ਤਾਜਾ ਖ਼ਬਰਾਂ


ਭਾਰਤ ਸ੍ਰੀਲੰਕਾ ਨਾਗਪੁਰ ਟੈੱਸਟ ਮੈਚ : ਸ੍ਰੀਲੰਕਾ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  14 minutes ago
ਬੱਸ ਨੂੰ ਲੱਗੀ ਅੱਗ, ਦੋ ਮੌਤਾਂ
. . .  32 minutes ago
ਕੋਲਹਾਪੁਰ, 24 ਨਵੰਬਰ - ਮਹਾਰਾਸ਼ਟਰ ਦੇ ਕੋਲਹਾਪੁਰ ਨੇੜੇ ਬੱਸ 'ਚ ਸ਼ਾਰਟ ਸਰਕਟ ਹੋਣ ਕਾਰਨ ਉਸ ਵਿਚ ਅੱਗ ਲੱਗ ਗਈ ਜਿਸ ਕਾਰਨ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ...
ਦੂਸਰੇ ਟੈੱਸਟ ਮੈਚ ਨੂੰ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ
. . .  47 minutes ago
ਨਾਗਪੁਰ, 24 ਨਵੰਬਰ - ਪਹਿਲੇ ਟੈੱਸਟ 'ਚ ਮੀਂਹ ਕਾਰਨ ਜਿੱਤ ਤੋਂ ਵਾਂਝੀ ਰਹੀ ਭਾਰਤੀ ਕ੍ਰਿਕਟ ਟੀਮ ਅੱਜ ਨਾਗਪੁਰ 'ਚ ਸ੍ਰੀਲੰਕਾ ਖਿਲਾਫ ਸੀਰੀਜ਼ ਦਾ ਦੂਸਰਾ ਟੈੱਸਟ ਮੈਚ ਖੇਡੇਗੀ। ਪਹਿਲਾ ਮੈਚ ਡਰਾਅ ਰਹਿਣ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੀ ਦੂਸਰੇ ਟੈੱਸਟ ਮੈਚ ਨੂੰ ਜਿੱਤਣ....
ਚਿਤਰਕੂਟ ਟਰੇਨ ਹਾਦਸਾ : ਟਰੇਨ ਪਟੜੀ ਤੋਂ ਉਤਰੀ, ਤਿੰਨ ਮੌਤਾਂ, 9 ਜ਼ਖਮੀ
. . .  about 1 hour ago
ਚਿਤਰਕੂਟ, 24 ਨਵੰਬਰ - ਉਤਰ ਪ੍ਰਦੇਸ਼ ਦੇ ਚਿਤਰਕੂਟ ਦੇ ਕੋਲ ਹੋਏ ਇਕ ਟਰੇਨ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋ ਗਏ ਹਨ। ਇਹ ਹਾਦਸਾ ਮਾਨੀਕਪੁਰ ਸਟੇਸ਼ਨ 'ਤੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਸਕੋ ਡੀ ਗਾਮਾ ਪਟਨਾ ਐਕਸਪ੍ਰੈਸ...
ਕਾਂਗਰਸੀ ਆਗੂਆਂ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 23 ਨਵੰਬਰ- ਕਾਂਗਰਸ ਦੇ ਸੀਨੀਅਰ ਆਗੂਆਂ ਜਿਨ੍ਹਾਂ 'ਚ , ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਅਨੰਦ ਸ਼ਰਮਾ ਸ਼ਾਮਲ ਸਨ ਨੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮੇਸਿੰਘੇ...
ਪ੍ਰਧਾਨ ਮੰਤਰੀ 27 ਤੇ 29 ਨੂੰ ਕਰਨਗੇ ਗੁਜਰਾਤ 'ਚ ਚੋਣ ਪ੍ਰਚਾਰ
. . .  1 day ago
ਨਵੀਂ ਦਿੱਲੀ, 23 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਤੇ 29 ਨਵੰਬਰ ਨੂੰ ਸੂਰਤ ਤੇ ਨਵਸਾਰੀ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ...
ਗੈਂਗਸਟਰ ਵਿੱਕੀ ਗੌਂਡਰ ਦੀ ਖ਼ਬਰ ਮਿਲਦੇ ਹੀ ਪੰਡੋਰੀ ਮਹੰਤਾਂ ਖੇਤਰ ਹੋਇਆ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਪੁਰਾਣਾ ਸ਼ਾਲਾ, 23 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)- ਜ਼ਿਲ੍ਹਾ ਗੁਰਦਾਸਪੁਰ ਦੇ ਛੰਭ ਖੇਤਰ ਨਾਲ ਲੱਗਦੇ ਉਤਰੀ ਭਾਰਤ ਦੇ ਪ੍ਰਸਿੱਧ ਇਤਿਹਾਸਿਕ ਤੀਰਥ ਸਥਾਨ ਪੰਡੋਰੀ ਧਾਮ ਨੇੜੇ ਖ਼ਤਰਨਾਕ ਗੈਂਗਸਟਰ ਕੁਲਵਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦੇ ਹੋਣ...
ਗੁਜਰਾਤ ਕਾਂਗਰਸ ਦੀ ਪ੍ਰਧਾਨਗੀ ਤੋਂ ਮੇਰੇ ਅਸਤੀਫ਼ੇ ਦੀ ਖ਼ਬਰ ਝੂਠ- ਸੋਲੰਕੀ
. . .  1 day ago
ਗਾਂਧੀਨਗਰ, 23 ਨਵੰਬਰ- ਗੁਜਰਾਤ ਕਾਂਗਰਸ ਦੇ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅਸਤੀਫ਼ੇ ਬਾਰੇ ਫੈਲਾਈ ਜਾ ਰਹੀ ਖ਼ਬਰ ਝੂਠ ਹੈ। ਸੋਲੰਕੀ ਨੇ ਕਿਹਾ ਕਿ ਭਾਜਪਾ ਪ੍ਰੇਸ਼ਾਨ ਹੈ ਤੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਅ...
ਕੈਬਿਨਟ ਕਮੇਟੀ ਦੀ ਕੱਲ੍ਹ 10 ਵਜੇ ਹੋਵੇਗੀ ਮੀਟਿੰਗ
. . .  1 day ago
ਫਲਾਈਓਵਰ ਤੋਂ ਬੱਸ ਡਿੱਗੀ, 2 ਦੀ ਮੌਤ, 31 ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
  •     Confirm Target Language  

ਕਿਤਾਬਾਂ

10/09/2017

 ਸੂਰਜ ਦੀ ਅੱਖ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 598
ਸੰਪਰਕ : 98147-83069.

ਬਲਦੇਵ ਸਿੰਘ ਪੰਜਾਬੀ ਸਾਹਿਤ ਦੇ ਆਂਗਨ ਵਿਚ ਇਕ ਬਹੁਵਿਧਾਈ, ਬੇਬਾਕ ਪ੍ਰਸਤੁਤੀ ਕਰਨ ਵਾਲਾ ਇਕ ਵਿਲੱਖਣ ਹਸਤਾਖ਼ਰ ਹੈ। ਵਿਚਾਰਾਧੀਨ ਨਾਵਲ ਮਹਾਰਾਜਾ ਸ਼ੇਰੇ-ਪੰਜਾਬ ਰਣਜੀਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਕਾਲ-ਕ੍ਰਮ ਅਨੁਸਾਰ ਸਿਰਜਿਆ ਇਕ ਇਤਿਹਾਸਕ ਦਸਤਾਵੇਜ਼ ਹੈ।
ਬਿਰਤਾਂਤਕ ਜੁਗਤ ਵਜੋਂ ਨਾਵਲਕਾਰ ਨੇ ਇਤਿਹਾਸ ਦੀ ਗਹਿਰੀ ਜਾਣਕਾਰੀ ਵਾਲਾ, ਇਕ ਸ਼ਾਤਰ ਦਿਮਾਗ ਵਾਲਾ ਪਾਤਰ, ਪ੍ਰੋ: ਕੌਤਕੀ ਸਿਰਜ ਲਿਆ ਹੈ ਜੋ ਗਲਪੀ ਬਿਰਤਾਂਤ ਵਿਚ ਪੰਜ ਵਾਰੀ (ਕਾਂਡ 8, 24, 43, 57, 71) ਘੁਸਪੈਠ ਕਰਕੇ, ਲੇਖਕ ਦੀ ਅਗਵਾਈ ਕਰਦਾ, ਘਟਨਾਵਾਂ ਨੂੰ ਜੁੰਬਸ਼ ਪ੍ਰਦਾਨ ਕਰਦਾ, ਨਾਵਲ ਦੇ ਨਾਇਕ ਸਬੰਧੀ ਪ੍ਰਸੰਸਾ/ਨਿੰਦਾ ਦੀ ਸਮੱਗਰੀ ਪ੍ਰਦਾਨ ਕਰਦਾ ਹੋਇਆ; ਆਲੋਚਕਾਂ ਦੀਆਂ ਨਸ਼ਤਰਾਂ ਵਲੋਂ ਵੀ ਸੁਚੇਤ ਕਰਦਾ ਹੈ।
ਨਾਇਕ ਦੇ ਬਚਪਨ ਵਿਚ ਮਾਤਾ ਨਿਕਲਣ ਕਾਰਨ, ਇਕ ਅੱਖ ਦੀ ਨਜ਼ਰ ਦਾ ਨੁਕਸਾਨ ਜਾਂ ਮਾਤਾ ਦੇ ਚਿਹਰੇ 'ਤੇ ਦਾਗ਼ ਉਸ ਦੇ ਅਸਤਿਤਵ ਦੇ ਵਿਕਾਸ ਅੱਗੇ ਰੋੜਾ ਨਹੀਂ ਬਣ ਸਕੇ। ਉਸ ਦੀ ਸੂਰਜੀ ਤੇਜ ਵਾਲੀ ਅੱਖ ਉਸ ਦੀ ਜੇਤੂ ਸ਼ਖ਼ਸੀਅਤ ਬਣਾਉਣ ਵਿਚ ਸਫ਼ਲ ਹੋਈ। ਜਿੱਤਾਂ/ਖੁਸ਼ੀਆਂ ਵੇਲੇ ਮੁੱਛਾਂ ਨੂੰ ਤਾਅ ਦੇਣਾ ਅਤੇ ਹਾਰਾਂ ਸਮੇਂ ਕ੍ਰੋਧ ਨਾਲ ਉਸ ਦੀਆਂ ਮੁੱਛਾਂ ਫਰਕਦੀਆਂ ਸਾਰੇ ਹੀ ਨਾਵਲ ਵਿਚ ਵਿਖਾਈਆਂ ਗਈਆਂ ਹਨ।
ਸਾਰੇ ਹੀ ਨਾਵਲ ਵਿਚ ਯੁੱਧ ਹੀ ਯੁੱਧ ਹਨ। ਮਹਾਰਾਜੇ ਦੇ ਹਰੇਕ ਦਿਨ 'ਤੇ ਹਮਲਿਆਂ ਦੀ ਸੋਚ ਭਾਰੂ ਰਹੀ। ਨਾਵਲ ਦੇ ਪੰਨੇ ਬੋਲਦੇ ਹਨ-ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ। ਫ਼ੌਜ ਨੂੰ ਕੂਚ ਕਰਨ ਦਾ ਹੁਕਮ ਦਿੱਤਾ ਗਿਆ। ਫ਼ੌਜ ਨੂੰ ਰਵਾਨਾ ਕੀਤਾ ਗਿਆ। ਏਲਚੀਆਂ, ਕਾਸਦਾਂ, ਸੂਹੀਏ, ਦੂਤਾਂ, ਜਾਸੂਸਾਂ (ਜੋ ਘਟਨਾਵਾਂ ਨੂੰ ਨਵਾਂ ਮੋੜ ਦੇਣ ਲਈ ਨਾਵਲ ਵਿਚ ਕਾਰਜਸ਼ੀਲ ਹਨ) ਵਲੋਂ ਸੂਚਨਾਵਾਂ ਮਿਲਦੀਆਂ ਰਹੀਆਂ। ਇੱਧਰ ਵੀ ਬਗਾਵਤ ਹੋ ਗਈ; ਉੱਧਰ ਵੀ ਬਗਾਵਤ ਹੋ ਗਈ। ਅਮਕੇ ਦੀ ਬਗਾਵਤ ਦਬਾਉਂਦੀ ਹੈ; ਢਿਮਕੇ ਦਾ ਕੰਡਾ ਵੀ ਕੱਢਣਾ ਹੈ। ਜੰਗ ਦੇ ਦ੍ਰਿਸ਼ ਘੋੜੇ, ਹਾਥੀ, ਹਥਿਆਰ, ਬੰਦੂਕਾਂ, ਤੋਪਾਂ, ਵਰ੍ਹਦੀਆਂ ਗੋਲੀਆਂ, ਤਲਵਾਰਾਂ ਦੇ ਵਾਰ, ਸੂਰਮਿਆਂ ਦੇ ਕਰਤੱਵ; ਅੱਲਾਹੂ-ਹੂ-ਅਕਬਰ; ਅਕਾਲ ਸਹਾਇ ਦੇ ਨਾਅਰੇ ਗੂੰਜਦੇ ਸੁਣਾਈ ਦਿੰਦੇ ਹਨ। ਲੋਕਾਂ ਦੇ ਢੇਰ, ਜੇਤੂ ਅੰਦਾਜ਼, ਅਧੀਨਗੀ ਪ੍ਰਵਾਨ ਕਰਦੇ ਜੰਗ ਦੇ ਇਵਜ਼ਾਨੇ ਭਰਦੇ ਵਿਰੋਧੀ ਆਦਿ ਘਟਨਾਵਾਂ ਤੋਂ ਬਿਨਾਂ; ਮਹਾਰਾਜੇ ਦਾ ਇਹ ਕਹਿਣਾ 'ਮੈਂ ਤਲਵਾਰ ਦੇ ਜ਼ੋਰ ਨਾਲ ਇਥੋਂ ਤੱਕ ਪੁੱਜਾ ਹਾਂ। ਤਲਵਾਰ ਕਿੱਲੇ ਉੱਪਰ ਟੰਗ ਕੇ ਗੱਦੀ ਉੱਪਰ ਕਦੀ ਨਹੀਂ ਬੈਠਾਂਗਾ।' ਪੰ: 130. ਉਪਰੋਕਤ ਸਭ ਨੁਕਤੇ ਇਸ ਰਚਨਾ ਨੂੰ ਬੀਰ-ਰਸੀ ਬਣਾਉਂਦੇ ਹਨ। ਇਸ ਲਈ ਇਸ ਇਤਿਹਾਸਿਕ ਰਚਨਾ ਨੂੰ ਨਾਵਲ ਕਹਿਣਾ ਜਚਦਾ ਨਹੀਂ। ਇਹ ਤਾਂ ਵਾਰਤਕ ਰੂਪ ਵਿਚ 'ਮਹਾਰਾਜਾ ਰਣਜੀਤ ਸਿੰਘ ਦਾ ਜੰਗਨਾਮਾ' ਸਵੀਕਾਰ ਕਰ ਲੈਣਾ ਬਣਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186
.


ਮੁਹੱਬਤਗਿਰੀ
ਲੇਖਿਕਾ : ਡਾ: ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 148
ਸੰਪਰਕ : 98151-72073
.

ਕਿਤਾਬ ਅੰਦਰ ਪ੍ਰਵੇਸ਼ ਕਰਦਿਆਂ ਮੁੱਖਬੰਧ ਵਿਚ ਲੇਖਿਕਾ ਨੇ ਆਪਣੇ ਨਾਲ ਆਪਣੀ ਕਵਿਤਾ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਿਭਾਸ਼ਤ ਕੀਤਾ ਹੈ। ਕਵਿਤਾ ਮਨੁੱਖੀ ਜੀਵਨ ਨਾਲ ਅਨੇਕ ਪ੍ਰਸੰਗਾਂ ਤੇ ਪਰਿਪੇਖਾਂ ਰਾਹੀਂ ਜੁੜੀ ਹੋਈ ਹੈ। ਸੰਵੇਦਨਸ਼ੀਲ ਮਨੁੱਖ ਦਾ ਹਰ ਪਲ ਇਕ ਕਵਿਤਾ ਹੈ। ਸਰਬਜੀਤ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਲੇਖਿਕਾ ਜੀਵਨ ਦੇ ਨਿੱਕੇ-ਨਿੱਕੇ ਪਲਾਂ-ਛਿਣਾਂ ਨੂੰ ਆਪਣੇ ਸ਼ਬਦਾਂ ਰਾਹੀਂ ਕਵਿਤਾ ਵਿਚ ਢਾਲਣ ਦਾ ਬੇਮਿਸਾਲ ਹੁਨਰ ਰੱਖਦੀ ਹੈ। ਉਸ ਦੀ ਕਵਿਤਾ ਵਿਚ ਮਰਦ ਜਾਤ ਪ੍ਰਤੀ ਆਕ੍ਰੋਸ਼ ਅਤੇ ਤਾਹਨੇ ਮਿਹਣਿਆਂ ਦਾ ਸ਼ੋਰ ਸੁਣਾਈ ਨਹੀਂ ਦਿੰਦਾ ਸਗੋਂ ਇਨ੍ਹਾਂ ਕਵਿਤਾਵਾਂ ਵਿਚ ਲੇਖਿਕਾ ਇਨ੍ਹਾਂ ਸੰਕੀਰਣ ਚੌਖਟਿਆਂ ਵਿਚੋਂ ਨਿਕਲ ਕੇ ਉਨਮੁਕਤ ਤੇ ਮਦਮਸਤ ਹੋ ਕੇ ਆਪਣੀ ਕਾਵਿ ਯਾਤਰਾ 'ਤੇ ਨਿਕਲਦੀ ਹੈ। ਉਸ ਦੀਆਂ ਕਵਿਤਾਵਾਂ ਜ਼ਿੰਦਗੀ ਦੀ ਮੁਹੱਬਤ ਦੀਆਂ ਕਵਿਤਾਵਾਂ ਹਨ। ਇਨ੍ਹਾਂ ਵਿਚ ਜ਼ਿੰਦਗੀ ਨੂੰ ਜਿਊਣ ਤੇ ਮਾਣਨ ਦੀ ਲੋਚਾ ਹੈ। ਇਹ ਕਵਿਤਾਵਾਂ ਕਿਸੇ ਇਕ ਰਿਸ਼ਤੇ ਨਾਲ ਸੰਵਾਦ ਸਿਰਜਣ ਦੀ ਥਾਂ ਸਮੁੱਚੀ ਕਾਇਨਾਤ ਨਾਲ ਆਪਣਾ ਸੰਵਾਦ ਰਚਾਉਂਦੀਆਂ ਹਨ।
ਆ! ਜ਼ਿੰਦਗੀ ਸੰਗ
ਕਦਮ ਮਿਲਾਈਏ
ਕਾਇਨਾਤ ਸੰਗ ਮੌਲੀਏ
ਆ! ਕਿ ਮੁਹੱਬਤ ਕਰੀਏ...।
ਆਧੁਨਿਕ ਸਮਾਜ ਵਿਚ ਫੈਲੇ ਕੁਹਜ ਤੇ ਅਸੁਰੱਖਿਆ, ਅਨਿਆਂ ਤੋਂ ਵੀ ਸਰਬਜੀਤ ਦੀਆਂ ਕਵਿਤਾਵਾਂ ਅਣਭਿੱਜ ਨਹੀਂ ਹਨ। ਉਹ ਆਧੁਨਿਕ ਜੀਵਨ ਵਰਤਾਰੇ ਵਿਚ ਫੈਲੀ ਹਿੰਸਾ, ਅਸੁਰੱਖਿਆ ਦੇ ਉਸ ਮਾਹੌਲ ਨੂੰ ਵੀ ਰੇਖਾਂਕਿਤ ਕਰਦੀ ਹੈ, ਜਿਸ ਵਿਚ ਧੀਆਂ-ਧਿਆਣੀਆਂ ਦਾ ਘਰੋਂ ਨਿਕਲਣਾ ਦੁੱਭਰ ਹੋ ਗਿਆ ਹੈ।
ਸਰਬਜੀਤ ਸੋਹਲ ਦੀਆਂ ਕਵਿਤਾਵਾਂ ਦਾ ਇਕ ਹੋਰ ਗੁਣ ਇਨ੍ਹਾਂ ਵਿਚ ਸਹਿਜਤਾ ਹੈ। ਬਿਨਾਂ ਸ਼ਬਦਾਂ ਦੇ ਅਡੰਬਰ ਦੇ ਬਿਨਾਂ ਕਿਸੇ ਹਿਚਕਿਚਾਹਟ ਇਹ ਕਵਿਤਾਵਾਂ ਆਪਣਾ ਕਾਵਿ ਸੰਦੇਸ਼ ਸਰੋਤਿਆਂ ਤੱਕ ਸੰਚਾਰ ਕਰਦੀਆਂ ਹਨ। ਪੰਜਾਬੀ ਸਾਹਿਤ ਵਿਚ ਇਸ ਕਾਵਿ ਪੁਸਤਕ ਨੂੰ ਜੀ ਆਇਆਂ ਆਖਣਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ।

 

 


ਬਚ ਕੇ ਮੋੜ ਤੋਂ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ (ਪਟਿਆਲਾ)
ਮੁੱਲ : 200 ਰੁਪਏ, ਸਫ਼ੇ : 180
ਸੰਪਰਕ : 94649-61436
.

ਕਰਨੈਲ ਸਿੰਘ ਵਜ਼ੀਰਾਬਾਦ ਇਕ ਸੰਘਰਸ਼ਸ਼ੀਲ ਲੇਖਕ ਹੈ। ਇਹ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ 12 ਕਹਾਣੀਆਂ ਦਰਜ ਕੀਤੀਆਂ ਹਨ। ਪਹਿਲੀ ਕਹਾਣੀ ਦੇ ਨਾਂਅ 'ਤੇ ਹੀ ਉਸ ਨੇ ਪੁਸਤਕ ਦਾ ਨਾਂਅ 'ਬਚ ਕੇ ਮੋੜ ਤੋਂ' ਰੱਖਿਆ ਹੈ।
ਇਸ ਕਹਾਣੀ ਵਿਚ ਇਕ ਕਿਰਤੀ ਪਰਿਵਾਰ ਦਾ ਹੋਣਹਾਰ ਨੌਜਵਾਨ ਕਾਲਜ ਦੇ ਕੁਝ ਵਿਗੜੇ ਹੋਏ ਜਮਾਤੀਆਂ ਦੀ ਕੁਸੰਗਤ ਵਿਚ ਪੈ ਜਾਣ ਕਰਕੇ ਭਟਕ ਜਾਂਦਾ ਹੈ। ਅਖ਼ੀਰ ਉਸ ਦੀਆਂ ਅੱਖਾਂ ਉਸ ਵੇੇਲੇ ਖੁੱਲ੍ਹਦੀਆਂ ਹਨ, ਜਦੋਂ ਉਸ ਨੂੰ ਆਪਣੀ ਛੋਟੀ ਭੈਣ ਦੀ ਜਬਾਨੀ ਪਤਾ ਲੱਗਦਾ ਹੈ ਕਿ ਉਸ ਦੇ ਅੱਯਾਸ਼ ਦੋਸਤਾਂ ਨੇ ਉਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਆਤਮਾ ਵਲੂੰਧਰੀ ਜਾਂਦੀ ਹੈ। ਉਹ ਨਵੇਂ ਸਿਰੇ ਤੋਂ ਦ੍ਰਿੜ੍ਹਤਾ ਦਾ ਲੜ ਫੜ ਕੇ ਪੜ੍ਹਾਈ ਕਰਦਾ ਹੋਇਆ ਐਮ.ਐਸ.ਸੀ. ਦੀ ਡਿਗਰੀ ਪ੍ਰਾਪਤ ਕਰਕੇ ਉੱਚ ਅਹੁਦੇ 'ਤੇ ਪਹੁੰਚ ਜਾਂਦਾ ਹੈ।
'ਦੋ ਅਜਨਬੀ ਸਵਾਰੀਆਂ' ਕਹਾਣੀ ਵਿਚ ਜੰਗ ਦੌਰਾਨ ਲਾਪਤਾ ਹੋਏ ਇਕ ਫ਼ੌਜੀ ਜਵਾਨ ਤੇ ਉਸ ਦੇ ਪਰਿਵਾਰ ਦਾ ਦੁਖਾਂਤ ਭਾਵ ਪੂਰਤ ਢੰਗ ਨਾਲ ਦਰਸਾਇਆ ਹੈ। 'ਤੀਵੀਂ ਦਾ ਮੁੱਲ' ਛੱਪੜਾਂ 'ਚੋਂ ਕੱਛੂ ਕੱਢਣ ਵਾਲੇ ਕਬੀਲੇ ਦੀ ਕਹਾਣੀ ਹੈ, ਜਿਸ ਦੀ ਜਵਾਨ ਕੁੜੀ ਨੂੰ ਪਿੰਡ ਦੇ ਇਕ ਅਮੀਰ ਘਰਾਣੇ ਵੱਲੋਂ ਬਲਦ ਦੇ ਬਦਲੇ ਖ਼ਰੀਦਣ ਦਾ ਦੁਖਾਂਤ ਦਰਸਾਇਆ ਹੈ ਪਰ ਸੁਖਾਂਤਕ ਪੱਖ ਇਹ ਹੈ ਕਿ ਪਰਿਵਾਰ ਦੇ ਜੀਅ (ਮਾਂ-ਪੁੱਤਰ) ਬੜੇ ਭਲੇ ਲੋਕ ਹਨ। ਸਮਾਂ ਪਾ ਕੇ ਇਹ ਕੁੜੀ ਆਪਣੀ ਲਿਆਕਤ ਸਦਕਾ ਪਿੰਡ ਦੀ ਸਰਪੰਚ ਬਣ ਜਾਂਦੀ ਹੈ।
'ਭਾਖੜਾ ਨਹਿਰ' ਕਹਾਣੀ ਵਿਚ ਇਕ ਰਾਜਸਥਾਨੀ ਮਜ਼ਦੂਰ ਤੀਵੀਂ ਆਪਣੇ-ਆਪ ਨੂੰ ਠੇਕੇਦਾਰਾਂ ਦੀ ਹਵਸ ਦਾ ਸ਼ਿਕਾਰ ਬਣਨ ਤੋਂ ਕਿਵੇਂ ਬਚਾਉਂਦੀ ਹੈ ਅਤੇ ਆਪਣੇ ਆਚਰਨ ਦਾ ਸੌਦਾ ਨਹੀਂ ਕਰਦੀ। ਇਸ ਸੰਗ੍ਰਹਿ ਦੀਆਂ ਕਹਾਣੀਆਂ, ਜਿਥੇ ਵਿਸ਼ੇ ਪੱਖ ਤੋਂ ਸਮਾਜ ਦਾ ਚਿਤਰਣ ਪੇਸ਼ ਕਰਦੀਆਂ ਹਨ, ਉਥੇ ਕਲਾ ਦੀ ਦ੍ਰਿਸ਼ਟੀ ਤੋਂ ਵੀ ਸ਼ਲਾਘਾਯੋਗ ਹਨ। ਭਾਸ਼ਾ ਸ਼ੈਲੀ ਸਰਲ ਤੇ ਰਵਾਨਗੀ ਭਰਪੂਰ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241.


ਜੀਵਨੀਆਂ ਗਦਰੀ ਸ਼ਹੀਦ
ਪੰਡਿਤ ਸੋਹਨ ਲਾਲ ਪਾਠਕ
ਬਾਬੂ ਹਰਨਾਮ ਸਿੰਘ ਸਾਹਰੀ
ਲੇਖਕ : ਮਲਵਿੰਦਰਜੀਤ ਸਿੰਘ ਵੜੈਚ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-4608699.

ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਗ਼ਦਰੀ ਸ਼ਹੀਦਾਂ ਦਾ ਯੋਗਦਾਨ ਆਪਣੇ-ਆਪ ਵਿਚ ਬਹੁਤ ਮਹੱਤਵਪੂਰਨ ਹੈ। ਹਜ਼ਾਰਾਂ ਯੋਧਿਆਂ ਵਿਚੋਂ ਦੋ ਗ਼ਦਰੀ ਯੋਧਿਆਂ ਦੀ ਸੰਘਰਸ਼ ਭਰੀ ਜੀਵਨੀ ਨੂੰ ਇਸ ਪੁਸਤਕ ਵਿਚ ਖੋਜਮਈ ਵਿਧੀ ਨਾਲ ਲੇਖਕ ਨੇ ਕਲਮਬੱਧ ਕੀਤਾ ਹੈ। ਗ਼ਦਰ ਪਾਰਟੀ ਦਾ ਆਗਾਜ਼ 1913 ਵਿਚ ਹੋਇਆ। ਗ਼ਦਰ ਪਾਰਟੀ ਲਹਿਰ ਦੇ ਮੋਢੀ ਪ੍ਰੋ: ਜਗਜੀਤ ਸਿੰਘ ਦਾ ਲਿਖਿਆ ਲੇਖ ਸਿਆਮ ਬਰ੍ਹਮਾ ਸਕੀਮ, ਗ਼ਦਰ ਅਖ਼ਬਾਰ ਦੀ ਸ਼ੁਰੂਆਤ, ਪਾਰਟੀ ਪਿਛੋਕੜ ਤੇ ਇਨਕਲਾਬੀ ਸੂਰਮਿਆਂ ਦੀ ਤਸਵੀਰਾਂ ਹਨ। ਜਿਨ੍ਹਾਂ ਵਿਚ ਭਾਈ ਭਗਵਾਨ ਸਿੰਘ, ਭਾਈ ਸੰਤੋਖ ਸਿੰਘ, ਚੇਤ ਰਾਮ ਅਲੀ ਅਹਿਮਦ ਸਦੀਕੀ, ਕਪੂਰ ਸਿੰਘ, ਰਾਮ ਰਖਾ ਹਰਦਿਤ ਸਿੰਘ ਜਿਹੇ ਗ਼ਦਰੀ ਬਾਬਿਆਂ ਦਾ ਜ਼ਿਕਰ ਹੈ।
ਪੰਡਿਤ ਸੋਹਨ ਲਾਲ ਪਾਠਕ ਦੀ ਜੀਵਨ ਯਾਤਰਾ (1893-1916) ਦਾ ਪੂਰਾ ਬਿਊਰਾ। ਕਰਤਾਰ ਸਿੰਘ ਸਰਾਭਾ, ਲਾਲਾ ਰਾਜਪਤ ਰਾਏ, ਕਾਮਾਗਾਟਾਮਾਰੂ ਜੰਗ, ਸ਼ਹੀਦ ਭਗਤ ਸਿੰਘ ਦੇ ਵਿਚਾਰ, ਮੂਲ ਦਸਤਾਵੇਜ਼ਾਂ ਦੀਆਂ ਨਕਲਾਂ ਸ਼ਾਮਿਲ ਹਨ। ਬਾਬੂ ਹਰਨਾਮ ਸਿੰਘ ਸਾਹਰੀ ਦੀ ਜੀਵਨ ਦਾਸਤਾਨ, ਉਸ ਦਾ ਸਵਦੇਸ਼ ਸੇਵਕ ਅਖ਼ਬਾਰ, ਆਜ਼ਾਦੀ ਲਈ ਲੰਮੇ ਸੰਘਰਸ਼ ਦੀ ਪੂਰਨ ਵਾਰਤਾ, ਅਦਾਲਤੀ ਫ਼ੈਸਲੇ, ਦੇਸ਼ ਦੀ ਆਜ਼ਾਦੀ ਲਈ ਸੰਘਰਸ਼ਾਂ ਦੀ ਦਾਸਤਾਨ ਤੇ ਇਤਿਹਾਸਕ ਪੱਖ ਲੇਖਕ ਨੇ ਖੋਜ ਪੜਤਾਲ ਨਾਲ ਪੇਸ਼ ਕੀਤਾ ਹੈ। ਲੇਖਕ ਦਾ ਆਪਣਾ ਪਿਛੋਕੜ, ਅਹਿਮ ਯੋਗਤਾਵਾਂ, ਲੰਮਾ ਅਧਿਆਪਨ ਤਜਰਬਾ, ਇਸ ਤੋਂ ਪਹਿਲਾਂ ਲਿਖੀਆਂ ਦੇਸ਼ ਭਗਤਾਂ ਦੀਆਂ ਪੁਸਤਕਾਂ ਬਾਰੇ ਪਹਿਲੇ ਪੰਨੇ ਦੀ ਬੇਸ਼ਕੀਮਤੀ ਜਾਣਕਾਰੀ ਤੇ ਲੇਖਕ ਦੇ ਵਿਲੱਖਣ ਲਗਾਵ ਦੀ ਝਲਕ ਪੇਸ਼ ਕਰਦੀ ਹੈ।


ਪਾਣੀ ਦੀ ਘੁੱਟ
ਲੇਖਕ : ਮਾਸਟਰ ਬੋਹੜ ਸਿੰਘ ਮੱਲਣ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 100 ਰੁਪਏ, ਸਫ਼ੇ : 89
ਸੰਪਰਕ : 96461-41243.

ਬਜ਼ੁਰਗ ਸਾਹਿਤਕਾਰ ਬੋਹੜ ਸਿੰਘ ਮੱਲਣ ਦੀ ਇਹ ਕਿਤਾਬ ਮਿੰਨੀ ਕਹਾਣੀਆਂ ਦੀ ਹੈ, ਜਿਸ ਵਿਚ ਲੇਖਕ ਦੀਆਂ 49 ਰਚਨਾਵਾਂ ਹਨ। ਪੁਸਤਕ ਦੀਆਂ ਰਚਨਾਵਾਂ ਦੇ ਵਿਸ਼ੇ ਨਿਰੋਲ ਪਰਿਵਾਰਕ ਝਮੇਲੇ, ਨਵੀਂ-ਪੁਰਾਣੀ ਪੀੜ੍ਹੀ ਦੇ ਵਿਚਾਰਾਂ ਦਾ ਤਕਰਾਰ, ਬਜ਼ੁਰਗ ਅਵਸਥਾ ਦੇ ਦੁੱਖ-ਸੁਖ; ਸਮਾਜਿਕ ਅੰਧ ਵਿਸ਼ਵਾਸ; ਅਜੋਕੇ ਮਨੁੱਖ ਦੀਆਂ ਲਾਲਸਾਵਾਂ ਤੇ ਤਿੜਕਦੇ ਪਰਿਵਾਰਕ ਰਿਸ਼ਤੇ ਹਨ।
ਪੁਸਤਕ ਦੇ ਸੋਲ੍ਹਾਂ ਪੰਨਿਆਂ 'ਤੇ (16-31) ਵਿਚ ਲੇਖਕ ਨੇ ਆਪਣੇ ਜੀਵਨ ਦਾ ਬਚਪਨ; ਪੜ੍ਹਾਈ; ਸਾਹਿਤ ਵੱਲ ਝੁਕਾਅ ਤੇ ਹੋਰ ਕਈ ਪਰਿਵਾਰਕ ਮਸਲਿਆਂ ਨੂੰ ਦੋ ਸ਼ਬਦ ਹੇਠ ਲਿਖ ਕੇ ਸਵੈਜੀਵਨੀ ਵਰਗਾ ਲਿਖਿਆ ਹੈ। ਕਹਾਣੀ ਅਸਲੀ ਸੇਵਾ ਦੇ ਪਾਤਰ ਘਰ ਵਿਚ ਆਪਣੇ ਬਜ਼ੁਰਗ ਨੂੰ ਗੁਆਂਢੀਆਂ ਦੇ ਆਸਰੇ ਛੱਡ ਕੇ ਆਪ ਧਾਰਮਿਕ ਸਥਾਨ ਦੀ ਸੇਵਾ ਲਈ ਤੁਰ ਜਾਂਦੇ ਹਨ। ਜਦੋਂ ਕਿ ਅਸਲ ਸੇਵਾ ਘਰ ਬੈਠੇ ਬਜ਼ੁਰਗ ਦੀ ਚਾਹੀਦੀ ਹੈ। ਕਰੜਾ ਦਿਨ ਵਿਚ ਲੇਖਕ ਨੂੰ ਮੰਗਲਵਾਰ ਨੂੰ ਕੇਸੀਂ ਨਹਾਉਣ ਤੋਂ ਰੋਕ ਦਿੱਤਾ ਜਾਂਦਾ ਹੈ। ਨੰਗਾ ਸੱਚ ਵਿਚ ਪੋਤਰੀ ਆਪਣੇ ਦਾਦੇ ਨੂੰ ਤਿੱਖਾ ਜਿਹਾ ਸਵਾਲ ਕਰਕੇ ਲਾਜਵਾਬ ਕਰ ਦਿੰਦੀ ਹੈ। ਕੰਜਕਾਂ ਦੀ ਪਾਤਰ ਨੂੰ ਪੁੱਤਰ ਪ੍ਰਾਪਤੀ ਲਈ ਸਾਰੇ ਮੁਹੱਲੇ ਵਿਚੋਂ ਭੋਜਨ ਖਵਾਉਣ ਲਈ ਸੱਤ ਕੁੜੀਆਂ ਨਹੀਂ ਮਿਲਦੀਆਂ। ਉਡੀਕ ਦਾ ਸਫ਼ਰ, ਪਿਆਰ ਦੀ ਘਾਟ, ਬੰਦ ਦਰਵਾਜ਼ਾ, ਮੈਨੂੰ ਮੁਆਫ਼ ਕਰਦੇ ਵਿਚ ਘਟਨਾਵਾਂ ਦੀ ਬਹੁਲਤਾ, ਸੰਯੁਕਤ ਵਾਕ, ਜਿਹੇ ਕੁਝ ਐਬ ਹਨ। ਸਿਰਲੇਖ ਵਾਲੀ ਕਹਾਣੀ ਦਾ ਬਜ਼ੁਰਗ ਆਪਣੀ ਔਲਾਦ ਤੋਂ ਪਾਣੀ ਲਈ ਤਰਸਦਾ ਹੈ। ਸੰਗ੍ਰਹਿ ਮਿੰਨੀ ਕਹਾਣੀ ਸਾਹਿਤ ਵਿਚ ਜ਼ਿਕਰਯੋਗ ਵਾਧਾ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

 

 

 

ਕੱਚੇ ਖੰਭ ਪ੍ਰੀਤਾਂ ਦੇ
ਲੇਖਕ : ਆਸ਼ ਕੁਮਾਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94172-34379.

ਮੁਹੱਬਤ, ਵਿਛੋੜੇ, ਦਰਦ ਤੇ ਜਾਤ ਪਾਤ ਦੇ ਨਾਂਅ 'ਤੇ ਵੰਡੇ ਸਮਾਜ ਦੀ ਗੱਲ ਕਰਦਾ ਆਸ਼ ਕੁਮਾਰ ਸੈਣੀ ਦਾ ਪਲੇਠਾ ਨਾਵਲ 'ਕੱਚੇ ਖੰਭ ਪ੍ਰੀਤਾਂ ਦੇ' ਰਵਾਇਤੀ ਫ਼ਿਲਮਾਂ ਵਰਗਾ ਹੈ। ਇਸ ਨਾਵਲ ਦੇ ਮੁੱਖ ਪਾਤਰ ਸਾਗਰ ਤੇ ਸਰਿਤਾ ਹਨ। ਸਰਿਤਾ, ਸਾਗਰ ਦੀ ਭੈਣ ਦੀ ਸਹੇਲੀ ਹੈ। ਵਿਆਹ ਵਿਚ ਦੋਵੇਂ ਮਿਲਦੇ ਹਨ। ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ, ਪਰ ਕੁੜੀ ਛੋਟੀ ਜਾਤੀ ਨਾਲ ਸਬੰਧਤ ਹੈ, ਜਿਸ ਕਰਕੇ ਵਿਆਹ ਲਈ ਸਾਗਰ ਦਾ ਬਾਪ ਰਾਜ਼ੀ ਨਹੀਂ ਹੁੰਦਾ। ਮਜਬੂਰੀਆਂ ਕਾਰਨ ਸਾਗਰ, ਸਰਿਤਾ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੰਦਾ ਹੈ। ਇਥੋਂ ਸਰਿਤਾ ਦੀ ਦਰਦ ਕਹਾਣੀ ਸ਼ੁਰੂ ਹੁੰਦੀ ਹੈ। ਉਹ ਘਰੋਂ ਨਿਕਲ ਪੈਂਦੀ ਹੈ ਤੇ ਬੱਚੀ ਨੂੰ ਜਨਮ ਦਿੰਦੀ ਹੈ। ਉਸ ਨੂੰ ਪਾਲਦੀ ਹੈ। ਏਧਰ ਸਾਗਰ ਸ਼ਰਾਬ ਤੇ ਹੋਰ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ।
ਇਕ ਦਿਨ ਸਾਗਰ ਜਦੋਂ ਸ਼ਿਮਲਾ ਜਾਂਦਾ ਹੈ ਤਾਂ ਸਰਿਤਾ ਉਸ ਨੂੰ ਮਿਲ ਪੈਂਦੀ ਹੈ। ਪਰ ਉਹ ਉਸ ਨੂੰ ਬੇਹੱਦ ਨਫ਼ਰਤ ਕਰਦੀ ਹੈ। ਉਸ ਨੇ ਸਮਾਜ ਦੀਆਂ ਨਜ਼ਰਾਂ ਤੋਂ ਬਚਣ ਲਈ ਰਛਪਾਲ ਨਾਂਅ ਦੇ ਇਕ ਵਿਅਕਤੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ। ਸਾਗਰ ਨਫ਼ਰਤ ਦੀ ਅੱਗ ਵਿਚ ਸੜਦਾ ਹੈ ਤੇ ਮਰਨ ਕੰਢੇ ਪਹੁੰਚਿਆ ਹੋਇਆ ਹੈ। ਅਖੀਰ ਰਛਪਾਲ ਸਰਿਤਾ ਨੂੰ ਸਾਗਰ ਕੋਲ ਲੈ ਕੇ ਜਾਂਦਾ ਹੈ, ਜਿੱਥੇ ਉਹ ਦੱਸਦੀ ਹੈ ਕਿ ਮੈਂ ਤੇ ਰਛਪਾਲ ਭੈਣ-ਭਾਈ ਵਾਂਗ ਰਹਿੰਦੇ ਹਾਂ। ਇਹ ਬੱਚੀ ਚੰਦਰਕਾਂਤਾ ਤੇਰੀ ਹੈ। ਸਰਿਤਾ ਕੋਲੋਂ ਮਾਫ਼ੀ ਮਿਲਣ 'ਤੇ ਸਾਗਰ ਦੀ ਜਾਨ ਨਿਕਲ ਜਾਂਦੀ ਹੈ। ਨਾਵਲ ਵਿਚ ਜਾਤ ਪਾਤ 'ਤੇ ਚੰਗਾ ਕਟਾਖਸ਼ ਕੀਤਾ ਗਿਆ ਹੈ। ਭਾਵੇਂ ਅਸੀਂ ਅੱਜ ਦੇ ਸਮਾਜ ਨੂੰ ਬਦਲ ਚੁੱਕਿਆ ਆਖਦੇ ਹਾਂ, ਪਰ ਫਿਰ ਵੀ ਸੋਚ ਨਹੀਂ ਬਦਲ ਰਹੀ। ਦੱਸਿਆ ਗਿਆ ਹੈ ਕਿ ਜੇ ਜਾਤ-ਪਾਤ ਦੀਆਂ ਕੰਧਾਂ ਨਾ ਉਸਰਦੀਆਂ ਤਾਂ ਦੋਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਤਬਾਹ ਨਾ ਹੁੰਦੀਆਂ। ਆਸ਼ ਕੁਮਾਰ ਸੈਣੀ ਅੱਗੇ ਤੋਂ ਵੀ ਚੰਗੇ ਨਾਵਲ ਲਿਖਦਾ ਰਹੇ, ਇਸ ਦੀ ਕਾਮਨਾ ਕਰਦਾ ਹਾਂ।

-ਸਵਰਨ ਸਿੰਘ ਟਹਿਣਾ
ਮੋ: 98141-78883


ਤਿੜਕੇ ਰਿਸ਼ਤੇ
ਲੇਖਕ : ਵਰਿੰਦਰ ਆਜ਼ਾਦ
ਪ੍ਰਕਾਸ਼ਕ ਰੂਹਾਨੀ ਪ੍ਰਕਾਸ਼ਨ, ਫਿਰੋਜ਼ਪੁਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98150-21527.

ਹਥਲੇ ਕਹਾਣੀ ਸੰਗ੍ਰਹਿ 'ਤਿੜਕੇ ਰਿਸ਼ਤੇ' ਵਿਚ ਲੇਖਕ ਦੀਆਂ ਲਗਪਗ 14 ਕਹਾਣੀਆਂ ਹਨ। 'ਬਦਲਦੇ ਰਿਸ਼ਤੇ' ਵਿਚ ਲੇਖਕ ਨੇ ਸਮਾਜਿਕ ਟੁੱਟ-ਭੱਜ ਤੇ ਆਰਥਿਕ ਹਾਲਾਤ ਅਨੁਸਾਰ ਬਦਲਦੇ ਰਿਸ਼ਤਿਆਂ ਦੀ ਗੱਲ ਕੀਤੀ ਹੈ, ਜੋ ਸੁਭਾਵਿਕ ਵਰਤਾਰਾ ਹੈ।
ਦੂਸਰੇ ਵਿਆਹ ਉੱਤੇ ਉਸਰੀ ਸਮੁੱਚੀ ਕਹਾਣੀ ਵਿਚਾਰਾਂ ਵਿਚਲੇ ਟਕਰਾ ਉੱਤੇ ਚਾਨਣਾ ਪਾਉਂਦੀ ਹੈ। ਦੂਸਰੀ ਪਤਨੀ ਦੀ ਹਮੇਸ਼ਾ ਚਾਹਤ ਹੁੰਦੀ ਹੈ ਕਿ ਉਸ ਦਾ ਪਤੀ ਪਹਿਲੇ ਪਰਿਵਾਰ ਨੂੰ ਛੱਡ ਕੇ ਉਸ ਵੱਲ ਤੇ ਪਰਿਵਾਰ ਵੱਲ ਧਿਆਨ ਕੇਂਦਰਿਤ ਕਰੇ। ਇਥੇ ਹੀ ਪਤੀ-ਪਤਨੀ ਦੇ ਵਿਚਾਰਾਂ ਵਿਚ ਵਿਰੋਧ ਉਤਪੰਨ ਹੁੰਦਾ ਹੈ। ਇਕ ਕਹਾਣੀ 'ਜ਼ਿੰਦਗੀ ਦਾ ਚਿਹਰਾ' ਵਿਚ ਵੀ ਦੂਸਰੇ ਵਿਆਹ ਨੂੰ ਹੀ ਵਿਸ਼ਾ ਬਣਾਇਆ ਗਿਆ ਹੈ ਪਰ ਅੰਤਰ ਇਹ ਹੈ ਕਿ ਨਾਇਕ ਨਹੀਂ ਚਾਹੁੰਦਾ ਕਿ ਕੋਈ ਕੁੜੀ ਤਰਸ ਦੇ ਆਧਾਰ 'ਤੇ ਉਸ ਨਾਲ ਵਿਆਹ ਕਰਵਾਏ। 'ਕਰਮਯੋਗੀ', 'ਸੁਪਨਾ' ਤੇ ਗਰਦਿਸ਼ ਕਹਾਣੀਆਂ ਵੀ ਪਰਿਵਾਰਕ ਖਿੱਚੋਤਾਣ, ਮਾਨਸਿਕ ਵਖਰੇਵਾਂ ਤੇ ਵਿਚਾਰਾਂ ਵਿਚਲੇ ਟਕਰਾਅ ਨਾਲ ਹੀ ਸਬੰਧਿਤ ਹਨ। 'ਤਿੜਕੇ ਰਿਸ਼ਤੇ' ਵਿਚ ਮਾਂ-ਪੁੱਤਰ ਵਿਚ ਵਿਚਾਰਾਂ ਦਾ ਵਖਰੇਵਾਂ ਤੇ ਤਣਾਅ ਹੈ, ਜੋ ਇਕਪਾਸੜ ਖਿੱਚ ਸਦਕਾ ਪੈਦਾ ਹੁੰਦਾ ਹੈ। 'ਦਰਦ, ਤਲਾਕ, ਤੇਰਾ ਭਾਣਾ ਤੇ ਸੰਘਰਸ਼ ਦਾ ਅੰਤ' ਆਦਿ ਕਹਾਣੀਆਂ ਵੀ ਸਮਾਜਿਕ ਦਰਦ ਹੰਢਾਉਂਦੇ ਪਾਤਰਾਂ ਦੇ ਜੀਵਨ ਸੰਘਰਸ਼ ਨਾਲ ਸਬੰਧਿਤ ਹਨ। ਇਨ੍ਹਾਂ ਵਿਚ ਕਿਧਰੇ ਦੂਸਰੇ ਵਿਆਹ ਦੀ ਸਮੱਸਿਆ ਹੈ, ਕਿਧਰੇ ਵਿਧਵਾ ਹੋਣ ਦੀ ਤੇ ਕਿਧਰੇ ਪਰਿਵਾਰ ਦੇ ਮਰਦ ਦੀ ਵਿਧਵਾ ਭਰਜਾਈ ਉੱਤੇ ਮੰਦੀ ਨਜ਼ਰ ਦੀ। ਇਸ ਤਰ੍ਹਾਂ ਆਜ਼ਾਦ ਨੇ ਸਮਾਜਿਕ ਟੁੱਟ-ਭੱਜ ਤੇ ਆਰਥਿਕਤਾ ਨੂੰ ਲੈ ਕੇ ਕਹਾਣੀਆਂ ਲਿਖੀਆਂ ਹਨ। ਪਰ ਇਕ ਸੁਝਾਅ ਹੈ ਲੇਖਕ ਲਈ ਕਿ ਕਹਾਣੀਆਂ ਦੇ ਵਿਸ਼ੇ ਤੇ ਕਹਾਣੀ ਵਿਚਲੀ ਇਕਸੁਰਤਾ ਨੂੰ ਕਾਇਮ ਰੱਖਣ ਤੇ ਵਿਭਿੰਨਤਾ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

 

 

 


ਗੁਲਜ਼ਾਰ ਸਿੰਘ ਸੰਧੂ ਦਾ ਕਥਾ-ਬਿਰਤਾਂਤ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 189
ਸੰਪਰਕ : 99148-28565.

ਪੁਸਤਕ ਪੜ੍ਹ ਕੇ, ਵਾਚ ਕੇ, ਘੋਖ ਕੇ ਪਤਾ ਚਲਦਾ ਹੈ ਕਿ ਸੁਖਦੇਵ ਸਿੰਘ ਸਿਰਸਾ ਵਾਂਗ ਉਸ ਦੇ ਵਿਦਿਆਰਥੀ ਵੀ ਜ਼ਹੀਨ ਤੇ ਸੰਵੇਦਨਸ਼ੀਲ ਹਨ। ਡਾ: ਗੁਰਪ੍ਰੀਤ ਕੌਰ ਨੇ ਹਥਲੀ ਪੁਸਤਕ ਲਿਖ ਕੇ ਸਾਬਤ ਕਰ ਦਿੱਤਾ ਹੈ ਕਿ ਅਜੋਕੇ ਏ.ਪੀ.ਆਰ. ਸਕੋਰ ਇਕੱਠੇ ਕਰਨ ਲਈ ਧੜਾਧੜ ਛਪ ਰਹੀਆਂ ਪੁਸਤਕਾਂ ਦੀ ਦੌੜ ਵਿਚ ਇਹ ਕਿਤਾਬ ਸ਼ਾਮਿਲ ਨਹੀਂ ਹੈ। ਉਸ ਦੀ ਇਹ ਪਲੇਠੀ ਪੁਸਤਕ ਗਲਪ ਅਧਿਐਨ ਸਬੰਧੀ ਸਾਡੀਆਂ ਪ੍ਰਵਾਨਿਤ ਮਾਨਤਾਵਾਂ ਮੁੜ ਸੋਚਣ ਲਈ ਮਜਬੂਰ ਕਰਦੀ ਹੈ।
ਡਾ: ਗੁਰਪ੍ਰੀਤ ਕੌਰ ਨੇ ਗੁਲਜ਼ਾਰ ਸਿੰਘ ਸੰਧੂ ਦੇ ਕਥਾ-ਬਿਰਤਾਂਤ ਨੂੰ ਸਮਝਣ ਲਈ ਉਸ ਦੀਆਂ ਕਹਾਣੀਆਂ ਦਾ ਇਤਿਹਾਸਕ ਤੇ ਸਮਾਜ-ਸ਼ਾਸਤਰੀ ਦ੍ਰਿਸ਼ਟੀ ਤੋਂ ਅਧਿਐਨ ਪ੍ਰਸਤੁਤ ਕੀਤਾ ਹੈ। ਆਪਣੇ ਅਧਿਐਨ ਨੂੰ ਡਾ: ਗੁਰਪ੍ਰੀਤ ਕੌਰ ਪੰਜ ਪਾਠਾਂ ਵਿਚ ਤਕਸੀਮ ਕਰਦੀ ਹੈ : ਸਾਹਿਤ ਅਧਿਐਨ ਦੀ ਸਮਾਜ-ਸ਼ਾਸਤਰੀ ਵਿਧੀ, ਗੁਲਜ਼ਾਰ ਸਿੰਘ ਦੀ ਕਥਾ-ਸੰਵੇਦਨਾ, ਪੰਜਾਬ ਦਾ ਸਮਾਜਿਕ ਸੰਦਰਭ : ਗੁਲਜ਼ਾਰ ਸਿੰਘ ਸੰਧੂ ਦਾ ਕਥਾ-ਪ੍ਰਵਚਨ, ਪੰਜਾਬ ਦੀ ਰਾਜਨੀਤਕ ਸਮੀਕਰਨ : ਗੁਲਜ਼ਾਰ ਸਿੰਘ ਸੰਧੂ ਦੀ ਕਥਾ-ਚੇਤਨਾ ਅਤੇ ਪੰਜਾਬ ਦਾ ਸੱਭਿਆਚਾਰਕ ਰੂਪਾਂਤਰਨ : ਗੁਲਜ਼ਾਰ ਸਿੰਘ ਸੰਧੂ ਦਾ ਰਚਨਾ-ਵਿਧਾਨ। ਪੁਸਤਕ ਅਥਾਹ ਮਿਹਨਤ ਨਾਲ ਲਿਖੀ ਗਈ ਹੈ। ਲੇਖਿਕਾ ਨੂੰ ਆਪਣੇ ਵਿਸ਼ੇ ਨੂੰ ਨਿਭਾਉਣ ਵਿਚ ਮੁਹਾਰਤ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.


ਬੁੱਧ ਭੀਮ ਕਿਰਨਾਂ

ਲੇਖਕ : ਮੋਹਣ ਲਾਲ ਕਰੀਮਪੁਰੀ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੂ, ਜਲੰਧਰ
ਮੁੱਲ : 150 ਰੁਪਏ, ਸਫ਼ੇ : 212
ਸੰਪਰਕ : 0181-2623184.

ਪੁਸਤਕ ਵਿਚ ਕੁੱਲ 161 ਕਵਿਤਾਵਾਂ ਹਨ, ਇਹ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਨੂੰ ਇਕੱਲੇ ਜਾਂ ਮਿਲ ਕੇ ਗਾਇਆ ਜਾ ਸਕਦਾ ਹੈ। ਕਿਉਂਕਿ ਇਹ ਮਿਸ਼ਨਰੀ ਸਾਹਿਤ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਉਨ੍ਹਾਂ ਦਲਿਤ ਚੇਤਨਾ ਪ੍ਰਚਾਰਨ, ਪ੍ਰਸਾਰਨ ਵਾਲੇ ਕਵੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੇ ਦਲਿਤ ਲੋਕਾਂ ਦਾ ਉਥਾਨ ਕਰਕੇ ਉਨ੍ਹਾਂ ਨੂੰ ਚੇਤਨ ਹੋਣ ਦੇ ਸੁਨੇਹੜੇ ਵੰਡੇ ਗਏ ਹਨ। ਦਲਿਤ ਚੇਤਨਾ ਦੀ ਲਹਿਰ ਨੂੰ ਭਖਦਾ ਰੱਖਣਾ ਸਮੇਂ ਦੀ ਮੰਗ ਹੈ। ਅਗਿਆਨਤਾ, ਵਿਤਕਰਿਆਂ ਦਾ ਵਰਤਾਓ, ਦੌਲਤ ਦੀ ਕਾਣੀ ਵੰਡ, ਧੱਕੇ, ਬੇਇਨਸਾਫ਼ੀ, ਗ਼ਰੀਬੀ ਅਤੇ ਬਿਮਾਰੀ, ਦਲਿਤ ਸਮਾਜ ਲਈ ਲਾਅਣਤ ਹੈ।
ਇਹ ਮਿਸ਼ਨਰੀ ਕਵਿਤਾਵਾਂ ਲੋਕ ਪ੍ਰਚਾਰ ਲਈ ਦਲਿਤ ਸਮਾਜ ਦੇ ਉਥਾਨ ਲਈ ਰਾਖਵੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਗਾ ਕੇ ਪਾਠ ਕਰਨਾ ਤੇ ਇਕੱਲੇ-ਇਕੱਲੇ ਜਾਂ ਸਮੂਹਿਕ ਰੂਪ ਵਿਚ ਇਨ੍ਹਾਂ ਨੂੰ ਗਾ ਕੇ ਪ੍ਰਚਾਰਨਾ ਪ੍ਰਸਾਰਨਾ, ਇਨ੍ਹਾਂ ਕਵਿਤਾਵਾਂ ਦੇ ਲਿਖਣ ਦਾ ਮੰਤਵ ਹੈ। ਗਾਇਕੀ ਦਾ ਗੁਣ ਹੈ। ਮਕਸਦ ਸਾਹਮਣੇ ਹਨ। ਇਹ ਗੀਤ ਗਾਏ ਜਾ ਸਕਦੇ ਹਨ। ਮਹਾਤਮਾ ਬੁੱਧ ਅਤੇ ਉਸ ਦੇ ਹੋਰ ਪੈਰੋਕਾਰ ਦਲਿਤ ਸਮਾਜ ਨੂੰ ਜਾਗ੍ਰਿਤ ਕਰਨ ਦੇ ਮੂਲ ਸੰਚਾਲਕ ਹਨ, ਪੁਸਤਕ ਵਿਚ ਇਨ੍ਹਾਂ ਮਹਾਂਪੁਰਸ਼ਾਂ ਦੇ ਗੁਣਾਂ, ਸਿੱਖਿਆਵਾਂ ਪ੍ਰਾਪਤੀਆਂ, ਸਦਬਚਨਾਂ ਦੇ ਸਾਰ-ਤੱਤ ਗੀਤਾਂ ਕਵਿਤਾਵਾਂ ਰਾਹੀਂ ਆਪਣੇ ਪਾਠਕਾਂ ਤੱਕ ਸੰਚਾਰੇ ਗਏ ਹਨ। ਅਜਿਹੀਆਂ ਕਵਿਤਾਵਾਂ ਕਿਸੇ ਵਿਸ਼ੇਸ਼ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਰਥਕ ਹੁੰਦੀਆਂ ਹਨ।


ਅੰਗੂਠੇ ਦਾ ਨਿਸ਼ਾਨ
ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 204
ਸੰਪਰਕ : 98158-78652.

ਬਲਵਿੰਦਰ ਕੌਰ ਬਰਾੜ ਲਿਖਤ ਇਹ ਨਾਵਲ; ਪੰਜਾਬ ਦੇ ਮਲਵਈ ਪਿੰਡ ਦੇ ਇਕ ਸਾਧਾਰਨ ਮੱਧਵਰਗੀ ਪਰਿਵਾਰ ਦੀ ਇਕ ਮੁਟਿਆਰ ਪੰਮੀ ਦੀ ਜੀਵਨ-ਕਹਾਣੀ ਹੈ, ਜਿਹੜੀ ਆਪਣੀ ਚੜ੍ਹਦੀ ਜਵਾਨੀ ਸਮੇਂ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਅਰਜਨ ਨੂੰ ਜੀਵਨ-ਸਾਥੀ ਵਜੋਂ ਪਸੰਦ ਕਰ ਲੈਂਦੀ ਹੈ; ਜਿਹੜਾ ਆਪਣੇ ਘਰੇਲੂ ਹਾਲਾਤ ਅਸਾਵੇਂ ਹੋਣ ਕਾਰਨ ਉਸ ਨਾਲ ਵਿਆਹ ਕਰਵਾਏ ਬਗੈਰ ਵਾਪਸ ਕੈਨੇਡਾ ਮੁੜ ਜਾਂਦਾ ਹੈ। ਪੰਮੀ ਕੈਨੇਡਾ ਪਰਵਾਸੀ ਅਰਜਨ ਦੀ ਪਹਿਲੀ ਮਿਲਣੀ ਨੂੰ ਆਪਣੀ ਹਿਕੜੀ 'ਤੇ ਅੰਗੂਠੇ ਦਾ ਨਿਸ਼ਾਨ ਸਮਝ ਕੇ ਲਾ ਲੈਂਦੀ ਹੈ, ਭਾਵੇਂ ਉਸ ਦਾ ਵਿਆਹ ਕਿਸੇ ਹੋਰ ਕੈਨੇਡਾ ਪਰਵਾਸੀ ਕਮਲ ਨਾਲ ਹੋ ਜਾਂਦਾ ਹੈ। ਵਿਆਹ ਪਿੱਛੋਂ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ ਰਹਿਣ ਲਗਦੇ ਹਨ, ਜਿਥੋਂ ਕਮਲ ਟਰੱਕ ਵਾਹੁਣ ਦਾ ਧੰਦਾ ਕਰਦਾ ਹੈ। ਪਰ ਪੰਮੀ ਵਿਆਹ ਤੋਂ ਪਿੱਛੋਂ ਵੀ ਅਰਜਨ ਨੂੰ ਨਹੀਂ ਭੁੱਲਦੀ। ਉਹ ਇਕ ਨਰਸ ਬਣ ਕੇ ਕੰਮ ਕਰਦੀ ਹੈ। ਉਸ ਨੇ ਇਕ ਬੇਟੀ ਸਿਮਰਨ ਨੂੰ ਜਨਮ ਦਿੱਤਾ। ਅਚਾਨਕ ਪੰਮੀ ਦੇ ਘਰਵਾਲੇ ਕਮਲ ਦੀ ਇਕ ਟਰੱਕ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ। ਹਸਪਤਾਲ ਵਿਖੇ ਹੀ ਅਚਾਨਕ ਉਸ ਦਾ ਮਿਲਾਪ ਅਰਜਨ ਨਾਲ ਹੋ ਜਾਂਦਾ ਹੈ, ਜਿਸ ਦੀ ਛੇਤੀ ਹੀ ਮੌਤ ਹੋ ਜਾਂਦੀ ਹੈ। ਭਾਵੇਂ ਇਸ ਨਾਵਲ ਦੀ ਸੰਖੇਪ ਕਹਾਣੀ ਏਨੀ ਹੈ ਪਰ ਪ੍ਰੋ: ਬਲਵਿੰਦਰ ਕੌਰ ਬਰਾੜ ਨੇ ਇਸ ਨਾਵਲ ਵਿਚ ਮੁਟਿਆਰ ਕੁੜੀਆਂ ਦੀਆਂ ਮਨੋਭਾਵਨਾਵਾਂ, ਸੰਵੇਦਨਾਵਾਂ ਨੂੰ ਜਿਊਂਦਾ ਜਾਗਦਾ ਬਣਾ ਕੇ ਇੰਜ ਸੰਚਾਰਿਆ ਹੈ; ਜਿਵੇਂ ਅਨਜੋੜ ਵਿਆਹ ਦੀ ਚਿਰਸਥਾਈ ਸਮੱਸਿਆ ਅੱਜ ਵੀ ਵਿਸ਼ੇਸ਼ ਸਮਾਜਿਕ-ਸਮੱਸਿਆ ਹੈ। ਅਮਨ-ਚੈਨ ਅਤੇ ਇਮਾਨਦਾਰੀ ਨਾਲ ਕੋਈ ਮਨਮਰਜ਼ੀ ਦਾ ਜੀਵਨ ਨਹੀਂ ਜੀਓ ਸਕਦੇ।
ਪ੍ਰੋ: ਬਲਵਿੰਦਰ ਕੌਰ ਔਰਤ ਮਨ ਦੀਆਂ ਤੀਬਰ ਭਾਵਨਾਵਾਂ, ਚਾਵਾਂ, ਪ੍ਰੇਮ ਹੰਢਾਉਣ ਦੀਆਂ ਰੁਚੀਆਂ ਅਤੇ ਸੰਵੇਦਨਾਵਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝਦੀ ਹੈ। ਇਸ ਨਾਵਲ ਵਿਚ ਪੇਸ਼ 'ਨਾਰੀਆਂ' ਦੇ ਅੰਤਰ ਮਨ ਦੀ ਪੀੜ੍ਹਾ ਨੂੰ ਉਸ ਨੇ ਕਹਾਣੀ ਦੇ ਹਰ ਮੋੜ 'ਤੇ ਅਨੁਭਵ ਕੀਤਾ ਹੈ।
ਲੇਖਿਕਾ ਦੀ ਭਾਸ਼ਾ-ਸ਼ੈਲੀ; ਨਾਵਲ ਦੀ ਵਿਉਂਤ ਅਤੇ ਵਿਸ਼ਾ ਸੱਜਰਾ ਨਵਾਂ ਨਰੋਆ ਹੈ। ਕਹਾਣੀ ਕਹਿਣ, ਸੁਣਾਉਣ ਅਤੇ ਵਿਖਾਉਣ ਲਈ ਉਸ ਨੇ ਮਨਬਚਨੀ ਦੀਆਂ ਚੇਤਨ ਪ੍ਰਵਾਹ ਵਿਧੀਆਂ ਦਾ ਪ੍ਰਯੋਗ ਕਰਕੇ ਨਾਵਲ ਨੂੰ ਬੋਝਲ ਨਹੀਂ ਹੋਣ ਦਿੱਤਾ।

-ਡਾ: ਅਮਰ ਕੋਮਲ
ਮੋ: 8437873565


ਚੇਤਿਆਂ 'ਚ ਵੱਸਦਾ
ਮਹਿੰਦਰ ਸਿੰਘ ਰੰਧਾਵਾ
ਸੰਪਾਦਕ : ਕੰਵਲਜੀਤ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 282
ਸੰਪਰਕ : 98729-89313.

ਇਸ ਪੁਸਤਕ ਵਿਚ ਅਨੇਕਾਂ ਬੁੱਧੀਜੀਵੀਆਂ, ਉਨ੍ਹਾਂ ਦੇ ਸਹਿਕਰਮੀਆਂ ਤੇ ਸਹਿ-ਧਰਮੀਆਂ ਨੇ ਆਪਣੇ-ਆਪਣੇ ਢੰਗ ਨਾਲ ਮਹਿੰਦਰ ਸਿੰਘ ਰੰਧਾਵਾ ਹੁਰਾਂ ਦੀ ਸ਼ਖ਼ਸੀਅਤ ਨੂੰ ਉਲੀਕਿਆ ਹੈ। ਕੋਈ ਉਨ੍ਹਾਂ ਨੂੰ ਕੱਦਾਵਰ ਸ਼ਖ਼ਸੀਅਤ, ਕੋਈ ਦੂਲਾ ਬਾਦਸ਼ਾਹ, ਖਰਾ ਪੰਜਾਬੀ, ਗੁਣਾਂ ਦਾ ਸਤਨਾਜਾ, ਕਲਾ ਪ੍ਰੇਮੀ, ਲੋਕ-ਬਿੰਬ ਵਹਿੰਦਾ ਦਰਿਆ, ਕਰਮਯੋਗੀ, ਯੁੱਗ ਪੁਰਸ਼, ਸੰਧੂਰੀ ਅੰਬ, ਸਚਿਆਰਾ ਪੁੱਤਰ ਜਾਂ ਕਲਾਕਾਰਾਂ ਦਾ ਅਲੰਬਰਦਾਰ ਆਦਿ ਆਖਦਾ ਹੈ। ਆਪਣੇ ਲੰਮੇ ਕਰਮ ਖੇਤਰ ਵਿਚ ਉਨ੍ਹਾਂ ਕਈਆਂ ਦੇ ਕੰਮ ਸੁਆਰੇ, ਕਈਆਂ ਨੂੰ ਸਨੇਹ ਦੀਆਂ ਬਖਸ਼ਿਸ਼ਾਂ ਕੀਤੀਆਂ। ਇਨ੍ਹਾਂ ਸਾਰੇ ਲੇਖਾਂ ਵਿਚ ਲੇਖਕਾਂ ਨੇ ਜਿਥੇ ਰੰਧਾਵਾ ਹੁਰਾਂ ਦੇ ਕੀਤੇ ਅਣਗਿਣਤ ਕਾਰਜਾਂ ਦੀ ਥਾਹ ਪਾਈ ਹੈ, ਉਥੇ ਆਪਣੇ ਉਨ੍ਹਾਂ ਨਾਲ ਹੰਢਾਏ ਨਿੱਜੀ ਅਨੁਭਵਾਂ ਤੇ ਉਨ੍ਹਾਂ ਰਾਹੀਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਖੈਰ ਕੀਤਾ ਹੈ। ਇਹ ਪੁਸਤਕ ਉਨ੍ਹਾਂ ਦੁਆਰਾ ਪੰਜਾਬ ਦਾ ਮੂੰਹ ਮੱਥਾ ਸੰਵਾਰਨ ਵਿਚ ਪਾਏ ਯੋਗਦਾਨ ਦਾ ਪ੍ਰਸੰਸਾ ਗੀਤ ਹੈ। ਕੇਵਲ ਭੂਸ਼ਣ ਨੇ ਹੀ ਹਲਕੇ ਜਿਹੇ ਸੰਕੇਤ ਨਾਲ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਲਿਖੀਆਂ ਕਈ ਪੁਸਤਕਾਂ ਹੋਰਨਾਂ ਦੀਆਂ ਲਿਖੀਆਂ ਹੋਈਆਂ ਸਨ ਤੇ ਨਾਂਅ ਉਨ੍ਹਾਂ ਦਾ ਦਰਜ ਕੀਤਾ ਗਿਆ ਸੀ। ਉਹ ਪ੍ਰਸੰਸਾ ਲਈ ਵਿਆਕੁਲ ਰਹਿੰਦੇ ਸਨ। ਪਰ ਇਕ ਅੱਧ ਮਨੁੱਖੀ ਕਮਜ਼ੋਰੀ ਦੇ ਬਾਵਜੂਦ, ਭੂਸ਼ਨ ਵੀ ਆਖਣ ਲਈ ਮਜਬੂਰ ਸੀ ਕਿ ਰੰਧਾਵਾ ਜਿਹਾ ਮੁੜ ਨਹੀਂ ਜੰਮ ਸਕਦਾ। ਡਾ: ਮੋਹਨਜੀਤ ਦਾ ਕਥਨ ਸਹੀ ਹੀ ਹੈ ਕਿ ਅਜਿਹੇ ਕਰਮਯੋਗੀ ਬੰਦਿਆਂ ਦੀਆਂ ਜੀਵਨੀਆਂ ਵਕਤਨ, ਸੁਵਕਤਨ ਲਿਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਮਿਲਦੀ ਰਹੇ।

-ਕੇ. ਐਲ. ਗਰਗ
ਮੋ: 94635-37050


ਚਿੰਤਾ, ਚਿੰਤਕ, ਚਿੰਤਨ

ਸ਼ਾਇਰ : ਗੁਰਬਚਨ ਸਿੰਘ ਚਿੰਤਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 84376-11811.

ਇਹ ਪੁਸਤਕ ਰੁਬਾਈ ਸੰਗ੍ਰਹਿ ਹੈ। ਰੁਬਾਈ ਪਰਸ਼ੀਅਨ ਪਿਛੋਕੜ ਵਾਲਾ ਕਾਵਿ ਰੂਪ ਹੈ ਜੋ ਕਾਫ਼ੀ ਪ੍ਰਭਾਵਸ਼ਾਲੀ ਹੁੰਦਾ ਹੈ। ਚਾਰ ਸਤਰਾਂ ਵਿਚ ਵੱਡੀਆਂ ਗੱਲਾਂ ਕਹਿਣੀਆਂ ਹੁੰਦੀਆਂ ਹਨ। ਪੁਸਤਕ ਵਿਚਲੀਆਂ ਰੁਬਾਈਆਂ ਮਨੁੱਖਤਾ ਦੀਆਂ ਸ਼ੁੱਭਚਿੰਤਕ ਹਨ। ਇਨ੍ਹਾਂ ਵਿਚ ਸੰਵੇਦਨਾ, ਕੋਮਲਤਾ, ਚਿੰਤਨ ਅਤੇ ਚੇਤਨਾ ਹੈ। ਆਓ, ਇਨ੍ਹਾਂ ਦੇ ਦਰਸ਼ਨ ਕਰੀਏ-
-ਯਤੀਮਾਂ ਦੀ ਆਕਾਸ਼ 'ਚ ਉਦੋਂ ਆਹ ਜਾਂਦੀ ਹੈ।
ਜ਼ੁਲਮ ਦੀ ਜਦੋਂ ਹੋ, ਇੰਤਹਾ ਜਾਂਦੀ ਹੈ।
ਆਉਂਦੈ ਨਿਰੰਕਾਰ ਮਨੁੱਖੀ ਰੂਪ ਵਿਚ 'ਚਿੰਤਕ'
ਜਨਤਾ ਜਦੋਂ ਹੋ ਬੇ-ਪਨਾਹ ਜਾਂਦੀ ਹੈ।
-ਦੋਸਤੀ ਇਨਸਾਨੀਅਤ ਦੀ ਮਾਂ ਹੈ।
ਰੂਹ ਦੀ ਕੋਮਲਤਾ ਕਲਾ ਦਾ ਨਾਂਅ ਹੈ।
ਰਾਤ ਹੈ ਕਿ ਦਿਨ ਦਾ ਪਰਛਾਵਾਂ ਜਿਹਾ,
ਮੱਸਿਆ ਫਿਰ ਪੁੰਨਿਆ ਦੀ ਛਾਂ ਹੈ।
-ਆਓ ਲੋਕੋ ਉਨ੍ਹਾਂ ਦੇ ਲਈ, ਕਰੀਏ ਰਲ ਅਰਦਾਸਾਂ।
ਜਾਨ ਵਾਰ ਗਏ ਕਰਨ ਲਈ ਜੋ, ਸਾਡੀਆਂ ਪੂਰੀਆਂ ਆਸਾਂ।
ਸੱਚ ਦੀ ਖ਼ਾਤਰ ਜੋ ਮਰ ਜਾਂਦੇ, ਦਿਲਾਂ 'ਚ ਜਿਊਂਦੇ ਰਹਿੰਦੇ
ਲਿਖ ਗਏ ਇਤਿਹਾਸਕਾਰ ਇਹ, 'ਚਿੰਤਕ' ਵਿਚ ਇਤਿਹਾਸਾਂ। ਇਹ ਸਰਲ ਅਤੇ ਮਾਸੂਮ ਜਿਹੀਆਂ ਰੁਬਾਈਆਂ ਦਿਲ ਨੂੰ ਟੁੰਬਦੀਆਂ ਹਨ। ਇਨ੍ਹਾਂ ਵਿਚ ਨੇਕੀ, ਸਰਬੱਤ ਦਾ ਭਲਾ ਅਤੇ ਲੋਕ ਪੀੜਾ ਹੈ। ਪਰ ਹਾਲੇ ਇਨ੍ਹਾਂ ਵਿਚ ਹੋਰ ਨਿਖਾਰ ਲਿਆਉਣ ਦੀ ਲੋੜ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਕੋਈ ਤਾਂ ਹੈ...
ਲੇਖਕ : ਰਘਬੀਰ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 88725-54500.

ਵਿਚਾਰ ਅਧੀਨ ਪੁਸਤਕ ਰਘਬੀਰ ਸਿੰਘ ਮਾਨ ਦਾ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ 6 ਕਹਾਣੀਆਂ ਹਨ। ਪਹਿਲੀ ਕਹਾਣੀ 'ਖਾਨ ਦੀ ਸਟਾਲ' ਵਿਚ ਉਸ ਨੇ ਪੇਂਡੂ ਖੇਤਰ ਦੀ ਖਚਾਖਚ ਭਰੀ ਬਸ ਵਿਚ ਸਫ਼ਰ ਕਰ ਰਹੇ ਯਾਤਰੀ ਦੀ ਮਾਨਸਿਕਤਾ ਦਾ ਚਿਤਰਨ ਪੇਸ਼ ਕੀਤਾ ਹੈ, ਉਥੇ ਬਸ ਵਿਚ ਖੜ੍ਹੀਆਂ ਸਵਾਰੀਆਂ ਦੇ ਵਿਵਹਾਰ ਅਤੇ ਵਾਰਤਾਲਾਪ ਦਾ ਦ੍ਰਿਸ਼ ਵੀ ਰੂਪਮਾਨ ਕੀਤਾ ਹੈ। ਦੂਜੀ ਕਹਾਣੀ 'ਫ਼ਿਕਰ' ਦਾ ਮੁੱਖ ਪਾਤਰ ਆਪਣੇ ਚਾਚੇ ਦੀ ਘਰ ਵਾਲੀ ਦੇ ਗੁਜ਼ਰਨ ਤੋਂ ਬਾਅਦ ਉਸ ਦੇ ਪੁੱਤਰਾਂ ਵੱਲੋਂ ਬੁਢਾਪੇ ਵਿਚ ਉਸ ਨਾਲ ਕੀਤੇ ਦੁਰਵਿਵਹਾਰ ਕਰਕੇ ਉਸ ਨੂੰ ਆਪਣੀ ਧੀ ਦੀ ਅਣਹੋਂਦ ਦਾ ਅਹਿਸਾਸ ਹੋਣ ਕਰਕੇ ਬੁਢਾਪੇ ਦੀ ਫ਼ਿਕਰਮੰਦੀ ਹੈ। 'ਕੁੜਮਣੀਆਂ' ਅਤੇ 'ਸਮਾਂ ਤੁਰਦਾ ਹੈ' ਜਾਤ-ਪਾਤ ਪ੍ਰਥਾ ਅਤੇ ਅੰਤਰ-ਜਾਤੀ ਵਿਆਹਾਂ ਦੇ ਵਿਸ਼ੇ ਨਾਲ ਸਬੰਧਤ ਕਹਾਣੀਆਂ ਹਨ। ਕੁੜਮਣੀਆਂ ਕਹਾਣੀ ਦੀ ਵਲੈਤੋਂ ਆਈ ਗੁਰਲਾਜ ਆਪਣੀ ਦਲਿਤ ਸਹੇਲੀ ਭਜਨੋ ਦੀ ਲੜਕੀ ਪ੍ਰਵੀਨ ਨੂੰ ਆਪਣੇ ਲੜਕੇ ਹੈਰੀ ਲਈ ਮੰਗ ਕੇ ਜਾਤ-ਪਾਤ ਨੂੰ ਤੋੜ ਕੇ ਰਾਹ ਦਸੇਰੇ ਦਾ ਕਾਰਜ ਕਰਦੀ ਹੈ ਪਰ ਸਮਾਂ ਤੁਰਦਾ ਹੈ ਕਹਾਣੀ ਵਿਚ ਪਿਉ-ਪੁੱਤਰ ਆਪਣੀ ਜ਼ਹੀਨ ਲੜਕੀ ਮਨੀ ਨੂੰ ਅਣਖ ਖਾਤਰ ਕਤਲ ਕਰ ਦਿੰਦੇ ਹਨ ਕਿਉਂਕਿ ਉਹ ਦਲਿਤ ਜਾਤੀ ਦੇ ਜ਼ਹੀਨ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। 'ਕੋਈ ਤਾਂ ਹੈ' ਇਸ ਸੰਗ੍ਰਹਿ ਦੀ ਵੇਦਨਾਤਮਕ ਭਾਸ਼ਾ ਵਿਚ ਰਚੀ ਖੂਬਸੂਰਤ ਕਥਾ ਹੈ ਜੋ ਭਰੂਣ-ਹੱਤਿਆ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਸਿਰਜੀ ਗਈ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

 

ਸਾਡੇ ਭਾਰਤੀ ਸਿੱਖਿਆ ਸ਼ਾਸਤਰੀ
ਸੰਪਾਦਕ : ਹਰਜਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 95921-00811
.

ਹਰਜਿੰਦਰ ਸਿੰਘ ਦੁਆਰਾ ਸੰਪਾਦਿਤ ਕੀਤੀ ਇਸ ਪੁਸਤਕ ਵਿਚ ਛੇ ਖੋਜ ਲੇਖ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਜੀਵਨ ਦਰਸ਼ਨ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਮਹਾਤਮਾ ਬੁੱਧ, ਸਵਾਮੀ ਵਿਵੇਕਾਨੰਦ, ਸ੍ਰੀ ਅਰਬਿੰਦੋ ਘੋਸ਼, ਰਾਵਿੰਦਰ ਨਾਥ ਟੈਗੋਰ, ਸਵਾਮੀ ਦਯਾਨੰਦ, ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ, ਮਹਾਤਮਾ ਗਾਂਧੀ, ਡਾ: ਭੀਮ ਰਾਓ ਅੰਬੇਡਕਰ ਅਤੇ ਇਕ ਲੇਖ ਬਾਬਾ ਫ਼ਰੀਦ ਜੀ ਦੀ ਵਿਚਾਰਧਾਰਾ ਨਾਲ ਸਬੰਧਤ ਹੈ।
ਪੁਸਤਕ ਵਿਚ ਸਿੱਖਿਆ ਦੇ ਖੇਤਰ ਨਾਲ ਜੁੜੇ ਤਕਰੀਬਨ 22 ਵਿਦਵਾਨਾਂ ਦੁਆਰਾ ਉਪਰੋਕਤ ਮਹਾਨ ਵਿਅਕਤੀਆਂ ਦੀ ਸਿੱਖਿਆ ਦੇ ਖੇਤਰ ਨੂੰ ਦੇਣ ਅਤੇ ਉੱਚੀਆਂ-ਸੁੱਚੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕੀਤੀ ਗਈ ਹੈ। ਮਿਸਾਲ ਵਜੋਂ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਡਾ: ਅੰਬੇਡਕਰ ਨੇ ਸਿੱਖਿਆ ਵਿਚ ਸਮਾਨਤਾ ਦੀ ਗੱਲ ਕੀਤੀ, ਬਾਬਾ ਫ਼ਰੀਦ ਜੀ ਨੇ ਨਿਮਰਤਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਪ੍ਰਚਾਰਿਆ, ਅਰਬਿੰਦੋ ਘੋਸ਼ ਨੇ ਸਰੀਰਕ, ਦਿਮਾਗੀ ਅਤੇ ਸਮਾਜਿਕ ਵਿਕਾਸ ਬਾਰੇ ਸਿਧਾਂਤ ਪੇਸ਼ ਕੀਤਾ। ਇਸ ਤੋਂ ਇਲਾਵਾ ਡਾ: ਰਾਧਾ ਕ੍ਰਿਸ਼ਨਨ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਔਰਤਾਂ ਦੀ ਸਿੱਖਿਆ ਬਾਰੇ ਵਿਚਾਰ ਪੇਸ਼ ਕੀਤੇ, ਮਹਾਤਮਾ ਗਾਂਧੀ ਜੀ ਨੇ ਮਾਤ ਭਾਸ਼ਾ ਵਿਚ ਸਿੱਖਿਆ ਦੀ ਗੱਲ ਕਰਦਿਆਂ ਅੰਗਰੇਜ਼ਾਂ ਦੁਆਰਾ ਦਿੱਤੀ ਸਿੱਖਿਆ ਪ੍ਰਣਾਲੀ ਦਾ ਵਿਰੋਧ ਕੀਤਾ, ਸਵਾਮੀ ਵਿਵੇਕਾਨੰਦ ਨੇ ਸਿੱਖਿਆ ਦੀ ਸਰਬਪੱਖੀ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਪੁਸਤਕ ਵਿਚ ਸ਼ਾਮਿਲ ਸਾਰੇ ਹੀ ਵਿਦਵਾਨਾਂ ਦੇ ਖੋਜ ਲੇਖ ਇਸ ਗੱਲ ਦੀ ਤਾਈਦ ਕਰਦੇ ਹਨ ਕਿ ਸਿੱਖਿਆ ਦੇ ਪਵਿੱਤਰ ਖੇਤਰ ਨੂੰ ਇਨ੍ਹਾਂ ਮਹਾਨ ਵਿਅਕਤੀਆਂ ਦੀ ਸਿੱਖਿਆ ਦੇ ਚਾਨਣ ਵਿਚ ਹੋਰ ਵੀ ਰੁਸ਼ਨਾਇਆ ਜਾ ਸਕਦਾ ਹੈ।


ਸਾਹਾਂ ਦਾ ਸਫ਼ਰ
ਲੇਖਕ : ਹਰਚੰਦ ਸਿੰਘ ਬਾਗੜੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 280
ਸੰਪਰਕ : 98146-73236
.

'ਸਾਹਾਂ ਦਾ ਸਫ਼ਰ' ਹਰਚੰਦ ਸਿੰਘ ਬਾਗੜੀ ਦੀ ਸਵੈਜੀਵਨੀ ਹੈ, ਜਿਸ ਨੂੰ ਉਸ ਨੇ ਦੋ ਭਾਗਾਂ ਵਿਚ ਵੰਡ ਕੇ ਪਾਠਕਾਂ ਨਾਲ ਆਪਣੀ ਜ਼ਿੰਦਗੀ ਦਾ ਨੰਗਾ ਸੱਚ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਪਹਿਲੇ ਭਾਗ ਵਿਚ ਆਪਣੀ ਜ਼ਿੰਦਗੀ ਦੇ 26 ਸਾਲਾਂ ਦਾ ਜ਼ਿਕਰ ਲੇਖਕ ਨੇ ਉਸ ਜੀਵਨ ਕਹਾਣੀ ਦੇ ਰੂਪ ਵਿਚ ਕੀਤਾ ਹੈ ਜੋ ਉਸ ਨੇ ਪੰਜਾਬ ਵਿਚ ਰਹਿੰਦਿਆਂ ਗੁਜ਼ਾਰੇ ਹਨ। ਦੂਜੇ ਭਾਗ ਵਿਚ ਉਸ ਦੀ ਪਰਵਾਸੀ ਜ਼ਿੰਦਗੀ ਭਾਵ ਕੈਨੇਡਾ ਦੀ ਧਰਤੀ 'ਤੇ ਪਹੁੰਚਣ ਅਤੇ ਉਥੇ ਰਹਿੰਦਿਆਂ ਜ਼ਿੰਦਗੀ ਦੀ ਤਸਵੀਰਕਸ਼ੀ ਨਾਲ ਸਬੰਧਤ ਵੇਰਵੇ ਦਰਜ ਕੀਤੇ ਹਨ।
ਪੰਜਾਬ ਵਿਚ ਰਹਿੰਦਿਆਂ ਲੇਖਕ ਜਿਥੇ ਆਪਣੇ ਘਰ ਪਰਿਵਾਰ ਬਾਰੇ ਵੇਰਵੇ ਦਰਜ ਕਰਦਾ ਹੈ, ਉਥੇ ਮਾਲਵੇ ਦੀ ਰਹਿਤਲ ਅਤੇ ਉਥੋਂ ਦੀ ਤਰਜ਼ੇ-ਜ਼ਿੰਦਗੀ ਬਾਰੇ ਵਿਸਥਾਰਪੂਰਬਕ ਵੇਰਵੇ ਦਿੰਦਾ ਹੈ। ਲੇਖਕ ਦਾ ਜਨਮ ਭਾਵੇਂ ਫਰਵਾਹੀ ਪਿੰਡ ਵਿਚ ਹੋਇਆ ਪਰ ਵੱਡੀ ਭੈਣ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਉਹ ਉਸ ਕੋਲ ਉਸ ਦੇ ਪਿੰਡ ਜਮਾਲਪੁਰੇ ਵੀ ਸਮਾਂ ਗੁਜ਼ਾਰਦਾ ਹੈ ਤੇ ਮਾਂ ਦੀ ਮੌਤ ਦੇ ਭਾਵੁਕ ਪਲਾਂ ਨੂੰ ਵੀ ਆਪਣੀ ਲਿਖਤ ਵਿਚ ਦਰਜ ਕਰਦਾ ਹੈ। ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਹਾਦਸਿਆਂ ਦੇ ਰੂਪ ਵਿਚ ਪੇਸ਼ ਕਰਦਾ ਲੇਖਕ ਆਪਣੀ ਸਕੂਲੀ ਪੜ੍ਹਾਈ ਅਤੇ ਕਾਲਜ ਦੀ ਸਿੱਖਿਆ ਦੇ ਨਾਲ-ਨਾਲ ਆਈ.ਟੀ.ਆਈ. ਵਿਚ ਦਾਖਲੇ ਦਾ ਜ਼ਿਕਰ ਵੀ ਭਾਵਪੂਰਤ ਤਰੀਕੇ ਨਾਲ ਛੇੜਦਾ ਹੈ। ਲੇਖਕ ਇਸ ਸਵੈਜੀਵਨੀ ਵਿਚ ਲੋਕਾਂ ਦਾ ਮਦਦਗਾਰ ਹੋਣ ਦੇ ਆਪਣੇ ਸੁਭਾਅ ਬਾਰੇ ਵੱਖ-ਵੱਖ ਘਟਨਾਵਾਂ ਦੱਸ ਕੇ ਬਿਆਨ ਕਰਦਾ ਹੈ। ਕੈਨੇਡਾ ਵਿਚ ਜਾਣ ਤੋਂ ਬਾਅਦ ਜਿਥੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਬਾਰੇ ਲੇਖਕ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ, ਉਥੇ ਆਪਣੀ ਸਿਰਜਣਾਤਮਕ ਪ੍ਰਤਿਭਾ ਨੂੰ ਹੁਲਾਰਾ ਮਿਲਣ ਅਤੇ ਦਰਜਨ ਤੋਂ ਉੱਪਰ ਆਪਣੀਆਂ ਸਾਹਿਤਕ ਰਚਨਾਵਾਂ ਦੇ ਪ੍ਰਕਾਸ਼ਿਤ ਹੋਣ ਦੀ ਗੱਲ ਵੀ ਛੇੜਦਾ ਹੈ। ਕਾਵਿ-ਪੁਸਤਕਾਂ ਵਿਚ ਵੱਖ-ਵੱਖ ਟੂਕਾਂ ਦੇ ਕੇ ਪਾਠਕਾਂ ਨੂੰ ਆਪਣੀ ਸਿਰਜਣਾਤਮਕ ਦੇ ਦੀਦਾਰ ਵੀ ਕਰਵਾਉਂਦਾ ਹੈ। ਨਿੱਕੀਆਂ-ਨਿੱਕੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਲੇਖਕ ਨੇ ਆਪਣੀ ਸ਼ਖ਼ਸੀਅਤ ਦੇ ਨਿਖਾਰ ਬਾਰੇ ਇਸ ਸਵੈਜੀਵਨੀ ਵਿਚ ਰੌਚਿਕ ਵੇਰਵੇ ਦਰਜ ਕੀਤੇ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611

09/09/2017

 ਅੱਥਰੀ ਰੁੱਤ
ਨਾਵਲਕਾਰ : ਸੁਖਵੰਤ ਕੌਰ ਮਾਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 158
ਸੰਪਰਕ : 0172-4608699.

ਇਹ ਨਾਵਲ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਦਾ ਹੈ। ਜੱਸੇ ਨਾਂਅ ਦਾ ਇਕ ਮੁੰਡਾ ਅਨਾਥ ਹੋ ਜਾਂਦਾ ਹੈ। ਬਾਰ੍ਹਾਂ ਵਰ੍ਹਿਆਂ ਦੇ ਇਸ ਬੱਚੇ ਨੂੰ ਤਾਏ, ਚਾਚੇ ਸਕੂਲੋਂ ਹਟਾ ਕੇ ਡੰਗਰ ਚਾਰਨ ਲਾ ਦਿੰਦੇ ਹਨ। ਰਮਦਾਸੀਆਂ ਦਾ ਇਕ ਹਾਣੀ ਮੁੰਡਾ ਘੋਦਰ ਉਸ ਦਾ ਦੋਸਤ ਬਣ ਜਾਂਦਾ ਹੈ।
ਕੁਝ ਦਿਨਾਂ ਲਈ ਜੱਸੇ ਦੇ ਨਾਨਕੇ ਉਸ ਨੂੰ ਆਪਣੇ ਘਰ ਲੈ ਜਾਂਦੇ ਹਨ ਤਾਂ ਉਸ ਦੇ ਚਾਚੇ, ਤਾਏ ਉਸ ਦੀ ਜ਼ਮੀਨ ਦੱਬਣ ਦੀ ਵਿਉਂਤ ਬਣਾਉਂਦੇ ਹਨ। ਜਦੋਂ ਜੱਸੇ ਦਾ ਮਾਮਾ ਉਸ ਨੂੰ ਵਾਪਸ ਛੱਡ ਕੇ ਜਾਂਦਾ ਹੈ ਤਾਂ ਸ਼ਰੀਕ ਕੁਝ ਦਿਨਾਂ ਬਾਅਦ ਮੁੰਡੇ ਨੂੰ ਮਰਵਾ ਦਿੰਦੇ ਹਨ। ਜੱਸੇ ਦਾ ਇਕ ਚਾਚਾ ਫੌਜਾ ਸਿੰਘ ਆਜ਼ਾਦੀ ਘੁਲਾਟੀਆ ਸੀ। ਉਸ ਨੇ ਜੱਸੇ ਦੀ ਜ਼ਮੀਨ ਦਾ ਇਕ ਟਰੱਸਟ ਬਣਵਾ ਦਿੱਤਾ। ਉਸ ਦਾ ਪੁੱਤਰ ਯੂਨੀਵਰਸਿਟੀ ਵਿਚ ਐਮ.ਏ. ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਸਬੰਧ ਰਾਜਨੀਤਕਾਂ ਨਾਲ ਹੋ ਗਿਆ।
ਫੌਜਾ ਸਿੰਘ ਦੇ ਯਤਨਾਂ ਨਾਲ ਪਿੰਡ ਵਿਚ ਕੁੜੀਆਂ ਦਾ ਸਕੂਲ ਖੁੱਲ੍ਹ ਗਿਆ। ਬਾਕੀ ਦੀ ਕਹਾਣੀ ਸਕੂਲ ਦੀਆਂ ਕੁੜੀਆਂ, ਟੀਚਰਾਂ ਅਤੇ ਵਿਰੋਧ ਕਰਨ ਵਾਲਿਆਂ ਦੁਆਲੇ ਘੁੰਮਦੀ ਹੈ। ਜੱਸੇ ਦੇ ਇਕ ਚਾਚੇ ਦੇ ਵੈਲੀ ਪੁੱਤ ਕੰਤੇ ਨੇ ਮਾਸੂਮ ਬੱਚੇ ਦਾ ਕਤਲ ਕਰਵਾਇਆ ਸੀ। ਉਹ ਹਮੇਸ਼ਾ ਮਾੜੇ ਕੰਮਾਂ ਵਿਚ ਪਿਆ ਰਹਿੰਦਾ ਹੈ। ਨਕਸਲਵਾਦ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਆਮ ਪੇਂਡੂ ਲੋਕਾਂ ਦੀਆਂ ਆਰਥਿਕ ਮਜਬੂਰੀਆਂ, ਸਮਾਜਿਕ ਕੁਰੀਤੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਬਾਰੇ ਬੜੇ ਭਾਵਪੂਰਤ ਢੰਗ ਨਾਲ ਵਰਣਨ ਕੀਤਾ ਗਿਆ ਹੈ। ਲੋਭ ਲਾਲਚ ਤੇ ਹਵਸ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ ਹੈ। ਉਸ ਵਿਚ ਸਦਾਚਾਰਕ ਗਿਰਾਵਟ ਆ ਗਈ ਹੈ।
ਜੂਝਦੇ, ਹਫ਼ਦੇ, ਹੰਭਦੇ, ਥੱਕੇ ਟੁੱਟੇ ਲੋਕਾਂ ਦੀ ਕਹਾਣੀ ਕਹਿੰਦਾ ਇਹ ਨਾਵਲ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਇਹ ਡਿਗੇ ਢਹੇ, ਅਨਪੜ੍ਹ, ਅਨਜਾਣ, ਭੋਲੇ ਭਾਲੇ ਲੋਕਾਂ ਦਾ ਦੁਖਾਂਤ ਹੈ ਜੋ ਲੇਖਿਕਾ ਨੇ ਬਹੁਤ ਮਾਰਮਿਕ ਢੰਗ ਨਾਲ ਬਿਆਨ ਕੀਤਾ ਹੈ। ਠੇਠ ਮੁਹਾਵਰੇਦਾਰ ਬੋਲੀ, ਨਿਵੇਕਲਾ ਅੰਦਾਜ਼ ਪ੍ਰਭਾਵਸ਼ਾਲੀ ਹੈ। ਰਿਸ਼ਤਿਆਂ ਦੇ ਤਾਣੇ-ਬਾਣੇ, ਜੀਵਨ ਦੇ ਦੁੱਖਾਂ-ਸੁੱਖਾਂ, ਤੰਗੀਆਂ ਤੁਰਸ਼ੀਆਂ ਦੀ ਬਾਤ ਪਾਉਣ ਵਾਲਾ ਇਹ ਨਾਵਲ ਸਾਡੀ ਸੰਵੇਦਨਾ, ਚਿੰਤਨ ਅਤੇ ਚੇਤਨਾ ਨੂੰ ਟੁੰਬਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਤਰਕਸ਼ ਵਿਚਲੇ ਹਰਫ਼
ਕਵੀ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 216
ਸੰਪਰਕ : 78377-18723.

ਸਰਬਜੀਤ ਸੋਹੀ ਦਾ ਨਾਂਅ ਉਨ੍ਹਾਂ ਸ਼ਾਇਰਾਂ ਦੀ ਕਤਾਰ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ ਜਿਹੜੇ ਕਵਿਤਾ ਨੂੰ ਸਮਾਜਿਕ ਤਬਦੀਲੀ ਲਈ ਮਹੱਤਵਪੂਰਨ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ। ਸਮਾਜਿਕ ਬਰਾਬਰੀ ਤੇ ਨਿਆਂ ਭਰਪੂਰ ਸਮਾਜ ਦਾ ਸੁਪਨਾ ਸੋਹੀ ਦੀਆਂ ਕਵਿਤਾਵਾਂ ਵਿਚ ਬਹੁਤ ਹੀ ਸਪੱਸ਼ਟ ਰੂਪ ਵਿਚ ਉੱਘੜ ਕੇ ਸਾਹਮਣੇ ਆਉਂਦਾ ਹੈ
ਮੈਂ ਹਵਾ ਵਿਚ ਗੂੰਜਦਾ
ਲੋਕ ਰੋਹ ਦਾ ਵਿਦਰੋਹੀ ਤੇਵਰ ਹਾਂ
ਜੋ ਵਰਦੀਆਂ ਲਾਠੀਆਂ ਵਿਚੋਂ ਵੀ
ਬੇਖੌਫ਼ ਗੁਜ਼ਰ ਜਾਵਾਂਗਾ....
ਸਰਬਜੀਤ ਸੋਹੀ ਕਵਿਤਾ ਨੂੰ ਸਿਰਫ ਵਿਚਾਰਾਂ ਦੀ ਪੇਸ਼ਕਾਰੀ ਨਹੀਂ ਮੰਨਦਾ, ਉਹ ਤਾਂ ਸ਼ਬਦਾਂ ਤੇ ਵਿਚਾਰਾਂ ਦੇ ਆਪਸੀ ਭੇੜ 'ਚੋਂ ਨਿਕਲਦੇ ਚੰਗਿਆੜਿਆਂ ਦੀ ਬਾਤ ਪਾਉਣ ਦਾ ਸ਼ੌਦਾਈ ਹੈ। ਕਵਿਤਾ ਉਸ ਲਈ ਰੌਸ਼ਨੀ ਦਾ ਮਘਦਾ ਤੇਜਸ ਨਹੀਂ ਸਗੋਂ ਇਕ ਮੁਕੰਮਲ ਸੂਰਜ ਦੇ ਰੂਪ ਵਿਚ ਹਾਜ਼ਰ ਨਾਜ਼ਰ ਹੁੰਦੀ ਹੈ।
ਸਰਬਜੀਤ ਸੋਹੀ ਦੀਆਂ ਕਵਿਤਾਵਾਂ ਆਧੁਨਿਕ ਸਮਾਜਿਕ ਵਰਤਾਰੇ ਵਿਚ ਫੈਲੀ ਉਸ ਘੁਟਣ ਦੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿਚ ਕੋਈ ਵੀ ਸੰਵੇਦਨਸ਼ੀਲ ਵਿਅਕਤੀ ਆਪਣੀ ਜ਼ਿੰਦਗੀ ਦਾ ਬੋਝ ਢੋਣ ਤੋਂ ਵੀ ਨਾਬਰ ਹੋ ਜਾਂਦਾ ਹੈ। ਨਿੱਤ ਦਿਹਾੜੇ ਹੁੰਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਵੀ ਇਸੇ ਪ੍ਰਸੰਗ ਵਿਚ ਰੱਖ ਕੇ ਵੇਖਿਆ ਜਾ ਸਕਦਾ ਹੈ। ਚਕਾਚੌਂਧ ਸੱਭਿਆਚਾਰ ਦਾ ਉਹ ਕਿਹੜਾ ਕੋਨਾ ਹੈ ਜਿਥੇ ਅਜਿਹੇ ਵਰਤਾਰੇ ਵਾਪਰ ਰਹੇ ਹਨ
ਉਸ ਸੁਲਘਦੇ ਹੋਏ ਵਣਾਂ ਦੇ ਰਾਹੀ ਨੂੰ
ਸ਼ਹਿਰ ਦੀ ਘੜਮੱਸ ਖਾ ਗਈ
ਜ਼ਹਿਰ ਦੀ ਅਪਣੱਤ ਖਾ ਗਈ।
ਇਕ ਚੰਗੇਰੇ ਸਮਾਜ ਦੇ ਸੁਪਨੇ ਲਈ ਸੰਘਰਸ਼ਰਤ ਇਨ੍ਹਾਂ ਕਵਿਤਾਵਾਂ ਨੂੰ ਜੀ ਆਇਆਂ ਆਖਣਾ ਬਣਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਚੀ ਗੁਵੇਰਾ
ਲੇਖਕ : ਧਰਮ ਸਿੰਘ ਗੋਰਾਇਆ
ਪ੍ਰਕਾਸ਼ਕ : ਯੁਨੀਸਟਾਰ ਬੁਕਸ ਮੁਹਾਲੀ
ਮੁੱਲ : 300 ਰੁਪਏ, ਸਫ਼ੇ : 458
ਸੰਪਰਕ : 0172-4608699

ਹਥਲੀ ਪੁਸਤਕ ਦਾ ਨਾਇਕ 'ਚੀ ਗੁਵੇਰਾ' ਵਿਸ਼ਵ ਪੱਧਰ 'ਤੇ ਜਾਣਿਆ ਯੋਗ ਨਾਇਕ ਹੈ। ਅਠਾਹਠ ਸਿਰਲੇਖਾਂ ਤਹਿਤ ਇਸ ਵਿਅਕਤੀ ਸਬੰਧੀ ਪ੍ਰਸਤੁਤ ਹੋਏ ਲਘੂ ਜਾਂ ਵਿਸਤ੍ਰਿਤ ਲੇਖਾਂ ਤੋਂ ਪਾਠਕਾਂ ਨੂੰ ਪਤਾ ਲੱਗੇਗਾ, ਕਿ ਇਹ ਉਹ ਵਿਅਕਤੀ ਸੀ, ਜਿਸ ਨੇ ਫੀਡਲ ਕਾਸਤਰੋ ਦੀ ਸੱਜੀ ਬਾਂਹ ਬਣ ਕੇ ਸਾਮਰਾਜੀ ਸ਼ਕਤੀਆਂ ਦੁਆਰਾ ਢਾਹੇ ਜਾਂਦੇ ਮਾਨਵੀ ਅੱਤਿਆਚਾਰਾਂ ਅਤੇ ਕਰੋਪੀਆਂ ਨੂੰ ਢਾਹ-ਢੇਰੀ ਕਰ ਕੇ ਸਾਬਤ ਕਰ ਦਿੱਤਾ ਕਿ ਦੁਨੀਆ ਵਿਚ ਅੱਜ ਵੀ ਆਪਣੇ ਹੱਕ-ਹਕੂਕ ਦੀ ਰਾਖੀ ਲਈ ਲੋਕ ਜੀਵੰਤ ਅਤੇ ਉਹ ਮਾਨਵ-ਹਿਤੈਸ਼ੀ ਮੁੱਲਾਂ ਹਿਤ ਹਰ ਕੁਰਬਾਨੀ ਕਰਨ ਦੇ ਸਮਰੱਥ ਹਨ। ਪੁਸਤਕ ਰਿਚੇਤਾ ਧਰਮ ਸਿੰਘ ਗੋਰਾਇਆ ਦਾ ਘਾਲਣਾਮਈ ਖੋਜ-ਮੁਖੀ ਯਤਨ ਹੈ ਕਿ ਉਹ 'ਚੀ ਗੁਵੇਰਾ' ਦੀਆਂ ਪ੍ਰਾਪਤੀਆਂ ਨੂੰ ਅਨੇਕਾਂ ਸਰੋਤ ਸੰਦਰਭਾਂ ਵਿਚੋਂ ਲੱਭ ਕੇ ਪੁਸਤਕ ਵਿਚ ਅੰਕਿਤ ਕਰਦਾ ਹੈ। ਚੀ ਗੁਵੇਰਾ ਦੀਆਂ ਘਰੇਲੂ, ਨੇੜੇ ਦੇ ਸਮਾਜਿਕ ਵਰਤਾਰੇ ਦੇ ਸਰੋਕਾਰਾਂ, ਦੇਸ਼ ਵਿਦੇਸ਼ਾਂ ਵਿਚ ਫੇਰੀਆਂ, ਵਿਭਿੰਨ ਲੋਕਾਂ ਵਿਚ ਵਿਚਰਨ ਦੀਆਂ ਸਥਿਤੀਆਂ ਪ੍ਰਸਥਿਤੀਆਂ ਵਿਚੋਂ ਪੈਦਾ ਹੋਈਆਂ ਵਿਚਾਰ ਚਿੰਤਨ ਧਾਰਾਵਾਂ ਨੂੰ ਵੀ ਪੁਸਤਕ ਵਿਚ ਜਿਸ ਲਹਿਜੇ ਨਾਲ ਪੇਸ਼ ਕੀਤਾ ਗਿਆ ਹੈ, ਉਹ ਗੁਲਾਮੀ ਦੀ ਹੈਸੀਅਤ ਵਿਚੋਂ ਨਿਕਲ ਕੇ ਮਾਨਵ ਜਾਤੀ ਦੇ ਸੰਘਰਸ਼ ਲਈ ਇਕ ਵੱਡਾ ਪ੍ਰੇਰਕ ਸੁਨੇਹਾ ਹੈ। ਯੂਨਾਈਟਿਡ ਨੇਸ਼ਨਜ਼ ਵਿਚ ਦਿੱਤੇ ਭਾਸ਼ਨ ਅਤੇ 1953 ਵਿਚ ਦਿੱਤੇ ਕੋਰਟ ਵਿਚ ਬਿਆਨਾਂ ਨੂੰ ਪੁਸਤਕ ਦੇ ਅੰਤ ਵਿਚ ਲੇਖਕ ਨੇ ਪੇਸ਼ ਕਰਕੇ ਚੀ ਗੁਵੇਰਾ ਦੀ ਸ਼ਖ਼ਸੀਅਤ ਦੇ ਨਿਡਰ ਅਤੇ ਹੋਰ ਮਾਨਵ-ਹਿਤੈਸ਼ੀ ਪੱਖਾਂ ਨੂੰ ਵੀ ਉਜਾਗਰ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਇਕ ਇਨਕਲਾਬੀ ਥੰਮ੍ਹ
ਗ਼ਦਰੀ ਬਾਬਾ ਸੰਤਾ ਸਿੰਘ ਗੰਡੀਵਿੰਡ
ਲੇਖਕ ਤੇ ਸੰਪਾਦਕ : ਪ੍ਰਿਥੀਪਾਲ ਸਿੰਘ ਮਾੜੀਮੇਘਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 50 ਰੁਪਏ, ਸਫ਼ੇ : 136.
ਸੰਪਰਕ : 98760-78731.

ਹਥਲੀ ਪੁਸਤਕ ਪ੍ਰਸਿੱਧ ਗ਼ਦਰੀ ਬਾਬੇ ਬਾਬਾ ਸੰਤਾ ਸਿੰਘ ਗੰਡੀਵਿੰਡ ਦੇ ਜੀਵਨ, ਕਾਰਜਾਂ, ਕੁਰਬਾਨੀਆਂ ਅਤੇ ਗ਼ਦਰ ਲਹਿਰ ਵਿਚ ਪਾਏ ਯੋਗਦਾਨ ਨਾਲ ਸਬੰਧਿਤ ਹੈ, ਜਿਸ ਨੂੰ ਲੇਖਕ ਨੇ ਇਕ ਖੋਜ ਕਾਰਜ ਵਾਂਗ ਨੇਪਰੇ ਚਾੜ੍ਹਿਆ ਹੈ। ਬਾਬਾ ਸੰਤਾ ਸਿੰਘ ਗੰਡੀਵਿੰਡ ਬਾਰੇ ਵੇਰਵੇ ਇਕੱਠੇ ਕਰਨ ਲਈ ਲੇਖਕ ਨੇ ਪੁਰਾਣੇ ਗ਼ਦਰੀਆਂ, ਪਿੰਡ ਦੇ ਲੋਕਾਂ, ਉਸ ਦੇ ਰਿਸ਼ਤੇਦਾਰਾਂ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਪਰਚਿਆਂ ਅਤੇ ਅਖ਼ਬਾਰਾਂ ਦਾ ਸਹਾਰਾ ਲਿਆ ਹੈ। ਬਾਬਾ ਸੰਤਾ ਸਿੰਘ ਗੰਡੀਵਿੰਡ ਰੁਜ਼ਗਾਰ ਲਈ ਅਮਰੀਕਾ ਗਿਆ ਸੀ ਪਰ ਉਥੇ ਜਾ ਕੇ ਉਸ ਦਾ ਸੰਪਰਕ ਗ਼ਦਰੀ ਲਹਿਰ ਦੇ ਕਾਰਕੁਨਾਂ ਨਾਲ ਪੈ ਜਾਣ ਕਾਰਨ ਉਹ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਿਆ। ਗ਼ਦਰ ਲਹਿਰ ਫੇਲ੍ਹ ਹੋ ਜਾਣ ਉਪਰੰਤ ਇਹ ਲਹਿਰ ਖਿੰਡ ਪੁੰਡ ਗਈ ਸੀ। ਬਾਬਾ ਸੰਤਾ ਸਿੰਘ ਨੇ ਇਸ ਦੀ ਮੁੜ ਤੇ ਪੁਨਰ ਉਸਾਰੀ ਵਿਚ ਭਰਪੂਰ ਯੋਗਦਾਨ ਪਾਇਆ। ਕਿਰਤੀ ਪਾਰਟੀ ਅਤੇ ਮਜ਼ਦੂਰ ਕਿਸਾਨ ਅਖ਼ਬਾਰ ਵਿਚ ਕੰਮ ਕੀਤਾ। ਅਨੇਕਾਂ ਲੇਖ ਲਿਖੇ। ਰੂਸ ਦੇ ਸੰਘਰਸ਼ ਦੀ ਜਾਣਕਾਰੀ ਮੁਹੱਈਆ ਕੀਤੀ। ਅੰਗਰੇਜ਼ ਸਰਕਾਰ ਵਲੋਂ ਇਨ੍ਹਾਂ ਨੂੰ ਨਜ਼ਰਬੰਦੀ ਦੀਆਂ ਸਜ਼ਾਵਾਂ ਦਿੱਤੀਆਂ। ਨਜ਼ਰਬੰਦੀ ਦੌਰਾਨ ਇਲਾਜ ਖੁਣੋਂ ਇਨ੍ਹਾਂ ਦਾ ਇਕਲੌਤਾ ਪੁੱਤਰ ਬਿਮਾਰ ਹੋ ਕੇ ਗੁਜ਼ਰ ਗਿਆ। ਅਜਿਹੇ ਯੋਧੇ ਦੀ ਜੀਵਨੀ ਲਿਖਣਾ ਪੁੰਨ ਅਤੇ ਦਿਲ ਗੁਰਦੇ ਦਾ ਕਾਰਜ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਅੰਨ੍ਹੇ ਕੁੱਤੇ ਹਿਰਨਾਂ ਮਗਰ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 175
ਸੰਪਰਕ : 98146-19342.

'ਅੰਨ੍ਹੇ ਕੁੱਤੇ ਹਿਰਨਾਂ ਮਗਰ' ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਪੁਸਤਕ ਵਿਚ ਅਵੇਸਲੇਪਨ ਦੀ ਸਥਿਤੀ ਜਾਂ ਦਿਸ਼ਾਹੀਣਤਾ ਅਤੇ ਭਟਕਣ ਦਾ ਜ਼ਿਕਰ ਕੀਤਾ ਹੋਇਆ ਹੋਵੇਗਾ ਤੇ ਇਹ ਹੈ ਵੀ ਬਿਲਕੁਲ ਸੱਚ। ਇਸ ਪੁਸਤਕ ਵਿਚ ਲੇਖਕ ਨੇ ਆਪਣੇ 41 ਲੇਖਾਂ ਵਿਚ ਜ਼ਿੰਦਗੀ ਦੇ ਸੱਚ ਤੋਂ ਮੂੰਹ ਮੋੜ ਕੇ ਜ਼ਿੰਦਗੀ ਜਿਊਣ ਅਤੇ ਅਜਾਗ੍ਰਿਤ ਅਵਸਥਾ ਵਿਚ ਅਨਿਆਂ ਖਿਲਾਫ਼ ਆਵਾਜ਼ ਨਾ ਬੁਲੰਦ ਕਰਨ ਦੀ ਮਨੁੱਖੀ ਫ਼ਿਤਰਤ ਦੀ ਹਾਲਤ ਪ੍ਰਤੀ ਫ਼ਿਕਰਮੰਦੀ ਦਾ ਇਜ਼ਹਾਰ ਕੀਤਾ ਹੈ। ਤਕਰੀਬਨ ਇਸ ਪੁਸਤਕ ਵਿਚ ਸਾਰੇ ਹੀ ਲੇਖਾਂ ਵਿਚ ਭ੍ਰਿਸ਼ਟਾਚਾਰ ਦਾ ਘਰ ਬਣ ਚੁੱਕੀ ਸਿਆਸਤ, ਧਰਮ ਦੇ ਨਾਂਅ 'ਤੇ ਪੈਦਾ ਹੋਏ ਪਖੰਡ, ਅੰਧਵਿਸ਼ਵਾਸ ਅਤੇ ਵਿੱਦਿਆ ਦੇ ਨਾਂਅ 'ਤੇ ਹੋ ਰਹੀ ਲੁੱਟ-ਖਸੁੱਟ, ਆਪਣੀ ਵਿਰਾਸਤ ਨਾਲੋਂ ਟੁੱਟਣ ਦਾ ਦਰਦ, ਨਸ਼ਿਆਂ ਵਿਚ ਗਰਕ ਹੋ ਰਹੀ ਜਵਾਨੀ, ਇੰਟਰਨੈਸ਼ਨਲ ਪੱਧਰ 'ਤੇ ਅਮਰੀਕਾ ਦੀ ਧੌਂਸ, ਅਪਰਾਧੀਆਂ ਦੇ ਸਿਰ 'ਤੇ ਹੋ ਰਹੀ ਸਰਕਾਰਾਂ ਦੀ ਛਾਂ ਦਾ ਪਰਦਾਫਾਸ਼ ਕੀਤਾ ਹੈ। ਲੇਖਕ ਦਾ ਮਤ ਹੈ ਕਿ ਜਿਥੇ ਆਗੂ ਹੀ ਅਪਰਾਧੀ ਹੋਣ, ਉਥੇ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ।
ਇਨ੍ਹਾਂ ਲੇਖਾਂ ਵਿਚ ਲੇਖਕ ਜਿਥੇ ਵਿਅੰਗ ਦੀ ਦ੍ਰਿਸ਼ਟੀ ਤੋਂ ਪ੍ਰਸ਼ਨਾਂ ਦੇ ਰੂਬਰੂ ਕਰਦਾ, ਉਥੇ ਉਸੇ ਆਪਣੇ ਅਖ਼ਬਾਰਾਂ ਵਿਚ ਛਪੇ ਲੇਖਾਂ 'ਤੇ ਹੋਣੀ ਪਾਠਕਾਂ ਦੇ ਪ੍ਰਤੀਕਰਮਾਂ ਬਾਰੇ ਸੰਵਾਦ ਰਚਾ ਕੇ ਆਪਣਾ ਮੱਤ ਵੀ ਸਪੱਸ਼ਟ ਕਰਦਾ ਹੈ। ਲੇਖਕ ਅਨੁਸਾਰ ਪ੍ਰਸਥਿਤੀਆਂ ਤੋਂ ਮੂੰਹ ਮੋੜ ਕੇ ਜਾਂ ਬਚ ਕੇ ਲੰਘਣ ਦੀ ਪ੍ਰਵਿਰਤੀ ਸਾਡੇ ਲਈ ਅਤਿ ਨੁਕਸਾਨਦੇਹ ਹੈ। 1947 ਦੀ ਦੇਸ਼ ਵੰਡ ਅਤੇ 1984 ਦੇ ਖੂਨੀ ਦੁਖਾਂਤ ਬਾਰੇ ਵੀ ਲੇਖਕ ਨੇ ਜ਼ਿਕਰ ਛੇੜਿਆ ਹੈ। ਵਿਸ਼ੇਸ਼ ਤੋਂ ਲੇਖਕ ਨੇ ਕੋਝੀ ਸਿਆਸਤ, ਡੇਰਾਵਾਦ, ਪਖੰਡੀ ਬਾਬਿਆਂ ਪ੍ਰਤੀ ਰੋਹਮਈ ਨਜ਼ਰੀਆ ਵਿਅਕਤ ਕੀਤਾ ਹੈ, ਉਸ ਅਨੁਸਾਰ ਅੱਖਾਂ ਖੋਲ੍ਹ ਕੇ ਵਿਗਿਆਨਕ ਦ੍ਰਿਸ਼ਟੀ ਅਪਣਾ ਕੇ ਅਸੀਂ ਸਫ਼ਲ ਹੋ ਸਕਦੇ ਹਾਂ ਨਹੀਂ ਤਾਂ ਦਿਸ਼ਾਹੀਣਤਾ ਸਾਨੂੰ ਨਿਗਲ ਜਾਵੇਗੀ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਸੂਈ ਬਾਜ਼ਾਰ
ਲੇਖਕ : ਦਵਿੰਦਰ ਸਤਿਆਰਥੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 144
ਸੰਪਰਕ : 011-23280657.

ਇਸ ਪੁਸਤਕ ਦੇ ਆਰੰਭਕ 30 ਪੰਨਿਆਂ ਵਿਚ ਭਾਰਤ ਦੀ ਸਾਹਿਤ ਅਤੇ ਰਾਜਨੀਤੀ ਦੇ ਵੱਡੇ ਮਹਾਂਰਥੀਆਂ ਦੇ ਵਿਚਾਰ ਅੰਕਿਤ ਕੀਤੇ ਗਏ ਹਨ ਪਰ ਸਭ ਤੋਂ ਵੱਧ ਮਹੱਤਵ ਵਾਲੇ ਵਿਚਾਰ ਸਾਹਿਰ ਲੁਧਿਆਣਵੀ ਦੇ ਹਨ। ਉਹ ਲਿਖਦੇ ਹਨਂ'ਉਸ ਨੇ (ਸਤਿਆਰਥੀ ਨੇ) ਸੱਚਮੁੱਚ ਵੱਡੀ ਕੁਰਬਾਨੀ ਕੀਤੀ ਸੀ। ਲੋਕ ਗੀਤ ਜਮ੍ਹਾਂ ਕਰਨ ਲਈ ਉਹ ਹਿੰਦੁਸਤਾਨ ਦੀ ਹਰ ਨੁੱਕਰ ਵਿਚ ਗਿਆ, ਉਸ ਨੇ ਅਣਗਿਣਤ ਲੋਕਾਂ ਸਾਹਮਣੇ ਹੱਥ ਫੈਲਾਇਆ ਸੀ, ਦਰਜਨਾਂ ਬੋਲੀਆਂ ਸਿੱਖੀਆਂ ਸਨ ਤੇ ਕਿਸਾਨਾਂ ਨਾਲ ਕਿਸਾਨ ਤੇ ਖ਼ਾਨਾਬਦੋਸ਼ਾਂ ਨਾਲ ਖ਼ਾਨਾਬਦੋਸ਼ ਬਣ ਕੇ ਆਪਣੀ ਜਵਾਨੀ ਦੀਆਂ ਉਮੰਗਾਂ ਭਰੀਆਂ ਰਾਤਾਂ ਦਾ ਗਲ ਘੁੱਟ ਸੁੱਟਿਆ ਸੀ। ਪਰ ਉਸ ਦੀ ਸਾਰੀ ਕੋਸ਼ਿਸ਼, ਸਾਰੀ ਮਿਹਨਤ ਤੇ ਸਾਰੀ ਕੁਰਬਾਨੀ ਦੇ ਬਦਲੇ ਉਹ ਨੂੰ ਮਿਲਿਆ ਕੀ?ਂਭੁੱਖਾਂ ਨਾਲ ਭਰੀ ਜ਼ਿੰਦਗੀ ਤੇ ਇਕ ਅਤ੍ਰਿਪਤ ਮਨ।' (ਪੰ: 26)
ਸੂਈ ਬਾਜ਼ਾਰ ਦੀ ਕਥਾ 51 ਖੂਬਸੂਰਤ ਕਥਾਵਾਂ ਦਾ ਕੋਲਾਜ ਹੈ। ਇਸ ਦੀ ਸ਼ੈਲੀ ਵਿਚ ਸੈਮੂਅਲ ਬੈਕਟ ਦਾ ਪ੍ਰਭਾਵ ਵਿਖਾਈ ਦਿੰਦਾ ਹੈ। ਸ਼ਾਇਦ ਇਸੇ ਕਰਕੇ ਸੋਹਣ ਸਿੰਘ ਜੋਸ਼ ਨੂੰ ਕਹਿਣਾ ਪਿਆ, 'ਸੂਈ ਬਾਜ਼ਾਰ ਅਮੂਰਤ ਕਲਾ ਦੇ ਪੂਰਨਿਆਂ 'ਤੇ ਤੁਰਦਾ ਹੈ... ਜੇ ਚਾਰ ਸਤਰਾਂ ਰਚਨਾ ਨੂੰ ਅੱਗੇ ਤੋਰਦੀਆਂ ਹਨ ਤਾਂ ਅਗਲੀਆਂ ਦੋ ਸਤਰਾਂ ਮੁੜ ਰਚਨਾ ਨੂੰ ਉਥੇ ਹੀ ਲੈ ਆਉਂਦੀਆਂ ਹਨ, ਜਿਥੋਂ ਉਹ ਤੁਰੀ ਸੀ...। ਪੰ: 17 ਦਰਅਸਲ ਇਸ ਰਚਨਾ ਦੇ ਪਾਠਕ ਨੂੰ ਆਪਣੀ ਸੂਝ ਦਾ ਧਾਗਾ ਸੂਈ ਵਿਚ ਦੀ ਲੰਘਾਉਣਾ ਪੈਂਦਾ ਹੈ। 'ਕਫ਼ਨ ਵਿਚ ਇਕੋਤਰ ਸੌ ਸਾਲ' ਕਥਾ ਦੇ ਨਾਇਕ ਨਾਗਦੇਵ ਦੇ 'ਸਟੋਰੀ ਸਪਲੀਮੈਂਟ' ਵਿਚ ਕਹਾਣੀਆਂ ਦਾ ਜ਼ਿਕਰ ਹੈ। 'ਅਨਾਮ ਟਾਪੂ' ਕਹਾਣੀ ਵਿਚ ਮਿਥਿਹਾਸ ਨੂੰ ਨਵ-ਅਰਥ ਪ੍ਰਦਾਨ ਕਰਕੇ ਭਾਰਤ-ਪਾਕਿ ਵੰਡ ਅਤੇ ਉਸ ਸਮੇਂ ਹੋਏ ਖ਼ੂਨ-ਖ਼ਰਾਬੇ ਦੇ ਸਪੱਸ਼ਟ ਸੰਕੇਤ ਡੀ.ਕੋਡ ਕੀਤੇ ਜਾ ਸਕਦੇ ਹਨ। 'ਗੋਮਤੀ ਦੀ ਪਿਆਸ' ਵਿਚ ਕਈ ਨਦੀਆਂ ਦੇ ਮੈਟਾਫਰ ਹਨ। ਇਨ੍ਹਾਂ ਕਹਾਣੀਆਂ ਤੋਂ ਬਿਨਾਂ ਲੇਖਕ ਨੇ ਆਪਣੀ ਆਤਮ ਕਥਾ ਅਤੇ ਕੁਝ ਰੇਖਾ ਚਿੱਤਰ (ਈਸ਼ਵਰ ਚਿੱਤਰਕਾਰ, ਪ੍ਰੋ: ਮੋਹਨ ਸਿੰਘ, ਕ੍ਰਿਸ਼ਨ ਚੰਦਰ, ਮਿਸ ਫੋਕਲੋਰ) ਵੀ ਆਕਰਸ਼ਕ ਸ਼ੈਲੀ ਵਿਚ ਪ੍ਰਸਤੁਤ ਕੀਤੇ ਹਨ। ਸਤਿਆਰਥੀ ਦੀ ਵਾਰਤਕ ਲੋਕਯਾਨਿਕ ਅੰਸ਼ਾਂ ਨਾਲ ਲਬਰੇਜ਼ ਹੈ। ਬਿਰਤਾਂਤ ਕਾਲਕ੍ਰਮ ਭੰਜਕ ਹੈ।
ਸੰਖੇਪ ਵਿਚ ਕਿ ਸਨੈਪ-ਸ਼ੌਟਸ ਦੀ ਹੁਨਰੀ ਜੁਗਤ ਰਾਹੀਂ ਗੁੰਝਲਦਾਰ ਅਤੇ ਬੇਤਰਤੀਬੇ ਜੀਵਨ ਦੀ ਪ੍ਰਸਤੁਤੀ ਕਰਦੀ ਪੁਸਤਕ ਹੋ ਨਿਬੜੀ ਹੈ ਸੂਈ ਬਾਜ਼ਾਰ।

ਂਡਾ: ਧਰਮ ਚੰਦ ਵਾਤਿਸ਼
ਮੋ: 98144-45007
ਫ ਫ ਫ

ਦਿਲ ਦਰਿਆ ਦੇ ਵਹਿਣ
ਗ਼ਜ਼ਲਕਾਰ : ਦਲਵੀਰ ਸਿੰਘ 'ਦਿਲ ਨਿੱਜਰ'
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 78377-18723.

ਪੁਸਤਕ ਵਿਚ ਕਰੀਬ 125 ਖ਼ੂਬਸੂਰਤ ਗ਼ਜ਼ਲਾਂ ਹਨ। ਇਹ ਸਾਰੀਆਂ ਗ਼ਜ਼ਲਾਂ ਆਮ ਕਰਕੇ ਕਿਸੇ ਨਾ ਕਿਸੇ ਛੰਦ ਅਥਵਾ ਬਹਿਰ ਵਿਚ ਪਰਿਪੂਰਨ ਹਨ ਭਾਵੇਂ ਕਿ ਉਸ ਦੇ ਛੰਦ ਬਹਿਰ ਸੂਈ ਦੇ ਨੱਕੇ ਵਿਚੋਂ ਦੀ ਨਹੀਂ ਵੀ ਨਿਕਲ ਸਕਦੇ ਪਰ ਪਾਠਕਾਂ ਵਾਸਤੇ ਇਨ੍ਹਾਂ ਗ਼ਜ਼ਲਾਂ ਵਿਚ ਸਕਤਾ ਨਹੀਂ ਹੈ। ਸ਼ਾਇਰ 'ਦਿਲ ਨਿੱਝਰ' ਅਮਰੀਕੀ ਪੰਜਾਬੀ ਸਾਹਿਤ ਵਿਚ ਲਗਾਤਰਤਾ ਬਣਾਈ ਰੱਖਣ ਵਾਲਾ ਪੰਜਾਬੀ ਮਾਂ ਬੋਲੀ ਦਾ ਸਪੂਤ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਪੂਰੀ ਜਾਗਰੂਕਤਾ ਨਾਲ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਅੱਜਕਲ੍ਹ ਉਹ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਮਾਣਮੱਤੇ ਪ੍ਰਧਾਨਗੀ ਦੇ ਅਹੁਦੇ ਉੱਤੇ ਕਾਰਜਸ਼ੀਲ ਹੈ।
'ਦਿਲ ਨਿੱਝਰ' ਦੀਆਂ ਗ਼ਜ਼ਲਾਂ ਅਜੋਕੀ ਪੰਜਾਬੀ ਗ਼ਜ਼ਲ ਵਿਚਲੀਆਂ ਸਾਰੀਆਂ ਖੂਬੀਆਂ ਰੱਖਦੀਆਂ ਹਨ। ਸੰਵੇਦਨਸ਼ੀਲਤਾ ਅਤੇ ਨਵ ਭਾਵਬੱਧਤਾ ਵਿਚ ਤ੍ਰੇਲੀਆਂ ਇਹ ਗ਼ਜ਼ਲਾਂ ਜਿਥੇ ਵਿਸ਼ਵ ਸੰਵਾਦ ਰਚਾਉਂਦੀਆਂ ਹਨ, ਉਥੇ ਆਪਣੇ ਵਤਨ ਦੇ ਪ੍ਰਚੰਡ ਮਸਲਿਆਂ ਪ੍ਰਤੀ ਵੀ ਸੰਜੀਦਗੀ ਰੱਖਦੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਨਵੇਂ ਅਤੇ ਪ੍ਰਚਲਿਤ ਚਿਹਨ ਅਤੇ ਬਿੰਬ ਇਨ੍ਹਾਂ ਨੂੰ ਰਵਾਇਤ ਪ੍ਰਤੀ ਨਵੀਨਤਾ ਦਾ ਪੁਲ ਬਣਾ ਕੇ ਪੇਸ਼ ਕਰਦੇ ਹਨ। ਕਾਫੀਏ ਅਤੇ ਰਦੀਫ ਨਵੇਂ-ਨਵੇਂ ਅਤੇ ਸ਼ਗੁਫਤਾ ਹਨ। ਦਰ ਦਰਵਾਜ਼ੇ, ਰਕੀਬ, ਖੰਜਰ, ਪਦਾਰਥ, ਪੁਰਸਲਾਤ, ਵਿਸ਼ਵੀਕਰਨ, ਸਾਦੀ ਮਾਹੀਆ, ਸੁਖਨ ਸੁਗੰਧੀ, ਜੁਗਨੂੰ, ਸੁਪਨ ਸੰਸਾਰ ਅਤੇ ਆਟਾ ਦਾਲ ਵਰਗੇ ਜਿਹਨ ਸ਼ਿਅਰੀ ਸੁੰਦਰਤਾ ਅਤੇ ਜੀਵਨ ਦੇ ਵਿਸਤਾਰ ਸਿਰਜਦੇ ਹਨ। ਮੈਂ ਇਸ ਪੁਸਤਕ ਵਿਚੋਂ ਇਕ ਸ਼ਿਅਰ ਦੇ ਕੇ ਇਸ ਨੂੰ ਜੀ ਆਇਆਂ ਕਹਿੰਦਾ ਹਾਂ :
ੲ ਸ਼ਮਾਦਾਨ ਤਾਂ ਕੁਝ ਨਾ ਬੋਲੇ, ਐਵੇਂ ਜਿਸਮ ਜਲਾਇਆ ਮੈਂ
ਅੰਬਰ ਵਰਗਾ ਆਪਣਾ ਮਸਤਕ, ਕਾਹਨੂੰ ਰਾਖ ਬਣਾਇਆ ਮੈਂ?

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

02/09/2017

 ਜੇ ਕਿਧਰੇ ਰੱਬ ਟੱਕਰ ਜੇ
ਨਾਵਲਕਾਰ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 011-23280657.

ਇਹ ਨਾਵਲ ਮਾਲਵੇ ਦੇ ਸਿੱਧੇ ਸਾਦੇ ਲੋਕਾਂ ਦੀ ਕਹਾਣੀ ਹੈ ਜੋ ਇਸ ਨੂੰ ਛੂਹ ਜਾਂਦੀ ਹੈ। ਲੇਖਿਕਾ ਨੇ ਹਮੇਸ਼ਾ ਵਾਂਗ ਮਾਸੂਮ ਔਰਤਾਂ ਦੇ ਦਰਦ ਦੀ ਤਰਜਮਾਨੀ ਕੀਤੀ ਹੈ। ਕਹਾਣੀ ਇਕ ਨਿੱਕੇ ਜਿਹੇ ਪਿੰਡ ਦੀ ਇਕ ਬੀਹੀ ਦੁਆਲੇ ਘੁੰਮਦੀ ਹੈ। ਗਲੀ ਦੀ ਇਕ ਵਿਧਵਾ ਮਾਈ ਬਿਸ਼ਨੀ ਸਾਰਾ ਦਿਨ ਰੱਬ ਨੂੰ ਗਾਲ੍ਹਾਂ ਕੱਢਦੀ ਰਹਿੰਦੀ ਹੈ।
ਇਕ ਟੱਬਰ ਦੇ ਦੋ ਭਰਾ ਸਾਧੂ ਅਤੇ ਬਚਨਾ ਹਨ, ਜਿਨ੍ਹਾਂ ਦੇ ਮਾਂ-ਪਿਓ ਮਰ ਚੁੱਕੇ ਹਨ। ਸਾਧੂ ਦੀ ਘਰ ਵਾਲੀ ਤੇਜ਼ ਸੁਭਾਅ ਦੀ ਹੈ। ਬਚਨੇ ਦੀ ਘਰ ਵਾਲੀ ਸੀਬੋ ਬਹੁਤ ਸਾਊ, ਸੁਨੱਖੀ ਅਤੇ ਸਹੁਨਰੀ ਹੈ। ਉਸ ਦਾ ਪਤੀ ਬਚਨਾ ਫ਼ੌਜ ਵਿਚ ਭਰਤੀ ਹੋ ਜਾਂਦਾ ਹੈ ਤੇ ਹਿੰਦ-ਪਾਕਿ ਜੰਗ ਵੇਲੇ ਉਸ ਦੀ ਮੌਤ ਦੀ ਖ਼ਬਰ ਆਉਂਦੀ ਹੈ। ਸੀਬੋ ਦਾ ਜੀਵਨ ਸੁੰਨਾ ਹੋ ਜਾਂਦਾ ਹੈ। ਕੁਝ ਦਿਨਾਂ ਬਾਅਦ ਉਸ ਦੇ ਪੇਕੇ ਉਸ ਨੂੰ ਲੈ ਜਾਂਦੇ ਹਨ। ਉਸ ਦੀ ਭਰਜਾਈ ਕਿਸੇ ਵੱਡੀ ਉਮਰ ਦੇ ਸ਼ਰਾਬੀ ਨਾਲ ਉਸ ਦਾ ਵਿਆਹ ਕਰ ਦਿੰਦੀ ਹੈ, ਜਿਸ ਨੇ ਆਪਣੀ ਪਹਿਲੀ ਪਤਨੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਸੀ। ਸੀਬੋ 'ਤੇ ਵੀ ਜ਼ੁਲਮ ਹੋਣ ਲਗਦੇ ਹਨ। ਇਕ ਦਿਨ ਆਪਣੇ ਸ਼ਰਾਬੀ ਦੋਸਤਾਂ ਸਾਹਮਣੇ ਉਸ ਦਾ ਪਤੀ ਸੀਬੋ ਨੂੰ ਬੇਪਤ ਕਰਨ ਲਗਦਾ ਹੈ ਤਾਂ ਸੀਬੋ ਉਸ ਨੂੰ ਰੋਹ ਵਿਚ ਆ ਕੇ ਅਜਿਹਾ ਧੱਕਾ ਦਿੰਦੀ ਹੈ ਕਿ ਉਹ ਕੰਧ ਵਿਚ ਵੱਜ ਕੇ ਮਰ ਜਾਂਦਾ ਹੈ।
ਸੀਬੋ ਫਿਰ ਪੇਕੀਂ ਆ ਜਾਂਦੀ ਹੈ ਅਤੇ ਭਰਜਾਈ ਦਾ ਗੋਲਾ ਧੰਦਾ ਕਰਕੇ ਉਦਾਸੀ ਵਿਚ ਦਿਨ ਕਟੀ ਕਰਦੀ ਹੈ। ਉਸ ਨੂੰ ਆਪਣਾ ਜੀਵਨ ਬੇਅਰਥ ਤੇ ਰੰਗਹੀਣ ਜਾਪਦਾ ਹੈ ਤੇ ਉਹ ਸੋਚਦੀ ਹੈ ਕਿ ਰੱਬ ਨੇ ਉਸ ਨੂੰ ਕਿਉਂ ਦੁਨੀਆ 'ਤੇ ਭੇਜਿਆ ਸੀ। ਅਖੀਰ ਇਕ ਦਿਨ ਬਚਨਾ ਜਿਊਂਦਾ ਵਾਪਸ ਆ ਜਾਂਦਾ ਹੈ ਅਤੇ ਇਸ ਮੋੜ 'ਤੇ ਆ ਕੇ ਨਾਵਲ ਖ਼ਤਮ ਹੋ ਜਾਂਦਾ ਹੈ। ਨਾਲ ਹੀ ਇਕ ਹੋਰ ਕਹਾਣੀ ਵੀ ਚਲਦੀ ਹੈ ਕਿ ਹੱਲਿਆਂ ਵੇਲੇ ਖੇਤਾਂ ਵਿਚ ਡਿੱਗੀ ਪਈ ਦੋ ਕੁ ਸਾਲ ਦੀ ਕੁੜੀ ਨੂੰ ਬਚਨੀ ਚੁੱਕ ਲਿਆਉਂਦੀ ਹੈ ਅਤੇ ਪਾਲ ਪੋਸ ਕੇ ਆਪਣੇ ਹੀ ਪੁੱਤ ਨਾਲ ਵਿਆਹ ਦਿੰਦੀ ਹੈ। ਪਰ ਕੁਝ ਦੇਰ ਬਾਅਦ ਪੁਲਿਸ ਆ ਕੇ ਕੁੜੀ ਨੂੰ ਜ਼ਬਰਦਸਤੀ ਪਾਕਿਸਤਾਨ ਭੇਜ ਦਿੰਦੀ ਹੈ। ਇੰਜ ਇਹ ਨਾਵਲ ਲੋਕਾਂ ਦੀ ਬੇਵੱਸੀ, ਉਦਾਸੀ, ਖੁਸ਼ੀ, ਗ਼ਮੀ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਬਹੁਤ ਪ੍ਰਭਾਵਸ਼ਾਲੀ ਅਤੇ ਮਾਰਮਿਕ ਕ੍ਰਿਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਰਿਸ਼ਤਿਆਂ ਦਾ ਸੱਚ
ਲੇਖਕ : ਗੁਰਮੇਲ ਸਿੰਘ ਸਾਗੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 94635-95957.

ਪੁਸਤਕ ਰਿਸ਼ਤਿਆਂ ਦਾ ਸੱਚ ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਕੁੱਲ 51 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਸਮਾਜਿਕ ਚੇਤਨਾ ਦਾ ਸੁਨੇਹਾ ਦਿੰਦੀਆਂ ਇਨ੍ਹਾਂ ਕਹਾਣੀਆਂ ਵਿਚ ਕਿਤੇ ਵਿਅੰਗ ਦਾ ਰੰਗ ਹੈ, ਕਿਤੇ ਹਮਦਰਦੀ ਝਲਕਦੀ ਹੈ ਅਤੇ ਕਿਤੇ ਸੌੜੀ ਸੋਚ। ਬਦਲਦੇ ਰਿਸ਼ਤੇ, ਸਵਾਰਥ, ਇਖਲਾਕੀ ਗਿਰਾਵਟ, ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਝੱਲਦੀ ਨੌਜਵਾਨ ਪੀੜ੍ਹੀ, ਪੀੜ੍ਹੀ ਪਾੜਾ ਅਤੇ ਕਰਜ਼ਿਆਂ ਵਿਚ ਡੁੱਬੀ ਕਿਸਾਨੀ ਅਦਿ ਵਿਸ਼ਿਆਂ ਨੂੰ ਕਹਾਣੀਕਾਰ ਨੇ ਜਿਸ ਸੰਜੀਦਗੀ ਨਾਲ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ।
ਕੁਝ ਕਹਾਣੀਆਂ ਵਿਚ ਜਿਵੇਂ ਰੈਲੀਆਂ, ਬੀਬੀਆਂ ਦੀ ਰੋਹ ਰੈਲੀ, ਰੈਲੀ ਤੇ ਇਕੱਠ ਆਦਿ ਵਿਚ ਭ੍ਰਿਸ਼ਟ ਰਾਜਨੀਤਕ ਸਿਸਟਮ 'ਤੇ ਕਰਾਰੀ ਚੋਟ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਆਪਣੇ ਹਿੱਤਾਂ ਲਈ ਉਹ ਜਨਤਾ ਨੂੰ ਗੁੰਮਰਾਹ ਕਰਦੇ ਹਨ ਤੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਨਵੇਂ ਜ਼ਮਾਨੇ ਨਾਲ ਬਦਲਦੀ ਨਵੀਂ ਸੋਚ ਨੂੰ ਪੇਸ਼ ਕਰਦੀਆਂ ਕਹਾਣੀਆਂ ਪ੍ਰੇਰਣਾ, ਤੀਰਥ ਦਰਸ਼ਨ, ਨਵੀਂ ਪੀੜ੍ਹੀ ਦੀ ਨਵੀਂ ਸੋਚ ਵਿਚ ਨਵੇਂ ਮੌਸਮਾਂ ਦਾ ਰੰਗ ਹੈ ਜੋ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ। ਬੁਢਾਪੇ ਵਿਚ ਜੀਵਨ ਸਾਥੀ ਦਾ ਸਾਥ, ਸੁੱਖਾਂ ਨੂੰ ਲੋਚਦੇ ਮਨ ਅਤੇ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ ਗੁਜ਼ਾਰਦੇ ਅਤੇ ਆਪਣਿਆਂ ਦੇ ਹੱਥੋਂ ਖੁਆਰੀਆਂ ਝਲ ਰਹੇ ਬੁਜ਼ਰਗਾਂ ਦੀ ਬਾਤ ਵੀ ਇਨ੍ਹਾਂ ਕਹਾਣੀਆਂ ਦਾ ਵਿਸ਼ਾ ਬਣੀ ਹੈ। ਕੁਝ ਕਹਾਣੀਆਂ ਦਾ ਆਕਾਰ ਲੰਮੇਰਾ ਹੋਣ ਕਾਰਨ ਉਹ ਬਣਤਰ ਪੱਖੋਂ ਮਿੰਨੀ ਕਹਾਣੀਆਂ ਨਹੀਂ ਜਾਪਦੀਆਂ ਪਰ ਫਿਰ ਵੀ ਪੁਸਤਕ ਦੀਆਂ ਕਹਾਣੀਆਂ ਸਲਾਹਣਯੋਗ ਹਨ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099

 

ਪੰਜਾਬ ਦੇ ਸੰਗੀਤ ਘਰਾਣੇ ਅਤੇ
ਭਾਰਤੀ ਸੰਗੀਤ ਪਰੰਪਰਾ
ਲੇਖਕ : ਬਲਬੀਰ ਸਿੰਘ ਕੰਵਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 500 ਰੁਪਏ, ਸਫ਼ੇ : 392
ਸੰਪਰਕ : 99150-48005.

ਪੰਜਾਬ ਦੇ ਪਹਿਲਵਾਨਾਂ, ਕਬੱਡੀ ਖਿਡਾਰੀਆਂ ਅਤੇ ਸੰਗੀਤਕਾਰਾਂ ਬਾਰੇ ਬਲਬੀਰ ਸਿੰਘ ਕੰਵਲ ਨੇ ਡੂੰਘੀ ਖੋਜ ਤੇ ਲਗਨ ਨਾਲ ਕੰਮ ਕੀਤਾ ਹੈ। ਇਸੇ ਪ੍ਰਸੰਗ ਵਿਚ ਉਸ ਨੇ ਇਸ ਪੁਸਤਕ ਰਾਹੀਂ ਪੰਜਾਬ ਦੇ ਸੰਗੀਤ ਘਰਾਣਿਆਂ ਦੇ ਸਬੰਧ ਵਿਚ ਪੰਜਾਬੀ ਪਾਠਕਾਂ ਨੂੰ ਬਹੁਮੁੱਲਾ ਗਿਆਨ ਪ੍ਰਦਾਨ ਕੀਤਾ ਹੈ। ਪੰਜਾਬ ਦੇ ਪ੍ਰਮੁੱਖ ਸ਼ਾਸਤਰੀ ਸੰਗੀਤਕਾਰਾਂ ਬਾਰੇ ਬੜੀ ਰੌਚਿਕ ਜਾਣਕਾਰੀ ਪੇਸ਼ ਕੀਤੀ ਹੈ। ਸੰਗੀਤਕਾਰਾਂ ਦੇ ਗਾਉਣ ਦੇ ਅੰਦਾਜ਼ ਅਤੇ ਰਿਆਜ਼ ਦੇ ਤਰੀਕਿਆਂ ਅਤੇ ਕਲਾ ਦੀ ਪਹੁੰਚ ਬਾਰੇ ਪਾਠਕਾਂ ਨੂੰ ਜਾਣੂ ਕਰਾਇਆ ਹੈ। ਪੰਜਾਬ ਦੇ ਧਰੁੱਪਦ ਅਤੇ ਖ਼ਿਆਲ ਦੇ ਸੰਗੀਤ ਘਰਾਣਿਆਂ ਬਾਰੇ ਸਵਿਸਥਾਰ ਜ਼ਿਕਰ ਕੀਤਾ ਹੈ। ਗਾਇਕਾਂ ਤੋਂ ਛੁੱਟ ਇਸ ਪੁਸਤਕ ਵਿਚ ਤਬਲਾ ਵਾਦਕਾਂ ਅਤੇ ਸਾਰੰਗੀ ਨਵਾਜ਼ਾਂ ਬਾਰੇ ਵੀ ਦੱਸਿਆ ਗਿਆ ਹੈ। ਕੱਵਾਲੀ ਦੀ ਕਹਾਣੀ ਦੱਸਦਿਆਂ ਪ੍ਰਸਿੱਧ ਕੱਵਾਲਾਂ ਦੇ ਜੀਵਨ ਅਤੇ ਗਾਇਕੀ ਉੱਪਰ ਭਰਪੂਰ ਚਾਨਣਾ ਪਾਇਆ ਗਿਆ ਹੈ।
ਸੰਗੀਤਕਾਰਾਂ ਦੀਆਂ ਖੂਬਸੂਰਤ ਅਤੇ ਦੁਰਲੱਭ ਤਸਵੀਰਾਂ ਨੇ ਪੁਸਤਕ ਦੇ ਆਕਰਸ਼ਣ ਵਿਚ ਵਾਧਾ ਕੀਤਾ ਹੈ।
ਸਵਾਮੀ ਹਰੀ ਦਾਸ, ਬੈਜੂ ਬਾਵਰਾ, ਮੀਆਂ ਤਾਨਸੈਨ ਆਦਿ ਮਹਾਨ ਪੁਰਾਤਨ ਸੰਗੀਤਕਾਰਾਂ ਤੋਂ ਲੈ ਕੇ ਡਾ: ਨਿਵੇਦਿਤਾ ਸਿੰਘ ਅਤੇ ਡਾ: ਅਲੰਕਾਰ ਸਿੰਘ ਆਦਿ ਵਰਤਮਾਨ ਸ਼ਾਸਤਰੀ ਸੰਗੀਤਕਾਰਾਂ ਤੱਕ ਦੇ ਸੰਗੀਤਕ ਸਫ਼ਰ ਦਾ ਹਾਲ ਅਤਿ ਸਰਲ ਤੇ ਰੌਚਿਕ ਸ਼ੈਲੀ ਵਿਚ ਬਿਆਨ ਕੀਤਾ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241


ਸੋ ਕਿਉ ਵਿਸਰੈ
ਲੇਖਿਕਾ : ਬਮਲਜੀਤ ਮਾਨ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99883-19599.

ਬਮਲਜੀਤ ਮਾਨ ਪੰਜਾਬੀ ਸ਼ਾਇਰੀ ਦੇ ਖੇਤਰ ਵਿਚ ਬਿਲਕੁਲ ਨਵਾਂ ਨਾਂਅ ਹੈ। ਸੋ ਕਿਉਂ ਬਿਸਰੈ, ਉਸ ਦਾ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਜੀਵਨ ਦੇ ਵਿਭਿੰਨ ਵਸਤੂ ਵਰਤਾਰਿਆਂ ਨਾਲ ਸਬੰਧਿਤ ਉਸ ਦੀਆਂ ਕਵਿਤਾਵਾਂ ਸ਼ਾਮਿਲ ਹਨ।
ਬਮਲਜੀਤ ਮਾਨ ਸੰਵੇਦਨਸ਼ੀਲ ਸ਼ਾਇਰਾ ਹੈ, ਜਿਹੜੀ ਜੀਵਨ ਦੇ ਹਰ ਨਿੱਕੇ ਤੋਂ ਨਿੱਕੇ ਪਲ ਨੂੰ ਜਿਊਂਦੀ ਮਹਿਸੂਸ ਕਰਦੀ ਤੇ ਕਵਿਤਾ ਵਿਚ ਚਿੱਤਰਦੀ ਹੈ। ਬਮਲਜੀਤ ਦੀਆਂ ਕਵਿਤਾਵਾਂ ਦਾ ਵਸਤੂ ਜਾਤ ਤੋਂ ਕਾਇਨਾਤ ਤੱਕ ਦਾ ਸਫ਼ਰ ਤੈਅ ਕਰਦਾ ਹੈ। ਉਹ ਨਿੱਜੀ ਜੀਵਨ ਦੇ ਦੁੱਖਾਂ-ਸੁਖਾਂ ਨੂੰ ਵੀ ਆਪਣੀ ਕਵਿਤਾ ਵਿਚ ਚਿੱਤਰਦੀ ਹੈ ਤੇ ਆਧੁਨਿਕ ਸਮਾਜ ਵਿਚ ਦਰਪੇਸ਼ ਵਿਸੰਗਤੀਆਂ ਨੂੰ ਵੀ ਆਪਣਾ ਕਾਵਿ ਵਸਤੂ ਬਣਾਉਂਦੀ ਹੈ। ਆਧੁਨਿਕ ਯੁੱਗ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਮੁੱਖ ਮੁੱਦਾ ਬਣ ਕੇ ਉੱਭਰ ਰਿਹਾ ਹੈ। ਬਮਲਜੀਤ ਇਸ ਮਸਲੇ ਪ੍ਰਤੀ ਲੋਕਾਂ ਨੂੰ ਸੁਚੇਤ ਕਰਦੀ ਹੈ।
ਆਰੇ ਕੁਹਾੜੇ ਤੋਂ
ਰੁੱਖਾਂ ਦੀ ਰਾਖੀ
ਜ਼ਾਲਮ ਹੈਂਸਿਆਰੇ ਤੋਂ
ਕੁੱਖਾਂ ਦੀ ਰਾਖੀ
ਕਰਨੀ ਤਾਂ ਕਰ ਲਉ
ਕੁਝ ਬਚਣਾ ਨਹੀਂ ਬਾਕੀ।
ਸਰਲ ਸਹਿਜ ਸ਼ੈਲੀ ਵਿਚ ਲਿਖੀਆਂ ਇਨ੍ਹਾਂ ਕਵਿਤਾਵਾਂ ਨੂੰ ਪਾਠਕ ਪਸੰਦ ਕਰਨਗੇ, ਅਜਿਹਾ ਮੈਨੂੰ ਵਿਸ਼ਵਾਸ ਹੈ।

-ਡਾ: ਅਮਰਜੀਤ ਕੌਂਕੇ।


ਸੱਚ ਬੋਲਣ ਨੂੰ ਚਿੱਤ ਕਰਦੈ
ਲੇਖਕ : ਹਰਦਿਆਲ ਸਿੰਘ ਚੀਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98152-98459.

ਵਿਚਾਰ ਅਧੀਨ ਪੁਸਤਕ ਅਮਰੀਕਾ ਦੇ ਵਸਨੀਕ ਪੰਜਾਬ ਹਿਤੈਸ਼ੀ ਲੋਕ ਕਵੀ ਹਰਦਿਆਲ ਸਿੰਘ ਚੀਮਾ ਦਾ ਨੌਵਾਂ ਕਾਵਿ ਸੰਗ੍ਰਹਿ ਹੈ। ਇਸ ਵਿਚ ਉਸ ਨੇ 92 ਕਵਿਤਾਵਾਂ ਤੇ ਗੀਤ ਸ਼ਾਮਿਲ ਕੀਤੇ ਹਨ। ਉਹ ਅਜੋਕੇ ਪੰਜਾਬ ਦੇ ਰਾਜਸੀ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕਤਾ ਨਾਲ ਜੁੜੇ ਸਰੋਕਾਰਾਂ ਨੂੰ ਆਪਣੀ ਕਾਵਿ ਸਿਰਜਣਾ ਦਾ ਵਿਸ਼ਾ ਵਸਤੂ ਬਣਾਉਂਦਾ ਹੈ ਅਤੇ ਆਪਣੀ ਵਿਅੰਗਆਤਮਿਕ ਕਲਮ ਰਾਹੀਂ ਇਕ ਨਿਪੁੰਨ ਜਿਰਾਹ ਦੀ ਛੁਰੀ ਵਾਂਗ ਪੰਜਾਬੀ ਸਮਾਜ ਦੇ ਨਾਸੂਰ ਨੂੰ ਫਰੋਲਣ ਦਾ ਸਫਲ ਯਤਨ ਕਰਦਾ ਹੈ। ਉਸ ਦੀ ਛੰਦ ਵਧ ਕਵਿਤਾ ਦਿਮਾਗ ਦੀ ਕਵਿਤਾ ਨਹੀਂ, ਸਗੋਂ ਦਿਲ ਦੀ ਕਵਿਤਾ ਹੈ, ਜੋ ਸਰੋਤੇ ਨੂੰ ਧੁਰ ਅੰਦਰ ਤੱਕ ਹਲੂਣਾ ਦੇਣ ਦੇ ਸਮਰੱਥ ਹੈ। ਉਸ ਨੇ ਵਿਦੇਸ਼ਾਂ ਵਿਚ ਵਸਦੇ ਪਰਵਾਸੀਆਂ ਦੇ ਦਰਦ ਅਤੇ ਹੇਰਵੇ ਨੂੰ ਹੀ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਵਸਦੇ ਭਰਾਵਾਂ ਦੇ ਵਿਤਕਰੇ ਦਾ ਵੀ ਵਿਅੰਗਮਈ ਸ਼ੈਲੀ ਵਿਚ ਵਰਣਨ ਕੀਤਾ ਹੈ। ਇਸ ਸੰਗ੍ਰਹਿ ਦੀਆਂ ਸੱਚ ਬੋਲਣ ਨੂੰ ਚਿੱਤ ਕਰਦੈ, ਗੁਰੂ ਦਾ ਸ਼ੁਕਰਾਨਾ, ਗੁਰੂ ਘਰੀਂ ਚੋਣਾਂ, ਨੂੰਹ ਸੱਸ ਦੀ ਲੜਾਈ, ਜਦੋਂ ਡਾਕਟਰ ਬਣੇ ਮਰੀਜ਼, ਨਸ਼ਿਆਂ ਤੋਂ ਰਹੋ ਦੂਰ ਗੱਭਰੂਓ, ਕੁੱਬੀ ਢੂਈ, ਜੇ ਸਾਨੂੰ ਜਿਊਣਾ ਆ ਜਾਵੇ, ਅਮਰ ਸ਼ਹੀਦਾਂ ਦੀ ਕੁਰਬਾਨੀ, ਡੁਗਡੁਗੀ, ਬੰਦਿਆ ਕਿਉਂ ਭੱਜਿਆ ਫਿਰੇਂ, ਦੁਨੀਆ ਰੰਗ-ਬਿਰੰਗੀ, ਕਿਉਂ ਨਹੀਂ ਡੁੱਬਦਾ ਜਹਾਜ਼, ਮਜਬੂਰੀ ਦਾ ਲਾਭ, ਸਿਰ ਸੋਹੇ ਦੀ ਪਗੜੀ, ਗਦਰੀ ਬਾਬਿਆਂ ਦੀ ਕੁਰਬਾਨੀ, ਬੰਦਿਆਂ ਕਿਉਂ ਭੁੱਲਿਆਂ ਫਿਰੇ, ਪ੍ਰਣਾਮ ਸ਼ਹੀਦਾਂ ਨੂੰ, ਦੁਨੀਆ ਚਲੋ-ਚਲੀ ਦਾ ਮੇਲਾ ਅਤੇ ਬੇਸ਼ਰਮਾਂ ਦੇ ਲਾਣੇ ਆਦਿ ਕਵਿਤਾ-ਗੀਤ ਪੜ੍ਹ ਕੇ ਮਾਣਨ ਵਾਲੇ ਹਨ, ਜਿਨ੍ਹਾਂ ਦਾ ਅਧਿਐਨ ਕਰਕੇ ਪਾਠਕ ਸੁਹਜਾਤਮਕ ਆਨੰਦ ਪ੍ਰਾਪਤ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

 

ਰੂਹ ਦਾ ਰੱਜ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 98728-98599.

ਕਹਾਣੀ 'ਰੂਹ ਦਾ ਰੱਜ' ਔਰਤ ਦੀ ਮਾਨਸਿਕ ਵੇਦਨਾ ਤੇ ਸੰਤਾਪ ਨੂੰ ਪੇਸ਼ ਕਰਦੀ ਹੈ, ਜਿਸ ਵਿਚ ਦੁਨਿਆਵੀ ਤੇ ਸਰੀਰਕ ਸੁਖ ਤਾਂ ਹੰਢਾਉਂਦੀ ਹੈ ਪਰ ਰੂਹ ਦੀ ਖੁਸ਼ੀ ਤੋਂ ਵਾਂਝੀ ਹੁੰਦੀ ਹੈ। ਲੇਖਿਕਾ ਇਕ ਔਰਤ ਹੋਣ ਦੇ ਨਾਤੇ ਹਰ ਔਰਤ ਦੀਆਂ ਵਿਭਿੰਨ ਸਥਿਤੀਆਂ, ਮਾਨਸਿਕ ਪੀੜ, ਦੁੱਖ ਦਰਦ ਤੇ ਖੁਸ਼ੀ ਤੋਂ ਵਾਕਿਫ਼ ਹੈ, ਜੋ ਚੇਤ ਤੇ ਅਚੇਤ ਕਹਾਣੀਆਂ ਵਿਚ ਉੱਕਰਿਆ ਗਿਆ ਹੈ। ਕਹਾਣੀਆਂ 'ਦਵੰਦ', 'ਲੁੱਟ' ਤੇ 'ਉਡੀਕ' ਵਿਚਲੀਆਂ ਔਰਤ ਪਾਤਰਾਂ ਨੇ ਜਿਹੜਾ ਸੰਤਾਪ ਹੰਢਾਇਆ ਹੈ, ਉਸ ਨੂੰ ਬੜੀ ਬਾਰੀਕੀ ਨਾਲ ਚਿੱਤਰਿਆ ਗਿਆ ਹੈ।
'ਉੱਡਦੇ ਬੱਦਲ ਦੀ ਛਾਂ' ਕਹਾਣੀ ਵਿਚ ਪੁਰਸ਼ ਪਾਤਰ ਦੀ ਮਾਨਸਿਕਤਾ ਨੂੰ ਪੇਸ਼ ਕਰਦੇ ਹੋਏ ਵੀ ਲੇਖਿਕਾ ਨੇ ਇਨਸਾਫ਼ ਕੀਤਾ ਹੈ। ਪ੍ਰੇਮਿਕਾ ਦੀ ਯਾਦ ਵਿਚ ਉਮਰ ਦੇ ਦਿਨ ਬਤੀਤ ਕਰਨੇ ਤੇ ਫਿਰ ਉਸ ਯਾਦ ਵਿਚੋਂ ਨਿਕਲਣ ਲਈ ਉਪਰਾਲੇ ਕਰਨੇ ਆਮ ਮਰਦ ਦੀ ਮਾਨਸਿਕਤਾ ਤੋਂ ਪਰ੍ਹੇ ਦੀ ਗੱਲ ਹੈ। ਇਸੇ ਲਈ ਇਹ ਪਾਤਰ ਕਿਧਰੇ-ਕਿਧਰੇ ਆਦਰਸ਼ਕ ਪਾਤਰ ਜਾਪਦੇ ਹਨ।
'ਡੁੱਬ ਦੇ ਸੂਰਜ ਦੀ ਲਾਲੀ' ਕਹਾਣੀ 1947 ਦੀ ਵੰਡ ਦੇ ਪ੍ਰਭਾਵ ਤੇ ਪਰਿਵਾਰਕ ਟੁੱਟ-ਭੱਜ ਨੂੰ ਪੇਸ਼ ਕਰਦੀ ਹੈ ਜੋ ਪਾਤਰਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ। 'ਸੌ ਚੀਜ਼' ਕਹਾਣੀ ਦੀ ਪਾਤਰ ਪ੍ਰੀਤੋ ਦੀ ਮਾਨਸਿਕ ਸਥਿਤੀ ਤੇ ਦਵੰਦ ਨੂੰ ਬਖ਼ੂਬੀ ਪੇਸ਼ ਕੀਤਾ ਹੈ, ਜੋ ਬਾਹਰੀ ਸਰਹੱਦਾਂ ਦਾ ਦਰਦ ਵੀ ਸਹਿੰਦੀ ਹੈ ਤੇ ਸਮਾਜ ਦੀਆਂ ਖੜ੍ਹੀਆਂ ਕੀਤੀਆਂ 'ਅਦਿੱਖ ਸਰਹੱਦਾਂ' ਦਾ ਵੀ। 'ਨਦੀਆਂ ਦੇ ਵਹਿਣ' ਕਹਾਣੀ ਸੱਚੇ-ਸੁੱਚੇ ਪਿਆਰ ਦੀ ਕਹਾਣੀ ਹੈ, ਜਿਸ ਵਿਚ ਇਕ ਪਿਆਰਾ ਜਿਹਾ ਨਿਰਛਲ ਬੱਚਾ ਕੜੀ ਬਣਦਾ ਹੈ। ਇਸੇ ਤਰ੍ਹਾਂ 'ਪਰਬਤੋਂ ਭਾਰਾ ਬੋਝ' ਵਿਚ ਪਾਤਰ ਦੇ ਉੱਚੇ-ਸੁੱਚੇ ਆਚਰਨ ਨੂੰ ਪੇਸ਼ ਕੀਤਾ ਹੈ।
ਇਸ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਹੀ ਔਰਤਾਂ ਆਰਥਿਕ ਮੰਦਹਾਲੀ ਦਾ ਸਰਾਪ ਭੋਗਦੀਆਂ ਹੋਈਆਂ ਧਰਾਤਲ ਨਾਲ ਜੁੜੀਆਂ ਹੋਈਆਂ ਹਨ ਅਤੇ ਪਰਿਵਾਰਿਕ ਟੁੱਟ-ਭੱਜ ਦਾ ਸ਼ਿਕਾਰ ਹੁੰਦੀਆਂ ਦਰਸਾਈਆਂ ਹਨ। ਕਿਧਰੇ-ਕਿਧਰੇ ਇਕ ਦੋ ਔਰਤ ਪਾਤਰ ਜਾਗਰੂਕ ਵਿਖਾਏ ਹਨ, ਜੋ ਹੱਕਾਂ ਤੇ ਫ਼ਰਜ਼ਾਂ ਪ੍ਰਤੀ ਚੇਤੰਨ ਹਨ। ਲੇਖਿਕਾ ਨੇ ਔਰਤ ਤੇ ਮਰਦ ਦੋਵਾਂ ਤਰ੍ਹਾਂ ਦੇ ਪਾਤਰਾਂ ਨੂੰ ਗੰਭੀਰਤਾ ਨਾਲ ਮਨ ਦੀਆਂ ਤਹਿਆਂ ਫਰੋਲ ਕੇ ਉਲੀਕਿਆ ਹੈ ਜੋ ਸਾਡੇ ਆਲੇ-ਦੁਆਲੇ ਵਿਚਰਦੇ ਵਿਖਾਈ ਦਿੰਦੇ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਉੱਚੇ ਬੁਰਜ ਲਾਹੌਰ ਦੇ
ਲੇਖਕ : ਡਾ: ਦਲਵੀਰ ਸਿੰਘ ਪੰਨੂ
ਪ੍ਰਕਾਸ਼ਕ : ਹਾਈਬਰੋ ਪਬਲੀਕੇਸ਼ਨਜ਼, ਜੰਮੂ
ਮੁੱਲ : 800 ਰੁਪਏ, ਸਫ਼ੇ : 152
ਸੰਪਰਕ : 094191-07323.

ਇਹ ਚਿੰਤਕ ਹਥਲੀ ਪੁਸਤਕ ਜ਼ਰੀਏ, ਦਸੰਬਰ 2008 ਦੀ ਯਾਤਰਾ ਦਾ ਬਿਆਨ ਬਾ-ਦਲੀਲ, ਬਾ-ਨਿਰਪੱਖ ਸੋਚ ਦ੍ਰਿਸ਼ਿਟੀ ਤੋਂ, ਕਰਦਾ ਹੋਇਆ ਪ੍ਰਤੀਤ ਹੁੰਦਾ ਹੈ।
14 ਕਾਂਡਾਂ 'ਚ ਵਰਣਿਤ ਇਹ ਯਾਤਰਾ, ਪਾਕਿਸਤਾਨ ਦੇ ਪੰਜਾਬ ਸਬੰਧੀ ਲਿਖੀਆਂ ਗਈਆਂ ਪੂਰਵ ਇਤਿਹਾਸਕ ਯਾਤਰਾਵਾਂ ਤੋਂ ਅਨੇਕਾਂ ਹੀ ਵਿਲੱਖਣ ਪਹਿਲੂਆਂ ਦਾ ਸਾਖ਼ਸ਼ਾਤ ਦਰਪਣ ਹਨ। ਸੰਕਟਕਾਲੀਨ ਦਿਨਾਂ ਦੀ ਇਹ ਯਾਤਰਾ, ਵਿਭਿੰਨ ਧਾਰਮਿਕ, ਸਮਾਜਿਕ, ਇਤਿਹਾਸਕ, ਸੱਭਿਆਚਾਰਕ ਅਤੇ ਮਾਨਵੀ-ਚਰਿੱਤਰ ਵਿਚ ਵਿਆਪਕ ਹੋ ਰਹੀਆਂ ਪ੍ਰਵਿਰਤੀਆਂ ਦੇ ਆਲੋਚਨਾਤਮਕ ਯਥਾਰਥ ਦਾ ਪ੍ਰਗਟਾਵਾ ਹਨ।
1947 ਦੀ ਪੰਜਾਬ ਵੰਡ ਨੇ ਪੰਜਾਬ, ਪੰਜਾਬੀਅਤ ਅਤੇ ਸਾਂਝੀ ਜੀਵਨ-ਸ਼ੈਲੀ ਦੇ ਮੁਦਈਆਂ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਆਦਿ ਨੂੰ ਜਿਸ ਕਦਰ ਵੰਡਿਆ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਤਲ ਕੀਤਾ ਉਨ੍ਹਾਂ ਸਭਨਾਂ ਪ੍ਰਸਥਿਤੀਆਂ ਦਾ ਵੀ ਇਸ ਵਿਚ ਜ਼ਿਕਰ ਹੈ ਅਤੇ ਫਿਕਰ ਹੈ। ਨਾਲ ਦੀ ਨਾਲ ਬਦਲਦੇ ਸਾਮਿਅਕ ਪਰਤੌ 'ਚ ਮਨੁੱਖੀ ਮਨਾਂ 'ਚ ਜੋ ਨਿੱਜੀ ਹਿੱਤਾਂ, ਰਾਜਸੀ ਹਿੱਤਾਂ ਤਹਿਤ ਭਾਵਨਾਵਾਂ ਪ੍ਰਗਟ ਹੋਈਆਂ ਅਤੇ ਉਨ੍ਹਾਂ ਨੇ ਵਿਨਾਸ਼ਕਾਰੀ ਰੂਪ ਧਾਰਨ ਕੀਤਾ ਦਾ ਵੀ ਵਿਸ਼ੇਸ਼ ਭਾਂਤ ਜ਼ਿਕਰ ਹੈ।
ਇਸ ਸਫ਼ਰਨਾਮਾ ਲੇਖਕ ਦੀ ਵਿਸ਼ੇਸ਼ ਰਚਨਾਤਮਕ ਖੂਬੀ ਓਧਰਲੇ ਸਿੱਖ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ, ਇਤਿਹਾਸਕ ਸਥਾਨਾਂ ਨੂੰ ਆਮ ਲੋਕਾਂ ਦੇ ਵੇਖਣ ਤੋਂ (ਜੰਦਰੇ ਲਾ ਕੇ ਬੰਦ ਕਰਨ ਸਦਕਾ) ਵਿਰਵੇ ਕਰਨ ਦੀਆਂ ਵੀ ਤਸਦੀਕੀ ਉਦਾਹਰਨਾਂ ਅੰਕਿਤ ਹਨ। ਉਥੋਂ ਦੇ ਪ੍ਰਸ਼ਾਸਨਿਕ, ਸਮਾਜਿਕ ਅਤੇ ਧਾਰਮਿਕ ਅਕੀਦਿਆਂ ਦੇ ਵੀ ਯਥਾਰਥ ਚਿੱਤਰ ਪੁਸਤਕ ਦਾ ਹਾਸਲ ਹਨ।

-ਡਾ: ਜਗੀਰ ਸਿੰਘ ਨੂਰ
ਮੋ: 9814209732

26/08/2017

 ਮੇਰਾ ਵੱਸਦਾ ਰਹੇ ਪੰਜਾਬ
ਲੇਖਕ : ਸੁਖਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 152
ਸੰਪਰਕ : 0183-5011003.

ਲੇਖਕ ਦਾ ਇਹ ਗੀਤ-ਸੰਗ੍ਰਹਿ ਧਾਰਮਿਕ ਵਿਸ਼ਿਆਂ ਵਿਚੋਂ ਸੰਤ ਸਿਪਾਹੀ, ਬਾਬਾ ਨਾਨਕ ਸੀ, ਗੁਰੂ ਤੇਗ ਬਹਾਦਰ, ਸ਼ਹੀਦ ਮਨੀ ਸਿੰਘ, ਮਾਂ ਗੁਜਰੀ, ਛੋਟੇ ਸਾਹਿਬਜ਼ਾਦੇ, ਸ਼ਹੀਦ ਬਾਬਾ ਦੀਪ ਸਿੰਘ, ਭਾਈ ਸੰਗਤ ਸਿੰਘ, ਨਲੂਏ ਵਰਗੇ ਲਾਲ, ਆਦਿ ਬਾਰੇ ਸ਼ਰਧਾ ਵੱਸ ਅਤੇ ਪ੍ਰਸੰਸਾਮਈ ਢੰਗ ਨਾਲ ਲਿਖੇ ਗੀਤਾਂ ਨਾਲ ਸਬੰਧਤ ਹੈ। ਇਨ੍ਹਾਂ ਗੀਤਾਂ ਰਾਹੀਂ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
ਛੋਟੇ-ਛੋਟੇ ਗੀਤਾਂ ਰਾਹੀਂ ਇਸ ਚਿਤਰਨ ਕਰਕੇ ਇਨ੍ਹਾਂ ਮਹਾਨ ਪੁਰਸ਼ਾਂ ਅਤੇ ਧਾਰਮਿਕ ਸੂਰਮਿਆਂ ਦੀ ਬਹਾਦਰੀ ਦਾ ਚਿਤਰਨ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਵਿਚ ਦੂਜਾ ਵਰਗ ਉਨ੍ਹਾਂ ਗੀਤਾਂ ਦਾ ਹੈ ਜਿਹੜੇ ਪੰਜਾਬ ਦੇ ਰਾਜਨੀਤਕ ਤੇ ਇਤਿਹਾਸਕ ਸੰਦਰਭ ਵਿਚ ਵਿਸ਼ੇਸ਼ ਮਹੱਤਤਾ ਰੱਖਦੇ ਨਾਇਕ ਹਨ। ਕਵੀ ਨੇ ਮੋਤੀ ਰਾਮ ਮਹਿਰਾ, ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਬਾਰੇ ਬੜੇ ਸਰਲ ਅਤੇ ਅਰਥ ਭਰਪੂਰ ਗੀਤ ਲਿਖੇ ਹਨ।
ਇਨ੍ਹਾਂ ਗੀਤਾਂ ਦਾ ਤੀਜਾ ਵਰਗ 'ਸਦਾਚਾਰਕ ਕਦਰਾਂ-ਕੀਮਤਾਂ ਨੂੰ ਪੇਸ਼ ਕਰਕੇ ਵਿਸ਼ਿਆਂ ਨਾਲ ਜੁੜਿਆ ਹੈ, ਜਿਨ੍ਹਾਂ ਵਿਚ ਵਿਰਲਾ ਸੱਚ 'ਤੇ ਖੜ੍ਹਦਾ, ਚੁਗਲੋਰ+ਨਿੰਦਕ, ਸੇਵਾ ਮਾਂ ਬਾਪ ਦੀ, ਨੇਕ ਕਮਾਈਆਂ, ਨਸ਼ਿਆਂ ਤੇ ਪੁੱਤ, ਬੇਈਮਾਨ, ਅੰਦਰ ਝਾਤੀ ਮਾਰ, ਗੈਰਤ ਆਦਿ ਗੀਤ ਵਿਸ਼ੇਸ਼ ਧਿਆਨ ਮੰਗਦੇ ਹਨ। ਇਨ੍ਹਾਂ ਗੀਤਾਂ ਦਾ ਚੌਥਾ ਵਰਗ ਰਿਸ਼ਤਿਆਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਕਦਰ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ ਵਾਰਸ ਪੰਜਾਬ ਦੇ, ਧੀਆਂ, ਮਾਂ, ਮਾਂ ਬਾਪ, ਰੱਖੜੀ, ਬੱਚੇ ਆਦਿ ਗੀਤ ਇਸ ਸ਼੍ਰੇਣੀ ਵਿਚ ਵਿਚਾਰੇ ਜਾ ਸਕਦੇ ਹਨ।
ਬਹੁਤ ਹੀ ਸਰਲ ਸ਼ੈਲੀ ਵਿਚ ਲਿਖੇ ਇਹ ਗੀਤ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਅਤੇ ਸਿੱਖ ਇਤਿਹਾਸ 'ਤੇ ਪੰਜਾਬ ਦੀ ਰਾਜਨੀਤੀ ਦੇ ਇਤਿਹਾਸਕ ਨਾਇਕਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੇ ਹਨ। ਕਵੀ ਨੇ ਮਨੁੱਖੀ ਗੈਰਤ ਅਣਖ ਅਤੇ ਸਵੈਮਾਣ ਨੂੰ ਜਗਾਉਣ ਵਾਲੇ ਗੀਤ ਵੀ ਲਿਖੇ ਹਨ :
ਗੁਲਾਮਾਂ ਦੀ ਜ਼ਿੰਦਗੀ ਤੋਂ ਮਰ ਜਾਣਾ ਚੰਗਾ
ਰੋਜ਼ ਰੋਜ਼ ਮਰਨੇ ਤੋਂ ਕੁਝ ਕਰ ਜਾਣਾ ਚੰਗਾ
ਗਰੀਬਾਂ ਦੇ ਹੱਕ ਲਈ ਜੂਝਣ ਜੋ ਸੂਰੇ
ਉਨ੍ਹਾਂ ਵਾਂਗੂ ਤਖਤੇ 'ਤੇ ਖੜ੍ਹ ਜਾਣਾ ਚੰਗਾ।

-ਪ੍ਰੋ: ਕੁਲਜੀਤ ਕੌਰ ਅਠਵਾਲ।


ਅਫ਼ਜ਼ਲ ਤੌਸੀਫ਼
ਲਿਪੀਅੰਤਰ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੰਜਨਦ ਪ੍ਰਕਾਸ਼ਨ, ਲਾਂਬੜਾ
ਮੁੱਲ : 200 ਰੁਪਏ, ਸਫ਼ੇ : 264
ਸੰਪਰਕ : 99150-42242.

ਮੋਹਤਰਿਮਾ ਅਫ਼ਜ਼ਲ ਤੌਸੀਫ਼ ਸਾਹਿਬਾ, ਪੰਜਾਬੀ ਜ਼ਬਾਨ ਵਿਚ ਲਿਖਣ ਵਾਲੀ ਪਾਕਿਸਤਾਨੀ ਪੰਜਾਬ ਦੀ ਇਕ ਉੱਘੀ ਲੇਖਿਕਾ ਹੈ। ਉਸ ਦਾ ਪਿਛਲਾ ਪਿੰਡ ਇਧਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਿੰਬਲੀ ਸੀ; ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮ ਵਿਚ ਉਸ ਦੇ ਨਾਨਕੇ ਸਨ। ਦੇਸ਼ ਵੰਡ ਸਮੇਂ ਉਸ ਨੂੰ ਇਧਰਲਾ ਪੰਜਾਬ ਛੱਡ ਕੇ ਉਧਰਲੇ ਪੰਜਾਬ ਵਿਚ ਹਿਜਰਤ ਕਰਨੀ ਪਈ। ਇਹੀ ਕਾਰਨ ਹੈ ਕਿ ਹਿਜਰਤ ਦੇ ਵੇਰਵੇ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਮੌਜੂਦ ਰਹਿੰਦੇ ਹਨ। ਪਾਕਿਸਤਾਨ ਜਾ ਕੇ ਉਹ ਅੰਗਰੇਜ਼ੀ ਭਾਸ਼ਾ ਦੀ ਪ੍ਰੋਫੈਸਰ ਬਣ ਗਈ ਪਰ ਲਿਖਦੀ ਉਹ ਪੰਜਾਬੀ (ਜਾਂ ਉਰਦੂ) ਵਿਚ ਹੀ ਰਹੀ। ਅਫ਼ਜ਼ਲ ਤੌਸੀਫ਼ ਦੀਆਂ ਕਹਾਣੀਆਂ ਵਿਚ ਬਿਰਤਾਂਤਕਾਰ (ਨੈਰੇਟਰ) ਬੜੇ ਵੱਖਰੇ-ਵੱਖਰੇ ਰੂਪਾਂ ਵਿਚ ਪੇਸ਼ ਹੁੰਦਾ ਹੈ ਪਰ ਬਹੁਤੀ ਵਾਰ ਉਹ ਇਕ ਮਾਸੂਮ ਅਤੇ ਨਿਰਛਲ ਵਿਅਕਤੀ ਹੁੰਦਾ ਹੈ ਜੋ ਅਜੋਕੇ ਦੌਰ ਦੇ ਦਬਾਵਾਂ ਅਧੀਨ ਨਪੀੜੇ ਜਾ ਰਹੇ ਵਿਅਕਤੀਆਂ ਦੀ ਵਸਤੂ-ਸਥਿਤੀ ਉੱਪਰ ਬੇਹੱਦ ਦੁਖੀ ਹੁੰਦਾ ਹੈ। ਇਸ ਬਿਰਤਾਂਤਕਾਰ ਨੂੰ ਇਹ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉੱਤਰਆਧੁਨਿਕਤਾਵਾਦ ਨੇ ਵਾਮਪੰਥੀਆਂ ਅਤੇ ਧਾਰਮਿਕ, ਦੋਵਾਂ ਸ਼੍ਰੇਣੀਆਂ ਦੇ ਲੋਕਾਂ ਨੂੰ ਵਿਚਾਰੇ ਜਿਹੇ ਬਣਾ ਕੇ ਰੱਖ ਦਿੱਤਾ ਹੈ। ਹੁਣ ਇਨ੍ਹਾਂ ਪਾਸ ਚਿੱਟਾ (ਹੈਰੋਇਨ) ਖਾ ਕੇ ਬੇਹੋਸ਼ ਪਏ ਰਹਿਣ ਨਾਲੋਂ ਸੁਥਰਾ/ਸੁਚੱਜਾ ਕੋਈ ਕੰਮ ਬਚਿਆ ਹੀ ਨਹੀਂ ਹੈ।
ਅਫ਼ਜ਼ਲ ਅਜਿਹੇ ਕਿਰਦਾਰਾਂ ਦੀਆਂ ਕਹਾਣੀਆਂ ਲਿਖਦੀ ਹੈ ਜੋ ਸਮੇਂ ਦੀਆਂ ਬੇਰਹਿਮ ਹਵਾਵਾਂ ਦੇ ਝੱਖੜ ਵਿਚ ਵੀ ਡਿਗਦੇ-ਡੋਲਦੇ ਨਹੀਂ। 'ਕਿਰਚਾਂ' ਵਿਚਲੇ 'ਤਾਏ' ਵਰਗੇ ਕਿਰਦਾਰ ਇਸੇ ਖਾਤਰ ਵਿਪਰੀਤ ਸਥਿਤੀਆਂ ਵਿਚ ਵੀ ਜਿਊਂਦੇ ਰਹਿੰਦੇ ਹਨ, ਤਾਂ ਜੋ ਉਹ ਮਜ਼ਲੂਮਾਂ ਦੇ ਕਿਸੇ ਕੰਮ ਆ ਸਕਣ। ਦਿਲਗੀਰ ਸਿੰਘ ਵਰਗੇ ਸਿੱਖ ਕਿਰਦਾਰ, ਪਾਕਿਸਤਾਨ ਵਿਚ ਰਹਿ ਗਈਆਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਇਧਰ ਭਾਰਤ ਵਿਚ ਆਉਂਦੇ ਹੀ ਨਹੀਂ ਬਲਕਿ ਉਧਰ ਹੀ ਦਮ ਤੋੜ ਦਿੰਦੇ ਹਨ। ਇਹ ਕਹਾਣੀਆਂ 'ਖੋਲ੍ਹ ਦੋ' ਅਤੇ 'ਟੋਭਾ ਟੇਕ ਸਿੰਘ' ਨੂੰ ਅੱਗੇ ਤੋਰਨ ਵਾਲੀਆਂ ਰਚਨਾਵਾਂ ਹਨ। ਸਹਿਜ ਨਾਲ ਪੜ੍ਹ ਕੇ ਦੇਖੋ!

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਇੰਗਲੈਂਡ ਵਿਚ ਚਾਰ ਦਹਾਕੇ
ਲੇਖਕ : ਮਨਮੋਹਨ ਸਿੰਘ ਮਹੇੜੂ
ਪ੍ਰਕਾਸ਼ਕ : ਮੈਰੀਡੇਲ ਪਬਲਿਸ਼ਿੰਗ, ਵੁਲਵਰਹੈਂਪਟਨ, ਯੂ.ਕੇ.
ਮੁੱਲ : 790 ਰੁਪਏ, ਸਫ਼ੇ : 152
ਸੰਪਰਕ : 093122-71252.

ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਕੇ ਵੱਸਣ ਵਾਲੇ ਲੋਕਾਂ ਦੀਆਂ ਆਰਥਿਕ ਔਕੜਾਂ ਤੇ ਮਜਬੂਰੀਆਂ ਦਾ ਵਰਨਣ ਕਰਦਿਆਂ ਲੇਖਕ ਦੱਸਦਾ ਹੈ ਕਿ ਕਿਵੇਂ ਉਹ ਲੋਕ ਬਾਹਰ ਜਾ ਕੇ ਦੁੱਖਾਂ-ਤਕਲੀਫ਼ਾਂ ਵਿਚ ਘਿਰੇ, ਸੰਘਰਸ਼ਮਈ ਜ਼ਿੰਦਗੀ ਬਸਰ ਕਰਦੇ ਹਨ। ਅਜਿਹੇ ਪਰਵਾਸੀ ਲੋਕਾਂ ਵਾਂਗ ਲੇਖਕ ਨੇ ਵੀ ਇੰਗਲੈਂਡ ਜਾ ਕੇ ਹੱਡ ਤੋੜਵੀਂ ਮਿਹਨਤ ਮਜ਼ਦੂਰੀ ਕੀਤੀ।
43 ਸਾਲ ਪਹਿਲਾਂ ਉਹ ਆਪਣੇ ਨਾਲ ਇਕ ਰਜ਼ਾਈ ਅਤੇ ਜੇਬ ਵਿਚ ਕੇਵਲ ਤਿੰਨ ਪੌਂਡ ਲੈ ਕੇ ਇਸ ਦੇਸ਼ ਵਿਚ ਪਹੁੰਚਿਆ ਸੀ। ਪਰ ਉਸ ਦੇ ਮਨ ਵਿਚ ਮੰਜ਼ਿਲ 'ਤੇ ਪਹੁੰਚਣ ਅਤੇ ਕੁਝ ਕਰਨ ਦੀ ਲਗਨ ਤੇ ਦ੍ਰਿੜ੍ਹਤਾ ਸੀ। ਆਪਣੇ ਮਜ਼ਬੂਤ ਇਰਾਦੇ, ਸਵੈ-ਵਿਸ਼ਵਾਸ ਅਤੇ ਹਿੰਮਤ ਸਦਕਾ ਉਹ ਹੌਲੀ-ਹੌਲੀ ਕੱਖਾਂ ਤੋਂ ਲੱਖਾਂ ਤੱਕ ਪਹੁੰਚ ਗਿਆ ਅਤੇ ਨਿਰੰਤਰ ਜੱਦੋ-ਜਹਿਦ ਦੁਆਰਾ ਉਹ ਜ਼ੀਰੋ ਤੋਂ ਹੀਰੋ ਬਣ ਗਿਆ। ਉਸ ਨੇ ਇੰਗਲੈਂਡ ਦੇ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਜੀਵਨ ਦਾ ਡੂੰਘਾ ਅਧਿਐਨ ਕੀਤਾ ਅਤੇ ਨਾਲ-ਨਾਲ ਆਪਣੇ ਦੇਸ਼ ਨਾਲ ਇਸ ਦੀ ਤੁਲਨਾ ਵੀ ਕਰਦਾ ਰਿਹਾ। ਸਫਲਤਾ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ ਉਹ ਫੈਕਟਰੀਆਂ ਦਾ ਮਾਲਕ ਬਣ ਗਿਆ। ਇਸ ਵਕਤ ਉਹ ਦੋ ਲਿਮਟਿਡ ਕੰਪਨੀਆਂ ਦਾ ਡਾਇਰੈਕਟਰ ਹੈ।
ਇੰਗਲੈਂਡ ਦੇਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਲੇਖਕ ਇਨ੍ਹਾਂ ਦੀ ਭਾਰਤ ਦੇਸ਼ ਨਾਲ ਵੀ ਤੁਲਨਾ ਕਰਦਾ ਹੈ। ਆਖਰੀ ਕਾਂਡ ਵਿਚ ਲੇਖਕ ਨੇ ਆਪਣੇ ਹੋਣਹਾਰ ਨੌਜਵਾਨ ਸਪੁੱਤਰ ਦੇ ਬੇਵਕਤ ਸਦੀਵੀ ਵਿਛੋੜੇ ਦਾ ਦੁਖਾਂਤ ਬੜੇ ਜਜ਼ਬਾਤੀ ਸ਼ਬਦਾਂ ਵਿਚ ਵਰਨਣ ਕੀਤਾ ਹੈ, ਜੋ ਕਿ ਇਕ ਅਸਾਧਾਰਨ ਬੁੱਧੀ ਦਾ ਮਾਲਕ ਸੀ।
ਕਿਤਾਬ ਦੀ ਛਪਾਈ, ਜਿਲਦ ਅਤੇ ਇਸ ਵਿਚਲੀਆਂ ਤਸਵੀਰਾਂ ਇਸ ਦੀ ਖੂਬਸੂਰਤੀ ਵਿਚ ਵਾਧਾ ਕਰਦੀਆਂ ਹਨ।

ਕੰਵਲਜੀਤ ਸਿੰਘ ਸੂਰੀ
ਮੋ: 93573-24241.


ਤੇਰੀਆਂ-ਮੇਰੀਆਂ ਬਾਤਾਂ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਸੰਗਰੂਰ
ਮੁੱਲ : 200 ਰੁਪਏ, ਸਫ਼ੇ : 167
ਸੰਪਰਕ : 96460-2432


'ਤੇਰੀਆਂ ਮੇਰੀਆਂ ਬਾਤਾਂ' ਰਘਬੀਰ ਸਿੰਘ ਮਹਿਮੀ ਦਾ ਚੌਥਾ ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੇ ਨਿੱਕੇ-ਨਿੱਕੇ ਅਨੁਭਵਾਂ ਦੁਆਰਾ 304 ਕਹਾਣੀਆਂ ਦੀ ਸਿਰਜਣਾ ਕੀਤੀ ਹੈ, ਜਿਨ੍ਹਾਂ ਰਾਹੀਂ ਉਸ ਨੇ ਸਮਾਜ 'ਤੇ ਵਿਅੰਗ ਤੇ ਕਟਾਕਸ਼ ਕੱਸਿਆ ਹੈ। ਮਨੁੱਖ ਵਿਚ ਮਨੁੱਖ ਦੇ ਮਨਫ਼ੀ ਹੋਣ ਬਾਰੇ ਜ਼ਿੰਦਗੀ ਦੇ ਝਮੇਲਿਆਂ, ਭ੍ਰਿਸ਼ਟ ਸਮਾਜ, ਧਾਰਮਿਕਤਾ, ਔਰਤ ਦੀ ਨਿਘਰਦੀ ਹਾਲਤ ਤੇ ਆਪਸੀ ਰਿਸ਼ਤਿਆਂ ਦੀ ਕੁੜੱਤਣ ਨੂੰ ਬਿਆਨ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਆਪਣੇ ਜੀਵਨ ਅਨੁਭਵਾਂ ਨੂੰ ਪਕੜ ਕੇ ਕਲਾਤਮਿਕ ਰੰਗ ਦੇ ਕੇ ਕਹਾਣੀਆਂ ਦੀ ਉਸਾਰੀ ਕੀਤੀ ਹੈ। ਰਿਸ਼ਤਿਆਂ ਦਾ ਘਾਣ ਔਲਾਦ ਦਾ ਮਾਪਿਆਂ ਪ੍ਰਤੀ ਬੇਖ਼ਬਰ ਹੋਣਾ, ਆਪਣੇ ਸੱਭਿਆਚਾਰ ਤੋਂ ਬੇਮੁੱਖ ਹੋਣਾ, ਅੱਜ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਹੈ। 'ਸਰਵਣ ਪੁੱਤਰ', 'ਕੂੜੇ ਵਾਲਾ', 'ਗੇੜਾ', 'ਚਲਾਕ' ਆਦਿ ਕਹਾਣੀਆਂ ਵਿਚ ਇਸ ਤਰ੍ਹਾਂ ਦੀ ਹੀ ਪੇਸ਼ਕਾਰੀ ਕੀਤੀ ਗਈ ਹੈ। ਪਰ ਮਾਪੇ ਫਿਰ ਵੀ ਆਪਣੇ ਬੱਚਿਆਂ 'ਤੇ ਮਰ-ਮਿਟਣ ਲਈ ਤਿਆਰ ਹਨ। ਗਲੋਬਲਾਈਜ਼ੇਸ਼ਨ ਤੇ ਪੱਛਮੀਕਰਨ ਕਾਰਨ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ, ਤਣਾਅ ਤੇ ਰਿਸ਼ਤਿਆਂ ਵਿਚ ਨਿਘਾਰ ਆ ਰਿਹਾ ਹੈ। ਇਥੋਂ ਤੱਕ ਕਿ ਭੈਣ-ਭਰਾਵਾਂ ਵਿਚ ਵੀ ਰਿਸ਼ਤਿਆਂ ਦੀ ਸਾਂਝ ਟੁੱਟਦੀ ਨਜ਼ਰ ਆਉਂਦੀ ਹੈ। ਕਿਸਾਨ ਦਾ ਦੁਖਾਂਤ, ਰਿਸ਼ਵਤਖੋਰੀ, ਨਸ਼ਿਆਂ ਦਾ ਰੁਝਾਨ, ਜਾਤ-ਪਾਤ ਬੰਧਨ ਵਿਸ਼ੇ ਵੀ ਰਘੁਬੀਰ ਮਹਿਮੀ ਦੀ ਕਹਾਣੀ ਦਾ ਹਾਸਲ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 098553-95161.


ਇਸ਼ਕੇ ਦਾ ਰੋਗ
ਲੇਖਕ : ਐਸ.ਪੀ. ਜੋਸ਼ੀ
ਪ੍ਰਕਾਸ਼ਕ : ਵੀ.ਵੀ.ਆਰ.ਆਈ. ਪ੍ਰੈੱਸ, ਸਾਧੂ ਆਸ਼ਰਮ, ਹੁਸ਼ਿਆਰਪੁਰ
ਮੁੱਲ : 180 ਰੁਪਏ, ਸਫ਼ੇ : 92
ਸੰਪਰਕ : 97801-00060.

ਪੁਸਤਕ 'ਇਸ਼ਕੇ ਦਾ ਰੋਗ' ਪੜ੍ਹਦੇ ਸਮੇਂ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ। ਮੰਨਿਆ ਜਾਂਦਾ ਹੈ ਕਿ ਸ਼ਾਇਰ ਬੜੇ ਸੰਵੇਦਨਸ਼ੀਲ ਹੁੰਦੇ ਹਨ। ਇਕ ਪੁਲਿਸ ਅਫ਼ਸਰ ਜਿਸ ਦਾ ਕੰਮ ਅਪਰਾਧੀਆਂ ਨੂੰ ਲੱਭਣਾ, ਜੇ ਉਸ ਦੀ ਕਲਮ ਪਿਆਰ ਦੀਆਂ ਬਾਤਾਂ ਪਾਉਂਦੀ ਹੈ ਤਾਂ ਹੈਰਾਨੀ ਹੁੰਦੀ ਹੈ। ਸ਼ਾਇਰ ਨੇ ਪਿਆਰ ਵਿਚ ਬੜਾ ਦਰਦ ਹੰਢਾਇਆ ਹੈ। ਬੜੇ ਜਖ਼ਮ ਖਾਧੇ ਹਨ, ਜਿਨ੍ਹਾਂ ਵਿਚੋਂ ਅਜੇ ਚੀਸ ਉੱਠਦੀ ਹੈ।
'ਅਜ਼ਲਾਂ ਤੋਂ ਦਿਲ ਮੇਰਾ, ਤੈਨੂੰ ਹੀ ਤਾਂ ਚਾਹੁੰਦਾ ਸੀ।
ਤੇਰਿਆਂ ਖ਼ਿਆਲਾਂ ਵਿਚ ਖੌਰੇ ਕੌਣ ਆਉਂਦਾ ਸੀ।
ਤੇਰੇ ਪਿੱਛੇ ਲੱਗ 'ਜੋਸ਼ੀ' ਘਰ ਵੀ ਗੁਆ ਲਿਆ।'
ਵਿਛੋੜੇ ਦੇ ਗੀਤਾਂ ਤੋਂ ਬਿਨਾਂ, ਮੁਟਿਆਰ ਦੇ ਚਾਅ, ਵਣਜਾਰਾ, ਭੱਤਾ ਲੈ ਕੇ ਖੇਤ ਨੂੰ ਚੱਲੀ, ਮਾਹੀ ਦੀ ਉਡੀਕ ਆਦਿ ਬੜੇ ਹੀ ਖੂਬਸੂਰਤ ਗੀਤ ਹਨ। ਗੀਤਾਂ ਵਿਚ ਪੇਂਡੂ ਸ਼ਬਦਾਵਲੀ ਬੜੇ ਸੋਹਣੇ ਢੰਗ ਨਾਲ ਵਰਤੀ ਗਈ ਹੈ। ਟਿੰਡਾਂ, ਖੂਹ, ਚੂਰੀ, ਵੇਲਣਾ, ਉਖਲੀ, ਸੁਰਮਾ ਭੂਰ ਆਦਿ ਸ਼ਬਦਾਂ ਨੂੰ ਗੀਤਾਂ ਵਿਚ ਇੰਜ ਸ਼ਾਮਿਲ ਕੀਤਾ ਗਿਆ ਹੈ ਜਿਵੇਂ ਕੋਈ ਮੋਤੀਆਂ ਦੀ ਮਾਲਾ ਪਰੋਈ ਹੋਵੇ। ਗੀਤਾਂ ਨੂੰ ਆਸਾਨੀ ਨਾਲ ਸੰਗੀਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

-ਅਵਤਾਰ ਸਿੰਘ ਸੰਧੂ
ਮੋ: 99151-82971.

 

 

ਮੇਰੇ ਅੰਦਰਲੇ ਚਿਰਾਗ
ਲੇਖਕ : ਜਸਵੰਤ ਸਿੰਘ ਸੰਧੂ (ਘਰਿੰਡਾ)
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98144-35244.

ਮੇਰੇ ਅੰਦਰਲੇ ਚਿਰਾਗ ਵਿਚ ਮੁੱਖ ਰੂਪ ਵਿਚ ਲਟ-ਲਟ ਬਲਦੇ ਚਿਰਾਗਾਂ ਵਾਂਗ ਜੀਵਨ ਮਾਰਗ ਰੌਸ਼ਨ ਕਰਨ ਵਾਲੇ ਲੇਖਕਾਂ, ਕਲਾਕਾਰਾਂ, ਢਾਡੀਆਂ, ਸਿਆਸਤਦਾਨਾਂ, ਸਾਧਾਰਨ ਲੋਕਾਂ ਦੇ ਵਿਅਕਤੀ ਚਿੱਤਰ ਹਨ। ਜੀਵਨ ਦੇ ਰਾਹਾਂ 'ਤੇ ਚਾਨਣ ਵੰਡਣ ਵਾਲੀ ਸੋਚ/ਚਿੰਤਨ ਦੇ ਫ਼ਿਕਰ ਦੀ ਗੱਲ ਇਸ ਕਿਤਾਬ ਦਾ ਕੇਂਦਰੀ ਮੋਟਿਫ਼ ਹੈ। ਜਾਤ, ਧਰਮ, ਦੇਸ਼, ਫ਼ਿਰਕਾਪ੍ਰਸਤੀ ਤੋਂ ਮੁਕਤ ਮੁਹੱਬਤ ਵੰਡਣ ਦਾ ਵਣਜ ਕਰਦਾ ਹੈ ਇਸ ਦਾ ਲੇਖਕ। ਅਕਬਰ ਖ਼ੁਦਾ ਕਾ ਨਾਮ ਲੇਤਾ ਹੈ ਇਸ ਜ਼ਮਾਨੇ ਮੇਂ। ਸਰਾਸਰ ਦੇਸ਼ ਧ੍ਰੋਹ ਦਾ ਰਾਹ ਹੈ ਉਸ ਦਾ। ਪਾਕਿਸਤਾਨੀ ਚੌਧਰੀ ਨਜ਼ਾਮਦੀਨ ਦੀ ਸਿਫ਼ਤ। ਸਰਕਾਰ ਵੱਲੋਂ ਡਿਸਮਿਸ ਕੀਤੇ ਸਿਰਦਾਰ ਕਪੂਰ ਸਿੰਘ ਦੀ ਪ੍ਰਸੰਸਾ। ਮੁਸਲਮਾਨ ਬਜ਼ੁਰਗਾਂ/ਭੈਣਾਂ ਭਰਾਵਾਂ ਦੇ ਗਲ ਲੱਗ-ਲੱਗ ਰੋਣਾ। ਤੋਬਾ-ਤੋਬਾ। ਪਾਕਿਸਤਾਨ ਨੂੰ ਨਰਕ ਨਾ ਆਖਣਾ। ਇਹ ਤਾਂ ਸਿੱਧਾ ਦੇਸ਼ ਕੌਮ ਨਾਲ ਗੱਦਾਰੀ ਹੈ। ਜਸਵੰਤ ਸਿੰਘ ਸੰਧੂ ਨੂੰ ਸ਼ਾਇਦ ਦੇਸ਼ ਪ੍ਰੇਮ ਦੀ ਅਜੋਕੀ ਪਰਿਭਾਸ਼ਾ ਨਹੀਂ ਪਤਾ।
... ਖ਼ੈਰ ਕਰੇ ਖ਼ੁਦਾ। ਜਸਵੰਤ ਸਿੰਘ ਨੇ ਇਸ ਕਿਤਾਬ ਵਿਚ ਬੜੀ ਰੌਚਿਕ, ਸਰਲ, ਪ੍ਰਭਾਵਸ਼ਾਲੀ ਜ਼ਬਾਨ ਵਿਚ ਆਪਣੇ ਪਿਤਾ, ਆਪਣੇ ਬਚਪਨ, ਆਪਣੀ ਜਨਮ ਭੂਮੀ, ਬਚਪਨ ਦੇ ਸਾਥੀਆਂ, ਆਪਣੇ ਜੀਵਨ ਦੇ ਮੋਟੇ-ਮੋਟੇ ਵੇਰਵਿਆਂ, ਸੰਗੀਆਂ ਦੋਸਤਾਂ ਤੇ ਸੋਚ ਦਾ ਖ਼ਾਕਾ ਪੇਸ਼ ਕੀਤਾ ਹੈ। ਦਿਲ ਦੇ ਦੁਖੜੇ ਦੱਸੇ ਹਨ। ਸਾਡੇ ਜੀਵਨ ਨੂੰ ਚੰਗੇ/ਮੰਦੇ ਤਰੀਕੇ ਨਾਲ ਪ੍ਰਭਾਵਿਤ ਕਰਨ ਵਾਲੀ ਸਿਆਸਤ ਤੇ ਸਿਆਸਤਦਾਨਾਂ ਦੀ ਗੱਲ ਕੀਤੀ ਹੈ। ਪਿਆਰੇ ਪੰਜਾਬ ਦੇ ਸ਼ਰਾਬ ਵਿਚ ਡੁੱਬਣ ਉੱਤੇ ਦੁੱਖ ਪ੍ਰਗਟ ਕੀਤਾ ਹੈ।
ਪਰਵਾਸ ਵਿਚ ਬੈਠੇ ਦਾ ਉਸ ਦਾ ਪੰਜਾਬ ਪ੍ਰਤੀ ਮੋਹ ਪੇਸ਼ ਹੈ ਇਸ ਕਿਤਾਬ ਵਿਚ। ਬਚਪਨ ਦੇ ਦੋਸਤ ਵਰਿਆਮ ਸੰਧੂ, ਢਾਡੀ ਸੀਤਲ, ਪਿਆਰਾ ਸਿੰਘ ਪੰਛੀ ਤੇ ਕੁਲਵੰਤ ਸਿੰਘ, ਸਿਰਦਾਰ ਕਪੂਰ ਸਿੰਘ, ਚਾਤ੍ਰਿਕ, ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ, ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਝਬਰ, ਕਵੀਸ਼ਰ ਘਰਿਆਲਾ, ਚੌਧਰੀ ਨਜ਼ਾਮਦੀਨ, ਬਾਬਾ ਖੜਕ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲਾ ਬਾਰੇ ਕਈ ਕੁਝ ਨਵਾਂ ਤੇ ਵੱਖਰਾ ਹੈ ਇਸ ਕਿਤਾਬ ਵਿਚ। ਇਮਾਨਦਾਰ ਪੁਲਿਸ ਅਫ਼ਸਰ ਸੁਰਜੀਤ ਸਿੰਘ ਦਾ ਉਸ ਦਾ ਬਿਰਤਾਂਤ ਮਨ ਉੱਤੇ ਡੂੰਘੀ ਛਾਪ ਛੱਡਣ ਵਾਲਾ ਹੈ। ਕਿਤਾਬ ਪੜ੍ਹਨਯੋਗ ਵੀ ਹੈ ਤੇ ਸਾਂਭਣਯੋਗ ਵੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਬੰਦੇ ਖੋਜੁ ਦਿਲ ਹਰਿ ਰੋਜ
ਲੇਖਿਕਾ : ਪ੍ਰੇਮ ਕੌਰ ਅਰੋੜਾ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 098110-56758
.

ਇਹ ਪੁਸਤਕ ਗੁਰਬਾਣੀ ਦੇ ਚਾਨਣ ਵਿਚ ਅੰਦਰਲੀ ਖੋਜ ਬਾਬਤ ਲਿਖੀ ਗਈ ਹੈ। ਪਰਮਾਤਮਾ ਦਾ ਨਿਵਾਸ ਸਾਡੇ ਦਿਲਾਂ ਵਿਚ ਹੈ ਜਦ ਕਿ ਅਸੀਂ ਸਾਰੀ ਉਮਰ ਉਸ ਨੂੰ ਬਾਹਰ ਭਾਲਣ ਵਿਚ ਲਾ ਦਿੰਦੇ ਹਾਂ। ਕਿਸੇ ਦੇ ਦਿਲ ਨੂੰ ਤੋੜਨਾ ਰੱਬ ਦੇ ਮੰਦਿਰ ਨੂੰ ਤੋੜਨਾ ਹੈ ਪਰ ਅਸੀਂ ਗੱਲ-ਗੱਲ 'ਤੇ ਹੋਰਾਂ ਦੇ ਦਿਲ ਦੁਖਾ ਦਿੰਦੇ ਹਾਂ। ਇਸੇ ਲਈ ਅੱਜ ਮਨੁੱਖ ਅਸ਼ਾਂਤ, ਦੁਖੀ ਅਤੇ ਪ੍ਰੇਸ਼ਾਨ ਹੈ। ਸੂਝਵਾਨ ਲੇਖਿਕਾ ਨੇ ਇਸ ਅਹਿਮ ਵਿਸ਼ੇ ਨੂੰ ਚਾਰ ਸਿਰਲੇਖਾਂ ਹੇਠ ਵਿਚਾਰਿਆ ਹੈ-ਦੇਹੀ ਦੀ ਖੋਜ ਕਿਉਂ ਅਤੇ ਕਿਵੇਂ? ਨਾਮ ਸਿਮਰਨ, ਭਗਤੀ ਅਤੇ ਇਸ ਦੇਹੀ ਕਉ ਸਿਮਰਹਿ ਦੇਵ। ਪਹਿਲੇ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਦੇਹੀ ਦੀ ਖੋਜ ਜ਼ਰੂਰੀ ਹੈ ਕਿਉਂਕਿ ਇਸ ਵਿਚ ਪਰਮੇਸ਼ਰ ਵਸਦਾ ਹੈ। ਸਾਡੇ ਆਪੇ ਜਾਂ ਆਤਮਾ ਦੀ ਪਛਾਣ ਲਈ ਦਿਲ ਵਿਚ ਝਾਤੀ ਮਾਰਨਾ ਜ਼ਰੂਰੀ ਹੈ। ਨਾਮ ਸਿਮਰਨ ਅਤੇ ਭਗਤੀ ਦੇਹੀ ਦੀ ਖੋਜ ਦਾ ਸਾਧਨ ਹਨ। ਦੂਜੇ ਅਤੇ ਤੀਜੇ ਅਧਿਆਇ ਵਿਚ ਪ੍ਰੇਮ ਭਗਤੀ, ਆਤਮ ਸਮਰਪਣ ਅਤੇ ਬੰਦਗੀ ਦੀ ਪ੍ਰੇਰਨਾ ਦਿੱਤੀ ਗਈ ਹੈ। ਚੌਥੇ ਕਾਂਡ ਵਿਚ ਮਨੁੱਖ ਦੀ ਦੁਰਲੱਭ ਦੇਹ ਦਾ ਮਹੱਤਵ ਦੱਸਦਿਆਂ ਹੋਇਆਂ ਇਸ ਦੇ ਅੰਦਰ ਭਰਪੂਰ ਅਤੇ ਅਦਭੁੱਤ ਨਜ਼ਾਰਿਆਂ ਦਾ ਵਰਣਨ ਕੀਤਾ ਗਿਆ ਹੈ। ਪਰਮਾਤਮਾ ਦੀ ਖੋਜ ਲਈ ਜੰਗਲਾਂ, ਪਹਾੜਾਂ, ਗੁਫ਼ਾਵਾਂ ਅਤੇ ਕੰਦਰਾਂ ਵਿਚ ਜਾ ਕੇ ਬੈਠਣ ਦੀ ਥਾਂ ਆਪਣੇ ਅੰਦਰ ਉਤਰਨਾ ਚਾਹੀਦਾ ਹੈ। ਕੁਦਰਤ ਦਾ ਸਾਰਾ ਪਸਾਰਾ, ਖੰਡ, ਮੰਡਲ, ਪਤਾਲ, ਦੀਪ ਸਭ ਕਾਇਆ ਦੇ ਅੰਦਰ ਹੀ ਦ੍ਰਿਸ਼ਟਮਾਨ ਹੋ ਜਾਂਦਾ ਹੈ। ਕੁਦਰਤ ਦਾ ਮਾਲਕ ਕਾਦਰ ਆਪ ਵੀ ਅੰਦਰ ਹੀ ਬਿਰਾਜਮਾਨ ਹੈ। ਇਸ ਲਈ ਮਨੁੱਖੀ ਦੇਹ ਦੀ ਪ੍ਰਾਪਤੀ ਲਈ ਦੇਵਤੇ ਵੀ ਲੋਚਦੇ ਹਨ ਕਿਉਂਕਿ ਮਨੁੱਖੀ ਜਾਮੇ ਵਿਚ ਹੀ ਭਗਤੀ ਕਰਕੇ ਪਰਮੇਸ਼ਰ ਨਾਲ ਅਭੇਦ ਹੋਇਆ ਜਾ ਸਕਦਾ ਹੈ। ਇਹ ਇਕ ਵਧੀਆ ਪੁਸਤਕ ਹੈ ਜਿਸ ਦਾ ਭਰਵਾਂ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

 

20/08/2017

ਰੰਗਿ ਹਸਹਿ ਰੰਗਿ ਰੋਵਹਿ
ਲੇਖਕ : ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 98555-15937.

ਇਹ ਪੁਸਤਕ 18 ਸਿਰਲੇਖਾਂ ਹੇਠ ਲੇਖਕ ਵੱਲੋਂ ਬਿਤਾਈ ਜ਼ਿੰਦਗੀ ਦੀ ਉਹ ਗਾਥਾ ਹੈ, ਜਿਸ ਵਿਚ ਦੁੱਖ-ਸੁੱਖ, ਕੌੜੇ-ਕੁਸੈਲੇ ਤੇ ਕੁਝ ਸੁਖਾਲੇ ਦਿਨਾਂ ਨੂੰ ਉਲੀਕਣ ਦਾ ਉਪਰਾਲਾ ਕੀਤਾ ਗਿਆ ਹੈ। 'ਮੇਰਾ ਪਿੰਡ ਤੇ ਮੈਂ' ਵਿਚ ਲੇਖਕ ਨੇ ਆਪਣੇ ਪਿੰਡ, ਆਲੇ-ਦੁਆਲੇ, ਆਬਾਦੀ ਤੇ ਨਾਮਕਰਨ ਸਥਿਤੀ ਤੇ ਵਿਦਿਅਕ ਅਦਾਰੇ ਬਾਰੇ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਦੇਸ਼ ਦੀ ਵੰਡ, ਹੱਸਦੇ-ਵੱਸਦੇ ਲੋਕਾਂ ਦਾ ਉਜਾੜਾ, ਵੱਢ-ਟੁੱਕ ਤੇ ਘਰਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਨੇ ਲੇਖਕ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਾਇਆ। ਉਸ ਨੇ ਭੂਗੋਲਿਕ ਸਥਿਤੀ ਦਾ ਵਰਨਣ ਕਰਨ ਦੇ ਨਾਲ-ਨਾਲ ਰਾਜਸੀ ਚਾਲਾਂ, ਇਤਿਹਾਸਕ ਵੇਰਵੇ ਆਦਿ ਦਾ ਬਾਖੂਬੀ ਚਿਤਰਨ ਕੀਤਾ ਹੈ। ਆਪਣਾ ਬਚਪਨ ਤੇ ਵਿਦਿਆ ਬਾਰੇ, ਫਿਰ ਬੇਰੁਜ਼ਗਾਰੀ ਦਾ ਦੈਂਤ ਕਿਵੇਂ ਮੂੰਹ ਅੱਡੀ ਖੜ੍ਹਾ ਸੀ ਤੋਂ ਲੈ ਕੇ ਜੇਲ੍ਹ ਯਾਤਰਾ ਦਾ ਜ਼ਿਕਰ, ਕਿਸਾਨੀ ਘਾਟੇ ਦਾ ਸੌਦਾ, ਸਰਕਾਰੀ ਨੌਕਰੀਆਂ ਦੀ ਘਾਟ ਤੇ ਸਿਆਸੀ ਭ੍ਰਿਸ਼ਟਾਚਾਰ ਨੂੰ ਉਸ ਨੇ ਖੁੱਲ੍ਹ ਕੇ ਪੇਸ਼ ਕੀਤਾ ਹੈ, ਬਿਨਾਂ ਕਿਸੇ ਡਰ-ਭੈਅ ਤੋਂ। ਜੇ.ਬੀ.ਟੀ. ਕੋਰਸ ਦੀ ਸਥਿਤੀ ਬੜੀ ਦਰਦਨਾਕ ਹੈ ਜਿਸ ਵਿਚੋਂ ਲੇਖਕ ਨੂੰ ਨਿਕਲਣਾ ਪਿਆ। ਪਰਿਵਾਰਕ ਆਰਥਿਕ ਮੰਦਹਾਲੀ, ਕਰਜ਼ਾ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਕੋਈ ਛੋਟੀ-ਮੋਟੀ ਗੱਲ ਨਹੀਂ ਹੁੰਦੀ। 'ਯਾਦਾਂ ਉਗਰਾਹਾਂ ਪਿੰਡ ਦੀਆਂ', 'ਜ਼ਿੰਦਗੀ ਦੇ ਅਹਿਮ ਮੋੜ', 'ਸਿਰੋਂ ਪਰ੍ਹੇ ਡੋਬੂ', 'ਸਮੇਂ ਦੇ ਰੰਗ, ਸੁਨਹਿਰੀ ਸਮਾਂ ਤੇ ਸਥਾਨ, ਤੱਤੀਆਂ ਲੋਆਂ, ਜਵਾਰ ਭਾਟਾ, ਨੜਿੱਨਵੇਂ ਦਾ ਚੱਕਰ ਤੇ ਖਾਮੋਸ਼ ਇਨਕਲਾਬ' ਅਜਿਹੀਆਂ ਯਾਦਗਾਰੀ ਘਟਨਾਵਾਂ ਹਨ, ਜਿਨ੍ਹਾਂ ਦਾ ਸੇਕ ਲੇਖਕ ਨੇ ਪਿੰਡੇ 'ਤੇ ਹੰਢਾਇਆ ਤੇ ਕੁਝ ਸੁੱਖ ਦੇ ਪਲ ਜੋ ਮਹਿਸੂਸ ਕੀਤੇ ਦਾ ਚਿਤਰਨ ਹੈ। ਇਹ ਸਮਾਂ ਲੇਖਕ ਲਈ ਸੰਘਰਸ਼ਮਈ ਸਮਾਂ ਰਿਹਾ ਜਾਪਦਾ ਹੈ। 'ਥਲ ਡੂੰਘਰ ਭਵਿਓਮ' ਸਿਰਲੇਖ ਹੇਠ ਲੇਖਕ ਨੇ ਦੱਸਿਆ ਹੈ ਕਿ ਜੀਵਨ ਦਾ ਮਕਸਦ ਕੇਵਲ ਧਨ ਦੌਲਤ, ਪਦਾਰਥਕ ਖੁਸ਼ੀਆਂ ਹੀ ਨਹੀਂ, ਸਗੋਂ ਆਪਣੇ ਜੀਵਨ ਵਿਚ ਖੁਸ਼ੀ ਦੇ ਪਲਾਂ ਨੂੰ ਮਾਨਣਾ, ਵੱਖ-ਵੱਖ ਥਾਵਾਂ ਦੀ ਸੈਰ ਕਰਨੀ, ਪ੍ਰਕਿਰਤੀ ਦਾ ਆਨੰਦ ਮਾਨਣਾ, ਇਤਿਹਾਸਕ ਥਾਵਾਂ, ਰਸਮਾਂ ਰਿਵਾਜ਼ਾਂ ਨੂੰ ਜਾਨਣਾ, ਦੂਸਰਿਆਂ ਦੀ ਬੋਲੀ ਤੇ ਪਹਿਰਾਵੇ ਦੀ ਮਹੱਤਤਾ ਆਦਿ ਗੱਲਾਂ ਵੀ ਮਾਇਨੇ ਰੱਖਦੀਆਂ ਹਨ। ਆਖਰੀ ਭਾਗ ਵਿਚ 'ਦਿਨ ਡੁੱਬਾ ਤਰਕਾਲਾਂ ਪਈਆਂ' ਵਿਚ ਆਖਰੀ ਉਮਰ ਵਿਚ ਪਹੁੰਚ ਕੇ ਮਨੁੱਖ ਕੀ ਮਹਿਸੂਸ ਕਰਦਾ, ਕੀ ਚਾਹੁੰਦਾ, ਕੀ ਕਰਦਾ ਤੇ ਕਿਵੇਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਦਾਮਨ ਵਿਚ ਸਮੇਟ ਕੇ ਦੂਸਰਿਆਂ ਲਈ ਪ੍ਰੇਰਨਾ ਸ੍ਰੋਤ ਬਣਨਾ ਚਾਹੁੰਦਾ ਹੈ ਬਾਰੇ ਬਹੁਤ ਖੂਬਸੂਰਤ ਸ਼ਬਦਾਂ ਵਿਚ ਜਾਣਕਾਰੀ ਦਿੱਤੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


'84 ਦੀ ਧੀ
ਲੇਖਕ : ਤਰਲੋਕ ਸਿੰਘ ਹੁੰਦਲ
ਪ੍ਰਕਾਸ਼ਕ : ਰਤਨ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 98150-24920.

1984 ਵਿਚ ਦਿੱਲੀ ਤੇ ਹੋਰਨੀ ਥਾਈਂ ਵਾਪਰੇ ਸਿੱਖ ਕਤਲੇਆਮ ਦਾ ਸੰਤਾਪ, ਹਮੇਸ਼ਾ ਨਾਸੂਰ ਬਣ ਕੇ, ਇਕ ਕਸਕ/ਪੀੜਾ ਤੇ ਟੀਸ ਪੈਦਾ ਕਰਦਾ ਰਹੇਗਾ। ਇਸ ਕੁਲੱਛਣੇ ਸ਼ਤਰੰਜੀ ਕਾਰੇ ਨੂੰ ਲੈ ਕੇ ਬਹੁਤ ਕੁਝ ਲਿਖਿਆ ਗਿਐ, ਫ਼ਿਲਮਾਂ ਬਣੀਆਂ, ਚਰਚਾਵਾਂ ਹੋਈਆਂ ਪਰ ਸ: ਤਰਲੋਕ ਸਿੰਘ ਹੁੰਦਲ ਨੇ ਇਕ ਪਾਤਰ '84 ਦੀ ਧੀ' ਰਾਹੀਂ, ਜਿਸ ਬਾਰੀਕਬੀਨੀ ਤੇ ਸ਼ਿੱਦਤ ਨਾਲ ਇਸ ਸੰਤਾਪ ਨੂੰ ਬਿਆਨ ਕੀਤਾ ਹੈ, ਉਸ ਨੂੰ ਪੜ੍ਹ ਕੇ ਜਾਗਦੀ ਜ਼ਮੀਰ ਵਾਲਾ ਹਰ ਮਨੁੱਖ ਸੋਚਣ ਲਈ ਮਜਬੂਰ ਹੋ ਜਾਂਦੈ, ਅਨੇਕਾਂ ਸਵਾਲ ਉੱਠਦੇ ਨੇ, ਕਿਉਂ ਹੋਇਆ, ਕਿਵੇਂ ਹੋਇਆ, ਮਨਸ਼ਾ ਕੀ ਸੀ, ਬੇਦੋਸ਼ਿਆਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਬੁਰਛਿਆਂ ਨੂੰ ਕੀ ਹਾਸਲ ਹੋਇਆ, ਪੀੜਤਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ ਇਤਿਆਦ। 'ਕਾਕੋ' ਨਾਂਅ ਦੀ ਪਾਤਰ, ਇਸ ਦਾ ਅੱਤ ਘਿਨੌਣੇ ਕਾਰੇ ਦੀ ਜ਼ਿੰਦਾ ਗਵਾਹ ਹੈ, ਜਿਸ ਨੇ ਇਹ ਪੀੜਾ ਪਿੰਡੇ 'ਤੇ ਹੰਢਾਈ ਹੈ। ਪੁਸਤਕ ਦੇ 16 ਅਧਿਆਇ ਹਨ। ਪਹਿਲਾ ਅਧਿਆਇ ਹੈ '84 ਦੀ ਧੀ'। ਸ਼ੈਲੀ, ਰੂਹ ਤੱਕ ਉਤਰ ਜਾਣ ਵਾਲੀ ਹੈ-'ਮੱਸਿਆ ਦੀ ਰਾਤ ਟਿਮਟਿਮਾਉਂਦਾ ਦੀਵਾ ਸਦਾ ਲਈ ਗੁਲ ਹੋ ਗਿਆ। ਪੱਥਰ ਬਣੀ 84 ਉਦੋਂ ਤੱਕ ਕਾਕੋ ਨਾਲ ਲਿਪਟੀ ਰਹੀ ਜਦੋਂ ਤੱਕ ਕਮੇਟੀ ਵਾਲੇ ਨਹੀਂ ਆ ਗਏ। ਲਾਵਾਰਸ ਜਾਣ ਕੇ ਰਾਹਗੀਰਾਂ ਵੱਲੋਂ ਸੁੱਟੀਆਂ ਦਵਾਨੀਆਂ-ਚਵਾਨੀਆਂ ਦੂਰ ਤੱਕ ਖਿਲਰੀਆਂ ਪਈਆਂ ਸਨ।' (ਪੰਨਾ 19) 'ਬੂਟੀ ਦੀ ਚਾਦਰ', 'ਚਰਨ ਧੂੜਿ ਦੀਆਂ ਪੁੜੀਆਂ', 'ਧੀਏ ਘਰ ਜਾਹ ਆਪਣੇ', 'ਦੁਖੜੇ ਬਾਪੂ ਦੇ', 'ਨਾ ਹਮ ਕਿਸ ਕੇ ਬੈਰਾਈ', 'ਕੁਦਰਤਿ ਕੇ ਸਭ ਬੰਦੇ' ਸਮੇਤ ਸਾਰੇ ਲੇਖ, ਪੜ੍ਹਨ ਤੇ ਵਿਚਾਰਨਯੋਗ ਹਨ। 'ਮਮਟੀਆਂ ਦਾ ਦੇਸ ਦੁਆਬਾ' ਰਾਹੀਂ ਦੋਆਬਾ ਖੇਤਰ ਵਿਚ ਮੜੀਆਂ ਮਸਾਣਾਂ ਦੀ ਵਧ ਰਹੀ ਪੂਜਾ, 'ਚਾਰ ਪੁੱਤਰਾਂ' ਲੇਖ ਰਾਹੀਂ ਬਜ਼ੁਰਗਾਂ ਦਾ ਔਲਾਦ ਹੱਥੋਂ ਤ੍ਰਿਸਕਾਰ, 'ਚਿੱਟੇ ਚਾਦਰੇ ਜ਼ਮੀਨਾਂ ਗਹਿਣੇ' ਰਾਹੀਂ ਕਿਸਾਨੀ ਦੀ ਦੁਰਦਸ਼ਾ, 'ਧੀਏ ਘਰ ਜਾਹ ਆਪਣੇ' ਰਾਹੀਂ ਪ੍ਰਵਾਸੀ ਲਾੜਿਆਂ ਹੱਥੋਂ ਦੇਸੀ ਲਾੜੀਆਂ ਦੇ ਸ਼ੋਸ਼ਣ, 'ਮਸਲਾ ਸਿੱਖ ਦੀ ਦਸਤਾਰ ਦਾ ਜਾਂ ਫਿਰ ਪੱਗ ਦਾ' ਰਾਹੀਂ ਫਰਾਂਸ ਸਮੇਤ ਹੋਰਨਾਂ ਕੁਝ ਦੇਸ਼ਾਂ ਵਿਚ ਸਿੱਖਾਂ ਨਾਲ ਨਸਲੀ ਵਿਤਕਰੇ ਦੇ ਗਹਿਰ ਗੰਭੀਰ ਮੁੱਦੇ ਨੂੰ ਉਭਾਰਿਆ ਗਿਆ ਹੈ। ਪੁਸਤਕ ਦੀ ਖੂਬੀ ਹੈ ਕਿ ਹਰੇਕ ਲੇਖ ਤੋਂ ਪਹਿਲਾਂ ਇਕ ਇਕ ਪੈਰਾ ਦਰ ਖੋਲ੍ਹਦਾ ਹੈ। ਅਨੇਕਾਂ ਕਾਵਿਕ ਟੂਕਾਂ ਤੇ ਉਰਦੂ ਦੇ ਬਿਹਤਰੀਨ ਸ਼ਿਅਰਾਂ ਦੀ ਵਰਤੋਂ ਕਮਾਲ ਦੀ ਹੈ।
(ਕੋਈ ਸ਼ੇਖ ਬਨ ਗਯਾ, ਕੋਈ ਬਨ ਗਯਾ ਬਰਾਹਮਨ)
ਹਰ ਸ਼ਖ਼ਸ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ) ਪੰਨਾ 82
ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣ ਵੀ ਦਿੱਤੇ ਗਏ ਹਨ। ਪੁਸਤਕ ਪਾਠਕਾਂ ਦੇ ਮਨਾਂ ਉੱਤੇ ਅਮਿੱਟ ਪ੍ਰਭਾਵ ਛੱਡਣ ਵਾਲੀ ਹੈ।

-ਤੀਰਥ ਸਿੰਘ ਢਿੱਲੋਂ
ਮੋ: 98154-61710.

 

 

ਮੋਹ ਮੁਹੱਬਤ
ਲੇਖਕ : ਗਿ: ਕੇਵਲ ਸਿੰਘ ਨਿਰਦੋਸ਼
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 107
ਸੰਪਰਕ : 98769-64333.

ਮੋਹ-ਮੁਹੱਬਤ ਕਾਵਿ ਸੰਗ੍ਰਹਿ ਵਿਚ ਪਰਵਾਸੀ ਕਵੀ ਗਿ: ਕੇਵਲ ਸਿੰਘ ਨਿਰਦੋਸ਼ ਨੇ ਆਪਣੇ ਜੀਵਨ ਦੇ ਕਈ ਸੰਵੇਦਨਸ਼ੀਲ ਅਨੁਭਵ ਤੇ ਸਿੱਖ ਧਰਮ ਦੇ ਕਈ ਮਹਾਨ ਕਥਨਾਂ ਦੇ ਆਧਾਰ 'ਤੇ ਕਾਵਿ ਰਚਨਾ ਕੀਤੀ ਹੈ। ਲਗਪਗ 25 ਪੁਸਤਕਾਂ ਦੇ ਸਿਰਜਕ ਕੇਵਲ ਸਿੰਘ ਨਿਰਦੋਸ਼ ਜੀ ਨੇ ਆਪ ਵੀ ਸਾਰੰਗੀ ਉੱਤੇ ਵਾਰਾਂ ਪੇਸ਼ ਕਰਨ ਦਾ ਮਾਣ ਹਾਸਲ ਕੀਤਾ ਹੈ।
ਧਰਮ ਦੀ ਵਿਗਿਆਨਕ ਦ੍ਰਿਸ਼ਟੀ ਰੱਖਣ ਵਾਲੇ ਇਸ ਕਵੀ ਨੇ ਸਿੱਖ ਧਰਮ ਤੇ ਸਿੱਖ ਇਤਿਹਾਸ ਪ੍ਰਤੀ ਅਪਾਰ ਸ਼ਰਧਾ ਤੇ ਵਿਗਿਆਨਕ ਸੋਝੀ ਦਾ ਪ੍ਰਮਾਣ ਪੇਸ਼ ਕੀਤਾ ਹੈ। ਧਰਮ ਨੂੰ ਵਪਾਰ ਬਣਾਉਣ ਵਾਲੇ ਅਨਸਰਾਂ ਉੱਪਰ ਵੀ ਕਵੀ ਚਿੰਤਾ ਤੇ ਵਿਅੰਗ ਦਾ ਇਜ਼ਹਾਰ ਕਰਦਾ ਹੈ। ਕਵੀ ਨਿਰਦੋਸ਼ ਦੀ ਇਸ ਪੁਸਤਕ ਵਿਚ ਦੋ ਵਰਗ ਬਣਾਏ ਜਾ ਸਕਦੇ ਹਨ। ਇਕ ਵਰਗ ਉਨ੍ਹਾਂ ਕਾਵਿ ਰਚਨਾਵਾਂ ਦਾ ਹੈ, ਜਿਨ੍ਹਾਂ ਰਾਹੀਂ ਸਿੱਖ ਧਰਮ ਦੇ ਸ਼ਾਨਦਾਰ ਵਿਰਸੇ ਤੇ ਮਹਾਂਪੁਰਸ਼ਾਂ ਬਾਰੇ ਕਵੀ ਨੇ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਇਸ ਵਿਚ ਦਿਲਹੁ, ਮੁਹੱਬਤ, ਜ਼ਿੰਦਰੇ ਨਾਲ ਕੁੰਜੀ ਖੋਲ੍ਹਣਾ, ਸ਼ਹੀਦਾਂ ਦੇ ਸਿਰਤਾਜ, ਸਿੱਖੀ ਸੰਭਾਲ ਤੇ ਸਿੱਖਾਂ ਬਲਿਹਾਰੀ ਕੁਦਰਤ ਵਸਿਆ, ਖਸਮੈ ਭਾਵੈ ਸੋਈ ਚੰਗਾ ਆਦਿ ਕਵਿਤਾਵਾਂ ਧਿਆਨ ਮੰਗਦੀਆਂ ਹਨ।
ਕਵੀ ਨੇ ਕੁਝ ਹੋਰ ਵਿਸ਼ਿਆਂ ਰਾਹੀਂ ਸਾਹਿਤਕਾਰ ਦੇ ਫਰਜ਼ਾਂ ਬਾਰੇ, ਮਸ਼ੀਨੀਕਰਨ ਦੀ ਹੋ ਰਹੀ ਦੁਰਵਰਤੋਂ ਬਾਰੇ, ਆਪਣੀਆਂ ਵਾਤਾਵਰਨ ਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਅਵੇਸਲਾ ਹੋ ਰਿਹਾ ਇਨਸਾਨ, ਖ਼ੁਦਗਰਜ਼ੀ ਅਤੇ ਸਵਾਰਥ 'ਤੇ ਕੇਂਦਰਿਤ ਰਹਿ ਕੇ ਆਪਣੇ ਮਨ ਵਿਚੋਂ ਮਨੁੱਖਤਾ ਦੀ ਸੇਵਾ ਤੇ ਸਰਬੱਤ ਦੇ ਭਲੇ ਨੂੰ ਵਿਸਾਰ ਰਹੇ ਮਨੁੱਖ ਦੀ ਭਟਕਣਾ ਵੀ ਕਵੀ ਨੇ ਇਸ ਕਾਵਿ ਪੁਸਤਕ ਰਾਹੀਂ ਪ੍ਰਗਟ ਕੀਤੀ ਹੈ। ਉਹ ਚਿੰਤਾ ਛੱਡ ਕੇ ਚਿੰਤਨ ਕਰਨ ਦੀ ਪ੍ਰਵਿਰਤੀ ਉੱਪਰ ਜ਼ੋਰ ਦਿੰਦਾ ਹੈ :
ਆਓ ਮਨ ਦਾ ਮੰੰਥਨ ਕਰੀਏ। ਚਿੰਤਾ ਛੱਡ ਕੇ ਚਿੰਤਨ ਕਰੀਏ
ਸੁੱਚੀ ਕਿਰਤੋਂ ਆਊ ਸੁਗੰਧੀ। ਡੱਕ ਪਲਾਹ ਨੂੰ ਚੰਦਨ ਕਰੀਏ।
ਕਵੀ ਨੇ ਆਪਣੀ ਜੀਵਨ ਸਾਥਣ ਦੇ ਨਾਂਅ ਬੜੀ ਭਾਵਪੂਰਤ ਨਜ਼ਮ ਲਿਖੀ ਹੈ 'ਦਰਦ ਦਿਲੇ ਦਾ' ਰਾਹੀਂ ਉਹ ਆਪਣੇ ਮਨ ਦੀ ਇਕੱਲਤਾ ਨੂੰ ਅੱਖਰਾਂ ਦਾ ਜਾਮਾ ਪਹਿਨਾ ਕੇ ਪੇਸ਼ ਕਰਦਾ ਹੈ। ਵਿਸ਼ਿਆਂ ਦੀ ਵੰਨ-ਸੁਵੰਨਤਾ ਨਾਲ ਭਰਪੂਰ ਇਹ ਕਾਵਿ ਸੰਗ੍ਰਹਿ ਕਵੀ ਦੀ ਵਿਦਵਤਾ ਦਾ ਨਮੂਨਾ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ


ਕਲਮ ਦੀਆਂ ਕਿਰਨਾਂ
ਲੇਖਕ : ਵਰਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 96468-52416


ਕਲਮ ਦੀਆਂ ਕਿਰਨਾਂ ਵਰਿੰਦਰ ਕੌਰ ਰੰਧਾਵਾ ਦਾ ਪਹਿਲਾ, ਕਾਵਿ-ਸੰਗ੍ਰਹਿ ਹੈ; ਜਿਸ ਵਿਚ ਲਗਪਗ 9 ਦਰਜਨ ਕਵਿਤਾਵਾਂ ਸ਼ਾਮਿਲ ਹਨ। ਵਰਿੰਦਰ ਕੌਰ ਨੇ ਵਧੇਰੇ ਆਤਮਿਕ ਅਤੇ ਅਨਾਤਮਿਕ ਜਗਤ ਵੱਲ ਵਧੇਰੇ ਭਾਵਨਾਤਮਿਕ ਕਰਮ ਪ੍ਰਤੀਕਰਮ ਪੇਸ਼ ਕੀਤੇ ਹਨ। ਕਵਿੱਤਰੀ ਪਿਓ-ਧੀ ਦੇ ਪਵਿੱਤਰ-ਰਿਸ਼ਤੇ ਦੀ ਮਹੱਤਤਾ ਪ੍ਰਗਟਾਉਂਦੀ ਹੋਈ, 'ਧੀ ਨੂੰ ਕੋਹੇਨੂਰ ਦੇ ਮੁੱਲ ਵਰਗਾ' ਕਹਿੰਦੀ ਹੈ। ਮਾਂ ਦੇ ਪਵਿੱਤਰ ਰਿਸ਼ਤੇ ਦਾ ਅਭਿਨੰਦਨ ਕਰਦੀ ਹੈ, 'ਧੀਆਂ-ਭੈਣਾਂ ਦਾ ਸਮਾਜਿਕ ਸਤਿਕਾਰ ਜ਼ਰੂਰ ਚਾਹੀਦਾ ਹੈ। ਜ਼ਿੰਦਗੀ ਲਈ ਗ਼ਰੀਬੀ ਨਰਕ ਵਾਂਗ ਹੈ। ਸਮਾਜਿਕ-ਬੁਰਾਈਆਂ ਲੋਕ ਜੀਵਨ ਵਿਚ ਨਰਕ ਸਿਰਜਦੀਆਂ ਹਨ। ਵਰਤਮਾਨ ਸਮੇਂ ਨੌਜਵਾਨ ਨਸ਼ਿਆਂ ਕਾਰਨ ਆਪਣਾ ਜੀਵਨ ਨਰਕ ਬਣਾ ਰਹੇ ਹਨ। ਔਰਤ ਨੂੰ ਅਜੇ ਵੀ ਆਜ਼ਾਦੀ ਨਹੀਂ। ਤਲਾਕਸ਼ੁਦਾ ਔਰਤ ਨਰਕ ਭੋਗਦੀ ਹੈ। ਸਾਡੇ ਸਮਾਜ ਵਿਚ ਅਜੇ ਵੀ 'ਬਚਪਨ' ਮੁੱਲ ਵਿਕਦਾ ਹੈ। ਕਵਿੱਤਰੀ ਨੇ ਹੋਰ ਅਨੇਕਾਂ ਵਿਸ਼ਿਆਂ ਨੂੰ ਕਵਿਤਾਇਆ ਹੈ, ਜਿਵੇਂ ਰੁੱਖ-ਪੌਦੇ; ਬੇਰੁਜ਼ਗਾਰੀ, ਨਰਕ-ਸਵਰਗ; ਅੱਖੀਆਂ ਦਾ ਪਾਣੀ; ਦੋ ਸ਼ਬਦ : ਜ਼ਿੰਦਗੀ; ਪਿੰਜਰੇ ਦਾ ਤੋਤਾ; 'ਨਸ਼ਾ ਕਰਨਾ ਤਾਂ...., ਪ੍ਰਭਾਤ, ਆਦਿ; ਇਕ ਦੋਹਾ ਪੇਸ਼ ਹੈ :
'ਪੁੱਤਰ ਜੰਮ ਕੇ ਨਾ ਕਰੀਂ, ਬੀਬਾ ਤੂੰ ਹੰਕਾਰ
ਦੁਆ ਇਹੋ ਨਿੱਤ ਕਰੀਂ ਤੂੰ, ਮਿਲੇ ਤੈਨੂੰ ਸਤਿਕਾਰ।'
ਇਕ ਸੁਨੇਹਾ ਹੈ :
'ਸਾੜ ਦਏ ਜੋ ਆਸ਼ਿਆਨਾ, ਐਸਾ ਦੀਪ ਜਗਾਵੀਂ ਨਾ,
ਗਲ਼ ਘੁੱਟੇ ਮਾਸੂਮ ਦਾ, ਸੁਪਨਾ ਨਿੱਜ ਸਜਾਵੀਂ ਨਾ।
ਵਰਿੰਦਰ ਕੌਰ ਰੰਧਾਵਾ ਦਾ ਇਹ ਕਾਵਿ ਸੰਗ੍ਰਹਿ ਉਸ ਦਾ ਪਹਿਲਾ-ਕਾਵਿ ਸੰਗ੍ਰਹਿ ਹੈ। ਕਵਿਤਾ ਲਿਖਣ ਲਈ ਕਵਿੱਤਰੀ ਕੋਲ ਜਿਥੇ ਸੰਵੇਦਨਾ, ਵੇਦਨਾ, ਭਾਵਨਾ, ਕਰਮ ਪ੍ਰਤੀਕਰਮ ਹੁੰਦੇ ਹਨ; ਉਥੇ ਚੰਗੀ ਕਵਿਤਾ; ਜ਼ਿੰਦਗੀ ਸਮਾਜ ਸੰਸਾਰ ਦੀ ਵਿਆਖਿਆ ਵੀ ਕਰਦੀ ਹੈ। ਜ਼ਿੰਦਗੀ ਸੰਘਰਸ਼ ਹੈ। ਬੌਧਿਕ ਅਤੇ ਕਲਾਤਮਿਕ ਤੌਰ 'ਤੇ ਕਾਵਿ-ਸਿਰਜਣਾ ਲਈ ਅਧਿਐਨ ਤੇ ਅਭਿਆਸ ਜ਼ਰੂਰੀ ਹੈ। ਅੱਜ ਕਵਿੱਤਰੀ ਨੂੰ ਕਾਵਿ ਦੀਆਂ ਸੰਰਚਨਾਤਮਿਕ; ਭਾਵਨਾਤਮਿਕ ਅਤੇ ਸੁਹਜਾਤਮਿਕ ਦ੍ਰਿਸ਼ਟੀ ਤੋਂ ਸੁਚੇਤ ਹੋਣ ਲਈ ਹੋਰ ਵਧੇਰੇ ਅਭਿਆਸ ਦੀ ਲੋੜ ਹੈ।

-ਡਾ: ਅਮਰ ਕੋਮਲ
ਮੋ: 08437873565.


ਪੰਜਾਬੀ ਮਾਂ-ਬੋਲੀ ਦਾ ਸਪੂਤ ਗ਼ਜ਼ਲਕਾਰ
ਗਿੱਲ ਮੋਰਾਂਵਾਲੀ
ਸੰਪਾਦਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94174-84337.

ਗਿੱਲ ਮੋਰਾਂਵਾਲੀ ਪੰਜਾਬੀ ਅਦਬ ਦਾ ਪੁਰਾਣਾ ਨਿਰੰਤਰ ਲਿਖਣ ਵਾਲਾ ਕਲਮਕਾਰ ਹੈ। ਇਸ ਪੁਸਤਕ ਵਿਚ ਗਿੱਲ ਦੀਆਂ ਛਪੀਆਂ ਪੁਸਤਕਾਂ ਦੀ ਲੰਬੀ ਸੂਚੀ ਦਰਜ ਹੈ ਤੇ ਉਸ ਨੂੰ ਮਿਲੇ ਸਨਮਾਨਾਂ ਦੇ ਵੇਰਵੇ ਹਨ। ਗਿੱਲ ਮੋਰਾਂਵਾਲੀ ਸਬੰਧੀ ਵਿਸਤਰਤ ਜਾਣਕਾਰੀ ਦੇ ਨਾਲ-ਨਾਲ ਉਸ ਬਾਰੇ ਬਾਰੇ ਹੋਰਨਾਂ ਦੀਆਂ ਰਾਵਾਂ ਵੀ ਵਿਸਥਾਰ ਨਾਲ ਛਾਪੀਆਂ ਗਈਆਂ ਹਨ। ਗਿੱਲ ਬਾਰੇ ਹੋਏ ਖੋਜ ਕਾਰਜਾਂ ਦੀ ਸੂਚੀ ਵੀ ਇਸ ਵਿਚ ਦਰਜ ਹੈ। ਇਸ ਕਿਤਾਬ ਦੇ ਪੰਨਾ 55 ਤੋਂ 144 ਤੱਕ ਉਸ ਦੀਆਂ ਗ਼ਜ਼ਲਾਂ ਦੀ ਪ੍ਰਕਾਸ਼ਨਾ ਕੀਤੀ ਗਈ ਹੈ।
ਇੰਜ ਇਸ ਪੁਸਤਕ ਨੂੰ ਇਕ ਮਿੰਨੀ ਅਭਿਨੰਦਨ ਗ੍ਰੰਥ ਕਹਿਣਾ ਵਧੇਰੇ ਉਚਿੱਤ ਹੈ। ਇਸ ਪੁਸਤਕ ਵਿਚ ਛਪੀਆਂ ਗਿੱਲ ਦੀਆਂ ਗ਼ਜ਼ਲਾਂ ਦੀ ਵਿਸ਼ੇਸ਼ਤਾ ਇਨ੍ਹਾਂ ਦੀ ਸਰਲਤਾ ਹੈ। ਉਸ ਨੇ ਜ਼ਿਆਦਾਤਰ ਛੋਟੀ ਬਹਿਰ ਦਾ ਇਸਤੇਮਾਲ ਕੀਤਾ ਹੈ ਤੇ ਮਨੁੱਖੀ ਜ਼ਿੰਦਗੀ ਦੇ ਸੂਖ਼ਮ ਭਾਵਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਗਿੱਲ ਨੇ ਕਿਤੇ-ਕਿਤੇ ਅਵੇਸਲੇ ਵਿਚ ਕੁਝ ਖੁੱਲ੍ਹਾਂ ਵੀ ਲਈਆਂ ਹਨ, ਜਿਨ੍ਹਾਂ ਨੂੰ ਅਰੂਜ਼ ਮੁਤਾਬਿਕ ਗੰਭੀਰ ਮੰਨਿਆ ਜਾਂਦਾ ਹੈ। ਕਦੀ ਸਮਾਂ ਸੀ ਪੰਜਾਬੀ ਗ਼ਜ਼ਲ ਲਿਖਣ ਵਾਲੇ ਗਿਣਵੇਂ ਚੁਣਵੇਂ ਸਨ ਪਰ ਅਜੋਕੇ ਦੌਰ ਵਿਚ ਆਪਣੀ ਪਛਾਣ ਬਣਾਈ ਰੱਖਣ ਤੇ ਰਚਨਾਵਾਂ ਦੀ ਤਾਜ਼ਗੀ ਲਈ ਅਦੀਬਾਂ ਨੂੰ ਆਪਣੀ ਸ਼ੈਲੀ ਵਿਚ ਪ੍ਰੀਵਰਤਨ ਕਰਦੇ ਰਹਿਣਾ ਚਾਹੀਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

 

 


ਹਲਫ਼ਨਾਮਾ
ਕਹਾਣੀਕਾਰ : ਕੇਵਲ ਸਿੰਘ ਰਾਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98155-40482.


ਕੇਵਲ ਸਿੰਘ ਰਾਣਾ ਭਾਵੇਂ ਮੂਲ ਰੁਪ ਵਿਚ ਪੱਤਰਕਾਰੀ ਦੇ ਖੇਤਰ ਨਾਲ ਸਬੰਧਤ ਹੈ ਪਰ ਉਸ ਦੀ ਸਾਹਿਤ ਪ੍ਰਤੀ ਲਗਨ ਅਤੇ ਪੜ੍ਹਨ ਲਿਖਣ ਵਾਲੀ ਸਿਰਜਣਾਤਮਕ ਬਿਰਤੀ ਸਦਕਾ 'ਹਲਫ਼ਨਾਮਾ' ਮਿੰਨੀ ਕਹਾਣੀ ਸੰਗ੍ਰਹਿ ਹੋਂਦ ਵਿਚ ਆਇਆ। ਇਸ ਪੁਸਤਕ ਵਿਚ ਉਸ ਦੀਆਂ 90 ਮਿੰਟੀ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਜਦੋਂ ਅਸੀਂ ਉਸ ਦੀਆਂ ਕਹਾਣੀਆਂ ਦੇ ਮੂਲ ਸਰੋਕਾਰਾਂ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਵਿਚ ਸਮਾਜਿਕ, ਰਾਜਨੀਤਕ, ਸੱਭਿਆਚਾਰ ਅਤੇ ਧਾਰਮਿਕ ਭ੍ਰਿਸ਼ਟਾਚਾਰ ਨੂੰ ਮੂਲ ਮੁੱਦੇ ਦੇ ਰੂਪ ਵਿਚ ਉਭਾਰ ਕੇ ਅਜਿਹੇ ਵਾਤਾਵਰਨ ਨੂੰ ਵਿਅੰਗਾਤਮਕ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਭਾਵੇਂ ਮਿੰਨੀ ਕਹਾਣੀ 'ਗ੍ਰਾਂਟ', ਸਰਕਾਰੀ ਮੰਗਤਾ, ਝਗੜੇ ਵਾਲੀ ਜ਼ਮੀਨ, ਪੇਂਡੂ ਲੋਕ, ਸ਼ਹਿਰੀ ਲੋਕ, ਪੋਸਟ ਮਾਰਟਮ ਜਾਂ ਹੋਰ ਕਈ ਕਹਾਣੀਆਂ ਅਜਿਹੇ ਹੀ ਵਾਤਾਵਰਨ ਨੂੰ ਪੇਸ਼ ਕਰਦੀਆਂ ਹਨ, ਜਿਥੇ ਆਮ ਵਿਅਕਤੀ ਲਈ ਭ੍ਰਿਸ਼ਟਾਚਾਰੀ ਤਾਕਤਾਂ ਸਾਹਮਣੇ ਖਲੋਣਾ ਤਾਂ ਕੀ ਸਾਹ ਲੈਣਾ ਵੀ ਔਖਾ ਹੈ। ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਣ ਕਰਕੇ ਕਹਾਣੀਕਾਰ ਨੇ ਇਸ ਖੇਤਰ ਵਿਚ ਪੈਦਾ ਹੋਈ ਗਿਰਾਵਟ ਨੂੰ ਵੀ ਆਪਣੀ ਸਿਰਜਣਾਤਮਕਤਾ ਦਾ ਆਧਾਰ ਬਣਾਇਆ ਹੈ। ਚਾਹੇ ਸਿੱਖਿਆ ਦਾ ਖੇਤਰ ਹੋਵੇ, ਧਾਰਮਿਕ ਵਿਅਕਤੀਆਂ ਦਾ ਕਿਰਦਾਰ ਹੋਵੇ, ਪਰਿਵਾਰ ਵਿਚ ਮੋਹ ਭਰੇ ਰਿਸ਼ਤਿਆਂ ਦੇ ਟੁੱਟਣ ਦੀ ਗੱਲ ਹੋਵੇ ਕੇਵਲ ਸਿੰਘ ਰਾਣਾ ਦੀ ਸਿਰਜਣਾਤਮਕ ਦਾ ਤਿੱਖਾ ਨਸ਼ਤਰ ਇਸ ਨੂੰ ਅਜਿਹੇ ਢੰਗ ਨਾਲ ਪੇਸ਼ ਕਰਦਾ ਹੈ ਕਿ ਪਾਠਕ ਉਸ ਦੇ ਅਰਥਾਂ ਵਿਚੋਂ ਸਹਿਜ ਭਾਅ ਹੀ ਆਚੰਭਿਤ ਭਰਿਆ ਵਾਤਾਵਰਨ ਗ੍ਰਹਿਣ ਕਰਦਾ ਹੈ। ਅਸਲ ਵਿਚ ਤਾਕਤ ਅਤੇ ਸੱਤਾ ਮਨੁੱਖ ਦੀਆਂ ਅੱਖਾਂ 'ਤੇ ਪਰਦਾ ਪਾਈ ਰੱਖਦੀ ਹੈ ਪਰ ਇਸ ਦੇ ਖੁੱਸ ਜਾਣ ਬਾਅਦ ਹੀ ਮਨੁੱਖੀ ਅਹਿਸਾਸ ਜਾਗਦੇ ਹਨ ਕੁਝ ਅਜਿਹਾ ਅਨੁਭਵ ਵੀ ਕੁਝ ਮਿੰਨੀ ਕਹਾਣੀਆਂ ਵਿਚ ਪੇਸ਼ ਹੈ। ਮਿੰਨੀ ਕਹਾਣੀਆਂ ਦੇ ਨਾਲ ਉਨ੍ਹਾਂ ਵਿਚਲੀ ਸੁਰ ਨੂੰ ਪੇਸ਼ ਕਰਦੇ ਚਿੱਤਰ ਅਤੇ ਸੁਆਦਲੀ ਸ਼ੈਲੀ ਇਸ ਪੁਸਤਕ ਦੀ ਪ੍ਰਾਪਤੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਸੱਤਾ, ਸੰਘਰਸ਼ ਅਤੇ ਸਾਹਿਤ
ਲੇਖਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98149-22040

ਡਾ: ਭੀਮ ਇੰਦਰ ਸਿੰਘ ਮਾਰਕਸਵਾਦੀ ਆਲੋਚਕ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ। ਹੱਥਲੀ ਪੁਸਤਕ 'ਸੱਤਾ, ਸੰਘਰਸ਼ ਅਤੇ ਸਾਹਿਤ' ਰਾਹੀਂ ਇਸ ਵਿਚਾਰ ਨੂੰ ਹੋਰ ਵਧੇਰੇ ਪ੍ਰਪੱਕ ਕਰਦੇ ਹਨ ਕਿ ਸੱਤਾ, ਸੰਘਰਸ਼ ਅਤੇ ਸਾਹਿਤ ਦਾ ਮਨੁੱਖੀ ਇਤਿਹਾਸ ਨਾਲ ਡੂੰਘਾ ਸਬੰਧ ਹੈ। ਸਾਹਿਤ ਨੇ ਸਮਾਜਿਕ ਪਰਿਵਰਤਨ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਾਹਿਤਕਾਰ ਚੇਤੰਨ ਤੌਰ 'ਤੇ ਦੱਬੇ-ਕੁਚਲੇ, ਲਿਤਾੜੇ, ਗ਼ਰੀਬ, ਮਜ਼ਦੂਰ ਆਦਿ ਵਰਗਾਂ ਦੇ ਹਿੱਤਾਂ ਦੀ ਪੂਰਤੀ ਲਈ ਨਿਰੰਤਰ ਜੂਝਦਾ ਆਇਆ ਹੈ ਅਤੇ ਸੰਘਰਸ਼ਸ਼ੀਲ ਰਿਹਾ ਹੈ। ਆਦਿਕਾਲ ਤੋਂ ਹੀ ਸਾਹਿਤ ਵਿਚ ਰਾਜਨੀਤੀ ਅਤੇ ਸੁਹਜ ਸ਼ਾਸਤਰ ਦਾ ਸੁਮੇਲ ਪ੍ਰਗਟ ਹੁੰਦਾ ਰਿਹਾ ਹੈ, ਸਾਹਿਤਕਾਰ ਦੀਆਂ ਰਚਨਾਵਾਂ ਆਪਣੇ ਸਮੇਂ ਦੀਆਂ ਰਾਜਸੀ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਹਨ ਤੇ ਪ੍ਰਤੀਬਿੰਬਤ ਕਰਦੀਆਂ ਆਈਆਂ ਹਨ।
ਡਾ: ਭੀਮ ਇੰਦਰ ਸਿੰਘ ਨੇ ਇਸ ਪੁਸਤਕ ਵਿਚ ਵੰਨ-ਸੁਵੰਨੇ ਵਿਸ਼ਿਆਂ ਨਾਲ ਸਬੰਧਤ 16 ਲੇਖ ਦਿੱਤੇ ਹਨ। ਜਿਨ੍ਹਾਂ ਵਿਚ-ਵਿਸ਼ਵੀਕਰਨ : ਸਿਧਾਂਤ ਅਤੇ ਸੰਕਟ, ਵਿਸ਼ਵੀਕਰਨ ਦੇ ਸਿਆਸੀ ਸੰਦਰਭ, ਭਾਰਤੀ ਸੰਵਿਧਾਨ ਬਨਾਮ ਫਿਰਕਾਪ੍ਰਸਤੀ, ਭਾਰਤ ਵਿਚ ਵਧ ਰਿਹਾ ਨਵ-ਫ਼ਾਸ਼ੀਵਾਦ, ਪੰਜਾਬ ਵਿਚ 'ਆਪ' ਦਾ ਉਭਾਰ, ਬੰਗਾਲ ਵਿਚ ਖੱਬੇ-ਪੱਖੀਆਂ ਦੀ ਹਾਰ, ਪੰਜਾਬੀ ਭਾਸ਼ਾ ਦੀ ਸਿਆਸੀ ਪਿੱਠਭੂਮੀ, ਜੁਝਾਰਵਾਦੀ ਕਵਿਤਾ ਦੇ ਵਿਭਿੰਨ ਪਾਸਾਰ, ਗ਼ਦਰ ਲਹਿਰ ਦੇ ਸਿਆਸੀ ਸਰੋਕਾਰ, ਅਕਤੂਬਰ ਇਨਕਲਾਬ ਦਾ ਮਹੱਤਵ ਆਦਿ ਹਨ। ਲੇਖਕ ਅਜੋਕੇ ਸਮੇਂ ਵਿਚ ਸੱਤਾ ਅਤੇ ਸੰਘਰਸ਼ ਦੇ ਬਦਲ ਰਹੇ ਸਰੂਪ ਉੱਪਰ ਆਪਣਾ ਪ੍ਰਤੀਕਰਮ ਪ੍ਰਗਟਾਉਂਦਾ ਹੈ। ਰਾਜਨੀਤਕ ਸਥਿਤੀ ਭ੍ਰਿਸ਼ਟ, ਫ਼ਿਰਕਾਪ੍ਰਸਤ, ਅਪਰਾਧੀ ਅਤੇ ਫ਼ਾਸ਼ੀਵਾਦੀ ਹੁੰਦੀ ਜਾ ਰਹੀ ਹੈ। ਸ਼ਹਿਰੀ ਆਜ਼ਾਦੀਆਂ ਅਤੇ ਵਿਚਾਰਾਂ ਦੀ ਆਜ਼ਾਦੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਦੇਸ਼ ਅਸਹਿਣਸ਼ੀਲਤਾ ਦੇ ਦੌਰ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ ਸਮੇਂ ਇਸ ਪੁਸਤਕ ਦੀ ਸਾਰਥਿਕਤਾ ਹੋਰ ਵਧ ਜਾਂਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

 

 


ਕਹਾਣੀ ਧਾਰਾ
(ਜਨਵਰੀ-ਜੂਨ 2017-ਵਿਸ਼ੇਸ਼ ਨਾਵਲ ਅੰਕ)
ਸੰਪਾਦਕ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਬਰਾਈਟ ਪ੍ਰਿੰਟਿੰਗ ਪ੍ਰੈਸ ਧਰਮਪੁਰਾ (ਜਲੰਧਰ)
ਮੁੱਲ : 80 ਰੁਪਏ, ਸਫ਼ੇ : 240
ਸੰਪਰਕ : 94170-64350.

ਪੰਜਾਬੀ ਕਹਾਣੀ ਨੂੰ ਸਮਰਪਿਤ ਅੰਕ 44-45 ਨਿਰੋਲ ਪੰਜਾਬੀ ਨਾਵਲ 'ਤੇ ਕੇਂਦਰਿਤ ਹੈ। ਸੰਪਾਦਕ ਨੇ ਇਸ ਦੀ ਸਮੁੱਚੀ ਸਮਗਰੀ ਨੂੰ ਬਾਕਮਾਲ ਤਰਤੀਬ ਦਿੱਤੀ ਹੈ। ਮਹਿਮਾਨ ਸੰਪਾਦਕੀ ਵਿਚ ਤਸਕੀਨ ਨੇ ਪੰਜਾਬੀ ਨਾਵਲ ਦੇ ਵਿਚਾਰਧਾਰਕ ਨੈਣ ਨਕਸ਼ ਚਿਤਰੇ ਹਨ। ਪੰਜਾਬੀ ਦੇ ਮੁਢਲੇ ਨਾਵਲਕਾਰ ਤੋਂ ਹੁਣ ਤੱਕ ਦੇ ਤੇ ਬਹੁਤ ਸਾਰੇ ਵਿਦੇਸ਼ੀ ਨਾਵਲਕਾਰਾਂ ਦੇ ਸਿਰਜੇ ਨਾਵਲਾਂ ਦਾ ਬਿਰਤਾਂਤ ਹੈ।
ਪੰਜਾਬੀ ਪ੍ਰਗਤੀਵਾਦੀ ਧਾਰਾ ਦਾ ਜ਼ਿਕਰ ਹੈ। ਸੰਪਾਦਕੀ ਵਿਚ ਪੰਜਾਬੀ ਨਾਵਲਾਂ ਦਾ ਅਤੀਤ ਤੇ ਵਰਤਮਾਨ ਸਿਰਲੇਖ ਹੇਠ ਪੰਜਾਬੀ ਦੇ ਕਲਾਸਿਕ ਨਾਵਲਾਂ 'ਤੇ ਰੌਸ਼ਨੀ ਪਾਈ ਹੈ। ਪੰਜਾਬੀ ਨਾਵਲ ਦੇ ਵਿਭਿੰਨ ਝੁਕਾਅ ਤੇ ਨਾਵਲ ਵਿਚ ਉੱਭਰ ਰਹੀ ਦਲਿਤ ਚੇਤਨਾ ਦਾ ਹਵਾਲਾ ਹੈ। ਅਜੀਤ ਕੌਰ, ਅੰਮ੍ਰਿਤਾ ਪ੍ਰੀਤਮ, ਸੁਰਿੰਦਰ ਨੀਰ, ਦਲੀਪ ਕੌਰ ਟਿਵਾਣਾ ਤੋਂ ਲੈ ਕੇ ਨਵੀਂ ਪੀੜ੍ਹੀ ਦੇ ਪਰਗਟ ਸਿੰਘ ਸਤੌਜ ਦੇ ਨਾਵਲ ਤੀਵੀਆਂ ਤੇ ਸਾਰਥਿਕ ਵਿਚਾਰ ਹਨ। ਪੰਨਾ 24-57 ਤੱਕ ਦੀ ਚਰਚਾ ਵਿਚ ਕੁੱਲ 32 ਨਾਵਲਾਂ ਦੇ ਟਾਈਟਲ ਹਨ। ਉੱਘੇ ਨਾਵਲਕਾਰਾਂ ਦੇ ਨਾਵਲਾਂ ਦੇ ਅਧਾਰਿਤ ਇਕ ਗਹਿਰ ਗੰਭੀਰ ਵਿਚਾਰ-ਚਰਚਾ ਹੈ ਜਿਸ ਵਿਚ ਡਾ: ਟੀ.ਆਰ. ਵਿਨੋਦ, ਜੁਗਿੰਦਰ ਸਿੰਘ ਰਾਹੀ, ਮਿੱਤਰ ਸੈਨ ਮੀਤ, ਸੁਰਿੰਦਰ ਕੁਮਾਰ ਦਵੇਸ਼ਵਰ, ਦਰਸ਼ਨ ਸਿੰਘ ਗਿੱਲ ਦੇ 2010 ਵਿਚ ਛਪੇ ਵਿਚਾਰਾਂ ਦਾ ਹਿੰਦੀ ਤੋਂ ਪੰਜਾਬੀ ਰੂਪ ਹੈ। ਇਸ ਵਿਚ ਨਾਵਲਕਾਰ ਨਾਨਕ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ ਦੇ ਨਾਵਲਾਂ ਬਾਰੇ ਮਿਆਰੀ ਵਿਚਾਰ ਹਨ। ਇਨ੍ਹਾਂ ਵਿਚ ਅਣਖੀ, ਸੋਹਨ ਸਿੰਘ ਸੀਤਲ, ਕਰਤਾਰ ਸਿੰਘ ਦੁੱਗਲ ਦੇ ਨਾਵਲਾਂ ਦਾ ਵੀ ਵਿਸ਼ਲੇਸ਼ਣ ਹੈ। ਨਾਵਲਕਾਰ ਬਲਬੀਰ ਪਰਵਾਨਾ ਨਾਲ ਡਾ: ਰਜਨੀਸ਼ ਬਹਾਦਰ ਸਿੰਘ ਦੀ ਤੇ ਪ੍ਰੋ: ਨੀਤੂ ਸਿੰਘ ਦੀ ਦੇਸ ਰਾਜ ਕਾਲੀ ਨਾਲ ਸਾਹਿਤਕ ਮੁਲਾਕਾਤ ਵੀ ਪਾਠਕਾਂ ਦਾ ਧਿਆਨ ਖਿੱਚਦੀ ਹੈ। ਨਾਵਲ ਬਾਰੇ ਕਈ ਤਕਨੀਕੀ ਨੁਕਤੇ ਸਾਹਮਣੇ ਆਉਂਦੇ ਹਨ। ਪੰਨਾ 171-204 ਤੱਕ ਪੰਜ ਵਿਦਵਾਨ ਅਲੋਚਕਾਂ ਨੇ ਪੰਜਾਬੀ ਨਾਵਲ ਦੀ ਦਸ਼ਾ ਤੇ ਦਿਸ਼ਾ, ਬਿਰਤਾਂਤਕਾਰੀ, ਸੰਭਾਵਨਾਵਾਂ ਤੇ ਹੋਰ ਕਈ ਨੁਕਤੇ ਉਭਾਰੇ ਹਨ।


ਪੰਜਾਬੀ ਬਾਲ ਸਾਹਿਤ ਤੇ ਬਲਜਿੰਦਰ ਮਾਨ
ਸਿਰਜਨਾ ਤੇ ਸ਼ਖ਼ਸੀਅਤ
ਸੰਪਾਦਕ : ਪ੍ਰੋ: ਜੇ. ਬੀ. ਸੇਖੋਂ, ਕਮਲਜੀਤ ਨੀਲੋਂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 295, ਸਫ਼ੇ : 148
ਸੰਪਰਕ : 94175-86028.

ਪੰਜਾਬੀ ਬਾਲ ਸਾਹਿਤ ਦੇ ਸਿਰਮੌਰ ਲੇਖਕ ਤੇ ਬਾਲ ਰਿਸਾਲੇ ਨਿਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਸਮੁੱਚੀ ਸਾਹਿਤ ਸਿਰਜਨਾ ਤੇ ਉਸ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਇਹ ਪੁਸਤਕ, ਦੋਵੇਂ ਸੂਝਵਾਨ ਸੰਪਾਦਕਾਂ ਦਾ ਨਿਵੇਕਲਾ ਕਾਰਜ ਹੈ। ਕਿਤਾਬ ਦੀ ਸਾਰੀ ਸਮੱਗਰੀ ਨੂੰ ਪੰਜ ਭਾਗਾਂ ਵਿਚ ਲਿਆ ਗਿਆ ਹੈ। ਪਹਿਲੇ ਭਾਗ ਵਿਚ ਡਾ: ਬਲਦੇਵ ਸਿੰਘ ਬੱਦਨ, ਡਾ: ਦਰਸ਼ਨ ਸਿੰਘ ਆਸ਼ਟ, ਗੁਰਚਰਨ ਸਿੰਘ ਨੂਰਪੁਰ, ਪ੍ਰੋ: ਬਲਦੇਵ ਸਿੰਘ ਬਲੀ ਨੇ ਪੰਜਾਬੀ ਬਾਲ ਸਾਹਿਤ ਦੀ ਵਿਸ਼ਾਲ ਪਰੰਪਰਾ 'ਤੇ ਭਰਵੀਂ ਚਰਚਾ ਕੀਤੀ ਹੈ। ਦੂਜੇ ਭਾਗ ਵਿਚ ਪ੍ਰੋ: ਸੰਧੂ ਵਰਿਆਣਵੀ, ਪ੍ਰੋ: ਜੇ. ਬੀ. ਸੇਖੋਂ, ਸੋਮਾ ਸਬਲੋਕ ਤੇ ਅਸ਼ਰਫ ਸੁਹੇਲ ਨੇ ਨਿਕੀਆਂ ਕਰੂੰਬਲਾਂ ਦੇ ਸੰਪਾਦਕੀ ਸੁਹਜ ਤੇ ਇਸ ਰਿਸਾਲੇ ਦੇ ਬਾਈ ਸਾਲ ਦੇ ਸ਼ਾਨਾਮੱਤੇ ਸਫ਼ਰ 'ਤੇ ਰੌਸ਼ਨੀ ਪਾਈ ਹੈ। ਬਲਜਿੰਦਰ ਮਾਨ ਦੀ ਸ਼ਖ਼ਸੀਅਤ ਤੇ ਉਸ ਦੇ ਵਿਅਕਤੀਗਤ ਗੁਣਾਂ ਨੂੰ ਸਾਹਮਣੇ ਲਿਆਉਂਦੇ ਹਨ। ਜਿਨ੍ਹਾਂ ਵਿਚ ਐਸ. ਅਸ਼ੋਕ ਭੌਰਾ, ਗਲਪਕਾਰ ਨਿੰਦਰ ਘੁਗਿਆਣਵੀ, ਧਰਮਪਾਲ ਸਾਹਿਲ, ਪਵਨ ਹਰਚੰਦਪੁਰੀ ਨੇ ਬਲਜਿੰਦਰ ਮਾਨ ਦੀ ਸ਼ਖ਼ਸੀਅਤ ਨੂੰ ਉਭਾਰਿਆ ਹੈ। ਸੁਦੇਸ਼ ਕਲਿਆਣ ਨੇ ਬਲਜਿੰਦਰ ਮਾਨ ਨੂੰ ਸਫ਼ਲ ਐਂਕਰ ਦੇ ਰੂਪ ਵਿਚ ਪੇਸ਼ ਕੀਤਾ ਹੈ। ਚੌਥੇ ਮਹੱਤਵਪੂਰਨ ਭਾਗ ਵਿਚ ਤੇਰਾਂ ਪ੍ਰਸਿੱਧ ਲੇਖਕਾਂ ਨੇ ਬਲਜਿੰਦਰ ਮਾਨ ਦੀਆਂ ਖੇਡਾਂ, ਸੱਭਿਆਚਾਰ, ਪੱਤਰਕਾਰੀ ਤੇ ਹੋਰ ਗਤੀਵਿਧੀਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ ਹੈ। ਡਾ: ਹਰਸ਼ਿੰਦਰ ਕੌਰ ਨੇ ਮਾਂ ਦਾ ਲਾਡਲਾ-ਮਾਨ ਦੇ ਰੂਪ ਵਿਚ ਪਿਆਰ ਦੇ ਫੁੱਲ ਬਿਖੇਰੇ ਹਨ। ਕਿਤਾਬ ਦੇ ਪੰਜਵੇਂ ਭਾਗ ਵਿਚ ਪ੍ਰੋ: ਜੇ. ਬੀ. ਸੇਖੋਂ ਨੇ ਬਲਜਿੰਦਰ ਮਾਨ ਨਾਲ ਭਾਵਪੂਰਤ ਮੁਲਾਕਾਤ ਕੀਤੀ ਹੈ। ਦੋ ਸ਼ਬਦ ਚਿੱਤਰ ਕਾਵਿ ਰੂਪ ਵਿਚ ਹਨ। ਕਿਤਾਬ ਵਿਚ 70 ਦੇ ਲਗਪਗ ਤਸਵੀਰਾਂ ਤੋਂ ਬਲਜਿੰਦਰ ਮਾਨ ਦੀ ਕਾਰਜਸ਼ੀਲਤਾ ਦੇ ਦੀਦਾਰ ਹੁੰਦੇ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.


ਚੋਣ ਨਿਸ਼ਾਨ 'ਗੁੱਲੀ ਡੰਡਾ'
ਲੇਖਕ : ਡਾ: ਸਾਧੂ ਰਾਮ ਲੰਗੇਆਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ :112
ਸੰਪਰਕ : 94173-89370.

ਚੰਗੀ ਸਿਹਤ ਲਈ ਸਿਹਤ ਮਾਹਿਰ ਹਰੇਕ ਮਨੁੱਖ ਨੂੰ ਖੁੱਲ੍ਹ ਕੇ ਹੱਸਣ ਦੀ ਨਸੀਹਤ ਦਿੰਦੇ ਹਨ ਅਤੇ ਹਾਸੇ ਨੂੰ ਚੰਗੀ ਸਿਹਤ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਹਸਾਉਣਾ ਵੀ ਇਕ ਕਲਾ ਹੈ। ਇਸ ਪੁਸਤਕ ਦਾ ਰਚੇਤਾ ਡਾ:ਸਾਧੂ ਰਾਮ ਲੰਙੇਆਣਾ ਆਪਣੀਆਂ ਲਿਖਤਾਂ ਰਾਹੀਂ ਪਾਠਕ ਨੂੰ ਮਨੋਰੰਜਨ ਦੇ ਨਾਲ-ਨਾਲ ਕੇਵਲ ਹਸਾਉਣ ਦਾ ਯਤਨ ਹੀ ਨਹੀਂ ਕਰਦਾ, ਸਗੋਂ ਸਮਾਜਿਕ, ਰਾਜਸੀ ਸਮੱਸਿਆਵਾਂ ਪ੍ਰਤੀ ਉਸਦੀ ਅੰਦਰਲੀ ਚੇਤਨਾ ਨੂੰ ਵੀ ਜਗਾਉਂਦਾ ਹੈ। 'ਤਾਈ ਨਿਹਾਲੀ', 'ਤਾਈ ਨਿਹਾਲੀ ਦਾ ਗਿਫ਼ਟ ਪੈਕ' ਦੋ ਵਿਅੰਗ ਪੁਸਤਕਾਂ ਤੋਂ ਬਾਅਦ ਵਿਅੰਗ ਵਿਸ਼ੇ 'ਤੇ ਆਧਾਰਿਤ ਇਹ ਲੇਖਕ ਦੀ ਤੀਜੀ ਪੁਸਤਕ ਹੈ। ਪੁਸਤਕ 'ਚ ਕੁੱਲ 34 ਰਚਨਾਵਾਂ ਸ਼ਾਮਿਲ ਹਨ, ਜੋ ਵਿਸ਼ੇ ਅਤੇ ਪੇਸ਼ਕਾਰੀ ਪੱਖੋਂ ਵਧੀਆ ਹਨ। ਤਾਇਆ ਨਰੈਣਾ, ਤਾਈ ਨਿਹਾਲੀ, ਹੇਮੂ ਬਾਣੀਆ ਆਦਿ ਸੰਜੀਵ ਪਾਤਰ ਹਨ, ਜੋ ਵਾਰਤਾਲਾਪ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ ਠੇਠ ਮਲਵਈ ਪੇਂਡੂ ਸਿੱਧ-ਪੱਧਰੀ ਬੋਲੀ ਬੋਲਦੇ ਹਨ। ਪਾਤਰਾਂ ਦੇ ਸੁਭਾਅ ਮੁਤਾਬਕ ਬੋਲੀ ਢੁੱਕਵੀਂ ਹੈ। ਲੇਖਕ ਦੀ ਲੇਖਣੀ ਦਾ ਲਹਿਜਾ ਇਸ ਪੱਖੋਂ ਵੀ ਬਾ-ਕਮਾਲ ਹੈ ਕਿ ਉਸਦੇ ਬਹੁਤੇ ਵਿਅੰਗ ਲੇਖਾਂ ਦਾ ਆਸਾਨੀ ਨਾਲ ਫ਼ਿਲਮਾਂਕਣ ਕੀਤਾ ਜਾ ਸਕਦਾ ਹੈ। ਪੁਸਤਕ ਦੀ ਬਾਹਰੀ ਦਿੱਖ ਅਤੇ ਸਿਰਲੇਖ, 'ਚੋਣ ਨਿਸ਼ਾਨ 'ਗੁੱਡੀ ਡੰਡਾ' ਢੁਕਵਾਂ ਹੈ। ਪੁਸਤਕ 'ਚ ਸ਼ਾਮਿਲ ਲਿਖਤਾਂ ਸਾਡੇ ਅਤਿ ਮਾੜੇ ਰਾਜਸੀ ਪ੍ਰਬੰਧ 'ਤੇ ਤਿੱਖਾ ਕਟਾਖ਼ਸ਼ ਕਰਦੀਆਂ ਹਨ। ਬੇਰੁਜ਼ਗਾਰੀ, ਠੇਕੇਦਾਰੀ ਵਿਵਸਥਾ, ਨਸ਼ਾਖੋਰੀ, ਗ਼ਰੀਬੀ, ਅਗਿਆਨਤਾ, ਭ੍ਰਿਸ਼ਟਾਚਾਰ, ਮਹਿੰਗਾਈ, ਜਨਤਕ ਦਫ਼ਤਰਾਂ 'ਚ ਆਮ ਲੋਕਾਂ ਦੀ ਨਿੱਤਾਪ੍ਰਤੀ ਖੱਜਲ-ਖ਼ੁਆਰੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਅਗਾਂਹਵਧੂ ਵਿਸ਼ਿਆਂ 'ਤੇ ਕਲਮ ਅਜ਼ਮਾਈ ਕਰਨ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110


ਨੂਰ ਮਹਿਲ ਦੇ ਅੱਡੇ
ਲੇਖਕ : ਸ਼ਿੰਗਾਰਾ ਸਿੰਘ ਸੰਘੇੜਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98152-98459.

ਇਸ ਪੁਸਤਕ ਵਿਚ ਗੀਤਾਂ ਦੇ ਨਾਲ-ਨਾਲ ਲੇਖਕ ਨੇ ਸੁੱਚਾ ਸੂਰਮਾ, ਹੀਰ ਰਾਂਝਾ, ਬਾਲੋ ਮਾਹੀਆ ਤੇ ਸੈਦਾਂ ਜੋਗਣ ਦਾ ਵੀ ਬਿਆਨ ਕੀਤਾ ਹੈ। ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੂਪਾਂ ਨੂੰ ਆਪਣੇ ਗੀਤਾਂ ਵਿਚ ਬਿਆਨ ਕਰਕੇ ਲੇਖਕ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੈ। ਭਾਵੇਂ ਉਹ ਵਿਦੇਸ਼ ਵਿਚ ਰਹਿੰਦਾ ਹੈ ਪਰ ਉਸ ਦੇ ਦਿਲ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਵਾਸ ਹੈ। ਉਸ ਦੇ ਦਿਲ ਅੰਦਰ ਪੰਜਾਬ ਦਾ ਦਰਦ ਹੈ।
'ਸੱਤਾਂ ਬਈ ਸਮੁੰਦਰਾਂ ਤੋਂ ਪਾਰ ਆਣ ਕੇ,
ਨਾ ਤੈਂ ਬਣਾਇਆ ਬੜਾ ਬਾਹਰ ਆਣ ਕੇ,
ਜਿਥੇ ਜਾ ਕੇ ਧਰਤੀ 'ਤੇ ਪੈਰ ਟਿਕਾਇਆ
ਆਪਣਾ ਤੇ ਵਤਨਾਂ ਦਾ ਨਾਂਅ ਚਮਕਾਇਆ।'
ਮਾਂ ਦੇ ਵਿਛੋੜੇ ਪ੍ਰਤੀ ਲੇਖਕ ਆਖਦਾ ਹੈ।
'ਅਰਜ ਕਰਾਂ ਇਕ ਦਰ ਤੇਰੇ 'ਤੇ, ਦਾਤਾ ਜੇ ਮਨਜ਼ੂਰ ਹੋਵੇ।
ਨਾ ਕੋਈ ਵਿਛੜੇ ਮਾਂ ਪੁੱਤਰ ਤੋਂ, ਨਾ ਪੁੱਤ ਮਾਂ ਤੋਂ ਦੂਰ ਹੋਵੇ।'
ਸਾਰੇ ਗੀਤ ਬੜੇ ਹੀ ਖੂਬਸੂਰਤ ਹਨ। ਪੁਸਤਕ ਵਿਚ ਹਰ ਰੰਗ ਭਰਿਆ ਗਿਆ ਹੈ। ਮਾਹੀ ਦੀ ਉਡੀਕ, ਵਿਛੋੜਾ, ਸੱਜਣਾ ਦਾ ਮਿਲਣਾ, ਰੱਖੜੀ, ਭੈਣਾਂ ਦਾ ਪਿਆਰ, ਦੁਨੀਆ ਦੇ ਰੰਗ, ਦੇਖੋ ਕੁੜੀ ਮੇਮ ਬਣ ਗਈ ਆਦਿ ਗੀਤ ਪੜ੍ਹ ਕੇ ਇੰਜ ਲਗਦਾ ਹੈ, ਲੇਖਕ ਨੇ ਹਰ ਰੰਗ ਨੂੰ ਦੇਖਿਆ ਤੇ ਮਾਣਿਆ ਹੈ। ਲੇਖਕ ਨੂੰ ਸੰਗੀਤ ਦੀ ਵੀ ਪੂਰੀ ਸੂਝ ਹੈ।

-ਅਵਤਾਰ ਸਿੰਘ ਸੰਧੂ
ਮੋ: 99151-82971.


ਬਹੁਰੰਗੀ
ਗੀਤਕਾਰ : ਮਦਨ ਪਾਲ ਸਿੰਘ ਚਿੰਤਕ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 225 ਰੁਪਏ, ਸਫ਼ੇ : 104
ਸੰਪਰਕ : 092113-84417

ਕਾਵਿ ਸਾਹਿਤ ਦੀ ਮਕਬੂਲ ਕਾਵਿ-ਵੰਨਗੀ 'ਗੀਤ' ਨਾਲ ਆਤਮਿਕ ਤੌਰ 'ਤੇ ਜੁੜੇ ਗੀਤਕਾਰ ਮਦਨਪਾਲ ਸਿੰਘ ਚਿੰਤਕ ਦਾ ਇਹ ਪਲੇਠਾ ਗੀਤ ਸੰਗ੍ਰਹਿ ਪਾਠਕਾਂ ਨੂੰ ਵੱਖ-ਵੱਖ ਅਹਿਸਾਨਾਂ ਦੇ ਰੂ-ਬਰੂ ਕਰਦਾ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਸੱਤਰ ਗੀਤ ਸਿੱਧ ਕਰਦੇ ਹਨ ਕਿ ਗੀਤਕਾਰ ਚਿੰਤਕ ਦਾ ਜੀਵਨ ਅਨੇਕਾਂ ਸੰਘਰਸ਼ਾਂ ਅਤੇ ਖੱਟੇ-ਮਿੱਠੇ ਤਜਰਬਿਆਂ 'ਚੋਂ ਗੁਜਰਿਆ ਹੈ। ਇਨ੍ਹਾਂ ਗੀਤਾਂ ਦੀ ਰਚਨਾ ਵਿਚ ਤਕਨੀਕੀ ਕਮੀਆਂ ਦੇ ਬਾਵਜੂਦ ਇਨ੍ਹਾਂ ਵਿਚਲੇ ਖਿਆਲ ਮਨ ਨੂੰ ਧੁਰ ਅੰਦਰੋਂ ਟੁੰਬਦੇ ਹਨ। ਪਿਆਰ ਦੀ ਤਾਕਤ, ਭਾਈਚਾਰਕ ਸਾਂਝ, ਧਰਮਾਂ-ਜਾਤਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਪਿਆਰਨ ਦੀ ਪ੍ਰੇਰਨਾ ਦਿੰਦੇ ਕਈ ਗੀਤ ਇਸ ਪੁਸਤਕ ਦੀ ਹਰਮਨ ਪਿਆਰਤਾ ਵਿਚ ਵਾਧਾ ਕਰਦੇ ਹਨ। ਇਸ ਗੀਤ-ਸੰਗ੍ਰਹਿ ਦੇ ਮੁੱਖ ਬੰਧ ਲੇਖਕ ਸੁਬੇਗ ਸੱਧਰ ਫ਼ਰੀਦਾਬਾਦ ਲਿਖਦੇ ਹਨ, 'ਚਿੰਤਕ ਦੇ ਗੀਤ ਪੜ੍ਹਨਯੋਗ ਹਨ ਪਰ ਸਾਹਿਤਕਤਾ ਦੀ ਕਮੀ ਰੜਕਦੀ ਹੈ।' ਇਸ ਤੋਂ ਇਲਾਵਾ ਕਈ ਗੀਤ ਅਜਿਹੇ ਹਨ ਜਿਨ੍ਹਾਂ ਵਿਚਲੇ ਖਿਆਲ ਤਾਂ ਲਾਜਵਾਬ ਹਨ ਪਰ ਉਨ੍ਹਾਂ ਵਿਚਲੀ ਸ਼ਬਦ-ਜੜਤ ਉਨ੍ਹਾਂ ਨੂੰ ਸੰਗੀਤਕਤਾ ਨਾਲੋਂ ਤੋੜਦੀ ਹੈ। ਜਿਥੋਂ ਤੱਕ ਇਨ੍ਹਾਂ ਗੀਤਾਂ ਦੇ ਵੱਖ-ਵੱਖ ਵਿਸ਼ਿਆਂ ਦਾ ਸਬੰਧ ਹੈ, ਉਨ੍ਹਾਂ ਵਿਚ ਵਿਅੰਗ, ਕੁਰਬਾਨੀ, ਧਾਰਮਿਕਤਾ, ਸਮਾਜਿਕ ਨਾ ਬਰਾਬਰੀ ਦਾ ਜਜ਼ਬਾ ਬੜਾ ਡੂੰਘਾ ਵਸਿਆ ਹੋਇਆ ਹੈ। ਰਾਮ ਰਹੀਮ ਖ਼ੁਦਾ ਸਭ ਇਕ ਹੈ, ਰੱਬ ਦਾ ਖਾ ਤੂੰ ਭੈਅ ਉਏ ਬੰਦਿਆ ਵਰਗੇ ਗੀਤ ਉਸ ਪਰਮਾਤਮਾ ਦੀ ਵਡਿਆਈ ਕਰਨ ਵਾਲੇ ਵਧੀਆ ਗੀਤ ਹਨ। 'ਸਾਵਣ ਤੈਨੂੰ ਆਉਣ ਨਹੀਂ ਦੇਣਾ' ਗੀਤ ਮਨੁੱਖ ਵੱਲੋਂ ਵੱਡੇ ਪੱਧਰ 'ਤੇ ਧਰਤੀ ਤੋਂ ਰੁੱਖਾਂ ਦਾ ਸਫ਼ਾਇਆ ਕਰਕੇ ਜੋ ਸੰਕਟ ਪੈਦਾ ਕੀਤਾ ਹੈ, ਵੱਲ ਇਸ਼ਾਰਾ ਕਰਦਾ ਹੈ। ਇਸੇ ਤਰ੍ਹਾਂ 'ਤਰਲਾ ਧੀ ਦਾ ਮਾਂ ਅੱਗੇ', 'ਧੀ ਧਿਆਣੀ ਅੰਦਰੇ ਮਰ ਜਾਣੀ', 'ਨੀ ਮਾਂ ਤੇਰੇ ਜਿਗਰ ਦੀ ਟੁਕੜੀ' ਵਰਗੇ ਗੀਤ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਤੋਂ ਜਾਗਰੂਕ ਕਰਦੇ ਹਨ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

 

 

 

ਬੁੱਲਾ ਪੁਰੇ ਦੀ ਵਾਅ ਦਾ
ਕਵਿੱਤਰੀ : ਸਵਿੰਦਰ ਸੰਧੂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94639-60845


ਹਥਲਾ ਕਾਵਿ ਸੰਗ੍ਰਹਿ ਕਵਿੱਤਰੀ ਸਵਿੰਦਰ ਸੰਧੂ ਦੀ ਪਲੇਠੀ ਸਾਹਿਤਕ ਕਿਰਤ ਹੈ। ਕਵਿੱਤਰੀ ਦੀ ਕਵਿਤਾ ਵਿਚ ਅਜੀਬ ਪੁਖ਼ਤਗੀ ਅਤੇ ਸਧਾਰਨਤਾ ਦੀ ਸ਼ੈਲੀ ਹੈ। ਇਸ ਮਾਸੂਮ ਤੇ ਜਜ਼ਬਾਤ ਦੀ ਕਵਿਤਾ ਵਿਚ ਨਿਰਭੈਤਾ ਅਤੇ ਦਲੇਰੀ ਦਾ ਰੰਗ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ : ਸੈਨਾ ਤੇ ਸਿਆਸਤ, ਇਕਵੀਂ ਸਦੀ ਦਾ ਸਤਾਰਵਾਂ ਸਾਲ, ਖ਼ੁਦਕੁਸ਼ੀ, ਸੁਖੀ ਜੀਵਨ, ਕਬਰਸਤਾਨ, ਕੱਚ ਦਾ ਕਿਲ੍ਹਾ, ਸੱਪ, ਤਜ਼ਾਰਤ, ਗੰਧਲੇ ਪੰਜ ਤੱਤ, ਮੇਰੀ ਕਵਿਤਾ ਦਾ ਪੁਨਰ ਜਨਮ, ਅੰਦਰਲੀ ਧੀ, ਇਸਤਰੀ ਮਿਸਤਰੀ ਆਦਿ ਜਿਹੇ ਦਿਲਚਸਪ ਅਤੇ ਜ਼ਮਾਨਾ ਸਾਜ਼ ਹਨ। ਉਹ 'ਬੇਟੀਆਂ' ਨਾਂਅ ਦੀ ਕਵਿਤਾ ਵਿਚ ਦੂਜੇ ਕਈਆਂ ਤੋਂ ਹਟ ਕੇ ਨਵੀਂ ਗੱਲ ਕਰਦੀ ਹੈ:
ਦਰੋਪਦੀ ਨਾ ਹੁਣ ਵੱਸ ਕੌਰਵਾਂ
ਸਿੰਧੂ ਸ਼ਕਤੀ ਕਵਚ ਸਾਖਸ਼ੀ
ਬੇਟੀਆਂ ਦੇ ਹਥ ਅਸਤਰ ਸ਼ਸਤਰ
ਦੇਸ਼ ਦੀ ਇੱਜ਼ਤ ਬਚਾਉਣ ਬੇਟੀਆਂ
ਰੱਖੜੀ ਬੇਟੀ ਦੇ ਗੁੱਟ ਵੀ ਬੱਝੇ
ਬਜ਼ੁਰਗਾਂ ਦੀ ਡੰਗੋਰੀ ਬੇਟੀਆਂ
ਮਾਵਾਂ ਭੈਣਾਂ ਸਖੀ ਸਹੇਲੀਆਂ
ਅੱਜ ਭਰਾਤਾ ਅਨੁਜ ਬੇਟੀਆਂ...
ਸਵਿੰਦਰ ਸੰਧੂ ਸਮਾਜਿਕ ਨੈਤਿਕਤਾਵਾਂ ਪ੍ਰਤੀ ਫਿਕਰਮੰਦ ਅਤੇ ਉਨ੍ਹਾਂ ਨੂੰ ਸਾਂਭਣ ਦੇ ਆਹਰ ਵਿਚ ਹੈ। ਉਹ ਅਣਉਚਿਤ ਅਤੇ ਸਾਫਗੋ ਕਦਰਾਂ ਨੂੰ ਨਕਾਰਦੀਆਂ ਤੇ ਅਖਾਉਤੀ ਨਵੀਆਂ ਕਦਰਾਂ ਨੂੰ ਇਸ ਕਰਕੇ ਨਿੰਦਦੀ ਹੈ ਕਿ ਨਵੇਂ ਰਾਹ ਪੁਰਾਣੇ ਰਾਹਾਂ ਤੋਂ ਉਲਟ ਦਿਸ਼ਾ ਵੱਲ ਹਨ। ਉਂਝ ਸਵਿੰਦਰ ਨਵੇਂ ਰਾਹਾਂ ਦੀ ਕਦਰਦਾਨ ਹੈ ਪਰ ਜੋ ਕਿ ਸਿੱਧੇ ਹੋਣ। ਖੇਤਾਂ ਖਲਿਹਾਨਾਂ ਅਤੇ ਘਰਾਂ ਵਿਚਲੀ ਸਹਿਜਕਾਰੀ ਦੀ ਇਹ ਕਵਿਤਾ ਵਾਕਈ ਭਖਦੇ-ਤਪਦੇ ਮੌਸਮਾਂ ਵਿਚ ਮੁਰੇ ਦੇ ਠੰਢੇ ਬੁੱਲੇ ਦਾ ਦਰਜਾ ਰੱਖਦੀ ਹੈ। ਭਾਵੇਂ ਇਹ ਕਵਿਤਾ ਕਿਸੇ ਵਿਸ਼ੇਸ਼ ਤੇ ਬਝਵੇਂ ਰੂਪਕ ਪੱਖ ਵਿਚ ਨਹੀਂ, ਪਰ ਇਹ ਵਾਰਤਕ ਕਵਿਤਾ ਵਰਗੀ ਗ਼ੈਰ ਹੁਨਰਮੰਦੀ ਵੀ ਨਹੀਂ। ਕਵਿਤਾ ਵਿਚ ਲੈਅ ਅਤੇ ਸੁਰ ਪਾਠਕ/ਸਰੋਤੇ ਨੂੰ ਆਪਣੇ ਨਾਲ ਤੋਰਦੀ ਹੈ। ਕਵਿੱਤਰੀ ਕੇਵਲ ਆਪਣੇ ਅੰਦਰ ਦੀ ਟੁੱਟ-ਭੱਜ ਨੂੰ ਹੀ ਕਾਵਿਕ ਆਧਾਰ ਨਹੀਂ ਬਣਾਉਂਦੀ ਸਗੋਂ ਜਗਤ ਜਵੰਦੇ ਨੂੰ ਠਾਰਨ ਲਈ ਸਾਵਣੀ ਛਹਿਬਰਦਾ ਵੀ ਸਿਰਜਦੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.


ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ
ਲੇਖਿਕਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 112
ਸੰਪਰਕ : 98146-73236

ਵਿਚਾਰ ਅਧੀਨ ਪੁਸਤਕ ਸਥਾਪਿਤ ਤੇ ਚਰਚਿਤ ਕਵਿੱਤਰੀ ਪਰਮਜੀਤ ਪਰਮ ਦੀ ਪਲੇਠੀ ਵਾਰਤਕ ਰਚਨਾ ਹੈ, ਜਿਸ ਵਿਚ ਉਸ ਨੇ ਚੰਡੀਗੜ੍ਹ ਦੀਆਂ ਉਨ੍ਹਾਂ 16 ਸ਼ਖ਼ਸੀਅਤਾਂ ਦੇ ਰੇਖਾ ਚਿੱਤਰ ਚਿਤਰੇ ਹਨ, ਜਿਨ੍ਹਾਂ ਨੇ ਕਲਾ, ਸੱਭਿਆਚਾਰ, ਇਤਿਹਾਸ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕਾਰਜਸ਼ੀਲ ਹੋ ਕੇ ਕਰਮਯੋਗੀਆਂ ਵਾਲਾ ਯੋਗਦਾਨ ਪਾਇਆ ਹੈ। ਪਰਮਜੀਤ ਪੰਜਾਬੀ ਭਾਸ਼ਾ ਦੀ ਸੰਵੇਦਨਸ਼ੀਲ ਕਵਿੱਤਰੀ ਹੈ।
ਪਰਮਜੀਤ ਪਰਮ ਵੱਲੋਂ ਵਿਚਾਰ ਅਧੀਨ ਪੁਸਤਕ ਵਿਚ ਉਲੀਕੇ ਰੇਖਾ ਚਿੱਤਰਾਂ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਸਬੰਧਿਤ ਵਿਅਕਤੀ ਦੇ ਨਿੱਜ ਤੱਕ ਹੀ ਸੀਮਤ ਨਹੀਂ ਕੀਤਾ ਬਲਕਿ ਉਸ ਦੀ ਸਮੁੱਚੀ ਸ਼ਖ਼ਸੀਅਤ ਅਤੇ ਉਸ ਵੱਲੋਂ ਸਮਾਜਿਕ, ਸੱਭਿਆਚਾਰਕ ਅਤੇ ਮਾਨਵ ਸੇਵਾ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਵੀ ਪਾਠਕਾਂ ਦੇ ਰੂਬਰੂ ਕੀਤਾ ਹੈ।
ਪੁਸਤਕ ਵਿਚ ਸ਼ਾਮਲ ਚੰਡੀਗੜ੍ਹ ਦੇ ਮਾਣਕ ਮੋਤੀ ਹਨ (1) ਗ਼ਦਰੀ ਬਾਬਿਆਂ ਦਾ ਮੁਨਸ਼ੀ-ਪ੍ਰੋ: ਮਲਵਿੰਦਰਜੀਤ ਸਿੰਘ ਬੜੈਚ (2) ਪੂਰਾ ਜੀਵਨ ਸਮਾਜ ਨੂੰ ਸਮਰਪਿਤ ਕਰਨ ਵਾਲੀ-ਡਾ: ਮਨਮੋਹਨ ਕੌਰ, (3) ਔਰਤਾਂ ਦੀ ਰਾਹਨੁਮਾ-ਡਾ: ਪੈਮ ਰਾਜਪੂਤ, (4) ਫ਼ਕੀਰੀ ਅਤੇ ਬਾਦਸ਼ਾਹੀ ਦਾ ਸੁਮੇਲ-ਬੀਬੀ ਹਰਜਿੰਦਰ ਕੌਰ, (5) ਵਕਤ ਦਾ ਦਸਵੰਧ ਕੱਢਣ ਵਾਲਾ-ਡਾ: ਸੁਖਦੇਵ ਸਿਰਸਾ, (6) ਬੱਚਿਆਂ ਦੀ ਦੋਸਤ-ਰਮਾ ਰਤਨ, (7) ਸਾਦਗੀ, ਨਿਮਰਤਾ ਅਤੇ ਮਿਹਨਤ ਦੀ ਪ੍ਰਤੀਕ-ਡਾ: ਸੁਰਜੀਤ ਕੌਰ, (8) ਭੰਡਾਰੇ ਵਾਲੇ ਸ੍ਰੀ ਜਗਦੀਸ਼ ਲਾਲ ਆਹੂਜਾ, (9) ਮਨੋਰੋਗੀਆਂ ਦਾ ਮਸੀਹਾ-ਡਾ: ਨਰਿੰਦਰ ਨਾਥ ਵਿਗ, (10) ਜੈਪੁਰ ਘਰਾਣੇ ਦਾ ਮੁਲਵਾਨ ਰਤਨ-ਡਾ: ਸੋਭਾ ਕੌਸਰ, (11) ਉਜੜੇ ਪਿੰਡਾਂ ਦਾ ਦਰਦੀ-ਸ: ਤਰਲੋਚਨ ਸਿੰਘ, (12) ਸੋਹਣੇ ਸ਼ਹਿਰ ਦਾ ਗਾਈਡ-ਨਰਿੰਦਰ ਸਿੰਘ ਇੰਟਰਨੈਸ਼ਨਲ (13) ਛੋਟੇ ਯਤਨ ਵੱਡੇ ਨਤੀਜਿਆਂ ਦਾ ਹਾਸਲ-ਪ੍ਰਿੰ: ਬਹਾਦਰ ਸਿੰਘ ਗੋਸਲ, (14) ਜੈਂਡਰ ਸਮਾਲਤਾ ਦੀ ਅਗਵਾਈ ਕਰਨ ਵਾਲੀ-ਡਾ: ਜੋਤੀ ਸੇਣ, (15) ਪੜ੍ਹਾਈ ਵਿਚ ਪਛੜੇ ਬੱਚਿਆਂ ਦੀ ਪ੍ਰੇਰਣਾ-ਡਾ: ਅਨੁਰਾਧਾ ਸ਼ਰਮਾ, (16) ਸਮਾਜ ਸੇਵੀ ਫੌਜੀ ਕਰਨਲ ਗਿਆਨ ਪ੍ਰਕਾਸ਼ ਜਨੇਜਾ।
ਉਪਰੋਕਤ ਮਾਣਕ ਮੋਤੀਆਂ ਦੇ ਅਤਿ ਸਰਲ ਭਾਸ਼ਾ ਅਤੇ ਕਾਵਿਮਈ ਸ਼ੈਲੀ ਵਿਚ ਇਹ ਚਿਹਰਾ ਜਿਥੇ ਪਾਠਕਾਂ ਲਈ ਪ੍ਰੇਰਨਾ ਸਰੋਤ ਹਨ, ਉਥੇ ਇਹ ਉਨ੍ਹਾਂ ਦੀ ਨਿਜਵਾਦੀ ਅਤੇ ਪਦਾਰਥਵਾਦੀ ਸੋਚ ਨੂੰ ਨਕਾਰ ਕੇ ਮਾਨਵਾਦੀ ਅਤੇ ਲੋਕ ਹਿਤੈਸ਼ੀ ਕਾਰਜ ਕਰਨ ਲਈ ਉਤਸ਼ਾਹਿਤ ਵੀ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

 


 

19/08/2017

 ਮੋਬਾਈਲ ਬੈਂਕਿੰਗ
ਲੇਖਕ : ਜੀ.ਐਸ. ਗੁਰਦਿੱਤ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 136
ਸੰਪਰਕ : 94171-93193.

ਮੋਦੀ ਸਰਕਾਰ ਨੇ ਜਦੋਂ ਨੋਟਬੰਦੀ ਕਰਕੇ ਲੋਕਾਂ ਨੂੰ ਵਖਤ ਪਾਇਆ ਤਾਂ ਉਨ੍ਹਾਂ ਨੂੰ ਸੰਭਲਣ ਵਿਚ ਲਗਪਗ ਛੇ ਮਹੀਨੇ ਲੱਗ ਗਏ। ਲੋਕ ਤਾਂ ਕੀ ਸਰਕਾਰ, ਬੈਂਕ ਤੇ ਹੋਰ ਅਦਾਰੇ ਇਸ ਨਾਲ ਪੈਦਾ ਹੋਈਆਂ ਉਲਝਣਾਂ ਵਿਚੋਂ ਨਿਕਲਣ ਲਈ ਨਵੇਂ ਰਾਹ ਲੱਭਣ ਲਈ ਮਜਬੂਰ ਹੋ ਗਏ। ਨੈੱਟ/ਮੋਬਾਈਲ ਬੈਂਕਿੰਗ ਇਹੋ ਜਿਹਾ ਹੀ ਰਾਹ ਹੈ। ਇਸ ਵਿਚ ਪੈਸੇ ਦੇ ਨਕਦ ਲੈਣ-ਦੇਣ/ਪਰਸ ਵਿਚ ਪੈਸੇ ਚੁੱਕਣ/ਬੈਂਕ ਜਾਣ ਦੀ ਥਾਂ ਸਮਾਰਟ ਫੋਨ, ਲੈਪਟਾਪ ਜਾਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।
ਬੈਂਕਾਂ ਦੀਆਂ ਭੀੜਾਂ ਘਟਾਉਣ ਤੇ ਸਮਾਂ ਬਚਾਉਣ ਪੱਖੋਂ ਇਹ ਵਿਧੀ ਮਾੜੀ ਨਹੀਂ। ਆਮ ਆਦਮੀ ਪਾਸ ਨਾ ਸਮਾਰਟ ਫੋਨ ਹੈ, ਨਾ ਲੈਪਟਾਪ ਤੇ ਨਾ ਕੰਪਿਊਟਰ। ਉਸ ਨੂੰ ਇਨ੍ਹਾਂ ਦੀ ਵਰਤੋਂ ਵੀ ਨਹੀਂ ਆਉਂਦੀ। ਉਹ ਨਕਦ ਲੈਣ ਦੇਣ ਤੇ ਬੈਂਕ ਚੈੱਕ/ਡਰਾਫਟ ਜਾਂ ਆਪ ਪੈਸੇ ਜਮ੍ਹਾਂ ਕਰਵਾਉਣ/ਕਢਵਾਉਣ ਨੂੰ ਸੌਖਾ ਤੇ ਸੁਰੱਖਿਅਤ ਕਾਰਜ ਸਮਝਦਾ ਹੈ। ਉਹ ਤਾਂ ਅਜੇ ਏ.ਟੀ.ਐਮ., ਕਰੈਡਿਟ ਕਾਰਡ ਵੀ ਵਰਤਣ ਵੱਲ ਰੁਚਿਤ ਨਹੀਂ। ਸਰਕਾਰ ਉਸ ਨੂੰ ਨੈੱਟ ਬੈਂਕਿੰਗ/ਮੋਬਾਈਲ ਬੈਂਕਿੰਗ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਜੀ.ਐਸ. ਗੁਰਦਿੱਤ ਦੀ ਕਿਤਾਬ ਉਸ ਨੂੰ ਇਸ ਵਿਧੀ ਦੇ ਸਿਧਾਂਤ ਤੇ ਵਿਹਾਰ ਨਾਲ ਪਰਿਚਿਤ ਹੋਣ ਵਿਚ ਨਿਸਚੇ ਹੀ ਮਦਦਗਾਰ ਸਾਬਤ ਹੋ ਸਕਦੀ ਹੈ।
ਗੁਰਦਿੱਤ ਨੇ ਨੈੱਟ ਬੈਂਕਿੰਗ ਦੇ ਲਾਭ, ਸੰਭਾਵਨਾਵਾਂ, ਸਿਧਾਂਤ, ਪ੍ਰਾਪਤ ਸੁਵਿਧਾਵਾਂ, ਉਨ੍ਹਾਂ ਦੀ ਵਿਹਾਰਕ ਵਰਤੋਂ ਨੂੰ ਸਰਲ ਭਾਸ਼ਾ ਵਿਚ ਸਮਝਾਉਣ ਦਾ ਉੱਦਮ ਕੀਤਾ ਹੈ। ਉਹ ਮੰਨਦਾ ਹੈ ਕਿ ਯੂਜ਼ਰ ਆਈ.ਡੀ. ਤੇ ਪਾਸਵਰਡ ਦੀ ਚੋਰੀ/ਰੈਕਿੰਗ ਨਾਲ ਠੱਗੀ ਦੇ ਖ਼ਤਰੇ ਹਨ। ਹਾਲ ਹੀ ਵਿਚ ਲੁਧਿਆਣੇ ਦੇ ਕਿਸੇ ਖਾਤਾਧਾਰੀ ਦੇ ਨੈੱਟ ਬੈਂਕਿੰਗ ਖਾਤੇ ਵਿਚੋਂ ਸੱਤਰ ਲੱਖ ਰੁਪਏ ਨਿਕਲ ਗਏ ਹਨ। ਗੁਰਦਿੱਤ ਇਸ ਪੱਖੋਂ ਸਾਵਧਾਨ ਰਹਿਣ ਦੇ ਸੁਝਾਅ ਦਿੰਦਾ ਹੈ। ਇਸ ਵਿਧੀ ਨਾਲ ਬਿਜਲੀ/ਪਾਣੀ ਦੇ ਬਿੱਲ ਭਰਨ, ਬੀਮੇ ਦੀਆਂ ਕਿਸ਼ਤਾਂ ਭਰਨ, ਐਫ.ਡੀ. ਕਰਾਉਣ, ਚੈੱਕ ਬੁੱਕ ਲੈਣ, ਲੈਣ-ਦੇਣ ਕਰਨ ਦੀ ਵਿਧੀ ਸਮਝਾਉਂਦਾ ਹੈ। ਨੈੱਟ ਖਾਤਾ ਖੋਲ੍ਹਣ, ਵਰਤਣ ਦੇ ਤਰੀਕੇ ਤੋਂ ਲੈ ਕੇ ਇਸ ਨਾਲ ਸਬੰਧਤ ਹਰ ਪ੍ਰਕਾਰ ਦੀ ਜਾਣਕਾਰੀ ਉਸ ਨੇ ਇਸ ਕਿਤਾਬ ਵਿਚ ਦਿੱਤੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲਹੂ ਦਾ ਇਕ ਮੌਸਮ
ਕਵੀ : ਸੱਤਿਅ ਪ੍ਰਕਾਸ਼ ਉੱਪਲ
ਅਨੁਵਾਦਕ : ਬਲਦੇਵ ਸਿੰਘ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98197-83069.

ਇਸ ਸੰਗ੍ਰਹਿ ਦੇ ਇਤਿਹਾਸਕ ਸੰਦਰਭ ਨਾਲ ਜਾਣ-ਪਛਾਣ ਕਰਵਾਉਂਦਾ ਹੋਇਆ ਕਵੀ ਉੱਪਲ ਲਿਖਦਾ ਹੈ ਕਿ ਇਸ ਵਿਚ ਸੰਕਲਿਤ ਕਵਿਤਾਵਾਂ 1981-1982 ਦੇ ਸਮੇਂ ਦੀ ਉਪਜ ਹਨ, ਜਦੋਂ ਪੰਜਾਬ ਵਿਚ ਅੱਤਵਾਦ ਫੈਲਿਆ ਹੋਇਆ ਸੀ। ਆਤੰਕ ਮਨੁੱਖ ਦਾ ਅਜਿਹਾ ਇਕ ਬੁਨਿਆਦੀ ਜਜ਼ਬਾ ਹੈ, ਜਿਸ ਵਿਚੋਂ ਉਸ ਦੀਆਂ ਸਿਰਜਣਾਤਮਕ ਸ਼ਕਤੀਆਂ ਤੇਜ਼ੀ ਨਾਲ ਪੁੰਗਰਦੀਆਂ ਅਤੇ ਵਿਕਸਿਤ ਹੁੰਦੀਆਂ ਹਨ। ਪੰਜਾਬ ਦੇ ਬਹੁਤ ਘੱਟ ਕਵੀਆਂ ਨੇ ਇਨ੍ਹਾਂ ਕਾਲੇ ਦਿਨਾਂ ਦੀ ਦਹਿਸ਼ਤ ਬਾਰੇ ਪੂਰੀ ਸਿਦਕਦਿਲੀ ਨਾਲ ਲਿਖਿਆ ਸੀ। ਅਸਲ ਵਿਚ ਸਾਡੇ ਕਵੀਆਂ ਦੀ ਮਨੋਸਥਿਤੀ (ਸਾਈਕੀ) ਦੋਫਾੜ ਹੋ ਗਈ ਸੀ, ਜਿਸ ਦਾ ਇਕ ਹਿੱਸਾ ਦਹਿਸ਼ਤ ਫੈਲਾਉਣ ਵਾਲਿਆਂ ਦੇ ਸਮਰਥਨ ਵਿਚ ਜਾ ਖੜੋਂਦਾ ਸੀ ਅਤੇ ਦੂਸਰਾ ਵਿਰੋਧ ਕਰਦਾ ਸੀ। ਇਸ ਕਾਰਨ ਇਤਿਹਾਸ ਦੇ ਇਸ ਕੁਲਹਿਣੇ ਦੌਰ ਬਾਰੇ ਚੰਗੀ ਤਰ੍ਹਾਂ ਲਿਖਿਆ ਹੀ ਨਾ ਜਾ ਸਕਿਆ ਪਰ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਪ੍ਰਸਿੱਧ ਨਗਰ ਮੋਗੇ ਦੇ ਰਹਿਣ ਵਾਲੇ ਕਵੀ ਸ੍ਰੀ ਸੱਤਿਅ ਪ੍ਰਕਾਸ਼ ਉੱਪਲ ਨੇ ਇਸ ਦੌਰ ਬਾਰੇ ਅਤਿਅੰਤ ਪ੍ਰਮਾਣਿਕ ਅਤੇ ਮੌਲਿਕ ਕਵਿਤਾਵਾਂ ਲਿਖ ਦਿੱਤੀਆਂ ਹਨ।
ਸੱਤਿਅ ਪ੍ਰਕਾਸ਼ ਉੱਪਲ ਨੂੰ ਇਸ ਤੱਥ ਦਾ ਬੜਾ ਤੀਖਣ ਅਹਿਸਾਸ ਹੈ ਕਿ ਆਧੁਨਿਕ ਸਟੇਟ ਪੁਲਿਸ, ਫ਼ੌਜ ਅਤੇ ਅਦਾਲਤਾਂ ਦੇ ਆਤੰਕ ਨਾਲ ਕਿਸੇ ਵੀ ਵਿਅਕਤੀ ਨੂੰ ਨਾਬਰ ਨਹੀਂ ਹੋਣ ਦਿੰਦੀ। ਇਸ ਦੇ ਸਕੂਲ ਅਤੇ ਯੂਨੀਵਰਸਿਟੀਆਂ 'ਆਗਿਆਕਾਰ ਨੌਜਵਾਨ' ਘੜ-ਘੜ ਕੇ ਵਿਵਸਥਾ ਦੇ ਸਨਮੁੱਖ ਸੁੱਟੀ ਜਾਂਦੀਆਂ ਹਨ। ਨਾਬਰਾਂ ਅਤੇ ਅਵੱਗਿਆਕਾਰਾਂ ਨੂੰ, ਵਿਵਸਥਾ ਇਸ ਪ੍ਰਕਾਰ ਰੋਲ ਦਿੰਦੀ ਹੈ ਕਿ ਉਨ੍ਹਾਂ ਦਾ ਸਾਰਾ ਆਕ੍ਰੋਸ਼ ਅਤੇ ਸਵੈਮਾਨ ਮਿੱਟੀ-ਘੱਟੇ ਰੁਲ ਜਾਂਦਾ ਹੈ। ਪਰ ਇਸ ਦੇ ਬਾਵਜੂਦ ਉੱਪਲ ਪ੍ਰੋਟੈਸਟ ਅਤੇ ਆਕ੍ਰੋਸ਼ ਦੀ ਆਵਾਜ਼ ਨੂੰ ਮੱਧਮ ਨਹੀਂ ਹੋਣ ਦਿੰਦਾ ਸਗੋਂ ਇਨਕਲਾਬ ਦੀ ਸੁਰਖ਼ ਇਬਾਰਤ ਨਿਰੰਤਰ ਲਿਖੀ ਜਾਂਦਾ ਹੈ। ਬਲਦੇਵ ਸਿੰਘ (ਸੜਕਨਾਮਾ) ਨੇ ਇਨ੍ਹਾਂ ਕਵਿਤਾਵਾਂ ਦਾ ਬੜਾ ਸਹਿਜ ਅਤੇ ਸਟੀਕ ਅਨੁਵਾਦ ਕਰ ਦਿੱਤਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਚਾਨਣ ਦੇ ਰਾਹੀ
ਕਵੀ : ਪ੍ਰਸ਼ੋਤਮ ਪੱਤੋ
ਪ੍ਰਕਾਸ਼ਕ :" ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 98550-38775

ਪ੍ਰਸ਼ੋਤਮ ਪੱਤੋ ਦਾ ਨਾਂਅ ਪੰਜਾਬੀ ਕਾਵਿ ਖੇਤਰ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ। ਉਹ ਪਿਛਲੇ ਦਸ ਬਾਰਾਂ ਸਾਲਾਂ ਤੋਂ ਕਵਿਤਾ ਦੇ ਖੇਤਰ ਵਿਚ ਨਿਰੰਤਰ ਸਰਗਰਮ ਰਿਹਾ ਹੈ। ਉਸ ਦੀ ਕਵਿਤਾ ਜੀਵਨ ਦੀਆਂ ਹਾਂ-ਪੱਖੀ ਕਦਰਾਂ-ਕੀਮਤਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੀ ਹੈ। 'ਚਾਨਣ ਦੇ ਰਾਹੀ' ਉਸ ਦਾ ਚੌਥਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਵੱਖੋ-ਵੱਖ ਵਿਸ਼ਿਆਂ ਨਾਲ ਸਬੰਧਿਤ ਉਸ ਦੀਆਂ ਕਵਿਤਾਵਾਂ ਹਾਜ਼ਰ ਹਨ। ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਸੰਗ੍ਰਹਿ ਵਿਚ ਲੇਖਕ ਚਾਨਣ ਭਾਵ ਚੇਤਨਾ ਦੇ ਹਮਸਫ਼ਰ ਹੋ ਕੇ ਆਪਣੀ ਕਾਵਿ ਸਿਰਜਣਾ ਕਰਦਾ ਹੈ। ਉਹ ਕਵਿਤਾ ਦੇ ਰਾਹੀਆਂ ਲਈ ਸੱਚ ਦਾ ਦੀਵਾ ਬਾਲ ਕੇ ਉਨ੍ਹਾਂ ਨੂੰ ਨਿਰੰਤਰ ਸੰਘਰਸ਼ਸ਼ੀਲ ਤੇ ਹੱਕ ਸੱਚ ਦੀ ਰਾਹ 'ਤੇ ਤੁਰਨ ਦਾ ਹੋਕਾ ਦਿੰਦਾ ਹੈ। ਉਹ ਉਨ੍ਹਾਂ ਸਾਰੀਆਂ ਤਾਕਤਾਂ ਪ੍ਰਤੀ ਵਿਦਰੋਹੀ ਸੁਰ ਉਸਾਰਦਾ ਹੈ ਜਿਹੜੀਆਂ ਸਮਾਜ ਨੂੰ ਨਿਘਾਰ ਤੇ ਪਤਨ ਵੱਲ ਲੈ ਕੇ ਜਾਣ ਲਈ ਅਗਰਸਰ ਹਨ। ਇਨ੍ਹਾਂ ਕਾਵਿਤਾਵਾਂ ਵਿਚ ਉਹ ਰੁੱਖਾਂ ਦੀ ਕਟਾਈ ਤੇ ਵਾਤਾਵਰਨ ਨਾਲ ਹੁੰਦੀ ਖਿਲਵਾੜ, ਨਾਰੀ ਮੁਕਤੀ, ਨਸ਼ਿਆਂ ਦੀ ਅਲਾਮਤ, ਵਿਹਲੜ ਨੇਤਾਵਾਂ, ਅੰਧਵਿਸ਼ਵਾਸ ਜਿਹੇ ਉਨ੍ਹਾਂ ਮਸਲਿਆਂ ਨਾਲ ਸੰਵਾਦ ਸਿਰਜਦਾ ਹੈ ਜਿਹੜੇ ਸਾਡੇ ਸਮਾਜ ਨੂੰ ਦਰਪੇਸ਼ ਹਨ।

ਂਡਾ: ਅਮਰਜੀਤ ਕੌਂਕੇ
ਫ ਫ ਫ

ਵਿਰਸੇ ਦੀ ਸੌਗਾਤ
ਕਵੀ : ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94176-22046.

'ਵਿਰਸੇ ਦੀ ਸੌਗਾਤ' ਜਸਵੀਰ ਸ਼ਰਮਾ ਦੱਦਾਹੂਰ ਦੀ ਪੰਜਾਬੀ ਵਿਰਸੇ ਪ੍ਰਤੀ ਮੋਹ ਜਗਾਉਣ ਵਾਲੀ, ਸੱਭਿਆਚਾਰਕ ਰੰਗ ਨੂੰ ਗੂੜ੍ਹਾ ਕਰਨ ਵਾਲੀ ਵਿਸ਼ੇਸ਼ ਪੁਸਤਕ ਹੈ। ਇਸ ਪੁਸਤਕ ਵਿਚ ਸ਼ਾਮਿਲ ਰਚਨਾਵਾਂ ਗੀਤਾਤਮਕ ਰੂਪ ਵਿਚ ਮਿਲਦੀਆਂ ਹਨ, ਜਿਨ੍ਹਾਂ ਵਿਚ ਪੁਰਾਤਨ ਪੰਜਾਬੀ ਵਿਰਸੇ ਦੇ ਗੁਆਚ ਜਾਣ ਪ੍ਰਤੀ ਹੇਰਵਾ ਪ੍ਰਗਟ ਕੀਤਾ ਗਿਆ। ਕਵੀ ਨੂੰ ਇਸ ਗੱਲ ਦਾ ਗਿਲਾ ਹੈ ਕਿ ਪੰਜਾਬੀ ਲੋਕ ਆਪਣੀ ਪੁਰਾਤਨ ਗੌਰਵਸ਼ਾਲੀ ਕਦਰਾਂ-ਕੀਮਤਾਂ ਨੂੰ ਭੁੱਲ ਕੇ ਆਧੁਨਿਕ ਸਹੂਲਤਾਂ ਦੀ ਹੋੜ ਵਿਚ ਆਪਣਾ ਆਪਾ ਗੁਆ ਰਹੇ ਹਨ। ਉਹ ਪੁਰਾਣੀਆਂ ਸਾਂਝਾਂ, ਬਗੈਰ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਸਾਦਗੀ ਭਰੀਆਂ ਰਸਮਾਂ ਜੋ ਹੁਣ ਦਿਖਾਵਾ ਬਣਦੀਆਂ ਜਾ ਰਹੀਆਂ ਹਨ, ਨੂੰ ਪੁਨਰ-ਸੁਰਜੀਤ ਕਰਨਾ ਚਾਹੁੰਦਾ ਹੈ। ਕਵੀ ਕੇਵਲ ਆਪਣੇ ਗੀਤਾਂ ਵਿਚ ਗਿੱਧੇ, ਭੰਗੜੇ ਅਤੇ ਬੋਲੀਆਂ ਦੇ ਹੇਰਵੇ ਦੀ ਗੱਲ ਹੀ ਨਹੀਂ ਕਰਦਾ ਸਗੋਂ ਪਰਿਵਾਰਕ ਤੇਹ ਮੋਹ ਦੇ ਖ਼ਤਮ ਹੋ ਜਾਣ ਬਾਰੇ ਵੀ ਫ਼ਿਕਰਮੰਦੀ ਦਾ ਇਜ਼ਹਾਰ ਕਰਦਾ ਹੈ :
ਰਿਸ਼ਤੇ ਬਦਲੇ ਨਾਤੇ ਬਦਲੇ ਬਦਲ ਗਿਆ ਸੰਸਾਰ,
ਪਹਿਲਾ ਵਾਲਾ ਕਿਤੋਂ ਨਾ ਲੱਭਦਾ, ਅੱਜਕਲ੍ਹ ਵੀਰੋ ਪਿਆਰ॥
ਕਵੀ ਨੇ ਲੋਕ-ਤੱਥਾਂ ਦੇ ਰੂਪ ਵਿਚ ਵੀ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਪੇਸ਼ ਕਰਦਿਆਂ ਬਹੁਤ ਸਾਰੀਆਂ ਲੋਕ-ਸਿਆਣਪਾਂ ਨੂੰ ਪਾਠਕਾਂ ਦੀ ਨਜ਼ਰ ਕੀਤਾ ਹੈ, ਜਿਨ੍ਹਾਂ ਵਿਚੋਂ ਜ਼ਿੰਦਗੀ ਦੀ ਹਕੀਕਤ ਅਤੇ ਸਮਾਜਿਕ ਦਸ਼ਾ ਦਾ ਨਿਚੋੜ ਝਲਕਦਾ ਹੈ। ਕਵੀ ਨੇ ਆਪਣੀ ਇਸ ਪੁਸਤਕ ਵਿਚ ਆਪਣੇ ਦੇਸ਼ ਭਗਤਾਂ ਅਤੇ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸੁਪਨਿਆਂ ਨੂੰ ਸਹੀ ਰੂਪ ਵਿਚ ਸਾਕਾਰ ਕਰਨ ਦੀ ਤਾਮੀਦ ਕੀਤੀ ਹੈ। ਪੂਰੀ ਪੁਸਤਕ ਦਾ ਅਧਿਐਨ ਕਰਦਿਆਂ ਪਾਠਕ ਇਨ੍ਹਾਂ ਗੀਤਾਤਮਕ ਰਚਨਾਵਾਂ ਵਿਚ ਲੈਅ-ਸੁਰ ਦਾ ਅਨੰਦ ਵੀ ਮਾਣਦਾ ਹੈ। ਇਹ ਪੁਸਤਕ ਵਿਰਸੇ ਪ੍ਰਤੀ ਸੁਚੇਤਤਾ ਅਤੇ ਫ਼ਿਕਰਮੰਦੀ ਦਾ ਇਜ਼ਹਾਰ ਕਰਦੀ ਹੋਈ ਸੱਭਿਆਚਾਰਕ ਮੋਹ ਉਪਜਾਉਣ ਵਾਲੀ ਪੁਸਤਕ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਪ੍ਰੀਚੈ ਗੁਰੂ ਸਾਹਿਬਾਨ
ਲੇਖਕ : ਬਲਦੇਵ ਸਿੰਘ ਬੇਦੀ
ਪ੍ਰਕਾਸ਼ਕ : ਖ਼ੁਦ ਲੇਖਕ
ਸਫ਼ੇ : 112
ਸੰਪਰਕ : 92561-85475.

ਲੇਖਕ ਨੇ ਜਾਪਾਨੀ ਕਵਿਤਾ ਵਿਧਾ ਹਾਇਕੂ ਰਾਹੀਂ ਗੁਰੂ ਸਾਹਿਬਾਨ ਦਾ ਜੀਵਨ ਬੜੇ ਹੀ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਪੰਜਾਬੀ ਸਾਹਿਤ ਵਿਚ ਮੇਰੀ ਜਾਣਕਾਰੀ ਅਨੁਸਾਰ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਹਾਇਕੂ ਵਿਧਾ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਚਾਰ ਉਦਾਸੀਆਂ ਅਤੇ ਉਨ੍ਹਾਂ ਵੱਲੋਂ ਰਚੀ ਬਾਣੀ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ ਬਾਰੇ ਵੀ ਹਾਇਕੂ ਰਾਹੀਂ ਜਾਣਕਾਰੀ ਦਿੱਤੀ ਹੈ। ਪੁਸਤਕ ਪੜ੍ਹਦੇ ਸਮੇਂ ਪੰਜਾਬੀ ਪਾਠਕਾਂ ਨੂੰ ਹੈਰਾਨੀ ਵੀ ਹੋਵੇਗੀ ਕਿ ਕਿਵੇਂ ਲੇਖਕ ਨੇ ਸਾਰੀ ਘਟਨਾ ਨੂੰ ਤਿੰਨ ਲਾਈਨਾਂ ਵਿਚ ਬਿਆਨ ਕੀਤਾ ਹੈ।
'ਦੇਖ ਉਦਾਸ
ਬਾਬਾ, ਬਰਿਜ ਨਾਥ
ਆਖੇ ਕਾਲੂ ਨੂੰ।'
'ਕਾਮ ਕਰੋਧ
ਲੋਭ ਮੋਹ ਤਿਆਗ
ਬਣ ਸੰਤੋਖੀ।'
'ਰੱਬ ਦੇ ਨਾਂਅ ਦੀ
ਇਕ ਰੋਟੀ ਕੱਢਦੇ
ਨਾਨਕ ਆਖੇ।'
ਸਿੱਖ ਇਤਿਹਾਸ ਬਹੁਤ ਗੌਰਵਮਈ ਤੇ ਸ਼ਾਨਮੱਤਾ ਹੈ। ਬੜੀ ਖੁਸ਼ੀ ਹੋਈ ਕਿ ਲੇਖਕ ਨੇ ਬੜੀ ਮਿਹਨਤ ਨਾਲ ਇਸ ਇਤਿਹਾਸ ਨੂੰ ਹਾਇਕੂ ਵਿਚ ਬਿਆਨ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਭਾਵੇਂ ਅਸੀਂ ਆਪਣੇ ਗੁਰੂ ਸਾਹਿਬਾਨ ਬਾਰੇ ਕਾਫੀ ਜਾਣਕਾਰੀ ਰੱਖਦੇ ਹਾਂ ਪਰ ਪੁਸਤਕ 'ਪ੍ਰੀਚੈ ਗੁਰੂ ਸਾਹਿਬਾਨ' ਪੜ੍ਹ ਕੇ ਵੱਖਰਾ ਹੀ ਅਨੰਦ ਆਉਂਦਾ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.
ਫ ਫ ਫ

ਸ਼ੇਰਨੀ ਦਾ ਦੁੱਧ
ਲੇਖਕ : ਐਸ. ਆਰ. ਲੱਧੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 0172-2636222.

ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਦੇ ਮਹੱਤਵਪੂਰਨ ਕਥਨ ਕਿ 'ਗਿਆਨ, ਸ਼ੇਰਨੀ ਦਾ ਉਹ ਦੁੱਧ ਹੈ, ਜੋ ਪੀਵੇਗਾ, ਸੋ ਦਹਾੜੇਗਾ' ਦੇ ਸੰਕਲਪ ਨੂੰ ਕੇਂਦਰ ਬਿੰਦੂ ਮੰਨ ਕੇ ਐਸ. ਆਰ. ਲੱਧੜ ਨੇ ਹਥਲੀ ਪੁਸਤਕ ਵਿਚ ਪੈਂਤੀ ਲਘੂ-ਨਿਬੰਧਾਂ ਅਰਥਾਤ 'ਮਿਡਲ'-ਵਾਰਤਕ ਰੂਪ ਰਾਹੀਂ ਆਪਣੀ ਜ਼ਿੰਦਗੀ 'ਚ ਵਾਪਰੇ ਅਤੇ ਹੰਢਾਏ ਰੌਚਕ ਪਲਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਇਸ ਕਰੂਰ ਯਥਾਰਥ ਦਾ ਪ੍ਰਗਟਾਵਾ ਕਰਨ ਦਾ ਮਨੋਰਥ ਜੀਵਨ ਦੀਆਂ ਕਠਿਨਾਈਆਂ ਨੂੰ ਚੁਣੌਤੀ ਦੇ ਕੇ ਆਪਣਾ ਦੀਪਕ ਆਪ ਬਣਨ ਦੀ ਪ੍ਰੇਰਨਾ ਇਨ੍ਹਾਂ ਸਭਨਾਂ ਲਘੂ-ਨਿਬੰਧਾਂ ਵਿਚ ਅੰਕਿਤ ਹੈ। ਹੌਸਲਾ, ਦਲੇਰੀ. ਕਾਰਜ-ਖੇਤਰ ਵਿਚ ਪ੍ਰਬੀਨਤਾ ਹਾਸਲ ਕਰਨੀ, ਆਫ਼ਤਾਂ ਤੋਂ ਨਾ ਡਰਨਾ, ਜ਼ੁਲਮ, ਕੂੜ, ਭ੍ਰਿਸ਼ਟਾਚਾਰ ਅਤੇ ਮਾਨਵ ਜਾਤੀ ਦੇ ਸ਼ੋਸ਼ਣ, ਬੇਰੁਜ਼ਗਾਰੀ, ਖ਼ੁਦਕੁਸ਼ੀਆਂ, ਭਰੂਣ ਹੱਤਿਆ, ਸਮਾਜਿਕ ਅਤੇ ਰਾਜਸੀ ਸੰਸਥਾਵਾਂ ਵੱਲੋਂ ਇਨਸਾਫ਼ ਨਾ ਮਿਲਣ ਜਿਹੇ ਮੁੱਦਿਆਂ ਨੂੰ ਜਿਸ ਕਦਰ ਪੁਸਤਕ ਦੇ ਲੇਖਕ ਨੇ ਉੱਚ-ਅਧਿਕਾਰੀ ਹੁੰਦਿਆਂ ਹੋਇਆਂ ਲੋਕ-ਹਿਤਕਾਰੀ ਆਵਾਜ਼ ਬੁਲੰਦ ਕੀਤੀ ਹੈ, ਸੱਚਮੁੱਚ ਇਹ ਆਮ ਲੋਕਾਂ ਵਿਚ ਜੋ ਅਤਿ ਦੇ ਵਿਗਿਆਨਕ ਯੁੱਗ ਅਤੇ ਕਥਿਤ ਬਰਾਬਰੀ ਦੇ ਫੋਕਿਆਂ ਨਾਅਰਿਆਂ ਵਿਚ ਸਾਧਨ-ਵਿਹੂਣੇ ਹੋ ਕੇ ਦੁਰਬਲਤਾ, ਦੁਰਗਤੀ ਅਤੇ ਬੇਇਨਸਾਫ਼ੀ ਦੇ ਮਹੌਲ ਵਿਚ ਜੀਵਨ ਬਸਰ ਕਰ ਰਹੇ ਹਨ, ਨੂੰ ਚੇਤਨ ਹੀ ਨਹੀਂ ਕਰਦੀ ਸਗੋਂ ਸੰਘਰਸ਼ ਵਿੱਢ ਕੇ ਆਪਣੀ ਹੋਂਦ-ਸਥਿਤੀ ਦੀ ਪਛਾਣ ਬਣਾਉਣ ਲਈ ਪ੍ਰੇਰਕ-ਸਰੋਤ ਬਣਦੀ ਹੈ। ਸਕੂਲਾਂ, ਕਾਲਜਾਂ, ਹਸਪਤਾਲਾਂ, ਪੁਲਿਸ-ਠਾਣਿਆਂ, ਦੰਭੀ ਸਮਾਜ ਸੇਵੀ ਸੰਸਥਾਵਾਂ, ਰਾਜਸੀ ਆਗੂਆਂ ਅਤੇ ਉਨ੍ਹਾਂ ਦੇ ਅੱਗੋਂ ਪਾਲੇ ਹੋਏ ਲੁਟੇਰਿਆਂ, ਗ਼ਰੀਬਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਨਾਲ ਖਿਲਵਾੜ ਕਰਨ ਵਾਲੇ ਵੱਡੇ ਜ਼ਿਮੀਂਦਾਰਾਂ, ਅਫ਼ਸਰਾਂ ਆਦਿ ਦੇ ਚਰਿੱਤਰ ਨੂੰ ਬਾ-ਦਲੀਲ ਪੇਸ਼ ਕੀਤਾ ਗਿਆ ਹੈ ਅਤੇ ਸਾਧਾਰਨ ਸਮਝੇ ਜਾਂਦੇ ਆਮ ਸੇਵਾ ਪ੍ਰਦਾਨ ਕਰਨ ਵਾਲੇ ਪਾਤਰਾਂ, ਚਿੱਟੇ ਲਹੂ ਵਾਲੇ ਨਜ਼ਦੀਕੀ ਰਿਸ਼ਤਿਆਂ, ਲਾਚਾਰ ਬੱਚਿਆਂ, ਕਲੱਬਾਂ 'ਚ ਹੁੰਦੇ ਕਾਰਜਾਂ ਦਾ ਦਰਪਣ, ਗੁਰੂਆਂ ਦੇ ਅਸਲ ਸੰਦੇਸ਼ ਤੋਂ ਪਰੇ ਜਾ ਕੇ ਫੋਕੀ ਸ਼ੋਹਰਤ ਖੱਟਣ ਵਾਲੇ ਆਦਿ ਸਰੋਕਾਰਾਂ ਨੂੰ ਪੁਸਤਕ ਵਿਚ ਸਰਲ, ਸਪੱਸ਼ਟ ਅਤੇ ਸਾਦਗੀ ਭਰਪੂਰ ਲਹਿਜੇ ਰਾਹੀਂ ਵਿਅੱਕਤ ਕੀਤਾ ਗਿਆ ਹੈ। ਹਰੇਕ ਲਘੂ-ਲੇਖ ਤੋਂ ਪਹਿਲਾਂ ਸੰਸਾਰ ਦੇ ਮਹਾਨ ਚਿੰਤਕਾਂ ਦੇ ਪ੍ਰਵਚਨ ਅੰਕਿਤ ਹਨ ਜੋ ਪੁਸਤਕ ਦਾ ਵਿਸ਼ੇਸ਼ ਹਾਸਲ ਹੋ ਨਿਬੜੇ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸਿਗਮੰਡ ਫਰਾਇਡ ਜੀਵਨ ਅਤੇ ਵਿਚਾਰ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ-80 ਰੁਪਏ, ਸਫ਼ੇ : 104
ਸੰਪਰਕ : 78377-18723.

ਸਿਗਮੰਡ ਫਰਾਇਡ ਇਕ ਆਸਟ੍ਰੀਅਨ ਨਿਊਰੋਲੋਜਿਸਟ ਅਤੇ ਮਨੋਵਿਸ਼ਲੇਸ਼ਣ ਦਾ ਬਾਨੀ ਸੀ। ਇਸ ਮਹਾਨ ਰੋਗ ਚਕਿਤਸਕ ਦਾ ਜਨਮ 1856 ਈ: ਨੂੰ ਫਰਾਏਬਰਗ, ਮੋਰਵੀਆ ਵਿਚ ਹੋਇਆ। ਅੱਜਕਲ੍ਹ ਇਹ ਚੈਕੋਸਲਵਾਕੀਆ ਗਣਰਾਜ ਵਿਚ ਹੈ। ਫਰਾਇਡ ਨੇ ਮਨੁੱਖੀ ਸ਼ਖ਼ਸੀਅਤ ਨੂੰ ਸਮਝਣ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਸ ਨੂੰ ਵੀਹਵੀਂ ਸਦੀ ਦੇ ਬੇਹੱਦ ਪ੍ਰਭਾਵਸ਼ਾਲੀ ਵਿਵਾਦਤ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ। ਵੀਨਾ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਪੜ੍ਹਾਈ ਕਰਨ ਉਪਰੰਤ ਫਰਾਇਡ ਨੇ ਇਕ ਫ਼ਿਜ਼ੀਸ਼ੀਅਨ ਦੇ ਤੌਰ 'ਤੇ ਕੰਮ ਕੀਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਫਰਾਇਡ ਨੇ ਗੱਲਬਾਤ ਰਾਹੀਂ (ਟਾਕ ਥੈਰਪੀ) ਇਲਾਜ ਕਰਨ ਦੀਆਂ ਤਕਨੀਕਾਂ ਵਿਕਸਤ ਕੀਤੀਆਂ। ਇਸ ਵਿਚ ਅਨੁਮਾਨ ਲਾਉਣਾ, ਸੁਤੰਤਰ ਮੇਲ ਮਿਲਾਪ ਅਤੇ ਸੁਪਨਿਆਂ ਦੀ ਵਿਆਖਿਆ ਵਰਗੀਆਂ ਰਣਨੀਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਅਨੁਵਾਦਕ ਅਤੇ ਸੰਪਾਦਕ ਦਾ ਇਹ ਉਪਰਾਲਾ ਬਹੁਤ ਸਾਰਥਕ ਹੈ। ਸਰਲ ਸਪੱਸ਼ਟ ਭਾਸ਼ਾ ਵਿਚ ਲਿਖੀ ਇਸ ਪੁਸਤਕ ਰਾਹੀਂ ਸਪੱਸ਼ਟ ਹੁੰਦਾ ਹੈ ਕਿ ਫਰਾਇਡ ਨੇ ਇਹ ਸਿਧਾਂਤ ਵਿਕਸਤ ਕੀਤਾ ਕਿ ਮਨੁੱਖਾਂ ਵਿਚ ਇਕ ਅਵਚੇਤਨ (ਮਨ) ਹੁੰਦਾ ਹੈ, ਜਿਸ ਵਿਚ ਆਪਣੀ ਸੁਰੱਖਿਆ ਲਈ ਕਾਮੁਕ ਅਤੇ ਲੜਾਕੂ ਤਿਰੰਗਾਂ ਆਪਸ ਵਿਚੀਂ ਟਕਰਾਉਂਦੀਆਂ ਰਹਿੰਦੀਆਂ ਹਨ। ਉਸ ਦੀਆਂ ਰਚਨਾਵਾਂ/ਲਿਖਤਾਂ ਮਨੁੱਖੀ ਸ਼ਖ਼ਸੀਅਤ ਅਤੇ ਵਿਵਹਾਰ ਨੂੰ ਸਮਝਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਪੁਸਤਕ ਵਿਚ ਸਿਗਮੰਡ ਫਰਾਇਡ ਦੀ ਜੀਵਨੀ ਦੇ ਕੁਝ ਅੰਸ਼, ਆਈਨਸਟਾਈਨ-ਫਰਾਇਡ ਦਾ ਵਾਰਤਾਲਾਪ ਅਤੇ ਫਰਾਇਡ ਦੇ ਸੰਖੇਪ ਵਿਚਾਰਾਂ ਨੂੰ ਆਧਾਰ ਬਣਾਇਆ ਗਿਆ ਹੈ। ਅਸੀਂ ਇਸ ਉੱਦਮ ਦਾ ਸਵਾਗਤ ਕਰਦੇ ਹਾਂ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511
ਫ ਫ ਫ

12/08/2017

 ਦੂਜੀ ਵਿਸ਼ਵ ਜੰਗ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ
ਮੁੱਲ : 100 ਰੁਪਏ, ਸਫ਼ੇ : 128
ਸੰਪਰਕ : 99150-42242.

ਪਹਿਲੀ ਤੇ ਦੂਜੀ ਵਿਸ਼ਵ ਜੰਗ ਨੇ ਲੱਖਾਂ ਨਹੀਂ ਕਰੋੜਾਂ ਲੋਕ ਮੌਤ ਦੇ ਮੂੰਹ ਵਿਚ ਦਿੱਤੇ। ਲਾਮਾਂ ਨੇ ਘਰਾਂ ਦੇ ਘਰ ਉਜਾੜ ਦਿੱਤੇ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਇਹ ਤਾਂ ਆਪਣੇ ਆਪ ਵਿਚ ਇਕ ਮਸਲਾ ਹੈ। ਆਪਣੇ ਯੁੱਗ ਦੀ 1945 ਤੋਂ ਬਾਅਦ ਜੰਮੀ ਪੀੜ੍ਹੀ ਨੂੰ ਜੰਗਾਂ ਦੀ ਬਰਬਾਦੀ ਬਾਰੇ ਬਹੁਤ ਘਟ ਪਤਾ ਹੈ। ਨਾਜ਼ੀਵਾਦ, ਫਾਸ਼ੀਵਾਦ, ਆਪਣੇ ਦੇਸ਼/ਕੌਮ ਦੀ ਸਰਵ-ਉੱਚਤਾ ਦਾ ਹੱਦੋਂ ਵੱਧ ਗੁਮਾਨ, ਆਪਣੀ ਹਉਮੈ ਤੇ ਵਡਿਤਣ ਦਾ ਹੱਦੋਂ ਵਧਣਾ, ਨਿੱਕੀ/ਹੋਛੀ/ਸੀਮਤ ਸੋਚ ਵਾਲੇ ਬੰਦੇ ਦਾ ਸੱਤਾ ਦਾ ਮਾਲਕ ਬਣਨਾ, ਝੂਠ/ਝੂਠੇ ਸੁਪਨੇ/ਸਬਜ਼ਬਾਗ ਦਿਖਾ ਕੇ ਜਨ-ਸਾਧਾਰਨ ਦੀਆਂ ਭਾਵਨਾਵਾਂ ਭੜਕਾਉਣ ਦਾ ਸੁਆਦ, ਸਰਬਸ਼ਕਤੀਮਾਨ ਬਣਨ ਦੀ ਲੋਚਾ ਸਾਰਾ ਕੁਝ ਇਕ-ਦੂਜੇ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ।
ਇਸ ਸਾਰੇ ਕੁਝ ਦੀ ਬੀਜ ਥਾਂ-ਥਾਂ ਪਏ ਹਨ। ਸਾਜ਼ਗਾਰ ਹਾਲਾਤ ਮਿਲਣ ਉੱਤੇ ਉਹ ਫਲਣ-ਫੁੱਲਣ ਲਗਦੇ ਹਨ। ਆਮ ਆਦਮੀ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਕਿਉਂ, ਕਦੋਂ, ਕਿਵੇਂ ਸਵੈ, ਦੇਸ਼ ਤੇ ਦੁਨੀਆ ਨੂੰ ਮਹਾਂਵਿਨਾਸ਼ ਦੇ ਰਾਹ ਤੋਰਨ ਦਾ ਭਾਗੀਦਾਰ ਬਣ ਕੇ ਵੀ ਦੇਸ਼/ਕੌਮ ਦਾ ਸੱਚਾ ਪ੍ਰੇਮੀ/ਸਪੂਤ ਹੋਣ ਦਾ ਝੂਠਾ ਮਾਣ ਕਰਦਾ ਰਿਹਾ। ਸਮਝ ਆਉਣ ਤੱਕ ਅਕਸਰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਹਰ ਜੰਗ ਇਸ ਦੀ ਮਿਸਾਲ ਹੈ। ਹੁੰਦਲ ਨੇ ਇਸੇ ਵਿਨਾਸ਼ਕਾਰੀ ਸੱਚ ਦੀ ਚੇਤਨਾ ਇਸ ਪੁਸਤਕ ਵਿਚ ਜਗਾਈ ਹੈ।
ਸੈਕੂਲਰ, ਉਦਾਰ ਸੋਚ, ਪਰਸਪਰ ਪ੍ਰੇਮ, ਅਮਨ, ਭਾਈਚਾਰਾ, ਸਭ ਧਰਮਾਂ/ਦੇਸ਼ਾਂ/ਸੋਚਾਂ ਲਈ ਆਦਰ, ਵੱਖਰੀ ਸੋਚ/ਵਿਚਾਰ/ਚਿੰਤਨ ਲਈ ਸਹਿਣਸ਼ੀਲਤਾ ਅੱਜ ਝੂਠ ਜਾਂ ਝੂਠ ਦੇ ਨੇੜੇ-ਤੇੜੇ ਪਹੁੰਚ ਗਏ ਹਨ। ਇਹ ਜੋ ਅੱਜ ਸੱਚ ਕਿਹਾ ਜਾ ਰਿਹਾ ਹੈ, ਕਦੇ ਝੂਠ ਹੋਇਆ ਕਰਦਾ ਸੀ। ਤਬਾਹੀ ਉਦੋਂ ਬਹੁਤੀ ਦੂਰ ਨਹੀਂ ਹੁੰਦੀ ਜਦੋਂ ਅਜਿਹੇ ਹਾਲਾਤ ਬਣਦੇ ਹਨ। ਜਦੋਂ ਨਿੱਕੇ ਲੋਕਾਂ ਦੇ ਪਰਛਾਵੇਂ ਬਹੁਤ ਵੱਡੇ ਹੋ ਜਾਣ ਤਾਂ ਸੂਰਜ ਛੁਪਣ ਨੂੰ ਦੇਰ ਨਹੀਂ ਲਗਦੀ। ਹਿਟਲਰ ਹਿਮਲਰ ਗੋਬਲਜ਼, ਜਰਮਨੀ, ਇਟਲੀ, ਜਾਪਾਨ ਦਾ ਹਸ਼ਰ ਇਸ ਦਾ ਗਵਾਹ ਹੈ। ਰੂਸ ਨੇ ਦੋ ਕਰੋੜ ਬੰਦੇ ਮਰਵਾ ਕੇ ਵੀ ਸਵੱਛ ਸੋਚ ਦਾ ਪੱਲਾ ਨਾ ਛੱਡਿਆ। ਨਾਜ਼ੀਵਾਦ ਨੂੰ ਪਰਾਜਿਤ ਕੀਤਾ। ਨਵੀਂ ਪੀੜ੍ਹੀ ਲਈ ਦੂਜੀ ਵਿਸ਼ਵ ਜੰਗ ਦੇ ਹੁੰਦਲ ਦੇ ਇਸ ਬਿਰਤਾਂਤ ਵਿਚ ਕਈ ਸਬਕ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਮਰਸੀ ਕਿਲਿੰਗ
ਲੇਖਕ : ਕੇ. ਐਲ. ਗਰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 94635-37050.

ਇਸ ਨਾਵਲ ਦਾ ਬਿਰਤਾਂਤ ਨੈਰੇਟਰ ਦੇ ਛੋਟੇ ਭਰਾ 'ਸੱਤੀ' ਦੀ ਬਿਮਾਰ ਅਤੇ ਲਾਚਾਰ ਸਥਿਤੀ ਵਿਚੋਂ ਉਪਜਿਆ ਹੈ। ਸਰੀਰਕ ਬੇਬਸੀ ਦੇ ਕਾਰਨ ਉਸ ਵਿਚ ਸਵੈਮਾਨ ਜਾਂ ਅਣਖ ਆਦਿ ਭਾਵ ਵੀ ਪੈਦਾ ਨਹੀਂ ਸਨ ਹੋ ਸਕੇ। ਇਸ ਸੂਰਤ ਵਿਚ ਉਹ ਛੋਟੀ ਮੱਧ ਸ਼੍ਰੇਣੀ ਦੇ ਇਕ ਭਰੇ-ਪੂਰੇ ਪਰਿਵਾਰ ਵਿਚ ਅਰਥਹੀਣ ਅਤੇ ਵਾਫ਼ਰ ਹੋ ਕੇ ਰਹਿ ਗਿਆ ਸੀ। ਕਹਿਣ ਨੂੰ ਤਾਂ ਇਸ ਕਿਰਦਾਰ ਦੇ ਚਾਰ ਹੋਰ ਵੱਡੇ-ਛੋਟੇ ਭਰਾ ਵੀ ਹਨ ਪਰ ਜਿਵੇਂ-ਜਿਵੇਂ ਉਹ ਪੜ੍ਹ-ਲਿਖ ਕੇ ਆਪਣੇ ਪੈਰਾਂ ਉੱਪਰ ਖਲੋਂਦੇ ਗਏ, ਸੱਤੀ ਨਾਲੋਂ ਆਪਣੇ ਸਬੰਧ ਤਰਕ ਕਰਦੇ ਰਹੇ।
ਪਰ ਸੱਤੀ ਨੇ ਆਖਰ ਕਿਵੇਂ ਨਾ ਕਿਵੇਂ ਜੀਣਾ ਤਾਂ ਸੀ ਹੀ, ਇਸ ਕਾਰਨ ਉਹ ਮੰਗਤਿਆਂ ਵਾਲਾ ਜੀਵਨ ਜਿਊਣ ਲੱਗ ਪਿਆ। ਪਰਿਵਾਰ ਵਿਚ ਦੂਸਰੇ ਨੰਬਰ ਉੱਤੇ ਪੈਦਾ ਹੋਇਆ ਮੁੰਡਾ ਰਾਮ, ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਇਸ ਕਾਰਨ 'ਸੱਤੀ' ਨੂੰ ਝੱਲਣਾ ਜਾਂ ਬਰਦਾਸ਼ਤ ਕਰਨਾ ਵੀ ਉਸੇ ਦੀ ਮਜਬੂਰੀ ਬਣ ਗਈ। ਆਖਰ ਬਹੁਤ ਸਾਰੇ ਧੱਕੇ-ਧੋੜੇ ਖਾਣ ਪਿੱਛੋਂ ਪੰਜਾਹ ਕੁ ਵਰ੍ਹੇ ਦੀ ਉਮਰ ਵਿਚ ਸੱਤੀ ਦੀ ਮੌਤ ਹੋ ਜਾਂਦੀ ਹੈ ਅਤੇ ਰਾਮ ਦਾ ਇਸ ਅਣਚਾਹੀ ਮੁਸੀਬਤ ਤੋਂ ਖਹਿੜਾ ਛੁੱਟ ਜਾਂਦਾ ਹੈ। ਕੇ.ਐਲ. ਗਰਗ ਜੀਵਨ ਦੇ ਵੇਖੇ-ਭਾਲੇ ਅਤੇ ਹੰਢਾਏ ਵੇਰਵਿਆਂ ਉੱਪਰ ਆਪਣੇ ਨਾਵਲਾਂ ਨੂੰ ਉਸਾਰਦਾ ਹੈ। ਇਸ ਕਾਰਨ ਬਹੁਤ ਸਾਰੇ ਸਵੈਜੀਵਨੀਮੂਲਕ ਅੰਸ਼ ਵੀ ਆ ਜਾਂਦੇ ਹਨ। ਇਕ ਵਿਅੰਗਕਾਰ ਹੋਣ ਕਰਕੇ ਉਸ ਦੀ ਮਾਨਸਿਕਤਾ ਮੋਹ-ਭੰਗ ਵਾਲੀ ਬਣ ਗਈ ਹੈ। ਨਾਵਲੀ ਵੱਥ ਨੂੰ ਪ੍ਰਮਾਣਿਕ ਬਣਾਉਣ ਲਈ ਉਹ ਪ੍ਰਾਕਿਰਤਵਾਦੀ ਵਿਧੀ ਦਾ ਪ੍ਰਯੋਗ ਕਰਦਾ ਹੈ। ਉਹ ਪੂੰਜੀਵਾਦੀ ਦੌਰ ਵਿਚ ਰਹਿਣ ਵਾਲੇ ਆਮ ਲੋਕਾਂ ਦੇ ਸਵਾਰਥੀ ਅਤੇ ਆਤਮ ਕੇਂਦਰਿਤ ਸੁਭਾਅ ਦੇ ਬੜੇ ਤਲਖ਼ ਚਿੱਤਰ ਉਲੀਕ ਜਾਂਦਾ ਹੈ। ਰਾਮ ਤਮਾਮ ਉਮਰ ਸੱਤੀ ਨੂੰ ਨਫ਼ਰਤ ਕਰਦਾ ਰਿਹਾ ਪਰ ਸਥਿਤੀਆਂ ਦੀ ਵਿਡੰਬਨਾ ਦੇਖੋ ਕਿ ਉਸ ਬਿਮਾਰ, ਲਾਚਾਰ ਪਾਤਰ ਦੇ ਸਾਰੇ ਕੰਮ ਉਸੇ ਨੂੰ ਕਰਨੇ ਪਏ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਅਚਾਰੀਆ ਚਾਣਕੀਆ ਜੀਵਨ ਅਤੇ ਵਿਚਾਰ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ 100 ਰੁਪਏ, ਸਫ਼ੇ : 136
ਸੰਪਰਕ : 78377-18723

ਅਚਾਰੀਆ ਚਾਣਕੀਆ ਨਿਪੁੰਨ ਰਣਨੀਤੀ ਮਾਹਿਰ ਵਜੋਂ ਪ੍ਰਸਿੱਧ ਸ਼ਖ਼ਸੀਅਤ ਦਾ ਮਾਲਕ ਸੀ। ਉਹ ਆਪਣੇ ਸਮੇਂ ਦਾ ਮਹਾਨ ਵਿਦਵਾਨ ਸੀ। ਛੋਟੀ ਉਮਰ ਵਿਚ ਹੀ ਉਸ ਨੇ ਵੇਦਾਂ ਦਾ ਅਧਿਐਨ ਕਰਕੇ ਆਪਣੀ ਸੂਝ ਨੂੰ ਵਿਸ਼ਾਲ ਕਰ ਲਿਆ ਸੀ। ਧਰਮ ਅਤੇ ਰਾਜਨੀਤੀ ਦੇ ਅਧਿਐਨ ਤੋਂ ਪਿੱਛੋਂ ਉਸ ਅਰਥ-ਸ਼ਾਸਤਰ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਚਾਣਕੀਆ ਨੇ ਆਪਣੀ ਸਿਧਾਂਤਕ ਅਤੇ ਅਮਲੀ ਪੜ੍ਹਾਈ ਦਾ ਆਰੰਭ ਤਕਸ਼ਿਲਾ ਯੂਨੀਵਰਸਿਟੀ, ਜੋ ਪ੍ਰਾਚੀਨ ਭਾਰਤ ਦਾ ਪ੍ਰਸਿੱਧ ਵਿਦਿਅਕ ਕੇਂਦਰ ਸੀ ਤੋਂ ਸ਼ੁਰੂ ਕੀਤਾ। ਜੀਵਨ ਦੀਆਂ ਕਠੋਰ ਅਵਸਥਾਵਾਂ ਵਿਚੋਂ ਗੁਜ਼ਰਿਦਆਂ ਹੋਇਆਂ ਚਾਣਕੀਆ ਦਾ ਸੰਪਰਕ ਚੰਦਰਗੁਪਤ ਮੋਰੀਆ ਨਾਲ ਹੋਇਆ।
ਇਸ ਪੁਸਤਕ ਵਿਚ ਅਚਾਰੀਆ ਚਾਣਕੀਆ ਦੇ ਜੀਵਨ ਬਾਰੇ ਬੜੇ ਸੰਖੇਪ ਵੇਰਵੇ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਵਿਚਾਰ ਪ੍ਰਸਤੁਤ ਕੀਤੇ ਹਨ। ਇਹ ਵਿਚਾਰ ਹਰ ਵਿਸ਼ੇ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਕਰੀਬ 2300 ਸਾਲ ਪਹਿਲਾਂ ਉਸ ਨੇ ਰਾਜਨੀਤੀ ਦੇ ਖੇਤਰ ਵਿਚ ਕਈ ਨਵੇਂ ਤਜਰਬੇ ਕੀਤੇ। ਸਿੱਖਿਆ ਦੇ ਖੇਤਰ ਵਿਚ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਚਾਣਕੀਆ ਨੇ ਇਹ ਗਿਆਨ ਲੋਕਾਂ ਵਿਚ ਫੈਲਾਉਣ ਦਾ ਫ਼ੈਸਲਾ ਕੀਤਾ। ਉਸ ਨੇ ਸਾਰੀ ਜ਼ਿੰਦਗੀ ਆਪਣੀ ਸਮਰੱਥਾ ਅਨੁਸਾਰ ਭਾਰਤ ਨੂੰ ਇਕ ਮਜ਼ਬੂਤ ਦੇਸ਼ ਦੇਖਣ ਲਈ ਲਾ ਦਿੱਤੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511


ਸੰਤ ਸੈਨਾਪਤੀ
ਸ਼ੇਰਨੀ ਮਾਈ ਭਾਗੋ
ਲੇਖਕ : ਗੁਰਬਖਸ਼ ਸਿੰਘ ਸੈਣੀ
ਪ੍ਰਕਾਸ਼ਕ : ਲੇਖਕ
ਮੁੱਲ : 200 ਰੁਪਏ, ਸਫ਼ੇ : 94
ਸੰਪਰਕ : 098880-24143.

ਮਾਈ ਭਾਗੋ ਜੀ ਸਿੱਖ ਨਾਰੀ ਜਗਤ ਦੀ ਪਹਿਲੀ ਜਰਨੈਲ, ਮਹਾਨ ਵੀਰਾਂਗਣਾਂ ਅਤੇ ਸ੍ਰੀ ਦਸਮੇਸ਼ ਜੀ ਦੀ ਲਾਡਲੀ ਬੱਚੀ ਹੋਏ ਹਨ, ਜਿਨ੍ਹਾਂ ਦਾ ਨਾਂਅ ਇਤਿਹਾਸ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕ ਰਿਹਾ ਹੈ। ਇਹ ਸੱਚਮੁੱਚ ਹੀ ਸੰਤ, ਸੈਨਾਪਤੀ ਅਤੇ ਸ਼ੇਰਨੀ ਦਾ ਸੁਮੇਲ ਹਨ। ਬਚਪਨ ਤੋਂ ਹੀ ਇਨ੍ਹਾਂ ਤੇ ਧਰਮ ਅਤੇ ਸਦਾਚਾਰ ਦਾ ਰੰਗ ਚੜ੍ਹਿਆ ਹੋਇਆ ਸੀ। ਇਨ੍ਹਾਂ ਦੇ ਮਾਤਾ-ਪਿਤਾ ਜਦੋਂ ਇਸ ਬੱਚੀ ਨੂੰ ਸੱਤਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਲੈ ਕੇ ਆਏ ਤਾਂ ਸਾਹਿਬ ਸ੍ਰੀ ਗੁਰੂ ਹਰਿਰਾਇ ਜੀ ਨੇ ਤੁੱਠ ਕੇ ਇਸ ਦੇ ਸਿਰ 'ਤੇ ਪਿਆਰ ਦਿੱਤਾ ਅਤੇ ਵਰ ਦਿੱਤਾ ਕਿ ਇਹ ਵੱਡੀ ਹੋ ਕੇ ਬਹੁਤ ਸਿਦਕਵਾਨ ਅਤੇ ਭਾਗਾਂ ਵਾਲੀ ਹੋਵੇਗੀ। ਇਸੇ ਲਈ ਇਸ ਦਾ ਨਾਂਅ ਭਾਗੋ ਰੱਖ ਦਿੱਤਾ ਗਿਆ। ਭਾਈ ਲੰਗਾਹ ਦੇ ਖਾਨਦਾਨ ਦੀ ਇਸ ਬੱਚੀ ਨੇ ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਅਤੇ ਸੇਵਾ ਕੀਤੀ ਸੀ। ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਇਹ ਬੀਬੀ ਭਾਗ ਕੌਰ ਬਣ ਗਏ। ਇਨ੍ਹਾਂ ਦਾ ਕੱਦ ਸਵਾ ਛੇ ਫੁੱਟ, ਜੁੱਸਾ ਤਕੜਾ ਅਤੇ ਦਿਲ ਦਲੇਰ ਸੀ। ਇਹ ਬਚਪਨ ਤੋਂ ਹੀ ਮਰਦਾਵੇਂ ਕੱਪੜੇ ਪਹਿਨਦੇ ਸਨ ਅਤੇ ਯੁੱਧ ਕਲਾ ਦਾ ਅਭਿਆਸ ਕਰਦੇ ਰਹਿੰਦੇ ਸਨ। ਘੋੜ ਸਵਾਰੀ, ਨੇਜ਼ਾਬਾਜ਼ੀ, ਗਤਕੇ ਅਤੇ ਬਰਛਾ ਚਲਾਉਣ ਵਿਚ ਨਿਪੁੰਨ ਸਨ।
ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਵਿਚ ਦੁੱਖ ਤੇ ਭੁੱਖ ਤੋਂ ਤੰਗ ਹੋ ਕੇ ਕੁਝ ਮਝੈਲ ਸਿੰਘ ਸ੍ਰੀ ਕਲਗੀਧਰ ਪਾਤਸ਼ਾਹ ਜੀ ਨੂੰ ਬੇਦਾਵਾ ਦੇ ਕੇ ਆ ਗਏ ਤਾਂ ਮਾਈ ਭਾਗੋ ਨੇ ਉਨ੍ਹਾਂ ਦੀ ਅਣਖ ਨੂੰ ਲਲਕਾਰਿਆ। ਇਸ ਲਲਕਾਰ ਅਤੇ ਵੰਗਾਰ ਤੋਂ ਪ੍ਰਭਾਵਿਤ ਹੋ ਕੇ ਮਾਈ ਭਾਗੋ ਦੀ ਕਮਾਨ ਵਿਚ ਸਿੰਘਾਂ ਸਿੰਘਣੀਆਂ ਦਾ ਜਥਾ ਸ੍ਰੀ ਦਸਮੇਸ਼ ਜੀ ਦੀ ਭਾਲ ਵਿਚ ਖਿਰਾਣੇ ਦੀ ਢਾਬ ਕੋਲ ਜਾ ਪਹੁੰਚਿਆ। ਮੁਗਲ ਸੈਨਾ ਪਿੱਛਾ ਕਰਦੀ ਆ ਰਹੀ ਸੀ। ਮਾਈ ਭਾਗੋ ਜੀ ਨੇ ਖਿਦਰਾਣੇ ਦੀ ਢਾਬ 'ਤੇ ਡੇਰਾ ਲਾ ਕੇ ਸ਼ਾਹੀ ਫ਼ੌਜ ਨਾਲ ਯੁੱਧ ਕੀਤਾ। ਕਮਾਲ ਦੀ ਬੀਰਤਾ ਦਿਖਾਉਂਦੇ ਹੋਏ ਖਾਲਸੇ ਜੂਝ ਕੇ ਸ਼ਹੀਦ ਹੋ ਗਏ ਅਤੇ ਮਾਈ ਭਾਗੋ ਜੀ ਜ਼ਖ਼ਮੀ ਹੋ ਗਏ। ਸ੍ਰੀ ਦਸਮੇਸ਼ ਜੀ ਨੇ ਟੁੱਟੀ ਗੰਢ ਕੇ ਇਨ੍ਹਾਂ ਨੂੰ ਮੁਕਤਿਆਂ ਦਾ ਵਰ ਬਖਸ਼ਿਆ ਅਤੇ ਮਾਈ ਭਾਗੋ ਜੀ ਨੂੰ ਬ੍ਰਹਮ ਗਿਆਨ ਬਖਸ਼ ਦਿੱਤਾ। ਇਹ ਅੰਤ ਤੱਕ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਰਹੇ ਅਤੇ ਜਨਵਾੜੇ ਵਿਖੇ ਸਰੀਰ ਤਿਆਗਿਆ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਕਾਲੇ ਰੰਗ ਦਾ ਯਾਰ
ਕਵੀ : ਗੁਰਚੇਤ ਸਿੰਘ ਫੱਤੇਵਾਲੀਆ
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ, ਭੀਖੀ
ਮੁੱਲ : 80 ਰੁਪਏ, ਸਫ਼ੇ : 100
ਸੰਪਰਕ : 94177-74558
.

ਗੀਤ ਇਕ ਅਜਿਹਾ ਕਾਵਿ ਰੂਪ ਹੈ ਜਿਹੜਾ ਪੰਜਾਬੀ ਪਾਠਕਾਂ ਤੇ ਸਰੋਤਿਆਂ ਵਿਚ ਬੇਹੱਦ ਪ੍ਰਵਾਨਿਤ ਹੈ। ਇਸ ਦਾ ਵੱਡਾ ਕਾਰਨ ਇਸ ਵਿਚਲਾ ਸੰਗੀਤ ਤੇ ਸੰਚਾਰ ਹੈ। ਪੰਜਾਬੀ ਵਿਚ ਗੀਤਕਾਰੀ ਦਾ ਅਨੰਦ ਮਾਨਣ ਵਾਲਾ ਵਡੇਰਾ ਸਰੋਤਾ ਵਰਗ ਹੈ। ਇਸੇ ਲਈ ਲੇਖਕਾਂ ਦੀ ਇਹ ਮਨਭਾਉਂਦੀ ਕਾਵਿ-ਵਿਧਾ ਰਹੀ ਹੈ। ਗੁਰਚੇਤ ਫੱਤੇਵਾਲੀਆ ਇਕ ਪ੍ਰਸਿੱਧ ਗੀਤਕਾਰ ਹੈ, ਜਿਸ ਦੇ ਲਿਖੇ ਗੀਤਾਂ ਨੂੰ ਅਨੇਕ ਗਾਇਕਾਂ ਨੇ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਇਆ ਹੈ। 'ਕਾਲੇ ਰੰਗ ਦਾ ਯਾਰ' ਗੁਰਚੇਤ ਫੱਤੇਵਾਲੀਆ ਦਾ ਲਿਖਿਆ ਗੀਤ ਹੈ, ਜਿਸ ਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਕੁਲਵਿੰਦਰ ਬਿੱਲਾ ਨੇ ਗਾਇਆ ਤੇ ਇਸ ਗੀਤ ਨੇ ਬੇਹੱਦ ਮਕਬੂਲੀਅਤ ਹਾਸਲ ਕੀਤੀ ਹੈ। ਇਸੇ ਗੀਤ 'ਤੇ ਹੀ ਪੁਸਤਕ ਦਾ ਨਾਂਅ ਰੱਖਿਆ ਗਿਆ ਹੈ। ਗੁਰਚੇਤ ਫੱਤੇਵਾਲੀਆ ਦੇ ਇਸ ਸੰਗ੍ਰਹਿ ਵਿਚ ਸਾਰੇ ਗੀਤ ਹੀ ਸਾਹਿਤਕ ਪੱਖ ਤੋਂ ਉੱਚ ਪੱਧਰ ਦੇ ਸਾਫ਼-ਸੁਥਰੇ ਤੇ ਸਮਾਜਿਕ ਸੱਸਿਆਵਾਂ ਨੂੰ ਬਹੁਤ ਬੇਬਾਕੀ ਨਾਲ ਪੇਸ਼ ਕਰਨ ਵਾਲੇ ਹਨ। ਇਨ੍ਹਾਂ ਗੀਤਾਂ ਵਿਚ ਸਾਡੇ ਸਮਾਜਿਕ ਰਿਸ਼ਤੇ, ਨਸ਼ਿਆਂ ਦੀ ਬੁਰੀ ਅਲਾਮਤ, ਬਾਹਰ ਜਾਣ ਵਾਲੇ ਲੋਕਾਂ ਦਾ ਦਰਦ ਆਦਿ ਵਿਭਿੰਨ ਸਮੱਸਿਆਵਾਂ ਬਹੁਤ ਹੀ ਸਾਫ਼-ਸੁਥਰੀ ਸ਼ਬਦਾਵਲੀ ਵਿਚ ਪੇਸ਼ ਕੀਤੀਆਂ ਗਈਆਂ ਹਨ। ਲੇਖਕ ਨੇ ਕਿਤੇ ਵੀ ਲੱਚਰ ਜਾਂ ਅਸ਼ਲੀਲ ਭਾਸ਼ਾ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ। ਅਜੋਕੀ ਲੱਚਰ ਗਾਇਕੀ ਦੇ ਦੌਰ ਵਿਚ ਅਜਿਹੀ ਪੁਸਤਕ ਦਾ ਆਉਣਾ ਬਹੁਤ ਮੁਬਾਰਕ ਕਦਮ ਹੈ।

-ਡਾ: ਅਮਰਜੀਤ ਕੌਂਕੇ

 


ਕਾਲੀਆਂ ਰਾਤਾਂ ਦਾ ਚਾਨਣ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94649-61436
.

ਵਿਚਾਰਾਧੀਨ ਪੁਸਤਕ ਦੇ ਲੇਖਕ ਦਾ ਇਹ ਤੀਜਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਉਸ ਨੇ ਬੀਤੇ ਸੱਠ ਵਰ੍ਹਿਆਂ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਆਪਣੀ ਗਾਲਪਨਿਕ ਪ੍ਰਤਿਭਾ ਰਾਹੀਂ ਕਥਾ-ਰੂਪ ਵਿਚ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਕੁੱਲ ਗਿਆਰਾਂ ਕਹਾਣੀਆਂ (ਮਾਸਟਰ ਦੀ ਵੱਡੀ ਕੋਠੀ, ਬੱਚੇ ਚੁੱਕਣ ਵਾਲੀ, ਪੋਤੇ ਦੀ ਲਾਲਸਾ, ਭੋਲੀ ਬੇਬੇ, ਸਾਗ ਵੇਚਣ ਵਾਲਾ, ਕਾਲੀਆਂ ਰਾਤਾਂ ਦਾ ਚਾਨਣ, ਸਿਡਨੀ, ਪੇਟ ਦੀ ਅੱਗ-ਚੁੱਲ੍ਹੇ ਦੀ ਅੱਗ, ਜ਼ੈਲਦਾਰਨੀ ਦੀ ਨੂੰਹ, ਘਰ ਦੀ ਸ਼ੱਕਰ, ਕੰਡਿਆਂ ਵਾਲਾ ਤਾਜ) ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੇ ਮੁੱਖ ਵਿਸ਼ੇ ਦਲਿਤ ਵਰਗ ਨਾਲ ਸਦੀਆਂ ਤੋਂ ਹੋ ਰਹੇ ਵਿਤਕਰੇ ਨਾਲ ਸਬੰਧਤ ਹਨ। ਅਜੋਕੇ ਸਮੇਂ ਸਿੱਖਿਆ ਦੇ ਪਰਸਾਰ ਨਾਲ ਦਲਿਤ ਆਪਣੇ ਮਾਨਵੀ ਹੱਕਾਂ ਲਈ ਜਾਗ੍ਰਿਤ ਹੋ ਚੁੱਕੇ ਹਨ। ਉਹ ਆਪਣੀ ਮਿਹਨਤ, ਵਜ਼ੀਫ਼ਿਆਂ ਦੀ ਸਹੂਲਤ ਅਤੇ ਰਾਖਵੇਂਕਰਨ ਦੀ ਸਰਕਾਰੀ ਸੁਵਿਧਾ ਨਾਲ ਸਮਾਜ ਵਿਚ ਆਪਣਾ ਸਨਮਾਨਯੋਗ ਸਥਾਨ ਪ੍ਰਾਪਤ ਕਰ ਰਹੇ ਹਨ। ਉਪਰੋਕਤ ਮੁੱਢਲੀਆਂ ਦੋ ਕਹਾਣੀਆਂ ਵਿਚ ਲੇਖਕ ਨੇ ਇਸ ਦੁਖਾਂਤ ਦੀ ਪੇਸ਼ਕਾਰੀ ਕੀਤੀ ਹੈ ਕਿ ਉਨ੍ਹਾਂ ਦੇ ਨਾਇਕਾਂ ਨੂੰ ਜਦੋਂ ਸਨਮਾਨਯੋਗ ਸਥਾਨ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਆਪਣੇ ਪਿਛੋਕੜ ਅਤੇ ਮਾਪਿਆਂ ਦੀ ਉਨ੍ਹਾਂ ਵੱਲ ਕੀਤੀ ਘਾਲਣਾ ਨੂੰ ਭੁੱਲ ਜਾਂਦੇ ਹਨ।
ਕਈ ਕਹਾਣੀਆਂ ਵਿਚ ਉੱਚ ਵਰਗ ਦੇ ਲੋਕ ਦਲਿਤ ਵਰਗ ਦੇ ਲੋਕਾਂ ਨੂੰ ਜਾਤ ਦੇ ਆਧਾਰ 'ਤੇ ਜ਼ਲੀਲ ਕਰਦੇ ਪੇਸ਼ ਕੀਤੇ ਗਏ ਹਨ। ਸਮਾਂ ਕਰਵਟ ਲੈ ਰਿਹਾ ਹੈ। ਵਿਆਹਾਂ-ਸ਼ਾਦੀਆਂ ਵਿਚ ਜਾਤੀ-ਬੰਧਨਾਂ ਦੀ ਕਠੋਰਤਾ ਟੁੱਟਦੀ ਵਿਖਾਈ ਗਈ ਹੈ। ਜਾਤ ਦੇ ਆਧਾਰ 'ਤੇ ਜ਼ਲੀਲ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਦਲਿਤ ਜਾਤੀ ਦੇ ਮਿਹਨਤੀ ਅਧਿਆਪਕਾਂ ਨੂੰ ਸਨਮਾਨ ਮਿਲ ਰਹੇ ਹਨ। ਪੋਤੇ ਦੀ ਲਾਲਸਾ ਲਈ ਨੂੰਹਾਂ ਦਾ ਵਾਰ-ਵਾਰ ਗਰਭਪਾਤ ਕਰਵਾਉਣਾ ਦੁਖਦਾਈ ਹੋ ਨਿਬੜਦਾ ਹੈ। ਅਨੇਕਾਵਾਂ ਥਾਵਾਂ 'ਤੇ ਲੇਖਕ ਮੌਕਾ-ਮੇਲ ਅਤੇ ਕੰਟਰਾਈਵਡ ਗੋਂਦ ਜੁਗਤ ਵਰਤ ਕੇ ਆਪਣਾ ਸੰਦੇਸ਼ ਦੇਣ ਵਿਚ ਸਿੱਧ-ਹਸਤ ਹੋ ਨਿਬੜਿਆ ਹੈ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਜਾਤਪਾਤ ਦੁਆਰਾ ਖੜ੍ਹੀਆਂ ਕੀਤੀਆਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਹਿ ਢੇਰੀ ਕਰਨ ਵਾਲਾ ਦਸਤਾਵੇਜ਼ ਸਵੀਕਾਰ ਕੀਤਾ ਜਾ ਸਕਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਬੁੱਢਾ ਆਦਮੀ ਤੇ ਸਮੁੰਦਰ
ਲੇਖਕ : ਅਰਨੈਸਟ ਹੈਮਿੰਗਵੇ
ਅਨੁਵਾਦਕ : ਸਤਪਾਲ ਭੀਖੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 84270-44011
.

ਇਹ ਨਾਵਲ ਮਨੁੱਖੀ ਜੀਵਨ ਦੇ ਸੰਘਰਸ਼ ਦੀ ਗਾਥਾ ਹੈ, ਜੀਵਨ ਨਾਲ ਜੂਝਣ ਵਾਲੇ ਮਨੁੱਖਾਂ ਦੀ ਪ੍ਰਤੀਨਿਧਤਾ ਕਰਦਾ ਪਾਤਰ ਹੈ ਸਾਂਤਿਆਗੋ। ਨਾਇਕ ਇਕ ਸੰਘਰਸ਼ਸ਼ੀਲ ਪਰ ਜ਼ਿੰਦਾਦਿਲ ਵਿਅਕਤੀ ਹੈ, ਜੋ ਸਾਰੀ ਉਮਰ ਔਕੜਾਂ ਤੇ ਗ਼ਰੀਬੀ ਨਾਲ ਜੂਝਦਾ ਹੈ ਪਰ ਖੁਸ਼ਦਿਲ ਹੋਣ ਸਦਕਾ ਹਾਰ ਨਹੀਂ ਮੰਨਦਾ ਜਿਵੇਂ ਕਿ ਨਾਵਲ ਦੀ ਕਹਾਣੀ ਤੋਂ ਸਪੱਸ਼ਟ ਹੈ। ਉਹ ਢਲਦੀ ਉਮਰ ਵਿਚ ਵੀ ਸਹਾਇਕ ਮੁੰਡੇ ਲਈ ਪ੍ਰੇਰਨਾ ਸ੍ਰੋਤ ਬਣਦਾ ਹੋਇਆ ਉਸ ਨੂੰ ਕਹਿੰਦਾ ਹੈ-'ਮੈਂ ਵੱਖਰੀ ਤਰ੍ਹਾਂ ਦਾ ਬੁੱਢਾ ਹਾਂ। ਹੁਣ ਵਕਤ ਆ ਗਿਆ ਹੈ ਮੈਂ ਆਪਣੇ-ਆਪ ਨੂੰ ਸਿੱਧ ਕਰਾਂ। ਫਿਰ ਉਹ ਜਾਲ ਵਿਚ ਫਸੀ ਮੱਛੀ ਨੂੰ ਸੰਬੋਧਨ ਕਰਦਾ ਹੋਇਆ ਬੋਲਦਾ ਹੈ-'ਮੈਂ ਇਸ ਨੂੰ ਦਿਖਾ ਦਿਆਂਗਾ ਕਿ ਇਕ ਆਦਮੀ ਕੀ ਕਰ ਸਕਦਾ ਹੈ ਤੇ ਕਿੰਨਾ ਦ੍ਰਿੜ੍ਹ ਇਰਾਦੇ ਵਾਲਾ ਹੁੰਦਾ ਹੈ?' ਇਹ ਸ਼ਬਦ ਉਸ ਦੀ ਜ਼ਿੰਦਾਦਿਲੀ ਦੇ ਸਬੂਤ ਹਨ। ਉਹ ਚੁਰਾਸੀ ਦਿਨ ਵੱਡੀ ਮਛਲੀ ਫੜਨ ਲਈ ਜੂਝਦਾ ਹੈ ਅਤੇ ਅੰਤ ਵਿਚ ਪਚਾਸੀਵੇਂ ਦਿਨ ਆਪਣੇ ਮਕਸਦ ਵਿਚ ਕਾਮਯਾਬ ਹੁੰਦਾ ਹੈ। ਫਿਰ ਉਹ ਮਛਲੀ ਨੂੰ ਸ਼ਾਰਕਾਂ ਤੋਂ ਬਚਾਉਣ ਲਈ ਤਿੰਨ ਦਿਨ ਭੁੱਖਾ-ਭਾਣਾ ਸਮੁੰਦਰ ਵਿਚ ਸੰਘਰਸ਼ ਕਰਦਾ ਹੈ ਪਰ ਅਖੀਰ ਮਛਲੀ ਦਾ ਪਿੰਜਰ ਹੀ ਬਚਦਾ ਹੈ। ਪਰ ਸਿਰੜੀ ਤੇ ਹਿੰਮਤ ਵਾਲਾ ਸਾਂਤਿਆਗੋ ਹੌਸਲਾ ਨਹੀਂ ਹਾਰਦਾ, ਥਕਿਆ ਟੁੱਟਿਆ ਘਰ ਪਹੁੰਚ ਕੇ ਫਿਰ ਅਗਲੀ ਮੁਹਿੰਮ ਲਈ ਤਿਆਰੀ ਕਸਦਾ ਹੈ। ਅਜਿਹੇ ਨਾਇਕ ਦੇ ਦ੍ਰਿੜ੍ਹ ਇਰਾਦੇ ਦੀ ਗਾਥਾ ਪਾਠਕਾਂ ਲਈ ਪ੍ਰੇਰਨਾ ਸ੍ਰੋਤ ਬਣਦੀ ਹੈ ਜੋ ਕਹਿੰਦਾ ਹੈ-ਆਦਮੀ ਹਾਰਨ ਵਾਸਤੇ ਨਹੀਂ ਬਣਿਆ। ਤਕਦੀਰ 'ਤੇ ਵਿਸ਼ਵਾਸ ਰੱਖਣ ਦੀ ਬਜਾਇ ਠੀਕ ਸਮੇਂ ਤੇ ਠੀਕ ਥਾਂ 'ਤੇ ਕੰਮ ਕਰਨਾ ਚਾਹੀਦਾ ਹੈ ਤੇ ਜਦੋਂ ਤਕਦੀਰ ਬੁਲਾਏ ਤੁਸੀਂ ਕੰਮ ਲਈ ਤਿਆਰ-ਬਰ-ਤਿਆਰ ਹੋਵੋ।' ਉਹ ਬੁੱਢਾ ਆਦਮੀ ਸ਼ੇਰਾਂ ਦੇ ਸੁਪਨੇ ਲੈ ਰਿਹਾ ਹੁੰਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

 

06/08/2017

 ਰਿਪਬਲਿਕ
ਮੂਲ ਲੇਖਕ : ਪਲੈਟੋ
ਅਨੁਵਾਦਕ : ਗੁਰਚਰਨ ਸਿੰਘ ਅਰਸ਼ੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ-2
ਮੁੱਲ : 450 ਰੁਪਏ, ਸਫ਼ੇ : 432
ਸੰਪਰਕ : 011-23280657.

ਪਲੈਟੋ (427 ਈ.ਪੂ.-347 ਈ.ਪੂ.) ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੀ। ਉਸ ਨੇ ਆਪਣੀ ਤਾਲੀਮ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਤੋਂ ਹਾਸਲ ਕੀਤੀ। 387 ਈ.ਪੂ. ਵਿਚ ਉਸ ਨੇ ਇਕ ਜਗਤ ਪ੍ਰਸਿੱਧ 'ਅਕਾਡਮੀ' ਦੀ ਸਥਾਪਨਾ ਕੀਤੀ ਸੀ ਜੋ 529 ਈ. ਤੱਕ ਚੱਲਦੀ ਰਹੀ। ਪਲੈਟੋ ਨੇ ਆਪਣੇ ਜੀਵਨ ਵਿਚ ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿਚੋਂ 'ਰੀਪਬਲਿਕ' ਬੇਹੱਦ ਚਰਚਿਤ ਪੁਸਤਕ ਰਹੀ ਹੈ। ਥਿਊਰੀ ਲਿਖਣ ਵਾਲੇ ਵਿਦਵਾਨ 'ਰੀਪਬਲਿਕ' ਤੋਂ ਹੀ ਆਪਣਾ ਕੰਮ ਸ਼ੁਰੂ ਕਰਦੇ ਹਨ। ਇਸ ਪੁਸਤਕ ਦੇ ਦਸ ਭਾਗ ਹਨ, ਜਿਨ੍ਹਾਂ ਵਿਚ ਪਲੈਟੋ ਨੇ ਆਦਰਸ਼ਕ ਗਣਰਾਜ (ਸਟੇਟ) ਦੇ ਵਿਭਿੰਨ ਪਹਿਲੂਆਂ ਬਾਰੇ ਸਵਿਸਤਾਰ ਚਰਚਾ ਕੀਤੀ ਹੈ।
ਇਹ ਪੁਸਤਕ ਸੰਵਾਦ ਰੂਪ (ਡਾਇਆਲੌਜਿਕ) ਵਿਚ ਲਿਖੀ ਗਈ ਹੈ। ਇਸ ਵਿਚ ਲੇਖਕ ਆਪਣੇ ਤਿੰਨ-ਚਾਰ ਅੰਤਰੰਗ ਮਿੱਤਰਾਂ ਗਲਾਕਨ, ਪੋਲੀਮਾਰਕਸ, ਕੈਫਿਲਸ, ਥਰੇਸੀਮੈਕਸ ਅਤੇ ਏਦੀਮੰਤਸ ਆਦਿ ਨਾਲ ਰਾਜ ਅਤੇ ਸਮਾਜਿਕ ਜੀਵਨ ਦੇ ਵਿਭਿੰਨ ਪਹਿਲੂਆਂ ਬਾਰੇ ਸੰਵਾਦ ਰਚਾਉਂਦਾ ਹੈ। ਲੇਖਕ ਦੀ 'ਮੈਂ' ਵਿਚ ਪਲੈਟੋ ਦੇ ਨਾਲ-ਨਾਲ ਸੁਕਰਾਤ ਵੀ ਬੋਲਦਾ ਹੈ। ਵਿਧੀ ਅਤੇ ਵਿਚਾਰ ਸੁਕਰਾਤ ਦੇ ਹਨ; ਸ਼ੈਲੀ ਅਤੇ ਮਜ਼ਮੂਨ ਪਲੈਟੋ ਦੇ ਆਪਣੇ ਚੁਣੇ ਹੋਏ ਹਨ। ਇਸ ਪੁਸਤਕ ਦੇ ਦਸਵੇਂ ਭਾਗ ਵਿਚ ਪਲੈਟੋ ਸਾਹਿਤ ਬਾਰੇ ਆਪਣੇ ਵਿਚਾਰ ਅੰਕਿਤ ਕਰਦਾ ਹੈ। ਇਸ ਭਾਗ ਵਿਚ ਉਹ ਅਨੁਕਰਣ ਅਤੇ ਨੈਤਿਕਤਾ ਆਦਿਕ ਪਹਿਲੂਆਂ ਨੂੰ ਅਗਰਭੂਮੀ ਵਿਚ ਰੱਖ ਕੇ ਸਿਰਜਣਾਤਮਿਕ ਸਾਹਿਤ ਬਾਰੇ ਆਲੋਚਨਾਤਮਿਕ ਵਿਚਾਰ ਪੇਸ਼ ਕਰਦਾ ਹੈ।
ਪਲੈਟੋ ਦਾ ਵਿਚਾਰ ਹੈ ਕਿ ਆਦਰਸ਼ਕ ਗਣਰਾਜ ਦੇ ਰਾਜੇ (ਸ਼ਾਸਕ) ਦਾਰਸ਼ਨਿਕ ਕਿਸਮ ਦੇ ਹੋਣੇ ਚਾਹੀਦੇ ਹਨ ਤਾਂ ਜੋ ਸਭ ਨੂੰ ਸਮਾਜਿਕ ਨਿਆਇ ਮਿਲ ਸਕੇ ਅਤੇ ਹਰ ਕੋਈ ਸੰਤੁਸ਼ਟ ਰਹੇ। ਉਸ ਅਨੁਸਾਰ ਹਰ ਸਟੇਟ ਦੇ ਸ਼ਾਸਕ ਬੁੱਧੀਮਾਨ, ਪਰਾਕ੍ਰਮੀ, ਸੰਤੁਲਿਤ ਅਤੇ ਨਿਆਂਪ੍ਰਿਯ ਹੋਣੇ ਚਾਹੀਦੇ ਹਨ। ਪਲੈਟੋ ਇਸਤਰੀਆਂ ਨੂੰ ਸੁਸਿੱਖਿਅਤ ਅਤੇ ਸੁਤੰਤਰ ਦੇਖਣਾ ਚਾਹੁੰਦਾ ਸੀ। ਗੁਰਚਰਨ ਸਿੰਘ ਅਰਸ਼ੀ ਨੇ ਇਸ ਪੁਸਤਕ ਦਾ ਅਨੁਵਾਦ 1972 ਈ: ਵਿਚ ਕੀਤਾ ਸੀ। ਉਸ ਸਮੇਂ ਹੀ ਇਹ ਪੁਸਤਕ ਛਪ ਗਈ ਸੀ। ਹੁਣ ਇਹ ਉਸੇ ਪੁਸਤਕ ਦੀ ਦੂਜੀ-ਤੀਜੀ ਛਾਪ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਭਾਈ ਗੁਰਦਾਸ ਦੀ ਵਿਚਾਰਧਾਰਾ
ਲੇਖਿਕਾ : ਰਵਿੰਦਰ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਸ੍ਰੀ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 99150-48005.

ਭਾਈ ਗੁਰਦਾਸ ਜੀ ਇਕ ਮਹਾਨ ਸਤਿਕਾਰਯੋਗ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਲਿਖਣ ਦਾ ਮਾਣ ਪ੍ਰਾਪਤ ਹੋਇਆ। ਉਹ ਮਹਾਨ ਗੁਰਸਿੱਖ, ਪ੍ਰਚਾਰਕ, ਪ੍ਰਬੰਧਕ, ਵਿਦਵਾਨ ਕਵੀ ਅਤੇ ਗੁਰਬਾਣੀ ਦੇ ਵਿਆਖਿਆਕਾਰ ਸਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਦਾ ਖਿਤਾਬ ਬਖ਼ਸ਼ਿਆ। ਆਪ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਚਾਰ ਗੁਰੂ ਸਾਹਿਬਾਨ ਦੀ ਸੰਗਤ ਵਿਚ ਰਹੇ। ਪੰਜਾਬ, ਬਨਾਰਸ, ਜੰਮੂ, ਕਾਬਲ ਆਦਿ ਦੇ ਇਲਾਕਿਆਂ ਵਿਚ ਆਪ ਜੀ ਨੇ ਪ੍ਰਚਾਰ ਦੌਰੇ ਕਰਕੇ ਗੁਰਸਿੱਖੀ ਦੀ ਖੁਸ਼ਬੂ ਫੈਲਾਈ। ਆਪ ਦਾ ਜੀਵਨ ਬਹੁਤ ਹੀ ਉੱਚਾ-ਸੁੱਚਾ ਸੀ। ਛੇਵੇਂ ਪਾਤਸ਼ਾਹ ਜੀ ਨੇ ਆਪ ਜੀ ਦਾ ਅੰਤਿਮ-ਸੰਸਕਾਰ ਆਪਣੇ ਕਰ-ਕਮਲਾਂ ਨਾਲ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਸਰਲ ਬੋਲੀ ਵਿਚ ਆਪਣੀਆਂ ਵਾਰਾਂ, ਕਬਿੱਤਾਂ ਅਤੇ ਸਵੱਯਾਂ ਰਾਹੀਂ ਕੀਤੀ ਹੈ। ਭਾਵੇਂ ਆਪ ਨੇ ਬ੍ਰਿਜ ਭਾਸ਼ਾ ਅਤੇ ਹਿੰਦੀ ਵਿਚ ਵੀ ਰਚਨਾ ਕੀਤੀ ਪਰ ਆਪ ਦੀਆਂ ਪੰਜਾਬੀ ਵਿਚ ਲਿਖੀਆਂ 40 ਵਾਰਾਂ ਬਹੁਤ ਪ੍ਰਸਿੱਧ ਹਨ। ਢਾਡੀਆਂ ਨੇ ਆਪ ਦੀਆਂ ਵਾਰਾਂ ਥਾਂ-ਥਾਂ 'ਤੇ ਗਾਈਆਂ ਅਤੇ ਇਨ੍ਹਾਂ ਦਾ ਸੰਦੇਸ਼ ਸੰਗੀਤਾਂ ਦੇ ਮਨਾਂ ਵਿਚ ਵਸਾਇਆ। ਆਓ, ਇਸ ਸੰਤ ਕਵੀ ਦੀਆਂ ਹਰਮਨ-ਪਿਆਰੀਆਂ ਰਚਨਾਵਾਂ ਦੀਆਂ ਕੁਝ ਝਲਕਾਂ ਮਾਣੀਏਂ
-ਲਖ ਚਉਰਾਸੀਹ ਜੂਨਿ ਵਿਚਿ ਉਤਮੁ ਜੂਨਿ ਸੁ ਮਾਣਸ ਦੇਹੀ।
-ਗੁਰਮੁਖਿ ਸਫਲ ਜਨੰਮੁ ਜਗ ਵਿਚ ਆਇਆ।
-ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਾਹਿ ਪਠਾਇਆ।
-ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ।
-ਹਉ ਤਿਸਦੈ ਚਉਖੰਨੀਐ ਗੁਰ ਪਰਮੇਸੁਰ ਏਕੋ ਜਾਣੈ।
ਲੇਖਿਕਾ ਨੇ ਇਹੋ ਜਿਹੀ ਰੰਗ-ਰੱਤੜੀ ਹਸਤੀ ਦੀ ਗੁਰਮਤਿ ਵਿਚਾਰਧਾਰਾ ਪਾਠਕਾਂ ਦੇ ਸਨਮੁੱਖ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਭਾਈ ਗੁਰਦਾਸ ਜੀ ਦੀ ਬਾਣੀ ਗੁਰ ਅਸਥਾਨਾਂ 'ਤੇ ਗਾਇਨ ਕੀਤੀ ਜਾਂਦੀ ਹੈ। ਗੁਰੂ ਮਹਾਰਾਜ ਜੀ ਵੱਲੋਂ ਨਿਵਾਜ਼ੇ ਹੋਏ ਭਾਈ ਗੁਰਦਾਸ ਜੀ ਸਾਡੇ ਪਰਮ ਸਤਿਕਾਰਯੋਗ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪਿੰਡ ਦਾ ਦਰਦ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100, ਸਫ਼ੇ : 96
ਸੰਪਰਕ : 95309-44345.

ਬਲਬੀਰ ਪਰਵਾਨਾ ਸਥਾਪਤ ਗਲਪਕਾਰ ਹੈ। 'ਪਿੰਡ ਦਾ ਦਰਦ' ਵਿਚ ਉਸ ਦੀਆਂ 126 ਕਹਾਣੀਆਂ ਹਨ, ਜਿਨ੍ਹਾਂ ਵਿਚ ਉਸ ਨੇ ਪਿੰਡ ਦੇ ਲੋਕਾਂ ਦੀ ਗਾਥਾ ਨੂੰ ਹੀ ਬਿਆਨ ਕੀਤਾ ਹੈ; ਗੱਲ ਕੀ ਪਰਵਾਨਾ ਦੀਆਂ ਕਹਾਣੀਆਂ ਦੇ ਵਿਸ਼ੇ ਆਮ ਵਰਤਾਰੇ ਵਾਲੇ ਜੀਵਨ ਦੀ ਝਲਕ ਦਿਖਾਉਂਦੇ ਹਨ। ਗਲਪਕਾਰ ਨੂੰ ਮਿੰਨੀ ਕਹਾਣੀ ਰਾਹੀਂ ਆਪਣੀ ਗੱਲ ਕਹਿਣੀ ਆਉਂਦੀ ਹੈ, ਜਿਵੇਂ ਪਹਿਲੀ ਕਹਾਣੀ; ਕਿਸਾਨ ਤੇ ਉਹਦੀ ਬੀਵੀ ਰਾਹੀਂ ਕਿਸਾਨਾਂ ਤੇ ਔਰਤਾਂ ਦੀ ਸਥਿਤੀ ਦੀ ਪੇਸ਼ਕਾਰੀ ਰਾਹੀਂ ਪਿੰਡ ਦੇ ਦਰਸ਼ਨ ਹੋ ਜਾਂਦੇ ਹਨ। ਅਗਲੀਆਂ ਕਹਾਣੀਆਂ ਬੈਂਕ ਦੀ ਕਿਸ਼ਤ ਵਿਚ ਕਰਜ਼ੇ ਦੀ ਮਾਰ ਹੇਠ ਆਏ ਕਿਸਾਨ ਦਾ ਆਪਣੀ ਗਹਿਣੇ ਕੀਤੀ ਜ਼ਮੀਨ ਨਾਲ ਮੋਹ ਦਿਖਾਇਆ ਗਿਆ ਹੈ।
ਸ਼ਰਧਾ ਦਾ ਸੱਚ ਕਹਾਣੀ ਵਿਚ ਧਾਰਮਿਕ ਸਥਾਨਾਂ ਦੀ ਆੜ ਲੈ ਕੇ ਇਸ਼ਕ ਕਰਨ ਵਾਲੇ ਲੋਕਾਂ ਦਾ ਸੱਚ ਹੈ। ਬੱਚੇ ਦੇ ਨਕਸ਼, ਅੱਗ ਦੀ ਉਮਰ ਅਤੇ ਅਣਖ ਕਹਾਣੀਆਂ ਕਾਮ-ਸਬੰਧਾਂ ਪਿੱਛੇ ਹੁੰਦੇ ਕਤਲਾਂ ਦਾ ਯਥਾਰਥ ਬਿਆਨ ਕਰਦੀਆਂ ਹਨ। ਇਸ ਤਰ੍ਹਾਂ ਕੁਲਦੀਪਕ ਕਹਾਣੀ ਵੀ ਗੁੱਝੇ ਭੇਦ ਨੂੰ ਦਰਸਾਉਂਦੀ ਹੈ। ਇਹ ਵੀ ਜ਼ਿੰਦਗੀ ਹੈ, ਗ਼ਰੀਬ ਘਰ ਦੀ ਇੱਜ਼ਤ, ਕਹਾਣੀਆਂ ਵਿਚ ਗਰੀਬ ਦੀ ਤ੍ਰਾਸਦੀ ਕੋਈ ਨਹੀਂ ਜਾਣਦਾ ਤੇ ਉੱਪਰੋਂ ਹੋਰ ਤੇ ਅਸਲੀਅਤ ਕੁਝ ਹੋਰ ਬਾਰੇ ਹੈ। ਇਸ ਤਰ੍ਹਾਂ ਅਣਚਾਹਿਆ ਬਾਪ ਰਿਸ਼ਤਿਆਂ ਦਾ ਘਾਣ ਕਰਦੀ ਕਹਾਣੀ ਹੈ। ਉਂਗਲਾਂ ਤੇ ਅੰਗੂਠਾ ਵਿਚ ਗ਼ਰੀਬ ਦੀ ਤ੍ਰਸਾਦੀ ਕੰਮ ਪਿਆਰਾ ਹੈ ਚੰਮ ਨਹੀਂ ਬਾਰੇ ਦੱਸਿਆ ਗਿਆ ਹੈ ਕਿ ਉਂਗਲਾਂ ਕੱਟੀਆਂ ਜਾਣ 'ਤੇ ਗਰੀਬ ਮੁੰਡੇ ਦੀ ਉਸ ਦਾ ਮਾਲਕ ਸਾਰ ਨਹੀਂ ਲੈਂਦਾ। ਸਫ਼ਰ ਦੇ ਪਲ, ਸੁੱਖ ਵਸੇਂਦੀ ਕਹਾਣੀਆਂ ਵਿਚ ਔਰਤ ਦੀ ਦਾਸਤਾਨ ਬਿਆਨ ਕੀਤੀ ਗਈ ਹੈ। ਪੁਸਤਕ ਦੇ ਅਖੀਰ ਵਿਚ ਬਲਬੀਰ ਪਰਵਾਨਾ ਨਾਲ ਮੁਲਾਕਾਤ ਅੰਸ਼ ਹੈ, ਜੋ ਪ੍ਰਭਾਵਪੂਰਤ ਹੈ। ਸਮੁੱਚੇ ਰੂਪ ਵਿਚ ਪਰਵਾਨਾ ਦੀਆਂ ਕਹਾਣੀਆਂ ਇਕ ਪਿੰਡ ਦਾ ਦਰਦ ਨਹੀਂ, ਸਮੁੱਚੇ ਪਿੰਡਾਂ ਦਾ ਦਰਦ ਬਿਆਨਦੀਆਂ ਕਹਾਣੀਆਂ ਹਨ।

ਂਗੁਰਬਿੰਦਰ ਕੌਰ ਬਰਾੜ
ਮੋ: 9914445983
ਫ ਫ ਫ

ਮਹਾਨ ਖੋਜਕਾਰ
ਲੇਖਕ : ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਬਾਦਬਾਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 152
ਸੰਪਰਕ : 97806-67686.

ਪ੍ਰਿੰ: ਹਰੀ ਕ੍ਰਿਸ਼ਨ ਮਾਇਰ ਭੌਤਿਕ ਵਿਗਿਆਨ ਦਾ ਅਨੁਭਵੀ ਅਧਿਆਪਕ ਹੈ ਅਤੇ ਪੰਜਾਬੀ ਮਾਤ ਭਾਸ਼ਾ ਦਾ ਸ਼ੈਦਾਈ। ਲੰਮੇ ਸਮੇਂ ਤੋਂ ਉਹ ਵਿਗਿਆਨਕ ਵਿਸ਼ਿਆਂ ਉੱਤੇ ਸਰਲ ਪੰਜਾਬੀ ਵਿਚ ਪੱਤਰ-ਪੱਤ੍ਰਿਕਾਵਾਂ ਵਿਚ ਲਿਖ ਕੇ ਆਪਣੀ ਪਛਾਣ ਬਣਾ ਚੁੱਕਾ ਹੈ। ਵਿਚਾਰ ਅਧੀਨ ਪੁਸਤਕ ਵਿਚ ਸਾਇਰਾਕੂਜ਼ ਦੇ ਬਹੁਚਰਚਿਤ ਵਿਗਿਆਨੀ ਆਰਕੀਮੀਡੀਜ਼ ਤੋਂ ਲੈ ਕੇ ਵੀਲ੍ਹਚੇਅਰ ਨਾਲ ਬੱਝੇ ਬ੍ਰਹਿਮੰਡ ਦੇ ਭੇਦ ਸੁਲਝਾਉਣ ਵਾਲੇ ਪ੍ਰਤਿਭਾਸ਼ੀਲ ਸਟੀਫ਼ਨ ਹਾਕਕਿੰਗ ਤੱਕ ਚੌਵੀ ਵਿਸ਼ਵ ਪ੍ਰਸਿੱਧ ਵਿਗਿਆਨੀਆਂ ਦੇ ਰੌਚਿਕ ਜੀਵਨ ਬਿਰਤਾਂਤ ਹਨ। ਇਨ੍ਹਾਂ ਵਿਚ ਜੇ.ਸੀ. ਬੋਸ, ਸੀ.ਵੀ. ਰਮਨ, ਰਾਮਾਨੁਜਨ ਤੇ ਖੁਰਾਣਾ ਭਾਰਤੀ ਪਿਛੋਕੜ ਵਾਲੇ ਹਨ। ਆਈਨਸਟਾਈਨ, ਨਿਊਟਨ, ਗੈਲੀਲੀਓ, ਕਾਰਪਨੀਕਸ, ਬਰੂਨੋ, ਕੈਪਲਰ, ਜਾਰਜ, ਸਟੀਫਨਸਨ, ਮੋਰਸ, ਮਾਰਕੋਨੀ, ਫੈਰਾਡੇ, ਡਾਰਵਿਨ, ਮੈਕਸਵੈਲ, ਪਾਸਚਰ, ਐਡੀਸਨ, ਮੇਰੀ ਕਿਊਰੀ, ਅਲਫਰੈਡ ਨੋਬਲ, ਸਿਡਨੀ ਬਰੇਨਰ ਤੇ ਪੀਟਰ ਹਿਗਜ਼ ਸਾਰੇ ਹੀ ਇਕ ਤੋਂ ਇਕ ਵੱਡੇ ਨਾਂਅ ਹਨ।
ਮਾਇਰ ਦੀ ਕੋਸ਼ਿਸ਼ ਇਹ ਹੈ ਕਿ ਹਰ ਵਿਗਿਆਨੀ ਦੀਆਂ ਵਿਗਿਆਨਕ ਪ੍ਰਾਪਤੀਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਸੰਖੇਪ ਤੇ ਸਰਲ ਜ਼ਬਾਨ ਵਿਚ ਦਿੱਤੀ ਜਾਵੇ। ਉਸ ਦਾ ਦੂਜਾ ਯਤਨ ਵਿਗਿਆਨੀ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਵਿਚ ਜਿਊਂਦੇ ਜਾਗਦੇ ਵਿਅਕਤੀ ਦੇ ਰੂਪ ਵਿਚ ਪਾਠਕ ਦੇ ਮਨ ਮਸਤਕ ਵਿਚ ਸਾਕਾਰ ਕਰਨਾ ਹੈ। ਉਸ ਦੇ ਸ਼ੌਕ, ਸੰਘਰਸ਼, ਆਲਾ-ਦੁਆਲਾ, ਬਚਪਨ, ਸੰਗੀ-ਸਾਥੀ, ਕਮਜ਼ੋਰੀਆਂ, ਗੁਣ, ਮਾਣ-ਸਨਮਾਨ, ਬੋਲ-ਬਾਣੀ, ਵਿਹਾਰ ਵਿਚੋਂ ਚੁਣ-ਚੁਣ ਕੇ ਅਜਿਹੇ ਵੇਰਵੇ ਪੇਸ਼ ਕਰਨੇ ਕਿ ਸਬੰਧਤ ਵਿਗਿਆਨੀ ਦੀ ਪੂਰੀ ਸ਼ਖ਼ਸੀਅਤ ਉੱਭਰ ਆਏ। ਲੇਖਕ ਦਾ ਤੀਜਾ ਉਦੇਸ਼ ਸਾਰਥਕ ਤੇ ਮਹੱਤਵਪੂਰਨ ਹੈ। ਉਹ ਇਨ੍ਹਾਂ ਦੀ ਪੂਰਤੀ ਵਿਚ ਸਫਲ ਵੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸਿੰਘ ਬੋਧ
ਲੇਖਕ : ਅਵਤਾਰ ਸਿੰਘ ਧਮੋਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94172-10117.

'ਸਿੰਘ ਬੋਧ' ਨੌਜਵਾਨ ਸ਼ਾਇਰ ਅਵਤਾਰ ਸਿੰਘ 'ਧਮੋਟ' ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਤ੍ਰੈ-ਸ਼ਤਾਬਦੀ ਨੂੰ ਸਮਰਪਿਤ ਕੀਤਾ ਹੈ। ਕਵਿਤਾ ਰਾਹੀਂ ਕਵੀ ਦਿਲ 'ਚ ਮਚਲਦੇ ਅਹਿਸਾਸਾਂ ਨੂੰ ਸ਼ਬਦੀ-ਜਾਮਾ ਪਹਿਨਾਉਂਦਾ ਹੈ ਅਤੇ ਪ੍ਰਾਪਤ ਯਥਾਰਥ-ਬੋਧ ਨੂੰ ਸਮਕਾਲੀ ਪਰਿਪੇਖ 'ਚ ਰੱਖਦਿਆਂ ਅਤੀਤ ਨਾਲ ਸੰਵਾਦ ਵੀ ਰਚਾਉਂਦਾ ਹੈ। ਅਵਤਾਰ ਸਿੰਘ ਧਮੋਟ ਵੀ ਆਪਣੇ ਇਸ ਕਾਵਿ-ਸੰਗ੍ਰਹਿ ਰਾਹੀਂ 'ਸਿੰਘ' ਦੇ ਵਿਚਾਰਧਾਰਕ ਸੰਕਲਪ ਦੀ ਪਰਿਕਲਪਨਾ ਕਰਦਾ ਹੈ। ਉਸ ਦੀਆਂ 'ਕਵਿਤਾਵਾਂ', 'ਮੰਗਲਾਚਰਨ', 'ਆਦਿਕਾ', 'ਸਿੱਖੀ', 'ਸਿੰਘ ਨਾਦ', 'ਸਿੰਘ ਰਾਜ', 'ਖ਼ਾਲਸਾ ਤੰਤਰ', 'ਸਿੰਘ ਰਾਜ ਦਾ ਸੰਕਲਪ', 'ਸਿੰਘ ਬੋਧ', 'ਸਿੰਘ ਘਾਤ', 'ਸਿੰਘ ਨਾਵਾਂ', 'ਕੌਮੀ ਵਸੀਅਤ', 'ਜੰਗ ਨਾਮਾ ਸਿੰਘਾਂ ਅਤੇ ਬਿਪਰਾਂ' ਅਤੇ 'ਅੰਤਿਕਾ ਜੋ ਅੰਤਿਕਾ ਨਹੀਂ' ਆਦਿ ਸਿੰਘ ਅਤੇ ਸਿੱਖ ਸ਼ਬਦ ਦੇ ਵਿਚਾਰਧਾਰਕ ਅਤੇ ਸੰਕਲਪਗਤ ਅਰਥ ਦਾ ਸੰਚਾਰ ਕਰਨ ਵੱਲ ਰੁਚਿਤ ਹੈ। 'ਸਿੱਖ' ਸ਼ਬਦ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਮਾਨਵੀ ਚੇਤਨਾ ਦਾ ਪ੍ਰਤੀਕ ਹੈ, ਜਿਸ ਦਾ ਸਰੋਕਾਰ ਬ੍ਰਾਹਮਣਵਾਦੀ ਸੋਚ ਦੇ ਮੁੱਲ-ਵਿਧਾਨ ਵਿਰੁੱਧ ਬੌਧਿਕ ਸੰਘਰਸ਼ ਵਿੱਢਣ ਦਾ ਹੈ। 'ਸਿੰਘ' ਦੀ ਸਿਰਜਣਾ 'ਸਿੱਖ' ਦੀ ਰਾਖੀ ਕਰਨ ਦਾ ਹੈ। ਇਸ ਲਈ ਅਵਤਾਰ ਧਮੋਟ ਆਪਣੀ ਕਵਿਤਾ ਰਾਹੀਂ ਪੰਜਾਬ ਦੀ ਜੁਝਾਰੂ ਪ੍ਰਵਿਰਤੀ 'ਚ 'ਨਾਬਰੀ' ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਸਿੱਖ ਸੰਸਕ੍ਰਿਤੀ ਦੀ ਪਛਾਣ ਕਰਾਉਂਦਾ ਹੋਇਆ ਇਸ ਨੂੰ ਪ੍ਰਚਾਰਨ ਅਤੇ ਪ੍ਰਸਾਰਿਤ ਕਰਨ ਲਈ ਉਤਸੁਕ ਹੈ।
ਇਸ ਪੁਸਤਕ ਦਾ ਨਿਵੇਕਲਾ ਕੋਣ ਹੈ ਸਾਮਵਾਦ, ਸਰਬੱਤ ਦਾ ਭਲਾ, ਬੇਗਮਪੁਰਾ ਸ਼ਹਿਰ ਦੀ ਪਰਿਕਲਪਨਾ ਦਾ ਇਕ-ਮਿਕ ਹੋਣਾ। ਇਹ ਕਾਰਜ ਉਹ ਤੁਲਨਾਤਮਿਕ ਵਿਧੀ ਰਾਹੀਂ ਕਰਦਾ ਹੈ। ਜੀਵਨ-ਜਾਚ ਦੀ ਗੱਲ ਕਰਦਿਆਂ ਉਹ ਸਿੰਘ ਦੀ ਤੁਲਨਾ ਵਿਸ਼ਵ ਪੱਧਰੀ ਸਮਾਜਵਾਦੀ ਬੋਧ ਨਾਲ ਜੋੜਦਿਆਂ 'ਸਰਬੱਤ ਦੇ ਭਲੇ' 'ਚੋਂ ਤਸਲੀਮ ਕਰਦਾ ਹੈ। ਮਲਵਈ ਭਾਸ਼ਾ ਦੇ ਅਸਰ ਅਧੀਨ ਆਪਣੇ ਅਰਥਾਂ ਦਾ ਭਾਵ ਸਿਰਜਣ ਵਿਚ ਕਠਿਨਾਈ ਪੈਦਾ ਕਰਦੇ ਹਨ। ਮਸਲਨ : ਜਲਿੱਤ (ਜ਼ਿੱਲਤ), 'ਸਾਹ (ਸ਼ਾਹ), ਸਹਿਜਾਦੇ (ਸ਼ਹਿਜ਼ਾਦੇ ਆਦਿ। ਮੇਰੀ ਜਾਚੇ 500 ਸਾਲਾਂ ਦੇ ਸਿੱਖ ਇਤਿਹਾਸ 'ਤੇ ਜੋ ਸਾਖ਼ੀਆਂ ਅਤੇ ਕਾਲਪਨਿਕ ਕਥਾਵਾਂ ਦੀ ਗਰਦ ਪਈ ਹੈ, ਉਸ ਨੂੰ ਝਾੜਨ 'ਚ ਇਹ ਪੁਸਤਕ ਅਵਸ਼ ਹੀ ਆਪਣਾ ਯੋਗਦਾਨ ਪਾਏਗੀ। ਆਮੀਨ!

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
ਫ ਫ ਫ

ਮਹਾਨ ਵਿਦਵਾਨਾਂ ਦੀਆਂ ਅਗਾਂਹਵਧੂ ਕੁਟੇਸ਼ਨਾਂ
ਸੰਪਾਦਕ : ਅਮਰਜੀਤ ਢਿੱਲੋਂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160
ਸੰਪਰਕ : 94171-20427.

ਅਮਰਜੀਤ ਢਿੱਲੋਂ ਵੱਲੋਂ ਸੰਪਾਦਕ ਇਹ ਪੁਸਤਕ ਦੁਨੀਆ ਦੇ ਮਹਾਨ ਵਿਦਵਾਨਾਂ/ਦਾਨਸ਼ਵਰਾਂ ਦੇ ਵੱਖ-ਵੱਖ ਕਾਰਜਾਂ ਨਾਲ ਸਬੰਧਤ ਵਿਗਿਆਨਕ ਵਿਚਾਰਾਂ ਅਤੇ ਟਿੱਪਣੀਆਂ ਬਾਰੇ ਵਿਸਥਾਰ ਨਾਲ ਇਕੱਤਰ ਕੀਤੇ ਗਏ ਫੁੱਟ ਨੋਟ ਹਨ। ਅਨੇਕਾਂ ਸਿਰਲੇਖਾਂ ਅਧੀਨ ਦਿੱਤੇ ਗਏ ਵਿਚਾਰ ਇਕ ਵਿਲੱਖਣ ਅਤੇ ਦਿਲਚਸਪ ਵੰਨਗੀ ਪੇਸ਼ ਕਰਦੇ ਹਨ। ਇਹ ਦਿੱਤੀਆਂ ਗਈਆਂ ਕੁਟੇਸ਼ਨਾਂ ਅੰਧ-ਵਿਸ਼ਵਾਸੀ ਅਤੇ ਨਿਰਾਸ਼ਾਜਨਕ ਨਹੀਂ ਸਗੋਂ ਉਹ ਸੁਚੇਤ ਪੱਧਰ 'ਤੇ ਇਸ ਸੰਗ੍ਰਹਿ ਵਿਚ ਅਗਾਂਹਵਧੂ ਅਤੇ ਵਿਗਿਆਨਕ ਵਿਚਾਰਾਂ ਦੀ ਚੋਣ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਵਿਗਿਆਨਕ ਵਿਚਾਰਧਾਰਾ ਅਪਣਾ ਕੇ ਹੀ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਿਆ ਜਾ ਸਕਦਾ ਹੈ। ਹਰ ਵਿਚਾਰਧਾਰਾ ਤੋਂ ਪ੍ਰਭਾਵਿਤ ਵਿਦਵਾਨਾਂ ਨੂੰ ਯੋਗ ਥਾਂ ਦਿੱਤਾ ਗਿਆ ਹੈ। ਪੰਜਾਬੀ ਪਾਠਕਾਂ ਲਈ ਵੱਖ-ਵੱਖ ਲੇਖਕਾਂ ਅਤੇ ਵਿਦਵਾਨਾਂ ਦੀਆਂ ਵਿਭਿੰਨ ਵਿਸ਼ਿਆਂ ਉੱਪਰ ਕੀਤੀਆਂ ਗਈਆਂ ਇਹ ਟਿੱਪਣੀਆਂ ਲਾਹੇਵੰਦ ਹਨ। ਵਾਰਤਕ ਸ਼ੈਲੀ ਦਾ ਸੁੰਦਰ ਪ੍ਰਦਰਸ਼ਨ ਕਰਦੇ ਇਹ ਨਿੱਕੇ-ਨਿੱਕੇ ਵਾਕ ਭਰਪੂਰ ਜੀਵਨ ਜਿਊਣ ਦਾ ਉਤਸ਼ਾਹ ਪੈਦਾ ਕਰਨ ਦਾ ਸੁਨੇਹਾ ਦਿੰਦੇ ਹਨ।
ਸੰਪਾਦਕ ਲੇਖਕ ਪ੍ਰਸੰਸਾ ਦਾ ਹੱਕਦਾਰ ਹੈ, ਜਿਸ ਨੇ ਬੜੀ ਮਿਹਨਤ ਨਾਲ ਇਨ੍ਹਾਂ ਕੁਟੇਸ਼ਨਾਂ ਨੂੰ ਇਕੱਤਰ ਕਰਕੇ ਸਿਰਲੇਖਾਂ ਨੂੰ ਤਰਤੀਬ ਅਨੁਸਾਰ ਕੀਤਾ ਹੈ। ਪਾਠਕ ਕਿਸੇ ਵੀ ਵਿਸ਼ੇ ਉੱਪਰ ਇਕ ਤੋਂ ਵੱਧ ਟਿੱਪਣੀਆਂ ਪ੍ਰਾਪਤ ਕਰ ਸਕਦਾ ਹੈ। ਨਿੱਜੀ ਲਾਇਬਰੇਰੀ ਵਿਚ ਸ਼ਾਮਿਲ ਹੋਣ ਦਾ ਮਿਆਰ ਇਹ ਪੁਸਤਕ ਰੱਖਦੀ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਬਲਬੀਰ ਪਰਵਾਨਾ ਦਾ ਸਿਰਜਣੀ ਵਰਤਾਰਾ
ਸੰਪਾਦਕ : ਰਜਨੀਸ਼ ਬਹਾਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 98148-60778.

ਬਲਬੀਰ ਪਰਵਾਨਾ ਪੂਰੀ ਸਰਗਰਮੀ ਅਤੇ ਸ਼ਿੱਦਤ ਨਾਲ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਅਜਿਹਾ ਸਾਹਿਤਕਾਰ ਹੈ, ਜਿਹੜਾ ਸਾਹਿਤ ਸਿਰਜਣਾ ਦੇ ਖੇਤਰ ਵਿਚ ਤੁਰਦਾ ਸਹਿਜ ਨਾਲ ਹੈ। ਇਸੇ ਕਰਕੇ ਹੀ ਉਸ ਦੀਆਂ ਰਚਨਾਵਾਂ ਨੇ ਪੰਜਾਬੀ ਸਾਹਿਤ ਖੇਤਰ ਵਿਚ ਪਾਠਕਾਂ ਦਾ ਧਿਆਨ ਵੀ ਖਿੱਚਿਆ ਹੈ। ਇਸੇ ਵਰਤਾਰੇ ਤਹਿਤ ਰਜਨੀਸ਼ ਬਹਾਦਰ ਸਿੰਘ ਦੁਆਰਾ ਸੰਪਾਦਿਤ ਕੀਤੀ ਪੁਸਤਕ 'ਬਲਬੀਰ ਪਰਵਾਨਾ ਦਾ ਸਿਰਜਣੀ ਵਰਤਾਰਾ' ਪੰਜਾਬੀ ਸਾਹਿਤ ਦੇ ਪਾਠਕਾਂ, ਵਿਦਿਆਰਥੀਆਂ ਅਤੇ ਆਲੋਚਕਾਂ ਦੀ ਨਜ਼ਰ ਹੋਈ ਹੈ। ਰਜਨੀਸ਼ ਬਹਾਦਰ ਦੁਆਰਾ ਬਲਬੀਰ ਪਰਵਾਨਾ ਦੀਆਂ ਰਚਨਾਵਾਂ ਦੀ ਆਲੋਚਨਾਤਮਿਕ ਨਿਰਖ ਪਰਖ ਕਰਦੀ ਇਸ ਪੁਸਤਕ ਵਿਚ ਉਸ ਦੁਆਰਾ ਰਚੇ ਸਿਰਜਣਾ ਸੰਸਾਰ ਨੂੰ ਰਜਨੀਸ਼ ਬਹਾਦਰ ਸਿੰਘ ਅਤੇ 20 ਹੋਰ ਵਿਦਵਾਨਾਂ ਪਰਖ ਪੜਚੋਲ ਦਾ ਜ਼ਰੀਆ ਬਣਾਇਆ ਹੈ। ਪੁਸਤਕ ਦੇ ਅਖੀਰ 'ਤੇ ਰਜਨੀਸ਼ ਬਹਾਦਰ ਦੁਆਰਾ ਬਲਬੀਰ ਪਰਵਾਨਾ ਨਾਲ ਇਕ ਲੰਮੀ ਮੁਲਾਕਾਤ ਵੀ ਦਰਜ ਕੀਤੀ ਗਈ ਹੈ, ਜਿਸ ਵਿਚ ਬਲਬੀਰ ਪਰਵਾਨਾ ਦੇ ਜਲੰਧਰ ਵਸਣ ਦੇ ਸਬੱਬ, ਲਹਿਰਾਂ ਦੇ ਪ੍ਰਭਾਵ ਅਤੇ ਰਚਨਾਵਾਂ ਦੇ ਪਿਛੋਕੜ ਵਿਚ ਪਿੱਠਭੂਮੀ ਉਸਾਰਦੀਆਂ ਸੁਰਾਂ ਬਾਰੇ ਵਿਸਥਾਰ ਵਿਚ ਸੰਵਾਦ ਰਚਾਇਆ ਗਿਆ ਹੈ। ਬਲਬੀਰ ਪਰਵਾਨਾ ਦੇ ਵੱਡ ਅਕਾਰੀ ਨਾਵਲ 'ਬਹੁਤ ਸਾਰੇ ਚੁਰੱਸਤੇ' ਤੋਂ ਇਲਾਵਾ 'ਅੰਬਰ ਵੱਲ ਉਡਾਣ', 'ਖੇਤਾਂ ਦਾ ਰੁਦਨ', 'ਜਦੋਂ ਦੇਸ਼ ਦੇ ਜੱਟ ਸਰਦਾਰ ਹੋਵੇ' ਪੰਜਾਬ ਦੀ ਲਲਕਾਰ (ਨਾਵਲਿਟ) ਅਤੇ ਨਾਵਲਿਟ ਸੰਗ੍ਰਹਿ 'ਬੇਗਾਨੇ ਪਿੰਡ ਦੀ ਜੂਹ' ਦੇ ਅਧਿਐਨ ਵਿਸ਼ਲੇਸ਼ਣ ਦੇ ਨਾਲ-ਨਾਲ ਉਸ ਦੀ ਮਿੰਨੀ ਕਹਾਣੀ ਰਚਨਾ, 'ਅਚਾਨਕ ਸਾਹਮਣੇ', ਧੂੰਆਂ ਕਹਾਣੀ-ਸੰਗ੍ਰਹਿ ਬਾਰੇ ਵੀ ਆਲੋਚਨਾਤਮਿਕ ਖੋਜ ਲੇਖ ਸ਼ਾਮਿਲ ਹਨ। ਕਿਉਂਕਿ ਬਲਵੀਰ ਪਰਵਾਨਾ ਕਵਿਤਾ ਵੀ ਰਚਦਾ ਹੈ ਤੇ 'ਵਰਜਣਾ ਤੋਂ ਪਾਰ' ਉਸ ਦਾ ਕਾਵਿ-ਸੰਗ੍ਰਹਿ ਕਾਫੀ ਚਰਚਾ ਵਿਚ ਵੀ ਰਿਹਾ, ਉਸ ਬਾਰੇ ਵੀ ਸੰਪਾਦਕ ਦਾ ਆਪਣਾ ਖੋਜ ਲੇਖ ਇਸ ਪੁਸਤਕ ਵਿਚ ਸ਼ਾਮਿਲ ਹੈ। ਤਕਰੀਬਨ ਹਰੇਕ ਵਿਦਵਾਨ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਬਲਬੀਰ ਪਰਵਾਨਾ ਦੇ ਰਚਨਾ ਸੰਸਾਰ ਨੂੰ ਸਮਝਣ ਅਤੇ ਪਰਖ-ਪੜਚੋਲ ਦਾ ਵਿਸ਼ਾ ਬਣਾਇਆ ਹੈ ਅਤੇ ਉਸ ਦੀ ਸਿਰਜਣਸ਼ੀਲਤਾ ਦੇ ਨਕਸ਼ਾਂ ਦੀ ਪੈੜ ਲੱਭਣ ਦਾ ਯਤਨ ਕੀਤਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਖ਼ਰਖ਼ਰਾ
ਲੇਖਕ : ਨਵਰਾਹੀ ਘੁਗਿਆਨਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98150-02302.

ਨਵਰਾਹੀ ਘੁਗਿਆਨਵੀ ਦੀਆਂ ਇਹ ਕਵਿਤਾਵਾਂ ਵਰਤਮਾਨ ਸਮੇਂ ਵਿਚ ਸਮਾਜਿਕ, ਰਾਜਨੀਤਕ, ਨੈਤਿਕ ਅਤੇ ਆਰਥਿਕ ਬੇਇਨਸਾਫ਼ੀਆਂ ਦਾ ਅਜਿਹਾ ਕੱਚਾ ਚਿੱਠਾ ਹੈ, ਜਿਸ ਨੂੰ ਅਸੀਂ ਸਮੇਂ ਦਾ ਯਥਾਰਥ ਕਹਿ ਸਕਦੇ ਹਾਂ। ਕਵੀ ਵਿਅੰਗਾਤਮਕ ਲਹਿਜ਼ੇ ਵਿਚ ਮਨੁੱਖੀ ਕਮਜ਼ੋਰੀਆਂ ਨੂੰ ਨੰਗਾ ਕਰਦਾ ਹੈ। ਨਿਡਰ ਹੋ ਕੇ ਉਨ੍ਹਾਂ ਸਾਰੇ ਲੋਕ-ਦੁਸ਼ਮਣਾਂ ਨੂੰ ਕਵੀ ਨੰਗਾ ਕਰਦਾ ਹੈ, ਜਿਹੜੇ ਸਾਡੇ ਨੇਤਾ, ਹੁਕਮਰਾਨ ਅਤੇ ਲੁਟੇਰੇ ਹਨ। ਕਵੀ ਨਿਸੰਗ ਹੋ ਕੇ ਰਾਜਨੀਤਕ ਲੁਟੇਰਿਆਂ, ਧਾਰਮਿਕ ਨੇਤਾਵਾਂ, ਅੱਤਵਾਦੀਆਂ ਦੀਆਂ ਕੁਚਾਲਾਂ ਨੂੰ ਭੰਡਦਾ ਹੈ। ਕਵੀ ਵਰਤਮਾਨ ਹਾਲਾਤ ਵਿਚ ਸਮਾਜਿਕ, ਰਾਜਨੀਤਕ, ਨੈਤਿਕ ਗਿਰਾਵਟਾਂ ਦੀ ਗੱਲ ਕਰਦਾ ਹੋਇਆ ਮਾਨਵੀ ਕਦਰਾਂ-ਕੀਮਤਾਂ ਦੇ ਉਥਾਨ ਲਈ ਨਵੇਂ ਸੁਨੇਹੇ ਦਿੰਦਾ ਹੈ। ਖ਼ਰਖ਼ਰਾ ਕਾਵਿ ਸੰਗ੍ਰਹਿ ਸਮੇਂ ਦਾ ਯਥਾਰਥ ਹੈ। ਸਮੇਂ ਅਨੁਸਾਰ ਜਿਥੇ ਇਸ ਸੰਸਾਰ ਵਿਚ ਵਿਗਿਆਨਕ, ਤਕਨਾਲੋਜੀ ਉੱਨਤੀ ਹੋਈ ਹੈ, ਉਥੇ ਅਮੀਰ ਦੇਸ਼ ਵਧੇਰੇ ਵਿਕਾਸ ਕਰ ਚੁੱਕੇ ਹਨ, ਪਰ ਸੰਸਾਰ ਵਿਚੋਂ ਗ਼ਰੀਬੀ, ਜਹਾਲਤ, ਬੇਇਨਸਾਫ਼ੀ, ਆਤੰਕ ਅਤੇ ਜੰਗਾਂ ਅਜੇ ਖ਼ਤਮ ਨਹੀਂ ਹੋਈਆਂ। ਕਵੀ ਅਜਿਹੇ ਵਾਤਾਵਰਨ ਵਿਚ ਬੇਚੈਨ ਹੈ। ਹੇਠ ਲਿਖੀਆਂ ਟੂਕਾਂ ਕਵੀ ਦੀ ਨਿਰਪੱਖ ਸੁੱਚੀ ਅਤੇ ਖ਼ਰੀ ਰਾਇ ਹੈ :
ਕੰਮ ਰਾਜ ਦਾ ਲੋਕਾਂ ਦਾ ਭਲਾ ਚਾਹੁਣਾ,
ਕੇਵਲ ਭਾਸ਼ਣਾਂ ਨਾਲ, ਨਾ ਸਰੇ ਬੇਸ਼ੱਕ।
ਜਾਂ
ਸਤੇ ਹੋਏ ਪ੍ਰਬੰਧ ਦੇ ਲਾਰਿਆਂ ਤੋਂ
ਖ਼ੁਦਕੁਸ਼ੀ ਲਈ ਲੋਕ ਮਜਬੂਰ ਹੋ ਗਏ।
ਤੇ
ਜਿਥੇ ਦ੍ਰਿਤਕਰਾ, ਵੈਰ ਵਿਰੋਧ ਹੋਵੇ
ਉਥੇ ਤਲਖ਼ੀ ਦਾ ਗਰਮ ਬਾਜ਼ਾਰ ਹੁੰਦਾ।
ਕਵੀ ਵਰਤਮਾਨ ਸਮੇਂ ਵਿਚ ਰਾਜਨੀਤਕ ਹੈਂਕੜਬਾਜ਼ਾਂ, ਹਾਕਮ ਲੁਟੇਰਿਆਂ, ਧਾਰਮਿਕ ਨੇਤਾਵਾਂ, ਰਿਸ਼ਵਤਖੋਰਾਂ, ਅੱਤਵਾਦੀਆਂ ਅਤੇ ਅਮਨ ਭੰਗ ਕਰਨ ਵਾਲਿਆਂ ਨੂੰ ਨਿੰਦਦਾ ਹੈ। ਕਵੀ ਲੋਕ ਸਮਾਜ ਵਿਚ ਮਾਨਵੀ ਕਦਰਾਂ-ਕੀਮਤਾਂ ਦੇ ਉਥਾਨ ਤੇ ਸਥਾਪਤੀ ਲਈ ਯਤਨਸ਼ੀਲ ਹੈ। ਇਹ ਰੂਬਾਈਆਂ ਜਿਥੇ ਤਲਖ਼ ਹਕੀਕਤਾਂ ਦੇ ਸੱਚ ਦੀ ਅਭਿਅਕਤੀ ਹਨ, ਉਥੇ ਕਵੀ ਨਿਰਸੰਦੇਹ ਮਾਨਵੀ ਅਮਨ, ਇਨਸਾਫ਼, ਹੱਕਾਂ ਦੀ ਪ੍ਰਾਪਤੀ, ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ, ਅਮਨ ਅਤੇ ਮਿਲਵਰਤਣ ਦੀ ਪ੍ਰਾਪਤੀ ਲਈ ਤਾਂਘਦਾ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਰੰਗ-ਸਾਜ਼
ਕਵੀ : ਜੀ. ਐਸ. ਚੰਨ, ਪਟਿਆਲਵੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 98156-55951.

ਜੀ. ਐਸ. ਚੰਨ ਪਟਿਆਲਵੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਉਹ ਬਹੁਤ ਲੰਮੇ ਸਮੇਂ ਤੋਂ ਕਵਿਤਾ/ਗੀਤਕਾਰੀ ਦੇ ਖੇਤਰ ਵਿਚ ਸਰਗਰਮ ਹੈ। ਉਸ ਵੱਲੋਂ ਲਿਖੇ ਗੀਤ ਅਨੇਕ ਗਾਇਕਾਂ ਦੁਆਰਾ ਗਾਏ ਜਾ ਚੁੱਕੇ ਹਨ। 'ਰੰਗ-ਸਾਜ਼' ਉਸ ਦਾ ਪਲੇਠਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਵਿਵਿਧ ਵਸਤੂ ਵਰਤਾਰਿਆਂ ਨਾਲ ਸਬੰਧਿਤ ਕਵਿਤਾਵਾਂ ਸ਼ਾਮਿਲ ਹਨ।
ਚੰਨ ਪਟਿਆਲਵੀ ਧਰਤੀ ਨਾਲ ਜੁੜਿਆ ਹੋਇਆ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਆਮ ਮਨੁੱਖ ਦੇ ਦੁੱਖ-ਦਰਦ, ਵੇਦਨਾ ਨਾਲ ਜੁੜੀਆਂ ਹੋਈਆਂ ਹਨ। ਉਹ ਸਮਾਜਿਕ ਵਰਤਾਰੇ ਵਿਚ ਮਨੁੱਖ ਦੇ ਹੋ ਰਹੇ ਅਨੈਤਿਕ ਪਤਨ ਤੋਂ ਚਿੰਤਤ ਹੈ ਤੇ ਇਕ ਚੰਗੇਰੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੈ। ਆਪਣੀ ਪਹਿਲੀ ਕਵਿਤਾ 'ਮੇਰਾ ਪਿੰਡ' ਵਿਚ ਹੀ ਉਹ ਆਪਣੀ ਕਾਵਿਕ ਪ੍ਰਤੀਬੱਧਤਾ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ :-
ਸ਼ਹਿਰੀ ਹੋ ਕੇ ਵੀ
ਜੜ੍ਹਾਂ ਨਾਲ ਜੁੜੇ ਰਹਿਣਾ
ਮੇਰੀ ਫਿਤਰਤ ਹੈ...
ਉਹ ਅਜੋਕੇ ਜੀਵਨ ਵਿਚ ਮਨੁੱਖ ਦੀ ਮਨੁੱਖ ਨਾਲ ਖ਼ਤਮ ਹੋ ਰਹੀ ਸਾਂਝ ਤੋਂ ਚਿੰਤਿਤ ਹੈ। ਮਹਾਂਨਗਰੀ ਸੱਭਿਆਚਾਰ ਨੇ ਭਾਈਚਾਰਕ ਏਕਤਾ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਚੰਨ ਦੀਆਂ ਕਵਿਤਾਵਾਂ ਅਜਿਹੇ ਵਿਸ਼ਿਆਂ ਨੂੰ ਆਪਣੇ ਕਾਵਿ-ਵਸਤੂ ਵਜੋਂ ਚਿਤਰਦੀਆਂ ਹਨ। ਸਮੁੱਚੇ ਰੂਪ ਵਿਚ ਪੁਸਤਕ ਪੜ੍ਹਨਯੋਗ ਹੈ।

ਫ ਫ ਫ

ਕੱਖਾਂ ਦੀ ਕੁੱਲੀ
ਕਵੀ : ਹਰਮੋਹਿੰਦਰ ਸਿੰਘ ਹਰਜੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 095962-56345.

ਕੱਖਾਂ ਦੀ ਕੁੱਲੀ, ਪ੍ਰੋੜ੍ਹ ਸ਼ਾਇਰ ਹਰਮੋਹਿੰਦਰ ਸਿੰਘ ਹਰਜੀ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਛੇ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਕਵੀ ਆਪਣੀ ਪੁਸਤਕ ਦੇ ਸ਼ੁਰੂ ਵਿਚ ਦੱਸਦਾ ਹੈ ਕਿ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਮੇਰੀ ਕਵਿਤਾ ਲੋਕਾਂ ਦੀ ਤਰਜ਼ਮਾਨੀ ਕਰੇ ਤੇ ਉਨ੍ਹਾਂ ਨਾਲ ਜੁੜੀ ਰਹੇ। ਉਸ ਦੀ ਪੁਸਤਕ ਪੜ੍ਹਦਿਆਂ ਲੇਖਕ ਦਾ ਇਹ ਕਥਨ ਸੱਚ ਪ੍ਰਤੀਤ ਹੁੰਦਾ ਹੈ।
'ਕੱਖਾਂ ਦੀ ਕੁੱਲੀ' ਸੰਗ੍ਰਹਿ ਵਿਚਲੀਆਂ ਕਵਿਤਾਵਾਂ ਆਮ ਲੋਕਾਂ, ਆਮ ਜਨਜੀਵਨ ਤੇ ਸਮਾਜ ਨਾਲ ਜੁੜੀਆਂ ਕਵਿਤਾਵਾਂ ਹਨ। ਕਵੀ ਆਮ ਆਦਮੀ ਦੇ ਦਰਦ ਤੇ ਵੇਦਨਾ ਨੂੰ ਆਪਣੀ ਕਵਿਤਾ ਵਿਚ ਚਿਤਰਣ ਦਾ ਉਪਰਾਲਾ ਕਰਦਾ ਹੈ। ਹਰਜੀ ਨੂੰ ਇਹ ਵਿਸ਼ਵਾਸ ਹੈ ਕਿ ਧਰਤੀ 'ਤੇ ਰਹਿਣ ਵਾਲੇ ਆਮ ਸਾਧਾਰਨ ਇਨਸਾਨ ਦੇ ਦਰਦ ਨੂੰ ਅੱਖੋਂ-ਪਰੋਖੇ ਕਰਕੇ ਕੋਈ ਵੀ ਸਮਾਜ ਸੁਖੀ ਨਹੀਂ ਰਹਿ ਸਕਦਾ :
ਧਰਤੀ ਦਾ ਘਾਣ ਕਰਕੇ ਜੇ ਤੂੰ
ਆਪਣਾ ਘਰ ਵਸਾਏਂਗਾ
ਸੋਚ ਲੈ ਤੂੰ ਤੇ ਤੇਰਾ ਘਰ
ਖਾਕ ਵਿਚ ਮਿਲ ਜਾਏਗਾ...
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਹਰਮੋਹਿੰਦਰ ਸਿੰਘ ਹਰਜੀ ਮਨੁੱਖੀ ਆਜ਼ਾਦੀ, ਗ਼ਰੀਬੀ, ਬਲਾਤਕਾਰ, ਕੁਦਰਤ ਦੇ ਘਾਣ ਆਦਿ ਵਿਸ਼ਿਆਂ ਨੂੰ ਆਪਣੀ ਕਵਿਤਾ ਦਾ ਕੇਂਦਰ ਬਿੰਦੂ ਬਣਾਉਂਦਾ ਹੈ। ਉਮੀਦ ਹੈ ਪਾਠਕਾਂ ਨੂੰ ਹਰਮੋਹਿੰਦਰ ਸਿੰਘ ਦੀ ਇਹ ਪੁਸਤਕ ਜ਼ਰੂਰ ਪਸੰਦ ਆਏਗੀ।

ਂਡਾ: ਅਮਰਜੀਤ ਕੌਂਕੇ
ਫ ਫ ਫ

ਹਾਸ ਵਿਅੰਗ ਅਫ਼ਸਾਨੇ
ਲੇਖਕ : ਹਰਮੋਹਿੰਦਰ ਸਿੰਘ ਹਰਜੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ-6
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 095962-56345.

ਇਨ੍ਹਾਂ ਵਿਅੰਗ ਕਹਾਣੀਆਂ ਦੇ ਵਿਸ਼ਿਆਂ ਵਿਚ ਵੰਨ-ਸੁਵੰਨਤਾ ਹੈ। ਉਹ ਹੋਛੇ ਲੇਖਕਾਂ, ਮਨੁੱਖ ਦੇ ਡਿਗ ਰਹੇ ਕਿਰਦਾਰ, ਕੁੱਤਿਆਂ ਦੀ ਵਫ਼ਾਦਾਰੀ, ਖ਼ੋਤਿਆਂ ਦੀ ਮੂਰਖ਼ਤਾ, ਔਰਤਾਂ ਦੀਆਂ ਕਿੱਟੀ ਪਾਰਟੀਆਂ, ਧਰਮ ਦਾ ਵਿਭਚਾਰੀ ਰੂਪ, ਨੇਤਾਵਾਂ ਦੀ ਠੱਗੀ-ਠੋਰੀ, ਡਾਕਟਰਾਂ ਦੇ ਲਾਲਚ, ਦੋਹਰੇ ਕਿਰਦਾਰ, ਰਿਸ਼ਵਤਖੋਰਾਂ, ਅੰਧ-ਵਿਸ਼ਵਾਸੀ ਜਨਤਾ ਨੂੰ ਆਪਣੀ ਟਕੋਰ ਦਾ ਵਿਸ਼ਾ ਬਣਾਉਂਦਾ ਹੈ। ਸਮੇਂ ਦੇ ਝੂਠ ਨੂੰ ਬੇਪਰਦ ਕਰਦਾ ਹੈ।
ਉਹ ਆਪਣੀ ਕਹਾਣੀ ਸਾਦ ਮੁਰਾਦੇ ਢੰਗ ਨਾਲ, ਬਿਰਤਾਂਤਕ ਸ਼ੈਲੀ ਵਿਚ ਸ਼ੁਰੂ ਕਰਦਾ ਹੈ ਤੇ ਹਰੇਕ ਕਹਾਣੀ ਦੇ ਅੰਤ ਵਿਚ ਵਿਅੰਗ-ਵਿਸਫ਼ੋਟ ਹੁੰਦਾ ਹੈ। ਕਹਾਣੀ ਦਾ ਲਹਿਜ਼ਾ ਗੰਭੀਰ ਤੇ ਅਰਥ-ਭਰਪੂਰ ਹੋ ਜਾਂਦਾ ਹੈ। ਕਈ ਕਹਾਣੀਆਂ ਲੋਕਾਚਾਰ ਤੇ ਲੋਕਯਾਨ ਵਿਚੋਂ ਵੀ ਉੱਭਰਦੀਆਂ ਹਨ। ਲੋਕ-ਮੁਹਾਵਰੇ ਅਤੇ ਲੋਕ-ਅਖਾਣਾਂ ਇਨ੍ਹਾਂ ਕਹਾਣੀਆਂ ਨੂੰ ਰੌਚਕ ਬਣਾਉਂਦੀਆਂ ਹਨ। ਮਾਨਵਵਾਦੀ ਸੋਚ ਇਨ੍ਹਾਂ ਕਹਾਣੀਆਂ ਦਾ ਜ਼ਿਕਰਯੋਗ ਖਾਸਾ ਹੈ। 'ਮੇਰੀ ਪੁਸਤਕ ਦਾ ਕਚਰਾਕਰਨ', 'ਈਸ਼ਰੇ ਦੀ ਕਾਰ', 'ਮਖਣੇ ਦੀ ਬਾਲੋ', 'ਜਨਮ ਮਿਤੀ', 'ਚੋਣਾਂ ਦੀ ਸਿਆਸੀ ਖੇਡ', 'ਔਰਤਾਂ ਦਾ ਸੰਮੇਲਨ', 'ਕਵੀ ਗੋਸ਼ਟੀ ਆਦਿ ਕਹਾਣੀਆਂ ਦੀ ਟੇਕ ਹਾਸ-ਰਸ 'ਤੇ ਟਿਕੀ ਹੋਈ ਹੈ। ਘਟਨਾਵਾਂ ਨੂੰ ਹਾਸ-ਰਸੀ ਅੰਦਾਜ਼ ਵਿਚ ਪੇਸ਼ ਕਰਨਾ ਹੀ ਇਨ੍ਹਾਂ ਦਾ ਖਾਸਾ ਹੈ। 'ਕਿੱਟੀ ਪਾਰਟੀ', 'ਫ਼ਕੀਰ ਦਾ ਗਧਾ', 'ਧਰਮਰਾਜ' ਦੇ ਦਰਬਾਰ ਵਿਚ ਹਰਜੀ, ਇਕ ਏਕੜ ਜ਼ਮੀਨ, ਵਿਅੰਗ ਭਰਪੂਰ ਕਹਾਣੀਆਂ ਹਨ, ਜਿਨ੍ਹਾਂ ਦਾ ਵਿਅੰਗ ਕਾਟਵਾਂ ਤੇ ਤੇਜ਼ ਤਰਾਰ ਹੈ। ਵਿਅੰਗ ਕਹਾਣੀ ਲਿਖਣ ਲਈ ਹਰਜੀ ਨੂੰ ਹਾਲੇ ਹੋਰ ਹੋਮ ਵਰਕ ਕਰਨ ਦੀ ਲੋੜ ਹੈ। ਹੋਰ ਅਭਿਆਸ ਨਾਲ ਹਰਜੀ ਨਿਪੁੰਨ ਤੇ ਗੰਭੀਰ ਵਿਅੰਗਕਾਰ ਬਣ ਸਕਦਾ ਹੈ।

ਫ ਫ ਫ

ਝੁਰਲੂ ਛੂ ਮੰਤਰ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98143-04213.

ਇਸ ਸੰਗ੍ਰਹਿ ਵਿਚ ਕੁੱਲ 17 ਵਿਅੰਗ ਲੇਖ ਸ਼ਾਮਿਲ ਕੀਤੇ ਗਏ ਹਨ। ਉਸ ਦਾ ਵਿਅੰਗ ਵਿਗੜ ਰਹੇ ਮਨੁੱਖ ਅਤੇ ਸਮਾਜ ਪ੍ਰਤੀ ਫ਼ਿਕਰਮੰਦੀ ਵਾਲਾ ਹੈ। ਉਹ ਡਿਗ ਰਹੇ ਮਾਨਵੀ ਵਿਹਾਰ ਅਤੇ ਕਿਰਦਾਰ ਪ੍ਰਤੀ ਚਿੰਤਤ ਹੈ। ਉਹ ਚਾਰੇ ਪਾਸੇ ਫੈਲੀ ਲੁੱਟ-ਖੋਹ, ਰਿਸ਼ਵਤਖੋਰੀ, ਬੇਈਮਾਨੀ, ਦਿਖਾਵਾ ਅਤੇ ਦੂਹਰੇ ਕਿਰਦਾਰ ਦੀ ਗੱਲ ਆਪਣੇ ਵਿਅੰਗ ਲੇਖਾਂ ਵਿਚ ਜਗ ਜ਼ਾਹਰ ਕਰਦਾ ਹੈ। ਉਹ ਆਪਣੇ ਲੇਖਾਂ ਰਾਹੀਂ ਪੁਰਾਣੇ ਸੱਭਿਆਚਾਰ ਨੂੰ ਸੁਰਜੀਤ ਹੁੰਦਾ ਦੇਖਣ ਦੀ ਲੋਚਾ ਰੱਖਦਾ ਹੈ ਤੇ ਨਵੇਂ ਸੱਭਿਆਚਾਰ ਦੇ ਹੋਛੇਪਨ ਅਤੇ ਦਿਖਾਵੇ ਦਾ ਵਿਰੋਧ ਕਰਦਾ ਹੈ।
ਆਪਣੇ ਲੇਖਾਂ ਰਾਹੀਂ ਉਹ ਬੋਸੀਦਾ ਤੇ ਘਸੇ-ਪਿਟੇ ਮੁੱਲਾਂ ਨੂੰ ਰੱਦ ਕਰਕੇ ਨਵੇਂ ਸਮਾਜ ਦੀ ਸਿਰਜਣਾ ਵੱਲ ਰੁਚਿਤ ਹੈ। ਉਹ ਗਲੀਆਂ-ਸੜੀਆਂ ਰਹੁ-ਰੀਤਾਂ ਨੂੰ ਤਜਣ ਲਈ ਪਾਠਕਾਂ ਨਾਲ ਇਕ ਸੰਵਾਦ ਛੇੜਦਾ ਹੈ। ਉਸ ਕੋਲ ਵੰਨ-ਸੁਵੰਨੇ ਵਿਸ਼ੇ ਹਨ। ਉਹ ਵਿਅੰਗ ਦੇ ਪੁਰਾਣੇ ਵਿਸ਼ਿਆਂ ਨੂੰ ਵੀ ਨਵੀਂ ਤਰਤੀਬ 'ਚ ਪੇਸ਼ ਕਰਦਾ ਹੈ। ਉਹ, ਵਿਅੰਗਕਾਰ ਦੇ ਤੌਰ 'ਤੇ ਚਾਹੁੰਦਾ ਹੈ ਕਿ ਮਨੁੱਖ, ਸਚਮੁੱਚ ਹੀ, ਮਨੁੱਖ ਬਣਿਆ ਰਹੇ, ਪਸ਼ੂ ਨਾ ਬਣੇ। ਉਸ ਕੋਲ ਪੇਂਡੂ ਰਹਿਤਲ ਹੋਣ ਕਾਰਨ, ਤਸ਼ਬੀਹਾਂ ਵੀ ਪੇਂਡੂ ਕਲਚਰ ਵਾਲੀਆਂ ਹੀ ਹਨ। ਪੇਂਡੂ ਮੁਹਾਵਰੇ ਨੂੰ ਉਹ ਆਪਣੇ ਲੇਖਾਂ ਵਿਚ ਨਗੀਨੇ ਵਾਂਗ ਫਿੱਟ ਕਰ ਲੈਂਦਾ ਹੈ। 'ਝੁਰਲੂ ਛੂ ਮੰਤਰ' ਡਾ: ਘੀਸਾ ਰਾਮ, ਮਿੰਧੇ ਦੀ ਬੇਚੈਨੀ, ਟੀਂਡੇ ਤੇ ਮੁੰਜਰ ਦੀ ਗੁਫ਼ਤਗੂ, ਲੁਤਰੋ ਚਲਦੀ ਰਹੇਗੀ, ਇਸ ਸੰਗ੍ਰਹਿ ਦੇ ਪੜ੍ਹਨਯੋਗ ਲੇਖ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਜ਼ਹਿਰੀ ਚੋਗ
ਸ਼ਾਇਰ : ਸੁਖਦਰਸ਼ਨ ਗਰਗ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 140 ਰੁਪਏ, ਸਫ਼ੇ : 96
ਸੰਪਰਕ : 93560-60980

'ਜ਼ਹਿਰੀ ਚੋਗ' ਰੁਬਾਈਆਂ ਤੇ ਸ਼ਿਅਰਾਂ ਦੀ ਪੁਸਤਕ ਹੈ ਜਿਸ ਨੂੰ ਅਮਰਜੀਤ ਸਿੰਘ ਪੇਂਟਰ ਦੇ ਚਿੱਤਰਾਂ ਨਾਲ ਸਜਾਇਆ ਗਿਆ ਹੈ। ਇਸ ਪੁਸਤਕ ਨੂੰ ਰੁਬਾਈ ਸੰਗ੍ਰਹਿ ਕਿਹਾ ਗਿਆ ਹੈ ਪਰ ਇਸ ਵਿਚ ਸ਼ਿਅਰ ਵੀ ਚੋਖੀ ਗਿਣਤੀ ਵਿਚ ਹਨ। ਹਰ ਪੰਨੇ 'ਤੇ ਛਪਿਆ ਅਮਰਜੀਤ ਦਾ ਬਣਾਇਆ ਨਵਾਂ ਚਿੱਤਰ ਮਾਨਣਯੋਗ ਹੈ ਪਰ ਚਿੱਤਰਾਂ 'ਤੇ ਵੱਡਾ ਕਰਕੇ ਲਿਖਿਆ ਚਿੱਤਰਕਾਰ ਦਾ ਨਾਂਅ ਚਿੱਤਰ ਦੀ ਮਹੱਤਤਾ ਨੂੰ ਘਟਾਉਂਦਾ ਹੈ ਤੇ ਇਸ ਨਾਲ ਚਿੱਤਰਕਾਰੀ ਦੇ ਪ੍ਰਧਾਨਤਾ ਦੇ ਤੱਤ ਨੂੰ ਠੇਸ ਪਹੁੰਚਦੀ ਹੈ। ਸੁਖਦਰਸ਼ਨ ਨੇ ਆਪਣੀਆਂ ਲਘੂ ਕਵਿਤਾਵਾਂ ਵਿਚ ਆਮ ਮਨੁੱਖ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਨੂੰ ਉਭਾਰਿਆ ਹੈ। ਇਹ ਮਸਲੇ ਜੂਝਦੀ ਕਿਸਾਨੀ, ਮਚਲੀ ਸਿਆਸਤ, ਸ਼ਾਖ਼ ਤੋਂ ਡਿਗੀ ਸਿੱਖਿਆ, ਖ਼ੁਦਕੁਸ਼ੀਆਂ, ਬੁਢਾਪੇ ਦਾ ਸੰਤਾਪ, ਨਸ਼ਿਆਂ ਦੀ ਬਰਬਾਦੀ, ਪ੍ਰਦੂਸ਼ਨ, ਪਾਣੀ ਦੇ ਡਿਗਦੇ ਪੱਧਰ, ਕੰਨਿਆ ਭਰੂਣ ਹੱਤਿਆ, ਸੜਕੀ ਹਾਦਸੇ, ਘੁਟਾਲਿਆਂ ਆਦਿ ਨਾਲ ਸਬੰਧਤ ਹਨ। ਕਿਤੇ ਕਿਤੇ ਸੁਖਦਰਸ਼ਨ ਨੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਿਆਂ ਨੂੰ ਛੋਹਿਆ ਹੈ। ਚਿੱਤਰਕਾਰੀ ਤੇ ਸ਼ਾਇਰੀ ਦੇ ਸੁਮੇਲ ਦੀ ਪਰੰਪਰਾ ਪੁਰਾਣੀ ਹੈ ਤੇ ਚਿੱਤਰਕਾਰੀ ਸ਼ਾਇਰੀ ਦੀ ਸਹਾਇਕ ਕਲਾ ਵਜੋਂ ਪੇਸ਼ ਹੁੰਦੀ ਰਹੀ ਹੈ, ਪਰ ਇਸ ਪੁਸਤਕ ਵਿਚ ਸ਼ਾਇਰੀ ਸਹਾਇਕ ਦੀ ਭੂਮਿਕਾ ਵਿਚ ਹੈ।

ਫ ਫ ਫ

ਦਹਿਲੀਜ਼ ਦੇ ਆਰ ਪਾਰ
ਸ਼ਾਇਰਾ : ਹਰਪ੍ਰੀਤ ਕੌਰ ਧੂਤ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 01679-241744.

ਆਪਣੇ ਮੌਲਿਕ ਵਿਚਾਰਾਂ ਤੇ ਅਨੁਭਵਾਂ ਦੀ ਪੇਸ਼ਕਾਰੀ ਕਰਦੀ ਹੋਈ ਇਸ ਪੁਸਤਕ ਵਿਚ ਉਸ ਦੀਆਂ ਪਝੱਤਰ ਦੇ ਕਰੀਬ ਰਚਨਾਵਾਂ ਛਪੀਆਂ ਹਨ। ਇਹ ਰਚਨਾਵਾਂ ਛੰਦ ਬੰਦ ਵੀ ਹਨ ਤੇ ਆਜ਼ਾਦ ਵੀ। ਆਪਣੀ ਨਜ਼ਮ 'ਹਿੰਦੁਸਤਾਨ ਦੇ ਲੀਡਰ' ਵਿਚ ਉਹ ਸਿਆਸੀ ਨੇਤਾਵਾਂ ਦੇ ਕਿਰਦਾਰ ਦੀ ਸ਼ਨਾਖ਼ਤ ਕਰਦੀ ਹੈ ਤੇ 'ਰੂਪ ਕੰਵਰ' ਵਿਚ ਉਸ ਨੇ ਔਰਤ 'ਤੇ ਹੋ ਰਹੇ ਜਬਰ ਦੀ ਦਾਸਤਾਨ ਲਿਖੀ ਹੈ। 'ਰੂਹ ਪੰਜਾਬ ਦੀ' ਵਿਚ ਉਸ ਦਾ ਦਿਲ ਆਪਣੀ ਮਿੱਟੀ ਨੂੰ ਯਾਦ ਕਰਦਾ ਹੈ ਤੇ ਸ਼ਾਇਰਾ ਪੰਜਾਬ ਦੇ ਗੀਤਾਂ ਤੇ ਏਥੋਂ ਦੇ ਮੋਹ ਪਿਆਰ ਤੋਂ ਬਲਿਹਾਰੀ ਜਾਂਦੀ ਹੈ। 'ਤੂੰ ਹੀ ਤੂੰ' ਨਜ਼ਮ ਧੂਤ ਦੇ ਸ਼ਬਦ ਭੰਡਾਰ ਦਾ ਲੋਹਾ ਮਨਵਾਉਂਦੀ ਹੈ ਤੇ ਇਸ ਵਿਚ ਉਹ ਆਪਣੇ ਇਸ਼ਟ ਨੂੰ ਸੈਂਕੜੇ ਨਾਵਾਂ ਨਾਲ ਸੰਬੋਧਤ ਹੁੰਦੀ ਹੈ। 'ਸਾਡੀ ਸ਼ਾਨ' ਨਜ਼ਮ ਪੰਜਾਬੀ ਤੇ ਪੰਜਾਬ ਦੀ ਸ਼ਾਨ ਵਿਚ ਲਿਖੀ ਗਈ ਕਵਿਤਾ ਹੈ। ਹਰਪ੍ਰੀਤ ਕੌਰ ਧੂਤ ਨੇ ਬੰਦਿਸ਼ ਵਿਚ ਵੀ ਕਾਫ਼ੀ ਰਚਨਾਵਾਂ ਲਿਖੀਆਂ ਹਨ 'ਤੇ ਬਿਨਾਂ ਸਿਰਲੇਖ ਗ਼ਜ਼ਲ ਕਹਿਣ ਦੀ ਕੋਸ਼ਿਸ਼ ਵੀ ਕੀਤੀ ਹੈ। ਪਰ ਉਸ ਦਾ ਇਹ ਆਗਾਜ਼ ਅਜੇ ਮੁੱਢਲੀ ਅਵਸਥਾ ਵਿਚ ਹੈ। ਮੈਨੂੰ ਆਸ ਹੈ ਛੰਦਾਂ ਦੀਆਂ ਬੁਣਤੀਆਂ ਉਹ ਸਮਾਂ ਪਾ ਕੇ ਸਿੱਖ ਜਾਵੇਗੀ। ਇਸ ਪੁਸਤਕ ਦੀ ਪ੍ਰਕਾਸ਼ਨਾ ਲਈ ਮੈਂ ਸ਼ਾਇਰਾ ਨੂੰ ਹੱਲਾਸ਼ੇਰੀ ਦਿੰਦਾ ਹਾਂ ਤੇ ਮੈਨੂੰ ਪੂਰਨ ਯਕੀਨ ਹੈ ਉਸ ਦਾ ਇਹ ਅਦਬੀ ਸਫ਼ਰ ਨਿੱਗਰ ਪ੍ਰਾਪਤੀਆਂ ਕਰੇਗਾ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਪੰਜਾਬੀ ਸੱਭਿਆਚਾਰ: ਪ੍ਰਮੁੱਖ ਵੰਗਾਰਾਂ
(ਭਾਸ਼ਾ, ਸਾਹਿਤ ਅਤੇ ਲੋਕਧਾਰਾ ਦੇ ਪ੍ਰਸੰਗ ਵਿਚ)
ਸੰਪਾਦਕ : ਮਨਦੀਪ ਕੌਰ ਢੀਂਡਸਾ (ਡਾ:)
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 174
ਸੰਪਰਕ : 0172-4608699.

ਡਾ: ਮਨਦੀਪ ਕੌਰ ਢੀਂਡਸਾ ਦੇ ਕਾਲਜ ਵਿਚ ਹੋਏ ਇਕ ਰੋਜ਼ਾ ਮਸ਼ਾਰੀ ਸੈਮੀਨਾਰ ਵਿਚ ਪੜ੍ਹੇ ਗਏ ਕੁੰਜੀਵਤ ਭਾਸ਼ਣ ਤੋਂ ਇਲਾਵਾ 15 ਖੋਜ-ਪਰਚਿਆਂ ਨੂੰ ਪੁਸਤਕ ਰੂਪ ਵਿਚ ਪੰਜਾਬੀ ਸਾਹਿਤ ਪ੍ਰੇਮੀਆਂ/ਪਾਠਕਾਂ/ਆਲੋਚਕਾਂ/ ਵਿਦਿਆਰਥੀਆਂ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ। ਪੁਸਤਕ ਰੂਪ ਦੇਣ ਦਾ ਕਾਰਨ ਕਿ ਵਰਤਮਾਨ ਸਮੇਂ ਵਿਚ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਚ ਜੋ ਪਰਿਵਰਤਨ ਵਾਪਰ ਰਹੇ ਹਨ, ਇਨ੍ਹਾਂ ਪਰਿਵਰਤਨਾਂ ਦੀ ਤਹਿ ਵਿਚ ਕਾਰਜਸ਼ੀਲ ਕਾਰਨਾਂ ਅਤੇ ਆਧਾਰਾਂ ਦੀ ਤਲਾਸ਼ ਕੀਤੀ ਜਾ ਸਕੇ। ਡਾ: ਸੁਖਦੇਵ ਸਿੰਘ ਖਾਹਮ ਦੇ ਕੁੰਜੀਵਤ ਭਾਸ਼ਣ ਤੋਂ ਇਲਾਵਾ ਇਸ ਪੁਸਤਕ ਵਿਚ ਡਾ: ਦਰਿਆ, ਡਾ: ਪਰਮਜੀਤ ਸਿੰਘ ਢੀਂਗਰਾ, ਡਾ: ਮਨਦੀਪ ਕੌਰ ਢੀਂਡਸਾ, ਡਾ: ਸੁਸ਼ੀਲ ਸ਼ਰਮਾ, ਡਾ: ਪ੍ਰਵੀਨ ਕੁਮਾਰ, ਡਾ: ਹਰਜੀਤ ਸਿੰਘ ਪਾਲੀ, ਡਾ: ਅਮਰਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਹਰਿੰਦਰ ਕੌਰ ਸੋਹਲ, ਡਾ: ਹਰਮੀਤ ਕੌਰ, ਡਾ: ਹਰਮਿਸਰਨ ਕੌਰ, ਡਾ: ਮਨਦੀਪ ਕੌਰ, ਡਾ: ਗੁਰਪ੍ਰੀਤ ਸਿੰਘ, ਡਾ: ਸਾਹਿਬ ਸਿੰਘ ਅਤੇ ਡਾ: ਹਰਿੰਦਰ ਸਿੰਘ ਦੇ ਖੋਜ ਪਰਚੇ ਸ਼ਾਮਿਲ ਹਨ। ਉਪਰੋਕਤ ਖੋਜ ਪਰਚਿਆਂ ਵਿਚ ਪੰਜਾਬੀ ਸੱਭਿਆਚਾਰ ਤੇ ਖਪਤ ਸੱਭਿਆਚਾਰ, ਮੀਡੀਆ, ਗਾਇਕੀ, ਧਰਮ ਕਬੀਲਾ ਸੱਭਿਆਚਾਰ ਤੇ ਭਾਸ਼ਾ ਵਿਸ਼ਿਆਂ ਨੂੰ ਪ੍ਰਮੁੱਖ ਰੱਖਿਆ ਗਿਆ ਹੈ। ਪੰਦਰਾਂ ਦੇ ਪੰਦਰਾਂ ਖੋਜ ਪਰਚੇ ਪੀ.ਐਚ.ਡੀ. ਯੋਗਤਾ ਹਾਸਲ ਵਿਦਵਾਨਾਂ ਵੱਲੋਂ ਲਿਖੇ ਗਏ ਹਨ। ਹਰ ਵਿਦਵਾਨ ਨੇ ਆਪੋ-ਆਪਣੀ ਖੋਜ ਪਰਚੇ ਵਿਚ ਲਏ ਗਏ ਵਿਸ਼ੇ ਨੂੰ ਮੁਹਾਰਤ ਨਾਲ ਨਿਭਾਇਆ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-52515.
ਫ ਫ ਫ

05/08/2017

 ਉੱਨੀ ਸੌ ਚੁਰਾਸੀ
ਲੇਖਕ : ਹਰਿਭਜਨ ਸਿੰਘ
ਸੰਪਾਦਕ : ਅਮਜੀਤ ਚੰਦਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-98459.

ਇਸ ਪੁਸਤਕ ਵਿਚ ਦਿੱਲੀ ਨਿਵਾਸੀ ਮਰਹੂਮ ਡਾ: ਹਰਿਭਜਨ ਸਿੰਘ ਦੇ ਕੁਝ ਲੇਖ ਅਤੇ ਕਵਿਤਾਵਾਂ ਸੰਕਲਿਤ ਹਨ। ਪੁਸਤਕ ਦਾ ਸੰਕਲਨ ਇੰਗਲੈਂਡ ਵਿਚ ਰਹਿਣ ਵਾਲੇ ਪੰਜਾਬੀ ਦੇ ਇਕ ਹੋਰ ਪ੍ਰਮੁੱਖ ਲੇਖਕ, ਸ੍ਰੀ ਅਮਰਜੀਤ ਚੰਦਨ ਨੇ ਕੀਤਾ ਹੈ।
ਹਰਿਭਜਨ ਸਿੰਘ 1984 ਵਿਚ, ਦਿੱਲੀ-ਨਰਸੰਘਾਰ ਦੇ ਸਮੇਂ ਇਸੇ ਸ਼ਹਿਰ ਵਿਚ ਹਾਜ਼ਰ ਸੀ। ਉਸ ਨੇ ਇਸ ਘਲੂਘਾਰੇ ਦੇ ਆਤੰਕ ਨੂੰ ਆਪਣੇ ਪਿੰਡੇ ਉੱਪਰ ਹੰਢਾਇਆ। ਪੀੜਾ ਅਤੇ ਸਹਿਮ ਇਨ੍ਹਾਂ ਕਵਿਤਾਵਾਂ ਦੀ ਵਸਤੂ-ਸਮੱਗਰੀ ਨੂੰ ਇਕ ਵਿਲੱਖਣ ਆਯਾਮ ਪ੍ਰਦਾਨ ਕਰਦੇ ਹਨ। ਅਜੋਕੀ ਦੁਨੀਆ ਭਾਵੇਂ ਇਕ 'ਪਿੰਡ' ਬਣਨ ਦਾ ਸੁਆਂਗ ਤਾਂ ਜ਼ਰੂਰ ਕਰਦੀ ਹੈ ਪਰ ਇਸ ਪਿੰਡ ਨੇ ਕਦੋਂ ਤੁਹਾਡੀ ਸਮੁੱਚੀ ਜਾਤ ਅਤੇ ਜਾਤੀ ਦਾ ਵਿਰੋਧੀ ਹੋ ਜਾਣਾ ਹੈ, ਕੁਝ ਪਤਾ ਨਹੀਂ ਲਗਦਾ। ਵੀਹਵੀਂ-ਇੱਕੀਵੀਂ ਸਦੀ ਵਿਚ ਅਨੇਕ ਦੇਸ਼ ਅਜਿਹੇ ਘੱਲੂਘਾਰਿਆਂ ਵਿਚੋਂ ਗੁਜ਼ਰੇ ਹਨ। ਪੰਜਾਬ ਅਤੇ ਪੰਜਾਬੀਆਂ ਨਾਲ ਵੀ ਇਹੀ ਅਣਹੋਣੀ ਵਾਪਰੀ। ਹਰਿਭਜਨ ਸਿੰਘ ਲਿਖਦਾ ਹੈ :
ਸਤਿਗੁਰ ਇਹ ਕੀ ਕਲਾ ਵਿਖਾਈ
ਕੀ ਭਾਣਾ ਵਰਤਾਇਆ
ਮੈਂ ਕਾਫ਼ਰ ਦੀ ਸੋਧ ਲਈ
ਤੂੰ ਆਪਣਾ ਘਰ ਢਠਵਾਇਆ
ਮੈਂ ਰੱਬ ਨੂੰ ਬਹੁਤ ਧਿਆਇਆ। (ਪੰ. 39)
ਇਨ੍ਹਾਂ 48 ਕਵਿਤਾਵਾਂ ਦੇ ਇਤਿਹਾਸਕ-ਸੱਭਿਆਚਾਰਕ ਪ੍ਰਸੰਗ ਦੀ ਨਿਸ਼ਾਨਦੇਹੀ ਕਰਨ ਵਾਲੇ 4 ਲੇਖ ਵੀ ਇਸ ਪੁਸਤਕ ਵਿਚ ਦਿੱਤੇ ਗਏ ਹਨ। ਇਕ ਲੇਖ ਵਿਚ ਆਪਣੀ ਪਛਾਣ ਦਾ ਨਿਰੂਪਣ ਕਰਦਾ ਹੋਇਆ ਉਹ ਲਿਖਦਾ ਹੈ, 'ਚੁਰਾਸੀ ਦੇ ਦੰਗੇ ਮੇਰੀ ਮਾਨਸਿਕਤਾ ਨੂੰ ਲਲਕਾਰ ਰਹੇ ਸਨ। ਮੈਂ ਕੱਚਾ-ਪਿੱਲਾ ਭਾਵੇਂ ਕਿਹੋ ਜਿਹਾ ਵੀ ਸਿੱਖ ਸਾਂ, ਸਿੱਖ ਸਾਂ। ਬਲਵਾ ਕਰਨ ਵਾਲੇ ਵੀ ਨਿਰੇਪੁਰੇ ਬਲਵਈ ਨਹੀਂ ਸਨ, ਇਕ ਧਰਮ ਵਿਸ਼ੇਸ਼ ਦੇ ਜੀ ਸਨ ਅਤੇ ਦੂਸਰੇ ਧਰਮ ਦੇ ਜੀ ਵਿਸ਼ੇਸ਼ ਹੋਣ ਕਾਰਨ ਹੀ ਉਹ ਮੇਰੀ ਅਤੇ ਮੇਰੇ ਜਿਹਾਂ ਦੀ ਤਲਾਸ਼ ਵਿਚ ਸਨ। ਇਹ ਤੱਥ ਵਾਰ-ਵਾਰ ਮੇਰੀ ਕਵਿਤਾ ਵਿਚ ਪੇਸ਼ ਹੋਣ ਦੀ ਜ਼ਿਦ ਕਰਦਾ ਰਿਹਾ।' (ਪੰ. 120) ਇਤਿਹਾਸ ਬੜਾ ਡਾਢਾ ਹੈ! ਪਤਾ ਨਹੀਂ ਕਦੋਂ ਅਤੇ ਕਿਵੇਂ ਉਹ ਵੱਡੇ-ਵੱਡੇ ਆਦਮੀਆਂ ਦੀ ਹੋਂਦ ਨੂੰ ਸ਼ੂਨਯ ਵਿਚ ਤਬਦੀਲ ਕਰ ਦਿੰਦਾ ਹੈ! ਸੋ ਸਦੈਵ ਸਤੱਰਕ ਰਹੋ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸ਼ਖ਼ਸੀਅਤ ਨੂੰ ਕਰ ਬੁਲੰਦ ਏਨਾ
ਨਿਬੰਧਕਾਰਾ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕ ਮਾਲਾ, ਸ੍ਰੀ ਅੰਮ੍ਰਿਤਸਰ
ਮੁੱਲ : 225 ਰੁਪਏ, ਸਫ਼ੇ : 160
ਸੰਪਰਕ : 98555-84298.

ਇਸ ਪੁਸਤਕ ਵਿਚਲੇ 33 ਨਿਬੰਧ ਸੁਚੱਜੀ ਜੀਵਨ ਜਾਚ ਦੇ ਪ੍ਰੇਰਕ ਅਤੇ ਸ਼ਖ਼ਸੀਅਤ ਨੂੰ ਬੁਲੰਦ ਕਰਨ ਵਾਲੇ ਹਨ। ਅੱਜ ਸਦਾਚਾਰ, ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਪ੍ਰਤੀ ਏਨੇ ਨਿਘਾਰ ਆਉਣ ਦਾ ਕਾਰਨ ਮਨੁੱਖੀ ਸ਼ਖ਼ਸੀਅਤ ਦਾ ਵਿਗਾੜ ਹੈ। ਪਿਛਲੇ ਸਮਿਆਂ ਵਿਚ ਭਾਵੇਂ ਮਾਪੇ ਅਨਪੜ੍ਹ ਜਾਂ ਗ਼ਰੀਬ ਹੁੰਦੇ ਸਨ, ਫਿਰ ਵੀ ਰੱਬ ਦੇ ਭਾਣੇ ਵਿਚ ਰਹਿ ਕੇ ਸਿੱਧਾ ਸਾਦਾ, ਸਹਿਜ ਜੀਵਨ ਜਿਊਂਦੇ ਸਨ, ਜਿਸ ਦਾ ਅਸਰ ਉਨ੍ਹਾਂ ਦੀ ਸੰਤਾਨ 'ਤੇ ਹੁੰਦਾ ਸੀ। ਘਰਾਂ ਵਿਚ ਅਪਣੱਤ, ਪਿਆਰ, ਸਾਂਝ, ਸਤਿਕਾਰ ਅਤੇ ਬਜ਼ੁਰਗਾਂ ਪ੍ਰਤੀ ਸੰਵੇਦਨਾ ਹੁੰਦੀ ਸੀ। ਹੁਣ ਟੁੱਟਦੇ ਰਿਸ਼ਤੇ, ਖੇਰੂੰ-ਖੇਰੂੰ ਹੁੰਦੇ ਪਰਿਵਾਰ, ਵੱਡਿਆਂ ਦਾ ਅਪਮਾਨ, ਸਵਾਰਥੀ ਸੋਚ, ਖ਼ੁਦਕੁਸ਼ੀਆਂ ਅਤੇ ਨਸ਼ਿਆਂ ਦੇ ਕੋਹੜ ਨੇ ਸਮਾਜ ਨੂੰ ਘੁਣ ਵਾਂਗ ਖਾ ਲਿਆ ਹੈ। ਅਜਿਹੇ ਸਮੇਂ ਸ਼ਖ਼ਸੀਅਤ ਉਸਾਰੀ ਅਤੇ ਆਚਰਣ ਦੀ ਬੁਲੰਦੀ ਵਾਲੇ ਲੇਖ ਲਿਖ ਕੇ ਲੇਖਿਕਾ ਨੇ ਮਨੁੱਖਤਾ ਦਾ ਦਰਦ ਵੰਡਾਇਆ ਹੈ। ਸਾਰੇ ਨਿਬੰਧ ਬਹੁਤ ਭਾਵਪੂਰਤ, ਸਿੱਖਿਆਦਾਇਕ, ਦਿਲਚਸਪ ਅਤੇ ਹਾਂ-ਪੱਖੀ ਹਨ।
ਇਨ੍ਹਾਂ ਦੇ ਸਿਰਲੇਖ ਵੀ ਬਹੁਤ ਢੁਕਵੇਂ ਹਨ ਜਿਵੇਂ ਪ੍ਰਾਰਥਨਾ, ਸ਼ੁਕਰਾਨਾ, ਧੀਆਂ ਜਿਹਾ ਧਨ ਨਾ ਕੋਈ, ਜ਼ਿੰਦਾਦਿਲੀ, ਚੁੱਪ ਦੇ ਬੋਲ, ਪੈਲਾਂ ਪਾਉਂਦੀਆਂ ਯਾਦਾਂ, ਹਾਸਾ ਨਿਰਾ ਪਤਾਸਾ, ਰੋਣਾ ਉਮਰਾਂ ਦਾ ਢੋਣਾ ਆਦਿ। ਇਨ੍ਹਾਂ ਨਿਬੰਧਾਂ ਵਿਚ ਸਾਡੇ ਚਿੰਤਨ ਅਤੇ ਚੇਤਨਾ ਨੂੰ ਜਗਾਇਆ ਗਿਆ ਹੈ, ਸਾਡੀ ਜ਼ਮੀਰ ਨੂੰ ਹਲੂਣਿਆ ਗਿਆ ਹੈ। ਇਨ੍ਹਾਂ ਵਿਚ ਗਿਆਨ ਵਿਗਿਆਨ ਦੇ ਦੀਪ ਜਗਦੇ ਦਿਸਦੇ ਹਨ। ਨੌਜਵਾਨ ਪੀੜ੍ਹੀ ਲਈ ਇਹ ਚਾਨਣ ਮੁਨਾਰੇ ਹਨ। ਸਰਲ ਬੋਲੀ, ਅਨੂਠੀ ਸ਼ੈਲੀ, ਕੁਟੇਸ਼ਨਾਂ, ਮੁਹਾਵਰਿਆਂ ਅਤੇ ਕਾਵਿ-ਟੋਟਿਆਂ ਨਾਲ ਸੁਸਜਿਤ ਲੇਖ ਹੋਰ ਵੀ ਰੌਚਿਕ ਹੋ ਜਾਂਦੇ ਹਨ। ਉਸਾਰੂ, ਸ਼ਖ਼ਸੀਅਤ ਲਈ ਆਪਣਾ ਮੂਲ ਪਛਾਣ ਕੇ, ਆਸ ਅਤੇ ਵਿਸ਼ਵਾਸ ਦਾ ਪੱਲਾ ਫੜ ਕੇ, ਜੀਵਨ ਵਿਚ ਖੁਸ਼ਹਾਲੀ ਦੇ ਰੰਗ ਭਰਨੇ ਬਣਦੇ ਹਨ। ਦੁਰਲੱਭ ਮਨੁੱਖਾ ਜੀਵਨ ਭੰਗ ਦੇ ਭਾਅ ਨਹੀਂ ਗੁਆਉਣਾ ਚਾਹੀਦਾ। ਪਰਮਾਤਮਾ ਦੀ ਇਸ ਬਖ਼ਸ਼ਿਸ਼ ਨੂੰ ਜਾਣਨਾ ਤੇ ਮਾਣਨਾ ਚਾਹੀਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸੁੱਤੀ ਗਲੀ ਦਾ ਸ਼ੋਰ
ਸੰਪਾਦਕ : ਕੰਵਰਜੀਤ ਭੱਠਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 93165-16951.

ਕਰਨੈਲ ਨਰੈਣ ਸਿੰਘ ਭੱਠਲ ਯਾਦਗਾਰੀ ਕਹਾਣੀ ਮੁਕਾਬਲੇ ਦੀ ਜਰਖੇਜ਼ ਸਿਰਜਨਾਤਮਕ ਭੂਮੀ ਵਿਚੋਂ ਪੈਦਾ ਹੋਈਆਂ 18 ਕਹਾਣੀਆਂ ਨੂੰ ਕੰਵਰਜੀਤ ਭੱਠਲ ਦੁਆਰਾ ਸੰਪਾਦਿਤ ਕੀਤੀ ਪੁਸਤਕ 'ਸੁੱਤੀ ਗਲੀ ਦਾ ਸ਼ੋਰ' ਵਿਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਦੀ ਜਿਥੇ ਵਿਸ਼ੇ ਪੱਖੋਂ ਵੰਨ-ਸੁਵੰਨਤਾ ਹੈ, ਉਥੇ ਬਿਰਤਾਂਤਕ ਤੋਰ ਪੱਖੋਂ ਵੀ ਇਹ ਮੌਲਿਕ ਧਰਾਤਲ 'ਤੇ ਉਸਰੀਆਂ ਹੋਈਆਂ ਹਨ। ਜੇਕਰ 'ਅਧੂਰੇਪਣ ਦਾ ਅਹਿਸਾਸ' ਅਜਿਹੇ ਵਾਤਾਵਰਨ ਨੂੰ ਪੇਸ਼ ਕਰਦੀ ਕਹਾਣੀ ਹੈ, ਜਿਥੇ ਕਦੇ ਨਾ ਕਦੇ ਅਤੀਤ ਵਿਚ ਪੈਦਾ ਹੋਏ ਨਿੱਘੇ ਅਹਿਸਾਸ ਤੁਹਾਡੇ ਵਰਤਮਾਨ ਦੀਆਂ ਮੁਸ਼ਕਿਲਾਂ ਸਮੇਂ ਆਪਣੀ ਅਪਣੱਤ ਲੈ ਆਉਂਦੇ ਹਨ, ਉਥੇ 'ਸਿਵੇ ਦਾ ਸੇਕ' ਵਰਗੀ ਕਹਾਣੀ ਕਿਸਾਨੀ ਪਰਿਵਾਰ ਦੇ ਸੰਕਟਾਂ ਦੀ ਥਹੁ ਲਾਉਂਦੀ ਹੈ। 'ਔਝੜ ਰਾਹਾਂ ਦੇ ਪਾਂਧੀ' ਪੱਤਰਕਾਰੀ ਦੇ ਖੇਤਰ ਦੇ ਭ੍ਰਿਸ਼ਟਾਚਾਰ ਨੂੰ ਪੇਸ਼ ਕਰਦੀ ਹੋਈ ਇਕ ਲੜਕੀ ਦੇ ਇਸ ਰਸਤੇ 'ਤੇ ਤੁਰਨ ਦੀ ਜ਼ਿੰਦਾਦਿਲੀ ਦੇ ਅਹਿਸਾਸਾਂ ਨੂੰ ਪੇਸ਼ ਕਰਦੀ। 'ਹਸਾਬ ਕਤਾਬ' ਵਰਗੀ ਕਹਾਣੀ ਸਾਡੇ ਸਮਾਜ ਵਿਚ ਪੜ੍ਹੇ-ਲਿਖੇ ਲੋਕਾਂ ਦੀ ਪੈਸਾਵਾਦੀ ਬਿਰਤੀ ਅਤੇ ਔਰਤ ਦੇ ਆਪਣੇ ਹੱਕਾਂ ਪ੍ਰਤੀ ਸੁਚੇਤ ਦੀ ਬਾਤ ਪਾਉਂਦੀ ਕਹਾਣੀ ਹੈ ਪਰ 'ਹਸ਼ਰ' ਨਜਾਇਜ਼ ਰਿਸ਼ਤਿਆਂ ਅਤੇ ਅਨੈਤਿਕ ਸਬੰਧਾਂ ਬਾਰੇ ਕੁਝ ਨਵੇਂ ਪਹਿਲੂ ਉਜਾਗਰ ਕਰਦੀ ਹੈ। ਭਾਰਤੀ ਅਤੇ ਵਿਦੇਸ਼ੀ ਸਮਾਜ ਪ੍ਰਬੰਧ ਬਾਰੇ ਲਿਖੀ ਕਹਾਣੀ 'ਸਿਸਟਮ' ਸਮਾਨੰਤਰ ਸੋਚ-ਪ੍ਰਬੰਧ ਬਾਰੇ ਲਿਖੀ ਵਧੀਆ ਕਹਾਣੀ ਹੈ। ਇਸੇ ਤਰ੍ਹਾਂ 'ਮਾਨਵ ਹਾਜ਼ਰ ਹੋ' ਇਕ ਵੱਖਰੀ ਭਾਂਤ ਦੀ ਕਹਾਣੀ ਹੈ ਜਿਥੇ ਰੱਬ, ਧਰਮ ਰਾਜ ਬਾਰੇ ਕਾਲਪਨਿਕ ਸੰਸਾਰ ਉਸਾਰਦਿਆਂ ਹੋਇਆਂ ਕਹਾਣੀਕਾਰ ਮਾਨਵ ਦੁਆਰਾ ਕੁਦਰਤ ਦੇ ਕੀਤੇ ਜਾ ਰਹੇ ਵਿਨਾਸ਼ ਬਾਰੇ ਖੂਬਸੂਰਤੀ ਨਾਲ ਬਿਰਤਾਂਤ ਸਿਰਜਿਆ ਗਿਆ ਹੈ। ਭਾਵੇਂ ਕਈ ਕਹਾਣੀਆਂ ਵਿਚ ਮੌਕਾ ਮੇਲ ਦੀ ਜੁਗਤ ਵੀ ਵਰਤੀ ਹੈ ਤੇ ਕਈ ਕਹਾਣੀਆਂ ਫਲੈਸ਼-ਬੈਕ ਦੀ ਜੁਗਤ ਦੁਆਗਣੀ ਆਪਣੀ ਤੋਰ ਗ੍ਰਹਿਣ ਕਰਦੀਆਂ ਹਨ, ਕਿਉਂਕਿ ਪੁਸਤਕ ਵਿਚ ਸ਼ਾਮਿਲ ਕਹਾਣੀਕਾਰ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ, ਇਸੇ ਕਰਕੇ ਸਥਾਨਕ ਭਾਸ਼ਾ ਦਾ ਰੰਗ ਵੀ ਵੇਖਣ ਨੂੰ ਮਿਲਦਾ ਹੈ। ਕੁਝ ਇਕ ਵਿਚ ਉੱਤਮ ਪੁਰਖੀ ਬਿਰਤਾਂਤ ਵੀ ਸਿਰਜਿਆ ਗਿਆ ਹੈ। 'ਨਬਜ਼ ਧੜਕਣ', 'ਰੁਦਨ', 'ਨੇਮ ਪਲੇਟ' ਕਹਾਣੀਆਂ ਵੀ ਅਜੋਕੇ ਸਮਾਜ ਵਿਚ ਪੈਦਾ ਹੋ ਰਹੇ ਅੰਤਰ-ਵਿਰੋਧਾਂ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਹਨ। ਕੁੱਲ ਮਿਲਾ ਕੇ ਇਸ ਪੜ੍ਹਨਯੋਗ ਕਿਤਾਬ ਨੂੰ ਪਾਠਕ ਜ਼ਰੂਰ ਪਸੰਦ ਕਰਨਗੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਚੁਰਾਸੀ ਦੇ ਚੱਕਰ
ਲੇਖਕ : ਨ੍ਰਿਪਇੰਦਰ ਰਤਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98148-30903.

ਲੇਖਕ ਦੇ ਅਨੁਸਾਰ ਇਸ ਪੁਸਤਕ ਵਿਚ 25 ਕਤਰਨਾਂ ਹਨ, ਜੋ ਵਕਤ-ਬ-ਵਕਤ ਚੇਤਿਆਂ ਦੇ ਦਰਵਾਜ਼ੇ 'ਤੇ ਆ ਦਸਤਕ ਦਿੰਦੀਆਂ ਹਨ ਤੇ ਲਿਖਤੀਜਾਮਾ ਅਖ਼ਤਿਆਰ ਕਰ ਲੈਂਦੀਆਂ ਹਨ। ਇਨ੍ਹਾਂ ਦੇ ਹੇਠਾਂ ਲਿਖਣ ਮਿਤੀਆਂ ਵੀ ਦਰਜ ਹਨ। ਰਤਨ ਸਾਹਿਬ ਨੇ ਪਹਿਲੇ ਲੇਖ 'ਚੌਕਸੀ ਬਿਊਰੋ ਦੇ ਚੌਕੇ ਛੱਕੇ' ਵਿਚ ਉਸ ਮਹਿਕਮੇ ਦਾ ਪੋਲ ਖੋਲ੍ਹਿਆ ਹੈ, ਜਿਸ ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ, ਉਹੀ ਮਹਿਕਮਾ ਰੱਜ ਕੇ ਭ੍ਰਿਸ਼ਟਾਚਾਰੀ ਹੈ (ਹੱਡਬੀਤੀ) ਅਗਲੇ ਕੁਝ ਕਾਂਡਾਂ ਵਿਚ ਹਿੰਦੂ ਕਾਲਜ ਅੰਮ੍ਰਿਤਸਰ ਤੇ ਮਹਿੰਦਰਾ ਕਾਲਜ ਪਟਿਆਲਾ ਦੇ ਗੁਰੂਜਨਾਂ ਨਾਲ ਜੁੜੀਆਂ ਯਾਦਾਂ ਨੂੰ ਵੇਰਵੇ ਨਾਲ ਪੇਸ਼ ਕੀਤਾ ਹੈ, ਜਿਨ੍ਹਾਂ ਦੀ ਬਦੌਲਤ ਉਹ ਅਗਵਾਈ ਲੈ ਕੇ ਜੀਵਨ ਵਿਚ ਉੱਚ ਅਹੁਦਿਆਂ 'ਤੇ ਪੁੱਜੇ। 'ਆਪਣੀ ਛੱਤ' ਵਿਚ ਆਪਣੇ ਘਰ ਦੀ ਤਮੰਨਾ ਤੇ ਉਸ ਦੀ ਪੂਰਤੀ ਲਈ ਪੈਸੇ ਦੀ ਕਮੀ ਬਾਰੇ ਦੱਸਦੇ ਹੋਏ ਲੇਖਕ ਨੇ ਖੁੱਲ੍ਹ ਕੇ ਲਿਖਿਆ ਹੈ ਕਿ ਇਮਾਨਦਾਰੀ ਨਾਲ ਮਨੁੱਖ ਜਿੰਨੇ ਮਰਜ਼ੀ ਉੱਚੇ ਅਹੁਦੇ 'ਤੇ ਪੁੱਜ ਜਾਏ, ਪਰ ਆਪਣੀ ਛੱਤ ਬਣਾਉਣੀ ਉਸ ਦੇ ਵੱਸ ਵਿਚ ਨਹੀਂ ਹੁੰਦੀ। ਲੇਖਕ ਨੇ 1984 ਵਿਚ ਹੋਏ ਇੰਦਰਾ ਗਾਂਧੀ ਕਤਲਕਾਂਡ ਤੇ ਸਿੱਟੇ ਵਜੋਂ ਦੰਗਿਆਂ ਦੌਰਾਨ ਜੋ ਕੁਝ ਸਿੱਖ ਕੌਮ ਨਾਲ ਵਾਪਰਿਆ, ਉਸ ਦਰਦਨਾਕ ਹਾਦਸੇ ਦਾ ਵਰਨਣ ਕਰਦੇ ਹੋਏ ਮਨੁੱਖੀ ਮਨ ਦੀ ਅਵਸਥਾ ਤੇ ਰੁਦਨ ਨੂੰ ਦਰਦਮਈ ਭਾਸ਼ਾ ਵਿਚ ਪੇਸ਼ ਕੀਤਾ ਹੈ। ਇਸ ਮਨੋਸਥਿਤੀ ਵਿਚੋਂ ਜਨਮੀਆਂ ਕਵਿਤਾਵਾਂ ਦਾ ਵੀ ਜ਼ਿਕਰ ਕੀਤਾ ਹੈਂ'ਦਿੱਲੀ ਲੁੱਟੀ ਫਿਰ ਇਕ ਨਾਦਿਰ ਸ਼ਾਹ ਨੇ'। ਲੇਖ 'ਸਾਕਾ ਨੀਲਾ ਤਾਰਾ ਤੇ ਗਿਆਨੀ ਜ਼ੈਲ ਸਿੰਘ' ਵਿਚ ਪਿਛੋਕੜ ਨੀਲਾ ਤਾਰਾ ਤੇ ਰਾਜਨੀਤਕਾਂ ਦੀਆਂ ਕੋਝੀਆਂ ਚਾਲਾਂ ਦਾ ਵਰਨਣ ਕੀਤਾ ਹੈ। ਇਸੇ ਤਰ੍ਹਾਂ ਹੋਰ ਲੇਖ 'ਖ਼ੂਨੀ ਪਨੀਰੀਆਂ', ਡੀ.ਸੀ. ਕੌਣ, ਬਦ ਕਿ ਬਦਨਾਮ, ਟਰਾਂਸਪੋਰਟ ਵਿਭਾਗ ਦੀ ਕੋਸ਼ਿਸ਼' ਵਿਚ ਮਹਿਕਮਿਆਂ ਵਿਚ ਫੈਲੇ ਮਾਇਆਜਾਲ ਤੇ ਪੈਸੇ ਦੀ ਤਿਲਕਣ ਦਾ ਬਖੂਬੀ ਚਿਤਰਣ ਕੀਤਾ ਹੈ। 'ਆਪਣਾ ਖ਼ਾਸ ਆਦਮੀ' ਲੇਖ ਵਿਚ ਵੀ ਵਿਅੰਗ ਵਿਧੀ ਵਰਤੀ ਹੈ। ਲੇਖਕ ਨੇ ਅੰਤਲੇ ਤਿੰਨ ਲੇਖਾਂ ਵਿਚ 'ਦੱਖਣ ਦਾ ਹਰਿਦਵਾਰਂਗੋਕਰਨ, ਗਣੇਸ਼ੀ ਮੱਥੇ ਵਾਲੀ ਪਹਾੜੀਂਗਣਪਤੀ ਪੁਲੇ ਅਤੇ ਦੱਖਣ ਦੀ ਗੰਗਾ-ਕਾਵੇਰੀ' ਵਿਚ ਇਥੋਂ ਦੀਆਂ ਕੀਤੀਆਂ ਯਾਤਰਾਵਾਂ ਤੇ ਰਮਣੀਕ ਸਥਾਨਾਂ ਦਾ ਵਰਨਣ ਖ਼ੂਬਸੂਰਤੀ ਨਾਲ ਕੀਤਾ ਹੈ।
ਇਸ ਪੁਸਤਕ ਦੇ ਵਧੇਰੇ ਲੇਖ ਵਿਅੰਗਾਤਮਿਕ ਸ਼ੈਲੀ ਵਿਚ ਲਿਖੇ ਗਏ ਹਨ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਰੱਬ ਵਰਗੇ ਲੋਕ
ਲੇਖਕ : ਹਰਵਿੰਦਰ ਸ਼ਰਮਾ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 99889-13155.

ਪੁਸਤਕ ਰੱਬ ਵਰਗੇ ਲੋਕ ਲੇਖਕ ਦੀਆਂ ਜੀਵਨ ਯਾਦਾਂ ਨਾਲ ਜੁੜੀ ਹੋਈ ਹੈ। ਨਿਬੰਧ ਸ਼ੈਲੀ ਵਿਚ ਲਿਖੀ ਇਸ ਪੁਸਤਕ ਵਿਚ ਲੇਖਕ ਨੇ ਆਪਣੇ ਜੀਵਨ ਵਿਚ ਆਏ ਵੱਖ-ਵੱਖ ਕਿਰਦਾਰਾਂ ਨੂੰ ਬਹੁਤ ਖੂਬਸੂਰਤੀ ਨਾਲ ਪਾਠਕਾਂ ਦੇ ਰੂਬਰੂ ਕੀਤਾ ਹੈ।
ਪੁਸਤਕ ਦੇ ਪਹਿਲੇ ਨਿਬੰਧ ਵਿਚ ਲੇਖਕ ਦੁਆਰਾ ਭਾਈ ਬਹਿਲੋ ਬਾਰੇ ਪੇਸ਼ ਕੀਤੀ ਜਾਣਕਾਰੀ ਉਸ ਦੇ ਗਹਿਨ ਅਧਿਐਨ ਦਾ ਨਤੀਜਾ ਹੈ। ਬਚਪਨ ਦੀ ਸਾਦਗੀ ਨੂੰ ਪੇਸ਼ ਕਰਦੀਆਂ ਜੀਵਨ ਯਾਦਾਂ ਵਿਚ ਉਹ ਭੂਤਾਂ-ਪ੍ਰੇਤਾਂ ਦਾ ਡਰ, ਉਨ੍ਹਾਂ ਤੋਂ ਬਚਣ ਲਈ ਅਪਣਾਏ ਢੰਗ, ਪਿਤਾ ਦੁਆਰਾ ਭੂਤ ਭਜਾਉਣ ਦੇ ਦੱਸੇ ਢੰਗ ਆਦਿ ਨੂੰ ਯਾਦ ਕਰਦਿਆਂ ਬਚਪਨ ਦੀਆਂ ਬਾਤਾਂ ਪਾਉਂਦਾ ਹੈ। ਮਾਂ ਦੀ ਕਿਸੇ ਵਿਅਕਤੀ ਦੇ ਜੀਵਨ ਵਿਚ ਬਹੁਤ ਅਹਿਮੀਅਤ ਹੁੰਦੀ ਹੈ, ਮਾਂ ਵਿਰਵੇ ਕਿਸ ਤਰ੍ਹਾਂ ਜ਼ਿੰਦਗੀ ਤੋਂ ਬੇਜ਼ਾਰ ਹੋ ਜਾਂਦੇ ਹਨ, ਇਸ ਦਸ਼ਾ ਨੂੰ ਬਿਆਨਦੀਆਂ ਇਨ੍ਹਾਂ ਯਾਦਾਂ ਵਿਚ ਲੇਖਕ ਆਪਣੇ ਦੋਸਤਾਂ ਦੀ ਬਦਲ ਗਈ ਜ਼ਿੰਦਗੀ ਨੂੰ ਦਰਸਾਉਂਦਾ ਹੈ। ਬਾਲ ਮਨ ਕਿਸ ਤਰ੍ਹਾਂ ਮਤਰੇਈ ਮਾਂ ਦੇ ਵਿਵਹਾਰ ਤੋਂ ਝੰਜੋੜਿਆ ਜਾਂਦਾ ਹੈ, ਇਸ ਨੂੰ ਲੇਖਕ ਨੇ ਆਪਣੇ ਦੋਸਤ ਭੋਲਾ ਅਤੇ ਬਿੱਕਰ ਨਾਲ ਸਬੰਧਤ ਲੇਖ ਵਿਚ ਪੇਸ਼ ਕੀਤਾ ਹੈ। ਆਪਣੇ ਨਾਨਾ-ਨਾਨੀ ਦੇ ਸਰਲ ਸਾਦੇ ਕਿਰਦਾਰਾਂ ਤੋਂ ਇਲਾਵਾ ਲੇਖਕ ਨੇ ਕੁਝ ਅਜਿਹੇ ਕਿਰਦਾਰ ਵੀ ਪੇਸ਼ ਕੀਤੇ ਹਨ, ਜੋ ਬਹੁਤੀ ਵਾਰ ਸਾਡੇ ਆਲੇ-ਦੁਆਲੇ ਹੀ ਵਿਚਰਦੇ ਹਨ ਪਰ ਅਸੀਂ ਕਈ ਵਾਰ ਇਨ੍ਹਾਂ ਵੱਲ ਬਹੁਤਾ ਧਿਆਨ ਨਹੀ ਦਿੰਦੇ। ਮੋਟਾ ਫ਼ੌਜੀ, ਜ਼ੋਰਾ ਸਿੱਖ, ਜਗਨਾ ਬਾਣੀਆ, ਬਦਾਮੋ, ਭਗਵਾਨ ਕੌਰ, ਹਰਦਮ ਕੀ ਤੇਜੋ, ਕਾਂਸ਼ੀ ਛੀਂਬਾ ਆਦਿ ਪਾਤਰਾਂ ਦੀ ਸਧਾਰਨਤਾ ਤੋਂ ਪਾਰ ਜਾਂਦਿਆਂ ਇਨ੍ਹਾਂ ਦੇ ਚਰਿੱਤਰ ਵਿਚਲੇ ਗੁਣਾਂ ਦੀ ਖੂਸ਼ਬੂ ਨਾਲ ਪਾਠਕਾਂ ਨੂੰ ਸਰੋਬਾਰ ਕਰਦਾ ਹੈ। ਸਰਲ ਭਾਸ਼ਾ ਵਿੱਚ ਲਿਖੀ ਇਸ ਪੁਸਤਕ ਦੇ ਕਿਰਦਾਰ ਦਿਲ ਨੂੰ ਛੂਹ ਲੈਂਦੇ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099
ਫ ਫ ਫ

29/07/2017

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵ ਸਮਾਜ ਨੂੰ ਸਦੀਵੀ ਸੰਦੇਸ਼
ਸੰਪਾਦਕ : ਪਰਮਜੀਤ ਕੌਰ ਔਲਖ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 98766-95506.

ਸਰਬ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਮਰ ਸੰਦੇਸ਼ ਸਾਰੇ ਵਿਸ਼ਵ ਲਈ ਚਾਨਣ ਮੁਨਾਰੇ ਹਨ। ਇਹ ਸਾਰੀ ਮਨੁੱਖ ਜਾਤੀ ਦਾ ਅਨਮੋਲ ਰੂਹਾਨੀ ਖਜ਼ਾਨਾ ਹਨ। ਇਨ੍ਹਾਂ ਵਿਚੋਂ ਅਮਨ, ਪ੍ਰੇਮ, ਸਾਂਝੀਵਾਲਤਾ, ਸਹਿਣਸ਼ੀਲਤਾ, ਏਕਤਾ ਅਤੇ ਰੱਬੀ ਪਿਆਰ ਦੇ ਸੁਨੇਹੇ ਮਿਲਦੇ ਹਨ। ਇਨ੍ਹਾਂ ਵਿਚ ਗਿਆਨ, ਅਨੁਭਵ, ਸਤਿ, ਸੰਤੋਖ, ਸੰਜਮ, ਮਿਲਵਰਤਣ ਅਤੇ ਇਨਸਾਨੀਅਤ ਦੇ ਗੁਣ ਸਮੋਏ ਹੋਏ ਹਨ। ਇਨ੍ਹਾਂ ਵਿਚਲੇ ਰੱਬੀ ਬੋਲ ਸਮੇਂ ਅਤੇ ਸਥਾਨ ਦੀ ਪਕੜ ਤੋਂ ਬਾਹਰ ਹਨ, ਇਸ ਲਈ ਅਟੱਲ ਅਤੇ ਸਦਾ ਲਈ ਸਾਰਥਕ ਹਨ। ਅਜੋਕਾ ਮਨੁੱਖ ਚਿੰਤਾ, ਤਣਾਅ, ਸੰਘਰਸ਼ ਅਤੇ ਰੋਗਾਂ ਵਿਚ ਗ੍ਰੱਸਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਅਤੇ ਮਾਰਗ ਦਰਸ਼ਨ ਲੈ ਕੇ ਉਹ ਸੁਖੀ, ਨਿਰਭੈ ਅਤੇ ਨਿਸਚਿੰਤ ਹੋ ਸਕਦਾ ਹੈ.
ਇਸ ਪੁਸਤਕ ਵਿਚ ਵਿਦਵਾਨਾਂ ਦੇ 12 ਲੇਖ ਸ਼ਾਮਿਲ ਕੀਤੇ ਗਏ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਗਹਿਰਾਈ ਨਾਲ ਛੋਂਹਦੇ ਹਨ। ਪਰਮਜੀਤ ਕੌਰ ਔਲਖ ਨੇ ਅਜੋਕੇ ਸੰਦਰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਸੰਗਿਕਤਾ, ਡਾ: ਬਲਵਿੰਦਰ ਪਾਲ ਸਿੰਘ ਨੇ ਸ੍ਰੀ ਜਪੁਜੀ ਸਾਹਿਬ ਦੇ ਸਿਧਾਂਤਕ ਪ੍ਰਸੰਗ ਵਿਚ ਮਾਨਵੀ ਵਸੀਲੇ, ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਉ ਅਤੇ ਭਾਉ ਦਾ ਸੰਕਲਪ, ਰੁਪਿੰਦਰ ਕੌਰ ਨੇ ਗੁਰਬਾਣੀ ਵਿਚ ਪ੍ਰੇਮ ਸੰਵੇਦਨਾ, ਡਾ: ਸਤਵੰਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਮਾਜਿਕ ਸਰੋਕਾਰ, ਅਮਨਪ੍ਰੀਤ ਕੌਰ ਸੰਧੂ ਨੇ ਸੁਖਮਨੀ ਸਾਹਿਬ ਜੀ ਦੇ ਵਿਸ਼ੇਸ਼ ਸੰਦਰਭ ਰਾਹੀਂ ਨਾਮ ਸੱਭਿਆਚਾਰ, ਜਤਿੰਦਰ ਕੌਰ ਸਿਵੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਿਪੇਖ ਵਿਚ ਸਮਾਜ ਅਤੇ ਨਾਰੀ, ਕੁਲਵਿੰਦਰ ਸਿੰਘ ਸੰਧੂ ਨੇ ਮਨੁੱਖ ਤੋਂ ਪਰਮ ਮਨੁੱਖ ਬਣਾਉਣ ਦਾ ਗੁਰੂ ਆਸ਼ਾ, ਡਾ: ਕਿਰਨਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਅਤੇ ਸੰਦੇਸ਼, ਗੁਰਦੀਪ ਸਿੰਘ ਨੇ ਕਬੀਰ ਬਾਣੀ ਦੇ ਪ੍ਰਸੰਗ ਵਿਚ ਕ੍ਰਾਂਤੀਕਾਰੀ ਸੁਰ, ਡਾ: ਬਲਜੀਤ ਕੌਰ ਨੇ ਬੁੱਧੀਜੀਵੀ ਸਮਾਜ ਦੀ ਸਿਰਜਣਾ ਵਿਚ ਧਰਮ ਦੀ ਭੂਮਿਕਾ ਅਤੇ ਡਾ: ਭੁਪਿੰਦਰ ਕੌਰ ਨੇ ਗੁਰਬਾਣੀ ਵਿਚ ਸਮਾਨ ਭਾਵ ਦੀ ਵਿਚਾਰ ਅਤੇ ਸੰਚਾਰ ਬਾਬਤ ਖੋਜ ਭਰਪੂਰ ਲੇਖ ਲਿਖੇ ਹਨ। ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਅਤੇ ਚਹੁੰ ਵਰਨਾਂ ਨੂੰ ਦਿੱਤੇ ਸਾਂਝੇ ਸੰਦੇਸ਼ ਦਾ ਹੋਕਾ ਦੇਣ ਦਾ ਵਧੀਆ ਉਪਰਾਲਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367
.


ਆਨੰਦ ਮੱਠ
ਲੇਖਕ : ਬੰਕਿਮ ਚੰਦਰ ਚਟੋਪਾਧਿਆਇ
ਅਨੁਵਾਦ : ਸ਼ਾਹ ਚਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 0161-2413613.

ਭਾਰਤੀ ਭਾਸ਼ਾਵਾਂ ਵਿਚ ਨਾਵਲ ਦੀ ਨਵੀਂ ਰੂਪ ਵਿਧਾ ਦੇ ਜਨਮ ਦੀ ਪੈੜ ਆਨੰਦ ਮੱਠ (1882) ਤੱਕ ਸਹਿਜੇ ਹੀ ਜਾਣ ਕਾਰਨ ਇਸ ਦੇ ਪੰਜਾਬੀ ਅਨੁਵਾਦ ਨੇ ਮੈਨੂੰ ਯਕਦਮ ਆਕਰਸ਼ਿਤ ਕੀਤਾ। ਨਾਵਲ ਪ੍ਰਤੀ ਮੇਰੀ ਜਗਿਆਸਾ ਇਸ ਕਰਕੇ ਵੀ ਵਧੀ ਕਿ ਜਨ ਗਨ ਮਨ ਦੀ ਥਾਂ ਆਰ.ਐਸ.ਐਸ. ਤੇ ਭਾਜਪਾ ਜਿਹੀਆਂ ਮੂਲਵਾਦੀ ਜਥੇਬੰਦੀਆਂ ਬੰਦੇ ਮਾਤਰਮ ਦੇ ਜਿਸ ਗੀਤ ਨੂੰ ਰਾਸ਼ਟਰ ਗਾਣ ਨਾਲੋਂ ਵੱਧ ਮਹੱਤਵ ਦੇ ਰਹੇ ਹਨ, ਉਹ ਇਸ ਨਾਵਲ ਦਾ ਹਿੱਸਾ ਹੈ। ਮੈਂ ਇਹ ਜਾਣਨਾ ਚਾਹੁੰਦਾ ਸਾਂ ਕਿ ਉਦਾਰ ਸੋਚ ਵਾਲੇ ਬਹੁਤੇ ਭਾਰਤੀ ਆਮ ਕਰਕੇ ਤੇ ਮੁਸਲਮਾਨ (ਜਿਵੇਂ ਮੇਰਠ ਦੀ ਕਾਰਪੋਰੇਸ਼ਨ ਵਾਲੇ ਮਾਮਲੇ ਵਿਚ) ਆਮ ਕਰਕੇ ਇਸ ਦਾ ਵਿਰੋਧ ਕਿਉਂ ਕਰਦੇ ਹਨ। ਅਨੁਵਾਦਕ/ਪ੍ਰਕਾਸ਼ਕ ਨੇ ਇਸ ਪੁਸਤਕ ਦੇ ਬੈਕ ਟਾਈਟਲ ਉੱਤੇ ਇਹ ਵੀ ਲਿਖਿਆ ਹੈ ਕਿ ਕਿਸੇ ਸਮੇਂ ਕ੍ਰਾਂਤੀਕਾਰੀ ਇਸ ਨਾਵਲ ਨੂੰ ਲੈ ਕੇ ਸੁਤੰਤਰਤਾ ਹਿਤ ਕੁਰਬਾਨੀ ਦੀ ਦੀਖਿਆ ਲੈਂਦੇ ਸਨ। ਮੇਰੇ ਵਾਂਗ ਇਸ ਵਿਵਾਦ ਵਿਚ ਬਹੁਤ ਲੋਕਾਂ ਦੀ ਦਿਲਚਸਪੀ ਹੋਵੇਗੀ। ਇਸ ਲਈ ਉਹ ਇਹ ਛੋਟੀ ਜਿਹੀ ਰਚਨਾ ਪੜ੍ਹ ਲੈਣ ਤਾਂ ਬਹੁਤ ਕੁਝ ਸਹਿਜੇ ਹੀ ਸਮਝ ਆ ਜਾਵੇਗਾ।
ਆਨੰਦ ਮੱਠ ਵਿਚ ਭਾਰਤ ਦੇਸ਼ ਨੂੰ ਭਾਰਤ ਮਾਤਾ ਦੇ ਰੂਪ ਵਿਚ ਕਲਪਿਤ ਕਰਕੇ ਸੰਤਾਨ ਪੰਥ ਵਜੋਂ ਸੰਗਠਿਤ ਹਿੰਦੂ ਕ੍ਰਾਂਤੀਕਾਰੀ ਦੇਸ਼ ਨੂੰ ਢਹਿ ਢੇਰੀ ਹੋ ਰਹੇ ਮੁਗਲ ਸ਼ਾਸਕਾਂ ਤੋਂ ਸੁਤੰਤਰ ਕਰਵਾਉਣ ਲਈ ਗੁਰੀਲਾ/ਹਿੰਸਕ ਲੜਾਈ ਲੜ ਰਹੇ ਹਨ। ਮੁਸਲਮਾਨਾਂ ਨੂੰ ਮਲੇਛ ਕਹਿੰਦੇ ਹਨ। ਉਨ੍ਹਾਂ ਦੇ ਘਰ ਸਾੜਨੇ, ਫੂਕਣੇ, ਮੁਸਲਮਾਨਾਂ ਨੂੰ ਮਾਰਨਾ ਉਨ੍ਹਾਂ ਨੂੰ ਆਪਣਾ ਧਰਮ ਜਾਪਦਾ ਹੈ। ਉਹ ਘਰ ਪਰਿਵਾਰ ਛੱਡ, ਸੰਨਿਆਸੀ/ਬ੍ਰਹਮਚਾਰੀ ਵਾਂਗ ਰਹਿ ਕੇ ਬੰਦੇ ਮਾਤਰਮ ਗਾਉਂਦੇ, ਭਾਰਤ ਮਾਤਾ ਕੀ ਜੈ ਬੁਲਾਉਂਦੇ ਖ਼ਤਰੇ ਮੁੱਲ ਲੈ ਕੇ ਥਾਂ-ਥਾਂ ਵਿਜੇਈ ਹੁੰਦੇ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਨਾਵਲ ਦੇ ਅੰਤਲੇ ਤਿੰਨ ਪੰਨਿਆਂ ਵਿਚ ਇਕ ਮਹਾਂਪੁਰਖ ਸੰਤਾਨ-ਪੰਥ ਦੇ ਮੁਖੀ ਸਤਿਆਨੰਦ ਨੂੰ ਸਮਝਾਉਂਦਾ ਹੋਇਆ ਨਾਵਲ ਦੇ ਉਦੇਸ਼ ਦਾ ਪਤਾ ਇੰਜ ਦਿੰਦਾ ਹੈ : ਡੇਰਾ ਕਾਰਜ ਸੰਪੂਰਨ ਹੋਇਆ। ਮੁਸਲਮਾਨਾਂ ਦਾ ਰਾਜ ਖ਼ਤਮ ਹੋ ਗਿਆ ਹੈ। ... ਹੁਣ ਅੰਗਰੇਜ਼ ਰਾਜ ਕਰਨਗੇ। ... ਜੇ ਅੰਗਰੇਜ਼ ਰਾਜੇ ਨਾ ਬਣੇ ਤਾਂ ਸਨਾਤਨ ਧਰਮ ਦੇ ਪੁਨਰ ਜੀਵਤ ਹੋਣ ਦੀ ਕੋਈ ਸੰਭਾਵਨਾ ਨਹੀਂ। ਅੰਗਰੇਜ਼ ਪਦਾਰਥਵਾਦੀ ਗਿਆਨ ਦੇ ਪੰਡਿਤ ਹਨ। ਉਨ੍ਹਾਂ ਨੂੰ ਸੱਤਾ ਸੌਂਪਣੀ ਹੈ। ਨਿਸਚੇ ਹੀ ਆਨੰਦ ਮੱਠ ਤੇ ਬੰਦੇ ਮਾਤਰਮ ਉਸਾਰੂ/ਉਦਾਰ ਲੋਕਾਂ ਨੂੰ ਸਵੀਕਾਰ ਨਹੀਂ। ਸੰਕੀਰਨ/ਮੁਸਲਿਮ ਵਿਰੋਧੀ ਸੁਰ ਹੈ ਇਸ ਦੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਖੁੱਲ੍ਹੇ ਬੂਹੇ ਬੰਦ ਬਾਰੀਆਂ
ਲੇਖਕ : ਐੱਸ. ਅਸ਼ੋਕ ਭੌਰਾ
ਸਫ਼ੇ : 180; ਮੁੱਲ : 195 ਰੁਪਏ
ਪ੍ਰਕਾਸ਼ਕ : ਯੂਨੀ ਸਟਾਰ ਬੁੱਕਸ, ਚੰਡੀਗੜ੍ਹ
ਸੰਪਰਕ : 0172-5027447
.

ਅਸਲ ਵਿਚ ਐੱਸ. ਅਸ਼ੋਕ ਭੌਰਾ ਨੇ ਭਾਵੇਂ ਇਸ ਵਿਚਾਰਧੀਨ ਪੁਸਤਕ ਦਾ ਨਾਂਅ 'ਖੁੱਲ੍ਹੇ ਬੂਹੇ ਬੰਦ ਬਾਰੀਆਂ' ਰੱਖਿਆ ਹੈ ਪਰ ਇਸ ਸਿਰਲੇਖ ਦੀ ਅਹਿਮੀਅਤ ਉਦੋਂ ਹੋਰ ਵੀ ਵਧ ਜਾਂਦੀ ਹੈ ਜਦੋਂ ਪਾਠਕ ਇਸ ਨੂੰ ਪੜ੍ਹਦਿਆਂ ਆਪਣੇ ਦਿਲੋ-ਦਿਮਾਗ਼ ਦੇ ਬੂਹੇ ਬਾਰੀਆਂ ਨੂੰ ਖੁੱਲ੍ਹਦੇ ਮਹਿਸੂਸ ਕਰਦਾ ਹੈ। ਭੌਰਾ ਨੇ ਆਪਣੇ ਜੀਵਨ ਤਜਰਬੇ ਵਿਚੋਂ ਨਿੱਕੀਆਂ ਨਿੱਕੀਆਂ ਸੂਖ਼ਮ ਭਾਵੀ ਪਰ ਵੱਡੇ ਅਰਥਾਂ ਵਾਲੀਆਂ ਗੱਲਾਂ ਅਤੇ ਘਟਨਾਵਾਂ ਆਪਣੀ ਸਿਰਜਣਾਤਮਕਤਾ ਦੀ ਪਾਣ ਚਾੜ੍ਹ ਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਗੱਲਾਂ ਭਾਵੇਂ ਸਧਾਰਨ ਹਨ ਪਰ ਤਜਰਬਾ ਅਤੇ ਅਰਜਿਤ ਗਿਆਨ ਇਨ੍ਹਾਂ ਨੂੰ ਹੋਰ ਵੀ ਮੁੱਲਵਾਨ ਬਣਾ ਦਿੰਦਾ ਹੈ। ਪੁਸਤਕ ਵਿਚ ਲਘੂ-ਕਥਾਵਾਂ ਵਾਲੀ ਸ਼ੈਲੀ ਵਿਚ ਲੇਖਕ ਨੇ ਸੂਝਮਈ ਵਾਤਾਵਰਨ ਪੈਦਾ ਕੀਤਾ ਹੈ। ਲੇਖਕ ਕਈ ਵਾਰੀ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਆਮ ਜ਼ਿੰਦਗੀ ਵਿਚੋਂ, ਇਤਿਹਾਸ ਵਿਚੋਂ, ਰਾਜਨੀਤੀ ਅਤੇ ਧਰਮ ਵਿਚੋਂ ਰੌਚਿਕ ਘਟਨਾਵਾਂ ਲੈ ਕੇ ਕੋਈ ਨਾ ਕੋਈ ਸਿਆਣਪ ਭਰੀ ਹਕੀਕਤ ਪਾਠਕਾਂ ਨਾਲ ਸਾਂਝੀ ਕਰਦਾ ਹੈ। ਇਹ ਛੋਟੀਆਂ ਰਸ ਭਰੀਆਂ ਗੱਲਾਂ ਕੌੜੀਆਂ ਵੀ ਹਨ ਅਤੇ ਸੱਚੀਆਂ ਵੀ ਹਨ, ਕਿਉਂਕਿ ਬਹੁਗਿਣਤੀ ਪਾਠਕ ਇਨ੍ਹਾਂ ਨਾਲ ਆਪਣੀ ਸਹਿਮਤੀ ਪ੍ਰਗਟ ਜ਼ਰੂਰ ਕਰੇਗਾ ਭਾਵੇਂ ਕਿ ਮੱਤ ਆਪਣਾ-ਆਪਣਾ ਹੁੰਦਾ ਹੈ। ਭਾਵੇਂ ਭੌਰੇ ਦੀ ਇਸ ਪੁਸਤਕ ਵਿਚ ਸ਼ਾਮਿਲ ਸਮੱਗਰੀ ਰੌਚਿਕ ਅਤੇ ਦਿਲਚਸਪ ਹੈ ਪਰ ਇਸ ਵਿਚਲੇ ਵਿਸ਼ਿਆਂ ਦੀ ਗੰਭੀਰਤਾ ਸੂਝਵਾਨ ਪਾਠਕ ਦੇ ਦਿਲੋ-ਦਿਮਾਗ਼ ਵਿਚ ਕਈ ਪ੍ਰਸ਼ਨ ਵੀ ਖੜ੍ਹੇ ਕਰਦੀ ਹੈ। ਮਿਸਾਲ ਵਜੋਂ ਜਦੋਂ ਲੇਖਕ ਸਮਾਜ ਵਿਚ ਪੈਦਾ ਹੋਈਆਂ ਵਿਸੰਗਤੀਆਂ ਦਾ ਜ਼ਿਕਰ ਕਰਦਾ ਹੈ ਤਾਂ ਪਾਠਕ ਆਪਣੇ ਆਪ ਹੀ ਵਿਚਾਰ ਬਣਾਉਂਦਾ ਹੈ ਕਿ ਸਮਾਜ ਦਾ ਭਲਾ ਕਿਵੇਂ ਹੋਊ ਜੇਕਰ ਸਾਰਾ ਵਰਤਾਰਾ ਹੀ ਉਲਟਾ ਵਰਤ ਰਿਹਾ ਹੈ। ਪਰ ਇਸ ਨਿਰਾਸ਼ਾ ਵਿਚੋਂ ਵੀ ਆਸ ਇਹ ਉਪਜਦੀ ਹੈ ਲੋਕ ਸੋਚਣਗੇ ਤਾਂ ਹੀ ਕਿਸੇ ਚੰਗੇ ਭਵਿੱਖ ਦੀ ਆਸ ਰੱਖੀ ਜਾ ਸਕਦੀ ਹੈ। ਹਰੇਕ ਘਟਨਾ ਦਾ ਆਰੰਭ ਪੂਰਾ ਵਿਚਾਰ ਉਸਾਰਦਾ ਹੈ ਅਤੇ ਇਸ ਸੰਵਾਦ ਨੂੰ ਅੱਗੇ ਵਧਾਉਂਦਾ ਹੈ। ਐੱਸ. ਅਸ਼ੋਕ ਭੌਰਾ ਦੁਆਰਾ ਰਚਾਏ ਇਸ ਸੰਵਾਦ ਨੂੰ ਪਾਠਕ ਜ਼ਰੂਰ ਹੀ ਹੁੰਗਾਰਾ ਦੇਣਗੇ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਜ਼ਿੰਦਗੀ ਦਾ ਮਰਸੀਆ
ਸ਼ਾਇਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 99884-44002.

ਹਥਲੀ ਪੁਸਤਕ ਸੁਪ੍ਰਸਿੱਧ ਸਾਹਿਤਕਾਰ ਅਤੇ ਵਿਸ਼ੇਸ਼ ਸ਼ਾਇਰ ਗੁਰਦਿਆਲ ਰੌਸ਼ਨ ਦੁਆਰਾ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਰੌਸ਼ਨ ਨੇ ਆਪਣੀ ਸ਼ਾਇਰੀ ਵਿਚੋਂ ਆਪਣੀਆਂ ਮਨਭਾਉਂਦੀਆਂ ਪ੍ਰੰਤੂ ਪਾਠਕਾਂ, ਸਰੋਤਿਆਂ ਵੱਲੋਂ ਪਸੰਦੀਦਾ 104 ਸ਼ਾਨਦਾਰ ਗ਼ਜ਼ਲਾਂ ਅਤੇ 47 ਜਜ਼ਬੇ ਨਾਲ ਤ੍ਰੇਲੇ ਗੀਤ ਸ਼ਾਮਿਲ ਕੀਤੇ ਹਨ। ਗੁਰਦਿਆਲ ਰੌਸ਼ਨ ਪੰਜਾਬੀ ਗ਼ਜ਼ਲ ਦਾ ਧਰੂ ਤਾਰਾ ਹੈ, ਜੋ ਕਰੀਬ ਪੰਜ ਦਹਾਕਿਆਂ ਤੋਂ ਗ਼ਜ਼ਲਕਾਰੀ ਦੇ ਸਿਰਜਣਾਤਮਿਕ ਅਤੇ ਆਲੋਚਨਾਤਮਕ ਗਗਨਾਂ ਵਿਚ ਇਕ ਪੈਰ 'ਤੇ ਖੜ੍ਹਾ ਹੈ। ਰੌਸ਼ਨ ਸਦਾ ਸਦਾ ਤੋਂ ਗ਼ਜ਼ਲ ਸਿਰਜਣਾ ਦੇ ਫਲ ਦੀ ਚਿੰਤਾ ਕੀਤੇ ਬਿਨਾਂ ਸ਼ਿਅਰਕਾਰੀ ਦੀ ਬਾਗਬਾਨੀ ਕਰ ਰਿਹਾ ਹੈ। ਮਾਣ ਦੀ ਗੱਲ ਇਹ ਹੈ ਕਿ ਸ਼ਾਇਰ ਰੌਸ਼ਨ 'ਦੀਪਕ ਗ਼ਜ਼ਲ ਸਕੂਲ' ਦਾ ਅਗਲਾ ਉੱਤਰ ਅਧਿਕਾਰੀ ਵੀ ਹੈ। ਰੌਸ਼ਨ ਹੁਣ ਤੱਕ 15 ਗ਼ਜ਼ਲ ਸੰਗ੍ਰਹਿ, 6 ਗੀਤ ਸੰਗ੍ਰਹਿ, 4 ਬਾਲ ਗੀਤ ਸੰਗ੍ਰਹਿ, 3 ਗ਼ਜ਼ਲ ਤਕਨੀਕ ਗ਼ਜ਼ਲ, ਸੰਗ੍ਰਹਿ, 7 ਸੰਪਾਦਤ ਪੁਸਤਕਾਂ ਅਤੇ ਦਰਜਨ ਭਰ ਹੋਰ ਸਾਹਿਤਕ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ।
'ਜ਼ਿੰਦਗੀ ਦਾ ਮਰਸੀਆ' ਪੁਸਤਕ ਵਿਚ ਭਾਵੇਂ ਤਿੰਨ ਦਰਜਨਾਂ ਉਸ ਦੇ ਚੁਨਿੰਦਾ ਗੀਤ ਵੀ ਹਨ ਪਰ ਦਰ ਹਕੀਕਤ ਇਹ ਉਸ ਦੀ ਮੁੱਖ ਗ਼ਜ਼ਲ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਬਹੁਤ ਹੀ ਪਿਆਰੀਆਂ ਅਤੇ ਜਗਤ ਜਲੰਦਾ ਬਚਾਉਣ ਵਾਲੀਆਂ ਸਾਵਣੀ ਫੁਹਾਰਾ ਮੁਖੀ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਰੌਸ਼ਨ ਇਕ ਅਜਿਹਾ ਸੁਖਨਵਰ ਹੈ ਕਿ ਜਿਸ ਨੇ ਬਿਨਾਂ ਕਿਸੇ ਲੋਭ ਲਾਲਚ ਅਤੇ ਡਰ-ਭੈਅ ਦੇ ਪੰਜਾਬ ਦੇ ਮਸਲਿਆਂ ਨੂੰ ਸ਼ਿਅਰਾਂ ਵਿਚ ਢਾਲਿਆ ਹੈ। ਉੱਘੜ ਦੁਘੜੀ ਹੋਈ ਰਾਜਨੀਤੀ, ਲੀਹੋਂ ਲੱਥੀ ਆਰਥਿਕਤਾ, ਰਾਜਨੀਤੀਵਾਨਾਂ ਵੱਲੋਂ ਧਾਰਮਿਕ ਲਾਹਾ ਲੈਣ ਲਈ ਬੇਅਸੂਲੀ, ਮਿਗਸਪੁਣੇ 'ਤੇ ਉਤਾਰੂ ਸੱਭਿਆਚਾਰਕ ਸੰਸਥਾਨ ਅਤੇ ਨਸ਼ਿਆਂ ਦੀਆਂ ਸਰਕਾਰੀ ਦੁਕਾਨਾਂ ਉੱਤੇ ਉਸ ਨੇ ਡਟ ਕੇ ਲਿਖਿਆ ਹੈ। ਉਸ ਦੀ ਇਹ ਪੁਸਤਕ ਸਾਂਭਣਯੋਗ ਹੈ।
ਗੁਰਦਿਆਲ ਰੌਸ਼ਨ ਦੀ ਗ਼ਜ਼ਲ ਪ੍ਰਤੀ ਘਾਲਣਾ, ਸੰਵੇਦਨਾ, ਅਹਿਸਾਸ ਮੰਦੀ ਅਤੇ ਲਗਾਤਾਰਤਾ ਦੇ ਇਨਾਮ ਵਿਚ ਮੈਂ ਉਸ ਨੂੰ ਇਹ ਹੇਠ ਲਿਖਿਆ ਆਪਣਾ ਸ਼ਿਅਰ ਭੇਟ ਕਰਦਾ ਹਾਂ :
ਬਲੇ ਤੇ ਬੁਝ ਗਏ ਭਾਂਬੜ ਉਹ ਆਖਰ ਭਾਂਬੜਾਂ ਵਾਂਗੂ
ਜਲੇ ਆਪਾਂ ਤੇ ਜਲਦੇ ਹੀ ਰਹੇ ਹਾਂ ਦੀਪਕਾਂ ਵਾਂਗੂ।

-ਸੁਲੱਖਣ ਸਰਹੱਦੀ
ਮੋ: 94174-84337.

 

 


ਸਿੰਧੀ ਭਾਸ਼ਾ ਦੇ ਬੁਨਿਆਦੀ ਤੱਤ
ਲੇਖਿਕਾ : ਡਾ: ਨਾਜ਼ੀਆ ਹਸਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 98141-71786.

ਹਥਲੀ ਪੁਸਤਕ ਸਾਂਝੇ ਪੰਜਾਬ ਵਿਚਲੇ ਉਸ ਕੇਂਦਰੀ ਖਿੱਤੇ ਦੀ ਭਾਸ਼ਾ, ਸਾਹਿਤ ਅਤੇ ਲਿੱਪੀ ਦਾ ਗਿਆਨ ਪ੍ਰਦਾਨ ਕਰਦੀ ਹੈ ਜੋ ਸੰਤਾਲੀ ਦੀ ਵੰਡ ਸਮੇਂ ਪਾਕਿਸਤਾਨ ਦਾ ਹਿੱਸਾ ਹੋ ਗਿਆ। ਸਿੰਧ ਪ੍ਰਾਂਤ ਵਿਭਿੰਨ ਭਾਸ਼ਾਈ ਅਤੇ ਵਿਭਿੰਨ ਬਾਹਰੀ ਦੇਸ਼ਾਂ ਦੇ ਲੋਕਾਂ ਦੇ ਉਚਾਰ-ਸੰਦਰਭ ਪੱਖੋਂ ਕਦੇ ਸਿੰਧ, ਸਿੰਧੂ ਜਾਂ 'ਹਿੰਡ' (ਹਿੰਦ), 'ਇੰਡ' ਅਤੇ ਕਦੇ ਕੁਝ ਹੋਰ ਅਖਵਾਇਆ ਪਰੰਤੂ ਇਸ ਦੀ ਸਭਿਅਕ ਹੋਂਦ-ਸਥਿਤੀ ਵਿਸ਼ਵ ਦੀਆਂ ਸੱਭਿਅਤਾਵਾਂ 'ਚ ਵਿਸ਼ੇਸ਼ ਪਹਿਲੂਆਂ ਸਦਕਾ ਜਾਣੀ ਜਾਂਦੀ ਰਹੀ। ਇਸੇ ਪ੍ਰਸੰਗ ਨੂੰ ਡਾ: ਨਾਜ਼ੀਆ ਹਸਨ ਨੇ ਹਥਲੀ ਪੁਸਤਕ ਦੇ ਜ਼ਰੀਏ ਸਿੰਧੀ ਭਾਸ਼ਾ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਇਸ ਭਾਸ਼ਾ ਦੇ ਧੁਨੀ ਵਿਗਿਆਨਕ ਅਧਿਐਨ, ਸਿੰਧੀ ਸਾਹਿਤ ਦੇ ਨਿਕਾਸ ਵਿਕਾਸ ਬਾਬਤ ਭਰਪੂਰ ਜਾਣਕਾਰੀ ਤੋਂ ਵੀ ਅਗਾਂਹ ਜਾ ਕੇ ਸਿੰਧੀ ਲਿਪੀ ਬਾਬਤ ਪਾਕਿਸਤਾਨ, ਹਿੰਦੁਸਤਾਨ ਅਤੇ ਹੋਰ ਅਰਬ ਜਾਂ ਪੱਛਮੀ ਖੇਤਰ ਦੇ ਨਾਲ ਸਬੰਧਤ ਸਭਨਾਂ ਪ੍ਰਚਲਿਤ ਅਤੇ ਦੁਰਲੱਭ ਸੂਚਨਾਵਾਂ-ਸੰਕੇਤਾਂ ਨੂੰ ਇਸ ਪੁਸਤਕ ਵਿਚ ਅੰਕਿਤ ਕਰਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਸਿੰਧੀ ਭਾਸ਼ਾ, ਸਿੰਧੂ ਅਥਵਾ ਸਿੰਧ ਨਦੀ ਜੋ ਕਿ ਪਾਕਿਸਤਾਨ ਦੇ ਦੱਖਣੀ ਪਾਸੇ ਵੱਲ ਵਹਿੰਦੀ ਹੈ, ਦੇ ਖੇਤਰ ਦੇ ਲੋਕਾਂ ਦੀ ਭਾਸ਼ਾ ਹੈ, ਜੋ ਪਹਿਲੋਂ-ਪਹਿਲ ਸਾਰਾਇਕੀ ਵਾਂਗ ਬੋਲ-ਉਚਾਰ ਦੀ ਭਾਸ਼ਾ ਹੀ ਰਹੀ, ਕੁਝ ਸਦੀਆਂ ਬਾਅਦ ਆਪਣੀ ਵੱਖਰੀ ਹੋਂਦ ਦਰਸਾਅ ਸਕੀ। ਇਸ ਭਾਸ਼ਾ ਦੀ ਉਤਪਤੀ, ਨਿਕਾਸ, ਵਿਕਾਸ ਅਤੇ ਨਾਮਕਰਣ ਬਾਬਤ ਭਾਵੇਂ ਖੋਜਕਾਰਾਂ ਵਿਚ ਮੱਤ ਭੇਦ ਹਨ ਪ੍ਰੰਤੂ ਲੇਖਿਕਾ ਨੇ ਆਪਣੇ ਅਰਬੀ, ਫ਼ਾਰਸੀ, ਸੰਸਕ੍ਰਿਤ, ਪ੍ਰਾਕਿਰਤ, ਅਪਭ੍ਰੰਸ਼ ਅਤੇ ਅੰਗਰੇਜ਼ੀ ਦੇ ਦੀਰਘ ਅਧਿਐਨ ਤੋਂ ਸਿੱਟਾ ਕੱਢਿਆ ਹੈ ਕਿ ਸਿੰਧੀ ਭਾਸ਼ਾ ਪੁਰਾਤਨ ਭਾਸ਼ਾ ਹੈ ਅਤੇ ਇਸ ਦੀ ਲਿਪੀ 'ਪਿੱਤਰ ਲਿਪੀ' ਹੈ। ਅਜਿਹਾ ਸਾਬਤ ਕਰਨ ਹਿੱਤ ਸਿੰਧੀ ਭਾਸ਼ਾ ਦਾ ਧੁਨੀ ਵਿਗਿਆਨਕ ਅਧਿਐਨ ਪੇਸ਼ ਕਰਦੇ ਹੋਇਆਂ ਲੇਖਿਕਾ ਨੇ ਸਵਰ ਧੁਨੀਆਂ ਦਾ ਵਰਗੀਕਰਨ ਤਾਂ ਕੀਤਾ ਹੀ ਹੈ ਨਾਲ ਦੀ ਨਾਲ ਮੁੱਢ, ਮੱਧ ਅਤੇ ਅੰਤ ਵਿਚ ਧੁਨੀਆਤਮਕ ਚਿੰਨ੍ਹਾਂ ਦਾ ਵਿਸਥਾਰ ਵੀ ਸਿੰਧੀ, ਪੰਜਾਬੀ, ਸੰਸਕ੍ਰਿਤ, ਪ੍ਰਾਕਿਰਤ ਅਤੇ ਅਪਭ੍ਰੰਸ਼ ਭਾਸ਼ਾਵਾਂ ਦੇ ਪ੍ਰਸੰਗ 'ਚ ਵੀ ਕੀਤਾ ਹੈ। ਸਿੰਧੀ ਭਾਸ਼ਾ 'ਚ ਲਿਖੇ ਗਏ ਸੂਫ਼ੀ-ਸਾਹਿਤ ਤੋਂ ਆਧੁਨਿਕ ਕਾਲ-ਖੰਡ ਦੇ ਸਾਹਿਤ ਸਬੰਧੀ ਵੀ ਵਿਸ਼ਾਲ ਜਾਣਕਾਰੀ ਇਸ ਪੁਸਤਕ ਵਿਚ ਅੰਕਿਤ ਹੈ। ਵਿਭਿੰਨ ਭਾਸ਼ਾਵਾਂ ਨਾਲ ਸਬੰਧਤ ਲਿਪੀਆਂ ਦੇ ਅੱਖਰਾਂ ਦੀ ਉਤਪਤੀ, ਆਪਸੀ ਸਾਂਝ ਜਾਂ ਰਲਵਾਂ-ਮਿਲਵਾਂ ਸਰੂਪ ਅਤੇ ਇਸ ਸਭ ਕਾਸੇ ਦਾ ਅਜੋਕੇ ਦੌਰ ਤਕ ਪਹੁੰਚਣ ਵਾਲੇ ਸਰੂਪ ਦਾ ਪ੍ਰਗਟਾਵਾ ਪੁਸਤਕ ਦਾ ਵਿਸ਼ੇਸ਼ ਹਾਸਲ ਜਾਪਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਡੂੰਘੇ ਸਾਗਰਾਂ ਦੇ ਮੋਤੀ
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 98142-45911
.

ਵਿਚਾਰ ਅਧੀਨ ਪੁਸਤਕ ਦੇਵਿੰਦਰ ਦੀਦਾਰ ਦੇ ਜੀਵਨ ਤਜਰਬਿਆਂ, ਸੰਘਰਸ਼ਾਂ ਅਤੇ ਸਾਹਿਤ ਅਧਿਐਨ ਰਾਹੀਂ ਪ੍ਰਾਪਤ ਕੀਤੇ ਵਡਮੁੱਲੇ ਵਿਚਾਰਾਂ ਅਤੇ ਸਿਆਣਪਾਂ ਦਾ ਇਸੇ ਵਰ੍ਹੇ ਪ੍ਰਕਾਸ਼ਿਤ ਹੋਇਆ ਮਹੱਤਵਪੂਰਨ ਸੰਗ੍ਰਹਿ ਹੈ।
ਮਸ਼ੀਨੀ ਸੱਭਿਅਤਾ ਦੇ ਪ੍ਰਭਾਵ ਕਾਰਨ ਸਾਡੇ ਜੀਵਨ ਵਿਚੋਂ ਜੀਵਨ ਦੀ ਅਗਵਾਈ ਦੇਣ ਵਾਲੇ ਲੋਕ ਸਿਆਣਪਾਂ ਦੇ ਸਰੋਤ ਸਮਾਪਤ ਹੋ ਰਹੇ ਹਨ। ਪਿੰਡਾਂ ਦੀਆਂ ਸੱਥਾਂ ਨਹੀਂ ਰਹੀਆਂ, ਜਿਥੇ ਬਜ਼ੁਰਗ ਆਪਣੀ ਜ਼ਿੰਦਗੀ ਦੇ ਪੀੜ੍ਹੀ ਦਰ ਪੀੜ੍ਹੀ ਪ੍ਰਾਪਤ ਜੀਵਨ ਤੱਤਾਂ ਨੂੰ ਅਖਾਣਾਂ, ਮੁਹਾਵਰਿਆਂ ਅਤੇ ਲੋਕ ਸਿਆਣਪਾਂ ਦੇ ਮਾਧਿਅਮ ਰਾਹੀਂ ਪ੍ਰਸਤੁਤ ਕਰਦੇ ਸਨ। ਇਸ ਤੋਂ ਇਲਾਵਾ ਲੋਕ ਜੀਵਨ ਵਿਚੋਂ ਬਾਤਾਂ ਪਾਉਣ ਦੀ ਪ੍ਰਥਾ ਵੀ ਅਲੋਪ ਹੋ ਗਈ ਹੈ, ਜਿਥੇ ਸੁਣਨ ਵਾਲੀਆਂ ਅਤੇ ਬੁਝਣ ਵਾਲੀਆਂ ਬਾਤਾਂ ਦੇ ਅਖਾੜੇ ਲਗਦੇ ਸਨ, ਜਿਨ੍ਹਾਂ ਰਾਹੀਂ ਸਰੋਤੇ ਨੈਤਿਕ ਕਦਰਾਂ-ਕੀਮਤਾਂ ਦਾ ਗਿਆਨ ਅਤੇ ਸਾਹਸ ਭਰਪੂਰ ਜੀਵਨ ਜਿਊਣ ਦੀ ਸਿੱਖਿਆ ਪ੍ਰਾਪਤ ਕਰਦੇ ਸਨ। ਸਮੂਹਿਕ ਜਨ ਮਨੋਰੰਜਨ ਦੇ ਸਾਧਨ ਵੀ ਨਹੀਂ ਰਹੇ। ਰੇਲਾਂ, ਬੱਸਾਂ ਵਿਚ ਸਫ਼ਰ ਕਰਦੇ ਮੁਸਾਫ਼ਿਰ ਇਕ-ਦੂਜੇ ਨਾਲ ਗੱਲਬਾਤ ਕਰਦੇ ਸੁੱਤੇ ਸਿੱਧ ਹੀ ਅਖਾਣਾਂ ਦੀ ਵਰਤੋਂ ਕਰਦੇ ਸਨ। ਅੱਜ ਹਾਲਤ ਇਹ ਹੈ ਕਿ ਹਰ ਮੁਸਾਫ਼ਿਰ ਚੁੱਪ-ਚਾਪ ਬੈਠਾ ਮੋਬਾਈਲ 'ਤੇ ਉਂਗਲਾਂ ਨਚਾ ਰਿਹਾ ਹੈ। ਚਿੰਤਕਾਂ, ਬੁੱਧੀਜੀਵੀਆਂ ਅਤੇ ਸਿਆਣਿਆਂ ਦੇ ਪ੍ਰਵਚਨ ਅਤੇ ਸਿਆਣਪਾਂ ਚੰਗੇਰਾ, ਸਿਹਤਮੰਦ ਅਤੇ ਸਫ਼ਲਤਾ ਭਰਪੂਰ ਜੀਵਨ ਜਿਊਣ ਲਈ ਮਨੁੱਖ ਮਾਤਰ ਦੀ ਅਗਵਾਈ ਕਰਦੀਆਂ ਹਨ। ਇਨ੍ਹਾਂ ਦੇ ਮਹੱਤਵ ਅਤੇ ਲੋੜ ਨੂੰ ਮੁੱਖ ਰੱਖਦਿਆਂ ਕਈ ਇਕ ਪੰਜਾਬੀ ਲੇਖਕਾਂ ਨੇ ਇਨ੍ਹਾਂ ਦੇ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਨਰਿੰਜਣ ਸਾਥੀ ਦਾ 'ਕਥਨਵਲੀ' ਗੌਲਣਯੋਗ ਸੰਗ੍ਰਹਿ ਹੈ। ਅੱਜਕਲ੍ਹ ਪ੍ਰਮਿੰਦਰ ਸੋਢੀ ਵੀ ਇਸ ਖੇਤਰ ਵਿਚ ਕਾਰਜਸ਼ੀਲ ਹੈ। ਦੇਵਿੰਦਰ ਦੀਦਾਰ ਨੇ ਵਿਚਾਰ ਅਧੀਨ ਪੁਸਤਕ ਇਕ ਹਜ਼ਾਰ ਦੇ ਕਰੀਬ ਪ੍ਰਵਚਨ ਤੇ ਵਿਚਾਰ ਸੰਗ੍ਰਹਿ ਕਰਕੇ ਅਤਿ ਸ਼ਲਾਘਾਯੋਗ ਅਤੇ ਵਡਮੁੱਲਾ ਕਾਰਜ ਕੀਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

23/07/2017

 ਖਲੀਲ ਜਿਬਰਾਨ
(ਜੀਵਨੀ)

ਮੂਲ ਲੇਖਕ : ਮਿਖ਼ਾਈਲ ਨਈਮੀ
ਪੰਜਾਬੀ ਅਨੁ: ਜੰਗ ਬਹਾਦਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 98551-23499

ਪ੍ਰੋ: ਪੂਰਨ ਸਿੰਘ ਦਾ ਸਮਕਾਲੀ ਲੈਬੇਨਾਨ ਵਿਚ ਜਨਮਿਆ ਅਰਬੀ ਜ਼ੁਬਾਨ ਦਾ ਲੇਖਕ ਖਲੀਲ ਜਿਬਰਾਨ ਵਧੀਆ ਕਵੀ ਤੇ ਚਿੱਤਰਕਾਰ ਸੀ। ਪੂਰਨ ਸਿੰਘ ਦਾ ਜੀਵਨ ਕਾਲ 1881 ਤੋਂ 1931 ਹੈ ਤੇ ਜਿਬਰਾਨ ਦਾ 1883 ਤੋਂ 1931 ਦਾ। ਪੂਰਨ ਸਿੰਘ ਅੰਦਰੋਂ-ਬਾਹਰੋਂ ਇਕ ਹੈ। ਦੁਨੀਆਦਾਰੀ, ਵਾਸ਼ਨਾ, ਪਦਾਰਥ ਤੇ ਸਵਾਰਥ ਤੋਂ ਮੁਕਤ, ਪਿਆਰ ਵਿਚ ਲਟਬੌਰਾ, ਜਿਬਰਾਨ ਲਿਖਤ ਵਿਚ ਪਗੰਬਰ ਤੋਂ ਘੱਟ ਨਹੀਂ, ਪਰ ਜੀਵਨ ਵਿਚ ਉਸ ਦੇ ਬਰਾਬਰ ਨਹੀਂ। ਉਹ ਅਜਿਹਾ ਮੁਜਰਿਮ ਹੈ ਜੋ ਦੂਜਿਆਂ ਨੂੰ ਹੀ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਹੈ। ਲਿਖਤ ਵਿਚ ਕਹਿੰਦਾ ਹੈ ਕਿ ਵਾਸ਼ਨਾ ਦੇ ਪਲੰਘ ਉੱਤੇ ਪੈਰ ਧਰਨ ਉੱਤੇ ਪਿਆਰ ਖ਼ੁਦਕਸ਼ੀ ਕਰ ਲੈਂਦਾ ਹੈ। ਜੀਵਨ ਵਿਚ ਉਹ ਮਾਸੂਮ ਪਿਆਰ ਨੂੰ ਵਾਸ਼ਨਾ ਦੀ ਵੇਦੀ 'ਤੇ ਕੁਰਬਾਨ ਕਰ ਦਿੰਦਾ ਹੈ। ਕਾਮ ਅੱਗ ਦਾ ਸੇਕ ਮਾਣਦਾ ਹੈ, ਪਛਤਾਉਂਦਾ ਵੀ ਹੈ, ਪਰ ਪਾਪ ਦਾ ਸੋਹਿਲਾ ਪੈਗੰਬਰੀ ਕਰਦਾ ਰਹਿੰਦਾ ਹੈ। ਜਿਬਰਾਨ ਦੇ ਨਿਕਟੀ ਦੋਸਤ ਮੀਰਦਾਦ ਦੀ ਪੁਸਤਕ ਦੇ ਲੇਖਕ ਮਿਖਾਈਲ ਨਈਮੀ ਨੇ ਜਿਬਰਾਨ ਦੀ ਪੈਗੰਬਰੀ ਦੇ ਕੱਚ-ਸੱਚ ਦਾ ਵਿਸ਼ਲੇਸ਼ਣ ਉਸ ਦੀ ਉਕਤ ਜੀਵਨੀ ਵਿਚ ਕੀਤਾ ਹੈ।
1934 ਵਿਚ ਲਿਖੀ ਨਈਮੀ ਦੀ ਇਸ ਪੁਸਤਕ ਦੇ ਅੰਗਰੇਜ਼ੀ ਅਨੁਵਾਦ ਤੋਂ ਪੰਜਾਬੀ ਅਨੁਵਾਦ ਵਿਸ਼ਵ ਦੇ ਸ਼ਾਹਕਾਰ ਨਾਵਲ (ਚਾਰ ਜਿਲਦਾਂ) ਦੇ ਲੇਖਕ ਜੰਗ ਬਹਾਦਰ ਗੋਇਲ ਨੇ ਜਿਸ ਰੀਝ ਨਾਲ ਕੀਤਾ ਹੈ, ਉਸੇ ਨਾਲ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ। ਦੋਵੇਂ ਕਾਬਲ-ਏ-ਰਸ਼ਕ ਤੇ ਪ੍ਰਸੰਸਾਯੋਗ ਹਨ। ਮੂਲ ਵਾਂਗ ਸਵਾਦ ਦੇਣ ਵਾਲਾ ਸਟੀਕ ਅਨੁਵਾਦ। ਮਨਮੋਹਕ ਰੂਪ। ਨਈਮੀ ਰਚਿਤ ਜੀਵਨ ਵਿਚ ਨਾਟਕ, ਗਲਪ, ਕਲਪਨਾ, ਜੀਵਨੀ, ਇਤਿਹਾਸ ਇਕ-ਦੂਜੇ ਵਿਚ ਘੁਲਮਿਲ ਜਾਂਦੇ ਹਨ। ਉਹ ਬੇਬਾਕ ਹੋ ਕੇ ਜਿਬਰਾਨ ਦੀ ਜ਼ਿੰਦਗੀ ਦੇ ਹਰ ਚੰਗੇ ਮਾੜੇ ਪਹਿਲੂ ਉੱਤੇ ਰੌਸ਼ਨੀ ਪਾਉਂਦਾ ਹੈ। ਇਹ ਬੇਬਾਕੀ ਇਸ ਲਿਖਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਨਈਮੀ ਦੱਸਦਾ ਨਹੀਂ, ਦਿਖਾਉਂਦਾ ਹੈ। ਪਾਠਕ ਸਾਹਮਣੇ ਪਰਤ ਦਰਦ ਪਰਤ ਜਿਬਰਾਨ ਦੀ ਜ਼ਿੰਦਗੀ ਨਾਟਕ ਵਾਂਗ ਪੇਸ਼ ਕਰਦਾ ਹੈ। ਨਾਨਕ ਸਿੰਘ ਦੇ ਨਾਵਲਾਂ ਵਾਂਗ ਉਹ ਜੀਵਨੀ ਦਾ ਆਰੰਭ ਤੇ ਅੰਤ ਜਿਬਰਾਨ ਦੀ ਮੌਤ ਦੇ ਨਾਟਕੀ ਬਿਰਤਾਂਤ ਨਾਲ ਕਰਦਾ ਹੈ। ਜਿਬਰਾਨ ਨੂੰ ਜਾਣਨ-ਸਮਝਣ ਲਈ ਇਹ ਪੁਸਤਕ ਪੜ੍ਹਾਉਣੀ ਬਣਦੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਰਵਿੰਦਰ ਰਵੀ ਦਾ ਕਾਵਿ-ਸ਼ਾਸਤਰੀ ਚਿੰਤਨ
ਲੇਖਕ : ਡਾ: ਨਾਨਕ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ
ਮੁੱਲ : 475 ਰੁਪਏ, ਸਫ਼ੇ : 270.
ਸੰਪਰਕ : 078278-23050.

ਹਥਲੀ ਪੁਸਤਕ ਖੋਜ-ਪੱਧਤੀ ਦੇ ਮਾਨਦੰਡਾਂ ਦੀ ਅਨੁਸਾਰਨੀ ਹੋ ਕੇ ਪਾਠਕਾਂ ਦੇ ਸਨਮੁੱਖ ਹੈ। ਇਸ ਦੇ ਮੁੱਖ ਰੂਪ ਵਿਚ ਪੰਜ ਅਧਿਆਇ ਹਨ, ਜਿਨ੍ਹਾਂ ਨੂੰ ਵਿਦਵਾਨ ਚਿੰਤਕ ਡਾ: ਨਾਨਕ ਸਿੰਘ ਨੇ ਖੋਜ ਪੱਧਤੀ ਦੀ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ ਸਭ ਤੋਂ ਪਹਿਲਾਂ ਕਾਵਿ-ਸ਼ਾਸਤਰੀ ਚਿੰਤਨ ਨੂੰ ਇਤਿਹਾਸਕ ਅਤੇ ਸਿਧਾਂਤਕ ਪ੍ਰਸੰਗਤਾ ਵਿਚ ਵਿਚਾਰਦਿਆਂ ਹੋਇਆਂ ਪੱਛਮੀ, ਭਾਰਤੀ ਅਤੇ ਵਿਸ਼ੇਸ਼ਤਰ ਪੰਜਾਬੀ ਚਿੰਤਨਧਾਰਾ ਨੂੰ ਪ੍ਰਗਟ ਕੀਤਾ ਹੈ। ਦੂਜੇ ਅਧਿਆਇ ਵਿਚ ਡਾ: ਰਵਿੰਦਰ ਰਵੀ ਦੇ ਕਾਵਿ-ਚਿੰਤਨ ਨੂੰ ਸਮਕਾਲੀ ਯਥਾਰਥ, ਕਾਵਿ-ਵਾਸਤਵਿਕਤਾ ਦੇ ਸਰਲ ਪ੍ਰਤੀਬਿੰਬ ਵਜੋਂ ਅਤੇ ਕਾਵਿ ਵਿਚਲੇ ਪ੍ਰਤੀਕਾਤਮਕ ਪੇਸ਼ਕਾਰੀ ਵਾਲੇ ਸੰਦਰਭਾਂ ਦੇ ਅੰਤਰਗਤ ਪਰਖਿਆ ਹੈ ਅਤੇ ਨਿਰਣਾ ਸਥਾਪਿਤ ਕਰਦਿਆਂ ਕਿਹਾ ਹੈ ਕਿ ਰਵਿੰਦਰ ਰਵੀ ਦੀ ਕਵਿਤਾ ਵਿਚ ਨਵੀਆਂ ਤਕਨੀਕਾਂ, ਅਨੁਭਵ ਪ੍ਰਣਾਲੀਆਂ ਅਤੇ ਨਵੀਂ ਬਿੰਬਾਵਲੀ ਦਾ ਪ੍ਰਯੋਗ ਹੋਇਆ ਹੈ। ਇਸੇ ਤਰ੍ਹਾਂ ਰਵਿੰਦਰ ਰਵੀ ਦੀ ਕਵਿਤਾ ਵਿਚ ਤਤਕਾਲੀ ਸੰਵਾਦ ਸਿਰਜਣ ਦੀ ਯੋਗਤਾ, ਉਸ ਦੀ ਵਿਚਾਰ- ਧਾਰਕ ਚੌਖਟਿਆਂ ਤੋਂ ਮੁਕਤੀ ਅਤੇ ਨਿਰੋਲ ਸੁਹਜ ਸਿਰਜਣ ਦੀ ਸਮਰੱਥਾ ਦਾ ਉਲੇਖ ਕੀਤਾ ਗਿਆ ਹੈ। ਕਿਉਂ ਜੋ ਰਵਿੰਦਰ ਰਵੀ ਇਕ ਗੂੜ੍ਹ ਚਿੰਤਕ ਵੀ ਹੈ, ਇਸ ਪੱਖ ਨੂੰ ਪ੍ਰਗਟ ਕਰਦਿਆਂ ਡਾ: ਨਾਨਕ ਸਿੰਘ ਨੇ ਰਵਿੰਦਰ ਰਵੀ ਦੀ ਸਿਰਜਣ ਪ੍ਰਕਿਰਿਆ ਵਿਚਲੇ ਸੁਚੇਤਨ ਅਤੇ ਅਵਚੇਤਨ ਜਿਹੇ ਪੱਖਾਂ ਨੂੰ ਵੀ ਖੂਬ ਪਛਾਣਿਆ ਹੈ ਅਤੇ ਅਗਾਂਹ ਜਾ ਕੇ ਕਾਵਿ-ਚਿੰਤਨ ਬਾਬਤ ਰਵੀ ਦੀਆਂ ਪ੍ਰਮੁੱਖ ਧਾਰਨਾਵਾਂ ਨੂੰ ਵੀ ਤੁਲਣਾਤਮਕ ਦ੍ਰਿਸ਼ਟੀ ਤੋਂ ਪਰਖਦਿਆਂ ਹੋਇਆਂ ਪੱਛਮੀ, ਭਾਰਤੀ ਅਤੇ ਪੰਜਾਬੀ ਚਿੰਤਕਾਂ ਦੇ ਮੱਤਾਂ ਨੂੰ ਵੀ ਪ੍ਰਗਟਾਇਆ ਹੈ। ਵਿਦਵਾਨ ਆਲੋਚਕ ਦਾ ਮੰਨਣਾ ਹੈ ਕਿ ਭਾਵੇਂ ਰਵਿੰਦਰ ਰਵੀ ਪ੍ਰਯੋਗਵਾਦੀ ਕਵੀ ਹੈ ਪਰੰਤੂ ਉਸ ਦੀ ਕਵਿਤਾ ਕਿਸੇ ਇਕ ਵਿਚਾਰਧਾਰਾ ਦੇ ਦਾਇਰੇ 'ਚ ਸੀਮਤ ਨਹੀਂ ਹੈ। ਪੁਸਤਕ ਦੇ ਅੰਤਮ ਭਾਗ 'ਚ ਅੰਤਿਕਾਵਾਂ ਤਹਿਤ ਰਵੀ ਦੇ ਸਮੁੱਚੇ ਸਾਹਿਤ ਦੀ ਵਾਕਫੀ ਵਿਭਿੰਨ ਵਿਧਾਵਾਂ 'ਚ ਰਚੀਆਂ ਪੁਸਤਕਾਂ ਦੀ ਸੂਚੀ ਰਾਹੀਂ ਅਤੇ ਉਸ ਦੇ ਸਮੂਹਿਕ ਸਾਹਿਤ ਸਿਰਜਣ ਸੰਬੰਧੀ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਅੰਕਿਤ ਕਰਕੇ ਪੁਸਤਕ ਦੀ ਆਭਾ 'ਚ ਹੋਰ ਵਾਧਾ ਕੀਤਾ ਗਿਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਧਰਤੀ ਦੀਆਂ ਜਾਈਆਂ
ਲੇਖਿਕਾ : ਗੁਰਬਚਨ ਕੌਰ ਦੂਆ
ਪ੍ਰਕਾਸ਼ਕ : ਪੰਜਾਬੀ ਸੱਥ ਲਾਂਬੜਾ, ਜਲੰਧਰ
ਮੁੱਲ : 150 ਰੁਪਏ; ਸਫ਼ੇ : 114
ਸੰਪਰਕ : 81461-00287

ਗੁਰਬਚਨ ਕੌਰ ਦੂਆ ਪੰਜਾਬੀ ਸਾਹਿਤ ਜਗਤ ਦੀ ਇਕ ਸੁਲਝੀ ਹੋਈ ਸਾਹਿਤਕਾਰ ਤੇ ਵਿਦਵਾਨ ਲੇਖਿਕਾ ਹੈ, ਜਿਸ ਨੇ ਧਰਤੀ ਦੀਆਂ ਜਾਈਆਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਕੇ ਨਿਬੰਧ ਰੂਪ ਵਿਚ ਕਾਗਜ਼ ਰੂਪੀ ਕੈਨਵੈੱਸ 'ਤੇ ਚਿਤਰਿਆ ਹੈ।
ਗੁਰਬਚਨ ਕੌਰ ਦੂਆ ਦੀ ਲਿਖੀ ਇਸ ਪੁਸਤਕ ਦੇ 27 ਨਿਬੰਧ ਇਨ੍ਹਾਂ ਪ੍ਰਭਾਵਾਂ ਦਾ ਸਿੱਟਾ ਹਨ ਅਤੇ ਇਸਤਰੀ ਵਰਗ ਦੇ ਯਥਾਰਥ ਨਾਲ ਸਬੰਧਿਤ ਹਨ, ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਵੀ। ਲੇਖਿਕਾ ਨੇ ਕਿਸੇ ਵੀ ਨਿਬੰਧ ਵਿਚ ਇਕ ਪਾਸੜ ਹੋ ਕੇ ਗੱਲ ਨਹੀਂ ਕੀਤੀ, ਨਾ ਹੀ ਗ਼ਲਤ ਗੱਲ ਲਈ ਔਰਤ ਦੀ ਵਕਾਲਤ ਕੀਤੀ ਹੈ ਤੇ ਨਾ ਹੀ ਮਰਦ ਨੂੰ ਹਰ ਪੱਖ ਤੋਂ ਨਕਾਰਿਆ ਹੈ, ਸਗੋਂ ਔਰਤ ਦੇ ਹੱਕਾਂ ਤੇ ਫ਼ਰਜ਼ਾਂ ਨੂੰ ਬਰਾਬਰ ਤਕੜੀ ਵਿਚ ਰੱਖ ਕੇ ਪੇਸ਼ ਕੀਤਾ ਹੈ। ਗ਼ਲਤ ਰਸਤੇ 'ਤੇ ਤੁਰ ਰਹੀ ਧੀ, ਭੈਣ ਜਾਂ ਪਤਨੀ ਨੂੰ ਚਿਤਾਵਨੀ ਦੇ ਕੇ ਸਿੱਧੇ ਰਾਹ ਤੁਰਨ ਦੀ ਪ੍ਰੇਰਨਾ ਦਿੱਤੀ ਹੈ। ਪਹਿਲੇ ਲੇਖ 'ਮਾਂ ਇਕ ਘਣਛਾਵਾਂ ਬੂਟਾ' ਵਿਚ ਅੱਖਰ-ਅੱਖਰ ਮਾਂ ਦੀ ਮਮਤਾ ਦੀ ਵਡਿਆਈ, ਗੁਣਾਂ ਤੇ ਹਸਤੀ ਨੂੰ ਖ਼ੂਬਸੂਰਤ ਸ਼ਬਦਾਂ ਵਿਚ ਚਿਤਰਿਆ ਹੈ। 'ਨਾ ਮਾਰੋ, ਨਾ ਮਾਰੋ, ਧੀਆਂ ਨੂੰ ਨਾ ਮਾਰੋ' ਵਿਚ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ ਤੇ ਉਸ ਵੇਲੇ ਕਿੰਨੀ ਪੀੜਤ ਹੋਈ ਹੋਵੇਗੀ, ਉਸ ਦੀ ਆਤਮਾ ਜਦੋਂ ਉਹ ਸਮਾਜ ਦੇ ਮੱਥੇ 'ਤੇ ਬਦਨੁਮਾ ਦਾਗ਼ ਨੂੰ ਚਿਤਰ ਰਹੀ ਹੋਵੇਗੀ। ਅੱਜ ਲੋੜ ਹੈ ਧੀਆਂ ਨੂੰ ਜਨਮ ਦੇਣ, ਵਿਗਸਣ ਤੇ ਸਮਾਜ ਦਾ ਨਰੋਆ ਅੰਗ ਬਣਾਉਣ ਦੀ, ਜੋ ਘਰ ਦੀ ਰੌਣਕ ਹਨ। 'ਧੀਏ! ਘਰ ਜਾਹ ਆਪਣੇ' ਆਤਮਾ ਨੂੰ ਦੁੱਖ ਦੇਣ ਵਾਲਾ ਅਜਿਹਾ ਵਿਸ਼ਾ ਹੈ ਕਿ ਇਕ ਧੀ ਪਿਤਾ, ਪਤੀ ਤੇ ਪੁੱਤਰ ਦੀ ਮੁਥਾਜ ਸਾਰੀ ਉਮਰ ਰਹਿੰਦੀ ਹੈ। ਉਸ ਦਾ ਕੋਈ ਆਪਣਾ ਘਰ ਨਹੀਂ ਹੁੰਦਾ, ਮਾਪੇ ਆਖਦੇ ਪਰਾਈ ਅਮਾਨਤ ਹੈ ਤੇ ਸਹੁਰੇ ਕਹਿੰਦੇ ਪਰਾਈ ਧੀ ਹੈ। ਇਸੇ ਤਰ੍ਹਾਂ ਲੇਖਿਕਾ ਨੇ ਦਾਜ ਦੀ ਸਮੱਸਿਆ, ਭਰੂਣ ਹੱਤਿਆ ਤੇ ਆਧੁਨਿਕਤਾ ਦੇ ਮਾਰੂ ਪ੍ਰਭਾਵਾਂ ਨੂੰ ਬਾਖੂਬੀ ਚਿਤਰਿਆ ਹੈ। ਲੇਖਿਕਾ ਨੇ ਜਿਥੇ ਸਮੱਸਿਆ ਪੇਸ਼ ਕੀਤੀ ਹੈ, ਉਥੇ ਉਸ ਦੇ ਹੱਲ ਲਈ ਉਸਾਰੂ ਕਦਮ ਚੁੱਕਣ ਲਈ ਵੀ ਇਸ਼ਾਰਾ ਕੀਤਾ ਹੈ। 'ਬਹੁ-ਬੇਟੀ ਕਿਵੇਂ ਬਣੇ?' ਨਿਬੰਧ ਵਿਚ ਖੁੱਲ੍ਹ ਕੇ ਲਿਖਿਆ ਹੈ ਕਿ ਮਾਪਿਆਂ ਵੱਲੋਂ ਬਚਪਨ ਤੋਂ ਧੀ ਦੇ ਮਨ ਵਿਚ ਸਹੁਰਿਆਂ ਪ੍ਰਤੀ ਡਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ ਤੇ ਵਿਆਹ ਉਪਰੰਤ ਉਹ ਡਰਦੀ ਮਾਰੀ ਉਸ ਮਾਹੌਲ ਵਿਚ ਘੁਲ-ਮਿਲ ਨਹੀਂ ਸਕਦੀ। ਇਸ ਗ਼ਲਤ ਸੋਚ ਨੂੰ ਬਦਲਣ ਦੀ ਲੋੜ ਹੈ। ਲੇਖਿਕਾ ਨੇ ਅਨੈਤਿਕ ਸਬੰਧਾਂ, ਕੁਆਰੀਆਂ ਮਾਵਾਂ, ਲਾਵਾਰਿਸ ਬੱਚਿਆਂ, ਔਰਤਾਂ ਦੀ ਸਿੱਖਿਆ ਤੇ ਬਜ਼ੁਰਗਾਂ ਤੇ ਬਿਰਧ ਆਸ਼ਰਮਾਂ ਦੀ ਵਧਦੀ ਗਿਣਤੀ ਬਾਰੇ ਵੱਖ-ਵੱਖ ਸਮੱਸਿਆਵਾਂ ਤੇ ਪਹਿਲੂਆਂ ਨੂੰ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ। ਉਸ ਨੇ ਇਸ ਪੱਖ ਉੱਤੇ ਵਧੇਰੇ ਜ਼ੋਰ ਦਿੱਤਾ ਹੈ ਕਿ ਔਰਤ ਦੀ ਸਿੱਖਿਆ ਅਜੋਕੇ ਸਮੇਂ ਦੀ ਲੋੜ ਹੈ, ਤਾਂ ਕਿ ਉਹ ਪੈਰਾਂ 'ਤੇ ਖੜ੍ਹੀ ਹੋ ਕੇ ਸਵੈ-ਨਿਰਭਰ ਹੋ ਸਕੇ।
ਇਸ ਪੁਸਤਕ ਦੇ ਸਾਰੇ ਲੇਖਾਂ ਵਿਚ ਲੋਕ ਗੀਤ, ਲੋਕ-ਬੋਲੀਆਂ, ਮੁਹਾਵਰੇ, ਅਖਾਣ ਤੇ ਸਾਹਿਤਕਾਰਾਂ ਦੇ ਕਥਨਾਂ ਦੀ ਬਾਖੂਬੀ ਵਰਤੋਂ ਕੀਤੀ ਗਈ ਹੈ। ਸ਼ਬਦਾਵਲੀ ਸਰਬ, ਸਹਿਜ, ਸ਼ਬਦਾਂ ਦੀ ਚੜ੍ਹਤ ਸੁਹਜ ਭਰਪੂਰ ਤੇ ਰੌਚਕਤਾ ਇਸ ਦੀ ਵਿਸ਼ੇਸ਼ਤਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਹਵਾਈ
(ਸਫ਼ਰਨਾਮਾ)

ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 500 ਰੁਪਏ, ਸਫ਼ੇ : 168
ਸੰਪਰਕ : 99151-03490.

ਇਹ ਸਫ਼ਰਨਾਮਾ ਸਫ਼ਰ ਕਰਨ ਦੇ ਸ਼ੌਕੀਨ, ਪ੍ਰਵਾਸੀ ਪੰਜਾਬੀ ਲੇਖਕ, ਅਜੋਕੇ ਸਮੇਂ ਸੈਨਹੋਜ਼ੇ (ਕੈਲੀਫੋਰਨੀਆ) ਦੇ ਵਸਨੀਕ ਚਰਨਜੀਤ ਸਿੰਘ ਪੰਨੂ ਦਾ ਤੀਜਾ ਸਫ਼ਰਨਾਮਾ ਹੈ। ਇਸ ਤੋਂ ਪਹਿਲਾਂ ਉਹ ਦੋ ਸਫ਼ਰਨਾਮੇ (ਅਲਾਸਕਾ ਦਾ ਸਫ਼ਰਨਾਮਾ ਅਤੇ ਮੇਰੀ ਵ੍ਹਾਈਟ ਹਾਊਸ ਫੇਰੀ) ਸਫ਼ਲਤਾ ਸਹਿਤ ਸੰਪੰਨ ਕਰ ਚੁੱਕਾ ਹੈ। ਵਿਚਾਰਾਧੀਨ ਸਫ਼ਰਨਾਮਾ ਅਮਰੀਕਾ ਦੀ ਪੰਜਾਹਵੀਂ ਸਟੇਟ 'ਹਵਾਈ' (ਜੋ ਯੂ.ਐਸ.ਏ. ਵਿਚ 1959 ਵਿਚ ਸ਼ਾਮਿਲ ਕੀਤੀ ਗਈ) ਬਾਰੇ ਬਹੁਪੱਖੀ, ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਬਹੁਮੁੱਲੀ ਜਾਣਕਾਰੀ ਨਾਲ ਭਰਪੂਰ ਇਕ ਵਿਲੱਖਣ ਦਸਤਾਵੇਜ਼ ਹੈ। ਇਸ ਵਿਚ ਲੇਖਕ ਨੇ ਪਰਿਵਾਰ ਦੇ ਦਸ ਮੈਂਬਰਾਂ ਸਮੇਤ 5 ਅਪ੍ਰੈਲ ਤੋਂ 11 ਅਪ੍ਰੈਲ, 2015 ਤੱਕ ਕੀਤੀ ਯਾਤਰਾ ਦਾ ਅੱਖੀਂ ਵੇਖੀਆਂ ਥਾਵਾਂ, ਸਫ਼ਰ ਦੌਰਾਨ ਬੀਤੀਆਂ ਘਟਨਾਵਾਂ ਦਾ ਸਜੀਵ ਚਿਤਰਣ ਪ੍ਰਸਤੁਤ ਕੀਤਾ ਹੈ। ਹਫ਼ਤੇ ਦੀ ਇਸ ਯਾਤਰਾ ਦੇ ਵਰਣਨ ਨੂੰ 7 ਕਾਂਡਾਂ ਵਿਚ ਸਮੇਟਿਆ ਗਿਆ ਹੈ। ਇਨ੍ਹਾਂ ਕਾਂਡਾਂ ਦੀ ਵੰਡ ਅੱਗੋਂ ਵਿਭਿੰਨ ਸਿਰਲੇਖਾਂ ਅਧੀਨ ਕੀਤੀ ਗਈ ਹੈ। ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਹਵਾਈ ਦੀ ਇਹ ਧਰਤੀ ਕਈ ਲੱਖਾਂ ਸਾਲ ਪਹਿਲਾਂ ਸਮੁੰਦਰ ਦੀ ਛਾਤੀ ਪਾੜ ਕੇ ਨਿਕਲੇ ਜਵਾਲਾਮੁਖੀ ਲਾਵੇ ਤੋਂ ਦੀਪ ਸਮੂਹ ਦਾ ਰੂਪ ਧਾਰ ਕੇ ਹੋਂਦ ਵਿਚ ਆਈ। ਲੇਖਕ ਨੇ ਇਸ ਧਰਤੀ ਦੇ ਇਤਿਹਾਸ, ਭੂਗੋਲ, ਸੱਭਿਆਚਾਰ ਬਾਰੇ ਸਰਬਪੱਖੀ ਜਾਣਕਾਰੀ ਕਰਵਾਈ ਹੈ। ਤੱਥ ਅਤੇ ਅੰਕੜਿਆਂ ਦੀ ਭਰਮਾਰ ਹੈ। ਲੇਖਕ ਨੂੰ ਮਿੱਥਾਂ ਦੀ ਤੁਲਨਾਤਮਿਕ ਵਿਆਖਿਆ ਦਾ ਹੁਨਰ ਹਾਸਲ ਹੈ। ਯਾਤਰੀ ਚੜ੍ਹਦੇ ਅਤੇ ਡੁੱਬਦੇ ਸੂਰਜ ਦਾ ਆਨੰਦ ਮਾਣਦੇ ਹਨ, ਵਿਭਿੰਨ ਰੈਸਟੋਰੈਂਟਾਂ ਤੇ ਮਨਭਾਉਂਦੇ ਖਾਣੇ ਖਾਂਦੇ ਹਨ, ਤਟਾਂ ਦੀ ਸੈਰ ਕਰਦੇ ਸਾਗਰ ਦੀਆਂ ਲਹਿਰਾਂ ਨਾਲ ਨਿਡਰਤਾ ਨਾਲ ਕਲੋਲਾਂ ਕਰਦੇ ਹਨ। ਕਮਾਦ ਦੀ ਫ਼ਸਲ, ਖੰਡ ਮਿੱਲਾਂ, ਸੈਰ-ਸਪਾਟੇ ਆਦਿ ਨੂੰ ਉਥੋਂ ਦੀ ਆਰਥਿਕਤਾ ਦਾ ਆਧਾਰ ਦੱਸਿਆ ਹੈ। ਹੋਰਨਾਂ ਸ਼ਖ਼ਸੀਅਤਾਂ ਤੋਂ ਇਲਾਵਾ ਅਮਰੀਕਾ ਦੇ 50ਵੇਂ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਸਫ਼ਰ ਦੌਰਾਨ ਰੱਜ ਕੇ ਮਾਣਿਆ ਅਨੰਦ ਪੇਸ਼ ਹੈ ਪਰ ਨਾਲ ਹੀ ਆਪੇ ਲਏ ਖ਼ਤਰਨਾਕ ਪੰਗੇ ਅਤੇ ਚਿੰਤਾਵਾਂ ਦਾ ਮਨੋਵਿਗਿਆਨਕ ਪੱਖ ਵੀ ਪ੍ਰਸਤੁਤ ਕੀਤਾ ਗਿਆ ਹੈ। ਇਹ ਇਕ ਉੱਤਰ-ਆਧੁਨਿਕ ਬਿਰਤਾਂਤ ਹੈ। ਕਾਰਨ ਸਪੱਸ਼ਟ ਹੈ ਕਿ ਇਸ ਨੂੰ ਪ੍ਰਮਾਣਿਕ ਲਿਖਤ ਬਣਾਉਣ ਵਿਚ ਬੋਰਡ, ਸੂਚਨਾਵਾਂ ਅਤੇ ਗਾਈਡਾਂ ਦੀ ਸਹਾਇਤਾ ਤੋਂ ਬਿਨਾਂ ਇੰਟਰਨੈੱਟ, ਫੇਸਬੁੱਕ, ਡੈਸ-ਬੋਰਡ 'ਤੇ ਚੱਲਣ ਵਾਲਾ ਰੇਡੀਓ, ਓਡੋਮੀਟਰ (ਜੀ.ਪੀ.ਐਸ.), ਫ਼ਿਲਮਾਂ, ਸਲਾਈਡ ਸ਼ੋਅ, ਰਾਹ ਢੂੰਡਾਊ ਯੰਤਰਾਂ ਆਦਿ ਦੀ ਥਾਂ ਪੁਰ ਥਾਂ ਵਰਤੋਂ ਕੀਤੀ ਗਈ ਹੈ। ਇਨ੍ਹਾਂ ਸਾਧਨਾਂ ਦੀ ਵਰਤੋਂ ਬਿਨਾਂ 'ਹਵਾਈ' ਦਾ ਸਫ਼ਰ ਕਰਨਾ ਅਸੰਭਵ ਸੀ। ਲੇਖਕ ਨੇ ਇਸ ਨੂੰ ਸਤਿਯੁਗੀ ਰਿਆਸਤ ਕਹਿਣਾ ਪਸੰਦ ਕੀਤਾ ਹੈ ਪਰ ਇਸ ਰਿਆਸਤ ਵਿਚ ਔਰਤਾਂ ਅਤੇ ਗ਼ਰੀਬ ਲੋਕਾਂ ਨੂੰ ਹਾਸ਼ੀਆ ਦਾ ਸਥਾਨ ਹੀ ਪ੍ਰਾਪਤ ਹੈ। ਲੇਖਕ ਨੇ ਚੇਤਨ-ਧਾਰਾ ਦੁਆਰਾ ਉਪਰਲੀਆਂ ਅਨੇਕਾਂ ਘਟਨਾਵਾਂ/ਕਥਾਵਾਂ ਦੀ ਤੁਲਨਾ ਪੰਜਾਬ (ਭਾਰਤ) ਨਾਲ ਕਰਨ ਵਿਚ ਦਿਲਚਸਪੀ ਵਿਖਾਈ ਹੈ। ਸੌ ਗਜ ਰੱਸਾ ਤੇ ਸਿਰੇ 'ਤੇ ਗੰਢ, ਪੁਸਤਕ ਨੂੰ ਪੜ੍ਹਨ ਨਾਲ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 8837679186.
ਫ ਫ ਫ

ਕਸੁੰਭੜੇ ਦੇ ਫੁੱਲ
ਕਹਾਣੀਕਾਰਾ : ਪ੍ਰੀਤਮਾ ਦੋਮੇਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 0172-2273882.

ਇਸ ਸੰਗ੍ਰਹਿ ਵਿਚਲੀਆਂ 13 ਕਹਾਣੀਆਂ ਮਨੋਵਿਗਿਆਨਕ ਅਤੇ ਸਮਾਜਿਕ ਮੁੱਦਿਆਂ ਨੂੰ ਛੋਂਹਦੀਆਂ ਹਨ। ਕਹਾਣੀ 'ਕਸੁੰਭੜੇ ਦੇ ਫੁੱਲ' ਵਿਚ ਸੰਸਾਰਕ ਰਿਸ਼ਤਿਆਂ ਦੀ ਕਚਿਆਈ ਪੇਸ਼ ਕਰਦੀ ਹੈ। 'ਨਾਲ ਵਾਲਾ ਘਰ' ਕਹਾਣੀ ਵਿਚ ਸੰਕੇਤ ਦਿੱਤਾ ਗਿਆ ਹੈ ਕਿ ਮਨੁੱਖਾਂ ਨਾਲੋਂ ਜਾਨਵਰਾਂ ਵਿਚ ਪ੍ਰੇਮ ਅਤੇ ਵਫ਼ਾ ਜ਼ਿਆਦਾ ਹੈ। ਕਹਾਣੀ 'ਤੀਸਰਾ ਦੁਸ਼ਮਣ' ਪਰਿਵਾਰਕ ਮੋਹ ਮਾਇਆ ਅਤੇ ਜ਼ਮੀਨ ਦੇ ਝਗੜਿਆਂ ਦੀ ਤਸਵੀਰ ਹੈ। ਕਹਾਣੀ 'ਇਕ ਨੰਬਰ' ਕੁਦਰਤ ਦੇ ਨਜ਼ਾਰਿਆਂ ਅਤੇ ਮਨੁੱਖੀ ਸੁਭਾਅ ਦਾ ਜ਼ਿਕਰ ਕਰਦੀ ਹੈ। 'ਰੂਹ ਦੀ ਸਾਂਝ' ਆਤਮਾ ਨੂੰ ਝੰਜੋੜਨ ਵਾਲੀ ਹੈ। ਕਹਾਣੀ 'ਕੋਈ ਤਾਂ ਹੈ' ਵਿਚ ਅਜੋਕੀ ਔਰਤ ਵੱਲੋਂ ਸਹੁਰੇ ਪਰਿਵਾਰ ਦਾ ਸ਼ੋਸ਼ਣ ਦਿਖਾਇਆ ਗਿਆ ਹੈ ਕਿ ਕਿਵੇਂ ਅੱਜ ਕਾਨੂੰਨ ਦੀ ਆੜ ਵਿਚ ਕਈ ਔਰਤਾਂ ਭੋਲੇ-ਭਾਲੇ ਪਰਿਵਾਰਾਂ ਨੂੰ ਤੰਗ ਕਰ ਰਹੀਆਂ ਹਨ। ਕਹਾਣੀ 'ਇਕੱਲਤਾ' ਇਕੱਲੀਆਂ ਔਰਤਾਂ ਦਾ ਦੁਖਾਂਤ ਹੈ। ਇਉਂ ਹੀ 'ਚਮਕ', 'ਬੋਝ', 'ਮਿੱਠਾ ਬੂਟਾ ਕੌੜੇ ਫਲ', 'ਮਜਬੂਰੀ', 'ਇਕ ਸੱਚ ਇਹ ਵੀ' ਅਤੇ 'ਜੋ ਕਿਛੁ ਕਰਹੁ ਸੋ ਆਗੇ ਆਵੇਹੁ' ਨਾਮੀ ਕਹਾਣੀਆਂ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਫਰੋਲਦੀਆਂ ਹਨ। ਸਾਰੀਆਂ ਹੀ ਕਹਾਣੀਆਂ ਘਰ ਪਰਿਵਾਰ, ਪਤੀ ਪਤਨੀ, ਬੱਚਿਆਂ ਸਮਾਜਿਕ ਰਿਸ਼ਤਿਆਂ ਦੇ ਤਾਣੇ-ਪੇਟੇ ਨਾਲ ਬੁਣੀਆਂ ਹੋਈਆਂ ਹਨ। ਕੌੜੀਆਂ ਅਸਲੀਅਤਾਂ ਪੇਸ਼ ਕਰਨ ਦੇ ਨਾਲ-ਨਾਲ ਹਰ ਕਹਾਣੀ ਵਿਚ ਕੋਈ ਆਸ਼ਾਵਾਦੀ ਨੁਕਤਾ ਅਤੇ ਸਾਂਵੀ ਸੇਧ ਦਿੱਤੀ ਗਈ ਹੈ। ਗਿਲੇ-ਸ਼ਿਕਵਿਆਂ ਅਤੇ ਰੋਸਿਆਂ ਦੀ ਜੰਮੀ ਬਰਫ਼ ਨੂੰ ਪਿਆਰ ਦਾ ਨਿੱਘ ਹੀ ਪਿਘਲਾਉਣ ਦੇ ਕਾਬਲ ਹੈ। ਪਸ਼ੂ ਪੰਛੀਆਂ ਦੇ ਨਿਰਸੁਆਰਥੀ ਪਿਆਰ ਤੋਂ ਮਨੁੱਖ ਨੂੰ ਸੇਧ ਲੈਣੀ ਬਣਦੀ ਹੈ।
ਇਹ ਕਹਾਣੀਆਂ ਦਿਲਚਸਪ ਹਨ ਅਤੇ ਨਵੀਂ ਸੋਚ ਵਾਲੀਆਂ ਹਨ। ਇਨ੍ਹਾਂ ਦੀ ਬੋਲੀ ਅਤੇ ਸ਼ੈਲੀ ਸਾਦੀ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਹੈ। ਇਹ ਨਿੱਕੀਆਂ-ਨਿੱਕੀਆਂ ਕਹਾਣੀਆਂ ਧੁਰ ਅੰਦਰ ਦੀਆਂ ਪਰਤਾਂ 'ਤੇ ਝਾਤ ਪੁਆਉਂਦੀਆਂ ਹਨ। ਲੇਖਿਕਾ ਦੀ ਸੋਚ ਸਾਰਥਕ ਹੈ। ਉਸ ਨੇ ਨਸ਼ਿਆਂ ਤੋਂ ਵੀ ਸੁਚੇਤ ਕੀਤਾ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਪੁਸਤਕ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਬਾਬਾ ਸਾਹਿਬ ਡਾ: ਅੰਬੇਡਕਰ ਦੇ ਵਿਚਾਰ
ਮੂਲ ਸੰਪਾਦਕ : ਵਾਈ.ਡੀ. ਸੋਨਟੱਕੇ
ਪੰਜਾਬੀ ਅਨੁਵਾਦ : ਸੋਹਣ ਸਹਿਜਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 471
ਸੰਪਰਕ :
95014-77278.

ਮਿ: ਸੋਹਣ ਸਹਿਜਲ ਨੇ ਇਸ ਪੁਸਤਕ ਦਾ ਪ੍ਰਕਾਸ਼ਨ ਬੜੀ ਮਿਹਨਤ ਅਤੇ ਉਤਸ਼ਾਹ ਨਾਲ ਕਰਵਾਇਆ ਹੈ। ਪੁਸਤਕ ਦੇ ਅੱਠ ਭਾਗ ਹਨ, ਇਨ੍ਹਾਂ ਵਿਚ ਬਾਬਾ ਸਾਹਿਬ ਡਾ: ਅੰਬੇਡਕਰ ਦੀ ਵਿਚਾਰਧਾਰਾ, ਫਿਲਾਸਫ਼ੀ, ਆਦਰਸ਼, ਸੱਭਿਆਚਾਰ, ਸੱਭਿਅਤਾ, ਅਹਿੰਸਾ, ਪ੍ਰੈੱਸ, ਮਰਦਮਸ਼ੁਮਾਰੀ, ਸਿੱਖਿਆ, ਸਮਾਜ, ਵਰਣ, ਬ੍ਰਾਹਮਣ ਸ਼ੂਦਰ ਛੂਤਛਾਤ, ਰਾਸ਼ਟਰਵਾਦ; ਵੋਟ ਅਧਿਕਾਰ, ਭਾਰਤੀ ਸੰਵਿਧਾਨ, ਸੰਸਦ; ਕਾਨੂੰਨ, ਭਾਸ਼ਾਈ ਪ੍ਰਾਂਤ, ਫ਼ਿਰਕੂਵਾਦ; ਧਰਮ, ਬੁੱਧ ਧਰਮ, ਹਿੰਦੂ ਧਰਮ; ਅਰਥ, ਟੈਕਸ, ਨਸ਼ਾਬੰਦੀ, ਭਵਿੱਖਬਾਣੀਆਂ, ਉਪਦੇਸ਼ ਤੇ ਚੁਣੌਤੀਆਂ ਆਦਿ ਵਿਸ਼ਿਆਂ 'ਤੇ ਰੌਸ਼ਨੀ ਪਾਈ ਹੈ। ਲੇਖਕ ਨੇ ਡਾ: ਅੰਬੇਡਕਰ ਦੁਆਰਾ ਸਥਾਪਿਤ ਸੰਸਥਾਵਾਂ ਦਾ ਜ਼ਿਕਰ ਕਰਦਿਆਂ ਜਥੇਬੰਦੀ ਦੇ ਟੀਚੇ ਅਤੇ ਉਦੇਸ਼ ਵੀ ਉਲੇਖ ਕੀਤੇ ਹਨ।
ਮਿ: ਸੋਹਣ ਸਹਿਜਲ ਇਕ ਮਿਸ਼ਨਰੀ ਵਿਅਕਤੀ ਹੈ, ਜਿਸ ਨੇ ਡਾ: ਅੰਬੇਡਕਰ ਦੇ ਸੰਘਰਸ਼ਮਈ ਜੀਵਨ ਅਤੇ ਉਸ ਦੀ ਵਿਚਾਰਧਾਰਾ ਸਬੰਧੀ ਪੰਜਾਬੀ ਪਾਠਕਾਂ ਲਈ ਉਹ ਗਿਆਨ ਪ੍ਰਦਾਨ ਕੀਤਾ ਹੈ, ਜਿਹੜਾ ਬਾਬਾ ਸਾਹਿਬ ਦੀ ਚਹੁੰਮੁਖੀ ਸ਼ਖ਼ਸੀਅਤ ਸਬੰਧੀ ਵੱਧ ਤੋਂ ਵੱਧ ਜਾਣ-ਪਛਾਣ ਕਰਵਾਉਣ ਦਾ ਯਤਨ ਹੈ। ਅਨੁਵਾਦ ਕਰਨ ਸਮੇਂ ਇਹ ਖਿਆਲ ਰੱਖਿਆ ਗਿਆ ਹੈ ਕਿ ਡਾ: ਅੰਬੇਡਕਰ ਦੇ ਜੀਵਨ ਦੀਆਂ ਚਹੁੰਮੁਖੀ ਪ੍ਰਾਪਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਬੋਧੀ ਸਾਹਿਤ, ਭਾਰਤੀ ਇਤਿਹਾਸ, ਬੁੱਧ ਧਰਮ ਤੇ ਹਿੰਦੂ ਧਰਮ; ਜਾਤ-ਪਾਤ, ਬ੍ਰਾਹਮਣੀ ਸਾਹਿਤ, ਵੇਦ, ਵੇਦਾਂ ਨਾਲ ਛੇੜਛਾੜ, ਮਹਾਭਾਰਤ, ਮਨੂੰਸਿਮ੍ਰਤੀ, ਭਗਤੀ ਗੀਤਾ ਧਰਮ ਸੂਤਰ, ਪੁਰਾਣ, ਭੂਮੀ ਲਗਾਨ, ਖੇਤੀਬਾੜੀ, ਸਮਾਜਵਾਦ ਆਦਿ ਬਾਰੇ ਜੋ ਵਿਆਖਿਆ ਕੀਤੀ ਹੈ, ਉਹ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਹੈ।

ਂਡਾ: ਅਮਰ ਕੋਮਲ
ਮੋ: 8437873565.
ਫ ਫ ਫ

ਸਰਘੀ ਦਾ ਸੂਰਜ
ਸ਼ਾਇਰਾ : ਗੁਰਦੀਸ਼ ਕੌਰ ਗਰੇਵਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਗੋਸਲ (ਲੁਧਿਆਣਾ)
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94178-81074

ਗੁਰਦੀਸ਼ ਕੌਰ ਗਰੇਵਾਲ ਚਿਰ ਤੋਂ ਕਾਵਿ ਸਿਰਜਣਾ ਨਾਲ ਜੁੜੀ ਹੋਈ ਹੈ ਤੇ 'ਸਰਘੀ ਦਾ ਸੂਰਜ' ਉਸ ਦੀ ਚੌਥੀ ਪੁਸਤਕ ਹੈ। ਇਸ ਵਿਚ ਸ਼ਾਇਰਾ ਦੀਆਂ ਗਿਆਰਾਂ ਕਵਿਤਾਵਾਂ, ਕੁਝ ਰੁਬਾਈਆਂ, ਪੈਂਤੀ ਗੀਤ, ਦਸ ਗ਼ਜ਼ਲਾਂ ਤੇ ਅੰਤ ਵਿਚ ਕੁਝ ਦੋਹੇ ਸ਼ਾਮਿਲ ਹਨ। 'ਸਰਘੀ ਦਾ ਸੂਰਜ' ਦੀ ਸ਼ੁਰੂਆਤ ਉਹ 'ਕਲਮ' ਕਵਿਤਾ ਤੋਂ ਕਰਦੀ ਹੈ, ਜਿਸ ਵਿਚ ਉਸ ਨੇ ਧਰਮਾਂ, ਮਜ਼੍ਹਬਾਂ ਤੇ ਜਾਤਾਂ ਤੋਂ ਉੱਪਰ ਉੱਠ ਕੇ ਸੱਚ ਆਧਾਰਿਤ ਲਿਖਤਾਂ ਲਿਖਣ ਦੀ ਅਪੀਲ ਕੀਤੀ ਹੈ। ਉਸ ਦੀ ਦੂਜੀ ਕਵਿਤਾ 'ਪੱਤਾ' ਕੁਦਰਤ ਦੀ ਉਸਤਿਤ ਵਿਚ ਰਚੀ ਹੋਈ ਕਵਿਤਾ ਹੈ ਤੇ ਕੁਦਰਤ ਦਾ ਖ਼ੂਬਸੂਰਤ ਪਸਾਰਾ ਉਸ ਨੂੰ ਮੋਂਹਦਾ ਹੈ। ਇੰਝ ਗਰੇਵਾਲ ਦੀ ਸ਼ਾਇਰੀ ਦੁਨੀਆ 'ਚੋਂ ਸੱਚ ਤਲਾਸ਼ਦੀ ਹੈ ਤੇ ਇਹ ਹੋਣਾ ਕੁਦਰਤੀ ਵੀ ਹੈ, ਕਿਉਂਕਿ ਉਹ ਲੰਬਾ ਸਮਾਂ ਅਧਿਆਪਨ ਨਾਲ ਜੁੜੀ ਰਹੀ ਹੈ। ਉਸ ਨੇ ਕੁਝ ਕਵਿਤਾਵਾਂ ਵਿਦਿਆਰਥੀਆਂ ਲਈ ਵੀ ਰਾਖਵੀਆਂ ਕੀਤੀਆਂ ਹਨ। ਔਰਤ ਉਸ ਦੇ ਵਿਸ਼ਿਆਂ 'ਚੋਂ ਮਹੱਤਵਪੂਰਨ ਵਿਸ਼ਾ ਹੈ ਤੇ ਸ਼ਾਇਰਾ ਨੇ ਔਰਤ ਸਬੰਧੀ ਬੇਬਾਕ ਹੋ ਕੇ ਲਿਖਿਆ ਹੈ ਤੇ ਉਸ ਦੇ ਬਣਦੇ ਹੱਕਾਂ ਦੀ ਪੈਰਵੀ ਕੀਤੀ ਹੈ। ਸ਼ਾਇਰਾ ਦੇ ਗੀਤ ਵਧੇਰੇ ਕਰਕੇ ਸੱਭਿਆਚਾਰ ਤੇ ਧਾਰਮਿਕ ਰੰਗ ਵਿਚ ਰੰਗੇ ਹੋਏ ਹਨ। ਕੁਝ ਸਮਾਜਿਕ ਗੀਤਾਂ ਵਿਚ ਉਸ ਦੀ ਭੂਮਿਕਾ ਉਪਦੇਸ਼ਕ ਤੇ ਨਿਰਦੇਸ਼ਕ ਵਾਲੀ ਹੈ। ਕਾਇਨਾਤ ਦੀ ਵੰਨ-ਸੁਵੰਨਤਾ ਨਾਲ ਜੁੜੇ ਗੀਤਾਂ ਦੀ ਗਿਣਤੀ ਵੀ ਚੋਖੀ ਹੈ। ਗੁਰਦੀਸ਼ ਕੌਰ ਗਰੇਵਾਲ ਦੀਆਂ ਗ਼ਜ਼ਲਾਂ ਦੇ ਕਈ ਸ਼ਿਅਰ ਪ੍ਰਭਾਵਿਤ ਕਰਦੇ ਹਨ ਪਰ ਪੰਜਾਬੀ ਗ਼ਜ਼ਲ ਹੁਣ ਬਹੁਤ ਅੱਗੇ ਨਿਕਲ ਗਈ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਲਹੂ ਦੀ ਵੰਗਾਰ
ਸੰਪਾਦਕ : ਅਮੋਲਕ ਸਿੰਘઠ
ਮੁੱਲ : 150, ਸਫ਼ੇ : 192
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਸੰਪਰਕ : 94170-76735.

ਉਸਾਰੂ ਸਾਹਿਤ ਦੇ ਸਿਰੜੀ ਅਤੇ ਸੰਗਰਾਮੀ ਕਾਮੇ ਅਮੋਲਕ ਸਿੰਘ ਵੱਲੋਂ ਸੰਪਾਦਤ ਇਹ ਪੁਸਤਕ 'ਲਹੂ ਦੀ ਵੰਗਾਰ' ਸੰਘਰਸ਼ ਦੇ ਇਕ ਦੌਰ ਦੀ ਮੂੰਹ ਬੋਲਦੀ ਤਸਵੀਰ ਵੀ ਹੈ ਅਤੇ ਇਤਿਹਾਸ ਦੇ ਅਹਿਮ ਹਿੱਸੇ ਦਾ ਦਸਤਾਵੇਜ਼ ਵੀ। ਨਕਸਲਬਾੜੀ ਦੇ ਨਾਂਅ ਨਾਲ ਜਾਣੀ ਜਾਂਦੀ ਕਮਿਊਨਿਸਟ ਲਹਿਰ ਦੇ ਲੇਖੇ ਆਪਣੀਆਂ ઠਜਿੰਦਾਂ ਲਗਾਉਣ ਵਾਲੇ ਯੋਧਿਆਂ ਦੇ ਪਰਿਵਾਰਾਂ ਨਾਲ ਵਿਸ਼ੇਸ਼ ਵਾਰਤਾਵਾਂ ਕਰਕੇ ਉਨ੍ਹਾਂ ਦੀ ਸੋਚ ਅਤੇ ਕੀਤੇ ਸੰਘਰਸ਼ 'ਤੇ ਚਾਨਣਾ ਪਾਇਆ ਗਿਆ ਹੈ। ਇਸ ਪੁਸਤਕ ਵਿਚ 21 ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੀ ਗੱਲਬਾਤ ਦੇ ਅਹਿਮ ਅੰਸ਼ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਮੁਲਾਕਾਤਾਂ ਨੂੰ ਪੜ੍ਹ ਕੇ ਜਿਥੇ ਜ਼ਿੰਦਗਾਨੀਆਂ ਨੂੰ ਇਸ ਲਹਿਰ ਦੇ ਲੇਖੇ ਲਾਉਣ ਵਾਲਿਆਂ ਦੀ ਆਪਣੇ ਮਿਸ਼ਨ ਦੀ ਪ੍ਰਤੀਬੱਧਤਾ ਦਾ ਪਤਾ ਲਗਦਾ ਉਥੇ ਉਸ ਵੇਲੇ ਦੀ ਹਨੇਰਗਰਦੀ ਵੀ ਸਾਹਮਣੇ ਆਉਂਦੀ ਹੈ। ਲੋਕ ਹੱਕਾਂ ਲਈ ਤਸੀਹੇ ਝੱਲਣ ਵਾਲੇ ਇਨ੍ਹਾਂ ਧਰਤੀ ਪੁੱਤਰਾਂ ਵੱਲੋਂ ਕਿਸ ਤਰ੍ਹਾਂ ਦੇ ਸੁਪਨੇ ਲਏ ਗਏ, ਉਹ ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਕੀ-ਕੀ ਮੁੱਲ ਤਾਰਿਆ, ਇਨ੍ਹਾਂ ਮੁਲਾਕਾਤਾਂ ਵਿਚੋਂ ਸਾਹਮਣੇ ਆਉਂਦਾ ਹੈ। ਸਵਰਨ ਸਿੰਘ ਹਰੀਪੁਰ ਢੱਡਾ, ਰਾਮਮੂਰਤੀ, ਗੁਰਦਿਆਲ, ਗੁਰਦੇਵ ਸਿੰਘ ਦਰਦੀ, ਹਰੀ ਸਿੰਘ ਭੱਟੀਵਾਲ, ਟਹਿਲ ਸਿੰਘ ਦੱਧਾਹੂਰ, ਲਛਮਣ ਸਿੰਘ ਰਾਏਪੁਰ, ਨਛੱਤਰ ਸਿੰਘ, ਗੁਰਬੰਤ ਸਿੰਘ, ਹਰਨੇਕ ਸਿੰਘ , ਕਸ਼ਮੀਰਾ ਸਿੰਘ, ਸਵਰਨ ਸਿੰਘ ਬੋਹਾ, ਬਾਬੂ ਦਲੀਪ ਸਿੰਘ, ਤਰਸੇਮ ਰਾਣਾ, ਮਿਹਰ ਸਿੰਘ, ਵੀਰ ਸਿੰਘ ਚੀਮਾ, ਸ਼ਰੀਫ ਮੁਹੰਮਦ, ਜਗਤਾਰ ਆਸੀ ਕਲਾਂ, ਜਸਪਾਲ ਸਿੰਘ ਬਾਲਦ ਕਲਾਂ, ਗੁਲਜ਼ਾਰਾ ਭੱਠਲ, ਪਵਨ ਕੁਮਾਰ ਬਾਲਦ ਕਲਾਂ ਦੇ ਮਾਪਿਆਂ, ਭਰਾਵਾਂ, ਭੈਣਾਂ, ਜੀਵਨ ਸਾਥੀਆਂ ਅਤੇ ਬੱਚਿਆਂ ਨਾਲ ਕੀਤੀਆਂ ਮੁਲਾਕਾਤਾਂ ਪੜ੍ਹ ਕੇ ਰੌਂਗਟੇ ਖੜ੍ਹੇ ਹੁੰਦੇ। ਇਕ ਪਾਸੇ ਸਮੇਂ ਦੀ ਜ਼ਾਲਮ ਅਤੇ ਨਿਰਦਈ ਧੱਕੇਸ਼ਾਹੀ ਅਤੇ ਦੂਜੇ ਪਾਸੇ ਆਪਣਿਆਂ ਦੀ ਬੇਵਸੀ ਦੇ ਨਾਲ-ਨਾਲ ਇਨ੍ਹਾਂ ਸੂਰਮਿਆਂ ਦੀ ਅਡੋਲ ਦ੍ਰਿੜ੍ਹਤਾ ਦੀ ਤਸਵੀਰ ਸਾਹਮਣੇ ਆ ਖੜ੍ਹੀ ਹੁੰਦੀ ਹੈ।

ਂਪ੍ਰੋ: ਨਿਰਮਲ ਜੌੜਾ
ਮੋ: 98140-78799
ਫ ਫ ਫ

ਤੁਰ ਗਏ ਯਾਰ ਨਿਰਾਲੇ
ਲੇਖਕ : ਸ਼ਾਮ ਸਿੰਘ
ਪ੍ਰਕਾਸ਼ਕ : ਪਰਿਜ਼ਮ ਪਬਲਿਸ਼ਰਜ਼, ਮੁਹਾਲੀ
ਮੁੱਲ : 80 ਰੁਪਏ, ਸਫ਼ੇ : 112
ਸੰਪਰਕ : 98141-13338.

ਸ਼ਾਮ ਸਿੰਘ ਪੰਜਾਬੀ ਸਾਹਿਤ ਦਾ ਬਹੁਪੱਖੀ ਤੇ ਚਰਚਿਤ ਲੇਖਕ ਹੈ। 'ਅੰਗਸੰਗ' ਕਾਲਮ ਤੋਂ ਲੈ ਕੇ ਹੁਣ ਤੱਕ ਸ਼ਾਮ ਸਿੰਘ ਨੇ ਅਨੇਕ ਵਿਧਾਵਾਂ ਵਿਚ ਸਿਰਜਣਾ ਰਾਹੀਂ ਆਪਣੀ ਲੇਖਣੀ ਦਾ ਸਿੱਕਾ ਮੰਨਵਾਇਆ ਹੈ। 'ਤੁਰ ਗਏ ਯਾਰ ਨਿਰਾਲੇ' ਉਸ ਵੱਲੋਂ ਰਚਿਤ 'ਮਰਸੀਏ' ਵਿਧਾ ਵਿਚ ਤੁਰ ਗਏ ਦੋਸਤਾਂ ਨੂੰ ਸ਼ਰਧਾਂਜਲੀ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।
ਇਸ ਪੁਸਤਕ ਵਿਚ ਲੇਖਕ ਨੇ ਸੋਭਾ ਸਿੰਘ ਆਰਟਿਸਟ, ਦਵਿੰਦਰ ਸਤਿਆਰਥੀ ਜਿਹੇ ਆਪਣੇ ਤੋਂ ਪਹਿਲੀ ਪੀੜ੍ਹੀ ਦੇ ਬੰਦਿਆਂ ਦਾ ਮਰਸੀਆ ਵੀ ਲਿਖਿਆ ਹੈ ਤੇ ਆਪਣੇ ਸਮਕਾਲੀ ਲੇਖਕਾਂ ਜਿਵੇਂ ਸਤਿੰਦਰ ਸਿੰਘ ਨੂਰ, ਹਰਭਜਨ ਹਲਵਾਰਵੀ ਤੇ ਜੋਗਾ ਸਿੰਘ ਜਿਹੇ ਲੇਖਕਾਂ ਨੂੰ ਵੀ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ਹੈ। ਇਨ੍ਹਾਂ ਕਵਿਤਾਵਾਂ ਵਿਚ ਤੁਰ ਗਏ ਲੇਖਕਾਂ ਪ੍ਰਤੀ ਜਿਥੇ ਸ਼ਾਮ ਸਿੰਘ ਦਾ ਪਿਆਰ ਤੇ ਅਕੀਦਤ ਝਲਕਦੀ ਹੈ, ਉਥੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਉਨ੍ਹਾਂ ਪ੍ਰਮੁੱਖ ਘਟਨਾਵਾਂ ਦਾ ਜ਼ਿਕਰ ਵੀ ਲੇਖਕ ਅਛੋਪਲੇ ਹੀ ਕਰ ਜਾਂਦਾ ਹੈ ਜਿਹੜੀਆਂ ਉਨ੍ਹਾਂ ਦੀ ਪਛਾਣ ਬਣ ਚੁੱਕੀਆਂ ਸਨ। ਭੂਸ਼ਣ ਭਾਰੇ ਇਹ ਸਤਰਾਂ ਦੇਖੋ :
ਟਿੱਚਰ ਕਰਕੇ ਚੁੱਪ ਸੀ ਹੋ ਜਾਂਦਾ
ਬਿਰਤੀ ਆਪਣੀ ਬੜੀ ਗੰਭੀਰ ਰੱਖਦਾ
ਭਾਵੇਂ ਬੋਲਦਾ ਥੋੜ੍ਹਾ ਥੁਥਲਾ ਕੇ ਸੀ
ਪਰ ਸਦਾ ਕੋਲ ਹਰਫ਼ਾਂ ਦੇ ਤੀਰ ਰੱਖਦਾ...।
ਮਿੱਠੇ-ਮਿੱਠੇ ਸਾਦੇ ਸਹਿਜ ਸ਼ਬਦਾਂ ਵਿਚ ਮਿੱਤਰਾਂ ਨੂੰ ਯਾਦ ਕਰਦੀਆਂ ਕਵਿਤਾਵਾਂ ਪੜ੍ਹਨਯੋਗ ਹਨ।

ਂਡਾ: ਅਮਰਜੀਤ ਕੌਂਕੇ
ਫ ਫ ਫ

ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਯਾਤਰਾ
ਲੇਖਕ : ਪ੍ਰੋ: ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98149-42214.

ਪ੍ਰੋ: ਬਸੰਤ ਸਿੰਘ ਬਰਾੜ ਦਾ ਲਿਖਿਆ ਇਹ ਸਫ਼ਰਨਾਮਾ ਪੰਜਾਬੀ ਵਾਰਤਕ ਦਾ ਬਿਹਤਰੀਨ ਨਮੂਨਾ ਹੈ। ਅਸਰਦਾਰ ਸ਼ੈਲੀ-ਬੋਲੀ ਵਾਲੀ ਇਹ ਸਫ਼ਰਨਾਮਾ-ਪੁਸਤਕ ਜਿਥੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੇ ਇਤਿਹਾਸਕ ਮਹੱਤਵ ਨੂੰ ਬਿਆਨਦੀ ਹੈ, ਉਥੇ ਪਾਕਿਸਤਾਨੀ ਸਮਾਜ ਬਾਰੇ ਕੀਮਤੀ ਜਾਣਕਾਰੀ ਭਾਵਪੂਰਤ ਟਿੱਪਣੀਆਂ ਸਮੇਤ ਪੇਸ਼ ਕਰਦੀ ਹੈ। ਇਹ ਟਿੱਪਣੀਆਂ ਲੇਖਕ ਦੇ ਤਿੱਖੇ ਨਿੱਜੀ ਅਨੁਭਵਾਂ ਅਤੇ ਅਹਿਸਾਸਾਂ ਦਾ ਲਿਸ਼ਕਦਾ ਦਰਪਣ ਹਨ। ਖ਼ਾਸ ਤੌਰ 'ਤੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਦਿਆਂ ਯਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੜ੍ਹ ਕੇ ਮਨ ਦੁਖੀ ਹੁੰਦਾ ਹੈ। ਸਭ ਤੋਂ ਵੱਡੀ ਸਮੱਸਿਆ ਯਾਤਰੀਆਂ ਲਈ ਉਥੇ ਰਾਤ ਕੱਟਣ ਲਈ ਰਿਹਾਇਸ਼ ਦਾ ਪ੍ਰਬੰਧ ਨਾ ਹੋਣਾ ਹੈ। ਇਸੇ ਤਰ੍ਹਾਂ ਉਥੋਂ ਦੇ ਅਨੇਕਾਂ ਗੁਰੂ ਘਰਾਂ ਦੀ ਸਿੱਖ ਮਰਿਆਦਾ ਅਨੁਸਾਰ ਸਾਂਭ-ਸੰਭਾਲ ਨਾ ਹੋਣ ਬਾਰੇ ਜਾਣ ਕੇ ਵੀ ਸਿੱਖ ਮਨ ਵਲੂੰਧਰਿਆ ਜਾਂਦਾ ਹੈ।
ਯਾਤਰਾ ਦੇ ਆਰੰਭ ਤੋਂ ਲੈ ਕੇ ਵਾਪਸੀ ਤੱਕ ਦੇ ਵੇਰਵਿਆਂ ਨੂੰ ਲੇਖਕ ਨੇ ਪੰਜ ਭਾਗਾਂ ਵਿਚ ਵੰਡ ਕੇ ਸੌਖ ਭਰੀ ਤਕਨੀਕ ਅਪਣਾਈ ਹੈ। ਇਨ੍ਹਾਂ ਭਾਗਾਂ 'ਚ ਪੇਸ਼ ਸੰਖੇਪ ਪਰ ਬਾਰੀਕੀ ਨਾਲ ਵੇਰਵੇ ਪੇਸ਼ ਕੀਤੇ ਹਨ। ਖ਼ਾਸ ਤੌਰ 'ਤੇ ਚੌਥੇ ਭਾਗ ਵਿਚ ਲਾਹੌਰ ਦੇ ਬਾਜ਼ਾਰਾਂ, ਹੋਟਲਾਂ, ਦੁਕਾਨਦਾਰਾਂ, ਸੜਕਾਂ, ਪਾਰਕਾਂ, ਗੁਰਦੁਆਰਾ ਸਾਹਿਬਾਨਾਂ ਬਾਰੇ ਬਹੁਤ ਹੀ ਬਾਰੀਕੀ ਨਾਲ ਲਿਖ ਕੇ ਪਾਠਕਾਂ ਦਾ ਮਨ ਜਿੱਤਣ ਦਾ ਸਫਲ ਉਪਰਾਲਾ ਕੀਤਾ ਹੈ। ਲੇਖਕ ਦੇ ਸਾਥੀਆਂ ਵੱਲੋਂ 1947 ਦੀ ਵੰਡ ਵੇਲੇ ਉਥੇ ਛੱਡੇ ਆਪਣੇ ਪਿੰਡਾਂ ਦੀ ਯਾਤਰਾ ਕਰਨ ਜਾਣ ਬਾਰੇ ਪੜ੍ਹ ਕੇ ਮੱਲੋਜ਼ੋਰੀ ਅੱਖਾਂ ਨਮ ਹੋ ਜਾਂਦੀਆਂ ਹਨ। ਬਰਾੜ ਸਾਹਿਬ ਦੀ ਬਾਕਮਾਲ ਅਤੇ ਅਨੁਭਵੀ ਲੇਖਣੀ ਪੇਸ਼ ਕਰਦੀ ਇਹ ਪੁਸਤਕ ਸਾਂਭਣਯੋਗ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਕਾਵਾਂ ਰੌਲ਼ੀ
ਲੇਖਕ : ਰਘੁਵੀਰ ਸਿੰਘ ਕਲੋਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 68
ਸੰਪਰਕ : 98550-24495

ਇਸ ਪੁਸਤਕ ਵਿਚ ਕਹਾਣੀਕਾਰ ਰਘੁਵੀਰ ਸਿੰਘ ਕਲੋਆ ਦੀਆਂ ਮਹਿਜ਼ 11 ਚੋਣਵੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਸਾਰੀਆਂ ਕਹਾਣੀਆਂ ਦੇ ਵਿਸ਼ੇ ਸਾਰਥਿਕ ਹਨ ਅਤੇ ਅਜਿਹੇ ਅਗਾਂਹਵਧੂ ਵਿਸ਼ਿਆਂ 'ਤੇ ਰਚਨਾਕਾਰੀ ਕੀਤੇ ਜਾਣ ਦੀ ਅਜੋਕੇ ਦੌਰ 'ਚ ਸਖ਼ਤ ਲੋੜ ਹੈ। ਜੀਵਨ ਇਕ ਗੁੰਝਲਦਾਰ ਪ੍ਰਕਿਰਿਆ ਹੈ ਅਤੇ ਇਸ ਦਾ ਕੋਈ ਵੀ ਰਸਤਾ ਸਿੱਧਾ ਨਹੀਂ ਹੈ। ਕਹਾਣੀਕਾਰ ਨੂੰ ਆਪਣੇ ਪਾਤਰਾਂ ਦੀ ਡੂੰਘੀ ਮਨੋਵਿਗਿਆਨਕ ਸੂਝ ਹੈ। ਬਾਹਰੀ ਘਟਨਾਵਾਂ ਤੋਂ ਇਲਾਵਾ ਪਾਤਰਾਂ ਦੇ ਅੰਦਰ ਵੀ ਬੜਾ ਕੁਝ ਵਾਪਰਦਾ ਹੈ, ਜਿਸ ਨੂੰ ਕਹਾਣੀਕਾਰ ਨੇ ਕਲਾਤਮਿਕ ਢੰਗ ਨਾਲ ਬਾਖ਼ੂਬੀ ਚਿਤਰਿਆ ਹੈ। ਸਮੁੱਚੇ ਤੌਰ 'ਤੇ ਲੇਖਕ ਦੀ ਅਗਾਂਹਵਧੂ ਅਤੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਪ੍ਰਭਾਵ ਸਮੁੱਚੀਆਂ ਲਿਖਤਾਂ 'ਚੋਂ ਨਜ਼ਰ ਆ ਜਾਂਦਾ ਹੈ। 'ਗੱਦੀ ਨਸ਼ੀਨ' ਤੇ 'ਸਾਧਣੀ' ਕਹਾਣੀਆਂ 'ਚੋਂ ਡੇਰਾਵਾਦ ਦੀ ਅੰਦਰੂਨੀ ਸਹੀ ਤਸਵੀਰ ਉਭਰਦੀ ਹੈ। 'ਪਿਉ-ਪੁੱਤ' ਵਿਚ ਪਿਤਾ ਆਪਣੇ ਬੱਚਿਆਂ ਵਾਸਤੇ ਸੁਰੱਖਿਆ ਛੱਤਰੀ ਵਜੋਂ ਕੰਮ ਕਰਨ ਦਾ ਪ੍ਰਭਾਵ ਸਿਰਜਦਾ ਹੈ। 'ਚੰਨ ਵਹੁਟੀ' ਕਹਾਣੀ ਸਰਕਾਰੀ ਅਦਾਰਿਆਂ 'ਚ ਹੁੰਦੀ ਆਪਹੁਦਰੀ ਦਾ ਭੇਦ ਖੋਲ੍ਹਦੀ ਹੈ। ਆਲ੍ਹਣਾ, ਬੌਣੇ ਬੂਟੇ, ਬੀਬੀ ਪੁੱਤ ਕਹਾਣੀਆਂ ਵੀ ਵਿਸ਼ੇ ਦੇ ਨਿਭਾਅ ਪੱਖੋਂ ਵਧੀਆ ਹਨ। ਕੁਝ ਕਹਾਣੀਆਂ ਦੇ ਮੈਟਰ ਨੂੰ ਪਿਛਲੇ ਸਫ਼ੇ 'ਤੇ ਜਗ੍ਹਾ ਹੋਣ ਦੇ ਬਾਵਜੂਦ ਅਗਲੇ ਪੰਨੇ 'ਤੇ ਲਿਜਾਇਆ ਗਿਆ, ਜੋ ਕਿ ਠੀਕ ਨਹੀਂ ਲੱਗਦਾ, ਜਿਵੇਂ ਪੰਨਾ ਨੰਬਰ 25, 59, 62। ਪੁਸਤਕ ਦਾ ਸਿਰਲੇਖ 'ਕਾਵਾਂ ਰੌਲ਼ੀ' ਕਹਾਣੀ ਦਾ ਵਿਸ਼ਾ ਵਸਤੂ, ਰਚਨਾਤਮਕ ਅਤੇ ਪੇਸ਼ਕਾਰੀ ਪੱਖ ਤੋਂ ਲੇਖਕ ਦੀ ਸਰਬੋਤਮ ਰਚਨਾ ਕਹੀ ਜਾ ਸਕਦੀ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਪਰਮਜੀਤ ਪੰਮੀ ਰਚਿਤ
'ਵਿਆਹ ਦੇ ਗੀਤ' ਦਾ ਅਧਿਐਨ
ਸੰਪਾਦਕ : ਡਾ: ਸੁਖਵਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 73550-83007

ਹਥਲੀ ਪੁਸਤਕ ਇਕ ਸੰਪਾਦਿਤ ਪੁਸਤਕ ਹੈ, ਜਿਸ ਨੂੰ ਡਾ: ਸੁਖਵਿੰਦਰ ਕੌਰ ਨੇ ਪੂਰਨ ਯੋਗਤਾ ਨਾਲ ਸੰਪਾਦਿਤ ਕੀਤਾ ਹੈ। ਜਿਹੜੀ ਅਸਲੀ ਪੁਸਤਕ ਹੈ ਉਸ ਦਾ ਨਾਂਅ 'ਵਿਆਹ ਦੇ ਗੀਤ' ਹੈ। ਡਾ: ਸੁਖਵਿੰਦਰ ਕੌਰ ਦੇ ਸ਼ਬਦਾਂ ਵਿਚ ਪਰਮਜੀਤ ਪੰਮੀ ਰਚਿਤ 'ਵਿਆਹ ਦੇ ਗੀਤ' ਦਾ ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਅਧਿਐਨ ਵਿਚ ਲੇਖਿਕਾ ਵੱਲੋਂ ਕੰਪਿਊਟਰੀ ਯੁੱਗ ਵਿਚ ਆਈਆਂ ਤਬਦੀਲੀਆਂ ਨੂੰ ਨਾਲ-ਨਾਲ ਲਿਖਿਆ ਹੈ ਤੇ ਆਧੁਨਿਕ ਸਮੇਂ 'ਚ ਕਿਸੇ ਕੋਲ ਸਮਾਂ ਨਾ ਹੋਣ ਕਰਕੇ ਸਮਾਜਿਕ ਰੀਤਾਂ ਰਸਮਾਂ ਤੋਂ ਸੰਕੋਚ ਕੀਤਾ ਜਾਂਦਾ ਹੈ ਅਤੇ ਥੋੜ੍ਹੇ ਸਮੇਂ ਵਿਚ ਹੀ ਕੰਮ ਖ਼ਤਮ ਕਰ ਦਿੱਤਾ ਜਾਂਦਾ ਹੈ। ਲੇਖਿਕਾ ਨੇ ਵਿਆਹ ਦੇ ਗੀਤ ਪੁਸਤਕ ਰਾਹੀਂ ਰਹੁ ਰੀਤਾਂ ਦਾ ਜ਼ਿਕਰ ਕਰਕੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਦੀ ਵੀ ਗੱਲ ਕੀਤੀ ਹੈ। ਪਰਮਜੀਤ ਪੰਮੀ ਦੀ ਮੂਲ ਪੁਸਤਕ ਵਿਚ ਸੁਹਾਗ, ਘੋੜੀਆਂ, ਗੀਤ, ਬੋਲੀਆਂ, ਛੰਦ ਅਤੇ ਸਿਠਣੀਆਂ ਦਾ ਬਿਰਤਾਂਤ ਹਰ ਕਿਸੇ ਦਾ ਮਨ ਮੋਹ ਲੈਣ ਦੀ ਸਮਰੱਥਾ ਰੱਖਦਾ ਹੈ।
ਪਰਮਜੀਤ ਪੰਮੀ ਦੀ ਪੁਸਤਕ 'ਵਿਆਹ ਦੇ ਗੀਤ' ਨੂੰ ਡਾ: ਸੁਖਵਿੰਦਰ ਕੌਰ ਨੇ ਅਧਿਐਨ ਦਾ ਵਿਸ਼ਾ ਬਣਾਉਂਦਿਆਂ ਇਸ ਨੂੰ ਸਰਬੰਗੀ ਤੌਰ 'ਤੇ ਨਿਰਖਿਆ-ਪਰਖਿਆ ਹੈ। ਇਸ ਪੁਸਤਕ ਨੂੰ 22 ਵਿਦਵਤਾ ਭਰਪੂਰ ਇਸਤਰੀ ਲੇਖਿਕਾਵਾਂ ਨੇ ਆਪਣੇ ਕੀਮਤੀ ਲੇਖਾਂ ਨਾਲ ਸ਼ਿੰਗਾਰਿਆ ਹੈ। ਇਨ੍ਹਾਂ ਵਿਦਵਾਨ ਇਸਤਰੀਆਂ ਵਿਚ ਖ਼ੁਦ ਡਾ: ਸੁਖਵਿੰਦਰ ਕੌਰ ਤੋਂ ਬਿਨਾਂ ਡਾ: ਮਨਦੀਪ ਕੌਰ ਢੀਂਡਸਾ, ਡਾ: ਕਿਰਪਾਲ ਕੌਰ, ਡਾ: ਮਨਪ੍ਰੀਤ ਕੌਰ, ਡਾ: ਬਲਵਿੰਦਰ ਕੌਰ, ਡਾ: ਰਣਜੀਤ ਕੌਰ, ਡਾ: ਵੀਨਾ ਕੁਮਾਰੀ, ਡਾ: ਸਰਬਜੀਤ ਕੌਰ, ਡਾ: ਰਮਨਪ੍ਰੀਤ ਕੌਰ, ਡਾ: ਮਨਦੀਪ ਕੌਰ, ਡਾ: ਅਮਨਦੀਪ ਕੌਰ, ਅਮਰਜੀਤ ਘੁੰਮਣ ਅਤੇ ਕੁਝ ਹੋਰ ਹਨ। ਇਹ ਸਾਰੀਆਂ ਵਿਦਵਾਨ ਨਾਰੀਆਂ ਡਾਕਟਰ ਅਤੇ ਪ੍ਰੋਫੈਸਰ ਕਿੱਤੇ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਲੇਖਿਕਾਵਾਂ ਨੇ ਉਕਤ ਪੁਸਤਕ ਨੂੰ ਹਰ ਕੋਣ ਅਤੇ ਦ੍ਰਿਸ਼ਟੀਕੋਣ ਤੋਂ ਨਿਰਖਿਆ-ਪਰਖਿਆ ਹੈ, ਜੋ ਕਿ ਸਲਾਹੁਣਯੋਗ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਕੰਢੀ ਦਾ ਕੰਠਹਾਰ
ਲੇਖਕ : ਡਾ: ਧਰਮਪਾਲ ਸਾਹਿਲ
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98761-56964.

'ਕੰਢੀ ਦਾ ਕੰਠਹਾਰ' ਡਾ: ਧਰਮਪਾਲ ਸਾਹਿਲ ਦੀ ਕੰਢੀ ਖੇਤਰ ਦੇ ਲੋਕ ਸੱਭਿਆਚਾਰ ਬਾਰੇ ਤੀਜੀ ਖੋਜ ਭਰਪੂਰ ਪੁਸਤਕ ਹੈ। ਕੰਢੀ ਪੰਜਾਬ ਦਾ ਉਹ ਨੀਮ ਪਹਾੜੀ ਖੇਤਰ ਹੈ ਜੋ ਸ਼ਿਵਾਲਕ ਦੀਆਂ ਪਹਾੜੀਆਂ ਨਾਲ ਲਗਦੀ ਲਗਪਗ 250 ਕਿਲੋਮੀਟਰ ਲੰਮੀ ਅਤੇ 13-14 ਕਿਲੋਮੀਟਰ ਚੌੜੀ ਬੈਲਟ ਹੈ। ਇਹ ਖੇਤਰ ਰੋਪੜ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਤੱਕ ਫ਼ੈਲਿਆ ਹੋਇਆ ਹੈ।
ਧਰਮਪਾਲ ਸਾਹਿਲ ਨੇ ਇਸ ਪੁਸਤਕ ਦੀ ਚਾਰ ਭਾਗਾਂ ਵਿਚ ਵਰਗ ਵੰਡ ਕੀਤੀ ਹੈਂ(1) ਕੰਢੀ ਪ੍ਰਵੇਸ਼ ਅਤੇ ਬੋਲੀ, (2) ਪੰਜਾਬ ਦਾ ਕੰਢੀ ਖੇਤਰ, (3) ਜਨਮ ਨਾਲ ਸਬੰਧਤ ਗੀਤ, (4) ਵਿਆਹ ਸਮੇਂ ਦੇ ਗੀਤ। ਪਹਿਲੇ ਦੋ ਭਾਗਾਂ ਵਿਚ ਜਿਥੇ ਕੰਢੀ ਖੇਤਰ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਥੇ ਇਸ ਖੇਤਰ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਰੋਕਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਹੈ। ਤੀਜੇ ਕਾਂਡ ਵਿਚ ਜਨਮ ਨਾਲ ਸਬੰਧਤ ਰੀਤੀ ਰਿਵਾਜਾਂ ਬਾਰੇ ਚਾਨਣਾ ਪਾਇਆ ਗਿਆ ਹੈ ਤੇ ਨਾਲ ਹੀ ਹਰੇਕ ਰਸਮ ਨਾਲ ਸਬੰਧਤ ਲੋਕ ਗੀਤ ਵੀ ਸ਼ਾਮਿਲ ਕੀਤੇ ਹਨ। ਚੌਥਾ ਭਾਗ ਵਿਆਹ ਸਮੇਂ ਦੇ ਗੀਤਾਂ ਬਾਰੇ ਹੈ, ਜਿਸ ਵਿਚ ਵਿਆਹ ਨਾਲ ਜੁੜੀਆਂ ਰਸਮਾਂ ਬਾਰੇ ਬੜੀ ਬਾਰੀਕੀ ਨਾਲ ਦੱਸਿਆ ਗਿਆ ਹੈ ਤੇ ਹਰ ਰਸਮ ਸਮੇਂ ਗਾਏ ਜਾਂਦੇ ਲੋਕ ਗੀਤ ਵੀ ਪ੍ਰਸਤੁਤ ਕੀਤੇ ਹਨ। ਭਾਵੇਂ ਇਨ੍ਹਾਂ ਭਾਗਾਂ ਵਿਚ ਸ਼ਾਮਿਲ ਲੋਕ ਗੀਤ ਪੰਜਾਬ ਦੇ ਲੋਕ ਗੀਤਾਂ ਨਾਲ ਕਾਫੀ ਹੱਦ ਤੱਕ ਮਿਲਦੇ-ਜੁਲਦੇ ਹਨ, ਪ੍ਰੰਤੂ ਇਨ੍ਹਾਂ ਦਾ ਗਾਉਣ ਦਾ ਲਹਿਜ਼ਾ ਸਥਾਨਕ ਰੰਗਣ ਅਤੇ ਸ਼ਬਦਾਵਲੀ ਇਨ੍ਹਾਂ ਗੀਤਾਂ ਨੂੰ ਨਿਵੇਕਲੀ ਪਛਾਣ ਪ੍ਰਦਾਨ ਕਰਦੀ ਹੈ। ਧਰਮਪਾਲ ਸਾਹਿਲ ਨੇ ਇਸ ਸੰਕਲਣ ਵਿਚ 125 ਦੇ ਕਰੀਬ ਲੋਕ ਗੀਤ ਸ਼ਾਮਿਲ ਕਰਕੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਹ ਪੁਸਤਕ ਪੰਜਾਬੀ ਸੱਭਿਆਚਾਰ ਦੇ ਪ੍ਰੇਮੀਆਂ ਅਤੇ ਖੋਜਾਰਥੀਆਂ ਲਈ ਲਾਭਦਾਇਕ ਅਤੇ ਸੁਹਜ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

22/07/2017

 ਨਹੀਉਂ ਲੱਭਣੇ ਲਾਲ ਗਵਾਚੇ
ਰੇਸ਼ਮਾ

ਲੇਖਕ : ਸ਼ਰਨਜੀਤ ਬੈਂਸ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 112
ਸੰਪਰਕ : 0172-4608699.

ਰੇਸ਼ਮਾ ਗੋਦੜੀ ਦਾ ਲਾਲ ਸੀ। ਖਾਨਾ ਬਦੋਸ਼ ਜ਼ਿੰਦਗੀ ਜਿਉਂਦੀ ਮਨ ਦੀ ਮੌਜ ਨਾਲ ਗਾਉਂਦੀ-ਗਾਉਂਦੀ ਰੇਡੀਓ, ਟੀ.ਵੀ. ਤੇ ਫ਼ਿਲਮਾਂ ਦੀ ਦੁਨੀਆ ਵਾਲਿਆਂ ਨੇ ਘੇਰ ਲਈ। ਉਸ ਦੀ ਆਜ਼ਾਦ ਸੁਰ, ਬੋਲ, ਸ਼ੈਲੀ, ਲਹਿਜਾ ਉਸ ਦੇ ਸੰਗ ਸੰਗ ਰਿਹਾ। ਹਰ ਥਾਂ ਉਸ ਨੂੰ ਭਰਪੂਰ ਪ੍ਰਸੰਸਾ ਤੇ ਪਿਆਰ ਸਤਿਕਾਰ ਮਿਲਿਆ। ਉਸ ਦੇ ਗੀਤ ਵਜੇ ਤਾਂ ਲੋਕ ਤੁਰੇ ਜਾਂਦੇ ਦਿਲ ਨੂੰ ਹੱਥ ਵਿਚ ਫੜ ਕੇ ਖਲੋ ਜਾਂਦੇ। ਹਾਏ ਓ ਰੱਬਾ ਨਹੀਉਂ ਲਗਦਾ ਦਿਲ ਮੇਰਾ ਜਾਂ ਦਮਾ ਦਮ ਮਸਤ ਕਲੰਦਰ ਗਾਉਂਦੀ ਤਾਂ ਉਸ ਦੀ ਆਵਾਜ਼ ਇਸ਼ਕ ਹਕੀਕੀ ਤੇ ਮਿਜਾਜ਼ੀ ਦੀ ਸਿਖਰ ਛੋਹ ਜਾਂਦੀ। ਕੋਈ ਮੁਕਾਬਲਾ ਨਹੀਂ ਸੀ ਉਹਦਾ। ਸ਼ਰਨਜੀਤ ਬੈਂਸ ਨੇ ਰੇਸ਼ਮਾ ਦੀ ਜੀਵਨੀ ਦੀਆਂ ਝਲਕਾਂ ਮਿਹਨਤ ਤੇ ਮੋਹ ਮੁਹੱਬਤ ਨਾਲ ਇਸ ਕਿਤਾਬ ਵਿਚ ਪੇਸ਼ ਕੀਤੀਆਂ ਹਨ।
ਰੇਸ਼ਮਾ ਬਾਰੇ ਇਸ ਪੁਸਤਕ ਵਿਚ ਜੋ ਕੁਝ ਵੀ ਹੈ, ਉਸ ਤੋਂ ਵੱਧ ਇਸ ਵੇਲੇ ਪਾਠਕ ਨਹੀਂ ਜਾਣਦੇ। ਹੋਰ ਬਹੁਤ ਕਹਿਣ, ਦੱਸਣ ਦੀ ਲੋੜ ਹੈ ਪਰ ਉਸ ਲਈ ਸ਼ਾਇਦ ਸਾਧਨ ਤੇ ਅਵਸਰ ਨਹੀਂ। ਨਫ਼ਰਤ ਦੀ ਰਾਜਨੀਤੀ ਦੇ ਇਸ ਕਾਲੇ ਦੌਰ ਵਿਚ ਕਿਸੇ ਮੁਸਲਿਮ ਗਾਇਕਾ ਬਾਰੇ ਗੱਲ ਕਰਨੀ ਕਈਆਂ ਨੂੰ ਦੇਸ਼ ਨਾਲ ਗਦਾਰੀ ਲੱਗੇਗੀ। ਇਸ ਦਾ ਲੇਖਕ ਇਨ੍ਹਾਂ ਦੇਸ਼ ਭਗਤਾਂ ਨੂੰ ਗਦਾਰ ਲੱਗੇਗਾ। ਇਸ ਲਈ ਜੋ ਜਿਵੇਂ ਹੈ, ਓਨਾ ਹੀ ਗਨੀਮਤ ਹੈ। ਸ਼ਰਨਜੀਤ ਬੈਂਸ ਨੇ ਹਿੰਦ-ਪਾਕਿ ਨੂੰ ਜੋੜਨ ਦੇ ਯਤਨ ਕਰਦੀ ਰਹੀ ਸੁਰਾਂ ਦੀ ਇਸ ਮਲਕਾ ਦੇ ਜੀਵਨ ਦੇ ਵੱਧ ਤੋਂ ਵੱਧ ਵੇਰਵੇ ਸੰਕਲਿਤ ਕਰਨ ਦਾ ਯਤਨ ਕੀਤਾ ਹੈ। ਬੀਕਾਨੇਰ ਨੇੜੇ ਤਸੀਲ ਰਤਨ ਗੜ੍ਹ ਦੇ ਪਿੰਡ ਲੋਹਾ ਵਿਚ ਹਾਜੀ ਮਾਮਦ ਮੁਸ਼ਤਾਕ ਦੇ ਘਰ ਰੇਸ਼ਮਾ ਦਾ ਜਨਮ ਹੋਇਆ। ਦੇਸ਼ ਵੰਡ ਸਮੇਂ ਉਹ ਡੇਢ ਦੋ ਮਹੀਨੇ ਦੀ ਮਸਾਂ ਸੀ। ਜਨਮ ਸਮੇਂ ਉਸ ਦਾ ਨਾਂਅ ਪਠਾਣੀ ਬੇਗਮ ਰੱਖਿਆ ਗਿਆ। ਸ਼ਾਹਬਾਜ਼ ਕਲੰਦਰ ਦੀ ਦਰਗਾਹ ਉੱਤੇ 12 ਸਾਲ ਦੀ ਉਮਰੇ ਗਾਉਂਦੀ ਨੂੰ ਰੇਡੀਓ ਪਾਕਿਸਤਾਨ ਦੇ ਪ੍ਰੋਡਿਊਸਰ ਸਲੀਮ ਗਿਲਾਨੀ ਨੇ ਰੇਡੀਓ ਉੱਤੇ ਲਿਆਂਦਾ ਤੇ ਹੌਲੀ-ਹੌਲੀ ਉਹ ਅਮਰੀਕਾ, ਕੈਨੇਡਾ ਤਾਂ ਕੀ ਦੁਨੀਆ ਭਰ ਵਿਚ ਛਾ ਗਈ। ਪਤੀ ਦੇ ਦੋ ਵਿਆਹ, ਰੇਸ਼ਮਾ ਦੇ ਦੋ ਪੁੱਤਰਾਂ, ਇੰਦਰਾ ਗਾਂਧੀ, ਦਲੀਪ ਕੁਮਾਰ, ਰਾਜ ਕਪੂਰ, ਨੂਰ ਜਹਾਂ, ਪਰਵੇਜ਼ ਮੁਸ਼ੱਰਫ਼ ਹਰ ਕਿਸੇ ਦੇ ਹਿੱਸੇ ਦੀ ਰੇਸ਼ਮਾ ਇਸ ਕਿਤਾਬ ਵਿਚ ਹਾਜ਼ਰ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਅੰਮ੍ਰਿਤਸਰ ਦੀ ਵਿਰਾਸਤ
ਲੇਖਕ : ਬਲਬੀਰ ਸਿੰਘ ਕੰਵਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 216
ਸੰਪਰਕ : 99150-48005.

ਸ: ਬਲਬੀਰ ਸਿੰਘ ਕੰਵਲ ਇਕ ਜਗਿਆਸੂ ਅਤੇ ਜ਼ਿੰਮੇਵਾਰ ਲੇਖਕ ਹੈ। ਉਸ ਨੂੰ ਪੰਜਾਬ ਦੀ ਕਲਾ ਅਤੇ ਸੱਭਿਆਚਾਰਕ ਵਿਰਾਸਤ ਵਿਚ ਡੂੰਘੀ ਦਿਲਚਸਪੀ ਰਹੀ ਹੈ। ਬੇਸ਼ਕ ਉਹ ਪਿਛਲੇ ਕਈ ਦਹਾਕਿਆਂ ਤੋਂ ਯੂ.ਕੇ. ਦਾ ਨਿਵਾਸੀ ਬਣ ਚੁੱਕਾ ਹੈ ਪਰ ਉਥੇ ਰਹਿੰਦਿਆਂ ਹੋਇਆਂ ਵੀ ਉਹ ਲਾਇਬਰੇਰੀਆਂ ਅਤੇ ਮਿਊਜ਼ੀਅਮਾਂ ਵਿਚ ਘੁੰਮ-ਫਿਰ ਕੇ ਪੰਜਾਬ ਦੇ ਵਿਰਸੇ ਦੀ ਤਲਾਸ਼ ਵਿਚ ਜੁਟਿਆ ਰਹਿੰਦਾ ਹੈ। ਹਥਲੀ ਪੁਸਤਕ ਵਿਚ ਅੰਮ੍ਰਿਤਸਰ ਦਾ ਨਿਰਮਾਣ, ਗੁਰੂ ਸਾਹਿਬਾਨ ਦੀ ਦਿੱਬ-ਦ੍ਰਿਸ਼ਟੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਵਣਜ ਵਪਾਰ, ਉਦਾਸੀਆਂ ਦੇ ਡੇਰਿਆਂ, ਗਿਆਨੀਆਂ ਦੇ ਬੁੰਗਿਆਂ ਅਤੇ ਬੁਰਜਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿਚ ਅੰਮ੍ਰਿਤਸਰ ਦੇ ਵਿਕਾਸ, ਇਸ ਨਗਰੀ ਦੇ ਪ੍ਰਸਿੱਧ ਲੇਖਕਾਂ, ਕਲਾਕਾਰਾਂ, ਸੰਗੀਤਕਾਰਾਂ, ਬਾਗ਼-ਬਗ਼ੀਚਿਆਂ, ਸਫ਼ਾਖਾਨਿਆਂ ਅਤੇ ਹਸਪਤਾਲਾਂ, ਵਾਜਿਆਂ ਅਤੇ ਤਬਲਿਆਂ, ਪ੍ਰੀਤ ਨਗਰ, ਖਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਅਫ਼ਸਰਾਂ, ਖਿਡਾਰੀਆਂ, ਪਹਿਲਵਾਨਾਂ ਅਤੇ ਪ੍ਰਮੁੱਖ ਸੰਸਥਾਵਾਂ (ਵਿਰਾਸਤੀ ਅਤੇ ਸਮਾਜਸੇਵੀ) ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ।
ਲਗਪਗ ਪੰਜ ਸੌ ਵਰ੍ਹਿਆਂ ਵਿਚ ਫੈਲੇ ਹੋਏ ਇਸ ਸ਼ਹਿਰ ਦੇ ਸਮਾਜਿਕ-ਇਤਿਹਾਸਕ ਅਤੇ ਸੱਭਿਆਚਾਰਕ ਵਿਕਾਸ ਦੇ ਹਰ ਪ੍ਰਮੁੱਖ ਵੇਰਵੇ ਨੂੰ ਲੇਖਕ ਨੇ ਆਪਣੀ ਇਸ ਪੁਸਤਕ ਵਿਚ ਬਿਆਨ ਕੀਤਾ ਹੈ। ਪੁਸਤਕ ਦੀ ਜ਼ਰੂਰਤ ਅਨੁਸਾਰ ਉਸ ਨੇ ਆਪਣੀ ਬਿਰਤਾਂਤ-ਸ਼ੈਲੀ ਨੂੰ ਸੂਤਰਬੱਧ, ਉਤਸੁਕਤਾ ਭਰਪੂਰ ਅਤੇ ਸਟੀਕ ਬਣਾਈ ਰੱਖਿਆ ਹੈ। ਲਿਖਣ ਸਮੇਂ ਉਹ ਪੂਰਨ ਨਿਮਰਤਾ ਅਤੇ ਸ਼ਾਲੀਨਤਾ ਤੋਂ ਕੰਮ ਲੈਂਦਾ ਹੈ। ਇਹ ਪੁਸਤਕ ਪੜ੍ਹ ਕੇ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸ ਵਿਚ ਰਹਿ ਗਏ ਕੁਝ ਖੱਪੇ ਪੂਰੇ ਗਏ ਹਨ। ਇਹ ਪੜ੍ਹਨਯੋਗ ਹੋਣ ਦੇ ਨਾਲ-ਨਾਲ ਇਕ ਲਿਖਣਯੋਗ ਰਚਨਾ ਵੀ ਹੈ। ਮੈਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਇਤਿਹਾਸ, ਸਾਹਿਤਕ ਇਤਿਹਾਸ ਅਤੇ ਸੱਭਿਆਚਾਰਕ ਗੌਰਵ ਦੀ ਨੈਰੇਸ਼ਨ ਵਿਚ ਇਹ ਪੁਸਤਕ ਮਹੱਤਵਪੂਰਨ ਯੋਗਦਾਨ ਪਾਏਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਿੱਖ ਚਿੰਤਨ ਅਨੁਸਾਰ 'ਧਰਮ' ਦਾ ਸੰਕਲਪ
(ਇਕ ਤੁਲਨਾਤਮਿਕ ਅਧਿਐਨ)

ਲੇਖਿਕਾ : ਡਾ: ਗੁਰਵਿੰਦਰ ਕੌਰ
ਪ੍ਰਕਾਸ਼ਕ : ਗਰੇਸੀਅਸ ਬੁੱਕਸ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 218
ਸੰਪਰਕ : 98145-38288.

ਇਹ ਪੁਸਤਕ ਇਕ ਉਪਾਧੀ ਸਾਪੇਖ ਕਾਰਜ ਹੈ। ਸਿੱਖ ਧਰਮ ਦਾ ਹੋਰਨਾਂ ਧਰਮਾਂ ਨਾਲ ਤੁਲਨਾਤਮਿਕ ਅਧਿਐਨ ਇਕ ਵਿਵਸਥਤ ਯੋਜਨਾ ਦੁਆਰਾ ਵੱਖ-ਵੱਖ ਧਰਮਾਂ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਉਜਾਗਰ ਕਰਨਾ ਇਕ ਸਿਰੜ ਅਤੇ ਅਣਥੱਕ ਮਿਹਨਤ ਦੀ ਮੰਗ ਕਰਦਾ ਹੈ। ਅਜਿਹਾ ਸਿਰੜ ਇਸ ਪੁਸਤਕ ਦੀ ਲੇਖਿਕਾ ਨੇ ਨਿਭਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਉਸ ਦਾ ਵਿਸ਼ਾ ਸਿੱਖ ਚਿੰਤਨ ਅਨੁਸਾਰ 'ਧਰਮ' ਦੇ ਸੰਕਲਪ ਨੂੰ ਵਿਭਿੰਨ ਪੂਰਬੀ ਅਤੇ ਪੱਛਮੀ ਧਰਮਾਂ ਨਾਲ ਭਾਵ ਭਾਰਤੀ ਅਤੇ ਸਾਮੀ ਧਰਮਾਂ ਨਾਲ ਤੁਲਨਾਤਮਿਕ ਅਧਿਐਨ ਦੁਆਰਾ ਵਿਲੱਖਣ ਉਜਾਗਰ ਕਰਨ ਵਿਚ ਨਿਹਿਤ ਹੈ। ਇਸ ਮਨੋਰਥ ਲਈ ਲੇਖਿਕਾ ਨੇ ਆਪਣੀ ਪੁਸਤਕ ਨੂੰ ਛੇ ਕਾਂਡਾਂ ਵਿਚ ਵੰਡਿਆ ਹੈ। ਇਹ ਕਾਂਡ ਕ੍ਰਮਵਾਰ ਧਰਮ ਦਾ ਸਰੂਪ; ਪੂਰਵ ਸਿੱਖ ਚਿੰਤਨ ਵਿਚ ਧਰਮ ਸ਼ਬਦ ਦੀ ਅਰਥ-ਪਰੰਪਰਾ; ਸਿੱਖ ਧਰਮ ਦੇ ਸੰਦਰਭ ਵਿਚ ਧਰਮ ਸ਼ਬਦ ਦੇ ਅਰਥਾਂ ਦੀ ਵਿਚਾਰ; ਸਿੱਖ ਚਿੰਤਨ ਦੇ ਸੰਦਰਭ ਵਿਚ ਧਰਮ ਦਾ ਅਮਲੀ ਜਾਂ ਮਾਰਗ ਪੱਖ; ਸਿੱਖ ਚਿੰਤਨ ਦੇ ਸੰਦਰਭ ਵਿਚ ਧਰਮ ਤੇ ਸਦਾਚਾਰ ਦਾ ਸਬੰਧ; ਅਤੇ ਇਸੇ ਚਿੰਤਨ ਦੇ ਸੰਦਰਭ ਵਿਚ ਧਰਮ ਦਾ ਸਿਧਾਂਤਕ ਪੱਖ। ਇਸ ਖੋਜ ਲਈ ਲੇਖਿਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰਮੁੱਖ ਤੌਰ 'ਤੇ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਹੈ। ਹੋਰਨਾਂ ਸ੍ਰੋਤਾਂ ਵਿਚ ਸ੍ਰੀ ਦਸਮ ਗ੍ਰੰਥ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਸੰਤੋਖ ਸਿੰਘ ਤੇ ਭਾਈ ਕਾਨ੍ਹ ਸਿੰਘ ਨਾਭਾ ਆਦਿ ਅਨੇਕਾਂ ਸ੍ਰੋਤਾਂ ਦਾ ਪ੍ਰਯੋਗ ਕੀਤਾ ਹੈ। ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਅਕਾਲ-ਪੁਰਖ ਸੁੰਨ ਅਵਸਥਾ ਵਿਚ ਸੀ। ਉਸ ਅਕਾਲ ਪੁਰਖ ਨੇ ਜਦੋਂ ਚਾਹਿਆ ਸ੍ਰਿਸ਼ਟੀ ਦਾ ਪਾਸਾਰਾ ਕਰ ਦਿੱਤਾ। ਸ੍ਰਿਸ਼ਟੀ ਦਾ ਪਾਸਾਰ ਉਸ ਦੇ ਹੁਕਮ ਨਾਲ ਹੀ ਹੋਇਆ ਹੈ। ਇਹ ਸ੍ਰਿਸ਼ਟੀ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ਇਸੇ ਲਈ ਸ੍ਰਿਸ਼ਟੀ ਵੀ ਸਤਿ ਹੈ ਪਰ ਇਹ ਸੱਭਿਅਤ ਪਰਮਾਰਥਕ ਸਤਿ ਦੀ ਥਾਂ ਵਿਉਹਾਰਕ ਸਤਿ ਹੈ। ਬਾਣੀ ਇਹਂਲੋਕ ਨੂੰ ਪਰਲੋਕ ਨਾਲ ਜੋੜਦੀ ਹੈ। ਸਿੱਖ ਧਰਮ ਦਾ ਸੰਕਲਪ ਸਾਰੀ ਮਨੁੱਖਤਾ ਨੂੰ ਜੋੜਦਾ ਹੈ। ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛੱਕਣਾ ਇਸ ਧਰਮ ਦਾ ਮੂਲ ਆਧਾਰ ਹੈ। ਸੱਚੇ ਮਾਰਗ ਚਲਦਿਆਂ ਉਸ ਮਾਲਕ ਨਾਲ ਇਕਮਿਤਤਾ ਹਾਸਲ ਕਰਨੀ ਮਾਨਵ ਦਾ ਪ੍ਰਮੁੱਖ ਉਦੇਸ਼ ਹੈ। ਲੇਖਿਕਾ ਨੇ ਭਾਰਤੀ, ਸਾਮੀ ਅਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਹਵਾਲਿਆਂ ਦੀ ਭਰਮਾਰ ਨਾਲ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ, ਜੋ ਉਸ ਦੀ ਮਿਹਨਤ ਦਾ ਪਰਿਣਾਮ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਪਹਾੜਾਂ ਤੋਂ ਪਾਰ
ਲੇਖਕ : ਕਮਲਜੀਤ ਥਾਬਲਕੇ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ
ਮੁੱਲ : 100 ਰੁਪਏ, ਸਫ਼ੇ : 115
ਸੰਪਰਕ : 97803-76320.

ਮਨੁੱਖ ਦੀ ਹਮੇਸ਼ਾ ਹੀ ਇੱਛਾ ਹੁੰਦੀ ਹੈ ਕਿ ਉਹ ਅਣਦੇਖੀਆਂ ਰਾਹਵਾਂ-ਥਾਵਾਂ ਨੂੰ ਦੇਖੇ ਅਤੇ ਕੁਦਰਤ ਪ੍ਰਤੀ ਆਪਣੀ ਸੁਹਜ ਭੁੱਖ ਦੀ ਤ੍ਰਿਪਤੀ ਕਰਦਾ ਰਹੇ। ਭਾਵੇਂ ਸਾਰੇ ਮਨੁੱਖਾਂ ਦੀ ਮਨੋਬਿਰਤੀ ਅਜਿਹੀ ਨਹੀਂ ਹੁੰਦੀ ਪਰ ਕੁਦਰਤ ਦੀ ਸੁੰਦਰਤਾ ਮਾਣਨ ਅਤੇ ਘੁਮੱਕੜ ਬਿਰਤੀ ਵਾਲੇ ਜਨੂੰਨੀ ਵਿਅਕਤੀ ਰਸਤੇ ਦੀਆਂ ਮੁਸ਼ਕਿਲਾਂ ਦੀ ਪਰਵਾਹ ਨਾ ਕਰਦੇ ਹੋਏ ਵੀ ਅਣਜਾਣੀਆਂ ਥਾਵਾਂ ਦੀ ਖ਼ੂਬਸੂਰਤੀ ਨਾਲ ਆਪਣੀ ਸਾਂਝ ਪਾ ਹੀ ਲੈਂਦੇ ਹਨ। ਕਮਲਜੀਤ ਥਾਬਲਕੇ ਵੀ ਕੁਝ ਅਜਿਹੀ ਬਿਰਤੀ ਦਾ ਹੀ ਮਾਲਕ ਹੈ ਜੋ ਰਾਹਵਾਂ ਦੀਆਂ ਮੁਸ਼ਕਿਲਾਂ ਅਤੇ ਤੰਗੀਆਂ ਦੀ ਪਰਵਾਹ ਨਾ ਕਰਦਾ ਹੋਇਆ ਵੀ ਅਣਦੱਸੀਆਂ ਥਾਵਾਂ ਦੀ ਖੂਬਸੂਰਤੀ ਮਾਣਨ ਲਈ ਤਤਪਰ ਰਹਿੰਦਾ ਹੈ। ਉਸ ਦੇ ਕੁਝ ਅਜਿਹੇ ਹੀ ਯਾਤਰਾ ਅਨੁਭਵਾਂ ਨੂੰ ਪੇਸ਼ ਕਰਦੀ ਉਸ ਦੀ ਪੁਸਤਕ 'ਪਹਾੜਾਂ ਤੋਂ ਪਾਰ' ਪਾਠਕਾਂ ਦੇ ਰੂ-ਬਰੂ ਹੋਈ ਹੈ। ਕਮਲਜੀਤ ਥਾਬਲਕੇ ਨੇ ਆਪਣੀ ਇਸ ਪੁਸਤਕ ਵਿਚ ਆਪਣੀਆਂ 10 ਯਾਤਰਾਵਾਂ ਦੇ ਯਾਤਰਾ ਅਨੁਭਵ ਦਰਜ ਕੀਤੇ ਹਨ। ਭਾਵੇਂ ਕਿ ਕਈ ਪਾਠਕਾਂ ਨੇ ਇਨ੍ਹਾਂ ਯਾਤਰਾਵਾਂ ਦਾ ਆਨੰਦ ਮਾਣਿਆ ਵੀ ਹੋਵੇ ਪਰ ਯਾਤਰਾ ਦਾ ਬਿਆਨ ਅਤੇ ਉਨ੍ਹਾਂ ਥਾਵਾਂ ਦੇ ਵੇਰਵੇ, ਜਿਨ੍ਹਾਂ ਦਾ ਆਨੰਦ ਸਧਾਰਨ ਯਾਤਰੂ ਪ੍ਰਾਪਤ ਨਹੀਂ ਕਰ ਸਕਦਾ। ਉਨ੍ਹਾਂ ਬਾਰੇ ਲੇਖਕ ਏਨੀ ਦਿਲਚਸਪੀ ਨਾਲ ਆਪਣਾ ਅਨੁਭਵ ਪੇਸ਼ ਕਰਦਾ ਹੈ ਕਿ ਪਾਠਕ ਨੇ ਜੇਕਰ ਇਹ ਥਾਂ ਦੇਖੀ ਵੀ ਹੋਵੇ ਇਕ ਵਾਰ ਫਿਰ ਉਸ ਨੂੰ ਦੇਖਣ ਲਈ ਉਸ ਦਾ ਮਨ ਕਾਹਲਾ ਪੈਣ ਲੱਗਦਾ ਹੈ, ਇਹੀ ਲੇਖਕ ਦੀ ਪ੍ਰਾਪਤੀ ਹੈ। 'ਸ੍ਰੀ ਖੰਡ ਮਹਾਂਦੇਵ', 'ਤ੍ਰਿਊਂਡ', 'ਹਰ ਕੀ ਦੂਨ' ਆਮ ਪਾਠਕਾਂ ਲਈ ਨਵੀਂ ਜਾਣਕਾਰੀ ਵਾਲੀਆਂ ਥਾਵਾਂ ਹਨ। ਭਾਵੇਂ ਲੇਖਕ ਆਪਣੀ ਯਾਤਰਾ ਦੌਰਾਨ ਪ੍ਰਾਪਤ ਹੋਏ ਖ਼ਤਰਿਆਂ ਅਤੇ ਮੌਸਮੀ ਹਾਲਤਾਂ ਦੇ ਨਾਲ-ਨਾਲ ਭੂਗੋਲਿਕ ਸਥਿਤੀ ਦੀਆਂ ਮੁਸ਼ਕਿਲਾਂ ਦੀ ਗੱਲ ਵੀ ਕਰਦਾ ਹੈ ਪਰ ਜਦੋਂ ਉਹ ਕਿਸੇ ਥਾਂ ਦੀ ਖ਼ੂਬਸੂਰਤੀ ਦਾ ਵਰਣਨ ਕਰਦਾ ਹੈ ਤਾਂ ਪਾਠਕ ਦੇ ਦਿਲ ਵਿਚ ਉਸ ਸਥਾਨ ਦਾ ਦ੍ਰਿਸ਼ ਬਣਾ ਕੇ ਉਸ ਨੂੰ ਉਹ ਥਾਂ ਦੇਖਣ ਲਈ ਮਜਬੂਰ ਵੀ ਕਰਦਾ ਹੈ। ਲੇਖਕ ਕੋਲ ਆਪਣਾ ਅਨੁਭਵ ਪੇਸ਼ ਕਰਨ ਲਈ ਦਿਲਚਸਪ ਅਤੇ ਰੌਚਿਕ ਸ਼ੈਲੀ ਹੈ। ਤਕਰੀਬਨ ਹਰੇਕ ਯਾਤਰਾ ਨੂੰ ਉਹ ਜਲੰਧਰ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਤੋਂ ਸ਼ੁਰੂ ਕਰਕੇ ਵੇਰਵੇ ਤੇ ਵੇਰਵਾ ਦਰਜ ਕਰਦਾ ਜਾਂਦਾ ਹੈ ਅਤੇ ਪਾਠਕਾਂ ਨੂੰ ਆਪਣੀ ਯਾਤਰਾ ਦੇ ਨਾਲ ਹੀ ਤੋਰ ਲੈਂਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਪੰਜਾਬੀ ਗ਼ਜ਼ਲ ਗਲੋਬਲੀ ਸਮੀਖਿਆ
ਲੇਖਕ : ਸੁਲੱਖਣ ਸਰਹੱਦੀ
ਸੰਪਾਦਕ : ਗਿੱਲ ਮੋਰਾਂਵਾਲੀ (ਕੈਨੇਡਾ)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 400
ਸੰਪਰਕ : 94174-84337.

ਹਥਲੀ ਪੁਸਤਕ ਪੰਜਾਬੀ ਗ਼ਜ਼ਲ ਦੇ ਇਤਿਹਾਸ, ਸਿਧਾਂਤ ਅਤੇ ਅਜੋਕੇ ਕਾਲ-ਖੰਡ 'ਚ ਇਸ ਕਾਵਿ-ਰੂਪ ਦੇ ਵਿਹਾਰਕ ਪੱਖ ਦਾ ਦਰਪਣ ਹੈ। ਕਿਉਂ ਜੋ ਸਰਹੱਦੀ ਖ਼ੁਦ ਪੰਜਾਬੀ ਗ਼ਜ਼ਲ ਸਕੂਲ ਦੇ ਪ੍ਰਬੀਨ ਮਾਹਿਰਾਂ ਵਿਚੋਂ ਇਕ ਹੈ ਅਤੇ ਪਿਛਲੇ ਪੰਜ ਦਹਾਕਿਆਂ ਤੋਂ ਇਸ ਸਿਨਫ਼ ਪ੍ਰਤੀ ਪਹਿਰੇਦਾਰੀ ਨਿਭਾਉਂਦਾ ਆ ਰਿਹਾ ਹੈ, ਸੰਭਵ ਬਣਦਾ ਹੈ ਕਿ ਉਹ ਪ੍ਰੌੜ੍ਹ ਉਮਰ ਵਿਚ ਇਸ ਰਚਨਾ ਜ਼ਰੀਏ ਨਵੇਂ ਸੰਦਰਭਾਂ ਨੂੰ ਫ਼ਰੋਲਦਾ। ਉਸ ਨੇ ਇਹ ਸੱਚ ਵੀ ਕਰ ਵਿਖਾਇਆ ਹੈ ਅਤੇ ਡਾ: ਜਗਤਾਰ ਦੇ ਇਕ ਸ਼ਿਅਰ ਵਿਚਲੇ ਪੈਗ਼ਾਮ 'ਤੇ ਪੂਰਾ ਉਤਰਿਆ ਹੈ ਕਿ 'ਸਮਾਂ ਪਾ ਕੇ ਜੋ ਮਰ ਜਾਏਗੀ ਉਸ ਸ਼ਾਇਰੀ ਦਾ ਕੀ ਫਾਇਦਾ? ਜੋ ਸਦੀਆਂ ਤੱਕ ਰਹੇ ਜ਼ਿੰਦਾ ਕੋਈ ਐਸੀ ਕਿਤਾਬ ਲਿਖ।' ਗਿੱਲ ਮੋਰਾਂਵਾਲੀ ਨੇ ਸਰਹੱਦੀ ਦੇ ਉਹ ਖੋਜ ਪੂਰਵ ਨਿਬੰਧ ਅਤੇ ਉਨ੍ਹਾਂ ਗ਼ਜ਼ਲਗੋਆਂ ਬਾਬਤ ਸਰਹੱਦੀ ਦੁਆਰਾ ਸਮੀਖਿਆ ਨੂੰ ਪੇਸ਼ ਕੀਤਾ ਹੈ, ਜੋ ਸਰਹੱਦੀ ਦੀਆਂ ਪਹਿਲਾਂ ਲਿਖੀਆਂ ਪੁਸਤਕਾਂ ਵਿਚ ਘੱਟ ਹੀ ਉਪਲੱਬਧ ਹਨ। ਪੁਸਤਕ ਦੇ ਮੁਢਲੇ ਅਧਿਆਇ 'ਪੰਜਾਬੀ ਗ਼ਜ਼ਲ ਅਜੋਕੀ ਸਥਿਤੀ ਅਤੇ ਸਰੋਕਾਰ', 'ਪੰਜਾਬੀ ਗ਼ਜ਼ਲਂਰੂਪ ਵਿਧਾ ਅਤੇ ਅਰੂਜ਼', 'ਪੰਜਾਬੀ ਗ਼ਜ਼ਲ ਦਾ ਮੂਲ ਭਾਰਤੀ ਸ਼ਲੋਕ ਪਰੰਪਰਾ ਹੈ' ਅਤੇ 'ਵਿਅਕਤੀਗਤ ਰੁਦਨ ਆਧੁਨਿਕ ਸੰਵੇਦਨਾ ਨਹੀਂ ਹੋ ਸਕਦਾ' ਮੂਲ ਰੂਪ 'ਚ ਸਰਹੱਦੀ ਦੀ ਮੌਲਿਕ ਖੋਜ-ਪੱਧਤੀ ਦੇ ਪ੍ਰਤਿਮਾਨ ਸਥਾਪਿਤ ਕਰਦੇ ਹਨ। ਇਸ ਤੋਂ ਅੱਗੇ ਚੋਣਵੇਂ ਕਈ ਦਰਜਨਾਂ ਗ਼ਜ਼ਲਗੋਆਂ ਦੀ ਗ਼ਜ਼ਲ-ਸੰਰਚਨਾ ਅਤੇ ਉਨ੍ਹਾਂ ਦੁਆਰਾ ਨਿਭਾਏ ਗਏ ਵਿਭਿੰਨ ਵਿਸ਼ਿਆਂ ਨੂੰ ਪ੍ਰਤੀ ਲੇਖਕ ਵੱਖਰਾ ਵਿਸ਼ੇਸ਼ਣ ਦੇ ਕੇ, ਉਸ ਦਾ ਮੁਲਾਂਕਣ ਪੇਸ਼ ਕੀਤਾ ਗਿਆ ਉਪਲੱਬਧ ਹੈ। ਡਾ: ਜਗਤਾਰ, ਸਿਰੀ ਰਾਮ ਅਰਸ਼, ਨਦੀਮ ਪਰਮਾਰ, ਜਨਕ ਰਾਜ ਜਨਕ, ਹਰਭਜਨ ਹੁੰਦਲ, ਜਸਵੰਤ ਹਾਂਸ, ਮੱਖਣ ਕੁਹਾੜ, ਭਜਨ ਵਿਰਕ, ਸੁਖਦੇਵ ਗਰੇਵਾਲ, ਜਸਵੰਤ ਕੈਲਵੀ, ਅਮਰਜੀਤ ਸੰਧੂ, ਗੁਰਦਰਸ਼ਨ ਬਾਦਲ ਆਦਿ ਅਨੇਕਾਂ ਨਾਂਅ ਹਨ, ਜਿਨ੍ਹਾਂ ਦੀਆਂ ਗ਼ਜ਼ਲਾਂ ਦਾ ਨਿਕਟ-ਅੰਗ ਵਿਸ਼ਲੇਸ਼ਣ ਪੁਸਤਕ ਵਿਚ ਅੰਕਿਤ ਹੈ। ਪੁਸਤਕ ਦੀ ਵੱਡੀ ਪ੍ਰਾਪਤੀ ਉਨ੍ਹਾਂ ਤੱਥਾਂ ਨੂੰ ਸਾਹਮਣੇ ਲਿਆਉਣ ਵਿਚ ਜਾਪੀ ਹੈ, ਜਿਨ੍ਹਾਂ ਨੇ ਉਰਦੂ-ਫਾਰਸੀ ਤੋਂ, ਪੰਜਾਬੀ ਗ਼ਜ਼ਲ ਨੂੰ ਹਰ ਪੱਖੋਂ ਸੁਤੰਤਰ ਅਤੇ ਸਮਰੱਥਾ ਪੂਰਵ ਦਰਸਾਇਆ ਹੈ। ਨਿਸਚੈ, ਇਹ ਪੁਸਤਕ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਪਛਾਣ ਦੀ ਸਥਾਪਤੀ ਕਰਦੀ ਪ੍ਰਤੀਤ ਹੋਈ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਹਾਉਕਾ ਹੰਝੂ ਤੇ ਮੁਸਕਾਨ
ਲੇਖਕ : ਪ੍ਰੀਤ ਨੀਤਪੁਰੀ
ਪ੍ਰਕਾਸ਼ਕ : ਸ਼ਿਲਪੀ ਪ੍ਰਕਾਸ਼ਨ, ਕਪੂਰਥਲਾ
ਮੁੱਲ :120, ਸਫ਼ੇ : 96
ਸੰਪਰਕ : 9878805238.

ਹਥਲਾ ਕਹਾਣੀ-ਸੰਗ੍ਰਹਿ ਪ੍ਰੀਤ ਨੀਤਪੁਰੀ ਦੀ ਤੀਜੀ ਪੁਸਤਕ ਹੈ ਜਿਸ ਵਿਚ ਉਸ ਨੇ 56 ਕਹਾਣੀਆਂ ਦੀ ਰਚਨਾ ਕੀਤੀ ਹੈ। ਸਾਰੀਆਂ ਕਹਾਣੀਆਂ ਵਿਚ ਹੀ ਉਸ ਨੇ ਆਪਣੇ ਅਨੁਭਵਾਂ ਨੂੰ ਬਿਆਨ ਕੀਤਾ ਹੈ, ਅਣਜੋੜ ਰਿਸ਼ਤਿਆਂ ਦੀਆਂ ਕਹਾਣੀਆਂ ਦੀ ਪੇਸ਼ਕਾਰੀ ਕਰਦਾ ਉਹ ਕਹਾਣੀ ਦੇ ਧੁਰ ਤੱਕ ਉੱਤਰ ਜਾਂਦਾ ਹੈ ਤੇ ਸਮਾਜ ਵਿਚਲੀ ਆਰਥਿਕਤਾ ਦੀ ਗੱਲ ਕਰਦਾ ਹੈ। ਸਮੁੱਚੀਆਂ ਕਹਾਣੀਆਂ ਜਿਵੇਂ 'ਗਰੀਬਾਂ ਦਾ ਗਹਿਣਾ', 'ਕਾਣੀ ਵੰਡ', 'ਰੰਬੇ ਵਾਲਾ ਭਾਈਆ', 'ਸੱਸ ਬਨਾਮ ਮਾਂ', 'ਏਹੋ ਹਮਾਰਾ ਜੀਵਣਾ', 'ਇਕ ਸੱਚ ਇਹ ਵੀ...!', 'ਢੀਠ', 'ਮਾਂ ਅਪਵਿੱਤਰ ਨਹੀਂ ਹੁੰਦੀ', 'ਕਹਾਣੀ ਦੀ ਮੌਤ', 'ਸੁੱਤੇ ਹੋਏ ਲੋਕ', 'ਹਉਕਾ ਹੰਝੂ ਤੇ ਮੁਸਕਾਨ', 'ਅਸੀਂ ਮੰਗਤੇ ਨਹੀਂ', 'ਧੀਆਂ' ਆਦਿ ਸਾਰੀਆਂ ਕਹਾਣੀਆਂ ਵਿੱਚ ਹੀ ਵਧੀਆ ਸਮਾਜ ਸਿਰਜਣ ਦਾ ਹੀਆ ਕੀਤਾ ਹੈ।
ਪ੍ਰੀਤ ਨੀਤਪੁਰੀ ਨੇ ਆਪਣੀਆਂ ਕਹਾਣੀਆਂ ਵਿਚ ਅਮੀਰ-ਗਰੀਬ ਦਾ ਪਾੜਾ, ਰੁਜ਼ਗਾਰ ਬਾਰੇ, ਮਰਦ ਬਿਨਾਂ ਔਰਤ ਦੀ ਜ਼ਿੰਦਗੀ, ਹੱਕ ਖੋਹਣ ਬਾਰੇ ਲਾਲਚ ਦੇ ਰਿਸ਼ਤੇ ਤੇ ਨਹਿਲੇ ਤੇ ਦਹਿਲਾ ਪੇਸ਼ ਕੀਤਾ ਹੈ। ਮਾਂ ਦਾ ਪਿਆਰ ਕਿੰਨਾ ਵਧੀਆ ਹੁੰਦਾ ਹੈ ਅਤੇ ਗਰੀਬੀ ਬਾਰੇ ਦੱਸਿਆ ਗਿਆ ਹੈ। 'ਅਸੀਂ ਮੰਗਤੇ ਨਹੀਂ' ਕਹਾਣੀ ਵਿਚ ਅਣਖ ਦੀ ਜ਼ਿੰਦਗੀ ਜਿਊਣ ਬਾਰੇ ਦੱਸਿਆ ਗਿਆ ਹੈ। 'ਹਉਕਾ ਹੰਝੂ ਤੇ ਮੁਸਕਾਨ' ਕਹਾਣੀ ਵਿਚ ਉਸ ਨੇ ਆਪਣੀ ਸੰਵੇਦਨਸ਼ੀਲ ਸੋਚ ਰਾਹੀਂ ਸਮੁੱਚੀ ਮਾਨਵਤਾ ਦੀ ਪੀੜ ਨੂੰ ਦਿਲੋਂ ਮਹਿਸੂਸ ਕੀਤਾ ਹੈ।
ਇਸ ਤਰ੍ਹਾਂ ਇਸ ਕਹਾਣੀ ਵਿਚ ਕਹਾਣੀਕਾਰ ਨੇ ਬੰਦੇ ਦੀ ਧੁਰ ਅੰਦਰਲੀ ਆਵਾਜ਼ ਨੂੰ ਉਭਾਰਿਆ ਹੈ। ਸਮੁੱਚੇ ਰੂਪ ਵਿਚ ਨੀਤਪੁਰੀ ਦੀਆਂ ਕਹਾਣੀਆਂ ਦੀ ਸ਼ੈਲੀ ਸ਼ਬਦ ਭੰਡਾਰ ਅਤੇ ਪੰਜਾਬੀ ਦੇ ਠੇਸ ਸ਼ਬਦ ਵਰਤਣਾ ਸਲਾਹੁਣਯੋਗ ਹੈ। ਉਹ ਸਮਾਜ ਦੀ ਕਾਣੀ ਵੰਡ ਨੂੰ ਮਹਿਸੂਸ ਕਰਦਾ ਹੋਇਆ ਨਿਆਂ ਦੀ ਗੱਲ ਕਰਦਾ ਆਪਣੀਆਂ ਕਹਾਣੀਆਂ ਰਾਹੀਂ ਲੋਕਾਂ ਨੂੰ ਸਿੱਧੇ ਰਾਹ ਚੱਲਣ ਲਈ ਆਖਦਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ : 098553-95161
ਫ ਫ ਫ

15/07/2017

 ਜਦੀਦ ਕਥਨਾਵਲੀ
ਖਿਆਲ ਆਪੋ-ਆਪਣਾ
ਲੇਖਕ : ਬਲਬੀਰ ਸਿੰਘ ਸਾਹਨੇਵਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 99150-35575.


ਬਲਬੀਰ ਸਿੰਘ ਸਾਹਨੇਵਾਲ ਜ਼ਿੰਦਗੀ ਦਾ ਤਜਰਬਾ ਰੱਖਣ ਵਾਲਾ ਸਾਹਿਤਕਾਰ ਹੈ। ਹਥਲੀ ਪੁਸਤਕ ਵੱਖ-ਵੱਖ ਖੇਤਰਾਂ ਵਿਚ ਪ੍ਰਸਿੱਧੀਆਂ ਪ੍ਰਾਪਤ ਕਰਨ ਵਾਲੇ ਸਫਲ ਅਤੇ ਮਹਾਂਮਾਨਵਾਂ ਦੇ ਕੀਮਤੀ ਵਚਨ ਹਨ, ਜਿਨ੍ਹਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ।
ਵੱਖ-ਵੱਖ ਮਹਾਂਮਾਨਵਾਂ ਦੇ ਅਮਰ ਕਥਨ ਜੋ ਸਚਾਈਆਂ ਨੂੰ ਪੇਸ਼ ਕਰਦੇ ਹਨ, ਉਨ੍ਹਾਂ ਦੀ ਸਾਹਿਤ ਅਤੇ ਸਿੱਖਿਆ ਖੇਤਰ ਵਿਚ ਵੱਡੀ ਕੀਮਤ ਹੈ। ਕਿਸੇ ਸਬਜੈਕਟ ਨੂੰ ਘੱਟ ਤੋਂ ਘੱਟ ਸ਼ਬਦਾਂ ਵਿਚ ਪੇਸ਼ ਕਰਨ ਦੀ ਇਹ ਵਿਧੀ ਪੈਗੰਬਰੀ ਹੈ। ਪਹਿਲਾਂ ਇਹ ਸਚਾਈਆਂ ਕੇਵਲ ਕਵਿਤਾਵਾਂ ਵਿਚ ਹੀ ਪੇਸ਼ ਕੀਤੀਆਂ ਜਾਂਦੀਆਂ ਸਨ, ਬਹੁਤ ਸਾਰੇ ਪੰਜਾਬੀ ਲੋਕ ਗੀਤ ਇਨ੍ਹਾਂ ਸਚਾਈਆਂ ਕਰਕੇ ਹੀ ਲੰਮੀ ਉਮਰ ਵਿਚ ਜੀਂਦੇ ਥੀਂਦੇ ਆ ਰਹੇ ਹਨ। ਮਿਸਾਲ ਲਈ :
-ਗੈਰਾਂ ਦਿਆਂ ਵੱਟਿਆਂ ਦੀ ਪੀੜ ਰਤਾ ਨਾ ਹੋਵੇ
ਮਿੱਤਰਾਂ ਦਾ ਫੁੱਲ ਵੱਜ ਜੇ ਤਾਂ ਰੂਹ ਅੰਬਰਾਂ ਤੱਕ ਰੋਵੇ
-ਮਨ ਜੀਤੇ ਜਗ ਜੀਤ
-ਮੜੀਆਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।
ਇਹ ਅਮਰ ਕਾਵਿ ਸਚਾਈਆਂ ਹਜ਼ਾਰਾਂ ਦੀ ਗਿਣਤੀ ਵਿਚ ਹਨ। ਪਿੱਛੋਂ ਆ ਕੇ ਸਚਾਈਆਂ ਵਾਰਤਕ ਵਿਚ ਵੀ ਪੇਸ਼ ਹੋਣ ਲੱਗੀਆਂ। ਹਥਲੀ ਪੁਸਤਕ 'ਜਦੀਦ ਕਥਨਾਵਲੀ' ਵੀ ਇਸੇ ਧਾਰਾ ਦੀ ਇਕ ਨਿਵੇਕਲੀ ਲਹਿਰ ਹੈ। ਇਸ ਪੁਸਤਕ ਵਿਚ ਲੇਖਕ ਬਲਬੀਰ ਸਿੰਘ ਸਾਹਨੇਵਾਲ ਨੇ ਇਕ ਹਜ਼ਾਰ ਕਥਨਾਂ ਦਾ ਸੰਕਲਨ ਪੇਸ਼ ਕੀਤਾ ਹੈ। ਪਰ ਇਸ ਵਿਚ ਇਕ ਗੱਲ ਰੜਕਦੀ ਹੈ ਕਿ ਪੁਸਤਕ ਦਾ ਆਕਾਰ ਪੂਰਾ ਕਰਨ ਹਿਤ ਬਹੁਤ ਸਾਰੇ ਮਹਾਂਮਾਨਵਾਂ ਦੇ ਕਥਨ ਵਧੇਰੇ ਗਿਣਤੀ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। 100 ਤੋਂ ਵਧੇਰੇ ਅਜਿਹੇ ਕਥਨ ਹਨ ਜੋ 'ਅਗਿਆਤ' ਲੇਖਕਾਂ ਦੇ ਹਨ। ਸ਼ੈਕਸਪੀਅਰ, ਗੋਰਕੀ, ਡੀ. ਕਾਵੂਰ, ਬਰੂਕ, ਬੁੱਧ, ਅਰਸਤੂ, ਲਿੰਕਨ, ਟਾਲਸਟਾਏ, ਵਿਨੋਭਾ ਭਾਵੇ ਆਦਿ ਮਹਾਂਮਾਨਵਾਂ ਦੇ ਨਾਲ ਬਾਕੀ ਲੇਖਕਾਂ ਦੇ ਕਥਨ ਹੋਈ ਅਵਸਥਾ ਪੇਸ਼ ਕਰਦੇ ਹਨ। ਕੁਝ ਕਥਨ ਖ਼ੁਦ ਲੇਖਕ ਦੇ ਹਨ। ਉਂਜ ਪੁਸਤਕ ਕੀਮਤੀ ਤੇ ਸਾਂਭਣਯੋਗ ਹੈ।

-ਸੁਲੱਖਣ ਸਰਹੱਦੀ
ਮੋ: 94174-84337
.


ਸ਼ਹੀਦ ਕਰਤਾਰ ਸਿੰਘ ਸਰਾਭਾ
ਤੂਫ਼ਾਨਾਂ ਦਾ ਸ਼ਾਹ ਅਸਵਾਰ
ਲੇਖਕ : ਅਜਮੇਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ : 352
ਸੰਪਰਕ : 99150-48005.

ਸ: ਅਜਮੇਰ ਸਿੰਘ ਉੱਤਰਾਧੁਨਿਕ ਦੌਰ ਦਾ ਚਿੰਤਕ ਹੈ। ਉਹ ਸਿੱਖ ਇਤਿਹਾਸ ਦੇ ਕੁਝ ਪ੍ਰਮੁੱਖ ਬਿਰਤਾਂਤਾਂ ਦਾ ਲੇਖਣ/ਪੁਨਰਲੇਖਣ ਕਰ ਰਿਹਾ ਹੈ। ਉਸ ਦੀ ਵਿਚਾਰਧਾਰਾ ਉੱਪਰ ਗੁਰਬਾਣੀ ਅਤੇ ਗੁਰਇਤਿਹਾਸ ਦੇ ਨਾਲ-ਨਾਲ ਮਾਰਕਸ, ਹੇਗਲ, ਮਿਸ਼ੇਲ ਫੂਕੋ ਅਤੇ ਗਰਾਮਸ਼ੀ ਦਾ ਪ੍ਰਭਾਵ ਵੀ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ।
ਇਹ ਪੁਸਤਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ ਨੂੰ ਇਕ ਸੱਜਰੇ ਅਤੇ ਨਵੇਂ ਪਰਿਪੇਖ ਵਿਚ ਰੱਖ ਕੇ ਬਿਆਨ ਕਰਦੀ ਹੈ। ਇਹੀ ਕਾਰਨ ਹੈ ਕਿ ਇਹ ਸ: ਸਰਾਭਾ ਦੇ ਜੀਵਨ ਬਾਰੇ ਲਿਖੀਆਂ ਹੋਰ ਪੁਸਤਕਾਂ ਨਾਲੋਂ ਨਿਆਰੀ ਅਤੇ ਸਿਰਕੱਢਵੀਂ ਹੈ। ਇਸ ਪੁਸਤਕ ਦੀ ਰਚਨਾ ਕਰਨ ਸਮੇਂ ਲੇਖਕ ਨੇ 100 ਨਾਲੋਂ ਵੀ ਵੱਧ ਪੰਜਾਬੀ ਅਤੇ ਅੰਗਰੇਜ਼ੀ ਪੁਸਤਕਾਂ ਦਾ ਅਧਿਐਨ ਕੀਤਾ ਹੈ। ਉਸ ਨੇ ਆਪਣੇ ਵੱਲੋਂ ਕਿਸੇ ਲੇਖਕ ਦਾ ਜਿਹੜਾ ਵੀ ਹਵਾਲਾ ਦਿੱਤਾ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਕਰ ਲਿਆ ਹੈ। ਹਵਾਲਾ ਦੇਣ ਦੇ ਚਾਅ/ਜੋਸ਼ ਵਿਚ ਕੋਈ ਹਵਾਲਾ ਨਹੀਂ ਦਿੱਤਾ ਗਿਆ। ਇਸ ਵਿਧੀ ਕਾਰਨ ਇਸ ਪੁਸਤਕ ਵਿਚਲਾ ਹਰ ਵੇਰਵਾ ਅਤੇ ਟਿੱਪਣੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਸਿੱਧ ਹੁੰਦੀ ਹੈ। ਆਪਣੀਆਂ ਕੁਝ ਪਹਿਲੀਆਂ ਪੁਸਤਕਾਂ ਵਿਚ ਵੀ ਉਹ ਇਸੇ ਵਿਧੀ ਦਾ ਪ੍ਰਯੋਗ ਕਰਦਾ ਹੈ।
ਲੇਖਕ ਨੇ ਸ: ਸਰਾਭਾ ਦੇ ਮੁਢਲੇ ਜੀਵਨ, ਅਮਰੀਕਾ-ਯਾਤਰਾ (ਬਰਾਸਤਾ ਹਾਂਗਕਾਂਗ), ਉੱਤਰੀ ਅਮਰੀਕਾ ਵਿਚ ਭਾਰਤੀਆਂ ਦੀ ਦੁਰਦਸ਼ਾ, ਗ਼ਦਰ ਪਾਰਟੀ ਦੀ ਸਥਾਪਨਾ : ਰਣਨੀਤੀ, ਪ੍ਰਚਾਰ ਤੇ ਲਾਮਬੰਦੀ, ਦੇਸ਼ ਨੂੰ ਵਹੀਰਾਂ ਅਤੇ ਬਗ਼ਾਵਤ ਦੀਆਂ ਤਿਆਰੀਆਂ, ਗ਼ਦਰ ਦੇ ਆਰੰਭ ਅਤੇ ਅਸਫਲਤਾ ਆਦਿ ਬਿਰਤਾਂਤ ਏਨੀ ਸਮੁੱਚਤਾਵਾਦੀ ਦ੍ਰਿਸ਼ਟੀ ਬਿਆਨ ਨਾਲ ਕੀਤੇ ਹਨ ਕਿ ਕਿਧਰੇ ਵੀ ਕੋਈ ਖੱਪਾ ਨਜ਼ਰ ਨਹੀਂ ਆਉਂਦਾ। ਇਹ ਪੁਸਤਕ ਸ: ਸਰਾਭਾ ਦਾ ਇਕ ਨਵਾਂ ਅਤੇ ਵਧੇਰੇ ਪ੍ਰਮਾਣਿਕ ਬਿੰਬ ਸਿਰਜਣ ਵਿਚ ਪੂਰੀ ਭਾਂਤ ਸਫਲ ਸਿੱਧ ਹੁੰਦੀ ਹੈ। ਉਸ ਦਾ ਇਹ ਕਥਨ ਧਿਆਨਯੋਗ ਹੈ ਕਿ ਇਨਕਲਾਬੀ ਲਹਿਰਾਂ ਦਾ ਇਤਿਹਾਸ ਲਿਖਣ ਲਈ ਇਸ ਦੇ ਪਾਤਰਾਂ ਦੇ ਅਹਿਸਾਸਾਂ ਨੂੰ ਪਕੜਨਾ ਜਿੰਨਾ ਜ਼ਰੂਰੀ ਹੁੰਦਾ ਹੈ, ਓਨਾ ਹੀ ਦੁੱਭਰ ਵੀ ਹੁੰਦਾ ਹੈ। (ਪੰਨਾ 12) ਪਰ ਉਸ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਅਜਮੇਰ ਸਿੰਘ ਦੀ ਇਹ ਲਿਖਤ ਹਰ ਪੰਜਾਬੀ ਵਾਸਤੇ ਪੜ੍ਹਨਯੋਗ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤੇਰੇ ਨਾਲ...
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 98557-11380.

'ਤੇਰੇ ਨਾਲ' ਡਾ: ਧਰਮਿੰਦਰ ਸਿੰਘ ਉੱਭਾ ਦਾ ਨਵਾਂ ਕਾਵਿ-ਸੰਗ੍ਰਹਿ ਹੈ ਜਿਸ ਵਿਚ ਲੇਖਕ ਆਪਣੀ ਕਾਵਿ-ਯਾਤਰਾ ਦਾ ਅਗਲਾ ਪੜਾਅ ਨਿਸਚਤ ਕਰਦਾ ਹੈ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਮੂਲ-ਸੁਰ ਮਾਨਵੀ ਰਿਸ਼ਤਿਆਂ, ਸਮਾਜੀ ਤਾਣੇ-ਬਾਣੇ ਅਤੇ ਆਧੁਨਿਕ ਵਰਤਾਰੇ ਵਿਚਲੀਆਂ ਜਟਿਲਤਾਵਾਂ ਨਾਲ ਸਬੰਧਤ ਹੈ। ਆਧੁਨਿਕ ਵਿਸ਼ਵੀਕਰਨ ਤੇ ਪੂੰਜੀ ਵਰਤਾਰੇ ਵਿਚ ਉਲਝਿਆ ਮਾਨਵ, ਮਾਨਵੀ ਰਿਸ਼ਤਿਆਂ ਤੋਂ ਟੁੱਟ ਰਿਹਾ ਹੈ। ਸਾਡੇ ਪੁਰਾਣੇ ਰਿਸ਼ਤਿਆਂ ਵਿਚਲਾ ਨਿਘ/ਮੋਹ/ਅਪਣੱਤ ਗੁਆਚ ਰਿਹਾ ਹੈ। ਜੀਵਨ ਦੀ ਅੰਨ੍ਹੀ ਦੌੜ ਵਿਚ ਦੌੜਦਾ ਮਨੁੱਖ ਰਿਸ਼ਤਿਆਂ ਦਾ ਨਿੱਘ ਮਹਿਸੂਸ ਕਰਨ ਤੋਂ ਵੀ ਆਤੁਰ ਹੈ-
ਮੇਰੇ ਯਾਰ ਆ ਬੈਠ
ਕਰ ਦਿਲ ਦੀਆਂ ਗੱਲਾਂ....
ਕੀ ਕਿਹਾ?
ਅਜੇ ਤੇਰੇ ਕੋਲ ਵਕਤ ਨਹੀਂ?
ਤੂੰ ਬਹੁਤ ਰੁਝਿਆ ਹੈਂ?
ਅਜੇ ਹੋਰ ਉਡੀਕ ਕਰਾਂ?
ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਡਾ: ਉੱਭਾ ਸਾਡੇ ਸਮਾਜੀ ਵਰਤਾਰੇ ਵਿਚ ਸਮਕਾਲਕ ਘਟਨਾਵਾਂ ਨਾਲ ਵੀ ਸੰਵਾਦ ਸਿਰਜਦਾ ਹੈ। 'ਅੰਨਦਾਤਾ' ਵਿਚ ਕਿਸਾਨ ਖ਼ੁਦਕੁਸ਼ੀਆਂ, ਕੋਈ ਜਗ੍ਹਾ ਨਹੀਂ ਸਾਡੇ ਪਾਸ ਵਿਚ ਪਦਾਰਥਕ ਘੜਮੱਸ, ਰੂਹ ਤੇ ਰੋਟੀ ਵਿਚ ਆਧੁਨਿਕ ਮਨੁੱਖ ਦੀ ਵਿਅਸਤਤਾ ਆਦਿ ਨੂੰ ਆਪਣੇ ਕਾਵਿ ਵਸਤੂ ਵਜੋਂ ਚਿਤਰਦਾ ਹੈ। ਅਨੇਕ ਕਵਿਤਾਵਾਂ ਮੁਹੱਬਤ ਦੇ ਕੋਮਲ ਕੂਲੇ ਅਹਿਸਾਸਾਂ ਤੇ ਸੰਵੇਦਨਾ ਦਾ ਵਾਹਕ ਬਣਦੀਆਂ ਹਨ। ਦਰਅਸਲ ਮੁਹੱਬਤ-ਕਾਵਿ ਵਿਚ ਡਾ: ਉੱਭਾ ਕਵਿਤਾ ਦੇ ਵਧੇਰੇ ਨੇੜੇ ਤੇ ਵਧੇਰੇ ਕੋਮਲ ਪ੍ਰਤੀਤ ਹੁੰਦਾ ਹੈ। ਇਸ ਮੁਹੱਬਤ ਦਾ ਅਸਰ ਉਸ ਦੀ ਕਾਵਿ ਭਾਸ਼ਾ ਤੇ ਕਾਵਿ-ਬਿੰਬਾਂ ਵਿਚ ਵੀ ਮਹਿਸੂਸ ਹੁੰਦਾ ਹੈ।
ਮੈਂ ਪੁੱਛਿਆ
ਫਿਰ ਆਪਾਂ ਕਿਉਂ ਮਿਲਦੇ ਹਾਂ
ਉਸ ਕਿਹਾ
ਆਪਾਂ ਕਦ ਮਿਲਦੇ ਹਾਂ
ਮਿਲਦੇ ਤਾਂ ਉਹ ਹਨ
ਜੋ ਵੱਖ ਹੁੰਦੇ ਹਨ....
ਅਜੋਕੀ ਪੂੰਜੀਵਾਦ ਦੌੜ ਵਿਚ ਭੱਜ ਰਿਹਾ ਮਨੁੱਖ ਕਿਸ ਤਰ੍ਹਾਂ ਆਪਣੀ ਮਾਸੂਮੀਅਤ, ਇਨਸਾਨੀਅਤ ਤੇ ਸੰਵੇਦਨਾ ਗੁਆ ਰਿਹਾ ਹੈ, ਇਹ ਅਹਿਸਾਸ ਵੀ ਧਰਮਿੰਦਰ ਉੱਭਾ ਦੀਆਂ ਕਵਿਤਾਵਾਂ ਵਿਚ ਬਹੁਤ ਤੀਬਰ ਰੂਪ ਵਿਚ ਥਾਂ-ਥਾਂ ਉੱਭਰਦਾ ਹੈ। ਅਨੇਕ ਕਵਿਤਾਵਾਂ ਵਿਚ ਲੇਖਕ ਇਤਿਹਾਸਕ/ਮਿਥਿਹਾਸਕ ਪਾਤਰਾਂ ਨਾਲ ਵੀ ਕਾਵਿ-ਸੰਵਾਦ ਰਚਾਉਂਦਾ ਹੈ। ਬਾਦਸ਼ਾਹ ਦਰਵੇਸ਼/ਦੁਰਯੋਧਨ, ਰਾਮ ਭੀਲਣੀ, ਉਰਮਿਲ ਉਦਾਸ ਹੈ ਇਸੇ ਕਿਸਮ ਦੀਆਂ ਕਵਿਤਾਵਾਂ ਹਨ। ਚਿੜੀਆਂ, ਸਮੁੰਦਰ, ਫੁੱਲ, ਦਰਿਆ ਜਿਹੇ ਬਿੰਬ ਇਨ੍ਹਾਂ ਕਵਿਤਾਵਾਂ ਦੇ ਆਰ-ਪਾਰ ਫੈਲੇ ਹੋਏ ਹਨ।

-ਡਾ: ਅਮਰਜੀਤ ਕੌਂਕੇ
ਮੋ : 98142-31698.


ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 132
ਸੰਪਰਕ : 94631-89432.

ਗੁਰਸ਼ਰਨ ਸਿੰਘ ਕੁਮਾਰ ਨੇ 'ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ' ਪੁਸਤਕ ਵਿਚ ਵੀਹ ਪ੍ਰੇਰਨਾਦਾਇਕ ਲੇਖਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਲੇਖਾਂ ਵਿਚ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਦੈਨਿਕ ਕਾਰ ਵਿਹਾਰ ਵਿਚ ਆਸ਼ਾਵਾਦੀ ਨਜ਼ਰੀਆ ਅਪਣਾ ਕੇ ਦੂਜਿਆਂ ਪ੍ਰਤੀ ਸਵਾਰਥ ਦੀ ਭਾਵਨਾ ਤਿਆਗ ਕੇ ਅਤੇ ਹਊਮੈ ਦੀ ਮਮਟੀ ਨੂੰ ਢਾਹੁੰਦਿਆਂ ਹੋਇਆਂ ਜ਼ਿੰਦਗੀ ਵਿਚ ਕੋਈ ਪ੍ਰਾਪਤੀ ਸੰਭਵ ਹੋ ਸਕਦੀ ਹੈ। ਸਾਡਾ ਭੋਜਨ ਅਤੇ ਆਚਾਰ ਵੀ ਸਾਡੀ ਸ਼ਖ਼ਸੀਅਤ 'ਤੇ ਅਸਰ ਅੰਦਾਜ਼ ਹੁੰਦਾ ਹੈ ਤੇ ਉਹੀ ਨਿਸਚਤ ਕਰਦਾ ਹੈ ਕਿ ਕਿਤੇ ਅਸੀਂ ਮਲਕ ਭਾਗੋ ਜਾਂ ਦੁਰਯੋਧਨ ਦੇ ਪੈਰੋਕਾਰ ਤਾਂ ਨਹੀਂ ਬਣਦੇ। ਸਬਰ ਸੰਤੋਖ, ਸਹਿਯੋਗ ਦੀ ਭਾਵਨਾ, ਕਰਮਸ਼ੀਲਤਾ ਵਾਲੀ ਜ਼ਿੰਦਗੀ ਜਿਊਣੀ, ਸਵਾਰਥ ਰਹਿਤ ਸੇਵਾ ਭਾਵਨਾ, ਆਪਣੇ ਵਡੇਰਿਆਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਸੰਜੀਦਗੀ ਨਾਲ ਅਦਾਇਗੀ, ਸੁਪਨਿਆਂ ਦੀ ਜ਼ਿੰਦਗੀ ਵਿਚੋਂ ਬਾਹਰ ਆ ਕੇ ਜ਼ਿੰਦਗੀ ਦੇ ਯਥਾਰਥ ਨਾਲ ਵਾਹ ਵਾਸਤਾ ਜੋੜਨਾ ਅਤੇ ਆਪਣੇ ਚੰਗੇ ਵਿਹਾਰ ਸਦਕਾ ਹੀ ਅਸੀਂ ਔਲਾਦ ਕੋਲੋਂ ਚੰਗੀ ਆਸ ਰੱਖ ਸਕਦੇ ਹਾਂ। ਇਹੀ ਇਸ ਪੁਸਤਕ ਵਿਚ ਸ਼ਾਮਿਲ ਸਾਰੇ ਹੀ ਲੇਖਾਂ ਦਾ ਸਾਰ ਤੱਤ ਹੈ। ਲੇਖਕ ਆਪਣੇ ਤਕਰੀਬਨ ਹਰੇਕ ਲੇਖ ਵਿਚ ਹੀ ਪਰਮਾਤਮਾ ਦੇ ਭਰੋਸੇ ਦੀ ਗੱਲ ਵੀ ਜ਼ਰੂਰ ਕਰਦਾ ਹੈ। ਹੌਸਲਾ ਅਤੇ ਆਪਣੇ ਕਾਰਜ ਪ੍ਰਤੀ ਸਮਰਪਣ ਦੀ ਭਾਵਨਾ ਤੁਹਾਨੂੰ ਢਹਿੰਦੀਆਂ ਕਲਾਂ ਵਿਚ ਜਾਂਦਿਆਂ ਨੂੰ ਜੇਤੂ ਬਣਾ ਸਕਦੀ ਹੈ। ਲੇਖਕ ਆਪਣੀ ਗੱਲ ਨੂੰ ਪ੍ਰਮਾਣਿਕ ਬਣਾਉਣ ਲਈ ਜਿਥੇ ਗੁਰਬਾਣੀ ਵਿਚੋਂ ਉਦਾਹਰਨਾਂ ਦਿੰਦਾ ਹੈ, ਉਥੇ ਲੋਕ ਕਥਾਵਾਂ, ਇਤਿਹਾਸ ਅਤੇ ਮਿਥਿਹਾਸ ਵਿਚੋਂ ਹਵਾਲੇ ਦੇ ਕੇ ਵੀ ਆਪਣਾ ਮੱਤ ਸਪੱਸ਼ਟ ਕਰਦਾ ਹੈ। ਸਾਧਾਰਨ ਸ਼ੈਲੀ ਵਿਚ ਲਿਖੇ ਇਹ ਲੇਖ ਨਿੱਤ ਪ੍ਰਤੀ ਜੀਵਨ ਦੇ ਕਾਰ-ਵਿਹਾਰ ਨਾਲ ਸਬੰਧਤ ਹੋਣ ਕਰਕੇ ਆਮ ਪਾਠਕ ਨੂੰ ਵੀ ਪ੍ਰਭਾਵਿਤ ਕਰਦੇ ਹਨ ਤੇ ਸਾਹਿਤ ਦੇ ਵਿਦਿਆਰਥੀ ਨੂੰ ਵੀ। 'ਚੜ੍ਹਦੀ ਕਲਾ' ਵਿਚ ਜ਼ਿੰਦਗੀ ਦਾ ਵੱਲ ਸਿਖਾਉਂਦੇ ਇਹ ਲੇਖ ਪਾਠਕ ਨੂੰ ਮਾਨਸਿਕ ਤਸੱਲੀ ਅਤੇ ਸਕੂਨ ਵੀ ਪ੍ਰਦਾਨ ਕਰਦੇ ਹਨ ਅਤੇ ਕਾਰਜਸ਼ੀਲ ਹੋਣ ਲਈ ਵੀ ਪ੍ਰੇਰਦੇ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611

 

ਅਰਥ ਵਿਗਿਆਨ
ਲੇਖਿਕਾ : ਡਾ: ਰੰਜੂ ਬਾਲਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 260 ਰੁਪਏ, ਸਫ਼ੇ : 158
ਸੰਪਰਕ : 011-23280657
.

ਰੰਜੂ ਬਾਲਾ ਪੰਜਾਬੀ ਅਧਿਐਨ ਅਧਿਆਪਨ ਦੇ ਖੇਤਰ ਵਿਚ ਮੇਰੇ ਲਈ ਨਵਾਂ ਨਾਂਅ ਹੈ ਪਰ ਇਹ ਉਸ ਦੀ ਚੌਥੀ ਕਿਤਾਬ ਹੈ। ਇਹ ਪੁਸਤਕ ਭਾਸ਼ਾ ਵਿਗਿਆਨ ਦੇ ਸੀਮੈਂਟਿਕਸ ਖੇਤਰ ਨਾਲ ਸਬੰਧਤ ਹੈ। ਅਰਥਾਂ ਦੇ ਵਿਗਿਆਨ ਦੀਆਂ ਵਿਭਿੰਨ ਦਿਸ਼ਾਵਾਂ ਤੇ ਸਰੋਕਾਰਾਂ ਨਾਲ ਦਸਤਪੰਜਾ ਲੈਂਦੇ ਹੋਏ ਇਸ ਵਿਚ ਲੇਖਿਕਾ ਨੇ ਇਸ ਵਿਸ਼ੇ ਦੇ ਇਤਿਹਾਸ, ਸਿਧਾਂਤਕ ਬਿੰਦੂ ਅਤੇ ਇਸ ਦੇ ਦਰਸ਼ਕ, ਮਨੋਵਿਗਿਆਨ ਅਤੇ ਚਿਹਨ ਵਿਗਿਆਨ ਨਾਲ ਰਿਸ਼ਤੇ ਦੀ ਵਿਆਖਿਆ ਕੀਤੀ ਹੈ। ਇਤਿਹਾਸ ਤੇ ਸਿਧਾਂਤ ਇਸ ਅਧਿਐਨ ਦੇ ਪਹਿਲੇ ਭਾਗ ਦਾ ਹਿੱਸਾ ਹਨ। ਦਰਸ਼ਨ, ਮਨੋਵਿਗਿਆਨ ਅਤੇ ਚਿਹਨ ਵਿਗਿਆਨ ਨਾਲ ਅਰਥ ਵਿਗਿਆਨ ਦਾ ਸਬੰਧ ਦੂਜੇ ਭਾਗ ਵਿਚ ਵਿਚਾਰਿਆ ਗਿਆ ਹੈ।
ਲੇਖਿਕਾ ਇਸ ਵਿਗਿਆਨ ਦੇ ਪੱਛਮੀ ਚਿੰਤਨ ਦੀ ਸ਼ੁਰੂਆਤ ਮਿਸ਼ੇਲ ਬ੍ਰੀਲ ਦੀ 1897 ਵਿਚ ਪ੍ਰਕਾਸ਼ਿਤ ਪੁਸਤਕ ਨਾਲ ਹੋਇਆ ਮੰਨਦੀ ਹੈ। ਮੂਲ ਫਰਾਂਸੀਸੀ ਭਾਸ਼ਾ ਵਿਚ ਲਿਖੀ ਇਹ ਕਿਤਾਬ ਸੀਮੈਂਟਿਕਸ ਟਾਈਟਲ ਨਾਲ 1900 ਈ: ਵਿਚ ਅੰਗਰੇਜ਼ੀ ਵਿਚ ਛਪੀ। ਸ਼ਬਦ/ਅਰਥ, ਚਿਹਨ/ਚਿਹਨਕ ਸਬੰਧਾਂ, ਭਾਵਾਂਸ਼ਾਂ, ਰੂੜ੍ਹ ਤੇ ਯੋਗਿਕ ਸ਼ਬਦਾਂ, ਅਰਥਾਂ ਦੀਆਂ ਧੁਨੀ, ਸ਼ੈਲੀ ਆਦਿ ਬਣਦੀਆਂ ਕਿਸਮਾਂ, ਸਮਾਨਾਰਥਕ/ਵਿਰੋਧਾਤਮਕ ਸ਼ਬਦਾਂ, ਬਹੁ-ਅਰਥਕਤਾ, ਸਮੂਹ-ਅਰਥਕ ਸ਼ਬਦ, ਅਰਥ ਗਿਆਨ ਦੇ ਇੰਦਰਿਆਵੀ ਆਧਾਰ, ਅਰਥ ਬੋਧ ਦੇ ਸਾਧਨ, ਅਰਥ ਨਿਰਣੈ ਦੇ ਸਾਧਨ, ਅਪੋਹ ਸਿਧਾਂਤ, ਸਫੋਟ ਸਿਧਾਂਤ, ਅਰਥ ਪਰਿਵਰਤਨ ਦੀਆਂ ਵਿਭਿੰਨ ਦਿਸ਼ਾਵਾਂ ਜਿਹੇ ਵਿਸ਼ਿਆਂ ਉੱਤੇ ਸਰਲ ਅਤੇ ਨਿਖੇੜਵੀਂ ਵਿਚਾਰ ਇਸ ਪੁਸਤਕ ਵਿਚ ਪ੍ਰਾਪਤ ਹੈ।
ਸ਼ਬਦ ਦੇ ਨਿਤ/ਅਨਿਤ ਹੋਣ ਦੇ ਸਿਧਾਂਤ ਦੋਵੇਂ ਹੀ ਭਾਰਤ ਵਿਚ ਪ੍ਰਾਪਤ ਹਨ। ਦੋਵਾਂ ਬਾਰੇ ਚਰਚਾ ਲੇਖਿਕਾ ਨੇ ਕੀਤੀ ਹੈ। ਕਰਮਕਾਂਡ ਵਾਲੀ ਪੂਰਵ ਮੀਮਾਂਸਾ ਤੇ ਗਿਆਨ ਕਾਂਡ ਵਾਲੀ ਉਤਰ ਮੀਮਾਂਸਾ ਦੋਵੇਂ ਸ਼ਬਦ/ਅਰਥ ਦਾ ਸਬੰਧ ਸਦੀਵੀ ਮੰਨਦੇ ਹਨ। ਸ਼ਬਦ ਨੂੰ ਨਿਤ/ਸਦੀਵੀ ਕਹਿੰਦੇ ਹਨ। ਨਿਆਇ ਤੇ ਵੈਸ਼ੇਸ਼ਿਕ ਸ਼ਬਦ ਨੂੰ ਛਿਣਭੰਗਰ ਤੇ ਅਨਿਤ ਕਹਿੰਦੇ ਹਨ। ਬੋਧ ਦਰਸ਼ਨ ਦਾ ਅਪੋਹ ਸਿਧਾਂਤ ਸ਼ਬਦ/ਸੰਕਲਪ ਦੀ ਸਥਾਪਤੀ ਲਈ ਨਿਖੇਧ ਦਾ ਰਾਹ ਫੜਦਾ ਹੈ। ਸਫੋਟ ਸਿਧਾਂਤ ਵਿਚ ਸ਼ਬਦ ਦੇ ਉਚਾਰਨ ਸਮੇਂ ਪਹਿਲੀ ਧੁਨੀ ਨਾਲ ਅਰਥ/ਬੋਧ ਰੂਪਮਾਨ ਹੋਣ ਲਗਦਾ ਹੈ। ਜਿਉਂ ਹੀ ਸ਼ਬਦ ਦਾ ਉਚਾਰਨ ਪੂਰਾ ਹੁੰਦਾ ਹੈ ਅਰਥ ਇਕਦਮ ਸਫੁਟਿਤ ਹੋ ਜਾਂਦਾ ਹੈ। ਲੇਖਿਕਾ ਨੇ ਮਨੋਵਿਗਿਆਨ ਤੇ ਚਿਹਨ ਵਿਗਿਆਨ ਦੇ ਅਰਥ ਵਿਗਿਆਨ ਨਾਲ ਸਬੰਧਤ ਗੱਲਾਂ ਵੀ ਸਰਲ ਤਰੀਕੇ ਨਾਲ ਵਿਦਿਆਰਥੀਆਂ ਅੱਗੇ ਰੱਖੀਆਂ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਝੁੰਮਰ ਪਿਤਾਮਾ
ਬਾਬਾ ਪੋਖਰ ਸਿੰਘ
ਲੇਖਕ : ਕਮਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 85919-54788.

ਝੁੰਮਰ ਪੱਛਮੀ ਪੰਜਾਬ (ਪਾਕਿਸਤਾਨ) ਦੇ ਸਾਂਦਲ ਬਾਰ ਇਲਾਕੇ ਦੇ ਲੋਕਾਂ ਦਾ ਮਰਦਾਵਾਂ ਨਾਚ ਹੈ। ਰਾਵੀ ਅਤੇ ਝਨਾਂ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਇਸ ਲੋਕ-ਨਾਚ ਦੀ ਆਧਾਰ-ਭੂਮੀ ਹੈ। ਜਾਂਗਲੀ ਲੋਕਾਂ ਦਾ ਇਹ ਇਲਾਕਾ ਹੌਲੀ-ਹੌਲੀ ਆਬਾਦ ਹੋਇਆ। ਨਹਿਰੀ ਪਾਣੀ ਆਉਣ 'ਤੇ ਜੱਟ ਸਿੱਖ ਕਿਸਾਨਾਂ ਨੂੰ ਇਸ ਬਾਰ ਵਿਚ ਆਬਾਦ ਕਰਕੇ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਗਈ। ਇਹ ਜਾਂਗਲੀ ਲੋਕ ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਦੇ ਵੱਗ ਨਾਲ ਬਾਹਾਂ ਉਲਾਰ-ਉਲਾਰ ਕੇ ਨੱਚਦੇ ਫਿਰਦੇ ਇਸ ਨਾਚ ਦਾ ਪ੍ਰਦਰਸ਼ਨ ਕਰਦੇ। 1947 ਦੀ ਦੇਸ਼-ਵੰਡ ਤੋਂ ਬਾਅਦ ਇਸ ਖਿੱਤੇ ਵਿਚ ਰਹਿ ਰਹੇ ਜੱਟ ਸਿੱਖ ਪਰਿਵਾਰਾਂ ਨੂੰ ਇਹ ਇਲਾਕਾ ਛੱਡ ਪੂਰਬੀ ਪੰਜਾਬ ਵੱਲ ਆਉਣਾ ਪਿਆ ਤਾਂ ਇਹ ਲੋਕ ਨਾਚ ਵੀ ਨਵੇਂ ਇਲਾਕੇ ਵਿਚ ਪ੍ਰਵੇਸ਼ ਕਰ ਗਿਆ।
ਹਥਲੀ ਪੁਸਤਕ ਦਾ ਨਾਇਕ ਆਪਣੇ ਵਡੇਰਿਆਂ ਨਾਲ ਇਸ ਨਾਚ ਦਾ ਪ੍ਰਦਰਸ਼ਨ ਕਰਦਾ ਹਿੰਦੁਸਤਾਨ ਵਿਚ ਇਸ ਨੂੰ ਪ੍ਰਫੁਲਤ ਕਰਦਾ ਹੈ। ਪੋਖਰ ਸਿੰਘ ਨੇ ਸਾਰੀ ਉਮਰ ਝੁੰਮਰ ਪਾਇਆ ਅਤੇ ਕਈਆਂ ਨੂੰ ਸਿਖਾਇਆ। ਉਸ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਝੁੰਮਰ ਪਾਇਆ ਅਤੇ ਇਸ ਨੂੰ ਸਟੇਜੀ ਰੂਪ ਦੇ ਕੇ ਇਸ ਦਾ ਪੱਧਰ ਉੱਚਾ ਚੁੱਕਿਆ।
ਅਲੱਗ ਗੱਲ ਹੈ ਕਿ ਹੁਣ ਝੁੰਮਰ ਪੰਜਾਬ ਦੇ ਅਲੋਪ ਹੋ ਰਹੇ ਲੋਕ ਨਾਚਾਂ ਵਿਚੋਂ ਇਕ ਹੈ। ਪੋਖਰ ਸਿੰਘ ਇਸ ਨਾਚ ਦੀ ਸਾਰੀ ਉਮਰ ਰਾਖੀ ਰੱਖਦਾ ਰਿਹਾ। ਕਮਲ ਨਾਂਅ ਦੇ ਲੇਖਕ ਨੇ ਪੋਖਰ ਸਿੰਘ ਦੇ ਜੀਵਨ-ਵੇਰਵੇ ਅਤੇ ਝੁੰਮਰ ਲਈ ਕੀਤੇ ਕਾਰਜਾਂ ਨੂੰ ਬੜੇ ਵਿਸਥਾਰ ਨਾਲ ਇਸ ਪੁਸਤਕ ਵਿਚ ਪੇਸ਼ ਕੀਤਾ ਹੈ। ਲੋਕ ਨਾਚਾਂ ਵਿਚ ਦਿਲਚਸਪੀ ਲੈਣ ਵਾਲਿਆਂ ਲਈ ਇਹ ਪੁਸਤਕ ਲਾਹੇਵੰਦ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

8/07/2017

 ਸਾਵਧਾਨੀਆਂ
(ਖ਼ਰੀਆਂ ਤੇ ਖ਼ਰਵੀਆਂ)
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 150
ਸੰਪਰਕ : 98146-19342.

ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ ਕੋਲ ਗੱਲ ਕਹਿਣ ਦੀ ਸੂਝ ਵੀ ਹੈ, ਸਮਝ ਵੀ ਤੇ ਵਿਅੰਗਾਤਮਕ ਢੰਗ ਵੀ। ਉਹ ਕਿਸੇ ਵੀ ਸਮਾਜਿਕ ਵਰਤਾਰੇ ਨੂੰ ਸਾਧਾਰਨ ਅੱਖ ਨਾਲ ਨਹੀਂ ਦੇਖਦਾ, ਸਗੋਂ ਉਸ ਵਰਤਾਰੇ ਦੀ ਤਹਿ ਥੱਲੇ ਕਾਰਜਸ਼ੀਲ ਕਾਰਨਾਂ ਦੀ ਤਲਾਸ਼ ਵੀ ਕਰਦਾ ਹੈ। 'ਸਾਵਧਾਨੀਆਂ' (ਖਰੀਆਂ ਤੇ ਖ਼ਰਵੀਆਂ) ਉਸ ਦੀ ਪੁਸਤਕ ਕੁਝ ਅਜਿਹੇ ਹੀ ਮਸਲਿਆਂ 'ਤੇ ਵਿਅੰਗ ਬਾਣ ਸਾਧਦੀ ਹੈ।
ਲੇਖਕ ਨੇ ਆਪਣੀ ਇਸ ਪੁਸਤਕ 'ਚ 39 ਹਲਕੇ-ਫੁਲਕੇ ਲੇਖ ਸ਼ਾਮਿਲ ਕੀਤੇ ਹਨ, ਜੋ ਰੋਜ਼ਾਨਾ ਜ਼ਿੰਦਗੀ ਨੂੰ ਦਰਪੇਸ਼ ਖੁਸ਼ੀਆਂ, ਗ਼ਮੀਆਂ ਅਤੇ ਮਸਲਿਆਂ ਦੀ ਨਿਸ਼ਾਨਦੇਹੀ ਕਰਦੇ ਹਨ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਇਸ ਗੱਲ ਦੀ ਦ੍ਰਿੜ੍ਹਤਾ ਨਾਲ ਤਾਈਦ ਕੀਤੀ ਹੈ ਕਿ ਭਾਵੇਂ ਭ੍ਰਿਸ਼ਟਾਚਾਰੀ ਤਾਕਤਾਂ ਦਾ ਬੋਲਬਾਲਾ ਵਧੇਰੇ ਹੈ, 'ਬੌਣੇ', 'ਆਫਰੇ', 'ਝਾਵੇਂ', 'ਠਰਕੀ' ਲੋਕਾਂ ਦੀ ਬਹੁਤਾਤ ਹੈ ਪਰ ਆਪਣੇ ਬੁਲੰਦ ਹੌਸਲੇ ਅਤੇ ਹਾਲਤਾਂ ਮੁਤਾਬਿਕ ਚੁੱਕੇ ਕਦਮ ਸਾਨੂੰ ਹਮੇਸ਼ਾ ਹੀ ਜਿੱਤਾਂ ਦੇ ਰੂ-ਬਰੂ ਕਰਵਾ ਦਿੰਦੇ ਹਨ। ਦਿਖਾਵੇ ਵਾਲੇ ਅਤੇ ਦੋਗਲੇ ਕਿਰਦਾਰ ਜਿਥੇ ਸਮਾਜ ਲਈ ਘਾਤਕ ਸਿੱਧ ਹੋ ਰਹੇ ਹਨ, ਉਥੇ ਇਖ਼ਲਾਕੀ ਕਿਰਦਾਰਾਂ ਦੀ ਵੀ ਕਮੀ ਨਹੀਂ ਹੈ, ਜੋ ਸਮਾਜ ਨੂੰ ਸੋਹਣਾ ਬਣਾਉਣਾ ਲੋਚਦੇ ਹਨ। ਰਿਸ਼ਤੇਦਾਰੀਆਂ, ਪਰਿਵਾਰਕ ਜ਼ਿੰਮੇਵਾਰੀਆਂ ਕੁਰਬਾਨੀ ਮੰਗਦੀਆਂ ਹਨ, ਜੇਕਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਅਤੇ ਰਿਸ਼ਤੇਦਾਰ ਸਾਡਾ ਸਤਿਕਾਰ ਕਰਨ ਤਾਂ ਸਾਨੂੰ ਵੀ ਉਨ੍ਹਾਂ ਦੀ ਤਾਸੀਰ ਮੁਤਾਬਿਕ ਆਪਣੇ-ਆਪ ਨੂੰ ਢਾਲਣਾ ਪਵੇਗਾ।
ਲੇਖਕ ਨੇ ਇਸ ਪੁਸਤਕ ਵਿਚ ਆਪਣੇ ਮੁਲਕ ਅਤੇ ਪੱਛਮੀ ਮੁਲਕਾਂ ਬਾਰੇ ਤੁਲਨਾਤਮਕ ਦ੍ਰਿਸ਼ਟੀ ਤੋਂ ਵੀ ਵਿਚਾਰ ਪੇਸ਼ ਕੀਤੇ ਹਨ। ਹਰੇਕ ਲੇਖ ਦਾ ਸਿਰਲੇਖ ਦਿਲਖਿਚਵਾਂ ਅਤੇ ਵਿਸ਼ਾ ਅਨੁਕੂੁਲ ਹੋਣ ਕਰਕੇ ਪਾਠਕ ਦੀ ਦਿਲਚਸਪੀ ਵਿਚ ਵਾਧਾ ਕਰਦਾ ਹੈ। 'ਨਿਪੁੰਸਕ ਮੁਲਕ', 'ਹੁਸੀਨਾਂ ਤੋਂ ਤੋਬਾ', 'ਅਫ਼ਰੇ ਲੋਕ', 'ਅੱਲਾ ਬੇਲੀ', 'ਠਰਕੀ ਬੁੱਢੇ', 'ਸ਼ਰੀਕਾਂ ਦੇ ਦਾਣੇ', ਇਹ ਸਾਰੇ ਸਿਰਲੇਖ ਪਾਠਕ ਦੇ ਮਨ ਵਿਚ ਵਿਸ਼ੇਸ਼ ਖਿੱਚ ਪੈਦਾ ਕਰਦੇ ਹਨ। ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਇਹ ਲੇਖ ਲੇਖਕ ਦੀ ਸੁਚੱਜੀ ਲੇਖਣੀ ਦਾ ਪ੍ਰਮਾਣ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਮੋਹ ਦੀਆਂ ਤੰਦਾਂ
ਲੇਖਿਕਾ : ਗੁਰਦੀਸ਼ ਕੌਰ ਗਰੇਵਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 140
ਸੰਪਰਕ : 98728-60488.

ਇਹ ਪੁਸਤਕ ਇਕ ਨਿਬੰਧ ਸੰਗ੍ਰਹਿ ਹੈ, ਜਿਸ ਵਿਚ ਸਮਾਜਿਕ, ਧਾਰਮਿਕ ਅਤੇ ਸਿਹਤ ਸੰਭਾਲ ਪ੍ਰਤੀ 23 ਲੇਖ ਸ਼ਾਮਿਲ ਕੀਤੇ ਗਏ ਹਨ। ਕੁੱਲ ਲੇਖ ਕੈਨੇਡਾ ਦੇ ਜਨਜੀਵਨ ਅਤੇ ਰਹੁਰੀਤਾਂ 'ਤੇ ਵੀ ਝਾਤ ਪੁਆਉਂਦੇ ਹਨ। ਇਨ੍ਹਾਂ ਲੇਖਾਂ ਵਿਚ ਚੰਗੀ ਜੀਵਨ ਜਾਚ ਦਾ ਸੁਨੇਹਾ ਦਿੱਤਾ ਗਿਆ ਹੈ। ਕੁਝ ਅਜੋਕੀਆਂ ਸਮੱਸਿਆਵਾਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ। ਸਾਰੇ ਹੀ ਲੇਖ ਬੜੇ ਸਾਰਥਕ ਹਨ। ਇਨ੍ਹਾਂ ਵਿਚ ਦਰਸਾਏ ਕੁਝ ਜ਼ਰੂਰੀ ਨੁਕਤੇ ਇਸ ਪ੍ਰਕਾਰ ਹਨ-
ਅਜੋਕੇ ਯੁੱਗ ਵਿਚ ਪਰਿਵਾਰ ਟੁੱਟ ਰਹੇ ਹਨ ਅਤੇ ਰਿਸ਼ਤੇ ਨਾਤੇ ਦਮ ਤੋੜ ਰਹੇ ਹਨ। ਮੋਬਾਈਲ, ਟੀ.ਵੀ., ਇੰਟਰਨੈੱਟ ਆਦਿ ਵਿਚ ਰੁੱਝੇ ਹੋਏ ਬੱਚੇ ਰਲ ਕੇ ਖੇਡਣਾ, ਵੰਡ ਕੇ ਖਾਣਾ, ਸਹਿਣਸ਼ੀਲਤਾ, ਮਹਿਮਾਨਾਂ ਦੀ ਆਓ-ਭਗਤ, ਵੱਡਿਆਂ ਦਾ ਸਤਿਕਾਰ ਭੁੱਲਦੇ ਜਾ ਰਹੇ ਹਨ। ਸਾਨੂੰ ਕੁਦਰਤ ਅਤੇ ਕਾਦਰ ਨਾਲ ਜੁੜ ਕੇ ਹੀ ਅਸਲੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਸਦਾ ਚੜ੍ਹਦੀ ਕਲਾ ਵਿਚ ਰਹਿ ਕੇ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ। ਘਰ ਪਰਿਵਾਰ ਵਿਚ ਪਿਆਰ ਅਤੇ ਸਤਿਕਾਰ ਦੇ ਬੀਜ ਬੀਜਣੇ ਚਾਹੀਦੇ ਹਨ ਤਾਂ ਜੋ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੇ ਨਿੱਘੇ ਵਿਰਸੇ ਨਾਲ ਜੋੜਿਆ ਜਾ ਸਕੇ। ਜ਼ਿੰਦਗੀ ਵਿਚੋਂ ਕਾਹਲਾਪਣ ਅਤੇ ਤਣਾਅ ਕੱਢ ਕੇ ਸਹਿਜ ਅਤੇ ਸ਼ਾਂਤੀ ਦੇ ਧਾਰਨੀ ਬਣਨਾ ਚਾਹੀਦਾ ਹੈ। ਮਨ ਨੂੰ ਮਨਮਰਜ਼ੀਆਂ ਕਰਨ ਤੋਂ ਰੋਕਣਾ, ਪੰਜਾਂ ਵਿਕਾਰਾਂ ਤੋਂ ਬਚਣਾ, ਸਬਰ ਸੰਤੋਖ ਅਤੇ ਪਰਉਪਕਾਰ ਨੂੰ ਧਾਰਨ ਕਰਨਾ ਚਾਹੀਦਾ ਹੈ। ਸਿਹਤ ਸੰਭਾਲ ਲਈ ਵੀ ਬਹੁਤ ਵਧੀਆ ਘਰੇਲੂ ਨੁਸਖੇ ਦੱਸੇ ਹੋਏ ਹਨ।
ਸਾਰੇ ਲੇਖ ਪ੍ਰੇਰਨਾਦਾਇਕ ਹਨ। ਇਨ੍ਹਾਂ ਦੀ ਭਾਸ਼ਾ ਸਾਦਮੁਰਾਦੀ ਅਤੇ ਠੁੱਕਦਾਰ ਹੈ। ਇਹ ਪੁਸਤਕ ਪੰਜਾਬੀਅਤ, ਇਨਸਾਨੀਅਤ ਅਤੇ ਰੂਹਾਨੀਅਤ ਦਾ ਪੈਗ਼ਾਮ ਦਿੰਦੀ ਹੈ। ਬਹੁਤ ਥਾਵਾਂ 'ਤੇ ਕਾਵਿ ਸਤਰਾਂ ਅਤੇ ਗੁਰਬਾਣੀ ਦੇ ਹਵਾਲੇ ਦੇ ਕੇ ਲੇਖਣੀ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਹ ਲੇਖ ਇਕ ਪਾਸੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ ਅਤੇ ਦੂਜੇ ਪਾਸੇ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਸਬਕ ਸਿੱਖਣ ਲਈ ਪ੍ਰੇਰਦੇ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਸਫ਼ਲ, ਸੁਚੱਜਾ, ਸਾਰਥਕ ਅਤੇ ਆਦਰਸ਼ ਜੀਵਨ ਜਿਊਣ ਦਾ ਸੰਦੇਸ਼ ਦਿੰਦੀ ਹੈ। ਸੁਖੀ ਪਰਿਵਾਰਕ ਜੀਵਨ ਜਿਊਣ ਲਈ ਵੀ ਸੇਧ ਦਿੱਤੀ ਗਈ ਹੈ। ਧਾਰਮਿਕ ਸਹਿਣਸ਼ੀਲਤਾ ਸਮੇਂ ਦੀ ਲੋੜ ਹੈ। ਆਧੁਨਿਕਤਾ ਦੇ ਅੰਨ੍ਹੇ ਵਹਿਣ ਵਿਚ ਵਹਿ ਕੇ ਸਾਡਾ ਸੁੱਖ, ਸ਼ਾਂਤੀ, ਭਾਈਚਾਰਕ ਪਿਆਰ ਅਤੇ ਸਾਂਝ ਖ਼ਤਮ ਹੁੰਦੇ ਜਾ ਰਹੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਇਕ ਬਟਾ ਜ਼ੀਰੋ
ਲੇਖਕ : ਦਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 72
ਸੰਪਰਕ : 98550-73018.

ਵਿਚਾਰ ਅਧੀਨ ਪੁਸਤਕ 'ਇਕ ਬਟਾ ਜ਼ੀਰੋ' ਚਾਰ ਵਿਗਿਆਨਕ ਇਕਾਂਗੀ ਨਾਟਕਾਂ ਦਾ ਸੰਗ੍ਰਹਿ ਹੈ। ਨਾਟਕ ਦੇ ਖੇਤਰ ਵਿਚ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਵਿਗਿਆਨਕ ਵਿਸ਼ਿਆਂ ਨੂੰ ਆਧਾਰ ਬਣਾ ਕੇ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਪਹਿਲਾ ਨਾਟਕ 'ਚਾਨਣ ਦਾ ਵਣਜਾਰਾ' ਮਹਾਨ ਵਿਗਿਆਨੀ ਆਰਕੀਮਿਡੀਜ਼ ਦੀ ਜੀਵਨੀ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ। ਦੂਜਾ ਨਾਟਕ 'ਇਕ ਬਟਾ ਜ਼ੀਰੋ' ਭਾਰਤ ਦੇ ਮਹਾਨ ਗਣਿਤ ਵਿਗਿਆਨੀ ਰਾਮਾਨੁਜ ਦੀ ਜੀਵਨ ਗਾਥਾ ਪ੍ਰਸਤੁਤ ਕਰਦਾ ਹੈ। ਤੀਜਾ ਨਾਟਕ 'ਧੁੰਦ ਹਟਣ ਤੋਂ ਬਾਅਦ' ਅਤਿ ਰੌਚਕ ਸ਼ੈਲੀ ਵਿਚ ਰਚਿਆ ਨਾਟਕ ਹੈ, ਜਿਸ ਦਾ ਵਿਸ਼ਾ-ਵਸਤੂ ਕਿਸ਼ੋਰ ਉਮਰ ਦੀਆਂ ਲੜਕੀਆਂ ਦੀਆਂ ਸਮੱਸਿਆਵਾਂ ਹਨ। ਰਾਜੂ ਅਤੇ ਰਾਣੀ ਦੀ ਚੁਸਤ ਵਾਰਤਾਲਾਪ ਇਸ ਨਾਟਕ ਨੂੰ ਦਿਲਚਸਪ ਅਤੇ ਗਤੀਸ਼ੀਲ ਬਣਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਚੌਥਾ ਨਾਟਕ 'ਥਰਸਟੀ ਕਰੋਅ' ਅਜੋਕੇ ਪੰਜਾਬ ਵਿਚ ਹਰੇ ਇਨਕਲਾਬ ਬਾਅਦ ਪ੍ਰਦੂਸ਼ਿਤ ਵਾਤਾਵਰਨ, ਗਾਇਕੀ ਵਿਚ ਆਏ ਨਿਘਾਰ ਅਤੇ ਪੰਜਾਬ ਵਿਚ ਘਟ ਰਹੇ ਧਰਤੀ ਹੇਠਲੇ ਪਾਣੀ ਦੀਆਂ ਸਮੱਸਿਆਵਾਂ ਨੂੰ ਸਾਡੇ ਰੂਬਰੂ ਕਰਕੇ ਪਾਠਕਾਂ ਨੂੰ ਜਾਗਰੂਕ ਕਰਦਾ ਹੈ। ਇਹ ਨਾਟਕ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਸਕੂਲਾਂ, ਕਾਲਜਾਂ ਵਿਚ ਖੇਡਣ ਦੀ ਅਤਿਅੰਤ ਲੋੜ ਹੈ ਤਾਂ ਜੋ ਸਾਡੇ ਅਜੋਕੇ ਸਮਾਜ ਵਿਚ ਵਿਗਿਆਨਕ ਸੋਚ ਤੇ ਸੂਝ ਦਾ ਸੰਚਾਰ ਹੋ ਸਕੇ ਅਤੇ ਜਨ ਸਾਧਾਰਨ ਵਿਚ ਜਾਗ੍ਰਿਤੀ ਦੇ ਬੀਜ ਬੋਏ ਜਾ ਸਕਣ। ਗਿਆਨ ਵਰਧਕ ਅਤੇ ਸਿਹਤਮੰਦ ਨਾਟਕ ਲਿਖਣ ਲਈ ਦਵਿੰਦਰ ਸਿੰਘ ਗਿੱਲ ਸ਼ਾਬਾਸ਼ ਦਾ ਹੱਕਦਾਰ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਸਮਾਜ ਭਾਸ਼ਾ ਵਿਗਿਆਨ
(ਭਾਗ ਪਹਿਲਾ)
ਇਕ ਜਾਣ-ਪਛਾਣ
ਲੇਖਕ : ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 98152-18545.

ਸਮਾਜ ਭਾਸ਼ਾ ਵਿਗਿਆਨ ਅਤੇ ਭਾਸ਼ਾ ਦਾ ਸਮਾਜਿਕ ਵਿਗਿਆਨ, ਭਾਸ਼ਾਵਾਂ, ਉਪਭਾਸ਼ਾਵਾਂ ਅਤੇ ਅੰਤਰ, ਪੀਜ਼ਿਨਜ਼ ਅਤੇ ਕ੍ਰੀਓਲਜ਼, ਕੋਡ ਸੰਕੇਤ, ਭਾਸ਼ਣ ਸਮੂਹ, ਭਾਸ਼ਾ ਵਖਰੇਵਾਂ ਅਤੇ ਤਬਦੀਲੀ ਨਾਂਅ ਦੇ ਸੱਤ ਅਧਿਆਇ ਇਸ ਪੁਸਤਕ 'ਚ ਮਿਲਦੇ ਹਨ। ਜਾਣ-ਪਛਾਣ ਸਿਰਲੇਖ ਅਧੀਨ ਲੇਖਕ ਨੇ ਭਾਸ਼ਾ ਅਤੇ ਸਮਾਜ ਪਾਠ 'ਚ ਇਨ੍ਹਾਂ ਦੇ ਆਪਸੀ ਸਬੰਧਾਂ 'ਤੇ ਰੌਸ਼ਨੀ ਪਾਈ ਹੈ। ਸਮਾਜ ਭਾਸ਼ਾ ਵਿਗਿਆਨ ਅਤੇ ਭਾਸ਼ਾ ਦਾ ਸਮਾਜਿਕ ਵਿਗਿਆਨ ਪਾਠ ਸਮਾਜ-ਭਾਸ਼ਾ ਵਿਗਿਆਨ, ਭਾਸ਼ਾ ਅਤੇ ਸਮਾਜ ਵਿਚਕਾਰ ਸਬੰਧਾਂ ਦੀ ਖੋਜ ਕਰਨ ਨਾਲ ਸਬੰਧਤ ਹੈ। ਭਾਸ਼ਾਵਾਂ, ਉਪਭਾਸ਼ਾਵਾਂ ਅਤੇ ਅੰਤਰ ਪਾਠ ਬਹੁਤ ਮਿਹਨਤ ਨਾਲ ਲਿਖਿਆ ਗਿਆ ਹੈ, ਜਿਸ 'ਚ ਲੇਖਕ ਨੇ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ, ਸ਼ੈਲੀਆਂ, ਰਜਿਸਟਰ ਅਤੇ ਕੁਝ ਮਾਪਦੰਡ ਦੱਸੇ ਹਨ, ਜੋ ਖ਼ਾਸ ਭਾਸ਼ਾਵਾਂ ਨੂੰ ਦੂਜੀਆਂ ਭਾਸ਼ਾਵਾਂ ਤੋਂ ਵੱਖਰੀ ਪਛਾਣ ਲਈ ਵਰਤੇ ਜਾ ਸਕਦੇ ਹਨ। 'ਪੀਜ਼ਿਨਜ਼ ਅਤੇ ਕ੍ਰੀਓਲਜ਼' ਭਾਸ਼ਾ ਵਿਗਿਆਨ ਖੇਤਰ ਦਾ ਇਕ ਤਕਨੀਕੀ ਪਾਠ ਹੈ, ਜਿਸ 'ਚ ਲੇਖਕ ਨੇ ਇਨ੍ਹਾਂ ਦੋਵਾਂ ਸੰਕਪਲਾਂ ਨੂੰ ਸਫਲਤਾ ਸਹਿਤ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ ਕੋਡ, ਭਾਸ਼ਣ, ਸਮੂਹ, ਭਾਸ਼ਾ, ਵਖਰੇਵਾਂ, ਤਬਦੀਲੀ, ਪਾਠ ਦੀ ਤਕਨੀਕੀ ਮੁਹਾਰਤ ਨਾਲ ਸੌਖੀ ਭਾਸ਼ਾ 'ਚ ਨੇਪਰੇ ਚਾੜ੍ਹੇ ਗਏ ਹਨ। ਲੇਖਕ ਦੇ ਕਥਨ ਅਨੁਸਾਰ ਇਹ ਪੁਸਤਕ ਭਾਸ਼ਾ ਵਿਗਿਆਨ ਦੇ ਖੇਤਰ ਨਾਲ ਸਬੰਧਤ ਵਿਦਿਆਰਥੀਆਂ ਖੋਜਾਰਥੀਆਂ ਅਤੇ ਪਾਠਕਾਂ ਲਈ ਲਾਹੇਵੰਦ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515..

c c c

ਮੇਰੀ ਅਰਦਾਸ
ਸ਼ਾਇਰ : ਡਾ: ਫ਼ਕੀਰ ਜੋਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 108
ਸੰਪਰਕ : 95869-89997.

'ਮੇਰੀ ਅਰਦਾਸ' ਪੁਸਤਕ ਡਾ: ਫ਼ਕੀਰ ਜੋਤ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਪਚਵੰਜਾ ਵੱਡੀਆਂ ਤੇ ਪੰਜਤਾਲੀ ਨਿੱਕੀਆਂ ਨਜ਼ਮਾਂ ਸ਼ਾਮਿਲ ਹਨ। ਇਸ ਪੁਸਤਕ ਦੀਆਂ ਨਜ਼ਮਾਂ ਲੈਅ ਮੁਕਤ ਹੁੰਦੇ ਹੋਏ ਵੀ ਲੈਅ ਯੁਕਤ ਲਗਦੀਆਂ ਹਨ। ਇਨ੍ਹਾਂ ਵਿਚ ਸ਼ਾਇਰ ਨੇ ਸੂਖ਼ਮ ਵਿਸ਼ਿਆਂ ਨੂੰ ਲੈ ਕੇ ਸੰਜੀਦਾ ਕਾਵਿ ਰਚਨਾਵਾਂ ਕਹੀਆਂ ਹਨ। ਡਾ: ਫ਼ਕੀਰ ਜੋਤ ਉੱਚ ਅਧਿਕਾਰੀ ਹੈ ਤੇ ਉਸ ਨੂੰ ਲੋਕਾਈ ਦੀਆਂ ਮੁਸ਼ਕਿਲਾਂ ਦਾ ਪਤਾ ਹੈ। ਆਪਣੀ ਪਹਿਲੀ ਨਜ਼ਮ 'ਚਿੜੀ ਤੇ ਬਾਜ਼' ਵਿਚ ਉਹ ਕਹਾਣੀ ਨੂੰ ਖ਼ਤਮ ਕਰਨ ਉਪਰੰਤ ਆਪਣੇ ਵਿਚਾਰਾਂ ਦੀ ਪੁੱਠ ਦਿੰਦਾ ਹੈ। ਇੰਝ ਉਸ ਦੀ ਹਰ ਨਜ਼ਮ ਦਾ ਅੰਤ ਕਿਸੇ ਨਿੱਗਰ ਧਾਰਨਾ 'ਤੇ ਮੁਕਦਾ ਹੈ। ਸ਼ਾਇਰ ਦੀ ਵਿਸ਼ੇਸ਼ਤਾ ਉਸ ਦਾ ਆਸ਼ਾਵਾਦੀ ਹੋਣਾ ਹੈ ਤੇ ਉਹ ਬੇਕਾਰ ਦੇ ਰੋਣ ਧੋਣ ਵਿਚ ਵਿਸ਼ਵਾਸ ਨਹੀਂ ਰੱਖਦਾ। ਉਹ ਲੋਕ ਮਸਲਿਆਂ ਨੂੰ ਸਿੱਧਾ ਸਪਾਟ ਬਿਆਨ ਕਰਨ ਤੋਂ ਪ੍ਰਹੇਜ਼ ਕਰਦਾ ਹੈ ਤੇ ਹਰ ਮਸਲੇ 'ਤੇ ਦਿਸ਼ਾ ਦਿੰਦਾ ਹੈ। ਇਹ ਨਜ਼ਮਾਂ ਆਮ ਪਾਠਕ ਤੱਕ ਪਹੁੰਚ ਰੱਖਣ ਵਾਲੀਆਂ ਹਨ ਤੇ ਇਨ੍ਹਾਂ ਦਾ ਸਬੰਧ ਆਮ ਮਨੁੱਖ ਨਾਲ ਹੈ। ਆਜ਼ਾਦ ਨਜ਼ਮ ਲਿਖਣ ਵਾਲਿਆਂ ਵੱਲੋਂ ਸਿਰਜੀ ਮਿੱਥ ਤੇ ਪ੍ਰਭਾਵ ਨੂੰ ਇਸ ਪੁਸਤਕ ਦੀਆਂ ਨਜ਼ਮਾਂ ਤੋੜਦੀਆਂ ਹਨ। ਡਾ: ਫ਼ਕੀਰ ਜੋਤ ਦੇ ਆਜ਼ਾਦ ਨਜ਼ਮ ਨੂੰ ਆਮ ਪਾਠਕ ਤੱਕ ਪਹੁੰਚਾਉਣ ਦੇ ਯਤਨ ਸਰਾਹੁਣਯੋਗ ਹਨ।

-ਗੁਰਦਿਆਲ ਰੌਸ਼ਨ
ਮੋ: 9988444002.

ਡਾਇਸਪੋਰਾ : ਸਾਹਿਤਕ ਪ੍ਰਵਚਨ
ਲੇਖਿਕਾ : ਡਾ: ਜਸਪਾਲ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 260 ਰੁਪਏ, ਸਫ਼ੇ : 134
ਸੰਪਰਕ : 011-23280657.

ਡਾ: ਜਸਪਾਲ ਕੌਰ ਨਵੀਂ ਪੀੜ੍ਹੀ ਵਿਚੋਂ ਉੱਠ ਕੇ ਪ੍ਰੋੜ੍ਹ ਅਧਿਆਪਕਾਂ ਤੇ ਆਲੋਚਕਾਂ ਦੀ ਢਾਣੀ ਵਿਚ ਕਦਮ ਰੱਖਣ ਵਾਲੀ ਗੰਭੀਰ ਸਾਹਿਤ ਅਧਇਏਤਾ ਹੈ। ਪੜ੍ਹਨਾ, ਪੜ੍ਹਾਉਣਾ, ਖੋਜ ਕਰਨਾ, ਕਰਵਾਉਣਾ, ਸਾਹਿਤਕ/ ਆਲੋਚਨਾਤਮਕ ਮਸਲਿਆਂ ਬਾਰੇ ਚਿੰਤਨ ਉਸ ਦੇ ਲਗਪਗ ਕੁਲਵਕਤੀ ਕਾਰਜ ਰਹੇ ਹਨ। ਆਧੁਨਿਕ ਆਲੋਚਨਾਤਮਕ ਚਿੰਤਨ ਤੇ ਪਰਵਾਸੀ ਸਾਹਿਤ ਉਸ ਦੇ ਮਨਭਾਉਂਦੇ ਵਿਸ਼ੇ ਹਨ। ਡਾਇਸਪੋਰਾ ਬਾਰੇ ਇਹ ਸਾਹਿਤਕ ਪ੍ਰਵਚਨ ਉਸ ਦੇ ਇਸ ਵਿਸ਼ੇ 'ਤੇ ਸਮੇਂ-ਸਮੇਂ ਲਿਖੇ ਖੋਜ ਪੱਤਰਾਂ ਦਾ ਸੰਕਲਨ ਹੈ, ਜਿਸ ਦੇ ਜ਼ਰੀਏ ਪਰਵਾਸ/ਡਾਇਸਪੋਰਾ ਤੇ ਪਰਵਾਸੀ ਸਾਹਿਤ ਬਾਰੇ ਉਸ ਦੀਆਂ ਮੁੱਖ ਸਥਾਪਨਾਵਾਂ ਨੂੰ ਸਮਝਿਆ ਜਾ ਸਕਦਾ ਹੈ।
ਪਰਵਾਸ ਅਜੋਕੇ ਯੁੱਗ ਦਾ ਵਿਆਪਕ ਵਰਤਾਰਾ ਹੈ। ਪੰਜਾਬ ਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਅਜਿਹੇ ਪਰਵਾਸ ਦੇ ਨਾਲ-ਨਾਲ ਦੇਸ਼ ਤੋਂ ਬਾਹਰ ਵਿਕਸਤ ਪੱਛਮੀ ਮੁਲਕਾਂ ਵਿਚ ਪੰਜਾਬੀਆਂ ਦੇ ਪਰਵਾਸ ਦਾ ਲੰਮਾ ਇਤਿਹਾਸ ਹੈ। ਉਪਰੋਕਤ ਦੋਵਾਂ ਕਿਸਮਾਂ ਦੇ ਪਰਵਾਸੀਆਂ ਦੇ ਸਰੋਕਾਰ ਲੇਖਿਕਾ ਅਨੁਸਾਰ ਵੱਖਰੇ ਹਨ। ਪੱਛਮੀ ਦੇਸ਼ਾਂ ਵਿਚ ਪਰਵਾਸ ਗੋਰੇ ਵੀ ਕਰਦੇ ਹਨ। ਉਨ੍ਹਾਂ ਦੀ ਸਥਿਤੀ ਇਕੋ ਕੌਮ ਦੇ ਅੰਤਰਗਤ ਡਾਇਸਪੋਰਾ ਦੀ ਹੈ। ਉਨ੍ਹਾਂ ਨਾਲ ਨਸਲੀ ਵਿਤਕਰਾ ਨਹੀਂ ਹੁੰਦਾ। ਪੰਜਾਬੀ ਇਸ ਪੱਖੋਂ ਵੱਖਰੀ ਸਥਿਤੀ ਕਾਰਨ ਸੱਭਿਆਚਾਰਕ ਮੁੱਲ ਪ੍ਰਬੰਧ, ਦੋ ਦੇਸ਼ਾਂ/ਸੱਭਿਆਚਾਰਾਂ ਵਿਚ ਵੰਡੀ ਤਨਾਅਗ੍ਰਸਤ ਵਫ਼ਾਦਾਰੀ, ਪੀੜ੍ਹੀ ਦਰ ਪੀੜ੍ਹੀ ਬਦਲ ਰਹੀਆਂ ਪ੍ਰਸਥਿਤੀਆਂ ਕਾਰਨ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਘਿਰਦੇ ਹਨ। ਲੇਖਿਕਾ ਡਾਇਸਪੋਰਾ ਦਾ ਸੰਕੇਤ ਇਤਿਹਾਸਕ ਯਹੂਦੀ ਮੂਲ ਤੱਕ ਸੀਮਤ ਰੱਖਣ ਦੀ ਥਾਂ ਇਸ ਨੂੰ ਮੂਲ ਸੱਭਿਆਚਾਰ ਤੋਂ ਉਖੜਣ ਤੱਕ ਵਿਸਤਾਰਦੀ ਹੈ। ਇਹ ਲੋਕ ਪਛਾਣ/ਸਥਾਪਤੀ ਲਈ ਸੰਘਰਸ਼ ਕਰਦੇ ਹਨ। ਸੱਤਾ/ਸੱਤਾਹੀਣਤਾ, ਗੁਲਾਮੀ/ਬਸਤੀਵਾਦ/ਉਤਰ ਬਸਤੀਵਾਦ, ਬੇਗਾਨਗੀ, ਨਵੀਂ ਪੀੜ੍ਹੀ ਪ੍ਰਤੀ ਪੁਰਾਣੀ ਪੀੜ੍ਹੀ ਦੀ ਜਾਗੀਰਦਾਰੀ ਪਹੁੰਚ, ਦੋ ਕਿਸਮ ਦੇ ਨੈਤਿਕ ਮੁੱਲਾਂ ਨਾਲ ਨਿੱਭਣ ਦਾ ਸੰਕਟ, ਟੁੱਟਦੇ ਖੁਰਦੇ ਰਿਸ਼ਤੇ ਨਾਤੇ, ਉਥੇ ਵਸਦੇ ਪੰਜਾਬੀਆਂ ਦੀਆਂ ਨਾਰੀਆਂ/ਬੱਚਿਆਂ ਦੀ ਮਾਨਸਿਕਤਾ, ਮੂਲ ਦੇਸ਼/ਪਰਵਾਸ ਦੀ ਧਰਤੀ ਦਾ ਸਮਾਜ/ਰਾਜਨੀਤੀ ਸਭ ਪ੍ਰਤਿ ਤਿੱਖੀ ਨਜ਼ਰ ਨਾਲ ਨਿਖੇੜੇ ਕਰਦੀ ਹੈ ਉਹ। ਸਿਧਾਂਤਕ ਚਰਚਾ ਤੋਂ ਬਿਨਾਂ ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੀ ਗਲਪ ਤੇ ਕਵਿਤਾ ਬਾਰੇ ਉਸ ਦੀ ਵਿਚਾਰਕ ਆਲੋਚਨਾ ਸੰਤੁਲਿਤ ਤੇ ਨਵੀਆਂ ਅੰਤਰ-ਦ੍ਰਿਸ਼ਟੀਆਂ ਨਾਲ ਭਰਪੂਰ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 9822-60550

c c c

ਜੰਗਲਾਂ ਦੇ ਰੁੱਖ ਬੋਲਦੇ
ਸੰਪਾਦਕ : ਸਰਬਜੀਤ ਸਿੰਘ ਵਿਰਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 232
ਸੰਪਰਕ : 94173-10492.

ਵਾਤਾਵਰਨ ਦਾ ਮੁੱਦਾ ਅਜੋਕੇ ਦੌਰ ਦਾ ਸਭ ਤੋਂ ਵੱਧ ਵਿਚਾਰਨਯੋਗ ਮੁੱਦਾ ਹੈ, ਜੋ ਅੱਜ ਧਰਤੀ ਤੇ ਸਾਡੇ ਜੀਵਨ ਦੀ ਹੋਂਦ ਨਾਲ ਬਹੁਤ ਹੀ ਨੇੜਿਓਂ ਜੁੜਿਆ ਹੋਇਆ ਹੈ।
ਕਾਲੋਨੀਆਂ ਉਸਾਰਨ ਦੇ ਲਾਲਚ ਵਿਚ, ਸੜਕਾਂ ਚੌੜੀਆਂ ਕਰਨ ਦੇ ਮੁੱਦੇ 'ਤੇ ਅਸੀਂ ਰੁੱਖਾਂ ਦਾ ਏਨਾ ਘਾਣ ਕੀਤਾ ਹੈ ਕਿ ਸ਼ਾਇਦ ਕੁਦਰਤ ਸਾਨੂੰ ਕਦੇ ਵੀ ਮੁਆਫ਼ ਨਾ ਕਰੇ। ਸਾਹਿਤ ਜੀਵਨ ਦਾ ਸ਼ੀਸ਼ਾ ਹੈ, ਇਸ ਵਿਚੋਂ ਉਨ੍ਹਾਂ ਸਮੱਸਿਆਵਾਂ ਦੇ ਝਲਕਾਰੇ ਜ਼ਰੂਰ ਪੈਂਦੇ ਹਨ ਜੋ ਸਾਡੇ ਸਮਕਾਲੀ ਜੀਵਨ ਨੂੰ ਦਰਪੇਸ਼ ਹੁੰਦੇ ਹਨ। ਸਰਬਜੀਤ ਸਿੰਘ ਵਿਰਦੀ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ 'ਜੰਗਲਾਂ ਦੇ ਰੁਖ ਬੋਲਦੇ' ਇਸੇ ਦਿਸ਼ਾ ਵੱਲ ਇਕ ਅਹਿਮ ਯਤਨ ਹੈ, ਜਿਸ ਵਿਚ ਲੇਖਕ ਵੱਲੋਂ ਰੁੱਖਾਂ ਦੀ ਬਾਤ ਪਾਉਂਦੀਆਂ ਨਵੀਆਂ ਪੁਰਾਣੀਆਂ ਅਨੇਕ ਕਲਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਰੁੱਖਾਂ ਦੀ ਬਾਤ ਪਾਉਂਦੀਆਂ ਇਨ੍ਹਾਂ ਕਵਿਤਾਵਾਂ/ਗੀਤਾਂ ਦਾ ਇਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਜਿਥੇ ਇਹ ਕਵੀ-ਰੁੱਖਾਂ ਦੇ ਮਹੱਤਵ ਸਬੰਧੀ ਜਾਗਰੂਕ ਹਨ, ਉਥੇ ਉਹ ਇਨ੍ਹਾਂ ਦੇ ਖ਼ਾਤਮੇ ਦੇ ਕਾਰਨਾਂ ਤੇ ਉਨ੍ਹਾਂ ਦੀ ਰੋਕਥਾਮ ਲਈ ਵੀ ਸੰਵਾਦ ਸਿਰਜਦੇ ਹਨ।
ਸਰਦਾਰ ਪੰਛੀ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਦੇਵ ਥਰੀਕੇਵਾਲਾ ਜਿਹੇ ਵੱਡੇ ਸ਼ਾਇਰਾਂ ਤੋਂ ਲੈ ਕੇ ਨਵੇਂ ਕਵੀਆਂ ਦੇ ਇਹ ਗੀਤ ਜਿਥੇ ਸਮਾਜਿਕ ਤੌਰ 'ਤੇ ਰੁੱਖਾਂ ਨੂੰ ਸਲਾਮਤ ਰੱਖਣ ਦਾ ਹੋਕਾ ਦਿੰਦੇ ਹਨ, ਉਥੇ ਇਨ੍ਹਾਂ ਤੋਂ ਬਗੈਰ ਜੀਵਨ ਦੀ ਦੁਰਗਤੀ ਦੀ ਚਿਤਾਵਨੀ ਵੀ ਦਿੰਦੇ ਹਨ। ਸਮਾਜਿਕ ਚੇਤਨਾ ਲਹਿਰ ਨਾਲ ਸਬੰਧਤ ਇਸ ਪੁਸਤਕ ਨੂੰ ਜੀ ਆਇਆਂ ਆਖਣਾ ਬਣਦਾ ਹੈ।

-ਡਾ: ਅਮਰਜੀਤ ਕੌਂਕੇ
ਮੋ : 98142-31698.

1/07/2017

 ਪ੍ਰੀਤਮ ਰੁਬਾਈਆਂ
ਲੇਖਕ : ਪ੍ਰੀਤਮ ਸਿੰਘ ਭਰੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ (ਸਜਿਲਦ), ਸਫ਼ੇ : 104
ਸੰਪਰਕ : 98140-36602.

ਪ੍ਰੀਤਮ ਸਿੰਘ ਭਰੋਵਾਲ ਦੀ ਸ਼ਾਇਰੀ ਸਿਰਫ ਧਾਰਮਿਕ ਮਸਲਿਆਂ ਨਾਲ ਹੀ ਬਾ-ਵਸਤਾ ਨਹੀਂ ਰੱਖਦੀ ਸਗੋਂ ਉਸ ਦੀ ਸ਼ਾਇਰੀ ਫ਼ਿਕਰ ਸਮਾਜਿਕ, ਸੱਭਿਆਚਾਰਕ, ਵਿਰਾਸਤੀ ਕਦਰਾਂ-ਕੀਮਤਾਂ ਅਤੇ ਸਿਆਸੀ ਨਿਘਾਰ ਨਾਲ ਵੀ ਜੁੜੇ ਹੋਏ ਹਨ। ਪਦਾਰਥਕ ਸੋਚ ਅਧੀਨ ਅਲੋਪ ਹੋ ਰਹੇ ਰੀਤੀ-ਰਿਵਾਜ, ਰਸਮਾਂ, ਬਦਲਦਾ ਹੋਇਆ ਜੀਵਨ-ਢੰਗ, ਨੌਜਵਾਨ ਪੀੜ੍ਹੀ ਦਾ ਨਿਘਾਰ ਆਦਿ ਨੂੰ ਸੰਬੋਧਿਤ ਹੁੰਦਿਆਂ, ਇਨ੍ਹਾਂ ਪ੍ਰਤੀ ਸੁਚੇਤ ਹੋਣ ਦਾ ਹੋਕਾ ਦੇਣਾ ਉਸ ਦੇ ਫ਼ਿਕਰਾਂ 'ਚ ਸ਼ਾਮਿਲ ਹੈ। ਉਹ ਖ਼ੁਦ ਸਿਆਸਤ ਦਾ ਹਿੱਸਾ ਹੁੰਦਾ ਹੋਇਆ ਵੀ ਅਪਣਾਏ ਜਾਂਦੇ ਸਿਆਸੀ ਪੈਂਤੜਿਆਂ ਤੋਂ ਖਫ਼ਾ ਹੈ। ਮਨੁੱਖ ਦੇ ਜੀਵਨ 'ਚ ਵਾਪਰਦੀਆਂ ਘਟਨਾਵਾਂ ਦਾ ਗਹਿਰਾ ਪ੍ਰਭਾਵ ਹੁੰਦਾ ਹੈ। ਪ੍ਰੀਤਮ ਸਿੰਘ ਭਰੋਵਾਲ ਦੇ ਜੀਵਨ-ਪੰਧ 'ਚ ਵੀ ਅਨੇਕਾਂ, ਰੁਕਾਵਟਾਂ ਅਤੇ ਦੁਸ਼ਵਾਰੀਆਂ ਦਾ ਸੁਮੇਲ ਹੋਣ ਕਰਕੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਵੀ ਉਸ ਦੀਆਂ ਇਨ੍ਹਾਂ ਰੁਬਾਈਆਂ 'ਚ ਥਾਂ-ਪੁਰ-ਥਾਂ ਦੇਖਿਆ ਜਾ ਸਕਦਾ ਹੈ। ਜਦੋਂ ਵੀ ਉਸ ਨੇ ਸਮਾਜਿਕ, ਆਰਥਿਕ ਜਾਂ ਸੱਭਿਆਚਾਰਕ ਵਰਤਾਰੇ ਅਧੀਨ ਗ਼ੈਰ-ਸਮਾਜਿਕ ਵਰਤਾਰਾ ਦੇਖਿਆ ਹੈ ਜਾਂ ਫਿਰ ਬੇਇਨਸਾਫ਼ੀ ਦਾ ਨਿੱਜੀ ਜਾਂ ਗ਼ੈਰ ਦਾ ਵਾਸਤਾ ਪਿਆ ਦੇਖਿਆ, ਉਥੇ-ਉਥੇ ਹੀ ਉਸ ਦੀ ਕਲਮ ਨੇ ਰੋਹ-ਭਰੀ ਆਵਾਜ਼ ਬੁਲੰਦ ਕੀਤੀ ਹੈ। ਦੁਨਿਆਵੀ ਅਹੁਦਿਆਂ, ਤਾਕਤਾਂ, ਸ਼ਕਤੀਆਂ ਦੀ ਥਾਵੇਂ ਉਹ ਕਲਮ ਦੀ ਤਾਕਤ ਨੂੰ ਸਰਬੋਤਮ ਕਰਾਰ ਦਿੰਦਾ। ਬਾਕੌਲ ਮੇਰੇ ਇਸ ਸ਼ਿਅਰ ਵਾਂਗ ਹੀ :
ਕੁਰਸੀ ਦੇ ਭੁੱਖੇ ਇਹ ਲੀਡਰ ਕੀ ਜਾਨਣ,
ਕਿੰਨਾ ਉੱਚਾ ਰੁਤਬਾ ਹੈ ਫ਼ਨਕਾਰਾਂ ਦਾ।
ਪ੍ਰੀਤਮ (ਪਰਮਾਤਮਾ ਜਾਂ ਰੱਬ), ਪ੍ਰੀਤਮ (ਮਾਹੀ-ਪਤੀ) ਪ੍ਰੀਤਮ ਸਿੰਘ ਭਰੋਵਾਲ ਦੇ ਪਸੰਦੀਦਾ ਕਾਵਿਕ-ਸਿਰਲੇਖ ਹਨ। ਇਹ ਢੁੱਕਵੇਂ ਵੀ ਹਨ ਅਤੇ ਫੱਬਵੇਂ ਵੀ। ਭਾਸ਼ਾ ਭਾਵਾਂ ਦੇ ਅਨੁਕੂਲ ਹੀ ਵਰਤੀ ਗਈ ਹੈ। ਸੁਨੇਹੇ ਦੇ ਸੰਚਾਰ 'ਚ ਨਿਸਚੇ ਰੁਕਾਵਟ ਨਹੀਂ ਹੈ। ਪੁਰਾਤਨ ਅਤੇ ਰਵਾਇਤੀ ਕਾਵਿ-ਰੂਪਾਂ 'ਤੇ ਅਜੋਕੇ ਲੇਖਕ ਘੱਟ ਹੀ ਕਲਮ-ਅਜ਼ਮਾਈ ਕਰਦੇ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਖ਼ਾਲੀ ਕਮਰਾ ਨੰਬਰ ਬਿਆਸੀ
ਲੇਖਕ : ਆਸ਼ਾ ਸਾਕੀ ਤੇ ਐਸ ਸਾਕੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 184
ਸੰਪਰਕ : 011-23280657.

ਇਹ ਕਹਾਣੀ ਸੰਗ੍ਰਹਿ ਸਿਡਨੀ (ਆਸਟਰੇਲੀਆ) ਨਿਵਾਸੀ ਪਤੀ-ਪਤਨੀ ਜੋੜੀ ਦੇ ਸਾਂਝੇ ਉੱਦਮ ਦੀ ਦੇਣ ਹੈ। ਇਸ ਵਿਚ ਆਸ਼ਾ ਸਾਕੀ ਦੀਆਂ 8 ਹਿੰਦੀ ਕਹਾਣੀਆਂ ਹਨ, ਜੋ ਉਸ ਦੇ ਪਤੀ ਐਸ. ਸਾਕੀ ਨੇ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ। ਇਸ ਤੋਂ ਬਿਨਾਂ ਐਸ. ਸਾਕੀ ਦੀਆਂ ਪੰਜਾਬੀ ਵਿਚ ਸਿਰਜੀਆਂ 11 ਕਹਾਣੀਆਂ ਨੂੰ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤਾ ਗਿਆ ਹੈ। ਤਰਤੀਬ ਵਿਚ ਇਨ੍ਹਾਂ ਨੂੰ ਰਲਵਾਂ-ਮਿਲਵਾਂ ਸਥਾਨ ਪ੍ਰਾਪਤ ਹੈ। ਇਨ੍ਹਾਂ ਕਹਾਣੀਆਂ ਦੀ ਫੇਬੁਲਾ ਦਾ ਆਧਾਰ ਭਾਰਤੀ ਪਿਛੋਕੜ ਦੇ ਨਾਲ-ਨਾਲ ਵਿਦੇਸ਼ੀ ਮਾਹੌਲ ਵੀ ਹੈ। ਕਈ ਘਟਨਾਵਾਂ ਦਿੱਲੀ ਵਿਚ ਵੀ ਵਾਪਰਦੀਆਂ ਵਿਖਾਈਆਂ ਗਈਆਂ ਹਨ।
ਕਹਾਣੀਆਂ ਦੇ ਵੰਨ-ਸੁਵੰਨੇ ਵਿਸ਼ੇ ਕ੍ਰਮਵਾਰ ਇਸ ਪ੍ਰਕਾਰ ਹਨ : ਬਜ਼ੁਰਗਾਂ ਦੀ ਯਾਦ (ਖ਼ਾਲੀ ਕਮਰਾ); ਭੁੱਖ ਮਰੀ ਦਾ ਸ਼ਿਕਾਰ ਬਚਪਨ (ਨੰਗੀਆਂ ਲੱਤਾਂ ਵਾਲਾ ਮੁੰਡਾ); ਮਤ੍ਰੇਈ ਮਾਂ ਦਾ ਪਿਆਰ (ਅੰਮਾ); ਪਿਆਰ ਕਦੇ ਬੁੱਢਾ ਨਹੀਂ ਹੁੰਦਾ (ਬਹੁਤ ਦੇਰ ਹੋ ਗਈ); ਧੋਖੇਬਾਜ਼ ਮਰਦਾਂ ਤੋਂ ਬਦਲਾ (ਕੌਣ ਹੈ ਉਹ); ਪਰਾਸਰੀਰਕ ਘਟਨਾਵਾਂ (ਭੂਤਵਾੜਾ); ਦੁਖੀਆਂ ਦੀ ਚੀਕ (ਛੁਟਕਾਰਾ); ਕਦੇ ਸਤਿਕਾਰ ਕਦੇ ਦੁਰਕਾਰ (ਦੀਵੇ ਦੀ ਲੋਅ); ਫੁੱਲਾਂ ਨਾਲ ਪਿਆਰ (ਦੋ ਕਤਾਰਾਂ ਵਾਲਾ ਘਰ); ਡਰ ਕਾਰਨ ਦਾਨ (ਇਕ ਸਿੱਧੀ ਸੜਕ); ਮਨੋਵਿਗਿਆਨਕ ਢਾਰਸ (ਮੈਂ ਹਾਂ ਨਾ ਬਈ); ਵਿਦੇਸ਼ਾਂ ਵਿਚ ਬੁਢਾਪਾ (ਇਸਤਰੀ ਤੇ ਪੁਰਸ਼); ਅਣਜੋੜ ਵਿਆਹ ਉਪਰੰਤ ਉਪਲੱਬਧ ਹਾਣੀ (ਇਕ ਠੰਢਾ ਘਰ ਗਰਮ ਘਰ); ਅਣਜੋੜ ਵਿਆਹ ਦਾ ਦੁਖਾਂਤ (ਏਨੀਮੀ); ਬੌਣੇ ਕੱਦ ਦੀ ਹੀਣਤਾ (ਕਛੂਏ); ਪਰਦਾ ਫਾਸ਼ (ਪਤੀ-ਪਰਮੇਸ਼ਵਰ); ਕਰੂਪਤਾ ਦਾ ਦੁਖਾਂਤ (ਪਹਾੜ ਜਿਹੀ); ਨਿਰੁੱਤਰ ਮਾਂ (ਮਾਂ ਬਾਬਾ ਕਿਉਂ ਨਹੀਂ ਆਉਂਦੇ); ਇਕੱਲਤਾ ਭੋਗਦਾ ਬੰਦਾ (ਨੰਬਰ ਬਿਆਸੀ) ਆਦਿ।
ਸ਼ੈਲੀ ਉੱਤਮ ਪੁਰਖੀ ਵੀ, ਅਨਯ-ਪੁਰਖੀ ਵੀ, ਪੜਨਾਉਂ ਦਾ ਅਨੇਕਾਂ ਵਾਕਾਂ ਦੇ ਅੰਤ ਤੇ ਆਉਣਾ ਵਾਕ-ਵਿਸ਼ੇਸ਼ਤਾ ਹੈ ਜਿਵੇਂ ਉਹ, ਉਸ ਤੋਂ, ਉਸ ਨੇ, ਇਹ ਆਦਿ। ਲਗਪਗ ਹਰ ਕਥਾ ਸ਼ੰਕਾ ਤੋਂ ਆਰੰਭ ਹੁੰਦੀ ਹੈ ਜੋ ਪਾਠਕ ਨੂੰ ਅੱਗੋਂ ਪੜ੍ਹਨ ਲਈ ਉਤਾਵਲਾ ਕਰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸੂਹੀ ਫੁਲਕਾਰੀ
ਪੰਜਾਬੀ ਲੋਕ-ਕਥਾਵਾਂ
ਲੇਖਿਕਾ : ਰਸ਼ਪਾਲ ਕੌਰ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 200
ਸੰਪਰਕ : 99151-03490.

ਪੰਜਾਬੀ ਸਾਹਿਤ ਦੀ ਪ੍ਰਭਾਵਸ਼ਾਲੀ ਸਿਨਫ਼ ਲੋਕ-ਕਥਾਵਾਂ ਇਸ ਪੁਸਤਕ ਦਾ ਆਧਾਰ ਹੈ। ਇਸ ਪੁਸਤਕ ਵਿਚ 13 ਲੋਕ-ਕਥਾਵਾਂ ਹਨ : ਸੂਹੀ ਫੁਲਕਾਰੀ, ਦਮੜੀ, ਹਾ ਹਾ, ਹੀ ਹੀ, ਬਾਤਾਂ ਰਾਹਗੀਰਾਂ ਦੀਆਂ, ਅਣਜੰਮੇ ਟੱਬਰ ਦੀ ਕਰਾਮਾਤ, ਤੇਰੀ ਜਾਤ ਕੀ ਐ?, ਠਾਕਰ ਤੋਤਾਂਜੀ ਬਣਾਇਆ, ਚਤਰੂ ਦੀ ਚਤਰਾਈ, ਬਹੁਤੀ ਗਈ ਬਿਹਾ, ਉਰਲੀ ਪਰਲੀ, ਰਾਜੇ ਦਾ ਬਟੇਰਾ, ਮੜਿੰਦੋ ਤੇ ਨਿੰਦਾ ਦਾ ਫਲ। ਉਪਰੋਕਤ ਲੋਕ ਕਥਾਵਾਂ ਦੇ ਵਿਸ਼ੇ ਸਾਧਾਰਨ ਮਾਨਸ ਤੋਂ ਲੈ ਕੇ ਰਾਜਿਆਂ, ਮਹਾਰਾਜਿਆਂ, ਵਪਾਰੀਆਂ ਦੇ ਪਰੰਪਰਾਗਤ ਜੀਵਨ 'ਤੇ ਝਾਤ ਪਵਾਉਂਦੇ ਹਨ। ਇਹ ਲੋਕ ਕਥਾਵਾਂ ਸਮਕਾਲੀ ਸਮਾਜ/ਸਮੇਂ ਦੀ ਸੱਭਿਆਚਾਰਕ ਅਵਸਥਾ ਆਰਥਿਕ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਹਾਲਾਤ ਦੀ ਝਲਕ ਪੇਸ਼ ਕਰਦੀਆਂ ਹਨ। ਇਹ ਲੋਕ ਕਥਾਵਾਂ ਲੋਕ ਪੱਖੀ ਕਦਰਾਂ-ਕਮਤਾਂ ਦੀ ਤਰਜਮਾਨੀ ਕਰਦੀਆਂ ਹਨ। ਅੱਜ ਦੇ ਖਪਤਵਾਦੀ ਯੁੱਗ 'ਚ ਸਾਡੀ ਨੌਜਵਾਨ ਪੀੜ੍ਹੀ, ਪੰਜਾਬੀ ਸਾਹਿਤ ਦਾ ਇਹ ਵਡਮੁੱਲਾ ਖਜ਼ਾਨਾ ਵਿਸਾਰੀ ਜਾ ਰਹੀ ਹੈ। ਠੇਠ ਮਲਵਈ ਪੇਂਡੂ ਲੋਕ ਬੋਲੀ ਤੇ ਢੁਕਵੀਂ ਸ਼ਬਦਾਵਲੀ 'ਚ ਲਿਖੀ ਇਹ ਪੁਸਤਕ ਪੰਜਾਬੀ ਸਾਹਿਤ ਵਿਚ ਵਡਮੁੱਲੀ ਕਿਰਤ ਹੈ। 'ਪੰਚਤੰਤਰ' ਅਤੇ 'ਹਿਤੋਪਦੇਸ਼' ਦੀਆਂ ਕਹਾਣੀਆਂ ਦੀ ਤਰਜ਼ 'ਤੇ ਇਹ ਪੁਸਤਕ ਵੀ ਪੰਜਾਬੀ ਲੋਕ-ਮਾਨਸ ਨੂੰ ਜ਼ਰੂਰ ਸੇਧ ਪ੍ਰਦਾਨ ਕਰੇਗੀ ਅਤੇ ਮਨੋਰੰਜਨ ਦਾ ਸਬੱਬ ਵੀ ਬਣੇਗੀ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਬਾਬੇ ਦਾਦੇ ਰੱਬ ਰਜਾਦੇ
ਲੇਖਕ : ਬਰਜਿੰਦਰ ਸਿੰਘ ਸਿੱਧੂ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁਲ : 150 ਰੁਪਏ (ਪੇਪਰ ਬੈਕ), ਸਫ਼ੇ : 160
ਸੰਪਰਕ : 97819-43772.

ਅਮਰੀਕਾ ਨਿਵਾਸੀ ਸਾਬਕਾ ਪ੍ਰਿੰਸੀਪਲ ਬਰਜਿੰਦਰ ਸਿੰਘ ਸਿੱਧੂ ਦੀ ਇਹ ਪੁਸਤਕ ਵੰਨ-ਸੁਵੰਨੇ ਵਿਸ਼ਿਆਂ 'ਤੇ 29 ਲੇਖਾਂ ਦੀ ਹੈ। ਇਹ ਲੇਖ ਪਿਛਲੇ ਕਾਫੀ ਸਮੇਂ ਤੋਂ ਅਖ਼ਬਾਰਾਂ ਵਿਚ ਛਪੇ ਹਨ। ਪੁਸਤਕ ਦਾ ਮੁੱਖ ਬੰਦ ਪੰਜਾਬੀ ਦੇ ਪ੍ਰਸਿੱਧ ਪਰਵਾਸੀ ਸ਼ਾਇਰ ਸ਼ੇਰ ਸਿੰਘ ਕੰਵਲ ਦਾ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ, ਪ੍ਰੋ: ਬਰਜਿੰਦਰ ਸਿੰਘ ਨੇ ਪੂਰਬ ਤੇ ਪੱਛਮ ਦੀ ਜ਼ਿੰਦਗੀ ਨੂੰ ਨੇੜਿਓਂ ਨਿਹਾਰਿਆ ਹੈ। ਲੇਖਕ ਪੜ੍ਹਿਆ ਗੁੜ੍ਹਿਆ ਹੈ। ਇਨ੍ਹਾਂ ਵਿਚ ਉਸ ਨੇ ਬਿਰਤਾਂਤ ਦੇ ਨਾਲ-ਨਾਲ ਹਾਸ ਵਿਅੰਗ ਤੇ ਮੁਹਾਵਰੇਦਾਰ ਭਾਸ਼ਾ ਦੀ ਵਰਤੋਂ ਕੀਤੀ ਹੈ। ਲੇਖਾਂ ਵਿਚ ਸੰਜੀਦਗੀ ਤੇ ਸਾਦਗੀ ਨਾਲੋ-ਨਾਲ ਚਲਦੇ ਹਨ। ਪਾਠਕ ਕਿਤੇ ਵੀ ਅੱਕਦਾ ਥੱਕਦਾ ਨਹੀਂ। ਉਹ ਅਮਰੀਕਾ ਵਸਦੇ ਪੰਜਾਬੀਆ ਦਾ ਜੀਵਨ ਤੇ ਇਧਰਲੇ ਪੰਜਾਬ ਦਾ ਜੀਵਨ ਦਾ ਤੁਲਨਾਤਮਿਕ ਨਕਸ਼ਾ ਖਿੱਚਦਾ ਹੈ। ਕਿਤੇ-ਕਿਤੇ ਉਸ ਦਾ ਇਹ ਅੰਦਾਜ਼ ਬੜਾ ਭਾਵੁਕ ਪੱਧਰ 'ਤੇ ਚਲਾ ਜਾਂਦਾ ਹੈ। ਲੇਖ ਇਕ ਸਵਾਲ? ਵਿਚ ਉਹ ਅਮਰੀਕਾ ਵਿਚ ਜਦੋਂ ਪੰਜਾਬੀਆਂ ਨੂੰ ਕੋਈ ਵੀ ਕੰਮ ਕਰਦੇ ਵੇਖਦਾ ਹੈ ਤਾਂ ਉਹ ਮਹਿਸੂਸ ਕਰਦਾ ਹੈ ਕਿ ਅੰਦਰੋਂ ਇਹ ਲੋਕ ਖੁਸ਼ ਨਹੀਂ ਹਨ। ਪੰਜਾਬੀ ਬੱਚੇ ਵਿਦੇਸ਼ਾਂ ਵਿਚ ਪੰਜਾਬੀ ਭੁੱਲ ਗਏ ਹਨ ਇਸ ਦਾ ਲੇਖਕ ਨੂੰ ਹੇਰਵਾ ਹੈ। ਜੱਟਾ ਤੇਰੀ ਜੂਨ ਬੁਰੀ ਵਿਚ ਉਸ ਨੇ ਕਿਸਾਨ ਦੇ ਆਰਥਿਕ ਦੁੱਖਾਂ ਨੂੰ ਤਲਾਸ਼ਿਆ ਹੈ। ਬਾਬਲ ਤੇਰੇ ਮਹਿਲਾਂ ਵਿਚੋਂ ਲੇਖ ਔਰਤ ਦਾ ਇਤਿਹਾਸ ਤੇ ਉਸ ਦਾ ਵਰਤਮਾਨ ਪੇਸ਼ ਕਰਦਾ ਹੈ। ਪੰਜਾਬ ਦੇ ਖੁਰਦੇ ਸੱਭਿਆਚਾਰ ਤੋਂ ਲੇਖਕ ਚਿੰਤਤ ਹੈ। ਪੈਰਾਂ ਦੀ ਪੁਕਾਰ ਵਿਚ ਪੈਰਾਂ ਦਾ ਕੋਈ ਪੱਖ ਨਹੀਂ ਛੱਡਿਆ। ਲੇਖ ਸਾਹਿਬ ਹੱਥ ਵਡਿਆਈਆਂ, ਸ਼ੋਸ਼ੇ ਦਿਖਾਵੇ ਦੀ ਦਾਸਤਾਂ, ਸਾਨੂੰ ਕੀ? ਭਾਰਤ ਦਾ ਰੱਬ ਰਾਖਾ, ਬਹੁਤਾ ਜੋਸ਼ ਥੋੜ੍ਹੀ ਹੋਸ਼ ਪੁਸਤਕ ਦੇ ਉਤਕ੍ਰਿਸ਼ਟ ਲੇਖ ਹਨ। ਪੰਨਾ 127 ਤੇ ਲੇਖ ਬਾਬੇ ਦਾਦੇ ਰੱਬ ਰਜ਼ਾ 'ਤੇ ਹੈ ਪਰ ਪੁਸਤਕ ਸਿਰਲੇਖ ਵਿਚ ਸ਼ਬਦ ਰਜਾਦੇ ਹੈ। ਸਹੀ ਅਰਥ ਬਜ਼ੁਰਗਾਂ ਦੀ ਰਬੀ ਰਜ਼ਾ ਦੀ ਰੁਚੀ ਹੈ। ਪੁਸਤਕ ਵਾਰਤਕ ਦੀ ਉਤਮ ਕਿਰਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
ਫ ਫ ਫ

ਸੁਰਖ਼ਾਬ ਦੇ ਪਰ
ਸ਼ਾਇਰ : ਅਮਨਦੀਪ 'ਅਮਨ'
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 100 ਰੁਪਏ, ਸਫ਼ੇ : 111
ਸੰਪਰਕ : 94636-09540.

ਅਮਨਦੀਪ 'ਅਮਨ' ਪੰਜਾਬੀ ਗ਼ਜ਼ਲ ਦੀ ਅਗਲੀ ਫ਼ਸਲ ਹੈ, ਜਿਸ ਦੀ ਹਰਿਆਲੀ ਦਿਲ ਨੂੰ ਸਕੂਨ ਦਿੰਦੀ ਹੈ ਪਰ ਅਜੇ ਇਸ ਨੇ ਪੱਕਣ ਤੱਕ ਬਹੁਤ ਕੁਝ ਝੱਲਣਾ ਹੈ ਤੇ ਆਪਣੇ ਮਜ਼ੀਦ ਫੁਟਾਰੇ ਲਈ ਜਗ੍ਹਾ ਬਣਾਉਣੀ ਹੈ। 'ਸੁਰਖ਼ਾਬ ਦੇ ਪਰ' ਗ਼ਜ਼ਲ ਖ਼ੇਤਰ ਵਿਚ ਉਸ ਦਾ ਪਹਿਲਾ ਕਦਮ ਹੈ ਤੇ ਖ਼ੁਸ਼ੀ ਹੈ ਉਸ ਨੇ ਸਾਬਤ ਕਦਮੀ ਨਾਲ ਆਪਣੀ ਸ਼ੁਰੂਆਤ ਕੀਤੀ ਹੈ। ਅਮਨ ਦੀਆਂ ਗ਼ਜ਼ਲਾਂ ਦੀ ਭਾਸ਼ਾ ਸਾਦ ਮੁਰਾਦੀ ਤੇ ਸ਼ਿਅਰਾਂ ਵਿਚ ਸਰਲਤਾ ਹੈ। ਇਹ ਗੱਲ ਵੀ ਵਧੀਆ ਹੈ ਕਿ ਉਸ ਦੀਆਂ ਗ਼ਜ਼ਲਾਂ ਵਿਚ ਚੜ੍ਹਦੀ ਉਮਰ ਦਾ ਖ਼ਰੂਦ ਨਹੀਂ ਹੈ, ਸਗੋਂ ਬਹੁਤਾ ਕਰਕੇ ਇਨ੍ਹਾਂ ਦਾ ਨਾਤਾ ਲੋਕਾਂ ਦੀਆਂ ਆਮ ਸਮੱਸਿਆਵਾਂ ਨਾਲ ਹੈ। ਗ਼ਜ਼ਲਕਾਰ ਆਪਣੇ ਰਹਿਬਰਾਂ ਦੀ ਰਹਿਬਰੀ ਤੋਂ ਉਚਾਟ ਹੈ ਤੇ ਉਸ ਨੂੰ ਅਜੇ ਵੀ ਪੱਥਰ ਯੁੱਗ ਦਾ ਅਹਿਸਾਸ ਹੁੰਦਾ ਹੈ। ਉਸ ਮੁਤਾਬਿਕ ਦੁਨੀਆ ਵਿਚ ਬਹੁਤੇ ਲੋਕ ਮਖੌਟਾਧਾਰੀ ਨੇ ਤੇ ਉਨ੍ਹਾਂ ਦੇ ਅੰਦਰ ਨੂੰ ਪਛਾਣ ਸਕਣਾ ਸੰਭਵ ਨਹੀਂ ਹੈ। ਸ਼ਾਇਰ ਆਖਦਾ ਹੈ ਜਗਤ ਜਣਨੀ ਹੁਣ ਪੈਰ ਦੀ ਜੁੱਤੀ ਨਹੀਂ ਰਹੀ ਤੇ ਉਸ ਦੀਆਂ ਉਡਾਰੀਆਂ 'ਤੇ ਬੰਦਸ਼ਾਂ ਲਾਉਣੀਆਂ ਉਚਿਤ ਨਹੀਂ ਹਨ। ਉਹ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਹੱਸ ਕੇ ਜਰਨ ਦੀ ਤਾਕੀਦ ਕਰਦਾ ਹੈ ਤੇ ਸ਼ਰਅ ਦੇ ਤਾਨਾਸ਼ਾਹੀ ਨਿਯਮਾਂ ਖ਼ਿਲਾਫ਼ ਬਗ਼ਾਵਤ ਦੇ ਰੌਂਅ ਵਿਚ ਹੈ। ਹੱਕ ਹਲਾਲ ਦੀ ਰੋਟੀ ਖਾਣ 'ਤੇ ਉਹ ਯਕੀਨ ਰੱਖਦਾ ਹੈ ਤੇ ਆਲੇ-ਦੁਆਲੇ ਫ਼ੈਲੀ ਨਫ਼ਰਤ ਦੀ ਜ਼ਹਿਰ ਉਸ ਦਾ ਸਾਹ ਘੁੱਟਦੀ ਹੈ। ਮੁਹੱਬਤੀ ਸ਼ਿਅਰਾਂ ਵਿਚ ਉਹ ਆਪਣੀ ਗੱਲ ਕਹਿਣ ਲੱਗਾ ਉਲਾਰ ਨਹੀਂ ਹੁੰਦਾ। ਉਸ ਨੂੰ ਵਧੀਆ ਗ਼ਜ਼ਲਕਾਰਾਂ ਦਾ ਸਾਥ ਹਾਸਲ ਹੈ ਪਰ ਅਜੇ ਵੀ ਉਸ ਦੀਆਂ ਗ਼ਜ਼ਲਾਂ ਨੂੰ ਕਾਫ਼ੀ ਕੁਝ ਗ੍ਰਹਿਣ ਕਰਨ ਦੀ ਲੋੜ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਵਾਰਾਂ ਤੁਰੀਆਂ ਜਾਂ....
ਲੇਖਕ : ਗੁਰਨੈਬ ਸਿੰਘ ਮਘਾਣੀਆਂ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 173
ਸੰਪਰਕ : 98158-45405.

ਨੌਜਵਾਨ ਲੇਖਕ ਗੁਰਨੈਬ ਸਿੰਘ ਮਘਾਣੀਆਂ ਦੀ ਪੰਜਾਬੀ ਸਾਹਿਤ ਨੂੰ ਇਹ ਚੌਥੀ ਪੁਸਤਕ ਹੈ। ਇਹ ਨਾਵਲ, ਪੇਂਡੂ ਜੀਵਨ ਦੀ ਬਿਹਤਰੀਨ ਅਕਾਸੀ ਹੈ। ਜ਼ਮੀਨਾਂ ਦੇ ਘਟ ਜਾਣ ਕਾਰਨ ਕਿਸਾਨੀ ਦੀ ਹਾਲਤ ਦਿਨ-ਬਦਿਨ ਨਿਘਰਦੀ ਜਾ ਰਹੀ ਹੈ। ਖ਼ਾਸ ਕਰ ਛੋਟੇ ਕਿਸਾਨਾਂ ਦੇ ਮੁੰਡਿਆਂ ਦੇ ਵਿਆਹ ਨਾ ਹੋਣ ਕਰਕੇ ਉਨ੍ਹਾਂ ਨੂੰ ਕੁਦੇਸਣਾਂ ਔਰਤਾਂ ਨਾਲ ਮੁੱਲ ਦੇ ਵਿਆਹ ਕਰਨ ਲਈ ਮਜਬੂਰ ਹੋਣਾ ਪੈ ਰਿਹੈ। ਇਸ ਨਾਵਲ ਦੀ ਮੁੱਖ ਪਾਤਰ ਲੀਲੂ ਸਿੰਘ ਹੈ, ਸਾਰੀ ਕਹਾਣੀ, ਉਸ ਦੇ ਦੁਆਲੇ ਘੁੰਮਦੀ ਹੈ। ਉਹ ਅਨੇਕ ਥੁੜ੍ਹਾਂ ਦਾ ਮਾਰਿਆਂ ਹੋਣ ਦੇ ਬਾਵਜੂਦ ਆਪਣੀ ਹਊਮੈ ਨੂੰ ਕਾਇਮ ਰੱਖਦਾ ਹੈ। ਉਹ ਬੰਗਾਲ ਤੋਂ 'ਰੀਤ' ਨਾਂਅ ਦੀ ਤੀਵੀ ਨੂੰ ਮੁੱਲ ਲਿਆ ਕੇ ਘਰ ਵਸਾਉਂਦਾ ਹੈ। ਬੇਗਾਨੇ ਦੇਸ਼ ਤੋਂ ਆਈ ਇਹ ਔਰਤ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਪੇਂਡੂ ਮਾਹੌਲ ਦੇ ਅਨੁਰੂਪ ਢਾਲ ਕੇ ਸਮਾਜ ਵਿਚ ਸਫਲਤਾ ਨਾਲ ਵਿਚਰਦੀ ਹੈ। ਨਾਇਕਾ ਦੀ ਓਪਰੀ ਬੋਲੀ ਵੀ ਲੇਖਕ ਦੀ ਕਲਾਤਮਕ ਸੁਹਜ ਸ਼ੈਲੀ ਕਾਰਨ, ਪਾਠਕਾਂ ਨੂੰ ਅਖਰਦੀ ਨਹੀਂ, ਸਗੋਂ ਚੰਗੀ ਲਗਦੀ ਹੈ।
'ਆ ਜਾ ਤੂੰ ਕੀ ਕੜਲੇਗਾ ਮੇਰਾਂਐਂ ਨੀ ਮੈਂ ਤੇੜੇ ਤੋਂ ਡਰਦੀਂਇਹ ਮੇਰੀ ਲੀਲੂ ਦੇ ਬੱਚੇ ਨੇਂਇਹ ਮੇਰੀ ਲੀਲੂ ਦਾ ਘੜ ਏ... ਕਿਤੇ ਤੁੜਦੇ ਫਿਰਦੇ ਹੋਵੋ.... ਲੀਲੂ ਦਾ ਨਾਂਅ, ਚੱਲੂ ਇਸ ਪਿੰਡ ਵਿਚ। .... ਹਾਂ ਜਿਊਂਦੇ ਜੀਅ ਤੁਸੀਂ ਸਾਡੀ ਜਾਤ ਨੀ ਪੁੱਛੀ ਹੁਣ ਤੁਸੀਂ ਗੱਲਾਂ ਕੜਦੀਓਂ....।' (ਪੰਨਾ 168)
ਲੀਲੂ ਦੀ ਮੌਤ ਤੋਂ ਬਾਅਦ ਉਹ ਹੌਸਲੇ, ਸਿਰੜ, ਜੁਰਅਤ ਤੇ ਸਾਬਤਕਦਮੀ ਨਾਲ ਸਾਰੇ ਸੰਕਟਾਂ ਨੂੰ ਲਤਾੜ ਕੇ ਅੱਗੇ ਵਧਦੀ ਹੈ। ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਮੁਤਾਬਿਕ 'ਇਹੋ ਹਾਂ-ਪੱਖੀ ਨਜ਼ਰੀਆ ਹੀ ਨਾਵਲ ਦਾ ਹਾਸਲ ਹੈ।' ਨਾਵਲ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਦੀ ਦਸ਼ਾ ਨੂੰ ਬਾਖੂਬੀ ਬਿਆਨ ਕਰਦਾ ਹੈ। ਲੀਲੂ ਦਾ ਭਰਾ ਮਿਲਖੀ, ਉਸ ਦੀ ਮਾਂ, ਜਬਰੇ ਤੇ ਜੈਬੇ ਵਰਗੇ ਪਾਤਰ, ਪਿੰਡ ਲਧਾਣੀ ਨੂੰ ਪਾਠਕਾਂ ਸਾਹਵੇਂ ਸਾਕਾਰ ਕਰ ਦਿੰਦੇ ਹਨ। ਠੇਠ ਮਲਵਈ ਬੋਲੀ, ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ।
ਗੁਰਨੈਬ ਸਿੰਘ ਮਘਾਣੀਆਂ ਦਾ ਇਹ ਪਲੇਠਾ ਨਾਵਲ ਮੁਸਤਕਬਿਨ ਵਿਚ ਉਸ ਦੀ ਕਲਮ ਤੋਂ ਹੋਰ ਚੰਗੇਰੀਆਂ ਲਿਖਤਾਂ ਦੀ ਆਸ ਉਮੀਦ ਬੰਨ੍ਹਾਉਂਦਾ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਵਾਰਿਸ ਪੰਜਾਬ ਦੇ
ਲੇਖਕ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ (ਰਜਿ:) ਔੜ (ਸ਼.ਭ.ਸ. ਨਗਰ)
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98146-99569.

ਦਲਜੀਤ ਗਿੱਲ ਦਾ ਇਹ 14ਵਾਂ ਕਾਵਿ ਸੰਗ੍ਰਹਿ ਹੈ। ਉਹ ਸਮਰੱਥ ਸ਼ਾਇਰ ਹੈ। ਉਸ ਦੀ ਸ਼ਾਇਰੀ ਕਿਰਤੀਆਂ, ਕਿਸਾਨਾਂ ਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਉਹ ਆਪਣੀ ਕਲਮ ਨਾਲ ਲਤਾੜੇ ਲੋਕਾਂ ਦੀ ਕਹਾਣੀ ਲਿਖਦਾ ਹੈ। ਉਹ ਸਮਝਦਾ ਹੈ ਭ੍ਰਿਸ਼ਟਾਚਾਰ, ਲੁੱਟ-ਖਸੁਟ, ਦੰਗੇ ਤੇ ਕਤਲ ਸਭ ਭ੍ਰਿਸ਼ਟਾਚਾਰ ਸਿਆਸੀ ਪ੍ਰਬੰਧ ਦੀ ਦੇਣ ਹੈ। ਸਿਆਸੀ ਲੋਕ ਧਰਮ, ਜਾਤ-ਪਾਤ ਦਾ ਪੱਤਾ ਖੇਡ ਕੇ, ਹਰ ਵਾਰ ਭੋਲੀ ਜਨਤਾ ਨੂੰ ਮੂਰਖ ਬਣਾ ਕੇ, ਸੱਤਾ ਉੱਤੇ ਕਾਬਜ਼ ਹੋ ਜਾਂਦੇ ਹਨ। ਔਰਤ ਦਾ ਸ਼ੋਸ਼ਣ, ਨਸ਼ਿਆਂ ਵਿਚ ਗਰਕ ਹੋ ਰਹੀ ਜਵਾਨੀ ਲਈ ਵੀ ਉਹ ਲੀਡਰਾਂ ਨੂੰ ਦੋਸ਼ੀ ਮੰਨਦਾ ਹੈ। ਉਹ ਪੰਜਾਬ ਦੇ ਵਾਰਿਸਾਂ ਨੂੰ ਹਲੂਣਾ ਦਿੰਦਾ ਹੈ। ਉਹ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਆਪਣੇ ਅਸਲ ਦੁਸ਼ਮਣ ਦੀ ਪਛਾਣ ਕਰਨ।
'ਭਗਤ ਸਿੰਘ, ਰਾਜ ਗੂਰੂ-ਸੁਖਦੇਵ ਦੇ ਸੁਪਨਿਆਂ ਦਾ ਘਾਣ ਹੋਇਆ,
ਪਿਆ ਹੁਕਮਰਾਨ ਨਵੇਂ ਕਾਨੂੰਨ ਦੀ ਆੜ ਹੇਠਾਂ
ਕਾਮਿਆਂ ਕਿਸਾਨਾਂ ਦੀ ਰੱਤ ਨਿਚੋੜਦਾ ਹੈ।'
'ਸੰਭਲੋ ਅਜੇ ਵੀ ਦੋਸਤ
ਰਲ ਮਿਲ ਕੱਠੇ ਹੋ ਕੇ
ਅੱਗੇ ਵਧੋ
ਪਾਵੋ ਹੱਥ, ਇਨ੍ਹਾਂ ਹਾਕਮਾਂ
ਦੀਆਂ ਧੌਣਾਂ 'ਤੇ।'
ਇਸ ਤਰ੍ਹਾਂ ਸ਼ਾਇਰ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੰਦਾ ਹੈ। ਹੱਕ ਸੱਚ ਲਈ ਲਿਖਣਾ, ਹਰ ਸ਼ਾਇਰ ਦਾ ਫ਼ਰਜ਼ ਹੈ। ਦਲਜੀਤ ਗਿੱਲ ਨੇ ਇਸ ਨੂੰ ਖੂਬ ਨਿਭਾਇਆ ਹੈ। ਪੁਸਤਕ ਵਿਚ ਛੋਟੀਆਂ-ਛੋਟੀਆਂ ਨਜ਼ਮਾਂ, ਬੜੇ ਵੱਡੇ ਅਰਥ ਸਾਂਭੀ ਬੈਠੀਆਂ ਹਨ। ਕੁਝ ਗੀਤ ਹਨ, ਜਿਨ੍ਹਾਂ ਵਿਚ ਬਿਰਹੋ ਦੀ ਰੜਕ ਹੈ। ਆਧੁਨਿਕ ਦੋਹਿਆਂ ਨੂੰ ਵੀ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.
ਫ ਫ ਫ

24/06/2017

 ਅਚਾਨਕ ਆਈ ਪਤਝੜ
ਕਵੀ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98152-98459.

ਹ ਕਾਵਿ-ਸੰਗ੍ਰਹਿ ਜਾਪਾਨ ਨਿਵਾਸੀ ਪ੍ਰਸਿੱਧ ਸਾਹਿਤਕਾਰ ਪਰਮਿੰਦਰ ਸੋਢੀ ਦੀ ਸਿਰਜਨਾ ਹੈ। ਇਸ ਦੀਆਂ ਕੁੱਲ 70 ਕਵਿਤਾਵਾਂ ਵਿਚੋਂ ਅਧਿਕਤਰ ਨਿੱਕੀਆਂ ਹਨ, ਕੁਝ ਕੁ ਮੱਧ-ਆਕਾਰੀ/ਲੰਮੀਆਂ ਹਨ। ਅਚਾਨਕ ਆਈ ਪਤਝੜ ਲੰਬੀ ਆਯੂ ਭੋਗ ਰਹੀ ਕਾਵਿ-ਮੈਂ ਦੀ ਉਦਾਸੀ ਦੀ ਪ੍ਰਤੀਕ ਹੈ, ਜਿਸ ਵਿਚ ਆਸ਼ਾਵਾਦੀ ਬਸੰਤ ਰੁੱਤ ਦੀ ਵੀ ਉਡੀਕ ਹੈ, ਪਤਝੜ ਦਾ ਵਿਸ਼ਾ 'ਕੀਟਸ' ਦੀ 'ਆਉਡ ਟੂ ਔਟਮ' ਦੀ ਯਾਦ ਦਿਲਾਉਂਦਾ ਹੈ, ਪਤਝੜ ਤੋਂ ਬਾਅਦ ਬਸੰਤ ਪੀ.ਬੀ. ਸ਼ੈਲੇ ਦੀ 'ਆਉਡ ਟੂ ਵੈਸਟ ਵਿੰਡ' ਦੀ। ਕਾਵਿ-ਸੰਗ੍ਰਹਿ ਅਸਤਿਤਵਾਦੀ ਦ੍ਰਿਸ਼ਟੀ ਨਾਲ ਲਬਰੇਜ਼ ਹੈ। ਇਸ ਦ੍ਰਿਸ਼ਟੀ ਦੇ ਅੰਤਰਗਤ ਕਵੀ ਆਪਣਾ ਮੂਲ ਪਛਾਣਨ ਵੱਲ ਰੁਚਿਤ ਹੈ। ਆਤਮ-ਚੀਨਨ ਕਰਦਾ ਹੈ। ਕਾਵਿ ਦੇ ਅਸਤਿਤਵੀ ਲੱਛਣ ਵਿਚ ਮੌਤ (ਮੇਰੇ ਬਾਅਦ-1, 2, 3); ਫ਼ਿਕਰ-1, 2, 3; ਜਿਥੇ ਕਾਵਿ-ਮੈਂ ਨੇ ਪਰੇਮਿਕਾ ਦੇ ਨਾਲ ਨਹੀਂ ਹੋਣਾ; ਕੁਝ ਪਲ ਦਾ ਸਾਥ ਸੀ। ਆਦਿ ਤੋਂ ਬਿਨਾਂ ਹੋਂਦ-ਨਿਰਹੋਂਦ ਦਾ ਅਨੁਭਵ, ਬੰਦੇ ਅੰਦਰ ਬੰਦੇ ਦੀ ਪਛਾਣ, ਵਿਛੋੜੇ ਦਾ ਅਨੁਭਵ ਆਦਿ ਅਸਤਿਤਵੀ ਸਰੋਕਾਰ ਵੇਖੇ ਜਾ ਸਕਦੇ ਹਨ। ਕਾਵਿ-ਮੈਂ ਕਦੇ ਆਪਣੇ ਸਵੈ ਤੋਂ ਗ਼ੈਰ-ਹਾਜ਼ਰ ਹੋ ਜਾਂਦਾ ਹੈ, ਕਦੇ ਮੈਂ-ਤੂੰ ਦੋਵੇਂ ਗ਼ੈਰ-ਹਾਜ਼ਰ ਹੋ ਜਾਂਦੇ ਹਨ; ਕਦੇ ਜਾਂ ਪਾਲ ਸਾਰਤਰ ਵਾਂਗ ਦੂਜੇ ਦੀ ਹਾਜ਼ਰੀ ਮਹਿਸੂਸਦਾ ਹੈ। ਨਜ਼ਮਾਂ ਪਲਾਂ-ਛਿਣਾਂ ਦੀ ਪਕੜ ਕਰਦੀਆਂ ਹਨ, ਸਹਿਜਤਾ 'ਚੋਂ ਜਨਮ ਲੈਂਦੀਆਂ ਹਨ, ਤਣਾਓਸ਼ੀਲਤਾ ਇਨ੍ਹਾਂ ਦਾ ਸੰਚਾਲਨ ਕਰਦੀ ਹੈ ਮਸਲਨ : ਅੰਦਰ ਤੇ ਬਾਹਰ ਦਾ ਤਣਾਓ; ਤੇਰੇ ਤੇ ਮੇਰੇ 'ਚ ਤਣਓ; ਲੋੜ ਤੇ ਖ਼ਾਹਿਸ਼ 'ਚ ਤਣਾਓ; ਦਿਨ ਅਤੇ ਰਾਤ 'ਚ ਤਣਾਓ; ਹੁਣ ਤੇ ਉਦੋਂ 'ਚ ਤਣਾਓ ਆਦਿ। ਕਾਵਿ-ਮੈੈਂ ਦੀ ਸੰਵੇਦਨਸ਼ੀਲ ਕਲਪਨਾ ਘੜੀ-ਮੁੜੀ ਕਰਵਟਾਂ ਲੈਂਦੀ ਹੈ। ਪਤਝੜ, ਬਸੰਤ ਅਤੇ ਸੁੱਕੇ ਪੱਤਿਆਂ ਦੀ ਬਿੰਬਾਵਲੀ ਆਪਣੀ ਗੱਲ ਆਪ ਕਰਦੀ ਹੈ। ਕਾਵਿ-ਮੈਂ ਦੀਆਂ ਤਿੰਨ ਕਵਿਤਾਵਾਂ ਲੈ ਕੇ ਦੌੜ ਗਈ ਕੁੜੀ ਵੱਲ ਸੰਕੇਤ ਕਰਦਿਆਂ ਕਵਿਤਾਵਾਂ ਦੀ ਚਿਰ-ਸਦੀਵਤਾ ਦੇ ਬਾਰੇ ਭਵਿੱਖਬਾਣੀ ਕਿੰਨੇ ਸੁੰਦਰ ਸ਼ਬਦਾਂ ਵਿਚ ਪ੍ਰਸਤੁਤ ਹੈ। ਰਤਾ ਵੇਖੋ :
ਉਹ ਕੁੜੀ ਕਿਤੇ ਮਿਲੇ
ਤਾਂ ਉਸ ਨੂੰ ਇਹ ਕਹਿਣਾ ਨਾ ਭੁੱਲਣਾ
ਕਿ ਕਵੀ ਚਲੇ ਜਾਂਦੇ ਨੇ
ਪਰ ਕਵਿਤਾਵਾਂ ਕਦੇ ਕਿਤੇ ਨਹੀਂ ਜਾਂਦੀਆਂ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਮਨਮੋਹਨ ਤੇ ਗੁਰਸ਼ਰਨ
ਇਕ ਅਣਕਹੀ ਦਾਸਤਾਨ
ਲੇਖਿਕਾ : ਦਮਨ ਸਿੰਘ
ਅਨੁਵਾਦਕ : ਦੀਪ ਜਗਦੀਪ ਸਿੰਘ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 392
ਸੰਪਰਕ : 0161-2740738.

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਗੁਰਸ਼ਰਨ ਕੌਰ ਅਤੇ ਪੂਰੇ ਪਰਿਵਾਰ ਬਾਰੇ ਡਾ: ਸਾਹਿਬ ਦੀ ਵਿਚਕਾਰਲੀ (ਕੁੱਲ ਤਿੰਨ) ਬੇਟੀ ਮਾਣਯੋਗ ਦਮਨ ਸਿੰਘ ਵੱਲੋਂ ਲਿਖੀ ਇਸ ਪੁਸਤਕ ਨੂੰ ਪੰਜਾਬ ਦੇ ਇਕ ਪ੍ਰਸਿੱਧ ਮੀਡੀਆਕਰਮੀ ਸ੍ਰੀ ਦੀਪ ਜਗਦੀਪ ਸਿੰਘ ਨੇ ਬੜੀ ਪ੍ਰਮਾਣਿਕਤਾ ਨਾਲ ਅਨੁਵਾਦਿਤ ਕੀਤਾ ਹੈ। ਸ੍ਰੀਮਤੀ ਦਮਨ ਦਿੱਲੀ ਦੇ ਸੇਂਟ ਸਟੀਫਨਸਨ ਕਾਲਜ ਦੇ ਗ੍ਰੈਜੂਏਟ ਹਨ ਅਤੇ ਉਨ੍ਹਾਂ ਨੇ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ਤੋਂ ਐਮ.ਬੀ.ਏ. ਦੀ ਵਕਾਰੀ ਡਿਗਰੀ ਹਾਸਲ ਕੀਤੀ ਹੈ। ਇਸ ਪੁਸਤਕ ਵਿਚ ਉਸ ਨੇ ਆਪਣੇ ਪਿਤਾ-ਮਾਤਾ ਦੇ ਸੁਭਾਅ, ਜੀਵਨ-ਸ਼ੈਲੀ ਅਤੇ ਵਿਚਾਰਧਾਰਾ ਬਾਰੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਬਿਆਨ ਕੀਤੀਆਂ ਹਨ, ਜਿਨ੍ਹਾਂ ਤੱਕ ਕਿਸੇ ਬਾਹਰਲੇ ਵਿਅਕਤੀ ਦੀ ਰਸਾਈ ਸੰਭਵ ਨਹੀਂ ਸੀ। ਇਹੀ ਕਾਰਨ ਹੈ ਕਿ ਇਹ ਪੁਸਤਕ 'ਬੈਸਟ ਸੈੱਲਰ' ਬਣੀ ਹੋਈ ਹੈ।
ਇਸ ਪੁਸਤਕ ਦੀ ਇਕ ਹੋਰ ਖੂਬੀ ਇਸ ਦਾ ਡਾਇਆਲੌਜਿਕ (ਗੱਲਬਾਤੀ) ਅੰਦਾਜ਼ ਹੈ, ਜਿਸ ਕਾਰਨ 'ਮਨਮੋਹਨ ਤੇ ਗੁਰਸ਼ਰਨ' ਦੀ ਜੀਵਨ-ਕਥਾ ਨੂੰ ਬਿਆਨ ਕਰਨ ਵਾਲੇ ਵਾਚਕ (ਨੈਰੇਟਰ) ਬਦਲਦੇ ਰਹਿੰਦੇ ਹਨ। ਕਦੇ ਮਨਮੋਹਨ ਸਿੰਘ ਗੱਲਬਾਤ ਦੀ ਤੰਦ ਪਕੜ ਲੈਂਦਾ ਹੈ, ਕਦੇ ਗੁਰਸ਼ਰਨ ਕੌਰ, ਕਦੇ ਦਮਨ ਅਤੇ ਕਦੇ ਪਰਿਵਾਰ ਦਾ ਕੋਈ ਹੋਰ ਮੈਂਬਰ। ਇਸ ਵਿਧੀ ਨਾਲ ਇਸ ਪਰਿਵਾਰ ਦੀ ਜੀਵਨ-ਸ਼ੈਲੀ ਦੀਆਂ ਵਿਭਿੰਨ ਤਹਿਆਂ ਰੂਪਮਾਨ ਹੋ ਗਈਆਂ ਹਨ। ਮਨਮੋਹਨ ਸਿੰਘ ਨੇ ਪੱਛਮੀ ਪੰਜਾਬ ਦੇ ਇਕ ਪਿੰਡ 'ਗਾਹ' ਤੋਂ ਹਿਜਰਤ ਕਰਕੇ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਕੈਂਬਰਿਜ ਤੋਂ ਉੱਚ ਸਿੱਖਿਆ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਵਿਚ ਪ੍ਰੋਫੈਸਰੀ ਕੀਤੀ, ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਹਿਤ ਬਹੁਤ ਸਾਰੇ ਉੱਚ ਅਹੁਦਿਆਂ ਉੱਪਰ ਕੰਮ ਕੀਤਾ ਅਤੇ ਪੂਰੇ ਦਸ ਵਰ੍ਹੇ (2004-2014) ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮੇਰੇ ਖਿਆਲ ਵਿਚ ਆਧੁਨਿਕ ਵਿਸ਼ਵ ਦੇ ਪ੍ਰਸੰਗ ਵਿਚ ਸ਼ਾਇਦ ਹੀ ਕੋਈ ਉਦਾਹਰਨ ਹੋਵੇ ਕਿ ਕਿਸੇ ਵਿਦਵਾਨ ਪੁਰਸ਼ ਨੇ ਦੁਨੀਆ ਦੇ ਸਭ ਤੋਂ ਵੱਡੇ ਗਣਤੰਤਰ ਦਾ ਸਫਲ ਸੰਚਾਲਨ ਕੀਤਾ ਹੋਵੇ।
ਸਰਦਾਰਨੀ ਗੁਰਸ਼ਰਨ ਕੌਰ ਇਕ ਆਦਰਸ਼ਕ ਸਿੱਖ ਨਾਰੀ ਹੈ। 'ਏਕ ਜੋਤਿ ਦੁਇ ਮੂਰਤੀ' ਵਾਲਾ ਗੁਰਵਾਕ ਉਨ੍ਹਾਂ ਉੱਪਰ ਪੂਰੀ ਤਰ੍ਹਾਂ ਨਾਲ ਢੁਕਦਾ ਹੈ। ਪੂਰੇ ਪਰਿਵਾਰ ਦੀਆਂ ਸੁਖ-ਸਹੂਲਤਾਂ ਜਾਰੀ ਰੱਖਣ ਖਾਤਰ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਸਿਰਜਣਾਤਮਿਕ ਸੰਭਾਵਨਾਵਾਂ ਨੂੰ ਦਬਾ ਕੇ ਰੱਖ ਦਿੱਤਾ। ਇਸ ਪੁਸਤਕ ਵਿਚ ਦਮਨ ਦੀ ਵੱਡੀ-ਛੋਟੀ ਭੈਣ (ਉਪਿੰਦਰ-ਅੰਮ੍ਰਿਤ) ਬਾਰੇ ਵੀ ਕਾਫੀ ਜਾਣਕਾਰੀ ਮਿਲਦੀ ਹੈ। ਦਮਨ ਨੇ ਇਹ ਪੁਸਤਕ ਲਿਖ ਕੇ ਦਰਸਾ ਦਿੱਤਾ ਹੈ ਕਿ ਕਿਸੇ ਰਾਜਨੀਤਕ ਵਿਅਕਤੀ ਦੀ ਜੀਵਨੀ ਕਿਵੇਂ ਲਿਖੀ ਜਾਣੀ ਚਾਹੀਦੀ ਹੈ। ਸ਼ਾਬਾਸ਼!

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਗ਼ਦਰੀ ਬਾਬਿਆਂ ਦੀ ਕਥਾ-ਕਹਾਣੀ
ਲੇਖਕ : ਗਿਆਨੀ ਗੁਰਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 118
ਸੰਪਰਕ : 98154-94522.

ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਗ਼ਦਰ ਪਾਰਟੀ ਦੀ ਦੇਣ ਬੇਮਿਸਾਲ ਹੈ। ਗ਼ਦਰੀ ਬਾਬਿਆਂ ਨੇ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਕੁਰਬਾਨੀਆਂ ਦੇ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਇਆ। ਇਨ੍ਹਾਂ ਮਹਾਨ ਗ਼ਦਰੀਆਂ ਨੇ ਆਪਣਾ ਸਾਰਾ ਜੀਵਨ, ਪਰਿਵਾਰ, ਰੁਜ਼ਗਾਰ ਅਤੇ ਭਵਿੱਖ ਸੁਤੰਤਰਤਾ ਲਈ ਸਮਰਪਿਤ ਕਰ ਦਿੱਤਾ। ਅੰਗਰੇਜ਼ ਹਕੂਮਤ ਨੇ ਇਨ੍ਹਾਂ ਦੇ ਪਰਿਵਾਰਾਂ 'ਤੇ ਵੀ ਘਿਨਾਉਣੇ ਜ਼ੁਲਮ ਕੀਤੇ ਅਤੇ ਗ਼ਦਰੀਆਂ ਨੂੰ ਵੀ ਬਹੁਤ ਤਸੀਹੇ ਦਿੱਤੇ। ਹਕੂਮਤ ਇਨ੍ਹਾਂ ਦੀਆਂ ਪੱਕੀਆਂ ਹੋਈਆਂ ਫ਼ਸਲਾਂ ਨੂੰ ਅੱਗ ਲਾ ਦਿੰਦੀ ਸੀ, ਜਾਇਦਾਦਾਂ ਜ਼ਬਤ ਕਰ ਲੈਂਦੀ ਸੀ, ਘਰ ਉਜਾੜ ਦਿੰਦੀ ਸੀ, ਫਿਰ ਵੀ ਇਹ ਮਹਾਨ ਯੋਧੇ ਆਪਣੇ ਸਿਰੜ ਅਤੇ ਸਿਦਕ ਵਿਚ ਦ੍ਰਿੜ੍ਹ ਰਹੇ। ਇਨ੍ਹਾਂ ਦਾ ਸਾਰਾ ਜੀਵਨ ਕਰੜੇ ਸੰਘਰਸ਼ਾਂ ਅਤੇ ਮੁਸ਼ਕਿਲਾਂ ਵਿਚ ਬੀਤਿਆ। ਅੰਤ ਇਨ੍ਹਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ ਅਤੇ ਭਾਰਤੀ ਗੁਲਾਮੀ ਦੇ ਪੰਜੇ ਵਿਚੋਂ ਨਿਕਲੇ। ਗ਼ਦਰੀਆਂ ਦਾ ਇਤਿਹਾਸ ਆਉਣ ਵਾਲੀਆਂ ਨਸਲਾਂ ਲਈ ਬਹੁਤ ਪ੍ਰੇਰਨਾਦਾਇਕ ਹੈ। ਲੇਖਕ ਨੇ ਗ਼ਦਰੀ ਬਾਬਿਆਂ ਦੇ ਇਤਿਹਾਸ ਤੋਂ ਜਾਣੂੰ ਕਰਵਾ ਕੇ ਬਹੁਤ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਪੁਸਤਕ ਵਿਚ ਬਾਬਾ ਸੋਹਨ ਸਿੰਘ ਭਕਨਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਬਚਨ ਸਿੰਘ ਘੋਲੀਆ, ਸ: ਤੇਜਾ ਸਿੰਘ ਸੁਤੰਤਰ, ਬਾਬਾ ਉਜਾਗਰ ਸਿੰਘ ਬੁੱਧ ਸਿੰਘ ਵਾਲਾ, ਬਾਬਾ ਕੇਹਰ ਸਿੰਘ ਮਾਹਲਾ, ਬਾਬਾ ਨਿਧਾਨ ਸਿੰਘ ਮਹੇਸਰੀ, ਬਾਬਾ ਗੇਂਦਾ ਸਿੰਘ ਦੌਧਰ ਅਤੇ ਸ: ਭਗਤ ਸਿੰਘ ਬਿਲਗਾ ਦੇ ਜੀਵਨ ਚਰਿੱਤਰ ਪੇਸ਼ ਕੀਤੇ ਗਏ ਹਨ। ਬਾਬਾ ਸੋਹਨ ਸਿੰਘ ਭਕਨਾ ਗ਼ਦਰ ਲਹਿਰ ਦੇ ਪ੍ਰਮੁੱਖ ਮੋਢੀਆਂ ਵਿਚੋਂ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਵਿਚ ਸ਼ਹਾਦਤ ਦਾ ਜਾਮ ਪੀ ਗਏ। ਬਹੁਤ ਸਾਰੇ ਗ਼ਦਰੀਆਂ ਨੂੰ ਫਾਂਸੀ ਦਿੱਤੀ ਗਈ, ਬਹੁਤ ਸਾਰਿਆਂ ਨੂੰ ਕਾਲੇ ਪਾਣੀਆਂ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਗ਼ਦਰੀ ਬਾਬਾ ਭਾਨ ਸਿੰਘ ਦੀ ਜੇਲ੍ਹ ਵਿਚ ਏਨੀ ਕੁੱਟਮਾਰ ਕੀਤੀ ਗਈ ਕਿ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਾਉਣਾ ਬਣਦਾ ਹੈ। ਪੁਸਤਕ ਵਿਚ ਗ਼ਦਰੀ ਬਾਬਿਆਂ ਦੀਆਂ ਗ਼ਦਰ ਪਾਰਟੀ ਦੇ ਤਿਰੰਗੇ ਦੀਆਂ ਅਤੇ ਅਮਰੀਕਾ ਵਿਖੇ ਸਥਾਪਤ ਕੀਤੇ ਗਏ ਗ਼ਦਰ ਆਸ਼ਰਮਾਂ ਦੀਆਂ ਖੂਬਸੂਰਤ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਗ਼ਦਰੀ ਬਾਬਿਆਂ ਦੇ ਪਰਿਵਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਬੜੀ ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਇਨ੍ਹਾਂ ਦੇ ਮਹਾਨ ਜੀਵਨ ਚਰਿੱਤਰ ਪੇਸ਼ ਕੀਤੇ ਗਏ ਹਨ। ਇਹ ਆਦਰਸ਼ ਜੀਵਨ ਸਾਡੇ ਸਾਰਿਆਂ ਲਈ ਚਾਨਣ-ਮੁਨਾਰਾ ਹਨ। ਇਸ ਬੇਸ਼ਕੀਮਤੀ ਪੁਸਤਕ ਦਾ ਭਰਪੂਰ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਦਸਤਕ ਦਿਸ਼ਾ ਦਸਤੂਰ
ਲੇਖਕ : ਜੀ.ਐਸ. ਗਿੱਲ ਰਣਸੀਂਹਕੇ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98142-48816.

ਲੇਖਕ ਤੇ ਗਾਇਕ ਗਿੱਲ ਦੀ ਇਹ ਨੌਵੀਂ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜਰਬੇ ਸ਼ੇਅਰਾਂ, ਕਾਵਿ-ਟੁਕੜੀਆਂ ਵਿਚ ਬਿਆਨ ਕੀਤੇ ਹਨ। ਜਦੋਂ ਕੋਈ ਆਪਣੀਆਂ ਹੱਡਬੀਤੀਆਂ ਬਿਆਨ ਕਰਦਾ ਹੈ ਤਾਂ ਉਹ ਸਚਾਈ ਦੇ ਬੜੇ ਨੇੜੇ ਹੁੰਦੀਆਂ ਹਨ। ਮਹਿਬੂਬ ਦਾ ਪਿਆਰ, ਯਾਰਾਂ ਦੀ ਵਫ਼ਾਦਾਰੀ, ਗੱਦਾਰਾਂ ਦੀ ਗੱਦਾਰੀ, ਮਾਇਆ ਦਾ ਮੋਹ, ਔਖੇ ਵੇਲੇ ਅੱਖਾਂ ਫੇਰਨਾ ਆਦਿ ਸਾਰਾ ਕੁਝ ਹਰ ਇਨਸਾਨ ਨੂੰ ਹੰਢਾਉਣਾ ਪੈਂਦਾ ਹੈ। ਲੇਖਕ ਕਿਉਂਕਿ ਸੰਵੇਦਨਸ਼ੀਲ ਹੁੰਦਾ ਹੈ, ਉਸ ਦੀ ਕਲਮ ਚੱਲ ਪੈਂਦੀ ਹੈ।
'ਲੋਕੋ ਇੱਜ਼ਤ ਪਿਆਰੀ ਉਨ੍ਹਾਂ ਬੰਦਿਆਂ ਨੂੰ,
ਅਣਖ ਵਾਲੜਾ ਜਿਨ੍ਹਾਂ ਵਿਚ ਖੂਨ ਹੋਵੇ।
ਆਣ-ਸ਼ਾਨ ਦਾ ਕਦੇ ਨਾ ਕਰਨ ਸੌਦਾ,
ਭਾਵੇਂ ਕਿੱਡਾ ਕੋਈ ਅਫਲਾਤੂਨ ਹੋਵੇ।
ਨਾਲ ਮਾਣ ਸਨਮਾਨ ਦੇ ਦਿਨ ਕੱਟਦੇ,
ਬੇਸ਼ੱਕ ਅੱਤ ਗਰੀਬੀ ਦੀ ਜੂਨ ਹੋਵੇ।
ਬੇਅਰਥ ਉਹ ਸਮਝਦੇ ਜ਼ਿੰਦਗੀ ਨੂੰ,
ਬਿਨਾਂ ਆਬਰੂ ਕਿੱਡਾ ਸਕੂਨ ਹੋਵੇ।
ਮਰ ਮਿਟਣਾ ਆਪਣੀ ਆਨ ਬਦਲੇ,
ਇਕੋ 'ਗਿੱਲ ਰਣਸੀਂਹਕੇ' ਮਜ਼ਮੂਨ ਹੋਵੇ।'
ਲੇਖਕ ਨੇ ਜ਼ਿੰਦਗੀ ਦੇ ਕੌੜੇ ਸੱਚ ਨੂੰ ਕਾਵਿ-ਟੁਕੜੀਆਂ ਵਿਚ ਬਿਆਨ ਕੀਤਾ ਹੈ। ਪੱਛਮੀ ਸੱਭਿਆਚਾਰ, ਪੰਜਾਬੀ ਸੱਭਿਆਚਾਰ, ਕਿਰਤੀਆਂ ਦੇ ਦੁੱਖ, ਲੀਡਰਾਂ ਦੀਆਂ ਚਾਲਾਂ, ਸੱਚਾ ਪਿਆਰ, ਨਵੇਂ ਸਮੇਂ ਦੀ ਚਾਲ ਆਦਿ ਸੱਤ ਵਿਸ਼ਿਆਂ ਨੂੰ ਲੇਖਕ ਨੇ ਬੜੀ ਮਿਹਨਤ ਅਤੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ।

-ਅਵਤਾਰ ਸਿੰਘ ਸੰਧੂ
ਮੋ: 99151-82971.

c c c

ਸਿੱਖ ਇਤਿਹਾਸ ਦੇ ਫ਼ਾਰਸੀ ਸ੍ਰੋਤ
ਸੰਪਾਦਕ : ਡਾ: ਹਰਚੰਦ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
ਮੁੱਲ : 140 ਰੁਪਏ, ਸਫ਼ੇ : 328
ਸੰਪਰਕ : 98728-67377.

ਬਹੁਤ ਘੱਟ ਕੀਮਤ ਉੱਤੇ ਬਹੁਤ ਕੀਮਤੀ ਪੁਸਤਕ ਹੈ ਸਿੱਖ ਇਤਿਹਾਸ ਦੇ ਫ਼ਾਰਸੀ ਸ੍ਰੋਤਾਂ ਬਾਰੇ ਇਹ ਕਿਤਾਬ। ਮੂਲ ਲਿਖਤ ਡਾ: ਗੰਡਾ ਸਿੰਘ ਨੇ 67 ਸਾਲ ਪਹਿਲਾਂ ਮਾਖਜ਼ਿ ਤਵਾਰੀਖ਼ ਸਿੱਖਾਂ ਨਾਮ ਨਾਲ ਫ਼ਾਰਸੀ ਵਿਚ ਸੰਕਲਿਤ ਕੀਤੀ ਸੀ। ਪੰਜਾਬੀ ਵਿਚ ਸੰਪਾਦਿਤ ਕਰਕੇ ਪੰਜਾਬੀ ਜਗਤ ਦੇ ਸਨਮੁੱਖ ਇਸ ਨੂੰ ਰੱਖਣ ਦਾ ਕਾਰਜ ਡਾ: ਹਰਚੰਦ ਸਿੰਘ ਬੇਦੀ ਨੇ ਕੀਤਾ ਹੈ। ਡਾ: ਬੇਦੀ ਬਾਰੀਕਬੀਨ, ਸਿਰੜੀ ਤੇ ਲੰਮੇ ਅਨੁਭਵ ਵਾਲਾ ਪ੍ਰਤਿਭਾਵਾਨ ਖੋਜੀ ਹੈ। ਚੁੱਪਚਾਪ, ਗੋਸ਼ਾ, ਨਸ਼ੀਨ ਸਮਰਪਿਤ ਬੰਦਾ। ਜਿਸ ਖੇਤਰ ਵਿਚ ਵੀ ਉਸ ਨੇ ਹੁਣ ਤੱਕ ਕੰਮ ਕੀਤਾ ਹੈ, ਉਸ ਵਿਚ ਪ੍ਰਮਾਣਿਕ, ਸਿੱਕੇਬੰਦ, ਯਾਦਗਾਰੀ ਕੰਮ ਕਰਕੇ ਛਾਪ ਛੱਡੀ ਹੈ। ਫ਼ਾਰਸੀ ਜ਼ਬਾਨ ਪੱਖੋਂ ਉਸ ਨੇ ਪ੍ਰੋ: ਗੋਪਾਲ ਸਿੰਘ ਦੀ ਮਦਦ ਲਈ ਹੈ। ਮੂਲ ਪੁੁਸਤਕ ਦੀ ਸਮੱਗਰੀ ਲਈ ਇਤਿਹਾਸਕ ਪਰਿਪੇਖ ਉਸਾਰਨ ਤੇ ਪੇਸ਼ ਨੁਕਤਿਆਂ ਦੀ ਸਿੱਖ ਸਿਧਾਂਤਕ ਪੈਂਤੜੇ ਤੋਂ ਵਿਆਖਿਆ ਕਰਦੇ ਹੋਏ ਉਸ ਨੇ ਨੱਬੇ ਪੰਨੇ ਦੀ ਵਿਸਤ੍ਰਿਤ ਭੂਮਿਕਾ ਲਿਖ ਕੇ ਇਕ ਵਾਰ ਫਿਰ ਇਸ ਦਾ ਪ੍ਰਮਾਣ ਦਿੱਤਾ ਹੈ। ਲਗਪਗ ਏਨੇ ਕੁ ਪੰਨੇ ਹੀ ਮੂਲ ਸਮਗਰੀ ਦੇ ਹਨ।
ਡਾ: ਬੇਦੀ ਨੇ ਮੂਲ ਫ਼ਾਰਸੀ ਪਾਠ, ਉਸ ਦਾ ਪੰਜਾਬੀ ਅਨੁਵਾਦ ਤੇ ਆਪਣੀ ਲੰਬੀ ਭੂਮਿਕਾ ਤੋਂ ਇਲਾਵਾ ਕੁਝ ਹੋਰ ਮੁੱਲਵਾਨ ਸਮੱਗਰੀ ਦਾ ਤੋਹਫ਼ਾ ਵੀ ਪੰਜਾਬੀ ਪਾਠਕ ਨੂੰ ਦਿੱਤਾ ਹੈ। ਪੰਜਵੇਂ, ਛੇਵੇਂ, ਸਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਪਾਵਨ ਹਸਤ ਕੰਵਲਾਂ ਦੇ ਲਿਖੇ ਮੂਲ ਮੰਤਰ ਅਤੇ ਕੀਮਤੀ ਹੁਕਮਨਾਮਿਆਂ ਦੀ ਫੋਟੋ ਕਾਪੀ ਦੇ ਦਰਸ਼ਨ ਪਾਠਕ ਕਰ ਸਕਦੇ ਹਨ। ਡਾ: ਗੰਡਾ ਸਿੰਘ ਹੋਰਾਂ ਦੀ ਮਿਹਨਤ ਨਾਲ ਸੰਕਲਿਤ ਸਮੱਗਰੀ ਦਾ ਪੰਜਾਬੀ ਅਨੁਵਾਦ ਤਾਂ ਇਸ ਵਿਚ ਹੈ ਹੀ। ਇਸ ਸਮੱਗਰੀ ਵਿਚ ਕਈ ਲਿਖਤਾਂ ਗੁਰੂ ਪਾਤਸ਼ਾਹ ਦੀਆਂ ਸਮਕਾਲੀ ਹਨ। ਤੁਜ਼ਕੇ ਜਹਾਂਗੀਰੀ ਤੇ ਕਬਰਸਤਾਨਿ ਮਜ਼ਾਹਿਬ ਇਨ੍ਹਾਂ ਵਿਚੋਂ ਪ੍ਰਮੁੱਖ ਹਨ। ਔਰੰਗਜ਼ੇਬ ਦੇ ਸਮੇਂ ਦੇ ਸਰਕਾਰੀ ਅਖ਼ਬਾਰਾਂ ਦੀਆਂ ਟੂਕਾਂ, ਵੱਖ-ਵੱਖ ਸਮਿਆਂ ਉੱਤੇ ਪੰਜਾਬ ਦੇ ਨਾਜ਼ਿਆਂ ਦੇ ਵੇਰਵੇ, ਅਕਬਰ ਨਾਮਾ (ਅਬੁਲ ਫਜ਼ਲ) ਦੀਆਂ ਟੂਕਾਂ, ਸ਼ਾਹਜਹਾਂ ਵੱਲੋਂ ਗੁਰੂ ਘਰ ਨੂੰ ਭੇਟ ਕਰਤਾਰਪੁਰ ਦੀ ਜ਼ਮੀਨ ਦੇ ਪਟੇ ਦੀ ਨਕਲ, ਸੁਜਾਨ ਰਾਏ ਭੰਡਾਰੀ ਦੀ 1695 ਦੀ ਲਿਖੀ ਖਲਾਸਤੁਤ ਤਵਾਰੀਖ ਦੀਆਂ ਟੂਕਾਂ, ਮਿਰਜ਼ਾ ਅਨਾਇਤਉਲਾ ਖਾਨ ਇਸਮੀ (1653-1725) ਦੀ ਔਰੰਗਜ਼ੇਬ ਦੇ ਹੁਕਮਾਂ ਬਾਰੇ ਲਿਖਤ ਤੇ ਤਾਰੀਖੇ ਮੁਅਜ਼ਮਸ਼ਾਹ (ਲੇਖਕ ਮੌਲਵੀ ਅਬਦੁਲ ਰਸੂਲ) ਦੀਆਂ ਟੂਕਾਂ ਦੇ ਪੰਜਾਬੀ ਪਾਠ ਮੁਲਵਾਨ ਇਤਿਹਾਸਕ ਸਮੱਗਰੀ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਮੁਰਝਾ ਗਏ ਚਹਿਕਦੇ ਚਿਹਰੇ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 244
ਸੰਪਰਕ : 98141-45047.

'ਮੁਰਝਾ ਗਏ ਚਹਿਕਦੇ ਚਿਹਰੇ' ਡਾ: ਕੁਲਵਿੰਦਰ ਕੌਰ ਮਿਨਹਾਸ ਦਾ ਛੇਵਾਂ ਨਾਵਲ ਹੈ। ਮਿਨਹਾਸ ਸਮਾਜਿਕ ਵਿਡੰਬਨਾਵਾਂ ਉੱਤੇ ਲਗਾਤਾਰ ਲਿਖਣ ਵਾਲੀ ਲੇਖਿਕਾ ਹੈ। ਇਹ ਨਾਵਲ ਪੰਜਾਬ ਦੇ ਨਸ਼ੇ ਦੇ ਝੱਖੜਾਂ ਨੂੰ ਸੰਬੋਧਿਤ ਹੈ, ਜਿਸ ਝੱਖੜ ਨੇ ਅਨੇਕਾਂ ਅਨੇਕ ਘਰਾਂ ਦੇ ਜਗਮਗਾਉਂਦੇ ਦੀਪਕ ਬੁਝਾਏ ਹੀ ਨਹੀਂ, ਟੁੱਕੜੇ-ਟੁੱਕੜੇ ਕਰ ਸੁੱਟੇ। ਸਾਰੇ ਜਾਣਦੇ ਹਨ ਕਿ ਕੇਵਲ ਨੌਜਵਾਨ ਮੁੰਡੇ ਹੀ ਨਹੀਂ, ਸਗੋਂ ਕਾਲਜਾਂ ਵਿਚ ਪੜ੍ਹਦੀਆਂ ਕੁੜੀਆਂ ਵੀ ਅਜੀਬ ਕਿਸਮ ਦੇ ਨਸ਼ਿਆਂ ਦੀਆਂ ਆਦੀ ਹੋ ਗਈਆਂ ਹਨ।
ਕੁਲਵਿੰਦਰ ਕੌਰ ਮਿਨਹਾਸ ਦੁਆਰਾ ਹਥਲਾ ਨਵਾਂ ਨਾਵਲ 31 ਅਧਿਆਇਆਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਸਮੁੱਚਾ ਪਲਾਟ ਨਸ਼ਿਆਂ ਦੇ ਮਾਰੇ ਘਰ ਹਨ। ਨਾਵਲ ਦੇ ਅਰੰਭ ਵਿਚ ਭਾਂਡੇ ਮਾਂਜ ਰਹੀ ਲਛਮੀ ਕੋਲੋਂ ਉਸ ਦਾ ਸਤਵੀਂ ਵਿਚ ਪੜ੍ਹਦਾ ਮੁੰਡਾ 500 ਰੁਪਏ ਮੰਗਦਾ ਹੈ। ਪਰ ਲਛਮੀ ਸ਼ੱਕ ਕਰਦੀ ਹੈ ਕਿ ਇਹ ਪੈਸੇ ਉਹ ਨਸ਼ਿਆਂ ਉੱਤੇ ਖਰਚਦਾ ਹੋਊ। ਉਹ ਪੈਸੇ ਦੇਣੋਂ ਆਨਾ ਕਾਨੀ ਕਰਦੀ ਹੈ ਤਾਂ 'ਨਿਹਾਲੇ ਨੇ ਮਾਂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਤੇ ਭਰਾ ਨੂੰ ਕਹਿਣ ਲੱਗਾ, 'ਠਹਿਰ ਜਾ ਤੇਰੀ ਵੀ ਸਾਰ ਲੈਨਾਂ' ਉਹ ਦਾਤ ਚੁੱਕ ਕੇ ਲਿਆਇਆ ਤੇ ਮਾਂ ਦੇ ਸਿਰ ਵਿਚ ਮਾਰਿਆ....।
ਅਜਿਹੀ ਸਥਿਤੀ ਤੋਂ ਇਹ ਨਾਵਲ ਸ਼ੁਰੂ ਹੁੰਦਾ ਸਾਰੇ ਪਿੰਡ ਨੂੰ ਨਸ਼ਿਆਂ ਦੇ ਕਲੇਵਰ ਵਿਚ ਲੈ ਲੈਂਦਾ ਹੈ। ਘਰ-ਘਰ ਵੈਣ ਪੈਂਦੇ ਹਨ। ਇਸ ਦੇ ਆਖਰੀ ਕਾਂਡ ਦਾ ਆਖਰੀ ਵਾਕ ਹੈ, 'ਬਾਪੂ ਦੀ ਅਚਾਨਕ ਮੌਤ 'ਤੇ ਸਾਰੇ ਮੂੰਹ ਵਿਚ ਉਂਗਲਾਂ ਪਾ ਕੇ ਖੜੋਤੇ ਰਹਿ ਗਏ....। 'ਮੁਰਝਾ ਗਏ ਚਹਿਕਦੇ ਚਿਹਰੇ' ਨਾਵਲ ਦੇ ਪਾਤਰ ਅਤੇ ਘਟਨਾਵਾਂ ਕੁਦਰਤੀ ਹਨ ਜੋ ਕੁਝ ਪੰਜਾਬ ਵਿਚ ਨਸ਼ਿਆਂ ਨੇ ਤਬਾਹੀ ਕੀਤੀ, ਉਸ ਦਾ ਛੋਟਾ ਇਕ ਸੀਨ ਇਸ ਨਾਵਲ ਵਿਚ ਪੇਸ਼ ਹੋਇਆ ਹੈ। ਨਾਵਲ ਪੜ੍ਹਨਯੋਗ ਤੇ ਸਿੱਖਿਆਦਾਇਕ ਹੈ।

-ਸੁਲੱਖਣ ਸਰਹੱਦੀ
ਮੋ: 94174-84337.

17/06/2017

ਬਲਿਹਾਰੀ ਕੁਦਰਤਿ ਵਸਿਆ
ਲੇਖਕ : ਡਾ: ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਸੁਮਿਤ ਰਿਟੈਲਿਕਾ (ਰਜਿ:) ਨਡਾਲਾ-ਮੁਹਾਲੀ
ਮੁੱਲ : 280 ਰੁਪਏ, ਸਫ਼ੇ : 136
ਸੰਪਰਕ : 98152-53245.

ਬਾਰਾਂ ਦੇ ਬਾਰਾਂ ਮਹੀਨਿਆਂ ਵਿਚ ਆਸ-ਪਾਸ ਦੀ ਕੁਦਰਤ ਵਿਚ ਅਕਾਲ ਪੁਰਖ ਨੂੰ ਵੇਖਣਾ, ਕਣ-ਕਣ ਵਿਚ ਉਸ ਦੀ ਹੋਂਦ ਨੂੰ ਪਛਾਣਦੇ ਹੋਏ ਕੁਦਰਤ ਦੀ ਸੁੰਦਰਤਾ ਨੂੰ ਮਾਣਨਾ ਹਰ ਕਿਸੇ ਲਈ ਸਾਧਾਰਨ ਹਾਲਾਤ ਵਿਚ ਸੰਭਵ ਨਹੀਂ ਹੁੰਦਾ। 'ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖ਼ਸੂਸ ਹੋਤੇ ਹੈਂ ਯੇ ਵੁਹ ਨਗਮਾ ਹੈ ਜੋ ਹਰ ਸਾਜ਼ ਪੇ ਗਾਯਾ ਨਹੀਂ ਜਾਤਾ।' ਆਸਾ ਸਿੰਘ ਘੁੰਮਣ ਕੋਲ ਅਜਿਹਾ ਦਿਲ-ਦਿਮਾਗ ਹੈ, ਜੋ ਕਲਪਨਾ ਤੇ ਆਸ਼ਾਵਾਦੀ ਸੋਚ ਨਾਲ ਸਾਧਾਰਨ ਮਾਹੌਲ ਨੂੰ ਸੁਹਜ ਭਰਪੂਰ ਬਣਾ ਸਕਦਾ ਹੈ। ਉਸ ਵਿਚੋਂ ਜੀਵਨ ਜੀਣ ਲਈ ਉਤੇਜਨਾ/ਪ੍ਰੇਰਨਾ ਹਾਸਲ ਕਰ ਸਕਦਾ ਹੈ। ਇਸ ਕਿਤਾਬ ਵਿਚ ਅਸੀਂ ਉਸ ਦੀ ਉਂਗਲੀ ਫੜ ਕੇ ਹਰ ਮੌਸਮ, ਹਰ ਹਾਲ ਵਿਚ ਸਹਿਜ ਤੇ ਸੁਹਜ ਵਾਲੀ ਸੰਤੁਲਿਤ ਆਸ਼ਾਵਾਦੀ ਮਾਨਸਿਕਤਾ ਦੇ ਮਾਲਕ ਬਣ ਸਕਦੇ ਹਾਂ।
ਗਰਮੀ, ਸਰਦੀ, ਹੁੰਮਸ, ਬਾਰਿਸ਼ ਕੁਦਰਤ ਦੇ ਨਿਰੰਤਰ ਚੱਕਰ ਨੇ ਨਹੀਂ ਬਦਲਣਾ। ਇਨ੍ਹਾਂ ਨੂੰ ਵੇਖਣ, ਮਾਣਨ ਵਾਲੀ ਸੋਚ ਹੀ ਬਦਲਣੀ ਹੁੰਦੀ ਹੈ। ਦਿਸ਼ਾ ਬਦਲੋ ਤਾਂ ਕਿਨਾਰੇ ਬਦਲ ਜਾਂਦੇ ਹਨ। ਖੱਬਾ ਸੱਜਾ ਬਣ ਜਾਂਦਾ ਹੈ ਤੇ ਸੱਜਾ ਖੱਬਾ। ਘੁੰਮਣ ਹਾਂ-ਪੱਖੀ ਆਸ਼ਾਵਾਦੀ ਸੋਚ ਤੇ ਸੁਹਜ ਨਾਲ ਹਰ ਹਾਲ ਪ੍ਰਸੰਨ ਹੈ। ਉਸ ਦੀ ਇਹ ਵਾਰਤਕ ਇਸੇ ਸੰਤੁਸ਼ਟ ਸ਼ਾਂਤ ਜੀਵਨ ਦੀ ਉਪਜ ਹੈ।
ਚੇਤਰ ਤੋਂ ਫੱਗਣ ਤੱਕ ਦੇ ਬਾਰਾਂ ਮਹੀਨਿਆਂ ਦੇ ਇਹ ਸ਼ਬਦ ਚਿੱਤਰ ਲੇਖਕ ਨੇ ਬਾਰਾਂ ਮਾਹ ਮਾਝ, ਬਾਰਾਂ ਮਾਹ ਤੁਖਾਰੀ ਤੇ ਪੰਜਾਬੀ ਕਾਵਿ ਸੰਸਾਰ ਵਿਚੋਂ ਟੂਕਾਂ ਦੀ ਵਿਆਖਿਆ ਨਾਲ ਸਿਰਜੇ ਹਨ। ਕਿਤੇ-ਕਿਤੇ ਵਰਡਜ਼ਵਰਥ ਜਿਹੇ ਅੰਗਰੇਜ਼ੀ ਦੇ ਰੁਮਾਂਟਿਕ ਕਵੀ ਦਾ ਆਸਰਾ ਵੀ ਉਸ ਨੇ ਲਿਆ ਹੈ। ਚਾਤ੍ਰਿਕ, ਅੰਮ੍ਰਿਤਾ, ਮੋਹਨ ਸਿੰਘ, ਸ਼ਿਵ, ਲੋਕ ਸਾਹਿਤ, ਗਿਆਨੀ ਗੁਰਦਿਤ ਸਿੰਘ, ਕਵੀ ਕੇਸ਼ਵ ਦਾਸਂਕਿਸੇ ਵੀ ਸੋਮੇ ਤੋਂ ਲੇਖਕ ਨੂੰ ਕੋਈ ਗੱਲ ਮਿਲੀ ਹੈ, ਉਸ ਨੇ ਆਪਣੀ ਗਲ ਕਹਿਣ ਲਈ ਵਰਤੀ ਹੈ। ਪੰਜਾਬ ਦੇ ਤਿਉਹਾਰਾਂ, ਮੇਲਿਆਂ ਤੇ ਇਤਿਹਾਸ ਮਿਥਿਹਾਸ ਦਾ ਜ਼ਿਕਰ ਉਸ ਨੇ ਹਰ ਮਹੀਨੇ ਦੇ ਪ੍ਰਸੰਗ ਵਿਚ ਕੀਤਾ ਹੈ। ਹਰ ਮਹੀਨੇ ਦੀ ਪ੍ਰਕਿਰਤੀ ਨੂੰ ਉਸ ਨੇ ਚਿੱਤਰ ਰਾਹੀਂ ਉਘਾੜਣ ਦਾ ਯਤਨ ਵੀ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਾਰਾ ਸਿੰਘ ਕਾਬੁਲੀ
ਲੇਖਕ : ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 318
ਸੰਪਰਕ : 098181-59944.

ਇਸ ਇਤਿਹਾਸਕ ਨਾਵਲ ਵਿਚ ਲੇਖਕ ਨੇ 19ਵੀਂ ਸਦੀ ਦੇ ਉੱਤਰੀ ਭਾਰਤ ਅਤੇ ਅਫ਼ਗਾਨਿਸਤਾਨ ਦੇ ਸਮਾਚਾਰ ਬਿਆਨ ਕੀਤੇ ਹਨ। ਇਸ ਦੌਰ ਵਿਚ ਅੰਗਰੇਜ਼ਾਂ ਨੇ ਆਪਣੀਆਂ ਬਸਤੀਆਂ ਵਿਚ ਵਾਧਾ ਕਰਨ ਦੀ ਮਨਸ਼ਾ ਨਾਲ ਪੰਜਾਬ ਅਤੇ ਅਫ਼ਗਾਨਿਸਤਾਨ ਉੱਪਰ ਕਬਜ਼ਾ ਕਰਨ ਦੀ ਕੂਟਨੀਤੀ ਬਣਾ ਲਈ ਸੀ। 1839 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਝੂਠਾ ਭਰੋਸਾ ਦੇ ਕੇ ਉਨ੍ਹਾਂ ਨੂੰ ਦਰਿਆ ਸਤਲੁਜ ਦੇ ਨਾਲ-ਨਾਲ ਸਿੰਧ ਦਰਿਆ ਤੱਕ ਉਸ ਤੋਂ ਇਕ ਸੁਰੱਖਿਅਤ ਲਾਂਘਾ ਲੈ ਲਿਆ ਸੀ। ਇਸ ਲਾਂਘੇ ਰਾਹੀਂ 60-70 ਹਜ਼ਾਰ ਫ਼ੌਜੀ ਸਿਪਾਹੀ ਅਫ਼ਗਾਨਿਸਤਾਨ ਵਿਚ ਜਾ ਘੁਸੇ ਸਨ। ਉਥੋਂ ਦਾ ਹਾਕਮ ਦੋਸਤ ਮੁਹੰਮਦ ਖਾਨ ਏਨੀ ਵੱਡੀ ਫ਼ੌਜ ਤੋਂ ਡਰਦਾ ਮਾਰਿਆ ਨੱਠ ਗਿਆ ਸੀ ਅਤੇ ਅੰਗਰੇਜ਼ਾਂ ਨੇ ਆਪਣੇ ਹੱਥ ਠੋਕੇ ਸ਼ਾਹ ਸ਼ੁਜਾਹ ਨੂੰ ਹਾਕਮ ਦੇ ਰੂਪ ਵਿਚ ਉਥੇ ਸਥਾਪਿਤ ਕਰ ਦਿੱਤਾ ਅਤੇ ਮਨਆਈਆਂ ਕਰਨ ਲੱਗ ਪਏ ਸਨ ਪਰ ਅਣਖੀ ਅਫ਼ਗਾਨਾਂ ਨੂੰ ਇਹੋ ਜਿਹਾ ਜ਼ਿੱਲਤ ਭਰਿਆ ਜੀਵਨ ਪਸੰਦ ਨਾ ਆਇਆ। ਉਨ੍ਹਾਂ ਨੇ ਹਥਿਆਰਬੰਦ ਬਗ਼ਾਵਤ ਕਰਕੇ ਅੰਗਰੇਜ਼ੀ ਫ਼ੌਜ ਨੂੰ ਉਥੋਂ ਨੱਠਣ ਲਈ ਮਜਬੂਰ ਕਰ ਦਿੱਤਾ।
ਨਾਵਲਕਾਰ ਸ: ਗੁਰਨਾਮ ਸਿੰਘ ਨੇ ਇਹ ਕਹਾਣੀ ਅੰਗਰੇਜ਼ੀ ਫ਼ੌਜ ਦੇ ਇਕ ਸਿਪਾਹੀ ਤਾਰਾ ਸਿੰਘ ਕਾਬਲੀ ਅਤੇ ਇਕ ਸਕੌਟਿਸ਼ ਔਰਤ ਵਿਕਟੋਰੀਆ ਸਕੌਟ ਦੁਆਰਾ ਲਿਖੀਆਂ ਡਾਇਰੀਆਂ ਦੀ ਮਾਰਫ਼ਤ ਬਿਆਨ ਕੀਤੀ ਹੈ। ਇਹ ਡਾਇਰੀਆਂ ਤਾਰਾ ਸਿੰਘ ਦੀ ਇਕ ਪੜਪੋਤੀ ਨੂੰ ਮਿਲੀਆਂ ਸਨ ਅਤੇ ਉਸ ਨੇ ਇਹ ਡਾਇਰੀਆਂ ਕਹਾਣੀ ਦੇ ਵਾਚਕ (ਨੈਰੇਟਰ) ਨੂੰ ਦੇ ਦਿੱਤੀਆਂ। ਇਨ੍ਹਾਂ ਡਾਇਰੀਆਂ ਦੀ ਵਸਤੂ-ਸਮੱਗਰੀ ਤੋਂ ਪ੍ਰੇਰਿਤ ਹੋ ਕੇ ਕਥਾਵਾਚਕ ਪਹਿਲਾਂ ਇੰਗਲੈਂਡ ਗਿਆ ਅਤੇ ਫਿਰ ਵਿਕਟੋਰੀਆ ਦੇ ਸ਼ਹਿਰ ਗਲਾਸਗੋ। ਉਥੇ ਜਾ ਕੇ ਢੂੰਡ-ਭਾਲ ਕਰਨ ਉਪਰੰਤ ਉਸ ਨੂੰ ਤਾਰਾ ਸਿੰਘ ਅਤੇ ਵਿਕਟੋਰੀਆ ਦੇ ਪਵਿੱਤਰ ਰਿਸ਼ਤੇ ਬਾਰੇ ਪਤਾ ਚਲਿਆ। ਬਾਅਦ ਵਿਚ ਉਸ ਨੇ ਇਸ ਕਹਾਣੀ ਨੂੰ ਇਕ ਨਾਵਲ ਦਾ ਰੂਪ ਦੇ ਦਿੱਤਾ।
ਇਹ ਕਹਾਣੀ ਮੁੱਖ ਤੌਰ 'ਤੇ ਤਾਰਾ ਸਿੰਘ ਅਤੇ ਵਿਕਟੋਰੀਆ ਦੇ ਐਡਵੈਂਚਰ (ਪਰਾਕ੍ਰਮੀ ਯਾਤਰਾ) ਨਾਲ ਸਬੰਧਤ ਹੈ ਪ੍ਰੰਤੂ ਜੀਤ ਸਿੰਘ, ਤਾਰਾ ਸਕੌਟ, ਬੀਜੀ ਅਤੇ ਕਥਾਵਾਚਕ ਵੀ ਇਸ ਦੇ ਕਥਾਨਕ ਵਿਚ ਸ਼ਾਮਿਲ ਹੋ ਗਏ ਹਨ, ਜਿਸ ਕਾਰਨ ਬਿਰਤਾਂਤ ਬਹੁਤ ਸੰਘਣਾ ਅਤੇ ਦਿਲਚਸਪ ਹੋ ਗਿਆ ਹੈ। ਸ: ਗੁਰਨਾਮ ਸਿੰਘ ਨੇ ਕਥਾ ਦੀ ਨੈਰੇਸ਼ਨ ਉੱਪਰ ਬਹੁਤ ਮਿਹਨਤ ਕੀਤੀ ਹੈ। ਉਸ ਦਾ ਸ਼ਬਦ-ਬੰਡਾਰ ਬਹੁਤ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਹੈ। ਉਹ ਵਾਰ-ਵਾਰ ਪਾਠਕਾਂ ਨੂੰ ਸੰਬੋਧਨ ਕਰਕੇ ਅਗਲੇ-ਪਿਛਲੇ ਵੇਰਵਿਆਂ ਨੂੰ ਦੁਹਰਾਉਂਦਾ ਵੀ ਰਹਿੰਦਾ ਹੈ ਤਾਂ ਜੋ ਪਾਠਕ, ਕਥਾ ਨਾਲ ਜੁੜੇ ਰਹਿਣ। ਇਤਿਹਾਸਕ ਵੇਰਵਿਆਂ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣ ਲਈ ਉਸ ਨੇ ਕਨਿੰਘਮ, ਖੁਸ਼ਵੰਤ ਸਿੰਘ, ਅਮਰਿੰਦਰ ਸਿੰਘ ਅਤੇ ਮੈਗਰੇਗਰ ਵਰਗੇ ਇਤਿਹਾਸਕਾਰਾਂ ਤੋਂ ਸੇਧ ਲਈ ਹੈ। ਇਹ ਇਕ ਵਿਲੱਖਣ ਭਾਂਤ ਦਾ ਨਾਵਲ ਹੈ ਅਤੇ ਸ: ਮਨਮੋਹਨ ਬਾਵਾ ਦੀ ਪਰੰਪਰਾ ਦਾ ਇਕ ਨਵਾਂ ਵਿਸਤਾਰ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਹੰਝੂਆਂ 'ਚ ਡੁੱਬੀ ਸ਼ਹਿਨਾਈ
ਸ਼ਾਇਰ : ਸੁਰਿੰਦਰ ਕੌਰ ਭੋਗਲ 'ਚਿੰਗਾਰੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 93560-42622.

ਸੁਰਿੰਦਰ ਕੌਰ ਭੋਗਲ 'ਚਿੰਗਾਰੀ' ਸਮਾਜ ਵਿਚ ਔਰਤਾਂ 'ਤੇ ਹੁੰਦੀਆਂ ਜ਼ਿਆਦਤੀਆਂ ਦੇ ਵਿਰੋਧ 'ਚੋਂ ਉੱਭਰੀ ਸ਼ਾਇਰਾ ਹੈ ਤੇ ਇਸ ਪੁਸਤਕ ਵਿਚ ਉਸ ਦੀ ਵਿਦਰੋਹੀ ਸੁਰ ਨੂੰ ਦੇਖਦੇ ਹੋਏ ਇਹ ਸੰਤਾਪ ਉਸ ਦੇ ਹਿੱਸੇ ਵੀ ਆਇਆ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਭੋਗਲ 'ਚਿੰਗਾਰੀ' ਦੇ ਕਾਵਿ ਸੰਗ੍ਰਹਿ ਦੀਆਂ ਇਨ੍ਹਾਂ ਰਚਨਾਵਾਂ ਵਿਚ ਕਵਿਤਾ ਵੀ ਹੈ, ਗੀਤ ਵੀ ਤੇ ਗ਼ਜ਼ਲਨੁਮਾ ਕਵਿਤਾਵਾਂ ਵੀ ਹਨ। ਸ਼ਾਇਰਾ ਆਪਣੀ ਰਚਨਾ ਨੂੰ ਕਿਸੇ ਚੌਖਟੇ ਵਿਚ ਢਾਲਣ ਦੀ ਥਾਂ ਉਸ ਦੇ ਵਿਸ਼ੇ ਤੇ ਉਸ ਦੀ ਪ੍ਰਚੰਡਤਾ ਵਲ ਜ਼ਿਆਦਾ ਧਿਆਨ ਦਿੰਦੀ ਹੈ। ਉਹ ਆਖਦੀ ਹੈ ਕਿ ਗ਼ੈਰਾਂ ਖ਼ਾਤਰ ਕਿਸੇ ਨੇ ਉਸ ਨੂੰ ਪਰਾਈ ਕਰ ਦਿੱਤਾ ਹੈ ਤੇ ਉਸ ਦੇ ਹਸੀਨ ਪਲਾਂ ਦੀ ਸ਼ਹਿਨਾਈ ਦੀਆਂ ਸੁਰਾਂ ਨੂੰ ਕਿਸੇ ਨੇ ਹੰਝੂਆਂ ਵਿਚ ਡੁਬੋ ਦਿੱਤਾ ਹੈ। ਇਸ ਤੋਂ ਹੀ ਸ਼ਾਇਰਾ ਦੇ ਮਨ ਦੀ ਅਵਸਥਾ ਪੜ੍ਹੀ ਜਾ ਸਕਦੀ ਹੈ। ਉਹ ਅੱਗੇ ਆਪਣੀ ਕਹਾਣੀ ਦੱਸਣ ਤੋਂ ਗੁਰੇਜ਼ ਕਰਦੀ ਹੋਈ ਕਹਿੰਦੀ ਹੈ ਕਿ ਮੇਰੇ ਕੋਲੋਂ ਮੇਰੇ ਦੁੱਖਾਂ ਦੀ ਕਹਾਣੀ ਨਾ ਸੁਣੋ ਬਾਬਲ ਦੇ ਵਿਹੜੇ ਤੋਂ ਵਿਦਾਅ ਹੋ ਕੇ ਮੈਨੂੰ ਸਿਰਫ਼ ਅੱਥਰੂ ਮਿਲੇ ਹਨ। ਇੰਝ ਸੁਰਿੰਦਰ ਕੌਰ ਭੋਗਲ 'ਚਿੰਗਾਰੀ' ਦੀਆਂ ਕਵਿਤਾਵਾਂ ਨਿੱਜੀ ਨਾ ਹੋ ਕੇ ਸਮੁੱਚੀਆਂ ਦੁਖੀ ਧੀਆਂ ਦੇ ਅੰਦਰਲੇ ਦੁੱਖਾਂ ਦਾ ਵਰਨਣ ਕਰਦੀਆਂ ਹਨ। ਕਿਤੇ ਕਿਤੇ ਉਹ ਆਸ਼ਾਵਾਦੀ ਹੋ ਕੇ ਅੰਬਰ ਤਕ ਉਡਾਰੀ ਭਰਨਾ ਵੀ ਲੋਚਦੀ ਹੈ। ਸ਼ਾਇਰਾ ਨੇ ਕੁਝ ਰਚਨਾਵਾਂ ਹੋਰਨਾਂ ਵਿਸ਼ਿਆਂ 'ਤੇ ਵੀ ਲਿਖੀਆਂ ਹਨ। 'ਹੰਝੂਆਂ ਵਿਚ ਡੁੱਬੀ ਸ਼ਹਿਨਾਈ' ਇਸਤਰੀ 'ਤੇ ਹੁੰਦੇ ਜ਼ੁਲਮਾਂ ਦੀ ਦਰਦ ਭਰੀ ਦਾਸਤਾਂ ਹੈ ਜਿਸ 'ਤੇ ਕਵਿਤਾ ਦੇ ਬੰਧਨ ਸਬੰਧੀ ਗੱਲ ਕਰਨ ਤੇ ਪਰਖਣ ਦੀ ਕੋਈ ਗੁੰਜਾਇਸ਼ ਨਹੀਂ ਬਚਦੀ।

ਂਗੁਰਦਿਆਲ ਰੌਸ਼ਨ
ਮੋ: 99884-44002
ਫ ਫ ਫ

ਜਿੰਨੇ ਮੂੰਹ ਓਨੀਆਂ ਗੱਲਾਂ
ਲੇਖਕ : ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 200
ਸੰਪਰਕ : 0183-2292513.

ਪੁਸਤਕ ਵਿਚ ਗਿਆਨੀ ਸੰਤੋਖ ਸਿੰਘ ਨੇ ਆਪਣੇ ਜੀਵਨ ਅਨੁਭਵਾਂ ਨੂੰ ਨਿਵੇਕਲੀ ਕਿਸਮ ਦੀ ਵਾਰਤਕ ਰਾਹੀਂ ਪੇਸ਼ ਕੀਤਾ ਹੈ। ਆਪਣੇ ਜੀਵਨ ਦੀਆਂ ਯਾਦਾਂ ਅਤੇ ਦਿਲਚਸਪ ਕਿੱਸਿਆਂ ਨੂੰ ਉਨ੍ਹਾਂ ਨੇ ਸਰਲ ਸਾਦੀ ਭਾਸ਼ਾ ਵਿਚ ਹਾਜ਼ਰੀ ਤੋਂ ਲੈ ਕੇ ਪ੍ਰਧਾਨਗੀ ਤੱਕ ਦੇ ਸਫ਼ਰ ਤੋਂ ਲੈ ਕੇ ਫੇਸ-ਬੁੱਕ ਦੀ ਦੀਵਾਨਗੀ, ਪੰਜਾਬੀ ਸ਼ਬਦ ਜੋੜਾਂ ਦੀਆਂ ਗ਼ਲਤੀਆਂ, ਯਾਤਰਾਵਾਂ ਦੌਰਾਨ ਵਾਪਰੀਆਂ ਘਟਨਾਵਾਂ ਆਦਿ ਨੂੰ ਪੇਸ਼ ਕਰਦਿਆਂ ਕਿਤੇ-ਕਿਤੇ ਇਨ੍ਹਾਂ ਤੋਂ ਸਬਕ ਲੈਣ ਲਈ ਵੀ ਪ੍ਰੇਰਦਾ ਹੈ।
ਲੇਖਕ ਆਪਣੇ ਧਰਮ ਪ੍ਰਤੀ ਅਤੇ ਆਪਣੀ ਅਕਾਲੀ ਪਾਰਟੀ ਪ੍ਰਤੀ ਆਪਣੀ ਅਥਾਹ ਸ਼ਰਧਾ ਅਤੇ ਵਫ਼ਾਦਾਰੀ ਨੂੰ ਵੀ ਇਸ ਪੁਸਤਕ ਵਿੱਚ ਸ਼ਾਮਲ ਕੁਝ ਲੇਖਾਂ ਰਾਹੀਂ ਦਰਸਾਉਂਦਾ ਹੈ। ਉਸ ਦੇ ਅਨੁਸਾਰ ਉਸ ਨੂੰ ਆਪਣੀ ਵਫਾਦਾਰੀ ਕਿਸੇ ਨੂੰ ਸਾਬਤ ਕਰਨ ਦੀ ਲੋੜ ਨਹੀਂ। ਉਹ ਆਪਣੀ ਕੌਮ ਦੇ ਲਈ ਸੇਵਾ ਕਰਨ ਦੇ ਲਈ ਅਜੇ ਵੀ ਤਿਆਰ-ਬਰ-ਤਿਆਰ ਹੈ। ਇਸ ਵਿਸ਼ੇ ਨਾਲ ਸਬੰਧਤ ਵਿਚਾਰ ਉਹ ਆਪਣੇ ਲੇਖ ਵਿਚਾਰ ਆਪੋ-ਆਪਣਾ ਅਸੀਂ ਮਨੁੱਖ ਹਾਂ, ਭੇਡਾਂ ਨਹੀਂ ਵਿਚ ਪੇਸ਼ ਕਰਦਾ ਹੈ। ਲੇਖਕ ਨੇ ਸਿੱਖ ਧਰਮ ਵਿਚ ਦਰਪੇਸ਼ ਕੁਝ ਮਸਲਿਆਂ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਹੈ, ਜਿਨ੍ਹਾਂ ਨੂੰ ਉਸ ਨੇ ਸਿੱਖ ਆਗੂਆਂ ਵਾਸਤੇ ਇਕ ਵਿਚਾਰਨ ਵਾਲੀ ਗੱਲ, ਸਿੱਖਾਂ ਦਾ ਹਿੰਦੂਕਰਨ, ਅਕਾਲੀ ਚਰਚਾ ਚਾਰ ਪ੍ਰਕਾਰ ਦੀ ਆਦਿ ਲੇਖਾਂ ਵਿੱਚ ਪੇਸ਼ ਕੀਤਾ ਹੈ। ਲੇਖਕ ਨੇ ਆਪਣੇ ਕੁੱਝ ਨਿੱਜੀ ਅਨੁਭਵਾਂ ਨੂੰ ਨਾੜ ਦੱਬਣੀ, ਖੋਤਾ ਤੇ ਖਡਲ, ਕੁਝ ਦਿਲਚਸਪ ਘਟਨਾਵਾਂ, ਸਵਾਗਤ ਮੇਰਾ ਇੱਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਚ ਪੇਸ਼ ਕੀਤਾ ਹੈ।
ਸਰਬੱਤ ਖਾਲਸੇ ਦਾ ਇਤਿਹਤਸਿਕ ਮਹੱਤਵ ਅਤੇ ਅਜੋਕੇ ਸਮੇਂ ਦੇ ਪ੍ਰਸੰਗ ਵਿਚ ਉਸ ਦੀ ਸਾਰਥਕਤਾ ਅਤੇ ਨਤੀਜੇ, ਆਜ਼ਾਦੀ ਦੀ ਕਹਾਣੀ ਰਾਮ ਸਿੰਘ ਸਿਡਨੀ ਨਿਵਾਸੀ ਦੀ ਜ਼ਬਾਨੀ ਲੇਖ ਵਿੱਚ ਆਜ਼ਾਦੀ ਲਈ ਦਿੱਤੀ ਗਈ ਮਾਨਵਤਾ ਦੀ ਕੀਮਤ ਅਤੇ ਪੰਜਾਬੀਆਂ ਦੇ ਬਦਲਵੇਂ ਚਰਿੱਤਰ ਨੂੰ ਪੇਸ਼ ਕਰਦਿਆਂ ਲੇਖਕ ਚਿੰਤਾ ਜ਼ਾਹਿਰ ਕਰਦਾ ਹੈ ਕਿ ਬਹਾਦਰਾਂ ਦੀ ਕੌਮ ਆਪਣੇ ਅਸਲ ਮੁੱਦਿਆਂ ਤੋਂ ਭਟਕ ਰਹੀ ਹੈ। ਆਸਟ੍ਰੇਲੀਆ ਦਾ ਪੰਜਾਬੀ ਮੀਡੀਆ ਲੇਖ ਵਿੱਚ ਲੇਖਕ ਆਸਟ੍ਰੇਲੀਆ ਵਿਚ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੇ ਲਈ ਪੰਜਾਬੀਆਂ ਦੁਆਰਾ ਕੀਤੇ ਜਾ ਰਹੇ ਬਹੁਪੱਖੀ ਯਤਨਾਂ ਤੇ ਝਾਤ ਪਾਂਉਦਾ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099
ਫ ਫ ਫ

ਵਰ੍ਹਿਆਂ ਦੇ ਸਫ਼ਰ
ਲੇਖਿਕਾ : ਜਸਪਾਲ ਕੌਰ
ਪ੍ਰਕਾਸ਼ਕ : ਮੇਘਲਾ ਪ੍ਰਕਾਸ਼ਨ, ਚੋਗਾਵਾਂ (ਅੰਮ੍ਰਿਤਸਰ)
ਮੁੱਲ : 100 ਰੁਪਏ, ਸਫ਼ੇ : 78
ਸੰਪਰਕ : 94640-20767.

ਨੌਜਵਾਨ ਲੇਖਿਕਾ ਜਸਪਾਲ ਕੌਰ ਦੀ ਵਾਰਤਕ ਦੀ ਇਹ ਪਲੇਠੀ ਪੁਸਤਕ ਹੈ। ਇਸ ਪੁਸਤਕ ਦਾ ਮੁੱਖ ਮਕਸਦ ਇਕ ਨਰੋਏ, ਉਸਾਰੂ ਤੇ ਨਿਆਂ-ਆਧਾਰਿਤ ਚੰਗੇਰੇ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 19 ਲੇਖ ਹਨ। ਪਹਿਲਾ ਲੇਖ 'ਪੈਂਡੇ ਦੂਰ ਪਿਸ਼ੌਰਾਂ ਦੇ', ਕਲਮਕਾਰ ਜਸਪਾਲ ਕੌਰ ਦੇ ਅੰਦਰਲੀ, 1947 ਦੀ ਦੇਸ਼-ਵੰਡ ਦੇ ਸੰਤਾਪ/ਦੁਖਾਂਤ ਦੀ ਟੀਸ/ਕਸਕ ਨੂੰ ਬਿਆਨ ਕਰਦਾ ਹੈ। ਕੋਮਲਭਾਵੀ ਲੇਖਿਕਾ ਦੀ ਰੂਹ ਦੇ ਧੁਰ ਅੰਦਰ ਇਹ ਪੀੜ ਸਮਾਈ ਹੋਈ ਹੈ। ਦੂਜਾ ਲੇਖ 'ਰਾਵੀ ਤੋਂ ਝਨਾਂ ਪੁੱੱਛਦਾ, ਕੀ ਹਾਲ ਹੈ ਸਤਲੁਜ ਦਾ' ਵੀ ਇਸੇ ਦਰਦ ਨੂੰ 'ਸਾਰੀ ਉਮਰਾਂ ਦੇ ਵਿਛੋੜਿਆਂ' ਦੀ ਵੇਦਨਾ ਦੀ ਅੱਕਾਸੀ ਹੈ। ਵੰਨਗੀ 'ਅੰਬਰਸਰ ਤੋਂ ਕੋਈ ਆਇਆ? ਕਿਹੜਾ ਪਿੰਡ? ਇਕ ਬੰਦੇ ਨੇ ਦੱਸਿਆ, ਮੇਰਾ ਪਿੰਡ ਨਾਗ ਕਲਾਂ ਹੈ। ਪਾਕਿਸਤਾਨ ਬਜ਼ੁਰਗਂਕੀ ਉਥੇ ਉਹ ਬੋਹੜ ਹੈਗਾ, ਵੱਡੀ ਸੜਕ 'ਤੇ? ਹਾਂ, ਉਹ ਹੈ। ਬਜ਼ੁਰਗਂਮੇਰਾ ਜੀਅ ਕਰਦਾ ਇਕ ਵਾਰੀ ਫਿਰ ਵੇਖਾਂ ਮਰਨ ਤੋਂ ਪਹਿਲਾਂਂਮੇਰਾ ਬਚਪਨ ਉਹਦੇ ਥੱਲੇ ਖੇਡਦਿਆਂ ਬੀਤਿਆਂ।'
'ਨਾਰੀ ਚਲਿਤਰਬਾਜ਼ ਜਾਂ ਚਰਿੱਤਰਵਾਨ', ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਔਰਤ ਜਾਤੀ ਦੇ ਮਾਣ ਸਤਿਕਾਰ ਨੂੰ ਬਹਾਲ ਕਰਨ ਦਾ ਹੋਕਾ ਹੈ। 'ਇਸ਼ਕ ਇਕ ਇਬਾਦਤ ਜਾਂ ਨਿਰੀ ਆਸ਼ਕ ਮਿਜਾਜ਼ੀ', 'ਡਲਹੌਜ਼ੀ, ਪੰਜਾਬੀ ਅਤੇ ਸ਼ਰਾਬੀ', ਚਾਰ ਦਿਨ ਮਨਾਲੀ ਵਿਚ, ਪਾਠਕ ਨੂੰ ਸਥਾਨ ਦੇ ਨਾਲ-ਨਾਲ ਤੋਰਦੇ ਹਨ। 'ਮੁੰਡਾ ਤੇ ਰੰਬਾ ਜਿੰਨਾ ਚੰਡੋ ਓਨਾ ਚੰਗਾ' ਬਹੁਤ ਵਧੀਆ ਲੇਖ ਹੈ। 'ਬਹੁਤ ਖੂਬਸੂਰਤ ਤੇ ਅਰਥ ਭਰਪੂਰ ਅਖਾਣ ਹੈ ਪਰ ਵਕਤ ਨੇ ਆਪਣੀ ਬਦਲਵੀਂ ਨਜ਼ਾਕਤ ਤੇ ਨਖ਼ਰੇ ਨਾਲ ਇਸ ਦੀ ਤੇਜ਼-ਥਰਾਰੀ ਨੂੰ ਖੁੰਢਾ ਕਰ ਦਿੱਤਾ ਹੈ। (ਪੰਨਾ 57) 'ਉਡਦਾ ਪੰਜਾਬ ਜਾਂ ਉਡਾਇਆ ਪੰਜਾਬ', ਗੰਭੀਰ ਚਿੰਤਨ ਵੱਲ ਸੰਕੇਤ ਕਰਦੈ। ਪੰਜਾਬ ਨੂੰ ਨਸ਼ਾਖ਼ੋਰੀ, ਲੱਚਰ ਗਾਇਕੀ, ਧੌਸਬਾਜ਼ੀ, ਸਿਆਸੀ ਸ਼ਤਰੰਜੀ ਚਾਲਾਂ ਦੇ ਜੂਲੇ 'ਚੋਂ ਕੱਢਣ ਦੀ ਲਲਕਾਰ ਹੈ, ਲੇਖ 'ਉੱਡਦਾ ਪੰਜਾਬ ਜਾਂ ਉਡਾਇਆ ਪੰਜਾਬ', 'ਤੁਹਾਡੇ ਅੱਗੇ ਬੇਨਤੀ ਹੈ ਗਾਉਣ ਵਾਲਿਓ। ਸਸਤੀ ਸ਼ੋਹਤ ਤੇ ਫੁਕਰਾਪਨ ਛੱਡ ਦਿਓ। ਵਾਸਤਾ ਵੇ ਤੁਹਾਨੂੰ ਪੰਜਾਬ ਦਾ, ਇਹਨੂੰ ਹੋਰ ਨਾ ਉਡਾਓ।' (ਪੰਨਾ 60) 'ਜਗਤ ਜੂਠ ਤੰਬਾਕੂ ਚੱਖਦੇ ਸਿੱਖ ਨੌਜਵਾਨ' ਲੇਖ ਜਗਤ ਜੂਠ ਤੰਬਾਕੂ ਦੀ ਲਾਹਨਤ ਦੇ ਸ਼ਿਕਾਰ ਸਿੱਖ ਨੌਜਵਾਨਾਂ ਉੱਤੇ ਤਕੜਾ ਕਟਾਕਸ਼ ਹੈ, ਉਨ੍ਹਾਂ ਦੀ ਸਹਿਕਦੀ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਉਣ ਦਾ ਉਪਰਾਲਾ ਹੈ। 'ਕੀ ਹਾਲ ਵੇ ਤੇਰਾ ਅੰਨ ਦਾਤਿਆ।' ਕਿਸਾਨੀ ਦੀ ਤਰਸਯੋਗ ਹਾਲਤ ਨੂੰ ਬਿਆਨਦੀ ਰਚਨਾ ਹੈ। ਪੁਸਤਕ ਦੇ ਬਾਕੀ ਦੇ ਲੇਖ, ਸਮੇਤ 'ਨਾਰੀ ਮਨ ਦੀ ਵੇਦਨਾ' ਪੜ੍ਹਨ ਤੇ ਵਿਚਾਰਨਯੋਗ ਹਨ। ਹਰੇਕ ਲੇਖ, ਸਮਾਜ ਨੂੰ ਕੋਈ ਨਾ ਕੋਈ ਸਾਰਥਕ ਸੰਦੇਸ਼ ਦਿੰਦਾ ਹੈ। ਲੇਖਿਕਾ ਦਾ ਬਿਆਨੀਆ ਢੰਗ ਰੌਚਕ, ਬੋਲੀ ਠੇਠ ਤੇ ਠੁੱਕਦਾਰ ਪਰ ਸਰਲ ਹੈ। ਆਉਣ ਵਾਲੇ ਸਮੇਂ ਵਿਚ, ਜਸਪਾਲ ਕੌਰ ਦੀ ਸ਼ਾਹਜ਼ੋਰ ਕਲਮ ਤੋਂ ਇਹੋ ਜਿਹੀਆਂ ਹੋਰ ਬੇਬਾਕ ਤੇ ਸਾਫ਼-ਗੋ ਲਿਖਤਾਂ/ਰਚਨਾਵਾਂ ਦੀ ਤਵੱਜੋਂ ਕੀਤੀ ਜਾ ਸਕਦੀ ਹੈ।
'ਖ਼ੁਦਾ ਕਰੇ ਜ਼ੋਰੇਂਕਲਮ ਔਰ ਜ਼ਿਆਦਾ।'

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਹੁਣ ਔਰਤ ਅਬਲਾ ਨਹੀਂ
ਲੇਖਕ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 95
ਸੰਪਰਕ : 98146-73236.

ਦੋਹਿਰਾ-ਕਾਵਿ ਰਾਹੀਂ ਗਿੱਲ ਮੋਰਾਂਵਾਲੀ ਨੇ ਔਰਤ ਦੀ ਮਾਨਸਿਕਤਾ ਨੂੰ ਬਿਆਨ ਕੀਤਾ ਹੈ। ਅਜੋਕੀ ਨਾਰੀ ਆਪਣੇ ਸਵੈ-ਮਾਣ ਅਤੇ ਹੱਕ ਲਈ ਲੜਦੀ ਹੈ। ਨਿਰੰਤਰ ਉਸ ਦੀ ਸੋਚ ਵਿਚ ਤਬਦੀਲੀ ਆ ਰਹੀ ਹੈ। ਸਮਾਜਿਕ ਸੰਗਠਨ ਦਾ ਯਥਾਰਥ ਔਰਤ ਜਾਣ ਗਈ ਹੈ। ਸਮਾਜ ਵਿਚ ਬਲਵਾਨ ਔਰਤਾਂ ਪਹਿਲਾਂ ਵੀ ਸਨ ਅੱਜ ਵੀ ਹਨ। ਗਿੱਲ ਨੇ ਔਰਤ ਦੀ ਵਰਤਮਾਨ ਸਥਿਤੀ ਸਨਮੁੱਖ ਇਨ੍ਹਾਂ ਦੋਹਿਆਂ ਦੀ ਸਿਰਜਣਾ ਕੀਤੀ ਹੈ। 'ਹੁਣ ਔਰਤ ਅਬਲਾ ਨਹੀਂ' ਦੋ-ਦੋ ਸਤਰਾਂ ਵਿਚ ਕਵੀ ਪੂਰੇ ਖਿਆਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾਰੀ-ਮਨ ਦੀ ਵੇਦਨਾ ਨੂੰ ਪ੍ਰਗਟਾਉਂਦਾ ਆਸ਼ਾਵਾਦੀ ਸੋਚ ਅਪਣਾਉਂਦਾ ਹੈ। ਔਰਤ-ਮਰਦ ਦੀ ਮੁਹੱਬਤ ਦਾ ਪ੍ਰਗਟਾਵਾ ਕਰਦੇ ਇਹ ਦੋਹਿਰੇ ਲਿਖੇ ਗਏ ਹਨ।
ਵੱਖਰੀ ਗੱਲ ਹੈ ਕਿ ਦੋਹਿਰਾ ਪੁਰਾਤਨ ਪਰੰਪਰਕ ਕਵਿਤਾ ਦਾ ਰੂਪ ਹੈ, ਜਿਸ ਵਿਚ ਅਜੋਕੀਆਂ ਸਮੱਸਿਆਵਾਂ ਅਤੇ ਦਰਪੇਸ਼ ਚੁਣੌਤੀਆਂ ਨੂੰ ਬਹੁਤੀ ਸਫ਼ਲਤਾ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ। ਆਧੁਨਿਕ ਕਵਿਤਾ ਦੇ ਨਵੇਂ ਕਾਵਿ-ਰੂਪ ਇਨ੍ਹਾਂ ਚੁਣੌਤੀਆਂ ਦਾ ਸਫਲ ਸੰਚਾਰ ਕਰ ਰਹੇ ਹਨ। ਇਕ ਦੋਹਿਰਾ ਦਾ ਨਮੂਨਾ ਪੇਸ਼ ਹੈਂ
ਹੁਣ ਔਰਤ ਅਬਲਾ ਨਹੀਂ, ਔਰਤ ਮਰਦ ਸਮਾਨ।
ਦੇਹੀ ਤਾਂ ਹੈ ਮਰਦ ਦੀ, ਵਿਚ ਔਰਤ ਦੀ ਜਾਨ।
ਇਹ ਰਵਾਇਤੀ ਕਵਿਤਾ ਦਾ ਪ੍ਰਦਰਸ਼ਨ ਕਰਦੇ ਹਨ। ਸੁੰਦਰ ਦਿੱਖ ਵਿਚ ਛਪੀ ਇਹ ਪੁਸਤਕ ਪਾਠਕ ਦਾ ਧਿਆਨ ਖਿੱਚਦੀ ਹੈ। ਆਸ ਹੈ ਕਿ ਗਿੱਲ ਮੋਰਾਂਵਾਲੀ ਅਜੋਕੇ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਏਗਾ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

10/06/2017

 ਸੁਰੀਲਾ ਅਤੇ ਰਸੀਲਾ ਸ਼ੈਲੀਕਾਰ
ਪੂਰਨ ਸਿੰਘ ਪਾਂਧੀ
ਸੰਪਾਦਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 248
ਸੰਪਰਕ : 99151-03490.

ਇਸ ਅਭਿਨੰਦਨ ਗ੍ਰੰਥ ਦਾ ਨਾਇਕ ਕੈਨੇਡਾ ਨਿਵਾਸੀ ਪੂਰਨ ਸਿੰਘ ਪਾਂਧੀ ਹੈ। ਇਸ ਦੇ ਸੰਪਾਦਨ ਕਰਨ ਦਾ ਸਿਹਰਾ ਵਿਦਵਾਨ ਲੇਖਕ ਪ੍ਰਿੰ: ਸਰਵਣ ਸਿੰਘ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਇਸ ਵਿਚ 30 ਲੇਖਕਾਂ ਨੇ ਵਾਰਤਕ ਰੂਪ ਵਿਚ ਅਤੇ 5 ਨੇ ਕਾਵਿ-ਰੂਪ ਵਿਚ ਪਾਂਧੀ ਦੀ ਬਹੁ-ਮੁਖੀ ਪ੍ਰਤਿਭਾ ਨੂੰ ਵਡਿਆਇਆ ਹੈ। ਸੰਪਾਦਕ ਨੇ ਉਸ ਦੀਆਂ ਵਿਭਿੰਨ ਪੁਸਤਕਾਂ (ਤੇਰੀਆਂ ਗੱਲਾਂ ਤੇਰੇ ਨਾਲ, ਮਹਾਂਪੁਰਸ਼ ਚੰਦਾ ਸਿੰਘ, ਗਿਆਨੀ ਸ਼ੇਰ ਸਿੰਘ, ਵਿਸਾਖੀ ਅਤੇ ਸਿੱਖ, ਗੁਰੂ ਅੰਗਦ ਦੇਵ ਜੀ, ਸਿਰ ਨੀਵਾਂ ਕਰ ਦੇਖੁ, ਕਿਵ ਸਚਿਆਰਾ ਹੋਈਐ, ਹਰਮਨ ਦੇ ਦਿਲ ਦੀ ਕਹਾਣੀ, ਰਣਧੀਰ ਗਿੱਲ ਦੀ ਜੀਵਨੀ, ਸੰਗੀਤ ਦੀ ਦੁਨੀਆ) ਨਾਲ ਜਾਣ-ਪਛਾਣ ਕਰਵਾਉਂਦਿਆਂ ਉਸ ਦੀ ਰਸੀਲੀ ਸ਼ੈਲੀ ਨੂੰ ਉਦਾਹਰਨਾਂ ਸਹਿਤ ਉਜਾਗਰ ਕਰਨ ਦਾ ਉਪਰਾਲਾ ਕੀਤਾ ਹੈ। ਲੇਖਕ ਵਜੋਂ ਪਾਂਧੀ ਦਾ ਪੈਂਡਾ ਕਵਿਤਾ ਤੋਂ ਆਰੰਭ ਹੋ ਕੇ, ਕਹਾਣੀ ਪੜਾਅ ਨੂੰ ਪਾਰ ਕਰਦਿਆਂ ਅਖੀਰ ਨਿਬੰਧਕਾਰੀ ਵਿਚ ਸਿਖਰਾਂ ਛੋਹ ਗਿਆ ਹੈ। ਇਸੇ ਕਾਰਨ ਸੰੰਪਾਦਕ ਨੇ ਉਸ ਦੇ ਚਾਰ ਨਿਬੰਧ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੇ ਹਨ। ਪੁਸਤਕ ਦੇ ਅਖੀਰ 'ਤੇ ਪਾਂਧੀ ਦੀ ਸ਼ਖ਼ਸੀਅਤ ਅਤੇ ਸੰਪਰਕਾਂ ਬਾਰੇ 16 ਪੰਨਿਆਂ ਵਿਚ ਤਸਵੀਰਾਂ ਬੋਲਦੀਆਂ ਹਨ। ਸੰਪਾਦਕ ਵੱਲੋਂ ਪਾਂਧੀ ਨਾਲ ਕੀਤੀਆਂ ਖੁੱਲ੍ਹੀਆਂ ਗੱਲਾਂ ਉਸ ਦੀ ਸ਼ਖ਼ਸੀਅਤ ਦੇ ਅਨੇਕਾਂ ਪੱਖਾਂ ਨੂੰ ਰੌਸ਼ਨ ਕਰਦੀਆਂ ਹਨ। ਵਿਭਿੰਨ ਲੇਖਕਾਂ ਨੇ ਉਸ ਦੇ ਵਿਅਕਤੀਤਵ ਬਾਰੇ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ, ਮਸਲਨ : ਸੁਰੀਲੀ ਵਾਰਤਕ ਦਾ ਸਿਰਜਕ, ਕਲਾ ਦਾ ਵਗਦਾ ਦਰਿਆ, ਕਲਾਸੀਕਲ ਗਾਇਕ, ਗੁਰਮਤਿ ਦਾ ਖੋਜੀ, ਖਰਾ ਦੋਸਤ, ਮਹਿਮਾਨ ਨਿਵਾਜ, ਅੰਦਰੋਂ-ਬਾਹਰੋਂ ਸੱਚਾ ਸੁੱਚਾ, ਸੈਕੂਲਰ ਸੋਚ, ਇਲਮ ਤੇ ਅਮਲ ਦਾ ਪੂਰਾ, ਉੱਚ-ਵਿਚਾਰ ਅਤੇ ਕਿਰਦਾਰ, ਮਿੱਠ-ਬੋਲੜਾ, ਆਦਰਸ਼ ਅਧਿਆਪਕ, ਟਰੇਡ ਯੂਨੀਅਨਿਸਟ, ਮੰਚ ਦਾ ਧਨੀ, ਤਰਕਸ਼ੀਲ ਮਹਿਕਾਂ ਬਖੇਰਦੀ ਦਰਵੇਸ਼ ਰੂਹ ਆਦਿ। ਇਕ ਕਵਿਤਰੀ ਤਾਂ ਇਥੋਂ ਤੱਕ ਕਹਿ ਗਈ :
ਜਿਹੜਾ ਵੀ ਸੰਗ ਟੁਰਿਆ ਤੇਰੇ, ਤੇਰਾ ਹੋ ਕੇ ਰਹਿ ਗਿਆ ਹੈ।
ਪਾਂਧੀ ਦੇ ਦਿਨ ਪਾਂਧੀ ਜੰਮਿਆ, ਜਾਂਦਾ ਜਾਂਦਾ ਕਹਿ ਗਿਆ ਹੈ।
ਪੰ: 185 ਪਾਂਧੀ ਕਿਹੜੇ-ਕਿਹੜੇ ਗੁਣਾਂ ਦਾ ਵਾਸੁਲਾ ਹੈ, ਇਸ ਅਭਿਨੰਦਨ ਗ੍ਰੰਥ ਨੂੰ ਪੜ੍ਹ ਕੇ ਪਤਾ ਲਗਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਫ਼ਤਿਹਨਾਮਾ ਤੇ ਜ਼ਫ਼ਰਨਾਮਾ ਦੇ ਕਾਵਿ ਅਨੁਵਾਦ ਅਤੇ ਹੋਰ ਲੇਖ
ਲੇਖਕ : ਰਘਬੀਰ ਸਿੰਘ ਭਰਤ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94635-26893.

ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 22 ਲੇਖ ਹਨ, ਜਿਨ੍ਹਾਂ ਵਿਚ ਇਕ ਮਹੱਤਵਪੂਰਨ ਲੇਖ 'ਜ਼ਫ਼ਰਨਾਮਾ ਅਤੇ ਫ਼ਤਿਹਨਾਮਾ' ਉੱਪਰ ਇਤਿਹਾਸਕ ਪੱਤਰ ਹੈ। ਜਿਨ੍ਹਾਂ ਬਾਰੇ ਵਿਦਵਾਨਾਂ ਨੇ ਸਰਲ ਵਿਆਖਿਆ ਅਤੇ ਅਨੁਵਾਦ ਦੀ ਵਿਧੀ ਰਾਹੀਂ ਖੋਜ ਪੜਤਾਲ ਕੀਤੀ ਹੈ। ਇਨ੍ਹਾਂ ਪੱਤਰਾਂ ਦੀ ਮੂਲ ਭਾਸ਼ਾ ਫ਼ਾਰਸੀ ਸੀ। 'ਜ਼ਫ਼ਰਨਾਮਾ ਅਤੇ ਫਤਿਹਨਾਮਾ' ਦੇ ਇਹ ਕਾਵਿ ਅਨੁਵਾਦ ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿਚ ਕੀਤੇ ਵੀ ਮਿਲਦੇ ਹਨ। ਫ਼ਤਿਹਨਾਮਾ ਦੇ 23 ਸ਼ਿਅਰ ਹਨ, ਜ਼ਫ਼ਰਨਾਮਾ ਵਿਚ 137 ਸ਼ਿਅਰ ਹਨ। ਰਘਬੀਰ ਸਿੰਘ ਭਰਤ ਨੇ ਇਨ੍ਹਾਂ ਦੋਵਾਂ ਇਤਿਹਾਸਕ ਰਚਨਾਵਾਂ ਬਾਰੇ ਬੜੇ ਵਿਸਥਾਰ ਵਿਚ ਹੋਈ ਖੋਜ ਪੜਤਾਲ ਨੂੰ ਆਪਣੀ ਆਧਾਰ ਸਮੱਗਰੀ ਬਣਾਇਆ ਹੈ। ਪੁਸਤਕ ਵਿਚਲੇ ਬਾਕੀ ਲੇਖਾਂ ਵਿਚ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਡਾ: ਬਨਾਰਸੀ ਦਾਸ, ਗਿਆਨੀ ਖਜ਼ਾਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਡਾ: ਮੋਹਨ ਸਿੰਘ ਦੀਵਾਨਾ, ਸ਼ਮਸ਼ੇਰ ਸਿੰਘ ਅਸ਼ੋਕ, ਗਿਆਨੀ ਲਾਲ ਸਿੰਘ ਤੇ ਪ੍ਰੋ: ਪਿਆਰਾ ਸਿੰਘ ਪਦਮ ਸਮੇਤ ਹੋਰ ਵਿਦਵਾਨ ਲੇਖਕਾਂ ਬਾਰੇ ਲੇਖ ਦਰਜ ਕੀਤੇ ਹਨ। ਵੱਖ-ਵੱਖ ਸਮਿਆਂ ਵਿਚ ਲਿਖੇ ਇਹ ਲੇਖ ਡਾ: ਰਾਜਿੰਦਰ ਪਾਲ ਕੌਰ ਨੇ ਇਕੱਤਰ ਕਰਕੇ ਇਸ ਪੁਸਤਕ ਵਿਚ ਛਾਪ ਦਿੱਤੇ ਹਨ। ਇਹ ਸਾਰੇ ਲੇਖ ਹੀ ਮਹੱਤਵਪੂਰਨ ਹਨ। ਇਨ੍ਹਾਂ ਲੇਖਾਂ ਦੀ ਭਾਸ਼ਾ, ਸ਼ੈਲੀ ਬੜੀ ਸਰਲ ਸਾਦੀ ਹੋਣ ਕਰਕੇ ਪਾਠਕ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਖ਼ਾਸ ਕਰਕੇ ਪਹਿਲਾ ਲੇਖ ਲੇਖਕ ਦੀ ਖੋਜ ਪੜਤਾਲ ਵਿਚ ਕੀਤੀ ਮਿਹਨਤ ਨੂੰ ਪ੍ਰਗਟਾਉਂਦਾ ਹੈ। ਇਸ ਪੁਸਤਕ ਦਾ ਸਵਾਗਤ ਕਰਦੇ ਹਾਂ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

c c c

ਮੁੱਠੀ ਭਰ ਅਰਮਾਨ
ਸ਼ਾਇਰ : ਪ੍ਰੋ: ਮਿੱਠੂ ਪਾਠਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 94174-29133.

'ਮੁੱਠੀ ਭਰ ਅਰਮਾਨ' ਪ੍ਰੋ: ਮਿੱਠੂ ਪਾਠਕ ਦਾ ਪਹਿਲਾ ਮੌਲਿਕ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਇਕਾਠ ਕਾਵਿ ਰਚਨਾਵਾਂ ਸ਼ਾਮਿਲ ਹਨ। ਉਸ ਨੇ ਤਮਾਮ ਰਚਨਾਵਾਂ ਨੂੰ ਹਿੱਸੇਵਾਰ ਛਾਪਣ ਦੀ ਥਾਂ ਮਿਸ਼ਰਤ ਰੂਪ ਵਿਚ ਪੇਸ਼ ਕੀਤਾ ਹੈ। ਸ਼ਾਇਰ ਆਪਣੀ ਪੁਸਤਕ ਦਾ ਆਗਾਜ਼ ਗ਼ਜ਼ਲ ਤੋਂ ਕਰਦਾ ਹੈ, ਜਿਸ ਵਿਚ ਉਹ ਆਪਣੇ ਸਮਾਜ ਦੇ ਸਵਾਰਥੀ ਲੋਕਾਂ 'ਤੇ ਤਨਜ਼ ਕਰਦਾ ਹੈ। ਦੂਸਰੀ ਰਚਨਾ ਇਕ ਗੀਤ ਦੇ ਰੂਪ ਵਿਚ ਹੈ, ਜਿਸ ਵਿਚ ਸ਼ਾਇਰ ਨਿਰਾਸ਼ ਤੇ ਨਿਆਸਰਿਆਂ ਵਿਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦਾ ਹੈ। 'ਪਾਠਕ' ਦੀ ਕਸ਼ਮਕਸ਼ ਜ਼ਿਆਦਾਤਰ ਧੋਖੇਬਾਜ਼ ਯਾਰਾਂ ਨਾਲ ਹੈ ਤੇ ਥੱਕ ਹਾਰ ਕੇ ਬੈਠ ਗਏ ਲੋਕਾਂ ਨੂੰ ਸੰਘਰਸ਼ ਦੇ ਰਾਹ ਪਾਉਣਾ ਉਸ ਦਾ ਮੰਤਵ ਹੈ। ਉਸ ਅਨੁਸਾਰ ਹੱਕ ਸੱਚ ਲਈ ਲੜਨ ਵਾਲੇ ਲੋਕ ਅੰਬਰ ਤੋਂ ਤਾਰੇ ਤੋੜਨ ਦੀ ਸਮਰੱਥਾ ਰੱਖਦੇ ਨੇ। ਉਸ ਨੂੰ ਸਮਾਜ ਦੀ ਮੌਜੂਦਾ ਬਣਤਰ ਤੇ ਸਿਆਸੀ ਢਾਂਚੇ 'ਤੇ ਤਸੱਲੀ ਨਹੀਂ ਹੈ। ਉਹ ਆਪਣੇ ਆਲੇ-ਦੁਆਲੇ ਅਜਿਹੇ ਵਾਤਾਵਰਨ ਦੇ ਸੁਪਨੇ ਲੈਂਦਾ ਹੈ ਜਿਸ ਵਿਚ ਹਰ ਕੋਈ ਸੌਖ ਨਾਲ ਸਾਹ ਲੈ ਸਕੇ। ਸ਼ਾਇਰ ਦਿਖਾਵੇ ਦੀ ਬੰਦਗੀ ਦੇ ਖ਼ਿਲਾਫ਼ ਹੈ ਤੇ ਮਸਨੂਈ ਜ਼ਿੰਦਗੀ ਉਸ ਨੂੰ ਸਵੀਕਾਰ ਨਹੀਂ ਹੈ। 'ਮੁੱਠੀ ਭਰ ਅਰਮਾਨ' ਦੀਆਂ ਕੁਝ ਕਾਵਿ ਰਚਨਾਵਾਂ ਸ਼ਾਇਰ ਦੀ ਆਪਣੀ ਮੁਹੱਬਤੀ ਦੁਨੀਆ ਨਾਲ ਸਬੰਧਤ ਹਨ ਤੇ ਉਹ ਆਪਣੀ ਜ਼ਿੰਦਗੀ ਦੇ ਰੰਗੀਨ ਪਲਾਂ ਨੂੰ ਯਾਦ ਕਰਕੇ ਆਨੰਦ ਮਹਿਸੂਸ ਕਰਦਾ ਹੈ। ਉਹ ਕਿਸੇ 'ਤੇ ਲੋੜੋਂ ਵਧ ਭਰੋਸਾ ਕਰਨ ਵਿਚ ਯਕੀਨ ਨਹੀਂ ਰੱਖਦਾ ਤੇ ਝੂਠ-ਮੂਠ ਦੀ ਜ਼ਿੰਦਗੀ ਜਿਊਣਾ ਵੀ ਉਸ ਨੂੰ ਨਹੀਂ ਭਾਉਂਦਾ। ਪ੍ਰੋ: ਮਿੱਠੂ ਪਾਠਕ ਨੂੰ ਸਾਦ ਮੁਰਾਦੀ ਜ਼ਿੰਦਗੀ ਪਾਸੰਦ ਹੈ ਤੇ ਇਸ ਦੀ ਪੁਸਤਕ ਵਿਚ ਛਪੀਆਂ ਰਚਨਾਵਾਂ ਵੀ ਸਾਦ ਮੁਰਾਦੀਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

c c c

ਚੱਕਰਵਿਊ
ਕਹਾਣੀਕਾਰ : ਰਾਮਦਾਸ ਬੰਗੜ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 99153-53800.

ਮਿੰਨੀ ਕਹਾਣੀ ਦੇ ਖੇਤਰ ਵਿਚ ਰਾਮਦਾਸ ਬੰਗੜ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। 'ਚੱਕਰਵਿਊ' ਮਿੰਨੀ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਨੇ ਸਮਾਜਿਕ, ਆਰਥਿਕ, ਪਰਿਵਾਰਕ ਉਲਝਣਾਂ ਦੇ ਚੱਕਰਵਿਊ ਵਿਚ ਫਸੀ ਲੋਕਾਈ ਦੇ ਜੀਵਨ ਯਥਾਰਥ ਨੂੰ ਪੇਸ਼ ਕੀਤਾ ਹੈ। ਇਸ ਚੱਕਰਵਿਊ ਦੀਆਂ ਅਲਾਮਤਾਂ ਵਿਚ ਨਸ਼ਾਖੋਰੀ, ਭ੍ਰਿਸ਼ਟਾਚਾਰੀ ਤੰਤਰ, ਰਿਸ਼ਤਿਆਂ ਦਾ ਵਿਗਠਨ, ਬਜ਼ੁਰਗਾਂ ਦੀ ਮਾੜੀ ਹਾਲਤ, ਘਰੇਲੂ ਉਲਝਣਾਂ ਤੇ ਉਹ ਸਾਰਾ ਕੁਝ ਸ਼ਾਮਿਲ ਹੈ, ਜਿਸ ਨੇ ਸਾਡੇ ਸਮਾਜ ਨੂੰ ਖੋਰਾ ਲਾਇਆ ਹੋਇਆ ਹੈ। ਦੋਗਲੇ ਕਿਰਦਾਰਾਂ ਅਤੇ ਗਿਰਗਿਟ ਵਾਂਗ ਰੰਗ ਬਦਲਦੇ ਲੋਕਾਂ ਦੀ ਕਹਾਣੀਕਾਰ ਨੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਬਾਖੂਬੀ ਨਕਾਬਕੁਸ਼ਾਈ ਕੀਤੀ ਹੈ। ਖੌਫ਼, ਲਾਰੇਬਾਜ਼, ਡਰਾਮਾ, ਠੱਗੀ, ਖਾਧੀ-ਪੀਤੀ 'ਚ ਆਦਿ ਕਹਾਣੀਆਂ ਜਿਥੇ ਭ੍ਰਿਸ਼ਟ ਤੰਤਰ ਨੂੰ ਪੇਸ਼ ਕਰਦੀਆਂ ਹਨ, ਉਥੇ 'ਗਿੱਲੀ ਥਾਂ', 'ਪੁੱਛ ਪ੍ਰਤੀਤ', 'ਕਲਯੁਗ', 'ਤੜਪ' ਵਰਗੀਆਂ ਕਹਾਣੀਆਂ ਮੋਹ ਭਿੱਜੇ ਰਿਸ਼ਤਿਆਂ ਵਿਚ ਪੈਦਾ ਹੋਏ ਸਵਾਰਥ ਨੂੰ ਪੇਸ਼ ਕਰਦੀਆਂ ਹਨ। 'ਵੈਲੇਨਟਾਈਨ ਡੇ' ਵਰਗੀ ਕਹਾਣੀ ਆਪਣੇ ਘਰ ਲੱਗੀ ਅੱਗ ਅਤੇ ਦੂਜੇ ਦੀ ਬਸੰਤਰ ਵਰਗੀ ਸਚਾਈ ਨੂੰ ਪੇਸ਼ ਕਰਦੀ ਵਧੀਆ ਕਹਾਣੀ ਹੈ। 'ਪਿੱਪਲੀ ਵਾਲਾ ਰਾਹ' ਪਾਠਕ ਨੂੰ ਧੁਰ ਅੰਦਰ ਤੱਕ ਹਿਲਾਉਣ ਵਾਲੀ ਕਹਾਣੀ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਔਲਾਦ ਦੀ ਬੇਰੁਖ਼ੀ ਜਾਂ ਬਜ਼ੁਰਗਾਂ ਵੱਲੋਂ ਘਰ ਨੂੰ ਬਣਾਉਣ ਵਿਚ ਪਾਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨੂੰ ਅਣਗੌਲੇ ਕਰਨਾ ਵੀ ਸਮਾਜਿਕ ਸੱਚ ਨੂੰ ਸਾਹਮਣੇ ਲਿਆਉਂਦਾ ਹੈ। 'ਅਸਲੀਅਤ' ਅਤੇ 'ਉਪਾਅ' ਕਹਾਣੀਆਂ ਅੰਧ-ਵਿਸ਼ਵਾਸੀ ਬਿਰਤੀ ਨੂੰ ਪੇਸ਼ ਕਰਦੀਆਂ ਹਨ। ਰਾਮਦਾਸ ਬੰਗੜ ਨੇ ਇਸ ਮਿੰਨੀ ਕਹਾਣੀ-ਸੰਗ੍ਰਹਿ ਵਿਚ ਕਿਸੇ ਵੀ ਉਸ ਵਰਤਾਰੇ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੱਤਾ, ਜੋ ਸਮਾਜ ਲਈ ਘਾਤਕ ਹੈ। ਮਿੰਨੀ ਕਹਾਣੀ ਦੇ ਵਿਧਾਗਤ ਲੱਛਣਾਂ 'ਤੇ ਵੀ ਇਹ ਕਹਾਣੀਆਂ ਖਰੀਆਂ ਉਤਰਦੀਆਂ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਪੰਜਾਬੀ ਭਾਸ਼ਾ
ਗੁਰਮੁਖੀ ਲਿਪੀ : ਸੋਮੇ ਤੇ ਵਿਕਾਸ
ਲੇਖਕ : ਪ੍ਰੋ: ਜੋਗਿੰਦਰ ਸਿੰਘ
ਸੰਪਾਦਕ : ਗੁਰਮੁਖ ਸਿੰਘ (ਡਾ:)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 256
ਸੰਪਰਕ : 0175-2366485.

ਇਸ ਪੁਸਤਕ ਵਿਚ ਡਾ: ਗੁਰਮੁਖ ਸਿੰਘ ਦੇ ਸੰਪਾਦਕੀ ਨੋਟ ਤੋਂ ਇਲਾਵਾ ਪ੍ਰੋ: ਜੋਗਿੰਦਰ ਸਿੰਘ ਦੇ 22 ਨਿਬੰਧ ਹਨ। ਸਾਰੇ ਨਿਬੰਧ ਪ੍ਰਸੰਸਾਯੋਗ ਹਨ। ਇਨ੍ਹਾਂ ਨਿਬੰਧਾਂ ਵਿਚ ਪ੍ਰੋ: ਜੋਗਿੰਦਰ ਸਿੰਘ ਦਾ ਭਾਸ਼ਾ ਵਿਗਿਆਨ ਸਬੰਧੀ ਗਿਆਨ ਕਮਾਲ ਦਾ ਹੈ। ਇਨ੍ਹਾਂ ਨਿਬੰਧਾਂ 'ਚ ਕਈ ਨਵੇਂ ਤੱਥ ਪੇਸ਼ ਕੀਤੇ ਮਿਲਦੇ ਹਨ। ਅਰਬੀ, ਫਾਰਸੀ, ਸੰਸਕ੍ਰਿਤ ਦੀ ਅੰਤਰ ਸਾਂਝ, ਯੂਨਾਨੀ ਭਾਸ਼ਾ ਦਾ ਪੰਜਾਬੀ 'ਤੇ ਪ੍ਰਭਾਵ, ਸਾਮੀ ਆਰੀਆਈ ਭਾਸ਼ਾਵਾਂ, ਪੰਜਾਬੀ ਤੇ ਫਾਰਸੀ ਦਾ ਪ੍ਰਭਾਵ, ਅੰਗਰੇਜ਼ੀ ਵਿਚ ਭਾਰਤੀ ਸ਼ਬਦ, ਪੁਆਧੀ ਬਾਰੇ, ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਪੰਜਾਬੀ ਆਦਿ ਕਮਾਲ ਦੇ ਨਿਬੰਧ ਹਨ।
ਪ੍ਰੋ: ਜੋਗਿੰਦਰ ਸਿੰਘ ਦੇ ਨਿਬੰਧਾਂ ਦੀ ਸ਼ਬਦ ਚੋਣ ਵੀ ਪ੍ਰਸੰਸਾਯੋਗ ਹੈ। ਆਪਣੀ ਗੱਲ/ਨਜ਼ਰੀਏ ਨੂੰ ਢੁਕਵੇਂ ਤਰੀਕੇ ਨਾਲ ਨਿਭਾਉਣ ਲਈ ਪ੍ਰੋ: ਸਾਹਿਬ ਨੇ ਕਈ ਥਾਵਾਂ 'ਤੇ ਚਿੱਤਰ ਤੇ ਚਾਰਟ ਬਣਾਏ ਹਨ। ਮੁੱਕਦੀ ਗੱਲ ਕਿ ਇਹ ਪੁਸਤਕ ਭਾਸ਼ਾ ਵਿਗਿਆਨ ਦੇ ਖੇਤਰ 'ਚ ਇਕ ਇਤਿਹਾਸਕ ਦਸਤਾਵੇਜ਼ ਹੈ। ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿਦਿਆਰਥੀਆਂ ਖੋਜੀਆਂ, ਵਿਦਵਾਨਾਂ ਤੇ ਆਮ ਪਾਠਕ ਲਈ ਇਹ ਪੁਸਤਕ ਮੁੱਲਵਾਨ ਸਾਂਭਣਯੋਗ ਹੈ। ਡਾ: ਗੁਰਮੁਖ ਸਿੰਘ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਸ ਖਿਲਰੇ ਤੇ ਅਣਗੌਲੇ ਨਿਬੰਧਾਂ ਨੂੰ ਇਕ ਥਾਂ ਪੁਸਤਕ ਰੂਪ ਦੇ ਕੇ ਸ਼ਲਾਘਾਯੋਗ ਤੇ ਨਾ ਭੁਲਾਉਣਯੋਗ ਕਾਰਜ ਕੀਤਾ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

c c c

ਪਾਕਿਸਤਾਨ ਅਤੇ ਭਾਰਤ ਦੇ ਇਤਿਹਾਸਕਾਰਾਂ ਦਾ ਭਾਰਤੀ ਇਤਿਹਾਸ ਬਾਰੇ ਤਕਰਾਰ
ਲੇਖਕ : ਮੁਬਾਰਕ ਅਲੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 0172-4608699.

ਸੰਕੀਰਨ ਸਾਂਪਰਦਾਇਕ ਸੋਚ, ਨਫ਼ਰਤ ਨਾਲ ਭਰੀ ਲੜਾਕੂ ਸੋਚ, ਮਾਤ ਭੂਮੀ/ਦੇਸ਼ ਭਗਤੀ ਦੀ ਗ਼ਲਤ ਸਵੈ-ਸਿਰਜਿਤ ਪਰਿਭਾਸ਼ਾ ਅੱਜ ਦੇਸ਼ ਦੀ ਗੌਰਵਮਈ ਸਵੱਛ ਪਰੰਪਰਾ ਲਈ ਖ਼ਤਰਾ ਬਣ ਗਈ ਹੈ। ਪਾਕਿਸਤਾਨ ਅੱਧੇ ਭਾਰਤੀ ਪੰਜਾਬੀਆਂ ਦੀ ਜਨਮ ਭੂਮੀ ਹੈ। ਸਿੱਖੀ ਦੇ ਜਨਮਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਜੋਕੇ ਪਾਕਿਸਤਾਨ ਵਿਚ ਹੀ ਜਨਮੇ। ਸਾਡੇ ਪੂਜਣਯੋਗ ਅਨੇਕਾਂ ਗੁਰਦੁਆਰੇ ਅਤੇ ਅਣਮੁੱਲਾ ਇਤਿਹਾਸ ਉਸੇ ਧਰਤੀ ਨਾਲ ਜੁੜੇ ਹੋਏ ਹਨ, ਜਿਸ ਨੂੰ ਕੁਝ ਸਿਰ ਫਿਰੇ ਸਿਆਸਤਦਾਨ ਨਰਕ ਕਹਿ ਕੇ ਨਫ਼ਰਤ ਕਰਨ ਲਈ ਬਜ਼ਿੱਦ ਹਨ ਅਤੇ ਉਸ ਪ੍ਰਤੀ ਕਿਸੇ ਕਿਸਮ ਦੀ ਮਿੱਤਰਤਾ ਉਦਾਰਤਾ ਦੀ ਸੁਰ ਉਚਾਰਨ ਵਾਲੇ ਨੂੰ ਦੇਸ਼ ਧ੍ਰੋਹੀ ਗਦਾਰ ਕਹਿ ਕੇ ਸੋਸ਼ਲ ਮੀਡੀਆ ਉੱਤੇ ਰੇਪ ਤੱਕ ਦੀ ਗਾਲੀ, ਗਲੋਚ ਭਰੀ ਟਰਾਲਿੰਗ ਕਰਦੇ ਹਨ। ਪੰਜਾਬੀ ਲੇਖਕਾਂ, ਪ੍ਰਕਾਸ਼ਕਾਂ, ਅਨੁਵਾਦਕਾਂ ਤੇ ਸਮੁੱਚੇ ਪੰਜਾਬੀਆਂ ਨੇ ਹਮੇਸ਼ਾ ਸਵੱਛ, ਉਸਾਰੂ ਪ੍ਰਗਤੀਵਾਦੀ ਸੋਚ ਉੱਤੇ ਪਹਿਰਾ ਦਿੱਤਾ ਹੈ ਅਤੇ ਬਿਮਾਰ ਸੋਚ ਨੂੰ ਜਾਨ ਤਲੀ 'ਤੇ ਰੱਖ ਕੇ ਵੰਗਾਰਿਆ ਤੇ ਰੱਦਿਆ ਹੈ। ਲੋਕ ਗੀਤ ਪ੍ਰਕਾਸ਼ਨ ਨੇ ਮੁਬਾਰਕ ਅਲੀ ਦੀ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਕੇ ਇਸ ਸਵੱਛ ਮਾਨਸਿਕਤਾ ਦਾ ਪ੍ਰਮਾਣ ਦਿੱਤਾ ਹੈ। ਸਚਮੁੱਚ ਹੀ ਇਹ ਪੁਸਤਕ ਦੁਰਲਭ, ਬਾਦਲੀਲ ਤੇ ਸੰਕੋਚ ਮੁਕਤ ਹੈ। ਇਹ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੂੰ ਸਾਡੇ ਸਨਮੁੱਖ ਕਰਦੀ ਹੈ ਜਿਨ੍ਹਾਂ ਤੋਂ ਨਾ ਨਵੀਂ ਪੀੜ੍ਹੀ ਦੇ ਮੁਸਲਮਾਨ ਵਾਕਿਫ਼ ਹਨ ਅਤੇ ਨਾ ਹੀ ਹਿੰਦੂ-ਸਿੱਖ। ਨਾ ਪਾਕਿਸਤਾਨੀ, ਨਾ ਭਾਰਤੀ। ਇਕ ਮੁਸਲਿਮ ਲੇਖਕ ਵਜੋਂ ਅਜਿਹੇ ਵਾਦ-ਵਿਵਾਦੀ ਵਿਸ਼ੇ ਨੂੰ ਗੰਭੀਰਤਾ ਨਾਲ ਉਭਾਰਨਾ ਤੇ ਇਕ ਪੰਜਾਬੀ ਹਿੰਦੂ ਵੱਲੋਂ ਇਸ ਨੂੰ ਪ੍ਰਕਾਸ਼ਿਤ ਕਰਨਾ ਜੋਖ਼ਮ ਭਰਿਆ ਕਾਰਜ ਹੈ। ਚੇਤੇ ਰਹੇ ਕਿ ਦੋਵਾਂ ਪੰਜਾਬਾਂ/ਦੋਵਾਂ ਦੇਸ਼ਾਂ ਦੇ ਲੋਕ ਦੋਸਤੀ, ਪਿਆਰ ਤੇ ਪਰਸਪਰ ਸਾਂਝ ਦਾ ਦਮ ਭਰਦੇ ਹਨ। ਕੁਝ ਗ਼ਲਤ ਸੋਚ ਵਾਲੇ ਲੋਕ/ਸਿਆਸਤਦਾਨ ਹੀ ਮੁਹੱਬਤ ਦੀ ਥਾਂ ਨਫ਼ਰਤ ਦੀ ਸੁਰ ਉਚਾਰਦੇ ਹਨ। ਮੁਬਾਰਕ ਅਲੀ ਪਾਕਿਸਤਾਨੀ ਇਤਿਹਾਸ ਵਿਚ ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਅਸ਼ਫ਼ਾਕ ਉਲਾ ਜਿਹੇ ਸੁਤੰਤਰਤਾ ਸੰਗਰਾਮੀਆਂ ਦੇ ਅਣਗੌਲੇ ਜਾਣ 'ਤੇ ਸਵਾਲ ਉਠਾਉਂਦਾ ਹੈ। ਇਧਰਲੇ ਪੰਜਾਬ ਵਿਚ ਬਾਬਰ ਔਰੰਗਜ਼ੇਬ ਪ੍ਰਤੀ ਬੇਮਤਲਬ ਨਫ਼ਰਤ ਤੇ ਇਕਬਾਲ, ਜਿਨਾਹ ਆਦਿ ਬਾਰੇ ਉਲਾਰ ਟਿੱਪਣੀਆਂ 'ਤੇ ਕਿੰਤੂ ਕਰਕੇ ਇਨ੍ਹਾਂ ਸਾਰਿਆਂ ਬਾਰੇ ਸੰਤੁਲਿਤ ਦ੍ਰਿਸ਼ਟੀਕੋਣ ਰੱਖਦੇ ਹੋਏ ਪ੍ਰਭਾਵਸ਼ਾਲੀ ਤੱਥ ਪੇਸ਼ ਕਰਦਾ ਹੈ। ਹਰ ਗੱਲ ਵਿਚ ਕਿਤਾਬ ਤੱਥਾਂ/ਦਲੀਲਾਂ 'ਤੇ ਕਰਦੀ ਹੈ। ਇਸ ਦਾ ਪਾਠ ਬਿਮਾਰ ਸੋਚ ਨੂੰ ਬਦਲਣ ਵਿਚ ਮਦਦ ਕਰ ਸਕਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਤਾਰਿਆਂ ਦੀ ਲੋਏ ਲੋਏ
ਕਵੀ : ਅੰਮ੍ਰਿਤ ਗਰੇਵਾਲ (ਜੌਲੀ)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98152-98459.

ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਉਸ ਭਾਵ-ਲੋਕ ਦੇ ਅਨੁਭਵ ਵਿਚੋਂ ਜਨਮ ਲੈਂਦੀਆਂ ਹਨ, ਜੋ ਓਪਰੇ ਲੋਕਾਂ, ਓਪਰੇ ਮਾਹੌਲ ਵਿਚ ਵਸੇਂਦੇ ਨਿਰਮੋਹੀ ਲੋਕਾਂ ਦੀ ਧਰਤੀ ਹੈ ਅਤੇ ਜਿਥੇ ਵਸੇਂਦਿਆਂ ਨੂੰ ਜੰਮਣ ਭੌਂ ਦਾ ਹੇਜ ਉਠਦਾ ਪ੍ਰਤੀਤ ਹੁੰਦਾ ਹੈ। ਅਜਿਹੇ ਵਲਵਲਿਆਂ, ਜਜ਼ਬਾਤਾਂ, ਉਦਰੇਵਿਆਂ, ਹੁਲਾਸਾਂ ਅਤੇ ਵਿਗੋਚਿਆਂ ਨੂੰ ਪੇਸ਼ ਕਰਦੀਆਂ ਹੋਈਆਂ ਇਹ ਕਵਿਤਾਵਾਂ ਪਾਠਕ-ਮਨਾਂ ਦੇ ਚੇਤਿਆਂ 'ਚ ਭਾਵਕ ਪੱਧਰ ਦਾ ਬੋਧ ਵੀ ਕਰਵਾ ਜਾਂਦੀਆਂ ਹਨ। ਜੀਵਨ ਸਫ਼ਰ ਦੇ ਦਹਾਕਿਆਂ ਵਿਚੋਂ ਅਤੇ ਤਿੰਨ ਪੀੜ੍ਹੀਆਂ ਦੇ ਸਮਾਂ-ਅੰਤਰਾਲ ਵਿਚੋਂ ਗ੍ਰਹਿਣ ਕੀਤੇ ਅਨੁਭਵਾਂ ਨੂੰ ਜਦੋਂ ਇਹ ਸ਼ਾਇਰ ਕਾਵਿ-ਬੋਲਾਂ ਜ਼ਰੀਏ ਪ੍ਰਗਟ ਕਰਦਾ ਹੈ ਤਾਂ ਸਹਿਜੇ ਹੀ ਜਿਥੇ ਸਿੱਖਿਆਤਮਕ ਕਾਵਿ-ਸੰਦੇਸ਼ਾਂ ਦਾ ਬੋਧ ਹੋ ਜਾਂਦਾ ਹੈ, ਉਥੇ ਕਵੀ ਦੀ ਰਚਨਾਤਮਕ ਸਿਰਜਣ-ਪੱਧਤੀ ਦਾ ਵੀ ਅਹਿਸਾਸ ਹੋ ਜਾਂਦਾ ਹੈ। ਪਿਆਰ, ਬ੍ਰਿਹਾ, ਮਿਲਾਪ, ਤਾਂਘ, ਮੁਹੱਬਤੀ ਸਾਂਝਾਂ ਦੀ ਤੰਦ, ਆਰਥਿਕਤਾ ਦੀ ਅਸਾਂਵੀਂ ਵੰਡ, ਸਮਾਜਿਕ ਕੁਰੀਤੀਆਂ, ਨੈਤਿਕ ਨਿਘਾਰ, ਰਿਸ਼ਤਿਆਂ ਦੀ ਪਾਕੀਜ਼ਗੀ, ਰੋਸੇ, ਸ਼ਿਕਵੇ, ਉਲਾਂਭੇ ਆਦਿ ਜਿਹੇ ਵਿਸ਼ੇ ਤਾਂ ਇਨ੍ਹਾਂ ਕਵਿਤਾਵਾਂ ਵਿਚ ਸਹਿਜ ਰੂਪ 'ਚ ਅੰਕਿਤ ਹੈ ਹੀ ਹਨ ਪਰ ਜੋ ਮਾਨਵੀ ਉਸਾਰੂ ਕਦਰਾਂ-ਕੀਮਤਾਂ ਦੀ ਸੁਰ ਇਨ੍ਹਾਂ ਕਵਿਤਾਵਾਂ ਵਿਚ ਉਬਾਰੀ ਗਈ ਹੈ, ਉਹ ਵੀ ਪਾਠਕਾਂ ਨੂੰ ਖੂਬ ਟੁੰਬਣ ਦੀ ਸ਼ਕਤੀ ਰੱਖਦੀ ਹੈ। ਦੇਸ਼-ਪ੍ਰੇਮ, ਪੰਜਾਬੀ ਭਾਸ਼ਾ ਪ੍ਰਤੀ ਲਗਾਵ, ਰਿਸ਼ਤਿਆਂ ਨੂੰ ਜੋੜ ਰੱਖਣ ਦੀ ਪ੍ਰੇਰਨਾ, ਰੁੱਖਾਂ ਦੀ ਸੰਭਾਲ, ਕੁੱਖਾਂ ਵਿਚ ਧੀਆਂ ਨੂੰ ਮਾਰਨ ਜਿਹੀਆਂ ਕੁਰੀਤੀਆਂ ਪ੍ਰਤੀ ਤ੍ਰਿਸਕਾਰ, ਆਪਣੇ ਇਤਿਹਾਸਕ ਗੌਰਵ ਨੂੰ ਸਮਝਣ ਦੀ ਚੇਸ਼ਟਾ ਅਤੇ ਸੁਹਜ-ਸੁਹੱਪਣ ਨੂੰ ਸਿਰਜਣ ਜਿਹੇ ਸਰੋਕਾਰਾਂ ਨੂੰ ਜਿਸ ਕਦਰ ਇਹ ਕਵਿਤਾਵਾਂ ਪੇਸ਼ ਕਰਦੀਆਂ ਹਨ, ਪ੍ਰਸੰਸਾਯੋਗ ਕਾਵਿ-ਸ਼ੈਲੀ ਦਾ ਪ੍ਰਗਟਾਵਾ ਹੈ। ਸਮੁੱਚੇ ਰੂਪ 'ਚ ਇਹ ਕਾਵਿ-ਸੰਗ੍ਰਹਿ ਵਿਸ਼ਵ ਵਿਆਪੀ ਉਸਾਰੂ ਮਾਨਵ ਸਿਰਜਣਾ ਦਾ ਪੈਗ਼ਾਮ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

03/06/2017

 ਫੀਦਲ ਕਾਸਤਰੋ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਪੰਜਾਬ ਬੁਕ ਸੈਂਟਰ, ਚੰਡੀਗੜ੍ਹ
ਮੁੱਲ : 200 ਰੁਪਏ (ਪੇਪਰ ਬੈਕ), ਸਫ਼ੇ : 180
ਸੰਪਰਕ : 0172-2701952.

ਫੀਦਲ ਕਾਸਤਰੋ ਕਿਊਬਾ ਦਾ ਜੰਮਪਲ, ਨਿਡਰ, ਬਹਾਦਰ ਅਤੇ ਸੁੱਘੜ ਨੀਤੀਵਾਨ ਸ਼ਖ਼ਸੀਅਤ ਵਜੋਂ ਉੱਭਰ ਕੇ ਦੁਨੀਆ ਵਿਚ ਮਹਾਨ ਕਾਰਨਾਮੇ ਕਰਕੇ, ਵੱਖਰੀ ਪਛਾਣ ਸਥਾਪਿਤ ਕਰਨ ਵਾਲਾ ਯੋਧਾ ਹੋਇਆ ਹੈ। ਜਿਸ ਨੂੰ ਹਰਭਜਨ ਸਿੰਘ ਹੁੰਦਲ ਨੇ 'ਜੀਵਨੀ' ਰੂਪਾਕਾਰ ਰਾਹੀਂ ਪਾਠਕਾਂ ਦੇ ਸਨਮੁਖ ਕੀਤਾ ਹੈ। ਫੀਦਲ ਕਾਸਤਰੋ ਦੁਆਰਾ ਘਾਲਿਆ ਸੰਘਰਸ਼, ਲੇਖਕ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਭਿੰਨ ਸਬੰਧਤ ਪ੍ਰਕਾਸ਼ਿਤ ਪੁਸਤਕਾਂ ਦੇ ਦੀਰਘ ਅਧਿਐਨ ਉਪਰੰਤ ਇਸ ਜੀਵਨੀ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਸਮਕਾਲੀ ਹਾਲਾਤ ਨੇ ਜਿਸ ਕਦਰ ਫੀਦਲ ਕਾਸਤਰੋ ਵਿਚ ਵਿਦਰੋਹੀ ਸੁਰ ਪੈਦਾ ਕੀਤੀ, ਜਿਸ ਸਦਕਾ ਉਹ ਕਿਊਬਾ ਦੇਸ਼ ਦੇ ਵਸਨੀਕਾਂ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਵੀ ਹਰਮਨ-ਪਿਆਰਾ ਬਣ ਗਿਆ, ਜਿਹੜੇ ਦੇਸ਼ (ਲੋਕ) ਪੂੰਜੀਵਾਦੀ ਅਥਵਾ ਸਾਮਰਾਜਵਾਦੀ ਦੇਸ਼ਾਂ ਦੀ ਜਕੜ 'ਚ ਆ ਕੇ ਜੀਅ-ਭਿਊਣਾ ਜੀਵਨ ਬਸਰ ਕਰ ਰਹੇ ਸਨ। ਫੀਦਲ ਕਾਸਤਰੋ ਦੀ ਇਹ ਸੁਰ ਉਸ ਦੇ ਘਰ ਤੋਂ, ਸਕੂਲੀ ਪੜ੍ਹਾਈ ਤੋਂ, ਸਮਾਜਿਕ, ਰਾਜਨੀਤਕ-ਆਰਥਿਕ ਵਰਤਾਰੇ ਵਿਚਲੀਆਂ ਅਸੰਗਤੀਆਂ ਤੋਂ ਉੱਭਰੀ ਸੀ। ਗ਼ਰੀਬੀ ਤੋਂ ਉੱਠ ਕੇ ਹੱਦਾਂ ਪਾਰ ਕਰਦੀ ਪਿਤਾ-ਪੁਰਖੀ ਅਮੀਰੀ ਉਸ ਨੇ ਪ੍ਰਵਾਨ ਨਾ ਕੀਤੀ, ਵਕਤੀ ਡੰਗ-ਟਪਾਊ ਮਰਿਆਦਾਵਾਂ ਨੂੰ ਧਾਰਨ ਨਾ ਕੀਤਾ ਅਤੇ ਨਾ ਹੀ ਕਿਸੇ ਦੀ ਬਾਹਰੀ ਹਕੂਮਤ ਨੂੰ ਸਵੀਕਾਰਿਆ। 1947 ਵਿਚ ਉਸਨੂੰ ਰਾਜਨੀਤਕ ਚੇਟਕ ਲੱਗ ਗਈ। ਅਨੋਖਾ ਨੀਤਾ-ਘਾੜਾ ਹੋਣ ਸਦਕਾ ਹਾਰਾਂ ਵਿਚੋਂ ਜਿੱਤਾਂ ਪ੍ਰਾਪਤ ਕਰਨ ਦਾ ਅਭਿਆਸੀ ਹੋ ਨਿਬੜਿਆ। ਆਪਣੇ ਬਲਬੂਤੇ ਯੂਨੀਵਰਸਿਟੀਆਂ ਵਿਚੋਂ ਡਾਕਟਰੀ ਅਤੇ ਖ਼ਾਸ ਕਰਕੇ ਭਾਸ਼ਣ-ਕਲਾ ਦੀਆਂ ਉੱਚ-ਪ੍ਰਾਪਤੀਆਂ ਕਰਕੇ ਲੋਕ ਦਿਲਾਂ ਦੀ ਧੜਕਣ ਬਣ ਗਿਆ। ਕਾਨੂੰਨ ਦੀ ਪੜ੍ਹਾਈ ਨੇ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਉੱਘਾ ਯੋਗਦਾਨ ਪਾਇਆ ਅਤੇ ਉਹ ਤਾਨਾਸ਼ਾਹੀ ਤਾਕਤਾਂ ਦੇ ਸਨਮੁੱਖ ਤਰਕ-ਸੰਗਤ ਹਵਾਲਿਆਂ ਅਤੇ ਪ੍ਰਵਚਨਾਂ ਸਦਕਾ ਕਿਊਬਾ ਨੂੰ ਅਮਰੀਕੀ ਤਾਕਤਾਂ ਤੋਂ ਨਿਜ਼ਾਤ ਪਵਾ ਕੇ ਆਜ਼ਾਦੀ ਨੁਮਾ ਜੀਵਨ ਬਸਰ ਕਰਨ ਦਾ ਪੈਂਤੜਾ ਸਥਾਪਿਤ ਕਰ ਗਿਆ। ਪੁਸਤਕ ਵਿਚ ਅੰਕਿਤ 'ਸੂਰਮਗਤੀ ਦਾ ਪਾਠ', 'ਹੱਲੇ ਦੀ ਤਿਆਰੀ', 'ਬੈਰਕਾਂ ਵੱਲ ਕੂਚ', 'ਪਹਿਲੀ ਪਹੁਲ' ਆਦਿ ਵਿਕੋਲਿੱਤਰੇ ਸੰਘਰਸ਼ ਦੀ ਦਾਸਤਾਨ ਹਨ। ਇਸੇ ਤਰ੍ਹਾਂ 'ਕਟਹਿਰੇ ਵਿਚ', 'ਜੇਲ੍ਹਾਂ-ਹਥਕੜੀਆਂ' ਅਤੇ 'ਜਲਾਵਤਨੀ ਦੇ ਦਿਨ' ਕਾਂਡ ਵੀ ਉਸ ਦੇ ਅਨੋਖੇ ਕਾਰਨਾਮਿਆਂ ਦੀ ਝਲਕ ਦਿੰਦੇ ਪ੍ਰਤੀਤ ਹੋਏ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਪੱਛਮੀ ਮੋਰਚੇ 'ਤੇ ਸ਼ਾਂਤੀ ਹੈ
ਮੂਲ ਲੇਖਕ : ਏਰਿਕ ਮਾਰੀਆ ਰੇਮਾਰਕ
ਅਨੁਵਾਦ : ਡਾ: ਹਰੀ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 98159-50590.

ਜੰਗਾਂ ਮਨੁੱਖਤਾ ਲਈ ਸਰਾਪ ਹਨ। ਮੌਤ, ਜ਼ਖ਼ਮ, ਬਰਬਾਦੀ ਤੇ ਪਸ਼ੂਪਣੇ ਦਾ ਦੂਜਾ ਨਾਂਅ ਜੰਗ ਹੈ। ਨੇਤਾ ਤੇ ਸਿਆਸਤਦਾਨ ਨਫ਼ਰਤ ਤੇ ਲੜਾਕੂ ਭਾਵਨਾਵਾਂ ਉਭਾਰ ਕੇ ਆਪਣੀ ਸਵਾਰਥ ਸਿੱਧੀ ਲਈ ਜੰਗਾਂ ਦਾ ਆਸਰਾ ਲੈਂਦੇ ਹਨ। ਪੱਛਮੀ ਮੋਰਚੇ 'ਤੇ ਸ਼ਾਂਤੀ ਹੈ ਨਾਵਲ ਜੰਗਾਂ ਦੇ ਖ਼ਿਲਾਫ਼ ਇਕ ਪ੍ਰਭਾਵਸ਼ਾਲੀ ਰਚਨਾ ਹੈ। ਇਸ ਦਾ ਇਕ ਪਾਤਰ ਕਹਿੰਦਾ ਹੈ : ਲੜਾਈ ਇਕ ਮੇਲੇ ਵਾਂਗ ਹੋਣੀ ਚਾਹੀਦੀ ਹੈ। ਇਕ ਅਖਾੜੇ ਵਿਚ ਨੇਤਾਵਾਂ ਤੇ ਜਰਨੈਲਾਂ ਦੀ ਲੜਾਈ ਹੋਵੇ। ਉਹ ਪਹਿਲਵਾਨਾਂ ਵਾਲੇ ਕੱਪੜੇ ਪਾ ਕੇ ਡਾਂਗਾਂ ਲੈ ਕੇ ਅਖਾੜੇ ਵਿਚ ਉਤਰਨ। ਦਰਸ਼ਕ ਟਿਕਟਾਂ ਲੈ ਕੇ ਵੇਖਣ। ਜਿਹੜਾ ਦੇਸ਼ ਜਿੱਤ ਜਾਵੇ, ਉਹ ਜੇਤੂ। ...ਪਰਾਏ ਪੁੱਤ ਮਰਵਾਣ ਨਾਲੋਂ ਇਹ ਸੌਦਾ ਕਿਤੇ ਵਧੀਆ ਹੈ। ਜੇ ਇੰਜ ਹੋ ਜਾਵੇ ਤਾਂ ਨੇਤਾ ਜੰਗ ਦਾ ਨਾਂਅ ਕਦੇ ਨਾ ਲੈਣ। ਪਹਿਲੇ ਵਿਸ਼ਵ ਯੁੱਧ ਵਿਚ ਆਪ ਸੈਨਿਕ ਵਜੋਂ ਸ਼ਾਮਿਲ ਹੋਏ ਰੀਮਾਰਕ ਦਾ ਇਹ ਨਾਵਲ ਜਦੋਂ 1929 ਵਿਚ ਪਹਿਲੀ ਵਾਰ ਛਪਿਆ ਤਾਂ ਨਾਜ਼ੀਆ ਨੇ ਇਸ ਦੀਆਂ ਕਾਪੀਆਂ ਸਾੜੀਆਂ ਤੇ ਜ਼ਬਤ ਕਰ ਲਿਆ ਇਹ ਨਾਵਲ। ਛਪਿਆ ਤਾਂ ਡੇਢ ਸਾਲ ਵਿਚ ਪੰਝੀ ਲੱਖ ਕਾਪੀਆਂ ਵਿਕ ਗਈਆਂ ਤੇ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋਏ। ਪੰਜਾਬੀ ਵਿਚ ਇਹ ਅਨੁਵਾਦ ਪਾਕਿਸਤਾਨ ਨਾਲ ਆਢਾ ਲਾਉਣ ਤੇ ਨਫ਼ਰਤ ਦੇ ਬੀਜ ਬੀਜਣ ਦੀ ਬਿਰਤੀ ਵਿਰੁੱਧ ਚੇਤਨਾ ਜਗਾ ਸਕੇਗਾ। ਥੋੜ੍ਹੇ ਜਿਹੇ ਪੰਨਿਆਂ ਵਿਚ ਮੌਤ ਦੇ ਪਰਛਾਵੇਂ ਹੇਠ ਜਿਊਂਦੇ ਲੋਕਾਂ ਦੀ ਮਾਨਸਿਕਤਾ ਦੇ ਦਰਸ਼ਨ ਕਰਵਾ ਦਿੰਦਾ ਹੈ। ਚੰਗੇ ਭਲੇ ਪਿਆਰੇ ਲੋਕ ਪਾਗਲਾਂ/ਪਸ਼ੂਆਂ ਵਾਂਗ ਵਿਚਰਨ ਲਗਦੇ ਹਨ ਕਿਸੇ ਜੰਗ ਦੌਰਾਨ। ਭੁੱਖ, ਭੈਅ, ਪਿਆਰ, ਲਾਲਚ, ਨਫ਼ਰਤ, ਜ਼ਿੰਦਗੀ, ਮੌਤ ਇਕ ਦੂਜੇ ਵਿਚ ਉਲਝੇ ਹੋਏ ਹਨ ਇਸ ਨਾਵਲ ਵਿਚ। ਜ਼ਖ਼ਮੀ ਤੇ ਅਪਾਹਜ ਬੰਦੇ ਦੀ ਕੁਰਲਾਹਟ/ਪੀੜਾ ਖ਼ਤਮ ਕਰਨ ਲਈ ਉਸ ਨੂੰ ਮਾਰਨ ਦੀ ਸੋਚੀ ਜਾਂਦੀ ਹੈ। ਮਰੇ/ਮੌਤ ਕਿਨਾਰੇ ਪਏ ਬੰਦੇ ਦੇ ਬੂਟ ਤੱਕ ਲੈਣ ਦਾ ਲਾਲਚ ਹੁੰਦਾ ਹੈ। ਮੋਏ ਬੰਦਿਆਂ ਦੇ ਹਿੱਸੇ ਦੇ ਰਾਸ਼ਨ ਆਸਰੇ ਢਿੱਡ ਭਰ ਕੇ ਖਾਣ ਦੀ ਭੁੱਖ ਜਾਗਦੀ ਹੈ। ਪੀੜਾ ਨਾਲ ਕਰਾਂਹਦੇ ਪਸ਼ੂ ਮਾਰ ਕਿਉਂ ਨਾ ਦਿੱਤੇ ਜਾਣ। ਬੰਬ/ਗੋਲੀ/ਤੋਪ ਕਦੋਂ ਕਿਸ ਨੂੰ ਅਪਾਹਜ ਕਰ ਦੇਵੇ। ਖ਼ਤਮ ਕਰ ਦੇਵੇ। ਪਹਿਲੀ ਵਾਰ ਤੋਪਾਂ/ਬੰਬਾਂ ਦੀ ਅੱਗ ਹੇਠ ਜਾਣਾ ਤੇ ਮੁੜ ਦੂਜਿਆਂ ਨੂੰ ਮਰਦੇ ਵੇਖਣਾ ਭਿਅੰਕਰ ਗੱਲਾਂ ਹਨ। ਸਿਆਸਤਦਾਨ ਤਾਂ ਫਿਰ ਨਾਵਲ ਨਹੀਂ ਪੜ੍ਹਨਗੇ ਪਰ ਚੇਤੰਨ ਸਿਆਣੇ ਲੋਕਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਸਗਲੇ ਜੀਅ ਤੁਮ੍ਹਾਰੇ
ਲੇਖਕ : ਕੰਵਲਜੀਤ ਸਿੰਘ ਸੂਰੀ
ਪ੍ਰਕਾਸ਼ਕ : ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 104
ਸੰਪਰਕ : 93573-24241.

ਹਥਲੇ ਨਾਵਲ 'ਸਗਲੇ ਜੀਅ ਤੁਮ੍ਹਾਰੇ' ਦਾ ਵਿਸ਼ਾ ਵਸਤੂ ਵੀ ਅਜੋਕੇ ਯੁੱਗ ਵਿਚ ਸੰਤਾਪ ਹੰਢਾਅ ਰਹੀ ਔਰਤ ਨੂੰ ਕੇਂਦਰ ਬਿੰਦੂ ਬਣਾ ਕੇ ਉਸਾਰਿਆ ਗਿਆ ਹੈ। ਔਰਤ ਜਿੰਨੀ ਮਰਜ਼ੀ ਆਜ਼ਾਦ ਖਿਆਲਾਂ ਦੀ, ਸਵੈਨਿਰਭਰ ਤੇ ਉੱਚ ਅਹੁਦੇ 'ਤੇ ਪੁੱਜ ਜਾਏ ਪਰ ਉਸ ਦੀ ਹੋਂਦ ਤਾਂ ਆਧੁਨਿਕ, ਪੜ੍ਹੇ-ਲਿਖੇ ਤੇ ਅਖੌਤੀ ਆਧੁਨਿਕ ਮਾਨਸਿਕਤਾ ਵਾਲੇ ਸਮਾਜ ਵਿਚ ਹੀ ਹੈ, ਜਿਸ ਉੱਤੇ ਪੁਰਾਤਨ ਵਿਚਾਰਧਾਰਾ ਵਾਲੇ ਮਰਦ ਦਾ ਗਲਬਾ ਹੈ ਜੋ ਆਪਣੀ ਸੋਚ ਤੇ ਮਾਨਸਿਕਤਾ ਨੂੰ ਨਹੀਂ ਬਦਲ ਸਕਿਆ, ਜਾਗੀਰਦਾਰੀ ਯੁੱਗ ਦੀ ਸੋਚ ਵਿਚੋਂ ਨਿਕਲਣ ਤੋਂ ਅਸਮਰੱਥ ਹੈ। ਇਸ ਦਕੀਆਨੂਸੀ ਵਿਚਾਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਔਰਤ ਨੂੰ। ਇਸ ਨਾਵਲ ਦੀ ਕਹਾਣੀ ਪਿਛਲਝਾਤ ਰਾਹੀਂ ਉਸਾਰੀ ਗਈ ਹੈ ਜੋ ਕੁੜੀਆਂ ਦੇ ਸਕੂਲ ਤੋਂ ਸ਼ੁਰੂ ਹੋ ਕੇ ਉਸ ਸਕੂਲ ਵਿਚ ਹੀ ਖ਼ਤਮ ਹੋ ਜਾਂਦੀ ਹੈ। ਵੀਹ ਕਾਂਡਾਂ ਵਾਲੇ ਛੋਟੇ ਆਕਾਰ ਦਾ ਨਾਵਲ ਇਕ ਵਧੀਆ ਫਿਲਾਸਫ਼ੀ ਸਮੋਈ ਬੈਠਾ ਹੈ ਆਪਣੇ-ਆਪ ਵਿਚ। ਨਾਵਲ ਦਾ ਨਾਇਕ ਗੁਲਾਬ ਸਿੰਘ ਇਕ ਉੱਚੇ-ਸੁੱਚੇ ਆਦਰਸ਼ ਦਾ ਮਾਲਕ ਹੈ ਅਤੇ ਜਦੋਂ ਜਿਥੇ ਵੀ ਕੋਈ ਗ਼ਲਤ, ਬਨਾਵਟੀ ਜਾਂ ਪਾਖੰਡਵਾਦੀ ਘਟਨਾ ਜਾਂ ਪਾਤਰ ਵੇਖਦਾ ਹੈ, ਉਸ ਨੂੰ ਉਥੇ ਹੀ ਟੋਕਾਟਾਕੀ ਕਰਦਾ ਤੇ ਆਲੋਚਨਾ ਦਾ ਸ਼ਿਕਾਰ ਹੁੰਦਾ ਹੈ। ਇਹ ਪਾਤਰ ਭਾਵੇਂ ਗੁਰਦੁਆਰੇ ਬਰਤਨ ਸਾਫ਼ ਕਰਦੀ ਤੇ ਪੋਚੇ ਮਾਰਦੀ ਗੁਆਂਢਣ ਹੋਵੇ, ਗੁਰਦੁਆਰੇ ਦਾ ਭਾਈ ਹੋਵੇ, ਭ੍ਰਿਸ਼ਟ ਮੈਨੇਜਰ ਹੋਵੇ, ਅਖ਼ਬਾਰ ਦਾ ਸੰਪਾਦਕ ਹੋਵੇ ਜਾਂ ਕੋਈ ਪੁਲਿਸ ਅਫ਼ਸਰ ਹੋਵੇ, ਉਹ ਟੋਕਾਟਾਕੀ ਕੀਤੇ ਬਿਨਾਂ ਨਹੀਂ ਰਹਿ ਸਕਦਾ। ਉਸ ਨੂੰ ਬੁਰਾਈ ਤੋਂ ਨਫ਼ਰਤ ਹੈ ਪਰ ਇਸ ਨਾਲ ਨਿਪਟਾਰਾ ਕਿਵੇਂ ਕਰਨਾ ਹੈ, ਉਹ ਨਹੀਂ ਜਾਣਦਾ, ਜਿਸ ਕਰਕੇ ਕਈ ਵਾਰ ਗਾਲੀ-ਗਲੋਚ ਤੇ ਕੁੱਟਮਾਰ ਦਾ ਸ਼ਿਕਾਰ ਵੀ ਹੁੰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਜੋ ਬੁਰਾਈ ਸਮਾਜ ਵਿਚ ਜੜ੍ਹਾਂ ਫੜ ਚੁੱਕੀ ਹੈ, ਉਹ ਇਕ ਇਕੱਲੇ ਵਿਅਕਤੀ ਦੇ ਵੱਸ ਦਾ ਰੋਗ ਨਹੀਂ। ਦੂਸਰਾ ਪਾਤਰ ਹੈ ਗਾਚਣੀ ਵਾਲਾ ਪਾਖੰਡੀ ਬਾਬਾ ਜੋ ਸਕੂਲ ਖੋਲ੍ਹਣ ਦੇ ਵਿਰੁੱਧ ਹੈ ਜਦੋਂ ਕਿ ਨਿਹਾਲ ਸਿੰਘ ਤੇ ਉਸ ਦੀ ਬੇਟੀ ਲਤਾ ਸਮਾਜ ਸੇਵਾ ਦੇ ਨਾਤੇ ਸਕੂਲ ਚਲਾ ਰਹੇ ਹਨ ਤੇ ਬਾਬੇ ਦੇ ਵਿਰੁੱਧ ਸੰਘਰਸ਼ ਵੀ ਕਰਦੇ ਹਨ। ਗੁਲਾਬ ਸਿੰਘ ਜੋ ਮਾਨਸਿਕ ਰੋਗੀ ਹੋ ਜਾਂਦਾ ਹੈ ਪਿਉ ਧੀ ਦੇ ਪਿਆਰ ਸਦਕਾ ਤੰਦਰੁਸਤ ਹੋ ਕੇ ਮੁੜ ਸਮਾਜ ਸੇਵਾ ਵਿਚ ਜੁਟ ਜਾਂਦਾ ਹੈ। ਨਾਵਲ ਦਾ ਇਕਦਮ ਹੋਇਆ ਅੰਤ ਥੋੜ੍ਹਾ ਜਿਹਾ ਖਲਦਾ ਹੈ। ਨਾਵਲ ਕਥਾਨਕ, ਵਾਰਤਾਲਾਪ, ਪਾਤਰ ਉਸਾਰੀ, ਬੋਲੀ ਤੇ ਸ਼ੈਲੀ ਦੇ ਪੱਖ ਤੋਂ ਕਾਫੀ ਸਫ਼ਲ ਹੈ ਤੇ ਪਾਠਕ ਨੂੰ ਉਂਗਲੀ ਲਾ ਕੇ ਨਾਲ-ਨਾਲ ਤੋਰੀ ਰੱਖਦਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਮਹਾਂਕਵੀ ਕਾਲੀਦਾਸ ਕ੍ਰਿਤ
ਮੇਘਦੂਤਮ
ਅਨੁਵਾਦਕ ਤੇ ਵਿਆਖਿਆਕਾਰ: ਡਾ: ਮਹੇਸ਼ ਚੰਦਰ ਸ਼ਰਮਾ ਗੌਤਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 97811-24775.

ਮਹਾਂਕਵੀ ਕਾਲੀਦਾਸ, ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਸਨ, ਜਿਨ੍ਹਾਂ ਦੀ ਵਿਦਵਤਾ, ਸਮੁੱਚੇ ਵਿਸ਼ਵ ਭਰ ਵਿਚ ਫੈਲੀ ਹੋਈ ਹੈ। ਉਂਜ ਤਾਂ ਆਪ ਦੀਆਂ ਰਚਨਾਵਾਂ ਦੀ ਗਿਣਤੀ 7 ਹੈ, ਪ੍ਰੰਤੂ ਆਪ ਨੇ ਚਾਰ ਕਾਵਿ-ਰਚਨਾਵਾਂ ਅਤੇ ਤਿੰਨ ਨਾਟਕ ਲਿਖ ਕੇ ਜਗਤ-ਪ੍ਰਸਿੱਧੀ ਪ੍ਰਾਪਤ ਕੀਤੀ ਹੈ ਮੇਘਦੂਤ ਆਪ ਦਾ ਪ੍ਰਸਿੱਧ ਨਾਟਕ ਹੈ। ਮੇਘਦੂਤ ਇਕ ਖੰਡ-ਕਾਵਿ ਹੈ; ਜਿਸ ਵਿਚ ਯਕਸ਼, ਮੇਘ ਨੂੰ ਦੂਤ ਬਣਾ ਕੇ; ਬਿਰਹਾ ਨਾਲ ਤੜਪਦੀ ਆਪਣੀ ਪਤਨੀ ਕੋਲ ਸੁਨੇਹਾ ਭੇਜਦਾ ਹੈ ਤਾਂ ਕਿ ਉਹ ਪਤੀ ਦਾ ਸੁਨੇਹਾ ਪ੍ਰਾਪਤ ਕਰਕੇ ਸੰਤੁਸ਼ਟ ਹੋ ਜਾਵੇ। ਯਕਸ਼ ਨੂੰ ਉਸ ਦੇ ਸਵਾਮੀ ਕੁਬੇਰ ਨੂੰ ਆਪਣੀ ਡਿਊਟੀ ਪੂਰੀ ਨਾ ਕਰਨ ਉੱਪਰ ਇਕ ਸਾਲ ਦੀ ਸਜ਼ਾ ਦਿੱਤੀ ਸੀ; ਕੁਬੇਰ, ਸੁਪਤਨੀ ਦੇ ਵਿਯੋਗ ਵਿਚ ਤੜਪਦਾ ਹੈ ਤੇ ਸਾਉਣ ਮਹੀਨੇ ਦੇ ਬੱਦਲਾਂ ਰਾਹੀਂ ਆਪਣੀ ਪਤਨੀ ਨੂੰ ਸੁਨੇਹੇ ਭੇਜਦਾ ਹੈ। ਬੱਦਲ ਵੱਖ-ਵੱਖ ਪੜਾਵਾਂ ਉੱਪਰ ਪੁੱਜ ਕੇ ਕੁਬੇਰ ਸੁਪਤਨੀ ਨੂੰ ਸੁਨੇਹੇ ਦਿੰਦੇ ਹਨ ਅਤੇ ਉਸ ਨੂੰ ਤਸੱਲੀ ਪ੍ਰਾਪਤ ਹੁੰਦੀ ਹੈ।
ਇਸ ਖੰਡ ਕਾਵਿ ਨਾਟਕ ਦੀਆਂ ਅਨੇਕਾਂ ਕਲਾਤਮਿਕ ਖੂਬੀਆਂ ਹਨ, ਲੇਖਕ ਨੇ ਆਪਣੇ ਪਾਠਕਾਂ ਸਰੋਤਿਆਂ ਨੂੰ ਜ਼ਿੰਦਗੀ ਨੂੰ ਨੈਤਿਕ ਮੁੱਲਾਂ ਪ੍ਰਤੀ ਸੁਚੇਤ ਕਰਦਿਆਂ; ਔਰਤ-ਮਰਦ ਦੇ ਰਿਸ਼ਤੇ ਦੀ ਮਹੱਤਤਾ ਦਰਸਾਈ ਹੈ। ਬਿਰਹਾ ਅਵਸਥਾ ਵਿਚ ਮਰਦ ਇਸਤਰੀ ਦਾ ਤਨ, ਮਨ ਕਮਜ਼ੋਰ ਹੋ ਜਾਂਦਾ ਹੈ। ਬਿਰਹਾ ਵਿਚ ਮੋਈ ਬਿਰਹਨ ਦੀ ਤਨ ਮਨ ਵਿਚ ਨਿਰਾਸ਼ਾ ਉਦਾਸੀ ਉਪਰਾਮਤਾ ਦੀ ਅਵਸਥਾ ਵਾਪਰ ਜਾਂਦੀ ਹੈ। ਕਵੀ ਕਾਵਿ ਰਚਣ ਸਮੇਂ, ਛੰਦਾਂ, ਅਲੰਕਾਰਾਂ, ਰਸਾਂ ਅਤੇ ਬਿੰਬਾਂ ਦੀ ਖੂਬ ਵਰਤੋਂ ਕਰਦਾ ਹੈ। ਅਨੇਕਾਂ ਮਹਿਕੀਂਦੇ ਸੁੰਦਰ ਫੁੱਲਾਂ, ਬਨਸਪਤੀ ਦੀਆਂ ਸੁਹਾਵਣੀਆਂ ਗੁਫ਼ਾਵਾਂ ਦਾ ਵਰਨਣ ਬਹੁਤ ਮਨ-ਮੋਹਣਾ ਹੈ। ਯਕਸ਼-ਮੇਘ ਨੂੰ ਸੰਬੋਧਤ ਹੁੰਦਾ ਹੈ। ਕਵੀ ਵੱਲੋਂ ਬਿਰਹਾ ਅਵਸਥਾ ਦਾ ਵਸਤੂ ਵੇਰਵਾ ਬਹੁਤ ਪ੍ਰਭਾਵਸ਼ਾਲੀ ਹੈ। ਡਾ: ਮਹੇਸ਼ ਚੰਦਰ ਸ਼ਰਮਾ ਗੌਤਮ, ਸੰਸਕ੍ਰਿਤ ਹਿੰਦੀ ਦੇ ਵਰਤਮਾਨ ਕਾਲ ਦੇ ਪ੍ਰਸਿੱਧ ਵਿਦਵਾਨ ਹਨ। ਉਨ੍ਹਾਂ ਵੱਲੋਂ ਕੀਤਾ ਪੰਜਾਬੀ ਅਨੁਸਾਰ ਅਨੁਵਾਦ ਢੁਕਵਾਂ ਮੁੱਲਵਾਨ ਅਤੇ ਸਾਰਥਕ ਹੈ। ਮਹਾਂਕਵੀ ਕਾਲੀਦਾਸ ਖੰਡਨਾਟ ਦੇ ਅਸਲ ਸਾਰ ਤੱਤ ਦੀ ਕਲਾਤਮਕ ਸੰਰਚਨਾ ਅਤੇ ਮੂਲ ਕਥਾ ਦੀ ਵਿਸਥਾਰ ਸਹਿਤ ਅਰਥ ਵਿਆਖਿਆ ਪੰਜਾਬੀ ਪਾਠਕਾਂ ਲਈ ਨਵੀਂ ਅਦੁੱਤੀ ਸੁਗਾਤ ਵਾਂਗ ਹੈ।

-ਡਾ: ਅਮਰ ਕੋਮਲ
ਮੋ: 08437873565.

c c c

ਡੂੰਘੇ ਸਾਗਰ ਵਗਦੇ ਦਰਿਆ
ਲੇਖਕ : ਡਾ: ਐਸ. ਤਰਸੇਮ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 95015-36644.

ਇਹ ਪੁਸਤਕ ਲੇਖਕ ਵੱਲੋਂ ਸਿਰਜੇ ਗਏ ਸ਼ਬਦ-ਚਿੱਤਰਾਂ ਦਾ ਤੀਜਾ ਸੰਗ੍ਰਹਿ ਹੈ। ਇਸ ਵਿਚ 16 ਅਦੀਬਾਂ ਦਾ ਜ਼ਿੰਦਗੀਨਾਮਾ ਸ਼ਾਮਿਲ ਹੈ। ਇਨ੍ਹਾਂ ਯਾਦਾਂ ਨੂੰ ਜਨਮ ਮਿਤੀ ਅਨੁਸਾਰ ਕ੍ਰਮਬੱਧ ਕੀਤਾ ਗਿਆ ਹੈ। ਪਹਿਲੇ ਦੋ ਸ਼ਬਦ-ਚਿੱਤਰਾਂ ਦੀ ਸਮੱਗਰੀ ਉਨ੍ਹਾਂ ਦੇ ਜੀਵਨ ਅਤੇ ਪੜ੍ਹੀਆਂ ਰਚਨਾਵਾਂ ਤੋਂ ਪ੍ਰਾਪਤ ਕੀਤੀ ਗਈ-ਇਹ ਹਨ ਫ਼ੈਜ਼ ਅਤੇ ਮੰਟੋ। ਬਾਕੀ ਦੇ 14 ਸ਼ਬਦ-ਚਿੱਤਰ 'ਅੱਖੀਂ ਡਿੱਠਾ ਕਿੱਸਾ ਕੀਤਾ' ਅਨੁਸਾਰ ਵਾਰਤਕ-ਜਾਮਾ ਪਹਿਨਦੇ ਹਨ। ਹਰ ਪੇਸ਼ ਸ਼ਖ਼ਸੀਅਤ ਦੀ ਜਨਮ ਤੋਂ ਲੰਮੀ ਆਯੂ/ਮੌਤ ਤੱਕ ਦੀ ਦਾਸਤਾਂ ਪੇਸ਼ ਕੀਤੀ ਗਈ ਹੈ। ਲੰਮੀ ਆਯੂ ਵਾਲਿਆਂ ਵਿਚ 'ਰਤਨ' ਅਤੇ 'ਭੁੱਲਰ' ਸ਼ਾਮਿਲ ਹਨ। ਅਸਤਿਤਵਵਾਦੀ ਦ੍ਰਿਸ਼ਟੀ ਤੋਂ ਹਰੇਕ ਨੇ ਜਿਸ ਤਥਾਤਮਕਤਾ (ਫੈਕਟੀਸਿਟੀ) ਵਿਚ ਜਨਮ ਲੈ ਕੇ ਆਪਣੀ ਜੀਵਨ ਬਾਜ਼ੀ ਖੇਡੀ ਹੈ ਉਸ ਦੀਆਂ ਚੋਣਵੀਆਂ ਪ੍ਰਮੁੱਖ ਘਟਨਾਵਾਂ ਦੀ ਪ੍ਰਸਤੁਤੀ ਸ਼ਬਦ-ਚਿੱਤਰਾਂ ਦਾ ਹਾਸਲ ਹੈ। ਸ਼ਬਦ-ਚਿੱਤਰਾਂ ਦੇ ਨਾਇਕਾਂ ਨਾਲ ਲੇਖਕ ਦੀ ਪਰਿਵਾਰਿਕ ਨੇੜਤਾ ਅਤੇ ਨਿੱਜੀ ਸਬੰਧ ਵਿਸਥਾਰ ਸਹਿਤ ਉਲੀਕੇ ਗਏ ਹਨ। ਇਸੇ ਕਾਰਨ ਇਹ ਸ਼ਬਦ ਚਿੱਤਰ ਲੇਖਕ ਦੇ ਆਪਣੇ ਜੀਵਨ ਦੁਆਲੇ ਪਰਿਕਰਮਾ ਕਰਦੇ ਹਨ। ਹਰੇਕ ਸ਼ਬਦ-ਚਿੱਤਰ ਵਿਚ ਸਰੀਰਕ ਦਿਖ ਨੂੰ ਅਹਿਮ ਸਥਾਨ ਪ੍ਰਾਪਤ ਹੈ। ਪੁਸਤਕ ਦਾ ਅਧਿਐਨ ਕਰਦਿਆਂ ਅਨੇਕਾਂ ਸ਼ਖ਼ਸੀਅਤਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਪਾਠਕਾਂ ਦੀ ਯਾਦ ਸ਼ਕਤੀ ਦਾ ਅੰਗ ਬਣੇ ਬਿਨਾਂ ਨਹੀਂ ਰਹਿ ਸਕਦੀਆਂ। ਮਸਲਨ : ਫ਼ੈਜ ਤੇ ਰਾਵਲਪਿੰਡੀ ਸਾਜ਼ਿਸ਼ ਕੇਸ; ਮੰਟੋ ਦੇ ਪੰਜ ਅਫ਼ਸਾਨਿਆਂ 'ਤੇ ਮੁਕੱਦਮੇ; ਗਿਆਨੀ ਲਾਲ ਸਿੰਘ ਦੀ ਨਿਮਰਤਾ, ਸਿਆਣਪ ਤੇ ਮਿਠਾਸ; ਪਿਉ ਪੁੱਤਰ ਵਾਲੇ ਨਰੂਲਾ ਦੀ ਫਲਵਹਿਰੀ-ਹੀਣਤਾ; ਸੁਰਜੀਤ ਰਾਮਪੁਰੀ ਵੱਲੋਂ ਸਥਾਪਤ ਸਾਹਿਤ ਸਭਾ ਰਾਮਪੁਰ; ਕਰਤਾਰ ਪੰਛੀ ਦੀ ਨਾਮਧਾਰੀ-ਕਾਮਰੇਡੀ; ਕਾ: ਸੁਰਜੀਤ ਗਿੱਲ ਦੀ ਸ਼ੁੱਧ-ਕਾਮਰੇਡੀ; ਭਾਨ ਸਿੰਘ ਭੌਰਾ-ਸਿਆਸਤ ਤੇ ਸ਼ਾਇਰੀ ਦਾ ਸੁਮੇਲ; ਟੀ. ਆਰ. ਵਿਨੋਦ-ਮਾਰਕਸਵਾਦੀ ਆਲੋਚਨਾ; ਬਸੰਤ ਕੁਮਾਰ ਰਤਨ ਦਾ ਕਾਫ਼ਿਰਪੁਣਾ ਭੁੱਲਰ-ਕਹਾਣੀਕਾਰ, ਆਲੋਚਕ ਤੇ ਅਨੁਵਾਦਕ; ਡਾ: ਗੁਰਦਰਸ਼ਨ ਦੀ ਸ਼ਿਵ ਕੁਮਾਰ ਵਰਗੀ ਸ਼ਾਇਰੀ; ਗੁਰਮੀਤ ਹੇਅਰ ਦੀ ਪੱਕੀ ਯਾਰੀ; ਡਾ: ਰਵਿੰਦਰ ਕਵੀ ਦੀ ਮਾਰਕਸੀ ਆਲੋਚਨਾ, ਸੈਨੇਟਰ, ਕੇਂਦਰੀ ਸਭਾ ਸਕੱਤਰੀ ਆਦਿ ਤੋਂ ਬਿਨਾਂ ਕਾਲੇ ਦਿਨੀਂ ਸ਼ਹੀਦੀ। ਲੇਖਕ ਦੀ ਸ਼ੈਲੀ ਉੱਤਮ-ਪੁਰਖੀ ਹੈ। ਕਈ ਘਟਨਾਵਾਂ ਬਾਅਦ ਵਿਚ ਬਿਆਨ ਕਰਨ ਲਈ 'ਸਥਗਨ' ਜੁਗਤ ਆਮ ਹੀ ਵਰਤ ਜਾਂਦਾ ਹੈ। ਪਾਠਕਾਂ ਨਾਲ ਨੇੜਤਾ ਰੱਖਣ ਲਈ ਹੁਣ ਲਓ, ਰਹੀ ਗੱਲ, ਜਨਾਬ, ਕਿਬਲਾ, ਹਜ਼ੂਰ ਆਦਿ ਸੰਬੋਧਨੀ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਇਹ ਸ਼ਬਦ-ਚਿੱਤਰ ਯਾਦਾਂ (ਮੇਮਾਇਰਜ਼) ਦੀ ਸ਼੍ਰੇਣੀ ਵਿਚ ਰੱਖੇ ਜਾ ਸਕਦੇ ਹਨ। ਇਨ੍ਹਾਂ ਵਿਚ ਸਵੈ-ਸੰਸਮਰਣ ਅਤੇ ਪਰ-ਸੰਸਮਰਣ ਘਿਉ-ਖਿਚੜੀ ਹੋਏ ਵੇਖੇ ਜਾ ਸਕਦੇ ਹਨ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਨਾਟਕ
ਯੁੱਗ ਵਰਤਾਰਾ
(ਪ੍ਰੋਡਕਸ਼ਨ ਐਡੀਸ਼ਨ)
ਲੇਖਕ : ਪੀ. ਐਨ. ਸ਼ਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94176-79274.

ਲੇਖਕ ਕੋਲ ਰੰਗਮੰਚ ਬਾਰੇ ਤਕਨੀਕੀ ਮੁਹਾਰਤ ਹੈ, ਜਿਸ ਸਬੰਧੀ ਉਹ ਪਾਠਕਾਂ ਨਾਲ ਸਾਂਝ ਵੀ ਪਾਉਂਦਾ ਹੈ। ਬਲਾਕਿੰਗ ਅਤੇ ਸਟੇਜ ਜੌਗਰਾਫੀਏ ਦਾ ਪੂਰਾ ਚੈਪਟਰ ਸ਼ਾਮਿਲ ਹੈ, ਜੋ ਰੰਗਮੰਚ ਨਿਰਦੇਸ਼ਕਾਂ ਲਈ ਕਾਫੀ ਲਾਹੇਵੰਦ ਹੋ ਸਕਦਾ ਹੈ। ਯੁੱਗ ਵਰਤਾਰਾ ਨਾਟਕ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਦੱਸਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਮਚਾਰੀ ਸੰਘ ਦੇ 1996 ਵਿਚ ਹੋਏ ਸਾਲਾਨਾ ਇਜਲਾਸ ਮੌਕੇ ਇਸ ਦੀ ਰਚਨਾ ਹੋਈ ਜਿਸ ਦੀਆਂ ਬਾਅਦ ਵਿਚ ਵੱਖ-ਵੱਖ ਥਾਵਾਂ 'ਤੇ ਪੇਸ਼ਕਾਰੀਆਂ ਹੋਈਆਂ। ਨਾਟਕ ਪੇਸ਼ਕਾਰੀ ਦੀ ਗੱਲ ਕਰਦਿਆਂ ਲੇਖਕ ਆਪਣੇ ਤਜਰਬੇ ਤੋਂ ਉਨ੍ਹਾਂ ਮੁਸ਼ਕਿਲਾਂ ਦਾ ਜ਼ਿਕਰ ਕਰਦਾ ਹੈ ਜੋ ਉਸ ਨੂੰ ਪੇਸ਼ਕਾਰੀਆਂ ਦੌਰਾਨ ਆਈਆਂ ਅਤੇ ਜਿਨ੍ਹਾਂ ਕਰਕੇ ਸਮੇਂ-ਸਮੇਂ ਅਨੁਸਾਰ ਕਈ ਤਬਦੀਲੀਆਂ ਵੀ ਕਰਨੀਆਂ ਪਈਆਂ। ਇਸੇ ਤਜਰਬੇ ਦੇ ਆਧਾਰ 'ਤੇ ਲੇਖਕ ਸਫਲ ਪੇਸ਼ਕਾਰੀ ਸਬੰਧੀ ਖਾਸ ਨੁਕਤੇ ਅਤੇ ਆਪਣੀ ਰਾਇ ਵੀ ਦਿੰਦਾ ਹੈ। ਪੁਸਤਕ ਵਿਚ ਨਾਟਕ 'ਯੁੱਗ ਵਰਤਾਰਾ' ਦੀ ਸਕ੍ਰਿਪਟ ਸ਼ਾਮਿਲ ਹੈ। ਪੰਜਾਬ ਦੇ ਦਰਦ ਦੀ ਬਾਤ ਪਾਉਂਦੇ ਇਸ ਨਾਟਕ ਦੀ ਚੀਸ ਉਸ ਵਕਤ ਮਹਿਸੂਸ ਹੁੰਦੀ ਹੈ ਜਦੋਂ ਧਰਮਰਾਜ ਦੀ ਕਚਹਿਰੀ ਵਿਚ ਵਾਰਸ ਸ਼ਾਹ ਆਖਦਾ ਹੈ, 'ਮਹਾਰਾਜ ਜੀ! ਧਰਤੀਆਂ ਵੰਡ ਲਈਆਂ... ਪਾਣੀ ਵੰਡ ਲਏ ਤੇ ਬੰਦੇ ਵੀ ਵੰਡ ਲਏ, ਹੁਣ ਤਾਂ ਪੰਜਾਂ ਪਾਣੀਆਂ ਦਾ ਨਾਂਅ ਵੀ ਖਿੰਡ-ਪੁੰਡ ਗਿਆ ਏ'। ਇਸੇ ਤਰ੍ਹਾਂ ਨਾਟਕ ਵਿਚ ਭਗਤ ਸਿੰਘ ਅਤੇ ਭਿਖਾਰੀ ਦੀਆਂ ਭਾਵਪੂਰਕ ਤਕਰੀਰਾਂ ਪੰਜਾਬ ਦੇ ਦਰਦ ਨੂੰ ਬਿਆਨ ਕਰਦੀਆਂ ਹਨ।
ਇਸ ਨਾਟਕ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦੀਆਂ ਤਸਵੀਰਾਂ ਅਤੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਨੂੰ ਵੀ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਪੁਸਤਕ 'ਯੁੱਗ ਵਰਤਾਰਾ' ਨਾਟਕ ਦੀ ਸਿਰਜਣਾ, ਪੇਸ਼ਕਾਰੀ ਅਤੇ ਪ੍ਰਭਾਵ ਦਾ ਮਹੱਤਵਪੂਰਨ ਦਸਤਾਵੇਜ਼ ਹੈ।

-ਡਾ ਨਿਰਮਲ ਜੌੜਾ
ਮੋ: 98140-78799

27/05/2017

 ਸੋਚ ਤੋਂ ਲਫ਼ਜ਼ਾਂ ਤੱਕ
ਲੇਖਕ : ਹਰਮਨਦੀਪ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 76
ਸੰਪਰਕ : 98143-34640.

ਮੰਜ਼ਿਲ 'ਤੇ ਪਹੁੰਚਣ ਲਈ, ਪਹਿਲਾਂ ਚਲਣਾ ਜ਼ਰੂਰੀ ਹੈ,
ਫਿਰ ਡਿਗਣਾ ਜ਼ਰੂਰੀ ਹੈ ਤੇ ਸਿੱਖਣਾ ਜ਼ਰੂਰੀ ਹੈ।
ਪਹਿਲਾਂ ਚਲਣ, ਡਿਗਣ ਤੇ ਸਿੱਖਣ ਇਨ੍ਹਾਂ ਤਿੰਨਾਂ ਪ੍ਰਕਿਰਿਆਵਾਂ ਵਿਚੋਂ ਨਿਕਲਦੇ ਹੋਏ ਹਰਮਨਦੀਪ ਨੇ ਆਪਣਾ ਪਲੇਠਾ ਕਾਵਿ-ਸੰਗ੍ਰਹਿ ਪਾਠਕਾਂ ਦੀ ਨਜ਼ਰ ਕੀਤਾ ਹੈ। ਇਸ ਵਿਚ ਉਸ ਨੇ ਨਿੱਜੀ ਵਿਚਾਰਾਂ ਨੂੰ ਸ਼ਬਦਾਂ ਦੇ ਜਾਮੇ ਵਿਚ ਸਮੇਟ ਕੇ ਜ਼ਿੰਦਗੀ ਪ੍ਰਤੀ ਤੇ ਸਮਾਜ ਪ੍ਰਤੀ ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਜ਼ਿੰਦਗੀ ਨਾਂਅ ਹੈ ਦੁੱਖਾਂ-ਸੁੱਖਾਂ, ਔਕੜਾਂ ਤੇ ਦੁਸ਼ਵਾਰੀਆਂ ਦਾ ਤੇ ਲੇਖਕ ਜਦੋਂ ਸਮਾਜ ਵਿਚ ਵਿਚਰਦਾ ਹੈ ਤਾਂ ਇਨ੍ਹਾਂ ਹਾਲਤਾਂ ਵਿਚੋਂ ਨਿਕਲਣਾ, ਪਿੰਡੇ 'ਤੇ ਹੰਢਾਉਣਾ ਸੁਭਾਵਿਕ ਹੁੰਦਾ ਹੈ ਤੇ ਫਿਰ ਉਹੀ ਅਨੁਭਵ ਸ਼ਬਦਾਂ ਦਾ ਰੂਪ ਲੈ ਲੈਂਦੇ ਹਨ, ਭਾਵੇਂ ਕਵਿਤਾ ਹੋਵੇ ਜਾਂ ਵਾਰਤਕ। ਇਸ ਕਾਵਿ ਸੰਗ੍ਰਹਿ ਵਿਚ ਕਵੀ ਨੇ ਜੀਵਨ ਤੇ ਸਮਾਜ ਦੇ ਵਿਭਿੰਨ ਪਹਿਲੂਆਂ ਨੂੰ ਛੂਹਿਆ ਹੈ। ਕਿਧਰੇ ਉਹ ਜ਼ਿੰਦਗੀ ਦੀ ਬਾਤ ਪਾਉਂਦਾ ਹੈ, ਕਿਧਰੇ ਮਨੁੱਖੀ ਹੋਂਦ ਬਾਰੇ, ਕਿਧਰੇ ਜੀਵਨ ਦੇ ਦੋ ਪਹਿਲੂਆਂ ਦੀ ਗੱਲ ਕਰਦਾ ਹੋਇਆ ਲਿਖਦਾ ਹੈ :
ਕੋਈ ਹੰਝੂ ਪੂੰਝੇ, ਮੱਲ੍ਹਮ ਲਗਾਵੇ,
ਕੋਈ ਹੱਸਦੇ ਰੁਆਵੇ, ਕਹਿਰ ਬਰਸਾਵੇ।
ਮਨੁੱਖਤਾ ਦੇ ਹਿਤ ਦੀ ਗੱਲ ਕਰਦਾ ਹੋਇਆ ਕਵੀ ਸਮਾਜ ਦੇ ਗ਼ਲਤ ਵਰਤਾਰੇ ਨੂੰ ਉਲੀਕਦਾ ਹੈ-ਕਾਸ਼ 'ਕੋਈ ਪੈਸੇ ਤੋਂ ਜ਼ਿਆਦਾ ਰਿਸ਼ਤਿਆਂ ਦਾ ਮੁੱਲ ਪਾਉਂਦਾ ਹੁੰਦਾ' ਜਾਂ ਸਿਆਸਤ ਨੇ ਕਹਿਰ ਨਾ ਮਚਾਇਆ ਹੁੰਦਾ। ਛੋਟੀ ਉਮਰੇ ਵੱਡੀ ਪੁਲਾਂਘ ਪੁੱਟਣ ਵਾਲਾ ਹਰਮਨ ਹੋਰ ਵਧੇਰੇ ਡੂੰਘਾਈ ਵਿਚ ਜਾ ਕੇ ਸਮਾਜਿਕ ਸਮੱਸਿਆਵਾਂ ਨੂੰ ਪੇਸ਼ ਕਰੇ-ਇਹੀ ਆਸ ਕਰਦੇ ਹਾਂ। ਕਵਿਤਾ ਵਿਚ ਸੁਰ-ਤਾਲ ਤੇ ਸ਼ਬਦਾਵਲੀ ਦਾ ਖਿਆਲ ਰੱਖਿਆ ਗਿਆ ਹੈ। ਲੇਖਕ ਵਧਾਈ ਦਾ ਪਾਤਰ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
c c c

ਸ਼ਬਦਾਂ ਦੀ ਢਾਲ
ਕਵੀ : ਦਲਜਿੰਦਰ ਰਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 99151-03490.

ਦਲਜਿੰਦਰ ਰਹਿਲ ਇਟਲੀ ਦੇਸ਼ ਵਿਚ ਵੱਸਦਾ ਪੰਜਾਬੀ ਕਵੀ ਹੈ। ਪ੍ਰਵਾਸੀ ਜੀਵਨ ਆਪਣੇ-ਆਪ ਵਿਚ ਹੀ ਇਕ ਮਾਨਸਿਕ ਅਨੁਭਵ ਦੀ ਜਜ਼ਬਾਤੀ ਤ੍ਰਾਸਦੀ ਹੁੰਦੀ ਹੈ। ਕਿਸੇ ਨੂੰ ਵੀ ਆਪਣਾ ਵਤਨ ਕਦੇ ਭੁੱਲਦਾ ਨਹੀਂ। ਰਹਿਲ ਆਪਣੇ ਦਿਲੀ ਜਜ਼ਬਾਤਾਂ ਦੇ ਤਿੱਖੇ ਵਾਰਾਂ ਨੂੰ 'ਸ਼ਬਦਾਂ ਦੀ ਢਾਲ' ਨਾਲ ਰੋਕ ਰਿਹਾ ਹੈ। ਉਸ ਨੇ ਆਪਣੇ ਅੰਤਰੀਵੀ ਸੰਵਾਦਾਂ ਨੂੰ ਸਫਲਤਾ ਸਹਿਤ ਕਵਿਤਾਵਾਂ ਵਿਚ ਢਾਲਿਆ ਹੈ। ਉਹ ਲਿਖਦਾ ਹੈ, 'ਜ਼ਿੰਦਗੀ ਦੇ ਬਿਖੜੇ ਅਤੇ ਸੁਖ-ਦੁਖ ਭਰੇ ਸਫ਼ਰ ਵਿਚ ਜਦੋਂ ਵੀ ਕਦੇ ਕਦਮ ਡਗਮਗਾਏ ਤਾਂ ਸਾਹਿਤ ਅੰਤ ਅੱਖਰਾਂ ਦੇ ਸਾਥ ਨੇ ਹਰ ਵਾਰੀ ਨਰੋਏ ਅਤੇ ਤਰੋ-ਤਾਜ਼ਾ ਸਾਹਸ ਨੂੰ ਪੈਦਾ ਕਰਦਿਆਂ ਹਿੰਮਤੀ ਪੁਲਾਂਘਾਂ ਪੁੱਟਣ ਲਈ ਪ੍ਰੇਰਦਿਆਂ 'ਸ਼ਬਦਾਂ ਦੀ ਢਾਲ' ਬਣ ਕੇ ਜ਼ਿੰਦਗੀ ਦੀ ਜੱਦੋ-ਜਹਿਦ ਨੂੰ ਅੱਗੇ ਤੋਰਿਆ...' ਰਹਿਲ ਦੀ ਕਵਿਤਾ ਜ਼ਿੰਦਗੀ ਦੇ ਔਖੇ ਰਸਤਿਆਂ ਨੂੰ ਦਰਕਿਨਾਰ ਕਰਕੇ ਅੱਗੇ ਵਧਣ ਦਾ ਆਹਵਾਹਨ ਹੈ :
ਮਨ ਜਿੱਤਿਆ ਜਗ ਜਿੱਤਿਆ ਜਾਵੇ,
ਮਨ ਹਾਰੇ ਤਾਂ ਹਾਰ।
ਡੁੱਬ ਜਾਵੇ ਇਕ ਚੂਲੀ ਵਿਚ ਵੀ,
ਕਰਦਾ ਭਵ ਸਾਗਰ ਵੀ ਪਾਰ
ਹੈ ਸ਼ੈਤਾਨ ਇਨਸਾਨ ਵੀ ਇਸ ਵਿਚ,
ਵਸਤਾਂ ਹੈ ਭਗਵਾਨ ਵੀ ਇਸ ਵਿਚ...।
ਦਲਜਿੰਦਰ ਨੇ ਆਪਣੀ ਜ਼ਿੰਦਗੀ ਵਿਚ ਬੜੇ ਉਤਰਾਅ-ਚੜ੍ਹਾਅ ਵੇਖੇ ਹਨ ਪਰ ਉਸ ਨੇ ਆਪਣੀ ਗਗਨੀ ਉਡਾਰੀ ਨੂੰ ਤੁੰਦ ਹਵਾਵਾਂ ਦੀ ਭੇਟ ਨਹੀਂ ਚੜ੍ਹਨ ਦਿੱਤਾ। ਜੀਵਨ ਦੇ ਦੁਸ਼ਵਾਰ ਪੈਂਡਿਆਂ ਵਿਚ ਉਹ ਹਾਰਿਆ ਨਹੀਂ, ਰੁਕਿਆ ਨਹੀਂ। ਉਸ ਨੇ ਆਪਣੀ ਮਟਕ ਤੋਰ ਨੂੰ ਵੱਟਿਆਂ ਤੇ ਟੋਇਆਂ ਤੋਂ ਬਚਾ ਕੇ ਰੱਖਿਆ, ਉਹ ਕਹਿੰਦਾ ਹੈ :
ਹੋਇਉ ਨਿਰਾਸ਼ ਨਾ ਕੁਝ ਹੋਰ ਲੜਿਉ
ਹਨੇਰੀ ਘਿਰ ਗਿਉ ਲੋਕੋ!
ਹੋਇਆ ਕੀ ਰਾਤ ਜੇ ਲੰਮੀ ਹੈ,
ਆਖਰ ਸਵੇਰ ਹੋਵੇਗੀ
ਆਸ਼ਾਵਾਂ ਰੱਖਿਓ, ਫਿਰ ਆਉਣਗੇ,
ਪਲ ਸੁਨਹਿਰੀ ਵੀ
ਜ਼ਰੂਰ ਆਉਣਗੇ, ਭਾਵੇਂ ਕੁਝ ਦੇਰ ਹੋਵੇਗੀ...।

-ਸੁਲੱਖਣ ਸਰਹੱਦੀ
ਮੋ: 94174-84337.
c c c

ਚਿੰਤਨ ਚੋਭਾਂ
ਸ਼ਾਇਰ : ਪਰਸਰਾਮ ਸਿੰਘ ਬੱਧਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98556-87009.

ਪਰਸਰਾਮ ਸਿੰਘ ਬੱਧਣ ਪੰਜਾਬੀ ਦਾ ਨਾਮਵਰ ਤੇ ਸਾਊ ਸ਼ਾਇਰ ਹੈ, ਜਿਸ ਨੇ ਪੰਜਾਬੀ ਵਿਚ ਲਗਾਤਾਰ ਕਾਵਿ ਸਿਰਜਣਾ ਕੀਤੀ ਹੈ। ਤੇਈ ਕਵਿਤਾਵਾਂ, ਦਸ ਗੀਤ, ਇਕੱਤੀ ਗ਼ਜ਼ਲਾਂ ਤੇ ਪੰਜ ਰੁਬਾਈਆਂ ਵਾਲੀ ਕਿਤਾਬ 'ਚਿੰਤਨ ਚੋਭਾਂ' ਉਸ ਦੀ ਤਾਜ਼ਾ ਪ੍ਰਕਾਸ਼ਨਾ ਹੈ। ਬੱਧਣ ਦੀ ਮਨਭਾਉਂਦੀ ਸਿਨਫ਼ ਗ਼ਜ਼ਲ ਹੈ ਇਸੇ ਲਈ ਇਸ ਪ੍ਰਕਾਸ਼ਨਾ ਵਿਚ ਵੀ ਉਸ ਦੀਆਂ ਗ਼ਜ਼ਲਾਂ ਦੀ ਗਿਣਤੀ ਚੋਖੀ ਹੈ। ਉਹ ਗ਼ਜ਼ਲ ਵਿਚ ਆਮ ਫ਼ਹਿਮ ਜ਼ਬਾਨ ਦੀ ਵਰਤੋਂ ਕਰਦਾ ਹੈ ਤੇ ਬਹੁਤਾ ਓਹਲਾ ਨਹੀਂ ਰੱਖਦਾ। ਇਸੇ ਕਾਰਨ ਉਸ ਦੀ ਗ਼ਜ਼ਲ ਆਮ ਪਾਠਕ ਤੱਕ ਰਸਾਈ ਕਰਨ ਵਾਲੀ ਹੈ। ਬੱਧਣ ਦੇ ਸ਼ਿਅਰ ਮਨੁੱਖੀ ਮਨ ਦੀਆਂ ਗੁੰਝਲਾਂ ਤੇ ਦੁਸ਼ਵਾਰੀਆਂ ਨਾਲ ਜੁੜੇ ਹੋਏ ਹਨ। ਇਸ ਪੁਸਤਕ ਦੀਆਂ ਗ਼ਜ਼ਲਾਂ ਪੜ੍ਹਦਿਆਂ ਜਾਪਦਾ ਹੈ ਕਿ ਉਸ ਨੇ ਗ਼ਜ਼ਲ ਵਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਹੈ। ਕਈ ਸ਼ਿਅਰ ਕਾਫ਼ੀ ਪ੍ਰਭਾਵਤ ਕਰਦੇ ਹਨ। 'ਚਿੰਤਨ ਚੋਭਾਂ' ਦੇ ਗੀਤ ਉਸ ਵਾਂਗ ਨਿਰਛਲ ਹਨ ਤੇ ਲੋਕ ਮਸਲਿਆਂ 'ਤੇ ਆਧਾਰਤ ਹਨ। 'ਮਾਰੂ ਕੀ ਦਮਾਮੇ ਜੱਟ ਕਰਜ਼ਿਆਂ ਨੇ ਦੱਬੇ' ਗੀਤ ਧਨੀ ਰਾਮ ਚਾਤ੍ਰਿਕ ਦੀ ਰਚਨਾ ਦੇ ਵਿਰੋਧ ਵਿਚ ਖੜ੍ਹਾ ਹੈ ਜੋ ਕਿਰਸਾਨੀ ਦੀ ਅਜੋਕੀ ਹਾਲਤ ਦਾ ਠੀਕ ਤਰਜਮਾ ਕਰਦਾ ਹੈ। ਸ਼ਾਇਰ ਆਪਣੇ ਗੀਤਾਂ ਵਿਚ ਰੁੱਖ ਲਾਉਣ 'ਤੇ ਜ਼ੋਰ ਦਿੰਦਾ ਹੈ ਤੇ ਲੋਕਾਂ ਨੂੰ ਮੋਹ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੰਦਾ ਹੈ। ਸ਼ਾਇਰ ਦੀਆਂ ਕਵਿਤਾਵਾਂ ਆਮ ਕਰਕੇ ਮਸਲਸਲ ਗ਼ਜ਼ਲਾਂ ਵਰਗੀਆਂ ਹਨ। ਧੀਆਂ, ਨਸ਼ੇ, ਸਵਾਰਥੀ ਰਾਜਨੀਤੀ ਆਦਿ ਹੋਰ ਉਸ ਦੇ ਮਨਭਾਉਂਦੇ ਵਿਸ਼ੇ ਹਨ। ਬੱਧਣ ਨੇ ਕਿਤੇ ਕਿਤੇ ਮੁਹੱਬਤ ਦਾ ਰੰਗ ਵੀ ਛੋਹਿਆ ਹੈ ਪਰ ਇਸ ਕਿਤਾਬ ਵਿਚ ਜ਼ਿਆਦਾਤਰ ਉਸ ਨੇ ਲੋਕ ਸਮੱਸਿਆਵਾਂ ਦੇ ਆਧਾਰਤ ਕਾਵਿ ਸਿਰਜਣਾ ਕੀਤੀ ਹੈ। ਉਸ ਦੀਆਂ ਰੁਬਾਈਆਂ ਭਾਵੇਂ ਥੋੜ੍ਹੀ ਗਿਣਤੀ ਵਿਚ ਛਪੀਆਂ ਹਨ ਪਰ ਪ੍ਰਭਾਵੀ ਹਨ। 'ਚਿੰਤਨ ਚੋਭਾਂ' ਸ਼ਾਇਰ ਦੀ ਸ਼ਾਇਰੀ ਦਾ ਅਗਲਾ ਪੜਾਅ ਹੈ ਪਰ ਆਖ਼ਿਰੀ ਨਹੀਂ ਤੇ ਇਸ ਤੋਂ ਵੀ ਬਿਹਤਰ ਸ਼ਾਇਰੀ ਦੀ ਉਸ ਤੋਂ ਆਸ ਰੱਖੀ ਜਾ ਸਕਦੀ ਹੈ।

-ਗੁਰਦਿਆਲ ਰੌਸ਼ਨ
ਮੋ: 99884-44002
c c c

ਇੰਜ ਵੇਖਿਆ ਕੈਨੇਡਾ
ਲੇਖਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਕੇ.ਸੀ. ਰੋਡ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98766-36159.

ਪੁਸਤਕ ਦੇ ਚਾਰ ਦਰਜਨ ਅਧਿਆਏ ਹਨ; ਹਰ ਅਧਿਆਇ ਦਾ ਸਿਰਲੇਖ ਹੈ। ਹਰ ਅਧਿਆਇ ਦਾ ਵਿਸ਼ਾ ਯਾਤਰਾ ਨਾਲ ਸਬੰਧਤ ਦੱਸਣਯੋਗ ਹੈ। ਲੇਖਕ ਨੇ ਯਾਤਰਾ ਲਿਖਣ ਦੀ ਯੋਜਨਾ ਬਣਾਉਂਦਿਆਂ, ਯਾਤਰਾ ਕਿਉਂ ਤੇ ਕਿੱਦਾਂ ਦੇ ਉੱਤਰ; ਅਧਿਆਇ ਅਨੁਸਾਰ ਬਹੁਤ ਤਸੱਲੀ ਨਾਲ ਦਿੱਤੇ ਹਨ।
ਲੇਖਕ ਅੱਖਾਂ ਖੋਲ੍ਹ ਕੇ; ਸੁਚੇਤ ਹੋ ਕੇ ਅਤੇ ਖੋਜਾਰਥੀ ਵਾਂਗ ਕੈਨੇਡਾ ਵਿਚ ਵਸਦੇ ਕੈਨੇਡਾ ਵਾਸੀ, ਪੰਜਾਬੀ ਤੇ ਉਨ੍ਹਾਂ ਦੇ ਰਿਸ਼ਤੇ; ਜੁੜ ਰਹੇ ਨਵੇਂ ਪੰਜਾਬੀਆਂ ਦੇ ਰਿਸ਼ਤਿਆਂ ਸਬੰਧੀ ਪਰਦੇ ਵਿਚ ਹੋ ਰਹੀਆਂ ਤਬਦੀਲੀਆਂ, ਸਮਾਜਿਕ ਢਾਂਚੇ ਦੀ ਸ਼ਕਲ ਸੂਰਤ ਵਿਚ ਤਬਦੀਲੀ ਦੇ ਜ਼ਿੰਮੇਵਾਰ ਹੋ ਸਕਦੇ ਹਨ। ਲੇਖਕ ਆਪਣੇ ਇਸ ਸਫ਼ਰਨਾਮੇ ਰਾਹੀਂ ਇਧਰਲੇ ਪੰਜਾਬੀਆਂ ਨੂੰ ਪੂਰੇ-ਪੂਰੇ ਕੈਨੇਡਾ ਦਾ ਸਥਾਪਤ ਢਾਂਚਾ ਪੇਸ਼ ਕਰਨਾ ਚਾਹੁੰਦਾ ਹੈ। ਜਿਵੇਂ ਜੋ ਕੁਝ ਉਸ ਦੀ ਲਿਖਤ ਹੈ; ਬਹੁਤ ਕੁਝ ਉਸ ਵਿਚ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ, ਜਿਵੇਂ ਸ਼ਹਿਰ ਦੇ ਗੁਰਦੁਆਰੇ, ਸਿੱਖਿਆ ਪ੍ਰਬੰਧ; ਦੇਸ਼, ਸ਼ਹਿਰ ਤੇ ਸੂਬਾ; ਕੰਮ-ਧੰਦੇ; ਘਰ ਪਰਿਵਾਰ; ਰਸਮ ਨਾਗਰਿਕਤਾ, ਪੰਜਾਬੀ ਭਾਸ਼ਾ ਪੱਤਰਕਾਰੀ; ਸਾਹਿਤ ਤੇ ਹੋਰ ਕਲਾਵਾਂ; ਧਰਮ, ਗਦਰੀ ਬਾਬੇ; ਰੇਡੀਓ, ਦਸਤਾਰ; ਤਿਉਹਾਰ, ਸਕੂਲ; ਸੇਲ; ਬੱਚਿਆਂ ਲਈ ਵਿਸ਼ੇਸ਼ ਸਹੂਲਤਾਂ ਅਤੇ ਹੋਰ ਅਨੇਕਾਂ ਪ੍ਰਸੰਗ ਅਤੇ ਘਟਨਾਵਾਂ, ਇਸ ਸਫ਼ਰਨਾਮੇ ਦੀ ਵਿਸ਼ੇਸ਼ਤਾਵਾਂ ਹਨ। ਤੇਜਾ ਸਿੰਘ ਸਾਹਿਤ ਦਾ ਖਿਡਾਰੀ ਹੈ। ਸ਼ਬਦਾਂ ਦਾ ਮਾਹਰ ਅਧਿਆਪਕ ਹੈ; ਉਸ ਦੀ ਇਹ ਲਿਖਤ ਸਫ਼ਰਨਾਮੇ ਦੇ ਰੂਪ ਵਿਚ ਵਿਸ਼ੇਸ਼ ਇਸ ਲਈ ਕਹਿ ਸਕਦੇ ਹਾਂ, ਕਿਉਂਕਿ ਇਸ ਵਿਚ ਕੈਨੇਡਾ ਦੀ ਸੈਰ ਕਰਦਿਆਂ, ਪੰਜਾਬ, ਪੰਜਾਬੀ ਤੇ ਪੰਜਾਬੀ ਭਾਈਚਾਰੇ ਦੀਆਂ ਹੀ ਸਭੇ ਗੱਲਾਂ ਹਨ। ਲੇਖਕ ਕਿਧਰੇ ਵੀ ਉਲਾਰ ਨਹੀਂ ਹੁੰਦਾ। ਭਾਵੇਂ ਉਸ ਦੀ ਦੂਜੀ ਫੇਰੀ ਹੋਵੇ ਜਾਂ ਤੀਜੀ।

-ਡਾ: ਅਮਰ ਕੋਮਲ
ਮੋ: 08437873565.
c c c

ਮੈਂ ਕੀ ਨਹੀਂ ਕੀਤਾ ਤੇਰੇ ਲਈ
ਨਾਟਕਕਾਰ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 99144-19113.

ਮੁੱਖ ਤੌਰ 'ਤੇ ਪੰਜਾਬੀ ਕਹਾਣੀਕਾਰ ਵਜੋਂ ਨਾਂਅ ਕਮਾਉਣ ਵਾਲੇ ਕਹਾਣੀਕਾਰ ਪ੍ਰੋ: ਗੁਰਦੇਵ ਸਿੰਘ ਸੰਦੌੜ ਨੇ ਅੱਧੀ ਕੁ ਦਰਜਨ ਨਾਟ ਪੁਸਤਕਾਂ ਦੀ ਰਚਨਾ ਕਰਕੇ ਬਤੌਰ ਨਾਟਕਕਾਰ ਵੀ ਖੂਬ ਨਾਮਣਾ ਖੱਟਿਆ ਹੈ। ਹਥਲਾ ਨਾਟਕ ਉਸ ਦੀ ਨਾਟਕ-ਰਚਨਾ ਕਲਾ ਦਾ ਬਿਹਤਰੀਨ ਦਮ ਭਰਦਾ ਹੈ। ਲੋਕ-ਸਾਹਿਤ ਦੀ ਪੁਰਾਤਨ ਵਿਧਾ ਲੋਕ-ਨਾਟਕ ਦੀ ਪੁਰਾਤਨ ਪਰੰਪਰਾ ਨਾਲ ਮੇਲ ਖਾਂਦਾ ਇਹ ਨਾਟਕ ਤਕਨੀਕੀ ਤੌਰ 'ਤੇ ਕਈ ਕੁਝ ਸਮੇਟੀ ਬੈਠਾ ਹੈ। ਨਾਟਕ ਦੀ ਕਥਾ-ਵਸਤੂ ਜਾਂ ਪਲਾਟ ਦੋ ਇਨਸਾਨਾਂ ਦੀ ਮਾਨਸਿਕ ਪੀੜਾ ਪੇਸ਼ ਕਰਦਾ ਹੈ ਜੋ ਆਪਣੀਆਂ ਪਤਨੀਆਂ ਦੀ ਬੇਵਫ਼ਾਈ ਦਾ ਸ਼ਿਕਾਰ ਹਨ। ਦੋ-ਪਾਤਰੀ ਵਿਧੀ ਨਾਲ ਨੇਪਰੇ ਚੜ੍ਹਾਏ ਇਸ ਨਾਟਕ ਦੇ ਅਰੰਭ ਵਿਚ ਜੋ ਨਾਟਕਕਾਰ ਨੇ ਸਫਲਤਾ ਨਾਲ ਸਸਪੈਂਸ ਅਤੇ ਲਟਕਾਅ ਭਰੇ ਮਾਹੌਲ ਦੀ ਸਿਰਜਣਾ ਕੀਤੀ, ਉਹ ਅੰਤ ਤੱਕ ਪਾਠਕ ਜਾਂ ਦਰਸ਼ਕ ਨੂੰ ਬੰਨ੍ਹ ਕੇ ਬਿਠਾਈ ਰੱਖਦੀ ਹੈ। ਇਹੋ ਹੀ ਇਸ ਨਾਟਕ ਦੀ ਕੇਂਦਰੀ ਵਿਸ਼ੇਸ਼ਤਾ ਹੈ। ਪੰਜ ਦੇ ਕਰੀਬ ਛੋਟੇ ਨਾਟਕ (ਇਕਾਂਗੀਆਂ) ਲਿਖਣ ਤੋਂ ਬਾਅਦ ਪ੍ਰੋ: ਗੁਰਦੇਵ ਸਿੰਘ ਸੰਦੌੜ (ਚੁੰਬਰ) ਵੱਲੋਂ ਲਿਖਿਆ ਇਹ ਪਲੇਠਾ ਨਾਟਕ ਰਾਤ ਦੇ ਸਮੇਂ ਨਾਟਕ ਦੇ ਇਕ ਪਾਤਰ ਨੌਜਵਾਨ ਦੇ ਘਰ ਦਾ ਦਰਵਾਜ਼ਾ ਖਟਕਣ ਨਾਲ ਅਰੰਭ ਹੁੰਦਾ ਹੈ, ਜੋ ਕਿ ਨਾਟਕ ਦੇ ਦੂਜੇ ਪਾਤਰ ਅਜਨਬੀ ਵੱਲੋਂ ਖੜਕਾਇਆ ਜਾ ਰਿਹਾ ਹੈ। ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਅਜਨਬੀ ਦੇ ਹੱਥ 'ਚ ਫੜੀ ਤਲਵਾਰ ਅਤੇ ਇਕ ਮੂੰਹ ਬੱਝੀ ਬੋਰੀ ਜਿਥੇ ਮਾਹੌਲ ਵਿਚ ਡਰ ਦਾ ਪ੍ਰਭਾਵ ਤਾਰੀ ਕਰਦੀ ਹੈ, ਉਥੇ ਸਸਪੈਂਸ ਅਤੇ ਲਟਕਾਅ ਨੂੰ ਹੋਰ ਵੀ ਤਿੱਖਾ ਅਤੇ ਡੂੰਘਾ ਕਰਦੀ ਹੈ। ਨਾਟਕ ਦੀ ਬੋਲੀ ਮਲਵਈ ਅਸਰ ਬਿਖੇਰਦੀ ਪਾਤਰ ਉਸਾਰੀ ਨੂੰ ਪੂਰੀ ਸਫਲਤਾ ਨਾਲ ਅਸਰਅੰਦਾਜ਼ ਕਰਦੀ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
c c c

ਹੱਕ ਨੁਮਾਏ
ਸੂਫ਼ੀ ਮਤ ਦੇ ਸਿਧਾਂਤ

ਮੂਲ ਲੇਖਕ : ਸੁਲਤਾਨ ਬਾਹੂ
ਪੰਜਾਬੀ ਅਨੁਵਾਦਕ ਤੇ ਸੰਪਾਦਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 266
ਸੰਪਰਕ : 94174-84337.

ਬਾਹੂ ਅੱਲਾ ਤਾਲਾ ਦੇ 99 ਇਸਮੀ/ਕਿਰਤਮ ਨਾਮਾਂ ਵਿਚੋਂ ਇਕ ਹੈ। ਇਸ ਵਿਚ ਰੱਬੀ ਨੂਰ, ਸ਼ਕਤੀ ਤੇ ਖਿੱਚ ਹੈ। ਯਾਹੂ ਵੀ ਅੱਲਾ ਦੀ ਯਾਦ ਹੈ। ਹੂ, ਬਾਹੂ, ਯਾਹੂ ਸਭ ਇਕ ਦੂਜੇ ਨਾਲ ਜੁੜੇ ਹੋਏ ਹਨ। ਹਜ਼ਰਤ ਮੁਹੰਮਦ ਵਾਂਗ ਹੀ 63 ਸਾਲ ਉਮਰ ਭੋਗਣ ਵਾਲੇ ਲੋਕਪ੍ਰਿਯ ਸੂਫ਼ੀ ਸ਼ਾਇਰ ਸੁਲਤਾਨ ਬਾਹੂ ਨੇ 100 ਕਿਤਾਬਾਂ ਵਿਚ ਸੂਫ਼ੀ ਤਸੱਵੁਫ਼ ਦੇ ਬੜੇ ਗੁੱਝੇ ਅਨੁਭਵ ਤੇ ਭੇਦ ਖੋਲ੍ਹੇ। ਇਨ੍ਹਾਂ ਵਿਚੋਂ ਇਕ ਕਿਤਾਬ ਉਨ੍ਹਾਂ ਦੇ ਗੱਦੀ ਨਸ਼ੀਨ ਹਰੂਨ ਅਹਿਮਦ ਨੇ ਸੰਪਾਦਿਤ ਕਰਕੇ ਰੂਹਾਨੀ ਮਾਰਗ ਦੇ ਜਗਿਆਸੂਆਂ ਲਈ ਸਰਲ ਉਰਦੂ ਵਿਚ ਪਾਕਿਸਤਾਨੀ ਪੰਜਾਬ ਵਿਚ ਪ੍ਰਕਾਸ਼ਿਤ ਕੀਤੀ। ਅੱਲਾ ਦੇ ਦੀਨ ਦੁਨੀਆ ਦੇ ਭੇਦ ਜਾਣਨ ਦੇ ਮੁਤਲਾਸ਼ੀਆਂ ਲਈ ਪੰਜਾਬੀ ਜ਼ਬਾਨ ਤੇ ਗੁਰਮੁਖੀ ਲਿਪੀ ਵਿਚ ਇਸ ਦਾ ਅਨੁਵਾਦ ਸੁਲੱਖਣ ਸਰਹੱਦੀ ਨੇ ਕੀਤਾ ਹੈ।
ਖ਼ੁਦ ਬਾਹੂ ਫ਼ਰਮਾਉਂਦੇ ਹਨ ਕਿ ਮੈਂ ਇਸ ਕਿਤਾਬ ਵਿਚ ਸਭ ਕੁਝ ਸੱਚੋ-ਸੱਚ ਬਿਆਨ ਕਰ ਦਿੱਤਾ ਹੈ। ਕਿਤਾਬ ਖ਼ੁਦ ਉਸਤਾਦ ਤੇ ਮੁਰਸ਼ਦ ਹੈ। ਮਨ ਮਸਤਕ ਵਿਚ ਅੱਲਾ ਦੇ ਦਰਸ਼ਨ ਦੀ ਤਾਂਘ ਪੈਦਾ ਕਰਨ ਵਾਲੀ। ਸੰਪਾਦਕ ਹਾਰੂਨ ਕਹਿੰਦਾ ਹੈ ਕਿ ਮੇਰਾ ਮੁਰਸ਼ਦ ਬਾਹੂ ਬੇਮਿਸਾਲ ਹੈ। ਮੈਂ ਉਸ ਵਾਂਗ ਬਾਕਮਾਲ ਨਹੀਂ। ਉਸ ਦੀ ਨਿਮਰਤਾ ਉਸ ਨੂੰ ਉਚਿਆਉਂਦੀ ਹੈ। ਬਾਹੂ ਸਾਹਿਬ ਨੇ ਪਵਿੱਤਰ ਕਲਮੇ, ਮਸਤੀ, ਵਜੂਦ, ਮੁਰਸ਼ਦ, ਤਾਲਬ, ਮਾਅਰਫ਼ਤ, ਵਜੂਦ, ਜ਼ਾਹਰ, ਬਾਤਨ, ਇਲਹਾਮ, ਫ਼ੱਕਰ, ਫ਼ਕੀਰੀ ਜਿਹੇ ਵਿਸ਼ਿਆਂ ਉੱਤੇ ਬੜੀ ਬਾਰੀਕੀ ਨਾਲ ਆਪਣੇ ਅਨੁਭਵ ਦੇ ਆਧਾਰ 'ਤੇ ਜਜ਼ਬਾਤੀ ਸ਼ੈਲੀ ਵਿਚ ਚਰਚਾ ਕੀਤੀ ਹੈ। ਉਸ ਦੀ ਉੱਚ ਰੂਹਾਨੀ ਅਵਸਥਾ ਤੇ ਸਚਾਈ ਕਾਰਨ ਇਹ ਕਿਸੇ ਵੀ ਪਾਠਕ ਨੂੰ ਰੂਹਾਨੀ ਮਾਰਗ ਉੱਤੇ ਤੁਰਨ ਲਈ ਹੁਲਾਰਾ ਦੇਵੇਗੀ। ਹਾਰੂਨ ਸਾਹਿਬ ਨੇ ਡੇਢ ਕੁ ਸੌ ਪੰਨੇ ਦੇ ਮੂਲ ਪਾਠ ਨਾਲ ਸੌ ਸਵਾ ਸੌ ਪੰਨੇ ਦੀਆਂ ਆਪਣੀਆਂ ਸੰਪਾਦਕੀ ਟਿੱਪਣੀਆਂ ਦੇ ਕੇ ਇਸ ਪੁਸਤਕ ਨੂੰ ਆਮ ਪਾਠਕ ਦੇ ਹੋਰ ਨੇੜੇ ਲਿਆ ਦਿੱਤਾ ਹੈ।
ਮਜ਼ਹਬਾਂ, ਸੰਪਰਦਾਵਾਂ ਦੇ ਬਿਖੇੜਿਆਂ ਤੇ ਹੱਦਾਂ ਤੋਂ ਉੱਪਰ ਉੱਠ ਕੇ ਕੋਈ ਵੀ ਬੰਦਾ ਇਸ ਕਿਤਾਬ ਵਿਚੋਂ ਰੱਬੀ ਨੂਰ ਦੇ ਦਰਸ਼ਨ ਕਰਨ ਲਈ ਬਿਹਬਲ ਹੋ ਸਕਦਾ ਹੈ। ਸੁਲੱਖਣ ਸਰਹੱਦੀ ਦੇ ਇਸ ਅਨੁਵਾਦ ਦਾ ਮਹੱਤਵ ਇਸੇ ਕਾਰਨ ਹੈ। ਸਰਹੱਦੀ ਨੇ ਇਹ ਕਿਤਾਬ ਮਜ਼ਹਬੀ ਸਾਂਝਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਸਲਾਮ ਤੇ ਸਿੱਖ ਧਰਮ ਦੇ ਬੁਨਿਅਦੀ ਫ਼ਲਸਫ਼ੇ ਵਿਚ ਸਾਂਝੀ ਰੂਹ ਨੂੰ ਸਮਰਪਿਤ ਕੀਤੀ ਹੈ। ਮੁਕਤ ਮਨ ਨਾਲ ਹਰ ਪੰਜਾਬੀ ਇਸ ਨੂੰ ਪੜ੍ਹੇ ਮਾਣੇ ਤਾਂ ਚੰਗਾ ਹੋਵੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਚਾਨਣ ਦੀ ਕਾਵਿ-ਸਰਸਵਤੀ
ਕਵੀ : ਪ੍ਰਿੰ: ਕਰਤਾਰ ਸਿੰਘ ਕਾਲੜਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 244
ਸੰਪਰਕ : 0161-2740738.

ਪੁਸਤਕ ਦੇ ਭਾਗ ਪਹਿਲਾ, ਦੂਜਾ ਅਤੇ ਤੀਜਾ ਵਿਚ ਗੀਤ, ਕਵਿਤਾਵਾਂ ਅਤੇ ਰੁਬਾਈਆਂ ਨੂੰ ਜਿਥੇ ਅਜੋਕੀ ਵਿਚਾਰਧਾਰਕ ਵਿਭਿੰਨਤਾ ਵਾਲੇ ਦ੍ਰਿਸ਼ਟੀਕੋਣ ਤੋਂ ਪ੍ਰਗਟਾਇਆ ਗਿਆ ਹੈ, ਉਥੇ ਕਾਵਿ-ਵਿਭਿੰਨਤਾ ਦੇ ਕਾਵਿ-ਪੈਰਾਡਾਈਮ ਦੇ ਨੇਮਾਂ ਨੂੰ ਵੀ ਛੰਦ-ਯੁਕਤ, ਅਲੰਕਾਰਕ ਦ੍ਰਿਸ਼ਟੀ, ਰਸਕਤਾ ਅਤੇ ਲੈਣ ਯੁਕਤ ਵਾਲੇ ਨੇਮਾਂ ਦੇ ਅਨੁਸਰਨੀ ਤੋਂ ਹੋ ਕੇ ਬਾ-ਖੂਬੀ ਪ੍ਰਗਟਾਇਆ ਹੈ। ਜਿਥੇ ਪ੍ਰਿੰ: ਕਾਲੜਾ ਕਦੇ ਗ਼ਜ਼ਲ ਦੀ ਸਿਨਫ਼ ਨੂੰ ਆਧੁਨਿਕ ਸੋਚ-ਦ੍ਰਿਸ਼ਟੀ ਦੇ ਅੰਤਰਗਤ ਪੇਸ਼ ਕਰਦਾ ਰਿਹਾ ਜਾਪਦਾ ਸੀ, ਉਥੇ ਇਨ੍ਹਾਂ ਗੀਤਾਂ, ਕਵਿਤਾਵਾਂ ਅਤੇ ਰੁਬਾਈਆਂ ਵਿਚ ਵੀ ਉਹ ਸਾਮਿਅਕ ਕਾਲ-ਖੰਡ ਵਿਚੋਂ ਉਪਜੀਆਂ ਸਮਾਜਿਕ, ਨੈਤਿਕ, ਸੱਭਿਆਚਾਰਕ, ਇਤਿਹਾਸਕ, ਰਾਜਸੀ ਅਤੇ ਪ੍ਰਸ਼ਾਸਨਿਕ ਪ੍ਰਸਥਿਤੀਆਂ ਵਿਚੋਂ ਉਪਜੀਆਂ ਸੰਗਤੀਆਂ-ਵਿਸੰਗਤੀਆਂ ਦਾ ਵੀ ਆਲੋਚਨਾਤਮਕ ਵਿਰੇਚਨ ਪ੍ਰਗਟ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਮੂਲ ਰੂਪ ਵਿਚ ਅੰਕਿਤ ਇਸ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਅਜੋਕੇ ਮਨੁੱਖ ਨੂੰ ਉਸਾਰੂ ਕਦਰਾਂ-ਕੀਮਤਾਂ ਨੂੰ ਧਾਰਨ ਕਰਨ ਲਈ ਪ੍ਰੇਰਕ ਹਨ ਪਰ ਕਾਵਿ-ਭਾਸ਼ਾ, ਵਿਅੰਗ-ਦ੍ਰਿਸ਼ਟੀ, ਬਿੰਬ ਉਸਾਰਨ ਵਾਲੀ ਕਾਵਿ-ਪ੍ਰਤਿਭਾ ਪੱਖੋਂ ਪ੍ਰਿੰ: ਕਾਲੜਾ ਅਜੋਕੇ ਦੌਰ ਦੇ ਕਵੀਆਂ ਤੋਂ ਬਹੁਤ ਅਗਾਂਹ ਲੰਘ ਗਿਆ ਪ੍ਰਤੀਤ ਹੁੰਦਾ ਹੈ। ਇਸੇ ਭਾਵਬੋਧ ਜ਼ਰੀਏ ਅਜੋਕੇ ਕਵੀਆਂ ਦੀ ਕਲਾਤਮਿਕਤਾ ਵਿਚੋਂ ਉਸ ਨੂੰ ਖਿਆਲ ਉਡਾਰੀ, ਵਿਅੰਗ-ਸਿਰਜਣਾ, ਭਾਵਾਂ ਦੀ ਗਹਿਰਾਈ ਅਤੇ ਮਾਨਵ ਹਿਤ ਲਈ ਸਦਭਾਵਨਾ ਲੱਭਦੀ ਨਜ਼ਰੀਂ ਨਹੀਂ ਪੈਂਦੀ ਅਤੇ ਨਾਲ ਦੀ ਨਾਲ ਆਲੋਚਕਾਂ ਦੀ ਬੌਣੀ ਦ੍ਰਿਸ਼ਟੀ ਵੀ ਉਸ ਨੂੰ ਰੜਕਦੀ ਹੈ। ਦੋ ਮਿਸਰੇ, ਰੂਬਾਈਆਂ, ਗੀਤ ਅਤੇ ਗ਼ਜ਼ਲਾਂ ਜਿਹੇ ਕਾਵਿ-ਰੂਪਾਕਾਰ ਅਜੋਕੇ ਕਵੀਆਂ ਲਈ ਸਿੱਖਣਯੋਗ ਮਾਡਲ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.
c c c

20/05/2017

 ਹਬੀਬ ਜਾਲਿਬ ਜੀਵਨ ਤੇ ਰਚਨਾ
ਲੇਖਕ : ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 94636-84511.

ਡਾ: ਹਰਪ੍ਰੀਤ ਸਿੰਘ ਹੁੰਦਲ ਨੇ ਮਸ਼ਹੂਰ ਕਵੀ ਹਬੀਬ ਜਾਲਿਬ : ਜੀਵਨ ਤੇ ਰਚਨਾ 'ਤੇ ਖੋਜ ਕਾਰਜ ਕੀਤਾ ਹੈ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਡਾ: ਸਾਹਿਬ ਨੇ ਇਸ ਪੁਸਤਕ ਨੂੰ ਤਿੰਨ ਪ੍ਰਮੁੱਖ ਅਧਿਆਇਆਂ 'ਚ ਵੰਡ ਕੇ ਖੋਜ ਦਾ ਕਾਰਜ ਕੀਤਾ ਹੈ। ਪਹਿਲੇ ਅਧਿਆਇ 'ਚ ਉਸ ਦੇ ਪਿੰਡ, ਬਚਪਨ, ਮੁਢਲੀ ਪੜ੍ਹਾਈ ਦੇਸ਼ ਦੀ ਵੰਡ ਦੇ ਹਾਲਾਤ, ਕਵਿਤਾ ਦੀ ਚੇਟਕ, ਬੂਟਾਂ ਦੀ ਸਰਕਾਰ ਅਧੀਨ ਪੁਲਿਸ ਦੀ ਧੱਕੇਸ਼ਾਹੀ, ਸ਼ਖ਼ਸੀਅਤ, ਸਾਹਿਤ ਤੇ ਸਿਆਸਤ ਉਪ-ਖੰਡਾਂ 'ਚ ਵੰਡ ਕੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਹਬੀਬ ਜਾਲਿਬ ਦੇ ਪਿਤਾ ਪੜ੍ਹੇ-ਲਿਖੇ ਇਨਸਾਨ ਸਨ, ਇਸੇ ਲਈ ਉਹ ਆਪਣੇ ਪੱਤਰ ਨੂੰ ਵੀ ਪੜ੍ਹਾਉਣਾ ਚਾਹੁੰਦੇ ਸਨ ਪ੍ਰੰਤੂ ਦੇਸ਼ ਦੀ ਵੰਡ ਹੋਣ ਕਰਕੇ ਆਪਣੇ ਭਰਾ ਮੁਸ਼ਤਾਕ ਹੁਸੈਨ ਵਾਂਗ ਮੈਟ੍ਰਿਕ ਕਰਕੇ ਦਿੱਲੀ 'ਚ ਕਲਰਕ ਲੱਗਣ ਦੀ ਥਾਵੇਂ ਪਾਕਿਸਤਾਨ ਦਾ ਵੱਡਾ ਸ਼ਾਇਰ ਬਣ ਗਿਆ। ਘੋਰ ਗ਼ਰੀਬੀ 'ਚ ਵਿਚਰਦਿਆਂ ਵੀ ਆਪਣੀ ਲਗਨ ਅਤੇ ਮਿਹਨਤ ਸਦਕਾ ਉੱਚ ਪਾਏ ਦਾ ਕਵੀ ਬਣਿਆ। ਦੂਸਰੇ ਅਧਿਆਇ ਵਿਚ ਹਬੀਬ ਜਾਲਿਬ ਦੀ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ 'ਤੇ ਤਬਸਰਾ ਕੀਤਾ ਗਿਆ ਹੈ। ਹਬੀਬ ਜਾਲਿਬ ਬੁਨਿਆਦੀ ਤੌਰ 'ਤੇ ਉਰਦੂ ਭਾਸ਼ਾ ਦੇ ਸ਼ਾਇਰ ਸਨ। ਉਸ ਦੀਆਂ ਪੰਜਾਬੀ ਕਵਿਤਾਵਾਂ ਨੂੰ ਹਬੀਬ ਸਾਹਿਬ ਦੀ ਮੌਤ ਤੋਂ ਬਾਅਦ ਉਸ ਦੇ ਕਰਾਚੀ ਰਹਿੰਦੇ ਭਰਾ ਸਈਦ ਪ੍ਰਵੇਜ਼ ਨੇ ਇਕੱਠੀਆਂ ਕਰਕੇ 'ਰਾਤ ਕੁਲਹਿਣੀ' ਸੰਗ੍ਰਹਿ ਦੇ ਨਾਂਅ ਹੇਠ 2001 ਵਿਚ ਛਪਵਾਇਆ। ਵਿਅੰਗ ਉਨ੍ਹਾਂ ਦੀ ਸ਼ਾਇਰੀ ਦਾ ਪ੍ਰਮੁੱਖ ਰੰਗ ਹੈ। ਦੇਸ਼ ਦੇ ਮੌਕਾਪ੍ਰਸਤਾਂ 'ਤੇ ਵਿਅੰਗ ਦੀ ਇਹ ਵੰਨਗੀ ਦੇਖਣਯੋਗ ਹੈ :
ਜਾਲਿਬ ਸਾਈਂ, ਕਦੇ ਕਦਾਈਂ, ਚੰਗੀ ਗੱਲ ਵੀ ਕਹਿ ਜਾਂਦਾ ਏ,
ਲੱਖ ਪੂਜੋ ਚੜ੍ਹਦੇ ਸੂਰਜ ਨੂੰ, ਆਖਿਰ ਇਹ ਲਹਿ ਜਾਂਦਾ ਏ।
ਅਧਿਆਇ ਵਿਚ ਪੰਜਾਬੀ ਕਵਿਤਾਵਾਂ, ਰਚਨਾਵਾਂ ਦਾ ਵੇਰਵਾ, ਹਬੀਬ ਜਾਲਿਬ ਬਾਰੇ ਛਪੀਆਂ ਪੁਸਤਕਾਂ ਦਾ ਵੇਰਵਾ, ਪੁਰਸਕਾਰਾਂ ਦਾ ਵੇਰਵਾ, ਜੀਵਨ ਸਮਾਚਾਰ, ਸਹਾਇਕ ਪੁਸਤਕ ਸੂਦੀ, ਹਬੀਬ ਜਾਲਿਬ ਬਾਰੇ ਹੋਏ ਖੋਜ ਕਾਰਜਾਂ ਦਾ ਵਿਸਥਾਰਿਤ, ਭਾਵ ਪੂਰਤ ਵੇਰਵਾ ਦਿੱਤਾ ਗਿਆ ਹੈ। ਡਾ: ਸਾਹਿਬ ਨੇ ਬਹੁਤ ਹੀ ਸ਼ਿੱਦਤ ਦੇ ਨਾਲ ਇਸ ਖੋਜ ਕਾਰਜ ਨੂੰ ਨਿਭਾਇਆ ਹੈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
c c c

ਗ਼ਦਰ ਲਹਿਰ
ਦੀ ਲਹੂ-ਰੰਗੀ ਕਹਾਣੀ

ਲੇਖਕ : ਗਿਆਨੀ ਹੀਰਾ ਸਿੰਘ ਦਰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 82
ਸੰਪਰਕ : 0172-4608699.

ਵਿਚਾਰ ਅਧੀਨ ਪੁਸਤਕ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਉਸਰਈਏ ਦੇਸ਼ ਭਗਤ ਕਵੀ ਅਤੇ ਸਾਹਿਤਕਾਰ ਗਿਆਨੀ ਹੀਰਾ ਸਿੰਘ ਦਰਦ ਦੀ ਗ਼ਦਰ ਲਹਿਰ ਦੇ ਮੰਤਵ, ਇਨਕਲਾਬੀ ਇਤਿਹਾਸ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਇਸ ਲਹਿਰ ਦੇ ਇਤਿਹਾਸਕ ਯੋਗਦਾਨ ਅਤੇ ਮਹਾਨਤਾ ਨੂੰ ਦਰਸਾਉਣ ਵਾਲੀ ਅਤਿ ਮਹੱਤਵਪੂਰਨ ਰਚਨਾ ਹੈ। ਇਸ ਪੁਸਤਕ ਵਿਚ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਗ਼ਦਰੀ ਪ੍ਰਵਾਨਿਆਂ ਦੀ ਲਾਸਾਨੀ ਕੁਰਬਾਨੀ ਨੂੰ ਅਤਿ ਸਰਲ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਬਿਆਨ ਕੀਤਾ ਗਿਆ ਹੈ। ਪੁਸਤਕ ਨੂੰ ਗਿਆਰਾਂ ਕਾਂਡਾਂ ਵਿਚ ਵੰਡਿਆ ਗਿਆ ਹੈ-(1) ਗ਼ਦਰ ਪਾਰਟੀ ਦਾ ਪਿਛੋਕੜ, (2) ਗ਼ਦਰ ਪਾਰਟੀ ਤੇ ਇਨਕਲਾਬ ਦੀ ਤਿਆਰੀ, (3) ਸਵਾਧੀਨਤਾ-ਯੁੱਧ ਦਾ ਐਲਾਨ ਤੇ ਦੇਸ਼ ਨੂੰ ਵਹੀਰਾਂ, (4) ਸਵਾਧੀਨਤਾ-ਯੁੱਧ ਦੀ ਤਿਆਰੀ ਤੇ ਸਿਰਧੜ ਦੀ ਬਾਜ਼ੀ, (5) ਤਿਆਰੀ ਦਾ ਦੂਜਾ ਦੌਰ, (6) ਤਿਆਰੀ ਦਾ ਜਾਇਜ਼ਾ, (7) ਰੰਗ ਵਿਚ ਭੰਗ-ਭੇਦ ਖੁੱਲ੍ਹ ਜਾਣਾ, (8) ਗ੍ਰਿਫ਼ਤਾਰੀਆਂ ਦੀ ਭਰਮਾਰ, (9) 19 ਫਰਵਰੀ ਤੋਂ ਮਗਰੋਂ ਦੀਆਂ ਘਟਨਾਵਾਂ, (10) ਮੁਕੱਦਮੇ ਅਤੇ ਸਜ਼ਾਵਾਂ, (11) ਗ਼ਦਰ ਲਹਿਰ ਦਾ ਇਤਿਹਾਸ ਵਿਚ ਸਥਾਨ। ਲੇਖਕ ਨੇ ਉਪਰੋਕਤ ਕਾਂਡਾਂ ਵਿਚ ਗ਼ਦਰ ਲਹਿਰ ਦੇ ਹਰ ਪਹਿਲੂ ਬਾਰੇ ਪ੍ਰਭਾਵਸ਼ਾਲੀ ਸ਼ੈਲੀ ਰਾਹੀਂ ਸੰਖੇਪ ਅਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਕੇ ਇਸ ਲਹਿਰ ਦੇ ਇਤਿਹਾਸਕ ਮਹੱਤਵ ਅਤੇ ਮਹਾਨਤਾ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗ਼ਦਰ ਲਹਿਰ ਦੇ ਜ਼ਿਕਰ ਤੋਂ ਬਿਨਾਂ ਆਜ਼ਾਦੀ ਸੰਗਰਾਮ ਦਾ ਇਤਿਹਾਸ ਅਧੂਰਾ ਹੈ। ਗ਼ਦਰ ਲਹਿਰ ਪੰਜਾਬ ਦੀ ਇਨਕਲਾਬੀ ਅਤੇ ਗੌਰਵਮਈ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ, ਜਿਸ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਸਦਾ ਪ੍ਰੇਰਨਾ ਲੈਂਦੀ ਰਹੇਗੀ।

-ਸੁਖਦੇਵ ਮਾਦਪੁਰੀ
ਮੋ: 94630-34472.
c c c

ਚਿੱਟਾ ਪਿੰਡ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98143-04213.

ਬਹੁਪੱਖੀ ਲੇਖਕ ਗੁਰਮੇਲ ਸਿੰਘ ਬੌਡੇ ਦੀਆਂ ਕਹਾਣੀਆਂ ਦੀ ਨਵਪ੍ਰਕਾਸ਼ਿਤ ਕਿਤਾਬ ਵਿਚ ਕੁੱਲ ਤੇਰਾਂ ਕਹਾਣੀਆਂ ਹਨ। ਲੇਖਕ ਪੰਜਾਬ ਦੇ ਸਮੁੱਚੇ ਸੱਭਿਆਚਾਰ ਤੇ ਸਰਕਾਰੀ ਨੀਤੀਆਂ ਦਾ ਗਹਿਰਾ ਵਿਸ਼ਲੇਸ਼ਣ ਕਰਦਾ ਹੈ। ਕਹਾਣੀਆਂ ਵਿਚ ਪੰਜਾਬ ਚੁਰਾਸੀ, ਕਾਰਗਿਲ ਜੰਗ, ਪੰਜਾਬ ਦੀ ਫੇਲ੍ਹ ਹੋਈ ਸਿੱਖਿਆ ਨੀਤੀ, ਨਸ਼ਾ ਤਸਕਰੀ, ਨਸ਼ਿਆਂ ਵਿਚ ਗਰਕਦੀ ਪੰਜਾਬ ਦੀ ਜਵਾਨੀ, ਪੰਜਾਬੀ ਮਾਂ ਬੋਲੀ ਤੋਂ ਟੁੱਟੇ ਸਾਡੇ ਬੱਚੇ ਤੇ ਨੌਜਵਾਨ, ਦੀ ਪੂਰੀ ਝਲਕ ਹੈ। ਕਹਾਣੀ ਕੰਧੇੜੇ ਚੜ੍ਹੀ ਜ਼ਿੰਦਗੀ ਵਿਚ ਪਰਿਵਾਰ ਦੇ ਦੋ ਜੀਅ ਜੰਗ ਵਿਚ ਸ਼ਹੀਦ ਹੁੰਦੇ ਹਨ। ਚਿਲਕਣੇ ਖੰਭਾਂ ਦੀ ਉਡਾਰੀ ਵਿਚ ਮੁਰਗਾਬੀਆਂ ਦਾ ਸ਼ਿਕਾਰ ਕਰਨ ਗਿਆ ਪਾਤਰ ਮੌਤ ਦੇ ਮੂੰਹ ਜਾ ਪੈਂਦਾ ਹੈ। ਕਿਤਾਬ ਦੇ ਸਿਰਲੇਖ ਵਾਲੀ ਕਹਾਣੀ ਨਸ਼ਿਆਂ ਦਾ ਸ਼ਿਕਾਰ ਹੋਈ ਨੌਜਵਾਨੀ ਦਾ ਦੁਖਾਂਤ ਚਿਤਰਣ ਹੈ। ਪੰਨਾ 68 ਦੀ ਕਿਕਲੀ ਦਿਲਚਸਪ ਹੈ। ਮੱਥੇ ਦਾ ਤ੍ਰਿਸ਼ੂਲ ਦੀ ਪਾਤਰ ਆਪਣੀ ਠੇਕੇ ਦੀ ਨੌਕਰੀ ਦੀ ਤਨਖਾਹ ਗ੍ਰੰਥੀ ਨੂੰ ਦੱਸਦੀ ਹੈ ਤਾਂ ਉਸ ਦੇ ਬੋਲ ਹਨ-ਹੈਂਅ ਐਨੀ ਘੱਟ? ਇਹ ਤਾਂ ਕੁਝ ਵੀ ਨਹੀਂ ਐਵੇਂ ਏਨੀ ਪੜ੍ਹਾਈ 'ਤੇ ਮੱਥਾ ਮਾਰਿਆ (ਪੰਨਾ 78) ਸਰਾਪ ਅੰਧ-ਵਿਸ਼ਵਾਸ ਦੀ ਕਥਾ ਹੈ। ਮੋਹਨ ਬਨਾਮ ਮੋਹਣੀ ਵਿਚ ਪਾਤਰ ਨਸ਼ਿਆਂ ਵਿਚ ਨਾਮਰਦ ਬਣ ਜਾਂਦਾ ਹੈ ਤੇ ਕਿੰਨਰਾਂ ਵਿਚ ਸ਼ਾਮਿਲ ਹੋ ਜਾਂਦਾ ਹੈ। ਲਾਲ ਫੂਲਾਂ ਦੀ ਸਿਸਕੀ ਵਿਚ ਕਿੰਨਰਾਂ ਦੀ ਜ਼ਿੰਦਗੀ ਹੈ। ਸੰਗ੍ਰਹਿ ਨਾਂਹ-ਪੱਖੀ ਪੱਖੀ ਯਥਾਰਥ ਦਾ ਅਹਿਮ ਦਸਤਾਵੇਜ਼ ਹੈ। ਛਪਾਈ ਤੇ ਦਿਖ ਚੰਗੀ ਹੈ। ਕਿਤਾਬ ਪੜ੍ਹਨ ਵਾਲੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
c c c

ਤਾਰਾ ਮੰਡਲ
ਲੇਖਕ : ਡਾ: ਅਸ਼ੋਕ ਭਾਟੀਆ
ਅਨੁ: ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 150, ਸਫ਼ੇ : 104
ਸੰਪਰਕ : 09416152100.

'ਤਾਰਾ ਮੰਡਲ' ਅਸ਼ੋਕ ਭਾਟੀਆ ਦਾ ਮਿੰਨੀ ਕਹਾਣੀ-ਸੰਗ੍ਰਹਿ ਹੈ, ਜਿਸ ਨੂੰ ਜਗਦੀਸ਼ ਰਾਏ ਕੁਲਰੀਆਂ ਨੇ ਅਨੁਵਾਦ ਕੀਤਾ ਹੈ, ਜਿਸ ਵਿਚ ਉਸ ਨੇ 54 ਕਹਾਣੀਆਂ ਦੀ ਤਰਜ਼ਮਾਨੀ ਕੀਤੀ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਪਸਾਰਾਂ ਅਤੇ ਮਨੁੱਖੀ ਮਾਨਸਿਕਤਾ ਦੀਆਂ ਪਰਤਾਂ ਨੂੰ ਛੋਹਿਆ ਗਿਆ ਹੈ। ਜਿਵੇਂ-'ਸਰਾਧ', 'ਰਿਸ਼ਤੇ', 'ਅੰਦਰਲਾ ਸੱਚ', 'ਇਕ ਪਹੇਲੀ', 'ਬੇਟੀ ਵੱਡੀ ਹੋ ਗਈ ਹੈ', 'ਗੀਤਾ ਦੀ ਕਸਮ', 'ਅੰਬੀਆਂ', 'ਮਾਂ-ਪੁੱਤ ਸੰਵਾਦ', 'ਸ਼ੇਰ ਤੇ ਬੱਕਰੀ', 'ਕੁੰਡਲੀ', 'ਜ਼ਿੰਦਗੀ', 'ਜਾਲ', 'ਕਹਾਣੀ ਅਜੇ ਮੁੱਕੀ ਨਹੀਂ', 'ਚੰਗਾ ਘਰ', 'ਅੱਜ ਦਾ ਕਿਸਾਨ' ਵਿਚ ਮਨੁੱਖੀ ਮਾਨਸਿਕਤਾ ਅਤੇ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਬਿਆਨ ਕਰਦੀਆਂ ਕਹਾਣੀਆਂ ਹਨ। ਜਿਵੇਂ ਉਸ ਨੇ 'ਕੁੰਡਲੀ ਦਰਸ਼ਨ', 'ਗੀਤਾ ਦੀ ਕਸਮ', 'ਨਿਚੋੜ' ਕਹਾਣੀਆਂ ਵਿਚ ਅਜੋਕੇ ਸਮੇਂ ਲੋਕਾਂ ਵਿਚ ਅੰਧਵਿਸ਼ਵਾਸੀ ਮਾਨਸਿਕਤਾ ਦੀ ਗੱਲ ਕੀਤੀ ਹੈ ਅਤੇ ਗੀਤਾ ਰਮਾਇਣ ਮਹਾਂਭਾਰਤ ਦੇ ਮਾਧਿਅਮ ਰਾਹੀਂ ਸੱਭਿਆਚਾਰੀ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਉਪਰਾਲਾ ਵੀ ਕੀਤਾ ਹੈ, ਅੱਜ ਦੀ ਕਿਸਾਨੀ ਪ੍ਰਤੀ ਮਾਰੂ ਨੀਤੀਆਂ, ਮਨੁੱਖ ਦੀਆਂ ਗ਼ਲਤ ਕਦਰਾਂ-ਕੀਮਤਾਂ, ਬਾਜ਼ਾਰਵਾਦ ਅਤੇ ਭ੍ਰਿਸ਼ਟਾਚਾਰ ਅਤੇ ਬੌਣੇਪਣ ਦੀ ਬਾਤ ਵੀ ਆਪਣੀਆਂ ਕਹਾਣੀਆਂ ਵਿਚ ਪਾਈ ਹੈ। ਗੱਲ ਕੀ ਅਸ਼ੋਕ ਭਾਟੀਆ ਦੀਆਂ ਸਾਰੀਆਂ ਕਹਾਣੀਆਂ ਹੀ ਸਮਾਜ ਦੀ ਤਰਜ਼ਮਾਨੀ ਕਰਦੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਨੂੰ ਅਨੁਵਾਦ ਕਰਕੇ ਜਗਦੀਸ਼ ਰਾਏ ਕੁਲਰੀਆਂ ਨੇ ਚਾਰ ਚੰਨ ਲਗਾ ਦਿੱਤੇ ਹਨ। ਅਨੁਵਾਦਕ ਨੇ ਆਪਣੀ ਭਾਸ਼ਾ ਵਿਚ ਕਹਾਣੀਆਂ ਦੀ ਗੱਲ ਕਰਕੇ ਸਮਾਜ ਵਿਚ ਹੁੰਦੀ ਤਬਦੀਲੀ ਨੂੰ ਬਿਆਨ ਕੀਤਾ ਹੈ ਅਤੇ ਆਪਣੀ ਸ਼ਬਦਾਵਲੀ ਨਾਲ ਕਹਾਣੀਆਂ ਵਿਚ ਵਿਲੱਖਣਤਾ ਲੈ ਆਂਦੀ ਹੈ ਅਤੇ ਉਸ ਦੀਆਂ ਸਾਰੀਆਂ ਕਹਾਣੀਆਂ ਹੀ ਸਹਿਜ-ਭਾਅ ਚਲਦੀਆਂ ਹਨ। ਲੇਖਕ ਪਾਠਕਾਂ ਦੇ ਸਮਾਜਿਕ ਸਰੋਕਾਰਾਂ ਨੂੰ ਸਮਝਣ ਵਾਲਾ ਹੈ ਅਤੇ ਨਵੇਂ ਦਿਸਹੱਦੇ ਚਿਤਰਨ ਵਾਲਾ ਕਹਾਣੀਕਾਰ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 098553-95161
c c c

ਕਿਉੜੇ ਕੇਸਰ
ਸ਼ਾਇਰ : ਅਸ਼ਵਨੀ ਗੁਪਤਾ
ਪ੍ਰਕਾਸ਼ਕ : ਪਰੱਗਿਆ ਸਾਹਿਤ ਪ੍ਰਕਾਸ਼ਨ, ਮੋਗਾ
ਮੁੱਲ-125 ਰੁਪਏ, ਸਫ਼ੇ : 80
ਸੰਪਰਕ : 94642-93764.

ਅਸ਼ਵਨੀ ਗੁਪਤਾ ਮੌਜੂਦਾ ਪੀੜ੍ਹੀ ਦਾ ਮਕਬੂਲ ਪੰਜਾਬੀ ਨਾਵਲਕਾਰ ਹੈ, ਜਿਸ ਨੇ ਛੇ ਦੇ ਕਰੀਬ ਨਾਵਲ ਤੇ ਕੁਝ ਮਹੱਤਵਪੂਰਨ ਅਨੁਵਾਦ ਕੀਤੇ ਹਨ। ਹੁਣ ਉਸ ਨੇ 'ਕਿਉੜੇ ਕੇਸਰ' ਪੁਸਤਕ ਰਾਹੀਂ ਪੰਜਾਬੀ ਗ਼ਜ਼ਲ ਮਹਿਫ਼ਲ ਵਿਚ ਨਿੱਗਰ ਦਸਤਕ ਦਿੱਤੀ ਹੈ। ਗੁਪਤਾ ਕੋਲ ਸ਼ਬਦਾਂ ਦੀ ਕੋਈ ਕਮੀ ਨਹੀਂ ਤੇ ਉਨ੍ਹਾਂ ਨੂੰ ਤਰਤੀਬ ਦੇਣ ਦਾ ਉਹ ਮਾਹਿਰ ਹੈ। ਕਿਤਾਬ ਵਿਚ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਉਸ ਦੇ ਵਿਅੰਗ ਤੇ ਮਸ਼ਕਰੀਆਂ ਮਾਣਨ ਵਾਲੀਆਂ ਹਨ। ਇਹ ਯੁਗਤ ਪੰਜਾਬੀ ਗ਼ਜ਼ਲ ਵਿਚ ਓਨੀ ਧਾਰਦਾਰ ਨਹੀਂ ਹੋ ਸਕੀ ਪਰ ਗੁਪਤਾ ਦੇ ਸ਼ਿਅਰਾਂ ਦਾ ਆਕਰਸ਼ਨ ਇਸੇ ਧਾਰ 'ਤੇ ਟਿਕਿਆ ਹੋਇਆ ਹੈ। ਆਪਣੇ ਵਿਅੰਗ ਦੇ ਨਾਲ-ਨਾਲ ਉਸ ਨੇ ਸੰਜੀਦਗੀ ਵੀ ਬਰਕਰਾਰ ਰੱਖੀ ਹੈ। ਗ਼ਜ਼ਲਕਾਰ ਨੇ ਮਾਨਵੀ ਰਿਸ਼ਤਿਆਂ ਦੀ ਬੇਗ਼ਾਨਗੀ ਤੇ ਲੋਕ ਮਸਲਿਆਂ 'ਤੇ ਦੱਬੀ ਜ਼ਬਾਨ ਦੀ ਥਾਂ ਖੁੱਲ੍ਹ ਕੇ ਲਿਖਿਆ ਹੈ। ਉਸ ਦੀਆਂ ਗ਼ਜ਼ਲਾਂ ਦੀ ਹੋਰ ਖ਼ੂਬੀ ਇਨ੍ਹਾਂ ਦੀ ਸਰਲਤਾ ਹੈ। ਆਮ ਭਾਸ਼ਾ ਵਿਚ ਚਿਰ ਪ੍ਰਭਾਵੀ ਗੱਲ ਕਰਨ ਦਾ ਉਸ ਕੋਲ ਹੁਨਰ ਹੈ। ਇਹ ਜਾਣਦੇ ਹੋਏ ਵੀ ਕਿ ਸਾਹਮਣੇ ਵਾਲਿਆਂ ਕੋਲ ਗਾਰ ਦੀ ਭਰੀ ਪਿਚਕਾਰੀ ਹੈ ਪਰ ਉਹ ਉਨ੍ਹਾਂ ਨਾਲ ਹੋਲੀ ਖੇਡਣ ਲਈ ਕਿਉੜੇ ਕੇਸਰ ਲੈ ਕੇ ਜਾਂਦਾ ਹੈ। ਉਸ ਮੁਤਾਬਿਕ ਬਹੁਤੇ ਲੋਕਾਂ ਨੂੰ ਖ਼ੁਸ਼ਬੂ ਤੇ ਹਵਾੜ ਦੇ ਅੰਤਰ ਦਾ ਹੀ ਗਿਆਨ ਨਹੀਂ। ਗ਼ਜ਼ਲ ਉਸਤਾਦਾਂ ਬਾਰੇ ਉਸ ਦੀ ਨੋਕ-ਝੋਕ ਚੰਗੀ ਲਗਦੀ ਹੈ ਪਰ ਜੇ ਇਹ ਗ਼ਜ਼ਲਾਂ ਕਿਸੇ ਉਸਤਾਦ ਦੀ ਨਜ਼ਰ 'ਚੋਂ ਗੁਜ਼ਰੀਆਂ ਹੁੰਦੀਆਂ ਤਾਂ 'ਦੋ ਦੂਣੀ ਪੰਜ' ਦੀ ਥਾਂ ਅੱਠ ਹੋਣਾ ਸੀ। ਫਿਰ ਵੀ ਇਨ੍ਹਾਂ ਗ਼ਜ਼ਲਾਂ ਦਾ ਆਪਣਾ ਇਕ ਵੱਖਰਾ ਅੰਦਾਜ਼ ਹੈ, ਜੋ ਪਾਠਕ ਨੂੰ ਉਂਗਲ ਲਾ ਕੇ ਤੋਰੀ ਰੱਖਣ ਦੇ ਸਮਰੱਥ ਹੈ।

-ਗੁਰਦਿਆਲ ਰੌਸ਼ਨ
ਮੋ: 9988444002
c c c

ਖੂਹਾਂ ਦੇ ਖਲਾਅ
ਲੇਖਕ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94160-61061.

'ਖੂਹਾਂ ਦੇ ਖਲਾਅ' ਕਵੀ ਰਮੇਸ਼ ਕੁਮਾਰ ਦਾ ਕਾਵਿ ਸੰਗ੍ਰਹਿ ਹੈ। ਕਵੀ ਨੇ ਵਰਤਮਾਨ ਪੰਜਾਬ ਦੇ ਬਦਲਦੇ ਸਮਾਜਿਕ ਤਾਣੇ-ਬਾਣੇ ਅਤੇ ਇਨਸਾਨੀ ਕਦਰਾਂ-ਕਮਤਾਂ ਵਿਚ ਆ ਰਹੇ ਪਰਿਵਰਤਨ ਬਾਰੇ ਬਹੁਤ ਸਾਰੀਆਂ ਰਚਨਾਵਾਂ ਇਸ ਸੰਗ੍ਰਹਿ ਵਿਚ ਰਚੀਆਂ ਹਨ। ਕਵੀ ਮਨ ਬੀਤੇ ਸਮੇਂ ਪ੍ਰਤੀ ਉਦਰੇਵੇਂ ਅਤੇ ਵਰਤਮਾਨ ਪ੍ਰਤੀ ਉਦਾਸੀਨਤਾ ਦਾ ਪ੍ਰਗਟਾਵਾ ਕਰਦਾ ਹੈ। ਛੋਟੀਆਂ-ਛੋਟੀਆਂ ਮਾਨਵੀ ਜੀਵਨ ਦੀਆਂ ਪ੍ਰਕਿਰਿਆਵਾਂ ਅਤੇ ਮਾਨਵੀ ਪੱਖਾਂ ਨੂੰ ਉਭਾਰਦਾ ਕਵੀ ਦਾ ਆਪਾ ਬੜਾ ਸੰਵੇਦਨਸ਼ੀਲ ਹੋ ਜਾਂਦਾ ਹੈ। ਨਵੀਂ ਪੀੜ੍ਹੀ ਦੀ ਵਿਗਿਆਨਕ ਸੋਚ ਤੇ ਪੁਰਾਣੀ ਪੀੜ੍ਹੀ ਲਈ ਨਵੇਂ ਨੂੰ ਅਪਣਾਉਣ ਦੀ ਝਿਜਕ ਕਵੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚੋਂ ਝਲਕਦੀ ਹੈ। ਕਵੀ ਦਾ ਆਪਾ ਨਾਰੀ ਮਨ ਦੀਆਂ ਕਈ ਸੂਖਮ ਭਾਵਨਾਵਾਂ ਅਤੇ ਨਾਰੀ ਦੀਆਂ ਸਮਾਜਿਕ ਬੰਦਸ਼ਾਂ ਅਤੇ ਅਧੀਨਗੀ ਨੂੰ ਸਮਝਦਾ ਹੈ :
ਚੁੱਲ੍ਹੇ ਤੋਂ ਚਿਤਾ ਤੱਕ
ਬੱਸ ਅੱਗ ਦਾ ਸੇਕ। ਅੱਗ ਦਾ ਸਾਥ
ਅੱਗ ਦੀ ਜੂਨੇ ਆਈ। ਅੱਗ ਦੀ ਜਾਈ।
ਸਮਾਜਿਕ ਤੌਰ 'ਤੇ ਉੱਨਤੀ ਕਰਨ ਵਾਲੇ ਇਨਸਾਨ ਜਦੋਂ ਸਮਾਜਿਕ ਤੇ ਇਨਸਾਨੀ ਕਦਰਾਂ-ਕੀਮਤਾਂ ਤੋਂ ਦੂਰ ਹੋ ਜਾਂਦੇ ਹਨ। ਇਸ ਦਾ ਅਹਿਸਾਸ ਵੀ ਕਵੀ ਦੀਆਂ ਰਚਨਾਵਾਂ ਰਾਹੀਂ ਮਿਲਦਾ ਹੈ। ਕਵੀ ਬਦਲਦੇ ਸਮਾਜਿਕ ਸਮੀਕਰਨਾਂ ਵਿਚੋਂ ਸ਼ਹਿਰੋਂ ਪਿੰਡ ਗਏ ਪਾਤਰ ਦੀ ਮਾਨਸਿਕਤਾ ਦੇ ਉਹ ਪਲ ਚਿਤਰਤਾ ਹੈ ਜਦ ਉਹ ਪਿੰਡ ਮੁੜ ਦੇ ਇਕ ਬੇਗਾਨਗੀ ਦਾ ਅਹਿਸਾਸ ਹੰਢਾਉਂਦਾ ਹੈ :
ਹੁਣ ਤਾਂ ਮੇਰੇ ਦੋਸਤ। ਉਦਾਸ ਉਦਾਸ ਗਲੀਆਂ ਹਨ
ਓਪਰੇ ਜਹੇ ਹਟ ਬਾਣੀਏ? ਜਿਵੇਂ ਹੇਠੋਂ ਉਤਾਹ ਨੂੰ ਵੇਖਦੇ
ਕਹਿ ਰਹੇ ਹੋਣ ਕਿਹੜੈ ਬਾਕੀ ਓਏ ਕਿਵੇਂ ਆਇਐਂ?
ਮੌਤ ਸਾਹਮਣੇ ਆਪਣੇ-ਆਪ ਨੂੰ ਲਾਚਾਰ ਮਹਿਸੂਸ ਕਰਦੇ ਇਨਸਾਨ ਦੀ ਕਹਾਣੀ ਅਤੇ ਰਿਸ਼ਤਿਆਂ ਤੋਂ ਵਿਛੜਨ ਦਾ ਅਹਿਸਾਸ 'ਗੰਗਾਜਲ' ਕਵਿਤਾ 'ਚ ਵੇਖਿਆ ਜਾ ਸਕਦਾ ਹੈ। ਖੂਹਾਂ ਦੇ ਖਲਾਅ, ਇਬਾਰਤ, ਅੱਗ ਦਾ ਸਫ਼ਰ, ਤਿਰੰਗੀ ਪੀਂਘ ਬੁੱਤਕਾਰ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਸ ਸੰਗ੍ਰਹਿ ਵਿਚ ਸ਼ਾਮਿਲ ਰਚਨਾਵਾਂ ਕਵੀ ਕਿਸੇ ਧਾਰਾ ਜਾਂ ਵਾਦ ਨਾਲ ਬੱਝ ਕੇ ਨਹੀਂ ਲਿਖਦਾ ਸਗੋਂ ਜੀਵਨ ਦੇ ਕਈ ਸੂਖ਼ਮ ਪਲਾਂ ਨੂੰ ਚਿਤਰਨਾ ਕਵੀ ਪਾਠਕ ਦੇ ਭਾਵਾਂ ਨੂੰ ਹਲੂਣਦਾ ਹੈ। ਘਰ, ਕਾਮਾ, ਵਾਰਤਾਲਾਪ ਕਵਿਤਾਵਾਂ ਕਵੀ ਦੇ ਸੂਖਮਭਾਵੀ ਆਪੇ ਦੀ ਵਕਾਲਤ ਕਰਦੀਆਂ ਹਨ। ਕਵੀ ਦੀਆਂ ਰੁਮਾਂਟਿਕ ਭਾਵਾਂ ਵਾਲੀਆਂ ਰਚਨਾਵਾਂ ਵਿਚ 'ਮੈਂ ਤਾਂ ਕਦ ਦਾ', 'ਕਿਤਨਾ ਅੱਛਾ ਲਗਦਾ ਹੈ' ਸਲਾਹੁਣਯੋਗ ਹਨ। ਖੁੱਲ੍ਹੀਆਂ ਕਵਿਤਾਵਾਂ ਦਾ ਇਹ ਕਾਵਿ ਸੰਗ੍ਰਹਿ ਕਵੀ ਦੀ ਭਾਵੁਕਤਾ ਤੇ ਜੀਵਨ ਦੀਆਂ ਹਕੀਕਤਾਂ ਦਾ ਸੁਮੇਲ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।
c c c

ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ
ਲੇਖਕ : ਮੋਹਨ ਲਾਲ ਭਾਸਕਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 168
ਸੰਪਰਕ : 98722-00981.

ਮੋਹਨ ਲਾਲ ਭਾਸਕਰ ਮੂਲ ਰੂਪ ਵਿਚ ਹਿੰਦੀ ਨਾਵਲਕਾਰ ਤੇ ਸ਼ਾਇਰ ਸੀ। ਮੋਹਨ ਲਾਲ ਭਾਸਕਰ ਨੇ ਜਾਸੂਸੀ ਦਾ ਇਹ ਧੰਦਾ ਕਿਉਂ ਫੜਿਆ? ਪੁਸਤਕ ਦੇ ਹਵਾਲੇ ਨਾਲ ਕਿਸੇ ਪੁਲਿਸ ਅਫ਼ਸਰ ਜਾਂ ਫ਼ੌਜੀ ਨੇ ਮੋਹਨ ਲਾਲ ਨੂੰ ਤਾਅਨਾ ਮਾਰਿਆ ਕਿ ਦੇਸ਼ ਲਈ ਕੁਰਬਾਨੀ ਦੀਆਂ ਗੱਲਾਂ ਤੇ ਫੜ੍ਹਾਂ ਮਾਰਨੀਆਂ ਸੁਖਾਲੀਆਂ ਹਨ, ਇਸ ਰਾਹ 'ਤੇ ਚੱਲਣਾ ਕਠਿਨ ਕਾਰਜ ਹੈ। ਉਸੇ ਤਾਅਨੇ ਸਦਕਾ ਭਾਸਕਰ ਦੇਸ਼ ਲਈ ਕੁਝ ਕਰਨ ਦੇ ਮੰਤਵ ਨਾਲ ਭਾਰਤੀ ਜਾਸੂਸ ਬਣਿਆ। ਹਾਲਾਂ ਕਿ ਆਪਣੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਉਹ ਇਹੋ ਕਹਿੰਦਾ ਰਿਹਾ ਕਿ ਉਹ ਤਾਂ ਪਾਕਿਸਤਾਨ ਦੇਖਣ ਦੀ ਇੱਛਾ ਨਾਲ ਹੀ ਉਧਰ ਗਿਆ ਸੀ। ਉਸ 'ਤੇ ਵੱਡਾ ਤੇ ਸੰਗੀਨ ਦੋਸ਼ ਇਹ ਲਾਇਆ ਗਿਆ ਸੀ ਕਿ ਉਸ ਨੇ ਪਾਕਿਸਤਾਨੀ ਐਟੋਮਿਕ ਕਮਿਸ਼ਨ ਦੀਆਂ ਕੁਝ ਫਾਈਲਾਂ ਪ੍ਰਾਪਤ ਕਰਕੇ ਭਾਰਤ ਭੇਜੀਆਂ ਹਨ। ਨਵੀਂ ਵਿਆਂਦੜ ਵਹੁਟੀ ਨੂੰ ਛੱਡ ਕੇ ਉਹ ਇਸ ਕੰਮ ਵਿਚ ਪੈ ਗਿਆ ਸੀ। ਆਪਣੇ ਹੀ ਦੇਸ਼ ਦੇ ਮੁਖ਼ਬਰਾਂ ਕਾਰਨ ਉਹ ਪਾਕਿਸਤਾਨ ਵਿਚ ਗ੍ਰਿਫ਼ਤਾਰ ਹੋ ਗਿਆ ਸੀ। ਉਸ ਨੂੰ 14 ਸਾਲ ਦੀ ਕੈਦ ਹੋ ਗਈ ਸੀ ਪਰ ਸ਼ਿਮਲਾ ਸਮਝੌਤੇ ਕਾਰਨ ਉਸ ਦੇ ਨਾਲ ਹੋਰ ਅਨੇਕਾਂ ਕੈਦੀਆਂ ਦੀ ਰਿਹਾਈ ਹੋ ਗਈ ਸੀ। ਉਹ ਆਪਣੇ ਇਸ ਬਿਰਤਾਂਤ ਵਿਚ ਗ਼ਜਬ ਦੀ ਰੌਚਿਕਤਾ ਦਰਸਾਉਂਦਾ ਹੈ। ਇੰਜ ਜਾਪਦਾ ਹੈ ਜਿਵੇਂ ਉਹ ਪਾਕਿਸਤਾਨ ਦੇ ਚੱਪੇ-ਚੱਪੇ ਤੋਂ ਵਾਕਿਫ਼ ਹੋਵੇ। ਅਫ਼ਸਰਾਂ ਦੇ ਨਾਂਅ ਤੱਕ ਉਸ ਦੀਆਂ ਯਾਦਾਂ ਵਿਚ ਪੱਕੇ ਤੌਰ 'ਤੇ ਉਕਰੇ ਹੋਏ ਸਨ। ਪਾਤਰਾਂ ਜਿਵੇਂ ਰਾਜਾ ਗੁਲ ਅਨਾਰ ਖਾਂ ਚੰਦਰਵੰਸ਼ੀ ਰਾਜਪੂਤ, ਜਨਰਲ ਰਾਣੀ ਤੇ ਇਹੋ ਜਿਹੇ ਹੋਰ ਅਨੇਕਾਂ ਪਾਤਰਾਂ ਦਾ ਬਹੁਤ ਹੀ ਯਥਾਰਥਮਈ ਚਿਤਰਨ ਹੋਇਆ ਹੈ। ਪਾਕਿਸਤਾਨੀ ਜੇਲ੍ਹਾਂ ਦੀ ਦਰਿੰਦਗੀ ਤੇ ਕਿਤੇ-ਕਿਤੇ ਨੇਕ ਪੁਲਿਸ ਅਫ਼ਸਰਾਂ ਦੀ ਨੇਕੀ ਦੇ ਵੀ ਦਰਸ਼ਨ ਹੁੰਦੇ ਹਨ। ਕਹਾਣੀ ਰਸ ਤੇ ਬਿਰਤਾਂਤ ਏਨਾ ਬੱਝਵਾਂ ਹੈ ਕਿ ਪਾਠਕ ਆਖਰ ਤੱਕ ਕਹਾਣੀ ਨਾਲ ਜੁੜਿਆ ਰਹਿੰਦਾ ਹੈ।

-ਕੇ. ਐਲ. ਗਰਗ
ਮੋ: 94635-37050
c c c

13/05/2017

 ਜੀਵਨ ਇਕ ਸਚਾਈ
ਲੇਖਕ : ਦਲੀਪ ਸਿੰਘ ਵਾਸਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 0175-2304078.

ਲੇਖਕ ਆਵਾਗਉਣ ਵਿਚ ਵਿਸ਼ਵਾਸ ਨਹੀਂ ਰੱਖਦਾ। ਉਸ ਦਾ ਖਿਆਲ ਹੈ ਕਿ ਇਹ ਜੀਵਨ ਹੀ ਪਹਿਲਾ ਅਤੇ ਆਖਰੀ ਜੀਵਨ ਹੈ। ਇਸ ਲਈ ਆਦਮੀ ਨੂੰ ਇਸੇ ਜੀਵਨ ਵਿਚ ਸਭ ਕੁਝ ਕਰ ਲੈਣਾ ਚਾਹੀਦਾ ਹੈ। ਹਰ ਆਦਮੀ ਨੂੰ ਆਪਣੇ ਜੀਵਨ ਟੀਚੇ ਦੀ ਪਛਾਣ ਕਰਕੇ ਕਾਰਜਸ਼ੀਲ ਹੋ ਜਾਣਾ ਚਾਹੀਦਾ ਹੈ। ਲੇਖਕ ਨੇ ਆਪਣੇ ਜੀਵਨ ਤਜਰਬੇ ਤੋਂ ਹਾਸਲ ਕੀਤੀਆਂ ਕੁਝ ਗੱਲਾਂ ਸਰਲ ਭਾਸ਼ਾ ਵਿਚ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਗੱਲਾਂ ਇਹ ਹਨ-
ਰੱਬ ਨਾਲ ਰੋਜ਼ਾਨਾ ਗੱਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਹੈ। ਕਿਸੇ ਨੂੰ ਵੀ ਧੋਖਾ ਨਹੀਂ ਦੇਣਾ ਚਾਹੀਦਾ। ਫਜ਼ੂਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਧਾਰਮਿਕ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਮਨ ਸਾਫ਼ ਰੱਖਣਾ ਚਾਹੀਦਾ ਹੈ। ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ। ਦੂਜਿਆਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਆਪਣੀ ਕਿਸਮਤ ਉੱਤੇ ਕੁਝ ਨਹੀਂ ਛੱਡਣਾ ਚਾਹੀਦਾ। ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ। ਹਮੇਸ਼ਾ ਹੌਸਲੇ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਘਟੀਆਪਨ ਦੇ ਅਹਿਸਾਸ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਕਦੇ ਵੀ ਦਿਲੋਂ ਹਾਰ ਨਹੀਂ ਮੰਨਣੀ ਚਾਹੀਦੀ। ਉਮਰ ਦੇ ਨਾਲ-ਨਾਲ ਵਿਚਾਰਾਂ ਵਿਚ ਵੀ ਤਬਦੀਲੀ ਆਉਣੀ ਚਾਹੀਦੀ ਹੈ। ਧਾਰਮਿਕ ਕੱਟੜਤਾ ਤੋਂ ਦੂਰ ਰਹਿਣਾ ਚਾਹੀਦਾ ਹੈ। ਕਮਾਈ ਨੇਕ ਹੋਣੀ ਚਾਹੀਦੀ ਹੈ ਜਿਸ ਵਿਚ ਘਪਲਿਆਂ, ਘੁਟਾਲਿਆਂ, ਰਿਸ਼ਵਤਾਂ ਅਤੇ ਭ੍ਰਿਸ਼ਟਾਚਾਰ ਕਰਕੇ ਇਕੱਠਾ ਕੀਤਾ ਪੈਸਾ ਸ਼ਾਮਿਲ ਨਹੀਂ ਹੋਣਾ ਚਾਹੀਦਾ। ਲੇਖਕ ਨੇ ਕੁਝ ਆਮ ਜਾਣਕਾਰੀ ਦੀਆਂ ਗੱਲਾਂ ਵੀ ਲਿਖੀਆਂ ਹਨ, ਜਿਵੇਂ ਹਰ ਇਕ ਨੂੰ ਆਪਣੇ ਜ਼ਰੂਰੀ ਕਾਗਜ਼ਾਤ ਸੰਭਾਲ ਕੇ ਰੱਖਣੇ ਚਾਹੀਦੇ ਹਨ, ਆਪਣੀ ਤਰੱਕੀ ਦਾ ਖਿਆਲ ਰੱਖਣਾ ਚਾਹੀਦਾ ਹੈ। ਪੁੱਤਰਾਂ-ਧੀਆਂ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ। ਪਰ ਕੁਝ ਗੱਲਾਂ ਬਹੁਤ ਅਜੀਬ ਲਗਦੀਆਂ ਹਨ। ਲੇਖਕ ਦਾ ਵਿਚਾਰ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸਾਡੇ ਜੀਵਨ ਦਾ ਆਧਾਰ ਹਨ ਅਤੇ ਇਨ੍ਹਾਂ ਦੀ ਹੋਂਦ ਹੀ ਆਦਮੀ ਨੂੰ ਜਿਊਂਦਾ ਰੱਖਦੀ ਹੈ। ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੀਦਾ ਹੈ। ਝੂਠ ਹੀ ਸਾਡਾ ਜੀਵਨ ਚਲਾ ਰਿਹਾ ਹੈ। ਸੱਚ ਬੋਲਿਆ ਹੀ ਨਹੀਂ ਜਾ ਸਕਦਾ। ਸ਼ਾਇਦ ਪੇਸ਼ੇ ਵੱਲੋਂ ਵਕੀਲ ਹੋਣ ਦੇ ਨਾਤੇ ਲੇਖਕ ਨੇ ਇਹੋ ਜਿਹੀਆਂ ਗੱਲਾਂ ਲਿਖ ਦਿੱਤੀਆਂ ਹਨ, ਜੋ ਹਜ਼ਮ ਕਰਨੀਆਂ ਔਖੀਆਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

ਪੰਜਾਬ ਦੇ ਲੋਕ ਸ਼ਸਤਰ
ਲੇਖਕ : ਡਾ: ਮਨਦੀਪ ਕੌਰ ਮਠਾਰੂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 232
ਸੰਪਰਕ : 94637-26978.

ਲੋਕਧਾਰਾ ਅਧਿਐਨ ਖੇਤਰ ਨਾਲ ਸਬੰਧਤ ਇਸ ਪੁਸਤਕ ਵਿਚ ਪੰਜਾਬ ਦੇ ਲੋਕ ਸ਼ਸਤਰਾਂ ਨਾਲ ਸਬੰਧਤ ਜਾਣਕਾਰੀ ਨੂੰ ਖੋਜ ਦੀ ਵਿਧੀ ਰਾਹੀਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਜਨ-ਜੀਵਨ ਵਿਚ ਸ਼ਸਤਰ ਬੜੀ ਡੂੰਘੀ ਸਾਂਝ ਰੱਖਦੇ ਹਨ। ਆਦਿ-ਮਾਨਵ ਦੇ ਸਮੇਂ ਤੋਂ ਹੀ ਸ਼ਸਤਰਾਂ ਦੀ ਵਰਤੋਂ ਹੁੰਦੀ ਰਹੀ ਹੈ। ਸਮੇਂ ਦੇ ਨਾਲ-ਨਾਲ ਇਨ੍ਹਾਂ ਵਿਚ ਵਿਕਾਸ ਹੁੰਦਾ ਰਿਹਾ ਹੈ। ਅਜੋਕੇ ਦੌਰ ਵਿਚ ਇਨ੍ਹਾਂ ਰਵਾਇਤੀ ਪਰੰਪਰਾਵਾਂ ਵਿਚ ਤਬਦੀਲੀ ਦਾ ਵਰਤਾਰਾ ਸ਼ੁਰੂ ਹੋਇਆ, ਜਿਸ ਨੇ ਸਾਡੀਆਂ ਕਦਰਾਂ-ਕੀਮਤਾਂ, ਰਹਿਣੀ-ਬਹਿਣੀ, ਸੱਭਿਆਚਾਰ ਆਦਿ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ।
ਮਨਦੀਪ ਕੌਰ ਨੇ ਆਪਣੇ ਖੋਜ ਕਾਰਜ ਦਾ ਵਿਸ਼ਾ ਇਨ੍ਹਾਂ ਲੋਕ ਸ਼ਸਤਰਾਂ ਨੂੰ ਬਣਾਇਆ ਹੈ। ਪੰਜਾਬ ਦੀ ਅਜੋਕੀ ਪੀੜ੍ਹੀ ਇਨ੍ਹਾਂ ਲੋਕ ਸ਼ਸਤਰਾਂ ਨਾਲ ਸਬੰਧਤ ਰਸਮਾਂ ਰਿਵਾਜਾਂ ਅਤੇ ਇਨ੍ਹਾਂ ਪਿੱਛੇ ਕੰਮ ਕਰਦੀਆਂ ਭਾਵਨਾਵਾਂ ਤੋਂ ਵਿਹੂਣੀ ਹੋ ਰਹੀ ਹੈ। ਅਜਾਇਬ ਘਰਾਂ ਦਾ ਸ਼ਿੰਗਾਰ ਬਣੇ ਇਹ ਸ਼ਸਤਰ ਲੋਕ ਸਾਹਿਤ ਵਿਚ ਲੋਕ ਮਨਾਂ ਵਿਚ ਭਾਵਨਾਵਾਂ ਦੀ ਤਰਜਮਾਨੀ ਕਰਦੇ ਰਹੇ ਹਨ। ਇਨ੍ਹਾਂ ਲੋਕ ਸ਼ਸਤਰਾਂ ਨਾਲ ਜੁੜੀਆਂ ਸੱਭਿਆਚਾਰਕ ਵੰਨਗੀਆਂ-ਲੋਕ ਗੀਤ, ਬੋਲੀਆਂ, ਅਖਾਣ, ਮੁਹਾਵਰੇ, ਧਾਰਮਿਕ ਰਸਮਾਂ ਰਿਵਾਜਾਂ, ਸਮਾਜਿਕ ਕਦਰਾਂ-ਕੀਮਤਾਂ ਵਿਚ ਇਨ੍ਹਾਂ ਦੀ ਸ਼ਮੂਲੀਅਤ ਇਕ ਲੋੜ ਵਜੋਂ ਕਾਰਜਸ਼ੀਲ ਹੁੰਦੀ ਹੈ। ਦੇਖਣ ਨੂੰ ਬੜੇ ਸਧਾਰਨ ਜਿਹੇ ਵਿਸ਼ੇ ਪਿੱਛੇ ਕੰਮ ਕਰਦੇ ਲੋਕ ਵਿਸ਼ਵਾਸਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਛਾਣਿਆ ਗਿਆ ਹੈ। ਲੋਕ ਸ਼ਸਤਰਾਂ ਬਾਰੇ ਬੜੇ ਵਿਸਥਾਰ ਨਾਲ ਕੀਤੀ ਖੋਜ ਪੜਤਾਲ ਰਾਹੀਂ ਪੰਜਾਬੀ ਸੱਭਿਆਚਾਰ ਵਿਚ ਪ੍ਰਚਲਿਤ ਰਹੇ ਇਨ੍ਹਾਂ ਸ਼ਸਤਰਾਂ ਪਿੱਛੇ ਕੰਮ ਕਰਦੇ ਮਾਨਵੀ ਆਧਾਰਾਂ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਲੱਖਣ ਕਿਸਮ ਦੇ ਇਸ ਕਾਰਜ ਦਾ ਸਵਾਗਤ ਕਰਦੇ ਹਾਂ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
c c
c

ਧੁਖਦੇ ਪਲ
ਕਵੀ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94643-91902.

ਪੁਸਤਕ 'ਧੁਖਦੇ ਪਲ' ਲੇਖਕ ਦੀ ਉੱਚ-ਕੋਟੀ ਦੀ ਕਾਵਿ-ਕਲਾ ਦਾ ਹੀ ਫੈਲਾਓ ਪਾਸਾਰ ਅਤੇ ਵਿਸਥਾਰ ਹੈ ਉਨ੍ਹਾਂ ਦੀ ਇਹ ਹਾਲ ਹੀ ਛਪੀ ਕਾਵਿ ਪੁਸਤਕ। ਜਿਸ ਵਿਚ ਸ਼ਾਮਿਲ ਚਾਰ ਦਰਜਨ ਤੋਂ ਵੱਧ ਕਵਿਤਾਵਾਂ, ਨਜ਼ਮਾਂ ਅਤੇ ਗ਼ਜ਼ਲਾਂ ਉਨ੍ਹਾਂ ਅੰਦਰ ਵਸਦੇ ਅਨੁਭਵੀ ਸ਼ਾਇਰ ਨਾਲ ਨੇੜਿਓਂ ਮੇਲ ਕਰਾਉਂਦੀਆਂ ਹਨ। ਪੁਸਤਕ ਦੀ ਪਹਿਲੀ ਰਚਨਾ 'ਵੰਗਾਰ' ਉਨ੍ਹਾਂ ਅੰਦਰ ਠਾਠਾਂ ਮਾਰਦੇ ਦੇਸ਼-ਭਗਤੀ ਦੇ ਜਜ਼ਬੇ ਦਾ ਪ੍ਰਤੱਖ ਸਬੂਤ ਹੈ। 'ਰੱਬ', 'ਕੁੜੀ ਅਲੌਕਿਕ' ਫਲਸਫ਼ੇ ਦੇ ਨਵੇਂ ਦਿਸਹੱਦਿਆਂ ਵੱਲ ਝਾਤ ਪਾਉਂਦੀਆਂ ਹਨ। 'ਔਰ ਨਾ ਚਾਰਾਜੋਈ, ਸੰਭਵ ਜਾਓ, ਭੁਚਾਲ, ਕਰਾਂਤੀ, ਮੋਹ ਕਰਦੀ, ਲੇਖਕ, ਅਪੂਰਣ, ਹਨੇਰਾ, ਉਦਾਸ ਸਾਵਣ, ਸਧਰਾਂ ਦਾ ਮਰ ਜਾਣਾ, ਭਰਮ, ਚਾਹਤ, ਸੁਪਨੇ ਦੀਏ ਨਾਰੇ ਆਦਿ ਰਚਨਾਵਾਂ ਉੱਚ ਕਾਵਿ-ਉਡਾਰੀ, ਕਾਵਿ-ਰਵਾਨਗੀ, ਨਿਵੇਕਲੇ ਅਹਿਸਾਸ, ਅਛੂਤੇ ਜਜ਼ਬੇ ਆਦਿ ਤੱਤਾਂ ਨਾਲ ਭਰਪੂਰ ਹਨ। ਕਵੀ ਦੀ ਹਰ ਰਚਨਾ ਵੱਖ-ਵੱਖ ਜੀਵਨ ਮੁੱਲਾਂ, ਨੈਤਿਕ ਕਦਰਾਂ-ਕੀਮਤਾਂ, ਉੱਚ ਆਦਰਸ਼ਾਂ ਦੀ ਬਾਤ ਪਾਉਂਦੀ ਹੈ। ਤਕਨੀਕੀ ਕਾਵਿ-ਜੁਗਤਾਂ ਕਵੀ ਦੀਆਂ ਸਮੁੱਚੀਆਂ ਰਚਨਾਵਾਂ ਦਾ ਖਾਸਾ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
c c c

ਮਾਲਵੇ ਦੀਆਂ ਲੋਕ-ਕਹਾਣੀਆਂ
ਲੇਖਕ : ਨਵਦੀਪ ਸਿੰਘ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 143
ਸੰਪਰਕ : 0161-2413613.

ਇਸ ਪੁਸਤਕ ਵਿਚ ਨਵਦੀਪ ਸਿੰਘ ਸਿੱਧੂ ਨੇ 28 ਲੋਕ ਕਹਾਣੀਆਂ, ਮਾਲਵੇ ਦੇ ਇਲਾਕੇ 'ਚੋਂ ਬੜੀ ਮਿਹਨਤ ਨਾਲ ਇਕੱਠੀਆਂ ਲਿਖੀਆਂ ਹਨ। ਲੋਕ-ਕਹਾਣੀਆਂ ਪੜ੍ਹਦੇ-ਪੜ੍ਹਦੇ ਪੁਸਤਕ ਵਿਚਾਲੇ ਛੱਡਣ ਨੂੰ ਚਿੱਤ ਨਹੀਂ ਕਰਦਾ। ਇਨ੍ਹਾਂ 28 ਲੋਕ-ਕਹਾਣੀਆਂ 'ਚ ਵੰਨ-ਸੁਵੰਨੇ ਪਾਤਰ (ਪੰਛੀ, ਜਨੌਰ, ਦਿਓ, ਜਾਨਵਰ ਆਦਿ) ਮਿਲਦੇ ਹਨ। ਮਨ ਪ੍ਰਚਾਵੇ ਦੇ ਨਾਲ-ਨਾਲ ਇਨ੍ਹਾਂ ਲੋਕ-ਕਹਾਣੀਆਂ 'ਚ ਕੋਈ ਨਾ ਕੋਈ ਸਿੱਖਿਆ ਵੀ ਸਮਾਈ ਹੋਈ ਹੈ। ਮਾਲਵੇ ਖਿੱਤੇ ਦੀਆਂ ਲੋਕ-ਕਹਾਣੀਆਂ ਹੋਣ ਕਰਕੇ ਇਨ੍ਹਾਂ ਦੀ ਭਾਸ਼ਾ ਸਪੱਸ਼ਟ ਮਲਵਈ ਰੰਗਣ 'ਚ ਰੰਗੀ ਪਈ ਹੈ। ਕੁਝ ਸ਼ਬਦ ਦੇਖੋ : ਲਵੇ, ਥੋਡਾ, ਮਾਗੂੰ, ਕਾਟਸਾਂ, ਝਕਾਲੇ, ਓਕਣੇ ਈ, ਕਿਮੇਂ, ਮੱਚ ਰਹੀ, ਉਮੇਂ, ਜਿਮੇਂ, ਆੜੀ, ਕੜਮੱਤਾਂ, ਚੂਕਣਾ, ਆੜੀ ਆਦਿ। ਕੁਝ ਲੋਕ ਕਹਾਣੀਆਂ 'ਚ ਸਿੱਧੀਆਂ ਗਾਲ੍ਹਾਂ ਵੀ ਕਹਾਣੀ ਤੱਤ 'ਚ ਵਿਗਾੜ ਪੈਦਾ ਨਹੀਂ ਕਰਦੀਆਂ।ਉਪਰੋਕਤ ਪੁਸਤਕ 'ਚ ਸਮਿਲਤ ਲੋਕ-ਕਹਾਣੀਆਂ ਪੜ੍ਹ ਕੇ ਨਵਦੀਪ ਸਿੰਘ ਸਿੱਧੂ ਦੀ ਘਾਲਣਾ ਸਲਾਹੁਣਯੋਗ ਹੈ। ਲੋਕ ਵਿਰਸੇ ਨੂੰ ਸਾਂਭਣ ਲਈ ਬੜਾ ਵੱਡਾ ਜੇਰਾ ਚਾਹੀਦਾ ਹੁੰਦਾ ਜੋ ਨਵਦੀਪ ਸਿੰਘ ਸਿੱਧੂ ਕੋਲ ਹੈ। ਆਸ ਹੈ ਉਸੇ ਤਰ੍ਹਾਂ ਸ਼ੌਕ ਤੇ ਸ਼ਿੱਦਤ ਨਾਲ ਨਵਦੀਪ ਸਿੰਘ ਸਿੱਧੂ ਪੰਜਾਬੀ ਲੋਕ ਸਾਹਿਤ ਦੇ ਖਿੱਲਰੇ ਮੋਤੀ ਇਕੱਠੇ ਕਰਕੇ ਪੰਜਾਬੀਆਂ ਦੀ ਝੋਲੀ ਪਾਉਂਦਾ ਰਹੇਗਾ।

-ਪ੍ਰੋ: ਸਤਪਾਲ ਸਿੰਘ
ਮੋ: 98725-21515.
c c c

ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੰਖੇਪ ਜਾਇਜ਼ਾ
ਲੇਖਕ : ਮਨਮੋਹਨ ਸਿੰਘ ਤੀਰ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 340 ਰੁਪਏ, ਸਫ਼ੇ : 136
ਸੰਪਰਕ : 94647-30555
.

ਪਾਕਿਸਤਾਨੀ ਪੰਜਾਬੀ ਸਾਹਿਤ ਦੇ ਅਧਿਐਨ ਅਤੇ ਮੁਲਾਂਕਣ ਦਾ ਕੰਮ ਪੂਰਬੀ ਪੰਜਾਬ ਵਿਚ ਵੀ ਨਿਰੰਤਰਤਾ ਨਾਲ ਹੋ ਰਿਹਾ ਹੈ ਕਿਉਂਕਿ ਉੱਚ ਅਕਾਦਮਿਕ ਵਿੱਦਿਆ ਦੀਆਂ ਲੋੜਾਂ ਵਿਚੋਂ ਵੀ ਇਸ ਅਧਿਐਨ ਦੀ ਪਿਰਤ ਪਨਪੀ ਹੈ। ਵਿਸ਼ੇਸ਼ ਕਰਕੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਵਿਚ ਪਾਕਿਸਤਾਨੀ ਸਾਹਿਤ ਬਾਰੇ ਪੜ੍ਹਾਇਆ ਜਾਂਦਾ ਸੁਤੰਤਰ ਰੂਪ ਵਿਚ ਪੇਪਰ ਵੀ ਇਸ ਅਧਿਐਨ ਦਾ ਮੂਲ ਸਰੋਤ ਮੰਨਿਆ ਜਾਂਦਾ ਹੈ। ਕਰਨੈਲ ਸਿੰਘ ਥਿੰਦ, ਹਰਬੰਸ ਸਿੰਘ ਧੀਮਾਨ, ਡਾ: ਜਗਤਾਰ, ਡਾ: ਜਤਿੰਦਰਪਾਲ ਸਿੰਘ ਜੌਲੀ, ਪਰਮਜੀਤ ਸਿੰਘ ਮੀਸ਼ਾ ਆਦਿ ਨੇ ਵੀ ਇਸ ਪਾਸੇ ਗੌਲਣਯੋਗ ਕਾਰਜ ਕੀਤਾ ਹੈ ਭਾਵੇਂ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਅਧਿਐਨ ਨਾਲ ਜੁੜੇ ਹੋਰ ਵੀ ਵਿਦਵਾਨ ਇਸ ਕਾਰਜ ਲਈ ਯਤਨਸ਼ੀਲ ਹਨ। ਡਾ: ਮਨਮੋਹਨ ਸਿੰਘ ਤੀਰ ਦੀ ਆਲੋਚਨਾ ਪੁਸਤਕ 'ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੰਖੇਪ ਜਾਇਜ਼ਾ' ਵੀ ਪਾਕਿਸਤਾਨੀ ਪੰਜਾਬ ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਨੂੰ ਨਿਰਖਣ ਪਰਖਣ ਦਾ ਇਕ ਮਹੱਤਵਪੂਰਨ ਉਪਰਾਲਾ ਹੈ। ਅਧਿਐਨ ਕਰਤਾ ਨੇ ਨਿੱਕੀ ਕਹਾਣੀ ਦੇ ਵਿਧਾਗਤ ਅਤੇ ਸਿਧਾਂਤਕ ਪਹਿਲੂਆਂ ਦਾ ਅਧਿਐਨ ਪੇਸ਼ ਕਰਦਿਆਂ ਪਾਕਿਸਤਾਨੀ ਸਮਾਜ, ਸੱਭਿਆਚਾਰ, ਅਰਥਚਾਰੇ, ਧਾਰਮਿਕਤਾ, ਹਾਕਮ ਜਮਾਤ ਦਾ ਚਰਿਤਰਕ ਖਾਸਾ ਉਲੀਕਦੇ ਹੋਏ ਪਾਕਿਸਤਾਨੀ ਕਹਾਣੀ ਨੂੰ ਇਨ੍ਹਾਂ ਸਰੋਕਾਰਾਂ ਦੀ ਰੌਸ਼ਨੀ ਵਿਚ ਵਿਚਾਰਨ ਦਾ ਯਤਨ ਕੀਤਾ ਹੈ। ਪਾਕਿਸਤਾਨ ਵਿਚ ਹਕੂਮਤੀ ਦਾਬਾ ਹੋਣ ਕਰਕੇ ਸਾਹਿਤਕਾਰ ਆਪਣੀ ਗੱਲ ਨੂੰ ਪ੍ਰਤੀਕਾਤਮਕ ਰੂਪ ਵਿਚ ਹੀ ਬਿਆਨ ਕਰਦਾ ਹੈ, ਉਹ ਇਸ ਲਈ ਗੁੱਝੇ ਵਿਅੰਗ ਦੀ ਜੁਗਤ ਦਾ ਇਸਤੇਮਾਲ ਕਰਦਾ ਹੈ। ਰਾਜਨੀਤਕ ਅਤੇ ਧਾਰਮਿਕ ਦਾਬੇ ਹੇਠ ਆਮ ਜਨਤਾ ਦੀ ਮਾੜੀ ਹਾਲਤ ਬਿਆਨ ਕਰਨ ਦੇ ਨਾਲ-ਨਾਲ ਪਾਕਿਸਤਾਨੀ ਕਹਾਣੀ ਦੀ ਤਕਰੀਨ ਬਾਰੇ ਵੀ ਆਲੋਚਨਾਤਮਕ ਕਾਰਜ ਪੇਸ਼ ਹੋਇਆ ਹੈ। ਮੁਲਾਂਕਣ ਕਰਤਾ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਪਾਕਿਸਤਾਨੀ ਕਹਾਣੀਆਂ ਵਿਚੋਂ ਢੁਕਵੇਂ ਪ੍ਰਮਾਣ ਵੀ ਦਿੱਤੇ ਹਨ। ਪਾਕਿਸਤਾਨੀ ਪੰਜਾਬੀ ਕਹਾਣੀ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਲਈ ਅਤੇ ਖੋਜ ਵਿਦਿਆਰਥੀਆਂ ਲਈ ਇਹ ਪੁਸਤਕ ਲਾਹੇਵੰਦੀ ਸਾਬਤ ਹੋਵੇਗੀ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611
c c
c

ਕਵਿਤਾ ਦੇ ਦੇਸ ਵਿਚ
ਕਵਿੱਤਰੀ : ਜਸਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 98888-13234.

ਜਸਵਿੰਦਰ ਕੌਰ ਉਮਰ ਦਰਾਜ ਕਵਿੱਤਰੀ ਹੈ। ਉਮਰ ਦੇ ਸਾਢੇ ਛੇ ਦਹਾਕਿਆਂ ਦਾ ਸਫ਼ਰ ਉਸ ਦੀਆਂ ਕਵਿਤਾਵਾਂ ਵਿਚੋਂ ਕਵਿਤਾ ਬਣ ਕੇ ਬੋਲਦਾ ਹੈ। ਕਵਿੱਤਰੀ ਇਕ ਨੰਨ੍ਹੀ ਬੇਟੀ, ਜਵਾਨ ਹੁੰਦੀ ਧੀ, ਭਰਾਵਾਂ ਦੀ ਭੈਣ, ਅਰਧਾਂਗਣੀ, ਧੀਆਂ ਦੀ ਮਾਂ ਅਤੇ ਪੁੱਤਾਂ-ਨੂਹਾਂ ਦੀ ਜ਼ਿੰਦਗੀ ਵਿਚ ਇਕ ਜ਼ਿਕਰਯੋਗ ਸੂਤਰਧਾਰ ਦੇ ਰੂਪ ਵਿਚ ਪੇਸ਼ ਰਹੀ ਹੈ। ਉਸ ਨੇ ਸਾਰੇ ਰਿਸ਼ਤੇ ਨੈਤਿਕਤਾ ਨਾਲ ਅਤੇ ਫ਼ਰਜ਼ ਦੇ ਤੌਰ 'ਤੇ ਨਿਭਾਏ ਹਨ। ਉਹ ਪਰਿਵਾਰ ਦੇ ਹਰ ਕਾਰਜ ਵਿਚ ਸ਼ਾਮਿਲ ਰਹੀ ਅਤੇ ਔਰਤ ਧਰਮ ਨੂੰ ਪਾਲਿਆ। ਕਈ ਵਾਰ ਇਸ ਜੀਵਨ ਵਿਚ ਕਵਿੱਤਰੀ ਨੂੰ ਸਮਾਜ ਜਾਂ ਆਸੇ-ਪਾਸੇ ਤੋਂ ਵਧੀਕੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਤਲਖੀਆਂ ਅਤੇ ਕੁਝ ਸੁਖਦ ਵਰਤਾਰਿਆਂ ਨੇ ਉਸ ਨੂੰ ਆਪਣਾ ਸਫ਼ਰ ਹੋਰ ਵੀ ਸਜੀਵ ਕਦਮਾਂ ਨਾਲ ਕਰਨ ਦੀ ਦਲੇਰੀ ਬਖਸ਼ੀ। ਉਸ ਨੇ ਜ਼ਿੰਦਗੀ ਦਾ ਬਿਹਤਰ ਸਮਾਂ ਇਕ ਸਫਲ ਅਧਿਆਪਕਾ ਦੇ ਤੌਰ 'ਤੇ ਨਿਭਾਇਆ। ਸਕੂਲ ਵਿਚ ਉਹ ਭਾਵੇਂ ਸਰਵਿਸ ਜਾਂ ਨੌਕਰੀ ਕਰਦੀ ਸੀ ਪਰ ਉਹ ਇਕ ਸੂਖ਼ਮ ਭਾਵੀ ਕਵਿੱਤਰੀ ਵੀ ਸੀ, ਜਿਸ ਸਦਕਾ ਉਸ ਨੇ ਆਪਣੇ ਵਿਦਿਆਰਥੀਆਂ/ ਵਿਦਿਆਰਥਣਾਂ ਦੇ ਵਿਹਾਰ ਵਿਚੋਂ ਵੀ ਕਵਿਤਾਵਾਂ ਦੇ ਵਿਸ਼ਿਆਂ ਦੇ ਫੁੱਲ ਚੁਣੇ। ਜਸਵਿੰਦਰ ਕੌਰ ਕੋਈ ਪ੍ਰੋਫੈਸ਼ਨਲ ਕਵਿੱਤਰੀ ਨਹੀਂ ਹੈ, ਸਗੋਂ ਉਹ ਤਾਂ ਆਪਣੇ ਪੈਂਡਿਆਂ ਵਿਚ ਆਈਆਂ ਧੁੱਪਾਂ-ਛਾਵਾਂ, ਕੰਡਿਆਂ-ਕਲੀਆਂ ਅਤੇ ਉਚਾਣਾਂ ਨਿਵਾਣਾਂ ਦੀ ਕਾਵਿ ਦਸਤਾਵੇਜ਼ ਪੇਸ਼ ਕਰ ਰਹੀ ਹੈ। ਉਸ ਨੇ ਜੋ ਵੀ ਮਹਿਸੂਸ ਕੀਤਾ ਹੈ, ਉਸ ਨੂੰ ਬਿਨਾਂ ਕਿਸੇ ਬਨਾਵਟ ਦੇ ਮਾਸੂਮਤਾ ਨਾਲ ਪੇਸ਼ ਕੀਤਾ ਹੈ। ਪ੍ਰਸਿੱਧ ਸਮਾਲੋਚਕ ਡਾ: ਸਤੀਸ਼ ਵਰਮਾ ਵੀ ਮੇਰੀ ਧਾਰਨਾ ਦੀ ਪੁਸ਼ਟੀ ਕਰਦਿਆਂ ਇਸ ਪੁਸਤਕ ਦੇ ਮੁੱਖ ਬੰਦ ਵਿਚ ਲਿਖਦਾ ਹੈ : ਇਸੇ ਲਈ ਉਸ ਦੀ ਕਾਵਿਕਾਰੀ ਦੇ ਪਿਛੋਕੜ ਵਿਚ ਇਕ ਪਾਸੇ 'ਨਾਰੀ ਅਨੁਭਵ ਸ਼ਾਮਿਲ ਹੈ ਤੇ ਦੂਜੇ ਪਾਸੇ ਸਾਰੀ ਉਮਰ ਪੜ੍ਹੀ ਪੜ੍ਹਾਈ ਕਵਿਤਾ ਦਾ ਉਹ ਰੰਗ ਵੀ ਸ਼ਾਮਿਲ ਹੈ ਜੋ ਪ੍ਰੋ: ਮੋਹਨ ਸਿੰਘ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਦੀ ਆਧੁਨਿਕ ਕਾਵਿ ਧਾਰਾ ਦਾ ਹਾਸਲ ਹੈ...' ਉਸ ਦੀ ਕਵਿਤਾ ਸਹਿਜ ਅਤੇ ਸੁਹਜ ਭਰਪੂਰ ਹੈ। ਕਵਿੱਤਰੀ ਨੇ ਇਹ ਕਵਿਤਾ ਖਿੜ ਰਹੇ ਫੁੱਲਾਂ ਦੇ ਸੰਦਰਭ ਵਿਚ ਬਿਨਾਂ ਰੌਲੇ ਦੇ ਪੇਸ਼ ਕੀਤੀ ਹੈ, ਜਿਸ 'ਚੋਂ ਕੁਦਰਤੀਪਨ ਝਲਕਦਾ ਹੈ :
ਮਾਏ ਨੀ ਸੁਣ ਮੇਰੀਏ ਮਾਏ/ਧੁਰ ਅੰਦਰੋਂ ਇਹ ਉੱਠੀ/ਕੇਹੀ ਕਸਕ ਜਿਹੀ?/ਕਿਉਂ ਬਲਦੀ ਨਾ ਟਲਦੀ/ਇਹ ਹਿਜਰਾਂ ਵਾਲੀ ਅੱਗ ਜਿਹੀ?'
'ਅਵੱਲੜਾ ਮਹਿਮਾਨ' ਕਵਿਤਾ ਵਿਚ ਉਹ ਖ਼ੁਦ ਤੋਂ ਪੁੱਛਦੀ ਹੈ : 'ਇਹ ਕੌਣ ਸੀ?/ਜੋ ਦਿਲ ਦੇ ਆਲਿਆਂ 'ਚ ਆ ਕੇ ਬਹਿ ਗਿਆ?/ਲੈ ਚੰਨ ਤੋਂ ਰਿਸ਼ਮਾਂ ਠੰਢੀਆਂ/ਮੇਰੀ ਝੋਲੀ ਪਾ ਕੇ ਦੇ ਗਿਆ? .....'

-ਸੁਲੱਖਣ ਸਰਹੱਦੀ
ਮੋ: 94174-84337.
c c c

ਮੇਰੀਆਂ ਮਨਪਸੰਦ ਕਿਤਾਬਾਂ
ਓਸ਼ੋ

ਅਨੁਵਾਦਕ : ਡਾ: ਹਰਪਾਲ ਸਿੰਘ ਪੰਨੂ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ : 94642-51454.

ਓਸ਼ੋ ਦੇ ਪ੍ਰਵਚਨਾਂ ਦੀ ਪੁਸਤਕ ਹੈ 'ਬੁਕਸ ਆਈ ਹੈਵ ਲਵਡ' ਜਿਸ ਦਾ ਪੰਜਾਬੀ ਅਨੁਵਾਦ ਡਾ: ਹਰਪਾਲ ਸਿੰਘ ਪੰਨੂ ਵੱਲੋਂ ਕੀਤਾ ਗਿਆ ਹੈ। ਕਿਤਾਬ ਦੇ ਮਹੱਤਵ ਬਾਰੇ ਅਨੁਵਾਦਕ ਦੇ ਸ਼ਬਦ ਉਲੇਖਨੀਯ ਹਨ : 'ਕਿਤਾਬ ਕਿਵੇਂ ਪੜ੍ਹਨੀ ਹੈ, ਕਿਵੇਂ ਆਨੰਦਿਤ ਹੋਣਾ ਹੈ, ਕਿਤਾਬ ਦਾ ਜ਼ਿਕਰ ਕਰਦਿਆਂ ਕਿਵੇਂ ਆਨੰਦਿਤ ਕਰਨਾ ਹੈ, ਓਸ਼ੋ ਤੋਂ ਸਿੱਖਾਂਗੇ।' ਇਸ ਕਿਤਾਬ ਵਿਚ 16 ਅਧਿਆਇ ਹਨ। ਸੋਲਾਂ ਦਿਨਾਂ ਦੀਆਂ ਬੈਠਕਾਂ ਵਿਚ ਕੀਤੇ ਗਏ ਪ੍ਰਵਚਨ ਨੇ ਇਹ ਲਗਪਗ 167 ਪੁਸਤਕਾਂ, ਜੋ ਪੂਰਬ ਤੋਂ ਲੈ ਕੇ ਪੱਛਮ ਤੱਕ ਪ੍ਰਸਿੱਧ ਹਨ, ਬਾਰੇ ਬੜੀ ਮੁੱਲਵਾਨ ਜਾਣਕਾਰੀ ਨਾਟਕੀ ਅੰਦਾਜ਼ ਵਿਚ ਪੇਸ਼ ਕੀਤੀ ਗਈ ਹੈ। ਪ੍ਰਵਚਨਾਂ ਨੂੰ ਨਾਲੋ-ਨਾਲ ਲਿਖਦੇ ਗਏ ਓਸ਼ੋ ਦੇ ਸੰਨਿਆਸੀ ਦੇਵਰਾਜ, ਦੇਵਗੀਤ, ਆਸ਼ੂ (ਲੜਕੀ) ਆਦਿ। ਉਹ ਪਸਤੁਤ ਪੁਸਤਕਾਂ ਦੀ ਗਿਣਤੀ ਵੀ ਕਰੀ ਜਾ ਰਹੇ ਹਨ। ਉਨ੍ਹਾਂ ਨੂੰ ਘੜੀ-ਮੁੜੀ ਚੁਕੰਨੇ ਵੀ ਕੀਤਾ ਜਾਂਦਾ ਹੈ। ਓਸ਼ੋ ਨੇ ਬੜੇ ਤਰਕਪੂਰਨ ਅੰਦਾਜ਼ ਵਿਚ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਦੀ ਸਿਫ਼ਾਰਸ਼ ਵੀ ਕੀਤੀ ਹੈ। ਉਹ ਪੁਸਤਕਾਂ ਦੇ (ਟਾਈਟਲ ਸਮੇਤ), ਗੁਣ/ਅਵਗੁਣ ਵੀ ਦੱਸੀ ਜਾਂਦੈ, ਤੁਲਨਾਤਮਕ ਵਿਧੀ ਨਾਲ ਉਨ੍ਹਾਂ ਦਾ ਸਥਾਨ ਵੀ ਨਿਸਚਤ ਕਰੀ ਜਾਂਦੈ। ਕੋਈ ਘਾਟ ਦੱਸ ਕੇ ਕਹਿ ਜਾਂਦੈ, ਗੱਲ ਨਹੀਂ ਬਣੀ। ਗੱਲ ਕਿਵੇਂ ਬਣ ਸਕਦੀ ਸੀ, ਵੀ ਦੱਸਦਾ ਹੈ। ਲੇਖਕਾਂ 'ਤੇ ਵਿਅੰਗ ਵੀ ਕੱਸੀ ਜਾਂਦੈ। ਵਿਦੇਸ਼ੀ ਪੁਸਤਕਾਂ ਅਤੇ ਲੇਖਕਾਂ ਦੇ ਨਾਵਾਂ ਦੇ ਸ਼ੁੱਧ ਉਚਾਰਨ ਦਾ ਦਾਅਵਾ ਨਹੀਂ ਕਰਦਾ। ਓਸ਼ੋ ਦੇ ਅਨੇਕਾਂ ਸਵੈਜੀਵਨੀ ਅੰਸ਼ ਵੀ ਸੁਭਾਵਿਕ ਹੀ ਪ੍ਰਗਟ ਹੋ ਜਾਂਦੇ ਨੇ। ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਪਰ ਕਹਿੰਦਾ ਹੈ ਰੱਬ ਦਾ ਅਹਿਸਾਸ ਮੌਜੂਦ ਹੈ। ਪ੍ਰਵਚਨ ਕਰਦਿਆਂ ਨਿਰਪੱਖ ਰਹਿੰਦਾ ਹੈ। ਪਾਠਕ ਜੀ! ਗੱਲ ਕੀ ਧੰਨ ਧੰਨ ਕਰਾ ਤੀ ਪੰਨੂ ਨੇ, ਅਨੁਵਾਦ ਹੋ ਤੋ ਐਸਾ ਹੋ। ਪੜ੍ਹੋਗੇ ਤਾਂ ਅੱਖਾਂ ਖੁੱਲ੍ਹਣਗੀਆਂ।

-ਧਰਮ ਚੰਦ ਵਾਤਿਸ਼
ਮੋ: 98144-46007.
c c c

 

06/05/2017

 ਟਾਂਵਾਂ-ਟਾਂਵਾਂ ਤਾਰਾ
ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 94634-39075.

ਟਾਂਵਾਂ-ਟਾਂਵਾਂ ਤਾਰਾ ਅਜੋਕੇ ਆਦਰਸ਼ ਵਿਹੂਣੇ ਸਮੇਂ ਵਿਚ ਬਚੇ ਵਿਰਲੇ ਹਰੇ ਬੂਟਿਆਂ ਵਰਗੇ ਮਨੁੱਖਾਂ ਦੀ ਕਹਾਣੀ ਹੈ। ਸਾਡੇ ਜਿਹੇ ਸਾਧਾਰਨ ਹੱਡ-ਮਾਸ ਦੇ ਇਹ ਮਰਦ ਔਰਤਾਂ ਦੁਸ਼ਵਾਰ ਹਾਲਾਤ ਵਿਚ ਹਾਰ ਨਾ ਮੰਨ ਕੇ ਵੱਡੇ ਸਮਾਜਿਕ ਆਦਰਸ਼ਾਂ ਨਾਲ ਜੁੜੇ। ਉਨ੍ਹਾਂ ਸਵੈ ਤੇ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਕੁਝ ਕਰਨ ਦੇ ਸੁਪਨੇ ਲਏ ਤੇ ਉਹ ਪੂਰੇ ਕੀਤੇ। ਉਨ੍ਹਾਂ ਦੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਮਾਣਯੋਗ ਹਨ। ਉਹ ਨਵੀਂ ਪੀੜ੍ਹੀ ਦੇ ਮਾਰਗ ਦਰਸ਼ਕ ਬਣ ਸਕਦੇ ਹਨ। ਇਨ੍ਹਾਂ ਭੁੱਲੇ ਵਿਸਰੇ ਲੋਕਾਂ ਦੀ ਹਿੰਮਤ ਤੇ ਪਹਿਲਕਦਮੀ ਦੀਆਂ ਗਾਥਾਵਾਂ ਨੂੰ ਅੱਖਰਾਂ ਦੇ ਜ਼ਰੀਏ ਪੰਜਾਬੀਆਂ ਦੇ ਵਿਸ਼ਾਲ ਸਮੂਹ ਦੇ ਸਨਮੁੱਖ ਕਰਨ ਦਾ ਲੇਖਕ ਵਿਜੈ ਬੰਬੇਲੀ ਤੇ ਪ੍ਰਕਾਸ਼ਕ ਖੁਸ਼ਵੰਤ ਬਰਗਾੜੀ ਦਾ ਉੱਦਮ ਨਿਸ਼ਚੇ ਹੀ ਮੁਕਤ-ਕੰਠ ਤੋਂ ਪ੍ਰਸੰਸਾ ਦਾ ਹੱਕਦਾਰ ਹੈ।
ਅੰਗਰੇਜ਼ੀ ਦੀ ਹੈਮਿੰਗਵੇ ਦੀ ਕਿਤਾਬ 'ਓਲਡ ਮੈਨ ਐਂਡ ਦੀ ਸੀਅ' ਦੇ ਨਾਇਕ ਦੀ ਗੱਲ ਤਾਂ ਅਸੀਂ ਕਰਦੇ ਹਾਂ ਪਰ ਆਪਣੇ ਹੀ ਦੇਸ਼ ਦੇ ਉਸੇ ਜਿਹੇ ਨਾਇਕਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਵਿਜੈ ਬੰਬੇਲੀ ਨੇ ਭਾਰਤ ਦੇ ਦੂਰ ਨੇੜੇ ਦੇ ਪਿੰਡਾਂ ਸ਼ਹਿਰਾਂ ਦੇ ਇਨ੍ਹਾਂ ਲਘੂ ਨਾਇਕਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਜ਼ਬਾਨ ਵਿਚ ਸਾਡੇ ਸਨਮੁੱਖ ਕੀਤਾ ਹੈ। ਇਨ੍ਹਾਂ ਤੇਤੀ ਨਾਇਕਾਂ ਦੀ ਮੂਲ ਕਥਾ ਦੇ ਸਮਾਨਾਂਤਰ ਕਿਤੇ-ਕਿਤੇ ਉਸ ਨੇ ਆਪਣੇ ਆਸ-ਪਾਸ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਇਨ੍ਹਾਂ ਦਾ ਅਨੁਕਰਨ ਕਰਨ ਵਾਲੇ ਨੌਜਵਾਨਾਂ/ਮੁਟਿਆਰਾਂ ਦੇ ਵੇਰਵੇ ਵੀ ਦਿੱਤੇ ਹਨ। ਮੇਰੇ ਵਿਚਾਰ ਵਿਚ ਇਹ ਪੁਸਤਕ ਪੰਜਾਬੀ ਜ਼ਬਾਨ ਜਾਣਦੇ ਹਰ ਘਰ ਵਿਚ ਬੱਚਿਆਂ ਨੂੰ ਪੜ੍ਹਨ ਪੜ੍ਹਾਉਣ ਲਈ ਪਹੁੰਚਣੀ ਚਾਹੀਦੀ ਹੈ।
ਪੁਸਤਕ ਵਿਚ ਦਸ਼ਰਥ ਮਾਂਝੀ ਵੀਹਵੀ ਸਦੀ ਦੇ ਫਰਹਾਦ ਵਜੋਂ ਸਾਡੇ ਸਾਹਮਣੇ ਹੈ। 'ਕੱਲਾ ਕਾਰਾ ਪਹਾੜ ਚੀਰ ਕੇ ਸੜਕ ਬਣਾ ਦਿੰਦਾ ਹੈ। ਰਾਜਸਥਾਨ ਦਾ ਭੂਰੇ ਖਾਂ ਰੇਗਿਸਤਾਨ ਵਿਚ ਤਲਾਬ ਬਣਾ ਰਿਹਾ ਹੈ ਅਤੇ ਇਹੀ ਕਾਰਜ ਮੇਘੇ ਡਾਂਗਰੀ ਤੇ ਪਲੋਡੀਆ ਦੇ ਲਛਮਣ ਨੇ ਕੀਤਾ ਹੈ। ਡਰਾਈਵਰਾਂ/ਛੋਟੇ ਕਰਮਚਾਰੀਆਂ ਨਾਲ ਆਦਰਸ਼ ਵਿਹਾਰ ਦਾ ਮਾਡਲ ਹੈ ਸੁਬਰੋਤੋ ਬਾਗਚੀ ਤੇ ਉਸ ਦਾ ਪਰਿਵਾਰ। ਪਰਲ ਝੁੱਗੀਆਂ ਝੌਂਪੜੀਆਂ ਦੇ ਬੱਚੇ ਪੜ੍ਹਾਉਂਦੀ ਹੈ ਤੇ ਨਾਮਰਾਨੀ ਮੇਰਠ ਵਿਚ ਕੁਝ ਅਜਿਹਾ ਹੀ ਕਰ ਰਹੀ ਹੈ। ਸਕੂਲ ਦੀ ਸਵੀਪਰ ਤੋਂ ਕਾਲਜ ਪ੍ਰਿੰਸੀਪਲੀ ਤੇ ਐਮ.ਐਲ.ਏ. ਬਣੀ ਡਾ: ਚਕਰਵਰਤੀ ਤੇ ਹੋਰ ਕਿੰਨੀਆਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਗੱਲ ਕਰਦੀ ਹੈ ਇਹ ਕਿਤਾਬ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550


1984 : ਸਿੱਖ-ਵਿਰੋਧੀ ਦੰਗੇ
ਲੇਖਕ : ਸੰਜੇ ਸੂਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 260, ਸਫ਼ੇ : 320
ਸੰਪਰਕ : 91-172-4608699

ਸ੍ਰੀ ਸੰਜੇ ਸੂਰੀ 1984 ਈ: ਵਿਚ 'ਇੰਡੀਅਨ ਐਕਸਪ੍ਰੈਸ' ਅਖ਼ਬਾਰ ਵਿਚ ਕ੍ਰਾਈਮ-ਰਿਪੋਰਟਰ ਵਜੋਂ ਕੰਮ ਕਰ ਰਿਹਾ ਸੀ। ਚੜ੍ਹਦੀ ਜਵਾਨੀ ਦੇ ਉਨ੍ਹਾਂ ਦਿਨਾਂ ਵਿਚ ਉਹ ਸੋਚ ਵੀ ਨਹੀਂ ਸੀ ਸਕਦਾ ਕਿ ਮਨੁੱਖੀ ਜ਼ਿੰਦਗੀ ਏਨੀ ਬੇਰਹਿਮ ਅਤੇ ਵਹਿਸ਼ੀਆਨਾ ਹੋ ਸਕਦੀ ਹੈ ਪਰ ਸੱਚ ਤਾਂ ਸੱਚ ਹੈ। ਇਸ ਕਿਤਾਬ ਨੂੰ ਲਿਖਣ ਦਾ ਫੁਰਨਾ ਉਸ ਦੇ ਮਨ ਵਿਚ 2014 ਵਿਚ ਪੈਦਾ ਹੋਇਆ, ਜਦੋਂ ਇਸ ਸਾਕੇ ਨੂੰ ਵਾਪਰਿਆਂ ਲਗਪਗ 30 ਵਰ੍ਹੇ ਗੁਜ਼ਰ ਚੁੱਕੇ ਸਨ ਅਤੇ ਇਸ ਦੌਰਾਨ ਬਹੁਤ ਸਾਰੇ ਪੱਤਰਕਾਰਾਂ ਅਤੇ ਲੇਖਕਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਸਨ। ਇਸ ਪੁਸਤਕ ਵਿਚ ਸਿੱਖ-ਵਿਰੋਧੀ ਦੰਗਿਆਂ ਬਾਰੇ ਤਿੰਨ ਨਵੇਂ ਪੱਖਾਂ ਨੂੰ ਰੂਪਮਾਨ ਕੀਤਾ ਗਿਆ ਹੈ। ਪਹਿਲਾ, ਉਨ੍ਹਾਂ ਮਹੱਤਵਪੂਰਨ ਪੁਲਿਸ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ ਹਨ, ਜੋ ਇਨ੍ਹਾਂ ਦੰਗਿਆਂ ਸਮੇਂ ਮਹੱਤਵਪੂਰਨ ਥਾਵਾਂ ਉੱਪਰ ਤਾਇਨਾਤ ਸਨ। ਦੂਜਾ, ਇਨ੍ਹਾਂ ਦੰਗਿਆਂ ਨਾਲ ਸਬੰਧਤ ਕਾਨੂੰਨੀ ਪਰਿਪੇਖ ਨੂੰ ਉਭਾਰਿਆ ਗਿਆ ਹੈ। ਕਾਨੂੰਨ ਵਿਚ ਲੋੜੀਂਦੀਆਂ ਧਾਰਾਵਾਂ ਸੁਲੱਭ ਸਨ, ਜਿਨ੍ਹਾਂ ਨਾਲ ਦੋਸ਼ੀਆਂ (ਸਣੇ ਪੁਲਿਸ ਅਫ਼ਸਰਾਂ ਅਤੇ ਦੂਰਦਰਸ਼ਨ ਅਧਿਕਾਰੀਆਂ) ਨੂੰ ਸਜ਼ਾ ਦਿੱਤੀ ਜਾ ਸਕਦੀ ਸੀ (ਅੱਜ ਵੀ ਦਿੱਤੀ ਜਾ ਸਕਦੀ ਹੈ) ਪਰ ਨਹੀਂ ਦਿੱਤੀ ਗਈ। ਤੀਜਾ, ਪੂਰੇ ਘਟਨਾਕ੍ਰਮ ਨੂੰ ਇਕ ਲਾਜੀਕਲ ਪ੍ਰਬੰਧ ਵਿਚ ਬੰਨ੍ਹ ਕੇ ਪੇਸ਼ ਕਰਨਾ ਤਾਂ ਜੋ ਪੂਰਾ ਬਿਰਤਾਂਤ ਇਕ 'ਡਿਸਕੋਰਸ' ਦੇ ਰੂਪ ਵਿਚ ਪੜ੍ਹਿਆ-ਸਮਝਿਆ ਜਾ ਸਕੇ।
ਪੁਸਤਕ ਦੇ ਅੰਤ ਵਿਚ ਸ੍ਰੀ ਸੰਜੇ ਸੂਰੀ ਨੇ 1984 ਦੇ ਸਿੱਖ-ਵਿਰੋਧੀ ਦੰਗਿਆਂ ਨੂੰ 9/11 ਦੇ ਅਮਰੀਕੀ ਹਮਲਿਆਂ ਨਾਲ ਜੋੜ ਕੇ ਬਿਆਨ ਕੀਤਾ ਹੈ। ਦੋਵਾਂ ਸਾਕਿਆਂ ਵਿਚ 3000 ਦੇ ਕਰੀਬ ਲੋਕ ਮਾਰੇ ਗਏ ਸਨ ਪਰ ਅਮਰੀਕਾ ਦੀ ਸਰਕਾਰ ਫੌਰਨ ਐਕਸ਼ਨ ਵਿਚ ਆ ਗਈ ਅਤੇ ਅਮਰੀਕਾ ਦੇ ਕਿਸੇ ਵੀ ਬਾਸ਼ਿੰਦੇ ਨੂੰ ਪਸ਼ਚਾਤਾਪ ਅਤੇ ਬੇਬਸੀ ਦੀ ਭੱਠੀ ਵਿਚ ਨਾ ਭੁੱਜਣ ਦਿੱਤਾ ਪਰ ਇਥੇ ਵਕਤ ਦੀ (ਕਾਂਗਰਸੀ) ਸਰਕਾਰ ਨੇ ਅਪਰਾਧਕ-ਨਿਸ਼ਕ੍ਰਿਅਤਾ ਤੋਂ ਕੰਮ ਲਿਆ। ਸਿੱਟੇ ਵਜੋਂ ਅੱਜ ਵੀ ਮੋਹਨ ਸਿੰਘ ਅਤੇ ਸ਼ੀਲਾ ਕੌਰ ਵਰਗੇ ਸੈਂਕੜੇ ਵਿਅਕਤੀ ਬੇਬਸੀ ਅਤੇ ਪਸ਼ਚਾਤਾਪ ਦੀ ਅਗਨੀ ਵਿਚ ਝੁਲਸ ਰਹੇ ਹਨ। ਇਹ ਲੋਕ ਹਿੰਦੁਸਤਾਨ ਨੂੰ ਕਿਵੇਂ ਆਪਣਾ ਵਤਨ ਸਮਝਣ? ਸੰਜੇ ਸੂਰੀ ਨੇ ਇਹ ਕਿਤਾਬ ਲਿਖ ਕੇ ਪੰਜਾਬ ਦੀ ਧਰਤੀ ਉੱਪਰ ਜੰਮੇ ਹੋਣ ਦਾ ਕਰਜ਼ ਉਤਾਰ ਦਿੱਤਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਾਡੇ ਸਮਿਆਂ ਦਾ ਆਦਰਸ਼
ਬਾਪੂ ਕਰਤਾਰ ਸਿੰਘ ਧਾਲੀਵਾਲ
ਸੰਪਾਦਕ : ਪ੍ਰੋ: ਬਲਦੇਵ ਸਿੰਘ ਬੱਲੂਆਣਾ, ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਸਿੱਖ ਬੁੱਧੀਜੀਵੀ ਕੌਂਸਲ, ਪਟਿਆਲਾ
ਸਫ਼ੇ : 93
ਸੰਪਰਕ : 98762-75719.

ਵਿਚਾਰ ਅਧੀਨ ਪੁਸਤਕ ਇਕ ਆਦਰਸ਼ਕ ਕਰਮਯੋਗੀ, ਕਰਤਾਰੀ ਪੁਰਖ, ਸੂਰਵੀਰ, ਮਿਹਨਤਕਸ਼, ਦ੍ਰਿੜ੍ਹ-ਸੰਕਲਪ ਵਾਲੇ ਸਮਾਜ ਸੇਵੀ ਅਤੇ ਵਿੱਦਿਆ ਦਾਨੀ ਬਾਪੂ ਕਰਤਾਰ ਸਿੰਘ ਧਾਲੀਵਾਲ ਦੇ ਭਿੰਨ-ਭਿੰਨ ਜੀਵਨ ਪਸਾਰਾਂ ਨੂੰ ਬਿਆਨ ਕਰਨ ਵਾਲੇ 9 ਲੇਖਾਂ ਦਾ ਸੰਗ੍ਰਹਿ ਹੈ, ਜਿਸ ਦੀ ਸੰਪਾਦਨਾ ਪ੍ਰੋ: ਬਲਦੇਵ ਸਿੰਘ ਬੱਲੂਆਣਾ ਅਤੇ ਡਾ: ਭਗਵੰਤ ਸਿੰਘ ਨੇ ਕੀਤੀ ਹੈ।
ਜੀਵਨੀ ਸਾਹਿਤ ਦੀ ਇਸ ਪੁਸਤਕ ਵਿਚ ਪੰਜਾਬੀ ਦੇ ਸਰਮੌਰ ਵਿਦਵਾਨ ਲੇਖਕਾਂ ਪ੍ਰੋ: ਬਲਦੇਵ ਸਿੰਘ ਬੱਲੂਆਣਾ, ਡਾ: ਰਤਨ ਸਿੰਘ ਜੱਗੀ, ਡਾ: ਤੇਜਵੰਤ ਮਾਨ, ਚੇਤਨ ਸਿੰਘ, ਡਾ: ਕੁਲਦੀਪ ਸਿੰਘ ਧੀਰ, ਡਾ: ਭਗਵੰਤ ਸਿੰਘ, ਡਾ: ਮਹੇਸ਼ ਗੌਤਮ, ਬੀ.ਐਸ. ਬੀਰ ਅਤੇ ਹਰਭਜਨ ਸਿੰਘ ਰਤਨ ਦੇ ਵਿਚਾਰ ਭਰਪੂਰ ਗਿਆਨਵਰਧਕ ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸੂਬੇਦਾਰ ਕਰਤਾਰ ਸਿੰਘ ਰੱਖੜਾ ਦੇ ਸੰਘਰਸ਼ਮਈ ਆਦਰਸ਼ਕ ਜੀਵਨ, ਜੀਵਨ ਮੁੱਲਾਂ ਅਤੇ ਆਦਰਸ਼ਾਂ ਦੀ ਕਥਾ ਤੋਂ ਇਲਾਵਾ ਰੱਖੜਾ ਪਰਿਵਾਰ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ, ਸਾਹਿਤ ਸੱਭਿਆਚਾਰ, ਸਮਾਜਿਕ, ਵਿੱਦਿਅਕ ਅਤੇ ਰਾਜਨੀਤਕ ਖੇਤਰ ਵਿਚ ਪਾਏ ਬਹੁਮੁੱਲੇ ਯੋਗਦਾਨ ਦੀ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ। ਮੂਲ ਰੂਪ ਵਿਚ ਇਸ ਪੁਸਤਕ ਰਾਹੀਂ ਇਕ ਅਜਿਹੇ ਆਦਰਸ਼ ਮਨੁੱਖ ਦੀ ਜੀਵਨ ਕਥਾ ਪੇਸ਼ ਕੀਤੀ ਗਈ ਹੈ ਜੋ ਕੇਵਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਥਾਪਨਾ ਲਈ ਹੀ ਸੰਘਰਸ਼ ਨਹੀਂ ਕਰਦਾ, ਬਲਕਿ ਆਪਣੇ ਆਲੇ-ਦੁਆਲੇ ਅਤੇ ਸਮਾਜ ਦੀ ਬਿਹਤਰੀ ਲਈ ਵੀ ਆਪਣਾ ਜੀਵਨ ਅਰਪਿਤ ਕਰਦ ਦਿੰਦਾ ਹੈ।

ਸੁਖਦੇਵ ਮਾਦਪੁਰੀ
ਮੋ: 94630-34472.



ਸੋਚ ਦਾ ਸਫ਼ਰ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਏਸ਼ੀਐਡਜ਼ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 170 ਰੁਪਏ, ਸਫ਼ੇ : 112
ਸੰਪਰਕ : 93165-44777.

ਵਾਰਤਕ ਦੀ ਇਸ ਪੁਸਤਕ ਵਿਚ 21 ਲੇਖ ਹਨ। ਜ਼ਿਆਦਾਤਰ ਹੱਡਬੀਤੀਆਂ ਨੂੰ ਬੜੇ ਸਰਲ ਢੰਗ ਨਾਲ ਲਿਖਿਆ ਗਿਆ ਹੈ। ਕੁਝ ਲੇਖਾਂ ਵਿਚ ਬੀਤੇ ਸਮੇਂ ਨੂੰ ਬਿਆਨ ਕੀਤਾ ਗਿਆ ਹੈ। ਲੇਖ ਪੜ੍ਹਦੇ ਸਮੇਂ ਲਗਦਾ ਹੈ, ਲੇਖਕ ਤੁਹਾਨੂੰ ਉਂਗਲ ਫੜ ਕੇ ਉਨ੍ਹਾਂ ਥਾਵਾਂ 'ਤੇ ਲੈ ਜਾ ਰਿਹਾ ਹੈ, ਜੋ ਤੁਸੀਂ ਨਹੀਂ ਦੇਖੇ। ਉਹ ਨਿੱਕੀ-ਨਿੱਕੀ ਗੱਲ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਬਿਆਨ ਕਰਦਾ ਹੈ।
'ਸੋਚ ਦਾ ਸਫ਼ਰ' ਆਪਣੀ ਮਿਸਾਲ ਆਪ ਹੈ। ਇਸ ਪੁਸਤਕ ਦੇ ਸਾਰੇ ਹੀ ਲੇਖ ਬੜੇ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ। ਪੜ੍ਹਦੇ ਸਮੇਂ ਮਨ ਅੱਕਦਾ ਨਹੀਂ। ਗੱਲ ਕਹਿਣ ਦਾ ਆਪਣਾ ਢੰਗ ਹੈ। ਜਦੋਂ ਉਹ ਗੁਜਰਾਤ ਜਾਂ ਬੰਗਾਲ ਦੀ ਗੱਲ ਕਰਦਾ ਹੈ ਤਾਂ ਉਸ ਦੀ ਤੁਲਣਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ ਜ਼ਰੂਰ ਕਰਦਾ ਹੈ। ਉਹ ਦੂਜੇ ਪ੍ਰਾਂਤਾਂ ਦੀਆਂ ਚੰਗੀਆਂ ਗੱਲਾਂ ਦੀ ਖੂਬ ਪ੍ਰਸੰਸਾ ਕਰਦਾ ਹੈ। 'ਕੀ ਬਲਾ ਹੈ ਮੂਡ ਵੀ, ਇਕ ਨੇਕ ਸਲਾਹ, ਇਹ ਵੀ ਇਕ ਕਲਾ ਹੈਂਗੱਲਬਾਤ ਕਰਨਾ, ਪੰਜਾਬ ਨਾਲੋਂ ਬਹੁਤ ਕੁਝ ਵੱਖਰਾ ਹੈ ਗੁਜਰਾਤ ਵਿਚ, ਮੇਘਾਲਿਆ ਦੀ ਸੈ, ਨੀਂਦ ਆਦਿ ਲੇਖ ਵਧੀਆ ਹਨ ਪਰ ਬਾਕੀ ਲੇਖ ਵੀ ਘੱਟ ਨਹੀਂ। ਸਾਰੇ ਲੇਖਾਂ ਵਿਚ ਲੇਖਕ ਨੇ ਭਾਸ਼ਾ ਦੀ ਸਾਦਗੀ ਦਾ ਬੜਾ ਖਿਆਲ ਰੱਖਿਆ ਹੈ। ਭਰਤੀ ਦੇ ਸ਼ਬਦਾਂ ਨੂੰ ਲਿਖ ਕੇ ਲੇਖਾਂ ਨੂੰ ਬੋਝਲ ਨਹੀਂ ਬਣਾਇਆ। ਕਾਫੀ ਸਮੇਂ ਬਾਅਦ ਇਕ ਵਧੀਆ ਪੁਸਤਕ ਪੜ੍ਹਨ ਦਾ ਮੌਕਾ ਮਿਲਿਆ। ਤੁਸੀਂ ਇਕ ਵਾਰ ਪੁਸਤਕ ਪੜ੍ਹਨੀ ਸ਼ੁਰੂ ਕਰੋ, ਬੰਦ ਕਰਨ ਨੂੰ ਜੀਅ ਨਹੀਂ ਕਰਦਾ। ਇਸ ਪੁਸਤਕ ਨਾਲ ਪੰਜਾਬੀ ਸਾਹਿਤ ਵਿਚ ਸ਼ਲਾਘਾਯੋਗ ਵਾਧਾ ਹੋਇਆ ਹੈ। ਵਧੀਆ ਪੁਸਤਕ ਲਿਖਣ ਲਈ ਲੇਖਕ ਵਧਾਈ ਦਾ ਪਾਤਰ ਹੈ।

ਅਵਤਾਰ ਸਿੰਘ ਸੰਧੂ
ਮੋ: 99151-82971


ਵਿਹੜਿਆਂ ਦੀ ਮਹਿਕ
ਸ਼ਾਇਰ : ਕਸ਼ਮੀਰ ਨੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਦਿੱਲੀ।
ਮੁੱਲ : 250 ਰੁਪਏ, ਸਫ਼ੇ : 143
ਸੰਪਰਕ : 093138-90054.

ਕਸ਼ਮੀਰ ਨੀਰ ਪੰਜਾਬੀ ਦਾ ਪੁਰਾਣਾ ਗ਼ਜ਼ਲਕਾਰ ਹੈ। 'ਵਿਹੜਿਆਂ ਦੀ ਮਹਿਕ' ਉਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਚੋਣਵੀਆਂ ਗ਼ਜ਼ਲਾਂ ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿਚ ਉਸ ਨੇ 'ਗ਼ਜ਼ਲ ਦੇ ਸਿਰਨਾਵੇਂ' ਸਿਰਲੇਖ ਅਧੀਨ ਸ਼ਿਅਰ ਸਿਰਜਣ ਲਈ ਸੰਖੇਪ ਵਿਚ ਮਹੱਤਵਪੂਰਨ ਤੱਤ ਸਾਂਝੇ ਕੀਤੇ ਹਨ। ਇਹ ਤੱਤ ਗ਼ਜ਼ਲ ਵਿਧਾਨ ਦਾ ਸਾਰ ਹਨ। ਇਕ ਸੌ ਬਾਈ ਗ਼ਜ਼ਲਾਂ ਵਾਲੀ ਇਸ ਪੁਸਤਕ ਵਿਚ ਗ਼ਜ਼ਲਕਾਰ ਦਾ ਮੌਲਿਕ ਸ਼ਿਲਪ, ਸ਼ੈਲੀ, ਸਮਰਪਨ ਤੇ ਅੰਦਾਜ਼ ਪਾਠਕ ਦੇ ਰੂ-ਬਰੂ ਹੁੰਦੇ ਹਨ। ਕਸ਼ਮੀਰ ਨੀਰ ਦੀ ਗ਼ਜ਼ਲ ਦਾ ਅੰਦਾਜ਼ ਪਰੰਪਰਕ ਤੇ ਅਧੁਨਿਕਤਾ ਦੇ ਸੁਮੇਲ ਵਾਲਾ ਹੈ। ਉਸ ਨੂੰ ਸ਼ਬਦ ਚੋਣ ਤੇ ਉਨ੍ਹਾਂ ਨੂੰ ਚਿਣਨ ਦੀ ਵਿਉਂਤਬੰਦੀ 'ਤੇ ਮੁਹਾਰਤ ਹਾਸਲ ਹੈ। ਗ਼ਜ਼ਲਾਂ ਦੇ ਬਹੁਤੇ ਵਿਸ਼ੇ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚੇ ਪੰਜਾਬੀ ਵਿਰਸੇ ਨਾਲ ਸਬੰਧਤ ਹਨ। ਗ਼ਜ਼ਲਕਾਰ ਨੂੰ ਖੋਖਲੇ ਹੋ ਰਹੇ ਮਕਾਨਾਂ ਦਾ ਅਫ਼ਸੋਸ ਹੈ ਤੇ ਮਨੁੱਖੀ ਮਨ ਵਿਚ ਫ਼ੈਲਦੇ ਜਾ ਰਹੇ ਸ਼ਮਸ਼ਾਨ ਦੀ ਚਿੰਤਾ ਹੈ। ਉਸ ਦੇ ਸ਼ਿਅਰਾਂ ਵਿਚ ਪਾਥੀਆਂ ਦੇ ਗੁਹੀਰਿਆਂ ਦਾ ਜ਼ਿਕਰ ਹੈ, ਤਾਰਿਆਂ ਦੀਆਂ ਖਿੱਤੀਆਂ ਦਾ ਵਰਨਣ ਹੈ ਤੇ ਕੁਦਰਤ ਦੀ ਕਲਾ ਪਾਸਾਰ ਹੈ। ਉਸ ਦੇ ਬਹੁਤੇ ਸ਼ਿਅਰਾਂ ਦੇ ਪਹਿਲੇ ਮਿਸਰੇ ਚੁਪਕੇ ਜਿਹੇ ਦਿਲ ਵਿਚ ਪ੍ਰਵੇਸ਼ ਕਰਦੇ ਹਨ ਤੇ ਦੂਸਰੇ ਮਿਸਰਿਆਂ ਦੁਆਰਾ ਸ਼ਿਅਰ ਮੁਕੰਮਲ ਹੁੰਦੇ ਸਾਰ ਮਨ ਵਿਚ ਤਰੰਗਾਂ ਤੇ ਝਰਨਾਹਟਾਂ ਛੇੜਦੇ ਹਨ।

ਗੁਰਦਿਆਲ ਰੌਸ਼ਨ
ਮੋ: 99884-44002

 


ਅੰਧ ਕੂਪ
ਲੇਖਕ : ਚੰਦਨ ਨੇਗੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 308
ਸੰਪਰਕ : 099996-82767.

ਚੰਦਨ ਨੇਗੀ ਦਾ ਇਹ ਛੇਵਾਂ ਨਾਵਲ ਹੈ। ਇਸ ਨਾਵਲ ਦੀ ਫੇਬੁਲਾ 1947 ਵਿਚ ਭਾਰਤ-ਪਾਕਿ ਵੰਡ ਸਮੇਂ ਹੋਇਆ ਮਨੁੱਖਤਾ ਦਾ ਘਾਣ ਹੈ। ਫੇਬੁਲਾ ਦਾ ਆਧਾਰ ਲੇਖਕਾ ਦਾ ਸਵੈ-ਅਨੁਭਵ ਹੈ। ਅਨੇਕਾਂ ਘਟਨਾਵਾਂ ਅੱਖੀਂ ਦੇਖੀਆਂ, ਹੱਡ-ਹੰਡਾਈਆਂ ਤੇ ਕੰਨੀ ਸੁਣੀਆਂ ਹਨ। ਇਨ੍ਹਾਂ ਘਟਨਾਵਾਂ ਦੇ ਦੁਖਾਂਤਕ-ਯਥਾਰਥ ਦੀ ਪੇਸ਼ਕਾਰੀ ਨੇ ਹੀ ਇਸ ਨਾਵਲ ਨੂੰ ਇਤਿਹਾਸਕ ਬਿਰਤਾਂਤ ਦੀ ਪ੍ਰਮਾਣਿਕਤਾ ਤੱਕ ਪਹੁੰਚਾ ਦਿੱਤਾ ਹੈ। ਇਹ ਸਮੇਂ ਦੇ ਸੰਘਰਸ਼ਾਂ, ਲੁੱਟਾਂ, ਦੁੱਖਾਂ, ਉਧਾਲਿਆਂ, ਕਤਲਾਂ, ਗੁੰਡਾਗਰਦੀ ਦੇ ਨੰਗੇ ਨਾਚਾਂ ਦੀ ਕਰੁਣਾਮਈ ਦਾਸਤਾਂ ਹੋ ਨਿਬੜਿਆ ਹੈ ਇਹ ਨਾਵਲ। ਕਿਧਰੇ-ਕਿਧਰੇ 'ਇਨਸਾਨੀਅਤ ਜ਼ਿੰਦਾ' ਦੀਆਂ ਉਦਾਹਰਨਾਂ ਦਾ ਵੀ ਜ਼ਿਕਰ ਹੈ। ਇਸ ਨਾਵਲ ਦੀ ਨਾਇਕਾ ਦਾ ਨਾਂਅ 'ਪਾਸ਼' ਹੈ। ਉਸ ਨੂੰ ਪਾਲਕ ਮਾਪਿਆਂ ਨੇ ਅਸਲ ਮਾਪਿਆਂ ਤੋਂ ਗੋਦ ਲੈ ਕੇ ਬੜੇ ਲਾਡਾਂ ਨਾਲ ਪਾਲਿਆ ਹੈ। ਉਨ੍ਹਾਂ ਹੀ ਕਾਲੇ ਦਿਨਾਂ ਵਿਚ ਜਦੋਂ ਪਰਿਵਾਰ 'ਚੋਂ ਇਕੱਲੀ ਬਚੀ ਬੱਚੀ 'ਪਾਸ਼' 10-12 ਵਰ੍ਹਿਆਂ ਦੀ ਸੀ, ਕਬਾਇਲੀ ਦਰਿੰਦਿਆਂ ਨੇ ਨੋਚ-ਨੋਚ ਖਾਧੀ। ਇਸੇ ਮੰਦਭਾਗੀ ਬੱਚੀ ਨੂੰ ਮੁਟਿਆਰ ਹੋਣ 'ਤੇ ਨਜ਼ਦੀਕੀਆਂ ਨੇ ਇਕ ਨਮਰਦ ਨੌਜਵਾਨ ਨਾਲ ਵਿਆਹ ਦਿੱਤਾ।
ਇਤਿਹਾਸਕ ਦ੍ਰਿਸ਼ਟੀ ਤੋਂ ਨਾਵਲਕਾਰਾ ਅਨੁਸਾਰ ਕਸ਼ਮੀਰ ਦੀ ਇਸ ਦੁਖਾਂਤਕ-ਵੰਡ ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਦੋ ਮੌਕੇ ਸੰਭਾਲ ਲਏ ਜਾਂਦੇ। ਪਹਿਲਾ ਮੌਕਾ ਮਹਾਰਾਜਾ ਰਣਜੀਤ ਸਿੰਘ ਨੇ 'ਹਾਂਡੀ ਮੁਸਲਮਾਨਾਂ' ਨੂੰ ਧਰਮ ਪਰਿਵਰਤਨ ਦਾ ਦਿੱਤਾ ਸੀ। ਉਹ ਬੜੇ ਤੀਬਰ ਸਨ ਹਿੰਦੂ ਧਰਮ ਅਪਣਾਉਣ ਲਈ ਪਰ ਹਿੰਦੂ ਧਰਮ ਦੇ ਪੁਜਾਰੀਆਂ ਨੇ ਮਹਾਰਾਜੇ ਦਾ ਇਹ ਸੁਝਾਅ ਰੱਦ ਕਰ ਦਿੱਤਾ ਕਿ ਉਹ ਪਤਿਤ ਹੋ ਚੁੱਕੇ ਹਨ। ਦੂਜਾ ਮੌਕਾ ਭਾਰਤੀ ਫ਼ੌਜ ਦੇ ਜਰਨੈਲਾਂ ਨੇ ਦਿੱਤਾ ਸੀ। ਉਨ੍ਹਾਂ ਮੌਕੇ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਪੂਰੀ ਕਸ਼ਮੀਰ ਫਤਹਿ ਕਰਨ ਲਈ ਦੋ ਦਿਨ ਹੋਰ ਸੀਜ਼-ਫਾਇਰ ਦਾ ਹੁਕਮ ਨਾ ਦਿੱਤਾ ਜਾਵੇ। ਨਾਵਲਕਾਰਾ ਦਾ ਕਹਿਣਾ ਹੈ ਕਿ ਗ਼ਲਤ ਢੰਗ ਨਾਲ ਅਤੇ ਬੇਮੌਕਾ ਹੋਏ ਸੀਜ਼-ਫਾਇਰ ਦੇ ਹੁਕਮ ਅਤੇ ਮਾਮਲਾ ਯੂ.ਐਨ.ਓ. ਦੇ ਸਪੁਰਦ ਕਰਨਾ ਮੌਕੇ ਦੇ ਪ੍ਰਧਾਨ ਮੰਤਰੀ ਦੀ ਅਜਿਹੀ ਕਾਰਜੀ ਭੁੱਲ (ਐਕਟ ਆਫ ਆਮਿਸ਼ਨ) ਸੀ ਜਿਸ ਦਾ ਖਮਿਆਜ਼ਾ ਅੱਜ ਤੱਕ ਦੋਵਾਂ ਮੁਲਕਾਂ ਦੀ ਜਨਤਾ, ਫ਼ੌਜ ਅਤੇ ਸਰਕਾਰਾਂ ਭੁਗਤ ਰਹੀਆਂ ਹਨ। ਨਾਵਲੀ-ਕਥਾ ਵਿਚ ਪ੍ਰਕਿਰਤੀ ਦਾ ਸ਼ਿੰਗਾਰ-ਰਸੀ ਅਤੇ ਵੀਭਤਸੀ ਰੂਪ, ਸੰਦਰਭ ਅਨੁਸਾਰ, ਅਦਲ-ਬਦਲ ਕੇ ਪੇਸ਼ ਹੁੰਦਾ ਵੇਖਿਆ ਜਾ ਸਕਦਾ ਹੈ। ਸੁਖਮਨੀ ਸਾਹਿਬ (ਅਸ਼ਟਪਦੀ ੪) ਦੇ ਮਹਾਂਵਾਕਾਂ (ਅੰਧ ਰੂਪ ਮਹਿ ਪਤਿਤ ਬਿਕਰਾਲ/ਕਰਤੂਤਿ ਪਸੂ ਕੀ ਮਾਨਸ ਜਾਤਿ) ਨੂੰ ਇਹ ਨਾਵਲ ਭਰਵੇਂ ਰੂਪ ਵਿਚ ਪ੍ਰਸਤੁਤ ਕਰਦਾ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਹਰਿਭਜਨ ਸਿੰਘ
ਦੀ ਨਾਟ-ਕਾਵਿ ਸੰਵੇਦਨਾ
ਲੇਖਿਕਾ : ਡਾ: ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਪ੍ਰਾਇ. ਲਿਮ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 91
ਸੰਪਰਕ : 98151-72073.

ਡਾ: ਹਰਿਭਜਨ ਸਿੰਘ ਦੀ 'ਨਾਟ-ਕਾਵਿ ਸੰਵੇਦਨਾ' ਉੱਪਰ ਲਿਖੀ ਸਰਬਜੀਤ ਕੌਰ ਸੋਹਲ ਦੀ ਇਹ ਕਿਤਾਬ ਸਾਡੇ ਸਨਮੁੱਖ ਹੁੰਦੀ ਹੈ। ਆਧੁਨਿਕ ਪੰਜਾਬੀ ਕਵੀ ਅਤੇ ਆਲੋਚਕ ਡਾ: ਹਰਿਭਜਨ ਸਿੰਘ ਆਧੁਨਿਕ ਜੀਵਨ-ਬੋਧ ਦਾ ਰਚਨਾਤਮਕ ਰੂਪਾਂਤਰਣ ਕਰਨ ਵਾਲਾ ਕਵੀ ਹੈ। ਉਸ ਨੇ ਨਾਟਕੀ ਮੁਹਾਂਦਰੇ ਵਾਲੀ ਕਵਿਤਾ ਦੀ ਸਿਰਜਣਾ ਵਧੇਰੇ ਕੀਤੀ ਹੈ। ਕਵਿਤਾ ਦੇ ਖੇਤਰ ਵਿਚ ਇਕ ਨਵੀਂ ਕਾਵਿ-ਧਾਰਾ ਦੀ ਸਿਰਜਣਾ ਕਰਨ ਵਾਲਾ ਇਹ ਕਵੀ ਆਪਣੀ ਰਚਨਾ ਵਿਚ ਵਿਭਿੰਨ ਰੂਪਾਕਾਰਕ ਪ੍ਰਯੋਗ ਕਰਦਾ ਹੈ। ਇਸ ਦ੍ਰਿਸ਼ਟੀ ਤੋਂ ਉਸ ਨੇ ਨਾਟਕੀ ਕਾਵਿ, ਸਰੋਦੀ ਕਾਵਿ, ਲੰਮੇਰੀ ਕਵਿਤਾ ਅਤੇ ਕਾਵਿ ਨਾਟ ਆਦਿ ਦੀ ਸਿਰਜਣਾ ਕੀਤੀ ਹੈ। ਡਾ: ਸੋਹਲ ਨੇ ਬੜੇ ਵਿਸਥਾਰ ਨਾਲ ਉਸ ਦੀ ਨਾਟਕੀ ਕਵਿਤਾ ਦਾ ਵਿਸ਼ਲੇਸ਼ਣ ਕੀਤਾ ਹੈ। ਦੋ ਕਾਵਿ ਸੰਗ੍ਰਹਿਂ'ਤਾਰ ਤੁਪਕਾ' ਅਤੇ 'ਮੱਥਾ ਦੀਵੇ ਵਾਲਾ' ਅਧਿਐਨ ਰਾਹੀਂ ਨਾਟਕੀ ਕਾਵਿ ਦੀ ਇਕ ਵਿਲੱਖਣ ਵੰਨਗੀ ਪੇਸ਼ ਕੀਤੀ ਹੈ। ਇਸ ਸਮੀਖਿਆ ਰਾਹੀਂ ਪਰੰਪਰਾਗਤ ਨਾਟਕੀ ਕਾਵਿ ਨਾਲੋਂ ਵੱਖਰਾ ਪ੍ਰਯੋਗ ਕੀਤਾ ਗਿਆ ਹੈ।
'ਤਾਰ ਤੁਪਕਾ' ਅਜਿਹਾ ਕਾਵਿ-ਨਾਟ ਹੈ, ਜਿਸ ਵਿਚ ਨਾਟਕੀ ਕਿਰਿਆ ਦੀ ਵਿਧੀ ਰਾਹੀਂ ਕਾਵਿ-ਤੱਤਾਂ ਨੂੰ ਪ੍ਰਗਟਾਇਆ ਗਿਆ ਹੈ। 'ਮੱਥਾ ਦੀਵੇ ਵਾਲਾ' ਪੁਸਤਕ ਵੀ ਇਕ ਵਿਲੱਖਣ ਮੁਹਾਂਦਰੇ ਵਾਲੀ ਰਚਨਾ ਹੈ। ਬੌਧਿਕ ਗਹਿਰਾਈ ਨਾਲ ਭਰਪੂਰ ਇਹ ਰਚਨਾ ਕਾਵਿਕ ਜੁਗਤਾਂ ਰਾਹੀਂ ਆਪਣਾ ਸੰਚਾਰ ਕਰਦੀ ਹੈ। ਡਾ: ਹਰਿਭਜਨ ਸਿੰਘ ਪੰਜਾਬੀ ਸਾਹਿਤ ਦਾ ਸਥਾਪਤ ਅਤੇ ਪ੍ਰਤਿਭਾਵਾਨ ਕਵੀ ਹੈ, ਜਿਸ ਨੇ ਆਪਣੀ ਵਿਲੱਖਣ ਕਾਵਿ-ਦ੍ਰਿਸ਼ਟੀ ਰਾਹੀਂ ਮਨੁੱਖੀ ਮਾਨਸਿਕਤਾ ਦੀਆਂ ਵਿਭਿੰਨ ਪਰਤਾਂ ਨੂੰ ਚਿਤਰਿਆ ਹੈ। ਅਜਿਹਾ ਕਰਦਿਆਂ ਉਹ ਸਰਲ ਤੇ ਇਕਹਿਰੀਆਂ ਕਾਵਿ-ਵਿਧੀਆਂ ਦੀ ਵਰਤੋਂ ਨਹੀਂ ਕਰਦਾ ਸਗੋਂ ਨਾਟ-ਵਿਧੀਆਂ ਦਾ ਪ੍ਰਯੋਗ ਕਰਦਾ ਹੈ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

 

29/04/2017

 ਅਸਫ਼ਲ ਹੋਣਾ ਜ਼ਰੂਰੀ ਕਿਉਂ ਹੈ
ਲੇਖਿਕਾ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 207
ਸੰਪਰਕ : 78377-18723.

ਹਰ ਬੰਦਾ ਸਫਲ ਹੋਣਾ ਚਾਹੁੰਦਾ ਹੈ। ਨਿੱਕੇ-ਨਿੱਕੇ ਬੱਚਿਆਂ ਦੇ ਕੋਮਲ ਦਿਲਾਂ ਵਿਚ ਵੀ ਇਹ ਚਿੰਤਾ ਹੈ ਕਿ ਕਿਤੇ ਉਹ ਪੜ੍ਹਾਈ ਵਿਚ ਅਸਫਲ ਨਾ ਹੋ ਜਾਣ। ਮੁਕਾਬਲੇ ਦੇ ਇਸ ਦੌਰੇ ਵਿਚ ਹਰ ਕੋਈ ਇਕ-ਦੂਜੇ ਤੋਂ ਅੱਗੇ ਹੋਣਾ ਚਾਹੁੰਦਾ ਹੈ। ਅਸਫਲਤਾ ਬਾਰੇ ਸੋਚ ਕੇ ਹੀ ਡਰ ਲੱਗਣ ਲਗਦਾ ਹੈ। ਇਸੇ ਲਈ ਬਹੁਤ ਸਾਰੇ ਵਿਦਿਆਰਥੀ ਫੇਲ੍ਹ ਹੋਣ ਦੇ ਡਰੋਂ ਅਤੇ ਨੌਜਵਾਨ ਪਿਆਰ ਵਿਚ ਅਸਫਲ ਹੋਣ ਦੇ ਡਰੋਂ ਹੀ ਖ਼ੁਦਕੁਸ਼ੀਆਂ ਕਰ ਬੈਠਦੇ ਹਨ। ਇਸ ਪੁਸਤਕ ਵਿਚ ਲੇਖਕ ਨੇ ਅਸਫਲ ਲੋਕਾਂ ਦੇ ਮਨੋਵਿਗਿਆਨ ਨੂੰ ਸਮਝ ਕੇ ਇਕ ਨਵੀਂ ਗੱਲ ਕੀਤੀ ਹੈ ਕਿ ਸਫਲ ਹੋਣ ਵਾਸਤੇ ਅਸ਼ਫਲਤਾ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਬਹੁਤੇ ਲੋਕਾਂ ਨੂੰ ਅਸਫਲਤਾ ਦੀ ਖ਼ਬਰ ਮਿਲਣ 'ਤੇ ਲਗਦਾ ਹੈ ਕਿ ਉਨ੍ਹਾਂ ਦੇ ਜਿਊਣ ਦਾ ਕੋਈ ਮਤਲਬ ਹੀ ਨਹੀਂ ਰਿਹਾ। ਉਹ ਨਿਰਾਸ਼ਾਵਾਦੀ ਹੋ ਜਾਂਦੇ ਹਨ। ਆਰਥਿਕ ਸੰਕਟ, ਧੋਖਾ, ਬਿਮਾਰੀ, ਘਰੋਗੀ ਕਲੇਸ਼, ਘਾਟੇ ਆਦਿ ਮਨੁੱਖ ਨੂੰ ਡਾਵਾਂਡੋਲ ਕਰ ਦਿੰਦੇ ਹਨ। ਪਰ ਲੇਖਕ ਨੇ ਬਹੁਤ ਲੋਕਾਂ ਨਾਲ ਮਿਲ ਕੇ ਗੱਲਬਾਤ ਕਰਕੇ ਸੈਮੀਨਾਰ ਆਦਿ ਕਰਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਫਲਤਾ ਸਫਲਤਾ ਦੇ ਰਾਹ ਵੱਲ ਜਾਂਦਾ ਇਕ ਪੜਾਅ ਹੈ। ਜੋ ਲੋਕ ਇਸ ਪੜਾਅ 'ਤੇ ਰੁਕ ਜਾਂਦੇ ਹਨ, ਉਹ ਏਨੇ ਉਦਾਸ ਹੋ ਜਾਂਦੇ ਹਨ ਕਿ ਜੀਵਨ ਹੀ ਨਿਰਅਰਥਕ ਲੱਗਣ ਲਗਦਾ ਹੈ। ਪਰ ਜੋ ਲੋਕ ਉੱਠ ਕੇ ਅੱਗੇ ਵਧਦੇ ਹਨ, ਸਫਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਸਫਲ ਉਹ ਨਹੀਂ, ਜੋ ਕਦੇ ਡਿੱਗੇ ਨਾ ਹੋਣ, ਬਲਕਿ ਉਹ ਹਨ ਜੋ ਡਿੱਗਣ ਤੋਂ ਬਾਅਦ ਫਿਰ ਉੱਠ ਖੜ੍ਹਦੇ ਹਨ। ਸਫਲਤਾ ਖੁਸ਼ੀ ਦੀ ਗਾਰੰਟੀ ਨਹੀਂ ਹੈ ਪਰ ਖੁਸ਼ੀ ਸਫਲਤਾ ਦੀ ਗਾਰੰਟੀ ਜ਼ਰੂਰੀ ਹੈ। ਜੇਕਰ ਤੁਸੀਂ ਖੁਸ਼ ਹੋ, ਸ਼ਾਂਤ ਹੋ, ਸੁਖੀ ਹੋ ਅਤੇ ਆਪਣਾ ਮਨਪਸੰਦ ਕੰਮ ਕਰ ਰਹੇ ਹੋ ਤਾਂ ਆਪਣੇ-ਆਪ ਨੂੰ ਸਫਲ ਮੰਨੋ। ਆਮ ਤੌਰ 'ਤੇ ਸਫਲਤਾ ਵੱਡੀਆਂ-ਵੱਡੀਆਂ ਚੀਜ਼ਾਂ ਵਿਚ ਹੁੰਦੀ ਹੈ ਅਤੇ ਖੁਸ਼ੀ ਛੋਟੀਆਂ-ਛੋਟੀਆਂ ਚੀਜ਼ਾਂ ਲਈ। ਲੋੜ ਪਵੇ ਤਾਂ ਆਪਣੀਆਂ ਖੁਸ਼ੀਆਂ ਲਈ ਸਫਲਤਾ ਵੀ ਤਿਆਗ ਦੇਣੀ ਚਾਹੀਦੀ ਹੈ। ਕਈ ਵਾਰ ਅਸਫਲਤਾ ਵੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਹ ਨਵੀਂ ਚੁਣੌਤੀ ਬਣ ਕੇ ਆਉਂਦੀ ਹੈ। ਅਸਲੀ ਅਨੰਦ ਮੰਜ਼ਿਲ 'ਤੇ ਨਹੀਂ ਸਗੋਂ ਸਫ਼ਰ ਵਿਚ ਹੈ। ਨਵੀਨ ਨਰੋਏ ਵਿਚਾਰਾਂ ਵਾਲੀ ਇਹ ਪੁਸਤਕ ਪੜ੍ਹਨਯੋਗ ਅਤੇ ਮਾਣਨਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਇਕ ਖ਼ਤ ਵੇਸਵਾ ਦੇ ਨਾਮ
(ਵੇਸਵਾਵਾਂ ਬਾਰੇ ਕਹਾਣੀਆਂ)
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 288
ਸੰਪਰਕ : 98148-03254.

ਹਥਲੀ ਪੁਸਤਕ ਵਿਚ ਵੇਸਵਾਵਾਂ ਦੇ ਜੀਵਨ ਬਾਰੇ ਲਿਖੀਆਂ 33 ਕਹਾਣੀਆਂ ਸੰਗ੍ਰਹਿਤ ਹਨ। ਬਹੁਤੀਆਂ ਕਹਾਣੀਆਂ ਉਰਦੂ ਅਤੇ ਪੰਜਾਬੀ ਭਾਸ਼ਾ ਵਿਚੋਂ ਲਈਆਂ ਗਈਆਂ ਹਨ। ਤਿੰਨ ਵਿਦੇਸ਼ੀ ਕਹਾਣੀਆਂ ਹਨ ਅਤੇ ਛੇ ਕਹਾਣੀਆਂ ਗੁਜਰਾਤੀ, ਉੜੀਆ ਅਤੇ ਬੰਗਾਲੀ ਆਦਿ ਭਾਸ਼ਾਵਾਂ ਵਿਚੋਂ ਆਈਆਂ ਹਨ। ਹਰ ਕਹਾਣੀ ਵਿਚ ਵੇਸਵਾਵਾਂ ਦੇ ਜੀਵਨ ਦੇ ਵਿਭਿੰਨ ਪਾਸਾਰ ਰੂਪਮਾਨ ਹੋਏ ਹਨ।
ਗੁਲਾਮ ਅੱਬਾਸ, ਆਗਾ ਬਾਬਰ, ਸਲਮ ਖਾਂ ਗਿੰਮੀ, ਬੁਸ਼ਰ ਰਹਿਮਾਨ, ਵਾਜਿਦਾ ਤਬੱਸੁਮ ਅਤੇ ਸਯਦ ਜਮੀਰ ਹਸਨ ਦੀਆਂ ਉਰਦੂ ਕਹਾਣੀਆਂ ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਵੇਸਵਾਵਾਂ ਬਾਰੇ ਉਰਦੂ ਕਹਾਣੀਕਾਰਾਂ ਤੋਂ ਡੂੰਘਾ ਅਤੇ ਪ੍ਰਮਾਣਿਕ ਲਿਖਣਾ ਬਹੁਤ ਕਠਿਨ ਹੈ। ਵੇਸਵਾਵਾਂ (ਜਾਂ ਰੰਡੀਆਂ) ਦੇ ਜੀਵਨ ਨਾਲ ਜੁੜਿਆ ਦਰਬਾਰੀ ਅਦਬ-ਅਦਾਬ ਇਨ੍ਹਾਂ ਔਰਤਾਂ ਨੂੰ ਇਕ ਨਵਾਂ ਆਯਾਮ ਪ੍ਰਦਾਨ ਕਰ ਦਿੰਦਾ ਹੈ। ਇਹ ਅਦਬ-ਅਦਾਬ ਉਨ੍ਹਾਂ ਨੂੰ 'ਵਿਚਾਰੀਆਂ ਜਾਂ ਅਬਲਾ' ਨਹੀਂ ਰਹਿਣ ਦਿੰਦਾ ਬਲਕਿ ਇਸ ਪ੍ਰਕਾਰ ਦੀ ਜੀਵਨ ਸ਼ੈਲੀ ਨੂੰ ਉਨ੍ਹਾਂ ਦੀ ਇਕ ਸਵੈ-ਚੋਣ ਬਣਾ ਦਿੰਦਾ ਹੈ। ਵਧੇਰੇ ਉਰਦੂ ਕਹਾਣੀਕਾਰ ਆਧੁਨਿਕ ਪੂੰਜੀਵਾਦੀ ਯੁੱਗ ਦੇ ਦਬਾਵਾਂ ਦੀ ਬਜਾਇ ਆਪਣੀਆਂ ਕਹਾਣੀਆਂ ਨੂੰ ਮਧਕਾਲੀਨ (ਜਾਗੀਰਦਾਰੀ) ਰਹਿਤਲ ਨਾਲ ਜੋੜ ਕੇ ਬਿਆਨ ਕਰਦੇ ਹਨ। ਉਂਜ ਵੀ ਉਹ ਲੋਕ ਕਹਾਣੀ ਬਿਆਨ ਨਹੀਂ ਕਰਦੇ ਬਲਕਿ 'ਰਚਦੇ' ਹਨ। ਉਨ੍ਹਾਂ ਦਾ ਹਰ ਵਾਕ ਕਿਸੇ ਡੂੰਘੀ ਮਰਜ਼ ਅਤੇ ਵਕ੍ਰੋਕਤੀ ਨਾਲ ਭਰਪੂਰ ਹੁੰਦਾ ਹੈ। ਪੰਜਾਬੀ ਕਹਾਣੀਕਾਰ ਅਜੇ ਤੱਕ 'ਨੈਰੇਸ਼ਨ' ਦੀ ਇਸ ਕਲਾ ਤੱਕ ਨਹੀਂ ਪਹੁੰਚ ਸਕੀ ਜਾਂ ਬਹੁਤ ਥੋੜ੍ਹੇ ਲੋਕ ਹੀ ਉਥੋਂ ਤੱਕ ਪਹੁੰਚੇ ਹਨ। ਸਾਡਾ ਕਥਿਤ 'ਅਗਾਂਹਵਧੂਪਣ' ਆੜੇ ਆ ਜਾਂਦਾ ਹੈ। ਜਿੰਦਰ ਦੀ ਇਹ ਪੁਸਤਕ ਉਸ ਦੀ ਕਠੋਰ ਮਿਹਨਤ ਦਾ ਪਰਿਣਾਮ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤੁਸੀਂ ਇਕ ਅਸਾਧਾਰਨ ਜੀਵਨ ਦਾ ਨਿਰਮਾਣ ਕਰ ਸਕਦੇ ਹੋ

ਲੇਖਕ : ਲੂਈਸ ਹੇਅ ਅਤੇ ਚੈਰਿਲ ਰਿਚਰਡਸਨ
ਅਨੁਵਾਦਕ : ਇੰਜ: ਚਰਨਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 140
ਸੰਪਰਕ : 0172-4608699


ਇਸ ਪੁਸਤਕ ਦੇ ਰਚੈਤਾ ਲੂਈਸ ਹੇਅ ਅਤੇ ਚੈਰਿਲ ਰਿਚਰਡਸਨ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੇ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਵਿਅਕਤੀਗਤ ਵਿਕਾਸ ਤੇ ਸਵੈ-ਉਪਚਾਰ ਲਈ ਆਪਣੀਆਂ ਰਚਨਾਤਮਕ ਸਮਰਥਾਵਾਂ ਨੂੰ ਲੱਭਣ ਤੇ ਲਾਗੂ ਕਰਨ ਲਈ ਮਦਦ ਕੀਤੀ ਹੈ। ਭਾਈਚਾਰਿਆਂ ਦੀ ਅਗਵਾਈ ਕਰਕੇ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਵਿਚ ਮਦਦ ਕਰਨ ਲਈ ਸਮਰਪਿਤ ਹਨ। ਇਨ੍ਹਾਂ ਨੂੰ ਸਵੈ ਸਹਿਯੋਗ ਦੀ ਲਹਿਰ ਦੇ ਮੋਢੀਆਂ ਅਤੇ ਸਰੀਰ ਤੇ ਮਨ ਦੇ ਉਪਚਾਰਕਾਂ ਦੇ ਜਨਮਦਾਤਿਆਂ ਵਜੋਂ ਜਾਣਿਆ ਜਾਂਦਾ ਹੈ।
ਪਹਿਲਾ ਕਾਂਡ 'ਫੋਨ ਦਾ ਜਵਾਬ ਦਿਓ ਤੇ ਮੇਲ ਖੋਲ੍ਹੋ' ਵਿਚ ਲੇਖਿਕਾ ਨੇ ਵਿਸਥਾਰ ਨਾਲ ਆਪਣੇ ਜੀਵਨ ਢੰਗ, ਬਿਮਾਰੀ ਤੇ ਇਲਾਜ ਅਤੇ ਉਪਰੰਤ ਠੀਕ ਹੋਣ ਬਾਰੇ ਚਾਨਣਾ ਪਾਇਆ ਹੈ ਕਿ ਠੀਕ ਹੋਣ ਪਿੱਛੇ ਦ੍ਰਿੜ੍ਹ ਇੱਛਾ ਸ਼ਕਤੀ ਤੇ ਸਾਕਾਰਾਤਮਕ ਸੋਚ ਅਤੇ ਸਭ ਤੋਂ ਵੱਧ ਰੂਹਾਨੀਅਤ ਦਾ ਸੰਚਾਰ ਹੋਣਾ ਜ਼ਰੂਰੀ ਹੈ। ਜਿਸ ਨਾਲ ਕੈਂਸਰ ਜਿਹੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਇਸ ਦੇ ਲਈ ਅਜਿਹੀ ਸੋਚ ਜ਼ਰੂਰੀ ਹੈ ਕਿ 'ਮੈਂ ਸਮਰੱਥ ਹਾਂ, ਮੇਰੇ ਵਿਚ ਠੀਕ ਹੋਣ ਦੀ ਕਾਬਲੀਅਤ ਹੈ, ਮੈਂ ਆਪਣੇ ਸਰੀਰ ਨੂੰ ਪਿਆਰ ਕਰਦਾ ਹਾਂ,' ਆਦਿ ਜੋ ਇੱਛਾ ਸ਼ਕਤੀ ਨੂੰ ਦ੍ਰਿੜ੍ਹਾਉਂਦੀ ਹੈ। ਇਸ ਦੇ ਨਾਲ ਹੀ ਅਜਿਹੇ ਨੁਕਤੇ ਜ਼ਰੂਰੀ ਹਨ, ਜਿਵੇਂ ਕਿ ਸਾਦਗੀ, ਆਸ਼ਾਵਾਦ, ਸਹਿਣਸ਼ੀਲਤਾ, ਭਰੋਸਾ, ਵਿਕਾਸ, ਸੇਵਾ, ਕਾਰਵਾਈ, ਵਿਸ਼ਵਾਸ ਤੇ ਮਿਕਨਾਤੀਸੀ ਖਿੱਚ ਆਦਿ।
'ਇਕ ਅਸਾਧਾਰਨ ਜੀਵਨ ਦਾ ਨਿਰਮਾਤਾ ਬਣਨਾ' ਜੀਵਨ ਦਾ ਇਕ ਹੋਰ ਅਨਿੱਖੜਵਾਂ ਪਹਿਲੂ ਹੈੈ। ਸਾਰੇ ਮਨੁੱਖ ਸੰਯੁਕਤ ਊਰਜਾ ਦੇ ਮੰਡਲ ਵਿਚ ਜਿਊਂਦੇ ਤੇ ਸਾਹ ਲੈਂਦੇ ਹਨ, ਜੋ ਉਸ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਅੰਤਰੀਵ ਪ੍ਰੇਰਨਾ ਦਾ ਸ੍ਰੋਤ ਹੈ। 'ਜਿਸ ਤਰ੍ਹਾਂ ਤੁਸੀਂ ਆਪਣਾ ਦਿਨ ਸ਼ੁਰੂ ਕਰਦੇ ਹੋ, ਉਸੇ ਤਰ੍ਹਾਂ ਨਾਲ ਸਾਰਾ ਦਿਨ ਗੁਜ਼ਾਰਦੇ ਹੋ' ਕਾਂਡ ਵਿਚ ਪ੍ਰੇਰਨਾ ਦਿੱਤੀ ਹੈ ਕਿ ਸਵੇਰੇ ਉੱਠਦਿਆਂ ਇਸ ਤਰ੍ਹਾਂ ਦੇ ਵਿਚਾਰ ਮਨ ਵਿਚ ਲਿਆ ਕਿ ਸਾਰਾ ਦਿਨ ਹੁਲਾਸ ਭਰਿਆ ਤੇ ਅਨੰਦਮਈ ਬੀਤੇ। ਸੁੱਤੇ ਉੱਠਦਿਆਂ ਹੀ ਬਿਸਤਰ ਦਾ ਧੰਨਵਾਦ ਕਰੋ, ਸ਼ੀਸ਼ੇ ਦਾ, ਸ਼ਾਵਰ ਦਾ, ਕੱਪੜਿਆਂ ਦਾ ਸਭ ਦਾ ਧੰਨਵਾਦ ਕਰੋ, ਜਿਨ੍ਹਾਂ ਕਾਰਨ ਜੀਵਨ ਸੁਖਮਈ ਬਿਤਾ ਰਹੇ ਹਾਂ। ਲੇਖਿਕਾ ਦੇ ਅਨੁਸਾਰ 'ਜਿਸ ਤਰ੍ਹਾਂ ਤੁਸੀਂ ਆਪਣਾ ਦਿਨ ਗੁਜ਼ਾਰਦੇ ਹੋ, ਉਸੇ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਦੇ ਹੋ।' ਅਗਲੀ ਗੱਲ 'ਕਿਸੇ ਵੀ ਆਦਤ ਨੂੰ ਤੋੜੋ ਨਾ, ਇਸ ਨੂੰ ਹੌਲੀ-ਹੌਲੀ ਖੁਰਨ ਦਿਓ' ਕਿਉਂਕਿ ਵਾਦੜੀਆਂ ਸਜਾਦੜੀਆਂ ਛੇਤੀ-ਛੇਤੀ ਨਹੀਂ ਜਾਂਦੀਆਂ, ਇਹ ਧੀਮੀ ਪ੍ਰਕਿਰਿਆ ਹੈ, ਉਸ ਅਨੁਸਾਰ ਵਿਚਰਨਾ ਜ਼ਰੂਰੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਮੈਂ ਪੱਥਰ ਦੀ ਸਿਲ ਹਾਂ

ਕਵੀ : ਸਤਪਾਲ ਸਿੰਘ ਡੁਲ੍ਹਕੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 99151-03490.

ਸਤਪਾਲ ਸਿੰਘ ਡੁਲ੍ਹਕੂ ਯੂ.ਕ.ੇ ਵਸਦਾ ਪੰਜਾਬੀ ਕਵੀ ਹੈ। ਉਹ ਹੰਢਿਆ-ਵਰਤਿਆ ਅਤੇ ਦੇਸ਼ਾਂ-ਵਿਦੇਸ਼ਾਂ ਦੀ ਸੋਝੀ ਰੱਖਣ ਵਾਲਾ ਕਵੀ ਹੈ।
ਹਥਲੀ ਕਾਵਿ ਪੁਸਤਕ ਵਿਚ ਕੁੱਲ 111 ਨਿੱਕੀਆਂ-ਵੱਡੀਆਂ ਕਾਵਿ ਰਚਨਾਵਾਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਯਾਨੀ ਅੱਧ ਤੋਂ ਵੱਧ ਗ਼ਜ਼ਲਾਂ ਵੀ ਹਨ ਪਰ ਡੁਲ੍ਹਕੂ ਨੇ ਇਹ ਗ਼ਜ਼ਲਾਂ ਵੱਖਰੇ ਭਾਗ ਵਿਚ ਨਹੀਂ ਦਿੱਤੀਆਂ। ਉਂਜ ਪੁਸਤਕ ਦੀਆਂ ਕਵਿਤਾਵਾਂ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ। ਇਹ ਵੰਡ ਉਸ ਦੀ ਆਪਣੀ ਹੀ ਤਜਵੀਜ਼ ਕੀਤੀ ਹੋਈ ਹੈ। ਚੰਗਾ ਤਾਂ ਇਹ ਸੀ ਕਿ ਉਹ ਇਸ ਕਾਵਿ ਸੰਗ੍ਰਹਿ ਦੀਆਂ ਸਾਢੇ ਛੇ ਦਰਜਨ ਗ਼ਜ਼ਲਾਂ ਨੂੰ ਇਕ ਵੱਖਰੇ ਭਾਗ ਵਿਚ ਪੇਸ਼ ਕਰਦਾ।
ਇਨ੍ਹਾਂ ਕਵਿਤਾਵਾਂ ਵਿਚ ਸਮਾਜਿਕ ਅਤੇ ਮਾਨਵੀ ਸਰੋਕਾਰਾਂ ਨੂੰ ਪਹਿਲ ਦਿੱਤੀ ਗਈ ਹੈ। ਕਵਿਤਾਵਾਂ/ਗ਼ਜ਼ਲਾਂ ਵਿਚ ਡੁਲ੍ਹਕੂ ਦੀ ਉਮਰ ਦਾ ਅਤੇ ਰੁਜ਼ਗਾਰ ਦਾ ਲੰਮਾ ਤੇ ਔਖਾ ਤਜਰਬਾ ਵੀ ਬੋਲਦਾ ਹੈ। ਉਸ ਨੇ ਬਰਤਾਨੀਆ ਵਿਚ ਰਹਿੰਦਿਆਂ ਪੱਕੇ ਤੌਰ 'ਤੇ ਸਥਾਪਿਤ ਹੋਣ ਲਈ ਉੱਥੋਂ ਦੇ ਕਾਰਖਾਨਿਆਂ ਵਿਚ ਹੱਢ-ਭੰਨਵੀਂ ਮਿਹਨਤ ਵੀ ਕੀਤੀ। ਇਹ ਕਵਿਤਾਵਾਂ ਕਿਸੇ ਇਕ-ਇਕਹਿਰੇ ਵਿਸ਼ੇ ਨੂੰ ਸੇਧਤ ਨਹੀਂ ਹਨ, ਸਗੋਂ ਜੀਵਨ ਦੇ ਸਾਰੇ ਰੰਗ ਇਨ੍ਹਾਂ ਵਿਚ ਪੇਸ਼ ਹਨ। ਉਹ ਕਵਿਤਾਵਾਂ ਨੂੰ ਇਕ ਮਾਧਿਅਮ ਸਮਝਦਾ ਹੈ, ਜਿਸ ਰਾਹੀਂ ਉਹ ਆਪਣੇ ਅੰਤਰੀਵ ਭਾਵਾਂ ਨੂੰ ਜੱਗ ਜ਼ਾਹਰ ਕਰਦਾ ਹੈ। ਉਸ ਦੀਆਂ ਕਈ ਕਾਵਿ ਟੂਕਾਂ/ਸ਼ਿਅਰ ਕਮਾਲ ਦੇ ਹਨ :
- ਹਰ ਚਿਣਗ ਵਿਦਰੋਹ ਦੀ, ਸਮੇਂ ਦੀ ਮੰਗ ਹੁੰਦੀ ਹੈ
ਬਿਨਾਂ ਸੰਘਰਸ਼ ਕਦੇ ਵੀ, ਹਾਸਲ ਹੱਕ ਨਹੀਂ ਹੁੰਦੇ।
- ਹੱਥਾਂ ਦੀਆਂ ਲਕੀਰਾਂ ਵਿਚ ਕਿਸਮਤ ਬੰਦ ਨਹੀਂ ਹੁੰਦੀ,
ਕਿਸਮਤ ਉਹ ਵੀ ਰੱਖਦੇ ਨੇ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ।
- ਮੰਜ਼ਿਲ ਮੇਰੀ ਸਾਹਮਣੇ ਸਾਕਾਰ ਹੈ
ਮੇਰੇ ਹੀ ਹੱਥ ਮੇਰਾ ਕਿਰਦਾਰ ਹੈ।
ਡੁਲ੍ਹਕੂ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦੇ ਵਿਸ਼ੇ ਬਹੁਤ ਉੱਚੇ ਅਤੇ ਸੁਚਾਰੂ ਰੂਪ ਹਨ ਪਰ ਇਨ੍ਹਾਂ ਗ਼ਜ਼ਲਾਂ ਦੀ ਤਕਨੀਕ ਜੇਕਰ ਅਪਣਾਈ ਜਾਂਦੀ ਤਾਂ ਸ਼ਿਅਰ ਅਮਰ ਹੋ ਜਾਂਦੇ। ਕੁੱਲ ਮਿਲਾ ਕੇ ਪੁਸਤਕ ਸਲਾਹੁਣਯੋਗ ਹੈ।

-ਸੁਲੱਖਣ ਸਰਹੱਦੀ
ਮੋ: 94174-84337


ਚਾਰ ਤੱਤ ਦਾ ਪੁਤਲਾ

ਲੇਖਕ : ਸਰੂਪ ਸਿਆਲਵੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ,ਜਲੰਧਰ
ਮੁੱਲ-200 ਰੁਪਏ, ਸਫ਼ੇ : 144
ਸੰਪਰਕ : 98881-29977.

ਕਹਾਣੀ 'ਚਾਰ ਤੱਤ ਦਾ ਪੁਤਲਾ' ਜਿੱਥੇ ਭਾਰਤੀ ਦਰਸ਼ਨ ਅਤੇ ਮਾਨਵੀਂ ਜੀਵਨ ਦੀ ਉਤਪਤੀ ਨਾਲ ਜੁੜੇ ਤੱਤਾਂ ਦੀ ਹੋਂਦ ਬਾਰੇ ਚਰਚਾ ਛੇੜਦੀ ਹੈ, ਉਥੇ ਹੀ ਇਸ ਵਿਚ ਵਰਣ ਵਿਵਸਥਾ, ਅਧਿਆਤਮਵਾਦ, ਕਿਰਤੀ ਜੀਵਨ ਫਲਸਫ਼ਾ, ਤਰਕਸ਼ੀਲਤਾ ਅਤੇ ਸਮਾਜਿਕ ਸਥਾਪਤੀ ਨੂੰ ਪੇਸ਼ ਕਰਦਿਆਂ ਤਰਕਸ਼ੀਲਤਾ ਅਤੇ ਚੇਤਨਤਾ ਰਾਹੀ ਸਦੀਆਂ ਪੁਰਾਣੀ ਪੰਜ ਤੱਤ ਦੀ ਧਾਰਨਾ ਨੂੰ ਵੰਗਾਰਿਆ ਗਿਆ ਹੈ। ਸਾਮਵਾਦ ਤੋਂ ਸਾਮਰਾਜਵਾਦ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਕਹਾਣੀ 'ਨੇਰ੍ਹੇ ਤੋਂ ਚਾਨਣ ਵੱਲ' ਵਿਚ ਜਿੱਥੇ ਇਤਿਹਾਸ ਅਤੇ ਮਿਥਿਹਾਸ ਨੂੰ ਕਲਪਨਾ ਦੀ ਪੁੱਠ ਚਾੜ੍ਹਦਿਆਂ ਕਹਾਣੀਕਾਰ ਇਕ ਪਾਸੇ ਪਰਿਵਾਰ, ਰਾਜ ਅਤੇ ਨਿੱਜੀ ਜਾਇਦਾਦ ਦੀ ਉਤਪਤੀ ਨੂੰ ਦਿਖਾਉਂਦਾ ਹੈ, ਉਥੇ ਹੀ ਦੂਸਰੇ ਪਾਸੇ ਉਹ ਆਧੁਨਿਕ ਕਹੇ ਜਾਣ ਵਾਲੇ ਸਮਾਜ ਦੀਆਂ ਅਨੈਤਿਕ ਕਦਰਾਂ-ਕੀਮਤਾਂ ਅਤੇ ਲਾਲਚੀ ਬਿਰਤੀ ਨੂੰ ਪੇਸ਼ ਕਰਦਾ ਹੈ। ਲਾਲਚੀ ਬਿਰਤੀ ਕਿਸ ਪ੍ਰਕਾਰ ਕਦਰਾਂ-ਕੀਮਤਾਂ ਦਾ ਘਾਣ ਕਰਦਿਆਂ ਆਧੁਨਿਕਤਾ ਦਾ ਲਿਬਾਸ ਪਾਉਂਦੀ ਹੈ ਅਤੇ ਇਤਿਹਾਸ ਨੂੰ ਕਿਸ ਤਰ੍ਹਾਂ ਭੁਲਾ ਦਿੱਤਾ ਜਾਂਦਾ ਹੈ, ਇਸ ਕਹਾਣੀ ਵਿਚ ਬਾਖ਼ੂਬੀ ਦਰਸਾਇਆ ਗਿਆ ਹੈ। ਸਦੀਆਂ ਤੋਂ ਚਲੇ ਆ ਰਹੇ ਰਾਵਣ ਦੇ ਬਿੰਬ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਨ ਦੀ ਕਹਾਣੀ 'ਰਵਿੰਦਰ ਰਾਵਣ' ਵਿਚਲਾ ਮੁੱਖ ਪਾਤਰ ਦਵੰਦ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਯਤਨ ਕਰਦਾ ਹੈ ਪਰ ਸਮਾਜਿਕ ਵਰਤਾਰੇ ਨੂੰ ਸਮਝਣ ਤੋਂ ਅਸਮਰਥ ਅਸਹਿਜ ਮਹਿਸੂਸ ਕਰਦਾ ਹੈ।
'ਸਿੰਗਲ ਮਦਰ' ਆਧੁਨਿਕਤਾ ਅਤੇ ਦਲਿਤ ਅਵਚੇਤਨ ਨੂੰ ਪੇਸ਼ ਕਰਦੀ ਖ਼ੂਬਸੂਰਤ ਕਹਾਣੀ ਹੈ, ਜਿਸ ਵਿਚਲੇ ਪਾਤਰ ਆਪਣੀ ਸਮਾਜਿਕ ਹੈਸੀਅਤ ਦੀ ਬਦੌਲਤ ਆਪਣੇ ਆਪ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦੇ ਹਨ ਪਰ ਦੂਸਰੇ ਪਾਸੇ ਉਨ੍ਹਾਂ ਦੀ ਔਲਾਦ ਵਰਣ ਵਿਵਸਥਾ ਅਤੇ ਇਸ ਦੇ ਵਰਤਾਰੇ ਨਾਲ ਜੁੜੀਆਂ ਤੰਦਾਂ ਨੂੰ ਸਮਝਣ ਦੀ ਕੋਸ਼ਿਸ ਕਰਦੀ ਹੈ। 'ਦਿਨ ਕਟੀ' ਦੇ ਪਾਤਰ ਆਪ ਆਪਣੇ ਦਾਇਰੇ ਵਿਚ ਵਿਚਰਦੇ ਦਿਨ ਕਟੀ ਕਰਦੇ ਪ੍ਰਤੀਤ ਹੁੰਦੇ ਹਨ ਪਰ ਮਾਨਸਿਕ ਲੋੜਾਂ ਦੀ ਪੂਰਤੀ ਲਈ ਇਕ ਦੂਸਰੇ ਦਾ ਸਹਾਰਾ ਤੱਕਦੇ ਹਨ। ਸਵਾਰਥ ਭਰੇ ਰਿਸ਼ਤੇ ਕਿਸ ਤਰ੍ਹਾਂ ਜੀਵਨ ਵਿਚ ਆਪਣਿਆਂ ਨੂੰ ਵੀ ਆਪਣੀ ਲਾਲਸਾ ਅਤੇ ਲਾਲਚ ਦਾ ਸ਼ਿਕਾਰ ਬਣਾਉਦੇ ਹਨ, ਇਸ ਨੂੰ 'ਬਾਪੂ' ਕਹਾਣੀ ਵਿਚ ਪੇਸ਼ ਕੀਤਾ ਗਿਆ ਹੈ। ਸਮਾਜਿਕ ਪ੍ਰਬੰਧ ਅਤੇ ਕਦਰਾਂ-ਕੀਮਤਾਂ ਦੇ ਬਦਲਦੇ ਸਰੋਕਾਰ, ਖ਼ਤਮ ਹੋ ਰਹੀ ਸੰਵੇਦਨਾ, ਵਧ ਰਹੀ ਲਾਲਸਾ, ਸਦੀਆਂ ਤੋਂ ਚੱਲੀ ਆ ਰਹੀ ਵਰਣ ਵਿਵਸਥਾ ਦੇ ਖ਼ਾਤਮੇ ਲਈ ਯਤਨਸ਼ੀਲ ਹੁੰਦਿਆਂ ਸਮਾਜਿਕ ਸਥਾਪਤੀ ਦੇ ਵਿਰੁੱਧ ਵਿਦਰੋਹ ਅਤੇ ਚੇਤਨ ਅਵਚੇਤਨ ਦੇ ਦਵੰਦ ਅਤੇ ਤਣਾਅ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਮਾਨਣਯੋਗ ਹਨ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099


ਸਿੱਖ ਫਲਸਫ਼ੇ ਤੇ ਇਤਿਹਾਸ ਦਾ ਅਹਿਮ ਦਸਤਾਵੇਜ਼ : ਛਬੀਲ

ਸੰਪਾਦਕ : ਡਾ: ਜਤਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 94176-00027.

ਪੰਜਾਬੀ ਸਾਹਿਤ ਵਿਚ ਵਿਲੱਖਣ ਸਥਾਨ ਰੱਖਣ ਵਾਲੇ ਸ਼ਾਇਰ ਗੁਰਨਾਇਬ ਸਿੰਘ ਨੇ ਆਪਣੀ ਕਾਵਿ ਪੁਸਤਕ 'ਛਬੀਲ' ਰਾਹੀਂ ਸਿੱਖ ਧਰਮ ਨਾਲ ਜੁੜੇ ਪਹਿਲੂਆਂ ਨੂੰ ਕਾਵਿਕ ਅੰਦਾਜ਼ ਰਾਹੀਂ ਪੇਸ਼ ਕੀਤਾ ਸੀ। ਸਿੱਖ ਇਤਿਹਾਸ ਦੇ ਪ੍ਰਸੰਗ ਵਿਚ ਉਸ ਨੇ ਬੜੇ ਸੂਖ਼ਮ ਸੰਕਲਪਾਂ ਰਾਹੀਂ ਵਿਲੱਖਣ ਨਜ਼ਰੀਏ ਨੂੰ ਪ੍ਰਗਟਾਉਂਦੀ ਕਾਵਿ-ਸਿਰਜਣਾ ਕੀਤੀ ਹੈ। ਸਿੱਖ ਇਤਿਹਾਸ ਨਾਲ ਸਬੰਧਤ ਪਿਛਲੀਆਂ ਕਈ ਸਦੀਆਂ ਦੀਆਂ ਮਹੱਤਵਪੂਰਨ ਘਟਨਾਵਾਂ, ਪ੍ਰਸੰਗਾਂ ਆਦਿ ਨੂੰ ਕਵਿਤਾ ਦਾ ਆਧਾਰ ਬਣਾਇਆ ਹੈ।
ਹਥਲੀ ਪੁਸਤਕ ਇਸ ਕਾਵਿ ਸੰਗ੍ਰਹਿ ਨਾਲ ਜੁੜੇ ਵਿਭਿੰਨ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦੀ ਹੈ। 12 ਦੇ ਕਰੀਬ ਲਿਖੇ ਲੇਖ ਇਸ ਕਵਿਤਾ ਨੂੰ ਸਮਝਣ ਦਾ ਯਤਨ ਕਰਦੇ ਹਨ। ਇਹ ਲੇਖ ਕਵਿਤਾ ਦਾ ਵਿਸ਼ਾਗਤ ਅਧਿਐਨ, ਕਾਵਿ ਚੇਤਨਾ, ਸਮਾਜਿਕ ਤੇ ਇਤਿਹਾਸਕ ਪਰਿਪੇਖ ਅਤੇ ਸਰੋਕਾਰਾਂ ਨੂੰ ਪੇਸ਼ ਕਰਦੇ ਹਨ। ਡਾ: ਜਤਿੰਦਰ ਕੌਰ, ਪਰਮਜੀਤ ਕੌਰ ਔਲਖ, ਹਰਵਿੰਦਰ ਕੌਰ, ਡਾ: ਰਾਜਿੰਦਰ ਸਿੰਘ ਕੁਰਾਲੀ, ਡਾ: ਜਤਿੰਦਰ ਸਿੰਘ, ਰਾਜਵੀਰ ਕੌਰ, ਪੁਨੀਤ, ਡਾ: ਗੁਰਪ੍ਰੀਤ ਸਿੰਘ, ਡਾ: ਹਰਦੀਪ ਸਿੰਘ, ਸੁਖਵਿੰਦਰ ਸਿੰਘ, ਡਾ: ਸਰਬਜੀਤ ਕੌਰ, ਡਾ: ਅਮਨਦੀਪ ਕੌਰ ਆਦਿ ਦੇ ਲੇਖ ਸ਼ਾਮਿਲ ਹਨ। ਗੁਰਨਾਇਬ ਸਿੰਘ ਦੀ ਇਹ ਕਵਿਤਾ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੋਈ, ਸਿੱਖ ਧਰਮ ਦੇ ਵਿਕਾਸ/ਉਭਾਰ, ਸਮੇਂ-ਸਮੇਂ ਕੀਤੇ ਸੰਘਰਸ਼ਾਂ, ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਦੀ ਹੈ। ਉਹ ਸਿੱਖ ਧਰਮ ਅਤੇ ਇਤਿਹਾਸ ਸਬੰਧੀ ਆਪਣੀ ਸ਼ਰਧਾ, ਪਿਆਰ ਅਤੇ ਚਿੰਤਾਵਾਂ ਨੂੰ ਕਾਵਿਕ ਅੰਦਾਜ਼ ਨਾਲ ਪੇਸ਼ ਕਰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਬੜੀ ਮਿਹਨਤ ਤੇ ਲਗਨ ਨਾਲ ਡਾ: ਗੁਰਨਾਇਬ ਸਿੰਘ ਦੀ ਕਾਵਿ-ਪੁਸਤਕ ਦਾ ਵਿਸ਼ਲੇਸ਼ਣ ਕਰਕੇ ਕਈ ਨਵੇਂ ਦਿਸਹੱਦੇ ਕਾਇਮ ਕੀਤੇ ਹਨ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

22/04/2017

 ਸੱਥ ਵਾਰਤਾ
ਲੇਖਕ : ਸੁਖਮੰਦਰ ਸਿੰਘ ਬਰਾੜ ਭਗਤਾ ਭਾਈਕਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98152-98459.

'ਸੱਥ ਵਾਰਤਾ' ਸੁਖਮੰਦਰ ਸਿੰਘ ਬਰਾੜ ਭਗਤਾ ਭਾਈਕਾ ਦੀ ਨਵੀਂ ਵਾਰਤਕ ਪੁਸਤਕ ਹੈ। ਇਸ ਤੋਂ ਪਹਿਲਾਂ ਸੱਥ ਸਿਰਲੇਖ ਤਹਿਤ 'ਸੱਥ ਚਰਚਾ', ਸੱਥ ਬਾਤਾਂ, ਪਿੰਡ ਦੀ ਸੱਥ, 'ਸੱਥ ਰੌਣਕਾਂ' ਪੁਸਤਕਾਂ ਉਸ ਨੇ ਪ੍ਰਕਾਸ਼ਿਤ ਕਰਵਾਈਆਂ ਹਨ। 'ਸੱਥ' ਪਿੰਡ ਦੀ ਅਜਿਹੀ ਥਾਂ ਹੁੰਦੀ ਹੈ, ਜਿਥੇ ਪਿੰਡ ਦੇ ਪਿੰਡੇ ਅਤੇ ਸੁਭਾਅ ਦੀ ਅਸਲ ਤਸਵੀਰ ਵੇਖਣ ਨੂੰ ਮਿਲਦੀ ਹੈ। ਪਿੰਡ ਦੀ ਸੱਥ ਵਿਚ ਘਰਾਂ ਵਿਚ ਵਾਪਰੀਆਂ ਘਟਨਾਵਾਂ ਤੋਂ ਲੈ ਕੇ ਦੇਸ਼-ਵਿਦੇਸ਼ ਦੀ ਰਾਜਨੀਤੀ ਨੂੰ ਬਹਿਸ ਦਾ ਵਿਸ਼ਾ ਬਣਾਇਆ ਜਾਂਦਾ ਹੈ ਅਤੇ ਇਸ ਵਿਚੋਂ ਵੀ ਆਪਣੇ ਮਨੋਰੰਜਨੀ ਉਦੇਸ਼ ਦੀ ਪੂਰਤੀ ਕੀਤੀ ਜਾਂਦੀ ਹੈ। ਭਾਵੇਂ ਕਿ ਸੱਥ ਵਿਚ ਬੈਠਣ ਵਾਲੇ ਆਪ ਸਾਧਾਰਨ ਲੋਕ ਅਲਪ ਗਿਆਨ ਵਿਚ ਮੁਹਾਰਤ ਰੱਖਣ ਵਾਲੇ ਹੋਣ ਕਰਕੇ ਜ਼ਿਆਦਾ ਘੁਣਤਰਬਾਜ਼ ਨਹੀਂ ਹੁੰਦੇ ਪਰ ਸੱਥ ਵਿਚ ਬੈਠੇ ਪੜ੍ਹੇ-ਲਿਖੇ ਵਿਅਕਤੀ ਜਾਂ ਅਨੁਭਵਸ਼ੀਲ ਸਿਆਣੇ ਆਪਣੀ ਗੱਲ ਨਾਲ ਸਭ ਨੂੰ ਪ੍ਰਭਾਵਿਤ ਕਰਦੇ ਹਨ। 'ਸੱਥ ਵਾਰਤਾ' ਪੁਸਤਕ ਵਿਚ ਲੇਖਕ ਨੇ 18 ਰੌਚਿਕ ਸਿਰਲੇਖਾਂ ਤਹਿਤ ਸੱਥ ਵਿਚ ਚਰਚਾ ਦਾ ਵਿਸ਼ਾ ਬਣੀ ਹਰੇਕ ਘਟਨਾ ਨੂੰ ਬਿਆਨ ਕਰਦਿਆਂ ਪਾਠਕਾਂ ਨੂੰ ਪੰਜਾਬ ਦੀ ਇਸ ਵਿਸ਼ੇਸ਼ ਬੈਠਕ ਦਾ ਅਨੰਦ ਅਨੁਭਵ ਕਰਵਾਉਣ ਦਾ ਉਪਰਾਲਾ ਕੀਤਾ ਹੈ।
ਸੱਥ ਵਿਚ ਸ਼ਾਮਿਲ ਇਨ੍ਹਾਂ ਪਾਤਰਾਂ ਵਿਚ ਕੁਝ ਉਹ ਪਾਤਰ ਹਨ, ਜੋ ਸੱਥ ਵਿਚ ਪੱਕੇ ਤੌਰ 'ਤੇ ਡੇਰਾ ਲਾ ਕੇ ਰੱਖਦੇ ਹਨ, ਜਿਵੇਂ ਨਾਥ ਅਮਲੀ, ਬੁੱਘਰ ਦਖਾਣ, ਜੀਤਾ ਮਰਾਸੀ, ਮਾਹਲਾ ਨੰਬਰਦਾਰ ਆਦਿ। ਕੁਝ ਇਕ ਪਾਤਰਾਂ ਦੀ ਪਛਾਣ ਆਪਣੀ ਨਹੀਂ ਹੁੰਦੀ ਜੋ ਇਸ ਸੱਥ ਵਾਰਤਾ ਦੇ ਬਿਰਤਾਂਤ ਦਾ ਹਿੱਸਾ ਬਣਦੇ ਹਨ, ਜਿਵੇਂ ਕਰਤਾਰੇ ਕਾ ਲੀਲੂ, ਤੇਜੇ ਢਾਂਚੇ ਕਾ ਗੋਘੜੀ, ਬਚਨੇ ਰਾਠ ਕਾ ਭਾਗੜੀ ਆਦਿ। ਸੱਥ ਦੇ ਪੱਕੇ ਮੈਂਬਰ ਬਿਰਤਾਂਤ ਨੂੰ ਸ਼ੁਰੂ ਕਰਕੇ ਦੂਜੇ ਦੇ ਮੂੰਹੋਂ ਸੁਣਦੇ ਹਨ ਤੇ ਦੂਜਾ ਪਾਤਰ ਫਿਰ ਪੂਰਾ ਪ੍ਰਸੰਗ ਖੋਲ੍ਹਦਾ ਹੈ। ਨਿੱਕੀ-ਨਿੱਕੀ ਗੱਲ 'ਤੇ ਖੁਸ਼ ਹੋਣ ਵਾਲੇ, ਵੱਡੇ-ਵੱਡੇ ਮਸਲਿਆਂ ਨੂੰ ਆਪਣੇ ਨਜ਼ਰੀਏ ਤੋਂ ਵਿਚਾਰਨ ਵਾਲੇ, ਨਿਰਛਲ ਸੁਭਾਅ ਦੇ ਮਾਲਕ, ਸਿੱਧੇ-ਸਾਦੇ ਪਿੰਡ ਦੇ ਲੋਕਾਂ ਦੀ ਸਾਦੀ ਪਰ ਭਾਵਪੂਰਤ ਤਸਵੀਰ ਸਥਾਨਕ ਭਾਸ਼ਾ ਵਿਚ, ਨਾਟਕੀ ਸ਼ੈਲੀ ਵਿਚ ਸੁਖਮੰਦਰ ਸਿੰਘ ਬਰਾੜ ਨੇ 'ਸੱਥ ਵਾਰਤਾ' ਪੁਸਤਕ ਵਿਚ ਬਾਖੂਬੀ ਪੇਸ਼ ਕੀਤੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਭਗਤ ਨਾਮਦੇਵ ਜੀ
ਨਵੇਂ ਸਰੋਤ ਨਵੇਂ ਤੱਥ
ਲੇਖਿਕਾ : ਪ੍ਰਭਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 180
prabh0621@gmail.com

ਭਗਤ ਨਾਮਦੇਵ ਜੀ ਮੱਧਕਾਲ ਦੇ ਮਹਾਨ ਸੰਤ ਕਵੀ ਹੋਏ ਹਨ ਅਤੇ ਆਪ ਦੁਆਰਾ ਲਿਖਤ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ। ਪ੍ਰੋ: ਪ੍ਰਭਜੀਤ ਕੌਰ ਨੇ ਭਗਤ ਨਾਮਦੇਵ ਜੀ ਦੀ ਵਿਚਾਰਧਾਰਾ ਅਤੇ ਜੀਵਨ ਬਾਰੇ ਕੁਝ ਨਵੇਂ ਤੱਥਾਂ ਨੂੰ ਪ੍ਰਕਾਸ਼ਮਾਨ ਕੀਤਾ ਹੈ। ਉਸ ਦੀ ਖੁਸ਼ਕਿਸਮਤੀ ਹੈ ਕਿ ਉਹ ਉਸ ਪਵਿੱਤਰ ਸਥਾਨ ਦੀ ਜੰਮਪਲ ਹੈ, ਜਿਥੇ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਦੋ ਦਹਾਕੇ ਬਿਤਾਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਆਪ ਨੇ ਪੰਜਾਬ ਦੇ ਇਸੇ ਖੇਤਰ ਵਿਚ ਨਿਵਾਸ ਕਰਦਿਆਂ ਰਚੀ ਹੋਵੇਗੀ, ਬੇਸ਼ੱਕ ਆਪ ਦੀ ਸਿਮ੍ਰਤੀ ਨੇ ਕੁਝ ਬਿੰਬ ਅਤੇ ਵੇਰਵੇ ਅਤੀਤ ਵਿਚੋਂ ਵੀ ਲੈ ਲਏ ਹਨ। ਭਗਤ ਜੀ ਭਾਰਤੀ ਸੰਗੀਤ ਅਤੇ ਕਾਵਿ ਦਾ ਸਮਨਵੈ ਕਰਨ ਵਾਲੇ ਇਕ ਮਹਾਨ ਕਵੀ ਸਨ। ਆਪ ਦੀ ਬਾਣੀ ਅਧਿਆਤਮਕ ਭਾਵਾਂ ਦਾ ਸਹਿਜ-ਸਵਛੰਦ ਨਿਰੂਪਣ ਹੈ। ਆਪ ਵਿਸਮਾਦ ਦੇ ਕਵੀ ਸਨ। ਸ੍ਰਿਸ਼ਟੀ ਅਤੇ ਪ੍ਰਕਿਰਤੀ ਦੇ ਹਰ ਦ੍ਰਿਸ਼ ਨੂੰ ਦੇਖ ਕੇ ਆਪ ਗਾ ਉੱਠਦੇ ਸਨ :
ਜਬ ਦੇਖਾ ਤਬ ਗਾਵਾ॥
ਤਉ ਜਨ ਧੀਰਜੁ ਪਾਵਾ॥ ੧॥
ਨਾਦਿ ਸਮਾਇਲੋ ਰੇ
ਸਤਿਗੁਰੁ ਭੇਟਿਲੇ ਦੇਵਾ॥ ੧॥ ਰਹਾਉ॥
(ਰਾਗੁ ਸੋਰਠਿ)
ਬੀਬਾ ਪ੍ਰਭਜੀਤ ਕੌਰ ਨੇ ਨਾਮਦੇਵ ਬਾਣੀ ਦੇ ਲੋਕਧਾਰਾਈ ਰੰਗ ਦਾ ਅਧਿਐਨ ਕਰਕੇ ਪਹਿਲਾਂ ਹੋ ਚੁੱਕੇ ਖੋਜ ਕਾਰਜ ਨੂੰ ਵਿਸਤਾਰਿਆ-ਨਿਖਾਰਿਆ ਹੈ। ਇਸ ਪ੍ਰਸੰਗ ਵਿਚ ਡਾ: ਗੁਰਮੀਤ ਸਿੰਘ ਨੇ ਉਸ ਦੀ ਸੁਯੋਗ ਨਿਗਹਬਾਨੀ ਕੀਤੀ ਹੈ। ਲੇਖਿਕਾ ਨੇ ਉਨ੍ਹਾਂ ਸਾਰੇ ਸਥਾਨਾਂ ਦੀ ਯਾਤਰਾ ਵੀ ਕੀਤੀ ਹੈ, ਜਿਥੇ-ਜਿਥੇ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦਾ ਕੁਝ ਸਮਾਂ ਬਿਤਾਇਆ ਸੀ। ਇਸ ਪ੍ਰਕਾਰ ਭਗਤ ਜੀ ਦੀ ਵਿਚਾਰਧਾਰਾ ਅਤੇ ਬਾਣੀ ਬਾਰੇ ਉਸ ਦੇ ਨਿਰਣੇ ਹੋਰ ਪੱਕੇ ਹੋ ਗਏ ਹਨ ਅਤੇ ਉਨ੍ਹਾਂ ਦੀ ਬਾਣੀ ਉਸ ਦੇ ਸੰਸਕਾਰਾਂ ਦਾ ਅੰਗ ਬਣ ਗਈ ਹੈ। ਅਕਾਲ ਪੁਰਖ ਮਿਹਰ ਕਰੇ ਅਤੇ ਬੀਬਾ ਜੀ ਨੂੰ ਹੋਰ ਕੰਮ ਕਰਨ ਦੀ ਹਿੰਮਤ ਅਤੇ ਹੌਸਲਾ ਪ੍ਰਦਾਨ ਕਰੇ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਟੂਡੈਂਟ ਅਤੇ ਪਿਆਰ ਦੀ ਸਮਝ
ਲੇਖਕ : ਡਾ: ਵਿਜੈ ਅਗਰਵਾਲ
ਅਨੁਵਾਦਕ : ਸੁਰਜੀਤ ਤਲਵਾਰ, ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 78377-18723
.

 

ਡਾ: ਵਿਜੈ ਅਗਰਵਾਲ ਨੇ ਪਿਆਰ ਦੇ ਲਗਪਗ ਸਾਰੇ ਰੰਗਾਂ ਤੇ ਗਹਿਰਾਈਆਂ ਨੂੰ ਪੂਰੀ ਖੂਬਸੂਰਤੀ ਅਤੇ ਰੌਚਿਕਤਾ ਨਾਲ ਇਸ ਪੁਸਤਕ ਵਿਚ ਸਮੇਟਿਆ ਹੈ ਜੋ ਨੌਜਵਾਨਾਂ ਤੇ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਦੇ ਤੌਰ 'ਤੇ ਸਹਾਈ ਹੋਵੇਗੀ। ਮੁੱਢ ਵਿਚ ਲੇਖਕ ਨੇ ਪਿਆਰ ਦੀ ਪਰਿਭਾਸ਼ਾ ਨੂੰ ਵੱਖ-ਵੱਖ ਪਹਿਲੂਆਂ ਤੋਂ ਪੇਸ਼ ਕੀਤਾ ਹੈ ਕਿ ਪਿਆਰ ਹੁੰਦਾ ਕੀ ਹੈ? ਲਾਓਸ਼ ਵਿਦਵਾਨ ਅਨੁਸਾਰ, 'ਜਦੋਂ ਤੁਹਾਨੂੰ ਕੋਈ ਗਹਿਰਾਈ ਨਾਲ ਪਿਆਰ ਕਰਦਾ ਹੈ ਤਾਂ ਤੁਹਾਨੂੰ ਸ਼ਕਤੀ ਮਿਲਦੀ ਹੈ ਅਤੇ ਜਦੋਂ ਤੁਸੀਂ ਕਿਸੇ ਨੂੰ ਗਹਿਰਾਈ ਨਾਲ ਪਿਆਰ ਕਰਦੇ ਹੋ ਤਾਂ ਤੁਹਾਨੂੰ ਹੌਸਲਾ ਮਿਲਦਾ ਹੈ।' ਪਿਆਰ ਤਾਂ ਪਾਣੀ ਦੀ ਤਰ੍ਹਾਂ ਹੁੰਦਾ ਹੈ, ਜਿਸ ਦਾ ਆਪਣਾ ਕੋਈ ਰੰਗ-ਰੂਪ ਨਹੀਂ ਹੁੰਦਾ, ਜੋ ਰੰਗ ਇਸ ਵਿਚ ਮਿਲਾ ਦਿਓ, ਇਹ ਉਹੀ ਰੂਪ ਅਖ਼ਤਿਆਰ ਕਰ ਲੈਂਦਾ ਹੈ। ਪਿਆਰ ਇਕ ਤਰ੍ਹਾਂ ਬੁੱਧੀ ਉੱਤੇ ਕਲਪਨਾ ਦੀ ਜਿੱਤ ਹੈ। ਸਰੀਰ ਤੋਂ ਉੱਪਰ ਉੱਠ ਕੇ ਪਿਆਰ ਨੂੰ ਮਹਿਸੂਸ ਕਰੋ ਤਾਂ ਇਸ ਦੀ ਇਕ ਛੋਹ ਪ੍ਰੇਮੀ ਨੂੰ ਕਵੀ ਬਣਾ ਦਿੰਦੀ ਹੈ ਤਾਂ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਟਿਕਦੇ (ਪਲੈਟੋ)। ਪਿਆਰ ਊਰਜਾ ਹੈ, ਰੂਹ ਨਾਲ ਮਹਿਸੂਸ ਕਰੋ, ਇਹ ਤੀਬਰ ਗਤੀ ਤੀਰ ਦੀ ਤਰ੍ਹਾਂ ਹੁੰਦਾ ਹੈ, ਜਿਸ ਦਾ ਟੀਚਾ ਹੈ ਪਿਆਰੇ ਦੀ ਆਤਮਾ ਤੱਕ ਪੁੱਜਣਾ, ਸਰੀਰ ਪਿੱਛੇ ਰਹਿ ਜਾਂਦਾ ਹੈ। ਪਿਆਰ ਨੂੰ ਸਿਰਜਣਾਤਮਕ ਸ਼ਕਤੀ ਵੀ ਮੰਨਿਆ ਜਾਂਦਾ ਹੈ ਜੋ ਮਨੁੱਖ ਨੂੰ ਸਿਰਜਣਾ ਦੀ ਸਿਖ਼ਰ 'ਤੇ ਪਹੁੰਚਾ ਦਿੰਦਾ ਹੈ।
ਲੇਖਕ ਅਨੁਸਾਰ 'ਇਹ ਪਿਆਰ ਨਹੀਂ ਹੈ' ਕਾਂਡ ਵਿਚ ਵਿਸਥਾਰ ਨਾਲ ਉਨ੍ਹਾਂ ਪਹਿਲੂਆਂ ਬਾਰੇ ਵਿਚਾਰ ਕੀਤੀ ਹੈ, ਜੋ ਪਿਆਰ ਨੂੰ ਕੇਵਲ ਮਾਣਨ ਤੇ ਸਰੀਰਕ ਲੋੜ ਤੱਕ ਸੀਮਤ ਕਰ ਦਿੰਦੇ ਹਨ, ਜਦੋਂ ਕਿ 'ਸੱਚੇ ਪਿਆਰ ਵਿਚ ਤੁਸੀਂ ਵਿਅਕਤੀ ਦੀ ਚੰਗਿਆਈ ਨੂੰ ਚਾਹੁੰਦੇ ਹੋ, ਜਦੋਂ ਕਿ ਰੁਮਾਂਟਿਕ ਪਿਆਰ ਵਿਚ ਤੁਸੀਂ ਵਿਅਕਤੀ ਨੂੰ ਚਾਹੁੰਦੇ ਹੋ (ਮਾਰਗ੍ਰੇਟ ਸਮਿਥ) ਰੋਮਾਂਸ ਪਿਆਰ ਨਹੀਂ ਤੇ ਨਾ ਹੀ ਦੋਸਤੀ ਤੇ ਪਿਆਰ ਇਕ ਹੁੰਦੇ ਹਨ, ਇਹ ਇਕ ਫੈਸ਼ਨ ਬਣ ਗਿਆ ਹੈ ਜੋ ਮਨੁੱਖ ਨੂੰ ਗਿਰਾਵਟ ਦੀਆਂ ਡੂੰਘਾਈਆਂ ਵਿਚ ਵੀ ਲਿਜਾ ਸੁੱਟਦਾ ਹੈ।
'ਕਿਉਂ ਹੁੰਦਾ ਹੈ ਪਿਆਰ' ਵਾਲੇ ਕਾਂਡ ਵਿਚ ਜੈਵਿਕ ਕਾਰਨਾਂ ਤੇ ਵਿਗਿਆਨਕ ਕਾਰਨਾਂ ਨੂੰ ਵਿਸਥਾਰ ਨਾਲ ਉਲੀਕਿਆ ਹੈ। ਪਿਆਰ ਇਕੱਲੇਪਣ ਦੀ ਭਾਵਨਾ ਨੂੰ ਦੂਰ ਕਰਨ ਤੇ ਕੁੰਠਾਵਾਂ ਦੀ ਮੰਗ ਸਦਕਾ ਹੁੰਦਾ ਹੈ, ਸਲਾਹੇ ਜਾਣ ਦੀ ਇੱਛਾ ਤੇ ਪਰਾਏ ਗੁਣਾਂ ਪ੍ਰਤੀ ਆਕਰਸ਼ਣ ਸਦਕਾ ਵੀ ਹੋ ਜਾਂਦਾ ਹੈ। ਪਿਆਰ ਦੇ ਵੱਖਰੇ-ਵੱਖਰੇ ਰੰਗਾਂ ਬਾਰੇ ਵੀ ਵਿਚਾਰ ਕੀਤੀ ਗਈ ਹੈ।
ਇਹ ਪੁਸਤਕ ਅਜੋਕੀ ਨੌਜਵਾਨ ਪੀੜ੍ਹੀ ਦੇ ਜਜ਼ਬਿਆਂ ਤੇ ਕੁੰਠਾਵਾਂ ਨੂੰ ਕੰਟਰੋਲ ਕਰਕੇ ਸਹੀ ਦਿਸ਼ਾ ਵੱਲ ਲਿਜਾਣ ਲਈ ਸਹਾਈ ਹੋਏਗੀ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 098555-84298.


ਸ਼ਬਦਾਂ ਦੀ ਫੁਲਕਾਰੀ
ਕਵੀ : ਮਲਕੀਤ ਸਿੰਘ ਸੰਧੂ ਅਲਕੜਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98722-85421
.

'ਸ਼ਬਦਾਂ ਦੀ ਫੁਲਕਾਰੀ' ਪ੍ਰਸਿੱਧ ਕਵੀ ਮਲਕੀਤ ਸਿੰਘ ਸੰਧੂ ਦਾ ਅੱਠਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿਚ ਪੰਜਾਬੀ ਕਵਿਤਾ ਦੀਆਂ ਵੱਖ-ਵੱਖ ਵੰਨਗੀਆਂ ਸੁੰਦਰ ਤਰੀਕੇ ਨਾਲ ਨਿਭਾਈਆਂ ਗਈਆਂ ਹਨ। ਹਥਲਾ ਕਾਵਿ ਸੰਗ੍ਰਹਿ ਵੀ ਕਵੀ ਦੇ ਪਹਿਲੇ ਸੱਤ ਕਾਵਿ ਸੰਗ੍ਰਹਿਆਂ ਵਾਂਗ ਸਮਾਜਿਕ ਸਰੋਕਾਰਾਂ ਦਾ ਧਾਰਨੀ ਹੈ। ਪੰਜਾਬੀ ਸੱਭਿਆਚਾਰ ਜੇਕਰ ਸਾਰੇ ਸੰਸਾਰ ਦੇ ਦੇਸ਼ਾਂ ਵਿਚ ਸਨਮਾਨਿਤ ਹੈ ਤਾਂ ਉਹ ਇਸ ਕਰਕੇ ਹੈ ਕਿ ਇਸ ਵਿਚ ਬਹੁਤ ਕੁਝ ਅਜਿਹਾ ਹੈ ਜੋ ਸਰਬਸਾਂਝਾ ਅਤੇ 'ਜੀਓ ਅਤੇ ਜੀਣ ਦਿਓ' ਫਲਸਫੇ ਦਾ ਪਰਤੌਅ ਹੈ। ਕਵੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਦਾ ਦਿਲ ਖੋਲ੍ਹ ਕੇ ਜੱਸ ਗਾਇਆ ਹੈ ਪਰ ਪੰਜਾਬੀ ਸੱਭਿਆਚਾਰ ਵਿਚਲੀਆਂ ਰੂੜ੍ਹੀਆਂ ਨੂੰ ਨਿੰਦਿਆ ਵੀ ਹੈ। ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਵੰਨ-ਸੁਵੰਨੇ ਵਿਸ਼ੇ ਨਿਭਾਏ ਹਨ। ਉਸ ਦੀ ਪਹਿਲੀ ਕਵਿਤਾ ਚਰਨਵੰਦਨਾ ਦੇ ਤੌਰ 'ਤੇ ਹੈ ਜੋ ਕਿ ਮਾਂ ਬੋਲੀ ਪੰਜਾਬੀ ਦੀ ਆਰਤੀ ਵਾਂਗ ਹੈ :
ਮਾਂ ਬੋਲੀਏ ਪੰਜਾਬੀਏ ਤੇਰਾ ਗੀਤ ਗੁੰਜਾਰ ਦਿਆਂ
ਪਿਆਰ ਤੇਰੇ ਦਾ ਸਿਰ ਆਪਣੇ ਤੋਂ ਕਰਜ਼ ਉਤਾਰ ਦਿਆਂ...
ਸ਼ਬਦਾਂ ਦੀ ਫੁਲਕਾਰੀ ਇਹ ਤੇਰਾ ਰੂਪ ਨਿਖਾਰ ਦਿਆਂ।
ਕਵੀ ਨੇ ਅਮੀਰਾਂ-ਮਾਲਕਾਂ ਵੱਲੋਂ ਕਿਰਤੀਆਂ ਕਾਮਿਆਂ ਦੀ ਕੀਤੀ ਜਾ ਰਹੀ ਬੇਕਿਰਕ ਲੁੱਟ, ਅਮੀਰੀ ਦਾ ਘੁਮੰਡ, ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਲੁੱਟ, ਧਰਮ ਦੇ ਨਾਂਅ 'ਤੇ ਸਮਾਜ ਵਿਚ ਪਾਈਆਂ ਜਾ ਰਹੀਆਂ ਵੰਡੀਆਂ, ਪੰਜਾਬ ਦੇ ਪਿੰਡਾਂ ਦਾ ਪੁਰਾਤਨ ਦ੍ਰਿਸ਼, ਦਰੱਖਤਾਂ ਦੇ ਗੁਣ, ਨਸ਼ਿਆਂ ਪ੍ਰਤੀ ਲਾਹਨਤ, ਕਿਸਾਨਾਂ ਵੱਲੋਂ ਵਿਆਹ-ਸ਼ਾਦੀਆਂ ਉੱਤੇ ਕੀਤੇ ਜਾ ਰਹੇ ਅੰਨ੍ਹੇਵਾਹ ਫਾਲਤੂ ਖਰਚ, ਪੰਜਾਬੀ ਕਵਿਤਾ ਦਾ ਲੋਕਾਂ ਨਾਲੋਂ ਤੋੜ-ਵਿਛੋੜੇ ਦਾ ਦੁਖਾਂਤ, ਵੋਟਾਂ ਦੇ ਦਿਨਾਂ ਵਿਚ ਅਸਮਾਜਿਕ ਵਰਤਾਰੇ, ਸ਼ਹਿਰਾਂ ਅਤੇ ਪਿੰਡਾਂ ਦਾ ਵਧ ਰਿਹਾ ਫ਼ਰਕ-ਪਾੜਾ, ਧੀਆਂ ਅਤੇ ਅੰਤ੍ਰੀਵੀ ਦੁਖੜੇ ਆਦਿ ਵਿਸ਼ੇ ਇਨ੍ਹਾਂ ਕਵਿਤਾਵਾਂ ਦੇ ਕੇਂਦਰੀ ਵਿਸ਼ੇ ਹਨ।
ਕਵੀ ਸੰਧੂ ਨੇ ਇਨ੍ਹਾਂ ਭਾਵਪੂਰਤ ਕਵਿਤਾਵਾਂ ਵਿਚ ਗੀਤ ਅਤੇ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਹਨ। ਉਸ ਦੇ ਗੀਤ ਜਜ਼ਬਾਤ ਪ੍ਰਧਾਨ ਅਤੇ ਸਿੱਖਿਆਦਾਇਕ ਹਨ। ਗ਼ਜ਼ਲਾਂ ਵੀ ਆਪਣੇ ਰੂਪ ਵਿਚ ਦਰੁਸਤ ਹਨ। ਇਹ ਪੁਸਤਕ ਸਿੱਖਿਆਦਾਇਕ ਤੇ ਸੁਖੇਰੇ ਅੰਦਾਜ਼ ਵਿਚ ਹੈ। ਕਵੀ ਬਹਿਰਾਂ ਅਤੇ ਛੰਦਾਂ ਦਾ ਜਾਣਕਾਰ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਉੱਤਰ ਆਧੁਨਿਕਤਾ ਅਤੇ ਈ-ਲੋਕਧਾਰਾ
(ਮੋਬਾਈਲ ਫੋਨ ਦੀ ਲੋਕਧਾਰਾ : ਸਮਾਜਿਕ ਯਥਾਰਥ ਦੇ ਸੰਦਰਭ ਵਿਚ)
ਲੇਖਕ : ਗੁਰਪ੍ਰੀਤ ਸਿੰਘ ਬੁੱਟਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 111
ਸੰਪਰਕ : 97810-47457
.

ਵਿਚਾਰ ਅਧੀਨ ਪੁਸਤਕ ਉਪਾਧੀ ਸਾਪੇਖ ਖੋਜ-ਕਾਰਜ ਪ੍ਰਤੀਤ ਹੁੰਦਾ ਹੈ, ਜਿਸ ਨੂੰ ਖੋਜ ਕਰਤਾ ਨੇ ਡਾ: ਗੁਰਮੀਤ ਸਿੰਘ ਦੀ ਅਗਵਾਈ ਵਿਚ ਸੰਪੰਨ ਕੀਤਾ ਹੈ। ਵਿਦਵਾਨ ਨਿਗਰਾਨ ਦਾ ਕਹਿਣਾ ਹੈ 'ਈ-ਲੋਕਧਾਰਾ ਦਾ ਸੰਕਲਪ ਗੁਰਪ੍ਰੀਤ ਸਿੰਘ ਦੀ ਕਾਢ ਹੈ।' ਖੋਜ (ਡਿਸਕਵਰੀ) ਆਧੁਨਿਕਤਾ ਦਾ ਲੱਛਣ ਹੈ ਪਰ 'ਕਾਢ' (ਇਨਵੈਨਸ਼ਨ) ਉੱਤਰ-ਆਧੁਨਿਕਤਾ ਦੀ ਵਿਸ਼ੇਸ਼ਤਾ ਹੈ। ਅਜੋਕਾ ਸੰਸਾਰ ਈ-ਲੋਕਧਾਰਾ ਦੀ ਗ੍ਰਿਫ਼ਤ ਵਿਚ ਹੈ। ਈ-ਲੋਕਧਾਰਾ ਦੇ ਪ੍ਰਵੇਸ਼ ਨਾਲ ਨਵੇਂ ਯੁੱਗ ਦਾ ਅਰੰਭ ਹੋਇਆ ਹੈ, ਜਿਸ ਨੂੰ ਉੱਤਰ-ਆਧੁਨਿਕਤਾ ਕਿਹਾ ਜਾਂਦਾ ਹੈ। ਉਦਯੋਗਪਤੀਆਂ ਨੇ ਇਲੈਕਟ੍ਰਾਨਿਕ ਸਾਧਨਾਂ ਦੁਆਰਾ ਵਿਗਿਆਪਨਾਂ ਦੀ ਵਰਤੋਂ ਕਰਕੇ ਉਪਭੋਗੀ ਸੱਭਿਆਚਾਰ ਪੈਦਾ ਕੀਤਾ ਜੋ ਉਨ੍ਹਾਂ ਦੇ ਹਿਤਾਂ ਦੀ ਪੂਰਤੀ ਕਰਦਾ ਹੈ। ਕੋਈ ਵੀ ਜਾਣਕਾਰੀ ਇਕ ਕਲਿਕ ਦੂਰ ਰਹਿ ਗਈ ਹੈ। ਈ-ਲੋਕਧਾਰਾ 'ਤੇ ਕੋਈ ਸੈਂਸਰ ਨਹੀਂ।
ਲੇਖਕ ਨੇ ਅਰੰਭ ਵਿਚ ਹੀ ਪੱਛਮੀ, ਭਾਰਤੀ ਅਤੇ ਪੰਜਾਬੀ ਵਿਦਵਾਨਾਂ ਦੀਆਂ ਰਾਵਾਂ ਦੀ ਰੌਸ਼ਨੀ ਵਿਚ ਲੋਕਧਾਰਾ ਨੂੰ ਸਿਧਾਂਤਕ ਰੂਪ ਵਿਚ ਸਮਝਣ ਦਾ ਉਪਰਾਲਾ ਕੀਤਾ ਹੈ। ਲੋਕਧਾਰਾ ਦਾ ਵਹਿਣ ਪਰੰਪਰਾ ਤੋਂ ਉੱਤਰ-ਆਧੁਨਿਕ ਸਮੇਂ ਤੱਕ ਨਿਰੰਤਰ ਵਹਿੰਦਾ ਆ ਰਿਹਾ ਹੈ। ਲੋਕ-ਸਮੂਹ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਸਮੇਂ-ਸਮੇਂ ਇਸ ਵਿਚ ਰੂਪਾਂਤਰਨ ਹੁੰਦਾ ਰਹਿੰਦਾ ਹੈ। ਅਜੋਕੇ ਸਮਾਜਿਕ ਮੀਡੀਏ ਵਿਚ ਐਸ.ਐਮ.ਐਸ., ਫੇਸਬੁੱਕ, ਵਟਸਐਪ, ਟਵਿਟਰ, ਯੂ-ਟਿਊਬ ਬਾਰੇ ਲੇਖਕ ਨੇ ਚਰਚਾ ਕੀਤੀ ਹੈ।
ਲੇਖਕ ਨੇ ਮੋਲਾਈਲ ਫੋਨ ਦੀ ਲੋਕਧਾਰਾ ਨਾਲ ਸਬੰਧਤ ਸਮੱਗਰੀ ਇਕੱਤਰ ਕਰਨ ਦਾ ਫੀਲਡ ਵਰਕ ਕੀਤਾ ਹੈ। ਸਮੱਗਰੀ ਨੂੰ ਤਿੰਨ ਮੁੱਖ ਵਰਗਾਂ ਵਿਚ ਵਿਭਾਜਤ ਕੀਤਾ ਹੈ, ਇਹ ਹਨ : ਸੁਣਨ, ਦੇਖਣ, ਪਾਠ-ਮੂਲਕ। ਅੰਤ ਵਿਚ ਇਕੱਤਰਤ ਸਮੱਗਰੀ ਦਾ ਅਧਿਐਨ ਵਿਭਿੰਨ ਸਿਰਲੇਖਾਂ ਹੇਠ ਕੀਤਾ ਹੈ ਜਿਵੇਂ ਕਿ ਸਮਾਜਿਕ ਯਥਾਰਥ, ਰਾਜਨੀਤਕ ਸਥਿਤੀ ਬਨਾਮ ਲੋਕ-ਪ੍ਰਤੀਉੱਤਰ, ਧਾਰਮਿਕ, ਲੋਕ ਵਿਸ਼ਵਾਸ, ਲੋਕ ਧਰਮ; ਸਮਾਜਿਕ ਆਰਥਿਕ ਸਥਿਤੀ, ਸਮਾਜਿਕ ਚੇਤਨਾ, ਲੋਕ-ਸਿਆਣਪਾਂ ਅਤੇ ਲੋਕ-ਕਥਨ; ਚੁਟਕਲੇ ਅਤੇ ਹਾਸਰਸ, ਬੁਝਾਰਤਾਂ; ਬੌਧਿਕ ਚੇਤਨਾ, ਵਿਅੰਗਾਤਮਕ, ਸੱਭਿਆਚਾਰਕ ਵਿਰਸਾ ਆਦਿ ਹਰ ਕਿਸਮ ਦੇ ਸੰਦੇਸ਼ਾਂ ਬਾਰੇ ਢੁਕਵੀਆਂ ਉਦਾਹਰਨਾਂ ਅਤੇ ਚਿੱਤਰਾਂ ਸਹਿਤ ਪੇਸ਼ਕਾਰੀ ਕੀਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਜੰਦਰਾ
ਸ਼ਾਇਰ : ਮਲੂਕ ਸਿੰਘ ਵਿਰਕ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 99151-03490

ਮਲੂਕ ਸਿੰਘ ਵਿਰਕ ਸੰਘਰਸ਼ੀ ਮਨੁੱਖ ਹੈ ਤੇ ਆਪਣੀ ਤਬੀਅਤ ਦਾ ਸ਼ਾਇਰ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਬੜਾ ਕੁਝ ਗਵਾਇਆ ਤੇ ਬੜਾ ਕੁਝ ਪਾਇਆ ਹੈ ਤੇ ਇਹੀ ਉਤਰਾਅ-ਚੜ੍ਹਾਅ ਉਸ ਦੀ ਸ਼ਾਇਰੀ ਦਾ ਆਧਾਰ ਹੈ। 'ਜੰਦਰਾ' ਪੁਸਤਕ ਵਿਚ ਉਸ ਨੇ ਪਚਵੰਜਾ ਛੰਦਬੱਧ ਰਚਨਾਵਾਂ ਛਾਪੀਆਂ ਹਨ ਪਰ ਉਸ ਨੇ ਇਨ੍ਹਾਂ ਉੱਤੇ ਕਿਸੇ ਵਿਧਾ ਦੀ ਮੋਹਰ ਨਹੀਂ ਲਾਈ। ਇਹ ਤਮਾਮ ਕਵਿਤਾਵਾਂ ਜਿਨ੍ਹਾਂ 'ਚੋਂ ਬਹੁਤੇ ਗੀਤ ਹਨ, ਜ਼ਿਆਦਾਤਰ ਉਸ ਦੀ ਆਪਣੀ ਉਪਰਾਮਤਾ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਦੀ ਉਪਜ ਹਨ। ਇਸ ਕਿਤਾਬ ਦਾ ਪਹਿਲਾ ਗੀਤ 'ਜੰਦਰਾ' ਖ਼ੂਬਸੂਰਤ ਹੈ ਤੇ ਪ੍ਰਭਾਵੀ ਹੈ। ਇਸ ਵਿਚ ਉਹ ਆਪਣੇ ਤੁਰ ਗਏ ਬਾਪ ਨੂੰ ਸ਼ਰਧਾਂਜਲੀ ਦਿੰਦਾ ਹੈ ਤੇ ਉਸ ਦੇ ਬਿਨਾਂ ਗੁਜ਼ਰ ਰਹੇ ਵਰਤਮਾਨ ਦਾ ਵਰਨਣ ਕਰਦਾ ਹੈ। ਸ਼ਾਇਰ ਦੀ ਦੂਸਰੀ ਰਚਨਾ 'ਖ਼ੁਦਾ' ਜਿਸ ਵਿਚ ਉਹ ਦੁਨੀਆ ਵਿਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨਾਲ ਸਬੰਧਤ ਸਵਾਲ ਪੁੱਛਦਾ ਹੈ। ਆਪਣੀ ਤੀਸਰੀ ਰਚਨਾ ਵਿਚ ਵਿਰਕ ਖ਼ੁਦ ਬਾਰੇ ਵਿਸਥਾਰਤ ਦੱਸਦਾ ਹੈ ਤੇ ਆਪਣੇ ਗੁਣਾਂ-ਔਗੁਣਾਂ ਦਾ ਵਹੀ ਖ਼ਾਤਾ ਪਾਠਕਾਂ ਦੇ ਸਨਮੁਖ ਕਰਦਾ ਹੈ। ਉਸ ਮੁਤਾਬਿਕ ਸੁਪਨੇ ਲੈਣਾ ਹੋਰ ਗੱਲ ਹੈ ਪਰ ਵਾਸਤਵਿਕਤਾ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ। ਉਸ ਨੇ ਨੇਤਾਵਾਂ ਦੀ ਅਸਲੀਅਤ ਤੇ ਰਾਜਨੀਤਕ ਗਿਰਾਵਟ 'ਤੇ ਵੀ ਖੁੱਲ੍ਹ ਕੇ ਲਿਖਿਆ ਹੈ। ਔਰਤ ਦੀ ਬੇਵਸੀ ਤੇ ਮਾਂ-ਪਿਉ ਦੇ ਸਤਿਕਾਰ ਨਾਲ ਸਬੰਧਤ ਕਵਿਤਾਵਾਂ ਵੀ ਚੋਖੀ ਗਿਣਤੀ ਵਿਚ ਹਨ। ਇਸ ਕਿਤਾਬ ਦੇ ਵਿਸ਼ੇ ਉਸ ਦੇ ਨਿੱਜ ਨਾਲ ਵੀ ਸਬੰਧਤ ਹਨ ਤੇ ਪਰ ਨਾਲ ਵੀ। ਪੁਸਤਕ ਵਿਚ ਵੰਨ-ਸੁਵੰਨਤਾ ਹੈ। ਤਮਾਮ ਰਚਨਾਵਾਂ 'ਚੋਂ ਬਹੁਤੀਆਂ ਰਚਨਾਵਾਂ ਲੈਅ ਤੇ ਸੁਰ ਵਿਚ ਹਨ ਤੇ ਆਪਣਾ ਪ੍ਰਭਾਵ ਛੱਡਦੀਆਂ ਹਨ। 'ਜੰਦਰਾ' ਪੁਸਤਕ ਸ਼ਾਇਰ ਦੀ ਦੂਸਰੀ ਪੁਸਤਕ ਹੈ ਤੇ ਮੈਨੂੰ ਆਸ ਹੈ ਕਿ ਇਹ ਸ਼ਾਇਰ ਨੂੰ ਹੋਰ ਵਧੀਆ, ਨਿੱਠ ਕੇ ਤੇ ਸਮਰਪਿਤ ਹੋ ਕੇ ਲਿਖਣ ਦੀ ਪ੍ਰੇਰਨਾ ਜ਼ਰੂਰ ਦੇਵੇਗੀ।

-ਗੁਰਦਿਆਲ ਰੌਸ਼ਨ
ਮੋ: 9988444002

15/04/2017

 ਵਕਤ ਬਦਲ ਗਏ
ਲੇਖਕ : ਡਾ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 210
ਸੰਪਰਕ : 98141-57137


ਬਦਲਦੇ ਵਕਤ ਨੂੰ ਉਚਿਤ ਦਿਸ਼ਾ ਦੇਣ ਤੇ ਬਦਲੇ ਵਕਤ ਵਿਚੋਂ ਸਾਰਥਕ ਸਬਕ ਹਾਸਲ ਕਰਨ ਦੀ ਇੱਛਾ ਵਿਚੋਂ ਜਨਮੇ ਨਿਬੰਧਾਂ ਦਾ ਸੰਗ੍ਰਹਿ ਹੈ ਡਾ: ਕਰਨੈਲ ਸਿੰਘ ਸੋਮਲ ਦੀ ਇਹ ਪੁਸਤਕ। ਦੋ ਕੁ ਸੌ ਪੰਨੇ ਵਿਚ ਸੈਂਤੀ ਨਿਬੰਧ। ਸਰਲ, ਸੁਬਕ, ਨਿੱਕੇ-ਨਿੱਕੇ, ਮਿੱਠੀ ਜ਼ਬਾਨ ਵਿਚ ਲਿਖੇ ਸੁਹਜ ਭਰੇ ਵਾਕ। ਨਿੱਜੀ ਅਨੁਭਵ ਤੇ ਜਜ਼ਬਿਆਂ ਗੁੱਧੀ ਸ਼ੈਲੀ ਕਾਰਨ ਪਾਠਕਾਂ ਨਾਲ ਸਾਂਝ ਪਾਉਣ ਵਾਲੀ ਵਾਰਤਕ।
ਡਾ: ਸੋਮਲ ਘਰ, ਘਰਾਂ ਦੇ ਆਲੇ-ਦੁਆਲੇ, ਹਰਿਆਵਲ, ਫੁੱਲ ਬੂਟੇ, ਮੌਸਮ, ਸ਼ਾਮਾਂ ਸਵੇਰਾ, ਧੁੱਪਾਂ ਛਾਵਾਂ ਨੂੰ ਪੜ੍ਹਨਾ ਜਾਣਦਾ ਹੈ। ਵਕਤ ਨਾਲ ਰੰਗ ਵਟਾਉਂਦੀ ਦੁਖ-ਸੁਖ ਦੀ ਖੇਡ ਤੋਂ ਚੇਤਨ ਕਰਦਾ ਹੈ। ਸਵਸਥ ਮੋੜ ਮੁੜਦੀ ਮਾਨਸਿਕਤਾ ਨੂੰ ਸਲਾਹੁੰਦਾ ਹੈ। ਕੁਹਝ ਨੂੰ ਰੋਕਦਾ ਹੈ। ਨਿਰਾਸ਼ਾ ਦੇ ਹਨੇਰੇ ਭੁੱਲ ਉਤਸ਼ਾਹ ਨਾਲ ਜ਼ਿੰਦਗੀ ਦੇ ਜਸ਼ਨ ਵਿਚ ਸ਼ਰੀਕ ਹੋਣ ਦਾ ਸੁਨੇਹਾ ਦਿੰਦਾ ਹੈ। ਸਬਰ, ਸੰਤੁਸ਼ਟੀ, ਵਕਤ ਦੀ ਸੁਚੱਜੀ ਵਰਤੋਂ, ਮਿਹਨਤ, ਚੱਜ ਆਚਾਰ ਤੇ ਆਜ਼ਾਦੀ ਦਾ ਸਬਕ ਸਿਖਾਉਂਦਾ ਹੈ। ਘਰਾਂ ਤੇ ਮਨਾਂ ਨੂੰ ਕਬਾੜ ਤੋਂ ਮੁਕਤ ਕਰਨ ਲਈ ਆਖਦਾ ਹੈ। ਚੰਗਾ ਲਗਦਾ ਹੈ ਉਸ ਦਾ ਇਹ ਉੱਦਮ।
ਮੰਡੀ ਦੇ ਇਸ ਯੁੱਗ ਵਿਚ ਸਕਾਰਾਤਮਕ ਤੇ ਨਕਾਰਾਤਮਕ ਦੀ ਪਛਾਣ ਹੈ ਉਸ ਨੂੰ। ਨਸ਼ਿਆਂ ਨਿਰਾਸ਼ਾ ਅੱਗੇ ਹਾਰਨਾ ਪ੍ਰਵਾਨ ਨਹੀਂ। ਧੀਆਂ ਤੇ ਇਸਤਰੀਆਂ ਦਾ ਆਦਰ ਕਰਦਾ ਹੈ। ਪਿਆਰ ਨਾਲ ਘਰ ਨੂੰ ਸਵਰਗ ਬਣਾਉਣ ਤੇ ਇਸਤਰੀਆਂ ਪ੍ਰਤੀ ਵਿਤਕਰੇ ਛੱਡਣ ਉੱਤੇ ਬਲ ਦਿੰਦਾ ਹੈ। ਬਾਲਪਣ, ਬਚਪਨ, ਜਵਾਨੀ, ਬੁਢੇਪੇ ਤੇ ਜ਼ਿੰਦਗੀ ਦੇ ਰਹੱਸ ਫਰੋਲਦਾ ਹੋਇਆ ਸਹਿਜ ਸੰਤੁਲਿਤ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਹੈ ਉਹ।
ਮੂਲ ਰੂਪ ਵਿਚ ਸੁਚੱਜੀ ਜੀਵਨ-ਜਾਚ ਦੁਆਲੇ ਉਸਰੇ ਇਸ ਨਿਬੰਧ ਸੰਗ੍ਰਹਿ ਦੇ ਅੰਤਿਮ ਚਾਰ ਨਿਬੰਧ ਜੀਵਨੀ ਪਰਕ ਹਨ। ਇਨ੍ਹਾਂ ਦੇ ਨਾਇਕ ਗਿ: ਦਿੱਤ ਸਿੰਘ, (ਸਿੱਖ ਚਿੰਤਕ), ਆਸਾ ਰਾਮ ਬੈਦਵਾਨ (ਲੋਕ ਕਵੀ), ਗੁਰਬਖਸ਼ ਸਿੰਘ ਕੇਸਰੀ (ਸਾਹਿਤਕਾਰ) ਤੇ ਰਣਧੀਰ ਸਿੰਘ (ਰਿਸਰਚ ਸਕਾਲਰ) ਉਸ ਦੀ ਆਪਣੀ ਜਨਮ ਭੂਮੀ ਦੀਆਂ ਉਸ ਦੀਆਂ ਵੇਖੀਆਂ ਸੁਣੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨਾਲ ਉਸ ਦਾ ਮੋਹ ਭਰਿਆ ਰਿਸ਼ਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਪੰਜਾਬੀ ਦਾ ਭਵਿੱਖ ਅਤੇ ਹੋਰ ਲੇਖ

ਲੇਖਕ : ਰਣਜੀਤ ਸਿੰਘ ਖੜਗ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 222
ਸੰਪਰਕ : 98728-13128.


ਪੰਜਾਬੀ ਸਾਹਿਤ ਦੇ ਇਤਿਹਾਸ ਦਾ ਆਧੁਨਿਕ ਕਾਲ ਸ: ਰਣਜੀਤ ਸਿੰਘ ਖੜਗ ਵੱਲੋਂ ਪਾਏ ਬਹੁਮੁੱਲੇ ਯੋਗਦਾਨ ਦਾ ਵਰਨਣ ਕੀਤੇ ਤੋਂ ਬਗੈਰ ਮੁਕੰਮਲ ਨਹੀਂ ਹੋ ਸਕਦਾ। ਆਪਣੇ ਜੀਵਨ ਕਾਲ (1915-1971) ਦੌਰਾਨ ਉਨ੍ਹਾਂ ਨੇ ਲਗਪਗ 400 ਕਵਿਤਾਵਾਂ ਅਤੇ 450 ਲੇਖਾਂ ਦੀ ਰਚਨਾ ਕੀਤੀ ਸੀ। ਪੁਸਤਕ ਰੂਪ ਵਿਚ ਆਪ ਦੀਆਂ ਬਹੁਤੀਆਂ ਰਚਨਾਵਾਂ (ਸੁੱਚੇ ਮੋਤੀ, ਸੰਤ ਨਾਮਦੇਵ ਦਰਸ਼ਨ, ਨਾਨਕ ਸਾਇਰ ਇਵ ਕਹਿਆ, ਸਰਬ ਲੋਹ ਦਾ ਕਵੀ, ਪੰਜਾਬੀ ਸਾਹਿਤ ਇਤਿਹਾਸ ਦੇ ਲੇਖ, ਪੰਜਾਬੀ ਦਾ ਭਵਿੱਖ ਅਤੇ ਹੋਰ ਲੇਖ... ਆਦਿ) ਆਪ ਦੇ ਸੁਰਗਵਾਸ ਹੋਣ ਉਪਰੰਤ ਉਨ੍ਹਾਂ ਦੇ ਸਪੁੱਤਰ ਇੰਜੀ: ਕਰਮਜੀਤ ਸਿੰਘ ਦੀ ਸੁਯੋਗ ਸੰਪਾਦਨਾ ਅਧੀਨ ਪ੍ਰਕਾਸ਼ਿਤ ਹੋਈਆਂ। ਪ੍ਰੰਤੂ 'ਪੰਜਾਬੀ ਦਾ ਭਵਿੱਖ' (25 ਲੇਖ) ਡਾ: ਰਾਮ ਮੂਰਤੀ ਦੀ ਮਿਹਨਤ ਦੁਆਰਾ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਵਿਚ ਪੰਜਾਬੀ ਭਾਸ਼ਾ ਬਾਰੇ ਕੁਝ ਲੇਖਾਂ ਦੇ ਨਾਲ-ਨਾਲ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਕਾਰਾਂ (ਬਾਰਾਮਾਂਹ, ਵਾਰ, ਨਾਵਲ, ਲੋਕ ਗੀਤ ਅਤੇ ਪੰਜਾਬੀ ਸੱਭਿਆਚਾਰ) ਬਾਰੇ ਉੱਚ-ਕੋਟੀ ਦੇ ਲੇਖ ਪ੍ਰਕਾਸ਼ਿਤ ਹੋਏ ਹਨ।
ਬੇਸ਼ੱਕ ਖੜਗ ਸਾਹਿਬ ਨੇ ਯੂਨੀਵਰਸਿਟੀਆਂ ਵਿਚੋਂ ਉੱਚ-ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ ਪਰ ਆਪ ਖੋਜ ਅਤੇ ਆਲੋਚਨਾ ਦੇ ਬੁਨਿਆਦੀ ਅਸੂਲਾਂ ਤੋਂ ਸੁਪਰਿਚਿਤ ਸਨ। ਆਪ ਦੇ ਲੇਖਾਂ ਵਿਚ ਜਾਰਜ ਗ੍ਰੀਅਰਸਨ, ਟੀ.ਐਸ. ਏਲੀਅਟ, ਪੰਡਿਤ ਨਹਿਰੂ, ਡਾ: ਗੰਡਾ ਸਿੰਘ, ਡਾ: ਕਮਲ ਮੁਕਰਜੀ, ਸਰ ਰਿਚਰਡ ਟੈਂਪਲ, ਟੈਨੀਸਨ, ਮੈਥਿਊ ਆਰਨਲਡ, ਸਰ ਵਾਲਟਰ ਸਕਾਟ, ਪ੍ਰੋ: ਨਰੂਲਾ ਅਤੇ ਪ੍ਰਿੰ: ਤੇਜਾ ਸਿੰਘ ਵਰਗੇ ਅਨੇਕ ਦੇਸੀ-ਵਿਦੇਸ਼ੀ ਵਿਦਵਾਨਾਂ ਦੇ ਹਵਾਲੇ ਮਿਲਦੇ ਹਨ। ਆਪ ਵਿਨੋਦਪ੍ਰਿਯ ਸਨ। ਸੂਖਮ ਪ੍ਰਕਾਰ ਦਾ ਵਿਅੰਗ ਅਤੇ ਬੌਧਿਕ ਵੰਨਗੀ ਦਾ ਹਾਸਰਸ ਆਪ ਦੇ ਇਨ੍ਹਾਂ ਲੇਖਾਂ ਨੂੰ ਨੀਰਸ ਨਹੀਂ ਹੋਣ ਦਿੰਦਾ। ਇਨ੍ਹਾਂ ਲੇਖਾਂ ਵਿਚ ਖੜਗ ਸਾਹਿਬ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਕੁਝ ਉਨ੍ਹਾਂ ਸਮੱਸਿਆਵਾਂ ਦਾ ਉਲੇਖ ਕੀਤਾ ਹੈ, ਜਿਨ੍ਹਾਂ ਦਾ ਅੱਜ ਤੱਕ ਵੀ ਹੱਲ ਨਹੀਂ ਲੱਭਿਆ ਜਾ ਸਕਿਆ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪਹਿਲੇ ਸਿੱਖ ਰਾਜ ਦਾ ਨਿਰਮਾਤਾ
ਬਾਬਾ ਬੰਦਾ ਸਿੰਘ ਬਹਾਦਰ
ਅਤੇ ਹੋਰ ਲੇਖ
ਲੇਖਕ : ਡਾ: ਹਰਬੰਸ ਸਿੰਘ ਚਾਵਲਾ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ ਦਿੱਲੀ
ਮੁੱਲ : 590 ਰੁਪਏ, ਸਫ਼ੇ : 269.
ਸੰਪਰਕ : 088604-08797.

ਡਾ: ਹਰਬੰਸ ਸਿੰਘ ਚਾਵਲਾ ਨੇ ਹਥਲੀ ਪੁਸਤਕ ਜ਼ਰੀਏ ਸਿੱਖ-ਇਤਿਹਾਸ ਅਤੇ ਗੁਰਮਤਿਧਾਰਾ ਦੇ ਮਹੱਤਵਪੂਰਨ ਪੱਖਾਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਵਿਧੀਵਤ ਗਿਆਨ ਪਾਸਾਰ ਹਿਤ ਪੁਸਤਕ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ ਹੈ। ਪੁਸਤਕ ਦੇ ਪਹਿਲੇ ਭਾਗ 'ਚ ਪੰਜਾਬ ਵਿਚ ਪਹਿਲੇ ਸਿੱਖ ਰਾਜ ਦੇ ਨਿਰਮਾਣ ਕਾਰਜ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਕਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਹੋ ਕੇ ਮਾਨਵੀ ਕਲਿਆਣ ਲਈ ਨਿਧੜਕ ਯੋਧੇ ਵਜੋਂ ਲਾਸਾਨੀ ਕਾਰਜ ਕੀਤੇ, ਉਨ੍ਹਾਂ ਸਭਨਾਂ ਦਾ ਉਲੇਖ ਇਤਿਹਾਸਕ ਤੱਥ-ਮੂਲਕ ਸਰੋਤਾਂ ਦੇ ਪ੍ਰਗਟਾਵੇ ਸਹਿਤ ਪੁਸਤਕ 'ਚ ਅੰਕਿਤ ਕੀਤਾ ਗਿਆ ਹੈ। ਬਾਬਾ ਬੰਦਾ ਸਿੰਘ ਜੀ ਦੇ ਰਾਜ-ਪ੍ਰਬੰਧ ਦੀਆਂ ਉੱਘੀਆਂ ਵਿਲੱਖਣਤਾਵਾਂ ਨੂੰ ਦਰਸਾ ਕੇ ਲੇਖਕ ਨੇ ਖ਼ਾਲਸਾ ਰਾਜ ਦੇ ਮਹੱਤਵਪੂਰਨ ਪਹਿਲੂਆਂ ਨੂੰ ਵੀ ਦਰਸਾਇਆ ਹੈ, ਸਹਿਯੋਗੀ-ਸ਼ਹਾਦਤ ਦਾ ਜਾਮ ਪੀ ਜਾਣ ਵਾਲੇ ਸੂਰਬੀਰਾਂ ਦੀ ਬਹਾਦਰੀ ਦਾ ਵੀ ਵਰਨਣ ਕੀਤਾ ਹੈ। ਇਸ ਉਪਰੰਤ ਖਾਲਸਾ ਪੰਥ ਦੇ ਪੰਜਾਂ ਤਖ਼ਤਾਂ ਬਾਬਤ ਦੁਰਲੱਭ ਜਾਣਕਾਰੀ ਵੀ ਦਿੱਤੀ ਹੈ ਅਤੇ ਭਗਤ ਰਵਿਦਾਸ ਜੀ ਦੀ ਦੇਣ ਨੂੰ ਵੀ ਗੌਲਿਆ ਹੈ। ਇਸੇ ਭਾਗ ਦੇ ਅੰਤਰਗਤ ਗੁਰੂ ਅੰਗਦ ਦੇਵ ਦੇ ਸਮੇਂ ਵਿਚ ਪ੍ਰਵਾਹਮਾਨ ਹੋਈ ਸਿੱਖੀ ਅਤੇ ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀਆਂ, ਹਕੀਮ ਅੱਲ੍ਹਾ ਯਾਰ ਖਾਂ 'ਜੋਗੀ' ਦੀ ਰਚਨਾ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀਆਂ ਕੁਰਬਾਨੀਆਂ ਆਦਿ ਦਾ ਵੀ ਦੀਰਘ ਦ੍ਰਿਸ਼ਟੀ ਤੋਂ ਉਲੇਖ ਕੀਤਾ ਹੈ। ਇਸੇ ਪ੍ਰਸੰਗਤਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਭਾਰਤੀ ਇਤਿਹਾਸ ਉੱਪਰ ਪਏ ਪ੍ਰਭਾਵਾਂ ਨੂੰ ਵੀ ਵਿਅਕਤ ਕੀਤਾ ਹੈ ਅਤੇ ਭਾਈ ਦਇਆ ਸਿੰਘ ਜੀ ਦੀ ਸੀਸ ਭੇਟ ਕਰਨ ਦੀ ਪਹਿਲ ਨੂੰ ਵੀ ਬਾਖੂਬੀ ਪਾਠਕਾਂ ਦੇ ਸਨਮੁਖ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮਾਂ-ਕਾਲ ਬਾਬਤ ਵੀ ਲੇਖ ਧਿਆਨ ਖਿੱਚਣਯੋਗ ਹੈ। ਸਿੱਖੀ ਅਤੇ ਗੁਰਮਤਿਧਾਰਾ ਨਾਲ ਸਬੰਧਤ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਜਿਨ੍ਹਾਂ ਨੂੰ ਅਜੋਕੀ ਪੀੜ੍ਹੀ ਭੁੱਲ ਚੁੱਕੀ ਹੈ, ਉਨ੍ਹਾਂ ਬਾਬਤ ਦੁਰਲੱਭ ਜਾਣਕਾਰੀ ਵੀ ਪੁਸਤਕ ਦਾ ਹਾਸਲ ਹੈ। ਪੁਸਤਕ ਦਾ ਤੀਜਾ ਭਾਗ ਬਾਬਾ ਗੁਰਦਿੱਤ ਸਿੰਘ ਅਤੇ ਕਾਮਾਗਾਟਾਮਾਰੂ ਦੀ ਦਰਦਨਾਕ ਦਾਸਤਾਨ ਨੂੰ ਪੇਸ਼ ਕਰਦਾ ਹੈ, ਜਿਸ 'ਚ ਗਦਰ ਲਹਿਰ ਸਬੰਧੀ ਭਾਵਪੂਰਤ ਜਾਣਕਾਰੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਸ਼ਬਦਾਂ ਦੀ ਫੁਲਕਾਰੀ
ਲੇਖਕ : ਚਰਨਜੀਤ ਸਿੰਘ ਪੰਨੂੰ
ਪ੍ਰਕਾਸ਼ਕ : ਹਾਈਬਰੋ ਪਬਲੀਕੇਸ਼ਨਜ਼, ਬੜੀ ਬ੍ਰਾਹਮਣਾਂ, ਜੰਮੂ
ਮੁੱਲ : 400 ਰੁਪਏ, ਸਫ਼ੇ : 136

ਚਰਨਜੀਤ ਸਿੰਘ ਪੰਨੂੰ ਬਹੁਵਿਧਾਈ ਲੇਖਕ ਹੈ। 'ਸ਼ਬਦਾਂ ਦੀ ਫੁਲਕਾਰੀ' ਉਸ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ। ਪੰਨੂੰ ਦੇ ਕਾਵਿ-ਸੰਗ੍ਰਹਿਆਂ 'ਚ 'ਫੁਲਕਾਰੀ' ਕੇਂਦਰੀ ਬਿੰਦੂ ਹੈ। 'ਫੁਲਕਾਰੀ' ਦਾ ਸਬੰਧ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਇਕ ਕੇਂਦਰੀ ਧੁਰਾ ਹੈ। ਇਹ ਇਕ ਅਜਿਹਾ ਪ੍ਰਤੀਕ ਹੈ ਜੋ ਪੰਜਾਬੀ ਜਨਜੀਵਨ ਦੇ ਵਿਸ਼ੇਸ਼ ਲੱਛਣਾਂ ਨੂੰ ਪਰਿਭਾਸ਼ਤ ਕਰਦਾ ਹੈ, ਮਸਲਨ : ਜੀਵਨ-ਸ਼ੈਲੀ, ਰਹਿਣ-ਸਹਿਣ, ਵਰਤ-ਵਰਤਾਰਾ, ਖੁੱਲ੍ਹਦਿਲਾ ਸੁਭਾਅ ਆਦਿ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਅਜੋਕਾ ਪੰਜਾਬੀ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਮਨੁੱਖੀ ਜੀਵਨ 'ਚ ਤਣਾਓ, ਵਿਦੇਸ਼ੀਂ ਵਸ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਕਰਨ ਦੀ ਸੋਚ, ਮੱਥੇ 'ਚ ਪਈਆਂ ਤਿਉੜੀਆਂ ਸਭ 'ਟੈਨਸ਼ਨ' ਦੀਆਂ ਪ੍ਰਤੀਕ ਹਨ, ਇਸ ਸਮੱਸਿਆ ਦੇ ਇਰਦ-ਗਿਰਦ ਹੀ ਸਭ ਸਮੱਸਿਆਵਾਂ ਪਰਕਰਮਾ ਕਰਦੀਆਂ ਹਨ ਜਿਵੇਂ ਰੁਜ਼ਗਾਰ ਦੀ ਸਮੱਸਿਆ, ਭਾਈਚਾਰਕ ਸਾਂਝ ਟੁੱਟਣ ਦੀ ਸਮੱਸਿਆ। ਇਹ ਸਮੱਸਿਆਵਾਂ 'ਟੈਨਸ਼ਨ' ਕਵਿਤਾ 'ਚ ਵਿਸ਼ੇਸ਼ ਰੂਪ 'ਚ ਦੇਖੀਆਂ ਜਾ ਸਕਦੀਆਂ ਹਨ ਪ੍ਰੰਤੂ ਆਸ਼ਾਵਾਦੀ ਦ੍ਰਿਸ਼ਟੀਕੋਣ ਅਪਣਾ ਕੇ ਮਨੁੱਖ ਜੀਵਨ ਦੀ ਖੂਬਸੂਰਤੀ ਦਾ ਅਨੰਦ ਵੀ ਮਾਣ ਸਕਦਾ ਹੈ, ਇਹ ਪੰਨੂੰ ਦੀ ਸੋਚ ਹੈ :
ਚਲੋ ਅੱਜ ਟੈਨਸ਼ਨ ਭੁਲਾਈਏ
ਅਸਮਾਨਾਂ ਵੱਲ ਉੱਡੀਏ,
ਗਿੱਟੀਆਂ ਵਿਹੜੇ ਕੁਰਸੀਆਂ ਡਾਹੀਏ।
ਚਰਨਜੀਤ ਸਿੰਘ ਪੰਨੂੰ ਕਵਿਤਾ ਦੇ ਪ੍ਰਯੋਜਕ ਸਬੰਧੀ ਵੀ ਸੁਚੇਤ ਹੈ ਕਿ ਕਵਿਤਾ ਜਿਥੇ ਆਤਮਿਕ ਭੁੱਖ ਦੀ ਤ੍ਰਿਪਤੀ ਦਾ ਵਸੀਲਾ ਹੈ, ਉਥੇ ਕਵਿਤਾ ਮਨੁੱਖੀ ਜੀਵਨ ਦੇ ਸੁਚੱਜ ਵੱਲ ਵੀ ਸੇਧਿਤ ਹੈ ਜੋ ਜੀਵਨ ਨੂੰ ਪ੍ਰਭਾਵਿਤ ਕਰਦੀ ਹੋਈ, ਨਵੀਆਂ ਦਿਸ਼ਾਵਾਂ ਤਲਾਸ਼ਣ ਵੱਲ ਵੀ ਪ੍ਰੇਰਿਤ ਕਰਦੀ ਹੈ। ਸਭ ਤੋਂ ਵੱਡਾ ਗੁਣ ਹੈ ਭਾਸ਼ਾ ਦੀ ਸਾਦਗੀ, ਸਪੱਸ਼ਟਤਾ ਅਤੇ ਸੰਦੇਸ਼ ਦਾ ਸੰਚਾਰਿਤ ਹੋਣਾ। ਉਹ ਪੂਰਬੀ ਅਤੇ ਪੱਛਮੀ ਸੱਭਿਆਚਾਰਾਂ ਵਿਚੋਂ ਉੱਤਮ ਚੰਗਿਆਈਆਂ ਭਾਲ ਕੇ ਇਕ-ਦੂਜੇ ਵਿਰੋਧੀ ਗੁਣਾਂ ਨੂੰ ਨਕਾਰਦਾ ਹੋਇਆ, ਸਾਂਝੀਵਾਲਤਾ ਦੀਆਂ ਤੰਦਾਂ ਤਲਾਸ਼ਣ ਦੀ ਕੋਸ਼ਿਸ਼ ਵੀ ਕਰਦਾ ਹੈ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਉਹ ਕਲਾ 'ਕਲਾ ਲਈ ਨਹੀਂ', ਸਗੋਂ ਕਲਾ ਜਨ-ਸਾਧਾਰਨ ਲਈ ਹੈ, ਦੀ ਧਾਰਨਾ ਨੂੰ ਪ੍ਰਪੱਕ ਕਰਦਾ ਹੈ। ਆਸ ਕਰਦਾ ਹਾਂ ਕਿ ਪੰਜਾਬੀ ਪਾਠਕ ਇਸ ਕਾਵਿ-ਸੰਗ੍ਰਹਿ ਦਾ ਭਰਪੂਰ ਅਨੰਦ ਮਾਣਨਗੇ। ਆਮੀਨ!

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.

 

 

ਗੁਰੂ ਨਾਨਕ ਬਾਣੀ ਵਿਚ ਮਾਨਵੀ ਸੂਝ
ਲੇਖਕ : ਡਾ: ਅਸ਼ੋਕ ਕੁਮਾਰ ਖੁਰਾਣਾ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 173
ਸੰਪਰਕ : 98149-05361.

ਇਸ ਪੁਸਤਕ ਵਿਚ ਵਿਦਵਾਨ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਇਸ ਵਿਚ ਉਪਲਬਧ ਮਾਨਵੀ ਸੂਝ ਦੇ ਵਿਭਿੰਨ ਪਹਿਲੂਆਂ ਪ੍ਰਤੀ ਨਿੱਠ ਕੇ ਚਰਚਾ ਕੀਤੀ ਹੈ। ਡੂੰਘਾ ਅਧਿਐਨ ਕਰਨ ਲਈ ਪੁਸਤਕ ਨੂੰ ਪੰਜ ਅਧਿਆਵਾਂ ਵਿਚ ਵਿਭਾਜਤ ਕੀਤਾ ਹੈ। ਪਹਿਲੇ ਕਾਂਡ ਵਿਚ ਮਾਨਵੀ ਸੂਝ ਦਾ ਧਾਰਮਿਕ-ਦਾਰਸ਼ਨਿਕ ਪਰਿਪੇਖ ਉਸਾਰਦਿਆਂ ਮਾਨਵੀ ਸੂਝ ਨੂੰ ਆਦਿ-ਕਾਲੀਨ ਸਮੇਂ ਤੋਂ ਮਾਨਵੀ-ਅਸਤਿਤਵ ਦਾ ਅਭਿੰਨ ਅੰਗ ਸਵੀਕਾਰ ਕੀਤਾ ਗਿਆ ਹੈ। ਮਾਨਵੀ ਸੂਝ ਦੀ ਚਿੰਤਨ-ਪਰੰਪਰਾ ਦਾ ਇਤਿਹਾਸ ਉਲੀਕਦਿਆਂ ਵੇਦਾਂ, ਬ੍ਰਾਹਮਣ ਗ੍ਰੰਥਾਂ, ਉਪਨਿਸ਼ਦਾਂ ਦੇ ਅਧਿਐਨ ਉਪਰੰਤ ਆਸਤਿਕ ਦਰਸ਼ਨ (ਨਿਆਇ, ਵੈਸ਼ੇਸ਼ਿਕ, ਸਾਂਖ, ਯੋਗ, ਵੇਦਾਂਤ ਆਦਿ), ਨਾਸਤਿਕ ਦਰਸ਼ਨ (ਚਾਰ ਵਾਕ, ਜੈਨ ਅਤੇ ਬੁੱਧ ਦਰਸ਼ਨ ਆਦਿ) ਅਤੇ ਭਗਤੀ ਪਰੰਪਰਾ/ਸੰਤਾਂ-ਭਗਤਾਂ ਦੀ ਬਾਣੀ ਦੇ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵਿਲੱਖਣ ਦਰਸਾਇਆ ਹੈ। ਦੂਜੇ ਕਾਂਡ ਵਿਚ ਇਸ ਨਤੀਜੇ 'ਤੇ ਅਪੜਿਆ ਗਿਆ ਹੈ ਇਸ ਬਾਣੀ ਦ ਿਦ੍ਰਿਸ਼ਟੀ ਹਰ ਥਾਂ ਧਰਮ-ਪਰਾਇਣ ਹੈ। ਗੁਰੂ ਸਾਹਿਬ ਦੀ ਬਾਣੀ ਦਾ ਅਧਿਆਤਮਕ ਆਧਾਰ ਤਾਂ ਹੈ ਹੀ ਅਤੇ ਇਸ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਮਨੁੱਖ ਨੂੰ ਮਨੁੱਖ ਦੇ ਰੂਪ ਵਿਚ ਸਵੀਕਾਰ ਕਰਕੇ ਉਸ ਦੀ ਹੋਂਦ ਨੂੰ ਮਹੱਤਵ ਪ੍ਰਦਾਨ ਕੀਤਾ ਗਿਆ ਹੈ, ਤੀਜੇ ਕਾਂਡ ਵਿਚ ਇਸ ਬਾਣੀ ਵਿਚ ਪ੍ਰਸਤੁਤ ਰਾਜਨੀਤਕ ਸੂਝ ਦਾ ਮੁਲਾਂਕਣ ਕਰਦਿਆਂ ਇਕ ਅਜਿਹੇ ਰਾਜਨੀਤਕ ਅਵਚੇਤਨ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਦੁਆਰਾ ਆਦਰਸ਼ ਰਾਜ, ਆਦਰਸ਼ ਰਾਜਾ ਅਤੇ ਆਦਰਸ਼ ਪਰਜਾ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਚੌਥੇ ਕਾਂਡ ਵਿਚ ਸਮਾਜਿਕ ਸੂਝ ਦੇ ਵਿਸ਼ੇ 'ਤੇ ਫੋਕਸ ਕੀਤਾ ਗਿਆ ਹੈ। ਇਸ ਪੱਖੋਂ ਸੰਵਾਦ, ਗਿਆਨ, ਗ੍ਰਹਿਸਥ, ਨਾਰੀ, ਕਿਰਤ, ਸੰਗਤ, ਸੇਵਾ ਆਦਿ ਸਮਾਜਿਕ ਆਧਾਰਾਂ ਦੀ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਪੰਜਵੇਂ ਕਾਂਡ ਵਿਚ ਸਦਾਚਾਰਕ ਪੱਖ ਦਾ ਉਲੇਖ ਹੈ। ਨਾਨਕ ਬਾਣੀ ਵਿਚ ਅਮਲੀ ਜੀਵਨ ਜਿਊਣ 'ਤੇ ਜ਼ੋਰ ਦਿੱਤਾ ਗਿਆ ਹੈ। ਕਥਨੀ ਅਤੇ ਕਰਨੀ ਹੀ ਪੂਰਨ ਸਦਾਚਾਰੀ ਬਣਾਉਣ ਵਿਚ ਮਾਨਵ ਦੀ ਸਹਾਈ ਹੋ ਸਕਦੀ ਹੈ। ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਹਰ ਨੁਕਤੇ ਨੂੰ ਅਧਿਆਤਮਕ ਕੇਂਦਰਿਤ/ਬ੍ਰਹਮ ਕੇਂਦਰਿਤ ਦੀ ਸੀਮਾ ਵਿਚ ਰਹਿ ਕੇ ਸਪੱਸ਼ਟ ਕੀਤਾ ਗਿਆ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਰੂਹ ਦੀ ਉਮਰ
ਸ਼ਾਇਰ : ਕੰਵਰਜੀਤ ਭੱਠਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ-119
ਸੰਪਰਕ : 93165-16951

ਕੰਵਰਜੀਤ ਭੱਠਲ ਪੰਜਾਬੀ ਸਾਹਿਤ ਦਾ ਜਾਣਿਆ-ਪਛਾਣਿਆ ਹਸਤਾਖ਼ਰ ਹੈ। ਉਸ ਨੇ ਦੋ ਦਰਜਨ ਤੋਂ ਉੱਪਰ ਕਿਤਾਬਾਂ ਦੀ ਸੰਪਾਦਨਾ ਕੀਤੀ ਹੈ ਤੇ ਸਾਹਿਤਕ ਪੱਤਰਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। 'ਰੂਹ ਦੀ ਉਮਰ' ਉਸ ਦੀਆਂ ਮੌਲਿਕ ਕਵਿਤਾਵਾਂ ਦੀ ਦੂਸਰੀ ਪੁਸਤਕ ਹੈ, ਜਿਸ ਵਿਚ ਖੁੱਲ੍ਹੀਆਂ ਨਜ਼ਮਾਂ ਵੀ ਹਨ ਤੇ ਛੰਦ ਬੰਦ ਵੀ। ਉਸ ਦੀ ਪਹਿਲੀ ਨਜ਼ਮ 'ਉਦਾਸ ਗੀਤ' ਖ਼ੂਬਸੂਰਤ ਰਚਨਾ ਹੈ, ਜਿਸ ਵਿਚ ਉਸ ਨੇ ਆਲੇ ਦੁਆਲੇ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਆਪਣੀ ਸਿਰਜਣਾ ਨੂੰ ਨਿਵੇਕਲੀ ਧਾਰ ਦੇਣ ਦੀ ਗੱਲ ਕੀਤੀ ਹੈ। 'ਉਸ ਰੁੱਖ ਨੂੰ ਕਹੋ' ਇਕ ਸੰਜੀਦਾ ਨਜ਼ਮ ਹੈ ਤੇ ਇਸ ਵਿਚ ਸ਼ਾਇਰ ਆਪਣੇ ਅੰਦਰਲੇ ਵੇਗ ਨੂੰ ਸ਼ਬਦਾਂ ਦੇ ਕੱਜਣ ਦਿੰਦਾ ਹੈ। ਆਪਣੀ ਨਜ਼ਮ 'ਔਰਤ ਕਿਵੇਂ ਮਹਾਨ' ਵਿਚ ਉਹ ਪੁੱਛਦਾ ਹੈ ਕਿ ਹਰ ਸਾਲ ਇਸਤਰੀ ਵਰ੍ਹਾ ਮਨਾਉਣ ਵਾਲਿਆਂ ਨੇ ਔਰਤ ਲਈ ਕੀ ਕੀਤਾ ਹੈ। ਆਪਣੀਆਂ ਹੋਰ ਆਜ਼ਾਦ ਨਜ਼ਮਾਂ ਵਿਚ ਸ਼ਾਇਰ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਅਸੰਤੁਸ਼ਟੀ ਪ੍ਰਗਟ ਕਰਦਾ ਹੈ ਤੇ ਸਮਾਜ ਦਾ ਹਰ ਹਿੱਸਾ ਉਸ ਨੂੰ ਸ਼ੋਸ਼ਤ ਮਹਿਸੂਸ ਹੁੰਦਾ ਹੈ। ਉਹ ਅਖੌਤੀ ਨੇਤਾਵਾਂ ਦਾ ਪਰਦਫ਼ਾਸ਼ ਕਰਦਾ ਹੈ ਤੇ ਬੇਬਾਕ ਹੋ ਕੇ ਉਨ੍ਹਾਂ ਦੀ ਅਸਲੀਅਤ ਨੂੰ ਪੇਸ਼ ਕਰਦਾ ਹੈ। ਕੁਝ ਨਜ਼ਮਾਂ ਰਿਸ਼ਤਿਆਂ ਦੀ ਭੱਜ-ਟੁੱਟ 'ਤੇ ਅਧਾਰਤ ਹਨ ਤੇ ਕੁਝ ਕੁ ਅਤੀਤ ਨਾਲ ਜੁੜੀਆਂ ਹੋਈਆਂ ਹਨ। ਸ਼ਾਇਰ ਪੁਰਾਣੇ ਸਮੇਂ ਦੀਆਂ ਸਾਂਝਾਂ ਨੂੰ ਯਾਦ ਕਰਦਾ ਹੈ ਤੇ ਉਨ੍ਹਾਂ ਦੀ ਅੱਜ ਦੇ ਸਮੇਂ ਦੇ ਮੋਹ-ਪਿਆਰ ਨਾਲ ਤੁਲਨਾ ਕਰਦਾ ਹੈ। ਇਸ ਪੁਸਤਕ ਦੀਆਂ ਕੁਝ ਰਚਨਾਵਾਂ ਗੀਤ ਤੇ ਗ਼ਜ਼ਲਨੁਮਾ ਹਨ। ਇਨ੍ਹਾਂ ਨੂੰ ਪੜ੍ਹ ਕੇ ਮਹਿਸੂਸਿਆ ਜਾ ਸਕਦਾ ਹੈ ਕਿ ਕੰਵਰਜੀਤ ਭੱਠਲ ਕੋਲ ਛੰਦ ਬੰਦਤਾ ਦਾ ਹੁਨਰ ਵੀ ਹੈ ਤੇ ਇਸ ਨੂੰ ਵਰਤਣ ਦੀ ਯੁਗਤ ਵੀ ਹੈ। ਇਸ ਪੁਸਤਕ ਦੀ ਸ਼ਾਇਰੀ ਲੋਕ ਸਮੱਸਿਆਵਾਂ ਨਾਲ ਵਧੇਰੇ ਜੁੜੀ ਹੋਈ ਹੈ ਪਰ ਕਿਤੇ-ਕਿਤੇ ਭੱਠਲ ਨੇ ਆਪਣੇ ਜ਼ਾਤੀ ਜਜ਼ਬਾਤ ਨੂੰ ਵੀ ਜ਼ਬਾਨ ਦਿੱਤੀ ਹੈ। ਇਨ੍ਹਾਂ ਨਜ਼ਮਾਂ ਵਿਚ ਸਵਾਲਾਂ ਦੀ ਬਹੁਲਤਾ ਹੈ, ਸ਼ਾਇਰ ਨੇ ਸ਼ਾਇਦ ਜਵਾਬ ਪਾਠਕਾਂ 'ਤੇ ਛੱਡ ਦਿੱਤੇ ਹਨ।

-ਗੁਰਦਿਆਲ ਰੌਸ਼ਨ
ਮੋ: 9988444002

08/04/2017

 ਸਵੀਡਿਸ਼ ਕਵਿਤਾ
ਲੇਖਕ : ਨਿੰਦਰ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 130
ਸੰਪਰਕ : 0172-4608699.

ਸਾਹਿਤ ਵਿਚ ਨਵੇਂ ਖੂਨ ਦੇ ਸੰਚਾਰ ਲਈ ਸਾਹਿਤ ਦੇ ਪਾਠਕਾਂ ਤੇ ਸਿਰਜਕਾਂ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਤੋਂ ਵੱਖਰੀਆਂ ਭਾਸ਼ਾਵਾਂ ਦੇ ਸਾਹਿਤ ਜਗਤ ਦੇ ਰੂਬਰੂ ਕਰਨਾ ਬਹੁਤ ਜ਼ਰੂਰੀ ਹੈ। ਤੁਲਨਾਤਮਕ ਸਾਹਿਤ ਦੇ ਨਵੇਂ ਸਾਹਿਤਕ ਅਨੁਸ਼ਾਸਨ ਦਾ ਜਨਮ ਇਸੇ ਸੋਚ ਨਾਲ ਹੋਇਆ ਸੀ। ਸਵੀਡਿਸ਼ ਕਵਿਤਾ ਨਾਂਅ ਦੀ ਨਿੰਦਰ ਗਿੱਲ ਦੀ ਪੁਸਤਕ ਇਸੇ ਅਨੁਸ਼ਾਸਨ ਦੀ ਮਹੱਤਵਪੂਰਨ ਰਚਨਾ ਹੈ। ਲੇਖਕ ਕਈ ਵਰ੍ਹੇ ਤੋਂ ਇਸ ਦੇਸ਼ ਦੇ ਸਾਹਿਤ ਸੱਭਿਆਚਾਰ ਨੂੰ ਨੇੜਿਓਂ ਵੇਖਦਾ ਸਮਝਦਾ ਰਿਹਾ ਹੈ। ਉਹ ਆਪ ਬਹੁਵਿਧਾਈ ਤੇ ਅਨੁਭਵੀ ਸਾਹਿਤਕਾਰ ਹੈ। ਇਸ ਕਾਰਨ ਉਸ ਦੀ ਇਹ ਲਿਖਤ ਨਿਵੇਕਲੇ ਗੌਰਵ ਦੀ ਅਧਿਕਾਰੀ ਬਣਨੀ ਕੁਦਰਤੀ ਹੈ।
ਨਿੰਦਰ ਗਿੱਲ ਨੇ ਇਸ ਪੁਸਤਕ ਵਿਚ ਸਵੀਡਿਸ਼ ਕਵਿਤਾ ਦੇ ਜਨਮ, ਵਿਕਾਸ, ਮੁੱਖ ਕਵੀਆਂ ਤੇ ਪ੍ਰਵਿਰਤੀਆਂ ਬਾਰੇ ਚਾਲੀ ਪੰਨੇ ਦੀ ਵਿਸਤ੍ਰਿਤ ਭੂਮਿਕਾ ਲਿਖ ਕੇ ਇਕ ਨਵੇਂ ਕਾਵਿ ਜਗਤ ਨਾਲ ਪੰਜਾਬੀ ਪਾਠਕ ਦੀ ਜਾਣ-ਪਛਾਣ ਕਰਵਾਈ ਹੈ। ਇਸ ਦੌਰਾਨ ਉਸ ਨੇ ਸਵੀਡਿਸ਼ ਕਵੀਆਂ ਦੇ ਸਮਾਨਾਂਤਰ ਪੰਜਾਬੀ ਕਵੀਆਂ ਦੀਆਂ ਰਲਦੀਆਂ ਪ੍ਰਵਿਰਤੀਆਂ/ਸੁਭਾਵਾਂ/ਸੁਰਾਂ ਵੱਲ ਸਾਡਾ ਧਿਆਨ ਦਿਵਾਇਆ ਹੈ। ਸਾਡੇ ਪ੍ਰਗਤੀਵਾਦੀ ਕਵੀਆਂ ਵਾਂਗ ਇਸ ਕਾਵਿ ਜਗਤ ਕੋਲ ਵੀ ਖੱਬੇ-ਪੱਖੀ ਕਵੀ ਹਨ। ਯਥਾਰਥਵਾਦ, ਪ੍ਰਤੀਬੱਧਤਾ, ਧਾਰਮਿਕਤਾ ਉਨ੍ਹਾਂ ਕੋਲ ਵੀ ਹੈ। ਜੇ ਸਾਡੇ ਕੋਲ ਸ਼ਿਵ ਕੁਮਾਰ ਹੈ ਤਾਂ ਉਨ੍ਹਾਂ ਕੋਲ ਕਾਰਲ ਮਾਈਕਲ ਬੈਲਮੈਨ ਹੈ। ਮੌਤ ਨੂੰ ਮਜ਼ਾਕ ਵਾਂਗ ਲੈਂਦਾ, ਮੌਤ ਦੀ ਸੈਲੀਬਰੇਸ਼ਨ ਕਰਦਾ, ਸੁਪਨਮਈ ਰੁਮਾਂਟਿਕ ਸੰਸਾਰ ਸਿਰਜਦਾ।
ਸਾਡੇ ਅਮਿਤੋਜ ਵਾਂਗ ਡਰਾਮੈਟਿਕ ਨਜ਼ਮਾਂ ਲਿਖਣ ਵਾਲਾ ਆਲਮਕੁਇਸਟ ਹੈ ਸਵੀਡਿਸ਼ ਕਵਿਤਾ ਵਿਚ। ਨਿੰਦਰ ਚਾਤ੍ਰਿਕ ਦੀ ਕਵਿਤਾ ਸਵਰਗੀ ਜਿਊੜੇ ਵਾਂਗ ਗਰੀਬੀ ਨੂੰ ਗਲੋਰੀਫਾਈ ਕਰਦੀ ਸਵੀਡਿਸ਼ ਕਵਿਤਾ ਵੱਲ ਸੰਕੇਤ ਕਰਦਾ ਹੈ। ਉਥੇ ਦੇ ਜੁਝਾਰ ਕਾਵਿ ਤੇ ਪਰੰਪਰਾ ਭੰਜਕ ਕਾਵਿ ਦੀ ਗੱਲ ਛੇੜਦਾ ਹੈ। ਰੈਡਵੈਰੀ ਨਾਲ ਜੁੜੀ ਆਧੁਨਿਕ ਕਵਿਤਾ ਨੂੰ ਰੇਖਾਂਕਿਤ ਕਰਦਾ ਹੈ। ਹੈਲਿਡਨਸਟੈਮ, ਫਰਾਊਡਿੰਗ, ਰੇਮਕੇਰ, ਐਟਰਬੂਮ ਆਦਿ ਦੀ ਮਨੁੱਖ ਦੇ ਅੰਤਰੀਵ ਜਗਤ ਨਾਲ ਸਾਂਝ ਪਾਉਂਦੀ ਕਵਿਤਾ ਬਾਰੇ ਚਰਚਾ ਕਰਦਾ ਹੈ।
ਨਿੰਦਰ ਦੀ ਲੰਮੀ ਭੂਮਿਕਾ ਉਪਰੰਤ ਉਸ ਦੁਆਰਾ ਚੁਣੀਆਂ ਤੇ ਅਨੁਵਾਦਿਤ ਕੀਤੀਆਂ ਸਵੀਡਿਸ਼ ਕਵਿਤਾਵਾਂ ਇਸ ਪੁਸਤਕ ਦੇ 90 ਕੁ ਪੰਨਿਆਂ ਵਿਚ ਅੰਕਿਤ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਅਣਜੰਮਿਆ ਬੋਟ
ਕਵਿੱਤਰੀ : ਸਤਿੰਦਰ ਸੱਤੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175 ਰੁਪਏ, ਸਫ਼ੇ : 96
anchorsat@yahoo.com

ਸਤਿੰਦਰ ਸੱਤੀ ਇਕ ਬਹੁਮੁਖੀ ਪ੍ਰਤਿਭਾ ਦਾ ਨਾਂਅ ਹੈ। ਉਸ ਨੇ ਆਪਣੇ ਰਚਨਾਤਮਕ ਜੀਵਨ ਦੀ ਸ਼ੁਰੂਆਤ ਇਕ 'ਐਂਕਰ' ਦੇ ਰੂਪ ਵਿਚ ਕੀਤੀ ਸੀ, ਕੁਝ ਸਮਾਂ ਇਸ ਸ਼ੌਕ ਨੂੰ ਵਿਵਸਾਇ ਦੇ ਰੂਪ ਵਿਚ ਵੀ ਅਪਣਾਇਆ ਪਰ ਬਾਅਦ ਵਿਚ ਉਹ ਨਵੀਆਂ ਮੰਜ਼ਿਲਾਂ ਵੱਲ ਉਡਾਰੀਆਂ ਮਾਰਨ ਲੱਗੀ। 'ਅਣਜੰਮਿਆ ਬੋਟ' ਉਸ ਦੀਆਂ ਮੁਢਲੀਆਂ ਕਵਿਤਾਵਾਂ ਵਿਚੋਂ ਇਕ ਹੈ। ਇਸ ਵਿਚ ਉਸ ਨੇ ਕੰਨਿਆ-ਭਰੂਣ ਹੱਤਿਆ ਦੇ ਬਿਰਤਾਂਤ ਨੂੰ ਨਿਵੇਕਲੇ ਅੰਦਾਜ਼ ਵਿਚ ਬਿਆਨ ਕੀਤਾ ਹੈ। ਇਹ ਕਵਿਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿਚ ਖੂਬ ਸਰਾਹੀ ਗਈ ਸੀ।
ਸਤਿੰਦਰ ਸੱਤੀ ਬੇਸ਼ੱਕ ਅਜੇ ਜਵਾਨੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ ਪਰ ਉਸ ਦਾ ਅਨੁਭਵ ਬਹੁਤ ਡੂੰਘਾ ਅਤੇ ਗਹਿਰ-ਗੰਭੀਰ ਹੈ।
ਬੀਬਾ ਸਤਿੰਦਰ ਦੀ ਸ਼ਾਇਰੀ ਦੇ ਅਨੇਕ ਧਰਾਤਲ ਹਨ। ਕੁਝ ਇਕ ਨੂੰ ਉਸ ਨੇ ਰੂਪਮਾਨ ਕਰ ਲਿਆ ਹੈ ਅਤੇ ਬਹੁਤ ਸਾਰੇ ਹੋਰ ਉਸ ਦੀ ਕਲਮ ਦੀ ਨੋਕ ਉੱਪਰ ਆਉਣ ਲਈ ਮਚਲ ਰਹੇ ਹਨ। ਉਸ ਦੇ ਅੰਦਰ ਇਕ ਦਰਵੇਸ਼ (ਣੀ) ਦੀ ਰੂਹ ਸਮਾਈ ਹੋਈ ਹੈ। ਜੀਵਨ ਦੀਆਂ ਉਚੇਰੀਆਂ ਪ੍ਰਾਪਤੀਆਂ ਨੇ ਉਸ ਨੂੰ ਦਰਵੇਸ਼ ਬਣਾ ਦਿੱਤਾ ਹੈ, ਉਸ ਦੇ ਕਲਾਮ ਵਿਚ ਇਹ ਦਰਵੇਸ਼ੀ ਹੀ ਬੋਲਦੀ ਹੈ। ਦੇਖੋ :
ਲੱਗੀਆਂ ਮੈਨੂੰ ਜਿਊਣ ਨ ਦੇਵਣ
ਪੀੜ ਅਨੋਖੀ ਜਾਈ ਹਾਂ।
ਹਰ ਹਰ 'ਚੋਂ ਮੈਂ ਮੁਰਸ਼ਦ ਟੋਲਾਂ
ਲੋਕਾਂ ਭਾਣੇ ਸ਼ੁਦਾਈ ਹਾਂ। (ਪੰਨਾ 19)
ਉਸ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਇਸ਼ਕ-ਹਕੀਕੀ ਦੇ ਝਲਕਾਰੇ ਵੱਜਦੇ ਹਨ। ਉਸ ਦਾ ਵਿਚਾਰ ਹੈ ਕਿ ਤਜਰਬੇ ਨਾਲ ਅਕਲ ਨਹੀਂ ਆਉਂਦੀ ਪਰ ਅਕਲ ਨਾਲ ਤਜਰਬਾ ਆ ਜਾਂਦਾ ਹੈ (?) ਉਹ ਆਪਣੀਆਂ ਪ੍ਰਾਪਤੀਆਂ ਨੂੰ ਆਪਣੇ ਮੁਰਸ਼ਿਦ ਦੀ ਰਹਿਮਤ ਨਾਲ ਜੋੜ ਕੇ ਦੇਖਦੀ ਹੈ। ਬਕੌਲ ਕਵਿੱਤਰੀ : 'ਸਤਿੰਦਰ ਤੋਂ 'ਸੱਤੀ' ਬਣੀ ਤਾਂ ਸ਼ੁਹਰਤਾਂ ਦੇ ਅੰਬਾਰ ਲੱਗ ਗਏ; ਕਦੇ ਕੋਈ ਨਾਂਅ ਇੰਜ ਬੰਦੇ ਨੂੰ ਮੇਚ ਆ ਹੀ ਜਾਂਦਾ ਹੈ।' (ਪੰਨਾ 33) ਸਤਿੰਦਰ ਸੱਤੀ ਵਾਸਤੇ ਕਾਵਿ-ਅਭੀਵਿਅਕਤੀ ਦਾ ਰਸਤਾ ਖੁੱਲ੍ਹ ਗਿਆ ਹੈ। ਇਸ ਰਸਤੇ ਉੱਪਰ ਚੱਲਣ ਵਾਲੇ ਲਈ ਵਾਪਸੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਕਵਿਤਾ ਇਸ਼ਨਾਨ
ਲੇਖਕ : ਜਗਤਾਰ ਢਾਅ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98152-98459.

ਕਵਿਤਾ ਇਸ਼ਨਾਨ ਪ੍ਰਸਿੱਧ ਕਵੀ ਜਗਤਾਰ ਢਾਅ ਦੀ ਕਾਵਿ ਪੁਸਤਕ ਹੈ। ਇਹ ਕਾਵਿ ਪੁਸਤਕ ਕਵੀ ਦੇ ਮਨ ਦੀਆਂ ਵੇਦਨਾਵਾਂ ਦਾ ਪ੍ਰਗਟਾਵਾ ਹੈ। ਕਾਵਿ ਦ੍ਰਿਸ਼ ਉਸਾਰਨ ਦੀ ਸਮਰੱਥਾ ਜਗਤਾਰ ਢਾਅ ਦੇ ਕਾਵਿ ਅੰਦਰ ਵਿਦਮਾਨ ਰਹਿੰਦੀ ਹੈ। ਇਸ ਕਾਵਿ ਪੁਸਤਕ ਦੀ ਪਹਿਲੀ ਕਵਿਤਾ ਤੋਂ ਅਖੀਰਲੀ ਤੱਕ ਕਵੀ ਪਾਠਕ ਦੇ ਜਜ਼ਬਿਆਂ ਨੂੰ ਝੰਜੋੜਨ ਵਾਲੇ ਕਾਵਿ ਦ੍ਰਿਸ਼ ਉਸਾਰ ਕੇ ਮਨ ਦੀਆਂ ਕਈ ਗੁੰਝਲਾਂ ਖੋਲ੍ਹਦਾ ਨਜ਼ਰ ਆਉਂਦਾ ਹੈ। ਉਸ ਦਾ ਕਾਵਿ ਪਾਤਰ ਇਕ ਬੀਤ ਚੁੱਕੇ ਦੇ ਗਿਲਿਆਂ ਨਾਲ ਤੇ ਅਜਿਹੇ ਸੁਪਨਿਆਂ ਨਾਲ ਦੋ ਚਾਰ ਹੁੰਦਾ ਹੈ, ਜਿਹੜੇ ਪਦਾਰਥਕ ਸੁੱਖਾਂ ਵਿਚ ਗੁਆਚੇ ਮਨੁੱਖ ਦੇ ਜ਼ਿਹਨ ਵਿਚ ਉਪਜਦੇ ਹਨ। ਉਸ ਨੇ ਮਾਨਵੀ ਸੰਵੇਦਨਾ ਦੀਆਂ ਕਈ ਪਰਤਾਂ ਉਧੇੜੀਆਂ ਹਨ :
ਭਰੂਣ ਹੱਤਿਆ ਨਾਲ/ਮਰੀਆਂ ਮੇਰੀਆਂ ਧੀਆਂ
ਮੇਰੇ ਪੁੱਤਰ ਦੇ ਵਿਆਹ 'ਤੇ/ਇੰਜੜੀ ਫੜਨ ਆਉਂਦੀਆਂ
ਜਿਨ੍ਹਾਂ ਨੂੰ ਦੇਖ/ਮੈਂ ਧਾਹਾਂ ਮਾਰ ਰੋਂਦਾ
ਕਵੀ ਨਿੱਕੇ-ਨਿੱਕੇ ਭਾਵਪੂਰਤ ਦ੍ਰਿਸ਼ ਉਸਾਰਦਾ ਹੈ। ਪਤੰਗ ਕਵਿਤਾ ਮਨ ਦੇ ਜਜ਼ਬਿਆਂ ਦੀ ਆਪ ਮੁਹਾਰੀ ਉਡਾਨ ਹੈ। ਕਵੀ ਜਗਤਾਰ ਨੇ ਮਨੁੱਖੀ ਜੀਵਨ ਦੀਆਂ ਕਈਆਂ ਸਥਿਤੀਆਂ ਦੀ ਤਰਜਮਾਨੀ ਕਰਦੀ ਕਾਵਿ ਰਚਨਾ ਕੀਤੀ ਹੈ। ਮਨੁੱਖ ਦੀ ਲਾਲਸਾ ਭੌਤਿਕ ਸੁੱਖਾਂ ਲਈ ਭਟਕਣਾ ਤੋਂ ਕਵੀ ਵਾਕਫ਼ ਹੈ :
ਸਾਰੀ ਉਮਰ ਉਹ ਪਤਾ ਨਹੀਂ ਕਿੱਥੋਂ ਕਿੱਥੋਂ
ਕੀ ਕੀ ਇਕੱਠਾ ਕਰਦਾ ਰਿਹਾ/ਆਪਣਾ ਖਾਲੀ ਭਾਂਡਾ ਭਰਦਾ ਰਿਹਾ
ਅਗਲੇ ਹੀ ਪਲ ਉਸ ਦੇ ਰੁੜੇ ਜਾਂਦੇ 'ਚੋਂ
ਕਈ ਇਕੱਠਾ ਕਰ ਰਹੇ ਸਨ!
ਦਾਰਸ਼ਨਿਕ ਵਿਸ਼ਿਆਂ ਨੂੰ ਕਵੀ ਨੇ ਬਾਖੂਬੀ ਨਿਭਾਇਆ ਹੈ। ਉਹ ਮਨੁੱਖ ਜੋ ਸਾਰੀ ਉਮਰ ਰੱਬ ਨੂੰ ਲੱਭਦਾ ਹੈ, ਉਸ ਦੇ ਭੇਦ ਜਾਨਣ ਲਈ ਕਾਹਲਾ ਹੈ ਪਰ ਸਾਰੀ ਉਮਰ ਪਛਾਣ ਨਹੀਂ ਸਕਿਆ। 'ਰੱਬ ਨਾਲ ਲੁਕਣਮੀਟੀ', ਬੋਹੜ, ਕਿਰਤ ਕਮਾਈ, ਇਕੱਲਤਾ, ਭੁਲੇਖਾ, ਚਿੱਤ ਚੋਰ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਅਜੋਕੇ ਦੌਰ ਵਿਚ ਔਰਤ ਨੂੰ ਜਦੋਂ ਮੰਡੀ ਦੀ ਵਸਤੂ ਵਾਂਗ ਵੇਖਿਆ ਜਾਂਦਾ ਹੈ ਤਾਂ ਕਾਵਿ ਮਨ ਇਸ ਸਥਿਤੀ ਨੂੰ ਇੰਜ ਬਿਆਨ ਕਰਦਾ ਹੈ :
ਉਤੋਂ ਚੁੱਪ ਚੁਪੀਤੀ/ਅੰਦਰੋਂ ਭਰੀ ਪੀਤੀ
ਹੁਣ ਜਦੋਂ ਵੀ ਖੁੱਲ੍ਹਦੀ ਹੈ/ਜਿਣਸ ਵਾਂਗੂ ਤੁਲਦੀ ਹੈ
ਮੰਡੀ ਅੰਦਰ ਆਪਣਾ ਚੰਗਾ ਮੁੱਲ ਪੁਆਉਂਦੀ ਹੈ
ਦੰਸਾਦੇ ਵਾਲੀ ਔਰਤ ਹੁਣ ਮੈਚਿੰਗ ਲਿਪਸਟਿਕ ਲਾਉਂਦੀ ਹੈ।
ਕਵੀ ਪੰਛੀਆਂ ਦੇ ਆਜ਼ਾਦ ਮਨ ਨੂੰ ਵੀ ਸਮਝਦਾ ਹੈ ਤੇ ਮਨੁੱਖ ਪਾਸੋਂ ਵੀ ਅਜਿਹੀ ਉਮੀਦ ਕਰਦਾ ਹੈ ਕਿ ਉਹ ਆਜ਼ਾਦ ਜੀਵ ਜਿਵੇਂ-
ਪੰਛੀ ਉੱਡੇ ਜਾ ਰਹੇ/ਜਿਨ੍ਹਾਂ ਨੂੰ ਨਾ ਆਦਿ ਦਾ ਪਤਾ
ਨਾ ਅੰਤ ਦਾ/ਨਾ ਮੌਤੋਂ ਪਾਰ ਦੀ ਚਿੰਤਾ
ਕਵੀ ਦੀ ਹਰ ਰਚਨਾ ਇਕ ਵੱਖਰੇ ਵਿਚਾਰ ਅਤੇ ਵੱਖਰੀ ਸੋਚ ਦੀ ਧਾਰਨੀ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।


ਤਹਿਜ਼ੀਬਯਾਫ਼ਤਾਈਆਂ
ਲੇਖਕ : ਪ੍ਰਿੰਸੀਪਲ ਜਸਵੰਤ ਸਿੰਘ 'ਗਿੱਲ'
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 92177-67022.

'ਤਹਿਜ਼ੀਬਯਾਫ਼ਤਾਈਆਂ' ਪ੍ਰਿੰਸੀਪਲ ਜਸਵੰਤ ਸਿੰਘ 'ਗਿੱਲ' ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਗੁਰਮਤਿ ਮਾਰਗ ਦੀ ਰੌਸ਼ਨੀ ਵਿਚ ਅਤੇ ਵੱਖ-ਵੱਖ ਸਿਆਣਪ ਭਰੇ ਕਥਨਾਂ ਦੀ ਸੂਝਮਈ ਨੁਹਾਰ ਨੂੰ ਪੇਸ਼ ਕਰਦਿਆਂ ਸੁਚੱਜੀ ਜੀਵਨ-ਜਾਚ ਦੀ ਸੋਝੀ ਕਰਵਾਈ ਹੈ। ਉਨ੍ਹਾਂ ਨੇ ਆਪਣੀ ਇਸ ਪੁਸਤਕ ਵਿਚ 9 ਨਿਬੰਧ ਸ਼ਾਮਿਲ ਕੀਤੇ ਹਨ ਅਤੇ ਇਸ ਪੁਸਤਕ ਦੀ ਭੂਮਿਕਾ ਦੀ ਥਾਂ 'ਨਾਰਿ ਭਤਾਰ ਪਿਆਰੁ ਹੈ' ਸਿਰਲੇਖ ਤਹਿਤ ਉਨ੍ਹਾਂ ਦੀ ਕਾਲਜ ਪ੍ਰਾਧਿਆਪਕ ਬੇਟੀ ਕੁਲਜੀਤ ਕੌਰ ਅਠਵਾਲ ਵੱਲੋਂ ਗੁਰਮਤਿ ਰਹਿਣੀ-ਬਹਿਣੀ ਅਨੁਸਾਰ ਸਮਾਜਿਕ ਜ਼ਿੰਦਗੀ ਜਿਊਣ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਹਨ।
ਇਕ ਔਰਤ ਜੋ ਆਪਣੇ ਘਰੇਲੂ ਕੰਮਕਾਜ ਕਰਦੀ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੀਆਂ ਆਪਣਾ ਘਰ ਚਲਾਉਂਦੀ ਹੈ ਅਤੇ ਜੀਵ ਆਤਮਾ ਜਿਸ ਅਧਿਆਤਮਕ ਮਾਰਗ 'ਤੇ ਚਲਦਿਆਂ ਪ੍ਰਭੂ ਪਰਮਾਤਮਾ ਵਿਚ ਅਭੇਦ ਹੋਣਾ ਹੈ, ਉਸ ਬਾਰੇ ਇਸ ਭੂਮਿਕਾ ਰੂਪੀ ਨਿਬੰਧ ਵਿਚ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਹਨ। ਲੇਖਕ ਨੇ ਆਪਣੇ ਨਿਬੰਧਾਂ ਵਿਚ ਅਸਲ ਵਿਚ ਜ਼ਿੰਦਗੀ ਜਿਊਣ ਦਾ ਸਲੀਕਾ ਹੀ ਪੇਸ਼ ਕੀਤਾ ਹੈ ਕਿ ਕਿਵੇਂ ਸਮਾਜ ਵਿਚ ਵਿਚਰਦਿਆਂ ਹੋਇਆਂ ਅਸੀਂ ਆਪਣਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਸਕਦੇ ਹਾਂ।
ਮਾੜੀਆਂ ਅਲਾਮਤਾਂ ਜਿਵੇਂ ਕਰਜ਼ੇ ਤੋਂ ਮੁਕਤੀ ਲੈ ਕੇ, ਸਮੇਂ ਦੀ ਸਮਰੱਥਾ ਨੂੰ ਪਛਾਣਦੇ ਹੋਏ ਆਪਣੀ ਸਿਰਜਨਾਤਮਿਕਤਾ ਨੂੰ ਹਾਂ-ਵਾਚੀ ਬਣਾਉਂਦੇ ਹੋਏ, ਗ੍ਰਿਹਸਥ ਮਾਰਗ ਪ੍ਰੇਮ ਭਾਵ ਨਾਲ ਨਿਭਾਉਂਦੇ ਹੋਏ ਸਫਲ ਜ਼ਿੰਦਗੀ ਜਿਊ ਸਕਦੇ ਹਾਂ। 'ਬੁਢਾਪਾ' 'ਸਵਰਗ ਨਰਕ' ਨੂੰ ਮਨੁੱਖੀ ਮਨ ਦੀਆਂ ਅਵਸਥਾਵਾਂ ਖਿਆਲ ਕਰਦੇ ਹੋਏ ਲੇਖਕ ਇਨ੍ਹਾਂ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਸਪੱਸ਼ਟ ਕਰਦਾ ਹੈ। ਲੇਖਕ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਜਦੋਂ ਇਕ ਸ਼ਬਦ ਦਰਜ ਕਰਦਾ ਹੈ ਤਾਂ ਬਾਅਦ ਵਿਚ ਉਸ ਦੇ ਸਮਾਨਾਰਥੀ ਸ਼ਬਦਾਂ ਦੀ ਲੜੀ ਬਣਾਉਂਦਿਆਂ ਹੋਇਆਂ ਪਾਠਕ ਨੂੰ ਗਿਆਨ ਦੇ ਨਾਲ-ਨਾਲ ਸੁਹਜਮਈ ਸ਼ੈਲੀ ਦੇ ਵੀ ਰੂਬਰੂ ਕਰਦਾ ਹੈ। ਲੇਖਕ ਮਨੁੱਖ ਨੂੰ ਆਪਣੇ ਇਨ੍ਹਾਂ ਨਿਬੰਧਾਂ ਵਿਚ ਅਸਲ ਵਿਚ ਅਸਲੀਅਤ ਦੇ ਹੀ ਦਰਸ਼ਨ ਕਰਵਾਉਂਦਾ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਬਾਲ ਮੁਸਕਾਨ
ਲੇਖਿਕਾ : ਕੁਲਵਿੰਦਰ ਕੌਰ ਰੂਹਾਨੀ
ਪ੍ਰਕਾਸ਼ਨ : ਦੋਆਬਾ ਸਾਹਿਤ ਸਭਾ (ਰਜਿ.), ਗੜ੍ਹਸ਼ੰਕਰ-ਹੁਸ਼ਿਆਰਪੁਰ
ਮੁੱਲ : 40 ਰੁਪਏ, ਸਫ਼ੇ : 45
ਸੰਪਰਕ : 94177-47597.

ਲੇਖਿਕਾ ਨੂੰ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੈ ਕਿ ਵਰਤਮਾਨ ਬੱਚਾ ਵਿਗਿਆਨਕ ਯੁੱਗ ਵਿਚ ਰਹਿ ਰਿਹਾ ਹੈ ਜਿਸ ਕਰਕੇ ਉਸ ਦੀ ਸੂਝ ਬੂਝ ਅਤੇ ਚੇਤਨਾ ਦਾ ਗ੍ਰਾਫ਼ ਉੱਚਾ ਹੋਇਆ ਹੈ। ਇਸ ਸੰਗ੍ਰਹਿ ਵਿਚ ਵੰਨ-ਸੁਵੰਨੇ ਮੌਸਮਾਂ, ਨਜ਼ਾਰਿਆਂ, ਜੀਵ ਜੰਤੂਆਂ ਦਾ ਦ੍ਰਿਸ਼ ਵਰਣਨ ਕਰਨ ਦੇ ਨਾਲ-ਨਾਲ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਭਾਵਨਾ ਪੈਦਾ ਕਰਨ ਵਾਲੀਆਂ ਕਵਿਤਾਵਾਂ ਸ਼ਾਮਿਲ ਹਨ।
ਦੇਸ਼ ਭਗਤੀ ਅਤੇ ਯੋਧਿਆਂ ਦੇ ਬਹਾਦਰੀ ਭਰਪੂਰ ਜਜ਼ਬੇ ਵੀ ਇਨ੍ਹਾਂ ਕ੍ਰਿਤਾਂ ਵਿਚੋਂ ਉੱਭਰਦੇ ਹਨ। ਅਜੋਕੇ ਸਮੇਂ ਵਿਚ ਸਾਡੇ ਸਮਾਜ ਨੂੰ ਅਨੇਕ ਪ੍ਰਕਾਰ ਦੀਆਂ ਸਮਾਜਿਕ ਅਤੇ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਪ੍ਰਕਿਰਤਕ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ। ਕਵਿੱਤਰੀ ਨਵੀਂ ਪੀੜ੍ਹੀ ਨੂੰ ਅਜਿਹੇ ਹੀ ਸੰਦੇਸ਼ ਦਿੰਦੀ ਹੈ ਕਿ ਜੇਕਰ ਅਸੀਂ ਰੁੱਖਾਂ, ਪਾਣੀ ਅਤੇ ਧਰਤੀ ਪ੍ਰਤੀ ਇਸੇ ਪ੍ਰਕਾਰ ਲਾਪਰਵਾਹੀ ਦਿਖਾਉਂਦੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਸ ਧਰਤੀ ਤੋਂ ਮਾਨਵਤਾ ਦੀ ਹੋਂਦ ਹੀ ਖ਼ਤਰੇ ਵਿਚ ਪੈ ਜਾਵੇਗੀ।
ਇਸ ਸਬੰਧ ਵਿਚ ਕੁਦਰਤੀ ਸ੍ਰੋਤਾਂ ਨੂੰ ਬਚਾਉਣ ਵਿਚ 'ਬਰਸਾਤਾਂ ਦਾ ਪਾਣੀ, 'ਚਿੜੀਆਂ ਪਿਆਰੀਆਂ, 'ਨਾਮ ਹੈ ਮੇਰਾ ਕੂੜੇਦਾਨ' ਕਵਿਤਾਵਾਂ ਸਵੱਛ ਵਾਤਾਵਰਨ ਪੈਦਾ ਕਰਨ ਪ੍ਰਤੀ ਸਾਵਧਾਨ ਕਰਦੀਆਂ ਹਨ ਜਦੋਂ ਕਿ ਸਮੇਂ ਦਾ ਮਹੱਤਵ ਦਰਸਾਉਣ ਵਾਲੀਆਂ ਕੁਝ ਕਵਿਤਾਵਾਂ ਵਿਚੋਂ 'ਸਮੇਂ ਸ਼ਾਹ ਦੀ ਮੈਂ ਚਰਖੜੀ ਹਾਂ', 'ਮਿਹਨਤ ਦਾ ਫ਼ਲ' ਅਤੇ 'ਸਮੇਂ ਵਾਲੀ ਰੇਲ ਕਰੇ ਛੁੱਕ ਛੁੱਕ ਛੁੱਕ' ਚੰਗਾ ਰੰਗ ਬੰਨ੍ਹਦੀਆਂ ਹਨ। ਚਿੜੀ ਜਨੌਰਾਂ ਪ੍ਰਤੀ ਸਨੇਹ ਦਾ ਰਿਸ਼ਤਾ ਗੂੜ੍ਹਾ ਰੱਖਣ ਲਈ ਵੀ ਕੁਝ ਕਵਿਤਾਵਾਂ ਪ੍ਰੇਰਦੀਆਂ ਹਨ ਅਤੇ ਅਨੁਸ਼ਾਸਨ ਵਿਚ ਰਹਿੰਦਿਆਂ ਨਿਰੰਤਰ ਮਿਹਨਤ ਕਰਨ ਦੀ ਜੀਵਨ ਜਾਚ ਸਿਖਾਉਂਦੀਆਂ ਹਨ। ਕਿਤੇ-ਕਿਤੇ ਹਲਕੇ ਫੁਲਕੇ ਅਤੇ ਹਸੌਣੇ ਅੰਦਾਜ਼ ਵਾਲੀਆਂ ਕਵਿਤਾਵਾਂ ਬਾਲ ਪਾਠਕਾਂ ਨੂੰ ਕੁਤਕੁਤਾਰੀਆਂ ਵੀ ਕੱਢਦੀਆਂ ਹਨ। ਇਹ ਬਾਲ ਕਵਿਤਾਵਾਂ ਜਿੱਥੇ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਦਿੰਦੀਆਂ ਹਨ ਉੱਥੇ ਬੱਚਿਆਂ ਦਾ ਮਨੋਰੰਜਨ ਕਰਦੀਆਂ ਹੋਈਆਂ ਉਨ੍ਹਾਂ ਨੂੰ ਭਵਿੱਖ ਵਿਚ ਚੰਗੇ ਨਾਗਰਿਕ ਬਣਨ ਲਈ ਉਪਦੇਸ਼ ਵੀ ਦਿੰਦੀਆਂ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

 

ਪੰਜਵਾਂ ਥੰਮ੍ਹ
ਸੰਪਾ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 100, ਸਫ਼ੇ : 95
ਸੰਪਰਕ : 9501877033.

ਪੰਜਵਾਂ ਥੰਮ੍ਹ ਲੇਖਕ ਨੇ ਸੋਸ਼ਲ ਮੀਡੀਏ ਨੂੰ ਕਿਹਾ ਹੈ। ਸੋਸ਼ਲ ਮੀਡੀਏ ਦੇ ਹੋ ਰਹੇ ਤੇਜ਼ੀ ਨਾਲ ਵਿਕਾਸ ਨੇ ਜੋ ਲੋਕਾਂ ਦੇ ਰਹਿਣ-ਸਹਿਣ, ਰਿਸ਼ਤੇ-ਨਾਤਿਆਂ ਅਤੇ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ, ਉਸ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਅਜੋਕੇ ਸਮੇਂ ਵਿਚ ਬਹੁਤ ਸਾਰੇ ਲੋਕਾਂ ਦੇ ਫੇਸਬੁੱਕ, ਟਵਿੱਟਰ, ਵਟਸਐਪ, ਹਾਈਕ, ਇੰਨਸਟਾਗ੍ਰਾਮ ਅਤੇ ਸੈਲਫੀ ਲੈਣ ਦੇ ਰੁਝਾਨ ਨਾਲ ਮੁੰਡੇ-ਕੁੜੀਆਂ ਦੇ ਵਿਗੜਦੇ ਅਕਸ ਬਾਰੇ ਸਾਰੀਆਂ ਕਹਾਣੀਆਂ ਵਿਚ ਦੱਸਿਆ ਗਿਆ ਹੈ ਤੇ ਔਰਤ-ਮਰਦ ਦੇ ਆਪਸੀ ਪਿਆਰ ਵਿਚ ਪੈਂਦੀ ਫਿਕ ਨੂੰ ਵੀ ਦਰਸਾਇਆ ਗਿਆ ਹੈ। ਰਿਸ਼ਤੇ-ਨਾਤੇ ਟੁੱਟ ਰਹੇ ਹਨ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕਿਸੇ ਦੀ ਸਹਾਇਤਾ ਕਰਨ ਦੀ ਬਜਾਏ ਉੇਸ ਦੀਆਂ ਫੋਟੋਆਂ ਖਿੱਚ ਕੇ ਵਟਸਐਪ ਜਾਂ ਫੇਸਬੁੱਕ 'ਤੇ ਪਾਉਣ ਵਾਲੇ ਬੌਣੀ ਸੋਚ ਵਾਲਿਆਂ ਵੱਲੋਂ ਘਿਨੌਣੇ ਕਾਰਜਾਂ ਨੂੰ ਦਰਸਾਇਆ ਗਿਆ ਹੈ। ਫੇਸਬੁੱਕ 'ਤੇ ਸੈਲਫੀ ਲੈਣ ਦੇ ਰੁਝਾਨ ਨੇ ਤਾਂ ਮਨੁੱਖਤਾ ਵਿਚੋਂ ਮਨੁੱਖਤਾ ਹੀ ਮਨਫ਼ੀ ਕਰ ਦਿੱਤੀ ਹੈ। ਨੌਜਵਾਨ ਪੀੜ੍ਹੀ 'ਤੇ ਸੋਸ਼ਲ ਮੀਡੀਆ ਇਨ੍ਹਾਂ ਹਾਵੀ ਹੋ ਰਿਹਾ ਹੈ ਕਿ ਨਾਸਮਝ ਬਜ਼ੁਰਗਾਂ ਨੂੰ ਤਾਂ ਅਣਗੌਲਿਆਂ ਹੀ ਕਰ ਦਿੱਤਾ ਗਿਆ ਹੈ ਤੇ ਇਸ ਸਭ ਕਾਸੇ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ, ਉਹ ਸਿਰਫ ਵੇਖਦੇ ਹੀ ਰਹਿ ਜਾਂਦੇ ਹਨ ਕਿ ਇਹ ਹੋ ਕੀ ਰਿਹਾ ਹੈ, ਜਿਵੇਂ 'ਲੈਪਟਾਪ', 'ਮੈਸਜ਼', 'ਅਪਡੇਟ', 'ਫੇਸਬੁੱਕ', 'ਵਰਦੀ', 'ਗੋਦੀ ਦਾ ਨਿੱਘ', 'ਫਾਰਮੁੱਲਾ', 'ਨਵਾਂ ਜ਼ਮਾਨਾ', 'ਤਲਾਸ਼' ਅਤੇ 'ਵਾਈ ਫਾਈ' ਕਹਾਣੀਆਂ ਵਿਚ ਦੱਸਿਆ ਗਿਆ ਹੈ ਕਿ ਅੱਜ ਦੇ ਸਮੇਂ ਵਿਚ ਫੇਸਬੁੱਕ ਤੇ ਅਪਡੇਟ ਰਹਿਣਾ ਇਕ ਨਸ਼ਾ ਹੀ ਬਣ ਗਿਆ ਹੈ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਕਹਾਣੀਆਂ ਹੀ ਸਮਾਜਿਕ ਵਰਤਾਰੇ ਦੀ ਪੇਸ਼ਕਾਰੀ ਕਰਦੀਆਂ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 98553-95161

 

01/04/2017

 ਪੰਜਾਬੀ ਲੋਕ ਕਹਾਣੀਆਂ ਦਾ ਥੀਮ ਵਿਗਿਆਨਕ ਅਧਿਐਨ
ਲੇਖਕ : ਮੁਖਵੀਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 98156-33274.

ਲੋਕ ਮਾਨਸ ਦੇ ਜਨ ਜੀਵਨ ਨੂੰ ਪ੍ਰਗਟਾਉਂਦੇ ਖੂਬਸੂਰਤ ਸਰਵਰਕ ਨਾਲ ਸਜੀ ਇਸ ਪੁਸਤਕ ਵਿਚ ਲੇਖਕ ਨੇ ਪੰਜਾਬੀ ਲੋਕ ਕਹਾਣੀਆਂ ਦੇ ਥੀਮ ਵਿਗਿਆਨਕ ਅਧਿਐਨ ਨੂੰ ਮੁੱਖ ਵਿਸ਼ਾ ਬਣਾਇਆ ਹੈ। ਸਾਦਗੀ ਅਤੇ ਸਚਾਈ ਭਰੇ ਪੰਜਾਬੀ ਲੋਕ ਵਿਰਸੇ ਵਿਚ ਲੋਕ ਕਹਾਣੀਆਂ ਇਕ ਅਨਿਖੜਵਾਂ ਅੰਗ ਹਨ। ਅਚੇਤ ਮਨਾਂ ਵਿਚ ਵਸਦੀਆਂ ਇੱਛਾਵਾਂ, ਸੁਪਨਿਆਂ ਅਤੇ ਚਾਵਾਂ ਨਾਲ ਭਰੀਆਂ ਇਹ ਲੋਕ ਕਹਾਣੀਆਂ ਪੰਜਾਬੀ ਮਾਨਸਿਕਤਾ ਨੂੰ ਸਹਿਜੇ ਹੀ ਪੇਸ਼ ਕਰ ਜਾਦੀਆਂ ਹਨ।
ਜਿਥੇ ਲੇਖਕ ਨੇ ਆਪਣੇ ਖੋਜ ਕਾਰਜ ਨੂੰ ਪੁਸਤਕ ਰੂਪ ਵਿਚ ਪੇਸ਼ ਕਰਦਿਆਂ ਲੋਕ ਸਾਹਿਤ ਦੇ ਪ੍ਰਤੀ ਆਪਣੇ ਸੰਜਦੀਗੀ ਪ੍ਰਗਟ ਕੀਤੀ, ਉਥੇ ਹੀ ਉਸ ਨੇ ਥੀਮ ਵਿਗਿਆਨਕ ਆਲੋਚਨਾ ਬਾਰੇ ਜਾਣਕਾਰੀ ਦਿੱਤੀ ਹੈ। ਥੀਮ ਵਿਗਿਆਨ ਦੇ ਸਿਧਾਂਤਕ ਪਰਿਪੇਖ ਬਾਰੇ ਚਰਚਾ ਕਰਦਿਆਂ ਲੇਖਕ ਵੱਖ-ਵੱਖ ਆਲੋਚਨਾ ਪ੍ਰਣਾਲੀਆਂ ਦੀ ਗੱਲ ਕਰਦਿਆਂ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਦੇ ਸਿਧਾਂਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਦਾ ਹੈ।
ਇਸ ਆਲੋਚਨਾ ਪ੍ਰਣਾਲੀ ਨਾਲ ਸਬੰਧਤ ਕੁਝ ਪੁਸਤਕਾਂ ਦਾ ਰੀਵਿਊ ਵੀ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਲੇਖਕ ਅਨੁਸਾਰ ਥੀਮਕ ਇਕਾਈਆਂ ਦੀ ਪਛਾਣ ਲੋਕ ਮਨ ਦੀ ਮਾਨਸਿਕਤਾ ਦੀ ਸਮਝ ਲਈ ਸਹਾਇਕ ਸਿੱਧ ਹੁੰਦੀ ਹੈ। ਇਸ ਕਰਕੇ ਉਹ ਚੁਣੀਆਂ ਹੋਈਆਂ ਪੰਜ ਪੰਜਾਬੀ ਲੋਕ ਕਹਾਣੀਆਂ ਇਕ ਖਾਵਾਂ ਕਿ ਦੋ ਖਾਵਾਂ, ਸੰਦਲਾਂ, ਅਨਾਰਾਂ ਸ਼ਹਿਜ਼ਾਦੀ, ਸੱਚ ਦਾ ਨਿਤਾਰਾ ਅਤੇ ਮਨੁੱਖ ਦੀ ਉਮਰ ਦਾ ਅਧਿਐਨ ਇਸ ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਦੇ ਸਿਧਾਤਾਂ ਅਨੁਸਾਰ ਕਰਦਿਆਂ ਇਨ੍ਹਾਂ ਵਿਚਲੇ ਮੋਟਿਫਾਂ, ਪ੍ਰੇਰਕਾਂ, ਵਿਗੋਪਨ, ਦਾਤਕ ਆਦਿ ਨੂੰ ਵਿਸਥਾਰ ਸਹਿਤ ਪੇਸ਼ ਕਰਦਿਆਂ ਲੋਕ ਮਨਾਂ ਦੀਆਂ ਖਾਹਿਸ਼ਾ, ਪ੍ਰਕਿਰਤੀ ਨਾਲ ਪਿਆਰ, ਸਦੀਵੀ ਸੱਚ ਨੂੰ ਦਰਸਾਇਆ ਹੈ। ਪੁਸਤਕ ਵਿੱਚ ਕਹਾਣੀਆਂ ਦਾ ਪਾਠ ਵੀ ਸ਼ਾਮਿਲ ਹੈ। ਪੁਸਤਕ ਦੇ ਅਖੀਰ ਵਿਚ ਦਿੱਤੀ ਗਈ ਪੁਸਤਕ ਸੂਚੀ ਇਸ ਖੇਤਰ ਵਿਚ ਖੋਜ ਕਰਨ ਵਾਲਿਆਂ ਲਈ ਕਾਫੀ ਸਹਾਇਕ ਹੋਵੇਗੀ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099

c c c

ਪੁਰਾਤਨ ਸਿੱਖ ਲਿਖਤਾਂ
ਲੇਖਕ-ਸੰਪਾਦਕ : ਚੇਤਨ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 495 ਰੁਪਏ, ਸਫ਼ੇ : 436
ਸੰਪਰਕ : 98729-81237

ਸ: ਚੇਤਨ ਸਿੰਘ (ਦੁਰਲੱਭ) ਪੁਸਤਕਾਂ ਨੂੰ ਪ੍ਰੇਮ ਕਰਨ ਵਾਲਾ ਇਕ ਵਿਦਵਾਨ ਲੇਖਕ ਹੈ। ਉਸ ਨੂੰ ਇਸ ਗੱਲ ਦਾ ਰੰਜ ਹੈ ਕਿ ਪੰਜਾਬੀ ਵਿਚ ਅੱਵਲ ਤਾਂ ਮਿਆਰੀ ਕਿਸਮ ਦਾ ਗਿਆਨ-ਸਾਹਿਤ ਪ੍ਰਕਾਸ਼ਿਤ ਹੀ ਨਹੀਂ ਹੁੰਦਾ ਅਤੇ ਜੇ ਕਿਸੇ ਵੱਡੇ ਅਦਾਰੇ ਜਾਂ ਪ੍ਰਕਾਸ਼ਕ ਦੀ ਕ੍ਰਿਪਾ ਨਾਲ ਛਪ ਵੀ ਜਾਵੇ ਤਾਂ ਪੰਜ-ਸੱਤ ਸਾਲ ਦੇ ਅਰਸੇ ਵਿਚ 'ਆਊਟ ਆਫ ਪ੍ਰਿੰਟ' ਹੋ ਜਾਂਦਾ ਹੈ। ਫਿਰ ਉਸ ਦੀ ਦੂਜੀ-ਤੀਜੀ ਛਾਪ (ਐਡੀਸ਼ਨ) ਪ੍ਰਕਾਸ਼ਿਤ ਨਹੀਂ ਹੋ ਪਾਉਂਦੀ। ਭਾਸ਼ਾ ਵਿਭਾਗ ਵਿਚ ਆਪਣੀ ਡਾਇਰੈਕਟਰੀ ਦੇ ਦਿਨਾਂ ਵਿਚ ਉਸ ਨੇ ਕਈ ਨਾਯਾਬ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਨ ਦਾ ਸੰਕਲਪ ਕੀਤਾ ਸੀ ਪ੍ਰੰਤੂ ਵਿੱਤੀ ਵਸੀਲਿਆਂ ਦੇ ਅਨੁਪਲਬਧ ਹੋਣ ਕਾਰਨ ਉਹ ਆਪਣੇ ਸੰਕਲਪ ਨੂੰ ਅਮਲੀ ਜਾਮਾ ਨਾ ਪਹਿਨਾ ਸਕਿਆ। ਹੁਣ ਸੇਵਾਮੁਕਤ ਹੋਣ ਉਪਰੰਤ ਉਹ ਆਪਣੇ ਸੀਮਤ ਵਸੀਲਿਆਂ ਦਾ ਪ੍ਰਯੋਗ ਕਰਕੇ ਇਹ ਪੁੰਨਾਰਥ ਕਾਰਜ ਕਰ ਰਿਹਾ ਹੈ। ਹਥਲੀ ਪੁਸਤਕ ਵਿਚ ਉਸ ਨੇ 1857 ਤੋਂ 1951 ਈ: ਤੱਕ ਰਚੀਆਂ ਗਈਆਂ ਲਗਪਗ 68 ਦੁਰਲੱਭ ਪੁਸਤਕਾਂ, ਖਰੜਿਆਂ ਅਤੇ ਪੈਂਫਲਿਟਾਂ ਆਦਿ ਦੀ ਜਾਣ-ਪਛਾਣ ਕਰਵਾਈ ਹੈ। ਇਨ੍ਹਾਂ ਰਚਨਾਵਾਂ ਵਿਚੋਂ ਤਵਾਰੀਖ਼ ਪੰਜਾਬ, ਅਨੰਦਪੁਰੀ ਦੀ ਕਹਾਣੀ, ਕਿੱਸਾ ਬਾਰ ਦੀ ਆਬਾਦੀ, ਪ੍ਰਸੰਗ ਮੁਕਤਸਰ, ਨਿਰਮਲ ਪ੍ਰਭਾਕਰ, ਪੰਜ ਸੌ ਪ੍ਰਮਾਣ, ਫੁਲਵਾੜੀ : ਕ. ਸ. ਹਿਸਟੋਰੀਅਨ ਅੰਕ, ਆਦਿ ਸ੍ਰੀ ਗੁਰੂ ਗਰੰਥ ਪਦਾਰਥ ਪ੍ਰਕਾਸ਼ ਕੋਸ਼, ਗੁਰਮੁਖੀ ਕੋਸ਼, ਦਸਤੂਰੁਲ ਅਮਲ ਦਰਬਾਰ ਸਾਹਿਬ, ਰਿਪੋਰਟ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (1947) ਆਦਿ ਮਹੱਤਵਪੂਰਨ ਦਰਜਾ ਰੱਖਦੀਆਂ ਹਨ। ਸ: ਚੇਤਨ ਸਿੰਘ ਨੇ ਆਪਣੇ ਇਸ ਪ੍ਰਯਤਨ ਰਾਹੀਂ ਇਕ ਬੇਹੱਦ ਮਹੱਤਵਪੂਰਨ ਦਿਸ਼ਾ ਸੁਝਾਅ ਦਿੱਤੀ ਹੈ। ਯੂਨੀਵਰਸਿਟੀਆਂ ਨੂੰ ਚਾਹੀਦਾ ਹੈ ਕਿ ਉਹ ਲੋਪ ਹੋ ਰਹੀਆਂ ਪੁਸਤਕਾਂ ਦਾ ਪੁਨਰ-ਸੰਪਾਦਨ ਕਰਵਾਉਣ ਤਾਂ ਜੋ ਪਾਠਕਾਂ ਨੂੰ ਆਪਣੇ ਵਿਰਸੇ ਅੰਦਰ ਝਾਤੀ ਮਾਰਨ ਦਾ ਸੁਅਵਸਰ ਮਿਲਦਾ ਰਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋ: ਪ੍ਰੀਤਮ ਸਿੰਘ ਅਤੇ ਭਾਈ ਮੋਹਨ ਸਿੰਘ ਵੈਦ ਦਾ ਇਕੱਤਰ ਕੀਤਾ ਹੋਇਆ ਅਨਮੋਲ ਖਜ਼ਾਨਾ ਪਿਆ ਹੈ। ਇਸ ਖਜ਼ਾਨੇ ਦਾ ਪੁਨਰ-ਲੇਖਣ ਜਾਂ ਪੁਨਰ-ਸੰਪਾਦਨ ਜ਼ਰੂਰ ਕਰਵਾ ਦੇਣਾ ਚਾਹੀਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸੰਪਰਦਾਇਕਤਾ ਕੀ ਹੈ?
ਅਨੁਵਾਦਕ ਤੇ ਸੰਪਾਦਕ : ਕਰਾਂਤੀਪਾਲ (ਡਾ:)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 70 ਰੁਪਏ, ਸਫ਼ੇ : 96
ਸੰਪਰਕ : 78377-18723.

ਇਹ ਪੁਸਤਕ ਪ੍ਰਸਿੱਧ ਇਤਿਹਾਸਕਾਰ ਬਿਪਨ ਚੰਦਰ ਦੀ ਚਰਚਿਤ ਪੁਸਤਕ ਹੈ, ਜਿਸ ਦਾ ਅਨੁਵਾਦ ਤੇ ਸੰਪਾਦਨ ਡਾ: ਕਰਾਂਤੀਪਾਲ ਨੇ ਕੀਤਾ ਹੈ। ਲੇਖਕ ਨੇ ਮੁੱਢ ਵਿਚ ਧਰਮ-ਨਿਰਪੱਖਤਾ ਅਤੇ ਸੰਪਰਦਾਇਕਤਾ ਦੀ ਪਰਿਭਾਸ਼ਾ ਨਿਸਚਤ ਕੀਤੀ ਹੈ। ਧਰਮ-ਨਿਰਪੱਖਤਾ ਦੀ ਸੰਸਾਰ ਭਰ ਵਿਚ ਇਕੋ ਹੀ ਪਰਿਭਾਸ਼ਾ ਹੈ ਅਤੇ ਭਾਰਤੀ ਇਤਿਹਾਸ ਦੀ ਵਿਰਾਸਤ ਅਤੇ ਇਸ ਦੀ ਸੰਸਕ੍ਰਿਤਕ ਮੌਲਿਕਤਾ ਇਸ ਪਰਿਭਾਸ਼ਾ ਵਿਚ ਨਵੇਂ ਤੇ ਸਾਰਥਕ ਨਤੀਜੇ ਜੋੜ ਦਿੰਦੀ ਹੈ। ਸੰਪਰਦਾਇਕਤਾ ਦਾ ਮਤਲਬ ਹੈ ਕਿ ਰਾਜ, ਰਾਜਨੀਤੀ ਅਤੇ ਗ਼ੈਰ-ਧਾਰਮਿਕ ਮਾਮਲਿਆਂ ਤੋਂ ਧਰਮ ਨੂੰ ਵੱਖ ਰੱਖਿਆ ਜਾਵੇ। ਨਾਲ ਹੀ ਉਸ ਨੇ ਸਪੱਸ਼ਟ ਕੀਤਾ ਹੈ ਕਿ ਸੰਪਰਦਾਇਕਤਾ ਹੈ ਕੀ? ਇਹ ਇਕ ਵਿਚਾਰਧਾਰਾ ਹੈ? ਸੰਪਰਦਾਇਕ ਰਾਜਨੀਤੀ ਅਤੇ ਸਮਾਜ ਤੋਂ ਬਿਨਾਂ ਉਸ ਸਿਧਾਂਤ ਦੇ ਆਲੇ-ਦੁਆਲੇ ਕੇਂਦਰਿਤ ਰਾਜਕਾਲ ਨੂੰ ਵੇਖਣ ਦਾ ਇਕ ਨਜ਼ਰੀਆ ਹੈ। ਇਕ ਨੁਕਤਾ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸੰਪਰਦਾਇਕ ਵਿਚਾਰਾ ਵਿਰੁੱਧ ਸੰਘਰਸ਼ ਦਾ ਮਤਲਬ ਕੀ ਹੈ? ਸੰਪਰਦਾਇਕਤਾ ਅਤੇ ਸੰਪਰਦਾਇਕ ਹਿੰਸਾ ਵਿਚ ਫ਼ਰਕ ਕੀ ਹੈ? ਗੁਨਾਹ ਕਿਸ ਦਾ ਹੈ? ਇਸ ਲਈ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ; ਸੰਪਰਦਾਇਕ ਹਿੰਸਾ ਅਤੇ ਰਾਜ ਦਾ ਤੰਤਰ ਦਾ ਸਬੰਧ ਕੀ ਹੈ ਅਤੇ ਕਿਵੇਂ ਨਿਪਟਾਰਾ ਕੀਤਾ ਜਾਏ? ਸੰਪਰਦਾਇਕਤਾ ਅਤੇ ਸਿੱਖਿਆ ਦਾ ਸਬੰਧ ਕੀ ਹੈ, ਇਤਿਹਾਸ ਦੀ ਪੜ੍ਹਾਈ ਨਾਲ ਕੀ ਸਬੰਧ ਹੈ? ਇਸ ਤੋਂ ਇਲਾਵਾ ਲੇਖਕ ਨੇ ਇਨ੍ਹਾਂ ਨੁਕਤਿਆਂ 'ਤੇ ਵੀ ਚਾਨਣਾ ਪਾਇਆ ਹੈ ਕਿ ਧਰਮ-ਨਿਰਪੱਖੀਆਂ ਵਿਚਕਾਰ ਵਿਚਾਰਕ ਸੰਘਰਸ਼, ਵਿਚਾਰਕ ਸੰਘਰਸ਼ ਅਤੇ ਸੰਪਰਦਾਇਕ ਵਿਚਾਰਕ, ਸੰਪਰਦਾਇਕ ਦਲ ਕੀ ਹਨ? ਸੰਪਰਦਾਇਕ ਵਿਚਾਰਧਾਰਾ ਅਤੇ ਸੰਪਰਦਾਇਕ ਨੇਤਾ, ਸੰਪਰਦਾਇਕਤਾ ਨੂੰ ਆਦਰ ਨਾ ਦਿਓ, ਸੰਪਰਦਾਇਕਤਾ ਨਾਲ ਮੌਕਾਵਾਦ, ਕਾਂਗਰਸ ਅਤੇ ਸੰਪਰਦਾਇਕਤਾ, ਭਾਰਤੀ ਰਾਜ ਅਤੇ ਸੰਪਰਦਾਇਕਤਾ ਅਤੇ ਸੰਪਰਦਾਇਕ ਸਦਭਾਵ ਦੇ ਹੋਰ ਉਪਾਅ ਆਦਿ। ਲੇਖਕ ਨੇ ਉਪਾਅ ਦੱਸਦੇ ਹੋਏ ਇਹ ਵੀ ਰਾਹ ਸੁਝਾਏ ਹਨ ਕਿ ਸਾਰੀਆਂ ਸੰਪਰਦਾਇਕਤਾਵਾਂ ਵਿਰੁੱਧ ਇਕੋ ਸਮੇਂ ਸੰਘਰਸ਼ ਦੀ ਲੋੜ ਹੈ। ਸੰਪਰਦਾਇਕ ਵਿਚਾਰਕ ਹਮਲੇ ਦੇ ਆਧਾਰ ਕੀ ਹਨ-ਸੰਪਰਦਾਇਕਤਾ ਤੇ ਧਰਮ, ਸੰਪਰਦਾਇਕਤਾ ਤੇ ਭਾਰਤੀ ਸੰਸਕ੍ਰਿਤੀ, ਸੰਪਰਦਾਇਕਤਾ, ਧਰਮ-ਨਿਰਪੱਖਤਾ ਅਤੇ ਘੱਟ-ਗਿਣਤੀ, ਸੰਪਰਦਾਇਕਤਾ ਅਤੇ ਰਾਸ਼ਟਰਵਾਦ ਆਦਿ ਵਿਸ਼ਿਆਂ 'ਤੇ ਚਰਚਾ ਕਰਦੇ ਹੋਏ ਸਹੀ ਤੇ ਗ਼ਲਤ ਨੂੰ ਵੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਸੰਪਰਦਾਇਕਤਾ ਨੂੰ ਤਾਕਤ ਕਿਵੇਂ ਮਿਲਦੀ ਹੈ ਤੇ ਇਸ ਦੇ ਪਿੱਛੇ ਕਾਰਨ ਕੀ ਹਨ? ਅਨੁਵਾਦਕ ਡਾ: ਕਰਾਂਤੀਪਾਲ ਨੇ ਪੁਸਤਕ ਦੀ ਮੌਲਿਕਤਾ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਹੈ ਭਾਵ ਮੂਲ ਭਾਸ਼ਾ ਤੇ ਲਕਸ਼ ਭਾਸ਼ਾ ਵਿਚ ਸੰਤੁਲਨ ਰੱਖਿਆ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਇਸ਼ਾਰਿਆਂ ਦੀ ਪਰਵਾਜ਼
ਲੇਖਕ : ਰਾਜਮਿੰਦਰਪਾਲ ਸਿੰਘ ਪਰਮਾਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 88728-21900.

ਅਪਾਹਜ ਬੱਚਿਆਂ ਨਾਲ ਅਸੀਂ ਬਹੁਤੀ ਵਾਰ ਹਮਦਰਦੀ ਤਾਂ ਰੱਖਦੇ ਹਾਂ, ਪਰ ਉਨ੍ਹਾਂ ਨੂੰ ਤੰਦਰੁਸਤਾਂ ਜਿੰਨੇ ਮੌਕੇ ਨਹੀਂ ਦਿੰਦੇ। ਅਸੀਂ ਉਨ੍ਹਾਂ ਨੂੰ ਊਣੇ ਸਮਝਦੇ ਹਾਂ। ਬਹੁਤੀ ਵਾਰ ਅਸੀਂ ਨਹੀਂ ਸਮਝਦੇ ਕਿ ਉਹ ਖ਼ੁਦ ਕੁਝ ਕਰਨ ਦੇ ਸਮਰੱਥ ਹਨ। ਉਨ੍ਹਾਂ ਨੂੰ 'ਕੁਦਰਤ ਦੇ ਮਾਰੇ' ਤੇ ਹੋਰ ਪਤਾ ਨਹੀਂ ਕੀ-ਕੀ ਕਹਿ ਕੇ ਹੀਣਭਾਵਨਾ ਦੇ ਸ਼ਿਕਾਰ ਬਣਾ ਦਿੰਦੇ ਹਾਂ।
'ਇਸ਼ਾਰਿਆਂ ਦੀ ਪਰਵਾਜ਼' ਅਜਿਹੀ ਪੁਸਤਕ ਹੈ, ਜਿਹੜੀ ਅਪਾਹਜ ਬੱਚਿਆਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੀ ਪ੍ਰੇਰਣਾ ਦਿੰਦੀ ਹੈ। ਲੇਖਕ ਰਾਜਮਿੰਦਰਪਾਲ ਸਿੰਘ ਪਰਮਾਰ ਕਿੱਤੇ ਵਜੋਂ ਅਧਿਆਪਕ ਹੈ। ਉਸ ਨੇ ਆਪਣੇ ਸਕੂਲ ਵਿਚ ਦਾਖਲ ਹੋਣ ਵਾਲੇ ਅਪਾਹਜ ਬੱਚਿਆਂ ਬਾਰੇ ਲਿਖਿਆ ਹੈ ਕਿ ਉਹ ਕਿਵੇਂ ਕਿਹੜੇ ਹਾਲਾਤ ਵਿਚੋਂ ਲੰਘੇ, ਉਨ੍ਹਾਂ ਨੂੰ ਕਿਵੇਂ ਹਿੰਮਤ ਦੀ ਜਾਗ ਲਾਈ ਗਈ ਤੇ ਹੌਲੀ-ਹੌਲੀ ਉਹ ਪੈਰਾਂ ਸਿਰ ਕਿਵੇਂ ਖੜ੍ਹੇ ਹੋਏ। ਭਾਵੇਂ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਉਨ੍ਹਾਂ ਲਈ ਮੁਸ਼ਕਿਲ ਹੈ, ਪਰ ਉਨ੍ਹਾਂ ਅੰਦਰ ਵਿਸ਼ੇਸ਼ ਕਲਾ ਪ੍ਰਤੀ ਰੁਚੀ ਪੈਦਾ ਕਰਨਾ, ਆਪਣਾ ਕੰਮ ਖ਼ੁਦ ਕਰਨ ਦੇ ਕਾਬਲ ਬਣਾਉਣਾ ਤੇ ਪੜ੍ਹਾਈ-ਲਿਖਾਈ ਦੇ ਸਮਰੱਥ ਕਰਨਾ ਕੋਈ ਛੋਟਾ ਕਾਰਜ ਨਹੀਂ।
ਕਮਲਪ੍ਰੀਤ ਕੌਰ, ਅਸਲਮ ਅਲੀ, ਰਾਜਕੁਮਾਰੀ, ਜਸ਼ਨਪ੍ਰੀਤ ਸਿੰਘ, ਗਗਨਦੀਪ ਸਿੰਘ, ਸੁਖਚੈਨ ਸਿੰਘ ਯੋਧਾ, ਜਸ਼ਨਪ੍ਰੀਤ ਕੌਰ ਤੇ ਕਮਲਪ੍ਰੀਤ ਕੌਰ ਉਹ ਬੱਚੇ ਹਨ, ਜਿਨ੍ਹਾਂ ਨੂੰ ਲੇਖਕ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੇ ਸਮਰੱਥ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਜ ਉਹ ਬੱਚੇ ਤੁਰ ਲੈਂਦੇ ਹਨ, ਇਕ ਬੱਚਾ ਡਰੰਮ ਵਜਾ ਲੈਂਦਾ ਹੈ, ਇਕ ਲੈਪਟਾਪ ਚਲਾ ਲੈਂਦਾ ਹੈ ਤੇ ਬਾਕੀ ਬੱਚੇ ਵੀ ਆਪਣੇ ਜੋਗਾ ਕੰਮ ਕਰ ਲੈਂਦੇ ਹਨ।
ਮੇਰੀ ਜਾਚੇ ਸਭ ਅਧਿਆਪਕਾਂ ਨੂੰ ਆਪੋ ਆਪਣੇ ਸਕੂਲਾਂ ਵਿਚ ਇਸੇ ਤਰ੍ਹਾਂ ਅਪਾਹਜ ਬੱਚਿਆਂ ਲਈ ਕੁਝ ਵੱਖਰਾ ਕਰਨਾ ਚਾਹੀਦਾ ਹੈ। ਘਰਾਂ ਵਿਚ ਵੀ ਇਨ੍ਹਾਂ ਬੱਚਿਆਂ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਹ ਬੱਚੇ ਵੀ ਸਾਡੇ ਸਮਾਜ ਦਾ ਹਿੱਸਾ ਹਨ, ਸਾਡੇ ਦੇਸ਼ ਦੀ ਸ਼ਾਨ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

c c c

ਸਫ਼ੇ ਸੂਫ਼ ਦੇ
ਕਵੀ : ਮਨਦੀਪ ਸੰਧੂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼ ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99153-52001.

ਨੌਜਵਾਨ ਕਵੀ ਮਨਦੀਪ ਸੰਧੂ ਦਾ ਹਥਲਾ ਕਾਵਿ ਸੰਗ੍ਰਹਿ 'ਸਫ਼ੇ ਸੂਫ਼ ਦੇ' ਉਸ ਦਾ ਪਹਿਲ ਪਲੇਠਾ ਕਾਵਿ ਯਤਨ ਹੈ। ਮਨਦੀਪ ਇਕ ਪੁਰ ਅਹਿਸਾਸ ਅਤੇ ਸੰਵੇਦਨਾ ਦਾ ਕਵੀ ਹੈ। ਇਨ੍ਹਾਂ ਕਵਿਤਾਵਾਂ ਵਿਚ ਪਕੇਰੀ ਕਾਵਿਕ ਸੂਝ ਹੈ। ਉਸ ਵਾਸਤੇ ਸ਼ਬਦ ਮਨੁੱਖ ਨੂੰ ਪੈਗ਼ੰਬਰੀ ਸੰਦੇਸ਼ ਦਿੰਦੇ ਹਨ ਅਤੇ ਰਾਹਾਂ ਵਿਚ ਦੀਪ-ਮਿਸ਼ਾਲਾਂ ਬਣ ਕੇ ਹੌਸਲੇ ਦਿੰਦੇ ਹਨ। ਕਵੀ ਨੇ ਆਪਣੀ ਸੂਝ ਨੂੰ ਜਿਥੇ ਜ਼ਿੰਦਗੀ ਦੇ ਪੰਧਾਂ ਵਿਚ ਤੁਰਦਿਆਂ ਪ੍ਰਚੰਡ ਕੀਤਾ, ਉਥੇ ਨਾਮਵਰ ਪੁਸਤਕਾਂ ਵਿਚੋਂ ਵੀ ਜੀਣ ਦੀਆਂ ਉਨ੍ਹਾਂ ਵਿਧੀਆਂ ਦੀ ਤਸਦੀਕ ਕੀਤੀ, ਜੋ ਹਨੇਰਿਆਂ ਨੂੰ ਦੂਰ ਕਰਨ ਦੇ ਸੰਦ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਦੀ ਮਾਸੂਮ ਕਾਵਿ ਪੇਸ਼ਕਾਰੀ ਅਤੇ ਸੱਚੋ ਸੱਚ ਬ੍ਰਿਤਾਂਤ ਮਨ ਨੂੰ ਮੋਂਹਦੇ ਹਨ। ਪੰਜ ਦਰਜਣ ਦੇ ਕਰੀਬ ਇਨ੍ਹਾਂ ਕਵਿਤਾਵਾਂ ਵਿਚ ਫਲਸਫ਼ੇ ਦੀ ਡੂੰਘਾਈ ਨੂੰ ਸਹਿਜ ਨਾਲ ਕਾਵਿ ਵਿਚ ਢਾਲਿਆ ਗਿਆ ਹੈ। ਇਹ ਕਵਿਤਾ ਰਵਾਇਤ ਤੋਂ ਨਵ-ਭਾਵ ਬੋਧ ਦਾ ਸਫ਼ਰ ਕਰਦੀ ਨਿਵੇਕਲੀ ਸੁਰ ਹੈ। 'ਸਫ਼ੇ ਸੂਫ਼ ਦੇ' ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਛੰਦ ਅਦੇ ਬਹਿਰ ਨੂੰ ਉੱਚੀ ਸਹਿਜ ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ। ਕਵੀ ਨੇ ਅਜਿਹੇ ਛੰਦ ਵਰਤੇ ਹਨ ਜੋ ਕਿ ਪੰਜਾਬੀਆਂ ਦੀ ਸੁਰ ਲਹਿਰੀ ਵਿਚ ਸਮਾਏ ਹੋਏ ਹਨ। 'ਮੌਸਮ ਕੈਸਾ ਆਇਆ' ਕਵਿਤਾ ਵਿਚ ਉਸ ਨੇ ਪੰਜਾਬ ਵਿਚ ਹੋ ਰਹੇ ਅਣਮਨੁੱਖੀ ਵਰਤਾਰਿਆਂ ਨੂੰ ਕਾਵਿ ਜ਼ਬਾਨ ਦਿੱਤੀ ਹੈ। ਉਸ ਨੇ ਇਸ ਕਵਿਤਾ ਵਿਚ ਉੱਚ ਦਰਜੇ ਦੀ ਕਾਵਿਕਾਰੀ ਕੀਤੀ ਹੈ। ਪੰਜਾਬ ਦੇ ਪਾਣੀ, ਹਵਾ ਅਤੇ ਹੋਰ ਖਾਧ-ਪਦਾਰਥਾਂ ਵਿਚ ਫੈਲ ਰਹੀਆਂ ਜ਼ਹਿਰਾਂ ਨੂੰ ਬੜੇ ਕਾਵਿਮਈ ਜਜ਼ਬੇ ਅਤੇ ਛੰਦ ਵਿਚ ਪੇਸ਼ ਕੀਤਾ ਹੈ। ਇਹ ਸਲਾਹੁਣਯੋਗ ਕਾਵਿ ਸੁਰ ਉਸ ਦੀਆਂ ਸਾਰੀਆਂ ਕਵਿਤਾਵਾਂ ਵਿਚ ਹਾਜ਼ਰ ਰਹਿੰਦੀ ਹੈ :
ਸੁਹਣੇ ਮੈਂਡੇ ਦੇਸ਼ ਦੇ ਵਿਹੜੇ
ਮੌਸਮ ਕੈਸਾ ਆਇਆ?
ਔਸਰ ਆਂਗਣ ਮਰੇ ਪਿਆਸਾ
ਹਰ ਖੂੰਜਾ ਤਿਰਹਾਇਆ। ਹਰ ਹਿਰਦਾ ਸੁਲਗਾਇਆ....
ਕਵੀ ਨੂੰ ਦੁੱਖ ਹੈ ਕਿ ਪੰਜਾਬ ਦੇ ਸ਼ਾਨਦਾਰ ਵਿਰਸੇ ਨੂੰ ਵੀ ਉਲਟ ਦਿਸ਼ਾ ਦਿਵਾਈ ਜਾ ਰਹੀ ਹੈ ਅਤੇ ਗੁਰੂ ਨਾਨਕ ਦੇਵ ਦੇ ਨੈਤਿਕ ਰਾਹਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਉਸ ਦੇ ਇਹ ਸ਼ਿਅਰ ਵੇਖੋ :
ਸੁੱਕੀਆਂ ਟਾਹਣਾਂ ਉੱਤੋਂ ਬਗਲੇ, ਚੱਲੇ ਮਾਰ ਉਡਾਰੀ
ਧਾਗਾ ਧਾਗਾ ਹੋ ਗਈ ਮਿੱਤਰਾ ਧਰਤੀ ਦੀ ਫੁਲਕਾਰੀ....
ਸ਼ੁਰੂਆਤ ਤੋਂ ਪਹਿਲਾਂ, ਯਾਰ, ਰੱਬ ਨਹੀਂ ਸੀ ਮਿਲਿਆ ਮੈਨੂੰ, ਸਿਆਸਤ, ਧਰਮ ਦਾ ਆਸ਼ਿਕ ਕਵਿਤਾਵਾਂ ਪੜ੍ਹਨਯੋਗ ਹਨ। ਕਵੀ ਛੰਦਾਂ ਦਾ ਧਨੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਹੁਸਨ ਭਰੇ ਅਲਫ਼ਾਜ਼
ਸ਼ਾਇਰ : ਮਲਕੀਤ ਸਿੰਘ ਸੰਧੂ ਅਲਕੜਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98722-85421.

'ਹੁਸਨ ਭਰੇ ਅਲਫ਼ਾਜ਼' ਮਲਕੀਤ ਸਿੰਘ ਸੰਧੂ ਅਲਕੜਾ ਦੀ ਨੌਵੀਂ ਕਾਵਿ ਪੁਸਤਕ ਹੈ, ਜਿਸ ਵਿਚ ਉਸ ਦੀਆਂ ਕੁਝ ਗ਼ਜ਼ਲਾਂ ਤੇ ਜ਼ਿਆਦਾਤਰ ਗੀਤ ਸ਼ਾਮਿਲ ਹਨ। ਪੁਸਤਕ ਦੇ ਮੁਢਲੇ ਸਫ਼ਿਆਂ 'ਤੇ ਛਪੀਆਂ ਗ਼ਜ਼ਲਾਂ ਆਮ ਫ਼ਹਿਮ ਜ਼ਬਾਨ ਵਿਚ ਹਨ ਤੇ ਇਨ੍ਹਾਂ ਦਾ ਨਿਭਾਅ ਗੀਤਾਂ ਵਰਗਾ ਸਰਲ ਹੈ। ਪੰਜਾਬੀ ਵਿਚ ਗ਼ਜ਼ਲ ਬਹੁਤ ਅੱਗੇ ਚਲੇ ਗਈ ਹੈ ਤੇ ਇਸ ਦੇ ਨਾਲ-ਨਾਲ ਰਹਿਣ ਜਾਂ ਅੱਗੇ ਵਧਣ ਲਈ ਮੁਹਾਰਤ ਤੇ ਇਸ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਮਲਕੀਤ ਸਿੰਘ ਸੰਧੂ ਅਲਕੜਾ ਦੇ ਗੀਤ ਦਿਲ ਨੂੰ ਟੁੰਬਦੇ ਹਨ, ਇਸ ਦਾ ਕਾਰਨ ਇਨ੍ਹਾਂ ਦਾ ਲੋਕ ਭਾਵਨਾਵਾਂ ਨਾਲ ਜੁੜੇ ਹੋਣਾ ਹੈ। ਆਪਣੀ ਰਚਨਾ 'ਵਾਹ ਨਾਨਕ ਦਿਆ ਸਿੱਖਾ' ਵਿਚ ਉਹ ਸਿੱਖ ਧਰਮ ਵਿਚ ਪੈਦਾ ਹੋ ਰਹੀਆਂ ਨਵੀਆਂ ਸਮੱਸਿਆਵਾਂ ਤੇ ਭਰਾਂਤੀਆਂ 'ਤੇ ਵਿਅੰਗ ਕਰਦਾ ਹੈ। 'ਚੇਤ 'ਚ ਕੋਇਲਾਂ' ਗੀਤ ਵਿਚ ਸ਼ਾਇਰ ਪਰਦੇਸ ਗਏ ਪਿਆਰੇ ਨਾਲ ਟੁੰਬਵੇਂ ਵਾਰਤਾਲਾਪ ਕਰਦਾ ਹੈ ਤੇ 'ਇਹ ਡਾਲਰ ਪਾਕਿ ਪਵਿੱਤਰ' ਵਿਚ ਉਹ ਪਰਦੇਸੀਂ ਗਏ ਬਾਜ਼ੁਰਗਾਂ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਸ਼ਾਇਰ ਨੇ ਔਰਤ ਸਬੰਧੀ ਵੀ ਕਈ ਗੀਤ ਲਿਖੇ ਹਨ ਤੇ ਅਪਣੀ ਕਲਮ ਨੂੰ ਧਾਰਮਿਕ ਰੰਗਣ ਵੀ ਦਿੱਤਾ ਹੈ। ਉਹ 'ਗੱਲ ਵੀਹਵੀਂ ਸਦੀ ਦੀ' ਵਿਚ ਪੁਰਾਣੀ ਪੰਜਾਬੀ ਜੀਵਨ-ਸ਼ੈਲੀ ਨੂੰ ਯਾਦ ਕੀਤਾ ਗਿਆ ਹੈ ਤੇ ਇਸ ਵਿਚ ਸਿੱਧ-ਪੱਧਰੇ ਜਿਊਣ ਢੰਗ ਨੂੰ ਵਧੀਆ ਕਾਵਿਕ ਤਸਵੀਰ ਵਿਚ ਪੇਸ਼ ਕੀਤਾ ਗਿਆ ਹੈ। ਸੰਧੂ ਨੇ ਕੁਝ ਰਚਨਾਵਾਂ ਰੁੱਤਾਂ ਤੇ ਮੌਸਮਾਂ ਨਾਲ ਸਬੰਧਤ ਵੀ ਕਹੀਆਂ ਹਨ ਤੇ ਅਧਿਆਪਕ ਹੋਣ ਕਾਰਨ ਕੁਝ ਇਕ ਸਿੱਖਿਆ ਨਾਲ ਸਬੰਧਤ ਵੀ ਹਨ। ਸ਼ਾਇਰ ਨੇ ਜੋ ਵੀ ਲਿਖਿਆ ਹੈ, ਉਹ ਉਸ ਨੇ ਆਪਣੇ ਸਮਾਜ 'ਚੋਂ ਸਿੱਧਾ ਲਿਆ ਹੈ। 'ਹੁਸਨ ਭਰੇ ਅਲਫ਼ਾਜ਼' ਵਿਚ ਟੱਪੇ, ਬੋਲੀਆਂ ਤੇ ਗਿੱਧੇ ਨਾਲ ਸਬੰਧਤ ਰਚਨਾਵਾਂ ਵੀ ਹਨ। ਸੰਧੂ ਦੀ ਇਸ ਕਾਵਿ ਪੁਸਤਕ ਦੀਆਂ ਕੁਝ ਸੀਮਾਵਾਂ ਹਨ ਤੇ ਸ਼ਾਇਰ ਆਪਣੀ ਨਿੱਜੀ ਗੱਲ ਵੀ ਬੜੇ ਅਨੁਸ਼ਾਸਨ ਵਿਚ ਕਰਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

25/03/2017

 ਹਰਕੇਸ਼ ਸਿੰਘ ਕਹਿਲ ਦੀਆਂ ਦੋ ਪੁਸਤਕਾਂ
ਅਲੋਪ ਹੋ ਰਹੇ ਰੁੱਖ-ਬੂਟੇ

(ਮੁੱਲ : 250 ਰੁਪਏ, ਸਫ਼ੇ : 142)
ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ
(ਮੁੱਲ : 295 ਰੁਪਏ, ਸਫ਼ੇ : 184)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਸੰਪਰਕ : 0172-4608699.

ਹਰਾ ਇਨਕਲਾਬ, ਮਸ਼ੀਨੀ ਖੇਤੀ, ਛੇਤੀ ਅਮੀਰ ਹੋਣ ਦਾ ਲਾਲਚ, ਕਾਹਲ, ਗਲੋਬਲਾਈਜ਼ੇਸ਼ਨ ਤੇ ਮਲਟੀਨੈਸ਼ਨਲ ਕੰਪਨੀਆਂ ਦੀਆਂ ਗੁੱਝੀਆਂ ਚਾਲਾਂ ਸਭ ਕੁਝ ਨੇ ਰਲ-ਮਿਲ ਕੇ ਕੁਦਰਤ ਨਾਲ ਜੁੜੇ ਹੋਏ ਸਰਲ ਚਿੱਤ ਪੰਜਾਬੀ ਕਿਸਾਨ ਨੂੰ ਆਪਣੀਆਂ ਜੜ੍ਹਾਂ ਤੋਂ ਉਖਾੜ ਦਿੱਤਾ ਹੈ। ਕਿਰਤ ਸੱਭਿਆਚਾਰ ਤੋਂ ਟੁੱਟ ਰਿਹਾ ਹੈ ਉਹ। ਉਸ ਦਾ ਖੇਤੀਬਾੜੀ ਦਾ ਸਹਿਜ ਵਿਰਸਾ ਵਪਾਰ ਦੇ ਰਾਹ ਪੈ ਗਿਆ ਹੈ। ਵੱਧ ਝਾੜ, ਵੱਧ ਲਾਭ ਦੇ ਲਾਲਚ ਤੇ ਮੰਡੀ ਦੇ ਮੋਹ ਨੇ ਵਿਰਾਸਤੀ ਫ਼ਸਲਾਂ ਤੋਂ ਲੋਕਾਂ ਦਾ ਮੂੰਹ ਮੋੜ ਦਿੱਤਾ ਹੈ। ਰਵਾਇਤੀ ਫ਼ਸਲਾਂ ਹੇਠ ਰਕਬਾ ਘਟਦਾ ਜਾ ਰਿਹਾ ਹੈ। ਖੇਤੀ ਵਾਲੀ ਜ਼ਮੀਨ ਕਾਲੋਨੀਆਂ ਦੀ ਮਾਰ ਹੇਠ ਆ ਰਹੀ ਹੈ। ਰੁੱਖਾਂ, ਬੂਟਿਆਂ, ਤ੍ਰਿਵੇਣੀਆਂ ਵਾਲੇ ਪਿੰਡ ਰੁੰਡ-ਮੁੰਡ ਹੋ ਰਹੇ ਹਨ। ਗੁਰੂਆਂ ਦੇ ਹੱਥਾਂ ਨਾਲ ਲਾਈਆਂ ਟਾਹਲੀਆਂ, ਬੇਰੀਆਂ, ਉਨ੍ਹਾਂ ਦੀ ਪਾਵਨ ਛੋਹ ਨਾਲ ਵਿਗਸੇ ਰੁੱਖ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸਕ ਗੁਰਦੁਆਰੇ ਵੀ ਪੰਜਾਬੀਆਂ ਨੂੰ ਬਲਹਿਰੀ ਕੁਦਰਤ ਵਸਿਆ ਤੋਂ ਸੁਚੇਤ ਨਹੀਂ ਕਰ ਸਕੇ। ਇਸ ਸੰਕਟ ਦੀ ਵਿਆਪਕਤਾ ਅਤੇ ਇਸ ਨਾਲ ਨਿਪਟਣ ਲਈ ਕੋਈ ਸਿਆਣਾ ਜੇ ਹਾਅ ਦਾ ਨਾਅਰਾ ਮਾਰੇ ਤਾਂ ਉਸ ਦੇ ਉੱਦਮ ਲਈ ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਥੋੜ੍ਹੀ ਹੈ। ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ ਅਤੇ ਅਲੋਪ ਹੋ ਰਹੇ ਰੁੱਖ-ਬੂਟੇ ਨਾਂਅ ਦੀਆਂ ਦੋ ਪੁਸਤਕਾਂ ਰਚ ਕੇ ਸ: ਹਰਕੇਸ਼ ਸਿੰਘ ਕਹਿਲ ਨੇ ਅਜਿਹਾ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਰੁੱਖਾਂ ਬੂਟਿਆਂ ਵਾਲੀ ਪੁਸਤਕ ਵਿਚ ਉਸ ਨੇ ਸੰਤਾਲੀ ਰੁੱਖਾਂ ਬੂਟਿਆਂ ਦੀ ਗੱਲ ਕੀਤੀ ਹੈ। ਫ਼ਸਲਾਂ ਵਾਲੀ ਕਿਤਾਬ ਵਿਚ ਪੰਜਾਹ ਫ਼ਸਲਾਂ ਵੱਲ ਸਾਡਾ ਧਿਆਨ ਦਿਵਾਇਆ ਹੈ।
ਅੱਜ ਅਲਸੀ, ਸਣ, ਸਵਾਂਕ, ਸੌਂਫ਼, ਜੌਂ, ਜਵੀ, ਗੁਆਰ, ਕੰਗਣੀ, ਤਾਰਾ ਮੀਰਾ, ਤਿਲ, ਰਾਈ, ਬਾਜਰਾ ਜਿਹੀਆਂ ਫ਼ਸਲਾਂ ਤਾਂ ਕਿਤੇ-ਕਿਤੇ ਹੀ ਕੋਈ ਬੀਜਦਾ ਹੈ। ਦੇਸੀ ਫ਼ਸਲਾਂ ਸਬਜ਼ੀਆਂ, ਖਰਬੂਜੇ, ਤਰ, ਤਰਬੂਜ਼, ਧਨੀਆ, ਪੂਦੀਨਾ, ਮਿਰਚ, ਮੇਥੇ, ਮੂੰਗਫਲੀ ਤੇ ਦਾਲਾਂ ਵੱਲੋਂ ਵੀ ਅਸੀਂ ਮੂੰਹ ਮੋੜ ਕੇ ਚਾਵਲ, ਕਪਾਹ, ਕਣਕ ਦੀਆਂ ਵੱਧ ਝਾੜ ਵਾਲੀਆਂ ਨਵੀਆਂ ਕਿਸਮਾਂ ਉੱਤੇ ਹੀ ਸਾਰਾ ਜ਼ੋਰ ਲਾ ਰੱਖਿਆ ਹੈ। ਰੁੱਖਾਂ ਬਾਰੇ ਵੀ ਸਾਡੀ ਸੋਚ ਉਲਾਰ ਹੈ। ਅੱਕ, ਅਰਿੰਡ, ਸਰੀਂਹ, ਸੁਹਾਂਝਣਾ, ਕਰੀਰ, ਕਚਨਾਰ, ਕਿੱਕਰ, ਖੈਰ, ਜੰਡ, ਥੋਹਰ, ਢੱਕ, ਧਰੇਕ, ਧਤੂਰਾ, ਫਲਾਹੀ, ਮਲ੍ਹਾ, ਲਸੂੜਾ, ਬਿੱਲ, ਮਹਿੰਦੀ ਲਗਪਗ ਅਲੋਪ ਹੋ ਗਏ ਹਨ। ਅੰਬ, ਅਨਾਰ, ਅਮਰੂਦ, ਜਾਮਣ, ਤੂਤ, ਖਜੂਰ, ਨਿੰਮ, ਪਿੱਪਲ ਆਦਿ ਅਸੀਂ ਆਪ ਘੱਟ ਹੀ ਲਾਉਂਦੇ ਹਾਂ। ਪੁਰਾਣੇ ਤੁਰੇ ਆ ਰਹੇ ਰੁੱਖ ਹੀ ਸਾਡਾ ਕੰਮ ਸਾਰ ਰਹੇ ਹਨ। ਨਵੇਂ ਤੇ ਭਾਂਤ-ਭਾਂਤ ਦੇ ਰੁੱਖ ਲਾਉਣ ਦਾ ਸ਼ੌਕ ਤੇ ਫ਼ਿਕਰ ਸਾਨੂੰ ਨਹੀਂ।
ਕਹਿਲ ਸਾਹਿਬ ਨੇ ਰੁੱਖਾਂ ਤੇ ਫ਼ਸਲਾਂ ਦੀ ਗੱਲ ਸਰਲ ਠੇਠ ਪੰਜਾਬੀ ਵਿਚ ਕੀਤੀ ਹੈ। ਉਨ੍ਹਾਂ ਨੂੰ ਆਪਣੇ ਲੋਕ ਗੀਤਾਂ ਤੇ ਸੱਭਿਆਚਾਰਕ ਧਰਾਤਲ ਵਿਚ ਟਿਕਾ ਕੇ ਸਾਡੇ ਫ਼ਿਕਰ ਦਾ ਹਿੱਸਾ ਬਣਾਉਣ ਦਾ ਉੱਦਮ ਕੀਤਾ ਹੈ। ਰੁੱਖਾਂ ਤੇ ਫ਼ਸਲਾਂ ਦੇ ਚਿਕਿਤਸਕ ਮੁੱਲ, ਸੱਭਿਆਚਾਰਕ ਤੇ ਸਹਿਜ ਮੁੱਲ ਵੱਲ ਸਾਡਾ ਧਿਆਨ ਆਕਰਸ਼ਿਤ ਕਰਕੇ ਵਿਰਸੇ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੋਕ ਕਹਿਣ ਦਰਵੇਸ਼
ਲੇਖਕ : ਪ੍ਰੋ: ਹਰਦੀਪ ਸਿੰਘ ਰੂਪਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 106
ਸੰਪਰਕ : 94634-37175.

ਹਰਦੀਪ ਸਿੰਘ ਰੂਪਵਾਲ ਜੋ ਕਿੱਤੇ ਪੱਖੋਂ ਇੰਜੀਨੀਅਰ ਹੈ, ਨੇ ਗੀਤਾਂ, ਗ਼ਜ਼ਲਾਂ ਤੇ ਕਵਿਤਾਵਾਂ ਦਾ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਇਆ ਹੈ। ਉਹ ਇਕ ਇੰਜੀਨੀਅਰ, ਪ੍ਰੋਫ਼ੈਸਰ, ਕਵੀ ਤੇ ਸਾਹਿਤਕਾਰ ਹੋਣ ਦੇ ਨਾਤੇ ਸਮਾਜਿਕ ਵਰਤਾਰਿਆਂ ਨੂੰ ਭਿੰਨ-ਭਿੰਨ ਪਹਿਲੂਆਂ ਤੋਂ ਵਾਚ ਕੇ ਕਾਵਿ ਰੂਪ ਵਿਚ ਪੇਸ਼ ਕਰਦਾ ਹੈ। ਸਮਾਜਿਕ ਬੁਰਾਈਆਂ ਬੇਰੁਜ਼ਗਾਰੀ, ਨਸ਼ਾਖੋਰੀ, ਲੁੱਟ-ਖਸੁੱਟ, ਆਰਥਿਕ ਨਾਬਰਾਬਰੀ ਤੇ ਸਾਧੂਆਂ ਦੇ ਭੇਸ ਵਿਚ ਬਾਬਿਆਂ ਦਾ ਬੋਲਬਾਲਾ ਜਿਹੇ ਵਿਸ਼ਿਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ, ਜਦੋਂ ਉਹ ਲਿਖਦਾ ਹੈਂ
ਅਫ਼ਸਰ ਤਾਂ ਇਕ ਪਾਸੇ ਬਾਬੇ ਇਨ੍ਹਾਂ ਦੇ ਵੀ ਬਾਪ ਨੇ
ਆਪ ਬੈਂਕਾਂ ਭਰ ਡੇਰੇ ਵਧਾਈ ਜਾਂਦੇ ਲੋਕਾਂ ਨੂੰ ਕਹਿੰਦੇ ਮਾਇਆ ਪਾਪ ਹੈ।
ਜਾਂ
ਵਧਦੀ ਹੋਈ ਬੇਰੁਜ਼ਗਾਰੀ ਨੇ ਕਈ ਪੁੱਠੇ ਚਾਟੇ ਲਗਾਏ ਨੇ
ਬਾਪੂ ਨੂੰ ਝੋਰਾ ਮੁੰਡਿਆਂ ਦਾ ਜੋ ਨਸ਼ਿਆਂ ਸੰਗ ਬਾਰੀ ਲਗਾਏ ਨੇ
ਕਈ ਟੀਕੇ ਗੋਲੀਆਂ ਖਾਣ ਲੱਗੇ ਕਈ ਦਾਰੂ ਦੇ ਤਿਹਾਏ ਨੇ।
ਉਸ ਨੇ ਪੰਜਾਬ ਦੇ ਮਾੜੇ ਹਾਲਾਤ ਨੂੰ ਵੀ ਚਿਤਰਿਆ ਹੈ ਕਿ ਇਸ ਦੇ ਨੌਜਵਾਨ ਜਿਨ੍ਹਾਂ ਦਾ ਨਾਂਅ ਸੀ ਸੰਸਾਰ ਵਿਚ ਅੱਜ ਨਸ਼ਿਆਂ ਵਿਚ ਗਰਕ ਹੋ ਗਏ ਨੇ ਤੇ ਇਖਲਾਕ ਪੱਖੋਂ ਵੀ ਗਿਰਾਵਟ ਵੱਲ ਜਾ ਰਹੇ ਹਨ। ਇਥੇ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੋ ਗਏ ਨੇ ਤੇ ਇਹ ਆਰਥਿਕ ਪਾੜਾ ਵਧਦਾ ਹੀ ਜਾ ਰਿਹਾ ਹੈ ਦਿਨੋ-ਦਿਨ। ਧਾਰਮਿਕ ਸਥਾਨਾਂ 'ਤੇ ਵਧਦੀਆਂ ਭੀੜਾਂ ਤੇ ਮਚਦੀ ਭਗਦੜ ਤੋਂ ਸਪੱਸ਼ਟ ਹੈ ਕਿ ਲੋਕਾਂ ਦਾ ਝੁਕਾਅ ਸੰਤਾਂ, ਬਾਬਿਆਂ ਤੇ ਧਾਰਮਿਕ ਸਥਾਨਾਂ ਵੱਲ ਵਧ ਰਿਹਾ ਹੈ, ਜੋ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸਗੋਂ ਹੋਰ ਉਲਝਾਏ ਜਾ ਰਹੇ ਹਨ। ਕੁੱਲੀਆਂ ਵਾਲਿਆਂ ਨੂੰ ਮਹਿਲ ਬਣਾਉਣੇ ਤਾਂ ਨਸੀਬ ਹਨ ਪਰ ਰਹਿਣਾ ਨਸੀਬ ਨਹੀਂ। ਇਸ ਪਹਿਲੂ ਨੂੰ ਕਵਿਤਾ 'ਦਾਅਵਾ ਔਲੀਆ ਦਾ' ਵਿਚ ਉਕਰਿਆ ਹੈ।
ਕਵੀ ਨੇ 'ਸਲਾਮ-ਸਲਾਮ' ਕਵਿਤਾ ਵਿਚ ਇਕ ਧੀ ਦੇ ਮੂੰਹੋਂ ਧੰਨਵਾਦ ਦੇ ਬੋਲ ਕਹਾਏ ਹਨ ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਲਈ, ਸਕੂਲ ਸਾਈਕਲ, ਅਮਰੂਦ ਦੇ ਬੂਟੇ ਤੇ ਘਰ ਦੇ ਵਿਹੜੇ ਦਾ ਜਿਥੇ ਬਚਪਨ ਬਿਤਾਇਆ ਆਪਣੇ ਦੇਸ਼ ਹਿੰਦੁਸਤਾਨ ਦੀ ਸਿਫ਼ਤ ਕਰਦੇ ਹੋਏ ਸ਼ਹੀਦਾਂ, ਗੁਰੂਆਂ, ਪੀਰਾਂ, ਪੈਗ਼ੰਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਸਮੁੱਚਾ ਕਾਵਿ ਸੰਗ੍ਰਹਿ ਲੇਖਕ ਦੀ ਅਗਾਂਹਵਧੂ ਸੋਚ ਦਾ ਹੁੰਗਾਰਾ ਭਰਦਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਹਰਫ਼ ਹਰਫ਼ ਰੁਸ਼ਨਾਈ
ਗ਼ਜ਼ਲਕਾਰ : ਐਸ. ਤਰਸੇਮ
ਪ੍ਰਕਾਸ਼ਕ : ਦਿਲਦੀਪ ਪ੍ਰਕਾਸ਼ਨ, ਸਮਰਾਲਾ
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 95015-36644.

ਇਕ ਗ਼ਜ਼ਲਕਾਰ ਅਤੇ ਗ਼ਜ਼ਲ ਸ਼ਾਸਤਰੀ ਵਜੋਂ ਡਾ: ਐਸ. ਤਰਸੇਮ ਦੀ ਪੰਜਾਬੀ ਸਾਹਿਤ ਵਿਚ ਇਕ ਵਿਸ਼ੇਸ਼ ਪਛਾਣ ਬਣ ਚੁੱਕੀ ਹੈ। ਉਸ ਨੇ ਉਰਦੂ ਗ਼ਜ਼ਲ ਪਰੰਪਰਾ ਦਾ ਬੜਾ ਦੀਰਘ ਅਧਿਐਨ ਕੀਤਾ ਹੋਇਆ ਹੈ। ਐਸ. ਤਰਸੇਮ ਵਿਅੰਗ ਅਤੇ ਵਕ੍ਰੋਕਤੀ ਦਾ ਸ਼ਾਇਰ ਹੈ। ਉਹ ਸਮਕਾਲੀ ਯੁੱਗ ਅਤੇ ਜਗਤ ਦੇ ਅਪ੍ਰਮਾਣਿਕ ਵਰਤਾਰੇ ਉੱਪਰ ਬੜੇ ਤੀਖਣ ਵਿਅੰਗ ਕਰਦਾ ਹੈ। ਦੇਖੋ : ਵਜ਼ੀਰ-ਆਹਲਾ ਦੀ ਕੋਠੀ ਦੀ ਸਜਾਵਟ ਵਾਸਤੇ ਵੇਖੇ, ਕਿਵੇਂ ਬੌਣੇ ਜਿਹੇ ਬੋਹੜ ਲਿਆਂਦੇ ਗਮਲਿਆਂ ਖਾਤਰ/ਜੋ ਸੀ ਤਪਦੇ ਤਨਾਂ ਖਾਤਰ, ਤਿਹਾਏ ਰਾਹਗੀਰਾਂ ਖਾਤਰ, ਸਰੋਵਰ ਬਣ ਗਿਆ, ਉਹ ਵੀ ਟਿਕਾਣਾ ਬਗਲਿਆਂ ਖਾਤਰ/ਕਿਤੇ ਕਿੱਕਰ, ਕਿਤੇ ਕੈਕਟਸ, ਕਿਤੇ ਪੋਹਲੀ ਦੇ ਫੁੱਲ ਦਿਸਦੇ; ਕੋਈ ਵੀ ਫੁੱਲ ਨਹੀਂ ਬੈਠਣ ਲਈ ਹੈ ਭੌਰਿਆਂ ਖਾਤਰ। ਐਸ. ਤਰਸੇਮ ਇਕ ਚੜ੍ਹਦੀ ਕਲਾ ਅਤੇ ਆਤਮ-ਵਿਸ਼ਵਾਸ ਵਾਲਾ ਸ਼ਾਇਰ ਹੈ। ਕਈ ਵਾਰ ਉਹ ਪੈਗੰਬਰੀ ਲਹਿਜਾ ਅਖ਼ਤਿਆਰ ਕਰਕੇ ਸੰਭਾਸ਼ਣਮਈ ਅਸ਼ਆਰ ਵੀ ਲਿਖ ਜਾਂਦਾ ਹੈ, ਜੋ ਪੰਜਾਬੀ ਪਾਠਕਾਂ ਨੂੰ ਭਲੇ ਪ੍ਰਤੀਤ ਹੋਣਗੇ। ਰੌਸ਼ਨੀ ਉਸ ਦੇ ਕਲਾਮ ਵਿਚ ਅਨੇਕ ਰੰਗਾਂ-ਰੂਪਾਂ ਵਿਚ ਉਦੈਮਾਨ ਰਹਿੰਦੀ ਹੈ।
ਕਵੀ ਨੂੰ ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਮਾਨਵਤਾਵਾਦੀ ਕਦਰਾਂ-ਕੀਮਤਾਂ ਦੇ ਨਿਘਾਰ ਉੱਪਰ ਡਾਢੀ ਚਿੰਤਾ ਹੈ। ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਇਸੇ ਸਥਿਤੀ ਦਾ ਅਵਲੋਕਨ ਕਰਦੀਆਂ ਹਨ। ਉਹ ਬੇੜੀਆਂ, ਜ਼ੰਜੀਰਾਂ ਅਤੇ ਹਥਕੜੀਆਂ ਨੂੰ ਮਹਿਮਾ ਮੰਡਿਤ ਕਰਦਾ ਹੈ। ਕਲਗੀਆਂ, ਹਾਰ ਅਤੇ ਮਾਣ-ਸਨਮਾਨ ਉਸ ਦੇ ਨਜ਼ਦੀਕ ਬੇਅਰਥ ਹਨ ਕਿਉਂਕਿ ਬੇੜੀਆਂ-ਹਥਕੜੀਆਂ, ਮਰਦਾਨਗੀ ਅਤੇ ਨਾਬਰੀ ਦੇ ਚਿੰਨ੍ਹ ਹਨ ਜਦੋਂ ਕਿ ਮਾਣ-ਸਨਮਾਨ ਯਥਾਸਥਿਤੀਵਾਦ ਦੇ ਚਿਹਨਕ ਹਨ। ਕਵੀ ਇਕ ਨਾਬਰ ਅਤੇ ਮਰਦੇ-ਮੁਜਾਹਿਦ ਵਿਅਕਤੀ ਦਾ ਜੀਵਨ ਜਿਊਣਾ ਚਾਹੁੰਦਾ ਹੈ। ਉਹ ਲਿਖਦਾ ਹੈ : ਤਪ ਰਹੇ ਮੈਂ ਜੇਠ ਦੀ ਇਕ ਸ਼ਾਮ ਹਾਂ, ਜੋ ਵਣੋਂ ਨਾ ਪਰਤਿਆ ਉਹ ਰਾਮ ਹਾਂ/ਮੈਥੋਂ ਮੁਨਸਿਫ਼ ਦੂਰ ਰਹਿੰਦੇ ਕਿਉਂਕਿ ਮੈਂ, ਸੱਚ ਬੋਲਣ ਵਾਸਤੇ ਬਦਨਾਮ ਹਾਂ/ਤਾਜਰਾਤੇ-ਹਿੰਦ ਮੈਥੋਂ ਹੈ ਖਫ਼ਾ ਕਿਉਂਕਿ ਉਸ ਦੀ ਮੌਤ ਦਾ ਪੈਗ਼ਾਮ ਹਾਂ। (94) ਇਨਸ਼ਾ ਅੱਲਾ...!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕਾਲੇ ਬੱਦਲ
ਸ਼ਾਇਰ : ਜਸਬੀਰ ਸਿੰਘ ਘੁਲਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 171
ਸੰਪਰਕ : 7529070008

'ਕਾਲੇ ਬੱਦਲ' ਜਸਬੀਰ ਸਿੰਘ ਘੁਲਾਲ ਦੁਆਰਾ ਰਚਿਤ ਕਾਵਿ ਸੰਗ੍ਰਹਿ ਹੈ। ਭਾਵੇਂ ਇਸ ਵੱਡ-ਆਕਾਰੀ ਪੁਸਤਕ ਦੀਆਂ ਰਚਨਾਵਾਂ ਨੂੰ ਕਿਸੇ ਕਾਵਿ ਵਿਧਾ ਦਾ ਨਾਂਅ ਨਹੀਂ ਦਿੱਤਾ ਗਿਆ ਪਰ ਰਚਨਾਵਾਂ ਦੀ ਬਣਤਰ ਤੋਂ ਇਹ ਗੀਤ ਵਿਧਾ ਦੇ ਨਜ਼ਦੀਕ ਹਨ। ਰਚਨਾਵਾਂ ਦੀ ਗਿਣਤੀ ਸਫ਼ਿਆਂ ਦੇ ਬਰਾਬਰ ਹੈ ਤੇ ਇਹ ਮਨੁੱਖੀ ਜੀਵਨ ਨਾਲ ਸਬੰਧਤ ਵਿਸ਼ਿਆਂ 'ਤੇ ਅਧਾਰਤ ਹਨ। ਘੁਲਾਲ ਕੁਦਰਤ ਪ੍ਰੇਮੀ ਹੈ ਤੇ ਉਸ ਦੇ ਬਹੁਤੇ ਗੀਤ ਪਸ਼ੂ-ਪੰਛੀਆਂ ਦੀ ਉਸਤਿਤ ਕਰਦੇ ਹਨ। ਉਹ ਜੈਵਿਕ ਖੇਤੀ ਦੇ ਪੱਖ ਵਿਚ ਹੈ ਤੇ ਆਪਣੇ ਪੁਰਖਿਆਂ ਵੱਲੋਂ ਕੀਤੀ ਜਾਂਦੀ ਰਹੀ ਖੇਤੀ ਦੇ ਢੰਗਾਂ ਦਾ ਹਮਾਇਤੀ ਹੈ। ਘੁਲਾਲ ਵਰਗਾ ਸ਼ਾਇਰ ਹੀ ਗੰਢਿਆਂ 'ਤੇ ਵੀ ਕੋਈ ਰਚਨਾ ਲਿਖ ਸਕਦਾ ਹੈ। ਸ਼ਾਇਰ ਦਾ ਦੂਸਰਾ ਪ੍ਰਮੁੱਖ ਵਿਸ਼ਾ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਹੈ, ਜਿਸ ਦੀ ਲਪੇਟ ਵਿਚ ਨੌਜਵਾਨੀ ਦਾ ਵੱਡਾ ਹਿੱਸਾ ਫਸ ਚੁੱਕਾ ਹੈ। ਉਸ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਚੋਖੀ ਗਿਣਤੀ ਲਿਖਿਆ ਹੈ। ਕੁਦਰਤ ਨਾਲ ਛੇੜਛਾੜ ਤੇ ਨਸ਼ਿਆਂ ਨਾਲ ਸਬੰਧਤ ਰਚਨਾਵਾਂ ਦੀ ਬਹੁਗਿਣਤੀ ਕਾਰਨ ਇਸ ਪੁਸਤਕ ਦਾ ਨਾਮਕਰਨ 'ਕਾਲੇ ਬੱਦਲ' ਹੋਇਆ ਪ੍ਰਤੀਤ ਹੁੰਦਾ ਹੈ। ਆਪਣੀਆਂ ਲਿਖਤਾਂ ਵਿਚ ਉਹ ਰੁੱਖ ਲਾਉਣ ਦਾ ਸੰਦੇਸ਼ ਦਿੰਦਾ ਹੈ ਤੇ ਚੰਗੀ ਸਿਹਤ ਬਣਾਈ ਕੱਖਣ ਦਾ ਹੋਕਾ ਦਿੰਦਾ ਹੈ। ਸ਼ਾਇਰ ਦੇ ਕਈ ਗੀਤ ਮਾਂ-ਬਾਪ ਤੇ ਵਡੇਰਿਆਂ ਦੇ ਸਤਿਕਾਰ ਨੂੰ ਕਾਇਮ ਰੱਖਣ ਤੇ ਸਮਾਜਿਕ ਰਿਸ਼ਤਿਆਂ ਦੀ ਸਲਾਮਤੀ ਲਈ ਵੀ ਹਨ। ਇਨ੍ਹਾਂ ਗੀਤਾਂ ਵਿਚ ਉਹ ਧਾਰਮਿਕ ਸ਼ਰਧਾ ਵੀ ਨਿਭਾਉਂਦਾ ਹੈ। ਜਸਬੀਰ ਸਿੰਘ ਘੁਲਾਲ ਨੇ ਕਈ ਹੋਰ ਨਿੱਕੇ-ਨਿੱਕੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਵੀ ਕਲਮ ਚਲਾਈ ਹੈ ਤੇ ਦੇਸ਼ ਪਿਆਰ ਨੂੰ ਵੀ ਪ੍ਰਗਟਾਇਆ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸਿਮਟਦਾ ਆਕਾਸ਼
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 158
ਸੰਪਰਕ : 95309-44345.

ਛੱਬੀ ਕਾਂਡਾਂ ਦੇ ਵਿਸ਼ੈ-ਪਾਸਾਰ 'ਚ ਹਥਲੇ ਨਾਵਲ ਦਾ ਬਿਰਤਾਂਤ ਸਮੁੱਚੇ ਰੂਪ ਵਿਚ ਮਾਨਵੀ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ, ਬੌਣੇ ਹੋ ਚੁੱਕੇ ਜਾਂ ਨਿੱਜ-ਸੁਆਰਥਾਂ ਦੇ ਆਹਰ-ਪਾਹਰ 'ਚ ਜੁੜ ਕੇ 'ਵਕਤੀ' ਮੌਕਿਆਂ ਦਾ ਲਾਭ ਲੈਂਦੇ ਹੋਏ ਅਤੇ ਹੋਰ ਖ਼ਪਤਕਾਰੀ ਰੁਚੀਆਂ ਦੇ ਸ਼ਿਕਾਰ ਹੋ ਚੁੱਕੇ ਲੋਕਾਂ ਦੇ ਕਿਰਦਾਰ ਦਾ ਆਲੋਚਨਾਤਮਕ-ਯਥਾਰਥ ਪੇਸ਼ ਕੀਤਾ ਗਿਆ ਹੈ। ਮਾਨਵੀ ਹਿੱਤਾਂ ਲਈ ਜੂਝਦੇ ਸੰਘਰਸ਼ਸ਼ੀਲ ਜੁਝਾਰੂਆਂ ਦੇ ਕਾਰਨਾਮਿਆਂ ਦੀ ਗੱਲ ਕਰਦਿਆਂ ਹੋਇਆਂ ਲੇਖਕ ਨੇ ਜਿਸ ਕਦਰ ਸਮਾਜਵਾਦੀ ਸੰਰਚਨਾ ਦੇ ਸਰੋਕਾਰਾਂ ਨੂੰ ਉਭਾਰਨ ਵਾਲੇ ਨੇਤਾਵਾਂ, ਜਿਨ੍ਹਾਂ 'ਚ ਨਾਅਰੇਬਾਜ਼ੀ ਵੀ ਸਮਿਲਤ ਹੈ, ਆਦਿ ਨੂੰ ਬਾਖੂਬੀ ਉਭਾਰਿਆ ਹੈ ਅਤੇ ਚੇਤੰਨ ਪੇਸ਼ ਕੀਤਾ ਹੈ ਕਿ ਮਨੁੱਖੀ ਹੇਰਵਿਆਂ ਜਾਂ ਨਿਮਨ-ਸ਼੍ਰੇਣੀ ਦੀ ਅਵਸਥਾ 'ਚ ਜੀਵਨ ਬਸਰ ਕਰ ਰਹੇ ਆਮ ਲੋਕਾਂ ਦਾ ਜੀਵਨ ਕਿਸ ਪੱਧਰ 'ਤੇ ਗੁਜ਼ਰ ਰਿਹਾ ਹੈ, ਨੂੰ ਵੀ ਸਮਝਣ ਦੀ ਲੋੜ ਹੈ। ਜਗੀਰੂ ਰੁਚੀਆਂ ਅਤੇ ਪੂੰਜੀਵਾਦੀ ਸੋਚ-ਆਧਾਰਿਤ ਲੋਕ ਅਜੇ ਵੀ ਸਮਾਜਿਕ ਵਰਤਾਰੇ ਦੇ ਬੁਨਿਆਦੀ ਮੁੱਲਾਂ ਨੂੰ ਤਹਿਸ-ਨਹਿਸ ਕਰ ਰਹੇ ਹਨ। ਬਲਬੀਰ ਪਰਵਾਨਾ ਦੀ ਲਿਖਤ ਰਚਨਾ ਦੀ ਪ੍ਰਾਪਤੀ ਹੈ ਕਿ ਉਸ ਨੇ ਦੰਭੀ ਕਾਮਰੇਡਾਂ, ਦੰਭੀ ਸਮਾਜ-ਸੁਧਾਰਕਾਂ, ਦੰਭੀ ਧਾਰਮਿਕ ਅਤੇ ਦੰਭੀ ਰਾਜਸੀ ਹਿੱਤਾਂ ਦੇ ਅਖੌਤੀ ਹਿੱਤਾਂ 'ਚ ਵਿਕ ਜਾਣ ਵਾਲਿਆਂ ਨੂੰ ਇਸ ਨਾਵਲ ਦੇ ਵਿਸਤ੍ਰਿਤ ਬਿਰਤਾਂਤ ਜ਼ਰੀਏ ਪ੍ਰਗਟ ਕੀਤਾ ਹੈ। ਇਨਕਲਾਬੀ ਸੋਚ 'ਤੇ ਪਹਿਰਾ ਦੇਣ ਵਾਲੇ ਵਿਰਲੇ ਵਾਂਝੇ ਹੀ ਹੁੰਦੇ ਹਨ। ਨਿੱਜੀ ਹਿੱਤਾਂ ਤਹਿਤ ਆਪ ਉੱਚੇ ਅਹੁਦੇ, ਚੰਗੀਆਂ ਨੌਕਰੀਆਂ ਪ੍ਰਾਪਤ ਕਰ ਲੈਣਾ ਜਾਂ ਆਪਣੇ ਬੱਚਿਆਂ ਜਾਂ ਕੁਨਬੇ ਨੂੰ 'ਆਸਰਾ' ਲੈ ਕੇ ਵਿਦੇਸ਼ਾਂ 'ਚ ਭੇਜ ਕੇ ਆਪ ਆਰਥਿਕ ਪੱਖੋਂ ਧਨਾਢ ਬਣ ਜਾਣਾ, ਮੂਲੋਂ ਹੀ ਉਨ੍ਹਾਂ ਦੀ ਪਿਛੋਕੜ-ਸਿਧਾਂਤ ਪ੍ਰਣਾਲੀ ਨਹੀਂ ਸੀ, ਪਰ ਜਿਸ ਨੂੰ ਧਾਰਨ ਕਰਕੇ ਉਹ ਲੋਕ ਜੋ 'ਲੋਕਤਾ' ਦੇ ਹਮਾਇਤੀ ਸਨ, ਧਾਰਨ ਕਰ ਗਏ, ਸਬੰਧੀ ਇਹ ਨਾਵਲ ਵਿਭਿੰਨ ਪਾਤਰਾਂ ਦੇ ਚਿਤਰਣ ਰਾਹੀਂ ਪਾਠਕਾਂ ਦੇ ਸਨਮੁੱਖ ਹੈ ਅਤੇ ਪੰਜਾਬੀ ਲੋਕਾਂ ਦੀ ਮਾਨਸਿਕਤਾ ਨੂੰ ਵਿਸ਼ੇਸ਼ ਹਲੂਣਾ ਦੇਣ ਦਾ ਪੈਗ਼ਾਮ ਸਾਕਾਰ ਕਰਦਾ ਹੈ। ਇਹ ਸਾਰਾ ਦਾਰੋ-ਮਦਾਰ ਭਾਵੇਂ ਬਿਸ਼ਨ ਸਿੰਘ ਕਿਸਾਨ ਆਗੂ, ਪੁਲਸੀਏ ਦੇ ਅਹਿਲਕਾਰਾਂ, ਜੱਸੀ, ਕਰਤਾਰ ਕੌਰ, ਮਲਕੀਤ, ਲਾਲ ਸਿੰਘ, ਦਮਨਜੀਤ, ਲਹਿੰਬਰ, ਬਚਨ, ਤਰਸੇਮ, ਸਕੂਲ ਪ੍ਰਿੰਸੀਪਲ, ਨਿਕਟਵਰਤੀ ਪੇਂਡੂ ਅਤੇ ਸ਼ਹਿਰੀ ਅਲੰਬਰਦਾਰ ਆਦਿ ਪਾਤਰਾਂ ਨੂੰ ਵਿਸ਼ੇਸ਼ ਚਿਤਰਣ ਦੇ ਜ਼ਰੀਏ ਪੇਸ਼ ਕੀਤਾ ਹੈ, ਪਰੰਤੂ ਇਨ੍ਹਾਂ ਵਿਚੋਂ ਜਸਪਾਲ ਦਾ ਕਿਰਦਾਰ ਜਿਸ ਤਰ੍ਹਾਂ ਕੀਤਾ ਗਿਆ ਹੈ ਉਹ ਨਾਵਲਕਾਰ ਦੀ ਵਿਸ਼ੇਸ਼ ਪ੍ਰਾਪਤੀ ਹੈ ਪਰ ਇਸ ਤੋਂ ਵੀ ਅਗਾਂਹ ਸਮਾਜਿਕ, ਰਾਜਸੀ ਅਵਸਥਾਵਾਂ ਅਤੇ ਮਜਬੂਰੀ 'ਚ ਨਿਘਾਰਮੁਖੀ ਜੀਵਨ ਬਸਰ ਕਰ ਰਹੇ ਆਮ ਲੋਕਾਂ ਦਾ ਵੀ ਬਾਖੂਬੀ ਚਿਤਰਣ ਪੇਸ਼ ਕੀਤਾ ਗਿਆ ਹੈ। ਇਸ ਪ੍ਰਕਾਰ ਇਹ ਨਾਵਲ ਅਜੋਕੀ ਮਾਨਵੀ ਕਦਰ ਪ੍ਰਣਾਲੀ ਵਿਚੋਂ ਲੁਪਤ ਹੋ ਰਹੀਆਂ ਕਦਰਾਂ-ਕੀਮਤਾਂ ਦਾ ਦਰਪਣ ਜਾਪਦਾ ਹੈ, ਜਿਸ ਨੂੰ ਬਾਖੂਬੀ ਨਾਟਕੀ-ਜੁਗਤਾਂ ਜ਼ਰੀਏ ਲੇਖਕ ਬਲਬੀਰ ਪ੍ਰਵਾਨਾ ਨੇ ਪੇਸ਼ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਫ਼ਰਿਆਦੀ ਦਿਲ
ਲੇਖਕ : ਲਖਬੀਰ ਸਿੰਘ ਕੋਹਾਲੀ
ਪ੍ਰਕਾਸ਼ਕ : ਕੇ.ਜੀ. ਗ੍ਰਾਫਿਕਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98727-10048.

ਵਿਚਾਰ ਅਧੀਨ ਪੁਸਤਕ ਲਖਬੀਰ ਸਿੰਘ ਕੋਹਾਲੀ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਉਸ ਦੀਆਂ 96 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 50 ਕਵਿਤਾਵਾਂ ਤੇ 46 ਰੁਬਾਈਆਂ ਹਨ।
ਲਖਬੀਰ ਸਿੰਘ ਨੇ ਪੁਸਤਕ ਦਾ ਸਮਰਪਣ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਕੀਤਾ ਹੈ। ਉਸ ਦੇ ਮਨ ਅੰਦਰ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦਾ ਦਰਦ ਸਮੋਇਆ ਹੋਇਆ ਸੀ, ਜਿਸ ਕਰਕੇ ਉਸ ਨੇ ਉਨ੍ਹਾਂ ਦੇ ਦੁੱਖਾਂ-ਦਰਦਾਂ ਨੂੰ ਬਿਆਨ ਕਰਦੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ, ਗ਼ਰੀਬੀ, ਭੁੱਖੇ ਪੇਟ ਤੇ ਤਾੜਨਾ ਆਦਿ। ਰਾਜਨੀਤਕ ਸਰੋਕਾਰਾਂ ਬਾਰੇ ਕਵੀ ਨੇ ਵਿਅੰਗਾਤਮਕ ਕਵਿਤਾਵਾਂ ਦੀ ਰਚਨਾ ਕੀਤੀ ਹੈ ਰਾਜਨੀਤੀ, ਵਿਕਾਸ ਅਤੇ ਵੋਟਾਂ ਆਦਿ ਇਸ ਸੰਗ੍ਰਹਿ ਦੀਆਂ ਜ਼ਿਕਰਯੋਗ ਕਵਿਤਾਵਾਂ ਹਨ। ਵਿਅੰਗਾਤਮਕ ਕਵਿਤਾਵਾਂ ਤੋਂ ਇਲਾਵਾ ਕਵੀ ਨੇ ਇਕ ਚੰਗੇਰਾ ਜੀਵਨ ਜਿਊਣ ਲਈ ਪ੍ਰੇਰਨਾਮਈ ਵਿਚਾਰ ਭਰਪੂਰ ਕਵਿਤਾਵਾਂ ਵੀ ਕਹੀਆਂ ਹਨ। ਇਸ ਸੰਗ੍ਰਹਿ ਵਿਚ ਸ਼ਾਮਿਲ 'ਰੁਬਾਈਆਂ' ਵਿਚ ਕਵੀ ਨੇ ਜੀਵਨ ਤਜਰਬੇ ਵਿਚੋਂ ਪ੍ਰਾਪਤ ਜੀਵਨ-ਤੱਤਾਂ ਨੂੰ ਬਿਆਨ ਕੀਤਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਕੇਵਲ ਕਾਵਿਕ ਅਨੰਦ ਹੀ ਪ੍ਰਾਪਤ ਨਹੀਂ ਕਰਨਗੇ, ਬਲਕਿ ਉਨ੍ਹਾਂ ਨੂੰ ਪ੍ਰੇਰਨਾ ਵੀ ਮਿਲੇਗੀ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

 

 

18/03/2017

 ਚੋਣ ਨਿਸ਼ਾਨ ਅਤੇ ਹੋਰ ਨਾਟਕ
ਲੇਖਕ : ਡਾ: ਸਤੀਸ਼ ਸੋਨੀ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ ਕਾਲਾਂਵਾਲੀ, (ਸਿਰਸਾ)
ਮੁੱਲ : 150 ਰੁਪਏ, ਸਫ਼ੇ : 80

\ਪੰਜਾਬੀ ਸ਼ਾਇਰ ਅਤੇ ਨਾਵਲਕਾਰ ਵਜੋਂ ਸੋਨੀ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚਦੀਆਂ ਹੀ ਰਹਿੰਦੀਆਂ ਹਨ ਅਤੇ ਆਪਣੇ ਪਹਿਲੇ ਨਾਟ ਸੰਗ੍ਰਿਹ 'ਜ਼ਹਿਰਦਾਦਰਿਆ' ਤੋਂ ਬਾਅਦ ਸਤੀਸ਼ ਸੋਨੀ ਨੇ ਇਸ ਨਾਟਕ ਸੰਗ੍ਰਿਹ ਰਾਹੀਂ ਤਿੰਨ ਨਾਟਕ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਦਿੱਤੇ ਹਨ ,'ਚੋਣ ਨਿਸ਼ਾਨ', 'ਧੀਆਂ 'ਤੇ ਜ਼ੁਲਮ ਕਮਾਉ ਨਾ' ਅਤੇ 'ਮੈਂ ਕੈਨੇਡਾ ਜਾਣਾ'। ਇਹ ਤਿੰਨੇ ਨਾਟਕ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨਾਲ ਜੁੜੇ ਹਨ । ਨਾਟਕ 'ਚੋਣ ਨਿਸ਼ਾਨ' ਆਮ ਲੋਕਾਂ ਨੂੰ ਰਾਜਨੀਤਕ ਚੇਤਨਾ ਦੇ ਰਾਹ ਤੋਰਨ ਦਾ ਉਪਰਾਲਾ ਕਰਦਾ ਹੋਇਆ ਹੋਕਾ ਦਿੰਦਾ ਹੈ, ਜਿਸ ਵਿਚ ਦੇਸ਼ ਨੂੰ ਤਰਸਯੋਗ ਹਾਲਤ ਵਿਚ ਪੇਸ਼ ਕਰਦਿਆਂ ਨਾਟਕਕਾਰ ਦੇਸ਼ ਦੀ ਵਰਤਮਾਨ ਸਥਿਤੀ ਨੂੰ ਸਪੱਟਸ਼ਤਾ ਨਾਲ ਪੇਸ਼ ਕਰਦਾ ਹੈ।
ਮੰਚ ਤੋਂ ਭਿਖਾਰੀ ਵਰਗੇ ਪਾਤਰ ਦੇ ਰੂਪ ਵਿਚ ਦੇਸ਼ ਖ਼ੁਦ ਵਾਰਤਾਲਾਪ ਕਰਦਿਆਂ ਆਪਣੀ ਦਿਨੋ-ਦਿਨ ਨਿੱਘਰ ਰਹੀ ਸਥਿਤੀ ਤੋਂ ਜਾਣੂ ਕਰਵਾਉਂਦਾ ਹੋਇਆ ਆਮ ਨਾਗਰਿਕ ਨੂੰ ਹਲੂਣਾ ਮਾਰਦਾ ਹੈ ਕਿ ਆਮ ਲੋਕ ਆਪਣੇ ਅਤੇ ਮੁਲਕ ਦੀ ਬਿਹਤਰੀ ਲਈ ਸੋਚ-ਸਮਝ ਕੇ ਕਦਮ ਪੁੱਟਣ। ਪੁਸਤਕ ਦਾ ਦੂਸਰਾ ਨਾਟਕ 'ਧੀਆਂ ਤੇ ਜ਼ੁਲਮ ਕਮਾਉ ਨਾ' ਵਿਸ਼ੇਸ਼ ਨਾਟਕੀ ਯੁਗਤ ਦਾ ਨਾਟਕ ਹੈ। ਅਸਲ ਵਿਚ ਦੋ ਮਾਵਾਂ ਜਾਂ ਦੋ ਕੁੱਖਾਂ ਦੀ ਦਲੀਲੀ ਟੱਕਰ 'ਚੋਂ ਉਪਜਦਾ ਇਹ ਨਾਟਕ ਭਰੂਣ ਹੱਤਿਆ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਵੀ ਕਰਦਾ ਹੈ ਤੇ ਨਕਾਰਦਾ ਵੀ ਹੈ। ਇਸੇ ਤਰ੍ਹਾਂ ਤੀਸਰੇ ਨਾਟਕ 'ਮੈਂ ਕੈਨੇਡਾ ਜਾਣਾ' ਰਾਹੀਂ ਜ਼ਮੀਨੀ ਹਕੀਕਤਾਂ 'ਤੇ ਭਾਰੂ ਹੋਈ ਵਿਦੇਸ਼ ਜਾਣ ਦੀ ਇੱਛਾ ਨੂੰ ਨਾਟਕਕਾਰ ਨਾਟਕੀਅਤ ਰਾਹੀਂ ਉਜਾਗਰ ਕਰਦਾ ਹੈ। ਇਨ੍ਹਾਂ ਨਾਟਕਾਂ ਵਿਚੋਂ ਸੋਨੀ ਇਕ ਸ਼ਾਇਰ ਅਤੇ ਨਾਵਲਕਾਰ ਦੇ ਰੂਪ ਵਿਚ ਵੀ ਝਲਕਦਾ ਹੈ। ਪਾਤਰੀ ਵਾਰਤਾਲਾਪ ਵਿਚੋਂ ਕਾਵਿ ਸੁਰ ਵੀ ਉੱਭਰਦੀ ਹੈ, ਬਹੁਤ ਸਾਰੇ ਡਾਇਲਾਗ ਕਵਿਤਾ ਵਰਗੀ ਕੋਮਲਤਾ ਅਤੇ ਰਵਾਨੀ ਵਾਂਗ ਪੜ੍ਹੇ-ਸੁਣੇ ਜਾ ਸਕਦੇ ਹਨ। ਇਸੇ ਤਰ੍ਹਾਂ ਕਿਤੇ-ਕਿਤੇ ਦ੍ਰਿਸ਼ ਜਾਂ ਸਥਿਤੀ ਖੁੱਲ੍ਹ ਕੇ ਪੇਸ਼ ਕਰਨਾ ਲੇਖਕ ਦਾ ਇਕ ਨਾਵਲੀ ਗੁਣ ਹੈ। ਨਾਟਕਕਾਰ ਦੇ ਇਨ੍ਹਾਂ ਦੋਵਾਂ ਗੁਣਾਂ ਕਰਕੇ ਇਹ ਨਾਟਕ ਵਧੇਰੇ ਦਿਲਚਸਪ ਅਤੇ ਸਮਝਣਯੋਗ ਬਣਦੇ ਹਨ।
ਮੂਲ ਰੂਪ ਵਿਚ ਇਸ ਪੁਸਤਕ ਵਿਚਲੇ ਤਿੰਨੇ ਨਾਟਕ ਸਮਾਜ ਦੀਆਂ ਚਰਚਿਤ ਅਤੇ ਚਰਚਾ ਮੰਗਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ ਮਨੁੱਖੀ ਮਨ ਨੂੰ ਹਲੂਣਦੇ ਹਨ, ਜਿਸ ਨਾਲ ਇਕ ਲੇਖਕ ਆਪਣਾ ਫ਼ਰਜ਼ ਪੂਰਾ ਕਰਦਾ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਹੜੇ ਇਸ ਨਾਟਕ ਸੰਗ੍ਰਿਹ ਦਾ ਸਵਾਗਤ ਹੈ।

-ਡਾ: ਨਿਰਮਲ ਜੌੜਾ
ਮੋ: 98140 78799

c c c

ਬਦਲੇ ਤੌਰ-ਤਰੀਕੇ
ਲੇਖਕ : ਨੈਣਪਾਲ ਸਿੰਘ ਮਾਨ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 84
ਸੰਪਰਕ : 94633-84266.

'ਬਦਲੇ ਤੌਰ-ਤਰੀਕੇ' ਨੈਣਪਾਲ ਸਿੰਘ ਮਾਨ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚੋਂ 50-60 ਸਾਲ ਪਹਿਲਾਂ ਦੇ ਪੁਰਾਣੇ ਪੰਜਾਬ ਦੀ ਝਲਕ ਸਾਫ਼ ਨਜ਼ਰੀਂ ਪੈਂਦੀ ਹੈ। ਬਦਲ ਰਿਹਾ ਪੇਂਡੂ ਜੀਵਨ, ਜਨ-ਸਾਧਾਰਨ ਦੀ ਰਹਿਣੀ-ਬਹਿਣੀ, ਕਾਰ-ਵਿਹਾਰ, ਸਮਾਜਿਕ ਰਿਸ਼ਤੇ-ਨਾਤਿਆਂ 'ਚ ਪੈਂਦੀਆਂ ਤਰੇੜਾਂ, ਸਦਾਚਾਰਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਜੀਵਨ ਵਿਚ ਆਏ ਬਦਲਾਵਾਂ ਨੂੰ ਵੀ ਉਸ ਨੇ ਆਪਣੀ ਕਵਿਤਾ ਦਾ ਵਿਸ਼ਾ-ਵਸਤੂ ਬਣਾਇਆ ਹੈ।
ਅਜੋਕੇ ਸਮਾਜ ਵਿਚ ਆਏ ਨਿਘਾਰਾਂ, ਵਿਸੰਗਤੀਆਂ ਅਤੇ ਸਮਾਜਿਕ ਜੀਵਨ ਨਾਲ ਸਬੰਧਤ ਨਾਂਹ-ਪੱਖੀ ਸਰੋਕਾਰਾਂ ਬਾਰੇ ਵੀ ਉਹ ਸੁਚੇਤ ਹੋ ਕੇ ਪਾਠਕ ਨੂੰ ਜਾਗਰੂਕ ਕਰਦਾ ਹੈ ਅਤੇ ਲੋਕ ਹਿਤੈਸ਼ੀ ਜੀਵਨ ਜਿਊਣ ਲਈ ਪ੍ਰੇਰਿਤ ਹੈ। ਮੇਰਾ ਵਸਦਾ ਰਹੇ ਪੰਜਾਬ, ਬੰਦਿਆ ਤੁਰ ਜਾਣਾ, ਘੁੱਗੂ ਖ਼ਤਰੇ ਦਾ, ਬਦਲੇ ਤੌਰ-ਤਰੀਕੇ, ਪਾਪ-ਪੁੰਨ ਦੀ ਤਾਣੀ, ਠੱਗਾਂ ਦੇ ਕਿਹੜਾ ਹਲ ਚਲਦੇ, ਆ ਗਿਆ ਬੁਰਾ ਜ਼ਮਾਨਾ, ਮੁੰਡਿਓਂ ਸੁਣੋ ਸਟੋਰੀ, ਕੁੜੀਓ ਕੀਤਾ ਕੰਮ ਬਥੇਰਾ, ਜਵਾਨੀ ਗੁਜ਼ਰ ਗਈ, ਸਾਨੂੰ ਗਿੱਧੇ 'ਚ ਵਾਜ਼ ਨਾ ਮਾਰੀ ਅਤੇ ਕੀ ਡਿਗ ਗਿਆ ਬਜ਼ੁਰਗਾ ਤੇਰਾ ਆਦਿ ਇਸ ਸੰਗ੍ਰਹਿ ਦੀਆਂ ਦਿਲਚਸਪ ਪੜ੍ਹਨਯੋਗ ਕਵਿਤਾਵਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਮਾਨਸਿਕ ਅਨੰਦ ਪ੍ਰਾਪਤ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ
ਸੰਪਾਦਕ : ਡਾ: ਪਲਵਿੰਦਰ ਕੌਰ, ਪ੍ਰੋ: ਰਮਨਪ੍ਰੀਤ ਕੌਰ ਚੌਹਾਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 127
ਸੰਪਰਕ : 93563-21426.

ਇਸ ਪੁਸਤਕ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਪ੍ਰਾਯੋਜਿਤ ਸੈਮੀਨਾਰ ਦੌਰਾਨ ਪੜ੍ਹੇ ਗਏ ਸ਼ੋਧ-ਪੱਤਰਾਂ ਅਤੇ ਬਹਿਸ ਨੂੰ ਪੁਸਤਕ ਰੂਪ 'ਚ ਛਾਪਣ ਦਾ ਉਪਰਾਲਾ ਕੀਤਾ ਗਿਆ ਹੈ।
ਸਿਰਕੱਢ ਪੰਜਾਬੀ ਦੇ ਕੁਝ ਵਿਦਵਾਨਾਂ ਦੇ ਸੰਖੇਪ ਭਾਸ਼ਣਾਂ ਤੋਂ ਇਲਾਵਾ ਇਸ ਕਿਤਾਬ ਵਿਚ 24 ਆਲੋਚਕਾਂ ਦੇ ਖੋਜ-ਪੱਤਰ ਸ਼ਾਮਿਲ ਹਨ। ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅੱਛੇ ਖੋਜ ਪੱਤਰ ਲਿਖੇ ਗਏ ਹਨ, ਜਿਵੇਂ ਰੇਡੀਓ ਪ੍ਰਸਾਰਨ ਵਿਚ ਪੰਜਾਬੀ ਮਾਨਵੀ ਵਿਕਾਸ ਅਤੇ ਸੰਚਾਰ ਦਾ ਆਪਸੀ ਰਿਸ਼ਤਾ : ਮੀਡੀਆ, ਇਲੈਕਟ੍ਰਾਨਿਕ ਮੀਡੀਏ ਦਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਨੌਜਵਾਨਾਂ 'ਤੇ ਪ੍ਰਭਾਵ, ਸੱਭਿਆਚਾਰ ਅਤੇ ਮੀਡੀਏ ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਵਿਚ ਸਮ-ਅਰਥ ਅਤੇ ਸਮਤੁੱਲ ਸ਼ਬਦਾਵਲੀ ਦੀ ਘਾਟ, ਪੰਜਾਬੀ ਸੱਭਿਆਚਾਰ ਅਤੇ ਮੀਡੀਆ : ਵਰਤਮਾਨ ਪਰਿਪੇਖ, ਜੀਵਨ ਦੇ ਵਿਕਾਸ ਵਿਚ ਮੀਡੀਆ ਦੀ ਭੂਮਿਕਾ, ਪੰਜਾਬੀ ਭਾਸ਼ਾ ਅਤੇ ਮੀਡੀਆ, ਪੰਜਾਬੀ ਨਾਟਕ, ਰੰਗਮੰਚ ਤੇ ਮੀਡੀਆ : ਅੰਤਰ ਸੰਵਾਦ, ਖਪਤਕਾਰੀ ਦੌਰ ਵਿਚ ਸੱਭਿਆਚਾਰ ਧੁੰਦਲਕਾ, ਵਿਸ਼ਵੀਕਰਨ : ਪੰਜਾਬੀ ਸੱਭਿਆਚਾਰ ਅਤੇ ਮੀਡੀਆ, ਪੰਜਾਬੀ ਜਨ-ਜੀਵਨ ਵਿਚ ਮੀਡੀਆ ਦੀ ਸਾਰਥਕ ਭੂਮਿਕਾ, ਭਾਸ਼ਾ ਦੇ ਤਕਨੀਕੀਕਰਨ ਵਿਚ ਕੰਪਿਊਟਰ ਦਾ ਯੋਗਦਾਨ, ਅੰਤਰ ਸੱਭਿਆਚਾਰ ਸੰਚਾਰ ਅਤੇ ਸੱਭਿਆਚਾਰ ਸੂਖ਼ਮ ਅੰਤਰ ਭੇਦ।
ਸਾਰੇ ਖੋਜ ਪੱਤਰ ਢੁਕਵੀਂ ਤੇ ਸਰਲ ਸ਼ਬਦਾਵਲੀ 'ਚ ਲਿਖੇ ਗਏ ਹਨ। ਵਿਸ਼ਿਆਂ 'ਚ ਦੁਹਰਾਓ ਹੈ। ਸਾਰੇ ਖੋਜ ਪੱਤਰਾਂ ਦਾ ਮੂਲ ਮਕਸਦ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵਿਚ ਆਏ ਚੰਗੇ-ਮਾੜੇ ਬਦਲਾਵਾਂ ਨੂੰ ਸੰਭਾਵੀ ਤਬਦੀਲੀਆਂ ਦੇ ਪ੍ਰਯੋਗ/ਪ੍ਰਸੰਗ ਵਿਚ ਵਾਚਣਾ ਹੈ। ਮੀਡੀਆ ਨਾਲ ਵਾਬਸਤਾ ਪਾਠਕ, ਆਲੋਚਕਾਂ ਲਈ ਪੁਸਤਕ ਇਕ ਹੋਰ ਵਾਧਾ ਕਰਦੀ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

c c c

ਮੈਂ ਕਿਤਾਬ ਅਣਮੁੱਲੀ ਹਾਂ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 98726-26531.

ਇਸ ਪੁਸਤਕ 'ਚ ਬਾਲਾਂ ਲਈ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦੇ 12 ਭਾਗ ਹਨ ਅਤੇ ਹਰੇਕ ਭਾਗ 'ਚ 5 ਤੋਂ ਵੱਧ ਕਵਿਤਾਵਾਂ ਦਰਜ ਹਨ। ਇਨ੍ਹਾਂ ਦੇ ਵਿਸ਼ੇ ਵੰਨ-ਸੁਵੰਨੇ ਹਨ, ਜਿਵੇਂ : ਸਕੂਲ, ਸੁੂਰਜ, ਧਰਤੀ, ਹਵਾ, ਪਾਣੀ, ਕਿਤਾਬ, ਸੇਵਾਦਾਰ, ਖੇਤ, ਖਾਲ਼, ਦਾਦੀ, ਬਲਦ, ਪਿੱਪਲ, ਬੋਹੜ, ਜ਼ਿੰਦਗੀ, ਪੰਜਾਬ, ਸੁਪਨੇ, ਛੁੱਟੀਆਂ, ਟਾਹਲੀ, ਬਾਪੂ, ਨਸ਼ੇ ਆਦਿ। ਗੱਲ ਕੀ ਹਰ ਕਵਿਤਾ 'ਚ ਕੁਝ ਨਾ ਕੁਝ ਨਵਾਂ ਸਿਖਾਉਣ ਅਤੇ ਸਮਝਾਉਣ ਦਾ ਸਾਰਥਕ ਯਤਨ ਕੀਤਾ ਗਿਆ ਹੈ। ਭਾਗ ਦੂਜਾ 'ਚ ਕਿਤਾਬਾਂ ਅਤੇ ਲਾਇਬ੍ਰੇਰੀ ਦੀ ਅਹਿਮੀਅਤ 'ਤੇ ਚਾਨਣਾ ਪਾਇਆ ਗਿਆ ਹੈ। ਮਿਸਾਲ ਵਜੋਂ :
* ਕਿਤਾਬਾਂ ਵਿਚਲੀਆਂ ਸਾਰੀਆਂ ਗੱਲਾਂ ਮੈਂ ਸੱਤ ਕਰਕੇ ਮੰਨਾ,
ਮਿੱਠੀਆਂ ਨੇ ਸਿਖਿਆਵਾਂ, ਜਿਵੇਂ ਹੁੰਦਾ ਰਸਭਰਿਆ ਗੰਨਾ।
* ਜਦੋਂ ਵੀ ਕਦੇ ਮੇਰੀ ਇਹ ਕਿਤਾਬ ਬੋਲੂਗੀ,
ਉਦੋਂ ਦੁਨੀਆ ਦੇ ਕਈ ਗੁੱਝੇ ਭੇਦ ਖੋਲੂਗੀ।
ਕਵਿਤਾਵਾਂ ਸੇਵਾਦਾਰ ਬਿਨਾਂ ਸਕੂਲ, ਅਸੀਂ ਦੋ ਸਹੇਲੀਆਂ, ਇਕ ਸਕੂਲ ਹੈ, ਕਿਤਾਬ ਘਰ, ਛੁੱਟੀਆਂ ਵਾਲੇ ਦਿਨ, ਮੇਰੇ ਬਾਪੂ ਵਰਗਾ, ਸੁਪਨਾ ਵੇ ਬਾਬਲਾ, ਆਓ ਬੱਚਿਓ ਅਤੇ ਹੋਰਾਂ ਨੂੰ ਵਾਰ-ਵਾਰ ਪੜ੍ਹਨ ਲਈ ਦਿਲ ਕਰਦਾ ਹੈ। ਇਨ੍ਹਾਂ 'ਚ ਜੀਵਨ ਦੇ ਅਤੀਤ, ਵਰਤਮਾਨ ਅਤੇ ਭਵਿੱਖ ਤਿੰਨਾਂ ਨੂੰ ਹੀ ਆਧਾਰ ਬਣਾਇਆ ਗਿਆ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਆਤਮ ਖੋਜ
ਲੇਖਕ : ਡਾ: ਹਰਦੀਪ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94171-46113.

ਡਾ: ਹਰਦੀਪ ਸਿੰਘ ਆਪਣੀ ਪਲੇਠੀ ਪੁਸਤਕ 'ਆਤਮ ਖੋਜ' ਰਾਹੀਂ ਪਾਠਕਾਂ ਦੇ ਰੂਬਰੂ ਹੋਏ ਹਨ। ਲੇਖਕ ਅਨੁਸਾਰ ਕੁਦਰਤ ਉਹ ਨਹੀਂ ਹੈ, ਜਿਸ ਨੂੰ ਅਸੀਂ ਆਲੇ-ਦੁਆਲੇ ਵੇਖਦੇ ਹਾਂ, ਸਗੋਂ ਕੁਦਰਤ ਉਹ ਹੈ ਜੋ ਅਸੀਂ ਵੇਖ ਸਕਦੇ ਹਾਂ ਅਤੇ ਉਹ ਵੀ ਹੈ ਜੋ ਅਸੀਂ ਨਹੀਂ ਵੇਖ ਸਕਦੇ। ਸਾਰੀ ਕਾਇਨਾਤ ਮਿਲ ਕੇ ਕੁਦਰਤ ਬਣਦੀ ਹੈ। 'ਕੁਦਰਤਿ ਕੇ ਸਭ ਬੰਦੇ' ਤੁਕ ਬਾਰੇ ਲੇਖਕ ਕਹਿੰਦਾ ਹੈ ਕਿ ਅਸੀਂ ਸਮਝਦੇ ਹਾਂ ਕਿ ਬੰਦੇ ਭਾਵ ਇਨਸਾਨ ਪਰ ਇਥੇ ਬੰਦੇ ਉਹ ਹਨ ਜੋ ਉਸ ਦੀ ਬੰਦਗੀ ਵਿਚ ਖੜ੍ਹੇ ਹਨ। ਉਸ ਦੀ ਬੰਦਗੀ ਵਿਚ ਆਦਮੀ, ਔਰਤਾਂ, ਬੱਚੇ, ਬੁੱਢੇ, ਜਾਨਵਰ, ਬਨਸਪਤੀ, ਪਾਣੀ, ਪਹਾੜ, ਹਵਾ, ਆਕਾਸ਼, ਸੂਰਜ, ਤਾਰੇ ਸਭ ਧਰਤੀਆਂ ਜਿੰਨਾ ਵੀ ਜੀਵਨ ਹੈ, ਉਸ ਦੇ ਹੁਕਮ ਵਿਚ ਚਲ ਰਹੇ ਹਨ। ਇਸ ਤੋਂ ਅੱਗੇ ਲੇਖਕ 'ਏਕ ਨੂਰ ਤੇ ਸਭੁ ਜਗੁ ਉਪਜਿਆ ਕਾਉਨ ਭਰੇ ਕੋ ਮੰਦੇ॥' ਦਾ ਅਰਥ ਬਾਰੇ ਸਪੱਸ਼ਟ ਕਰਦਾ ਹੈ। ਉਸ ਇਕ ਪਰਮਾਤਮਾ ਦੇ ਨੂਰ ਭਾਵ ਰੌਸ਼ਨੀ ਤੋਂ ਸਾਰੇ ਜਗਤ ਉਤਪੰਨ ਹੋਏ ਹਨ, ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ? ਪਰ ਉਹ ਹਰ ਕੰਮ ਜਿਸ ਨਾਲ ਦੂਸਰੇ ਨੂੰ ਦੁੱਖ ਪਹੁੰਚੇ ਉਹ ਕੰਮ ਮੰਦੇ ਹਨ। ਲੇਖਕ ਨੇ ਇਸ ਪੁਸਤਕ ਰਾਹੀਂ ਅੰਧ-ਵਿਸ਼ਵਾਸਾਂ ਦੀ ਗੱਲ ਕੀਤੀ ਹੈ ਕਿ ਕਿਤੇ ਭੋਲੇ-ਭਾਲੇ ਤੇ ਡਰੇ ਹੋਏ ਲੋਕ ਮਾਨਸਿਕ ਰੋਗਾਂ ਦਾ ਇਲਾਜ ਕਰਾਉਣ ਦੀ ਥਾਂ ਪਖੰਡੀ ਸਾਧੂ ਸੰਤਾਂ ਦਾ ਸਹਾਰਾ ਲੈਂਦੇ ਹਨ, ਜੋ ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਪੈਸਾ ਕਮਾਉਂਦੇ ਤੇ ਉਨ੍ਹਾਂ ਦੀ ਇੱਜ਼ਤ ਨਾਲ ਖੇਡਦੇ ਹਨ। ਇਹ ਪੁਸਤਕ ਵਹਿਮਾਂ-ਭਰਮਾਂ ਤੇ ਪਖੰਡਾਂ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਜਾਗ੍ਰਿਤ ਤੇ ਸੁਚੇਤ ਕਰਦੀ ਹੈ।

-ਡਾ: ਰਜਵਿੰਦਰ ਕੌਰ ਨਾਗਰਾ
ਮੋ: 96460-01807.

c c c

ਗੋਆ-ਮੁੰਬਈ ਵਾਇਆ ਯੂ.ਕੇ.
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 110
ਸੰਪਰਕ : 98147-83069.

ਪੰਜਾਬੀ ਗਲਪਕਾਰੀ ਅਤੇ ਨਾਟਕਕਾਰੀ ਦੇ ਖੇਤਰਾਂ ਵਿਚ ਸਤਿਕਾਰਿਤ-ਸਨਮਾਨਿਤ ਲੇਖਕ ਸ: ਬਲਦੇਵ ਸਿੰਘ (ਸੜਕਨਾਮਾ) ਮਨੁੱਖੀ ਜੀਵਨ ਅਤੇ ਜਗਤ ਨੂੰ ਡੂੰਘੀ ਨੀਝ ਨਾਲ ਵੇਖਣ ਅਤੇ ਚਿਤ੍ਰਣ ਵਾਲਾ ਪ੍ਰਤਗੀਸ਼ੀਲ ਲੇਖਕ ਹੈ। 'ਗੋਆ-ਮੁੰਬਈ ਵਾਇਆ ਯੂ.ਕੇ.' ਕਿਸੇ ਇਕ ਸਫ਼ਰਨਾਮੇ ਦਾ ਨਾਂਅ ਨਹੀਂ ਹੈ ਬਲਕਿ ਇਸ ਵਿਚ ਯੂ.ਕੇ. (ਇੰਗਲੈਂਡ) ਅਤੇ ਗੋਆ-ਮੁੰਬਈ ਦੀਆਂ ਯਾਤਰਾਵਾਂ ਨਾਲ ਸਬੰਧਤ ਦੋ ਸਫ਼ਰਨਾਮੇ ਅੰਕਿਤ ਹੋਏ ਹਨ। ਉਸ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋ ਸਫ਼ਰਨਾਮਿਆਂ 'ਮੋਗਾ-ਸਿੰਘਾਪੁਰ ਵਾਇਆ ਚੀਨ' ਅਤੇ 'ਰੋਹਤਾਂਗ-ਮਾਊਂਟ ਆਬੂ ਵਾਇਆ ਲਾਹੌਰ' ਦੀ ਰਚਨਾ ਕੀਤੀ ਸੀ। ਯੂ.ਕੇ. ਦੀ ਯਾਤਰਾ ਉਸ ਨੇ 2012 ਈ: ਵਿਚ ਕੀਤੀ, ਜਦੋਂ ਉਹ ਜੂਨ-ਜੁਲਾਈ ਦੇ ਮਹੀਨਿਆਂ ਵਿਚ ਕਵੈਂਟਰੀ ਅਤੇ ਸਾਊਥਹਾਲ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਸਿਲਸਿਲੇ ਵਿਚ ਉਥੇ ਗਿਆ ਸੀ। ਲੇਖਕ ਨੇ 19 ਜੂਨ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਏ ਅੱਡੇ ਤੋਂ ਫਲਾਈਟ ਪਕੜੀ ਅਤੇ 20 ਜੂਨ ਨੂੰ ਸਾਢੇ ਦਸ ਵਜੇ (ਇੰਗਲੈਂਡ ਦਾ ਸਮਾਂ) ਲੰਡਨ ਪਹੁੰਚ ਗਿਆ। ਇੰਗਲੈਂਡ ਵਿਚ ਉਹ ਆਪਣੇ ਮਿੱਤਰ ਮਹਿੰਦਰ ਪਾਲ ਪਾਸ ਠਹਿਰਿਆ। ਇਨ੍ਹਾਂ ਥੋੜ੍ਹੇ ਜਿਹੇ ਦਿਨਾਂ ਵਿਚ ਉਹ ਇੰਗਲੈਂਡ ਦੇ ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਮਿਲਿਆ, ਰੇਡੀਉ ਉੱਪਰ ਆਪਣੀਆਂ ਮੁਲਾਕਾਤਾਂ ਪ੍ਰਸਾਰਿਤ ਕਰਵਾਈਆਂ ਅਤੇ ਸਾਊਥਹਾਲ ਦੀਆਂ ਗਲੀਆਂ ਵਿਚ ਖੂਬ ਘੁੰਮਿਆ-ਫਿਰਿਆ। ਮਹਿੰਦਰ ਪਾਲ ਨੇ ਉਸ ਦੀ ਬਹੁਤ ਚੰਗੀ ਸੇਵਾ ਅਤੇ ਮਹਿਮਾਨ-ਨਿਵਾਜ਼ੀ ਕੀਤੀ। ਇਸ ਸਫ਼ਰਨਾਮੇ ਦੇ ਇਕ ਅਧਿਆਇ ਵਿਚ ਉਸ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਅਤੇ ਸਾਊਥਹਾਲ ਦੇ ਗੁਰਦੁਆਰਿਆਂ ਬਾਰੇ ਬੜੀ ਵਿਸਤ੍ਰਿਤ ਚਰਚਾ ਕੀਤੀ ਹੈ।
ਗੋਆ-ਮੁੰਬਈ ਦੀ ਯਾਤਰਾ ਦਾ ਵਿਵਰਣ 15-16 ਪੰਨਿਆਂ ਵਿਚ ਹੀ ਮੁਕਾ ਦਿੱਤਾ ਗਿਆ ਹੈ। ਇਹ ਯਾਤਰਾ ਬਲਦੇਵ ਸਿੰਘ ਅਤੇ ਉਸ ਦੇ ਤਿੰਨ ਹੋਰ ਮਿੱਤਰਾਂ (ਕੈਪਟਨ ਸ਼ਰਮਾ, ਗੁਰਮੇਲ ਸਿੰਘ ਅਤੇ ਬਲਵਿੰਦਰ ਭੁੱਲਰ) ਨੇ ਮਿਲ ਕੇ ਕੁਚੀਵੇਲੀ ਐਕਸਪ੍ਰੈੱਸ ਟ੍ਰੇਨ (ਅੰਮ੍ਰਿਤਸਰ-ਗੋਆ) ਦੁਆਰਾ ਕੀਤੀ ਸੀ। ਵਾਪਸੀ 'ਤੇ ਉਹ ਮੁੰਬਆ ਦਾ ਵੀ ਇਕ ਚੱਕਰ ਮਾਰ ਆਏ ਸਨ। ਕੁੱਲ ਤਿੰਨ-ਚਾਰ ਦਿਨ ਗੋਆ ਅਤੇ ਮੁੰਬਈ ਵਿਚ ਬਿਤਾ ਕੇ ਇਹ ਚਾਰੇ ਮਿੱਤਰ ਅੰਤ ਮੋਗੇ ਪਰਤ ਆਏ। ਇਹ ਦੋਵੇਂ ਸਫ਼ਰਨਾਮੇ ਕਾਫੀ ਰੌਚਿਕ ਹਨ। ਬਲਦੇਵ ਸਿੰਘ ਇਕ ਜਿੰਦਾਦਿਲ ਅਤੇ ਹਸਮੁੱਖ ਵਿਅਕਤੀ ਹੈ। ਉਸ ਦੀ ਜ਼ਿੰਦਾਦਿਲੀ ਦੇ ਪ੍ਰਸੰਗ ਸਫ਼ਰਨਾਮਿਆਂ ਵਿਚ ਥਾਂ-ਪੁਰ-ਥਾਂ ਝਲਕਦੇ ਹਨ, ਜਿਨ੍ਹਾਂ ਕਾਰਨ ਉਸ ਦੀ ਇਹ ਪੁਸਤਕ ਇਕ ਪੜ੍ਹਨ ਤੇ ਮਾਣਨਯੋਗ ਰਚਨਾ ਬਣ ਗਈ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਨੂਰ ਦੇ ਗੀਤ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ.), ਗੜ੍ਹਸ਼ੰਕਰ-ਹੁਸ਼ਿਆਰਪੁਰ
ਮੁੱਲ : 40 ਰੁਪਏ, ਸਫ਼ੇ : 32
ਸੰਪਰਕ : 99151-82971.

ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਪੰਜ ਤੋਂ ਅੱਠ ਸਾਲਾਂ ਦੇ ਉਮਰ-ਗੁੱਟ ਦੇ ਬਾਲ ਪਾਠਕਾਂ ਨੂੰ ਕੇਂਦਰ ਵਿਚ ਰੱਖ ਕੇ ਲਿਖੀ ਗਈ ਹੈ। ਕਵੀ ਨੇ ਬਾਲ ਸਾਹਿਤ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਸਮਾਜਿਕ ਰਿਸ਼ਤੇ ਨਾਤਿਆਂ ਨਾਲ ਵਾਕਫ਼ੀਅਤ ਕਰਵਾਉਣ ਦਾ ਪ੍ਰਯਤਨ ਕੀਤਾ ਹੈ। ਇਹ ਸਾਰੇ ਗੀਤ ਛੋਟੀ ਜਿਹੀ ਬਾਲੜੀ ਨੂਰ ਵੱਲੋਂ ਆਪਣੇ ਵੰਨ-ਸੁਵੰਨੇ ਰਿਸ਼ਤੇਦਾਰਾਂ ਦੇ ਕਾਵਿਮਈ ਰੇਖਾ ਚਿੱਤਰ ਹਨ। ਇਨ੍ਹਾਂ ਵਿਚ ਉਹ ਕਦੇ ਨਾਨੀ ਜੀ, ਕਦੇ ਨਾਨਾ ਜੀ, ਕਦੇ ਮੰਮੀ, ਕਦੇ ਪਾਪਾ, ਕਦੇ ਮਾਸੀ ਅਤੇ ਕਦੇ ਦਾਦਾ ਜੀ ਦੀ ਸ਼ਖ਼ਸੀਅਤ ਬਾਰੇ ਆਪਣੀਆਂ ਮਾਸੂਮ ਅਤੇ ਕੋਮਲ ਭਾਵਨਾਵਾਂ ਨੂੰ ਵਿਅਕਤ ਕਰਦੀ ਹੈ। ਇਨ੍ਹਾਂ ਗੀਤਾਂ ਵਿਚ ਹਰ ਰਿਸ਼ਤੇ ਦੇ ਸੁਭਾਅ ਨੂੰ ਉਕਰਦਿਆਂ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਬਾਰੇ ਵੀ ਸੋਝੀ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਸੰਗ ਵਿਚ 'ਦਾਦਾ ਜੀ' ਗੀਤ ਦੀ ਮਿਸਾਲ ਦਿਤੀ ਜਾ ਸਕਦੀ ਹੈ :
ਦਾਦਾ ਜੀ ਕੱਲ੍ਹ ਗਏ ਬਾਜ਼ਾਰ। ਲੈ ਕੇ ਆਏ ਚੀਕੂ ਚਾਰ।
ਛੋਟਾ ਡੈਡੀ ਨੂੰ ਫੜਾਇਆ। ਵੱਡਾ ਮੇਰੇ ਹਿੱਸੇ ਆਇਆ।
ਬਾਟੀ ਦੇ ਵਿਚ ਪਾਣੀ ਪਾਇਆ। ਚੀਕੂ ਧੋ ਕੇ ਮੈਨੂੰ ਫੜਾਇਆ।
ਪੁੱਤਰ ਜੀ! ਫ਼ਲ ਕੱਚੇ ਨਾ ਖਾਓ। ਜਦ ਵੀ ਖਾਓ, ਧੋ ਕੇ ਖਾਓ। (ਪੰਨਾ 19)
ਇਸ ਪੁਸਤਕ ਵਿਚ ਬਾਲੜੀ ਨੂਰ ਆਪਣੇ ਭਾਂਤ-ਭਾਂਤ ਦੇ ਖਿਡੌਣਿਆਂ ਬਾਰੇ ਵੀ ਚਾਨਣਾ ਪਾਉਂਦੀ ਹੈ ਅਤੇ ਵੱਡੀ ਹੋ ਕੇ ਸਕੂਲੇ ਜਾਣ ਦੇ ਸੁਪਨੇ ਸਾਂਝੀ ਕਰਦੀ ਹੈ। ਇਉਂ ਇਹ ਬਾਲ ਪੁਸਤਕ ਬਾਲ ਮਨ ਦੀ ਕਲਪਨਾ ਅਤੇ ਉਸ ਦੇ ਸੁਪਨਮਈ ਸੰਸਾਰ ਦੀ ਸਿਰਜਣਾ ਦੇ ਨਾਲ-ਨਾਲ ਉਸ ਦੀ ਵਿਕਸਤ ਹੁੰਦੀ ਜਾ ਰਹੀ ਚੇਤਨਾ ਦੀ ਲਖਾਇਕ ਹੈ। ਪੁਸਤਕ ਵਿਚ ਕੁਲਵਿੰਦਰ ਕੌਰ ਰੂਹਾਨੀ ਨੇ ਢੁਕਵੇਂ ਅਤੇ ਸਜੀਵ ਚਿੱਤਰ ਬਣਾਏ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

11/03/2017

 ਉਹ ਵੀ ਕੋਈ ਦੇਸ ਹੈ ਮਹਾਰਾਜ
ਮੂਲ ਲੇਖਕ : ਅਨਿਲ ਯਾਦਵ
ਅਨੁ: ਖੁਸ਼ਵੰਤ ਬਰਗਾੜੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 98729-89313

ਅਨਿਲ ਯਾਦਵ ਤਿੱਖੀ ਨੀਝ, ਸੰਤੁਲਿਤ ਉਸਾਰੂ ਸੋਚ, ਵਿਸ਼ਾਲ ਅਨੁਭਵ/ਅਧਿਐਨ, ਨਿਡਰ ਬੇਬਾਕ ਲੇਖਣ ਵਾਲਾ ਅਜਿਹਾ ਕਲਮਕਾਰ ਹੈ ਜੋ ਆਪਣੇ ਵਿਚਾਰਾਂ ਤੇ ਪੇਸ਼ਕਾਰੀ ਦੇ ਵਿਲੱਖਣ ਅੰਦਾਜ਼ ਨਾਲ ਪਾਠਕ ਨੂੰ ਕੀਲ ਲੈਂਦਾ ਹੈ। ਖੁਸ਼ਵੰਤ ਬਰਗਾੜੀ ਦੁਆਰਾ ਅਨੁਵਾਦਿਤ ਉਸ ਦੀ ਇਹ ਪੁਸਤਕ ਪਾਠਕ ਪੜ੍ਹਨੀ ਸ਼ੁਰੂ ਕਰੇ ਤਾਂ ਸ਼ਾਇਦ ਸਮਾਪਤ ਕਰਨ ਤੱਕ ਉਹ ਚਾਹ ਰੋਟੀ ਵੀ ਭੁੱਲ ਜਾਏ ਅਤੇ ਯਾਦਵ ਅਜੇ ਵੀ ਕਹਿੰਦਾ ਹੈ ਮੈਂ ਕੋਈ ਲੇਖਕ ਨਹੀਂ। ਦੇਸ਼ ਦੇ ਉੱਤਰ-ਪੂਰਬੀ ਕਿਸੇ ਦਾ ਸਫ਼ਰਨਾਮਾ ਉਹ ਇਸ ਕਿਤਾਬ ਵਿਚ ਪੇਸ਼ ਕਰਦਾ ਹੈ, ਉਸ ਬਾਰੇ ਉਹ/ਉਹਦਾ ਇਕ ਪਾਤਰ ਕਹਿੰਦਾ ਹੈ : ਉਹ ਵੀ ਕੋਈ ਦੇਸ ਹੈ ਮਹਾਰਾਜ।
ਆਸਾਮ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅਰੁਣਾਚਲ ਤੇ ਮਨੀਪੁਰ ਦੇ ਇਸੇ ਦੇਸ਼ ਦੀ ਯਾਤਰਾ ਦੇ ਅਨੁਭਵ ਇਸ ਪੁਸਤਕ ਵਿਚ ਅੰਕਿਤ ਹਨ। ਨੀਰਸ ਦਸਤਾਵੇਜ਼ੀ ਜਾਣਕਾਰੀ ਜਾਂ ਸਵੈ-ਪ੍ਰਸੰਸਾ ਦੀ ਇਕ ਜੁਗਤ ਵਜੋਂ ਨਹੀਂ, ਕਠੋਰ ਯਥਾਰਥ ਦੇ ਰੌਚਕ ਬਿਰਤਾਂਤ ਦੇ ਰੂਪ ਵਿਚ। ਹਰ ਪੰਨੇ ਉੱਤੇ ਕੁਝ ਨਵਾਂ ਪੜ੍ਹਨ ਨੂੰ ਮਿਲਦਾ ਹੈ। ਮਸਲਿਨ ਸਾਰੇ ਨਾਗੇ ਇਕੋ ਕੌਮ/ਕਬੀਲਾ ਨਹੀਂ। ਇਨ੍ਹਾਂ ਦੇ ਕਈ ਕਬੀਲੇ/ਭਾਸ਼ਾਵਾਂ ਹਨ। ਇਹ ਆਪਸ ਵਿਚ ਵੀ ਸਿਰ-ਵੱਢਵਾਂ ਵੈਰ ਰੱਖਦੇ ਹਨ। ਇਹ ਆਜ਼ਾਦੀ ਲਈ ਲੜਦੇ-ਮਰਦੇ ਹਨ ਪਰ ਹਨ ਇਹ ਦਿਸ਼ਾਹੀਣ। ਉੱਤਰ-ਪੂਰਬੀ ਰਾਜਾਂ ਵਿਚ ਨਾਗਾ ਲੋਕਾਂ ਦੀ ਹਿੰਸਾ ਅਤੇ ਸਰਕਾਰੀ/ਸੈਨਿਕ ਕਾਰਵਾਈਆਂ ਨਾਲ ਹਿੰਸਾ ਲੋਕਾਂ ਦੀ ਮਾਨਸਿਕਤਾ ਦਾ ਅੰਗ ਬਣ ਕੇ ਉਸ ਨੂੰ ਵਿਕ੍ਰਿਤ ਕਰ ਚੁੱਕੀ ਹੈ। ਗਣਤੰਤਰ/ਆਜ਼ਾਦੀ ਦਿਵਸ ਦੇ ਸਮਾਰੋਹ ਰਸਮ ਮਾਤਰ ਬਣ ਚੁੱਕੇ ਹਨ। ਕਾਗਜ਼ੀ ਕਾਰਵਾਈ ਵਾਂਗ ਬੰਦ ਕਮਰੇ ਦੀ ਗੁਪਤ/ਸੀਮਤ ਰਸਮ। ਸਰਮਾਏਦਾਰ ਤਾਂ ਮਜ਼ਦੂਰ ਦਾ ਸ਼ੋਸ਼ਣ ਕਰਦੇ ਹੀ ਹਨ, ਮਜ਼ਦੂਰ ਆਗੂ ਵੀ ਸਮਾਂ ਪਾ ਕੇ ਸਰਮਾਏਦਾਰਾਂ ਵਾਂਗ ਚਾਹ ਬਾਗਾਂ ਦੇ ਮਾਲਕ ਬਣ ਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਿਚ ਘੱਟ ਨਹੀਂ ਗੁਜ਼ਾਰਦੇ। ਅੱਤਵਾਦ, ਅੱਤਵਾਦ ਦਾ ਦਮਨ, ਆਤਮ-ਸਮਰਪਣ, ਹਥਿਆਰਬੰਦ ਵਿਦਰੋਹ, ਸ਼ਾਂਤੀ ਸਭ ਕੁਝ ਇਸ ਇਲਾਕੇ ਵਿਚ ਧੰਦੇ ਤੇ ਗੰਧਲੀ ਸਿਆਸਤ ਦਾ ਹਿੱਸਾ ਬਣ ਚੁੱਕਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੋਹ-ਪੁਰਸ਼ : ਜਥੇਦਾਰ ਜਗਦੇਵ ਸਿੰਘ ਤਲਵੰਡੀ
ਲੇਖਕ : ਪ੍ਰੀਤ ਸੰਘਰੇੜੀ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 111
ਸੰਪਰਕ : 98151-69864.

ਇਹ ਪੁਸਤਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਬਾਰੇ ਬਹੁਤ ਹੀ ਸੰਖੇਪ ਜਿਹੀ ਜਾਣਕਾਰੀ ਦਿੰਦੀ ਹੈ। ਤਲਵੰਡੀ ਦੀ ਮੌਤ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਦਿੱਤੇ ਗਏ ਭਾਸ਼ਣਾਂ, ਸ਼ੋਕ ਮਤਿਆਂ ਆਦਿ ਦੇ ਰਾਹੀਂ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ।
ਜਥੇਦਾਰ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਰਾਜ ਸਭਾ ਦੇ ਮੈਂਬਰ, ਕਈ ਦਹਾਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਦੇ ਅਹੁਦਿਆਂ ਉੱਪਰ ਰਹੇ। ਅਜਿਹੇ ਰਾਜਸੀ ਆਗੂ ਬਾਰੇ ਬੜੇ ਵਿਸਥਾਰ ਨਾਲ ਖੋਜ-ਪੜਤਾਲ ਕਰਕੇ ਪਾਠਕਾਂ ਅਤੇ ਰਾਜਸੀ ਕਾਰਕੁੰਨਾਂ ਨੂੰ ਮਹੱਤਵਪੂਰਪਨ ਜਾਣਕਾਰੀ ਦੇਣ ਦੀ ਜ਼ਰੂਰਤ ਹੁੰਦੀ ਹੈ। ਅਜੋਕੇ ਸਮੇਂ ਜਦੋਂ ਰਾਜਸੀ ਖੇਤਰ ਵਿਚ ਵਿਚਰ ਰਹੇ ਲੋਕਾਂ ਵਿਚ ਅਸੂਲ ਪ੍ਰਸਲੀ ਅਤੇ ਲੋਕ ਸੇਵਾ ਦੀ ਭਾਵਨਾ ਦੀ ਥਾਂ ਭ੍ਰਿਸ਼ਟਾਚਾਰ ਹਾਵੀ ਹੋ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਥਾਂ ਇਕ ਸਿਆਸੀ ਜੁਗਾੜਬੰਦੀਆਂ ਦੇ ਮਾਹਰ ਲੋਕ ਸਿਆਸਤ 'ਤੇ ਭਾਰੂ ਹੋ ਗਏ ਹਨ। ਇਸ ਸਮੇਂ ਸੇਵਾ ਦੇ ਪ੍ਰਸੰਗ ਹੀ ਬਦਲ ਗਏ ਹਨ। ਇਸੇ ਕਾਰਨ ਹੀ ਅਕਸਰ ਲੋਕ ਸੰਤ ਲੌਂਗੋਵਾਲ ਅਤੇ ਜਥੇਦਾਰ ਟੌਹੜਾ ਵਰਗੇ ਟਕਸਾਲੀ ਆਗੂਆਂ ਨੂੰ ਯਾਦ ਕਰਦੇ ਹਨ। ਲੋੜ ਸੀ ਕਿ ਲੇਖਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਦੀ ਖੋਜ ਪੜਤਾਲ ਕਰਦਾ ਅਤੇ ਨਿੱਠ ਕੇ ਇਸ ਪੁਸਤਕ ਦੀ ਸਿਰਜਣਾ ਕਰਦਾ।

: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਮੱਧਕਾਲੀ ਪੰਜਾਬੀ ਸਾਹਿਤ ਸਮੀਖਿਆ
(ਗੁਰਮਤਿ ਵਿਚਾਰਧਾਰਾ ਦੇ ਪ੍ਰਸੰਗ 'ਚ)
ਲੇਖਕ : ਡਾ: ਬਲਵਿੰਦਰ ਸਿੰਘ ਥਿੰਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 143
ਸੰਪਰਕ : 94176-06572.

ਮੱਧਕਾਲੀ ਪੰਜਾਬੀ ਸਾਹਿਤ ਵਿਚ ਗੁਰਮਤਿ ਸਾਹਿਤ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਹੈ। ਗੁਰਮਤਿ ਵਿਚਾਰਧਾਰਾ ਦੀ ਵਡਿਆਈ ਇਹ ਹੈ ਕਿ ਇਕ ਪਾਸੇ ਇਹ ਪਰਮਾਤਮਾ ਨਾਲ ਜੁੜੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਇਸ ਸਾਹਿਤ ਵਿਚੋਂ ਸਾਨੂੰ ਸਮਾਜਿਕ ਸਰੋਕਾਰਾਂ ਬਾਰੇ ਵੀ ਗਿਆਨ ਉਪਲਬਧ ਹੁੰਦਾ ਹੈ।
ਮੱਧਕਾਲੀ ਸਾਹਿਤ ਵਿਚ ਗੁਰਮਤਿ ਕਾਵਿਧਾਰਾ ਦੇ ਅੰਤਰਗਤ ਸਾਨੂੰ ਲੌਕਿਕਤਾ ਤੇ ਪਾਰਲੌਕਿਕਤਾ ਦੇ ਦਰਸ਼ਨ ਹੁੰਦੇ ਹਨ। ਇਸੇ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਡਾ: ਬਲਵਿੰਦਰ ਸਿੰਘ ਥਿੰਦ ਨੇ ਇਹ ਹਥਲੀ ਪੁਸਤਕ ਪੰਜਾਬੀ ਪਾਠਕਾਂ ਸਨਮੁਖ ਪੇਸ਼ ਕੀਤੀ ਹੈ। ਇਸ ਪੁਸਤਕ ਵਿਚ ਮੱਧਕਾਲੀ ਪੰਜਾਬੀ ਸਾਹਿਤ ਦਾ ਪਿਛੋਕੜ ਅਤੇ ਰਚਨਾ ਪ੍ਰਕਿਰਿਆ, ਸ਼ਾਸਤਰ ਤੋਂ ਸ਼ਸਤਰ ਦਾ ਸਫ਼ਰ ਅਤੇ ਸ਼ਹਾਦਤ ਤੋਂ ਖ਼ਾਲਸਾ ਪੰਥ ਦੀ ਸਾਜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਹਾਗਣ ਦਾ ਸੰਕਲਪ, ਮਾਝ ਕੀ ਵਾਰ ਦਾ ਵਿਚਾਰਧਾਰਕ ਅਧਿਐਨ, 'ਚੰਡੀ ਦੀ ਵਾਰ' ਦਾ ਮਿਥਿਹਾਸਕ ਅਧਿਐਨ, ਦਸਵੰਧ, ਸੇਵਾ ਤੇ ਸਿਮਰਨ ਦੇ ਸਮਾਜਿਕ ਸਰੋਕਾਰ ਅਤੇ ਗੁਰਮਤਿ ਪਰਿਪੇਖ ਵਿਚ ਸੰਤ ਦਾ ਸੰਕਲਪ ਨਾਮੀ ਲੇਖ ਮਿਲਦੇ ਹਨ।
ਡਾ: ਥਿੰਦ ਨੇ ਇਹ ਪੁਸਤਕ ਲਿਖ ਕੇ ਗੁਰਮਤਿ ਸਾਹਿਤ ਵਿਚ ਗੁਣਾਤਮਕ ਵਾਧਾ ਕੀਤਾ ਹੈ। ਡਾ: ਥਿੰਦ ਨੇ ਹਰ ਵਿਸ਼ੇ ਨੂੰ ਬੜੀ ਪ੍ਰਬੀਨਤਾ ਸਹਿਤ ਨਿਭਾਇਆ ਹੈ। ਮੱਧਕਾਲ ਦੇ ਪੰਜਾਬੀ ਸਾਹਿਤ ਦੀ ਉਸ ਨੂੰ ਡੂੰਘੀ ਸਮਝ, ਇਹ ਪੁਸਤਕ ਹੈ। ਗੁਰਬਾਣੀ ਵਿਚੋਂ ਡਾ: ਥਿੰਦ ਨਿਵੇਕਲੇ ਵਿਸ਼ੈ ਲੇ ਕੇ ਨਿਵੇਕਲੇ ਢੰਗ ਨਾਲ ਨਿਭਾਉਣ ਵਿਚ ਸਫਲ ਹੋਇਆ ਹੈ। ਬਹੁਤ ਸਰਲ ਭਾਸ਼ਾ ਤੇ ਢੁਕਵੀਆਂ ਉਦਾਹਰਨਾਂ ਸਹਿਤ ਡਾ: ਥਿੰਦ ਉਸਾਰੂ ਖੋਜ ਸਿੱਟੇ ਕੱਢਣ ਵਿਚ ਕਾਮਯਾਬ ਹੋਇਆ ਹੈ। ਜਿਸ ਨਿਸ਼ਠਾ ਨਾਲ ਡਾ: ਥਿੰਦ ਨੇ ਇਹ ਪੁਸਤਕ ਲਿਖੀ ਹੈ, ਉਸ ਤੋਂ ਇਹ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਵਿਚਾਰਯੋਗਤਾ ਸਲਾਹੁਣਯੋਗ ਹੈ। ਪੁਸਤਕ ਨੂੰ ਜੀ ਆਇਆਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਇਨਸਾਨੀਅਤ ਦਾ ਹੋਕਾ
ਸ਼ਾਇਰ : ਤੇਜਾ ਸਿੰਘ ਮਾਨਾਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98277-84355.

ਪੰਜਾਬ ਗੀਤਾਂ ਵਿਚ ਵਸਦਾ ਹੈ ਪਰ ਪੰਜਾਬੀ ਦੇ ਗੰਭੀਰ ਸਰੋਤਿਆਂ ਤੇ ਪਾਠਕਾਂ ਵੱਲੋਂ ਚੰਗੇ ਗੀਤਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਚੰਗੀ ਗੱਲ ਹੈ ਕਿ ਤੇਜਾ ਸਿੰਘ ਮਾਨਾਂ ਵਰਗੇ ਗੀਤਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਗੀਤਾਂ ਵਿਚ ਢਾਲ ਰਹੇ ਹਨ। 'ਇਨਸਾਨੀਅਤ ਦਾ ਹੋਕਾ' ਉਸ ਦਾ ਪਹਿਲਾ ਗੀਤ ਸੰਗ੍ਰਹਿ ਹੈ, ਜਿਸ ਵਿਚ ਉਸ ਦੇ ਕੁੱਲ ਪਚਵੰਜਾ ਗੀਤ ਸ਼ਾਮਿਲ ਹਨ। ਇਨ੍ਹਾਂ ਗੀਤਾਂ ਵਿਚ ਉਸ ਨੇ ਧਾਰਮਿਕ ਅਕੀਦਤਾ ਵੀ ਨਿਭਾਈ ਹੈ ਤੇ ਸਮਾਜ ਦੀਆਂ ਕੁਰੀਤੀਆਂ ਵੱਲ ਵੀ ਧਿਆਨ ਖਿੱਚਿਆ ਹੈ। ਉਹ ਕੁਦਰਤ ਦੀ ਵਿਸ਼ਾਲਤਾ ਵਿਚ ਦੀ ਗੁਜ਼ਰਦਾ ਹੋਇਆ ਗੁਰੂ ਰਵਿਦਾਸ ਜੀ ਦੇ ਸੰਕਲਪ 'ਐਸਾ ਚਾਹੂੰ ਰਾਜ ਮੈਂ' ਤੱਕ ਪਹੁੰਚ ਜਾਂਦਾ ਹੈ। ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਉਹ ਜਾਗਣ ਲਈ ਆਖਦਾ ਹੈ ਤੇ ਉਸ ਦੇ ਗੀਤ ਸ਼ਹੀਦਾਂ ਦੀਆਂ ਕੁਰਬਾਨੀਆਂ ਨਹੀਂ ਭੁੱਲਦੇ। ਉਸ ਮੁਤਾਬਿਕ ਦੁਨੀਆ ਵਿਚ ਦੋ ਤਰ੍ਹਾਂ ਦੇ ਮਨੁੱਖ ਹਨ, ਇਕ ਲੁੱਟਣ ਵਾਲੇ ਤੇ ਦੂਜੇ ਲੁੱਟ ਹੋਣ ਵਾਲੇ। ਲੁੱਟ ਹੋਣ ਵਾਲਿਆਂ ਨੂੰ ਗੀਤਕਾਰ ਸੁਚੇਤ ਕਰਦਾ ਹੈ ਤੇ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦਾ ਹੈ। ਤੇਜਾ ਸਿੰਘ ਮਾਨਾਂ ਪਾਕਿ ਪਵਿੱਤਰ ਸੋਚ ਰੱਖਣ 'ਤੇ ਜ਼ੋਰ ਦਿੰਦਾ ਹੈ ਤੇ ਸਭ ਨੂੰ ਆਪਣੇ ਫ਼ਰਜ਼ ਨਾ ਭੁੱਲਣ ਦੀ ਤਾਕੀਦ ਕਰਦਾ ਹੈ। 'ਇਨਸਾਨੀਅਤ ਦਾ ਹੋਕਾ' ਸੰਗ੍ਰਹਿ ਦੇ ਗੀਤ ਚੁਲਬੁਲੇ ਗੀਤਾਂ ਦਾ ਬਦਲ ਬਣਨ ਦੇ ਸਮਰੱਥ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਰੇਸ਼ਮੀ ਕੁੜੀ
ਲੇਖਿਕਾ : ਸੁਰਜੀਤ ਬੈਂਸ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ :150, ਸਫ਼ੇ : 98
ਸੰਪਰਕ : 01722211972

ਰੇਸ਼ਮੀ ਕੁੜੀ ਕਹਾਣੀ ਸੰਗ੍ਰਹਿ ਵਿਚ ਸੁਰਜੀਤ ਕੌਰ ਬੈਂਸ ਨੇ 22 ਕਹਾਣੀਆਂ ਦੀ ਪੇਸ਼ਕਾਰੀ ਕੀਤੀ ਹੈ, ਜਿਨ੍ਹਾਂ ਵਿਚ ਉਸ ਨੇ ਸਮਾਜ ਵਿਚ ਵਾਪਰ ਰਹੇ ਸੱਚ ਨੂੰ ਆਪਣੇ ਅਨੁਭਵ ਨਾਲ ਪੇਸ਼ ਕੀਤਾ ਹੈ। ਪਹਿਲੀ ਕਹਾਣੀਂ'ਟਕਾ, ਆਨਾ, ਦੁਆਨੀ' ਵਿਚ ਕਹਾਣੀਕਾਰਾਂ ਨੇ ਫੋਕੇ ਪਾਖੰਡਾਂ ਤੇ ਪੰਡਤਾਂ ਦੀ ਗੱਲ ਕੀਤੀ ਹੈ ਕਿ ਇਹ ਸਭ ਝੂਠੇ ਅਡੰਬਰ ਹਨ। ਅਗਲੀਆਂ ਕਹਾਣੀਆਂਂ'ਲੋਰੇਨ' ਤੇ 'ਭੇਡਾਂ ਬੱਕਰੀਆਂ' ਵਿਚ ਜੋ ਸਮਾਜ ਵਿਚ ਨਾਜਾਇਜ਼ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ, ਉਸ ਬਾਰੇ ਹੈ। ਲੇਖਿਕਾ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਜਿਵੇਂ 'ਕੁੜੀ ਦਾ ਪੁੱਤਰ', 'ਵੱਡੇ ਮਾਂ ਜੀ', 'ਹੀਰੋ ਤਾਰੋ', 'ਮਾਸੀ ਭਾਗ', 'ਰੇਸ਼ਮੀ ਕੁੜੀ', 'ਭਾਗਭਰੀ', 'ਮੈਂ ਤੇ ਜੰਗਲ', 'ਅੰਬਾਂ ਦਾ ਬਾਗ' ਅਤੇ 'ਜੈਨਾ ਟਪਰੀ ਵਾਲੀ' ਵਿਚ ਜੀਵਨ ਦਾ ਸੱਚ ਬਿਆਨ ਕੀਤਾ ਹੈ। ਕਹਾਣੀਕਾਰਾ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਆਪਣੀ ਜ਼ਿੰਦਗੀ ਦੇ ਬਚਪਨ ਅਤੇ ਅਨੁਭਵ ਦੀ ਪੇਸ਼ਕਾਰੀ ਕੀਤੀ ਹੈ। ਜਿਵੇਂ 'ਵੱਡੀ ਮਾਂ ਜੀ' ਕਹਾਣੀ ਵਿਚ ਮਾਂ-ਪਿਓ ਨੂੰ ਕੁਝ ਨਾ ਸਮਝਣ ਵਾਲੇ ਨੂੰਹਾਂ-ਪੁੱਤਾਂ ਦੀ ਗੱਲ ਕੀਤੀ ਹੈ ਕਿ ਜਦੋਂ ਮਾਂ ਆਪਣੀ ਜ਼ਮੀਨ ਦਾ ਹਿੱਸਾ ਲੈ ਕੇ ਅੱਡ ਰਹਿਣ ਲੱਗ ਜਾਂਦੀ ਹੈ ਤਾਂ ਅਜਿਹੇ ਨੂੰਹਾਂ-ਪੁੱਤਾਂ ਦੀ ਸੁਰਤ ਟਿਕਾਣੇ ਆ ਜਾਂਦੀ ਹੈ। 'ਮੇਰਾ ਗੋਬਿੰਦਾ' ਕਹਾਣੀ ਵਿਚ ਧੱਕੇ ਨਾਲ ਅੰਮ੍ਰਿਤ ਛਕਾਉਣ ਬਾਰੇ ਦੱਸਿਆ ਹੈ। ਇਸੇ ਤਰ੍ਹਾਂ 'ਮੁਹੱਬਤ ਤੇ ਹਕੀਕਤ' ਕਹਾਣੀ ਵਿਚ ਅਜੋਕੇ ਸਮੇਂ ਦੀ ਹਕੀਕਤ ਨੂੰ ਬਿਆਨ ਕੀਤਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਬ੍ਰਹਿਮੰਡ ਵਿਚ ਜੀਵਨ
(ਖੋਜ ਤੇ ਸੰਭਾਵਨਾ)
ਲੇਖਕ : ਰਣਧੀਰ ਗਿੱਲਪੱਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ,
ਮੁੱਲ : 70 ਰੁਪਏ, ਸਫ਼ੇ : 112
ਸੰਪਰਕ : 98556-56156

ਹਰ ਮਨੁੱਖ ਅੰਦਰ ਧਰਤੀ, ਬ੍ਰਹਿਮੰਡ, ਪਤਾਲ ਬਾਰੇ ਜਾਣਨ ਦੀ ਮੱਸ ਹੈ। ਰੌਸ਼ਨ ਦਿਮਾਗ਼ ਲੋਕ ਇਹ ਜਾਣਕਾਰੀਆਂ ਹਾਸਲ ਕਰਨ ਲਈ ਵਿਗਿਆਨ ਦੀਆਂ ਨਵੀਂਆਂ ਖੋਜਾਂ ਨਾਲ ਜੁੜਦੇ ਹਨ। ਨਵੀਆਂ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਵਿਚ ਜੁਟੇ ਰਹਿੰਦੇ ਹਨ। 'ਬ੍ਰਹਿਮੰਡ ਵਿੱਚ ਜੀਵਨ' ਅਜਿਹੀ ਪੁਸਤਕ ਹੈ ਜੋ ਜਾਣਕਾਰੀ ਦਾ ਭੰਡਾਰ ਹੈ। ਬਹੁਮੁੱਲੀ ਜਾਣਕਾਰੀ ਦਾ ਸੋਮਾ ਇਸ ਪੁਸਤਕ ਵਿੱਚ ਛੋਟੇ-ਛੋਟੇ ਲੇਖ ਦਰਜ ਹਨ ਜੋ ਹਰ ਕਿਸੇ ਦੇ ਪੜ੍ਹਨ ਲਾਇਕ ਹਨ। ਖ਼ਾਸ ਕਰ ਇਹ ਪੁਸਤਕ ਵਿਦਿਆਰਥੀ ਵਰਗ ਲਈ ਤਾਂ ਬੇਹੱਦ ਲਾਹੇਵੰਦ ਹੈ।
'ਵਿਸ਼ਵ ਵਿੱਚ ਹੁਣ ਤੱਕ 118 ਤੱਤਾਂ ਦੀ ਖੋਜ ਹੋ ਚੁੱਕੀ ਹੈ ਜੋ ਬ੍ਰਹਿਮੰਡ ਦੇ ਸਮੁੱਚੇ ਨਿਰਜੀਵ ਤੇ ਸਜੀਵ ਪਸਾਰੇ ਦਾ ਆਧਾਰ ਮੰਨੇ ਗਏ ਹਨ...ਪਾਣੀ ਤੇ ਖੁਸ਼ਕੀ ਦੋਵਾਂ ਥਾਵਾਂ 'ਤੇ ਰਹਿਣ ਵਾਲੇ ਜੀਵ ਕਰੀਬ 90 ਕਰੋੜ ਵਰ੍ਹੇ ਪਹਿਲਾਂ ਹੋਂਦ ਵਿਚ ਆਏ...36 ਤੋਂ 40 ਕਰੋੜ ਸਾਲ ਪਹਿਲਾਂ ਬੀਜਾਂ ਵਾਲੇ ਪਹਿਲੇ ਪੌਦੇ ਹੋਂਦ ਵਿਚ ਆਏ...ਵਰਤਮਾਨ ਵਿਚ 20 ਤੋਂ 50 ਸਾਲ ਦੀ ਉਮਰ ਦੇ ਤੰਦਰੁਸਤ ਮਰਦ ਦੇ ਦਿਮਾਗ਼ ਦਾ ਭਾਰ 1424 ਗ੍ਰਾਮ ਦੇ ਔਰਤ ਦਾ 1265 ਗ੍ਰਾਮ ਹੈ...ਉਲਕਾ ਪਿੰਡ ਨੇ ਧਰਤੀ 'ਤੇ 16 ਕਰੋੜ ਵਰ੍ਹੇ ਤੱਕ ਦਨਦਨਾਉਂਦੇ ਡਾਇਨਾਸੋਰਾਂ ਦਾ ਅੰਤ ਕੀਤਾ...ਚੰਦਰਮਾ ਤੋਂ ਧਰਤੀ ਦੀ ਔਸਤ ਦੂਰੀ 3,84,300 ਕਿਲੋਮੀਟਰ ਹੈ...ਚੰਦਰਮਾ ਦਾ ਵਿਆਸ ਧਰਤੀ ਮੁਕਾਬਲੇ 27 ਫ਼ੀਸਦੀ ਤੇ ਮਾਦੇ ਦੀ ਘਣਤਾ 60 ਫ਼ੀਸਦੀ ਹੈ...ਸੂਰਜ ਤੋਂ 4 ਅਰਬ 50 ਕਰੋੜ ਕਿਲੋਮੀਟਰ ਦੀ ਔਸਤ ਦੂਰੀ 'ਤੇ ਰਹਿ ਕੇ ਪਰਕਰਮਾ ਕਰਨ ਵਾਲਾ ਨੈਪਚੂਨ ਸੂਰਜ ਮੰਡਲ ਦਾ ਅੱਠਵਾਂ ਤੇ ਫਾਡੀ ਗ੍ਰਹਿ ਹੈ, ਇਹੋ ਜਹੀਆਂ ਬੇਸ਼ਕੀਮਤੀ ਜਾਣਕਾਰੀਆਂ ਨਾਲ ਭਰਪੂਰ ਹੈ ਇਹ ਪੁਸਤਕ।
ਇਹ ਪੁਸਤਕ ਉਨ੍ਹਾਂ ਪਾਂਡਿਆਂ ਵੱਲੋਂ ਕਾਇਮ ਕੀਤੀਆਂ ਮਿੱਥਾਂ ਨੂੰ ਵੀ ਤੋੜਦੀ ਹੈ ਕਿ ਗ੍ਰਹਿ ਕਿਸੇ ਇਨਸਾਨ ਲਈ ਮਾੜਾ ਹੋ ਸਕਦਾ ਹੈ ਜਾਂ ਗ੍ਰਹਿਆਂ ਦੀ ਚਾਲ ਸਹੀ ਕਰਨ ਲਈ ਚੜ੍ਹਾਵੇ ਦੀ ਲੋੜ ਹੈ। ਪੁਸਤਕ ਤਰਕ ਦੀ ਗੱਲ ਕਰਦੀ ਹੈ। ਇਨਸਾਨ ਅੰਦਰ ਗਿਆਨ ਦੀ ਜੋਤ ਬਾਲ਼ਦੀ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਵੰਡਨਾਮਾ
ਕਵੀ : ਹਰਵਿੰਦਰ ਸਿੰਘ ਭੱਟੀ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 83
ਸੰਪਰਕ : 98152-49886.

1947 ਦੀ ਦੇਸ਼ ਵੰਡ ਨੇ ਇਨਸਾਨੀਅਤ ਨੂੰ ਅਜਿਹੇ ਜ਼ਖ਼ਮ ਦਿੱਤੇ ਜਿਨ੍ਹਾਂ ਦੀ ਟੀਸ ਅੱਜ ਵੀ ਓਨੀ ਹੀ ਹੈ ਜਿੰਨੀ ਕਿ ਤਤਕਾਲੀ ਸਮੇਂ ਵਿਚ ਸੀ। ਇਸ ਵੰਡ ਨੇ ਜਿਥੇ ਹਿੰਦੁਸਤਾਨ ਨੂੰ ਦੋ ਟੋਟਿਆਂ ਵਿਚ ਵੰਡਿਆ, ਉਥੇ ਪੰਜਾਬੀਆਂ ਨੇ ਵਿਸ਼ੇਸ਼ ਕਰਕੇ ਇਸ ਵੰਡ ਦੇ ਦੁਖਾਂਤ ਨੂੰ ਭੋਗਿਆ। ਉਜਾੜੇ ਨੂੰ ਝੱਲਣ ਵਾਲੇ ਭਾਵੇਂ ਹੁਣ ਵਿਰਲੇ ਟਾਵੇਂ ਹੀ ਰਹਿ ਗਏ ਹਨ ਪਰ ਉਨ੍ਹਾਂ ਦੀਆਂ ਪੀੜ੍ਹੀਆਂ ਅਜੇ ਵੀ ਇਸ ਸੰਤਾਪ ਨੂੰ ਆਪਣੇ ਹਿਰਦੇ ਵਿਚ ਵੈਰਾਗਮਈ ਹੂਕ ਬਣਾ ਕੇ ਸਾਂਭੀ ਬੈਠੀਆਂ ਹਨ। ਤਤਕਾਲੀ ਸਮੇਂ ਵਿਚ ਹੋਈ ਕਤਲੋਗਾਰਤ ਨੂੰ ਬਹੁਤ ਸਾਰੇ ਸਾਹਿਤਕਾਰਾਂ ਨੇ ਕਲਮਬੱਧ ਕੀਤਾ ਪਰ ਡਾ: ਹਰਵਿੰਦਰ ਸਿੰਘ ਭੱਟੀ ਨੇ ਇਸ ਦਾਸਤਾਨ ਨੂੰ 'ਬਿੰਦਰ ਸਿੰਹੁ' ਦੇ ਰੂਪ ਵਿਚ ਬਾਖੂਬੀ ਬਿਆਨ ਕੀਤਾ ਹੈ। ਇਸ ਲੰਮੀ ਬਿਰਤਾਂਤਕ ਕਾਵਿ-ਰਚਨਾ ਵਿਚ ਕਵੀ ਬਿਆਨ ਕਰਦਾ ਹੈ। ਉਸ ਨੇ ਇਹ ਕਿੱਸਾ ਕਿਸੇ ਬਜ਼ੁਰਗ ਦੇ ਕਹਿਣ 'ਤੇ ਲਿਖਣ ਦਾ ਬੀੜਾ ਉਠਾਇਆ ਤਾਂ ਕਿ ਇਸ ਵੰਡ ਸਮੇਂ ਜਾਨਾਂ ਤੋਂ ਹੱਥ ਧੋ ਬੈਠੇ ਪਰਿਵਾਰ ਉਜਾੜ ਬੈਠੇ ਲੋਕਾਂ ਨਾਲ ਦਿਲੀ ਹਮਦਰਦੀ ਕੀਤੀ ਜਾ ਸਕੇ ਅਤੇ ਇਸ ਦੁਖਾਂਤ ਤੋਂ ਸਬਕ ਲਿਆ ਜਾਵੇ ਤਾਂ ਕਿ ਫਿਰ ਕਦੇ ਵੀ ਅਜਿਹਾ ਦੁਖਾਂਤ ਨਾ ਵਾਪਰੇ। ਅੰਗਰੇਜ਼ਾਂ ਨੇ ਅਜਿਹਾ ਫੁੱਟ ਦਾ ਬੀਜ ਸੁੱਟਿਆ ਕਿ ਸਾਡੇ ਰਾਜਨੀਤਕ ਆਗੂ ਆਪਣੀ ਕੁਰਸੀ ਦੀ ਖਾਤਰ ਅਤੇ ਮਜ਼੍ਹਬੀ ਜਨੂੰਨ ਕਰਕੇ ਲੋਕਾਂ ਨੂੰ ਇਸ ਅੱਗ ਦੀ ਭੱਠੀ ਵਿਚ ਝੋਕਣ ਲਈ ਤਿਆਰ ਹੋ ਗਏ। ਕਵੀ ਵੱਲੋਂ ਜਿਥੇ ਇਸ ਵਾਸਤੇ 'ਥੋਆ ਖਾਲਸਾ' ਪਿੰਡ ਦੀ ਉਦਾਹਰਨ ਵੀ ਦਿੱਤੀ ਹੈ, ਉਥੇ ਮਹਿੰਦਰ ਸਿੰਘ ਰੰਧਾਵਾ ਵਰਗੇ ਵਿਅਕਤੀਆਂ ਦਾ ਜ਼ਿਕਰ ਵੀ ਕੀਤਾ ਹੈ, ਜਿਨ੍ਹਾਂ ਨੇ ਵੰਡ ਦੇ ਸ਼ਿਕਾਰ ਲੋਕਾਂ ਵਿਸ਼ੇਸ਼ ਕਰਕੇ ਔਰਤਾਂ ਦੇ ਮੁੜ ਵਸੇਬੇ ਲਈ ਬਹੁਤ ਯਤਨ ਕੀਤੇ। ਕਵੀ ਨੇ ਬੈਂਤ ਛੰਦ ਦੀ ਵਰਤੋਂ ਕਰਦਿਆਂ ਲੋਕਾਂ ਦੀ ਭਾਸ਼ਾ ਵਿਚ ਇਸ ਕਰੁਣਾਮਈ ਦਾਸਤਾਨ ਨੂੰ ਬਿਆਨ ਕੀਤਾ ਹੈ। ਪਰੰਪਰਕ ਸ਼ੈਲੀ ਵਿਚ ਮੰਗਲਾਚਰਨ ਨਾਲ ਸ਼ੁਰੂ ਕਰਕੇ ਇਸ ਗੱਲ ਨੂੰ ਪਰਪੱਕ ਕੀਤਾ ਹੈ ਕਿ ਹਮੇਸ਼ਾ ਇਨਸਾਨ ਏਕਤਾ ਦੇ ਸੂਤਰ ਵਿਚ ਬੱਝਾ ਰਹੇ ਤਾਂ ਕਿ ਅਜਿਹਾ ਦੁਖਾਂਤ ਦੁਬਾਰਾ ਨਾ ਵਾਪਰੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

4/03/2017

 ਬਹਿਸ ਤੋਂ ਬੇਖ਼ਬਰ
ਲੇਖਕ : ਲਖਵਿੰਦਰ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 79
ਸੰਪਰਕ : 94171-94812.

ਲਖਵਿੰਦਰ ਜੌਹਲ ਪੰਜਾਬੀ ਕਾਵਿ-ਜਗਤ ਦਾ ਸਮਰੱਥ ਹਸਤਾਖ਼ਰ ਹੈ। 'ਬਹਿਸ ਤੋਂ ਬੇਖ਼ਬਰ' ਕਾਵਿ-ਸੰਗ੍ਰਹਿ ਉਸ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਬਹੁਤ ਦੇਰ ਹੋਈ' (1990), 'ਮਨੋਵੇਗ' (2000), 'ਸਾਹਾਂ ਦੀ ਸਰਗਮ' (2003), 'ਇਕ ਸੁਪਨਾ ਇਕ ਸੰਵਾਦ' (ਲੰਮੀ ਕਵਿਤਾ) 2006, 'ਬਲੈਕ ਹੋਲ' (ਲੰਮੀ ਕਵਿਤਾ) 2009, 'ਸ਼ਬਦਾਂ ਦੀ ਸੰਸਦ' (2014), 'ਅਣਲਿਖੇ ਵਰਕੇ' (ਕਾਵਿ-ਨਿਬੰਧ) 2016 ਆਦਿ ਕਾਵਿ-ਪੁਸਤਕਾਂ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਈਆਂ ਹਨ। ਇਹ ਪੁਸਤਕ ਉਸ ਨੇ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ ਅਤੇ ਚਿੰਤਕ ਡਾ: ਬਰਜਿੰਦਰ ਸਿੰਘ 'ਹਮਦਰਦ' ਨੂੰ ਸਮਰਪਿਤ ਕੀਤੀ ਹੈ, ਜਿਸ ਨੂੰ ਉਹ ਆਪਣੇ ਪ੍ਰੇਰਨਾ-ਸ੍ਰੋਤ ਅਤੇ ਰਾਹਨੁਮਾ ਤਸਲੀਮ ਕਰਦੇ ਹਨ। ਉਨ੍ਹਾਂ ਦੀ ਕਵਿਤਾ ਸਮੇਂ ਦੇ ਅਨੁਸਾਰ ਤੁਰਦੀ-ਤੁਰਦੀ ਵੀ ਆਪਣੇ ਸਮਕਾਲ ਨਾਲੋਂ ਵਿੱਥ ਸਿਰਜਣ ਵਿਚ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ। ਜਦੋਂ ਦਾ ਵਿਸ਼ਵੀਕਰਨ ਦੇ ਨਾਂਅ ਹੇਠ ਉਪਭੋਗਤਾਵਾਦ ਦਾ ਨਾਅਰਾ ਬੁਲੰਦ ਹੋਇਆ ਹੈ, ਉਦੋਂ ਤੋਂ ਹੀ ਚਿੰਤਕਾਂ ਅਤੇ ਵਿਚਾਰਵਾਨਾਂ ਵੱਲੋਂ ਇਸ ਦੀ ਤਿੱਖੀ ਆਲੋਚਨਾ ਵੀ ਹੁੰਦੀ ਆ ਰਹੀ ਹੈ। ਵਿਗਿਆਨਕ ਲੱਭਤਾਂ 'ਚ ਨਿੱਤ-ਦਿਨ ਹੁੰਦੀ ਤਬਦੀਲੀ ਨੇ ਵੀ ਮਨੁੱਖੀ ਸੋਚ ਅਤੇ ਚਿੰਤਨ ਵਿਚ ਢੇਰ ਸਾਰੀ ਤਬਦੀਲੀ ਲੈ ਆਂਦੀ ਹੈ। ਜੀਵਨ ਦਾ ਵਰਤਾਰਾ ਪਹਿਲੇ ਸਵਾਲਾਂ ਦੀ ਤਲਾਸ਼ 'ਚ ਹੁੰਦਾ ਹੈ ਜਦੋਂ ਕਿ ਨਵੇਂ ਪ੍ਰਸ਼ਨ ਹੋਰ ਉਘੜਵੇਂ ਰੂਪ ਵਿਚ ਪ੍ਰਕਾਸ਼ਮਾਨ ਹੋ ਜਾਂਦੇ ਹਨ। ਮਨੁੱਖੀ ਵੇਦਨਾ, ਸੰਵੇਦਨਾ ਲਗਾਤਾਰ ਦੁਬਿਧਾ ਅਤੇ ਉਲਝਣ ਦੀ ਸਥਿਤੀ ਵਿਚ ਹੈ। 'ਜੌਹਲ' ਨੇ ਇਸ ਵਰਤਾਰੇ ਨੂੰ 'ਰੁਦਨ' ਤੋਂ ਬਾਅਦ 'ਜਸ਼ਨ' ਦੀ ਵਿੱਥ ਦਾ ਨਾਂਅ ਦਿੰਦਿਆਂ ਪੰਜਾਬੀ ਕਵਿਤਾ ਦੀ ਨਵੀਂ ਹੱਦਬੰਦੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਇਸ ਨਵੇਂ ਦੌਰ 'ਚ ਕਵਿਤਾ ਦੀ ਜੀਵਨ ਵਿਚ ਕੀ ਭੂਮਿਕਾ ਹੋ ਸਕਦੀ ਹੈ। ਪੁਰਖਿਆਂ ਅਤੇ ਹਮਸਾਇਆ ਨਾਲ ਸੰਵਾਦ ਰਚਾਉਣਾ ਅਤੇ ਉਨ੍ਹਾਂ ਨੂੰ ਸਾਖ਼ਸ਼ਾਤ ਜ਼ਿਹਨ 'ਚ ਉਤਾਰਨਾ ਅਤੇ ਫਿਰ ਕਵਿਤਾ ਦੀ ਪੇਸ਼ਕਾਰੀ, ਇਸ ਕਾਵਿ-ਸੰਗ੍ਰਹਿ ਦੇ ਪ੍ਰਮੁੱਖ ਸਰੋਕਾਰ ਨੇ :
ਚੰਗਾ ਲੱਗੇ/ਕਵਿਤਾ ਦੇ
ਕੋਲ ਕੋਲ ਰਹਿਣਾ/ਸ਼ਬਦਾਂ ਨਾਲ
ਸੰਵਾਦ ਰਚਾਉਣਾ/ਤੇ
ਜ਼ਿੰਦਗੀ ਨੂੰ
ਕਵਿਤਾ ਬਣਾਉਣਾ..../ਚੰਗਾ ਲੱਗੇ
ਉਕਤ ਵਿਚਾਰਾਂ ਦਾ ਪ੍ਰਗਟਾਅ 'ਕਿਸ ਤਰ੍ਹਾਂ ਦੀ ਲਿਖਾਂ ਕਵਿਤਾ', 'ਕਵਿਤਾ ਵਿਚਾਰੀ', 'ਸ਼ਬਦ', 'ਚੰਗਾ ਲੱਗੇ', 'ਕੀ ਜਾਣਾ ਮੈਂ ਕੌਣ', 'ਚੰਗਾ ਲੱਗੇ' ਆਦਿ ਕਵਿਤਾਵਾਂ 'ਚ ਵੀ ਦੇਖਿਆ ਜਾ ਸਕਦਾ ਹੈ। ਜੀਵਨ ਦੀ ਗਤੀਸ਼ੀਲਤਾ, ਸਮਾਜੀ ਰਿਸ਼ਤਿਆਂ ਦੀਆਂ ਬਦਲਦੀਆਂ ਪਰਿਭਾਸ਼ਾਵਾਂ ਅਤੇ ਹੋਰ ਨਿੱਕ-ਸੁੱਕ ਇਨ੍ਹਾਂ ਕਵਿਤਾਵਾਂ 'ਚੋਂ ਦੇਖਿਆ ਜਾ ਸਕਦਾ ਹੈ। ਇਹ ਕਵਿਤਾਵਾਂ ਇਕ ਨਵੀਂ ਬਹਿਸ ਨੂੰ ਜਨਮ ਵੀ ਦੇ ਸਕਦੀਆਂ ਹਨ, ਇਸੇ ਲਈ ਕਵੀ ਨੇ 'ਬਹਿਸ ਤੋਂ ਬੇਖ਼ਬਰ' ਪੁਸਤਕ ਦਾ ਸਿਰਲੇਖ ਦਿੱਤਾ ਹੈ, ਜੋ ਢੁਕਵਾਂ ਵੀ ਅਤੇ ਆਕਰਸ਼ਿਤ ਵੀ ਕਰਦਾ ਹੈ। ਭਾਸ਼ਾ ਵੀ ਭਾਵਾਂ ਦੇ ਅਨੁਕੂਲ ਹੈ। ਲਖਵਿੰਦਰ ਜੌਹਲ ਹਮੇਸ਼ਾ ਹੀ ਗੰਭੀਰ ਪ੍ਰਸਥਿਤੀਆਂ ਨਾਲ ਜੂਝਣ ਦਾ ਹੌਸਲਾ ਕਰਦੇ ਹਨ। ਮੈਨੂੰ ਆਸ ਹੈ ਕਿ ਇਹ ਕਾਵਿ-ਪੁਸਤਕ, ਕਵਿਤਾ 'ਚ ਵਾਪਰਦੇ ਨਵੇਂ ਵਰਤਾਰਿਆਂ ਪ੍ਰਤੀ ਚਿੰਤਨਸ਼ੀਲ ਵਰਗ ਨੂੰ ਆਕਰਸ਼ਿਤ ਕਰੇਗੀ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096
ਫ ਫ ਫ

ਲੋਕ ਗੀਤਾਂ ਦਾ ਵਗਦਾ ਦਰਿਆ
ਡਾ: ਮਹਿੰਦਰ ਸਿੰਘ ਰੰਧਾਵਾ
ਲੇਖਿਕਾ : ਡਾ: ਭੂਪਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 195
ਸੰਪਰਕ : 98780-07893.

ਇਸ ਖੋਜ ਕਾਰਜ ਦੇ ਮੁੱਖ ਤੌਰ 'ਤੇ ਚਾਰ ਅਧਿਆਇ ਹਨ। ਪਹਿਲੇ ਵਿਚ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਤੇ ਵਿਅਕਤੀਤਵ ਨੂੰ ਪੇਸ਼ ਕੀਤਾ ਹੈ, ਜੋ ਉਨ੍ਹਾਂ ਦੀ ਸਵੈ-ਜੀਵਨੀ 'ਤੇ ਆਧਾਰਿਤ ਹੈ, ਜਿਸ ਵਿਚ ਮੁਢਲੇ ਜੀਵਨ ਤੋਂ ਲੈ ਕੇ ਲੰਮੇਰੇ ਸਫ਼ਰ ਤੱਕ ਦੀ ਦਾਸਤਾਂ, ਘਰੇਲੂ ਜੀਵਨ, ਸਾਹਿਤਕ ਸਫ਼ਰ ਤੇ ਵਿੱਦਿਅਕ ਸਫ਼ਰ ਆਦਿ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਦੂਸਰੇ ਅਧਿਆਇ ਵਿਚ ਡਾ: ਰੰਧਾਵਾ ਦੀ ਸਮੁੱਚੀ ਸਾਹਿਤਕ (ਲੋਕ ਗੀਤ) ਦੇਣ ਨੂੰ ਉਜਾਗਰ ਕੀਤਾ ਹੈ ਤੇ ਆਲੋਚਨਾ ਦੀ ਦ੍ਰਿਸ਼ਟੀ ਤੋਂ ਨਿਰਖਿਆ-ਪਰਖਿਆ ਹੈ ਅਤੇ ਬਹੁਪੱਖੀ ਦੇਣ ਨੂੰ ਸਥਾਪਿਤ ਕੀਤਾ ਹੈ।
ਡਾ: ਮਹਿੰਦਰ ਸਿੰਘ ਰੰਧਾਵਾ ਦੀ ਲੋਕ ਗੀਤਾਂ ਦੇ ਖੇਤਰ ਵਿਚ ਜੋ ਵਿਲੱਖਣ ਦੇਣ ਤੇ ਸਥਾਨ ਹੈ, ਬਾਰੇ ਸਮੁੱਚੀਆਂ ਵਿਸ਼ੇਸ਼ਤਾਵਾਂ ਨੂੰ ਉਘਾੜ ਕੇ ਡਾ: ਭੂਪਿੰਦਰ ਕੌਰ ਨੇ ਉਨ੍ਹਾਂ ਦੇ ਲੋਕ ਗੀਤਾਂ ਦੇ ਸੰਗ੍ਰਹਿ ਤੇ ਪੰਜਾਬ ਦੇ ਲੋਕ ਗੀਤ ਵਿਚ ਰਿਸ਼ਤਾ ਦਰਸਾ ਕੇ ਡਾ: ਰੰਧਾਵਾ ਦੀ ਲੋਕ ਗੀਤਾਂ ਦੀ ਸਾਂਭ-ਸੰਭਾਲ ਨੂੰ ਬਾਖੂਬੀ ਉਜਾਗਰ ਕੀਤਾ ਹੈ, ਜੋ ਸਾਡਾ ਸਭ ਤੋਂ ਅਮੀਰ ਵਿਰਸਾ ਹੈ ਤੇ ਅਜੋਕੀ ਪੀੜ੍ਹੀ ਜਿਸ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ।
ਚੌਥੇ ਅਧਿਆਇ ਵਿਚ ਡਾ: ਮਹਿੰਦਰ ਸਿੰਘ ਰੰਧਾਵਾ ਦੇ ਲੋਕ ਗੀਤਾਂ ਦੇ ਸੰਗ੍ਰਹਿਆਂ ਦੇ ਵਿਸ਼ੇ ਤੇ ਸੰਦਰਭ ਨੂੰ ਆਲੋਚਨਾ ਦਾ ਆਧਾਰ ਬਣਾਇਆ ਹੈ ਅਤੇ ਲੋਕ ਗੀਤਾਂ ਦੀ ਸਮਾਜਿਕ ਸਾਰਥਿਕਤਾ ਦਾ ਮੁਲਾਂਕਣ ਕਰਕੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਹਨ। ਇਸ ਭਾਗ ਨੂੰ ਅੱਗੋਂ ਮੈਦਾਨੀ ਲੋਕ ਗੀਤ ਤੇ ਪਹਾੜੀ ਲੋਕ ਗੀਤ ਦੋ ਹਿੱਸਿਆਂ ਵਿਚ ਪੇਸ਼ ਕੀਤਾ ਹੈ। ਮੈਦਾਨੀ ਲੋਕ ਗੀਤਾਂ ਵਿਚ ਪੰਜਾਬ ਤੇ ਹਰਿਆਣੇ ਦੇ ਲੋਕ ਗੀਤ ਆ ਜਾਂਦੇ ਹਨ ਅਤੇ ਪਹਾੜੀ ਲੋਕ ਗੀਤਾਂ ਵਿਚ ਕਾਂਗੜੇ ਤੇ ਕੁੱਲੂ ਦੇ ਲੋਕ ਗੀਤ। ਇਨ੍ਹਾਂ ਸਾਰਿਆਂ ਦਾ ਵਿਸ਼ੇ ਤੇ ਸੰਦਰਭ ਦੇ ਪੱਖ ਤੋਂ ਡੂੰਘਾ ਅਧਿਐਨ ਕਰਕੇ ਸੁਚੱਜੀ ਵਿਚਾਰਧਾਰਾ ਸਥਾਪਿਤ ਕੀਤੀ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਵਿਸਰ ਰਹੇ ਪੰਜਾਬੀ ਅਖਾਣ
ਲੇਖਕ : ਪ੍ਰਿੰ: ਸੇਵਾ ਸਿੰਘ ਕੌੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 228
ਸੰਪਰਕ : 98150-66035.

ਵਿਚਾਰ ਅਧੀਨ ਪੁਸਤਕ ਪ੍ਰਿੰ: ਕੌੜਾ ਦੀ ਪੰਜਾਬੀ ਅਖਾਣਾਂ ਬਾਰੇ ਨਿਵੇਕਲੀ ਖੋਜ ਵਿਧੀ ਰਾਹੀਂ ਤਿਆਰ ਕੀਤੀ ਪੁਸਤਕ ਹੈ। ਅਖਾਣ ਜਿਨ੍ਹਾਂ ਨੂੰ ਅਖੌਤਾਂ ਅਤੇ ਲੋਕੋਕਤੀਆਂ ਜਾਂ ਲੋਕ ਸਿਆਣਪਾਂ ਵੀ ਕਿਹਾ ਜਾਂਦਾ ਹੈ, ਪੰਜਾਬੀ ਲੋਕ ਸਾਹਿਤ ਦਾ ਇਕ ਵਿਸ਼ੇਸ਼ ਰੂਪ ਹਨ, ਜੋ ਲੋਕਾਂ ਦੇ ਸਦੀਆਂ ੇਦੇ ਕਮਾਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ। ਇਹ ਉਹ ਬੇਸ਼ਕੀਮਤੀ ਹੀਰੇ ਮੋਤੀਆਂ ਦੀਆਂ ਲੜੀਆਂ ਹਨ, ਜਿਨ੍ਹਾਂ ਵਿਚ ਜੀਵਨ ਤੱਤ ਪਰੋਏ ਹੁੰਦੇ ਹਨ। ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ, ਬਲਕਿ ਇਹ ਸਮੁੱਚੀ ਕੌਮ/ਜਾਤੀ ਦੇ ਸਦੀਆਂ ਦੇ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿਚ ਸੋਧ ਕੇ ਜੀਵਨ ਪ੍ਰਵਾਹ ਵਿਚ ਰਲ ਜਾਂਦੇ ਹਨ। ਇਹ ਹਜ਼ਾਰਾਂ ਦੀ ਗਿਣਤੀ ਵਿਚ ਉਪਲਬਧ ਹਨ, ਜਿਨ੍ਹਾਂ ਵਿਚ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਦਮਾਨ ਹੈ।
ਲੇਖਕ ਨੇ ਆਪ ਪ੍ਰਚਲਤ ਅਖਾਣਾਂ ਵਿਚੋਂ ਅਜਿਹੇ 500 ਦੇ ਕਰੀਬ ਅਖਾਣ ਚੁਣੇ ਹਨ, ਜਿਨ੍ਹਾਂ ਵਿਚ ਉਰਦੂ, ਫਾਰਸੀ, ਅਰਬੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਅਜੋਕੀ ਪੀੜ੍ਹੀ ਸਮਝ ਨਹੀਂ ਸਕਦੀ। ਵਿਦਵਾਨ ਲੇਖਕ ਨੇ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਦੇ ਕ੍ਰਮ ਅਨੁਸਾਰ ਅਖਾਣਾਂ ਨੂੰ ਤਰਤੀਬ ਦੇ ਕੇ ਅਖਾਣਾਂ ਵਿਚ ਆਏ ਔਖੇ ਸ਼ਬਦਾਂ ਦੇ ਅਰਥ, ਅਖਾਣ ਦੇ ਭਾਵਅਰਥ ਤੋਂ ਇਲਾਵਾ ਇਹ ਵੀ ਵਿਸਥਾਰਪੂਰਵਕ ਸਮਝਿਆ ਹੈ ਕਿ ਸਬੰਧਤ ਅਖਾਣ ਦੀ ਵਰਤੋਂ ਕਦੋਂ ਤੇ ਕਿਸ ਸਥਿਤੀ ਵਿਚ ਕੀਤੀ ਜਾਂਦੀ ਹੈ। ਇਹ ਬਹੁਤ ਹੀ ਲਗਨ ਅਤੇ ਸਿਰੜ ਵਾਲਾ ਖੋਜ-ਭਰਪੂਰ ਕਾਰਜ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਉਪਭੋਗਤਾ ਕਾਨੂੰਨ ਅਤੇ ਅਧਿਕਾਰ
ਲੇਖਕ : ਐਡਵੋਕੇਟ ਰਾਜੀਵ ਲੋਹਟਬੱਦੀ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94172-45123.

ਐਡਵੋਕੇਟ ਰਾਜੀਵ ਲੋਹਟਬੱਦੀ ਨੇ ਹਰੇਕ ਪੱਖ ਤੋਂ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਲੇਖਕ ਦਾ ਮੁੱਖ ਮੰਤਵ ਆਮ ਖਪਤਕਾਰਾਂ ਦਾ ਆਪਣੇ ਅਧਿਕਾਰਾਂ ਪ੍ਰਤੀ ਅਨਜਾਣ ਹੋਣਾ ਅਤੇ ਇਸ ਦੀ ਆੜ ਹੇਠ ਸਰਮਾਏਦਾਰ ਜੁੰਡਲੀ ਵੱਲੋਂ ਉਨ੍ਹਾਂ ਦੀ ਹੁੰਦੀ ਖੁੱਲ੍ਹੀ ਲੁੱਟ ਦੀ ਪੋਲ ਖੋਲ੍ਹ ਕੇ ਖਪਤਕਾਰਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਹੈ।
ਪੁਸਤਕ ਵਿਚ ਉਪਭੋਗਤਾ ਸੁਰੱਖਿਆ ਤੇ ਕਾਨੂੰਨ, ਅਦਾਲਤਾਂ, ਗੁਮਰਾਹਕੁੰਨ ਇਸ਼ਤਿਹਾਰਬਾਜ਼ੀ, ਬੀਮਾ ਕਾਰੋਬਾਰ, ਮਹੱਤਵਪੂਰਨ ਫਾਰਮਾਂ, ਜਾਇਦਾਦ ਦੀ ਖਰੀਦ ਨਾਲ ਜੁੜੇ ਰੀਅਲ ਅਸਟੇਟ ਐਕਟਾਂ ਅਤੇ ਲੋਕਪਾਲ ਤੇ ਲੋਕ ਆਯੁਕਤ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਨਾਲ-ਨਾਲ ਬੈਂਕਿੰਗ, ਇਲਾਜ ਪ੍ਰਣਾਲੀ ਬਾਰੇ ਵੀ ਲੋੜੀਂਦੀ ਜਾਣਕਾਰੀ ਫਰਾਹਮ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਕਿਸੇ ਸ਼ਿਕਾਇਤ ਦੀ ਸੂਰਤ ਵਿਚ ਰਿਪੋਰਟ ਦਰਜ ਕਰਾਉਣ ਸਬੰਧੀ ਕਿਹੜੇ ਫਾਰਮ ਕਿਵੇਂ ਭਰਨੇ ਹਨ, ਇਸ ਬਾਰੇ ਪੰਨਾ 120 ਤੋਂ ਲੈ ਕੇ ਪੰਨਾ 132 ਤੱਕ ਦਿੱਤੇ ਖਾਕੇ ਬੜੇ ਮੁਫ਼ੀਦ ਹੋ ਸਕਦੇ ਹਨ।
ਪੁਸਤਕ ਵਿਚ ਕਈ ਉਪਭੋਗਤਾ ਕੇਸਾਂ ਦੇ ਨਿਪਟਾਰਿਆਂ ਦਾ ਵੀ ਜ਼ਿਕਰ ਹੈ ਜਿਵੇਂ ਸੱਤੂ ਦੀ ਪ੍ਰੇਸ਼ਾਨੀ ਘੱਟ ਨਾ ਹੋਈ। ਉਸ ਨੂੰ ਉਪਭੋਗਤਾ ਅਦਾਲਤ ਜਾਣਾ ਪਿਆ, ਜਿਥੇ ਉਸ ਨੂੰ ਰਾਹਤ ਮਿਲੀ। (ਪੰਨਾ 110)।
ਆਈ.ਐਸ.ਆਈ. ਸਟੈਂਡਰਡ ਬਿਊਰੋ, ਐਗਮਾਰਕ, ਬੀ.ਈ.ਈ., ਖੁਰਾਕੀ ਵਸਤਾਂ ਵਿਚ ਮਿਲਾਵਟ ਦੇ ਕੇਸਾਂ ਬਾਰੇ ਕਾਨੂੰਨੀ ਮਦਦ ਸਬੰਧੀ ਪੰਨਾ 84 ਤੋਂ ਲੈ ਕੇ 95 ਤੱਕ ਦਿੱਤੀ ਜਾਣਕਾਰੀ ਤੋਂ ਹਰ ਖਪਤਕਾਰ ਲਾਹਾ ਪ੍ਰਾਪਤ ਕਰ ਸਕਦਾ ਹੈ। ਕੁਝ ਅਦਾਲਤੀ ਫ਼ੈਸਲਿਆਂ ਦਾ ਤਜ਼ਕਰਾ, ਸ਼ਹਿਰੀ ਤੇ ਪੇਂਡੂ ਮੰਡੀਕਰਨ ਬਾਰੇ ਯਾਨੀ ਕਿ ਉਪਭੋਗਤਾ ਕਾਨੂੰਨਾਂ ਅਤੇ ਖਪਤਕਾਰਾਂ ਦੇ ਹੱਕ ਹਕੂਕ ਬਾਰੇ ਤਮਾਮ ਜਾਣਕਾਰੀ ਇਸ ਪੁਸਤਕ ਵਿਚ ਦਿੱਤੀ ਗਈ ਹੈ।

ਂਤੀਰਥ ਸਿੰਘ ਢਿੱਲੋਂ
ਵਜਗ਼ਵੀਤਜਅਪੀਦੀਜ;;ਰਅ੦੪0ਪਠ਼ਜ;.ਫਰਠ
ਫ ਫ ਫ

ਪੰਥ ਰਤਨ
ਗਿਆਨੀ ਦਿੱਤ ਸਿੰਘ
ਸੰਪਾਦਕ : ਗੁਰਪ੍ਰੀਤ ਸਿੰਘ ਤਲਵੰਡੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 101
ਸੰਪਰਕ : 98144-51414.

'ਪੰਥ ਰਤਨ ਗਿਆਨ ਦਿੱਤ ਸਿੰਘ' ਗੁਰਪ੍ਰੀਤ ਸਿੰਘ ਤਲਵੰਡੀ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ, ਜਿਸ ਵਿਚ ਸੰਪਾਦਕ ਸਹਿਤ ਦੋ ਹੋਰ ਵਿਦਵਾਨਾਂ ਡਾ: ਸੰਦੀਪ ਕੌਰ ਸੇਖੋਂ ਅਤੇ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੇ ਗਿਆਨੀ ਦਿੱਤ ਸਿੰਘ ਦੀ ਸਮਾਜ ਅਤੇ ਸਿੱਖ ਕੌਮ ਨੂੰ ਦਿੱਤੀ ਦੇਣ ਅਤੇ ਘਾਲੀ ਘਾਲਣਾ ਨੂੰ ਪੇਸ਼ ਕਰਦੇ ਖੋਜ-ਪੱਤਰਾਂ ਦਾ ਸੰਕਲਨ ਕੀਤਾ ਗਿਆ ਹੈ।
ਇਹ ਖੋਜ-ਪੱਤਰ 2004 ਈ: ਤੋਂ ਲੈ ਕੇ 2015 ਤੱਕ ਗਿਆਨੀ ਦਿੱਤ ਸਿੰਘ ਦੀ ਯਾਦ ਵਿਚ ਹੋਏ ਵੱਖ-ਵੱਖ ਸਮਾਗਮਾਂ ਵਿਚ ਪੇਸ਼ ਕੀਤੇ ਗਏ ਹਨ। ਪੁਸਤਕ ਵਿਚ ਸ਼ਾਮਿਲ ਖੋਜ-ਪੱਤਰਾਂ ਵਿਚ ਗਿਆਨੀ ਦਿੱਤ ਸਿੰਘ ਦੇ ਜੀਵਨ ਬਿਓਰੇ, ਕੁਝ ਮੌਲਿਕ ਰਚਨਾਵਾਂ ਅਤੇ ਖੋਜ-ਪੱਤਰਾਂ ਸਮੇਤ ਗੁਰਪ੍ਰੀਤ ਸਿੰਘ ਤਲਵੰਡੀ ਦੇ 5 ਖੋਜ-ਪੱਤਰ, ਸਰਪੰਚ ਕਰਤਿੰਦਰਪਾਲ ਸਿੰਘ ਦੇ 2 ਖੋਜ-ਪੱਤਰ ਅਤੇ ਡਾ: ਸੰਦੀਪ ਕੌਰ ਸੇਖੋਂ ਦੇ 12 ਖੋਜ-ਪੱਤਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ 19 ਖੋਜ-ਪੱਤਰਾਂ ਵਿਚ ਗਿਆਨੀ ਦਿੱਤ ਦੁਆਰਾ ਸਿੰਘ ਸਭਾ ਲਹਿਰ ਵਿਚ ਪਾਏ ਯੋਗਦਾਨ ਅਤੇ ਸਿੱਖ ਧਰਮ ਨੂੰ ਜਿਥੇ ਬਾਹਰੀ ਤਾਕਤਾਂ ਤੋਂ ਮੁਕਤ ਕਰਵਾਉਣ ਲਈ ਕੀਤੀ ਘਾਲ ਕਮਾਈ ਦਾ ਜ਼ਿਕਰ ਹੈ, ਉਥੇ ਖਾਲਸਾ ਕਾਲਜ ਵਰਗੀ ਅਮੀਰ ਵਿਦਿਅਕ ਸੰਸਥਾ ਦੀ ਸਥਾਪਤੀ ਦਾ ਬਿਰਤਾਂਤ ਵੀ ਇਸ ਪੁਸਤਕ ਵਿਚਲੇ ਖੋਜ-ਪੱਤਰਾਂ ਵਿਚ ਪੇਸ਼ ਹੈ। ਗਿਆਨੀ ਦਿੱਤ ਸਿੰਘ 'ਖਾਲਸਾ ਅਖ਼ਬਾਰ' ਦੇ 14 ਸਾਲ ਸੰਪਾਦਕ ਰਹੇ।
ਉਨ੍ਹਾਂ ਨੇ ਆਪਣੇ ਪ੍ਰਤੀ ਸੁਚੇਤ ਕਰਨ ਲਈ ਸੰਪਾਦਕੀ ਲੇਖ ਲਿਖੇ, ਜਿਨ੍ਹਾਂ ਲੇਖਾਂ ਵਿਚ ਸਿੱਖਾਂ ਨੂੰ ਆਪਣੇ ਧਰਮ ਵਿਚ ਆ ਰਹੀਆਂ ਕੁਰੀਤੀਆਂ ਅਤੇ ਗਿਰਾਵਟਾਂ ਨੂੰ ਦੂਰ ਕਰਨ ਲਈ ਅਪੀਲਾਂ ਕੀਤੀਆਂ। ਇਸ ਪੁਸਤਕ ਵਿਚ ਗਿਆਨੀ ਜੀ ਦੀਆਂ ਸਵਾਮੀ ਦਯਾਨੰਦ ਜੀ ਨਾਲ ਤਿੰਨ ਦਿਲਚਸਪ ਬਹਿਸਾਂ ਵੀ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ ਅਧਿਆਤਮਿਕਤਾ ਦੇ ਪ੍ਰਸੰਗ ਵਿਚ ਭਰਪੂਰ ਚਰਚਾ ਹੋਈ ਮਿਲਦੀ ਹੈ। ਤਕਰੀਬਨ ਇਸ ਪੁਸਤਕ ਵਿਚਲਾ ਹਰੇਕ ਖੋਜ-ਪੱਤਰ ਗਿਆਨੀ ਜੀ ਦੀ ਸ਼ਖ਼ਸੀਅਤ ਦੇ ਕਿਸੇ ਨਾ ਕਿਸੇ ਪੱਖ ਨੂੰ ਉੱਭਰਵੇਂ ਰੂਪ ਵਿਚ ਪੇਸ਼ ਕਰਦਿਆਂ ਉਨ੍ਹਾਂ ਦੀ ਸਮੁੱਚੀ ਦੇਣ ਨੂੰ ਬਾਖੂਬੀ ਪੇਸ਼ ਕਰਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਗਾਂਧੀ ਜੀ ਦੀਆਂ ਸਿਮਰਤੀਆਂ
ਲੇਖਕ : ਗਿਆਨੀ ਹੀਰਾ ਸਿੰਘ ਦਰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 46
ਸੰਪਰਕ : 0172-4608699.

ਗਿਆਨੀ ਹੀਰਾ ਸਿੰਘ ਦਰਦ ਉੱਘੇ ਸਾਹਿਤਕਾਰ ਦੇ ਨਾਲ-ਨਾਲ ਸੱਚੇ-ਸੁੱਚੇ ਦੇਸ਼ ਭਗਤ ਵੀ ਸਨ, ਜਿਨ੍ਹਾਂ ਨੇ ਸਾਹਿਤਕਾਰੀ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਵੱਡਾ ਯੋਗਦਾਨ ਪਾਇਆ। ਇਸ ਪੁਸਤਕ ਵਿਚ ਉਨ੍ਹਾਂ ਨੇ ਗਾਂਧੀ ਜੀ ਨਾਲ ਹੋਈਆਂ ਮੁਲਾਕਾਤਾਂ ਦੇ ਆਧਾਰ 'ਤੇ ਗਾਂਧੀਵਾਦ ਬਾਰੇ ਕੁਝ ਤਰਕ ਤੇ ਨਿਰਣੇ ਕੱਢੇ ਹਨ, ਜੋ ਉਨ੍ਹਾਂ ਦੀ ਤਰਕਵਾਦੀ ਪ੍ਰਵਿਰਤੀ ਦੇ ਸੂਚਕ ਹਨ।
ਉਨ੍ਹਾਂ ਦਾ ਗਾਂਧੀ ਜੀ ਨਾਲ ਪਹਿਲਾ ਰਿਸ਼ਤਾ ਸ਼ਰਧਾ ਅਤੇ ਪਿਆਰ ਦਾ ਹੈ। ਉਹ ਗਾਂਧੀ ਜੀ ਜਿਹੇ ਮਨੁੱਖ ਨੂੰ ਆਪਣਾ ਆਦਰਸ਼ ਮੰਨਦੇ ਹਨ। ਗਾਂਧੀ ਜੀ ਦੇ ਵਿਅਕਤਿਤਵ ਬਾਰੇ ਉਹ ਖ਼ੁਦ ਲਿਖਦੇ ਹਨ, 'ਗਾਂਧੀ ਜੀ ਦੀ ਆਵਾਜ਼ ਨਿਰੀ ਆਵਾਜ਼ ਹੀ ਨਹੀਂ ਸੀ, ਉਸ ਵਿਚ ਅਮਲ ਦੀ ਸ਼ਕਤੀ ਗੂੰਜਦੀ ਸੀ। ਅਮਲ ਦੀ ਸ਼ਕਤੀ ਵਾਲੀ ਆਵਾਜ਼ ਭਾਵੇਂ ਮੱਧਮ ਹੋਵੇ ਪਰ ਉਸ ਵਿਚ ਬੜਾ ਬਲ ਹੁੰਦਾ ਹੈ।' ਇਸ ਤਰ੍ਹਾਂ ਉਹ ਗਾਂਧੀ ਜੀ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਬਹੁਤ ਵੱਡੇ ਮੱਦਾਹ ਸਨ। ਉਹ ਗਾਂਧੀ ਜੀ ਦੇ ਅਨੁਸ਼ਾਸਨ, ਸਾਦੀ ਰਹਿਣੀ-ਬਹਿਣੀ ਤੇ ਸਮੇਂ ਦੇ ਪਾਬੰਦ ਹੋਣ ਜਿਹੇ ਗੁਣਾਂ ਕਰਕੇ ਉਨ੍ਹਾਂ ਦੇ ਕਾਇਲ ਸਨ। ਪਰ ਅਹਿੰਸਾ, ਸੱਤਵਾਦ ਤੇ ਭੁੱਖ ਹੜਤਾਲ ਰਾਹੀਂ ਹੀ ਇਨਕਲਾਬ ਆਵੇ, ਇਹ ਜ਼ਰੂਰੀ ਨਹੀਂ ਸੀ।
ਹੌਲੀ-ਹੌਲੀ ਗਾਂਧੀ ਜੀ ਦੇ ਸੰਪਰਕ ਵਿਚ ਆਉਣ 'ਤੇ ਲੇਖਕ ਉਨ੍ਹਾਂ ਦੇ ਧਾਰਮਿਕ ਤੇ ਮਜ਼੍ਹਬੀ ਆਸ਼ਿਆਂ ਨਾਲ ਤਰਕ ਦੇ ਕਸਵੱਟੀ 'ਤੇ ਮਤਭੇਦ ਵੀ ਜ਼ਾਹਰ ਕਰਨ ਲੱਗ ਪਿਆ ਸੀ। ਉਹ ਗਾਂਧੀਵਾਦ ਨੂੰ ਮਜ਼੍ਹਬੀ ਤੇ ਸੁਧਾਰਵਾਦੀ ਲਹਿਰ ਸਮਝਦਾ ਸੀ, ਜਿਸ 'ਤੇ ਅਮਲ ਕਰਦਿਆਂ ਗਾਂਧੀ ਜੀ ਰਾਜਸੀ ਨੇਤਾ ਬਣਨ ਲਈ ਵੀ ਯਤਨ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਗਾਂਧੀ ਜੀ ਮਹਾਂਪੁਰਖ ਜ਼ਰੂਰ ਹਨ ਪਰ ਉਹ ਅਭੁੱਲ ਨਹੀਂ ਹੋ ਸਕਦੇ। ਉਹ ਵੀ ਭੁੱਲਾਂ ਕਰ ਸਕਦੇ ਹਨ। ਇਸੇ ਲਈ ਇਸ ਪੈਂਫਲਿਟ ਦੇ ਅੰਤ ਵਿਚ ਉਨ੍ਹਾਂ ਗਾਂਧੀਇਜ਼ਮ ਦੇ ਤੱਥਾਂ ਅਤੇ ਕੱਥਾਂ ਬਾਰੇ ਆਪਣੇ ਸ਼ੰਕੇ ਵੀ ਪ੍ਰਗਟ ਕੀਤੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

25/02/2017

 ਗਿ: ਦਿੱਤ ਸਿੰਘ ਰਚਨਾਵਲੀ ਧਰਮ ਅਤੇ ਫ਼ਲਸਫ਼ਾ
ਸੰਪਾਦਕ : ਡਾ: ਇੰਦਰਜੀਤ ਸਿੰਘ ਗੋਗੋਆਣੀ
ਪ੍ਰਕਾਸ਼ਕ : ਭਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 0183-5011003.

ਆਰੀਆ ਸਮਾਜ, ਗੁਲਾਬ ਦਾਸੀ ਪਰੰਪਰਾ ਤੇ ਸਨਾਤਨੀ ਗ੍ਰੰਥਾਂ ਦੇ ਸੰਗ ਸਾਥ ਵਿਚ ਨਿਰੰਤਰ ਧਰਮ ਤੇ ਗਿਆਨ ਦੇ ਮਾਰਗ 'ਤੇ ਅੱਗੇ ਵਧਦੇ ਹੋਏ ਗਿ: ਦਿੱਤ ਸਿੰਘ ਸਿੱਖ ਸਿਧਾਂਤਾਂ ਦੇ ਪ੍ਰਮਾਣਿਕ ਤੇ ਸ਼ਕਤੀਸ਼ਾਲੀ ਵਿਆਖਿਆਕਾਰ ਵਜੋਂ ਪ੍ਰਵਾਨ ਹੋਇਆ। ਵਾਦ-ਵਿਵਾਦ, ਸ਼ਾਸਤਰਾਰਥ ਤੇ ਮਜ਼੍ਹਬੀ ਭੇੜ ਦੇ 19ਵੀਂ ਸਦੀ ਦੇ ਅੰਤਲੇ ਤੇ 20ਵੀਂ ਸਦੀ ਦੇ ਆਰੰਭਿਕ ਵਰ੍ਹਿਆਂ ਵਿਚ ਉਸ ਨੇ ਗੁਰੂਆਂ ਦੁਆਰਾ ਦ੍ਰਿੜ੍ਹਾਏ ਸਮਝਾਏ ਸਿੱਖ ਸਿਧਾਂਤਾਂ ਤੋਂ ਭਟਕੇ ਭਟਕਾਏ ਪੰਜਾਬੀਆਂ ਨੂੰ ਸੁਚੇਤ ਕਰਕੇ ਸਹੀ ਰਸਤੇ 'ਤੇ ਤੋਰਿਆ। ਸਿੱਖੀ ਸਿਧਾਂਤ ਤੇ ਵਿਹਾਰ ਵਿਚ ਆ ਰਹੀਆਂ ਕੁਰੀਤੀਆਂ ਨੂੰ ਗੁਰਬਾਣੀ ਦੇ ਪ੍ਰਮਾਣਾਂ ਨਾਲ ਰੱਦ ਕੀਤਾ। ਸਿੱਖੀ ਦੇ ਨਿਆਰੇਪਣ ਨੂੰ ਨਿਖਾਰ ਕੇ ਪੇਸ਼ ਕੀਤਾ। ਸਿੱਖ ਧਰਮ ਤੇ ਫ਼ਲਸਫ਼ੇ ਬਾਰੇ ਉਸ ਨੇ ਕਵਿਤਾ ਤੇ ਵਾਰਤਕ ਵਿਚ ਕਿੰਨੀਆਂ ਹੀ ਪੁਸਤਕਾਂ ਤੇ ਪੈਂਫਲਿਟ ਲਿਖੇ। ਉਨ੍ਹਾਂ ਵਿਚੋਂ ਚਾਰ ਦਾ ਮੂਲ ਪਾਠ ਸੰਪਾਦਿਤ ਕਰਕੇ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ।
ਦੋ ਗੱਲਾਂ ਕਾਰਨ ਇਸ ਯਤਨ ਦੀ ਵਿਸ਼ੇਸ਼ ਸਾਰਥਿਕਤਾ ਹੈ। ਪਹਿਲੀ ਇਹ ਕਿ ਲਗਪਗ ਇਕ ਸਦੀ ਜਾਂ ਇਸ ਤੋਂ ਵੀ ਪਹਿਲਾਂ ਲਿਖੀਆਂ ਛਪੀਆਂ ਇਹ ਪੁਸਤਕਾਂ ਹੁਣ ਕੇਵਲ ਲਾਇਬ੍ਰੇਰੀਆਂ ਵਿਚ ਹੀ ਵਿਰਲੀਆਂ ਟਾਵੀਆਂ ਪ੍ਰਾਪਤ ਹਨ। ਦੂਜੀ ਇਹ ਕਿ ਸਿੱਖੀ ਦਾ ਨਿਆਰਾ ਤੇ ਸਰਲ ਮਾਰਗ ਧਰਮ ਦੇ ਨਾਂਅ 'ਤੇ ਧੰਦਾ ਤੇ ਦੁਕਾਨਦਾਰੀ ਕਰਨ ਵਾਲਿਆਂ ਨੂੰ ਚੁੱਭਦਾ ਹੈ। ਉਹ ਨਿਰੰਤਰ ਇਸ ਨੂੰ ਵਿਕ੍ਰਿਤ ਕਰਨ ਵਿਚ ਲੱਗੇ ਰਹਿੰਦੇ ਹਨ। ਕਰਮਕਾਂਡ, ਜਾਤ-ਪਾਤ, ਅਨਿਆਂ ਤੇ ਵਿਤਕਰਿਆਂ ਵਿਰੁੱਧ ਬਗਾਵਤ ਦੀ ਇਸ ਦੀ ਆਵਾਜ਼ ਕਰਮਕਾਂਡ, ਜਾਤ-ਪਾਤ, ਮੂਰਤੀ ਪੂਜਾ ਤੇ ਅਨਿਆਂ ਉੱਤੇ ਖੜ੍ਹੇ, ਭਾਰਤ ਦੇ ਬਹੁਗਿਣਤੀ ਵਰਗ ਨੂੰ ਅੱਜ ਵੀ ਓਨੀ ਹੀ ਚੁੱਭਦੀ ਹੈ, ਜਿੰਨੀ ਰਣਜੀਤ ਨਗਾਰੇ ਦੀ ਗੂੰਜ ਪਹਾੜੀ ਰਾਜਿਆਂ ਅਤੇ ਦਿੱਲੀ ਦੇ ਤਖ਼ਤ ਨੂੰ ਚੁੱਭਦੀ ਸੀ। ਨਕਲੀ ਸਿੱਖ ਪ੍ਰਬੰਧ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਨ, ਡਰਪੋਕ ਸਿੰਘ ਤੇ ਦਲੇਰ ਸਿੰਘ ਨਾਂਅ ਦੀਆਂ ਚਾਰ ਪੁਸਤਕਾਂ ਇਸ ਗ੍ਰੰਥ ਵਿਚ ਪ੍ਰਾਪਤ ਹਨ। ਨਾਟਕੀ ਮਾਹੌਲ ਵਾਲਾ ਵਾਰਤਾਲਾਪ ਸਿਰਜ ਕੇ ਇਨ੍ਹਾਂ ਵਿਚ ਲੇਖਕ ਨੇ ਆਪਣੀ ਗੱਲ ਸਫਲਤਾ ਨਾਲ ਪ੍ਰਭਾਵਸ਼ਾਲੀ ਰੂਪ ਵਿਚ ਕਹੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮਿੱਤਰ ਪਿਆਰੇ ਨੂੰ
ਸ਼ਾਇਰਾ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 95010-73600.

ਜਦੋਂ ਕੋਈ ਆਪਣਾ ਪਿਆਰਾ ਦੂਰ ਚਲਾ ਜਾਏ ਤਾਂ ਦਿਲ ਦਾ ਦਰਦ ਜ਼ਮੀਨ ਅਸਮਾਨ ਹੋ ਜਾਂਦਾ ਹੈ ਤੇ ਇਸੇ ਦਰਦ ਨੂੰ ਜ਼ਬਾਨ ਦੇ ਰਹੀ ਪੁਸਤਕ ਹੈ ਸੁਰਿੰਦਰ ਸੈਣੀ ਦੀ ਤੀਸਰੀ ਕਾਵਿ ਪੁਸਤਕ 'ਮਿੱਤਰ ਪਿਆਰੇ ਨੂੰ'।
ਆਪਣੇ ਦਰਦ ਨੂੰ ਸ਼ਬਦਾਂ ਵਿਚ ਢਾਲਣ ਲਈ ਸ਼ਾਇਰਾ ਨੇ ਕੋਈ ਚੌਖਟਾ ਨਿਰਧਾਰਤ ਨਹੀਂ ਕੀਤਾ ਅਰਥਾਤ ਕਿਸੇ ਵਿਧਾ ਦਾ ਪ੍ਰਗਟਾਵਾ ਨਹੀਂ ਕੀਤਾ। ਫਿਰ ਵੀ ਸ਼ਬਦਾਂ ਦੀ ਤਰਤੀਬ ਤੇ ਉਸ ਦੀਆਂ ਕੋਸ਼ਿਸ਼ਾਂ ਦੇ ਆਧਾਰ 'ਤੇ ਇਨ੍ਹਾਂ ਰਚਨਾਵਾਂ ਨੂੰ ਗ਼ਜ਼ਲਾਂ ਦੇ ਕਰੀਬ ਮੰਨਿਆ ਜਾ ਸਕਦਾ ਹੈ। ਸੈਣੀ ਵਿਛੋੜੇ ਦੀ ਅੱਗ ਵਿਚ ਭਸਮ ਹੈ ਤੇ ਇਸ ਦੀ ਰਾਖ਼ ਦੀ ਸਿਆਹੀ ਉਸ ਦੇ ਦਰਦ ਨੂੰ ਕਵਿਤਾ ਦੇ ਰੂਪ ਵਿਚ ਕਾਗਜ਼ਾਂ 'ਤੇ ਹੋਰ ਗੂੜ੍ਹਾ ਕਰਦੀ ਹੈ। ਉਂਝ ਸ਼ਾਇਰਾ ਨੇ ਹਾਲਾਤ ਨਾਲ ਜੂਝਣਾ ਸਿੱਖ ਲਿਆ ਹੈ ਤੇ ਇਨ੍ਹਾਂ ਕਵਿਤਾਵਾਂ ਵਿਚ ਉਹ ਸਿਰਫ ਪ੍ਰਸਥਿਤੀਆਂ ਨੂੰ ਆਪਣੇ ਢੰਗ ਨਾਲ ਮਾਣਨਾ ਲੋਚਦੀ ਹੈ।
ਆਪਣੀ ਕਵਿਤਾ 'ਮਿੱਠਾ ਹੁਲਾਰਾ' ਵਿਚ ਉਹ ਆਪਣੇ ਦਿਲ ਦਾ ਚਿਰਾਗ਼ ਜਗਾਉਂਦੀ ਹੈ ਤੇ ਸੁਹਾਵਣੇ ਪਲਾਂ ਦੇ ਮਿੱਠੇ-ਮਿੱਠੇ ਹੁਲਾਰੇ ਮਾਣਦੀ ਹੈ। 'ਰੂਹ ਦੇ ਲਾਡ' ਵਿਚ ਉਹ ਉਮਰਾਂ ਦੇ ਵਿਛੋੜੇ ਦੇ ਆਪੇ ਹੀ ਕੱਟ ਜਾਣ ਦੀ ਗੱਲ ਕਰਕੇ ਖ਼ੁਦ ਨੂੰ ਧਰਵਾਸ ਦਿੰਦੀ ਹੈ ਤੇ ਜ਼ਖ਼ਮਾਂ ਤੋਂ ਬੇਪ੍ਰਵਾਹੀ ਦਿਖਾਉਂਦੀ ਹੈ। ਇੰਜ ਇਸ ਪੁਸਤਕ ਦੀ ਸਮੁੱਚੀ ਸ਼ਾਇਰੀ ਬਿਰਹਨ ਦੀ ਵੇਦਨਾ 'ਤੇ ਆਧਾਰਿਤ ਹੈ। ਚੰਗਾ ਹੋਵੇ ਜੇ ਸੁਰਿੰਦਰ ਸੈਣੀ ਆਪਣੇ ਸਮਾਜ ਨੂੰ ਵੀ ਆਪਣੀ ਸ਼ਾਇਰੀ ਵਿਚ ਸ਼ਾਮਿਲ ਕਰਨ ਦਾ ਉੱਦਮ ਕਰੇ, ਕਿਉਂਕਿ ਆਪਣਾ ਦੁੱਖ ਵੱਡਾ ਤਾਂ ਹੈ ਪਰ ਸਮਾਜ ਦੇ ਕਈ ਹਿੱਸਿਆਂ ਦੇ ਦੁੱਖ ਕੋਹਾਂ-ਕੋਹਾਂ ਲੰਬੇ ਹਨ ਤੇ ਅਜਿਹੇ ਦੁੱਖਾਂ ਨੂੰ ਕਲਾ ਰਾਹੀਂ ਜ਼ਬਾਨ ਦੇਣ ਦੀ ਬਹੁਤ ਜ਼ਰੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਜਥੇ: ਜੀਵਨ ਸਿੰਘ ਉਮਰਾਨੰਗਲ
ਜੀਵਨ ਤੇ ਯਾਦਾਂ
ਸੰਪਾਦਕ : ਨਿੰਦਰ ਘੁਗਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਕ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 143+18
ਸੰਪਰਕ : 94174-21700.

ਨਿੰਦਰ ਘੁਗਿਆਣਵੀ ਪੂਰੀ ਨਿਰੰਤਰਤਾ ਨਾਲ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਸਾਹਿਤਕਾਰ ਹੈ। ਉਸ ਦੁਆਰਾ ਸੰਪਾਦਿਤ ਕੀਤੀ ਨਵੀਂ ਪੁਸਤਕ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀਵਨ ਤੇ ਯਾਦਾਂ ਇਕ ਅਜਿਹੀ ਪੁਸਤਕ ਹੈ, ਜੋ ਜਿਥੇ ਜਥੇਦਾਰ ਜੀਵਨ ਸਿੰਘ ਦੇ ਨਿੱਜੀ ਜੀਵਨ ਨਾਲ ਜੁੜੀਆਂ ਹੋਈਆਂ ਯਾਦਾਂ ਅਤੇ ਘਟਨਾਵਾਂ ਬਾਰੇ ਗਿਆਨ ਪ੍ਰਾਪਤ ਕਰਵਾਉਂਦੀ ਹੈ, ਉਥੇ ਇਹ ਪੁਸਤਕ ਸਮਕਾਲੀ ਅਤੇ ਤਤਕਾਲੀ ਸਮੇਂ ਦੀ ਧਾਰਮਿਕ ਅਤੇ ਰਾਜਨੀਤਕ ਵਿਵਸਥਾ ਬਾਰੇ ਵਿਸ਼ੇਸ਼ ਕਰਕੇ ਸਿੱਖ ਰਾਜਨੀਤੀ ਬਾਰੇ ਵੀ ਚਾਨਣਾ ਪਾਉਂਦੀ ਹੈ। ਜਥੇਦਾਰ ਜੀਵਨ ਸਿੰਘ ਉਮਰਾਨੰਗਲ ਬਾਰੇ ਸੰਪਾਦਿਤ ਇਸ ਪੁਸਤਕ ਵਿਚ ਜਿਥੇ ਉਸ ਦੇ ਪਰਿਵਾਰਕ ਮੈਂਬਰਾਂ ਸ: ਅਵਤਾਰ ਸਿੰਘ ਉਮਰਾਨੰਗਲ, ਸ: ਪਰਮਰਾਜ ਸਿੰਘ ਉਮਰਾਨੰਗਲ ਦੇ ਵਿਚਾਰ ਦਰਜ ਕੀਤੇ ਹਨ, ਜਿਨ੍ਹਾਂ ਮੁਤਾਬਿਕ ਜਥੇਦਾਰ ਉਮਰਾਨੰਗਲ ਜਿਥੇ ਸਚਾਈ ਲਈ ਲੜਨ, ਖੜ੍ਹਨ ਵਾਲੇ ਦਲੇਰ ਵਿਅਕਤੀ ਸਨ, ਉਥੇ ਪੱਕੇ ਨਿੱਤਨੇਮੀ ਵੀ ਸਨ। ਉਨ੍ਹਾਂ ਨੇ ਖਾੜਕੂਵਾਦ ਦੇ ਦੌਰਾਨ ਬਹੁਤ ਸਾਰੇ ਹਿਜਰਤ ਕਰ ਗਏ ਹਿੰਦੂ ਪਰਿਵਾਰਾਂ ਨੂੰ ਮੁੜ ਪੰਜਾਬ ਵਿਚ ਲਿਆ ਕੇ ਵਸਾਇਆ ਅਤੇ ਆਪਣੀ ਵਿਵੇਕ ਬੁੱਧੀ ਸਦਕਾ ਸਮਕਾਲੀ ਲੀਡਰਾਂ ਨੂੰ ਪ੍ਰਭਾਵਿਤ ਵੀ ਕੀਤਾ। ਉਨ੍ਹਾਂ ਬਾਰੇ ਇਸ ਪੁਸਤਕ ਵਿਚ ਵਿਚਾਰ ਪੇਸ਼ ਕਰਨ ਵਾਲੇ ਰਾਜਨੀਤਕ, ਪ੍ਰਸ਼ਾਸਨਿਕ ਸਾਹਿਤਕਾਰ ਵਿਅਕਤੀਆਂ ਵਿਚ ਭਾਰਤ ਦੇ ਰਾਸ਼ਟਰਪਤੀ ਆਰ. ਵੈਂਕਟਾਰਮਨ, ਐਸ.ਐਸ. ਰੇਅ, ਡਾ: ਮਦਨ ਗੋਪਾਲ ਅਚਾਰੀਆ, ਸੰਤੋਖ ਸਿੰਘ ਧੀਰ, ਹਰਭਜਨ ਹੁੰਦਲ, ਜਤਿੰਦਰ ਪੰਨੂ, ਬ੍ਰਹਮਜਗਦੀਸ਼ ਸਿੰਘ, ਸੁਰਜੀਤ ਸਿੰਘ ਮਿਨਹਾਸ, ਜਸਦੇਵ ਸਿੰਘ ਜੱਸੋਵਾਲ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਕੁਲਬੀਰ ਸਿੰਘ ਸਿੱਧੂ, ਮੰਗਤ ਰਾਮ ਪਾਸਲਾ, ਮਲਕੀਤ ਸਿੰਘ ਦਾਖਾ, ਦਰਸ਼ਨ ਸਿੰਘ ਬਰਾੜ ਅਤੇ ਹਰਿੰਦਰ ਸਿੰਘ ਚਹਿਲ ਦੇ ਵਿਚਾਰਾਂ ਤੋਂ ਇਲਾਵਾ ਕੁਝ ਵਿਅਕਤੀਆਂ ਦੀਆਂ ਜਥੇਦਾਰ ਸਾਹਿਬ ਨਾਲ ਨਿੱਜੀ ਯਾਦਾਂ ਸਾਂਝੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਵਿਚਾਰ ਵੀ ਪੁਸਤਕ ਦੇ ਟਾਈਟਲ 'ਤੇ ਦਰਜ ਹਨ। ਜਥੇਦਾਰ ਉਮਰਾਨੰਗਲ ਨੇ ਤਿੰਨ ਪਿੰਡਾਂ ਦੀ ਸਰਪੰਚੀ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਸਿੱਖ ਰਾਜਨੀਤੀ ਵਿਚ ਆਪਣਾ ਵੱਡਾ ਰੁਤਬਾ ਅਤੇ ਮੁਕਾਮ ਹਾਸਲ ਕੀਤਾ, ਉਸ ਬਾਰੇ ਫੋਟੋਆਂ ਅਤੇ ਇਹ ਪੁਸਤਕ ਭਰਪੂਰ ਵਿਚ ਚਾਨਣਾ ਪਾਉਂਦੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਬੂਹੇ ਵਿਚਲੀ ਚੁੱਪ
ਲੇਖਕ : ਇੰਦਰੇਸ਼ਮੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 96
ਸੰਪਰਕ : 98159-76688.

ਇੰਦਰੇਸ਼ਮੀਤ ਦਾ ਤੀਸਰਾ ਕਾਵਿ ਸੰਗ੍ਰਹਿ 'ਬੂਹੇ ਵਿਚਲੀ ਚੁੱਪ' ਮਨ ਦੇ ਆਪੇ ਦੀ ਪਰਕਰਮਾ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਨਜ਼ਮਾਂ ਮਨੁੱਖੀ ਮਨ ਦੀ ਇਕੱਲਤਾ, ਨਿਰਾਸ਼ਾ ਅਤੇ ਉਦਾਸੀ ਦਾ ਪ੍ਰਗਟਾਵਾ ਕਰਦੀਆਂ ਹਨ। ਕਵੀ ਨਿਰਾਸ਼ਾ ਵਿਚ ਵੀ ਇਕ ਆਸ ਜਗਾਉਂਦਾ ਹੈ, ਕਵੀ ਆਪਣਾ ਸਵੈ-ਪ੍ਰਗਟਾਵਾ ਬੜਾ ਖੁੱਲ੍ਹ ਕੇ ਕਰਦਾ ਹੈ।
ਕਵੀ ਦਾ ਕਾਵਿ ਪਾਤਰ ਕਦੇ-ਕਦੇ ਆਪਣੇ ਦੁਆਲੇ ਸਿਰਜੇ ਹੋਏ ਭੁਲੇਖਿਆਂ ਦੇ ਸੰਸਾਰ ਤੋਂ ਅੱਭੜਵਾਹੇ ਉੱਠਦਾ ਹੈ ਤੇ ਆਪਣੇ ਨਾਲ ਹੋਈ ਅਣਹੋਣੀ 'ਤੇ ਹੈਰਾਨੀ ਪ੍ਰਗਟ ਕਰਦਾ ਹੈ।
ਭਰੋਸਿਆਂ ਦਾ ਤਿੜਕ ਜਾਣਾ/ਕਿੰਨਾ ਭਿਆਨਕ ਹੈ
ਉਸ ਨੂੰ ਪੁੱਛੋ, ਜਿਸ ਨੇ ਸਾਰੀ ਉਮਰ ਗੁਆ ਲਈ
ਇੰਤਜ਼ਾਰ ਦੇ ਹਨ੍ਹੇਰੇ ਵਿਚ..........।
ਰੁਮਾਂਚਿਕ ਭਾਵਾਂ ਵਿਚ ਵੀ ਕਵੀ ਕਈ ਅਜਿਹੀਆਂ ਸਥਿਤੀਆਂ ਸਿਰਜਦਾ ਹੈ, ਜਿਥੇ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਪ੍ਰੀਤ ਨਾਇਕਾ ਉਸ ਦੇ ਭਾਵਾਂ ਨੂੰ ਸਮਝ ਨਹੀਂ ਸਕੀ।
ਕਾਸ਼! ਤੂੰ ਮੇਰੀ ਕਵਿਤਾ ਦਾ/ਦਰਦ ਸਮਝ ਸਕਦੀ
ਸਭ ਕੁਝ ਕਹਿ ਲੈਣ ਤੋਂ ਬਾਅਦ/ਕੁਝ ਇਹੋ ਜਿਹਾ ਰਹਿ ਜਾਂਦਾ ਏ
ਜਿਸ ਨੂੰ ਆਵਾਜ਼ ਨਹੀਂ ਦਿੱਤੀ ਜਾਂਦੀ........।
ਅਣਲਿਖੀ ਭਾਸ਼ਾ ਕਵਿਤਾ ਕਵੀ ਦੇ ਲੋਕ ਵਿਸ਼ਵਾਸ ਨੂੰ ਪੱਕਾ ਕਰਦੀ ਹੈ ਕਿ ਅਧੂਰੀਆਂ ਇੱਛਾਵਾਂ ਰਹਿ ਜਾਣ ਨਾਲ ਮਨੁੱਖ ਪੁਨਰ ਜਨਮ ਲੈਂਦਾ ਹੈ। ਕਵੀ 'ਬੱਚਿਓ' ਕਵਿਤਾ ਰਾਹੀਂ ਨਵੀਂ ਪੀੜ੍ਹੀ ਨੂੰ ਮੁਖਾਤਿਬ ਹੋ ਕੇ ਬਹੁਤ ਕੁਝ ਨਵਾਂ ਕਰਨ ਲਈ ਪ੍ਰੇਰਦਾ ਹੈ ਤੇ ਪੁਰਾਣੀ ਪੀੜ੍ਹੀ ਤੋਂ ਉਮੀਦ ਕਰਦਾ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਸੋਚਣ-ਸਮਝਣ ਦੀ, ਫ਼ੈਸਲੇ ਲੈਣ ਦੀ ਆਜ਼ਾਦੀ ਦੇਵੇ। ਕਵੀ ਨੇ ਇਨਕਲਾਬੀ ਵਿਚਾਰਾਂ ਨੂੰ ਵੀ ਕਾਵਿਕ ਜਾਮਾ ਪਹਿਨਾਇਆ ਹੈਂ
ਇਤਿਹਾਸ ਮੌਨ ਰਹਿ ਸਕਦਾ ਹੈ
ਚਿੱਠੀਆਂ ਜੇਬਾਂ 'ਚ ਪਏ ਕਾਲੇ ਸੂਰਜਾਂ ਬਾਰੇ
ਲੜਾਈਆਂ ਚੁੱਪ ਨਹੀਂ ਰਹਿੰਦੀਆਂ
ਜੋ ਅਜੇ ਲੜੀਆਂ ਜਾਣੀਆਂ ਨੇ/ਜੋ ਲੜੀਆਂ ਜਾ ਰਹੀਆਂ ਨੇ!
'ਬੇਤਰਤੀਬ ਪਲ' ਕਵੀ ਦੇ ਅੰਤਰਮਨ ਦੀ ਉਦਾਸੀ ਅਤੇ ਬਦਲਦੇ ਜੀਵਨ ਸਮੀਕਰਨ ਕਾਰਨ ਬੇਚੈਨੀ ਦੇ ਪਲਾਂ ਦਾ ਵਰਨਣ ਹਨ। ਇਸ ਸਮੁੱਚੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਕਵੀ ਦੀ ਸੰਵੇਦਨਾ ਅਤੇ ਭਾਵਨਾਵਾਂ ਦਾ ਤਾਣਾ-ਬਾਣਾ ਹੈ। ਸਮਾਂ, ਉਦਾਸੀ, ਮੈਂ ਤੇ ਸਮੁੰਦਰ, ਅਧੂਰਾਪਣ, ਗ਼ਲਤੀਆਂ, ਰਸਮ ਤੇ ਰਿਵਾਜ, ਜੰਨਤ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਾਵਿ ਸੰਗ੍ਰਹਿ ਦੀ ਭੂਮਿਕਾ ਵਿਚ ਮੋਹਨਜੀਤ ਜੀ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਸਵੈ ਦੀ ਤਲਾਸ਼ ਦੀਆਂ ਕਵਿਤਾਵਾਂ ਆਖਿਆ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਖੂਹ ਵਿਚ ਲਮਕਦੀ ਤਿੜ੍ਹ
ਲੇਖਕ : ਹਰਿੰਦਰ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 125, ਸਫ਼ੇ : 80
ਸੰਪਰਕ : 8146800590

ਇਹ ਨਾਵਲ ਹਰਿੰਦਰ ਸੰਧੂ ਦਾ ਪਲੇਠਾ ਨਾਵਲ ਹੈ। ਇਸ ਵਿਚ ਬਾਹਰ ਜਾਣ ਵਾਲੇ ਲੋਕਾਂ ਦੀ ਹੁੰਦੀ ਦੁਰਦਸ਼ਾ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਵਿਦੇਸ਼ ਵਿਚ ਜਾ ਕੇ ਉਨ੍ਹਾਂ ਦੇ ਧੀਆਂ ਪੁੱਤ ਏਨੇ ਨਿਰਮੋਹੇ ਹੋ ਜਾਂਦੇ ਹਨ, ਜਿਨ੍ਹਾਂ ਮਾਂ -ਬਾਪ ਨੇ ਆਪਣੇ ਬੱਚਿਆਂ ਨੂੰ ਚਾਵਾਂ-ਲਾਡਾਂ ਨਾਲ ਪਾਲਿਆ-ਪੋਸਿਆ ਹੁੰਦਾ ਹੈ। ਨਾਵਲਕਾਰ ਨੇ ਆਪਣੇ ਨਾਵਲ ਵਿਚ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਬੇਬਾਕੀ ਨਾਲ ਕੀਤੀ ਹੈ ਜਿਵੇਂ ਪਿੰਡਾਂ ਵਿਚ ਸੱਥ ਵਿਚ ਬੈਠੇ ਬੰਦਿਆਂ ਦੀਆਂ ਗੱਲਾਂ, ਸਰਪੰਚ ਦੇ ਘਰ ਦਾ ਬਿਆਨ, ਸਰਪੰਚ ਦੇ ਮੁੰਡੇ ਦੇ ਵਿਦੇਸ਼ ਜਾਣ 'ਤੇ ਪਿੱਛੋਂ ਸਰਪੰਚ ਤੇ ਸਰਪੰਚਣੀ ਦੀ ਤ੍ਰਾਸਦਿਕ ਹਾਲਤ ਨੂੰ ਪਿੰਡ ਦੇ ਮੋਹਰੀ ਬੰਦੇ ਦੱਸਦੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ, ਸਿਰਫ ਗੱਲਾਂ ਸੁਣਨ ਜੋਗੇ ਹੀ ਰਹਿ ਜਾਂਦੇ ਹਨ।
ਹਰਿੰਦਰ ਸੰਧੂ ਨੂੰ ਆਪ ਨੂੰ ਵੀ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ ਪਰ ਉਹ ਵੀ ਮਜਬੂਰ ਹੈ, ਪਰ ਵਿਦੇਸ਼ ਜਾ ਕੇ ਰਾਜ਼ੀ ਨਹੀਂ ਹੈ। ਇਸ ਤਰ੍ਹਾਂ ਜਦੋਂ ਉਹ ਸਰਪੰਚ ਦੇ ਜੀਵਨ ਨੂੰ ਬਿਆਨਦਾ ਹੈ ਕਿ ਸਰਪੰਚ ਦਾ ਸਾਰਾ ਜੀਵਨ ਹੀ ਆਪਣੇ ਪੁੱਤਰ ਦੇ ਬਾਹਰ ਜਾਣ ਕਾਰਨ ਖਰਾਬ ਹੋ ਜਾਂਦਾ ਹੈ। ਅਖੀਰ ਵਿੱਚ ਵਿਚਾਰਾ ਸਰਪੰਚ ਪਿੰਡ ਆ ਕੇ ਮਰਨਾ ਚਾਹੁੰਦਾ ਹੈ ਪਰ ਉਦੋਂ ਤੱਕ ਕੋਈ ਵੀ ਉਸ ਨੂੰ ਪਿਆਰ ਕਰਨ ਵਾਲਾ ਨਹੀਂ ਰਹਿੰਦਾ ਤੇ ਨਾ ਕੋਈ ਹਮਦਰਦ ਰਹਿੰਦਾ ਹੈ, ਵੇਲਾ ਵਿਹਾਅ ਚੁੱਕਿਆ ਹੁੰਦਾ ਹੈ ਤੇ ਪਿੰਡ ਤੋਂ ਥੋੜ੍ਹੀ ਦੂਰ ਆਪਣੇ ਪ੍ਰਾਣ ਤਿਆਗ ਦਿੰਦਾ ਹੈ।
ਸਮੁੱਚੇ ਨਾਵਲ ਵਿਚ ਨਿਰਮੋਹੇ ਹੋਏ ਧੀਆਂ-ਪੁੱਤਾਂ ਅਤੇ ਵਿਦੇਸ਼ੀ ਜੀਵਨ ਦੇ ਖੋਖਲੇਪਣ ਨੂੰ ਪੇਸ਼ ਕੀਤਾ ਗਿਆ ਹੈ, ਭੂ-ਹੇਰਵੇ ਬਾਰੇ ਦੱਸਿਆ ਹੈ ਤੇ ਪੰਜਾਬੀ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਲਾਲਸਾ, ਉਨ੍ਹਾਂ ਦੇ ਮਾਪਿਆਂ ਦੀ ਆਪਣੀ ਜਨਮ-ਭੂਮੀ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ, ਆਪਣੇ ਸੱਭਿਆਚਾਰ, ਆਪਣੇ ਭਾਈਚਾਰੇ ਤੇ ਆਪਣੇ ਪਿੰਡ ਤੋਂ ਵਿਛੜਨ ਦੀ ਸੰਕਟਮਈ ਸਥਿਤੀ ਨੂੰ ਪੇਸ਼ ਕੀਤਾ ਹੈ, ਜੋ ਅਜੋਕੇ ਸਮੇਂ ਵਿਚ ਵੀ ਇਸੇ ਤਰ੍ਹਾਂ ਵਾਪਰ ਰਿਹਾ ਹੈ। ਨਾਵਲਕਾਰ ਨੇ ਗਲਪੀ ਬਿਰਤਾਂਤ ਰਾਹੀਂ ਨਾਵਲ ਦੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਹੈ, ਪਰ ਉਸ ਨੂੰ ਨਾਵਲ ਦੇ ਵਿਧੀ-ਵਿਧਾਨ ਵੱਲ ਧਿਆਨ ਦੇਣ ਦੀ ਲੋੜ ਹੈ, ਇਸ ਪਾਸਿਓਂ ਨਾਵਲ ਸੱਖਣਾ ਪ੍ਰਤੀਤ ਹੁੰਦਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਤਹਿਰੀਕ
ਲੇਖਕ : ਚਹਿਲ ਜਗਪਾਲ
ਪ੍ਰਕਾਸ਼ਨ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਪੰਨੇ 85 ਮੁੱਲ : 100 ਰੁਪਏ, ਸਫ਼ੇ : 85.
ਸੰਪਰਕ : 99150-32062.

ਚਹਿਲ ਜਗਪਾਲ ਨਵੀਂ ਪੀੜ੍ਹੀ ਦੇ ਕਵੀਆਂ ਵਿਚੋਂ ਇਕ ਹੈ, ਜਿਸ ਨੇ ਆਪਣੇ ਕਾਵਿ-ਸੰਗ੍ਰਹਿ 'ਤਹਿਰੀਕ' ਵਿਚ ਸੁੱਤੀ ਪਈ ਮਾਨਵੀ ਚੇਤਨਾ ਨੂੰ ਹਲੂਣਾ ਦੇਣ ਦਾ ਪ੍ਰਯਤਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਉਸ ਦੀ ਬਾਗ਼ੀਆਨਾ ਸੋਚ ਉੱਭਰ ਕੇ ਸਾਹਮਣੇ ਆਉਂਦੀ ਹੈ। ਕਵੀ ਆਮ ਉੱਭਰਦੇ ਕਵੀਆਂ ਵਾਂਗ ਪਿਆਰ ਮੁਹੱਬਤ ਜਾਂ ਰੁਮਾਂਸਵਾਦੀ ਚੌਗਿਰਦੇ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਆਪਣੀ ਸ਼ਾਇਰੀ ਦੇ ਮਾਧਿਅਮ ਦੁਆਰਾ ਉਨ੍ਹਾਂ ਪਖੰਡੀ ਬਾਬਿਆਂ ਅਤੇ ਲੋਟੂ ਸਰਮਾਏਦਾਰਾਂ ਨੂੰ ਬੜੀ ਨਿੱਡਰਤਾ ਨਾਲ ਵੰਗਾਰਦਾ ਹੈ, ਜਿਨ੍ਹਾਂ ਨੇ ਭੋਲੀ ਭਾਲੀ ਜਨਤਾ ਦੇ ਹੱਕਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਉਸ ਨੂੰ ਬੁਨਿਆਦੀ ਜ਼ਰੂਰਤਾਂ ਤੋਂ ਵੀ ਮਹਿਰੂਮ ਕੀਤਾ ਹੋਇਆ ਹੈ।
ਚਹਿਲ ਦੀਆਂ ਕਵਿਤਾਵਾਂ ਵਿਚੋਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਾਬਰਾਬਰੀ ਪ੍ਰਤੀ ਵਿਦਰੋਹ ਵਿਖਾਈ ਦਿੰਦਾ ਹੈ ਅਤੇ ਚੇਤਨਾ ਦੇ ਫੈਲਾਓ ਦਾ ਬਾਖੂਬੀ ਸੰਚਾਰ ਹੁੰਦਾ ਹੈ। ਕਵੀ ਦੀਆਂ ਪ੍ਰਗਤੀਵਾਦੀ ਅਤੇ ਸੰਘਰਸ਼ਸੀਲ ਸੁਨੇਹੇ ਦੇਣ ਵਾਲੀਆਂ ਕਵਿਤਾਵਾਂ ਵਿਚੋਂ 'ਮੇਰੀ ਕਵਿਤਾ', 'ਮੇਰਾ ਨਾਨਕ', 'ਮਾਨਸਿਕਤਾ', 'ਐਲਾਨ ਨਾਮਾ', 'ਬੇਦਾਵਾ', 'ਚਿਤਾਵਨੀ', 'ਦਿਲ ਕਰਦੈ', 'ਜਾਗਰੂਕਤਾ', 'ਕੁਝ ਸੁਆਲ', 'ਮੈਂ ਉਦਾਸ ਨਹੀਂ', 'ਰੈਲੀ', 'ਮੈਂ ਇਹ ਤਾਂ ਨਹੀਂ ਕਿਹਾ', 'ਪੰਜਾਬੀਆਂ ਦੇ ਨਾਂ' ਅਤੇ 'ਕਦੋਂ ਤੱਕ?' ਜ਼ਿਕਰਯੋਗ ਹਨ, ਜਿਨ੍ਹਾਂ ਵਿਚ ਤਰਕਮਈ ਅਤੇ ਵਿਗਿਆਨਕ ਸੋਚ ਸਮੋਈ ਹੋਈ ਹੈ। ਉਹ ਆਪਣੀ ਗੱਲ ਕਹਿਣ ਲਈ ਗੁੰਝਲਦਾਰ ਜਾਂ ਜਟਿਲ ਕਿਸਮ ਦੇ ਔਖੇ ਭਾਰੇ ਅਲੰਕਾਰਾਂ ਜਾਂ ਪ੍ਰਤੀਕਾਂ ਦਾ ਸਹਾਰਾ ਨਹੀਂ ਲੈਂਦਾ। ਕਵੀ ਦੀਆਂ ਗ਼ਜ਼ਲਾਂ ਭਾਵੇਂ ਵਿਚਾਰਧਾਰਕ ਪੱਧਰ 'ਤੇ ਇਨਸਾਫ਼ ਦੀ ਪ੍ਰਾਪਤੀ ਅਤੇ ਜਬਰ-ਜ਼ੁਲਮ ਦਾ ਟਾਕਰਾ ਕਰਨ ਦਾ ਵਰਨਣ ਕਰਦੀਆਂ ਹਨ ਪਰੰਤੂ ਤੋਲ-ਤੁਕਾਂਤ ਦੀ ਦ੍ਰਿਸ਼ਟੀ ਤੋਂ ਕਿਤੇ-ਕਿਤੇ ਕੁਝ ਇਕ ਗ਼ਜ਼ਲਾਂ ਹਲਕੀਆਂ ਹਨ। ਫਿਰ ਵੀ ਇਸ ਪੁਸਤਕ ਦੇ ਆਧਾਰ 'ਤੇ ਇਹ ਧਾਰਨਾ ਪੁਸ਼ਟ ਹੁੰਦੀ ਹੈ ਕਿ ਚਹਿਲ ਦੀ ਸ਼ਾਇਰੀ ਭਵਿੱਖ ਵਿਚ ਪੁਖ਼ਤਗੀ ਹਾਸਲ ਕਰੇਗੀ ਹੈ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਫ ਫ ਫ

18/02/2017

 ਸੱਤ ਰੰਗਾਂ ਦੇ ਸੁਪਨੇ
ਮੂਲ ਅੰਗਰੇਜ਼ੀ : ਰਸ਼ਮੀ ਬਾਂਸਲ
ਪੰਜਾਬੀ ਰੂਪ : ਕਰਮਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 334
ਸੰਪਰਕ : 0172-4608699.

ਪਰੰਪਰਾਗਤ ਸੋਚ ਵਾਲੇ ਸਾਡੇ ਆਮ ਦੇਸ਼ ਵਾਸੀ ਕਿਸੇ ਨਾ ਕਿਸੇ ਤਰ੍ਹਾਂ ਰੋਜ਼ੀ-ਰੋਟੀ ਲਈ ਨੌਕਰੀ ਨੂੰ ਜ਼ਿੰਦਗੀ ਦਾ ਸਭ ਤੋਂ ਪਹਿਲਾ ਤੇ ਅੰਤਿਮ ਉਦੇਸ਼ ਮੰਨਦੇ ਹਨ। ਸਰਕਾਰੀ ਨੌਕਰੀ ਹੋਵੇ ਤੇ ਹੋਵੇ ਵੀ ਪੱਕੀ। ਬਸ ਫਿਰ ਚੁੱਪ ਕਰਕੇ ਉਮਰ ਭਰ ਦੀ ਰੋਟੀ ਦਾ ਮਸਲਾ ਹੱਲ। ਇਸ ਪਿੱਛੋਂ ਸ਼ਾਦੀ, ਬੱਚੇ, ਬੱਚਿਆਂ ਨੂੰ ਉਸ ਕਿਸਮ ਦੀ ਸਿੱਖਿਆ ਤੇ ਟਰੇਨਿੰਗ ਜਿਸ ਨਾਲ ਹਰ ਮਹੀਨੇ ਬੱਝੀ ਤਨਖਾਹ ਮਿਲੇ। ਦਫ਼ਤਰੀ ਕਿਸਮ ਦੀਆਂ ਨੌਕਰੀਆਂ ਦੀ ਘਾਟ, ਬਦਲ ਰਹੀ ਆਰਥਿਕ ਤਸਵੀਰ, ਕੰਪਿਊਟਰੀਕਰਨ, ਗਲੋਬਲਾਈਜ਼ੇਸ਼ਨ ਵਿੱਦਿਆ ਦਾ ਤੇਜ਼ ਪ੍ਰਸਾਰ ਵਧੇਰੀ ਜਨਸੰਖਿਆ ਤੇ ਮੁਕਾਬਲੇਬਾਜ਼ੀ ਨੇ ਨੌਕਰੀਆਂ ਦੇ ਖੇਤਰ ਵਿਚ ਵੱਡਾ ਸੰਕਟ ਪੈਦਾ ਕੀਤਾ ਹੈ। ਇਸ ਸਥਿਤੀ ਨੇ ਲੋਕਾਂ ਨੂੰ ਆਪ ਉੱਦਮ ਕਰਕੇ ਸਵੈ-ਰੁਜ਼ਗਾਰ ਵਾਸਤੇ ਸੋਚਣ ਲਾਇਆ ਹੈ।
ਨਿੱਜੀ ਉੱਦਮ ਤੇ ਸਵੈ-ਰੁਜ਼ਗਾਰ ਵਾਸਤੇ ਮੌਲਿਕ ਸੋਚ, ਉੱਦਮ, ਹਿੰਮਤ, ਯੋਜਨਾਬੰਦੀ, ਸਿਰੜ, ਪ੍ਰਬੰਧਕੀ ਕੁਸ਼ਲਤਾ ਤੇ ਲੋਕਾਂ ਨੂੰ ਸਮਝ ਕੇ ਨਾਲ ਤੋਰਨ ਜਿਹੇ ਕਈ ਗੁਣਾਂ ਦੀ ਲੋੜ ਹੈ। ਇਸ ਖੇਤਰ ਵਿਚ ਕਦਮ ਰੱਖ ਕੇ ਸਫਲਤਾ ਦੀਆਂ ਸਿਖਰਾਂ ਛੂਹਣ ਵਾਲੇ ਉਦਮੀ ਮਰਦ ਔਰਤਾਂ ਦੇ ਸੰਘਰਸ਼ ਤੇ ਪ੍ਰਾਪਤੀ ਦੇ ਬਿਰਤਾਂਤ ਨਵੇਂ ਉਦਮੀਆਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇ ਸਕਦੇ ਹਨ। ਇਹ ਬਿਰਤਾਂਤ ਕਲਪਿਤ ਨਾ ਹੋਣ ਸਗੋਂ ਤੱਥਾਂ/ਤਿੱਥਾਂ, ਨਾਵਾਂ/ਥਾਵਾਂ, ਅੰਕੜਿਆਂ ਉਤੇ ਆਧਾਰਿਤ ਵਾਸਤਵਿਕ ਹੋਣ ਤਾਂ ਹੋਰ ਪ੍ਰਭਾਵਸ਼ਾਲੀ ਹੋ ਸਕਦੇ ਹਨ। ਰਸ਼ਮੀ ਬਾਂਸਲ ਦੀ ਇਸ ਪੁਸਤਕ ਵਿਚ ਉਨ੍ਹਾਂ ਪੰਝੀ ਉਦਮੀ ਔਰਤਾਂ ਦੇ ਬਿਰਤਾਂਤ ਹਨ, ਜਿਨ੍ਹਾਂ ਸੀਮਤ ਆਰਥਿਕ ਸਾਧਨਾਂ ਨਾਲ ਬੜੇ ਸਾਧਾਰਨ ਪਿਛੋਕੜ ਵਿਚੋਂ ਉੱਠ ਕੇ ਨਿੱਕੇ ਜਿਹੇ ਪੱਧਰ ਤੋਂ ਕੰਮ ਸ਼ੁਰੂ ਕਰਕੇ ਸੈਂਕੜੇ ਕਰੋੜ ਰੁਪਏ ਦੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ। ਕਿਸੇ ਟਾਟੇ/ਬਿਰਲੇ/ਅਡਾਨੀ ਦੀਆਂ ਨੂੰਹਾਂ ਧੀਆਂ ਨਹੀਂ ਹਨ ਉਹ।
ਇਸ ਪੁਸਤਕ ਵਿਚ ਪੇਸ਼ ਸਫਲ ਉਦਮੀ ਔਰਤਾਂ ਸਾਡੇ ਵਰਗੇ ਸਾਧਾਰਨ ਪਰਿਵਾਰਾਂ ਦੀਆਂ ਹਨ। ਉਨ੍ਹਾਂ ਚੈਲੰਜ ਸਵੀਕਾਰੇ, ਪਰਿਵਾਰ ਵੀ ਪਾਲੇ ਅਤੇ ਵਪਾਰ/ਰੁਜ਼ਗਾਰ ਵੀ ਚਲਾਇਆ। ਕਦੇ ਹਾਰ ਨਾ ਮੰਨੀ ਤੇ ਅੱਗੇ ਹੀ ਅੱਗੇ ਵਧੀਆਂ। ਇਹ ਬਿਰਤਾਂਤ ਪੰਜਾਬੀ ਮੁਟਿਆਰਾਂ ਲਈ ਨਿਸਚੇ ਹੀ ਪ੍ਰੇਰਨਾ ਦੇਣ ਦੇ ਸਮਰੱਥ ਹਨ।

ਂਡਾ: ਕੁਲਦੀਪ ਸਿੰਘ ਧੀਰ।
ਮੋ: 98722-60550
ਫ ਫ ਫ

ਭਗਤ ਸਧਨਾ ਜੀ ਜੀਵਨ ਅਤੇ ਬਾਣੀ
ਲੇਖਕ : ਡਾ: ਬਲਦੇਵ ਸਿੰਘ 'ਬੱਦਨ' ਅਤੇ ਡਾ: ਧਰਮਪਾਲ ਸਿੰਗਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼ ਜਲੰਧਰ
ਮੁੱਲ : 195 ਰੁਪਏ, ਸਫ਼ੇ : 80.

ਹਥਲੀ ਪੁਸਤਕ ਗੁਰਮਤਿ ਧਾਰਾ ਅਤੇ ਭਗਤੀ ਲਹਿਰ ਦੇ ਗੰਭੀਰ ਖੋਜੀ ਡਾ: ਬਲਦੇਵ ਸਿੰਘ 'ਬੱਦਨ' ਅਤੇ ਡਾ: ਧਰਮਪਾਲ ਸਿੰਗਲ ਦੁਆਰਾ ਰਚਿਤ ਹੈ, ਜਿਸ ਵਿਚ ਭਗਤ ਸਧਨਾ ਜੀ ਦੀ ਬਾਣੀ ਅਤੇ ਉਨ੍ਹਾਂ ਦੀ ਜੀਵਨੀ ਸਬੰਧੀ ਦੁਰਲੱਭ ਜਾਣਕਾਰੀ ਪਾਠਕਾਂ ਦੇ ਸਨਮੁੱਖ ਕੀਤੀ ਗਈ ਹੈ। ਭਗਤ ਸਧਨਾ ਜੀ ਦੁਆਰਾ ਰਚਿਤ ਕੇਵਲ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਬਾਣੀ ਸਦਨੇ ਕੀ ਰਾਗ ਬਿਲਾਵਲ' ਦੇ ਸਿਰਲੇਖ ਦੇ ਅੰਤਰਗਤ ਦਰਜ ਹੈ, ਜਿਸ ਦਾ ਸੰਦੇਸ਼ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਣ ਹਿਤ ਮਨੁੱਖ ਨੂੰ ਪ੍ਰਭੂ ਦੀ ਸ਼ਰਨ ਵਿਚ ਜਾ ਕੇ ਪ੍ਰਭੂ ਸਿਮਰਨ ਵਿਚ ਲੀਨ ਹੋਣ ਦੀ ਪ੍ਰੇਰਨਾ ਵੀ ਹੈ ਅਤੇ ਉਸ ਆਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਉਸ ਦਾ ਹਰ ਭਾਣਾ ਮੰਨਣ ਦੀ ਵੀ ਸਿੱਖਿਆ ਹੈ। ਇਨ੍ਹਾਂ ਦੋਵਾਂ ਵਿਦਵਾਨਾਂ ਨੇ ਭਗਤ ਸਧਨਾ ਜੀ ਦੇ ਜੀਵਨ ਬਿਰਤਾਂਤ ਅਤੇ ਉਨ੍ਹਾਂ ਦੀ ਮਾਨਵ ਪ੍ਰਤੀ ਹੋਰ ਘੋਲ-ਕਮਾਈ ਨੂੰ ਇਤਿਹਾਸਕ, ਸਾਹਿਤਕ ਅਤੇ ਵਿਭਿੰਨ ਇਲਾਕਾਈ ਸਰੋਤ-ਸੰਦਰਭਾਂ ਦੇ ਡੂੰਘੇ ਅਧਿਐਨ ਅਤੇ ਸਿੱਟਿਆਂ ਦੀ ਪ੍ਰਾਪਤੀ ਖਾਤਰ ਵੱਖ-ਵੱਖ ਸਥਾਨਾਂ ਦੀ ਯਾਤਰਾ ਪੱਧਤੀ ਜ਼ਰੀਏ ਵੀ ਪਰਖਿਆ ਹੈ। ਖੋਜੀ ਵਿਦਵਾਨਾਂ ਨੇ ਭਗਤ ਸਧਨਾ ਜੀ ਦਾ ਜਨਮ 12ਵੀਂ, 13ਵੀਂ ਸਦੀ ਮੰਨਿਆ ਜਾਂਦਾ ਦਰਸਾਇਆ ਹੈ ਜੋ ਬਹੁਤੇ ਭਗਤ ਕਵੀਆਂ ਤੋਂ ਪਹਿਲਾਂ ਦਾ ਹੈ। ਪੁਸਤਕ ਵਿਚ ਦਰਜ ਜਾਣਕਾਰੀ ਚਾਹੇ ਉਹ ਸਧਨਾ ਜੀ ਦੇ ਜਨਮ-ਪਿਛੋਕੜ ਨਾਲ, ਕਿੱਤਾ ਕਮਾਈ ਨਾਲ, ਸਾਲਗ੍ਰਾਮ ਦੇ ਵੱਟੇ ਨਾਲ, ਨੀਹਾਂ ਵਿਚ ਚਿਣੇ ਜਾਣ ਨਾਲ ਜਾਂ ਜਗਨ ਨਾਥ ਦੀ ਯਾਤਰਾ ਇਤਿਆਦਿ ਪ੍ਰਸੰਗ ਸਥਿਤੀਆਂ ਨਾਲ ਸਬੰਧਤ ਹੈ ਜਾਂ ਭਗਤੀ ਸਾਧਨਾ ਜ਼ਰੀਏ ਆਤਮ-ਸ਼ੁੱਧੀ ਦੇ ਸਰੋਕਾਰਾਂ ਨਾਲ, ਸਭਨਾਂ ਪ੍ਰਸੰਗਾਂ ਵਿਚ ਭਗਤ ਜੀ ਨਿਵੇਕਲੀ ਧਾਰਮਿਕ ਨਿਰਛਲਤਾ ਵਾਲੀ ਹਸਤੀ ਵਜੋਂ ਉੱਭਰਦੇ ਹਨ। ਦੋਵਾਂ ਵਿਦਵਾਨਾਂ ਦੀ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਭਗਤ ਸਧਨਾ ਜੀ ਬਾਬਤ ਅੱਜ ਤੱਕ ਦੇ ਮਿਲਦੇ ਖੋਜ-ਸਰੋਤਾਂ ਨੂੰ ਬਾ-ਦਸਤਾਵੇਜ਼ੀ ਸਰੂਪ 'ਚ ਪ੍ਰਗਟ ਕਰਕੇ ਪਾਠਕਾਂ ਦੇ ਸਨਮੁਖ ਕੀਤਾ ਹੈ। ਪੁਸਤਕ ਦੇ ਅੰਤਿਮ ਪੰਜ ਕਾਂਡ ਭਗਤ ਸਧਨਾ ਜੀ ਬਾਬਤ ਦੁਰਲੱਭ ਜਾਣਕਾਰੀ ਦੇ ਖੋਜਪਰਕ ਸਰੋਤ-ਬਿੰਦੂ ਹਨ। ਨਿਰਸੰਦੇਹ, ਇਹ ਪੁਸਤਕ ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਹਵਾਲਾ ਪੁਸਤਕ ਵਜੋਂ ਸਮਝੀ ਅਤੇ ਵਰਤੀ ਜਾਣ ਦੇ ਸਮਰੱਥ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸੂਰਜ ਡੁੱਬਦਾ ਨਹੀਂ
ਲੇਖਿਕਾ : ਦਵਿੰਦਰ ਪ੍ਰੀਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98765-42765.

'ਸੂਰਜ ਡੁੱਬਦਾ ਨਹੀਂ' ਦਵਿੰਦਰ ਪ੍ਰੀਤ ਦੀ ਨੌਵੀਂ ਪੁਸਤਕ ਹੈ, ਪ੍ਰੰਤੂ ਨਜ਼ਮਾਂ ਦੀ ਪਹਿਲੀ ਪੁਸਤਕ ਹੈ। ਲੇਖਿਕਾ ਬਹੁਵਿਧਾਈ ਲੇਖਣ ਕਾਰਜ ਨਾਲ ਜੁੜੀ ਹੋਣ ਕਰਕੇ ਚਿੰਤਨ ਨਾਲ ਸ਼ਿੱਦਤ ਨਾਲ ਜੁੜੀ ਹੋਈ ਹੈ। ਇਸੇ ਕਰਕੇ ਹੀ ਉਹ ਮਰਦ ਅਤੇ ਔਰਤ ਦੇ ਰਿਸ਼ਤੇ ਨੂੰ ਵਿਰੋਧ 'ਚ ਨਹੀਂ, ਸਗੋਂ ਪੂਰਕਤਾ ਦੇ ਤੌਰ 'ਤੇ ਸੰਪਾਦਕ-ਵਿਧੀ ਰਾਹੀਂ ਵਿਸ਼ਲੇਸ਼ਿਤ ਕਰਨ ਦੇ ਯਤਨ ਵਿਚ ਹੈ। 'ਸੂਰਜ ਡੁੱਬਦਾ ਨਹੀਂ' ਨਜ਼ਮ 'ਚ ਸੂਰਜ ਇਕ ਥੀਮਿਕ ਮੈਟਾਫ਼ਰ ਹੈ, ਜੋ ਇਸ ਪੁਸਤਕ ਵਿਚ ਥਾਂ ਪੁਰ ਥਾਂ ਵਿਚਾਰਧਾਰਕ ਪੱਧਰ 'ਤੇ ਆਪਣੀ ਛਾਪ ਛੱਡ ਰਿਹਾ ਹੈ। ਜਿਵੇਂ ਜ਼ਿੰਦਗੀ ਕਦੇ ਰੁਕਦੀ ਨਹੀਂ, ਪਿਆਰ ਕਦੇ ਖ਼ਤਮ ਨਹੀਂ ਹੁੰਦਾ ਅਤੇ ਅਨੇਕਾਂ ਹੋਰ ਵੀ ਮਸਲੇ : ਸੰਘਰਸ਼ ਕਦੇ ਵੀ ਖ਼ਤਮ ਨਹੀਂ ਹੁੰਦਾ। ਹੱਕਾਂ ਲਈ ਜੂਝਦੇ ਕਾਫ਼ਲੇ ਕਦੇ ਵੀ ਰੁਕਦੇ ਨਹੀਂ। ਸਗੋਂ ਇਹ ਇਕ ਅਨੰਤ ਯਾਤਰਾ ਦਾ ਸਫ਼ਰ ਹੈ, ਜੋ ਮੰਜ਼ਿਲ 'ਤੇ ਪਹੁੰਚਣ 'ਤੇ ਹੀ ਖ਼ਤਮ ਹੋ ਸਕਦਾ ਹੈ। ਸ: ਭਗਤ ਸਿੰਘ ਵੱਲੋਂ ਫਾਂਸੀ ਲੱਗਣ ਤੋਂ ਪਹਿਲਾਂ ਲਿਖੀ ਚਿੱਠੀ 'ਚ ਦਰਜ ਸਤਰਾਂ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਸਾਡੀ ਜੰਗ ਜਾਰੀ ਰਹੇਗੀ। ਅੱਜ ਵੀ ਸਾਰਥਕ ਹੈ। ਪਿਆਰ ਹਮੇਸ਼ਾ ਦੋ ਪਰਤਾ ਰਿਹਾ ਹੈ ਅੰਦਰੂਨੀ ਤੇ ਬਾਹਰੀ ਵੀ। ਜਦੋਂ ਕੋਈ ਵਿਅਕਤੀਗਤ ਪਿਆਰ 'ਚ ਹੈ ਤਾਂ ਉਹ ਨਿੱਜੀ ਹੈ, ਪ੍ਰੰਤੂ ਜਦੋਂ ਇਹ ਹੱਕਾਂ ਲਈ ਜੂਝਦੇ ਲੋਕਾਂ ਦੇ ਕਾਫ਼ਲਿਆਂ ਨਾਲ ਜੁੜਦਾ ਹੈ ਤਾਂ ਇਹ ਸਮੁੱਚੀ ਲੋਕਾਈ ਪ੍ਰਤੀ ਸਨੇਹ, ਹਮਦਰਦੀ ਅਤੇ ਸਥਿਤੀਆਂ ਬਦਲਣ ਦੇ ਰਾਹ ਤੁਰਦਾ ਹੈ ਤਾਂ ਇਹ ਫਿਰ 'ਨਿੱਜ' ਤੋਂ 'ਪਰ' ਦੀ ਜੱਦ 'ਚ ਆ ਜਾਂਦਾ ਹੈ। ਇਹ ਰਿਸ਼ਤਾ ਫਿਰ ਦੁਵੱਲਾ ਸਬੰਧ ਸਮੁੱਚੀ ਲੋਕਾਈ ਅਤੇ ਕਾਇਨਾਤ ਨਾਲ ਸਿਰਜਦਾ ਹੈ!
ਸੂਰਜ ਡੁੱਬਦਾ ਨਹੀਂ ਕਦੇ,
ਨਾ ਕਦੇ ਚੜ੍ਹਦਾ ਹੈ,
ਕੇਵਲ ਤੇ ਕੇਵਲ,
ਬਦਲਦਾ ਹੈ ਦਿਸ਼ਾ, ਕਦੇ ਪੂਰਬ,
ਕਦੇ ਪੱਛਮ।
ਇਸ ਪੁਸਤਕ 'ਚ ਦਰਜ 47 ਨਜ਼ਮਾਂ ਹਨ, ਪ੍ਰੰਤੂ ਇੰਜ ਲਗਦਾ ਹੈ ਜਿਵੇਂ ਇਹ ਸਾਰੀਆਂ ਕਵਿਤਾਵਾਂ ਇਕ ਹੀ ਪ੍ਰਤੀਨਿਧ ਕਵਿਤਾ 'ਸੂਰਜ ਡੁੱਬਦਾ ਨਹੀਂ' ਦਾ ਸੰਬਾਦਕ ਵਿਸਥਾਰ ਹਨ। ਔਰਤ ਦੀ ਸ਼ਕਤੀ, ਉਸ ਦੇ ਆਪਣੇ ਅਸਤਿੱਤਵ ਨੂੰ ਸਮਝਣ ਅਤੇ ਜਗਾਉਣ 'ਚ ਹੀ ਹੈ, ਉਹ ਅਬਲਾ ਨਹੀਂ ਹੈ। (ਅਡੋਲ ਬਿਰਤ) ਦਵਿੰਦਰ ਪ੍ਰੀਤ ਦੀ ਹਰ ਨਜ਼ਮ ਸੰਵੇਦਨਾ ਭਰਪੂਰ ਹੈ ਅਤੇ ਇਸੇ ਲਈ ਉਸ ਦੀ ਬੋਲੀ, ਸ਼ੈਲੀ, ਸੰਵੇਦਨਸ਼ੀਲ ਸ਼ਬਦਾਂ ਦੀ ਸੁਚੱਜੀ ਚੋਣ ਕਰਕੇ ਨਗੀਨਿਆਂ ਵਾਂਗ ਜੜੀ ਹੋਈ ਹੈ। ਡਾ: ਬਲਵਿੰਦਰ ਦਾ ਚਿੰਤਨਸ਼ੀਲ ਨਿਬੰਧ ਵੀ ਇਸ ਪੁਸਤਕ ਦਾ ਅਹਿਮ ਅੰਗ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਜੇਤੂ ਰਵੱਈਆ
ਲੇਖਕ : ਜੌਹਨ ਮੈਕਸਵੈਲ
ਅਨੁਵਾਦਕ : ਸੰਗੀਤਪਾਲ ਸਿੰਘ ਅਤੇ ਮਨਿੰਦਰ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 98140-54954.

ਜੌਹਨ ਮੈਕਸਵੈਲ ਜੋ ਕਿ ਕਾਫੀ ਲੰਮਾ ਅਰਸਾ ਸਕਾਈਲਾਈਨ ਵੈਸਲੇਯਾਨ ਚਰਚ ਸੇਨ ਡਿਏਗੋ ਕੈਲੀਫੋਰਨੀਆ ਵਿਖੇ ਉੱਚ ਪਾਦਰੀ ਦੀ ਪਦਵੀ 'ਤੇ ਸੁਸ਼ੋਭਿਤ ਰਿਹਾ ਹੈ, ਅਮਰੀਕਾ ਦੀ ਚਰਚਿਤ ਸ਼ਖ਼ਸੀਅਤ ਹੈ। ਉਹ ਅਮਰੀਕਾ ਅਤੇ ਕੈਨੇਡਾ ਦੇ ਹਰ ਪੱਧਰ ਦੇ ਪਾਦਰੀਆਂ ਅਤੇ ਆਮ ਲੋਕਾਂ ਨੂੰ ਅਗਵਾਈ ਸਬੰਧਾਂ, ਚਰਚ ਵਿਕਾਸ ਅਤੇ ਮਨੁੱਖੀ ਰਵੱਈਏ ਵਰਗੇ ਅਹਿਮ ਵਿਸ਼ਿਆਂ 'ਤੇ ਕੇਵਲ ਭਾਸ਼ਣ ਹੀ ਨਹੀਂ ਦਿੰਦਾ ਰਿਹਾ, ਬਲਕਿ ਇਨ੍ਹਾਂ ਵਿਸ਼ਿਆਂ 'ਤੇ ਸੈਮੀਨਾਰ ਆਯੋਜਿਤ ਕਰਕੇ ਅਗਵਾਈ ਵੀ ਪ੍ਰਦਾਨ ਕਰਦਾ ਰਿਹਾ ਹੈ। ਉਹ ਜੀਵਨ ਅਗਵਾਈ ਦੇਣ ਵਾਲੀਆਂ ਕਈ ਪੁਸਤਕਾਂ ਦਾ ਲੇਖਕ ਵੀ ਹੈ। ਅਜੋਕੇ ਸਮੇਂ ਵਿਚ ਵੀ ਉਹ ਯੂਨਾਈਟਿਡ ਸਟੇਟਸ ਵਿਚ ਵਪਾਰ ਮੀਟਿੰਗਾਂ ਅਤੇ ਕਾਨਫ਼ਰੰਸਾਂ ਵਿਚ ਸ਼ਾਮਿਲ ਹੋ ਕੇ ਅਗਵਾਈ ਦੇ ਵਿਸ਼ੇ 'ਤੇ ਸੰਬੋਧਿਤ ਹੁੰਦਾ ਹੈ।
ਵਿਚਾਰ ਅਧੀਨ ਪੁਸਤਕ ਉਸ ਦੇ ਜੀਵਨ ਤਜਰਬਿਆਂ 'ਤੇ ਆਧਾਰਿਤ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਆਪਣੇ ਜੀਵਨ ਅਨੁਭਵਾਂ ਅਤੇ ਤਜਰਬਿਆਂ ਦੀ ਖੋਜ ਦੇ ਆਧਾਰ 'ਤੇ ਸਿੱਧ ਕੀਤਾ ਹੈ ਕਿ ਕਿਵੇਂ ਜੇਤੂ ਰਵੱਈਆ ਸਾਡੇ ਕਾਰੋਬਾਰ ਅਤੇ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ। ਅਜੋਕੇ ਦੌਰ ਵਿਚ ਲੀਹ ਤੋਂ ਲੱਥੀ ਜ਼ਿੰਦਗੀ ਦੀ ਗੱਡੀ ਨੂੰ ਲੀਹ 'ਤੇ ਪਾਉਣ ਲਈ ਅਸਫਲਤਾਵਾਂ ਨੂੰ ਸਫਲਤਾਵਾਂ ਵਿਚ ਤਬਦੀਲ ਕਰਨ, ਨਿੱਜੀ ਤੇ ਸਮਾਜਿਕ ਸਮੱਸਿਆਵਾਂ ਤੇ ਦੁਸ਼ਵਾਰੀਆਂ 'ਤੇ ਅਬੂਰ ਹਾਸਲ ਕਰਨ ਵਿਚ ਜੇਤੂ ਰਵੱਈਏ ਦੀ ਅਹਿਮ ਭੂਮਿਕਾ ਹੈ। ਪੁਸਤਕ ਦੇ ਚਾਰ ਭਾਗ ਹਨ, ਜਿਨ੍ਹਾਂ ਵਿਚ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ ਕਿ ਕਿਵੇਂ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ, ਲੋਕਾਂ ਦੇ ਦਿਲ ਜਿੱਤਣ ਲਈ ਅਤੇ ਸਮੱਸਿਆਵਾਂ ਨੂੰ ਅਵਸਰਾਂ ਵਿਚ ਤਬਦੀਲ ਕਰਨ ਲਈ ਜੇਤੂ ਰਵੱਈਏ ਦੀ ਸ਼ਨਾਖ਼ਤ ਅਤੇ ਪ੍ਰਾਪਤੀ ਕੀਤੀ ਜਾਵੇ। ਨਕਾਰਾਤਮਕ ਨਜ਼ਰੀਏ ਨੂੰ ਸਕਾਰਾਤਮਕ ਨਜ਼ਰੀਏ ਵਿਚ ਕਿਵੇਂ ਤਬਦੀਲ ਕੀਤਾ ਜਾਏ ਤਾਂ ਜੋ ਸਾਡੀ ਜੀਵਨ ਗੱਡੀ ਲੀਹ 'ਤੇ ਪੈ ਜਾਵੇ। ਇਸ ਬਾਰੇ ਲੇਖਕ ਨੇ ਉਦਾਹਰਨਾਂ ਸਹਿਤ ਚਰਚਾ ਕੀਤੀ ਹੈ। ਇਸ ਪੁਸਤਕ ਵਿਚ ਜੀਵਨ ਨੂੰ ਸਫਲ ਬਣਾਉਣ ਲਈ ਗਿਆਨਵਰਧਕ ਵਿਚਾਰ ਪੇਸ਼ ਕੀਤੇ ਗਏ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਕੰਨਾ ਮੰਨਾ ਕੁਰਰ
ਲੇਖਿਕਾ : ਡਾ. ਤੇਜਿੰਦਰ ਹਰਜੀਤ
ਪ੍ਰਕਾਸ਼ਕ : ਐਸ.ਪੀ. ਬੁਕਸ, ਜਲੰਧਰ
ਪੰਨੇ : 52 ਮੁੱਲ : 125 ਰੁਪਏ
ਸੰਪਰਕ : 98760-71010.

ਬਚਪਨ ਦੀ ਅਵਸਥਾ ਵਿਚ ਗੀਤ ਅਤੇ ਕਵਿਤਾਵਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਡਾ: ਤੇਜਿੰਦਰ ਹਰਜੀਤ ਨੇ ਆਪਣੀ ਨਵ-ਪ੍ਰਕਾਸ਼ਿਤ ਬਾਲ ਪੁਸਤਕ 'ਕੰਨਾ ਮੰਨਾ ਕੁਰਰ' ਵਿਚ ਬਾਲ ਮਨਾਂ ਦੇ ਕੁਝ ਅਜਿਹੇ ਹੀ ਜਜ਼ਬਿਆਂ, ਵਸਤਾਂ, ਸੁਪਨਿਆਂ ਅਤੇ ਸਰੋਕਾਰਾਂ ਨੂੰ ਸ਼ਾਬਦਿਕ ਰੂਪ ਦਿੱਤਾ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਬਹੁਤ ਨੇੜੇ ਦਾ ਸਬੰਧ ਹੈ। ਇਸ ਪੁਸਤਕ ਵਿਚ ਕੁੱਲ 29 ਕਵਿਤਾਵਾਂ ਅੰਕਿਤ ਹਨ, ਜਿਨ੍ਹਾਂ ਦਾ ਤਾਅਲੁਕ ਜੀਵ-ਜੰਤੂਆਂ, ਪ੍ਰਕਿਰਤੀ, ਹਾਸੇ-ਠੱਠੇ, ਸਕੂਲੀ ਸਿੱਖਿਆ, ਬਾਲ ਖੇਡਾਂ, ਦਿਨ-ਤਿਹਾਰ ਅਤੇ ਪੰਜਾਬ ਦੀ ਰਹਿਣੀ-ਬਹਿਣੀ ਆਦਿ ਵਿਸ਼ਿਆਂ ਨਾਲ ਹੈ। ਇਨ੍ਹਾਂ ਕਵਿਤਾਵਾਂ ਵਿਚੋਂ 'ਬਲੂੰਗੜੇ','ਬਿੱਲੀ ਤੇ ਚੂਚੇ', 'ਤੋਤਾ ਤੇ ਡੱਡੂ', 'ਮੇਰਾ ਹਾਥੀ', 'ਤੋਤਿਆ ਮਨਮੋਤਿਆ', 'ਗੜੈਂ ਗੜੈਂ', 'ਘੂੰ ਘੂੰ ਘੁੱਗੀਏ', 'ਅੱਪ ਤੇ ਗੜੱਪ' ਕਵਿਤਾਵਾਂ ਦੇ ਜ਼ਰੀਏ ਵੱਖ-ਵੱਖ ਨਿੱਕੇ-ਵੱਡੇ ਪੰਛੀ ਤੇ ਜਨੌਰ ਇਕ-ਦੂਜੇ ਨਾਲ ਮਨੁੱਖ ਵਾਂਗ ਆਪਣੀਆਂ ਗੱਲਾਂ, ਇੱਛਾਵਾਂ, ਸ਼ਿਕਵੇ-ਸ਼ਿਕਾਇਤਾਂ ਸਾਂਝੀਆਂ ਕਰਦੇ ਹਨ। ਇਹ ਕਦੇ ਆਪਸ ਵਿਚ ਬੱਚਿਆਂ ਵਾਂਗ ਲੜਦੇ ਹਨ, ਇਕ-ਦੂਜੇ ਨੂੰ ਤੰਗ ਕਰਦੇ ਹਨ ਪਰੰਤੂ ਅਗਲੇ ਹੀ ਪਲ ਇਕ-ਦੂਜੇ ਨਾਲ ਇਕਮਿਕ ਹੋ ਜਾਂਦੇ ਹਨ। 'ਤੋਤਾ ਤੇ ਡੱਡੂ' ਕਵਿਤਾ ਸ਼ਰਾਰਤ ਸ਼ਰਾਰਤ ਵਿਚ ਹੀ ਬਾਲ ਪਾਠਕਾਂ ਨੂੰ ਹਸਾ ਦਿੰਦੀ ਹੈ :
ਤੋਤੇ ਨੂੰ ਇੱਕ ਡੱਡੂ ਕਹਿੰਦਾ, ਦੇ ਦੇ ਆਪਣੇ ਖੰਭ।
ਮੈਂ ਵੀ ਤੇਰੇ ਵਾਂਗੂੰ ਉਡ ਕੇ, ਟੁੱਕ ਟੁੱਕ ਖਾਵਾਂ ਅੰਬ।
ਤੋਤੇ ਨੇ ਇਕ ਮਾਰ ਕੇ ਪੌਂਹਚਾ, ਸੁੱਟਿਆ ਅੰਬ ਧੜੈਂ।
ਉੱਪਰ ਅੰਬ ਤੇ ਹੇਠਾਂ ਡੱਡੂ, ਕਰਦਾ ਗੜੈਂ ਗੜੈਂ।
(ਪੰਨਾ 10)
ਇਸ ਸੰਗ੍ਰਹਿ ਵਿਚ 'ਅੱਲੀਆਂ ਪਟੱਲੀਆਂ', 'ਕੂੜੇਦਾਨ', 'ਸਾਡਾ ਘਰ', 'ਮਾਂ ਦੀ ਗੋਦੀ', 'ਕੱਟੇ ਦਾ ਰੱਟਾ', 'ਨਿੱਕਾ ਤਾਰਾ', 'ਮੈਂ ਕੀ ਬਣਾਂਗਾਂ ?', 'ਦੇਸੀ ਮਹੀਨੇ' ਕਵਿਤਾਵਾਂ ਵੀ ਬਾਲ-ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਕਵਿਤਾਵਾਂ ਏਨੇ ਸਹਿਜ ਸੁਭਾਵਿਕ ਅਤੇ ਸਾਧਾਰਨ ਸ਼ੈਲੀ ਵਿਚ ਲਿਖੀਆਂ ਗਈਆਂ ਹਨ ਕਿ ਬੱਚਿਆਂ ਵਿਚ ਪੜ੍ਹਨ ਰੁਚੀਆਂ ਪ੍ਰਤੀ ਉਤਸ਼ਾਹ ਪੈਦਾ ਕਰਦੀਆਂ ਹਨ। ਲੈਅ ਅਤੇ ਸੰਗੀਤ ਵਿਚ ਪ੍ਰੋਈਆਂ ਇਹ ਕਵਿਤਾਵਾਂ ਬਾਲ-ਮੂੰਹਾਂ 'ਤੇ ਚੜ੍ਹ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪੁਸਤਕ ਦੀ ਛਪਾਈ ਅਤੇ ਸਮੁੱਚੀ ਗੈੱਟਅਪ ਖਿੱਚ ਪਾਉਂਦੀ ਹੈ। ਇਸ ਪੁਸਤਕ ਵਿਚਲੀਆਂ ਸਮੁੱਚੀਆਂ ਕਵਿਤਾਵਾਂ ਨਾਲ ਰੰਗਦਾਰ ਚਿੱਤਰ ਬਣਾਏ ਗਏ ਹਨ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਫ ਫ ਫ

ਪੇਪਰ ਮੈਰਿਜ
ਲੇਖਕ : ਨਛੱਤਰ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98722-51675.

ਨਾਵਲ 'ਪੇਪਰ ਮੈਰਿਜ' ਉਨ੍ਹਾਂ ਪੰਜਾਬੀਆਂ ਦੇ ਵੇਰਵੇ ਪੇਸ਼ ਕਰਦਾ ਹੈ ਜੋ ਕੈਨੇਡਾ ਜਾਣ ਦੀ ਲਲਕ ਵਿਚ ਕਾਨੂੰਨੀ, ਗ਼ੈਰ-ਕਾਨੂੰਨੀ, ਨੈਤਿਕ-ਅਨੈਤਿਕ ਹਰ ਹਰਬਾ ਵਰਤਣ ਲਈ ਤਿਆਰ ਰਹਿੰਦੇ ਹਨ। ਕਈ ਤਾਂ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਕੇ ਕੈਨੇਡਾ ਅੱਪੜਣ ਵਿਚ ਕਾਮਯਾਬ ਹੋ ਜਾਂਦੇ ਹਨ। ਡਾਲਰ ਦੀ ਭੁੱਖ ਨੇ ਸਾਡੇ ਲੋਕਾਂ ਨੂੰ ਅੰਨ੍ਹਿਆਂ ਕਰ ਦਿੱਤਾ ਹੈ। 'ਪੇਪਰ ਮੈਰਿਜ' ਵੀ ਇਕ ਅਜਿਹਾ ਹੀ ਵਰਤਾਰਾ ਹੈ, ਜਿਸ ਰਾਹੀਂ ਮੁੰਡੇ-ਕੁੜੀ ਸੌਦੇ ਦੀ ਨਕਲੀ ਮੈਰਿਜ ਕਰਵਾ ਕੇ ਕੈਨੇਡਾ ਪਹੁੰਚ ਜਾਂਦੇ ਹਨ। ਆਪਣੀ ਨਕਲੀ ਬੀਵੀ ਨੂੰ ਤਲਾਕ ਦੇ ਕੇ ਇਧਰੋਂ ਦੁਬਾਰਾ ਅਸਲੀ ਵਿਆਹ ਕਰਵਾ ਕੇ ਕੁੜੀਆਂ ਮੁੰਡਿਆਂ ਨੂੰ ਕੈਨੇਡਾ ਪਹੁੰਚਦਾ ਕਰਦੇ ਹਨ। ਇਸ 'ਡੀਲ' ਵਿਚ ਹਜ਼ਾਰਾਂ ਡਾਲਰਾਂ ਦੇ ਸੌਦੇ ਤਜਰਬੇਕਾਰ ਏਜੰਟਾਂ ਰਾਹੀਂ ਤੈਅ ਹੁ