ਭਾਗਾਂ ਵਿਚ ਵੰਡੀ ਇਸ ਪੁਸਤਕ ਦੇ ਨੌਂ ਅਧਿਆਇ ਹਨ, ਜਿਨ੍ਹਾਂ ਤੋਂ ਪਹਿਲਾਂ ਪ੍ਰੋ: ਧੀਮਾਨ ਦੀ ਵੋਲੋਸ਼ਿਨੋਵ ਅਤੇ ਇਸ ਪੁਸਤਕ ਨਾਲ ਸੰਖੇਪ ਜਾਣ-ਪਛਾਣ ਦੇਣ ਵਾਲਾ ਨਿਬੰਧ ਹੈ। ਗਿਆਨ ਮੂਲਕ ਅਤੇ ਸੰਸਕ੍ਰਿਤਕ ਪ੍ਰਕਾਰਜਾਂ ਵਾਸਤੇ ਬੁਨਿਆਦੀ ਚਿਹਨ ਪ੍ਰਬੰਧ ਹੈ ਭਾਸ਼ਾ। ਭਾਸ਼ਾ ਦੀ ਸਮਾਜਿਕ ਹੋਂਦ ਤੇ ਸਮਾਜਿਕ ਪਰਿਵਰਤਨ ਨਾਲ ਇਸ ਦਾ ਰਿਸ਼ਤਾ ਹੀ ਇਸ ਪੁਸਤਕ ਦਾ ਮੂਲ ਬਿੰਦੂ ਹੈ। ਪ੍ਰੋ: ਧੀਮਾਨ ਨੇ ਭਾਸ਼ਾ, ਭਾਸ਼ਾ ਅਧਿਐਨ ਦੇ ਵਿਭਿੰਨ ਮਾਡਲਾਂ, ਪਹੁੰਚ ਵਿਧੀਆਂ ਤੇ ਸਿਧਾਂਤਕਾਰਾਂ ਦਾ ਇਤਿਹਾਸਕ ਦ੍ਰਿਸ਼ ਪੇਸ਼ ਕਰਦੇ ਹੋਏ ਆਪਣੇ-ਆਪ ਨੂੰ ਰੂਸ ਜਾਂ ਵੋਲੋਸ਼ਿਨੋਵ ਤੱਕ ਸੀਮਤ ਨਹੀਂ ਰੱਖਿਆ ਸੋਸਿਊਰ, ਪਾਣਨੀ, ਬਲੂਮ ਫੀਲਡ, ਐਡਵਰਡ ਸਪੇਰ, ਕਾਂਤ ਆਦਿ ਅਨੇਕ ਚਿੰਤਕਾਂ ਨੂੰ ਛੋਹਿਆ ਹੈ ਅਤੇ ਉਨ੍ਹਾਂ ਦੇ ਪਿਛੋਕੜ ਵਿਚ ਵੋਲੋਸ਼ਿਨੋਵ ਦੇ ਕਾਰਜ ਨੂੰ ਟਿਕਾਣ ਦਾ ਉਪਰਾਲਾ ਕੀਤਾ ਹੈ। ਇਸ ਨਾਲ ਇਹ ਪੁਸਤਕ ਸਾਧਾਰਨ ਪਾਠਕ ਲਈ ਰਤਾ ਵਧੇਰੇ ਸਮਝ ਆਉਣ ਯੋਗ ਬਣ ਗਈ ਹੈ।
ਵੋਲੋਸ਼ਿਨੋਵ ਭਾਸ਼ਾ ਦੇ ਦਰਸ਼ਨ ਦੀ ਉਸਾਰੀ ਦਾ ਪ੍ਰਸ਼ਨ ਇਸ ਦੀ ਵਿਚਾਰਧਾਰਾਈ ਲੋੜ ਦੇ ਪ੍ਰਸੰਗ ਵਿਚ ਉਠਾਉਂਦਾ ਹੈ। ਇਸ ਦਾ ਨਾਤਾ ਮਨੋਵਿਗਿਆਨ ਨਾਲ ਜੋੜ ਕੇ ਇਕ ਨਵੀਂ ਦਿਸ਼ਾ ਦਿੰਦਾ ਹੈ। ਸੰਚਾਰ ਦੇ ਮੂਲ ਪ੍ਰਕਾਰਜ, ਵਿਸ਼ਾ ਵਸਤੂ, ਸ਼ਬਦ/ਅਰਥ/ਵਕਤਾ/ਸ੍ਰੋਤਾ ਇਸ ਦੌਰਾਨ ਵਿਚਾਰਧਾਰਾ ਨਾਲ ਕਿਵੇਂ ਜੁੜਦੇ ਹਨ। ਇਸ ਮੂਲ ਬਿੰਦੂ ਦੇ ਵਿਭਿੰਨ ਪਸਾਰਾਂ ਦੀ ਚਰਚਾ ਉਪਰੰਤ ਉਸ ਨੇ ਭਾਸ਼ਾਈ ਬਣਤਰਾਂ ਵਿਚ ਉਚਾਰਣ ਦੇ ਰੂਪਾਂ ਦਾ ਇਤਿਹਾਸਕ ਤੇ ਤੁਲਨਾਤਮਕ ਅਧਿਐਨ ਕੀਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਮੇਰੀਆਂ ਚੋਣਵੀਆਂ ਕਹਾਣੀਆਂ
ਲੇਖਕ : ਪ੍ਰੇਮ ਪ੍ਰਕਾਸ਼
ਸੰਪਾਦਕ : ਰਜਨੀਸ਼ ਬਹਾਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 195 ਰੁਪਏ, ਸਫ਼ੇ : 176.
ਸੰਪਰਕ : 0172-5077427.

ਪਿਛਲੇ 50 ਸਾਲਾਂ ਤੋਂ ਨਿਰੰਤਰ ਲਿਖਣ ਵਾਲਾ ਸਾਡਾ ਇਹ ਕਹਾਣੀਕਾਰ ਇਕ ਵਿਲੱਖਣ ਕਥਾਕਾਰ ਵਜੋਂ ਕਾਰਜਸ਼ੀਲ ਹੈ। ਕਲਾਤਮਿਕ ਪੱਖ ਤੋਂ ਪੰਜਾਬੀ ਕਹਾਣੀ ਵਿਚ ਪ੍ਰੇਮ ਪ੍ਰਕਾਸ਼ ਨੇ ਕਈ ਨਵੇਂ ਤਜਰਬੇ ਕੀਤੇ ਹਨ। ਕਹਾਣੀ ਦੇ ਖੇਤਰ ਵਿਚ ਉਸ ਦੇ ਆਗਮਨ ਸਮੇਂ ਪ੍ਰਗਤੀਵਾਦੀ ਲਹਿਰ ਦੀ ਚੜ੍ਹਤ ਦਾ ਸਮਾਂ ਸੀ। ਪ੍ਰੇਮ ਪ੍ਰਕਾਸ਼ ਔਰਤ-ਮਰਦ ਸੰਬੰਧਾਂ ਨੂੰ ਵੱਖ-ਵੱਖ ਬਿਰਤਾਂਤ ਵਿਧੀਆਂ ਰਾਹੀਂ ਸਮਝਣ ਦੀ ਕੋਸ਼ਿਸ਼ ਵਿਚੋਂ ਇਨ੍ਹਾਂ ਦੀ ਸਿਰਜਣਾ ਕਰਦਾ ਹੈ। ਕਾਮ ਦਾ ਨਿਸੰਗ ਵਰਣਨ ਕਰਦਾ ਉਹ ਸਦਾਚਾਰਕ ਮੁੱਲਾਂ ਨੂੰ ਤਿਲਾਂਜਲੀ ਦਿੰਦਾ ਹੈ।
ਹਥਲੇ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਨੂੰ ਡਾ: ਰਜਨੀਸ਼ ਬਹਾਦਰ ਨੇ ਸੰਪਾਦਨ ਕੀਤਾ ਹੈ। ਦੋ ਖੰਡਾਂ ਵਿਚ ਵੰਡੇ ਇਸ ਸੰਗ੍ਰਹਿ ਵਿਚ 16 ਕਹਾਣੀਆਂ ਹਨ। ਪਹਿਲੇ ਖੰਡ ਵਿਚਲੀਆਂ ਕਹਾਣੀਆਂ (ਘਰ, ਗੋਈ, ਬੰਗਲਾ, ਲੱਛਮੀ, ਮਾੜਾ ਬੰਦਾ, ਇਹ ਉਹ ਜਸਬੀਰ ਨਹੀਂ, ਮੋਹੜੀ, ਕਾਨ੍ਹੀ, ਭੈਂਗਾ) ਪਰਿਵਾਰਕ ਚਿੰਤਾਵਾਂ, ਤਣਾਵਾਂ, ਉਪ-ਸੱਭਿਆਚਾਰਾਂ ਦੇ ਟਕਰਾਅ, ਜਾਤੀਗਤ ਹਉਮੈ ਅਤੇ ਸਮਾਜਿਕ-ਆਰਥਿਕ ਸਥਿਤੀ ਨੂੰ ਕੇਂਦਰੀ ਬਿੰਦੂ ਬਣਾਉਂਦੀਆਂ ਹਨ। ਪੰਜਾਬ ਸੰਕਟ ਦੀ ਤ੍ਰਾਸਦੀ ਨੂੰ ਬਿਆਨ ਕਰਦੀਆਂ ਦੋ ਕਹਾਣੀਆਂ ਵੀ ਦਰਜ ਹਨ। ਦੂਜੇ ਖੰਡ ਵਿਚ (ਮੁਕਤੀ-9, ਮੁਕਤੀ-99) ਸ਼ੋਲਡਰ ਬੈਗ, ਡੈੱਡ ਲਾਈਨ, ਕਪਾਲ ਕਿਰਿਆ, ਮਿਸ਼ਨ ਕੰਪਾਊਂਡ, ਸ਼ਵੇਤਾਂਬਰ ਨੇ ਕਿਹਾ ਸੀ) ਹਨ। ਇਹ ਕਹਾਣੀਆਂ ਔਰਤ-ਮਰਦ ਰਿਸ਼ਤੇ ਦੀਆਂ ਸੂਖਮਤਾਵਾਂ ਨੂੰ ਬਿਆਨ ਕਰਦੀਆਂ ਹਨ। ਇਹ ਕਹਾਣੀਆਂ ਪ੍ਰੇਮ ਪ੍ਰਕਾਸ਼ ਦੇ ਮਨਪਸੰਦ ਦੇ ਵਿਸ਼ੇ-ਕਾਮ, ਮਿਥ ਤੇ ਧਰਮ ਵਰਗੇ ਵਿਸ਼ਿਆਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਸਾਰੀਆਂ ਕਹਾਣੀਆਂ ਪ੍ਰੇਮ ਪ੍ਰਕਾਸ਼ ਦੀ ਸਮੁੱਚੀ ਕਹਾਣੀ ਦੀਆਂ ਸਾਰੀਆਂ ਪਰਤਾਂ ਨੂੰ ਬਾਖੂਬੀ ਬਿਆਨ ਕਰਦੀਆਂ ਹਨ। ਕਹਾਣੀ ਜਗਤ ਦੇ ਸੂਝਵਾਨ ਚਿੰਤਕ ਡਾ: ਰਜਨੀਸ਼ ਬਹਾਦਰ ਸਿੰਘ ਨੇ ਇਨ੍ਹਾਂ ਚੋਣਵੀਆਂ ਕਹਾਣੀਆਂ ਦੀ ਸੰਪਾਦਨਾ ਕੀਤੀ ਹੈ। ਸੁੰਦਰ ਦਿੱਖ ਵਿਚ ਇਹ ਪੁਸਤਕ ਛਪੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮ
ਗਲੋਬਲੀ ਪਰਿਪੇਖ
ਸੰ: ਡਾ: ਹਰਦਿਲਜੀਤ ਸਿੰਘ ਗੋਸਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119.
ਸੰਪਰਕ : 0161-2413613.

ਅਜੋਕੇ ਸਮੇਂ ਵਿਚ ਕਾਲਜਾਂ/ ਯੂਨੀਵਰਸਿਟੀਆਂ ਵਿਚ ਹੋਣ ਵਾਲੇ ਸੈਮੀਨਾਰਾਂ/ਕਾਨਫ਼ਰੰਸਾਂ ਦੀ ਸਮੁੱਚੀ ਕਾਰਵਾਈ ਅਤੇ ਪੜ੍ਹੇ ਗਏ ਖੋਜ-ਪੱਤਰਾਂ ਵਿਚ ਪ੍ਰਸਤੁਤ ਵਿਚਾਰਾਂ ਨੂੰ ਆਮ ਪਾਠਕਾਂ ਤੱਕ ਪਹੁੰਚਾਉਣ ਲਈ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨ ਦਾ ਬੜਾ ਸਾਰਥਕ ਰੁਝਾਨ ਪੈਦਾ ਹੋ ਚੁੱਕਾ ਹੈ। ਹਥਲੀ ਪੁਸਤਕ ਇਸੇ ਰੁਝਾਨ ਦਾ ਪ੍ਰਤੀਫਲ ਹੈ। ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪ੍ਰਿੰ: ਗੋਸਲ ਦੀ ਅਗਵਾਈ ਹੇਠ ਉਪਰੋਕਤ ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਖੋਜ ਪੱਤਰ ਪੜ੍ਹਨ ਵਾਲਿਆਂ ਤੋਂ ਬਿਨਾਂ ਪੰਜਾਬੀ ਜਗਤ ਦੇ ਸਿਰਮੌਰ ਬੁੱਧੀਜੀਵੀਆਂ (ਡਾ: ਸੁਰਜੀਤ ਲੀ, ਡਾ: ਦੀਪਕ ਮਨਮੋਹਨ ਸਿੰਘ, ਡਾ: ਰਣਜੀਤ ਸਿੰਘ ਬਾਜਵਾ, ਡਾ: ਹਰਜਿੰਦਰ ਵਾਲੀਆ, ਡਾ: ਸੁਰਜੀਤ ਭੱਟੀ, ਡਾ: ਆਸਾ ਸਿੰਘ ਘੁੰਮਣ, ਅਮਰੀਕ ਗਿੱਲ ਆਦਿ) ਨੇ ਸ਼ਿਰਕਤ ਕੀਤੀ।
ਇਸ ਸੈਮੀਨਾਰ ਵਿਚ ਪੜ੍ਹੇ ਗਏ ਪੇਪਰਾਂ ਅਤੇ ਹਾਜ਼ਰੀਨ ਵੱਲੋਂ ਪ੍ਰਸਤੁਤ ਵਿਚਾਰਾਂ ਅਨੁਸਾਰ ਜੋ ਗੱਲ ਨਿਖੜ ਕੇ ਸਾਹਮਣੇ ਆਈ, ਉਹ ਇਹ ਹੈ ਕਿ ਗਲੋਬਲੀਕਰਨ ਦੇ ਪ੍ਰਭਾਵ ਹੇਠ ਸਾਡਾ ਸੱਭਿਆਚਾਰ ਤਹਿਸ-ਨਹਿਸ ਹੋ ਰਿਹਾ ਹੈ। ਅਸੀਂ ਪੂਰਨ ਤੌਰ 'ਤੇ ਪੱਛਮੀ ਪ੍ਰਭਾਵ ਹੇਠ ਆ ਗਏ ਹਾਂ। ਮੀਡੀਆ ਨੌਜਵਾਨਾਂ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬੰਦਾ ਮੰਡੀ ਦੀ ਵਸਤੂ ਬਣ ਕੇ ਰਹਿ ਗਿਆ ਹੈ। ਮੰਡੀ-ਨੁਮਾ ਸੱਭਿਆਚਾਰ ਨਾਲ ਨੈਤਿਕਤਾ ਦਾ ਕੋਈ ਸਰੋਕਾਰ ਨਹੀਂ ਹੁੰਦਾ। ਅਸਲੀ ਕਲਾ ਤਾਂ ਉਹ ਹੁੰਦੀ ਹੈ ਜੋ ਜੀਵਨ ਵਿਚੋਂ ਪੈਦਾ ਹੋਵੇ। ਪੰਜਾਬੀ ਭਾਸ਼ਾ ਅੰਗਰੇਜ਼ੀਨੁਮਾ ਰੂਪ ਧਾਰ ਰਹੀ ਹੈ। ਪਰਵਾਸੀ ਪੰਜਾਬੀ ਨਾਵਲ ਵਿਚ ਪ੍ਰਸਤੁਤ ਹੋ ਰਿਹਾ ਨਸਲੀ ਵਿਤਕਰਾ ਸਥਾਪਤੀ ਦੀ ਇਕ ਕੋਝੀ ਚਾਲ ਹੈ। ਇਸ ਵਿਤਕਰੇ ਦਾ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ। ਪਰਵਾਸੀ ਪੰਜਾਬੀ ਕਵਿਤਾ ਦਿਲ ਦੀ ਥਾਂ ਦਿਮਾਗ ਦੀ ਬੋਲੀ ਬਣ ਗਈ ਹੈ। ਪਾਠਕਾਂ ਦੀ ਸੋਚ 'ਤੇ ਇਹ ਗੱਲ ਛੱਡ ਦਿੱਤੀ ਗਈ ਹੈ ਕਿ ਗਲੋਬਲੀਕਰਨ ਦੇ ਦੁਸ਼ਪ੍ਰਭਾਵਾਂ ਨਾਲ ਕਿੰਜ ਨਜਿੱਠਿਆ ਜਾਏ? ਇਸ ਪੁਸਤਕ ਵਿਚ ਪੰਜਾਬੀ ਫ਼ਿਲਮਾਂ ਅਤੇ ਪਾਕਿਸਤਾਨੀ ਪੰਜਾਬੀ ਇਕਾਂਗੀਆਂ ਬਾਰੇ ਵੀ ਦੋ ਵਿਚਾਰਜਨਕ ਖੋਜ-ਨਿਬੰਧ ਸ਼ਾਮਿਲ ਕੀਤੇ ਗਏ ਹਨ। ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਸੰਚਾਰ ਮਾਧਿਅਮਾਂ ਬਾਰੇ ਗਲੋਬਲੀ ਪਰਿਪੇਖ ਵਿਚ ਜਾਣਕਾਰੀ ਦੇਣ ਲਈ ਸੰਪਾਦਕ ਪ੍ਰਸੰਸਾ ਦਾ ਅਧਿਕਾਰੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46009.

ਸਰਹੰਦ ਕੰਢੇ
ਲੇਖਕ : ਅਬਦਾਲ ਬੇਲਾ
ਅਨੁਵਾਦਕ : ਡਾ: ਗੁਲਜ਼ਾਰ ਸਿੰਘ ਪੰਧੇਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 244.
ਸੰਪਰਕ : 94647-62825.

ਪਾਕਿਸਤਾਨੀ ਲਿਖਾਰੀ ਅਬਦਾਲ ਬੇਲਾ ਦਾ ਲਿਖਿਆ ਨਾਵਲ 'ਦਰਵਾਜ਼ਾ ਖੁੱਲ੍ਹਦਾ ਹੈ' 1800 ਪੰਨਿਆਂ ਦਾ 6 ਜਿਲਦਾਂ ਵਿਚ ਹੈ ਜਿਸ ਦਾ ਹਿੰਦੀ ਅਨੁਵਾਦ ਕੇਵਲ ਧੀਰ ਨੇ ਅਤੇ ਪੰਜਾਬੀ ਵਿਚ ਡਾ: ਗੁਲਜ਼ਾਰ ਪੰਧੇਰ ਨੇ ਕੀਤਾ। ਹਿੰਦੀ ਵਿਚ ਸਿਰਲੇਖ ਹੈ 'ਨਦੀ ਕਿਨਾਰੇ' ਤੇ ਪੰਜਾਬੀ ਵਿਚ 'ਸਰਹੰਦ ਕੰਢੇ'।
ਇਸ ਨਾਵਲ ਦੀ ਕਹਾਣੀ ਦਾ ਵਧੇਰੇ ਹਿੱਸਾ ਰੋਪੜ ਅਤੇ ਮਾਨਪੁਰ ਹੈੱਡਵਰਕਸ ਤੇ ਸਰਹੰਦ ਨਹਿਰ ਕੰਢੇ ਹੀ ਚਿਤਰਿਆ ਗਿਆ ਹੈ। ਇਸ ਨਾਵਲ ਦਾ ਸਮਾਂ 19ਵੀਂ ਸਦੀ ਦੇ ਆਖਰੀ ਦਹਾਕੇ ਤੋਂ ਲੈ ਕੇ 20ਵੀਂ ਸਦੀ ਦੇ ਅੱਧ ਤੱਕ ਦਾ ਹੈ ਅਤੇ ਘਟਨਾ ਸਥਲ ਲੁਧਿਆਣਾ ਸ਼ਹਿਰ ਦੇ ਆਸ-ਪਾਸ ਦਾ ਇਲਾਕਾ ਹੈ। ਸਭ ਤੋਂ ਵੱਡੀ ਗੱਲ ਨਾਵਲ ਦੀ ਕਹਾਣੀ ਮਨਘੜਤ ਨਹੀਂ ਸਗੋਂ ਵੱਡੇ-ਵਡੇਰਿਆਂ ਦੀ ਆਪਬੀਤੀ ਹੈ। ਨਾਵਲ ਵਿਚ 3-4 ਕਹਾਣੀਆਂ ਨਾਲੋਂ-ਨਾਲ ਚਲਦੀਆਂ ਹਨ, ਜਿਨ੍ਹਾਂ ਦੇ ਸਿਰੇ ਇਕ-ਦੂਜੇ ਨਾਲ ਜੁੜੇ ਹੋਏ ਹਨ। ਪਹਿਲੀ ਕਹਾਣੀ ਅਬੂ ਫਜ਼ਲ ਦੀ ਗ਼ਰੀਬੀ ਤੇ ਬੇਲਦਾਰ ਭਰਤੀ ਹੋ ਕੇ ਅੰਗਰੇਜ਼ ਹਾਕਮਾਂ ਦੀਆਂ ਨਜ਼ਰਾਂ ਵਿਚ ਵਧੀਆ ਮਨੁੱਖ ਦੇ ਤੌਰ 'ਤੇ ਨੌਕਰੀ ਕਰਨੀ ਤੇ ਉਚੇਰੇ ਅਹੁਦਿਆਂ 'ਤੇ ਪਹੁੰਚਦੇ ਜਾਣਾ, ਫਿਰ ਦੂਜਾ ਸਿਰਾ ਸਾਹਿਬਾਂ ਦੀ ਕਹਾਣੀ ਹੈ, ਜੋ ਇਕ ਪ੍ਰਸਿੱਧ ਖੂਬਸੂਰਤ ਨਾਚੀ ਸੀ ਪਰ ਸਾਈਂ ਬਾਬੇ ਦੀ ਕ੍ਰਿਪਾ ਹੋਈ ਤਾਂ ਸਭ ਕੁਝ ਤਿਆਗ ਕੇ ਬਾਬੇ ਦੇ ਚਰਨੀਂ ਆ ਲੱਗੀ। ਅਗਲੀ ਕਹਾਣੀ ਵੱਡੀ ਜਗੀਰ ਦੀ ਮਾਲਕਣ ਚੰਨਣ ਕੌਰ ਦੀ ਹੈ ਜੋ ਜਗੀਰ ਦਾ ਵਾਰਸ ਪੈਦਾ ਨਾ ਕਰ ਸਕੀ ਤੇ ਅੰਤ ਨੀਵੇਂ ਹਥਿਆਰਾਂ 'ਤੇ ਆ ਗਈ ਬੱਚੇ ਖਰੀਦਣੇ। ਪਹਿਲਾਂ ਦਾਈ ਦੀ ਮਦਦ ਨਾਲ ਇਕ ਬੱਚਾ ਲੈਂਦੀ ਹੈ, ਜੋ ਮਰ ਜਾਂਦਾ ਹੈ, ਫਿਰ ਭੈਣ ਦੀ ਮਦਦ ਨਾਲ ਅਬੂ ਫਜ਼ਲ ਦਾ ਬੇਟਾ ਚੁਕਵਾ ਲੈਂਦੀ ਹੈ ਪਰ ਅੰਤ ਮਾੜਾ ਹੁੰਦਾ ਹੈ-ਪਾਗਲ ਹੋ ਜਾਂਦੀ ਹੈ, ਪਾਪਾਂ ਦੇ ਬੋਝ ਹੇਠਾਂ। ਚੌਥੀ ਕਹਾਣੀ ਲਾਡੋ ਦੀ ਹੈ ਜੋ ਕਰਨੀ ਵਾਲੇ ਬਾਬੇ ਦੀ ਮਿਹਰ ਨਾਲ ਪੈਦਾ ਹੋਈ ਤੇ ਫਿਰ ਉਸ ਦੀ ਸਰਪ੍ਰਸਤੀ ਹੇਠ ਹੀ ਪਲੀ, ਵੱਡੀ ਹੋਈ ਤੇ ਰਹਿਮਤ ਰਹੀ ਉਸ ਦੇ ਸਿਰ 'ਤੇ।
ਇਸ ਨਾਵਲ ਵਿਚੋਂ ਬਹੁਤ ਸਾਰੀਆਂ ਇਤਿਹਾਸਕ ਸਚਾਈਆਂ ਵੀ ਉੱਭਰ ਕੇ ਸਾਹਮਣੇ ਆਉਂਦੀਆਂ ਹਨ, ਜਿਵੇਂ ਗੁਰੂ ਅਰਜਨ ਦੇਵ ਜੀ ਪਿੰਡ ਮਿਓਵਾਲ ਵਿਆਹੇ ਹੋਏ ਸਨ ਤੇ ਬਾਰਾਤ ਵਾਪਸ ਮੋੜਨ ਵਾਲੀ ਘਟਨਾ। ਦੂਸਰਾ ਉਦੋਂ ਹਰ ਧਰਮ ਦੇ ਖੂਹ ਵੱਖੋ-ਵੱਖਰੇ ਹੁੰਦੇ ਸਨ ਤੇ ਜਾਤ-ਪਾਤ ਵੀ ਪ੍ਰਚਲਿਤ ਸੀ, ਕਬੀਲਿਆਂ ਦੇ ਲੋਕ ਅੰਧ-ਵਿਸ਼ਵਾਸੀ। ਕਾਮੇ ਏਨੇ ਕਮਜ਼ੋਰ ਕਿ ਭਰਤੀ ਲਈ ਕੋਈ ਤੰਦਰੁਸਤ ਨਾ ਹੋਣਾ, ਨਵਾਬਾਂ ਦਾ ਧੰਦਾ ਸੀ ਗੁਲਾਮ ਖਰੀਦਣੇ ਪੈਸੇ ਦੇ ਜ਼ੋਰ 'ਤੇ ਪਰ ਅਬੂ ਫਜ਼ਲ ਖ਼ੁਦਾ ਦਾ ਬੰਦਾ ਨਹੀਂ ਵਿਕਦਾ, ਲੋਕਾਂ ਦਾ ਜੰਤਰ-ਮੰਤਰ ਤੇ ਜਾਦੂ-ਟੂਣਿਆਂ ਵਿਚ ਵਿਸ਼ਵਾਸ, ਨਨਾਣਾਂ ਦਾ ਭਰਜਾਈ ਨਾਲ ਮਾੜਾ ਵਤੀਰਾ, ਪੈਸੇ ਦੇ ਜ਼ੋਰ 'ਤੇ ਬੱਚੇ ਖਰੀਦਣਾ ਤੇ ਵਾਰਸ ਬਣਾਉਣਾ ਆਦਿ ਅਜਿਹੀਆਂ ਗੱਲਾਂ/ਘਟਨਾਵਾਂ ਹਨ ਜੋ ਹਰ ਸਮਾਜ ਦਾ ਹਿੱਸਾ ਰਹੀਆਂ ਹਨ ਤੇ ਆਮ ਵਾਪਰਦੀਆਂ ਹਨ।
ਇਸ ਵਿਚ ਸਾਂਝੇ ਪੰਜਾਬ ਦੀ, ਰਸਮੋ-ਰਿਵਾਜ, ਗਹਿਣੇ-ਗੱਟੇ ਤੇ ਪਹਿਰਾਵਾ, ਮਾਹੌਲ, ਸਮਾਜਿਕ ਰਿਸ਼ਤੇ-ਸਾਂਝ ਸਭ ਕੁਝ ਬਿਲਕੁਲ ਸੁਭਾਵਿਕ ਜਾਪਦਾ ਹੈ। ਕਹਾਣੀ ਲੰਮੀ ਹੈ ਪਰ ਪੜ੍ਹਦਿਆਂ ਰੌਚਿਕਤਾ ਕਾਇਮ ਹੈ ਤੇ ਪਾਠਕ ਨੂੰ ਉਂਗਲੀ ਫੜ ਕੇ ਨਾਲ ਤੋਰਦੀ ਹੈ। ਹਿੰਦ-ਪਾਕਿ ਦੋਸਤੀ ਦੀ ਸਾਂਝ, ਵੱਡੇ-ਵਡੇਰਿਆਂ ਦੀ ਆਪਸੀ ਖਿੱਚ ਤੇ ਮੋਹ-ਪਿਆਰ ਨਾਵਲ ਦੀ ਜਿੰਦ ਜਾਨ ਹੈ। ਭਾਸ਼ਾ ਦੇ ਪੱਖ ਤੋਂ ਨਾਵਲ ਪੰਜਾਬੀ, ਪੇਂਡੂ ਤੇ ਸ਼ਹਿਰੀ ਜੀਵਨ ਦੇ ਸਾਰੇ ਪਹਿਲੂਆਂ ਨੂੰ ਪੇਸ਼ ਕਰਕੇ ਅਪਣੱਤ ਦੀ ਭਾਵਨਾ ਪੈਦਾ ਹੁੰਦੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਨਿੱਘੇ ਮਿੱਤਰ-ਮੁਲਾਕਾਤਾਂ
ਲੇਖਕ : ਸਾਥੀ ਲੁਧਿਆਣਵੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ-6
ਮੁੱਲ : 375 (ਸਜਿਲਦ), ਸਫ਼ੇ : 228.
ਸੰਪਰਕ : 092125-89410.

ਸਾਥੀ ਲੁਧਿਆਣਵੀ ਇਕ ਸਰਬਾਂਗੀ ਸਾਹਿਤਕਾਰ ਹੈ। ਨਿੱਘੇ ਮਿੱਤਰ-ਮੁਲਾਕਾਤਾਂ ਉਸ ਦੀ 15ਵੀਂ ਪੁਸਤਕ ਹੈ, ਜਿਸ ਵਿਚ ਉਸ ਨੇ ਕਲਮ, ਸੰਗੀਤ, ਕਵਿਤਾ, ਆਲੋਚਨਾ, ਨਾਵਲ ਤੇ ਹਰ ਤਰ੍ਹਾਂ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਹਿਤ ਪ੍ਰਤੀਬੱਧ ਹੋ ਕੇ ਜੁੜੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਨੂੰ ਸੰਕਲਿਤ ਕੀਤਾ ਹੈ। ਇਨ੍ਹਾਂ ਮੁਲਾਕਾਤਾਂ ਵਿਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ (1980), ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ (1985), ਪੰਜਾਬੀ ਡਰਾਮਿਆਂ ਦਾ ਥੰਮ੍ਹ ਬਲਵੰਤ ਗਾਰਗੀ (1990), ਪੰਜਾਬੀ ਦੇ ਬੌਧਿਕ ਆਲੋਚਕ ਤੇ ਲੇਖਕ ਡਾ: ਅਤਰ ਸਿੰਘ (1984), ਪੰਜਾਬੀ ਦੇ ਬੁੱਧੀਜੀਵੀ ਆਲੋਚਕ ਤੇ ਕਵੀ ਡਾ: ਹਰਿਭਜਨ ਸਿੰਘ (1984), ਪੰਜਾਬ ਤੇ ਪੰਜਾਬੀ ਦਾ ਵੱਡਾ ਮੁੱਦਈ ਨਾਵਲਕਾਰ ਜਸਵੰਤ ਸਿੰਘ ਕੰਵਲ (1983), ਪ੍ਰਸਿੱਧ ਤੇ ਨਿਧੜਕ ਲੇਖਕਾ ਅਜੀਤ ਕੌਰ (1987), ਨਾਟਕਕਾਰ ਗੁਰਸ਼ਰਨ ਸਿੰਘ (1985), ਪੰਜਾਬੀ ਨਾਟਕ ਦੇ ਸ੍ਰੇਸ਼ਟ ਹਸਤਾਖ਼ਰ ਸੁਰਜੀਤ ਸਿੰਘ ਸੇਠੀ (1985), ਪੰਜਾਬੀ ਦੇ ਰੰਗੀਨ ਅਤੇ ਉਮਦਾ ਸ਼ਾਇਰ ਸ. ਸ. ਮੀਸ਼ਾ (1980), ਪੰਜਾਬੀ ਦੇ ਵਧੀਆ ਗ਼ਜ਼ਲਗੋ ਰਣਧੀਰ ਸਿੰਘ ਚੰਦ (1987), ਕਵੀ ਅਤੇ ਆਰਟਿਸਟ ਸੋਹਣ ਕਾਦਰੀ (1986), ਹਿੰਦੀ ਅਤੇ ਉਰਦੂ ਦੇ ਫ਼ਿਲਮ ਸਕ੍ਰਿਪਟ ਰਾਈਟਰ ਤੇ ਨਾਮਾਨਿਗਾਰ ਉਪਿੰਦਰ ਨਾਥ ਅਸ਼ਕ (1985), ਪੰਜਾਬੀ ਦੇ ਜੁਝਾਰੂ ਕਵੀ ਅਵਤਾਰ ਸਿੰਘ ਪਾਸ਼ (1987), ਪੰਜਾਬੀ ਦਾ ਆਧੁਨਿਕ ਸਿਰਮੌਰ ਸ਼ਾਇਰ ਸੁਰਜੀਤ ਪਾਤਰ (1993), ਗ਼ਜ਼ਲ ਸਮਰਾਟ ਜਗਜੀਤ ਸਿੰਘ (1999), ਪੰਜਾਬ ਤੇ ਰਾਜਸਥਾਨ ਦੀਆਂ ਰੋਹੀਆਂ ਤੇ ਢੱਕੀਆਂ ਦੀ ਆਵਾਜ਼-ਰੇਸ਼ਮਾ (1992), ਭਲਵਾਨ ਤੇ ਐਕਟਰ ਦਾਰਾ ਿਿਸੰਘ (1985), ਆਜ਼ਾਦ ਹਿੰਦ ਫ਼ੌਜ ਦਾ ਸਿਰਜਣਹਾਰਾ ਅਤੇ ਸੁਤੰਤਰਤਾ ਸੰਗਰਾਮੀਆ-ਜਨਰਲ ਮੋਹਨ ਸਿੰਘ (1983), ਰਾਜ ਕਵੀ ਤੇ ਸੂਫੀ ਗਾਇਕ ਹੰਸ ਰਾਜ 'ਹੰਸ' (1992), ਬੁਲੰਦ ਆਵਾਜ਼ ਦੀ ਮਲਕਾ ਗਾਇਕਾ ਨਰਿੰਦਰ ਬੀਬਾ (1996), ਵਿਲੱਖਣ ਆਵਾਜ਼ ਦਾ ਮਾਲਕ ਸੁਰਜੀਤ ਬਿੰਦਰੱਖੀਆ (1996), ਨੀਨਾ ਟਿਵਾਣਾ ਅਤੇ ਨਿਰਮਲ ਰਿਸ਼ੀ (1993) ਦੇ ਨਾਲ ਸੰਤੋਖ ਧਾਲੀਵਾਲ ਵੱਲੋਂ ਸਾਥੀ ਲੁਧਿਆਣਵੀ ਨਾਲ ਮੁਲਾਕਾਤ ਵੀ ਸ਼ਾਮਿਲ ਕੀਤੀ ਗਈ ਹੈ। ਨਿਰਸੰਦੇਹ ਇਨ੍ਹਾਂ ਸ਼ਖ਼ਸੀਅਤਾਂ ਦਾ ਪੰਜਾਬੀ ਸਾਹਿਤ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਲਈ ਕੀਤੀ ਅਣਥੱਕ ਘਾਲਣਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸ਼ਖ਼ਸੀਅਤਾਂ ਦੀ ਸਿਰਜਣ ਪ੍ਰਕਿਰਿਆ/ਗਾਇਨ ਸੈਲੀਆਂ ਤੇ ਤਤਕਾਲੀਨ ਸਮਾਜਿਕ, ਆਰਥਿਕ, ਰਾਜਨੀਤਕ ਸੱਭਿਆਚਾਰਕ ਪ੍ਰਭਾਵਾਂ ਦਾ ਪ੍ਰਤੱਖ ਦੀਦਾਰ ਕੀਤਾ ਜਾ ਸਕਦਾ ਹੈ। ਬਹੁਤ ਹੀ ਤਿੱਖੇ ਅਤੇ ਵਿਵਾਦਿਤ ਪ੍ਰਸ਼ਨਾਂ ਦੇ ਉੱਤਰ ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਦਿੱਤੇ ਗਏ ਹਨ। ਪੁਸਤਕ ਵਿਚ ਮੁਲਾਕਾਤਾਂ ਸਮੇਂ ਲਏ ਗਏ ਚਿੱਤਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096

ਸਾਹਿਤ, ਸੱਭਿਆਚਾਰ ਤੇ ਸੰਸਕ੍ਰਿਤੀ
(ਲੋਕ ਪੱਖੀ ਦਾਰਸ਼ਨਿਕ ਨਿਬੰਧ)
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲੀ ਪਾਠਕ ਸਹਿਯੋਗੀ-ਸਾਹਿਤ ਪ੍ਰਕਾਸ਼ਨ ਸੰਸਥਾ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 104.
ਸੰਪਰਕ : 94635-61123.

ਓਮ ਪ੍ਰਕਾਸ਼ ਗਾਸੋ ਪੰਜਾਬੀ ਸਾਹਿਤ ਦਾ ਦਾਰਸ਼ਨਿਕ ਨਾਂਅ ਹੈ। ਗਾਸੋ ਮਨੁੱਖੀ ਹਯਾਤੀ ਦੇ ਡੂੰਘੇ ਚਿੰਤਨ ਨਾਲ ਜੁੜਿਆ ਸੰਵੇਦਨਸ਼ੀਲ ਕਰਮਯੋਗੀ ਹੈ। ਉਸ ਦੇ ਨਿਬੰਧ ਮਨੁੱਖ ਨੂੰ ਉਤਕ੍ਰਿਸ਼ਟ ਜੀਵਨ-ਸਾਂਚੇ ਵਿਚ ਢਾਲਣ ਦੀ ਪੈਰਵੀ ਕਰਦੇ ਹਨ। ਉਸ ਦੇ ਨਿਬੰਧਾਂ ਦੀ ਭਾਸ਼ਾ ਸੰਜਮੀ, ਦਾਰਸ਼ਨਿਕ, ਕੋਮਲ ਤੇ ਮੌਲਿਕ ਹੈ। ਸਾਂਸਕ੍ਰਿਤਕ ਬੋਧ ਦਾ ਗਿਆਤਾ, ਜਜ਼ਬਾਤੀ ਤੇ ਜ਼ਿੰਦਗੀ ਦਾ ਜਿਗਰੀ ਦੋਸਤ ਗਾਸੋ ਆਪਣੀਆਂ ਰਨਚਨਾਵਾਂ ਵਿਚ ਸ਼ਬਦ ਚੋਣ ਤੇ ਸ਼ਬਦ ਜੜਤ ਦਾ ਮਾਹਿਰ ਹੈ।
ਹਥਲੀ ਪੁਸਤਕ ਵਿਚ ਉਸ ਨੇ ਉਪਰੋਕਤ ਲਿਖਤ ਨੂੰ ਸੱਚ ਕਰ ਵਿਖਾਇਆ ਹੈ। 37 ਨਿਬੰਧਾਂ ਵਿਚੋਂ ਕਿਤੇ ਵੀ ਦੁਹਰਾਓ ਨਹੀਂ। ਹਰ ਨਿਬੰਧ ਪਾਠਕ ਨੂੰ ਸਹਿਜਤਾ ਨਾਲ ਪੜ੍ਹਨ, ਵਾਚਣ ਤੇ ਸੋਚਣ 'ਤੇ ਮਜਬੂਰ ਕਰਦਾ ਹੈ। ਵਿਸ਼ਿਆਂ ਤੇ ਸ਼ਬਦ ਚੋਣ ਦੀ ਪੁਖਤਗੀ ਪਾਠਕ ਨੂੰ ਇਕਾਗਰਚਿੱਤ ਹੋ ਕੇ ਪੜ੍ਹਨ ਲਈ ਵਾਰ-ਵਾਰ ਹਲੂਣਦੀ ਹੈ। ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਲਿਖੇ ਇਹ ਨਿਬੰਧ ਕੁਰਾਹੇ ਜਾ ਰਹੀ ਸੰਸਕ੍ਰਿਤੀ ਨੂੰ ਸਿੱਧੇ ਰਾਹ ਪਾਉਣ ਦਾ ਇਹ ਸੁਹਿਰਦ ਯਤਨ ਹਨ। ਇਹ ਪੁਸਤਕ ਪੰਜਾਬੀ ਪਾਠਕਾਂ ਲਈ ਜ਼ਿੰਦਗੀ ਨੂੰ ਜਿਊਣ ਦੀ ਕਲਾ ਦੱਸਦੀ ਹੈ। ਇਨ੍ਹਾਂ ਨਿਬੰਧਾਂ ਵਿਚਲੀ ਸਿਆਣਪ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਪਾਠਕ ਇਹ ਪੁਸਤਕ ਜ਼ਰੂਰ ਪੜ੍ਹਨ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

22-8-2015

 ਲਹਿੰਦੇ ਪੰਜਾਬ ਦੀ ਜ਼ਿਆਰਤ
ਲੇਖਕ : ਸੂਫ਼ੀ ਅਮਰਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 134.
ਸੰਪਰਕ : 0172-5077427.

ਸੂਫ਼ੀ ਸਾਧੂ ਸਿੰਘ ਦੇ ਸ਼ਗਿਰਦ, ਖੱਬੇ ਪੱਖੀ ਚਿੰਤਕ, ਪ੍ਰਗਤੀਵਾਦੀ ਲੇਖਕ ਸੂਫ਼ੀ ਅਮਰਜੀਤ ਦੀ ਵਿਚਾਰ ਅਧੀਨ ਪੁਸਤਕ ਸਾਹਿਤਕ ਰੂਪਾਕਾਰ ਵਜੋਂ ਸਫ਼ਰਨਾਮਾ ਹੈ, ਜਿਸ ਵਿਚ ਉਸ ਨੇ ਆਪਣੀ ਪਤਨੀ ਸਰਬਜੀਤ ਦੇ ਸਾਥ ਵਿਚ 2 ਤੋਂ 10 ਦਸੰਬਰ, 2006 ਤੱਕ ਅੱਖੀਂ ਡਿੱਠੇ ਪਾਕਿਸਤਾਨ ਦਾ ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਦ੍ਰਿਸ਼ ਉਲੀਕਣ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਮੋਹ ਦੀ ਧੜਕਣ ਦਾ ਬਿਰਤਾਂਤ ਪੇਸ਼ ਕੀਤਾ ਹੈ। ਕਹਿਣ ਨੂੰ ਤਾਂ ਇਹ 9 ਦਿਨਾਂ ਦਾ ਸਫ਼ਰਨਾਮਾ ਹੈ ਪਰ ਦਰਅਸਲ ਇਸ ਵਿਚ 6 ਦਿਨਾਂ ਦਾ ਬਿਰਤਾਂਤ ਹੀ ਹੈ ਕਿਉਂ ਜੋ ਮੌਸਮ ਦੀ ਖਰਾਬੀ ਕਾਰਨ ਇਹ ਜੋੜੀ ਆਪਣੇ ਮੇਜ਼ਬਾਨ ਮੁਜ਼ਤਬਾ ਸਾਹਿਬ ਦੇ ਘਰੋਂ ਤਿੰਨ ਦਿਨ (4 ਤੋਂ 6 ਦਸੰਬਰ) ਤੱਕ ਬਾਹਰ ਹੀ ਨਹੀਂ ਨਿਕਲ ਸਕੀ। ਇਸ ਯਾਤਰਾ ਦੌਰਾਨ ਜਿਨ੍ਹਾਂ ਥਾਵਾਂ ਨੂੰ ਵੇਖਿਆ, ਉਨ੍ਹਾਂ ਵਿਚ ਨਨਕਾਣਾ ਸਾਹਿਬ, ਜੰਡਿਆਲਾ ਸ਼ੇਰ ਖਾਂ, ਸ਼ੇਖੂਪੁਰਾ, ਲਾਹੌਰ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਕਸੂਰ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਸ਼ਾਹੀ ਜਾਮਾ ਮਸਜਿਦ, ਅਲਾਮਾ ਇਕਬਾਲ ਦੀ ਕਬਰ, ਅਨਾਰਕਲੀ ਆਦਿ ਸ਼ਾਮਿਲ ਹਨ। ਹੜੱਪਾ, ਤਕਸ਼ਿਲਾ, ਲਾਹੌਰ ਦਾ ਅਜਾਇਬ ਘਰ, ਹਿਰਨੀ ਮੀਨਾਰ, ਸਾਈਂ ਮੀਆਂ ਮੀਰ ਦੀ ਮਜ਼ਾਰ, ਸ਼ਾਹ ਹੁਸੈਨ ਦੀ ਮਜ਼ਾਰ, ਖੋਜਗੜ੍ਹ ਆਦਿ ਨਾ ਵੇਖ ਸਕਣ ਦਾ ਲੇਖਕ ਨੂੰ ਪਛਤਾਵਾ ਹੈ। ਜਿਨ੍ਹਾਂ ਵਿਅਕਤੀਆਂ ਦੇ ਦਰਸ਼ਨ ਹੋ ਸਕੇ, ਉਨ੍ਹਾਂ ਵਿਚ ਵਿਸ਼ੇਸ਼ ਕਰਕੇ ਸਾਂਝੇ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਮੋਢੀ ਸੀ.ਆਰ. ਅਸਲਮ, ਬੰਦੂਕ ਦੀ ਨਾਲੀ 'ਚੋਂ ਇਨਕਲਾਬ ਕੱਢਣ ਵਾਲੇ ਸਿਬਤੁਲ ਹਸਨ ਜ਼ੈਰਾਮ, ਕਹਾਣੀਕਾਰ ਕਰਾਮਾਤ ਅਲੀ ਮੁਗ਼ਲ, ਅਸਲਮ ਮਲਿਕ ਆਦਿ ਸ਼ਾਮਿਲ ਹਨ। ਮੇਜ਼ਬਾਨ ਮੁਜ਼ਤਬਾ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਤਲੱਅਤ ਨੇ ਲੇਖਕ ਦੀ ਮਹਿਮਾਨ-ਨਵਾਜ਼ੀ ਤੋਂ ਬਿਨਾਂ ਘੁੰਮਣ-ਫਿਰਨ ਲਈ ਕਾਰ-ਡਰਾਈਵਰ ਦੀ ਸਹੂਲਤ ਵੀ ਪ੍ਰਦਾਨ ਕੀਤੀ। ਕਲਾਤਮਿਕ ਪੱਖੋਂ ਲੇਖਕ ਨੇ ਪ੍ਰਸਤੁਤ ਦ੍ਰਿਸ਼/ਘਟਨਾ ਨੂੰ ਵੇਖ ਕੇ, ਬਿਰਤਾਂਤ ਰੋਕ ਕੇ, ਆਪਣੇ ਹੀ ਖਿਆਲਾਂ/ਯਾਦਾਂ ਵਿਚ ਡੁੱਬ ਕੇ ਬੜੇ ਮੁੱਲਵਾਨ ਤਰਕਪੂਰਨ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਹੈ ਜੋ ਇਸ ਸਫ਼ਰਨਾਮੇ ਦਾ ਹਾਸਲ ਹੋ ਨਿੱਬੜੇ ਹਨ। ਸਫ਼ਰਨਾਮੇ ਵਿਚ ਰੌਚਿਕਤਾ ਏਨੀ ਹੈ ਕਿ ਲੇਖਕ ਪਾਠਕ ਨੂੰ ਉਂਗਲੀ ਫੜਾ ਕੇ ਨਾਲ ਹੀ ਲਈ ਫਿਰਦਾ ਹੈ। ਕਿੰਨਾ ਚੰਗਾ ਹੁੰਦਾ ਜੇ ਯਾਤਰਾ ਸਬੰਧੀ ਜੀਵਨ-ਸਾਥਣ ਦੇ ਪ੍ਰਤੀਕਰਮ ਨੂੰ ਉਸ ਦੇ ਆਪਣੇ ਸ਼ਬਦਾਂ ਵਿਚ ਰਤਾ ਕੁ ਥਾਂ ਮਿਲ ਜਾਂਦੀ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

ਕੁਆਰ ਝਾਤ
ਲੇਖਕ : ਡਾ: ਧਰਮਪਾਲ ਸਾਹਿਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 232.
ਸੰਪਰਕ : 98761-56964.

ਡਾ: ਧਰਮਪਾਲ ਸਾਹਿਲ ਕੰਢੀ ਭਾਸ਼ਾ ਦਾ ਇਕ ਪ੍ਰਮੁੱਖ ਲੇਖਕ ਹੈ। 'ਕੁਆਰ ਝਾਤ' ਵਿਚ ਇਕ ਮੁਟਿਆਰ ਰਾਧਾ ਦੇ ਸੰਘਰਸ਼ ਦੀ ਇਕ ਵਚਿੱਤਰ ਅਤੇ ਪ੍ਰੇਰਨਾ ਭਰਪੂਰ ਦਾਸਤਾਨ ਕਲਮਬੰਦ ਹੋਈ ਹੈ।
'ਕੁਆਰ ਝਾਤ' ਕੰਢੀ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਇਕ ਰਸਮ ਦਾ ਨਾਂਅ ਹੈ। ਜਦੋਂ ਲਾੜਾ ਵਿਆਹ ਕਰਵਾਉਣ ਲਈ ਲਾੜੀ ਦੇ ਘਰ ਬਰਾਤ ਲੈ ਕੇ ਪਹੁੰਚ ਜਾਂਦਾ ਹੈ ਤਾਂ ਵਿਆਹ ਦੀ ਰਸਮ ਤੋਂ ਪਹਿਲਾਂ ਉਸ ਨੂੰ ਖੜ੍ਹਾ ਹੋ ਕੇ ਲਾੜੀ ਦੇ ਆਂਗਣ ਵਿਚ ਇਸ਼ਨਾਨ ਕਰਨਾ ਪੈਂਦਾ ਹੈ। ਹੋਰ ਲੋਕਾਂ ਦੇ ਨਾਲ-ਨਾਲ ਲਾੜੀ ਵੀ ਕਿਸੇ ਖਿੜਕੀ ਵਿਚ ਖੜ੍ਹੀ ਹੋ ਕੇ ਉਸ ਦੇ ਪੂਰੇ ਜਿਸਮ ਉੱਪਰ 'ਝਾਤ' ਮਾਰ ਲੈਂਦੀ ਹੈ। ਉਸ ਨੂੰ ਹੱਕ ਹੈ ਕਿ ਜੇ ਉਸ ਨੂੰ ਆਪਣੇ ਹੋਣ ਵਾਲੇ ਪਤੀ ਦਾ ਸਰੀਰ ਪਸੰਦ ਨਹੀਂ ਆਉਂਦਾ ਤਾਂ ਉਹ ਵਿਆਹ ਤੋਂ ਇਨਕਾਰ ਕਰ ਦੇਵੇ।
ਇਹ ਕਹਾਣੀ ਮਧੂਸੂਦਨ ਨਾਂਅ ਦੇ ਇਕ ਅਫ਼ਸਰ ਦੇ ਬਿਰਤਾਂਤ ਨਾਲ ਸ਼ੁਰੂ ਹੁੰਦੀ ਹੈ। ਉਹ ਆਪਣੀ ਪੋਸਟਿੰਗ ਦੇ ਸਿਲਸਿਲੇ ਵਿਚ ਤਲਵਾੜਾ ਟਾਊਨਸ਼ਿਪ ਪਹੁੰਚ ਜਾਂਦਾ ਹੈ। ਰਾਧਾ, ਤਲਵਾੜੇ ਦੇ ਇਕ ਕਾਲਜ ਦੀ ਵਿਦਿਆਰਥਣ ਸੀ, ਉਹ ਮਧੂਸੂਦਨ ਨੂੰ ਅਖ਼ਬਾਰਾਂ-ਰਸਾਲਿਆਂ ਵਿਚ ਛਪੀਆਂ ਤਸਵੀਰਾਂ ਦੇ ਕਾਰਨ ਪਛਾਣ ਲੈਂਦੀ ਹੈ ਅਤੇ ਉਸ ਨਾਲ ਸੰਪਰਕ ਵਧਾ ਲੈਂਦੀ ਹੈ।
ਰਾਧਾ ਮੁੱਢ ਤੋਂ ਹੀ ਇਕ ਦਬੰਗ ਮੁਟਿਆਰ ਸੀ। ਉਹ ਆਪਣੇ ਪਿੰਡ ਦੇ ਬਦਮਾਸ਼ ਮੁੰਡਿਆਂ ਨੂੰ ਸਬਕ ਸਿਖਾਉਂਦੀ ਹੈ। ਨਸ਼ੇੜੀਆਂ ਦੇ ਵਿਰੁੱਧ ਸੰਘਰਸ਼ ਕਰਦੀ ਹੈ। ਜਦੋਂ ਉਸ ਨੂੰ ਇਕ ਪ੍ਰੋਫੈਸਰ ਕਲਾਸ-ਰੂਮ ਵਿਚ ਹੀ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਦੇ ਵਿਰੁੱਧ ਵੀ ਜੂਝਦੀ ਹੈ ਪਰ ਉਸ ਦਾ ਸੰਘਰਸ਼ ਵਿਅਕਤੀਗਤ ਸੀ। ਦੂਸਰੇ ਪਾਸੇ ਪਿੰਡ ਦੇ ਬਦਮਾਸ਼ ਲੋਕ, ਪੁਲਿਸ, ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਵਿਵਸਥਾ ਦੇ ਹੋਰ ਸਾਰੇ ਅੰਗ ਸੰਜੁਗਤ ਸਨ। ਉਹ ਰਾਧਾ ਦੇ ਪੈਰ ਨਹੀਂ ਲੱਗਣ ਦਿੰਦੇ, ਜਿਸ ਦੇ ਸਿੱਟੇ ਵਜੋਂ ਰਾਧਾ ਇਕ ਨਦੀ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਉਸ ਨੂੰ ਕਿਸ਼ਨ ਨਾਂਅ ਦਾ ਇਕ ਪ੍ਰਗਤੀਸ਼ੀਲ ਨਵਯੁਵਕ ਬਚਾ ਲੈਂਦਾ ਹੈ। ਹੁਣ ਰਾਧਾ ਪੱਤਰਕਾਰੀ ਦੇ ਕਿੱਤੇ ਨਾਲ ਜੁੜ ਜਾਂਦੀ ਹੈ ਅਤੇ ਪੂਰੀ ਨਿਰਭੈਤਾ ਨਾਲ ਭ੍ਰਿਸ਼ਟ ਵਿਵਸਥਾ ਦੇ ਵਿਰੁੱਧ ਜੰਗ ਲੜਦੀ ਹੈ। ਹੌਲੀ-ਹੌਲੀ ਉਸ ਨੂੰ ਬਹੁਤ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਦਾ ਸਾਥ ਮਿਲਣ ਲਗਦਾ ਹੈ ਅਤੇ ਆਖਰ ਉਹ ਇਹ ਜੰਗ ਜਿੱਤ ਲੈਂਦੀ ਹੈ। ਨਾਵਲਕਾਰ ਨੇ ਕੰਢੀ ਵਿਚ ਰਹਿਣ ਵਾਲੇ ਪਾਤਰਾਂ ਦੀ ਵਾਰਤਾਲਾਪ ਇਸੇ ਖੇਤਰ ਦੀ ਉਪਭਾਸ਼ਾ ਵਿਚ ਲਿਖੀ ਹੈ। 'ਨੈਰੇਸ਼ਨ' ਵਿਚ ਕੁਝ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ। ਕਦੇ ਨੈਰੇਟਰ ਲੇਖਕ ਬਣ ਜਾਂਦਾ ਹੈ ਅਤੇ ਕਦੇ ਰਾਧਾ ਨੈਰੇਟਰ ਬਣ ਜਾਂਦੀ ਹੈ। ਇਸ ਕਾਰਨ ਨਾਵਲ ਦੀ ਬਣਤਰ ਕੁਝ ਕਮਜ਼ੋਰ ਵੀ ਹੋਈ ਹੈ ਪ੍ਰੰਤੂ ਸਮੁੱਚੇ ਰੂਪ ਵਿਚ ਇਹ ਨਾਵਲ, ਪੰਜਾਬੀ ਗਲਪ-ਸਾਹਿਤ ਦੀ ਇਕ ਮਾਣਯੋਗ ਪ੍ਰਾਪਤੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜ਼ੱਰਾ-ਜ਼ੱਰਾ ਇਸ਼ਕ
ਨਾਵਲਕਾਰ : ਡਾ: ਸਤੀਸ਼ ਠੁਕਰਾਲ ਸੋਨੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 152.
ਸੰਪਰਕ : 94173-58393

ਡਾ: ਸਤੀਸ਼ ਠੁਕਰਾਲ ਸੋਨੀ ਆਪਣਾ ਨਵਾਂ ਨਾਵਲ 'ਜ਼ੱਰਾ-ਜ਼ੱਰਾ ਇਸ਼ਕ' ਲੈ ਕੇ ਪਾਠਕਾਂ ਦੇ ਸਨਮੁਖ ਹੋਇਆ ਹੈ। ਇਸ ਨਾਵਲ ਵਿਚ ਜਿਥੇ ਨਾਵਲਕਾਰ ਨੇ ਇਕ ਆਦਰਸ਼ਕ ਪ੍ਰੇਮ ਕਹਾਣੀ ਨੂੰ ਪੇਸ਼ ਕੀਤਾ ਹੈ, ਉਥੇ ਸਮਾਜ ਵਿਚ ਪ੍ਰੇਮ ਪਿਆਰ ਦੀ ਆੜ ਹੇਠ ਹੋ ਰਹੇ ਸ਼ੋਸ਼ਣ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਘਾਣ ਨੂੰ ਵੀ ਪੇਸ਼ ਕੀਤਾ ਹੈ। ਇਸ ਨਾਵਲ ਵਿਚ ਇਹ ਵੀ ਮਸਲਾ ਵਿਚਾਰਨਯੋਗ ਰੂਪ ਵਿਚ ਸਾਹਮਣੇ ਆਇਆ ਹੈ ਕਿ ਆਪਣਿਆਂ ਦੀ ਬੇਰੁਖ਼ੀ ਅਤੇ ਆਤੰਕ ਵੀ ਕਈ ਵਾਰੀ ਮਨੁੱਖ ਨੂੰ ਕਿਸੇ ਦੂਜੇ ਦਾ ਆਸਰਾ ਭਾਲਣ ਲਈ ਮਜਬੂਰ ਵੀ ਕਰਦੇ ਹਨ। ਇਸ ਨਾਵਲ ਵਿਚ ਬੈਂਕ ਕਰਮਚਾਰੀ ਸੁਰਿੰਦਰ ਕੋਹਲੀ ਅਤੇ ਸਕੂਲ ਅਧਿਆਪਕਾ ਸਿਮਰਨ ਦੀ ਮੁਹੱਬਤ ਦਾ ਬਿਰਤਾਂਤ ਸਿਰਜਿਆ ਗਿਆ ਹੈ ਜੋ ਭੌਤਿਕ ਪ੍ਰੇਮ ਤੋਂ ਉੱਪਰ ਸੱਚੀ-ਸੁੱਚੀ ਮੁਹੱਬਤੀ ਸਾਂਝ ਦੀ ਪੱਧਰ 'ਤੇ ਵਿਚਰਦਾ ਹੈ। ਸਾਹਿਤ ਸਿਰਜਨਾ ਨਾਲ ਜੁੜਿਆ ਹੋਇਆ ਨਾਵਲ ਦਾ ਮੁੱਖ ਪਾਤਰ ਸੁਰਿੰਦਰ ਕੋਹਲੀ ਆਪਣੀ ਰਚੀ ਅਤੇ ਆਪਣੇ ਪੁੱਤਰ ਦੁਆਰਾ ਕਵਿਤਾ ਮੁਕਾਬਲੇ ਵਿਚ ਉਚਾਰੀ ਕਵਿਤਾ ਨਾਲ ਸਿਮਰਨ ਨਾਂਅ ਦੀ ਪਾਤਰ ਨਾਲ ਸਾਂਝ ਪਾਉਂਦਾ ਹੈ ਜੋ ਹੌਲੀ-ਹੌਲੀ ਗੂੜ੍ਹ ਪ੍ਰੇਮ ਵਿਚ ਬਦਲ ਜਾਂਦੀ ਹੈ। ਭਾਵੇਂ ਕਿ ਸਮਾਜਿਕ ਤੌਰ 'ਤੇ ਵੇਖਿਆਂ ਵਿਆਹ ਬਾਹਰੇ ਸਬੰਧ ਅਨੈਤਿਕਤਾ ਦੀ ਨਿਸ਼ਾਨਦੇਹੀ ਕਰਦੇ ਹਨ ਪਰ ਇਥੇ ਇਹ ਸਬੰਧ ਨਾਵਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਿਰਫ ਇਨਸਾਨੀ ਦੋਸਤੀ ਦੇ ਜਜ਼ਬੇ ਨੂੰ ਹੀ ਪੇਸ਼ ਕਰਦਾ ਹੈ। ਕਿਤੇ-ਕਿਤੇ ਦੋਵਾਂ ਪਾਤਰਾਂ ਦੀ ਇਸ ਵਿਸ਼ੇ 'ਤੇ ਹੁੰਦੀ ਗੱਲਬਾਤ ਵੀ ਨਾਵਲਕਾਰ ਦੇ ਇਸ ਪੱਖੋਂ ਸੁਚੇਤ ਹੋਣ ਦਾ ਪ੍ਰਮਾਣ ਵੀ ਬਣਦੀ ਹੈ। ਸੁਰਿੰਦਰ ਕੋਹਲੀ ਦੀ ਪਤਨੀ ਦਾ ਸ਼ੱਕੀ ਅਤੇ ਅੱਖੜ ਵਤੀਰਾ ਅਤੇ ਸਿਮਰਨ ਦੇ ਤਾਏ ਦੇ ਪੁੱਤਰ ਅਤੇ ਉਸ ਦੇ ਦੋਸਤ ਅਮਨ ਵੱਲੋਂ ਉਸ ਦੀ ਇੱਜ਼ਤ ਨਾਲ ਖੇਡੇ ਜਾਣ ਤੋਂ ਬਾਅਦ ਸਿਮਰਨ ਵੀ ਅਜਿਹਾ ਆਸਰਾ ਭਾਲਦੀ ਹੈ ਜੋ ਉਸ ਦੇ ਜਜ਼ਬਾਤਾਂ ਦੀ ਕਦਰ ਕਰ ਸਕੇ, ਵਰਗੇ ਵੇਰਵੇ ਇਸ ਪ੍ਰੇਮ ਕਹਾਣੀ ਦਾ ਮੁੱਢ ਬੰਨ੍ਹਦੇ ਹਨ। ਨਾਵਲਕਾਰ ਨੇ ਮੁੱਖ ਵਿਸ਼ੇ ਦੇ ਨਾਲ-ਨਾਲ ਗਰੀਬਾਂ ਦੀ ਹੁੰਦੀ ਲੁੱਟ, ਅਫਸਰਾਂ ਦੀ ਭ੍ਰਿਸ਼ਟਾਚਾਰੀ ਬਿਰਤੀ ਅਤੇ ਮੰਡੀ ਦੇ ਯੁੱਗ ਵਿਚ ਵਿੱਦਿਆ ਸਮੇਤ ਹੋਰ ਬਹੁਤ ਸਾਰੇ ਖੇਤਰਾਂ ਵਿਚ ਹੋ ਰਹੇ ਅਨੈਤਿਕ ਕਾਰਜਾਂ ਵੱਲ ਵੀ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਡਾ: ਮਨਮੋਹਨ ਦੇ ਸ਼ਬਦਾਂ ਵਿਚ 'ਜ਼ੱਰਾ ਜ਼ੱਰਾ ਇਸ਼ਕ' ਦੋ ਪ੍ਰੇਮੀਆਂ ਕੋਹਲੀ ਸਾਹਿਬ ਅਤੇ ਸਿਮਰਨ ਦੇ ਪ੍ਰੇਮ ਦਾ ਬਿਰਤਾਂਤ ਹੈ, ਜਿਸ ਰਾਹੀਂ ਨਾਵਲਕਾਰ ਪ੍ਰੇਮ ਦੇ ਸ਼ਾਸਤਰ ਦੀ ਤਲਾਸ਼ ਕਰ ਰਿਹਾ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਜੀਵਨੀ
ਸ਼ਹੀਦ ਚੰਦਰ ਸ਼ੇਖਰ ਆਜ਼ਾਦ
ਲੇਖਕ : ਵਿਸ਼ਵਨਾਥ ਵੈਸ਼ਮਪਾਇਨ
ਸੰਪਾਦਨ : ਮਲਵਿੰਦਰ ਜੀਤ ਸਿੰਘ ਵੜੈਚ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 0172-5077427.

ਭਾਰਤ ਦੇ ਆਜ਼ਾਦੀ ਸੰਗਰਾਮ ਲਈ ਹਜ਼ਾਰਾਂ ਯੋਧਿਆਂ ਨੇ ਸ਼ਹੀਦੀ ਦਾ ਜਾਮ ਪੀਤਾ। ਉਨ੍ਹਾਂ ਵਿਚੋਂ ਇਕ ਸੀ ਚੰਦਰ ਸ਼ੇਖਰ ਆਜ਼ਾਦ, ਜਿਨ੍ਹਾਂ ਦਾ ਨਾਂਅ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦਾ ਜ਼ਿਕਰ ਹੁੰਦਿਆਂ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਸ਼ਹੀਦਾਂ ਨੂੰ ਸਿਰਫ਼ ਦੋ ਦਿਨ, ਇਕ ਜਨਮ ਦਿਨ ਮੌਕੇ ਤੇ ਦੂਜਾ ਸ਼ਹੀਦੀ ਦਿਨ ਮੌਕੇ ਹੀ ਯਾਦ ਕਰਦੇ ਹਾਂ, ਪਰ ਜਿਹੜੀ ਆਜ਼ਾਦ ਫ਼ਿਜ਼ਾ ਵਿਚ ਅਸੀਂ ਅੱਜ ਸਾਹ ਲੈਂਦੇ ਹਾਂ, ਇਹ ਸਭ ਉਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਹੈ।
'ਜੀਵਨੀ ਸ਼ਹੀਦ ਚੰਦਰ ਸ਼ੇਖਰ ਆਜ਼ਾਦ' ਵਿਚਲੀਆਂ ਯਾਦਾਂ ਵਿਸ਼ਵਨਾਥ ਵੈਸ਼ਮਪਾਇਨ ਵੱਲੋਂ ਲਿਖੀਆਂ ਹੋਈਆਂ ਹਨ ਤੇ ਇਨ੍ਹਾਂ ਨੂੰ ਸੰਪਾਦਨ ਕਰਨ ਦਾ ਜ਼ਿੰਮਾ ਮਲਵਿੰਦਰ ਜੀਤ ਸਿੰਘ ਵੜੈਚ ਨੇ ਨਿਭਾਇਆ ਹੈ, ਜਿਨ੍ਹਾਂ ਦੀਆਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਪਈਆਂ ਹਨ। ਵਿਸ਼ਵਨਾਥ ਵੈਸ਼ਮਪਾਇਨ ਖੁਦ ਵੀ ਆਜ਼ਾਦ ਹੁਰਾਂ ਦੀ ਅਗਵਾਈ ਵਿਚ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ' ਵਿਚ ਸਰਗਰਮ ਰਹੇ ਹਨ। ਚੰਦਰ ਸ਼ੇਖਰ ਆਜ਼ਾਦ ਦੇ ਬਹੁਤ ਨੇੜੇ ਰਹੇ ਹੋਣ ਕਰਕੇ ਉਨ੍ਹਾਂ ਨੇ ਜਿਹੜੀਆਂ ਯਾਦਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ, ਉਹ ਬਹੁਮੁੱਲੀਆਂ ਹਨ। ਆਜ਼ਾਦ ਦੇ ਸੁਭਾਅ, ਸਰਗਰਮੀਆਂ ਤੇ ਹੋਰ ਪਹਿਲੂਆਂ ਬਾਰੇ ਜੋ-ਜੋ ਕੁਝ ਵਿਸ਼ਵਨਾਥ ਵੈਸ਼ਮਪਾਇਨ ਨੇ ਜਾਣਿਆ, ਉਸ ਨੂੰ ਸਾਂਝਾ ਕਰਕੇ ਬਹੁਤ ਵੱਡਾ ਕੰਮ ਕੀਤਾ ਹੈ। ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਜਨਮ ਤੋਂ ਸਤੰਬਰ 1925 ਤੱਕ ਦਾ ਹੈ। ਦੂਜਾ ਭਾਗ 1925 ਤੋਂ ਮਾਰਚ 1929 ਤੱਕ ਦਾ ਤੇ ਤੀਜਾ ਭਾਗ ਅਪ੍ਰੈਲ 1929 ਤੋਂ 27 ਫਰਵਰੀ 1931 ਨਾਲ ਸਬੰਧਤ ਹੈ। ਅੱਜ ਤੱਕ ਜਿੰਨਾ ਕੁ ਬਹੁਤੇ ਪਾਠਕਾਂ ਨੂੰ ਪੜ੍ਹਨ ਨੂੰ ਮਿਲਿਆ, ਉਹ ਸਿਲੇਬਸ ਦੀਆਂ ਕਿਤਾਬਾਂ 'ਤੇ ਆਧਾਰਿਤ ਰਿਹਾ ਹੈ ਤੇ ਬਹੁਤ ਸੰਖੇਪ ਵਿਚ ਸ਼ਹੀਦਾਂ ਬਾਰੇ ਜਾਣਕਾਰੀ ਅੰਕਿਤ ਕੀਤੀ ਜਾਂਦੀ ਹੈ। ਪਰ ਇਸ ਪੁਸਤਕ ਵਿਚ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਤੋਂ ਲੈ ਕੇ ਜਵਾਨੀ ਤੇ ਸ਼ਹੀਦੀ ਤੱਕ ਨੂੰ ਏਨੇ ਵਿਸਥਾਰ ਵਿਚ ਪੇਸ਼ ਕੀਤਾ ਗਿਆ ਹੈ ਕਿ ਪਾਠਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

ਮੈਂ ਪੰਜਾਬ ਵਲੂੰਧਰ ਹੋਇਆ
ਕਵੀ : ਹਰਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136.
ਸੰਪਰਕ : 09831421653

ਗੁਰੂਆਂ ਦੇ ਨਾਂਅ 'ਤੇ ਜਿਊਂਦਾ ਪੰਜਾਬ ਆਪਣਿਆਂ ਅਤੇ ਬਿਗਾਨਿਆਂ ਦੇ ਹੱਥੋਂ ਕਿਵੇਂ ਲੀਰੋ-ਲੀਰ ਹੋ ਕੇ ਵਲੂੰਧਰਿਆ ਗਿਆ, ਵਕਤ ਦੀਆਂ ਕੋਝੀਆਂ ਚਾਲਾਂ ਅਤੇ ਹਨੇਰੀਆਂ ਹੱਥੋਂ ਕਿਵੇਂ ਤਾਰ-ਤਾਰ ਹੋਇਆ ਅਤੇ ਖੂਨੀ ਕਹਿਰੀ ਸਾਕਿਆਂ ਦਾ ਸ਼ਿਕਾਰ ਹੋਇਆ, ਇਸ ਦਾ ਭਾਵੁਕ, ਮਾਰਮਿਕ ਵਰਣਨ ਇਨ੍ਹਾਂ ਕਵਿਤਾਵਾਂ ਵਿਚ ਕੀਤਾ ਗਿਆ ਹੈ। ਜੋਸ਼ੀਲੀਆਂ ਵਾਰਾਂ ਅਤੇ ਕਵਿਤਾਵਾਂ ਜੰਮੇ ਹੋਏ ਖੂਨ ਨੂੰ ਗਰਮਾ ਕੇ ਕੌਮਾਂ ਵਿਚ ਸੰਘਰਸ਼ ਅਤੇ ਚੇਤਨਾ ਜਗਾਉਂਦੀਆਂ ਹਨ। ਆਜ਼ਾਦੀ ਤੋਂ ਬਾਅਦ ਪੰਜਾਬ ਦਾ ਕੀ ਹਸ਼ਰ ਹੋਇਆ, ਨੀਲਾ ਤਾਰਾ ਸਾਕਾ ਅਤੇ ਇਸ ਤੋਂ ਬਾਅਦ ਹੋਏ ਸਿੱਖ ਕਤਲੇਆਮ ਨੇ ਕਿੰਨੇ ਭਿਆਨਕ ਜ਼ਖ਼ਮ ਦਿੱਤੇ, ਉਨ੍ਹਾਂ ਦਾ ਨਕਸ਼ਾ ਖਿੱਚਦਿਆਂ ਕਵੀ ਖੂਨ ਦੇ ਅੱਥਰੂ ਰੋਂਦਾ ਹੈ। ਉਸ ਨੇ ਸਾਡੇ ਮਾਣਮੱਤੇ ਵਿਰਸੇ ਅਤੇ ਇਤਿਹਾਸ ਨੂੰ ਉਜਾਗਰ ਕਰਦੇ ਹੋਏ ਕੌਮ ਨੂੰ ਇਨਕਲਾਬੀ ਹਲੂਣਾ ਦਿੱਤਾ ਹੈ। ਕਲਕੱਤੇ ਦੇ ਗੁਰਦੁਆਰਾ ਬੜਾ ਸਿੱਖ ਸੰਗਤ ਦੇ ਪਾਵਨ ਅਸਥਾਨ 'ਤੇ ਪਹਿਲੇ ਅਤੇ ਨੌਵੇਂ ਪਾਤਸ਼ਾਹ ਜੀ ਨੇ ਚਰਨ ਪਾ ਕੇ ਭਾਗ ਲਾਏ ਸਨ ਅਤੇ ਪੂਰਬੀ ਭਾਰਤ ਵਿਚ ਧਰਮ ਪ੍ਰਚਾਰ ਦੀ ਪਰਿਪਾਟੀ ਤੋਰੀ ਸੀ। ਇਸ ਇਤਿਹਾਸਕ ਅਸਥਾਨ ਦੀ ਪ੍ਰਬੰਧਕ ਕਮੇਟੀ ਨੇ ਇਹ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਬਹੁਤ ਸ਼ਲਾਘਾਯੋਗ ਉੱਦਮ ਕੀਤਾ ਹੈ। ਆਓ, ਕੁਝ ਕਾਵਿ ਟੋਟਿਆਂ ਦੀ ਝਲਕ ਦੇਖੀਏ-
-ਪੰਜਾਬ ਉਤੇ ਪਈ ਜਾਂਦੀ ਲਗਾਤਾਰ ਮਾਰ ਹੈ
ਫੇਰ ਸਾਡਾ ਕਿਸੇ ਉੱਤੇ ਕਾਹਦਾ ਇਤਬਾਰ ਹੈ?
-ਸਾਹਾਂ 'ਤੇ ਪਾਬੰਦੀਆਂ, ਅਰਦਾਸਾਂ 'ਤੇ ਰੋਕ
ਹੁਣ ਤਾਂ ਕਰਨਾ ਜੁਰਮ ਹੈ, ਮੋਇਆਂ ਦਾ ਵੀ ਸ਼ੋਕ।
-ਹਰ ਇਕ ਖ਼ਬਰ ਪੰਜਾਬ ਦੀ ਖ਼ੂਨ ਭਿੱਜੀ, ਪੜ੍ਹ ਕੇ ਨਿਕਲਦੇ ਦਿਲਾਂ 'ਚੋਂ ਰੁੱਗ ਹੈ ਜੀ
ਜ਼ੁਲਮੀ ਰਾਤ ਕਾਲੀ ਲੰਮੀ ਬਹੁਤ ਹੋ ਗਈ, ਗਈ ਇਹਦੀ ਮਿਆਦ ਹੁਣ ਪੁੱਗ ਹੈ ਜੀ।
-ਹੇ ਕਲਗੀਧਰ ਮਹਾਰਾਜ! ਪਤਾ ਨਹੀਂ ਕੀ ਹੋਣਾ
ਬਹੁੜ ਗਰੀਬ ਨਿਵਾਜ਼! ਪਤਾ ਨਹੀਂ ਕੀ ਹੋਣਾ।
-ਅਸੀਂ ਸ਼ਾਂਤੀ ਸ਼ਾਂਤੀ ਕੂਕਦੇ ਰਹੇ, ਇਨ੍ਹਾਂ ਭੁੰਨਿਆ ਸਾਨੂੰ ਹੈ ਗੋਲੀਆਂ ਨਾਲ
ਅਸੀਂ ਰੰਗ ਗੁਲਾਲ ਦੀ ਆਸ ਕੀਤੀ, ਇਹ ਤਾਂ ਖੁਸ਼ ਨੇ ਖ਼ੂਨ ਦੀਆਂ ਹੋਲੀਆਂ ਨਾਲ।
ਸਮੂਹ ਪੰਜਾਬੀਆਂ ਨੇ ਵਲੂੰਧਰੇ ਪੰਜਾਬ ਦਾ ਸੰਤਾਪ ਨਿਰੰਤਰ ਹੰਢਾਇਆ ਹੈ। ਲੋੜ ਹੈ ਗੁਰਬਾਣੀ ਤੋਂ ਸੇਧ ਲੈ ਕੇ, ਸਹੀ ਜੀਵਨ ਜਾਚ ਅਪਣਾ ਕੇ ਏਕਤਾ ਅਤੇ ਸਾਂਝੀਵਾਲਤਾ ਨਾਲ ਬਾਹਰਲੇ ਅਤੇ ਅੰਦਰਲੇ ਵੈਰੀਆਂ ਦਾ ਸਾਹਮਣਾ ਕਰੀਏ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਗਿੱਧਿਆਂ ਦੀ ਜਿੰਦ-ਜਾਨ
ਬੋਲੀਆਂ
ਲੇਖਕ : ਪ੍ਰੋ: ਕੁਲਦੀਪ ਕੌਰ ਕਲਿਆਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120.
ਸੰਪਰਕ : 0172-2270659.

ਇਸ ਸੰਗ੍ਰਹਿ ਵਿਚ ਪ੍ਰੋ: ਕੁਲਦੀਪ ਕੌਰ ਨੇ ਨਿਰੋਲ ਗਿੱਧੇ ਦੀਆਂ ਬੋਲੀਆਂ ਹੀ ਸ਼ਾਮਿਲ ਕੀਤੀਆਂ ਹਨ। ਗਿੱਧਾ ਪੰਜਾਬੀ ਮੁਟਿਆਰਾਂ ਦਾ ਹਰਮਨ-ਪਿਆਰਾ ਲੋਕ ਨਾਚ ਹੈ ਜੋ ਕਿਸੇ ਵੀ ਖੁਸ਼ੀ ਦੇ ਅਵਸਰ 'ਤੇ ਨੱਚਿਆਂ (ਪਾਇਆ) ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ-ਭਾਵ ਪ੍ਰਗਟਾਉਣ ਵਾਲੀਆਂ ਬੋਲੀਆਂ ਵੀ ਨਾਲੋ-ਨਾਲ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।
ਅਲੰਕਾਰਾਂ, ਉਪਮਾਵਾਂ ਅਤੇ ਨਾਜ਼ਕ ਖਿਆਲੀ ਨਾਲ ਗਲੇਫੀਆਂ ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਵੋਤਮ ਰੂਪ ਹਨ, ਜਿਸ ਸਦਕਾ ਇਨ੍ਹਾਂ ਦਾ ਪੰਜਾਬੀ ਲੋਕ ਸਾਹਿਤ ਵਿਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਪੰਜਾਬ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਾਂਸਕ੍ਰਿਤਕ ਜ਼ਿੰਦਗੀ ਦਾ ਇਤਿਹਾਸ ਇਨ੍ਹਾਂ ਵਿਚ ਵਿਦਮਾਨ ਹੈ। ਜ਼ਿੰਦਗੀ ਦੇ ਹਰ ਪੱਖ ਬਾਰੇ ਬੋਲੀਆਂ ਉਪਲਬੱਧ ਹਨ। ਇਹ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਾਪਤ ਹਨ। ਭਾਵੇਂ ਪ੍ਰੋ: ਕੁਲਦੀਪ ਕੌਰ ਨੇ ਇਸ ਸੰਗ੍ਰਹਿ ਵਿਚ ਪ੍ਰਚਲਿਤ ਬੋਲੀਆਂ ਵੀ ਸ਼ਾਮਿਲ ਕੀਤੀਆਂ ਪ੍ਰੰਤੂ ਉਸ ਨੇ ਖੇਤਰੀ ਕਾਰਜ ਕਰਕੇ ਬਹੁਤ ਸਾਰੀਆਂ ਨਵੀਆਂ ਬੋਲੀਆਂ ਨੂੰ ਵੀ ਸ਼ਾਬਦਕ ਜਾਮਾ ਪਹਿਨਾ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਉਸ ਵੱਲੋਂ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਪਾਇਆ ਸ਼ਲਾਘਾਯੋਗ ਯੋਗਦਾਨ ਹੈ। ਚੰਗਾ ਹੁੰਦਾ ਜੇਕਰ ਬੋਲੀਆਂ ਦਾ ਵਰਗੀਕਰਨ ਕਰਕੇ, ਵੱਖ-ਵੱਖ ਕਾਂਡਾਂ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ।

ਂਸੁਖਦੇਵ ਮਾਦਪੁਰੀ
ਮੋ: 94630-34472.

15-8-2015

 ਧਰਮ ਗ੍ਰੰਥਾਂ ਵਿਚ ਮੌਤ ਦਾ ਸੰਕਲਪ
ਲੇਖਕ : ਡਾ: ਜਗਮਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 200
ਸੰਪਰਕ : 0172-5077427.

ਵੱਡੀ ਗਿਣਤੀ ਵਿਚ ਲਿਖੇ ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਪੰਜਾਬੀ ਖੋਜ ਪ੍ਰਬੰਧਾਂ ਵਿਚੋਂ ਮਿਆਰੀ ਖੋਜ ਪ੍ਰਬੰਧਾਂ ਵਿਚ ਵਿਚਾਰ ਅਧੀਨ ਪੁਸਤਕ ਨੂੰ ਨਿਸ਼ਚੇ ਹੀ ਰੱਖਿਆ ਜਾ ਸਕਦਾ ਹੈ। ਬਹੁਤ ਅਨੁਭਵੀ ਤੇ ਡੂੰਘੇ ਅਧਿਐਨ ਦੀ ਆਸ ਨਵੇਂ ਖੋਜਾਰਥੀ ਤੋਂ ਨਹੀਂ ਕੀਤਾ ਜਾ ਸਕਦੀ ਪਰ ਉਸ ਦੀ ਉਮਰ ਤੇ ਪ੍ਰਾਪਤੀ ਸੰਭਾਵਨਾਵਾਂ ਭਰਪੂਰ ਲਗਦੀ ਹੈ। ਵੱਖ-ਵੱਖ ਧਰਮਾਂ ਵਿਚ ਮੌਤ ਦੇ ਸੰਕਲਪ ਬਾਰੇ ਧਰਮ ਗ੍ਰੰਥਾਂ ਦੇ ਹਵਾਲੇ ਨਾਲ ਤੁਲਨਾਤਮਕ ਵਿਚਾਰ ਦਾ ਉਦਮ ਤੇ ਹੌਸਲਾ ਛੋਟੀ ਗੱਲ ਨਹੀਂ। ਇਹ ਕਾਰਜ ਉਸ ਨੇ ਕੀਤਾ ਵੀ ਤਸੱਲੀਬਖਸ਼ ਪੱਧਰ 'ਤੇ ਹੈ।
ਖੋਜਾਰਥੀ ਨੇ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦੇ ਹਵਾਲੇ ਨਾਲ ਗੱਲ ਸ਼ੁਰੂ ਕੀਤੀ ਹੈ। ਗੁਰਮਤਿ ਅਨੁਸਾਰ ਆਵਣ ਜਾਣ ਇਕ ਖੇਲ ਹੈ। ਮੌਤ ਲਾਜ਼ਮੀ ਹੈ। ਜਨਮ ਤੇ ਮੌਤ ਵਿਚਲੇ ਵਕਫ਼ੇ ਨੂੰ ਪਰਮਾਤਮਾ ਨੂੰ ਚੇਤੇ ਰੱਖਦੇ ਹੋਏ ਗੁਰਮੁਖਾਂ ਵਾਂਗ ਸਾਰਥਿਕ ਜੀਵਨ ਜੀਣਾ ਉਚਿਤ ਹੈ। ਨਾਮ ਸਿਮਰਨ ਮੌਤ ਦੇ ਭੈਅ ਤੋਂ ਮੁਕਤ ਕਰਦਾ ਹੈ ਤੇ ਲੋਕ ਪਰਲੋਕ ਦੋਵਾਂ ਵਿਚ ਸਫਲਤਾ ਬਖਸ਼ਦਾ ਹੈ। ਭਗਵਾਨ ਦੇ ਗੀਤ ਵਜੋਂ ਜਾਣੀ ਜਾਂਦੀ ਗੀਤਾ ਅਨੁਸਾਰ ਆਤਮਾ ਅਮਰ ਹੈ। ਮਰਦਾ ਕੇਵਲ ਸਰੀਰ ਹੈ। ਪੁਰਾਣੇ ਬਸਤਰਾਂ ਵਾਂਗ ਸਰੀਰ ਤਿਆਗ ਕੇ ਆਤਮਾ ਨਵਾਂ ਸਰੀਰ ਧਾਰਨ ਕਰਦੀ ਹੈ। ਨਿਰਸਵਾਰਥ ਤੇ ਫਲ ਬਾਰੇ ਚਿੰਤਾ ਛੱਡ ਕੇ ਸ਼ੁੱਭ ਕਰਮ ਕਰਨੇ ਜ਼ਰੂਰੀ ਹਨ। ਕਰਮ ਸਿਧਾਂਤ ਅਨੁਸਾਰ ਜੀਵਨ ਚੱਕਰ ਚਲਦਾ ਰਹਿੰਦਾ ਹੈ।
ਜੈਨ ਧਰਮ ਪੁਸਤਕ ਉਤਰਾਧਿਐਨ ਅਨੁਸਾਰ ਸਰੀਰ ਦੇ ਖੀਣ ਹੋਣ ਦਾ ਨਾਂਅ ਮੌਤ ਹੈ। ਮੌਤ ਦੋ ਪ੍ਰਕਾਰ ਦੀ ਹੈ। ਅਕਾਮ ਮੌਤ ਅਗਿਆਨ ਅਧੀਨ ਜੀਵੇ ਬੰਦੇ ਦੀ ਮੌਤ ਹੈ ਜੋ ਮੌਤ ਤੋਂ ਡਰਦਾ ਚਜ ਨਾਲ ਮਰ ਤਾਂ ਕੀ ਜੀ ਵੀ ਨਹੀਂ ਸਕਦਾ। ਸਕਾਮ ਮੌਤ ਗਿਆਨਵਾਨ ਹੋ ਕੇ ਜੀਣ ਵਾਲੇ ਦੀ ਮੌਤ ਹੈ ਜੋ ਮੌਤ ਦੇ ਡਰ ਤੋਂ ਮੁਕਤ ਹੁੰਦਾ ਹੈ। ਧੰਮਪਦ ਬੁੱਧ ਧਰਮ ਗ੍ਰੰਥ ਹੈ। ਇਸ ਅਨੁਸਾਰ ਜੀਵ, ਜੀਵਨ, ਬ੍ਰਹਿਮੰਡ, ਸਮਾਂ ਹਰ ਸ਼ੈਅ ਨਿਰੰਤਰ ਪ੍ਰਵਾਹ ਵਿਚ ਹੈ। ਫਲੱਕਸ ਵਿਚ। ਜਨਮ/ਮਰਨ ਇਸ ਦੇ ਲਾਜ਼ਮੀ ਜੁਜ਼ ਹਨ। ਕੁਰਆਨ ਨੇਕ ਪਾਕ ਜੀਵਨ ਲਈ ਮੌਤ ਉਪਰੰਤ ਕਿਆਮਤ ਦੇ ਦਿਨ ਹਿਸਾਬ-ਕਿਤਾਬ ਤੇ ਅਮਲਾਂ ਦੇ ਨਿਬੇੜੇ ਦੀ ਗੱਲ ਕਰਦੇ ਹੋਏ ਜੰਨਤ ਦੋਜ਼ਖ ਦੀ ਧਾਰਨਾ ਪੇਸ਼ ਕਰਦਾ ਹੈ। ਬਾਈਬਲ ਸਰੀਰਕ ਮੌਤ ਤੋਂ ਨਾ ਡਰਨ ਲਈ ਕਹਿੰਦੀ ਹੈ। ਇਸ ਤੋਂ ਕਿਤੇ ਭੈੜੀ ਹੈ ਆਤਮਿਕ ਮੌਤ ਤੇ ਪਰਮਾਤਮਾ ਤੋਂ ਦੂਰੀ। ਲੇਖਿਕਾ ਨੇ ਇਹ ਸਾਰੇ ਬਿੰਦੂ ਇਸ ਪੁਸਤਕ ਵਿਚ ਸਪੱਸ਼ਟ ਕੀਤੇ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਕਾਲੇ ਵਰਕੇ
ਲੇਖਕ : ਜਰਨੈਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 135.
ਸੰਪਰਕ : 99142-62418.

ਜਰਨੈਲ ਸਿੰਘ ਪੰਜਾਬੀ ਕਹਾਣੀ ਜਗਤ ਦਾ ਸਮਰੱਥ ਅਤੇ ਸੂਝਵਾਨ ਕਹਾਣੀਕਾਰ ਹੈ। 6 ਕਹਾਣੀ ਸੰਗ੍ਰਹਿ ਦਾ ਰਚੇਤਾ ਇਹ ਲੇਖਕ ਆਪਣੀ ਵਿਲੱਖਣ ਕਹਾਣੀ-ਕਲਾ ਰਾਹੀਂ ਪ੍ਰਵਾਸੀ ਕਹਾਣੀਕਾਰਾਂ ਵਿਚੋਂ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਨੇ ਪ੍ਰਵਾਸੀ ਜੀਵਨ ਯਥਾਰਥ ਨੂੰ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਉਸ ਦੀ ਕਹਾਣੀ ਪ੍ਰਵਾਸ ਦੀਆਂ ਵੱਖ-ਵੱਖ ਪਰਤਾਂ ਨੂੰ ਕਲਾਤਮਿਕ ਵਿਧੀ ਰਾਹੀਂ ਬਿਆਨ ਕਰਦੀ ਹੈ। ਇਸ ਕਹਾਣੀ ਸੰਗ੍ਰਹਿ ਵਿਚ ਪੰਜ ਲੰਮੀਆਂ ਕਹਾਣੀਆਂ ਵੱਖੋ-ਵੱਖਰੇ ਸਰੋਕਾਰਾਂ ਨੂੰ ਪੇਸ਼ ਕਰਦੀਆਂ ਹਨ। 'ਹੜ੍ਹ' ਕਹਾਣੀ ਅਮਰੀਕਾ ਦੇ ਸ਼ਹਿਰ ਨਿਊ-ਓਰਲੀਅਨਜ਼ ਵਿਚ ਆਏ ਭਿਆਨਕ ਹੜ੍ਹਾਂ ਵਿਚ ਉਥੋਂ ਦੀ ਹੋਈ ਭਿਆਨਕ ਤਬਾਹੀ, ਮਨੁੱਖੀ ਦੁਖਾਂਤਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਵਿਭਿੰਨ ਪਰਤਾਂ ਨੂੰ ਉਜਾਗਰ ਕਰਦੀ ਹੈ। 'ਕਾਲੇ ਵਰਕੇ' ਮੂਲ ਵਾਸੀਆਂ ਨਾਲ ਗੋਰੇ ਬਸਤੀਵਾਦੀ ਸਿਸਟਮ ਵੱਲੋਂ ਕੀਤੇ ਜਾਂਦੇ ਅਣ-ਮਨੁੱਖੀ ਵਿਹਾਰ ਨੂੰ ਪੇਸ਼ ਕਰਦੀ ਹੈ। 'ਪੱਤਿਆਂ ਨਾਲ ਢੱਕੇ ਜਿਸਮ' ਪੂੰਜੀਵਾਦੀ ਨਿਜ਼ਾਮ ਵਿਚ ਔਰਤਾਂ ਦੇ ਸ਼ੋਸ਼ਣ, ਆਦਰਸ਼-ਵਿਹੂਣੇ ਪ੍ਰਬੰਧ ਆਦਿ ਕਦਰਾਂ-ਕੀਮਤਾਂ 'ਤੇ ਚੋਟ ਕਰਦੀ ਹੈ। 'ਮੁਹਾਜ਼' ਕਹਾਣੀ ਅਫ਼ਗਾਨਿਸਤਾਨ ਵਿਚ ਕੈਨੇਡੀਅਨ ਸੈਨਿਕ ਟੁਕੜੀ ਦੀ ਤਾਇਨਾਤੀ ਅਤੇ ਮੁਸ਼ਕਿਲ ਹਾਲਾਤ ਦਾ ਵਰਨਣ ਅਤੇ 'ਨਦੀਨ' ਕਹਾਣੀ ਪੰਜਾਬੀਆਂ ਵੱਲੋਂ ਹਰ ਤਰੀਕਾ ਵਰਤ ਕੇ ਪ੍ਰਵਾਸ ਧਾਰਨ ਦੀ ਪ੍ਰਵਿਰਤੀ ਵਿਚ ਨੈਤਿਕ ਕਦਰਾਂ-ਕੀਮਤਾਂ ਛਿੱਕੇ ਟੰਗਣ ਦੀ ਅਵਸਥਾ ਨੂੰ ਬਿਆਨ ਕਰਦੀ ਹੈ। ਇਨ੍ਹਾਂ ਵੱਖੋ-ਵੱਖਰੇ ਵਿਸ਼ਿਆਂ ਦੀਆਂ ਕਹਾਣੀਆਂ ਵਿਚ ਜਰਨੈਲ ਸਿੰਘ ਮਨੁੱਖੀ ਜੀਵਨ, ਰਾਜਨੀਤਕ ਪ੍ਰਬੰਧ ਵਿਚਲੇ ਨਿਘਾਰ ਅਤੇ ਪੂੰਜੀਵਾਦੀ ਨਿਜ਼ਾਮ ਵਿਚ ਗਰਕ ਰਹੀਆਂ ਕਦਰਾਂ-ਕੀਮਤਾਂ ਦੇ ਬਾਵਜੂਦ ਜੀਵਨ ਮੁੱਲਾਂ ਨੂੰ ਉੱਚਾ ਚੁੱਕਣ ਵਾਲੀਆਂ ਰਚਨਾਵਾਂ ਦੀ ਸਿਰਜਣਾ ਕਰ ਰਿਹਾ ਹੈ। ਪ੍ਰਵਾਸੀ ਕਹਾਣੀਕਾਰਾਂ ਵਿਚੋਂ ਉਹ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ। ਸਰਲ, ਸਾਦੇ ਬਿਆਨ ਢੰਗ ਨਾਲ ਉਹ ਆਪਣੀ ਕਲਾ ਕੌਸ਼ਲਤਾ ਦਾ ਪ੍ਰਗਟਾਵਾ ਕਰਦਾ ਹੈ। ਇਹ ਕਹਾਣੀ ਸੰਗ੍ਰਹਿ ਪੜ੍ਹਨਯੋਗ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਇਕ ਪਾਸ਼ ਇਹ ਵੀ
ਲੇਖਕ : ਸ਼ਮਸ਼ੇਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 171+8
ਸੰਪਰਕ : 98763-12860.

ਸ਼ਮਸ਼ੇਰ ਸੰਧੂ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਵਜੋਂ ਤਾਂ ਪੂਰੇ ਪੰਜਾਬੀ ਜਗਤ ਵਿਚ ਪ੍ਰਸਿੱਧ ਹੈ ਹੀ ਪਰ ਉਹ ਏਨੀ ਸੋਹਣੀ ਵਾਰਤਕ ਵੀ ਲਿਖ ਲੈਂਦਾ ਹੈ, ਇਸ ਹਕੀਕਤ ਬਾਰੇ ਮੈਨੂੰ ਉਸ ਦੀ ਇਹ ਪੁਸਤਕ ਪੜ੍ਹ ਕੇ ਹੀ ਪਤਾ ਲੱਗਾ।
ਸੰਧੂ ਨੇ ਆਪਣੀ ਇਹ ਪੁਸਤਕ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਸਿੱਧੂ ਦਮਦਮੀ ਦੇ ਆਗ੍ਰਹਿ ਉੱਪਰ ਲਿਖਣੀ ਸ਼ੁਰੂ ਕੀਤੀ ਸੀ ਅਤੇ ਆਰੰਭ ਵਿਚ ਇਹ ਮਜ਼ਮੂਨ ਪੰਜਾਬੀ ਟ੍ਰਿਬਿਊਨ ਦੇ ਪੰਨਿਆਂ ਦੀ ਜ਼ੀਨਤ ਬਣੇ ਸਨ। ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਲੇਖਕ ਦੇ ਮਨ ਵਿਚ ਕਈ ਸੰਸੇ ਸਨ। ਉਹ ਸੋਚਦਾ ਸੀ ਕਿ ਪਾਸ਼ ਦਾ ਨਾਂਅ ਪੜ੍ਹਦਿਆਂ ਹੀ ਕਿਧਰੇ ਪਾਠਕ ਇਹ ਨਾ ਕਹਿਣਾ ਸ਼ੁਰੂ ਕਰ ਦੇਣ : 'ਕੌਣ ਪਾਸ਼... ਕਿਹੜਾ ਪਾਸ਼?' ਉਸ ਦਾ ਇਹ ਸੰਸਾ ਨਿਰਮੂਲ ਨਹੀਂ ਸੀ ਕਿਉਂਕਿ ਪੰਜਾਬੀ ਲੋਕ ਅਤੀਤਮੁਖੀ ਨਹੀਂ ਸਨ। ਇਹ ਲੋਕ ਵਰਤਮਾਨ ਵਿਚ ਜੀਣ-ਥੀਣ ਵਾਲੇ ਪ੍ਰੈਕਟੀਕਲ ਕਿਸਮ ਦੇ ਲੋਕ ਹਨ। ਇਸੇ ਕਾਰਨ ਏਨੀ ਪ੍ਰਗਤੀ ਕਰ ਗਏ ਹਨ। ਪਰ ਤਾਂ ਵੀ ਸਾਡੇ ਲੋਕ ਅਹਿਸਾਨ-ਫਰਾਮੋਸ਼ ਬਿਲਕੁਲ ਨਹੀਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪਾਸ਼ ਦੀਆਂ ਕਵਿਤਾਵਾਂ ਅਤੇ ਯਾਦਾਂ ਨੂੰ ਬੜੇ ਅਦਬ ਨਾਲ ਸਹੇਜ ਕੇ ਰੱਖਿਆ ਹੋਇਆ ਹੈ।
ਇਸ ਪੁਸਤਕ ਵਿਚ ਸੰਧੂ ਦੀਆਂ ਪਾਸ਼ ਨਾਲ ਜੁੜੀਆਂ 26-27 ਸਿਮ੍ਰਤੀਆਂ ਦਾ ਵਰਣਨ ਹੈ। ਪੁਸਤਕ ਦੇ ਅੰਤ ਵਿਚ ਇਕ ਮੁਲਾਕਾਤ ਦਿੱਤੀ ਗਈ ਹੈ : ਨਾ ਬਣ ਸਕੀ ਪਤਨੀ ਨਾਲ ਮੁਲਾਕਾਤ। ਅੰਤ ਵਿਚ ਉਸ ਦੇ ਕੁਝ ਖ਼ਤ ਅਤੇ ਉਸ ਬਾਰੇ ਲਿਖੇ ਕੁਝ ਵਿਅਕਤੀ-ਚਿੱਤਰ ਅੰਕਿਤ ਹਨ। ਇਸ ਪੁਸਤਕ ਵਿਚ ਲੇਖਕ ਨੇ ਪਾਸ਼ ਦੇ ਸੁਭਾਅ ਦੀਆਂ ਵਿਭਿੰਨ ਪਰਤਾਂ ਨੂੰ ਉਭਾਰਿਆ ਹੈ। ਮਸਲਿਨ, ਉਹ ਰੋਂਦਾ ਵੀ ਸੀ, ਹਸਦਾ ਵੀ ਸੀ। ਰੁੱਸਦਾ ਤੇ ਲੜਦਾ ਵੀ ਸੀ। ਉਹ ਸ਼ਰਾਰਤੀ ਵੀ ਸੀ ਤੇ ਸ਼ਰੀਫ਼ ਵੀ ਸੀ। ਉਸ ਨੇ ਜੇਲ੍ਹਾਂ ਵੀ ਕੱਟੀਆਂ ਤੇ ਜਹਾਜ਼ਾਂ ਦੇ ਝੂਟੇ ਵੀ ਲਏ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਅਤੇ ਇਸ ਨੂੰ ਵੱਡੀ ਮਾਨਤਾ ਦਿੰਦਾ ਸੀ। ਗੱਲ ਕੀ, ਇਕ ਆਮ ਮਨੁੱਖ ਵਾਲੇ ਸਾਰੇ ਹੀ ਗੁਣ-ਔਗੁਣ ਸਨ, ਪਾਸ਼ ਵਿਚ। ਸ਼ਮਸ਼ੇਰ ਸੰਧੂ ਉਸ ਦੇ ਬਹੁਤ ਕਰੀਬੀ ਮਿੱਤਰਾਂ ਵਿਚੋਂ ਸੀ। ਇਸ ਲਈ ਉਸ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਪੂਰੀ ਤਰ੍ਹਾਂ ਪ੍ਰਮਾਣਿਕ ਹੈ। ਅਵਤਾਰ ਸਿੰਘ ਪਾਸ਼, ਪੰਜਾਬੀ ਸਾਹਿਤ ਦਾ ਛਿੰਦਾ (ਲਾਡਲਾ) ਲੇਖਕ ਸੀ। ਆਧੁਨਿਕ ਯੁੱਗ ਵਿਚ ਸ਼ਿਵ ਕੁਮਾਰ ਅਤੇ ਅਮਿਤੋਜ ਵੀ ਉਸੇ ਵਾਂਗ ਛਿੰਦੇ ਸਨ। ਮੈਂ ਸ਼ਮਸ਼ੇਰ ਸੰਧੂ ਦੇ ਇਸ ਸੁਹਿਰਦ ਯਤਨ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ। ਇਹ ਹਰ ਵਰਗ ਅਤੇ ਸੋਚ ਵਾਲੇ ਪਾਠਕਾਂ ਲਈ ਪੜ੍ਹਨਯੋਗ ਰਚਨਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸੁਣ ਪੰਜਾਬਣ ਕੁੜੀਏ!
ਲੇਖਕਾ : ਕਸ਼ਮੀਰ ਕੌਰ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 102
ਸੰਪਰਕ : 99158-52698.

ਕਸ਼ਮੀਰ ਕੌਰ ਸੰਧੂ ਆਪਣੀ ਮਿੱਟੀ ਨਾਲ ਜੁੜ ਕੇ ਕਾਵਿ-ਸਿਰਜਣਾ ਕਰਨ ਵਾਲੀ ਸ਼ਾਇਰਾ ਹੈ। ਉਸ ਦੀਆਂ ਕਵਿਤਾਵਾਂ ਵੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ ਨਾਲ ਸਬੰਧਤ ਹਨ। ਇਸ ਸੰਗ੍ਰਹਿ ਦੀ ਟਾਈਟਲ ਕਵਿਤਾ 'ਸੁਣ ਪੰਜਾਬਣ ਕੁੜੀਏ' ਇਕ ਉਸ ਕੁੜੀ ਦੀ ਦਾਸਤਾਨ ਹੈ ਜੋ ਜੀਵਨ ਦੇ ਦੁੱਖਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਂਦੀ ਹੈ। ਸ਼ਾਇਰਾ ਇਸ ਕਵਿਤਾ ਰਾਹੀਂ ਉਸ ਕੁੜੀ ਦੇ ਬਹਾਨੇ ਸਮੁੱਚੀ ਨਾਰੀ ਜਾਤੀ ਨੂੰ ਇਹ ਸੁਨੇਹਾ ਦਿੰਦੀ ਹੈ ਕਿ
ਜ਼ਿੰਦਗੀ ਦੀ ਹਰ ਧੁੱਪ ਤੇ ਛਾਂ ਨੂੰ
ਸਿਰ ਮੱਥੇ 'ਤੇ ਜਰੀਏ
ਮੌਤ ਵੀ ਸਾਨੂੰ ਮਾਰ ਸਕੇ ਨਾ
ਐਸੀ ਮੌਤੇ ਮਰੀਏ...
'ਹੇ ਗੁਰੂ ਨਾਨਕ' ਕਵਿਤਾ ਵਿਚ ਵੀ ਲੇਖਕਾ ਅਜੋਕੇ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਦਾ ਜ਼ਿਕਰ ਕਰਦੀ ਤੇ ਉਨ੍ਹਾਂ ਪ੍ਰਤੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਸ ਸੰਗ੍ਰਹਿ ਵਿਚ ਲੇਖਕਾ ਨੇ ਆਪਣੀਆਂ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਨੂੰ ਸੰਕਲਿਤ ਕੀਤਾ ਹੈ। ਇਸ ਸੰਗ੍ਰਹਿ ਵਿਚ ਪੇਸ਼ ਲੇਖਕਾ ਦੀਆਂ ਗ਼ਜ਼ਲਾਂ ਵਧੇਰੇ ਸੰਵੇਦਨਸ਼ੀਲ ਤੇ ਗਹਿਰਾਈ ਨੂੰ ਛੂੰਹਦੀਆਂ ਹਨ। ਕੁਝ ਕਵਿਤਾਵਾਂ ਵਿਚ ਸੂਖਮ ਅਨੁਭਵਾਂ ਦਾ ਪ੍ਰਗਟਾਵਾ ਕੀਤਾ ਮਿਲਦਾ ਹੈ,
ਕਦੇ ਕਦੇ ਲਗਦਾ ਹੈ ਏਦਾਂ
ਮੈਂ ਹਾਂ ਸੁੱਕਾ ਪੱਤਾ ਜਿੱਦਾਂ
ਕਦੇ ਕਦੇ ਮੇਰੀ ਵੀਣੀ ਕੰਬਦੀ
ਜਿਵੇਂ ਮੈਂ ਹੋਵਾਂ ਟਾਹਣੀ ਅੰਬ ਦੀ...
ਇਸ ਸੰਗ੍ਰਹਿ ਵਿਚਲੀਆਂ ਅਨੇਕ ਕਵਿਤਾਵਾਂ ਵਿਚ ਦੇਸ਼ ਪਿਆਰ, ਮੋਹ ਮਮਤਾ, ਦੇਸ਼ ਵੰਡ, ਗੁਆਚ ਗਏ ਆਪਣੇ ਸੱਭਿਆਚਾਰ ਆਦਿ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ। ਕਸ਼ਮੀਰ ਕੌਰ ਸੰਧੂ ਦੀ ਇਸ ਪੁਸਤਕ ਵਿਚਲੀ ਖੂਬਸੂਰਤੀ ਇਹ ਹੈ ਕਿ ਇਨ੍ਹਾਂ ਕਵਿਤਾਵਾਂ ਨੂੰ ਸਾਧਾਰਨ ਤੋਂ ਸਾਧਾਰਨ ਪਾਠਕ ਵੀ ਪੜ੍ਹ ਕੇ ਆਪਣੇ ਸੁਹਜ-ਅਨੰਦ ਦੀ ਤ੍ਰਿਪਤੀ ਕਰ ਸਕਦਾ ਹੈ। ਇਸ ਪੁਸਤਕ ਨੂੰ ਪੰਜਾਬੀ ਸਾਹਿਤ ਜਗਤ ਵਿਚ ਜੀ ਆਇਆਂ ਆਖਣਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਖ਼ਾਲੀ ਖੂਹਾਂ ਦੀ ਕਥਾ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 292.
ਸੰਪਰਕ : 82849-09596.

ਹਥਲੀ ਪੁਸਤਕ ਵੱਡਆਕਾਰੀ ਨਾਵਲ ਹੈ। ਲੇਖਕ ਦਾ ਇਹ 6ਵਾਂ ਨਾਵਲ ਹੈ। ਪੱਤ ਕੁਮਲਾ ਗਏ, ਖੇੜੇ ਸੁਖ ਵਿਹੜੇ ਸੁਖ, ਨਰੰਜਨ ਮਸ਼ਾਲਚੀ ਆਦਿ ਨਾਵਲਾਂ ਤੋਂ ਬਿਨਾਂ ਕਹਾਣੀ ਸੰਗ੍ਰਹਿ ਬਾਲ ਸਾਹਿਤ ਸੰਪਾਦਿਤ ਪੁਸਤਕਾਂ ਸਮੇਤ ਦਰਜਨ ਦੇ ਕਰੀਬ ਪੁਸਤਕਾਂ ਇਸ ਤੋਂ ਪਹਿਲਾਂ ਛਪ ਚੁੱਕੀਆਂ ਹਨ। ਲੇਖਕ ਨੇ ਇਹ ਨਾਵਲ ਆਪਣੇ ਸਤਿਕਾਰਤ ਅਧਿਆਪਕ ਡਾ: ਤੇਜਵੰਤ ਸਿੰਘ ਗਿੱਲ ਨੂੰ ਸਮਰਪਿਤ ਕੀਤਾ ਹੈ। ਢਾਹਾਂ ਇਲਾਕੇ ਨਾਲ ਨਾਵਲ ਸਬੰਧਤ ਹੈ, ਜਿਸ ਵਿਚ ਲੁਧਿਆਣਾ, ਖੰਨਾ, ਸਮਰਾਲਾ, ਮਾਛੀਵਾੜਾ, ਪਾਇਲ ਦਾ ਇਲਾਕਾ ਆਉਂਦਾ ਹੈ। ਨਾਵਲ ਪੀੜ੍ਹੀਆਂ ਦੀ ਗੱਲ ਕਰਦਾ ਹੈ। ਪੁਰਾਣੀ ਪੀੜ੍ਹੀ ਦੇ ਪਾਤਰ ਨਾਨਾ ਚਰਨ ਸਿੰਘ, ਬਚਨ ਸਿੰਘ ਹਨ, ਨਾਨੀਆਂ ਹਨ। ਉਨ੍ਹਾਂ ਬਾਅਦ ਨੌਜਵਾਨ ਪੀੜ੍ਹੀ ਦਾ ਸੱਭਿਆਚਾਰ ਹੈ। ਪੁਰਾਣੇ ਪੰਜਾਬ ਤੇ ਨਵੇਂ ਬਦਲਵੇਂ ਸੱਭਿਆਚਾਰ ਦੀ ਭਰਵੀਂ ਤਸਵੀਰ ਹੈ। ਕੁੱਲ 40 ਸਿਰਲੇਖ ਬਣਾ ਕੇ ਨਾਵਲ ਦੀ ਉਸਾਰੀ ਕੀਤੀ ਹੈ। ਮੇਰਾ ਨਾਨਕਾ ਪਿੰਡ ਕਿੱਸਾ ਪਿਛਲੇ ਜਨਮ ਦਾ, ਮੁਕੱਦਮਾ, ਮਾਇਆ ਸਭਨਾਂ ਦੇ ਰਾਹ ਵੱਖਰੇ, ਕਿਹੜਾ ਘਰ ਕਿਸ ਦਾ ਘਰ, ਸਮੇਂ ਦੇ ਰੰਗ ਨਿਆਰੇ, ਭੂਤ ਬੰਗਲਾ, ਅੱਧੀ ਰਾਤ ਵਿਛੋੜਾ, ਮਹਾਂਭਾਰਤ ਜਾਰੀ ਹੈ, ਏਕੇ ਸਿਫ਼ਰ ਦੀ ਖੇਡ ਤੇ ਫਿਰ ਅੰਤਕਾ ਢਾਹੇ ਦੇ ਇਲਾਕੇ ਦੀ ਸ਼ਬਦਾਵਲੀ ਨਾਲ ਨਾਵਲ ਖ਼ਤਮ ਹੁੰਦਾ ਹੈ। ਵਿਸ਼ੇਸ਼ ਇਲਾਕੇ ਦੀ ਬੋਲੀ ਪਾਤਰ ਬੋਲਦੇ ਹਨ।
ਨੌਜਵਾਨ ਪਾਤਰਾਂ ਦੇ ਸ਼ੁਮਾਰ ਨਾਲ ਸੱਭਿਆਚਾਰਕ ਬੋਲਚਾਲ ਤੇ ਪਰਿਵਾਰਕ ਉਲਝਣਾਂ ਵਿਚ ਵਾਧਾ ਹੋ ਜਾਂਦਾ ਹੈ। ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿਚ ਉਡਾਰੀ ਮਾਰ ਜਾਂਦੀ ਹੈ। ਜਿਹੜੇ ਇਧਰ ਰਹਿ ਜਾਂਦੇ ਹਨ, ਉਹ ਪਾਤਰ ਜ਼ਮੀਨਾਂ-ਜਾਇਦਾਦਾਂ ਦੇ ਚੱਕਰ ਵਿਚ ਫਸ ਜਾਂਦੇ ਹਨ। ਔਰਤ ਪਾਤਰਾਂ ਵਿਚ ਅਮਰ ਕੌਰ, ਦਲਬੀਰੋ, ਹੁਸਨਪ੍ਰੀਤ, ਰੇਸ਼ਮ ਕੌਰ, ਗਿਆਨੋ ਨਾਵਲ ਦੇ ਸਜੀਵ ਪਾਤਰ ਹਨ।
ਥਾਂ-ਥਾਂ ਉਲਝਣਾਂ, ਰੋਸੇ, ਮਨੇਵੇਂ, ਰਿਸ਼ਤੇ ਬਣਦੇ, ਟੁੱਟਦੇ, ਪਾਤਾਂ ਵੱਲੋਂ ਸ਼ੱਕ ਦਾ ਮਾਹੌਲ, ਨਾਵਲ ਨੂੰ ਦਿਲਚਸਪ ਬਣਾਉਂਦੇ ਹਨ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 98148-56160.

ਆ ਵੇਖ ਸੋਹਣਿਆਂ ਵੇ...
ਗੀਤਕਾਰ : ਮਨਜੀਤ ਸਿੰਘ 'ਕਮਲਾ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, ਸਫ਼ੇ : 176.
ਸੰਪਰਕ : 0181-2213184.

ਇਸ ਪੁਸਤਕ ਵਿਚ 112 ਸਮਾਜਿਕ ਅਤੇ ਸੱਭਿਆਚਾਰਕ ਗੀਤ, ਕੁਝ ਗ਼ਜ਼ਲਾਂ ਅਤੇ ਇਕ ਕਲੀ ਸ਼ਾਮਿਲ ਹੈ। ਗੀਤਾਂ ਦੇ ਵਿਸ਼ੇ ਹੁਸਨ, ਇਸ਼ਕ, ਹਾਰ-ਸ਼ਿੰਗਾਰ, ਕੁਰਬਾਨੀ, ਸਿਦਕ, ਆਜ਼ਾਦੀ, ਰੁੱਤਾਂ, ਸੰਜੋਗ ਵਿਜੋਗ ਅਤੇ ਰਸਮੋ-ਰਿਵਾਜ ਹਨ। ਬਹੁਤੇ ਗੀਤ ਕਿਸੇ ਸ਼ਿਅਰ ਨਾਲ ਸ਼ੁਰੂ ਹੁੰਦੇ ਹਨ। ਪੂਰਨ ਭਗਤ ਦੇ ਸਦਾਚਾਰਕ ਜੀਵਨ ਬਾਰੇ ਇਕ ਕਲੀ ਅਤੇ ਸਿੱਖਿਆ ਸਿਹਰੇ ਆਦਿ ਵੀ ਪੁਸਤਕ ਵਿਚ ਦਰਜ ਹਨ। ਗੀਤਕਾਰ ਨੇ ਦੋਗਾਣੇ, ਟੱਪੇ, ਮਾਹੀਆ, ਮਿਰਜ਼ਾ, ਬੈਂਤ, ਬੋਲੀਆਂ, ਜੁਗਨੀ ਅਤੇ ਵਾਰਾਂ ਦੀਆਂ ਧਾਰਨਾਵਾਂ ਨਾਲ ਗੀਤਾਂ ਨੂੰ ਦਿਲਚਸਪ ਬਣਾ ਦਿੱਤਾ ਹੈ। ਗੀਤਾਂ ਵਿਚ ਸ਼ਿੰਗਾਰ ਰਸ, ਬੀਰ ਰਸ ਅਤੇ ਵਾਤਸਲ ਰਸ ਵਿਦਮਾਨ ਹਨ। ਆਓ ਆਪਾਂ ਵੀ ਕੁਝ ਝਲਕਾਂ ਦਾ ਆਨੰਦ ਮਾਣੀਏ-
-ਮੈਨੂੰ ਲੋਕ ਦੀਵਾਨਾ ਕਹਿੰਦੇ ਨੇ,
ਮੈਥੋਂ ਦਰਦ ਛੁਪਾਇਆ ਜਾਂਦਾ ਨਹੀਂ
ਦਿਲ ਰੋ ਰੋ ਸੱਜਣਾ ਹਾਰ ਗਿਆ,
ਹੁਣ ਹੋਰ ਰੁਲਾਇਆ ਜਾਂਦਾ ਨਹੀਂ।
-ਬੋਲੀ ਧਰਮ ਦੇ ਸਦਕਾ ਹਰ ਕੌਮ ਜਿਊਂਦੀ,
ਬੋਲੀ ਧਰਮ ਦੇ ਸਦਕਾ ਹੀ ਸ਼ਾਨ ਹੁੰਦੀ
ਬੋਲੀ ਧਰਮ ਨੂੰ ਸਦਾ ਹੀ ਸਾਂਭ ਰੱਖੀਏ,
ਵਿਰਸਾ ਕੌਮਾਂ ਦਾ ਅਣਖ ਤੇ ਆਨ ਹੁੰਦੀ।
-ਚਿੱਠੀ ਦਰਦਾਂ ਭਰੀ ਲਿਖ ਪਾਈ,
ਵੱਡੀਆਂ ਕਮਾਈਆਂ ਵਾਲਿਆ
ਸਾਡੀ ਜਿੰਦ ਤੂੰ ਗ਼ਮਾਂ ਦੇ ਵਸ ਪਾਈ,
ਵੱਡੀਆਂ ਕਮਾਈਆਂ ਵਾਲਿਆ।
-ਇਸ਼ਕ ਹਕੀਕੀ ਜਿਨ੍ਹਾਂ ਪਾਇਆ,
ਉਹ ਨਹੀਂ ਸ਼ੋਰ ਮਚਾਉਂਦੇ
ਮਨ ਦੀ ਮੈਲ ਗਵਾ ਕੇ ਮਨ 'ਚੋਂ,
ਮਨ ਦੀ ਜੋਤ ਜਗਾਉਂਦੇ।
-ਧੰਨ ਜਿਗਰ ਮੇਰੇ ਦਿਲ ਦਾ
ਰੱਬ 'ਤੇ ਭਰੋਸਾ ਰੱਖੀਏ
ਦੁੱਖ ਕੱਟ ਕੇ ਹੀ ਸੁਖ ਮਿਲਦਾ।
ਕਈ ਗੀਤ ਪ੍ਰਵਾਸ ਦੇ ਦੁੱਖਾਂ ਅਤੇ ਰੁਝੇਵਿਆਂ ਬਾਰੇ ਹਨ ਅਤੇ ਕਈ ਗੀਤ ਇਤਿਹਾਸਕ ਹਨ। ਪੰਜਾਬ ਦੀਆਂ ਪ੍ਰੀਤ ਕਹਾਣੀਆਂ ਅਤੇ ਤਿਉਹਾਰਾਂ ਬਾਰੇ ਵੀ ਗੀਤ ਸ਼ਾਮਿਲ ਹਨ। ਕੇਹਰ ਸਿੰਘ ਦੀ ਵਾਰ ਰਾਹੀਂ ਕੁਰਬਾਨੀ ਅਤੇ ਬਹਾਦਰੀ ਦੇ ਕਾਰਨਾਮੇ ਨੂੰ ਅੰਕਿਤ ਕੀਤਾ ਗਿਆ ਹੈ। ਹਰਮਨ-ਪਿਆਰੇ ਟੱਪੇ, ਜੁਗਨੀ, ਗਿੱਧੇ, ਭੰਗੜੇ ਦੇ ਕਈ ਗੀਤ ਮਨ ਨੂੰ ਟੁੰਬਦੇ ਹਨ। ਪੂਰਬੀ ਅਤੇ ਪੱਛਮੀ ਸੱਭਿਆਚਾਰ, ਨਸ਼ੇ, ਠਾਕੇ, ਕੁੜਮਾਈਆਂ, ਜਨਮ ਦਿਨ, ਖੇਡਾਂ ਅਤੇ ਵਿਆਹਾਂ ਬਾਰੇ ਵੀ ਗੀਤ ਲਿਖੇ ਗਏ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਆਜ਼ਾਦੀ, ਦੇਸ਼ ਭਗਤੀ ਦੀ ਵੀ ਗੱਲ ਕੀਤੀ ਗਈ ਹੈ। ਸਮੁੱਚੇ ਤੌਰ 'ਤੇ ਇਹ ਇਕ ਦਿਲਚਸਪ ਪੁਸਤਕ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਮੈਂ ਮੀਲ ਪੱਥਰ ਹਾਂ
ਗ਼ਜ਼ਲਕਾਰ : ਜਨਕਪ੍ਰੀਤ ਬੇਗੋਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 94.
ਸੰਪਰਕ : 98769-44703.

ਸ਼ਾਇਰ ਜਨਕਪ੍ਰੀਤ ਬੇਗੋਵਾਲ ਪਿਛਲੇ ਕਈ ਸਾਲਾਂ ਤੋਂ ਗ਼ਜ਼ਲ ਸਿਰਜਣਾ ਨਾਲ ਪੂਰਨ ਤਕਨੀਕ ਨਾਲ ਜੁੜਿਆ ਹੋਇਆ ਹੈ। ਉਹ ਅਕਸਰ ਬਹਿਰ ਅਤੇ ਛੰਦ ਵਿਚ ਪਰਿਪੂਰਨ ਹੁੰਦਾ ਹੈ। ਹਥਲੇ ਗ਼ਜ਼ਲ ਸੰਗ੍ਰਹਿ ਕੁੱਲ 84 ਕੁ ਸ਼ਾਨਦਾਰ ਗ਼ਜ਼ਲਾਂ ਹਨ। ਸ਼ਾਇਰ ਜਨਕਪ੍ਰੀਤ ਨੇ ਹਰ ਗ਼ਜ਼ਲ ਦੇ ਸਿਰਲੇਖ ਦਿੱਤੇ ਹਨ ਜੋ ਕਿ ਇਕ ਵਧੀਆ ਕਾਰਜ ਹੈ। ਮੈਂ ਇਸ ਗੱਲ ਦੀ ਹਮੇਸ਼ਾ ਪੈਰਵੀ ਕੀਤੀ ਹੈ ਕਿ ਹੁਣ ਸਾਰੇ ਗ਼ਜ਼ਲਕਾਰਾਂ ਨੂੰ ਆਪਣੀਆਂ ਗ਼ਜ਼ਲਾਂ ਦੇ ਢੁਕਵੇਂ ਨਾਮਕਰਣ ਕਰਨੇ ਚਾਹੀਦੇ ਹਨ। ਸ਼ਬਦ 'ਗ਼ਜ਼ਲ' ਲਿਖ ਕੇ ਉਸ ਦੇ ਹੇਠਾਂ ਬ੍ਰੈਕਟ ਵਿਚ ਗ਼ਜ਼ਲ ਦਾ ਨਾਂਅ ਲਿਖਣਾ ਚਾਹੀਦਾ ਹੈ ਤਾਂ ਕਿ ਹਰ ਗ਼ਜ਼ਲ ਦੀ ਵੱਖਰੀ ਪਛਾਣ ਬਣ ਸਕੇ। ਸ਼ਾਇਰ ਨੇ ਇਕ ਹੋਰ ਕਾਰਜ ਇਹ ਕੀਤਾ ਹੈ ਕਿ ਹਰ ਗ਼ਜ਼ਲ ਦੇ ਉੱਪਰ ਉਸ ਦੇ ਬਹਿਰ/ਛੰਦ ਦਾ ਨਾਂਅ ਵੀ ਲਿਖ ਦਿੱਤਾ ਹੈ। ਇਸ ਤਰ੍ਹਾਂ ਨਵੇਂ ਸਿਖਾਂਦਰੂਆਂ ਨੂੰ ਬਹਿਰ ਦੇ ਸਿੱਖਣ ਵਿਚ ਸੁਖਾਲਾ ਰਹੇਗਾ। ਜਨਕਪ੍ਰੀਤ ਨੇ ਜ਼ਿਆਦਾ ਕਰਕੇ ਉਹੀ ਬਹਿਰ ਲਏ ਹਨ ਜੋ ਪੰਜਾਬੀ ਪਾਠਕਾਂ ਦੀ ਰੂਹ ਵਿਚ ਸਮਾਏ ਹੋਏ ਹਨ। ਬਹਿਰ ਹਜ਼ਜ ਉਸ ਨੂੰ ਬੜਾ ਪਿਆਰਾ ਹੈ। ਗ਼ਜ਼ਲ ਦੇ ਆਸ਼ਕਾਂ ਨੂੰ ਪ੍ਰੀਤ ਦਾ ਇਹ ਗ਼ਜ਼ਲ ਸੰਗ੍ਰਹਿ ਰਾਖਵਾਂ ਕਰ ਲੈਣਾ ਚਾਹੀਦਾ ਹੈ। ਸਾਰੀਆਂ ਗ਼ਜ਼ਲਾਂ ਤੇ ਸਾਰੇ ਸ਼ਿਅਰ ਭਾਵਪੂਰਤ ਹਨ। ਮੈਂ ਇਥੇ ਉਸ ਦਾ ਇਕ ਸ਼ਿਅਰ ਦੇ ਕੇ 'ਮੈਂ ਮੀਲ ਪੱਥਰ ਹਾਂ' ਗ਼ਜ਼ਲ ਸੰਗ੍ਰਹਿ ਨੂੰ ਜੀ ਆਇਆਂ :
ਤਵਾਇਫ਼ ਆਖ ਕੇ ਮੈਨੂੰ ਦਿਨੇ ਦੁਰਕਾਰਦਾ ਫਿਰਨੈਂ,
ਤੇ ਰਾਤੀਂ ਮੇਰੀਆਂ ਗਲੀਆਂ 'ਚ ਗੇੜੇ ਮਾਰਦਾ ਫਿਰਨੈਂ!

-ਸੁਲੱਖਣ ਸਰਹੱਦੀ
ਮੋ: 94174-84337.

10-8-2015

 ਭਾਰਤ ਦੇ ਦਿਹਾਤ ਵਿਚ ਕਰਜ਼ਾ ਅਤੇ ਮੌਤ
ਲੇਖਕ : ਅਮਨ ਸਿੱਧੂ ਅਤੇ ਇੰਦਰਜੀਤ ਸਿੰਘ ਜੇਜੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ।
ਮੁੱਲ : 295 ਰੁਪਏ, ਸਫ਼ੇ : 340.
ਸੰਪਰਕ : 0172-5077427.

ਭਾਰਤੀ ਕਿਸਾਨ ਦੇ ਦੁੱਖ ਸੁਣਨ ਵਾਲਾ ਕੋਈ ਨਹੀਂ। ਪੰਜਾਬੀ ਕਿਸਾਨ ਦਾ ਭਾਉਕਾ ਹੀ ਕੋਈ ਨਹੀਂ। ਪੰਜਾਬ ਦੇ ਪਾਣੀ ਸਭ ਰਾਸ਼ਟਰੀ, ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਹੋਰ ਰਾਜਾਂ ਨੂੰ ਧੱਕੇ ਨਾਲ ਦਿੱਤੇ ਗਏ ਹਨ। ਖਾਦਾਂ, ਕੀਟਨਾਸ਼ਕਾਂ ਦੇ ਮੁੱਲ ਅਸਮਾਨ ਉੱਤੇ, ਫ਼ਸਲਾਂ ਦੇ ਮੁੱਲ ਜ਼ਮੀਨ ਉੱਤੇ। ਕਰਜ਼ੇ ਦੇਣ ਨੂੰ ਸ਼ਾਹ ਤੇ ਬੈਂਕ ਦੋਵੇਂ ਸ਼ੇਰ। ਵਿਆਜ ਠੋਕ ਕੇ ਲਾਂਦੇ ਹਨ। ਸੋਕੇ, ਹੜ੍ਹ ਜਾਂ ਗੜੇਮਾਰੀ ਵਰਗੀ ਬਿਪਤਾ ਵੇਲੇ ਮੁਆਵਜ਼ੇ ਦੇ ਨਾਂਅ 'ਤੇ ਮਿਲਣ ਵਾਲੀ ਰਕਮ ਮਖੌਲ ਹੁੰਦੀ ਹੈ। ਹਿੰਦੂਤਵਵਾਦੀ ਵਪਾਰੀਆਂ ਦੀ ਮੋਦੀ ਸਰਕਾਰ ਦੇ ਆਉਣ ਨਾਲ ਹਾਲਤ ਹੋਰ ਮਾੜੀ ਹੋ ਗਈ ਹੈ। ਤਾਜ਼ਾ ਖ਼ਬਰਾਂ ਅਨੁਸਾਰ ਕਿਸਾਨਾਂ ਵਿਚ ਖ਼ੁਦਕੁਸ਼ੀਆਂ ਦੀ ਦਰ ਇਕ ਸਾਲ ਵਿਚ ਹੀ 26 ਫ਼ੀਸਦੀ ਵਧ ਗਈ ਹੈ। ਪੰਜਾਬ ਦੇ ਮੂਨਕ ਤੇ ਲਹਿਰਾ ਬਲਾਕਾਂ ਦੇ ਪਿੰਡਾਂ ਵਿਚ ਫੀਲਡ ਵਰਕ ਦੇ ਆਧਾਰ 'ਤੇ ਲਿਖੀ ਇਹ ਕਿਤਾਬ ਪੰਜਾਬੀ ਕਿਸਾਨ ਦੀ ਦਰਦਨਾਕ ਕਹਾਣੀ ਕਹਿੰਦੀ ਹੈ, ਜਿਸ ਨੂੰ ਸੁਣਨ, ਪੜ੍ਹਨ ਵਾਲਾ ਕੋਈ ਨਹੀਂ। ਪੰਜਾਬੀ ਤੇ ਸਿੱਖ ਕਿਤਾਬ ਪੜ੍ਹ ਕੇ ਹੀ ਰਾਜ਼ੀ ਨਹੀਂ। ਲਾਇਬ੍ਰੇਰੀ ਵੱਲ ਮੂੰਹ ਨਹੀਂ ਕਰਦੇ।
ਅਮਨ ਸਿੱਧੂ ਦੀ ਮਿਹਨਤ ਤੇ ਸੁਹਿਰਦਤਾ ਨੂੰ ਨਤਮਸਤਕ ਹੋ ਕੇ ਗੱਲ ਕਰਨੀ ਬਣਦੀ ਹੈ ਤੇ ਨਾਲ ਹੀ ਉਸ ਦੇ ਪਿਤਾ ਇੰਦਰਜੀਤ ਸਿੰਘ ਜੇਜੀ ਦੇ ਸਿਰੜ, ਦਲੇਰੀ ਤੇ ਈਮਾਨਦਾਰੀ ਨੂੰ। ਅਮਨ ਨੇ ਪੰਜਾਬ ਤੋਂ ਐਮ.ਏ. ਸੋਸ਼ਿਆਲੋਜੀ ਕੀਤੀ। ਇੰਗਲੈਂਡ ਤੋਂ ਐਮ.ਬੀ.ਏ. ਕਰਕੇ ਮੁੜ ਪੰਜਾਬ ਦੇ ਦਰਦ ਦੀ ਕਹਾਣੀ ਕਹਿਣ ਮਾਤ ਭੂਮੀ ਨੂੰ ਪਰਤੀ। ਪੰਜਾਬ ਦੇ ਪਿੰਡਾਂ ਵਿਚ ਕਰਜ਼ੇ ਵਿਚ ਫਸੇ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਵਿਸ਼ੇ ਉਤੇ ਡਾਕਟਰੇਟ ਲਈ ਖੋਜ ਕਰਨ ਲੱਗੀ। ਖੋਜ ਦੇ ਅੱਧਵਿਚਾਲੇ ਹੀ ਦਰਦਨਾਕ ਹਾਦਸੇ ਵਿਚ ਉਸ ਦੀ ਤੇ ਉਸ ਦੀ ਬੇਟੀ ਦੀ ਮੌਤ ਹੋ ਗਈ। ਉਸ ਦੇ ਫੀਲਡ ਵਰਕ, ਖੋਜ ਕਾਰਜ ਤੇ ਅੰਕੜਿਆਂ ਨੂੰ ਲੈ ਕੇ ਉਸ ਦੇ ਪਿਤਾ ਨੇ ਕਹਾਣੀ ਅੱਗੇ ਤੋਰੀ ਤੇ ਦੋਵਾਂ ਦੇ ਸਾਂਝੇ ਉਦਮ ਵਜੋਂ ਇਹ ਪੁਸਤਕ ਪ੍ਰਕਾਸ਼ਿਤ ਰੂਪ ਵਿਚ ਪਾਠਕਾਂ ਸਾਹਮਣੇ ਹੈ।
ਆਧੁਨਿਕਤਮ ਖੋਜ ਵਿਧੀ, ਮੁਹਾਵਰੇ, ਦਸਤਾਵੇਜ਼ੀ ਹਵਾਲਿਆਂ, ਅੰਕੜਿਆਂ, ਤੱਥਾਂ ਦੇ ਸਾਰਣੀਬੱਧ ਵੇਰਵਿਆਂ, ਚਿਤਰਾਂ, ਨਕਸ਼ਿਆਂ ਖਤੋਂ ਕਿਤਾਬਤ, ਖ਼ੁਦਕੁਸ਼ੀਆਂ ਕਰਨ ਵਾਲੇ ਬੰਦਿਆਂ ਦੇ ਨਾਵਾਂ ਥਾਵਾਂ ਸਮੇਤ ਵਿਸਤ੍ਰਿਤ ਜਾਣਕਾਰੀ ਇਸ ਕਿਤਾਬ ਨੂੰ ਮੁੱਲਵਾਨ ਹਵਾਲਾ ਪੁਸਤਕ ਬਣਾ ਰਹੀ ਹੈ। ਪੰਜਾਬ ਤੇ ਕਿਸਾਨ ਨਾਲ ਮਾੜੀ-ਮੋਟੀ ਹਮਦਰਦੀ ਵੀ ਹੈ ਤਾਂ ਇਹ ਪੁਸਤਕ ਜ਼ਰੂਰ ਪੜ੍ਹੋ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਗੁਸਤਾਖ਼ ਮੌਸਮ
ਗ਼ਜ਼ਲਕਾਰ : ਅਮਰਜੀਤ ਕੌਰ 'ਅਮਰ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 104.
ਸੰਪਰਕ : 95014-76265.

ਇਸ ਗ਼ਜ਼ਲ ਸੰਗ੍ਰਹਿ ਦੀਆਂ 87 ਗ਼ਜ਼ਲਾਂ ਵਿਚੋਂ ਸੱਜਰੇ ਅਤੇ ਵੰਨ-ਸੁਵੰਨੇ ਫੁੱਲਾਂ ਵਰਗੀ ਰੰਗਤ ਅਤੇ ਮਹਿਕ ਆਉਂਦੀ ਹੈ। ਕਵਿਤਾ ਧੁਰੋਂ ਮਿਲੀ ਦਾਤ ਹੈ ਪਰ ਗ਼ਜ਼ਲ ਵਰਗੀ ਸੁਬਕ ਵੰਨਗੀ ਵਿਚ ਮੋਤੀ ਪਰੌਣੇ ਮਿਹਨਤ ਦਾ ਕੰਮ ਹੈ। ਸਹਿਜ, ਸੁਹਜ ਅਤੇ ਸਾਦਗੀ ਨਾਲ ਸ਼ਿੰਗਾਰੀਆਂ ਇਨ੍ਹਾਂ ਗ਼ਜ਼ਲਾਂ ਵਿਚ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ ਵਿਦਮਾਨ ਹਨ। ਕੁਝ ਸ਼ਿਅਰਾਂ ਦਾ ਅਨੰਦ ਮਾਣੋ-
ਸਿੱਖ ਲਿਆ ਹੈ ਮੈਂ ਸਲੀਕਾ ਜੀਣ ਦਾ ਗ਼ਜ਼ਲਾਂ ਤੋਂ ਹੁਣ,
'ਅਮਰ' ਦੀ ਇਹ ਜ਼ਿੰਦਗੀ ਵਰਕੇ 'ਤੇ ਅੱਖਰ ਹੋ ਗਈ।
-ਜ਼ੁਲਮ ਹੁੰਦਾ ਦੇਖ ਮੈਥੋਂ ਜਰ ਕਦੇ ਹੋਇਆ ਨਹੀਂ
ਜਾਗਦੀ ਹੈ ਅਣਖ ਮੇਰੀ ਮੈਂ ਅਜੇ ਮੋਇਆ ਨਹੀਂ।
-ਬਦਲੇ ਰੁੱਤਾਂ, ਮੌਸਮ ਜਿਸ ਨੇ ਕਣ ਕਣ ਤੱਕ ਮਹਿਕਾਇਆ ਹੈ
ਕਿਥੇ ਬੈਠਾ ਉਹ ਲੁਕ ਛਿਪ ਕੇ, ਜਿਸ ਨੇ ਖੇਲ ਰਚਾਇਆ ਹੈ।
-ਖ਼ੁਦਾ ਦੇ ਲਫ਼ਜ਼ ਵਰਗੀ ਪਾਕਿ ਹਿਰਦੇ ਵਿਚ ਮੁਹੱਬਤ ਹੈ
ਕੋਈ ਵਲ ਫੇਰ ਨਾ ਇਸ ਵਿਚ ਖ਼ੁਦਾ ਦੀ ਇਹ ਇਬਾਦਤ ਹੈ।
-ਅਸੀਂ ਤੱਕਿਆ ਹੈ ਉਸ ਦਾ ਮੁੱਖ ਕਈ ਵਾਰੀ ਕਿਤਾਬਾਂ ਵਿਚ
ਤੇ ਉਸ ਦੀ ਮਹਿਕ ਨੂੰ ਮਹਿਸੂਸ ਕੀਤਾ ਹੈ ਗੁਲਾਬਾਂ ਵਿਚ।
ਸੱਚਮੁੱਚ ਹੀ ਇਸ ਸ਼ਾਇਰੀ ਵਿਚ ਗੁਲਾਬਾਂ ਦੀ ਖੁਸ਼ਬੂ ਸਮੋਈ ਹੋਈ ਹੈ। ਵਿਸ਼ੇ ਪੱਖੋਂ ਵੀ ਇਨ੍ਹਾਂ ਗ਼ਜ਼ਲਾਂ ਦੀ ਆਪਣੀ ਪਛਾਣ ਹੈ। ਇਨ੍ਹਾਂ ਵਿਚੋਂ ਰਿਸ਼ਤਿਆਂ ਦੀ ਪਾਕੀਜ਼ਗੀ, ਪਿਆਰ, ਵਫ਼ਾ, ਰੱਬੀ ਇਸ਼ਕ ਅਤੇ ਨਾਰੀ ਸ਼ਕਤੀ ਦਾ ਦੀਦਾਰ ਹੁੰਦਾ ਹੈ। ਕੁਰਾਹੇ ਪਈ ਜਵਾਨੀ, ਨਕਲੀ ਕਦਰਾਂ-ਕੀਮਤਾਂ, ਘੁਟਾਲੇ, ਲੀਹੋਂ ਲੱਥੀ ਰਾਜਨੀਤੀ ਅਤੇ ਜ਼ਿੰਦਗੀ ਦੀ ਬੇਤਰਤੀਬੀ ਪ੍ਰਤੀ ਸੁਚੇਤ ਕੀਤਾ ਗਿਆ ਹੈ। ਧੀਆਂ ਦਾ ਸਤਿਕਾਰ, ਦੇਸ਼ ਪ੍ਰੇਮ, ਚੜ੍ਹਦੀ ਕਲਾ ਅਤੇ ਇਸਤਰੀ ਜਾਤੀ ਲਈ ਲਲਕਾਰ ਸ਼ਿਅਰਾਂ ਵਿਚ ਅਨੋਖੇ ਰੰਗ ਭਰਦੀ ਹੈ। ਆਸ ਹੈ ਕਿ ਭਵਿੱਖ ਵਿਚ ਵੀ ਇਹ ਸ਼ਾਇਰਾ ਨਰੋਈ, ਤਾਜ਼ੀ, ਸਾਰਥਕ ਸ਼ਾਇਰੀ ਰਚਦੀ ਰਹੇਗੀ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸੁਪਨਿਆਂ ਦੀ ਸੇਜ
ਲੇਖਕ : ਗੁਰਦਿਆਲ ਦਲਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 126.
ਸੰਪਰਕ : 98141-85363.

ਗੁਰਦਿਆਲ ਦਲਾਲ ਪ੍ਰਮੁੱਖ ਤੌਰ 'ਤੇ ਕਹਾਣੀਕਾਰ ਹੈ। ਇਕ ਨਾਵਲ 'ਪੈੜਾਂ' ਦੇ ਨਾਲ-ਨਾਲ ਉਸ ਨੇ ਕਿੱਥੇ-ਕਿੱਥੇ ਪੀੜ ਅਜੇ (ਗ਼ਜ਼ਲ ਸੰਗ੍ਰਹਿ) ਰਾਹੀਂ ਪੰਜਾਬੀ ਸਾਹਿਤ ਵਿਚ ਭਰਵੀਂ ਹਾਜ਼ਰੀ ਲਾਈ ਹੈ। 'ਸੁਪਨਿਆਂ ਦੀ ਸੇਜ' ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਉਹ ਇਕ ਪ੍ਰੋੜ੍ਹ ਅਤੇ ਸੁਲਝਿਆ ਹੋਇਆ ਗ਼ਜ਼ਲਕਾਰ ਹੈ। ਸੁਪਨਿਆਂ ਦੀ ਤਾਮੀਰ ਹਰ ਸ਼ਖ਼ਸ ਕਰਦਾ ਹੈ। ਇਹ ਉਹ ਸੁਪਨੇ ਹਨ ਜੋ ਜਾਗਦੀ ਅੱਖ ਸਿਰਜਦੀ ਹੈ ਅਤੇ ਮੁਸ਼ੱਕਤ ਦੀ ਕੁਠਾਲੀ 'ਚ ਉਨ੍ਹਾਂ ਨੂੰ ਪ੍ਰਵਾਨ ਚੜ੍ਹਾਉਂਦੀ ਹੈ। ਵਿਚਾਰਧਾਰਕ ਪ੍ਰਪੱਕਤਾ, ਸਾਦਗੀ, ਸੁਖੈਨਤਾ, ਸ਼ਬਦ-ਜੜ੍ਹਤ ਅਤੇ ਗ਼ਜ਼ਲ ਦੀ ਤਕਨੀਕੀ ਸੂਝ ਉਸ ਦੀ ਕਾਵਿਕਤਾ ਨੂੰ ਵਧੇਰੇ ਨਿਖਾਰਦੀਆਂ ਹਨ। ਮੁਹੱਬਤ ਤੋਂ ਲੈ ਕੇ ਮਨੁੱਖੀ ਜੀਵਨ ਨਾਲ ਜੁੜੇ ਅੰਦਰੂਨੀ ਅਤੇ ਬਾਹਰੀ ਸਰੋਕਾਰ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਵਿਦਮਾਨ ਹਨ। ਪਦਾਰਥਕ ਯੁੱਗ ਅਤੇ ਖਪਤਕਾਰੀ ਪਨਪੀਆਂ ਰੁਚੀਆਂ ਅਧੀਨ ਨਿੱਘ ਭਰੇ ਰਿਸ਼ਤਿਆਂ ਵਿਚ ਆ ਰਹੀ ਕੜਵਾਹਟ, ਬੇਭਰੋਸਗੀ ਅਤੇ ਨਿੱਜਤਾ ਨਾਲ ਜੁੜੇ ਮਸਲੇ ਵੀ 'ਦਲਾਲ' ਦੀਆਂ ਗ਼ਜ਼ਲਾਂ ਵਿਚ ਥਾਂ ਪੁਰ ਥਾਂ ਮਿਲਦੇ ਹਨ। ਅਜੋਕੇ ਯੁੱਗ ਵਿਚ ਭਾਰਤ ਵਿਚ ਹੋ ਰਹੀ ਮਾਦਾ-ਭਰੂਣ ਹੱਤਿਆ, ਨਸ਼ਾਖੋਰੀ, ਬੇਈਮਾਨੀ, ਰਿਸ਼ਵਤਖੋਰੀ, ਕੁਨਬਾ-ਪਰਵਰੀ, ਚਲਾਕ ਰਾਜਨੀਤਕ ਨੇਤਾਵਾਂ ਦੀਆਂ ਲੂੰਬੜ ਚਾਲਾਂ ਅਤੇ ਮਾਨਵ ਵਿਰੋਧੀ ਚਿਹਰਾ ਬਹੁਤ ਹੀ ਵਿਅੰਗਾਤਮਕ ਢੰਗ ਨਾਲ ਉਸ ਦੀਆਂ ਗ਼ਜ਼ਲਾਂ ਵਿਚੋਂ ਝਲਕਦਾ ਹੈ। ਸਾਡੇ ਸਮਾਜ ਵਿਚ ਧੀ ਦੇ ਰਿਸ਼ਤੇ ਦੀ ਬਹੁਤ ਹੀ ਮਹੱਤਤਾ ਹੈ ਪਰ ਉਸ ਦੀ ਬੇਕਦਰੀ ਜਿਸ ਢੰਗ ਨਾਲ ਹੋ ਰਹੀ ਹੈ, ਉਸ ਤੋਂ ਅਸੀਂ ਭਲੀ-ਭਾਂਤ ਜਾਣੂੰ ਹੋਣ ਦੇ ਬਾਵਜੂਦ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਾਂ। ਪਰ ਤਸੱਲੀ ਵਾਲੀ ਗੱਲ ਹੈ ਕਿ 'ਦਲਾਲ' ਨੇ 'ਧੀਆਂ' ਰਦੀਫ ਵਰਤ ਕੇ 'ਧੀ' ਦੇ ਅਨੇਕਾਂ ਸਰੋਕਾਰਾਂ ਦੀ ਸਾਂਝ ਪਾਠਕ ਨਾਲ ਪੁਆਈ ਹੈ। ਇਕ ਸ਼ਿਅਰ ਪੇਸ਼-ਪੇਸ਼ ਹੈ :
ਜਦੋਂ ਵੀ ਬੇਧਿਆਨੀ ਵਿਚ ਪੁੱਤਰ ਜ਼ਖ਼ਮ ਦੇ ਦਿੰਦੇ
ਉਦੋਂ ਹੀ ਆਉਂਦੀਆਂ ਧੀਆਂ ਤੇ ਮੱਲ੍ਹਮ ਲਾਉਂਦੀਆਂ ਧੀਆਂ।
ਇਹ ਗ਼ਜ਼ਲ ਸੰਗ੍ਰਹਿ ਸਿਖਾਂਦਰੂ ਗ਼ਜ਼ਲਕਾਰਾਂ ਲਈ ਰਾਹ-ਦਸੇਰਾ ਵੀ ਹੈ ਕਿਉਂਕਿ ਇਸ ਵਿਚ ਦਰਜ 119 ਗ਼ਜ਼ਲਾਂ ਦੇ ਵਜ਼ਨ ਵੀ ਦਰਸਾਏ ਗਏ ਹਨ, ਜਿਸ ਤੋਂ ਉਹ ਤਕਤੀਹ ਦਾ ਵਲ ਵੀ ਸਿੱਖ ਸਕਦੇ ਹਨ। ਗ਼ਜ਼ਲ-ਵਿਧਾ ਜੋ ਅਜੋਕੇ ਸਮੇਂ ਵਿਚ ਕਾਵਿ-ਜਗਤ 'ਚ ਮਹੱਤਵਪੂਰਨ ਸਥਾਨ ਗ੍ਰਹਿਣ ਕਰ ਚੁੱਕੀ ਹੈ, ਉਸ ਵਿਚ ਗੁਰਦਿਆਲ ਦਲਾਲ ਦਾ ਗਿਣਾਤਮਕ ਅਤੇ ਗੁਣਾਤਮਕ ਯੋਗਦਾਨ ਸਵੀਕਾਰਿਆ ਜਾ ਸਕਦਾ ਹੈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 94630-14096.

ਬੇਗਾਨੇ
ਲੇਖਕ : ਜਰਨੈਲ ਸਿੰਘ ਸੇਖਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216.
ਸੰਪਰਕ : 98152-98459.

'ਬੇਗਾਨੇ' ਨਾਵਲ ਦੇ 19 ਕਾਂਡ ਹਨ। ਹਰ ਕਾਂਡ ਕਿਸੇ ਨਾ ਕਿਸੇ ਮਾਨਵੀ ਜੋੜਿਆਂ ਦੀ ਅਜਿਹੀ ਕਹਾਣੀ ਵੀ ਪੇਸ਼ ਕਰਦਾ ਹੈ, ਜਿਸ ਵਿਚ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਦ੍ਰਿਸ਼ਟੀ ਕਾਰਨ ਆਪਸੀ ਰਿਸ਼ਤਿਆਂ ਵਿਚ ਦੋਫਾੜ ਪੈ ਜਾਂਦੀ ਹੈ। ਮੂਲ ਕਾਰਨ ਜ਼ਰ, ਜ਼ੋਰੂ, ਜ਼ਮੀਨ ਹੈ। ਮਨੱਖੀ ਮਨਾਂ ਦੀਆਂ ਇੱਛਾਵਾਂ ਦੇ ਵਿਕਾਰੂ ਲੱਛਣ ਹਨ, ਕਦੇ ਮਿਲਣ ਦੀ ਅਧੂਰੀ ਚਾਹ ਤੜਪਦੀ ਹੈ, ਕਦੇ ਬ੍ਰਿਹਾ ਕਾਰਨ ਨਿਰਾਸ਼ਾ ਤੋਂ ਦੁਖਾਂਤ ਵਾਪਰਦਾ ਹੈ। ਦੋਸਤੀ-ਦੁਸ਼ਮਣੀ ਲੜਾਈ ਝਗੜੇ ਜ਼ਿੰਦਗੀ ਵਿਚ ਤਲਖੀਆਂ ਪੈਦਾ ਕਰਦੇ ਹਨ। ਪੈਸਾ ਹੀ ਸੁੱਖ-ਸ਼ਾਂਤੀ ਦਾ ਇਲਾਜ ਨਹੀਂ, ਆਤਮ ਸ਼ਾਂਤੀ ਜਦ ਅਲੋਪ ਹੋ ਜਾਵੇ, ਜ਼ਿੰਦਗੀ ਅੰਦਰ ਭਖਦੀ ਜੀਵਨ ਚੰਗਿਆੜੀ ਕਿਵੇਂ ਪੈਦਾ ਹੋ ਸਕਦੀ ਹੈ? ਨਾਵਲ ਦੀ ਕਹਾਣੀ ਪੰਜਾਬ ਤੇ ਕੈਨੇਡਾ ਦੀ ਧਰਤੀ ਉੱਪਰ ਵਾਪਰਦੇ ਹਾਲਾਤਾਂ ਦੀ ਪਿੱਠ-ਭੂਮੀ ਵਿਚ ਅਜਿਹੇ ਮਨੁੱਖ ਦੀ ਕਹਾਣੀ ਹੈ, ਜਿਸ ਨੇ ਉਮਰ ਭਰ ਸੰਘਰਸ਼ ਕੀਤਾ ਹੈ, ਮਾਨਸਿਕ ਸੰਕਟਾਂ ਦਾ ਸਾਹਮਣਾ ਕੀਤਾ ਹੈ ਅਤੇ ਜੋ ਬੇਗਾਨਿਆਂ ਨੂੰ ਆਪਣਾ ਬਣਾਉਣ ਦੀ ਜੱਦੋ-ਜਹਿਦ ਵਿਚ ਹੀਰੋ ਬਣਨ ਦੀ ਲਾਲਸਾ ਕਰਦਾ ਜ਼ੀਰੋ ਬਣ ਕੇ ਰਹਿ ਜਾਂਦਾ ਹੈ। ਜਰਨੈਲ ਸਿੰਘ ਸੇਖਾ ਦੇ ਇਸ ਚਿੰਤਨ ਤੋਂ ਅਸੀਂ ਜੇਕਰ ਜ਼ਿੰਦਗੀ ਨੂੰ ਵਧੇਰੇ ਸਮਝ ਸਕੀਏ ਤਾਂ ਇਸ ਨਾਵਲ ਦੀ ਰਚਨਾ ਦਾ ਉਦੇਸ਼ ਸਫਲ ਹੈ।

-ਡਾ: ਅਮਰ ਕੋਮਲ
ਮੋ: 08437873565.

ਹਨੇਰੇ ਵਿਚ ਕੱਥਕ
ਕਵੀ : ਸੁਭਾਸ਼ ਰਸਤੋਗੀ
ਪ੍ਰਕਾਸ਼ਕ : ਅਰੁਣ ਪਬਲਿਸ਼ਿੰਗ ਹਾਊਸ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 120
ਸੰਪਰਕ : 94177-04028

ਸੁਭਾਸ਼ ਰਸਤੋਗੀ ਹਿੰਦੀ ਦਾ ਵੱਡਾ ਕਵੀ ਹੈ। ਹਥਲਾ ਸੰਗ੍ਰਹਿ ਸੁਭਾਸ਼ ਰਸਤੋਗੀ ਦੇ ਕਾਵਿ ਸੰਗ੍ਰਹਿ 'ਅੰਧੇਰੇ ਮੇਂ ਕੱਥਕ' ਦਾ ਪੰਜਾਬੀ ਅਨੁਵਾਦ ਹੈ ਜੋ ਸੁਭਾਸ਼ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਸੰਗ੍ਰਹਿ ਨੂੰ ਪੜ੍ਹਦਿਆਂ ਸੁਭਾਸ਼ ਰਸਤੋਗੀ ਦੀ ਕਵਿਤਾ ਵਿਚਲੀ ਅਮੀਰੀ ਤੇ ਉਸ ਦੀ ਗੁਣਵੱਤਾ ਦਾ ਅਹਿਸਾਸ ਹੁੰਦਾ ਹੈ। ਲੇਖਕ ਨੇ ਆਪਣੇ ਜੀਵਨ ਤੇ ਸਮਾਜ ਵਿਚ ਤਿੱਖੇ ਕੌੜੇ ਅਨੁਭਵਾਂ ਨੂੰ ਪੇਸ਼ ਕੀਤਾ ਹੈ। ਤਿੱਖੇ ਵਿਅੰਗ ਇਨ੍ਹਾਂ ਕਵਿਤਾਵਾਂ ਵਿਚ ਦੇਖਣ ਨੂੰ ਮਿਲਦੇ ਹਨ।
ਜਿਸ ਘਰ ਦਾ ਮਰ ਗਿਆ ਪੁੱਤ
ਬਿਨਾਂ ਦਵਾ ਦੇ
ਉਸ ਦੇ ਲਈ ਮੈਂ ਕੀ ਕਰ ਸਕਦਾ ਹਾਂ
ਵਾਤਾਨੁਕੂਲ ਕਮਰੇ ਵਿਚ ਬੈਠ ਕੇ
ਉਸ ਲਈ ਕਵਿਤਾ ਲਿਖ ਸਕਦਾ ਹਾਂ...
ਆਧੁਨਿਕ ਵਰਤਾਰੇ ਵਿਚ ਮਨੁੱਖ-ਮਨੁੱਖ ਤੋਂ ਬੇਗਾਨਾ ਹੋ ਰਿਹਾ ਹੈ। ਕਿਸੇ ਨੂੰ ਕਿਸੇ ਦੇ ਆਉਣ-ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। 'ਵਿਸਥਾਪਣ' ਕਵਿਤਾ ਵਿਚ ਲੇਖਕ ਅਜਿਹੀ ਹੀ ਧਾਰਨਾ ਪ੍ਰਗਟ ਕਰਦਾ ਹੈ।
ਹੁਣ ਤੈਨੂੰ ਛੱਡਣਾ ਪਵੇਗਾ
ਇਹ ਟਿਕਾਣਾ ਵੀ
ਤੇ ਕੋਈ ਤੈਨੂੰ
ਵਿਦਾ ਕਰਨ ਵੀ ਨਹੀਂ ਆਵੇਗਾ।
ਇਹ ਕਵਿਤਾਵਾਂ ਹਨੇਰੇ ਵਕਤਾਂ ਦੀਆਂ ਕਵਿਤਾਵਾਂ ਹਨ ਜਿਥੇ ਕਵੀ ਆਪਣੇ ਸ਼ਬਦਾਂ ਦੇ ਚਿਰਾਗ ਬਾਲਦਾ ਹੈ। ਕਿਸੇ ਵੀ ਤਰ੍ਹਾਂ ਦੇ ਕਾਵਿ-ਵਸਤੂ ਨੂੰ ਪੇਸ਼ ਕਰਦਿਆਂ ਕਵੀ ਆਪਣੀ ਕਾਵਿ-ਸ਼ੈਲੀ ਦਾ ਖੂਬਸੂਰਤ ਪ੍ਰਗਟਾਵਾ ਕਰਦਾ ਹੈ। ਜੀਵਨ ਦੇ ਲੰਮੇਰੇ ਅਨੁਭਵ ਦੀ ਝਲਕ ਇਨ੍ਹਾਂ ਕਵਿਤਾਵਾਂ ਵਿਚ ਝਲਕਦੀ ਪ੍ਰਤੀਤ ਹੁੰਦੀ ਹੈ
ਇਹ ਯੁੱਧ ਮੇਰਾ ਹੈ
ਇਹ ਯੁੱਧ ਮੈਂ ਹੀ ਲੜਨਾ ਹੈ
ਹਨੇਰੇ ਹੁਣ ਘਿਰਦੇ ਆ ਰਹੇ ਨੇ
ਤੇ ਮੋਢੇ ਥੱਕਦੇ ਜਾ ਰਹੇ ਨੇ...
ਹਨੇਰੇ ਨਾਲ ਯੁੱਧ ਲੜਨ ਦਾ ਅਹਿਦ ਕਰਦੀਆਂ ਇਨ੍ਹਾਂ ਕਵਿਤਾਵਾਂ ਲਈ ਕਵੀ ਅਤੇ ਅਨੁਵਾਦਕ ਮੁਬਾਰਕ ਦੇ ਹੱਕਦਾਰ ਹਨ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਪ੍ਰੋ: ਪੂਰਨ ਸਿੰਘ ਕਾਵਿ : ਪੁਨਰ ਵਿਵੇਚਨ
ਲੇਖਕ : ਡਾ: ਰਾਜਪ੍ਰੀਤ ਕੌਰ ਬੈਨੀਪਾਲ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98146-73236

ਪੰਜਾਬੀ ਦੇ ਮਹਾਨ ਕਵੀ ਪ੍ਰੋ: ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਤੋਂ ਹਰ ਪੰਜਾਬੀ ਪ੍ਰੇਮੀ ਭਲੀਭਾਂਤ ਵਾਕਫ਼ ਹੈ। ਉਨ੍ਹਾਂ ਦੀ ਅਲਬੇਲੀ ਸ਼ਖ਼ਸੀਅਤ, ਕਾਵਿ ਸੰਗ੍ਰਹਿ ਤੇ ਕਵਿਤਾਵਾਂ ਬਾਰੇ ਡਾ: ਰਾਜਪ੍ਰੀਤ ਕੌਰ ਬੈਨੀਪਾਲ ਦੀ ਹਥਲੀ ਪੁਸਤਕ 'ਪ੍ਰੋ: ਪੂਰਨ ਸਿੰਘ ਕਾਵਿ : ਪੁਨਰ ਵਿਵੇਚਨ' ਸਾਹਿਤ ਰਸੀਆਂ ਦੇ ਪੜ੍ਹਨਯੋਗ ਬਹੁਮੁੱਲੀ ਪੁਸਤਕ ਹੈ।
ਪ੍ਰੋ: ਪੂਰਨ ਸਿੰਘ ਦਾ ਬਚਪਨ ਕਿਵੇਂ ਬੀਤਿਆ, ਉਨ੍ਹਾਂ ਕਿਹੜੀਆਂ-ਕਿਹੜੀਆਂ ਨੌਕਰੀਆਂ ਕੀਤੀਆਂ ਤੇ ਕਿਵੇਂ-ਕਿਵੇਂ ਛੱਡੀਆਂ, ਉਹ ਸਿੱਖੀ ਸਰੂਪ ਵਿਚ ਕਿਵੇਂ ਆਏ, ਕਲਮ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ, ਇਸ ਸਭ ਬਾਬਤ ਡਾ: ਬੈਨੀਪਾਲ ਨੇ ਵਿਸਥਾਰ ਵਿਚ ਲਿਖਿਆ ਹੈ।
ਇਸ ਪੁਸਤਕ ਨੂੰ ਪੰਜ ਅਧਿਆਇ ਵਿਚ ਵੰਡਿਆ ਗਿਆ ਹੈ। ਪਹਿਲਾ ਅਧਿਆਇ 'ਜੀਵਨ ਤੇ ਸਾਹਿਤਕ ਯੋਗਦਾਨ ਹੈ,' ਜਿਸ ਵਿਚ ਉਨ੍ਹਾਂ ਦੇ ਜੀਵਨ ਤੇ ਸਾਹਿਤ ਖੇਤਰ ਵਿਚ ਘਾਲੀ ਘਾਲਣਾ ਬਾਰੇ ਲਿਖਿਆ ਗਿਆ ਹੈ। ਦੂਜੇ ਭਾਗ 'ਲੋਕਧਾਰਾਈ ਸਮੱਗਰੀ ਦਾ ਕਾਵਿ ਰੂਪਾਂਤਰਣ : ਪੂਰਨ ਨਾਥ ਜੋਗੀ' ਵਿਚ ਪ੍ਰੋ: ਪੂਰਨ ਸਿੰਘ ਦੀ ਪ੍ਰਸਿੱਧ ਕਵਿਤਾ ਪੂਰਨ ਨਾਥ ਜੋਗੀ ਦੀ ਪੜਚੋਲ ਕੀਤੀ ਗਈ ਹੈ। ਤੀਜੇ ਅਧਿਆਇ 'ਨਾਰੀ ਦ੍ਰਿਸ਼ਟੀ' ਵਿਚ ਪ੍ਰੋਫ਼ੈਸਰ ਸਾਹਿਬ ਦਾ ਕਵਿਤਾ ਵਿਚ ਔਰਤ ਪ੍ਰਤੀ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਚੌਥੇ ਅਧਿਆਇ 'ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਸੰਗ ਵਿਚ' ਉਨ੍ਹਾਂ ਅੰਦਰਲੇ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਵਲਵਲਿਆਂ ਦੀ ਪੇਸ਼ਕਾਰੀ ਕੀਤੀ ਗਈ ਹੈ। ਉਨ੍ਹਾਂ ਕਿਵੇਂ ਪੰਜਾਬ ਦੇ ਪਿੰਡਾਂ, ਖੁੱਲ੍ਹੇ ਸੁਭਾਅ ਦੇ ਪੰਜਾਬੀਆਂ ਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਬਾਰੇ ਲਿਖਿਆ, ਇਸ ਬਾਰੇ ਡਾ: ਬੈਨੀਪਾਲ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਪੰਜਵਾਂ ਅਧਿਆਇ 'ਸੰਚਾਰ ਜੁਗਤਾਂ' ਹੈ।
ਪ੍ਰੋ: ਪੂਰਨ ਸਿੰਘ ਦੀਆਂ ਕਵਿਤਾਵਾਂ ਤੇ ਸ਼ਖਸੀ ਗੁਣਾਂ ਬਾਰੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਸਿਲੇਬਸ ਦੀਆਂ ਕਿਤਾਬਾਂ ਵਿਚ ਪੜ੍ਹਦੇ ਰਹਿੰਦੇ ਹਨ, ਪਰ ਇਸ ਕਿਤਾਬ ਵਿਚ ਉਹ ਬਹੁਤ ਕੁਝ ਦਿੱਤਾ ਗਿਆ ਹੈ, ਜਿਹੜਾ ਪਾਠਕਾਂ ਨੂੰ ਕਿਤੇ ਪੜ੍ਹਨ ਨੂੰ ਨਹੀਂ ਮਿਲਿਆ। ਡਾ: ਬੈਨੀਪਾਲ ਨੇ ਉਨ੍ਹਾਂ ਦੀ ਕਵਿਤਾ ਦਾ ਜਿਸ ਤਰ੍ਹਾਂ ਆਲੋਚਨਾਤਮਕ ਅਧਿਐਨ ਕੀਤਾ ਹੈ, ਉਹ ਬਾਕਮਾਲ ਹੈ। ਇਹ ਪੁਸਤਕ ਸਾਰੇ ਕਾਵਿ ਪ੍ਰੇਮੀਆ ਨੂੰ ਪੜ੍ਹਨੀ ਚਾਹੀਦੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

ਜਤਿੰਦਰ ਹਾਂਸ ਦਾ ਕਥਾ ਬਿਰਤਾਂਤ
ਜਗਤ ਤੇ ਜੁਗਤ
ਸੰਪਾਦਕ : ਡਾ: ਤਜਿੰਦਰ ਪਾਲ ਕੌਰ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 130.
ਸੰਪਰਕ : 98152-67029.

ਜਤਿੰਦਰ ਹਾਂਸ ਪੰਜਾਬੀ ਕਹਾਣੀ ਦੇ ਅਜੋਕੇ/ਨਵੇਂ ਦੌਰ ਦਾ ਸੰਭਾਵਨਾਵਾਂ ਭਰਪੂਰ, ਨਵ-ਸਥਾਪਤ ਕਹਾਣੀਕਾਰਾਂ ਦੀ ਮੁਹਰਲੀ ਕਤਾਰ ਦਾ ਬੜੀ ਤੇਜ਼ੀ ਨਾਲ ਉੱਭਰਿਆ ਨਾਂਅ ਹੈ। ਇਸ ਪੁਸਤਕ ਵਿਚ ਡਾ: ਤਜਿੰਦਰ ਪਾਲ ਕੌਰ ਨੇ ਜਤਿੰਦਰ ਹਾਂਸ ਦੀਆਂ ਸਮੁੱਚੀਆਂ ਕਹਾਣੀਆਂ 'ਤੇ ਵੱਖ-ਵੱਖ ਆਲੋਚਕਾਂ ਦੁਆਰਾ ਲਿਖੀਆਂ 15 ਆਲੋਚਨਾਤਮਕ ਰਚਨਾਵਾਂ ਪੇਸ਼ ਕੀਤੀਆਂ ਹਨ। ਭੂਮਿਕਾ ਤੋਂ ਇਲਾਵਾ ਜਤਿੰਦਰ ਹਾਂਸ ਦੁਆਰਾ ਰਚਿਤ 'ਮੇਰੀ ਪਹਿਲੀ ਕਹਾਣੀ' ਬਾਰੇ ਵੀ ਵਰਨਣ ਹੈ। ਕਹਾਣੀਕਾਰ ਜਤਿੰਦਰ ਹਾਂਸ ਬਾਰੇ ਦੋ ਰੇਖਾ ਚਿੱਤਰ ਵੀ ਸ਼ਾਮਿਲ ਹਨ। ਅੱਠ ਆਲੋਚਕਾਂ ਦੀ ਜਤਿੰਦਰ ਹਾਂਸ ਦੇ ਕਹਾਣੀ ਪ੍ਰਬੰਧ ਬਾਰੇ ਵਡਮੁੱਲੀ ਰਾਏ ਤੋਂ ਛੁੱਟ ਪੰਜ ਕਹਾਣੀਕਾਰਾਂ ਦੀਆਂ ਹਾਂਸ ਬਾਰੇ ਟਿੱਪਣੀਆਂ ਵੀ ਮਿਲਦੀਆਂ ਹਨ।
ਪੁਸਤਕ ਵਿਚ ਦੇਸ਼ ਭੂਸ਼ਨ ਦੁਆਰਾ ਜਤਿੰਦਰ ਹਾਂਸ ਦੇ ਕਥਾ-ਪ੍ਰਬੰਧ ਬਾਰੇ ਵਿਚਾਰ ਸਾਰੀ ਪੁਸਤਕ ਦਾ ਨਿਚੋੜ ਹਨ : ਦੇਸ਼ ਭੂਸ਼ਨ ਲਿਖਦਾ ਹੈ ਕਿ ਕਹਾਣੀ ਪਰਖ ਦੇ ਦੋ ਅਹਿਮ ਮਾਪਦੰਡ 'ਕਲਾ ਤੇ ਸਮਕਾਲੀ ਸਮਾਜਿਕ ਪ੍ਰਸੰਗਿਕਤਾ' ਹਨ। ਇਹ ਦੋਵੇਂ ਅਹਿਮ ਮਾਪਦੰਡ ਜਤਿੰਦਰ ਹਾਂਸ ਦੇ ਕਥਾ ਜਗਤ 'ਤੇ ਢੁਕਦੇ ਹਨ। ਉਸ ਕੋਲ ਕਹਾਣੀ ਕਹਿਣ ਦੀ ਕਲਾ ਵੀ ਹੈ ਅਤੇ ਉਸ ਦੀਆਂ ਕਹਾਣੀਆਂ ਦੀ ਸਮਕਾਲੀ ਪ੍ਰਸੰਗਿਕਤਾ ਵੀ ਹੈ। ਉਸ ਦੀਆਂ ਕਹਾਣੀਆਂ ਪਰੰਪਰਾਗਤ ਕਥਾ-ਸ਼ਾਸਤਰ ਮਾਡਲ ਦੇ ਕਲਾਵੇ ਵਿਚ ਨਹੀਂ ਆਉਂਦੀਆਂ। ਉਹ ਛੋਟੀ ਉਮਰ ਦਾ ਪ੍ਰੋਢ ਕਹਾਣੀਕਾਰ ਹੈ। ਜਿਸ ਤਰ੍ਹਾਂ ਦੀ ਜਤਿੰਦਰ ਹਾਂਸ ਕੋਲ ਸਮਾਜ-ਸ਼ਾਸਤਰੀ ਪਹੁੰਚ, ਮਨੋਵਿਗਿਆਨਕ ਅਧਿਐਨ ਤੇ ਵਿਸ਼ਲੇਸ਼ਣ ਕਰਨ ਦੀ ਪਾਰਖੂ ਅੱਖ ਹੈ, ਉਹ ਨਿਵੇਕਲੇ ਰਚਨਾਕਾਰ ਕੋਲ ਹੁੰਦੀ ਹੈ।
ਡਾ: ਤਜਿੰਦਰ ਪਾਲ ਕੌਰ ਦੁਆਰਾ ਇਹ ਸੰਪਾਦਿਤ ਪੁਸਤਕ ਜਤਿੰਦਰ ਹਾਂਸ ਦੀਆਂ ਕਹਾਣੀਆਂ 'ਤੇ ਹੋਏ ਆਲੋਚਨਾਤਮਕ ਕਾਰਜ ਦਾ ਲਗਪਗ ਸਮੁੱਚਾ ਅਧਿਐਨ ਹੈ। ਹਾਂਸ ਦੀ ਕਹਾਣੀ ਕਲਾ ਬਾਰੇ ਹੋਰ ਵਧੇਰੇ ਜਾਣਨ ਵਾਲੇ ਪਾਠਕਾਂ, ਆਲੋਚਕਾਂ, ਖੋਜੀਆਂ ਲਈ ਇਹ ਪੁਸਤਕ ਲਾਹੇਵੰਦ ਹੈ। ਡਾ: ਤਜਿੰਦਰ ਪਾਲ ਕੌਰ ਨੂੰ ਮੁਬਾਰਕਾਂ ਇਸ ਵਧੀਆ ਕਾਰਜ ਲਈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

8-8-2015

 ਮਨੁੱਖ ਦੇ ਸੁਪਨੇ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 96
ਸੰਪਰਕ : 94643-91902.

ਹਥਲੀ ਪੁਸਤਕ 'ਮਨੁੱਖ ਦੇ ਸੁਪਨੇ' ਵਿਚ ਲੇਖਕ ਨੇ ਸੁਪਨਿਆਂ ਦੀਆਂ ਕਿਸਮਾਂ, ਹਰ ਮਨੁੱਖ ਦੇ ਉਮਰ ਦੇ ਹਿਸਾਬ ਨਾਲ ਲਏ ਸੁਪਨੇ, ਸਪਨੇ ਕਿਵੇਂ ਸਾਕਾਰ ਹੁੰਦੇ ਹਨ, ਕਰਮ ਰਾਹੀਂ, ਸੁਪਨਿਆਂ ਦੀ ਸਾਰਥਕਤਾ, ਸੁਪਨੇ ਉੱਨਤੀ ਤੇ ਡਰ ਦੇ ਸੂਚਕ ਹਨ, ਇਹ ਕੁਰਾਹੇ ਪਾਉਂਦੇ ਹਨ ਜਾਂ ਰਾਹ-ਦਸੇਰੇ ਹੁੰਦੇ ਹਨ ਆਦਿ ਗੱਲਾਂ ਨੂੰ ਲੈ ਕੇ ਵਿਸ਼ਲੇਸ਼ਣਾਤਮਿਕ ਪੱਧਰ 'ਤੇ ਸੁਪਨਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖਕ ਅਨੁਸਾਰ ਸੁਪਨੇ ਮਨੁੱਖ ਦੀਆਂ ਭਾਵਨਾਵਾਂ ਤੇ ਇੱਛਾਵਾਂ ਦੇ ਪ੍ਰਤੀਕ ਹੁੰਦੇ ਹਨ, ਪੁਰਾਤਨ ਤੇ ਨਵੀਨ ਮਨੁੱਖ ਜਿਸ ਤਰ੍ਹਾਂ ਦੇ ਸੁਪਨੇ ਦੇਖਦਾ ਹੈ, ਇਹ ਉਸ ਦੀ ਸਮੇਂ ਅਨੁਸਾਰ ਮਨੋਦਸ਼ਾ 'ਤੇ ਨਿਰਭਰ ਕਰਦਾ ਹੈ ਅਤੇ ਭੌਤਿਕ ਕਰਮ ਨਾਲ ਸਬੰਧਤ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸ ਨੇ ਅਨੇਕਾਂ ਯਤਨ ਵੀ ਆਰੰਭੇ ਹੋਣਗੇ ਤਾਂ ਹੀ ਆਦਿ ਮਨੁੱਖ ਤੋਂ ਆਧੁਨਿਕ ਮਨੁੱਖ ਦੀ ਹੋਂਦ ਸੰਭਵ ਹੋ ਸਕੀ ਹੈ। ਸੁਪਨੇ ਸਾਕਾਰ ਕਰਨ ਲਈ ਕਰਮ ਕਰਨੇ ਜ਼ਰੂਰੀ ਹੁੰਦੇ ਹਨ ਭਾਰਤੀ ਮਿਥਿਹਾਸ ਇਸ ਦਾ ਗਵਾਹ ਹੈ।
ਅਗਲੇ ਕਾਂਡਾਂ ਵਿਚ ਲੇਖਕ ਦੱਸਦਾ ਹੈ ਕਿ ਕਰਮ ਬਹੁਤ ਘੱਟ ਲੋਕ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਤੰਤਰ-ਮੰਤਰ ਤੇ ਬਾਬਿਆਂ ਦੇ ਵਸ ਪੈ ਕੇ ਹਰ ਖੁਸ਼ੀ, ਹਰ ਲੋੜ ਦੀ ਪ੍ਰਾਪਤੀ ਜਾਦੂਈ ਢੰਗ ਨਾਲ ਚਾਹੁੰਦਾ ਹੈ ਅਤੇ ਜੋਤਸ਼ੀਆਂ ਤੇ ਬਾਬਿਆਂ ਦੀ ਦੁਕਾਨਦਾਰੀ ਚਲਦੀ ਹੈ। ਕਰਮ ਹੈ ਕੀ? ਕਰਮ ਹੈ ਭੌਤਿਕ ਜਾਂ ਮਾਨਸਿਕ ਕੰਮ ਰਾਹੀਂ ਕੁਝ ਉਤਪਾਦਨ ਕਰਨਾ ਹੈ ਪਰ ਜੋ ਨਹੀਂ ਕਰਦੇ ਉਹ ਮੰਗਤਿਆਂ ਦੀ ਗਿਣਤੀ ਵਿਚ ਵਾਧਾ ਕਰਦੇ ਹਨ। ਦੂਸਰੇ ਪਾਸੇ ਕੋਲੰਬਸ ਦੀ ਮਿਸਾਲ ਹੈ ਜਿਸ ਨੇ ਕਰਮ ਕਰਕੇ ਸੰਸਾਰ ਲਈ ਨਵੀਂ ਧਰਤੀ ਦੇ ਬੂਹੇ ਖੋਲ੍ਹ ਦਿੱਤੇ। ਕ੍ਰਿਸ਼ਨ ਨੇ ਅਰਜੁਨ ਨੂੰ ਵੀ ਕਰਮ ਕਰਨ ਦਾ ਉਪਦੇਸ਼ ਦਿੱਤਾ ਸੀ। ਬਿਨਾਂ ਕਰਮ ਕੀਤੇ ਲਏ ਗਏ ਸੁਪਨੇ ਨਿਰਾਰਥਕ ਹੁੰਦੇ ਹਨ ਪਰ ਉਦੇਸ਼ ਭਰਪੂਰ ਮੰਤਵ ਨਾਲ ਲਏ ਸੁਪਨੇ ਸਕਾਰਥਕ ਜਿਵੇਂ ਦੇਸ਼ ਭਗਤਾਂ ਨੇ ਆਜ਼ਾਦੀ ਦਾ ਸੁਪਨਾ ਲਿਆ, ਆਜ਼ਾਦੀ ਦੇ ਪਰਵਾਨਿਆਂ ਨੇ ਫਾਂਸੀ ਚੜ੍ਹਨ ਨੂੰ ਕਰਮ ਜਾਣਿਆ। ਪਰ ਕੁਝ ਸੁਪਨੇ ਵਿਨਾਸ਼ਕਾਰੀ ਹੁੰਦੇ ਹਨ, ਜਿਵੇਂ ਵਿਨਾਸ਼ਕਾਰੀ ਹਥਿਆਰਾਂ ਦੀ ਖੋਜ ਆਦਿ। ਸੁਪਨੇ ਮਾਨਸਿਕ ਸਥਿਤੀ ਦੇ ਪੂਰਕ ਵੀ ਹੁੰਦੇ ਹਨ ਅਤੇ ਸਬੰਧਤ ਘਟਨਾਵਾਂ ਤੋਂ ਡਰ ਪੈਦਾ ਕਰਦੇ ਹਨ ਅਤੇ ਅਜਿਹੀਆਂ ਮਨੋਸਥਿਤੀਆਂ ਭਿਆਨਕ ਇਤਿਹਾਸਕ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ ਜਿਵੇਂ ਹਿਟਲਰ ਦਾ ਸੰਸਾਰ ਜਿੱਤਣ ਦਾ ਸੁਪਨਾ। ਸਮੇਂ ਸਿਰ ਠੀਕ ਲਿਆ ਗਿਆ ਫ਼ੈਸਲਾ ਮਨੁੱਖ ਦੀ ਹੋਣੀ ਨੂੰ ਬਚਾਅ ਸਕਦਾ ਹੈ। ਪਰ ਸੁਪਨੇ ਲੈਣੇ ਉਦੋਂ ਤੱਕ ਸਾਰਥਕ ਹਨ ਜਦੋਂ ਤੱਕ ਅਮਲੀ ਰੂਪ ਦੇਣਾ ਸੰਭਵ ਹੋਵੇ ਤੇ ਸਮਾਜਿਕ ਭਲਾਈ ਦੇ ਹਿਤ ਵਿਚ ਹੋਵੇ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਫ ਫ ਫ

ਪੰਜਾਬ ਦਾ ਸਿੱਖ ਸੰਘਰਸ਼
(1978-1993)
ਸੰਘਰਸ਼ ਤੋਂ ਬਾਅਦ ਪੰਜਾਬ
(1994-2003)
ਲੇਖਕ : ਹਰਭਜਨ ਸਿੰਘ ਹਲਵਾਰਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 595, 595, ਸਫ਼ੇ : 480+484
ਸੰਪਰਕ : 0172-5077427

ਸ: ਹਰਭਜਨ ਸਿੰਘ ਹਲਵਾਰਵੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਕਈ ਖੇਤਰਾਂ ਵਿਚ ਡਟ ਕੇ ਕੰਮ ਕੀਤਾ ਹੈ। ਉਹ ਸ਼ੁੱਧ ਵਿਗਿਆਨ (ਗਣਿਤ) ਤੋਂ ਪੰਜਾਬੀ ਸਾਹਿਤ ਵੱਲ ਆਇਆ ਸੀ, ਇਸ ਕਾਰਨ ਉਸ ਦੀ ਸਿਮ੍ਰਤੀ, ਨਿਰੀਖਣ-ਸ਼ਕਤੀ ਅਤੇ ਸਹੀ ਨਿਸ਼ਕਰਸ਼ਾਂ ਤੱਕ ਪਹੁੰਚਣ ਦੀ ਸਮਰੱਥਾ ਹੋਰ ਲੋਕਾਂ ਨਾਲੋਂ ਕਾਫੀ ਵੱਧ ਸੀ। ਕੁਝ ਵਰ੍ਹੇ ਪੰਜਾਬ ਦੀ ਨਕਸਲੀ ਲਹਿਰ ਵਿਚ ਕੰਮ ਕਰਨ ਦੇ ਬਾਅਦ ਉਹ ਡਾ: ਅਤਰ ਸਿੰਘ ਪਾਸ ਕੋਸ਼ਕਾਰੀ ਵਿਭਾਗ, ਚੰਡੀਗੜ੍ਹ ਵਿਚ ਆ ਗਿਆ ਅਤੇ 1978 ਈ: ਵਿਚ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਣ ਸਮੇਂ ਉਹ ਸ: ਬਰਜਿੰਦਰ ਸਿੰਘ ਦਾ ਸਹਾਇਕ ਸੰਪਾਦਕ ਬਣ ਕੇ ਅਦਾਰਾ ਟ੍ਰਿਬਿਊਨ ਪਹੁੰਚ ਗਿਆ। 2003 ਤੱਕ ਉਹ ਇਸੇ ਅਖ਼ਬਾਰ ਵਿਚ ਰਿਹਾ ਅਤੇ ਸਮਾਚਾਰ-ਸੰਪਾਦਕ ਬਣ ਕੇ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਉਂਦਾ ਰਿਹਾ। ਉਹ ਸਿਆਸਤ ਦੀਆਂ ਬਾਰੀਕੀਆਂ ਅਤੇ ਸਿਆਸਤਦਾਨਾਂ ਦੇ ਸਵਾਰਥੀ ਪੈਂਤੜਿਆਂ ਨੂੰ ਖੂਬ ਸਮਝਦਾ ਸੀ। ਉਸ ਦੀ ਸੂਝ ਮਾਰਕਸੀ ਸੀ। ਉਸ ਦੁਆਰਾ ਸਮਕਾਲੀ ਸੱਭਿਆਚਾਰ ਅਤੇ ਸਿਆਸਤ ਉੱਪਰ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ, ਅੱਜ ਵੀ ਬੇਹੱਦ ਪ੍ਰਾਸੰਗਿਕ ਹਨ ਅਤੇ ਇਨ੍ਹਾਂ ਦੀ ਮਾਅਰਫ਼ਤ ਅਸੀਂ ਪੰਜਾਬ ਅਤੇ ਭਾਰਤ ਦੇ ਮੌਜੂਦਾ ਦ੍ਰਿਸ਼ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ।
ਪਹਿਲੀ ਜਿਲਦ 'ਪੰਜਾਬ ਦਾ ਸਿੱਖ ਸੰਘਰਸ਼' ਵਿਚ ਉਸ ਦੁਆਰਾ ਲਿਖੀਆਂ ਗਈਆਂ 307 ਸੰਪਾਦਕੀਆਂ ਸੰਗਠਿਤ ਹੋਈਆਂ ਹਨ। ਇਨ੍ਹਾਂ ਵਿਚ ਉਸ ਨੇ 1978 ਵਿਚ ਸ਼ੁਰੂ ਹੋਏ ਸਿੱਖ ਸੰਘਰਸ਼ ਦੇ ਵਿਚਾਰਧਾਰਕ ਪਰਿਪੇਖ ਅਤੇ ਵੱਖ-ਵੱਖ ਲੀਡਰਾਂ ਦੀਆਂ ਸਿਆਸੀ ਚਾਲਾਂ ਦੇ ਬਖੀਏ ਉਧੇੜੇ ਹਨ। ਸਿੱਖ ਸੰਘਰਸ਼ ਨਾਲ ਜੁੜੀ ਹਿੰਸਾ ਉੱਪਰ ਅਫ਼ਸੋਸ ਪ੍ਰਗਟ ਕਰਦਾ ਹੋਇਆ ਉਹ ਲਿਖਦਾ ਹੈ ਕਿ ਜਿਹੜੇ ਮਸਲੇ ਰਾਜਸੀ ਪੱਧਰ ਉਤੇ ਹੱਲ ਹੋਣੇ ਨੇ, ਉਨ੍ਹਾਂ ਲਈ ਆਪਸੀ ਘਾਣ ਕਿਉਂ? ਕੀ ਜਿਹੜੇ ਮਰੇ ਨੇ, ਮਾਰੇ ਗਏ ਨੇ, ਉਹ ਇਸ ਮਾਹੌਲ ਲਈ ਜ਼ਿੰਮੇਵਾਰ ਸਨ? (ਪੰਨਾ 23)
ਦੂਜੀ ਜਿਲਦ 'ਸੰਘਰਸ਼ ਤੋਂ ਬਾਅਦ ਪੰਜਾਬ' ਵਿਚ 328 ਸੰਪਾਦਕੀ ਟਿੱਪਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਉਹ ਕਈ ਵਿਸ਼ਿਆਂ ਬਾਰੇ ਬਿਲਕੁਲ ਨਵੀਆਂ ਅਤੇ ਨਿਰਭੈ ਟਿੱਪਣੀਆਂ ਕਰਦਾ ਹੈ। ਉਹ ਲਿਖਦਾ ਹੈ ਕਿ ਸੇਵਾ-ਮੁਕਤ ਹੋਣ ਤੋਂ ਬਾਅਦ ਚਹੇਤੇ ਅਫਸਰਾਂ ਦੇ ਸੇਵਾਕਾਲ ਵਿਚ ਵਾਧਾ ਨਹੀਂ ਕਰਨਾ ਚਾਹੀਦਾ। (ਪੰਨਾ 122)
ਇਸ ਪੁਸਤਕ ਦਾ ਸੰਪਾਦਨ ਡਾ: ਨਵਤੇਜ ਸਿੰਘ ਨੇ ਕੀਤਾ ਹੈ, ਜੋ ਹਲਾਵਰਵੀ ਦੇ ਛੋਟੇ ਭਾਈ ਹੋਣ ਦਾ ਕਰਤੱਵ ਬਾਖੂਬੀ ਨਿਭਾਅ ਰਿਹਾ ਹੈ। ਮੈਂ ਲੋਕ ਗੀਤ ਪ੍ਰਕਾਸ਼ਨ ਦੇ ਸੰਚਾਲਕ ਸ੍ਰੀ ਹਰੀਸ਼ ਜੈਨ ਨੂੰ ਏਨਾ ਮਹੱਤਵਪੂਰਨ ਪ੍ਰਾਜੈਕਟ ਨੇਪਰੇ ਚਾੜ੍ਹਨ ਲਈ ਮੁਬਾਰਕਬਾਦ ਦਿੰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਫ ਫ ਫ

ਸਾਰੰਗਪਾਣੀ
ਗ਼ਜ਼ਲਕਾਰ : ਸੁਰਜੀਤ ਸਿੰਘ ਜੀਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80.
ਸੰਪਰਕ : 98149-21486.

ਕੁੰਭੇ ਬੱਧਾ ਜਲ-ਗ਼ਜ਼ਲ ਸੰਗ੍ਰਹਿ ਤੋਂ ਤੇਰਾਂ ਸਾਲ ਬਾਅਦ ਜੀਤ ਹੋਰਾਂ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ-ਸਾਰੰਗਪਾਣੀ-ਗ਼ਜ਼ਲ ਵਿਚ ਗ਼ਜ਼ਲੀਅਤ ਦੇ ਨਾਲ-ਨਾਲ ਬਹਿਰ ਵਜ਼ਨ ਪ੍ਰਤੀ ਸਚੇਤ ਗ਼ਜ਼ਲਗੋ ਦ੍ਰਿਸ਼ਟਾਂਤਤ ਹੁੰਦੀਆਂ ਹਨ ਜਿਵੇਂ ਸੰਘਣੇ ਜੰਗਲ ਦੀ ਹਨੇਰੀ ਰਾਤ ਵਿਚ ਜੁਗਨੂੰ। ਜੀਤ ਹੋਰਾਂ ਨੂੰ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਸਮੂਹ ਨਾਲ ਜੋੜ ਕੇ ਸ਼ਿਅਰ ਕਹਿਣ ਦਾ ਢੰਗ ਆਉਂਦਾ ਹੈ। ਜੀਵਨ ਦੀਆਂ ਜਿੱਤਾਂ-ਹਾਰਾਂ ਨੂੰ ਉਹ ਬੜੇ ਭਾਵਪੂਰਤ ਢੰਗ ਅਤੇ ਬੜੀ ਸਰਲਤਾ ਨਾਲ ਤਾਸ਼ ਦੀ ਖੇਡ ਨਾਲ ਤਸ਼ਬੀਹ ਦੇ ਦਿੰਦੇ ਹਨ
ਨਾ ਤਾਂ ਉਮੀਦ ਰੱਖਾਂ, ਨਾ ਹੀ ਨਿਰਾਸ਼ ਹੋਵਾਂ
ਹੈ ਖੇਡ ਮੇਰਾ ਜੀਵਨ, ਜਿੱਦਾਂ ਕੇ ਤਾਸ਼ ਹੋਵਾਂ
ਅੱਜ ਦੇ ਮਨੁੱਖ ਦੇ ਦੁਹਰੇ ਕਿਰਦਾਰ ਨੂੰ ਨੰਗਿਆਂ ਕਰਨ ਲੱਗਿਆਂ ਬਿਨਾਂ ਕਿਸੇ ਹਿਚਕਿਚਾਹਟ ਦੇ ਜੀਤ ਹੋਰੀਂ ਡੰਕੇ ਦੀ ਚੋਟ 'ਤੇ ਆਪਣੇ ਵਿਚਾਰਾਂ ਨੂੰ ਗ਼ਜ਼ਲ ਦਾ ਜਾਮਾ ਪਵਾਉਣ ਵਿਚ ਇਸ ਤਰ੍ਹਾਂ ਮਾਹਿਰ ਹਨ :
ਦੁਸ਼ਮਣੀ ਵੀ ਚੱਲ ਰਹੀ ਹੈ ਦੋਸਤੀ ਦੇ ਨਾਲ-ਨਾਲ
ਮੌਤ ਜਿੱਦਾਂ ਚੱਲ ਰਹੀ ਹੈ ਜ਼ਿੰਦਗੀ ਦੇ ਨਾਲ-ਨਾਲ
ਚਿਹਰੇ 'ਤੇ ਜਾਇਓ ਨਾ ਉਸ ਦੇ ਉਹ ਬੜਾ ਮੱਕਾਰ ਹੈ
ਉਹ ਚਲਾਉਂਦੈ ਚਕਲੇ, ਬੰਦਗੀ ਦੇ ਨਾਲ-ਨਾਲ।
ਇਸ ਪੁਸਤਕ ਵਿਚ ਸਾਡਾ ਬਦਲ ਰਿਹਾ ਸੱਭਿਆਚਾਰਕ ਮੁਹਾਂਦਰਾ ਕਿਰਤੀਆਂ ਦੀ ਲੁੱਟ-ਖਸੁੱਟ, ਨਿੱਤ ਨਵੀਆਂ ਪੈਦਾ ਹੋ ਰਹੀਆਂ ਜਾਂ ਪੈਦਾ ਕੀਤੀਆਂ ਜਾ ਰਹੀਆਂ ਦੁਸ਼ਵਾਰੀਆਂ, ਦਿਨੋ-ਦਿਨ ਵਧਾ ਰਿਹਾ ਆਰਥਿਕ ਪਾੜਾ, ਰਿਸ਼ਤਿਆਂ ਦੀ ਟੁੱਟ-ਭੱਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਗ਼ਜ਼ਲਾਂ, ਉਪਰਾਮ ਵੀ ਕਰਦੀਆਂ ਹਨ ਅਤੇ ਵਿਦਰੋਹ ਵੀ ਸਿਰਜਦੀਆਂ ਹਨ ਕਿ ਕਿਸੇ ਰੱਬ ਦੇ ਵਰਦਾਨ ਨਾਲ ਨਹੀਂ, ਆਪਣੇ ਹੱਥਾਂ ਦੇ ਕਮਾਲ ਨਾਲ ਜੋ ਕਰਨਾ ਹੈ, ਉਹ ਹੀ ਆਪਣਾ ਮੁਕੱਦਰ ਹੈ-ਸਾਰੰਗਪਾਣੀ-ਇਸ ਪੁਸਤਕ ਨੂੰ ਇਸ ਸ਼ਿਅਰ ਨਾਲ ਮੈਂ ਜੀ ਆਇਆਂ ਕਹਿੰਦਾ ਹਾਂ :
ਹੁਣ ਨਾ ਲਿਖੀਏ ਤੋਤਾ ਮੈਨਾ, ਰਾਜਾ ਰਾਣੀ ਕਾਗਜ਼ 'ਤੇ
ਹੁਣ ਲਿਖਦੇ ਹਾਂ ਟੁੱਟੇ ਰਿਸ਼ਤੇ ਦਰਦ ਕਹਾਣੀ ਕਾਗਜ਼ 'ਤੇ।

-ਰਾਜਿੰਦਰ ਪਰਦੇਸੀ
ਮੋ: 93576-41552.

ਫ ਫ ਫ

ਖੇੜੇ ਸੁੱਖ ਵਿਹੜੇ ਸੁੱਖ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 400.
ਸੰਪਰਕ : 82849-09596.

ਅਵਤਾਰ ਸਿੰਘ ਬਿਲਿੰਗ ਅੱਜ ਦੇ ਸਮੇਂ ਦਾ ਸਭ ਤੋਂ ਵੱਧ ਚਰਚਿਤ ਪੰਜਾਬੀ ਨਾਵਲਕਾਰ ਹੈ। ਇਹ 'ਖੇੜੇ ਸੁੱਖ ਵਿਹੜੇ ਸੁੱਖ' ਦੀ ਦੂਸਰੀ ਐਡੀਸ਼ਨ ਹੈ। ਇਸ ਨਾਵਲ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਸਰਬੋਤਮ ਪੁਸਤਕ ਪੁਰਸਕਾਰ ਨਾਨਕ ਸਿੰਘ ਗਲਪ ਪੁਰਸਕਾਰ 2003 ਵਿਚ ਮਿਲਿਆ ਸੀ।
ਬਿਲਿੰਗ ਆਂਚਲਿਕਤਾ ਨਾਵਲ ਸ਼ੈਲੀ ਦਾ ਨਾਵਲਕਾਰ ਹੈ। ਇਸ ਨਾਵਲ ਵਿਚ ਪੰਜਾਬ ਦੇ ਇਕ ਪਿੰਡ ਦੀ ਤ੍ਰਾਸਦ ਕਥਾ ਬਿਆਨ ਕੀਤੀ ਗਈ ਹੈ। ਇਥੋਂ ਦੇ ਲੋਕ ਢਾਹਾ ਉਪ ਬੋਲੀ ਬੋਲਦੇ ਹਨ, ਜੋ ਪੁਆਧੀ ਦੀ ਹੀ ਇਕ ਵਿਸੇਸ਼ ਸ਼ੇਡ ਨੂੰ ਪ੍ਰਗਟ ਕਰਦੀ ਹੈ। ਪਿੰਡ ਵਿਚ ਪਲੇਗ ਫੈਲੀ ਹੋਈ ਹੈ। ਲੋਕ ਧੜਾਧੜ ਮਰ ਰਹੇ ਹਨ, ਜੀਵਨ ਦੇ ਅਨੇਕਾਂ ਰੰਗ ਉੱਘੜਦੇ ਹਨ। ਨਾਵਲ ਪ੍ਰਮੁੱਖ ਘਟਨਾਵਾਂ ਦੇ ਨਾਲ-ਨਾਲ ਉਪ-ਘਟਨਾਵਾਂ ਨੂੰ ਲੈ ਕੇ ਆਪਣੀ ਕਥਾ ਨੂੰ ਉਸਾਰਦਾ ਚਲਿਆ ਜਾਂਦਾ ਹੈ। ਬਿਲਿੰਗ ਇਸ ਨੂੰ ਤ੍ਰੈ-ਲੜੀ ਨਾਵਲ ਆਖਦਾ ਹੈ। ਪਹਿਲੇ ਭਾਗ ਦਾ ਨਾਂਅ 'ਮੂਰਤਾਂ ਰੰਗ ਬਿਰੰਗੀਆਂ' ਹੈ। ਇਸ ਭਾਗ ਦੀਆਂ ਪ੍ਰਮੁੱਖ ਘਟਨਾਵਾਂ 'ਕੁਤਬ ਦਾ ਨੂਰਾਂ ਨਾਲ ਇਸ਼ਕ ਹੈ, ਪਲੇਗ ਨਾਲ ਉਸ ਦੀ ਮੌਤ ਹੋ ਜਾਣ 'ਤੇ ਕੁਤਬ ਵੈਰਾਗੀ ਹੋ ਗਿਆ। ਉਸ ਦਾ ਪਹਿਲਾ ਪਿੰਡ ਸਿੰਘਾਂ ਦੀ ਸਲੋਟੀ ਸੀ, ਮੁੜ ਸੋਹ ਅਤੇ ਸਰਵਰਪੁਰ ਵਿਚਕਾਰ ਬਣੇ ਤਕੀਏ 'ਤੇ ਆ ਬੈਠਿਆ। ਸੁਥਰਾ, ਜਾਤੀ ਸਿੰਹੁ ਅਤੇ ਹੋਰ ਕਈ ਬੰਦੇ ਵੀ ਪਲੇਗ ਦੀ ਬਲੀ ਚੜ੍ਹ ਗਏ। ਚਿੰਤੋ ਦੇ ਭਰਾਵਾਂ ਨੇ ਭੈਣ ਦੇ ਪੈਸੇ ਵੱਟੇ। ਬਸਤਾ ਸਿੰਘ ਡਾਂਗ ਬਹਾਦਰ ਤੇ ਕਰਤਾਰਾ ਤੀਵੀਆਂ ਵੇਚਣ ਦਾ ਧੰਦਾ ਕਰਦੇ ਹਨ।
ਦੂਸਰੇ ਭਾਗ ਦਾ ਨਾਂਅ ਹੈ ਟੇਢੇ ਰਾਹਾਂ ਦੀ ਦਾਸਤਾਨ। ਇਸ ਵਿਚ ਜੈਤੋ ਤੇ ਚਾਬੀਆਂ ਦੇ ਮੋਰਚੇ ਦਾ ਜ਼ਿਕਰ ਹੈ। ਤੀਸਰੇ ਭਾਗ ਦਾ ਨਾਂਅ ਹੈ 'ਨਵੇਂ ਰਾਹ ਨਵੇਂ ਖੇਤ'। ਇਸ ਵਿਚ ਬਿਸ਼ਨ ਦੀ ਧੀ ਦੀਪੋ ਮਿਰਗੀ ਦੀ ਮਰੀਜ਼ ਹੈ। ਵਿਆਹ ਦੀ ਬਹੁਤ ਤਾਂਘ ਰੱਖਦੀ ਹੈ। ਜਗਤਾ ਪਾਤਰ ਇਸ ਨਾਵਲ ਵਿਚ ਆਖਰ ਤੱਕ ਭੁਗਤਦਾ ਨਜ਼ਰ ਆਉਂਦਾ ਹੈ। ਇਸ ਵਿਚ ਲੇਖਕ ਦੀ ਨਜ਼ਰ ਸ਼ੋਸ਼ਤ ਵਰਗ 'ਤੇ ਟਿਕੀ ਹੋਈ ਹੈ ਤੇ ਉਸ ਦੀ ਹਮਦਰਦੀ ਵੀ ਉਨ੍ਹਾਂ ਨਾਲ ਹੀ ਹੈ। ਨਾਵਲ ਰੌਚਕ ਤੇ ਇਕੋ ਬੈਠਕ ਵਿਚ ਪੜ੍ਹਨ ਵਾਲਾ ਹੈ।

-ਕੇ. ਐਲ. ਗਰਗ
ਮੋ: 94635-37050

8-8-2015

 ਰੰਗਲੇ ਪੰਜਾਬ ਦੇ ਲੋਕ-ਗੀਤ
ਸੰਪਾਦਕ : ਪ੍ਰਿੰਸੀਪਲ ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 0181-2213184.

ਪੰਜਾਬ ਦਾ ਸੱਭਿਆਚਾਰ ਬਹੁਤ ਰਾਂਗਲਾ ਹੈ। ਪੰਜਾਬੀ ਲੋਰੀਆਂ ਵਿਚ ਪਲਦਾ, ਘੋੜੀਆਂ ਵਿਚ ਵਿਆਹਿਆ ਜਾਂਦਾ ਅਤੇ ਵੈਣਾਂ ਕੀਰਨਿਆਂ ਵਿਚ ਤੁਰ ਜਾਂਦਾ ਹੈ। ਜੀਵਨ ਦੇ ਹਰ ਪੜਾਅ ਉਤੇ ਲੋਕ ਗੀਤ ਉਸ ਦੇ ਅੰਗ-ਸੰਗ ਰਹਿੰਦੇ ਹਨ। ਲੋਕ ਗੀਤ, ਜੰਗਲੀ ਫੁੱਲਾਂ ਵਾਂਗ ਆਪ ਮੁਹਾਰੇ ਫੁੱਟਦੇ ਅਤੇ ਖੁਸ਼ਬੂਆਂ ਵੰਡਦੇ ਹਨ। ਬੋਲੀਆਂ, ਟੱਪੇ, ਸੁਹਾਗ, ਘੋੜੀਆਂ, ਅਲਾਹੁਣੀਆਂ, ਸਿੱਠਣੀਆਂ, ਛੰਦਾਂ ਆਦਿ ਰਾਹੀਂ ਦਿਲਾਂ ਦੇ ਵਲਵਲੇ ਪੇਸ਼ ਕੀਤੇ ਜਾਂਦੇ ਹਨ ਅਤੇ ਅੰਦਰ ਹੌਲੇ ਫੁੱਲ ਹੋ ਜਾਂਦੇ ਹਨ। ਇਸ ਪੁਸਤਕ ਵਿਚ ਸੰਪਾਦਕ ਨੇ ਰੰਗਲੇ ਪੰਜਾਬ ਦੇ ਲੋਕ ਗੀਤਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਪੇਸ਼ ਕੀਤੀਆਂ ਹਨ। ਆਉ ਆਪਾਂ ਵੀ ਕੁਝ ਰੰਗ ਮਾਣੀਏ-
-ਤਾਰਾਂ ਤਾਰਾਂ ਤਾਰਾਂ
ਬੋਲੀਆਂ ਦਾ ਖੂਹ ਭਰਦਿਆਂ, ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨਾ, ਜਿਥੇ ਚਲਦੀਆਂ ਮੋਟਰ ਕਾਰਾਂ
ਬੋਲੀਆਂ ਦੀ ਰੇਲ ਭਰਾਂ, ਜਿਥੇ ਦੁਨੀਆ ਚੜ੍ਹੇ ਹਜ਼ਾਰਾਂ...
-ਸੱਸਾਂ ਸੱਸਾਂ ਹਰ ਕੋਈ ਕਹਿੰਦਾ, ਸੱਸਾਂ ਕੀਹਨੇ ਬਣਾਈਆਂ
ਮੇਰੇ ਵਾਹਿਗੁਰੂ ਨੇ, ਮਗਰ ਚੁੜੇਲਾਂ ਲਾਈਆਂ।
-ਚੱਲ ਨੀ ਮਜਾਜਣੇ ਸਾਗ ਲੈਣ ਚੱਲੀਏ
ਸਾਗ ਵਿਚੋਂ ਨਿਕਲੀ ਸੁੰਡੀ ਨੀ ਮਜਾਜਣੇ
ਖੋਹਲ ਦਿਲਾਂ ਦੀ ਘੁੰਡੀ ਨੀ ਮਜਾਜਣੇ।
-ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਰੂੰ
ਸਾਰੀਆਂ ਸਖੀਆਂ ਬਾਂਦਰੀਆਂ, ਚਾਮ ਚੜਿਕ ਜਿਹੀ ਤੂੰ।
-ਡੱਬੀ ਭਰੀ ਹੋਈ ਤੀਲਾਂ ਦੀ
ਜੇ ਤੂੰ ਪੁੱਤ ਠਾਣੇਦਾਰ ਦਾ, ਮੈਂ ਵੀ ਧੀ ਹਾਂ ਵਕੀਲਾਂ ਦੀ।
ਪੁਸਤਕ ਵਿਚ ਵਿਆਹਾਂ ਦੀਆਂ ਰੀਤਾਂ-ਰਸਮਾਂ, ਸਿੱਠਣੀਆਂ, ਨੂੰਹ-ਸੱਸ ਦਾ ਰਿਸ਼ਤਾ, ਛੜਿਆਂ ਦੀ ਤ੍ਰਾਸਦੀ ਅਤੇ ਲੋਕ ਗੀਤਾਂ ਵਿਚ ਝੂਮਦੇ ਤੇ ਲਹਿਰਾਉਂਦੇ ਰੁੱਖ ਬੂਟਿਆਂ ਦੀ ਬਾਤ ਪਾਈ ਗਈ ਹੈ। ਲੋਕ ਗੀਤ ਤਾਂ ਸੜਕਾਂ 'ਤੇ ਘੁੰਮਦੇ ਫਿਰਦੇ ਸਾਹਿਤ ਦੇ ਦਰਸ਼ਨ ਕਰਵਾਉਂਦੇ ਹਨ ਕਿਉਂਕਿ ਆਮ ਤੌਰ 'ਤੇ ਹਰ ਟਰਾਲੀ, ਬੱਸ, ਟਰੱਕ, ਟੈਂਪੂ ਆਦਿ ਪਿੱਛੇ ਕੋਈ ਨਾ ਕੋਈ ਗੀਤ ਲਿਖਿਆ ਹੁੰਦਾ ਹੈ। ਸਮੁੱਚੇ ਤੌਰ 'ਤੇ ਇਹ ਇਕ ਦਿਲਚਸਪ ਪੁਸਤਕ ਹੈ ਜੋ ਹਰ ਹਾਲ ਵਿਚ ਖੁਸ਼ ਰਹਿਣ ਵਾਲੇ ਪੰਜਾਬੀ ਸੁਭਾਅ ਦੀ ਤਸਵੀਰ ਪੇਸ਼ ਕਰਦੀ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਫ ਫ ਫ

ਜੁਗਨੂੰਆਂ ਦੀ ਬਾਰਾਤ
ਕਵੀ : ਡਾ: ਅਮਰ ਕੋਮਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 152.
ਸੰਪਰਕ : 84378-73565.

ਇਸ ਸੰਗ੍ਰਹਿ ਵਿਚ ਲੇਖਕ ਨੇ ਆਧੁਨਿਕ ਸਮਾਜਿਕ ਵਰਤਾਰੇ ਵਿਚ ਫੈਲੀਆਂ ਸਮੱਸਿਆਵਾਂ ਤੇ ਘਟਨਾਵਾਂ ਨੂੰ ਬਹੁਤ ਹੀ ਗਹਿਰ ਗੰਭੀਰ ਤੇ ਚਿੰਤਨੀ ਸ਼ੈਲੀ ਵਿਚ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਵਿਸ਼ਿਆਂ ਦੀ ਵਿਭਿੰਨਤਾ ਹੈਰਾਨ ਕਰਨ ਵਾਲੀ ਹੈ। ਮਾਂ ਦੀ ਮਮਤਾ ਤੋਂ ਲੈ ਕੇ ਪਤੀ ਦੀ ਉਡੀਕ, ਨਵੇਂ ਯੁੱਗ ਦਾ ਇਨਕਲਾਬ, ਨਸ਼ਿਆਂ ਖਿਲਾਫ਼ ਜੰਗ, ਅਜੋਕੇ ਮਾਹੌਲ 'ਚ ਕੁਦਰਤੀ ਸੋਮਿਆਂ ਦਾ ਘਾਣ ਆਦਿ ਅਣਗਿਣਤ ਵਿਸ਼ੇ ਇਨ੍ਹਾਂ ਕਵਿਤਾਵਾਂ ਵਿਚ ਪੇਸ਼ ਹੁੰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਸ਼ਿਆਂ ਨੂੰ ਲੇਖਕ ਆਪਣੀ ਵਿਸ਼ੇਸ਼ ਚਿੰਤਨੀ ਦ੍ਰਿਸ਼ਟੀ ਤੇ ਵਿਸ਼ਾਲ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ
ਧਰਮ : ਜੋ ਵੀ ਜਾਗ੍ਰਿਤ ਹੋਵੇ
ਆਪਣੇ ਸੰਗ ਰਹੁ ਰੀਤਾਂ ਲੈ ਆਏ
ਧਰਮ : ਹਕੀਕਤ, ਸੱਚ, ਪਰਪੱਕ ਵਿਸ਼ਵਾਸ
ਦੀ ਸਦਾ ਧੂਫ ਧੁਖਾਵੇ...
ਇਨ੍ਹਾਂ ਕਵਿਤਾਵਾਂ ਵਿਚ ਲੇਖਕ ਜੀਣਾ, ਮਰਨਾ, ਧਰਮ, ਗੰਗਾ, ਕੁਦਰਤ ਆਦਿ ਸਰਬਕਾਲਕ ਵਿਸ਼ਿਆਂ 'ਤੇ ਵੀ ਲੰਮੇਰਾ ਸੰਵਾਦ ਰਚਾਉਂਦਾ ਹੈ। ਲੇਖਕ ਇਸ ਸੰਵਾਦ ਦਾ ਸਮਰਥਕ ਹੈ, ਉਹ ਬਾਬੇ ਨਾਨਕ ਦੇ ਸਿਧਾਂਤ ਕਿਛੁ ਸੁਣੀਏ ਕਿਛੁ ਕਹੀਏ ਵਾਂਗ ਸੰਵਾਦ ਰਚਾਉਂਦਾ ਲੋਚਦਾ ਹੈ।
ਵਾਦ ਵਿਵਾਦ ਕਰੋ ਮੇਰੇ ਭਾਈ
ਇਹੋ ਬਣੇ ਸਦਾ ਸਹਾਈ...
ਪੁਸਤਕ ਦੇ ਅਗਲੇ ਹਿੱਸੇ ਵਿਚ ਛੋਟੀਆਂ ਕਵਿਤਾਵਾਂ ਤੇ ਗੀਤ ਸ਼ਾਮਿਲ ਹਨ। ਇਨ੍ਹਾਂ ਵਿਚ ਵੀ ਲੇਖਕ ਸੰਜਮੀ ਸ਼ੈਲੀ ਵਿਚ ਆਪਣਾ ਕਾਵਿ-ਸੰਦੇਸ਼ ਸੰਚਾਰਦਾ ਹੈ-
ਕਦੇ ਕਦੇ ਮੈਂ ਨਹੀਂ ਤੁਰਦਾ
ਮੇਰੀ ਸੋਚ ਮੈਥੋਂ
ਸਦੀਆਂ ਦੇ ਪੰਧ ਤੈਅ ਕਰਵਾ ਦਿੰਦੀ ਹੈ।
ਇਨ੍ਹਾਂ ਬੀਜ ਕਵਿਤਾਵਾਂ ਵਿਚ ਵੀ ਜੀਵਨ ਦੇ ਵੱਡੇ ਅਰਥ ਲੁਕੇ ਪ੍ਰਤੀਤ ਹੁੰਦੇ ਹਨ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਕਵਿਤਾਵਾਂ ਵਿਚ ਲੇਖਕ ਦਾ ਵਿਸ਼ਾਲ ਜੀਵਨ ਅਨੁਭਵ ਬਹੁਤ ਹੀ ਖੂਬਸੂਰਤ ਸ਼ੈਲੀ ਵਿਚ ਪ੍ਰਸਤੁਤ ਹੋਇਆ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

2-8-2015

 ਉੱਤਰੀ ਅਮਰੀਕਨ ਰੁੱਖ
ਡਾ: ਸੁਖਦੇਵ ਸਿੰਘ ਝੰਡ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 120.
ਸੰਪਰਕ : 0183-2258633.

ਰੁੱਖਾਂ ਤੇ ਵਾਤਾਵਰਨ ਦੀ ਸੰਭਾਲ ਨਾਲ ਵਿਸ਼ੇਸ਼ ਪ੍ਰੇਮ ਲਗਦਾ ਹੈ ਇਸ ਪੁਸਤਕ ਦੇ ਲੇਖਕ ਡਾ: ਸੁਖਦੇਵ ਸਿੰਘ ਝੰਡ ਦਾ। ਪੰਜਾਬ ਦੇ ਰੁੱਖ ਅਤੇ ਲੋਕ ਰੁੱਖ ਨਾਂਅ ਦੀਆਂ ਦੋ ਪੁਸਤਕਾਂ ਉਹ ਪਹਿਲਾਂ ਪੰਜਾਬੀ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਪੁਸਤਕ ਉਸ ਦੀ ਵਿਸ਼ੇਸ਼ਗਤਾ ਦੇ ਖੇਤਰ ਬਾਰੇ ਚੁੱਪ ਹੈ। ਰੁੱਖਾਂ ਦੇ ਪ੍ਰਚੱਲਤ ਨਾਵਾਂ ਦੇ ਨਾਲ ਉਨ੍ਹਾਂ ਦੇ ਵਿਗਿਆਨਕ ਨਾਵਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਉਹ ਰੁੱਖ ਦੀ ਸ਼ਕਲ, ਉਚਾਈ, ਉਮਰ, ਉਸ ਦੇ ਚਿਕਿਤਸਕ ਮੁੱਲ/ਉਪਯੋਗੀ, ਲੱਕੜ/ਫਲ/ਫੁਲ/ਪੱਤਿਆਂ/ਜੜ੍ਹਾਂ ਦੀ ਵਰਤੋਂ ਬਾਰੇ ਗੱਲ ਕਰਦਾ ਹੈ। ਰੁੱਖ ਦੇ ਇਤਿਹਾਸਕ-ਮਿਥਿਹਾਸਕ-ਸਾਂਸਕ੍ਰਿਤਕ ਸਬੰਧਾਂ ਨੂੰ ਉਜਾਗਰ ਕਰਦਾ ਹੈ। ਇਹ ਰੁੱਖ ਉਸ ਨੇ ਆਪ ਫਿਰ-ਤੁਰ ਕੇ ਵੇਖੇ ਹਨ ਤੇ ਇਨ੍ਹਾਂ ਦੀਆਂ ਤਸਵੀਰਾਂ ਵੀ ਲਈਆਂ ਹਨ। ਇਨ੍ਹਾਂ ਬਾਰੇ ਇੰਟਰਨੈੱਟ ਤੋਂ ਜਾਣਕਾਰੀ ਵੀ ਉਸ ਨੇ ਲਈ ਹੈ। ਕੁੱਲ ਮਿਲਾ ਕੇ ਉਸ ਨੇ ਉੱਤਰੀ ਅਮਰੀਕਾ ਤੇ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਮਿਲਣ ਵਾਲੇ 31 ਰੁੱਖਾਂ ਨਾਲ ਸਾਡੀ ਜਾਣ-ਪਛਾਣ ਕਰਵਾਈ ਹੈ।
ਪੰਜਾਬ ਵਿਚ ਬੈਠੇ ਲੋਕਾਂ ਦੀ ਰੁਚੀ ਤੇ ਮੋਹ ਪੰਜਾਬ ਦੇ ਰੁੱਖਾਂ ਨਾਲ ਹੀ ਹੋ ਸਕਦਾ ਹੈ। ਓਪਰੀ ਧਰਤੀ ਦੇ ਅਣਡਿੱਠੇ ਰੁੱਖਾਂ ਬਾਰੇ ਜਾਣਨ ਦੀ ਜਗਿਆਸਾ ਤਾਂ ਉਨ੍ਹਾਂ ਨੂੰ ਹੋ ਸਕਦੀ ਹੈ, ਉਨ੍ਹਾਂ ਪ੍ਰਤੀ ਮੋਹ ਨਹੀਂ। ਸੱਚ ਪੁੱਛੋ ਤਾਂ ਮੋਹ ਤਾਂ ਸ਼ਾਇਦ ਉਨ੍ਹਾਂ ਦਾ ਆਪਣੇ ਰੁੱਖਾਂ ਨਾਲ ਵੀ ਨਹੀਂ ਰਿਹਾ। ਰੁੱਖਾਂ ਨਾਲ ਛੱਡੋ ਮਨੁੱਖਾਂ ਨਾਲ ਵੀ ਮਨੁੱਖ ਦਾ ਮੋਹ ਹੁਣ ਮੁੱਕਦਾ ਜਾ ਰਿਹਾ ਹੈ। ਅਜਿਹੇ ਉਦਾਸੀ ਭਰੇ ਮਾਹੌਲ ਵਿਚ ਸੁਖਦੇਵ ਸਿੰਘ ਜੇ ਰੁੱਖਾਂ ਦੀ ਗੱਲ ਕਰਦਾ ਹੈ ਤਾਂ ਮੁਬਾਰਕ ਵਾਲੀ ਗੱਲ ਹੈ। ਮੁਬਾਰਕ ਇਸ ਲਈ ਵੀ ਕਿ ਉਸ ਦੀ ਜ਼ਬਾਨ ਸਰਲ, ਮਿੱਠੀ ਤੇ ਵਿਗਿਆਨਕ ਸਾਹਿਤ ਨੂੰ ਅਮੀਰ ਕਰਨ ਵਾਲੀ ਹੈ। ਉਸ ਦੀ ਬੋਲੀ, ਸ਼ੈਲੀ, ਤਕਨੀਕੀ ਸ਼ਬਦਾਵਲੀ, ਮੁਹਾਵਰਾ ਪੰਜਾਬੀ ਵਿਚ ਵਿਗਿਆਨਕ ਸਾਹਿਤ ਦੀ ਸਿਰਜਨਾ ਲਈ ਮਦਦਗਾਰ ਹੋਵੇਗਾ।
ਸੁਖਦੇਵ ਸਿੰਘ ਝੰਡ ਦੀ ਇਹ ਪੁਸਤਕ ਇਤਿਹਾਸਕ-ਮਿਥਿਹਾਸਕ ਖੇਤਰ ਵਿਚੋਂ ਦਿਲਚਸਪ ਹਵਾਲੇ ਦੇ ਕੇ ਪਾਠਕ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਹੈ। ਰੁੱਖਾਂ ਤੇ ਮਨੁੱਖਾਂ ਨਾਲ ਜੇ ਮੋਹ ਹੈ ਤਾਂ ਜ਼ਰੂਰ ਪੜ੍ਹੋ ਇਹ ਕਿਤਾਬ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਖ਼ਾਲੀ ਤਰਕਸ਼
ਕਵੀ : ਅਮਿਤੋਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 200.
ਸੰਪਰਕ : 98152-98459.

ਸ੍ਰੀ ਅਮਿਤੋਜ (1947-2005) ਆਧੁਨਿਕ ਪੰਜਾਬੀ ਕਾਵਿ ਦਾ ਇਕ ਮੁਮਤਾਜ਼ ਸ਼ਾਇਰ ਸੀ। 'ਖ਼ਾਲੀ ਤਰਕਸ਼' ਦੀਆਂ ਲਗਪਗ ਸਾਰੀਆਂ ਕਵਿਤਾਵਾਂ ਚੰਡੀਗੜ੍ਹ ਵਿਖੇ ਰਚੀਆਂ ਗਈਆਂ ਹਨ। ਇਸ ਸੰਗ੍ਰਹਿ ਦਾ ਪ੍ਰਥਮ ਪ੍ਰਕਾਸ਼ਨ 1999 ਈ: ਵਿਚ ਹੋਇਆ ਸੀ। ਇਸ ਤੋਂ ਬਾਅਦ ਉਹ ਬਿਮਾਰ ਰਹਿਣ ਲੱਗ ਪਿਆ ਅਤੇ 2005 ਵਿਚ ਚਲਾਣਾ ਕਰ ਗਿਆ।
ਇਸ ਪੁਸਤਕ ਨੂੰ ਦੂਜੀ ਵਾਰ ਪ੍ਰਸਿੱਧ ਸ਼ਾਇਰ ਜ਼ਨਮੀਤ (ਡਾ:) ਨੇ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਇਆ ਹੈ। ਪੁਸਤਕ ਦੇ ਆਰੰਭ ਵਿਚ ਅਮਿਤੋਜ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਚਾਰ-ਪੰਜ ਬਹੁਤ ਉੱਚ-ਕੋਟੀ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਪਹਿਲਾ ਲੇਖ ਅਮਿਤੋਜ ਦੀ ਪਤਨੀ ਸ੍ਰੀਮਤੀ ਅੰਮ੍ਰਿਤਪਾਲ ਕੌਰ ਦਾ ਹੈ। ਦੋ ਲੇਖ ਡਾ: ਜਨਮੀਤ ਨੇ ਲਿਖੇ ਹਨ ਅਤੇ ਦੋ ਹੋਰ ਸੁਰਜੀਤ ਮਾਨ ਅਤੇ ਉਮਿੰਦਰ ਜੌਹਲ ਦੀ ਰਚਨਾ ਹਨ। ਇਹ ਪੰਜੇ ਲੇਖ ਇਕ ਵੱਖਰੀ ਟੈਕਸਟ ਦੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨੂੰ ਪੜ੍ਹ ਕੇ ਅਮਿਤੋਜ ਹੋਰ ਵੀ ਪਿਆਰਾ ਅਤੇ ਵਿਲੱਖਣ ਪ੍ਰਤੀਤ ਹੋਣ ਲੱਗ ਪਿਆ ਹੈ। ਚੰਡੀਗੜ੍ਹ ਰਹਿੰਦਿਆਂ ਅਮਿਤੋਜ, ਕੁਮਾਰ ਵਿਕਲ, ਮਨਜੀਤ ਟਿਵਾਣਾ, ਸ਼ੌਕੀਨ ਸਿੰਘ, ਸ਼ਿਵ ਕੁਮਾਰ, ਜਨਮੀਤ, ਮ੍ਰਿਤਯੂਬੋਧ ਅਤੇ ਅਮਰੀਕ ਸਿੰਘ ਆਦਿ ਦਾ ਸਮਕਾਲੀ ਰਿਹਾ। ਡਾ: ਬਰਜਿੰਦਰ ਸਿੰਘ ਹਮਦਰਦ, ਮਿੰਦਰ, ਦੇਵਇੰਦਰ ਅਤੇ ਦੀਪਕ ਮਨਮੋਹਨ ਸਿੰਘ ਉਸ ਦੇ ਸੀਨੀਅਰ ਸਮਕਾਲੀ ਹੁੰਦੇ ਸਨ।
ਇਸ ਸੰਗ੍ਰਹਿ ਵਿਚ ਅਮਿਤੋਜ ਦੀਆਂ ਉਹ ਸਾਰੀਆਂ ਕਵਿਤਾਵਾਂ ਸੰਗ੍ਰਹਿਤ ਹਨ, ਜਿਹੜੀਆਂ 'ਨਾਗਮਣੀ' ਦੇ ਸਰਵਰਕ ਉੱਪਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਸਨ। ਇਨ੍ਹਾਂ ਵਿਚ ਮੇਰੇ 'ਅੰਗ ਸੰਗ ਰਹੋ', 'ਬੁੱਢਾ ਬੌਲਦ', 'ਲਾਹੌਰ ਦੇ ਨਾਂਅ ਇਕ ਖ਼ਤ', 'ਆਪਣੇ ਖਿਲਾਫ਼', 'ਗਰੀਟਿੰਗ ਕਾਰਡ', 'ਯੂਨੀਵਰਸਿਟੀ ਬੰਦ ਹੈ' ਅਤੇ 'ਖ਼ਾਲੀ ਤਰਕਸ਼' ਵਰਗੀਆਂ 103 ਕਵਿਤਾਵਾਂ ਸ਼ਾਮਿਲ ਹਨ। ਅਮਿਤੋਜ, ਕੁਮਾਰ ਵਿਕਲ, ਨਿਰੁਪਮਾ ਦੱਤ ਅਤੇ ਮਨਜੀਤ ਟਿਵਾਣਾ ਸਾਧਾਰਨ ਪੱਧਰ ਦਾ ਜੀਵਨ ਜਿਊਣ ਵਾਲੇ ਦਕਿਆਨੂਸੀ ਕਿਸਮ ਦੇ ਸ਼ਖ਼ਸ ਨਹੀਂ ਸਨ। ਜੀਵਨ ਨੂੰ ਜਿੰਨੀ ਸ਼ਿੱਦਤ ਨਾਲ ਇਨ੍ਹਾਂ ਨੇ ਜੀਵਿਆ, ਆਮ ਬੰਦਾ ਬਹੁਤ ਘੱਟ ਇਹੋ ਜਿਹੀ ਜੁਰਅੱਤ ਕਰ ਸਕਦਾ ਹਾਂ। 'ਖਾਲੀ ਤਰਕਸ਼' ਦੀਆਂ ਸਾਰੀਆਂ ਕਵਿਤਾਵਾਂ ਵਾਰ-ਵਾਰ ਪੜ੍ਹਨ ਵਾਲੀਆਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਬਟਾਲੇ ਦੀ ਸਮਕਾਲੀ ਗ਼ਜ਼ਲ
ਸੰਪਾਦਕ : ਡਾ: ਸੈਮੂਅਲ ਗਿੱਲ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੂ, ਜਲੰਧਰ
ਮੁੱਲ : 150 ਰੁਪਏ, ਸਫ਼ੇ : 131
ਸੰਪਰਕ : 0181-2213184

ਗ਼ਜ਼ਲ ਇਕ ਬਹੁਤ ਹੀ ਪਿਆਰਾ ਕਾਵਿ ਰੂਪ ਹੈ। ਤੋਲ, ਤੁਕਾਂਤ, ਬਹਿਰ, ਲੈਅ, ਸੁਰਤਾਲ ਦੀ ਬੰਦਿਸ਼ ਵਿਚ ਸਜੀ ਗ਼ਜ਼ਲ ਕਲਾ, ਸੁਹਜ ਅਤੇ ਸੰਗੀਤ ਦਾ ਸੰਗਮ ਹੈ। ਬਟਾਲੇ ਦੀ ਧਰਤੀ ਨੇ ਕਈ ਨਾਮਵਰ ਸ਼ਾਇਰ ਪੈਦਾ ਕੀਤੇ ਹਨ। ਸ਼ਿਵ ਕੁਮਾਰ ਬਟਾਲਵੀ ਨੇ ਇਸ ਧਰਤੀ ਨੂੰ ਸਾਹਿਤ ਦੀ ਦੁਨੀਆ ਵਿਚ ਵਿਸ਼ਵ ਪੱਧਰ ਦੀ ਪਛਾਣ ਦਿਵਾਈ। ਇਸ ਗ਼ਜ਼ਲ ਸੰਗ੍ਰਹਿ ਵਿਚ ਸੰਪਾਦਕ ਨੇ ਬਟਾਲੇ ਦੇ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ ਪੇਸ਼ ਕੀਤੀ ਹੈ। ਆਓ ਆਪਾਂ ਵੀ ਕੁਝ ਝਲਕਾਂ ਮਾਣੀਏ-
-ਕੁਝ ਲੋਕ ਨਾਲ ਰਹਿ ਕੇ ਵੀ ਰਹਿੰਦੇ ਨੇ ਦੂਰ ਦੂਰ,
ਕੁਝ ਲੋਕ ਦੂਰ ਰਹਿ ਕੇ ਵੀ ਰਹਿੰਦੇ ਨੇ ਨਾਲ ਨਾਲ।
-ਪੌਣ ਦੇ ਖੰਭਾਂ 'ਤੇ ਲਿਖਿਆ ਗੀਤ ਹਾਂ, ਮੈਨੂੰ ਪਛਾਣ,
ਮੈਂ ਤੇਰੇ ਆਪਣੇ ਖਲਾਅ ਦੀ ਚੀਕ ਹਾਂ, ਮੈਨੂੰ ਪਛਾਣ।
-ਇਸ ਨਗਰੀ 'ਚੋਂ ਜੋਗੀ ਤੁਰ ਗਏ ਦੂਰ ਕਿਤੇ,
ਫਿਰ ਨਾ ਲੱਗਿਆ ਅੰਬੀਆਂ ਨੂੰ ਮੁੜ ਬੂਰ ਕਿਤੇ।
-ਐਵੈਂ ਤਾਂ ਨਹੀਂ ਝੂਠੀ ਮੂਠੀ ਆਸ਼ਿਕ ਰੁਤਬਾ ਪਾਈਦਾ,
ਪਹਿਲਾਂ ਦੇ ਕੇ ਸਿਰ ਨਜ਼ਰਾਨਾ, ਫਿਰ ਮਨਸੂਰ ਕਹਾਈਦਾ।
-ਕੌਲ ਕਰਕੇ ਤੂੰ ਨਿਭਾਈਂ ਦੋਸਤਾ,
ਪਿਆਰ ਨੂੰ ਨਾ ਲੀਕ ਲਾਈਂ ਦੋਸਤਾ।
ਇਸ ਗ਼ਜ਼ਲ ਸੰਗ੍ਰਹਿ ਵਿਚ ਗਿਆਰਾਂ ਗ਼ਜ਼ਲਕਾਰਾਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਨਾਂਅ ਹਨ-ਰਾਏ ਭੱਟੀ, ਡਾ: ਰਵਿੰਦਰ, ਸੁਭਾਸ਼ ਕਲਾਕਾਰ, ਸੁਲਤਾਨ ਭਾਰਤੀ, ਆਰਥਰ ਵਿਕਟਰ, ਡਾ: ਸੈਮੂਅਲ ਗਿੱਲ, ਹੋਠੀ ਨਨਕਾਣਵੀ, ਅਜੀਤ ਕਮਲ, ਰਾਹੀ ਬਟਾਲਵੀ, ਜਸਵੰਤ ਹਾਂਸ ਅਤੇ ਚੰਨ ਬੋਲੇ ਵਾਲੀਆ। ਸੰਪਾਦਕ ਨੇ ਬਟਾਲੇ ਦੇ ਗ਼ਜ਼ਲਕਾਰ ਇਕ ਮੰਚ 'ਤੇ ਪੇਸ਼ ਕਰਕੇ ਵਧੀਆ ਉੱਦਮ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਇਨ੍ਹਾਂ ਸ਼ਾਇਰਾਂ ਦੀ ਜਾਣ-ਪਛਾਣ ਕਰਵਾਈ ਗਈ ਹੈ। ਅੰਤ ਵਿਚ ਇਨ੍ਹਾਂ ਦੇ ਨਿਵਾਸ ਅਸਥਾਨਾਂ ਦੇ ਵੇਰਵੇ ਦਿੱਤੇ ਗਏ ਹਨ। ਵੰਨ-ਸੁਵੰਨੇ ਫੁੱਲਾਂ ਦੇ ਇਸ ਗੁਲਦਸਤੇ ਦਾ ਦਿਲੀ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਰੁੱਤ ਨਵਿਆਂ ਦੀ ਆਈ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 98146-19342

'ਰੁੱਤ ਨਵਿਆਂ ਦੀ ਆਈ' ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ ਦੀ ਸਜਰੀ ਵਾਰਤਕ ਰਚਨਾ ਹੈ। ਇਸ ਪੁਸਤਕ ਵਿਚ ਉਸ ਦੇ ਛੋਟੇ ਆਕਾਰ ਦੇ ਲੇਖ ਸ਼ਾਮਿਲ ਹਨ : ਰੁੱਤ ਨਵਿਆਂ ਦੀ ਆਈ, ਜਾਗਦਿਆਂ ਦੀਆਂ ਕੱਟੀਆਂ, ਗ੍ਰਹਿਸਥੀ ਕਿ ਛੜੇ, ਕੋਈ ਮਰੇ ਕੋਈ ਜੀਵੇ, ਜੀਵਨ ਸਾਥੀ ਦੀ ਚੋਣ, ਪ੍ਰੀਤਾਂ ਫਿਰਦੀਆਂ ਜੀ ਭਿਆਣੀਆਂ, ਗੁਨਾਹੀਂ ਭਰਿਆ ਮੈਂ ਫਿਰਾਂ, ਨਾਮ ਤੇ ਜਾਮ, ਮੰਜ ਭੂਤ ਕਿ ਭਰਾ, ਬ੍ਰਹਮ ਗਿਆਨੀ, ਦੱਬੀ ਜਾਓ, ਪਿਆਰ ਇਕ ਪਖੰਡ ਹੈ, ਚਾਚੇ ਦੀ ਧੀ ਚੱਲੀ, ਇਕ ਗ਼ਜ਼ਲ ਦਾ ਮਰਸੀਆ, ਪਤੀ ਪਤਨੀ ਤੇ ਪਿਆਰ, ਆਪਣਾ ਬਣਾ ਕੇ ਵੇਖੋ, ਬੁੱਢਿਆਂ ਨੂੰ ਕਿੱਥੇ ਰੱਖੀਏ, ਮਾਂ ਦਾ ਰਿਸ਼ਤਾ, ਕੌਣ ਦਿਲਾਂ ਦੀਆਂ ਜਾਣੇ, ਮਰ ਨਹੀਂ ਚੱਲੇ, ਬਹਾਰਾਂ ਦੀ ਮੰਜ਼ਿਲ, ਮੈਂ ਪੰਦਰਾਂ ਮੁਰੱਬਿਆਂ ਵਾਲੀ, ਕਾਮ ਦੇ ਦੁਸ਼ਮਣ, ਐਵੈਂ ਨਾ ਰੋਈ ਜਾ, ਔਰਤਾਂ ਤੋਂ ਬਚੋ, ਅਸਲੀ ਤੇ ਬਨਾਉਟੀ ਰਿਸ਼ਤੇ, ਤਿਉਹਾਰ ਦੀਦਾਰ ਤੇ ਚਮਤਕਾਰ, ਕਲਮਕੱਲੇ, ਢਿੱਡ ਪੀੜ, ਪੂਛਲਾਂ, ਚੰਦਰਾ ਗਵਾਂਢ ਨਾ ਹੋਵੇ, ਜੇ ਬਟਵਾਰਾ ਨਾ ਹੁੰਦਾ, ਭਾਰਤ ਫਿਰ ਹਾਰ ਗਿਆ, ਗਰਦਸ਼ੇ ਆਯਾਮ, ਦੁਨੀਆ ਦਾ ਮੇਲਾ, ਨਵਾਂ ਜ਼ਮਾਨਾ ਨਵੇਂ ਦਸਤੂਰ ਤੇ ਤਬਦੀਲੀਆਂ।
ਪੁਸਤਕ ਦੇ ਅਧਿਐਨ ਤੋਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਫਤਿਹਪੁਰੀ ਵਲੱਖਣ ਸ਼ੈਲੀ, ਸੋਚ ਅਤੇ ਸੂਝ ਦਾ ਮਾਲਕ ਹੈ। ਉਸ ਦਾ ਅੰਦਾਜ਼ੇ ਬਿਆਂ ਕਮਾਲ ਦਾ ਹੈ : ਉਹ ਹਲਕੀ ਫੁਲਕੀ ਭਾਸ਼ਾ ਵਿਚ ਸੂਖਮ ਤੇ ਕੰਡਿਆਲੀਆਂ ਗੱਲਾਂ ਸਹਿਜ ਸੁਭਾਅ ਹੀ ਬਿਆਨ ਕਰ ਜਾਂਦਾ ਹੈ। ਉਸ ਨੇ ਅਜੋਕੇ ਮਨੁੱਖ ਅਤੇ ਸਮਾਜ ਦੇ ਵਰਤਾਰਿਆਂ ਅਤੇ ਦਰਪੇਸ਼ ਮਸਲਿਆਂ ਨੂੰ ਆਪਣੀ ਬਾਜ਼ ਅੱਖ ਨਾਲ ਵੇਖਿਆ ਘੋਖਿਆ ਹੈ ਤੇ ਆਪਣੀ ਲੇਖਣੀ ਦੇ ਤਨਜ਼ ਅਤੇ ਵਿਅੰਗ ਦੇ ਨਸ਼ਤਰ ਨਾਲ ਉਨ੍ਹਾਂ ਦੀ ਚੀਰ ਫਾੜ ਕਰਕੇ ਇਕ ਮਾਹਿਰ ਜ਼ਿੱਰਾਹ ਦਾ ਕਾਰਜ ਵੀ ਕੀਤਾ ਹੈ। ਉਹ ਸਮਾਜ ਦੀ ਨਬਜ਼ ਨੂੰ ਖੂਬ ਪਛਾਣਦਾ ਹੈ ਜਿਸ ਕਰਕੇ ਉਸ ਨੇ ਇਸ ਪੁਸਤਕ ਵਿਚ ਨਿੱਜੀ ਜੀਵਨ ਤੋਂ ਲੈ ਕੇ ਕੌਮਾਂਤਰੀ ਮਸਲਿਆਂ ਨੂੰ ਆਪਣੀ ਲੇਖਣੀ ਦਾ ਵਿਸ਼ਾ ਵਸਤੂ ਬਣਾਇਆ ਹੈ।

-ਸੁਖਦੇਵ ਮਾਦਪੁਰੀ
ਮੋ: 94630-34472

ਰੰਗਲੀ ਵਾਟ 'ਤੇ ਤੁਰਦਿਆਂ
ਲੇਖਿਕਾ : ਪਰਮਬੀਰ ਕੌਰ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 144
ਸੰਪਰਕ : 0161-2740738

ਚੰਗੀ ਜੀਵਨ ਜਾਚ ਸਬੰਧੀ ਇਸ ਪੁਸਤਕ ਵਿਚ 34 ਲੇਖ ਹਨ। ਵੱਖ-ਵੱਖ ਸਮਾਜਿਕ ਸਮੱਸਿਆਵਾਂ ਬਾਰੇ ਜਿਨ੍ਹਾਂ ਨੇ ਆਮ ਆਦਮੀ ਦਾ ਜੀਣਾ ਦੁਭਰ ਕੀਤਾ ਹੋਇਆ ਹੈ, ਵਿਆਹ ਸ਼ਾਦੀਆਂ ਦੀ ਗੱਲ ਲੈ ਲਓ, ਵੇਖਾ-ਵੇਖੀ ਲੋਕ ਕਿਵੇਂ ਵਿੱਤੋਂ ਬਾਹਰਾ ਖਰਚ ਕਰਕੇ ਕਰਜ਼ਾਈ ਹੋ ਰਹੇ ਹਨ, ਬਾਰੇ ਪਰਮਬੀਰ ਹੋਰੀਂ ਲਿਖਦੇ ਹਨ-
(ਸਾਡੇ ਸਮਾਜ ਵਿਚ ਜਿਥੇ ਆਰਥਿਕ ਅਸਮਾਨਤਾ ਏਨੀ ਪ੍ਰਤੱਖ ਹੈ। ਇਕ ਵੱਡਾ ਹਿੱਸਾ ਅਜਿਹੇ ਲੋਕ ਹਨ, ਜਿਹੜੇ ਆਪਣਾ ਗੁਜ਼ਾਰਾ ਹੀ ਮਸਾਂ ਕਰ ਰਹੇ ਹਨ। ਅਜਿਹੇ ਵਿਚ ਦੌਲਤ ਦੀ ਨੁਮਾਇਸ਼ ਉੱਚਿਤ ਤਾਂ ਨਹੀਂ ਜਾਪਦੀ। ਤੰਗੀ-ਤੁਰਸ਼ੀ ਹੰਢਾ ਰਹੇ ਲੋਕ ਮਨ ਮਸੋਸ ਕੇ ਰਹਿ ਜਾਂਦੇ ਹਨ। ਕਦੇ ਕੋਈ ਮੱਧ ਵਰਗੀ ਪਰਿਵਾਰ ਆਪਣੀ ਵਿੱਤੋਂ ਬਾਹਰ ਜਾ ਕੇ, ਅਜਿਹੇ ਲੋਕਾਂ ਦੀ ਰੀਸ ਕਰਨ ਦੇ ਚੱਕਰ ਵਿਚ ਪੂਰੀ ਜ਼ਿੰਦਗੀ ਕਰਜ਼ੇ ਦੀ ਘੁੰਮਣਘੇਰੀ ਵਿਚੋਂ ਨਹੀਂ ਨਿਕਲ ਸਕਦੇ-ਮੈਂ ਤਾਂ ਆਪਣੀ ਚਾਦਰ ਦੇ ਵਿਚ ਪੈਰ ਪੂਰੇ ਪਸਾਰਨਾ ਵੀ ਪਸੰਦ ਨਹੀਂ ਕਰਦੀ।)
ਇਸੇ ਤਰ੍ਹਾਂ ਵਾਤਾਵਰਨ ਸਬੰਧੀ ਰੁੱਖਾਂ ਸਬੰਧੀ, ਅਸੀਂ ਜੋ ਅਵੇਸਲੇਪਨ ਵਿਚ ਆਪਣਾ ਨਾਂਹ-ਪੱਖੀ ਰੋਲ ਅਦਾ ਕਰ ਰਹੇ ਹਾਂ, ਜਿਨ੍ਹਾਂ ਦਾ ਕਈਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਪਰਮਬੀਰ ਹੋਰੀਂ ਇਸ ਤਰ੍ਹਾਂ ਅਹਿਸਾਸ ਕਰਾਉਂਦੇ ਹਨ।
ਨਵਾਂ ਸਾਲ ਤਾਂ ਕਦੋਂ ਦਾ ਪੁਰਾਣਾ ਹੋ ਚੁੱਕਾ ਹੈ। ਕਿੰਨੇ ਘੰਟੇ ਹੋ ਗਏ ਇਸ ਦੀ ਵਰਤੋਂ ਹੁੰਦਿਆਂ। ਇਹ ਤਾਂ ਰਾਤ ਨੂੰ 12 ਵਜਦਿਆਂ ਹੀ ਇਕ ਪਲ ਵਿਚ ਪੁਰਾਣਾ ਹੋ ਜਾਂਦਾ ਹੈ। ਆਪਾਂ ਜਾਣਦੇ ਹੀ ਹਾਂ ਕਿ ਨਵਾਂ ਸਾਲ ਇਸ ਵਿਚ ਕੁਝ ਵੀ ਨਹੀਂ ਹੁੰਦਾ। ਕੇਵਲ ਇਕ ਇਕਾਈ ਬਦਲ ਜਾਂਦੀ ਹੈ, ਉਂਜ ਜੇ ਅਸੀਂ ਸਚਮੁੱਚ ਵਾਤਾਵਰਨ ਦੇ ਸ਼ੁੱਭ ਚਿੰਤਕ ਹਾਂ ਤਾਂ ਪਤਾ ਐ, ਜੇ ਹਰ ਕੋਈ ਕਾਰਡ ਭੇਜਣ 'ਤੇ ਆ ਜਾਵੇ ਤਾਂ ਕਿੰਨੇ ਰੁੱਖ ਕੱਟੇ ਜਾਂਦੇ ਹਨ। ਮੈਂ ਕਰਨੈਲ ਸਿੰਘ ਸੋਮਲ ਹੋਰਾਂ ਦੇ ਇਸ ਵਿਚਾਰ ਨਾਲ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ ਹਾਂ-ਮਨ ਵਿਚ ਸੁਖਦ ਅਹਿਸਾਸ ਅਤੇ ਹੁਲਾਸ ਪੈਦਾ ਕਰਦਾ। ਇਨ੍ਹਾਂ ਲਿਖਤਾਂ ਦਾ ਪਾਠ ਅਜੋਕੇ ਸਾਹ ਘੁਟਵੇਂ ਅਤੇ ਪਲੀਦ ਵਾਤਾਵਰਨ ਵਿਚ ਹਵਾ ਦੇ ਰੁਮਕਦੇ ਬੁੱਲ੍ਹਿਆਂ ਵਾਂਗ ਜਾਪਦਾ ਹੈ। ਰੰਗਲੀ ਵਾਟ 'ਤੇ ਤੁਰਦਿਆਂ ਨੂੰ ਖੁਸ਼ਆਮਦੀਦ।

-ਰਾਜਿੰਦਰ ਪਰਦੇਸੀ
ਮੋ: 93576-41552

ਗੁਰਮੀਤ ਬਾਵਾ ਲੰਮੀ ਹੇਕ ਦੀ ਮਲਿਕਾ
ਲੇਖਿਕਾ : ਸਿੰਮੀ ਪ੍ਰੀਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 181
ਸੰਪਰਕ : 82889-13513

ਗੁਰਮੀਤ ਬਾਵਾ ਪੰਜਾਬੀ ਲੋਕ-ਗਾਇਕੀ ਦੇ ਖੇਤਰ ਦੀ ਮਹਾਨ ਪ੍ਰਤਿਭਾ ਹੈ। ਸਿੰਮੀ ਪ੍ਰੀਤ ਕੌਰ ਨੇ ਘੋਖਵੀਂ ਖੇਤਰੀ ਅਤੇ ਦਸਤਾਵੇਜ਼ੀ ਖੋਜ ਪੱਧਤੀ ਤਹਿਤ ਹਥਲੀ ਪੁਸਤਕ ਜ਼ਰੀਏ ਇਸ ਗਾਇਕਾ ਦੇ ਜੀਵਨ, ਪੰਜਾਬੀਅਤ ਨੂੰ ਦੇਣ, ਲੋਕੀ ਕੀ ਕਹਿੰਦੇ ਨੇ? ਅਤੇ ਇਸ ਗਾਇਕਾ ਨੇ ਕਿਵੇਂ ਉੱਤਮ ਸਥਾਨ ਨੂੰ ਪ੍ਰਾਪਤ ਕੀਤਾ? ਆਦਿ ਸਬੰਧੀ ਭਾਵ-ਪੂਰਤ ਜਾਣਕਾਰੀ ਮੁਹੱਈਆ ਕਰਵਾਈ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਗੁਰਮੀਤ ਬਾਵਾ ਬਾਬਤ ਮੁੱਢਲੀ ਜਾਣਕਾਰੀ ਦੇਂਦਿਆਂ ਓਮ ਪ੍ਰਕਾਸ਼ ਗਾਸੋ ਅਤੇ ਦਿਆਲ ਸਿੰਘ ਪਿਆਸਾ ਦੇ ਵਿਚਾਰਾਂ ਉਪਰੰਤ ਆਪਣੇ ਵੱਲੋਂ ਪੁਖ਼ਤਾ ਜਾਣਕਾਰੀ ਦਿੰਦਿਆਂ ਹੋਇਆਂ ਗੁਰਮੀਤ ਬਾਵਾ ਦੀ ਹੇਕ, ਜੀਵਨ ਸਫ਼ਰ, ਵਿਆਹ, ਗਾਇਕੀ ਵੱਲ ਆਉਣਾ, ਗਾਇਕੀ ਦਾ ਸਫ਼ਰ, ਗੀਤਾਂ ਦੀ ਚੋਣ, ਸ਼ਗਿਰਦ, ਫ਼ਿਲਮਾਂ ਵਿਚ ਗਾਉਣਾ, ਯਾਦਗਾਰੀ ਪਲ ਅਤੇ ਉਸ ਦੇ ਪਰਿਵਾਰ ਜਿਸ 'ਚ ਪਤੀ ਕ੍ਰਿਪਾਲ ਬਾਵਾ ਜੀ, ਬੇਟੀਆਂ-ਲਾਚੀ ਬਾਵਾ, ਗਲੋਰੀ ਬਾਵਾ ਅਤੇ ਸਿਮਰਤ ਬਾਵਾ ਹਨ, ਸੰਬੰਧੀ ਸੰਖੇਪ ਪਰ ਭਾਵ-ਪੂਰਤ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਗੁਰਮੀਤ ਬਾਵਾ ਦੀ ਵਿਦੇਸ਼ ਯਾਤਰਾ 'ਚ ਪ੍ਰਾਪਤੀਆਂ, ਉਸ ਨਾਲ ਹੁੰਦੀ ਈਰਖਾ-ਸਾੜਾ ਅਤੇ ਵਿਸ਼ੇਸ਼ਤਰ ਬਾਵਾ ਜੀ ਦੁਆਰਾ ਗਾਏ ਗਏ ਗੀਤਾਂ ਦੀਆਂ ਵੰਨਗੀਆਂ ਦਰਸਾਈਆਂ ਗਈਆਂ ਹਨ। ਪੁਸਤਕ ਦਾ ਅਗਲਾ ਮਹੱਤਵ ਪੂਰਨ ਭਾਗ ਉਹ ਹੈ ਜਿਸ 'ਚ ਗੁਰਮੀਤ ਕੌਰ ਬਾਵਾ ਦੁਆਰਾ ਗਾਏ ਗੀਤਾਂ ਦਾ ਪਾਠ (ਟੈਕਸਟ) ਦਿੱਤਾ ਗਿਆ ਹੈ। ਇਸ ਭਾਗ 'ਚ ਧਾਰਮਿਕ ਗੀਤ, ਲੋਕ-ਗਾਥਾਵਾਂ ਸੰਬੰਧੀ ਗੀਤ, ਸੁਹਾਗ, ਘੋੜੀਆਂ, ਲੰਮੇ ਗੀਤ ਅਤੇ ਹੋਰ ਪਿਆਰ ਮੁਹੱਬਤ ਸਬੰਧੀ ਲੋਕ-ਗੀਤਾਂ ਤੋਂ ਇਲਾਵਾ, ਮਾਹੀਆ, ਜੁਗਨੀ ਅਤੇ ਉਸ ਦੁਆਰਾ ਗਾਇਕੀ ਜ਼ਰੀਏ ਪ੍ਰਸਿਧ ਹੋਈਆਂ ਲੋਕ-ਬੋਲੀਆਂ ਨੂੰ ਅੰਕਿਤ ਕੀਤਾ ਗਿਆ ਹੈ।
ਉਪਰੋਕਤ ਤੋਂ ਬਾਅਦ 'ਕਲਮਾਂ ਬੋਲਦੀਆਂ' ਸਿਰਲੇਖ ਤਹਿਤ ਦਰਜਨਾਂ ਹੀ ਸਾਹਿਤਕਾਰਾਂ, ਲੋਕ-ਗਾਇਕੀ ਦੇ ਪਾਰਖੂਆਂ ਅਤੇ ਸੁਘੜ ਸਰੋਤਿਆਂ ਦੀਆਂ ਮੌਲਿਕ ਟਿਪਣੀਆਂ ਨੂੰ ਅੰਕਿਤ ਕੀਤਾ ਗਿਆ ਹੈ ਅਤੇ ਪੁਸਤਕ ਦੇ ਅੰਤਿਮ ਭਾਗ ਵਿਚ ਗੁਰਮੀਤ ਬਾਵਾ ਜੀ ਦੀਆਂ ਜਵਾਨੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸਮਿਆਂ 'ਚ ਪ੍ਰਾਪਤੀਆਂ ਸਬੰਧੀ ਤਸਵੀਰਾਂ ਅਤੇ ਮਿਲ ਚੁੱਕੇ ਪੁਰਸਕਾਰਾਂ ਦਾ ਵੇਰਵਾ ਅੰਕਿਤ ਕੀਤਾ ਗਿਆ ਹੈ। ਗੁਰਮੀਤ ਬਾਵਾ ਦੀ ਪੰਜਾਬੀਅਤ ਨੂੰ ਲਾਸਾਨੀ ਦੇਣ ਸਬੰਧੀ ਝਲਕ ਪੇਸ਼ ਕਰਦੀ ਹੋਈ ਇਹ ਪੁਸਤਕ ਹਰ ਵਰਗ ਦੇ ਪਾਠਕ ਲਈ ਤੋਹਫ਼ਾ ਸਾਬਤ ਹੋ ਸਕਦੀ ਹੈ ਅਤੇ ਨਵੀਆਂ ਗਾਇਕਾਵਾਂ ਵਾਸਤੇ ਪ੍ਰੇਰਨਾ ਸਰੋਤ ਵੀ।

-ਡਾ: ਜਗੀਰ ਸਿੰਘ ਨੂਰ
ਮੋ :98142-09732

ਕਰੈਡਿਟ ਕਾਰਡ
ਲੇਖਕ : ਯਸ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 150
ਸੰਪਰਕ : 0161-2413613

ਪਰਵਾਸੀ ਲੇਖਕ ਯਸ਼ ਰਚਿਤ ਇਸ ਕਹਾਣੀ-ਸੰਗ੍ਰਹਿ ਵਿਚ ਦਸ ਕਹਾਣੀਆਂ ਦਰਜ ਹਨ। 'ਕਰੈਡਿਟ ਕਾਰਡ' ਇਸ ਸੰਗ੍ਰਹਿ ਦੀ ਪ੍ਰਤੀਨਿਧ ਕਹਾਣੀ ਹੈ, ਜਿਸ ਦੇ ਆਧਾਰ 'ਤੇ ਹੀ ਸੰਗ੍ਰਹਿ ਦਾ ਇਹ ਨਾਂਅ ਰੱਖਿਆ ਗਿਆ ਹੈ। ਇਹ ਕਹਾਣੀ ਪੱਛਮੀ ਸੱਭਿਅਤਾ ਦੀ ਵਾਸਤਵਿਕ ਤਸਵੀਰ ਹੈ। ਦੀਪ ਤੇ ਸਰਲਾ ਨੂੰ ਜਦ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢ ਇਕ ਭਾਰਤੀ ਜੋੜਾ ਰਹਿਣ ਲਈ ਆਇਆ ਹੈ ਤਾਂ ਦੋਵਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਪੱਛਮੀ ਰੰਗ ਵਿਚ ਪੂਰੀ ਤਰ੍ਹਾਂ ਰੰਗੀ ਇਹ ਜੋੜੀ ਦੇ ਕਲੱਬਾਂ ਵਿਚ ਜਾਣ, ਸ਼ਰਾਬ ਪੀਣ, ਜੂਏ ਖਾਨੇ ਵਿਚ ਜਾਣ ਅਤੇ ਔਰਤ ਦੇ ਅਰਧ ਨਗਨ ਪਹਿਰਾਵੇ ਨੂੰ ਦੇਖ ਕੇ ਦੀਪ ਸੋਚਦੀ ਹੈ ਕਿ ਆਪਣਾ ਕਲਚਰ ਆਪਣਾ ਹੀ ਹੁੰਦਾ ਹੈ। ਇਸ ਜੋੜੀ ਨੇ ਹੌਲੀ-ਹੌਲੀ ਆਪਣੇ ਮਾਇਆਜਾਲ ਵਿਚ ਦੀਪ ਨੂੰ ਬੁਰੀ ਤਰ੍ਹਾਂ ਜਕੜ ਲਿਆ। ਉਹ ਹੁਸਨ ਦੇ ਸ਼ਿਕੰਜੇ ਵਿਚ ਫਸ ਕੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਗਿਆ ਅਤੇ ਆਪਣਾ ਕਰੈਡਿਟ ਕਾਰਡ ਵੀ ਗੁਆਂਢੀ ਨੂੰ ਦੇ ਦਿੱਤਾ। ਜਦੋਂ ਉਸ ਨੂੰ ਕੋਰਟ ਵੱਲੋਂ ਬਲੈਕ ਲਿਸਟ ਕਰ ਦਿੱਤਾ ਗਿਆ ਕਿ ਅੱਗੇ ਤੋਂ ਉਹ ਕਰੈਡਿਟ ਕਾਰਡ 'ਤੇ ਕੋਈ ਚੀਜ਼ ਨਹੀਂ ਖਰੀਦ ਸਕਦਾ ਤਾਂ ਉਸ ਦਾ ਮੱਥਾ ਠਣਕਿਆ।
ਇਸ ਸੰਗ੍ਰਹਿ ਦੀਆਂ ਬਾਕੀ ਕਹਾਣੀਆਂ ਵੀ ਲਗਭਗ ਇਸੇ ਵਿਸ਼ੇ ਨਾਲ ਸਬੰਧ ਰੱਖਦੀਆਂ ਹਨ, ਜਿਨ੍ਹਾਂ ਰਾਹੀਂ ਲੇਖਕ ਨੇ ਪੱਛਮੀ ਮਾਹੌਲ ਦੀ ਚਕਾਚੌਂਧ ਦਰਸਾਈ ਹੈ। ਉਸ ਨੇ ਕਹਾਣੀ-ਕਲਾ ਨੂੰ ਪਰੰਪਰਾਗਤ ਲੀਹਾਂ ਤੋਂ ਹਟ ਕੇ ਇਕ ਨਵਾਂ ਮੋੜ ਦਿੱਤਾ ਹੈ। ਮਨੁੱਖ ਦੀਆਂ ਅਤ੍ਰਿਪਤ ਖਾਹਿਸ਼ਾਂ ਤੇ ਲਾਲਸਾਵਾਂ ਕਿਵੇਂ ਉਸ ਨੂੰ ਇਧਰ-ਉੱਧਰ ਭਟਕਾਉਂਦੀਆਂ ਹਨ। ਇਸ ਪੱਖ ਤੋਂ ਕਹਾਣੀਆਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵੀ ਸਫਲ ਆਖਿਆ ਜਾ ਸਕਦਾ ਹੈ।
ਪਾਤਰ ਉਸਾਰੀ, ਦ੍ਰਿਸ਼ ਵਰਨਣ ਅਤੇ ਭਾਸ਼ਾ ਸ਼ੈਲੀ ਸ਼ਲਾਘਾਯੋਗ ਹੈ। ਪੁਸਤਕ ਦੀ ਦਿੱਖ ਅਤੇ ਛਪਾਈ ਭਾਵੇਂ ਸੁੰਦਰ ਹੈ ਪਰ ਪਰੂਫ ਰੀਡਿੰਗ ਦੀ ਅਣਗਹਿਲੀ ਕਾਰਨ ਕਈ ਬੜੀਆਂ ਗੰਭੀਰ ਗ਼ਲਤੀਆਂ ਰਹਿ ਗਈਆਂ ਹਨ, ਜਿਵੇਂ ਸਹੇਲੀ ਦੀ ਥਾਂ ਸਾਲੀ, ਸੰਗ੍ਰਹਿਾਂ.... ਆਦਿ।

-ਕੰਵਲਜੀਤ ਸਿੰਘ ਸੂਰੀ
ਮੋ: 93573-24241

1-8-2015

 ਪੰਜ ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ
ਲੇਖਕ : ਡਾ: ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 375 ਰੁਪਏ, ਸਫ਼ੇ : 504.
ਸੰਪਰਕ : 98158-80539.

ਡਾ: ਸੁਖਦਿਆਲ ਸਿੰਘ ਬਾਰੇ ਵਧੀਆ ਗੱਲਾਂ ਦੋ ਹਨ। ਪਹਿਲੀ-ਆਮ ਪ੍ਰੋਫੈਸਰਾਂ/ਖੋਜੀਆਂ ਵਾਂਗ 60 ਤੋਂ ਟੱਪ ਕੇ ਉਸ ਨੇ ਲਿਖਣਾ-ਪੜ੍ਹਨਾ ਬੰਦ ਨਹੀਂ ਕੀਤਾ। ਦੂਜੀ-ਉਹ ਪੀਠੇ ਨੂੰ ਪੀਸਣ ਤੇ ਪੁਰਾਣੀਆਂ ਗੱਲਾਂ ਨੂੰ ਦੁਹਰਾਉਣ ਦੀ ਥਾਂ ਇਤਿਹਾਸ ਨੂੰ ਉੱਤਰ-ਆਧੁਨਿਕ ਦ੍ਰਿਸ਼ਟੀ ਨਾਲ ਪੁਨਰ-ਸਿਰਜਿਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਉਹ ਹੇਡਨ ਵਾਈਟ ਦੀ ਇਸ ਧਾਰਨਾ ਨੂੰ ਮੰਨ ਕੇ ਤੁਰਦਾ ਹੈ ਕਿ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਹੀ ਨਹੀਂ, ਹਰ ਇਤਿਹਾਸ, ਇਤਿਹਾਸਕ ਬਿਰਤਾਂਤ ਸਿਰਜਿਤ ਹੁੰਦਾ ਹੈ। ਉਸ ਨੂੰ ਕੌਣ, ਕਦੋਂ, ਕਿਸ ਉਦੇਸ਼/ਦ੍ਰਿਸ਼ਟੀ ਨਾਲ ਕਿਨ੍ਹਾਂ ਪ੍ਰਸਥਿਤੀਆਂ ਵਿਚ ਸਿਰਜ ਰਿਹਾ ਹੈ, ਉਸ ਨੂੰ ਧਿਆਨ ਨਾਲ ਵੇਖਣ, ਸਮਝਣ ਬਿਨਾਂ ਉਨ੍ਹਾਂ ਉਤੇ ਵਿਸ਼ਵਾਸ ਜਾਂ ਉਨ੍ਹਾਂ ਦੀ ਸਰੋਤ ਸਮੱਗਰੀ ਵਜੋਂ ਵਰਤੋਂ ਉਚਿਤ ਨਹੀਂ। ਮਹਾਰਾਜਾ ਰਣਜੀਤ ਸਿੰਘ ਬਾਰੇ ਉਸ ਦੀ ਵਡਆਕਾਰੀ ਪੁਸਤਕ ਮੇਰੀਆਂ ਉਪਰੋਕਤ ਦੋਵੇਂ ਸਥਾਪਨਾਵਾਂ ਦੀ ਪੁਸ਼ਟੀ ਕਰਦੀ ਹੈ।
ਇਸ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਬਾਰੇ ਪ੍ਰਾਪਤ ਸਰੋਤਾਂ ਦੇ ਲੇਖਕਾਂ ਸੋਹਨ ਨਾਲ ਸੂਰੀ, ਅਹਿਮਦ ਸ਼ਾਹ ਬਟਾਲਵੀ, ਪ੍ਰਿੰਸਪ, ਕਨਿੰਘਮ, ਸ਼ਾਹ ਮੁਹੰਮਦ, ਸਯਦ ਮੁਹੰਮਦ ਲਤੀਫ਼, ਗਿਆਨੀ ਗਿਆਨ ਸਿੰਘ, ਗੋਕਲ ਚੰਦ ਨਾਰੰਗ, ਬਾਵਾ ਪ੍ਰੇਮ ਸਿੰਘ ਹੋਤੀ, ਸੀਤਾ ਰਾਮ ਕੋਹਲੀ ਤੇ ਫਕੀਰ ਵਹੀਦੁਦੀਨ ਦੀਆਂ ਲਿਖਤਾਂ ਨੂੰ ਉੱਤਰ-ਆਧੁਨਿਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਿਤ ਕਰਕੇ ਉਨ੍ਹਾਂ ਦੀਆਂ ਲਿਖਤਾਂ ਨਾਲ ਮਹਾਰਾਜੇ ਦਾ ਨਵਾਂ ਇਤਿਹਾਸਕ ਬਿੰਬ ਸਿਰਜਿਤ ਕਰਨ ਦਾ ਉੱਦਮ ਕੀਤਾ ਗਿਆ ਹੈ। ਇੰਜ ਕਰਦੇ ਸਮੇਂ ਲੇਖਕ ਨੇ ਮਹਾਰਾਜੇ ਦੇ ਜੀਵਨ, ਵਿਹਾਰ, ਪ੍ਰਬੰਧ, ਧਰਮ ਆਦਿ ਨਾਲ ਸਬੰਧਤ ਭ੍ਰਾਂਤੀਆਂ ਦਾ ਦਲੀਲਾਂ ਨਾਲ ਖੰਡਨ ਕਰਕੇ ਆਪਣੀਆਂ ਧਾਰਨਾਵਾਂ ਸਥਾਪਿਤ ਕੀਤੀਆਂ ਹਨ। ਉਸ ਦੀਆਂ ਫਾਰਮੂਲੇਸ਼ਨਾਂ ਨਾਲ ਤੁਸੀਂ ਸਹਿਮਤ ਹੋਵੋ ਭਾਵੇਂ ਨਾ, ਪਰ ਉਹ ਵਿਚਾਰ ਤੇ ਚਿੰਤਨ ਦੀ ਮੰਗ ਕਰਦੀਆਂ ਹਨ। ਉਨ੍ਹਾਂ ਦਾ ਮਹੱਤਵ ਉਨ੍ਹਾਂ ਦੀ ਮੌਲਿਕਤਾ ਤੇ ਵਖਰੇਪਣ ਕਾਰਨ ਹੈ। ਦੇਰ ਸਵੇਰ ਉਨ੍ਹਾਂ ਉਤੇ ਨਿਠ ਕੇ ਗੱਲ ਜ਼ਰੂਰ ਤੁਰੇਗੀ। 500 ਪੰਨੇ ਦੀ ਇਸ ਪੁਸਤਕ ਵਿਚ ਮਹਾਰਾਜੇ ਦੇ ਵਿਰਸੇ ਵਾਲੇ ਪੰਜਾਬ, ਮਹਾਰਾਜੇ ਦੇ ਜਨਮ, ਜਵਾਨੀ, ਉਭਾਰ, ਤਾਕਤ, ਮੁਹਿੰਮਾਂ, ਪ੍ਰਸ਼ਾਸਨ, ਪਰਿਵਾਰ, ਸੋਚ, ਵਿਹਾਰ, ਦਰਬਾਰ, ਸੰਤਾਨ ਹਰ ਪੱਖ 'ਤੇ ਵਿਸਤ੍ਰਿਤ ਚਰਚਾ ਪ੍ਰਾਪਤ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਮਨ ਨਾਹੀਂ ਦਸ ਬੀਸ
ਕਵੀ : ਬੀਬਾ ਬਲਵੰਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 88.
ਸੰਪਰਕ : 98552-94356.

ਬੀਬਾ ਬਲਵੰਤ ਧੀਮੀ ਗਤੀ ਵਿਚ ਲਿਖਣ ਵਾਲਾ ਪੰਜਾਬੀ ਦਾ ਇਕ ਪ੍ਰਮਾਣਿਕ ਸ਼ਾਇਰ ਹੈ। 'ਮਨ ਨਾਹੀਂ ਦਸ ਬੀਸ' ਉਸ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ। ਉਹ ਆਧੁਨਿਕ ਪੰਜਾਬੀ ਕਾਵਿ ਦੀ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਹੈ, ਜੋ ਕੇਵਲ ਕਵਿਤਾ ਲਿਖਦੇ ਹੀ ਨਹੀਂ, ਬਲਕਿ ਇਸ ਨੂੰ ਜਿਊਂਦੇ ਵੀ ਹਨ।
ਇਸ ਸੰਗ੍ਰਹਿ ਵਿਚ 52 ਕਵਿਤਾਵਾਂ, 2 ਗ਼ਜ਼ਲਾਂ ਅਤੇ 7 ਗੀਤ ਸੰਗ੍ਰਹਿਤ ਹਨ। ਕਵੀ ਨੂੰ ਇਸ ਗੱਲ ਦਾ ਬੜਾ ਦੁਖਦ ਅਹਿਸਾਸ ਹੈ ਕਿ ਪੰਜਾਬ ਦੇ ਕਿਸੇ ਆਮ ਪਾਠਕ ਨੇ ਤਾਂ ਕਵਿਤਾਵਾਂ ਕੀ ਪੜ੍ਹਨੀਆਂ ਹੁੰਦੀਆਂ ਹਨ, ਬਹੁਤੀ ਵਾਰ ਉਹ 'ਖਾਸ ਲੋਕ' ਵੀ ਕਵਿਤਾਵਾਂ ਨੂੰ ਨਹੀਂ ਪੜ੍ਹਦੇ, ਜਿਨ੍ਹਾਂ ਬਾਰੇ ਸੋਚ ਕੇ ਜਾਂ ਜਿਨ੍ਹਾਂ ਨੂੰ ਸੰਬੋਧਨ ਕਰਕੇ ਇਹ ਰਚੀਆਂ ਗਈਆਂ ਹੁੰਦੀਆਂ ਹਨ। ਲੋਕਾਂ ਨੂੰ ਵਸਤਾਂ ਨਾਲ ਪਿਆਰ ਹੈ, ਵਲਵਲਿਆਂ ਨਾਲ ਨਹੀਂ। ਇਸ ਸੰਗ੍ਰਹਿ ਦੀ ਸ਼ੀਰਸ਼ਕ ਕਵਿਤਾ ਵਿਚ ਉਹ ਲਿਖਦਾ ਹੈ ਕਿ ਉਸ ਪਾਸ ਇਕ ਹੀ ਮਨ ਸੀ ਅਤੇ ਉਹ ਵੀ ਉਸ ਦੇ ਮਹਿਬੂਬ ਦੇ ਨਾਲ ਹੀ ਚਲਿਆ ਗਿਆ ਅਤੇ ਉਸ ਮਨ ਤੋਂ ਬਿਨਾਂ ਉਹ ਵਿਅਰਥ ਹੀ 'ਬੀਤ' ਰਿਹਾ ਹੈ। ਕਵੀ ਦਾ ਗੱਲ ਕਹਿਣ ਦਾ ਅੰਦਾਜ਼, ਗਿਲਾ ਪ੍ਰਗਟ ਕਰਨ ਦਾ ਢੰਗ ਉਸ ਦੀ ਸ਼ਖ਼ਸੀਅਤ ਵਾਂਗ ਹੀ ਨਿਰਾਲਾ ਅਤੇ ਸੋਹਣਾ ਹੈ। 'ਮੁਹੱਬਤ-ਸੀਰੀਜ਼' ਵਿਚ ਲਿਖੀਆਂ ਚਾਰ-ਪੰਜ ਕਵਿਤਾਵਾਂ ਵਿਚ ਉਹ ਲਿਖਦਾ ਹੈ ਕਿ ਮੁਹੱਬਤ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਅਤੇ ਨਾ ਇਹ ਅਹੁਦਾ, ਜਾਤ ਜਾਂ ਔਕਾਤ ਦੇਖਦੀ ਹੈ। ਇਹ ਸੌ ਫ਼ੀਸਦੀ ਸਮਰਪਣ ਦੀ ਮੰਗ ਕਰਦੀ ਹੈ। ਇਹ ਤਰਕ ਜਾਂ ਠਰਕ ਨਹੀਂ ਹੁੰਦੀ, ਕੇਵਲ ਰਹੱਸ ਹੁੰਦੀ ਹੈ। ਕੋਈ ਵੀ ਸ਼ਖ਼ਸ ਇਸ ਦੀ ਰਿਮਝਿਮ ਤੋਂ ਬਚ ਨਹੀਂ ਸਕਦਾ। ਬਸ ਭਿੱਜ ਕੇ ਹੀ ਰਹਿੰਦਾ ਹੈ। (ਪੰਨੇ 33-36)
'ਲਾਡੋ ਪੁੱਤਰੀ ਲਈ ਲਿਖੀਆਂ ਦੋ ਕਵਿਤਾਵਾਂ' ਵਿਚ ਉਹ ਆਪਣੀ ਧੀ ਰਾਣੀ ਨੂੰ ਮੁਕਤ ਮਨ ਨਾਲ ਜੀਣ-ਥੀਣ ਦੀ ਸੁਤੰਤਰਤਾ ਦਿੰਦਾ ਹੈ ਅਤੇ ਆਸ਼ਵਾਸਨ ਦਿੰਦਾ ਹੈ ਕਿ ਹਰ ਵਕਤ ਕਵੀ ਦਾ ਮੋਢਾ ਉਸ ਦੇ ਸਹਾਰੇ ਲਈ ਹਾਜ਼ਰ ਹੋਵੇਗਾ। 'ਗਰੇਸਫੁਲ ਲੇਡੀ' ਇਸ ਸੰਗ੍ਰਹਿ ਦੀ ਇਕ ਹੋਰ ਉਲੇਖਯੋਗ ਕਵਿਤਾ ਹੈ। ਇਸ ਵਿਚ ਉਹ 42 ਵਰ੍ਹਿਆਂ ਬਾਅਦ ਕੰਪਿਊਟਰ ਸਕਰੀਨ 'ਤੇ ਨਜ਼ਰ ਆਈ ਆਪਣੀ ਪ੍ਰੀਤਮਾ ਨੂੰ ਸਲਾਮ ਅਰਜ਼ ਕਰਦਾ ਹੈ। ਕਵੀ ਨੂੰ ਉੱਤਰ-ਪੂੰਜੀਵਾਦ ਦੇ ਦਬਾਵਾਂ ਅਧੀਨ ਚਤੁਰ ਅਤੇ ਹੁਸ਼ਿਆਰ ਹੋ ਚੁੱਕੇ ਮਨੁੱਖ ਦੀਆਂ ਕਿਰਿਆਵਾਂ-ਪ੍ਰਤੀਕਿਰਿਆਵਾਂ ਬਾਰੇ ਵੀ ਭਰਪੂਰ ਜਾਣਕਾਰੀ ਹੈ। ਇਸ ਪ੍ਰਸੰਗ ਵਿਚ ਉਸ ਦਾ ਇਕ ਸ਼ਿਅਰ ਦੇਖੋ : 'ਕੰਮ ਕਾਰ ਤੋਂ ਹੋ ਕੇ ਵਿਹਲੇ ਫੇਸ-ਬੁੱਕ ਨੂੰ ਖੋਲ੍ਹਾਂਗੇ। ਟਿੱਚਰਬਾਜ਼ੀ, ਦੁਖ-ਸੁਖ ਦਿਲ ਦੇ ਮਿੱਤਰਾਂ ਦੇ ਨਾਲ ਫੋਲਾਂਗੇ।' ਆਧੁਨਿਕ ਸਾਹਿਤ ਦੇ ਦ੍ਰਿਸ਼ ਉੱਪਰ ਟਿੱਪਣੀ ਕਰਦਾ ਹੋਇਆ ਉਹ ਠੀਕ ਕਹਿੰਦਾ ਹੈ : 'ਜੇ ਤਾਂ ਲੇਖਕ ਕਰ ਗਿਆ ਸੇਵਾ, ਕਰ ਦੇਵਾਂਗੇ ਖੁਸ਼ ਉਹਨੂੰ ਵੀ, ਨਹੀਂ ਤਾਂ ਕਰਨੀ ਐਸੀ-ਤੈਸੀ ਜਦ ਉਹਨੂੰ ਪੜਚੋਲਾਂਗੇ।' ਬੀਬਾ ਜੀ! ਆਲੋਚਕ ਵਿਚਾਰੇ ਕੀ ਕਰਨ? ਉਨ੍ਹਾਂ ਨੇ ਵੀ ਤਾਂ ਸਾਹਿਤ ਦੀ ਮੰਡੀ ਵਿਚ ਆਪਣਾ ਮੁੱਲ ਪੁਆਉਣਾ ਹੀ ਹੋਇਆ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੁਨਸ਼ੀ ਪ੍ਰੇਮ ਚੰਦ ਦੀਆਂ ਅੰਗਰੇਜ਼ਾਂ ਵੱਲੋਂ ਜ਼ਬਤ ਕਹਾਣੀਆਂ
ਅਨੁਵਾਦਕ : ਸੁਰਜੀਤ ਤਲਵਾਰ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ (ਪੇਪਰ ਬੈਕ), ਸਫ਼ੇ : 136.
ਸੰਪਰਕ : 01679-241744.

ਮੁਨਸ਼ੀ ਪ੍ਰੇਮ ਚੰਦ ਹਿੰਦੀ ਸਾਹਿਤ ਜਗਤ ਵਿਚ ਇਕ ਸਥਾਪਤ ਨਾਂਅ ਹੈ, ਜਿਨ੍ਹਾਂ ਨੇ ਸਾਹਿਤ ਦੀਆਂ ਅਨੇਕਾਂ ਵਿਧਾਵਾਂ ਉਤੇ ਕਲਮ ਅਜ਼ਮਾਈ ਕੀਤੀ। ਉਨ੍ਹਾਂ ਨੇ ਸਮੇਂ ਦੀ ਰਗ ਨੂੰ ਪਛਾਣਦੇ ਹੋਏ ਦੇਸ਼ ਭਗਤੀ ਤੇ ਆਜ਼ਾਦੀ ਅੰਦੋਲਨ ਨਾਲ ਸਬੰਧਤ ਨਾਵਲ ਤੇ ਕਹਾਣੀਆਂ ਲਿਖੀਆਂ ਜੋ ਸਮੇਂ ਦੀ ਸਰਕਾਰ ਵੱਲੋਂ ਜ਼ਬਤ ਕਰ ਲਈਆਂ ਗਈਆਂ ਸਨ। ਸੁਰਜੀਤ ਤਲਵਾਰ ਤੇ ਅਮਿਤ ਮਿੱਤਰ ਦੇ ਸਾਂਝੇ ਯਤਨਾਂ ਨਾਲ ਉਨ੍ਹਾਂ ਜ਼ਬਤ ਕਹਾਣੀਆਂ ਦੀ ਚੋਣ ਕਰਕੇ ਪੰਜਾਬੀ ਪਾਠਕਾਂ ਤੱਕ ਪੁੱਜਦੀਆਂ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਕਹਾਣੀ 'ਠਾਕਰ ਦਾ ਖੂਹ' ਵਿਚ ਅਮੀਰ-ਗਰੀਬ ਦਾ ਪਾੜਾ, ਛੂਤ-ਛਾਤ, ਬੇਈਮਾਨੀ ਤੇ ਔਰਤ ਦੀ ਗੁਲਾਮੀ ਨੂੰ ਬੜੇ ਦਰਦਮਈ ਸ਼ਬਦਾਂ ਵਿਚ ਪੇਸ਼ ਕੀਤਾ ਹੈ। 'ਕਾਨੂੰਨੀ ਕੁਮਾਰ' ਵਿਚ ਉਨ੍ਹਾਂ ਕਾਨੂੰਨਾਂ ਦਾ ਜ਼ਿਕਰ ਹੈ ਜੋ ਕੇਵਲ ਖਿਆਲੀ ਜਾਂ ਕਾਗਜ਼ਾਂ ਵਿਚ ਹੀ ਹੁੰਦੇ ਹਨ, ਅਮਲ ਵਿਚ ਨਹੀਂ ਆਉਂਦੇ ਜਿਵੇਂ ਨਸ਼ੇ 'ਤੇ ਰੋਕ, ਔਰਤ ਦੀ ਦਸ਼ਾ, ਪਰਦਾ, ਮੰਗਤਿਆਂ ਦੀ ਸਮੱਸਿਆ, ਸਮਾਜ ਉਤੇ ਮਰਦਾਂ ਦਾ ਜਬਰ, ਸੰਤਾਨ ਉਤੇ ਪਾਬੰਦੀ ਆਦਿ। ਪਰ ਜੋ ਕਾਨੂੰਨ ਬਣੇ ਵੀ ਉਹ ਕੇਵਲ ਔਰਤਾਂ ਉਤੇ ਲਾਗੂ ਹੁੰਦੇ ਹਨ। ਵਿਦੇਸ਼ੀ ਵਸਤਾਂ ਦਾ ਬਾਈਕਾਟ ਤੇ ਅੰਦੋਲਨ (ਹੋਲੀ ਦਾ ਤੋਹਫ਼ਾ), ਦੇਸ਼ੀ ਵਿਦੇਸ਼ੀ ਦੀ ਹੋੜ ਵਿਚ ਪਤਨੀ ਦਾ ਦੇਸ਼ੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ (ਪਤਨੀ ਤੋਂ ਪਤੀ), ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਔਰਤਾਂ ਮੁਹਰੀ (ਠੇਕਾ), ਦੇਸ਼ ਭਗਤਾਂ ਦਾ ਸੀ.ਆਈ.ਡੀ. ਰਾਹੀਂ ਪਿੱਛਾ ਕਰਨਾ (ਅਨੁਭਵ), ਸੱਤਿਆਗ੍ਰਹੀਆਂ ਦੇ ਹੌਸਲੇ ਬੁਲੰਦ (ਯੁੱਧ-ਯਾਤਰਾ), ਅਨੇਕਾਂ ਭਾਰਤੀ ਅਫਸਰ ਅੰਗਰੇਜ਼ਾਂ ਦੇ ਪਿੱਠੂ ਤੇ ਭਾਰਤੀਆਂ ਉਤੇ ਜ਼ੁਲਮ ਕਰਦੇ (ਜਲੂਸ), ਔਰਤਾਂ ਦਾ ਦੇਸ਼ ਦੀ ਆਜ਼ਾਦੀ, ਅੰਦੋਲਨ ਵਿਚ ਯੋਗਦਾਨ (ਅਹੂਤੀ, ਜੇਲ੍ਹ) ਮਰਦ ਵੱਲੋਂ ਔਰਤ ਉਤੇ ਹਰ ਵੇਲੇ ਸ਼ੱਕ ਦੀ ਨਿਗਾਹ (ਤੁਹਮਤ) ਆਦਿ ਵਿਸ਼ੇ ਦਰਸਾਉਂਦੀਆਂ ਕਹਾਣੀਆਂ ਹਨ, ਜੋ ਸਮੇਂ ਦੀ ਵੰਗਾਰ ਸੀ ਤੇ ਲੇਖਕ ਨੇ ਪੂਰੇ ਜੀਅ ਜਾਨ ਨਾਲ ਪਾਤਰਾਂ ਨੂੰ ਆਜ਼ਾਦੀ ਦੇ ਅੰਦੋਲਨ ਵਿਚ ਹਿੱਸਾ ਲੈਂਦੇ ਪੇਸ਼ ਕੀਤਾ ਹੈ ਜੋ ਲੇਖਕ ਦੇ ਦੇਸ਼ ਭਗਤ ਹੋਣ ਦਾ ਪ੍ਰਮਾਣ ਹਨ।
ਅਨੁਵਾਦ ਦੇ ਪੱਖ ਤੋਂ ਕਹਾਣੀਆਂ ਸਫਲ ਕਹੀਆਂ ਜਾ ਸਕਦੀਆਂ ਹਨ। ਕਹਾਣੀਆਂ ਮੌਲਿਕ ਜਾਪਦੀਆਂ ਹਨ ਨਾ ਕਿ ਅਨੁਵਾਦਿਤ, ਜੋ ਅਨੁਵਾਦਕ ਦੀ ਅਨੁਵਾਦ ਕਲਾ ਦੀ ਵਧੀਆ ਪੇਸ਼ਕਾਰੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਜਾਣ ਦੇ ਮੈਨੂੰ
ਕਵੀ : ਜਗਦੀਪ ਸਿੱਧੂ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 98762-22868

ਜਗਦੀਪ ਸਿੱਧੂ ਦੀਆਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਮੂਲ ਸੂਤਰ ਇਸ ਸੰਗ੍ਰਹਿ ਵਿਚ ਲਿਖੀਆਂ ਲੇਖਕ ਦੀਆਂ ਕੁਝ ਸਤਰਾਂ ਵਿਚ ਪਿਆ ਹੈ। ਲੇਖਕ ਲਿਖਦਾ ਹੈ ਕਿ ਸਤਰਾਂ ਨਾਲ ਲੱਦੀ ਕਵਿਤਾ ਨਾਲੋਂ, ਇਨ੍ਹਾਂ ਦੀ ਕਵਿਤਾ ਵਿਚਲੀ ਬੋਲੀ ਦੀ ਖਾਲੀ ਥਾਂ, ਸੱਤਰਾਂ ਨੂੰ ਤੋੜ ਕੇ ਵੱਖਰਾ ਪ੍ਰਭਾਵ ਸਿਰਜਣ ਨੇ ਮੈਨੂੰ ਪ੍ਰਭਾਵਿਤ ਕੀਤਾ। ਇਸੇ ਸੂਤਰ ਅਨੁਸਾਰ ਲੇਖਕ ਆਪਣੀ ਕਾਵਿ ਸਿਰਜਣਾ ਵੇਲੇ ਖਾਲੀ ਖੱਪਿਆਂ ਦੀ ਵਰਤੋਂ ਕਰਦਾ ਹੈ ਤਾਂ ਕਿ ਪਾਠਕ ਉਨ੍ਹਾਂ ਖਾਲੀ ਥਾਵਾਂ ਨੂੰ ਆਪਣੀ ਮਨਮਰਜ਼ੀ ਅਨੁਸਾਰ ਜਿਊਂ ਸਕੇ, ਕਵਿਤਾਅ ਸਕੇ ਅਤੇ ਲਿਖ ਸਕੇ-
ਬਚਪਨ ਵਿਚ
ਮਾਂ ਨਜ਼ਰ ਪੈਂਦੀ
ਕਿਤੇ ਮਰਗਦ ਹੋਈ
ਚਿੱਟੀ ਚੁੰਨੀ ਲੱਭ ਰਹੀ
ਚੇਤੇ ਆਈ ਮੈਨੂੰ
ਉਹਦੇ ਕਿੰਨੇ ਆਪਣਿਆਂ ਦੀ ਮੌਤ ਵੀ...।
ਇਸ ਤਰ੍ਹਾਂ ਉਸ ਦੀ ਕਵਿਤਾ ਦਾ ਸ਼ਿਲਪ ਬਹੁਤ ਕੁਝ ਬੋਲਣ ਨਾਲੋਂ ਬਹੁਤ ਕੁਝ ਲੁਕਾਉਣ ਨੂੰ ਪਹਿਲ ਦਿੰਦਾ ਹੈ। ਇਹ ਸੰਜਮਤਾ ਤੇ ਸੰਜੀਦਗੀ ਉਨ੍ਹਾਂ ਦੀ ਕਵਿਤਾ ਨੂੰ ਇਕ ਨਿਵੇਕਲੀ ਨੁਹਾਰ ਦੇਣ ਦੇ ਸਮਰੱਥ ਹੁੰਦਾ ਹੈ। ਬਲਕਿ ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਕਿ ਕਿਤੇ-ਕਿਤੇ ਤਾਂ ਉਹ ਉਨ੍ਹਾਂ ਕਵੀਆਂ ਨੂੰ ਵੀ ਉਲੰਘ ਜਾਂਦਾ ਹੈ, ਜਿਹੜੇ ਉਸ ਮੁਤਾਬਿਕ ਉਸ ਦੀ ਪਰੰਪਰਾ ਵਿਚ ਪਏ ਹਨ।
ਜਗਦੀਪ ਸਿੱਧੂ ਇਨ੍ਹਾਂ ਕਵਿਤਾਵਾਂ ਵਿਚ ਵੰਨ-ਸੁਵੰਨੇ ਵਿਸ਼ਿਆਂ ਨੂੰ ਚਿਤਰਦਾ ਹੈ, ਉਸ ਦੇ ਵਸਤੂ ਜਗਤ ਵਿਚ ਨਿੱਕੀਆਂ-ਨਿੱਕੀਆਂ ਵਸਤੂਆਂ, ਸਥਿਤੀਆਂ ਵੀ ਵਿਸ਼ੇਸ਼ ਤੇ ਮਹੱਤਵਯੋਗ ਹੋ ਜਾਂਦੀਆਂ ਹਨ। ਆਧੁਨਿਕ ਦੌਰ ਤੱਕ ਪਹੁੰਚਦੇ ਰਿਸ਼ਤੇ ਕਿੰਨੇ ਮਕਾਨਕੀ ਤੇ ਰਸਹੀਣ ਹੋ ਗਏ ਹਨ ਇਹ ਭਾਵ ਹੇਠਲੀ ਕਵਿਤਾ ਵਿਚ ਵੇਖਿਆ ਜਾ ਸਕਦਾ ਹੈ
ਮੈਂ ਨਿੱਛ ਮਾਰੀ ਸੀ
ਮਾਂ ਬੋਲੀ ਸੀ
ਤੈਨੂੰ ਕੋਈ ਯਾਦ ਕਰਦਾ
ਬੇਟੇ ਨੇ ਨਿੱਛ ਮਾਰੀ
ਪਤਨੀ ਬੋਲੀ ਕੋਲਡ ਹੋਈ ਲਗਦੀ
ਹੁਣ ਇਉਂ ਹੀ ਸੋਚਦੇ ਹਾਂ ਅਸੀਂ
ਰਿਸ਼ਤਿਆਂ 'ਚੋਂ ਨਿੱਘ ਕਿੰਨਾ ਘਟ ਰਿਹਾ....।
ਇਸ ਤਰ੍ਹਾਂ ਦੇ ਨਿੱਕੇ-ਨਿੱਕੇ ਸੂਖਮ ਅਹਿਸਾਸ ਤੇ ਸੰਵੇਦਨ-ਛੂਹਾਂ ਤੁਹਾਨੂੰ ਇਸ ਪੁਸਤਕ ਵਿਚ ਥਾਂ-ਥਾਂ 'ਤੇ ਵੇਖਣ ਨੂੰ ਮਿਲਦੀਆਂ ਹਨ।

-ਡਾ: ਅਮਰਜੀਤ ਕੌਂਕੇ
ਮੋ: 98142-31698

ਸਰਸਵਤੀ ਦੇ ਬੰਨਿਆਂ ਦੇ ਗਉਣ
ਖੋਜਕਰਤਾ : ਸ਼ੇਰਚੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 094160-11394

ਪੁਰਾਣੇ ਸਮਿਆਂ ਵਿਚ ਸਰਸਵਤੀ ਨਦੀ 12 ਮਹੀਨੇ ਵਗਣ ਵਾਲਾ ਵਿਸ਼ਾਲ ਅਤੇ ਪਵਿੱਤਰ ਦਰਿਆ ਸੀ। ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਅੱਜ ਇਹ ਇਕ ਛੋਟੇ ਜਿਹੇ ਨਾਲੇ ਦੇ ਰੂਪ ਵਿਚ ਸਿਰਮੌਰ ਦੀਆਂ ਪਹਾੜੀਆਂ ਵਿਚੋਂ ਨਿਕਲ ਕੇ ਹਰਿਆਣੇ ਅਤੇ ਪੰਜਾਬ ਨੂੰ ਦੋ ਭਾਗਾਂ ਵਿਚ ਵੰਡਦੀ ਹੋਈ ਰੇਗਿਸਤਾਨ ਵਿਚ ਜਾ ਕੇ ਅਲੋਪ ਹੋ ਜਾਂਦੀ ਹੈ। ਇਸ ਲਈ ਇਸ ਪੁਸਤਕ ਦਾ ਨਾਂਅ ਸਰਸਵਤੀ ਦੇ ਬੰਨਿਆਂ ਭਾਵ ਕੰਢਿਆਂ 'ਤੇ ਵਸੇ ਅਜੋਕੇ ਪੰਜਾਬ ਅਤੇ ਹਰਿਆਣੇ ਦੇ ਲੋਕ ਗੀਤਾਂ 'ਤੇ ਆਧਾਰਿਤ ਹੈ। ਅਣਵੰਡੇ ਪੰਜਾਬ ਵਿਚ ਸਰਸਵਤੀ ਨਦੀ ਦੇ ਕਿਨਾਰੇ ਬੈਠ ਕੇ ਰਿਸ਼ੀਆਂ ਨੇ ਵੈਦਿਕ ਗ੍ਰੰਥਾਂ ਦੀ ਰਚਨਾ ਕੀਤੀ। ਹਰਿਆਣੇ ਵਾਲੇ ਖੇਤਰ ਦਾ ਨਾਂਅ ਬ੍ਰਹਮਵਰਤ ਸੀ। ਪੰਜਾਬ ਅਤੇ ਹਰਿਆਣੇ ਦੀ ਸਾਂਝੀ ਸੰਸਕ੍ਰਿਤੀ ਹੋਣ ਕਰਕੇ ਇਨ੍ਹਾਂ ਦੇ ਲੋਕ ਗੀਤਾਂ ਵਿਚ ਕੁਝ ਸਮਾਨਤਾ ਵੀ ਹੈ ਅਤੇ ਕੁਝ ਵਖਰੇਵਾਂ ਵੀ ਹੈ। ਲੇਖਕ ਨੇ ਖੋਜ ਕਰਕੇ ਪੰਜਾਬ ਅਤੇ ਹਰਿਆਣੇ ਦੇ ਲੋਕ ਗੀਤਾਂ ਨੂੰ ਇਕੱਠਿਆਂ ਕੀਤਾ ਹੈ। ਇਹ ਲੋਕ ਗੀਤ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰੁੱਤਾਂ ਅਤੇ ਤਿਉਹਾਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਆਰਥਿਕ, ਰਾਜਨੀਤਕ ਅਤੇ ਇਤਿਹਾਸਕ ਤੱਥ ਵੀ ਉਜਾਗਰ ਹੁੰਦੇ ਹਨ। ਆਓ, ਕੁਝ ਝਲਕਾਂ ਦੇਖੀਏ-
-ਮੇਰਾ ਗਾਡਾ ਅਟਕਿਆ ਹੈ, ਬਾਬਲ ਤੇਰੇ ਮਹਲਾਂ ਮੈਂ।
ਦੋ ਈਂਟ ਕਢਾਇ ਦੇਆਂ ਏ, ਧੀਅੜ ਘਰ ਜਾ ਆਪਣੈਂ। -ਹਰਿਆਣਵੀ
-ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ। -ਪੰਜਾਬੀ
-ਬਾਬਲ ਰਖ ਘਰ ਅਪਨਾ ਮੈਂ ਚਲੀ ਹੂੰ ਸਾਜਨ ਕੇ ਦੇਸ
ਭਾਈਆਂ ਨੇ ਦੀਏ ਮਹਲ ਦੁਪਹਿਲੀਏ ਹਮਨੇ ਦੀਆ ਪਰਦੇਸ। -ਹਰਿਆਣਵੀ
-ਤੈਨੂੰ ਤੀਆਂ ਨੂੰ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ। -ਪੰਜਾਬੀ
ਭਾਵੇਂ ਭੂਗੋਲਿਕ ਹੱਦਬੰਦੀਆਂ ਨੇ ਇਲਾਕੇ ਵੱਖ-ਵੱਖ ਕਰ ਦਿੱਤੇ ਹਨ ਪਰ ਦਿਲਾਂ ਦੇ ਭਾਵ ਅਤੇ ਬੋਲੀ ਤਾਂ ਇਕ ਹੀ ਹੁੰਦੀ ਹੈ। ਉਸ ਨੂੰ ਕੋਈ ਨਹੀਂ ਵੰਡ ਸਕਦਾ। ਇਹ ਇਕ ਵਧੀਆ ਖੋਜ ਕਾਰਜ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸਿੱਠਣੀਆਂ ਲੋਕ-ਕਾਵਿ ਰੂਪ ਦਾ ਸਮਾਜਿਕ ਸਾਂਸਕ੍ਰਿਤਕ ਅਧਿਐਨ
ਲੇਖਿਕਾ : ਡਾ: ਮਨਦੀਪ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 81464-44033

ਸਿੱਠ ਤੇ ਸਿੱਠਣੀ ਦੋ ਭਾਂਤੀ ਲੋਕ ਕਾਵਿ-ਰੂਪ ਹਨ। ਸਿੱਠ ਨਾਲੋਂ ਸਿੱਠਣੀਆਂ ਦਾ ਘੇਰਾ ਵਿਸ਼ਾਲ ਹੈ। ਕਿਤੇ ਇਹ ਸਿੱਠ ਨਾਲ, ਕਿਤੇ ਹੇਅਰ (ਮਲਵਈ ਕਾਵਿ ਰੂਪ) ਨਾਲ ਅਤੇ ਕਿਤੇ ਇਹ ਪੱਤਲ ਕਾਵਿ ਨੂੰ ਆਪਣੀ ਕਲਾਵੇ ਵਿਚ ਸਮੋਅ ਲੈਂਦਾ ਹੈ। ਵਿੱਸਰ ਰਹੇ ਤੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਦੇ ਅਮੋਲਕ ਲੋਕ-ਕਾਵਿ ਰੂਪ, ਸਿੱਠਣੀਆਂ ਬਾਰੇ ਇਹ ਪੁਸਤਕ ਡਾ: ਮਨਦੀਪ ਕੌਰ ਦਾ ਸਲਾਹੁਣਯੋਗ ਯਤਨ ਹੈ।
ਲੇਖਿਕਾ ਨੇ ਸਿੱਠਣੀਆਂ ਲੋਕ-ਕਾਵਿ ਰੂਪ ਦਾ ਖੋਜੀ ਬਿਰਤੀ ਤੋਂ ਅਧਿਐਨ ਪ੍ਰਸਤੁਤ ਕੀਤਾ ਹੈ। ਲੇਖਿਕਾ ਸਿੱਠਣੀ ਲੋਕ-ਕਾਵਿ ਰੂਪ ਦੀ ਪਰਿਭਾਸ਼ਾ ਸਰੂਪ ਤੇ ਪ੍ਰਕਿਰਤੀ ਬਾਰੇ ਲਿਖਦੀ ਇਸ ਲੋਕ ਕਾਵਿ ਰੂਪ ਦੀ ਸਿਰਜਣਾ ਤੇ ਪਿਛੋਕੜ ਦੱਸਦੀ ਹੈ। ਸਿੱਠਣੀਆਂ ਦੀ ਵਰਗ ਵੰਡ ਕਰਕੇ ਉਹ ਇਸ ਲੋਕ-ਕਾਵਿ ਰੂਪ ਨੂੰ ਸੱਭਿਆਚਾਰ ਪ੍ਰਤੀ ਮਾਨ ਅਤੇ ਪਰਾਂਹਣ ਦੇ ਪ੍ਰਸੰਗ ਵਿਚ ਵਿਚਰਦੀ ਹੈ। ਆਪਣੇ ਵਿਚਾਰ ਨੂੰ ਤਰਕ ਸੰਗਤ ਬਣਾਉਣ ਲਈ ਲੇਖਿਕਾ ਢੁਕਵੀਆਂ ਸਿੱਠਣੀਆਂ ਨੂੰ ਬਾਖੂਬੀ ਪ੍ਰਯੋਗ ਕਰਦੀ ਹੈ।
ਅੱਜ ਦੀ ਤੇਜ਼-ਤਰਾਰ ਵਿਗਿਆਨਕ ਯੁੱਗ ਦੀਆਂ ਲੱਭਤਾਂ ਵੇਗ ਇਹ ਪੁਸਤਕ ਮਹਾਨ ਪੰਜਾਬੀ ਵਿਰਸੇ ਦੀਆਂ ਪ੍ਰਾਪਤ ਲੱਭਤਾਂ ਨੂੰ ਸੰਭਾਲਣ ਦਾ ਸ਼ਲਾਘਾਯੋਗ, ਖੋਜਮਈ ਉਪਰਾਲਾ ਤੇ ਸਾਹਸ ਹੈ। ਲੇਖਿਕਾ ਨੂੰ ਸੁਝਾਅ ਹੈ ਕਿ ਉਨ੍ਹਾਂ ਵੱਲੋਂ ਬੜੀ ਮਿਹਨਤ ਨਾਲ ਇਕੱਠੀਆਂ ਕੀਤੀਆਂ ਸਿੱਠਣੀਆਂ ਦੇ ਮੂਲ ਪਾਠ ਨੂੰ ਵੀ ਕਿਤੇ ਅਲੱਗ ਪੁਸਤਕ ਰੂਪ ਵਿਚ ਪੰਜਾਬੀ ਪਾਠਕਾਂ ਲਈ ਪ੍ਰਕਾਸ਼ਿਤ ਕਰਵਾ ਦਿੱਤਾ ਜਾਏ ਤਾਂ ਜੋ ਸਾਡੀ ਅਜੋਕੀ ਪੀੜ੍ਹੀ ਵੀ ਇਸ ਲੋਕ-ਕਾਵਿ ਰੂਪ ਤੋਂ ਗਿਆਨਵਾਨ ਹੋ ਸਕੇ।

-ਪ੍ਰੋ: ਸਤਪਾਲ ਸਿੰਘ
ਮੋ: 98725-21515

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX