ਤਾਜਾ ਖ਼ਬਰਾਂ


ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਇਕ ਨੌਜਵਾਨ ਮਜ਼ਦੂਰ ਨੂੰ ਅਤਿਅੰਤ ਨਾਜ਼ੁਕ ਬੇਹੋਸ਼ੀ ਦੀ ਹਾਲਤ ...
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਚੰਡੀਗੜ੍ਹ, 22 ਜੂਨ - ਹਰਿਆਣਾ ਸਰਕਾਰ ਨੇ ਇਕ ਆਈ.ਏ.ਐਸ. ਅਤੇ ਚਾਰ ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 22 ਜੂਨ - ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਅਨਿਲ ਵਿਜ, ਰਾਓ ਇੰਦਰਜੀਤ ਸਿੰਘ ਅਤੇ ਕ੍ਰਸ਼ਿਨ ਪਾਲ ਗੁਰਜਰ ਵੀ ਮੌਜੂਦ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਸ੍ਰੀਨਗਰ, 22 ਜੂਨ- ਸਾਬਕਾ ਆਈ. ਪੀ. ਐਸ. ਅਧਿਕਾਰੀ ਅਤੇ ਰਾਜਪਾਲ ਐਨ. ਐਨ. ਵੋਹਰਾ ਦੇ ਸਲਾਹਕਾਰ ਵਿਜੈ ਕੁਮਾਰ ਨੇ ਅੱਜ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ...
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਤਰਾਲ 'ਚ ਅੱਜ ਦੁਪਹਿਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਤਰਾਲ ਦੇ ਮੁੱਖ ਚੌਕ 'ਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ 'ਤੇ...
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜਲੰਧਰ, 22 ਜੂਨ (ਸ਼ਿਵ)- ਪੰਜਾਬ ਸਰਕਾਰ ਵਲੋਂ ਡਿਊਟੀ ਵਧਾਏ ਜਾਣ ਦੇ ਕਾਰਨ ਪੇਂਡੂ ਇਲਾਕਿਆਂ 'ਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ...
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਦੇ ਘਰ ਸਰਬ ਦਲ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ-ਕਸ਼ਮੀਰ 'ਚ ਕਾਂਗਰਸ ਪ੍ਰਧਾਨ ਜੀ. ਏ. ਮੀਰ ਅਤੇ ਭਾਜਪਾ ਨੇਤਾ ਸਤ ਸ਼ਰਮਾ ਵੀ ਹਾਜ਼ਰ ਹਨ...
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਪਟਨਾ, 22 ਜੂਨ- ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਸਥਾਈ ਜ਼ਮਾਨਤ ਦੀ ਮਿਆਦ ਤਿੰਨ ਜੁਲਾਈ ਤੱਕ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਹਾੜ ਸੰਮਤ 549
ਵਿਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਤੁਹਾਡੇ ਖ਼ਤ

16/06/2017

 ਕਿਸਾਨ ਦੀ ਤਰਾਸਦੀ
ਦੇਸ਼ ਦਾ ਅੰਨਦਾਤਾ ਕਿਸਾਨ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਵੱਡਾ ਵੋਟ ਬੈਂਕ ਹੋਣ ਕਾਰਨ ਸਾਰੇ ਸਿਆਸੀ ਦਲਾਂ ਨੇ ਇਸ ਵਰਗ ਨੂੰ ਚੋਣਾਂ ਮੌਕੇ ਖੂਬ ਸਬਜ਼ਬਾਗ ਦਿਖਾਏ ਹਨ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਸਰਕਾਰਾਂ ਦੀ ਗ਼ੈਰ-ਸੰਜੀਦਗੀ ਅਤੇ ਸਹੀ ਸੇਧ ਦੀ ਘਾਟ ਦਾ ਭਾਂਡਾ ਚੌਰਾਹੇ 'ਚ ਭੰਨ ਰਹੀਆਂ ਹਨ। ਕਿਸੇ ਵੀ ਸਿਆਸੀ ਦਲ ਨੇ ਕਰਜ਼ੇ ਦੀ ਪੰਡ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਨੂੰ ਹੌਲੀ ਕਰਨ ਦਾ ਪੈਗ਼ਾਮ ਦੇਣ ਦੀ ਜ਼ਹਿਮਤ ਨਹੀਂ ਉਠਾਈ। ਕਿਸੇ ਪਾਸੇ ਤੋਂ ਇਸ ਦਾ ਠੋਸ ਹੱਲ ਕੱਢਣ ਦੇ ਸੰਜੀਦਾ ਯਤਨਾਂ ਦੀ ਸੂਹ ਨਹੀਂ ਮਿਲ ਰਹੀ। ਜੇ ਕਿਸਾਨ ਨਾ ਰਿਹਾ ਤਾਂ ਸਮਾਜ ਦੀ ਰੀੜ੍ਹ ਦੀ ਹੱਡੀ ਟੁੱਟ ਜਾਏਗੀ। ਫਿਰ ਸਮਾਜਿਕ ਅਰਾਜਕਤਾ ਦੀ ਪੈਦਾਇਸ਼ ਨੂੰ ਰੋਕ ਸਕਣਾ ਸਰਕਾਰਾਂ ਦੇ ਵੱਸ ਵਿਚ ਨਹੀਂ ਰਹਿਣਾ।


-ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ
ਪਿੰਡ ਦੀਪਗੜ੍ਹ (ਬਰਨਾਲਾ)।


ਮਾਂ-ਬੋਲੀ ਹੋਈ ਦਰਕਿਨਾਰ
ਪੰਜਾਬ ਵਿਚ ਸਰਕਾਰੀ ਵਕੀਲਾਂ ਦੀ ਭਰਤੀ ਵਿਚ 'ਪੰਜਾਬੀ ਲਾਜ਼ਮੀ' ਦੀ ਸ਼ਰਤ ਖ਼ਤਮ ਦੀ ਖ਼ਬਰ ਪੜ੍ਹੀ। ਪਿਛਲੀ ਸਰਕਾਰ ਵੱਲੋਂ ਪੰਜਾਬ ਵਿਚ ਹਰ ਮਹਿਕਮੇ 'ਚ ਪੰਜਾਬੀ ਲਾਗੂ ਕਰਕੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਦਰਜਾ ਦਿੱਤਾ ਗਿਆ ਸੀ। ਬਾਹਰਲੇ ਦੇਸ਼ਾਂ ਵਿਚ ਕਿਸੇ ਭਾਰਤੀ 'ਤੇ ਕੇਸ ਅਦਾਲਤ ਵਿਚ ਚਲਦਾ ਹੈ ਤਾਂ ਉਸ ਨੂੰ ਆਪਣੀ ਮਾਤ ਭਾਸ਼ਾ ਵਿਚ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਿੰਡਾਂ ਦੇ ਬਹੁਤੇ ਲੋਕ ਘੱਟ ਹੀ ਪੜ੍ਹੇ-ਲਿਖੇ ਹੁੰਦੇ ਹਨ ਪਰ ਉਨ੍ਹਾਂ ਦੇ ਜ਼ਿਆਦਾ ਕੇਸ ਅਦਾਲਤਾਂ ਵਿਚ ਚਲ ਰਹੇ ਹਨ। ਕੋਈ ਵਿਅਕਤੀ ਵਕੀਲਾਂ ਵੱਲੋਂ ਅਦਾਲਤ ਵਿਚ ਕੋਈ ਪਟੀਸ਼ਨ ਦਾਇਰ ਕਰਦਾ ਹੈ ਤਾਂ ਉਸ ਨੂੰ ਬਿਆਨ ਦੀ ਕਾਪੀ ਅੰਗੇਰਜ਼ੀ 'ਚ ਜਦ ਮਿਲੇਗੀ ਤਾਂ ਉਹ ਕਿਵੇਂ ਪੜ੍ਹੇਗਾ। ਮਾਣਯੋਗ ਅਦਾਲਤ ਵਿਚ ਹਰ ਭਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ ਹੈ। ਪੰਜਾਬੀ ਲੇਖਕ ਪੰਜਾਬੀ ਮਾਂ-ਬੋਲੀ ਪ੍ਰਤੀ ਪੰਜਾਬੀ ਸਾਹਿਤ ਸਭਾਵਾਂ ਬਣਾ ਕੇ ਵੱਡਾ ਯੋਗਦਾਨ ਪਾ ਰਹੇ ਹਨ ਪਰ ਮੌਜੂਦਾ ਸਰਕਾਰ ਵੀ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ।


-ਮਾਸਟਰ ਜਗੀਰ ਸਿੰਘ ਸਫਰੀ
ਪਿੰਡ ਸਠਿਆਲਾ (ਅੰਮ੍ਰਿਤਸਰ)।


ਸੜਕ ਦੁਰਘਟਨਾਵਾਂ
ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਵਰਤਾਰਾ ਆਮ ਹੀ ਹੋ ਗਿਆ ਹੈ। ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰ ਗੱਡੀ ਚਲਾਉਣਾ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਧਾਰਮਿਕ ਅਸਥਾਨਾਂ 'ਤੇ ਆਉਣ-ਜਾਣ ਵਾਲੀਆਂ ਗੱਡੀਆਂ ਦੇ ਦੁਰਘਟਨਾਗ੍ਰਸਤ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਆ ਰਹੀਆਂ ਹਨ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ ਤੇ ਕਈ ਮਰ ਗਏ। ਇਸ ਦੇ ਕਾਰਨ ਓਵਰਲੋਡਿੰਗ, ਲੰਮੀ ਯਾਤਰਾ ਦੀ ਥਕਾਵਟ ਤੇ ਉਨੀਂਦਰਾਪਨ ਜਾਂ ਅਣਗਹਿਲੀ ਵੀ ਹੋ ਸਕਦੇ ਹਨ। ਪਰ ਅਫ਼ਸੋਸ ਤੇ ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਹਾਦਸੇ ਰੁਕ ਨਹੀਂ ਰਹੇ ਤੇ ਨਾ ਹੀ ਸਰਕਾਰ ਰੋਕਣ ਲਈ ਆਵਾਜਾਈ ਨਿਯਮਾਂ ਪ੍ਰਤੀ ਅਜੇ ਤੱਕ ਸੰਜੀਦਾ ਹੈ।


-ਪਿਆਰਾ ਸਿੰਘ
ਨਕੋਦਰ।

13/06/2017

 ਗਰੀਨ ਟ੍ਰਿਬਿਊਨਲ ਤੇ ਕਿਸਾਨ

ਵਾਤਾਵਰਨ ਦੀ ਸਾਂਭ-ਸੰਭਾਲ ਲਈ 'ਕੌਮੀ ਗਰੀਨ ਟ੍ਰਿਬਿਊਨਲ' ਵੱਲੋਂ ਖੇਤਾਂ ਵਿਚਲੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ। ਪੂਰੇ ਪੰਜਾਬ ਵਿਚ ਨਜ਼ਰ ਰੱਖਣ ਲਈ 'ਪੰਜਾਬ ਰਿਮੋਟ ਸੈਸਿੰਗ ਕੇਂਦਰ' ਲੁਧਿਆਣਾ ਵਿਚ ਸਥਾਪਿਤ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਾਲੇ ਸਰੇਆਮ ਨੈਸ਼ਨਲ ਹਾਈਵੇ 'ਤੇ ਡਿਵਾਈਡਰਾਂ ਉੱਪਰ ਲਗਾਈਆਂ ਅੱਗਾਂ ਨਜ਼ਰ ਨਹੀਂ ਆਉਂਦੀਆਂ ਜੋ ਖ਼ੂਬਸੂਰਤ ਹਰੇ ਭਰੇ ਫੁੱਲਾਂ ਨਾਲ ਲੱਦੇ ਕਨੇਰ ਦੇ ਰੁੱਖਾਂ ਨੂੰ ਖ਼ਤਮ ਕਰ ਰਹੀਆਂ ਹਨ? ਕੀ ਸਰਕਾਰੀ ਅੱਗ ਦੁਆਰਾ ਪ੍ਰਦੂਸ਼ਣ ਨਹੀਂ ਫੈਲਦਾ? ਪੰਜਾਬ ਵਿਚ ਬਹੁਤ ਸਾਰੀਆਂ ਸਨਅਤੀ ਇਕਾਈਆਂ ਹਨ ਜੋ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪੁਰਾਣੇ ਵਾਹਨ ਵੀ ਨਿਤ ਇਹ ਸਾਰਾ ਕੁਝ ਕੌਮੀ ਗਰੀਨ ਟ੍ਰਿਬਿਊਨਲ ਨੂੰ ਨਜ਼ਰ ਨਹੀਂ ਆਉਂਦਾ? ਜੇਕਰ ਅੱਜ ਹਵਾ ਵਿਚੋਂ ਆਕਸੀਜਨ ਦੀ ਮਾਤਰਾ ਲਗਾਤਾਰ ਘਟ ਰਹੀ ਹੈ ਤਾਂ ਇਸ ਦਾ ਕਾਰਨ ਸਿਰਫ਼ ਸੂਬੇ ਦੇ ਕਿਸਾਨ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੂੰ ਚਾਹੀਦਾ ਹੈ ਕਿ ਉਸ ਵਿਭਾਗ ਦੀ ਖ਼ਬਰ ਵੀ ਲਵੇ ਜਿਸ ਦਾ ਮੁੱਖ ਕੰਮ ਹੀ ਬੂਟੇ ਲਗਾਉਣਾ ਹੈ, ਬੂਟੇ ਸਾੜਨਾ ਨਹੀਂ। ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

-ਕੇ. ਐੱਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਸੜਕ ਹਾਦਸੇ

ਲਗਪਗ ਹਰ ਦਿਨ ਸਵੇਰੇ ਜਦੋਂ ਆਪਣੇ ਆਲੇ-ਦੁਆਲੇ ਦੀ ਖ਼ਬਰਸਾਰ ਲੈਣ ਲਈ ਅਖ਼ਬਾਰ ਚੁੱਕੀਦਾ ਹੈ ਤਾਂ ਮੁੱਖ ਪੰਨੇ 'ਤੇ ਹੀ ਸੜਕ ਹਾਦਸੇ ਦੀ ਕੋਈ ਨਾ ਕੋਈ ਖ਼ਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ। ਪਿਛਲੇ ਦਿਨੀਂ ਸਾਡੇ ਬੜੇ ਹੀ ਅਜ਼ੀਜ਼ ਸ: ਅਵਤਾਰ ਸਿੰਘ ਪਮਾਲ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ) ਇਕ ਸੜਕੀ ਹਾਦਸੇ ਦੀ ਭੇਟ ਚੜ੍ਹ ਗਏ। ਕੀ ਕਸੂਰ ਸੀ ਉਸ ਵੀਰ ਦਾ ਜੋ ਆਪਣੀ ਸਾਈਡ 'ਤੇ ਅਰਾਮ ਨਾਲ ਸਕੂਟਰ 'ਤੇ ਜਾ ਰਿਹਾ ਸੀ ਅਤੇ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਆ ਦਰੜਿਆ। ਟ੍ਰੈਫ਼ਿਕ ਵਿਭਾਗ ਨੂੰ ਸਖ਼ਤੀ ਨਾਲ ਟ੍ਰੈਫ਼ਿਕ ਨਿਯਮਾਂ ਸਬੰਧੀ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋ ਕੇ ਟ੍ਰੈਫਿਕ ਵਿਭਾਗ ਦਾ ਸਾਥ ਦੇਣਾ ਬਣਦਾ ਹੈ। ਘੱਟ ਉਮਰ ਦੇ ਬੱਚਿਆਂ ਨੂੰ ਸੜਕ 'ਤੇ ਵਹੀਕਲ ਨਹੀਂ ਵਰਤਣ ਦੇਣਾ ਚਾਹੀਦਾ। ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਾ ਯਕੀਨ ਹੈ ਕਿ ਜੇਕਰ ਹਰ ਇਨਸਾਨ ਸੜਕ 'ਤੇ ਚਲਦਿਆਂ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿਚ ਕਿ ਵਹੀਕਲ ਚਲਾਵੇ ਅਤੇ ਟ੍ਰੈਫਿਕ ਵਿਭਾਗ ਨਿਯਮ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿਸੇ ਵੀ ਘਰ ਦਾ ਕੋਈ ਜੀਅ ਅਜਾਈਂ ਨਹੀਂ ਜਾਵੇਗਾ।

-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਜੱਸੋਵਾਲ ਕੁਲਾਰ (ਲੁਧਿਆਣਾ)।

ਤਿੰਨ ਤਲਾਕ

ਭਾਰਤੀ ਸੰਵਿਧਾਨ, ਭਾਰਤ ਦੇ ਹਰ ਸ਼ਹਿਰੀ ਨੂੰ, ਭਾਵੇਂ ਉਹ ਕਿਸੇ ਵੀ ਕੌਮ, ਮਜ਼੍ਹਬ ਜਾਂ ਜਾਤੀ ਨਾਲ ਸਬੰਧ ਰੱਖਦਾ ਹੋਵੇ, ਲਿਖਣ ਅਤੇ ਬੋਲਣ ਦੀ ਆਜ਼ਾਦੀ ਦਿੰਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਅਪਮਾਨਜਨਕ ਕਰਨ ਵਾਲੀਆਂ ਕਾਰਵਾਈਆਂ ਜਾਂ ਕੰਮਾਂ ਨੂੰ ਰੋਕਣ ਲਈ ਵੀ ਵਚਨਬੱਧ ਹੈ। ਕਿਸੇ ਵੀ ਧਰਮ ਦੀਆਂ ਔਰਤਾਂ 'ਤੇ ਜਦੋਂ ਜ਼ਿਆਦਤੀ ਹੁੰਦੀ ਹੈ ਤਾਂ ਨਿਆਂ ਪਾਲਿਕਾ ਜਾਂ ਸਰਕਾਰ ਨੂੰ ਫੌਰੀ ਤੌਰ 'ਤੇ ਬਿਨਾਂ ਕਿਸੇ ਪੱਖਪਾਤ ਤੋਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਜ਼ਰੂਰੀ ਹੈ। ਬੱਸ ਜਦੋਂ ਮਰਜ਼ੀ ਤਿੰਨ ਤਲਾਕ ਕਹਿ ਕੇ ਔਰਤ ਨੂੰ ਸਦਾ ਲਈ ਨਰਕ ਵਾਲੀ ਜ਼ਿੰਦਗੀ ਵਿਚ ਧੱਕਾ ਦੇ ਦੇਣਾ ਔਰਤ ਦੀ ਹੋਂਦ ਦਾ ਅਪਮਾਨ ਹੈ, ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿਚ ਜਿਥੇ ਘਰੇਲੂ ਔਰਤਾਂ ਬਹੁਗਿਣਤੀ ਵਿਚ ਹਨ। ਇਸ ਪਰੰਪਰਾ ਨੂੰ ਖ਼ਤਮ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਵੀ ਸੁਖ ਦਾ ਜੀਵਨ ਬਤੀਤ ਕਰ ਸਕਣ।
-ਮਹਿੰਦਰ ਸਿੰਘ ਬਾਜਵਾ

ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

13/06/2017

 ਸ: ਤਰਲੋਚਨ ਸਿੰਘ ਦੇ ਨਾਂਅ
ਪਿਛਲੇ ਦਿਨੀਂ ਸ: ਤਰਲੋਚਨ ਸਿੰਘ ਦਾ ਕੇ.ਪੀ.ਐਸ. ਗਿੱਲ ਸਬੰਧੀ ਇਕ ਲੇਖ 'ਅਜੀਤ' ਵਿਚ ਛਪਿਆ ਸੀ, ਇਸ ਸਬੰਧੀ ਭਾਜਪਾ ਆਗੂ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦਾ ਪ੍ਰਤੀਕਰਮ ਸਾਨੂੰ ਪੁੱਜਾ ਹੈ, ਜਿਸ ਨੂੰ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ। ਂਸੰਪਾਦਕ
ਸਾਰੇ ਜਾਣਦੇ ਹਨ ਕਿ ਤੁਸੀਂ ਬੁੱਧੀਜੀਵੀ ਹੋ, ਵਿਦਵਾਨ ਹੋ। ਪੰਜਾਬ ਵਿਚ ਕਾਲੇ ਦਿਨ ਤੁਹਾਡੇ ਸਾਹਮਣੇ ਹੀ ਆਏ ਅਤੇ ਖ਼ਤਮ ਹੋਏ। ਤੁਹਾਡਾ ਇਹ ਲਿਖਣਾ ਤਾਂ ਸਹੀ ਹੋ ਸਕਦਾ ਹੈ ਕਿ ਕਿਸੇ ਇਕ ਪੁਲਿਸ ਅਫ਼ਸਰ ਨੂੰ ਸਾਰਾ ਸਿਹਰਾ ਨਹੀਂ ਦਿੱਤਾ ਜਾਣਾ ਚਾਹੀਦਾ, ਜਿਵੇਂ ਕਿ ਕੇ.ਪੀ.ਐਸ. ਗਿੱਲ ਨੂੰ ਦਿੱਤਾ ਜਾ ਰਿਹਾ ਹੈ ਪਰ ਕਿਤੇ ਵੀ ਤੁਸੀਂ ਇਕ ਸ਼ਬਦ ਉਨ੍ਹਾਂ ਲਈ ਨਹੀਂ ਲਿਖਿਆ ਜੋ ਬੱਸਾਂ ਅਤੇ ਗੱਡੀਆਂ ਤੋਂ ਕੱਢ ਕੇ ਮਾਰੇ ਗਏ, ਪਟਿਆਲਾ ਦੇ ਕਾਲਜ ਵਿਚ ਵਿਦਿਆਰਥੀਆਂ ਦੇ ਕਤਲ ਹੋਏ। ਰੋਪੜ ਵਿਚ ਨਹਿਰ ਦੇ ਕੰਢੇ ਮਜ਼ਦੂਰਾਂ ਦਾ ਕਤਲ ਕੀਤਾ ਗਿਆ। ਅੰਮ੍ਰਿਤਸਰ ਚੌਕ ਘੰਟਾਘਰ ਵਿਚ ਸੈਂਕੜੇ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ। ਪੰਜਾਬ ਵਿਚ ਬੇਕਸੂਰਾਂ ਦਾ ਕਿੰਨਾ ਖੂਨ ਵਹਾਇਆ ਗਿਆ, ਨਿਸਚਤ ਹੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ। ਹੈਰਾਨੀ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਰਹਿਣ ਵਾਲਾ ਇਕ ਬੁੱਧੀਜੀਵੀ ਉਨ੍ਹਾਂ ਦੇ ਹੰਝੂ ਪੂੰਝਣ ਕਦੇ ਨਹੀਂ ਆਇਆ ਜੋ ਬੇਕਸੂਰ ਘਰਾਂ, ਦੁਕਾਨਾਂ, ਬਾਜ਼ਾਰਾਂ ਵਿਚੋਂ ਖਿੱਚ-ਖਿੱਚ ਕੇ ਗੋਲੀਆਂ ਨਾਲ ਭੁੰਨ ਦਿੱਤੇ। ਬੇਕਸੂਰ ਦੀ ਮੌਤ ਦੁਖਦਾਈ ਹੈ। ਚਾਹੇ ਪੁਲਿਸ ਦੇ ਹੱਥੋਂ ਹੋਵੇ ਜਾਂ ਅੱਤਵਾਦੀਆਂ ਦੇ ਹੱਥੋਂ, ਪਰ ਇਕ ਪੱਖੀ ਫ਼ੈਸਲਾ ਤੁਹਾਡੇ ਵਰਗੇ ਵਿਅਕਤੀਆਂ ਦੀ ਕਲਮ ਤੋਂ ਸ਼ੋਭਾ ਨਹੀਂ ਦਿੰਦਾ। ਇਹ ਤਾਂ ਤੁਹਾਨੂੰ ਵੀ ਮੰਨਣਾ ਪਵੇਗਾ ਕਿ ਜਿਸ ਸਮੇਂ ਬੇਅੰਤ ਸਿੰਘ ਦੀ ਸਰਕਾਰ ਆਈ, ਉਸੇ ਸਮੇਂ ਸ੍ਰੀ ਗਿੱਲ ਨੇ ਕੰਮ ਸ਼ੁਰੂ ਕੀਤਾ। ਜੇ ਬੇਅੰਤ ਸਿੰਘ ਕੇ.ਪੀ.ਐਸ. ਗਿੱਲ ਨੂੰ ਨਾ ਚਾਹੁੰਦੇ ਤਾਂ 1993 ਤੋਂ ਬਾਅਦ 1995 ਤੱਕ ਉਨ੍ਹਾਂ ਨੂੰ ਸੇਵਾ ਵਿਚ ਕਿਉਂ ਰੱਖਦੇ? ਅਫ਼ਸੋਸ ਹੈ ਕਿ ਸ੍ਰੀ ਗਿੱਲ ਨੂੰ ਉਹ ਅਧਿਕਾਰ ਵੀ ਨਾ ਦੇਣ ਦਾ ਐਲਾਨ ਹੋ ਗਿਆ ਜੋ ਇਕ ਸਿੱਖ ਦੇ ਨਾਤੇ ਉਨ੍ਹਾਂ ਦਾ ਅਧਿਕਾਰ ਸੀ ਕਿ ਸਿੱਖ ਮਰਿਆਦਾ ਅਨੁਸਾਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਹੋਣ। ਚੰਗਾ ਲੱਗਾ ਤੁਸੀਂ ਇਸ ਦੀ ਨਿੰਦਾ ਕੀਤੀ ਹੈ।

-ਲਕਸ਼ਮੀ ਕਾਂਤਾ ਚਾਵਲਾ।

ਕੀ ਹੁਣ ਦੇਸ਼ ਲਾਲ ਪਰੀ ਦੀ ਕਮਾਈ ਨਾਲ ਚੱਲੇਗਾ?
ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸ਼ਰਾਬ ਦੀ ਵਿੱਕਰੀ ਬਿਨਾਂ ਸਰਕਾਰਾਂ ਚੱਲ ਹੀ ਨਹੀਂ ਸਕਦੀਆਂ। ਇਸ ਸੰਦਰਭ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਕਾਰਾਂ ਕੋਲ ਕੋਈ ਅਜਿਹਾ ਅਰਥ-ਸ਼ਾਸਤਰ ਹੈ ਹੀ ਨਹੀਂ ਹੈ, ਜੋ ਸ਼ਰਾਬ ਦੇ ਪਾਣੀ ਬਿਨਾਂ ਦੇਸ਼ ਨੂੰ ਚਲਾ ਸਕੇ? ਵਿਦਵਾਨ ਤਾਂ ਇਹ ਕਹਿੰਦੇ ਹਨ ਕਿ ਏਨੇ ਬੰਦੇ ਸਮੁੰਦਰ ਵਿਚ ਡੁੱਬ ਕੇ ਨਹੀਂ ਮਰੇ, ਜਿੰਨੇ ਸ਼ਰਾਬ ਵਿਚ ਡੁੱਬ ਕੇ ਮਰਦੇ ਹਨ। ਸ਼ਰਾਬ ਪੀੜਤ ਪਰਿਵਾਰ ਰੀਂਘ-ਰੀਂਘ ਜ਼ਿੰਦਗੀ ਜੀਅ ਰਹੇ ਹਨ। ਧਰਮ ਬਦਲੇ ਮਰ ਮਿਟ ਜਾਣ ਵਾਲੇ ਆਪਣੇ ਧਰਮ-ਸ਼ਾਸਤਰ ਨੂੰ ਕਿਉਂ ਪਿੱਠ ਵਿਖਾ ਰਹੇ ਹਨ, ਜਿਹੜਾ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਕੂਕਦਾ ਹੈ? ਨੀਤੀ ਸ਼ਾਸਤਰ ਉਸ ਸਮਾਜ ਨੂੰ ਪਾਪੀ ਆਖਦੇ ਹਨ ਜਿਹੜਾ ਕੇਵਲ ਮਾਇਆ ਬਦਲੇ ਘਟੀਆ ਵਪਾਰ ਤੇ ਦੁਰਵਿਹਾਰ ਕਰਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਆਉ, ਚਿੰਤਨ ਕਰੀਏ ਤੇ ਦੇਸ਼ ਨੂੰ ਚਲਾਉਣ ਦੀ ਸਹੀ ਸਿਹਤਮੰਦ ਦਿਸ਼ਾ ਵਲ ਨੂੰ ਚੱਲੀਏ।

-ਕੁਲਵੰਤ ਕੌਰ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ (ਜਲੰਧਰ)।

12/06/2017

 ਨਸ਼ਾ ਖ਼ਤਮ ਹੋਵੇ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ 'ਵਿਸ਼ਵ ਪੱਧਰ 'ਤੇ ਤੰਬਾਕੂ ਮੁਕਤ ਦਿਵਸ' ਸਬੰਧੀ ਜਸਵਿੰਦਰ ਸਿੰਘ ਸਹੋਤਾ ਦਾ ਲੇਖ ਛਪਿਆ। ਅੰਕੜਿਆਂ ਅਤੇ ਤੱਥਾਂ 'ਤੇ ਆਧਾਰਿਤ ਤੰਬਾਕੂ ਦੇ ਸੇਵਨ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਸਲਾਹੁਣਯੋਗ ਸੀ ਪ੍ਰੰਤੂ ਬੁੱਧੀਜੀਵੀਆਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਤੰਬਾਕੂ ਦੇ ਸੇਵਨ ਨੂੰ ਬਹੁਤ ਹੀ ਮਾੜਾ ਤੇ ਅਤਿ ਨਿੰਦਣਯੋਗ ਕਿਹਾ ਗਿਆ ਪਰ ਗੱਲ ਉਥੇ ਦੀ ਉਥੇ ਖੜ੍ਹੀ ਦਿਖਾਈ ਦਿੰਦੀ ਹੈ। ਸੋ, ਕੁੱਲ ਮਿਲਾ ਕੇ ਤੰਬਾਕੂ ਦੇ ਉਤਪਾਦਨ 'ਤੇ ਅਤੇ ਤੰਬਾਕੂ ਤੋਂ ਬਣੇ ਅਨੇਕਾਂ ਪਦਾਰਥਾਂ ਜੋ ਬਜ਼ਾਰਾਂ ਵਿਚ ਵਿਕਦੇ ਹਨ, ਉਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਹੀ ਤੰਬਾਕੂ ਦੇ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ।


-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਵਿਦਿਆਰਥੀਆਂ ਵਿਚ ਅਸਹਿਣਸ਼ੀਲਤਾ
ਕੁਝ ਕੁ ਦਿਨ ਪਹਿਲਾਂ 12ਵੀਂ ਅਤੇ ਦਸਵੀਂ ਦਾ ਨਤੀਜਾ ਐਲਾਨਿਆ ਗਿਆ। ਨਾਕਾਮਯਾਬੀ ਮਿਲਣ 'ਤੇ ਕੁਝ ਵਿਦਿਆਰਥੀਆਂ ਦੁਆਰਾ ਖੁਦਕੁਸ਼ੀ ਕਰ ਲਈ ਗਈ। ਇਸ ਦੁਖਦਾਈ ਘਟਨਾ ਤੋਂ ਜ਼ਾਹਿਰ ਹੈ ਕਿ ਵਿਦਿਆਰਥੀ ਜੀਵਨ ਵਿਚੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਜੋ ਕਿ ਸਮਾਜ ਅਤੇ ਮਨੁੱਖਤਾ ਲਈ ਖਤਰਨਾਕ ਹੈ। ਸਿੱਖਿਆ ਦੀ ਨੀਂਹ ਮਾਤਾ-ਪਿਤਾ ਦੁਆਰਾ ਰੱਖਣੀ ਚਾਹੀਦੀ ਹੈ ਕਿਉਂਕਿ ਮਾਪੇ ਬੱਚੇ ਦੇ ਮੁਢਲੇ ਅਧਿਆਪਕ ਹੁੰਦੇ ਹਨ ਅਤੇ ਅਧਿਆਪਕ ਦੁਆਰਾ ਇਸ ਉਤੇ ਉਸਾਰੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਚੰਗੇ ਮਾੜੇ ਹਾਲਾਤ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਅਤੇ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਾ ਕਿਸੇ ਵੀ ਮੁਸ਼ਕਿਲ ਤੋਂ ਭੱਜਣ ਜਾਂ ਖੁਦਕੁਸ਼ੀ ਕਰਨ ਦੀ ਬਜਾਏ ਇਸਦਾ ਬਹਾਦਰੀ ਨਾਲ ਸਾਹਮਣਾ ਕਰੇ।


-ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕ: ਬਾੜੀਆਂ ਕਲਾਂ।


ਸਰਕਾਰ ਸੁਚੱਜੀ ਵਿਉਂਤਬੰਦੀ ਕਰੇ
ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਰੇਤਾ ਦਾ ਮੁੱਲ ਤਾਂ ਸੀਮੈਂਟ ਤੋਂ ਵੀ ਅਗਾਂਹ ਲੰਘਦਾ ਜਾ ਰਿਹਾ ਹੈ। ਧੜੱਲੇਦਾਰ ਲੋਕ ਤਾਂ ਇਸ ਦੀ ਖਰੀਦ ਕਰੀ ਜਾਂਦੇ ਹਨ ਪਰ ਸਧਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਰੇਤਾ ਬੜਾ ਵੱਡਾ ਮਸਲਾ ਹੈ। ਨਿਖੇਧੀ ਇਸ ਗੱਲ ਦੀ ਹੈ ਕਿ ਨਿਲਾਮ ਕੀਤੀਆਂ ਖੱਡਾਂ 'ਚੋਂ ਸਰਕਾਰ ਆਪਣਾ ਤਾਂ ਮੁਆਵਜ਼ਾ ਪ੍ਰਾਪਤ ਕਰ ਲੈਂਦੀ ਹੈ ਪਰ ਆਮ ਲੋਕ ਠੇਕੇਦਾਰਾਂ ਦੀ ਮਨਮਰਜ਼ੀ ਦੇ ਰੇਟਾਂ ਦੇ ਧੱਕੇ ਚੜ੍ਹਦੇ ਹਨ। ਪਹਿਲਾਂ ਸਰਕਾਰ ਰੇਤਾ-ਬਜਰੀ ਦਾ ਵਾਜਬ ਮੁੱਲ ਨਿਸਚਿਤ ਕਰੇ, ਜਿਹੜਾ ਸਾਧਾਰਨ ਲੋਕਾਈ ਦੀ ਪਹੁੰਚ ਬਣ ਸਕੇ। ਸੋ, ਜ਼ਰੂਰਤ ਹੈ, ਸਮੇਂ ਦੀ ਸਰਕਾਰ ਵੱਲੋਂ ਸੁਚੱਜੀ ਵਿਉਂਤਬੰਦੀ ਕੀਤੀ ਜਾਵੇ, ਤਾਂ ਜੋ ਰੇਤਾ-ਬਜਰੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨਾ ਜਾਵੇ।


-ਕਮਲਜੀਤ ਸਿੰਘ
ਪਿੰਡ ਤੇ ਡਾਕ: ਮੱਲ੍ਹੀਆਂ (ਕਰਤਾਰਪੁਰ), ਜ਼ਿਲ੍ਹਾ ਜਲੰਧਰ।

08/06/2017

 ਕਿੰਨੇ ਸੋਹਣੇ ਦਿਨ ਸਨ
75ਵਿਆਂ ਨੂੰ ਢੁਕੇ ਇਕ ਬਜ਼ੁਰਗ ਨੇ ਅਜੋਕੇ ਪੰਜਾਬ ਦੇ ਹਾਲਾਤ 'ਤੇ ਲੰਮਾ ਹਉਕਾ ਲੈਂਦਿਆ ਸੋਹਣੇ ਦਿਨਾਂ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਸਮੇਂ ਕਣਕ-ਮੱਕੀ, ਨਰਮੇ-ਕਪਾਹ, ਕਮਾਦ, ਮੂੰਗਫਲੀ, ਸਰ੍ਹੋਂ, ਅਰਹਰ ਆਦਿ ਹਰ ਫ਼ਸਲ ਹੋਇਆ ਕਰਦੀ ਸੀ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਉਸ ਸਮੇਂ ਹਰ ਕਿਸਾਨ ਦੀ ਮੋਟਰ 'ਤੇ ਘੁਲਾੜੀ ਦਾ ਚੱਲਣਾ, ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ, ਕਣਕ ਦੀ ਰੋਟੀ-ਹਾਰੇ ਦੀ ਦਾਲ, ਕਾੜਨੀ ਦੀ ਲੱਸੀ-ਦਹੀਂ, ਮਿਰਚ, ਔਲੇ ਤੇ ਅਦਰਕ ਦਾ ਆਚਾਰ ਬਹੁਤ ਸਵਾਦੀ ਹੁੰਦਾ ਸੀ।
ਘਰ-ਘਰ ਬਲਦੇ ਚੁੱਲ੍ਹੇ ਵੱਖਰਾ ਹੀ ਸਕੂਨ ਦਿੰਦੇ ਸਨ। ਖੇਤਾਂ 'ਚ ਮੂਲੀ, ਸ਼ਲਗਮ, ਗਾਜਰ ਤੇ ਹੋਰ ਕਈ ਕੁਝ ਆਮ ਹੁੰਦੇ ਸਨ। ਮੂੰਗਫਲੀ ਤੇ ਸ਼ਕਰਕੰਦੀ ਭੁੰਨ ਕੇ ਖਾਂਦੇ ਰਹਿੰਦੇ ਸੀ। ਦਿਨ-ਰਾਤ ਖੇਤਾਂ 'ਚ ਕੰਮ ਕਰਦਿਆਂ ਕਦੇ ਬਿਮਾਰ ਨਹੀਂ ਸੀ ਹੋਏ। ਤਾਜ਼ੀ ਆਬੋ-ਹਵਾ ਹੁੰਦੀ ਸੀ, ਮਿੱਠਾ ਸਰਬਤ ਵਰਗਾ ਪਾਣੀ ਹੁੰਦਾ ਸੀ। ਬਜ਼ੁਰਗ ਹਓਕਾ ਲੈਂਦਾ ਅੱਗੇ ਕਹਿੰਦਾ ਕਿ ਜੇ ਅੱਜ ਸਾਡੇ ਸਮੇਂ ਦਾ ਪੰਜਾਬ ਹੁੰਦਾ ਤਾਂ ਕਿਸਾਨ ਖ਼ੁਦਕੁਸ਼ੀ ਨਾ ਕਰਦਾ, ਪੰਜਾਬੀ ਨਸ਼ਈ ਨਾ ਹੁੰਦਾ। ਵਾਕਿਆ ਹੀ ਉਹ ਕਿੰਨੇ ਸੋਹਣੇ ਦਿਨ ਸੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬੰਬ ਧਮਾਕੇ
ਇਰਾਕ ਅਤੇ ਕਾਬੁਲ ਦੇਸ਼ਾਂ 'ਚ ਅੱਤਵਾਦੀਆਂ ਵੱਲੋਂ ਬੰਬ ਧਮਾਕਿਆਂ ਰਾਹੀਂ ਬੜੀ ਕਰੂਰਤ ਤੇ ਬੇਰਹਿਮੀ ਨਾਲ ਮਨੁੱਖਤਾ ਦਾ ਖੂਨ ਵਹਾਏ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਅਜਿਹੇ ਬੁਰੇ ਤੇ ਗ਼ੈਰ-ਮਨੁੱਖੀ ਕੰਮਾਂ ਨੂੰ ਅੰਜਾਮ ਦੇਣ ਵਾਲੇ ਇਹ ਕਾਫਰ ਲੋਕ ਕਿੰਨੇ ਬੇਰਹਿਮ, ਬੁਝਦਿਲ ਤੇ ਬੇਕਿਰਕ ਹੋਣਗੇ, ਜਿਨ੍ਹਾਂ ਨੂੰ ਨਾ ਇਨਸਾਨੀਅਤ ਨਾਲ ਪਿਆਰ ਅਤੇ ਨਾ ਹੀ ਖ਼ੁਦਾ ਦਾ ਕੋਈ ਖੌਫ਼ ਹੈ। ਇਹ ਬੰਬ ਧਮਾਕੇ ਰੂਪੀ ਕੋਝੇ ਕਾਰੇ ਕਰਨ ਵਾਲੇ ਇਨਸਾਨੀਅਤ ਵਿਹੂਣੇ ਖੂੰਖਾਰ ਦਹਿਸ਼ਤਗਰਦਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਪ੍ਰਭੂ ਅਜਿਹੇ ਮਨੁੱਖਤਾ ਦਾ ਘਾਣ ਕਰਨ ਵਾਲੇ ਦਹਿਸ਼ਤੀਆਂ ਨੂੰ ਅਕਲ ਬਖਸ਼ੇ ਤਾਂ ਜੋ ਅਗਾਂਹ ਨੂੰ ਕੋਈ ਅਜਿਹੀ ਦਿਲ-ਕੰਬਾਊ ਤੇ ਲੋਕ ਉਜਾੜੂ ਘਟਨਾ ਨਾ ਵਾਪਰੇ।


-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।


ਸਮੇਂ ਦੀ ਲੋੜ
ਬੇਨਤੀ ਹੈ ਉਨ੍ਹਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਕਿ ਉਹ ਸਾਰਾ ਧਿਆਨ ਪੰਜਾਬ ਦੇ ਵਿਗੜਦੇ ਹਲਾਤ 'ਤੇ ਕੇਂਦਰਿਤ ਕਰਨ। ਮਨੋਰੰਜਨ ਦੇ ਕਿੱਸੇ ਛੱਡ ਕੇ ਪੰਜਾਬ ਦੀ ਆਰਥਿਕਤਾ ਦਾ ਕੀ ਹਾਲ ਹੈ, ਨਸ਼ਾ, ਬੇਰੁਜ਼ਗਾਰੀ, ਲੁੱਟ-ਖੋਹ, ਘਪਲੇਬਾਜ਼ੀ, ਕਿਸੇ ਪਾਸੇ ਕੋਈ ਮਸਲਾ ਹੱਲ ਨਹੀਂ ਹੋਇਆ। ਅਜਿਹੇ ਹਲਾਤ 1980 ਵਿਚ ਬਣ ਗਏ ਸੀ ਜਦੋਂ ਆਰਥਿਕ ਮਸਲੇ, ਧਾਰਮਿਕ ਮਸਲੇ ਬਣ ਗਏ ਸੀ। ਇਸ ਕਰਕੇ ਜੋ ਤਬਾਹੀ 90 ਦੇ ਦਹਾਕੇ 'ਚ ਹੋਈ, ਉਹ ਹੁਣ ਨਾ ਹੋਵੇ।


-ਗੁਰਾਂਦਿੱਤਾ ਸਿੰਘ ਸੰਧੂ

07/06/2017

  ਪਾਣੀ ਦੀ ਦੁਰਵਰਤੋਂ ਨੂੰ ਰੋਕੇ ਸਰਕਾਰ
ਮਨੁੱਖ ਕੋਲ ਜਿਹੜੀ ਚੀਜ਼ ਬਹੁਤ ਹੋਵੇ ਉਸ ਦੀ ਕਦਰ ਮਨੁੱਖ ਘੱਟ ਹੀ ਕਰਦਾ ਹੈ। ਜਿਵੇਂ ਪੰਜਾਬ ਵਿਚ ਹਾਲ ਦੀ ਘੜੀ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਕਮੀ ਨਹੀਂ। ਬਹੁਤ ਥੋੜ੍ਹੇ ਜਾਗਰੂਕ ਲੋਕ ਹਨ ਜਿਨ੍ਹਾਂ ਨੇ ਟੈਂਕੀ ਭਰ ਜਾਣ ਦੀ ਸੂਚਨਾ ਦੇਣ ਵਾਲਾ ਅਲਾਰਮ ਲਗਾਇਆ ਹੈ ਜਦਕਿ ਬਹੁਗਿਣਤੀ ਲੋਕ ਇਹ ਅਲਾਰਮ ਨਹੀਂ ਲਗਾਉਂਦੇ ਜਿਸ ਨਾਲ ਟੈਂਕੀ ਭਰਨ ਤੋਂ ਬਾਅਦ ਕੀਮਤੀ ਪਾਣੀ ਬਰਬਾਦ ਹੁੰਦਾ ਰਹਿੰਦਾ ਹੈ। ਕੀ ਸਰਕਾਰ ਅਤੇ ਨਗਰ ਨਿਗਮਾਂ ਇਸ ਗੰਭੀਰ ਮਸਲੇ ਦੇ ਹੱਲ ਲਈ ਕੋਈ ਠੋਸ ਕਾਰਵਾਈ ਕਰਨਗੀਆਂ। ਇਸ ਨਾਲ ਲੋੜਵੰਦਾਂ ਨੂੰ ਪਾਣੀ ਮਿਲਣ ਵਿਚ ਸਹਾਇਤਾ ਮਿਲੇਗੀ।


-ਗੁਲਸ਼ਨ ਕੁਮਾਰ
ਕਿਸ਼ਨਪੁਰਾ, ਜਲੰਧਰ ਸ਼ਹਿਰ।


ਸੋਚਣ ਦੀ ਲੋੜ

ਪਿਛਲੇ ਦਿਨੀਂ ਬਲਬੀਰ ਸਿੰਘ ਰਾਜੇਵਾਲ ਦਾ ਲੇਖ 'ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਖੁਦ ਹੱਲ ਲੱਭਣਾ ਪਊ' ਬਹੁਤ ਵਧੀਆ ਸੀ। ਜੇਕਰ ਕਿਸਾਨ ਸਬਜ਼ੀਆਂ ਜਾਂ ਕਣਕ-ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜ ਵੀ ਲੈਂਦਾ ਹੈ ਤਾਂ ਠੀਕ ਮੰਡੀਕਰਨ ਦੀ ਅਣਹੋਂਦ ਕਾਰਨ ਕਿਸਾਨ ਨੂੰ ਨੁਕਸਾਨ ਹੀ ਹੁੰਦਾ ਹੈ। ਜਦੋਂ ਤੱਕ ਕਿਸਾਨ ਪੈਦਾਵਾਰ ਨੂੰ ਸਿੱਧਾ ਖਪਤਕਾਰ ਤੱਕ ਪਹੁੰਚਾਉਣ ਵੱਲ ਭਾਵ ਮੰਡੀਕਰਨ ਵੱਲ ਢੁਕਦਾ ਧਿਆਨ ਨਹੀਂ ਦੇਵੇਗਾ, ਉਦੋਂ ਤੱਕ ਕਿਸਾਨ ਦੀ ਮੌਜੂਦਾ ਆਰਥਿਕ ਹਾਲਤ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਆਵੇਗੀ।
ਦੂਸਰਾ ਜੇਕਰ ਘਰ ਵਿਚ ਬਿਮਾਰੀ ਲਈ ਕਰਜ਼ਾ ਲੈਣਾ ਪੈ ਜਾਵੇ ਉਹ ਤਾਂ ਅਲੱਗ ਗੱਲ ਹੈ। ਅੰਤ ਵਿਚ ਮੈਂ ਇਹੀ ਕਹਾਂਗਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਸ ਸਮੱਸਿਆ ਨਾਲ ਅਸੀਂ ਦੋਵੇਂ ਪਤੀ-ਪਤਨੀ ਨਹੀਂ ਲੜ ਸਕਦੇ, ਉਸ ਲੜਾਈ ਨੂੰ ਮੇਰੀ ਪਤਨੀ ਇਕੱਲੀ ਕਿਵੇਂ ਲੜੇਗੀ, ਜਾਂ ਮੇਰੇ ਖੁਦਕੁਸ਼ੀ ਕਰਨ ਦਾ ਮੇਰੇ ਬੱਚਿਆਂ ਦੀ ਮਾਨਸਿਕਤਾ 'ਤੇ ਕੀ ਅਸਰ ਹੋਵੇਗਾ?

-ਬਿਕਰਮਜੀਤ ਸਿੰਘ
ਭਾਦਸੋਂ (ਪਟਿਆਲਾ)।


ਚਿੰਤਾ ਦਾ ਵਿਸ਼ਾ

12ਵੀਂ ਜਮਾਤ ਦੇ ਨਤੀਜਿਆਂ ਦੀ ਪਾਸ ਦਰ ਪਿਛਲੇ ਸਾਲ ਨਾਲੋਂ 14.41 ਫ਼ੀਸਦੀ ਘਟਣਾ ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਨਤੀਜਿਆਂ 'ਚ ਆਈ ਗਿਰਾਵਟ ਦਾ ਕਾਰਨ ਕਾਫ਼ੀ ਹੱਦ ਤੱਕ ਸਿੱਖਿਆ ਸਿਸਟਮ ਨੂੰ ਵੀ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਸਾਲਾਂ ਦੌਰਾਨ ਸ਼ੁਰੂ ਹੋਏ ਸੀ.ਸੀ.ਈ. ਸਿਸਟਮ ਤੇ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੇ ਬੱਚਿਆਂ ਦੇ ਮਨਾਂ 'ਚੋਂ ਇਮਤਿਹਾਨਾਂ ਦਾ ਡਰ ਕੱਢ ਦਿੱਤਾ ਹੈ।
ਬੱਚੇ ਇਮਤਿਹਾਨਾਂ ਨੂੰ ਰਸਮੀ ਤੌਰ 'ਤੇ ਲੈਣ ਲੱਗੇ ਹਨ। ਗਰੇਡ ਸਿਸਟਮ ਨੇ ਬੱਚਿਆਂ 'ਚ ਮੁਕਾਬਲੇ ਦੀ ਭਾਵਨਾ ਘਟਾਈ ਹੈ। ਉਪਰੋਕਤ ਕਾਰਨਾਂ ਕਰਕੇ ਅੱਗੇ ਜਾ ਕੇ ਪਾਸ ਦਰ ਘਟਣੀ ਸੁਭਾਵਿਕ ਹੀ ਹੈ। ਅੱਠਵੀਂ ਤੱਕ ਫੇਲ੍ਹ ਨਾ ਕਰਨ ਦਾ ਸਿਸਟਮ ਬੰਦ ਹੋਣਾ ਚਾਹੀਦਾ ਹੈ। ਸੀ.ਬੀ.ਐਸ.ਈ. ਦੀ ਤਰਜ਼ 'ਤੇ ਸਾਲਾਨਾ ਪ੍ਰੀਖਿਆ ਪ੍ਰਣਾਲੀ ਮੁੜ ਸ਼ੁਰੂ ਕਰਨ ਤੇ ਗੌਰ ਕਰਨੀ ਬਣਦੀ ਹੈ। ਨਹੀਂ ਤਾਂ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਸਰਕਾਰੀ ਸਿੱਖਿਆਤੰਤਰ ਬਹੁਤਾ ਚਿਰ ਨਹੀਂ ਟਿਕ ਸਕੇਗਾ।

-ਬਲਵੀਰ ਸਿੰਘ ਵਾਸੀਆ

06/06/2017

 ਪਾਸ ਪ੍ਰਤੀਸ਼ਤ ਘਟਨਾ ਦੁਖਦਾਇਕ
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2017 ਦਾ ਬਾਰ੍ਹਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੋਵੇਂ ਜਮਾਤਾਂ ਦੇ ਕੁੜੀਆਂ ਦੇ ਹੱਕ 'ਚ ਆਏ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੁੜੀਆਂ ਲਗਨ ਨਾਲ ਪੜ੍ਹਾਈ ਕਰ ਰਹੀਆਂ ਹਨ। ਪਰ ਇਸ ਵਾਰ ਜਿਸ ਤਰ੍ਹਾਂ ਦੋਵੇਂ ਜਮਾਤਾਂ ਦੀ ਪਾਸ ਪ੍ਰਤੀਸ਼ਤ ਘਟੀ ਹੈ, ਉਹ ਹੈਰਾਨੀਜਨਕ ਤੇ ਪ੍ਰੇਸ਼ਾਨ ਕਰਨ ਵਾਲੀ ਹੈ। ਵਾਧੂ ਅੰਕਾਂ ਨੂੰ ਛੱਡ ਕੇ ਵੀ ਪਾਸ ਪ੍ਰਤੀਸ਼ਤ ਦਾ ਘਟਣਾ ਸੋਚਣ ਲਈ ਮਜਬੂਰ ਕਰਦਾ ਹੈ। ਇਸ ਦੀ ਘੋਖ ਕਰਨੀ ਬਣਦੀ ਹੈ। ਬਹੁਤਾ ਕਰਕੇ ਅੱਜ ਦੋਸ਼ੀ ਸੋਸ਼ਲ ਮੀਡੀਆ ਨੈੱਟਵਰਕ ਨੂੰ ਮੰਨਿਆ ਜਾ ਰਿਹਾ ਹੈ। ਵਿਦਿਆਰਥੀ ਸਿਰਫ ਪੜ੍ਹਾਈ ਨੂੰ ਤਰਜੀਹ ਦੇਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਕਿਸਾਨ ਪੱਖੀ ਯੋਜਨਾਵਾਂ ਦੀ ਲੋੜ
ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਲਗਪਗ 30 ਲੱਖ ਕਿਸਾਨ 62000 ਕਰੋੜ ਦੇ ਕਰਜ਼ਾਈ ਹਨ। ਸਰਕਾਰੀ ਨੀਤੀਆਂ ਸਰਮਾਏਦਾਰੀ ਪੱਖੀ ਹਨ। ਕਿਸਾਨ ਦੀ ਕੋਈ ਬਾਂਹ ਨਹੀਂ ਫੜਦੀ। ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਕੇਵਲ ਕਾਗਜ਼ੀ ਦਸਤਾਵੇਜ਼ ਬਣ ਕੇ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਫਸਲੀ ਬੀਮਾ ਯੋਜਨਾਵਾਂ ਅਧੂਰੀਆਂ ਹਨ। ਪੂਰੇ ਦੇਸ਼ ਨੂੰ ਪਾਲਣ ਵਾਲਾ ਕਿਸਾਨ ਅੱਜ ਆਪਣਾ ਟੱਬਰ ਪਾਲਣ ਤੋਂ ਵੀ ਅਸਮਰੱਥ ਦਿਖਾਈ ਦੇ ਰਿਹਾ ਹੈ। ਕੀ ਸੱਤਾ ਦਾ ਸੁੱਖ ਭੋਗਣ ਵਾਲੇ ਰਾਜਸੀ ਨੇਤਾ ਵਾਤਾਅਨੁਕੂਲ ਕਮਰਿਆਂ ਵਿਚੋਂ ਨਿਕਲ ਕੇ ਕਰਜ਼ੇ ਨਾਲ ਸਤਾਏ ਕਿਸਾਨ ਦੀ ਬਾਂਹ ਫੜਨਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਆਉ! ਕੁਦਰਤ ਪ੍ਰਤੀ ਇਮਾਨਦਾਰ ਹੋਈਏ
ਸਾਡੇ ਹੀ ਵਿਗਾੜੇ ਹੋਏ ਕੁਦਰਤੀ ਪ੍ਰਬੰਧ ਵਿਚ ਜਦੋਂ ਅਸੀਂ ਖੁਦ ਘੁਟਣ ਮਹਿਸੂਸ ਕਰਦੇ ਹਾਂ ਤਾਂ ਸਾਡੀ ਅੱਖ ਰਤਾ ਕੁ ਖੁੱਲ੍ਹਦੀ ਹੈ ਕਿ ਕੁਦਰਤੀ ਨਿਆਮਤਾਂ ਨਾਲ ਭਰਪੂਰ ਇਕੋ ਇਕ ਗ੍ਰਹਿ ਨੂੰ ਅਸੀਂ ਸਹੂਲਤਾਂ ਸੰਪੰਨ ਬਣਾਉਣ ਦੇ ਚੱਕਰ ਵਿਚ ਜੀਣ ਜੋਗਾ ਵੀ ਨਹੀਂ ਰਹਿਣ ਦੇ ਰਹੇ ਤਾਂ ਇਸ ਦੀ ਸਾਂਭ-ਸੰਭਾਲ ਦਾ ਖਿਆਲ ਵੀ ਜ਼ਰੂਰ ਮਨ ਦਰਵਾਜ਼ੇ 'ਤੇ ਆ ਖੜ੍ਹਦਾ ਹੈ।
ਰੁੱਖ ਲਗਾਉਣੇ ਹਰ ਮਨੁੱਖੀ ਸੁਭਾਅ ਦਾ ਅੰਗ ਬਣਨਾ ਚਾਹੀਦਾ ਹੈ। ਸਕੂਲਾਂ, ਕਾਲਜਾਂ ਵਿਚ ਵਾਤਾਵਰਨ ਵਿਸ਼ਾ ਕੇਵਲ ਅੰਕ ਹਾਸਲ ਕਰਨ ਦਾ ਜ਼ਰੀਆ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਨਵੀਂ ਪੀੜ੍ਹੀ ਨੂੰ ਕੁਦਰਤ ਨਾਲ ਜੋੜਨ ਦੇ ਢੰਗ ਵਜੋਂ ਵਰਤਣ ਦੀ ਲੋੜ ਹੈ ਤਾਂ ਹੀ ਕੁਦਰਤ ਤੇ ਮਨੁੱਖ ਦੇ ਵਧ ਰਹੇ ਪਾੜੇ ਨੂੰ ਪੂਰਿਆ ਜਾ ਸਕਦਾ ਹੈ। ਕੁਦਰਤ ਸਾਡੀ ਪਾਲਣਹਾਰ ਹੈ, ਇਸ ਦੀ ਮਹੱਤਤਾ ਸਮਝਦਿਆਂ ਮਨੁੱਖ ਨੂੰ ਆਪਣੀਆਂ ਤਬਾਹਕੁਨ ਰੁਚੀਆਂ ਨੂੰ ਮੋੜਾ ਦੇਣਾ ਹੀ ਪਵੇਗਾ। ਆਓ ਆਪਣੇ ਕੁਦਰਤ ਪ੍ਰਤੀ ਫ਼ਰਜ਼ਾਂ ਨੂੰ ਨਿਭਾਈਏ ਤੇ ਮੌਸਮੀ ਦਰਸ਼ਕਾਂ ਦੀ ਥਾਂ ਕੁਦਰਤ ਦੇ ਇਮਾਨਦਾਰ ਪ੍ਰਸੰਸਕ ਬਣੀਏ।

-ਬਲਵਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

05/06/2017

 ਅਸਲ ਛਬੀਲ
ਅਸੀਂ ਪਿੰਡ ਦੇ ਨੌਜਵਾਨ ਛਬੀਲ ਲਈ ਉਗਰਾਹੀ ਕਰਦੇ-ਕਰਦੇ ਜਦੋਂ ਪਿੰਡ ਦੀ ਫਿਰਨੀ ਦੇ ਬਾਹਰਵਾਰ ਬਜ਼ੁਰਗ ਬਾਬੇ ਸੰਤੇ ਦੇ ਘਰ ਪੁੱਜੇ ਤਾਂ ਸਾਨੂੰ ਬਾਬੇ ਨੇ ਕਿਹਾ, 'ਮੇਰਾ ਇਕ ਸੁਝਾਅ ਹੈ, ਮੰਨਿਓ ਭਾਵੇਂ ਨਾ ਮੰਨਿਓ। ਲੋਕ ਪਾਣੀ ਪੀਂਦੇ ਘੱਟ ਅਤੇ ਖਰਾਬ ਜ਼ਿਆਦਾ ਕਰਦੇ ਹਨ। ਜੇਕਰ ਤੁਸੀਂ ਸੱਚਮੁੱਚ ਹੀ ਅਸਲੀ ਸੇਵਾ ਵਾਲਾ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੇ ਹਸਪਤਾਲ ਜਾਓ ਤੇ ਚਿਰਾਂ ਤੋਂ ਬੰਦ ਪਏ ਪੱਖੇ ਠੀਕ ਕਰਵਾ ਦਿਓ। ਸਕੂਲ ਦੇ ਬੱਚੇ ਅਤੇ ਦੂਰ ਤੋਂ ਆਏ ਹੋਏ ਮਰੀਜ਼ ਤੁਹਾਨੂੰ ਹਰ ਗਰਮੀ ਦੇ ਮੌਸਮ ਵਿਚ ਅਸੀਸਾਂ ਦਿਆ ਕਰਨਗੇ। ਇਕ ਠੰਢੇ ਪਾਣੀ ਵਾਲਾ ਵਾਟਰ ਕੂਲਰ ਸਕੂਲ 'ਚ ਲਗਵਾ ਦਿਓ। ਕੁਝ ਛਾਂਦਾਰ ਬੂਟੇ ਲਗਵਾ ਦਿਓ ਤਾਂ ਕਿ ਵਾਤਾਵਰਨ ਸਾਫ਼-ਸੁਥਰਾ ਹੋ ਸਕੇ, ਪੰਛੀ ਆਪਣਾ ਰੈਣ-ਬਸੇਰਾ ਬਣਾਉਣ ਅਤੇ ਅਸੀਂ ਆਉਣ ਵਾਲੇ ਸਮੇਂ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰ ਸਕੀਏ। ਬਜ਼ੁਰਗ ਬਾਪੂ ਜੀ ਦੀ ਸਿੱਖਿਆ ਸੁਣ ਕੇ ਸੱਚਮੁਚ ਇੰਜ ਲੱਗ ਰਿਹਾ ਸੀ ਕਿ ਜਿਵੇਂ ਸਾਨੂੰ ਛਬੀਲ ਦਾ ਅਸਲੀ ਅਰਥ ਲੱਭ ਪਿਆ ਹੋਵੇ।

-ਜਸਵੰਤ ਸਿੰਘ ਰੌਲੀ
ਸਰਕਾਰੀ ਐਲੀਮੈਂਟਰੀ ਸਕੂਲ ਬਾਠ ਕਲਾਂ (ਜਲੰਧਰ)

ਸਿੱਖਿਆ ਦਾ ਵਪਾਰੀਕਰਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਨੁਸਾਰ 12ਵੀਂ ਦੇ ਨਤੀਜੇ 'ਚੋਂ 62 ਹਜ਼ਾਰ 916 ਦੇ ਕਰੀਬ ਵਿਦਿਆਰਥੀਆਂ ਦੀ ਕੰਪਾਰਟਮੈਂਟ ਅਤੇ 10ਵੀਂ ਦੇ ਨਤੀਜੇ 'ਚੋਂ 94 ਹਜ਼ਾਰ 271 ਦੇ ਕਰੀਬ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਫਿਰ ਦੁਬਾਰਾ ਪੇਪਰ ਦੇਣ ਲਈ 10ਵੀਂ ਦੀ ਫੀਸ 1050 ਰੁਪਏ ਤੇ ਬਾਰ੍ਹਵੀਂ ਦੀ ਫੀਸ 1350 ਰੁਪਏ ਦੇ ਹਿਸਾਬ ਨਾਲ ਕੁੱਲ ਫੀਸ ਦੀ ਰਾਸ਼ੀ 18 ਕਰੋੜ 30 ਲੱਖ 21 ਹਜ਼ਾਰ ਦੇ ਕਰੀਬ ਬਣਦੀ ਹੈ। ਸਿੱਖਿਆ ਬੋਰਡ ਅਤੇ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਰੀਅਪੀਅਰ ਵਾਲੇ ਵਿਦਿਆਰਥੀਆਂ ਦੀ ਪੇਪਰ ਫੀਸ ਕਾਫੀ ਹੱਦ ਤੱਕ ਘਟਾ ਕੇ ਉਨ੍ਹਾਂ ਨੂੰ ਆਪਣਾ ਭਵਿੱਖ ਅਤੇ ਸਮਾਜ ਸਿਰਜਣ ਦਾ ਇਕ ਵਧੀਆ ਮੌਕਾ ਦਿੱਤਾ ਜਾਵੇ ਤਾਂ ਜੋ ਇਹ ਬੱਚੇ ਆਪਣੇ ਮਾਪਿਆਂ 'ਤੇ ਬੋਝ ਨਾ ਬਣਨ ਤੇ ਮਾਪੇ ਇਨ੍ਹਾਂ ਦੀ ਫੀਸ ਆਸਾਨੀ ਨਾਲ ਭਰ ਸਕਣ।

-ਤਰਸੇਮ ਮਹਿਤੋ
ਪਿੰਡ ਬਈਏਵਾਲ, ਜ਼ਿਲ੍ਹਾ ਸੰਗਰੂਰ।

ਅੰਧ-ਵਿਸ਼ਵਾਸ
21ਵੀਂ ਸਦੀ ਦਾ ਮਨੁੱਖ ਮੋਬਾਈਲ ਕ੍ਰਾਂਤੀ ਦੇ ਯੁੱਗ ਵਿਚ ਰਹਿ ਰਿਹਾ ਹੈ। ਸੋਸ਼ਲ ਸਾਈਟਾਂ ਨੇ ਪੂਰੀ ਦੁਨੀਆ ਨੂੰ ਇਕ ਪਿੰਡ ਵਿਚ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਸੋਸ਼ਲ ਸਾਈਟਾਂ ਨੇ ਭਾਵੇਂ ਮਨੁੱਖੀ ਗਿਆਨ-ਵਿਗਿਆਨ ਦੀ ਜਾਣਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਅੱਜ ਦੇ ਵਿਗਿਆਨਕ ਯੁੱਗ ਵਿਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਪੜ੍ਹੇ-ਲਿਖੇ ਇਨਸਾਨ ਵੀ ਅੰਧ-ਵਿਸ਼ਵਾਸ ਦੀ ਜਕੜ ਤੋਂ ਖਹਿੜਾ ਨਹੀਂ ਛੁਡਾ ਸਕੇ। ਇਸ ਤਰ੍ਹਾਂ ਦੇ ਬਹੁ-ਗਿਣਤੀ ਮੈਸੇਜ਼ ਵੀਡੀਓ ਕਲਿੱਪ ਕੰਪਿਊਟਰ ਦੁਆਰਾ ਐਡਿਟ ਕਰਕੇ ਪਾਏ ਜਾਂਦੇ ਹਨ, ਜੋ ਸੱਚ ਹੋਣ ਦਾ ਭੁਲੇਖਾ ਪਾਉਂਦੇ ਹਨ। ਅੱਜ ਦੇ ਮਨੁੱਖ ਨੂੰ ਇਨ੍ਹਾਂ ਭਰਮ ਫੈਲਾਓ ਪੋਸਟਾਂ ਜਾਂ ਵੀਡੀਓ ਕਲਿੱਪਾਂ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

-ਸੁਖਵੀਰ ਘੁਮਾਣ ਦਿੜ੍ਹਬਾ

02/06/2017

 ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ
ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ ਕਈ ਸਾਲਾਂ ਤੋਂ ਮੀਡੀਆ ਵਿਚ ਛਾਇਆ ਹੋਇਆ ਹੈ। ਪਰ ਕੁਝ ਅਰਸੇ ਤੋਂ ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ 12ਵੀਂ ਅਤੇ 10ਵੀਂ ਜਮਾਤਾਂ ਦੇ ਆਏ ਨਤੀਜਿਆਂ ਵਿਚ ਅਸਫਲ ਰਹਿਣ ਵਾਲੇ ਜਾਂ ਘੱਟ ਨੰਬਰ ਪ੍ਰਾਪਤ ਕਰਨ ਵਾਲੇ ਕੁਝ ਵਿਦਿਆਰਥੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਉਮਰ ਤਾਂ ਜ਼ਿੰਦਗੀ ਨੂੰ ਮਾਨਣ ਦੀ ਹੁੰਦੀ ਹੈ, ਜੋਸ਼ ਨਾਲ ਕੰਮ ਕਰਨ ਦੀ ਹੁੰਦੀ ਹੈ, ਮੰਜ਼ਿਲਾਂ ਸਰ ਕਰਨ ਦੀ ਹੁੰਦੀ ਹੈ, ਮੁਸ਼ਕਿਲਾਂ ਨੂੰ ਚੁਣੌਤੀ ਦੇਣ ਦੀ ਹੁੰਦੀ ਹੈ ਅਤੇ ਸੁਪਨੇ ਦੇਖਣ ਅਤੇ ਸਾਕਾਰ ਕਰਨ ਦੀ ਹੁੰਦੀ ਹੈ, ਫਿਰ ਇਸ ਉਮਰ ਵਿਚ ਏਨੀ ਨਿਰਾਸ਼ਾ ਕਿਉਂ? ਸਰਕਾਰਾਂ ਕੋਲ ਤਾਂ ਅਜਿਹੇ ਮੁੱਦਿਆਂ ਲਈ ਸਮਾਂ ਹੀ ਨਹੀਂ ਹੁੰਦਾ। ਜੇ ਸਾਡਾ ਨੌਜਵਾਨ ਹੀ ਨਿਰਾਸ਼ਾ ਦੇ ਆਲਮ ਵਿਚ ਚਲਾ ਗਿਆ, ਫਿਰ ਦੇਸ਼ ਤਰੱਕੀ ਕਿਵੇਂ ਕਰੇਗਾ? ਸੋ ਲੋੜ ਹੈ ਇਸ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ, ਵਰਨਾ ਸੱਪ ਲੰਘਣ ਤੋਂ ਬਾਅਦ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।


ਲੋਕ ਸਭਾ ਦੇ ਮਹਿਲਾ ਸਪੀਕਰ ਅਤੇ ਉਨ੍ਹਾਂ ਦਾ ਕਾਰਜ ਕਾਲ
ਆਜ਼ਾਦੀ ਤੋਂ ਬਾਅਦ ਪਹਿਲੀ ਲੋਕ ਸਭਾ ਚੋਣ 25 ਅਕਤੂਬਰ 1951 ਤੋਂ 21 ਫਰਵਰੀ 1952 ਦੌਰਾਨ ਆਜ਼ਾਦ ਭਾਰਤ ਦੇ ਪਹਿਲੇ ਚੋਣ ਕਮਿਸ਼ਨਰ ਸੁਕੁਮਰ ਸੇਨ ਦੀ ਦੇਖ ਰੇਖ ਵਿਚ ਹੋਈ ਜੋ ਕਿ ਚੁਣੌਤੀ ਭਰਿਆ ਕੰਮ ਸੀ। ਲੋਕ ਸਭਾ ਦੇ ਸਪੀਕਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਉਸ ਨੇ ਲੋਕ ਸਭਾ ਦੀ ਕਾਰਵਾਈ ਚਲਾਉਣੀ ਹੁੰਦੀ ਹੈ। ਉਸ ਦੀ ਚੋਣ ਲੋਕ ਸਭਾ ਮੈਂਬਰਾਂ ਵਿਚੋਂ ਤਕਰੀਬਨ ਆਮ ਸਹਿਮਤੀ ਨਾਲ ਕੀਤੀ ਜਾਂਦੀ ਹੈ। ਸੰਸਦ ਦੇ ਇਸ ਸਦਨ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣਾ ਉਸ ਦਾ ਕੰਮ ਹੈ। ਉਸ ਨੇ ਲੋਕ ਸਭਾ ਦੀ ਕਾਰਵਾਈ ਨਿਰਪੱਖ ਢੰਗ ਨਾਲ ਚਲਾਉਣੀ ਹੁੰਦੀ ਹੈ। ਕੋਈ ਵੀ ਮੈਂਬਰ ਉਸ ਦੀ ਇਜ਼ਾਜਤ ਬਿਨਾਂ ਸਦਨ ਵਿਚ ਬੋਲ ਨਹੀਂ ਸਕਦਾ। ਸਪੀਕਰ ਦਾ ਰੁਤਬਾ ਚੀਫ ਜਸਟਿਸ ਦੇ ਬਰਾਬਰ ਦਾ ਹੈ। ਪਹਿਲੀ ਮਹਿਲਾ ਸਪੀਕਰ ਮੀਰਾ ਕੁਮਾਰ (ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ) ਬਤੌਰ 16ਵੇਂ ਸਪੀਕਰ ਵਜੋਂ 4 ਜੂਨ 2009 ਤੋਂ 4 ਜੂਨ 2014 ਤੱਕ ਸਫਲਤਾਪੂਰਨ ਸੇਵਾ ਨਿਭਾ ਚੁੱਕੇ ਹਨ। ਹੁਣ ਤੱਕ ਸਤਾਰਾਂ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਹੁਣ ਸ੍ਰੀਮਤੀ ਸੁਮਿੱਤਰਾ ਮਹਾਜਨ (ਭਾਰਤੀ ਜਨਤਾ ਪਾਰਟੀ) ਦੂਜੀ ਮਹਿਲਾ ਹਨ, ਜੋ ਸਤਾਰ੍ਹਵੀਂ ਲੋਕ ਸਭਾ ਸਪੀਕਰ ਦੀ ਸੇਵਾ ਨਿਭਾਅ ਰਹੇ ਹਨ।


-ਮੇਜਰ ਸਿੰਘ ਨਾਭਾ
#208, ਗੁਰੂ ਤੇਗ ਬਹਾਦਰ ਨਗਰ, ਨਾਭਾ (ਪਟਿਆਲਾ)।


ਸਾਡੀ ਰਸੋਈ
'ਸਾਡੀ ਰਸੋਈ' ਰਾਹੀਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਰਿਆਇਤ ਕੀਮਤ 'ਤੇ ਖਾਣਾ ਦੇਣ ਲਈ ਜੋ ਉਪਰਾਲਾ ਨਵਾਂਸ਼ਹਿਰ ਵਿਚ ਹੋਇਆ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅੱਜ ਦੇ ਹਾਲਾਤ ਵਿਚ ਬਹੁਤ ਸਾਰੇ ਅਜਿਹੇ ਕੇਸ ਹੋ ਚੁੱਕੇ ਹਨ, ਜੋ ਰੋਟੀ ਨਾ ਮਿਲਣ ਦੇ ਦੁੱਖੋਂ ਮਰੇ ਹਨ। ਚੰਗਾ ਹੋਵੇਗਾ ਜੇਕਰ ਇਹ ਸਕੀਮ ਟਿਫਨ-ਡੱਬਾ ਸਿਸਟਮ ਰਾਹੀਂ ਲੋੜੀਂਦੇ ਘਰਾਂ ਤੱਕ ਖਾਣਾ ਮੁਹੱਈਆ ਕੀਤਾ ਜਾਵੇ ਤਾਂ ਕਿ ਇਹ ਸਮਾਜ ਸੇਵਾ ਸਰਕਾਰੀ ਸੇਵਾ ਵਿਚ ਬਦਲ ਜਾਵੇ। ਕਿਰਪਾ ਕਰਕੇ ਹੋਟਲਾਂ, ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ 'ਤੇ ਕਾਬੂ ਪਾਇਆ ਜਾਵੇ।


-ਸੁਪਰਡੈਂਟ ਰਘਬੀਰ ਸਿੰਘ ਬੈਂਸ
ਮੋ: 94633-64101.


ਬੋਰਡ ਪ੍ਰੀਖਿਆਵਾਂ ਦਾ ਸੱਚ
ਜੇਕਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨਕਲ ਰਹਿਤ ਹੁੰਦੀਆਂ ਤਾਂ ਨਤੀਜਾ ਕਦੇ ਵੀ 20 ਫ਼ੀਸਦੀ ਤੋਂ ਵੱਧ ਨਹੀਂ ਸੀ ਹੋ ਸਕਦਾ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਮੁੱਢ ਉਸ ਦੀ ਸਿੱਖਿਆ ਪ੍ਰਣਾਲੀ ਤੋਂ ਬੱਝਦਾ ਹੈ। ਬੋਰਡ ਨੂੰ ਚਾਹੀਦਾ ਹੈ ਕਿ ਉਹ ਨੌਵੀਂ ਤੇ ਗਿਆਰਵੀਂ ਦੀਆਂ ਪ੍ਰੀਖਿਆਵਾਂ ਵੀ ਆਪਣੇ ਹੱਥ ਵਿਚ ਲੈ ਲਵੇ। ਵਿਦਿਆਰਥੀਆਂ ਨੂੰ ਪੜ੍ਹਨ ਦੀ ਆਦਤ ਪਵੇਗੀ, ਸਾਫ਼-ਸੁਥਰੇ ਰੌਸ਼ਨ ਦਿਮਾਗ ਵਿਦਿਆਰਥੀ ਕਾਲਜਾਂ ਵਿਚ ਪਹੁੰਚਣਗੇ। ਸਰਕਾਰ ਸੰਜੀਦਾ ਹੋਵੇ, ਪ੍ਰੀਖਿਆਵਾਂ ਸਖ਼ਤ ਨਿਗਰਾਨੀ ਹੇਠ ਹੋਣ ਤਾਂ ਜੋ ਨਕਲ ਰੂਪੀ ਕੋਹੜ ਨੂੰ ਸਮਾਜ ਵਿਚੋਂ ਕੱਢਿਆ ਜਾ ਸਕੇ।


-ਬਲਦੇਵ ਸਿੰਘ
ਬਟਾਲਾ, ਮੋ: 98720-84105.

01/06/2017

 ਪਾਣੀ ਦਾ ਡਿੱਗਦਾ ਪੱਧਰ
ਮਨੁੱਖ ਪਾਣੀ ਦੀ ਕਦਰ ਨਾ ਕਰਦਾ ਹੋਇਆ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਅੱਜ ਜੋ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਉਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ। ਪਵਿੱਤਰ ਗੁਰਬਾਣੀ ਵਿਚ ਹਵਾ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਿਹਾ ਗਿਆ ਹੈ ਪਰ ਮਨੁੱਖ ਹਵਾ ਅਤੇ ਪਾਣੀ ਦੋਵਾਂ ਨੂੰ ਹੀ ਦੂਸ਼ਿਤ ਕਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਧਿਆਨ 'ਚ ਰੱਖਦਿਆਂ ਮਨੁੱਖ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ। ਜੇਕਰ ਮਨੁੱਖ ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਧਰਤੀ ਹੇਠੋਂ ਪਾਣੀ ਕੱਢਣ ਦੇ ਸਾਰੇ ਸਾਧਨ ਵੀ ਖ਼ਤਮ ਹੋ ਜਾਣਗੇ।


-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।


ਸਰਕਾਰੀ ਹਸਪਤਾਲਾਂ ਦੀ ਅਸਲੀ ਤਸਵੀਰ
ਸਰਕਾਰੀ ਹਸਪਤਾਲਾਂ ਦੀ ਜੋ ਹਾਲਤ ਹੈ, ਉਸ ਬਾਰੇ ਕੁਝ ਵੀ ਲੁਕਿਆ ਹੋਇਆ ਨਹੀਂ। ਟੁੱਟੇ ਭੱਜੇ, ਗੰਦਗੀ ਭਰਪੂਰ, ਡਾਕਟਰਾਂ ਤੋਂ ਸੱਖਣੇ, ਸਟਾਫ ਦਾ ਕੁਝ ਅਤਾ ਪਤਾ ਨਹੀਂ ਤੇ ਦਵਾਈਆਂ-ਰਹਿਤ, ਇਹ ਹੈ ਸਰਕਾਰੀ ਹਸਪਤਾਲਾਂ ਦੀ ਅਸਲੀ ਤਸਵੀਰ। ਜੇ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਇਲਾਜ ਕਰਵਾਉਣੇ ਹਨ ਤਾਂ ਸਰਕਾਰਾਂ ਚੁਣਨ ਦਾ ਕੀ ਫਾਇਦਾ? ਟੈਕਸ ਦੇਣ ਦਾ ਕੀ ਲਾਭ? ਬਜਟ ਵਿਚ ਪੈਸਾ ਰੱਖਿਆ ਕਿੱਥੇ ਜਾਂਦਾ ਹੈ? ਪਰ ਬਦਕਿਸਮਤੀ ਕੋਈ ਧਿਰ ਜਵਾਬ ਦੇਣ ਵਾਸਤੇ ਤਿਆਰ ਨਹੀਂ। ਪ੍ਰਾਈਵੇਟ ਡਾਕਟਰਾਂ ਨੇ ਤਾਂ ਅਜਿਹਾ ਮਕੜ ਜਾਲ ਵਿਛਾਇਆ ਹੈ ਕਿ ਬੰਦਾ ਮਜਬੂਰੀ ਵਿਚ ਅਜਿਹਾ ਫਸਦਾ ਹੈ ਕਿ ਉਸ ਦੀ ਹਾਲਤ ਉੱਜੜਿਆਂ ਵਰਗੀ ਹੋ ਜਾਂਦੀ ਹੈ। ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਵਿਚ ਹੋ ਰਹੀ ਲੁੱਟ ਦੀ ਜ਼ਿੰਮੇਵਾਰ ਸਰਕਾਰ ਹੈ। ਸਿਹਤ ਸਹੂਲਤਾਂ ਜਿਵੇਂ ਹਰ ਹਸਪਤਾਲ ਵਿਚ ਡਾਕਟਰਾਂ ਦਾ ਹੋਣਾ, ਸਟਾਫ ਦਾ ਹੋਣਾ, ਦਵਾਈਆਂ ਦਾ ਹੋਣਾ, ਸਾਫ਼-ਸਫ਼ਾਈ ਆਦਿ ਸਰਕਾਰ ਦੀ ਜ਼ਿੰਮੇਵਾਰੀ ਹੈ। ਜੋ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਹੀ ਨਹੀਂ ਦੇ ਸਕਦੀ ਹੈ, ਉਸ ਦੀ ਗੰਭੀਰਤਾ ਸਭ ਦੇ ਸਾਹਮਣੇ ਹੀ ਹੈ।


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221.


ਸ਼ਰਾਬ ਫੈਕਟਰੀਆਂ ਦਾ ਪਾਣੀ

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਰਿਪੋਰਟ 'ਅਜੀਤ' ਵਿਚ ਪੜ੍ਹੀ, ਜਿਸ ਵਿਚ ਸ਼ਰਾਬ ਫੈਕਟਰੀਆਂ ਦੇ ਗੰਦੇ ਪਾਣੀ ਬਾਰੇ ਚਿੰਤਾ ਪ੍ਰਗਟ ਕਰ ਸੱਚ ਲੋਕਾਂ ਸਾਹਮਣੇ ਰੱਖਿਆ ਗਿਆ। ਇਹ ਤਾਂ ਇਕੱਲੇ ਇਸ ਇਲੱਕੇ ਦੀ ਹੀ ਤ੍ਰਾਸਦੀ ਪੜ੍ਹੀ ਹੈ, ਹੋਰ ਅਣਗਿਣਤ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੀ ਧਰਤੀ 'ਤੇ ਲੱਗ ਚੁੱਕੀਆਂ ਹਨ ਤੇ ਸਾਰੇ ਹੀ ਇਲਾਕਿਆਂ ਵਿਚ ਵਾਤਾਵਰਨ ਪੱਖੋਂ ਤਰਥੱਲੀ ਮਚਾ ਰਹੀਆਂ ਹਨ। ਧਰਤੀ ਹੇਠਲਾ ਪਾਣੀ ਅਨੇਕਾਂ ਕਾਰਨਾਂ ਕਰਕੇ ਪਹਿਲਾਂ ਹੀ ਜ਼ਹਿਰੀਲਾ ਹੋ ਚੁੱਕਾ ਹੈ ਤੇ ਉੱਪਰੋਂ ਅਜਿਹੇ ਨਵੇਂ ਸਾਧਨਾਂ ਕਰਕੇ ਰਹਿੰਦੀ ਕਸਰ ਨਿਕਲ ਜਾਵੇਗੀ। ਇਸ ਨਾਲ ਪੰਜਾਬ ਦਾ ਭਵਿੱਖ ਵਿਗੜਦਾ ਹੀ ਜਾ ਰਿਹਾ ਹੈ। ਅਨੇਕਾਂ ਫੈਕਟਰੀਆਂ, ਪ੍ਰਦੂਸ਼ਣ ਸਬੰਧੀ ਮਾਪਦੰਡ 'ਤੇ ਸਹੀ ਨਹੀਂ ਉਤਰਦੀਆਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਸਹੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ। ਸਾਡੀ ਬੇਨਤੀ ਹੈ ਕਿ ਪੰਜਾਬ ਦੇ ਪਾਣੀਆਂ ਵਿਚ ਜ਼ਹਿਰ ਘੁਲਣ ਤੋਂ ਰੋਕੀ ਜਾਵੇ ਤਾਂ ਕਿ ਪੰਜਾਬ ਜੀਵਤ ਰਹਿ ਸਕੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

30/05/2017

 ਆਪਣੇ ਫ਼ਰਜ਼ ਪਛਾਣੀਏ
ਅਸੀਂ ਹਰ ਦੋਸ਼ ਸਰਕਾਰਾਂ ਸਿਰ ਮੜ੍ਹ ਆਪ ਸੁਰਖਰੂ ਹੋ ਜਾਂਦੇ ਹਾਂ ਪਰ ਆਪਣੇ ਮੁਢਲੇ ਫ਼ਰਜ਼ ਪਛਾਨਣ ਵਿਚ ਵੱਡੀ ਕੁਤਾਹੀ ਵਰਤਦੇ ਹਾਂ। ਹੁਣ ਸਰਕਾਰ ਨੇ ਵਾਤਾਵਰਨ ਬਚਾਉਣ ਹਿਤ ਕਣਕ ਦੇ ਨਾੜ ਨੂੰ ਅੱਗ ਲਾਉਣ 'ਤੇ ਪਾਬੰਦੀ ਲਾਈ ਪਰ ਰਾਤ-ਬਰਾਤੇ ਨਾੜ ਸਾੜ ਉਲੰਘਣਾ ਕੀਤੀ ਗਈ ਕਿ ਵਹਾਈ 'ਤੇ ਵੱਧ ਖਰਚ ਆਉਂਦਾ ਹੈ। ਸਰਕਾਰ ਨੇ ਪਿੰਡਾਂ ਵਿਚ ਪਾਣੀ ਵਾਲੀਆਂ ਮੋਟਰਾਂ ਸਾਡੀ ਸਹੂਲਤ ਲਈ ਲਗਵਾਈਆਂ ਤਾਂ ਕਿ ਡੂੰਘੇ ਪਾਣੀ ਕਾਰਨ ਅਵਾਮ ਨੂੰ ਪ੍ਰੇਸ਼ਾਨੀ ਨਾ ਹੋਵੇ ਪਰ ਅਸੀਂ ਪਾਣੀ ਬੇਲੋੜਾ ਅਜਾਈਂ ਵਹਾ ਰਹੇ ਹਾਂ। ਐਨ.ਜੀ.ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਨੇ ਨਿਰਦੇਸ਼ ਦਿੱਤੇ ਕਿ ਬਿਨਾਂ ਮਨਜ਼ੂਰੀ ਰੁੱਖਾਂ ਦੀ ਕਟਾਈ ਨਹੀਂ ਪਰ ਅਸੀਂ ਤਾਂ ਖੇਤਾਂ ਵਿਚ ਇੱਕਾ-ਦੁੱਕਾ ਦਰੱਖਤਾਂ ਦੀਆਂ ਜੜ੍ਹਾਂ 'ਤੇ ਵੀ ਕੁਹਾੜਾ ਚਲਾ ਦਿੱਤਾ ਕਿ ਇਹ ਫ਼ਸਲਾਂ ਨੂੰ ਮਾਰ ਕਰਦੇ ਹਨ। ਜੇ ਅਸੀਂ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਪਛਾਣਾਂਗੇ ਨਹੀਂ ਤਾਂ ਪਛਤਾਵੇਂ ਬਿਨਾਂ ਕੁਝ ਪੱਲੇ ਨਹੀਂ ਬਚੇਗਾ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।

ਪਾਣੀ ਦੀ ਬੱਚਤ ਕਰੋ
ਪਾਣੀ ਨੂੰ ਬਚਾਉਣ ਲਈ ਪਾਣੀ ਦੀ ਸੰਜਮ ਨਾਲ ਕੀਤੀ ਵਰਤੋਂ ਅਤੇ ਮੁੜ ਜੰਗਲ ਲਗਾ ਕੇ ਮੋਹਲੇਧਾਰ ਬਾਰਿਸ਼ਾਂ ਦਾ ਮੌਸਮ ਪੈਦਾ ਕਰਕੇ ਪਾਣੀ ਬਚਾਇਆ ਜਾ ਸਕਦਾ ਹੈ। ਘਰਾਂ ਵਿਚ ਬੁਰਸ਼ ਕਰਨ ਤੇ ਨਹਾਉਣ, ਕੱਪੜੇ ਧੋਣ ਤੇ ਰਸੋਈਆਂ ਵਿਚ ਪਾਣੀ ਬਾਲਟੀਆਂ ਜਾਂ ਟੱਬ ਭਰ ਕੇ ਵਰਤਣਾ ਚਾਹੀਦਾ ਹੈ। ਖੇਤਾਂ ਵਿਚ ਸਿੰਜਾਈ ਲਈ ਤੁਪਕਾ ਸਕੀਮ ਅਪਣਾਉਣੀ ਚਾਹੀਦੀ ਹੈ। ਜੇਕਰ ਸਰਕਾਰ ਸਾਫ਼ ਕੀਤਾ ਨਹਿਰੀ ਪਾਣੀ ਘਰਾਂ ਅਤੇ ਕਾਰਖਾਨਿਆਂ ਨੂੰ ਨਹਾਉਣ ਤੇ ਕੱਪੜੇ ਧੋਣ ਲਈ ਸਪਲਾਈ ਕਰ ਸਕੇ ਤਾਂ ਪੀਣ ਵਾਲਾ ਧਰਤੀ ਹੇਠਲਾ ਪਾਣੀ ਹੋਰ ਬਚ ਸਕਦਾ ਹੈ। ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ ਤੇ ਕਮਾਦ ਵਰਗੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਮਾਂ ਰੱਬ ਦਾ ਦੂਜਾ ਰੂਪ
ਮਾਂ ਦਿਵਸ ਮਨਾਉਣ ਦੀਆਂ ਖ਼ਬਰਾਂ ਪੜ੍ਹਦਿਆਂ-ਪੜ੍ਹਦਿਆਂ ਜੋ ਖਿਆਲ ਮਨ 'ਚ ਆਇਆ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਇਕ ਆਦਮੀ ਦੂਜੇ ਨੂੰ ਪੁੱਛਦਾ ਕੀ ਤੂੰ ਰੱਬ ਵੇਖਿਆ ਹੈ? ਦੂਜਾ ਅੱਗੋਂ ਜਵਾਬ ਦਿੰਦਾ, ਮੈਂ ਰੱਬ ਵੇਖਿਆ ਤਾਂ ਨਹੀਂ ਪਰ ਲਗਦਾ ਮੇਰੀ ਮਾਂ ਵਰਗਾ ਹੋਣਾ। ਸੱਚਮੁੱਚ ਇਸ ਧਰਤੀ 'ਤੇ ਜੇ ਰੱਬ ਦਾ ਕੋਈ ਵਜੂਦ ਵੇਖਣ ਨੂੰ ਮਿਲਦਾ ਹੈ ਤਾਂ ਉਹ ਹੈ 'ਮਾਂ'। ਰੱਬ ਹੈ ਇਕ ਖਿਆਲ ਦਾ ਨਾਂਅ ਪਰ ਮਾਂ ਹੈ ਇਕ ਪਿਆਰ ਦਾ ਨਾਂਅ। ਰੱਬ ਹੈ ਸ੍ਰਿਸ਼ਟੀ ਸਿਰਜਣਹਾਰ, ਐਪਰ ਮਾਂ ਹੈ ਪਾਲਣਹਾਰ। ਮਾਂ-ਮਾਂ ਕਰਦਾ ਬੱਚਾ ਪਲਦਾ, ਮਾਂ-ਮਾਂ ਕਰਦਾ ਜੋਬਨ ਫੜਦਾ। ਪਾਲ-ਪਾਲ ਮਾਂ ਵੱਡਾ ਕਰਦੀ, ਦੁੱਖ-ਸੁੱਖ ਆਪਣੇ ਸਿਰ 'ਤੇ ਜਰਦੀ। ਰਿਸ਼ੀ-ਮੁਨੀ ਅਵਤਾਰ ਕਹਾਏ, ਮਾਂ ਨੇ ਹੀ ਸਭ ਗੋਦ ਖਿਡਾਏ। ਮਾਂ ਦੇ ਪਿਆਰ ਦਾ ਅਜਬ ਨਜ਼ਾਰਾ, ਨਾ ਮਾਂ ਵਰਗਾ ਕੋਈ ਹੋਰ ਸਹਾਰਾ। ਕੀ-ਕੀ ਮਾਂ ਦੀ ਸਿਫ਼ਤ ਸੁਣਾਵਾਂ, ਮਨ ਭਰ ਆਉਂਦਾ ਕੀ ਬਤਲਾਵਾਂ। ਹੁਕਮਾ ਮੇਰੀ ਮਾਂ ਹੁੰਦੀ ਸੀ, ਠੰਢੀ-ਮਿੱਠੀ ਜਿਹਦੀ ਛਾਂ ਹੁੰਦੀ ਸੀ। ਬਾਰਿਸ਼ ਕਹਿ ਜਦ ਆਵਾਜ਼ ਲਗਾਵੇ, ਇੰਜ ਲਗਦਾ ਸੀ ਕੋਈ ਰੱਬ ਬੁਲਾਵੇ। ਇਸੇ ਖਿਆਲ 'ਚ ਹੈ ਇਹ ਲਿਖਿਆ, ਮਾਂ ਵਰਗਾ ਨੀ ਕੋਈ ਦਿਖਿਆ। ਲਿਖਤ ਮੇਰੀ 'ਚ ਇਹੋ ਸਬੂਤ, ਮਾਂ ਹੈ ਰੱਬ ਦਾ ਦੂਜਾ ਰੂਪ।

-ਬਨਾਰਸੀ ਦਾਸ ਅਧਿਆਪਕ
ਰੱਤੇਵਾਲ (ਨਵਾਂਸ਼ਹਿਰ)।

29/05/2017

 ਰਸਾਤਲ ਵੱਲ ਜਾ ਰਹੀ ਸਿੱਖਿਆ
ਬੋਰਡ ਦੀਆਂ ਜਮਾਤਾਂ ਦੇ ਨਤੀਜੇ ਬੇਹੱਦ ਨਿਰਾਸ਼ਾਜਨਕ ਰਹੇ ਹਨ। ਦਸਵੀਂ ਜਮਾਤ ਦੇ 14 ਹਜ਼ਾਰ ਬੱਚਿਆਂ ਦਾ ਮਾਤ ਭਾਸ਼ਾ ਪੰਜਾਬੀ ਦੇ ਵਿਸ਼ੇ 'ਚੋਂ ਫੇਲ੍ਹ ਹੋ ਜਾਣਾ ਬੇਹੱਦ ਮਾੜਾ ਪੱਖ ਕਿਹਾ ਜਾ ਸਕਦਾ ਹੈ। ਦਿਨੋ ਦਿਨ ਰਸਾਤਲ ਵੱਲ ਜਾ ਰਹੀ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਾਮਲਾ ਬੇਹੱਦ ਗੰਭੀਰ ਹੈ। ਸਰਕਾਰੀ ਸਕੂਲਾਂ ਦੇ ਕੇਵਲ 24 ਵਿਦਿਆਰਥੀਆਂ ਦਾ ਪੰਜਾਬ ਦੀ ਮੈਰਿਟ 'ਚ ਆਉਣਾ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ। ਅਧਿਆਪਕ ਵਰਗ ਮਾੜੇ ਨਤੀਜਿਆਂ ਲਈ ਰਾਈਟ-ਟੂ ਐਜੂਕੇਸ਼ਨ ਕਾਨੂੰਨ ਅਤੇ ਅਧਿਆਪਕਾਂ ਤੋਂ ਲਏ ਜਾਂਦੇ ਬੇਲੋੜੇ ਕੰਮਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਅਜੋਕੇ ਸਮੇਂ ਸਰਕਾਰੀ ਸਕੂਲਾਂ 'ਚ ਕੇਵਲ ਲੋੜਵੰਦ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਬੱਚੇ ਹੀ ਸਿੱਖਿਆ ਲੈ ਰਹੇ ਹਨ। ਇਕ ਦੂਜੇ ਸਿਰ ਦੋਸ਼ ਮੜ੍ਹ ਕੇ ਇਸ ਸਮੱਸਿਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।


-ਸੁਖਵੀਰ ਘੁਮਾਣ ਦਿੜ੍ਹਬਾ


ਕਿਸਾਨੀ...
ਸਾਡੇ ਦੇਸ਼ ਵਿਚ ਕੋਈ ਕਾਰਖਾਨੇ ਵਿਚ ਜੇ ਕੋਈ ਚੀਜ਼ ਤਿਆਰ ਕਰਦਾ ਹੈ ਤਾਂ ਉਹ ਇਕ ਕਿਲੋ ਕੱਚਾ ਮਾਲ ਲੈ ਕੇ ਉਸ ਤੋਂ ਘੱਟ ਵਜ਼ਨ ਦੀ ਚੀਜ਼ ਤਿਆਰ ਕਰਦਾ ਹੈ। ਜਿਵੇਂ ਇਕ ਕਿਲੋ ਲੋਹਾ ਜਾਂ ਪਲਾਸਟਿਕ ਲੈ ਕੇ ਉਹਦਾ ਕਾਰਖਾਨਾ 900 ਜਾਂ 800 ਗਰਾਮ ਦੀ ਚੀਜ਼ ਤਿਆਰ ਕਰਦਾ ਹੈ। ਦੂਜੇ ਪਾਸੇ ਕਿਸਾਨ ਦਾ ਕਾਰਖਾਨਾ (ਖੇਤ) ਇਕ ਕਿਲੋ ਬੀਜ ਲੈ ਕੇ 50 ਜਾਂ 60 ਕਿਲੋ ਬਣਾ ਦਿੰਦਾ ਹੈ। ਘੱਟ ਮਾਲ ਤਿਆਰ ਕਰਨ ਵਾਲਾ ਅਮੀਰ ਹੋਈ ਜਾਂਦਾ ਹੈ ਤੇ 60 ਗਣਾਂ ਵੱਧ ਤਿਆਰ ਕਰਨ ਵਾਲਾ ਕਰਜ਼ਾਈ ਹੋਈ ਜਾਂਦਾ ਹੈ। ਸਾਡੇ ਦੇਸ਼ ਦੀ ਖੇਤੀ ਨੀਤੀ ਵੱਲ ਸਰਕਾਰ ਧਿਆਨ ਦੇਵੇ, ਮਰਦੀ ਕਿਸਾਨੀ ਨੂੰ ਬਚਾਵੇ।


-ਗੁਰਾਂਦਿੱਤਾ ਸੰਧੂ
ਮੋਬਾਈਲ : 98760-47435.


ਇਕ ਪੱਖ
ਪਿਛਲੇ ਦਿਨੀਂ 'ਅਜੀਤ' ਵਿਚ ਲੇਖ 'ਲੋਕਾਂ ਦਾ ਸਰਕਾਰੀ ਸਕੂਲਾਂ ਵਿਚ ਵਿਸ਼ਵਾਸ ਹੋ ਸਕਦਾ ਹੈ ਬਹਾਲ' ਪੜ੍ਹਿਆ। ਕੇਵਲ ਇਕ ਹੀ ਪੱਖ ਉਜਾਗਰ ਕੀਤਾ ਗਿਆ ਹੈ, ਜਿਸ ਨਾਲ ਮੈਂ ਪੂਰਨ ਤੌਰ 'ਤੇ ਸਹਿਮਤ ਨਹੀਂ ਹਾਂ। ਕੇਵਲ ਅਧਿਆਪਕ ਹੀ ਕਿਉਂ, ਹਰ ਸਰਕਾਰੀ ਮੁਲਾਜ਼ਮ, ਅਫਸਰ, ਮੰਤਰੀ, ਨੇਤਾ ਜੋ ਸਰਕਾਰੀ ਖਜ਼ਾਨੇ ਵਿਚੋਂ ਤਨਖਾਹ ਲੈ ਰਿਹਾ ਹੈ, ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਲਾਉਣ ਲਈ ਪਾਬੰਦ ਹੋਵੇ। ਫਿਰ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਕਿਸੇ ਅਧਿਆਪਕ ਦੀ ਗ਼ੈਰ-ਵਿਦਿਅਕ ਕੰਮਾਂ ਜਿਵੇਂ ਬੀ.ਐਲ.ਓ., ਮਰਦਮਸ਼ੁਮਾਰੀ ਅਤੇ ਹੋਰ ਅਨੇਕਾਂ ਡਾਟੇ ਇਕੱਠੇ ਕਰਨ 'ਤੇ ਡਿਊਟੀ ਵੀ ਨਹੀਂ ਲੱਗੇਗੀ।


-ਗੁਰਦਿਆਲ ਰਾਹੀ
ਮੋਬਾਈਲ : 94646-16539.


ਮੋਦੀ ਸਰਕਾਰ ਦੇ ਤਿੰਨ ਸਾਲ
ਮੋਦੀ ਸਰਕਾਰ ਦੇ ਤਿੰਨ ਸਾਲਾਂ ਦਾ ਲੇਖਾ-ਜੋਖਾ, ਜਿਸ ਵਿਚ ਹਰ ਵਰਗ ਦੀਆਂ ਸਮੱਸਿਆਵਾਂ ਅਤੇ ਵਿਚਾਰ ਪੜ੍ਹੇ। ਪਰ ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਜਾਣ ਕੇ ਬਟਾਲਾ ਵਾਸੀ ਅਤੇ ਲੋਕ ਜ਼ਰੂਰ ਸਹਿਮਤ ਹੋਣਗੇ। ਸਭ ਤੋਂ ਵੱਡੀ ਸਮੱਸਿਆ ਸੜਕੀ ਆਵਾਜਾਈ ਦੀ ਹੈ। ਪਠਾਨਕੋਟ ਤੋਂ ਮਹਿਤਾ ਚੌਕ ਬਿਆਸ ਜਾਣ ਲਈ ਅੱਜ ਵੀ ਸ਼ਹਿਰ ਵਿਚੋਂ ਦੀ ਹੀ ਲੰਘਣਾ ਪੈਂਦਾ ਹੈ। ਪਠਾਨਕੋਟ ਰੋਡ ਤੋਂ ਮਹਿਤਾ-ਬਿਆਸ ਰੋਡ ਲਈ ਬਾਈਪਾਸ ਤਿਆਰ ਕੀਤਾ ਜਾਵੇ ਤਾਂ ਜੋ ਭਾਰੀ ਵਾਹਨ ਬਾਈਪਾਸ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਬਟਾਲੇ ਸ਼ਹਿਰ ਨੂੰ ਇਕ ਵੱਡੀ ਸਨਅਤ ਵਜੋਂ ਵਿਕਸਤ ਕੀਤਾ ਜਾਵੇ।


-ਪਰਮਜੀਤ ਸਿੰਘ
ਮੋਬਾਈਲ : 94642-41024.

26/05/2017

 ਜਬਰ-ਜਨਾਹ ਦੀਆਂ ਘਟਨਾਵਾਂ
ਦਸੰਬਰ 2012 'ਚ ਦਿੱਲੀ ਵਿਚ ਵਾਪਰੇ 'ਦਾਮਨੀ ਜਬਰ-ਜਨਾਹ ਦੁਖਾਂਤ' ਤੋਂ ਬਾਅਦ ਪੂਰੇ ਹਿੰਦੁਸਤਾਨ ਵਿਚ ਉੱਠੇ ਗੁੱਸੇ ਦੇ ਅੱਗੇ ਭਾਰਤ ਦੀ ਸੰਸਦ ਨੇ ਝੁੱਕ ਕੇ ਆਈ.ਪੀ.ਸੀ, ਸੀ.ਆਰ.ਪੀ.ਸੀ ਅਤੇ ਐਵੀਡੈਂਸ ਐਕਟ ਵਿਚ ਔਰਤਾਂ ਸਬੰਧੀ ਧਾਰਾ ਫ਼ੌਜਦਾਰੀ ਕਾਨੂੰਨ (ਤਰਮੀਮ ਐਕਟ 2013) ਪਾਸ ਕਰਕੇ ਕਾਨੂੰਨੀ ਪਰਿਭਾਸ਼ਾ ਅਤੇ ਜ਼ਾਬਤੇ ਨੂੰ ਵਿਆਪਕ ਤੌਰ 'ਤੇ ਬਦਲ ਦਿੱਤਾ ਸੀ ਅਤੇ ਸਜ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਸੀ। ਜਿਹੜੇ-ਜਿਹੜੇ ਹਿਸਾਬ ਨਾਲ ਜੁਰਮਾਂ ਵਿਚ ਵਾਧਾ ਹੋਇਆ, ਉਸੇ ਹਿਸਾਬ ਨਾਲ ਆਈ.ਪੀ.ਸੀ. ਦੀਆਂ ਨਵੀਆਂ ਧਾਰਾਵਾਂ ਵਿਚ ਸੋਧ ਕੀਤੀ ਗਈ। ਇਸੇ ਤਰ੍ਹਾਂ ਸੀ.ਆਰ.ਪੀ.ਸੀ. ਵਿਚ ਵੀ ਨਵੀਆਂ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ। ਪ੍ਰੰਤੂ ਨਵੇਂ ਕਾਨੂੰਨ ਦੇ ਬਦਲਣ ਦੇ ਨਾਲ ਵੀ ਇਹ ਸਥਿਤੀ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਰੋਜ਼ਾਨਾ ਅਖ਼ਬਾਰਾਂ, ਟੈਲੀਵਿਜ਼ਨ ਵਿਚ ਇਸ ਘਿਨੌਣੇ ਜੁਰਮ ਦੀਆਂ ਖ਼ਬਰਾਂ ਆ ਰਹੀਆਂ ਹਨ।
ਕਾਨੂੰਨ ਵਿਚ ਸੋਧ ਤਾਂ ਕਰ ਦਿੱਤੀ ਗਈ, ਪ੍ਰੰਤੂ ਇਸ ਦੇ ਪਿੱਛੇ ਕੀ ਕਾਰਨ ਹਨ, ਨੂੰ ਕਿਸੇ ਨੇ ਵੀ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ। ਨਸ਼ਿਆਂ ਦਾ ਨੌਜਵਾਨਾਂ ਵੱਲੋਂ ਵਧੇਰੇ ਸੇਵਨ ਅਤੇ ਮਾਂ-ਪਿਉ ਛੋਟੇ-ਛੋਟੇ ਬੱਚਿਆਂ ਨੂੰ ਅਤੇ ਜਵਾਨ ਬੱਚਿਆਂ ਨੂੰ ਮੋਬਾਈਲ ਲੈ ਕੇ ਦੇ ਦਿੰਦੇ ਹਨ, ਜੋ ਇਹ ਨੌਜਵਾਨ ਬੱਚੇ ਮੋਬਾਈਲ ਉੱਪਰ ਗੰਦੀਆਂ ਫ਼ਿਲਮਾਂ ਦੇਖਦੇ ਹਨ, ਜਿਸ ਨਾਲ ਉਨ੍ਹਾਂ ਦੀ ਕਾਮ ਵਾਸ਼ਨਾ ਭੜਕਦੀ ਹੈ ਅਤੇ ਉਹ ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਇਹ ਕਾਰਾ ਕਰੀ ਜਾ ਰਹੇ ਹਨ। ਇਸ ਦਾ ਕੀ ਨਤੀਜਾ ਨਿਕਲੇਗਾ ਬਿਨਾਂ ਸੋਚੇ ਇਹ ਕਾਰਾ ਬੇਖੌਫ਼ ਕਰੀ ਜਾ ਰਹੇ ਹਨ। ਪਹਿਲਾਂ ਬੱਚੇ ਦਸਵੀਂ-ਗਿਆਰਵੀਂ ਕਲਾਸ ਵਿਚ ਪੜ੍ਹਦੇ ਸੀ ਤੇ ਮੁੰਡੇ-ਕੁੜੀਆਂ ਇਕੱਠੇ ਖੇਡਦੇ ਸੀ। ਉਨ੍ਹਾਂ ਨੂੰ ਇਸ ਪ੍ਰਤੀ ਕੋਈ ਜਾਣਕਾਰੀ ਨਹੀਂ ਹੁੰਦੀ ਸੀ ਤੇ ਨਾ ਹੀ ਉਨ੍ਹਾਂ ਦਾ ਇਨ੍ਹਾਂ ਗੰਦੀਆਂ ਹਰਕਤਾਂ ਵੱਲ ਝੁਕਾਅ ਹੁੰਦਾ ਸੀ। ਜੇ ਅਜਿਹਾ ਹਾਲ ਰਿਹਾ ਤਾਂ ਤੁਹਾਨੂੰ ਪੇਟੀ ਬੰਦ ਫੋਰਸਾਂ ਵਿਚ ਭਰਤੀ ਲਈ ਨੌਜਵਾਨ ਮੁੰਡੇ ਨਹੀਂ ਮਿਲਣਗੇ, ਜੋ ਕਿ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਪ੍ਰਤੀ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਸੰਜੀਦਗੀ ਨਾਲ ਗ਼ੌਰ ਕਰਨ ਦੀ ਲੋੜ ਹੈ ਅਤੇ ਸਕੂਲਾਂ-ਕਾਲਜਾਂ ਵਿਚ ਸੈਮੀਨਾਰ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਮੋਬ: 98786-00221

ਕਦੋਂ ਬਣੇਗਾ ਸਵੱਛ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਕਿੱਧਰੇ ਠੱਪ ਹੋ ਗਈ ਲਗਦੀ ਹੈ। ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਦੀ ਜੈਅੰਤੀ ਮੌਕੇ ਸਵੱਛ ਭਾਰਤ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਗਾਂਧੀ ਜੀ ਦਾ ਕਥਨ ਸੀ ਕਿ ਭਾਰਤ ਦਾ ਭਵਿੱਖ ਪਿੰਡਾਂ ਵਿਚ ਵਸਦਾ ਹੈ। ਕੀ ਗਾਂਧੀ ਜੀ ਦਾ ਸੁਪਨਾ ਪਿੰਡਾਂ ਵਿਚ ਪੂਰਾ ਹੋ ਸਕਦਾ ਹੈ, ਜਿਥੇ ਸਵੱਛ ਭਾਰਤ ਤਾਂ ਦੂਰ ਦੀ ਗੱਲ, ਆਮ ਲੋਕਾਂ ਦਾ ਜਿਊਣਾ ਵੀ ਦੂਭਰ ਹੈ। ਜਿਥੇ ਦੇਸ਼ ਦੀ ਆਜ਼ਾਦੀ ਤੋਂ ਕਰੀਬ 70 ਸਾਲ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਅਫ਼ਸਰਸ਼ਾਹੀ ਸਿਸਟਮ ਆਪਣੇ ਢਿੱਡ ਭਰਨ ਲਈ ਖਾਨਾਪੂਰਤੀ ਕਰੀ ਜਾਂਦਾ ਹੈ। ਅਰਬਾਂ ਰੁਪਏ ਸਵੱਛ ਭਾਰਤ ਦੇ ਨਾਂਅ 'ਤੇ ਖਰਚੇ ਜਾ ਰਹੇ ਹਨ ਪਰ ਸਵੱਛ ਭਾਰਤ ਦੀ ਕੋਈ ਤਸਵੀਰ ਨਜ਼ਰ ਨਹੀਂ ਆ ਰਹੀ। ਸਰਕਾਰ ਇਨ੍ਹਾਂ ਸਰਕਾਰੀ ਅਫਸਰਾਂ ਦੇ ਹੱਥਾਂ ਵਿਚ ਕਮਾਂਡ ਦੇਣ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤਾ ਕਰਕੇ ਸਵੱਛ ਭਾਰਤ ਦਾ ਸੁਪਨਾ ਪੂਰਾ ਕਰ ਸਕਦੀ ਹੈ।

-ਪੰਮਾ ਬਘੌਰੀਆ
ਪਿੰਡ ਬਘੌਰਾ, ਨਵਾਂਸ਼ਹਿਰ।

25/05/2017

 ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ
ਵਿਦਿਆਰਥੀਆਂ ਨੂੰ ਤਾਂ ਸਕੂਲ ਵਿਚ ਦਾਖ਼ਲਾ ਲੈਂਦਿਆਂ ਹੀ ਪ੍ਰੇਸ਼ਾਨੀਆਂ ਘੇਰ ਲੈਂਦੀਆਂ ਹਨ। ਸਰਕਾਰੀ ਸਕੂਲਾਂ ਵਿਚ ਹੋਣ ਤਾਂ ਉੱਥੇ ਦੀਆਂ ਸੁੱਖ ਸਹੂਲਤਾਂ ਤੇ ਪੜ੍ਹਾਈ ਦੇ ਸਾਧਨਾਂ ਦੀ ਘਾਟ ਦਾ ਸਾਹਮਣਾ ਕਰਦੇ ਹਨ। ਪ੍ਰਾਈਵੇਟ ਸਕੂਲਾਂ ਵਿਚ ਸਹੂਲਤਾਂ ਦੇ ਨਾਂਅ ਹੇਠ ਸਾਲਾਨਾ ਫ਼ੀਸਾਂ, ਦਾਖ਼ਲਾ ਫੀਸਾਂ, ਵੈਨ ਫ਼ੀਸਾਂ, ਸਮਾਰਟ ਕਲਾਸ ਫ਼ੀਸਾਂ, ਕੰਪਿਊਟਰ ਫ਼ੀਸਾਂ ਅਤੇ ਵਪਾਰੀ ਪਹੁੰਚ ਹੇਠ ਕਿਤਾਬਾਂ-ਕਾਪੀਆਂ, ਸਟੇਸ਼ਨਰੀ ਤੇ ਵਰਦੀਆਂ ਆਦਿ ਲਈ ਹੁੰਦੀ ਲੁੱਟ ਨੂੰ ਅੱਖੀਂ ਤੱਕਦੇ ਹਨ। ਫਿਰ ਬੋਝ ਪੜ੍ਹਾਈ ਦੇ ਨੰਬਰਾਂ ਦਾ ਅਤੇ ਅਸੈਸਮੈਂਟ ਦੇ ਕਿੱਸੇ ਵੱਖਰੇ ਹੁੰਦੇ ਹਨ। ਹੱਸਣਾ-ਖੇਡਣਾ ਤਾਂ ਨਕਲੀ ਜਿਹਾ ਹੀ ਹਿੱਸੇ ਆਉਂਦਾ ਹੈ। ਕਾਲਜ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਟਿਊਸ਼ਨਾਂ ਵੀ ਪੜ੍ਹਨੀਆਂ ਹੁੰਦੀਆਂ ਹਨ। ਵਿਦਿਆਰਥੀਆਂ ਕੋਲ ਸਮੇਂ ਦੀ ਬੜੀ ਤੰਗੀ ਹੁੰਦੀ ਹੈ। ਅਕਸਰ ਭੋਜਨ ਵੀ ਸਹੀ ਢੰਗ ਨਾਲ ਨਹੀਂ ਕੀਤਾ ਹੁੰਦਾ। ਸੋ, ਸਾਧਾਰਨ ਵਿਦਿਆਰਥੀਆਂ ਨੂੰ ਤੰਗ ਕਰਨ ਵਾਲੇ ਰਵੱਈਏ ਅਸਾਧਾਰਨ ਘਟਨਾਵਾਂ ਨੂੰ ਜਨਮ ਦਿੰਦੇ ਹਨ। ਵਿਦਿਆਰਥੀਆਂ ਅੰਦਰ ਸਵੈ-ਮਾਣ ਭਰਿਆ ਜਾਣਾ ਚਾਹੀਦਾ ਹੈ ਕਿਉਂਕਿ ਕੱਲ੍ਹ ਉਨ੍ਹਾਂ ਨੇ ਹੀ ਪ੍ਰਸ਼ਾਸਨ ਦਾ ਅੰਗ ਬਣਨਾ ਹੈ।


-ਰਸ਼ਪਾਲ ਸਿੰਘ ਸੋਸ਼ਿਆਲੋਜਿਸਟ
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ
ਟਾਂਡਾ ਰੋਡ, ਹੁਸ਼ਿਆਰਪੁਰ।


...ਚੋਰ ਦੀ ਮਾਂ ਨੂੰ ਮਾਰੋ

ਹਾਲ ਹੀ ਵਿਚ ਆਏ 12ਵੀਂ ਦੇ ਨਤੀਜਿਆਂ ਕਾਰਨ ਪੰਜਾਬ ਸਿੱਖਿਆ ਵਿਭਾਗ ਫਿਰ ਚਰਚਾ ਵਿਚ ਹੈ। ਸਭ ਤੋਂ ਜ਼ਿਆਦਾ ਨਿੰਦਣਯੋਗ ਗੱਲ ਇਹ ਹੈ ਕਿ ਸਿਰਫ ਮਾਂ-ਬੋਲੀ ਪੰਜਾਬੀ ਵਿਸ਼ੇ ਵਿਚੋਂ ਹੀ ਲਗਪਗ 15 ਹਜ਼ਾਰ ਵਿਦਿਆਰਥੀ ਫੇਲ੍ਹ ਹੋ ਗਏ ਹਨ। ਮਾਮਲੇ ਦੀ ਜੜ੍ਹ ਵਿਚ ਜਾਣ ਦੀ ਬਜਾਏ 20 ਫ਼ੀਸਦੀ ਤੋਂ ਘੱਟ ਨਤੀਜਾ ਦੇਣ ਵਾਲੇ ਅਧਿਆਪਕਾਂ ਖਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ।' ਜੇਕਰ ਪੰਜਾਬੀ ਲੈਕਚਰਾਰ ਵਿਸ਼ਾ ਮਾਹਿਰ ਨਹੀਂ ਹੋ ਸਕਦੇ ਅਤੇ ਉਹ ਵਿਦਿਆਰਥੀਆਂ ਨਾਲ ਨਿਆਂ ਵੀ ਨਹੀਂ ਕਰ ਸਕਦੇ, ਫਿਰ ਨਤੀਜੇ ਵਧੀਆ ਹੋਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। 20 ਸਾਲ ਤੱਕ ਮੈਥ, ਸਾਇੰਸ, ਐਸ.ਐਸ., ਹਿੰਦੀ, ਅੰਗਰੇਜ਼ੀ ਅਤੇ ਸਰੀਰਕ ਸਿੱਖਿਆ ਪੜ੍ਹਾਉਣ ਵਾਲੇ ਨੂੰ ਜੇ ਤੁਸੀਂ ਉਸ ਦੀ ਸੇਵਾ ਦਾ ਲਾਭ ਦੇਣਾ ਚਾਹੁੰਦੇ ਹੋ ਤਾਂ ਇਹ ਉਸ ਦੇ ਵਿਸ਼ੇ ਵਿਚ ਹੀ ਹੋਵੇ ਨਾ ਕਿ ਕੇਵਲ ਪੰਜਾਬੀ ਦੀ ਐਮ.ਏ. ਕਰਨ ਨਾਲ ਉਸ ਨੂੰ ਪੰਜਾਬੀ ਲੈਕਚਰਾਰ ਬਣਾ ਦਿੱਤਾ ਜਾਵੇ। ਵਿਸ਼ੇ ਦਾ ਮਾਹਿਰ ਅਧਿਆਪਕ ਹੀ ਵਿਸ਼ੇ ਨਾਲ ਇਨਸਾਫ਼ ਕਰ ਸਕਦਾ ਹੈ, ਦੂਜਾ ਵਿਸ਼ਾ ਮਾਹਿਰ ਨਹੀਂ। ਮੇਰੀ ਸਿੱਖਿਆ ਮੰਤਰੀ ਸਾਹਿਬਾ ਨੂੰ ਬੇਨਤੀ ਹੈ ਕਿ ਭਾਸ਼ਾ ਅਧਿਆਪਕਾ ਦਾ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ। ਸਿੱਖਿਆ ਵਿਭਾਗ ਵਿਚਾਲੇ ਇਹੋ ਜਿਹੇ ਪੁਰਾਣੇ ਨਿਯਮਾਂ ਨੂੰ ਤੁਰੰਤ ਬਦਲਿਆ ਜਾਵੇ। ਇਸ ਨਾਲ ਹੀ ਅਸੀਂ ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਕਾਇਮ ਰੱਖ ਸਕਦੇ ਹਾਂ।


-ਮਾਸਟਰ ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

24/05/2017

ਭੁੱਖਮਰੀ ਦੀ ਮਾਰ
ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਲਗਪਗ ਦਸ ਲੱਖ ਬੱਚਿਆਂ ਦੀ ਮੌਤ ਭੁੱਖਮਰੀ ਨਾਲ ਹੋ ਜਾਂਦੀ ਹੈ। ਭਾਰਤ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ। ਚਾਹੁੰਦੇ ਤਾਂ ਅਸੀਂ ਵੀ ਹਾਂ ਕਿ ਭਾਰਤ ਮਹਾਂਸ਼ਕਤੀ ਬਣੇ ਪਰ ਇਹ ਸ਼ਕਤੀ ਦੇਸ਼ ਦੇ ਉਨ੍ਹਾਂ ਨਾਗਰਿਕਾਂ ਲਈ ਕੋਈ ਮਾਅਨੇ ਨਹੀਂ ਰੱਖਦੀ, ਜਿਹੜੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਕਰਕੇ ਵੀ ਭੁੱਖੇ ਪੇਟ ਸੌਣ ਲਈ ਮਜਬੂਰ ਹਨ। ਪਿਛਲੇ ਲੰਮੇ ਸਮੇਂ ਤੋਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਮਰ ਵੇਲ ਵਾਂਗ ਵਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਕੋਈ ਸਾਰਥਿਕ ਯਤਨ ਨਹੀਂ ਹੋ ਰਹੇ। ਅੱਜ ਵੱਡੀ ਗਿਣਤੀ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਇਸ ਗੱਲ ਵਿਚ ਪੂਰਨ ਸਚਾਈ ਹੈ ਕਿ ਅੱਜ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ ਹੈ ਤੇ ਆਰਥਿਕ ਪੱਖੋਂ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਭੁੱਖਮਰੀ ਨਾਲ ਬੱਚਿਆਂ ਦੀ ਮੌਤ ਦਰ ਦਾ ਪ੍ਰਤੀ ਸਾਲ ਵਧਦੇ ਜਾਣਾ ਭਾਰਤ ਦੇ ਅਕਸ ਨੂੰ ਵੱਡਾ ਧੱਬਾ ਲਾ ਰਿਹਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਔਰਤਾਂ ਨਜ਼ਰ-ਅੰਦਾਜ਼ ਕਿਉਂ?
21ਵੀਂ ਸਦੀ ਵਿਚ ਵੀ ਔਰਤਾਂ ਨੂੰ ਅਤੀਤ ਸਮੇਂ ਵਾਂਗ ਹੀ ਜ਼ੁਲਮ ਦਾ ਟਾਕਰਾ ਕਰਨਾ ਪੈ ਰਿਹਾ ਹੈ। ਸੰਪਾਦਕੀ ਲੇਖ ਵਿਚ ਹਮਦਰਦ ਜੀ ਨੇ ਔਰਤਾਂ ਪ੍ਰਤੀ ਬਹੁਤ ਸੋਹਣਾ ਲਿਖਿਆ ਕਿ ਕਿਸ ਤਰ੍ਹਾਂ ਨਾਲ ਔਰਤ ਸ਼ੁਰੂ ਤੋਂ ਹੀ ਹਰ ਪਾਸਿਓਂ ਸੱਖਣੇਪਣ ਦਾ ਸੰਤਾਪ ਹੰਢਾਉਦੀ ਆ ਰਹੀ ਹੈ ਤੇ ਸਤੀ ਪ੍ਰਤੀ ਵਰਗੀਆਂ ਅਲਾਮਤਾਂ ਵਿਚੋਂ ਗੁਜ਼ਰਦੀ ਆ ਰਹੀ ਇਸ ਔਰਤ ਨੂੰ ਅੱਜ ਵੀ ਸੁੱਖ ਦਾ ਸਾਹ ਨਹੀਂ ਮਿਲਿਆ। ਤਿੰਨ ਤਲਾਕ ਦੇ ਮੁੱਦੇ 'ਤੇ ਵੀ ਅੱਜ ਇਨ੍ਹਾਂ ਵੱਲੋਂ ਇਹੀ ਇਨਸਾਫ਼ ਮੰਗਿਆ ਜਾ ਰਿਹਾ ਹੈ ਕਿ ਉਸ ਨੂੰ ਪੁਰਾਤਨ ਪਰੰਪਰਾਵਾਂ 'ਚੋਂ ਬਾਹਰ ਕੱਢ ਕੇ ਇਨਸਾਫ਼ ਦਿੱਤਾ ਜਾਵੇ, ਤਾਂ ਕਿ ਉਹ ਮਰਦ ਦੇ ਬਰਾਬਰ ਖੜ੍ਹੀ ਹੋ ਸਕੇ। ਇਸ ਮੁੱਦੇ 'ਤੇ ਜਿਥੇ ਮੁਸਲਿਮ ਸਮਾਜ ਨੂੰ ਅੱਗੇ ਆਉਣ ਦੀ ਲੋੜ ਹੈ, ਉੱਥੇ ਹੀ ਇਨਸਾਨੀਅਤ ਨਾਤੇ ਸਾਰਿਆਂ ਨੂੰ ਔਰਤਾਂ ਲਈ ਨਿਆਂ ਦਿਵਾਉਣ ਵਿਚ ਸਾਥ ਦੇਣਾ ਚਾਹੀਦਾ ਹੈ। ਕਰਟਿਸ ਅਨੁਸਾਰ ਔਰਤ ਦੇ ਸਨਮਾਨ ਨਾਲ ਸੱਭਿਅਤਾ ਦੀ ਪਛਾਣ ਹੁੰਦੀ ਹੈ। ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਔਰਤ ਦੀ ਪੀੜਾ ਨੂੰ ਸਮਝ ਕੇ ਪੀੜਤ ਔਰਤਾਂ ਦੀ ਗਿਣਤੀ ਨੂੰ ਘਟਾਇਆ ਜਾਵੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ-ਉਮਰਪੁਰਾ (ਨੱਥੂਮਾਜਰਾ), ਸੰਗਰੂਰ।


ਵਿਗੜ ਰਿਹਾ ਅਮਨ ਕਾਨੂੰਨ
ਸਤਿਕਾਰਯੋਗ ਮੁੱਖ ਸੰਪਾਦਕ ਸਾਹਿਬ ਡਾ: ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਕਲਮ ਤੋਂ ਲਿਖਿਆ ਸੰਪਾਦਕੀ ਲੇਖ 'ਵਿਗੜ ਰਿਹਾ ਅਮਨ ਕਾਨੂੰਨ-ਇਕ ਚੁਣੌਤੀ' ਕਾਫੀ ਜਾਣਕਾਰੀ ਭਰਪੂਰ ਸੀ। ਵਾਕਿਆ ਹੀ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਕਾਂਗਰਸ ਦੀ ਸਰਕਾਰ ਸਾਹਮਣੇ ਇਕ ਨਹੀਂ ਅਨੇਕਾਂ ਹੀ ਚੁਣੌਤੀਆਂ ਹਨ, ਜਿਵੇਂ ਨਸ਼ੇ, ਬੇਰੁਜ਼ਗਾਰੀ, ਗੈਂਗਸਟਰ, ਟ੍ਰੈਫਿਕ ਆਦਿ। ਪੰਜਾਬ ਦੇ ਵਿਗੜੇ ਹੋਏ ਹਾਲਾਤ ਨਾਲ ਨਜਿੱਠਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਜਦ ਵੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ, ਕਾਫੀ ਥਾਵਾਂ ਤੋਂ ਅਜਿਹੀਆਂ ਮਨਹੂਸ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ ਜੋ ਕਾਂਗਰਸੀ ਵਰਕਰਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਜਿਹੀਆਂ ਘਟਨਾਵਾਂ ਕਰਨ ਤੋਂ ਵਰਜਣ ਤਾਂ ਜੋ ਪੰਜਾਬ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ ਅਤੇ ਪੰਜਾਬ ਦੀ ਤਰੱਕੀ ਲਈ ਯਤਨ ਕੀਤੇ ਜਾਣ।


-ਅਜਮੇਰ ਸਿੰਘ ਬੱਲ
ਪਿੰਡ ਤੇ ਡਾਕ: ਬੁਤਾਲਾ, ਤਹਿ: ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ।

23/05/2017

 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਅਖ਼ਬਾਰਾਂ ਸੁਰਖੀਆਂ ਨਾਲ ਭਰੀਆਂ ਹੁੰਦੀਆਂ ਹਨ। ਆਰਥਿਕ ਤੰਗੀ ਦੇ ਚਲਦਿਆਂ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਦੀਆਂ ਖ਼ਬਰਾਂ ਪੜ੍ਹ ਕੇ ਬਹੁਤ ਹੀ ਦੁੱਖ ਹੋਇਆ, ਜੋ ਦਿਲ ਨੂੰ ਅੰਦਰੇ ਹੀ ਅੰਦਰੇ ਵਲੂੰਧਰਾ ਗਿਆ। ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਮਰਨ ਨੂੰ ਕੀਹਦਾ ਦਿਲ ਕਰਦਾ ਹੈ। ਮਨੁੱਖਾ ਜਨਮ ਗੁਰੂ ਦੀ ਦਿੱਤੀ ਹੋਈ ਬਹੁਤ ਵੱਡੀ ਦੇਣ ਹੈ ਅਤੇ ਇਹ ਕਰਮਾਂ ਨਾਲ ਹੀ ਮਿਲਦਾ ਹੈ। ਖ਼ੁਦਕੁਸ਼ੀ ਬੁਜ਼ਦਿਲੀ ਦਾ ਨਾਂਅ ਹੈ, ਜੋ ਸਾਡੇ ਗੁਰੂਆਂ ਨੇ ਵੀ ਇਸ ਪ੍ਰਤੀ ਆਵਾਜ਼ ਉਠਾਈ ਸੀ। ਇਨਸਾਨ ਨੂੰ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵਾਰੀ ਆਪਣੇ ਦਿਮਾਗ ਨਾਲ ਸੋਚ ਲੈਣਾ ਚਹੀਦਾ ਹੈ ਕਿ ਉਹ ਤਾਂ ਅਜਿਹਾ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਸੰਸਾਰ ਤੋਂ ਛੁਟਕਾਰਾ ਪਾ ਗਿਆ ਤੇ ਆਪਣੇ ਪਰਿਵਾਰ ਨੂੰ ਕਿਸ ਦੇ ਸਹਾਰੇ ਛੱਡ ਚੱਲਿਆ? ਜੋ ਉਸ ਦੇ ਸਹਾਰੇ 'ਤੇ ਨਿਰਭਰ ਕਰਦੇ ਸੀ ਕਿ ਅਜਿਹਾ ਕਰਕੇ ਉਨ੍ਹਾਂ ਦਾ ਕਰਜ਼ਾ ਮਾਫ਼ ਹੋ ਜਾਵੇਗਾ। ਉਹ ਤਾਂ ਆਪਣੇ ਪਰਿਵਾਰ ਨੂੰ ਸਾਰੀ ਉਮਰ ਦੇ ਅੱਥਰੂ ਕੇਰਨ ਲਈ ਛੱਡ ਗਿਆ। ਜੇਕਰ ਇਨਸਾਨ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਨਵੀਂ ਸਰਕਾਰ ਬੜੀ ਸੰਜੀਦਗੀ ਦੇ ਨਾਲ ਕਰਜ਼ੇ ਮਾਫ਼ ਕਰਨ ਬਾਰੇ ਸੋਚ ਰਹੀ ਹੈ। ਸਰਕਾਰ ਨੇ ਜੋ ਕਮੇਟੀ ਗਠਿਤ ਕੀਤੀ ਹੈ, ਉਸ ਨੂੰ ਨਿਰਦੇਸ਼ ਦੇ ਕੇ ਜਲਦੀ ਤੋਂ ਜਲਦੀ ਰਿਪੋਰਟ ਹਾਸਲ ਕਰਕੇ ਤੁਰੰਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਕਿਸਾਨੀ ਦੇ ਮਕਸਦ ਲਈ ਲਿਆ ਕਰਜ਼ਾ ਉਸੇ ਮਕਸਦ ਦੇ ਲਈ ਇਸਤੇਮਾਲ ਕੀਤਾ ਜਾਵੇ ਨਾ ਕਿ ਵਿਆਹ ਸ਼ਾਦੀਆਂ ਦੀ ਝੂਠੀ ਸ਼ੋਹਰਤ ਵਾਸਤੇ ਵਰਤ ਲਿਆ ਜਾਵੇ। ਕਿਸਾਨਾਂ ਦਾ ਜੋ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸ ਦੀ ਜਲਦੀ ਤੋਂ ਜਲਦੀ ਸਰਕਾਰ ਨੂੰ ਭਰਪਾਈ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਝੋਨੇ ਦੀ ਜਿਣਸ ਦਾ ਵਾਜਬ ਭਾਅ ਦਿਵਾ ਕੇ ਜੋ ਕਿਸਾਨਾਂ ਵੱਲੋਂ ਲਗਾਤਾਰ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ, ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਪ੍ਰਤੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਮੋ: 9878600221

ਕਾਨੂੰਨ 'ਚ ਸੋਧ ਜ਼ਰੂਰੀ

\ਦਿੱਲੀ ਦੇ ਨਿਰਭੈਅ ਕੇਸ ਵਿਚ 6 'ਚੋਂ ਇਕ ਖ਼ੁਦਕੁਸ਼ੀ ਕਰ ਗਿਆ, 4 ਨੂੰ ਮੌਤ ਦੀ ਸਜ਼ਾ ਹੋਈ ਤੇ ਇਕ ਨੂੰ ਨਾਬਾਲਗ ਕਰਕੇ ਸਿਰਫ 3 ਸਾਲ ਦੀ ਸਜ਼ਾ ਹੋਈ ਤੇ ਸਜ਼ਾ ਕੱਟ ਕੇ ਉਹ ਰਿਹਾਅ ਵੀ ਹੋ ਚੁੱਕਾ ਹੋਵੇਗਾ। ਇਨ੍ਹਾਂ ਦਰਿੰਦਿਆਂ ਨੇ ਉਸ ਲੜਕੀ ਨਾਲ ਜਿਹੜਾ ਜੁਰਮ ਕੀਤਾ, ਇਨਸਾਨੀਅਤ ਵੀ ਸ਼ਰਮਸ਼ਾਰ ਹੋ ਗਈ।
ਫਿਰ ਇਕ ਦੋਸ਼ੀ ਦਾ ਨਾਬਾਲਗ ਕਰਕੇ ਬਚ ਨਿਕਲਣਾ, ਸਮਾਜ ਲਈ ਬੜਾ ਚਿੰਤਾ ਦਾ ਵਿਸ਼ਾ ਹੈ। ਜੇ ਉਹ ਨਾਬਾਲਗ ਹੁੰਦੇ ਹੋਏ ਘਿਨਾਉਣਾ ਜੁਰਮ ਕਰ ਸਕਦਾ ਹੈ ਤਾਂ ਉਸ ਦੀ ਸਜ਼ਾ ਕਿਉਂ ਨਹੀਂ ਭੁਗਤ ਸਕਦਾ? ਉਹ ਸਜ਼ਾ ਦਾ ਬਰਾਬਰ ਹਿੱਸੇਦਾਰ ਹੋਣਾ ਚਾਹੀਦਾ ਸੀ। ਇਹ ਹੋ ਸਕਦਾ ਹੈ, ਸਜ਼ਾ ਮੁਅੱਤਲ ਰੱਖੀ ਜਾਏ ਤੇ ਜਦੋਂ ਉਹ ਬਾਲਗ ਹੋ ਜਾਵੇ ਤਾਂ ਉਹ ਸਜ਼ਾ ਲਾਗੂ ਕੀਤੀ ਜਾਵੇ। ਇਸ ਲਈ ਕਾਨੂੰਨ ਵਿਚ ਜ਼ਰੂਰੀ ਸੋਧ ਸਰਕਾਰ ਨੂੰ ਕਰਨੀ ਚਾਹੀਦੀ ਹੈ, ਤਾਂ ਜੋ ਇਹੋ ਜਿਹੇ ਜੁਰਮਾਂ ਨੂੰ ਨੱਥ ਪਾਈ ਜਾ ਸਕੇ।

-ਰਘਬੀਰ ਸਿੰਘ ਚੀਮਾ
ਪਿੰਡ ਤੇ ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

18/05/2017

 ਅੱਗ ਦੀਆਂ ਮਾਰਾਂ
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੂਰੇ ਪੰਜਾਬ ਅੰਦਰ ਅਨੇਕਾਂ ਥਾਵਾਂ 'ਤੇ ਕਿਸਾਨਾਂ ਦੀ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਖੇਤਾਂ ਵਿਚ ਖੜ੍ਹੀ ਕਣਕ ਨੂੰ ਅੱਗ ਲੱਗਣ ਦੇ ਕਈ ਕਾਰਨ ਸਾਹਮਣੇ ਆਉਂਦੇ ਹਨ। ਪਰ ਮੁੱਖ ਕਾਰਨ ਖੇਤਾਂ ਉੱਪਰੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੀ ਮੰਨਿਆ ਜਾਂਦਾ ਹੈ। ਥਾਂ-ਥਾਂ ਲੱਗੀਆਂ ਇਨ੍ਹਾਂ ਅੱਗਾਂ ਕਾਰਨ ਜਿਥੇ ਪ੍ਰਭਾਵਿਤ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਉਥੇ ਉਨ੍ਹਾਂ ਕੋਲ ਇਸ ਨੁਕਸਾਨ ਦੀ ਪੂਰਤੀ ਦਾ ਕੋਈ ਹੋਰ ਬਦਲ ਵੀ ਨਹੀਂ ਹੈ। ਬਹੁਤ ਸਾਰੇ ਕਿਸਾਨ ਤਾਂ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਪੂਰੇ ਦੇ ਪੂਰੇ ਖੇਤ ਅੱਗ ਵਿਚ ਸੜ ਜਾਣ ਕਾਰਨ ਉਹ ਆਪਣੇ ਖਾਣ ਲਈ ਦਾਣੇ ਅਤੇ ਪਸ਼ੂਆਂ ਲਈ ਤੂੜੀ ਤੋਂ ਮੁਥਾਜ ਨਜ਼ਰ ਆ ਰਹੇ ਹਨ। ਸੋ, ਸਰਕਾਰ ਨੂੰ ਜਿਥੇ ਕਿਸਾਨਾਂ ਦੇ ਫ਼ਸਲੀ ਬੀਮੇ ਦਾ ਮੁਕੰਮਲ ਅਤੇ ਸੌਖਾ ਤਰੀਕਾ ਯਕੀਨੀ ਬਣਾਉਣਾ ਚਾਹੀਦਾ ਹੈ, ਉਥੇ ਅਜਿਹੀਆਂ ਘਟਨਾਵਾਂ ਵਿਚ ਪ੍ਰਭਾਵਿਤ ਹੋਏ ਕਿਸਾਨਾਂ ਦੀ ਵਿਸ਼ੇਸ਼ ਜਾਂਚ ਕਰਕੇ ਵੱਧ ਤੋਂ ਵੱਧ ਰਾਹਤ ਦੇਣ ਲਈ ਉਪਰਾਲੇ ਯਕੀਨੀ ਬਣਾਉਣੇ ਚਾਹੀਦੇ ਹਨ ਤਾਂ ਕਿ ਆਪਣਾ ਸਭ ਕੁਝ ਗੁਆ ਬੈਠੇ ਕਿਸਾਨਾਂ ਨੂੰ ਕੁਝ ਸਹਾਰਾ ਮਿਲ ਸਕੇ।


-ਰਾਜਾ ਗਿੱਲ (ਚੜਿੱਕ)
ਮੋ: 94654-11585.


ਕਾਂਗਰਸ ਦਾ ਸਿਆਸੀ ਮਿਜਾਜ਼
ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਸਿਆਸੀ ਮਿਜਾਜ਼ ਵਿਚ ਆਈ ਤਬਦੀਲੀ ਰਾਸ਼ਟਰੀ ਪੱਧਰ ਲਈ ਵੀ ਸ਼ੁੱਭ ਜਾਪਦੀ ਹੈ। ਸਿਰਫ ਫ਼ਰਮਾਨ ਦੇਣ ਨਾਲੋਂ ਰਾਜ ਦੇ ਸਥਾਨਕ ਆਗੂਆਂ ਨਾਲ ਵਿਚਾਰ ਕਰਕੇ ਚਲਾਈ ਸਿਆਸੀ ਲਹਿਰ ਦੇ ਨਾਲ ਅੱਜ ਕਾਂਗਰਸ ਆਪਣੀ ਸਾਖ ਬਚਾਉਣ ਵਿਚ ਕਾਮਯਾਬ ਰਹੀ। ਜੋ ਪਿਛਲੇ 10 ਸਾਲਾਂ ਤੋਂ ਪੰਜਾਬ ਵਿਚ ਹਾਸ਼ੀਏ 'ਤੇ ਪਹੁੰਚੀ ਕਾਂਗਰਸ ਹੁਣ ਇਸ ਬਦਲੀ ਸਿਆਸੀ ਫਿਜ਼ਾ ਨੂੰ ਆਪਣੇ ਪੱਖ ਵਿਚ ਹੋਰ ਉਭਾਰਨ ਲਈ ਕੋਈ ਵੀ ਤੀਰ ਖਾਲੀ ਨਹੀਂ ਜਾਣ ਦੇਣਾ ਚਾਹੁੰਦੀ। ਕਿਉਂਕਿ 2012 ਦੀਆਂ ਚੋਣਾਂ ਵਿਚ ਆਪੋ-ਧਾਪੀ ਕਾਰਨ ਇਕ ਤੀਜੀ ਪਾਰਟੀ ਵੱਲੋਂ ਵੱਧ ਵੋਟਾਂ ਲੈ ਜਾਣ ਕਾਰਨ ਕੈਪਟਨ ਸਰਕਾਰ ਬਣਾਉਣ ਤੋਂ ਖੁੰਝ ਗਏ ਸਨ ਜਦੋਂ ਕਿ ਵੋਟ ਪ੍ਰਤੀਸ਼ਤ ਤੇ ਸੀਟਾਂ 'ਤੇ ਜਿੱਤ ਲਗਪਗ ਅਕਾਲੀਆਂ ਦੇ ਬਰਾਬਰ ਹੀ ਸੀ। ਨਵੇਂ ਪ੍ਰਧਾਨ ਦੀ ਹਾਈ ਕਮਾਨ ਵੱਲੋਂ ਕੀਤੀ ਚੋਣ ਤੇ ਵੱਡੇ ਆਗੂਆਂ ਵੱਲੋਂ ਵਿਰੋਧ ਨਾ ਕਰਨਾ ਵੀ ਪੰਜਾਬੀਆਂ ਵੱਲੋਂ ਮਿਲੇ ਫਤਵੇ ਦੇ ਸਨਮਾਨ ਬਰਾਬਰ ਹੈ। ਪਹਿਲਾਂ ਕੈਪਟਨ ਵੱਲੋਂ ਅਤੇ ਹੁਣ ਜਾਖੜ ਵੱਲੋਂ ਆਪਣੇ ਤਾਜਪੋਸ਼ੀ ਸਮੇਂ ਸਾਦੇ ਸਮਾਗਮਾਂ ਦੀ ਰੀਤ ਵੀ ਕਾਬਲ-ਏ-ਤਾਰੀਫ਼ ਹੈ। ਉਂਜ ਭਾਵੇਂ ਇਸ ਪਿੱਛੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਹਿੰਦੂ ਸਿੱਖ ਵੋਟ ਨੂੰ ਜੋੜ ਕੇ ਰੱਖਣ ਦੀ ਸਿਆਸੀ ਰੀਝ ਹੀ ਹੋਵੇ । ਪਰ ਸ਼ਾਂਤੀ ਨਾਲ ਪ੍ਰਧਾਨ ਦੀ ਹੋਈ ਚੋਣ ਨੇ ਪਾਰਟੀ ਦਾ ਕੱਦ ਹੋਰ ਉੱਚਾ ਕਰ ਦਿੱਤਾ ਹੈ। ਸਿਆਸੀ ਸੂਝ, ਖੇਤਰੀ ਆਧਾਰ ਤੇ ਬੇਦਾਗ ਨਵੇਂ ਪ੍ਰਧਾਨ ਦੀ ਘੋਸ਼ਣਾ ਤੋਂ ਲੈ ਕੇ ਹੁਣ ਤੱਕ ਕਿਸੇ ਵਿਰੋਧੀ ਵੱਲੋਂ ਕੋਈ ਵੀ ਟਿੱਪਣੀ ਨਾ ਕਰਨਾ ਆਪਣੇ ਆਪ ਵਿਚ ਸਿਆਸੀ ਬੁਲੰਦੀ ਤੈਅ ਹੁੰਦੀ ਹੈ।
ਸੱਤਾ ਸੰਭਾਲਣ ਤੋਂ ਬਾਅਦ ਵੀ ਕੈਪਟਨ ਵੱਲੋਂ ਸਭ ਪਾਰਟੀ ਮੈਂਬਰਾਂ ਨੂੰ ਕਲਾਵੇ ਵਿਚ ਲੈ ਕੇ ਚੱਲਣਾ ਤੇ ਤਿੱਖੀ ਬਿਆਨਬਾਜ਼ੀ ਨਾਲੋਂ ਕੰਮ ਨੂੰ ਦਿੱਤੀ ਜਾ ਰਹੀ ਤਰਜੀਹ ਵਾਲੇ ਬਦਲੇ ਰੰਗ ਕਾਰਨ ਲੋਕਾਂ ਨੂੰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਚੰਗਾ ਹੋਵੇ ਇਸੇ ਦੌਰਾਨ ਕਿਸਾਨ ਲਈ ਹਰਿਆਲੀ ਤੇ ਨੌਜਵਾਨਾਂ ਦੇ ਚਿਹਰਿਆਂ ਦੀ ਲਾਲੀ ਵਾਪਸ ਲਿਆਉਣ ਲਈ ਕੁਝ ਸਾਰਥਕ ਯੋਜਨਾਵਾਂ ਜਲਦ ਉਲੀਕੀਆਂ ਜਾਣ ਤਾਂ ਜੋ ਨਿੱਤ ਦਿਹਾੜੇ ਕਰਜ਼ੇ ਕਾਰਨ ਵਧ ਰਹੀਆਂ ਖ਼ੁਦਕੁਸ਼ੀਆਂ ਅਤੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਨੂੰ ਠੱਲ੍ਹਿਆ ਜਾ ਸਕੇ। ਸਮੇਂ ਦੀ ਜ਼ਰਰੂਤ ਹੈ ਕਿ ਪਿਛਲੀ ਹਕੂਮਤ ਦੀਆਂ ਆਪਹੁਦਰੀਆਂ 'ਤੇ ਮਿੱਟੀ ਪਾ ਕੇ ਵਿਹਲੇ ਫਿਰ ਰਹੇ ਪਾੜ੍ਹਿਆਂ ਨੂੰ ਰੁਜ਼ਗਾਰ ਤੇ ਆਮ ਲੋਕਾਂ ਨੂੰ ਆਪਣੇ ਕੰਮ ਕਰਨ ਦੀ ਪੂਰਨ ਆਜ਼ਾਦੀ ਮਿਲ ਸਕੇ ਅਤੇ ਪੰਜਾਬ ਮੁੜ ਆਪਣੀ ਆਰਥਿਕ ਮਜ਼ਬੂਤੀ ਦੁਨੀਆ ਨੂੰ ਦਿਖਾ ਸਕੇ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

17/05/2017

 ਕੁੜੀਆਂ ਦੀ ਬੱਲੇ-ਬੱਲੇ
ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿਚ ਕੁੜੀਆਂ ਬਾਜ਼ੀ ਮਾਰ ਗਈਆਂ ਹਨ। ਜਿਥੇ ਕੁੜੀਆਂ ਦੀ ਪਾਸ ਫ਼ੀਸਦੀ 72.59 ਰਹੀ, ਉਥੇ ਮੁੰਡੇ ਪਛੜ ਕੇ 54.42 ਫ਼ੀਸਦੀ 'ਤੇ ਪਹੁੰਚ ਗਏ। ਪਹਿਲੇ ਤਿੰਨ ਸਥਾਨ ਵੀ ਕੁੜੀਆਂ ਨੇ ਹਾਸਲ ਕੀਤੇ। ਲੜਕੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਨੇ ਇਹ ਪੁਜ਼ੀਸ਼ਨਾਂ ਹਾਸਲ ਕਰਕੇ ਨਾ ਸਿਰਫ ਆਪਣੇ ਮਾਂ-ਬਾਪ ਦਾ ਹੀ ਸਿਰ ਉੱਚਾ ਕੀਤਾ, ਸਗੋਂ ਸਮਾਜ ਵਿਚ ਇਸਤਰੀ ਜਾਤੀ ਦਾ ਮਾਣ ਵੀ ਵਧਾਇਆ ਹੈ। ਇਸਤਰੀ ਜਾਤੀ ਨੇ ਜੇ ਮਰਦ ਪ੍ਰਧਾਨ ਸਮਾਜ ਵਿਚ ਆਪਣੀ ਬਰਾਬਰ ਦੀ ਜਗ੍ਹਾ ਬਣਾਉਣੀ ਹੈ ਤਾਂ ਧਰਤੀ ਤੋਂ ਅੰਬਰ ਤੱਕ ਆਪਣੀ ਯੋਗਤਾ ਨੂੰ ਸਿੱਧ ਕਰਨਾ ਪਵੇਗਾ। ਆਪਣੇ-ਆਪ ਨੂੰ ਗਲੈਮਰ ਤੇ ਫੈਸ਼ਨ ਦੀ ਦੁਨੀਆ ਤੋਂ ਥੋੜ੍ਹਾ ਵੱਖਰਾ ਕਰਨਾ ਪਵੇਗਾ। ਹੁਣ ਮੁੰਡਿਆਂ ਨੂੰ ਪੜ੍ਹਾਈ ਵਿਚ ਮੈਰਿਟ ਹਾਸਲ ਕਰਨ ਲਈ ਕੁੜੀਆਂ ਤੋਂ ਸੇਧ ਲੈਣੀ ਹੋਵੇਗੀ। ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਦ੍ਰਿੜ੍ਹ ਵਿਸ਼ਵਾਸ, ਸੰਕਲਪ, ਨੇਕ ਇਰਾਦਾ, ਸਬਰ ਤੇ ਸੰਤੋਖ ਅਹਿਮ ਰੋਲ ਅਦਾ ਕਰਦੇ ਹਨ।


-ਸਮਿੱਤਰ ਸਿੰਘ 'ਦੋਸਤ'
142, ਦਸਮੇਸ਼ ਨਗਰ, ਖਰੜ (ਮੁਹਾਲੀ)।


ਭਾਰਤ ਸਖ਼ਤੀ ਵਰਤੇ

ਬੀਤੇ ਦਿਨ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਕਰਕੇ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਬੇਹੱਦ ਸ਼ਰਮਨਾਕ, ਅਤਿ ਨਿੰਦਣਯੋਗ ਹੈ। ਭਾਰਤ ਦੇਸ਼ ਜੋ ਆਪਣੇ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ, ਇਸ ਦਾ ਮਤਲਬ ਉਹ ਗ਼ਲਤ ਕੱਢ ਰਹੇ ਹਨ। ਸਾਡੇ ਗੁਰੂਆਂ-ਰਹਿਬਰਾਂ ਨੇ ਵੀ ਬੁਲੰਦ ਆਵਾਜ਼ 'ਚ ਕਿਹਾ ਸੀ ਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਹੱਦ ਤੋਂ ਵੱਧ ਜ਼ੁਲਮ ਸਹਿਣਾ ਵੀ ਪਾਪ ਹੈ। ਬੇਸ਼ੱਕ ਭਾਰਤ ਵੀ ਜਵਾਬੀ ਕਾਰਵਾਈ ਰਾਹੀਂ ਉਨ੍ਹਾਂ ਨੂੰ ਸਬਕ ਸਿਖਾ ਰਿਹਾ ਹੈ ਪਰ ਉਸ ਨੂੰ ਅਜਿਹੀ ਜਵਾਬੀ ਕਾਰਵਾਈ ਨਾਲ ਜ਼ਿਆਦਾ ਫ਼ਰਕ ਨਹੀਂ ਪੈ ਰਿਹਾ। ਜੋ ਦਿਲ ਕੰਬਾਊ ਵਾਰਦਾਤ ਪਾਕਿ ਸੈਨਾ ਵੱਲੋਂ ਭਾਰਤੀ ਨੌਜਵਾਨਾਂ ਦੇ ਸਿਰ ਕਲਮ ਕਰਕੇ ਕੀਤੀ ਗਈ ਹੈ, ਸਮੁੱਚੀ ਦੁਨੀਆ ਦੇ ਇਨਸਾਫ਼-ਪਸੰਦ ਦੇਸ਼ਾਂ ਵੱਲੋਂ ਪਾਕਿ ਦੀ ਖੁੱਲ੍ਹ ਕੇ ਨਿੰਦਾ ਕਰਨੀ ਬਣਦੀ ਹੈ। ਭਾਰਤ ਨੂੰ ਵੀ ਕੁਝ ਸਖ਼ਤੀ ਨਾਲ ਪੇਸ਼ ਆਉਣਾ ਬਣਦਾ ਹੈ।


-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸਿੱਖਿਅਕ ਯੋਗਤਾ ਦੀ ਲੋੜ
ਭਾਰਤ ਵਿਚ ਪ੍ਰਾਪਰਟੀ ਡੀਲਰ ਅਤੇ ਨੇਤਾ ਬਣਨ ਦੀ ਕੋਈ ਨਿਸਚਤ ਯੋਗਤਾ ਨਹੀਂ। ਨਾ ਹੀ ਜ਼ਾਬਤੇ ਦੀ ਅਤੇ ਨਾ ਹੀ ਕਿਸੇ ਸਿੱਖਿਆ ਯੋਗਤਾ ਦੀ ਲੋੜ ਹੈ। ਨਵੇਂ ਕਾਨੂੰਨ ਵਿਚ ਪ੍ਰਾਪਰਟੀ ਡੀਲਰ ਅਤੇ ਨੇਤਾ ਬਣਨ ਦੀ ਸਿੱਖਿਅਕ ਯੋਗਤਾ ਅਤੇ ਨਿਯਮ ਸ਼ਰਤਾਂ ਤੈਅ ਕਰ ਦਿੱਤੀਆਂ ਜਾਣ ਤਾਂ ਇਹ ਲੋਕਾਂ ਲਈ ਲਾਹੇਵੰਦ ਹੋ ਸਕਦਾ ਹੈ। ਅਨਪੜ੍ਹ ਵਿਅਕਤੀ ਨੂੰ ਲੋਕਾਂ ਵੱਲੋਂ ਵੋਟਾਂ ਪਾ ਕੇ ਜਿਤਾ ਦੇਣਾ ਘਾਟੇ ਦਾ ਸੌਦਾ ਹੈ। ਬਿਨਾਂ ਤਜਰਬੇ ਅਤੇ ਸਿੱਖਿਅਕ ਯੋਗਤਾ ਤੋਂ ਪ੍ਰਾਪਰਟੀ ਡੀਲਰ ਜਾਂ ਨੇਤਾ ਬਣਨਾ ਸਹੀ ਗੱਲ ਨਹੀਂ ਹੈ। ਦੇਸ਼ ਤਾਂ ਹੀ ਤਰੱਕੀ ਕਰੇਗਾ ਜੇ ਤਜਰਬੇਕਾਰ ਅਤੇ ਸਿੱਖਿਅਕ ਲੋਕ ਅੱਗੇ ਆਉਣਗੇ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

16/05/2017

 ਧੀ ਖ਼ਤਮ, ਧਰਤੀ ਖ਼ਤਮ
'ਧੀ ਖ਼ਤਮ, ਧਰਤੀ ਖ਼ਤਮ' ਲੇਖ ਪੜ੍ਹ ਕੇ ਇਹ ਮਹਿਸੂਸ ਕੀਤਾ ਹੈ ਕਿ ਇਕ ਔਰਤ ਤੋਂ ਬਿਨਾਂ ਸਮਾਜ ਨਹੀਂ ਬਣ ਸਕਦਾ। ਪਰਮਾਤਮਾ ਨੇ ਹਰੇਕ ਜੀਵ, ਪੰਛੀ, ਜਾਨਵਰ ਅਤੇ ਇਨਸਾਨ ਵਿਚ ਨਰ ਅਤੇ ਮਾਦਾ ਪੈਦੇ ਕੀਤੇ ਹਨ ਤਾਂ ਕਿ ਧਰਤੀ ਦਾ ਸੰਤੁਲਨ ਬਣਿਆ ਰਹਿ ਸਕੇ। ਕਿਤਾਬਾਂ ਵਿਚ ਪੜ੍ਹਿਆ ਹੈ ਕਿ ਮਨੁੱਖ 40 ਲੱਖ ਸਾਲ ਪਹਿਲਾਂ ਧਰਤੀ 'ਤੇ ਪੈਦਾ ਹੋਇਆ ਹੈ। ਅੱਜ ਇਨਸਾਨ ਧੀ ਨੂੰ ਪੈਦਾ ਕਰਨ ਤੇ ਔਰਤ ਜਾਤੀ ਨੂੰ ਮਾਰਨ 'ਤੇ ਤੁਲਿਆ ਹੋਇਆ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਤਲਾਕ ਹੋ ਰਹੇ ਹਨ। ਹਰ ਧਰਮ ਵਿਚ ਧੀਆਂ ਨੂੰ ਪੈਦਾ ਕਰਨ 'ਤੇ ਘਰ ਵਿਚ ਕਲੇਸ਼ ਹੁੰਦਾ ਹੈ ਤੇ ਨੌਬਤ ਤਲਾਕ ਤੱਕ ਆ ਜਾਂਦੀ ਹੈ। ਦਾਜ ਦੇ ਲਾਲਚੀ ਅੱਜ ਦੀਆਂ ਧੀਆਂ ਨੂੰ ਸਾੜ ਰਹੇ ਹਨ। ਧੀ ਨੂੰ ਜੰਮਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਸਮਾਜ ਦੇ ਮੱਥੇ 'ਤੇ ਵੱਡਾ ਕਲੰਕ ਹੈ। ਦਾਜ ਦੇ ਲਾਲਚੀਆਂ ਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੋਣਾ ਚਾਹੀਦਾ ਹੈ। ਆਤਿਸ਼ ਜੀ ਨੇ ਠੀਕ ਲਿਖਿਆ ਹੈ ਕਿ ਜਿਸ ਦਿਨ ਔਰਤ ਨਹੀਂ ਰਹੇਗੀ, ਧਰਤੀ ਵੀ ਖ਼ਤਮ ਹੋ ਜਾਵੇਗੀ।

-ਮਾਸਟਰ ਜਗੀਰ ਸਿੰਘ ਸਫ਼ਰੀ
ਸਠਿਆਲਾ (ਅੰਮ੍ਰਿਤਸਰ)।

ਆਵਾਰਾ ਡੰਗਰ-ਪਸ਼ੂ
ਅੱਜਕਲ੍ਹ ਆਵਾਰਾ ਪਸ਼ੂ ਮੁਹੱਲਿਆਂ, ਸੜਕਾਂ ਵਿਚ ਭੁੱਖਣਭਾਣੇ, ਗੰਦ-ਮੰਦ ਵਿਚ ਮੂੰਹ ਮਾਰਦੇ ਅਤੇ ਚਾਰੇ ਪਾਸੇ ਗੰਦ ਪਾਉਂਦੇ ਫਿਰਦੇ ਆਮ ਵੇਖੇ ਜਾ ਸਕਦੇ ਹਨ। ਫ਼ਸਲਾਂ ਦੇ ਉਜਾੜੇ, ਸੜਕ ਹਾਦਸੇ ਅਤੇ ਹੋਰ ਜਾਨੀ-ਮਾਲੀ ਨੁਕਸਾਨ ਦਾ ਸਬੱਬ ਵੀ ਕਈ ਵਾਰ ਇਹ ਪ੍ਰਾਣੀ ਬਣ ਚੁੱਕੇ ਹਨ। ਅਵਾਰਾ ਕੁੱਤਿਆਂ ਦਾ ਮਾਸੂਮ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਣਾ, ਕਈ ਬਜ਼ੁਰਗ ਅਤੇ ਨੌਜਵਾਨਾਂ ਨੂੰ ਵੱਢਣਾ ਅਤੇ ਜ਼ਖ਼ਮੀ ਕਰਨ ਦੀਆਂ ਘਟਨਾਵਾਂ ਬਹੁਤ ਵਾਰ ਵਾਪਰ ਚੁੱਕੀਆਂ ਹਨ। ਹਮੇਸ਼ਾ ਇਨ੍ਹਾਂ ਤੋਂ ਖ਼ਤਰਾ ਬਣਿਆ ਹੋਇਆ ਹੈ ਅਤੇ ਲੋਕ ਡਰ-ਭੈਅ ਹੇਠ ਜਿਊਣ ਲਈ ਮਜਬੂਰ ਹਨ। ਸਰਕਾਰ ਅਤੇ ਪ੍ਰਸ਼ਾਸਨ ਇਸ ਗੰਭੀਰ ਮਸਲੇ ਦਾ ਕੋਈ ਠੋਸ ਹੱਲ ਜਲਦੀ ਕਰੇ। ਲੋਕ ਵੀ ਸਰਕਾਰਾਂ ਅਤੇ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਲਈ ਅੱਗੇ ਆਉਣ।

-ਅਜੀਤ ਪ੍ਰਦੇਸੀ
ਰੋਪੜ।

ਭ੍ਰਿਸ਼ਟਾਚਾਰ ਦਾ ਖ਼ਾਤਮਾ
ਚੋਣਾਂ ਤੋਂ ਪਹਿਲਾਂ ਹਰ ਪਾਰਟੀ ਆਪਣੇ ਮਨੋਰਥ ਪੱਤਰ ਵਿਚ ਪਹਿਲੀ ਗੱਲ ਇਹ ਲਿਖਦੀ ਹੈ ਕਿ ਭ੍ਰਿਸ਼ਟਾਚਾਰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਉੱਪਰੋਂ ਸ਼ੁਰੂ ਹੁੰਦਾ ਹੈ ਤੇ ਪੈਸਾ ਹਰ ਮਹਿਕਮੇ ਵਿਚ ਹੇਠੋਂ ਉੱਪਰ ਤੱਕ ਜਾਂਦਾ ਹੈ। ਇਸ ਪ੍ਰਣਾਲੀ ਨੂੰ 'ਸੰਤਰੀ ਤੇ ਮੰਤਰੀ' ਕਹਿੰਦੇ ਹਨ। ਜਦੋਂ ਹਿੱਸਾ ਪੱਤੀ ਧੁਰ ਉੱਪਰ ਤੱਕ ਚਲਦੀ ਹੈ ਤਾਂ ਖ਼ਾਤਮਾ ਕਿਸ ਨੇ ਕਰਨਾ ਹੈ। ਦੇਸ਼ ਵਿਚ ਰਿਸ਼ਵਤਖੋਰੀ ਵਿਰੋਧੀ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਇਹ ਵੀ ਪੜ੍ਹਦੇ-ਸੁਣਦੇ ਹਾਂ ਕਿ ਰਿਸ਼ਵਤ ਲੈਂਦਾ ਚਪੜਾਸੀ, ਕਲਰਕ, ਸਿਪਾਹੀ, ਪਟਵਾਰੀ ਜਾਂ ਕੋਈ ਛੋਟਾ ਅਫ਼ਸਰ ਫੜਿਆ ਗਿਆ ਹੈ। ਕਈ ਵੱਡੇ ਅਹੁਦੇਦਾਰ ਜਾਂਚ ਦੇ ਘੇਰੇ ਵਿਚ ਤਾਂ ਆ ਜਾਂਦੇ ਹਨ, ਘਪਲੇ ਵੀ ਕਰੋੜਾਂ-ਅਰਬਾਂ ਦੇ ਸਪੱਸ਼ਟ ਹੋ ਜਾਂਦੇ ਹਨ ਪਰ ਕਿਸੇ ਨੂੰ ਸਜ਼ਾ ਨਹੀਂ ਹੁੰਦੀ। ਜੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਨੂੰ ਕੋਈ ਅੰਦਰ ਹੋਇਆ ਵੀ ਤਾਂ ਸਭ ਸਹੂਲਤਾਂ, ਸਪੈਸ਼ਲ ਭੋਜਨ ਤੇ ਜੇਲ੍ਹ ਸੁਪਰਡੈਂਟ ਨਾਲ ਪੂਰੀ ਸਾਂਝ ਹੁੰਦੀ ਹੈ। ਕੇਸ ਦਾ ਪਤਾ ਹੀ ਨਹੀਂ ਲਗਦਾ ਕਦੋਂ ਤੇ ਕਿਵੇਂ ਖ਼ਤਮ ਹੋ ਗਿਆ। ਜਿੰਨੀ ਦੇਰ ਘੁਟਾਲੇ ਖ਼ਤਮ ਨਹੀਂ ਹੁੰਦੇ, ਕਸੂਰਵਾਰ ਨੂੰ ਸਜ਼ਾ ਨਹੀਂ ਹੁੰਦੀ, ਭ੍ਰਿਸ਼ਟਾਚਾਰ ਦਾ ਖ਼ਾਤਮਾ ਨਹੀਂ ਹੋ ਸਕਦਾ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

15/05/2017

 ਬੱਚਿਆਂ ਪ੍ਰਤੀ ਸੁਚੇਤ
ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਗਰਮੀ ਤੋਂ ਬਚਣ ਲਈ ਬੱਚਿਆਂ ਦਾ ਝੁਕਾਅ ਪਾਣੀ ਵੱਲ ਹੋ ਜਾਂਦਾ ਹੈ। ਗਰਮੀ 'ਚ ਮਾਪਿਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ, ਕਿਉਂਕਿ ਬੱਚੇ ਗਰਮੀ 'ਚ ਖਾਸ ਕਰਕੇ ਜੂਨ ਦੀਆਂ ਛੁੱਟੀਆਂ 'ਚ ਆਪਣੇ ਸਾਥੀਆਂ ਨਾਲ ਨਹਿਰਾਂ, ਸੂਏ, ਛੱਪੜਾਂ ਆਦਿ ਵਿਚ ਨਹਾਉਣ ਲਈ ਚਲੇ ਜਾਂਦੇ ਹਨ, ਤੈਰਨਾ ਨਾ ਆਉਣ ਦੇ ਕਾਰਨ ਉਹ ਡੁੱਬ ਵੀ ਜਾਂਦੇ ਨੇ। ਬੱਚਿਆਂ ਦੀ ਅਣਗਹਿਲੀ ਕਾਰਨ ਜਾਨੀ ਨੁਕਸਾਨ ਹੋ ਜਾਂਦਾ ਹੈ, ਜਿਸ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ। ਬੱਚੇ ਅਣਭੋਲ ਹੁੰਦੇ ਹਨ ਤੇ ਅਕਸਰ ਉਹ ਆਪਣੇ ਸਾਥੀਆਂ ਨਾਲ ਝੁੰਡ ਬਣਾ ਕੇ ਖਾਸ ਕਰ ਪਿੰਡਾਂ ਵਿਚ ਦੂਰ ਛੱਪੜਾਂ, ਸੂਇਆਂ, ਨਹਿਰਾਂ 'ਤੇ ਨਹਾਉਣ ਚਲੇ ਜਾਂਦੇ ਹਨ, ਜਿਥੇ ਉਹ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਜਾਂਦੇ ਹਨ। ਆਓ! ਆਪਣੇ ਬੱਚਿਆਂ ਪ੍ਰਤੀ ਸੁਹਿਰਦ ਹੋਈਏ ਤੇ ਉਨ੍ਹਾਂ ਨੂੰ ਅਜਿਹੀ ਅਣਗਹਿਲੀ ਕਰਨ ਤੋਂ ਵਰਜੀਏ, ਤਾਂ ਕਿ ਪਾਣੀ ਵਿਚ ਡੁੱਬਣ ਦੀਆਂ ਘਟਨਾਵਾਂ ਕਾਰਨ ਹੋ ਰਹੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ। ਜ਼ਿੰਦਗੀ ਇਕ ਕੁਦਰਤ ਦੁਆਰਾ ਬਖਸ਼ਿਆ ਅਨਮੋਲ ਤੋਹਫ਼ਾ ਹੈ, ਇਸ ਦੀ ਕਦਰ ਕਰੋ, ਨਾ ਕਿ ਅਣਦੇਖੀ।


-ਜਸਬੀਰ ਦੱਧਾਹੂਰ,
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।


ਕਣਕ-ਅਗਨੀ ਕਾਂਡ
ਹਰ ਰੋਜ਼ ਜਦ ਕਿਸੇ ਕਿਸਾਨ ਦੀ ਪੱਕੀ ਕਣਕ ਦੀ ਫਸਲ ਅੱਗ ਨਾਲ ਸੜਨ ਦੀ ਖ਼ਬਰ ਪੜ੍ਹਦੇ ਹਾਂ ਤਾਂ ਹਰ ਇਨਸਾਨ ਦੇ ਹਿਰਦੇ ਨੂੰ ਬਹੁਤ ਠੇਸ ਪਹੁੰਚਦੀ ਹੈ। ਕਿਉਂਕਿ ਦੇਸ਼ ਦਾ ਅੰਨਦਾਤਾ ਕਿਸਾਨ ਆਪਣੀ ਫਸਲ ਨੂੰ ਪੁੱਤਰਾਂ ਵਾਂਗ ਪਾਲਦਾ ਹੈ। ਉਸ ਦੇ ਪਰਿਵਾਰ ਦਾ ਅਤੇ ਸਾਡੇ ਦੇਸ਼ ਦਾ ਭਵਿੱਖ ਉਸ ਦੀ ਫਸਲ 'ਤੇ ਨਿਰਭਰ ਹੁੰਦਾ ਹੈ। ਇਸ ਵਾਰ ਹਜ਼ਾਰਾਂ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋਇਆ ਹੈ। ਕਾਰਨ ਚਾਹੇ ਕੁਝ ਵੀ ਹੋਵੇ ਪਰ ਇਹ ਸਾਡੇ ਲਈ ਸ਼ੁੱਭ ਸੰਕੇਤ ਨਹੀਂ ਹੈ, ਕਿਉਂਕਿ ਕਿਸਾਨ ਪਹਿਲਾਂ ਹੀ ਆਰਥਿਕ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਹਨ। ਇਸ ਲਈ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ੇ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲ ਦੀ ਸੁਰੱਖਿਆ ਲਈ ਪੇਂਡੂ ਖੇਤਰ ਵਿਚ ਬਲਾਕ ਪੱਧਰ 'ਤੇ ਫਾਇਰ ਬ੍ਰਿਗੇਡ ਗੱਡੀਆਂ ਦਾ ਇੰਤਜ਼ਾਮ ਕਰੇ ਅਤੇ ਪਿੰਡ-ਪਿੰਡ ਖੇਤੀਬਾੜੀ ਸੁਸਾਇਟੀਆਂ ਵਿਚ ਪਾਣੀ ਵਾਲੀਆਂ ਟੈਂਕੀਆਂ ਆਦਿ ਦਾ ਪ੍ਰਬੰਧ ਕਰੇ। ਬਿਜਲੀ ਮਹਿਕਮੇ ਨੂੰ ਵੀ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।


-ਲੱਖੀ ਗਿੱਲ ਧਨਾਨਸੂ
ਮੋਬਾ: 88726-60007


ਪੁਸਤਕ ਸੱਭਿਆਚਾਰ
ਟੀ.ਵੀ. ਵਟਸਐਪ ਅਤੇ ਫੇਸਬੁੱਕ ਆਦਿ ਤੱਟ-ਫੱਟ ਵਾਲਾ ਵਰਤਾਰਾ ਹੈ। ਇਨ੍ਹਾਂ ਨੂੰ ਪੜ੍ਹਨ ਉਪਰੰਤ ਡਿਲੀਟ ਕਰਨਾ ਪੈਂਦਾ ਹੈ, ਕਿਉਂਕਿ ਇਨ੍ਹਾਂ ਸਾਰਿਆਂ ਨੂੰ ਫੋਨ ਵਿਚ ਸਮਾਉਣ ਦੀ ਸਮਰੱਥਾ ਵੀ ਥੋੜ੍ਹੀ ਹੁੰਦੀ ਹੈ। ਇਹ ਅਲਮਾਰੀ ਵਿਚ ਬੰਦ ਪਈਆਂ ਵੀ ਤੁਹਾਨੂੰ ਆਵਾਜ਼ਾਂ ਮਾਰਦੀਆਂ ਰਹਿੰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਤੁਸੀਂ ਆਪਣੇ ਕੰਨ ਤੇ ਅੱਖਾਂ ਬੰਦ ਰੱਖੋ। ਕਿਤਾਬਾਂ ਦੇ ਨਾਲ-ਨਾਲ ਸਾਹਿਤਕ ਰਸਾਲਿਆਂ ਦੀ ਉਮਰ ਵੀ ਲੰਮੀ ਹੁੰਦੀ ਹੈ। ਮੈਂ ਅੱਜ ਤੱਕ ਪੁਰਾਣੇ ਮੈਗਜ਼ੀਨ ਸਾਂਭ ਕੇ ਰੱਖੇ ਹੋਏ ਹਨ। ਸਮਾਂ ਮਿਲਣ 'ਤੇ ਪੜ੍ਹ ਵੀ ਲੈਂਦਾ ਹਾਂ। ਅਸੀਂ ਪੁਸਤਕਾਂ ਤੋਂ ਦੂਰ ਹੋਈ ਜਾ ਰਹੇ ਹਾਂ। ਨਵੀਂ ਪੀੜ੍ਹੀ ਲਾਇਬ੍ਰੇਰੀਆਂ ਵੱਲ ਝਾਕਦੀ ਵੀ ਨਹੀਂ। ਉਹ ਪੁਸਤਕਾਂ ਪੜ੍ਹਨਾ ਫਜ਼ੂਲ ਕੰਮ ਸਮਝਦੀ ਹੈ। ਪੁਸਤਕਾਂ ਪੜ੍ਹਨਾ ਤੇ ਹੋਰਾਂ ਨੂੰ ਪੁਸਤਕਾਂ ਸੰਗ ਲਾਉਣਾ ਪੁੰਨ ਦਾ ਕੰਮ ਹੈ। ਜਿਹੜੇ ਪੁਸਤਕਾਂ ਪੜ੍ਹਦੇ ਹਨ, ਉਹ ਲਿਖਣ ਪ੍ਰਕਿਰਿਆ ਵੱਲ ਝੁਕ ਰਹੇ ਹਨ। ਪੁਸਤਕ ਕੋਲ ਪਈ ਨਿੱਘ ਦਿੰਦੀ ਹੈ। ਕਿਸੇ ਨੇ ਠੀਕ ਹੀ ਕਿਹਾ ਹੈ-'ਦੋਸਤ ਛੱਡ ਕੇ ਜਾ ਸਕਦਾ ਹੈ, ਪੁਸਤਕ ਨਹੀਂ।' ਕਿੰਨੇ ਹੀ ਮਹਾਨ ਲਿਖਾਰੀ ਹੋਏ ਹਨ, ਜੇ ਉਹ ਚੰਗੀਆਂ ਕਿਤਾਬਾਂ ਨਾ ਪੜ੍ਹਦੇ ਤਾਂ ਅੱਜ ਉਹ ਮਹਾਨ ਲੇਖਕ ਨਾ ਹੁੰਦੇ। ਪੁਸਤਕ ਸੱਭਿਆਚਾਰ ਨੂੰ ਫੈਲਾਉਣ ਦੀ ਅੱਜ ਬਹੁਤ ਲੋੜ ਹੈ। ਮੈਂ ਕਿਸੇ ਸ਼ਾਇਰ ਦੇ ਸ਼ਿਅਰ ਨਾਲ ਗੱਲ ਖ਼ਤਮ ਕਰਦਾ ਹਾਂ-
ਮੈਂ ਕੁਝ ਕਿਤਾਬਾਂ ਕਿਰਾਏ ਦੇ ਘਰ 'ਚ ਜਦ ਧਰੀਆਂ,
ਤਾਂ ਮਾਲਕ ਪੁੱਛਦੈ, ਤੇਰਾ ਸਮਾਨ ਕਿਥੇ ਹੈ।


-ਜਗਤਾਰ ਗਿੱਲ,
ਬੱਲ ਸਚੰਦਰ, ਅੰਮ੍ਰਿਤਸਰ।

11/05/2017

 ਲਾਲ ਬੱਤੀਆਂ
ਗੱਡੀਆਂ ਤੋਂ ਲਾਲ ਬੱਤੀ ਹਟਾਉਣਾ ਇਕ ਸ਼ਲਾਘਾਯੋਗ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲਾਲ ਬੱਤੀ ਗੱਡੀ ਤੋਂ ਹੀ ਨਹੀਂ ਮਨ 'ਚੋਂ ਵੀ ਹਟਾ ਦਿਓ। ਗੱਡੀ ਤੋਂ ਲਾਲ ਬੱਤੀ ਤਾਂ ਆਡਰ ਦਿੱਤਿਆਂ ਹਟ ਜਾਏਗੀ ਪਰ ਹੋਰ ਜਗ ਰਹੀਆਂ ਲਾਲ ਬੱਤੀਆਂ ਨੂੰ ਬੰਦ ਕਰਨ ਲਈ ਕਦੋਂ ਸੋਚਣਾ ਹੈ? ਪਹਿਲੀ ਲਾਲ ਬੱਤੀ ਵਧ ਰਹੀ ਜਨਸੰਖਿਆ ਦੀ ਜਿਹੜੀ ਦਿਨੋਂ-ਦਿਨ ਹੋਰ ਗੂੜ੍ਹੀ ਹੋ ਰਹੀ ਹੈ। ਦੂਜੀ ਲਾਲ ਬੱਤੀ ਵਧ ਰਹੀ ਬੇਰੁਜ਼ਗਾਰੀ ਦੀ ਜਿਹੜੀ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ, ਚੋਰੀਆਂ ਅਤੇ ਡਕੈਤੀਆਂ ਵੱਲ ਧੱਕ ਰਹੀ ਹੈ। ਤੀਜੀ ਲਾਲ ਬੱਤੀ ਅੱਤਵਾਦ ਦੀ ਜਿਹੜੀ ਪੂਰੇ ਭਾਰਤ 'ਤੇ ਮੰਡਰਾ ਰਹੀ ਹੈ। ਸੁਰੱਖਿਆ ਬਲਾਂ ਦੀਆਂ ਦਰਦਨਾਕ ਸ਼ਹਾਦਤਾਂ ਹੋ ਰਹੀਆਂ ਹਨ। ਚੌਥੀ ਲਾਲ ਬੱਤੀ ਰਿਸ਼ਵਤਖੋਰੀ ਦੀ ਜੋ ਭਾਰਤ ਨੂੰ ਘੁਣ ਵਾਂਗ ਖਾ ਰਹੀ ਹੈ। ਪੰਜਵੀਂ ਲਾਲ ਬੱਤੀ ਧਰਮ ਦੇ ਨਾਂਅ 'ਤੇ ਹੋ ਰਹੀਆਂ ਲੜਾਈਆਂ ਦੀ, ਜਿਸ ਨੇ ਆਪਸੀ ਭਾਈਚਾਰੇ ਨੂੰ ਖੇਰੂੰ-ਖੇਰੂੰ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਲਾਲ ਬੱਤੀਆਂ ਦੇ ਸਾਹਮਣੇ ਤਾਂ ਗੱਡੀ 'ਤੇ ਲੱਗੀ ਲਾਲ ਬੱਤੀ ਕੁਝ ਵੀ ਨਹੀਂ। ਲੋੜ ਹੈ ਇਨ੍ਹਾਂ ਲਾਲ ਬੱਤੀਆਂ ਨੂੰ ਬੰਦ ਕਰਨ ਦੀ।


-ਸਰਬਜੀਤ ਸਿੰਘ, ਜਲੰਧਰ।


ਸਚਾਈ ਭਰਿਆ ਲੇਖ
ਪਿਛਲੇ ਦਿਨੀਂ ਦੋ ਕਿਸ਼ਤਾਂ ਵਿਚ 'ਬੇਮੁਹਾਰ ਹੋ ਗਈਆਂ ਹਨ ਬਾਜ਼ਾਰੂ ਕੀਮਤਾਂ' ਸਿਰਲੇਖ ਹੇਠ ਛਪਿਆ ਸਤਨਾਮ ਸਿੰਘ ਮਾਣਕ ਦਾ ਲੇਖ ਬਹੁਤ ਹੀ ਪ੍ਰਭਾਵਸ਼ਾਲੀ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤਾਂ ਦਾ ਬਾਖੂਬੀ ਵਰਨਣ ਕੀਤਾ ਹੈ। ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਤੇ ਵਿੱਤ ਮੰਤਰੀ ਡਾ: ਮਨਮੋਹਨ ਸਿੰਘ ਵੇਲੇ ਸਰਕਾਰ ਨੇ ਨਿੱਜੀਕਰਨ ਅਤੇ ਉਦਾਰਵਾਦੀ ਨੀਤੀਆਂ ਧਾਰਨ ਕੀਤੀਆਂ। ਸਿੱਟੇ ਵਜੋਂ ਹਰ ਖੇਤਰ ਵਿਚ ਲੋਕਾਂ ਦੇ ਹਿਤ ਨਦਾਰਦ ਕਰ ਦਿੱਤੇ ਗਏ। ਧਨਾਢ ਅਤੇ ਵਪਾਰੀ ਵਰਗ ਨੇ ਮੱਧ ਵਰਗ ਦਾ ਰੱਜ ਕੇ ਸ਼ੋਸ਼ਣ ਕੀਤਾ। ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ। ਮਹਿੰਗਾਈ ਛਾਲਾਂ ਮਾਰ-ਮਾਰ ਵੱਧ ਗਈ। ਹਰ ਖੇਤਰ 'ਤੇ ਜਿਵੇਂ ਕਿ ਰੇਤਾ, ਬਜਰੀ, ਕੇਬਲ, ਟਰਾਂਸਪੋਰਟ ਆਦਿ 'ਤੇ ਤਾਕਤਵਰ ਲੋਕਾਂ ਨੇ ਕਬਜ਼ਾ ਕਰ ਲਿਆ ਹੈ।


-ਜਗਤਾਰ ਸਿੰਘ ਰੁਲਦੂਵਾਲਾ
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।


ਅਵਾਰਾ ਕੁੱਤਿਆਂ ਦੀ ਸਮੱਸਿਆ
ਅਖ਼ਬਾਰ ਵਿਚ ਕੁੱਤਿਆਂ ਦੇ ਖੌਫ਼ ਬਾਰੇ ਪੜ੍ਹਨ ਨੂੰ ਮਿਲਿਆ। ਇਸ ਤੋਂ ਵੱਧ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਕੁੱਤਿਆਂ ਵੱਲੋਂ ਲੋਕਾਂ ਨੂੰ ਨੋਚ-ਨੋਚ ਕੇ ਖਾਧਾ ਜਾ ਰਿਹਾ ਅਤੇ ਸਰਕਾਰਾਂ ਖਾਮੋਸ਼ ਹਨ। ਜਦੋਂ ਅਵਾਰਾ ਕੁੱਤਿਆਂ 'ਤੇ ਕੋਈ ਕੰਟਰੋਲ ਕਰਨ ਦਾ ਪ੍ਰਬੰਧ ਨਹੀਂ, ਇਨ੍ਹਾਂ ਨੂੰ ਕਿੱਥੇ ਤੇ ਕਿਵੇਂ ਰੱਖਣਾ ਹੈ ਤਾਂ ਅਵਾਰਾ ਕੁੱਤਿਆਂ ਨੂੰ ਖੁੱਲ੍ਹੇ ਫਿਰਨ ਦੇਣਾ ਕਿੱਥੋਂ ਦੀ ਸਿਆਣਪ ਹੈ। ਪਹਿਲਾਂ ਸਿਹਤ ਵਿਭਾਗ ਵੱਲੋਂ ਅਵਾਰਾ ਕੁੱਤਿਆਂ ਨੂੰ ਮਾਰ ਕੇ ਦਫ਼ਨਾਇਆ ਜਾਂਦਾ ਸੀ। ਹੁਣ ਤਾਂ ਝੁੰਡਾ ਦੇ ਝੁੰਡ ਗਲੀਆਂ, ਸੜਕਾਂ 'ਤੇ ਘੁੰਮ ਰਹੇ ਹਨ। ਨਸਬੰਦੀ ਦਾ ਜੋ ਹਾਲ ਹੋਇਆ, ਉਹ ਕਿਸੇ ਤੋਂ ਲੁਕਿਆ-ਛਿਪਿਆ ਨਹੀਂ। ਕਾਗਜ਼ਾਂ ਵਿਚ ਜੋ ਹੈ, ਉਸ ਤੋਂ ਬਾਹਰ ਆ ਕੇ ਜ਼ਮੀਨੀ ਹਕੀਕਤ ਜਾਣੋ, ਉਹ ਅਸਲੀਅਤ ਬਿਆਨ ਕਰੇਗੀ। ਲੋਕਾਂ ਦੇ ਹਿਤਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਪੈਸੇ ਦੀ ਘਾਟ ਦੱਸੀ ਜਾਂਦੀ ਹੈ। ਮਹੀਨੇ ਵਿਚ ਇਕ ਮੰਤਰੀ, ਵਿਧਾਇਕ ਜਾਂ ਸਕੱਤਰ ਲੱਖਾਂ ਰੁਪਏ ਦਾ ਡੀਜ਼ਲ ਸਰਕਾਰੀ ਖਜ਼ਾਨੇ ਵਿਚੋਂ ਵਰਤ ਲਵੇ ਤਾਂ ਪੈਸੇ ਦੀ ਸਮੱਸਿਆ ਕੋਈ ਨਹੀਂ ਹੁੰਦੀ। ਜੇਕਰ ਬੰਦੇ ਦੇ ਜਿਊਣ ਦੀ ਰਾਖੀ ਸਰਕਾਰ ਤੇ ਪ੍ਰਸ਼ਾਸਨ ਨਹੀਂ ਕਰ ਸਕਦਾ ਤਾਂ ਏਨੇ ਵੱਡੇ ਤਾਮ-ਝਾਮ ਬਣਾਉਣ ਦੀ ਜ਼ਰੂਰਤ ਹੀ ਕੀ ਹੈ? ਜੰਗਲਾਂ ਵਿਚ ਰਹਿੰਦਾ ਮਨੁੱਖ ਆਪਣੇ ਹਿਸਾਬ ਨਾਲ ਆਪਣੀ ਹਿਫ਼ਾਜ਼ਤ ਕਰ ਹੀ ਲੈਂਦਾ ਸੀ। ਜਿਹੜੇ ਕਾਨੂੰਨ ਬਣਾ ਰਹੇ ਨੇ, ਉਨ੍ਹਾਂ ਦੇ ਘਰਾਂ ਤੇ ਉਨ੍ਹਾਂ ਦੇ ਪਰਿਵਾਰ ਏਨੇ ਸੁਰੱਖਿਆ ਗਾਰਡਾਂ ਨਾਲ ਘੁੰਮਦੇ ਹਨ ਕਿ ਉਹ ਕੀ ਜਾਨਣ ਕੁੱਤੇ ਦੇ ਵੱਢੇ ਦਾ ਦਰਦ, ਨੋਚ-ਨੋਚ ਖਾਧੇ ਜਾਣ ਦੀ ਤਕਲੀਫ਼। ਸਰਕਾਰ ਗੰਭੀਰ ਹੋਏ ਤਾਂ ਪ੍ਰਸ਼ਾਸਨ ਵੀ ਸੁਚੇਤ ਹੋਏਗਾ। ਅਖ਼ਬਾਰਾਂ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਪੜ੍ਹ ਕੇ ਮੇਰਾ ਵੀ ਇਹ ਹੀ ਸਵਾਲ ਹੈ ਕਿ ਇਹ ਸਮੱਸਿਆ ਹੱਲ ਕਿਉਂ ਨਹੀਂ ਕੀਤੀ ਜਾਂਦੀ? ਇਸ ਨਾਲ ਹੋਏ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ?


-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221

10-4-2017

 ਸਰਕਾਰ ਦੀ ਬੇਰੁਖ਼ੀ

ਕਿਸਾਨ ਦੀ ਹਾਲਤ ਦਿਨ-ਬਦਿਨ ਵਿਗੜਦੀ ਜਾ ਰਹੀ ਹੈ। ਉਦਯੋਗਪਤੀਆਂ ਦੇ ਕਰਜ਼ਿਆਂ ਦੀ ਸਮੱਸਿਆ ਨੂੰ ਇਕ ਖਾਸ ਵਿਧੀ ਨਾਲ ਸੁਲਝਾ ਲਿਆ ਜਾਂਦਾ ਹੈ ਪਰ ਕਿਸਾਨਾਂ ਵਾਸਤੇ ਝੱਜੂ ਪੈ ਜਾਂਦਾ ਹੈ। ਕਿਉਂ ਕਿਸਾਨਾਂ ਦੀਆਂ ਸਮੱਸਿਆਵਾਂ ਸਮਝ ਨਹੀਂ ਆਉਂਦੀਆਂ? ਕਿਉਂ ਇਸ ਦਾ ਪੱਕਾ ਹੱਲ ਨਹੀਂ ਲੱਭਿਆ ਜਾ ਰਿਹਾ? ਕਿਉਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ ਕਿਸਾਨ? ਸੁਪਰੀਮ ਕੋਰਟ ਨੇ ਵੀ ਇਸ 'ਤੇ ਚਿੰਤਾ ਜ਼ਾਹਰ ਕੀਤੀ ਹੈ ਪਰ ਇਸ ਬਾਰੇ ਕੋਈ ਵੀ ਸਰਕਾਰ ਗੰਭੀਰ ਨਹੀਂ ਹੈ। ਜਿਸ ਤਰ੍ਹਾਂ ਕਿਸਾਨ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਹਨ, ਸਰਕਾਰ ਦੀ ਬੇਰੁਖ਼ੀ ਸਹੀ ਨਹੀਂ ਲਗਦੀ। ਬੜੀ ਹੈਰਾਨੀ ਹੁੰਦੀ ਹੈ ਜਦੋਂ ਕਿਸਾਨ ਨੂੰ ਆਲੂ ਦਾ ਭਾਅ ਇਕ ਰੁਪਏ ਤੱਕ ਮਿਲਦਾ ਹੈ ਅਤੇ ਗਾਹਕਾਂ ਨੂੰ ਆਲੂ ਉਸ ਸਮੇਂ ਵੀ ਬਾਜ਼ਾਰ ਵਿਚ 8-9 ਰੁਪਏ ਮਿਲ ਰਿਹਾ ਹੁੰਦਾ ਹੈ। ਸਬਜ਼ੀਆਂ ਦੀ ਵੀ ਇੰਜ ਹੀ ਦੁਰਦਸ਼ਾ ਕੀਤੀ ਜਾਂਦੀ ਹੈ। ਕਿਸਾਨ ਨੂੰ ਕੁਦਰਤ ਵੀ ਮਾਰ ਜਾਂਦੀ ਹੈ, ਬੇਮੌਸਮਾ ਮੀਂਹ, ਗੜੇ, ਝੱਖੜ ਉਸ ਦੀ ਮਿਹਨਤ ਨੂੰ ਤਹਿਸ-ਨਹਿਸ ਕਰ ਦਿੰਦੇ ਹਨ। ਮੁਆਵਜ਼ੇ ਦੇ ਨਾਂਅ 'ਤੇ ਜੋ ਧਾਂਦਲੀਆਂ ਹੁੰਦੀਆਂ ਹਨ, ਉਹ ਕਿਸੇ ਤੋਂ ਵੀ ਲੁਕੀਆਂ ਨਹੀਂ।
ਕਿਸਾਨੀ ਦਾ ਧੰਦਾ ਹੀ ਅਜਿਹਾ ਹੈ, ਜਿਸ ਵਿਚ ਮਾਲਕ ਆਪਣੀ ਚੀਜ਼ ਦਾ ਮੁੱਲ ਖ਼ੁਦ ਨਹੀਂ ਤੈਅ ਕਰ ਸਕਦਾ। ਸੂਈ ਤੋਂ ਲੈ ਕੇ ਜਹਾਜ਼ ਬਣਾਉਣ ਵਾਲਾ ਆਪਣੀ ਚੀਜ਼ ਦੀ ਕੀਮਤ ਤੇ ਮੁਨਾਫ਼ਾ ਖ਼ੁਦ ਤੈਅ ਕਰਦਾ ਹੈ। ਬਹੁਤੀ ਵਾਰ ਇਹ ਸਵਾਲ ਉੱਠਦਾ ਹੈ ਕਿ ਕਿਸਾਨ ਵਿਆਹ 'ਤੇ ਖਰਚਾ ਬਹੁਤ ਕਰਦੇ ਨੇ, ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਪਰ ਜਿਵੇਂ ਦੇ ਸਮਾਜ ਦੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਵਿਚ ਕਿਸਾਨਾਂ ਨੂੰ ਵੱਖਰਾ ਕਿਵੇਂ ਕਰ ਸਕਦੇ ਹਾਂ। ਬੱਚਿਆਂ ਦੀ ਪੜ੍ਹਾਈ 'ਤੇ ਜੋ ਖਰਚਾ ਹੋ ਰਿਹਾ ਹੈ, ਉਸ ਨੂੰ ਉਹ ਕਿਵੇਂ ਘੱਟ ਕਰ ਸਕਦਾ ਹੈ। ਪੜ੍ਹਾਈ ਤੋਂ ਬਾਅਦ ਬੱਚੇ ਨਾ ਤਾਂ ਖੇਤੀ ਕਰਦੇ ਹਨ ਅਤੇ ਨਾ ਹੀ ਨੌਕਰੀ ਮਿਲਦੀ ਹੈ। ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤ ਤੇ ਭ੍ਰਿਸ਼ਟਾਚਾਰ ਨੇ ਇਸ ਵਰਗ ਦਾ ਵੀ ਲੱਕ ਤੋੜਿਆ ਹੋਇਆ ਹੈ। ਕਿਸਾਨ ਸਭ ਦਾ ਪੇਟ ਭਰਦਾ ਹੈ ਪਰ ਉਸ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ। ਇਸ ਤੋਂ ਵੱਡੀ ਅਣਗਹਿਲੀ ਤੇ ਗ਼ੈਰ-ਜ਼ਿੰਮੇਵਾਰੀ ਵਾਲੀ ਹਰਕਤ ਹੋਰ ਕੀ ਹੋ ਸਕਦੀ ਹੈ। ਸਵਾਮੀਨਾਥਨ ਰਿਪੋਰਟ 'ਤੇ ਗ਼ੌਰ ਕਿਉਂ ਨਹੀਂ ਹੋ ਰਿਹਾ।

-ਪ੍ਰਭਜੋਤ ਕੌਰ ਢਿੱਲੋਂ
ਸੰਪਰਕ : 98150-30221.

ਲੋਕ ਕੀ ਚਾਹੁੰਦੇ ਹਨ?

ਪਿਛਲੇ ਦਿਨੀਂ ਡਾ: ਸ਼ਿਆਮ ਸੁੰਦਰ ਦੀਪਤੀ ਹੁਰਾਂ ਦਾ ਲੇਖ 'ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਸਿਆਸੀ ਦਲ' ਪੜ੍ਹਿਆ। ਦਰਅਸਲ ਦੇਸ਼ ਆਜ਼ਾਦ ਹੁੰਦਿਆ ਹੀ ਸਾਡੇ ਰਾਜਨੀਤੀਵਾਨਾਂ ਨੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਵੱਲ ਘੱਟ ਹੀ ਧਿਆਨ ਦਿੱਤਾ ਹੈ, ਜੇ ਧਿਆਨ ਦਿੱਤਾ ਹੁੰਦਾ ਤਾਂ ਦੇਸ਼ ਦੀ ਅਜਿਹੀ ਦੁਰਦਸ਼ਾ ਨਾ ਹੁੰਦੀ। ਇਹ ਠੀਕ ਹੈ ਕਿ ਤਰੱਕੀ ਹੋਈ ਹੈ ਪਰ ਜੋ ਤਰੱਕੀ ਵਿਖਾਈ ਦੇ ਰਹੀ ਹੈ, ਉਸ ਨਾਲ ਆਮ ਆਦਮੀ ਦਾ ਕੋਈ ਲੈਣ-ਦੇਣ ਨਹੀਂ ਹੈ। ਲੋਕ ਚਾਹੁੰਦੇ ਹਨ ਕਿ ਸਿਹਤ ਸਹੂਲਤਾਂ, ਚੰਗੀ ਵਿੱਦਿਆ, ਵਧੀਆ ਰਹਿਣ-ਸਹਿਣ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਖੁਸ਼ਹਾਲ ਕਿਰਸਾਨੀ, ਦੇਸ਼ ਦੀ ਤਰੱਕੀ ਤੇ ਰੁਜ਼ਗਾਰ ਲਈ ਸਨਅਤਾਂ, ਪੜ੍ਹੀ-ਲਿਖੀ ਜਵਾਨੀ ਲਈ ਚੰਗੀਆਂ ਸਰਕਾਰੀ ਤੇ ਗ਼ੈਰ-ਸਰਕਾਰੀ ਨੌਕਰੀਆਂ ਆਦਿ ਬੁਨਿਆਦੀ ਲੋੜਾਂ ਪੂਰੀਆਂ ਹੋਣ। ਰਾਜਨੀਤੀਵਾਨਾਂ ਨੂੰ ਹੁਣ ਲੋਕਾਂ ਦੀ ਮਾਨਸਿਕਤਾ ਨੂੰ ਸਮਝ ਲੈਣਾ ਚਾਹੀਦਾ ਹੈ। ਹੋਰ ਲਾਰਿਆਂ ਨਾਲ ਸਮਾਂ ਨਹੀਂ ਲੰਘਾਉਣਾ ਚਾਹੀਦਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

09/05/2017

ਸਿੱਖ ਨਸਲਕੁਸ਼ੀ

ਪਿਛਲੇ ਦਿਨੀਂ ਕੈਨੇਡਾ ਦੀ ਉਂਟਾਰੀਓ ਅਸੈਂਬਲੀ ਨੇ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਹਿਣ 'ਤੇ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਸਖ਼ਤ ਇਤਰਾਜ਼ ਕੀਤਾ, ਜਦੋਂ ਕਿ ਭਾਜਪਾ ਦੇ ਪ੍ਰਕਾਸ਼ ਜਾਵਡੇਕਰ ਅਤੇ ਰਾਜਨਾਥ ਸਿੰਘ ਵੱਡੇ ਆਗੂ '84 ਕਤਲੇਆਮ ਨੂੰ ਪਹਿਲਾਂ ਹੀ ਸਿੱਖ ਨਸਲਕੁਸ਼ੀ ਕਹਿ ਚੁੱਕੇ ਹਨ। ਫਿਰ ਸ੍ਰੀ ਜੇਤਲੀ ਨੂੰ ਇਸ ਮੁੱਦੇ 'ਤੇ ਭਾਰਤ ਅਤੇ ਕੈਨੇਡਾ ਦੇ ਰਾਜਨੀਤਕ ਸਬੰਧ ਵਿਗੜਨ ਤੱਕ ਦੀ ਗੱਲ ਕਹਿਣੀ ਪਈ। ਜੇਕਰ '84 ਕਤਲੇਆਮ ਦਾ ਮਸਲਾ ਅੰਤਰਰਾਸ਼ਟਰੀ ਪੱਧਰ 'ਤੇ ਉੱਠਿਆ ਤਾਂ ਹੋ ਸਕਦਾ ਸਿੱਖਾਂ ਦੇ ਕਾਤਲਾਂ ਨੂੰ ਨਾ ਚਾਹੁੰਦੇ ਹੋਏ ਵੀ ਸਜ਼ਾਵਾਂ ਦੇਣੀਆਂ ਪੈਣ। ਭਾਜਪਾ ਨੂੰ ਡਰ ਹੈ ਕਿ ਹੋ ਸਕਦਾ ਹੈ ਅਜਿਹਾ ਕਰਨ ਨਾਲ ਹਿੰਦੂ ਵੋਟਾਂ ਉਹਦੇ ਨਾਲੋਂ ਟੁੱਟ ਜਾਣ। ਕੀ ਪੰਜਾਬ ਜਾਂ ਸਿੱਖ ਵੋਟਰ ਭਾਜਪਾ ਲਈ ਕੋਈ ਮਾਅਨੇ ਨਹੀਂ ਰੱਖਦੇ? ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਪ੍ਰੰਤੂ ਸਿੱਖਾਂ ਦੀ ਪ੍ਰਤੀਨਿਧ ਕਹਾਉਣ ਵਾਲੀ ਪਾਰਟੀ ਦੀ ਚੁੱਪ ਕੇਵਲ ਚੁੱਭਦੀ ਹੀ ਨਹੀਂ, ਸਗੋਂ ਕਈ ਤਰ੍ਹਾਂ ਦੇ ਸ਼ੰਕੇ ਵੀ ਖੜ੍ਹੇ ਕਰਦੀ ਹੈ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

ਕਿਸਾਨ ਬਨਾਮ ਸਰਕਾਰੀ ਫ਼ੈਸਲੇ

ਪਿਛਲੇ ਲੰਮੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਬਹਿਸ ਹੁੰਦੀ ਰਹੀ ਹੈ ਅਤੇ ਇਸ ਵਾਰ ਇਸ ਨੂੰ ਸਖ਼ਤੀ ਨਾਲ ਲਾਗੂ ਵੀ ਕਰ ਦਿੱਤਾ ਗਿਆ। ਬੇਸ਼ੱਕ ਫ਼ੈਸਲਾ ਵਾਤਾਵਰਨ ਹਿਤੈਸ਼ੀ ਹੈ ਪ੍ਰੰਤੂ ਕੀ ਕਿਸਾਨੀ ਜੋ ਕਿ ਪਹਿਲਾਂ ਹੀ ਕਰਜ਼ੇ ਵਿਚ ਫਸੀ ਹੋਈ ਹੈ, ਆਰਥਿਕ ਤੌਰ 'ਤੇ ਵੱਧ ਵਹਾਈ ਦੇ ਖਰਚ ਨੂੰ ਸਹਿਣ ਕਰ ਪਾਏਗੀ? ਕੀ ਸਰਕਾਰ ਨੇ ਝੋਨੇ ਦੇ ਆਗਾਮੀ ਸੀਜ਼ਨ ਦੌਰਾਨ ਝੋਨੇ ਦੀ ਵਿਆਪਕ ਪਰਾਲੀ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਕੀਤੇ ਹਨ? ਕਿਸਾਨ ਸਰਕਾਰ ਤੋਂ ਮੁਨਕਰ ਨਹੀਂ ਪ੍ਰੰਤੂ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਵਸੀਲੇ ਪ੍ਰਦਾਨ ਕੀਤੇ ਜਾਣ। ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਵਲ ਕਿਸਾਨ ਹੀ ਕਿਉਂ, ਉਦਯੋਗਾਂ 'ਤੇ ਵੀ ਸ਼ਿਕੰਜਾ ਕੱਸੋ। ਪ੍ਰਦੂਸ਼ਣ ਲਈ ਉਦਯੋਗ ਵੀ ਜ਼ਿੰਮੇਵਾਰ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਲੋੜੀਂਦੇ ਪ੍ਰਬੰਧ ਕਰੇ।

-ਮਨਦੀਪ ਸਿਵੀਆ
ਪਿੰਡ ਤੇ ਡਾਕ: ਜੋੜਕੀ ਅੰਧੇਵਾਲੀ, ਜ਼ਿਲ੍ਹਾ ਫਾਜ਼ਿਲਕਾ।

ਪੰਜਾਬ ਦੀ ਸਰਪਲੱਸ ਬਿਜਲੀ

ਪੰਜਾਬ ਦੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਪੰਜਾਬ ਵਿਚ ਬਿਜਲੀ ਸਰਪਲਸ ਹੈ ਅਤੇ ਇਸ ਨੂੰ ਪਾਕਿਸਤਾਨ ਅਤੇ ਨਿਪਾਲ ਨੂੰ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇ, ਜੋ ਕਿ ਬਹੁਤ ਹੀ ਸੁਚੱਜਾ, ਸੁਚਾਰੂ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਪ੍ਰੰਤੂ ਬਿਜਲੀ ਦੂਸਰੇ ਦੇਸ਼ਾਂ ਨੂੰ ਵੇਚਣ ਤੋਂ ਪਹਿਲਾਂ ਇਹ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਪੰਜਾਬ ਕੋਲ ਬਿਜਲੀ ਵਾਕਿਆ ਹੀ ਸਰਪਲੱਸ ਹੈ। ਜੇਕਰ ਸਚਮੁੱਚ ਬਿਜਲੀ ਸਰਪਲੱਸ ਹੈ ਤਾਂ ਕਿਸਾਨਾਂ ਨੂੰ ਖੇਤੀ ਲਈ ਝੋਨੇ ਦੇ ਸੀਜ਼ਨ ਵਿਚ 8 ਘੰਟੇ ਕਿਉਂ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ 24 ਘੰਟੇ ਬਿਜਲੀ ਪਹਿਲਾਂ ਦਿੱਤੀ ਜਾਵੇ ਅਤੇ ਸਨਅਤਾਂ ਨੂੰ ਪੂਰੀ ਬਿਜਲੀ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਕਿਸਾਨ ਅਤੇ ਸਨਅਤਕਾਰ ਦੇਸ਼ ਦੀ ਖੁਸ਼ਹਾਲੀ ਵਿਚ ਹੋਰ ਯੋਗਦਾਨ ਪਾ ਸਕਣ। ਇਸ ਲਈ ਪਹਿਲਾਂ ਪੰਜਾਬ ਦੀ ਮੰਗ ਪੂਰੀ ਕੀਤੀ ਜਾਵੇ ਅਤੇ ਜੇਕਰ ਫਿਰ ਵੀ ਬਿਜਲੀ ਸਰਪਲੱਸ ਹੈ ਤਾਂ ਇਸ ਨੂੰ ਵੇਚਣ ਵਿਚ ਕੋਈ ਹਰਜ਼ ਨਹੀਂ ਹੈ। ਅਜਿਹਾ ਕਰਨ ਨਾਲ ਪੰਜਾਬ ਅਤੇ ਭਾਰਤ ਦਾ ਮਾਣ ਹੋਰ ਵਧੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, 15 ਰਮਨੀਕ ਨਗਰ, ਮਿੱਠਾਪੁਰ ਰੋਡ, ਜਲੰਧਰ।

05/05/2017

 ਗ਼ਲਤ ਫ਼ੈਸਲੇ
ਸਿੱਖਿਆ ਵਿਚ ਸੁਧਾਰ ਕਰਨ ਲਈ ਪੰਜਾਬ ਦਾ ਸਿੱਖਿਆ ਵਿਭਾਗ ਬਹੁਤ ਯਤਨਸ਼ੀਲ ਹੈ। ਫਿਰ ਵੀ ਵਿਦਿਆਰਥੀਆਂ ਦੀ ਗਿਣਤੀ ਨਹੀਂ ਵਧ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਅਧਿਆਪਕਾਂ ਦੀ ਕਮੀ ਹੈ। ਪੜ੍ਹਾਈ ਦੇ ਦਿਨਾਂ 'ਚ ਅਧਿਆਪਕਾਂ ਦੇ ਸੈਮੀਨਾਰ ਲਗਾ ਦਿੱਤੇ ਜਾਂਦੇ ਹਨ, ਜਦੋਂ ਕਿ ਜਨਵਰੀ ਤੋਂ ਲੈ ਕੇ ਮਾਰਚ ਦੇ ਅਖੀਰ ਤੱਕ ਕੋਈ ਸੈਮੀਨਾਰ ਨਹੀਂ ਲੱਗਣਾ ਚਾਹੀਦਾ। ਕੁਝ ਹੋਰ ਫ਼ੈਸਲੇ ਜਿਵੇਂ ਅਧਿਆਪਕਾਂ ਦੀ ਰੋਜ਼ਾਨਾ ਕੰਮ ਕਾਜ ਦੀ ਡਾਇਰੀ ਵਿਦਿਆਰਥੀ ਲਿਖਣਗੇ। ਬੱਚਿਆਂ ਨੂੰ ਛੁੱਟੀ ਪਹਿਲਾਂ ਹੋਵੇਗੀ ਅਤੇ ਅਧਿਆਪਕ ਅੱਧਾ ਪੌਣਾ ਘੰਟਾ ਸਕੂਲ 'ਚ ਹੀ ਬੈਠਣਗੇ। ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਵਿਚੋਂ ਕੋਈ ਵੀ ਵਿਦਿਆਰਥੀ ਫੇਲ੍ਹ ਨਾ ਕਰਨ ਵਾਲਾ ਫ਼ੈਸਲਾ ਵਿਦਿਆਰਥੀਆਂ ਦੀ ਜ਼ਿੰਦਗੀ ਤਬਾਹ ਕਰਨ ਵਾਲਾ ਫ਼ੈਸਲਾ ਸੀ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ ਦਾ ਪ੍ਰਬੰਧ ਸਿੱਖਿਆ ਸ਼ਾਸਤਰੀਆਂ ਦੇ ਹਵਾਲੇ ਕਰੇ ਤਾਂ ਜੋ ਸਕੂਲਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਨਵੀਂ ਟਰਾਂਸਪੋਰਟ ਨੀਤੀ
ਪੰਜਾਬ ਸਰਕਾਰ ਵੱਲੋਂ ਨਵੀਂ ਟਰਾਂਸਪੋਰਟ ਨੀਤੀ ਬਣਾਉਣ 'ਤੇ ਵਿਚਾਰ ਹੋਈ ਹੈ। ਪੰਜਾਬ ਦੀਆਂ ਸੜਕਾਂ 'ਤੇ ਰੋਡਵੇਜ਼ ਜਾਂ ਪੈਪਸੂ ਰੋਡ ਟਰਾਂਸਪੋਰਟ ਤਾਂ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ। ਪਿੰਡਾਂ ਦੇ ਰੂਟਾਂ 'ਤੇ 1980 ਦੇ ਕਰੀਬ ਰੋਡਵੇਜ਼ ਦੀਆਂ ਬੱਸਾਂ ਜਾਂਦੀਆਂ ਸਨ ਪਰ ਅੱਜ ਰੋਡਵੇਜ਼ ਦੀ ਬੱਸ ਹੁਣ ਨਜ਼ਰ ਨਹੀਂ ਆਉਂਦੀ। ਸਭ ਪਾਸੇ ਮਿੰਨੀ ਬੱਸਾਂ ਦਾ ਬੋਲਬਾਲਾ ਹੈ। ਬੱਸ ਦਾ ਮਾਲਕ ਕੋਈ ਹੁੰਦਾ ਹੈ ਤੇ ਪਰਮਿਟ ਦਾ ਮਾਲਕ ਕੋਈ ਹੋਰ। ਜਿਨ੍ਹਾਂ ਲੋਕਾਂ ਦਾ ਸਿਆਸੀ ਕੱਦ ਉੱਚਾ ਹੁੰਦਾ ਹੈ, ਉਹ ਲੋਕ ਬਿਨਾਂ ਪਰਮਿਟ ਤੋਂ ਕਮਾਈ ਕਰ ਰਹੇ ਹਨ। ਨਿੱਜੀ ਟਰਾਂਸਪੋਰਟਰ ਅੱਜ ਮਾਲੋਮਾਲ ਹਨ ਤੇ ਸਰਕਾਰੀ ਬੱਸਾਂ ਨੂੰ ਕਮਾਈ ਘੱਟ ਹੋਣ ਨਾਲ ਖਜ਼ਾਨੇ ਨੂੰ ਧੱਕਾ ਲੱਗਾ ਹੈ। ਜੇਕਰ ਸਰਕਾਰ ਪਿਡਾਂ ਨੂੰ ਰੋਡਵੇਜ਼ ਦੀਆਂ ਮਿੰਨੀ ਬੱਸਾਂ ਲਗਾ ਦੇਵੇ ਤਾਂ ਸਰਕਾਰ ਨੂੰ ਜਿੱਥੇ ਕਮਾਈ ਹੋਵੇਗੀ, ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਹੈ। ਜੇਕਰ ਪੰਜਾਬ ਸਰਕਾਰ ਰੋਡਵੇਜ਼, ਪੈਪਸੂ ਬੱਸਾਂ ਨੂੰ ਸੁਚੱਜੇ ਢੰਗ ਨਾਲ ਚਲਾਵੇ ਤਾਂ ਪੰਜਾਬ ਦਾ ਖਜ਼ਾਨਾ ਮਾਲੋਮਾਲ ਹੋ ਸਕਦਾ ਹੈ, ਜੇ ਪੰਜਾਬ ਸਰਕਾਰ ਨਿੱਜੀ ਕੰਪਨੀ ਦੇ ਟਰਾਂਸਪੋਰਟਰ ਨੂੰ ਘੁਸਪੈਠ ਤੋਂ ਰੋਕਣ ਵਿਚ ਸਫਲ ਹੁੰਦੀ ਹੈ।

-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।

ਜੇ ਨਾ ਮਨੋਂ ਮੁਕਾਈਏ
ਹਜ਼ਰਤ ਬੁੱਲ੍ਹੇ ਸ਼ਾਹ ਨੇ ਤੱਤ ਕੱਢ ਕੇ ਕਿਹਾ ਹੈ, 'ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜੇ ਨ ਮਨੋਂ ਮੁਕਾਈਏ'। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਵੀ.ਆਈ.ਪੀ. ਕਲਚਰ ਖ਼ਤਮ ਕਰਨ ਲਈ ਜੋ ਕਦਮ ਉਠਾਇਆ, ਸ਼ਲਾਘਾਯੋਗ ਹੈ। ਪ੍ਰੰਤੂ ਇਹ ਕੇਵਲ ਲਾਲ ਬੱਤੀ ਤੇ ਹੂਟਰ ਹਟਾਉਣ ਨਾਲ ਖ਼ਤਮ ਨਹੀਂ ਹੋਣਾ। ਸਾਡੇ ਵਿਧਾਇਕ ਤਾਂ ਸਟੇਜਾਂ 'ਤੇ ਖਲੋ ਕੇ ਪੁਲਿਸ ਨੂੰ ਜ਼ਬਰਦਸਤ ਐਲਾਨੀਆਂ ਧਮਕੀਆਂ ਦਿੰਦੇ ਹਨ। ਇਕ ਵਿਧਾਇਕ ਦਾ ਸਮਰਥਕ ਧੁੱਪ ਵਿਚ ਖੜ੍ਹੇ ਡਿਊਟੀ ਦੇ ਰਹੇ ਪੁਲਿਸ ਕਰਮਚਾਰੀ ਨੂੰ ਗੱਡੀ ਰੋਕਣ ਦਾ ਇਸ਼ਾਰਾ ਕਰਨ 'ਤੇ ਅੱਗ ਬਬੂਲਾ ਹੋ ਕੇ ਕੁੱਟਣ ਤੱਕ ਜਾਂਦਾ ਸੀ ਕਿ ਗੱਡੀ ਨੂੰ ਰੋਕਿਆ ਕਿਉਂ ਹੈ। ਅਜਿਹੇ ਤਾਨਾਸ਼ਾਹ ਸਲੂਕ ਕਰਨ ਵਾਲਿਆਂ ਦੀਆਂ ਹੋਰ ਵੀ ਖ਼ਬਰਾਂ ਪੜ੍ਹਨ ਨੂੰ ਮਿਲੀਆਂ ਹਨ। ਜਿੰਨਾ ਚਿਰ ਸਾਡੇ ਸ਼ਾਸਕਾਂ, ਆਗੂਆਂ ਤੇ ਅਫ਼ਸਰਾਂ ਦੇ ਮਨ ਵਿਚੋਂ ਸੱਤਾ ਦਾ ਗਰੂਰ, ਅਹੁਦੇ ਦੀ ਸ਼ਕਤੀ ਤੇ ਕੁਰਸੀਆਂ ਦੇ ਨਸ਼ੇ ਵਿਚੋਂ ਤੁਗਲਕੀ ਫਰਮਾਨ ਨਹੀਂ ਜਾਂਦੇ ਅਤੇ ਸੇਵਾ ਭਾਵ ਦਾ ਜਜ਼ਬਾ ਨਹੀਂ ਆਉਂਦਾ, ਵੀ.ਆਈ.ਪੀ. ਸੱਭਿਆਚਾਰ ਨਹੀਂ ਜਾਏਗਾ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

04/05/2017

 ਆਪਣੇ ਫ਼ਰਜ਼ ਪਛਾਣੋ
ਪ੍ਰਦੂਸ਼ਣ ਦੀ ਗੱਲ ਤਾਂ ਹਰ ਕੋਈ ਕਰਦਾ ਹੈ, ਬਹਿਸ ਵੀ ਚੈਨਲਾਂ 'ਤੇ ਵੇਖਣ ਨੂੰ ਮਿਲ ਜਾਂਦੀ ਹੈ। ਜੇ ਨੇਤਾ ਤੇ ਪ੍ਰਸ਼ਾਸਨ, ਜਿਵੇਂ ਦੀਆਂ ਗੱਲਾਂ ਕਰਦੇ ਹਨ ਤਾਂ ਹੱਲ ਵੀ ਨਿਕਲ ਆਏ ਪਰ ਹੈਰਾਨੀ ਵਾਲੀ ਤੇ ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਲੋਕ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ। ਹਰ ਜਗ੍ਹਾ ਪ੍ਰਦੂਸ਼ਣ ਜਿਵੇਂ ਪਾਣੀ ਪ੍ਰਦੂਸ਼ਿਤ, ਹਵਾ ਪ੍ਰਦੂਸ਼ਿਤ, ਆਵਾਜ਼ ਦਾ ਪ੍ਰਦੂਸ਼ਣ, ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ, ਫਲਾਂ, ਸਬਜ਼ੀਆਂ 'ਤੇ ਸਪਰੇਅ ਤੇ ਪਕਾਉਣ ਵਾਸਤੇ ਪਾਊਡਰ, ਦਵਾਈਆਂ ਨਕਲੀ, ਗੱਲ ਕੀ ਸਭ ਕੁਝ ਵਿਚ ਗੜਬੜ। ਜਵਾਬਦੇਹੀ ਕਿਸ ਦੀ ਹੋਵੇ? ਢੇਰ ਸਾਰੇ ਵਿਭਾਗ ਇਨ੍ਹਾਂ 'ਤੇ ਨਕੇਲ ਕੱਸਣ ਲਈ ਬਣੇ ਹੋਏ ਹਨ। ਫਿਰ ਚੂਕ ਕਿਉਂ? ਗੱਲ ਕਰੀਏ ਕਿ ਕਿਵੇਂ ਤੇ ਕਿਉਂ ਉਦਯੋਗਿਕ ਇਕਾਈਆਂ ਗੰਦਾ ਪਾਣੀ ਤੇ ਰਹਿੰਦ-ਖੂੰਹਦ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿਚ ਸੁੱਟ ਰਹੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਕਿਉਂ ਨਹੀਂ ਸਮਝ ਆ ਰਹੀ? ਲੋਕਾਂ ਦੀ ਜ਼ਿੰਦਗੀ ਨਾਲ ਤਾਂ ਉਹ ਮਜ਼ਾਕ ਕਰ ਰਹੇ ਹਨ। ਹਵਾ ਦਾ ਵੀ ਬੁਰਾ ਹਾਲ ਹੈ। ਦੋਸ਼ੀ ਉਹ ਵੀ ਹਨ ਜੋ ਗ਼ਲਤ ਕੰਮ ਕਰਦੇ ਹਨ ਤੇ ਗੁਨਾਹ ਉਹ ਵੀ ਕਰ ਰਹੇ ਹਨ ਜੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। ਜੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕਰਨੀਆਂ ਤਾਂ ਫਿਰ ਇਹ ਵਿਭਾਗ ਕਿਸ ਕੰਮ ਦੇ। ਏਨੇ ਵੀ ਸਵਾਰਥੀ ਨਾ ਬਣੋ ਕਿ ਲੋਕਾਂ ਦੀ ਜ਼ਿੰਦਗੀ ਖ਼ਤਮ ਕਰਨ ਦੇ ਭਾਗੀਦਾਰ ਬਣ ਜਾਓ। ਹਰ ਇਕ ਦੀ ਜ਼ਿੰਦਗੀ ਅਨਮੋਲ ਹੈ।

-ਪ੍ਰਭਜੋਤ ਕੌਰ ਢਿੱਲੋਂ
ਮੋ: 98150-30221

ਰੁੱਖ ਲਾਓ, ਸੁੱਖ ਪਾਓ
'ਪਾਣੀ ਮੁੱਕੂ ਤਾਂ ਵੇਖੀ ਜਾਊ' ਦੇ ਸਿਰਲੇਖ ਹੇਠ ਇਕ ਲੇਖ ਪਿਛਲੇ ਦਿਨੀਂ 'ਅਜੀਤ' ਵਿਚ ਛਪਿਆ ਸੀ। ਇਸ ਲੇਖ ਦੇ ਪ੍ਰਤੀਕਰਮ ਵਿਚ ਬਹੁਤ ਸਾਰੀਆਂ ਫੋਨ ਕਾਲਾਂ ਦਾ ਸਿਲਸਿਲਾ ਜਾਰੀ ਰਿਹਾ। ਕਈਆਂ ਨੇ ਨਵੇਂ ਰੁੱਖ ਲਗਾਉਣ ਬਾਰੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿਚ ਅੰਗੂਰਾਂ ਦੀ ਇਕ ਵੇਲ ਤੇ ਪਪੀਤੇ ਦੇ ਪੌਦੇ ਲਗਾਉਣ ਪਿੱਛੋਂ ਹਰੇਕ ਟਿਊਬਵੈੱਲ ਉੱਤੇ ਪੰਜ-ਪੰਜ ਰੁੱਖ ਲਗਾਉਣੇ ਚਾਹੀਦੇ ਹਨ। ਇਸ ਪਿੱਛੋਂ ਪਿੰਡਾਂ ਦੀਆਂ ਫਿਰਨੀਆਂ 'ਤੇ ਪਹੁੰਚ ਮਾਰਗਾਂ 'ਤੇ ਛਾਂਦਾਰ ਰੁੱਖ ਲਗਾਉਣੇ ਤੇ ਪਾਲਣੇ ਚਾਹੀਦੇ ਹਨ। ਸੜਕਾਂ ਉੱਤੇ ਰੁੱਖ ਲਗਾਉਣ ਲਈ ਇਲਾਕੇ ਦੇ ਐਮ.ਐਲ.ਏ. ਦੀ ਸਹਾਇਤਾ ਲੈਣੀ ਚਾਹੀਦੀ ਹੈ। ਕੁਝ ਲੋਕਾਂ ਨੇ ਬਿਜਲੀ ਅੱਠ ਘੰਟੇ ਨਾ ਮਿਲਣ ਦਾ ਸ਼ਿਕਵਾ ਕੀਤਾ ਹੈ। ਕਈਆਂ ਨੇ ਕਿਹਾ ਹੈ ਕਿ ਬਿਜਲੀ ਮਹਿਕਮੇ ਨੂੰ ਨਵੀਆਂ ਲਾਈਨਾਂ ਸਮੇਤ ਹਰੇਕ ਕੰਮ ਖੁਦ ਕਰਨਾ ਚਾਹੀਦਾ ਹੈ।
ਲੋਕਾਂ ਦੀ ਚੁਣੀ ਹੋਈ ਹਰੇਕ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਗਿਲੇ-ਸ਼ਿਕਵੇ ਦੂਰ ਕਰੇ। ਸਰਕਾਰੀ ਨੌਕਰੀ ਦੌਰਾਨ ਲੋਕ ਸੇਵਾ ਦਾ ਇਕ ਸੁਨਹਿਰੀ ਮੌਕਾ ਮਿਲਦਾ ਹੈ। ਜਿਹੜੇ ਅਫ਼ਸਰ ਤੇ ਕਰਮਚਾਰੀ ਲੋਕ ਸੇਵਾ ਨੂੰ ਸੱਚੇ ਦਿਲੋਂ ਆਪਣਾ ਲੈਂਦੇ ਹਨ, ਉਨ੍ਹਾਂ ਦਾ ਸੇਵਾ ਮੁਕਤੀ ਤੋਂ ਬਾਅਦ ਦਾ ਸਮਾਂ ਲੰਮਾ ਤੇ ਹੁਸੀਨ ਹੁੰਦਾ ਹੈ।

-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

03/05/2017

 ਨਿੱਜੀ ਸਕੂਲਾਂ ਦੀ ਲੁੱਟ
ਪੂਰੇ ਪੰਜਾਬ ਭਰ ਵਿਚ ਭਾਵੇਂ ਕਿ ਸਕੂਲਾਂ ਵਿਚ ਦਾਖ਼ਲਿਆਂ ਦਾ ਦੌਰ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਪ੍ਰਾਈਵੇਟ ਸਕੂਲਾਂ ਅਤੇ ਸੀ.ਬੀ.ਐਸ.ਸੀ. ਪੈਟਰਨ ਸਕੂਲਾਂ ਵਿਚ ਦਾਖ਼ਲਾ ਫੀਸਾਂ ਵੱਧ ਹੋਣ ਦੇ ਬਾਵਜੂਦ ਮਾਪਿਆਂ ਨੂੰ ਬੇਵਸ ਹੋ ਕੇ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵੱਖ-ਵੱਖ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵੱਡੇ ਪੱਧਰ 'ਤੇ ਹੋ ਰਹੀ ਅੰਨੀ ਲੁੱਟ ਦੇ ਖਿਲਾਫ਼ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਕੂਲਾਂ ਵਿਚ ਵਾਧੂ ਫੀਸ ਨੂੰ ਸਾਲਾਨਾ ਫੀਸ (ਐਨੂਅਲ ਫੀਸ) ਦਾ ਨਾਂਅ ਦੇ ਕੇ ਸਿੱਧੇ ਤੌਰ 'ਤੇ ਮਾਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਅੰਨਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ ਦੀ ਅਖੌਤ ਖਮਾਣੋਂ ਦੇ ਇਕ ਸੀ.ਬੀ.ਐਸ.ਸੀ. ਪੈਟਰਨ 'ਤੇ ਬਿਲਕੁਲ ਢੁਕਦੀ ਹੈ, ਕਿਉਂਕਿ ਹੋਏ ਹੁਕਮਾਂ ਅਨੁਸਾਰ ਕੋਈ ਵੀ ਸਕੂਲ ਆਪਣੇ ਦਾਇਰੇ ਅੰਦਰ ਕਿਤਾਬਾਂ ਅਤੇ ਵਰਦੀਆਂ ਨਹੀਂ ਵੇਚ ਸਕਦਾ ਪਰ ਇਥੋਂ ਦੇ ਇਕ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੀ ਆਪਣੀਆਂ ਦੁਕਾਨਾਂ 'ਤੇ ਵਰਦੀਆਂ, ਬੈਲਟਾਂ ਅਤੇ ਟਾਈਆਂ ਆਦਿ ਵੇਚ ਰਹੇ ਹਨ ਅਤੇ ਪ੍ਰਸ਼ਾਸਨ ਮੂਕ-ਦਰਸ਼ਕ ਬਣ ਕੇ ਇਹ ਤਮਾਸ਼ਾ ਵੇਖ ਰਿਹਾ ਹੈ। ਜਦੋਂ ਕਿ ਪ੍ਰਸ਼ਾਸਨ ਦਾ ਆਪਣਾ ਨੈਤਿਕ ਫਰਜ਼ ਬਣਦਾ ਹੈ ਕਿ ਸਿੱਖਿਆ ਦੇ ਖੇਤਰ ਵਿਚ ਸ਼ਰੇਆਮ ਹੋ ਰਹੀ ਅੰਨੀ ਲੁੱਟ ਨੂੰ ਤੁਰੰਤ ਬੰਦ ਕਰਵਾ ਕੇ ਇਨ੍ਹਾਂ ਨਿੱਜੀ ਸੰਸਥਾਵਾਂ ਦੀ ਇੰਨਕੁਆਰੀ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀ ਇਸ ਮੁਸ਼ਕਿਲ ਤੋਂ ਰਾਹਤ ਮਿਲ ਸਕੇ।


-ਸਕੂਲੀ ਬੱਚਿਆਂ ਦੇ ਮਾਪੇ
ਖਮਾਣੋਂ।


ਸਾਡਾ ਹੱਕ
ਪੰਜਾਬ ਦੀ ਹਰ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿੱਤਣ ਤੋਂ ਬਾਅਦ ਹਰ ਇਕ ਪਰਿਵਾਰ ਲਈ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਵਾਂਗੇ ਅਤੇ ਬੇਘਰੇ ਗਰੀਬ ਪਰਿਵਾਰਾਂ ਨੂੰ 4 ਮਰਲੇ ਦੇ ਪਲਾਟਾਂ 'ਤੇ ਅਤੇ ਮਕਾਨ ਬਣਵਾ ਕੇ ਦੇਵਾਂਗੇ। ਪਰ ਵੇਖਣ ਵਿਚ ਇਹ ਆਇਆ ਹੈ ਕਿ ਜਿੰਨੇ ਵੀ ਦੂਸਰੇ ਸੂਬਿਆਂ ਤੋਂ ਪੰਜਾਬ ਆ ਕੇ ਵਸੇ ਹਨ, ਉਨ੍ਹਾਂ ਲੋਕਾਂ ਦੇ ਫਾਰਮ ਜ਼ਿਆਦਾਤਰ ਭਰੇ ਗਏ ਹਨ, ਇਹ ਪੰਜਾਬ ਦੇ ਗਰੀਬ ਵਰਗ ਨਾਲ ਇਕ ਬੇਇਨਸਾਫ਼ੀ ਹੈ। ਕਿਉਂਕਿ ਪੰਜਾਬ ਦਾ ਗਰੀਬ ਤਾਂ ਫਿਰ ਆਪਣੇ ਹੱਕ ਤੋਂ ਵਾਂਝਾ ਰਹਿ ਗਿਆ ਹੈ। ਕਿਰਪਾ ਕਰਕੇ ਜੋ ਪਰਿਵਾਰ ਪੰਜਾਬ ਦੇ ਵਾਸੀ ਹਨ, ਇਸ ਸਕੀਮ ਦਾ ਲਾਭ ਉਨ੍ਹਾਂ ਪਰਿਵਾਰਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇ ਤਾਂ ਕਿ ਇਹ ਪਰਿਵਾਰ ਆਪਣਾ ਹੱਕ ਲੈ ਸਕਣ।


-ਦੀਦਾਰ ਖਾਨ ਧਬਲਾਨ
ਪਿੰਡ ਤੇ ਡਾਕ: ਧਬਲਾਨ, ਜ਼ਿਲ੍ਹਾ : ਪਟਿਆਲਾ।


ਸਾਦਗੀ ਅਤੇ ਸੰਵੇਦਨਸ਼ੀਲਤਾ
ਸਾਦਗੀ, ਸਾਦਾਪਣ, ਸਫ਼ਾਈ, ਸਚਾਈ, ਸੁਥਰਾਪਣ ਵਿਚੋਂ ਸਾਡੀ ਝਲਕ ਚਮਕਦੀ ਹੈ। ਆਧੁਨਿਕਤਾ ਦੇ ਦੌਰ 'ਚ ਫੋਕੀ ਟੌਹਰ, ਫੁਕਰੇਪਣ ਤੇ ਬਨਾਉਟੀ ਦਿਖਾਵੇ ਨੇ ਸਾਦਕੀ ਉੱਪਰ ਬੜੇ ਮਾਰੂ ਅਸਰ ਪਾਏ ਹਨ। ਵਾਧੂ ਖਰਚਾ ਸਾਦਗੀ ਦਾ ਦੋਖੀ ਹੈ, ਜੋ ਸਮਾਜ ਦੀ ਸਿਹਤ ਨੂੰ ਖਰਾਬ ਕਰਦਾ ਹੈ। ਸਾਦਗੀ ਦਾ ਆਪਣਾ ਇਕ ਸੁਹੱਪਣ ਹੁੰਦਾ ਹੈ, ਸਲੀਕਾ ਹੁੰਦਾ ਹੈ, ਸੁਹਜ ਤੇ ਸੁਆਦ ਹੁੰਦਾ ਹੈ। ਸਾਦਗੀ ਵਿਚੋਂ ਸਪੱਸ਼ਟਤਾ ਉਪਜਦੀ ਹੈ ਅਤੇ ਸਾਨੂੰ ਸਮਰਥਾਵਾਨ ਬਣਾਉਂਦੀ ਆਪਣਿਆਂ ਨਾਲ ਜੋੜਦੀ ਹੈ। ਸਾਦਾ ਭੋਜਨ ਸਿਹਤਮੰਦ ਸਮਾਜ ਦੀ ਸਿਰਜਣਾ 'ਚ ਚੰਗਾ ਹੁੰਦਾ ਹੈ। ਸਾਦਗੀ, ਸਿਆਣੇ ਤੇ ਸਾਊ ਲੋਕਾਂ ਦਾ ਸੰਗ੍ਰਹਿ ਸਿਰਜਦੀ ਹੈ। ਸਾਦਗੀ ਦੇ ਸਾਥ ਨਾਲ ਮੇਲ-ਮਿਲਾਪ ਵਧਦਾ ਹੈ। ਸਾਦਗੀ ਨਾਲ ਕੀਤੀ ਸੇਵਾ ਸਾਨੂੰ ਸਕੂਨ, ਅਨੰਦਮਈ ਮਾਹੌਲ ਅਤੇ ਸਨੇਹਸ਼ੀਲਤਾ ਪ੍ਰਦਾਨ ਕਰਦੀ ਹੈ। ਸਾਦਗੀ 'ਚੋਂ ਸੰਜਮ ਉਪਜਦਾ ਹੈ।


-ਸਨੇਹਇੰਦਰ ਮੀਲੂ ਫਰੌਰ
ਮੋ: 93163-17356

02/05/2017

ਜਾਗੋ, ਨਸ਼ੇ ਤਿਆਗੋ
ਸ਼ਰਾਬ ਦੇ ਨਸ਼ੇ ਦੀ ਕਈ ਤਾਰੀਫ਼ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਗੱਲ ਬਿਲਕੁਲ ਵੀ ਯਾਦ ਨਹੀਂ ਰਹਿੰਦੀ ਕਿ ਇਸ ਭੈੜੇ ਨਸ਼ੇ ਦੀ ਬਦੌਲਤ ਕਿੰਨੇ ਘਰ ਉਜੜੇ ਤੇ ਕਿੰਨੀਆਂ ਸਾਡੀਆਂ ਧੀਆਂ ਭੈਣਾਂ ਘਰ ਤੋਂ ਬੇਘਰ ਹੋਈਆਂ। ਬਹੁਤ ਸਾਰੇ ਕਲਾਕਾਰ ਜਾਂ ਫ਼ਿਲਮੀ ਅਦਾਕਾਰ ਆਪਣੇ ਗੀਤਾਂ ਤੇ ਫ਼ਿਲਮਾਂ ਵਿਚ ਸ਼ਰਾਬ ਦੀ ਝਲਕ ਜ਼ਰੂਰ ਵਿਖਾਉਂਦੇ ਹਨ। ਜਿਵੇਂ ਠੇਕੇ 'ਤੇ ਬੈਠੇ ਨੌਜਵਾਨਾਂ ਨੂੰ ਪੀਂਦੇ ਹੋਏ ਦਿਖਾਉਣਾ। ਉਹ ਆਪਣੀ ਫ਼ਿਲਮ ਨੂੰ ਮਸ਼ਹੂਰ ਕਰਨ ਲਈ ਬਹੁਤ ਸਾਰੇ ਪਾਪੜ ਵੇਲਦੇ ਹਨ, ਜਿਸ ਦਾ ਪ੍ਰਭਾਵ ਸਾਡੀ ਆਉਣ ਵਾਲੀ ਪੀੜ੍ਹੀ 'ਤੇ ਪੈਂਦਾ ਹੈ। ਜਿਵੇਂ ਕਿ ਸਿਆਣੇ ਕਹਿੰਦੇ ਨੇ ਕਿ 'ਖਰਬੂਜ਼ੇ ਨੂੰ ਵੇਖ ਕੇ ਭਾਈ ਖਰਬੂਜ਼ਾ ਵੀ ਰੰਗ ਫੜ ਲੈਂਦਾ ਹੈ'। ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਦਾ ਵੀ ਡਰ ਹੈ ਉਹ ਵੀ ਉਸ ਚੀਜ਼ ਦੀ ਨਕਲ ਕਰਦੇ-ਕਰਦੇ ਵਿਆਹਾਂ ਸ਼ਾਦੀਆਂ ਵਿਚ ਇਸ ਚੀਜ਼ ਦਾ ਇਸਤੇਮਾਲ ਨਾ ਕਰਨ ਲੱਗ ਜਾਣ। ਕੁਝ ਲੋਕ ਤਾਂ ਇਹ ਵੀ ਆਖਦੇ ਨੇ ਕਿ ਭਾਈ ਜਿਸ ਵਿਆਹ 'ਚ ਸ਼ਰਾਬ ਹੀ ਨਾ ਹੋਵੇ ਉਹ ਵਿਆਹ ਫਿਰ ਕਾਹਦਾ ਹੋਇਆ। ਬਹੁਤ ਸਾਰੀਆਂ ਸੜਕਾਂ ਦੇ ਉਤੇ ਵੱਡੇ-ਵੱਡੇ ਅੱਖਰਾਂ ਵਿਚ ਲਿਖਿਆ ਹੁੰਦਾ ਹੈ ਕਿ 'ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀ', ਇਨ੍ਹਾਂ ਨਸ਼ਿਆਂ ਦੀ ਵਰਤੋਂ ਕਾਰਨ ਹੀ ਸੜਕਾਂ ਉਤੇ ਤਰ੍ਹਾਂ-ਤਰ੍ਹਾਂ ਦੇ ਹਾਦਸੇ ਵਾਪਰਦੇ ਹਨ। ਅਣਗਹਿਲੀ ਕਾਰਨ ਸਾਡੇ ਸਕੂਲੀ ਬੱਚਿਆਂ ਦੀ ਚੱਤੋਂ ਪੈਰ ਜਾਨ ਖ਼ਤਰੇ ਵਿਚ ਰਹਿੰਦੀ ਹੈ ਅਤੇ ਕਈ ਗ਼ਰੀਬ ਸਾਈਕਲਾਂ 'ਤੇ ਜਾਣ ਵਾਲੇ ਬਿਨਾਂ ਗੱਲ ਤੋਂ ਹੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ। ਪਰ ਡਰਾਈਵਰ ਵੀਰ ਫਿਰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਿੰਨੀਆਂ ਮਾਵਾਂ ਦੇ ਪੁੱਤ ਇਨ੍ਹਾਂ ਨਸ਼ਿਆਂ ਕਾਰਨ ਮੌਤ ਦੀ ਝੋਲੀ 'ਚ ਜਾ ਪੈਂਦੇ ਹਨ ਪਰ ਕਦੇ ਉਨ੍ਹਾਂ ਮਾਵਾਂ ਦੇ ਦਿਲਾਂ ਨੂੰ ਪੁੱਛ ਕੇ ਵੇਖਿਓ ਕਿ ਉਨ੍ਹਾਂ ਤੁਹਾਡਾ ਪਾਲਣ ਪੋਸ਼ਣ ਕਰਕੇ ਤੁਹਾਨੂੰ ਕਿਵੇਂ ਵੱਡੇ ਕੀਤੇ ਸੀ।

-ਸਾਹਿਬ ਸਿੰਘ ਸ਼ੱਬੀ ਸਵਾੜਾ
ਜ਼ਿਲ੍ਹਾ ਮੁਹਾਲੀ, ਤਹਿ: ਖਰੜ, ਡਾਕ: ਲਾਂਡਰਾਂ।

ਕਿਸਾਨੀ ਖ਼ੁਦਕੁਸ਼ੀਆਂ
ਭਾਰਤ ਦੇ ਖੁਸ਼ਹਾਲ ਸੂਬੇ ਪੰਜਾਬ ਵਿਚ ਅੱਜ ਰੋਜ਼ਾਨਾ ਖ਼ੁਦਕੁਸ਼ੀਆਂ ਹੋ ਰਹੀਆਂ ਹਨ। ਅੰਨਦਾਤਾ ਕਹਾਉਣ ਵਾਲਾ ਪੰਜਾਬ ਅੱਜ ਖ਼ੁਦਕੁਸ਼ੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਮਜ਼ਦੂਰਾਂ ਦੇ ਮੁਕਾਬਲੇ ਕਿਸਾਨਾਂ ਵੱਲੋਂ ਜ਼ਿਆਦਾ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਜਟ ਕਿਸਾਨ ਵਧੀਆ ਜ਼ਿੰਦਗੀ ਜਿਊਣ ਲਈ ਅਤੇ ਸਮਾਜ ਵਿਚ ਆਪਣੀ ਟੌਹਰ ਬਣਾਉਣ ਲਈ ਬੈਂਕਾਂ ਅਤੇ ਆੜ੍ਹਤੀਆਂ ਤੋਂ ਕਰਜ਼ੇ ਚੁੱਕਦੇ ਹਨ। ਖੇਤੀ ਦਾ ਘਾਟੇਵੰਦਾ ਧੰਦਾ ਹੋਣ ਕਾਰਨ ਅਤੇ ਸਰਕਾਰਾਂ ਦੀਆਂ ਕਿਸਾਨ-ਮਾਰੂ ਨੀਤੀਆਂ ਕਰਕੇ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾਂਦੀ ਹੈ। ਬਹੁਤੇ ਕਿਸਾਨ ਸਿਰਫ ਖੇਤੀਬਾੜੀ ਉੱਤੇ ਹੀ ਨਿਰਭਰ ਹਨ ਤੇ ਹੋਰ ਛੋਟੇ ਮੋਟੇ ਸਹਾਇਕ ਧੰਦੇ ਨਹੀਂ ਕਰਦੇ, ਇਹ ਗੱਲ ਉਨ੍ਹਾਂ ਦੀ ਖ਼ੁਦਕੁਸ਼ੀ ਦਾ ਕਾਰਨ ਬਣਦੀ ਹੈ। ਕਿਉਂਕਿ ਪੰਜਾਬ ਦੇ ਬਹੁਗਿਣਤੀ ਕਿਸਾਨਾਂ ਕੋਲ ਸਿਰਫ ਇਕ ਤੋਂ ਦੋ ਢਾਈ ਏਕੜ ਹੀ ਜ਼ਮੀਨ ਹੈ। ਏਨੀ ਥੋੜ੍ਹੀ ਜ਼ਮੀਨ ਵਿਚੋਂ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਕਰਜ਼ੇ ਨੂੰ ਜਨਮ ਦਿੰਦਾ ਹੈ। ਸੋ, ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਜਿਣਸਾਂ ਦੇ ਸਹੀ ਮੁੱਲ ਨਿਰਧਾਰਤ ਕਰਕੇ ਉਨ੍ਹਾਂ ਦਾ ਵਧੀਆ ਮੰਡੀਕਰਨ ਕਰਵਾਉਣ। ਕਿਸਾਨਾਂ ਨੂੰ ਬਹੁਤੇ ਕਰਜ਼ੇ ਦੇਣ ਦੀ ਬਜਾਏ ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ। ਰੁਜ਼ਗਾਰ ਦੇ ਵਸੀਲੇ ਨਾ ਹੋਣ ਕਾਰਨ ਮਜਬੂਰੀਵਸ ਕਿਸਾਨ ਕਰਜ਼ਾ ਚੁੱਕਦੇ ਹਨ। ਖੇਤੀ ਆਧਾਰਿਤ ਵੱਧ ਤੋਂ ਵੱਧ ਸਨਅਤਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਸਾਡੀਆਂ ਸਰਕਾਰਾਂ ਕੋਲ ਪੈਸੇ ਦੀ ਘਾਟ ਨਹੀਂ ਸਗੋਂ ਚੰਗੀਆਂ ਨੀਤੀਆਂ ਦੀ ਘਾਟ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

28/04/2017

 ਵਕਤ ਤਾਂ ਗੁਜ਼ਰ ਹੀ ਜਾਣਾ ਹੈ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਮੈਡਮ ਬੱਬੂ ਤੀਰ ਦਾ ਕਾਲਮ 'ਵਕਤ ਤਾਂ ਗੁਜ਼ਰ ਹੀ ਜਾਣਾ ਹੈ' ਪੜ੍ਹਿਆ। ਇਸ ਕਾਲਮ ਵਿਚ ਬੜੇ ਹੀ ਸਾਰਥਿਕ ਤਰੀਕੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜ਼ਿੰਦਾਦਿਲੀ ਹਰ ਇਨਸਾਨ ਨੂੰ ਅੱਗੇ ਵਧਣ ਲਈ ਸਹਾਈ ਹੁੰਦੀ ਹੈ। ਸਾਡੇ ਬੜੇ ਹੀ ਅਜ਼ੀਜ਼ ਸ: ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜ੍ਹੀਆ) ਦੀ ਜ਼ਿੰਦਗੀ ਦੇ ਹਿੱਸੇ ਦਾ ਇਸ ਕਾਲਮ ਵਿਚ ਇਕ ਉਦਾਹਰਨ ਵਜੋਂ ਜ਼ਿਕਰ ਕੀਤਾ ਗਿਆ, ਜੋ ਵਿਸ਼ੇ ਨਾਲ ਬਾਖੂਬੀ ਮੇਲ ਖਾਂਦਾ ਸੀ। ਚਾਚਾ ਚੰਡੀਗੜ੍ਹੀਆ ਜੀ ਨੂੰ ਨਹੀਂ ਸੀ ਪਤਾ ਕਿ 15 ਅਪ੍ਰੈਲ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ ਪਰ ਉਨ੍ਹਾਂ ਦੀ ਜ਼ਿੰਦਾਦਿਲੀ ਇਸ ਗੱਲ ਨੂੰ ਜ਼ਾਹਿਰ ਕਰਦੀ ਹੈ ਕਿ ਉਨ੍ਹਾਂ ਵਿਚ ਇਸ ਵਿਸਾਖੀ ਨੂੰ ਮਨਾਉਣ ਦੀ ਇਕ ਉਮੀਦ ਹੀ ਉਨ੍ਹਾਂ ਦਾ ਜ਼ਜ਼ਬਾ ਸੀ। ਕਿਸੇ ਇਨਸਾਨ ਨੂੰ ਨਹੀਂ ਪਤਾ ਕਿ ਉਸ ਨੇ ਆਖਰੀ ਸਾਹ ਕਦੋਂ ਤੇ ਕਿਥੇ ਲੈਣਾ ਹੈ। ਪਰ ਇਹ ਸੋਚ ਇਨਸਾਨ ਨੂੰ ਅੱਗੇ ਵਧਦੇ ਹੋਏ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਦੀ ਹੈ ਕਿ 'ਜੇ ਵਕਤ ਬੁਰਾ ਆਇਆ ਹੈ ਤਾਂ ਕੀ ਗੱਲ ਹੈ, ਵਕਤ ਚੰਗਾ ਵੀ ਜ਼ਰੂਰ ਆਵੇਗਾ'। ਇਸ ਦੇ ਉਲਟ ਜੇਕਰ ਇਹੀ ਸੋਚ-ਸੋਚ ਕੇ ਹਰ ਦਿਨ ਬਤੀਤ ਕਰੀ ਜਾਈਏ ਕਿ 'ਬਹੁਤ ਬੁਰਾ ਵਕਤ ਹੈ, ਹੁਣ ਜ਼ਿੰਦਗੀ ਦਾ ਕੀ ਜਿਊਣਾ ਹੈ ਤਾਂ ਜ਼ਿੰਦਗੀ ਉੱਥੇ ਹੀ ਰੁਕ ਜਾਂਦੀ ਹੈ। ਕਹਿਣ ਤੋਂ ਭਾਵ ਜ਼ਿੰਦਗੀ ਦੁੱਖ ਅਤੇ ਸੁੱਖ ਦਾ ਸੁਮੇਲ ਹੈ। ਜੇਕਰ ਅੱਜ ਦੁੱਖ ਆਇਆ ਹੈ ਤਾਂ ਇਹ ਸੋਚੋ ਕਿ ਕੱਲ੍ਹ ਨੂੰ ਜ਼ਰੂਰ ਕੋਈ ਸੁੱਖ ਤੁਹਾਡੀ ਦਹਿਲੀਜ਼ 'ਤੇ ਦਸਤਕ ਦੇਵੇਗਾ। ਤੁਹਾਡੀ ਸਕਾਰਾਤਮਕ ਸੋਚ ਹੀ ਤੁਹਾਨੂੰ ਸਫਲਤਾ ਦਾ ਰਾਹ ਦਿਖਾਉਂਦੀ ਹੈ। ਵਕਤਕ ਦੇ ਰੁਕਦਾ ਨਹੀਂ, ਚੰਗਾ ਹੋਵੇ ਜਾਂ ਬੁਰਾ, ਵਕਤ ਤਾਂ ਗੁਜ਼ਰ ਹੀ ਜਾਣਾ ਹੈ।

-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ ਸ.ਹ.ਸ. ਜੱਸੋਵਾਲ ਕੁਲਾਰ (ਲੁਧਿਆਣਾ)।

ਨਾੜ ਨੂੰ ਅੱਗ ਨਾ ਲਾਈ ਜਾਵੇ
ਪਿਛਲੇ ਦਿਨੀਂ 'ਅਜੀਤ' ਵਿਚ ਛਪੇ ਲੋਕ ਮੰਚ ਵਿਚ ਨਾੜ ਨੂੰ ਅੱਗ ਲਗਾਉਣ ਬਾਰੇ ਵੱਖ-ਵੱਖ ਲੇਖਕਾਂ ਵੱਲੋਂ ਕਿਸਾਨਾਂ ਨੂੰ ਸੁਝਾਅ ਦੇਣ ਵਾਲੀ ਚਰਚਾ ਸ਼ਲਾਘਾ ਯੋਗ ਹੈ। ਇਸ ਵਿਚ ਲੇਖਕ ਡਾ: ਅਮਰੀਕ ਸਿੰਘ ਵੱਲੋਂ ਕਣਕ ਦੇ ਨਾੜ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਸੁਝਾਅ ਦਿੱਤੇ ਗਏ ਹਨ ਜੋ ਸ਼ਾਲਾਘਾ ਯੋਗ ਹਨ। ਕਿਸਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਸਟੇਟ ਐਵਾਰਡੀ ਕਿਸਾਨ ਗੁਰਦਿਆਲ ਸਿੰਘ ਦੀ ਮਿਹਨਤ ਬਾਰੇ ਸੁਝਾਅ ਦਿੱਤਾ ਗਿਆ ਹੈ ਕਿ ਉਸ ਨੇ ਪਿਛਲੇ 4-5 ਸਾਲਾਂ ਵਿਚ ਕਣਕ ਦੀ ਕਟਾਈ ਕਰਕੇ ਤੂੜੀ ਬਣਾਉਣ ਉਪਰੰਤ ਸਣ ਜਾਂ ਜੰਤਰ ਬੀਜ ਤੇ ਹਰੀ ਖਾਦ ਤਿਆਰ ਕੀਤੀ। ਉਨ੍ਹਾਂ ਦਾ ਤਰਜਬਾ ਇਹ ਹੈ ਕਿ ਖੇਤ 'ਚ ਹਰੀ ਖਾਦ ਬਣਾਉਣ ਨਾਲ ਰਸਾਇਣਕ ਖਾਦਾਂ ਦੀ ਖਪਤ ਅੱਧੀ ਰਹਿ ਜਾਂਦੀ ਹੈ ਅਤੇ ਕੀੜਿਆਂ, ਬਿਮਾਰੀਆਂ ਦਾ ਹਮਲਾ ਨਾ ਹੋਣ ਕਾਰਨ ਰਸਾਇਣਕ ਦਵਾਈਆਂ 'ਤੇ ਹੋਣ ਵਾਲੇ ਖਰਚੇ ਵਿਚ ਕਮੀ ਆਉਂਦੀ ਹੈ। ਇਸ ਤਰ੍ਹਾਂ ਮਾ: ਸੰਜੀਵ ਸਿੰਘ, ਬਲਜੀਤ ਸਿੰਘ ਢਿੱਲੋਂ, ਰਾਜਵਿੰਦਰ ਰੋਂਤਾ, ਮਾਣਕ ਸਿੰਘ ਖੋਸਾ ਆਦਿ ਅਤੇ ਊਧਮ ਸਿੰਘ ਸ਼ੌਕੀ ਨੇ ਕਵਿਤਾ 'ਲਾਵੋ ਨਾ ਨਾੜ ਨੂੰ ਅੱਗ' ਰਾਹੀਂ ਕਿਸਾਨਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕ ਮੰਚ ਗੁਣਾਂ ਨਾਲ ਭਰਪੂਰ ਹੈ। ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਜੇ ਲੋਕ ਮੰਚ ਵਾਲਾ ਪਰਚਾ ਸਾਂਭ ਕੇ ਰੱਖ ਲਿਆ ਜਾਵੇ।

-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।

26/04/2017

 ਕਿਸਾਨ ਖ਼ੁਦਕੁਸ਼ੀਆਂ ਦਾ ਹੱਲ
ਕਰਜ਼ੇ ਦੀ ਪੰਡ ਭਾਰੀ ਹੋਣ ਕਰਕੇ, ਖੇਤੀ ਤੇ ਲਾਗਤ ਖਰਚੇ ਵਧਣ ਕਰਕੇ, ਜਿਣਸਾਂ ਦਾ ਝਾੜ ਘਟਣ ਤੇ ਵਾਜਬ ਮੁੱਲ ਨਾ ਮਿਲਣ ਕਰਕੇ ਕਿਸਾਨ ਸਮਾਜ ਵਿਚ ਹੋਣ ਵਾਲੀ ਬੇਇੱਜ਼ਤੀ ਤੇ ਜ਼ਮੀਨ ਦੀ ਕੁਰਕੀ ਦੇ ਡਰੋਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ, ਫ਼ਸਲਾਂ ਦੇ ਭਾਅ ਲਾਗਤ ਕੀਮਤ ਸੂਚਕ ਅੰਕ ਨੂੰ ਸਾਹਮਣੇ ਰੱਖ ਕੇ ਹੀ ਮਿੱਥੇ ਜਾਣ, ਛੋਟੇ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ਾ ਦਿੱਤਾ ਜਾਵੇ ਤੇ ਇਕ ਟਿਊਬਵੈੱਲ ਸਰਕਾਰੀ ਖਰਚੇ 'ਤੇ ਲਗਾ ਕੇ ਦਿੱਤਾ ਜਾਵੇ, ਫ਼ਸਲ ਨੁਕਸਾਨੀ ਜਾਣ 'ਤੇ 100 ਫ਼ੀਸਦੀ ਫ਼ਸਲੀ ਬੀਮੇ ਦੀ ਸਕੀਮ ਲਿਆਂਦੀ ਜਾਵੇ, ਕਿਸਾਨ ਦੇ ਪਰਿਵਾਰ, ਮਾਲ ਡੰਗਰ ਦੇ ਮੁਫ਼ਤ ਇਲਾਜ ਦਾ ਬੀਮਾ ਕੀਤਾ ਜਾਵੇ ਤੇ ਛੋਟੇ ਕਿਸਾਨਾਂ ਨੂੰ ਵਾਜਬ ਕਿਰਾਏ 'ਤੇ ਖੇਤੀ ਸੰਦ ਦਿੱਤੇ ਜਾਣ। ਫ਼ਸਲੀ ਖਾਦਾਂ ਸਬਸਿਡੀ ਤੇ ਘੱਟ ਮੁੱਲ 'ਤੇ ਦਿੱਤੀਆਂ ਜਾਣ, ਡੀਜ਼ਲ ਦੇ ਭਾਅ ਘੱਟ ਕੀਤੇ ਜਾਣ, ਕਿਸਾਨ ਨੂੰ ਫ਼ਸਲ ਬੀਜਣ ਲਈ ਪੈਸੇ ਦਿੱਤੇ ਜਾਣ ਤੇ ਉਸ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਨੂੰ ਖੁਦ ਵੀ ਚਾਹੀਦਾ ਹੈ ਕਿ ਇਸ ਸਮੱਸਿਆ 'ਚੋਂ ਨਿਕਲਣ ਲਈ ਖੇਤੀ ਦਾ ਜ਼ਿਆਦਾ ਕੰਮ ਲੇਬਰ ਤੋਂ ਕਰਾਉਣ ਦੀ ਬਜਾਏ ਆਪ ਕਰਨ ਨੂੰ ਤਰਜੀਹ ਦੇਵੇ ਤੇ ਵਿਆਹ ਸ਼ਾਦੀਆਂ, ਕੋਠੀਆਂ ਉਸਾਰਨ, ਟਰੈਕਟਰ ਖਰੀਦਣ, ਮਰਨ ਜੰਮਣੇ ਅਤੇ ਹੋਰ ਸਮਾਜਿਕ ਰਸਮਾਂ 'ਤੇ ਘੱਟ ਤੋਂ ਘੱਟ ਖਰਚ ਕਰੇ ਤੇ ਬੈਂਕਾਂ, ਆੜ੍ਹਤੀਆਂ ਤੋਂ ਬੇਲੋੜਾ ਕਰਜ਼ਾ ਚੁੱਕਣ ਤੋਂ ਬਚੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।


ਵੀ.ਆਈ.ਪੀ. ਸੱਭਿਆਚਾਰ

ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਲਈ ਜੋ ਕਦਮ ਚੁੱਕਿਆ ਹੈ। ਵੀ.ਆਈ.ਪੀ. ਕਲਚਰ ਤੋਂ ਪੰਜਾਬ ਦੇ ਲੋਕ ਸੱਚਮੁੱਚ ਹੀ ਬਹੁਤ ਔਖੇ ਸਨ। ਸਾਰੇ ਲੋਕ ਚਾਹੁੰਦੇ ਹਨ ਕਿ ਸਾਡੇ ਲੀਡਰ ਸਾਨੂੰ ਆਸਾਨੀ ਨਾਲ ਮਿਲਣ। ਪਰ ਸਾਡੇ ਲੀਡਰ ਜਿੱਤ ਕੇ ਹਮੇਸ਼ਾ ਲੋਕਾਂ ਤੋਂ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਸਰਕਾਰੀ ਅਮਲਾ ਵੀ ਲੀਡਰਾਂ ਦੀਆਂ ਵੀ.ਆਈ.ਪੀ. ਡਿਊਟੀਆਂ ਵਿਚ ਹੀ ਉਲਝਿਆ ਰਹਿੰਦਾ ਹੈ। ਹੁਣ ਕਾਫੀ ਪੁਲਿਸ ਮੁਲਾਜ਼ਮ ਵੀ ਵਾਪਸ ਬੁਲਾਏ ਹਨ ਜੋ ਵੀ.ਆਈ.ਪੀ. ਦੀਆਂ ਸੁਰੱਖਿਆ ਵਿਚ ਲੱਗੇ ਹੋਏ ਸਨ। ਲਾਲ ਬੱਤੀਆਂ ਅਤੇ ਹੂਟਰਾਂ ਦੀਆਂ ਆਵਾਜ਼ਾਂ ਤੋਂ ਸਾਰੇ ਲੋਕ ਤੰਗ ਹਨ। ਜੇਕਰ ਕਾਂਗਰਸ ਦੀ ਸਰਕਾਰ ਵੀ.ਆਈ.ਪੀ. ਸੱਭਿਆਚਾਰ ਨੂੰ ਜੜ੍ਹੋਂ ਖ਼ਤਮ ਕਰ ਦੇਵੇ ਤਾਂ ਸਾਰੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦਾ ਹਰ ਪੱਖ ਤੋਂ ਸਾਥ ਦੇਣ ਲਈ ਤਿਆਰ ਰਹਿਣਗੇ। ਜੇਕਰ ਪੰਜਾਬ ਦਾ ਪੈਸਾ ਵਾਧੂ ਖਰਚ ਹੋਣ ਤੋਂ ਕਾਂਗਰਸ ਸਰਕਾਰ ਬਚਾ ਸਕੇਗੀ ਤਾਂ ਫਿਰ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਬੋਝ ਘਟਾਇਆ ਜਾ ਸਕੇਗਾ ਅਤੇ ਪੰਜਾਬ ਨੂੰ ਕਰਜ਼ਾ-ਮੁਕਤ ਸੂਬਾ ਬਣਾ ਕੇ ਫਿਰ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕਦਾ ਹੈ।


-ਸੁਖਰਾਜ ਚਹਿਲ ਧਨੌਲਾ
ਮੋਬਾਈਲ : 97810-48055.


ਮਨ ਕੀ ਬਾਤ

'ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਦੇਸ਼ ਦੇ ਲੋਕਾਂ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਅਧਿਆਤਮਿਕ ਗੁਰੂ ਰਵਿੰਦਰ ਨਾਥ ਟੈਗੋਰ ਵੱਲੋਂ ਜੋ ਪ੍ਰੇਰਨਾ ਸ਼ਹੀਦ ਭਗਤ ਸਿੰਘ ਨੂੰ 12 ਸਾਲ ਦੀ ਉਮਰ ਵਿਚ ਦਿੱਤੀ ਗਈ ਸੀ ਅਤੇ ਉਸ ਕਾਰਨ ਹੀ ਉਹ 23 ਸਾਲ ਦੀ ਅੱਲੜ੍ਹ ਉਮਰ ਵਿਚ ਦੇਸ਼ ਦੇ ਸ਼ਹੀਦ ਬਣ ਗਏ। ਅੱਜ ਦੇਸ਼ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ 'ਤੇ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਪ੍ਰਧਾਨ ਮੰਤਰੀ ਦਾ ਸੰਦੇਸ਼ ਪ੍ਰੇਰਨਾਦਾਇਕ ਹੈ, ਉਹ ਵੀ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਦੇਸ਼ ਦੇ ਸ਼ਹੀਦ ਮੰਨਦੇ ਹਨ, ਜੋ ਸਮੁੱਚੇ ਦੇਸ਼ ਦੀ ਖਾਤਰ ਹੀ ਕੁਰਬਾਨ ਹੋਏ ਸਨ। ਪ੍ਰੰਤੂ ਮਾਣਯੋਗ ਪ੍ਰਧਾਨ ਮੰਤਰੀ ਨੂੰ ਇਸ ਅਤੀ ਸੰਵੇਦਨਸ਼ੀਲ ਸਵਾਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਮੁਹਾਲੀ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਕੀ ਇਤਰਾਜ਼ ਹੈ? ਕੀ ਸ਼ਹੀਦਾਂ ਦੇ ਨਾਵਾਂ 'ਤੇ ਵੀ ਹਮੇਸ਼ਾ ਸਿਆਸਤ ਹੁੰਦੀ ਰਹੇਗੀ?


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ, ਹੁਸ਼ਿਆਰਪੁਰ।

25/04/2017

 ਕਿਸਾਨ ਲੁੱਟ ਤੋਂ ਬਚਣ
ਅੱਜ ਦਾ ਕਿਸਾਨ ਭਾਵੇਂ ਹੁਣ ਪੜ੍ਹ-ਲਿਖ ਵੀ ਗਿਆ ਹੈ ਪਰ ਫਿਰ ਵੀ ਉਹ ਲੁੱਟ ਦਾ ਸ਼ਿਕਾਰ ਹੋ ਜਾਂਦਾ ਹੈ। ਜੇਕਰ ਕਿਸਾਨ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇਵੇ ਤਾਂ ਉਹ ਇਸ ਘਾਟੇ ਤੋਂ ਬਚ ਸਕਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੰਡੀ 'ਚ ਕਣਕ ਦੀ ਟਰਾਲੀ ਉਤਾਰਨ, ਕਣਕ ਸਾਫ਼ ਕਰਨ, ਕਣਕ ਦੀ ਭਰਾਈ ਆਦਿ ਸਭ ਖਰਚੇ ਕਿਸਾਨ ਨੂੰ ਸਹਿਣ ਕਰਨੇ ਪੈਂਦੇ ਹਨ। ਪਰ ਇਹ ਕਿਸਾਨ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਜੇਕਰ ਉਸ ਦੀ ਟਰਾਲੀ ਲਿਫਟ ਵਾਲੀ ਹੈ ਤਾਂ ਉਸ ਦਾ ਕਣਕ ਟਰਾਲੀ ਵਿਚੋਂ ਉਤਾਰਨ ਦਾ ਖਰਚਾ ਬਚ ਸਕਦਾ ਹੈ। ਇਸ ਤਰ੍ਹਾਂ ਹੀ ਜੇਕਰ ਕੋਈ ਕਿਸਾਨ ਆਪਣੇ ਘਰ ਤੋਂ ਹੀ ਕਣਕ ਪੂਰੀ ਤਰ੍ਹਾਂ ਸਾਫ਼ ਕਰਕੇ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਛਣਾਈ ਦਾ ਖਰਚਾ ਸਹਿਣ ਨਹੀਂ ਕਰਨਾ ਪੈਂਦਾ, ਉਹ ਇਸ ਖਰਚੇ ਤੋਂ ਵੀ ਬਚ ਸਕਦਾ ਹੈ।
ਇਸ ਤਰ੍ਹਾਂ ਕਈ ਵਾਰ ਕਣਕ ਦੀ ਭਰਾਈ ਵੇਲੇ ਕਿਸਾਨ ਨੂੰ ਕੰਡਾ ਨਹੀਂ ਵਿਖਾਇਆ ਜਾਂਦਾ ਪਰ ਹਦਾਇਤਾਂ ਅਨੁਸਾਰ ਕਿਸਾਨ ਨੂੰ ਕੰਡਾ ਵਿਖਾਉਣਾ ਜ਼ਰੂਰੀ ਹੈ। ਕਈ ਵਾਰ ਇਹ ਬਹਾਨਾ ਲਗਾ ਕੇ ਵੱਧ ਫ਼ਸਲ ਤੋਲੀ ਜਾਂਦੀ ਹੈ ਕਿ ਤੁਹਾਡੀ ਫ਼ਸਲ ਗਿੱਲੀ ਹੈ। ਇਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਹੈ ਕਿ ਕਿਸੇ ਕਿਸਾਨ ਦੀ ਫ਼ਸਲ ਦੀ ਤੁਲਾਈ ਨਿਸਚਿਤ ਮਾਤਰਾ ਤੋਂ ਵੱਧ ਕੀਤੀ ਜਾਵੇ, ਬਰਦਾਨੇ ਦਾ ਨਿਸਚਿਤ ਭਾਰ ਅਤੇ ਫ਼ਸਲ ਦੀ ਭਰਤੀ ਅਨੁਸਾਰ ਹੀ ਤੁਲਾਈ ਕਰਨ ਦੀ ਸਖ਼ਤ ਹਦਾਇਤ ਹੁੰਦੀ ਹੈ। ਕਈ ਵਾਰ ਤੁਲਾਈ ਵੇਲੇ ਲੇਬਰ ਵੱਲੋਂ ਕਣਕ ਦੀ ਖਿੱਲਰੀ ਮਾਤਰਾ ਉੱਪਰ ਬੋਰੀਆਂ ਲਗਾਈਆਂ ਜਾਂਦੀਆਂ ਹਨ, ਕਿਸਾਨ ਇਸ ਸਬੰਧੀ ਆੜ੍ਹਤੀਏ ਨੂੰ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨ ਦੀ ਫ਼ਸਲ ਦੀ ਕੋਈ ਚੋਰੀ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਵੀ ਮੰਡੀ ਬੋਰਡ ਨੂੰ ਕੀਤੀ ਜਾਂਦੀ ਹੈ। ਸਭ ਤੋਂ ਵੱਡੀ ਲੁੱਟ ਕਿਸਾਨ ਦੀ ਉਸ ਵੇਲੇ ਹੁੰਦੀ ਹੈ ਜਦ ਆੜ੍ਹਤੀਆ ਉਸ ਨੂੰ ਇਹ ਕਹਿੰਦਾ ਹੈ ਕਿ ਪ੍ਰਤੀ ਗੱਟਾ ਕੁਝ ਰੁਪਏ ਉਸ ਨੂੰ ਦਿੱਤੇ ਜਾਣ ਤਾਂ ਕਿ ਉਹ ਉੱਚ ਅਧਿਕਾਰੀਆਂ ਤੱਕ ਰਕਮ ਪਹੁੰਚਾ ਸਕੇ। ਇਹ ਆਮ ਤੌਰ 'ਤੇ ਵੇਖਿਆ ਗਿਆ ਕਿ ਆੜ੍ਹਤੀਆ ਕਈ ਤਰ੍ਹਾਂ ਦੇ ਬਹਾਨੇ ਲਗਾ ਕੇ ਕਿਸਾਨ ਤੋਂ ਪ੍ਰਤੀ ਗੱਟਾ ਕੁਝ ਰੁਪਏ ਪ੍ਰਾਪਤ ਕਰਦਾ ਹੈ। ਇਥੇ ਕਿਸਾਨ ਦਾ ਫ਼ਰਜ਼ ਹੈ ਕਿ ਉਹ ਕੋਈ ਪੈਸਾ ਕਿਸੇ ਨੂੰ ਨਾ ਦੇਵੇ ਅਤੇ ਫਾਰਮ 'ਜੇ' ਅਨੁਸਾਰ ਹੀ ਆੜ੍ਹਤੀਏ ਤੋਂ ਰੁਪਏ ਪ੍ਰਾਪਤ ਕਰੇ। ਜੇਕਰ ਉਸ ਦੀ ਕੋਈ ਰਕਮ ਕੱਟੇ ਤਾਂ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਜ਼ਰੂਰ ਕੀਤੀ ਜਾਵੇ।

-ਸੁਖਵਿੰਦਰ ਸਿੰਘ 'ਅੱਕੂਮਸਤੇ ਕੇ'
ਫਿਰੋਜ਼ਪੁਰ।

ਵੀ.ਆਈ.ਪੀ. ਸੱਭਿਆਚਾਰ
ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਲਈ ਜੋ ਕਦਮ ਚੁੱਕਿਆ ਹੈ। ਇਹ ਬਹੁਤ ਸ਼ਲਾਘਾਯੋਗ ਹੈ, ਕਿਉਂਕਿ ਪੰਜਾਬ ਦਾ ਬਹੁਤ ਸਾਰਾ ਪੈਸਾ ਅਜਾਈਂ ਹੀ ਵੀ.ਆਈ.ਪੀ. ਸੱਭਿਆਚਾਰ ਤੇ ਪਾਣੀ ਵਾਂਗੂੰ ਵਹਾਇਆ ਜਾਂਦਾ ਹੈ। ਵੀ.ਆਈ.ਪੀ. ਕਲਚਰ ਤੋਂ ਪੰਜਾਬ ਦੇ ਲੋਕ ਸੱਚਮੁੱਚ ਹੀ ਬਹੁਤ ਔਖੇ ਸਨ। ਸਾਰੇ ਲੋਕ ਚਾਹੁੰਦੇ ਹਨ ਕਿ ਸਾਡੇ ਲੀਡਰ ਸਾਨੂੰ ਆਸਾਨੀ ਨਾਲ ਮਿਲਣ। ਪਰ ਸਾਡੇ ਲੀਡਰ ਜਿੱਤ ਕੇ ਹਮੇਸ਼ਾ ਲੋਕਾਂ ਤੋਂ ਦੂਰ ਰਹਿੰਦੇ ਹਨ। ਜਦੋਂ ਕਿਤੇ ਉਹ ਆਪਣੇ ਇਲਾਕਿਆਂ ਵਿਚ ਆਉਂਦੇ ਹਨ ਤਾਂ ਫਿਰ ਸਕਿਊਰਿਟੀ ਵਾਲੇ ਮਿਲਣ ਨਹੀਂ ਦਿੰਦੇ। ਇਸ ਤੋਂ ਇਲਾਵਾ ਸਰਕਾਰੀ ਅਮਲਾ ਵੀ ਲੀਡਰਾਂ ਦੀਆਂ ਵੀ.ਆਈ.ਪੀ. ਡਿਊਟੀਆਂ ਵਿਚ ਹੀ ਉਲਝਿਆ ਰਹਿੰਦਾ ਹੈ। ਹੁਣ ਕਾਫੀ ਪੁਲਿਸ ਮੁਲਾਜ਼ਮ ਵੀ ਵਾਪਸ ਬੁਲਾਏ ਹਨ ਜੋ ਵੀ.ਆਈ.ਪੀ. ਦੀਆਂ ਸੁਰੱਖਿਆ ਵਿਚ ਲੱਗੇ ਹੋਏ ਸਨ। ਲਾਲ ਬੱਤੀਆਂ ਅਤੇ ਹੂਟਰਾਂ ਦੀਆਂ ਆਵਾਜ਼ਾਂ ਤੋਂ ਸਾਰੇ ਲੋਕ ਤੰਗ ਹਨ। ਜੇਕਰ ਕਾਂਗਰਸ ਦੀ ਸਰਕਾਰ ਵੀ.ਆਈ.ਪੀ. ਸੱਭਿਆਚਾਰ ਨੂੰ ਜੜ੍ਹੋਂ ਖ਼ਤਮ ਕਰ ਦੇਵੇ ਤਾਂ ਸਾਰੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦਾ ਹਰ ਪੱਖ ਤੋਂ ਸਾਥ ਦੇਣ ਲਈ ਤਿਆਰ ਰਹਿਣਗੇ। ਜੇਕਰ ਪੰਜਾਬ ਦਾ ਪੈਸਾ ਵਾਧੂ ਖਰਚ ਹੋਣ ਤੋਂ ਕਾਂਗਰਸ ਸਰਕਾਰ ਬਚਾ ਸਕੇਗੀ ਤਾਂ ਫਿਰ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਬੋਝ ਘਟਾਇਆ ਜਾ ਸਕੇਗਾ ਅਤੇ ਪੰਜਾਬ ਨੂੰ ਕਰਜ਼ਾ-ਮੁਕਤ ਸੂਬਾ ਬਣਾ ਕੇ ਫਿਰ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕਦਾ ਹੈ।

-ਸੁਖਰਾਜ ਚਹਿਲ ਧਨੌਲਾ
ਮੋਬਾਈਲ : 97810-48055.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX