ਤਾਜਾ ਖ਼ਬਰਾਂ


ਐਸ.ਪੀ.ਜੀ.ਸੀ ਵੱਲੋਂ 2 ਮੋਬਾਈਲ ਮੈਡੀਕਲ ਵੈਨਸ ਰਵਾਨਾ
. . .  1 day ago
ਅੰਮ੍ਰਿਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ) - ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਐਸ.ਪੀ.ਜੀ.ਸੀ. ਵੱਲੋਂ...
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 5 ਓਵਰਾਂ ਦੇ ਬਾਦ ਚੇਨਈ ਸੁਪਰ ਕਿੰਗਜ਼ 50/1
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ , ਵਾਟਸਨ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 206 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਪੰਜਵਾਂ ਝਟਕਾ
. . .  1 day ago
ਆਈ ਪੀ ਐੱਲ 2018 : 17 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 164/4
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਲਗਾਤਾਰ 2 ਝਟਕੇ , ਡਵੀਲੀਅਰਸ ਦੇ ਬਾਅਦ ਕੋਰੀ ਐਂਡਰਸਨ ਵੀ ਆਊਟ
. . .  1 day ago
ਆਈ ਪੀ ਐੱਲ 2018 : ਆਰ ਸੀ ਬੀ ਨੂੰ ਦੂਜਾ ਝਟਕਾ
. . .  1 day ago
ਆਈ ਪੀ ਐੱਲ 2018 : 7 ਓਵਰਾਂ ਦੇ ਬਾਅਦ ਆਰ ਸੀ ਬੀ ਦਾ ਸਕੋਰ 63/1
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਜ਼ਰੂਰਤ ਸਭ ਤੋਂ ਵੱਡੀ ਮਜਬੂਰੀ ਹੁੰਦੀ ਹੈ। ਜ਼ਰੂਰਤ ਪੈਣ \'ਤੇ ਮਨੁੱਖ ਹਰ ਗੱਲ ਮੰਨਣ ਲਈ ਮਜਬੂਰ ਹੋ ਜਾਂਦਾ ਹੈ। -ਬੀਰਬਲ
  •     Confirm Target Language  

ਤੁਹਾਡੇ ਖ਼ਤ

17-04-2018

 ਬੰਦ ਦਾ ਅਸਰ

ਹੁਣ ਹਰ ਦਿਨ ਕੋਈ ਨਾ ਕੋਈ ਮੁੱਦਾ ਉਠਾ ਕੇ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ? ਪੰਜਾਬ ਬੰਦ ਤੇ ਕਦੇ ਭਾਰਤ ਬੰਦ ਦਾ ਕਿੱਸਾ ਤਾਂ ਸਾਡੇ ਸਮਾਜ ਦੇ ਲੋਕਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਕੋਲੋਂ ਆਪਣੇ ਅਧਿਕਾਰਾਂ ਦੀ ਮੰਗ ਕਰਨਾ ਸਾਡਾ ਪਹਿਲਾ ਅਧਿਕਾਰ ਹੈ ਪਰ ਆਪਣੇ ਇਸ ਅਧਿਕਾਰ ਦੀ ਦੁਰਵਰਤੋਂ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਕੀ ਆਪਣੀਆਂ ਮੰਗਾਂ ਦੌਰਾਨ ਅਜਿਹੇ ਐਲਾਨ ਕਰਨ ਵਾਲੇ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀਆਂ ਅਜਿਹੀਆਂ ਨੀਤੀਆਂ ਕਾਰਨ ਸਾਰਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਇਕ ਇਨਸਾਨ ਜੋ ਗ਼ਰੀਬੀ ਰੇਖਾ ਤੋਂ ਹੇਠਲੇ ਪੱਧਰ 'ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਤੇ ਜੋ ਸ਼ਾਮ ਨੂੰ ਕਮਾ ਕੇ ਲਿਆਏਗਾ ਤਾਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਰੋਟੀ ਮਿਲੇਗੀ, ਉਨ੍ਹਾਂ ਲਈ ਅਜਿਹੇ ਐਲਾਨ ਕਿੰਨੇ ਦੁਖਦਾਈ ਸਿੱਧ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਸਮਾਜਿਕ ਅਹੁਦਿਆਂ 'ਤੇ ਬਿਰਾਜਮਾਨ ਅਤੇ ਸਮਾਜ ਦੇ ਲੋਕਾਂ ਨੂੰ ਬੇਨਤੀ ਹੈ ਕਿ ਅਜਿਹੇ ਐਲਾਨਾਂ ਨਾਲ ਸਬੰਧਿਤ ਨੀਤੀ ਬਣਾਉਣ ਤੋਂ ਪਹਿਲਾਂ ਗ਼ਰੀਬ ਜਨਤਾ ਦੇ ਹਿਤਾਂ ਨੂੰ ਵੀ ਮੁੱਖ ਰੱਖਣ।

-ਨੂਰਦੀਪ ਕੋਮਲ
ਸੰਗਰੂਰ।

ਸ਼ਹੀਦਾਂ ਦੇ ਸੁਪਨੇ

ਪਿਛਲੇ ਦਿਨੀਂ 23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਦੇਸ਼ ਦੇ ਕਈ ਹਿੱਸਿਆਂ ਦੇ ਨਾਲ-ਨਾਲ ਪੰਜਾਬ ਭਰ 'ਚ ਵੀ ਥਾਂ-ਥਾਂ ਇਨਕਲਾਬੀ ਸਮਾਗਮ ਕਰਵਾਏ ਗਏ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਸੈਂਕੜੇ ਆਜ਼ਾਦੀ ਪ੍ਰਵਾਨਿਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ। ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਦੀ ਸੋਚ ਦੀ ਝਲਕ ਦੇਸ਼ ਵਿਚ ਕਿਧਰੇ ਦੇਖਣ ਨੂੰ ਨਹੀਂ ਮਿਲ ਰਹੀ।
ਇਸ ਦੇ ਉਲਟ ਸਮਾਜ 'ਚ ਮਾਰਧਾੜ, ਗੁੰਡਾਗਰਦੀ, ਜਬਰ-ਜਨਾਹ, ਤੇਜ਼ਾਬ ਕਾਂਡ, ਭਰੂਣ ਹੱਤਿਆ, ਦਾਜ ਪ੍ਰਥਾ, ਊਚ-ਨੀਚ, ਜਾਤ-ਪਾਤ, ਅਮੀਰ-ਗ਼ਰੀਬ 'ਚ ਵਧਦਾ ਪਾੜਾ, ਸਮਾਜਿਕ ਸੁਰੱਖਿਆ ਦੀ ਘਾਟ, ਨੌਜਵਾਨੀ ਦਾ ਵਿਦੇਸ਼ਾਂ ਨੂੰ ਪ੍ਰਵਾਸ, ਚੰਗੀਆਂ ਸਿਹਤ ਸਹੂਲਤਾਂ ਦੀ ਘਾਟ, ਵਧਦੀ ਜਾ ਰਹੀ ਬੇਰੁਜ਼ਗਾਰੀ, ਮਹਿੰਗਾਈ, ਮਿਲਾਵਟਖੋਰੀ, ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਆਦਿ ਸਾਡੇ ਸਭ ਦੇ ਸਾਹਮਣੇ ਹੈ। ਉਪਰੋਕਤ ਬੁਰਾਈਆਂ ਭਰਿਆ ਵਰਤਾਰਾ ਸਪੱਸ਼ਟ ਕਰਦਾ ਹੈ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣੇ ਅਜੇ ਬਹੁਤ ਦੂਰ ਦੀ ਗੱਲ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

ਪਾਣੀ ਦੀ ਦੁਰਵਰਤੋਂ

ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਖ਼ੁਦ ਪਿਆਸਾ ਹੁੰਦਾ ਨਜ਼ਰ ਆ ਰਿਹਾ ਹੈ। ਆਏ ਸਾਲ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਹੁੰਦਾ ਜਾ ਰਿਹਾ ਹੈ। ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਪਾਣੀ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਇਹ ਸਭ ਜਾਣਦੇ ਹੋਏ ਵੀ ਅਸੀਂ ਸਭ ਇਸ ਅਣਮੁੱਲੀ ਵਸਤੂ ਦੀ ਦੁਰਵਰਤੋਂ ਕਰਨ 'ਤੇ ਤੁਲੇ ਹੋਏ ਹਾਂ। ਸਮਾਂ ਰਹਿੰਦੇ ਜੇਕਰ ਅਸੀਂ ਇਸ ਗੰਭੀਰ ਮਸਲੇ ਪ੍ਰਤੀ ਸੁਚੇਤ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਦੀ ਘਾਟ ਕਾਰਨ ਅਸੀਂ ਅਨੇਕਾਂ ਮੁਸ਼ਕਿਲਾਂ ਵਿਚ ਘਿਰ ਜਾਵਾਂਗੇ। ਸੋ, ਸਰਕਾਰ ਦੇ ਨਾਲ-ਨਾਲ ਸਾਨੂੰ ਸਭ ਨੂੰ ਇਸ ਪ੍ਰਤੀ ਸੋਚਣ ਦੀ ਅਹਿਮ ਲੋੜ ਹੈ।

-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

* ਪਾਣੀ ਸਾਡੀ ਜ਼ਿੰਦਗੀ ਦਾ ਅਹਿਮ ਸਰੋਤ ਹੈ, ਜਿਸ ਨੂੰ ਉਸ ਪਰਮਾਤਮਾ ਨੇ ਸਾਡੇ ਲਈ, ਜੀਵ-ਜੰਤੂਆਂ ਲਈ, ਪੌਦਿਆਂ ਆਦਿ ਲਈ ਇਕ ਵਰਦਾਨ ਵਜੋਂ ਦਿੱਤਾ ਹੈ। ਕਿਤੇ ਵੀ ਫਾਲਤੂ ਪਾਣੀ ਵਗਦਾ ਜਾ ਡੁੱਲ੍ਹਦਾ ਹੋਵੇ ਉਸ ਨੂੰ ਆਪਣਾ ਫਰਜ਼ ਸਮਝ ਕੇ ਬੰਦ ਕਰ ਦੇਵੋ। ਪਾਣੀ ਦੇ ਗੁਣਾਂ ਬਾਰੇ ਸਕੂਲ, ਕਾਲਜਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿਚ ਸਮੇਂ-ਸਮੇਂ ਸਿਰ ਪਾਣੀ ਪ੍ਰਤੀ ਜਾਗਰੂਕਤਾ ਕੈਂਪ, ਸੈਮੀਨਾਰ ਆਦਿ ਲਾਏ ਜਾਣ ਤਾਂ ਜੋ ਸਮੇਂ ਸਿਰ ਸਭ ਨੂੰ ਪਾਣੀ ਦੀ ਸੰਭਾਲ ਬਾਰੇ ਪੂਰੀ ਜਾਣਕਾਰੀ ਮਿਲਦੀ ਰਹੇ। ਕਿਉਂਕਿ ਜੇਕਰ ਅੱਜ ਅਸੀਂ ਸਭ ਰਲ ਕੇ ਪਾਣੀ ਦੀ ਸੰਭਾਲ ਕਰਾਂਗੇ ਤਾਂ ਹੀ ਅਸੀਂ ਆਪਣੇ ਲਈ ਜੀਵ-ਜੰਤੂਆਂ ਲਈ ਪੇੜ-ਪੌਦਿਆਂ ਲਈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੁਦਰਤੀ ਸਰੋਤ ਨੂੰ ਸਾਂਭ ਕੇ ਰੱਖ ਸਕਾਂਗੇ।

-ਗੁਰਦੀਪ ਸਿੰਘ
ਘੋਲੀਆ ਕਲਾਂ(ਮੋਗਾ)।

ਸਥਾਈ ਹੱਲ ਜ਼ਰੂਰੀ

ਅੱਜ ਜੇਕਰ ਅਸੀਂ ਬੇਖ਼ਬਰ, ਬੇਖੌਫ਼ ਹੋ ਕੇ ਰਹਿ ਰਹੇ ਹਾਂ ਤਾਂ ਸਿਰਫ ਤੇ ਸਿਰਫ ਉਨ੍ਹਾਂ ਨੌਜਵਾਨ ਵੀਰ ਫ਼ੌਜੀਆਂ ਦੀ ਬਦੌਲਤ ਜੋ ਸਰਹੱਦਾਂ 'ਤੇ ਦਿਨ-ਰਾਤ ਬਹੁਤ ਹੀ ਸੰਜੀਦਗੀ ਨਾਲ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹੋਏ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ।
ਉਹ ਦੇਸ਼ ਦੇ ਸੱਚੇ ਸਿਪਾਹੀ ਹਨ। ਸ਼ਾਂਤੀ ਦੇ ਸਮੇਂ ਵੀ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲ ਹਾਲਤਾਂ 'ਚ ਰਹਿਣਾ ਪੈ ਰਿਹਾ ਹੈ। ਦੇਸ਼ ਲਈ ਜਿਊਣਾ ਅਤੇ ਮਰਨਾ ਉਨ੍ਹਾਂ ਦਾ ਪਰਮ ਧਰਮ ਹੈ ਪਰ ਅਫ਼ਸੋਸ ਦੇਸ਼ ਦੀਆਂ ਸਰਹੱਦਾਂ 'ਤੇ ਸਾਡੇ ਵੀਰ ਬਹਾਦਰ ਫ਼ੌਜੀ ਦੇਸ਼ ਧ੍ਰੋਹੀਆਂ, ਦੁਸ਼ਮਣਾਂ ਦੀ ਫ਼ੌਜ ਦਾ ਮੁਕਾਬਲੇ ਕਰਦੇ ਸ਼ਹੀਦ ਹੋ ਰਹੇ ਹਨ। ਬਿਨਾਂ ਸ਼ੱਕ ਸਰਕਾਰਾਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਫੌਰੀ ਆਰਥਿਕ ਮਦਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਜਾਂਦਾ ਹੈ। ਸਮੇਂ ਦੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਰੋਜ਼ਾਨਾ ਹੋ ਰਹੇ ਅਣਐਲਾਨੇ ਯੁੱਧ ਦਾ ਕੋਈ ਸਥਾਈ ਹੱਲ ਤੁਰੰਤ ਲੱਭਿਆ ਜਾਵੇ। ਇਸ ਨਾਲ ਰੋਜ਼ਾਨਾ ਦੇ ਹੋ ਰਹੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

-ਲੈਕਚਰਾਰ ਵਰਿੰਦਰ ਸ਼ਰਮਾ
ਧਰਮਕੋਟ, ਜ਼ਿਲ੍ਹਾ ਮੋਗਾ।

ਬੇਟੀ ਤੇ ਅੱਤਿਆਚਾਰ

ਮੋਦੀ ਸਰਕਾਰ ਦੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਨੂੰ ਉਸ ਵੇਲੇ ਭਾਰੀ ਧੱਕਾ ਲੱਗਾ ਜਦੋਂ ਉੱਤਰ ਪ੍ਰਦੇਸ਼ ਵਿਚ ਉਨਾਵ ਕੇਸ ਦੀ ਪੀੜਤ ਲੜਕੀ ਨੇ ਭਾਜਪਾ ਸੰਸਦ ਮੈਂਬਰ 'ਤੇ ਜਬਰ ਜਨਾਹ ਕਰਨ ਤੇ ਨਾਲ ਹੀ ਦਬੰਗਾਂ ਵਲੋਂ ਕੇਸ ਵਾਪਸ ਲੈਣ ਤੇ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਮਿਲਦੀਆਂ ਧਮਕੀਆਂ ਦਾ ਦੋਸ਼ ਲਗਾ ਦਿੱਤਾ। ਦਬੰਗਾਂ ਨੇ ਅਮਲੀ ਰੂਪ ਦਿੰਦਿਆਂ ਪਿਤਾ ਨੂੰ ਤਸੀਹੇ ਦੇ ਕੇ ਤੜਫਾ-ਤੜਫਾ ਕੇ ਮਾਰ ਵੀ ਦਿੱਤਾ। ਪੀੜਤ ਨੇ ਨੇਤਾ ਦੇ ਧਮਕੀ ਭਰੇ ਰਿਕਾਰਡ ਫੋਨ ਤੇ ਪਿਤਾ ਨੂੰ ਕੁੱਟ ਕੇ ਮਾਰਨ ਦੇ ਵੀਡੀਓ ਵੀ ਦਿਖਾਏ। ਪਰ ਯੋਗੀ ਸਰਕਾਰ ਦੀ ਪਤਾ ਨਹੀਂ ਕੀ ਮਜਬੂਰੀ ਜਾਂ ਲਾਚਾਰੀ ਹੈ ਕਿ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਤਾਂ ਭਲਾ ਹੋਵੇ ਮੀਡੀਆ ਦਾ ਜੋ ਲਗਾਤਾਰ ਤਿੰਨ ਦਿਨਾਂ ਤੋਂ ਚੀਕ ਪੁਕਾਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਦੁਹਾਈ ਪਾ ਰਿਹਾ ਸੀ। ਲੋਕ ਤਾਂ ਸੜਕਾਂ 'ਤੇ ਵੀ ਆ ਗਏ ਸਨ। ਭਾਜਪਾ ਮੈਂਬਰ ਵਿਰੋਧੀ ਪਾਰਟੀਆਂ ਤੇ ਮੀਡੀਆ 'ਤੇ ਤਿੱਖੇ ਸਵਾਲਾਂ ਦਾ ਜਵਾਬ ਦੇਣ ਤੋਂ ਕੰਨੀ ਕਤਰਾ ਰਹੇ ਸਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਰ ਪੀੜਤ ਲੜਕੀ ਨੂੰ ਏਨਾ ਕੁਝ ਗੁਆ ਕੇ ਤੇ ਕਸ਼ਟ ਝੱਲ ਕੇ ਹੀ ਇਨਸਾਫ਼ ਮਿਲੇਗਾ? ਬਿਨਾਂ ਸ਼ੱਕ ਇਸ ਕੇਸ ਵਿਚ ਵਰਤੀ ਗਈ ਢਿੱਲਮੱਠ ਤੇ ਪੱਖਪਾਤ ਨਾਲ ਸਰਕਾਰ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ ਹੈ।

-ਪਰਮ ਪਿਆਰ ਸਿੰਘ
ਨਕੋਦਰ।

16-04-2018

 ਤਿਉਹਾਰਾਂ ਦਾ ਸੰਦੇਸ਼ ਸਮਝਣ ਦੀ ਲੋੜ
ਵਿਸਾਖੀ ਦਾ ਤਿਉਹਾਰ ਹਰ ਸਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਇਕ ਅਜਿਹੀ ਕੌਮ ਤਿਆਰ ਕੀਤੀ ਸੀ ਜੋ ਨਿਡਰ ਅਤੇ ਯੋਧਾ ਸੀ। ਗਰੀਬ ਅਤੇ ਦੁਖੀਆਂ ਦੀ ਮਦਦ ਕਰਦੀ ਸੀ। ਅਸੀਂ ਹਰ ਸਾਲ ਇਸ ਤਿਉਹਾਰ ਨੂੰ ਬਹੁਤ ਹੀ ਚਾਅ ਨਾਲ ਮਨਾਉਂਦੇ ਹਾਂ ਪਰ ਕੀ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ 'ਤੇ ਚੱਲ ਰਹੇ ਹਾਂ? ਕੀ ਅਸੀਂ ਕਿਸੇ ਮਾਸੂਮਾਂ 'ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਦੇ ਹਾਂ? ਕੀ ਅਸੀਂ ਕਿਸੇ ਮਾਸੂਮ ਨਾਲ ਹੋਏ ਜਬਰ-ਜਨਾਹ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ? ਅਜਿਹੇ ਕਿੰਨੇ ਹੀ ਸਵਾਲ ਨੇ ਜੋ ਦਿਲ-ਦਿਮਾਗ 'ਚ ਆਉਂਦੇ ਹਨ, ਜੋ ਝੰਜੋੜ ਕੇ ਰੱਖ ਦਿੰਦੇ ਹਨ। ਲੋੜ ਹੈ ਇਨ੍ਹਾਂ ਤਿਉਹਾਰਾਂ ਦੇ ਅਸਲੀ ਸੰਦੇਸ਼ ਅਤੇ ਮਕਸਦ ਨੂੰ ਸਮਝਣ ਦੀ ਸਮਾਜ 'ਚ ਫੈਲ ਰਹੀਆਂ ਨਾ-ਮੁਰਾਦ ਬਿਮਾਰੀਆਂ ਦਾ ਹੱਲ ਲੱਭਣ ਦੀ ਅਤੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ 'ਤੇ ਚੱਲਣ ਦੀ, ਤਾਂ ਜੋ ਮਾਸੂਮ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਵੇ। ਆਓ, ਗੁਰੂ ਸਾਹਿਬਾਨਾਂ ਦੇ ਸਿਧਾਂਤਾਂ 'ਤੇ ਚੱਲਣ ਦੀ ਨਿੱਕੀ ਜਿਹੀ ਕੋਸ਼ਿਸ਼ ਕਰੀਏ ਅਤੇ ਆਪਣੇ ਨਵੇਂ ਸਮਾਜ ਦੀ ਸਿਰਜਣਾ ਕਰੀਏ।


-ਅਮਨ ਇਤਰ


ਦੋਹਰੀ ਨੀਤੀ
ਕਾਨੂੰਨੀ ਪ੍ਰਬੰਧ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਬਹੁਤ ਦੁੱਖ ਹੁੰਦਾ ਹੈ ਜਦੋਂ ਦੇਸ਼ ਦਾ ਪ੍ਰਸ਼ਾਸਨ ਦੋਹਰਾ ਰਵੱਈਆ ਅਪਣਾਉਂਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਹੀ ਦੇਖ ਲਓ। ਜਦੋਂ ਕਿਸੇ ਕਿਸਾਨ ਤੋਂ ਫ਼ਸਲ ਮਰ ਜਾਣ ਦੀ ਸੂਰਤ ਜਾਂ ਕਿਸੇ ਹੋਰ ਸਮੱਸਿਆ ਕਰਕੇ ਬੈਂਕ ਤੋਂ ਲਿਆ ਕਰਜ਼ਾ ਸਮੇਂ ਸਿਰ ਵਾਪਸ ਨਹੀਂ ਕੀਤਾ ਜਾਂਦਾ ਤਾਂ ਬੈਂਕ ਅਧਿਕਾਰੀ ਉਸ ਦੀ ਜ਼ਮੀਨ ਅਤੇ ਘਰ 'ਤੇ ਕਬਜ਼ਾ ਕਰ ਲੈਂਦੇ ਹਨ। ਬੇਵਸ ਕਿਸਾਨ ਉਤੇ ਕੀਤੀ ਜਾ ਰਹੀ ਇਸ ਕਾਰਵਾਈ ਵਿਚ ਪੁਲਿਸ ਪ੍ਰਸ਼ਾਸਨ ਵੀ ਬੈਂਕਾਂ ਦਾ ਸਾਥ ਦਿੰਦਾ ਹੈ। ਦੂਜੇ ਪਾਸੇ ਜਦੋਂ ਗੱਲ ਰਸੂਖਵਾਨ ਲੋਕਾਂ ਦੀ ਹੁੰਦੀ ਹੈ ਤਾਂ ਅਰਬਾਂ ਰੁਪਈਆਂ ਦਾ ਘੁਟਾਲਾ ਹੋ ਜਾਣ ਬਾਅਦ ਵੀ ਉਹੀ ਬੈਂਕਾਂ ਅਤੇ ਉਹੀ ਪੁਲਿਸ ਪ੍ਰਸ਼ਾਸਨ ਉਨ੍ਹਾਂ ਨਾਲ ਮਾਣ ਭਰੇ ਤਰੀਕੇ ਨਾਲ ਪੇਸ਼ ਆਉਂਦੇ ਹਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਹ ਲੋਕ ਅਰਬਾਂ ਦੇ ਘੁਟਾਲਿਆਂ ਨਾਲ ਦੇਸ਼ ਨੂੰ ਅਰਥ ਵਿਵਸਥਾ ਨੂੰ ਡਾਵਾਂਡੋਲ ਸਥਿਤੀ ਵਿਚ ਧੱਕ ਕੇ ਆਪ ਵਿਦੇਸ਼ਾਂ ਨੂੰ ਭੱਜ ਜਾਂਦੇ ਹਨ। ਆਦਮੀ ਦੇ ਮਨ ਉਤੇ ਇਹ ਦੋਹਰੀ ਨੀਤੀ ਵਾਲੀਆਂ ਘਟਨਾਵਾਂ ਬਹੁਤ ਪ੍ਰਭਾਵ ਪਾਉਂਦੀਆਂ ਹਨ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।


ਰੁੱਖਾਂ ਨਾਲ ਰਿਸ਼ਤਾ
ਸਾਡੀ ਹੋਂਦ ਤੋਂ ਲੈ ਕੇ ਹੁਣ ਤੱਕ ਰੁੱਖਾਂ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ ਪਰ ਅਜੋਕੇ ਦੌਰ ਵਿਚ ਰੁੱਖਾਂ ਦੀ ਕਟਾਈ ਬੜੀ ਬੇਰਹਿਮੀ ਨਾਲ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜਿਸ ਤਰ੍ਹਾਂ ਸਾਡੀ ਆਬਾਦੀ ਵਧ ਰਹੀ ਹੈ, ਇਸ ਤਰ੍ਹਾਂ ਸਾਨੂੰ ਰੁੱਖਾਂ ਦੀ ਗਿਣਤੀ ਵਧਾਉਣੀ ਪਵੇਗੀ, ਨਹੀਂ ਤਾਂ ਅਸੀਂ ਵਾਤਾਵਰਨ ਅਸੰਤੁਲਨ ਪੈਦਾ ਕਰ ਲਵਾਂਗੇ। ਰੁੱਖ ਖ਼ੁਸ਼ਹਾਲੀ ਦਾ ਪ੍ਰਤੀਕ ਹਨ, ਕਿਉਂਕਿ ਇਨ੍ਹਾਂ ਨਾਲ ਵਾਤਾਵਰਨ ਹਰਿਆ-ਭਰਿਆ ਹੁੰਦਾ ਹੈ। ਇਹ ਸਾਡੇ ਜੀਵਨ ਦਾ ਆਧਾਰ ਹਨ ਅਤੇ ਉਸਾਰ ਵੀ ਹਨ। ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਰੁੱਖ ਲਗਾਉਣਾ ਆਪਣੇ ਜੀਵਨ ਵਿਚ ਆਦਰਸ਼ ਬਣਾਉਣਾ ਪਵੇਗਾ। ਸਾਨੂੰ ਸਭ ਨੂੰ ਆਪਣੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ ਦੀਆਂ ਖਾਲੀ ਥਾਵਾਂ 'ਤੇ ਬੋਹੜ, ਪਿੱਪਲ, ਟਾਹਲੀ, ਤੂਤ ਆਦਿ ਵੱਡੇ ਰੁੱਖ ਲਗਾ ਕੇ ਰੁੱਖਾਂ ਦੀ ਘਾਟ ਨੂੰ ਪੂਰਾ ਕਰਨਾ ਹੋਵੇਗਾ। ਸਾਨੂੰ ਆਪਣੇ ਸਮਾਜਿਕ ਜੀਵਨ ਵਿਚ ਜਨਮ ਦਿਨਾਂ 'ਤੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਸਮਾਜਿਕ ਏਕਤਾ ਦਾ ਆਧਾਰ
ਪਿਛਲੇ ਦਿਨੀਂ ਅਜੀਤ ਦੇ 'ਧਰਮ ਤੇ ਵਿਰਸਾ' ਅੰਕ ਵਿਚ ਛਪਿਆ ਸ: ਤਲਵਿੰਦਰ ਸਿੰਘ ਬੁੱਟਰ ਦਾ ਲੇਖ ਕਾਬਲ-ਏ-ਤਾਰੀਫ਼ ਸੀ। ਲੇਖਕ ਨੇ ਗੁਰਦੁਆਰਾ ਸੰਸਥਾ ਦੀ ਪਰਿਭਾਸ਼ਾ ਅਤੇ ਸੰਕਲਪ ਗੁਰਦੁਆਰਾ ਬਣਨ ਦਾ ਕਾਰਨ, ਇਕ ਗੁਰਦੁਆਰਾ ਮੁਹਿੰਮ ਦੀ ਸਾਰਥਿਕਤਾ ਸਬੰਧੀ ਇਸ ਲੇਖ ਵਿਚ ਆਪਣੇ ਵਿਚਾਰ ਢੁਕਵੀਂ ਸ਼ਬਦਾਵਲੀ ਰਾਹੀਂ ਵਧੀਆ ਢੰਗ ਨਾਲ ਪੇਸ਼ ਕੀਤੇ ਹਨ। ਇਸ ਵਿਚ ਦੋ ਰਾਵਾਂ ਨਹੀਂ ਕਿ 7 ਮਾਰਚ, 2018 ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਹਿਲਕਦਮੀ ਸਦਕਾ ਬਾਕਾਇਦਾ ਮਤਾ ਪਾਸ ਕਰ ਕੇ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਦਾ ਕੀਤਾ ਗਿਆ ਆਗਾਜ਼ ਇਕ ਦੂਰਅੰਦੇਸ਼ੀ, ਪ੍ਰੋੜ੍ਹ ਸੋਚ ਅਤੇ ਗੁਰਮਤਿ ਜੁਗਦ ਵਾਲਾ ਇਕ ਵਧੀਆ ਫ਼ੈਸਲਾ ਹੈ। ਜੇਕਰ ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਵਲੋਂ ਸਮਰਪਿਤ ਹੋ ਕੇ ਸੰਜੀਦਗੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਭਵਿੱਖ 'ਚ ਇਸ ਦੇ ਸਾਰਥਿਕ ਨਤੀਜੇ ਲਾਜ਼ਮੀ ਸਾਹਮਣੇ ਆਉਣਗੇ ਅਤੇ ਇਹ ਸਮਾਜਿਕ ਏਕਤਾ ਦਾ ਆਧਾਰ ਬਣੇਗਾ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਉਲੰਪਿਕ 'ਚ ਤਗਮੇ ਕਿਉਂ ਨਹੀਂ?
ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ 21ਵੀਂਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਕਈ ਤਗਮੇ ਪ੍ਰਾਪਤ ਕੀਤੇ ਹਨ। ਕੀ ਭਾਰਤ ਉਲੰਪਿਕ ਖੇਡਾਂ 'ਚ ਭਾਰਤ ਵੀ ਇਹ ਪ੍ਰਦਰਸ਼ਨ ਜਾਰੀ ਰੱਖ ਸਕੇਗਾ? ਸਾਲ 2020 'ਚ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਕਰਵਾਏ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਉਲੰਪਿਕ 'ਚ ਕਿੰਨੇ ਤਗਮੇ ਪ੍ਰਾਪਤ ਕਰੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋੜ ਹੈ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ, ਵਧੀਆ ਕੋਚ ਅਤੇ ਵਧੀਆ ਖੇਡ ਸਹੂਲਤਾਂ ਤੇ ਬਜਟ ਵਿਚ ਖੇਡਾਂ ਲਈ ਜ਼ਿਆਦਾ ਫੰਡ ਮੁਹੱਈਆ ਕਰਵਾਇਆ ਜਾਵੇ। ਅਥਲੈਟਿਕਸ 'ਚ ਆਜ਼ਾਦੀ ਤੋਂ ਬਾਅਦ ਭਾਰਤ ਉਲੰਪਿਕ 'ਚ ਕਦੇ ਵੀ ਤਗਮਾ ਨਹੀਂ ਜਿੱਤ ਸਕਿਆ। ਭਾਰਤ ਵਾਸੀਆਂ ਨੂੰ ਤਗਮੇ ਦੀ ਅਸਲ ਖੁਸ਼ੀ ਤਾਂ ਉਦੋਂ ਹੋਵੇਗੀ ਜਦੋਂ ਦੇਸ਼ ਦੀਆਂ ਗਲੀਆਂ 'ਚੋਂ ਕੋਈ ਦੂਜਾ ਮਿਲਖਾ ਸਿੰਘ ਪੈਦਾ ਹੋਵੇਗਾ ਤੇ ਉਲੰਪਿਕ 'ਚ ਭਾਰਤ ਦਾ ਝੰਡਾ ਲਹਿਰਾਏਗਾ।


-ਸ਼ਮਸ਼ੇਰ ਸਿੰਘ ਸੋਹੀ, ਪਿੰਡ ਸੋਹੀਆਂ, ਡਾਕਖਾਨਾ ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

13-04-2018

 ਢੁਕਵੇਂ ਕਾਨੂੰਨ ਦੀ ਲੋੜ
ਲਚਕਦਾਰ ਕਾਨੂੰਨ ਦੇ ਕਾਰਨ ਸਾਡੇ ਸਮਾਜ 'ਚ ਅਪਰਾਧ ਦਾ ਗ੍ਰਾਫ਼ ਲਗਾਤਾਰ ਵਧ ਰਿਹਾ ਹੈ। ਮਹਾਨਗਰਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਅਪਰਾਧ ਬਹੁਤ ਵਧ ਰਹੇ ਹਨ। ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹਨ ਜਬਰ ਜਨਾਹ ਦੇ ਮਾਮਲੇ। ਅਪਰਾਧਾਂ ਦੀ ਵਧਦੀ ਸੰਖਿਆ ਸਾਡੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਹਾਲਾਤ ਬਹੁਤ ਹੀ ਨਾਜ਼ੁਕ ਹਨ।
ਵਿਦਿਆਰਥੀ ਆਪੇ ਤੋਂ ਬਾਹਰ ਹੋ ਰਹੇ ਹਨ। ਉਹ ਬਹੁਤ ਜ਼ਿਆਦਾ ਸ਼ਰਾਰਤੀ ਅਤੇ ਅਨੁਸ਼ਾਸਨਹੀਣ ਹੁੰਦੇ ਜਾ ਰਹੇ ਹਨ। ਆਪਣੇ ਦੇਸ਼ ਵਿਚ ਵਧਦੇ ਅਪਰਾਧਾਂ 'ਤੇ ਕਾਬੂ ਪਾਉਣ ਲਈ ਢੁਕਵੇਂ ਕਾਨੂੰਨ ਬਣਾਉਣ ਲਈ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਕੋਈ ਵੀ ਅਪਰਾਧੀ ਕਾਨੂੰਨ ਤੋਂ ਨਾ ਬਚੇ। ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਸਮਾਜ, ਸਰਕਾਰਾਂ ਇਸ ਸਬੰਧੀ ਪਹਿਲ ਕਰਨ ਤਾਂ ਸਾਡੇ ਦੇਸ਼ ਦਾ ਭਲਾ ਹੋਵੇਗਾ।


-ਲੈਕਚਰਾਰ ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ, ਧਰਮਕੋਟ (ਮੋਗਾ)।


ਜਵਾਬਦੇਹੀ ਦੀ ਲੋੜ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਲੇਖ 'ਸਿਆਸੀ ਆਗੂਆਂ ਦੀ ਬਿਆਨਬਾਜ਼ੀ ਨੂੰ ਜਵਾਬਦੇਹ ਬਣਾਉਣ ਦੀ ਲੋੜ' ਵਧੀਆ ਸੀ। ਇਕ ਰਾਜਨੀਤਕ ਵਿਅਕਤੀ ਵਲੋਂ ਅਜਿਹਾ ਲੇਖ ਲਿਖਣਾ, ਬਹੁਤ ਮਾਇਨੇ ਰੱਖਦਾ ਹੈ। ਸਾਡੇ ਜ਼ਿਆਦਾਤਰ ਲੀਡਰ, ਚੋਣ ਜਿੱਤਣ ਨੂੰ ਹੀ ਮੁੱਖ ਟੀਚਾ ਮੰਨਦੇ ਹਨ। ਲੋਕਾਂ ਨਾਲ ਨਾ ਪੂਰੇ ਕੀਤੇ ਜਾਣ ਵਾਲੇ ਵਾਅਦੇ, ਸਿਆਸੀ ਵਿਰੋਧੀਆਂ ਖਿਲਾਫ਼ ਝੂਠੀ ਇਲਾਜ਼ਾਮਬਾਜ਼ੀ, ਸਾਰੇ ਵਰਗਾਂ ਨੂੰ ਖੁੱਲ੍ਹੇ ਗੱਫੇ ਦੇਣ ਦੇ ਐਲਾਨ, ਹੋਰ ਪਤਾ ਨਹੀਂ ਕੀ-ਕੀ।
ਚੋਣ ਬੋਰਡ ਨੂੰ ਚਾਹੀਦਾ ਹੈ ਕਿ ਉਹ ਕੋਈ ਅਜਿਹਾ ਕਾਨੂੰਨ ਬਣਾਏ, ਜਿਸ ਤਹਿਤ ਸਿਆਸੀ ਆਗੂ ਚੋਣਾਂ ਦਰਮਿਆਨ ਕੀਤੇ ਵਾਅਦਿਆਂ ਅਤੇ ਚੋਣ ਮਨੋਰਥ ਪੱਤਰ ਨੂੰ ਪੂਰਾ ਕਰਨ ਲਈ ਜਵਾਬਦੇਹ ਹੋਣ। ਇਕ ਨੀਯਤ ਸਮੇਂ ਵਿਚ ਆਪਣੇ ਵਾਅਦੇ ਅਤੇ ਚੋਣ ਮਨੋਰਥ ਪੱਤਰ ਨੂੰ ਪੂਰਾ ਨਾ ਕਰਨ ਵਾਲੀ ਸਰਕਾਰ ਨੂੰ ਅਯੋਗ ਸਮਝਿਆ ਜਾਵੇ। ਅਜਿਹੇ ਸਖ਼ਤ ਕਾਨੂੰਨ ਤੋਂ ਬਿਨਾਂ ਭਾਰਤੀ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਕਿਉਂਕਿ ਸਿਆਸੀ ਲੋਕ ਜਾਣਦੇ ਹਨ, ਇਕ ਵਾਰ ਝੂਠ ਸੱਚ ਬੋਲ ਕੇ ਕੁਰਸੀ ਪ੍ਰਾਪਤ ਕਰੋ, ਫਿਰ ਪੰਜ ਸਾਲ, ਕੋਈ ਮੂਹਰੇ ਅੱਖ ਨਹੀਂ ਉਠਾ ਸਕਦਾ।


-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਮਨੀਲਾ 'ਚ ਕਤਲ
ਦੇਸ਼ ਵਿਚ ਫੈਲੀ ਵੱਡੇ ਪੱਧਰ ਦੀ ਬੇਰੁਜ਼ਗਾਰੀ ਦੀ ਮਾਰ ਦੇ ਝੰਬੇ ਨੌਜਵਾਨ ਹਰ ਸਾਲ ਵੱਡੀ ਗਿਣਤੀ ਵਿਚ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਪਿਛਲੇ ਦਿਨੀਂ ਮੇਰੇ ਨੇੜਲੇ ਪਿੰਡ ਸਮਾਲਸਰ (ਮੋਗਾ) ਦੇ 32 ਸਾਲਾ ਨੌਜਵਾਨ ਕੁਲਦੀਪ ਸਿੰਘ ਦਾ ਮਨੀਲਾ (ਫਿਲਪਾਈਨ) ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦੇ ਚੜ੍ਹਦੀ ਅਵਸਥਾ ਵਿਚ ਚਲੇ ਜਾਣ 'ਤੇ ਉਸ ਦੇ ਪਿਛਲੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਸ ਦਾ ਪਰਿਵਾਰ ਹੀ ਜਾਣਦਾ ਹੈ। ਦੇਖਿਆ ਜਾਵੇ ਤਾਂ ਮਨੀਲਾ ਵਿਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਮਨੀਲਾ ਵਿਚ ਅਨੇਕਾਂ ਪੰਜਾਬੀਆਂ ਦੇ ਕਤਲ ਹੋ ਚੁੱਕੇ ਹਨ।
ਸੋ, ਸਰਕਾਰ ਨੂੰ ਮਨੀਲਾ ਵਿਚ ਹੋ ਰਹੇ ਪੰਜਾਬੀਆਂ ਦੇ ਇਨ੍ਹਾਂ ਕਤਲਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਮਨੀਲਾ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਇਥੇ ਰਹਿੰਦੇ ਹਰ ਪੰਜਾਬੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।


-ਰਾਜਾ ਗਿੱਲ (ਚੜਿੱਕ)
ਚੜਿੱਕ, ਮੋਗਾ।


ਸ਼ਲਾਘਾਯੋਗ ਉੱਦਮ
'ਅਜੀਤ' 'ਚ ਛਪੀ ਖ਼ਬਰ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦਾ ਊਰਜਾ ਆਡਿਟ ਕਰਵਾਇਆ ਜਾਵੇ, ਸ਼ਲਾਘਾਯੋਗ ਉੱਦਮ ਹੈ। ਵੱਡੇ ਅਦਾਰਿਆਂ ਜਿਵੇਂ ਕਿ ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ, ਸਕੱਤਰੇਤਾਂ, ਮਿੰਨੀ ਸਕੱਤਰੇਤਾਂ ਆਦਿ 'ਚ ਬਿਜਲੀ ਦੀ ਬਹੁਤ ਬਰਬਾਦੀ ਹੋ ਰਹੀ ਦੇਖੀ ਜਾਂਦੀ ਹੈ। ਸਸਤੇ-ਸਸਤੇ ਉਪਾਅ ਕਰਕੇ ਊਰਜਾ ਦੀ ਚੋਖੀ ਬਚਤ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਕੰਪਲੈਕਸ ਮੁਹਾਲੀ ਦੀ ਬੇਸਮੈਂਟ ਦੀਆਂ ਲਾਈਟਾਂ ਲੋੜ ਨਾ ਹੋਣ 'ਤੇ ਆਪਣੇ-ਆਪ ਬੰਦ ਹੋ ਜਾਂਦੀਆਂ ਹਨ।
ਜਦੋਂ ਵੀ ਕੋਈ ਲਿਫਟ ਕੋਲ ਪੁੱਜਦਾ ਹੈ ਤਾਂ ਸੈਂਸਰ ਇਨ੍ਹਾਂ ਲਾਈਟਾਂ ਨੂੰ ਫੌਰੀ ਚਾਲੂ ਕਰ ਦਿੰਦੇ ਹਨ। ਅਜਿਹੇ ਉਪਰਾਲੇ ਹਰ ਕਿਤੇ ਹੋਣੇ ਚਾਹੀਦੇ ਹਨ। ਵੱਡੀਆਂ ਸਰਕਾਰੀ ਇਮਾਰਤਾਂ ਤੋਂ ਬਾਅਦ ਧਾਰਮਿਕ ਅਦਾਰਿਆਂ ਨੂੰ ਵੀ ਊਰਜਾ ਆਡਿਟ ਕਰਵਾਉਣਾ ਚਾਹੀਦਾ ਹੈ। ਬਿਜਲੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਬੱਚਤ ਕਰਨੀ ਬਹੁਤ ਜ਼ਰੂਰੀ ਹੈ।


-ਡਾ: ਸੁਰਿੰਦਰ ਕੁਮਾਰ ਜਿੰਦਲ
ਐਸ.ਏ.ਐਸ. ਨਗਰ।


ਸਾਂਝੇ ਯਤਨ ਕਰੀਏ
ਨਸ਼ਾ ਇਕ ਅਜਿਹੀ ਬਿਮਾਰੀ ਬਣ ਚੁੱਕਾ ਹੈ ਜੋ ਸਾਡੀ ਜਵਾਨੀ ਨੂੰ ਘੁਣ ਵਾਂਗ ਹੌਲੀ-ਹੌਲੀ ਅੰਦਰੋਂ ਖੋਖਲੇ ਕਰ ਰਿਹਾ ਹੈ, ਜੋ ਅੰਤ ਵਿਚ ਸਾਡੀ ਫੁੱਲਾਂ ਵਰਗੀ ਜਵਾਨੀ ਨੂੰ ਰਾਖ ਵਿਚ ਬਦਲ ਦਿੰਦਾ ਹੈ। ਨਸ਼ੇ ਨੂੰ ਰੋਕਣ ਲਈ ਸਾਨੂੰ ਸਭ ਨੂੰ ਜ਼ਮੀਨੀ ਪੱਧਰ 'ਤੇ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਨਸ਼ਾ ਕਰ ਰਹੇ ਵਿਅਕਤੀ ਨਾਲ ਦੋਸਤਾਨਾ, ਸਹਿਜ, ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ, ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ, ਗ਼ਲਤ ਵਤੀਰੇ ਜਾਂ ਹੀਣ ਭਾਵਨਾ ਪੈਦਾ ਹੋਣ ਕਾਰਨ ਮਸਲੇ ਵਿਗੜ ਜਾਂਦੇ ਹਨ। ਨਸ਼ੇ ਤੋਂ ਦੂਰ ਕਰਨਾ ਹੀ ਮਸਲੇ ਦਾ ਹੱਲ ਨਹੀਂ ਹੈ, ਨਸ਼ਾ ਕਰਨ ਦੇ ਕਾਰਨਾਂ ਦੀ ਘੋਖ ਕਰਨੀ ਬਣਦੀ ਹੈ। ਸਖ਼ਤ ਕਾਨੂੰਨ ਨਾਲ ਡਰ ਪੈਦਾ ਕੀਤਾ ਜਾ ਸਕਦਾ ਹੈ ਪਰ ਚੰਗੀ ਮਨੋਵਿਗਿਆਨਕ ਸੋਚ ਪੈਦਾ ਕਰਨ ਲਈ ਰੁਜ਼ਗਾਰ ਦੇ ਨਾਲ-ਨਾਲ ਚੰਗੇ ਸਾਹਿਤ ਨਾਲ ਸਮਾਜ ਦੀ ਬਿਹਤਰ ਸਿਰਜਣਾ ਵੀ ਕਰਨੀ ਚਾਹੀਦੀ ਹੈ, ਜਿਸ ਨਾਲ ਕਿ ਨੌਜਵਾਨੀ ਨੂੰ ਚੰਗੇ ਪਾਸੇ ਢਾਲਿਆਂ ਜਾ ਸਕੇ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

12-04-2018

 ਜੈਵਿਕ ਖੇਤੀ
ਭਾਰਤ ਦੇ ਪੂਰੇ ਖੇਤਰਫ਼ਲ ਦਾ ਪੰਜਾਬ 1.5 ਫ਼ੀਸਦੀ ਹੈ। ਹਰੀ ਕ੍ਰਾਂਤੀ ਦੇ ਨਾਂਹ-ਪੱਖੀ ਪ੍ਰਭਾਵਾਂ ਨੇ ਇਸ ਹਿੱਸੇ ਨੂੰ ਸ਼ੁੱਧਤਾ ਪੱਖੋਂ ਘਸਮੈਲਾ ਕਰ ਕੇ ਰੱਖ ਦਿੱਤਾ ਹੈ। ਅੱਜ ਜ਼ਮੀਨ ਨਸ਼ੱਈ ਹੋ ਚੁੱਕੀ ਹੈ। ਜੇ ਦੇਸੀ ਰੂੜੀ ਨਾਲ ਫ਼ਸਲ ਉਗਾਈਏ ਤਾਂ ਮਸਾਂ ਖਾਣ ਜੋਗੇ ਦਾਣੇ ਮਿਲਣਗੇ। ਅੰਮ੍ਰਿਤ ਮਈ ਪਾਣੀ ਪੀਣ ਯੋਗ ਨਹੀਂ ਰਿਹਾ। ਫ਼ਸਲੀ ਵਿਭਿੰਨਤਾ ਦਾ ਉਪਰਾਲਾ ਵੀ ਨਤੀਜੇ ਨਹੀਂ ਦੇ ਰਿਹਾ। 1950-51 ਤੋਂ ਅੱਜ ਤੱਕ ਫ਼ਸਲ ਦਾ ਵਾਧਾ 5 ਗੁਣਾਂ ਵਧਣ ਦਾ ਅਨੁਮਾਨ ਹੈ। ਇਸ ਸਮੇਂ ਦੌਰਾਨ ਬਿਮਾਰੀਆਂ ਦਾ ਰਿਕਾਰਡ ਘੋਖਿਆ ਜਾਵੇ ਤਾਂ ਹੱਦ-ਬੇਹੱਦ ਟੱਪ ਚੁੱਕਿਆ ਹੈੈ। ਦੁਸ਼ਮਣ ਨਾਲ ਲੜਨ ਦੀ ਰੀਤ ਬਜਾਏ ਖ਼ੁਦ ਦੀ ਸਿਹਤ ਨਾਲ ਲੜਨਾ ਪੈ ਰਿਹਾ ਹੈ। ਸਿਹਤ ਪ੍ਰਤੀ ਖਾਦਾਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਸਰਕਾਰੀ ਉਪਰਾਲੇ ਅਤੇ ਕਲਮਾਂ ਦੇ ਰੁੱਖ ਵੀ ਮੋੜਾ ਨਹੀਂ ਦੇ ਸਕੇ। ਜੈਵਿਕ ਖੇਤੀ ਸਮੇਂ ਦੀ ਮੰਗ ਹੈ। ਚੰਗਾ ਹੋਵੇ ਜੇ ਇਸ ਲਈ ਵੱਖਰਾ ਫੰਡ ਸਥਾਪਿਤ ਹੋਵੇ।
ਸਿਹਤ ਅਤੇ ਖੇਤੀ ਮਹਿਕਮਾ ਮਿਲਜੁਲ ਕੇ ਜੈਵਿਕ ਖੇਤੀ ਦਾ ਰੁਝਾਨ ਪੈਦਾ ਕਰਨ। ਆਰਥਿਕ ਅਤੇ ਸਿਹਤ ਦਾ ਸੰਤੁਲਨ ਬਣਾ ਕੇ ਰੱਖਣ। ਜੇ ਇਕੱਲਾ ਬੰਦਾ ਜੈਵਿਕ ਖੇਤੀ ਸ਼ੁਰੂ ਕਰੇ ਤਾਂ ਗੁਆਂਢੀ ਖੇਤਾਂ ਦੇ ਜੀਵ ਜੰਤੂ ਹੀ ਨੁਕਸਾਨ ਕਰ ਦਿੰਦੇ ਹਨ। ਇਸ ਲਈ ਲੋਕਾਂ ਦਾ ਸਹਿਯੋਗ ਅਤੇ ਸਰਕਾਰੀ ਉਪਰਾਲੇ ਜੈਵਿਕ ਖੇਤੀ ਲਈ ਅੱਜ ਤੋਂ ਸ਼ੁਰੂ ਕੀਤੇ ਜਾਣ ਇਸ ਵਿਚ ਹੀ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਭਟਕੇ ਆਗੂ
ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਨੇਤਾ ਸਰਕਾਰ ਅਤੇ ਲੋਕਾਂ ਵਿਚਕਾਰ ਇਕ ਕੜੀ ਦੀ ਭੂਮਿਕਾ ਨਿਭਾਉਂਦੇ ਹਨ। ਨੇਤਾ ਸਿਰਫ ਆਪਣੀ ਪਾਰਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ, ਸਗੋਂ ਲੱਖਾਂ ਲੋਕਾਂ ਦੀਆਂ ਆਸਾਂ-ਉਮੀਦਾਂ ਦੀ ਪ੍ਰਤੀਨਿਧਤਾ ਵੀ ਕਰਦੇ ਹਨ। ਗੁੱਸਾ ਹਰ ਇਕ ਦੇ ਵਿਵਹਾਰ ਵਿਚ ਸ਼ਾਮਿਲ ਹੁੰਦਾ ਹੈ। ਭਾਵੇਂ ਕੋਈ ਨੇਤਾ, ਅਭਿਨੇਤਾ ਜਾਂ ਆਮ ਮਨੁੱਖ ਹੋਵੇ। ਜੇਕਰ ਗੁੱਸੇ 'ਤੇ ਕਾਬੂ ਨਾ ਕੀਤਾ ਜਾਵੇ ਤਾਂ ਇਹ ਬੜੀ ਜਲਦੀ ਉਗਰ ਰੂਪ ਧਾਰ ਲੈਂਦਾ ਹੈ। ਪਰ ਸਾਡੇ ਸੱਭਿਅਕ ਸਮਾਜ ਦੇ ਨੇਤਾ ਗੁੱਸੇ ਵਿਚ ਸਾਰੀਆਂ ਹੱਦਾਂ ਪਾਰ ਕਰ ਕੇ ਅਸੱਭਿਅਕ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਇਕ-ਦੂਜੇ ਉੱਪਰ ਖੂਬ ਚਿੱਕੜ ਉਛਾਲਦੇ ਹਨ।
ਇਕ ਸਭਾ ਜਿੱਥੇ ਦੇਸ਼ ਜਾਂ ਰਾਜ ਨਾਲ ਸਬੰਧਿਤ ਸਮਾਜਿਕ ਆਰਥਿਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਕੇ ਕਲਿਆਣਕਾਰੀ ਰਾਜ ਦੀ ਤਕਦੀਰ ਘੜਨੀ ਹੁੰਦੀ ਹੈ ਉੱਥੇ ਨਿੱਜੀ ਰੰਜਿਸ਼ਾਂ ਕੱਢਦੇ ਹਨ। ਦੂਸ਼ਣਬਾਜ਼ੀ ਅਤੇ ਬੋਲ-ਕੁਬੋਲ ਹੁੰਦੇ ਆਪੇ ਤੋਂ ਬਾਹਰ ਹੋ ਕੇ ਇਹ ਲੋਕ ਪਵਿੱਤਰਤਾ ਦੇ ਪ੍ਰਤੀਕ ਮੰਚ ਨੂੰ ਦੂਸ਼ਿਤ ਕਰਕੇ ਨਾ ਮਿਟਣ ਵਾਲਾ ਧੱਬਾ ਲਾਉਂਦੇ ਹਨ। ਇਸ ਤੋਂ ਵੱਡੀ ਅਸੱਭਿਅਕਤਾ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ। ਆਪਣੇ ਅਹੁਦੇ ਅਤੇ ਲੋਕਾਂ ਦੀਆਂ ਉਮੀਦਾਂ ਵੱਲ ਤਵੱਜੋ ਦਿੰਦੇ ਹੋਏ ਇਨ੍ਹਾਂ ਆਗੂਆਂ ਨੂੰ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਗੁੱਸੇ ਵਿੱਚ ਹੋਸ਼ ਨਹੀਂ ਗਵਾਉਣਾ ਚਾਹੀਦਾ। ਲੋਕਾਂ ਅੱਗੇ ਵਧੀਆ ਉਦਾਹਰਨ ਬਣ ਕੇ ਪੇਸ਼ ਹੋਣਾ ਚਾਹੀਦਾ ਹੈ। ਜੇਕਰ ਸਾਡੇ ਆਗੂ ਹੀ ਭਟਕੇ ਹੋਣਗੇ ਤਾਂ ਉਹ ਸਮਾਜ ਨੂੰ ਕੀ ਸੇਧ ਦੇਣਗੇ।

-ਅੰਮ੍ਰਿਤ ਪਾਲ।

ਬਜ਼ੁਰਗਾਂ ਦਾ ਸਤਿਕਾਰ
ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ, ਆਪ ਦੁੱਖ ਦੇਖ ਕੇ, ਦੁੱਖ ਸਹਿ ਕੇ ਜ਼ਿੰਦਗੀ ਵਿਚ ਜਿਊਣ ਦੇ ਕਾਬਲ ਬਣਾਇਆ। ਮਹਾਂਪੁਰਸ਼ ਵੀ ਇਹੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਘਰ ਮਾਂ-ਬਾਪ ਹਨ, ਉਨ੍ਹਾਂ ਨੂੰ ਗੁਰਦੁਆਰੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਹੀ ਸੇਵਾ ਕਰੋ, ਗੁਰਦੁਆਰੇ ਆਉਣ ਦੇ ਬਰਾਬਰ ਹੀ ਹੋ ਜਾਂਦਾ ਹੈ। ਪਹਿਲਾਂ ਬਜ਼ੁਰਗ ਆਪਣੇ ਨੂੰਹ-ਪੁੱਤ ਨੂੰ ਘੂਰ ਵੀ ਲੈਂਦੇ ਸੀ ਅਤੇ ਉਹ ਅੱਗੋਂ 'ਸੀ' ਨਹੀਂ ਸੀ ਕਰਦੇ।
ਉਹ ਫਿਰ ਵੀ ਆਪਣੇ ਮਾਂ-ਬਾਪ ਦਾ, ਸੱਸ-ਸਹੁਰੇ ਦਾ ਸਤਿਕਾਰ ਕਰਦੇ ਸੀ ਪਰ ਅੱਜ ਸਮਾਂ ਏਨਾ ਬਦਲ ਗਿਆ ਹੈ ਕਿ ਬਹੁਤੇ ਬਜ਼ੁਰਗ ਆਪਣੇ ਨੂੰਹ-ਪੁੱਤ ਨੂੰ ਰੋਹਬ ਨਾਲ ਕੋਈ ਕੰਮ ਵੀ ਨਹੀਂ ਕਹਿ ਸਕਦੇ। ਅੱਜ ਨਵੀਂ ਪੀੜ੍ਹੀ ਦੇ ਤੌਰ-ਤਰੀਕੇ ਵੱਖਰੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਦਾ ਢੰਗ ਵੱਖਰਾ ਹੈ। ਨਵੀਂ ਪੀੜ੍ਹੀ ਤਾਂ ਇਹੀ ਚਾਹੁੰਦੀ ਹੈ ਕਿ ਕੋਈ ਬਜ਼ੁਰਗ ਉਨ੍ਹਾਂ ਨੂੰ ਰੋਕਣ-ਟੋਕਣ ਵਾਲਾ ਨਾ ਹੋਵੇ। ਉਹ ਅਜਿਹੀਆਂ ਗੱਲਾਂ ਤੋਂ ਸ਼ਰਮ ਮਹਿਸੂਸ ਕਰਦੇ ਹਨ। ਅਖੀਰ ਘਰ ਵਿਚ ਜੰਗ ਛਿੜ ਜਾਂਦੀ ਹੈ ਤੇ ਫਿਰ ਸਜ਼ਾ ਬਜ਼ੁਰਗਾਂ ਨੂੰ ਹੀ ਭੁਗਤਣੀ ਪੈਂਦੀ ਹੈ। ਪਰ ਨਵੀਂ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਘਰ ਵਿਚ ਬਜ਼ੁਰਗਾਂ ਦਾ ਹੀ ਪ੍ਰਤਾਪ ਹੈ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਜੇ ਜ਼ਿੰਦਗੀ ਵਿਚ ਸਫ਼ਲ ਹੋਣਾ ਹੈ। ਉਨ੍ਹਾਂ ਦੇ ਸਤਿਕਾਰ ਨਾਲ ਤੁਹਾਡੀ ਜ਼ਿੰਦਗੀ ਹਰ ਪਾਸੇ ਤੋਂ ਖੁਸ਼ਹਾਲ ਹੋਵੇਗੀ, ਨਹੀਂ ਤਾਂ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਵੱਢੋਗੇ।

-ਕਮਲ ਕੋਟਲੀ।

 

11-04-2018

 ਮਾੜਾ ਫ਼ੈਸਲਾ

ਅਕਸਰ ਹੀ ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਾ ਸੁਨਹਿਰੀ ਸੁਪਨਾ ਦਿਖਾਉਂਦੀਆਂ ਹਨ। ਪਰ ਸਰਕਾਰ ਬਣਨ ਤੋਂ ਬਾਅਦ ਅਜਿਹੇ ਵਾਅਦੇ ਲਾਰੇ ਹੀ ਪ੍ਰਤੀਤ ਹੁੰਦੇ ਹਨ। ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਉੱਕਾ-ਪੁੱਕਾ ਤਨਖਾਹ ਦੇ ਕੇ ਦੁਬਾਰਾ ਫਿਰ ਭਰਤੀ ਕਰ ਰਹੀ ਹੈ ਜੋ ਕਿ ਇਕ ਨਿੰਦਣਯੋਗ ਕਾਰਵਾਈ ਹੀ ਨਹੀਂ, ਸਗੋਂ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਦਿਖਾਏ ਗਏ ਸੁਪਨੇ ਨੂੰ ਕਤਲ ਕਰਨ ਦੇ ਤੁੱਲ ਹੈ। ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਖਾਲੀ ਹੋਈਆਂ ਥਾਵਾਂ 'ਤੇ ਨੌਜਵਾਨਾਂ ਨੂੰ ਹੀ ਭਰਤੀ ਕਰਨਾ ਚਾਹੀਦਾ ਹੈ, ਤਾਂ ਕਿ ਵਿਕਰਾਲ ਰੂਪ ਧਾਰਨ ਕਰ ਚੁੱਕੀ ਬੇਰੁਜ਼ਗਾਰੀ ਦਾ ਸਾਹਮਣਾ ਕੀਤਾ ਜਾ ਸਕੇ। ਸਰਕਾਰਾਂ ਨੂੰ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਆਪਣੇ ਫਰਜ਼ ਪਛਾਨਣੇ ਚਾਹੀਦੇ ਹਨ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ),
ਪਿੰਡ ਤੇ ਡਾਕ: ਮਕਸੂਦੜਾ (ਲੁਧਿਆਣਾ)।

ਸਹੀ ਯੋਜਨਾ ਦੀ ਲੋੜ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਬੋਰਡ ਪ੍ਰੀਖਿਆਵਾਂ ਵਿਚ ਨਕਲ ਰੋਕਣ ਦੇ ਯਤਨ ਕੀਤੇ ਜਾਂਦੇ ਹਨ। ਇਸ ਸਾਲ ਨਕਲ ਰੋਕਣ ਲਈ ਪ੍ਰੀਖਿਆ ਕੇਂਦਰਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਨਕਲ ਬੰਦ ਹੋਣੀ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਸਿੱਖਿਆ ਪ੍ਰਬੰਧ ਵਿਚ ਵੀ ਵੱਡੇ ਸੁਧਾਰਾਂ ਦੀ ਲੋੜ ਹੈ। ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਜਿਸ ਵਿਸ਼ੇ ਦਾ ਅਧਿਆਪਕ ਹੀ ਸਕੂਲ ਵਿਚ ਨਹੀਂ, ਵਿਦਿਆਰਥੀ ਉਸ ਵਿਸ਼ੇ ਦੀ ਪ੍ਰੀਖਿਆ ਕਿਵੇਂ ਦੇਵੇਗਾ? ਅਧਿਆਪਕ ਵਰਗ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਉਣਾ ਚਾਹੀਦਾ ਹੈ। ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਦੀ ਪਾਸ ਫ਼ੀਸਦੀ (3-4 ਫ਼ੀਸਦੀ) ਦੱਸਦਾ ਹੈ ਕਿ ਦੇਸ਼ ਵਿਚ ਚੰਗੇ ਅਧਿਆਪਕਾਂ ਦੀ ਵੱਡੀ ਘਾਟ ਹੈ।

-ਭੁਪਿੰਦਰ ਸਿੰਘ
ਪਿੰਡ ਤੇ ਡਾਕ: ਕੋਹਾਲੀ, ਜ਼ਿਲ੍ਹਾ ਅੰਮ੍ਰਿਤਸਰ।

ਪੰਚਾਇਤੀ ਚੋਣਾਂ

ਪੰਜਾਬ 'ਚ ਪੰਚਾਇਤੀ ਚੋਣਾਂ ਹੋਣ 'ਚ ਕੋਈ ਬਹੁਤਾ ਸਮਾਂ ਨਹੀਂ ਹੈ। ਸਰਪੰਚੀ ਦੇ ਦਾਅਵੇਦਾਰਾਂ ਨੇ ਅੰਦਰਖਾਤੇ ਆਪੋ-ਆਪਣੇ ਪੱਧਰ 'ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਚਾਇਤੀ ਚੋਣਾਂ ਬਾਕੀ ਚੋਣਾਂ ਨਾਲੋਂ ਲੋਕਾਂ ਲਈ ਜ਼ਿਆਦਾ ਖਿੱਚ ਦਾ ਕੇਂਦਰ ਹੁੰਦੀਆਂ ਹਨ। ਬਹੁਤੇ ਲੋਕ ਇਨ੍ਹਾਂ ਚੋਣਾਂ ਨੂੰ ਵੱਕਾਰ ਦਾ ਸਵਾਲ ਬਣਾ ਬੈਠਦੇ ਹਨ। ਸਿੱਟੇ ਵਜੋਂ ਪੈਸੇ ਵੰਡਣ, ਲਾਲਚ ਦੇਣ, ਡਰਾਵੇ ਧਮਕੀਆਂ ਦੇਣ ਦੇ ਨਾਲ-ਨਾਲ ਲੜਾਈ-ਝਗੜੇ ਤੱਕ ਵੀ ਨੌਬਤ ਆ ਜਾਂਦੀ ਹੈ। ਕਈ ਵਾਰ ਤਾਂ ਕਤਲ ਤੱਕ ਵੀ ਹੋ ਜਾਂਦੇ ਹਨ। ਅਸਲ ਵਿਚ ਜਿਥੋਂ ਤੱਕ ਪੰਚਾਇਤੀ ਚੋਣਾਂ ਨੂੰ ਨੇੜੇ ਤੋਂ ਵੇਖਿਆ-ਘੋਖਿਆ ਗਿਆ ਹੈ। ਉਹ ਪੇਂਡੂ ਭਾਈਚਾਰੇ ਲਈ ਘਾਤਕ ਹੀ ਸਾਬਤ ਹੋਇਆ ਹੈ। ਬਹੁਤੀ ਥਾਈਂ ਆਪਸੀ ਭਾਈਚਾਰਾ ਲੀਰੋ-ਲੀਰ ਹੋ ਕੇ ਰਹਿ ਗਿਆ ਹੈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਕੇ ਵਿਕਾਸ ਕਾਰਜਾਂ ਨੂੰ ਬੜਾਵਾ ਦੇ ਕੇ ਜਿਥੇ ਪਿੰਡ ਨੂੰ ਸੰਵਾਰਿਆ ਜਾਵੇ, ਉਥੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਿਆ ਜਾਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

39 ਭਾਰਤੀਆਂ ਦਾ ਗ਼ਮ

ਕੁਝ ਅਰਸਾ ਪਹਿਲਾਂ ਰੋਜ਼ੀ-ਰੋਟੀ ਖ਼ਾਤਰ ਵਿਦੇਸ਼ (ਇਰਾਕ) ਗਏ 39 ਭਾਰਤੀਆਂ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ, ਸਬੰਧੀ ਪਿਛਲੇ ਕੁਝ ਸਮੇਂ ਤੋਂ ਅਚਾਨਕ ਲਾਪਤਾ ਹੋਣ ਦੀਆਂ ਖ਼ਬਰਾਂ ਮੀਡੀਏ ਰਾਹੀਂ ਲਗਾਤਾਰ ਮਿਲ ਰਹੀਆਂ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਭਾਲ ਸਬੰਧੀ ਯਤਨ ਜਾਰੀ ਸਨ। ਹੁਣ ਉਨ੍ਹਾਂ ਲਾਪਤਾ ਭਾਰਤੀਆਂ ਦੀਆਂ ਲਾਸ਼ਾਂ ਇਰਾਕ ਦੇ ਪਹਾੜੀ ਇਲਾਕੇ ਵਿਚੋਂ ਮਿਲਣ ਉਪਰੰਤ ਜਿਉਂ ਹੀ ਉਨ੍ਹਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ, ਤਿਉਂ ਹੀ ਦੇਸ਼ ਵਾਸੀਆਂ ਅਤੇ ਖ਼ਾਸ ਕਰਕੇ ਲਾਪਤਾ ਵਿਅਕਤੀਆਂ ਦੇ ਸਕੇ-ਸਬੰਧੀਆਂ ਦੇ ਮਨ ਡੂੰਘੇ ਗ਼ਮ ਦੇ ਸਮੁੰਦਰ ਵਿਚ ਡੁੱਬ ਗਏ। ਬਿਨਾਂ ਸ਼ੱਕ ਇਹ ਇਕ ਨਾ ਬਰਦਾਸ਼ਤਯੋਗ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਫ਼ੌਜ ਦੀ ਨੌਕਰੀ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਪੜ੍ਹਿਆ ਹੈ ਕਿ ਸੰਸਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਫ਼ੌਜ ਵਿਚ 5 ਸਾਲ ਨੌਕਰੀ ਜ਼ਰੂਰੀ ਕਰਾਰ ਕੀਤੀ ਜਾਵੇ। ਮੇਰੀ ਰਾਇ ਹੈ ਕਿ ਹਰ ਇਕ ਵਿਧਾਇਕ ਜਾਂ ਲੋਕ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰ ਨੂੰ ਵੀ 5 ਸਾਲ ਦੀ ਫ਼ੌਜ ਵਾਲੀ ਸ਼ਰਤ ਵੀ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਅਨੁਸ਼ਾਸਿਤ ਲੋਕ ਹੀ ਸਿਆਸਤ ਵਿਚ ਆ ਸਕਣ।

-ਕੁਸਮ ਸ਼ਰਮਾ, ਫ਼ਰੀਦਕੋਟ।

ਪਰਾਈ ਆਸ ਕਰੇ ਨਿਰਾਸ਼

ਜ਼ਿੰਦਗੀ ਵਿਚ ਜੇਕਰ ਸਫ਼ਲ ਹੋਣਾ ਹੈ ਤਾਂ ਇਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਪਰਾਈ ਆਸ ਹਮੇਸ਼ਾ ਨਿਰਾਸ਼ ਹੀ ਕਰਦੀ ਹੈ। ਮੁੱਲ ਹਮੇਸ਼ਾ ਮਿਹਨਤ ਦਾ ਹੀ ਪੈਂਦਾ ਹੈ। ਹਿੰਮਤੀ ਵਿਅਕਤੀ ਹਨੇਰ-ਸਵੇਰ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ ਹੈ। ਮਿਹਨਤ ਤੋਂ ਵੱਡਾ ਸਫ਼ਲਤਾ ਦਾ ਕੋਈ ਸਾਧਨ ਨਹੀਂ। ਹਮੇਸ਼ਾ ਦੂਸਰਿਆਂ 'ਤੇ ਆਸ ਰੱਖਣ ਵਾਲਾ ਜਾਂ ਹਮੇਸ਼ਾ ਕਿਸਮਤ ਨੂੰ ਕੋਸਣ ਵਾਲਾ ਵਿਅਕਤੀ ਕਦੇ ਸਫ਼ਲ ਨਹੀਂ ਹੋ ਸਕਦਾ। ਇਨਸਾਨ ਦੀ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ, ਉਸ ਦਾ ਫਲ ਉਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲ ਜਾਂਦਾ ਹੈ।

-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ,
ਜ਼ਿਲ੍ਹਾ ਹੁਸ਼ਿਆਰਪੁਰ।

ਕਣਕ, ਕੁਦਰਤ ਅਤੇ ਕਰੋਪੀ

ਕਣਕ ਪੰਜਾਬੀਆਂ ਦੀ ਜਿੰਦ ਜਾਨ ਹੈ। ਕੁਦਰਤ ਨਾਲ ਕਣਕ ਦਾ ਗੂੜ੍ਹਾ ਰਿਸ਼ਤਾ ਵੀ ਹੈ ਜੋ ਕਿ ਅਤੀਤ ਤੋਂ ਵਰਤਮਾਨ ਤੱਕ ਕਾਇਮ ਹੈ। ਪੰਜਾਬੀਆਂ ਦੇ ਜੀਵਨ ਨਿਰਬਾਹ ਅਤੇ ਆਰਥਿਕਤਾ ਦਾ ਧੁਰਾ ਕਣਕ ਹੀ ਹੈ। ਕਣਕ ਬੀਜਣ, ਵੱਢਣ ਅਤੇ ਸਾਂਭਣ ਦੇ ਤਰੀਕੇ ਸਮੇਂ ਅਨੁਸਾਰ ਢਲਦੇ ਗਏ।
ਕੁਦਰਤ ਨੇ ਕਣਕ ਦੇ ਮਨੁੱਖੀ ਜੀਵਨ ਪ੍ਰਤੀ ਕਈ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਦਰਤ ਨਾਲ ਹੋਈ ਛੇੜਛਾੜ ਨੇ ਮੌਸਮ ਦਾ ਲਿਹਾਜ ਵਿਗਾੜ ਦਿੱਤਾ। ਦਾਤੀ ਨੂੰ ਘੁੰਗਰੂ ਲਾਉਣ ਦੇ ਨਾਲ-ਨਾਲ ਮੌਸਮ ਨੂੰ ਦੇਖ ਕੇ ਸਾਹ ਸੂਤੇ ਜਾਂਦੇ ਹਨ। ਮਨੁੱਖੀ ਜੀਵਨ ਤੇ ਕਣਕ ਰਾਹੀਂ ਹੋ ਰਹੀ ਅਲਰਜੀ ਸਭ ਤੋਂ ਵੱਧ ਕਰੋਪਵਾਨ ਹੈ। ਕਣਕ ਨੂੰ ਖਾਣ ਅਤੇ ਕਣਕ ਦੀ ਧੂੜ ਨੇ ਅੱਜ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਇਹ ਕੁਦਰਤ ਦੀ ਕਰੋਪੀ ਹੀ ਹੈ। ਭਵਿੱਖ ਜੈਵਿਕ ਖੇਤੀ ਦੀ ਮੰਗ ਕਰਦਾ ਹੈ। ਇਸ ਕਰਕੇ ਕੁਦਰਤ, ਕਣਕ ਵਿਚ ਕਰੋਪੀ ਦਾ ਵਿਛੋੜਾ ਪੈਣ ਦੀ ਆਸ ਬੱਝੇਗੀ। ਇਸ ਨਾਲ ਹੀ ਖੁਸ਼ਹਾਲ ਜੀਵਨ ਲਈ ਵੀ ਕੁਦਰਤ ਦਾ ਸੰਤੁਲਨ ਬਣੇਗਾ। ਇਸ ਨਾਲ ਹੀ ਭਵਿੱਖ ਖੁਸ਼ਹਾਲ ਅਤੇ ਅਰੋਗਤਾ ਭਰਿਆ ਹੋਣ ਦੀ ਆਸ ਬੱਜੇਗੀ। ਕਣਕ ਨਾਲ ਕੁਦਰਤ ਦਾ ਮੇਲ ਮੁੜ ਲੀਹਾਂ 'ਤੇ ਆਉਣ ਨਾਲ ਹੀ ਕਰੋਪੀ ਦਾ ਅੰਤ ਹੋਵੇਗਾ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

10-04-2018

 ਨਸ਼ਿਆਂ ਦੀ ਦਲਦਲ
ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਬਿਨਾਂ ਸ਼ੱਕ ਸਰਕਾਰ ਦੁਆਰਾ ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਸਥਿਤੀ ਹੋਰ ਹੈ। ਅੱਜ ਵੀ ਪੰਜਾਬ ਵਿਚ ਉਸ ਤਰ੍ਹਾਂ ਹੀ ਨਸ਼ਿਆਂ ਦਾ ਕਾਰੋਬਾਰ ਹੋ ਰਿਹਾ ਹੈ। ਬਿਨਾਂ ਸ਼ੱਕ ਛੋਟੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਵੱਡੇ ਤਸਕਰ ਅੱਜ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਕੈਗ ਦੀ ਰਿਪੋਰਟ ਅਨੁਸਾਰ ਨਸ਼ਿਆਂ ਦੀ ਵਰਤੋਂ ਕਰਨ ਵਿਚ ਪੰਜਾਬ ਪਹਿਲੇ ਸਥਾਨ 'ਤੇ ਆ ਗਿਆ ਹੈ, ਜੋ ਕਿ ਪੰਜਾਬ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੈ। ਇਕ ਅਧਿਐਨ ਅਨੁਸਾਰ ਪੰਜਾਬ ਵਿਚ 75 ਫੀਸਦੀ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਲਪੇਟ ਵਿਚ ਹਨ, 67 ਫੀਸਦੀ ਘਰਾਂ ਵਿਚ ਘੱਟ ਤੋਂ ਘੱਟ ਇਕ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤੇ ਹਰ ਸੱਤ ਦਿਨਾਂ ਵਿਚ ਇਕ ਵਿਅਕਤੀ ਦੀ ਨਸ਼ੇ ਨਾਲ ਮੌਤ ਹੁੰਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ 'ਤੇ ਨਸ਼ਿਆਂ ਨੂੰ ਖ਼ਤਮ ਕੀਤਾ ਜਾਵੇ। ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪੱਧਰ 'ਤੇ ਸਰਕਾਰ ਤੇ ਪੁਲਿਸ ਦਾ ਸਹਿਯੋਗ ਕਰਨ, ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

-ਕਮਲ ਬਰਾੜ,
ਪਿੰਡ ਕੋਟਲੀ ਅਬਲੂ।

ਸ਼ਹਾਦਤ ਦਿਵਸ
ਕੌਮੀ ਪਰਵਾਨਿਆਂ ਨੇ ਸਾਡੇ ਦੇਸ਼ ਨੂੰ ਗੁਲਾਮੀ-ਮੁਕਤ ਦੇਖਣ ਲਈ ਆਪਣੇ ਗਲਾਂ 'ਚ ਫਾਂਸੀ ਦੇ ਰੱਸਿਆਂ ਨੂੰ ਹਾਰ ਸਮਝ ਇਸ ਲਈ ਪਹਿਨਿਆ ਕਿ ਆਜ਼ਾਦ ਭਾਰਤ ਦਾ ਹਰ ਇਕ ਨੌਜਵਾਨ ਆਜ਼ਾਦ ਫਿਜ਼ਾ 'ਚ ਇਕ ਬੁਲੰਦ ਸੋਚ ਰਾਹੀਂ ਨਵੇਂ ਦਿਸਹੱਦਿਆਂ ਦੀ ਭਾਲ 'ਚ ਇਕ ਵੱਖਰਾ ਇਤਿਹਾਸ ਰਚੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਗੁਲਾਮ-ਏ-ਜ਼ੰਜੀਰ ਕੱਟਣ ਵਾਲੀ ਸੋਚ ਕਿੱਥੇ ਕੁ ਖੜ੍ਹੀ ਹੈ, ਇਹ ਇਕ ਵੱਡਾ ਸਵਾਲ ਸਾਡੇ ਸਾਹਮਣੇ ਹੈ, ਕਿਤੇ ਅਸੀਂ ਮੁੜ ਗੁਲਾਮੀ ਵੱਲ ਤਾਂ ਨਹੀਂ ਵਧ ਰਹੇ। ਅੱਜ ਸਾਡਾ ਜ਼ਿਆਦਾਤਰ ਨੌਜਵਾਨ ਵਰਗ ਗੈਂਗਸਟਰ ਦੀ ਆੜ 'ਚ ਆਪਣਾ ਵਜੂਦ ਖ਼ਤਮ ਕਰ ਰਿਹਾ ਹੈ। ਗਾਹੇ-ਬਗਾਹੇ ਲੱਭਦੀਆਂ ਛੋਟੀ ਸੂਈ ਵਾਲੀਆਂ ਸਰਿੰਜਾਂ ਕੁਰਾਹੇ ਪਈ ਜਵਾਨੀ ਦਾ ਪ੍ਰਤੀਕ ਹਨ। ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਤਿਲਸਮ ਸਾਬਤ ਹੋ ਰਿਹਾ ਹੈ, ਕਿਉਂਕਿ ਅੱਜ ਉਸ ਦੇ ਜੀਵਨ ਵਰਗੀ ਸਾਦਗੀ, ਸਹਿਜਤਾ, ਸੁਹਜਤਾ, ਸੂਰਤ, ਸੀਰਤ ਅਤੇ ਹਲੀਮੀ ਨੌਜਵਾਨਾਂ 'ਚ ਮਨਫ਼ੀ ਹੋ ਰਹੀ ਹੈ। ਕੇਸਰੀ ਪੱਗ ਵੀ ਅੱਜ ਲੁਕਵੇਂ ਮੰਤਵਾਂ ਦੀ ਆੜ 'ਚ ਨਿੱਜ ਹਿਤਾਂ ਲਈ ਦਮ ਤੋੜਦੀ ਜਾਪਦੀ ਹੈ। ਬਹੁਤ ਸਾਰੇ ਨੌਜਵਾਨ ਜੋ ਸੁੱਚਮਤਾ ਨਾਲ ਸਮਾਜ ਸੇਵਾ ਵਿਚ ਜੁਟੇ ਹੋਏ ਹਨ, ਨਰੋਏ ਸਮਾਜ ਸਿਰਜਣ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਨ, ਉਹ ਦੇਸ਼ ਲਈ ਸ਼ੁੱਭ ਸੰਕੇਤ ਹਨ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਲੁਧਿਆਣਾ।

ਪ੍ਰਸ਼ਨ ਪੱਤਰ ਲੀਕ ਮਾਮਲਾ
ਦੇਸ਼ ਵਿਚ ਸਿੱਖਿਆ ਖੇਤਰ ਦੀ ਵਕਾਰੀ ਸੰਸਥਾ ਸੀ. ਬੀ. ਐਸ. ਈ. ਦੇ ਹੋ ਰਹੇ ਸਾਲਾਨਾ ਇਮਤਿਹਾਨਾਂ ਦੌਰਾਨ ਦਸਵੀਂ ਦਾ ਗਣਿਤ ਤੇ ਬਾਰ੍ਹਵੀਂ ਦਾ ਅਰਥ-ਸ਼ਾਸਤਰ ਦੇ ਪੇਪਰ ਲੀਕ ਹੋਣ ਨਾਲ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਿ ਦੇਸ਼ ਦਾ ਤੰਤਰ ਕਿੰਨਾ ਭ੍ਰਿਸ਼ਟ ਹੋ ਚੁੱਕਾ ਹੈ। ਰਾਜਨੀਤਕ ਤੇ ਪ੍ਰਸ਼ਾਸਨਿਕ ਖੇਤਰ ਤਾਂ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਹੀ ਸਨ ਪਰ ਸਿੱਖਿਆ ਖੇਤਰ ਵਿਚ ਵਾਪਰੀ ਅਜਿਹੀ ਘਟਨਾ ਤੋਂ ਸਾਰਾ ਦੇਸ਼ ਦੰਗ ਰਹਿ ਗਿਆ। ਪਰ ਇਸ ਦੀ ਸਜ਼ਾ ਬੇਕਸੂਰ ਮਾਪੇ ਤੇ ਵਿਦਿਆਰਥੀ ਭੁਗਤ ਰਹੇ ਹਨ। ਬਿਨਾਂ ਕੁਝ ਖਾਦੇ-ਪੀਤਿਆਂ ਦਿਨ-ਰਾਤ ਇਕ ਕਰਕੇ ਕੀਤੀ ਮਿਹਨਤ 'ਤੇ ਝਟਕੇ 'ਚ ਪਾਣੀ ਫਿਰ ਗਿਆ। ਅਪਰਾਧੀ ਨੂੰ ਲੱਭਣ ਲਈ ਕ੍ਰਾਈਮ ਬ੍ਰਾਂਚ ਤੇ ਐਸ. ਆਈ. ਟੀ. ਵਲੋਂ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਪਰ ਇਕ ਵਾਰੀ ਜੋ ਕਲੰਕ ਇਸ ਸਿੱਖਿਆ ਸੰਸਥਾ 'ਤੇ ਲੱਗ ਗਿਆ, ਧੋਣਾ ਮੁਸ਼ਕਿਲ ਹੈ।

-ਪਰਮ ਪਿਆਰ ਸਿੰਘ,
ਨਕੋਦਰ।

ਵੀ.ਆਈ.ਪੀ. ਸੱਭਿਆਚਾਰ
ਧਾਰਮਿਕ ਸਥਾਨ ਆਮ ਲੋਕਾਂ ਦੀ ਆਸਥਾ ਦਾ ਕੇਂਦਰ ਹੁੰਦੇ ਹਨ। ਸਿੱਖ ਗੁਰੂਆਂ ਨੇ ਮਨੁੱਖੀ ਮਹਾਨਤਾ ਦਾ ਹੋਕਾ ਪ੍ਰਚੰਡ ਕੀਤਾ ਹੈ ਪਰ ਅਜੋਕੇ ਸਮੇਂ ਧਾਰਮਿਕ ਸਥਾਨ ਰਾਜਨੀਤੀ ਦਾ ਕੇਂਦਰ ਬਣੇ ਹੋਏ ਹਨ। ਅੱਜ ਧਾਰਮਿਕ ਸਥਾਨਾਂ 'ਤੇ ਵੀ.ਆਈ.ਪੀ. ਸੱਭਿਆਚਾਰ ਅਤੇ ਸਿਫਾਰਸ਼ਾਂ ਦਾ ਬੋਲਬਾਲਾ ਹੈ। ਉੱਚੀ ਪਹੁੰਚ ਰੱਖਣ ਵਾਲੇ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਦੇ ਸਿਫ਼ਾਰਸ਼ੀਆਂ ਨੂੰ ਮੱਥਾ ਟੇਕਣ ਅਤੇ ਕਮਰਿਆਂ ਨੂੰ ਰਾਖਵੇਂ ਰੱਖਣ ਆਦਿ ਲਈ ਪਹਿਲ ਦੇਣਾ ਖ਼ਤਰਨਾਕ ਰੁਝਾਨ ਹੈ, ਜੋ ਕਿ ਲੋਕਾਂ ਦੀ ਆਸਥਾ ਨੂੰ ਸੱਟ ਮਾਰਨ ਵਾਲਾ ਹੈ। ਭਾਵੇਂ ਬਜ਼ੁਰਗਾਂ ਜਾਂ ਅਪਾਹਜਾਂ ਲਈ ਪੌੜੀ, ਲਿਫਟਾਂ ਜਾਂ ਚੜ੍ਹਾਈ ਚੜ੍ਹਾਉਣ ਲਈ ਵਿਸ਼ੇਸ਼ ਗੱਡੀਆਂ ਦੇ ਪ੍ਰਬੰਧ ਦਾ ਪ੍ਰਚਾਰ ਕੀਤਾ ਜਾਂਦਾ ਹੈ ਪਰ ਅਸਲ ਵਿਚ ਪ੍ਰਬੰਧ ਨਾਮਾਤਰ ਹੁੰਦੇ ਹਨ। ਸਿਰਫ ਅਖ਼ਬਾਰਾਂ ਦੀਆਂ ਸੁਰਖੀਆਂ ਲਈ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਹੁੰਦੇ ਹਨ। ਪਹਿਰੇਦਾਰਾਂ ਦਾ ਅੱਖੜ ਸੁਭਾਅ ਅਤੇ ਅੜੀਅਲ ਵਤੀਰਾ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰਦਾ ਹੈ ਅਤੇ ਹਿਰਦੇ ਵਲੂੰਧਰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਅਕਬਰ ਵਰਗੇ ਬਾਦਸ਼ਾਹ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਹੀ ਦਰਸ਼ਨ ਦਿੱਤੇ ਸਨ, ਜੋ ਕਿ ਵੀ.ਆਈ.ਪੀ. ਸੱਭਿਆਚਾਰ ਵਿਰੁੱਧ ਸਪੱਸ਼ਟ ਸੰਕੇਤ ਅਤੇ ਉਪਦੇਸ਼ ਸੀ। ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਕੇ, ਲੋੜਵੰਦਾਂ ਅਤੇ ਅਪਾਹਜ ਵਿਅਕਤੀਆਂ ਨੂੰ ਪਹਿਲ ਅਤੇ ਵਿਸ਼ੇਸ਼ ਸਹੂਲਤਾਂ ਦੇਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।

-ਚਰਨਜੀਤ ਸਿੰਘ,
ਲੈਕਚਰਾਰ ਪੰਜਾਬੀ, ਸ: ਸੀ: ਸੈ: ਸਕੂਲ, ਬਾਸੋਵਾਲ (ਰੂਪਨਗਰ)।

 


ਅਧਿਆਪਕਾਂ ਦਾ ਸਤਿਕਾਰ
ਮੇਰੀ ਲਿਖਤ ਸਾਰੇ ਅਧਿਆਪਕਾਂ ਨੂੰ ਬਾਸਤਿਕਾਰ ਸਮਰਪਿਤ ਹੈ। ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸਫਾਕ ਅਹਿਮਦ ਨੇ ਲਿਖਿਆ ਹੈ : ਰੋਮ (ਇਟਲੀ) ਵਿਚ ਮੇਰਾ ਚਾਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ। ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲਿਆ ਕਿ ਇਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ....॥.... ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ। ਉਸ ਵੇਲੇ ਮੁਲਕ ਦੀ ਕਾਮਯਾਬੀ ਦਾ ਰਾਜ ਪਤਾ ਲੱਗਾ। ਅਮਰੀਕਾ ਵਿਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀ.ਆਈ.ਪੀ. ਮੰਨੇ ਜਾਂਦੇ ਹਨ ਵਿਗਿਆਨੀ ਅਤੇ ਅਧਿਆਪਕ। ਫਰਾਂਸ ਵਿਚ ਅਦਾਲਤਾਂ 'ਚ ਸਿਰਫ ਅਧਿਆਪਕਾਂ ਨੂੰ ਹੀ ਕੁਰਸੀ 'ਤੇ ਬੈਠਣ ਦਾ ਹੱਕ ਹਾਸਲ ਹੈ। ਜਾਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਹੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਦੱਖਣੀ ਕੋਰੀਆ ਵਿਚ ਹਰ ਅਧਿਆਪਕ ਨੂੰ ਉਹ ਸਾਰੇ ਹੱਕ ਹਾਸਲ ਹਨ ਜੋ ਭਾਰਤ ਵਿਚ ਵਜ਼ੀਰਾਂ ਨੂੰ ਮਿਲੇ ਹੋਏ ਹਨ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

09-04-2018

 ਕਿਸਾਨ ਖੁਦਕੁਸ਼ੀਆਂ
ਅਖ਼ਬਾਰ ਦੇ ਮੁੱਖ ਪੰਨੇ 'ਤੇ ਤਿੰਨ ਸਾਲਾਂ 'ਚ 36 ਹਜ਼ਾਰ ਕਿਸਾਨਾਂ ਵਲੋਂ ਖੁਦਕੁਸ਼ੀਆਂ ਦੀ ਖ਼ਬਰ ਪੜ੍ਹੀ, ਜਿਸ ਨੂੰ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਹੋਇਆ। ਪੰਜਾਬ ਵਿਚ ਬੇਰੁਜ਼ਗਾਰੀ, ਮਹਿੰਗਾਈ ਅਤੇ ਕਰਜ਼ੇ ਦੀ ਮਾਰ ਨੇ ਕਿਸਾਨਾਂ ਦੇ ਜੀਵਨ ਨੂੰ ਐਨਾ ਪ੍ਰਭਾਵਿਤ ਕੀਤਾ ਹੈ ਕਿ ਉਨ੍ਹਾਂ ਦਾ ਜੀਵਨ ਦਿਨੋਂ-ਦਿਨ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਜੋ ਬੈਂਕ ਸਰਕਾਰ ਵਲੋਂ ਕਿਸਾਨਾਂ ਦੀ ਮਦਦ ਲਈ ਖੋਲ੍ਹੇ ਗਏ ਸਨ, ਉਹੀ ਬੈਂਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਬਣ ਰਹੇ ਹਨ। ਜੀਵਨ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ। ਜੇ ਇਨਸਾਨ ਸੁੱਖ ਦੀ ਘੜੀ ਨੂੰ ਖਿੜੇ ਮੱਥੇ ਕਬੂਲਦਾ ਹੈ ਤਾਂ ਉਹ ਦੁੱਖ ਦੀ ਘੜੀ ਵਿਚ ਹੌਸਲਾ ਕਿਉਂ ਛੱਡ ਦਿੰਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਸੂਝਵਾਨ ਵਿਅਕਤੀ ਜੇਕਰ ਚਾਹੇ ਤਾਂ ਥੋੜ੍ਹੀ ਕਮਾਈ ਵਿਚ ਵੀ ਆਪਣਾ ਗੁਜ਼ਾਰਾ ਕਰ ਸਕਦਾ ਹੈ, ਲੋੜ ਹੈ ਤਾਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਦੀ। ਸਰਕਾਰ ਓਨੀ ਦੇਰ ਤੱਕ ਖੁਦਕੁਸ਼ੀਆਂ ਦਾ ਸਿਲਸਿਲਾ ਨਹੀਂ ਰੋਕ ਸਕਦੀ, ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਜਿਊਣ ਦੀ ਇੱਛਾ ਨੂੰ ਬਰਕਰਾਰ ਨਹੀਂ ਰੱਖੇਗਾ।


-ਨੂਰਦੀਪ ਕੋਮਲ,
ਸੰਗਰੂਰ।


ਸ਼ੋਰ ਪ੍ਰਦੂਸ਼ਣ
ਸੰਪਾਦਕੀ ਪੰਨੇ 'ਤੇ ਯਾਦਵਿੰਦਰ ਸਿੰਘ ਸਤਕੋਹਾ ਦਾ ਲੇਖ 'ਪੰਜਾਬੀਆਂ ਦੇ ਜੀਵਨ ਵਿਚ ਬੁਰੀ ਤਰ੍ਹਾਂ ਘਰ ਕਰ ਗਿਆ ਹੈ ਆਵਾਜ਼ ਪ੍ਰਦੂਸ਼ਣ' ਵਿਚ ਲੇਖਕ ਨੇ ਸਿਰਫ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੀ ਤੇ ਵਿਆਹਾਂ 'ਚ ਚਲਦੇ ਡੀ.ਜੇ. ਦੀ ਹੀ ਗੱਲ ਕੀਤੀ ਹੈ, ਜਦੋਂ ਕਿ ਪੰਜਾਬ ਦੇ ਹਰ ਪਿੰਡ ਵਿਚ 10-15 ਮਿੰਟਾਂ ਬਾਅਦ ਸਬਜ਼ੀ ਤੇ ਹੋਰ ਸਾਮਾਨ ਵੇਚਣ ਵਾਲਾ ਸਪੀਕਰਾਂ ਰਾਹੀਂ ਆਵਾਜ਼ ਦਿੰਦਾ ਹੈ, ਜੋ ਬਹੁਤ ਸ਼ੋਰ ਪਾਉਂਦੇ ਹਨ। ਇਸ ਤੋਂ ਬਿਨਾਂ ਲੋਕ ਟਰੈਕਟਰਾਂ 'ਤੇ ਵੀ ਵੱਡੇ ਪੱਧਰ 'ਤੇ ਗਾਣੇ ਵਜਾ ਕੇ ਸ਼ੋਰ ਪੈਦਾ ਕਰ ਰਹੇ ਹਨ। ਪਿੰਡਾਂ-ਸ਼ਹਿਰਾਂ ਵਿਚ ਦੀ ਲੰਘਦੇ ਟਰੱਕ-ਬੱਸ ਆਦਿ ਦੇ ਪ੍ਰੈਸ਼ਰ ਹਾਰਨ ਵੀ ਹਨ। ਅੱਜਕਲ੍ਹ ਲੋਕ ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕੇ 'ਤੇ ਪਟਾਕੇ ਵੀ ਅੱਧੀ ਰਾਤ ਤੱਕ ਵਜਾਉਂਦੇ ਸੁਣਦੇ ਹਨ।


-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਸੀਰੀਆ ਗ੍ਰਹਿ ਯੁੱਧ
ਪਿਛਲੇ ਕੁਝ ਸਮੇਂ ਤੋਂ ਸੀਰੀਆ ਦੀ ਤਬਾਹੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਹੈਵਾਨੀਅਤ ਦੇ ਇਸ ਗੰਦੇ ਨਾਚ ਨੂੰ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਜਾਪਦੀ ਹੈ। ਨਫਰਤ ਨਾਲ ਭਰੀ ਦੁਨੀਆ ਵਿਚ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਜ਼ਰੀਂ ਨਹੀਂ ਆਉਂਦੀ। ਸੀਰੀਆ ਗ੍ਰਹਿ ਯੁੱਧ ਦੀ ਸ਼ੁਰੂਆਤ 2011 ਵਿਚ ਹੋਈ, ਜਦੋਂ ਸਥਾਨਕ ਲੋਕਾਂ ਨੇ ਰਾਸ਼ਟਰਪਤੀ ਬਸ਼ਰ-ਉਲ-ਅਸਦ ਖਿਲਾਫ ਵਿਦਰੋਹ ਸ਼ੁਰੂ ਕੀਤਾ। ਇਸ ਵਿਦਰੋਹ ਦੀ ਹੋਂਦ 2006 ਤੋਂ 2011 ਤੱਕ ਪਏ ਸੋਕੇ ਦੇ ਪ੍ਰਭਾਵ ਕਾਰਨ ਉਪਜੀ ਬੇਰੁਜ਼ਗਾਰੀ, ਭੁੱਖਮਰੀ 'ਤੇ ਟਿਕੀ ਹੋਈ ਸੀ ਪਰ ਸਥਾਨਕ ਸਰਕਾਰ ਨੇ ਇਸ ਨੂੰ ਅਣਮਨੁੱਖੀ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਸਿੱਟੇ ਵਜੋਂ 'ਰੈਬਲਜ਼ ਆਰਮੀ' ਵਿਦਰੋਹੀਆਂ ਨੇ ਬਣਾਈ, ਜਿਸ ਦਾ ਉਦੇਸ਼ ਮੌਜੂਦਾ ਸਰਕਾਰ ਨੂੰ ਖ਼ਤਮ ਕਰਨਾ ਸੀ। ਇਸ ਗ੍ਰਹਿ ਯੁੱਧ ਵਿਚ ਅਮਰੀਕਾ ਜਿਥੇ 'ਰੈਬਲਜ਼ ਆਰਮੀ' ਦੇ ਹੱਕ ਵਿਚ ਹੈ, ਉਥੇ ਹੀ ਰੂਸ ਸੀਰੀਆ ਦੇ ਰਾਸ਼ਟਰਪਤੀ ਦੇ ਹੱਕ ਵਿਚ ਹੈ। ਸਾਰਕ ਅਤੇ ਯੂ. ਐਨ. ਓ. ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੀ ਇਸ ਗ੍ਰਹਿ ਯੁੱਧ ਨੂੰ ਰੋਕਣ ਵਿਚ ਅਸਫਲ ਰਹੀਆਂ। ਇਹ ਸੰਘਰਸ਼ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਬਣ ਚੁੱਕਾ ਹੈ। ਇਸ ਗ੍ਰਹਿ ਯੁੱਧ ਵਿਚ ਜਿੱਤ ਕਿਸੇ ਦੀ ਹੋਵੇ ਪਰ ਹਾਰ ਮਨੁੱਖਤਾ ਦੀ ਹੀ ਹੋਈ ਹੈ।


-ਜਸਪ੍ਰੀਤ ਕੌਰ ਸੰਘਾ,
ਪਿੰਡ ਤਨੂੰਲੀ, ਹੁਸ਼ਿਆਰਪੁਰ।


ਅਨੁਸ਼ਾਸਨ ਦੀ ਮਹੱਤਤਾ
ਅਨੁਸ਼ਾਸਨ ਦਾ ਅਰਥ ਹੈ ਕਿ ਕਿਸੇ ਵਿਅਕਤੀ ਦੇ ਦਿਮਾਗ ਅਤੇ ਆਚਰਨ ਨੂੰ ਇਸ ਤਰ੍ਹਾਂ ਦੀ ਸਿਖਲਾਈ ਦੇਣਾ, ਜਿਸ ਨਾਲ ਉਹ ਆਪਣੇ-ਆਪ ਉੱਤੇ ਕਾਬੂ ਰੱਖਣਾ ਸਿੱਖ ਜਾਵੇ। ਅਨੁਸ਼ਾਸਨ ਨਾਲ ਹੀ ਵਿਅਕਤੀ ਸੰਸਕਾਰਾਂ ਵਿਚ ਰਹਿਣਾ ਸਿੱਖਦਾ ਹੈ। ਅਨੁਸ਼ਾਸਨ ਕਿਸੇ ਵੀ ਵਿਅਕਤੀ ਦੇ ਮਨ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ। ਇਹ ਸਥਿਰਤਾ ਹੀ ਉਸ ਨੂੰ ਜੀਵਨ ਦੇ ਸੰਘਰਸ਼ ਵਿਚ ਅੱਗੇ ਵਧਣ ਵਿਚ ਸਹਾਇਤਾ ਕਰਦੀ ਹੈ।
ਇਕ ਵਿਦਿਆਰਥੀ ਲਈ ਤਾਂ ਅਨੁਸ਼ਾਸਨ ਦਾ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਵਿਦਿਆਰਥੀ ਜੀਵਨ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਆਧਾਰ ਹੁੰਦਾ ਹੈ। ਇਸ ਸਮੇਂ ਦੌਰਾਨ ਵਿਦਿਆਰਥੀ ਜੋ ਵੀ ਗੁਣ ਜਾਂ ਔਗੁਣ ਗ੍ਰਹਿਣ ਕਰਦਾ ਹੈ, ਉਸ ਦੇ ਅਨੁਸਾਰ ਹੀ ਉਸ ਦੇ ਆਚਰਨ ਦਾ ਨਿਰਮਾਣ ਹੁੰਦਾ ਹੈ। ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਜਾਵੇ ਤਾਂ ਉਹ ਇਨ੍ਹਾਂ ਸਭ ਬੁਰਾਈਆਂ ਤੋਂ ਦੂਰ ਰਹਿ ਸਕਦੇ ਹਨ ਅਤੇ ਇਕ ਚੰਗੇ ਇਨਸਾਨ ਬਣ ਕੇ ਆਪਣਾ, ਆਪਣੇ ਮਾਂ-ਬਾਪ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ।


-ਜਸ਼ਨਦੀਪ ਕੌਰ ਢਿੱਲੋਂ,
ਭੁੱਟੀਵਾਲਾ।


ਸਰਹੱਦਾਂ ਦਾ ਮਾਹੌਲ ਚਿੰਤਾਜਨਕ
ਜੰਮੂ-ਕਸ਼ਮੀਰ ਵਿਚ ਆਏ ਦਿਨੀਂ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨ ਦਾ ਇਹ ਵਰਤਾਰਾ ਲੰਮੇ ਸਮੇਂ ਤੋਂ ਜਾਰੀ ਹੈ। ਗੋਲੀਬਾਰੀ ਤੋਂ ਪ੍ਰਭਾਵਿਤ ਆਏ ਦਿਨੀਂ ਫੌਜ ਦੇ ਜਵਾਨ ਅਤੇ ਉਥੋਂ ਦੇ ਵਸਨੀਕ ਹੁੰਦੇ ਹਨ। ਲੰਮੇ ਸਮੇਂ ਤੋਂ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬਿਨਾਂ ਕਿਸੇ ਜੰਗ ਦੇ ਨਿੱਤ ਹੀ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ, ਜਿਸ ਦਾ ਕਾਰਨ ਇਹ ਬੇਵਜ੍ਹਾ ਹੋ ਰਹੀ ਗੋਲੀਬਾਰੀ ਬਣ ਰਹੀ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ, ਤਾਂ ਜੋ ਗੁਆਂਢੀ ਮੁਲਕ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।


-ਜੀਤ ਹਰਜੀਤ,
ਪ੍ਰੀਤ ਨਗਰ, ਹਰੇੜੀ ਰੋਡ, ਸੰਗਰੂਰ।

06-04-2018

 ਆਟੋ ਰਿਕਸ਼ਿਆਂ ਦੀ ਭਰਮਾਰ

ਅੱਜ ਸ਼ਹਿਰ ਵਿਚ ਜਿਸ ਪਾਸੇ ਵੀ ਜਾਓ, ਆਟੋ ਰਿਕਸ਼ਾ ਵਾਲਿਆਂ ਦੀ ਭਰਮਾਰ ਹੈ। ਇਕ ਗੱਲ ਤਾਂ ਠੀਕ ਹੈ ਕਿ ਆਟੋ ਰਿਕਸ਼ਾ ਦੀ ਸਹੂਲਤ ਹੈ ਕਿ ਸ਼ਹਿਰ ਵਿਚ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਕਿਸੇ ਬੱਸ ਦੀ ਜ਼ਿਆਦਾ ਉਡੀਕ ਨਹੀਂ ਕਰਨੀ ਪੈਂਦੀ ਤੇ ਆਟੋ ਰਿਕਸ਼ਾ ਵਾਲੇ ਤੁਹਾਨੂੰ ਘਰ ਤੋਂ ਬਾਹਰ ਨਿਕਲਦੇ ਹੀ ਮਿਲ ਜਾਣਗੇ। ਪਰ ਅੱਜਕਲ੍ਹ ਸਹੂਲਤ ਦੇ ਨਾਂਅ 'ਤੇ ਗੁੰਡਾਗਰਦੀ ਵਧ ਰਹੀ ਹੈ। ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਆਟੋ ਰਿਕਸ਼ਾ ਚਲਾਉਂਦੇ ਹਨ, ਜੋ ਕਿ ਬਹੁਤ ਉੱਚੀ ਆਵਾਜ਼ ਵਿਚ ਸਪੀਕਰ ਲਗਾ ਕੇ ਗੀਤ ਵਜਾਉਂਦੇ ਹੋਏ ਲੰਘਦੇ ਹਨ। ਕੁਝ ਆਟੋ ਰਿਕਸ਼ਾ ਵਾਲੇ ਤਾਂ ਸੜਕ 'ਤੇ ਵਿਚਕਾਰ ਹੀ ਆਟੋ ਖੜ੍ਹਾ ਕਰਕੇ ਸਵਾਰੀ ਚੁੱਕਣ ਲੱਗ ਜਾਂਦੇ ਹਨ, ਜਿਸ ਕਰਕੇ ਆਵਾਜਾਈ ਦੀ ਸਮੱਸਿਆ ਪੇਸ਼ ਆਉਂਦੀ ਹੈ। ਪਿਛਲੇ ਦਿਨੀਂ ਪ੍ਰਸ਼ਾਸਨ ਵਲੋਂ ਕੁਝ ਸਖ਼ਤੀ ਕੀਤੀ ਗਈ ਪਰ ਉਸ ਦਾ ਵੀ ਕੋਈ ਖ਼ਾਸ ਅਸਰ ਹੋਇਆ ਨਹੀਂ ਦਿਸਦਾ। ਆਟੋ ਰਿਕਸ਼ਾ ਵਾਲੇ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀ ਆਵਾਰਾਗਰਦੀ ਉਸੇ ਤਰ੍ਹਾਂ ਜਾਰੀ ਰੱਖ ਰਹੇ ਹਨ। ਆਖ਼ਰ ਇਹ ਕਦੋਂ ਤੱਕ ਚਲਦਾ ਰਹੇਗਾ।

-ਗੁਰਪ੍ਰੀਤ ਸਿੰਘ
ਜਲੰਧਰ।

ਕੈਰੀਅਰ ਦੀ ਚੋਣ

ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੈਰੀਅਰ ਦੀ ਚੋਣ ਆਪ ਕਰਨ। ਇਸ ਤਰ੍ਹਾਂ ਹੀ ਉਹ ਅੱਗੇ ਜਾ ਕੇ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਨ। ਵਿਦਿਆਰਥੀਆਂ ਦੇ ਇਹ ਵੀ ਧਿਆਨ ਵਿਚ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਜਿਸ ਵਿਸ਼ੇ ਜਾਂ ਫਿਰ ਕਿਸੇ ਕੰਪਿਊਟਰ ਦਾ ਕੋਰਸ ਆਦਿ ਵਿਚ ਦਿਲ ਕਰਦਾ ਹੈ, ਉਨ੍ਹਾਂ ਨੂੰ ਉਹੀ ਵਿਸ਼ਾ ਜਾਂ ਫਿਰ ਕੋਰਸ ਕਰਨਾ ਚਾਹੀਦਾ ਹੈ। ਮਾਤਾ-ਪਿਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਜਿਸ ਵਿਸ਼ੇ ਵਿਚ ਮਨ ਕਰਦਾ ਹੈ, ਉਸ ਨੂੰ ਉਹੀ ਵਿਸ਼ਾ ਪੜ੍ਹਾਇਆ ਜਾਵੇ। ਅੱਜਕਲ੍ਹ ਦੇ ਮੁੰਡੇ-ਕੁੜੀਆਂ ਕੈਰੀਅਰ ਲਈ ਗੁੰਮਰਾਹ ਹੋ ਰਹੇ ਹਨ। ਉਨ੍ਹਾਂ ਨੂੰ ਤਜਰਬੇਕਾਰ ਅਧਿਆਪਕ ਕੋਲੋਂ ਰਾਇ ਲੈਣੀ ਚਾਹੀਦੀ ਹੈ। ਅਸੀਂ ਸਭ ਕੁਝ ਕਰ ਸਕਦੇ ਹਾਂ, ਕੁਝ ਵੀ ਔਖਾ ਨਹੀਂ ਹੁੰਦਾ। ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ।

-ਪ੍ਰੋ: ਜਗਸੀਰ ਸਿੰਘ
ਕਿਸ਼ਨਗੜ੍ਹ ਫਰਵਾਹੀ (ਮਾਨਸਾ)।

ਲਾਵਾਰਸ ਪਸ਼ੂਆਂ ਲਈ ਜ਼ਿੰਮੇਵਾਰ ਸਮਾਜ

ਰੋਜ਼ਮਰਾ ਅਕਸਰ ਦੇਖਣ 'ਚ ਆਇਆ ਹੈ ਕਿ ਭੁੱਖੇ ਪਸ਼ੂ ਆਪਣੀ ਭੁੱਖ ਮਿਟਾਉਣ ਲਈ ਵਿਚਾਰੇ ਬੇਜ਼ਬਾਨੇ ਇਧਰ-ਉਧਰ ਭਟਕਦੇ ਫ਼ਸਲਾਂ 'ਚ ਪੇਟ ਭਰਨ ਲਈ ਜਾਂਦੇ ਹਨ। ਫ਼ਸਲ ਦਾ ਉਜਾੜਾ ਹੋ ਜਾਂਦਾ ਹੈ। ਯਕੀਨਨ ਹੀ ਉਹ ਕਿਸਾਨ ਦੁਖੀ ਹੋਵੇਗਾ। ਪਰ ਇਸ ਸਭ ਲਈ ਸਾਡਾ ਸਮਾਜ, ਸਰਕਾਰਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਕਿਉਂਕਿ ਇਨ੍ਹਾਂ ਪਸ਼ੂਆਂ ਦਾ ਖੂਨ-ਪਸੀਨਾ ਨਿਚੋੜ ਕੇ ਆਪਣਾ ਮਤਲਬ ਕੱਢ ਕੇ ਬੇਕਾਰ ਹੋਏ ਸਮਝ ਕੇ ਪਸ਼ੂਆਂ ਦੇ ਸੰਗਲ ਖੋਲ੍ਹ ਆਵਾਰਾ ਛੱਡ ਦਿੰਦੇ ਹਨ ਅਤੇ ਵਿਚਾਰੇ ਅਣਮਨੁੱਖੀ ਅੱਤਿਆਚਾਰ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਵਸੇਬੇ ਲਈ ਜੋ ਲੱਖਾਂ ਰੁਪਏ ਟੈਕਸ ਲਿਆ ਜਾਂਦਾ ਹੈ ਇਨ੍ਹਾਂ ਲਈ ਉਚਿਤ ਪ੍ਰਬੰਧ ਰੱਖ-ਰਖਾਅ ਲਈ ਕੋਈ ਉਪਰਾਲਾ ਕਰੇ ਅਤੇ ਜੋ ਵਿਅਕਤੀ ਇਨ੍ਹਾਂ ਨੂੰ ਜਦੋਂ ਬੇਕਾਰ ਸਮਝ ਕੇ ਸੰਗਲ ਖੋਲ੍ਹ ਆਵਾਰਾ ਛੱਡ ਦਿੰਦੇ ਹਨ, ਦੇ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਜਾਵੇ। ਇਸ ਨਾਲ ਫ਼ਸਲਾਂ ਦਾ ਉਜਾੜਾ ਤੇ ਸੜਕਾਂ 'ਤੇ ਰੋਜ਼ਮਰਾ ਦੁਰਘਟਨਾਵਾਂ, ਬੇਜ਼ਬਾਨੇ ਪਸ਼ੂਆਂ 'ਤੇ ਅੱਤਿਆਚਾਰਾਂ ਨੂੰ ਠੱਲ੍ਹ ਪਾਈ ਜਾ ਸਕੇ।

-ਹਰਦੇਵ ਸਿੰਘ
ਭੋਜਾ ਪੱਟੀ, ਨਗਰ ਬਿਲਗਾ, ਤਹਿ: ਫਿਲੌਰ (ਜਲੰਧਰ)।

ਵਿਦਿਆਰਥੀ ਚੋਣ

ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ ਵਿਦਿਆਰਥੀ ਚੋਣਾਂ ਕਰਵਾਉਣ ਦਾ ਐਲਾਨ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਇਸ ਤੋਂ ਪਹਿਲਾਂ 1984 ਵਿਚ ਸਾਰੇ ਸੂਬੇ ਵਿਚ ਵਿਦਿਆਰਥੀ ਚੋਣਾਂ ਹੋਈਆਂ ਸਨ ਪਰ ਉਸ ਸਮੇਂ ਕਈ ਹਿੰਸਕ ਘਟਨਾਵਾਂ ਵਾਪਰਨ ਕਰਕੇ ਉਸ ਤੋਂ ਬਾਅਦ ਇਹ ਚੋਣਾਂ ਬੰਦ ਕਰ ਦਿੱਤੀਆਂ ਸਨ। ਇਨ੍ਹਾਂ ਚੋਣਾਂ ਨਾਲ ਜਿਥੇ ਪੰਜਾਬ ਦੇ ਨੌਜਵਾਨਾਂ ਵਿਚ ਅਗਵਾਈ ਵਾਲੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਉਥੇ ਵਿਦਿਆਰਥੀ ਆਪਣੀਆਂ ਮੰਗਾਂ ਲਈ ਵੀ ਸੰਘਰਸ਼ ਕਰ ਸਕਦੇ ਹਨ। ਪੰਜਾਬ ਵਿਚ ਜ਼ਿਆਦਾਤਰ ਨੇਤਾ ਵਿਦਿਆਰਥੀ ਯੂਨੀਅਨਾਂ ਤੋਂ ਉੱਠ ਕੇ ਹੀ ਆਉਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ ਜਾਣ। ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਹੁੱਲੜਬਾਜ਼ੀ ਨਾ ਕਰਨ, ਕਿਸੇ ਨਾਲ ਵੀ ਜਾਤੀ ਰੰਜਿਸ਼ ਨਾ ਕੱਢਣ, ਆਪਣੀ ਹੈਂਕੜ ਜ਼ਾਹਰ ਨਾ ਕਰਨ। ਬਸ ਆਏ ਨਤੀਜਿਆਂ ਨੂੰ ਕਬੂਲ ਕਰਨਾ ਹੀ ਆਪਣੇ ਅਤੇ ਪੰਜਾਬ ਦੇ ਹਿਤ ਵਿਚ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਵਿਚ ਕਿਸੇ ਕਿਸਮ ਦੇ ਨਸ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਇਕ ਵਧੀਆ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ, ਕਿਉਂਕਿ ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦੇ ਨੌਜਵਾਨਾਂ 'ਤੇ ਨਿਰਭਰ ਕਰਦਾ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਅੰਨ੍ਹੀ ਲੁੱਟ

ਸਰਕਾਰ ਵਲੋਂ ਸਰਕਾਰੀ ਸਕੂਲਾਂ ਪ੍ਰਤੀ ਅਪਣਾਈ ਬੇਰੁਖ਼ੀ ਨੀਤੀ ਕਾਰਨ ਅੱਜ ਥਾਂ-ਥਾਂ 'ਤੇ ਨਿੱਜੀ ਸਕੂਲ ਧੜਾਧੜ ਖੁੱਲ੍ਹਦੇ ਨਜ਼ਰ ਆ ਰਹੇ ਹਨ। ਸਰਕਾਰੀ ਸਕੂਲਾਂ ਵਿਚ ਅੱਜ ਖ਼ਾਸ ਕਰਕੇ ਪ੍ਰਾਇਮਰੀ ਪੱਧਰ ਦੀ ਵਿੱਦਿਆ ਦਾ ਮਿਆਰ ਦਿਨ-ਬਦਿਨ ਨਿਘਾਰ ਵੱਲ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਬਣੇ ਅਜਿਹੇ ਹਾਲਾਤ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਇਨ੍ਹਾਂ ਨਿੱਜੀ ਸਕੂਲਾਂ ਵਲੋਂ ਹਰ ਸਾਲ ਦਾਖ਼ਲਾ ਫੀਸ, ਕਿਤਾਬਾਂ, ਕਾਪੀਆਂ, ਵਰਦੀਆਂ ਦੇ ਨਾਂਅ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ। ਇਸ ਹੋ ਰਹੀ ਵੱਡੀ ਲੁੱਟ ਦੇ ਜੇਕਰ ਸਮੁੱਚੇ ਵਰਤਾਰੇ ਨੂੰ ਦੇਖੀਏ ਤਾਂ ਇਹ ਗੋਰਖ ਧੰਦਾ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਮਰਜ਼ੀ ਤੋਂ ਬਿਨਾਂ ਨਹੀਂ ਚੱਲ ਸਕਦਾ।
ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਜਿਥੇ ਨਿੱਜੀ ਸਕੂਲਾਂ ਦੀਆਂ ਬੇਨਿਯਮੀਆਂ ਪ੍ਰਤੀ ਬੇਹੱਦ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਉਥੇ ਸਰਕਾਰੀ ਸਕੂਲਾਂ ਵਿਚ ਪੈਦਾ ਹੋਈਆਂ ਹਰ ਤਰ੍ਹਾਂ ਦੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

-ਰਾਜਾ ਚੜਿੱਕ
ਚੜਿੱਕ (ਮੋਗਾ)।

ਮੂੰਹੋਂ ਨਿਕਲਣ ਵਾਲੇ ਬੋਲ

ਬੋਲਣਾ ਸਾਡੀ ਅਜਿਹੀ ਕਿਰਿਆ ਹੈ ਜਿਸ ਤੋਂ ਬਿਨਾਂ ਅਸੀਂ ਆਪਣੇ ਭਾਵ ਪ੍ਰਗਟ ਨਹੀਂ ਕਰ ਸਕਦੇ। ਆਪਣੇ ਬੋਲਾਂ ਰਾਹੀਂ ਅਸੀਂ ਦੂਜਿਆਂ ਨੂੰ ਆਪਣੇ ਤੋਂ ਜਾਣੂ ਕਰਵਾਉਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਸਾਡੇ ਬੋਲ ਏਨੀ ਸਮਰੱਥਾ ਰੱਖਦੇ ਹੋਣ ਕਿ ਅਸੀਂ ਦੂਜਿਆਂ ਦੇ ਮਨ 'ਚ ਆਪਣੇ ਲਈ ਚੰਗੀ ਜਗ੍ਹਾ ਬਣਾ ਸਕੀਏ। ਕਈ ਵਾਰ ਅਸੀਂ ਅਜਿਹੀ ਬੋਲੀ ਬੋਲਦੇ ਹਾਂ ਦੂਜੇ ਦੁਖੀ ਹੋ ਜਾਂਦੇ ਹਨ। ਇਸ ਲਈ ਸਾਨੂੰ ਨਿਮਰਤਾ ਨਾਲ ਬੋਲਣਾ ਚਾਹੀਦਾ ਹੈ। ਆਪਣੀ ਬੋਲੀ ਸੁਧਾਰ ਕੇ ਰੱਖਣੀ ਚਾਹੀਦੀ ਹੈ। ਕਿਤੇ ਨਾ ਕਿਤੇ ਸਾਡੇ ਬੋਲਾਂ ਦਾ ਸਾਡੇ ਮਾਣ-ਸਨਮਾਨ 'ਤੇ ਪ੍ਰਭਾਵ ਜ਼ਰੂਰ ਪੈਂਦਾ ਹੈ। ਜੇਕਰ ਅਸੀਂ ਦੂਜਿਆਂ ਨਾਲ ਢੰਗ ਨਾਲ ਬੋਲਾਂਗੇ ਤਾਂ ਹੀ ਸਾਹਮਣੇ ਵਾਲਾ ਸਾਨੂੰ ਸਨਮਾਨ ਦਿੰਦਾ ਹੈ। ਬੱਚੇ ਵੀ ਵੱਡਿਆਂ ਤੋਂ ਹੀ ਸਿੱਖਦੇ ਹਨ ਤੇ ਉਸੇ ਤਰ੍ਹਾਂ ਦੀ ਬੋਲੀ ਅਪਣਾ ਲੈਂਦੇ ਹਨ, ਜਿਸ ਦਾ ਅਸਰ ਜੀਵਨ ਭਰ ਦੇਖਣ ਨੂੰ ਮਿਲਦਾ ਹੈ। ਸਾਡੇ ਬੋਲ ਹੀ ਹਨ, ਜਿਨ੍ਹਾਂ ਤੋਂ ਸਾਡੀ ਸਾਰੀ ਅਸਲੀਅਤ ਚਿਹਰੇ 'ਤੇ ਝਲਕਣ ਲਗਦੀ ਹੈ। ਸਾਡੀ ਬੋਲੀ ਸਾਡੇ ਜੀਵਨ ਦਾ ਸ਼ਿੰਗਾਰ ਹੈ, ਜਿਸ ਤੋਂ ਸਾਡੇ ਪੂਰੇ ਖਾਨਦਾਨ ਦੀ ਪਛਾਣ ਹੋ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਦੇ ਜੰਮਪਲ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਚੰਗੇ ਸੁਭਾਅ ਦੇ ਮਾਲਕ ਬਣੀਏ, ਅਸੀਂ ਆਪਣੇ ਬੋਲ ਵਾਚ ਕੇ ਹੀ ਮੂੰਹੋਂ ਕੱਢੀਏ, ਜੀ ਕਹੀਏ ਤੇ ਜੀ ਕਹਾਈਏ।

-ਨਵਲੀਨ ਕੌਰ ਸਾਉਕੇਂ
ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ

05-04-2018

 ਦਾਨ ਦੀ ਦਿਸ਼ਾ ਬਦਲਣ ਦੀ ਲੋੜ
ਜਦੋਂ ਅਸੀਂ ਦਾਨ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਦਾਨ ਨੂੰ ਧਾਰਮਿਕ ਖੇਤਰ ਨਾਲ ਜੋੜ ਲੈਂਦੇ ਹਾਂ। ਪਰ ਜੇਕਰ ਅੱਜ ਸਮਾਜ ਦੇ ਹਾਲਾਤ ਦੇਖੀਏ ਤਾਂ ਲਗਦਾ ਹੈ ਕਿ ਅੱਜ ਦਾਨ ਦੀ ਦਿਸ਼ਾ ਬਦਲਣ ਦੀ ਬਹੁਤ ਜ਼ਰੂਰਤ ਹੈ। ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਅਜਿਹੀਆਂ ਜ਼ਰੂਰਤਾਂ ਹਨ, ਜੋ ਧਾਰਮਿਕ ਸਥਾਨਾਂ 'ਤੇ ਸੰਗਮਰਮਰ ਲਗਾਉਣ ਜਾਂ ਲੰਗਰ ਲਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹਨ। ਜੇਕਰ ਲੰਗਰ ਲਗਾਉਣਾ ਹੈ ਤਾਂ ਵਿੱਦਿਆ ਦਾ ਲੰਗਰ ਲਗਾਓ, ਲੋੜਵੰਦ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿਓ, ਗ਼ਰੀਬ ਬੱਚਿਆਂ ਦੀ ਫੀਸ ਦਿਓ, ਤਾਂ ਕਿ ਉਹ ਬੱਚੇ ਜੋ ਗ਼ਰੀਬੀ ਕਾਰਨ ਸਕੂਲ ਨਹੀਂ ਜਾ ਸਕਦੇ, ਉਨ੍ਹਾਂ ਦਾ ਸਕੂਲ ਜਾਣ ਦਾ ਸੁਪਨਾ ਵੀ ਪੂਰਾ ਹੋ ਸਕੇ। ਪਿੰਡਾਂ, ਸ਼ਹਿਰਾਂ ਵਿਚ ਵਧੀਆ ਡਿਸਪੈਂਸਰੀਆਂ ਖੋਲ੍ਹੀਆਂ ਜਾ ਸਕਦੀਆਂ ਹਨ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾ ਸਕਦੇ ਹਨ, ਕਿਸੇ ਗ਼ਰੀਬ ਦੀ ਲੜਕੀ ਦਾ ਵਿਆਹ ਕੀਤਾ ਜਾ ਸਕਦਾ ਹੈ। ਸਮਾਜ ਦੇ ਵਿਕਾਸ ਲਈ ਸਿੱਖਿਆ ਸਹੂਲਤਾਂ ਤੇ ਸਿਹਤ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਨਕਲੀ ਦੁੱਧ ਦਾ ਗੋਰਖਧੰਦਾ
ਭਾਵੇਂ ਕਿ ਸੂਬੇ ਦੀ ਹਰ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰਚਾਰ ਕਰ ਰਹੀ ਹੈ ਪਰ ਅਫ਼ਸੋਸ ਸਰਕਾਰ ਦੇ ਨੱਕ ਹੇਠ ਹੀ ਬੈਠੇ ਉੱਚ ਅਧਿਕਾਰੀ ਚੋਰਾਂ ਨਾਲ ਰਲ ਕੇ ਭ੍ਰਿਸ਼ਟਾਚਾਰ ਨੂੰ ਅੰਜਾਮ ਦੇ ਰਹੇ ਹਨ। ਨਕਲੀ ਦੁੱਧ ਤਿਆਰ ਕਰਕੇ ਪੰਜਾਬ ਅਤੇ ਦੂਜਿਆਂ ਸੂਬਿਆਂ ਦੇ ਲੋਕਾਂ ਨੂੰ ਦੁੱਧ ਦੇ ਪੈਕਟਾਂ ਅਤੇ ਇਸ ਤੋਂ ਬਣਨ ਵਾਲੀਆਂ ਮਿਠਾਈਆਂ ਰਾਹੀਂ ਜ਼ਹਿਰ ਪਰੋਸਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚਲੇ ਵੇਰਕਾ ਮਿਲਕ ਪਲਾਂਟ ਨਾਲ ਸਬੰਧਿਤ ਕੇਂਦਰ, ਜਿਥੋਂ ਹਰ ਰੋਜ਼ ਛੇ ਹਜ਼ਾਰ ਲੀਟਰ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਭੇਜਿਆ ਜਾਂਦਾ ਸੀ, ਦੀ ਛਾਪੇਮਾਰੀ ਦੌਰਾਨ ਫੜਿਆ ਗਿਆ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਜੇ ਉਹ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਥਿਤੀ 'ਚ ਨਹੀਂ ਤਾਂ ਲੋਕਾਂ ਵਲੋਂ ਕੀਤੀ ਜਾ ਰਹੀ ਹੱਕ-ਸੱਚ ਦੀ ਕਮਾਈ 'ਤੇ ਡਾਕਾ ਮਾਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ, ਤਾਂ ਕਿ ਅੱਗੇ ਤੋਂ ਕੋਈ ਵੀ ਆਦਮੀ ਇਹੋ ਜਿਹਾ ਗੋਰਖਧੰਦਾ ਕਰਨ ਦੀ ਜੁਰਅਤ ਨਾ ਕਰੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਸਿੱਖਿਆ ਦੀ ਸਾਰਥਿਕਤਾ
ਸਿੱਖਿਆ ਦਾ ਸਾਰਥਿਕ ਹੋਣਾ ਹੀ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਹੋ ਸਕਦਾ ਹੈ। ਬਿਨਾਂ ਸਿੱਖਿਆ ਮਨੁੱਖ ਕੋਰਾ ਕਾਗਜ਼ ਹੀ ਹੁੰਦਾ ਹੈ। ਅਤੀਤ ਦੇ ਤਜਰਬੇ ਅਤੇ ਗਿਆਨ ਤੋਂ ਸੇਧ ਲੇ ਕੇ ਸਿੱਖਿਆ ਸਬੰਧੀ ਸੁਧਾਰ ਅਤਿ ਜ਼ਰੂਰੀ ਹਨ। ਸ਼ੇਖ ਸ਼ਾਅਦੀ ਦਾ ਕਥਨ ਹੈ, 'ਜੋ ਸਿੱਖਦਾ ਹੈ ਪਰ ਵਿੱਦਿਆ ਦਾ ਉਪਯੋਗ ਨਹੀਂ ਕਰਦਾ, ਉਹ ਕਿਤਾਬਾਂ ਨਾਲ ਲੱਦਿਆ ਭਾਰ ਢੋਣ ਵਾਲਾ ਪਸ਼ੂ ਹੈ।' ਇਸ ਕਥਨ ਵਿਚ ਸਿੱਖਿਆ ਦੀ ਸਾਰਥਿਕਤਾ ਛੁਪੀ ਹੋਈ ਹੈ। ਬੱਚੇ ਦੇ ਚਰਿੱਤਰ ਨਿਰਮਾਣ ਨਾਲ ਜੋੜ ਕੇ ਹੀ ਸਿੱਖਿਆ ਦੀ ਸਾਰਥਿਕ ਪਹੁੰਚ ਪੈਦਾ ਕੀਤੀ ਜਾ ਸਕਦੀ ਹੈ। ਸਿੱਖਿਆ ਸਬੰਧੀ ਨੀਤੀਆਂ ਵਿਚ ਨੈਤਿਕ ਗੁਣ ਭਰਪੂਰ ਹੋਣੇ ਚਾਹੀਦੇ ਹਨ। ਸਿੱਖਿਆ ਆਪਣੇ ਉਦੇਸ਼ ਦੀ ਪੂਰਤੀ ਤਦ ਹੀ ਕਰ ਸਕਦੀ ਹੈ ਜੇ ਗ਼ੈਰ-ਮਿਆਰੀ ਅਤੇ ਗ਼ੈਰ-ਲੋੜੀਂਦੀ ਸਿੱਖਿਆ ਦੀ ਸ਼ਨਾਖਤ ਕਰਕੇ ਸਮੇਂ ਦੀ ਮੰਗ ਅਨੁਸਾਰ ਇਸ ਨੂੰ ਪਰੇ ਕੀਤਾ ਜਾਵੇ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਿੱਖਿਆ ਦਾ ਸਾਰਥਿਕ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਨਾਲ ਹੀ ਸਮਾਜ ਦਾ ਸੰਤੁਲਨ ਬਣਿਆ ਰਹਿ ਸਕਦਾ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਕਰਜ਼ਾ ਮੁਆਫ਼ੀ
ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਦਿਆਂ ਨਕੋਦਰ ਰੈਲੀ ਵਿਚ 29,192 ਕਿਸਾਨਾਂ ਨੂੰ 162.16 ਕਰੋੜ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਸੌਂਪੇ ਗਏ। ਸਰਕਾਰ ਦੇ ਇਸ ਫ਼ੈਸਲੇ ਨਾਲ ਕਰਜ਼ੇ 'ਚ ਜਕੜੇ ਗਏ ਲੋਕਾਂ ਨੇ ਕੁਝਸੁੱਖ ਦਾ ਸਾਹ ਲਿਆ। ਹੁਣ ਸ਼ਾਇਦ ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨ ਆਤਮ-ਹੱਤਿਆਵਾਂ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਨਹੀਂ ਮਿਲਣਗੀਆਂ। ਜੇਕਰ ਸਰਕਾਰ ਅਸਲ ਵਿਚ ਲੋਕਾਂ ਦੀਆਂ ਸਮੱਸਿਆਵਾਂ ਲਈ ਗੰਭੀਰ ਹੈ ਤਾਂ ਕਾਂਗਰਸ ਪਾਰਟੀ ਨੂੰ ਮਜ਼ਦੂਰ ਵਰਗ ਦੇ ਲੋਕਾਂ ਦੇ ਕਰਜ਼ੇ ਵੀ ਮੁਆਫ਼ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਹਰ ਰੋਜ਼ ਅਧਿਆਪਕਾਂ ਦੇ ਹੋ ਰਹੇ ਰੋਸ ਮੁਜ਼ਾਹਰਿਆਂ ਦੇ ਹੱਲ ਲਈ ਵੀ ਸੁਹਿਰਦ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਹਰ ਵਰਗ ਦਾ ਕੁਝ ਸੰਤੁਸ਼ਟ ਹੋਣਾ ਹੀ ਸਰਕਾਰ ਦੀ ਕਾਮਯਾਬੀ ਅਤੇ ਹਰਮਨ-ਪਿਆਰਤਾ ਦਾ ਸਬੂਤ ਹੋਵੇਗਾ।


-ਪਰਮ ਪਿਆਰਾ ਸਿੰਘ
ਨਕੋਦਰ।


ਪੰਜਾਬ ਦੇ ਕਿਸਾਨ

ਅੱਜ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਤੇ ਉਹ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ। ਪੰਜਾਬ ਦਾ ਕਿਸਾਨ ਕੇਂਦਰੀ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪਾ ਰਿਹਾ ਹੈ। ਫਿਰ ਵੀ ਕੇਂਦਰ ਕਿਸਾਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਕੇਂਦਰੀ ਨੀਤੀ ਆਯੋਗ ਨੇ ਤਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਿਕਰ ਕਰੇ ਅਤੇ ਅਸੀਂ ਅਨਾਜ ਦਾ ਹੋਰ ਪ੍ਰਬੰਧ ਕਰ ਲਵਾਂਗੇ। ਆਖ਼ਰ ਕੇਂਦਰ ਦਾ ਇਹ ਬੇਰੁਖ਼ੀ ਵਾਲਾ ਕਿਸਾਨਾਂ ਪ੍ਰਤੀ ਵਤੀਰਾ ਕਿਉਂ? ਪੰਜਾਬ ਸਰਕਾਰ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਕਿਵੇਂ ਮੁਆਫ਼ ਕਰ ਸਕਦੀ ਹੈ। ਇਹ ਤਾਂ ਹੁਣ ਕਿਸਾਨਾਂ ਨੂੰ ਇਸ ਪ੍ਰਤੀ ਸੋਚਣਾ ਪਵੇਗਾ, ਖ਼ੁਦਕੁਸ਼ੀ ਕਰਜ਼ੇ ਤੋਂ ਛੁਟਕਾਰੇ ਦਾ ਹੱਲ ਨਹੀਂ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ, ਫਾਜ਼ਿਲਕਾ।


ਬੁਲਾਵਾ
ਐਤਵਾਰ ਮੈਗਜ਼ੀਨ ਅੰਕ ਵਿਚ ਆਤਿਸ਼ ਵਲੋਂ ਲਿਖਿਆ ਲੇਖ 'ਚਲੋ ਬੁਲਾਵਾ ਆਇਆ ਹੈ' ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਇਕ ਦਿਨ ਸਭ ਨੇ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਕੇ ਜਾਣਾ ਹੀ ਹੁੰਦਾ ਹੈ। ਇਸ ਲੇਖ ਵਿਚ ਜ਼ਿੰਦਗੀ ਦੀ ਅਸਲ ਹਕੀਕਤ ਵਿਅੰਗਮਈ ਢੰਗ ਨਾਲ ਪੇਸ਼ ਕੀਤੀ ਗਈ। ਇਹ ਵੀ ਬਿਲਕੁਲ ਸਹੀ ਲਿਖਿਆ ਕਿ ਕਿਸ ਤਰ੍ਹਾਂ ਰੱਬ ਵਲੋਂ ਤਿਆਰ ਕੀਤੀ ਗਈ ਧਰਤੀ 'ਤੇ ਜਾਤ-ਪਾਤ ਦੇ ਨਾਂਅ 'ਤੇ ਲੜਾਈਆਂ-ਝਗੜੇ ਪਏ ਹੋਏ ਹਨ। ਇਨਸਾਨ ਨੂੰ ਰੱਬ ਦੀ ਇਸ ਰਚਨਾ 'ਤੇ ਸ਼ਾਂਤਮਈ ਵਾਤਾਵਰਨ ਪੈਦਾ ਕਰਨਾ ਚਾਹੀਦਾ ਹੈ।


-ਮਲਟੀ
ਅਧਿਆਪਕਾ, ਸੇਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।


ਸਾਡੇ 'ਤੇ ਰਹਿਮ ਕਰੋ
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ 207 ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ, ਜਿਸ ਨੂੰ ਆਨਲਾਇਨ ਭਰਨ ਦੀ ਆਖਰੀ ਮਿਤੀ 3 ਅਪ੍ਰੈਲ, 2018 ਸੀ। ਦਿਲਚਸਪ ਗੱਲ ਤਾਂ ਇਹ ਰਹੀ ਕਿ ਇਹ ਅਸਾਮੀ ਅਪਲਾਈ ਕਰਨ ਲਈ ਸਰਕਾਰ ਨੇ ਵੱਡੀ ਫੀਸ ਰੱਖ ਦਿੱਤੀ। ਜਨਰਲ ਤੇ ਹੋਰਾਂ ਲਈ 3000 ਰੁਪਏ, ਪੰਜਾਬ ਦੇ ਅਨੁਸੂਚਿਤ ਜਾਤੀ/ਪਛੜੀ ਜਾਤੀ ਲਈ 1125 ਰੁਪਏ, ਪੰਜਾਬ ਦੇ ਅੰਗਹੀਣਾਂ ਲਈ 1750 ਰੁਪਏ, ਪੰਜਾਬ ਦੇ ਸਾਬਕਾ ਫ਼ੌਜੀਆਂ ਲਈ 500 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਸਰਕਾਰ ਦੁਆਰਾ ਅਜਿਹਾ ਕਰਨ ਨਾਲ ਸਮੁੱਚੇ ਨੌਜਵਾਨ ਵਰਗ ਨੂੰ ਗਹਿਰੀ ਠੇਸ ਪਹੁੰਚੀ ਹੈ। ਇਕ ਪਾਸੇ ਤਾਂ ਬੇਰੁਜ਼ਗਾਰੀ ਦੀ ਮਾਰ ਨੇ ਸਾਡੀ ਮੱਤ ਮਾਰ ਰੱਖੀ ਹੈ ਅਤੇ ਦੂਜੇ ਪਾਸੇ ਨੌਕਰੀਆਂ ਦੀ ਆੜ ਹੇਠ ਸਾਡੇ ਤੋਂ ਭਾਰੀ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਕੀ ਸਾਡੀਆਂ ਚੁਣੀਆਂ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਕਿ ਅਸੀਂ ਅੱਗੇ ਵਧ ਸਕੀਏ? ਅੱਜ ਮੇਰੀ ਯੋਗਤਾ ਅਨੁਸਾਰ ਮੈਂ ਇਸ ਅਸਾਮੀ ਲਈ ਯੋਗ ਹਾਂ, ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮੈਂ ਇਹ ਅਸਾਮੀ ਨਹੀਂ ਭਰ ਸਕਾਂਗਾ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ 'ਤੇ ਰਹਿਮ ਕਰੋ ਘੱਟੋ-ਘੱਟ ਸਾਨੂੰ ਇਸ ਕਾਬਲ ਤਾਂ ਰਹਿਣ ਦਿਓ ਕਿ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਰਾਜ ਪੱਧਰੀ ਪ੍ਰੀਖਿਆਵਾਂ ਤਾਂ ਦੇ ਸਕੀਏ।


-ਸਤਨਾਮ ਸਿੰਘ
satti93india@gmail.com

04-04-2018

 ਫੌਰੀ ਮਦਦ ਦੀ ਲੋੜ

ਵਿਦੇਸ਼ ਮੰਤਰੀ ਦਾ ਇਰਾਕ ਦੇ ਸ਼ਹਿਰ ਮੋਸੂਲ ਵਿਚ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਨ ਨਾਲ ਹੀ ਪੀੜਤ ਪਰਿਵਾਰਾਂ 'ਤੇ ਮੁਸੀਬਤਾਂ ਦਾ ਪਹਾੜ ਆਣ ਡਿਗਿਆ ਹੈ। ਪਰਿਵਾਰਾਂ ਨੂੰ ਮੌਤ ਬਾਰੇ ਸ਼ੰਕੇ ਤਾਂ ਪਹਿਲਾਂ ਹੀ ਸਨ ਪਰ ਸਰਕਾਰ ਦੁਆਰਾ ਦਿੱਤੀ ਜਾ ਰਹੀ ਝੂਠੀ ਤਸੱਲੀ ਨਾਲ ਉਨ੍ਹਾਂ ਦੇ ਦਿਲ ਵਿਚ ਆਸ ਦੀ ਕਿਰਨ ਸੀ। ਪਰ ਹੁਣ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਵਾਨ ਪੁੱਤਰਾਂ ਨੂੰ ਉਡੀਕਦਿਆਂ ਮਾਵਾਂ ਦੀਆਂ ਅੱਖਾਂ ਦਾ ਪਾਣੀ ਮੁੱਕ ਚੁੱਕਾ ਸੀ। ਪਤਨੀਆਂ, ਬੱਚਿਆਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਕੇਂਦਰ ਜਾਂ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰਾਂ ਦਾ ਦੁੱਖ ਘੱਟ ਕਰਨ ਲਈ ਕੋਈ ਖ਼ਾਸ ਐਲਾਨ ਨਹੀਂ ਕੀਤਾ ਗਿਆ। ਇਨ੍ਹਾਂ ਕਿਸਮਤ ਮਾਰੇ ਲੋਕਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਫੌਰੀ ਮਦਦ ਕਰਨੀ ਚਾਹੀਦੀ ਹੈ।

-ਪਰਮ ਪਿਆਰ ਸਿੰਘ
ਨਕੋਦਰ।

c c c

ਸਹੀ ਸਿਫ਼ਾਰਸ਼

ਸੰਸਦ ਦੀ ਸਥਾਈ ਕਮੇਟੀ ਵਲੋਂ ਅਮਲੇ ਅਤੇ ਸਿਖਲਾਈ ਵਿਭਾਗ ਨੂੰ ਇਹ ਸਿਫ਼ਾਰਸ਼ ਕੀਤੀ ਗਈ ਹੈ ਕਿ ਕੋਈ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਕ ਤੋਂ ਪੰਜ ਸਾਲ ਤੱਕ ਫ਼ੌਜ ਵਿਚ ਨੌਕਰੀ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ। ਤਰਕ ਇਹ ਦਿੱਤਾ ਗਿਆ ਹੈ ਕਿ ਫ਼ੌਜ ਵਿਚ ਨੌਕਰੀ ਕਰਨ ਨਾਲ ਲੋਕ ਅਨੁਸ਼ਾਸਿਤ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਲਬਰੇਜ਼ ਹੋਣਗੇ। ਇਹ ਬਿਲਕੁਲ ਸਹੀ ਹੈ। ਕਿਉਂਕਿ ਸੈਨਾ ਦੇ ਤਿੰਨੇ ਅੰਗ ਇਸ ਵਕਤ ਅਫ਼ਸਰਾਂ ਅਤੇ ਜਵਾਨਾਂ ਦੀ ਜ਼ਬਰਦਸਤ ਘਾਟ ਨਾਲ ਜੂਝ ਰਹੇ ਹਨ। ਸੈਨਾ ਤੋਂ ਇਲਾਵਾ ਹੋਰ ਸਰਕਾਰੀ ਨੌਕਰੀਆਂ ਲਈ ਗਿਣਤੀ ਦੀਆਂ ਅਸਾਮੀਆਂ ਖਾਤਰ ਲੱਖਾਂ ਦੀ ਤਦਾਦ ਵਿਚ ਅਰਜ਼ੀਆਂ ਆ ਜਾਂਦੀਆਂ ਹਨ ਪਰ ਸੈਨਾ ਨੂੰ ਲੋਕ ਤਰਜੀਹ ਨਹੀਂ ਦਿੰਦੇ। ਸਾਡੀ ਸੰਸਦ ਦੀ ਸਥਾਈ ਕਮੇਟੀ ਅੱਗੇ ਇਕ ਬੇਨਤੀ ਹੈ ਕਿ ਇਹ ਸ਼ਰਤ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਹੀ ਨਹੀਂ ਸਗੋਂ ਰਾਜਨੀਤੀ ਵਿਚ ਆਉਣ ਵਾਲਿਆਂ ਲਈ ਵੀ ਲਾਜ਼ਮੀ ਕੀਤੀ ਜਾਵੇ ਤਾਂ ਕਿ ਉਨ੍ਹਾਂ ਵਿਚ ਵੀ ਦੇਸ਼-ਭਗਤੀ ਅਤੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਭਾਵਨਾ ਪੈਦਾ ਹੋ ਸਕੇ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

 

 c c

ਬੇਰੁਜ਼ਗਾਰੀ ਦੀ ਮਾਰ

ਪੰਜਾਬ ਵਿਚ ਦਿਨ-ਬਦਿਨ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਬੇਰੁਜ਼ਗਾਰੀ ਦੇ ਝੰਬੇ ਹਰ ਸਾਲ ਅਨੇਕਾਂ ਬੇਰੁਜ਼ਗਾਰ ਆਪਣੀਆਂ ਜੱਦੀ ਪੁਸ਼ਤੀ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਧਰ ਕੇ ਵਿਦੇਸ਼ਾਂ ਵੱਲ ਉਡਾਰੀਆਂ ਮਾਰਦੇ ਨਜ਼ਰ ਆ ਰਹੇ ਹਨ। ਦੇਖਿਆ ਜਾਵੇ ਤਾਂ ਸੂਬੇ ਵਿਚ ਅੱਜ ਬੇਰੁਜ਼ਗਾਰੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਅੱਜ ਉੱਚ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਜਵਾਨ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅਸੀਂ ਸਭ ਨੇ ਪੜ੍ਹਿਆ ਕਿ ਕਿਵੇਂ ਹੁਸ਼ਿਆਰਪੁਰ ਕਚਹਿਰੀਆਂ 'ਚ ਚਪੜਾਸੀ ਦੀ ਨਾਮਾਤਰ 9 ਅਸਾਮੀਆਂ ਲਈ ਸੂਬੇ ਦੇ ਕੋਨੇ-ਕੋਨੇ ਤੋਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹੋਏ ਸਨ। ਸੋ, ਸਰਕਾਰ ਨੂੰ ਬੇਰੁਜ਼ਗਾਰੀ ਦੀ ਇਸ ਗੰਭੀਰ ਹੋ ਰਹੀ ਸਮੱਸਿਆਵਾਂ ਦੇ ਹੱਲ ਲਈ ਫੋਕੇ ਹਵਾਈ ਬਿਆਨਾਂ ਦੀ ਬਜਾਏ ਹਕੀਕਤ ਵਿਚ ਕੁਝ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

-ਰਾਜਾ ਗਿੱਲ (ਚੜਿੱਕ)।

c c c

ਸ਼ੁਰੂਆਤ ਆਪਣੇ-ਆਪ ਤੋਂ ਹੋਏ

ਹਰ ਸਾਲ 1992 ਤੋਂ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ ਜਾਂਦਾ ਹੈ। ਧਰਤੀ 'ਤੇ 71 ਫ਼ੀਸਦੀ ਜਲ ਹੋਣ ਦੇ ਬਾਵਜੂਦ ਖੋਜਾਂ ਇਹ ਦੱਸਦੀਆਂ ਹਨ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਲਵੇਗੀ, ਕਿਉਂਕਿ ਧਰਤੀ ਹੇਠਲਾ ਪਾਣੀ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ ਇਸ ਦਾ ਇਕ ਹੋਰ ਸਬੂਤ ਤੇਜ਼ੀ ਨਾਲ ਡਾਰਕ ਜ਼ੋਨ ਵਾਲੇ ਬਲਾਕਾਂ ਦੀ ਗਿਣਤੀ ਵਿਚ ਵਾਧਾ ਹੋਣਾ ਹੈ। ਇਹ ਕੋਈ ਕੁਦਰਤੀ ਵਰਤਾਰਾ ਨਹੀਂ, ਸਗੋਂ ਇਸ ਵਿਚ ਸਭ ਤੋਂ ਵੱਡੀ ਨਾਂਹ-ਪੱਖੀ ਭੂਮਿਕਾ ਮਨੁੱਖ ਜਾਤੀ ਦੀ ਹੈ। ਪਾਣੀ ਦੀ ਇਸ ਸਮੱਸਿਆ ਦਾ ਹੱਲ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਹੋਵੇਗਾ। 'ਜਲ ਹੀ ਜੀਵਨ ਹੈ', 'ਪਾਣੀ-ਪਿਤਾ' ਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਤੁਕਾਂ ਨੂੰ ਆਪਣੇ ਜ਼ਿਹਨ ਦਾ ਅਹਿਮ ਹਿੱਸਾ ਬਣਾਉਣਾ ਪਵੇਗਾ। ਇਸ ਮਿਸ਼ਨ ਵਿਚ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।

-ਮੋਹਿੰਦਰ ਪ੍ਰਤਾਪ।

c c c

ਹੈਲਮਿਟ

ਅੱਜਕੱਲ੍ਹ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਰਹੇ ਹਨ ਜੋ ਸਾਡੀਆਂ ਬਹੁਤ ਸਾਰੀਆਂ ਗ਼ਲਤੀਆਂ ਕਰਕੇ ਵਾਪਰਦੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਮੌਤਾਂ ਹੈਲਮਿਟ ਨਾ ਪਾਉਣ ਕਰਕੇ ਸਿਰ ਵਿਚ ਸੱਟ ਵੱਜਣ ਕਾਰਨ ਹੁੰਦੀਆਂ ਹਨ। ਸੋ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਪਿੰਡ ਤੇ ਸ਼ਹਿਰ ਵਿਚ ਹੈਲਮਿਟ ਪਾਉਣਾ ਜ਼ਰੂਰੀ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ-ਆਪ ਨੂੰ ਸਿਰ ਵਿਚ ਸੱਟ ਵੱਜਣ ਤੋਂ ਬਚਾ ਸਕੀਏ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਪਿੰਡ, ਸ਼ਹਿਰ ਵਿਚ ਸੜਕੀ ਨਿਯਮਾਂ ਸਬੰਧੀ ਜਾਗਰੂਕਤਾ ਕੈਂਪ ਲਾਏ ਜਾਣ ਤਾਂ ਜੋ ਸਮੇਂ ਸਿਰ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਮਿਲਦੀ ਰਹੇ।

-ਗੁਰਦੀਪ ਸਿੰਘ ਘੋਲੀਆ
ਜੀ.ਐਸ. ਲੈਬ,ਚੜਿੱਕ।

c c c

23 ਮਾਰਚ ਨੂੰ ਨਸ਼ਿਆਂ ਨੂੰ ਰੋਕਣ ਵਾਸਤੇ ਜੋ ਮੁਹਿੰਮ ਸ਼ੁਰੂ ਕੀਤੀ ਹੈ, ਬਹੁਤ ਸ਼ਲਾਘਾਯੋਗ ਕਦਮ ਹੈ। ਪੰਜਾਬ ਵਿਚ ਨਸ਼ੇ ਨੇ ਤਬਾਹੀ ਮਚਾਈ ਹੋਈ ਹੈ। ਸਿਆਸੀ ਲੋਕ ਇਸ 'ਤੇ ਵੀ ਰੋਟੀਆਂ ਸੇਕਣ ਬੈਠ ਜਾਂਦੇ ਹਨ। ਪ੍ਰਤੀਸ਼ਤ ਵੱਧ-ਘੱਟ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਨਸ਼ਾ ਬੰਦ ਕਰਨ ਵਾਸਤੇ ਬਹੁਤ ਸਾਰੇ ਕਦਮ ਚੁੱਕਣੇ ਪੈਣੇ ਹਨ। ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰ ਬਣੇ ਹੋਏ ਹਨ, ਜਿਥੇ 10 ਹਜ਼ਾਰ ਤੋਂ 20 ਹਜ਼ਾਰ ਜਾਂ ਇਸ ਤੋਂ ਵੀ ਉੱਪਰ ਰੁਪਏ ਮਹੀਨੇ ਦੇ ਲਏ ਜਾਂਦੇ ਹਨ। ਲੋਕ ਤਾਂ ਇਸ ਦਲਦਲ ਵਿਚ ਫਸੇ ਹੋਏ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਵੀ ਅੱਤਵਾਦ ਹੀ ਹੈ। ਇਸ ਸਮੱਸਿਆ ਵਾਸਤੇ ਸਾਰੀਆਂ ਪਾਰਟੀਆਂ ਨੂੰ ਇਕ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਕ-ਦੂਸਰੇ 'ਤੇ ਤੋਹਮਤਾਂ ਲਗਾਉਣੀਆਂ ਤੇ ਆਪਣੀ ਪਿੱਠ ਠੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਲੋਕਾਂ ਨੇ ਵੋਟਾਂ ਦੇ ਕੇ ਤੁਹਾਨੂੰ ਨਾਗਰਿਕਾਂ ਲਈ ਕੰਮ ਕਰਨ ਲਈ ਚੁਣਿਆ ਹੈ। ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦਿਓ, ਰੁਜ਼ਗਾਰ ਦਿਓ, ਨਸ਼ਿਆਂ ਨੂੰ ਸਮਾਜ ਵਿਚ ਪਹੁੰਚਾਉਣ ਵਾਲਿਆਂ 'ਤੇ ਵੀ ਸਖ਼ਤੀ ਵਰਤੋ। ਨਸ਼ੇ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ਤੇ ਵਕਤ ਦੀ ਮੰਗ ਵੀ।

-ਪ੍ਰਭਜੋਤ ਕੌਰ ਢਿੱਲੋਂ,
ਮੁਹਾਲੀ।

c c c

03-04-2018

 ਬੇਨਿਯਮੀਆਂ
ਅਸੀਂ ਪੰਜਾਬ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ ਰਾਹੀਂ ਜਾਰੀ ਕੀਤੀਆਂ ਗਈਆਂ ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਅਤੇ ਇਲੈਕਸ਼ਨ ਕਾਨੂੰਨਗੋ ਦੀਆਂ ਅਸਾਮੀਆਂ (adv. no. 1 of 2016)) ਲਈ ਫਾਰਮ ਭਰੇ ਸਨ। ਹੁਣ ਵਿਭਾਗ ਦੋ ਸਾਲ ਬਾਅਦ ਦੋਵੇਂ ਅਸਾਮੀਆਂ ਲਈ ਇਕੋ ਸਮੇਂ ਇਕੋ ਦਿਨ ਵੱਖ-ਵੱਖ ਪ੍ਰੀਖਿਆਵਾਂ ਲੈਣ ਜਾ ਰਿਹਾ ਹੈ। ਜਦੋਂ ਵਿਭਾਗ ਵਲੋਂ ਦੋਵੇਂ ਪ੍ਰੀਖਿਆਵਾਂ ਲਈ ਵੱਖੋ-ਵੱਖਰੀ ਫੀਸ ਲਈ ਗਈ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਇਕੋ ਦਿਨ ਇਕੋ ਸਮੇਂ ਦੋਵੇਂ ਪ੍ਰੀਖਿਆਵਾਂ ਲੈ ਸਕਦੇ ਹਨ। ਇਸ ਮਾਮਲੇ ਸਬੰਧੀ ਸਾਡੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ।

-ਇੰਦਰ ਬੱਲ।
inderbal67@yahoo.in


ਸਾਲਾਨਾ ਫੀਸਾਂ ਦੀ ਲੁੱਟ
ਸਿੱਖਿਆ ਦੇ ਨਾਂਅ 'ਤੇ ਨਿੱਜੀ ਸਕੂਲ ਹਰ ਸਾਲ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਸਾਲਾਨਾ ਫੀਸ ਲਈ ਜਾਂਦੀ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਦੋਂ ਬੱਚੇ ਦਾ ਦਾਖ਼ਲਾ ਪਹਿਲੀ ਵਾਰ ਸਕੂਲ ਵਿਚ ਕਰਵਾਇਆ ਜਾਂਦਾ ਹੈ ਤਾਂ ਉਦੋਂ ਹੀ ਬੱਚਿਆਂ ਦੇ ਮਾਪਿਆਂ ਵਲੋਂ ਦਾਖ਼ਲਾ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਪਰ ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਬੱਚਿਆਂ ਦੀ ਮਹੀਨਾ ਫੀਸ ਤੋਂ ਇਲਾਵਾ ਸਾਲਾਨਾ ਫੀਸ ਅਲੱਗ ਲਈ ਜਾਂਦੀ ਹੈ, ਜੋ ਕਿ ਮਾਪਿਆਂ ਦੀ ਸਿੱਧੀ ਲੁੱਟ ਹੈ। ਸਕੂਲਾਂ ਵਲੋਂ ਹੋਰ ਵੀ ਕਈ ਤਰ੍ਹਾਂ ਦੇ ਨਾਵਾਂ ਹੇਠ ਫੰਡ ਲਏ ਜਾਂਦੇ ਹਨ। ਇਸ ਤਂੋ ਇਲਾਵਾ ਸਕੂਲਾਂ ਵਲੋਂ ਹੀ ਨਿਸਚਿਤ ਕੀਤੀਆਂ ਦੁਕਾਨਾਂ ਤੋਂ ਹੀ ਬੱਚਿਆਂ ਦੀਆਂ ਕਾਪੀਆਂ, ਕਿਤਾਬਾਂ ਅਤੇ ਵਰਦੀਆਂ ਮਿਲਦੀਆਂ ਹਨ, ਜਿਸ ਕਾਰਨ ਮਾਪਿਆਂ ਦੀਆਂ ਕਿਤਾਬਾਂ, ਕਾਪੀਆਂ ਦੇ ਮਾਮਲੇ ਵਿਚ ਵੀ ਲੁੱਟ ਕੀਤੀ ਜਾਂਦੀ ਹੈ। ਮਾਪਿਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਖ਼ਤੀ ਨਾਲ ਇਨ੍ਹਾਂ ਸਕੂਲਾਂ ਵਾਲਿਆਂ ਵਲੋਂ ਲੋਕਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਬੰਦ ਕਰਵਾਏ ਅਤੇ ਸਾਲਾਨਾ ਫੀਸ ਉੱਪਰ ਵੀ ਰੋਕ ਲਗਾਈ ਜਾਵੇ।

-ਪ੍ਰਾਈਵੇਟ ਸਕੂਲਾਂ ਤੋਂ ਪੀੜਤ ਮਾਪੇ
ਖਮਾਣੋਂ ।


ਚੰਗੀ ਪਹਿਲਕਦਮੀ

ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਨੇ ਜੋ 'ਇਕ ਪਿੰਡ ਇਕ ਗੁਰਦੁਆਰਾ' ਬਾਰੇ ਫ਼ੈਸਲਾ ਕੀਤਾ ਹੈ, ਬਹੁਤ ਵਧੀਆ ਫ਼ੈਸਲਾ ਹੈ। ਅੱਜਕਲ੍ਹ ਪਿੰਡਾਂ ਵਿਚ ਵੱਖ-ਵੱਖ ਜਾਤਾਂ ਦੇ ਵੱਖ-ਵੱਖ ਗੁਰਦੁਆਰੇ ਬਣਾਉਣ ਦਾ ਜੋ ਰਿਵਾਜ ਵਧਦਾ ਜਾ ਰਿਹਾ ਸੀ, ਉਸ ਨਾਲ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਬਣਾਉਣ ਸਬੰਧੀ ਵੀ ਪਿੰਡਾਂ ਵਿਚ ਧੜੇਬੰਦੀ ਵਧਦੀ ਜਾ ਰਹੀ ਸੀ, ਜਿਸ ਨਾਲ ਲੜਾਈ-ਝਗੜੇ ਹੋਣ ਕਰਕੇ ਸਮਾਜ ਵਿਚ ਸਿੱਖ ਕੌਮ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਸੀ। ਪਿੰਡਾਂ ਵਿਚ ਇਕ-ਇਕ ਗੁਰਦੁਆਰਾ ਹੋਣ ਕਰਕੇ ਸਾਰੇ ਪਿੰਡ ਦੀ ਸੰਗਤ ਇਕ ਹੀ ਗੁਰਦੁਆਰੇ ਵਿਚ ਇਕੱਠੀ ਹੋਵੇਗੀ ਅਤੇ ਸਾਰੇ ਪਿੰਡ ਦੇ ਵਿਚਕਾਰ ਭਾਈਚਾਰਕ ਸਾਂਝ ਵੀ ਵਧੇਗੀ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਬੁਲੇਟ ਟ੍ਰੇਨ ਦਾ ਸੁਪਨਾ

ਵੱਡੇ ਪੱਧਰ 'ਤੇ ਰੇਲ ਹਾਦਸਿਆਂ ਕਾਰਨ ਅਕਸਰ ਰੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਆ ਖੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਰੇਲ ਗੱਡੀਆਂ ਦਾ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਆਉਣਾ ਆਮ ਜਿਹੀ ਗੱਲ ਹੈ। ਅਕਸਰ ਇਸ ਦੌਰਾਨ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ 'ਚ ਜ਼ਿੰਮੇਵਾਰ ਕੌਣ ਹੈ? ਕੀ ਸਾਡੇ ਰੇਲ ਕਰਮਚਾਰੀ ਜਾਂ ਅਧਿਕਾਰੀ ਆਪਣਾ ਕੰਮ ਸਮੇਂ ਸਿਰ ਨਹੀਂ ਕਰ ਰਹੇ? ਇਸ ਤਰ੍ਹਾਂ ਦੇ ਸਵਾਲ ਅਕਸਰ ਰੇਲ ਵਿਚ ਸਫ਼ਰ ਕਰਦਿਆਂ ਕਿੰਨੇ ਲੋਕਾਂ ਦੇ ਜ਼ਿਹਨ ਵਿਚ ਉਪਜਦੇ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਜੇਕਰ ਰੇਲ ਪ੍ਰਸ਼ਾਸਨ ਦਾ ਇਹੀ ਹਾਲ ਰਿਹਾ ਤਾਂ ਸ਼ਾਇਦ ਭਾਰਤ ਵਿਚ ਬੁਲੇਟ ਟ੍ਰੇਨ ਚਲਾਉਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣਾ।

-ਪ੍ਰਭਜੋਤ ਸਿੰਘ
ਬੀ.ਏ. ਜਰਨਲਿਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਮੁਫ਼ਤ ਬਿਜਲੀ

ਜਦੋਂ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਸੀ, ਉਦੋਂ ਤੋਂ ਹੀ ਕਿਸਾਨਾਂ ਅਤੇ ਦਲਿਤ ਵਰਗਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਰਹੀ ਹੈ। ਪਰ ਹੁਣ ਪੰਜਾਬ ਦੀ ਆਰਥਿਕ ਹਾਲਤ ਮਾੜੀ ਚੱਲ ਰਹੀ ਹੈ। ਜਿਹੜੇ ਵੱਡੇ ਕਿਸਾਨ ਹਨ ਅਤੇ ਨਾਲ ਸਰਕਾਰੀ ਨੌਕਰੀ ਵੀ ਕਰਦੇ ਹਨ ਅਤੇ ਦਲਿਤ ਭਾਈਚਾਰੇ ਵਿਚੋਂ ਵੀ ਕਈ ਲੋਕ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਲਗਾਉਣੇ ਚਾਹੀਦੇ ਹਨ। ਜੇਕਰ ਸਰਕਾਰ ਨੇ ਜ਼ਰੂਰੀ ਹੀ ਇਹ ਸਹੂਲਤ ਦੇਣੀ ਹੈ ਤਾਂ ਛੋਟੇ ਕਿਸਾਨਾਂ ਅਤੇ ਗ਼ਰੀਬ ਵਰਗ ਨੂੰ ਹੀ ਦਿੱਤੀ ਜਾਵੇ। ਪਰ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਜੇਕਰ ਮੌਜੂਦਾ ਸਰਕਾਰ ਕਿਸਾਨਾਂ ਆਦਿ ਪਾਸੋਂ ਇਹ ਸਹੂਲਤ ਵਾਪਸ ਲੈਣਾ ਚਾਹੁੰਦੀ ਹੈ ਤਾਂ ਵਿਰੋਧੀ ਧਿਰ ਇਸ ਸਬੰਧੀ ਵਾਵੇਲਾ ਖੜ੍ਹਾ ਕਰ ਦਿੰਦਾ ਹੈ, ਜਿਵੇਂ ਕਿ ਹੁਣ ਹੋ ਰਿਹਾ ਹੈ ਅਤੇ ਇਹ ਸਹੂਲਤ ਹੁਣ ਸਰਕਾਰਾਂ ਲਈ ਗਲੇ ਦੀ ਹੱਡੀ ਬਣ ਗਈ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਰੁਜ਼ਗਾਰ ਵਾਧੇ ਨੂੰ ਨਕਾਰਦਾ ਬਜਟ

ਉਦਯੋਗਾਂ ਲਈ ਬਿਜਲੀ ਸਬਸਿਡੀ ਤੋਂ ਇਲਾਵਾ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਬਜਟ ਵਿਚ ਕੁਝ ਨਹੀਂ, ਜਿਸ ਨਾਲ ਰੁਜ਼ਗਾਰ ਪੈਦਾ ਹੋ ਸਕੇ। ਘਰੇਲੂ ਅਤੇ ਛੋਟੇ ਉਦਯੋਗਾਂ ਵਲੋਂ ਵੱਡੀ ਮਾਤਰਾ ਵਿਚ ਰੁਜ਼ਗਾਰ ਪੈਦਾ ਕੀਤਾ ਗਿਆ ਸੀ ਪਰ ਇਸ ਬਜਟ ਵਿਚ ਉਨ੍ਹਾਂ ਇਕਾਈਆਂ ਲਈ ਕੁਝ ਨਹੀਂ ਰੱਖਿਆ ਗਿਆ। ਕੈਂਸਰ ਸੈਟਰਾਂ ਦਾ ਅੰਮ੍ਰਿਤਸਰ ਅਤੇ ਫਾਜ਼ਿਲਕਾ ਖੋਲ੍ਹਣਾ ਉਤਸ਼ਾਹਿਤ ਹੈ, 4015 ਕਰੋੜ ਰੁਪਏ, ਮੁਢਲੀ ਅਤੇ ਸੈਕੰਡਰੀ ਸਿਹਤ ਸੇਵਾ ਲਈ ਰੱਖਣਾ ਉਤਸ਼ਾਹਜਨਕ ਹੈ ਪਰ ਇਸ ਨੂੰ ਪਿੰਡਾਂ ਵਿਚ ਕੇਂਦਰਿਤ ਕਰਨਾ ਚਾਹੀਦਾ ਹੈ। ਹਰ ਮਹੀਨੇ ਪਹਿਲਾਂ ਟੈਕਸ ਦੇਣ ਵਾਲਿਆਂ 'ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ, ਜੋ ਨਵਾਂ ਟੈਕਸ ਹੈ, ਉਹ ਜਾਇਜ਼ ਨਹੀਂ, ਅਸਲ ਵਿਚ ਬਜਟ ਵਿਚ ਬਹੁਤ ਸੀਮਤ ਸਾਧਨਾਂ ਨਾਲ ਵੱਡੀਆਂ ਪ੍ਰਾਪਤੀਆਂ ਦੀ ਕੋਸ਼ਿਸ਼ ਕੀਤੀ ਗਈ ਹੈ।

-ਡਾ. ਐਸ.ਐਸ. ਛੀਨਾ
ਸੀਨੀਅਰ ਫੈਲੋਸ਼ਿਪ ਆਫ ਇੰਸਟੀਚਿਊਟ ਸੋਸ਼ਲ ਸਾਇੰਸਸ, ਨਵੀ ਦਿੱਲੀ।

 

 

ਮਾਨਸਿਕ ਤਣਾਅ
ਅਸੀਂ ਰੋਜ਼ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਦਿਲ ਦੇ ਦੌਰੇ ਨਾਲ ਮੌਤ ਜਾਂ ਖ਼ੁਦਕੁਸ਼ੀਆਂ ਕਰਦੇ ਲੋਕ। ਇਹ ਸਭ ਮਾਨਸਿਕ ਤਣਾਅ ਕਰਕੇ ਹੀ ਹੋ ਰਿਹਾ ਹੈ। ਸਿਆਣੇ ਕਹਿੰਦੇ ਹਨ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਪਰ ਅੱਜ ਦਾ ਮਨੁੱਖ ਇਸ 'ਤੇ ਅਮਲ ਨਹੀਂ ਕਰ ਰਿਹਾ। ਵਿਗਿਆਨ ਨੇ ਮਨੁੱਖ ਨੂੰ ਅਰਾਮਦਾਇਕ ਜ਼ਿੰਦਗੀ ਜਿਊਣ ਲਈ ਬਹੁਤ ਯੰਤਰ ਬਣਾ ਦਿੱਤੇ। ਮਨੁੱਖ ਕੁਦਰਤੀ ਜ਼ਿੰਦਗੀ ਨਾਲੋਂ ਟੁੱਟਦਾ ਜਾ ਰਿਹਾ ਹੈ। ਇਨ੍ਹਾਂ ਸਹੂਲਤਾਂ ਨੂੰ ਮਾਨਣ ਲਈ ਪੈਸੇ ਦੀ ਜ਼ਰੂਰਤ ਹੈ। ਆਮਦਨ ਵਿਚ ਓਨਾ ਵਾਧਾ ਨਹੀਂ ਹੋਇਆ ਜਿੰਨਾ ਖਰਚੇ ਵਿਚ ਵਾਧਾ ਹੋ ਗਿਆ। ਜਿਥੇ ਸਰਕਾਰੀ ਸਕੂਲਾਂ ਵਿਚ ਮੁਫ਼ਤ ਵਿੱਦਿਆ ਮਿਲਦੀ ਸੀ, ਹੁਣ ਨਿੱਜੀ ਸਕੂਲਾਂ ਵਿਚ ਲੱਖਾਂ ਰੁਪਏ ਲਗਦੇ ਹਨ। ਹਰ ਘਰ ਦਾ ਖਰਚਾ ਉਹਦੀ ਆਮਦਨ ਨਾਲੋਂ ਵੱਧ ਹੋ ਗਿਆ ਹੈ। ਜ਼ਰੂਰੀ ਲੋੜਾਂ ਉਹ ਕਰਜ਼ਾ ਚੁੱਕ ਕੇ ਪੂਰੀਆਂ ਕਰਦਾ ਹੈ। ਜਦੋਂ ਕਰਜ਼ਾ ਵਾਪਸ ਨਹੀਂ ਹੁੰਦਾ ਤਾਂ ਉਹ ਮਾਨਸਿਕ ਤਣਾਅ ਵਿਚ ਰਹਿਣ ਲਗਦਾ ਹੈ ਭਾਵੇਂ ਘਰਾਂ ਵਿਚ ਲੜਾਈ-ਝਗੜੇ ਦੇ ਹੋਰ ਵੀ ਕਈ ਕਾਰਨ ਹਨ ਪਰ ਆਰਥਿਕ ਤੰਗੀ ਵੀ ਘਰ 'ਚ ਕਲੇਸ਼ ਪੈਦਾ ਕਰ ਦਿੰਦੀ ਹੈ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਦੁਭਰ ਕਰ ਦਿੱਤੀ ਹੈ। ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਕਰਕੇ ਉਹਦੀ ਖਰੀਦ ਸ਼ਕਤੀ ਵੀ ਕਮਜ਼ੋਰ ਹੋ ਗਈ ਹੈ।

-ਗੁਰਾਂਦਿੱਤਾ ਸੰਧੂ।
gurandittasukhanwala@gmail.com

 

30-03-2018

 ਬੇਗਾਨਾ ਹੁੰਦਾ ਇਨਸਾਨ
ਪੰਜਾਬੀ ਪਰਿਵਾਰ ਪੰਜਾਬੀ ਸੱਭਿਆਚਾਰ ਦੀ ਇਕ ਮਹੱਤਵਪੂਰਨ ਸੰਸਥਾ ਹੈ। ਇਹ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਹੈ। ਵੈਦਿਕ ਕਾਲ ਤੋਂ ਹੀ ਪੰਜਾਬੀ ਸਮਾਜ ਵਿਚ ਇਹ ਪ੍ਰਥਾ ਚਲਦੀ ਆ ਰਹੀ ਸੀ ਕਿ ਸਾਰਾ ਟੱਬਰ ਇਕੋ ਛੱਤ ਥੱਲੇ ਵਿਚਰਦਿਆਂ ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਸਾਂਝੀਆਂ ਕਰਦਾ ਹੁੰਦਾ ਸੀ। ਇਸ ਵਿਚ ਪਰਿਵਾਰ ਦਾ ਸਭ ਤੋਂ ਸਿਆਣਾ ਵਿਅਕਤੀ ਪਰਿਵਾਰ ਦਾ ਮੁਖੀ ਹੁੰਦਾ ਹੈ, ਜਿਸ ਨੂੰ 'ਲਾਣੇਦਾਰ' ਵੀ ਕਿਹਾ ਜਾਂਦਾ ਸੀ। ਪਰ ਅੱਜ ਤਰੱਕੀ ਦੀ ਚਕਾਚੌਂਧ ਨੇ ਅਜਿਹੀ ਲਿਸ਼ਕੋਰ ਮਾਰੀ ਕਿ ਆਪਣੇ ਵੀ ਬੇਗਾਨੇ ਜਾਪਣ ਲੱਗੇ। ਆਪਣਿਆਂ ਦੀ ਭਾਵਨਾ ਦਿਨੋ-ਦਿਨ ਦਮ ਤੋੜਨ ਲੱਗੀ। ਪੰਜਾਬੀ ਸਮਾਜ ਵਿਚ ਇਕਹਿਰੇ ਪਰਿਵਾਰ ਦੀ ਪ੍ਰਵਿਰਤੀ ਭਾਰੂ ਹੋ ਗਈ ਹੈ। ਜੇ ਅਸੀਂ ਸੋਚੀਏ ਤਾਂ ਸਾਡੀ ਤਰੱਕੀ ਸਾਨੂੰ ਵਿਨਾਸ਼ ਵੱਲ ਲਿਜਾ ਰਹੀ ਹੈ। ਪੈਸੇ ਦੀ ਦੌੜ ਵਿਚ ਮਨੁੱਖ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ। ਪੱਛਮੀ ਚਕਾਚੌਂਧ ਵਿਚ ਇਕ ਤਰ੍ਹਾਂ ਨਾਲ ਅਸੀਂ ਮਸ਼ੀਨਾਂ ਬਣ ਬੈਠੇ ਹਾਂ। ਕਿੱਥੇ ਗਏ ਅੱਜ ਉਹ ਕਾਂ ਜੋ ਸਾਡੇ ਘਰਾਂ ਦੇ ਬਨੇਰਿਆਂ 'ਤੇ ਆ ਕੇ ਰਿਸ਼ਤੇਦਾਰਾਂ ਦੇ ਆਉਣ ਦਾ ਸੁਨੇਹਾ ਦਿੰਦੇ ਸਨ।


-ਜਤਿੰਦਰ ਸਿੰਘ ਧਾਲੀਵਾਲ
ਪਿੰਡ ਬੂਰ ਵਾਲਾ, ਜ਼ਿਲ੍ਹਾ ਫਾਜ਼ਿਲਕਾ।


ਡਿਜੀਟਲ ਇੰਡੀਆ
ਭਾਵੇਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਪੂਰੇ ਦੇਸ਼ ਵਿਚ ਡਿਜੀਟਲ ਇੰਡੀਆ ਦਾ ਨਾਅਰਾ ਦੇ ਕੇ ਜਨਤਾ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦ ਕਿ ਸਰਹੱਦੀ ਜ਼ਿਲ੍ਹੇ ਦੇ ਇਲਾਕੇ ਅੰਦਰ ਸਥਿਤ ਸਰਕਾਰੀ ਪ੍ਰਾਇਮਰੀ, ਮਿਡਲ ਸਕੂਲਾਂ ਵੱਲ ਝਾਤ ਮਾਰੀ ਜਾਵੇ ਤਾਂ ਸ਼ਾਇਦ ਬਹੁਤ ਘੱਟ ਮਾਤਰਾ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਇੰਡੀਆ ਬਾਰੇ ਜਾਣਕਾਰੀ ਹੋਵੇਗੀ। ਹਰ ਖੇਤਰ ਦਾ ਤੇਜ਼ ਗਤੀ ਨਾਲ ਵਿਕਾਸ ਹੋਵੇ, ਇਸ ਸਕੀਮ ਰਾਹੀਂ ਹਰੇਕ ਖੇਤਰ ਨੂੰ ਇੰਟਰਨੈਟ ਨਾਲ ਜੋੜਨਾ ਅਤੇ ਤਕਨੀਕ ਦੇ ਖੇਤਰ ਵਿਚ ਦੇਸ਼ ਨੂੰ ਮਜ਼ਬੂਤ ਬਣਾਉਣ ਦਾ ਟੀਚਾ ਹੈ। ਅੰਤਰਰਾਸ਼ਟਰੀ ਸਰਹੱਦ ਹੋਣ ਕਾਰਨ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ ਇਲਾਵਾ ਕੋਈ ਵੀ ਮੋਬਾਈਲ ਕੰਪਨੀ ਸਰਹੱਦੀ ਖੇਤਰਾਂ ਵਿਚ ਸੇਵਾਵਾਂ ਨਹੀਂ ਦਿੰਦੀ। ਪਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦ ਭਾਰਤ ਦੇ ਹੋਰਨਾਂ ਨਾਗਰਿਕਾਂ ਵਰਗੀਆਂ ਸਹੂਲਤਾਂ ਅੱਜ ਤੱਕ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਨਹੀਂ ਮਿਲ ਸਕੀਆਂ ਤਾਂ ਇਥੇ ਡਿਜੀਟਲ ਕ੍ਰਾਂਤੀ ਕਿਵੇਂ ਆਏਗੀ। ਇਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰਾਂ ਵਿਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।


-ਪ੍ਰੋ: ਮਨਪ੍ਰੀਤ ਗੌਰਾਇਆ
ਪਿੰਡ ਸ਼ੇਖਾ (ਗੁਰਦਾਸਪੁਰ)।


ਪੰਜਾਬ ਦੇ ਹਾਲਾਤ ਨਾਜ਼ੁਕ
ਪੰਜਾਬ ਸਰਕਾਰ ਮਾਰਚ ਵਿਚ ਆਪਣਾ ਇਕ ਸਾਲ ਪੂਰਾ ਕਰ ਚੁੱਕੀ ਹੈ। ਸਰਕਾਰ ਨਸ਼ਿਆਂ, ਕਿਸਾਨਾਂ, ਬੇਰੁਜ਼ਗਾਰੀ, ਰੇਤਾ ਬਜਰੀ ਵਰਗੇ ਮੁੱਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਸੀ ਪਰ ਇਨ੍ਹਾਂ ਸਾਰੇ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਬਿਨਾਂ ਸ਼ੱਕ ਸਰਕਾਰ ਦੁਆਰਾ ਕੁਝ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਪਰ ਇਹ ਸਿਰਫ ਵਾਅਦਾ ਪੂਰਾ ਕਰਨ ਦੀ ਕਵਾਇਦ ਹੀ ਕੀਤੀ ਗਈ ਹੈ। ਆੜ੍ਹਤੀਆਂ ਅਤੇ ਦੂਜੇ ਬੈਂਕਾਂ ਦੇ ਕਰਜ਼ੇ ਅੱਜ ਵੀ ਕਿਸਾਨਾਂ ਲਈ ਸਮੱਸਿਆ ਬਣੇ ਹੋਏ ਹਨ। ਗ਼ੈਰ-ਕਾਨੂੰਨੀ ਮਾਈਨਿੰਗ ਵੀ ਇਕ ਪ੍ਰਮੁੱਖ ਸਮੱਸਿਆ ਬਣੀ ਹੋਈ ਹੈ ਜਦ ਕਿ ਸਰਕਾਰ ਦੁਆਰਾ ਇਸ ਸਬੰਧੀ ਸੁਚੱਜੀ ਨੀਤੀ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਾਰਥਕ ਕਦਮ ਚੁੱਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

28-03-2018

 ਗ਼ਲਤ ਸ਼ਬਦ-ਜੋੜਾਂ ਬਾਬਤ

ਸਮਕਾਲੀ ਪੰਜਾਬੀ ਲਿਖਤਾਂ ਪੜ੍ਹਦਿਆਂ ਕੁਝ ਸ਼ਬਦ-ਜੋੜਾਂ ਦੀ ਲਗਾਤਾਰ ਗ਼ਲਤ ਵਰਤੋਂ ਹੁੰਦੀ ਮੇਰੇ ਧਿਆਨ ਵਿਚ ਆਈ ਹੈ, ਦਿਲ ਕੀਤਾ ਪਾਠਕਾਂ ਅੱਗੇ ਰੱਖਾਂ। ਪੰਜਾਬੀ ਵਿਆਕਰਨ ਅਨੁਸਾਰ ਹਾਲਤ ਦਾ ਬਹੁ-ਵਚਨ ਹਾਲਤਾਂ ਹੈ ਪਰ ਫਾਰਸੀ ਵਿਚ ਇਹ ਹਾਲਾਤ ਹੈ। ਹਾਲਾਤਾਂ ਕੋਈ ਸ਼ਬਦ ਨਾ ਪੰਜਾਬੀ ਵਿਚ ਨਾ ਫਾਰਸੀ ਵਿਚ ਹੈ ਪਰ ਇਹ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬੀ ਦਾ ਸਾਹਿਬ ਸ਼ਬਦ ਫਾਰਸੀ ਵਿਚੋਂ ਆਇਆ ਜਿਸ ਦਾ ਬਹੁ-ਵਚਨ ਸਾਹਿਬਾਨ ਹੈ, ਪੰਜਾਬੀ ਲੇਖਕ ਸਾਹਿਬਾਨਾਂ ਲਿਖ ਰਹੇ ਹਨ ਜੋ ਸਹੀ ਨਹੀਂ।
ਗਾਥਾ ਸ਼ਬਦ ਗਾਇਨ ਜਮ੍ਹਾ ਕਥਾ ਹੈ, ਉਹ ਕਥਾ ਜਿਹੜੀ ਗਾ ਕੇ ਸੁਣਾਈ ਜਾਏ। ਜਿਵੇਂ ਸ਼ਾਹ ਮੁਹੰਮਦ ਦਾ ਜੰਗਨਾਮਾ। ਡਾ: ਗੰਡਾ ਸਿੰਘ ਵਲੋਂ ਦਿੱਤੇ ਵੇਰਵੇ ਇਤਿਹਾਸਕ ਕਥਾ ਹੈ ਗਾਥਾ ਨਹੀਂ। ਕਥਾ ਵਾਰਤਕ ਵਿਚ ਹੁੰਦੀ ਹੈ ਗਾਥਾ ਕਵਿਤਾ ਵਿਚ। ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਨਾਂਅ ਅੰਬੇਡਕਰ ਹੈ ਪਰ ਦੱਦੇ ਨਾਲ ਅੰਬੇਦਕਰ ਲਿਖਿਆ ਜਾ ਰਿਹਾ ਹੈ। ਜਿੰਨਾ/ਜਿਨ੍ਹਾ, ਕਿੰਨਾ/ਕਿਨ੍ਹਾ, ਸ਼ਬਦਾਂ ਵਿਚ ਭੇਦ ਹਨ, ਇਨ੍ਹਾਂ ਦੀ ਵਰਤੋਂ ਗ਼ਲਤ ਹੋ ਰਹੀ ਹੈ। ਭਾਈ ਕਨ੍ਹਈਆ ਜੀ ਨੂੰ ਭਾਈ ਘਨੱਈਆ ਲਿਖਿਆ ਜਾ ਰਿਹਾ ਹੈ। ਸ੍ਰੀ ਕ੍ਰਿਸ਼ਨ ਜੀ ਦਾ ਇਕ ਨਾਂਅ ਕਾਹਨ ਸੀ ਉਸੇ ਦਾ ਛੋਟਾ ਰੂਪ ਕਾਨ੍ਹ ਹੈ। ਕੱਕੇ ਦੇ ਪੈਰ ਵਿਚਲਾ ਹਾਹਾ ਅੱਖਰ, ਘੱਗੇ ਦੀ ਆਵਾਜ਼ ਨਹੀਂ ਬਣਦਾ। ਹਿੰਦੀ ਭਾਸ਼ੀ ਲੇਖਕ ਇਹ ਗ਼ਲਤੀ ਨਹੀਂ ਕਰਦੇ।

-ਡਾ: ਹਰਪਾਲ ਸਿੰਘ ਪੰਨੂ
ਪੰਜਾਬੀ ਯੂਨਵਿਰਸਿਟੀ ਪਟਿਆਲਾ।

ਵਾਅਦਾ ਖਿਲਾਫ਼ੀ

ਤਕਰੀਬਨ ਹਰੇਕ ਸਾਲ ਇੰਜੀਨੀਅਰਿੰਗ ਕਾਲਜਾਂ ਵਿਚ ਵੱਖ-ਵੱਖ ਸਨਅਤੀ ਇਕਾਈਆਂ ਆ ਕੇ ਆਪਣੀ ਲੋੜ ਅਨੁਸਾਰ, ਵੱਖ-ਵੱਖ ਟਰੇਡਾਂ ਲਈ ਭਰਤੀ ਕਰਦੀਆਂ ਹਨ। ਉਪਰੋਕਤ ਪ੍ਰਕਿਰਿਆ ਨਾਲ ਮੌਜੂਦਾ ਸਰਕਾਰ ਦਾ ਕੋਈ ਵੀ ਲੈਣ-ਦੇਣ ਨਹੀਂ ਹੁੰਦਾ। ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਇਸ ਰੂਟੀਨ ਦੀ ਕਾਰਵਾਈ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸ ਰਹੇ ਹਨ। ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਜਾ ਕੇ ਅੱਠ-ਅੱਠ ਦਸ-ਦਸ ਹਜ਼ਾਰ ਰੁਪਏ ਦੀ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਨਿਯੁਕਤੀ ਪੱਤਰ ਆਪਣੇ ਹੱਥੀਂ ਦੇ ਕੇ ਇਹ ਭਰਤੀ ਸਰਕਾਰੀ ਨਹੀਂ ਬਣ ਜਾਂਦੀ। ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਬੇਰੁਜ਼ਗਾਰਾਂ ਨਾਲ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੂੰ ਨਿਭਾਉਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਦੀ ਤਰਫ਼ੋਂ ਇਹ ਬਿਆਨ ਆਇਆ ਹੈ ਕਿ ਸਰਕਾਰ ਵਲੋਂ ਇਕ ਸਾਲ ਵਿਚ 1,61,522 ਨੌਕਰੀਆਂ ਦਿੱਤੀਆਂ ਗਈਆਂ ਹਨ। ਕੀ ਸਰਕਾਰ ਪੰਜਾਬ ਵਾਸੀਆਂ ਨੂੰ ਇਹ ਦੱਸਣ ਦੀ ਖੇਚਲ ਕਰੇਗੀ ਇਨ੍ਹਾਂ ਨੌਕਰੀਆਂ ਵਿਚ ਸਰਕਾਰੀ ਨੌਕਰੀਆਂ ਕਿੰਨੇ ਪ੍ਰਤੀਸ਼ਤ ਹਨ। ਮੌਜੂਦਾ ਸਰਕਾਰ ਤੋਂ ਹਰੇਕ ਤਬਕੇ ਨੂੰ ਢੇਰ ਸਾਰੀਆਂ ਆਸਾਂ ਹਨ। ਅਮਲੀ ਰੂਪ ਵਿਚ ਕਦਮ ਪੁੱਟੇ ਜਾਣੇ ਚਾਹੀਦੇ ਹਨ ਤਾਂ ਕਿ ਸਾਡੇ ਸਾਰਿਆਂ ਦਾ ਆਪਣੀ ਸਰਕਾਰ ਵਿਚ ਭਰੋਸਾ ਬਣਿਆ ਰਹੇ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

27-03-2018

 ਵਧਦੀ ਬੇਰੁਜ਼ਗਾਰੀ
20 ਮਾਰਚ ਨੂੰ ਚਪੜਾਸੀ ਦੀਆਂ 9 ਅਸਾਮੀਆਂ ਲਈ ਪੁੱਜੇ ਹਜ਼ਾਰਾਂ ਨੌਜਵਾਨ ਦੇ ਸਿਰਲੇਖ਼ ਹੇਠ ਲੱਗੀ ਖ਼ਬਰ ਪੜ੍ਹ ਕੇ ਮਨ ਝੰਜੋੜਿਆ ਗਿਆ। ਕਚਹਿਰੀਆਂ ਵਿਚ ਚਪੜਾਸੀ ਦੀ ਨੌਕਰੀ ਲਈ ਡਿਗਰੀਆਂ ਵਾਲੇ ਨੌਜਵਾਨ ਭਾਰੀ ਗਿਣਤੀ 'ਚ ਪਹੁੰਚੇ ਹੋਏ ਸਨ ਤਾਂ ਕਿ ਉਹ ਬੇਰੁਜ਼ਗਾਰੀ ਦੀ ਮਾਰ ਤੋਂ ਬਚ ਕੇ ਚਪੜਾਸੀ ਦੀ ਨੌਕਰੀ 'ਤੇ ਹੀ ਲੱਗ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਸਕਣ। ਇਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ। ਪਰ ਅਸਲੀਅਤ ਵਿਚ ਸਾਡੀਆਂ ਸਰਕਾਰਾਂ ਬੇਰੁਜ਼ਗਾਰੀ, ਨਸ਼ਿਆਂ ਦੇ ਖ਼ਾਤਮੇ, ਕਿਸਾਨਾਂ, ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ 'ਚ ਵਿਚ ਅਸਫ਼ਲ ਸਿੱਧ ਹੋ ਰਹੀਆਂ ਹਨ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਅਨੁਸਾਰ ਨੌਕਰੀਆਂ ਦੇਵੇ ਤੇ ਲੋੜੀਂਦੀਆਂ ਅਸਾਮੀਆਂ ਹੋਰ ਕੱਢੇ ਤਾਂ ਜੋ ਅਜਿਹੀ ਨੌਬਤ ਹੀ ਨਾ ਆਵੇ।

-ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕ: ਘਰਾਚੋਂ, ਜ਼ਿਲ੍ਹਾ ਸੰਗਰੂਰ।

ਇਕ ਪਿੰਡ ਇਕ ਗੁਰੂ ਘਰ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅਹਿਮ ਬਿਆਨ ਦਿੱਤਾ ਗਿਆ ਕਿ ਸ਼੍ਰੋਮਣੀ ਕਮੇਟੀ 'ਇਕ ਪਿੰਡ ਇਕ ਗੁਰਦੁਆਰਾ' ਮੁਹਿੰਮ ਚਲਾਉਣ ਜਾ ਰਹੀ ਹੈ, ਜੋ ਬਹੁਤ ਚੰਗੀ ਗੱਲ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਿੰਡਾਂ ਵਿਚ ਕਈ-ਕਈ ਗੁਰਦੁਆਰੇ ਬਣੇ ਹੀ ਕਿਉਂ ਹਨ? ਜਾਤ-ਪਾਤ ਵਿਰੁੱਧ ਮੁਹਿੰਮ ਚਲਾਉਣ ਦੀ ਲੋੜ ਹੈ। ਕੁਝ ਸਮਾਂ ਪਹਿਲਾਂ ਜਾਤ-ਪਾਤ ਨੂੰ ਤੋੜਨ ਵਿਚ ਸਕੂਲਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਸੀ। ਅਸੀਂ ਸਕੂਲਾਂ ਵਿਚ ਹਰ ਜਾਤ, ਹਰ ਧਰਮ ਦੇ ਬੱਚੇ ਇਕੱਠੇ ਪੜ੍ਹਦੇ, ਇਕੱਠੇ ਖੇਡਦੇ ਸੀ। ਸੋ, ਹੁਣ ਪ੍ਰਾਈਵੇਟ ਸਕੂਲਾਂ ਨੇ ਆਰਥਿਕਤਾ ਦੀ ਕੰਧ ਖੜ੍ਹੀ ਕਰ ਦਿੱਤੀ ਹੈ। ਇਸ ਨੂੰ ਤੋੜਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ 'ਇਕ ਪਿੰਡ ਵਿਚ ਇਕ ਗੁਰਦੁਆਰਾ' ਰੱਖ ਕੇ ਬਾਕੀ ਗੁਰਦੁਆਰਿਆਂ ਨੂੰ ਸਕੂਲਾਂ ਵਿਚ ਤਬਦੀਲ ਕਰ ਦਿੱਤਾ ਜਾਵੇ ਜਿਥੇ ਹਰ ਜਾਤ, ਹਰ ਅਮੀਰ-ਗਰੀਬ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਵੇ। ਇਸ ਤਰ੍ਹਾਂ ਬੱਚਿਆਂ ਦੇ ਮਨ 'ਚੋਂ ਜਾਤ-ਪਾਤ ਖ਼ਤਮ ਕਰਕੇ ਹੀ 'ਇਕ ਪਿੰਡ ਇਕ ਗੁਰਦੁਆਰਾ' ਮੁਹਿੰਮ ਕਾਮਯਾਬ ਹੋ ਸਕਦੀ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।

ਭਟਕੀ 'ਆਪ'
ਪੰਜਾਬ ਵਿਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਆਈ 'ਆਪ' ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਲੋਕਾਂ ਨੂੰ ਇਸ ਪਾਰਟੀ ਤੋਂ ਬਹੁਤ ਉਮੀਦਾਂ ਸਨ। ਇਸ ਲਈ ਹੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ 'ਆਪ' ਦੂਸਰੀ ਵੱਡੀ ਪਾਰਟੀ ਵਜੋਂ ਉੱਭਰੀ ਸੀ ਪਰ ਮੌਜੂਦਾ ਸਮੇਂ ਵਿਚ ਪਾਰਟੀ ਮੁਖੀ ਵਲੋਂ ਇਕ ਅਕਾਲੀ ਨੇਤਾ ਤੋਂ ਨਸ਼ਿਆਂ ਦੇ ਮੁੱਦੇ 'ਤੇ ਮੁਆਫ਼ੀ ਮੰਗਣ ਕਾਰਨ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਪ੍ਰਮੁੱਖ ਆਗੂਆਂ ਵਲੋਂ ਅਸਤੀਫ਼ੇ ਦਿੱਤੇ ਜਾਣ ਤੇ ਭਾਈਵਾਲ ਪਾਰਟੀ ਦੇ ਵੱਖ ਹੋਣ ਕਾਰਨ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵਿਰੋਧੀ ਧਿਰ ਵਜੋਂ ਖੜ੍ਹਾ ਕੀਤਾ ਹੈ, ਇਸ ਲਈ ਉਹ ਆਪਸੀ ਖਿੱਚੋਤਾਣ ਨੂੰ ਖ਼ਤਮ ਕਰਕੇ ਲੋਕਾਂ ਦੇ ਮੁੱਦਿਆਂ ਨੂੰ ਚੁੱਕ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਬੌਧਿਕ ਪੱਧਰ
ਸ: ਪਿਆਰਾ ਸਿੰਘ ਭੋਗਲ ਹੁਰਾਂ ਵਲੋਂ ਲਿਖਿਆ ਕਾਲਮ 'ਬੌਧਿਕ ਤੌਰ 'ਤੇ ਬੌਣਾ ਹੋ ਰਿਹੈ ਪੰਜਾਬ' ਪੜ੍ਹਿਆ। ਲੇਖਕ ਨੇ ਸੰਯੁਕਤ ਰਾਸ਼ਟਰ ਦਾ ਹਵਾਲਾ ਦਿੰਦੇ ਦੱਸਿਆ ਕਿ ਯੂਨੈਸਕੋ ਕਹਿੰਦੀ ਹੈ ਕਿ ਬੱਚੇ ਦੀ ਮੁਢਲੀ ਸਿੱਖਿਆ ਜੇ ਮਾਂ ਭਾਸ਼ਾ ਵਿਚ ਨਹੀਂ ਹੁੰਦੀ ਤਾਂ ਬੱਚੇ ਦਾ ਸਹੀ ਬੌਧਿਕ ਵਿਕਾਸ ਨਹੀਂ ਹੁੰਦਾ। ਉਸ ਦੀ ਪੜ੍ਹਨ ਤੇ ਸਿੱਖਣ ਦੀ ਯੋਗਤਾ ਸਹੀ ਢੰਗ ਨਾਲ ਪ੍ਰਫੁੱਲਿਤ ਨਹੀਂ ਹੁੰਦੀ। ਮਾਤ ਭਾਸ਼ਾ ਤੋਂ ਬਿਨਾਂ ਉਹ ਬੱਚੇ ਜ਼ਿੰਦਗੀ ਵਿਚ ਖੁਸ਼ਹਾਲੀ ਪ੍ਰਾਪਤ ਕਰਨ ਦੇ ਸੰਘਰਸ਼ ਵਿਚ ਸ਼ਾਮਿਲ ਹੋਣ ਤੋਂ ਵਿਰਵੇ ਰਹਿੰਦੇ ਹਨ। ਉਹ ਮਾਤ ਭਾਸ਼ਾ ਵਿਚ ਬੋਲਣ, ਲਿਖਣ ਦੀ ਨਿਪੁੰਨਤਾ ਕਰਕੇ ਖੁਸ਼ਹਾਲ ਜੀਵਨ ਜਿਊਣ ਦੇ ਯੋਗ ਹੋ ਜਾਣਗੇ। ਇਸ ਦੇ ਉਲਟ ਮਾਤ ਭਾਸ਼ਾ ਤੋਂ ਬਿਨਾਂ ਬੱਚੇ ਬੁੱਧੀ ਦਾ ਵਿਕਾਸ, ਗਿਆਨ ਪ੍ਰਾਪਤੀ ਵਿਚ ਬੌਣੇ ਹੋਣਗੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।

22-03-2018

 ਪੀ.ਜੀ.ਆਈ.
ਆਜ਼ਾਦੀ ਤੋਂ ਬਾਅਦ ਪੰਜਾਬੀਆਂ ਦੀ ਸਿਹਤ ਅਤੇ ਸਿਹਤਯਾਬੀ ਲਈ ਪੀ.ਜੀ.ਆਈ. ਬਣੀ ਸੀ। ਇਹ ਸੰਸਥਾ ਅੱਜ ਦੇ ਸਮੇਂ ਇਨਸਾਨੀਅਤ ਦੀ ਮੂਰਤ ਹੈ। ਦਾਨ ਦੀ ਦਸ਼ਾ ਅਤੇ ਦਿਸ਼ਾ ਬਦਲਣ ਲਈ ਉੱਠਦੀਆਂ ਸੁਰਾਂ ਤੋਂ ਸਿੱਖ ਕੇ ਇਸ ਸੰਸਥਾ ਨੂੰ ਦਾਨ ਦੇਣਾ ਵੱਡਾ ਪੁੰਨ ਦਾ ਕਰਮ ਹੋਵੇਗਾ। ਕਿਉਂਕਿ ਬਿਨਾਂ ਭੇਦ-ਭਾਵ ਇਲਾਜ ਕਰਨਾ ਅਤੇ ਲਿਹਾਜੀਆਂ ਦੀ ਪੁਸ਼ਤ ਪਨਾਹੀ ਤੋਂ ਇਹ ਸੰਸਥਾ ਮੁਨਕਰ ਹੈ। ਅੱਜ ਪਾਕਿਸਤਾਨ ਤੋਂ ਵੀ ਇਸ ਸੰਸਥਾ ਨਾਲ ਮਰੀਜ਼ ਜੁੜਦੇ ਹਨ। ਰਿਕਾਰਡ ਅਨੁਸਾਰ 25 ਤੋਂ 30 ਲੱਖ ਸਾਲਾਨਾ ਮਰੀਜ਼ ਇਸ ਸੰਸਥਾ ਤੋਂ ਇਲਾਜ ਕਰਵਾਉਂਦੇ ਹਨ। ਵੋਟਾਂ ਦੀ ਰਾਜਨੀਤੀ ਵੇਲੇ ਇਹੋ ਜਿਹੇ ਮੁੱਦੇ ਲੋਕਾਂ ਦੇ ਭਰਮ ਭੁਲੇਖਿਆਂ ਕਰਕੇ ਨੁਕਰੇ ਲੱਗ ਜਾਂਦੇ ਹਨ। ਜਦੋਂ ਕਿ ਖੁਸਦੀ ਜਾ ਰਹੀ ਪੰਜਾਬੀਆਂ ਦੀ ਸਿਹਤ ਲਈ ਇਹੋ ਜਿਹਾ ਅਦਾਰਾ ਹੋਰ ਬਣਨਾ ਲਾਜ਼ਮੀ ਹੈ। ਅਜਿਹੀ ਸੰਸਥਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪੀ.ਜੀ.ਆਈ. ਚੰਡੀਗੜ੍ਹ ਉੱਤੇ ਬਹੁਤ ਵੱਡਾ ਭਾਰ ਰਹਿੰਦਾ ਹੈ। ਵਕਤ ਉਡੀਕ ਕਰ ਰਿਹਾ ਹੈ ਕਿ ਅਜਿਹੇ ਸਰਕਾਰੀ ਮਾਣ-ਮੱਤੇ ਫ਼ੈਸਲੇ ਦੀ ਜੋ ਇਕ ਹੋਰ ਪੀ.ਜੀ.ਆਈ ਬਣਾਵੇ।


-ਸੁਖਪਾਲ ਸਿੰਘ ਗਿੱਲ
ਪਿੰਡ ਅਬਿਆਣਾ ਕਲਾਂ।


ਗ਼ਲਤ ਰੁਝਾਨ
ਸ਼ਾਨ ਦਾ ਪ੍ਰਤੀਕ ਬਣ ਚੁੱਕੇ ਹਥਿਆਰ ਸੁਰੱਖਿਆ ਲਈ ਭਲਾ ਹੀ ਜ਼ਰੂਰੀ ਹੋਣ ਜਾਂ ਨਾ ਪਰ ਪੰਜਾਬੀ ਗੱਭਰੂਆਂ ਦਾ ਹਥਿਆਰ ਰੱਖਣ ਦਾ ਸ਼ੌਕ ਬਦਸਤੂਰ ਜਾਰੀ ਹੈ। ਪੰਜਾਬ ਵਿਚ ਵਿਆਹ ਸਮਾਗਮ ਮੌਕੇ ਜਾਂ ਫਿਰ ਹੋਰ ਕਿਸੇ ਖੁਸ਼ੀ ਮੌਕੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਲੋਕਾਂ ਲਈ ਸਮਾਜਿਕ ਰੁਤਬੇ ਦਾ ਰੂਪ ਧਾਰਨ ਕਰ ਚੁੱਕਾ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਪਿਛਲੇ ਸਮੇਂ ਵਿਚ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਮੈਰਿਜ ਪੈਲੇਸਾਂ ਵਿਚ ਗੋਲੀਬਾਰੀ ਕਰਨ 'ਤੇ ਪਾਬੰਦੀ ਲਾਉਂਦਾ ਹੈ ਪਰ ਇਹ ਪਾਬੰਦੀ ਸਿਰਫ ਕਾਗਜ਼ਾਂ ਜਾਂ ਫਿਰ ਪੈਲੇਸ ਵਿਚ ਇਕ ਬੋਰਡ 'ਤੇ ਲਿਖਣ ਤੱਕ ਹੀ ਸੀਮਤ ਰਹਿੰਦੀ ਹੈ।


-ਪ੍ਰੋ: ਮਨਪ੍ਰੀਤ ਗੋਰਾਇਆ
ਪਿੰਡ ਸ਼ੇਖਾ, ਡਾਕ: ਮਗਰ ਮੂਦੀਆਂ, ਗੁਰਦਾਸਪੁਰ।


ਸਿੱਖਿਆ
ਸਿੱਖਿਆ ਇਕ ਲਗਾਤਾਰ ਚਲਣ ਵਾਲੀ ਕਿਰਿਆ ਹੈ। ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਰੋਜ਼ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਸਿੱਖਿਆ ਆਪਣੇ-ਆਪ ਵਿਚ ਸਭ ਤਰ੍ਹਾਂ ਨਾਲ ਵਿਦਿਆਰਥੀ ਦੇ ਵਿਹਾਰ ਵਿਚ ਉਚਿਤ ਤਬਦੀਲੀਆਂ ਕਰਕੇ ਉਸ ਦੀ ਸ਼ਖ਼ਸੀਅਤ ਦਾ ਸਰਬ-ਪੱਖੀ ਵਿਕਾਸ ਕਰਦੀ ਹੈ। ਫਿਰ ਸਿੱਖਿਆ ਸਬੰਧੀ ਪਾਠ ਸਮੱਗਰੀ ਦੀ ਗੱਲ ਆਉਂਦੀ ਹੈ। ਪਾਠ ਸਮੱਗਰੀ ਵਿਦਿਆਰਥੀ ਦੇ ਵਿਕਾਸ ਦੇ ਪੱਧਰ ਅਨੁਸਾਰ ਹੋਣੀ ਚਾਹੀਦੀ ਹੈ। ਅਧਿਆਪਕ ਲਈ ਜ਼ਰੂਰੀ ਹੈ ਕਿ ਉਹ ਆਪਣੇ-ਆਪ ਬਾਰੇ ਪੂਰੀ ਤਰ੍ਹਾਂ ਜਾਣੂ ਹੋਵੇ ਅਤੇ ਉਸ ਵਿਚ ਵਿਦਿਆਰਥੀਆਂ ਨੂੰ ਵੀ ਜਾਨਣ ਦੀ ਪੂਰੀ ਕੁਸ਼ਲਤਾ ਹੋਣੀ ਜ਼ਰੂਰੀ ਹੈ। ਸਿੱਖਿਆ ਖੇਤਰ ਵਿਚ ਨਿੱਤ ਨਵੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਨਵੀਆਂ ਧਾਰਨਾਵਾਂ, ਨਿਯਮ ਤੇ ਢੰਗਾਂ ਦੀ ਲੋੜ ਹੈ ਅਤੇ ਸਿੱਖਿਆ ਖੇਤਰ ਨੂੰ ਸੀਮਤ ਹੱਦਾਂ ਵਿਚੋਂ ਬੰਨ੍ਹਣ ਦੀ ਬਜਾਏ ਖੁੱਲ੍ਹਾ ਛੱਡਣਾ ਚਾਹੀਦਾ ਹੈ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

20-03-2018

 ਸਰਕਾਰ ਦੀ ਅਣਦੇਖੀ
ਸਰਕਾਰ ਖ਼ਿਲਾਫ਼ ਸਿਰਫ ਸਮਾਂ ਲੰਘਾਉਣ 'ਤੇ ਲੱਗੀ ਹੋਈ ਹੈ। ਇਕ ਸਾਲ ਦਾ ਸਮਾਂ ਲੰਘ ਗਿਆ ਹੈ ਪਰ ਇਕੋ ਹੀ ਰਟ ਲਗਾ ਕੇ 'ਖਜ਼ਾਨਾ ਖਾਲੀ ਹੈ' ਦਾ ਰੌਲਾ ਪਾਇਆ ਜਾ ਰਿਹਾ ਹੈ। ਆਪਣੇ ਖਰਚੇ ਇਨ੍ਹਾਂ ਕੋਲੋਂ ਘਟਾਏ ਨਹੀਂ ਜਾ ਰਹੇ। ਵਾਅਦੇ ਤਾਂ ਬਹੁਤ ਕਰਦੇ ਹਨ ਪਰ ਸਾਰੇ ਫੋਕੇ ਸਾਬਤ ਹੋ ਰਹੇ ਹਨ। ਸਰਕਾਰਾਂ ਲੋਕਾਂ ਦੀ ਭਲਾਈ ਲਈ ਬਣਦੀਆਂ ਹਨ ਪਰ ਜੇ ਇਨ੍ਹਾਂ ਕੁਝ ਕਰਨਾ ਹੀ ਨਹੀਂ ਤਾਂ ਹੀ ਲੋਕ ਇਨ੍ਹਾਂ ਵਿਰੁੱਧ ਹੀ ਖੜ੍ਹੇ ਹੋ ਜਾਣਗੇ। ਜੇਕਰ ਕੁਝ ਨਾ ਕੁਝ ਕਰਦੇ ਰਹਿਣਗੇ ਤਾਂ ਹੀ ਲੋਕ ਚੁੱਪ ਰਹਿਣਗੇ, ਨਹੀਂ ਤਾਂ ਫਿਰ ਸੜਕਾਂ 'ਤੇ ਆ ਜਾਣਗੇ। ਸਰਕਾਰ ਨੂੰ ਸਮਾਂ ਬਰਬਾਦ ਨਾ ਕਰ ਕੇ, ਕੁਝ ਕਰ ਕੇ ਹੀ ਦਿਖਾਉਣਾ ਪੈਣਾ ਹੈ, ਤਾਂ ਹੀ ਗੱਲ ਬਣਨੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ,
536, ਗਲੀ 5-ਬੀ, ਵਿਜੈ ਨਗਰ, ਹੁਸ਼ਿਆਰਪੁਰ।

ਕਰਜ਼ਾ ਮੁਆਫ਼ੀ ਸਮਾਰੋਹ
ਵੋਟਾਂ ਸਮੇਂ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ ਇਕ ਸਮਾਰੋਹ ਕਰਵਾ ਕੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡ ਰਹੀ ਹੈ। ਇਸ ਸਮਾਰੋਹ ਵਿਚ ਸਰਕਾਰ ਇਕ ਕਲਾਕਾਰ ਨੂੰ ਬੁਲਾ ਕੇ ਜਿੱਥੇ ਵਾਧੂ ਖਰਚ ਕਰ ਰਹੀ ਹੈ ਉੱਥੇ ਮਨੋਰੰਜਨ ਮੰਚ ਲਗਾ ਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ। ਕਰਜ਼ਾ ਮੁਆਫ਼ੀ ਸਮਾਰੋਹ ਦਾ ਕਲਾਕਾਰ ਨਾਲ ਕੋਈ ਸਬੰਧ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਮਾਰੋਹਾਂ 'ਤੇ ਸੰਜਮਤਾ ਨਾਲ ਖਰਚ ਕੀਤਾ ਜਾਵੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।

ਨਕਲ ਦਾ ਕੋਹੜ
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਦੀ ਪ੍ਰੀਖਿਆ ਵਿਚ ਨਕਲ ਨੂੰ ਬੰਦ ਕਰਨ ਦੇ ਲਏ ਫੈਸਲੇ 'ਤੇ ਪਿੰਡਾਂ ਦੀਆਂ ਸੱਥਾਂ ਤੇ ਅਧਿਆਪਕ ਵਰਗ ਵਿਚ ਖੁੰਢ ਚਰਚਾ ਰੋਜ਼ ਰਹਿੰਦੀ ਹੈ। ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ ਤੇ ਪੜ੍ਹਨ ਵਿਚ ਹਿਚਕੀ ਲੱਗ ਜਾਂਦੀ ਹੈ। ਪਹਿਲੀ ਤੋਂ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੇ ਫੈਸਲੇ ਨੂੰ ਵੀ ਪੰਜਾਬ ਸਰਕਾਰ ਨੂੰ ਰੱਦ ਕਰਨਾ ਪਵੇਗਾ। ਇਸ ਵਾਰ ਸਕੂਲਾਂ ਵਿਚ ਬਣੇ ਪ੍ਰੀਖਿਆ ਕੇਂਦਰਾਂ ਵਿਚ ਨਕਲ ਮਰਵਾਉਣ ਵਾਲਿਆਂ ਦੇ ਪਹਿਲਵਾਨੀ ਗੇੜੇ ਨਜ਼ਰ ਨਹੀਂ ਆਏ। ਅਧਿਆਪਕ ਵਰਗ ਨਕਲ ਨੂੰ ਠੱਲ੍ਹ ਪਾਉਣ ਲਈ ਪ੍ਰੀਖਿਆ ਵਿਚ ਪਾਰਦਰਸ਼ੀ ਡਿਊਟੀ ਨਿਭਾਅ ਰਹੇ ਹਨ। ਕੁਝ ਅਧਿਆਪਕ ਨਕਲ ਬੰਦ ਹੋਣ 'ਤੇ ਖੁਸ਼ ਹਨ। ਜੇ ਕ੍ਰਿਸ਼ਨ ਕੁਮਾਰ ਹੁਰਾਂ ਦਾ ਨਕਲ ਨੂੰ ਬੰਦ ਕਰਨ ਦਾ ਸੁਪਨਾ ਪੂਰਾ ਹੋ ਗਿਆ ਤਾਂ ਅਧਿਆਪਕ ਦਾ ਗੁਆਚਾ ਹੋਇਆ ਸਤਿਕਾਰ ਚੰਗੇ ਅਧਿਆਪਕਾਂ ਨੂੰ ਮਿਲ ਜਾਵੇਗਾ।

-ਜਗੀਰ ਸਿੰਘ ਸਫਰੀ,
ਸਠਿਆਲਾ (ਅੰਮ੍ਰਿਤਸਰ)।

* ਨਕਲ ਤੋਂ ਭਾਵ ਹੈ 'ਨਾ ਅਕਲ'। ਆਪਣੀ ਅਕਲ ਨੂੰ ਨਾ ਵਰਤਣ ਦਾ ਦੂਜਾ ਨਾਂਅ ਹੈ 'ਨਕਲ'। ਜ਼ਿੰਦਗੀ ਵਿਚ ਜੋ ਕੋਈ ਵੀ ਵਿਅਕਤੀ ਆਪਣੇ ਦਿਮਾਗ ਤੋਂ ਕੰਮ ਲੈਣ ਦੀ ਥਾਂ ਦੂਜਿਆਂ ਦੇ ਦਿਮਾਗ ਜਾਂ ਹੋਰ ਸਾਧਨਾਂ ਦਾ ਸਹਾਰਾ ਲੈ ਕੇ ਅੱਗੇ ਵਧਦਾ ਹੈ, ਉਹ ਕਦੇ ਸਥਾਈ ਕਾਮਯਾਬੀ ਪ੍ਰਾਪਤ ਨਹੀਂ ਕਰ ਸਕਦਾ। ਨਕਲ ਵਿਅਕਤੀ ਨੂੰ ਅਗਿਆਨਤਾ ਦੇ ਘੁੱਪ ਹਨੇਰੇ ਵੱਲ ਲੈ ਜਾਂਦੀ ਹੈ ਅਤੇ ਨਕਲ ਕਰਨ ਵਾਲਾ ਕਦੇ ਵੀ ਉਸਾਰੂ ਸੋਚ ਤੇ ਸ਼ਖ਼ਸੀਅਤ ਦਾ ਮਾਲਕ ਨਹੀਂ ਬਣ ਸਕਦਾ। ਨਕਲ ਭਾਵੇਂ ਪੇਪਰਾਂ ਵਿਚ ਹੋਵੇ ਜਾਂ ਜ਼ਿੰਦਗੀ ਦੇ ਹੋਰ ਦੂਜੇ ਖੇਤਰਾਂ ਵਿਚ, ਇਹ ਕਦੇ ਵੀ ਸੁਖਦਾਈ, ਫਲਦਾਈ ਤੇ ਸਵੈਹਿਤੈਸ਼ੀ ਨਹੀਂ ਹੁੰਦੀ। ਨਕਲ ਸਾਡੀ ਅਕਲ ਨੂੰ ਖੋਹ ਕੇ ਸਾਡੀ ਵਿਸ਼ਾਲ ਸੋਚ, ਸਿੱਖਣ ਤੇ ਸਮਝਣ ਸਮਰੱਥਾ ਅਤੇ ਸਕਾਰਾਤਮਕ ਨਜ਼ਰੀਏ ਦਾ ਭੱਠਾ ਬਿਠਾ ਕੇ ਰੱਖ ਦਿੰਦੀ ਹੈ।

-ਮਾਸਟਰ ਸੰਜੀਵ ਧਰਮਾਣੀ,ਸ੍ਰੀ ਅਨੰਦਪੁਰ ਸਾਹਿਬ।

19-03-2018

 ਬੁੱਤ 'ਤੇ ਜੀ. ਐਸ. ਟੀ.
ਸੈਂਟਰਲ ਖ਼ਾਲਸਾ ਯਤੀਮਖਾਨੇ ਤੋਂ ਉੱਠ ਕੇ ਦੇਸ਼ ਲਈ ਆਪਣੀ ਜਾਨ ਵਾਰ ਕੇ ਜਲ੍ਹਿਆਂਵਾਲੇ ਬਾਗ਼ ਦਾ ਬਦਲਾ ਅੰਗਰੇਜ਼ ਸਾਮਰਾਜ ਦੀ ਰਾਜਧਾਨੀ ਲੰਡਨ ਵਿਚ ਜਾ ਕੇ ਲੈਣ ਵਾਲੇ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਉੱਪਰ 52 ਹਜ਼ਾਰ ਦੀ ਜੀ. ਐਸ. ਟੀ. ਲਗਾਉਣਾ ਮੰਦਭਾਗਾ ਹੈ। ਸ਼ਹੀਦ ਦੇਸ਼ ਦਾ ਵਡਮੁੱਲਾ ਸਰਮਾਇਆ ਹਨ। ਉਨ੍ਹਾਂ ਦੀਆਂ ਯਾਦਗਾਰਾਂ ਬਣਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸ਼ਹੀਦਾਂ ਦੇ ਬੁੱਤ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੰਗਰ ਛਕਾਉਣ ਵਾਲੀ ਰਸੋਈ ਮੰਨਿਆ ਜਾਂਦਾ ਹੈ, ਉਸ ਉੱਪਰ ਟੈਕਸ ਲਗਾਉਣਾ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ। ਓਨਾ ਨੇ ਸ਼ਹੀਦ ਊਧਮ ਸਿੰਘ, ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪੰਜਾਬ ਅਤੇ ਦੇਸ਼-ਵਿਦੇਸ਼ ਵਿਚ ਵਸਦੇ ਲੋਕਾਂ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲ੍ਹਿਆਂਵਾਲੇ ਬਾਗ਼ ਵਿਚ ਇਕ ਉੱਚ ਪੱਧਰੀ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਉਸਾਰੀ ਜਾਵੇ ਜੋ ਆਉਂਦੇ ਸਾਲ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਕਾਂਡ ਦੀ 100ਵੀਂ ਵਰ੍ਹੇਗੰਢ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਪੰਜਾਬੀਆਂ ਨੂੰ ਇਕ ਅਨਮੋਲ ਤੋਹਫ਼ੇ ਵਜੋਂ ਸੌਂਪੀ ਜਾਵੇ।


-ਇੰਜ: ਸੁਖਚੈਨ ਸਿੰਘ ਲਾਇਲਪੁਰੀ
ਪ੍ਰਧਾਨ ਸ਼ਹੀਦ ਊਧਮ ਸਿੰਘ, ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ, ਪੰਜਾਬ।


ਭਾਰਤੀ ਵਿਦੇਸ਼ ਨੀਤੀ
ਸਰਗੋਸ਼ੀਆਂ 'ਕੀ ਜਸਟਿਨ ਟਰੂਡੋ ਦੇ ਦੌਰੇ ਨੂੰ ਸਾਬੋਤਾਜ ਕੀਤਾ ਗਿਆ?' ਬੜੀ ਡੂੰਘੀ ਸਮੀਖਿਆ ਦਾ ਖਾਸ ਹਿੱਸਾ ਹਨ। ਅਹਿਮ ਤੱਥ ਰੱਖਿਆ ਹੈ ਕਿ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਇੱਟ-ਖੜੱਕਾ ਹੋਵੇ ਤੇ ਰੂਸ ਨਾਲ ਦੋਸਤਾਨਾ ਸਬੰਧਾਂ ਵਿਚ ਦੂਰੀ ਦੌਰਾਨ ਵੀ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਖੁਫੀਆ ਗਠਜੋੜ ਦੇ ਇਕ ਖਾਸ ਮੈਂਬਰ ਨਾਲ ਠੰਢਾ ਵਤੀਰਾ ਭਾਰਤੀ ਵਿਦੇਸ਼ ਨੀਤੀ ਦਾ ਹਿੱਸਾ ਹੈ। ਨੀਤੀ 'ਤੇ ਸਵਾਲਾਂ ਦੀ ਝੜੀ ਲਾਉਂਦਿਆਂ ਵੱਡਾ ਸਵਾਲ ਖੜ੍ਹਾ ਕੀਤਾ ਹੈ ਕਿ ਸ਼ਾਇਦ ਭਾਰਤ ਵਾਧੂ ਸਵੈਵਿਸ਼ਵਾਸ ਦਾ ਸ਼ਿਕਾਰ ਹੈ।
ਜਸਟਿਨ ਟਰੂਡੋ ਦੇ ਭਾਰਤ ਦੇ ਦੌਰੇ ਤੋਂ ਅੱਜ ਤੱਕ ਮਿਲ ਰਹੇ ਸੰਕੇਤਾਂ ਨੂੰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਫਿਕਰਮੰਦ ਦਰਸਾਇਆ ਹੈ। ਲਿਖਤ ਦਾ ਵਿਸ਼ਾ ਸਿੱਖ ਕੌਮ ਨੂੰ ਸਾਵਧਾਨ ਕਰਦਾ ਹੈ ਕਿ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਕੀ ਟਰੂਡੋ ਪ੍ਰਤੀ ਅਪਣਾਇਆ ਰਵੱਈਆ ਘੱਟ-ਗਿਣਤੀਆਂ ਨੂੰ ਕਿਸੇ ਅਣਹੋਣੀ ਦਾ ਅਗਾਊਂ ਸੰਕੇਤ ਤਾਂ ਨਹੀਂ ਦੇ ਰਿਹਾ?


-ਰਸ਼ਪਾਲ ਸਿੰਘ,
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ, ਟਾਂਡਾ ਰੋਡ, ਹੁਸ਼ਿਆਰਪੁਰ।


ਨਿਰਾਸ਼ਾਜਨਕ ਵਤੀਰਾ
ਪੰਜਾਬ ਇਕ ਸੰਵੇਦਨਸ਼ੀਲ ਸੂਬਾ ਹੈ, ਜੋ ਸਮੇਂ ਦੀਆਂ ਅਨੇਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰ ਦੀਆਂ ਸਰਕਾਰਾਂ ਇਸ ਦੀਆਂ ਅਹਿਮ ਸਮੱਸਿਆਵਾਂ ਨੂੰ ਸਮਝਣ ਵਿਚ ਬਹੁਤੀ ਵਾਰ ਅਸਫਲ ਹੀ ਰਹੀਆਂ ਹਨ।
ਹਰੇ ਇਨਕਲਾਬ ਤੋਂ ਬਾਅਦ ਇਸ ਨੂੰ ਕੱਚੇ ਮਾਲ ਦੀ ਮੰਡੀ ਹੀ ਬਣਾ ਕੇ ਰੱਖਿਆ ਗਿਆ ਹੈ। ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਲਈ ਕਣਕ, ਝੋਨੇ ਦੇ ਫਸਲੀ ਚੱਕਰ ਵਿਚ ਹੀ ਰੱਖਿਆ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਕਣਕ, ਝੋਨੇ ਦੀ ਰਹਿੰਦ-ਖੂੰਹਦ ਨੂੰ ਤਕਨੀਕੀ ਸਹਾਇਤਾ ਨਾਲ ਹੀ ਨਿਪਟਾਇਆ ਜਾ ਸਕਦਾ ਹੈ।
ਦੇਸ਼ ਦਾ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਚੁੱਕਾ ਹੈ ਪਰ ਦੇਸ਼ ਦੀਆਂ ਸਰਕਾਰਾਂ ਇਸ ਅਹਿਮ ਸਮੱਸਿਆ 'ਤੇ ਰਾਜਨੀਤੀ ਕਰ ਰਹੀਆਂ ਹਨ, ਜਦੋਂ ਕਿ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਦਾ ਹੱਲ ਬੜੀ ਸੰਜੀਦਗੀ ਨਾਲ ਕਰਨਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ,
ਪਿੰਡ ਤੇ ਡਾਕ: ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।


* ਸਰਕਾਰਾਂ ਦੇ ਇਸ ਨਾਅਰੇ ਵਿਚ ਕਿੰਨੀ ਸਚਾਈ ਹੈ, ਇਸ ਦਾ ਅੰਦਾਜ਼ਾ ਕਿਸਾਨਾਂ ਦੀਆਂ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਬਾਰੇ ਪੜ੍ਹ ਕੇ ਹੋ ਜਾਂਦਾ ਹੈ। ਕਰਜ਼ਾ ਮੁਆਫ਼ੀ ਵੀ ਚੋਣ-ਜੁਮਲਾ ਹੀ ਸਿੱਧ ਹੋਈ ਹੈ। ਜੇਕਰ ਸਰਕਾਰ ਕਿਸਾਨਾਂ ਦੀ ਮੰਦਹਾਲੀ ਪ੍ਰਤੀ ਗੰਭੀਰ ਨਹੀਂ ਹੁੰਦੀ ਤਾਂ ਕਿਸਾਨ ਘਾਟੇ ਦਾ ਵਣਜ ਬਣੀ ਖੇਤੀ ਤੋਂ ਛੇਤੀ ਹੀ ਦੂਰ ਹੋ ਜਾਣਗੇ। ਦੇਸ਼ ਵਿਚ ਭੁੱਖਮਰੀ ਵਰਗੇ ਹਾਲਾਤ ਬਣਦਿਆਂ ਦੇਰ ਨਹੀਂ ਲੱਗੇਗੀ। ਕਿਸਾਨਾਂ ਦੀ ਮੰਦਹਾਲੀ ਲਈ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਹੀ ਜ਼ਿੰਮੇਵਾਰ ਹਨ।


-ਲਖਵਿੰਦਰ ਸਿੰਘ ਗਿੱਲ,
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।

16-03-2018

 ਔਰਤਾਂ ਨੂੰ ਜਾਗੂਰਕ ਹੋਣ ਦੀ ਲੋੜ
ਅਜੋਕੇ ਸਮਾਜ ਵਿਚ ਔਰਤ ਨੂੰ ਸਿੱਖਿਅਕ ਤੇ ਜਾਗਰੂਕ ਹੋਣ ਦੀ ਲੋੜ ਹੈ। ਅੱਜ ਭਾਰਤ ਦੇਸ਼ ਵਿਚ ਔਰਤ ਆਪਣੇ ਮਿਲੇ ਅਧਿਕਾਰਾਂ ਤੋਂ ਕੋਹਾਂ ਦੂਰ ਨਜ਼ਰ ਆਉਂਦੀ ਲਗਦੀ ਹੈ। ਸਮਾਜ ਵਿਚ ਉਸ ਨੂੰ ਬੁਰੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ। ਪਿੰਡਾਂ ਵਿਚ ਹਰ ਔਰਤ ਨੂੰ ਆਪਣੀ ਬੇਟੀ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਰਦ ਪ੍ਰਧਾਨ ਸਮਾਜ ਵਿਚ ਬਰਾਬਰ ਹੱਕ ਲੈ ਸਕੇ। ਔਰਤ ਅੱਜ ਪੈਰ ਦੀ ਜੁੱਤੀ ਨਹੀਂ ਰਹੀ, ਉਹ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰ ਰਹੀ ਹੈ। ਅੱਜ ਔਰਤ ਹਰ ਖੇਤਰ ਵਿਚ ਮਰਦ ਨਾਲੋਂ ਅੱਗੇ ਦੱਸੀ ਜਾਂਦੀ ਹੈ। ਜੇ ਔਰਤ ਨੂੰ ਰਾਤ ਨੂੰ ਇਕੱਲੀ ਨੂੰ ਆਉਣਾ ਪੈ ਜਾਵੇ ਤਾਂ ਉਸ ਦੀ ਜਾਨ ਹਿਚਕੀਆਂ ਲੈਣ ਲੱਗ ਪੈਂਦੀ ਹੈ। ਔਰਤ ਨੂੰ ਦੁਰਗਾ, ਕੰਨਿਆ, ਕੰਜਕਾਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਫਿਰ ਵੀ ਔਰਤ ਹੀ ਭਰੂਣ ਹੱਤਿਆ ਕਰਨ ਵਿਚ ਪਤੀ ਨਾਲ ਬਰਾਬਰ ਦੀ ਦੋਸ਼ੀ ਹੈ।


-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਬੇਰੁਜ਼ਗਾਰੀ
ਪੰਜਾਬ ਵਿਚ ਬੇਰੁਜ਼ਗਾਰੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿਚ ਬੇਰੁਜ਼ਗਾਰਾਂ ਦੀ ਗਿਣਤੀ 22 ਲੱਖ ਦੇ ਕਰੀਬ ਹੈ। ਸਰਕਾਰ ਦੁਆਰਾ ਇਸ ਲਈ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਪਰ ਇਹ ਰੁਜ਼ਗਾਰ ਮੇਲੇ ਲਗਾ ਕੇ ਕੇਵਲ ਵਾਅਦਾ ਪੂਰਾ ਕਰਨ ਦੀ ਕਵਾਇਦ ਪੂਰੀ ਕੀਤੀ ਜਾ ਰਹੀ ਹੈ। ਇਨ੍ਹਾਂ ਮੇਲਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਬੇਰੁਜ਼ਗਾਰਾਂ ਦੀ ਭੀੜ ਉਮੜ ਰਹੀ ਹੈ ਪਰ ਕੋਈ ਯੋਜਨਾਬੰਦੀ ਨਾ ਹੋਣ ਕਰਕੇ ਨੌਜਵਾਨਾਂ ਦੇ ਹੱਥ ਨਿਰਾਸ਼ਾ ਹੀ ਪੈ ਰਹੀ ਹੈ। ਸਰਕਾਰੀ ਅਦਾਰਿਆਂ ਜਿਵੇਂ ਸੁਵਿਧਾ ਕੇਂਦਰਾਂ ਤੇ ਹੋਰ ਕਈ ਅਦਾਰਿਆਂ ਦੇ ਬੰਦ ਹੋਣ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਗਿਆ ਹੈ। ਸਰਕਾਰੀ ਅਦਾਰਿਆਂ ਵਿਚ ਹੋਰ ਨੌਕਰੀਆਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਹਿਲਾਂ ਨੌਕਰੀਆਂ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਪੰਜਾਬ ਦਾ ਬਜਟ ਥੋੜ੍ਹੇ ਦਿਨਾਂ ਤੱਕ ਪੇਸ਼ ਕੀਤਾ ਜਾਣਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜਟ ਵਿਚ ਇਸ ਸਮੱਸਿਆ 'ਤੇ ਗ਼ੌਰ ਕਰੇ।


-ਕਮਲ ਬਰਾੜ।
ਪਿੰਡ ਕੋਟਲੀ ਅਬਲੂ।


ਜਬਰ ਜਨਾਹ ਮਾਮਲਾ
ਸੰਸਾਰ ਵਿਚ ਔਰਤ ਸਮਾਜ ਪ੍ਰਤੀ ਨਜ਼ਰਅੰਦਾਜ਼ਗੀ ਹਮੇਸ਼ਾ ਹੀ ਉਨ੍ਹਾਂ ਨੂੰ ਦਬਾਉਂਦੀ ਆਈ ਜਿਸ ਦੇ ਸਿੱਟੇ ਪਿਛਲੇ ਕਈ ਸਾਲਾਂ ਤੋਂ ਜ਼ਬਾਨੀ ਬਿਆਨਾਂ ਤੋਂ ਬਾਹਰ ਹੋ ਗਏ ਹਨ। ਗੈਂਗ ਰੇਪ ਤੇ ਜਬਰ ਜਨਾਹ ਦੀਆਂ ਹੋਈਆਂ ਮੰਦਭਾਗੀਆਂ ਘਟਨਾਵਾਂ ਨੇ ਔਰਤਾਂ ਦੀ ਸੁਰੱਖਿਆ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅਜਿਹੇ ਮਾਮਲਿਆਂ ਦੀ ਬਹੁਤਾਤ ਅਤੇ ਸਮਾਜਿਕ ਪੀੜ ਨੂੰ ਦੇਖਦਿਆਂ ਰਾਜਸਥਾਨ ਦੀ ਸੂਬਾ ਸਰਕਾਰ ਨੇ ਮੰਤਰੀ ਮੰਡਲ ਵਿਚ ਇਕ ਬਿੱਲ ਪਾਸ ਕੀਤਾ ਹੈ ਜਿਸ ਵਿਚ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਅਪਰਾਧੀ ਦੀ ਸਜ਼ਾ ਮੌਤ ਮਿਥੀ ਗਈ ਹੈ। ਅਜਿਹਾ ਕਰਨ ਵਿਚ ਇਹ ਸੂਬਾ ਦੂਜੇ ਸਥਾਨ 'ਤੇ ਹੈ ਜਦ ਕਿ ਇਸ ਵਿਚ ਮੋਹਰੀ ਸੂਬਾ ਮੱਧ-ਪ੍ਰਦੇਸ਼ ਹੈ। ਹਰ ਪ੍ਰਾਂਤਕ ਸਰਕਾਰ ਨੂੰ ਇਹ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।


-ਰਵਿੰਦਰ ਸਿੰਘ ਰੇਸ਼ਮ
ਨੱਥੂਮਾਜਰਾ, ਸੰਗਰੂਰ।

14-03-2018

 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ'
23 ਫਰਵਰੀ, 2018 ਨੂੰ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ 'ਅਜੀਤ' ਤੇ 'ਅਜੀਤ ਸਮਾਚਾਰ' ਦੇ ਪਹਿਲੇ ਪੰਨੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਅਤੇ ਭਾਰਤ ਸਰਕਾਰ ਦੇ ਠੰਢੇ ਵਤੀਰੇ ਸਬੰਧੀ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਦੇ ਸਿਰਲੇਖ ਹੇਠ ਵਿਸ਼ੇਸ਼ ਸੰਪਾਦਕੀ ਲਿਖਿਆ ਸੀ, ਜਿਸ ਦੇ ਪ੍ਰਤੀਕਰਮ ਵਜੋਂ ਪਾਠਕਾਂ ਵਲੋਂ ਅਨੇਕਾਂ ਪੱਤਰ ਆਏ ਸਨ। ਕੁਝ ਚੋਣਵੇਂ ਪੱਤਰ ਇਥੇ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ

-ਸੰਪਾਦਕ।


* ਸੰਪਾਦਕੀ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਨੂੰ ਪੜ੍ਹ ਕੇ ਬਹੁਤ ਹੀ ਬੁਰਾ ਮਹਿਸੂਸ ਹੋਇਆ। ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਇਸ ਤਰ੍ਹਾਂ ਦਾ ਵਰਤਾਰਾ ਕੈਨੇਡਾ ਵਿਚ ਵਸੇ ਭਾਰਤੀਆਂ ਲਈ ਮੁਸੀਬਤ ਵੀ ਬਣ ਸਕਦਾ ਹੈ। ਭਾਰਤ ਨੂੰ ਅਜਿਹੇ ਵਰਤਾਰੇ ਦੀ ਥਾਂ ਆਪਣੇ ਮਿੱਤਰ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਭਵਿੱਖ ਵਿਚ ਇਸ ਦਾ ਕੋਈ ਖਮਿਆਜ਼ਾ ਨਾ ਭੁਗਤਣਾ ਪਵੇ।


-ਕਰਨ ਜੈਨ

* 'ਅਜੀਤ' ਦੇ ਪਹਿਲੇ ਪੰਨੇ 'ਤੇ ਲਿਖੇ ਸੰਪਾਦਕੀ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਲਈ ਲੱਖ-ਲੱਖ ਮੁਬਾਰਕਾਂ ਅਤੇ ਸ਼ਾਬਾਸ਼! ਇਹ ਸੰਪਾਦਕੀ ਜਿਥੇ ਹਰ ਪੰਜਾਬੀ ਦੇ ਦਿਲਾਂ ਦੀ ਧੜਕਣ ਹੋ ਨਿਬੜਿਆ ਹੈ, ਉਥੇ ਇਸ ਨੇ ਪੱਤਰਕਾਰੀ ਦੇ ਦਿਸਹੱਦੇ ਵਿਚ ਇਕ ਨਵਾਂ ਮੀਲ ਪੱਥਰ ਗੱਡਿਆ ਹੈ। ਇਸ ਸੰਪਾਦਕੀ ਲਈ ਜਿਥੇ ਹਰ ਪੰਜਾਬੀ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ, ਉਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਿਤਾਮਾ, ਸਵਰਗੀ ਸ: ਸਾਧੂ ਸਿੰਘ ਹਮਦਰਦ ਜੀ, ਆਪਣੇ ਸਪੂਤ ਦੀ ਇਸ ਬਹਾਦਰੀ ਉੱਤੇ ਅਸੀਸਾਂ ਅਤੇ ਖੁਸ਼ੀਆਂ ਦੇ ਫੁੱਲ ਬਰਸਾ ਰਹੇ ਹਨ।


-(ਸਾਬਕਾ) ਮਾਸਟਰ ਕੁਲਬੀਰ ਸਿੰਘ
ਵਿਸ਼ਵਕਰਮਾ ਹਾ: ਸੈ: ਸਕੂਲ, ਮਿੱਲਰਗੰਜ, ਲੁਧਿਆਣਾ।

* 'ਅਜੀਤ' ਦੇ ਪਹਿਲੇ ਹੀ ਪੰਨੇ ਉਪਰ 'ਭਾਰਤ ਨੇ ਪ੍ਰਾਹੁਣਾਚਾਰੀ ਦੀ ਪਰੰਪਰਾ ਤੋੜੀ' ਵਿਚ ਭਾਰਤ ਦੀ ਮੋਦੀ ਸਰਕਾਰ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਢੁੱਕਵਾਂ ਸਵਾਗਤ ਨਾ ਕਰਨ ਦੇ ਕੌੜੇ ਸੱਚ ਨੂੰ ਬਹੁਤ ਹੀ ਦਲੇਰੀ ਨਾਲ ਬਿਆਨ ਕੀਤਾ ਗਿਆ ਹੈ। ਇਸ ਸੰਪਾਦਕੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਯੋਗ ਮਾਣ ਸਨਮਾਨ ਨਾ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ। ਅਸਲ ਵਿਚ ਇਸ ਸੰਪਾਦਕੀ ਵਿਚ ਸ: ਬਰਜਿੰਦਰ ਸਿੰਘ ਹਮਦਰਦ ਜੀ ਨੇ ਹਰ ਪੰਜਾਬੀ ਦੇ ਦਿਲ ਦੀ ਗੱਲ ਨੂੰ ਹੀ ਬਹੁਤ ਹੀ ਸੋਹਣੇ ਅਤੇ ਢੁੱਕਵੇਂ ਸ਼ਬਦਾਂ ਵਿਚ ਬਿਆਨ ਕੀਤਾ ਹੈ।
ਅੱਜ ਦੇ ਸਮੇਂ ਵਿਚ ਜਿਥੇ ਵੱਡੀ ਗਿਣਤੀ ਵਿਚ ਟੀ. ਵੀ. ਚੈਨਲ ਅਤੇ ਕਈ ਅਖ਼ਬਾਰ ਵੀ ਸਿਰਫ ਪ੍ਰਧਾਨ ਮੰਤਰੀ ਮੋਦੀ ਦਾ ਗੁਣਗਾਨ ਕਰਨ ਨੂੰ ਹੀ ਪੱਤਰਕਾਰੀ ਸਮਝੀ ਬੈਠੇ ਹਨ, ਉਥੇ ਸ: ਬਰਜਿੰਦਰ ਸਿੰਘ ਹਮਦਰਦ ਨੇ ਜਿਸ ਦਲੇਰੀ ਨਾਲ ਭਾਰਤ ਦੀ ਮੋਦੀ ਸਰਕਾਰ ਵਲੋਂ ਭਾਰਤੀ ਪ੍ਰਾਹੁਣਚਾਰੀ ਦੀ ਪਰੰਪਰਾ ਨੂੰ ਤੋੜਨ ਦੇ ਕੌੜੇ ਸੱਚ ਨੂੰ ਬਿਆਨ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਭਾਰਤ ਵਿਚ ਮਹਿਮਾਨ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਪ੍ਰਤੀ ਦਿਖਾਈ ਇਕ ਤਰ੍ਹਾਂ ਦੀ ਬੇਰੁਖ਼ੀ ਨੇ ਭਾਰਤੀਆਂ ਦੇ ਹੀ ਮਾਣ-ਸਨਮਾਨ ਨੂੰ ਸੱਟ ਮਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਉੱਪਰ ਭਾਰਤ ਤੇ ਭਾਰਤੀਆਂ ਦਾ ਸਿਰ ਨੀਵਾਂ ਹੋਇਆ ਹੈ। ਅਜਿਹੀ ਸੱਚਾਈ ਭਰਪੂਰ ਸੰਪਾਦਕੀ ਲਿਖਣ ਲਈ ਸ: ਬਰਜਿੰਦਰ ਸਿੰਘ ਹਮਦਰਦ ਜੀ ਵਧਾਈ ਦੇ ਪਾਤਰ ਹਨ।


ਅਜੀਤ ਦੀ ਹੋਰ ਤਰੱਕੀ ਦੀ ਆਸ ਵਿਚ
-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ, ਵਿੱਦਿਆ ਨਗਰ ਪਟਿਆਲਾ।

* ਘਰ ਆਏ ਮਹਿਮਾਨਾਂ ਦਾ ਸਵਾਗਤ ਕਰਨਾ ਭਾਰਤ ਦੀ ਪਰੰਪਰਾ ਰਹੀ ਹੈ ਪਰ ਕੈਨੇਡਾ ਤੋਂ ਆਏ ਪ੍ਰਧਾਨ ਮੰਤਰੀ ਦਾ ਉਚਿਤ ਢੰਗ ਨਾਲ ਸਵਾਗਤ ਨਾ ਕਰਨਾ ਅਤੇ ਕੈਨੇਡਾ ਦੀ ਭਾਰਤ ਪ੍ਰਤੀ ਦੋਸਤਾਨਾ ਪਹੁੰਚ ਤੋਂ ਲਾਭ ਨਾ ਉਠਾਉਣਾ ਉਚਿਤ ਨਹੀਂ ਮੰਨਿਆ ਜਾ ਸਕਦਾ। ਇਸ ਤਰ੍ਹਾਂ ਦਾ ਠੰਢਾ ਵਿਵਹਾਰ ਕਿਸੇ ਮਹਿਮਾਨ ਨਾਲ ਕਰਨਾ ਠੀਕ ਨਹੀਂ ਸੀ।


-ਅਰਸ਼ ਅਰੋੜਾ
arsha0789@gmail.com

* ਪਹਿਲੇ ਪੰਨੇ ਉੱਤੇ ਛਪੇ ਸੰਪਾਦਕੀ ਪੜ੍ਹ ਕੇ ਇਕ ਭਾਰਤੀ ਹੋ ਕੇ ਪ੍ਰਾਹੁਣਾਚਾਰੀ ਤੇ ਸ਼ਰਮ ਆਉਣਾ ਸੁਭਾਵਿਕ ਹੈ। ਸਦੀਆਂ ਤੋਂ ਭਾਰਤ ਦੀ ਪਰੰਪਰਾ ਰਹੀ ਹੈ ਕਿ ਮਹਿਮਾਨ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਰਿਹਾ ਹੈ। ਪਰ ਇਹ ਪਰੰਪਰਾ ਤੋੜ ਕੇ ਲੋਕਾਂ ਨੂੰ ਭਾਰਤੀਆਂ ਦੀ ਪ੍ਰਾਹੁਣਾਚਾਰੀ ਬਾਰੇ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ।


-ਜਸਪ੍ਰੀਤ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

* ਦੂਰਅੰਦੇਸ਼ੀ ਸੋਚ ਦੇ ਬਲਬਲਿਆਂ ਨੂੰ ਪੜ੍ਹ ਕੇ ਬੇਹੱਦ ਖੁਸ਼ੀ ਮਹਿਸੂਸ ਹੋਈ। 'ਅਜੀਤ' ਵਿਚ ਤੁਹਾਡੀ ਕਲਮ ਨੇ ਪੰਜਾਬੀਅਤ ਦਾ ਸਿਰ ਮਾਣ ਨਾਲ ਹੋਰ ਵੀ ਉੱਚਾ ਕਰ ਦਿੱਤਾ ਹੈ। ਜਦੋਂ ਕੈਨੇਡਾ ਵਰਗੇ ਅਗਾਂਹਵਧੂ ਸੋਚ ਰੱਖਣ ਵਾਲੇ ਦੇਸ਼ ਦੇ ਨਿਮਰਤਾ ਤੇ ਹਲੀਮੀ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਭਾਰਤ ਸਰਕਾਰ ਦੀ ਉੱਭਰੀ ਸੌੜੀ ਸੋਚ ਨੂੰ ਲਾਹਨਤਾਂ ਪਾਉਣ ਲਈ ਹਰ ਪਾਸੇ ਤੁਹਾਡੀ ਭਰਪੂਰ ਸ਼ਲਾਘਾ ਹੋ ਰਹੀ ਹੈ। ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਬਲ ਬਖ਼ਸ਼ੇ ਅਤੇ ਪੰਜਾਬ ਪੰਜਾਬੀਅਤ ਦੀ ਸੇਵਾ ਦਿਨ-ਰਾਤ ਕਰਨ ਦਾ ਆਪਣਾ ਸਫ਼ਰ ਜਾਰੀ ਰੱਖੇ।


-ਕੁਲਵਿੰਦਰ ਸਿੰਘ ਨਿਜ਼ਾਮਪੁਰ
ਪੱਤਰਕਾਰ 'ਅਜੀਤ' ਮਲੌਦ (ਖੰਨਾ)।

13-03-2018

 ਨਸ਼ਾ ਤੇ ਜਵਾਨੀ
ਨਸ਼ਾ ਸਾਡੇ ਪੰਜਾਬ, ਸਾਡੇ ਸਮਾਜ ਤੇ ਸਮੁੱਚੀ ਕੌਮ 'ਤੇ ਇਕ ਵੱਡਾ ਦਾਗ਼ ਹੈ ਜਿਸ ਨੂੰ ਲਾਹੁਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਕਿਉਂਕਿ ਇਸ ਦੀ ਦਲ-ਦਲ ਏਨੀ ਡੂੰਘੀ ਹੋ ਚੁੱਕੀ ਹੈ ਜਿਸ ਦੀ ਲਪੇਟ ਵਿਚ ਛੋਟੇ-ਵੱਡੇ ਮੁੰਡੇ-ਕੁੜੀਆਂ ਆਦਿ ਆ ਚੁੱਕੇ ਹਨ ਜਿਨ੍ਹਾਂ ਨੇ ਨਸ਼ੇ ਕਰਕੇ ਆਪਣੀ ਬਹੁ-ਅਣਮੁੱਲੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਹੈ। ਅੱਜ ਬਹੁਤ ਸਾਰੀਆਂ ਕੁੜੀਆਂ ਵੀ ਇਸ ਨਸ਼ੇ ਦੀ ਦਲ-ਦਲ ਵਿਚ ਫਸ ਚੁੱਕੀਆਂ ਹਨ। ਅੱਜ ਸਾਡੇ ਪੰਜਾਬ ਵਿਚ ਪਤਾ ਨਹੀਂ ਕਿੰਨੇ ਕੁ ਨਸ਼ੇ ਹਨ, ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਕੱਖੋਂ ਹੌਲੀ ਹੁੰਦੀ ਜਾ ਰਹੀ ਹੈ।

-ਗੁਰਦੀਪ ਸਿੰਘ ਘੋਲੀਆ
ਜੀ. ਐਸ. ਲੈਬ (ਚੜਿੱਕ)।

ਇਕ ਪਿੰਡ, ਇਕ ਗੁਰੂ ਘਰ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ ਅਹਿਮ ਬਿਆਨ ਦਿੱਤਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਇਕ ਪਿੰਡ ਵਿਚ ਇਕ ਹੀ ਗੁਰੂ ਘਰ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਜਾ ਰਹੀ ਹੈ ਜੋ ਕਿ ਇਕ ਬਹੁਤ ਹੀ ਵਧੀਆ ਤੇ ਪ੍ਰਸੰਸਾਯੋਗ ਕਾਰਜ ਹੈ। ਜਦੋਂ ਗੁਰੂ ਘਰਾਂ ਵਿਚ ਦਲਿਤ ਸਮਾਜ ਦੇ ਲੋਕਾਂ ਨਾਲ ਜਾਤੀ ਈਰਖਾ ਅਤੇ ਭੇਦ-ਭਾਵ, ਊਚ-ਨੀਚ ਦੀ ਅੱਖ ਨਾਲ ਦੇਖਿਆ ਜਾਂਦਾ ਹੈ ਤਾਂ ਗੁਰੂ ਪ੍ਰਤੀ ਆਪਣੀ ਸ਼ਰਧਾ ਬਰਕਰਾਰ ਰੱਖਣ ਲਈ ਇਸ ਸਮਾਜ ਨੂੰ ਵੱਖਰੇ ਗੁਰੂ ਘਰ ਬਣਾਉਣ ਦੀ ਲੋੜ ਮਹਿਸੂਸ ਹੁੰਦੀ ਹੈ। ਗੁਰੂ ਘਰ ਇਕ ਪਿੰਡ ਵਿਚ ਇਕ ਹੀ ਹੋਣਾ ਚਾਹੀਦਾ ਹੈ। ਪਰ ਗੁਰੂ ਘਰਾਂ ਵਿਚੋਂ ਅਖੌਤੀਪੁਣਾ, ਜਾਤ-ਪਾਤ ਆਦਿ ਬਿਲਕੁਲ ਖ਼ਤਮ ਹੋਣੀ ਚਾਹੀਦੀ ਹੈ। ਜੇ ਪ੍ਰਧਾਨ ਜੀ ਇਸ ਕਾਰਜ ਨੂੰ ਸਹੀ ਸਲਾਮਤ ਨੇਪਰੇ ਚਾੜ੍ਹ ਲੈਂਦੇ ਹਨ ਤਾਂ ਉਨ੍ਹਾਂ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

-ਕੇਵਲ ਸਿੰਘ ਬਾਠਾਂ

ਮਾਣਯੋਗ ਜਸਟਿਨ ਟਰੂਡੋ
ਸੰਸਾਰ ਪ੍ਰਸਿੱਧ, ਹਰ ਦਿਲ ਅਜ਼ੀਜ਼ ਸ਼ਖ਼ਸੀਅਤ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਖੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਬਹੁਤ ਮਾਣ ਦਿੱਤਾ ਹੈ। ਕੈਨੇਡਾ ਵਿਖੇ ਜੋ ਪੰਜਾਬੀ ਭਾਸ਼ਾ ਨੂੰ ਸਤਿਕਾਰ ਦਿੱਤਾ ਹੈ, ਉਹ ਭਾਰਤ ਵਿਚ ਕਿਸੇ ਸੂਬੇ ਨੇ ਵੀ ਨਹੀਂ ਦਿੱਤਾ ਹੈ। ਦੁਨੀਆ ਭਰ ਦੇ ਲੋਕਾਂ ਦੇ ਹੱਕ-ਸੱਚ ਤੇ ਇਨਸਾਫ਼ ਦਾ ਅਨੁਭਵ ਇਨ੍ਹਾਂ ਦੇ ਦਿਲ ਵਿਚ ਮੌਜੂਦ ਹੈ। ਅਮੀਰ ਮੀਨਾਈ ਦਾ ਸ਼ੇਅਰ ਟਰੂਡੋ ਜੀ ਦੀ ਸ਼ਖ਼ਸੀਅਤ 'ਤੇ ਇਨ-ਬਿਨ ਢੁੱਕਦਾ ਹੈ :-
ਖੰਜਰ ਚਲੇ ਕਿਸੀ ਪੇ ਤੜਪੇਂ ਹੈਂ ਹਮ 'ਅਮੀਰ'
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਭਾਰਤੀ ਵਿਦੇਸ਼ ਨੀਤੀ
'ਸਰਗੋਸ਼ੀਆਂ' ਕਾਲਮ 'ਚ 'ਕੀ ਜਸਟਿਨ ਟਰੂਡੋ ਦੇ ਦੌਰੇ ਨੂੰ ਸਾਬੋਤਾਜ ਕੀਤਾ ਗਿਆ?' ਬੜੀ ਡੂੰਘੀ ਸਮੀਖਿਆ ਦਾ ਖਾਸ ਹਿੱਸਾ ਸੀ। ਅਹਿਮ ਤੱਥ ਰੱਖਿਆ ਹੈ ਕਿ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਇੱਟ ਖੜੱਕਾ ਹੋਵੇ ਤੇ ਰੂਸ ਨਾਲ ਦੋਸਤਾਨਾ ਸਬੰਧਾਂ ਵਿਚ ਦੂਰੀ ਦੌਰਾਨ ਵੀ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਖ਼ੂਫ਼ੀਆ ਗਠਜੋੜ ਦੇ ਇਕ ਖ਼ਾਸ ਮੈਂਬਰ ਨਾਲ ਠੰਢਾ ਵਤੀਰਾ ਭਾਰਤੀ ਵਿਦੇਸ਼ ਨੀਤੀ ਦਾ ਹਿੱਸਾ ਹੈ। ਲੇਖਕ ਨੇ ਜਸਟਿਨ ਟਰੂਡੋ ਦੇ ਭਾਰਤ ਦੇ ਦੌਰੇ ਤੋਂ ਅੱਜ ਤੱਕ ਮਿਲ ਰਹੇ ਸੰਕੇਤਾਂ ਨੂੰ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਫਿਕਰਮੰਦ ਦਰਸਾਇਆ ਹੈ। ਦੇਸ਼ ਭਰ ਦੇ ਸਾਰੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਇਕ ਲੋਕਰਾਜੀ ਮੰਗ ਨੂੰ ਕਿਵੇਂ ਖ਼ਾਲਿਸਤਾਨ ਵੱਲ ਧੱਕ ਕੇ ਦੇਸ਼ ਵਿਰੋਧੀ ਬਣਾ ਦਿੱਤਾ ਗਿਆ। ਕੀ ਟਰੂਡੋ ਪ੍ਰਤੀ ਅਪਣਾਇਆ ਰਵੱਈਆ ਘੱਟ-ਗਿਣਤੀਆਂ ਨੂੰ ਕਿਸੇ ਅਣਹੋਣੀ ਦਾ ਅਗਾਊਂ ਸੰਕੇਤ ਤਾਂ ਨਹੀਂ ਦੇ ਰਿਹਾ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।

12-03-2018

 ਖੱਜਲ-ਖੁਆਰੀ
ਪੰਜਾਬ ਵਿਚ ਚੱਲ ਰਹੀਆਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵਲੋਂ ਸਮੇਂ ਸਿਰ ਪਰਚੀਆਂ ਨਾ ਦੇਣ ਤੇ ਅਦਾਇਗੀਆਂ ਸਮੇਂ ਸਿਰ ਨਾ ਕਰਨ ਕਰਕੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਸ ਸਾਲ 'ਚ ਕਈ ਖੰਡ ਮਿੱਲਾਂ ਵਲੋਂ ਸਮੇਂ ਸਿਰ ਅਦਾਇਗੀ ਕਰਨ ਦੀ ਗੱਲ ਆਖੀ ਗਈ ਸੀ ਪਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪੈਸੇ ਮਹੀਨਾ ਬੀਤ ਜਾਣ ਦੇ ਬਾਅਦ ਵੀ ਨਹੀਂ ਪਾਏ ਗਏ। ਪਰਚੀਆਂ ਦੇਣ ਦੇ ਮਾਮਲੇ 'ਚ ਕਈ ਖੰਡ ਮਿੱਲਾਂ ਆਪਣੇ ਚਹੇਤੇ ਕਿਸਾਨਾਂ ਜਾਂ ਆਪਣੇ ਇਲਾਕੇ ਤੋਂ ਬਾਹਰਲੀਆਂ ਮਿੱਲਾਂ ਦੇ ਕਿਸਾਨਾਂ ਨੂੰ ਪਰਚੀਆਂ ਦੇ ਰਹੇ ਹਨ, ਜਿਸ ਕਰਕੇ ਗੰਨਾ ਕਾਸ਼ਤਕਾਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਸਰਕਾਰ ਅੱਜ ਭਾਵੇਂ ਗੰਨੇ ਹੇਠ ਰਕਬਾ ਵਧਾਉਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਗੰਨੇ ਦਾ ਮੁੱਲ ਵਧਾਇਆ ਜਾਵੇ, ਪਰਚੀਆਂ ਸਮੇਂ ਸਿਰ ਕਿਸਾਨਾਂ ਨੂੰ ਦੇਵੇ, ਅਦਾਇਗੀ ਸਮੇਂ ਸਿਰ ਕੀਤੀ ਜਾਵੇ ਤੇ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ।


-ਸ਼ਮਸ਼ੇਰ ਸਿੰਘ ਸੋਹੀ,
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ (ਗੁਰਦਾਸਪੁਰ)।


ਪੁਲਿਸ ਵਿਭਾਗ
ਹਕੀਕਤ ਇਹ ਹੈ ਕਿ ਕਿਧਰੇ ਨਾ ਕਿਧਰੇ ਪੁਲਿਸ ਮੁਲਾਜ਼ਮ ਦਬਾਅ ਹੇਠ ਕੰਮ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਕਈ ਵਾਰ ਗ਼ਲਤ ਬੰਦਿਆਂ ਦੇ ਹੱਕ ਵਿਚ ਪੁਲਿਸ ਤੁਰ ਪੈਂਦੀ ਹੈ। ਇਕ ਗ਼ਲਤ ਕੰਮ ਸੌ ਗ਼ਲਤ ਕੰਮਾਂ ਨੂੰ ਜਨਮ ਦਿੰਦਾ ਹੈ। ਬਿਨਾਂ ਸ਼ੱਕ ਮਾਨਸਿਕ ਤੌਰ 'ਤੇ ਮੁਲਾਜ਼ਮ ਪ੍ਰੇਸ਼ਾਨ ਹਨ, ਪੂਰੀ ਹਮਦਰਦੀ ਹੈ ਉਨ੍ਹਾਂ ਨਾਲ ਪਰ ਕਦੇ ਉਸ ਆਮ ਬੰਦੇ ਦੀ ਹਾਲਤ 'ਤੇ ਵੀ ਨਜ਼ਰ ਮਾਰੋ, ਜੋ ਠੀਕ ਹੁੰਦਾ ਹੈ, ਆਪਣੀ ਰਿਪੋਰਟ ਦਰਜ ਕਰਵਾਉਣ ਜਾਂਦਾ ਹੈ ਪਰ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਸ ਦੀ ਸ਼ਿਕਾਇਤ ਹੀ ਦਰਜ ਨਹੀਂ ਕੀਤੀ ਜਾਂਦੀ ਤੇ ਨਾ ਕਾਰਵਾਈ ਹੁੰਦੀ ਹੈ। ਨਤੀਜਾ ਗ਼ਲਤ ਅਨਸਰਾਂ ਨੂੰ ਹੋਰ ਹੱਲਾਸ਼ੇਰੀ ਮਿਲ ਜਾਂਦੀ ਹੈ। ਪੁਲਿਸ ਜਨਤਾ ਦੇ ਜਾਨ-ਮਾਲ ਦੀ ਜ਼ਿੰਮੇਵਾਰ ਹੈ। ਸਰਕਾਰਾਂ ਨੂੰ ਇਨ੍ਹਾਂ ਨੂੰ ਦਬਾਅ ਮੁਕਤ ਕੰਮ ਕਰਨ ਦਾ ਮਾਹੌਲ ਦਿੱਤਾ ਜਾਵੇ ਤੇ ਇਨ੍ਹਾਂ ਵਲੋਂ ਕੀਤੀ ਗਈ ਕਿਸੇ ਵੀ ਕੁਤਾਹੀ ਨੂੰ ਮੁਆਫ਼ ਨਾ ਕੀਤਾ ਜਾਵੇ। ਜੋ ਮਾਹੌਲ ਬਣ ਰਿਹਾ ਹੈ, ਉਹ ਸਾਡੀ ਅਗਲੀ ਪੀੜ੍ਹੀ ਦੇ ਰਹਿਣ ਯੋਗ ਨਹੀਂ ਰਹਿਣਾ। ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ।


-ਪ੍ਰਭਜੋਤ ਕੌਰ ਢਿੱਲੋਂ


ਮਾਂ-ਬੋਲੀ
ਬੀਤੇ ਦਿਨੀਂ ਸਾਰੇ ਹੀ ਸੰਸਾਰ ਵਿਚ ਮਾਤ-ਭਾਸ਼ਾ ਕੌਮਾਂਤਰੀ ਦਿਵਸ ਮਨਾਇਆ ਗਿਆ। ਇਵੇਂ ਹੀ ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ 'ਤੇ ਰਸਮੀ ਤੌਰ 'ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਵਿਸ਼ਵੀਕਰਨ ਨੇ ਵਿੱਦਿਆ ਦਾ ਵਪਾਰੀਕਰਨ ਕਰ ਦਿੱਤਾ ਹੈ। ਸਿੱਖਿਆ ਵੀ ਮੰਡੀ ਦੀ ਵਸਤੂ ਬਣ ਗਈ ਹੈ। ਬੱਚਿਆਂ ਦੇ ਰੁਜ਼ਗਾਰ ਦੀ ਦ੍ਰਿਸ਼ਟੀ ਤੋਂ ਅੰਗਰੇਜ਼ੀ ਮਾਧਿਅਮ ਨੂੰ ਲਾਭ-ਹਿਤ ਮੰਨ ਕੇ ਮਾਪੇ ਮਹਿੰਗੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਭੇਜਣ ਲਈ ਤਰਜੀਹ ਦੇ ਰਹੇ ਹਨ। ਇਸ ਸੱਚ ਨੂੰ ਪੰਜਾਬ ਦੇ ਸਕੂਲਾਂ ਦੇ ਸਰਵੇਖਣ ਨੇ ਸਿੱਧ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਘਟਦੀ ਜਾ ਰਹੀ ਹੈ। ਵੱਡੀਆਂ ਕਲਾਸਾਂ ਵਿਚ ਚੋਣਵਾਂ ਵਿਸ਼ਾ ਪੰਜਾਬੀ ਵੀ ਬਹੁਤ ਥੋੜ੍ਹੇ ਵਿਦਿਆਰਥੀ ਰੱਖ ਰਹੇ ਹਨ। ਇਉਂ ਲਗਦਾ ਹੈ ਜਿਵੇਂ ਮਾਤ-ਭਾਸ਼ਾ ਬਾਰੇ ਜ਼ਮੀਨੀ ਹਕੀਕਤ ਨੂੰ ਸਮਝਣ ਤੋਂ ਅਸੀਂ ਉੱਕ ਰਹੇ ਹਾਂ। ਕਿਹਾ ਜਾ ਸਕਦਾ ਹੈ, 'ਸਿਉਂਕ ਜੜ੍ਹਾਂ ਨੂੰ ਲੱਗੀ ਐ, ਟਾਹਣਿਆਂ 'ਤੇ ਕੋਇਲਾਂ ਕੂਕਦੀਆਂ।'


-ਡਾ: ਧਰਮ ਚੰਦ ਵਾਤਿਸ਼
496, ਅਜੀਤ ਨਗਰ, ਮਾਲੇਰਕੋਟਲਾ (ਸੰਗਰੂਰ)-148023

09-03-2018

 ਸ਼ਹੀਦਾਂ ਦਾ ਮਾਣ-ਸਨਮਾਨ ਜ਼ਰੂਰੀ
ਸ਼ਹੀਦ ਸਾਡੀ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਕੌਮਾਂ ਜ਼ਿੰਦਾ ਰਹਿੰਦੀਆਂ ਹਨ। ਸ਼ਹੀਦ ਉਹ ਹੈ ਜੋ ਸੱਚੇ ਮਾਰਗ 'ਤੇ ਚਲਦਾ ਹੋਇਆ ਕਿਸੇ ਖ਼ਾਸ ਮਕਸਦ ਲਈ ਜਾਨ ਕੁਰਬਾਨ ਕਰ ਦੇਵੇ। ਜਿਵੇਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਜੋ ਦੇਸ਼ ਦੀ ਆਜ਼ਾਦੀ ਖਾਤਰ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਗਏ।
ਫਿਰ 1962 ਦੀ ਹਿੰਦ-ਚੀਨ ਦੀ ਲੜਾਈ, 1965 ਦਾ ਹਿੰਦ-ਪਾਕਿ ਯੁੱਧ ਅਤੇ ਫਿਰ 1971 ਦੀ ਹਿੰਦ-ਪਾਕਿ ਦੀ ਲੜਾਈ ਵਿਚ ਸਾਡੇ ਫ਼ੌਜੀ ਜਵਾਨ ਲੜਦੇ ਹੋਏ ਸ਼ਹੀਦ ਹੋ ਗਏ। ਅੱਜ ਪਾਕਿਸਤਾਨ ਨਾਲ ਲਗਦੀ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਲੜਾਈ ਵਿਚ ਸਾਡੇ ਫ਼ੌਜੀ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹੋਏ ਵੀਰਗਤੀ ਪ੍ਰਾਪਤ ਕਰ ਰਹੇ ਹਨ। ਸਾਨੂੰ ਮਾਣ ਹੈ ਇਨ੍ਹਾਂ ਬਹਾਦਰ ਜਵਾਨਾਂ ਦੀਆਂ ਸ਼ਹੀਦੀਆਂ 'ਤੇ, ਸਾਡਾ ਪ੍ਰਣਾਮ ਹੈ ਇਨ੍ਹਾਂ ਸ਼ਹੀਦਾਂ ਨੂੰ। ਸਾਨੂੰ ਸਾਰਿਆਂ ਨੂੰ ਇਨ੍ਹਾਂ ਸ਼ਹੀਦਾਂ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।


ਬੇਲੋੜਾ ਖਰਚਾ ਘਟਾਉਣ ਦੀ ਲੋੜ
ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਆਮ ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਸਾਡੇ ਵਿਆਹ-ਸ਼ਾਦੀ ਅਤੇ ਧਾਰਮਿਕ ਸਮਾਗਮਾਂ ਉੱਪਰ ਬੇਤਹਾਸ਼ਾ ਖਰਚ ਕੀਤਾ ਜਾਂਦਾ ਹੈ। ਅਜਿਹਾ ਅਸੀਂ ਜਿਥੇ ਦੂਜਿਆਂ ਦੀ ਰੀਸ ਨਾਲ ਕਰਦੇ ਹਾਂ, ਉਥੇ ਸਮਾਜ ਅੰਦਰ ਫੋਕੀ ਸ਼ੋਹਰਤ ਅਤੇ ਟੋਹਰ ਬਣਾਉਣ ਦੇ ਇਰਾਦੇ ਨਾਲ ਵੀ ਕਰਦੇ ਹਾਂ। ਆਮ ਤੌਰ 'ਤੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕ ਅਜਿਹੇ ਸਮਾਗਮਾਂ 'ਤੇ ਖਰਚ ਲਈ ਪੈਸਾ ਕਰਜ਼ਾ ਚੁੱਕ ਕੇ ਜਾਂ ਉਧਾਰ ਲੈ ਕੇ ਕਰਦੇ ਹਨ, ਜਿਸ ਦੀ ਵਾਪਸੀ ਕਰਨ ਸਮੇਂ ਕਾਫੀ ਮੁਸ਼ਕਿਲ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਕੀਤੇ ਬੇਲੋੜੇ ਖਰਚੇ 'ਤੇ ਪਛਤਾਵਾ ਵੀ ਹੁੰਦਾ ਹੈ। ਇਸ ਲਈ ਲੋੜ ਹੈ ਜਿਥੋਂ ਤੱਕ ਸੰਭਵ ਹੋ ਸਕੇ ਅਜਿਹੇ ਸਮਾਮਗਾਂ 'ਤੇ ਖਰਚਾ ਘਟਾਇਆ ਜਾਏ ਤਾਂ ਕਿ ਬਾਅਦ ਵਿਚ ਸਾਨੂੰ ਪ੍ਰੇਸ਼ਾਨੀ ਅਤੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਲਿਫ਼ਾਫ਼ਿਆਂ ਦੀ ਵਰਤੋਂ ਘਟਾਈਏ
ਸਮੇਂ-ਸਮੇਂ 'ਤੇ ਪੋਲੀਥੀਨ ਲਿਫ਼ਾਫ਼ਿਆਂ 'ਤੇ ਪਾਬੰਦੀ ਦੀ ਗੱਲ ਚੱਲੀ ਹੈ ਪਰ ਮਾਈਕਰੋ ਦੇ ਚੱਕਰ ਤੇ ਹੋਰ ਚੱਕਰਾਂ 'ਚ ਇਹ ਚੱਕਰ ਬਾਦਸਤੂਰ ਚੱਲ ਰਿਹਾ ਹੈ ਪਰ ਥੋੜ੍ਹੀ ਜ਼ਿੰਮੇਵਾਰੀ ਨਾਲ ਨਾ ਗਲਣਯੋਗ ਇਹ ਲਿਫ਼ਾਫ਼ੇ ਦੁਬਾਰਾ ਵਰਤੋਂ ਕਰਕੇ ਅਸੀਂ ਘਟਾ ਸਕਦੇ ਹਾਂ ਪ੍ਰਦੂਸ਼ਣ। ਅਸੀਂ ਭੁੱਲ ਗਏ ਬੀਤੇ ਸਮੇਂ ਬਾਜ਼ਾਰ ਜਾਂਦਿਆਂ ਘਰੋਂ ਥੈਲੇ, ਝੋਲੇ ਲਿਜਾਂਦੇ ਸਾਂ ਪਰ ਅੱਜਕਲ੍ਹ ਹਰ ਚੀਜ਼ ਪੋਲੀਥੀਨ ਵਿਚ ਲਿਆਉਣ ਦੇ ਆਦੀ ਹੋ ਗਏ ਹਾਂ। ਚੀਜ਼ਾਂ ਵਰਤ ਕੇ ਲਿਫ਼ਾਫ਼ਾ ਸੁੱਟ ਦਿੰਦੇ ਹਾਂ ਜਦੋਂ ਕਿ ਵਿਗੜਿਆ ਕੁਝ ਨਹੀਂ। ਲਿਫ਼ਾਫ਼ਾ ਦੁਬਾਰਾ ਵਰਤੋਂ 'ਚ ਆਏਗਾ ਤਾਂ ਪ੍ਰਦੂਸ਼ਣ ਘਟੇਗਾ। ਕਿਉਂਕਿ ਸੁੱਟੇ ਲਿਫ਼ਾਫ਼ੇ ਅਵਾਰਾ ਪਸ਼ੂਆਂ ਦੀ ਖੁਰਾਕ ਬਣਦੇ ਹਨ ਤੇ ਨਾਲੀਆਂ, ਨਾਲੇ, ਸੀਵਰੇਜ ਬੰਦ ਕਰਦੇ ਹਨ।


-ਹਰਮਿੰਦਰ ਸਿੰਘ ਝਨੇੜੀ
ਪਿੰਡ ਝਨੇੜੀ, ਸੰਗਰੂਰ।

07-03-2018

 ਪੋਲ ਖੋਲ੍ਹ ਰੈਲੀਆਂ
ਸ਼੍ਰੋਮਣੀ ਅਕਾਲੀ ਦਲ ਵਲੋਂ ਸਾਰੇ ਪੰਜਾਬ ਵਿਚ ਮੌਜੂਦਾ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਕਰਕੇ ਉਨ੍ਹਾਂ ਦੇ ਖਿਲਾਫ਼ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਯਾਦ ਕਰਾਉਣ ਲਈ ਇਹ ਜ਼ਰੂਰੀ ਵੀ ਹੈ। ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਰੈਲੀਆਂ ਵਿਚ ਲੋਕ ਮੁੱਦਿਆਂ ਦੀ ਕਿੰਨੀ ਕੁ ਗੱਲ ਕੀਤੀ ਜਾ ਰਹੀ ਹੈ। ਨੇਤਾ ਇਕ-ਦੂਜੇ ਉੱਪਰ ਨਿੱਜੀ ਹਮਲੇ ਕਰ ਰਹੇ ਹਨ। ਲੋਕ ਮੁੱਦੇ ਗਾਇਬ ਹਨ। ਸਿਆਸੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਤੋਂ ਗੁਰੇਜ਼ ਕਰਨ। ਜੇਕਰ ਉਹ ਅਸਲ ਵਿਚ ਲੋਕ ਹਿਤੈਸ਼ੀ ਪਾਰਟੀਆਂ ਹਨ ਤਾਂ ਉਨ੍ਹਾਂ ਕੋਲ ਵਿਧਾਨ ਸਭਾ ਦੇ ਇਜਲਾਸ ਵਿਚ ਬਹੁਤ ਸਮਾਂ ਹੁੰਦਾ ਹੈ ਲੋਕਾਂ ਦੇ ਮੁੱਦੇ ਚੁੱਕਣ ਲਈ। ਇਨ੍ਹਾਂ ਰੈਲੀਆਂ ਵਿਚ ਫਜ਼ੂਲ ਦਾ ਖਰਚ ਹੀ ਹੁੰਦਾ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਚੰਗਾ ਯਤਨ
ਸੰਪਾਦਕੀ ਪੰਨੇ 'ਤੇ ਸਵਰਨ ਸਿੰਘ ਟਹਿਣਾ ਦਾ ਲੇਖ 'ਆਓ, ਚਾਦਰ ਵੇਖ ਪੈਰ ਪਸਾਰਨ ਦਾ ਹੁਨਰ ਸਿੱਖੀਏ' ਬਹੁਤ ਹੀ ਸ਼ਲਾਘਾਯੋਗ ਅਤੇ ਚੰਗਾ ਯਤਨ ਸੀ। ਸਾਨੂੰ ਸਾਰਿਆਂ ਨੂੰ ਹੀ ਇਸ ਤਰ੍ਹਾਂ ਦਾ ਯਤਨ ਕਰਨਾ ਚਾਹੀਦਾ ਹੈ। ਅਸੀਂ ਸਾਰੇ ਪੰਜਾਬ ਵਾਸੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਕੇ ਪੰਜਾਬ ਨੂੰ ਹੱਸਦਾ ਵਸਦਾ ਰੱਖਣ ਵਿਚ ਭਰਪੂਰ ਹਿੱਸਾ ਪਾ ਸਕਦੇ ਹਾਂ। ਇਸ ਤਰ੍ਹਾਂ ਦੇ ਲੇਖ ਜ਼ਰੂਰ ਹੀ ਅਖ਼ਬਾਰਾਂ ਵਿਚ ਛਪਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਪਰਿਵਾਰ ਤੇ ਸੂਬਾ ਪੰਜਾਬ ਨੂੰ ਖੁਸ਼ ਵੇਖ ਸਕਣ।


-ਅਮਰੀਕ ਸਿੰਘ 'ਖਿਆਲਾ'।


ਸੜਕੀ ਹਾਦਸੇ
ਦਿਨ-ਬਦਿਨ ਸੜਕੀ ਹਾਦਸੇ ਲਗਾਤਾਰ ਵਧ ਰਹੇ ਹਨ। ਇਹ ਸੜਕੀ ਅੱਤਵਾਦ ਦਾ ਰੂਪ ਧਾਰਨ ਕਰ ਚੁੱਕੇ ਹਨ। ਇਨ੍ਹਾਂ ਦਾ ਕਾਰਨ ਤੇਜ਼ ਰਫ਼ਤਾਰ ਹੁੰਦਾ ਹੈ। ਵੱਡੇ ਹਾਈਵੇ ਸੜਕਾਂ ਘੱਟ ਅਤੇ ਰੇਸਿੰਗ ਟਰੈਕ ਜ਼ਿਆਦਾ ਲਗਦੇ ਹਨ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਛੋਟੀ ਜਿਹੀ ਗ਼ਲਤੀ ਹੀ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ। ਕਈ ਆਪਣੇ 5 ਮਿੰਟ ਬਚਾਉਣ ਲਈ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹਨ। ਇਸ ਲਈ ਲੋਕਾਂ ਨੂੰ ਟ੍ਰੈਫਿਕ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਟ੍ਰੈਫਿਕ ਨਿਯਮਾਂ ਬਾਰੇ ਦੱਸਣਾ ਚਾਹੀਦਾ ਹੈ। ਸਰਕਾਰ ਨੂੰ ਛੋਟੇ ਬੱਚਿਆਂ ਦੇ ਪਾਠਕ੍ਰਮ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


-ਕਮਲਜੀਤ ਸਿੰਘ ਨੰਗਲ
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਬਰਨਾਲਾ।


ਨੈਤਿਕ ਸਿੱਖਿਆ
ਅੱਜਕਲ੍ਹ ਦੇ ਬੱਚਿਆਂ ਵਿਚ ਨੈਤਿਕ ਸਿੱਖਿਆ ਦੀ ਘਾਟ ਹੈ। ਕੁਝ ਬੱਚੇ ਤਾਂ ਜ਼ਰੂਰਤ ਤੋਂ ਜ਼ਿਆਦਾ ਹੀ ਕਿਤਾਬੀ ਕੀੜੇ ਬਣ ਗਏ ਹਨ। ਕੁਝ ਮੋਬਾਈਲ ਵਿਚ ਜਾਂ ਟੈਲੀਵਿਜ਼ਨ ਵਿਚ ਹੀ ਐਨਾ ਰੁੱਝ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਆਏ ਰਿਸ਼ਤੇਦਾਰ, ਭੈਣ-ਭਰਾ ਜਾਂ ਆਂਢੀ-ਗੁਆਂਢੀ ਕੋਲ ਬੈਠਣ ਲਈ ਸਮਾਂ ਜਾਂ ਲਗਨ ਹੀ ਨਹੀਂ ਹੈ। ਸਭ ਤੋਂ ਵੱਡਾ ਅਸਰਦਾਰ ਕਾਰਕ ਇਸ ਲਈ ਮਾਪਿਆਂ ਦਾ ਆਪਣੇ ਬੱਚੇ ਪ੍ਰਤੀ ਬੇਧਿਆਨੇ ਹੋਣਾ ਹੈ। ਇਨ੍ਹਾਂ ਤੋਂ ਇਲਾਵਾ ਬੱਚੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਬੱਚੇ ਤਾਂ ਆਖਰ ਕੋਰੇ ਕਾਗਜ਼ ਵਰਗੇ ਹੁੰਦੇ ਹਨ। ਚੰਗੇ ਸੰਸਕਾਰ ਇਨ੍ਹਾਂ ਕੋਰੇ ਕਾਗਜ਼ਾਂ ਉੱਪਰ ਉਲੀਕ ਲਏ ਜਾਣਗੇ ਤਾਂ ਮਾਪਿਆਂ ਦੀ ਜ਼ਿੰਦਗੀ ਸਫ਼ਲ ਹੋ ਜਾਂਦੀ ਹੈ। ਕਈ ਵਾਰ ਮਾਪੇ ਇਨ੍ਹਾਂ ਨੂੰ ਸਮਾਂ ਘੱਟ ਤੇ ਸੁੱਖ ਸਹੂਲਤਾਂ ਕਦਰੋਂ ਵੱਧ ਦੇ ਦਿੰਦੇ ਹਨ ਜੋ ਇਨ੍ਹਾਂ ਨੂੰ ਹਾਜ਼ਮ ਨਹੀਂ ਹੁੰਦੀਆਂ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਜਾਨਣ, ਉਨ੍ਹਾਂ ਨਾਲ ਲਾਡ ਪਿਆਰ ਕਰਨ, ਹਾਸਾ-ਮਜ਼ਾਕ ਕਰਨ ਤਾਂ ਜੋ ਬੱਚੇ ਤੁਹਾਡੇ ਸਾਹਮਣੇ ਆਪਾ ਰੱਖ ਸਕਣ। ਸ਼ਾਇਦ ਬੱਚਿਆਂ ਦੀਆਂ ਪੈਸੇ ਨਾਲੋਂ ਵੱਧ ਇਹੀ ਖੁਆਇਸ਼ਾਂ ਹੋਣ। ਸੋ ਮਾਪਿਆਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਜਾਇਜ਼ ਹੱਦ ਤੱਕ ਮੰਨਣਾ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

06-03-2018

 ਪ੍ਰਦੂਸ਼ਣ ਦੀ ਸਮੱਸਿਆ
ਪਿਛਲੇ ਦਿਨੀਂ ਸੰਪਾਦਕੀ 'ਚ ਗੰਭੀਰ ਹੁੰਦੀ ਪ੍ਰਦੂਸ਼ਣ ਦੀ ਸਮੱਸਿਆ ਪੜ੍ਹੀ। ਸੱਚ ਹੈ ਇਸ ਵੇਲੇ ਪਾਣੀ ਗੰਦਾ, ਹਵਾ ਗੰਦੀ, ਖਾਣ ਵਾਲੀ ਹਰ ਚੀਜ਼ ਫਲ, ਸਬਜ਼ੀਆਂ, ਮਿਠਾਈਆਂ, ਦੁੱਧ, ਮਸਾਲੇ ਸਭ ਕੁਝ ਮਿਲਾਵਟੀ ਹੈ। ਪਾਣੀ ਦੀ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਕਈ ਤਰ੍ਹਾਂ ਦੇ ਕੈਂਸਰ ਦੀ ਲਪੇਟ ਵਿਚ ਆ ਗਏ। ਕੋਈ ਨਦੀ ਨਾਲਾ ਸਾਫ਼ ਨਹੀਂ, ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਉਸ ਵਿਚ ਸੁੱਟਿਆ ਜਾ ਰਿਹਾ ਹੈ, ਸੀਵਰੇਜ ਦੀਆਂ ਪਾਈਪਾਂ ਸਿੱਧੀਆਂ ਉਨ੍ਹਾਂ ਵਿਚ ਗੰਦ ਸੁੱਟ ਰਹੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਧਰੇ ਲੋਕਾਂ ਦੀ ਸੁਣਵਾਈ ਨਹੀਂ। ਲੋਕਾਂ ਨੂੰ ਫੁੱਟਬਾਲ ਵਾਂਗ ਇਧਰੋਂ ਉਧਰ ਕਿੱਕਾਂ ਹੀ ਵੱਜਦੀਆਂ ਹਨ। ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਤੇ ਕਰਨਾ ਵਧੇਰੇ ਜ਼ਰੂਰੀ ਹੈ। ਕਾਹਨ ਸਿੰਘ ਪੰਨੂ ਨੇ ਕਦਮ ਵਧੀਆ ਚੁੱਕਿਆ ਹੈ, ਵੇਖੋ ਵਿਭਾਗ ਵਿਚੋਂ ਹੀ ਕਿੰਨੇ ਇਸ ਇਮਾਨਦਾਰ ਅਫ਼ਸਰ ਨੂੰ ਸਾਥ ਦਿੰਦੇ ਹਨ।

-ਪ੍ਰਭਜੋਤ ਕੌਰ ਢਿੱਲੋਂ।

ਲੋਕਤੰਤਰ ਦਾ ਘਾਣ
ਪਿਛਲੇ ਦਿਨੀਂ ਲੁਧਿਆਣਾ ਵਿਚ ਨਗਰ ਨਿਗਮ ਦੀਆਂ ਚੋਣਾਂ ਨੇ ਇਕ ਵਾਰ ਫਿਰ ਲੋਕਤੰਤਰ ਵਿਵਸਥਾ ਨੂੰ ਸ਼ਰਮਸਾਰ ਕਰ ਦਿੱਤਾ। ਜਿਸ ਤਰ੍ਹਾਂ ਬੂਥਾਂ 'ਤੇ ਕਬਜ਼ੇ ਹੋ ਰਹੇ ਸਨ, ਲੱਗ ਨਹੀਂ ਰਿਹਾ ਸੀ ਕਿ ਲੋਕਤੰਤਰ 'ਚ ਚੋਣਾਂ ਹੋ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਭ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਹੋ ਰਿਹਾ ਸੀ। ਵਿਰੋਧੀ ਪਾਰਟੀਆਂ ਦੁਆਰਾ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਉਣਾ ਜਾਇਜ਼ ਬਣਦਾ ਹੈ। ਪੰਜਾਬ ਵਿਚ ਸਥਾਨਕ ਚੋਣਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਆਮ ਤੌਰ 'ਤੇ ਸੱਤਾਧਾਰੀ ਪਾਰਟੀ ਦੁਆਰਾ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਹੋ ਕੇ ਕੰਮ ਕਰਨ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਪੈਸੇ ਦਾ ਲੈਣ-ਦੇਣ
ਪੈਸੇ ਦਾ ਲੈਣ-ਦੇਣ ਮੁੱਢ ਤੋਂ ਬਣਿਆ ਹੋਇਆ ਹੈ ਸਾਡੇ ਸਮਾਜ ਵਿਚ, ਪਰ ਅੱਜਕਲ੍ਹ ਇਕ ਸਮੱਸਿਆ ਦਾ ਹਰੇਕ ਬੰਦੇ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਬੰਦੇ ਨੂੰ ਬੰਦੇ ਤੱਕ ਪੈਸਿਆਂ ਦੀ ਲੋੜ ਪੈਂਦੀ, ਉਦੋਂ ਉਹ ਬਹੁਤ ਮਿੰਨਤਾਂ ਤਰਲੇ ਕੱਢਦਾ ਹੈ। ਪਰ ਜਦੋਂ ਆਪਣਾ ਉੱਲੂ ਸਿੱਧਾ ਹੋ ਜਾਂਦਾ ਫਿਰ ਬੇਵਕੂਫ਼ ਲੋਕ ਵਾਪਸ ਕਰਨ ਸਮੇਂ ਪਾਸਾ ਪਤਾ ਨਹੀਂ ਕਿਉਂ ਪਲਟ ਲੈਂਦੇ ਹਨ। ਪਤਾ ਨਹੀਂ ਕਿਉਂ ਏਨੇ ਮਿੰਨਤਾਂ ਤਰਲੇ ਕਢਵਾਉਂਦੇ। ਭਲਿਓ ਲੋਕੋ, ਜਦੋਂ ਤੱਕ ਸਾਡੇ ਸਰੀਰ ਵਿਚ ਸਾਹ ਹਨ, ਉਦੋਂ ਤੱਕ ਪਤਾ ਨਹੀਂ ਕਿਹੜੇ ਬੰਦੇ ਦੀ ਕਦੋਂ ਲੋੜ ਪੈ ਜਾਵੇ, ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਇਨਸਾਨ ਨੂੰ ਇਨਸਾਨ ਦੀ ਲੋੜ ਪੈਂਦੀ ਰਹਿੰਦੀ ਹੈ ਅਤੇ ਕਦੇ ਵੀ ਪੈ ਸਕਦੀ ਹੈ। ਇਸ ਦੌਰਾਨ ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਅੱਗਾ ਮਾਰ ਦਿੰਦੇ ਹਨ, ਕਿਉਂਕਿ ਉਸ ਇਨਸਾਨ ਨੂੰ ਸਾਰਿਆਂ ਤੋਂ ਹੀ ਵਿਸ਼ਵਾਸ ਟੁੱਟ ਜਾਂਦਾ ਹੈ।

-ਸਾਹਿਬ ਸਿੰਘ (ਸ਼ੱਬੀ ਸਵਾੜਾ)।

ਦੋ ਲੱਡੂ
ਦੋ ਲੱਡੂਆਂ ਦਾ ਸਵਾਦ ਕਦੇ 10 ਲੱਡੂਆਂ ਦੇ ਬਰਾਬਰ ਹੁੰਦਾ ਸੀ ਜਦੋਂ ਪਿੰਡ ਵਿਚ ਕਿਸੇ ਦੇ ਧੀ ਪੁੱਤਰ ਦਾ ਵਿਆਹ ਹੁੰਦਾ ਸੀ ਤਾਂ ਸ਼ਰੀਕੇ ਦਾ ਭਾਈਚਾਰਾ ਉਸ ਘਰ ਆਪਣੀ ਹੈਸੀਅਤ ਮੁਤਾਬਿਕ ਕਿੱਲੋਂ ਦੋ ਕਿੱਲੋ ਦੁੱਧ ਜ਼ਰੂਰ ਪਹੁੰਚਾਉਂਦਾ ਸੀ ਤੇ ਵਿਆਹ ਵਾਲਾ ਘਰ ਦੋ ਲੱਡੂ ਦੁੱਧ ਵਾਲੇ ਬਰਤਨ ਵਿਚ ਪਾਉਂਦਾ ਸੀ। ਦੁੱਧ ਦੇਣ ਵਾਲਾ ਤਾਂ ਵਿਆਹ ਵਾਲਿਆਂ ਦੇ ਘਰ ਹੀ ਲੱਡੂ ਖਾ ਲੈਂਦਾ ਸੀ ਪਰ ਜੋ ਦੋ ਲੱਡੂ ਉਹ ਘਰ ਲੈ ਕੇ ਆਉਂਦਾ, ਉਹ ਸਾਰਾ ਪਰਿਵਾਰ ਅੱਧਾ-ਅੱਧਾ ਭੋਰਾ-ਭੋਰਾ ਵੰਡ ਕੇ ਖਾਂਦੇ। ਉਹ ਦੋ ਲੱਡੂਆਂ ਨੂੰ ਪਾ ਕੇ ਮਿਲੀ ਖੁਸ਼ੀ ਨੂੰ ਦਿਲ ਅੱਜ ਵੀ ਯਾਦ ਕਰਦਾ ਹੈ। ਪਰ ਅਫ਼ਸੋਸ ਅੱਜਕਲ੍ਹ ਤਾਂ ਲੱਡੂਆਂ ਵਾਲਾ ਕੜਾਹਾ ਹੀ ਅਲੋਪ ਹੁੰਦਾ ਦਿਸ ਰਿਹਾ ਹੈ।

-ਪ੍ਰੀਤ ਮਾਨ
ਦਿੜ੍ਹਬਾ ਮੰਡੀ, ਸੰਗਰੂਰ।

05-03-2018

 ਇਕੱਠੀਆਂ ਚੋਣਾਂ
ਭਾਰਤ ਇਕ ਅਜਿਹਾ ਦੇਸ਼ ਹੈ, ਜਿਥੇ ਲੋਕਤੰਤਰ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ। ਇਥੇ ਹਰੇਕ ਵਿਅਕਤੀ ਨੂੰ ਵੋਟ ਦਾ ਅਧਿਕਾਰ ਹੈ। ਮੌਜੂਦਾ ਸਮੇਂ ਵਿਚ 29 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਕੰਮ ਕਰ ਰਹੀਆਂ ਹਨ। ਇਸ ਸਮੇਂ ਵਿਧਾਨ ਸਭਾਵਾਂ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਗੱਲ ਚੱਲ ਰਹੀ ਹੈ। ਇਹ ਕੁਝ ਹੱਦ ਤੱਕ ਠੀਕ ਵੀ ਹੈ, ਚੋਣਾਂ ਇਕੱਠੀਆਂ ਹੋਣ ਕਰਕੇ ਚੋਣ ਅਮਲੇ ਤੇ ਸੁਰੱਖਿਆ ਲਈ ਤਾਇਨਾਤ ਕੀਤੇ ਜਾਂਦੇ ਸੁਰੱਖਿਆ ਬਲਾਂ ਦਾ ਖਰਚ ਘੱਟ ਆਏਗਾ। ਥੋੜ੍ਹੇ ਸਮੇਂ ਬਾਅਦ ਚੋਣਾਂ ਆਉਣ ਕਰਕੇ ਚੋਣ ਅਮਲਾ ਇਸ ਵਿਚ ਹੀ ਰੁੱਝਿਆ ਰਹਿੰਦਾ ਹੈ। ਰੋਡ ਸ਼ੋਅ, ਰੈਲੀਆਂ 'ਤੇ ਲੱਖਾਂ-ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਕੱਠੀਆਂ ਚੋਣਾਂ ਕਰਵਾਉਣ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਚੋਣ ਕਮਿਸ਼ਨ ਕੋਲ ਲੋੜੀਂਦੇ ਚੋਣ ਅਮਲੇ ਦੀ ਘਾਟ ਹੈ ਅਤੇ ਕੇਂਦਰ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ 'ਤੇ ਸਾਰੇ ਰਾਜਾਂ ਵਿਚ ਦੁਬਾਰਾ ਚੋਣਾਂ ਕਰਵਾਉਣਾ ਵੀ ਔਖਾ ਹੈ। ਇਸ ਲਈ ਜੇਕਰ ਸਾਰੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਬਜਾਏ ਰਾਜਾਂ ਦੀਆਂ ਚੋਣਾਂ ਦਾ ਅਮਲ ਥੋੜ੍ਹੇ ਸਮੇਂ ਵਿਚ ਨਿਬੇੜ ਲਿਆ ਜਾਵੇ ਤਾਂ ਉਹ ਠੀਕ ਰਹੇਗਾ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ

ਸਾਡੀ ਸਿੱਖਿਆ ਪ੍ਰਣਾਲੀ
ਪਿਛਲੇ ਦਿਨੀਂ ਸੰਪਾਦਕੀ ਨੇ ਸਾਡੀ ਸਿੱਖਿਆ ਪ੍ਰਣਾਲੀ ਨਾਲ ਤਜਰਬੇ ਹੋਣ ਦੀ ਜਾਣਕਾਰੀ ਵਧੀਆ ਤਰੀਕੇ ਨਾਲ ਦਿੱਤੀ ਹੈ। ਕਦੇ ਬੱਚਿਆਂ ਨੂੰ ਫੇਲ੍ਹ ਨਾ ਕਰਨ ਦਾ ਤਜਰਬਾ ਕੀਤਾ ਜਾਂਦਾ ਹੈ, ਕਦੇ ਅੱਠਵੀਂ ਦੇ ਬੋਰਡ ਦਾ ਹੋਣਾ ਖ਼ਤਮ ਕੀਤਾ ਜਾਂਦਾ ਹੈ। ਹੁਣ ਅੰਗਰੇਜ਼ੀ ਸ਼ੁਰੂ ਤੋਂ ਪੜ੍ਹਾਉਣ ਦੀ ਗੱਲ ਹੋ ਰਹੀ ਹੈ। ਹਕੀਕਤ ਤਾਂ ਇਹ ਹੈ ਕਿ ਸਰਕਾਰੀ ਸਕੂਲਾਂ ਵਿਚ ਬਹੁਤੀ ਥਾਈਂ ਪੜ੍ਹਦੇ ਬੱਚੇ ਪੰਜਾਬੀ ਪੜ੍ਹ-ਲਿਖ ਨਹੀਂ ਸਕਦੇ। ਦੂਜਿਆਂ ਵਿਸ਼ਿਆਂ ਦੀ ਕੀ ਹਾਲਤ ਹੋਏਗੀ, ਅੰਦਾਜ਼ਾ ਲੱਗ ਹੀ ਜਾਂਦਾ ਹੈ। ਇੰਜ ਦੇ ਤਜਰਬੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹਨ। ਜਦੋਂ ਸਿੱਖਿਆ ਮਿਆਰੀ ਨਹੀਂ ਮਿਲਦੀ, ਬੇਰੁਜ਼ਗਾਰੀ ਵੱਧ ਜਾਂਦੀ ਹੈ ਤਾਂ ਸਮਾਜ ਵਿਚ ਮਾੜੀਆਂ ਘਟਨਾਵਾਂ ਤੇਜ਼ੀ ਨਾਲ ਵਧਦੀਆਂ ਹਨ। ਸਰਕਾਰਾਂ ਨੂੰ ਸਿੱਖਿਆ ਵਿਚ ਨਵੇਂ ਤਜਰਬੇ ਕਰਨ ਤੋਂ ਪਹਿਲਾਂ ਉਸ ਦੇ ਨੁਕਸਾਨ ਧਿਆਨ ਵਿਚ ਜ਼ਰੂਰ ਰੱਖਣੇ ਚਾਹੀਦੇ ਹਨ ਤੇ ਬੱਚਿਆਂ ਦੇ ਭਵਿੱਖ ਨਾਲ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਪ੍ਰਭਜੋਤ ਕੌਰ ਢਿੱਲੋਂ

ਨੱਕ ਦਾ ਚੱਕਰ
ਪੰਜਾਬ ਵਿਚ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਤਕਰੀਬਨ ਮਾਰਚ ਮਹੀਨੇ ਤੱਕ ਵਿਆਹ-ਸ਼ਾਦੀਆਂ ਦਾ ਬੇਹੱਦ ਜ਼ੋਰ ਪਾਇਆ ਜਾਂਦਾ ਹੈ। ਇਨ੍ਹਾਂ ਸਮਾਗਮਾਂ 'ਤੇ 2-3 ਫ਼ੀਸਦੀ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਵਲੋਂ ਬੇਤਹਾਸ਼ਾ ਖਰਚ ਕੀਤੇ ਜਾਂਦੇ ਹਨ। ਆਰਥਿਕ ਤੌਰ 'ਤੇ ਮਜ਼ਬੂਤ ਜਾਂ ਵਿਦੇਸ਼ਾਂ ਤੋਂ ਆਏ ਐਨ.ਆਰ.ਆਈ. ਲੋਕਾਂ ਦੀ ਰੀਸ ਕਰਦਿਆਂ ਆਪਣਾ ਨੱਕ ਰੱਖਣ ਦੇ ਚੱਕਰ 'ਚ ਕਈ ਲੋਕਾਂ ਵਲੋਂ ਆਪਣੀ ਜ਼ਿੰਦਗੀ ਭਰ ਦੀ ਕਮਾਈ 3-4 ਘੰਟਿਆਂ ਦੇ ਵਿਆਹ ਵਿਚ ਹੀ ਰੂੰ ਦੇ ਫੰਬਿਆਂ ਵਾਂਗ ਉਡਾ ਦਿੱਤੀ ਜਾਂਦੀ ਹੈ। ਇਕ ਵਿਆਹ ਸਮਾਗਮ 'ਤੇ ਏਨਾ ਖਰਚ ਕਰ ਕੇ ਲੋਕਾਂ ਦੀ ਵਾਹ-ਵਾਹ ਖੱਟਦੇ ਕਈ ਲੋਕ ਕਰਜ਼ੇ ਦੀ ਦਲਦਲ ਵਿਚ ਅਜਿਹੇ ਫਸ ਜਾਂਦੇ ਹਨ ਕਿ ਸਾਰੀ ਉਮਰ ਤਿਲ-ਤਿਲ ਕਰ ਕੇ ਮਰਨ ਲਈ ਮਜਬੂਰ ਹੋ ਜਾਂਦੇ ਹਨ। ਆਪਣੀ ਜੇਬ ਦੇਖੇ ਬਿਨਾਂ, ਸਿਰਫ ਨੱਕ ਰੱਖਣ ਲਈ ਵਿਆਹਾਂ 'ਤੇ ਲੋੜ ਤੋਂ ਵੱਧ ਖਰਚ ਕਰਨਾ ਕਿਸੇ ਵੀ ਪੱਖੋਂ ਸਿਆਣਪ ਨਹੀਂ ਕਿਹਾ ਜਾ ਸਕਦਾ। ਆਓ, ਅਸੀਂ ਸਭ ਆਪਣੇ ਵਿਆਹ ਸਮਾਗਮ ਸਾਦੇ ਢੰਗ ਨਾਲ ਕਰਨ ਦੀ ਪਿਰਤ ਪਾਈਏ ਤਾਂ ਜੋ ਨੱਕ ਰੱਖਣ ਦੇ ਚੱਕਰ ਵਿਚ ਸਾਡਾ ਹੋ ਰਿਹਾ ਉਜਾੜਾ ਰੁਕ ਸਕੇ।

-ਰਾਜਾ ਗਿੱਲ (ਚੜਿੱਕ)

27-02-2018

 ਨਕਲੀ ਦੁੱਧ

ਦਿਨ-ਬ-ਦਿਨ ਵਧ ਰਹੇ ਨਕਲੀ ਦੁੱਧ ਦਾ ਗੋਰਖ ਧੰਦਾ ਟੀ.ਵੀ. ਅਤੇ ਅਖ਼ਬਾਰਾਂ ਦੀਆਂ ਮੁੱਖ ਸੁਰਖੀਆਂ 'ਚ ਹੈ। ਰੋਜ਼ਾਨਾ ਹਜ਼ਾਰਾਂ ਲੀਟਰ ਕੈਮੀਕਲਾਂ ਤੋਂ ਤਿਆਰ ਕੀਤਾ ਦੁੱਧ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ। ਜਿਸ ਕਾਰਨ ਲੋਕ ਤੰਦਰੁਸਤੀ ਦੀ ਜਗ੍ਹਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਸ਼ੂਆਂ ਨੂੰ ਪਾਲਣ-ਪੋਸ਼ਣ ਲਈ ਸ਼ੁੱਧ ਖੁਰਾਕ ਤੇ ਚਾਰੇ 'ਤੇ ਆ ਰਹੇ ਜ਼ਿਆਦਾ ਖਰਚ ਹੋਣ ਕਾਰਨ ਲੋਕਾਂ ਅੰਦਰ ਪਸ਼ੂ ਪਾਲਣ ਦਾ ਰੁਝਾਨ ਘੱਟਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਦੁੱਧ ਉਤਪਾਦਨ ਵਿਚ ਆ ਰਹੀ ਭਾਰੀ ਕਮੀ ਸਾਡੇ ਨਰੋਏ ਸਮਾਜ ਦੀ ਸਿਰਜਣਾ ਲਈ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਫੈਦ ਕ੍ਰਾਂਤੀ ਨੂੰ ਪ੍ਰਫੁੱਲਿਤ ਕਰਨ ਲਈ ਡੇਅਰੀ ਫਾਰਮਾਂ ਅਤੇ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਸ਼ੁੱਧ ਦੁੱਧ ਦੀ ਭਰਪੂਰ ਮਾਤਰਾ ਲੋਕਾਂ ਨੂੰ ਨਕਲੀ ਦੁੱਧ ਦੇ ਸੇਵਨ ਤੋਂ ਬਚਾ ਸਕੇ। ਸਿਹਤ ਵਿਭਾਗ ਦੀਆਂ ਜਾਂਚ ਟੀਮਾਂ ਵਲੋਂ ਅਚਨਚੇਤ ਦੁੱਧ ਵਿਕ੍ਰੇਤਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਨਕਲੀ ਦੁੱਧ ਬਣਾਉਣ ਵਾਲਿਆਂ ਨੂੰ ਨੱਥ ਪਾਈ ਜਾਵੇ।

-ਰਵਿੰਦਰ ਸਿੰਘ ਰੇਸ਼ਮ
ਨੱਥੁਮਾਜਰਾ, ਸੰਗਰੂਰ।

ਵਜ਼ਾਰਤੀ ਵਾਧਾ

ਸਰਗੋਸ਼ੀਆਂ ਕਾਲਮ ਅਧੀਨ ਪੰਜਾਬ ਮੰਤਰੀ ਮੰਡਲ 'ਚ ਵਾਧੇ ਦੀ ਸੰਭਾਵਨਾ ਪ੍ਰਗਟ ਕੀਤੀ ਗਈ। ਮੁੱਖ ਮੰਤਰੀ ਪੰਜਾਬ ਨੂੰ ਮੰਤਰੀ ਮੰਡਲ 'ਚ ਵਾਧੇ ਸਮੇਂ ਕਿਸੇ ਦਬਾਅ ਵਿਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਨੂੰ ਪੂਰਾ ਹੱਕ ਹੈ ਕਿ ਆਪਣੀ ਪਸੰਦ ਦੇ ਸਮਝਦਾਰ ਨੇਤਾਵਾਂ ਨੂੰ ਮੰਤਰੀ ਬਣਾਉਣ। ਮੁੱਖ ਮੰਤਰੀ ਨੂੰ ਧਿਆਨ ਰੱਖਣਾ ਹੋਵੇਗਾ ਕਿ ਪੰਜਾਬ ਕੌਮੀ ਸਕੂਲ ਖੇਡਾਂ ਵਿਚ ਪਛੜ ਕੇ 7ਵੇਂ ਸਥਾਨ 'ਤੇ ਆਇਆ ਹੈ। ਨੌਜਵਾਨ ਖੇਡ ਮੈਦਾਨਾਂ ਵੱਲ ਜਾਣ ਦੀ ਬਜਾਏ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ, ਇਸ ਲਈ ਪੰਜਾਬ 'ਚ ਗ਼ੈਰ-ਕ੍ਰਿਕਟ ਖੇਡਾਂ ਨੂੰ ਸਹੀ ਥਾਂ 'ਤੇ ਲਿਆਉਣ ਲਈ ਕਿਸੇ ਉਲੰਪੀਅਨ ਨੂੰ ਖੇਡ ਮਾਮਲੇ ਸੌਂਪੇ ਜਾਣ।

-ਕੇ.ਕੇ. ਸਿੰਘ ਖਮਾਣੋਂ
ਤਹਿ: ਤੇ ਡਾਕ: ਖਮਾਣੋਂ, ਜ਼ਿਲ੍ਹਾ ਫ਼ਤਹਿਗੜ੍ਹ।

ਵੀ.ਆਈ.ਪੀ. ਸੱਭਿਆਚਾਰ

ਰਾਜਨੀਤੀ ਤੇ ਵੀ.ਆਈ.ਪੀ. ਸੱਭਿਆਚਾਰ ਦਾ ਜੋ ਧੱਬਾ ਲੱਗਾ ਹੋਇਆ ਹੈ, ਉਹ ਅੱਜ ਵੀ ਉਸ ਤਰ੍ਹਾਂ ਬਰਕਰਾਰ ਹੈ। ਮੌਜੂਦਾ ਸੱਤਾਧਾਰੀ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਇਸ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ। ਕੁਝ ਸਮਾਂ ਇਸ 'ਤੇ ਅਮਲ ਵੀ ਕੀਤਾ ਗਿਆ ਪਰ ਹੁਣ ਫਿਰ ਉਸ ਤਰ੍ਹਾਂ ਹੀ ਰਾਜਨੀਤਕ ਨੇਤਾਵਾਂ ਨੂੰ ਸਰਕਾਰੀ ਸੁਰੱਖਿਆ ਕਰਮੀ ਮੁਹੱਈਆ ਕਰਵਾ ਦਿੱਤੇ ਗਏ ਹਨ। ਇਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਹੈ। ਅੰਕੜਿਆਂ ਮੁਤਾਬਿਕ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਲੈ ਕੇ ਬਾਕੀ ਸਿਆਸਤਦਾਨਾਂ ਦੀ ਸੁਰੱਖਿਆ ਲਈ ਕਰੀਬ 9000 ਪੁਲਿਸ ਮੁਲਾਜ਼ਮ ਤਾਇਨਾਤ ਹਨ। 500 ਕਰੋੜ ਰੁਪਏ ਦਾ ਖਰਚ ਸਰਕਾਰੀ ਖਜ਼ਾਨੇ ਵਿਚੋਂ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਦੀ ਮਾਲੀ ਹਾਲਤ ਸੁਧਾਰਨੀ ਹੈ ਤਾਂ ਇਸ ਸੱਭਿਆਚਾਰ ਨੂੰ ਜ਼ਮੀਨੀ ਪੱਧਰ 'ਤੇ ਖ਼ਤਮ ਕਰਨ ਦੀ ਲੋੜ ਹੈ।
-ਕਮਲ ਬਰਾੜ

ਪਿੰਡ ਕੋਟਲੀ ਅਬਲੂ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

26-02-2018

 ਸ਼ਲਾਘਾਯੋਗ ਕਦਮ
ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀਂ ਮੁੱਖ ਮੰਤਰੀ, ਮੰਤਰੀਆਂ ਦੇ ਕਰ ਸਰਕਾਰੀ ਖਜ਼ਾਨੇ ਵਿਚੋਂ ਨਾ ਭਰਨ ਦੇ ਫੈਸਲੇ ਨਾਲ ਪੰਜਾਬ ਦੀ ਆਰਥਿਕ ਹਾਲਤ ਨੂੰ ਕੁਝ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ। ਇਸ ਫੈਸਲੇ ਨਾਲ ਜਿਥੇ ਸਰਕਾਰੀ ਖਜ਼ਾਨੇ ਉੱਪਰੋਂ ਬੋਝ ਘੱਟ ਹੋਵੇਗਾ, ਉਥੇ ਇਹ ਬੱਚਤ ਲੋਕ ਹਿਤ ਦੇ ਕੰਮਾਂ ਵਿਚ ਵੀ ਲਗਾਈ ਜਾ ਸਕੇਗੀ। ਇਸ ਤੋਂ ਇਲਾਵਾ ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਸੁਰੱਖਿਆ ਤੇ ਬਾਕੀ ਖਰਚ 'ਤੇ ਕੰਟਰੋਲ ਕਰਨ ਤਾਂ ਜੋ ਮੁੜ ਪੰਜਾਬ ਨੂੰ ਆਰਥਿਕ ਲੀਹਾਂ 'ਤੇ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਿੱਜੀ ਸਲਾਹਕਾਰਾਂ ਦੀ ਗਿਣਤੀ ਵੀ ਘੱਟ ਕਰ ਦੇਣ, ਤਾਂ ਜੋ ਫਜ਼ੂਲ ਖਰਚ 'ਚ ਹੋਰ ਕਮੀ ਹੋ ਸਕੇ।


-ਕਮਲ ਬਰਾੜ,
ਪਿੰਡ ਕੋਟਲੂ ਅਬਲੂ।


ਸੁਪਰ ਸਟਰਾਅ ਮੈਨੇਜਮੈਂਟ
ਪੰਜਾਬ ਸਰਕਾਰ ਨੇ ਹਾਲ ਹੀ ਵਿਚ ਫੈਸਲਾ ਕੀਤਾ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਈਨ ਮਾਲਕਾਂ ਨੂੰ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਗਾਉਣਾ ਜ਼ਰੂਰੀ ਹੈ ਅਤੇ ਇਸ ਦਾ ਮਕਸਦ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਹੈ। ਸਰਕਾਰ ਦਾ ਇਹ ਫੈਸਲਾ ਬੇਹੱਦ ਸ਼ਲਾਘਾਯੋਗ ਹੈ ਪਰ ਅਜਿਹਾ ਸਿਸਟਮ ਕੰਬਾਈਨ ਮਾਲਕਾਂ ਵਲੋਂ ਲਗਾਉਣ ਨਾਲ ਉਨ੍ਹਾਂ ਦੀ ਝੋਨਾ ਕਟਾਈ ਕਰਨ ਦੀ ਲਾਗਤ ਵੀ ਵਧ ਜਾਵੇਗੀ, ਜਿਸ ਨਾਲ ਕਿਸਾਨਾਂ 'ਤੇ ਹੋਰ ਬੋਝ ਪਵੇਗਾ। ਜੇਕਰ ਸਰਕਾਰ ਵਲੋਂ ਅਜਿਹਾ ਸਿਸਟਮ ਕੰਬਾਈਨਾਂ ਨਾਲ ਆਉਂਦੇ ਝੋਨੇ ਦੇ ਸੀਜ਼ਨ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਹਵਾ ਵਿਚ ਪ੍ਰਦੂਸ਼ਣ, ਬਿਮਾਰੀਆਂ ਅਤੇ ਧੂੰਏਂ ਨਾਲ ਹੁੰਦੇ ਸੜਕੀ ਹਾਦਸਿਆਂ ਵਿਚ ਕਾਫੀ ਕਮੀ ਹੋ ਜਾਵੇਗੀ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।


ਮਾਂ-ਬੋਲੀ ਦਿਵਸ
ਮਾਂ-ਬੋਲੀ ਦਿਵਸ ਮਨਾ ਰਹੇ ਹਾਂ, ਬਹੁਤ ਵਧੀਆ ਹੈ। ਅੱਜਕਲ੍ਹ ਪੰਜਾਬੀ ਬੋਲਣਾ ਇੰਜ ਸਮਝਿਆ ਜਾਂਦਾ ਹੈ ਜਿਵੇਂ ਅਨਪੜ੍ਹ ਹੋਈਏ। ਆਪਣੀ ਮਾਂ-ਬੋਲੀ ਨਾਲੋਂ ਟੁੱਟਣਾ, ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਦੇ ਬਰਾਬਰ ਹੈ। ਜਿੰਨਾ ਵਧੀਆ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੀ ਮਾਂ-ਬੋਲੀ ਵਿਚ ਦੱਸ ਸਕਦੇ ਹਾਂ, ਕਿਸੇ ਹੋਰ ਭਾਸ਼ਾ ਵਿਚ ਨਹੀਂ ਕਹਿ ਸਕਦੇ। ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੋ ਪਰ ਆਪਣੀ ਮਾਂ-ਬੋਲੀ ਨਾਲ ਹਮੇਸ਼ਾ ਪਿਆਰ ਕਰੋ। ਮਹਾਤਮਾ ਗਾਂਧੀ ਨੇ ਲਿਖਿਆ ਹੈ, 'ਸਾਨੂੰ ਅੰਗਰੇਜ਼ੀ ਦੀ ਲੋੜ ਹੈ ਪਰ ਆਪਣੀ ਮਾਂ-ਬੋਲੀ ਦੀ ਤਬਾਹੀ ਵਾਸਤੇ ਨਹੀਂ।' ਜਿਨ੍ਹਾਂ ਦੀ ਮਾਂ-ਬੋਲੀ ਗਿਰਾਵਟ ਵੱਲ ਜਾਵੇ, ਉਹ ਕੌਮਾਂ ਵੀ ਖਤਰੇ ਦੇ ਨਿਸ਼ਾਨ 'ਤੇ ਆ ਜਾਂਦੀਆਂ ਹਨ। ਆਪਣੀ ਹੋਂਦ ਬਰਕਰਾਰ ਰੱਖਣ ਵਾਸਤੇ ਮਾਂ-ਬੋਲੀ ਨੂੰ ਸਿਖ਼ਰ ਵੱਲ ਲੈ ਕੇ ਜਾਈਏ।


-ਪ੍ਰਭਜੋਤ ਕੌਰ ਢਿੱਲੋਂ


ਜਬਰ-ਜਨਾਹ ਦੀ ਘਟਨਾ
ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੀ ਇਕ ਗਿਆਰ੍ਹਵੀਂ 'ਚ ਪੜ੍ਹਦੀ ਵਿਦਿਆਰਥਣ ਨਾਲ ਅਧਿਆਪਕਾਂ ਵਲੋਂ ਜਬਰ-ਜਨਾਹ ਕਰਨ ਦੀ ਘਟਨਾ ਨੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਤੇ ਹੈਰਾਨ ਕਰਕੇ ਰੱਖ ਦਿੱਤਾ ਹੈ। ਅਧਿਆਪਕ ਵਰਗ ਜਿਸ ਨੂੰ ਸਮਾਜ ਦਾ ਮਜ਼ਬੂਤ ਥੰਮ੍ਹ ਮੰਨਿਆ ਜਾਂਦਾ ਹੈ, ਇਹ ਇਕ ਉਹ ਵਰਗ ਹੈ, ਜਿਸ 'ਤੇ ਲੋਕ ਅੱਖਾਂ ਮੀਚ ਕੇ ਵਿਸ਼ਵਾਸ ਕਰਦੇ ਆ ਰਹੇ ਹਨ ਪਰ ਉਪਰੋਕਤ ਘਟਨਾ ਨੇ ਬੱਚੀਆਂ ਦੇ ਮਾਪਿਆਂ ਨੂੰ ਬੇਹੱਦ ਡੂੰਘੀ ਚਿੰਤਾ 'ਚ ਡੋਬ ਕੇ ਰੱਖ ਦਿੱਤਾ ਹੈ। ਜਬਰ-ਜਨਾਹ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪਿਛਲੇ ਸਮੇਂ 'ਚ ਸਖ਼ਤ ਕਾਨੂੰਨ ਬਣਾਏ ਗਏ। ਦੋਸ਼ੀਆਂ ਨੂੰ ਤੁਰੰਤ ਸਜ਼ਾ ਦਾ ਭਾਗੀ ਬਣਾਉਣ ਲਈ ਫਾਸਟ ਟਰੈਕ ਅਦਾਲਤਾਂ ਵੀ ਹੋਂਦ 'ਚ ਆਈਆਂ। ਪਰ ਲਗਦਾ ਹੈ ਕਿ ਅਜੇ ਉਹ ਸਜ਼ਾ ਨਹੀਂ ਮਿਲੀ ਜੋ ਅਜਿਹੀ ਮਾਨਸਿਕਤਾ ਵਾਲਿਆਂ 'ਚ ਡਰ ਪੈਦਾ ਕਰ ਸਕੇ। ਉਪਰੋਕਤ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਘੱਟੋ-ਘੱਟ ਅਧਿਆਪਕ ਵਰਗ ਵਿਚ ਅਜਿਹੀ ਘਟਨਾ ਮੁੜ ਨਾ ਵਾਪਰੇ।


-ਬੰਤ ਘੁਡਾਣੀ,
ਪਿੰਡ ਤੇ ਡਾਕ: ਘੁਡਾਣੀ ਕਲਾਂ (ਲੁਧਿਆਣਾ)।

23-02-2018

 ਮਾਂ-ਬੋਲੀ ਅਤੇ ਸੱਭਿਆਚਾਰ
ਆਧੁਨਿਕ ਸਕੂਲਾਂ ਤੋਂ ਪੜ੍ਹਿਆ ਪੰਜਾਬ ਦੇ ਸ਼ਹਿਰੀ ਨੌਜਵਾਨ ਮੁੰਡੇ-ਕੁੜੀਆਂ ਦਾ ਇਕ ਵਰਗ ਆਪਣੀ ਮਾਂ-ਬੋਲੀ ਪੰਜਾਬੀ 'ਚ ਗੱਲਬਾਤ ਕਰਨ ਤੋਂ ਗੁਰੇਜ਼ ਕਰਦਾ ਹੈ। ਉਨ੍ਹਾਂ ਦੀ ਬੋਲਚਾਲ ਅਤੇ ਦਿੱਖ ਉੱਪਰ ਪੱਛਮੀ ਪ੍ਰਭਾਵ ਭਾਰੂ ਹੈ। ਬਿਨਾਂ ਸ਼ੱਕ ਸੰਸਾਰੀਕਰਨ ਤਹਿਤ ਸਾਰੀ ਦੁਨੀਆ ਇਕ-ਦੂਜੇ ਦੇ ਨੇੜੇ ਆ ਗਈ ਹੈ ਪਰ ਸਾਡੇ ਜੀਵਨ 'ਤੇ ਇਸ ਦੇ ਨਾਂਹ-ਪੱਖੀ ਪ੍ਰਭਾਵ ਵੀ ਵੇਖਣ ਨੂੰ ਮਿਲੇ ਹਨ। ਪੱਛਮੀ ਸੱਭਿਆਚਾਰ ਨੂੰ ਅਪਣਾਅ ਕੇ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੋਣਾ ਹਰਗਿਜ਼ ਠੀਕ ਨਹੀਂ। ਅੱਜਕਲ੍ਹ ਵਿਆਹਾਂ ਵਿਚ ਵੀ ਇਕ-ਦੋ ਦਿਨ ਪਹਿਲਾਂ ਜਾਂ ਫਿਰ ਵਿਆਹ ਵਾਲੇ ਦਿਨ ਹੀ ਕਿਸੇ ਪੈਲੇਸ 'ਚ ਕੁਝ ਘੰਟਿਆਂ ਦਾ ਲੇਡੀਜ਼ ਸੰਗੀਤ ਕਰਵਾ ਕੇ ਸੁਹਾਗ ਅਤੇ ਘੋੜੀਆਂ ਗਾਉਣ ਦੀ ਰਸਮ ਨਿਪਟਾ ਲਈ ਜਾਂਦੀ ਹੈ। ਇਸ ਤਰ੍ਹਾਂ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਹਾਂ। ਟੀ.ਵੀ. ਚੈਨਲਾਂ 'ਤੇ ਚੱਲਣ ਵਾਲੇ ਪੰਜਾਬੀ ਗੀਤਾਂ ਦੇ ਬੋਲ ਹੀ ਪੰਜਾਬੀ ਹੁੰਦੇ ਹਨ, ਬਾਕੀ ਉਨ੍ਹਾਂ ਗਾਣਿਆਂ 'ਤੇ ਨੱਚਣ ਵਾਲੀਆਂ ਕੁੜੀਆਂ ਦੇ ਪਹਿਰਾਵੇ ਅਤੇ ਨਾਚ 'ਚੋਂ ਪੰਜਾਬੀਅਤ ਮਨਫ਼ੀ ਹੀ ਹੁੰਦੀ ਹੈ। ਬੋਲੀ ਕਿਸੇ ਵੀ ਸੱਭਿਆਚਾਰ ਦਾ ਆਧਾਰ ਹੁੰਦੀ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਬਜਾਏ ਅੰਗਰੇਜ਼ੀ ਹੀ ਪੜ੍ਹਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਸੰਸਾਰੀਕਰਨ ਦੇ ਦੌਰ 'ਚ ਪੰਜਾਬੀਆਂ ਦਾ ਪੰਜਾਬੀ ਬੋਲੀ ਨਾਲੋਂ ਮੋਹ ਟੁੱਟਦਾ ਜਾ ਰਿਹਾ ਹੈ।


-ਸੰਦੀਪ ਆਰੀਆ
ਆਰੀਆ ਨਗਰ, ਫਾਜ਼ਿਲਕਾ।


ਗੰਧਲਾ ਹੁੰਦਾ ਵਾਤਾਵਰਨ
ਜਦੋਂ ਅਸੀਂ ਧਰਤੀ 'ਤੇ ਜ਼ਿੰਦਗੀ ਜਿਊਣ ਦੀ ਗੱਲ ਕਰਦੇ ਹਾਂ, ਤਾਂ ਜ਼ਿੰਦਗੀ ਜਿਊਣ ਲਈ ਸੁਖਾਵੇਂ ਅਤੇ ਅਨੁਕੂਲ ਮਾਹੌਲ ਦੀ ਗੱਲ ਹੀ ਕਰ ਰਹੇ ਹੁੰਦੇ ਹਾਂ। ਖ਼ਰਾਬ ਵਾਤਾਵਰਨ ਦਾ ਪ੍ਰਭਾਵ ਰਹਿਣ-ਸਹਿਣ ਦੇ ਨਾਲੋ-ਨਾਲ ਖੁਰਾਕ 'ਤੇ ਵੀ ਪੈਂਦਾ ਹੈ, ਜਿਸ ਨਾਲ ਇਨਸਾਨ ਦੀ ਸਹਿਣ ਸ਼ਕਤੀ ਘਟਣ ਦੇ ਨਾਲ ਹੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘਟ ਜਾਂਦੀ ਹੈ। ਇਨਸਾਨੀ ਜ਼ਿੰਦਗੀ ਲਈ ਲੋੜੀਂਦੀ ਹਵਾ, ਪਾਣੀ ਆਕਸੀਜਨ ਆਦਿ ਪਲੀਤ ਹੋਣ ਕਾਰਨ ਨਵੀਆਂ ਤੋਂ ਨਵੀਆਂ ਅਜਿਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਦਾ ਕਦੇ ਨਾਂਅ ਵੀ ਨਹੀਂ ਸੀ ਸੁਣਿਆ। ਇਨ੍ਹਾਂ ਮੁਸੀਬਤਾਂ ਲਈ ਇਨਸਾਨ ਖ਼ੁਦ ਹੀ ਜ਼ਿੰਮੇਵਾਰ ਹੈ। ਵਿਕਾਸ ਕਾਰਜਾਂ ਦੇ ਨਾਂਅ 'ਤੇ ਸੈਂਕੜੇ ਹੀ ਰੁੱਖ ਵੱਢ ਦਿੱਤੇ ਗਏ ਹਨ, ਜਿਨ੍ਹਾਂ 'ਤੇ ਆਪਣਾ ਰਹਿਣ ਬਸੇਰਾ ਬਣਾਈ ਬੈਠੇ ਹਜ਼ਾਰਾਂ ਹੀ ਪੰਛੀ ਭਟਕਣ ਲਈ ਮਜਬੂਰ ਹੋਏ ਹਨ। ਇਨਸਾਨ ਵਲੋਂ ਆਪਣੀ ਖ਼ੁਦਗਰਜ਼ੀ ਲਈ ਵਿਗਾੜੇ ਜਾ ਰਹੇ ਵਾਤਾਵਰਨ ਦਾ ਮਾੜਾ ਪ੍ਰਭਾਵ ਇਨਸਾਨੀ ਹੋਂਦ 'ਤੇ ਪਵੇਗਾ। ਇਸ ਨੂੰ ਬਚਾਅ ਕੇ ਰੱਖਣ ਲਈ ਇਕੱਠੇ ਹੋ ਕੇ ਹੰਭਲਾ ਮਾਰੀਏ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦੇ ਨਾਲ ਹੀ ਉਨ੍ਹਾਂ ਦੀ ਸੰਭਾਲ ਵੀ ਕਰੀਏ।


-ਜਸਵਿੰਦਰ ਸਿੰਘ ਜਿਉਣਪੁਰਾ
ਪਿੰਡ ਤੇ ਡਾਕ: ਜਿਉਣਪੁਰਾ, ਤਹਿ: ਪਾਤੜਾਂ, ਜ਼ਿਲ੍ਹਾ ਪਟਿਆਲਾ।


ਸਫ਼ਾਈ 'ਤੇ ਬਵਾਲ ਕਿਉਂ?
ਅਸੀਂ ਬਚਪਨ ਤੋਂ ਆਪਣੇ ਸਿਆਣਿਆਂ ਤੋਂ ਇਹ ਹੀ ਸੁਣਦੇ ਆਏ ਹਾਂ ਕਿ 'ਜਹਾਂ ਸਫ਼ਾਈ ਵਹਾਂ ਖ਼ੁਦਾਈ'। ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸੰਦੇਸ਼ ਦੇ ਰਹੇ ਹਾਂ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੇ ਭਾਰਤ ਨੂੰ ਸਾਫ਼-ਸੁਥਰਾ ਬਣਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ, ਜਿਸ ਦਾ ਨਾਂਅ ਉਨ੍ਹਾਂ 'ਸਵੱਛ ਭਾਰਤ' ਰੱਖਿਆ। ਪਰ ਪਿਛਲੇ ਦਿਨੀਂ ਲੁਧਿਆਣਾ ਸ਼ਹਿਰ ਵਿਚ ਸਕੂਲ ਦੀ ਅਧਿਆਪਕ ਨੂੰ ਸਕੂਲ ਦੀ ਸਫ਼ਾਈ ਕਰਵਾਉਣ ਬਦਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ 'ਮੁਅੱਤਲ' ਕਰ ਤੇ ਦੂਜੀ ਅਧਿਆਪਕਾ ਦਾ 'ਤਬਾਦਲਾ' ਕਰ ਕੇ ਸਵੱਛ ਭਾਰਤ ਮਿਸ਼ਨ ਦਾ ਇਨਾਮ ਦਿੱਤਾ ਗਿਆ। ਪੰਜਾਬ ਵਿਚ ਪ੍ਰਾਇਮਰੀ ਸਕੂਲ ਦਾ ਅਧਿਆਪਕ, ਅਧਿਆਪਕ ਤੋਂ ਲੈ ਕੇ ਚਪੜਾਸੀ ਤੱਕ ਦਾ ਕੰਮ ਆਪ ਕਰ ਰਿਹਾ ਹੈ। ਜਿਨ੍ਹਾਂ ਅਧਿਕਾਰੀਆਂ, ਵੀਡੀਓ ਬਣਾਉਣ ਵਾਲਾ ਤੇ ਜਿਸ ਨਿੱਜੀ ਚੈਨਲ ਨੇ ਘਟਨਾ ਨੂੰ ਪ੍ਰਸਾਰਨ ਕੀਤਾ, ਉਨ੍ਹਾਂ ਖ਼ਿਲਾਫ਼ ਦੇਸ਼ ਧਰੋਹ ਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੀਆਂ ਲਗਦੀਆਂ ਧਰਾਵਾਂ ਤਹਿਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਸਕੂਲਾਂ ਨੂੰ ਸਾਂਝੇ ਯਤਨਾਂ ਸਦਕਾ ਸਾਫ਼ ਰੱਖੀਏ ਤੇ ਮਿਸ਼ਨ ਨੂੰ ਕਾਮਯਾਬ ਬਣਾਈਏ।


-ਜਸਦੀਪ ਸਿੰਘ ਖ਼ਾਲਸਾ
ਖੰਨਾ।

21-02-2018

 ਭ੍ਰਿਸ਼ਟ ਸਿਆਸਤਦਾਨ
ਪਿਛਲੇ ਦਿਨੀਂ 21 ਸਾਲ ਪੁਰਾਣੇ 950 ਕਰੋੜ ਰੁਪਏ ਦੇ ਚਾਰਾ ਘੁਟਾਲੇ ਨਾਲ ਸਬੰਧਿਤ ਇਕ ਮਾਮਲੇ ਵਿਚ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਅਹਿਮ ਫ਼ੈਸਲੇ ਨਾਲ ਜਿਥੇ ਆਮ ਲੋਕਾਂ ਦਾ ਨਿਆਂਪਾਲਿਕਾ 'ਚ ਵਿਸ਼ਵਾਸ ਵਧਿਆ ਹੈ, ਉਥੇ ਦੇਸ਼ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਵੀ ਕੰਨ ਹੋ ਗਏ ਹਨ। ਪਿਛਲੇ ਸਮੇਂ ਤੋਂ ਦੇਸ਼ ਵਿਚ ਭ੍ਰਿਸ਼ਟਾਚਾਰ ਇਸ ਕਦਰ ਵਧ ਗਿਆ ਹੈ ਕਿ ਆਮ ਜਨਤਾ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਸਮੇਂ-ਸਮੇਂ 'ਤੇ ਸਿਆਸਤਦਾਨਾਂ 'ਤੇ ਲਗਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਆਮ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਹੈ ਕਿ ਬਹੁਤੇ ਲੋਕ ਸਿਆਸਤ ਵਿਚ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਨਾਲ ਨਹੀਂ, ਸਗੋਂ ਦੇਸ਼ ਨੂੰ ਲੁੱਟਣ ਦੀ ਮਨਸ਼ਾ ਨਾਲ ਹੀ ਆਉਂਦੇ ਹਨ। ਅੱਜ ਜੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ ਤਾਂ ਨਿਆਂਪਾਲਿਕਾ ਨੂੰ ਉਪਰੋਕਤ ਫ਼ੈਸਲੇ ਵਾਂਗ ਸਖ਼ਤ ਫ਼ੈਸਲੇ ਲੈਣੇ ਹੀ ਪੈਣਗੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਪੰਖੇਰੂਆਂ ਸੰਗ ਉਡਾਰੀ
ਕੁਦਰਤ ਨੇ ਮਨੁੱਖਤਾ ਦੇ ਭਲੇ ਹਿਤ ਹੀ ਪੰਛੀਆਂ, ਰੁੱਖਾਂ, ਫਲ, ਫੁੱਲਾਂ ਦੀ ਉਤਪਤੀ ਕੀਤੀ ਪਰ ਅਸੀਂ ਅੱਜ ਕੁਦਰਤ ਦੇ ਨੇੜੇ ਹੋਣ ਦੀ ਬਜਾਏ ਇਸ ਵਲੋਂ ਰਚੇ ਤਾਣੇ-ਬਾਣੇ ਨਾਲ ਖਿਲਵਾੜ ਕਰ ਖ਼ਤਰਾ ਮੁੱਲ ਸਹੇੜ ਰਹੇ ਹਾਂ। ਅੱਜ ਪੰਛੀਆਂ ਦੀਆਂ ਬਹੁਤ ਸਾਰੀਆਂ ਜਾਤੀਆਂ ਅਲੋਪ ਹੋ ਰਹੀਆਂ ਹਨ। ਪਹਿਲਾਂ ਗਿਰਝਾਂ ਅਲੋਪ ਹੋਈਆਂ, ਹੁਣ ਘਰੇਲੂ ਚਿੜੀ ਦੀ ਹੋਂਦ ਘਟ ਗਈ ਹੈ। ਘੁੱਗੀਆਂ ਦੀ ਗਿਣਤੀ ਘਟੀ ਹੈ, ਲਾਲ ਗਲ਼ ਵਾਲੀਆਂ ਗੁਟਾਰਾਂ ਕਿਧਰੇ ਨਹੀਂ ਦਿਸਦੀਆਂ, ਮੋਰਾਂ ਦੀ ਸ਼ਾਮਾਂ ਨੂੰ ਆਵਾਜ਼ ਕਿਧਰੇ ਨਹੀਂ ਸੁਣਦੀ, ਤਿੱਤਰ, ਬਟੇਰ ਬਹੁਤ ਹੀ ਘੱਟ ਵੇਖਣ ਨੂੰ ਮਿਲਦੇ ਹਨ ਕਿਉਂਕਿ ਅਸੀਂ ਖੇਤਾਂ ਵਿਚ ਬੀਜਾਂ ਨੂੰ ਦਵਾਈਆਂ ਲਾ-ਲਾ ਬੀਜ ਰਹੇ ਹਾਂ। ਅੱਜ ਲੋੜ ਹੈ ਇਨ੍ਹਾਂ ਪੰਛੀਆਂ ਲਈ ਦਾਣੇ ਪਾਣੀ ਦਾ ਪ੍ਰਬੰਧ ਕਰਨ ਦੀ। ਪੰਛੀਆਂ ਦੀਆਂ ਮਧੁਰ ਆਵਾਜ਼ਾਂ ਨਾਲ ਹੀ ਮਨੁੱਖਤਾ ਦਾ ਭਲਾ ਹੈ। ਜੇਕਰ ਰਹਿੰਦੇ ਸਮੇਂ ਅਸੀਂ ਪੰਛੀਆਂ ਪ੍ਰਤੀ ਸੁਹਿਰਦ ਨਾ ਹੋਏ ਤਾਂ ਸਾਨੂੰ ਬਹੁਤ ਘੱਟ ਪੰਛੀਆਂ ਦੀਆਂ ਡਾਰਾਂ ਅਤੇ ਆਵਾਜ਼ਾਂ ਵੇਖਣ-ਸੁਣਨ ਨੂੰ ਮਿਲਣਗੀਆਂ। ਕੀ ਤੁਸੀਂ ਪੰਖੇਰੂਆਂ ਸੰਗ ਉਡਾਰੀ ਮਾਰਨ ਲਈ ਤਿਆਰ ਹੋ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਸਾਂਝੇ ਮਤੇ
ਜੇਕਰ ਪੰਜਾਬ ਨੂੰ ਵਿਆਹਾਂ, ਭੋਗਾਂ ਵਿਚ ਹੁੰਦੇ ਫਜ਼ੂਲ ਖਰਚਿਆਂ ਤੋਂ ਬਚਾਉਣਾ ਹੈ ਤਾਂ ਇਸ ਦੀ ਸ਼ੁਰੂਆਤ ਪਿੰਡਾਂ ਤੋਂ ਕਰਨੀ ਪਵੇਗੀ ਕਿਉਂਕਿ ਪਿੰਡਾਂ ਦੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੁੰਦੀ ਹੈ ਕਿ ਉਹ ਕਿਸੇ ਵੀ ਕੁਰੀਤੀ ਨੂੰ ਸੌਖਿਆਂ ਹੀ ਖ਼ਤਮ ਕਰ ਸਕਦੇ ਹਨ। ਪਿੰਡਾਂ ਦੇ ਲੋਕਾਂ ਵਿਚ ਇਕ ਧਾਰਨਾ ਹਮੇਸ਼ਾ ਭਾਰੂ ਰਹੀ ਹੈ, ਜੋ ਉਨ੍ਹਾਂ ਦੀ ਬਿਮਾਰ ਮਾਨਸਿਕਤਾ ਦਾ ਸਿੱਟਾ ਹੀ ਸਮਝਿਆ ਜਾ ਸਕਦਾ ਹੈ ਕਿ ਸ਼ਰੀਕੇ ਨਾਲੋਂ ਜ਼ਿਆਦਾ ਖੁਸ਼ੀ, ਗ਼ਮੀ ਦੇ ਮੌਕਿਆਂ 'ਤੇ ਖ਼ਰਚ ਕਰਨਾ। ਇਹ ਨਹੀਂ ਦੇਖਿਆ ਜਾਂਦਾ ਕਿ ਕੀ ਅਸੀਂ ਆਰਥਿਕ ਤੌਰ 'ਤੇ ਉਸ ਦੇ ਬਰਾਬਰ ਹਾਂ। ਪੰਚਾਇਤਾਂ ਨੂੰ ਚਾਹੀਦਾ ਹੈ ਕਿ ਕੁਝ ਸੂਝਵਾਨ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਖ਼ਰਚ ਦੀ ਹੱਦ ਨਿਸਚਿਤ ਕੀਤੀ ਜਾਵੇ ਤੇ ਮਤੇ ਪਾਸ ਕੀਤੇ ਜਾਣ ਕਿ ਜੇਕਰ ਕੋਈ ਵਿਆਹ, ਭੋਗ ਜਾਂ ਖੁਸ਼ੀ ਦੇ ਹੋਰ ਮੌਕਿਆਂ 'ਤੇ ਮਤੇ ਵਿਚ ਲਿਖੀਆਂ ਗੱਲਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾਵੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

19-02-2018

 ਰਿਸ਼ਵਤਖੋਰੀ
ਜੇਕਰ ਰਿਸ਼ਵਤ ਦੀ ਗੱਲ ਕਰੀਏ ਤਾਂ ਇਹ ਪਰਿਵਾਰ ਤੋਂ ਸ਼ੁਰੂ ਹੋ ਕੇ ਸੰਸਦ ਤੱਕ ਫੈਲੀ ਹੋਈ ਹੈ। ਮਾਪੇ ਆਪਣੇ ਬੱਚਿਆਂ ਤੋਂ ਕੋਈ ਕੰਮ ਕਰਵਾਉਣ ਲਈ ਕੋਈ ਲਾਲਚ ਦਿੰਦੇ ਹਨ, ਇਹ ਵੀ ਇਕ ਰਿਸ਼ਵਤ ਹੈ। ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤ ਦਾ ਬੋਲਬਾਲਾ ਸਿਖਰਾਂ 'ਤੇ ਹੁੰਦਾ ਹੈ। ਰਿਸ਼ਵਤ ਨੂੰ ਬੜਾਵਾ ਦੇਣ ਲਈ ਕੁਝ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਾਨੂੰ ਆਪਣਾ ਕੋਈ ਕੰਮ ਕਰਵਾਉਣ ਦੀ ਏਨੀ ਕਾਹਲੀ ਹੁੰਦੀ ਹੈ ਕਿ ਅਸੀਂ ਸਬੰਧਿਤ ਅਧਿਕਾਰੀ ਅੱਗੇ ਰਿਸ਼ਵਤ ਦੀ ਪੇਸ਼ਕਸ਼ ਰੱਖਦੇ ਹਾਂ। ਸਾਰੇ ਅਧਿਕਾਰੀ ਇਕੋ ਜਿਹੇ ਨਹੀਂ ਹੁੰਦੇ, ਕੁਝ ਚੰਗੇ ਅਕਸ ਵਾਲੇ ਵੀ ਹੁੰਦੇ ਹਨ। ਇਸ ਲਈ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।


-ਹਰਕਮਲ ਬਰਾੜ
ਰੋੜਾ ਵਾਲੇ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਨਵੀਂ ਜਥੇਬੰਦੀ
ਨਾਮਵਰ ਗੀਤਕਾਰਾਂ ਤੇ ਲੇਖਕਾਂ ਵਲੋਂ ਪੰਜਾਬੀ ਗੀਤਕਾਰੀ ਤੇ ਸੱਭਿਆਚਾਰ ਵਿਚ ਵਧ ਰਹੇ ਲੱਚਰਪੁਣੇ ਅਤੇ ਨਿਗਾਰ ਨੂੰ ਠੱਲ੍ਹ ਪਾਉਣ ਲਈ ਇਕ ਨਵੀਂ ਬਣਾਈ ਜਥੇਬੰਦੀ ਵਧਾਈ ਦੀ ਪਾਤਰ ਹੈ। ਪੰਜਾਬ ਵਿਚ ਵਿਗੜ ਚੁੱਕੇ ਮਾਹੌਲ 'ਚ ਸ਼ਾਇਦ ਇਹ ਗੀਤਕਾਰ ਅਤੇ ਲੇਖਕ ਆਪਣੀ ਕਲਮ ਨਾਲ ਚੰਗਾ ਸਾਹਿਤ ਭਾਵ ਚੰਗੀ ਸੇਧ ਦੇਣ ਵਾਲੇ ਗੀਤ ਵਗੈਰਾ ਲਿਖ ਕੇ ਗੀਤਕਾਰਾਂ ਨੂੰ ਦੇਣਗੇ ਅਤੇ ਅੱਗੇ ਇਹੀ ਗਾਇਕ ਜਾਂ ਕਲਾਕਾਰ ਸਰੋਤਿਆਂ ਨੂੰ ਸੁਣਾਉਣਗੇ।


-ਦਰਸ਼ਨ ਸਿੰਘ ਕੱਟੂ
ਪਿੰਡ ਤੇ ਡਾਕ: ਕੱਟੂ, ਵਾਇਆ ਧਨੌਲਾ, ਜ਼ਿਲ੍ਹਾ ਬਰਨਾਲਾ।


ਕਿਵੇਂ ਵਧਾਈਏ ਆਮਦਨ?
ਸਾਡੇ ਦੇਸ਼ ਦਾ ਬਹੁਤ ਹਿੱਸਾ ਖੇਤੀ ਖੇਤਰ ਉੱਤੇ ਨਿਰਭਰ ਕਰਦਾ ਹੈ। ਦਿਨ ਰਾਤ ਖੇਤੀ ਖੇਤਰ ਵਿਚ ਹੱਡ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੀ ਆਮਦਨ, ਸਾਡੀ ਮਿਹਨਤ ਦੇ ਮੁਕਾਬਲੇ ਘੱਟ ਕਿਉਂ ਹੈ? ਸਰਕਾਰ ਨੂੰ ਖੇਤੀ ਖੇਤਰ ਵਿਚ ਲੋੜੀਂਦੇ ਯਤਨ ਕਰਨ ਦੀ ਲੋੜ ਹੈ, ਜਿਵੇਂ ਕਿ ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ ਉਪਲਬਧ ਕਰਵਾਉਣਾ, ਯੂਨੀਵਰਸਿਟੀਆਂ ਰਾਹੀਂ ਕਿਸਾਨਾਂ ਨੂੰ ਫਸਲਾਂ ਦੀ ਦੇਖ-ਰੇਖ ਲਈ, ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੀ ਜਾਣਕਾਰੀ ਦੇਣਾ। ਇਸ ਦੇ ਨਾਲ ਹੀ ਫਸਲਾਂ ਦੀ ਸਿੰਚਾਈ ਲਈ ਪਾਣੀ, ਬਿਜਲੀ ਅਤੇ ਹੋਰ ਸਭ ਸਾਧਨ ਉਪਲਬਧ ਕਰਵਾਉਣਾ। ਇਹ ਸਭ ਕਾਰਕ ਕਿਤੇ ਨਾ ਕਿਤੇ ਖੇਤੀ ਖੇਤਰ ਦੀ ਆਮਦਨ ਵਿਚ ਵਾਧਾ ਕਰਨ ਵਿਚ ਜ਼ਰੂਰ ਸਹਾਈ ਹੋਣਗੇ। ਇਸ ਤੋਂ ਇਲਾਵਾ ਸਾਡੇ ਦੇਸ਼ ਵਾਸੀਆਂ ਵਿਚ ਬਾਹਰਲੇ ਖਾਧ ਪਦਾਰਥਾਂ ਦਾ ਰੁਝਾਨ ਵਧੇਰੇ ਵੇਖਣ ਨੂੰ ਮਿਲਦਾ ਹੈ, ਉਹ ਇਹ ਨਹੀਂ ਸੋਚਦੇ ਕਿ ਅਸੀਂ ਇਹ ਮੂਰਖਤਾ ਕਰ ਕੇ ਦੂਜੇ ਦੇਸ਼ਾਂ ਦੀ ਸੰਪਤੀ ਵਿਚ ਵਾਧਾ ਕਰ ਰਹੇ ਹਾਂ ਤੇ ਆਪਣੇ ਦੇਸ਼ ਨੂੰ ਗ਼ਰੀਬ ਬਣਾ ਰਹੇ ਹਾਂ। ਇਹ ਸਭ ਗੱਲਾਂ ਵਿਚਾਰਨਯੋਗ ਹਨ।


-ਨੂਰਦੀਪ ਕੋਮਲ
ਪ੍ਰੀਤ ਨਗਰ, ਸੰਗਰੂਰ।

16-02-2018

 ਜਬਰ ਜਨਾਹ ਦੀਆਂ ਘਟਨਾਵਾਂ
ਇਸਤਰੀ ਜਾਤ 'ਤੇ ਜ਼ੁਲਮ ਹੋਣੇ ਕੋਈ ਨਵੀਂ ਗੱਲ ਨਹੀਂ। ਪੰਜ ਸਾਲ ਪਹਿਲਾਂ ਦਿੱਲੀ ਬੱਸ ਵਿਚ ਇਕ ਲੜਕੀ ਨਾਲ ਹੋਏ ਗੈਂਗਰੇਪ ਨੇ ਸਾਡੇ ਦੇਸ਼ ਦੇ ਸਾਰੇ ਪ੍ਰਬੰਧ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਵਿਦੇਸ਼ੀ ਸੈਲਾਨੀ ਵੀ ਸਾਡੇ ਦੇਸ਼ ਵਿਚ ਆਉਣ ਤੋਂ ਕੰਨੀ ਕਤਰਾਉਣ ਲੱਗੇ ਸਨ। ਅੱਜ ਵੀ ਸਾਡੇ ਦੇਸ਼ ਵਿਚ ਬੱਚੀਆਂ ਨਾਲ ਹੁੰਦੀਆਂ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਪਿਛਲੇ ਦਿਨੀਂ ਅੱਠ ਸਾਲ ਦੀ ਛੋਟੀ ਮਾਸੂਮ ਬੱਚੀ ਜੈਨਬ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਲਾਸ਼ ਕੂੜੇ ਦੇ ਢੇਰ 'ਤੇ ਸੁੱਟਣ ਦੀ ਘਟਨਾ ਨੇ ਸਾਰੇ ਪਾਕਿਸਤਾਨ ਵਿਚ ਹਲਚਲ ਮਚਾ ਦਿੱਤੀ ਹੈ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੀ ਐਂਕਰ ਕਿਰਨ ਨਾਜ਼ ਇਸ ਘਟਨਾ ਦਾ ਵਿਰੋਧ ਕਰਨ ਲਈ ਆਪਣੀ ਬੱਚੀ ਨੂੰ ਨਾਲ ਲੈ ਕੇ ਲੋਕਾਂ ਸਾਹਮਣੇ ਆਈ। ਲੋੜ ਹੈ ਜਬਰ ਜਨਾਹ ਕਰਨ ਵਾਲਿਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ।


-ਸ਼ਮਸ਼ੇਰ ਸਿੰਘ ਸੋਹੀ
sohianshamsher@gmail.com


ਵੱਡੇ ਮਗਰਮੱਛਾਂ ਨੂੰ ਕੌਣ ਫੜੇ
ਇਕ ਛੋਟੀ ਜਿਹੀ ਖ਼ਬਰ ਪੜ੍ਹੀ ਤਸਵੀਰ ਸਮੇਤ। ਪੁਲਿਸ ਟੀਮ ਦੇ ਪੈਰਾਂ 'ਚ ਦੋ ਮੁਜ਼ਰਮ ਬੈਠੇ ਹਨ। ਇਹ ਖ਼ਬਰ ਸੋਚਣ ਲਈ ਮਜਬੂਰ ਕਰਦੀ ਹੈ ਕਿ ਉਹ ਲੋਕ ਕੌਣ ਹਨ ਜਿਨ੍ਹਾਂ ਕੋਲੋਂ ਇਹ 'ਸਾਮਾਨ' ਲੈਂਦੇ ਹਨ। ਇਨ੍ਹਾਂ ਛੋਟਿਆਂ ਨੂੰ ਫੜ ਕੇ ਜੇਲ੍ਹਾਂ ਵਿਚ ਬੰਦ ਕਰਨ ਨਾਲ ਕੀ ਇਸ ਭਿਆਨਕ ਮਸਲੇ ਨੂੰ ਸੁਲਝਾਇਆ ਜਾ ਸਕਦਾ ਹੈ? ਇਹ ਛੋਟੇ ਹੀ ਵੱਡਿਆਂ ਦੇ ਘਰ ਦਾ ਰਸਤਾ ਦੱਸ ਸਕਦੇ ਹਨ ਜੇ ਪੁਲਿਸ ਆਪਣਾ ਫ਼ਰਜ਼ ਪਛਾਣੇ। ਵੱਡਿਆਂ ਨੂੰ ਕੌਣ ਹੱਥ ਪਾਵੇ, ਇਹ ਸੋਚਣ ਦੀ ਲੋੜ ਹੈ। ਪੰਜ ਗ੍ਰਾਮ ਹੈਰੋਇਨ ਤੇ 430 ਗੋਲੀਆਂ ਫੜਨ ਨਾਲ ਗੱਲ ਨਹੀਂ ਬਣਨੀ ਪੁਲਿਸ ਦੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸਿੱਖਿਆ ਬਚਾਓ
ਹੁਣ ਤੱਕ ਮੌਜੂਦਾ ਪੰਜਾਬ ਸਰਕਾਰ ਦਾ ਮਾਤ ਭਾਸ਼ਾ ਅਤੇ ਸਿੱਖਿਆ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ ਇਕ ਵੀ ਨਜ਼ਰ ਨਹੀਂ ਆਉਂਦਾ। ਪਹਿਲਾਂ ਅਨੇਕਾਂ ਪ੍ਰਾਇਮਰੀ ਸਕੂਲਾਂ ਨੂੰ ਜਿੰਦੇ ਲਾਉਣ ਦਾ ਫੁਰਮਾਨ ਤੇ ਹੁਣ ਸਰਕਾਰ ਦਾ ਇਕ ਹੁਕਮ ਆ ਗਿਆ ਕਿ ਮਿਡਲ ਸਕੂਲਾਂ ਵਿਚ ਚਾਰ ਤੋਂ ਵੱਧ ਅਧਿਆਪਕ ਨਹੀਂ ਰਹਿ ਸਕਦੇ। ਅਧਿਆਪਕਾਂ ਲਈ ਇਹ ਤੁਗ਼ਲਕੀ ਫ਼ੁਰਮਾਨ ਵੀ ਆ ਗਿਆ ਕਿ ਆਪਣੇ ਵਿਸ਼ੇ ਦੇ ਨਾਲ-ਨਾਲ ਇਕ ਵਿਸ਼ਾ ਹੋਰ ਵੀ ਪੜ੍ਹਾਉਣ। ਜੇਕਰ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਅਧਿਆਪਕ ਯੋਗਤਾ ਟੈਸਟ ਨਾਲ ਵਿਸ਼ੇ ਦਾ ਟੈਸਟ ਲੈਣ ਦੀ ਕੀ ਤੁੱਕ ਹੈ? ਸਰਕਾਰ ਪ੍ਰਾਈਵੇਟ ਸਿੱਖਿਆ ਵਪਾਰੀਆਂ ਨਾਲ ਯਾਰੀਆਂ ਨਿਭਾਉਣ ਲਈ ਹੀ ਅਜਿਹੇ ਫ਼ੁਰਮਾਨ ਜਾਰੀ ਕਰਦੀ ਹੈ। ਸਰਕਾਰੀ ਸਕੂਲਾਂ ਵਿਚ ਉਂਜ ਵੀ ਜ਼ਿਆਦਾਤਰ ਗ਼ਰੀਬ ਮਾਪਿਆਂ ਦੇ ਬੱਚੇ ਹੀ ਪੜ੍ਹਦੇ ਹਨ। ਪੰਜਾਬੀਓ! ਸਰਕਾਰ ਦੇ ਇਸ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕਰੋ, ਨਹੀਂ ਤਾਂ ਗ਼ਰੀਬਾਂ ਲਈ ਸਿੱਖਿਆ ਇਕ ਮਖੌਲ ਬਣ ਕੇ ਹੀ ਰਹਿ ਜਾਵੇਗੀ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

15-02-2018

 ਦਿਸ਼ਾਹੀਣ ਨੌਜਵਾਨ ਪੀੜ੍ਹੀ
ਨੌਜਵਾਨ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਸਿਰ ਹੁੰਦੀ ਹੈ, ਕਿਉਂਕਿ ਇਸ ਉਮਰ ਵਿਚ ਹੀ ਜੋਸ਼, ਉਤਸ਼ਾਹ, ਸ਼ਕਤੀ ਅਤੇ ਸੁਪਨਿਆਂ ਦੀ ਕੋਈ ਕਮੀ ਨਹੀਂ ਹੁੰਦੀ। ਪਰ ਗੱਲ ਇਹ ਹੈ ਕਿ ਅੱਜ ਨੌਜਵਾਨ ਪੀੜ੍ਹੀ ਕੋਲ ਸਹੀ ਸੇਧ ਨਹੀਂ। ਅੱਜ ਹਰ ਕੋਈ ਰਾਜਨੀਤਕ ਨੇਤਾ, ਧਾਰਮਿਕ ਆਗੂ ਅਤੇ ਲੱਚਰ ਗਾਇਕੀ ਦੇ ਕਲਾਕਾਰ ਜੋ ਜਿਵੇਂ ਚਾਹੇ ਇਨ੍ਹਾਂ ਦਾ ਇਸਤੇਮਾਲ ਆਪਣੇ ਫਾਇਦੇ ਲਈ ਕਰ ਰਿਹਾ ਹੈ। ਅੱਜਕਲ੍ਹ ਨੌਜਵਾਨਾਂ ਦੀ ਸਹਿਣਸ਼ੀਲਤਾ, ਪਰਿਪਕਤਾ ਅਤੇ ਚੰਗੇ ਵਿਚਾਰਾਂ ਦੀ ਲਗਾਤਾਰ ਕਮੀ ਹੋ ਰਹੀ ਹੈ, ਜਿਸ ਦਾ ਨਤੀਜਾ ਗੈਂਗਸਟਰ, ਅਮਲੀ ਅਤੇ ਆਤਮ-ਹੱਤਿਆਵਾਂ ਦੇ ਰੂਪ ਵਿਚ ਅਸੀਂ ਆਮ ਦੇਖ ਸਕਦੇ ਹਾਂ। ਸਾਡੇ ਬਜ਼ੁਰਗ ਜੇ ਬਚਪਨ ਤੋਂ ਹੀ ਆਪਣੇ ਬੱਚਿਆਂ ਦੀ ਸਹੀ ਅਗਵਾਈ ਕਰਨ ਅਤੇ ਸਭ ਤੋਂ ਵੱਧ ਨੌਜਵਾਨ ਖ਼ੁਦ ਸੋਚਣ ਕਿ ਅਸੀਂ ਕੀ ਹਾਂ ਤੇ ਕੀ ਕਰ ਸਕਦੇ ਹਾਂ, ਤਾਂ ਆਪਣਾ ਜੀਵਨ ਤਾਂ ਸਵਾਰ ਹੀ ਸਕਦੇ ਹਨ, ਸਗੋਂ ਸਮਾਜ ਨੂੰ ਵੀ ਨਵਾਂ ਰੂਪ ਦੇ ਸਕਦੇ ਹਨ।

-ਅੰਮ੍ਰਿਤਪਾਲ ਸਿੰਘ ਸੋਹੀ
ਪਿੰਡ ਤੇ ਡਾਕ: ਘੁਮਾਣ।

ਸਹੀ ਮਾਨਸਿਕਤਾ ਦੀ ਲੋੜ
ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਵਿਚ ਕੁੜੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 50 ਸਾਲਾਂ ਤੋਂ ਉੱਪਰ ਦੇ ਅਧਿਆਪਕ ਰੱਖਣ ਦਾ ਫ਼ੈਸਲਾ ਵਾਜਿਬ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਇਸ ਪ੍ਰਤੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਸ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੈ। ਘੱਟ ਉਮਰ ਦੇ ਅਧਿਆਪਕ ਦੀ ਸੋਚ ਵੀ ਸਹੀ ਹੋ ਸਕਦੀ ਹੈ ਤੇ ਵੱਡੀ ਉਮਰ ਦੇ ਅਧਿਆਪਕ ਦੀ ਨੀਅਤ ਵਿਚ ਵੀ ਖੋਟ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਫ਼ੈਸਲੇ ਨਾ ਲੈਣ। ਕੁੜੀਆਂ ਨੂੰ ਆਪਣੀ ਸੁਰੱਖਿਆ ਲਈ ਖ਼ੁਦ ਆਵਾਜ਼ ਉਠਾਉਣੀ ਚਾਹੀਦੀ ਹੈ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਪੜ੍ਹਾਉਣ ਤਾਂ ਜੋ ਸਰਕਾਰਾਂ ਨੂੰ ਇਹੋ ਜਿਹੇ ਫ਼ੈਸਲੇ ਲੈਣ ਦੀ ਨੌਬਤ ਹੀ ਨਾ ਪਵੇ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਨਕਲੀ ਦੁੱਧ
ਸੰਗਰੂਰ ਜ਼ਿਲ੍ਹੇ 'ਚ ਨਕਲੀ ਦੁੱਧ ਤਿਆਰ ਕਰਨ ਵਾਲੇ ਇਕ ਹੋਰ ਕਾਰਖਾਨੇ ਦਾ ਪਰਦਾਫਾਸ਼ ਹੋਣ ਦੀ ਖ਼ਬਰ ਪੜ੍ਹੀ, ਮਨ ਨੂੰ ਥੋੜ੍ਹਾ ਹੌਸਲਾ ਹੋਇਆ ਹੈ ਕਿ ਸਰਕਾਰ ਦੇ ਇਸ ਕੰਮ ਨਾਲ ਜਿਥੇ ਚੰਗਾ ਦੁੱਧ ਪੀਣ ਲਈ ਮਿਲੇਗਾ, ਉਥੇ ਸਾਡੇ ਪਸ਼ੂ ਪਾਲਕਾਂ ਨੂੰ ਦੁੱਧ ਦਾ ਭਾਅ ਵੀ ਚੰਗਾ ਮਿਲੇਗਾ। ਅੱਜ ਜਦੋਂ ਖੇਤੀਬਾੜੀ ਘਾਟੇ ਦਾ ਸੌਦਾ ਬਣੀ ਹੋਈ ਹੈ, ਉਥੇ ਖੇਤੀ ਨਾਲ ਡੇਅਰੀ ਦਾ ਧੰਦਾ ਕਰਦੇ ਕਿਸਾਨਾਂ ਨੂੰ ਦੁੱਧ ਦੇ ਚੰਗਾ ਮੁੱਲ ਮਿਲਣ ਦੀ ਵੀ ਆਸ ਬੱਝੀ ਹੈ। ਅੱਜਕਲ੍ਹ ਫੀਡ, ਤੂੜੀ, ਦਵਾਈ, ਹਰੇ ਚਾਰੇ ਲਈ ਜ਼ਮੀਨ ਦਾ ਠੇਕਾ ਆਦਿ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿ ਉਹ ਜਿਥੇ ਲੋਕਾਂ ਦੀ ਸਿਹਤ ਦਾ ਫਾਇਦਾ ਕਰ ਸਕਦੀ ਹੈ, ਉਥੇ ਘਾਟੇ ਵਿਚ ਜਾ ਰਹੇ ਪਸ਼ੂ ਪਾਲਕਾਂ ਦੀ ਵੀ ਕੁਝ ਮਦਦ ਕਰ ਸਕਦੀ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

14-02-2018

 ਖ਼ਤਰਨਾਕ ਸੈਲਫੀ ਦਾ ਰੁਝਾਨ
ਅੱਜਕਲ੍ਹ ਨੌਜਵਾਨ ਆਪਣੇ-ਆਪ ਨੂੰ ਸੋਸ਼ਲ ਮੀਡੀਆ 'ਤੇ ਮਸ਼ਹੂਰ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਨ੍ਹਾਂ 'ਚੋਂ ਇਕ ਹੈ ਖ਼ਤਰਨਾਕ ਸੈਲਫੀ ਤੇ ਅਜਿਹੀਆਂ ਹੀ ਵੀਡੀਓਜ਼ ਬਣਾ ਕੇ ਆਪਣੇ-ਆਪ ਨੂੰ ਹੀਰੋ ਸਾਬਤ ਕਰਨਾ। ਇਸੇ ਚੱਕਰ ਵਿਚ ਉਹ ਕਈ ਵਾਰ ਮੌਤ ਦੇ ਮੂੰਹ ਵਿਚ ਵੀ ਜਾ ਸਕਦਾ ਹੈ। ਪਿਛਲੇ ਡੇਢ ਸਾਲ 'ਚ ਸੈਲਫੀ ਲੈਣ ਦੇ ਚੱਕਰ ਵਿਚ ਭਾਰਤ 'ਚ 76 ਮੌਤਾਂ ਹੋਣ ਦੀ ਗੱਲ ਕਹੀ ਜਾਂਦੀ ਹੈ। ਇਹ ਸਾਰੇ ਹੀ ਨੌਜਵਾਨ ਸਨ। ਸਾਡੇ ਦੇਸ਼ ਦਾ ਸਰਮਾਇਆ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਂ ਰੋਕਣ ਲਈ ਇਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਨਾਂਅ ਉਸ ਕੰਮ ਰਾਹੀਂ ਕਮਾ ਸਕਣ। ਹਰ ਖੇਤਰ ਵਿਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦਾ ਵੱਡੇ ਪੱਧਰ 'ਤੇ ਮਾਣ-ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਲੱਗੇ ਕਿ ਉਹ ਬਹੁਤ ਨਾਂਅ ਕਮਾ ਰਿਹਾ ਹੈ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਨਾਂਅ ਚੰਗਾ ਕੰਮ ਕਰਕੇ ਸਮਾਜ ਸੇਵੀ ਕੰਮ ਕਰਕੇ ਕਮਾਉਣ ਨਾ ਕਿ ਅਜਿਹੇ ਖ਼ਤਰਨਾਕ ਖੇਡ, ਖੇਡ ਕੇ ਨਾਂਅ ਚਮਕਣ ਦੀ ਆਸ ਕਰਨ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਕੀ ਸੋਚ ਸੌੜੀ ਹੋ ਗਈ?
ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿਚ ਇਹ ਖ਼ਬਰਾਂ ਆ ਰਹੀਆਂ ਹਨ ਕਿ ਵੱਖ-ਵੱਖ ਦੇਸ਼ਾਂ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਭਾਰਤੀ ਅਫ਼ਸਰਾਂ ਦੇ ਨਤਮਸਤਕ ਹੋਣ ਉੱਪਰ ਸਥਾਨਕ ਕਮੇਟੀਆਂ ਨੇ ਰੋਕ ਲਗਾ ਦਿੱਤੀ ਹੈ। ਬੜੀ ਹੈਰਾਨੀਜਨਕ ਖ਼ਬਰ ਹੈ। ਕੀ ਸਿੱਖਾਂ ਦੀ ਸੋਚ ਵਿਚ ਵੀ ਕੋਈ ਬਦਲਾਅ ਆ ਰਿਹਾ ਹੈ? ਚਾਹੀਦਾ ਤਾਂ ਇਹ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸਿਆਸੀ ਗਤੀਵਿਧੀਆਂ ਉੱਪਰ ਰੋਕ ਲਗਾ ਦਿੱਤੀ ਜਾਂਦੀ। ਕਿਸੇ ਵੀ ਸਿਆਸੀ ਨੇਤਾ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸਿਆਸੀ ਭਾਸ਼ਣ ਦੇਣ ਤੋਂ ਰੋਕਿਆ ਜਾ ਸਕਦਾ ਹੈ। ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਰੋਕਣਾ ਬਹੁਤ ਹੀ ਸੌੜੀ ਸੋਚ ਦਾ ਨਤੀਜਾ ਹੈ। ਸਥਾਨਕ ਕਮੇਟੀਆਂ ਨੂੰ ਸਰਕਾਰੀ ਅਧਿਕਾਰੀਆਂ ਦੇ ਗੁਰਦੁਆਰਾ ਸਾਹਿਬ ਜਾਣ ਉੱਪਰ ਲਾਈ ਰੋਕ ਉੱਪਰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ।


-ਹਰਬੀਰ ਸਿੰਘ
ਪਿੰਡ ਤੇ ਡਾਕ: ਸਿਵੀਆਂ, ਜ਼ਿਲ੍ਹਾ ਬਠਿੰਡਾ।


ਵੱਧ ਕੀਮਤੀ ਗਿਆਨ
ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਅਜਿਹੇ ਵਿਦਿਆਰਥੀ ਮਿਲਣਗੇ ਜੋ ਆਪਣੇ ਸਕੂਲ ਜਾਂ ਕਾਲਜ ਵਿਚੋਂ ਪਹਿਲੇ ਨੰਬਰ 'ਤੇ ਆਉਂਦੇ ਹਨ। ਪਰ ਜਦੋਂ ਉਹੀ ਵਿਦਿਆਰਥੀ ਕਿਸੇ ਨੌਕਰੀ ਜਾਂ ਕੰਮ ਦੀ ਤਲਾਸ਼ 'ਚ ਕਿਤੇ ਇੰਟਰਵਿਊ ਦੇਣ ਜਾਂਦੇ ਹਨ ਤਾਂ ਉਨ੍ਹਾਂ ਦੇ ਅੰਕਾਂ ਵਾਲੇ ਸਰਟੀਫ਼ਿਕੇਟ ਪਾਸੇ ਰੱਖ ਕੇ ਉਨ੍ਹਾਂ ਨੂੰ ਆਮ ਜਾਣਕਾਰੀ ਵਾਲੇ ਸਵਾਲ ਪੁੱਛੇ ਜਾਂਦੇ ਹਨ ਤਾਂ ਉਥੇ ਉਹ ਚੁੱਪ ਕਰ ਜਾਂਦੇ ਹਨ। ਕੀ ਅੰਕਾਂ ਦਾ ਚੰਗਾ ਹੋਣਾ ਆਮ ਗਿਆਨ ਨਾਲੋਂ ਬਿਹਤਰ ਹੈ? ਮਾਪਿਆਂ ਨੂੰ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਤੇ ਪੜ੍ਹਾਈ ਦੀਆਂ ਟਿਊਸ਼ਨਾਂ ਦੇ ਨਾਲ-ਨਾਲ ਆਮ ਗਿਆਨ ਦਾ ਸਬਕ ਵੀ ਪੜ੍ਹਾਈਏ। ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦੇਈਏ। ਚੰਗੇ ਸੰਸਕਾਰ ਦੇਈਏ। ਪੜ੍ਹਾਈ ਤੋਂ ਬਿਨਾਂ ਵਿਦਿਆਰਥੀ ਜਾਂ ਵਿਅਕਤੀ ਦੀ ਕੋਈ ਕੀਮਤ ਨਹੀਂ ਪਰ ਉਸ ਦੇ ਨਾਲ-ਨਾਲ ਆਮ ਗਿਆਨ ਦਾ ਵੀ ਹੋਣਾ ਲਾਜ਼ਮੀ ਹੈ ਤਾਂ ਕਿ ਬੱਚੇ ਦੇ ਅੱਗੇ ਵਧਣ 'ਚ ਕੋਈ ਰੁਕਾਵਟ ਨਾ ਆਵੇ।


-ਧੰਜਲ ਜ਼ੀਰਾ
openliion@mail.com

09-02-2018

 ਪੰਜਾਬੀ ਭਾਸ਼ਾ
ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਮਾਮਲਾ, ਆਧਾਰ ਕਾਰਡ 'ਚ ਪੰਜਾਬੀ ਦੀ ਜਗ੍ਹਾ ਹਿੰਦੀ ਦੀ ਵਰਤੋਂ, ਕਾਲਜਾਂ 'ਚ ਪੰਜਾਬੀ ਦੇ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਤੇ ਸਾਈਨ ਬੋਰਡਜ਼ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣਾ ਪਿਛਲੇ ਦਿਨੀਂ ਅਖ਼ਬਾਰਾਂ ਦੀ ਸੁਰਖੀ ਰਿਹਾ ਹੈ। ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਪੰਜਾਬੀ ਦੀ ਸੰਭਾਲ ਲਈ ਬਣੇ ਭਾਸ਼ਾ ਵਿਭਾਗ ਪੰਜਾਬ ਦੀ ਅੱਜ ਮੁਲਾਜ਼ਮਾਂ ਤੇ ਅਧਿਕਾਰੀਆਂ ਤੋਂ ਸੱਖਣਾ ਹੋਣ ਕਰਕੇ ਹਾਲਤ ਤਰਸਯੋਗ ਬਣੀ ਹੋਈ ਹੈ। ਆਉਣ ਵਾਲੇ 50 ਸਾਲਾਂ 'ਚ ਕੁਝ ਭਾਸ਼ਾਵਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਆਓ, ਅਸੀਂ ਸਾਰੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ 'ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ' ਦੇ ਨਾਅਰੇ ਨੂੰ ਯਾਦ ਕਰਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਸਕੂਲਾਂ 'ਚ ਪੜ੍ਹਨ ਭੇਜੀਏ, ਵਿਆਹ ਸ਼ਾਦੀਆਂ ਦੇ ਕਾਰਡ ਪੰਜਾਬੀ ਵਿਚ ਛਪਵਾਈਏ, ਘਰ ਅੱਗੇ ਲੱਗੀ ਨੰਬਰ ਪਲੇਟ ਪੰਜਾਬੀ ਵਿਚ ਲਿਖਵਾਈਏ, ਆਮ ਬੋਲਚਾਲ ਸਮੇਂ ਹਿੰਦੀ ਦੀ ਥਾਂ ਪੰਜਾਬੀ 'ਚ ਗੱਲਬਾਤ ਕਰੀਏ ਤੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕਰਨ ਨੂੰ ਤਰਜੀਹ ਦੇਈਏ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।


ਨਸ਼ੇ ਤਿਆਗੋ ਹੁਣ ਤਾਂ ਜਾਗੋ
ਸ਼ਰਾਬੀ ਨਸ਼ੇ ਦੀਆਂ ਕਈ ਤਾਰੀਫ਼ਾਂ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਗੱਲ ਬਿਲਕੁਲ ਵੀ ਯਾਦ ਨਹੀਂ ਰਹਿੰਦੀ ਕਿ ਇਸ ਭੈੜੇ ਨਸ਼ੇ ਦੀ ਬਦੌਲਤ ਕਿੰਨੇ ਘਰ ਉਜੜੇ ਤੇ ਕਿੰਨੀਆਂ ਧੀਆਂ-ਭੈਣਾਂ ਸਾਡੀਆਂ ਘਰ ਤੋਂ ਬੇਘਰ ਹੋਈਆਂ। ਬਹੁਤ ਸਾਰੇ ਫ਼ਿਲਮੀ ਕਲਾਕਾਰ ਆਪਣੇ ਗੀਤ 'ਤੇ ਫ਼ਿਲਮ ਵਿਚ ਸ਼ਰਾਬ ਦੀ ਝਲਕ ਜ਼ਰੂਰ ਵਿਖਾਉਣਗੇ। ਵਿਆਹਾਂ-ਸ਼ਾਦੀਆਂ ਵਿਚ ਵੀ ਸ਼ਰਾਬ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਸੜਕਾਂ 'ਤੇ ਵੀ ਵੱਡੇ-ਵੱਡੇ ਅੱਖਰਾਂ ਵਿਚ ਲਿਖਿਆ ਹੁੰਦਾ ਹੈ 'ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ'। ਇਨ੍ਹਾਂ ਨਸ਼ਿਆਂ ਦੀ ਵਰਤੋਂ ਕਾਰਨ ਹੀ ਸੜਕਾਂ 'ਤੇ ਹਾਦਸੇ ਵਾਪਰਦੇ ਹਨ। ਪਰ ਡਰਾਈਵਰ ਵੀਰ ਫਿਰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਕਿੰਨੀਆਂ ਮਾਵਾਂ ਦੇ ਪੁੱਤ ਇਨ੍ਹਾਂ ਨਸ਼ਿਆਂ ਕਾਰਨ ਮੌਤ ਦੇ ਘਾਟ ਉਤਰੇ ਹਨ ਪਰ ਕਦੇ ਉਨ੍ਹਾਂ ਮਾਵਾਂ ਦੇ ਦਿਲਾਂ ਨੂੰ ਪੁੱਛ ਕੇ ਵੇਖਿਓ ਕਿ ਉਨ੍ਹਾਂ ਤੁਹਾਡਾ ਪਾਲਣ-ਪੋਸ਼ਣ ਕਰਕੇ ਤੁਹਾਨੂੰ ਕਿਵੇਂ ਵੱਡਾ ਕੀਤਾ ਹੈ?


-ਸਾਹਿਬ ਸਿੰਘ ਸ਼ੱਬੀ
ਪਿੰਡ : ਸਵਾੜਾ, ਤਹਿ: ਖਰੜ, ਡਾਕ: ਲਾਂਡਰਾਂ, ਜ਼ਿਲ੍ਹਾ ਮੁਹਾਲੀ।


ਖ਼ਤਮ ਹੋਵੇ ਵੀ.ਆਈ.ਪੀ. ਸੱਭਿਆਚਾਰ
ਰਾਜਨੀਤੀ ਤੇ ਵੀ.ਆਈ.ਪੀ. ਸੱਭਿਆਚਾਰ ਦਾ ਜੋ ਧੱਬਾ ਲੱਗਾ ਹੋਇਆ ਹੈ, ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਮੌਜੂਦਾ ਸੱਤਾਧਾਰੀ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਇਸ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ। ਕੁਝ ਸਮਾਂ ਇਸ 'ਤੇ ਅਮਲ ਵੀ ਕੀਤਾ ਗਿਆ ਪਰ ਹੁਣ ਫਿਰ ਉਸੇ ਤਰ੍ਹਾਂ ਹੀ ਰਾਜਨੀਤਕ ਆਗੂਆਂ ਨੂੰ ਸਰਕਾਰੀ ਗਨਮੈਨ ਮੁਹੱਈਆ ਕਰਵਾ ਦਿੱਤੇ ਗਏ ਹਨ। ਇਹ ਪੰਜਾਬ ਦੇ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਹੈ। ਰਾਜਨੀਤਕ ਆਗੂਆਂ ਦੇ ਰਿਸ਼ਤੇਦਾਰ, ਪਰਿਵਾਰਕ ਮੈਂਬਰ ਵੀ ਸਰਕਾਰੀ ਖਜ਼ਾਨੇ ਵਿਚੋਂ ਸੁਖ-ਸਹੂਲਤਾਂ ਮਾਣ ਰਹੇ ਹਨ। ਅੰਕੜਿਆਂ ਮੁਤਾਬਿਕ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਲੈ ਕੇ ਬਾਕੀ ਸਿਆਸਤਦਾਨਾਂ ਦੀ ਸੁਰੱਖਿਆ ਤੱਕ 9200 ਪੁਲਿਸ ਮੁਲਾਜ਼ਮ ਤਾਇਨਾਤ ਹਨ। 500 ਕਰੋੜ ਦਾ ਖਰਚ ਸਰਕਾਰੀ ਖਜ਼ਾਨੇ ਵਿਚੋਂ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਦੀ ਘਾਟ ਹੈ। ਜੇਕਰ ਪੰਜਾਬ ਦੀ ਮਾਲੀ ਹਾਲਤ ਸੁਧਾਰਨੀ ਹੈ ਤਾਂ ਇਹ ਸੱਭਿਆਚਾਰ ਜ਼ਮੀਨੀ ਪੱਧਰ 'ਤੇ ਖ਼ਤਮ ਕਰਨ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

07-02-2018

 ਚੇਤਨਤਾ
ਕਰਵਟਾਂ ਬਦਲਦਾ ਸਮਾਂ ਮੁੱਠੀ 'ਚ ਕਿਰਦੀ ਰੇਤ ਵਾਂਗ ਪਤਾ ਨਹੀਂ ਕਦੋਂ ਅਤੀਤ ਦੀਆਂ ਯਾਦਾਂ ਬਣ ਜਾਂਦਾ ਹੈ। ਸਮਾਂ ਹੀ ਤਾਂ ਹੈ ਜੋ ਇਨਸਾਨ ਨੂੰ ਬਚਪਨ, ਜਵਾਨੀ ਅਤੇ ਬੁਢਾਪੇ ਦਾ ਅਹਿਸਾਸ ਕਰਵਾਉਂਦਾ ਹੈ। ਕਈ ਵਾਰ ਦੁਨੀਆਵੀ ਸਹੂਲਤਾਂ ਅਤੇ ਸਰਮਾਏ ਦੇ ਨਸ਼ੇ ਵਿਚ ਦਿਨ ਅਤੇ ਰਾਤ ਦਾ ਪਤਾ ਹੀ ਨਹੀਂ ਲਗਦਾ। ਬਹੁਤ ਸਾਰੇ ਇਨਸਾਨ ਅਜਿਹੇ ਵੀ ਹਨ ਜੋ ਦੌਲਤਾਂ ਨੂੰ ਕੁਦਰਤੀ ਸੌਗਾਤ ਸਮਝ, ਲੋੜਵੰਦਾਂ ਦੇ ਕੰਮ ਆਉਣ ਲਈ ਆਪਣੇ-ਆਪ ਨੂੰ ਜ਼ਰੂਰੀ ਸਮਝਦੇ ਹਨ। ਖੁਸ਼ੀ ਦੇ ਪਲਾਂ 'ਚ ਗ਼ਮੀ ਨੂੰ ਦਰਕਿਨਾਰ ਨਾ ਕਰੋ। ਰਸਦਾਇਕ ਪਦਾਰਥਾਂ ਦਾ ਸਵਾਦ ਚੱਖਦੇ ਕਦੇ ਖਾਰੇ ਤੇ ਬੇਸੁਆਦਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਹੁਕਮਰਾਨ ਵੀ ਕਈ ਵਾਰ ਨੌਕਰਾਂ ਤੋਂ ਬਦਤਰ ਹੋ ਜਾਂਦਾ ਹੈ, ਇਹ ਕੁਦਰਤ ਦੀ ਅਟੱਲ ਸਚਾਈ ਹੈ। ਨਿਮਰਤਾ, ਸਹਿਜ ਅਤੇ ਸਾਦਗੀ ਨਾਲ ਵੀ ਤਾਂ ਦੁਨੀਆ ਵਿਚ ਵਿਚਰਨ ਦਾ ਆਪਣਾ ਹੀ ਅਨੰਦ ਹੈ ਕਿਉਂਕਿ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ, ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ। ਇਸ ਜ਼ਿੰਦਗੀ ਨੂੰ ਕੁਝ ਇਸ ਤਰ੍ਹਾਂ ਜਿਉਂਈਏ ਕਿ ਸਾਡੀ ਜੀਵਨ ਸ਼ੈਲੀ ਅਵਾਮ ਲਈ ਇਕ ਮਿਸਾਲ ਸਾਬਤ ਹੋਵੇ। ਪਿੱਛੇ ਰਹਿ ਜਾਂਦੀਆਂ ਹਨ ਤੁਹਾਡੀ ਖ਼ੂਬਸੂਰਤ ਜ਼ਿੰਦਗੀ ਦੀਆਂ ਮੁਹੱਬਤੀ ਯਾਦਾਂ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਅਖ਼ੌਤੀ ਹੇਜ
ਪਿਛਲੇ ਦਿਨੀਂ ਪੰਜਾਬ ਸਰਕਾਰ ਦਾ ਹਰ ਬਲਾਕ 'ਚੋਂ ਚਾਰ-ਚਾਰ ਸਰਕਾਰੀ ਸਕੂਲਾਂ ਦਾ ਸਮੁੱਚਾ ਮਾਧਿਅਮ ਅੰਗਰੇਜ਼ੀ 'ਚ ਤਜਰਬੇ ਵਜੋਂ ਕਰਨ ਦਾ ਵਿਚਾਰ ਸਾਹਮਣੇ ਆਇਆ ਤਾਂ ਇਸ ਤਜਰਬੇ ਵਾਲੇ ਵਿਚਾਰ ਦਾ ਤੁਰੰਤ ਵਿਰੋਧ ਹੋਣਾ ਸ਼ੁਰੂ ਹੋ ਗਿਆ। ਵਿਰੋਧ ਕਰਨ ਵਾਲਿਆਂ ਵਿਚ ਬਹੁਤਿਆਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ 'ਚ ਹੀ ਪੜ੍ਹ ਰਹੇ ਹਨ ਜਾਂ ਪੜ੍ਹ ਚੁੱਕੇ ਹਨ। ਇਹ ਉਹ ਲੋਕ ਹਨ ਜਿਨ੍ਹਾਂ 'ਤੇ ਹੋਰਾਂ ਨੂੰ ਨਸੀਅਤ ਆਪ ਨੂੰ ਵਸੀਅਤ ਵਾਲੀ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਸਾਰੇ ਜਾਣਦੇ ਹਨ ਕਿ ਅੱਜ ਸਰਕਾਰੀ ਸਕੂਲਾਂ ਵਿਚ ਸਿਰਫ ਤੇ ਸਿਰਫ ਗ਼ਰੀਬ ਕਿਸਾਨਾਂ, ਮਜ਼ਦੂਰਾਂ ਤੇ ਮੱਧ ਵਰਗ ਦੇ ਬੱਚੇ ਹੀ ਪੜ੍ਹ ਰਹੇ ਹਨ। ਜੇ ਪੰਜਾਬ ਸਰਕਾਰ ਉਪਰੋਕਤ ਨੀਤੀ ਨੂੰ ਤਜਰਬੇ ਤੋਂ ਬਾਅਦ ਅਮਲ 'ਚ ਲਿਆਉਂਦੀ ਹੈ ਤਾਂ ਇਹ ਸਮੇਂ ਦੀ ਮੰਗ ਅਨੁਸਾਰ ਸਹੀ ਫ਼ੈਸਲਾ ਹੋਵੇਗਾ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਨਕਲੀ ਦੁੱਧ ਦਾ ਕਾਰੋਬਾਰ
ਸੰਪਾਦਕੀ ਲੇਖ 'ਸੰਗੀਨ ਅਪਰਾਧ ਹੈ ਨਕਲੀ ਦੁੱਧ ਦਾ ਕਾਰੋਬਾਰ' ਪੜ੍ਹਨ ਨੂੰ ਮਿਲਿਆ। ਪੜ੍ਹ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਕਿ ਇਥੋਂ ਤੱਕ ਗਿਰ ਚੁੱਕੀ ਹੈ ਸਾਡੀ ਮਾਨਸਿਕਤਾ। ਪਰਮਾਤਮਾ ਵਲੋਂ ਭੇਜੇ ਅੰਮ੍ਰਿਤ ਵਿਚ ਜ਼ਹਿਰਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਘਾਤਕ ਹਨ। ਲਾਜ਼ਮੀ ਤੌਰ 'ਤੇ ਵੱਡੇ ਆਕਿਆਂ ਦੀ ਮਿਲੀਭੁਗਤ ਤੋਂ ਬਿਨਾਂ ਅਸੰਭਵ ਹੈ। ਇਸ ਲਈ ਇਸ ਕੇਸ ਦੀ ਤਹਿ ਤੱਕ ਜਾ ਕੇ ਜਾਂਚ ਕਰਨੀ ਚਾਹੀਦੀ ਹੈ।


-ਗੁਰਚਰਨ ਸਿੰਘ ਉੱਪਲ।

06-02-2018

ਸਰਪੰਚੀ ਚੋਣਾਂ
ਸਰਪੰਚੀ ਚੋਣਾਂ ਲਈ ਮਈ ਮਹੀਨੇ ਦੀਆਂ ਤਾਰੀਖਾਂ ਬਾਰੇ ਪਤਾ ਲੱਗਦਿਆਂ ਹੀ ਪਿੰਡਾਂ ਦੀ ਰਾਜਨੀਤੀ ਗਰਮਾਉਣੀ ਸ਼ੁਰੂ ਹੋ ਗਈ ਹੈ। ਕਈ ਵਾਰ ਇੰਜ ਜਾਪਦਾ ਹੈ ਕਿ ਇਹ ਦਾਅਵੇਦਾਰੀ ਪਿੰਡ ਦੀ ਜ਼ਿੰਮੇਵਾਰੀ ਲਈ ਨਹੀਂ ਸਗੋਂ ਸਰਪੰਚੀ ਦਾ ਲੇਬਲ ਲਾਉਣ ਲਈ ਕੀਤੀ ਜਾਂਦੀ ਹੈ। ਪਿੰਡ ਦੇ ਹਰ ਵੋਟਰ ਨੂੰ ਚਾਹੀਦਾ ਹੈ ਕਿ ਅਜਿਹੀ ਨੌਜਵਾਨ ਸ਼ਖ਼ਸੀਅਤ ਨੂੰ ਮੌਕਾ ਦਿੱਤਾ ਜਾਵੇ ਜੋ ਪਿੰਡ ਦੀ ਨੁਹਾਰ ਬਦਲਣ ਲਈ ਲਗਨ ਤੇ ਵਿਤਕਰਾ ਰਹਿਤ ਸੋਚ ਨਾਲ ਕੰਮ ਕਰੇ। ਕਈ ਪਿੰਡਾਂ ਦੇ ਸਰਵੇਖਣ ਤੋਂ ਸਾਹਮਣੇ ਆਇਆ ਕਿ ਪੜ੍ਹੇ-ਲਿਖੇ ਨੌਜਵਾਨ ਸਰਪੰਚਾਂ ਨੇ ਪਿੰਡਾਂ ਦੇ ਨਕਸ਼ੇ ਬਦਲ ਦਿੱਤੇ। ਸਰਕਾਰ ਨੇ ਇਸ ਵਾਰ ਪੰਚਾਂ ਤੇ ਸਰਪੰਚਾਂ ਲਈ ਵਿੱਦਿਅਕ ਯੋਗਤਾ ਨਿਰਧਾਰਿਤ ਕੀਤੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਕ ਸਿੱਖਿਅਤ ਵਿਅਕਤੀ ਹੀ ਆਪਣੀ ਸ਼ਕਤੀ ਦਾ ਸਦਉਪਯੋਗ ਕਰ ਸਕਦਾ ਹੈ। ਅੱਜ ਇਕ ਸਰਪੰਚ ਜਿਸ ਨੂੰ ਚਾਹੀਦਾ ਹੈ ਕਿ ਉਹ ਜ਼ਿੰਮੇਵਾਰੀ ਦੇ ਨਾਤੇ ਆਪਣੇ ਲੋਕਾਂ ਦਾ ਨਿਰਸਵਾਰਥ ਤੇ ਪੱਖਪਾਤ ਰਹਿਤ ਪੂਰਾ ਖਿਆਲ ਰੱਖੇ, ਜਿਸ ਨਾਲ ਪਿੰਡਾਂ ਦੀ ਭਾਈਚਾਰਕ ਸਾਂਝ ਤੇ ਸੱਥਾਂ ਵਿਚਲੇ ਪਿਆਰ ਨੂੰ ਜਿਊਂਦਾ ਰੱਖਿਆ ਜਾਵੇ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂ ਮਾਜਰਾ, ਸੰਗਰੂਰ।

ਕਰਜ਼ਾ ਲੈਣ ਸਮੇਂ ਸੋਚੋ
ਲੋੜ ਹੋਵੇ ਤਾਂ ਹੀ ਬੈਂਕਾਂ ਕੋਲੋਂ ਕਰਜ਼ਾ ਲਿਆ ਜਾਵੇ ਅਤੇ ਸਮੇਂ ਸਿਰ ਅਦਾ ਕੀਤਾ ਜਾਵੇ। ਅਕਸਰ ਹੀ ਕਰਜ਼ਾ ਬੇਸਮਝੀ ਅਨੁਸਾਰ ਲਿਆ ਜਾਂਦਾ ਹੈ ਅਤੇ ਫਿਰ ਕਿਸ਼ਤਾਂ ਦੁਆਰਾ ਵਾਪਸ ਨਹੀਂ ਕੀਤਾ ਜਾਂਦਾ। ਆਮਦਨ ਦੀ ਘਾਟ ਕਰਕੇ ਦਿੱਕਤਾਂ ਆ ਜਾਂਦੀਆਂ ਹਨ ਪਰ ਇਹ ਸਮਝ ਕਰਜ਼ਾ ਲੈਣ ਵੇਲੇ ਨਹੀਂ ਹੁੰਦੀ। ਮੁਸੀਬਤ ਖ਼ੁਦ ਹੀ ਸਹੇੜੀ ਜਾਂਦੀ ਹੈ ਅਤੇ ਜ਼ੰਜਾਲ ਵਿਚ ਜਕੜਿਆ ਜਾਂਦਾ ਹੈ। ਪਰ ਖ਼ੁਦਕੁਸ਼ੀ ਕਰਨਾ ਚੰਗੀ ਗੱਲ ਨਹੀਂ, ਬੁਜ਼ਦਿਲੀ ਹੈ, ਪਰਿਵਾਰ ਦਾ ਘਾਣ ਕਰਦੀ ਹੈ। ਸਾਰੇ ਪਰਿਵਾਰ ਦਾ ਉਜਾੜਾ ਹੋ ਜਾਂਦਾ ਹੈ। ਫਿਰ ਪਰਿਵਾਰ ਆਪਣੇ ਪੈਰੀਂ ਜਲਦੀ ਨਹੀਂ ਉੱਠ ਪਾਉਂਦਾ। ਇਨਸਾਨ ਬੁਜ਼ਦਿਲੀ ਛੱਡ ਕੇ ਤਕੜਾ ਹੋਵੇ, ਮਿਹਨਤ ਕਰੇ ਅਤੇ ਆਪਣੇ ਸਿਰ ਚੜ੍ਹੀ ਕਰਜ਼ੇ ਦੀ ਪੰਡ ਨੂੰ ਉਤਾਰ ਸੁੱਟੇ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।

ਅਜੋਕੇ ਗੀਤ ਅਤੇ ਗੀਤਕਾਰੀ
ਲਿਖਣਾ ਅਤੇ ਗਾਉਣਾ ਇਕ ਕਲਾ ਹੈ, ਜੋ ਕਿਸੇ ਵਿਅਕਤੀ ਦੇ ਦਿਲ ਦੇ ਨਾਲ-ਨਾਲ ਦਿਮਾਗੀ ਖਿਆਲਾਂ ਨੂੰ ਵੀ ਇਕ ਸਫ਼ੇ ਉੱਤੇ ਉੇਲੀਕ ਕੇ ਇਕ ਕਲਾਕਾਰ ਦੀ ਆਵਾਜ਼ ਬਣ ਕੇ ਸਾਡੇ ਤੱਕ ਪਹੁੰਚਦੀ ਹੈ। ਪਰ ਅਜੋਕੇ ਸਮੇ ਇਸ ਕਲਾ ਦਾ ਬਹੁਤ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਅਜੋਕੇ ਕੁਝ ਗਾਇਕ ਅਤੇ ਗੀਤਕਾਰ ਲਿਖਦੇ ਜਾਂ ਗਾਉਂਦੇ ਸਮੇਂ ਕਈ ਵਾਰ ਆਪਣੇ ਸ਼ਬਦਾਂ ਵਿਚਲੀ ਮਾਣ-ਮਰਿਆਦਾ ਦਾ ਖਿਆਲ ਨਹੀ ਰੱਖਦੇ। ਧੀਆਂ ਦੀ ਇੱਜ਼ਤ ਅਤੇ ਸਨਮਾਨ ਕਰਨ ਦੀ ਥਾਂ ਉਨ੍ਹਾਂ ਨੂੰ ਕਿੰਨੇ ਹੈਰਾਨੀਜਨਕ ਸ਼ਬਦਾਂ ਨਾਲ ਸਬੋਧਨ ਕੀਤਾ ਜਾਂਦਾ ਹੈ ਇਸ ਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਅਤੇ ਸਾਡਾ ਸਮਾਜ ਹੀ ਹੈ। ਕਿਉਂਕਿ ਸਾਨੂੰ ਜੋ ਪਰੋਸਿਆ ਜਾ ਰਿਹਾ ਹੈ ਉਹੀ ਕੁਝ ਅਸੀਂ ਦੇਖਦੇ ਅਤੇ ਸੁਣਦੇ ਰਹੇ ਹਾਂ। ਸਾਡੇ ਟੀ.ਵੀ. ਉੱਤੇ ਅਜਿਹੇ ਗੀਤ ਬਹੁਤ ਘੱਟ ਆਉਂਦੇ ਹਨ ਜੋ ਨਵੀ ਪੀੜ੍ਹੀ ਨੂੰ ਚੰਗੀ ਸੇਧ ਦੇ ਸਕਣ ਜਾਂ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਅਤੇ ਸਾਡੀ ਸੰਸਕ੍ਰਿਤੀ ਨਾਲ ਜੋੜ ਸਕਣ। ਸਾਡੇ ਸੰਗੀਤ, ਬੋਲੀਆਂ, ਛੰਦ ਅਤੇ ਸਾਡਾ ਸੱਭਿਆਚਾਰ ਸਾਥੋਂ ਵਿਛੜਦਾ ਜਾ ਰਿਹਾ ਹੈ। ਇਸ ਲਈ ਲੋੜ ਹੈ ਲੱਚਰ ਗਾਇਕੀ ਅਤੇ ਗੀਤਕਾਰੀ ਦੀ ਰੋਕਥਾਮ ਕਰਕੇ ਪੰਜਾਬੀ ਮਾਂ-ਬੋਲੀ ਨੂੰ ਸਾਭਣ ਅਤੇ ਸਾਡੇ ਸਮਾਜ ਵਿਚ ਪਏ ਖਿਲਾਰ ਨੂੰ ਸਾਫ਼ ਕਰਕੇ ਇਕ ਚੰਗਾ ਅਤੇ ਸਾਫ਼-ਸੁਥਰਾ ਸਮਾਜ ਸਿਰਜਣ ਦੀ।

-ਰਵੀ ਕੰਕਰ
ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ।

26-01-2018

ਚਿੱਟੀ ਲੁੱਟ
ਸੰਪਾਦਕੀ ਲੇਖ ਵਿਚ ਡਾ: ਬਰਜਿੰਦਰ ਸਿੰਘ ਹਮਦਰਦ ਜੀ ਨੇ ਕੁਦਰਤੀ ਸਰੋਤਾਂ ਦੀ ਨੰਗੀ ਚਿੱਟੀ ਲੁੱਟ ਬਾਰੇ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਲੋਕ ਤਾਂ ਇਹ ਮਹਿਸੂਸ ਕਰਦੇ ਹਨ ਕਿ ਇਹ ਨੇਤਾ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਹੋਰ ਹਰ ਤਰ੍ਹਾਂ ਦੇ ਪੈਸਾ ਕਮਾਉਣ ਵਾਲੇ ਸਾਧਨਾਂ ਨੂੰ ਇਸ ਤਰ੍ਹਾਂ ਪੈ ਗਏ ਹਨ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ। ਰੇਤੇ ਦਾ ਰੇਟ ਘੱਟ ਕਰਨ, ਨਸ਼ਾ-ਮੁਕਤ ਪੰਜਾਬ, ਭ੍ਰਿਸ਼ਟਾਚਾਰ ਖ਼ਤਮ ਕਰਨ ਆਦਿ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਹੁਣ ਖਾਮੋਸ਼ ਕਿਉਂ ਹਨ? ਲਗਦਾ ਹੈ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਵਾਲਾ ਦਮਖਮ ਨਹੀਂ ਰਿਹਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਕੁਦਰਤ, ਕੰਮ ਅਤੇ ਕਿਤਾਬਾਂ
ਮਨੁੱਖ ਆਪਣੇ ਦੁੱਖਾਂ ਨੂੰ ਘਟਾਉਣਾ ਅਤੇ ਸੁੱਖਾਂ ਵਿਚ ਇਜ਼ਾਫ਼ਾ ਚਾਹੁੰਦਾ ਹੈ। ਇਸੇ ਤਹਿਤ ਤਿੰਨ ਤੱਥ 'ਕੁਦਰਤ, ਕੰਮ ਤੇ ਕਿਤਾਬਾਂ' ਦੀ ਕਾਫੀ ਸਹਿਯੋਗਤਾ ਤੇ ਮਹੱਤਤਾ ਹੈ। ਜੋ ਮਨੁੱਖ ਕੁਦਰਤ-ਹਿਤੈਸ਼ੀ ਬਣ ਕੇ ਰਹਿੰਦਾ ਹੈ, ਆਪਣੇ ਕੰਮ ਪ੍ਰਤੀ ਇਮਾਨਦਾਰ ਤੇ ਸਮਰਪਿਤ ਹੋ ਜਾਂਦਾ ਹੈ ਅਤੇ ਚੰਗੀਆਂ ਕਿਤਾਬਾਂ, ਸਾਹਿਤ ਤੇ ਅਖ਼ਬਾਰਾਂ ਨਾਲ ਜੁੜ ਜਾਂਦਾ ਹੈ, ਉਹ ਆਪਣੇ ਜੀਵਨ ਵਿਚ ਦੁੱਖਾਂ ਨੂੰ ਮਨਫ਼ੀ ਕਰਕੇ ਸੁੱਖਾਂ ਦਾ ਅਨੰਦ ਮਾਣਦਾ ਹੈ। ਕੁਦਰਤ, ਕੰਮ ਅਤੇ ਕਿਤਾਬਾਂ ਨਾਲ ਪਾਇਆ ਪਿਆਰ ਕਦੇ ਵਿਅਰਥ ਨਹੀਂ ਜਾਂਦਾ। ਇਹ ਤਿੰਨ ਉਹ ਦਾਤਾਂ ਹਨ, ਜੋ ਮਨੁੱਖ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀਆਂ ਹਨ। ਇਹੋ ਸਫ਼ਲਤਾ ਦਾ ਰਾਜ਼ ਵੀ ਹੈ ਅਤੇ ਜ਼ਿੰਦਗੀ ਜਿਊਣ ਦਾ ਉਸਾਰੂ ਤੇ ਸੁਚਾਰੂ ਤਰੀਕਾ ਵੀ ਹੈ।


-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ,
ਜ਼ਿਲ੍ਹਾ ਰੂਪਨਗਰ।


ਲੋਕ ਨਾਇਕ
ਪੰਜਾਬ ਦੀ ਧਰਤੀ ਸਦੀਆਂ ਤੋਂ ਹਮਲਾਵਰਾਂ ਨਾਲ ਲੜਦੀ ਆ ਰਹੀ ਹੈ। ਪੰਜਾਬ ਦੀ ਧਰਤੀ ਨੇ ਬੜੇ ਵੱਡੇ-ਵੱਡੇ ਦੁੱਖ ਦੇਖੇ ਪਰ ਹਿੰਮਤ ਨਹੀਂ ਹਾਰੀ। ਏਨੇ ਦੁੱਖ ਸਹਿ ਕੇ ਵੀ ਪੰਜਾਬ ਦੀ ਧਰਤੀ ਨੇ ਆਪਣੀ ਅਣਖ ਤੇ ਗ਼ੈਰਤ ਦਾ ਸੌਦਾ ਨਹੀਂ ਕੀਤਾ। ਜਨਾਬ ਮੁਹੰਮਦ ਅਜ਼ਹਰ ਵਿਰਕ ਦੀ ਕਲਮ ਦੀ ਕਿਰਤ 'ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ' ਬਹੁਤ ਹੀ ਠੋਸ ਜਾਣਕਾਰੀ ਭਰਪੂਰ ਖੋਜਮਈ ਲੇਖ ਪੜ੍ਹਿਆ। ਦੁੱਲੇ ਭੱਟੀ ਬਾਰੇ ਅਸੀਂ ਪੂਰਬੀ ਪੰਜਾਬ ਵਾਲੇ ਵੀ ਜਾਣਨਾ ਚਾਹੁੰਦੇ ਹਾਂ।
ਲੋਹੜੀ ਦੇ ਤਿਉਹਾਰ ਤੋਂ ਇਕ ਮਹੀਨਾ ਪਹਿਲਾਂ ਇਧਰ ਦੇ ਪਿੰਡਾਂ 'ਚ ਵੀ ਸੁੰਦਰ ਮੁੰਦਰੀਏ ਵਾਲੇ ਪੰਜਾਬੀ ਲੋਕ ਗੀਤ 'ਚ ਦੁੱਲੇ ਦਾ ਕਾਰਨਾਮੇ ਦੀ ਯਾਦ ਮਨ 'ਚ ਆਉਣ ਲੱਗ ਪੈਂਦੀ ਹੈ। ਪੰਜਾਬੀ ਪਾਠਕ ਲਿਪੀਅੰਤਰ ਕਰਨ ਵਾਲੇ ਦੋਵਾਂ ਵੀਰਾਂ ਦੇ ਵੀ ਸਦਾ ਧੰਨਵਾਦੀ ਰਹਿਣਗੇ।


-ਸੁਰਿੰਦਰ ਸਿੰਘ ਨਿਮਾਣਾ
ਮੁੱਖ ਅਧਿਆਪਕ, ਐਵਰਗਰੀਨ ਸਾਇੰਸ ਐਂਡ ਸਪੋਰਟਸ ਸਕੂਲ, ਅੱਚਲ ਸਾਹਿਬ (ਚਾਹਲ ਕਲਾਂ) ਬਟਾਲਾ।

25-01-2018

 ਖਪਤ ਜਾਂਚ ਮੀਟਰ
ਪਾਣੀ ਇਕ ਅਜਿਹਾ ਸ੍ਰੋਤ ਹੈ ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਲਈ ਬੇਹੱਦ ਜ਼ਰੂਰੀ ਹੈ ਕਿ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਤੇ ਇਸ ਦੀ ਸਾਂਭ-ਸੰਭਾਲ ਨੂੰ ਪੂਰੀ ਗੰਭੀਰਤਾ ਨਾਲ ਯਕੀਨੀ ਬਣਾਇਆ ਜਾਵੇ। ਜੇਕਰ ਅੱਜ ਪੰਜਾਬ ਸਰਕਾਰ ਪਾਣੀ ਵਾਲੀਆਂ ਟੂਟੀਆਂ 'ਤੇ ਪਾਣੀ ਦੀ ਖਪਤ ਜਾਂਚ ਸਬੰਧੀ ਮੀਟਰ ਲਗਵਾਉਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਇਸ ਦੇ ਸਿੱਟੇ ਪੰਜਾਬ ਦੇ ਹਿਤ ਵਿਚ ਹੀ ਹੋਣਗੇ। ਕਿਉਂਕਿ ਲੋਕਾਂ ਨੂੰ ਬਿੱਲ ਜ਼ਿਆਦਾ ਆਉਣ ਦਾ ਡਰ ਰਹੇਗਾ ਤੇ ਪਾਣੀ ਦੀ ਅਜਾਈਂ ਵਰਤੋਂ ਨੂੰ ਵੀ ਰੋਕ ਲੱਗੇਗੀ। ਬਿਨਾਂ ਦੇਰ ਕੀਤਿਆਂ ਸਰਕਾਰ ਪਾਣੀ ਵਾਲੀ ਟੂਟੀ 'ਤੇ ਮੀਟਰ ਲਗਵਾਉਣ ਦੇ ਕਾਰਜ ਨੂੰ ਅਮਲ 'ਚ ਲਿਆਏ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਛੁੱਟੀਆਂ 'ਚ ਕਟੌਤੀ
ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ ਤੇ ਪੰਜਾਬ ਛੁੱਟੀਆਂ ਵਾਲਾ ਸੂਬਾ ਬਣ ਕੇ ਰਹਿ ਗਿਆ ਹੈ। ਸਰਕਾਰੀ ਦਫ਼ਤਰਾਂ ਵਿਚ ਸਨਿਚਰਵਾਰ ਤੇ ਐਤਵਾਰ ਦੀ ਛੁੱਟੀ ਤੇ ਨਾਲ ਇਕ ਹੋਰ ਛੁੱਟੀ ਆ ਜਾਣ ਕਰਕੇ ਤਿੰਨ-ਤਿੰਨ ਦਿਨ ਦਫ਼ਤਰਾਂ 'ਚ ਕੰਮ ਠੱਪ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਚ ਕਟੌਤੀ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ, ਸ਼ਹੀਦਾਂ, ਮਹਾਂਪੁਰਖਾਂ ਨੂੰ ਸਮਰਪਿਤ ਦਿਨਾਂ ਦੀ ਛੁੱਟੀ ਕਰਨ ਦੀ ਬਜਾਏ ਬੱਚਿਆਂ ਨੂੰ ਸਕੂਲ 'ਚ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਜਾਣਾ ਚਾਹੀਦਾ ਹੈ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।


ਸੁਤੰਤਰ ਨਿਆਂਪਾਲਿਕਾ
ਜੱਜਾਂ ਵਾਲੇ ਮਸਲੇ 'ਤੇ ਚੁੱਪ ਰਹੀਏ ਤਾਂ ਕਿਵੇਂ ਚੁੱਪ ਰਹੀਏ! ਮੰਨਿਆ ਕਿ ਵਿਰੋਧੀ ਧਿਰਾਂ ਰਾਜਨੀਤੀ ਕਰਨਗੀਆਂ ਪਰ ਉਨ੍ਹਾਂ ਦਾ ਕੰਮ ਹੈ। ਜੇਕਰ ਆਮ ਲੋਕ ਕੋਈ ਟਿੱਪਣੀ ਕਰ ਰਹੇ ਹਨ ਤਾਂ ਉਹ ਸਿਆਸਤ ਨਹੀਂ ਸਗੋਂ ਦਿਲ ਦੀ ਪੀੜ ਹੈ। ਰਾਜਨੀਤੀ ਦੀ ਗੁਲਾਮ ਹੋ ਚੁੱਕੀ ਪ੍ਰਸ਼ਾਸਨਿਕ ਵਿਵਸਥਾ ਵਿਚ ਨਿਆਂਪਾਲਿਕਾ ਨੂੰ ਜੋੜਨ ਦੀ ਕਵਾਇਦ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਨਸਾਫ਼ ਪਸੰਦ, ਲੋਕਤੰਤਰ ਵਿਚ ਯਕੀਨ ਰੱਖਣ ਵਾਲੇ ਵਰਗ ਦਾ ਚੁੱਪ ਰਹਿਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਹੈ। ਮੈਂ ਨਿਆਂ ਵਿਵਸਥਾ ਵਿਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਸਖ਼ਤ ਵਿਰੋਧ ਕਰਦਾ ਹਾਂ। ਇਸ ਨੂੰ ਕਿਸੇ ਰਾਜਨੀਤੀ ਨਾਲ ਜੋੜਨ ਦੀ ਭੁੱਲ ਨਾ ਕੀਤੀ ਜਾਵੇ, ਸਗੋਂ ਦੱਬੇ-ਕੁਚਲੇ ਆਮ ਬੰਦੇ ਦੀ ਆਵਾਜ਼ ਵਜੋਂ ਪਛਾਣਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ। ਮੈਂ ਅੱਜ ਹੀ ਲੋਕਤੰਤਰ ਨੂੰ ਬਚਾਉਣ ਦਾ ਹੋਕਾ ਦੇਣ ਦੀ ਮੁਹਿੰਮ ਦਾ ਆਗਾਜ਼ ਕਰਦਾ ਹਾਂ।


-ਗਗਨਦੀਪ ਸ਼ਰਮਾ
ਸਮਾਲਸਰ (ਮੋਗਾ)।

24-01-2018

 ਵਾਧਾ ਤੇ ਵਿਕਾਸ
ਆਮ ਤੌਰ 'ਤੇ ਵਾਧਾ ਤੇ ਵਿਕਾਸ ਸ਼ਬਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵਰਤਿਆ ਜਾਂਦਾ ਹੈ। ਇਹ ਦੋਵੇਂ ਸ਼ਬਦ ਇਕ ਬੱਚੇ ਦੇ ਗਰਭ ਧਾਰਨ ਸਮੇਂ ਤੋਂ ਕਿਸੇ ਵਿਸ਼ੇਸ਼ ਸਮੇਂ ਤੱਕ ਹੋਣ ਵਾਲੇ ਪਰਿਵਰਤਨ ਨੂੰ ਪ੍ਰਗਟ ਕਰਦੇ ਹਨ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵਾਧੇ ਤੇ ਵਿਕਾਸ ਦੋਵਾਂ ਵਿਚ ਬਹੁਤ ਫ਼ਰਕ ਹੁੰਦਾ ਹੈ। ਵਿਕਾਸ ਸ਼ਬਦ ਸਾਰੇ ਪਰਿਵਰਤਨਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨਾਲ ਬੱਚੇ ਦੀ ਕਾਰਜ-ਸਮਰੱਥਾ, ਕਾਰਜ-ਕੁਸ਼ਲਤਾ ਅਤੇ ਵਿਹਾਰ ਵਿਚ ਤਰੱਕੀ ਹੁੰਦੀ ਹੈ। ਵਾਧਾ ਅਤੇ ਵਿਕਾਸ ਦੋਵਾਂ ਸ਼ਬਦਾਂ ਦੀ ਵਰਤੋਂ ਮੋਟੇ ਤੌਰ 'ਤੇ ਸਮੇਂ ਅਨੁਸਾਰ ਆਉਣ ਵਾਲੀਆਂ ਤਬਦੀਲੀਆਂ ਲਈ ਕੀਤੀ ਜਾਂਦੀ ਹੈ। ਢੁਕਵੇਂ ਵਾਤਾਵਰਨ ਅਤੇ ਚੰਗੀ ਸਿੱਖਿਆ ਸਦਕਾ ਹੀ ਸਾਡੀ ਸ਼ਖ਼ਸੀਅਤ ਦੇ ਸਾਰੇ ਪੱਖਾਂ-ਸਰੀਰਕ, ਮਾਨਸਿਕ, ਨੈਤਿਕ ਅਤੇ ਸਮਾਜਿਕ ਆਦਿ ਦਾ ਸਭ ਪਾਸਿਉਂ ਵਾਧਾ ਤੇ ਵਿਕਾਸ ਹੁੰਦਾ ਹੈ। ਸਾਧਾਰਨ ਤੌਰ 'ਤੇ ਵਾਧੇ ਅਤੇ ਵਿਕਾਸ ਦਾ ਅਮਲ ਲਗਪਗ ਨਾਲ-ਨਾਲ ਚਲਦਾ ਹੈ ਅਤੇ ਇਸੇ ਕਾਰਨ ਇਹ ਦੋਵੇਂ ਸ਼ਬਦ ਸਾਮਾਨ ਰੂਪ ਵਿਚ ਵਰਤੇ ਜਾਂਦੇ ਹਨ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਨਵੀਂ ਵਿਚਾਰ-ਚਰਚਾ
ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਲੜੀ ਤਹਿਤ ਕੀਤੇ ਜਾ ਰਹੇ ਕਰਜ਼ਾ ਮੁਆਫ਼ੀ ਦੇ ਫ਼ੈਸਲੇ ਤਹਿਤ ਪਿੰਡਾਂ ਵਿਚਲੀਆਂ ਸੁਸਾਇਟੀਆਂ ਜਾਂ ਬੈਂਕਾਂ ਵਲੋਂ ਜੋ ਸੂਚੀਆਂ ਭੇਜੀਆਂ ਜਾ ਰਹੀਆਂ ਹਨ ਉਨ੍ਹਾਂ ਨੇ ਪਿੰਡਾਂ ਦੀਆਂ ਸੱਥਾਂ ਅਤੇ ਮੋੜਾਂ ਉੱਤੇ ਨਵੀਆਂ ਚਰਚਾਵਾਂ ਸਹੇੜ ਦਿੱਤੀਆਂ ਹਨ। ਕਿਉਂਕਿ ਇਨ੍ਹਾਂ ਸੂਚੀਆਂ ਵਿਚ ਬਹੁਤ ਹੀ ਜ਼ਿਆਦਾ ਖ਼ਾਮੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਸੂਚੀਆਂ ਵਿਚ ਬਹੁਤੇ ਕਰਜ਼ ਮੁਆਫ਼ੀ ਵਾਲੇ ਕਿਸਾਨ 7 ਕਿੱਲਿਆਂ ਤੋਂ ਵੀ ਉੱਪਰ ਹਨ, ਜਿਨ੍ਹਾਂ ਕਰਕੇ ਇਹ ਚਰਚਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬਹੁਤੇ ਕਿਸਾਨਾਂ ਨੇ ਆਪਣੀ ਜ਼ਮੀਨ 'ਤੇ ਕਰਜ਼ ਆਪਣੇ ਪੂਰੇ ਪਰਿਵਾਰ 'ਚ ਵੰਡ ਲਿਆ ਹੈ, ਜਿਸ ਕਾਰਨ ਇਹ ਕਿਸਾਨ ਜ਼ਿਆਦਾ ਲਾਭ ਲੈ ਰਹੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਫ਼ੈਸਲਾ ਲਵੇ ਉਸ 'ਤੇ ਚੰਗੀ ਤਰ੍ਹਾਂ ਵਿਚਾਰ ਚਰਚਾ ਕਰੇ ਅਤੇ ਇਸ ਦੇ ਨਿਕਲਣ ਵਾਲੇ ਨਤੀਜਿਆਂ ਦਾ ਪੂਰਾ ਖਿਆਲ ਰੱਖੇ।


-ਨਰਿੰਦਰ ਸਿੰਘ ਚੌਹਾਨ
ਬਠੋਈ ਕਲਾਂ, ਡਾਕ: ਡਕਾਲਾ, ਜ਼ਿਲ੍ਹਾ ਪਟਿਆਲਾ।

23-01-2018

 ਮਹਿੰਗਾਈ ਦਾ ਦੈਂਤ
ਭਾਵੇਂ ਕਿ ਸਭ ਜਾਣਦੇ ਹਨ ਕੇਂਦਰ ਵਿਚ ਭਾਜਪਾ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਨੂੰ ਮਹਿੰਗਾਈ ਦੇ ਮੁੱਦੇ 'ਤੇ ਕਰੜੇ ਹੱਥੀਂ ਲੈਂਦੀ ਰਹੀ ਹੈ। ਪਰ ਆਪਣੀ ਵਾਰੀ ਆਉਣ 'ਤੇ ਉਸ ਨੇ ਉਹੀ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਮਹਿਜ਼ ਸਭ ਕਾ ਵਿਕਾਸ ਕਹਿ ਕੇ ਆਮ ਆਦਮੀ ਦਾ ਪ੍ਰਚੂਨ ਦੇ ਖੇਤਰ ਵਿਚ ਕਚੂੰਮਰ ਕੱਢ ਦਿੱਤਾ, ਜਿਸ ਨਾਲ ਗ਼ਰੀਬ ਵਿਅਕਤੀ ਦਾ ਜਿਊਣਾ ਮੁਹਾਲ ਹੋ ਗਿਆ। ਹੋਰ ਤਾਂ ਹੋਰ ਵਿਧਾਇਕ ਤੇ ਸੰਸਦ ਮੈਂਬਰ ਹਰ ਛੇ ਮਹੀਨੇ ਬਾਅਦ ਮਹਿੰਗਾਈ ਭੱਤੇ ਵਧਾ ਕੇ ਗ਼ਰੀਬਾਂ ਨੂੰ ਭੁੱਲ ਜਾਂਦੇ ਹਨ ਜਦ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਕੇ ਹੱਲ ਕੱਢਣ ਦੀ ਹੁੰਦੀ ਹੈ।

-ਮਨਦੀਪ ਕੁੰਦੀ
ਤਖਤੂਪੁਰਾ, ਮੋਗਾ।

ਬਜ਼ੁਰਗਾਂ ਦੀਆਂ ਮੁਸ਼ਕਿਲਾਂ
ਇਕ ਅਜਿਹਾ ਸੁਨੇਹਾ ਸਮਾਜ ਵਿਚ ਜਾ ਚੁੱਕਾ ਹੈ ਕਿ ਪੈਸੇ ਦਿਉ ਤੇ ਗ਼ਲਤ ਕੰਮ ਕਰਵਾ ਲਓ। ਮਰੇ ਹੋਏ ਮਾਂ-ਬਾਪ ਦੀ ਵਸੀਅਤ ਬਣਾ ਲਵੋ, ਜਿੱਧਰ ਮਰਜ਼ੀ ਵਸੀਅਤ ਤੋਰ ਲਵੋ। ਕਾਨੂੰਨ ਬਣਿਆ ਹੋਇਆ ਹੈ ਕਿ ਬੱਚੇ ਜੇ ਨਹੀਂ ਸੰਭਾਲਦੇ ਤਾਂ ਬਜ਼ੁਰਗ ਜਾਇਦਾਦ ਵਾਪਸ ਲੈ ਸਕਦੇ ਹਨ ਪਰ ਇਹ ਬੇਹੱਦ ਔਖਾ ਹੈ। ਰਿਸ਼ਵਤਖੋਰਾਂ ਦੇ ਟੋਲੇ ਬਜ਼ੁਰਗਾਂ ਦੀ ਆਵਾਜ਼ ਨਹੀਂ ਸੁਣਦੇ। ਪਿੰਡ ਦੇ ਸਰਪੰਚ, ਵਾਰਡਾਂ 'ਚੋਂ ਚੁਣੇ ਨੁਮਾਇੰਦਿਆਂ ਨੂੰ ਬਜ਼ੁਰਗਾਂ ਨਾਲ ਹੋ ਰਹੀ ਜ਼ਿਆਦਤੀ ਬਾਰੇ ਧਿਆਨ ਰੱਖਣਾ ਚਾਹੀਦਾ ਹੈ। ਪੰਚਾਇਤ ਮੁੱਢਲੀ ਅਦਾਲਤ ਹੈ ਅਗਰ ਕੋਈ ਨਹੀਂ ਸੁਣਦਾ ਤਾਂ ਪੰਚਾਇਤ ਤੇ ਪਿੰਡ ਨੂੰ ਇਕੱਠੇ ਹੋ ਕੇ ਬਜ਼ੁਰਗ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਇਸ ਰਿਸ਼ਵਤ ਦੇ ਸੁਨੇਹੇ ਨੇ ਸਮਾਜ ਨੂੰ ਤਿੱਤਰ-ਬਿੱਤਰ ਤੇ ਖੋਖਲਾ ਕਰ ਦਿੱਤਾ ਹੈ।

-ਪ੍ਰਭਜੋਤ ਕੌਰ ਢਿੱਲੋਂ।

ਕੰਪਿਊਟਰ ਸਿੱਖਿਆ
ਅੱਜ ਦਾ ਯੁੱਗ ਆਧੁਨਿਕੀਕਰਨ ਦਾ ਯੁੱਗ ਹੈ। ਅੱਜ ਦੁਨੀਆ ਦੇ ਹਰ ਇਕ ਖੇਤਰ ਵਿਚ ਕੰਪਿਊਟਰ ਦੀ ਸਿੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਕਿਉਂਕਿ ਕੰਪਿਊਟਰ ਦੀ ਵਰਤੋਂ ਦੇ ਨਾਲ ਹਰ ਇਕ ਕੰਮ ਬਹੁਤ ਆਸਾਨ ਹੋ ਗਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤੱਕ ਹਰ ਕਿਸੇ ਨੂੰ ਇਸ ਦੀ ਸਿੱਖਿਆ ਮਿਲਣੀ ਚਾਹੀਦੀ ਹੈ। ਸਕੂਲਾਂ ਵਿਚ ਵੀ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਸ਼ੁਰੂ ਤੋਂ ਹੀ ਵਧੀਆ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਜਾ ਕੇ ਉਹ ਹਰ ਇਕ ਖੇਤਰ ਵਿਚ ਤਰੱਕੀ ਕਰ ਸਕਣ। ਅੱਜ ਦੇ ਜ਼ਮਾਨੇ ਵਿਚ ਜਦੋਂ ਵੀ ਕੋਈ ਸਰਕਾਰੀ ਜਾਂ ਨਿੱਜੀ ਕਿਤੇ ਵੀ ਕੋਈ ਨੌਕਰੀ ਕਰਨੀ ਹੋਵੇ ਤਾਂ ਕੰਪਿਊਟਰ ਦੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਲਈ ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਤੱਕ ਨੂੰ ਕੰਪਿਊਟਰ ਸਿੱਖਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਆਪਣਾ ਭਵਿੱਖ ਸੁਰੱਖਿਅਤ ਕਰ ਸਕੇ।

-ਆਰਤੀ ਵਰਮਾ
ਕੈਨਾਲ ਐਵੇਨਿਊ, ਡਾਕ: ਰੱਈਆ, ਤਹਿ: ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ।

22-01-2018

 ਲਿਫ਼ਾਫ਼ੇ
ਪੋਲੀਥੀਨ ਦੇ ਲਿਫ਼ਾਫ਼ੇ, ਗਲਾਸ ਤੇ ਹੋਰ ਸਾਮਾਨ ਸਾਡੀ ਸਿਹਤ ਅਤੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹਨ। ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਇਸ ਨਾਲ ਸੀਵਰੇਜ ਜਾਮ ਹੋਣ ਜਾਂ ਅਵਾਰਾ ਜਾਨਵਰਾਂ ਵਲੋਂ ਖਾਧੇ ਜਾਣ ਨਾਲ ਵੱਡੀ ਮੁਸੀਬਤ ਖੜ੍ਹੀ ਕਰ ਦਿੰਦਾ ਹੈ। ਕੁਦਰਤੀ ਸੁੰਦਰਤਾ ਅਤੇ ਪਾਣੀ ਦੇ ਸੋਮਿਆਂ 'ਤੇ ਵੀ ਇਸ ਨਾਲ ਗ੍ਰਹਿਣ ਲੱਗਦਾ ਹੈ। ਇਸ ਨੂੰ ਨਸ਼ਟ ਕਰਨ ਨਾਲ ਵੀ ਵਾਤਾਵਰਨ ਕਾਫੀ ਗੰਧਲਾ ਹੋ ਜਾਂਦਾ ਹੈ। ਧਰਤੀ ਦੀ ਗੁਣਵੱਤਾ ਵੀ ਇਸ ਨਾਲ ਘਟਦੀ ਹੈ। ਗਰਮ ਵਸਤਾਂ ਇਸ ਵਿਚ ਪਾ ਕੇ ਵਰਤਣਾ ਵੀ ਸਿਹਤ ਪੱਖੋਂ ਸਹੀ ਨਹੀਂ ਸਮਝਿਆ ਜਾਂਦਾ। ਸਾਨੂੰ ਬਾਜ਼ਾਰ ਵਿਚ ਜਾਣ ਸਮੇਂ ਆਪਣੇ ਨਾਲ ਕੱਪੜੇ ਜਾਂ ਪਟਸਨ ਦੇ ਥੈਲੇ ਲੈ ਕੇ ਜਾਣਾ ਚਾਹੀਦਾ ਹੈ। ਵਿਆਹਾਂ ਜਾਂ ਹੋਰ ਸਮਾਗਮਾਂ ਸਮੇਂ ਧਾਤ, ਚੀਨੀ ਮਿੱਟੀ ਦੇ ਬਰਤਨਾਂ ਜਾਂ ਪੱਤਲਾਂ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ।


-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।


ਆਰਥਿਕਤਾ ਨੂੰ ਸੱਟ
ਭਾਰਤ ਵਿਚ ਵਿਆਪਕ ਪੱਧਰ 'ਤੇ ਘਪਲੇ ਹੋ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੇ ਦੋਸ਼ੀ ਜ਼ਿਆਦਾਤਰ ਰਾਜਨੀਤਕ ਨੇਤਾ ਹੀ ਹਨ। ਇਸ ਤਰ੍ਹਾਂ ਦੇ ਘੁਟਾਲਿਆਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ, ਉਨ੍ਹਾਂ 'ਤੇ ਚੋਣ ਲੜਨ ਦੀ ਪੂਰਨ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਜੋ ਅਜਿਹੇ ਦਾਗ਼ੀ ਸਰਕਾਰ ਦਾ ਹਿੱਸਾ ਨਾ ਬਣ ਸਕਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਜਿਤਾ ਕੇ ਸੰਸਦ ਵਿਚ ਭੇਜਣ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਲੋਕਾਂ ਨੂੰ ਆਪਣੀਆਂ ਪਾਰਟੀਆਂ ਵਿਚ ਜਗ੍ਹਾ ਨਾ ਦੇਣ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਇਆ ਜਾ ਸਕੇ।


-ਕਮਲ ਕੋਟਲੀ, ਅਬਲੂ।


ਆਸਥਾ ਤੇ ਅੰਧ-ਵਿਸ਼ਵਾਸ
ਦਿੱਲੀ ਦੇ ਅਧਿਆਤਮਿਕ ਵਿਦਿਆਲਾ ਦੇ ਸੰਚਾਲਕ ਵੀਰੇਂਦਰ ਦੇਵ ਦੀਕਸ਼ਤ ਦਾ ਨਾਂਅ ਵੀ ਹੁਣ ਉਨ੍ਹਾਂ ਢੋਂਗੀ ਬਾਬਿਆਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ, ਜਿਸ ਨੇ ਸੈਂਕੜੇ ਮਾਸੂਮ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ। ਦੂਜੇ ਪਾਸੇ ਪੀੜਤ ਕੁੜੀਆਂ ਦਾ ਵੀ ਦਾਅਵਾ ਹੈ ਕਿ ਬਾਬਾ ਉਨ੍ਹਾਂ ਨੂੰ ਧਾਰਮਿਕ ਉਪਦੇਸ਼ ਦੇਣ ਦੀ ਥਾਂ ਉਨ੍ਹਾਂ ਨਾਲ ਜ਼ਿਆਦਤੀ ਕਰਦਾ ਹੈ। ਭਾਵੇਂ ਸਾਡਾ ਦੇਸ਼ ਕਿੰਨਾ ਅੱਗੇ ਵਧ ਗਿਆ ਹੋਵੇ ਪਰ ਅੱਜ ਵੀ ਲੋਕ ਇਨ੍ਹਾਂ ਅੰਧਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿਚ ਜਕੜੇ ਹੋਏ ਹਨ। ਜੇਕਰ ਮਾਪੇ ਹੋ ਕੇ ਵੀ ਉਨ੍ਹਾਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦੇ ਤਾਂ ਉਹ ਕਿਸ ਤਰ੍ਹਾਂ ਇਹ ਸੋਚ ਸਕਦੇ ਹਨ ਕਿ ਇਨ੍ਹਾਂ ਢੋਂਬੀ ਬਾਬਿਆਂ ਦੇ ਹੱਥੋਂ ਉਹ ਸੁੁਰੱਖਿਅਤ ਰਹਿਣਗੀਆਂ। ਜੇਕਰ ਅਸੀਂ ਆਪ ਸੋਚ ਸਮਝ ਕੇ ਸਹੀ ਕਦਮ ਚੁੱਕੀਏ ਤਾਂ ਇਸ ਦੇ ਨਾਲ ਸਰਕਾਰ ਦੀ ਪ੍ਰੇਸ਼ਾਨੀ ਘਟ ਹੋਵੇਗੀ ਤੇ ਇਨ੍ਹਾਂ ਢੋਂਗੀ ਬਾਬਿਆਂ ਦਾ 'ਅੱਯਾਸ਼ੀ ਦਾ ਅੱਡਾ' ਬੰਦ ਹੋਏਗਾ ਤੇ ਨਾ ਹੀ ਕਿਸੇ ਮਾਸੂਮ ਕੁੜੀ ਨੂੰ ਇਨ੍ਹਾਂ ਢੋਂਗੀ ਬਾਬਿਆਂ ਦੇ ਹੱਥੋਂ ਸ਼ਰਮਸਾਰ ਹੋਣ ਦੀ ਜ਼ਰੂਰਤ ਪਵੇਗੀ।


-ਭਾਵਨਾ
ਕੇ.ਐਮ.ਵੀ. ਕਾਲਜ, ਜਲੰਧਰ ਸ਼ਹਿਰ।


ਸਾਰਥਕ ਹੱਲ ਜ਼ਰੂਰੀ
'ਪੰਜਾਬ 'ਚ ਹਰ ਰੋਜ਼ ਦੋ ਕਿਸਾਨ ਕਰਦੇ ਹਨ ਖ਼ੁਦਕੁਸ਼ੀ' ਸਿਰਲੇਖ ਹੇਠ ਯੂਨੀਵਰਸਿਟੀਆਂ ਦੀ ਰਿਪੋਰਟ ਦਾ ਖ਼ੁਲਾਸਾ ਕੀਤਾ ਗਿਆ ਹੈ, ਜਿਸ ਵਿਚ ਇਕ ਸਤਰ ਲਿਖੀ ਗਈ ਹੈ ਕਿ 'ਆਮਦਨ ਨਾਲੋਂ ਵੱਧ ਆਉਂਦੇ ਖਰਚੇ ਵੀ ਖ਼ੁਦਕੁਸ਼ੀਆਂ ਦਾ ਅਹਿਮ ਕਾਰਨ ਬਣ ਰਹੇ ਹਨ।' ਮੇਰੀ ਬੇਨਤੀ ਹੈ ਕਿ ਉਨ੍ਹਾਂ ਦੀ ਆਮਦਨ ਦੇ ਸਾਧਨਾਂ ਅਤੇ ਖਰਚਿਆਂ ਦਾ ਵਿਸਥਾਰਪੂਰਵਕ ਵਰਨਣ ਕੀਤਾ ਜਾਵੇ। ਕਿਉਂਕਿ ਖੇਤੀਬਾੜੀ ਕਰਨ ਤੋਂ ਇਲਾਵਾ ਹੋਰ ਕੋਈ ਸਾਧਨ ਹੀ ਨਹੀਂ ਹਨ ਕਿਸਾਨਾਂ ਕੋਲ। ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਅਜਿਹੀਆਂ ਗੱਲਾਂ ਨੂੰ ਅਹਿਮ ਨਾ ਬਣਾਇਆ ਜਾਵੇ।


-ਲਵਪ੍ਰੀਤ ਕੌਰ
ਪਿੰਡ ਫੁੰਮਣਵਾਲ, ਜ਼ਿਲ੍ਹਾ ਸੰਗਰੂਰ।

16-01-2018

 ਪੰਜਾਬੀ ਬੋਲੀ ਨੂੰ ਵਿਸਾਰਿਆ
ਹਰੇਕ ਵਿਅਕਤੀ ਆਪਣੇ ਵਿਚਾਰਾਂ ਨੂੰ ਪਰਗਟ ਕਰਨ ਲਈ ਭਾਸ਼ਾ ਦੀ ਵਰਤੋਂ ਕਰਦਾ ਹੈ। ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਮਾਂ-ਬੋਲੀ ਦਾ ਦਰਜਾ ਪ੍ਰਾਪਤ ਹੈ। 1966 ਵਿਚ ਭਾਸ਼ਾ ਦੇ ਆਧਾਰ 'ਤੇ ਵੰਡ ਹੋਈ। ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣਾ, ਹਿਮਾਚਲ ਤੇ ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਨੂੰ ਦਿੱਤੇ ਗਏ। ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਪੱਛਮੀ ਸੱਭਿਅਤਾ ਨੇ ਪਹਿਰਾਵੇ ਦੇ ਨਾਲ-ਨਾਲ ਪੰਜਾਬੀ ਬੋਲੀ 'ਤੇ ਬਹੁਤ ਪ੍ਰਭਾਵ ਪਾਇਆ ਹੈ। ਲੋਕ ਅੰਗਰੇਜ਼ੀ ਭਾਸ਼ਾ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ। ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਕਾਨਵੈਂਟ ਸਕੂਲ ਵਿਚ ਪੜ੍ਹਨ ਲਈ ਭੇਜ ਰਹੇ ਹਨ। ਹੋਰ ਭਾਸ਼ਾਵਾਂ ਸਿੱਖਣਾ ਜਾਂ ਬੋਲਣਾ ਬੁਰੀ ਗੱਲ ਨਹੀਂ ਪਰ ਆਪਣੀ ਭਾਸ਼ਾ ਨੂੰ ਨਕਾਰ ਕੇ ਅਜਿਹਾ ਕਰਨਾ ਵੀ ਬੇਇਨਸਾਫ਼ੀ ਹੈ। ਭਾਸ਼ਾ ਪ੍ਰੇਮੀਆਂ ਵਲੋਂ ਸਮੇਂ-ਸਮੇਂ 'ਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਹੈ। ਪੰਜਾਬੀ ਭਾਸ਼ਾ ਦੇ ਕਈ ਸ਼ਬਦ ਹੀ ਅਲੋਪ ਹੋ ਰਹੇ ਹਨ। ਇਸ ਲਈ ਸਾਹਿਤ ਅਕਾਦਮੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਸਾਹਿਤ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਲੋਕ ਇਸ ਨਾਲ ਜੁੜ ਸਕਣ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਚਹੁੰ ਮਾਰਗੀ ਸੜਕਾਂ
ਸਾਡੇ ਪੰਜਾਬ ਵਿਚ ਬਹੁਤ ਸਾਰੀਆਂ ਚਹੁੰ ਮਾਰਗੀ ਸੜਕਾਂ ਤਾਂ ਬਣ ਗਈਆਂ, ਪਰ ਇਨ੍ਹਾਂ 'ਤੇ ਚੱਲਣ ਦਾ ਕਿਸੇ ਵੀ ਪੰਜਾਬ ਵਾਸੀ ਨੂੰ ਬਹੁਤਾ ਗਿਆਨ ਨਹੀਂ ਹੈ। ਪਰ ਦੂਹਰੀ ਸੜਕ 'ਤੇ ਤਾਂ ਲੋਕ ਸੱਜੇ ਪਾਸੇ ਫੁੱਟਪਾਥ ਦੇ ਨਾਲ ਆਰਾਮ ਨਾਲ ਹੌਲ-ਹੌਲੀ ਜਾਂਦੇ ਹਨ। ਪਿਛਲੇ ਪਾਸੇ ਆਉਂਦੇ ਨੂੰ ਮਜਬੂਰੀਵੱਸ ਖੱਬੇ ਪਾਸੇ ਦੀ ਅੱਗੇ ਲੰਘਣਾ ਪੈਂਦਾ ਹੈ। ਕਈ ਵਾਰ ਖੱਬੇ ਪਾਸੇ ਚੱਲਣ ਵਾਲਾ ਛੋਟਾ ਸਾਧਨ ਇਸ ਦੀ ਲਪੇਟ ਵਿਚ ਆ ਜਾਂਦਾ ਹੈ। ਸੋ, ਕਿਰਪਾ ਕਰਕੇ ਸਰਕਾਰ ਸੜਕ ਬਣਾਉਣ ਸਮੇਂ ਹੀ ਇਸ 'ਤੇ ਚੱਲਣ ਦੀ ਜਾਣਕਾਰੀ ਲੋਕਾਂ ਨੂੰ ਕੈਂਪ ਆਦਿ ਲਗਾ ਕੇ ਤੇ ਸੜਕ 'ਤੇ ਚੜ੍ਹਨ ਵਾਲੀ ਥਾਂ 'ਤੇ ਵੱਡੇ ਪੱਧਰ 'ਤੇ ਸੂਚਨਾ ਸੰਕੇਤ ਲਗਾ ਕੇ ਸੜਕ ਦੇ ਨਿਯਮਾਂ ਦੀ ਸਹੀ ਜਾਣਕਾਰੀ ਦਿੱਤੀ ਜਾਵੇ।

-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।

ਬਾਇਓਮੈਟ੍ਰਿਕ ਹਾਜ਼ਰੀ
ਪੰਜਾਬ ਸਰਕਾਰ ਦੇ ਇਕ ਫ਼ੈਸਲੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਸਰਕਾਰੀ ਮਾਸਟਰ ਰਜਿਸਟਰ ਪ੍ਰਥਾ ਛੱਡ ਕੇ 'ਬਾਇਓਮੈਟ੍ਰਿਕ ਮਸ਼ੀਨ' ਰਾਹੀਂ ਹਾਜ਼ਰੀ ਲਾਉਣਗੇ। ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਬਾਇਓਮੈਟ੍ਰਿਕ ਮਸ਼ੀਨ 'ਤੇ ਹਾਜ਼ਰੀ ਲਾ ਕੇ ਅਧਿਆਪਕ ਹੁਣ ਕੋਈ ਫਰਲੋ ਨਹੀਂ ਮਾਰ ਸਕਣਗੇ ਅਤੇ ਪੂਰੇ ਸਮੇਂ 'ਤੇ ਸਕੂਲ ਆਉਣਗੇ ਅਤੇ ਛੁੱਟੀ ਸਮੇਂ ਹੀ ਘਰ ਨੂੰ ਜਾ ਸਕਣਗੇ। ਸਰਕਾਰ ਜ਼ਮੀਨੀ ਹਕੀਕਤ ਪਛਾਣ ਕੇ ਫ਼ੈਸਲੇ ਲਵੇ, ਆਪਣੀ ਜ਼ਿੰਮੇਵਾਰੀ ਕੇਵਲ ਅਧਿਆਪਕਾਂ ਸਿਰ ਪਾ ਕੇ ਆਪਣੀ ਖ਼ੁਦ ਦੀ ਜ਼ਿੰਮੇਵਾਰੀ ਤੋਂ ਰੁਖ਼ਸਤ ਨਾ ਹੋਵੇ। ਸਿਰਫ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਸੱਦ ਕੇ ਜਾਂ ਪੂਰੇ ਸਮੇਂ ਤੋਂ ਬਾਅਦ ਘਰ ਜਾਣ ਲਈ ਬਾਇਓਮੈਟ੍ਰਿਕ ਮਸ਼ੀਨਾਂ ਲਾ ਕੇ ਸਿੱਖਿਆ ਵਿਚ ਕੋਈ ਵੱਡੇ ਪੱਧਰ 'ਤੇ ਸੁਧਾਰ ਨਹੀਂ ਹੋਣ ਲੱਗਾ।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

12-01-2018

 ਜ਼ਹਿਰੀਲੀ ਹਵਾ
ਦੇਸ਼ 'ਚ ਲਗਪਗ 1.7 ਕਰੋੜ ਬੱਚੇ ਉਨ੍ਹਾਂ ਖੇਤਰਾਂ ਵਿਚ ਰਹਿੰਦੇ ਹਨ, ਜਿਥੇ ਹਵਾ ਪ੍ਰਦੂਸ਼ਣ ਅੰਤਰਰਾਸ਼ਟਰੀ ਹੱਦ ਤੋਂ ਛੇ ਗੁਣਾਂ ਜ਼ਿਆਦਾ ਹੁੰਦਾ ਹੈ, ਜੋ ਸੰਭਾਵਿਕ ਰੂਪ ਤੋਂ ਉਨ੍ਹਾਂ ਦੇ ਦਿਮਾਗ ਦੇ ਵਿਕਾਸ ਲਈ ਖ਼ਤਰਨਾਕ ਹੈ। ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਪ੍ਰਦੂਸ਼ਣ ਤੋਂ ਉਨ੍ਹਾਂ ਨੂੰ ਜੀਵਨ ਭਰ ਲਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਹਵਾ ਪ੍ਰਦੂਸ਼ਣ ਫੇਫੜਿਆਂ ਅਤੇ ਦਿਮਾਗ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬੱਚਿਆਂ ਦੇ ਫੇਫੜੇ ਅਤੇ ਦਿਮਾਗ ਸਾਫ਼ ਹਵਾ ਵਿਚ ਜਲਦੀ ਵਿਕਸਤ ਹੁੰਦੇ ਹਨ। ਉਹ ਆਪਣੇ ਵਿਕਾਸਸ਼ੀਲ ਫੇਫੜਿਆਂ ਇਮਿਊਨ ਸਿਸਟਮ ਦੇ ਚਲਦਿਆਂ ਹਵਾ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸਾਹ ਦੁਆਰਾ ਆਪਣੇ ਅੰਦਰ ਲੈ ਰਹੇ ਹਨ ਅਤੇ ਜ਼ਿਆਦਾ ਜ਼ੋਖਮ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ 'ਤੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਪੈਣ ਨਾਲ ਉਨ੍ਹਾਂ ਨੂੰ ਸਰੀਰਕ ਦੇ ਨਾਲ ਸਾਹ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।

-ਵਿਜੈ ਗਰਗ
proffvijaygarg@gmail.com

ਸਿਆਸੀ ਕਾਨਫ਼ਰੰਸਾਂ
ਪੰਜਾਬ ਵਿਚ ਕਈ ਧਾਰਮਿਕ ਅਸਥਾਨਾਂ, ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਇਹ ਕਾਫੀ ਸਮੇਂ ਤੋਂ ਪ੍ਰੰਪਰਾ ਚਲੀ ਆ ਰਹੀ ਹੈ ਪਰ ਹੁਣ ਇਸ 'ਤੇ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ। ਕਿਉਂਕਿ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸ਼ਬਦਾਵਲੀ ਦਾ ਮਿਆਰ ਹੇਠਾਂ ਆ ਰਿਹਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਕਾਨਫਰੰਸਾਂ ਵਿਚ ਧਾਰਮਿਕ ਅਸਥਾਨਾਂ ਜਾਂ ਗੁਰੂ ਸਾਹਿਬਾਨਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਸਗੋਂ ਇਕ-ਦੂਜੇ ਉੱਪਰ ਰਾਜਨੀਤਕ ਹਮਲੇ ਹੀ ਕੀਤੇ ਜਾਂਦੇ ਹਨ, ਜਿਸ ਨਾਲ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਤਾਂ ਭੰਗ ਹੁੰਦੀ ਹੀ ਹੈ, ਨਾਲ ਹੀ ਲੋਕਾਂ ਦੇ ਮਨਾਂ ਨੂੰ ਵੀ ਠੇਸ ਪੁੱਜਦੀ ਹੈ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਤੇ ਗੌਰ ਕਰਨ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ।

ਸੜਕ ਹਾਦਸੇ
ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਕਈ ਖ਼ਤਰਨਾਕ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਾਵਧਾਨੀ ਵਜੋਂ ਕਈ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਕਰਨ ਤੇ ਕਈ ਜ਼ਿਲ੍ਹਿਆਂ ਵਿਚ ਸਵੇਰੇ ਸਕੂਲ ਲੱਗਣ ਦਾ ਸਮਾਂ ਬਦਲਣ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਕਈ ਅਧਿਆਪਕ ਧੁੰਦ ਕਾਰਨ ਸੜਕ ਹਾਦਸੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਪਰ ਸਭ ਤੋਂ ਵੱਧ ਡਰ ਪ੍ਰਾਈਵੇਟ ਸਕੂਲ ਵੈਨਾਂ ਦਾ ਰਹਿੰਦਾ ਹੈ, ਜਿਨ੍ਹਾਂ 'ਚ ਅਕਸਰ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸੰਘਣੀ ਧੁੰਦ ਵਿਚ ਵੱਧ ਤੋਂ ਵੱਧ ਸਾਵਧਾਨੀ ਵਰਤਦੇ ਹੋਏ ਆਪਣਾ ਵਹੀਕਲ ਹੌਲੀ ਤੇ ਸੰਜਮ ਨਾਲ ਚਲਾਉਣ। ਅਕਸਰ ਹੀ ਹਾਦਸੇ ਤੇਜ਼ ਰਫ਼ਤਾਰ ਤੇ ਓਵਰਟੇਕ ਦੇ ਚੱਕਰ 'ਚ ਹੀ ਵਾਪਰਦੇ ਹਨ। ਬਹੁਤੇ ਹਾਦਸੇ ਖਰਾਬ ਗੱਡੀ ਦੇ ਸੜਕ ਕਿਨਾਰੇ ਖੜ੍ਹੀ ਹੋਣ ਕਾਰਨ ਵੀ ਵਾਪਰ ਚੁੱਕੇ ਹਨ। ਅਜਿਹੇ ਹਾਦਸਿਆਂ 'ਚ ਬਹੁਤ ਹੀ ਜਾਨਾਂ ਦਾ ਨੁਕਸਾਨ ਹੋ ਚੁੱਕਾ ਹੈ। ਸੋ, ਅਜਿਹੇ ਮੌਸਮ ਵਿਚ ਬਹੁਤ ਜਾਗਰੂਕਤਾ, ਸੰਜਮ ਤੇ ਸਾਵਧਾਨੀ ਦੀ ਲੋੜ ਹੈ ਤਾਂ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ।

-ਪਰਮ ਪਿਆਰ ਸਿੰਘ
ਨਕੋਦਰ।

11-01-2018

 ਸਰਹੱਦ 'ਤੇ ਤਣਾਅ
ਪਿਛਲੇ ਕਈ ਦਿਨਾਂ ਤੋਂ ਸਰਹੱਦ 'ਤੇ ਚੱਲ ਰਿਹਾ ਤਣਾਅ ਦਾ ਮਹੌਲ ਬੇਹੱਦ ਚਿੰਤਾਜਨਕ ਹੈ। ਇਸੇ ਮਾਹੌਲ ਦੇ ਸਦਕੇ ਪਿਛਲੇ ਦਿਨੀਂ ਚਾਰ ਭਾਰਤੀ ਜਵਾਨਾਂ ਦੀ ਜਾਨ ਗਈ ਸੀ। ਉਸ ਤੋਂ ਬਾਅਦ ਭਾਰਤੀ ਫ਼ੌਜ ਵਲੋਂ ਕੀਤੀ ਜਵਾਬੀ ਕਾਰਵਾਈ, ਜਿਸ ਵਿਚ ਭਾਰਤ ਮੁਤਾਬਕ ਤਿੰਨ ਪਾਕਿਸਤਾਨੀ ਅਧਿਕਾਰੀ ਮਾਰੇ ਗਏ ਸਨ, ਨੂੰ ਅਖ਼ਬਾਰੀ ਦੁਨੀਆ ਨੇ ਭਾਰਤੀ ਫ਼ੌਜ ਨੇ ਲਿਆ ਬਦਲਾ ਕਹਿ ਕੇ ਸੰਬੋਧਨ ਕੀਤਾ ਸੀ। ਉਸ ਦੇ ਕੁਝ ਦਿਨ ਬਾਅਦ ਹੀ ਪੁਲਵਾਮਾ ਵਿਚ ਸੀ.ਆਰ.ਪੀ. ਕੈਂਪ 'ਤੇ ਹੋਏ ਹਮਲੇ ਵਿਚ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ ਹਨ। ਸਵਾਲ ਇਹ ਉੱਠਦਾ ਹੈ ਕਿ ਇਹ ਬਦਲੇ ਦੀ ਆੜ ਵਿਚ ਹੋ ਰਹੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਜਿਨ੍ਹਾਂ ਮਾਵਾਂ ਦੇ ਪੁੱਤ ਇਸ ਬਦਲੇ ਦੀ ਅੱਗ ਵਿਚ ਸ਼ਹੀਦ ਹੁੰਦੇ ਹਨ ਉਨ੍ਹਾਂ ਦਾ ਕਸੂਰ ਕੀ ਹੈ? ਇਹੀ ਕਿ ਉਨ੍ਹਾਂ ਨੇ ਲਾਡਾਂ ਨਾਲ ਪੁੱਤ ਪਾਲ ਕੇ ਫ਼ੌਜ ਵਿਚ ਤੋਰ ਦਿੱਤਾ 'ਜਾ ਪੁੱਤ ਭਾਰਤ ਮਾਂ ਦੀ ਰੱਖਿਆ ਕਰ।' ਕੇਂਦਰ ਸਰਕਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਨਾਲ ਇਸ ਬਾਰੇ ਗੱਲਬਾਤ ਕਰਕੇ ਇਸ ਸਥਿਤੀ ਨੂੰ ਸੁਲਝਾਉਣ ਦੀ ਲੋੜ ਹੈ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ ਸੰਗਰੂਰ।


ਰਿਸ਼ਵਤ
ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇਸ਼ ਨੂੰ ਤਬਾਹ ਕਰਨ ਵਿਚ ਵੱਡਾ ਯੋਗਦਾਨ ਪਾਉਂਦਾ ਹੈ ਤੇ ਸਾਡੇ ਦੇਸ਼ ਨੂੰ ਇਸ ਨੇ ਖੋਖਲਾ ਕੀਤਾ ਹੈ। ਰਿਸ਼ਵਤ ਨੇ ਜਿਸ ਤਰ੍ਹਾਂ ਪੈਰ ਪਸਾਰੇ ਹੋਏ ਹਨ, ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਪੈਸੇ ਦੇ ਜ਼ੋਰ ਨਾਲ ਹਰ ਗ਼ਲਤ ਕੰਮ ਕਰਵਾਇਆ ਜਾ ਸਕਦਾ ਹੈ ਤੇ ਹੋ ਵੀ ਰਿਹਾ ਹੈ। ਅਦਾਲਤਾਂ 'ਤੇ ਲੋਕਾਂ ਨੂੰ ਆਖਰੀ ਆਸ ਹੁੰਦੀ ਹੈ। ਸਬੂਤ ਕਿੰਨੇ ਤੇ ਕਿਵੇਂ ਦੇ ਚਾਹੀਦੇ ਹਨ, ਠੀਕ ਧਿਰ ਨੂੰ ਸਮਝ ਨਹੀਂ ਪੈਂਦੀ। ਰਿਸ਼ਵਤ ਤੇ ਭ੍ਰਿਸ਼ਟਾਚਾਰ ਸਿਸਟਮ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਤੇ ਇਕ ਦਿਨ ਇਸ ਦੇ ਭਿਅੰਕਰ ਨਤੀਜੇ ਸਾਡੇ ਸਾਹਮਣੇ ਆਉਣਗੇ।


-ਪ੍ਰਭਜੋਤ ਕੌਰ ਢਿੱਲੋਂ।


ਨਸ਼ਿਆਂ ਪ੍ਰਤੀ ਜਾਗਰੂਕਤਾ
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਨਸ਼ਾ ਸਾਡੇ ਸਮਾਜ ਨੂੰ ਅੰਦਰੋਂ-ਅੰਦਰੀ ਘੁਣ ਵਾਂਗ ਖਾਈ ਜਾ ਰਿਹਾ ਹੈ। ਜੇਕਰ ਅੱਜ ਅਸੀਂ ਆਪਣੇ-ਆਪ ਨੂੰ ਤੇ ਆਪਣੇ ਸਮਾਜ ਨੂੰ ਇਨ੍ਹਾਂ ਨਸ਼ਿਆਂ ਦੀ ਦਲਦਲ ਵਿਚੋਂ ਨਾ ਕੱਢਿਆ ਤਾਂ ਸਾਡਾ ਆਉਣ ਵਾਲਾ ਭਵਿੱਖ ਬਹੁਤ ਹੀ ਮਾੜਾ ਹੋਵੇਗਾ। ਸਾਨੂੰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਅਸਰ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ, ਨਾ ਕਿ ਕੰਨੀ ਉਂਗਲਾਂ ਪਾ ਕੇ ਘਰ ਬੈਠਣ ਦੀ, ਕਿਉਂਕਿ ਜਾਗਰੂਕਤਾ ਵਿਚ ਹੀ ਸਭ ਤੋਂ ਵੱਡਾ ਬਚਾਅ ਹੈ।


-ਗੁਰਦੀਪ ਸਿੰਘ
ਘੋਲੀਆ ਕਲਾਂ (ਮੋਗਾ)।

10-01-2018

 ਲੱਚਰ ਗਾਇਕੀ
ਹਰੇਕ ਇਨਸਾਨ ਆਪਣੇ ਮਨ-ਪ੍ਰਚਾਵੇ ਤੇ ਮਨੋਰੰਜਨ ਲਈ ਸੰਗੀਤ ਸੁਣਦਾ ਹੈ, ਪਰ ਅਜੋਕੇ ਸਮੇਂ ਵਿਚ ਲੋਕਾਂ ਸਾਹਮਣੇ ਸੰਗੀਤ ਦੇ ਨਾਂਅ 'ਤੇ ਲੱਚਰਤਾ ਪਰੋਸੀ ਜਾ ਰਹੀ ਹੈ। ਆਮ ਤੌਰ 'ਤੇ ਗਾਇਕ ਅਹਿੰਸਕ, ਅਸ਼ਲੀਲਤਾ ਵਾਲੇ ਗੀਤਾਂ ਰਾਹੀਂ ਲੋਕਾਂ ਦੀ ਮਾਨਸਿਕਤਾ 'ਤੇ ਬੁਰਾ ਪ੍ਰਭਾਵ ਪਾ ਰਹੇ ਹਨ, ਜਿਸ ਨਾਲ ਸਮਾਜ ਵਿਚ ਲੁੱਟਮਾਰ, ਔਰਤਾਂ ਨਾਲ ਛੇੜਛਾੜ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਵਿਚ ਇਕੱਲੇ ਗਾਇਕਾਂ ਜਾਂ ਸੰਗੀਤਕ ਕੰਪਨੀਆਂ ਦਾ ਦੋਸ਼ ਨਹੀਂ ਹੈ। ਅਸੀਂ ਵੀ ਕੁਝ ਹੱਦ ਤੱਕ ਇਸ ਲਈ ਜ਼ਿੰਮੇਵਾਰ ਹਾਂ, ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਸੁਣਦੇ ਹਾਂ, ਉਸ ਤਰ੍ਹਾਂ ਦਾ ਹੀ ਸਾਨੂੰ ਪਰੋਸਿਆ ਜਾ ਰਿਹਾ ਹੈ। ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਹ ਨਹੀਂ ਕਿ ਸੰਗੀਤ ਦੇ ਖੇਤਰ ਵਿਚ ਸਾਰੇ ਗਾਇਕ ਹੀ ਲੱਚਰਤਾ ਫੈਲਾਉਂਦੇ ਹਨ। ਅੱਜ ਵੀ ਕੁਝ ਅਜਿਹੇ ਗਾਇਕ ਹਨ, ਜੋ ਸਾਫ਼-ਸੁਥਰੇ ਗੀਤਾਂ ਰਾਹੀਂ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਅਜਿਹੇ ਗਾਇਕਾਂ ਨੂੰ ਸੁਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕੀ ਲਈ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਨਿਸਚਤ ਦਾਇਰੇ ਤੋਂ ਬਾਹਰ ਹੋ ਕੇ ਲੱਚਰਤਾ ਨਾ ਫੈਲਾਅ ਸਕੇ।


-ਕਮਲ ਬਰਾੜ
ਪਿੰਡ ਕੋਟਰੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਘੱਟ-ਗਿਣਤੀਆਂ ਦੇ ਹਾਲਾਤ
ਇਸ ਗੱਲ ਨੂੰ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ 'ਚ ਹਿੰਦੂ ਤੇ ਸਿੱਖ ਭਾਈਚਾਰੇ ਦੀ ਜੋ ਦੁਰਗਤੀ ਹੋ ਰਹੀ ਹੈ, ਉਸ ਵਿਰੁੱਧ ਸੁਰ ਉੱਚੀ ਕਰਕੇ ਕੋਈ ਵਿਕਾਸਸ਼ੀਲ ਦੇਸ਼ ਬੋਲਣ ਲਈ ਤਿਆਰ ਨਹੀਂ। ਇਥੋਂ ਤੱਕ ਕੇ ਖ਼ੁਦ ਯੂ.ਐਨ.ਓ. ਵੀ ਹਿੰਦੂ ਸਮੁਦਾਇ ਦੇ ਲੋਕਾਂ 'ਤੇ ਸਿੱਖ ਭਾਈਚਾਰੇ ਦੇ ਜਬਰੀ ਧਰਮ ਪਰਿਵਰਤਨ, ਬੱਚਿਆਂ ਤੇ ਔਰਤਾਂ ਦੇ ਰਕਤ-ਪਾਤ ਲਈ ਜ਼ਿੰਮੇਵਾਰ ਸਮਾਜ ਵਿਰੋਧੀ ਅਨਸਰਾਂ 'ਤੇ ਪਾਬੰਦੀ ਲਾਉਣ ਲਈ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾ ਰਿਹਾ। ਇਸ ਦੇ ਉਲਟ ਜੇਕਰ ਭਾਰਤ ਸਰਕਾਰ ਨੇ ਉਥੋਂ ਦੇ ਕੱਟੜ-ਪੰਥੀਆਂ ਤੇ ਅੱਤਵਾਦੀ ਸੰਗਠਨ ਵਿਰੁੱਧ ਕੋਈ ਕਾਰਵਾਈ ਕਰਨ ਲਈ ਕਿਹਾ ਤਾਂ ਸਾਡੇ ਗੁਆਂਢੀ ਮੁਲਕ ਚੀਨ ਵਰਗੇ ਦੇਸ਼ ਇਸ ਗੱਲ ਨੂੰ ਕੋਈ ਬਹੁਤੀ ਤਵਜੋ ਨਹੀਂ ਦੇਣ ਦਿੰਦੇ। ਹੋਰ ਤਾਂ ਹੋਰ ਅਮਰੀਕਾ ਵਰਗੇ ਦੇਸ਼ ਵੀ ਸਾਡੇ ਨਾਲ ਪਾਕਿਸਤਾਨ ਵਿਚ ਪਨਪ ਰਹੇ ਅੱਤਵਾਦ ਬਾਰੇ ਦੋਗਲੀ ਖੇਡ ਖੇਡ ਕੇ ਚਲੇ ਜਾਂਦੇ ਹਨ।


-ਮਨਦੀਪ ਕੁੰਦੀ ਤਖ਼ਤੂਪੁਰਾ
(ਮੋਗਾ)।


ਸਹਿਯੋਗ ਜ਼ਰੂਰੀ
ਕਣਕ-ਝੋਨੇ ਦਾ ਪੱਕਾ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਹੋਣ ਕਾਰਨ ਕਿਸਾਨ ਕਈ ਸਾਲਾਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਘੁੰਮਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਅਜਿਹੇ ਫ਼ਸਲੀ ਚੱਕਰ ਕਾਰਨ ਪੰਜਾਬ ਵਿਚ ਲਗਾਤਾਰ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਝੋਨੇ ਦੀ ਕਟਾਈ ਪਿੱਛੋਂ ਖੇਤਾਂ ਵਿਚ ਬਚੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਸਿਹਤ ਸਬੰਧੀ ਅਨੇਕਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਭਾਵੇਂ ਕਿ ਇਹ ਵੀ ਸੱਚ ਹੈ ਕਿ ਪ੍ਰਦੂਸ਼ਣ ਫੈਲਾਉਣ ਵਿਚ ਇੱਟਾਂ ਦੇ ਭੱਠੇ, ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ਤੇ ਕਈ ਕਿਸਮ ਦੀਆਂ ਫੈਕਟਰੀਆਂ ਦਾ ਵੀ ਸਾਰਾ ਸਾਲ ਪ੍ਰਦੂਸ਼ਣ ਫੈਲਾਉਣ ਵਿਚ ਵੱਡਾ ਹਿੱਸਾ ਰਹਿੰਦਾ ਹੈ ਪਰ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਸਰਕਾਰਾਂ ਗੰਭੀਰ ਹਨ ਤਾਂ ਉਨ੍ਹਾਂ ਨੂੰ ਬਦਲਵੇਂ ਤਰੀਕੇ ਵੀ ਸੁਝਾਉਣੇ ਚਾਹੀਦੇ ਹਨ। ਲੋਕ ਵੀ ਸਰਕਾਰਾਂ ਦਾ ਸਹਿਯੋਗ ਦੇਣ, ਕਿਉਂਕਿ ਹਵਾ ਪ੍ਰਦੂਸ਼ਣ ਅੱਜ ਬੇਹੱਦ ਗੰਭੀਰ ਸਮੱਸਿਆ ਹੈ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

08-01-2018

 ਗ਼ਰੀਬੀ ਦੀ ਰੇਖਾ
ਆਜ਼ਾਦੀ ਦੇ 70 ਵਰ੍ਹੇ ਗੁਜ਼ਰ ਜਾਣ ਤੋਂ ਬਾਅਦ ਵੀ ਦੇਸ਼ ਦੀ ਕੁੱਲ ਆਬਾਦੀ ਦਾ ਲਗਪਗ 21 ਫ਼ੀਸਦੀ ਹਿੱਸਾ ਅਜੇ ਵੀ ਗ਼ਰੀਬੀ ਨਾਲ ਘੁਲ ਰਿਹਾ ਹੈ। ਦੇਸ਼ ਵਿਚ ਗ਼ਰੀਬੀ ਦੇ ਮੁੱਖ ਕਾਰਨ ਵਧਦੀ ਜਨ-ਸੰਖਿਆ, ਅਨਪੜ੍ਹਤਾ, ਬੇਰੁਜ਼ਗਾਰੀ ਆਦਿ ਹਨ। ਛੱਤੀਸਗੜ੍ਹ ਵਿਚ ਸਾਲ 2012-13 ਦੇ ਅੰਕੜਿਆਂ ਅਨੁਸਾਰ 40 ਫ਼ੀਸਦੀ ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਹਨ। ਗੋਆ ਵਿਚ ਸਭ ਤੋਂ ਘੱਟ ਗ਼ਰੀਬੀ 5 ਫ਼ੀਸਦੀ ਜਦਕਿ ਪੰਜਾਬ ਲਗਪਗ 8 ਫ਼ੀਸਦੀ ਪੰਜਵੇਂ ਸਥਾਨ 'ਤੇ ਹੈ। ਇਸ ਦੇ ਹੱਲ ਲਈ ਸਰਕਾਰਾਂ ਨੂੰ ਰੁਜ਼ਗਾਰ ਦੇ ਵਧੇਰੇ ਸਾਧਨ ਜੁਟਾਉਣੇ ਪੈਣਗੇ। ਜਿੰਨਾ ਸਮਾਂ ਦੇਸ਼ ਵਿਚੋਂ ਬੇਰੁਜ਼ਗਾਰੀ ਖ਼ਤਮ ਨਹੀਂ ਹੁੰਦੀ, ਓਨਾ ਸਮਾਂ ਦੇਸ਼ ਦੀ ਜਨਤਾ ਦਾ ਵੱਡਾ ਹਿੱਸਾ ਗਰੀਬੀ ਰੇਖਾ ਤੋਂ ਥੱਲੇ ਘੋਲ ਕਰਦਾ ਰਹੇਗਾ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਅੰਧ-ਵਿਸ਼ਵਾਸ...
ਇਕ ਸੱਚਾ ਗੁਰੂ ਹੀ ਆਪਣੇ ਭਗਤਾਂ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਉਸ ਨੂੰ ਸਹੀ ਰਸਤਾ ਦਿਖਾਉਂਦਾ ਹੈ ਤੇ ਉਸ ਨੂੰ ਸਹੀ ਗਲਤ ਦਾ ਫ਼ਰਕ ਦੱਸਦਾ ਹੈ। ਦਿੱਲੀ ਦੇ ਅਧਿਆਤਮਿਕ ਵਿਦਿਆਲਾ ਦੇ ਸੰਚਾਲਕ ਵੀਰੇਂਦਰ ਦੇਵ ਦੀਕਸ਼ਿਤ ਦਾ ਨਾਂਅ ਵੀ ਹੁਣ ਉਨ੍ਹਾਂ ਢੋਂਗੀ ਬਾਬਿਆਂ ਦੀ ਸੂਚੀ ਵਿਚ ਸ਼ਾਮਿਲ ਹੈ, ਜਿਸ ਨੇ ਸੈਂਕੜੇ ਮਾਸੂਮ ਕੁੜੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਹੈ। ਇਨ੍ਹਾਂ ਦੇ ਕਸੂਰਵਾਰ ਹੋਣ ਦੇ ਨਾਲ-ਨਾਲ ਕਸੂਰਵਾਰ ਉਹ ਮਾਂ-ਬਾਪ ਹਨ ਜੋ ਇਨ੍ਹਾਂ ਢੋਂਗੀ ਬਾਬਿਆਂ ਦੇ ਚੁੰਗਲ ਵਿਚ ਫਸ ਕੇ ਆਪਣਾ ਸਭ ਕੁਝ ਤਿਆਗ ਕੇ ਆਪਣੀਆਂ ਮਾਸੂਮ ਬੇਟੀਆਂ ਨੂੰ ਇਨ੍ਹਾਂ ਬਾਬਿਆਂ ਦੇ ਹਵਾਲੇ ਕਰ ਦਿੰਦੇ ਹਨ। ਕੀ ਇਨ੍ਹਾਂ ਮਾਪਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਆਪਣੀਆਂ ਕੁੜੀਆਂ ਨੂੰ ਪੜ੍ਹਾ-ਲਿਖਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਘਰ ਵਿਚ ਮੁੰਡੇ ਵੀ ਹੁੰਦੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਕਿਸੇ ਆਸ਼ਰਮ 'ਚ ਭੇਜਦੇ। ਕੀ ਮੁੰਡਿਆਂ ਨੂੰ ਧਾਰਮਿਕ ਸਿੱਖਿਆ ਦੀ ਲੋੜ ਨਹੀਂ ਹੈ, ਜੇਕਰ ਅਸੀਂ ਆਪ ਸੋਚ ਸਮਝ ਕੇ ਸਹੀ ਕਦਮ ਚੁੱਕੀਏ ਤਾਂ ਇਨ੍ਹਾਂ ਢੋਂਗੀ ਬਾਬਿਆਂ ਦਾ 'ਅਯਾਸ਼ੀ ਦਾ ਅੱਡਾ' ਬੰਦ ਹੋਵੇਗਾ ਤੇ ਕਿਸੇ ਮਾਸੂਮ ਕੁੜੀ ਨੂੰ ਇਨ੍ਹਾਂ ਬਾਬਿਆਂ ਦੇ ਹੱਥੋਂ ਸ਼ਰਮਸਾਰ ਨਹੀਂ ਹੋਣਾ ਪਵੇਗਾ।


-ਭਾਵਨਾ
ਕੇ.ਐਮ.ਵੀ. ਕਾਲਜ, ਜਲੰਧਰ।


ਛੁੱਟੀਆਂ 'ਚ ਕਟੌਤੀ
ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਚ ਕਟੌਤੀ ਕਰ ਕੇ ਬਹੁਤ ਵਧੀਆ ਕੰਮ ਕੀਤਾ ਹੈ। ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮਹੀਨੇ 'ਚ ਕਰੀਬ 20-22 ਦਿਨ ਹੀ ਸਕੂਲ ਲਗਦਾ ਹੈ, ਅਧਿਆਪਕ ਵੀ ਘਰੇ ਮੌਜਾਂ ਲੈਂਦੇ ਹਨ ਤੇ ਬੱਚੇ ਵੀ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਨੂੰ ਸਮਰਪਿਤ ਦਿਨਾਂ ਦੀ ਛੁੱਟੀ ਕਰਨ ਦੀ ਬਜਾਏ ਬੱਚਿਆਂ ਨੂੰ ਸਕੂਲ 'ਚ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਉਨ੍ਹਾਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਹਾਸਲ ਕਰਕੇ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ।


-ਸਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

03-01-2018

 ਵਿਦੇਸ਼ ਜਾਣ ਦੀ ਹੋੜ
ਨੌਜਵਾਨਾਂ ਨੂੰ ਆਮ ਤੌਰ 'ਤੇ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਉਹ ਨੌਜਵਾਨ ਆਪਣੇ ਖੁਦ ਦਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਥੇ ਉਹ ਆਪਣੇ ਭਵਿੱਖ ਸਬੰਧੀ ਆਸਵੰਦ ਨਹੀਂ ਹਨ। ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਜਾਣ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਜਾਣ ਲਈ ਟ੍ਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਆਈਲੈਟਸ ਕੋਚਿੰਗ ਸੈਂਟਰ ਵੀ ਮਨਮਰਜ਼ੀ ਨਾਲ ਫੀਸਾਂ ਵਸੂਲ ਰਹੇ ਹਨ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਲਈ ਕੁਝ ਕਰਨ। ਉਹ ਇਥੇ ਰਹਿ ਕੇ ਵੀ ਜੇਕਰ ਪੂਰੀ ਸ਼ਿੱਦਤ ਨਾਲ ਕੰਮ ਕਰਦੇ ਹਨ ਤਾਂ ਇਥੇ ਰਹਿ ਕੇ ਵੀ ਕਾਮਯਾਬ ਹੋ ਸਕਦੇ ਹਨ। ਇਸ ਲਈ ਨੌਜਵਾਨਾਂ ਨੂੰ ਮਾਨਸਿਕਤਾ ਬਦਲਣ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ,
ਸ੍ਰੀ ਮੁਕਤਸਰ ਸਾਹਿਬ।


ਪਕੋਕਾ ਕਾਨੂੰਨ
ਮੌਜੂਦਾ ਸਮੇਂ, ਸਾਡਾ ਪੰਜਾਬ ਬੇਸ਼ੁਮਾਰ ਅਪਰਾਧਕ ਸਮੱਸਿਆਵਾਂ ਦੀ ਅੱਗ 'ਚ ਭੁੱਜ ਰਿਹਾ ਹੈ। ਸੂਬੇ ਅੰਦਰ ਆਏ ਦਿਨ ਵਾਪਰਦੀਆਂ ਅਣਮਨੁਖੀ ਘਟਨਾਵਾਂ ਦੀਆਂ ਖ਼ਬਰਾਂ ਪੜ੍ਹ/ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਕਦੇ-ਕਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਥੇ ਕਾਨੂੰਨ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ। ਦਿਨ-ਬਦਿਨ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਕਿਸੇ ਸਖ਼ਤ ਕਾਨੂੰਨ ਦੀ ਬੇਹੱਦ ਲੋੜ ਹੈ। ਕਾਨੂੰਨ ਦੀ ਸਖ਼ਤੀ ਹੀ ਮਨੁੱਖਤਾ ਦਾ ਘਾਣ ਤੇ ਬੇੜਾ ਗਰਕ ਕਰਨ ਵਾਲਿਆਂ ਨੂੰ ਨੱਥ ਪਾ ਸਕਦੀ ਹੈ। ਸੋ, ਜੇਕਰ ਪੰਜਾਬ ਸਰਕਾਰ ਵਾਕਿਆ ਹੀ ਸੱਚੇ ਦਿਲੋਂ ਅਪਰਾਧਾਂ ਨੂੰ ਠੱਲ੍ਹਣ ਲਈ ਕੋਈ ਨਵਾਂ ਕਾਨੂੰਨ ਬਣਾ ਰਹੀ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ ਅਤੇ ਆਸ ਪ੍ਰਗਟਾਵਾਂਗੇ ਕਿ ਇਹ ਬਣਨ ਵਾਲਾ ਨਵਾਂ ਕਾਨੂੰਨ ਨਿਰੋਲ ਲੋਕ-ਪੱਖੀ ਹੋਵੇਗਾ। ਇਸ ਕਾਨੂੰਨ ਤਹਿਤ ਕਿਸੇ ਨਾਲ ਵੀ ਜ਼ਿਆਦਤੀ ਨਹੀਂ ਹੋਵੇਗੀ ਅਤੇ ਇਸ ਦੇ ਸਾਰਥਕ ਨਤੀਜੇ ਨਿਕਲਣਗੇ।


-ਸੁਖਦੇਵ ਰਾਮ
ਅੱਪਰਾ, ਤਹਿਸੀਲ ਫਿਲੌਰ (ਜਲੰਧਰ)


ਹਾਦਸਾ-ਦਰ-ਹਾਦਸਾ
ਆਵਾਜਾਈ ਦੇ ਸਾਧਨ ਕਾਫ਼ੀ ਵਧ ਚੁੱਕੇ ਹਨ ਅਤੇ ਦੇਸ਼ ਅੰਦਰ ਸੜਕਾਂ ਦਾ ਵੀ ਜਾਲ ਵਿਛਿਆ ਹੋਇਆ ਹੈ। ਲੋਕ ਸਿੱਖਿਆ ਪੱਖੋਂ ਵੀ ਕਾਫ਼ੀ ਸਿੱਖਿਅਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਆਏ ਦਿਨ ਸੜਕੀ ਹਾਦਸਿਆਂ ਵਿਚ ਚੋਖਾ ਵਾਧਾ ਹੋ ਰਿਹਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ ਦਿਨ ਕਿਸੇ ਹਾਦਸੇ ਦੀ ਖ਼ਬਰ ਨਾ ਅਖ਼ਬਾਰ ਵਿਚ ਛਪੀ ਹੋਵੇ। ਇਨ੍ਹਾਂ ਹਾਦਸਿਆਂ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਜੋ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਲੋੜ ਤੋਂ ਵੱਧ ਕਾਹਲੀ ਅਤੇ ਲਾਪ੍ਰਵਾਹੀ ਜਿਥੇ ਹਾਦਸਿਆਂ ਦਾ ਕਾਰਨ ਬਣਦੀ ਹੈ, ਉਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਦੁਰਘਟਨਾਵਾਂ ਦਾ ਪ੍ਰਮੁੱਖ ਕਾਰਨ ਹੈ। ਸੋ, ਲੋੜ ਹੈ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਯੋਗ ਕਦਮ ਚੁੱਕਣ ਦੀ, ਜੋ ਇਨ੍ਹਾਂ ਸੜਕੀ ਦੁਰਘਟਨਾਵਾਂ ਨੂੰ ਠੱਲ੍ਹ ਪਾ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

02-01-2018

 ਪੰਜਾਬੀ ਭਾਸ਼ਾ ਪ੍ਰਤੀ ਬੇਰੁਖ਼ੀ
ਪੰਜਾਬ ਵਿਚ ਹੀ ਅਨੇਕਾਂ ਘਰਾਂ-ਪਰਿਵਾਰਾਂ ਵਿਚ ਪੰਜਾਬੀ ਭਾਸ਼ਾ ਨੂੰ ਆਮ ਬੋਲਚਾਲ ਵਜੋਂ ਬੋਲਣ ਤੋਂ ਗੁਰੇਜ਼ ਕੀਤਾ ਜਾਣ ਲੱਗ ਪਿਆ ਹੈ ਅਤੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਵਿਚ ਫ਼ਖ਼ਰ ਮਹਿਸੂਸ ਕੀਤਾ ਜਾਂਦਾ ਹੈ। ਅਜਿਹਾ ਰੁਝਾਨ ਪੰਜਾਬੀ ਸੱਭਿਆਚਾਰ, ਪੰਜਾਬੀ ਸੱਭਿਅਤਾ ਅਤੇ ਪੰਜਾਬੀ ਇਤਿਹਾਸ ਲਈ ਵੀ ਗੰਭੀਰ ਵਿਸ਼ਾ ਹੈ। ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਮਾਤ ਭਾਸ਼ਾ 'ਪੰਜਾਬੀ' ਨੂੰ ਆਪਸੀ ਗੱਲਬਾਤ ਸਮੇਂ ਅਤੇ ਘਰਾਂ-ਪਰਿਵਾਰਾਂ ਵਿਚ ਹੀ ਖੁੱਡੇ ਲਾਈਨ ਲਾ ਕੇ ਰੱਖਣਾ ਸਾਡੀ ਅਣਖ ਅਤੇ ਗ਼ੈਰਤ ਦੇ ਵੀ ਖਿਲਾਫ਼ ਹੈ। ਸਾਨੂੰ ਚਾਹੀਦਾ ਹੈ ਕਿ ਘਰ-ਪਰਿਵਾਰ ਵਿਚ ਅਤੇ ਨਵੀਂ ਪੀੜ੍ਹੀ ਨਾਲ ਗੱਲਬਾਤ ਸਮੇਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਈਏ ਅਤੇ ਵਿਸ਼ਵ ਵਿਚ ਇਸ ਦਾ ਪਰਚਮ ਲਹਿਰਾਏ।

-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।

ਆਪਾ ਬਚਾਓ, ਰੁੱਖ ਲਾਓ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਉੱਤਰੀ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਦੀ ਵਾਤਾਵਰਨ ਪ੍ਰਦੂਸ਼ਣ 'ਤੇ ਝਾੜਝੰਬ ਕੀਤੀ ਗਈ, ਕਿਉਂਕਿ ਸਰਕਾਰਾਂ ਐਨ.ਜੀ.ਟੀ. ਦੇ ਹੁਕਮਾਂ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ 'ਚ ਨਾਕਾਮ ਰਹੀਆਂ ਹਨ। ਹੁਣ ਸਰਕਾਰਾਂ ਦੇ ਵਿੱਤੀ ਖਾਤੇ ਜ਼ਬਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਵੇਂ 2017-18 'ਚ ਦੋ ਕਰੋੜ ਬੂਟਾ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਪਰ ਸਰਕਾਰਾਂ ਦੀ ਟੇਕ ਕੇਂਦਰੀ ਫੰਡਾਂ 'ਤੇ ਹੋਣ ਦੇ ਬਾਵਜੂਦ ਟੀਚਾ ਸਰ ਕਰਨਾ ਮੁਸ਼ਕਿਲ ਜਾਪਦਾ ਹੈ। ਸਰਕਾਰ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਗੰਭੀਰਤਾ ਨਾਲ ਹੁਕਮ ਜਾਰੀ ਕਰੇ ਅਤੇ ਹਰ ਇਕ ਪਿੰਡ ਨੂੰ ਇਕ ਨਿਰਧਾਰਤ ਟੀਚੇ 'ਤੇ ਬੂਟੇ ਲਗਾਉਣ ਦੀ ਹਦਾਇਤ ਦੇਵੇ। ਬਾਕਾਇਦਾ ਲਾਏ ਬੂਟਿਆਂ ਦਾ ਰਿਕਾਰਡ ਬਣਾਏ ਤਾਂ ਨਤੀਜੇ ਫ਼ੈਸਲਾਕੁੰਨ ਹੋ ਸਕਦੇ ਹਨ। ਵੱਡੇ-ਵੱਡੇ ਸੜਕੀ ਪ੍ਰਾਜੈਕਟਾਂ ਦੀ ਆੜ 'ਚ ਰੁੱਖਾਂ ਦੀਆਂ ਜੜ੍ਹਾਂ 'ਤੇ ਚਲਦਾ ਆਰਾ ਮਨੁੱਖਤਾ ਦੇ ਘਾਣ ਦਾ ਸੂਚਕ ਹੈ। ਸਾਨੂੰ ਵਿਰਾਸਤੀ ਰੁੱਖ ਲਾ ਕੇ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ ਪਏਗਾ। ਯਾਦ ਰਹੇ ਕੁਦਰਤ ਨਾਲ ਕੀਤਾ ਖਿਲਵਾੜ ਵਿਨਾਸ਼ਕਾਰੀ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲਾ ਲੁਧਿਆਣਾ।

ਕੁੱਤਿਆਂ 'ਤੇ ਪਾਬੰਦੀ
ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਲੋਕ ਕਿਹੜੇ ਪਾਸੇ ਤੁਰ ਪਏ ਹਨ। ਕਦੇ ਪੰਜਾਬੀ ਮੱਝਾਂ, ਗਾਵਾਂ, ਬੱਕਰੀਆਂ, ਕੁਕੜੀਆਂ ਆਦਿ ਦੇ ਸ਼ੌਕੀਨ ਹੁੰਦੇ ਸੀ, ਜੋ ਘਰ ਵਿਚ ਆਮਦਨੀ ਦਾ ਛੋਟਾ ਅਜਿਹਾ ਸਾਧਨ ਵੀ ਸਨ। ਬੱਕਰੀ ਹਰ ਘਰੇ ਫਰਿੱਜ ਦਾ ਕੰਮ ਦਿੰਦੀ ਸੀ, ਭਾਵ ਜਦੋਂ ਦੁੱਧ ਦੀ ਲੋੜ ਪਈ, ਉਸੇ ਵਕਤ ਚੋਅ ਲਈ। ਅੱਜਕਲ੍ਹ ਲੋਕ ਕੁੱਕੜ, ਬੱਕਰੀ ਆਦਿ ਜਾਨਵਰਾਂ ਨੂੰ ਗੰਦ ਪਾਊ ਜਾਨਵਰ ਦੱਸਦੇ ਹਨ ਤੇ ਕੁੱਤਿਆਂ ਨੂੰ ਏ.ਸੀ. 'ਚ ਬਿਠਾਉਂਦੇ ਹਨ। ਇਨ੍ਹਾਂ ਲੜਾਕੂ ਕੁੱਤਿਆਂ ਨਾਲ ਰਹਿ ਕੇ ਲੋਕ ਇਨ੍ਹਾਂ ਵਰਗੇ ਲੜਾਕੂ ਜ਼ਰੂਰ ਬਣ ਗਏ ਹਨ। ਜਿਸ ਪਿੱਟ ਬੁੱਲ ਦੀ ਗੱਲ ਕਰਦੇ ਆ, ਉਸ ਦੀਆਂ ਕਈ ਵੀਡੀਓ ਆਈਆਂ ਹਨ, ਜਿਸ ਵਿਚ ਇਹ ਮਨੁੱਖਾਂ ਨੂੰ ਮਾਰ ਦਿੰਦੇ ਹਨ। ਪਰ ਸਾਡੇ ਦੇਸ਼ 'ਚ ਨਾ ਤਾਂ ਪ੍ਰਸ਼ਾਸਨ ਕਾਨੂੰਨ ਲਾਗੂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦਾ ਹੈ ਤੇ ਨਾ ਹੀ ਲੋਕ ਕਾਨੂੰਨ ਦੀ ਪਰਵਾਹ ਕਰਦੇ ਹਨ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

01-01-2018

 ਵਿਆਹਾਂ ਦੀ ਦਹਿਸ਼ਤ
ਪੰਜਾਬ ਦੇ ਵਿਆਹਾਂ ਵਿਚ ਪਿਛਲੇ ਸਮੇਂ ਦੌਰਾਨ ਵਾਪਰ ਰਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ। ਪੰਜਾਬੀ ਗੀਤਾਂ ਦੀ ਹਿੰਸਕ ਅਤੇ ਭੜਕਾਊ ਸ਼ਬਦਾਵਲੀ, ਸ਼ਰਾਬ ਦਾ ਨਸ਼ਾ ਅਤੇ ਜ਼ਿਹਨੀਅਤ ਦਾ ਖੋਖਲਾਪਨ ਨੱਚਦੇ ਸਮੇਂ ਹਥਿਆਰ ਚਲਾਉਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਦੁਖਦਾਈ ਨਤੀਜੇ ਵਜੋਂ ਕੋਈ ਬੇਕਸੂਰ ਮਾਰਿਆ ਜਾਂਦਾ ਹੈ। ਪੰਜਾਬੀ ਸਮਾਜ ਨੇ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ। ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ 'ਤੇ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰ ਸਕਣ।


-ਮਨਿੰਦਰ ਸਿੰਘ
ਸਹਾਇਕ ਪ੍ਰੋ:, ਅਰਜਨ ਦਾਸ ਕਾਲਜ, ਧਰਮਕੋਟ (ਮੋਗਾ)।


ਆਪਣੀ ਸੋਚ ਬਦਲੀਏ
ਦਾਜ ਲੈਣਾ, ਮੰਗਣਾ ਜਾਂ ਦਾਜ ਲਈ ਕਿਸੇ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨਾ, ਅਸੱਭਿਅਕ, ਗ਼ੈਰ-ਮਨੁੱਖੀ, ਅਸਮਾਜਿਕ ਕਾਰਾ ਹੈ। ਇਹ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਰੱਖ ਦਿੰਦਾ ਹੈ। ਜੇਕਰ ਅਸੀਂ ਸਭ ਇਸ ਬਾਰੇ ਆਪਣੀ ਸੋਚ ਅਤੇ ਵਿਹਾਰ ਬਦਲ ਲਈਏ ਅਤੇ ਦਾਜ ਲੈਣ-ਦੇਣ ਤੋਂ ਤੌਬਾ ਕਰ ਲਈਏ ਤਾਂ ਘਰ, ਸਮਾਜ ਤੇ ਦੇਸ਼ ਤਰੱਕੀ ਤੇ ਖੁਸ਼ਹਾਲੀ ਪ੍ਰਾਪਤ ਕਰ ਸਕਦਾ ਹੈ। ਆਓ, ਇਸ ਬਾਰੇ ਉਸਾਰੂ ਸੋਚ ਅਪਣਾਈਏ।


-ਮਾ: ਸੰਜੀਵ ਧਰਮਾਣੀ,
ਪਿੰਡ ਸੱਧੇਵਾਲ, ਸ੍ਰੀ ਆਨੰਦਪੁਰ ਸਾਹਿਬ (ਰੂਪ ਨਗਰ)।

29-12-2017

 ਅਫੀਮ ਦੀ ਖੇਤੀ

ਮੌਜੂਦਾ ਸਮੇਂ ਵਿਸ਼ਵ ਦੇ 52 ਦੇਸ਼ ਤੇ ਸਾਡੇ ਦੇਸ਼ ਦੇ 12 ਸੂਬਿਆਂ ਵਿਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਸਾਡੇ ਸੂਬੇ ਪੰਜਾਬ ਵਿਚ ਪਿਛਲੇ ਸਮੇਂ ਵਿਚ ਜਿਥੇ ਨਸ਼ਿਆਂ 'ਚ ਵਾਧਾ ਹੋਇਆ ਹੈ, ਉਥੇ ਡਰੱਗ ਮਾਫੀਆ ਦਾ ਪਾਸਾਰ ਵੀ ਹੋਇਆ ਹੈ। ਸ਼ਰਾਬ, ਸਿੰਥੈਟਿਕ ਨਸ਼ੇ, ਮੈਡੀਕਲ ਨਸ਼ੇ, ਸਮੈਕ ਤੇ ਹੈਰੋਇਨ ਸਾਡੇ ਸੂਬੇ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਅੱਜ ਲੋੜ ਹੈ ਪੰਜਾਬ ਨੂੰ ਇਨ੍ਹਾਂ ਘਾਤਕ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਅਫੀਮ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇ। ਅੱਜ ਦੇ ਸਮੇਂ ਕਿਸਾਨੀ, ਜਵਾਨੀ ਤੇ ਪਾਣੀ ਨੂੰ ਬਚਾਉਣ ਲਈ ਸਾਨੂੰ ਅਫੀਮ ਦੀ ਖੇਤੀ ਸ਼ੁਰੂ ਕਰਨੀ ਹੀ ਪਵੇਗੀ। ਕਰਜ਼ੇ ਹੇਠ ਦੱਬੇ ਕਿਸਾਨ ਤੇ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਲਈ ਬਦਲਵੀਂ ਫ਼ਸਲ ਵਜੋਂ ਅਫੀਮ ਦੀ ਖੇਤੀ ਬਹੁਤ ਲਾਹੇਵੰਦ ਹੋਵੇਗੀ।

-ਸ਼ਮਸ਼ੇਰ ਸਿੰਘ ਸੋਹੀ।

ਆਓ ਰੌਸ਼ਨੀਆਂ ਵੰਡੀਏ

ਅੱਖਾਂ ਸਾਡਾ ਸਭ ਤੋਂ ਕੀਮਤੀ ਅਤੇ ਅਣਮੋਲ ਅੰਗ ਹਨ। ਸਾਡੇ ਮਰਨ ਉਪਰੰਤ ਸਾਡਾ ਸਰੀਰ ਨਸ਼ਟ ਕਰ ਦਿੱਤਾ ਜਾਂਦਾ ਹੈ। ਪਰ ਜੇਕਰ ਅਸੀਂ ਜਿਊਂਦੇ ਜੀਅ ਆਪਣੀਆਂ ਅੱਖਾਂ ਦਾਨ ਕਰ ਦੇਣ ਬਾਰੇ ਫ਼ੈਸਲੇ ਲੈ ਲਈਏ ਤਾਂ ਸਾਡੇ ਬਾਅਦ ਕਿਸੇ ਲੋੜਵੰਦ ਨੂੰ ਇਸ ਰੰਗਲੀ ਦੁਨੀਆ ਨੂੰ ਦੇਖਣ ਦਾ ਮੌਕਾ ਮਿਲ ਸਕਦਾ ਹੈ। ਕਿਉਂਕਿ ਸਾਡੇ ਵਲੋਂ ਕੀਤਾ ਇਕ ਛੋਟਾ ਜਿਹਾ ਉਪਰਾਲਾ ਕਿਸੇ ਦੁਖੀ ਤੇ ਲਾਚਾਰ ਵਿਅਕਤੀ ਦੀ ਜ਼ਿੰਦਗੀ ਵਿਚੋਂ ਹਨੇਰਾ ਖ਼ਤਮ ਕਰਕੇ ਉਸ ਦੀ ਜ਼ਿੰਦਗੀ ਨੂੰ ਸੁਖਾਲਾ ਤੇ ਖੁਸ਼ੀਆਂ ਭਰਿਆ ਬਣਾ ਸਕਦਾ ਹੈ। ਸਾਡੇ ਵਲੋਂ ਕੀਤਾ ਇਹ ਉਪਰਾਲਾ ਸੱਚਮੁੱਚ ਹੀ ਮਾਨਵਤਾ ਵਿਚ ਰੌਸ਼ਨੀਆਂ ਤੇ ਖੁਸ਼ੀਆਂ ਵੰਡ ਸਕਦਾ ਹੈ। ਜ਼ਰੂਰਤ ਹੈ ਇਕ ਕਦਮ ਅੱਗੇ ਵਧਾਉਣ ਦੀ ਅਤੇ ਮਾਨਵਤਾ ਧਰਮ ਨਿਭਾਉਣ ਦੀ।

-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ।

ਮਾਣ-ਸਨਮਾਨ

ਆਓ ਆਪਣੇ ਦੇਸ਼ ਦੇ ਰਾਖਿਆਂ ਦਾ ਮਾਣ-ਸਨਮਾਨ ਕਰੀਏ। ਝੰਡਾ ਦਿਵਸ ਬਾਰੇ ਹਰ ਦੇਸ਼ ਵਾਸੀ ਨੂੰ ਪਤਾ ਹੋਣਾ ਚਾਹੀਦਾ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਫ਼ੌਜ ਪ੍ਰਤੀ ਹਮੇਸ਼ਾ ਸੰਜੀਦਾ ਹੋਣਾ ਚਾਹੀਦਾ ਹੈ। ਹਰ ਸ਼ਹੀਦ ਦੇਸ਼ ਦਾ ਸ਼ਹੀਦ ਹੈ, ਉਸ ਦੀ ਸ਼ਹਾਦਤ ਦੀ ਇੱਜ਼ਤ ਕਰਨਾ, ਉਸ ਨੂੰ ਮਾਣ-ਸਨਮਾਨ ਦੇਣਾ ਹਰ ਨਾਗਰਿਕ ਦਾ ਫਰਜ਼ ਹੈ। ਉਹ ਆਪਣੇ ਪਰਿਵਾਰ ਲਈ ਸ਼ਹੀਦ ਨਹੀਂ ਹੋਇਆ, ਉਹ ਦੇਸ਼ ਦੀ ਖਾਤਰ ਤੇ ਹਰ ਨਾਗਰਿਕ ਦੀ ਖਾਤਰ ਸ਼ਹੀਦ ਹੋਇਆ ਹੈ। ਹਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਦੀ ਫ਼ੌਜ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਏ। ਇਹ ਦੇਸ਼ ਦੇ ਵੱਡਮੁਲੇ ਸਪੂਤ ਹਨ। ਇਹ ਹਰ ਤਰ੍ਹਾਂ ਦੇ ਮਾਣ-ਸਨਮਾਨ ਦੇ ਹੱਕਦਾਰ ਹਨ। ਦੂਸਰੇ ਦੇਸ਼ਾਂ ਤੋਂ ਬਾਬੂਸ਼ਾਹੀ ਤੇ ਸਿਆਸਤਦਾਨ ਇਹ ਵੀ ਸਿੱਖ ਲੈਣ ਕਿ ਫ਼ੌਜ ਦਾ ਰੁਤਬਾ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਹੌਸਲਾ ਨੂੰ ਕਦੇ ਠੇਸ ਨਾ ਪਹੁੰਚੇ। ਹਮੇਸ਼ਾ ਦੇਸ਼ ਦੇ ਰਾਖਿਆਂ ਦਾ ਮਾਣ-ਸਨਮਾਨ ਕਰੋ। ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਉਹ ਇਸ ਦੇ ਹੱਕਦਾਰ ਹਨ।

-ਪ੍ਰਭਜੋਤ ਕੌਰ ਢਿੱਲੋਂ।

ਲੋਕਤੰਤਰ ਕਿੱਥੇ ਹੈ?

ਜਿਹੜੀ ਵੀ ਸਰਕਾਰ ਹਾਰ ਜਾਂਦੀ ਹੈ, ਉਹ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਉਂਦੀ ਹੈ। ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਲੋਕਤੰਤਰ ਦਾ ਘਾਣ ਦੱਸਣ ਲੱਗ ਪੈਂਦੀ ਹੈ। ਸਾਰੀਆਂ ਧਿਰਾਂ ਇਕੱਠੀਆਂ ਬੈਠ ਕੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਵਿਚਾਰਨ ਦੀ ਥਾਂ ਸੰਸਦ ਵਿਚੋਂ ਨਾਅਰੇ ਮਾਰਦਿਆਂ ਬਾਹਰ ਆ ਜਾਂਦੇ ਹਨ। ਕੀ ਅਜਿਹਾ ਕਰਨ ਨਾਲ ਲੋਕਤੰਤਰ ਦਾ ਘਾਣ ਨਹੀਂ ਹੁੰਦਾ? ਵਿਰੋਧੀ ਧਿਰ ਨੂੰ ਆਪਣਾ ਸਹੀ ਰੋਲ ਅਪਣਾਉਂਦਿਆਂ ਸੰਸਦ ਵਿਚ ਬੈਠ ਕੇ ਦਲੀਲਾਂ ਸਹਿਤ ਵਿਚਾਰ ਦੇ ਕੇ ਲੋਕਾਂ ਦੇ ਮਸਲਿਆਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਲੋਕਾਂ ਦਾ ਭਲਾ ਹੋ ਸਕਦਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

28-12-2017

 ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਵੱਖ-ਵੱਖ ਕੌਮੀ ਮਾਰਗਾਂ ਉੱਤੇ ਮੌਜੂਦਾ ਸਰਕਾਰ ਦੀ ਅਕਾਲੀਆਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਧਰਨੇ ਦੇ ਕੇ ਸੜਕੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ। ਇਨ੍ਹਾਂ ਧਰਨਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਮੁੱਢਲੇ ਤੌਰ 'ਤੇ ਸ਼ਾਮਿਲ ਹੋ ਕੇ ਇਨ੍ਹਾਂ ਧਰਨਿਆਂ ਦੀ ਅਗਵਾਈ ਹੀ ਨਹੀਂ ਕੀਤੀ, ਸਗੋਂ ਰਾਤ ਨੂੰ ਖੁੱਲ੍ਹੇ ਆਸਮਾਨ ਹੇਠ ਰਜਾਈਆਂ ਦਾ ਨਿੱਘ ਵੀ ਮਾਣਿਆ। ਕਰੀਬ ਦੋ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੱਤਾ ਵਿਚ ਹੁੰਦੇ ਹੋਏ ਇਸ ਤਰ੍ਹਾਂ ਦੇ ਵਿਰੁੱਧ ਧਰਨਾ ਲਾਉਣ ਵਾਲਿਆਂ 'ਤੇ ਚੋਟ ਕਰਦਿਆਂ ਕਿਹਾ ਸੀ ਕਿ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਧਰਨੇ ਲਾਉਣ ਲੱਗ ਜਾਂਦੇ ਹਨ। ਕੁਝ ਮਹੀਨੇ ਸੱਤਾ ਤੋਂ ਬਾਹਰ ਰਹਿਣ ਕਾਰਨ ਸਿਆਸੀ ਨੇਤਾਵਾਂ ਵਲੋਂ ਲੋਕਾਂ ਦੀ ਹਮਦਰਦੀ ਜਿੱਤਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਜੇਕਰ ਕੋਈ ਮੋਰਚਾ ਲਾਉਣਾ ਹੀ ਹੈ ਤਾਂ ਸਾਡੇ ਸਮਾਜ ਅੰਦਰ ਫੈਲ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਲਾਉਣ ਜਾਂ ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ਼ ਮੋਰਚਾ ਲਾਉਣ।


-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।


ਕਾਨੂੰਨ ਵਿਵਸਥਾ
ਪੰਜਾਬ ਵਿਚ ਕਾਰਪੋਰੇਸ਼ਨ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀਆਂ ਸਮੇਂ ਕਈ ਥਾਵਾਂ 'ਤੇ ਹੋਈਆਂ ਹਿੰਸਕ ਘਟਨਾਵਾਂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਦੀ ਕਾਨੂੰਨੀ ਵਿਵਸਥਾ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣਾ ਹੈ ਤਾਂ ਇਸ ਲਈ ਪੁਲਿਸ ਨੂੰ ਰਾਜਸੀ ਦਬਾਅ ਤੋਂ ਮੁਕਤ ਕਰਨਾ ਪਵੇਗਾ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਰਪੱਖ ਹੋ ਕੇ ਨਿਭਾਅ ਸਕੇ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਨੇਤਾਵਾਂ ਦੀ ਸ਼ਹਿ 'ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ।


-ਕਮਲ ਬਰਾੜ
ਪਿੰਡ ਕੋਟਲਾ ਅਬਲੂ, ਸ੍ਰੀ ਮੁਕਤਸਰ ਸਾਹਿਬ।


ਪੜ੍ਹੋ ਪੰਜਾਬ ਪ੍ਰਾਜੈਕਟ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚੱਲ ਰਿਹਾ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਇਮਰੀ ਸਿੱਖਿਆ ਦੀ ਨੀਂਹ ਪੱਕੀ ਕਰਨ ਲਈ ਸਿੱਖਿਆ ਵਿਭਾਗ ਦਾ ਮਹੱਤਵਪੂਰਨ ਉਪਰਾਲਾ ਹੈ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਚੱਲ ਰਹੇ ਇਸ ਪ੍ਰਾਜੈਕਟ ਨਾਲ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਬੌਧਿਕ, ਮਾਨਸਿਕ ਤੇ ਸਰੀਰਕ ਵਿਕਾਸ ਵਿਚ ਵਾਧਾ ਹੋਵੇਗਾ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਨੰਨ੍ਹੇ-ਮੁੰਨੇ ਬੱਚੇ ਰੌਚਿਕ ਢੰਗ ਨਾਲ ਪੜ੍ਹ ਰਹੇ ਹਨ। ਪੰਜਾਬੀ ਮਾਂ-ਬੋਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਵਿਸ਼ੇਸ਼ ਤਰ੍ਹਾਂ ਦੀਆਂ ਕਿਰਿਆਵਾਂ ਕਰਵਾਈਆਂ ਜਾ ਰਹੀਆਂ ਹਨ। ਬਾਲ ਸਭਾਵਾਂ ਦੌਰਾਨ ਕਵਿਤਾ ਮੁਕਾਬਲੇ, ਸੁੰਦਰ ਲਿਖਾਈ ਲਈ ਮੁਕਾਬਲੇ, ਬਾਲ ਮੈਗਜ਼ੀਨ ਜਾਰੀ ਕਰਨ ਵਰਗੇ ਸ਼ਲਾਘਾਯੋਗ ਉਪਰਾਲੇ ਬੱਚਿਆਂ ਵਿਚ ਹਾਂ-ਪੱਖੀ ਰੁਚੀਆਂ ਪੈਦਾ ਕਰ ਰਹੇ ਹਨ। ਅੱਜ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਛੋਟੇ ਬੱਚਿਆਂ ਨੂੰ ਜੇਕਰ ਕੰਪਿਊਟਰ ਦੀ ਮਦਦ ਨਾਲ ਪੜ੍ਹਾਇਆ ਜਾਵੇ ਤਾਂ ਪ੍ਰਾਇਮਰੀ ਸਿੱਖਿਆ ਲਈ ਇਹ ਸਭ ਤੋਂ ਵੱਡਾ ਵਰਦਾਨ ਹੋਵੇਗਾ। ਪ੍ਰਾਇਮਰੀ ਸਿੱਖਿਆ ਲਈ ਕੀਤੇ ਜਾ ਰਹੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।


-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

24-12-2017

 ਪਿੰਡਾਂ ਵਿਚ ਵਧਦੀ ਧੜੇਬੰਦੀ
ਕਿਸੇ ਸਮੇਂ ਪੰਜਾਬ ਦੇ ਪਿੰਡਾਂ ਦੀਆਂ ਭਾਈਚਾਰਕ ਸਾਂਝ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ। ਲੋਕ ਮਿਲਵਰਤਨ ਨਾਲ ਰਹਿੰਦੇ ਸਨ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ। ਉਸ ਸਮੇਂ ਲੋਕ ਸੂਝਵਾਨ ਸਨ, ਜਿਸ ਕਰਕੇ ਉਹ ਪਿੰਡ ਉੱਪਰ ਸਿਆਸਤ ਨੂੰ ਭਾਰੂ ਨਹੀਂ ਹੋਣ ਦਿੰਦੇ ਸਨ। ਅਜੋਕੇ ਸਮੇਂ ਵਿਚ ਪਿੰਡਾਂ ਵਿਚ ਧੜੇਬੰਦੀ ਕਾਫੀ ਹੱਦ ਤੱਕ ਵਧ ਗਈ ਹੈ। ਪਿੰਡਾਂ ਦੇ ਜ਼ਿਆਦਾਤਰ ਕੰਮ ਇਸ ਦੀ ਬਲੀ ਚੜ੍ਹ ਕੇ ਰਹਿ ਗਏ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਿਆਸਤਦਾਨਾਂ ਦੁਆਰਾ ਪਿੰਡਾਂ ਨੂੰ ਧੜਿਆਂ ਵਿਚ ਵੰਡ ਕੇ ਰੱਖਿਆ ਜਾਂਦਾ ਹੈ। ਉਹ ਆਪਣੇ ਨਾਲ ਸਬੰਧਤ ਧੜੇ ਦੇ ਹੀ ਕੰਮ ਕਰਦਾ ਹੈ, ਜਿਸ ਕਰਕੇ ਪਿੰਡਾਂ ਦੇ ਬਹੁਤ ਸਾਰੇ ਕੰਮਾਂ ਦੇ ਸਾਂਝੇ ਮਤੇ ਹੀ ਪਾਸ ਨਹੀਂ ਹੁੰਦੇ। ਪੰਜਾਬ ਵਿਚ ਅੱਜ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਹੜੇ ਨਿਰਪੱਖ ਰਹਿ ਕੇ ਭਾਈਚਾਰਕ ਸਾਂਝ ਤੇ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਨ। ਇਸ ਲਈ ਚੰਗੀ ਮਾਨਸਿਕਤਾ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਪਿੰਡਾਂ ਵਿਚ ਪਹਿਲਾਂ ਵਾਲੀ ਏਕਤਾ ਬਹਾਲ ਕੀਤੀ ਜਾਵੇ।

-ਕਮਲ ਕੋਟਲੀ ਅਬਲੂ

ਮਜ਼ਬੂਤ ਕਾਨੂੰਨ ਵਿਵਸਥਾ ਦੀ ਲੋੜ
ਇਕ ਦੇਸ਼ ਉਸ ਸਮੇਂ ਵਿਕਸਤ ਮੰਨਿਆ ਜਾਂਦਾ ਹੈ ਜਦੋਂ ਦੇਸ਼ ਦੀ ਕਾਨੂੰਨ ਵਿਵਸਥਾ ਮਜ਼ਬੂਤ ਹੋਵੇ। ਜਿਥੇ ਲੋਕਾਂ ਨੂੰ ਮਜ਼ਬੂਤ, ਸਸਤਾ ਅਤੇ ਛੇਤੀ ਨਿਆਂ ਮਿਲਦਾ ਹੋਵੇ। ਭਾਰਤ ਵਿਚ ਨਿਆਂਪਾਲਿਕਾ ਨੂੰ ਲੋਕਤੰਤਰ ਦਾ ਤੀਜਾ ਥੰਮ੍ਹ ਮੰਨਿਆ ਜਾਂਦਾ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਜਦ ਵੀ ਕੋਈ ਗਰੀਬ ਪਰਿਵਾਰ ਦਾ ਵਿਅਕਤੀ ਆਪਣੀ ਸਮੱਸਿਆ ਲੈ ਕੇ ਪੁਲਿਸ ਕੋਲ ਆਉਂਦਾ ਹੈ ਤਾਂ ਉਸ ਨੂੰ ਨਿਆਂ ਦਿੱਤੇ ਬਿਨਾਂ ਹੀ ਉਥੋਂ ਭੇਜ ਦਿੰਦੇ ਹਨ। ਜੇਕਰ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ ਪਵੇਗਾ, ਤਾਂ ਕਿ ਲੋਕਾਂ ਦੇ ਦਿਲਾਂ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਕੋਈ ਡਰ ਨਾ ਹੋਵੇ। ਲੋਕ ਬੇਝਿਜਕ ਹੋ ਕੇ ਆਪਣੀ ਸਮੱਸਿਆ ਲੈ ਕੇ ਆਉਣ ਅਤੇ ਲੋਕਾਂ ਨੂੰ ਮਜ਼ਬੂਤ ਤੇ ਸਹੀ ਸਮੇਂ 'ਤੇ ਨਿਆਂ ਮਿਲ ਸਕੇ।

-ਭਾਵਨਾ,
ਕੇ.ਐਮ.ਵੀ. ਕਾਲਜ, ਜਲੰਧਰ।

ਧਰਨਿਆਂ ਤੋਂ ਬਚਾਅ
ਰਾਜ ਵਿਚ ਧਰਨਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਕੁਝ ਫ਼ੈਸਲੇ ਤਾਂ ਸਰਕਾਰਾਂ ਨੂੰ ਮਜਬੂਰੀ ਵੱਸ ਲੈਣੇ ਪੈਂਦੇ ਹਨ, ਕੁਝ ਕੁ ਇਹ ਪ੍ਰੈਕਟੀਕਲ ਕਰਕੇ ਦੇਖਦੀਆਂ ਹਨ। ਨਤੀਜਾ ਦੋਵਾਂ ਦਾ ਹੀ ਧਰਨੇ ਵਜੋਂ ਨਿਕਲਦਾ ਹੈ। ਉਦਾਹਰਨ ਦੇ ਤੌਰ 'ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਕਾਰਨ ਆਂਗਣਵਾੜੀ ਵਰਕਰਾਂ ਦਾ ਰੋਹ, ਬਠਿੰਡਾ ਥਰਮਲ ਪਲਾਂਟ ਫ਼ੈਸਲੇ ਕਾਰਨ ਕਰਮੀਆਂ ਦਾ ਧੁੰਦਲਾ ਰਾਹ ਜਾਂ ਝੂਠੇ ਚੋਣ ਵਾਅਦਿਆਂ ਕਾਰਨ ਆਸਾਂ ਸਹਾਰੇ ਲਟਕਦਾ ਭਵਿੱਖ ਫਿਰ ਸੜਕਾਂ 'ਤੇ ਉਤਰ ਕੇ ਸਰਕਾਰ 'ਤੇ ਦਬਾਅ ਪਾਉਂਦਾ ਹੈ। ਮੰਨਣਯੋਗ ਹੈ ਕਿ ਸਰਕਾਰ ਨੂੰ ਕਈ ਵਾਰ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ ਪਰ ਫ਼ੈਸਲੇ ਅਜਿਹੇ ਨਾ ਹੋਣ, ਜਿਨ੍ਹਾਂ ਨਾਲ ਕਿਸੇ ਵਿਅਕਤੀ ਜਾਂ ਰਾਜ ਦੇ ਭਵਿੱਖ ਨੂੰ ਢਾਅ ਲੱਗੇ।

-ਤਰਸੇਮ ਲੰਡੇ,
ਪਿੰਡ ਲੰਡੇ (ਮੋਗਾ)।

ਮੰਦਰ ਤੇ ਮਸਜਿਦ
ਭਾਰਤ ਦੇਸ਼ ਅਨੇਕਾਂ ਧਰਮਾਂ, ਜਾਤੀਆਂ ਤੇ ਭਾਸ਼ਾਵਾਂ ਦਾ ਇਕ ਵੱਡਾ ਲੋਕਤੰਤਰ ਹੈ। ਇਥੇ ਅੰਗਰੇਜ਼ਾਂ ਵੇਲੇ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਹੁਣ ਵੀ ਜਾਰੀ ਹੈ। ਮਸਜਿਦ ਤੇ ਮੰਦਰ ਦਾ ਝਗੜਾ ਧਰਮ-ਨਿਰਪੱਖਤਾ 'ਤੇ ਚੋਟ ਹੈ ਅਤੇ ਸੰਵਿਧਾਨ ਦੀ ਉਲੰਘਣਾ ਵੀ ਹੈ। ਪ੍ਰਤੱਖ ਵੋਟ ਦੀ ਰਾਜਨੀਤੀ ਹੈ। ਢਿੱਡੋਂ ਭੁੱਖੇ ਕਰੋੜਾਂ ਗਰੀਬ ਲੋਕਾਂ ਦਾ ਧਰਮ ਅਸਥਾਨਾਂ ਦੀ ਪੂਜਾ ਨਾਲ ਕੋਈ ਸਰੋਕਾਰ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਪਹਿਲਾਂ ਪੇਟ ਪੂਜਾ ਦੀ ਲੋੜ ਹੈ। ਸਾਡੇ ਦੇਸ਼ ਵਿਚ ਲੱਖਾਂ ਅਵਾਰਾ ਪਸ਼ੂ ਫਿਰਦੇ ਹਨ, ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ। ਗਊਆਂ ਦੀ ਦੁਰਦਸ਼ਾ ਤੇ ਕਿਸਾਨਾਂ ਦੇ ਭਾਰੀ ਨੁਕਸਾਨ ਬਾਰੇ ਸਾਰੇ ਚੁੱਪ ਹਨ। ਧਰਮ ਤੇ ਜਾਤੀ ਦਾ ਪੱਤਾ ਖੇਡ ਕੇ ਵੋਟਾਂ ਬਟੋਰਨ ਦੀਆਂ ਵੱਡੀਆਂ-ਛੋਟੀਆਂ ਬਹੁਤ ਮਿਸਾਲਾਂ ਮੌਜੂਦ ਹਨ।

-ਮਾ: ਮਹਿੰਦਰ ਸਿੰਘ ਸਿੱਧੂ,
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਹਿੰਸਕ ਗੀਤਾਂ ਦੀ ਮਾਰ
ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਪੀੜ੍ਹੀ ਉੱਤੇ ਜਿੰਨਾ ਵਧੀਆ ਅਤੇ ਸੱਭਿਆਚਾਰਕ ਗੀਤਾਂ, ਕਹਾਣੀਆਂ, ਨਾਟਕਾਂ, ਕਵਿਤਾਵਾਂ, ਲੇਖਾਂ, ਫ਼ਿਲਮਾਂ ਆਦਿ ਦਾ ਉਸਾਰੂ ਅਤੇ ਕਿਰਿਆਤਮਕ ਅਸਰ ਹੁੰਦਾ ਹੈ, ਉਥੇ ਹਿੰਸਕ, ਅਸੱਭਿਅਕ, ਗ਼ੈਰ-ਸੱਭਿਆਚਾਰਕ ਸਾਹਿਤ ਅਤੇ ਗੀਤਾਂ ਦਾ ਮਾੜਾ ਪ੍ਰਭਾਵ ਹੋਣਾ ਵੀ ਲਾਜ਼ਮੀ ਹੈ। ਸਵਰਨ ਸਿੰਘ ਟਹਿਣਾ ਦੀਆਂ ਖਰੀਆਂ-ਖਰੀਆਂ ਲੇਖ ਦਾ 'ਸੰਗੀਤ ਖੇਤਰ ਦੇ ਲੋਕਾਂ ਨੂੰ ਵੀ ਪੈਣ ਲੱਗੀ ਹਿੰਸਕ ਗੀਤਾਂ ਦੀ ਮਾਰ' ਵੀ ਇਸੇ ਗੱਲ ਦੀ ਗਵਾਹੀ ਭਰਦਾ ਹੈ। ਅੱਜਕਲ੍ਹ ਦੇ ਗੀਤ ਸੰਗੀਤ ਦੇ ਸ਼ੋਰ ਵਿਚ ਗੁੰਮ ਹੋ ਕੇ ਰਹਿ ਗਏ ਹਨ ਅਤੇ ਕੋਈ ਵੀ ਸਾਰਥਿਕ ਸੁਨੇਹਾ ਦੇਣ ਤੋਂ ਕੋਰੇ ਹਨ। ਗੀਤਕਾਰ ਉਸਾਰੂ ਸੋਚ ਵਾਲੇ ਗੀਤ ਲਿਖਣ ਅਤੇ ਗਾਇਕ ਸੱਭਿਆਚਾਰਕ ਪ੍ਰਦੂਸ਼ਣ ਵਾਲੇ ਗੀਤ ਗਾਉਣ ਤੋਂ ਪ੍ਰਹੇਜ਼ ਕਰਨ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

22-12-2017

 ਚੰਗੀ ਪਹਿਲਕਦਮੀ
ਪਿਛਲੇ ਦਿਨੀਂ ਸਾਡੇ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਨੇ 12 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਨੂੰ ਸਜ਼ਾ-ਏ-ਮੌਤ ਸਬੰਧੀ ਬਿੱਲ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਨਾਲ ਮੱਧ ਪ੍ਰਦੇਸ਼ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਥੇ ਅਜਿਹੇ ਘਿਨੌਣੇ ਜੁਰਮ ਲਈ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
ਮੱਧ ਪ੍ਰਦੇਸ਼ ਸੂਬੇ ਦੀ ਇਸ ਚੰਗੀ ਪਹਿਲ ਕਦਮੀ ਲਈ ਜਿਥੇ ਉਥੋਂ ਦੀ ਸਮੂਹ ਸਿਆਸੀ ਜਮਾਤ ਵਧਾਈ ਦੀ ਪਾਤਰ ਹੈ, ਉਥੇ ਦੇਸ਼ ਦੇ ਹਰੇਕ ਸੂਬੇ 'ਚ ਅਜਿਹੇ ਸਖ਼ਤ ਕਾਨੂੰਨ ਲਾਗੂ ਕਰਨ ਦੀ ਲੋੜ ਭਾਸਦੀ ਹੈ।


-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)।


ਲਾਪਰਵਾਹੀ ਜਾਨਲੇਵਾ
ਬਹੁਤੇ ਵਿਅਕਤੀ ਰੇਲਵੇ ਫਾਟਕਾਂ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਬੰਦ ਕੀਤੇ ਹੋਏ ਫਾਟਕਾਂ ਦੇ ਥੱਲਿਓਂ ਜਾਂ ਕਿਨਾਰੇ ਤੋਂ ਹੋ ਕੇ ਜਾਨ ਜੋਖ਼ਮ ਵਿਚ ਪਾ ਕੇ ਰੇਲਵੇ ਲਾਈਨ ਨੂੰ ਪਾਰ ਕਰਨ ਲੱਗ ਪੈਂਦੇ ਹਨ। ਅਜਿਹਾ ਗ਼ੈਰ-ਕਾਨੂੰਨੀ ਤਾਂ ਹੈ ਹੀ ਪਰ ਨਾਲ ਹੀ ਜਾਨਲੇਵਾ ਵੀ ਹੈ। ਕੁਝ ਪਲ ਇੰਤਜ਼ਾਰ ਕਰਨ ਨਾਲੋਂ ਜਾਨ ਜੋਖ਼ਮ ਵਿਚ ਪਾ ਦੇਣਾ ਕੋਈ ਅਕਲਮੰਦੀ ਨਹੀਂ ਹੋ ਸਕਦੀ। ਸੋ, ਆਪਣੀ ਅਤੇ ਆਪਣੇ ਪਰਿਵਾਰ ਦੀ ਪਰਵਾਹ ਕਰਦੇ ਹੋਏ ਅਜਿਹਾ ਕਰਨ ਤੋਂ ਸਾਨੂੰ ਸਭ ਨੂੰ ਬਚਣਾ ਚਾਹੀਦਾ ਹੈ। ਨਾ ਤਾਂ ਬੰਦ ਕੀਤੇ ਰੇਲਵੇ ਫਾਟਕ ਨੂੰ ਪਾਰ ਕਰਨਾ ਚਾਹੀਦਾ ਹੈ ਅਤੇ ਨਾ ਹੀ ਰੇਲਵੇ ਟਰੈਕ 'ਤੇ ਚੱਲਣਾ ਚਾਹੀਦਾ ਹੈ।


-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ (ਰੂਪਨਗਰ)।


ਪ੍ਰਦੂਸ਼ਿਤ ਦਿੱਲੀ
ਧਰਤੀ ਗ੍ਰਹਿ ਉੱਪਰ ਉਤਪੰਨ ਹੋਏ ਸਮਾਜਿਕ ਪ੍ਰਾਣੀਆਂ ਵਿਚ ਮਨੁੱਖ ਸਭ ਤੋਂ ਸਰਵਸ੍ਰੇਸ਼ਟ ਹੈ, ਕਿਉਂਕਿ ਉਸ ਕੋਲ ਦਿਮਾਗ ਹੈ। ਉਸ ਨੇ ਧਰਤੀ ਉੱਪਰ ਆ ਕੇ ਹਰ ਚੀਜ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਵਿਗਿਆਨ ਅਤੇ ਤਕਨੀਕ ਰਾਹੀਂ ਉਸ ਨੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਪਰ ਆਪਣੇ ਹਿਤਾਂ ਦੇ ਵਪਾਰ ਲਈ ਕੁਦਰਤ ਨਾਲ ਹੀ ਛੇੜਛਾੜ ਆਰੰਭ ਕਰ ਦਿੱਤੀ ਹੈ। ਬਨਸਪਤੀ ਅਤੇ ਵਾਤਾਵਰਨ ਨੂੰ ਵਿਗਿਆਨਕ ਢੰਗਾਂ ਨਾਲ ਨਹੀਂ ਸਾਂਭਿਆ, ਜਿਸ ਕਾਰਨ ਅੱਜ ਸਾਡਾ ਸਾਹ ਘੁੱਟ ਰਿਹਾ ਹੈ। ਅੱਜ ਪ੍ਰਦੂਸ਼ਣ ਤੋਂ ਸੁਰੱਖਿਆ ਸਭ ਤੋਂ ਜ਼ਰੂਰੀ ਵਿਸ਼ਾ ਬਣਦਾ ਜਾ ਰਿਹਾ ਹੈ। ਭਾਰਤ ਦਾ ਦਿਲ ਦੇਸ਼ ਦੀ ਰਾਜਧਾਨੀ ਦਿੱਲੀ ਅੱਜ ਬਿਮਾਰ ਹੈ। ਸਿਆਸੀ ਲੋਕ ਪ੍ਰਦੂਸ਼ਣ 'ਤੇ ਵੀ ਸਿਆਸਤ ਕਰਨ ਲੱਗ ਪਏ ਹਨ। ਆਉਣ ਵਾਲਾ ਸਮਾਂ ਘਾਤਕ ਸਾਬਤ ਹੋ ਸਕਦਾ ਹੈ। ਅਸੀਂ ਦੁਨੀਆ ਲਈ ਤਮਾਸ਼ਾ ਬਣਦੇ ਜਾ ਰਹੇ ਹਾਂ। ਹੁਣ ਤਾਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ।


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

21-12-2017

 ਸੜਕੀ ਹਾਦਸੇ
ਸੜਕੀ ਹਾਦਸੇ ਅੱਤਵਾਦ ਦਾ ਰੂਪ ਧਾਰਨ ਕਰ ਚੁੱਕੇ ਹਨ। ਸੜਕ ਹਾਦਸਿਆਂ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ, ਹਜ਼ਾਰਾਂ ਲੋਕ ਅਪਾਹਜ ਹੋ ਜਾਂਦੇ ਹਨ। ਇਨ੍ਹਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਛੋਟੀ ਜਿਹੀ ਗ਼ਲਤੀ ਹੀ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਸਕਦੀ ਹੈ। ਕਈ ਆਪਣੇ 5 ਮਿੰਟ ਬਚਾਉਣ ਲਈ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹਨ। ਇਸ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਟ੍ਰੈਫਿਕ ਨਿਯਮਾਂ ਬਾਰੇ ਦੱਸਣਾ ਚਾਹੀਦਾ ਹੈ। ਸਰਕਾਰ ਨੂੰ ਛੋਟੇ ਬੱਚਿਆਂ ਦੇ ਸਿਲੇਬਸ ਵਿਚ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰ ਕਰਨਾ ਚਾਹੀਦਾ ਹੈ। ਸਰਕਾਰ ਅਤੇ ਲੋਕਾਂ ਦੋਵਾਂ ਦੇ ਉਪਰਾਲੇ ਨਾਲ ਸੜਕੀ ਹਾਦਸਿਆਂ ਵਿਚ ਕਮੀ ਆ ਸਕਦੀ ਹੈ।


-ਕਮਲਜੀਤ ਸਿੰਘ ਨੰਗਲ
ਬੀ.ਏ. ਪਹਿਲਾ ਸਾਲ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ)।


ਨਵੇਂ ਕਾਨੂੰਨ ਦੀ ਲੋੜ ਨਹੀਂ
ਗੈਂਗਸਟਰਾਂ ਜਾਂ ਹੋਰ ਸੰਗਠਿਤ ਅਪਰਾਧੀਆਂ ਦਾ ਖ਼ਾਤਮਾ ਕਰਨ ਲਈ ਕਿਸੇ ਨਵੇਂ ਕਾਨੂੰਨ ਦੀ ਲੋੜ ਨਹੀਂ ਹੈ, ਕਿਉਂਕਿ ਅਪਰਾਧਕ ਮਾਮਲਿਆਂ ਨਾਲ ਨਜਿੱਠਣ ਲਈ ਸਾਡੇ ਦੇਸ਼ 'ਚ ਪਹਿਲਾਂ ਹੀ ਕਈ ਕਾਨੂੰਨ ਬਣੇ ਹੋਏ ਹਨ। ਬਾਕੀ ਇਸ ਗੱਲ ਦੀ ਕੀ ਗਾਰੰਟੀ ਹੈ ਕਿ 'ਪਕੋਕਾ' ਕਾਨੂੰਨ ਦੀ ਦੁਰਵਰਤੋਂ ਨਹੀਂ ਹੋਵੇਗੀ? ਸਮੇਂ ਦੀਆਂ ਸਰਕਾਰਾਂ ਵਲੋਂ ਜਿਥੇ ਅਜਿਹੇ ਕਾਨੂੰਨਾਂ ਦੀ ਆੜ 'ਚ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਚਿੱਤ ਕਰਨ ਦਾ ਰਾਹ ਅਪਣਾਇਆ ਜਾ ਸਕਦਾ ਹੈ, ਉਥੇ ਆਪਣੀਆਂ ਹੱਕੀ ਮੰਗਾਂ ਮੰਗਣ ਲਈ ਸੰਘਰਸ਼ ਕਰਨ ਵਾਲਿਆਂ ਵਿਰੁੱਧ ਵੀ ਇਸ ਦਾ ਇਸਤੇਮਾਲ ਕੀਤੇ ਜਾਣ ਦੇ ਖ਼ਦਸ਼ੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ, ਨਵੇਂ ਕਾਨੂੰਨ ਬਣਾਉਣ ਦੀ ਥਾਂ, ਪਹਿਲਾਂ ਤੋਂ ਹੀ ਬਣੇ ਕਾਨੂੰਨਾਂ ਤਹਿਤ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਤਫ਼ਤੀਸ਼ ਕਰਕੇ ਗੁਨਹਗਾਰਾਂ ਤੱਕ ਪਹੁੰਚਿਆ ਜਾਵੇ।


-ਗੁਰਮੀਤ ਸਿੰਘ ਭੋਲਾ
ਪਿੰਡ ਦੀਨਾ (ਮੋਗਾ)।


ਨੌਜਵਾਨਾਂ ਨੂੰ ਰੁਜ਼ਗਾਰ ਦਿਓ
ਨੌਜਵਾਨਾਂ ਨੂੰ ਬੁਰੇ ਕੰਮਾਂ ਵੱਲ ਜਾਣ ਤੋਂ ਰੋਕਣਾ ਹਰ ਇਕ ਸਰਕਾਰ ਦਾ ਮੁਢਲਾ ਤੇ ਨੈਤਿਕ ਫ਼ਰਜ਼ ਹੁੰਦਾ ਹੈ। ਪੰਜਾਬ ਸਰਕਾਰ ਗੁੰਡਾ ਅਨਸਰਾਂ, ਗੈਂਗਸਟਰਾਂ ਜਾਂ ਸੰਗਠਿਤ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਜੇਕਰ ਨਵਾਂ ਕਾਨੂੰਨ ਹੋਂਦ 'ਚ ਲਿਆ ਰਹੀ ਹੈ ਤਾਂ ਉਸ ਨੂੰ ਇਹ ਗੱਲ ਵੀ ਬਾਰੀਕੀ ਨਾਲ ਵਿਚਾਰਨੀ ਚਾਹੀਦੀ ਹੈ ਕਿ ਆਖ਼ਰ ਸਾਡੇ ਨੌਜਵਾਨ ਗੱਭਰੂ ਅਪਰਾਧਕ ਤੇ ਗ਼ੈਰ-ਕਾਨੂੰਨੀ ਬੁਰੇ ਕੰਮ ਕਰਨ ਲਈ ਪ੍ਰੇਰਿਤ ਹੀ ਕਿਉਂ ਹੁੰਦੇ ਹਨ? ਬੇਰੁਜ਼ਗਾਰੀ ਦੇ ਝੰਬੇ ਨੌਜਵਾਨ, ਜਿਨ੍ਹਾਂ ਨੂੰ ਆਪਣਾ ਕੋਈ ਉੱਜਵਲ ਭਵਿੱਖ ਨਜ਼ਰ ਹੀ ਨਹੀਂ ਆਉਂਦਾ, ਉਹ ਬੁਰੇ ਰਸਤਿਆਂ 'ਤੇ ਚੱਲ ਪੈਂਦੇ ਹਨ। ਸਾਡੀਆਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਿਰਫ ਸਖ਼ਤ ਕਾਨੂੰਨ ਬਣਾਉਣ ਨਾਲ ਅਜਿਹੇ ਅਪਰਾਧਾਂ ਨੂੰ ਠੱਲ੍ਹ ਨਹੀਂ ਪੈਣੀ। ਜੇਕਰ ਸਰਕਾਰਾਂ ਸਚਮੁੱਚ ਸਾਡੇ ਨੌਜਵਾਨਾਂ ਨੂੰ ਅਪਰਾਧੀ ਬਣਨ ਤੋਂ ਬਚਾਉਣਾ ਚਾਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਨੌਜਵਾਨ ਵਰਗ ਲਈ ਸਥਾਈ ਰੂਪ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ।


-ਅਮਰਪ੍ਰੀਤ ਪੱਤੋ,
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

20-12-2017

 ਹਵਾ ਦੀ ਗੁਣਵੱਤਾ 'ਚ ਗਿਰਾਵਟ
ਪਿਛਲੇ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਧੁਆਂਖੀ ਧੁੰਦ ਦਾ ਕਹਿਰ ਜ਼ੋਰਾਂ 'ਤੇ ਹੈ, ਜੋ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਬਣਿਆ ਹੋਇਆ ਹੈ। ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ 90 ਫ਼ੀਸਦੀ ਲੋਕ ਪ੍ਰਦੂਸ਼ਿਤ ਹਵਾ 'ਚ ਸਾਹ ਲੈਣ ਲਈ ਮਜਬੂਰ ਹਨ। ਭਾਵ 10 ਵਿਅਕਤੀਆਂ ਵਿਚੋਂ 9 ਵਿਅਕਤੀ ਪ੍ਰਦੂਸ਼ਿਤ ਹਵਾ ਦਾ ਸ਼ਿਕਾਰ ਹੋ ਰਹੇ ਹਨ। ਅੱਜ ਜ਼ਰੂਰੀ ਇਹ ਹੈ ਕਿ ਸਰਕਾਰਾਂ ਦੇ ਨਾਲ-ਨਾਲ ਆਮ ਲੋਕ ਵੀ ਇਸ ਪੱਖੋਂ ਸੁਚੇਤ ਹੋਣ। ਫੈਕਟਰੀਆਂ, ਮਿੱਲਾਂ, ਇੱਟਾਂ ਦੇ ਭੱਠਿਆਂ ਅਤੇ ਮੋਟਰ ਗੱਡੀਆਂ 'ਚੋਂ ਨਿਕਲ ਰਹੇ ਧੂੰਏਂ ਨੂੰ ਰੋਕਣ ਲਈ ਹੱਲ ਲੱਭਣਾ ਹੋਵੇਗਾ। ਇਸ ਦੇ ਨਾਲ ਹੀ ਕਣਕ ਦੇ ਨਾਲ ਅਤੇ ਝੋਨੇ ਦੀ ਪਰਾਲੀ ਭਾਵ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਥਾਂ ਵੱਖਰੇ ਢੰਗ-ਤਰੀਕੇ ਲੱਭਣੇ ਹੋਣਗੇ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਹੋਰ ਰੱਦੀ ਆਦਿ ਨੂੰ ਸਾੜਨ ਤੇ ਮੁਕੰਮਲ ਤੌਰ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ। ਅੱਜ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਬੇਹੱਦ ਗੰਭੀਰਤਾ ਦੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸਮੇਂ ਦੀ ਲੋੜ
ਪੰਜਾਬ ਦੇ ਮੁੱਖ ਮੰਤਰੀ ਜੇ ਆਪਣੇ ਸੂਬੇ ਦੇ ਲੋਕਾਂ ਦੇ ਹਮਦਰਦ ਹਨ ਤਾਂ ਉਨ੍ਹਾਂ ਲਈ ਇਕੋ ਰਾਹ ਹੈ, ਉਹ ਪਾਰਟੀ ਪੱਖ ਤੋਂ ਉੱਪਰ ਸੋਚ ਬਣਾਉਣ। ਸਾਰੀਆਂ ਪਾਰਟੀਆਂ, ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਨ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਕਰਕੇ ਅਸੀਂ ਤੁਹਾਡੀ ਕੋਈ ਮੰਗ ਕੇਂਦਰ ਦੀ ਸਹਾਇਤਾ ਬਿਨਾਂ ਪੂਰੀ ਨਹੀਂ ਕਰ ਸਕਦੇ, ਕਿਉਂਕਿ ਕਰਜ਼ਾ ਮੁਆਫ਼ੀ, ਫ਼ਸਲਾਂ ਦੇ ਭਾਅ, ਕੀਮਤ ਸੂਚਕ ਅੰਕ ਨਾਲ ਜੋੜਨਾ, ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ, ਇਹ ਮੰਗਾਂ ਸਾਡੀ ਕੇਂਦਰ ਸਰਕਾਰ ਹੀ ਪੂਰੀਆਂ ਕਰ ਸਕਦੀ ਹੈ। ਆਓ! ਪੰਜਾਬ ਦੇ ਸਾਰੇ ਲੋਕੋ ਆਪਾਂ ਸਾਰੇ ਇਕੱਠੇ ਹੋ ਕੇ ਦਿੱਲੀ ਚੱਲੀਏ। ਸਭ ਤੋਂ ਪਹਿਲਾਂ ਏਕਤਾ ਦਾ ਝੰਡਾ ਮੈਂ ਫੜਦਾ ਹਾਂ, ਤੁਸੀਂ ਵੀ ਆਪਣੇ ਮਤਭੇਦ ਭੁਲਾ ਕੇ ਚੱਲੋ।


-ਗੁਰਾਂਦਿੱਤਾ ਸਿੰਘ ਸੰਧੂ।


ਮਾਨਸਿਕਤਾ ਬਦਲਣ ਦੀ ਲੋੜ
ਮਾਖਿਓਂ ਮਿੱਠੀ ਬੋਲੀ ਪੰਜਾਬੀ ਜੋ ਅੱਜ ਪਤਨ ਦੇ ਰਾਹ 'ਤੇ ਹੈ ਤਾਂ ਇਸ ਦਾ ਮੁੱਖ ਕਾਰਨ ਹੈ ਲੋਕ ਮਾਨਸਿਕਤਾ। ਅੱਜ ਦੇ ਮਾਪੇ ਅੰਗਰੇਜ਼ੀ ਨੂੰ ਪੜ੍ਹੇ-ਲਿਖਿਆਂ ਦੀ ਅਤੇ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਮੰਨਦੇ ਹਨ। ਅਜਿਹੀ ਸੋਚ ਦੇ ਚਲਦਿਆਂ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਧੱਕ ਦਿੰਦੇ ਹਨ, ਜਿਸ ਨਾਲ ਬੱਚਿਆਂ ਦਾ ਆਪਣੀ ਭਾਸ਼ਾ ਪ੍ਰਤੀ ਮੋਹ ਤਾਂ ਬਿਲਕੁਲ ਖ਼ਤਮ ਹੁੰਦਾ ਹੈ। ਇਕ ਹੋਰ ਤੱਤ ਜੋ ਪੰਜਾਬੀ ਦੇ ਪਤਨ ਲਈ ਜ਼ਿੰਮੇਵਾਰ ਹੈ, ਉਹ ਹੈ ਸਰਕਾਰ। ਸਰਕਾਰ ਦੁਆਰਾ ਪੱਤਰ ਵਿਹਾਰ ਅਤੇ ਰੁਜ਼ਗਾਰ ਲਈ ਅੰਗਰੇਜ਼ੀ ਨੂੰ ਦਿੱਤੀ ਤਰਜੀਹ ਸਪੱਸ਼ਟ ਰੂਪ ਨਾਲ ਪੰਜਾਬੀ ਭਾਸ਼ਾ ਦਾ ਗਲਾ ਘੁੱਟ ਰਹੀ ਹੈ। ਸੋ, ਸਾਡੀ ਦਮ ਤੋੜਦੀ ਮਾਂ-ਬੋਲੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਦੀ ਪੰਜਾਬੀ ਪ੍ਰਤੀ ਤੰਗ ਮਾਨਸਿਕਤਾ ਵਿਚ ਤਬਦੀਲੀ ਲਿਆਂਦੀ ਜਾਵੇ।


-ਤਾਨੀਆ
ਗੁਰੂ ਨਾਨਕ ਕਾਲਜ ਗਰਲਜ਼,
ਸ੍ਰੀ ਮੁਕਤਸਰ ਸਾਹਿਬ।

19-12-2017

 ਵਿਰਸੇ ਨੂੰ ਸੰਭਾਲੀਏ
ਜਿੱਥੇ ਪੰਜਾਬੀ ਹੋਣਾ ਪੰਜਾਬੀਆਂ ਲਈ ਇਕ ਫ਼ਖ਼ਰ ਦੀ ਗੱਲ ਹੈ, ਉਥੇ ਹੀ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਤੇ ਇਸ ਪ੍ਰਤੀ ਘਟ ਰਿਹਾ ਮੋਹ ਪੰਜਾਬੀ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਅੰਦਰ ਪੰਜਾਬੀ ਸ਼ਬਦਾਵਲੀ ਦਾ ਗ਼ਲਤ ਪ੍ਰਯੋਗ ਤੇ ਪੰਜਾਬੀ ਵਿਰਸੇ ਤੋਂ ਅਣਜਾਣ, ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਇਸ ਨੂੰ ਕਿੰਨਾ ਬੇਕਦਰਾ ਰੂਪ ਦੇ ਦਿੱਤਾ ਹੈ। ਸੱਭਿਆਚਾਰ ਵਿਚ ਮਿਲੇ ਕੀਮਤੀ ਨਾਵਾਂ ਜਿਵੇਂ ਕਿ ਤੱਕਲਾ, ਆਲਾ, ਚੱਪਣ, ਵੜੇਵੇਂ, ਓਟਾ, ਮੋਹਲੇ, ਸ਼ਤੀਰ, ਮੋਗਾ, ਛਿੱਕਲੀ, ਸਿੱਠਣੀਆਂ, ਮੇਹਣੇ, ਸਾਬਾ, ਲਾਂਬੇ ਆਦਿ ਤੋਂ ਅੱਜ ਦੇ ਬੱਚੇ ਅਣਜਾਣ ਹਨ ਕਿਉਂਕਿ ਪੰਜਾਬੀ ਵਿਰਸੇ ਨਾਲ ਜੋੜਨ ਦੀ ਬਜਾਏ ਅਸੀਂ ਬੱਚਿਆਂ ਨੂੰ ਪੱਛਮੀ ਪ੍ਰਭਾਵ ਹੇਠਾਂ ਰੱਖਣਾ ਜ਼ਿਆਦਾ ਪਸੰਦ ਕਰਦੇ ਹਾਂ। ਪੂਰੇ ਵਿਸ਼ਵ ਅੰਦਰ ਪੰਜਾਬੀ ਸੱਭਿਆਚਾਰ ਦੇ ਕਾਰਨ ਹੀ ਇਸ ਦੀ ਪਹਿਚਾਣ ਹੈ, ਪ੍ਰੰਤੂ ਪੰਜਾਬ ਅੰਦਰ ਇਸ ਰਾਜ਼ ਵਿਚ ਕਿੰਨਾ ਕੁ ਸੱਚ ਹੈ ਇਹ ਸਾਰੇ ਸੁਭਾਵਿਕ ਹੀ ਜਾਣਦੇ ਹਨ। ਜੇਕਰ ਪੰਜਾਬ ਵਿਚੋਂ ਹੀ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਮਹਿਕ ਮੱਧਮ ਪੈ ਗਈ ਤਾਂ ਦੇਸ਼ਾਂ-ਵਿਦੇਸ਼ਾਂ ਅੰਦਰ ਇਸ ਦੀ ਝਲਕ ਕਿਸ ਤਰ੍ਹਾਂ ਦੀ ਹੋਵੇਗੀ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂ ਮਾਜਰਾ)।

ਬਚਾਅ ਬੇਹੱਦ ਜ਼ਰੂਰੀ
ਇਨ੍ਹਾਂ ਦਿਨਾਂ ਵਿਚ ਚੁਫੇਰੇ ਪਸਰੀ ਧੁੰਦ ਕਾਰਨ ਹਰ ਰੋਜ਼ ਅਨੇਕਾਂ ਕੀਮਤੀ ਮਨੁੱਖੀ ਜ਼ਿੰਦਗੀਆਂ ਅਣਆਈ ਮੌਤ ਦੇ ਮੂੰਹ ਜਾ ਰਹੀਆਂ ਹਨ। ਖ਼ੈਰ! ਅਜੋਕੇ ਵਿਗਿਆਨ ਅਤੇ ਤਕਨੀਕ ਦੇ ਇਸ ਯੁੱਗ ਵਿਚ ਸੜਕੀ ਆਵਾਜਾਈ ਦੌਰਾਨ ਹੋਣ ਵਾਲੀਆਂ ਅਜਿਹੀਆਂ ਮੌਤਾਂ (ਬੇਵਕਤ ਮੌਤਾਂ) ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਵਾਹਨ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਵਲੋਂ ਆਪੋ-ਆਪਣੇ ਤਕਨੀਕੀ ਮਾਹਿਰਾਂ, ਇੰਜੀਨੀਅਰਾਂ ਆਦਿ ਨੂੰ ਨਵੀਆਂ ਤਕਨੀਕਾਂ ਆਦਿ ਦੀ ਖੋਜ ਕਰਨ ਲਈ ਉਤਸ਼ਾਹ ਦੇਣਾ ਚਾਹੀਦਾ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਦੌਰਾਨ ਹੋਣ ਵਾਲੀਆਂ ਅਣਆਈ ਮੌਤਾਂ ਨੂੰ ਕਿਸੇ ਹੱਦ ਤੱਕ ਠੱਲ੍ਹ ਪਾਈ ਜਾ ਸਕੇ।

-ਲਾਲ ਚੰਦ ਸਿੰਘ
ਬਠਿੰਡਾ।

ਨੌਜਵਾਨ ਰਾਜਨੀਤੀ 'ਚ ਆਉਣ
ਨੌਜਵਾਨ ਹਮੇਸ਼ਾ ਬੇਰੁਜ਼ਗਾਰੀ, ਭ੍ਰਿਸ਼ਟਾਚਾਰ 'ਤੇ ਪ੍ਰਸ਼ਨ ਉਠਾਉਂਦੇ ਰਹਿੰਦੇ ਹਨ। ਰਾਜਨੀਤੀ ਵਿਚ ਆਉਣ 'ਤੇ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਆਮ ਤੌਰ 'ਤੇ ਇਹ ਧਾਰਨਾ ਬਣੀ ਹੋਈ ਹੈ ਕਿ ਰਾਜਨੀਤੀ ਵਿਚ ਸਾਰੇ ਨੇਤਾ ਹੀ ਭ੍ਰਿਸ਼ਟ ਹੁੰਦੇ ਹਨ। ਪਰ ਜੇਕਰ ਕੁਝ ਚੰਗੀ ਵਿਚਾਰਧਾਰਾ ਵਾਲੇ ਨੌਜਵਾਨ ਇਸ ਖੇਤਰ ਵਿਚ ਆਉਂਦੇ ਹਨ ਤਾਂ ਸਾਫ-ਸੁਥਰੀ ਰਾਜਨੀਤੀ ਦੀ ਪ੍ਰੰਪਰਾ ਚਲਾਈ ਜਾ ਸਕਦੀ ਹੈ। ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਕੁਝ ਖਾਸ ਰਾਜਨੀਤਕ ਘਰਾਣੇ ਹੀ ਪੀੜ੍ਹੀ-ਦਰ-ਪੀੜ੍ਹੀ ਰਾਜਨੀਤੀ ਵਿਚ ਸਰਗਰਮ ਰਹਿੰਦੇ ਹਨ, ਆਮ ਲੋਕਾਂ ਨੂੰ ਬਹੁਤ ਘੱਟ ਅੱਗੇ ਆਉਣ ਦਿੱਤਾ ਜਾਂਦਾ ਹੈ, ਜੇਕਰ ਨੌਜਵਾਨਾਂ ਵਿਚ ਰਾਜਨੀਤੀ ਵਾਲੇ ਗੁਣ ਹਨ ਤੇ ਉਹ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਜ਼ਰੂਰੀ ਹੈ ਕਿ ਰਾਜਨੀਤੀ ਦੇ ਖੇਤਰ ਵਿਚ ਆਉਣ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੁਝ ਨੌਜਵਾਨ ਨੇਤਾ ਚੁਣ ਕੇ ਆਏ ਹਨ, ਜੋ ਰਾਜਨੀਤੀ ਲਈ ਸ਼ੁਭ ਸੰਕੇਤ ਹਨ।

-ਕਮਲ ਕੋਟਲੀ

18-12-2017

 ਗੁੜ ਹੋਇਆ ਕੌੜਾ
ਕੋਈ ਸਮਾਂ ਸੀ ਜਦ ਪਿੰਡਾਂ ਵਿਚ ਵੇਲਣੇ ਵੇਖਣ ਨੂੰ ਮਿਲਦੇ ਸੀ। ਪਿੰਡ ਵਿਚ ਜਦ ਕੋਈ ਵੇਲਣਾ ਚਲਾਉਂਦਾ ਸੀ ਤਾਂ ਪੂਰਾ ਪਿੰਡ ਉਥੇ ਜਾ ਕੇ ਗਰਮ-ਗਰਮ ਗੁੜ ਖਾਂਦਾ ਸੀ, ਪਰ ਅੱਜਕਲ੍ਹ ਦੇ ਸਮੇਂ ਵਿਚ ਵੱਧ ਮੁਨਾਫੇ ਕਮਾਉਣ ਦੇ ਚੱਕਰ ਵਿਚ ਇਸ ਮਿੱਠੇ ਗੁੜ ਨੂੰ ਕੌੜਾ ਕਰ ਦਿੱਤਾ ਹੈ, ਜੋ ਕਿ ਆਮ ਲੋਕਾਂ ਲਈ ਬਿਮਾਰੀ ਦਾ ਕਾਰਨ ਸਿੱਧ ਹੋ ਰਿਹਾ ਹੈ। ਜੇਕਰ ਕਿਸੇ ਵੀ ਇਲਾਕੇ ਅੰਦਰ ਝਾਤ ਮਾਰੀ ਜਾਵੇ ਤਾਂ ਦਰਜਨਾਂ ਤੋਂ ਵੱਧ ਵੇਲਣੇ ਆਮ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਸਿਰਫ਼ ਗੁੜ ਨੂੰ ਸਾਫ਼ ਕਰਨ ਲਈ ਵੱਧ ਤੋਂ ਵੱਧ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਸਿਰਫ਼ ਗੁੜ ਦਾ ਰੰਗ ਵੇਖ ਕੇ ਵੱਧ-ਚੜ੍ਹ ਕੇ ਖਰੀਦ ਕਰਦੇ ਹਨ ਪਰ ਉਸ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਬੜੀ ਘੱਟ ਹੀ ਲੋਕ ਸੋਚਦੇ ਹਨ। ਸਿਹਤ ਵਿਭਾਗ ਵਲੋਂ ਵੱਧ-ਚੜ੍ਹ ਕੇ ਇਸ ਧੰਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਸ਼ਿਕੰਜਾ ਕੱਸਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਕੁਝ ਹੱਦ ਤੱਕ ਘਟ ਸਕੇ।


-ਪ੍ਰੋ: ਮਨਪ੍ਰੀਤ ਗੁਰਾਇਆ
ਪਿੰਡ ਸ਼ੇਖਾ, ਡਾਕ: ਮਗਰਮੂਦੀਆ, ਜ਼ਿਲ੍ਹਾ ਗੁਰਦਾਸਪੁਰ।


ਅੰਤਿਮ ਅਦਾਇਗੀਆਂ
ਪੰਜਾਬ ਸਰਕਾਰ ਦੇ ਵਿਭਿੰਨ ਵਿਭਾਗਾਂ ਦੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਅੰਤਿਮ ਅਦਾਇਗੀਆਂ 'ਤੇ ਰੋਕ ਲੱਗੀ ਹੋਈ ਹੈ। ਲਗਪਗ 30-35 ਸਾਲ ਦੀ ਸੇਵਾ ਉਪਰੰਤ ਬੁਢਾਪੇ ਦੀ ਅਵਸਥਾ ਵਿਚ ਮਿਲਣ ਵਾਲੀ ਇਹ ਰਕਮ ਇਨ੍ਹਾਂ ਸੇਵਾਮੁਕਤ ਕਰਮਚਾਰੀਆਂ ਲਈ ਮੁੱਖ ਸਹਾਰਾ ਹੁੰਦੀ ਹੈ। ਮੇਰੇ ਇਕ ਨਜ਼ਦੀਕੀ ਸੇਵਾਮੁਕਤ ਮੁਲਾਜ਼ਮ ਲਈ ਆਪਣੀ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਲੜਕੀ ਦਾ ਵਿਆਹ ਕਰਨਾ ਇਕ ਮੁਸ਼ਕਿਲ ਬਣੀ ਹੋਈ ਹੈ, ਕਿਉਂਕਿ ਅਗਸਤ 2017 ਵਿਚ ਸੇਵਾਮੁਕਤ ਹੋਣ ਉਪਰੰਤ ਉਸ ਦੇ ਜੀ.ਪੀ. ਫੰਡ, ਜੀ.ਆਈ.ਐਸ. ਅਤੇ ਗ੍ਰੈਚੁਟੀ ਆਦਿ ਦੇ ਬਿੱਲ ਖਜ਼ਾਨਾ ਦਫ਼ਤਰ ਵਿਚ ਲਟਕੇ ਪਏ ਹਨ। ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਸਲਾਹਕਾਰਾਂ ਦੀ ਫ਼ੌਜ ਲਈ ਖਜ਼ਾਨਾ ਖਾਲੀ ਨਹੀਂ ਹੈ ਪਰ ਸੇਵਾਮੁਕਤ ਕਰਮਚਾਰੀ ਅੰਤਿਮ ਅਦਾਇਗੀਆਂ ਲਈ ਤਰਸ ਗਏ ਹਨ।


-ਅਮਰਜੀਤ ਸਿੰਘ
ਮਾਡਲ ਟਾਊਨ, ਕਪੂਰਥਲਾ-144601.


ਔਰਤਾਂ ਵਿਰੁੱਧ ਹਿੰਸਾ
ਪਿਛਲੇ ਦਿਨੀਂ ਔਰਤਾਂ ਵਿਰੁੱਧ ਹੁੰਦੀ ਹਿੰਸਾ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਜ਼ਰਾ ਸੋਚੋ ਸਾਡੇ ਸਮਾਜ ਵਿਚ ਨਾਰੀ ਜਾਤੀ ਦਾ ਕਿੰਨਾ ਕੁ ਸਨਮਾਨ ਹੁੰਦਾ ਹੈ। ਇਕ ਪਾਸੇ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਫੋਕੇ ਨਾਅਰੇ ਲਗਦੇ ਹਨ ਤੇ ਦੂਜੇ ਪਾਸੇ ਔਰਤ ਨੂੰ ਸੁਰੱਖਿਆ ਕਿੱਥੇ ਮਿਲਦੀ ਹੈ? ਸਾਡੀ ਨਿਆਂ ਪ੍ਰਣਾਲੀ ਵੀ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੀ ਹਦਾਇਤ ਕਰਦੀ ਹੈ, ਪਰ ਅਸਲ ਵਿਚ ਹੁੰਦਾ ਕੁਝ ਵੀ ਨਹੀਂ। ਗਵਾਹੀਆਂ ਦੀ ਕਮੀ ਕਰਕੇ ਅਪਰਾਧੀ ਬਰੀ ਹੋ ਜਾਂਦੇ ਹਨ। ਔਰਤ ਭਾਵੇਂ ਜਾਗ ਚੁੱਕੀ ਹੈ ਪਰ ਸਮੁੱਚੀ ਮਾਨਵਤਾ ਅਜੇ ਵੀ ਔਰਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਇਮਾਨਦਾਰ ਨਹੀਂ। ਅੱਜ ਸਮੁੱਚੇ ਸਮਾਜ ਨੂੰ ਜਾਗਣ ਦੀ ਜ਼ਰੂਰਤ ਹੈ। ਜਿਸ ਸਮਾਜ ਵਿਚ ਔਰਤ ਦਾ ਸਨਮਾਨ ਨਹੀਂ ਉਸ ਸਮਾਜ ਦੀਆਂ ਨੀਹਾਂ ਕਮਜ਼ੋਰ ਹੁੰਦੀਆਂ ਹਨ। ਔਰਤ ਨੂੰ ਵੀ ਹੁਣ ਡਰ ਕੇ ਨਹੀਂ ਡਟ ਕੇ ਹਿੰਸਾ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਕਰਨੀ ਚਾਹੀਦੀ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸੋਸ਼ਲ ਮੀਡੀਆ 'ਤੇ ਅੰਧ-ਵਿਸ਼ਵਾਸ
ਅੰਧ-ਵਿਸ਼ਵਾਸ ਸਦੀਆਂ ਤੋਂ ਚੱਲੇ ਆ ਰਹੇ ਹਨ। ਸਮੇਂ ਨਾਲ ਇਸ ਵਿਚ ਪਰਿਵਰਤਨ ਹੁੰਦਾ ਆਇਆ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਸੋਸ਼ਲ ਮੀਡੀਆ ਰਾਹੀਂ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸ ਪ੍ਰਫੁਲਿਤ ਹੋ ਰਹੇ ਹਨ। ਕਿਸੇ ਧਾਰਮਿਕ ਗੁਰੂ ਦੀ ਤਸਵੀਰ ਪਾ ਕੇ ਕਹਿ ਦਿੱਤਾ ਜਾਂਦਾ ਹੈ ਕਿ ਇਸ ਨੂੰ ਅੱਗੇ ਭੇਜੋ ਚਮਤਕਾਰ ਹੋਵੇਗਾ। ਜ਼ਿਆਦਾ ਅੰਧ-ਵਿਸ਼ਵਾਸ ਧਰਮ ਨਾਲ ਸਬੰਧਤ ਹੁੰਦੇ ਹਨ, ਜੋ ਵਟਸਐਪ, ਫੇਸਬੁੱਕ ਤੋਂ ਇਲਾਵਾ ਕਈ ਹੋਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਪਰੋਸੇ ਜਾਂਦੇ ਹਨ। ਇਸ ਨਾਲ ਗੁਰੂਆਂ, ਪੈਗੰਬਰਾਂ ਨਾਲ ਤਾਂ ਖਿਲਵਾੜ ਹੁੰਦਾ ਹੈ ਨਾਲ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜਦੀ ਹੈ। ਇਸ ਲਈ ਪੜ੍ਹੇ-ਲਿਖੇ ਵਰਗ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।


-ਕਮਲ ਬਰਾੜ
ਪਿੰਡ ਤੇ ਡਾਕ: ਕੋਟਲੀ ਅਬਲੂ, ਜ਼ਿਲ੍ਹਾ ਮੁਕਤਸਰ ਸਾਹਿਬ।

15-12-2017

 ਜ਼ਹਿਰੀਲਾ ਵਾਤਾਵਰਨ
ਸੰਪਾਦਕੀ ਲੇਖ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਜੋ ਸੁਪਰੀਮ ਕੋਰਟ ਦੁਆਰਾ ਦਿੱਲੀ ਅਤੇ ਹੋਰ ਇਲਾਕਿਆਂ ਵਿਚ ਆਤਿਸ਼ਬਾਜੀ ਉੱਪਰ ਪਾਬੰਦੀ ਲਗਾਈ ਗਈ ਹੈ। ਸਾਡਾ ਘਰ, ਸਾਡੀ ਪ੍ਰਿਥਵੀ ਲਗਾਤਾਰ ਕਈ ਪ੍ਰਕਾਰ ਦੇ ਪ੍ਰਦੂਸ਼ਣਾਂ ਦਾ ਸ਼ਿਕਾਰ ਹੋ ਰਹੀ ਹੈ। ਜਿਸ ਕਾਰਨ ਇੱਥੇ ਜਿਊਣ ਵਾਲੇ ਹਰ ਇਕ ਜੀਵ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਸਾਡੀ ਪ੍ਰਿਥਵੀ ਉਸ ਕਮਰੇ ਵਾਂਗ ਹੈ, ਜਿਸ ਵਿਚ ਸਾਰੀਆਂ ਖਿੜਕੀਆਂ ਬੰਦ ਕਰਕੇ ਜੇਕਰ ਇਕ ਮੋਮਬੱਤੀ ਜਲਾ ਦਿੱਤੀ ਜਾਵੇ ਤਾਂ ਠੀਕ ਹੈ। ਪਰ ਜੇਕਰ ਇਕੱਠੀਆਂ 1000 ਮੋਮਬੱਤੀਆਂ ਜਲਾ ਦਿੱਤੀਆਂ ਜਾਣ ਤਾਂ ਇਸ ਵਿਚ ਰਹਿਣ ਵਾਲੇ ਵਿਅਕਤੀਆਂ ਦਾ ਰਹਿਣਾ ਮੁਹਾਲ ਹੋ ਜਾਵੇਗਾ। ਇਸ ਵਿਚਲੀ ਆਕਸੀਜਨ ਕਾਰਬਨ ਮੋਨੋਆਕਸਾਇਡ ਵਿਚ ਬਦਲ ਜਾਵੇਗੀ ਅਤੇ ਜ਼ਹਿਰੀਲੀ ਹੋਣ ਕਰਕੇ ਕਮਰੇ ਵਿਚਲੇ ਵਿਅਕਤੀਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਪ੍ਰਕਾਰ ਹੀ ਸਾਡੀ ਧਰਤੀ ਇਕ ਬਹੁਤ ਵੱਡੇ ਕਮਰੇ ਵਾਂਗ ਹੈ। ਅਸੀਂ ਅੱਜ ਇਸ ਧਰਤੀ ਦੇ ਵਾਤਾਵਰਨ ਨੂੰ ਲਗਾਤਾਰ ਖ਼ਰਾਬ ਕਰੀਂ ਜਾ ਰਹੇ ਹਾਂ ਕੁਝ ਸਮੇਂ ਦੀ ਖੁਸ਼ੀ ਲਈ ਜਾਂ ਫਿਰ ਕੁਝ ਕੁ ਆਰਥਿਕ ਲਾਭਾਂ ਦੀ ਖਾਤਰ। ਇਹ ਸਹੀ ਹੈ ਕਿ ਅਸੀਂ ਕੁਝ ਸਮੇਂ ਲਈ ਖੁਸ਼ ਹੋ ਜਾਵਾਂਗੇ ਪਰ ਇਸ ਸਭ ਦਾ ਮੁੱਲ ਸਾਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੀਆਂ ਸਿਹਤਾਂ ਖਰਾਬ ਕਰਕੇ ਤਾਰਨਾ ਪੈਣਾ ਹੈ। ਚਾਹੇ ਕੁਝ ਦੇਰ ਹੋ ਚੁੱਕੀ ਹੈ ਪਰ ਫਿਰ ਵੀ ਆਤਿਸ਼ਬਾਜ਼ੀ, ਪਰਾਲੀ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਪ੍ਰਦੂਸ਼ਣ ਨੂੰ ਰੋਕ ਕੇ ਇਸ ਧਰਤੀ ਤਪਸ਼ ਨੂੰ ਰੋਕ ਸਕਦੇ ਹਾਂ। ਇਸ ਨੂੰ ਰਹਿਣਯੋਗ ਰੱਖਿਆ ਜਾ ਸਕਦਾ ਹੈ।

-ਭੂਸ਼ਨ ਕੁਮਾਰ
ਪੰਜਾਬੀ ਮਾਸਟਰ, ਸਮਿਸ ਲੁਟਕੀਮਾਜਰਾ (ਪਟਿਆਲਾ)।

ਕਿਸਾਨੀ ਸੰਕਟ
ਇਕ ਇਨਸਾਨ ਨੂੰ ਜ਼ਿੰਦਗੀ ਵਿਚ ਸਭ ਤੋਂ ਪਿਆਰੀ ਉਸ ਦੇ ਪਰਿਵਾਰ ਦੀ ਖੁਸ਼ੀ ਹੁੰਦੀ ਹੈ। ਜਦ 5-6 ਮਹੀਨੇ ਅੱਤ ਦੀ ਮਿਹਨਤ ਕਰਨ, ਸਰਦੀ ਗਰਮੀ ਸਹਿਣ ਅਤੇ ਫ਼ਸਲ ਦੀ ਬੱਚਿਆਂ ਵਾਂਗ ਦੇਖ-ਰੇਖ ਕਰਨ ਦੇ ਬਾਅਦ, ਉਹ ਫ਼ਸਲ ਅਚਾਨਕ ਆਈ ਬੇਮੌਸਮੀ ਬਾਰਿਸ਼, ਗੜੇਮਾਰ ਆਦਿ ਦੀ ਭੇਟ ਚੜ੍ਹ ਜਾਵੇ ਤਾਂ ਸੋਚੋ ਉਸ ਦੇ ਪਾਲਣਹਾਰ ਕਿਸਾਨ ਦੀ ਕੀ ਮਨੋਸਥਿਤੀ ਹੁੰਦੀ ਹੋਵੇਗੀ। ਆਪਣੀਆਂ ਘਰ ਦੀਆਂ ਲੋੜਾਂ ਪੂਰਾ ਕਰਨ ਲਈ, ਬਾਲ ਬੱਚਿਆਂ ਦੀ ਪੜ੍ਹਾਈ, ਵਿਆਹ ਲਈ ਪੈਸੇ ਜੁਟਾਉਣ ਲਈ ਫਿਰ ਉਹੀ ਜ਼ਿੰਮੇਵਾਰ ਕਰਜ਼ੇ ਲੈਣ 'ਤੇ ਮਜਬੂਰ ਹੋ ਕੇ ਕਿਵੇਂ ਵਿਆਜ ਦੇ ਜਾਲ ਵਿਚ ਨਹੀਂ ਫਸੇਗਾ? ਹਰ ਸਾਲ ਕੀਮਤਾਂ ਤਾਂ ਦੁੱਗਣੀਆਂ, ਚੌਗੁਣੀਆਂ ਹੋ ਜਾਂਦੀਆਂ ਹਨ ਪਰ ਕਿਸਾਨ ਦੀ ਫ਼ਸਲ ਲਈ ਤੈਅ ਕੀਮਤ ਕੇਵਲ 100-250 ਰੁਪਏ ਹੀ ਵਧੇ ਤਾਂ ਉਹ ਕਿਸਾਨ ਖ਼ਰਚੇ ਚਲਾਉਣ ਲਈ ਕੀ ਕਰ ਸਕਦਾ ਹੈ। ਕਿਸਾਨੀ ਸੰਕਟ ਦਾ ਹੱਲ ਆਸਾਨ ਨਹੀਂ ਪਰ ਨਾ ਮੁਮਕਿਨ ਵੀ ਨਹੀਂ। ਦੂਰ ਦੀ ਸੋਚ ਅਖ਼ਤਿਆਰ ਕਰਕੇ ਬਿਮਾਰੀ ਦੇ ਕੇਵਲ ਲੱਛਣ ਦਾ ਇਲਾਜ ਨਾ ਕਰਨ ਬਲਕਿ ਉਸ ਨੂੰ ਮੁੱਢ ਤੋਂ ਖ਼ਤਮ ਕਰਨ ਦੀ ਹੈ, ਤਾਂ ਜੋ ਕਿਸਾਨ ਵੀਰ ਖੁਸ਼ਹਾਲ ਅਤੇ ਦੇਸ਼ ਮਜ਼ਬੂਤ ਹੋ ਸਕੇ।

-ਪੁਸ਼ਪਾਲ ਸਿੰਘ
126, ਅਨੰਦ ਐਵੀਨਿਊ, ਅੰਮ੍ਰਿਤਸਰ।

13-12-2017

 ਜੇ ਕਿਤੇ ਵਾਅ ਚੱਲੇ

ਅਜੋਕਾ ਯੁੱਗ ਵਿਗਿਆਨਕ ਯੁੱਗ ਹੈ। ਇਸ ਯੁੱਗ ਵਿਚ ਜਿਊਣ ਲਈ ਜਾਤਾਂ-ਪਾਤਾਂ ਤੇ ਧਰਮਾਂ ਤੋਂ ਉੱਪਰ ਉੱਠਣਾ ਪਵੇਗਾ। ਪਰ ਕੁਝ ਤਾਕਤਾਂ ਅਜਿਹਾ ਨਹੀਂ ਚਾਹੁੰਦੀਆਂ। ਅਜਿਹੀਆਂ ਤਾਕਤਾਂ ਵਲੋਂ ਹੀ ਸਮੇਂ-ਸਮੇਂ 'ਤੇ ਬੀਜੇ ਜਾਤ-ਪਾਤ ਦੇ ਬੀਜ ਅੱਜ ਦਰੱਖਤਾਂ ਦਾ ਰੂਪ ਧਾਰ ਚੁੱਕੇ ਹਨ। ਜਾਤ-ਪਾਤ ਦੇ ਨਾਂਅ 'ਤੇ ਦੇਸ਼ ਵਿਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕਾਫੀ ਹੱਦ ਤੱਕ ਇਹ ਤਾਕਤਾਂ ਆਪਣੇ ਘਿਨਾਉਣੇ ਮਨਸੂਬਿਆਂ 'ਚ ਕਾਮਯਾਬ ਹੁੰਦੀਆਂ ਜਾ ਰਹੀਆਂ ਹਨ ਤੇ ਬਹੁਤਿਆਂ 'ਚ ਕਾਮਯਾਬ ਹੋ ਚੁੱਕੀਆਂ ਹਨ। ਮਹਾਤਮਾ ਬੁੱਧ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੇ ਜਾਤ ਪਾਤ ਦੇ ਪ੍ਰਛਾਵੇਂ ਨੂੰ ਮਿਟਾਉਣ ਲਈ ਬੜੇ ਯਤਨ ਕੀਤੇ। ਪਰ ਸਿਆਸਤਦਾਨ ਜਾਤ ਪਾਤ ਤੇ ਧਰਮਾਂ ਨੂੰ ਰੱਜ ਕੇ ਵਰਤ ਰਹੇ ਹਨ, ਜਿਸ ਕਰਕੇ ਦੇਸ਼ ਦੇ ਬਹੁਤੇ ਭਾਈਚਾਰਿਆਂ 'ਚ ਨਫ਼ਰਤਾਂ ਪੈਦਾ ਹੋ ਰਹੀਆਂ ਹਨ। ਜੇ ਕਿਤੇ ਇਨ੍ਹਾਂ ਤਾਕਤਾਂ ਦੀ ਅੱਗੇ ਵੀ ਵਾਅ ਚੱਲੇ ਤਾਂ ਸ਼ਾਇਦ ਇਹ ਜਾਤ ਪਾਤ ਦੇ ਨਾਂਅ 'ਤੇ ਸਾਹ ਲੈਣ ਵਾਲੀ ਹਵਾ 'ਚ ਵੀ ਵੰਡੀਆਂ ਪਾਉਣ 'ਚ ਕਾਮਯਾਬ ਹੋ ਜਾਣਗੀਆਂ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪਾਣੀ ਦੀ ਦੁਰਵਰਤੋਂ

ਮੈਂ ਧਰਤੀ ਦੇ ਸਾਰੇ ਪਾਣੀ ਦੀ ਗੱਲ ਨਹੀਂ ਕਹਿਣ ਜਾ ਰਿਹਾ। ਮੈਂ ਪੀਣ ਵਾਲੇ ਸਾਫ਼ ਪਾਣੀ ਦੀ ਗੱਲ ਕਰ ਰਿਹਾ ਹਾਂ। ਸਭ ਨੂੰ ਪਤਾ ਹੈ ਕਿ ਪਾਣੀ ਧਰਤੀ ਹੇਠੋਂ ਮੁੱਕ ਰਿਹਾ ਹੈ, ਪੱਧਰ ਬਹੁਤ ਨੀਵਾਂ ਹੋਈ ਜਾ ਰਿਹਾ ਹੈ। ਕਾਰਨ ਵੀ ਪਤਾ ਹੈ। ਫਿਰ ਵੀ ਅੱਜ ਦਾ ਮਨੁੱਖ ਜਾਣਬੁੱਝ ਕੇ ਇਸ ਅਣਮੁੱਲੇ ਖਜ਼ਾਨੇ ਨੂੰ ਆਪਣੀਆਂ ਗ਼ਲਤ ਹਰਕਤਾਂ ਕਰਕੇ ਖ਼ਤਮ ਕਰਨ 'ਤੇ ਤੁਲਿਆ ਪਿਆ ਹੈ। ਕੁਝ ਕੁ ਜਾਗਰੂਕ ਲੋਕ ਹੀ ਇਸ ਅਣਮੁੱਲੇ ਖਜ਼ਾਨੇ ਪ੍ਰਤੀ ਸੋਚਦੇ ਹਨ। ਚਲਦੀ ਟੂਟੀ ਵੇਖ ਕੇ ਸੂਝਵਾਨ ਲੋਕ ਤਾਂ ਬੰਦ ਕਰ ਦਿੰਦੇ ਹਨ, ਬੇਪਰਵਾਹ ਲੋਕ ਧਿਆਨ ਹੀ ਨਹੀਂ ਕਰਦੇ। ਸਾਡੀ ਸਮੁੱਚੀ ਜੀਵਨ ਪ੍ਰਣਾਲੀ ਦਾ ਅਣਮੋਲ ਖਜ਼ਾਨਾ ਸਾਡੇ ਸਾਹਾਂ ਲਈ ਜ਼ਰੂਰੀ ਅਤੇ ਰੋਜ਼ਾਨਾ ਜਨਜੀਵਨ ਤੇ ਧਰਤੀ ਨੂੰ ਹਰਿਆਲੀ ਬਖਸ਼ਣ ਵਾਲਾ, ਸਾਡੀ ਰੋਜ਼ਾਨਾ ਖਾਧ ਖੁਰਾਕ ਦੀ ਉਪਜ ਦਾ ਵਸੀਲਾ ਐਵੇਂ ਹੀ ਬਰਬਾਦ ਹੋਈ ਜਾ ਰਿਹਾ ਹੈ। ਆਓ! ਸਾਰੇ ਸੋਚੀਏ, ਬੂੰਦ-ਬੂੰਦ ਬਚਾਈਏ।

-ਜਗਤਾਰ ਗਿੱਲ
ਬੱਲ ਸਚੰਦਰ (ਅੰਮ੍ਰਿਤਸਰ)।

ਅਦਾਲਤ ਦੀ ਪਹਿਲ

ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਦਾ ਲੇਖ 'ਸੁਪਰੀਮ ਕੋਰਟ ਦੀ ਪਹਿਲ' ਕਾਬਲੇ ਤਾਰੀਫ਼ ਹੈ। ਤਿਉਹਾਰਾਂ ਦੇ ਦਿਨਾਂ ਵਿਚ ਵੱਡੇ ਪੱਧਰ 'ਤੇ ਪ੍ਰਦੂਸ਼ਣ ਫੈਲਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਨਾਲ ਅਸਮਾਨ ਧੂੰਏਂ ਨਾਲ ਭਰਦਾ ਹੈ। ਡੀਜ਼ਲ ਨਾਲ ਚੱਲਣ ਵਾਲੇ ਵਾਹਨ ਵੀ ਜ਼ਹਿਰੀਲਾ ਧੂੰਆਂ ਪੈਦਾ ਕਰਦੇ ਹਨ। ਫੈਕਟਰੀਆਂ, ਉਦਯੋਗਾਂ ਦੇ ਗੰਧਲੇ ਧੂੰਏਂ ਅਤੇ ਕੈਮੀਕਲ ਯੁਕਤ ਪਾਣੀ ਨਾਲ ਹਵਾ, ਧਰਤੀ ਅਤੇ ਜਲ ਸ੍ਰੋਤ ਜ਼ਹਿਰੀ ਹੋ ਰਹੇ ਹਨ। ਜਿਸ ਨਾਲ ਹਰ ਇਕ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਸਾਹ ਦੀਆਂ ਬਿਮਾਰੀਆਂ ਉਤਪੰਨ ਹੋ ਰਹੀਆਂ ਹਨ। ਗੰਧਲੇ ਵਾਤਾਵਰਨ ਦੇ ਸਿਰਜਣਕਾਰ ਖ਼ੁਦ ਵੀ ਇਹ ਗੰਧਲਾ ਧੂੰਆਂ ਫੱਕ ਰਹੇ ਹਨ ਬਿਮਾਰ ਹੋ ਰਹੇ ਹਨ। ਆਓ! ਵਾਤਾਵਰਨ ਮਿੱਤਰ ਬਣੀਏ ਅਤੇ ਧਰਤੀ, ਹਵਾ ਅਤੇ ਪਾਣੀ ਨੂੰ ਸਾਫ਼ ਰੱਖੀਏ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

11-12-2017

 ਰੁੱਖ ਲਗਾਓ
ਚਾਰੇ ਪਾਸੇ ਸੜਕਾਂ ਅਤੇ ਪੁਲਾਂ ਦੇ ਜਾਲ ਵਿਛ ਗਏ ਹਨ। ਮਨੁੱਖ ਆਪਣੀ ਤਰੱਕੀ ਤੋਂ ਬਹੁਤ ਖੁਸ਼ ਹੈ। ਭੀੜ-ਭੜੱਕੇ ਤੋਂ ਬਚਾਅ ਕਰਨ ਲਈ ਸੜਕਾਂ ਚੌੜੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਸ਼ਹਿਰ ਤੋਂ ਬਾਹਰ ਜਾਣ ਲਈ ਵੱਡੇ-ਵੱਡੇ ਪੁਲ ਬਣ ਗਏ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਅਤੇ ਦੂਰ ਜਾਣ ਵਾਲੇ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਰ ਇਹ ਸੁਹੱਪਣ ਕੁਝ ਅਧੂਰਾ ਜਿਹਾ ਜਾਪਦਾ ਹੈ, ਜਦੋਂ ਚਾਰੇ ਪਾਸੇ ਦੇ ਉਜਾੜ 'ਤੇ ਨਿਗ੍ਹਾ ਜਾਂਦੀ ਹੈ। ਜਿਥੇ ਵੱਡੇ-ਵੱਡੇ ਦਰੱਖਤ, ਖਜੂਰਾਂ, ਟਾਹਲੀਆਂ, ਨਿੰਮ, ਕਿੱਕਰਾਂ, ਬੋਹੜ ਆਦਿ ਦੀ ਹਰਿਆਲੀ ਨੂੰ ਵੇਖ ਕੇ ਰੂਹ ਖੁਸ਼ ਹੁੰਦੀ ਸੀ। ਇਸ ਤਰ੍ਹਾਂ ਲਗਦਾ ਸੀ ਕਿ ਇਹ ਵੱਡੇ ਰੁੱਖ ਸਾਨੂੰ ਆਸ਼ੀਰਵਾਦ ਦੇ ਰਹੇ ਹੋਣ, ਜਿਸ ਨਾਲ ਸਾਡੀ ਸਿਹਤ ਅਤੇ ਸਾਡੀ ਖੁਸ਼ੀ ਦੁੱਗਣੀ ਹੋ ਜਾਂਦੀ। ਅਸੀਂ ਜਾਣਦੇ ਹਾਂ ਕਿ ਸੜਕਾਂ 'ਤੇ ਗੱਡੀਆਂ ਹੀ ਨਹੀਂ ਜਾਂਦੀਆਂ ਸਗੋਂ ਪੈਦਲ, ਸਾਈਕਲਾਂ ਵਾਲੇ ਰਾਹਗੀਰ ਵੀ ਜਾਂਦੇ ਹਨ। ਉਹ ਥੱਕ-ਟੁੱਟ ਕੇ ਜਿੱਥੇ ਰੁੱਖਾਂ ਹੇਠ ਆਰਾਮ ਕਰ ਲੈਂਦੇ ਸੀ, ਹੁਣ ਧੁੱਪ ਅਤੇ ਗਰਮੀ ਵਿਚ ਹੀ ਔਖੇ ਹੁੰਦੇ ਰਹਿੰਦੇ ਹਨ। ਲੱਖਾਂ ਦੀ ਗਿਣਤੀ ਵਿਚ ਰੁੱਖ ਕੱਟ ਕੇ ਸੜਕਾਂ ਅਤੇ ਪੁਲ ਬਣ ਗਏ ਹਨ। ਪਰ ਉਨ੍ਹਾਂ ਦੀ ਥਾਂ 'ਤੇ ਕੋਈ ਨਵੇਂ ਰੁੱਖ ਨਹੀਂ ਲੱਗੇ। ਮੇਰੀ ਬੇਨਤੀ ਹੈ ਕਿ ਸਰਕਾਰ ਨਵੇਂ ਰੁੱਖ ਤਾਂ ਲਗਾਵੇ ਹੀ ਪਰ ਜਿਹੜੇ ਰੁੱਖ-ਬੂਟੇ ਪੁੱਟੇ ਗਏ ਹਨ, ਉਨ੍ਹਾਂ ਦੀ ਜਗ੍ਹਾ ਵੀ ਸਾਡੇ ਜੀਵਨ ਦਾਤੇ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਲਈ ਅਹਿਮ ਕਦਮ ਚੁੱਕੇ।


-ਸੁਖਵਿੰਦਰ ਕੌਰ ਬੀਰੋਕੇ
ਪੰਜਾਬੀ ਅਧਿਆਪਕ, ਸ. ਹ. ਸ. ਫਤਹਿਪੁਰ ਰਾਜਪੂਤਾਂ, ਜ਼ਿਲ੍ਹਾ ਪਟਿਆਲਾ।


ਦੂਰ ਦੇ ਢੋਲ
ਦੁਨੀਆ 'ਚ ਹਰ ਇਕ ਬੰਦੇ ਨੂੰ ਇਹ ਭੁਲੇਖਾ ਹੈ ਕਿ ਦੁਨੀਆ 'ਚ ਦੁੱਖ ਕੇਵਲ ਉਸ ਨੂੰ ਹੀ ਹੈ ਤੇ ਬਾਕੀ ਸਾਰੇ ਸੁਖੀ ਹਨ। ਅਸਲ 'ਚ ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਹਨ, ਜਦੋਂ ਅਸੀਂ ਅਮੀਰ ਲੋਕਾਂ ਦੀਆਂ ਕਾਰਾਂ, ਆਲੀਸ਼ਾਨ ਕੋਠੀਆਂ, ਕੱਪੜੇ, ਨੌਕਰ ਚਾਕਰ ਦੇਖਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਇਨ੍ਹਾਂ ਨੂੰ ਤਾਂ ਕੋਈ ਦੁੱਖ ਨਹੀਂ ਪਰ ਜਦੋਂ ਅਸੀਂ ਨੇੜੇ ਜਾਂਦੇ ਹਾਂ ਤਾਂ ਉਦੋਂ ਪਤਾ ਚਲਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਕਿੰਨੇ ਪ੍ਰੇਸ਼ਾਨ ਹਨ। ਦੁੱਖ ਤਾਂ ਅਵਤਾਰਾਂ, ਰਾਜਿਆਂ, ਪੀਰਾਂ ਤੇ ਪੈਗੰਬਰਾਂ 'ਤੇ ਵੀ ਆਏ ਸਨ। ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਸਵੀਕਾਰ ਕਰਨਾ ਚਾਹੀਦਾ ਹੈ।


-ਵਿਨੈ ਕੁਮਾਰ


ਕਾਲਜ ਦੀ ਨਾਂਅ ਬਦਲੀ
ਅੱਜਕਲ੍ਹ ਦੇਸ਼ ਵਿਚ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਖਾਸ ਕਰਕੇ ਘੱਟ-ਗਿਣਤੀ ਤੱਕ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਹ ਦੇਸ਼ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਦਿੱਤੀ, ਪਰ ਉਸ ਦੇ ਬਦਲੇ ਸਾਨੂੰ ਸਿੱਖਾਂ ਨੂੰ ਕੁਝ ਨਹੀਂ ਮਿਲਿਆ। ਸਿੱਖਾਂ ਸਮੇਤ ਘੱਟ ਗਿਣਤੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਕਤ ਅਜਿਹਾ ਪ੍ਰਚਾਰ ਹੋ ਰਿਹਾ ਹੋਵੇ, ਉਸ ਸਮੇਂ ਦਿਆਲ ਸਿੰਘ ਕਾਲਜ ਦੀ ਨਾਂਅ ਬਦਲੀ ਬਲਦੀ 'ਤੇ ਤੇਲ ਦਾ ਕੰਮ ਕਰ ਸਕਦੀ ਹੈ। ਮੇਰੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਅਜਿਹੀ ਕੋਈ ਗ਼ਲਤੀ ਨਾ ਕੀਤੀ ਜਾਵੇ, ਜਿਸ ਨਾਲ ਘੱਟ-ਗਿਣਤੀ ਨੂੰ ਠੇਸ ਪਹੁੰਚੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

08-12-2017

 ਨੇਤਾਵਾਂ ਦੀ ਬਿਆਨਬਾਜ਼ੀ
ਭਾਰਤ ਵਿਚ ਪੁਰਾਤਨ ਸਮੇਂ ਤੋਂ ਹੀ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵਸੇ ਹੋਏ ਹਨ। ਦੇਸ਼ ਦੀ ਆਜ਼ਾਦੀ ਵੇਲੇ ਵੀ ਵੱਡੇ-ਵੱਡੇ ਲੀਡਰਾਂ ਨੇ ਧਰਮ ਦੇ ਨਾਂਅ 'ਤੇ ਰਾਜਨੀਤੀ ਕਰਦਿਆਂ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਪਾੜਾ ਵਧਾਉਂਦੇ ਹੋਏ ਭਾਰਤ ਦੇ ਦੋ ਟੁਕੜੇ ਕਰਵਾ ਦਿੱਤੇ। ਠੀਕ ਇਸੇ ਤਰ੍ਹਾਂ ਹੁਣ ਜਦੋਂ ਤੋਂ ਕੇਂਦਰ ਵਿਚ ਭਾਜਪਾ ਤੇ ਸਹਿਯੋਗੀਆਂ ਦੀ ਸਰਕਾਰ ਆਈ ਹੈ, ਭਾਜਪਾ ਦੇ ਵੱਖ-ਵੱਖ ਆਗੂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਆਗੂ ਸਾਰੇ ਦੇਸ਼ ਨੂੰ ਹਿੰਦੂਤਵ ਦੇ ਭਗਵੇਂ ਰੰਗ ਵਿਚ ਰੰਗਣ ਲਈ ਕਾਹਲੇ ਪੈ ਗਏ ਹਨ। ਕਿਸੇ ਵੀ ਦੂਜੇ ਧਰਮ ਦੀ ਆਲੋਚਨਾ ਅਤੇ ਨਿੰਦਿਆ ਕਰਨੀ ਇਕ ਤਰ੍ਹਾਂ ਨਾਲ ਗ਼ੈਰ-ਇਖ਼ਲਾਕੀ ਕੰਮ ਮੰਨਿਆ ਜਾਂਦਾ ਹੈ। ਭਾਜਪਾ ਆਗੂਆਂ ਅਤੇ ਆਰ.ਐਸ.ਐਸ. ਨੂੰ ਹੋਰਾਂ ਧਰਮਾਂ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


-ਸਰਵਣ ਸਿੰਘ ਭੰਗਲਾਂ
ਸਮਰਾਲਾ।


ਅਸ਼ਲੀਲਤਾ ਤੋਂ ਬਚਾਅ
ਸੁਪਰੀਮ ਕੋਰਟ ਦੇ ਇਕ ਬੁਲਾਰੇ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ। ਜੇਕਰ ਭਾਰਤ ਸਰਕਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਅਨੈਤਿਕ ਪਸਾਰੇ ਨੂੰ ਰੋਕਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਨਿਰਸੰਦੇਹ ਬੱਚੇ ਮਾਨਸਿਕ ਪ੍ਰਦੂਸ਼ਣ ਤੋਂ ਬਚ ਸਕਣਗੇ। ਬਿਨਾਂ ਸ਼ੱਕ ਹਿੰਸਾ ਅਤੇ ਰੇਪ ਜਾਂ ਗੈਂਗਰੇਪ ਵਰਗੀਆਂ ਘਟਨਾਵਾਂ ਵੀ ਘੱਟ ਹੋਣਗੀਆਂ। ਜਿਸ ਨੇ ਇੰਟਰਨੈੱਟ ਨੂੰ ਕੇਵਲ ਗਿਆਨ-ਵਿਗਿਆਨ ਲਈ ਖੋਲ੍ਹਿਆ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਮੰਗ ਅਸ਼ਲੀਲ ਜਾਂ ਲੱਚਰ ਪਰੋਸਿਆ ਜਾਣਾ ਇਕ ਅਪਰਾਧ ਹੀ ਮੰਨਿਆ ਜਾਣਾ ਚਾਹੀਦਾ ਹੈ।


-ਰਸ਼ਪਾਲ ਸਿੰਘ ਸੋਸ਼ਿਆਲੋਜਿਸਟ
ਸ਼ੁਭ ਕਰਮਨ ਸੁਸਾਇਟੀ, ਟਾਂਡਾ ਰੋਡ, ਹੁਸ਼ਿਆਰਪੁਰ।


ਬਚਪਨ
ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ 'ਕਿਉਂ ਰੁਲ ਗਿਆ ਹੈ ਨਹਿਰੂ ਦੇ ਸੁਪਨਿਆਂ ਦਾ ਬਚਪਨ', ਪੜ੍ਹਿਆ, ਬਹੁਤ ਵਧੀਆ ਲੱਗਾ। ਸੱਚਮੁਚ ਹੀ ਅੱਜ ਪੜ੍ਹਾਈ ਦੇ ਬੋਝ ਅਤੇ ਇਕਸਾਰਤਾ ਨਾ ਹੋਣ ਕਾਰਨ ਬਚਪਨ ਰੁਲ ਗਿਆ ਹੈ। ਗ਼ਰੀਬ ਬੱਚਿਆਂ ਦਾ ਵੀ ਪੜ੍ਹਨ ਨੂੰ ਦਿਲ ਕਰਦਾ ਹੈ ਪਰ ਮਾੜੀ ਆਰਥਿਕਤਾ ਅਤੇ ਮਹਿੰਗੀ ਪੜ੍ਹਾਈ ਉਨ੍ਹਾਂ ਨੂੰ ਪੜ੍ਹਨ ਦੀ ਆਗਿਆ ਨਹੀਂ ਦਿੰਦੀ। ਜੋ ਬੱਚੇ ਆਰਥਿਕ ਤੌਰ 'ਤੇ ਮਜ਼ਬੂਤ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਉਨ੍ਹਾਂ 'ਤੇ ਨਿੱਜੀ ਸਕੂਲਾਂ ਵਲੋਂ ਪੜ੍ਹਾਈ ਦਾ ਏਨਾ ਕੁ ਬੋਝ ਪਾਇਆ ਹੋਇਆ ਹੈ ਕਿ ਉਹ ਖੇਡਣ ਬਾਰੇ ਸੋਚ ਵੀ ਨਹੀਂ ਸਕਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਨੀਤੀ ਵਿਚ ਸੁਧਾਰ ਕਰਨ ਤਾਂ ਕਿ ਪੜ੍ਹਾਈ ਹਰ ਬੱਚੇ ਦੀ ਪਹੁੰਚ ਵਿਚ ਹੋਵੇ ਅਤੇ ਜੋ ਪੜ੍ਹ ਰਹੇ ਹਨ, ਉਨ੍ਹਾਂ ਦੇ ਦਿਮਾਗ ਤੋਂ ਬੇਲੋੜਾ ਬੋਝ ਘਟਾਇਆ ਜਾਵੇ ਤਾਂ ਕਿ ਉਹ ਅਣਮੁੱਲੇ ਬਚਪਨ ਦਾ ਸੁਚੱਜੇ ਢੰਗ ਨਾਲ ਅਨੰਦ ਮਾਣ ਸਕਣ।


-ਲੱਕੀ ਚਾਵਲਾ ਮੁਕਤਸਰ
ਸ੍ਰੀ ਮੁਕਤਸਰ ਸਾਹਿਬ।

06-12-2017

 ਚਿੰਤਾ ਦਾ ਵਿਸ਼ਾ
ਦੇਸ਼ ਮੰਦੀ ਦੀ ਮਾਰ ਹੇਠ ਹੈ। ਮਹਾਨ ਅਰਥ ਸ਼ਾਸਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੀ ਦੇਸ਼ ਦੀ ਡਾਵਾਂਡੋਲ ਹੋਈ ਅਰਥ ਵਿਵਸਥਾ ਬਾਰੇ ਕਈ ਟਿੱਪਣੀਆਂ ਕਰ ਚੱਕੇ ਹਨ, ਪਤਾ ਨਹੀਂ ਕਿਉਂ ਉਨ੍ਹਾਂ ਦੀ ਗੱਲ ਨੂੰ ਨਹੀਂ ਵਿਚਾਰਿਆ ਜਾ ਰਿਹਾ? ਪਹਿਲਾਂ ਨੋਟਬੰਦੀ ਅਤੇ ਫਿਰ ਇਕ ਟੈਕਸ ਪ੍ਰਣਾਲੀ ਨੇ ਦੇਸ਼ ਦੇ ਕੰਮਕਾਰ ਦੀ ਚਾਲ ਬਹੁਤ ਜ਼ਿਆਦਾ ਢਿੱਲੀ ਪਾ ਦਿੱਤੀ ਹੈ। ਕੰਮਕਾਰ ਦਿਨ ਪ੍ਰਤੀ ਦਿਨ ਨਿਘਾਰ ਵੱਲ ਜਾ ਰਿਹਾ ਹੈ। ਅੱਜ ਕੰਮਕਾਰ ਨੂੰ ਲੈ ਕੇ ਹਰ ਬੰਦਾ ਖ਼ੌਫ ਦੇ ਵਿਚ ਹੈ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਵਿਚ ਕੀ ਬਣੇਗਾ? ਛੇਤੀ ਹੀ ਜੇ ਕੇਂਦਰ ਦੀ ਸਰਕਾਰ ਜ਼ਮੀਨੀ ਹਕੀਕਤ ਨੂੰ ਸਮਝ ਕੇ ਇਸ ਬਾਰੇ ਕੋਈ ਠੋਸ ਕਦਮ ਨਹੀਂ ਚੁੱਕੇਗੀ ਤਾਂ ਹਾਲਾਤ ਹੋਰ ਮਾੜੇ ਹੋਣ ਦੇ ਆਸਾਰ ਹਨ।


-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।


ਆਵਾਰਾ ਪਸ਼ੂ
ਅੱਜ ਅਵਾਰਾ ਪਸ਼ੂਆਂ ਦੀ ਸਮੱਸਿਆ ਸਭ ਤੋਂ ਚਿੰਤਾਜਨਕ ਵਿਸ਼ਾ ਹੈ ਜਿਸ ਤੋਂ ਦੇਸ਼ ਦਾ ਹਰ ਵਰਗ ਪ੍ਰੇਸ਼ਾਨ ਹੈ ਪਰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਕਿਸਾਨ ਨੂੰ ਇਕ ਕਰਜ਼ੇ ਦੀ ਮਾਰ ਦੂੁਜੀ ਸਰਕਾਰਾਂ ਦੀ ਅਣਦੇਖੀ, ਨਕਲੀ ਕੀਟਨਾਸ਼ਕ ਦਵਾਈਆਂ, ਨਕਲੀ ਰੇਹਾਂ, ਨਕਲੀ ਬੀਜਾਂ, ਮੌਸਮ ਦੀ ਕਰੋਪੀ ਦੀ ਮਾਰ ਤਾਂ ਝੱਲਣੀ ਪੈਂਦੀ ਹੈ ਪਰ ਕਿਸਾਨਾਂ ਦੀ ਆਰਥਿਕਤਾ ਨੂੰ ਅਵਾਰਾ ਪਸ਼ੂ ਵੀ ਬਹੁਤ ਜ਼ਿਆਦਾ ਸੱਟ ਮਾਰ ਰਹੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਪਿੰਡਾਂ ਦੀ ਭਾਈਚਾਰਕ ਸਾਂਝ ਵਿਚ ਵੀ ਤਰੇੜਾਂ ਆ ਰਹੀਆਂ ਹਨ। ਇਨ੍ਹਾਂ ਆਵਾਰਾ ਪਸ਼ੂਆਂ ਤੋਂ ਰਾਖੀ ਲਈ ਕਿਸਾਨਾਂ ਨੂੰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਰਾਤਾਂ ਖੇਤਾਂ ਵਿਚ ਕੱਟਣੀਆ ਪੈਂਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਸੜਕਾਂ 'ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਮਸਲੇ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਕਿ ਇਸ ਦਾ ਕੋਈ ਠੋਸ ਹੱਲ ਲੱਭਿਆ ਜਾ ਸਕੇ। ਜੇਕਰ ਸਮਾਂ ਰਹਿੰਦਿਆਂ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ।


-ਅਵਤਾਰ ਸਿੰਘ ਧਾਲੀਵਾਲ
ਪਿੰਡ 'ਤੇ ਡਾਕ: ਦਿਆਲਪੁਰਾ ਭਾਈਕਾ (ਬਠਿੰਡਾ)।


ਪ੍ਰੀ ਪ੍ਰਾਇਮਰੀ ਸਿੱਖਿਆ
ਪ੍ਰਾਇਮਰੀ ਸਿੱਖਿਆ ਸੰਸਥਾਵਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 3-6 ਸਾਲ ਦੇ ਬੱਚਿਆਂ ਨੂੰ 3 ਕੁ ਘੰਟੇ ਦੀ ਸਿੱਖਿਆ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਬੱਚੇ ਇਸ ਸਿੱਖਿਆ ਨਾਲ ਅਗਲੇਰੀਆਂ ਜਮਾਤਾਂ ਲਈ ਮਾਨਸਿਕ, ਬੌਧਿਕ ਅਤੇ ਸਮਾਜਿਕ ਤੌਰ ਪੂਰਨ ਵਿਕਸਿਤ ਹੋ ਜਾਣਗੇ। ਬੇਸ਼ੱਕ ਪੰਜਾਬ ਸਰਕਾਰ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਪਰ ਇਸ ਸਿੱਖਿਆ ਨਾਲ ਕਈ ਸਮੱਸਿਆਵਾਂ ਵੀ ਜੁੜੀਆਂ ਹਨ ਜਿਵੇਂ ਆਂਗਣਵਾੜੀ ਵਿਚ ਬੱਚਿਆਂ ਦੀ ਘਾਟ ਹੋਣ ਕਾਰਨ ਕਰਮਚਾਰੀਆਂ ਵਿਚ ਨੌਕਰੀ ਦੀ ਅਸਥਿਰਤਾ ਦਾ ਡਰ, ਕਈ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ, ਛੋਟੇ ਬੱਚਿਆਂ ਦੀ ਦੇਖਭਾਲ ਲਈ ਅਧਿਆਪਕ ਨੂੰ ਦਰਜਾ ਚਾਰ ਕਰਮਚਾਰੀਆਂ ਦੀ ਲੋੜ ਆਦਿ ਕਈ ਸਮੱਸਿਆਂਵਾਂ ਹਨ ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ।


-ਅੰਮ੍ਰਿਤਪਾਲ ਸਿੰਘ
ਐਸ.ਐਸ. ਮਾਸਟਰ।

04-12-2017

 ਗੰਨੇ ਦੇ ਭਾਅ 'ਚ ਨਿਗੁਣਾ ਵਾਧਾ
ਸਿਰ 'ਤੇ ਕਰਜ਼ੇ ਦੀ ਪੰਡ ਚੁੱਕੀ ਜ਼ਿੰਦਗੀ ਦੇ ਕੀਮਤੀ ਰਾਹਾਂ ਨੂੰ ਦਾਅ 'ਤੇ ਲਾ ਕੇ ਆਪਣੇ ਖ਼ੂਨ-ਪਸੀਨੇ ਨਾਲ ਖੇਤਾਂ ਨੂੰ ਸਿੰਜ ਕੇ ਪਾਲੀ ਹੋਈ ਫ਼ਸਲ ਦੀ ਕਿਸਾਨ ਨੂੰ ਪੁੱਤਰ ਵਰਗੀ ਆਸ ਹੁੰਦੀ ਹੈ। ਹਰ ਸਾਲ ਚੰਗੇ ਭਾਅ ਦੀ ਆਸ ਨਾਲ ਕਿਸਾਨ ਆਪਣੇ ਖੇਤਾਂ ਵਿਚ ਦਿਲੋ-ਜਾਨ ਨਾਲ ਮਿਹਨਤ ਕਰਦਾ ਹੈ ਪਰ ਪਿਛੋਕੜ ਗਵਾਹ ਹੈ ਕਿ ਕਿਸਾਨੀ ਨੂੰ ਕਦੇ ਵੀ ਮੁਨਾਫ਼ਾ ਨਹੀਂ ਹੋਇਆ ਕਿਉਂਕਿ ਕਦੇ ਮੌਸਮ ਦੀ ਖਰਾਬੀ ਕਰਕੇ ਅਤੇ ਕਦੇ ਸਰਕਾਰਾਂ ਦੀ ਅਣਦੇਖੀ ਕਰਕੇ ਕਿਸਾਨ ਨੂੰ ਘਾਟਾ ਸਹਿਣਾ ਪੈਂਦਾ ਹੈ। ਇਸ ਵਾਰ ਜੀ.ਐਸ.ਟੀ. ਨੇ ਜਿਥੇ ਪਹਿਲਾਂ ਹੀ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ, ਉਥੇ ਡੀਜ਼ਲ ਦੀਆਂ ਕੀਮਤਾਂ 'ਚ ਦਿਨੋ-ਦਿਨ ਵਾਧਾ ਹੋਣਾ ਹੋਰ ਵੀ ਮਾਰੂ ਸਾਬਤ ਹੋ ਰਿਹਾ ਹੈ। ਕਿਸਾਨਾਂ ਨੂੰ ਆਸ ਸੀ ਕਿ ਇਸ ਵਾਰ ਗੰਨੇ ਦੇ ਭਾਅ 'ਚ ਚੋਖਾ ਵਾਧਾ ਹੋਵੇਗਾ, ਖੇਤੀ ਦੇ ਧੰਦੇ ਨਾਲ ਜੁੜੇ ਹਰੇਕ ਵਿਅਕਤੀ ਨੂੰ ਪੂਰੀ ਉਮੀਦ ਸੀ ਕਿ ਸਰਕਾਰ ਏਨਾ ਭਾਅ ਤਾਂ ਦੇਵੇਗੀ ਹੀ ਜਿਸ ਨਾਲ ਕਿਸਾਨ ਆਪਣਾ ਗੁਜ਼ਾਰਾ ਕਰ ਸਕਣ ਪਰ ਸਰਕਾਰ ਨੇ ਮਹਿੰਗਾਈ ਦੇ ਇਸ ਦੌਰ ਵਿਚ ਗੰਨੇ ਦੇ ਸਮਰਥਨ ਮੁੱਲ ਵਿਚ ਸਿਰਫ਼ 10 ਰੁਪਏ ਦਾ ਨਿਗੂਣਾ ਜਿਹਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਜੋ ਕਿਸਾਨੀ ਨਾਲ ਕੋਝਾ ਮਜ਼ਾਕ ਹੈ।


-ਪ੍ਰੋ: ਮਨਪ੍ਰੀਤ ਗੁਰਾਇਆ
ਪਿੰਡ ਸ਼ੇਖਾ, ਡਾਕ: ਮਗਰਮੂਦੀਆ, ਜ਼ਿਲ੍ਹਾ ਗੁਰਦਾਸਪੁਰ।


ਦਿਸ਼ਾਹੀਣ ਹੁੰਦੀ ਨੌਜਵਾਨੀ
ਕਿਸੇ ਵੀ ਦੇਸ਼ ਨੂੰ ਨੌਜਵਾਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਪਰ ਪਿਛਲੇ ਸਮੇਂ ਤੋਂ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਨ। ਉਹ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਕਰਕੇ ਉਹ ਆਪਣੇ ਟੀਚੇ ਤੋਂ ਭਟਕ ਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਾਂ ਵਿਦੇਸ਼ਾਂ 'ਚ ਜਾਣ ਲਈ ਸਿੱਧੇ-ਅਸਿੱਧੇ ਢੰਗ-ਤਰੀਕੇ ਅਪਣਾ ਰਹੇ ਹਨ। ਜ਼ਿਆਦਾਤਰ ਨੌਜਵਾਨ ਤਾਂ ਹਿੰਸਕ ਗਤੀਵਿਧੀਆਂ ਵੀ ਕਰਨ ਲੱਗੇ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ ਵਿਚ ਨੌਜਵਾਨ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।


-ਕਮਲ ਕੋਟਲੀ


ਕੀ ਇਨਸਾਨੀਅਤ...?
ਅੱਜ ਸਾਡੇ ਆਲੇ-ਦੁਆਲੇ ਜਦੋਂ ਵੀ ਕੋਈ ਦੁਰਘਟਨਾ, ਅਣਹੋਣੀ ਜਾਂ ਗ਼ੈਰ-ਕੁਦਰਤੀ ਘਟਨਾ ਵਾਪਰਦੀ ਹੈ ਤਾਂ ਅਕਸਰ ਹੀ ਕਈ ਥਾਵਾਂ 'ਤੇ ਕਈ ਲੋਕ ਝਟਪਟ ਮੋਬਾਈਲ ਫੋਨਾਂ 'ਤੇ ਉਸ ਦੀ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਲੱਗ ਪੈਂਦੇ ਹਨ ਅਤੇ ਦੁਰਘਟਨਾ ਦਾ ਸ਼ਿਕਾਰ ਹੋਇਆ ਮਨੁੱਖ ਮਾਨਵਤਾ ਅਤੇ ਸਾਡੇ ਇਖਲਾਕ 'ਤੇ ਅੱਥਰੂ ਵਹਾਉਂਦਾ ਹੋਇਆ ਜ਼ਿੰਦਗੀ-ਮੌਤ ਦੀ ਜੰਗ ਲੜ ਰਿਹਾ ਹੁੰਦਾ ਹੈ। ਕੁਝ ਮਰੀ ਹੋਈ ਜ਼ਮੀਰ ਵਾਲੇ ਅਤੇ ਗ਼ੈਰ-ਅਣਖੀ ਬੰਦੇ ਅਜਿਹੇ ਨਾਜ਼ੁਕ ਸਮੇਂ ਦੌਰਾਨ ਵੀ ਜ਼ਰੂਰਤਮੰਦ ਬੰਦੇ ਦੀ ਮਦਦ ਕਰਨ ਦੀ ਥਾਂ ਆਪਣੇ ਮਨੋਰੰਜਨ ਲਈ ਕੁਝ ਲੱਭ ਰਹੇ ਹੁੰਦੇ ਹਨ। ਕਿਸੇ 'ਤੇ ਆਈ ਹੋਈ ਮੁਸੀਬਤ ਸਮੇਂ ਉਸਦੀ ਸਹਾਇਤਾ ਕਰਨ ਦੀ ਥਾਂ ਉਸ ਦੀ ਵੀਡੀਓ ਬਣਾਉਣਾ ਜਾਂ ਉਸ ਦੀਆਂ ਫੋਟੋਆਂ ਮੋਬਾਈਲ ਫੋਨਾਂ 'ਤੇ ਖਿੱਚਣਾ ਕਿਸੇ ਵੀ ਤਰ੍ਹਾਂ ਸਹੀ ਤੇ ਉਸਾਰੂ ਸੋਚ ਦਾ ਪ੍ਰਤੀਕ ਨਹੀਂ ਹੋ ਸਕਦਾ। ਇਹ ਤਾਂ ਕੇਵਲ ਮਰ-ਮੁੱਕ ਚੁੱਕੀ ਇਨਸਾਨੀਅਤ ਦੀ ਨਿਸ਼ਾਨੀ ਹੀ ਹੋ ਸਕਦਾ ਹੈ।


-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)।


ਝੀਲਾਂ ਵੱਲ ਉਡਾਰੀ
ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪ੍ਰਵਾਸੀ ਪੰਛੀਆਂ ਨੇ ਝੀਲਾਂ ਖਾਸ ਕਰਕੇ ਹਰੀਕੇ ਝੀਲ ਵੱਲ ਨੂੰ ਉਡਾਰੀ ਭਰ ਲਈ ਹੈ। ਹਰੀਕੇ ਝੀਲ ਜੋ ਨੂੰ ਬਿਆਸ-ਸਤਲੁਜ ਦਰਿਆਵਾਂ ਦਾ ਮਿਲਾਪ ਸਥਾਨ ਹੈ, ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਪੰਛੀਆਂ ਨੇ ਵੱਡੀ ਗਿਣਤੀ 'ਚ ਆਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਇਹ ਪੰਛੀ ਅਠਖੇਲੀਆਂ ਕਰਦੇ ਹਰ ਇਕ ਦਾ ਮਨ ਮੋਹ ਰਹੇ ਹਨ। ਹਰੀਕੇ ਝੀਲ ਤੋਂ ਇਲਾਵਾ ਦੇਸ਼ ਦੇ ਹੋਰ, ਦਰਿਆਵਾਂ, ਝੀਲਾਂ, ਪੱਤਣਾਂ ਵੱਲ ਪ੍ਰਵਾਸੀ ਪੰਛੀਆਂ ਦੀ ਆਮਦ ਜਾਰੀ ਹੈ। ਪ੍ਰਵਾਸੀ ਪੰਛੀਆਂ ਦੇ ਆਉਣ ਦਾ ਅਸਲ ਕਾਰਨ ਸਰਦੀ ਦੀ ਰੁੱਤ ਇਥੇ ਬਤੀਤ ਕਰਨਾ ਹੈ। ਪ੍ਰਵਾਸੀ ਪੰਛੀਆਂ ਵਲੋਂ ਹਜ਼ਾਰਾਂ ਕਿਲੋਮੀਟਰ ਦੂਰੋਂ ਘੱਤੀਆਂ ਵਹੀਰਾਂ ਆਲਸੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਈਆਂ ਹਨ। ਇਹ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਹਰ ਪਲ ਉਡਾਰੀ ਭਰੀ ਰੱਖਦੇ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

27-11-2017

 ਕੀ ਅਸੀਂ ਪੰਜਾਬੀ ਹਾਂ?
ਪੰਜਾਬ ਵਿਚ ਹੀ ਸਾਡੀ ਮਾਤ-ਭਾਸ਼ਾ ਪੰਜਾਬੀ ਨਾਲ ਮਤਰੇਈ ਮਾਂ ਵਾਂਗ ਹੋ ਰਹੇ ਵਿਵਹਾਰ ਨੂੰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਅਸੀਂ ਪੰਜਾਬੀ ਹਾਂ। ਪੰਜਾਬੀ ਸੂਬੇ ਅੰਦਰ ਹੀ ਪੰਜਾਬੀ ਭਾਸ਼ਾ ਦੇ ਬੋਲਣ ਤੇ ਲਿਖਣ ਉੱਪਰ ਪਾਬੰਦੀਆਂ ਇਸ ਦੀ ਸੁਤੰਤਰਤਾ 'ਤੇ ਸਵਾਲੀਆ ਚਿੰਨ੍ਹ ਲਗਾ ਰਹੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਉੱਪਰ ਖੁੱਲ੍ਹੇ ਵਿਦਿਅਕ ਅਦਾਰੇ ਹੀ ਇਸ ਤੋਂ ਮੋਹ ਭੰਗ ਕਰ ਚੁੱਕੇ ਹਨ। ਕਈ ਵਾਰ ਮਹਿਸੂਸ ਹੁੰਦਾ ਹੈ ਕਿ ਲਾਜ਼ਮੀ ਪੰਜਾਬੀ ਕਿਧਰੇ ਕਿਤਾਬਾਂ ਵਿਚ ਹੀ ਨਾ ਰਹਿ ਜਾਵੇ। ਸੂਬਾ ਸਰਕਾਰਾਂ ਨੂੰ ਵੀ ਇਸ ਦੇ ਉਥਾਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਅਜਿਹਾ ਨਾ ਹੋਵੇ ਕਿ ਪੰਜਾਬੀ ਭਾਸ਼ਾ ਪ੍ਰਤੀ ਸਾਡੀ ਨਜ਼ਰ-ਅੰਦਾਜ ਸੋਚ ਤੇ ਲਾਪ੍ਰਵਾਹੀ ਵਿਦੇਸ਼ੀ ਵਸਤੂਆਂ ਵਾਂਗ ਵਿਦੇਸ਼ੀ ਭਾਸ਼ਾਵਾਂ ਨੂੰ ਪਨਾਹ ਦੇ ਦੇਵੇ ਤੇ ਅਸੀਂ ਆਪਣੀ ਪਹਿਚਾਣ ਨੂੰ ਲੱਭਦੇ ਰਹੀਏ।


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਪਦਾਰਥਵਾਦੀ
ਮਨੁੱਖ ਇਕ ਅਜਿਹਾ ਸਮਾਜਿਕ ਪ੍ਰਾਣੀ ਹੈ, ਜਿਸ ਨੇ ਆਪਣੀ ਦੁਨੀਆ ਵਸਾਈ ਹੋਈ ਹੈ। ਉਹ ਸਭ ਕੁਝ ਆਪਣੇ ਹੱਥ ਵਿਚ ਲੈ ਲੈਣਾ ਚਾਹੁੰਦਾ ਹੈ। ਉਸ ਦੀਆਂ ਲੋੜਾਂ ਬਹੁਤ ਵਧ ਗਈਆਂ ਹਨ। ਉਹ ਆਪਣੇ ਪਰਿਵਾਰ ਨੂੰ ਪਦਾਰਥਵਾਦੀ ਚੀਜ਼ਾਂ ਤਾਂ ਮੁਹੱਈਆ ਕਰਵਾ ਰਿਹਾ ਹੈ ਪਰ ਉਸ ਕੋਲ ਪਰਿਵਾਰ ਲਈ ਸਮਾਂ ਨਹੀਂ ਹੈ। ਅੱਜ ਦੇ ਸਮੇਂ ਵਿਚ ਪੈਸਾ ਹੀ ਪ੍ਰਮੁੱਖ ਹੋ ਗਿਆ ਹੈ। ਮਨੁੱਖ ਦੀ ਅਭਿਲਾਸਾ ਕਦੇ ਪੂਰੀ ਨਹੀਂ ਹੋ ਸਕਦੀ। ਪੁਰਾਣੇ ਸਮਿਆਂ ਵਿਚ ਮਨੁੱਖ ਦੀਆਂ ਲੋੜਾਂ ਸੀਮਤ ਸਨ। ਉਸ ਸਮੇਂ ਇੰਨੀ ਤਕਨੀਕ ਨਹੀਂ ਸੀ ਪਰ ਲੋਕ ਖੁਸ਼ ਸਨ। ਉਸ ਸਮੇਂ ਪਰਿਵਾਰ ਸਾਂਝੇ ਸਨ। ਲੋਕਾਂ ਵਿਚ ਪਿਆਰ ਸੀ। ਉਹ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੈਸਾ ਜੀਵਨ ਲਈ ਜ਼ਰੂਰੀ ਹੈ ਪਰ ਪੈਸਾ ਜ਼ਿੰਦਗੀ ਨਹੀਂ। ਆਪਣੇ-ਆਪ ਨੂੰ, ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਹੈ। ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ।


-ਕਮਲ ਕੋਟਲੀ


ਧੂੰਆਂ ਤੇ ਪੰਜਾਬ
ਜਲੰਧਰ ਤੋਂ ਮੇਜਰ ਸਿੰਘ ਦੀ ਰਿਪੋਰਟ 'ਧੂੰਏਂ ਦੀ ਚਾਦਰ 'ਚ ਲਿਪਟਿਆ ਪੰਜਾਬ-ਬਿਮਾਰੀਆਂ 'ਚ ਘਿਰੇ ਲੋਕ' ਸਾਨੂੰ ਸਭ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਮੌਕੇ ਦੀਆਂ ਸਰਕਾਰਾਂ ਨੇ ਆਮ ਜਨਤਾ ਦੀ ਸਿਹਤ ਨੂੰ ਅੱਖੋਂ ਓਹਲੇ ਕਰਕੇ ਚੌਧਰਦਾਰਾਂ ਦੀ ਅੜੀ 'ਤੇ ਫੁੱਲ ਚੜ੍ਹਾਏ ਅਤੇ ਅਧਿਕਾਰੀਆਂ ਨੂੰ ਪਰਾਲੀ ਸਾੜਨ ਵਾਲਿਆਂ ਖਿਲਾਫ਼ ਕਾਰਵਾਈ ਨਾ ਕਰਨ ਦਾ ਹੁਕਮ ਸੁਣਾ ਕੇ ਆਪਣਾ ਵੋਟ ਬੈਂਕ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਅਤੇ ਹੋਣ ਵਾਲੇ ਮਾਰੂ ਅਤੇ ਖਤਰਨਾਕ ਪ੍ਰਭਾਵਾਂ ਨਾਲ ਨਜਿੱਠਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ। ਬਿਨਾਂ ਸ਼ੱਕ ਅੱਜ ਪੰਜਾਬ 'ਚ ਪ੍ਰਦੂਸ਼ਣ ਕਾਰਨ ਵਾਤਾਵਰਨ ਵਿਚ ਜ਼ਹਿਰੀਲੀਆਂ ਗੈਸਾਂ ਦਾ ਪੱਧਰ ਆਮ ਨਾਲੋਂ ਕਈ ਗੁਣਾ ਜ਼ਿਆਦਾ ਹੈ, ਜਿਸ ਨਾਲ ਬਹੁਤ ਲੋਕ ਬਿਮਾਰ ਹੋ ਗਏ ਹਨ। ਭਵਿੱਖ ਦੇ ਖ਼ਤਰੇ ਨੂੰ ਦੇਖਦਿਆਂ ਇਸ ਤੋਂ ਛੁਟਕਾਰਾ ਪਾਉਣ ਲਈ ਸਮਾਜਸੇਵੀ ਸੰਸਥਾਵਾਂ ਦੀ ਮਦਦ ਨਾਲ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਅਤੇ ਪਰਾਲੀ ਨੂੰ ਸਾਂਭਣ ਲਈ ਲੋੜੀਂਦੇ ਪ੍ਰਬੰਧ ਹੁਣੇ ਤੋਂ ਜੁਟਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।


-ਸਤਨਾਮ ਸਿੰਘ ਮੱਟੂ
ਬੀਂਬੜ ਸੰਗਰੂਰ।


ਸਰਗੋਸ਼ੀਆਂ
ਕਈ ਵਾਰ ਅਸੀਂ ਕਈ ਅਖ਼ਬਾਰਾਂ ਵਿਚ ਹਫ਼ਤਾਵਾਰੀ ਕਾਲਮ ਆਦਿ ਪੜ੍ਹਦੇ ਹਾਂ, ਜੋ ਖਾਸ ਕਾਲਮ ਨਵੀਸਾਂ ਵਲੋਂ ਖਾਸ ਹੀ ਲਿਖੇ ਜਾਂਦੇ ਹਨ। ਇਸੇ ਤਰ੍ਹਾਂ ਹੀ 'ਅਜੀਤ' ਵਿਚ ਲੰਮੇ ਸਮੇਂ ਤੋਂ ਹਫ਼ਤਾਵਾਰੀ ਕਾਲਮ ਸਰਗੋਸ਼ੀਆਂ ਪੜ੍ਹਨ ਨੂੰ ਮਿਲ ਰਿਹਾ ਹੈ। ਪੰਜਾਬ ਨਾਲ ਜੁੜੀ ਹਰ ਗੱਲਬਾਤ ਨੂੰ ਸਚਾਈ ਤੇ ਰੌਚਿਕਤਾ ਨਾਲ ਪੇਸ਼ ਕੀਤਾ ਜਾਂਦਾ ਹੈ ਜੋ ਕਿ ਹਰ ਪਾਸਿਆਂ ਤੋਂ ਕਾਬਲ-ਏ-ਤਾਰੀਫ਼ ਹੁੰਦਾ ਹੈ। ਮੌਜੂਦਾ ਸਮੇਂ ਚੱਲ ਰਹੀ ਅਕਾਲੀ ਰਾਜਨੀਤੀ 'ਤੇ ਖਰੀਆਂ-ਖਰੀਆਂ ਗੱਲਾਂ ਬਾਰੇ ਇਹ ਕਾਲਮ ਪੂਰੀ ਤਰ੍ਹਾਂ ਖੁਭ ਕੇ ਅਕਾਲੀ ਦਲ ਦੇ ਆਗੂ ਪੜ੍ਹ-ਲੈਣ ਤਾਂ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਪਛਤਾਵਾ ਤਾਂ ਹੋਵੇਗਾ ਹੀ ਤੇ ਨਾਲ ਹੀ ਵਧੀਆ ਸਬਕ ਵੀ ਸਿੱਖਿਆ ਜਾ ਸਕਦਾ ਹੈ। ਕਿਉਂਕਿ ਚੰਗੇ ਕਲਮਕਾਰ ਨੇ ਤਾਂ ਕਲਮ ਚਲਾ ਕੇ ਸਚਾਈ ਦੱਸਣੀ ਹੁੰਦੀ ਹੈ। ਅਮਲ ਤਾਂ ਉਸ ਨੇ ਕਰਨਾ ਹੈ, ਜਿਸ ਨੂੰ ਲੋੜ ਹੈ। ਇਨ੍ਹਾਂ ਦੀ ਕਲਮ ਤੋਂ ਹੋਰ ਵੀ ਆਸਾਂ ਹਨ ਕਿਉਂਕਿ ਜਨਤਾ ਅੱਗੇ ਸਚਾਈ ਆਉਣੀ ਜ਼ਰੂਰੀ ਹੈ, ਮਸਲਾ ਕੋਈ ਵੀ ਹੋਵੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)

24-11-2017

 ...ਅਸੀਂ ਕਦੋਂ ਬਦਲਾਂਗੇ?
ਸੰਪਾਦਕੀ ਸਫ਼ੇ 'ਤੇ ਇੰਦਰਜੀਤ ਸਿੰਘ ਕੰਗ ਦਾ ਲੇਖ 'ਵਾਤਾਵਰਨ ਤਾਂ ਬਦਲ ਰਿਹਾ ਹੈ, ਅਸੀਂ ਕਦੋਂ ਬਦਲਾਂਗੇ?' ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਧਿਆਨ ਮੰਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਕੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸਿਹਤ ਨਾਲ ਜੁੜੇ ਮੁੱਦੇ ਖ਼ਤਮ ਹੋ ਜਾਣ। ਸਰਕਾਰਾਂ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਰਾਜਨੀਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਝੋਨੇ ਦੀ ਪਰਾਲੀ ਨੂੰ ਫੂਕਣਾ ਇਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਪਿਛਲੇ ਸਾਲਾਂ ਤੋਂ ਸਰਕਾਰਾਂ ਨੂੰ ਇਸ ਪ੍ਰਤੀ ਸੁਚੇਤ ਕਰਕੇ ਵਾਤਾਵਰਨ ਨੂੰ ਹਾਨੀਕਾਰਕ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਾਉਣ ਲਈ ਇਸ ਪ੍ਰਤੀ ਢੁਕਵੇਂ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕਰਦਾ ਆ ਰਿਹਾ ਹੈ ਪਰ ਸਰਕਾਰਾਂ ਨੇ ਇਸ ਪ੍ਰਤੀ ਅਵੇਸਲਾਪਣ ਧਾਰੀ ਰੱਖਿਆ। ਕੇਂਦਰ ਸਰਕਾਰ ਨੇ ਵੀ ਇਸ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ, ਜਦ ਕਿ ਦੇਸ਼ ਦੀ ਰਾਜਧਾਨੀ ਵਿਚ ਪਿਛਲੇ ਸਾਲ ਵੀ ਪ੍ਰਦੂਸ਼ਣ ਸਭ ਹੱਦਾਂ ਬੰਨੇ ਪਾਰ ਕਰ ਗਿਆ ਸੀ। ਆਓ ਆਪਾਂ ਸਾਰੇ ਰਲ ਕੇ ਕੁਦਰਤ ਦੀ ਇਸ ਅਮੁੱਲੀ ਦਾਤ ਨੂੰ ਸਾਂਭਣ ਦਾ ਯਤਨ ਕਰੀਏ ਅਤੇ ਧਰਤੀ ਨੂੰ ਹਰਾ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਈਏ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰੀਏ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਸਹੀ ਹੱਲ ਲੱਭਣ ਦੀ ਲੋੜ
ਇਸ ਵਿਚ ਕੋਈ ਸ਼ੱਕ ਨਹੀਂ ਕਿ ਵਾਤਾਵਰਨ ਵਿਚ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ। ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਅੱਗ ਲਗਾਉਣ ਨਾਲ ਦਰੱਖਤ ਵੀ ਝੁਲਸ ਜਾਂਦੇ ਹਨ। ਕਿਸਾਨਾਂ ਨੂੰ ਵੀ ਪਤਾ, ਕਿ ਉਨ੍ਹਾਂ ਨੇ ਵੀ ਉਸ ਕੁਦਰਤ ਵਿਚ ਜ਼ਿੰਦਗੀ ਬਤੀਤ ਕਰਨੀ ਹੈ। ਕਿਸਾਨਾਂ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਪਰਾਲੀ ਨੂੰ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ। ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ। ਕਿਸਾਨਾਂ ਨੂੰ ਪਰਾਲੀ ਦਾ ਹੱਲ ਚਾਹੀਦਾ ਹੈ। ਸਰਕਾਰਾਂ ਪਿਛਲੇ ਸਮੇਂ ਤੋਂ ਇਸ ਦਾ ਹੱਲ ਲੱਭਣ ਲਈ ਉਪਰਾਲੇ ਕਰ ਰਹੀਆਂ ਹਨ।

-ਕਮਲ ਕੋਟਲੀ

ਸਿਆਸੀ ਦਖ਼ਲ
ਆਮ ਦੇਖਣ ਵਿਚ ਆਇਆ ਹੈ ਕਿ ਸਿਆਸੀ ਪਾਰਟੀਆਂ ਜਦੋਂ ਸੱਤਾ ਵਿਚ ਆਉਂਦੀਆਂ ਹਨ, ਤਾਂ ਪੁਲਿਸ ਕੋਲੋਂ ਗ਼ੈਰ-ਕਾਨੂੰਨੀ ਕੰਮ ਕਰਵਾਉਂਦੀਆਂ ਹਨ। ਵਿਰੋਧੀ ਧਿਰ ਦੇ ਨੇਤਾਵਾਂ ਅਤੇ ਪਾਰਟੀ ਵਰਕਰਾਂ ਉੱਪਰ ਝੂਠੇ ਪਰਚੇ ਦਰਜ ਕਰਵਾਏ ਜਾਂਦੇ ਹਨ। ਹਾਰ-ਜਿੱਤ ਤਾਂ ਬਣੀ ਹੀ ਰਹਿੰਦੀ ਹੈ, ਸਾਰੇ ਕਿੱਥੋਂ ਜਿੱਤ ਜਾਣ। ਚੋਣਾਂ ਪਿਛੋਂ ਹਾਰੇ ਅਤੇ ਜਿੱਤੇ ਮਿਲ ਕੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ। ਬੇਰੁਜ਼ਗਾਰੀ, ਗ਼ਰੀਬੀ, ਬਿਮਾਰੀ, ਭ੍ਰਿਸ਼ਟਾਚਾਰ ਅਤੇ ਖ਼ੁਦਕੁਸ਼ੀਆਂ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਪੁਲਿਸ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਸਮਾਜ ਵਿਚ ਵਧ ਰਹੇ ਜੁਰਮਾਂ ਅਤੇ ਗੁੰਡਾਗਰਦੀ ਦਾ ਡੱਟ ਕੇ ਮੁਕਾਬਲਾ ਕਰ ਸਕਣ। ਇਸ ਲਈ ਪੁਲਿਸ ਨੂੰ ਪੂਰਨ ਆਜ਼ਾਦੀ ਵਿਚ ਕੰਮ ਕਰਨ ਦੇਣਾ ਚਾਹੀਦਾ ਹੈ, ਸਿਆਸੀ ਲੋਕਾਂ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

22-11-2017

 ਸਿੱਖਿਆ ਪ੍ਰਣਾਲੀ
ਸਾਡੀ ਸਿੱਖਿਆ ਪ੍ਰਣਾਲੀ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਕਿਧਰੇ ਵੀ ਨੌਜਵਾਨ ਪੀੜ੍ਹੀ, ਸਮਾਜ ਲਈ ਪੂਰੀ ਤਰ੍ਹਾਂ ਲਾਹੇਵੰਦ ਨਹੀਂ ਹਨ। ਸਰਕਾਰੀ ਸਕੂਲਾਂ ਦੀ ਜੋ ਹਾਲਤ ਹੈ, ਉਹ ਕਿਸੇ ਤੋਂ ਵੀ ਲੁਕੀ-ਛਿਪੀ ਨਹੀਂ ਹੈ। ਟੁੱਟੀਆਂ ਇਮਾਰਤਾਂ, ਅਧਿਆਪਕਾਂ ਤੋਂ ਵਿਹੂਣੇ ਸਕੂਲ, ਮੁਢਲੀਆਂ ਸਹੂਲਤਾਂ, ਪੀਣ ਵਾਲਾ ਪਾਣੀ ਤੇ ਪਖਾਨਿਆਂ ਨੂੰ ਬਣਾਉਣਾ ਇਹ ਤਾਂ ਸੋਚ ਵਿਚ ਹੈ ਹੀ ਨਹੀਂ। ਸਿੱਖਿਆ ਦਾ ਪ੍ਰਬੰਧ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਮੁਢਲੀਆਂ ਸਹੂਲਤਾਂ ਵਿਚੋਂ ਇਕ ਹੈ। ਪੜ੍ਹਾਈ ਤੋਂ ਬਾਅਦ ਨੌਕਰੀ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ। ਪ੍ਰਾਈਵੇਟ ਸਕੂਲਾਂ, ਕਾਲਜਾਂ ਦੀ ਭਰਮਾਰ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਡਿਗਰੀਆਂ ਲੈ ਕੇ ਬਾਹਰ ਨਿਕਲਦੇ ਹਨ ਤੇ ਫਿਰ ਬੇਰੁਜ਼ਗਾਰੀ ਨਾਲ ਜੂਝ ਰਹੀ ਭੀੜ ਦਾ ਇਕ ਹਿੱਸਾ ਬਣ ਜਾਂਦੇ ਹਨ। ਦੇਸ਼ ਹੈ ਤਾਂ ਕੁਰਸੀਆਂ ਹਨ, ਇਹ ਸ਼ਾਹੀ ਠਾਠ-ਬਾਠ ਹਨ। ਵਧੀਆ ਤੇ ਬਰਾਬਰ ਦੀ ਸਿੱਖਿਆ ਹੋਵੇ। ਗ਼ਰੀਬ ਵੀ ਦੇਸ਼ ਦਾ ਨਾਗਰਿਕ ਹੈ।


-ਪ੍ਰਭਜੋਤ ਕੌਰ ਢਿੱਲੋਂ


ਰੁਜ਼ਗਾਰ ਮੇਲੇ ਤੇ ਨੌਜਵਾਨ
ਕੈਪਟਨ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਏ ਗਏ ਰੁਜ਼ਗਾਰ ਮੇਲੇ ਬੇਹੱਦ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਥੇ ਵੱਖ-ਵੱਖ ਕੰਪਨੀਆਂ ਤੇ ਮਹਿਕਮਿਆਂ ਦੇ ਕਾਮਿਆਂ ਸਬੰਧੀ ਲੋੜ ਨੂੰ ਵੀ ਆਸਾਨੀ ਨਾਲ ਪੂਰਾ ਕਰਕੇ ਅਤੇ ਉਤਪਾਦਨ ਵਧਾ ਕੇ ਰਾਜ ਨੂੰ ਆਰਥਿਕ ਪਖੋਂ ਮਜ਼ਬੂਤ ਕੀਤਾ ਜਾ ਸਕੇਗਾ ਪਰ ਇਹ ਬਹੁਤ ਹੈਰਾਨੀ ਭਰੀ ਗੱਲ ਹੈ ਕਿ ਏਨਾ ਵਧੀਆ ਮੌਕਾ ਦਿੱਤੇ ਜਾਣ ਦੇ ਬਾਵਜੂਦ ਵੀ ਬਹੁਤੇ ਨੌਜਵਾਨ ਇੰਟਰਵਿਊ ਦੇਣ ਸਿਰਫ਼ ਇਸ ਕਰਕੇ ਨਹੀਂ ਪਹੁੰਚਦੇ ਕਿਉਂਕਿ ਉਨ੍ਹਾਂ ਨੂੰ ਪ੍ਰਾਈਵੇਟ ਨੌਕਰੀ ਤੋਂ ਮਿਲਣ ਵਾਲੇ 20-30 ਹਜ਼ਾਰ ਰੁਪਏ ਨਾਲੋਂ ਘਰ ਵਿਚ ਵਿਹਲੇ ਬੈਠੇ ਰਹਿਣਾ ਜ਼ਿਆਦਾ ਬਿਹਤਰ ਜਾਪਦਾ ਹੈ। ਇਹ ਗੱਲ ਅੱਜ ਦੇ ਨੌਜਵਾਨਾਂ ਦੀ ਨਕਾਰਾਤਮਕ ਮਾਨਸਿਕਤਾ ਉਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਸਮੇਂ ਦੀ ਮੰਗ ਇਹ ਹੈ ਕਿ ਸਿੱਖਿਆ ਅਤੇ ਹੋਰ ਸਾਧਨਾਂ ਦੇ ਮਾਧਿਅਮ ਰਾਹੀਂ ਨੌਜਵਾਨ ਪੀੜ੍ਹੀ ਦੀ ਸੋਚ ਵਿਚ ਉਸਾਰੂ ਪਰਿਵਰਤਨ ਲਿਆ ਕੇ ਉਨ੍ਹਾਂ ਨੂੰ ਕਿਰਤ ਲਈ ਪ੍ਰੇਰਿਆ ਜਾਵੇ, ਤਾਂ ਜੋ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਬੱਝ ਸਕੇ।


-ਤਾਨੀਆ
ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ।


ਅਧਿਆਪਕ ਫ਼ਰਜ਼ ਪਛਾਨਣ
ਸਕੂਲਾਂ ਵਿਚ ਬੱਚਿਆਂ ਦੀ ਨਫਰੀ ਕਿਉਂ ਘੱਟ ਹੈ, ਇਸ ਗੱਲ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ। ਨੌਕਰੀ ਛੁੱਟਣ ਦੇ ਡਰ ਨਾਲ ਅਧਿਆਪਕ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ। ਪਰ ਸਰਕਾਰ ਵੀ ਕੀ ਕਰੇ? 800 ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ 20 ਨਾਲੋਂ ਵੀ ਘੱਟ ਹੈ। ਸਰਕਾਰ ਬੁੱਢਿਆਂ ਨੂੰ 750 ਰੁਪਏ ਦੇਣ ਲਈ 6-6 ਮਹੀਨੇ ਲਾ ਰਹੀ ਹੈ। ਅਧਿਆਪਕਾਂ ਦੀਆਂ ਮੋਟੀਆਂ ਤਨਖਾਹਾਂ ਅਤੇ ਸਕੂਲ ਦੇ ਹੋਰ ਖਰਚੇ ਕਿਵੇਂ ਪੂਰੇ ਕਰੇ? ਬਹੁਤੇ ਅਧਿਆਪਕਾਂ ਦੇ ਤਾਂ ਆਪਣੇ ਹੀ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ। ਸਰਕਾਰ ਇਹ ਲਾਜ਼ਮੀ ਕਰੇ ਕਿ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਨਗੇ ਤਾਂ ਹੀ ਅਧਿਆਪਕ ਨੌਕਰੀ ਦਾ ਹੱਕਦਾਰ ਹੈ। ਸਰਕਾਰ ਵੀ ਅਧਿਆਪਕਾਂ ਨੂੰ ਪੜ੍ਹਾਈ ਵਲੋਂ ਹਟਾ ਕੇ ਹੋਰ ਕੰਮਾਂ ਵੱਲ ਤੋਰਨਾ ਛੱਡ ਦੇਵੇ ਤਾਂ ਕਿ ਅਧਿਆਪਕ ਇਕ ਮਨ ਹੋ ਕੇ ਪੜ੍ਹਾ ਸਕਣ।


-ਭੁਪਿੰਦਰ ਸਿੰਘ ਬੱਸਣ

20-11-2017

 ਜ਼ਹਿਰੀਲੀਆਂ ਹਵਾਵਾਂ

ਪੰਜਾਬ ਪਿਛਲੇ ਦਿਨੀਂ ਸੰਘਣੀਆਂ ਕਾਲੀਆਂ ਹਵਾਵਾਂ ਦੀ ਮਾਰ ਹੇਠ ਆਇਆ ਹੋਇਆ ਸੀ। ਚਾਰੇ ਪਾਸੇ ਧੂੰਏਂ ਦੇ ਗੁਬਾਰ ਹੀ ਨਜ਼ਰ ਆਉਂਦੇ ਸਨ। ਕੁਦਰਤੀ ਨਿਆਮਤਾਂ ਦੇ ਵਰੋਸਾਏ ਇਸ ਖਿੱਤੇ ਨੂੰ ਅਸੀਂ ਖੁਦ ਉਜਾੜਨ ਦੇ ਰਾਹ ਪਏ ਹੋਏ ਹਾਂ। ਆਮ ਲੋਕ ਇਸ ਵਰਤਾਰੇ ਲਈ ਕਿਸਾਨ ਵਰਗ ਨੂੰ ਦੋਸ਼ੀ ਸਮਝ ਰਹੇ ਨੇ ਤੇ ਪਹਿਲਾਂ ਹੀ ਹਾਲਾਤ ਦੀ ਝੰਬੀ ਕਿਸਾਨੀ ਦੀ ਉਂਗਲ ਸਰਕਾਰ ਵੱਲ ਸਿੱਧੀ ਹੈ। ਪਰ ਜਿਸ ਬੇਦਰਦ ਤਰੀਕੇ ਨਾਲ ਅਸੀਂ ਆਪਣੇ ਵਰਤਮਾਨ ਨੂੰ ਸਾੜ ਰਹੇ ਹਾਂ, ਭਵਿੱਖ ਲਈ ਸਾਡੇ ਕੋਲ ਕਾਲਖ ਤੋਂ ਸਿਵਾ ਕੁਝ ਨਹੀਂ ਬਚੇਗਾ। ਦਰਿਆਵਾਂ ਦੀ ਧਰਤੀ 'ਤੇ ਬੋਤਲ ਬੰਦ ਪਾਣੀ ਪਹਿਲਾਂ ਹੀ ਵਿਕ ਰਿਹਾ ਹੈ। ਜੇ ਹਾਲਾਤ ਇੰਜ ਹੀ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਆਕਸੀਜਨ ਦਾ ਸਿਲੰਡਰ ਹਰ ਇਕ ਦੀ ਪਿੱਠ ਉੱਤੇ ਬੱਝਾ ਹੋਵੇਗਾ।

-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

ਸਰਕਾਰੀ ਸਕੀਮਾਂ ਦਾ ਹਸ਼ਰ

ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਕੋਈ ਵੀ 8ਵੀਂ ਪਾਸ ਜਾਂ ਜ਼ਿਆਦਾ ਪੜ੍ਹਿਆ ਹੋਇਆ ਵਿਅਕਤੀ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਤੋਂ 25 ਲੱਖ ਰੁਪਏ ਤੱਕ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਅਜਿਹੀਆਂ ਸਕੀਮਾਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਪਹਿਲਾਂ ਵੀ ਬਹੁਤ ਹਨ। ਦੁੱਖ ਦੀ ਗੱਲ ਹੈ, ਜਦੋਂ ਲੋੜਵੰਦ ਸਹਾਇਤਾ ਲੈਣ ਲਈ ਬੈਂਕ ਤੱਕ ਪਹੁੰਚ ਕਰਦਾ ਹੈ ਤਾਂ ਬੈਂਕ ਕਰਮਚਾਰੀਆਂ ਦੀ ਬੇਰੁਖ਼ੀ ਉਹਦੇ ਸੁਪਨੇ ਨੂੰ ਤਾਰ-ਤਾਰ ਕਰ ਦਿੰਦੀ ਹੈ। ਉਹ ਸਹਾਇਤਾ ਲੈਣ ਲਈ ਅਜਿਹੀਆਂ ਸ਼ਰਤਾਂ ਲਾਉਂਦੇ ਹਨ, ਜਿਹੜੀਆਂ ਲੋੜਵੰਦ ਲਈ ਪੂਰੀਆਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਕਈ ਵਾਰ ਕਹਿੰਦੇ ਹਨ ਕਿ ਕਿਸੇ ਸਰਕਾਰੀ ਨੌਕਰੀ ਕਰਦੇ ਵਿਅਕਤੀ ਦੀ ਜ਼ਿੰਮੇਵਾਰੀ ਪਵਾਓ। ਖੱਜਲ-ਖੁਆਰ ਹੋ ਕੇ ਅਖੀਰ ਨੂੰ ਲੋੜਵੰਦ ਸਹਾਇਤਾ ਦਾ ਖਿਆਲ ਛੱਡ ਕੇ ਮਜ਼ਦੂਰੀ ਕਰਨ ਨੂੰ ਹੀ ਪਹਿਲ ਦਿੰਦਾ ਹੈ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਮੁੱਖ ਮੰਤਰੀ ਦਾ ਪੰਜਾਬੀ ਪ੍ਰੇਮ

ਉਂਜ ਤਾਂ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਪੰਜਾਬੀ ਨਾਲ ਪ੍ਰੇਮ ਦਾ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ, ਜਦੋਂ ਉਨ੍ਹਾਂ ਨੇ ਆਪਣੇ ਅਹੁਦੇ ਦੀ ਸਹੁੰ ਅੰਗਰੇਜ਼ੀ ਵਿਚ ਚੁੱਕੀ ਸੀ, ਖੈਰ! ਹੁਣ ਜਦੋਂ ਪੰਜਾਬੀ ਖ਼ਬਰਾਂ ਵਾਲੇ ਚੈਨਲਾਂ 'ਤੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੁਣਦੇ ਹਾਂ ਤਾਂ ਉਨ੍ਹਾਂ ਨੂੰ ਪੂਰੀ ਅੰਗਰੇਜ਼ੀ ਦੀ ਪੁੱਠ ਚੜ੍ਹੀ ਹੁੰਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰ ਵੀਰ ਪੰਜਾਬੀ ਵਿਚ ਸਵਾਲ ਕਰਦੇ ਹਨ ਤਾਂ ਉਸ ਵੇਲੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਅੰਗਰੇਜ਼ੀ ਦਾ ਮਿਸ਼ਰਣ ਕਰਕੇ ਜਵਾਬ ਦਿੰਦੇ ਹਨ। ਜਦੋਂ ਹਰ ਗੱਲਬਾਤ ਪੰਜਾਬ ਨਾਲ ਹੀ ਸਬੰਧਤ ਹੁੰਦੀ ਹੈ, ਫਿਰ ਅੰਗਰੇਜ਼ੀ ਨੂੰ ਪਹਿਲ ਕਿਉਂ? ਅੱਜਕਲ੍ਹ ਪੰਜਾਬ ਵਿਚ ਸੜਕੀ ਬੋਰਡਾਂ 'ਤੇ ਪੰਜਾਬੀ ਦਾ ਮਸਲਾ ਭਖਿਆ ਹੈ। ਜਲੰਧਰ ਵਿਚ ਇਸੇ ਵਿਸ਼ੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਬਾਰੇ ਹੋ ਰਹੀ ਗੱਲਬਾਤ ਦਾ ਜ਼ਿਕਰ ਵੀ ਅੰਗਰੇਜ਼ੀ ਵਿਚ ਹੀ ਕੀਤਾ ਤੇ ਇਹ ਸੁਣ ਕੇ ਮੁੱਖ ਮੰਤਰੀ ਜੀ ਦੇ ਅੰਗਰੇਜ਼ੀ ਮੋਹ ਦਾ ਫਿਰ ਪਤਾ ਚਲ ਗਿਆ।

-ਬਲਬੀਰ ਸਿੰਘ ਬੱਬੀ

ਪਾਣੀ ਬਚਾਓ

ਪਾਣੀ ਇਕ ਬਹੁਤ ਹੀ ਅਨਮੋਲ ਅਤੇ ਵਡਮੁੱਲੀ ਦਾਤ ਹੈ। ਪਾਣੀ ਜੀਵ-ਜੰਤੂ ਅਤੇ ਪੰਛੀਆਂ ਲਈ ਬਹੁਤ ਹੀ ਜ਼ਰੂਰੀ ਹੈ। ਮਨੁੱਖ ਰੋਟੀ ਤੋਂ ਬਿਨਾਂ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦਾ। ਇਸ ਲਈ ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਅੱਜ ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਪਰਲਾ ਪਾਣੀ ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ ਵੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ। ਕਈ ਅਜਿਹੀਆਂ ਥਾਵਾਂ ਹਨ, ਜਿਥੇ ਪੀਣ ਯੋਗ ਪਾਣੀ ਨਹੀਂ ਹੈ। ਇਸ ਲਈ ਸਾਨੂੰ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨੀ ਚਾਹੀਦੀ ਹੈ।

-ਰਮਨਦੀਪ ਕੌਰ
ਪੱਤਰਕਾਰੀ ਵਿਭਾਗ, ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ।

15-11-2017

 ਮਿਲਾਵਟ

ਬਾਜ਼ਾਰਾਂ ਦੀਆਂ ਦੁਕਾਨਾਂ ਵਿਚ ਵੱਖ-ਵੱਖ ਰੰਗਾਂ ਵਿਚ ਰੱਖ ਕੇ ਸਜਾਈਆਂ ਗਈਆਂ ਮਠਿਆਈਆਂ ਵਿਚ ਕਈ ਤਰ੍ਹਾਂ ਦੇ ਜ਼ਹਿਰ ਮਿਲਾਏ ਜਾਂਦੇ ਹਨ। ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਮਿਲਾ ਕੇ ਨਕਲੀ ਦੁੱਧ, ਖੋਆ, ਘਿਓ, ਪਨੀਰ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਖਾਣ ਵਾਲੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਅਜਿਹੇ ਲੋਕ ਆਪਣੀ ਔਲਾਦ ਖ਼ਾਤਰ ਅਤੇ ਪੈਸੇ ਕਮਾਉਣ ਲਈ ਦੂਜੇ ਪਰਿਵਾਰਾਂ ਵਿਚ ਬਿਮਾਰੀਆਂ ਵੰਡ ਰਹੇ ਹਨ। ਕਿਥੇ ਭਲਾ ਹੋਵੇਗਾ ਅਜਿਹੇ ਮਿਲਾਵਟਖੋਰਾਂ ਦਾ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਸੁਰੱਖਿਆ ਲਈ ਤਿਉਹਾਰਾਂ ਦੇ ਦਿਨਾਂ ਵਿਚ ਖਰੀਦਣ ਵਾਲੀਆਂ ਮਠਿਆਈਆਂ ਤੋਂ ਪ੍ਰਹੇਜ਼ ਕੀਤਾ ਜਾਵੇ। ਬੱਚਿਆਂ ਨੂੰ ਘਰ ਵਿਚ ਤਿਆਰ ਕੀਤੀਆਂ ਚੀਜ਼ਾਂ ਹੀ ਖਵਾਓ, ਕਿਉਂਕਿ ਮਿਲਾਵਟਖੋਰ ਦਾ ਧੰਦਾ ਬੰਦ ਨਹੀਂ ਹੋਣਾ।

-ਪਿਆਰਾ ਸਿੰਘ ਮਾਸਟਰ
ਨਕੋਦਰ।

ਜ਼ਿੰਮੇਵਾਰੀ ਸਮਝਣ ਨਿੱਜੀ ਸਕੂਲ

\ਅਜੋਕੇ ਦੌਰ ਵਿਚ ਹਰ ਇਕ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਇ ਨਿੱਜੀ ਸਕੂਲਾਂ ਵਿਚ ਪੜ੍ਹਾਉਣ ਨੂੰ ਵਧੇਰੇ ਅਹਿਮੀਅਤ ਦਿੰਦੇ ਹਨ, ਬੇਸ਼ੱਕ ਇਸ ਦੇ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਨਾਲੋਂ ਕਈ ਗੁਣਾ ਜ਼ਿਆਦਾ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਪਰ ਬੱਚੇ ਦੇ ਬਿਹਤਰ ਭਵਿੱਖ ਲਈ ਆਪਣੀਆਂ ਜੇਬਾਂ 'ਤੇ ਪੈਂਦਾ ਵਾਧੂ ਭਾਰ ਉਨ੍ਹਾਂ ਲਈ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦਾ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਸਕੂਲਾਂ ਵਾਲੇ ਸਰਕਾਰ ਵਲੋਂ ਟਰਾਂਸਪੋਰਟ ਲਈ ਜਾਰੀ ਕੀਤੀ ਗਈ ਗਾਈਡਲਾਈਨ ਨੂੰ ਅੱਖੋਂ-ਪਰੋਖੇ ਰੱਖਦੇ ਹਨ। ਸਕੂਲਾਂ ਵਿਚ ਖਸਤਾ ਹਾਲ ਬੱਸਾਂ ਦੀ ਵਰਤੋਂ ਕਰਨੀ, ਗ਼ੈਰ-ਤਜਰਬੇਕਾਰ ਡਰਾਈਵਰ ਭਰਤੀ ਕਰਨੇ ਅਤੇ ਅਤੇ ਡਰਾਈਵਰਾਂ ਦੇ ਨਾਲ ਬੱਚਿਆਂ ਦੀ ਨਜ਼ਰਸਾਨੀ ਰੱਖਣ ਲਈ ਸਹਾਇਕ ਨਾ ਰੱਖਣੇ ਇਹ ਉਹ ਅਹਿਮ ਘਾਟਾਂ ਹਨ, ਜੋ ਜ਼ਿਆਦਾਤਰ ਸਕੂਲਾਂ ਵਿਚ ਆਮ ਵੇਖਣ ਨੂੰ ਮਿਲਦੀਆਂ ਹਨ। ਇਸ ਲਈ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਹਰ ਹਾਲਤ ਵਿਚ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਸਕੂਲੀ ਬੱਸਾਂ ਦੀ ਰੋਜ਼ਾਨਾ ਚੈਕਿੰਗ ਕਰਦਾ ਰਹੇ, ਤਾਂ ਜੋ ਮਾਪਿਆਂ ਦੀਆਂ ਅੱਖਾਂ ਦੇ ਤਾਰੇ ਘਰੋਂ ਜਾਣ ਤੇ ਘਰ ਵਾਪਸ ਆਉਣ ਤੱਕ ਮਹਿਫੂਜ਼ ਰਹਿ ਸਕਣ।

-ਸਰਵਣ ਸਿੰਘ ਭੰਗਲਾਂ
ਸਮਰਾਲਾ (ਲੁਧਿਆਣਾ)

ਜ਼ਿੰਦਗੀ ਨੂੰ ਜ਼ਿੰਦਾਦਿਲੀ ਬਣਾਓ

'ਕੁਝ ਠਹਿਰ ਜਿੰਦੜੀਏ ਠਹਿਰ, ਠਹਿਰ ਮੈਂ ਹੋਰ ਬੜਾ ਕੁਝ ਕਰਨਾ', ਲੇਖਕ ਸਵਰਨ ਸਿੰਘ ਟਹਿਣਾ ਨੇ ਖਰੀਆਂ-ਖਰੀਆਂ ਅਧੀਨ ਬਾਖੂਬ ਲਿਖਿਆ। ਜਿਊਂਦੇ ਜੀਅ ਕੋਈ ਯਾਦ ਕਰੇ ਨਾ ਕਰੇ ਪਰ ਮਰਨ ਉਪਰੰਤ ਇਹ ਜ਼ਰੂਰ ਕਹਿ ਯਾਦ ਕਰਦੇ ਹਨ ਕਿ ਉਹ ਬਹੁਤ ਚੰਗਾ ਸੀ, ਉਹ ਬਹੁਤ ਮਾੜਾ ਸੀ, ਉਹ ਤਾਂ ਪੁਆੜੇ ਦੀ ਜੜ੍ਹ ਸੀ। ਉਹ ਤਾਂ ਨਿਰਾ ਪੁਆੜੇ ਦੀ ਥਾਂ ਸੀ। ਨਾ ਟਿਕਦਾ ਨਾ ਟਿਕਣ ਦਿੰਦਾ। ਉਹ ਬੰਦਾ ਤਾਂ ਸੁੱਖ-ਦੁੱਖ 'ਚ ਸਾਥੀ ਸੀ। ਜ਼ਿੰਦਗੀ ਭੋਗਣ ਦਾ ਨਾਂਅ ਨਹੀਂ ਹੈ। ਇਹ ਤਾਂ ਕੁਝ ਕਰ ਗੁਜ਼ਰਨ ਦਾ ਸਮਾਂ ਹੈ। ਉਜੱਡ ਸੁਭਾਅ, ਜ਼ਿਦਬਾਜ਼ੀ, ਹੰਕਾਰ, ਲਾਲਚੀ, ਮੌਕਾਪ੍ਰਸਤ ਬੰਦਾ ਕੁੰਢੀ ਫਸਾਈ ਰੱਖਦਾ ਹੈ, ਖਹਿੜਾ ਹੀ ਨਹੀਂ ਛੱਡਦਾ। ਇਹ ਜ਼ਿੰਦਗੀ ਨਹੀਂ। ਇਹ ਹੰਕਾਰ ਏ ਜਿਹੜਾ ਬੰਦੇ ਨੂੰ ਖਾ ਜਾਂਦਾ ਹੈ। ਇਹ ਨਿਰਾ ਨਰਕ ਹੈ। ਸਮਾਂ ਬੜਾ ਬਲਵਾਨ ਹੈ। ਇਸ ਦੀ ਕਦਰ ਕਰਨੀ ਚਾਹੀਦੀ ਹੈ। ਹੱਥੋਂ ਲੰਘ ਗਿਆ ਤਾਂ ਮੁੜ ਕੇ ਨਹੀਂ ਆਏਗਾ। ਇਸ ਲਈ ਜ਼ਿੰਦਗੀ ਨੂੰ ਜ਼ਿੰਦਾਦਿਲੀ ਬਣਾਓ। ਦੂਜਿਆਂ ਲਈ ਜੀਓ। ਫਿਰ ਦੇਖੋ ਜ਼ਿੰਦਗੀ ਦਾ ਰੰਗ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ-142001.

14-11-2017

 ਮਾਤ ਭਾਸ਼ਾ ਦੇ ਭਗੌੜੇ
ਪਿਛਲੇ ਦਿਨੀਂ ਬਠਿੰਡਾ-ਫ਼ਰੀਦਕੋਟ ਨੈਸ਼ਨਲ ਹਾਈਵੇਜ਼ ਉੱਪਰ ਅੰਗਰੇਜ਼ੀ-ਹਿੰਦੀ ਵਿਚ ਲਿਖੇ ਮੀਲ ਪੱਥਰਾਂ ਉੱਪਰ ਕਿਸੇ ਨੇ ਕਾਲਖ ਫੇਰਨ ਦਾ ਸ਼ੁਭ ਕਾਰਜ ਕਰ ਦਿੱਤਾ। ਪੰਜਾਬ ਸੂਬੇ ਦੀ ਮਾਤ ਭਾਸ਼ਾ ਪੰਜਾਬੀ ਹੈ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਾਨੂੰ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ ਹਨ ਅਤੇ ਨੁਕਸਾਨ ਝੱਲਣੇ ਪਏ। ਪਰ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਵੀ ਸਰਕਾਰੀ ਕੰਮ-ਕਾਰ ਵਾਲੀ ਭਾਸ਼ਾ ਦਾ ਦਰਜਾ ਨਹੀਂ ਮਿਲਿਆ। ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀਆਂ ਹੋਣ, ਉਹ ਅੰਗਰੇਜ਼ੀ, ਹਿੰਦੀ ਦਾ ਮੋਹ ਹੀ ਪਾਲਦੀਆਂ ਰਹੀਆਂ ਹਨ, ਪੰਜਾਬੀ ਨਾਲ ਹਮੇਸ਼ਾ ਧੱਕੇਸ਼ਾਹੀ ਹੀ ਹੁੰਦੀ ਰਹੀ। ਕੀ ਕੋਈ ਸਰਕਾਰ ਮਹਾਰਾਸ਼ਟਰ ਜਾਂ ਕਿਸੇ ਹੋਰ ਹਿੰਦੂ ਭਾਸ਼ਾਈ ਸੂਬੇ ਦੀ ਮਾਤ ਭਾਸ਼ਾ ਨਾਲ ਅਜਿਹੀ ਧੱਕੇਸ਼ਾਹੀ ਕਰ ਸਕਦੀ ਹੈ? ਕਦੇ ਵੀ ਨਹੀਂ। ਸਾਨੂੰ ਆਲਸ ਤਿਆਗ ਕੇ, ਮਾਤ ਭਾਸ਼ਾ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਵਿੱਢਣਾ ਪਏਗਾ। ਭਾਵੇਂ ਮੀਲ ਪੱਥਰਾਂ 'ਤੇ ਕਾਲਖ ਫੇਰਨ ਦੀ ਜ਼ਿੰਮੇਵਾਰੀ ਕਿਸੇ ਜਥੇਬੰਦੀ ਨੇ ਨਹੀਂ ਲਈ ਪਰ ਸਾਰੇ ਪੰਜਾਬੀਆਂ ਨੂੰ ਅਜਿਹੇ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ।

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਵਾਤਾਵਰਨ ਪ੍ਰਦੂਸ਼ਣ
ਅੱਜਕਲ੍ਹ ਪ੍ਰਦੂਸ਼ਣ ਨੂੰ ਲੈ ਕੇ ਮੀਡੀਏ 'ਚ ਗੱਲ ਜ਼ੋਰਾਂ 'ਤੇ ਹੈ ਕਿ ਪਰਾਲੀ ਨੂੰ ਅੱਗਾਂ ਲਾਉਣ ਨਾਲ ਇਕ ਤਾਂ ਧਰਤੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਤੇ ਅਨੇਕਾਂ ਪੇੜ-ਪੌਦੇ, ਪੰਛੀ ਅਤੇ ਮਿੱਤਰ ਕੀੜਿਆਂ ਦਾ ਨਾਸ ਹੁੰਦਾ ਹੈ ਤੇ ਦੂਜੇ ਪਾਸੇ ਵਾਤਾਵਰਨ ਮਾਹਿਰਾਂ ਅਨੁਸਾਰ ਪਰਾਲੀ ਦੇ ਧੂੰਏਂ ਨਾਲ ਵਾਤਾਵਰਨ ਪਲੀਤ ਭਾਵ ਪ੍ਰਦੂਸ਼ਣ ਵਿਚ ਚੋਖਾ ਵਾਧਾ ਹੁੰਦਾ ਹੈ। ਗੱਲ ਤਾਂ ਪੂਰੀ ਤਰ੍ਹਾਂ ਮੰਨਣ ਵਿਚ ਆ ਰਹੀ ਹੈ, ਪਰਾਲੀ ਨੂੰ ਅੱਗਾਂ ਲਾਉਣਾ ਆਦਿ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਨੁੱਖਤਾ ਦਾ ਭਲਾ ਹੁੰਦਾ ਹੈ। ਅੱਜ ਤੇਜ਼ੀ ਨਾਲ ਬਦਲ ਰਹੇ ਯੁੱਗ ਅੰਦਰ ਸਾਨੂੰ ਸਭ ਕਾਸੇ ਬਾਰੇ ਸੋਚਣਾ ਹੋਵੇਗਾ। ਸਾਰੇ ਤਿਉਹਾਰ ਪਵਿੱਤਰ ਹਨ, ਉਨ੍ਹਾਂ ਦੀ ਪਵਿੱਤਰਤਾ ਨੂੰ ਤਰ੍ਹਾਂ-ਤਰ੍ਹਾਂ ਦੇ ਘਾਤਿਕ ਬੰਬ-ਪਟਾਕਿਆਂ ਨੂੰ ਚਲਾ ਕੇ ਆਵਾਜ਼ ਪ੍ਰਦੂਸ਼ਣ ਤੇ ਵਾਤਾਵਰਨ ਪ੍ਰਦੂਸ਼ਣ ਰਾਹੀਂ ਗੰਧਲਾ ਨਾ ਕਰੀਏ, ਸਗੋਂ ਸ਼ਾਂਤੀ ਪੂਰਵਕ ਤੇ ਬਿਨਾਂ ਕਿਸੇ ਪ੍ਰਦੂਸ਼ਣ ਫੈਲਾਏ ਸਾਰੇ ਤਿਉਹਾਰ ਮਨਾਉਣ ਨਾਲ ਸ਼ਾਇਦ ਦੇਵੀ-ਦੇਵਤੇ ਜ਼ਿਆਦਾ ਖੁਸ਼ ਹੋਣਗੇ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

'ਮੈਂ ਤੇ ਮੇਰੇ ਵਾਸਤੇ'
ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ। ਪੈਸੇ ਨੇ ਦੁਨੀਆ ਘੁੰਮਾ ਕੇ ਰੱਖ ਦਿੱਤੀ। ਪੈਸਾ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ। ਹਰ ਕੋਈ ਵੇਖਾ-ਵੇਖੀ ਵਧੀਆ, ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਉਸ ਵਿਚ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਅੱਗੇ-ਪਿੱਛੇ ਨਹੀਂ ਵੇਖਦਾ। ਅੱਜ ਹਾਲਾਤ ਇਹ ਹੋ ਗਏ ਨੇ ਕਿ ਸੋਚ ਸਿਰਫ਼ 'ਮੈਂ ਤੇ ਮੇਰੇ ਵਾਸਤੇ' ਤੱਕ ਸੀਮਤ ਹੋ ਗਈ ਹੈ। ਸਮਾਜ ਵਿਚ ਬਹੁਤ ਕੁਰੀਤੀਆਂ ਵੀ ਹਨ, ਜੋ ਹੈ ਤਾਂ ਪਿੱਛੋਂ ਆਈਆਂ ਪਰ ਸਮੇਂ ਤੇ ਵਕਤ ਦੇ ਬਦਲਣ ਨਾਲ ਵਿਕਰਾਲ ਰੂਪ ਧਾਰ ਗਈਆਂ। ਇਸ ਵਕਤ ਤਲਾਕ, ਬਜ਼ੁਰਗ ਮਾਪਿਆਂ ਦੀ ਦੁਰਦਸ਼ਾ ਤੇ ਔਰਤਾਂ ਦੀਆਂ ਕੁਝ ਗੁੰਝਲਦਾਰ ਸਮੱਸਿਆਵਾਂ ਹਨ। ਜੇਕਰ ਸਮਾਜ ਵਿਚ ਇਹ ਹਵਾ ਇੰਨੀ ਤੇਜ਼ੀ ਨਾਲ ਚੱਲਦੀ ਰਹੀ ਤਾਂ ਸਭ ਕੁਝ ਤੀਲਾ-ਤੀਲਾ ਹੋ ਜਾਵੇਗਾ।

-ਪ੍ਰਭਜੋਤ ਕੌਰ ਢਿੱਲੋਂ

13-11-2017

 ਮਾਂ-ਬੋਲੀ ਦਾ ਸਤਿਕਾਰ
ਪੰਜਾਬੀ ਸਾਡੀ ਮਾਂ-ਬੋਲੀ ਹੀ ਨਹੀਂ ਸਾਡੀ ਅਣਖ, ਗ਼ੈਰਤ, ਸਰਮਾਇਆ, ਪਹਿਚਾਣ ਅਤੇ ਸਾਡੀ ਸੱਭਿਅਤਾ ਵੀ ਹੈ। ਸਾਨੂੰ ਪੰਜਾਬੀ ਬੋਲੀ ਨੂੰ ਸਿਰ ਦਾ ਤਾਜ ਬਣਾਉਣ ਲਈ ਪੰਜਾਬੀ ਬੋਲਣੀ ਪੜ੍ਹਨੀ ਤੇ ਲਿਖਣੀ ਚਾਹੀਦੀ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆਓ, ਪੰਜਾਬੀ ਭਾਸ਼ਾ ਨੂੰ ਦਿਲੋਂ ਸਤਿਕਾਰ ਦੇਈਏ, ਘਰ ਪਰਿਵਾਰ ਵਿਚ ਪੰਜਾਬੀ ਬੋਲੀਏ, ਪੰਜਾਬੀ ਅਖ਼ਬਾਰ ਪੜ੍ਹੀਏ ਅਤੇ ਆਪਣੇ ਬੱਚਿਆਂ ਨੂੰ ਵੀ ਮਾਂ-ਬੋਲੀ ਨਾਲ ਜੋੜੀਏ। ਦੂਜੀਆਂ ਭਾਸ਼ਾਵਾਂ ਦਾ ਗਿਆਨ ਰੱਖਣਾ ਕੋਈ ਮਾੜੀ ਗੱਲ ਨਹੀਂ ਪਰ ਮਾਤ ਭਾਸ਼ਾ ਪੰਜਾਬੀ ਨੂੰ ਕੱਖੋਂ ਹੌਲੇ ਕਰਨਾ ਵੀ ਸਹੀ ਨਹੀਂ।

-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਕੁੜੀਆਂ ਦੀ ਸਰਦਾਰੀ
ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤ ਕੇ 2018 'ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਨੇ ਇਸ ਟੂਰਨਾਮੈਂਟ ਦੇ ਆਪਣੇ ਗਰੁੱਪ ਦੇ ਸਾਰੇ ਦੇ ਸਾਰੇ ਮੈਚ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਨ੍ਹਾਂ ਹਾਕੀ ਖਿਡਾਰਨਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਸਰਕਾਰ ਨੂੰ ਇਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਬੇਸ਼ੱਕ ਇਹ ਏਸ਼ੀਆ ਕੱਪ 13 ਸਾਲ ਦੀ ਜੱਦੋ-ਜਹਿਦ ਤੋਂ ਬਾਅਦ ਹੀ ਨਸੀਬ ਹੋਇਆ ਹੈ। ਪਰ ਅਸੀਂ ਇਸ ਨੂੰ ਹਾਕੀ ਦੇ ਇਤਿਹਾਸ ਵਿਚ ਸ਼ੁੱਭ ਸ਼ਗਨ ਮੰਨਦੇ ਹਾਂ। ਭਾਰਤ ਦੀ ਹਾਕੀ ਦੀ ਟੀਮ ਚਾਹੇ ਉਹ ਮਰਦਾਂ ਦੀ ਹੋਵੇ ਜਾਂ ਲੜਕੀਆਂ ਦੀ ਸਾਨੂੰ ਧਿਆਨ ਚੰਦ ਤੋਂ ਪ੍ਰੇਰਨਾ ਲੈ ਕੇ ਹਾਕੀ ਨੂੰ ਸਿਖਰਾਂ 'ਤੇ ਪਹੁੰਚਾਉਣਾ ਹੋਵੇਗਾ। ਸਾਰੇ ਭਾਰਤ ਦੇ ਲੋਕਾਂ ਦੀਆਂ ਸ਼ੁੱਭ ਇੱਛਾਵਾਂ ਇਨ੍ਹਾਂ ਹਾਕੀ ਖਿਡਾਰਨਾਂ ਦੇ ਨਾਲ ਸਦਾ ਰਹਿਣਗੀਆਂ।

-ਸਮਿੱਤਰ ਸਿੰਘ ਦੋਸਤ
142, ਦਸਮੇਸ਼ ਨਗਰ, ਚੁੰਗੀਆ ਰੋਡ, ਵਾਰਡ-1, ਖਰੜ।

ਫੰਡਾਂ ਦਾ ਸੋਕਾ
'ਭਾਸ਼ਾ ਵਿਭਾਗ ਕੋਲ ਫੰਡਾਂ ਦਾ ਸੋਕਾ' ਪੜ੍ਹ ਕੇ ਮਨ ਨੂੰ ਠੇਸ ਪਹੁੰਚੀ। ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਆਪਣੇ ਆਖਰੀ ਸਾਹਾਂ ਵਿਚੋਂ ਬੜੇ ਹੀ ਧੀਮੇ ਸ਼ਬਦਾਂ ਵਿਚ ਆਪਣਾ ਦਰਦ ਬਿਆਨ ਕਰ ਰਿਹਾ ਹੈ। ਸਾਫ਼ ਹੈ ਕਿ ਪੰਜਾਬ ਸਰਕਾਰ ਭਾਸ਼ਾ ਵਿਭਾਗ ਨੂੰ ਕੋਈ ਫੰਡ ਨਹੀਂ ਦੇ ਰਹੀ, ਜਿਸ ਕਰਕੇ ਉਹ ਅਸਮਰੱਥਤਾ ਜ਼ਾਹਰ ਕਰ ਰਹੇ ਹਨ। ਦੂਸਰੇ ਪਾਸੇ ਪੰਜਾਬੀ ਭਾਸ਼ਾ ਬਚਾਓ ਕਮੇਟੀਆਂ ਵਲੋਂ ਧਰਨੇ ਲਾਏ ਜਾ ਰਹੇ ਹਨ। ਚੰਡੀਗੜ੍ਹ ਵਿਚ ਰਾਜਪਾਲ ਦੇ ਦਫਤਰ ਵੱਲ ਮਾਰਚ ਕੀਤਾ ਜਾ ਰਿਹਾ ਹੈ। ਸਕੱਤਰੇਤ ਵਿਖੇ ਮਿਸਲਾਂ ਵੇਖ ਲਓ ਇਕ ਅੱਧੀ ਮਿਸਲ 'ਤੇ ਪੰਜਾਬੀ ਅੱਖਰ ਨਜ਼ਰ ਪੈਣਗੇ। ਸਿੱਧੂ ਸਾਹਿਬ ਇਕ ਪਾਸੇ ਲੱਖਾਂ ਰੁਪਏ ਦਿੰਦੇ ਵਿਖਾਈ ਦਿੰਦੇ ਹਨ ਪਰ ਭਾਸ਼ਾ ਵਿਭਾਗ ਬਾਰੇ ਸ਼ਾਇਦ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਪੈ ਗਈ ਹੈ। ਸੱਭਿਆਚਾਰ ਲਈ ਕਰੋੜਾਂ ਪਰ ਭਾਸ਼ਾ ਲਈ ਖੋਟਾ ਪੈਸਾ ਵੀ ਨਹੀਂ। ਪੰਜਾਬ ਸਰਕਾਰ ਭਾਸ਼ਾ ਵਿਭਾਗ ਦੇ ਸਾਹ ਸਵੱਲੇ ਕਰਨ ਲਈ ਕੁਝ ਰਾਹਤ ਦਾ ਐਲਾਨ ਕਰੇ।

-ਨਰਿੰਦਰਪਾਲ ਸਿੰਘ ਕੋਮਲ
ਪੰਜਾਬੀ ਨਾਵਲਕਾਰ, 1359 ਸੈਕਟਰ 44-ਬੀ, ਚੰਡੀਗੜ੍ਹ।

ਜੱਜਾਂ ਦੇ ਖਾਲੀ ਅਹੁਦੇ
ਸਰਦਾਰਾ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ 'ਲੰਮੇ ਸਮੇਂ ਤੋਂ ਕਿਉਂ ਖਾਲੀ ਹਨ ਜੱਜਾਂ ਦੇ ਅਹੁਦੇ' ਕਾਬਲ-ਏ-ਤਾਰੀਫ਼ ਹੈ। ਅਦਾਲਤਾਂ ਵਿਚ ਜੱਜਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਉੱਤਰ ਪ੍ਰਦੇਸ਼ ਵਿਚ ਜੱਜਾਂ ਦੀਆਂ ਅੱਧੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸੇ ਕਰਕੇ ਕੇਸਾਂ ਦੇ ਨਿਪਟਾਰੇ ਹੋਣ ਵਿਚ ਵਧੇਰੇ ਸਮਾਂ ਲੱਗ ਰਿਹਾ ਹੈ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਲੈਣ ਵਿਚ ਵਧੇਰੇ ਸਮਾਂ ਲਗਦਾ ਹੈ। ਨਿਆਂ ਸਰਲ ਹੋਵੇ ਅਤੇ ਖੱਜਲ-ਖੁਆਰੀ ਨਾ ਹੋਵੇ ਤਾਂ ਚੰਗੀ ਗੱਲ ਹੈ। ਜੇਕਰ ਸਾਰੀਆਂ ਅਸਾਮੀਆਂ ਭਰੀਆਂ ਜਾਣ ਤਾਂ ਅਦਾਲਤ ਦੇ ਕੰਮਾਂ ਵਿਚ ਤੇਜ਼ੀ ਆਵੇਗੀ ਅਤੇ ਘੱਟ ਸਮੇਂ ਵਿਚ ਕੇਸਾਂ ਦਾ ਨਿਪਟਾਰਾ ਹੋਵੇਗਾ।

-ਜਸਪਾਲ ਸਿੰਘ ਲੋਹਾਮ
# 29/166, ਗਲੀ ਹਜ਼ਾਰਾ ਸਿੰਘ, ਮੋਗਾ-142001.

08-11-2017

 ਮਿਲਾਵਟਖੋਰੀ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਦੁੱਧ ਅਤੇ ਹੋਰ ਖੁਰਾਕੀ ਪਦਾਰਥਾਂ ਵਿਚ ਮਿਲਾਵਟ ਦੇ ਮਾਮਲੇ ਅਕਸਰ ਹੀ ਮੀਡੀਆ ਰਾਹੀਂ ਸਾਹਮਣੇ ਆਉਂਦੇ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਿਲਾਵਟੀ ਤੱਤ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਮਿਲਾਵਟਖੋਰੀ ਨੂੰ ਰੋਕਣ ਲਈ ਭਾਰਤ ਸਰਕਾਰ ਨੇ 2006 'ਚ ਇਕ ਖੁਰਾਕ ਸੁਰੱਖਿਆ ਅਤੇ ਮਾਨਕ (ਸਟੈਂਡਰਡਜ਼) ਐਕਟ ਬਣਾਇਆ ਸੀ। ਜੋ 2011 'ਚ ਲਾਗੂ ਕਰ ਦਿੱਤਾ ਗਿਆ ਸੀ। ਪਰ ਦੁੱਖ ਇਸ ਗੱਲ ਦਾ ਹੈ ਕਿ ਐਕਟ ਦੇ ਲਾਗੂ ਹੋਣ 'ਤੇ ਵੀ ਮਿਲਾਵਟਖੋਰੀ ਨੂੰ ਠੱਲ੍ਹ ਨਹੀਂ ਪਈ। ਭਾਰਤ ਸਰਕਾਰ ਦੇ ਐਕਟ ਅਨੁਸਾਰ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਗੱਲ ਕੀਤੀ ਗਈ ਹੈ। ਐਕਟ ਲਾਗੂ ਹੋਣ ਸਮੇਂ ਦੇਸ਼ ਦੀ ਜਨਤਾ ਨੂੰ ਕੁਝ ਆਸ ਜਾਗੀ ਸੀ ਕਿ ਉਸ ਨੂੰ ਹੁਣ ਖੁਰਾਕੀ ਪਦਾਰਥ ਮਿਲਾਵਟ ਰਹਿਤ ਮਿਲਣਗੇ। ਪਰ ਅਜਿਹਾ ਨਹੀਂ ਹੋਇਆ। ਅਸੀਂ ਦੇਸ਼ ਦੀ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਮਿਲਾਵਟਖੋਰੀ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਇਮਾਨਦਾਰੀ ਤੇ ਗੰਭੀਰਤਾ ਨਾਲ ਪੇਸ਼ ਆਇਆ ਜਾਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਬੇਵਸ ਪਾਣੀ
ਲੱਖਾਂ ਮਣ ਕਾਗਜ਼ ਅਤੇ ਸਿਆਹੀ ਪਾਣੀ ਨੂੰ ਸਾਫ਼ ਰੱਖਣ ਲਈ ਵਰਤੀ ਜਾ ਚੁੱਕੀ ਹੈ ਪਰ ਲਛਮੀ ਦੀ ਆਮਦ ਲਈ ਮਨੁੱਖ ਨੇ ਬਾਕੀ ਦੇਵੀ-ਦੇਵਤੇ ਦੂਜੇ ਨੰਬਰ 'ਤੇ ਰੱਖ ਹੋਏ ਹਨ। ਬਟਵਾਰੇ ਦੀ ਮਾਰ ਨੇ ਇਸ ਦੇ ਪਾਣੀ ਨੂੰ ਵੀ ਡੋਲਿਆ। ਪੰਜ ਵਿਚੋਂ ਬਚੇ ਤਿੰਨ ਦਰਿਆ ਆਪਣੇ ਅੰਦਰ ਲੱਖਾਂ ਟਨ ਵਿਸ਼ੈਲੇ ਪਦਾਰਥਾਂ ਨਾਲ ਅਤੀਤ ਨੂੰ ਝੂਰ ਰਹੇ ਹਨ। ਪੰਜਾਬ ਦੇ ਪਾਣੀਆਂ ਨੂੰ ਆਬ ਹੱਯਾਤ ਦਾ ਰੁਤਬਾ ਸੀ। ਅੱਜ ਪੰਜਾਬ ਵਿਚ ਖਵਾਜਾ ਅਤੇ ਇੰਦਰ ਵੀ ਮਨੁੱਖੀ ਹਰਕਤਾਂ ਤੋਂ ਪ੍ਰੇਸ਼ਾਨ ਹਨ। ਪੰਜਾਬ ਦਾ ਪਾਣੀ ਬੇਵੱਸ ਹੈ। ਗੁਰਬਾਣੀ ਦੇ ਫਲਸਫੇ ਅਨੁਸਾਰ ਪਾਣੀ ਨੂੰ ਜੀਵਨ ਮੰਨ ਕੇ ਆਪਣੀਆਂ ਹਰਕਤਾਂ ਸੁਧਾਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਨਹੀਂ ਤਾਂ ਭਵਿੱਖ ਕੰਧਾਂ ਨਾਲ ਟੱਕਰਾਂ ਮਾਰਨ ਲਈ ਉਡੀਕਵਾਨ ਹੈ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਸਕੂਲ ਨੀਤੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2011-12 ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਦੇ ਗ਼ੈਰ-ਮਾਨਤਾ ਪ੍ਰਾਪਤ ਸਕੂਲਾਂ ਜੋਕਿ ਐਫੀਲੀਏਸ਼ਨ ਐਕਟ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਸਨ। ਉਨ੍ਹਾਂ ਸਕੂਲਾਂ ਦੀ ਹੋਂਦ ਨੂੰ ਬਚਾਉਣ ਲਈ ਮੁਢਲੀਆਂ ਸ਼ਰਤਾਂ ਦੀ ਪੂਰਤੀ ਕਰਵਾ ਕੇ ਦਸਵੀਂ ਤੇ ਬਾਰ੍ਹਵੀਂ ਪੱਧਰ ਤੱਕ ਐਸੋਸੀਏਸ਼ਨ ਦਾ ਦਰਜਾ ਦਿੱਤਾ ਗਿਆ ਸੀ। ਤਾਂ ਜੋ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੁਝ ਸਮਾਂ ਮਿਲ ਸਕੇ। ਦੂਜੇ ਪਾਸੇ ਬੋਰਡ ਦੁਆਰਾ ਮੌਜੂਦਾ ਸਮੇਂ ਦੌਰਾਨ ਕਿਸੇ ਵੀ ਨਵੀਂ ਸੰਸਥਾ ਨੂੰ ਐਸੋਸੀਏਸ਼ਨ ਨਹੀਂ ਦਿੱਤੀ ਜਾ ਰਹੀ। ਬਿਹਤਰ ਹੋਵੇਗਾ ਕਿ ਐਸੋਸੀਏਸ਼ਨ ਨੀਤੀ ਨੂੰ ਐਫੀਲੀਏਸ਼ਨ ਦੀ ਤਰ੍ਹਾਂ ਹਰ ਸਾਲ ਚਾਲੂ ਰੱਖਿਆ ਜਾਵੇ ਤਾਂ ਜੋ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲ ਐਸੋਸੀਏਸ਼ਨ ਲੈ ਕੇ ਆਪਣੀ ਹੋਂਦ ਬਰਕਰਾਰ ਰੱਖਣ।


-ਲਖਵੀਰ ਕੌਰ
ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

07-11-2017

 ਆਪਸੀ ਦੂਸ਼ਣਬਾਜ਼ੀ
ਪਿਛਲੇ ਦਿਨੀਂ ਪੰਜਾਬ ਦੇ ਨੇਤਾਵਾਂ ਵਿਚ ਸਿਆਸੀ ਬਿਆਨਬਾਜ਼ੀ ਸਿਖ਼ਰਾਂ 'ਤੇ ਸੀ। ਨੇਤਾਵਾਂ ਦੀ ਸ਼ਬਦਾਵਲੀ ਦਾ ਮਿਆਰ ਨੀਵਾਂ ਸੀ। ਲੋਕਾਂ ਦੁਆਰਾ ਇਨ੍ਹਾਂ ਨੂੰ ਆਪਣੀਆਂ ਮੰਗਾਂ ਦੇ ਹੱਲ ਲਈ ਵਿਧਾਨ ਸਭਾ ਵਿਚ ਭੇਜਿਆ ਗਿਆ। ਜੇਕਰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਤਾਂ ਉਥੋਂ ਦੀ ਜਨਤਾ ਤੋਂ ਕੋਈ ਆਸ ਕੀਤੀ ਜਾ ਸਕਦੀ ਹੈ। ਜੋ ਨੇਤਾ ਸਰਕਾਰ ਵਿਚ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਵਿਰੋਧੀ ਧਿਰ ਦੇ ਨੇਤਾ ਲੋਕਤੰਤਰੀ ਢੰਗ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ। ਆਪਸੀ ਨਿੱਜੀ ਦੂਸ਼ਣਬਾਜ਼ੀ ਤੋਂ ਬਚਣ।

-ਕਮਲ ਕੋਟਲੀ।

ਲੰਗਰ ਦੀ ਪ੍ਰਥਾ
'ਧਰਮ ਤੇ ਵਿਰਸਾ' ਅੰਕ ਵਿਚ ਅਮਨਦੀਪ ਸਿੰਘ ਸਿੱਧੂ ਹੁਰਾਂ ਦਾ 'ਲੰਗਰ ਦੀ ਪ੍ਰਥਾ ਪਿੱਛੇ ਉਦੇਸ਼' ਪੜ੍ਹਿਆ। ਅੱਜ ਦੇ ਦੌਰ ਵਿਚ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਲਈ ਵਿਚਾਰਨ ਯੋਗ ਲੇਖ ਹੈ। ਪੇਟ ਦੀ ਤ੍ਰਿਪਤੀ ਦੇ ਨਾਲ-ਨਾਲ ਹੋ ਰਹੇ ਸਮਾਜੀ ਵਿਤਕਰੇ ਨੂੰ ਦੂਰ ਕਰਨ ਦੀ ਪ੍ਰਥਾ ਹੈ। ਅੱਜ ਦੇ ਦੌਰ ਵਿਚ ਲੰਗਰ ਲਾਉਣ ਵਾਲੇ ਲੰਗਰ ਪ੍ਰਥਾ ਨੂੰ ਅੱਖਾਂ ਤੋਂ ਓਹਲੇ ਕਰ ਰਹੇ ਹਨ। ਪੰਗਤ ਵਿਚ ਬੈਠ ਕੇ ਦਾਲ ਪ੍ਰਸ਼ਾਦਾ ਛਕਣ ਦਾ ਅਨੰਦ ਵੱਖਰਾ ਹੀ ਹੈ, ਜੋ ਸਾਡੇ ਗੁਰੂਆਂ ਨੇ ਸ਼ੁਰੂ ਕੀਤਾ। ਅੱਜ ਤਾਂ ਅਸੀਂ ਪ੍ਰੋਗਰਾਮਾਂ ਤੇ ਆਮ ਲੋਕਾਂ ਲਈ ਲੰਗਰ ਹੋਰ ਅਤੇ ਵੀ.ਆਈ.ਪੀ. ਲੋਕਾਂ ਲਈ ਲੰਗਰ ਹੋਰ ਦਾ ਰਿਵਾਜ ਪਾਲ ਲਿਆ ਹੈ। ਗੁਰਮਤਿ ਸਿਧਾਂਤ ਅਨੁਸਾਰ ਲੰਗਰ ਪ੍ਰਥਾ ਚਲਾਉਣ ਲਈ ਅਜਿਹੇ ਲੇਖਕਾਂ ਦੇ ਵਿਚਾਰ ਅਣਮੁੱਲ ਹਨ।

-ਜੁਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਗ਼ਲਤ ਰੁਝਾਨ
ਲੋਕ ਤਾਂ ਪਹਿਲਾਂ ਹੀ ਮੁਢਲੀਆਂ ਸਹੂਲਤਾਂ ਤੋਂ ਕੋਹਾਂ ਦੂਰ ਹਨ। ਕੀ ਲੋਕਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਂ ਨਹੀਂ। ਸ਼ਰਮ ਆਉਂਦੀ ਹੈ ਗੱਲ ਕਰਨ ਲੱਗਿਆਂ ਕਿ ਸਾਡੀਆਂ ਸਰਕਾਰਾਂ ਪ੍ਰਾਇਮਰੀ ਸਿੱਖਿਆ ਦੇਣ ਦੇ ਵੀ ਕਾਬਲ ਨਹੀਂ। ਨੌਜਵਾਨਾਂ ਦੇ ਹੱਥਾਂ ਵਿਚ ਡਿਗਰੀਆਂ ਨੇ, ਉਨ੍ਹਾਂ ਨੂੰ ਨੌਕਰੀਆਂ ਨਹੀਂ, ਜੇਕਰ ਇਸ ਤਰ੍ਹਾਂ ਸਰਕਾਰੀ ਸਕੂਲਾਂ ਦਾ ਬੰਦ ਹੋਣਾ ਸ਼ੁਰੂ ਹੋ ਗਿਆ ਤਾਂ ਇਨ੍ਹਾਂ ਨੂੰ ਰੁਜ਼ਗਾਰ ਕਿੱਥੇ ਮਿਲੇਗਾ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਉਥੋਂ ਦੇ ਖਰਚੇ ਆਮ ਲੋਕਾਂ ਦੇ ਵੱਸ ਦੇ ਨਹੀਂ ਰਹੇ। ਜਿਸ ਦੇਸ਼ ਵਿਚ ਮੁਢਲੀ ਸਿੱਖਿਆ ਦਾ ਇਹ ਹਸ਼ਰ ਹੈ, ਉਸ ਦਾ ਵਿਕਾਸ ਹੋਣਾ ਮੁਸ਼ਕਿਲ ਹੈ। ਇਲਾਹਾਬਾਦ ਹਾਈ ਕੋਰਟ ਨੇ ਇਕ ਫ਼ੈਸਲਾ ਸੁਣਾਇਆ ਸੀ ਕਿ ਹਰ ਸਰਕਾਰੀ ਅਧਿਕਾਰੀ, ਅਫ਼ਸਰ ਤੇ ਹਰ ਉੱਚ ਅਧਿਕਾਰੀ ਦੇ ਬੱਚਿਆਂ ਦਾ ਸਰਕਾਰੀ ਸਕੂਲ ਵਿਚ ਪੜ੍ਹਨਾ ਲਾਜ਼ਮੀ ਹੋਵੇ। ਅਫ਼ਸੋਸ ਕਿਸੇ ਨੇ ਵੀ ਹਾਈ ਕੋਰਟ ਦੇ ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਸਰਕਾਰੀ ਸਕੂਲ ਬੰਦ ਕਰਨ ਦੀ ਥਾਂ ਮੰਤਰੀਆਂ ਤੇ ਵਿਧਾਇਕਾਂ ਦੇ ਖਰਚਿਆਂ 'ਤੇ ਕਾਬੂ ਪਾਓ। ਇਹ ਲੋਕ ਇੰਜ ਵਿਖਾਉਂਦੇ ਹਨ ਕਿ ਉਨ੍ਹਾਂ ਨੂੰ ਬਹੁਤ ਕੰਮ ਹੈ। ਲੋਕਾਂ ਨੂੰ ਮਿਲਣਾ, ਲੋਕਾਂ ਵਿਚ ਆਉਣਾ ਆਪਣੀ ਤੌਹੀਨ ਸਮਝਦੇ ਹਨ। ਲਾਲਾ ਤੁਲਾ ਰਾਮ ਜੀ ਦੀਆਂ ਸਤਰਾਂ ਮੈਨੂੰ ਇਥੇ ਬਹੁਤ ਢੁਕਵੀਆਂ ਲੱਗੀਆਂ, 'ਧੇਲੇ ਦੀ ਸੇਲ ਨਹੀਂ, ਸਿਰ ਖੁਰਕਣ ਦੀ ਵਿਹਲ ਨਹੀਂ।' ਸਿਸਟਮ ਨੂੰ ਸੁਧਾਰਨ ਦੀ ਥਾਂ ਇਸ ਤਰ੍ਹਾਂ ਦੇ ਕਦਮ ਗ਼ਲਤ ਤੇ ਖ਼ਤਰਨਾਕ ਰੁਝਾਨ ਵੱਲ ਜਾ ਰਹੇ ਕਦਮ ਹਨ।

-ਪ੍ਰਭਜੋਤ ਕੌਰ ਢਿੱਲੋਂ।

06-11-2017

 ਬੂਟੇ ਸੰਭਾਲਣ ਦੀ ਲੋੜ
ਪਿਛਲੇ ਮਹੀਨਿਆਂ ਦੌਰਾਨ ਮੌਸਮ ਸਾਜ਼ਗਾਰ ਹੋਣ ਕਰਕੇ, ਪਿੰਡਾਂ ਅਤੇ ਸ਼ਹਿਰਾਂ ਵਿਚ ਧਾਰਮਿਕ ਆਗੂਆਂ, ਕਲੱਬਾਂ ਅਤੇ ਹੋਰ ਸੰਸਥਾਵਾਂ ਵਲੋਂ ਬੇਸ਼ੁਮਾਰ ਬੂਟੇ ਲਗਾਏ ਗਏ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਬੂਟੇ ਲਾਉਂਦਿਆਂ ਦੀਆਂ ਫੋਟੋਆਂ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ। ਸਿਰਫ਼ ਇਸ ਸਾਲ ਹੀ ਲਾਏ ਗਏ ਬੂਟਿਆਂ ਦੀ ਗਿਣਤੀ ਲੱਖਾਂ ਵਿਚ ਹੈ। ਚਾਰ ਦਿਨ ਦੀ ਚਾਨਣੀ, ਫਿਰ ਹਨੇਰੀ ਰਾਤ, ਕਹਾਵਤ ਵਾਂਗ, ਚਾਰ ਦਿਨ ਬੱਲੇ-ਬੱਲੇ ਕਰਵਾ ਕੇ, ਫਿਰ ਇਨ੍ਹਾਂ ਨਵੇਂ ਲਾਏ ਬੂਟਿਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ। ਅਖੀਰ ਨੂੰ ਸੁੱਕਦੇ ਸੁੱਕਦੇ ਇਹ ਲਗਪਗ ਸਾਰੇ ਬੂਟੇ ਸੁੱਕ ਜਾਂਦੇ ਨੇ। ਕਈ ਸੰਸਥਾਵਾਂ ਪੰਚਾਇਤਾਂ ਜਾਂ ਕਲੱਬਾਂ ਨੂੰ ਬੂਟੇ ਮੁਫ਼ਤ ਦਿੰਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ, ਉਹ ਲਾਏ ਗਏ ਬੂਟਿਆਂ ਦੀ ਬਾਅਦ ਵਿਚ ਪੜਤਾਲ ਕਰਨ ਤਾਂ ਕਿ ਮਾਨਵ ਭਲਾਈ ਦਾ ਇਹ ਕੀਤਾ ਜਾ ਰਿਹਾ ਕਾਰਜ ਸਾਰਥਿਕ ਸਿੱਧ ਹੋ ਸਕੇ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਸਿੱਖਿਆ ਦਾ ਡਿੱਗਦਾ ਪੱਧਰ
ਪੰਜਾਬ ਵਿਚ ਸਿੱਖਿਆ ਦਾ ਪੱਧਰ ਦਿਨੋਂ-ਦਿਨ ਡਿਗਦਾ ਜਾ ਰਿਹਾ ਹੈ। ਸਾਲ ਦਾ ਤੀਜਾ ਹਿੱਸਾ ਬੀਤਣ 'ਤੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਬਿਨਾਂ ਕਿਤਾਬਾਂ ਤੋਂ ਪੜ੍ਹਾਈ ਕਰ ਰਹੇ ਹਨ। ਗ਼ਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਚਿੱਟੇ ਦਿਨ ਸਿੱਖਿਆ ਖੋਹੀ ਜਾ ਰਹੀ ਹੈ। ਖਾਸ ਕਰ ਰਾਜ ਦੇ ਪ੍ਰਾਇਮਰੀ ਸਕੂਲਾਂ ਵਿਚ ਸਪਾਂਸਿਡ ਪ੍ਰੋਗਰਾਮ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਚਲਾਇਆ ਜਾ ਰਿਹਾ ਹੈ, ਜੋ ਅੰਕੜਿਆਂ ਦੀ ਖੇਡ ਜਿਸ ਵਿਚ ਟੀਚਾ ਮਿਥਿਆ ਗਿਆ ਹੈ। ਬੱਚਿਆਂ ਦਾ ਨਾ ਕੋਈ ਪੇਪਰ ਨਾ ਲੈਣਾ ਨਾ ਦੇਣਾ, ਇਸ ਤਰ੍ਹਾਂ ਬੱਚੇ ਨਿੱਜੀ ਸਕੂਲਾਂ ਵੱਲ ਰੁਖ਼ ਕਰ ਰਹੇ ਹਨ। ਸਰਕਾਰ ਦੇ ਅਧਿਕਾਰੀ ਸਰਕਾਰੀ ਸਕੂਲ ਬੰਦ ਕਰਾਉਣ ਤੇ ਨਿੱਜਤਾ ਨੂੰ ਬੜਾਵਾ ਦੇ ਰਹੇ ਹਨ। ਮੈਂ ਇਕ ਸੇਵਾਮੁਕਤ ਅਧਿਆਪਕ ਹਾਂ। ਮੇਰੀ ਰਾਇ ਅਨੁਸਾਰ ਅਜਿਹੇ ਸਪਾਂਸਿਡ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਸਕੂਲਾਂ ਵਿਚ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ।


-ਮਾ: ਰਘਬੀਰ ਸਿੰਘ
ਪਿੰਡ ਮਾਜਰੀ, ਮੈਂਬਰ ਐਸ.ਐਮ.ਸੀ.


ਸ਼ਬਦੀ ਜੰਗ
ਦੇਸ਼ ਦੀ ਰਾਜਨੀਤੀ ਵਿਚ ਚੱਲ ਰਹੀ ਸ਼ਬਦੀ ਜੰਗ ਨੇ ਉਸ ਵਕਤ ਨਵਾਂ ਮੋੜ ਦੇ ਦਿੱਤਾ ਜਦੋਂ ਭਾਜਪਾ ਦੇ ਸੁੱਘੜ ਸਿਆਣੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੇ ਤਿੱਖੇ ਵਾਰਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੀਆਂ ਲੋਕ ਵਿਰੋਧੀ ਨੀਤੀਆਂ ਵਿਚ ਨੋਟਬੰਦੀ ਤੇ ਜੀ.ਐਸ.ਟੀ. ਲਗਾਉਣ ਦੀਆਂ ਸਕੀਮਾਂ ਨੇ ਹਰ ਵਰਗ ਦੇ ਲੋਕਾਂ ਨੂੰ ਹਾਏ-ਹਾਏ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਸਭ ਤੋਂ ਵੱਧ ਚੱਕੀ ਦੇ ਪੁੜਾਂ ਵਿਚ ਫਸੇ ਹੋਣ ਵਰਗੀ ਪੇਂਡੂ ਮੱਧਵਰਗੀ ਕਿਸਾਨ ਪਰਿਵਾਰਾਂ ਦੀ ਹਾਲਤ ਵੇਖੀ ਜਾ ਸਕਦੀ ਹੈ। ਦੂਜੇ ਪਾਸੇ ਲੋਕ ਫ਼ਤਵੇ ਅੱਗੇ ਗੋਡੇ ਟੇਕ ਕੇ ਰਾਜ ਸਭਾ ਦੇ ਰਸਤੇ ਰਾਹੀਂ ਦੇਸ਼ ਦੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੇ ਸੱਚ ਨੂੰ ਵੰਗਾਰਨ ਦੀ ਬਿਆਨਬਾਜ਼ੀ ਨੂੰ ਵੀ ਲਾਹਨਤਾਂ ਪੈ ਰਹੀਆਂ ਹਨ।


-ਕੁਲਵਿੰਦਰ ਸਿੰਘ ਨਿਜ਼ਾਮਪੁਰ
ਮਲੌਦ।


ਪੰਜਾਬੀ ਲੋਕ ਜੀਵਨ
'ਅਜੀਤ ਮੈਗਜ਼ੀਨ' ਵਿਚ ਲੇਖਕ ਜੁਝਾਰ ਸਿੰਘ ਖੁਸ਼ਦਿਲ ਦਾ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦਾ 'ਕਦੇ ਪਿਆਰ ਤੇ ਸਾਦਗੀ ਦਾ ਸੁਮੇਲ ਸੀ ਪੰਜਾਬੀ ਲੋਕ ਜੀਵਨ' ਲੇਖ ਧੁਰ ਅੰਦਰ ਤੱਕ ਦਿਲ ਨੂੰ ਛੂਹ ਗਿਆ। ਪੰਜਾਬ ਦੇ ਪਿੰਡਾਂ ਦੀ ਅਸਲੀਅਤ ਪੇਸ਼ ਕਰਨ ਦੀ ਲੇਖਕ ਨੇ ਪੂਰੀ ਕੋਸ਼ਿਸ਼ ਕੀਤੀ ਹੈ। ਅੱਜ ਦਾ ਬਚਪਨ ਪੜ੍ਹਾਈ ਦੇ ਬੋਝ ਅਤੇ ਨੌਜਵਾਨ ਇੰਟਰਨੈੱਟ ਵਿਚ ਡੁੱਬ ਕੇ ਸਰੀਰਕ ਪੱਖੋਂ ਕਮਜ਼ੋਰ ਹੋਇਆ ਪਿਆ ਹੈ ਪਰ ਉਸ ਸਮੇਂ ਬੱਚਿਆਂ ਦੀਆਂ ਮੈਦਾਨੀ ਖੇਡਾਂ ਸਰੀਰਕ ਫੁਰਤੀ ਪੈਦਾ ਕਰਦੀਆਂ ਸਨ। ਸਾਰੇ ਰਿਸ਼ਤਿਆਂ ਦੀ ਕਦਰ ਕਰਦੇ ਸਨ। ਉਦੋਂ ਲੋਕਾਂ ਵਿਚ ਪਿਆਰ ਅਤੇ ਸਤਿਕਾਰ ਸੀ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

03-11-2017

 ਮੁੱਖ ਅਧਿਆਪਕਾਂ ਦੀ ਘਾਟ
ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿਚ ਲੰਬੇ ਸਮੇਂ ਤੋਂ ਮੁੱਖ ਅਧਿਆਪਕ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਤਰੱਕੀ ਰਾਹੀਂ ਭਰੀਆਂ ਨਹੀਂ ਜਾ ਰਹੀਆਂ। ਇਕ ਮੁੱਖ ਅਧਿਆਪਕ ਨੂੰ 3-4 ਸਕੂਲਾਂ ਦੀਆਂ ਡੀ.ਡੀ.ਓ. ਪਾਵਰਾਂ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਸਥਿਤੀ ਊਠ ਦੇ ਬੁੱਲ੍ਹ ਵਰਗੀ ਹੋ ਗਈ ਹੈ। ਕਈ ਮਹੀਨੇ ਬੀਤ ਜਾਣ 'ਤੇ ਵੀ ਮਾਸਟਰ ਕੇਡਰ ਦੀ ਸੀਨੀਆਰਟੀ ਹੀ ਨਹੀਂ ਬਣੀ ਜਿਸ ਕਰਕੇ ਮਾਸਟਰ ਤਰੱਕੀਆਂ ਨੂੰ ਉਡੀਕਦੇ ਸੇਵਾ-ਮੁਕਤ ਹੋ ਰਹੇ ਹਨ। ਸਿੱਖਿਆ ਵਿਭਾਗ ਦਾ ਸਾਰਾ ਵੇਰਵਾ ਈ-ਪੰਜਾਬ ਦੀ ਵੈਬ ਸਾਈਟ 'ਤੇ ਹੈ ਅਤੇ ਉਹ ਵੇਰਵਾ ਲੈ ਕੇ ਮਾਸਟਰ ਤੋਂ ਮੁੱਖ ਅਧਿਆਪਕ ਤਰੱਕੀਆਂ ਕੀਤੀਆਂ ਜਾਣ।

-ਨਰਿੰਦਰ ਸਿੰਘ ਖਾਨਖਾਨਾ
ਪਿੰਡ ਤੇ ਡਾਕ: ਖਾਨਖਾਨਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਡੇਂਗੂ ਦੇ ਮਰੀਜ਼ਾਂ ਦੀ ਲੁੱਟ
ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿਚ ਡੇਂਗੂ ਤੋਂ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਗਿਣਤੀ ਇਸ ਵੇਲੇ ਹਜ਼ਾਰਾਂ ਨੂੰ ਜਾ ਢੁੱਕੀ ਹੈ। ਸਭ ਤੋਂ ਜ਼ਿਆਦਾ ਨੁਕਸਾਨ ਹਰ ਰੋਜ਼ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਕਾਮੇ ਜਾਂ ਗਰੀਬ ਤਬਕੇ ਨੂੰ ਪੁੱਜਦਾ ਹੈ, ਜਿਸ ਦੇ ਬਿਮਾਰ ਹੋਣ 'ਤੇ ਇਕ ਪਾਸੇ ਆਮਦਨ ਬੰਦ ਹੋ ਜਾਂਦੀ ਹੈ ਤੇ ਦੂਜੇ ਪਾਸੇ ਇਲਾਜ ਦੇ ਨਾਂਅ 'ਤੇ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਹਨ। ਪਿੰਡਾਂ ਦੀਆਂ ਡਿਸਪੈਂਸਰੀਆਂ ਅਤੇ ਛੋਟੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਵਿਚ ਸਰਕਾਰ ਵਲੋਂ ਡੇਂਗੂ ਦੇ ਟੈਸਟ ਕਰਨ ਲਈ ਆਮ ਲੋਕਾਂ ਨੂੰ ਕੋਈ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ, ਜਿਸ ਕਰਕੇ ਗਰੀਬ ਵਰਗ ਨਿੱਜੀ ਲੈਬੋਰੇਟਰੀਆਂ ਪਾਸੋਂ ਆਪਣੀ ਲੁੱਟ-ਖਸੁੱਟ ਕਰਵਾ ਰਿਹਾ ਹੈ। ਜਦੋਂ ਕੋਈ ਬਿਮਾਰੀ ਆਪਣੀ ਚਰਮ ਸੀਮਾ 'ਤੇ ਫੈਲ ਜਾਂਦੀ ਹੈ ਤਾਂ ਉਸ ਵੇਲੇ ਸਰਕਾਰੀ ਅਧਿਕਾਰੀ ਵਿਖਾਵੇ ਦੇ ਤੌਰ 'ਤੇ ਨਾਮਾਤਰ ਕਾਰਵਾਈ ਨੂੰ ਅਮਲ ਵਿਚ ਲਿਆਉਣ 'ਤੇ ਜੁੱਟ ਜਾਂਦੇ ਹਨ।

-ਸਰਵਣ ਸਿੰਘ ਭੰਗਲਾਂ
ਸਮਰਾਲਾ।

ਜ਼ਿੰਦਗੀਆਂ ਨਾਲ ਖਿਲਵਾੜ
ਹਰ ਮਨੁੱਖ ਲਈ ਸ਼ੁੱਧ ਖੁਰਾਕ ਅਤੇ ਸਾਫ਼-ਸੁਥਰੇ ਵਾਤਾਵਰਨ ਦੀ ਲੋੜ ਹੁੰਦੀ ਹੈ। ਪਰ ਅਜੋਕੇ ਸਮੇਂ ਵਿਚ ਇਹ ਸਭ ਕੁਝ ਮਿਲਣਾ ਸੰਭਵ ਨਹੀ ਜਾਪਦਾ, ਕਿਉਂਕਿ ਅੱਜ ਜੇ ਸ਼ੁੱਧ ਖੁਰਾਕ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਖਾਣ ਪੀਣ ਵਾਲੇ ਪਦਾਰਥ ਸ਼ੁੱਧ ਹੋਣ। ਅੱਜ ਕਲ੍ਹ ਦੁਕਾਨਾਂ 'ਤੇ ਨਕਲੀ ਦੁੱਧ, ਦਹੀਂ, ਘਿਉ, ਪਨੀਰ ਆਦਿ ਦੀ ਵਿਕਰੀ ਆਮ ਹੋ ਰਹੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਦੁੱਗਣੀ ਹੋ ਜਾਂਦੀ ਹੈ। ਇਸ ਗੱਲ ਦਾ ਫਾਇਦਾ ਮਿਲਾਵਟਖੋਰ ਪੂਰੀ ਤਰ੍ਹਾਂ ਲੈਂਦੇ ਹਨ। ਇਸ ਕਰਕੇ ਉਪਭੋਗਤਾ ਨੂੰ ਚਾਹੀਦਾ ਹੈ ਕਿ ਜੇਕਰ ਆਪਣੇ ਇਲਾਕੇ ਵਿਚ ਹੋੋ ਰਹੀ ਮਿਲਾਵਟ ਸਬੰਧੀ ਪਤਾ ਲੱਗਦਾ ਹੈ ਤਾਂ ਇਸ ਦੀ ਸ਼ਿਕਾਇਤ ਉਪਭੋਗਤਾ ਫੋਰਮ ਵਿਚ ਕੀਤੀ ਜਾਵੇ। ਜੇਕਰ ਅਸੀਂ ਸਾਰੇ ਉਪਭੋਗਤਾ ਜਾਗਰੂਕ ਰਹਾਂਗੇ ਤਾਂ ਇਨ੍ਹਾਂ ਮਿਲਾਵਟਖੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ।

-ਦਵਿੰਦਰ ਸਿੰਘ ਧਾਮੀ
ਪਿੰਡ ਨੂਰਪੁਰ, ਡਾਕ: ਭੂੰਗਾ, ਜ਼ਿਲ੍ਹਾ- ਹੁਸ਼ਿਆਰਪੁਰ।

26-10-2017

ਪਾਖੰਡੀ ਸਾਧਾਂ ਤੋਂ ਸਾਵਧਾਨ
ਕਾਫੀ ਦਿਨਾਂ ਤੋਂ ਮੀਡੀਏ 'ਚ ਪਾਖੰਡੀ ਸਾਧਾਂ ਦਾ ਮੁੱਦਾ ਗਰਮਾਇਆ ਹੋਇਆ ਹੈ, ਚੰਗੀ ਗੱਲ ਹੈ ਅਜਿਹੇ ਨਾਲ ਆਮ ਲੋਕਾਂ ਅੰਦਰ ਅੰਧ-ਵਿਸ਼ਵਾਸ ਪ੍ਰਤੀ ਜਾਗਰੂਕਤਾ ਆਏਗੀ। ਮੈਂ ਕਿਸੇ ਇਕ ਵਿਸ਼ੇਸ਼ ਡੇਰੇ ਦੀ ਗੱਲ ਨਹੀਂ ਕਰਦਾ। ਬੀਤੇ ਸਮਿਆਂ 'ਚ ਆਮ ਸਾਧਾਰਨ ਲੋਕਾਂ ਦਾ ਅਖੌਤੀ ਬਾਬਿਆਂ ਜਾਂ ਡੇਰਾਵਾਦ ਵੱਲ ਝੁਕਾਅ ਵਧਿਆ। ਇਸ ਦੇ ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਵੱਡੇ ਕਾਰਨ ਹਨ। ਬੜੇ ਅਫ਼ਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਪਿਛਲੇ ਕੋਈ ਇਕ ਦਹਾਕੇ ਤੋਂ ਕਈ ਨਾਮਵਰ ਬਾਬੇ ਮਾਣਯੋਗ ਅਦਾਲਤਾਂ ਨੇ ਜੇਲ੍ਹਾਂ ਅੰਦਰ ਡੱਕੇ ਹਨ, ਲੋਕ ਫਿਰ ਵੀ ਅਜਿਹੇ ਢਕੌਂਜੀ ਬਾਬਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਕ ਡੇਰਾ ਬਦਨਾਮ ਹੋਇਆ ਲੋਕ ਦੂਜੇ ਵਲ ਰੁਖ਼ ਕਰ ਲੈਂਦੇ ਹਨ। ਲੋਕੋ, ਸੁਚੇਤ ਹੋਵੋ, ਡੇਰਿਆਂ ਵਿਚ ਕੁਝ ਨਹੀਂ, ਮਿਹਨਤ ਕਰਕੇ ਆਪਣੀਆਂ ਸਮੱਸਿਆਵਾਂ ਆਪ ਖ਼ੁਦ ਨਜਿੱਠਣ ਦੇ ਕਾਬਲ ਹੋਵੋ।


-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਪੰਜਾਬੀ ਨਾਲ ਵਿਤਕਰਾ
ਪੰਜਾਬ ਵਿਚ ਰਾਸ਼ਟਰੀ ਰਾਜ ਮਾਰਗਾਂ 'ਤੇ ਲੱਗੀਆਂ ਰਾਹ ਦੱਸਣ ਵਾਲੀਆਂ ਤਖ਼ਤੀਆਂ ਜਾਂ ਬੁਰਜੀਆਂ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ 'ਤੇ ਲਿਖਣ ਦਾ ਮਾਮਲਾ ਹਰ ਅਖ਼ਬਾਰ ਦੀ ਸੁਰਖੀ ਬਣਿਆ ਹੋਇਆ ਹੈ। ਸਰਕਾਰੀ ਭਾਸ਼ਾ ਐਕਟ 1963 ਅਨੁਸਾਰ ਸਥਾਨਕ ਭਾਸ਼ਾ ਬੋਰਡਾਂ 'ਤੇ ਪੰਜਾਬੀ ਪਹਿਲੇ ਨੰਬਰ 'ਤੇ ਹੋਣੀ ਚਾਹੀਦੀ ਹੈ। ਜੇ ਕਿਧਰੇ ਪੰਜਾਬੀ ਲਿਖ ਵੀ ਦਿੱਤੀ ਜਾਂਦੀ ਹੈ ਤਾਂ ਉਸ ਵਿਚ ਬੇਸ਼ੁਮਾਰ ਗ਼ਲਤੀਆਂ ਹੁੰਦੀਆਂ ਹਨ। ਅੱਜਕਲ੍ਹ ਪੰਜਾਬ ਵਿਚ ਇਨ੍ਹਾਂ ਰਸਤਾ ਦੱਸਣ ਵਾਲੇ ਤਖ਼ਤਿਆਂ 'ਤੇ ਪਹਿਲੇ ਤੇ ਦੂਜੇ ਨੰਬਰ 'ਤੇ ਲਿਖੀ ਹਿੰਦੀ ਤੇ ਅੰਗਰੇਜ਼ੀ ਨੂੰ ਲੋਕਾਂ ਵਲੋਂ ਕਾਲਾ ਰੰਗ ਫੇਰ ਕੇ ਮਟਾਇਆ ਜਾ ਰਿਹਾ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਗ਼ਲਤੀ ਸੁਧਾਰੇ ਤੇ ਇਨ੍ਹਾਂ ਤਖ਼ਤੀਆਂ 'ਤੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਖੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।


ਨਕਲੀ ਦਵਾਈਆਂ
ਭਾਵੇਂ ਦੇਸ਼ ਦਾ ਸਾਰਾ ਅਰਥਚਾਰਾ ਖੇਤੀ ਨਾਲ ਜੁੜਿਆ ਹੈ। ਪਰ ਸਰਕਾਰਾਂ ਨੇ ਕਦੇ ਵੀ ਖੇਤੀ ਨੂੰ ਪੈਰਾਂ ਸਿਰ ਕਰਨ ਲਈ ਵਿਉਂਤਬੰਦੀ ਨਹੀਂ ਕੀਤੀ। ਉਹ ਤਾਂ ਹਾਲੇ ਤੱਕ ਕਿਸਾਨ ਨੂੰ ਬਦਲਵਾਂ ਮੰਡੀਕਰਨ ਹੀ ਨਹੀਂ ਦੇ ਸਕੀ। ਪਿਛਲੇ ਲੰਬੇ ਸਮੇਂ ਤੋਂ ਨਕਲੀ ਅਤੇ ਪੈਸਟੀਸਾਈਡ ਦਵਾਈਆਂ ਦੀ ਭਰਮਾਰ ਨੇ ਕਿਸਾਨ ਦੀ ਚਿੰਤਾ ਵਧਾਉਣ ਦੇ ਨਾਲ-ਨਾਲ ਆਰਥਿਕ ਤੌਰ 'ਤੇ ਭਾਰੀ ਸੱਟ ਮਾਰੀ। ਇਕ ਕੀੜੇਮਾਰ ਜਾਂ ਨਦੀਨਨਾਸ਼ਕ ਦਵਾਈ ਦਾ ਲੀਟਰ ਕਿਸਾਨ ਨੂੰ ਇਕ ਦੁਕਾਨ ਤੋਂ ਜੇਕਰ 600 ਰੁਪਏ ਦਾ ਮਿਲਦਾ ਹੈ ਤਾਂ ਉਸੇ ਕੰਪਨੀ ਦਾ ਲੀਟਰ ਦੂਜੇ ਸ਼ਹਿਰ ਤੋਂ 400 ਰੁਪਏ ਵਿਚ ਮਿਲਦਾ ਹੈ। ਕਿਸਾਨਾਂ ਦੇ ਮੁਤਾਬਿਕ ਉਸ ਦਾ ਤੇਲੇ 'ਤੇ ਕੰਮ ਕਰਨ ਦਾ ਅਸਰ ਵੀ ਵੱਖੋ-ਵੱਖਰਾ ਹੈ। ਖੇਤੀਬਾੜੀ ਦਫ਼ਤਰ ਚਿੱਟੇ ਹਾਥੀ ਦੇ ਰੂਪ ਵਿਚ ਕੰਮ ਕਰ ਰਹੇ ਹਨ। ਖੇਤੀ ਨਾਲ ਸਬੰਧਿਤ ਦਵਾਈਆਂ ਦੇ ਵੱਡੀ ਗਿਣਤੀ ਵਿਚ ਨਕਲੀ ਆਉਣ ਨਾਲ ਉਨ੍ਹਾਂ ਦਾ ਅਸਰ ਨਾ-ਮਾਤਰ ਹੋ ਚੁੱਕਾ ਹੈ।
ਲੋੜ ਹੈ ਸਰਕਾਰ ਨੂੰ ਸਖ਼ਤੀ ਵਰਤਦਿਆਂ ਨਕਲੀ ਦਵਾਈਆਂ ਦੇ ਮੱਕੜ ਜਾਲ ਵਿਚ ਉਲਝੇ ਅੰਨ ਦਾਤੇ ਨੂੰ ਕੱਢਣ ਦੀ ਤਾਂ ਕਿ ਦੇਸ਼ ਦਾ ਢਿੱਡ ਭਰਨ ਵਾਲਾ ਸੁੱਖ ਦੀ ਰੋਟੀ ਖਾ ਸਕੇ।


-ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ।

25-10-2017

 ਨਿਯਮਾਂ ਦੀ ਪਾਲਣਾ
ਡਾ: ਚਰਨਜੀਤ ਸਿੰਘ ਗੁਮਟਾਲਾ ਦਾ ਲੇਖ 'ਸੜਕੀ ਦੁਰਘਟਨਾਵਾਂ ਪ੍ਰਤੀ ਗੰਭੀਰ ਹੋਣ ਦੀ ਲੋੜ' ਨੇ ਸਹੀ ਤੱਥ ਪੇਸ਼ ਕੀਤੇ। ਡਰਾਈਵਰਾਂ ਦਾ ਸ਼ਰਾਬ ਅਤੇ ਹੋਰ ਨਸ਼ਾ ਕਰਕੇ ਗੱਡੀ ਚਲਾਉਣਾ, ਮੋਬਾਈਲ ਫੋਨ ਦੀ ਵਰਤੋਂ, ਸੀਟ ਬੈਲਟ ਨਾ ਲਾਉਣਾ, ਹੈਲਮਟ ਨਾ ਪਾਉਣਾ, ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਦੁਰਘਟਨਾਵਾਂ ਨੂੰ ਜਨਮ ਦੇਣਾ ਹੈ। ਕਈ ਮਾਵਾਂ ਦੇ ਪੁੱਤ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵਾਲੇ ਖ਼ੁਦ ਆਪਣੀਆਂ ਗੱਡੀਆਂ ਸੜਕ ਦੇ ਵਿਚਕਾਰ ਟੇਢੀਆਂ ਕਰਕੇ ਲਾਉਂਦੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਭ ਦਾ ਮੁੱਢਲਾ ਫ਼ਰਜ਼ ਹੈ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।


ਸਿਆਸੀ ਚੁੱਪ ਦੇ ਸ਼ੰਕੇ
ਪਿਛਲੇ ਪੰਦਰਾਂ ਸਾਲਾਂ ਤੋਂ ਚਰਚਿਤ ਇਕ ਜਬਰ ਜਨਾਹ ਦੇ ਮਾਮਲੇ ਵਿਚ ਇਕ ਡੇਰਾ ਮੁਖੀ ਨੂੰ 20 ਸਾਲ ਦੀ ਕੈਦ ਹੋਈ ਹੈ, ਜਿਸ ਦੇ ਇਵਜ਼ ਵਜੋਂ ਵੱਡੀ ਪੱਧਰ 'ਤੇ ਮਾਰਧਾੜ ਹੋਈ। ਕਈ ਜਾਨਾਂ ਗਈਆਂ। ਆਰਥਿਕ ਤੌਰ 'ਤੇ ਅਰਬਾਂ ਦਾ ਨੁਕਸਾਨ ਹੋਇਆ। ਪਰ ਇਸ ਸਭ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਨੇ ਕਿੰਤੂ ਤੱਕ ਨਹੀਂ ਕੀਤਾ। ਸਿਰਫ ਏਨਾ ਜ਼ਰੂਰ ਕਹਿੰਦੇ ਰਹੇ ਕਿ ਉਹ ਅਦਾਲਤੀ ਕਾਰਵਾਈ 'ਤੇ ਕੁਝ ਨਹੀਂ ਕਹਿਣਗੇ। ਅਜਿਹੇ ਮਾਹੌਲ ਵੇਲੇ ਸਮੂਹ ਸਿਆਸੀ ਆਗੂਆਂ ਵਲੋਂ ਮੌਨ ਧਾਰ ਲੈਣਾ ਵੱਡੇ ਸ਼ੰਕੇ ਪੈਦਾ ਕਰਦਾ ਹੈ। ਸਹੀ ਮਾਅਨਿਆਂ 'ਚ ਅਜੋਕੀ ਰਾਜਨੀਤੀ ਡੇਰਾਵਾਦ 'ਚੋਂ ਵੋਟ ਬੈਂਕ ਵੇਖਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਜਦ ਕਿ ਦੂਜੇ ਪਾਸੇ ਉਹ ਲੋਕ ਹਿਤਾਂ ਦੇ ਨਾਲ-ਨਾਲ ਦੇਸ਼ ਹਿਤ ਨੂੰ ਵੀ ਇਕ ਤਰ੍ਹਾਂ ਨਾਲ ਤਿਲਾਂਜਲੀ ਹੀ ਦੇ ਚੁੱਕੀ ਹੈ। ਜੋ ਦੇਸ਼ ਦੇ ਹਰ ਨਾਗਰਿਕ ਲਈ ਰੁਜ਼ਗਾਰ ਦੇ ਮੌਕਿਆਂ ਦੀ ਆਸ ਲਗਾਈ ਬੈਠੇ ਹਨ ਤੇ ਉਨ੍ਹਾਂ ਲੋਕਾਂ ਨੂੰ ਵੀ ਸ਼ਸ਼ੋਪੰਜ 'ਚ ਪਾ ਦਿੱਤਾ ਹੈ ਜੋ ਦੇੇਸ਼ ਨੂੰ ਆਰਥਿਕ ਪੱਖ ਦੇ ਨਾਲ-ਨਾਲ ਸੁਰੱਖਿਅਤ ਪੱਖ ਤੋਂ ਵੀ ਮਜ਼ਬੂਤ ਵੇਖਣਾ ਚਾਹੁੰਦੇ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ

ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ ਇਹ ਦੋ ਅਜਿਹੇ ਨਾਂਅ ਹਨ, ਜਿਨ੍ਹਾਂ ਦੀ ਹੋਂਦ ਤੋਂ ਬਿਨਾਂ ਦੁਨੀਆ ਵਿਚ ਮਨੁੱਖੀ ਜ਼ਿੰਦਗੀ ਦੇ ਸਰਬਪੱਖੀ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਇਕ ਅਜਿਹੇ ਸੁੱਕੇ ਰੁਖ਼ ਵਰਗਾ ਹੋ ਗਿਐ, ਜਿਸ ਵਿਚੋਂ ਮਨੁੱਖਤਾ ਦੇ ਪ੍ਰੇਮ ਦਾ ਰਸ ਮੁੱਕ ਚੁੱਕਿਐ। ਮਨੁੱਖੀ ਜ਼ਿੰਦਗੀ 'ਚੋਂ ਚਾਅ ਤੇ ਹਾਸੇ ਵਿਕਾਸ ਦੀ ਚਿਤਾ 'ਤੇ ਸਵਾਹ ਹੋ ਗਏ ਹਨ। ਵਿਸ਼ਵ ਦੇ ਹਰੇਕ ਸਮਾਜ ਤੇ ਰਾਸ਼ਟਰ ਵਿਚ ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ ਦਮ ਤੋੜਦੀ ਦਿਖਾਈ ਦਿੰਦੀ ਹੈ। ਅਜੋਕੇ ਵਿਸ਼ਵ ਦਾ ਸਾਕਾਰਾਤਮਿਕ ਤੇ ਕਰਮਸ਼ੀਲਤਾ ਦੀ ਸੋਚ ਤੋਂ ਪਿੱਛੇ ਹਟਣਾ ਹੀ ਇਸ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਸੰਸਾਰ ਵਿਚ ਆਧੁਨਿਕ ਸਮੇਂ ਵਰਗਾ ਆਤਮਘਾਤੀ ਮਾਹੌਲ ਐਵੇਂ ਤਾਂ ਨਹੀਂ ਸਿਰਜਿਆ ਗਿਆ। ਇਸ ਦਾ ਕਸੂਰਵਾਰ ਵੀ ਮਨੁੱਖ ਹੀ ਤਾਂ ਹੈ। ਸੋ, ਮਨੁੱਖੀ ਜੀਵਨ ਦੇ ਸੁਨਹਿਰੇ ਭਵਿੱਖ ਲਈ ਜ਼ਰੂਰੀ ਹੈ ਸਾਕਾਰਾਤਮਿਕ ਸੋਚ ਤੇ ਕਰਮਸ਼ੀਲਤਾ ਪ੍ਰਤੀ ਪ੍ਰੇਮ-ਭਾਵਨਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ।


-ਤਲਵਿੰਦਰ ਸ਼ਾਸਤਰੀ ਨਾਰੀਕੇ
ਮਾਲੇਰਕੋਟਲਾ।

24-10-2017

 ਵਿਸ਼ਵ ਵਿਕਾਸ ਸੂਚਨਾ
19 ਦਸੰਬਰ, 1972 ਨੂੰ ਸੰਯੁਕਤ ਰਾਸ਼ਟਰ ਅਸੰਬਲੀ ਵਿਚ 3038 (ਵਿਸ਼ਵ ਵਿਕਾਸ ਸੂਚਨਾ) ਬਿਲ ਪਾਸ ਕੀਤਾ ਗਿਆ। ਵਿਸ਼ਵ ਵਿਕਾਸ ਸੂਚਨਾ ਬਿਲ ਦਾ ਮੁੱਖ ਕੰਮ ਵਿਸ਼ਵ ਵਿਚ ਵਿਕਾਸ ਦੀਆਂ ਮੁਸ਼ਕਿਲਾਂ ਵੱਲ ਆਮ ਲੋਕਾਂ ਦਾ ਧਿਆਨ ਦਿਵਾਉਣਾ ਸੀ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਵਾਲੇ ਦਿਨ ਨੂੰ 1973 ਤੋਂ ਵਿਸ਼ਵ ਵਿਕਾਸ ਸੂਚਨਾ ਦਿਵਸ ਵਜੋਂ ਸਾਂਝੇ ਤੌਰ 'ਤੇ ਮਨਾਇਆ ਜਾਣ ਲੱਗਾ ਹੈ। ਮੌਜੂਦਾ ਸਮੇਂ ਵਿਚ ਤਕਨਾਲੋਜੀ ਦੇ ਵਿਕਾਸ ਨਾਲ ਇੰਟਰਨੈੱਟ ਅਤੇ ਮੋਬਾਈਲ ਫ਼ੋਨ ਦੀਆਂ ਸੇਵਾਵਾਂ ਰਾਹੀਂ ਲੋਕਾਂ ਨੂੰ ਵਿਕਾਸ ਅਤੇ ਵਪਾਰ ਸਬੰਧੀ ਮੁਸ਼ਕਿਲਾਂ ਦਾ ਹੱਲ ਲੱਭਣ ਅਤੇ ਇਸ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ।

-ਅਮਰਜੀਤ ਸਿੰਘ

ਟਰੈਕਟਰ ਟੋਚਨ ਮੁਕਾਬਲੇ
ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਇਕ ਨਵੀਂ ਖੇਡ ਪ੍ਰਚਲਿਤ ਕੀਤੀ ਜਾ ਰਹੀ ਹੈ, ਉਹ ਹੈ ਟਰੈਕਟਰ ਟੋਚਨ ਮੁਕਾਬਲੇ। ਦੁੱਖ ਤਾਂ ਇਹ ਦੇਖ ਕੇ ਹੁੰਦਾ ਹੈ ਕਿ ਇਕ ਪਾਸੇ ਤਾਂ ਸਾਡੇ ਕਿਸਾਨ ਭਰਾ ਆਰਥਿਕ ਤੰਗੀ ਕਾਰਨ ਨਿੱਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਕੁਝ ਕਿਸਾਨ ਹੀ ਇਨ੍ਹਾਂ ਟੋਚਨ ਮੁਕਾਬਲਿਆਂ ਦਾ ਪ੍ਰਬੰਧ ਕਰ ਰਹੇ ਹਨ। ਉਸ ਵੇਲੇ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ, ਜਦੋਂ ਜੱਟ ਮਹਾਂ ਸਭਾਵਾਂ ਤੇ ਸਿਆਸੀ ਪਾਰਟੀਆਂ ਦੇ ਆਗੂ ਇਨ੍ਹਾਂ ਮੁਕਾਬਲਿਆਂ ਵਿਚ ਸ਼ਾਮਿਲ ਹੋ ਕੇ ਇਸ ਖੇਡ ਨੂੰ ਹੱਲਾਸ਼ੇਰੀ ਦਿੰਦੇ ਹਨ। ਹਾਲ ਦੀ ਘੜੀ ਇਹ ਠੀਕ ਨਹੀਂ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

23-10-2017

 ਪੱਤਰਹੱਲ ਲੱਭਣਾ ਜ਼ਰੂਰੀ
ਖੇਤ ਵਿਚ ਪਰਾਲੀ ਸਾੜਨ ਤੋਂ ਜੇਕਰ ਫਿਲਹਾਲ ਪੂਰੀ ਤਰ੍ਹਾਂ ਨਹੀਂ ਬਚਿਆ ਜਾ ਸਕਦਾ ਤਾਂ ਕੁਝ ਯਤਨ ਕਰਨੇ ਤਾਂ ਜ਼ਰੂਰੀ ਹਨ। ਸਭ ਤੋਂ ਪਹਿਲਾਂ ਜ਼ਰੂਰੀ ਹੈ ਸਰਕਾਰ ਅਤੇ ਕਿਸਾਨ ਇਸ ਮੁੱਦੇ 'ਤੇ ਇਕ-ਦੂਜੇ ਦੇ ਵਿਰੋਧ ਵਿਚ ਖੜ੍ਹੇ ਨਾ ਹੋਣ। ਇਸ ਵਾਰ ਕੁਝ ਮਸ਼ੀਨਾਂ ਆਈਆਂ ਹਨ, ਜੋ ਪਰਾਲੀ ਦਾ ਹੱਲ ਕਰ ਰਹੀਆਂ ਹਨ। ਅਗਲੀ ਵਾਰ ਇਨ੍ਹਾਂ ਦੀ ਸੰਖਿਆ ਵਧਾਈ ਜਾ ਸਕਦੀ ਹੈ। ਪਰਾਲੀ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜੇ ਸਰਕਾਰ ਤੀਜੀ ਫਸਲ ਦੀ ਖਰੀਦ ਸ਼ੁਰੂ ਕਰ ਦੇਵੇ ਜੋ ਕਿਸਾਨਾਂ ਲਈ ਫਾਇਦੇਮੰਦ ਹੋਵੇ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਮਿੱਟੀ, ਪਾਣੀ ਅਤੇ ਵਾਤਾਵਰਨ ਜੇਕਰ ਜ਼ਿੰਦਾ ਰਹਿਣਾ ਹੈ ਤਾਂ ਇਨ੍ਹਾਂ ਨੂੰ ਬਚਾਉਣਾ ਜ਼ਰੂਰੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਮਜਬੂਰੀ ਦੀ ਦੁਹਾਈ ਨਹੀਂ ਦਿੱਤੀ ਜਾ ਸਕਦੀ ਹੈ। ਜੇਕਰ ਕੱਲ੍ਹ ਨੂੰ ਸਾਡੇ ਬੱਚਿਆਂ ਨੂੰ ਪੰਜਾਬ ਦੀ ਧਰਤੀ ਤੇ ਪਾਣੀ ਨਹੀਂ ਮਿਲਦਾ ਤਾਂ ਸਾਡੇ ਬੱਚੇ ਇਹ ਦਲੀਲ ਮੰਨਣ ਲਈ ਤਿਆਰ ਨਹੀਂ ਹੋਣਗੇ ਕਿ ਸਾਡੇ ਬਾਪ, ਦਾਦਾ ਪਾਣੀ, ਮਿੱਟੀ ਅਤੇ ਵਾਤਾਵਰਨ ਦੀ ਕੁਰਬਾਨੀ ਦੇ ਕੇ ਜੀਰੀ ਬੀਜਣ ਲਈ ਮਜਬੂਰ ਸਨ, ਇਸ ਨੂੰ ਸਿਰਫ਼ ਸਰਕਾਰ ਅਤੇ ਸਮਾਜ ਦੀ ਲਾਪ੍ਰਵਾਹੀ ਮੰਨਿਆ ਜਾਵੇਗਾ।


-ਸੰਦੀਪ ਗਰਗ
'ਲਹਿਰਾਗਾਗਾ'


ਸਿੱਖ ਧਰਮ ਦਾ ਪ੍ਰਚਾਰ
'ਧਰਮ ਅਤੇ ਵਿਰਸਾ' ਅੰਕ ਵਿਚ ਸ: ਜਗਦੀਪ ਸਿੰਘ ਮੁਕੇਰੀਆਂ ਦਾ ਲੇਖ 'ਸਿੱਖ ਧਰਮ ਦੇ ਪ੍ਰਚਾਰ ਲਈ ਆਧੁਨਿਕ ਸਾਧਨ ਅਪਣਾਉਣਾ ਸਮੇਂ ਦੀ ਮੁੱਖ ਲੋੜ' ਪੜ੍ਹਿਆ ਜੋ ਬੇਹੱਦ ਕਾਬਲ-ਏ-ਤਾਰੀਫ਼ ਸੀ। ਸਿੱਖ ਧਰਮ ਦੁਨੀਆ ਵਿਚ ਇਕ ਵਿਲੱਖਣ ਧਰਮ ਹੈ। ਸਾਂਝੀਵਾਲਤਾ ਦਾ ਹਾਮੀ, ਸਰਬੱਤ ਦਾ ਭਲਾ ਚਾਹੁਣ ਵਾਲਾ, ਉੱਚੀ-ਸੁੱਚੀ ਨੈਤਿਕਤਾ ਅਤੇ ਭਗਤੀ ਤੇ ਸ਼ਕਤੀ ਦਾ ਪ੍ਰਤੀਕ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਵਿਚ ਵਿਸ਼ਵਾਸ ਰੱਖਣ ਵਾਲਾ ਪ੍ਰੈਕਟੀਕਲ ਧਰਮ ਹੈ। ਅੱਜ ਮੀਡੀਏ ਦਾ ਯੁੱਗ ਹੈ ਤਾਂ ਫਿਰ ਕਿਉਂ ਨਾ ਇਨ੍ਹਾਂ ਸਾਧਨਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ। 99 ਫ਼ੀਸਦੀ ਨੌਜਵਾਨ ਆਧੁਨਿਕ ਸਾਧਨਾਂ ਉੱਪਰ ਵਕਤ ਗੁਜ਼ਾਰਦੇ ਹਨ। ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਣਾ ਕੇ ਟੀ.ਵੀ. ਚੈਨਲਾਂ ਅਤੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਾਈਆਂ ਜਾਣ, ਤਾਂ ਕਿ ਲੋਕ ਦੇਹਧਾਰੀ ਗੁਰੂਆਂ ਅਤੇ ਅਖੌਤੀ ਡੇਰਿਆਂ ਦੇ ਮੱਕੜ ਜਾਲ ਵਿਚ ਫਸਣੋਂ ਬਚ ਜਾਣ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ (ਤਰਨ ਤਾਰਨ ਸਾਹਿਬ)।


ਸ਼ਲਾਘਾਯੋਗ ਕਦਮ
ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਿੱਖਿਆ ਬੋਰਡ ਪੰਜਾਬ ਨੇ ਫੈਸਲਾ ਲਿਆ ਹੈ ਕਿ ਜਿਥੇ ਪ੍ਰੀਖਿਆ ਕੇਂਦਰ ਬਣੇਗਾ, ਉਸ ਸਕੂਲ ਦੇ ਪ੍ਰੀਖਿਆਰਥੀ ਕਿਸੇ ਦੂਸਰੇ ਪ੍ਰੀਖਿਆ ਕੇਂਦਰ 'ਚ ਪ੍ਰੀਖਿਆ ਦੇਣਗੇ, ਇਹ ਇਕ ਬਹੁਤ ਹੀ ਦੂਰਅੰਦੇਸ਼ੀ ਵਾਲਾ ਕਦਮ ਹੈ। ਪੰਜਾਬ ਲੰਮੇ ਸਮੇਂ ਤੋਂ ਨਕਲ ਦਾ ਸੰਤਾਪ ਭੋਗ ਰਿਹਾ ਹੈ। ਪੰਜਾਬ 'ਚ ਨੌਜਵਾਨਾਂ ਕੋਲ +2 ਦੇ ਸਰਟੀਫਿਕੇਟ ਤਾਂ ਹਨ ਪਰ ਕਿਸੇ ਅਹੁਦੇ ਲਈ ਯੋਗਤਾ ਨਹੀਂ ਰੱਖਦੇ। ਨਕਲ ਦਾ ਬੂਟਾ ਪੂਰੀ ਤਰ੍ਹਾਂ ਵਧ-ਫੁਲ ਰਿਹਾ ਹੈ। ਜੇਕਰ ਸਿੱਖਿਆ ਵਿਭਾਗ ਆਪਣੇ ਫੈਸਲੇ 'ਤੇ ਅਟੱਲ ਰਹਿੰਦਾ ਹੈ ਤੇ ਇਸ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ ਤਾਂ ਇਹ ਮਿਹਨਤੀ ਨੌਜਵਾਨਾਂ ਲਈ ਇਕ ਸ਼ੁੱਭ ਸ਼ਗਨ ਹੋਵੇਗਾ।


-ਬਲਵੰਤ ਸਿੰਘ ਬਟਾਲਾ

19-10-2017

 ਸਾਈਬਰ ਠੱਗੀ ਦਾ ਮੱਕੜ ਜਾਲ

ਇਸ ਤਕਨੀਕ ਦੀ ਤਰੱਕੀ ਨੇ ਅਜਿਹੇ ਠੱਗ ਪੈਦਾ ਕਰ ਦਿੱਤੇ ਹਨ ਜੋ ਆਪਣੇ ਸ਼ਾਤਿਰ ਦਿਮਾਗ਼ ਨਾਲ ਤਕਨੀਕ ਦੀ ਵਰਤੋਂ ਕਰਕੇ ਲੱਖਾਂ ਲੋਕਾਂ ਨੂੰ ਆਪਣੀ ਆਰਥਿਕ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਅਕਸਰ ਇਹ ਠੱਗੀ ਬੈਂਕਾਂ ਜਾਂ ਇਨਾਮੀ ਰਾਸ਼ੀ ਦੇ ਨਾਂਅ 'ਤੇ ਕੀਤੀ ਜਾਂਦੀ ਹੈ। ਅੱਜ ਜਦੋਂ ਸਰਕਾਰਾਂ ਹਰ ਚੀਜ਼ ਨੂੰ ਆਧਾਰ ਤੇ ਪੈਨ ਕਾਰਡ ਨਾਲ ਲਿੰਕ ਕਰਨ ਲਈ ਨਿੱਤ ਨਵੇਂ ਫਰਮਾਨ ਜਾਰੀ ਕਰ ਰਹੀਆਂ ਹਨ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਬੈਂਕ ਦੇ ਅਧਿਕਾਰਤ ਕਰਮਚਾਰੀਆਂ ਤੋਂ ਇਲਾਵਾ ਕਿਸੇ ਵੀ ਅਜਿਹੇ ਵਿਅਕਤੀ ਨਾਲ ਆਪਣੇ ਵੇਰਵੇ ਨਸ਼ਰ ਨਾ ਕਰੀਏ ਜੋ ਸਾਨੂੰ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਬਣਾਉਂਦੇ ਹਨ।

-ਮਾ: ਜੀਵਨ ਕੁਮਾਰ
ਪਿੰਡ ਤੇ ਡਾਕ: ਹਰਸ਼ਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਹਮਦਰਦੀ ਦਾ ਗੁਣ

ਹਰ ਪਾਸੇ ਹਾਲਾਤ ਤਾਂ ਇੰਜ ਨੇ ਜਿਵੇਂ ਚੱਕੀ ਦੇ ਪੁੜਾਂ ਵਿਚ ਪਿਸ ਰਹੇ ਹਾਂ। ਬਹੁ-ਗਿਣਤੀ ਸਵਾਰਥੀ, ਲਾਲਚੀ ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੀ ਵਿਖਾਈ ਦਿੰਦੀ ਹੈ। ਜਿਸ ਵਿਚ ਸਵਾਰਥ, ਲਾਲਚ ਤੇ ਭ੍ਰਿਸ਼ਟਾਚਾਰ ਆ ਜਾਏ ਉਸ ਵਿਚ ਹਮਦਰਦ ਤੇ ਪਿਆਰ ਦਾ ਜਜ਼ਬਾ ਖਤਮ ਹੋ ਜਾਂਦਾ ਹੈ। ਸ਼ਾਇਦ ਕਿਧਰੇ ਉਨ੍ਹਾਂ ਵਿਚੋਂ ਮਨੁੱਖਤਾ ਮਰ ਜਾਂਦੀ ਹੈ। ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ, 'ਪਿਆਰ ਸਭ ਤੋਂ ਵੱਡਾ ਮਨੁੱਖੀ ਗੁਣ ਹੈ, ਦੂਜਾ ਵੱਡਾ ਮਨੁੱਖੀ ਗੁਣ ਹਮਦਰਦੀ ਹੈ', ਰਿਸ਼ਵਤ ਦੇ ਪੈਸੇ ਨਾਲ ਗ਼ਲਤ ਨੂੰ ਠੀਕ ਤੇ ਠੀਕ ਨੂੰ ਗ਼ਲਤ ਕਰਨਾ ਆਮ ਜਿਹੀ ਗੱਲ ਹੈ। ਕਈ ਵਾਰ ਬਜ਼ੁਰਗ ਵੀ ਖੱਜਲ ਹੁੰਦੇ ਵੇਖੇ ਗਏ ਨੇ ਪਰ ਕਿਸੇ ਨੂੰ ਬਹੁਤੀ ਵਾਰ ਹਮਦਰਦੀ ਵੀ ਨਹੀਂ ਹੁੰਦੀ ਸਗੋਂ ਮਜ਼ਾਕ ਉਡਾਉਂਦੇ ਨੇ। ਇਹ ਸਭ ਮਨੁੱਖਤਾ ਦੇ ਮਰ ਜਾਣ ਦੀ ਨਿਸ਼ਾਨੀ ਹੈ। ਇਸ ਆਧੁਨਿਕਤਾ ਤੇ ਲਾਲਚ ਨੇ ਸਾਨੂੰ ਜਾਨਵਰ ਬਿਰਤੀ ਵਲ ਧਕੇਲ ਦਿੱਤਾ ਹੈ। ਜਿਸ ਅੰਦਰ ਹਮਦਰਦੀ ਤੇ ਪਿਆਰ ਮਰ ਜਾਂਦਾ ਹੈ, ਉਹ ਦੂਸਰੇ ਦੀ ਮਜਬੂਰੀ ਤੇ ਤਕਲੀਫ਼ ਦਾ ਫਾਇਦਾ ਚੁੱਕਣ ਵਿਚ ਵੀ ਸ਼ਰਮ ਨਹੀਂ ਕਰਦਾ। ਸਾਡੇ ਸਮਾਜ ਦਾ, ਦਫਤਰੀ ਤੇ ਸਿਆਸੀ ਢਾਂਚਾ ਇਸ ਦੀ ਜਕੜ ਵਿਚ ਹੈ।

-ਪ੍ਰਭਜੋਤ ਕੌਰ ਢਿੱਲੋਂ।

ਪਟਾਕਿਆਂ 'ਤੇ ਪਾਬੰਦੀ

ਦੀਵਾਲੀ ਮੌਕੇ ਚਲਾਏ ਜਾਣ ਵਾਲੇ ਪਟਾਕਿਆਂ ਨਾਲ ਵਾਤਾਵਰਨ ਵਿਚ ਜ਼ਹਿਰ ਘੁਲਣ ਤੋਂ ਰੋਕਣ ਲਈ ਮਾਣਯੋਗ ਸਰਬ-ਉੱਚ ਅਦਾਲਤ ਨੇ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪਟਾਕੇ ਵੇਚਣ ਅਤੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਮਾਨਵਤਾ ਦੀ ਭਲਾਈ ਦੇ ਹੱਕ ਵਿਚ ਲਿਆ ਗਿਆ ਇਕ ਇਤਿਹਾਸਕ ਫ਼ੈਸਲਾ ਹੈ। ਇਸ ਨਾਲ ਵਾਤਾਵਰਨ ਵਿਚ ਘੁਲਣ ਵਾਲੀਆਂ ਜ਼ਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਤੋਂ ਵੀ ਰਾਹਤ ਮਿਲੇਗੀ। ਕੇਂਦਰ ਸਰਕਾਰ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਫੈਸਲੇ ਨੂੰ ਰਾਜ ਸਰਕਾਰਾਂ ਅਤੇ ਮਾਣਯੋਗ ਉੱਚ ਅਦਾਲਤਾਂ ਦੇ ਰਾਹੀਂ ਸੂਬਿਆਂ ਵਿਚ ਵੀ ਲਾਗੂ ਕਰਵਾਉਣ ਤਾਂ ਇਹ ਇਕ ਬਹੁਤ ਹੀ ਪਾਏਦਾਰ ਕਦਮ ਹੋਵੇਗਾ।

-ਸਤਨਾਮ ਸਿੰਘ ਮੱਟੂ
ਬੀਬੜ, ਸੰਗਰੂਰ।

ਔਰਤ ਅਤੇ ਇਸ਼ਤਿਹਾਰਬਾਜ਼ੀ

ਬੀਤੇ ਦਿਨੀਂ 'ਅਜੀਤ' 'ਚ ਖੁੰਢ ਚਰਚਾ ਕਾਲਮ 'ਚ ਮਾਣਯੋਗ ਗੁਰਭੇਜ ਸਿੰਘ ਚਾਹਲ ਨੇ 'ਔਰਤ ਅਤੇ ਇਸ਼ਤਿਹਾਰਬਾਜ਼ੀ' ਦੇ ਸਬੰਧ ਵਿਚ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਖੇਡਾਂ ਜਾਂ ਹੋਰ ਖੇਤਰਾਂ ਵਿਚ ਵਧੀਆ ਪ੍ਰਦਰਸ਼ਨਾਂ ਦੁਆਰਾ ਦੇਸ਼ ਅਤੇ ਦੁਨੀਆ ਵਿਚ ਸਿਤਾਰੇ ਬਣ ਕੇ ਉਭਰਦੇ ਹਨ ਉਹ ਸ਼ਖ਼ਸੀਅਤਾਂ ਸਮਾਜ 'ਚ ਹਰਮਨ-ਪਿਆਰੇ ਭਾਵ ਮਾਡਲ ਬਣ ਜਾਂਦੇ ਹਨ ਉਹ ਹੀ ਫਿਰ ਇਸ਼ਤਿਹਾਰਬਾਜ਼ੀ 'ਚ ਚੋਖਾ ਪੈਸਾ ਕਮਾਉਂਦੇ ਹਨ ਪਰ ਇਸ਼ਤਿਹਾਰਬਾਜ਼ੀ 'ਚ ਅਸ਼ਲੀਲਤਾ ਨਿੰਦਣਯੋਗ ਰੁਝਾਨ ਹੈ। ਨੌਜਵਾਨ ਔਰਤਾਂ ਦੀਆਂ ਕੰਪਨੀਆਂ ਵਲੋਂ ਅਰਧ-ਨੰਗੀਆਂ ਤਸਵੀਰਾਂ ਦੀ ਇਸ਼ਤਿਹਾਰਬਾਜ਼ੀ ਜਿਵੇਂ ਜਾਪਾਨ ਦੀ ਇਕ ਕੰਪਨੀ ਵਲੋਂ ਨਰਮੇ ਦੀ ਫ਼ਸਲ ਦੇ ਛਿੜਕਾਅ ਕਰਨ ਵਾਲੀ ਦਵਾਈ ਦੀ ਪਬਲੀਸਿਟੀ ਅਰਧ-ਨੰਗੀ ਔਰਤ ਦੀ ਤਸਵੀਰ ਰਾਹੀਂ ਕਰਨੀ ਵਾਕਿਆ ਨਿੰਦਣਯੋਗ ਹੈ। ਸੂਝਵਾਨ ਔਰਤ ਵਰਗ ਵੀ ਅਜਿਹੇ ਰੁਝਾਨ ਦੀ ਨਿੰਦਾ ਲਈ ਅੱਗੇ ਆਉਣ ਜੋ ਸਮੇਂ ਦੀ ਲੋੜ ਹੈ।

-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

18-10-2017

 ਧੀਆਂ ਦਾ ਦਿਨ
27 ਸਤੰਬਰ ਧੀਆਂ ਦੇ ਦਿਨ ਵਜੋਂ ਜਾਣਿਆ ਜਾਂਦਾ ਅਹਿਮ ਦਿਨ ਹੈ। ਧੀਆਂ ਸਾਡੇ ਸਮਾਜ ਦਾ ਆਧਾਰ ਹਨ। ਪਰ ਅੱਜ ਦੀ ਗਾਇਕੀ ਨੇ ਧੀਆਂ ਦੇ ਸਨਮਾਨ ਨੂੰ ਹੱਦ ਦਰਜੇ ਤੱਕ ਢਾਹ ਲਾਈ ਹੈ। ਬਿਨਾਂ ਸ਼ੱਕ ਅਸੀਂ 21ਵੀਂ ਸਦੀ ਦਾ ਡੇਢ ਦਹਾਕਾ ਪਾਰ ਕਰ ਚੱਕੇ ਹਾਂ ਪਰ ਸਾਡੀ 'ਜੰਗਾਲੀ ਸੋਚ' ਖੜ੍ਹੀ ਘੜੀ ਦੀ ਸੂਈ ਵਾਂਗ ਉਥੇ ਹੀ ਟਿਕੀ ਖੜ੍ਹੀ ਹੈ। ਅੱਜ ਦੁਨੀਆ ਦਾ ਕੋਈ ਵੀ ਖੇਤਰ ਨਹੀਂ ਜਿਥੇ ਲੜਕੀਆਂ ਦੀ ਸ਼ਮੂਲੀਅਤ ਨਹੀਂ ਫਿਰ ਕਿਉਂ ਅਸੀਂ ਧੀਆਂ ਨੂੰ ਇਸ ਸਤਰੰਗੇ ਸੰਸਾਰ 'ਤੇ ਆਉਣ ਤੋਂ ਰੋਕ ਰਹੇ ਹਾਂ। ਕਈ ਮਨਚਲਿਆਂ ਨੇ ਤਿਜ਼ਾਬੀ ਹਮਲੇ ਕਰ ਲੜਕੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਲੋੜ ਹੈ ਸਾਨੂੰ ਆਪਣੀ ਸੋਚ ਦੀ ਤਖ਼ਤੀ ਨੂੰ ਪਲਟਣ ਦੀ ਤਾਂ ਕਿ ਸਮਾਜ 'ਚ ਧੀਆਂ ਨੂੰ ਸਨਮਾਨਯੋਗ ਥਾਂ ਮਿਲੇ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਨੂੰ ਸਾਕਾਰ ਕੀਤਾ ਜਾ ਸਕੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਵਿਦਿਆਰਥੀ ਚੋਣਾਂ
ਬਿਨਾਂ ਸ਼ੱਕ ਵਿਦਿਆਰਥੀ ਚੋਣਾਂ ਵਿਦਿਆਰਥੀਆਂ ਵਿਚ ਅਗਵਾਈ ਦੀ ਭਾਵਨਾ ਨੂੰ ਵਿਕਸਤ ਕਰਦੀਆਂ ਦਿਖਾਈ ਦਿੰਦੀਆਂ ਹਨ ਪਰ ਇਨ੍ਹਾਂ ਚੋਣਾਂ ਨੂੰ ਸਿਆਸੀ ਰੰਗਤ ਦੇਣਾ ਵੀ ਇਕ ਵਿਚਾਰਨਯੋਗ ਮੁੱਦਾ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹ ਚੋਣਾਂ ਉਸ ਸਮੇਂ ਬੇਅਰਥ ਪ੍ਰਤੀਤ ਹੁੰਦੀਆਂ ਹਨ, ਜਦੋਂ ਨੌਜਵਾਨ ਵਿਦਿਆਰਥੀ ਇਸ ਨੂੰ ਆਪਣੀ ਮੁੱਛ ਦਾ ਸਵਾਲ ਮੰਨ ਕੇ ਜਿੱਤਣ ਲਈ ਹਰ ਸੰਭਵ ਯਤਨ ਕਰਦੇ ਹੋਏ ਸਿਆਸੀ ਹੱਥਕੰਡੇ ਅਪਣਾਉਣੋਂ ਵੀ ਨਹੀਂ ਝਿਜਕਦੇ, ਜੋ ਕਿ ਨਾ ਸਿਰਫ ਉਨ੍ਹਾਂ ਦੀ ਪੜ੍ਹਾਈ 'ਤੇ ਅਸਰ ਪਾਉਂਦਾ ਹੈ, ਸਗੋਂ ਸਮਾਜ ਵਿਚ ਗੁੰਡਾਗਰਦੀ ਨੂੰ ਵੀ ਬੜ੍ਹਾਵਾ ਦਿੰਦਾ ਹੈ। ਇਨ੍ਹਾਂ ਚੋਣਾਂ ਦੇ ਪ੍ਰਚਾਰ 'ਤੇ ਪੈਸੇ ਨੂੰ ਪਾਣੀ ਵਾਂਗ ਵਹਾਇਆ ਜਾਂਦਾ ਹੈ। ਸੋ ਵਿਦਿਆਰਥੀ ਚੋਣਾਂ ਰਾਹੀਂ ਵਿਦਿਆਰਥੀਆਂ ਵਿਚ ਅਗਵਾਈ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਕੇ ਇਨ੍ਹਾਂ ਦੇ ਅਸਲ ਉਦੇਸ਼ ਨੂੰ ਸਾਕਾਰ ਕਰਨਾ ਚਾਹੀਦਾ ਹੈ।


-ਤਾਨੀਆ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਮਾਂ-ਬੋਲੀ ਪੰਜਾਬੀ
ਪੰਜਾਬੀ ਸੂਬਾ ਬਣਨ ਤੋਂ ਬਾਅਦ ਅੱਜ ਤੱਕ ਪੰਜਾਬ ਵਿਚ ਹੀ ਪੰਜਾਬੀ ਬੋਲੀ ਉੱਪਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਹਮਲੇ ਹੁੰਦੇ ਰਹੇ ਹਨ। ਪੰਜਾਬੀ ਮਾਂ-ਬੋਲੀ ਨੂੰ ਰੋਲਣ ਵਿਚ ਆਪਣਿਆਂ ਅਤੇ ਗ਼ੈਰਾਂ ਦੋਵਾਂ ਦਾ ਹੀ ਹੱਥ ਰਿਹਾ ਹੈ। ਹੁਣ ਫਿਰ ਕੇਂਦਰ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਨੀਵਾਂ ਦਿਖਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ। ਬਠਿੰਡਾ-ਅੰਮ੍ਰਿਤਸਰ ਚਾਰ ਲੇਨ ਬਣ ਰਹੀ ਸੜਕ 'ਤੇ ਜੋ ਦਿਸ਼ਾ ਸੂਚਕ ਬੋਰਡ ਲਾਏ ਜਾ ਰਹੇ ਹਨ, ਉਨ੍ਹਾਂ 'ਤੇ ਪੰਜਾਬੀ ਨੂੰ ਤੀਜੇ ਥਾਂ 'ਤੇ ਰੱਖਿਆ ਗਿਆ ਹੈ। ਕਈ ਪਿੰਡਾਂ/ਸ਼ਹਿਰਾਂ ਦੇ ਨਾਂਅ ਤਾਂ ਸਿਰਫ ਹਿੰਦੀ ਵਿਚ ਹੀ ਲਿਖੇ ਹਨ। ਬੀਤੇ ਦਿਨੀਂ ਇਸ ਦਾ ਵਿਰੋਧ ਪੰਜਾਬ ਦੀਆਂ ਸਰਗਰਮ ਸੰਸਥਾਵਾਂ ਵਲੋਂ ਫ਼ਰੀਦਕੋਟ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸੋ, ਆਓ ਸਾਰੇ ਪੰਜਾਬੀ ਰਲ ਕੇ ਆਪਣੀ ਪਿਆਰੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦਿਵਾਈਏ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।

17-10-2017

 ਵਧ ਰਹੀ ਫਿਰਕਾਪ੍ਰਸਤੀ
ਪ੍ਰਸਿੱਧ ਲੇਖਕ ਸ੍ਰੀ ਕੁਲਦੀਪ ਨਈਅਰ ਦਾ ਲੇਖ 'ਦੇਸ਼ ਵਿਚ ਵਧ ਰਹੀ ਫਿਰਕਾਪ੍ਰਸਤੀ' ਕਾਬਲੇ ਤਾਰੀਫ਼ ਹੈ। ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤ ਤਾਕਤਾਂ ਤੋਂ ਨਿਰਪੱਖ ਹੋਣ ਦੀ ਲੋੜ ਹੈ ਅਤੇ ਚੰਗੀ ਵਧੀਆ ਭਾਵਨਾ ਮਨਾਂ ਵਿਚ ਉਜਾਗਰ ਕਰਨ ਦੀ ਜ਼ਰੂਰਤ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਦਾ ਹੀ ਪਹਿਲ ਦਿੱਤੀ ਜਾਵੇ ਅਤੇ ਇਸ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਫਿਰਕੂ ਤਾਕਤਾਂ ਤੋਂ ਕਿਨਾਰਾਕਸ਼ੀ ਕੀਤੀ ਜਾਵੇ। ਸਰਬੱਤ ਦੇ ਭਲੇ ਲਈ ਕੰਮ ਕੀਤੇ ਜਾਣ ਅਤੇ ਬਰਾਬਰਤਾ ਦਾ ਭਾਈਚਾਰਾ ਕਾਇਮ ਕੀਤਾ ਜਾਵੇ।

-ਜਸਪਾਲ ਸਿੰਘ ਲੋਹਾਮ
29/166, ਗਲੀ ਹਜ਼ਾਰਾ ਸਿੰਘ ਮੋਗਾ-142001.

ਬੱਚਿਆਂ ਦੀ ਸੁਰੱਖਿਆ
ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦਾ ਕਿਸੇ ਨਾ ਕਿਸੇ ਜੁਰਮ ਜਾਂ ਬਦਫੈਲੀ ਦਾ ਸ਼ਿਕਾਰ ਹੋਣਾ ਇਕ ਸੱਭਿਅਕ ਅਤੇ ਪੜ੍ਹੇ-ਲਿਖੇ ਸਮਾਜ ਨੂੰ ਸ਼ੋਭਾ ਨਹੀਂ ਦਿੰਦਾ। ਰਸਮੀ ਸਿੱਖਿਆ ਦੇ ਤੌਰ 'ਤੇ ਸਕੂਲ ਹੀ ਬੱਚੇ ਦੇ ਚੰਗੇ ਭਵਿੱਖ ਦੀ ਸਿਰਜਣਾ ਦਾ ਅਹਿਮ ਆਧਾਰ ਮੰਨੇ ਜਾਂਦੇ ਹਨ। ਜੇ ਇਥੇ ਹੀ ਸੁਰੱਖਿਆ ਨਹੀਂ ਤਾਂ ਸਮਾਜਿਕ ਜੀਵ ਦੇ ਪੂਰਨ ਰੂਪ ਵਿਚ ਉਭਰਨ ਤੇ ਵਿਚਰਨ 'ਤੇ ਸਹਿਜੇ ਹੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ।
ਇਸ ਸਬੰਧ ਵਿਚ ਰਾਜੀਵ ਚੰਦਰ ਸ਼ੇਖਰ ਦਾ ਲੇਖ ਪੜ੍ਹਿਆ, ਚੰਗਾ ਲੱਗਾ ਕਿ ਉਹ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਨੇ ਬੜੇ ਹੀ ਸੁਲਝੇ ਹੋਏ ਢੰਗ ਨਾਲ ਸਕੂਲਾਂ ਦੇ ਪ੍ਰਬੰਧਕਾਂ ਦੇ ਵਤੀਰੇ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਸਵਾਲ ਉਠਾਏ। ਚਾਹੀਦਾ ਹੈ ਕਿ ਸਖਤ ਦਿਸ਼ਾ-ਨਿਰਦੇਸ਼ਾਂ ਹੇਠ ਨਿੱਜੀ ਸਕੂਲਾਂ ਨੂੰ ਲਾਈਸੈਂਸ ਜਾਰੀ ਕਰਨ ਤੇ ਸਟਾਫ਼ ਪ੍ਰਤੀ ਪੂਰੀ ਜਾਣਕਾਰੀ ਤੇ ਪਿਛੋਕੜ ਪ੍ਰਤੀ ਤੱਥ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ।

-ਕੰਵਲਪ੍ਰੀਤ ਕੌਰ ਥਿੰਦ (ਚੌਹਾਨ)
ਸਾਇੰਸ ਅਧਿਆਪਕਾ, ਸ. ਸ. ਸ. ਸਕੂਲ, ਡਿਹਰੀਵਾਲਾ (ਅੰਮ੍ਰਿਤਸਰ)

ਕਿਸਾਨੀ ਦਾ ਸ਼ੋਸ਼ਣ
ਕਿਸਾਨ ਜੋ ਪਹਿਲਾਂ ਹੀ ਸਰਕਾਰਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਉਸ ਨਾਲ ਪਰਾਲੀ ਨੂੰ ਅੱਗ ਨਾ ਲਾਉਣ ਵਾਲੀ ਗੱਲ ਉਸ ਦੇ ਜ਼ਖ਼ਮਾਂ ਉੱਪਰ ਲੂਣ ਹੈ। ਕਿਸਾਨ ਖੁਦ ਵੀ ਨਹੀਂ ਚਾਹੁੰਦਾ ਕਿ ਉਹ ਪਰਾਲੀ ਨੂੰ ਅੱਗ ਲਾਵੇ ਅਤੇ ਕੁਦਰਤ ਦਾ ਦੁਸ਼ਮਣ ਬਣੇ।
ਦਫ਼ਤਰਾਂ ਵਿਚ ਬੈਠੇ ਸਰਕਾਰਾਂ ਦੇ ਕਰਿੰਦੇ ਜੋ ਕੁਦਰਤ ਵਾਸਤੇ ਇਹੋ ਜਿਹੇ ਕਾਨੂੰਨ ਪਾਸ ਕਰਕੇ ਆਪਣਾ-ਆਪ ਨੂੰ ਵਾਤਾਵਰਨ ਦਾ ਰਖਲਾਵਾ ਸਮਝਦੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਕਿ ਕਿਸਾਨ ਉਨ੍ਹਾਂ ਨਾਲੋਂ ਸੌ ਗੁਣਾ ਜ਼ਿਆਦਾ ਪਿਆਰ ਕਰਦਾ ਹੈ ਕੁਦਰਤ ਨੂੰ। ਜੋ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ ਉਹ ਕਿਥੋਂ ਰੋਟਾਵੇਟਰਾਂ ਆਦਿ ਸੰਦਾਂ ਦੇ ਖਰਚੇ ਚੱਕ ਪਰਾਲੀ ਨੂੰ ਸਾਂਭ ਸਕਦਾ। ਜੇ ਸਰਕਾਰ ਸੱਚਮੁੱਚ ਹੀ ਵਾਤਾਵਰਨ ਨੂੰ ਬਚਾਉਣ ਅਤੇ ਕਿਸਾਨੀ ਬਚਾਉਣ ਦੇ ਹੱਕ ਵਿਚ ਹੈ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਦਿੱਤਾ ਜਾਵੇ।

-ਕਮਲ ਕੋਟਲੀ।

16-10-2017

 ਹਾਂ-ਪੱਖੀ ਉਪਾਅ
ਅਕਸਰ ਅਖ਼ਬਾਰਾਂ ਤੇ ਟੀ.ਵੀ. ਵਿਚ ਲੇਖਕਾਂ, ਬੁੱਧੀਜੀਵੀਆਂ ਤੇ ਵਿਗਿਆਨੀਆਂ ਦੇ ਬਿਆਨ ਪੜ੍ਹਦੇ-ਸੁਣਦੇ ਹਾਂ ਕਿ ਕਿਸਾਨ ਝੋਨੇ-ਕਣਕ ਦੇ ਵੱਢਾਂ ਨੂੰ ਅੱਗ ਨਾ ਲਾਉਣ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਕਰ ਕੇ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ। ਸਰਕਾਰ ਨੇ ਕਾਨੂੰਨ ਵੀ ਬਣਾ ਦਿੱਤਾ ਹੈ ਕਿ ਖੇਤਾਂ ਵਿਚਲੀ ਰਹਿੰਦ-ਖੂੰਹਦ ਸਾੜ ਕੇ ਵਾਤਾਵਰਨ ਪ੍ਰਦੂਸ਼ਿਤ ਕਰਨ ਵਾਲੇ ਨੂੰ ਸਜ਼ਾ ਤੇ ਜੁਰਮਾਨਾ ਵੀ ਹੋ ਸਕਦੇ ਹਨ।
ਜੇਕਰ ਸਰਕਾਰ ਕਿਸਾਨਾਂ ਨੂੰ ਵੱਢ ਸਾੜਣ ਤੋਂ ਰੋਕਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਪਵੇਗੀ। ਸਹਿਕਾਰੀ ਸਭਾਵਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ 5 ਏਕੜ ਤੱਕ ਵਾਲੇ ਹਰ ਕਿਸਾਨ ਨੂੰ ਸਿਰਫ਼ ਤੇਲ 'ਤੇ ਹੀ ਰੋਟਾਵੇਟਰ ਨਾਲ ਕਣਕ ਬੀਜ ਕੇ ਦੇਣ। ਦਰਮਿਆਨੇ ਤੇ ਵੱਡੇ ਕਿਸਾਨਾਂ ਨੂੰ ਮੁਫ਼ਤ ਰੋਟਾਵੇਟਰ ਇਸ ਸ਼ਰਤ 'ਤੇ ਦਿੱਤੇ ਜਾਣ ਕਿ ਉਹ ਆਪਣੇ ਖੇਤ ਵਿਚ ਪੰਜ ਸਾਲ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਉਣਗੇ।
ਸਰਕਾਰ ਇਹ ਵੀ ਜ਼ਰੂਰੀ ਬਣਾਵੇ ਕਿ ਮਈ-ਜੂਨ ਅਤੇ ਅਕਤੂਬਰ-ਨਵੰਬਰ ਮਹੀਨਿਆਂ 'ਚ ਕਿਸਾਨਾਂ ਨੂੰ ਦਸ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਵਾਹੀ ਹੋਈ ਰਹਿੰਦ-ਖੂੰਹਦ ਨੂੰ ਪਾਣੀ ਲਾ ਕੇ ਜ਼ਮੀਨ ਵਿਚ ਹੀ ਗਾਲ ਦੇਣ। ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਨੂੰ ਇਨ੍ਹਾਂ ਕਿਸਾਨ-ਹਿਤੂ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

- ਜਸਕਰਨ ਲੰਡੇ
ਪਿੰਡ ਤੇ ਡਾਕਖਾਨਾ: ਲੰਡੇ, ਜ਼ਿਲ੍ਹਾ: ਮੋਗਾ-142049.

13-10-2017

 ਜਾਨਲੇਵਾ ਖੇਡ
ਅੱਜਕਲ੍ਹ ਮੋਬਾਈਲ ਫੋਨਾਂ 'ਤੇ ਬਲਿਊ ਵੇਲ ਨਾਂਅ ਦੀ ਜਾਨਲੇਵਾ ਖੇਡ ਦਾ ਕਹਿਰ ਵਾਪਰ ਰਿਹਾ ਹੈ। ਨਿੱਤ ਦਿਹਾੜੇ ਕੋਈ ਨਾ ਕੋਈ ਬੱਚਾ ਇਸ ਦੀ ਗ੍ਰਿਫ਼ਤ ਵਿਚ ਆ ਕੇ ਮੌਤ ਨੂੰ ਗਲੇ ਲਗਾ ਰਿਹਾ ਹੈ ਅਤੇ ਹੱਸਦੇ ਵੱਸਦੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਇਹ ਇਕ ਭਿਆਨਕ ਸਮੱਸਿਆ ਬਣਦੀ ਜਾ ਰਹੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਬੱਚਿਆਂ ਨਾਲ ਪਰਿਵਾਰ ਵਿਚ ਬੈਠ ਕੇ ਵੱਧ ਤੋਂ ਵੱਧ ਗੱਲਾਂਬਾਤਾਂ ਕੀਤੀਆਂ ਜਾਣ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਤੇ ਰੁਚੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਬੱਚੇ ਆਪਣੇ ਮਨ ਦੀਆਂ ਗੁੰਝਲਾਂ ਅਤੇ ਔਕੜਾਂ ਆਪਣੇ ਮਾਪਿਆਂ ਨਾਲ ਸਾਂਝੀਆਂ ਕਰ ਸਕਣ। ਇਸ ਦੇ ਲਈ ਤਕਨੀਕੀ ਮਾਹਿਰਾਂ ਦੀ ਰਾਏ ਲੈਣੀ ਵੀ ਸਹੀ ਹੋ ਸਕਦੀ ਹੈ ਤਾਂ ਜੋ ਕਿਸੇ ਵੀ ਹੱਸਦੇ ਵੱਸਦੇ ਘਰ ਦਾ ਚਿਰਾਗ ਨਾ ਬੁਝੇ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਠੋਸ ਹੱਲ ਦੀ ਜ਼ਰੂਰਤ
ਪਿਛਲੇ ਕਈ ਸਾਲਾਂ ਤੋਂ ਸਰਕਾਰ ਵਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਖੇਤੀ ਮਾਹਿਰਾਂ ਵਲੋਂ, ਸਮਾਜ ਸੇਵਕਾਂ ਵਲੋਂ, ਵਿਦਵਾਨਾਂ ਵਲੋਂ, ਸਿਹਤ ਵਿਭਾਗ ਵਲੋਂ ਅਤੇ ਲੇਖਕਾਂ ਵਲੋਂ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਕਿਸਾਨਾਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਪਰ ਅਫ਼ਸੋਸ ਕਿ ਕਿਸੇ ਸੰਸਥਾ ਵਲੋਂ ਵੀ ਇਸ ਸਮੱਸਿਆ ਦਾ ਠੋਸ ਹੱਲ ਨਹੀਂ ਸੁਲਝਾਇਆ ਗਿਆ। ਪਰ ਸੋਚਣ ਵਾਲੀ ਗੱਲ ਹੈ ਕਿ ਕੀ 'ਕੱਲਾ ਕਿਸਾਨ ਹੀ ਪ੍ਰਦੂਸ਼ਣ ਫੈਲਾਉਂਦਾ ਹੈ? ਦੁਸਹਿਰੇ 'ਤੇ ਕਰੋੜਾਂ ਰੁਪਏ ਦਾ ਬਾਰੂਦ ਫੂਕਿਆ ਗਿਆ, ਦੀਵਾਲੀ ਤੱਕ ਅਰਬਾਂ ਰੁਪਏ ਦਾ ਬਾਰੂਦ ਫੂਕਿਆ ਜਾਏਗਾ। ਹਰ ਵਾਰ ਕਰੋੜਾਂ ਰੁਪਏ ਦਾ ਮਾਲੀ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ ਪਰ ਇਸ ਪ੍ਰਦੂਸ਼ਣ 'ਤੇ ਪਾਬੰਦੀ ਲਾਉਣ ਲਈ ਕੋਈ ਨਹੀਂ ਕਹਿੰਦਾ। ਵੱਡੇ ਸ਼ਹਿਰਾਂ ਵਿਚ ਕਾਰਖਾਨਿਆਂ ਅਤੇ ਪਿੰਡਾਂ ਵਿਚ ਭੱਠਿਆਂ ਦੀਆਂ ਚਿਮਨੀਆਂ ਸਾਰਾ ਸਾਲ ਧੂੰਆਂ ਛੱਡਦੀਆਂ ਰਹਿੰਦੀਆਂ ਹਨ ਪਰ ਕੋਈ ਪੁੱਛਣ ਵਾਲਾ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਨਾੜ/ਪਰਾਲੀ ਸਾੜਨ ਪਰ ਮਾਪਦੰਡ ਸਭ ਲਈ ਬਰਾਬਰ ਹੋਣੇ ਚਾਹੀਦੇ ਹਨ।

-ਜਸਵੀਰ ਸਿੰਘ ਭਲੂਰੀਆ।

ਵਿਦੇਸ਼ ਜਾਣ ਦਾ ਰੁਝਾਨ
ਨਵਤੇਜ ਸਿੰਘ ਮੱਲ੍ਹੀ ਦਾ ਲੇਖ 'ਅਨਿਸਚਿਤਤਾ ਕਾਰਨ ਵਧ ਰਿਹਾ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਰੁਝਾਨ' ਰੌਂਗਟੇ ਖੜ੍ਹੇ ਕਰਨ ਵਾਲੇ ਤੱਤ ਪੇਸ਼ ਕਰਦਾ ਹੈ ਤੇ ਅਸਲੀਅਤ ਵੀ ਹੈ। ਪਿੰਡਾਂ ਵਿਚ ਪਹਿਲਾਂ ਜਦੋਂ ਕਿਸੇ ਦੇ ਘਰ ਲੜਕਾ 20-22 ਸਾਲ ਦਾ ਹੋ ਜਾਂਦਾ ਸੀ ਤਾਂ ਉਸ ਘਰ ਲੜਕੇ ਦੇ ਰਿਸ਼ਤੇ ਲਈ ਬਹੁਤ ਲੋਕ ਆਉਂਦੇ ਸਨ ਪਰ ਹੁਣ ਪਿੰਡਾਂ ਵਿਚ ਨੌਕਰੀ ਕਰਦੇ, ਕਾਰੋਬਾਰ ਕਰਦੇ ਅਤੇ ਖੇਤੀ ਕਰਦੇ ਨੌਜਵਾਨ 26-27 ਸਾਲ ਦੀ ਉਮਰ ਪਾਰ ਕਰ ਜਾਂਦੇ ਹਨ ਪਰ ਉਨ੍ਹਾਂ ਲਈ ਕੋਈ ਰਿਸ਼ਤਾ ਨਹੀਂ ਆਉਂਦਾ। ਨੌਜਵਾਨਾਂ ਦੇ ਮਾਂ-ਬਾਪ ਜਿਹੜੇ ਬਾਹਰ ਜਾਣ ਦੇ ਹੱਕ ਵਿਚ ਨਹੀਂ ਜਾਂ ਕੋਈ ਉਨ੍ਹਾਂ ਦਾ ਕੋਈ ਸਾਧਨ ਨਹੀਂ, ਬਹੁਤ ਹੀ ਪ੍ਰੇਸ਼ਾਨੀ ਵਿਚ ਹਨ। ਮੱਲ੍ਹੀ ਦਾ ਲੇਖ ਬਹੁਤ ਕਾਬਲੇ ਤਾਰੀਫ਼ ਸੀ।

-ਸਰਵਨ ਸਿੰਘ ਪਤੰਗ।

12-10-2017

 ਪੱਤਰਸਾਹਿਤ ਫੁਲਵਾੜੀ
ਬੀਤੇ ਦਿਨ 'ਅਜੀਤ' ਮੈਗਜ਼ੀਨ ਦੇ 'ਸਾਹਿਤ ਫੁਲਵਾੜੀ' ਵਿਚ ਕਾਵਿ-ਮਹਿਫ਼ਲ ਕਮਾਲ ਦੀ ਸੀ। ਸਾਰੀਆਂ ਕਵਿਤਾਵਾਂ, ਗ਼ਜ਼ਲਾਂ ਇਕ ਤੋਂ ਇਕ ਵੱਧ ਪਿਆਰੀਆਂ ਸਨ, ਦਿਲ ਨੂੰ ਟੁੰਬਦੀਆਂ ਸਨ। ਜਿਸ ਕਿਸੇ ਨੇ ਵੀ ਕਾਵਿ-ਮਹਿਫ਼ਲ ਪੜ੍ਹਿਆ ਹੋਵੇਗਾ, ਉਹ ਕਾਫੀ ਸਮਾਂ ਵੱਖਰਾ ਅਹਿਸਾਸ ਮਹਿਸੂਸ ਜ਼ਰੂਰ ਕਰਦਾ ਹੋਵੇਗਾ। ਮੈਂ ਜਦ ਸਾਰੇ ਮਾਣਯੋਗ ਤੇ ਅਤੀ ਸਤਿਕਾਰਯੋਗ ਲੇਖਕਾਂ ਦੇ ਕਾਵਿ ਪੜ੍ਹ ਰਿਹਾ ਸੀ ਤਾਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਮੁਸ਼ਾਇਰੇ ਵਿਚ ਬੈਠਾ ਹੋਵਾਂ ਭਾਵ ਪੂਰਾ ਅਨੰਦ ਆ ਰਿਹਾ ਸੀ। ਕੁੱਲ ਮਿਲਾ ਕੇ ਅਜਿਹੀਆਂ ਰਚਨਾਵਾਂ ਜੋ ਇਕੱਠੇ ਪੰਜ-ਸੱਤ ਨਾਮਵਰ ਲੇਖਕਾਂ ਦੀਆਂ ਇਕੋ ਵਾਰ ਛਪੀਆਂ ਘੱਟ ਹੀ ਮੌਕੇ ਪੜ੍ਹਨ ਨੂੰ ਮਿਲਦੇ ਹਨ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਅਲੋਪ ਹੋਈਆਂ ਖੱਡੀਆਂ
ਸੰਨ 1974-75 ਵਿਚ ਇਕ ਗਲੀਚੇ ਨੂੰ ਬਣਾਉਣ ਪਿਛੇ ਸਿਰਫ਼ 15-20 ਰੁਪਏ ਵਸੂਲ ਕੀਤੇ ਜਾਂਦੇ ਸਨ ਅਤੇ ਇਹ ਕੰਮ ਕਾਫੀ ਲੰਮਾ ਸਮਾਂ ਬਹੁਤ ਹੀ ਵਧੀਆ ਚੱਲਿਆ ਪਰ ਅੱਜਕਲ੍ਹ ਮਸ਼ੀਨਰੀ ਯੁੱਗ ਆਉਣ ਕਾਰਨ ਇਹ ਕੰਮ ਨਾਮਾਤਰ ਹੀ ਬਣ ਗਿਆ ਅਤੇ ਸਿਰਫ਼ ਖੱਡੀ ਸਾਡੇ ਵੱਡਿਆਂ ਦੀ ਵਿਰਾਸਤ ਵਜੋਂ ਹੀ ਰੱਖੀ ਜਾਂਦੀ ਹੈ, ਇਸ ਨਾਲ ਕੰਮਕਾਰ ਤਾਂ ਨਾਮਾਤਰ ਹੀ ਕੀਤਾ ਜਾਂਦਾ ਹੈ ਕਿਉਂਕਿ ਅੱਜਕਲ੍ਹ ਰੈਡੀਮੇਡ ਮਾਲ ਰਿਕਸ਼ਿਆਂ ਤੇ ਗਲੀਚੇ, ਚਾਦਰਾਂ ਆਦਿ ਰੱਖ ਕੇ ਗਲੀਆਂ ਵਿਚ ਵੇਚਦੇ ਆਮ ਵੇਖੇ ਜਾਂਦੇ ਹਨ। ਜੇਕਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਸ ਸਬੰਧੀ ਪੁੱਛਿਆ ਜਾਵੇ ਤਾਂ ਸ਼ਾਇਦ 80 ਫ਼ੀਸਦੀ ਲੋਕਾਂ ਨੂੰ ਖੱਡੀ ਬਾਰੇ ਜਾਣਕਾਰੀ ਹੀ ਨਹੀਂ ਹੋਵੇਗੀ।


-ਪ੍ਰੋ: ਮਨਪ੍ਰੀਤ ਗੋਰਾਇਆ
ਗਿਆਨ ਸਾਗਰ ਕਾਲਜ, ਕਲਾਨੌਰ (ਗੁਰਦਾਸਪੁਰ)।


ਸਾਂਝੀ ਜ਼ਿੰਮੇਵਾਰੀ
ਗਾਲਿਬ ਨੇ ਕਿਹਾ ਸੀ, 'ਕਿਸੇ ਦੇ ਮਰਨ ਦਾ ਅਫ਼ਸੋਸ ਉਹ ਕਰੇ, ਜਿਸ ਨੇ ਆਪ ਮਰਨਾ ਨਾ ਹੋਵੇ। ਇਸੇ ਤਰ੍ਹਾਂ ਕਈ ਸੋਚਦੇ ਹਨ ਕਿ ਆਲਮੀ ਤਪਸ਼ ਦੀ ਚਿੰਤਾ ਉਹ ਕਰਨ, ਜਿਨ੍ਹਾਂ ਇਸ ਦੇ ਨਿਕਲਣ ਵਾਲੇ ਸਿੱਟਿਆਂ ਨਾਲ ਭਵਿੱਖ ਵਿਚ ਨਿਪਟਣਾ ਹੋਵੇਗਾ। ਪਰ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਵਧਦੇ ਜਾ ਰਹੇ ਭੂਗੋਲਿਕ ਤਾਪਮਾਨ ਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਜੀਵਨ ਦੇ ਪ੍ਰਸੰਗ 'ਚ ਮੂਲ ਹਕੀਕਤ ਇਹ ਹੈ ਕਿ ਆਲਾ-ਦੁਆਲਾ ਜੀਵ ਦੇ ਅਨੁਕੂਲ ਨਾ ਹੋਣ ਦੀ ਸੂਰਤ ਵਿਚ ਉਹ ਜਿਊਂਦਾ ਨਹੀਂ ਰਹਿ ਸਕਦਾ। ਹਰ ਇਕ ਹੋਂਦ ਦੀ ਬੁੱਕਲ 'ਚ ਅਣਹੋਂਦ ਦਾ ਸੱਪ ਛੁਪਿਆ ਬੈਠਾ ਹੈ ਜਿਸ ਨੇ ਸਮਾਂ ਆਉਣ 'ਤੇ ਹੋਂਦ ਨੂੰ ਡੱਸ ਲੈਣਾ ਹੁੰਦਾ ਹੈ। ਪਿਛਲੇ 50 ਵਰ੍ਹਿਆਂ ਦੌਰਾਨ ਦੁਨੀਆ ਭਰ ਦੀਆਂ 40 ਫ਼ੀਸਦੀ ਪ੍ਰਜਾਤੀਆਂ ਆਪਣੀ ਹੋਂਦ ਗੁਆ ਬੈਠੀਆਂ ਹਨ। ਹਰ ਵਰ੍ਹੇ ਲੱਖਾਂ ਜੀਵ ਨਸਲਾਂ ਲੋਪ ਹੋ ਰਹੀਆਂ ਹਨ।


-ਨਵਦੀਪ ਕੌਰ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਜਾਨ ਦਾ ਖੌਅ
ਲੋਕਾਂ ਦੀ ਜਾਨ ਦਾ ਖੌਅ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ ਕਾਬਲੇ ਤਾਰੀਫ਼ ਹੈ। ਆਵਾਰਾ ਪਸ਼ੂ ਜਾਨ ਲਈ ਖ਼ਤਰਾ ਬਣੇ ਹੋਏ ਹਨ। ਜਿੱਥੇ ਝੁੰਡ ਹੁੰਦੇ ਹਨ, ਉਥੇ ਡਰ ਰਹਿੰਦਾ ਹੈ। ਆਵਾਰਾ ਪਸ਼ੂ ਖੜ੍ਹੇ-ਖੜ੍ਹੇ ਭਿੜਨ ਲੱਗ ਜਾਂਦੇ ਹਨ ਅਤੇ ਕਾਰਾਂ, ਜੀਪਾਂ ਅਤੇ ਆਮ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੇ ਹਨ। ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ।


ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

11-10-2017

 ਪੱਤਰਪਾਤਰ ਤੋਂ ਆਸਾਂ
ਪੰਜਾਬ, ਪੰਜਾਬੀਅਤ ਤੇ ਸਾਹਿਤਕ ਹਲਕਿਆਂ ਲਈ ਇਹ ਅਹਿਮ ਖ਼ਬਰ ਹੋ ਨਿਬੜੀ, ਜਦੋਂ ਪਤਾ ਲੱਗਾ ਕਿ ਪੰਜਾਬੀ ਮਾਂ-ਬੋਲੀ ਦੇ ਸਪੂਤ ਸੁਰਜੀਤ ਪਾਤਰ ਜੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਕਿਉਂਕਿ ਕਿਸੇ ਵੀ ਸੰਸਥਾ ਦਾ ਪ੍ਰਧਾਨ ਉਹੀ ਸੋਭਦਾ ਹੈ ਜੋ ਉਸ ਸੰਸਥਾ ਦੀ ਧਰਾਤਲ ਨਾਲ ਜੁੜਿਆ ਹੋਵੇ। ਵੱਡੇ-ਵੱਡੇ ਇਨਾਮ ਤੇ ਮਾਣ-ਸਨਮਾਨ ਪਹਿਲਾਂ ਹੀ ਪਾਤਰ ਦੀ ਝੋਲੀ ਵਿਚ ਪੈ ਚੁੱਕੇ ਹਨ। ਪਰ ਸ਼ਾਇਦ ਸਿਆਸਤਦਾਨਾਂ ਦੀ ਸਿਆਸਤ ਇਥੇ ਵੀ ਜ਼ੋਰ-ਅਜ਼ਮਾਈ ਕਰਦੀ ਜਾਪੀ। ਖੈਰ, ਸਭ ਪੰਜਾਬੀ ਖ਼ਾਸ ਕਰ ਸਾਹਿਤਕਾਰ ਸੁਰਜੀਤ ਪਾਤਰ ਦੇ ਇਸ ਅਹੁਦਾ ਸਾਂਭਣ 'ਤੇ ਖੁਸ਼ ਹਨ ਤੇ ਸਾਡੀਆਂ ਸਭ ਦੀਆਂ ਆਸਾਂ ਨੂੰ ਬੂਰ ਪਵੇ, ਪੰਜਾਬ, ਪੰਜਾਬੀਅਤ ਤੇ ਪੰਜਾਬੀ ਵਧੇ ਫੁੱਲੇ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਰੁਜ਼ਗਾਰ ਵਿਭਾਗ
ਪੰਜਾਬ ਵਿਚ ਰੁਜ਼ਗਾਰ ਵਿਭਾਗ ਦੀ ਕਾਰਜ ਪ੍ਰਣਾਲੀ ਬਦਲ ਗਈ ਹੈ। ਭਾਰਤ ਸਰਕਾਰ ਦੇ ਇਸ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਅਦਾਰੇ ਰਾਹੀਂ ਪਤਾ ਚਲਦਾ ਹੈ ਕਿ ਇਸ ਵਿਭਾਗ ਦੇ ਇਹ ਕੁਝ ਅਹਿਮ ਸ਼ਾਖਾਵਾਂ ਹਨ, ਜਿਨ੍ਹਾਂ ਵਿਚ ਬੇਰੁਜ਼ਗਾਰਾਂ ਦਾ ਨਾਂਅ ਦਰਜ ਕਰਨਾ ਹੁੰਦਾ ਹੈ। ਰੁਜ਼ਗਾਰ ਮੰਡੀ ਤੇ ਸੂਚਨਾ ਜਿਸ ਰਾਹੀਂ ਇਹ ਵਿਭਾਗ ਸਰਕਾਰ ਤੇ ਸਮਾਜ ਨੂੰ ਜਾਣਕਾਰੀ ਦਿੰਦਾ ਹੋਵੇਗਾ ਕਿ ਕਿਹੜੇ ਰੁਜ਼ਗਾਰ ਵਿਚ ਅੱਜ ਲੋੜ ਹੈ ਜਾਂ ਨਹੀਂ, ਇਸੇ ਸੂਚਨਾ ਦੇ ਆਧਾਰ 'ਤੇ ਸਰਕਾਰਾਂ ਨੇ ਕੋਰਸ ਸ਼ੁਰੂ ਕਰਨੇ ਤੇ ਬੰਦ ਕਰਨੇ ਹੁੰਦੇ ਹਨ।
ਇਹੋ ਸ਼ਾਖਾ ਹੈ ਜਿਸ ਰਾਹੀਂ ਜਿਹੜੇ ਨਿਯੋਜਕ ਭਾਰਤ ਸਰਕਾਰ ਦੇ ਸੀ.ਐਨ.ਵੀ. ਐਕਟ 1959 ਦੀ ਪਾਲਣਾ ਨਹੀਂ ਕਰਦੇ ਹੁੰਦੇ, ਨੂੰ ਨੋਟਿਸ ਭੇਜ ਸੁਚੇਤ ਕਰਦੇ ਹੋਏ ਅਦਾਲਤੀ ਕਾਰਵਾਈ ਕਰਨੀ ਹੁੰਦੀ ਹੈ ਪਰ ਅੱਜ ਦੇ ਸਮੇਂ ਵਿਚ ਇਹ ਸ਼ਾਖਾ ਅਜਿਹਾ ਕੁਝ ਨਹੀਂ ਕਰਦੀ ਜਾਪਦੀ। ਕਈ ਕਾਰਨ ਹੋ ਸਕਦੇ ਹਨ ਸਮਾਜਿਕ ਤੇ ਨਿੱਜੀ। ਪਟਿਆਲਾ ਸ਼ਹਿਰ ਵਿਚ ਹੀ ਅਨੇਕ ਅਦਾਰੇ ਹਨ ਵਿਸ਼ੇਸ਼ ਕਰਕੇ ਹਸਪਤਾਲ ਤੇ ਫੈਕਟਰੀਆਂ ਜਿਹੜੇ ਅਜੇ ਤੱਕ ਵਿਭਾਗ ਦੇ ਨਿਯੋਜਕ ਰਜਿਸਟਰ ਵਿਚ ਹੀ ਦਰਜ ਨਹੀਂ ਕੀਤੇ ਗਏ ਭਾਵੇਂ 20-20 ਸਾਲ ਹੋ ਗਏ ਨੇ ਅਦਾਰੇ ਖੁੱਲ੍ਹਿਆਂ ਨੂੰ। ਵਿਭਾਗ ਤੇ ਸਰਕਾਰ ਨੂੰ ਇਸ ਵੱਲ ਨਾ ਸਿਰਫ ਧਿਆਨ ਦੇਣ ਦੀ ਜ਼ਰੂਰਤ ਹੈ ਸਗੋਂ ਸਖ਼ਤ ਕਾਰਵਾਈ ਦੀ ਵੀ।


-ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ, ਪਟਿਆਲਾ।


ਪਰਾਲੀ ਸਾੜਨ ਪ੍ਰਤੀ ਸਖ਼ਤੀ
ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਲੋਂ ਕਿਸਾਨਾਂ ਦੁਆਰਾ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਤੋਂ 15 ਹਜ਼ਾਰ ਰੁਪਏ ਤੱਕ ਜੁਰਮਾਨੇ ਕਰਨ ਦੀ ਵਿਵਸਥਾ ਵੀ ਰੱਖੀ ਗਈ ਹੈ। ਪਰ ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਖੇਤਾਂ ਵਿਚ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਸਾਡਾ ਕਿਸਾਨ ਭਲੀ-ਭਾਂਤ ਜਾਣੂ ਤਾਂ ਹੈ ਪਰ ਇਹ ਸਭ ਕੁਝ ਕਰਨਾ ਉਸ ਦੀ ਮਜਬੂਰੀ ਹੈ। ਸੋ, ਸਰਕਾਰ ਨੂੰ ਅਜਿਹੇ ਹਾਲਾਤ ਵਿਚ ਕਿਸਾਨਾਂ ਪ੍ਰਤੀ ਬੇਹੱਦ ਸਖ਼ਤੀ ਦਿਖਾਉਣ ਦੀ ਬਜਾਏ ਇਸ ਦਾ ਯੋਗ ਬਦਲ ਲੱਭਣਾ ਚਾਹੀਦਾ ਹੈ, ਨਹੀਂ ਤਾਂ ਕਿਸਾਨ ਅਤੇ ਇਸ ਦੇ ਨਾਲ ਜੁੜੇ ਅਨੇਕਾਂ ਲੋਕਾਂ ਦੇ ਧੰਦੇ ਚੌਪਟ ਹੋਣ ਨੂੰ ਦੇਰ ਨਹੀਂ ਲੱਗੇਗੀ।


-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

10-10-2017

 ਭਗਵਾਨ ਸ੍ਰੀ ਵਾਲਮੀਕਿ ਦੇ ਲੇਖ ਸਬੰਧੀ
ਸੰਪਾਦਕ ਜੀਓ
ਮਿਤੀ 5 ਅਕਤੂਬਰ ਨੂੰ ਆਪ ਦੇ ਅਖ਼ਬਾਰ ਵਿਚ ਮੇਰਾ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਬਾਰੇ ਲੇਖ ਛਪਿਆ ਸੀ। ਇਸ ਲੇਖ ਵਿਚ ਕੁਝ ਤੱਥ ਗ਼ਲਤ ਛਪ ਗਏ ਸਨ, ਜਿਸ ਨਾਲ ਵਾਲਮੀਕਿ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਮੈਂ ਖ਼ੁਦ ਵੀ ਇਸ ਭਾਈਚਾਰੇ ਨਾਲ ਸਬੰਧਤ ਹਾਂ। ਇਨ੍ਹਾਂ ਤੱਥਾਂ ਦੇ ਗ਼ਲਤ ਛਪਣ ਦਾ ਮੈਨੂੰ ਅਫ਼ਸੋਸ ਹੈ, ਇਸ ਲਈ ਮੈਂ ਆਪਣੇ ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ।

-ਗਿਆਨ ਸਿੰਘ ਵਜ਼ੀਦਕੇ
ਲੱਖੀ ਕਾਲੋਨੀ, ਬਰਨਾਲਾ।

ਪੁੱਤਰਾਂ ਦੀ ਸਿੱਖਿਆ
ਬੀਤੇ ਦਿਨ 'ਨਾਰੀ ਸੰਸਾਰ' ਸਫ਼ੇ 'ਤੇ ਪ੍ਰੋ: ਕੁਲਜੀਤ ਕੌਰ ਅਠਵਾਲ ਦਾ ਲੇਖ 'ਪੁੱਤਰਾਂ ਨੂੰ ਬਚਪਨ ਤੋਂ ਸਿਖਾਓ ਔਰਤਾਂ ਦਾ ਸਨਮਾਨ' ਪੜ੍ਹਿਆ, ਚੰਗਾ ਲੱਗਾ। ਘਰ ਵਿਚ ਬੱਚਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮਾਂ-ਬਾਪ ਦੀ ਹੈ ਅਤੇ ਉਨ੍ਹਾਂ ਅੰਦਰ ਚੰਗੇ ਸੰਸਕਾਰ ਪੈਦਾ ਕਰਨੇ ਵੀ ਘਰ ਵਿਚ ਉਨ੍ਹਾਂ ਅਤੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ। ਧੀ ਅਤੇ ਪੁੱਤ ਦੇ ਪਾਲਣ-ਪੋਸ਼ਣ ਵਿਚ ਘਰ 'ਚ ਜ਼ਿਆਦਾ ਅੰਤਰ ਨਹੀਂ ਹੋਣਾ ਚਾਹੀਦਾ। ਜੇਕਰ ਧੀ ਅੰਦਰ ਚੰਗੀ ਔਰਤ ਬਣਨ ਦੇ ਸੰਸਕਾਰ ਭਰਦੇ ਹਾਂ ਤਾਂ ਪੁੱਤ ਅੰਦਰ ਵੀ ਵਧੀਆ ਨਾਗਰਿਕ ਬਣਾਉਣ ਦੇ ਸੰਸਕਾਰ ਵੀ ਮਾਤਾ-ਪਿਤਾ ਅਤੇ ਵੱਡਿਆਂ ਵਲੋਂ ਭਰਨੇ ਅਤੀ ਜ਼ਰੂਰੀ ਹਨ। ਪੁੱਤਰਾਂ ਅੰਦਰ ਸਹਿਣਸ਼ੀਲਤਾ, ਅਨੁਸ਼ਾਸਨ, ਸੰਜਮ, ਅਪਣੱਤ ਅਤੇ ਚੰਗੇ ਵਿਵਹਾਰ ਦੀ ਸੋਚ ਭਰਨੀ ਹੋਵੇਗੀ ਤਾਂ ਹੀ ਉਹ ਕੱਲ੍ਹ ਨੂੰ ਸਮਾਜ ਵਿਚ ਇਕ ਵਧੀਆ ਨਾਗਰਿਕ ਬਣ ਸਕੇਗਾ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਇਹ 'ਅੱਛੇ ਦਿਨ' ਨਹੀਂ
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਪਤਕਾਰਾਂ ਦੀਆਂ ਜੇਬਾਂ ਲਗਾਤਾਰ ਕੱਟ ਹੋ ਰਹੀਆਂ ਹਨ। ਉਮੀਦ ਸੀ ਕਿ ਇਸ 16 ਜੂਨ ਤੋਂ ਤੇਲ ਕੀਮਤਾਂ 'ਚ ਕੀਤੀ ਜਾਣ ਵਾਲੀ ਰੋਜ਼ਾਨਾ ਸੁਧਾਈ ਗਾਹਕਾਂ ਤੱਕ ਰਾਹਤ ਪਹੁੰਚਾਏਗੀ ਪਰ ਇਸ ਸਮੇਂ 'ਚ ਕੀਮਤਾਂ 'ਚ 5 ਫ਼ੀਸਦੀ ਤੱਕ ਹੋਰ ਵਾਧਾ ਹੋ ਗਿਆ ਹੈ। ਇਸੇ ਸਮੇਂ ਦੌਰਾਨ ਪੈਟਰੋਲ 'ਤੇ ਐਕਸਾਈਜ਼ ਡਿਊਟੀ 9.48 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 21.48 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 3.56 ਰੁਪਏ ਤੋਂ ਵਧਾ ਕੇ 17.33 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਹਿੰਦੁਸਤਾਨ ਵਿਚ ਪੈਟਰੋਲ ਦੀ ਸਾਲਾਨਾ ਖਪਤ 320000 ਕਿਲੋ ਲਿਟਰ ਤੇ 9 ਲੱਖ ਕਿਲੋ ਲਿਟਰ ਡੀਜ਼ਲ ਦੀ ਹੈ, ਜਿਸ ਉੱਪਰ ਵਧੀ ਹੋਈ ਸਾਲਾਨਾ ਐਕਸਾਈਜ਼ ਡਿਊਟੀ 162000 ਕਰੋੜ ਰੁਪਏ ਖਪਤਕਾਰਾਂ ਦੀ ਜੇਬ 'ਚੋਂ ਨਿਕਲ ਕੇ ਸਰਕਾਰ ਦੇ ਖਜ਼ਾਨੇ 'ਚ ਜਾ ਰਹੀ ਹੈ। ਇਨ੍ਹਾਂ ਖਪਤਕਾਰਾਂ 'ਚੋਂ ਕਿਸਾਨ ਤੇ ਰੇਲਵੇ ਵੱਡੇ ਖਪਤਕਾਰ ਹਨ, ਜਿਨ੍ਹਾਂ ਲਈ ਇਹ 'ਅੱਛੇ ਦਿਨ' ਨਹੀਂ ਹਨ।

-ਸ.ਸ. ਗਿੱਲ
ਬਰਨਾਲਾ।

ਅਸੂਲ ਅਤੇ ਅਮਲ ਵਿਚ ਅੰਤਰ
ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ ਕਰਦੇ ਹਾਂ, ਬਹੁਤ ਹੀ ਖੂਬਸੂਰਤ ਵਿਚਾਰ ਹੈ। ਅਸੂਲ ਅਤੇ ਅਮਲ ਵਿਚ ਅੰਤਰ ਕਰਨਾ ਫਿਤਰਤ ਬਣ ਜਾਂਦੀ ਹੈ। ਸੱਚਾਈ ਦੀ ਧਾਰ 'ਤੇ ਵਿਰਲੇ ਹੀ ਖਰਾ ਉੱਤਰਦੇ ਹਨ। ਅਸਲ ਜੀਵਨ ਵਿਚ ਆਪਣੇ ਵੱਲ ਝਾਤੀ ਮਾਰਨ ਅਤੇ ਆਪਣਾ ਸਵੈ-ਨਿਰੀਖਣ ਕਰਨ ਲਈ ਕਿਸੇ ਕੋਲ ਸਮਾਂ ਹੀ ਨਹੀਂ। ਹਰ ਇਕ ਦੇ ਪਰਖ ਕਰਨ ਦਾ ਪੈਮਾਨਾ ਆਪਣਾ ਹੈ ਅਤੇ ਸੋਚ ਆਪਣੀ ਹੈ। ਗੱਲਾਂ ਕਰਨੀਆਂ ਸੁਖਾਲੀਆਂ ਪਰ ਉਸ 'ਤੇ ਖਰਾ ਉਤਰਨਾ ਮੁਸ਼ਕਿਲ ਹੈ। ਪਹਿਲਾਂ ਤੋਲੋ ਫਿਰ ਬੋਲੋ। ਕਦੋਂ ਬੋਲਣਾ ਕਦੋਂ ਨਹੀਂ ਬੋਲਣਾ ਧਿਆਨ ਦੇਣ ਦੀ ਲੋੜ ਹੈ। ਕੁਦਰਤ ਦੀ ਚੱਕੀ ਵਿਚ ਮਾੜੀ ਸੋਚ ਜ਼ਿਆਦਾ ਦੇਰ ਤੱਕ ਨਹੀਂ ਚਲਦੀ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।

09-10-2017

 ਝੋਨੇ ਦਾ ਬਦਲ ਜ਼ਰੂਰੀ
ਅੱਜਕਲ੍ਹ ਚਾਰੇ ਪਾਸੇ ਪਰਾਲੀ ਨੂੰ ਅੱਗ ਲਾਉਣ ਦੀ ਚਰਚਾ ਜ਼ੋਰਾਂ 'ਤੇ ਹੈ। ਐਨ.ਜੀ.ਟੀ. ਨੇ ਕਿਸਾਨਾਂ ਨੂੰ ਜ਼ਮੀਨ ਦੇ ਹਿਸਾਬ ਨਾਲ ਪਰਾਲੀ ਸਾੜਨ ਦਾ ਜੁਰਮਾਨਾ ਵੀ ਰੱਖਿਆ ਹੈ। ਐਨ.ਜੀ.ਟੀ. ਆਪਣੇ ਥਾਂ ਸਹੀ ਹੈ। ਕਿਸਾਨਾਂ ਦੀ ਆਪਣੀ ਮਜਬੂਰੀ ਹੈ। ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਰੇ ਦੀ ਹੱਦ ਟੱਪ ਗਿਆ ਹੈ। ਸਮਝ ਨਹੀਂ ਆਉਂਦੀ ਸਰਕਾਰ ਪੰਜਾਬ ਨੂੰ ਰੇਗਿਸਤਾਨ ਬਣਾਉਣ 'ਤੇ ਕਿਉਂ ਤੁਲੀ ਹੋਈ ਐ? ਉਹ ਝੋਨੇ 'ਤੇ ਪਾਬੰਦੀ ਕਿਉਂ ਨਹੀਂ ਲਾਉਂਦੀ? ਜਦੋਂ ਬਾਂਸ ਨਾ ਰਿਹਾ ਤਾਂ ਬੰਸਰੀ ਕਿਥੋਂ ਵੱਜੂ? ਜਿਸ ਝੋਨੇ ਨੇ ਧਰਤੀ 'ਚੋਂ ਪਾਣੀ ਖਤਮ ਕਰਤਾ, ਜਿਸ ਝੋਨੇ ਨੇ ਖੇਤ ਮਜ਼ਦੂਰ ਵਿਹਲੇ ਕਰ 'ਤੇ, ਕਿਸਾਨ ਵਿਹਲੇ ਕਰ 'ਤੇ, ਧਰਤੀ ਦੇ ਸੋਮੇ ਬੰਦ ਕਰ 'ਤੇ, ਦਰੱਖਤ ਖਤਮ ਕਰ 'ਤੇ। ਸਭ ਬਿਮਾਰੀਆਂ ਦੀ ਜੜ੍ਹ ਝੋਨਾ ਹੀ ਹੈ। ਅੱਜ ਲੋੜ ਹੈ ਝੋਨੇ ਦਾ ਬਦਲ ਲੱਭਣਦੀ। ਸਰਕਾਰ ਇਸ ਪਾਸੇ ਧਿਆਨ ਦੇਵੇ। ਜੋ ਅੱਜ ਦੀ ਸਖਤ ਲੋੜ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸਿੱਖਿਆ ਨੀਤੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆਵਾਂ ਲੈਣ ਸਬੰਧੀ ਇਕ ਬਹੁਤ ਹੀ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਇਮਤਿਹਾਨਾਂ ਵਿਚ ਹੋਣ ਵਾਲੀ ਨਕਲ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਕਿਉਂਕਿ ਬੋਰਡ ਦੇ ਫੈਸਲੇ ਅਨੁਸਾਰ ਜਿਸ ਸੰਸਥਾ ਵਿਚ ਪ੍ਰੀਖਿਆ ਕੇਂਦਰ ਸਥਾਪਤ ਹੋਵੇਗਾ, ਉਸ ਸੰਸਥਾ ਦੇ ਪ੍ਰੀਖਿਆਰਥੀ ਆਪਣੇ ਸੰਸਥਾ ਦੇ ਸੈਂਟਰ ਵਿਚ ਪ੍ਰੀਖਿਆ ਨਹੀਂ ਦੇ ਸਕਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰੇ ਦੇਸ਼ ਵਿਚ ਸਿੱਖਿਆ ਦਾ ਰਾਸ਼ਟਰੀਕਰਨ ਕਰਕੇ ਇਕੋ ਜਿਹਾ ਸਿਲੇਬਸ ਕਰੇ ਤਾਂ ਜੋਸਾਰਿਆਂ ਦੀ ਬੁੱਧੀ ਦਾ ਸਹੀ ਪ੍ਰੀਖਣ ਹੋ ਸਕੇ ਅਤੇ ਤਿੰਨ ਤਰ੍ਹਾਂ ਦੇ ਪੇਪਰਾਂ ਦੀ ਥਾਂ 'ਤੇ ਇਕੋ ਤਰ੍ਹਾਂ ਦੇ ਪੇਪਰ ਪਾਏ ਜਾਣ। ਪੇਪਰ ਤਿਆਰ ਕਰਨ ਸਮੇਂ ਪੈਦਾ ਹੋਈਆਂ ਮੁਸ਼ਕਿਲਾਂ ਘਟਣਗੀਆਂ ਅਤੇ ਪ੍ਰੀਖਿਆਰਥੀਆਂ ਨੂੰ ਵੀ ਇਹ ਸ਼ਿਕਾਇਤ ਨਹੀਂ ਰਹੇਗੀ ਕਿ 'ਮੇਰੇ ਵਾਲਾ ਪੇਪਰ ਔਖਾ ਸੀ।'

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)

ਪਿੰਡਾਂ ਦਾ ਵਿਕਾਸ
ਭਾਰਤ ਪਿੰਡਾਂ ਵਿਚ ਵੱਸਦਾ ਹੈ। ਪਿੰਡਾਂ ਦੇ ਵਿਕਾਸ ਲਈ ਸਰਕਾਰ ਕਈ ਸਕੀਮਾਂ ਤਹਿਤ ਗਰਾਂਟ ਭੇਜਦੀ ਹੈ। ਅੱਜ ਵੀ ਕਈ ਇਮਾਨਦਾਰ ਪੰਚ, ਸਰਪੰਚ, ਪੰਚਾਇਤ ਸਕੱਤਰ, ਬੀ.ਡੀ.ਪੀ.ਓ. ਤੇ ਕਈ ਉੱਚ ਅਧਿਕਾਰੀ ਹਨ ਜੋ ਪਿੰਡ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਵੀ ਆਪਣੇ ਸਰਪੰਚ ਨਾਲ ਸਲਾਹ ਕਰਕੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਚਾਹੀਦਾ ਹੈ ਕਿ ਪਿੰਡ ਵਿਚ ਅਜਿਹੀਆਂ ਯੋਜਨਾਵਾਂ ਚਲਾਈਆਂ ਜਾਣ, ਜਿਸ ਨਾਲ ਪਿੰਡ ਵਿਚ ਛੱਪੜ ਦੀ ਸਫਾਈ ਅਤੇ ਨਾਜਾਇਜ਼ ਕਬਜ਼ੇ ਹਟਾਏ ਜਾ ਸਕਣ। ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ, ਸਾਡੇ ਪਿੰਡ ਵੀ ਤਰੱਕੀ ਕਰਨਗੇ।

-ਸ਼ਮਸ਼ੇਰ ਸਿੰਘ ਸੋਹੀ

04-10-2017

 ਮੁਆਵਜ਼ਾ

ਪਿਛਲੇ ਦਿਨੀਂ ਹਰਿਆਣਾ ਦੇ ਇਕ ਮੰਤਰੀ ਦਾ ਬਿਆਨ ਆਇਆ ਕਿ ਜੋ ਪੰਚਕੂਲਾ 'ਚ ਮਾਰੇ ਗਏ ਹਨ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਪਰ ਇਸ ਬਿਆਨ ਨੂੰ ਮੀਡੀਆ ਵਲੋਂ ਵਧਾਅ-ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ ਕਿ ਭਾਜਪਾ ਦਾ ਡੇਰਾ ਪ੍ਰੇਮ ਘੱਟ ਨਹੀਂ ਹੋ ਰਿਹਾ। ਜਦੋਂ ਹਰਿਆਣਾ 'ਚ ਜਾਟ ਅੰਦੋਲਨ ਹੋਇਆ ਸੀ ਤਾਂ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਮਿਲਿਆ ਸੀ ਤਾਂ ਇਨ੍ਹਾਂ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ। ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਵੀ ਇਸੇ ਹੀ ਭਾਰਤ ਦੇ ਵਾਸੀ ਹਨ ਅਤੇ ਹਰਿਆਣਾ ਸਰਕਾਰ ਦੀ ਅਣਗਹਿਲੀ ਕਾਰਨ ਪੰਚਕੂਲਾ ਵਿਚ ਇਕੱਠੇ ਹੋਏ ਸਨ ਅਤੇ ਬਾਅਦ ਵਿਚ ਡੇਰਾ ਪ੍ਰੇਮੀਆਂ ਵਿੱਚੋਂ 40 ਦੇ ਕਰੀਬ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਸ ਲਈ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਉਹ ਵੀ ਆਮ ਲੋਕਾਂ ਵਾਂਗ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਸਮਝੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਘਰ੍ਹਾਂ ਨੂੰ ਥੋੜ੍ਹਾ ਬਹੁਤ ਸਹਾਰਾ ਮਿਲ ਸਕੇ।

-ਨਰਿੰਦਰ ਸਿੰਘ ਚੌਹਾਣ
ਪਿੰਡ ਬਠੋਈ ਕਲਾਂ, ਪਟਿਆਲਾ।

ਉੱਤਰੀ ਕੋਰੀਆ ਦੀ ਭੜਕਾਹਟ

ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਸੰਪਾਦਕੀ ਲੇਖ 'ਵਿਸ਼ਵ ਸ਼ਾਂਤੀ ਲਈ ਖ਼ਤਰਾ' ਕਾਬਲੇ ਤਾਰੀਫ਼ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਮੌਜੂਦਾ ਹਾਲਾਤ ਖਰਾਬ ਕਰ ਦਿੱਤੇ ਅਤੇ ਉਸ ਦੇ ਪ੍ਰਮਾਣੂ ਤਜਰਬਿਆਂ ਨੇ ਸਾਰੀ ਦੁਨੀਆ ਨੂੰ ਫ਼ਿਕਰਾਂ ਵਿਚ ਪਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਤ ਨੂੰ ਸਮਝਿਆ ਅਤੇ ਉੱਤਰੀ ਕੋਰੀਆ ਨੂੰ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਅਮਰੀਕਾ ਆਪਣੀ ਅਤੇ ਸਾਥੀ ਭਾਈਵਾਲ ਦੇਸ਼ਾਂ ਦੀ ਰੱਖਿਆ ਖਾਤਰ ਮਜਬੂਰ ਹੋ ਕੇ ਉੱਤਰੀ ਕੋਰੀਆ ਨੂੰ ਨਸ਼ਟ ਵੀ ਕਰ ਸਕਦਾ ਹੈ। ਹਾਲਾਤ ਖ਼ਤਰਨਾਕ ਹੋ ਰਹੇ ਹਨ। ਵਿਸ਼ਵ ਸ਼ਾਂਤੀ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਸ਼ਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜਾਰਾ ਸਿੰਘ, ਮੋਗਾ।

ਕਮਿਸ਼ਨ ਖੋਰੀ ਬਣੀ ਸੀਨਾ ਜ਼ੋਰੀ

ਸਰਕਾਰ ਹਰ ਦਿਨ ਕੋਈ ਨਾ ਕੋਈ ਕਾਨੂੰਨ ਲਾਗੂ ਕਰਦੀ ਹੈ। ਪਰ ਇਕ ਬਿਮਾਰੀ ਜੋ ਸਾਡੇ ਦੇਸ਼ ਵਿਚ ਲਾਇਲਾਜ ਹੈ, ਉਹ ਹੈ ਕਮਿਸ਼ਨ ਖੋਰੀ। ਇਸ ਨੇ ਸਾਡੇ ਦੇਸ਼ ਦੀ ਜਨਤਾ ਨੂੰ ਨਿਚੋੜ ਦਿੱਤਾ ਹੈ। ਡਾਕਟਰ ਕਦੇ ਰੱਬ ਦਾ ਰੂਪ ਮੰਨੇ ਜਾਂਦੇ ਸਨ ਜੋ ਕਿ ਅੱਜ ਦੇ ਸਮੇਂ ਵਿਚ ਕਮਿਸ਼ਨਾਂ 'ਤੇ ਹੀ ਨਿਰਭਰ ਹਨ। ਖੂਨ ਟੈਸਟ, ਸਕੈਨ ਆਦਿ ਹਰੇਕ ਵਿਚੋਂ ਕਮਿਸ਼ਨ ਭਾਲਦੇ ਹਨ। ਇਸ ਦਾ ਸਾਰਾ ਭਾਰ ਮਰੀਜ਼ਾਂ ਉੱਪਰ ਪੈਂਦਾ ਹੈ। ਸਰਕਾਰ ਤੋਂ ਇਕੋ ਹੀ ਮੰਗ ਹੈ ਕਿ ਕਮਿਸ਼ਨ ਉੱਤੇ ਕੋਈ ਕਾਨੂੰਨ ਬਣਾ ਕੇ ਠੱਲ੍ਹ ਪਾਵੇ। ਨਹੀਂ ਤਾਂ ਜਨਤਾ ਚੱਕੀ 'ਚ ਪਿਸੀ ਜਾਉਗੀ। ਮੀਡੀਆ ਤੋਂ ਵੀ ਇਹੀ ਚਾਹੁੰਦਾ ਹਾਂ ਕਿ ਉਹ ਵੀ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਏ ਤੇ ਸਰਕਾਰ ਤੱਕ ਪਹੁੰਚਾਵੇ।

-ਪ੍ਰਦੀਪ
ਹੁਸ਼ਿਆਰਪੁਰ।

03-10-2017

 ਮੰਗਲ ਉਤੇ ਜਾਏਗੀ...
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਡਾ: ਕੁਲਦੀਪ ਸਿੰਘ ਧੀਰ ਦਾ ਲੇਖ 'ਮੰਗਲ ਉੱਤੇ ਜਾਏਗੀ ਜਸਲੀਨ ਕੌਰ' ਪੜ੍ਹ ਕੇ ਮਨ ਨੂੰ ਬੇਹੱਦ ਖੁਸ਼ ਹੋਈ ਕਿ ਇਕ ਹੋਰ ਪੰਜਾਬੀ ਪਿਛੋਕੜ ਵਾਲੀ ਹੋਣਹਾਰ ਲੜਕੀ ਦੀ ਮੰਗਲ ਉਤੇ ਜਾਣ ਵਾਲੀ ਟੀਮ ਵਿਚ ਚੋਣ ਹੋ ਗਈ ਹੈ। ਪੰਜਾਬੀ ਹੋਣ ਕਾਰਨ ਮਾਣ ਨਾਲ ਸਿਰ ਉੱਚਾ ਹੋ ਗਿਆ। ਜਸਲੀਨ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦਾ ਅਤੇ ਬੁਲੰਦ ਹੌਸਲੇ ਦੀ ਦਾਦ ਦੇਣੀ ਬਣਦੀ ਹੈ, ਜੋ ਕੁਰੂਕਸ਼ੇਤਰ ਵਰਗੇ ਨਿੱਕੇ ਜਿਹੇ ਸ਼ਹਿਰ ਦੀ ਧਰਤੀ ਤੋਂ ਅਸਮਾਨ ਤੱਕ ਉਡਾਰੀ ਲਾਉਣ ਦੇ ਯੋਗ ਹੋਈ ਹੈ। ਲੇਖਕ ਇਹ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਲਈ ਵਧਾਈ ਦਾ ਹੱਕਦਾਰ ਹੈ। ਸਾਡੀਆਂ ਸ਼ੁਭ-ਇਛਾਵਾਂ ਇਸ ਬੱਚੀ ਦੇ ਨਾਲ ਹਨ।

-ਸਤਨਾਮ ਸਿੰਘ ਮੱਟੂ
ਅਨੰਦ ਨਗਰ-ਬੀ, ਪਟਿਆਲਾ।

ਪੰਜਾਬ ਨੂੰ ਮਲੇਰੀਆ ਮੁਕਤ...
ਸਿਹਤ ਵਿਭਾਗ ਵਲੋਂ 2021 ਵਿਚ ਪੰਜਾਬ ਨੂੰ ਮਲੇਰੀਆ ਮੁਕਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਭਾਗ ਦੀ ਨਾਲਾਇਕੀ ਕਾਰਨ ਜਿਥੇ ਅੱਜ ਵੀ ਸੈਂਕੜੇ ਲੋਕ ਜੋ ਪੇਂਡੂ ਖੇਤਰਾਂ ਨਾਲ ਸਬੰਧਤ ਹਨ, ਇਸ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਬਰਸਾਤੀ ਮੌਸਮ ਵਿਚ ਮਲੇਰੀਆ ਫੈਲਾਉਣ ਵਾਲੇ ਮੱਛਰ ਬੜੀ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ, ਵਿਭਾਗ ਦੀਆਂ ਸਾਰੀਆਂ ਕੋਸ਼ਿਸ਼ਾਂ ਸਿਰਫ਼ ਦਫਤਰਾਂ ਵਿਚ ਮੀਟਿੰਗਾਂ ਕਰਕੇ ਅਤੇ ਕਾਗਜ਼ਾਂ ਵਿਚ ਆਪਣੀਆਂ ਡਿਊਟੀਆਂ ਰਾਹੀਂ ਇਸ ਬਿਮਾਰੀ ਤੋਂ ਪੰਜਾਬ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਹਰ ਸਾਲ ਮਲੇਰੀਆ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੰਜਾਬ ਵਿਚ ਸਭ ਤੋਂ ਵੱਧ ਮਾਮਲੇ ਮੋਹਾਲੀ ਵਿਚ ਮਲੇਰੀਆ ਦੇ ਮਿਲੇ ਸਨ ਅਤੇ ਦੂਜੇ ਨੰਬਰ 'ਤੇ ਬਠਿੰਡਾ ਅਤੇ ਤੀਸਰੇ ਨੰਬਰ 'ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਕੇਸ ਸਾਹਮਣੇ ਆਏ ਸਨ। ਸਭ ਤੋਂ ਪਹਿਲਾਂ ਵਿਭਾਗ ਨੂੰ ਪੇਂਡੂ ਖੇਤਰ ਵਿਚ ਸੁਧਾਰ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਨਾਲ-ਨਾਲ ਲੋਕਾਂ ਵਿਚ ਜਾਗਰੂਕਤਾ ਲਿਆਉਣੀ ਵੀ ਲਾਜ਼ਮੀ ਹੈ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਕਰਨ ਲਈ ਠੋਸ ਕਦਮ ਚੁੱਕੇ ਜਾਣ ਅਤੇ ਸਿਹਤ ਵਿਭਾਗ ਦੇ ਕੰਮਕਾਰ ਵਿਚ ਸੁਧਾਰ ਲਿਆਉਣ ਲਈ ਪੇਂਡੂ ਖੇਤਰ ਦੇ ਸਿਹਤ ਕੇਂਦਰਾਂ ਵਿਚ ਕਰਮਚਾਰੀਆਂ ਦੀ ਡਿਊਟੀ ਲਾਜ਼ਮੀ ਬਣਾਉਣ ਲਈ ਸਮੇਂ-ਸਮੇਂ 'ਤੇ ਚੈਕਿੰਗ ਵਰਗੇ ਅਭਿਐਨ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਸਕਣ ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਬਚਾਅ ਲਈ ਸੁਝਾਅ ਪ੍ਰਾਪਤ ਹੋ ਸਕਣ।

-ਪ੍ਰੋ: ਮਨਪ੍ਰੀਤ ਗੋਰਾਇਆ
ਪਿੰਡ ਸ਼ੇਖਾ, ਜ਼ਿਲ੍ਹਾ ਗੁਰਦਾਸਪੁਰ।

ਪਰਾਲੀ ਸਾੜਨ 'ਤੇ ਸਖ਼ਤੀ
ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਕਿਸਾਨਾਂ ਦੁਆਰਾ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਪ੍ਰਤੀ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਤੋਂ 15 ਹਜ਼ਾਰ ਰੁਪਏ ਤੱਕ ਜੁਰਮਾਨੇ ਕਰਨ ਦੀ ਵਿਵਸਥਾ ਵੀ ਰੱਖੀ ਗਈ ਹੈ। ਝੋਨੇ ਦੀ ਪਰਾਲੀ ਨੂੰ ਖੇਤ ਵਿਚ ਦਫ਼ਨਾਉਣ ਲਈ ਮਹਿੰਗੀ ਮਸ਼ੀਨਰੀ ਖਰੀਦਣੀ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਸੋ, ਸਰਕਾਰ ਨੂੰ ਅਜਿਹੇ ਹਲਾਤਾਂ ਵਿਚ ਕਿਸਾਨਾਂ ਪ੍ਰਤੀ ਬੇਹੱਦ ਸਖ਼ਤੀ ਦਿਖਾਉਣ ਦੀ ਬਜਾਇ ਇਸ ਦਾ ਯੋਗ ਬਦਲ ਲੱਭਣਾ ਚਾਹੀਦਾ ਹੈ।

-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

02-10-2017

 ਚੋਣਾਂ ਸਮੇਂ ਬਦਲੀਆਂ
ਜਦੋਂ ਵੀ ਚੋਣਾਂ ਆਉਂਦੀਆਂ ਹਨ, ਸਬ ਇੰਸਪੈਕਟਰ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਬਦਲੀਆਂ ਗ਼ੈਰ ਜ਼ਿਲ੍ਹੇ ਦੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਧਰੋਂ-ਉਧਰ ਦੂਜੇ ਜ਼ਿਲ੍ਹਿਆਂ ਵਿਚ ਗਏ ਅਤੇ ਦੂਜੇ ਜ਼ਿਲ੍ਹਿਆਂ ਵਿਚੋਂ ਆਏ ਇਹ ਕਰਮਚਾਰੀ ਇਕ ਦੂਜੇ ਦੀਆਂ ਤਫ਼ਤੀਸ਼ਾਂ ਤੋਂ ਵੀ ਅਣਜਾਣ ਹੁੰਦੇ ਹਨ ਅਤੇ ਉਨ੍ਹਾਂ ਤਫ਼ਤੀਸ਼ਾਂ ਦੀ ਦੁਬਾਰਾ ਸਟੱਡੀ ਕਰਨ ਵਿਚ ਸਮਾਂ ਲਗਦਾ ਹੈ।
ਹੁਣ ਤਾਂ ਲੋਕ ਏਨੇ ਪੜ੍ਹੇ-ਲਿਖੇ ਤੇ ਅਗਾਂਹਵਧੂ ਹੋ ਚੁੱਕੇ ਹਨ, ਮੀਡੀਆ ਦਾ ਵੀ ਬਹੁਤ ਪ੍ਰਭਾਵ ਹੈ। ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਕੋਈ ਗ਼ਲਤ ਕੰਮ ਕਰਨ ਦਾ ਹੀਲਾ ਨਹੀਂ ਕਰ ਸਕਦਾ। ਹਰ ਕਰਮਚਾਰੀ ਡਰਦਾ ਹੈ ਕਿ ਉਸ ਦੀ ਫ਼ਸਲ ਪੱਕੀ ਹੈ, ਕੋਈ ਗ਼ਲਤ ਕੰਮ ਨਹੀਂ ਕਰਦਾ, ਨਾਲੇ ਪੁਲਿਸ ਦੀ ਤਾਂ ਡਿਊਟੀ ਬਾਹਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਹੈ ਜੇ ਲੋੜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰਨ ਦੀ ਹੈ ਤਾਂ ਜੋ ਬਦਲੀਆਂ ਦਾ ਰੁਝਾਨ ਖ਼ਤਮ ਕੀਤਾ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨ, ਸੇਵਾਮੁਕਤ ਇੰਸਪੈਕਟਰ।


ਕਸੂਰਵਾਰ ਕੌਣ ਹੈ?
ਕਹਾਵਤ ਹੈ ਕਿ ਚੋਰ ਦੀ ਬਜਾਇ ਉਸਦੀ ਮਾਂ ਨੂੰ ਮਾਰੋ। ਚੋਣਾਂ ਮੌਕੇ ਅਖੌਤੀ ਤੇ ਅਪਰਾਧੀ ਸਾਧਾਂ ਦੇ ਚਰਨੀਂ ਡਿਗਦੇ ਹਨ ਕੇਵਲ ਵੋਟ ਬੈਂਕ ਦੀ ਖ਼ਾਤਰ। ਉਹ ਤਾਂ ਫਿਰ ਮਨਮਾਨੀਆਂ ਕਰੇਗਾ ਹੀ। ਤਿੰਨ ਚਾਰ ਸੂਬਿਆਂ ਵਿਚੋਂ ਸ਼ਾਇਦ ਹੀ ਕੋਈ ਨੇਤਾ ਹੋਵੇਗਾ ਜਿਸ ਨੇ ਸਿਰਸੇ ਜਾ ਕੇ ਮੱਥਾ ਨਾ ਰਗੜਿਆ ਹੋਵੇ। ਸਾਡੇ ਸਿਆਸਤਦਾਨਾਂ ਦੀਆਂ ਕਰਨੀਆਂ ਦਾ ਫਲ ਭੁਗਤ ਰਹੇ ਹਨ ਆਮ ਲੋਕ ਜਾਂ ਪੁਲਿਸ, ਫ਼ੌਜ ਤੇ ਹੋਰ ਸਹਾਇਕ ਬਲ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਸਮੇਂ ਧਰਿੰਦਰ ਬ੍ਰਹਮਚਾਰੀ ਦੀ ਪੂਰੀ ਚੜ੍ਹਤ ਸੀ। ਉਹ ਬੰਦੂਕਾਂ ਦੀ ਸਮੱਗਲਿੰਗ ਕਰਦਾ ਸੀ, ਕੋਈ ਨਹੀਂ ਸੀ ਪੁੱਛਦਾ। ਨਰਸਿਮ੍ਹਾ ਰਾਓ ਸਮੇਂ ਦਿੱਲੀ ਵਿਚ ਚੰਦਰਾ ਸੁਆਮੀ ਦਾ ਰਾਜ ਚਲਦਾ ਸੀ। ਠੱਗੀ, ਦਲਾਲੀ, ਕਬੂਤਰਬਾਜ਼ੀ ਆਦਿ ਬੜੇ ਘੁਟਾਲੇ ਹੋਏ ਪ੍ਰੰਤੂ ਸਾਡੇ ਦੇਸ਼ ਵਿਚ ਵੱਡੇ ਨੇਤਾਵਾਂ ਤੇ ਪਹੁੰਚ ਵਾਲੇ ਸਾਧਾਂ ਵਾਸਤੇ ਕਾਨੂੰਨ ਕੋਈ ਅਰਥ ਨਹੀਂ ਰੱਖਦਾ। ਇਸੇ ਤਰ੍ਹਾਂ ਦੱਖਣੀ ਭਾਰਤ ਦੀਆਂ ਵੀ ਕਈ ਉਦਾਹਰਨਾਂ ਹਨ। ਕੁਰਸੀ ਦੀ ਦੌੜ ਨੇ ਆਮ ਲੋਕਾਂ ਦਾ ਕਈ ਪੱਖਾਂ ਤੋਂ ਨੱਕ ਵਿਚ ਦਮ ਕਰ ਰੱਖਿਆ ਹੈ।


-ਮਾ: ਮਹਿੰਦਰ ਸਿੰਘ ਸਿੱਧੂ
ਸਿਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।


ਪਰਾਲੀ ਨੂੰ ਅੱਗ
ਫ਼ਸਲ ਚਾਹੇ ਕਣਕ ਦੀ ਹੋਵੇ ਜਾਂ ਝੋਨੇ ਦੀ ਤਿੰਨ ਕੁ ਮਹੀਨੇ ਦੇ ਵਕਫ਼ੇ ਪਿਛੋਂ ਫ਼ਸਲ ਨੂੰ ਕਟਵਾਉਣ ਉਪਰੰਤ ਰਹਿੰਦ-ਖੂੰਹਦ ਨੂੰ ਸਾੜਨ ਦਾ ਖਿਆਲ ਸਾਡੇ ਸਭ ਦੇ ਮਨਾਂ ਅੰਦਰ ਚੱਟਾਨ ਵਾਂਗ ਖੜ੍ਹਾ ਰਹਿੰਦਾ ਹੈ। ਭਾਵੇਂ ਐਨ.ਜੀ.ਟੀ. ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਹਿਸਾਬ ਨਾਲ ਪਰਾਲੀ ਨੂੰ ਸਾੜਨ ਦਾ ਜੁਰਮਾਨਾ ਵੀ ਰੱਖਿਆ ਹੈ ਪਰ ਹਰ ਵਾਰ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਕ ਪਾਸੇ ਤਾਂ ਅਸੀਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਆਪਣੇ ਪਰਿਵਾਰਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰ ਰਹੇ ਹਾਂ ਪਰ ਦੂਜੇ ਪਾਸੇ ਸੈਂਕੜੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਹਾਂ। ਅਸੀਂ ਕਦੇ ਇਹ ਨਹੀਂ ਸੋਚਦੇ ਕਿ ਸਾਡੇ ਅੱਗ ਲਾਉਣ ਨਾਲ ਕਿੰਨੇ ਪੰਛੀ ਪੰਖੇਰੂ, ਜਾਨਵਰ ਤੇ ਲੋਕ ਪ੍ਰੇਸ਼ਾਨ ਨੇ ਪਰ ਅਸੀਂ ਸਿਰਫ਼ ਆਪੇ ਤੱਕ ਸੀਮਤ ਹਾਂ। ਅੱਜ ਸ਼ਹਿਰਾਂ ਵਿਚ ਉੱਚੀਆਂ-ਉੱਚੀਆਂ ਬਿਲਡਿੰਗਾਂ ਉਸਾਰ ਕੈਨੇਡਾ ਯੂਰਪ ਮੁਲਕਾਂ ਦੀ ਰੀਸ ਤਾਂ ਕੀਤੀ ਜਾ ਰਹੀ ਹੈ ਪਰ ਉਥੋਂ ਦੇ ਸਾਫ਼ ਵਾਤਾਵਰਨ ਦੀ ਰੀਸ ਕਿਉਂ ਨਹੀਂ ਕੀਤੀ ਜਾ ਰਹੀ? ਜੇਕਰ ਸਰਕਾਰਾਂ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਖਾਸ ਨੋਟਿਸ ਗੰਭੀਰਤਾ ਨਾਲ 'ਪਰਾਲੀ ਨਾ ਸਾੜਨ' ਦੇ ਜਾਰੀ ਕਰੇ ਤਾਂ ਕੁਝ ਹੱਦ ਤੱਕ ਸੁਧਾਰ ਹੋ ਸਕਦਾ ਹੈ। ਸਾਨੂੰ ਆਪਣੀ ਦਿਨ-ਬਦਿਨ ਖੁਰਦੀ ਹੋਂਦ ਨੂੰ ਬਚਾਉਣ ਲਈ 'ਪਰਾਲੀ ਨਾ ਸਾੜਨ' ਦਾ ਬਦਲ ਲੱਭਣਾ ਹੀ ਪੈਣੈ, ਤਦੇ ਹੀ ਚੌਗਿਰਦੇ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

29-09-2017

 ਭੱਠਾ ਸਨਅਤ ਦਾ ਬੈਠਾ ਭੱਠਾ
ਪੰਜਾਬ ਵਿਚ ਸਨਅਤ ਬਹੁਤ ਘੱਟ ਹੈ, ਜਿਸ ਦੇ ਸਿੱਟੇ ਵਜੋਂ ਇਥੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ, ਜੋ ਸਾਡੇ ਸਮਾਜ ਲਈ ਬਹੁਤ ਖ਼ਤਰਨਾਕ ਹੈ। ਇਥੇ ਇਕ ਭੱਠਾ ਸਨਅਤ ਸੀ ਜੋ ਕੁਝ ਸਮਾਂ ਪਹਿਲਾਂ ਕਾਫੀ ਲਾਹੇਵੰਦ ਧੰਦਾ ਸੀ। ਇਸ ਦੇ ਘਾਟੇ ਵਿਚ ਜਾਣ ਦੇ ਕਈ ਕਾਰਨ ਹਨ। ਜਿਵੇਂ ਭੱਠੇ ਵਾਲੇ ਬਾਲਣ ਦੀ ਕਮੀ, ਮਜ਼ਦੂਰਾਂ ਦੀ ਘਾਟ, ਰਾਜਸਥਾਨ ਤੋਂ ਸਸਤੇ ਮੁੱਲ ਵਿਚ ਇੱਟਾਂ ਦਾ ਮਿਲਣਾ ਆਦਿ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਪੰਜਾਬ 'ਚ ਧਾਗਾ ਮਿੱਲਾਂ ਅਲੋਪ ਹੋ ਗਈਆਂ ਤੇ ਹੁਣ ਭੱਠੇ ਵੀ ਅਲੋਪ ਹੋਣ ਕਿਨਾਰੇ ਹਨ। ਹੋਰ ਵੀ ਕਈ ਮਿੱਲਾਂ ਇਥੋਂ ਕੂਚ ਕਰ ਗਈਆਂ ਹਨ, ਜੋ ਬਹੁਤ ਮਾੜਾ ਰੁਝਾਨ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਵਾਸਤੇ ਕੋਈ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਇਸ ਸੂਬੇ ਵਿਚ ਹੋਰ ਬੇਰੁਜ਼ਗਾਰੀ ਫੈਲ ਜਾਵੇਗੀ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਨੂੰਹਾਂ ਨੂੰ ਵੀ ਧੀਆਂ ਸਮਝੋ
ਸਾਡੇ ਸਮਾਜ ਵਿਚ ਜਦੋਂ ਵੀ ਕੋਈ ਨੂੰਹ ਘਰ 'ਚ ਵਿਆਹੀ ਆਉਂਦੀ ਹੈ ਤਾਂ ਉਸ ਨੂੰ ਕਈ ਵਾਰ ਸਹੁਰੇ ਘਰ ਵਲੋਂ ਘੱਟ ਦਾਜ ਲਿਆਉਣ ਕਾਰਨ ਤਾਅਨੇ ਮਾਰੇ ਜਾਂਦੇ ਹਨ। ਕਈ ਵਾਰ ਸੱਸਾਂ ਵੀ ਇਨ੍ਹਾਂ ਨੂੰ ਬੇਗਾਨੀਆਂ ਧੀਆਂ ਸਮਝਦੀਆਂ ਹਨ ਪਰ ਅਸਲ ਵਿਚ ਇਹ ਨੂੰਹਾਂ ਹੀ ਸਾਡੀਆਂ ਧੀਆਂ ਹੁੰਦੀਆਂ ਹਨ। ਕਿਉਂਕਿ ਆਪਣੀਆਂ ਧੀਆਂ ਤਾਂ ਅਗਲੇ ਘਰ ਵਿਆਹੀਆਂ ਜਾਂਦੀਆਂ ਹਨ ਅਤੇ ਉਸ ਘਰ ਦੀਆਂ ਨੂੰਹਾਂ ਧੀਆਂ ਬਣ ਜਾਂਦੀਆਂ ਹਨ। ਇਸ ਕਰਕੇ ਸੱਸਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਨੂੰਹਾਂ ਨੂੰ ਧੀਆਂ ਹੀ ਸਮਝਣ ਪਰ ਨੂੰਹਾਂ ਨੂੰ ਵੀ ਆਪਣੀਆਂ ਸੱਸਾਂ ਨੂੰ ਮਾਂ ਹੀ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਪਣੀ ਮਾਂ ਦੀ ਤਰ੍ਹਾਂ ਹੀ ਮਾਣ-ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਪਿਆਰ ਲੈ ਸਕਣ।

-ਕਮਲੇਸ਼
ਲੁਧਿਆਣਾ।

ਅਹਿਮ ਫ਼ੈਸਲਾ
ਤਕਰੀਬਨ 2010 ਵਿਚ ਕੇਂਦਰ ਸਰਕਾਰ ਨੇ ਇਕ ਕਾਨੂੰਨ ਬਣਾਇਆ ਸੀ ਜਿਸ ਤਹਿਤ 6 ਤੋਂ ਲੈ ਕੇ 14 ਸਾਲ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੱਤੀ ਜਾਵੇ ਤੇ ਅੱਠਵੀਂ ਜਮਾਤ ਤੱਕ ਕਿਸੇ ਬੱਚੇ ਨੂੰ ਫੇਲ੍ਹ ਨਾ ਕੀਤਾ ਜਾਵੇ। ਇਸ ਸਭ ਪਿੱਛੇ ਸਰਕਾਰ ਦੀ ਮਨਸ਼ਾ ਸੀ ਕਿ ਸਕੂਲਾਂ ਵਿਚ ਵੱਧ ਤੋਂ ਵੱਧ ਬੱਚਿਆਂ ਨੂੰ ਲਿਆਂਦਾ ਜਾਵੇ ਤੇ ਕੋਈ ਵੀ ਬੱਚਾ ਅਨਪੜ੍ਹ ਨਾ ਰਹੇ। ਸਰਕਾਰ ਦੀ ਸੋਚ ਤਾਂ ਸਹੀ ਸੀ ਪਰ ਫੇਲ੍ਹ ਨਾ ਕਰਨ ਦੀ ਨੀਤੀ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਤੀ ਸੰਜੀਦਾ ਹੋਣ ਦੀ ਬਜਾਏ ਲਾਪਰਵਾਹੀ ਵੱਲ ਧੱਕ ਦਿੱਤਾ। ਇਸ ਸਭ ਨੂੰ ਭਾਂਪਦਿਆਂ ਪਿਛਲੇ ਦਿਨੀਂ ਕੇਂਦਰੀ ਮੰਤਰੀ ਮੰਡਲ ਨੇ ਇਕ ਅਹਿਮ ਫ਼ੈਸਲੇ ਰਾਹੀਂ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਰੱਦ ਕਰ ਦਿੱਤਾ ਹੈ। ਅੱਜ ਸਮਾਂ ਆ ਗਿਆ ਹੈ ਕਿ ਸਰਕਾਰ ਗੰਭੀਰਤਾ ਨਾਲ ਸੋਚ-ਵਿਚਾਰ ਕਰਕੇ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨੋ-ਦਿਨ ਘਟ ਕਿਉਂ ਰਹੀ ਹੈ। ਇਸ ਸਭ 'ਤੇ ਤੁਰੰਤ ਵਿਚਾਰ ਕਰਨ ਦੀ ਲੋੜ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

28-09-2017

 ਹਰ ਘਰ ਨੌਕਰੀ
ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੋਟਾਂ ਲੈਣ ਲਈ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਵਾਅਦਿਆਂ ਦੀ ਰੂਪ-ਰੇਖਾ ਬਦਲਦੀ ਜਾ ਰਹੀ ਹੈ। ਹਰ ਘਰ ਇਕ ਪੱਕੀ ਨੌਕਰੀ ਦੇਣ ਦੇ ਵਾਅਦੇ ਨੂੰ ਤਬਦੀਲ ਕਰਕੇ ਹੁਣ ਰੁਜ਼ਗਾਰ ਮੇਲੇ ਲਗਾ ਕੇ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀਆਂ ਦੇ ਕੇ ਸਰਕਾਰ ਬੱਲੇ-ਬੱਲੇ ਕਰਵਾ ਰਹੀ ਹੈ। ਪਿਛਲੀ ਸਰਕਾਰ ਸਮੇਂ ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਲਈ ਆਰੰਭੀਆਂ ਭਰਤੀ ਪ੍ਰਕ੍ਰਿਆਵਾਂ ਅਜੇ ਤੱਕ ਅਧੂਰੀਆਂ ਪਈਆਂ ਹਨ, ਮੌਜੂਦਾ ਸਰਕਾਰ ਵਲੋਂ ਉਨ੍ਹਾਂ ਭਰਤੀਆਂ ਨੂੰ ਮੁਕੰਮਲ ਕਰਨ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ। ਜਦ ਕਿ ਸੂਬੇ ਦੇ ਨੌਜਵਾਨ ਸਰਕਾਰ ਦੇ ਹਰ ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨ ਲਈ ਵੋਟਾਂ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਵਲੋਂ ਭਰੇ ਆਪਣੇ ਫਾਰਮ ਸੰਭਾਲੀ ਬੈਠੇ ਪੱਕੀ ਸਰਕਾਰੀ ਨੌਕਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


-ਰਵਿੰਦਰ ਕਸਾਣਾ ਸੂਰਾਪੁਰੀ
ਕਾਠਗੜ੍ਹ।


ਨਿਮਰਤਾ ਦੀ ਅਹਿਮੀਅਤ
'....ਆਪਣੇ ਦਿੱਤੇ ਦੀ ਅਹਿਮੀਅਤ ਨੂੰ ਸਮਝੇ' ਲੇਖ ਆਪਣੀ ਸੱਚਾਈ ਬਿਆਨ ਕਰ ਰਿਹਾ ਸੀ। ਤੇਜ਼ ਹਵਾਵਾਂ ਉੱਚੇ ਅਤੇ ਮੋਟੇ ਤਣੇ ਵਾਲੇ ਦਰੱਖਤਾਂ ਨੂੰ ਉਖਾੜ ਕੇ ਰੱਖ ਦਿੰਦੀਆਂ ਹਨ। ਰਸਤੇ ਵਿਚ ਹਰੇਕ ਮੁਸ਼ਕਿਲ ਨੂੰ ਹੰਢਾਉਂਦੇ ਹੋਏ ਉਦੇਸ਼ ਪ੍ਰਾਪਤੀ ਵੱਲ ਜਾਣਾ ਚਾਹੀਦਾ ਹੈ। ਬਹੁਤ ਚੰਗਾ ਕਦਮ ਹੈ। ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਕਿਸੇ ਨੂੰ ਚੰਗਾ ਇਨਸਾਨ ਬਣਾਉਣਾ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਹੈ। ਬੰਦੇ ਨੂੰ ਆਪਣੇ ਅਹੁਦੇ ਦੀ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਸਦਾ ਸੰਤੁਸ਼ਟ ਰਹਿਣਾ ਚਾਹੀਦਾ ਹੈ। ਨਿਮਰਤਾ ਨਾਲ ਚੰਗੇ ਟੀਚਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਦਾ ਜ਼ਮੀਨ 'ਤੇ ਰਹੀਏ ਅਤੇ ਉੱਚੀਆਂ ਉਡਾਣਾਂ ਭਰੀਏ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।


ਸੋਚ ਤੇ ਵਿਚਾਰ
ਸੋਚ ਨੂੰ ਤੇ ਵਿਚਾਰਾਂ ਨੂੰ ਮਾਰਨਾ ਬਹੁਤ ਔਖਾ ਹੁੰਦਾ ਹੈ। ਜਿੰਨਾ ਕਿਸੇ ਦੇ ਵਿਚਾਰਾਂ ਨੂੰ ਮਾਰ ਕੇ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਉਹ ਦੂਣ ਸਿਵਾਏ ਹੋ ਕੇ ਨਿਕਲਣਗੇ। ਗੌਰੀ ਲੰਕੇਸ਼ ਦਾ ਕਤਲ ਬੇਹੱਦ ਨਿੰਦਣਯੋਗ ਹੈ। ਕੀ ਗ਼ਲਤ ਹੋ ਰਹੇ ਦੇ ਖਿਲਾਫ਼ ਲਿਖਣਾ ਤੇ ਬੋਲਣਾ ਗੁਨਾਹ ਹੈ? ਇਹ ਤਾਂ ਆਜ਼ਾਦ ਦੇਸ਼ ਤੇ ਲੋਕਤੰਤਰ ਵਾਲੀ ਕੋਈ ਗੱਲ ਨਾ ਹੋਈ। ਸੱਚ ਦੀ ਆਵਾਜ਼ ਦਬਾਅ ਦੇਣਾ ਇਸ ਦਾ ਕੋਈ ਹੱਲ ਨਹੀਂ। ਅਗਰ ਪਹਿਲੇ ਪੱਤਰਕਾਰਾਂ ਤੇ ਲੇਖਕਾਂ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਗੌਰੀ ਦਾ ਕਤਲ ਨਾ ਹੁੰਦਾ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਸ ਸਤੰਭ ਨੂੰ ਢੇਰੀ ਕਰਨ ਲਈ ਇਹ ਸਭ ਹੋ ਰਿਹਾ ਹੈ। ਕਿਸੇ ਦੀ ਵੀ ਮੌਤ 'ਤੇ ਸਿਆਸੀ ਰੋਟੀਆਂ ਸੇਕਣਾ ਗ਼ਲਤ ਹੈ। ਲੇਖਕ ਦੇ ਆਪਣੇ ਵਿਚਾਰ, ਆਪਣੀ ਸੋਚ ਹੈ, ਉਹ ਆਪਣੇ ਵਿਚਾਰਾਂ ਨੂੰ ਲਿਖਣ ਵਾਸਤੇ ਆਜ਼ਾਦ ਹੈ। ਸਾਰਿਆਂ ਦਾ ਉਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਉਸ ਦੇ ਵਿਚਾਰਾਂ ਨਾਲ ਅਸਹਿਮਤੀ ਵਿਖਾ ਸਕਦੇ ਹੋ ਪਰ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਹੱਕ ਕਿਸੇ ਨੂੰ ਨਹੀਂ। ਗੌਰੀ ਦੇ ਆਪਣੇ ਵਿਚਾਰ ਸਨ, ਆਪਣੀ ਸੋਚ ਸੀ, ਉਸ ਨੂੰ ਮਾਰਨਾ ਬੁਝਦਿਲੀ ਹੈ।


-ਪ੍ਰਭਜੋਤ ਕੌਰ ਢਿੱਲੋਂ।

27-09-2017

 ਵਿਰੋਧ ਕਿਉਂ?
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਲਾਗੂ ਕਰਨ ਦਾ ਜੋ ਐਲਾਨ ਕੀਤਾ ਹੈ, ਉਸ ਦੀ ਅਸੀਂ ਪੁਰਜ਼ੋਰ ਹਮਾਇਤ ਤੇ ਸਰਾਹਨਾ ਕਰਦੇ ਹਾਂ। ਕਿਉਂਕਿ ਸਰਕਾਰ ਦਾ ਇਹ ਐਲਾਨ ਸਮੇਂ ਦੀ ਰਫ਼ਤਾਰ 'ਤੇ ਮੰਗ ਅਨੁਸਾਰ ਬਿਲਕੁਲ ਜਾਇਜ਼ ਹੈ। ਉਪਰੋਕਤ ਐਲਾਨ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੀ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ 'ਤੇ ਦੋਸ਼ ਲਾਏ ਜਾ ਰਹੇ ਸਨ ਕਿ ਉਹ ਸਰਕਾਰੀ ਸਕੂਲਾਂ 'ਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਲਾਗੂ ਨਾ ਕਰਕੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਦੁਰੈਤ ਰੱਖ ਰਹੀ ਹੈ। ਪਰ ਇਸ ਐਲਾਨ ਨੇ ਗ਼ਰੀਬ ਪਰਿਵਾਰਾਂ ਦੇ ਸ਼ੰਕੇ ਦੂਰ ਕਰ ਦਿੱਤੇ ਹਨ। ਮੈਂ ਵਿਰੋਧ ਕਰਨ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਵਿਰੋਧ ਕਰਨਾ ਹੀ ਹੈ ਤਾਂ ਪੰਜਾਬ 'ਚ ਥਾਂ-ਥਾਂ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਵੀ ਕਰੋ। ਵਿਰੋਧਤਾ ਦਲੀਲਾਂ ਨਾਲ ਹੁੰਦੀ ਹੈ ਨਾ ਕਿ ਸੁਰਖੀਆਂ 'ਚ ਰਹਿਣ ਲਈ। ਵਿਰੋਧਤਾ ਕਰੋ ਜ਼ਰੂਰ ਪਰ ਬੁਰਾਈ ਦੀ ਨਾ ਕਿ ਚੰਗਿਆਈ ਦੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਰੁੱਖਾਂ ਦੀ ਬੜੀ ਲੋੜ ਹੈ
ਬਿਜਲੀ ਦੇ ਪੱਖਿਆਂ ਨੇ ਰੁੱਖਾਂ ਦੀ ਲੋੜ ਘਟਾਈ ਹੈ ਪਰ ਪੱਖਿਆਂ ਕੋਲ ਆਕਸੀਜਨ ਗੈਸ ਤਾਂ ਨਹੀਂ, ਜੋ ਸਿਹਤ ਲਈ ਜ਼ਰੂਰੀ ਹੈ। ਵਿਦੇਸ਼ਾਂ ਵਿਚ ਬਿਜਲੀ ਦੀ ਬਹੁਤਾਤ ਨਾਲ ਰੁੱਖਾਂ ਦੇ ਭਾਰੀ ਜੰਗਲ ਹਨ, ਜੋ ਲਗਾਤਾਰ ਸਿਹਤਮੰਦ ਆਕਸੀਜਨ ਛੱਡਦੇ ਰਹਿੰਦੇ ਹਨ। ਪੰਜਾਬੀ ਲੋਕ ਤਾਂ ਰੁੱਖਾਂ ਦੇ ਜੰਗਲ ਬੇਲਿਆਂ, ਝੁੰਡਨੁਮਾ ਜੀਰਾਂਦਾਂ ਤੇ ਫਲਦਾਰ ਰੁੱਖਾਂ ਦੇ ਵੱਡੇ ਸ਼ੌਕੀਨ ਹਨ। ਹਰੇਕ ਬੰਬੀ 'ਤੇ ਪੰਜ-ਪੰਜ ਰੁੱਖ ਲਗਾ ਕੇ ਤੇ ਖੇਤਾਂ ਦੇ ਕੰਢਿਆਂ 'ਤੇ ਬਿਨਾਂ ਛਾਂ ਵਾਲੇ ਰੁੱਖ ਲਗਾ ਕੇ ਰੁੱਖਾਂ ਦੀ ਕਮੀ ਪੂਰੀ ਕਰੀਏ। ਸਾਰੀਆਂ ਨਹਿਰਾਂ ਤੇ ਖਾਲੀ ਥਾਵਾਂ ਦੇ ਕੰਢਿਆਂ 'ਤੇ ਰੁੱਖ ਲਗਾ ਕੇ ਵਾਤਾਵਰਨ ਹਰਾ-ਭਰਾ ਬਣਾ ਦੇਈਏ। ਫਿਰ ਹਰਿਆਵਲ ਦਾ ਅਨੰਦ ਮਾਣੀਏ ਤੇ ਕੁਝ ਸਾਲਾਂ ਬਾਅਦ ਭਰਪੂਰ ਬਾਰਿਸ਼ਾਂ ਦਾ ਸੁੱਖ ਲਈਏ। ਇਕ ਰੁੱਖ ਦੇ ਸੌ ਸੁੱਖ ਹੁੰਦੇ ਹਨ। ਸੋ ਆਓ, ਸਾਰੇ ਰਲ ਕੇ ਰੁੱਖ ਲਗਾਈਏ ਤੇ ਸੁੱਖ ਪਾਈਏ।


-ਇੰਜੀ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਆਜ਼ਾਦੀ ਜਾਂ ਬਰਬਾਦੀ
ਆਜ਼ਾਦੀ ਲਈ ਜੱਦੋ-ਜਹਿਦ ਕਰਦਾ ਮਨੁੱਖ ਅੱਜ ਖੁੱਲ੍ਹੇ ਅੰਬਰਾਂ ਦੇ ਪੰਛੀਆਂ ਵਾਂਗ ਆਜ਼ਾਦ ਹੋ ਗਿਆ ਹੈ। ਅਜਿਹਾ ਕਰਦਿਆਂ ਇਸ ਨੇ ਤਾਂ ਸਮਾਜਿਕ ਰੀਤੀ-ਰਿਵਾਜਾਂ ਦੀਆਂ ਤੰਦਾਂ ਵੀ ਤੋੜ ਦਿੱਤੀਆਂ ਹਨ। ਰਿਸ਼ਤਿਆਂ ਵਿਚੋਂ ਮੋਹ ਦੀਆਂ ਮਹਿਕਾਂ ਮੁੱਕ ਗਈਆਂ ਹਨ। ਆਜ਼ਾਦੀ ਦੇ ਨਾਂਅ 'ਤੇ ਕੁਚੱਜਾ ਪਹਿਰਾਵਾ ਪਹਿਨਿਆ ਜਾ ਰਿਹਾ ਹੈ। ਆਪ ਤੋਂ ਵੱਡੇ-ਛੋਟੇ ਦੀ ਪਰਵਾਹ, ਇੱਜ਼ਤ, ਸੰਗ-ਸ਼ਰਮ ਨਹੀਂ ਰਹੀ। ਅਕਸਰ ਅੱਜਕਲ੍ਹ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਹਰ ਸਮੇਂ ਜੂਝਦੇ ਹੋਏ ਦੇਖਿਆ ਜਾ ਸਕਦਾ ਹੈ। ਹਰ ਇਕ ਮਨੁੱਖ ਅਸੁਰੱਖਿਅਤ ਹੈ ਦੂਜੇ ਮਨੁੱਖ ਤੋਂ। ਮਨੁੱਖ ਲਈ ਇਹ ਆਜ਼ਾਦੀ ਕਿਤੇ ਬਰਬਾਦੀ ਨਾ ਬਣ ਜਾਵੇ। ਸਾਡੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਪਾਣੀ ਨਦੀ ਰੂਪੀ ਮਰਿਯਾਦਾ ਵਿਚ ਰਹਿੰਦਾ ਹੈ, ਲਾਭਦਾਇਕ ਹੁੰਦਾ ਹੈ। ਜਿਉਂ ਹੀ ਮਰਿਯਾਦਾ ਹੀਣ ਹੋ ਕੇ ਕੰਢਿਆਂ ਤੋਂ ਬਾਹਰ ਹੋਇਆ, ਤਬਾਹੀਆਂ ਮਚਾ ਦਿੰਦਾ ਹੈ।


-ਤਲਵਿੰਦਰ ਸ਼ਾਸਤਰੀ ਨਾਰੀਕੇ
ਸੰਸਥਾਪਕ ਮਾਂ ਚੰਡੀ ਹਿੰਦੂ ਸ਼ਕਤੀਪੀਠ (ਟਰੱਸਟ) ਮਾਲੇਰਕੋਟਲਾ।

26-09-2017

 ਜ਼ਮੀਨਾਂ ਦੇ ਕਬਜ਼ੇ
ਪਿੰਡਾਂ ਵਿਚ ਜਿੱਥੇ ਲੋਕਾਂ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ, ਉੱਥੇ ਪੰਜਾਬ ਵਿਚ ਚਲਦੇ ਕਈ ਡੇਰਿਆਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਹਨ। ਸਿਰਸਾ ਵਾਲੇ ਰਾਮ ਰਹੀਮ ਨੇ ਧੋਖੇ ਨਾਲ ਕਈ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਡੇਰਾ ਉਸਾਰਿਆ ਹੋਇਆ ਸੀ ਜੋ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ। ਇਸ ਕੰਮ ਵਿਚ ਕੋਈ ਵੀ ਡੇਰਾ ਪਿੱਛੇ ਨਹੀਂ, ਆਪਣੇ ਡੇਰੇ ਦੀ ਹੱਦ ਨਾਲ ਲਗਦੇ ਕਈ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ 'ਤੇ ਇਹ ਡੇਰੇ ਵਾਲੇ ਕਬਜ਼ਾ ਕਰੀ ਬੈਠੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧ ਵਿਚ ਸਖ਼ਤੀ ਨਾਲ ਕਾਨੂੰਨ ਲਾਗੂ ਕੀਤਾ ਜਾਵੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ
ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਪੱਤਰਕਾਰਾਂ ਦੀ ਆਜ਼ਾਦੀ 'ਤੇ ਪ੍ਰਸ਼ਨ ਚਿੰਨ੍ਹ
ਦੁਨੀਆ ਭਰ ਵਿਚ ਜਿਹੜੇ ਪੱਤਰਕਾਰ ਲੋਕਾਂ ਦੀਆਂ ਖ਼ਬਰਾਂ ਲਗਾਉਂਦੇ ਹਨ, ਉਹ ਆਪ ਕਦੋਂ ਖ਼ਬਰਬਣ ਜਾਂਦੇ ਹਨ ਪਤਾ ਹੀ ਨਹੀਂ ਲਗਦਾ। ਪ੍ਰੈੱਸ ਕੌਂਸਲ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ 1990 ਤੋਂ ਹੁਣ ਤੱਕ 80 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। ਇਹ ਪੱਤਰਕਾਰਾਂ ਦੀ ਆਜ਼ਾਦੀ ਅਤੇ ਸੁਰੱਖਿਆ ਉਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਹੈ। ਜਮਹੂਰੀ ਕੌਮ ਵਿਚ ਜਿੱਥੇ ਹਰ ਇਕ ਨੂੰ ਨਿਡਰ ਹੋ ਕੇ ਬੋਲਣ ਦਾ ਅਧਿਕਾਰ ਪ੍ਰਾਪਤ ਹੈ, ਉੱਥੇ ਪੱਤਰਕਾਰ ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਆਜ਼ਾਦ ਕਿਉਂ ਨਹੀਂ ਹਨ? ਜੇਕਰ ਉਹ ਗ਼ਲਤ ਕਰਨ ਵਾਲਿਆਂ ਦੇ ਖਿਲਾਫ਼ ਕੁਝ ਲਿਖਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਜੇਕਰ ਇਹੀ ਚਲਦਾ ਰਿਹਾ ਤਾਂ ਸਾਡਾ ਭਵਿੱਖ ਬਹੁਤ ਧੁੰਦਲਾ ਹੋ ਜਾਵੇਗਾ।

-ਵਰਸ਼ਾ ਵਰਮਾ
ਪਟਿਆਲਾ।

ਸੋਚ ਤੇ ਸੱਚ ਦੀਆਂ ਰਾਹਾਂ
ਗੌਰੀ ਲੰਕੇਸ਼ ਦੀ ਹੱਤਿਆ ਦੇਸ਼ ਵਿਚ ਫੈਲੀ ਹਿੰਸਕ ਤੇ ਫ਼ਿਰਕੂਵਾਦੀ ਸੋਚ ਦੇ ਫੈਲਾਅ ਦੀ ਪੁਖਤਾ ਉਦਾਹਰਨ ਹੈ। ਇਕ ਪਾਸੇ ਕੇਂਦਰੀ ਹਕੂਮਤ ਸਭ ਅੱਛਾ ਹੋਣ ਦੇ ਹੋਕੇ ਨਾਲ ਲੋਕਾਂ ਨੂੰ 2019 ਲਈ ਪੁਚਕਾਰ ਰਹੇ ਹਨ ਜਦੋਂ ਕਿ ਹਕੀਕਤ ਵਿਚ ਕੁਝ ਵੀ ਅੱਛਾ ਨਹੀਂ। ਸ੍ਰੀ ਮੋਦੀ ਭਾਵੇਂ ਲੱਛੇਦਾਰ ਭਾਸ਼ਣ ਸ਼ੈਲੀ ਨਾਲ ਬਾਹਰੀ ਦੇਸ਼ਾਂ ਵਿਚ ਆਪਣਾ ਅਕਸ ਨਿਰਪੱਖ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਦੇ ਹਨ ਪਰ ਅਜਿਹੀਆਂ ਘਟਨਾਵਾਂ ਨਾਲ ਦੁਨੀਆ ਵਿਚ ਪਹੁੰਚ ਰਿਹਾ ਅਸਹਿਣਸ਼ੀਲਤਾ ਤੇ ਫ਼ਿਰਕੂਵਾਦ ਦਾ ਸੁਨੇਹਾ ਕਿਸੇ ਤੋਂ ਲੁਕਿਆ ਨਹੀਂ। ਇਕ ਸੋਗ ਪੱਤਰ, ਨਿਖੇਧੀ ਤੇ ਜਾਂਚ ਦੀ ਮੰਗ ਨਾਲ ਇਸ ਧੱਬੇ ਨੂੰ ਨਹੀਂ ਧੋਇਆ ਜਾ ਸਕਦਾ। ਵਿਰੋਧੀ ਪਾਰਟੀ ਨੇ ਇਸ ਮੁੱਦੇ ਨੂੰ ਭਾਵੇਂ ਨਵੇਂ ਸਿਰੇ ਤੋਂ ਚੁੱਕਿਆ ਜਦੋਂ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕੇਸ ਅਣਸੁਲਝੇ ਪਏ ਹਨ। ਸੰਵਿਧਾਨਕ ਅਧਿਕਾਰ ਤੇ ਪੱਤਰਕਾਰਤਾ ਦੀ ਰੱਖਿਆ ਲਈ ਲੋਕਾਂ ਨੂੰ ਮੋਮਬੱਤੀ ਮਾਰਚ ਤੋਂ ਅੱਗੇ ਲੰਘ ਕੇ ਜਨਤਕ ਲਹਿਰ ਨਾਲ ਵਿਸ਼ਾਲ ਘੇਰੇ ਦੇ ਸੰਘਰਸ਼ ਵਿੱਢਣ ਦੀ ਲੋੜ ਹੈ। ਉਂਜ ਧਰਮ ਵਿਚ ਆਸਥਾ ਸਭ ਦੀ ਆਪੋ-ਆਪਣੀ ਹੈ ਪਰ ਇਕ ਭਾਰਤੀ ਹੋਣ ਦੇ ਨਾਤੇ ਸੱਚ ਦੀ ਆਵਾਜ਼, ਬੋਲਣ ਦੀ ਆਜ਼ਾਦੀ ਨੂੰ ਬਚਾਉਣ ਲਈ ਅਤੇ ਫ਼ਿਰਕੂ ਲਹਿਰ ਦਬਾਉਣ ਲਈ ਆਮ ਜਨਤਾ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

25-09-2017

 ਪ੍ਰਦੂਸ਼ਣ ਰਹਿਤ ਤਿਉਹਾਰ
ਰੁੱਤ ਬਦਲ ਰਹੀ ਹੈ। ਸਿਆਲ ਦੀ ਰੁੱਤ ਸਾਡੇ ਬਰੂਹੀਂ 'ਦਸਤਕ' ਦੇਣ ਵਾਲੀ ਹੈ। ਤਿਉਹਾਰਾਂ ਦਾ ਮੌਸਮ ਵੀ ਆ ਰਿਹਾ ਹੈ। ਪਹਿਲਾਂ ਦੁਸਹਿਰਾ, ਉਸ ਪਿਛੋਂ ਦੀਵਾਲੀ, ਜਿਹੜੇ ਲੋਕ ਦੁਸਹਿਰੇ ਨੂੰ ਅੱਗ ਵਿਖਾਉਂਦੇ ਹਨ, ਸਾਨੂੰ ਸਭ ਨੂੰ ਪਤਾ ਹੈ ਕਿ ਉਹੋ ਲੋਕ ਹੀ ਬੁਰਾਈਆਂ ਦਾ ਹਿੱਸਾ ਬਣਦੇ ਹਨ। ਅਜਿਹੇ ਧੂੰਏਂ ਵਾਲੇ ਮਾਹੌਲ 'ਚ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੀਵਾਲੀ ਵਾਲੀ ਰਾਤ ਵੀ ਅਸੀਂ ਖਤਰਨਾਕ ਪਟਾਕੇ ਚਲਾ ਕੇ ਪੈਸੇ ਦੀ ਬਰਬਾਦੀ ਤਾਂ ਕਰਦੇ ਹੀ ਹਾਂ ਸਗੋਂ ਵਾਤਾਵਰਨ ਨੂੰ ਖਰਾਬ ਕਰਨ ਦੇ ਨਾਲ-ਨਾਲ ਸ਼ੋਰ ਪ੍ਰਦੂਸ਼ਣ ਵਿਚ ਵੀ ਵਾਧਾ ਕਰਦੇ ਹਾਂ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੈਸੇ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਧੂੰਏਂ ਨਾਲ ਭਰਨ ਤੋਂ ਬਚਾਉਣ ਲਈ ਪ੍ਰੇਰਿਤ ਕਰਨ। ਸੋਚ ਨੂੰ ਬਦਲਣਾ ਪਵੇਗਾ। ਵਿਗੜਦੇ ਵਾਤਾਵਰਨ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ।


-ਜਗਤਾਰ ਗਿੱਲ
ਬੱਲ ਸਚੰਦਰ (ਅੰਮ੍ਰਿਤਸਰ)।


ਰੁਜ਼ਗਾਰ ਮੇਲੇ ਤੇ ਨੌਜਵਾਨ
ਕੈਪਟਨ ਸਰਕਾਰ ਵਲੋਂ ਪੰਜਾਬ ਦੇ ਵੱਖੋ-ਵੱਖ ਹਿੱਸਿਆਂ ਵਿਚ ਲਾਏ ਗਏ ਰੁਜ਼ਗਾਰ ਮੇਲੇ ਬੇਹੱਦ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੁਜ਼ਗਾਰ ਦਾ ਪੱਧਰ ਵਧਾ ਕੇ ਸੁਨਹਿਰੇ ਭਵਿੱਖ ਦੀ ਆਸ ਵੀ ਕੀਤੀ ਜਾ ਸਕਦੀ ਹੈ। ਪਰ ਹੈਰਾਨੀ ਭਰੀ ਗੱਲ ਇਹ ਹੈ ਕਿ ਏਨਾ ਵਧੀਆ ਮੌਕਾ ਮਿਲਣ ਦੇ ਬਾਵਜੂਦ ਬਹੁਤੇ ਨੌਜਵਾਨ ਇਨ੍ਹਾਂ ਮੇਲਿਆਂ ਵਿਚ ਇੰਟਰਵਿਊ ਤੱਕ ਵੀ ਦੇਣ ਸਿਰਫ਼ ਇਸ ਲਈ ਨਹੀਂ ਆਏ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ। ਇਹ ਲੋਕਾਂ ਦੀ ਮਾਨਸਿਕਤਾ 'ਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਜੋ ਉਨ੍ਹਾਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਨਾ ਘਟੀਆ ਲਗਦਾ ਹੈ ਤਾਂ ਸਰਕਾਰੀ ਨੌਕਰੀ ਲੈਣੀ ਵਧੀਆ ਕਿਉਂ ਲਗਦੀ ਹੈ? ਸਮੇਂ ਦੀ ਜ਼ਰੂਰਤ ਇਹੀ ਹੈ ਕਿ ਹੈ ਕਿ ਸੋਸ਼ਲ ਮੀਡੀਆ, ਸਿੱਖਿਆ ਤੇ ਹੋਰ ਸਾਧਨਾਂ ਦਾ ਪ੍ਰਯੋਗ ਕਰਕੇ ਨੌਜਵਾਨ ਪੀੜ੍ਹੀ ਦੀ ਸੋਚ ਵਿਚ ਸਾਕਾਰਾਤਮਿਕ ਪਰਿਵਰਤਨ ਲਿਆਂਦੇ ਜਾਣ ਤਾਂ ਕਿ ਉਹ ਮੌਕੇ ਦਾ ਲਾਭ ਉਠਾ ਕੇ ਆਪਣਾ ਤੇ ਆਪਣੇ ਰਾਜ ਦਾ ਨਾਂਅ ਰੋਸ਼ਨ ਕਰਨ।


-ਤਾਨੀਆ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਸਿਆਸਤ
'ਪਰਿਵਾਰਵਾਦ ਦੀ ਸਿਆਸਤ 'ਅਜੋਕੇ ਸਿਆਸਤਦਾਨਾਂ ਲਈ ਚੰਗਾ ਸਬਕ ਸੀ। ਮੈਨੂੰ ਲਗਦਾ ਹੈ ਕਿ ਅਜੋਕੀ ਸਿਆਸਤ ਪੂਰੀ ਦੀ ਪੂਰੀ ਸਿਰਫ਼ ਆਪਣੇ ਨਿੱਜੀ ਪ੍ਰੰਪਰਾ ਨੂੰ ਅੱਗੇ ਤੋਰਨ ਦਾ ਕੰਮ ਕਰ ਰਹੀ ਹੈ। ਕਿਸੇ ਸਮੇਂ ਰਾਜ ਸੱਤਾ ਲੋਕਾਂ ਦੀ ਸੇਵਾ ਦਾ ਸਾਧਨ ਹੁੰਦੀ ਸੀ ਤੇ ਹੁਣ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਗੱਲ ਰਹਿ ਗਈ। ਜੋ ਸਾਡੀ ਨੌਜਵਾਨ ਪੀੜ੍ਹੀ ਤੇ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਸਿੱਧ ਹੋਵੇਗੀ।


-ਮਨਦੀਪ ਕੁੰਦੀ ਤਖਤੂਪੁਰਾ
ਮੋਗਾ।


ਤੇਲ ਕੀਮਤਾਂ...
ਇਸ ਵੇਲੇ ਤਕਰੀਬਨ ਸਾਰੇ ਭਾਰਤ ਵਿਚ ਪੈਟਰੋਲ ਦਾ ਮੁੱਲ ਕਿਸੇ ਵੀ ਗੁਆਂਢੀ ਮੁਲਕ ਨਾਲੋਂ ਕਿਤੇ ਜ਼ਿਆਦਾ ਹੈ। ਪੈਟਰੋਲ ਦੇ ਮੁੱਲ ਨਾਲੋਂ ਵੀ ਜ਼ਿਆਦਾ ਤਕਰੀਬਨ 107 ਫ਼ੀਸਦੀ ਕਰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ। ਜੋ ਆਮ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਜਦੋਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾਏ ਤਾਂ ਹਮੇਸ਼ਾ ਇਹੀ ਤਰਕ ਦਿੱਤਾ ਹੈ ਕਿ ਪੈਟਰੋਲ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਹਨ। ਇਸ ਲਈ ਰੇਟ ਵਧਾਉਣੇ ਪੈਂਦੇ ਹਨ ਪਰ ਜੇਕਰ ਭਾਰਤ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਦਾ 2016-17 ਦਾ ਮੁਨਾਫਾ ਵੇਖੀਏ ਤਾਂ ਇਸ ਵਿਚ ਪਿਛਲੇ ਸਾਲ ਨਾਲੋਂ 58 ਫ਼ੀਸਦੀ ਯਾਨੀ ਕਿ 17242 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਅਤੇ ਹੁਣ ਤੇਲ ਕੰਪਨੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਨਿੱਤ ਨਵੇਂ ਜੁਮਲੇ ਰਚ ਕੇ ਆਮ ਲੋਕਾਂ ਦਾ ਲਹੂ ਨਿਚੋੜਿਆ ਜਾ ਰਿਹਾ ਹੈ।


-ਸਰਵਨ ਸਿੰਘ ਭੰਗਲਾਂ
ਸਮਰਾਲਾ।

25-09-2017

  ਪ੍ਰਦੂਸ਼ਣ ਰਹਿਤ ਤਿਉਹਾਰ
ਰੁੱਤ ਬਦਲ ਰਹੀ ਹੈ। ਸਿਆਲ ਦੀ ਰੁੱਤ ਸਾਡੇ ਬਰੂਹੀਂ 'ਦਸਤਕ' ਦੇਣ ਵਾਲੀ ਹੈ। ਤਿਉਹਾਰਾਂ ਦਾ ਮੌਸਮ ਵੀ ਆ ਰਿਹਾ ਹੈ। ਪਹਿਲਾਂ ਦੁਸਹਿਰਾ, ਉਸ ਪਿਛੋਂ ਦੀਵਾਲੀ, ਜਿਹੜੇ ਲੋਕ ਦੁਸਹਿਰੇ ਨੂੰ ਅੱਗ ਵਿਖਾਉਂਦੇ ਹਨ, ਸਾਨੂੰ ਸਭ ਨੂੰ ਪਤਾ ਹੈ ਕਿ ਉਹੋ ਲੋਕ ਹੀ ਬੁਰਾਈਆਂ ਦਾ ਹਿੱਸਾ ਬਣਦੇ ਹਨ। ਅਜਿਹੇ ਧੂੰਏਂ ਵਾਲੇ ਮਾਹੌਲ 'ਚ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੀਵਾਲੀ ਵਾਲੀ ਰਾਤ ਵੀ ਅਸੀਂ ਖਤਰਨਾਕ ਪਟਾਕੇ ਚਲਾ ਕੇ ਪੈਸੇ ਦੀ ਬਰਬਾਦੀ ਤਾਂ ਕਰਦੇ ਹੀ ਹਾਂ ਸਗੋਂ ਵਾਤਾਵਰਨ ਨੂੰ ਖਰਾਬ ਕਰਨ ਦੇ ਨਾਲ-ਨਾਲ ਸ਼ੋਰ ਪ੍ਰਦੂਸ਼ਣ ਵਿਚ ਵੀ ਵਾਧਾ ਕਰਦੇ ਹਾਂ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੈਸੇ ਬਚਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਧੂੰਏਂ ਨਾਲ ਭਰਨ ਤੋਂ ਬਚਾਉਣ ਲਈ ਪ੍ਰੇਰਿਤ ਕਰਨ। ਸੋਚ ਨੂੰ ਬਦਲਣਾ ਪਵੇਗਾ। ਵਿਗੜਦੇ ਵਾਤਾਵਰਨ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ।


-ਜਗਤਾਰ ਗਿੱਲ
ਬੱਲ ਸਚੰਦਰ (ਅੰਮ੍ਰਿਤਸਰ)।


ਰੁਜ਼ਗਾਰ ਮੇਲੇ ਤੇ ਨੌਜਵਾਨ
ਕੈਪਟਨ ਸਰਕਾਰ ਵਲੋਂ ਪੰਜਾਬ ਦੇ ਵੱਖੋ-ਵੱਖ ਹਿੱਸਿਆਂ ਵਿਚ ਲਾਏ ਗਏ ਰੁਜ਼ਗਾਰ ਮੇਲੇ ਬੇਹੱਦ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰੁਜ਼ਗਾਰ ਦਾ ਪੱਧਰ ਵਧਾ ਕੇ ਸੁਨਹਿਰੇ ਭਵਿੱਖ ਦੀ ਆਸ ਵੀ ਕੀਤੀ ਜਾ ਸਕਦੀ ਹੈ। ਪਰ ਹੈਰਾਨੀ ਭਰੀ ਗੱਲ ਇਹ ਹੈ ਕਿ ਏਨਾ ਵਧੀਆ ਮੌਕਾ ਮਿਲਣ ਦੇ ਬਾਵਜੂਦ ਬਹੁਤੇ ਨੌਜਵਾਨ ਇਨ੍ਹਾਂ ਮੇਲਿਆਂ ਵਿਚ ਇੰਟਰਵਿਊ ਤੱਕ ਵੀ ਦੇਣ ਸਿਰਫ਼ ਇਸ ਲਈ ਨਹੀਂ ਆਏ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਚਾਹੀਦੀ ਹੈ। ਇਹ ਲੋਕਾਂ ਦੀ ਮਾਨਸਿਕਤਾ 'ਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਜੋ ਉਨ੍ਹਾਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਨਾ ਘਟੀਆ ਲਗਦਾ ਹੈ ਤਾਂ ਸਰਕਾਰੀ ਨੌਕਰੀ ਲੈਣੀ ਵਧੀਆ ਕਿਉਂ ਲਗਦੀ ਹੈ? ਸਮੇਂ ਦੀ ਜ਼ਰੂਰਤ ਇਹੀ ਹੈ ਕਿ ਹੈ ਕਿ ਸੋਸ਼ਲ ਮੀਡੀਆ, ਸਿੱਖਿਆ ਤੇ ਹੋਰ ਸਾਧਨਾਂ ਦਾ ਪ੍ਰਯੋਗ ਕਰਕੇ ਨੌਜਵਾਨ ਪੀੜ੍ਹੀ ਦੀ ਸੋਚ ਵਿਚ ਸਾਕਾਰਾਤਮਿਕ ਪਰਿਵਰਤਨ ਲਿਆਂਦੇ ਜਾਣ ਤਾਂ ਕਿ ਉਹ ਮੌਕੇ ਦਾ ਲਾਭ ਉਠਾ ਕੇ ਆਪਣਾ ਤੇ ਆਪਣੇ ਰਾਜ ਦਾ ਨਾਂਅ ਰੋਸ਼ਨ ਕਰਨ।


-ਤਾਨੀਆ
ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।


ਸਿਆਸਤ
'ਪਰਿਵਾਰਵਾਦ ਦੀ ਸਿਆਸਤ 'ਅਜੋਕੇ ਸਿਆਸਤਦਾਨਾਂ ਲਈ ਚੰਗਾ ਸਬਕ ਸੀ। ਮੈਨੂੰ ਲਗਦਾ ਹੈ ਕਿ ਅਜੋਕੀ ਸਿਆਸਤ ਪੂਰੀ ਦੀ ਪੂਰੀ ਸਿਰਫ਼ ਆਪਣੇ ਨਿੱਜੀ ਪ੍ਰੰਪਰਾ ਨੂੰ ਅੱਗੇ ਤੋਰਨ ਦਾ ਕੰਮ ਕਰ ਰਹੀ ਹੈ। ਕਿਸੇ ਸਮੇਂ ਰਾਜ ਸੱਤਾ ਲੋਕਾਂ ਦੀ ਸੇਵਾ ਦਾ ਸਾਧਨ ਹੁੰਦੀ ਸੀ ਤੇ ਹੁਣ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਗੱਲ ਰਹਿ ਗਈ। ਜੋ ਸਾਡੀ ਨੌਜਵਾਨ ਪੀੜ੍ਹੀ ਤੇ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਸਿੱਧ ਹੋਵੇਗੀ।


-ਮਨਦੀਪ ਕੁੰਦੀ ਤਖਤੂਪੁਰਾ
ਮੋਗਾ।


ਤੇਲ ਕੀਮਤਾਂ...

ਇਸ ਵੇਲੇ ਤਕਰੀਬਨ ਸਾਰੇ ਭਾਰਤ ਵਿਚ ਪੈਟਰੋਲ ਦਾ ਮੁੱਲ ਕਿਸੇ ਵੀ ਗੁਆਂਢੀ ਮੁਲਕ ਨਾਲੋਂ ਕਿਤੇ ਜ਼ਿਆਦਾ ਹੈ। ਪੈਟਰੋਲ ਦੇ ਮੁੱਲ ਨਾਲੋਂ ਵੀ ਜ਼ਿਆਦਾ ਤਕਰੀਬਨ 107 ਫ਼ੀਸਦੀ ਕਰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ। ਜੋ ਆਮ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਜਦੋਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾਏ ਤਾਂ ਹਮੇਸ਼ਾ ਇਹੀ ਤਰਕ ਦਿੱਤਾ ਹੈ ਕਿ ਪੈਟਰੋਲ ਕੰਪਨੀਆਂ ਘਾਟੇ ਵਿਚ ਜਾ ਰਹੀਆਂ ਹਨ। ਇਸ ਲਈ ਰੇਟ ਵਧਾਉਣੇ ਪੈਂਦੇ ਹਨ ਪਰ ਜੇਕਰ ਭਾਰਤ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਦਾ 2016-17 ਦਾ ਮੁਨਾਫਾ ਵੇਖੀਏ ਤਾਂ ਇਸ ਵਿਚ ਪਿਛਲੇ ਸਾਲ ਨਾਲੋਂ 58 ਫ਼ੀਸਦੀ ਯਾਨੀ ਕਿ 17242 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮੋਦੀ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਅਤੇ ਹੁਣ ਤੇਲ ਕੰਪਨੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਨਿੱਤ ਨਵੇਂ ਜੁਮਲੇ ਰਚ ਕੇ ਆਮ ਲੋਕਾਂ ਦਾ ਲਹੂ ਨਿਚੋੜਿਆ ਜਾ ਰਿਹਾ ਹੈ।


-ਸਰਵਨ ਸਿੰਘ ਭੰਗਲਾਂ
ਸਮਰਾਲਾ।

22/09/2017

 ਬਲੂ ਵੇਲ੍ਹ
ਅੱਜਕਲ੍ਹ ਰੋਜ਼ਾਨਾ ਅਖ਼ਬਾਰਾਂ ਵਿਚ 'ਬਲੂ ਵੇਲ੍ਹ' ਖੇਡ ਦੀ ਖ਼ਬਰ ਪੜ੍ਹਨ ਨੂੰ ਮਿਲ ਰਹੀ ਹੈ। ਗੂਗਲ ਦੀ ਜਾਣਕਾਰੀ ਅਨੁਸਾਰ ਪੰਜਾਬ ਵੀ ਇਸ ਖੇਡ ਦੀ ਭਾਲ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮੌਤ ਦੀ ਖੇਡ ਤੋਂ ਸਾਵਧਾਨੀ ਤੇ ਸਮਝਦਾਰੀ ਨਾਲ ਬਚਿਆ ਜਾ ਸਕਦਾ ਹੈ। ਘਰਾਂ ਵਿਚ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਿਆ ਜਾਵੇ। ਬੱਚਿਆਂ ਨੂੰ ਮੈਦਾਨੀ ਖੇਡਾਂ ਖੇਡਣ ਲਈ ਉਤਸ਼ਾਹਤ ਕੀਤਾ ਜਾਵੇ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਇਸ ਮੌਤ ਦੀ ਖੇਡ 'ਤੇ ਜਲਦੀ ਤੋਂ ਜਲਦੀ ਪਾਬੰਦੀ ਲਗਾਈ ਜਾਵੇ। ਇਸ ਮੌਤ ਦੀ ਖੇਡ ਨੇ ਕਈ ਬੱਚੇ ਨਿਗਲ ਲਏ ਹਨ। ਇਸ ਜਾਨਲੇਵਾ ਖੇਡ ਤੋਂ ਦੂਰ ਰਹਿਣ 'ਚ ਹੀ ਸਾਡੀ ਭਲਾਈ ਹੈ।

-ਨਵਜੋਤ ਕੌਰ
ਜਲੰਧਰ।

ਦਰਦਨਾਕ ਹਾਦਸੇ
ਨੂਰਮਹਿਲ ਤਲਵਣ ਰੋਡ 'ਤੇ ਬੱਸ ਨਾਲ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ 'ਤੇ ਸਵਾਰ ਤਿੰਨ ਮੰੁੰਡੇ ਮੌਕੇ 'ਤੇ ਹੀ ਮਾਰੇ ਗਏ ਜੋ ਕਿ ਇਕ ਹੀ ਪਿੰਡ ਤੇ ਕਾਲਜ ਦੇ ਜਮਾਤੀ ਸਨ। ਹਾਦਸੇ ਦਾ ਮੁੱਖ ਕਾਰਨ ਛੇ ਮੁੰਡਿਆਂ ਦਾ ਦੋ ਅਲੱਗ-ਅਲੱਗ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਰੇਸ ਲਗਾਉਣਾ ਸੀ। ਕੁਝ ਸਮਾਂ ਪਹਿਲਾਂ ਵੀ ਨੂਰਮਹਿਲ ਨੇੜੇ ਹੀ ਮੋਟਰਸਾਈਕਲ 'ਤੇ ਸਵਾਰ ਤਿੰਨ ਮੁੰਡੇ ਤੇਜ਼ ਸਪੀਡ ਕਾਰਨ ਹਨੇਰੇ 'ਚ ਖੜ੍ਹੀ ਟਰਾਲੀ ਨਾਲ ਟਕਰਾ ਗਏ। ਦੋ ਮੌਕੇ 'ਤੇ ਹੀ ਮਰ ਗਏ ਤੇ ਇਕ ਸਿਰ 'ਚ ਸੱਟ ਲੱਗਣ ਕਾਰਨ ਪਾਗਲ ਹੋ ਗਿਆ ਸੀ। ਜਵਾਨੀ ਦਾ ਜੋਸ਼ ਤੇ ਤੇਜ਼ ਰਫ਼ਤਾਰ ਕਾਰਨ ਹੋਰ ਵੀ ਕਈ ਗੱਭਰੂ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਚੁੱਕੇ ਹਨ। ਮਾਪਿਆਂ ਨੂੰ ਸੜਕਾਂ 'ਤੇ ਮੌਤ ਵੰਡਦੀਆਂ ਅੰਨ੍ਹੇਵਾਹ ਬੇਗਲਾਮ ਤੇਜ਼ ਦੌੜ ਰਹੀਆਂ ਗੱਡੀਆਂ ਤੋਂ ਆਪਣਿਆਂ ਲਾਡਲਿਆਂ ਨੂੰ ਬਚਾਉਣਾ ਹੈ। ਸਾਰੀ ਉਮਰ ਰੋਣ ਨਾਲੋਂ ਜੇਕਰ ਬੱਚੇ 'ਤੇ ਸਖ਼ਤੀ ਕਰ ਲਈ ਜਾਵੇ ਤਾਂ ਵੀ ਕੋਈ ਹਰਜ਼ ਨਹੀਂ।

-ਪਿਆਰਾ ਸਿੰਘ ਮਾਸਟਰ
ਨਕੋਦਰ।

ਲੋਕਤੰਤਰ ਦਾ ਕਤਲ
ਸੰਪਾਦਕੀ ਸਫ਼ੇ 'ਤੇ ਪ੍ਰੋ: ਐਚ.ਐਸ. ਡਿੰਪਲ ਦਾ ਗੌਰੀ ਲੰਕੇਸ਼ ਬਾਰੇ ਲਿਖਿਆ ਲੇਖ ਪੜ੍ਹ ਕੇ ਇੰਜ ਲਗਦਾ ਹੈ ਕਿ ਇਹ ਸਿਰਫ ਗੌਰੀ ਲੰਕੇਸ਼ ਦਾ ਕਤਲ ਹੀ ਨਹੀਂ ਸਗੋਂ ਦੁਨੀਆ ਦੇ ਵੱਡੇ ਲੋਕਤੰਤਰ ਦਾ ਕਤਲ ਹੈ। ਸੰਵਿਧਾਨ ਦੀ ਧਾਰਾ 19 (1)ਏ ਦੇ ਵਿਚਾਰਾਂ ਦੇ ਪ੍ਰਗਟਾਓ ਦੀ ਆਜ਼ਾਦੀ ਦਿੰਦੀ ਹੈ। ਪਰ ਜਿਸ ਤਰ੍ਹਾਂ ਪ੍ਰੋ: ਡਿੰਪਲ ਨੇ ਦੱਸਿਆ ਹੈ ਕਿ ਬਹੁਤੇ ਲੇਖਕ, ਬੁੱਧੀਜੀਵੀ ਔਖੀ ਤੇ ਘੁਮਾਂਅਦਾਰ ਭਾਸ਼ਾ ਵਰਤਦੇ ਹੋਏ ਜੁਗਾੜ ਲਾ ਕੇ ਐਵਾਰਡਾਂ, ਮਾਣ-ਸਨਮਾਨਾਂ ਦੇ ਚੱਕਰ 'ਚ ਪੈਂਦੇ ਹਨ। ਅੱਜ ਬਹੁਤੇ ਜਥੇਬੰਦਕ ਸੰਗਠਨ ਵੀ ਜੁੁਗਾੜੂ ਪ੍ਰਵਿਰਤੀ ਦੇ ਹੋ ਚੁੱਕੇ ਹਨ ਜੋ ਕਿ ਨਰੋਏ ਸਮਾਜ ਲਈ ਘਾਤਕ ਹਨ। ਡਾਅਢਿਆਂ ਦੇ ਝੋਲੀ ਚੁੱਕ ਬਣਨ ਦੀ ਥਾਂ ਗੌਰੀ ਲੰਕੇਸ਼ ਬਣਨਾ ਹੀ ਲੋਕਤੰਤਰ ਦੇ ਹੱਕ ਵਿਚ ਜਾਂਦਾ ਹੈ। ਸੱਚ ਦਾ ਸਾਥ ਦੇਣਾ ਜ਼ਰੂਰੀ ਹੈ।

-ਬਲਵੀਰ ਸਿੰਘ ਬਾਸੀਆਂ।

19-09-2017

ਖਿਲਵਾੜ ਕਿਉਂ?

ਕਈ ਵਾਰ ਇਨਸਾਨ ਦੀ ਕਿਸੇ ਪ੍ਰਤੀ ਅਥਾਹ ਸ਼ਰਧਾ ਵੀ ਉਸ ਦੀ ਚਿੰਤਾ ਦਾ ਕਾਰਨ ਬਣ ਜਾਂਦੀ ਹੈ। ਇਨਸਾਨ ਆਪਣੇ ਲਈ ਜੀਣਾ ਭੁੱਲ ਕੇ ਉਸ ਵੱਲ ਸਥਾਪਤ ਹੋ ਜਾਂਦਾ ਹੈ ਤੇ ਆਪਣੀ ਜਾਨ ਤੱਕ ਗੁਆ ਬੈਠਦਾ ਹੈ। ਪਰ ਮਨੁੱਖਤਾ ਦੀਆਂ ਭਾਵਨਾਵਾਂ ਨਾਲ ਜਦੋਂ ਖਿਲਵਾੜ ਹੁੰਦਾ ਹੈ ਤਾਂ ਸ਼ਾਇਦ ਕੁਦਰਤ ਨੂੰ ਵੀ ਉਸ ਦੀ ਸਿਰਜਣਾ ਕਰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੋਵੇਗਾ। ਇਨਸਾਨ ਭੁੱਲ ਬੈਠਦਾ ਹੈ ਕਿ ਉਸ ਨੇ ਆਪਣੇ ਇਸ 'ਤਿਲੱਸਮ ਸੰਸਾਰ' ਨੂੰ ਛੱਡ ਇਕ ਦਿਨ 'ਪ੍ਰਾਣ ਪੰਖੇਰੂ' ਉਡਾਰੀ ਮਾਰਨੀ ਹੈ। ਕਿਸੇ ਦੇ ਵਿਸ਼ਵਾਸ ਦਾ ਵਿਸ਼ਵਾਸਘਾਤ ਕਰਨਾ ਅਪਰਾਧਕ ਬਿਰਤੀ ਤੋਂ ਘੱਟ ਨਹੀਂ, ਜਦ ਕਿ ਇਨਸਾਨੀ ਜ਼ਿੰਦਗੀ ਖੜ੍ਹੀ ਹੀ ਵਿਸ਼ਵਾਸ ਦੀ ਕੱਚੀ ਰੇਤ 'ਤੇ ਹੈ। ਮਕੜੀ ਦੇ ਬੁਣੇ ਜਾਲ ਵਾਂਗ ਇਨਸਾਨ ਕਈ ਵਾਰ ਆਪਣੇ ਹੀ ਰਚੇ ਅਡੰਬਰ ਵਿਚ ਅਜਿਹਾ ਕਸੂਤਾ ਫਸਦਾ ਹੈ ਜਿਸ ਵਿਚੋਂ ਫਿਰ ਨਿਕਲਣਾ ਮੁਹਾਲ ਹੋ ਜਾਂਦਾ ਹੈ। ਖੂਹ ਦੇ ਡੱਡੂ ਵਾਂਗ ਵਿਚੇ ਹੀ ਜ਼ਿੰਦਗੀ ਦਮਨ ਹੋ ਜਾਂਦੀ ਹੈ। ਥੋੜ੍ਹੇ ਸਮੇਂ ਦੇ ਐਸ਼ੋ ਆਰਾਮ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ? ਆਓ! ਆਪਣੇ-ਆਪ ਨੂੰ ਅਜਿਹਾ ਬਣਾਉਣ ਦਾ ਯਤਨ ਕਰੀਏ, ਜਿਸ 'ਤੇ ਇਨਸਾਨੀਅਤ ਸ਼ਰਮਸਾਰ ਨਾ ਹੋਵੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।

ਆਵਾਜ਼ ਪ੍ਰਦੂਸ਼ਣ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 1 ਅਕਤੂਬਰ ਤੋਂ ਵਾਹਨਾਂ 'ਚ ਤੇਜ਼ ਹਾਰਨ ਵਜਾਉਣ ਵਾਲਿਆਂ ਖ਼ਿਲਾਫ਼ ਤੇ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਕਰ ਰਹੀ ਹੈ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਤੇ ਜੁੁਰਮਾਨਾ ਕੀਤਾ ਜਾਵੇਗਾ। ਇਸ ਕਾਨੂੰਨ ਤਹਿਤ ਪਟਾਕੇ ਪਾਉਣ ਵਾਲੇ ਸਾਇਲੈਂਸਰ ਤੇ ਕਿਸੇ ਵੀ ਤਰ੍ਹਾਂ ਦਾ ਉੱਚੀ ਆਵਾਜ਼ ਵਾਲਾ ਹਾਰਨ ਲਾਉਣ 'ਤੇ ਸਖ਼ਤ ਪਾਬੰਦੀ ਹੈ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਹੈ। ਕਿਉਂਕਿ ਉੱਚੀ ਆਵਾਜ਼ ਵਾਲੇ ਪ੍ਰੈਸ਼ਰ ਹਾਰਨ ਤੇ ਪਟਾਕੇ ਮਾਰਨ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ। ਉੱਚੀ ਆਵਾਜ਼ ਸਿਹਤ ਲਈ ਵੀ ਨੁਕਸਾਨਦੇਹ ਹੈ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਬੋਲਚਾਲ 'ਚ ਅਸ਼ਲੀਲਤਾ

ਬੀਤੇ ਦਿਨ 'ਲੋਕ ਮੰਚ' ਅੰਦਰ ਡਾ: ਮਨਮੋਹਣ ਸਿੰਘ ਭਾਗੋਵਾਲੀਆ ਦਾ ਲੇਖ 'ਆਮ ਬੋਲਚਾਲ ਵਿਚ ਵਧ ਰਹੀ ਅਸ਼ਲੀਲਤਾ' ਕਾਫੀ ਮਨ ਨੂੰ ਟੁੰਬਦਾ ਸੀ। ਕੁਝ ਅਜਿਹੇ ਸ਼ਬਦ ਜੋ ਰਿਸ਼ਤਿਆਂ ਨਾਲ ਤਾਅਲੁਕ ਰੱਖਦੇ ਅਤੇ ਮਹੱਤਵਪੂਰਨ ਵੀ ਹੁੰਦੇ ਹਨ, ਅਕਸਰ ਬੜੇ ਲੰਮੇ ਸਮਿਆਂ ਤੋਂ ਆਪਸੀ ਗੱਲਾਬਾਤ ਵਿਚ ਵਰਤੇ ਜਾ ਰਹੇ ਹਨ। ਕਦੇ-ਕਦੇ ਤਾਂ ਇਕ-ਦੂਜੇ ਵਲੋਂ ਸਹਿ ਲਏ ਜਾਂਦੇ ਹਨ ਅਤੇ ਕਦੇ-ਕਦੇ ਕੁੜੱਤਣ ਦਾ ਰੂਪ ਵੀ ਧਾਰ ਲੈਂਦੇ ਹਨ। ਸਾਲਾ, ਮਾਮਾ, ਸਹੁਰਾ ਆਦਿ ਕਿੰਨੇ ਸਾਰਥਿਕ ਸਬੰਧਾਂ ਵਿਚ ਉਹ ਮਹੱਤਤਾ ਰੱਖਦੇ ਹਨ ਪਰ ਜਦ ਕਿਧਰੇ ਇਹ ਸ਼ਬਦ ਗਾਲੀ-ਗਲੋਚ ਵਿਚ ਵਰਤੇ ਜਾਂਦੇ ਹਨ ਤਾਂ ਬਹੁਤ ਭਿਆਨਕ ਨਤੀਜੇ ਭੁਗਤਣੇ ਪੈ ਜਾਂਦੇ ਹਨ। ਪਿਆਰ ਵਿਚ ਅਜਿਹੇ ਸ਼ਬਦਾਂ ਦੀ ਅਜੋਕੀ ਨੌਜਵਾਨ ਪੀੜ੍ਹੀ ਵਿਚ ਕੁਝ ਜ਼ਿਆਦਾ ਹੀ ਵਰਤੋਂ ਕੀਤੀ ਜਾਂਦੀ ਅਕਸਰ ਸੁਣੀ ਜਾਂਦੀ ਹੈ।

-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

15-09-2017

 ਖ਼ਤਰਨਾਕ ਖੇਡਾਂ
ਪਿਛਲੇ ਦਿਨੀਂ ਯਾਦਵਿੰਦਰ ਸਿੰਘ ਸਤਕੋਹਾ ਨੇ ਆਪਣੇ ਲੇਖ 'ਇੰਟਰਨੈੱਟ ਦੀਆਂ ਖ਼ਤਰਨਾਕ ਖੇਡਾਂ ਤੋਂ ਬੱਚਿਆਂ ਨੂੰ ਬਚਾਉਣ ਦੀ ਲੋੜ' ਰਾਹੀਂ ਅਜੋਕੇ ਸਾਇੰਸ ਦੇ ਯੁੱਗ ਵਿਚ ਇੰਟਰਨੈੱਟ ਦੀਆਂ ਖੇਡਾਂ ਦੇ ਬੱਚਿਆਂ ਅਤੇ ਅੱਲੜ੍ਹ ਉਮਰ ਦੇ ਵਿਅਕਤੀਆਂ ਉੱਪਰ ਪੈ ਰਹੇ ਮਾਰੂ ਅਤੇ ਖ਼ਤਰਨਾਕ ਪ੍ਰਭਾਵਾਂ ਪ੍ਰਤੀ ਸੁਚੇਤ ਕਰਨ ਦਾ ਉਪਰਾਲਾ ਕੀਤਾ ਹੈ। ਇੰਟਰਨੈੱਟ ਖੇਡਾਂ ਬੇਸ਼ੱਕ ਦਿਮਾਗੀ ਤੌਰ 'ਤੇ ਤੇਜ਼ ਕਰਦੀਆਂ ਹਨ ਪਰ ਸਰੀਰਕ ਤੌਰ 'ਤੇ ਕਮਜ਼ੋਰ ਕਰਦੀਆਂ ਹਨ, ਕਿਉਂਕਿ ਇਨ੍ਹਾਂ ਵਿਚ ਸਰੀਰਕ ਕਸਰਤ ਨਹੀਂ ਹੁੰਦੀ। ਬਲਿਊ ਵੇਲ, ਚੈਲੰਜ ਨਾਂਅ ਦੀ ਖੇਡ ਪ੍ਰਤੀ ਇਕ ਕਿੱਸਾ ਸਾਂਝਾ ਕਰ ਰਿਹਾ ਹਾਂ। ਇਕ ਬੱਚੇ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਮੈਨੂੰ ਬਚਾ ਲਓ, ਉਹ ਲੋਕ ਮੈਨੂੰ ਮਾਰ ਦੇਣਗੇ। ਬੱਚੇ ਨੂੰ ਪਿਆਰ ਨਾਲ ਪੁੱਛਣ 'ਤੇ ਉਸ ਨੇ ਇਸ ਇੰਟਰਨੈੱਟ ਖੇਡ ਦਾ ਹਵਾਲਾ ਦਿੱਤਾ। ਕਿਉਂਕਿ ਬੱਚਿਆਂ ਦਾ ਦਿਲ ਬਹੁਤ ਹੀ ਕੋਮਲ ਹੁੰਦਾ ਹੈ, ਬਹੁਤ ਹੀ ਜ਼ਿਆਦਾ ਹੌਸਲਾ ਦੇਣ ਅਤੇ ਪਿਆਰ ਨਾਲ ਸਮਝਾਉਣ 'ਤੇ ਉਹ ਨਾਰਮਲ ਹੋਇਆ। ਬੱਚਿਆਂ ਨੂੰ ਇੰਟਰਨੈੱਟ ਗੇਮਾਂ ਨਾਲ ਬਿਲਕੁਲ ਚਿਪਕੂ ਹੋਣ ਤੋਂ ਬਚਾਉਣ ਅਤੇ ਸਮਝਾਉਣ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ
ਪਟਿਆਲਾ।


ਅਧਿਆਪਕ ਦਾ ਸਤਿਕਾਰ
ਅਸੀਂ ਹਰ ਸਾਲ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਉਂਦੇ ਹਾਂ, ਜਿਸ ਵਿਚ ਵਿਦਿਆਰਥੀ ਅਧਿਆਪਕ ਪ੍ਰਤੀ ਆਪਣੀ ਸ਼ਰਧਾ ਨੂੰ ਕੁਝ ਤੋਹਫ਼ੇ ਭੇਟ ਕਰਕੇ ਪੇਸ਼ ਕਰਦੇ ਹਨ। ਪਰ ਅੱਜ ਦੇ ਸਮੇਂ 'ਚ ਵਿਦਿਆਰਥੀਆਂ ਅੰਦਰ ਅਧਿਆਪਕ ਪ੍ਰਤੀ ਖ਼ਤਮ ਹੋ ਰਹੇ ਸਤਿਕਾਰ ਅਤੇ ਸੰਸਕਾਰ ਦੇ ਜ਼ਿੰਮੇਵਾਰ ਜ਼ਿਆਦਾਤਰ ਮਾਪੇ ਹੀ ਹਨ। ਅਧਿਆਪਕ ਵਲੋਂ ਬੱਚੇ ਨੂੰ ਡਾਂਟਣ ਤੇ ਮਾਪਿਆਂ ਵਲੋਂ ਵਿਰੋਧ ਵਿਚ ਸਾਹਸ ਭਰਨਾ ਉਨ੍ਹਾਂ ਲਈ ਭਵਿੱਖਤ ਚੁਣੌਤੀ ਹੈ। ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਹੈ, ਜੋ ਨਵੇਂ ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਅਧਿਆਪਕ ਇਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਜੋ ਆਪ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਪ੍ਰਦਾਨ ਕਰਦਾ ਹੈ। ਇਸ ਲਈ ਪੂਰੇ ਸਮਾਜ ਨੂੰ ਹੀ ਅਧਿਆਪਕ ਦਾ ਸਤਿਕਾਰ ਕਰਨਾ ਬਣਦਾ ਹੈ।


-ਰਵਿੰਦਰ ਸਿੰਘ ਰੇਸ਼ਮ
ਅਧਿਆਪਕ ਜਵਾਹਰ ਨਵੋਦਿਆ ਵਿਦਿਆਲਿਆ, ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਖ਼ਤਰਨਾਕ ਤੇਵਰ
'ਉੱਤਰੀ ਕੋਰੀਆ ਦੇ ਖ਼ਤਰਨਾਕ ਤੇਵਰ' ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਦੇ ਸੰਪਾਦਕੀ ਲੇਖ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਚੀਨ ਅਤੇ ਜਾਪਾਨ ਦਾ ਗੁਆਂਢੀ ਮੁਲਕ ਹੈ। ਕੋਰੀਆ ਜਾਪਾਨ ਦੇ ਅਧੀਨ ਵੀ ਰਿਹਾ ਹੈ। ਬੀਤੇ ਦਿਨੀਂ ਉਸ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਅਤੇ ਸਭ ਦੀਆਂ ਨੀਂਦਾਂ ਉਡਾ ਦਿੱਤੀਆਂ ਜਿਸ ਕਰਕੇ ਬਹੁਤ ਸਾਰੇ ਮੁਲਕ ਉਸ ਦੇ ਖਿਲਾਫ਼ ਹੋ ਗਏ। ਜੇ ਉਸ 'ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾਵੇਗਾ। ਉਸ ਨੇ ਲੰਬੀ ਦੂਰੀ ਵਾਲੀਆਂ ਮਿਜ਼ਾਇਲਾਂ ਦਾ ਵੀ ਪ੍ਰੀਖਣ ਕੀਤਾ ਸੀ। ਵਿਸ਼ਵ ਪੱਧਰ 'ਤੇ ਸ਼ਾਂਤੀ ਬਣਾਉਣ ਲਈ ਸਾਰੇ ਦੇਸ਼ਾਂ ਨੂੰ ਹੰਭਲੇ ਮਾਰਨ ਦੀ ਲੋੜ ਹੈ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ ਮੋਗਾ।

14-09-2017

 ਖੇਡ ਮੰਤਰੀ
ਆਜ਼ਾਦੀ ਤੋਂ ਬਾਅਦ ਹੁਣ ਤੱਕ ਕੋਈ ਵੀ ਖਿਡਾਰੀ ਭਾਰਤ ਦਾ ਖੇਡ ਮੰਤਰੀ ਨਾ ਬਣ ਸਕਿਆ, ਬੀਤੇ ਦਿਨੀਂ ਰਾਜਵਰਧਨ ਸਿੰਘ ਰਠੌਰ ਜਿਨ੍ਹਾਂ ਨੂੰ ਵਿਜੇ ਗੋਇਲ ਦੀ ਥਾਂ ਖੇਡ ਮੰਤਰੀ ਬਣਾਇਆ ਗਿਆ, ਜੋ ਕਿ ਭਾਰਤੀ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਇਕ ਚੰਗਾ ਸੁਨੇਹਾ ਹੈ। ਖਿਡਾਰੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਵਧੇਰੇ ਗਿਆਨ ਇਕ ਖਿਡਾਰੀ ਤੋਂ ਇਲਾਵਾ ਹੋਰ ਕਿਸੇ ਵੀ ਆਮ ਵਿਅਕਤੀ ਨੂੰ ਨਹੀਂ ਹੋ ਸਕਦਾ, ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਵਲੋਂ ਪਰਗਟ ਸਿੰਘ ਨੂੰ ਖੇਡ ਮੰਤਰੀ ਬਣਾ ਕੇ ਉਸ ਦੇ ਖੇਡਾਂ ਪ੍ਰਤੀ ਤਜਰਬੇ ਦਾ ਪੰਜਾਬ ਦੇ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਫਾਇਦਾ ਲਿਆ ਜਾ ਸਕਦਾ ਹੈ। ਮੋਦੀ ਸਰਕਾਰ ਵਲੋਂ ਰਾਠੌਰ ਦੀ ਨਿਯੁਕਤੀ ਚੰਗੀ ਸੋਚ ਦੀ ਨਿਸ਼ਾਨੀ ਹੈ।


-ਕੁਲਵੀਰ ਜੌੜਾ।


ਲੋਕਾਂ ਦਾ ਵਿਸ਼ਵਾਸ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਭਾਰਤ ਸਰਕਾਰ ਦੀ ਨਿਰਪੱਖ ਨਿਆਂਪਾਲਿਕਾ ਨੇ ਵੱਧ ਤੋਂ ਵੱਧ ਸਜ਼ਾ ਦੇ ਕੇ ਰਾਜਨੀਤਕ ਲੀਡਰਾਂ ਦੀ ਸੁੱਤੀ ਹੋਈ ਆਤਮਾ ਨੂੰ ਝੰਜੋੜ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀਆਂ ਬੰਦ ਪਈਆਂ ਅੱਖਾਂ ਨੂੰ ਖੋਲ੍ਹ ਕੇ ਲੋਕਾਂ ਸਾਹਮਣੇ ਪੀੜਤਾਂ ਨੂੰ ਇਨਸਾਫ਼ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਪ੍ਰਤੀ ਲੋਕਾਂ ਦਾ ਨਿਆਂਪਾਲਿਕਾ ਪ੍ਰਤੀ ਵਿਸ਼ਵਾਸ ਪੈਦਾ ਕਰਕੇ ਲੋਕਾਂ ਨੂੰ ਸਾਬਤ ਕਰ ਦਿੱਤਾ ਹੈ ਕਿ ਨਿਆਂਪਾਲਿਕਾ ਹਮੇਸ਼ਾ ਇਨਸਾਫ਼ ਕਰਦੀ ਹੈ ਅਤੇ ਉਨ੍ਹਾਂ ਅੰਧਵਿਸ਼ਵਾਸੀ ਭਟਕੇ ਹੋਏ ਲੋਕ ਜੋ ਅੰਨ੍ਹੇ ਹੋ ਕੇ ਆਸਥਾ ਦੇ ਨਾਂਅ 'ਤੇ ਪਾਖੰਡੀ ਸਾਧੂ ਸੰਤਾਂ ਦੇ ਘੇਰੇ ਵਿਚ ਜਕੜੇ ਹੋਏ ਹਨ, ਨੂੰ ਵੀ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਪੀੜਤਾ ਨੇ ਬਿਨਾਂ ਡਰ ਖੌਫ਼ ਤੋਂ ਅਤੇ ਸਬੰਧਿਤ ਗਵਾਹਾਂ ਨੇ ਸੱਚੀ ਗਵਾਹੀ ਦੇ ਕੇ ਅਤੇ ਸੀ.ਬੀ.ਆਈ. ਦੀ ਪੂਰੀ ਟੀਮ ਨੇ ਨਾਰੀ ਜਾਤੀ ਦਾ ਮਨੋਬਲ ਵਧਾਇਆ ਹੈ।


-ਗੁਰਮੀਤ ਸਿੰਘ ਵੇਰਕਾ
(ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ)
ਸੇਵਾ-ਮੁਕਤ ਇੰਸਪੈਕਟਰ।


ਜ਼ਿੰਦਗੀ ਦੀ ਬਾਜ਼ੀ
ਲੇਖਿਕਾ ਬੱਬੂ ਤੀਰ ਦਾ ਲੇਖ 'ਵਿਸ਼ਵਾਸ ਨਾਲ ਹੀ ਜਿੱਤੀ ਜਾਂਦੀ ਹੈ ਜ਼ਿੰਦਗੀ ਦੀ ਬਾਜ਼ੀ' ਕਾਬਲੇ ਤਰੀਫ ਹੈ। ਭਰੋਸਾ ਸ਼ਬਦ ਬੇਸ਼ੱਕ ਛੋਟਾ ਹੈ ਪਰ ਇਸ ਦੀ ਦੁਰਵਰਤੋਂ ਨਾਲ ਢਾਂਚਾ ਹਿੱਲ ਜਾਂਦਾ ਹੈ। ਹਰੇਕ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਕਸਰ ਹੀ ਅਜਿਹੇ ਲੋਕ ਵਿਸ਼ਵਾਸ ਦੇ ਕਾਬਲ ਨਹੀਂ ਹੁੰਦੇ ਅਤੇ ਸਭ ਉਨ੍ਹਾਂ ਤੋਂ ਕਿਨਾਰਾਕਸ਼ੀ ਕਰਦੇ ਹਨ ਅਤੇ ਕਈ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਕਿ ਇਹ ਤਾਂ ਭਰੜ ਭਾਂਡਾ ਹੈ ਪਤਾ ਨੀ ਕਦੋਂ ਖੜਕ ਜਾਵੇ। ਸਾਡਾ ਮਨੋਬਲ ਸਾਡੀ ਵੱਡੀ ਤਾਕਤ ਹੈ। ਆਪਣੇ ਮਨ ਦੀ ਗੱਲ ਹਰੇਕ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਅਜੋਕੇ ਸਮਾਜ ਵਿਚ ਸਭ ਸੱਚ ਹੈ। ਸਿਰਫ ਸੱਚੇ ਤੇ ਪੱਕੇ ਦੋਸਤ ਹੀ ਵਿਸ਼ਵਾਸ ਬਹਾਲ ਰੱਖਦੇ ਹਨ ਅਤੇ ਅਜਿਹੇ ਦੋਸਤਾਂ 'ਤੇ ਸਦਾ ਮਾਣ ਕਰਨਾ ਚਾਹੀਦਾ ਹੈ। ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ ਸਦਾ ਹੀ ਤੱਤਪਰ ਰਹਿਣਾ ਚਾਹੀਦਾ ਹੈ।


-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

12-09-2017

 ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ
ਪੰਜਾਬ 'ਚ ਅਕਸਰ ਹੀ ਸਮੇਂ-ਸਮੇਂ 'ਤੇ ਅੰਧ-ਵਿਸ਼ਵਾਸ ਨਾਲ ਜੁੜੀਆਂ ਅਫ਼ਵਾਹਾਂ ਵੱਡੀ ਗਿਣਤੀ 'ਚ ਫੈਲਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਕੁਝ ਸ਼ਾਤਰ ਦਿਮਾਗ ਲੋਕ ਆਪਣਾ ਤੋਰੀ ਫੁਲਕਾ ਚਲਦਾ ਰੱਖਣ ਲਈ ਅੰਧ-ਵਿਸ਼ਵਾਸ ਨਾਲ ਜੋੜ ਕੇ ਇਸ ਕਦਰ ਪੇਸ਼ ਕਰਦੇ ਹਨ, ਜਿਸ ਦਾ ਖ਼ਾਸ ਕਰਕੇ ਬਹੁਤਾ ਅਸਰ ਆਮ ਲੋਕਾਂ 'ਤੇ ਪੈਂਦਾ ਹੈ, ਜੋ ਅਜਿਹੀਆਂ ਘਟਨਾਵਾਂ ਦੀ ਘੋਖ ਕਰਨ ਦੀ ਬਜਾਏ ਹੱਦੋਂ ਵੱਧ ਘਬਰਾ ਜਾਂਦੇ ਹਨ। ਸਿੱਟੇ ਵਜੋਂ ਜਿਵੇਂ ਵੀ ਕੋਈ ਇਨ੍ਹਾਂ ਨੂੰ ਕਹਿੰਦਾ ਹੈ, ਇਹ ਉਵੇਂ ਹੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਅੱਜ ਪੰਜਾਬ ਦੇ ਬਹੁਤੇ ਪਿੰਡਾਂ ਦੇ ਘਰਾਂ ਦੇ ਮੁੱਖ ਗੇਟਾਂ 'ਤੇ ਨਿੰਮ ਦੇ ਪੱਤੇ ਵਗੈਰਾ ਟੰਗੇ ਆਮ ਦੇਖੇ ਜਾ ਸਕਦੇ ਹਨ। ਇਥੇ ਸਵਾਲ ਉੱਠਦਾ ਹੈ ਕਿ ਅਜਿਹਾ ਸਭ ਵਿਗਿਆਨਕ ਚੇਤਨਾ ਦੀ ਘਾਟ ਕਾਰਨ ਹੋ ਰਿਹਾ ਹੈ। ਸਿੱਟੇ ਵਜੋਂ ਦੁਨੀਆ ਦਾ ਵੱਡਾ ਹਿੱਸਾ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ। ਅੱਜ ਮਨੁੱਖ ਨੂੰ ਪ੍ਰਭਾਵੀ ਚੇਤਨਾ ਦੀ ਲੋੜ ਹੈ। ਉਹ ਚੇਤਨਾ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਨੂੰ ਗੈਬੀ ਸ਼ਕਤੀਆਂ ਤੇ ਅੰਧ-ਵਿਸ਼ਵਾਸਾਂ ਤੋਂ ਮੁਕਤ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਲਾਪਰਵਾਹੀ
ਦਸ ਦਿਨਾਂ ਵਿਚ ਫਿਰ ਤੀਸਰਾ ਹਾਦਸਾ, ਨਾਗਪੁਰ ਮੁੰਬਈ ਦੁਰੰਤੋ ਐਕਸਪ੍ਰੈਸ ਮਹਾਰਾਸ਼ਟਰ ਦੇ ਟਿਟਵਾਲਾ ਖੇਤਰ ਵਿਖੇ ਪੰਜ ਡੱਬੇ ਇੰਜਣ ਸਮੇਤ ਸਵੇਰੇ ਕਰੀਬ 6.40 ਵਜੇ ਲੀਹੋਂ ਲੈ ਗਏ ਹਨ। ਲਾਪਰਵਾਹੀ ਦਾ ਨਾਂਅ ਦੇ ਕੇ ਕਸੂਰਵਾਰ ਕਰਮਚਾਰੀਆਂ ਨੂੰ ਸਸਪੈਂਡ ਜਾਂ ਬਦਲੀ ਕਰ ਦਿੱਤੀ ਜਾਂਦੀ ਹੈ ਜਾਂ ਛੁੱਟੀ 'ਤੇ ਭੇਜ ਦਿੱਤਾ ਜਾਂਦਾ ਹੈ। ਮਰਨ ਵਾਲੇ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਮੁਆਵਜ਼ਾ ਦੇ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ।
ਦਿਨ-ਬ-ਦਿਨ ਰੇਲਵੇ ਹਾਦਸਿਆਂ ਨੂੰ ਦੇਖ ਕੇ ਲੋੜ ਹੈ ਲਾਪਰਵਾਹੀ ਨੂੰ ਕਤਲ ਜਾਂ ਦੰਡਯੋਗ ਮਨੁੱਖੀ ਹੱਤਿਆ ਦੀ ਪਰਿਭਾਸ਼ਾ ਵਿਚ ਜੋੜ ਕੇ ਸੰਸਦ ਵਿਚ ਕਾਨੂੰਨ ਪਾਸ ਕਰਨ ਦੀ ਤਾਂ ਜੋ ਕਸੂਰਵਾਰ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾਵਾਂ ਦਿੱਤੀਆਂ ਜਾਣ। ਇਸ ਤਰ੍ਹਾਂ ਹਰ ਇਕ ਵਿਅਕਤੀ ਨੂੰ ਕਾਨੂੰਨ ਦਾ ਡਰ ਹੋਵੇਗਾ ਅਤੇ ਇਹੋ ਜਿਹੀਆਂ ਘਟਨਾਵਾਂ 'ਤੇ ਰੋਕ ਲੱਗੇਗੀ।

-ਗੁਰਮੀਤ ਸਿੰਘ ਵੇਰਕਾ
(ਐਮ.ਏ. ਪੁਲਿਸ ਐਡਮਨਿਸਟ੍ਰੈਸ਼ਨ)
ਰਿਟਾਇਰਡ ਇੰਸਪੈਕਟਰ।

ਭ੍ਰਿਸ਼ਟਾਚਾਰ
ਭਾਰਤ ਵਿਚ ਰਾਜਨੀਤਕ, ਅਫ਼ਸਰਸ਼ਾਹੀ, ਕਾਰਪੋਰੇਟ ਅਤੇ ਪੇਸ਼ਾਜਨਕ ਭ੍ਰਿਸ਼ਟਾਚਾਰ ਇਕ ਗੰਭੀਰ ਸਮੱਸਿਆ ਹੈ ਅਤੇ ਨਵੀਆਂ ਆਰਥਿਕ ਨੀਤੀਆਂ ਅਤੇ ਉਦਾਰੀਕਰਨ ਨੇ ਇਸ ਨੂੰ ਹੋਰ ਵੀ ਹੁਲਾਰਾ ਦਿੱਤਾ ਹੈ। ਇਕ ਸਰਵੇਖਣ ਅਨੁਸਾਰ ਇਹ 100 ਫ਼ੀਸਦੀ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਕੁਝ ਸਮੇਂ ਤੋਂ ਇਹ ਗੱਲ ਜਗ-ਜ਼ਾਹਰ ਹੋ ਚੁੱਕੀ ਹੈ ਕਿ ਭਾਰਤ ਦੀ ਸਰਕਾਰ ਅਜਿਹੇ ਮੰਤਰੀਆਂ, ਅਫ਼ਸਰਾਂ ਤੇ ਵਿਚੋਲਿਆਂ ਨਾਲ ਭਰੀ ਪਈ ਹੈ, ਜਿਨ੍ਹਾਂ ਦੇ ਸਬੰਧ ਹੇਠ ਕਈ-ਕਈ ਲੱਖ ਕਰੋੜ ਰੁਪਏ ਦੇ ਘੁਟਾਲੇ ਹੋਏ ਹਨ। ਇਸ ਕਰਕੇ ਹਰ ਕੋਈ ਇਕ ਭੰਬਲਭੂਸੇ ਦਾ ਸ਼ਿਕਾਰ ਹੈ ਤੇ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਸਿਆਸਤ ਦੇ ਭ੍ਰਿਸ਼ਟਾਚਾਰ ਦੇ ਖਿਡਾਰੀ ਤੇ ਅਫ਼ਸਰ ਮੌਜਾਂ ਲੈ ਰਹੇ ਹਨ।

-ਸ਼ਿਵਾਨੀ
ਐਚ.ਐਮ.ਵੀ., ਜਲੰਧਰ।

11-09-2017

 ਰਿਸ਼ਤਿਆਂ ਦਾ ਘਾਣ
ਪਦਾਰਥਵਾਦੀ ਸੋਚ ਨੇ ਸਾਡੇ ਰਿਸ਼ਤਿਆਂ ਨਾਤਿਆਂ ਤੇ ਭਾਈਚਾਰਕ ਸਾਂਝ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਪੈਸੇ ਦੀ ਅੰਨ੍ਹੀ ਦੌੜ ਮਗਰ ਲੱਗ ਕੇ ਆਪਣਾ ਅਮੀਰ ਵਿਰਸਾ ਗਵਾ ਲਿਆ ਹੈ। ਅੱਜ ਸਕੂਲਾਂ, ਕਾਲਜਾਂ ਵਿਚ ਨੈਤਿਕ ਸਿੱਖਿਆ ਵਿਚ ਵੀ ਨਿਘਾਰ ਆ ਗਿਆ ਹੈ। ਜਿਸ ਕਰਕੇ ਅਧਿਆਪਕਾਂ ਦਾ ਸਤਿਕਾਰ ਵੀ ਘਟ ਗਿਆ ਹੈ। ਖਾਣ-ਪੀਣ, ਪਹਿਨਣ ਅਤੇ ਰਹਿਣ-ਸਹਿਣ ਦੇ ਢੰਗਾਂ ਵਿਚੋਂ ਸਾਦਗੀ ਖਤਮ ਹੋ ਗਈ ਹੈ। ਸਿਹਤ ਪੱਖੋਂ ਵੀ ਬੇਜਾਨ ਜਿਹੇ ਲੱਗ ਰਹੇ ਹਾਂ। ਅੱਜ ਸਾਰਿਆਂ ਨੂੰ ਇਕੱਲਤਾ ਨੇ ਘੇਰ ਲਿਆ ਹੈ। ਬਜ਼ੁਰਗ ਨਵੀਂ ਪੀੜ੍ਹੀ ਦੀਆਂ ਆਦਤਾਂ ਤੋਂ ਪ੍ਰੇਸ਼ਾਨ ਕਿਸੇ ਨੂੰ ਝਿੜਕ ਜਾਂ ਸਲਾਹ ਵੀ ਨਹੀਂ ਦੇ ਸਕਦੇ। ਜਿਸ ਕਰਕੇ ਸਾਡਾ ਪਰਿਵਾਰਕ ਢਾਂਚਾ ਵਿਗੜ ਗਿਆ ਹੈ। ਤਰੱਕੀ ਵੀ ਜ਼ਰੂਰੀ ਹੈ, ਪੈਸਾ ਕਮਾਉਣਾ ਵੀ ਜ਼ਰੂਰੀ ਹੈ ਪਰ ਪਰਿਵਾਰਕ ਸਾਂਝ ਅਤੇ ਰਿਸ਼ਤੇ ਨਾਤਿਆਂ ਨੂੰ ਕਾਇਮ ਰੱਖਣਾ ਅੱਜ ਵੀ ਵੱਡੀ ਜ਼ਰੂਰਤ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕੇਹੇ ਸਮਾਜ ਵਿਚ...
'ਮੀਡੀਆ ਨੇ ਵਿਖਾਇਆ ਸ਼ੀਸ਼ਾ : ਕੇਹੇ ਸਮਾਜ ਵਿਚ ਰਹਿ ਰਹੇ ਹਾਂ ਅਸੀਂ' ਇਕ ਮਾਰਗ ਦਰਸ਼ਕ ਲੱਗਿਆ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਉਹ ਪਲ ਪਲ ਦੀਆਂ ਖ਼ਬਰਾਂ ਸਾਡੇ ਸਾਹਮਣੇ ਲਿਆਉਂਦੇ ਹਨ। ਪੱਤਰਕਾਰਾਂ ਦਾ ਕਾਰਜ ਕੋਈ ਸੁਖਾਲਾ ਨਹੀਂ ਹੁੰਦਾ ਬਹੁਤ ਹੀ ਮੁਸ਼ਕਿਲ ਭਰਿਆ ਹੁੰਦਾ ਹੈ। ਦੇਸ਼ ਵਿਚ ਆਪ-ਹੁਦਰੀਆਂ ਅਤੇ ਮਨਮਰਜ਼ੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਹੜਾ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀ ਵਿਗੜੀ ਹੋਈ ਸਥਿਤੀ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ ਅਤੇ ਸਮੇਂ ਦੀ ਲੋੜ ਹੈ। ਸੁਧਾਰਾਂ ਲਈ ਲਗਾਤਾਰ ਹੰਭਲੇ ਮਾਰਨ ਦੀ ਜ਼ਰੂਰਤ ਹੈ।


-ਜਸਪਾਲ ਸਿੰਘ ਲੋਹਾਮ
29/166, ਗਲੀ ਹਜ਼ਾਰਾ ਸਿੰਘ, ਮੋਗਾ।


ਬਿਰਖਾਂ ਬਾਝ ਨਾ...
ਬੀਤੇ ਦਿਨੀਂ ਮੈਗਜ਼ੀਨ 'ਚ ਡਾ: ਬਲਵਿੰਦਰ ਸਿੰਘ ਲੱਖੇਵਾਲੀ ਵੱਲੋਂ ਲਿਖਿਆ ਲੇਖ 'ਬਿਰਖਾਂ ਬਾਝ ਨਾ ਸੋਂਹਦੀ ਧਰਤੀ...' ਪੜ੍ਹਿਆ ਮਨ ਬਾਗੋਬਾਗ ਹੋ ਗਿਆ। ਉਨ੍ਹਾਂ ਨੇ ਰੁੱਖਾਂ ਦੀ ਮਹੱਤਤਾ ਬਾਰੇ ਬਾਖੂਬੀ ਲਿਖਿਆ ਹੈ। ਅੱਜ ਮਨੁੱਖ ਧਰਤੀ ਉਤੇ ਬਹੁਮੰਜ਼ਲੀ ਇਮਾਰਤਾਂ, ਇੱਟਾਂ, ਪੱਥਰਾਂ ਨਾਲ ਬਣਾ ਕੇ, ਖੜ੍ਹੀਆਂ ਕਰਕੇ ਖੁਸ਼ੀ ਮਨਾ ਰਿਹਾ ਹੈ ਪ੍ਰੰਤੂ ਧਰਤੀ ਦਾ ਅਸਲੀ ਸ਼ਿੰਗਾਰ ਤਾਂ ਰੁੱਖ ਹਨ। ਜ਼ਿੰਦਗੀ ਦੀ ਦੌੜ-ਭੱਜ ਵਿਚ ਅਸੀਂ ਕੁਦਰਤ ਦੇ ਇਨ੍ਹਾਂ ਬਹੁਮੁੱਲੇ ਤੋਹਫਿਆਂ ਨੂੰ ਵਿਸਾਰਦੇ ਜਾ ਰਹੇ ਹਾਂ। ਪ੍ਰਸਿੱਧ ਵਿਦਵਾਨ ਸੁਰਜੀਤ ਪਾਤਰ ਦੇ ਬੋਲ ਹਨ 'ਏਹੋ ਹੈ ਮੇਰੀ ਮੈਅਕਸ਼ੀ, ਏਸੇ 'ਚ ਮਸਤ ਹਾਂ, ਪੌਣਾਂ 'ਚੋਂ ਜ਼ਹਿਰ ਪੀ ਰਿਹਾ ਹਾਂ, ਮੈਂ ਦਰੱਖਤ ਹਾਂ।' ਬਰਸਾਤ ਦਾ ਮੌਸਮ ਹੈ ਇਸ ਮੌਸਮ 'ਚ ਹਰੇਕ ਮਨੁੱਖ ਨੂੰ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਸ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ। ਇਹੀ ਸਾਡਾ ਸਭ ਦਾ ਫ਼ਰਜ਼ ਹੈ, ਇਹੀ ਸਭ ਤੋਂ ਵੱਡਾ ਪੁੰਨ ਹੈ।


-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਮਨ ਕਾਲੋਨੀ, ਗੁਰਦਾਸਪੁਰ।

08-09-2017

 ਨਵਾਂ ਉਪਕਰਨ
ਪਿਛਲੇ ਦਿਨੀਂ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਝੋਨੇ ਦੀ ਕਟਾਈ ਲਈ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਕੁਤਰਾ ਕਰਨ ਲਈ ਮੌਜੂਦਾ ਕੰਬਾਈਨਾਂ ਨਾਲ ਐਸ.ਐਮ.ਐਸ. ਨਾਂਅ ਦਾ ਉਪਕਰਨ ਲਗਾਇਆ ਜਾਵੇ, ਜਿਸ ਉੱਪਰ ਤਕਰੀਬਨ ਡੇਢ ਦੋ ਲੱਖ ਰੁਪਏ ਦਾ ਖਰਚ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਉਪਕਰਨ ਪੁਰਾਣੀਆਂ ਕੰਬਾਈਨਾਂ ਨਾਲ ਲਗਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਣਾ ਤੈਅ ਹੈ ਅਤੇ ਇਸ ਨਾਲ ਮਸ਼ੀਨ ਦੀ ਝੋਨਾ ਕੱਟਣ ਦੀ ਸਮਰੱਥਾ ਵੀ ਘਟ ਜਾਵੇਗੀ ਅਤੇ ਕਿਸਾਨਾਂ ਦਾ ਦੋ ਤੋਂ ਢਾਈ ਕੁਇੰਟਲ ਝੋਨੇ ਦਾ ਪ੍ਰਤੀ ਏਕੜ ਨਾਲ ਨੁਕਸਾਨ ਹੋਵੇਗਾ ਅਤੇ ਪੁਰਾਣੀਆਂ ਮਸ਼ੀਨਾਂ ਦੇ ਚੱਲਣ ਵਿਚ ਵੀ ਉਨ੍ਹਾਂ ਨੂੰ ਪ੍ਰੇਸ਼ਾਨੀ ਆਏਗੀ ਅਤੇ ਡੀਜ਼ਲ ਆਦਿ ਦਾ ਖਰਚਾ ਵੀ ਵਧ ਜਾਏਗਾ, ਜਿਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪਵੇਗਾ ਜੋ ਕਿ ਆਪਣੇ ਝੋਨੇ ਦੀ ਕਟਾਈ ਕਿਰਾਏ 'ਤੇ ਕਰਾਉਂਦੇ ਹਨ। ਐਨ.ਜੀ.ਟੀ. ਨੇ ਇਥੋਂ ਤੱਕ ਵੀ ਕਿਹਾ ਹੈ ਕਿ ਸਿਰਫ ਪੰਜਾਬ ਦੇ ਕਿਸਾਨਾਂ 'ਤੇ ਹੀ ਇਹ ਉਪਕਰਨ ਲਗਾਉਣ ਦਾ ਕਿਉਂ ਦਬਾਅ ਪਾਇਆ ਜਾ ਰਿਹਾ ਹੈ, ਜਦੋਂ ਕਿ ਹੋਰਾਂ ਸੂਬਿਆਂ ਨੂੰ ਛੋਟ ਦਿੱਤੀ ਗਈ ਹੈ। ਸੋ, ਇਸ ਸਬੰਧੀ ਸਰਕਾਰ ਨੂੰ ਗੰਭੀਰਤਾ ਨਾਲ ਫ਼ੈਸਲਾ ਲੈਣ ਦੀ ਲੋੜ ਹੈ ਕਿ ਜੇਕਰ ਪਰਾਲੀ ਨੂੰ ਸਾੜਨ ਨੂੰ ਪੂਰੀ ਤਰ੍ਹਾਂ ਰੋਕਣ ਲਈ ਝੋਨੇ ਦੀ ਕਟਾਈ ਲਈ ਕੰਬਾਈਨਾਂ ਨਾਲ ਇਹ ਉਪਕਰਨ ਜ਼ਰੂਰੀ ਲਗਾਉਣਾ ਹੈ ਤਾਂ ਕਿਸਾਨਾਂ ਨੂੰ ਇਸ ਦੇ ਖਰਚੇ ਲਈ ਮਾਲੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਖ਼ਤ ਕਾਰਵਾਈ ਦੀ ਲੋੜ
ਇਕ ਪਾਸੇ ਡਿਜੀਟਲ ਭਾਰਤ ਦੀ ਗੱਲ ਹੋ ਰਹੀ ਹੈ ਤੇ ਦੂਜੇ ਪਾਸੇ ਇਹੋ ਜਿਹੇ ਹਾਲਾਤ, ਇਵੇਂ ਦੇ ਬਾਬੇ ਤਾਂ ਭਾਰਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹੈ, ਫਿਰ ਲੋਕਾਂ ਲਈ ਤਾਂ ਇਸ ਨੂੰ ਮੁਸ਼ਕਿਲਾਂ ਵਿਚ ਪਾਉਣਾ ਹੀ ਕਿਹਾ ਜਾ ਸਕਦਾ ਹੈ। ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਇਕ ਅਖ਼ਬਾਰ ਵਿਚ ਅਨੁਮਾਨ ਲਗਾ ਕੇ ਦੱਸਿਆ ਗਿਆ ਕਿ ਜੋ ਸੇਵਾਵਾਂ ਠੱਪ ਹੋਈਆਂ, ਉਸ ਨਾਲ ਲਗਪਗ ਇਕ ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ, ਪੰਜ ਸੌ ਕਰੋੜ ਸੈਨਿਕ ਬਲਾਂ ਤੇ ਹੋਰ ਪ੍ਰਬੰਧਾਂ 'ਤੇ ਹੋ ਜਾਏਗਾ। ਇਹ ਸਿਆਸਤ ਦੀ ਦੇਣ ਹੈ, ਚੋਣਾਂ ਵੇਲੇ ਇਨ੍ਹਾਂ ਬਾਬਾ ਗੁਰੂਆਂ ਕੋਲੋਂ ਵੋਟਾਂ ਲੈਣ ਲਈ ਨੇਤਾ ਜਾਂਦੇ ਹਨ। ਫਿਰ ਇਹ ਵੋਟਾਂ ਬਾਬੇ ਦੇ ਕਹਿਣ 'ਤੇ ਭੁਗਤਦੀਆਂ ਵੀ ਹਨ। ਕਿਉਂ ਧਰਮ ਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ? ਧਰਮ ਗੁਰੂ ਦਾ ਆਪਣਾ ਵੱਖਰਾ ਸਥਾਨ ਹੈ, ਲੋਕਾਂ ਵਿਚ ਉਸ ਪ੍ਰਤੀ ਸ਼ਰਧਾ ਹੁੰਦੀ ਹੈ। ਸਿਆਸਤ ਵਾਸਤੇ ਉਨ੍ਹਾਂ ਦੀ ਸ਼ਰਧਾ ਨੂੰ ਵਰਤਣਾ ਵੀ ਗ਼ਲਤ ਹੈ। ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਨੇਤਾਵਾਂ ਵੱਲੋਂ ਆਪਣੀ ਮਰਜ਼ੀ ਨਾਲ ਵਰਤਣਾ, ਸਮੁੱਚੇ ਢਾਂਜੇ ਨੂੰ ਲੰਗੜਾ ਕਰ ਰਿਹਾ ਹੈ। ਹਕੀਕਤ ਹੈ ਪੁਲਿਸ ਤੇ ਪ੍ਰਸ਼ਾਸਨ ਨੂੰ ਪਹਿਲਾਂ ਗ਼ਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ ਤੇ ਫਿਰ ਉਸ ਨੂੰ ਕੋਸਿਆ ਜਾਂਦਾ ਹੈ। ਬੇਹੱਦ ਅਫ਼ਸੋਸਜਨਕ ਹੈ ਜੋ ਵੀ ਹੋਇਆ। ਮਾਹਰਾਂ, ਬੁੱਧੀਜੀਵੀਆਂ, ਉੱਚ ਅਦਾਲਤ ਅਤੇ ਸਰਬਉੱਚ ਅਦਾਲਤ ਨੂੰ ਇਸ ਉੱਪਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਪ੍ਰਭਜੋਤ ਕੌਰ ਢਿੱਲੋਂ।

 

07-09-2017

 ਕਿਸਾਨ ਯੂਨੀਅਨ
ਸਾਡੀਆਂ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਹੱਕ 'ਚ ਧਰਨੇ, ਰੇਲਾਂ ਰੋਕ ਕੇ ਆਦਿ ਆਪਣੀਆਂ ਮੰਗਾਂ ਮੰਨਵਾਉਣ ਦਾ ਯਤਨ ਕਰਦੀਆਂ ਹਨ। ਉਧਰ ਸਰਕਾਰਾਂ ਵੀ ਟੀ.ਵੀ., ਅਖ਼ਬਾਰ, ਰੇਡੀਓ 'ਚ ਸਾਰਾ ਦਿਨ ਕਿਸਾਨਾਂ ਦਾ ਹੀ ਗੁਣਗਾਣ ਕਰਦੀਆਂ ਹਨ ਪਰ ਏਨੀ ਭੱਜ-ਦੌੜ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀ ਆਫਤ ਨਾਲ ਨੁਕਸਾਨੀ ਫ਼ਸਲ ਦਾ ਕੋਈ ਪੈਸਾ ਨਹੀਂ ਮਿਲਦਾ। 15-16 ਸਾਲ ਦੀ ਗੱਲ ਹੈ, ਇਕ ਕਿਸਾਨ ਯੂਨੀਅਨ ਦਾ ਵੱਡਾ ਨੇਤਾ ਪੰਜਾਬ 'ਚੋਂ ਲਗਪਗ 5000 ਕਿਸਾਨ ਇਕੱਠੇ ਕਰਕੇ ਦਿੱਲੀ ਲੈ ਗਿਆ। ਉਹ ਲੀਡਰ 4-5 ਆਪਣੇ ਖ਼ਾਸ ਬੰਦੇ ਲੈ ਕੇ ਰਾਸ਼ਟਰਪਤੀ ਪਤਾ ਨਹੀਂ ਪ੍ਰਧਾਨ ਮੰਤਰੀ ਕੋਲ ਗਿਆ ਫਿਰ 8-10 ਘੰਟੇ ਬਾਅਦ ਆ ਕੇ ਕਹਿੰਦਾ ਕਿਸਾਨ ਭਰਾਵੋ, ਤੁਹਾਨੂੰ ਵਧਾਈਆਂ ਕਿਉਂਕਿ ਮੈਨੂੰ ਸਰਕਾਰ ਨੇ ਰਾਜ ਸਭਾ ਦਾ ਮੈਂਬਰ ਨਿਯੁਕਤ ਕਰ ਦਿੱਤਾ ਹੈ। ਭੋਲੇ ਕਿਸਾਨਾਂ ਨੇ ਤਾੜੀਆਂ ਜੈਕਾਰੇ ਛੱਡ ਤੇ ਪਿੰਡ ਨੂੰ ਮੁੜ ਪਏ। ਕਿਸੇ ਨੇ ਨਹੀਂ ਪੁੱਛਿਆ ਕਿ ਕੀ ਕਰਨ ਆਏ ਸੀ ਤੇ ਕੀ ਕਰਕੇ ਚੱਲੇ ਹਾਂ। ਕਿਸਾਨਾਂ ਨੂੰ ਇਹ ਕਿਉਂ ਨਹੀਂ ਪਤਾ ਲਗਦਾ ਕਿ ਕੁੱਤੀ ਚੋਰ ਨਾਲ ਰਲੀ ਹੋਈ ਹੈ। ਨਹੀਂ, ਕਦੇ ਤਾਂ ਕੁਝ ਪੱਲੇ ਪਵੇ।


-ਮੱਘਰ ਸਿੰਘ
ਪਿੰਡ ਦੰਦਰਾਲਾ ਖਰੋਡ, ਪਟਿਆਲਾ।


ਮਨੁੱਖੀ ਤਸਕਰੀ
ਮਨੁੱਖੀ ਤਸਕਰੀ ਵਿਚ ਛੋਟੀ ਉਮਰ ਦੇ ਬੱਚੇ ਜ਼ਿਆਦਾ ਸ਼ਿਕਾਰ ਬਣ ਰਹੇ ਹਨ। ਲੜਕੀਆਂ ਨੂੰ ਗਾਇਬ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵਾਲੇ ਕੋਠਿਆਂ 'ਤੇ ਪਹੁੰਚਾ ਦਿੱਤਾ ਜਾਂਦਾ ਹੈ, ਜਿਥੇ ਬੱਚੇ ਦੀ ਵੱਡੀ ਕੀਮਤ ਵਸੂਲ ਕੀਤੀ ਜਾਂਦੀ ਹੈ। ਪੈਸੇ ਦਾ ਲਾਲਚ ਪਤਾ ਨਹੀਂ ਕਦੋਂ ਮਨੁੱਖ ਅੰਦਰ ਸ਼ੈਤਾਨ ਜਗ੍ਹਾ ਦੇਵੇ ਅਤੇ ਉਹ ਕਿਸੇ ਮਾਸੂਮ ਨੂੰ ਆਪਣਾ ਨਿਸ਼ਾਨਾ ਬਣਾ ਲਵੇ। ਬੱਚਿਆਂ ਦਾ ਗੁਆਚਣਾ ਜਿਸ ਤਰ੍ਹਾਂ ਵਧ ਰਿਹਾ ਹੈ, ਇਹ ਬਹੁਤ ਚਿੰਤਾਜਨਕ ਗੱਲ ਹੈ, ਕਿਉਂਕਿ ਅਗਵਾ ਕਰਕੇ ਬੱਚਿਆਂ ਦੇ ਮਾਂ-ਬਾਪ ਤੋਂ ਫਿਰੌਤੀ ਵਸੂਲਣੀ, ਬੱਚਿਆਂ ਦੇ ਗੁਰਦੇ, ਲੀਵਰ, ਅੱਖਾਂ ਅਤੇ ਹੋਰ ਅੰਗ ਕੱਢ ਕੇ ਵੇਚ ਦੇਣੇ ਜਾਂ ਹੋਰ ਖ਼ਤਰਨਾਕ ਕੰਮਾਂ ਵਿਚ ਲਾ ਦੇਣਾ। ਇਸ ਕਰਕੇ ਮਾਸੂਮ ਬੱਚਿਆਂ ਨੂੰ ਅਪਰਾਧੀਆਂ ਤੋਂ ਬਚਾ ਕੇ ਰੱਖਣ ਲਈ ਮਾਂ-ਬਾਪ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਦੇ ਨਾਲ ਬੱਚਿਆਂ ਨੂੰ ਇਹ ਵੀ ਦੱਸਦੇ ਰਹਿਣਾ ਚਾਹੀਦਾ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ ਦੇ ਨਾਲ ਇੱਧਰ-ਉੱਧਰ ਜਾਣ ਤੋਂ ਇਨਕਾਰ ਕਰਨ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਇਕ ਫ਼ੌਜੀ ਦਾ ਸੁਨੇਹਾ
ਇਹ ਸੁਨੇਹਾ ਇਕ ਫ਼ੌਜੀ ਜਵਾਨ ਰਾਤ ਸਮੇਂ ਆਪਣੇ ਦੇਸ਼ ਵਾਸੀਆਂ ਨੂੰ ਦਿੰਦਾ ਹੈ ਤਾਂ ਜਵਾਨਾਂ ਪ੍ਰਤੀ ਮਾਣ ਮਹਿਸੂਸ ਹੁੰਦਾ ਹੈ। ਇਸ ਸੁਨੇਹੇ ਦਾ ਅੰਤਰੀਵ ਭਾਵ ਇਹ ਹੈ ਕਿ ਅਸੀਂ ਆਪਣੇ ਦੇਸ਼ ਅੰਦਰ ਬੇਫ਼ਿਕਰ ਹੋ ਕੇ ਸਿਰਫ ਆਪਣੇ ਫ਼ੌਜੀ ਜਵਾਨਾਂ ਕਰਕੇ ਹੀ ਸੌਂਦੇ ਹਾਂ। ਸਾਡਾ ਗੁਆਂਢ ਚੰਦਰਾ ਹੈ, ਇਸੇ ਲਈ ਸਾਡਾ ਜਵਾਨ ਸਾਡੀ ਖ਼ੈਰੀਅਤ ਮੰਗਦਾ ਹੋਇਆ ਬੰਦੂਕ ਦੀ ਨੋਕ ਦੁਸ਼ਮਣ ਵੱਲ ਕਰਕੇ ਰਾਤਾਂ ਝਾਕਦਾ ਹੈ। ਫ਼ੌਜੀ ਦੀ ਦੇਸ਼-ਭਗਤੀ, ਇਮਾਨਦਾਰੀ, ਸਮੇਂ ਦੀ ਪਾਬੰਦੀ ਅਤੇ ਦੇਸ਼ ਦੇ ਦੁਸ਼ਮਣ ਨੂੰ ਜਵਾਬ ਦੇਣਾ ਹੀ ਮਾਣ-ਮੱਤਾ ਸੁਨੇਹਾ ਹੈ। ਸਾਡਾ ਅਮੀਰ ਸੱਭਿਆਚਾਰ, ਸੱਭਿਅਤਾ, ਰਿਵਾਜ਼ ਅਤੇ ਚਾਅ ਮਲਾਰ ਮਾਨਣ ਲਈ ਸਾਡੇ ਸਰਹੱਦੀ ਰੱਖਵਾਲਿਆਂ ਦਾ ਸਾਡੇ ਲਈ ਵੱਡਾ ਯੋਗਦਾਨ ਹੈ। ਉਹ ਵਤਨ ਵਾਸੀਆਂ ਨੂੰ ਸ਼ੁੱਭ ਰਾਤਰੀ ਆਖ ਕੇ ਆਪਣੀ ਨਜ਼ਰ ਅਤੇ ਨੋਕ ਦੁਸ਼ਮਣ ਵੱਲ ਕਰ ਲੈਂਦਾ ਹੈ। ਸਿੱਜਦਾ ਹੈ, ਫ਼ੌਜੀ ਜਵਾਨ ਨੂੰ ਜਿਨ੍ਹਾਂ 'ਤੇ ਭਾਰਤ ਮਾਤਾ ਨੂੰ ਮਾਣ ਹੈ ਅਤੇ ਵਤਨ ਵਾਸੀਆਂ ਨੂੰ ਆਪਣੇ ਫ਼ੌਜੀ ਵੀਰ 'ਤੇ ਸਵੈਮਾਣ ਹੈ। ਜੈ ਜਵਾਨ!


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਬਾਬਿਆਂ ਤੋਂ ਬਚੋ
ਮੇਰੀ ਬੜੀ ਨਿਮਰ ਸਲਾਹ ਹੈ ਉਨ੍ਹਾਂ ਲੋਕਾਂ ਨੂੰ ਜਿਹੜੇ ਡੇਰਿਆਂ ਵਿਚ ਖੱਜਲ-ਖੁਆਰ ਹੁੰਦੇ ਹਨ। ਜਿਹੜਾ ਵਿਸ਼ਵਾਸ ਲੈ ਕੇ ਲੋਕ ਡੇਰਿਆਂ ਨੂੰ ਭੱਜਦੇ ਹਨ, ਉਸੇ ਵਿਸ਼ਵਾਸ ਨਾਲ ਆਪਣੇ ਘਰ ਦੀ ਚਾਰਦੀਵਾਰੀ ਦਾ ਨਿਰਮਾਣ ਕਰਨ। ਕਿਸੇ ਦੇਹਧਾਰੀ ਦੀ ਚਾਕਰੀ ਲਈ ਜੋ ਸ਼ਰਧਾ ਰੱਖਦੇ ਹਨ, ਉਹੀ ਸ਼ਰਧਾ ਦੀ ਪੱਖੀ ਆਪਣੇ ਘਰ ਦੇ ਜੀਆਂ ਦੀ ਖੁਸ਼ੀ ਲਈ ਝੱਲਣ। ਸੇਵਾ ਭਾਵਨਾ ਦੀ ਪੂਰਤੀ ਲਈ ਆਪਣੇ ਬਜ਼ੁਰਗਾਂ ਨੂੰ ਚੁਣਨ, ਬੱਚਿਆਂ ਦੇ ਭਵਿੱਖ ਨੂੰ ਉੱਦਮ ਦੇ ਲੜ ਲਾਉਣ। ਪਿਆਰ ਦੇ ਭਾਵਾਂ ਦੀ ਅਗਰਬੱਤੀ ਘਰ ਵਿਚ ਜਲਾਉਣ, ਘਰ ਦਾ ਵਾਤਾਵਰਨ ਪਵਿੱਤਰ ਹੋ ਜਾਵੇਗਾ। ਹਰ ਮਨੁੱਖ ਆਪਣੇ ਚੌਗਿਰਦੇ ਤੇ ਘਰ ਦੇ ਵਿਹੜੇ ਵਿਚ ਵਫ਼ਾਦਾਰੀ ਤੇ ਮੁਹੱਬਤੀ ਬੂਟੇ ਲਾਵੇ ਤਾਂ ਆਲੇ-ਦੁਆਲੇ ਵਾਹਿਗੁਰੂ ਦੀ ਮਿਹਰ ਨਾਲ ਖੁਸ਼ੀਆਂ ਦੀ ਮਹਿਕ ਆਵੇਗੀ।


-ਪੁਨਰਦੀਪ ਕੌਰ ਜੌਹਲ
ਆਸਟਰੇਲੀਆ।

06-09-2017

 ਹਾਮਿਦ ਅੰਸਾਰੀ ਦੀ ਵਿਚਾਰਧਾਰਾ

ਹਮਦਰਦ ਜੀ ਨੇ ਆਪਣੀ ਸੰਪਾਦਕੀ ਵਿਚ ਸ੍ਰੀ ਹਾਮਿਦ ਅੰਸਾਰੀ ਦੇ ਬਿਆਨ ਦੀ ਵਿਆਖਿਆ ਕਰਦਿਆਂ ਕਈ ਪੱਖਾਂ 'ਤੇ ਰੌਸ਼ਨੀ ਪਾਈ ਹੈ। ਅੰਸਾਰੀ ਜੀ ਨੇ ਆਪਣੀ ਭਾਵਨਾ ਪ੍ਰਗਟ ਕਰਦਿਆਂ ਬਿਆਨ ਕੀਤਾ ਹੈ ਕਿ ਭਾਰਤ ਵਿਚ ਘੱਟ-ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਡੰਗਰਾਂ ਦੀ ਖ਼ਰੀਦੋ ਫ਼ਰੋਖ਼ਤ ਅਤੇ ਗਊ ਮਾਸ ਦੀ ਆੜ ਵਿਚ ਬੇਸ਼ੱਕ ਅਫ਼ਵਾਹ ਹੀ ਹੋਵੇ, ਕਿੰਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਕੁੱਟਮਾਰ ਤੇ ਕਤਲ ਹੋਏ ਹਨ। ਗੁਜਰਾਤ ਦੰਗਿਆਂ ਵਿਚ ਬਹੁਗਿਣਤੀ ਬੇਕਸੂਰ ਮੁਸਲਮਾਨ ਕਤਲ ਗੀਤੇ ਗਏ ਤੇ ਸਾੜਫੂਕ ਹੋਈ। ਕੀ ਉਹ ਭਾਰਤ ਦੇ ਨਾਗਰਿਕ ਨਹੀਂ ਸਨ? ਘੱਟ-ਗਿਣਤੀ ਸਿੱਖ ਆਜ਼ਾਦੀ ਪ੍ਰਾਪਤੀ ਵਿਚ 80 ਫ਼ੀਸਦੀ ਹਿੱਸਾ ਪਾਉਣ ਵਾਲਿਆਂ ਨੂੰ ਭਾਰਤ ਆਜ਼ਾਦ ਹੁੰਦਿਆਂ ਹੀ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ ਗਿਆ ਸੀ। ਨਵੰਬਰ 1984 ਵਿਚ ਸਿੱਖਾਂ ਦਾ ਕਤਲੇਆਮ ਸਭ ਦੁਨੀਆ ਜਾਣਦੀ ਹੈ। ਇਹ ਸਭ ਘੋਰ ਅਪਰਾਧ ਕਰਾਉਣ ਵਾਲੇ ਕੌਣ ਸਨ? ਫਿਰ ਘੱਟ-ਗਿਣਤੀਆਂ ਨੂੰ ਸੁਰੱਖਿਅਤ ਕਿਵੇਂ ਕਹਿ ਸਕਦੇ ਹਾਂ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅਤੇ ਹਰਜਿੰਦਰ ਸਿੰਘ ਲਾਲ ਦੇ ਲੇਖ ਨੇ ਸਾਫ਼ ਤਸਵੀਰ ਪੇਸ਼ ਕੀਤੀ ਹੈ। ਲੱਗਦਾ ਹੈ ਕਿ ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਦੇ ਉਦਯੋਗਾਂ ਲਈ ਦੋ ਦਹਾਕਿਆਂ ਤੋਂ ਲਾਗੂ ਟੈਕਸ ਰਿਆਇਤਾਂ ਦਾ ਕੇਂਦਰ ਵਲੋਂ ਸੰਨ 2027 ਤੱਕ ਲਈ ਐਲਾਨਿਆ ਵਾਧਾ ਸਿਆਸੀ ਮੰਤਵ ਦਾ ਹਿੱਸਾ ਹੈ। ਕਿਉਂਕਿ ਹਿਮਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਅਤੇ ਮਿਜ਼ੋਰਮ ਸੰਨ 2018 ਵਿਚ ਅਤੇ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵੀ ਪੌਣੇ ਦੋ ਕੁ ਸਾਲ ਵਿਚ ਚੋਣ ਮੇਲਾ ਲਾਉਣ ਜਾ ਰਹੇ ਹਨ। ਜੀ.ਐਸ.ਟੀ. ਕੁੰਡੇ ਦੇ ਅੜਿੱਕੇ ਨੂੰ ਟੈਕਸ ਛੋਟ ਰਿਫੰਡ ਅਧੀਨ ਸੁਲਝਾ ਲਿਆ ਜਾਣਾ ਹੈ। ਪੰਜਾਬ ਦੇ ਉਦਯੋਗਿਕ ਅਦਾਰੇ ਵੀ ਟੈਕਸ ਛੋਟਾਂ ਵਾਲੇ ਰਾਜਾਂ ਵੱਲ ਰੁਖ਼ ਕਰਨਗੇ। ਪਹਿਲਾਂ ਵੀ ਪੰਜਾਬ ਦੇ ਉਦਯੋਗ ਨੂੰ ਮਾਰ ਪੈਂਦੀ ਆ ਰਹੀ ਹੈ ਅਤੇ ਇਥੋਂ ਤੱਕ ਕਿ ਸੰਤਾਪ ਦੇ ਸ਼ਿਕਾਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤੇ ਕੰਢੀ ਖੇਤਰਾਂ ਨੂੰ ਐਸੀਆਂ ਰਿਆਇਤਾਂ ਤੋਂ ਵਾਂਝਾ ਰੱਖਿਆ ਗਿਆ ਹੈ। ਪੰਜਾਬ ਨੂੰ ਬਚਾਉਣ ਲਈ ਇਹ ਸੰਘਰਸ਼ ਕਿਸੇ ਇਕ ਕੌਮ ਨਾਲ ਜਾਂ ਇਕ ਧਰਮ ਨਾਲ ਜੁੜ ਜਾਂਦਾ ਹੈ ਅਤੇ ਆਰਥਿਕ ਮੁੱਦਾ ਗੁਆਚ ਜਾਂਦਾ ਹੈ। ਵਧੀਕੀਆਂ ਤੇ ਦੁਸ਼ਵਾਰੀਆਂ ਹੱਥੋਂ ਗਰਮਾਏ ਲਹੂ ਪੰਜਾਬ ਲਈ ਕੋਈ ਵੀ ਲਾਹਾ ਪ੍ਰਾਪਤ ਨਹੀਂ ਕਰ ਸਕੇ ਹਨ। ਨੌਜਵਾਨੋਂ ਜਿਸਮਾਨੀ ਲੜਾਈ ਲਈ ਬਿਲਕੁਲ ਨਾ ਸੋਚਿਉ। ਸਿਰ ਦੇਣ ਦੀ ਥਾਂ ਸਿਰਾਂ ਨਾਲ ਸੋਚ ਕੇ ਸਰਦਾਰੀਆਂ ਕਾਇਮ ਕਰਿਉ। ਸੰਜਮ ਤੇ ਸਿਆਣਪ ਨਾਲ ਹੱਕ ਲੈਣ ਦੀ ਜੁਗਤ ਲੱਭੋ ਤੇ ਜੁਗ ਜੁਗ ਜੀਓ।

-ਕੁਲਵੰਤ ਕੌਰ
ਆਫ਼ਿਸ ਮੈਨੇਜਮੈਂਟ ਐਂਡ ਸੈਕ੍ਰੇਟੇਰੀਅਲ ਪ੍ਰੈਕਟਿਸ ਵਿਭਾਗ
ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ, ਜਲੰਧਰ।

ਕਿਸਾਨਾਂ ਦੀ ਲੁੱਟ

ਵਿਸ਼ਵ ਪੱਧਰ 'ਤੇ ਡੀਜ਼ਲ 106 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 45.64 ਡਾਲਰ ਪ੍ਰਤੀ ਬੈਰਲ ਰਹਿ ਗਿਆ ਹੈ। ਡੀ.ਏ.ਪੀ. 650 ਡਾਲਰ ਟਨ ਤੋਂ ਘਟ ਕੇ 370 ਡਾਲਰ ਰਹਿ ਗਈ, ਅਮੋਨੀਆ, ਸਲਫਰ, ਯੂਰੀਆ ਆਦਿ ਦੇ ਭਾਅ ਵਿਚ ਵਿਸ਼ਵ ਮੰਡੀ ਵਿਚ ਭਾਰੀ ਗਿਰਾਵਟ ਆਈ ਪਰ ਭਾਰਤ ਸਰਕਾਰ ਨੇ ਇਸ ਘਟੇ ਭਾਅ ਦਾ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਦਿੱਤਾ। ਉਲਟਾ ਖਾਦ ਉੱਤੇ ਸਬਸਿਡੀ 2012-13 'ਚ 70000 ਕਰੋੜ ਰੁਪਏ ਸੀ, ਹੁਣ ਨਾਨ ਯੂਰੀਆ ਖਾਦਾਂ ਉੱਤੇ 36088 ਕਰੋੜ ਤੋਂ ਘਟਾ ਕੇ 2016-17 ਵਿਚ 19000 ਕਰੋੜ ਰੁਪਏ ਰਹਿ ਗਈ ਹੈ, ਜਦੋਂ ਕਿ ਯੂਰੀਆ ਖਾਦ ਉੱਤੇ ਜੋ ਸਬਸਿਡੀ 33924 ਕਰੋੜ ਰੁਪਏ ਵਧ ਕੇ 51000 ਕਰੋੜ ਹੋ ਗਈ ਹੈ। ਖਾਦਾਂ ਦੀਆਂ ਕੀਮਤਾਂ ਨੂੰ ਜੀ.ਐਸ.ਟੀ. ਤੋਂ ਪਹਿਲਾਂ ਸਥਿਰ ਰੱਖਿਆ ਪਰ ਵਿਸ਼ਵ ਮੰਡੀ ਤੋਂ ਸਸਤੇ ਭਾਅ ਖ਼ਰੀਦ ਕੇ ਉਨ੍ਹਾਂ ਉੱਤੇ ਦਿੱਤੀ ਜਾਣ ਵਾਲੀ ਸਬਸਿਡੀ ਬਚਾਅ ਕੇ ਆਪਣਾ ਖਜ਼ਾਨਾ ਭਰ ਲਿਆ। ਜਿਥੇ ਕਿਸਾਨਾਂ ਨੂੰ ਸਰਕਾਰੀ ਮਦਦ ਦੀ ਸਖ਼ਤ ਲੋੜ ਹੈ ਸਰਕਾਰ ਉਨ੍ਹਾਂ ਨੂੰ ਲੁੱਟ ਕੇ ਧਨਾਢਾਂ ਦੇ ਘਰ ਭਰ ਰਹੀ ਹੈ। ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਕਿਸੇ ਵੀ ਵਿਅਕਤੀ ਨੇ ਇਹ ਮੁੱਦਾ ਨਹੀਂ ਉਠਾਇਆ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

05-09-2017

 ਅਧਿਆਪਕ ਦਾ ਸਨਮਾਨ

ਭਾਰਤ ਇਕ ਬਹੁਤ ਜ਼ਿਆਦਾ ਗੁਰੂ ਅਰਾਧਨਾ ਵਾਲਾ ਦੇਸ਼ ਹੈ। ਪੁਰਾਣੇ ਸਮੇਂ ਵਿਚ ਵਿਦਿਆਰਥੀ ਗੁਰੂਕੁਲ ਵਿਚ ਪੜ੍ਹਨ ਜਾਇਆ ਕਰਦੇ ਸਨ ਅਤੇ ਆਪਣੇ ਗੁਰੂ ਭਾਵ ਅਧਿਆਪਕ ਦੇ ਹੁਕਮ ਦੀ ਪਾਲਣਾ ਕਰਨਾ ਆਪਣਾ ਫਰਜ਼ ਸਮਝਦੇ ਸਨ। ਇਸ ਦੀ ਇਕ ਮਿਸਾਲ ਇਹ ਹੈ ਕਿ ਇਕਲਵਿਆ ਦਾ ਆਪਣਾ ਅੰਗੂਠਾ ਗੁਰੂ-ਦਖਸ਼ਣਾ ਦੇ ਰੂਪ ਵਿਚ ਆਪਣੇ ਗੁਰੂ ਦਰੋਣਾਚਾਰੀਆ ਨੂੰ ਭੇਟ ਕਰਨਾ ਅਤੇ ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਨਾਲ ਇਤਿਹਾਸ ਭਰਿਆ ਪਿਆ ਹੈ। ਪੂਰੇ ਭਾਰਤ ਵਿਚ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹੁੰਦਾ ਹੈ ਅਤੇ ਉਹ ਵੀ ਇਕ ਅਧਿਆਪਕ ਸਨ। ਉਨ੍ਹਾਂ ਆਪਣੇ ਉੱਚ ਅਹੁਦਿਆਂ 'ਤੇ ਰਹਿੰਦੇ ਹੋਏ ਬਹੁਤ ਸਾਰੇ ਮਾਨਵ ਭਲਾਈ ਦੇ ਕਾਰਜ ਕੀਤੇ ਅਤੇ ਭਾਰਤ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਅਹਿਮ ਰੋਲ ਅਦਾ ਕੀਤਾ। ਆਓ! ਆਪਾਂ ਸਾਰੇ ਮਿਲ ਕੇ ਅਧਿਆਪਕ ਦਿਵਸ ਦੇ ਮੌਕੇ 'ਤੇ ਸਮਾਜ ਵਿਚਲੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਦੇਈਏ ਕਿਉਂਕਿ ਅਧਿਆਪਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ।

-ਬਲਜੀਤ ਕੌਰ 'ਜੱਸੀ'
ਕੇ.ਐਮ.ਵੀ. ਕਾਲਜ, ਜਲੰਧਰ।

ਕੇਂਦਰੀ ਸਿਹਤ ਮੰਤਰਾਲੇ ਦੇ ਧਿਆਨ ਹਿਤ

ਅਸੀਂ ਚਿੰਤਪੁਰਨੀ ਮੈਡੀਕਲ ਕਾਲਜ, ਬੁੰਗਾਲ, ਪਠਾਨਕੋਟ ਦੇ ਐਮ.ਬੀ.ਬੀ.ਐਸ. ਦੇ ਪਹਿਲੇ ਅਤੇ ਤੀਜੇ ਸਾਲ ਦੇ ਵਿਦਿਆਰਥੀ ਤੁਹਾਨੂੰ ਪੱਤਰ ਲਿਖ ਰਹੇ ਹਾਂ।ਸਾਡਾ ਮੈਡੀਕਲ ਕਾਲਜ, ਜੋ ਕਿ 2011 ਵਿਚ ਖੁੱਲ੍ਹਿਆ ਸੀ, ਅਜੇ ਵੀ ਐਮ.ਸੀ.ਆਈ. (ਮੈਡੀਕਲ ਕੌਂਸਲ ਆਫ ਇੰਡੀਆ) ਤੋਂ ਮਾਨਤਾ ਪ੍ਰਾਪਤ ਨਹੀਂ ਕਰ ਸਕਿਆ। ਇਸੇ ਹੀ ਕਾਲਜ ਦੇ ਵਿਦਿਆਰਥੀਆਂ ਦਾ ਪਹਿਲਾ ਬੈਚ (ਸਾਡਾ ਸੀਨੀਅਰ ਬੈਚ) ਅਜੇ ਤੱਕ ਐਮ.ਸੀ.ਆਈ. ਤੋਂ ਮਾਨਤਾ ਦੀ ਉਡੀਕ ਕਰ ਰਿਹਾ ਹੈ। ਭਾਰਤ ਸਰਕਾਰ ਅਤੇ ਸਿਹਤ ਮੰਤਰਾਲੇ ਤੇ ਡੀ.ਈ.ਐਲ.ਐਚ.ਆਈ. ਨੂੰ ਬੇਨਤੀ ਹੈ ਕਿ ਸਾਡੀ ਐਮ.ਬੀ.ਬੀ.ਐਸ. ਦੀ ਡਿਗਰੀ ਦੀ ਐਮ.ਸੀ.ਆਈ. ਤੋਂ ਮਾਨਤਾ ਦਿਵਾਉਣ ਵਿਚ ਮਦਦ ਕਰਨ, ਤਾਂ ਜੋ ਅਸੀਂ ਆਪਣੀ ਡਿਗਰੀ ਵਕਤ ਸਿਰ ਪ੍ਰਾਪਤ ਕਰਕੇ ਭਾਰਤ ਦੇ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸਕੀਏ।

ਆਪ ਜੀ ਦੇ ਸ਼ੁੱਭਚਿੰਤਕ
ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀ।

ਸੁਪਨੇ ਵੇਚਣ ਵਾਲੇ

ਪਿਛਲੇ ਦਿਨੀਂ ਨੌਜਵਾਨ ਲੇਖਕ ਸਵਰਨ ਸਿੰਘ ਟਹਿਣਾ ਦਾ ਸੰਪਾਦਕੀ ਸਫ਼ੇ 'ਤੇ 'ਜੱਟਾਂ ਦੇ ਸੁਪਨੇ ਵੇਚਣ ਵਾਲੇ ਕਲਾਕਾਰਾਂ ਦੀ ਸੋਚ ਨੂੰ ਵੰਗਾਰਦੇ ਗੀਤ' ਸਿਰਲੇਖ ਅਧੀਨ ਲੇਖ ਪੜ੍ਹਿਆ, ਜੋ ਬਹੁਤ ਚੰਗਾ ਲੱਗਾ। ਸੱਭਿਆਚਾਰ ਦੇ ਅਖ਼ੌਤੀ ਰਾਖੇ ਜਾਂ ਸੇਵਾ ਦੇ ਨਾਂਅ 'ਤੇ ਫੋਕੀ ਸ਼ੁਹਰਤ ਖੱਟਣ ਲਈ ਗਾਇਕ ਅਤੇ ਗੀਤਕਾਰਾਂ ਨੇ ਕਿਸਾਨ ਦੀ ਅਸਲ ਜ਼ਿੰਦਗੀ ਤੋਂ ਕਿਤੇ ਦੂਰ ਦੀਆਂ ਗੱਲਾਂ ਕਰਕੇ ਕਿਸਾਨਾਂ ਦੇ ਅਸਲ ਦਰਦ ਨੂੰ ਅੱਖੋਂ ਪਰੋਖੇ ਕੀਤਾ ਹੈ। ਲੇਖਕ ਨੇ ਕੁਝ ਗੀਤਾਂ ਦੀਆਂ ਉਦਾਹਰਨਾਂ ਦੇ ਕੇ ਮੌਜੂਦਾ ਗੀਤਕਾਰ ਅਤੇ ਗਾਇਕਾਂ 'ਤੇ ਕਰਾਰੀ ਚੋਟ ਕੀਤੀ ਹੈ ਜੋ ਅਸਲੀਅਤ ਨੂੰ ਛੁਪਾ ਕੇ ਕਿਸਾਨ ਖ਼ਾਸਕਰ ਨੌਜਵਾਨਾਂ ਨੂੰ ਕੁਰਾਹੇ ਪਾਉਣ 'ਤੇ ਲੱਗੇ ਹੋਏ ਹਨ।

-ਸਤਨਾਮ ਸਿੰਘ ਮੱਟੂ

04-09-2017

 ਪੱਤਰਕੀਟਨਾਸ਼ਕਾਂ ਦੀ ਵਰਤੋਂ
ਭਾਰਤ ਦੇ ਕੁਲ ਖੇਤੀਬਾੜੀ ਅਧੀਨ ਰਕਬੇ ਵਿਚ ਪੰਜਾਬ ਦਾ ਰਕਬਾ ਕਰੀਬ 2 ਫੀਸਦੀ ਬਣਦਾ ਹੈ ਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਦੇ ਮਾਮਲੇ ਵਿਚ ਪੰਜਾਬ 'ਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਕੁੱਲ ਭਾਰਤ ਵਿਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦਾ 15 ਤੋਂ 18 ਫੀਸਦੀ ਹਿੱਸਾ ਬਣਦੀਆਂ ਹਨ। ਕਿਸਾਨ ਇਸ ਗੱਲ ਤੋਂ ਅਣਜਾਣ ਹਨ ਕਿ ਇਨ੍ਹਾਂ ਜ਼ਹਿਰੀਲੀਆਂ ਦਵਾਈਆਂ ਦੇ ਅੰਸ਼ ਕੁਝ ਨਾ ਕੁਝ ਮਾਤਰਾ 'ਚ ਖਾਣ ਵਾਲੀਆਂ ਵਸਤਾਂ ਜ਼ਰੀਏ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਕੇ ਹਰ ਮਨੁੱਖ ਲਈ ਕੈਂਸਰ ਦੀ ਸੌਗਾਤ ਵੰਡਣ ਦਾ ਜ਼ਰੀਆ ਵੀ ਬਣ ਰਹੇ ਹਨ। ਕਈ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਇਕੋ-ਇਕ ਮਕਸਦ ਆਪਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਿਕਰੀ ਕਰਨਾ ਹੈ। ਸਰਕਾਰ ਅਤੇ ਖੇਤੀਬਾੜੀ ਮਹਿਕਮੇ ਨੂੰ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨੂੰ ਘੱਟ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਕਿਸਾਨ ਭਰਾਵਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਮਾਤਰਾ ਵਿਚ ਕਰਨੀ ਚਾਹੀਦੀ ਹੈ।


-ਸਰਵਣ ਸਿੰਘ ਭੰਗਲਾਂ,
ਸਮਰਾਲਾ।


ਭਾਈਚਾਰਕ ਸਾਂਝ
ਪਿਛਲੇ ਦਿਨੀਂ 'ਲੋਕ ਮੰਚ' ਸਫ਼ੇ 'ਤੇ ਮਾਣਯੋਗ ਲੇਖਕ ਲੱਖਾ ਸਹਿਜਪਾਲ ਦੌਧਰ ਦਾ ਲੇਖ 'ਘਟ ਰਹੀ ਭਾਈਚਾਰਕ ਸਾਂਝ' ਪੜ੍ਹਿਆ ਚੰਗਾ ਲੱਗਾ। ਦੋ ਕੁ ਦਹਾਕ ਪਿੱਛੇ ਵੱਲ ਝਾਤ ਮਾਰੀਏ ਤਾਂ ਸੋਚ ਕੇ ਸਭ ਹੈਰਾਨ ਤਾਂ ਹੋਣੋਂ ਨਹੀਂ ਰਹਿ ਸਕਦੇ। ਉਨ੍ਹਾਂ ਸਮਿਆਂ ਨੂੰ ਆਪਾਂ ਸਾਰਿਆਂ ਹੰਢਾਇਆ ਹੋਇਆ ਹੈ ਕਿੰਨਾ ਪਿਆਰ ਸੀ ਸਾਰੇ ਰਿਸ਼ਤਿਆਂ ਵਿਚ, ਖਿੱਚ ਸੀ। ਬਹੁਤਾ ਸਮਾਂ ਅੱਜ ਮੋਬਾਈਲਾਂ ਦੀ ਵਰਤੋਂ ਵਿਚ ਗੁਜ਼ਾਰ ਦਿੰਦੇ ਹਾਂ ਜਦ ਕੰਮਾਂ ਤੋਂ ਫੁਰਸਤ ਮਿਲੇ, ਝੱਟ ਮੋਬਾਈਲ ਵਿਚ ਰੁਝ ਜਾਂਦੇ ਹਾਂ ਜਦੋਂ ਕਿ ਵੇਹਲਾ ਸਮਾਂ ਪਰਿਵਾਰ ਜਾਂ ਰਿਸ਼ਤੇਦਾਰਾਂ ਦੇ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਸਮਿਆਂ 'ਚ ਵਾਕਿਆ ਪ੍ਰਾਹੁਣਾਚਾਰੀ 'ਚ ਕਿੰਨਾ ਚਾਅ ਹੁੰਦਾ ਸੀ। ਅੱਜ ਵਾਕਿਆ ਹੀ ਮਨੁੱਖ ਮੋਬਾਈਲ ਆਦਿ ਦੀ ਪਕੜ ਵਿਚ ਪੂਰੀ ਤਰ੍ਹਾਂ ਜਕੜਿਆ ਗਿਆ ਹੈ।


-ਮਾ: ਦੇਵ ਰਾਜ ਖੁੰਡਾ,
ਸ੍ਰੀ ਰਾਮਸਰ ਕਾਲੋਨੀ, ਗੁਰਦਾਸਪੁਰ।


ਤਰਸਯੋਗ ਹਾਲਤ

ਸੰਪਾਦਕੀ ਪੰਨੇ 'ਤੇ ਯਾਦਵਿੰਦਰ ਸਿੰਘ ਸਤਕੋਹਾ ਦਾ ਲੇਖ ਮਿਆਰੀ ਨਹੀਂ ਹਨ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਲੇਖ ਸੀ। ਲੇਖਕ ਨੇ ਸ਼ਾਹਰਾਗ ਸੜਕਾਂ ਦੀ ਜ਼ਿਆਦਾ ਗੱਲ ਕੀਤੀ ਹੈ ਜੋ ਵਿਦੇਸ਼ਾਂ ਵਿਚ ਬਹੁਤ ਹੀ ਸਪੀਡ ਲਈ ਬਣੀਆਂ ਹਨ। ਉਨ੍ਹਾਂ 'ਤੇ ਘੱਟ ਸਪੀਡ ਵਾਲਾ ਕੋਈ ਸਾਧਨ ਨਹੀਂ ਚਲਦਾ, ਨਾ ਹੀ ਕੋਈ ਪਸ਼ੂ ਆਦਿ ਸੜਕ 'ਤੇ ਚੜ੍ਹ ਸਕਦਾ ਹੈ। ਸਾਡੇ ਦੇਸ਼ ਵਿਚ ਹਰ ਸੜਕ 'ਤੇ ਪਸ਼ੂ, ਸਾਈਕਲ, ਰੇੜਾ ਆਦਿ ਚਲਦੇ ਹਨ। ਦੂਜਾ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਕੋਈ ਸੜਕਾਂ 'ਤੇ ਤਾਂ ਰੂੜੀਆਂ ਦੇ ਢੇਰ ਲੱਗੇ ਪਏ ਹਨ। ਟੁੱਟੀਆਂ ਸੜਕਾਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸ਼ਾਹਰਾਹ ਲੁਧਿਆਣਾ ਤੋਂ ਫਿਰੋਜ਼ਪੁਰ ਬਣਦੀ ਨੂੰ ਕਈ ਸਾਲ ਹੋ ਗਏ ਹਨ ਜੋ ਹਾਲੇ ਤੱਕ ਪੂਰੀ ਨਹੀਂ ਹੋਈ, ਅਜਿਹੀ ਸੜਕ 'ਤੇ ਚੱਲਣਾ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ। ਇਨ੍ਹਾਂ ਸੜਕਾਂ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

30-08-2017

 ਪੱਤਰਮਾਪੇ ਬਿਰਧ ਆਸ਼ਰਮਾਂ ਹਵਾਲੇ
ਐਤਵਾਰ ਦੇ 'ਅਜੀਤ ਮੈਗਜ਼ੀਨ' ਦੇ 'ਦਿਲਚਸਪੀਆਂ' ਅੰਕ ਵਿਚ 'ਮਾਪੇ ਬਿਰਧ ਆਸ਼ਰਮਾਂ' ਲੇਖਕ ਡਾ: ਹਰਪਾਲ ਸਿੰਘ ਪੰਨੂੰ ਦੀ ਮਿੰਨੀ ਕਹਾਣੀ ਪੜ੍ਹ ਕੇ ਮਨ 'ਚ ਇਕ ਤਸਵੀਰ ਉੱਭਰ ਕੇ ਆਈ ਕਿ ਬਜ਼ੁਰਗਾਂ ਨੂੰ ਘਰ ਦਾ ਤਾਲਾ ਕਹਿ ਕੇ ਇਕੱਲਿਆਂ ਵਿਆਹ ਸ਼ਾਦੀ ਜਾਂ ਯਾਤਰਾ 'ਤੇ ਨਵੀਂ ਪੀੜ੍ਹੀ ਚਲੀ ਜਾਂਦੀ ਹੈ ਤੇ ਡੰਗਰਾਂ ਦੀ ਰਾਖੀ ਲਈ ਕਮਰਾ ਦੇ ਕੇ ਨਿਵਾਜਿਆ ਜਾਂਦਾ ਹੈ। ਅੱਜ ਕਈ ਬਜ਼ੁਰਗਾਂ ਦੀ ਹਾਲਤ ਵੇਖੀ ਨਹੀਂ ਜਾਂਦੀ। ਇਕ ਨੂੰਹ ਨੇ ਬਜ਼ੁਰਗ ਨੂੰ ਧਮਕੀ ਦਿੱਤੀ ਕਿ ਰੋਟੀ ਜਿਹੋ-ਜਿਹੀ ਮਿਲਦੀ ਹੈ ਖਾਈ ਜਾਹ, ਨਹੀਂ ਤਾਂ ਘਰੋਂ ਕੱਢ ਦੇਵਾਂਗੀ। ਮਾਣਯੋਗ ਸੁਪਰੀਮ ਕੋਰਟ ਨੇ ਅਜਿਹੇ ਆਪ-ਹੁਦਰੇ ਨੂੰਹ-ਪੁੱਤ ਦੇ ਵਿਰੁੱਧ ਸਜ਼ਾ ਦੇ ਨਿਯਮ ਬਣਾਏ ਹਨ ਪਰ ਫਿਰ ਵੀ ਮਾਪਿਆਂ ਨੂੰ ਬੇਇੱਜ਼ਤ ਕਰਨ ਤੋਂ ਨੂੰਹ -ਪੁੱਤ ਬਾਜ਼ ਨਹੀ ਆ ਰਹੇ। ਇਸ ਕਹਾਣੀ ਤੋਂ ਪਾਕਿਸਤਾਨ ਦੇ ਈਦੀ ਬਾਰੇ ਪੜ੍ਹ ਕੇ ਹੋਰ ਗਿਆਨ ਮਿਲਿਆ ਹੈ ਤੇ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦੀ ਸੇਵਾ ਕਰ ਰਹੇ ਈਦੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਬਜ਼ੁਰਗਾਂ ਦੇ ਲਈ ਬਿਰਧ ਆਸ਼ਰਮ ਖੋਲ੍ਹ ਕੇ ਪੁੰਨ ਦਾ ਕੰਮ ਕਰ ਰਹੇ ਹਨ।


-ਮਾ: ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਹਮਸਾਏ, ਮਾਂ ਪਿਓ ਜਾਏ
ਸਿਆਣਿਆਂ ਦਾ ਕਥਨ ਹੈ ਕਿ ਕੁੜਮ ਕੁਪੱਤੇ ਬਣੋ ਪਰ ਗੁਆਂਢ ਕੁਪੱਤੇ ਕਦੀ ਨਾ ਬਣੋ। ਔਖੇ-ਸੌਖੇ ਵੇਲੇ ਰਿਸ਼ਤੇਦਾਰ ਤਾਂ ਦੇਰ ਨਾਲ ਪੁੱਜਣਗੇ ਪਰ ਗੁਆਂਢੀ ਤਾਂ ਆਵਾਜ਼ ਦਿੱਤਿਆਂ ਹੀ ਉਸੇ ਵੇਲੇ ਹਾਜ਼ਰ ਹੋ ਸਕਦਾ ਹੈ। ਸਾਡੇ ਜੀਵਨ ਵਿਚ ਮੁਸ਼ਕਿਲਾਂ ਤਾਂ ਕਦੀ ਵੀ ਆ ਸਕਦੀਆਂ ਹਨ। ਗੁਆਂਢੀਆਂ ਦਾ ਆਪਸੀ ਪਿਆਰ ਇਕ ਚੰਗੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਹੀ ਅਗਰ ਦੋ ਗੁਆਂਢੀ ਮੁਲਕਾਂ ਦਾ ਆਪਸ ਵਿਚ ਚੰਗਾ ਮੇਲਜੋਲ ਹੈ ਤਾਂ ਉਹ ਵੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਸਕਦੇ ਹਨ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਸਾਡੇ ਦੋਵੇਂ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਦੁਸ਼ਮਣੀ ਵਾਲਾ ਰਵੱਈਆ ਅਪਣਾਈ ਰੱਖਦੇ ਹਨ, ਜਿਸ ਤੋਂ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ।


-ਮਾ: ਮਹਿੰਦਰ ਸਿੰਘ ਬਾਜਵਾ।


ਪ੍ਰਸੰਸਾਯੋਗ ਕੰਮ
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੁਆਰਾ ਪੰਜਾਬ ਦੇ ਵਿਦਿਆਰਥੀਆਂ ਦੇ ਪੱਖ ਵਿਚ ਇਕ ਪ੍ਰਸੰਸਾਯੋਗ ਕਦਮ ਉਠਾਉਂਦੇ ਹੋਏ ਉਨ੍ਹਾਂ ਨੂੰ ਸਕੂਲ ਪੱਧਰ 'ਤੇ ਹੀ ਆਪਣੇ ਨਾਂਅ, ਜਨਮ ਮਿਤੀ ਆਦਿ ਗ਼ਲਤੀਆਂ ਨੂੰ ਠੀਕ ਕਰਵਾਉਣ ਲਈ ਸਕੂਲ ਦੇ ਮੁਖੀ ਨੂੰ ਸ਼ਕਤੀ ਸੌਂਪ ਕੇ ਇਕ ਵੱਡਾ ਕਦਮ ਉਠਾਇਆ ਹੈ। ਸਕੂਲ ਪੱਧਰ 'ਤੇ ਹੋਣ ਵਾਲੀਆਂ ਇਨ੍ਹਾਂ ਗ਼ਲਤੀਆਂ ਨੂੰ ਦਰੁੱਸਤ ਕਰਵਾਉਣ ਲਈ ਸਕੂਲ ਪੱਧਰ ਤੋਂ ਲੈ ਕੇ ਡੀ.ਪੀ.ਆਈ. ਦਫ਼ਤਰ ਤੱਕ ਅਨੇਕਾਂ ਚੱਕਰ ਲਾਉਣੇ ਪੈਂਦੇ ਸਨ। ਇਨ੍ਹਾਂ ਅਸ਼ੁੱਧੀਆਂ ਨੂੰ ਠੀਕ ਕਰਵਾਉਣ ਲਈ ਧਨ ਅਤੇ ਸਮੇਂ ਦੀ ਬਰਬਾਦੀ ਅਲੱਗ ਹੁੰਦੀ ਹੈ। ਸਕੂਲ ਮੁਖੀ ਨੂੰ ਇਨ੍ਹਾਂ ਅਸ਼ੁੱਧੀਆਂ ਨੂੰ ਠੀਕ ਕਰਨ ਦੀ ਸ਼ਕਤੀ ਸੌਂਪ ਕੇ ਪੰਜਾਬ ਸਿੱਖਿਆ ਮੰਤਰੀ ਨੇ ਇਕ ਵੱਡਾ ਪ੍ਰਸੰਸਾਯੋਗ ਕੰਮ ਕੀਤਾ ਹੈ।


-ਸਤਿਆ ਪਾਲ ਅਰੋੜਾ
ਸੇਵਾ-ਮੁਕਤ ਅਧਿਆਪਕ।

29-08-2017

 ਅਸਲ ਵਾਰਸ
ਕੋਈ ਵੀ ਰੁਤਬਾ ਸੰਸਥਾ ਵਾਰਸਾਂ ਤੋਂ ਬਿਨਾਂ ਅਧੂਰਾ ਹੁੰਦਾ ਹੈ। ਇਸੇ ਪ੍ਰਸੰਗ ਵਿਚ ਪੰਜਾਬ ਸਰਕਾਰ ਨੇ ਪੰਜਾਬ ਕਲਾ ਪ੍ਰੀਸ਼ਦ ਦਾ ਮੁਖੀ ਸੁਰਜੀਤ ਪਾਤਰ ਨੂੰ ਬਣਾ ਕੇ ਕਲਾ ਪ੍ਰੀਸ਼ਦ ਨੂੰ ਅਸਲ ਵਾਰਸਾਂ ਦੇ ਹਵਾਲੇ ਕੀਤਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪਹਿਲੇ ਚੈਅਰਮੇਨ ਅਧੂਰੇ ਸਨ, ਉਨ੍ਹਾਂ ਸਾਰਿਆਂ ਨੇ ਵੀ ਬਣਦਾ ਯੋਗਦਾਨ ਪਾਇਆ। ਸਭ ਤੋਂ ਵੱਡਾ ਪਹਿਲੂ ਇਹ ਰਿਹਾ ਕਿ ਬੇਲੋੜੇ ਬੋਝ ਅਤੇ ਫਾਲਤੂ ਦੇ ਡਰਾਮਿਆਂ ਤੋਂ ਪਰ੍ਹੇ ਹਟ ਕੇ ਪੰਜਾਬ ਸਰਕਾਰ ਨੇ ਹੀਰੇ ਦੀ ਪਛਾਣ ਕਰਕੇ ਉਸ ਦੇ ਘਰ ਤੱਕ ਪਹੁੰਚ ਕੀਤੀ। ਡਾ: ਸੁਰਜੀਤ ਪਾਤਰ ਦੇ ਆਉਣ ਨਾਲ ਪੰਜਾਬ ਕਲਾ ਪ੍ਰੀਸ਼ਦ ਵਿਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਵਲੋਂ ਕਲਾ ਪ੍ਰੇਮੀਆਂ ਨੂੰ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਹ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਗੇ।

-ਸੁਖਪਾਲ ਸਿੰਘ ਗਿੱਲ।

ਖੇਤੀ ਕਰਜ਼ਾ ਮੁਆਫ਼ੀ
ਖੇਤੀ ਵਾਸਤੇ ਲਏ ਕਰਜ਼ੇ ਦੀ ਚਰਚਾ ਕਾਫੀ ਚੱਲ ਰਹੀ ਹੈ। ਕਈ ਸੂਬਾ ਸਰਕਾਰਾਂ ਨੇ ਤਾਂ ਕਰਜ਼ੇ ਮੁਆਫ਼ ਕਰ ਦਿੱਤੇ। ਜ਼ਿਮੀਂਦਾਰਾਂ ਦੀ ਮੌਜੂਦਾ ਹਾਲਤ ਇਹ ਹੈ ਕਿ ਸਾਲ 2017 ਜ਼ਿਮੀਂਦਾਰਾਂ ਵਾਸਤੇ ਮੁੱਢ ਤੋਂ ਹੀ ਮਾੜਾ ਰਿਹਾ। ਮਟਰ, ਗੋਭੀ, ਗਾਜਰਾਂ, ਆਲੂ ਅਤੇ ਟਮਾਟਰ ਸਭ ਕੌਡੀਆਂ ਭਾਅ ਵਿਕੇ। ਕਿਸਾਨਾਂ ਨੂੰ ਤੁੜਾਈ ਵੀ ਨਹੀਂ ਵਾਪਸ ਹੋਈ। ਫ਼ਸਲਾਂ ਖੇਤ ਦੇ ਵਿਚੇ ਹੀ ਵਾਹੁਣੀਆਂ ਪਈਆਂ। ਘਰਾਂ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ। ਹੁਣ ਤੱਕ ਕੇਂਦਰ ਸਰਕਾਰ ਨੇ ਕਣਕ, ਝੋਨਾ ਅਤੇ ਗੰਨੇ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੈ। ਜੇਕਰ ਕੁਝ ਦਾਲਾਂ ਦਾ ਸਮਰਥਨ ਮੁੱਲ ਵੀ ਤੈਅ ਕੀਤਾ ਹੈ ਤਾਂ ਉਹ ਵੀ ਨਿਰਧਾਰਤ ਮੁੱਲ ਤੋਂ ਹੇਠਾਂ ਵਿਕ ਰਹੀਆਂ ਹਨ। ਜੇਕਰ ਜ਼ਿਮੀਂਦਾਰਾਂ ਦੀ ਫ਼ਸਲ ਦਾ ਮੁੱਲ ਮੰਡੀ ਵਿਚ ਨਹੀਂ ਮਿਲ ਰਿਹਾ ਤੇ ਕਰਜ਼ਾ ਲੈ ਕੇ ਉਗਾਈ ਫ਼ਸਲ ਤੋਂ ਪੈਸੇ ਦੀ ਵਸੂਲੀ ਨਹੀਂ ਹੁੰਦੀ ਤਾਂ ਜ਼ਿਮੀਂਦਾਰ ਬੈਂਕਾਂ ਤੋਂ ਲਏ ਕਰਜ਼ੇ ਨੂੰ ਕਿਵੇਂ ਵਾਪਸ ਕਰੇਗਾ ਤਾਂ ਫਿਰ ਕਰਜ਼ਾ ਮੁਆਫ਼ੀ ਬਣਦੀ ਹੀ ਹੈ।

-ਸਰਬਜੀਤ ਸਿੰਘ
126, ਮੋਹਨ ਵਿਹਾਰ, ਜਲੰਧਰ।

ਦਫਾ 144
ਇਹ ਇਨਸਾਨੀ ਫ਼ਿਤਰਤ ਹੈ ਕਿ ਮਨੁੱਖ ਹੋਣ ਦੇ ਨਾਤੇ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੀਏ। ਇਕ ਸੱਭਿਅਕ ਸਮਾਜ ਦਾ ਨਿਰਮਾਣ ਕਰੀਏ। ਇਹ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਜਾਂਦਾ ਹੈ। ਜ਼ਿਲ੍ਹੇ ਵਿਚ ਦਫ਼ਾ 144 ਤਹਿਤ ਲਾਊਡ ਸਪੀਕਰ ਉੱਚੀ ਆਵਾਜ਼ ਵਿਚ ਨਾ ਵਜਾਉਣਾ, ਬੱਸਾਂ ਵਿਚ ਅਸ਼ਲੀਲ ਗਾਣੇ ਤੇ ਫ਼ਿਲਮਾਂ ਨਾ ਦਿਖਾਉਣਾ, ਗੱਡੀਆਂ ਮੋਟਰਾਂ ਦੇ ਪ੍ਰੈਸ਼ਰ ਹਾਰਨਾਂ 'ਤੇ ਪਾਬੰਦੀ ਲਗਾਉਣਾ, ਅਜਿਹੀਆਂ ਪਾਬੰਦੀਆਂ ਅੱਜ ਮਜ਼ਾਕ ਬਣ ਕੇ ਰਹਿ ਗਈਆਂ ਹਨ। ਸਾਡਾ ਗ਼ਰੀਬ ਜਿਹਾ ਗੁਆਂਢੀ ਦੇਸ਼ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਹ ਸਮਝਾਉਣ ਵਿਚ ਸਫਲ ਰਿਹਾ ਹੈ ਕਿ ਸਾਡਾ ਦੇਸ਼ ਆਪਣੇ ਘਰ ਵਾਂਗ ਹੀ ਹੈ। 'ਕਾਠਮੰਡੂ' ਵਰਗੇ ਸ਼ਹਿਰ ਵਿਚ ਥੁੱਕਣਾ ਤੇ ਹਾਰਨ ਵਜਾਉਣਾ ਸਖ਼ਤ ਮਨ੍ਹਾਂ ਹੈ। ਮਨਾਹੀ ਦੀ ਉਲੰਘਣਾ ਤੇ ਤੁਰੰਤ ਜੁਰਮਾਨਾ ਵਸੂਲਿਆ ਜਾਂਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਜਿਹੇ ਸੱਭਿਅਕ ਨਿਯਮ ਅਪਣਾ ਕੇ ਧਾਰਾ 144 ਤੋੜਨ 'ਤੇ ਤੁਰੰਤ ਜੁਰਮਾਨਾ ਵਸੂਲਿਆ ਜਾਵੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ, ਹੁਸ਼ਿਆਰਪੁਰ।

28-08-2017

 ਪੱਤਰਨਸ਼ੇ ਅਤੇ ਸਮਾਜ
ਅਜੋਕੇ ਸਮੇਂ ਸਾਡੇ ਸਮਾਜ ਵਿਚ ਅਨੇਕਾਂ ਬੁਰਾਈਆਂ/ਕੁਰੀਤੀਆਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਹੀ ਇਕ ਬੁਰਾਈ ਹੈ 'ਨਸ਼ੇ', ਜਿਸ ਨੇ ਸਮਾਜ ਉਪਰ ਗਹਿਰਾ ਦੁਰਪ੍ਰਭਾਵ ਪਾਇਆ ਹੈ ਅਤੇ ਸਮਾਜਿਕ ਸਿਹਤ ਨੂੰ ਕਮਜ਼ੋਰ ਤੇ ਖੋਖਲਾ ਕਰ ਦਿੱਤਾ ਹੈ। ਭਾਵੇਂ ਬੇਰੁਜ਼ਗਾਰੀ ਅਤੇ ਅਨਪੜ੍ਹਤਾ ਨਸ਼ਿਆਂ ਦੇ ਮੁੱਖ ਕਾਰਨ ਹਨ ਪਰ ਕਿਸੇ ਕੰਮ ਵਿਚ ਮਿਲੀ ਅਸਫ਼ਲਤਾ ਕਾਰਨ ਪੈਦਾ ਹੋਈ ਹੀਣਭਾਵਨਾ ਵੀ ਇਨ੍ਹਾਂ ਦਾ (ਨਸ਼ਿਆਂ ਦਾ) ਇਕ ਕਾਰਨ ਆਖਿਆ ਜਾ ਸਕਦਾ ਹੈ। ਨਸ਼ਿਆਂ ਦੇ ਆਦੀ ਵਿਅਕਤੀ ਪਾਸੋਂ ਸਮਾਜ ਸੇਵਾ ਜਾਂ ਦੇਸ਼ ਸੇਵਾ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਨਸ਼ਿਆਂ ਦੇ ਵਰਤਾਰੇ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਇਕ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਮੀਡੀਆ ਜ਼ਿੰਮੇਵਾਰੀ ਤੋਂ ਕੰਮ ਲਵੇ
21ਵੀਂ ਸਦੀ ਸਹੀ ਮਾਅਨਿਆਂ ਵਿਚ ਵਿਗਿਆਨ ਦੀ ਸਦੀ ਹੈ ਪਰ ਇਸ ਵਿਚ ਜਦੋਂ ਕੋਈ ਅੰਧ-ਵਿਸ਼ਵਾਸ ਨਾਲ ਜੁੜੀ ਖ਼ਬਰ ਪੜ੍ਹਨ-ਸੁਣਨ ਨੂੰ ਮਿਲਦੀ ਹੈ ਤਾਂ ਬੇਹੱਦ ਦੁੱਖ ਦੇ ਨਾਲ-ਨਾਲ ਹੈਰਾਨੀ ਵੀ ਹੁੰਦੀ ਹੈ। ਪਿਛਲੇ ਦਿਨਾਂ ਤੋਂ ਪੰਜਾਬ-ਹਰਿਆਣਾ 'ਚ ਖਾਸ ਕਰਕੇ ਔਰਤਾਂ ਦੇ ਰਹੱਸਮਈ ਢੰਗ ਨਾਲ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਇਕ ਹਿੱਸੇ ਵੱਲੋਂ ਬੇਹੱਦ ਮਸਾਲਾ ਲਾ-ਲਾ ਪੇਸ਼ ਕੀਤਾ ਜਾ ਰਿਹਾ ਹੈ। ਪੱਤਰਕਾਰੀ ਮਿਆਰੀ ਹੋਣੀ ਚਾਹੀਦੀ ਹੈ। ਪੱਤਰਕਾਰੀ 21ਵੀਂ ਸਦੀ ਦੇ ਹਾਣ ਦੀ ਹੋਣ ਦੀ ਚਾਹੀਦੀ ਹੈ। ਅਸਲ ਵਿਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਵਹਿਮਾਂ-ਭਰਮਾਂ ਨੂੰ ਤੂਲ ਦਿੰਦੀ ਖ਼ਬਰ ਦੀ ਪ੍ਰਕਾਸ਼ਨਾ ਤੋਂ ਗੁਰੇਜ਼ ਹੀ ਕੀਤਾ ਜਾਵੇ। ਇਸ ਦੇ ਨਾਲ ਹੀ ਅੱਜ ਇਹ ਵੀ ਜ਼ਰੂਰੀ ਹੈ ਕਿ ਆਮ ਲੋਕਾਂ ਵਿਚ ਵਿਗਿਆਨਕ ਚੇਤਨਾ ਪੈਦਾ ਕੀਤੀ ਜਾਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

25-08-2017

 ਰੁੱਖ ਅਤੇ ਮਨੁੱਖ
ਸਾਡੇ ਦੇਸ਼ ਦੀ ਪਵਿੱਤਰ ਧਰਤੀ ਨੂੰ ਦੁਨੀਆ ਦੇ ਦੇਸ਼ ਵੀ ਵੱਖਰੀ ਤਰ੍ਹਾਂ ਦੀ ਧਰਤੀ ਮੰਨਦੇ ਹਨ, ਜਿਥੇ ਅਨੇਕਾਂ ਮਹਾਂਪੁਰਸ਼ਾਂ ਨੇ ਜਨਮ ਲਿਆ। ਉਨ੍ਹਾਂ ਵੀ ਇਸ ਦੇਸ਼ ਦੀ ਮਿੱਟੀ ਦੀ ਆਪਣੇ ਢੰਗ ਨਾਲ ਸੇਵਾ ਕੀਤੀ ਸੀ। ਕਿਉਂਕਿ ਇਹ ਧਰਤੀ ਬਨਸਪਤੀ, ਖੁਸ਼ਬੂਦਾਰ ਰੁੱਖਾਂ, ਬੋਹੜਾਂ, ਪਿੱਪਲਾਂ ਅਤੇ ਅਨੇਕਾਂ ਸਜਾਵਟੀ ਫੁੱਲਾਂ ਭਰੇ ਪੌਦਿਆਂ ਨਾਲ ਭਰੀ ਤੇ ਹਰੀ-ਭਰੀ ਚਾਰੇ ਪਾਸੇ ਦਿਖਾਈ ਦਿੰਦੀ ਸੀ। ਭਾਵ ਸਾਡੇ ਦੇਸ਼ ਦੀ ਧਰਤੀ 'ਤੇ ਕੁਦਰਤ ਪੂਰੀ ਮਿਹਰਬਾਨ ਸੀ। ਅਫ਼ਸੋਸ ਅੱਜ ਧਰਤੀ 'ਤੇ ਰੁੱਖਾਂ, ਜੰਗਲਾਂ ਦੀ ਧੜਾਧੜ ਕਟਾਈ ਕਾਰਨ ਵਾਤਾਵਰਨ ਪੂਰੀ ਤਰ੍ਹਾਂ ਦੂਸ਼ਿਤ ਤੇ ਪ੍ਰਭਾਵਿਤ ਹੋ ਰਿਹਾ ਹੈ। ਇਕ ਤਾਂ ਰੁੱਖ ਧਰਤੀ ਮਾਂ ਦਾ ਸ਼ਿੰਗਾਰ ਹਨ, ਦੂਜੇ ਪਾਸੇ ਸਮੁੱਚਾ ਮਨੁੱਖੀ ਤਾਣਾ-ਬਾਣਾ ਰੁੱਖਾਂ 'ਤੇ ਨਿਰਭਰ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਜੇ ਧਰਤੀ 'ਤੇ ਰੁੱਖ ਹਨ ਤਾਂ ਮਨੁੱਖ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਨਵੇਂ ਹੋਰ ਪੌਦੇ ਲਗਾ ਕੇ ਆਪਣਾ ਬਣਦਾ ਹਿੱਸਾ ਪਾਈਏ।

-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸੂਰਜੀ ਊਰਜਾ ਵਰਤਣ ਦੀ ਲੋੜ
ਕੁਦਰਤ ਨੇ ਸਾਨੂੰ ਬੇਸ਼ਕੀਮਤੀ ਵਸਤਾਂ ਦੇ ਕੇ ਨਿਵਾਜਿਆ ਹੈ। ਊਰਜਾ ਦਾ ਪ੍ਰਮੁੱਖ ਸੋਮਾ ਸੂਰਜੀ ਊਰਜਾ ਵੀ ਉਨ੍ਹਾਂ ਵਿਚੋਂ ਇਕ ਹੈ। ਅੱਜ ਵਧਦੇ ਪ੍ਰਦੂਸ਼ਣ ਅਤੇ ਘਟਦੇ ਹੋਰ ਕੁਦਰਤੀ ਸੋਮਿਆਂ ਦੇ ਸੰਦਰਭ ਵਿਚ ਸੂਰਜੀ ਊਰਜਾ ਇਕ ਮਹੱਤਵਪੂਰਨ ਬਦਲ ਹੋ ਸਕਦਾ ਹੈ। ਅੱਜ ਲੋੜ ਹੈ ਕਿ ਇਸ ਮਹਾਨ ਕੁਦਰਤੀ ਦਾਤ ਦੀ ਵਰਤੋਂ ਨੂੰ ਪਹਿਲ ਦੇ ਕੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨੂੰ ਬਚਾਈਏ।

-ਮਾ: ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਸ੍ਰੀ ਅਨੰਦਪੁਰ ਸਾਹਿਬ।

ਸਹੀ ਕਦਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਸੈਨਿਕ ਨਾਲ ਕੀਤੀ ਜ਼ਿਆਦਤੀ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਹੈ। ਬੇਹੱਦ ਵਧੀਆ ਕਦਮ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਦੇ ਆਪਣੇ ਕੰਮ, ਜਿਨ੍ਹਾਂ ਦੀ ਇਹ ਤਨਖਾਹ ਲੈਂਦੇ ਹਨ, ਸੁਖ ਸਹੂਲਤਾਂ ਮਾਣਦੇ ਹਨ, ਉਹ ਵੀ ਨਹੀਂ ਕਰ ਸਕਦੇ। ਇੱਜ਼ਤ ਕਰਨੀ ਸੈਨਿਕਾਂ ਦੀ ਤਾਂ ਇਕ ਪਾਸੇ, ਇਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਫ਼ੌਜੀ ਹੈ ਜਿਸ ਤਰ੍ਹਾਂ ਕੰਮ ਕਰਵਾਉਣਾ ਚਾਹੁੰਦਾ ਹੈ, ਸਾਰੀ ਛੁੱਟੀ ਕੱਟ ਲਵੇਗਾ ਪਰ ਕੰਮ ਨਹੀਂ ਹੋਏਗਾ। ਬਦਕਿਸਮਤੀ ਵੇਖੋ ਕਿ ਸਿਆਚਿੰਨ੍ਹ ਦੀ ਠੰਢ ਵਿਚ ਦੁਸ਼ਮਣਾਂ ਤੋਂ ਨਾ ਹਾਰਨ ਵਾਲਾ ਸੈਨਿਕ, ਉਨ੍ਹਾਂ ਤੋਂ ਹਾਰ ਜਾਂਦਾ ਹੈ ਜਿਨ੍ਹਾਂ ਦੀ ਹਿਫ਼ਾਜ਼ਤ ਲਈ ਉਹ ਮਨਫ਼ੀ ਤਾਪਮਾਨ ਵਿਚ ਇਮਾਨਦਾਰੀ ਨਾਲ ਡਿਊਟੀ ਦਿੰਦਾ ਹੈ। ਇੱਕਾ-ਦੁੱਕਾ ਅਫਸਰਾਂ, ਅਧਿਕਾਰੀਆਂ, ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਛੱਡ ਕੇ ਕਿਸੇ ਵੀ ਵਿਭਾਗ ਤੇ ਕਿਸੇ ਵੀ ਦਫ਼ਤਰ ਵਿਚ ਕੰਮ ਹੁੰਦਾ ਹੀ ਨਹੀਂ। ਬਿਲਡਰਾਂ ਤੋਂ ਮੋਟੀਆਂ ਰਕਮਾਂ ਲੈ ਕੇ ਪ੍ਰਾਜੈਕਟਾਂ ਵਿਚ ਕਮੀਆਂ ਪੇਸ਼ੀਆਂ ਵੱਲ ਧਿਆਨ ਹੀ ਨਹੀਂ ਦਿੰਦੇ। ਸ਼ਿਕਾਇਤ ਕਰੋ ਤਾਂ ਅਜਿਹੇ ਭੰਬਲਭੂਸੇ ਵਿਚ ਪਾਉਂਦੇ ਹਨ ਕਿ ਖੂਨ ਦੇ ਹੰਝੂ ਰੁਆ ਦਿੰਦੇ ਹਨ। ਸਰਕਾਰ ਨੂੰ ਇਹ ਗੰਧਲੇ ਤੇ ਭ੍ਰਿਸ਼ਟ ਸਿਸਟਮ ਨੂੰ ਸੁਧਾਰਨ ਵੱਲ ਤਵਜੋਂ ਗੰਭੀਰਤਾ ਨਾਲ ਦੇਣੀ ਚਾਹੀਦੀ ਹੈ। ਇਸ ਸੈਨਿਕ ਵਰਗੇ ਹਜ਼ਾਰਾਂ ਸੈਨਿਕ ਤੇ ਲੱਖਾਂ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

-ਪ੍ਰਭਜੋਤ ਕੌਰ ਢਿੱਲੋਂ।

24-08-2017

 ਫ਼ੌਜੀ ਵੀਰਾਂ ਦਾ ਸਨਮਾਨ
ਸਾਲ ਬਾਅਦ ਜਦ ਵੀ ਕਾਰਗਿਲ ਵਿਜੈ ਦਿਵਸ ਆਉਂਦਾ ਹੈ, ਦੇਸ਼ ਭਗਤ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਸਰਕਾਰ ਨੇ ਭਾਵੇਂ ਸ਼ਹੀਦਾਂ ਦੇ ਨਾਂਅ 'ਤੇ ਗੈਸ ਏਜੰਸੀਆਂ, ਪੈਟਰੋਲ ਪੰਪ ਅਤੇ ਹੋਰ ਸਹੂਲਤਾਂ ਦਿੱਤੀਆਂ ਪਰ ਕਈ ਪਰਿਵਾਰ ਅਜੇ ਵੀ ਸਹੂਲਤਾਂ ਤੋਂ ਸੱਖਣੇ ਹਨ। ਨਿਗੂਣੀਆਂ ਪੈਨਸ਼ਨਾਂ ਨਾਲ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੋ ਰਿਹਾ ਹੈ। ਸਰਕਾਰਾਂ ਤੇ ਖ਼ੁਦਗਰਜ਼ ਲੋਕ ਉਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਭੁਲ ਗਏ ਹਨ। ਅੱਜ ਸਾਬਕਾ ਫ਼ੌਜੀ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਪੈਨਸ਼ਨਾਂ ਦੀਆਂ ਊਣਤਾਈਆਂ ਤੇ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਾਉਣ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ। ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਉਨ੍ਹਾਂ ਬਹਾਦਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਮੈਂ ਵੀ ਫਖ਼ਰ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੇ ਦੋੋਵੇਂ ਬੇਟੇ ਸਰੱਹਦਾਂ ਦੀ ਰਾਖੀ ਕਰ ਰਹੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਨਸ਼ੀਲੇ ਪਦਾਰਥਾਂ ਦੀ ਤਸਕਰੀ
ਸੰਪਾਦਕੀ ਲੇਖ ਨਸ਼ੀਲੇ ਪਦਾਰਥਾਂ ਦੀ ਤਸਕਰੀ ਪੜ੍ਹ ਕੇ ਤਸਵੀਰ ਸਾਫ਼ ਨਜ਼ਰ ਆਈ ਹੈ ਕਿ ਪੰਜਾਬ ਸੂਬੇ ਦੇ ਨੌਜਵਾਨਾਂ ਦੀ ਨਸ਼ੇ ਦੀ ਆਦਤ ਜਿਉਂ ਦੀ ਤਿਉਂ ਹੈ। ਜਦ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ ਤਾਂ ਪੰਜਾਬ ਦੇ ਲੋਕਾਂ ਦੀ ਆਸ ਜਾਗੀ ਕਿ ਪੰਜਾਬ ਹੁਣ ਨਸ਼ਾ ਮੁਕਤ ਹੋ ਜਾਵੇਗਾ। ਅੱਜ ਵੀ ਪਿੰਡਾਂ ਵਿਚ ਨੌਜਵਾਨ ਨਸ਼ੇ ਦੇ ਸ਼ਿਕਾਰ ਹਨ। ਉਨ੍ਹਾਂ ਨੂੰ ਦੁਕਾਨਾਂ ਤੋਂ ਸਰਿੰਜਾਂ ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆ ਲੈਂਦੇ ਵੇਖਿਆ ਜਾ ਸਕਦਾ ਹੈ। ਕੈਪਟਨ ਸਰਕਾਰ ਨਸ਼ਾ ਬੰਦ ਕਰਵਾਉਣ ਵਿਚ ਢਿੱਲੀ ਪੈ ਰਹੀ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਏ ਦਿਨ ਲੁੱਟਾਂ-ਖੋਹਾਂ ਹੋ ਰਹੀਆ ਹਨ ਤੇ ਕੇਵਲ ਨਸ਼ੇ ਦੀ ਪੂਰਤੀ ਲਈ ਰਾਹਗੀਰਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੁਿਲਸ ਲੁਟੇਰਿਆਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਤੋਂ ਕੰਨੀ ਕਤਰਾਉਂਦੀ ਹੈ।


-ਮਾ: ਜਗੀਰ ਸਿੰਘ ਸਫ਼ਰੀ
ਸਠਿਆਲਾ (ਅੰਮ੍ਰਿਤਸਰ)।


ਪੰਜਾਬੀ ਭਾਸ਼ਾ ਦੀ ਦੁਰਗਤੀ
ਮਾਣਯੋਗ ਸਿੱਖਿਆ ਮੰਤਰੀ ਅਰੁਣਾ ਚੌਧਰੀ ਜੀ! ਮੈਂ ਤੁਹਾਡਾ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ। ਜਦੋਂ ਤੋਂ ਗਿਆਨੀ, ਓ.ਟੀ. ਵਿਚੋਂ ਪੰਜਾਬੀ ਅਧਿਆਪਕਾਂ ਦੀ ਚੋਣ ਬੰਦ ਕੀਤੀ ਹੈ, ਉਦੋਂ ਤੋਂ ਹੀ ਪੰਜਾਬੀ ਦੀ ਪੜ੍ਹਾਈ ਦਾ ਨਿਘਾਰ ਹੋ ਰਿਹਾ ਹੈ। ਲਾਹਨਤ ਹੈ ਕਿ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੁਝ ਵੀ ਨਹੀਂ ਕਰ ਸਕੇ। ਅਜੇ ਵੀ ਮੌਕਾ ਹੈ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਤੇ ਅਸੀਂ ਪੰਜਾਬੀ ਅਧਿਆਪਕਾਂ ਦੀ ਚੋਣ ਵੇਲੇ ਕੁਝ ਚੁਕੰਨੇ ਹੋਈਏ ਤਾਂ ਜੋ ਪੰਜਾਬੀ ਦੀ ਪ੍ਰਫੁੱਲਤਾ ਲਈ ਚੰਗੇ ਅਧਿਆਪਕ ਅੱਗੇ ਲਿਆ ਸਕੀਏ।


-ਮਾ: ਅਜੀਤ ਸਿੰਘ ਚੜਿੱਕ।


ਹਵਾ ਪ੍ਰਦੂਸ਼ਣ
ਮੈਂ ਤੁਹਾਡੇ ਧਿਆਨ 'ਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲਿਆਉਣਾ ਚਾਹੁੰਦੀ ਹਾਂ। ਦਿਨੋ-ਦਿਨ ਸੜਕੀ ਆਵਾਜਾਈ ਅਤੇ ਉਦਯੋਗਿਕ ਇਕਾਈਆਂ ਵੱਲੋਂ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਾਹ, ਅੱਖਾਂ ਅਤੇ ਚਮੜੀ ਦੇ ਰੋਗਾਂ 'ਚ ਵਾਧਾ ਹੋ ਰਿਹਾ ਹੈ। ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਵਾਤਾਵਰਨ ਨੂੰ ਬਚਾਉਣ ਲਈ ਕਦਮ ਉਠਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ 'ਚ ਸੁਰੱਖਿਅਤ ਅਤੇ ਸਾਫ਼-ਸੁਥਰਾ ਮਾਹੌਲ ਸਿਰਜਿਆ ਜਾਵੇ।


-ਹਰਪ੍ਰੀਤ ਕੌਰ
ਜਮਾਤ ਅੱਠਵੀਂ।

23-08-2017

 ਦਰਦਨਾਕ ਹਾਦਸਾ
ਗੋਰਖਪੁਰ ਵਿਚ 63 ਬੱਚਿਆਂ ਦੀ ਮੌਤ ਦਾ ਕਿੱਸਾ ਸਾਹਮਣੇ ਆਇਆ ਹੈ। ਇਹ ਇਕ ਬਹੁਤ ਹੀ ਦਰਦਨਾਕ ਅਤੇ ਸ਼ਰਮਨਾਕ ਹਾਦਸਾ ਹੈ। ਸਰਕਾਰੀ ਹਸਪਤਾਲ, ਜਿਥੇ ਕਿ ਗ਼ਰੀਬਾਂ ਦਾ ਇਲਾਜ ਮੁਫ਼ਤ ਹੁੰਦਾ ਹੈ, ਉਥੇ ਸਰਕਾਰ ਵੱਲੋਂ ਪੈਸੇ ਨਾ ਦਿੱਤੇ ਜਾਣ ਕਾਰਨ ਆਕਸੀਜਨ ਸਪਲਾਈ ਬੰਦ ਕਰ ਦਿੱਤੀ ਗਈ, ਜਿਸ ਦੇ ਕਾਰਨ ਕਈ ਬੱਚਿਆਂ ਦੀ ਜਾਨ ਚਲੀ ਗਈ। ਮੇਰੀ ਨਜ਼ਰ ਵਿਚ ਇਹ ਯੋਗੀ ਸਰਕਾਰ ਵਾਸਤੇ ਇਕ ਬਹੁਤ ਹੀ ਨਮੋਸ਼ੀਜਨਕ ਘਟਨਾ ਹੈ। ਆਖਰ ਕਿਉਂ ਸਰਕਾਰ ਪੈਸਾ ਨਹੀਂ ਦੇ ਸਕੀ, ਇਹ ਜਾਣਦੇ ਹੋਏ ਵੀ ਕਿ ਗੋਰਖਪੁਰ ਯੋਗੀ ਅਦਿੱਤਿਆਨਾਥ ਦਾ ਹਲਕਾ ਹੈ। ਕੀ ਕਾਰਨ ਹੋ ਸਕਦਾ ਹੈ। ਯੋਗੀ ਅਦਿੱਤਿਆਨਾਥ 1998 ਤੋਂ ਬਾਅਦ ਗੋਰਖਪੁਰ ਹਲਕੇ ਤੋਂ ਤਿੰਨ ਵਾਰ ਜਿੱਤ ਚੁੱਕੇ ਹਨ। ਜੇ ਉਨ੍ਹਾਂ ਦੇ ਆਪਣੇ ਹਲਕੇ ਵਿਚ ਇਹ ਹਾਲ ਹੈ ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਕਿ ਬਾਕੀ ਸੂਬੇ ਵਿਚ ਕੀ ਹਾਲ ਹੋਵੇਗਾ। ਸ਼ੁਰੂਆਤ ਤੋਂ ਹੀ ਯੋਗੀ ਦੀ ਸਰਕਾਰ ਚੰਗਾ ਕਰ ਰਹੀ ਸੀ ਪਰ ਇਸ ਘਟਨਾ ਤੋਂ ਬਾਅਦ ਲੋਕੀਂ ਯੋਗੀ ਸਰਕਾਰ ਤੋਂ ਬਹੁਤ ਨਿਰਾਸ਼ ਹੋਣਗੇ।


-ਵੇਦਾਂਤ ਰਾਜੇਸ਼
ਬੀ.ਏ.-ਜੇ.ਐਮ.ਸੀ., ਡੀ.ਏ.ਵੀ. ਕਾਲਜ, ਅੰਮ੍ਰਿਤਸਰ।


ਸੱਚ ਦਾ ਸ਼ੀਸ਼ਾ
ਪਿਛਲੇ ਦਿਨਾਂ ਦੀ ਸੰਪਾਦਕੀ ਪੰਜਾਬ ਨਾਲ ਬੇਇਨਸਾਫ਼ੀ ਵਿਚ ਅਸਲੀਅਤ ਪੇਸ਼ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਸੱਚ ਦਾ ਸ਼ੀਸ਼ਾ ਵਿਖਾਇਆ ਗਿਆ ਹੈ। ਇਸ ਵਿਚ ਅੰਕੜਿਆਂ ਸਹਿਤ ਦੱਸਿਆ ਗਿਆ ਹੈ ਕਿ ਉੱਤਰ ਪੂਰਬੀ ਅਤੇ ਪਹਾੜੀ ਰਾਜਾਂ ਦੇ ਉਦਯੋਗਾਂ ਲਈ ਟੈਕਸ ਰਿਆਇਤਾਂ ਵਿਚ ਸਾਲ 2027 ਤੱਕ ਕੀਤੇ ਵਾਧੇ ਨਾਲ ਪੰਜਾਬ ਨਾਲ ਬੇਇਨਸਾਫ਼ੀ ਹੋਈ ਹੈ। ਇਹ ਵੀ ਸੋਚਣਾ ਹੋਵੇਗਾ ਕਿ ਇਸ ਦਾ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਉੱਪਰ ਕੀ ਅਸਰ ਪਵੇਗਾ? ਇਸ ਕਾਰਨ ਪਹਿਲਾਂ ਹੀ ਪੰਜਾਬ ਵਿਚ ਵੱਡੀ ਗਿਣਤੀ ਸਨਅਤੀ ਇਕਾਈਆਂ ਬੰਦ ਹੋ ਗਈਆਂ ਹਨ ਅਤੇ ਅਨੇਕਾਂ ਹੋਰ ਬੰਦ ਹੋਣ ਕੰਢੇ ਹਨ। ਪੰਜਾਬ ਦੀ ਆਰਥਿਕਤਾ ਉਪਰ ਵੱਡਾ ਅਸਰ ਪਿਆ ਹੈ ਅਤੇ ਬੇਰੁਜ਼ਗਾਰੀ ਵਧੀ ਹੈ। ਇਸ ਦੇ ਨਾਲ ਹੀ ਇਸ ਸੰਪਾਦਕੀ ਦੇ ਅਖੀਰ ਵਿਚ ਬਿਲਕੁਲ ਸੱਚ ਲਿਖਿਆ ਹੈ ਕਿ ਸਨਅਤੀ ਖੇਤਰ ਵਿਚ ਪਛੜੇ ਪੰਜਾਬ ਦੀ ਸਥਿਤੀ ਕਿਸੇ ਵੱਡੇ ਦੁਖਾਂਤ ਨੂੰ ਜਨਮ ਦੇ ਸਕਦੀ ਹੈ।


-ਜਗਮੋਹਨ ਸਿੰਘ ਲੱਕੀ।


ਸਮਾਜਿਕ ਨਿਯਮਾਂਵਲੀ
ਰਾਜਨੀਤੀ ਵਿਚ ਵਿਰੋਧ ਆਮ ਗੱਲ ਹੈ ਪਰ ਇਸ ਵਿਰੋਧ ਨੂੰ ਘਰ ਦੇ ਚੁੱਲ੍ਹੇ ਤੱਕ ਲੈ ਕੇ ਆਉਣਾ ਗ਼ਲਤ ਹੈ। ਮਾਤਾ ਦੇ ਦਿਹਾਂਤ ਪਿੱਛੋਂ ਮਹਾਰਾਜਾ ਅਮਰਿੰਦਰ ਸਿੰਘ ਦੇ ਘਰ ਘੁੱਪ ਹਨੇਰਾ ਹੋ ਗਿਆ ਹੈ। ਜਿਹੜੇ ਲੋਕ ਮਾਵਾਂ ਗੁਆ ਚੁੱਕੇ ਹਨ, ਉਹ ਇਸ ਦਰਦ ਨੂੰ ਜਾਣਦੇ ਹਨ। ਦੁੱਖ ਦੀ ਘੜੀ ਵਿਚ ਸਮਾਜੀ ਕਦਰਾਂ-ਕੀਮਤਾਂ ਤੋਂ ਜਾਣੂ ਹੋਣਾ ਹਰ ਪ੍ਰਾਣੀ ਦਾ ਫ਼ਰਜ਼ ਹੈ। ਇਸ ਲਈ ਸਮਾਜਿਕ ਨਿਯਮਾਂਵਲੀ ਵਿਚ ਰਹਿ ਕੇ ਬਾਦਲ ਪਰਿਵਾਰ ਨੇ ਉੱਚਾ ਸੁਨੇਹਾ ਦਿੱਤਾ ਹੈ। ਰਾਜ ਮਾਤਾ ਆਪਣੇ ਪਰਿਵਾਰ ਲਈ ਸਹਿਜ ਅਤੇ ਸਿਆਣਪ ਦੀ ਮੂਰਤ ਸੀ, ਜਿਸ ਦੇ ਜਾਣ ਨਾਲ ਪਰਿਵਾਰ ਵਿਚ ਹਨੇਰਾ ਛਾ ਗਿਆ। ਲੋੜ ਹੈ ਹਰ ਪੰਜਾਬੀ ਨੂੰ ਖ਼ਾਸ ਤੌਰ 'ਤੇ ਸ਼ਰੀਕ ਰਾਜਨੀਤਕਾਂ ਨੂੰ ਦੁੱਖ ਦੀ ਘੜੀ ਵਿਚ ਸ਼ਰੀਕ ਹੋ ਕੇ ਸਮਾਜਿਕ ਨਿਯਮਾਂਵਲੀ ਅਪਣਾਉਣ ਦੀ ਹੈ। ਆਖਰ ਮਾਂ ਤਾਂ ਮਾਂ ਹੁੰਦੀ ਹੈ।


-ਸੁਖਪਾਲ ਸਿੰਘ
ਅਬਿਆਣਾ ਕਲਾਂ।

22-08-2017

 ਸਰਕਾਰੀ ਖਜ਼ਾਨੇ ਦੀ ਲੁੱਟ ਰੋਕੋ
ਪੰਜਾਬ 'ਚ ਮੋਤੀਆਂ ਵਾਲੀ ਸਰਕਾਰ, ਖਰਚੇ ਸ਼ਾਹਾਨਾ, ਸਰਕਾਰ ਸਲਾਹਕਾਰਾਂ ਤੇ ਓ. ਐੱਸ. ਡੀਜ਼ ਦੀਆਂ ਨਿਯੁਕਤੀ 'ਤੇ ਪ੍ਰਤੀ ਮਹੀਨਾ 30 ਲੱਖ ਰੁਪਏ ਨਾਜਾਇਜ਼ ਉਡਾ ਰਹੀ ਹੈ। ਉਥੇ ਪੁਲਿਸ ਵਿਭਾਗ 'ਚ ਉੱਚ ਅਧਿਕਾਰੀਆਂ ਦੀ ਭਰਮਾਰ ਹੈ। ਇਸ ਵੇਲੇ ਪੰਜਾਬ ਵਿਚ ਡੀ. ਜੀ. ਪੀ. ਦੀ ਗਿਣਤੀ 11 ਤੇ ਏ. ਡੀ. ਜੀ. ਪੀ. ਦੀ ਗਿਣਤੀ 10 ਹੈ, ਜਦੋਂ ਕਿ ਇੰਡੀਅਨ ਪੁਲਿਸ ਸਰਵਿਸ ਦੇ ਰੂਲਜ਼ ਅਨੁਸਾਰ ਪੰਜਾਬ ਵਿਚ 2 ਡੀ.ਜੀ.ਪੀ. ਦੇ ਅਹੁਦਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੂਬਾ ਸਰਕਾਰ ਇਸ ਤੋਂ ਇਲਾਵਾ ਦੋ ਹੋਰ ਡੀ. ਜੀ. ਪੀ. ਦੇ ਅਹੁਦਿਆਂ 'ਤੇ ਅਫਸਰਾਂ ਦੀ ਤਾਇਨਾਤੀ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ 11 ਡੀ. ਜੀ. ਪੀ. ਬਣਾ ਦਿੱਤੇ ਹਨ। ਇਨ੍ਹਾਂ ਅਫਸਰਾਂ ਨੂੰ ਦੋਵੇਂ ਹੱਥੀਂ ਖਜ਼ਾਨਾ ਲੁਟਾਇਆ ਜਾ ਰਿਹਾ ਹੈ ਪਰ ਇਸ ਵਿਸ਼ੇ 'ਤੇ ਸਾਡੇ ਖਜ਼ਾਨਾ ਮੰਤਰੀ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ।

-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਮੀਡੀਆ ਦੀ ਤਾਕਤ
ਵਿਕਾਸ ਬਰਾਲਾ ਅਤੇ ਵਰਣਿਕਾ ਚੰਡੀਗੜ੍ਹ ਕੇਸ ਨੂੰ ਨਵੀਂ ਰੰਗਤ ਦੇਣ ਵਿਚ ਮੀਡੀਏ ਨੇ ਬਿਨਾਂ ਕਿਸੇ ਰਾਜਨੀਤਕ ਪੱਖਪਾਤ ਦੇ ਆਪਣੀ ਬਣਦੀ ਭੂਮਿਕਾ ਨੂੰ ਨਿਭਾਇਆ ਹੈ, ਜਿਸ ਕਾਰਨ ਸ਼ਾਇਦ ਅੱਜ ਕੁੰਡੂ ਪਰਿਵਾਰ ਨੂੰ ਅਤੇ ਪੀੜਤ ਲੜਕੀ ਨੂੰ ਇਨਸਾਫ ਲਈ ਕਾਨੂੰਨ 'ਤੇ ਭਰੋਸਾ ਬੱਝਾ। ਪੁਲਿਸ ਪ੍ਰਸ਼ਾਸਨ ਦਾ ਪਹਿਲਾਂ ਦਾ ਵਤੀਰਾ ਅਤੇ ਹੁਣ ਦਾ ਰਵੱਈਆ ਕਿਤੇ ਨਾ ਕਿਤੇ ਮਹਿਕਮੇ ਨੂੰ ਸਵਾਲਾਂ ਦੇ ਘੇਰੇ ਵਿਚ ਲੈਂਦਾ ਹੈ। ਸ਼ਾਇਦ ਮੀਡੀਆ ਨੇ ਪ੍ਰਸ਼ਾਸਨ ਨੂੰ ਰਾਜਨੀਤਕ ਦਖਲਅੰਦਾਜ਼ੀ ਤੋਂ ਉੱਪਰ ਉੱਠ ਕੇ ਕੇਸ ਨੂੰ ਨਜਿੱਠਣ ਲਈ ਮਜਬੂਰ ਕੀਤਾ। ਐੱਨ. ਡੀ. ਟੀ. ਵੀ. ਨੂੰ ਆਈ.ਏ.ਐੱਸ. ਅਧਿਕਾਰੀ ਵੀ. ਐੱਸ. ਕੁੰਡੂ ਵੱਲੋਂ ਦਿੱਤੀ ਇੰਟਰਵਿਊ ਸਪੱਸ਼ਟ ਕਰਦੀ ਹੈ ਕਿ ਉਨ੍ਹਾਂ ਦਾ ਮੀਡੀਏ ਪ੍ਰਤੀ ਰਵੱਈਆ ਭਰੋਸੇ ਵਾਲਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਏ ਦੀ ਬਦੌਲਤ ਅੱਜ ਕੇਸ ਨੂੰ ਨਵਾਂ ਤੇ ਸਪੱਸ਼ਟ ਚਿਹਰਾ ਮਿਲਿਆ ਹੈ। ਉਧਰ ਵਰਣਿਕਾ ਦਾ ਕਹਿਣਾ ਹੈ ਕਿ ਹੁਣ ਇਹ ਸਿਰਫ ਉਸ ਦੀ ਲੜਾਈ ਨਹੀਂ, ਸਗੋਂ ਹੁਣ ਇਹ ਦੇਸ਼ ਦੀ ਹਰ ਔਰਤ ਦੀ ਲੜਾਈ ਹੈ, ਤਾਂ ਜੋ ਕਿਸੇ ਵੀ ਔਰਤ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਘੜੀ ਦੀ ਸੂਈ ਵੱਲ ਨਾ ਦੇਖਣਾ ਪਵੇ। ਇਸ ਕੇਸ ਵਿਚ ਮੀਡੀਏ ਵੱਲੋਂ ਕੀਤਾ ਫੇਰਬਦਲ ਇਸ ਗੱਲ ਦਾ ਪ੍ਰਤੀਕ ਸਾਬਤ ਹੁੰਦਾ ਹੈ ਕਿ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ।

-ਅਰਮਿੰਦਰ ਸਿੰਘ ਮਾਨ

ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ
ਭਾਰਤ ਦੇ ਕੁਲ ਖੇਤੀਬਾੜੀ ਅਧੀਨ ਰਕਬੇ ਵਿਚ ਪੰਜਾਬ ਦਾ ਰਕਬਾ ਕਰੀਬ 2 ਫੀਸਦੀ ਬਣਦਾ ਹੈ ਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਦੇ ਮਾਮਲੇ ਵਿਚ ਪੰਜਾਬ 'ਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਕੁੱਲ ਭਾਰਤ ਵਿਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦਾ 15 ਤੋਂ 18 ਫੀਸਦੀ ਹਿੱਸਾ ਬਣਦੀਆਂ ਹਨ। ਕਿਸਾਨ ਇਸ ਗੱਲ ਤੋਂ ਅਣਜਾਣ ਹਨ ਕਿ ਇਨ੍ਹਾਂ ਜ਼ਹਿਰੀਲੀਆਂ ਦਵਾਈਆਂ ਦੇ ਅੰਸ਼ ਕੁਝ ਨਾ ਕੁਝ ਮਾਤਰਾ 'ਚ ਖਾਣ ਵਾਲੀਆਂ ਵਸਤਾਂ ਜ਼ਰੀਏ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਕੇ ਹਰ ਮਨੁੱਖ ਲਈ ਕੈਂਸਰ ਦੀ ਸੌਗਾਤ ਵੰਡਣ ਦਾ ਜ਼ਰੀਆ ਵੀ ਬਣ ਰਹੇ ਹਨ। ਕਈ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਇਕੋ-ਇਕ ਮਕਸਦ ਆਪਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਿਕਰੀ ਕਰਨਾ ਹੈ। ਸਰਕਾਰ ਅਤੇ ਖੇਤੀਬਾੜੀ ਮਹਿਕਮੇ ਨੂੰ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨੂੰ ਘੱਟ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਕਿਸਾਨ ਭਰਾਵਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਮਾਤਰਾ ਵਿਚ ਕਰਨੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਨਤੀਜੇ ਇਸ ਤੋਂ ਵੀ ਜ਼ਿਆਦਾ ਘਾਤਕ ਹੋਣਗੇ।

-ਸਰਵਣ ਸਿੰਘ ਭੰਗਲਾਂ,
ਸਮਰਾਲਾ।

21-08-2017

 ਪੰਜਾਬ ਤੇ ਹਿਸਾਬ
'ਪੰਜਾਬ ਨਾਲ ਬੇਇਨਸਾਫ਼ੀ' ਸੰਪਾਦਕੀ ਅਤੇ 'ਪਹਾੜੀ ਰਾਜਾਂ ਨੂੰ ਰਿਆਇਤਾਂ ਦੇਣ ਪਿੱਛੇ ਹੈ ਸਿਆਸੀ ਮੰਤਵ', ਹਰਜਿੰਦਰ ਸਿੰਘ ਲਾਲ ਦਾ ਲੇਖ ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਪੰਜਾਬ ਨੂੰ ਹਮੇਸ਼ਾ ਹੀ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਪੰਜਾਬ ਦੀਆਂ ਸਨਅਤੀ ਇਕਾਈਆਂ ਬੰਦ ਹੋਈਆਂ ਅਤੇ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਰਾਜਾਂ ਦੇ ਮੁਕਾਬਲੇ ਵਿਚ ਮਹਿੰਗੇ ਭਾਅ ਬਣੀ ਵਸਤ ਮਹਿੰਗੇ ਭਾਅ ਹੀ ਵੇਚਣੀ ਹੁੰਦੀ ਹੈ। ਖ਼ਰੀਦਦਾਰ ਸਸਤੀ ਮੰਡੀ ਵਿਚ ਜਾਵੇਗਾ, ਇਹ ਕੁਦਰਤੀ ਹੈ। ਮਾਹਿਰਾਂ ਨੂੰ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਸੀ ਕਿ ਪਿਛਲੇ ਦੋ ਦਹਾਕਿਆਂ ਤੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਚੱਲ ਰਹੀਆਂ ਟੈਕਸ ਸਹੂਲਤਾਂ ਦੇ ਖ਼ਤਮ ਹੋਣ ਦਾ ਸਮਾਂ ਨੇੜੇ ਹੈ। ਸਨਅਤਕਾਰ ਪੰਜਾਬ ਵੱਲ ਮੁੜ ਆਵੇਗਾ। ਪੰਜਾਬ ਸਰਕਾਰ ਵੱਲੋਂ ਸਨਅਤਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ ਹੋਰ ਉਤਸ਼ਾਹ ਭਰਨਾ ਵਾਲਾ ਸੀ ਪਰ ਕੇਂਦਰ ਵੱਲੋਂ ਉੱਤਰ-ਪੂਰਬੀ ਰਾਜਾਂ ਦੇ ਪਹਾੜੀ ਰਾਜਾਂ ਨੂੰ ਦਿੱਤੀਆਂ ਟੈਕਸ ਰਿਆਇਤਾਂ ਵਿਚ ਹੋਰ 10 ਸਾਲ ਲਈ ਵਾਧਾ ਕਰਕੇ ਆਸ 'ਤੇ ਪਾਣੀ ਫੇਰ ਦਿੱਤਾ ਗਿਆ ਹੈ। ਪੰਜਾਬ ਲਈ ਹਮੇਸ਼ਾ ਵੱਖਰਾ ਹਿਸਾਬ ਤੇ ਵੱਖਰਾ ਫਾਰਮੂਲਾ ਕਿਉਂ ਲਾਇਆ ਜਾਂਦਾ ਹੈ, ਇਸ ਦਾ ਉੱਤਰ ਉਕਰਨਾ ਪਵੇਗਾ।


-ਰਸ਼ਪਾਲ ਸਿੰਘ,
ਸ਼ੁਭ ਕਰਮਨ ਸੁਸਾਇਟੀ, ਹੁਸ਼ਿਆਰਪੁਰ।


ਘਟੀਆ ਸਿਆਸਤ ਬੰਦ ਹੋਵੇ

ਯੂ. ਪੀ. ਵਿਚ 73 ਬੱਚਿਆਂ ਦੀ ਮੌਤ ਖ਼ੌਫਨਾਕ ਖ਼ਬਰ ਸੀ ਪਰ ਸਾਡੇ ਸਿਸਟਮ ਨੂੰ ਚਲਾਉਣ ਵਾਲਿਆਂ ਵਾਸਤੇ ਇਹ ਕੁਝ ਵੀ ਨਹੀਂ। ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਪਰ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇਥੇ ਹਿਰਨ ਨੂੰ ਮਾਰਨ ਵਾਲੇ 'ਤੇ ਕੇਸ ਚੱਲ ਸਕਦਾ ਹੈ ਪਰ ਬੱਚਿਆਂ ਦੇ ਮਰਨ 'ਤੇ ਕਿਸੇ ਦੀ ਇਨਸਾਨੀਅਤ ਨਹੀਂ ਜਾਗੀ। ਇਕ ਦਿਨ ਕੋਈ ਚੈਨਲ 'ਤੇ ਕਹਿ ਰਿਹਾ ਸੀ, 'ਅੱਜ ਤਾਂ ਸਿਰਫ ਸੱਤ ਬੱਚੇ ਮਰੇ ਹਨ।' ਇਸ ਇਕ ਵਾਕ ਵਿਚੋਂ ਇਨ੍ਹਾਂ ਦੀ ਇਨਸਾਨੀਅਤ, ਲੋਕਾਂ ਪ੍ਰਤੀ ਸੋਚ ਤੇ ਕੁਰਸੀਆਂ ਦੀ ਤਾਕਤ ਦਾ ਹੰਕਾਰ ਵਿਖਾਈ ਦੇ ਗਿਆ।
ਕਾਹਦੀ ਆਜ਼ਾਦੀ, ਕਾਹਦਾ ਵਿਕਾਸ ਤੇ ਕਿਹੜਾ ਵਿਕਾਸ? ਲੋਕਾਂ ਨੂੰ ਮੁਢਲੀਆਂ ਸਹੂਲਤਾਂ ਨਹੀਂ ਤੇ ਡਿਜੀਟਲ ਇੰਡੀਆ ਬਣਾ ਕੇ ਕਿਹਨੂੰ ਲਾਭ ਦੇਣਾ? ਕਿਉਂ ਮੰਤਰੀ ਵਿਦੇਸ਼ਾਂ ਵਿਚ ਇਲਾਜ ਲਈ ਜਾਂਦੇ ਹਨ? ਕਿਉਂ ਇਨ੍ਹਾਂ ਨੂੰ ਸਕਿਉਰਿਟੀ ਚਾਹੀਦੀ ਹੈ? ਸ਼ਰਮ ਆਉਂਦੀ ਹੈ ਤੇ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਬੰਦੇ ਚੁਣ ਕੇ ਸਰਕਾਰ ਬਣਾਉਣ ਲਈ ਭੇਜਦੇ ਹਾਂ? ਮਿਹਰਬਾਨੀ ਕਰਕੇ ਏਨੀ ਗੰਦੀ ਤੇ ਘਟੀਆ ਸਿਆਸਤ ਨਾ ਕਰੋ। ਜਿੰਨੀ ਦੇਰ ਤੱਕ ਸਜ਼ਾਵਾਂ ਤੇ ਫੈਸਲੇ ਜਲਦੀ ਨਹੀਂ ਲਏ ਜਾਂਦੇ, ਮੰਦਭਾਗੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਿਲ ਹੈ।


-ਪ੍ਰਭਜੋਤ ਕੌਰ ਢਿੱਲੋਂ


ਅੰਧ-ਵਿਸ਼ਵਾਸ

ਪਿਛਲੇ ਦੋ ਮਹੀਨਿਆਂ ਤੋਂ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਕੋਈ ਗੈਬੀ ਸ਼ਕਤੀ ਸੁੱਤੇ ਪਏ, ਤੁਰਦੇ-ਫਿਰਦੇ, ਕੰਮਕਾਰ ਕਰਦੇ ਆਦਮੀ, ਔਰਤ ਅਤੇ ਬੱਚੇ ਦੇ ਸਿਰ ਤੋਂ ਵਾਲ ਕੱਟ ਜਾਂਦੀ ਹੈ। ਪਰ ਉਸ ਸ਼ਕਤੀ ਦਾ ਪਤਾ ਨਹੀਂ ਲੱਗ ਸਕਿਆ। ਵੱਖ-ਵੱਖ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਸਾਡੇ ਬਾਬੇ, ਤਾਂਤਰਿਕ, ਸਿਆਣੇ ਅਤੇ ਵਹਿਮੀ ਲੋਕ ਆਪਣੇ-ਆਪਣੇ ਢੰਗ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਬੜਾ ਅਫ਼ਸੋਸ ਹੁੰਦਾ ਜਦ ਅਸੀਂ 21ਵੀਂ ਸਦੀ ਦੇ ਵਿਚ ਪਹੁੰਚ ਕੇ ਭਾਰਤ ਨੂੰ ਸੁਪਰਪਾਵਰ ਬਣਾਉਣ ਦੀ ਗੱਲ ਕਰਦੇ ਹਾਂ ਪਰ ਸਾਡੀ ਜਨਤਾ ਹਾਲੇ ਵੀ ਅੰਧਵਿਸ਼ਵਾਸ ਵਿਚ ਬੁਰੀ ਤਰ੍ਹਾਂ ਖੁੱਭੀ ਹੋਈ ਹੈ। ਸ਼ਰਾਰਤੀ ਦਿਮਾਗ ਵਾਲੇ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਅ ਕੇ ਆਪਣੀ ਰੋਟੀ ਸੇਕ ਰਹੇ ਹਨ, ਇਨ੍ਹਾਂ ਤੋਂ ਬਚੋ।


-ਜਗਰੂਪ ਸਿੰਘ,
ਥੇਹ ਕਲੰਦਰ (ਫਾਜ਼ਿਲਕਾ)।

18-08-2017

 ਡੋਕਲਾਮ ਬਾਰੂਦ ਦੀ ਢੇਰੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ 'ਗੱਲਬਾਤ ਹੀ ਹੈ ਬਿਹਤਰ ਬਦਲ' ਨੇ ਹਫ਼ਤਿਆਂ ਦੇ ਚਲੇ ਆ ਰਹੇ ਰੇੜਕੇ 'ਡੋਕਲਾਮ' ਦੀ ਵਿਸਥਾਰ ਤੇ ਅਰਥ ਭਰਪੂਰ ਜਾਣਕਾਰੀ ਦਿੱਤੀ ਹੈ। ਦਿਨ-ਬਦਿਨ ਦੋਵਾਂ ਪਾਸਿਆਂ ਤੋਂ ਹੋ ਰਹੀ ਬਿਆਨਬਾਜ਼ੀ ਯੁੱਧ ਵਰਗਾ ਮਾਹੌਲ ਸਿਰਜ ਰਹੀ ਹੈ, ਜਿਸ ਤੋਂ ਸੁਭਾਵਿਕ ਹੀ ਪੂਰੀ ਲੋਕਾਈ ਮਾਯੂਸ ਨਜ਼ਰ ਆ ਰਹੀ ਹੈ। 'ਡੋਕਲਾਮ' ਬਾਰੂਦ ਦੀ ਉਹ ਢੇਰੀ ਪ੍ਰਤੀਤ ਹੋ ਰਹੀ ਹੈ ਜੋ ਇਕ ਤੀਲੀ ਨਾਲ ਦੋ ਗੁਆਂਢੀ ਮੁਲਕਾਂ ਨੂੰ ਨੇਸਤੋਨਾਬੂਦ ਕਰ ਸਕਦੀ ਹੈ। ਸੋ, ਲੋੜ ਹੈ ਇਸ ਮਸਲੇ ਨੂੰ ਸਿਰ ਜੋੜ ਕੇ ਹੀ ਨਿਬੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਜੋ ਲੋਕ ਦਹਿਸ਼ਤ ਦੇ ਮਾਹੌਲ ਤੋਂ ਬਾਹਰ ਆ ਸਕਣ।

-ਅੰਮ੍ਰਿਤਪਾਲ ਸਿੰਘ ਮੇਘਾਣੀਆਂ
ਸਰਕਾਰੀ ਮਿਡਲ ਸਕੂਲ ਚੌਰਵਾਲਾ (ਫ਼ਤਹਿਗੜ੍ਹ ਸਾਹਿਬ)।

ਧਾਰਮਿਕ/ਰਾਜਸੀ ਸਰਗਰਮੀਆਂ
ਧਾਰਮਿਕ ਸਮਾਗਮ ਵਿਚ ਕਥਾ, ਕੀਰਤਨ ਸੁਣ ਕੇ ਸੰਗਤਾਂ ਵਾਹਿਗੁਰੂ-ਵਾਹਿਗੁਰੂ ਕਰਦੀਆਂ ਘਰਾਂ ਨੂੰ ਵਾਪਸ ਜਾਂਦੀਆਂ ਹਨ ਜਿਸ ਨਾਲ ਸਾਡੀ ਧਾਰਮਿਕ ਬਿਰਤੀ ਬਣੀ ਰਹਿੰਦੀ ਹੈ ਤੇ ਬਣੀ ਰਹਿਣੀ ਵੀ ਚਾਹੀਦੀ ਹੈ। ਪਰ ਸਾਡੇ ਇਹ ਰੁਝਾਨ ਬਣ ਗਿਆ ਹੈ ਕਿ ਜਿਥੇ ਵੀ ਧਾਰਮਿਕ ਸਮਾਗਮ ਹੋਣ, ਉਥੇ ਰਾਜਸੀ ਪਾਰਟੀਆਂ ਇਕੱਠ ਦਾ ਗ਼ਲਤ ਫਾਇਦਾ ਉਠਾਉਂਦੀਆਂ ਹਨ। ਚਾਹੀਦਾ ਇਹ ਹੈ ਕਿ ਸਾਡੀ ਧਾਰਮਿਕ ਸੰਸਥਾ, ਸ਼੍ਰੋ: ਗੁ: ਪ੍ਰੰ: ਕਮੇਟੀ, ਇਸ ਰੁਝਾਨ ਨੂੰ ਬੰਦ ਕਰਵਾਏ। ਚਾਹੇ ਕੋਈ ਵੀ ਪਾਰਟੀ ਹੋਵੇ, ਉਸ ਨੂੰ ਉਥੇ ਧਾਰਮਿਕ ਜਗ੍ਹਾ 'ਤੇ ਕੋਈ ਵੀ ਕਾਨਫ਼ਰੰਸ ਨਾ ਕਰਨ ਦੇਵੇ। ਮੱਥਾ ਟੇਕਣ ਹਰ ਵਰਗ ਦਾ ਬੰਦਾ ਆਉਂਦਾ ਹੈ ਤਾਂ ਚਾਹੀਦਾ ਇਹ ਹੈ ਕਿ ਇਥੋਂ ਕੁਝ ਸਿੱਖਿਆ ਲੈ ਕੇ ਜਾਵੇ, ਨਾ ਕਿ ਇਕ-ਦੂਜੇ ਦੀ ਪਾਰਟੀ ਨੂੰ ਗਾਲ੍ਹਾਂ ਕੱਢਦਾ ਮੁੜੇ।

-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ

ਭ੍ਰਿਸ਼ਟਾਚਾਰ ਦਾ ਖ਼ਾਤਮਾ
ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਲੇਖ 'ਆਜ਼ਾਦੀ ਦਾ ਸੰਘਰਸ਼' ਪੜ੍ਹਿਆ, ਜਿਸ ਵਿਚ ਫ਼ਿਰਕੂਵਾਦ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗ਼ਰੀਬੀ ਵਰਗੇ ਗੰਭੀਰ ਮੁੱਦਿਆਂ ਦੀ ਗੱਲ ਕੀਤੀ ਗਈ ਸੀ। ਇਹ ਚੁਣੌਤੀਆਂ ਦੇਸ਼ ਦੇ ਅੱਗੇ ਹਨ ਅਤੇ ਇਨ੍ਹਾਂ ਨੂੰ ਤਕੜੇ ਹੋ ਕੇ ਨਜਿੱਠਣ ਦੀ ਲੋੜ ਹੈ। ਭ੍ਰਿਸ਼ਟਾਚਾਰ ਕੈਂਸਰ ਰੂਪੀ ਜੰਜਾਲ ਹੈ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਅਹਿਮ ਸਮੱਸਿਆ ਹੈ। ਦੇਸ਼ ਦੀ ਤਰੱਕੀ ਵਿਚ ਭ੍ਰਿਸ਼ਟਾਚਾਰ ਬਹੁਤ ਵੱਡੀ ਰੁਕਾਵਟ ਹੈ, ਦੇਸ਼ ਅਤੇ ਨਾਗਰਿਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਵੱਡੇ-ਛੋਟੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਨ ਦੀ ਲੋੜ ਹੈ। ਆਮ ਨਾਗਰਿਕ ਸੁਚੇਤ ਹੋਣ। ਦਲਾਲਾਂ ਅਤੇ ਭ੍ਰਿਸ਼ਟਾਚਾਰੀਆਂ ਦਾ ਤਾਣਾ-ਬਾਣਾ ਖ਼ਤਮ ਕੀਤਾ ਜਾਵੇ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵੱਡੇ ਪੱਧਰ 'ਤੇ ਵਿੱਢਣ ਦੀ ਲੋੜ ਹੈ। ਇਹ ਲੇਖ ਸ਼ਲਾਘਾਯੋਗ ਸੀ।

-ਜਸਪਾਲ ਸਿੰਘ ਲੋਹਾਮ
#29/166 ਗਲੀ ਹਜ਼ਾਰਾ ਸਿੰਘ, ਮੋਗਾ।

17-08-2017

 ਰਸੋਈ ਦਾ ਬਜਟ
ਲੋਕ ਹਿਤੈਸ਼ੀ ਸਰਕਾਰ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਹਰ ਪਰਿਵਾਰ ਦੀ ਰਸੋਈ ਦੇ ਬਜਟ ਦਾ ਖਿਆਲ ਰੱਖੇ। ਪਰ ਸਰਕਾਰ ਨੇ ਜੀ.ਐਸ.ਟੀ. ਰਾਹੀਂ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਬਹੁਤ ਸਾਰੇ ਪਦਾਰਥਾਂ 'ਤੇ ਜੀ.ਐਸ.ਟੀ. ਦੀ ਉੱਚੀ ਦਰ ਨੇ ਹਰ ਸੁਆਣੀ ਦੀ ਚਿੰਤਾ ਵਧਾ ਦਿੱਤੀ ਹੈ। ਰਹਿੰਦੀ ਕਸਰ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ 'ਤੇ ਸਬਸਿਡੀ ਖ਼ਤਮ ਕਰਨ ਦੇ ਤਾਜ਼ਾ ਫ਼ੈਸਲੇ ਨੇ ਪੂਰੀ ਕਰ ਦਿੱਤੀ ਹੈ। ਅਜਿਹੇ ਫ਼ੈਸਲੇ ਕਲਿਆਣਕਾਰੀ ਰਾਜ ਦੇ ਸੰਕਲਪ ਦੇ ਉਲਟ ਹਨ। ਪਹਿਲਾਂ ਹੀ ਸਾਡੇ ਸਮਾਜ ਦੇ ਮਿਹਨਤਕਸ਼ ਵਰਗ ਨੂੰ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਸ ਅਹਿਮ ਪਹਿਲੂ ਬਾਰੇ ਵਿਚਾਰ ਕੇ ਰਸੋਈ ਦੇ ਬਜਟ ਨੂੰ ਘਟਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

-ਮਹਿੰਦਰ ਕੌਰ ਢਿੱਲੋਂ
ਪ੍ਰਿੰ: ਦਸਮੇਸ਼ ਪਬਲਿਕ ਸੀ.ਸੈ. ਸਕੂਲ, ਬਿਲਾਸਪੁਰ (ਮੋਗਾ)।

ਅਵਾਰਾ ਕੁੱਤੇ
ਅਵਾਰਾ ਕੁੱਤਿਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਬੇਹਾਲ ਕੀਤੀ ਹੋਈ ਹੈ। ਕੁਝ ਸਮਾਂ ਪਹਿਲਾਂ ਇਕ ਚਾਰ ਸਾਲ ਦੇ ਬੱਚੇ ਨੂੰ ਖਾ ਗਏ, ਜੋ ਕਿ ਮਾਪਿਆਂ ਦਾ ਇਕਲੌਤਾ ਬੇਟਾ ਸੀ। ਕੀ ਇਹ ਕਤਲ ਨਹੀਂ ਹੈ? ਇਸ ਕਤਲ ਦਾ ਪਰਚਾ ਕਿਸ 'ਤੇ ਦਰਜ ਹੋਵੇ। ਕਿਸੇ ਕੁੱਤੇ ਉੱਪਰ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ 'ਤੇ ਜਾਂ ਫਿਰ ਕਿਸੇ ਮੰਤਰੀ 'ਤੇ। ਜਦੋਂ ਇਨ੍ਹਾਂ ਕੁੱਤਿਆਂ ਦਾ ਕਹਿਰ ਵਾਪਰਦਾ ਹੈ ਤਾਂ ਇਕ-ਦੋ ਦਿਨ ਖ਼ਬਰਾਂ ਆਉਂਦੀਆਂ ਹਨ। ਸਰਕਾਰ ਨੂੰ ਬੇਨਤੀ ਹੈ ਕਿ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਜਾਂ ਇਹ ਜੋ ਕੁੱਤੇ ਅੱਤਵਾਦ ਦੀਆਂ ਫ਼ੌਜਾਂ ਵਾਂਗ ਫਿਰਦੇ ਹਨ, ਇਨ੍ਹਾਂ ਨੂੰ ਦਵਾਈ ਪਾ ਕੇ ਮਾਰਨ ਦੀ ਇਜਾਜ਼ਤ ਦਿੱਤੀ ਜਾਵੇ।

-ਡਾ: ਕੇਵਲ ਸਿੰਘ ਰੰਧਾਵਾ
ਪਿੰਡ ਹਰਸ਼ਾ ਛੀਨਾ (ਉੱਚਾ ਕਿਲ੍ਹਾ), ਤਹਿ: ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ।

ਨਿਯਮਬੱਧ ਹੋਣਾ
ਦੁਨੀਆ ਵਿਚ ਕਿਸੇ ਵੀ ਸੰਸਥਾ ਨੂੰ ਦੇਖ ਲਈਏ ਹਰੇਕ ਦੇ ਆਪਣੇ ਕੁਝ ਨਿਯਮ ਹੁੰਦੇ ਹਨ, ਜਿਨ੍ਹਾਂ ਅਨੁਸਾਰ ਉਸ ਸੰਸਥਾ ਦੇ ਜੋ ਕਰਮਚਾਰੀ ਹਨ, ਉਨ੍ਹਾਂ ਦੇ ਕਾਰਜ ਕਰਨੇ ਹੁੰਦੇ ਹਨ। ਜੋ ਵਿਦਿਆਰਥੀ, ਸਕੂਲ, ਕਾਲਜ ਦੇ ਨਿਯਮ ਅਨੁਸਾਰ ਚਲਦਾ ਹੈ, ਜ਼ਰੂਰ ਸਫਲਤਾ ਪ੍ਰਾਪਤ ਕਰਦਾ ਹੈ। ਜਿਵੇਂ ਸੜਕ 'ਤੇ ਚੱਲਣ ਦੇ ਕੁਝ ਨਿਯਮ ਹਨ, ਜੋ ਮਨੁੱਖ ਉਨ੍ਹਾਂ ਦੀ ਉਲੰਘਣਾ ਕਰਦੇ ਹਨ, ਉਹ ਸੁਭਾਵਿਕ ਹੀ ਹੈ ਕਿ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਪਰ ਜੋ ਇਨ੍ਹਾਂ ਨਿਯਮਾਂ ਦੀ ਪਾਲਣ ਕਰਦਾ ਹੈ, ਉਹ ਹਮੇਸ਼ਾ ਦੁਰਘਟਨਾਵਾਂ ਤੋਂ ਬਚ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਸੋ, ਇਸੇ ਤਰ੍ਹਾਂ ਜ਼ਿੰਦਗੀ ਦੇ ਕੁਝ ਨਿਯਮ ਹਨ ਜੋ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਦੇ ਪੈਰ ਸਫਲਤਾ ਆਪ ਚੁੰਮਦੀ ਹੈ।

-ਨਵਜੋਤ ਸਿੰਘ ਰੰਧਾਵਾ
ਖਡੂਰ ਸਾਹਿਬ।

ਕਾਨੂੰਨ ਦੀਆਂ ਖ਼ਾਮੀਆਂ
ਔਰਤਾਂ 'ਤੇ ਜ਼ੁਲਮ ਬਦਸਤੂਰ ਜਾਰੀ ਹਨ। ਹਿਮਾਚਲ ਦਾ ਗੁੜੀਆ ਕਾਂਡ ਹੋਵੇ, ਤਲਵੰਡੀ ਸਾਬੋ ਵਿਖੇ ਸਕੂਲ ਵਿਦਿਆਰਥਣ 'ਤੇ ਕਾਤਲਾਨਾ ਹਮਲਾ ਜਾਂ ਕਪੂਰਥਲਾ ਵਿਖੇ ਮਹਿਲਾ ਜੱਜ ਦੇ ਹੱਥੋਂ ਮੋਬਾਈਲ ਖੋਹਣ ਦੀ ਘਟਨਾ ਹੋਵੇ। ਲੁੱਟ ਜਾਂ ਨਸ਼ਾ ਤਸਕਰੀ, ਰੁਕਣ ਦਾ ਨਾਂਅ ਹੀ ਨਹੀਂ ਲੈ ਰਹੇ। ਆਮ ਆਦਮੀ ਦਾ ਜੀਣਾ ਮੁਹਾਲ ਹੋ ਰਿਹਾ ਹੈ। ਐਫ.ਆਈ.ਆਰ. ਦਰਜ ਕਰਾਉਣ ਲਈ ਸੜਕਾਂ ਜਾਮ ਕਰਨੀਆਂ ਪੈਂਦੀਆਂ ਹਨ। ਦੋਸ਼ੀਆਂ ਨੂੰ ਫੜਨ 'ਚ ਦੇਰੀ ਆਦਿ ਦੀਆਂ ਗੰਭੀਰ ਘਟਨਾਵਾਂ ਕਾਰਨ ਦੋਸ਼ੀਆਂ ਨੂੰ ਬਲ ਮਿਲਦਾ ਹੈ। ਲਗਦਾ ਹੈ ਕਿ ਸਿਆਸੀ ਪ੍ਰਭਾਵ ਅਤੇ ਪੈਸੇ ਦੀ ਵਰਤੋਂ ਦੀ ਮਜ਼ਲੂਮਾਂ ਨੂੰ ਇਨਸਾਫ਼ ਲੈਣ ਵਿਚ ਰੁਕਾਵਟ ਪਾਉਂਦੇ ਹਨ।

-ਮਾ: ਮਹਿੰਦਰ ਸਿੰਘ ਬਾਜਵਾ।

15-08-2017

 ਮੋਬਾਈਲ ਅਤੇ ਨੌਜਵਾਨ ਪੀੜ੍ਹੀ
ਦਹਾਕਾ ਕੁ ਪਹਿਲਾਂ ਤੋਂ ਸ਼ੁਰੂ ਹੋਇਆ ਮੋਬਾਈਲ ਦਾ ਯੁੱਗ ਬੇਸ਼ੱਕ ਸਾਡੀਆਂ ਜ਼ਰੂਰਤਾਂ ਦਾ ਹਿੱਸਾ ਬਣ ਚੁੱਕਾ ਹੈ। ਨੈੱਟਵਰਕ ਕੰਪਨੀਆਂ ਵੱਲੋਂ ਦਿੱਤੀਆਂ ਜਾਂਦੀਆਂ ਸਸਤੇ ਹੋਣ ਦੀਆਂ ਸਹੂਲਤਾਂ ਆਮ ਜਨਤਾ ਦੀ ਜ਼ਰੂਰਤ ਬਣ ਚੁੱਕੀਆਂ ਹਨ। ਮੋਬਾਈਲ ਫੋਨ ਵਿਚ ਚੱਲ ਰਹੇ ਐਪਸ ਜਿਵੇਂ ਫੇਸਬੁੱਕ, ਵਟਸ-ਐਪ, ਜੀ-ਮੇਲ, ਇੰਸਟਾਗ੍ਰਾਮ ਆਦਿ ਉੱਪਰ ਆਪਣੀ ਫੋਕੀ ਸ਼ੋਹਰਤ ਲਈ ਅਲੱਗ-ਅਲੱਗ ਤਰ੍ਹਾਂ ਦੇ ਪੋਜ ਬਣਾ ਕੇ ਸੈਲਫੀਆਂ ਕਲਿਕ ਕਰਕੇ ਪਾ ਰਹੇ ਹਨ ਅਤੇ ਕੁਝ ਲੋਕ ਸੈਲਫੀਆਂ ਦੇ ਚੱਕਰ ਵਿਚ ਆਪਣੀ ਜਾਨ ਤੱਕ ਗੁਆ ਚੁੱਕੇ ਹਨ। ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਵਿਚ ਖੇਡਾਂ ਵਿਚ ਪ੍ਰਾਪਤ ਕੀਤੇ ਇਨਾਮ ਹੋਣੇ ਚਾਹੀਦੇ ਹਨ। ਅੱਜ ਉਨ੍ਹਾਂ ਦੇ ਹੱਥਾਂ ਵਿਚ ਪਿਸਤੌਲ-ਬੰਦੂਕਾਂ ਆਦਿ ਹੁੰਦੀਆਂ ਹਨ ਜਾਂ ਮਹਿੰਗੀਆਂ ਗੱਡੀਆਂ, ਚਾਹੇ ਉਹ ਕਿਸੇ ਹੋਰ ਦੀਆਂ ਹੀ ਕਿਉਂ ਨਾ ਹੋਣ। ਫੋਟੋਆਂ ਖਿੱਚ ਕੇ ਫੇਸਬੁੱਕ, ਵਟਸਐਪ 'ਤੇ ਪਾਈਆਂ ਜਾਂਦੀਆਂ ਹਨ। ਅੱਜ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੇਪਰ ਵਿਚੋਂ ਪਾਸ ਹੋਣ ਦੀ ਓਨੀ ਫ਼ਿਕਰ ਨਹੀਂ ਹੁੰਦੀ ਜਿੰਨੀ ਇਹ ਉਤਸੁਕਤਾ ਹੁੰਦੀ ਹੈ ਕਿ ਕਿਹੜੀ ਕੰਪਨੀ ਕਦੋਂ ਨਵਾਂ ਫੋਨ ਲਾਂਚ ਕਰ ਰਹੀ ਹੈ। ਇਸ ਫੋਕੀ ਸ਼ੋਹਰਤ ਨੂੰ ਛੱਡ ਕੇ ਨੌਜਵਾਨ ਵਰਗ ਪੜ੍ਹਾਈ ਅਤੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਵੇ ਤੇ ਪੰਜਾਬ ਦਾ ਨਾਂਅ ਰੌਸ਼ਨ ਕਰੇ।

-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਜ਼ਿਲ੍ਹਾ ਗੁਰਦਾਸਪੁਰ।

ਸਰਕਾਰ ਦੇ ਧਿਆਨ ਹਿਤ
ਪੰਜਾਬ ਸਰਕਾਰ ਦੇ ਲਗਪਗ 5 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਮੀਡੀਆ ਦੁਆਰਾ ਸਰਕਾਰ ਦੇ ਧਿਆਨ ਵਿਚ ਲਿਆਉਣਾ ਜ਼ਰੂਰੀ ਹੈ ਕਿ ਸਰਕਾਰ ਹੋਰ ਕੰਮਾਂ ਦੇ ਨਾਲ-ਨਾਲ ਪੈਨਸ਼ਨਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰੇ। ਕਿਉਂਕਿ ਵੱਡੀ ਤਦਾਦ ਵਿਚ ਲਾਭਪਾਤਰੀ ਪੈਨਸ਼ਨਾਂ 'ਤੇ ਹੀ ਨਿਰਭਰ ਹਨ। ਸਰਕਾਰ ਨੇ ਅਜੇ ਤੱਕ ਇਸ ਬਾਰੇ ਵੀ ਕੋਈ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ ਕਿ ਆਟਾ-ਦਾਲ ਸਕੀਮ ਕਦੋਂ ਤੱਕ ਲੋੜਵੰਦਾਂ ਤੱਕ ਪਹੁੰਚ ਜਾਵੇਗੀ। ਬਾਕੀ ਇਹ ਜ਼ਰੂਰੀ ਹੈ ਕਿ ਅਕਾਲੀ ਦਲ ਦੀ ਸਰਕਾਰ ਨੇ ਜੋ ਨੀਲੇ ਕਾਰਡ ਬਣਾਏ ਸੀ, ਉਨ੍ਹਾਂ ਵਿਚ ਕਾਫੀ ਹੱਦ ਤੱਕ ਨਾਜਾਇਜ਼ ਕਾਰਡ ਵੀ ਬਣੇ ਹੋਏ ਹਨ। ਆਟਾ-ਦਾਲ ਵੰਡਣ ਦੇ ਨਾਲ-ਨਾਲ ਪੜਚੋਲ ਕਰ ਨਾਜਾਇਜ਼ ਬਣੇ ਨੀਲੇ ਕਾਰਡ ਵੀ ਬੰਦ ਕੀਤੇ ਜਾਣ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਸਾਂਝੇ ਪਰਿਵਾਰ
ਬੀਤੇ ਦਿਨ ਲੋਕ ਮੰਚ ਸਫ਼ੇ 'ਤੇ ਲੇਖਕ ਮੁਹੰਮਦ ਬਸ਼ੀਰ ਦਾ ਲੇਖ 'ਰਿਸ਼ਤਿਆਂ ਵਿਚ ਘਟਿਆ ਨਿੱਘ' ਪੜ੍ਹਿਆ, ਵਧੀਆ ਲੱਗਾ। ਵਾਕਿਆ ਪਦਾਰਥਵਾਦ ਦੀ ਚੱਲ ਰਹੀ ਹਨੇਰੀ ਵਿਚ ਅਸੀਂ ਬਹੁਤ ਕੀਮਤੀ ਤੇ ਅਤੀ ਨਜ਼ਦੀਕੀ ਰਿਸ਼ਤਿਆਂ ਨੂੰ ਭੰਗ ਦੇ ਭਾਅ ਹੀ ਗੁਆ ਦਿੱਤਾ। ਪਿਆਰ ਦੀਆਂ ਗੰਢਾਂ ਢਿੱਲੀਆਂ ਹੋ ਗਈਆਂ। ਸਾਡੇ ਸਮਾਜ 'ਚ ਇਖਲਾਕੀ ਗਿਰਾਵਟ ਆ ਚੁੱਕੀ ਹੈ। ਸਹਿਣਸ਼ੀਲਤਾ, ਪਿਆਰ, ਇਮਾਨਦਾਰੀ, ਵੱਡਿਆਂ ਦਾ ਸਤਿਕਾਰ, ਮਿਹਨਤ ਤੇ ਸਾਕਾਰਤਮਿਕ ਸੋਚ ਵਰਗੇ ਗੁਣ ਸਾਨੂੰ ਸਾਂਝੇ ਪਰਿਵਾਰਾਂ ਵਿਚ ਰਹਿ ਕੇ ਸਿੱਖਣ ਨੂੰ ਮਿਲਦੇ ਸਨ। ਇਕ ਤਰ੍ਹਾਂ ਨਾਲ ਸੰਯੁਕਤ ਪਰਿਵਾਰ ਬੱਚੇ ਲਈ ਪਹਿਲਾ ਸਕੂਲ ਹੁੰਦਾ ਸੀ। ਕੁੱਲ ਮਿਲਾ ਕੇ ਰਿਸ਼ਤਿਆਂ ਦੇ ਨਿੱਘ ਲਈ ਹਊਮੈ ਦਾ ਤਿਆਗ ਜ਼ਰੂਰੀ ਹੈ। ਸ਼ਾਂਤਮਈ ਵਾਤਾਵਰਨ ਸਿਰਜ, ਸਾਂਝੇ ਪਰਿਵਾਰ ਨੂੰ ਮੁੜ ਸੁਰਜੀਤ ਕਰਨ ਦੀ ਸੰਭਵ ਕੋਸ਼ਿਸ਼ ਕਰਨੀ ਬਣਦੀ ਹੈ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸਿੱਖਿਆ ਸੁਧਾਰ
ਜਿਸ ਤਰ੍ਹਾਂ ਇਕ ਛੋਟੇ ਬੱਚੇ ਨੂੰ ਵਧਣ-ਫੁੱਲਣ ਲਈ ਵਧੀਆ ਖੁਰਾਕ ਅਤੇ ਸੂਰਜ ਦੀ ਰੌਸ਼ਨੀ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਹੀ ਅੱਜ ਸਿੱਖਿਆ ਵਿਭਾਗ ਦੇ ਬੁਨਿਆਦੀ ਢਾਂਚੇ ਅਤੇ ਇਸ ਨੂੰ ਵਿਗਿਆਨਕ ਲੀਹਾਂ ਉੱਪਰ ਤੋਰਨ ਦੀ ਜ਼ਰੂਰਤ ਹੈ। ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੀ ਬਤੌਰ ਸਕੱਤਰ ਪੰਜਾਬ ਸਿੱਖਿਆ ਵਿਭਾਗ ਵਿਚ ਨਿਯੁਕਤੀ ਸਿੱਖਿਆ ਸੁਧਾਰਾਂ ਲਈ ਇਕ ਵਧੀਆ ਸ਼ਗਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪਲੇਠੇ ਸੰਬੋਧਨ ਰਾਹੀਂ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਇਸ ਪਵਿੱਤਰ ਪੇਸ਼ੇ ਨੂੰ ਰਾਜਨੀਤਕ ਗ੍ਰਹਿਣ ਨਹੀਂ ਲੱਗਣਾ ਚਾਹੀਦਾ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਧੇ ਫੁੱਲੇ ਅਤੇ ਹਮੇਸ਼ਾ ਦੀ ਤਰ੍ਹਾਂ ਪੂਰੇ ਦੇਸ਼ ਦੀ ਅਗਵਾਈ ਕਰੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

14-08-2017

 ਅਫ਼ਵਾਹਾਂ ਅਤੇ ਡਰਾਮੇਬਾਜ਼ੀਆਂ
ਰਾਜਸਥਾਨ ਦੇ ਰੇਤਲੇ ਟਿੱਬਿਆਂ ਵਿਚੋਂ ਉਠੀਆਂ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਡਰਾਮੇਬਾਜ਼ੀਆਂ ਨੇ ਹੁਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਦੀ ਹੁੰਦੀਆਂ ਆਰਥਿਕ ਪੱਖੋਂ ਕਮਜ਼ੋਰ ਅਤੇ ਅਨਪੜ੍ਹਤਾ ਦੇ ਸ਼ਿਕਾਰ ਲੋਕਾਂ ਦੇ ਘਰਾਂ ਵਿਚ ਦਸਤਕ ਦੇ ਦਿੱਤੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅਜਿਹੀਆਂ ਅਫ਼ਵਾਹਾਂ ਅਤੇ ਡਰਾਮੇਬਾਜ਼ੀਆਂ ਹੁੰਦੀਆਂ ਸੁਣ ਕੇ ਪੰਜਾਬ ਦਾ ਪੜ੍ਹਿਆ-ਲਿਖਿਆ ਵਰਗ ਵੀ ਖ਼ਾਮੋਸ਼ ਬੈਠਾ ਹੈ। ਬੀਤੇ ਸਮੇਂ ਵਿਚ ਲੋਕਾਂ ਨੇ ਘਿਓ ਤੋਰੀਆਂ ਵਿਚ ਸੱਪ ਦੀ ਫੋਟੋ ਦਿਸਣੀ, ਦੋਹਤਿਆਂ ਦੀ ਸਲਾਮਤੀ ਲਈ ਨਾਨੀਆਂ ਵੱਲੋਂ ਠੂਠੀਆਂ ਲੈ ਕੇ ਜਾਣਾ ਅਤੇ ਮੂਰਤੀਆਂ ਨੇ ਦੁੱਧ ਪੀਣਾ ਆਦਿ ਅਨੇਕਾਂ ਅਫ਼ਵਾਹਾਂ ਨੰਗੇ ਪਿੰਡੇ 'ਤੇ ਹੰਢਾਈਆਂ ਹਨ। ਲੋੜ ਹੈ ਸੂਝਵਾਨ ਲੋਕਾਂ ਨੂੰ ਅਜਿਹੇ ਅੰਧ-ਵਿਸ਼ਵਾਸ ਦੇ ਟੋਏ ਨੂੰ ਭਰਨ ਦੀ, ਤਾਂ ਕਿ ਕੱਲ੍ਹ ਨੂੰ ਕੋਈ ਨਵੀਂ ਅਫ਼ਵਾਹ ਜਨਮ ਨਾ ਲੈ ਸਕੇ।


-ਅੰਗਰੇਜ਼ ਸਿੰਘ ਬਰਾੜ
ਪਿੰਡ ਤੇ ਡਾਕ: ਫੇਰੋਕੇ, ਤਹਿਸੀਲ ਜ਼ੀਰਾ, (ਫਿਰੋਜ਼ਪੁਰ)।


ਚੂਹਿਆਂ ਦੀ ਭਰਮਾਰ
ਕਿਸਾਨ ਨੂੰ ਕਦੇ ਅਵਾਰਾ ਪਸ਼ੂਆਂ, ਕਦੇ ਅਵਾਰਾ ਸੂਰ, ਕਦੇ ਅਵਾਰਾ ਕੁੱਤੇ ਤੇ ਕਦੇ ਕੋਈ ਹੋਰ ਜਾਨਵਰ ਤੰਗ ਕਰਦੇ ਹਨ। ਇਸ ਵਾਰ ਖੇਤਾਂ ਵਿਚ ਚੂਹਿਆਂ ਦੀ ਭਰਮਾਰ ਹੈ। ਜਿਹੜੇ ਖੇਤ ਵਿਚ ਉੱਗੀ ਹਰ ਤਰ੍ਹਾਂ ਦੀ ਫ਼ਸਲ ਹਰਾ-ਚਾਰਾ, ਨਰਮਾ, ਝੋਨਾ, ਬਾਸਮਤੀ ਆਦਿ ਦਾ ਬਹੁਤ ਨੁਕਸਾਨ ਕਰਦੇ ਹਨ। ਝੋਨੇ, ਬਾਸਮਤੀ ਨੂੰ ਚੂਹਿਆਂ ਤੋਂ ਬਚਾਉਣ ਲਈ ਕਿਸਾਨ ਝੋਨੇ ਦੀ ਫ਼ਸਲ ਵਿਚ ਜ਼ਿਆਦਾ ਪਾਣੀ ਲਗਾ ਰਹੇ ਹਨ। ਕੁਝ ਸਾਲ ਪਹਿਲਾਂ ਚੂਹਿਆਂ ਨੂੰ ਮਾਰਨ ਲਈ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮੁਫ਼ਤ ਦਵਾਈ ਦਿੰਦਾ ਹੁੰਦਾ ਸੀ। ਪਰ ਪਿਛਲੇ ਕੁਝ ਅਰਸੇ ਦੌਰਾਨ ਸਰਕਾਰ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਸੰਭਲ ਕੇ ਚੱਲਣ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ 'ਚ ਕੈਪਟਨ ਸਰਕਾਰ ਨੂੰ ਸਹੀ ਸਮੇਂ 'ਤੇ ਸਹੀ ਸਲਾਹ ਦਿੱਤੀ ਹੈ ਕਿ ਮੁਫ਼ਤਖੋਰੀ ਪੰਜਾਬ ਦੀ ਮਾਲੀ ਸਿਹਤ ਲਈ ਠੀਕ ਨਹੀਂ ਹੈ। ਵੈਸੇ ਵੀ ਨੀਲੇ-ਪੀਲੇ ਕਾਰਡ ਧਾਰਕਾਂ ਨੇ ਕੰਮ ਕਰਨਾ ਛੱਡ ਦਿੱਤਾ ਹੈ। ਜੇਕਰ ਕੈਪਟਨ ਸੋਚਦੇ ਹਨ ਕਿ ਮੁਫ਼ਤ ਦੇ ਗੱਫੇ ਪਾਰਟੀ ਨੂੰ ਮਜ਼ਬੂਤ ਕਰਨਗੇ ਤਾਂ ਉਹ ਵੱਡਾ ਭੁਲੇਖਾ ਪਾਲ ਰਹੇ ਹਨ। ਹਰੇਕ ਘਰ ਦੇ ਇਕ ਪੜ੍ਹੇ-ਲਿਖੇ ਬੇਰੁਜ਼ਗਾਰ ਨੂੰ ਸਰਕਾਰੀ ਨੌਕਰੀ ਦੇਵੇ। ਮਜ਼ਦੂਰਾਂ ਨੂੰ ਸਨਅਤੀ ਖੇਤਰ 'ਚ ਕੰਮ ਦਿੱਤਾ ਜਾਵੇ। ਨੀਲੇ-ਪੀਲੇ ਕਾਰਡ ਧਾਰਕਾਂ ਨੂੰ ਕੰਮ ਕਰਨ ਲਈ ਪ੍ਰੇਰਿਆ ਜਾਵੇ। ਇਹ ਸਭ ਕਰਨ ਨਾਲ ਪੰਜਾਬ ਮਜ਼ਬੂਤ ਹੋਵੇਗਾ।


-ਕੇ. ਕੇ. ਸਿੰਘ ਖਮਾਣੋਂ
ਵਾਰਡ ਨੰ: 1, ਖਮਾਣੋਂ, ਤਹਿ: ਤੇ ਡਾਕ: ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।


ਵਿਦੇਸ਼ ਜਾਣ ਦਾ ਰੁਝਾਨ
ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਦੇ 70 ਫ਼ੀਸਦੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਦੇ ਨਾਂਅ 'ਤੇ ਰੋਜ਼ੀ-ਰੋਟੀ ਕਮਾਉਣ ਲਈ ਮਜਬੂਰ ਹਨ, ਪ੍ਰੰਤੂ ਸੂਬਾ ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਹੈ। ਵਿਦੇਸ਼ੀਂ ਪੜ੍ਹਾਈ ਕਰਨ ਦੇ ਨਾਂਅ 'ਤੇ ਜਿਸ ਤਰ੍ਹਾਂ ਨੌਜਵਾਨ ਊਰਜਾ ਅਤੇ ਧਨ ਵਿਦੇਸ਼ਾਂ ਵੱਲ ਤੁਰਿਆ ਜਾ ਰਿਹਾ ਹੈ, ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੀ ਜਵਾਨੀ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਲਈ ਸੂਬਾ ਸਰਕਾਰ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਹੈ। ਪਰਵਾਸ ਕਰਨਾ ਕੋਈ ਮਾੜੀ ਗੱਲ ਨਹੀਂ, ਪ੍ਰੰਤੂ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੂਬੇ ਦੇ ਨੌਜਵਾਨ ਐਨੇ ਨਿਰਾਸ਼ ਹੋ ਗਏ ਹਨ ਕਿ ਆਪਣੇ ਹੱਥੀਂ ਆਪਣੇ ਲਈ ਪਿੰਜਰਾ ਬਣਾ ਰਹੇ ਹਨ।


-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

08-08-2017

ਚੀਨੀ ਸਾਮਾਨ ਦਾ ਬਾਈਕਾਟ
ਆਪਣੀ ਵਿਸ਼ਾਲ ਫ਼ੌਜ ਦਾ ਖਰਚ ਚਲਾਉਣ ਲਈ ਚੀਨ ਵਿਦੇਸ਼ਾਂ ਵਿਚ ਘਟੀਆ ਮਿਆਰ ਦਾ ਸਮਾਨ ਵੇਚ ਕੇ ਆਪਣੀ ਆਮਦਨ ਵਿਚ ਵਾਧਾ ਕਰ ਰਿਹਾ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਉਸਦਾ ਕਾਰੋਬਾਰ ਵੱਡੇ ਪੈਮਾਨੇ 'ਤੇ ਫੈਲਿਆ ਹੋਇਆ ਹੈ। ਦੂਜੇ ਪਾਸੇ ਸਰਹੱਦ ਉੱਪਰ ਉਹ ਸਾਨੂੰ ਅੱਖਾਂ ਵੀ ਦਿਖਾ ਰਿਹਾ ਹੈ। ਨਿੱਤ ਦਿਨ ਹਮਲੇ ਦੀਆਂ ਧਮਕੀਆਂ ਵੀ ਦਿੰਦਾ ਹੈ। ਭਾਰਤ ਵਿਚ ਹੋ ਰਹੀ ਉਸ ਦੀ ਕਰੋੜਾਂ ਦੀ ਲੁੱਟ ਨੂੰ ਰੋਕਣ ਲਈ ਹਰ ਭਾਰਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ। ਇਸ ਨਾਲ ਹੀ ਉਸ ਦੀ ਫ਼ੌਜ ਦਾ ਲੱਕ ਤੋੜਿਆ ਜਾ ਸਕਦਾ ਹੈ।

-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਦਰੱਖਤਾਂ ਦੀ ਕਟਾਈ
ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹਣ ਦੇ ਲਈ ਅਸੀਂ ਸਾਰੇ ਇਕ ਦੂਜੇ ਨੂੰ ਦੋਸ਼ੀ ਠਹਿਰਾਉਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੇ। ਹਜ਼ਾਰਾਂ ਦਰੱਖਤ ਇਸ ਅਨੋਖੇ ਵਿਕਾਸ ਦੀ ਭੇਟ ਚੜ੍ਹ ਰਹੇ ਹਨ। ਸਰਕਾਰਾਂ ਕੋਈ ਬਦਲਵਾਂ ਹੱਲ ਲੱਭਣ ਤੋਂ ਅਸਮਰੱਥ ਜਾਪ ਰਹੀਆਂ ਹਨ। ਕਿਸਾਨ ਵੀਰ ਵੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਸਮੇਂ ਮਨੁੱਖ ਨੂੰ ਜੀਵ ਦਾਨ ਬਖਸ਼ਣ ਵਾਲੇ ਇਸ ਆਕਸੀਜਨ ਰੂਪੀ ਬੂਟੇ ਨੂੰ ਵੀ ਅੱਗ ਦੇ ਹਵਾਲੇ ਕਰ ਦਿੰਦੇ ਹਨ। ਪਿੰਡਾਂ ਦੇ ਆਗੂਆਂ ਤੇ ਪੰਚਾਇਤ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਨਕਾਰੇ ਹੋਏ ਲੀਡਰਾਂ ਦੇ ਏ.ਸੀ. ਕਮਰਿਆਂ ਦੀ ਠੰਢਕ ਨੂੰ ਵਿਸਾਰ ਕੇ ਇਨ੍ਹਾਂ ਕਤਲ ਹੋ ਰਹੇ ਬੇਜ਼ੁਬਾਨ ਜੀਵਨ ਦਾਤਿਆਂ ਵੱਲ ਵੀ ਧਿਆਨ ਦੇਣ ਤਾਂ ਕਿ ਅਸੀਂ ਅਤੇ ਅਗਲੀ ਪੀੜ੍ਹੀ ਕੁਦਰਤ ਦੇ ਕਹਿਰ ਤੋਂ ਬਚ ਸਕੇ ਅਤੇ ਪੰਜਾਬ ਮੁੜ ਹਰਿਆਲੀ ਵੱਲ ਪਰਤ ਆਵੇ।

-ਮਨਜਿੰਦਰ ਸਿੰਘ ਸਰੌਂਦ
ਮਾਲੇਰਕੋਟਲਾ।

ਜੀ.ਐਸ.ਟੀ. ਤੋਂ ਛੋਟ ਹੋਵੇ
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਵੱਖ-ਵੱਖ ਵਸਤੂਆਂ 'ਤੇ ਜੀ.ਐਸ.ਟੀ. ਟੈਕਸ ਦੀ ਸ਼ੁਰੂਆਤ ਕਰਕੇ ਇਕ ਨਵੇਂ ਟੈਕਸ ਨੂੰ ਲਾਗੂ ਕਰ ਦਿੱਤਾ ਹੈ। ਭਾਵੇਂ ਇਸ ਟੈਕਸ ਨੂੰ ਪੂਰਨ ਰੂਪ ਵਿਚ ਲਾਗੂ ਕੀਤਾ ਗਿਆ ਹੈ ਪਰ ਗੁਰੂ ਘਰਾਂ ਅੰਦਰ ਚਲਦੇ ਲੰਗਰ ਦੀਆਂ ਵਸਤੂਆਂ ਨੂੰ ਕੇਂਦਰ ਸਰਕਾਰ ਦੁਆਰਾ ਛੋਟ ਦਿੱਤੀ ਜਾਣੀ ਚਾਹੀਦੀ ਹੈ। ਗਰੀਬ ਅਤੇ ਲੋੜਵੰਦ ਗੁਰਦੁਆਰਾ ਸਾਹਿਬ ਦੇ ਲੰਗਰ ਵਿਚ ਆਪਣੀ ਭੁੱਖ ਮਿਟਾ ਲੈਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਗਾਤਾਰ ਲੰਗਰ ਦੇ ਸਮਾਨ ਨੂੰ ਜੀ.ਐਸ.ਟੀ. ਮੁਕਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਕੇਂਦਰ ਸਰਕਾਰ ਇਸ ਮੰਗ ਨੂੰ ਪੂਰਾ ਕਰਕੇ ਗੁਰੂ ਘਰਾਂ ਦੇ ਲੰਗਰ ਨੂੰ ਜੀ.ਐਸ.ਟੀ. ਤੋਂ ਬਾਹਰ ਕਰੇ ਤਾਂ ਕਿ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੰਗਰ ਚਲਾਉਣ ਵਿਚ ਮੁਸ਼ਕਿਲ ਪੇਸ਼ ਨਾ ਆਵੇ।

-ਸੁਖਰਾਜ ਸਿੰਘ ਚਹਿਲ
ਧਨੌਲਾ-148105 (ਬਰਨਾਲਾ)

03-08-2017

 ਪੰਜਾਬੀ ਜ਼ਬਾਨ
ਪਿਛਲੇ ਦਿਨੀਂ 'ਅਜੀਤ' ਵਿਚ ਇਹ ਖ਼ਬਰ 'ਸ੍ਰੀ ਨਨਕਾਣਾ ਸਾਹਿਬ 'ਚ ਲਿਖ ਕੇ ਲਾਏ ਹੋਰਡਿੰਗ ਬਣੇ ਖਿੱਚ ਦਾ ਕੇਂਦਰ' ਪੜ੍ਹ ਕੇ ਬੇਹੱਦ ਖੁਸ਼ੀ ਹੋਈ। ਪਾਕਿਸਤਾਨ ਵਿਚ ਸੂਬਾ ਸਰਕਾਰ ਦੇ ਹੁਕਮ ਤੇ ਐਮ.ਪੀ.ਏ. ਅਤੇ ਚੇਅਰਮੈਨ ਸਟੈਂਡਿੰਗ ਕਮੇਟੀ ਬਰਾਏ ਇਨਸਾਨੀ ਹਕੂਕ ਸ: ਰਮੇਸ਼ ਸਿੰਘ ਅਰੋੜਾ ਵੱਲੋਂ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਉੱਪਰ ਗੁਰਮੁਖੀ 'ਚ ਲਿਖ ਕੇ ਲਗਵਾਏ ਸੂਚਨਾ ਬੋਰਡ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪਰ ਕੁਝ ਦਿਨ ਪਹਿਲਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਫੁਰਮਾਨ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿਚ ਵੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਨੂੰ ਬਣਾਇਆ ਜਾਵੇਗਾ। ਇਹ ਗੱਲ ਮੰਨਣਯੋਗ ਹੈ ਕਿ ਅੱਜ ਅੰਗਰੇਜ਼ੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ 'ਤੇ ਲੋੜ ਹੈ ਪਰ ਕੀ ਇਸ ਨੂੰ ਵਧੀਆ ਤਰੀਕੇ ਨਾਲ ਇਕ ਵਿਸ਼ੇ ਦੇ ਤੌਰ 'ਤੇ ਨਹੀਂ ਪੜ੍ਹਾਇਆ ਜਾ ਸਕਦਾ। ਪੰਜਾਬ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਕਰਨਾ ਤੁਗਲਕੀ ਫੁਰਮਾਨ ਤੋਂ ਘੱਟ ਨਹੀਂ ਹੋਵੇਗਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


ਮੈਡੀਕਲ ਸਟੋਰ
ਦੇਸ਼ ਅੰਦਰ ਹਜ਼ਾਰਾਂ ਦੇ ਲਗਪਗ ਅਜਿਹੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਵਿਸ਼ਵ ਦੇ ਕਈ ਦੇਸ਼ ਪਾਬੰਦੀ ਲਾ ਚੁੱਕੇ ਹਨ। ਸ਼ਹਿਰਾਂ ਤੇ ਪਿੰਡਾਂ ਵਿਚ ਬਿਨਾਂ ਡਿਗਰੀ ਅਤੇ ਲਾਇਸੈਂਸ ਤੋਂ ਸੈਂਕੜੇ ਮੈਡੀਕਲ ਸਟੋਰ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਸਿਹਤ ਵਿਭਾਗ ਕੋਲ ਕੋਈ ਰਿਕਾਰਡ ਨਹੀਂ। ਇਸ ਕਰਕੇ ਹੀ ਇਨ੍ਹਾਂ ਸਟੋਰਾਂ 'ਤੇ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਕੇ ਨੌਜਵਾਨਾਂ ਦੀਆਂ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਨਸ਼ੀਲੀਆਂ ਦਵਾਈਆਂ ਵਿਰੁੱਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਅਤੇ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਬਾਵਜੂਦ ਇਨ੍ਹਾਂ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੇਸ਼ ਪੱਧਰ 'ਤੇ ਵਧ-ਫੁਲ ਰਹੇ ਇਸ ਕਾਰੋਬਾਰ ਨੂੰ ਰੋਕਣ ਲਈ ਅੱਗੇ ਆਉਣ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਲਿਖਣਾ ਇਕ ਕਲਾ
ਕੋਈ ਸਮਾਂ ਹੁੰਦਾ ਸੀ ਕਿ ਖ਼ਤਾਂ ਦੀ ਹਰ ਪਾਸੇ ਸਰਦਾਰੀ ਹੁੰਦੀ ਸੀ। ਖ਼ਤ ਲਿਖਣ ਵਾਲੇ ਨੂੰ ਜੋ ਖੁਸ਼ੀ ਹਾਸਲ ਹੁੰਦੀ ਸੀ, ਉਸੇ ਖੁਸ਼ੀ ਦਾ ਅਹਿਸਾਸ ਮਿਲਣ ਵਾਲੇ ਨੂੰ ਵੀ ਹੁੰਦਾ ਸੀ। ਖ਼ਤ ਲਿਖਣਾ ਵੀ ਇਕ ਕਲਾ ਹੈ। ਕਿਉਂਕਿ ਹੁਣ ਸੁਨੇਹੇ ਦੇਣ ਅਤੇ ਰਾਜ਼ੀ ਖੁਸ਼ੀ ਲੈਣ-ਦੇਣ ਦੇ ਆਧੁਨਿਕ ਸਾਧਨ ਆ ਗਏ ਹਨ ਤਾਂ ਹੁਣ ਸਰਕਾਰੀ ਖ਼ਤ ਹੀ ਆਉਂਦੇ ਹਨ। ਪੁਰਾਣੇ ਸਮੇਂ ਵਿਚ ਰੇਡੀਓ ਨੂੰ ਖ਼ਤ ਲਿਖ ਕੇ ਆਪਣੀ ਫਰਮਾਇਸ਼ ਪੂਰੀ ਕਰਵਾਉਣੀ ਵੀ ਬਹੁਤ ਲੋਕਾਂ ਦਾ ਸ਼ੋਕ ਸੀ। ਜੇਕਰ ਕਿਸੇ ਨਾਲ ਗੱਲਬਾਤ ਕਰਨੀ ਔਖੀ ਜਾਪਦੀ ਹੋਵੇ, ਉਸ ਨੂੰ ਖ਼ਤ ਰਾਹੀਂ ਆਪਣੇ ਜਜ਼ਬਾਤ ਅਤੇ ਭਾਸ਼ਾ ਨਾਲ ਆਸਾਨੀ ਨਾਲ ਪ੍ਰਗਟ ਕੀਤਾ ਜਾ ਸਕਦਾ ਹੈ।


-ਅਰਸ਼ਪ੍ਰੀਤ ਸਿੰਘ
ਪਿੰਡ ਸਮਾਧ ਭਾਈ, ਮੋਗਾ।

02-08-2017

 ਪੱਤਰਮਨੁੱਖਤਾ 'ਤੇ ਅਹਿਸਾਨ
ਪਿਛਲੇ ਦਿਨੀਂ ਪੰਘੂੜਾ ਘਰ ਵਿਚ ਇਕ ਨਵਜੰਮੀ ਬੱਚੀ ਕਿਸੇ ਵੱਲੋਂ ਪਹੁੰਚਾਈ ਗਈ। ਮੈਡੀਕਲ ਚੈੱਕਅੱਪ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਦੀ ਦੋਵਾਂ ਅੱਖਾਂ ਦੀ ਰੌਸ਼ਨੀ ਨਹੀਂ ਹੈ। 'ਅਜੀਤ' ਵਿਚ ਇਹ ਖ਼ਬਰ ਪੜ੍ਹ ਕੇ ਅਤਿਅੰਤ ਖੁਸ਼ੀ ਹੋਈ ਕਿ ਪ੍ਰਸਿੱਧ ਖੂਨਦਾਨੀ, ਨੈਸ਼ਨਲ ਐਵਾਰਡੀ ਐਡਵੋਕੇਟ ਰਘਬੀਰ ਸਿੰਘ ਤੂਰ ਨੇ ਆਪਣੀ ਇਕ ਅੱਖ, ਉਪਰੋਕਤ ਬੱਚੀ ਨੂੰ ਦੇਣ ਦਾ ਐਲਾਨ ਕੀਤਾ। ਮਰਨ ਉਪਰੰਤ ਅੱਖਾਂ ਦਾ ਦਾਨ ਕਰਨਾ ਵੀ ਉੱਤਮ ਦਰਜੇ ਦਾ ਦਾਨ ਹੈ, ਪਰ ਜਿਊਂਦੇ ਜੀਅ ਆਪਣੀ ਇਕ ਅੱਖ, ਮਜਬੂਰ ਬੱਚੇ ਨੂੰ ਦੇਣੀ ਤਾਂ ਰੱਬ ਨੂੰ ਮੁੱਲ ਲੈਣ ਵਾਲੀ ਗੱਲ ਹੈ। ਅਸੀਂ ਆਪਣੇ ਵੱਲੋਂ ਤੂਰ ਸਾਹਿਬ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਨਿਰਸੰਦੇਹ, ਉਨ੍ਹਾਂ ਦੀ ਇਹ ਕੁਰਬਾਨੀ ਸਮੁੱਚੀ ਮਨੁੱਖਤਾ ਸਿਰ ਅਹਿਸਾਨ ਹੈ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਫ਼ੌਜ ਦਾ ਰੁਤਬਾ
ਬ੍ਰਿਗੇਡੀਅਰ ਕਾਹਲੋਂ ਵੱਲੋਂ ਕਾਰਗਿਲ ਯੁੱਧ ਬਾਰੇ ਲਿਖੇ ਲੇਖ ਤੇ ਉਨ੍ਹਾਂ ਵੱਲੋਂ ਕਹੀ ਗਈ ਹਰ ਗੱਲ 'ਤੇ ਗ਼ੌਰ ਕਰਨਾ ਬਣਦਾ ਹੈ। ਹਕੀਕਤ ਇਹ ਹੈ ਕਿ ਇਹ ਬਾਬੂਸ਼ਾਹੀ ਤੇ ਨੇਤਾ ਦਫ਼ਤਰਾਂ ਵਿਚ ਬੈਠ ਕੇ ਸਿਰਫ ਨੀਤੀਆਂ ਬਣਾਉਂਦੇ ਹਨ ਤੇ ਭਾਸ਼ਣ ਦਿੰਦੇ ਹਨ। ਫ਼ੌਜ ਵਾਸਤੇ ਕੁਝ ਵੀ ਕਰਨ ਤੇ ਸੋਚਣ ਲਈ ਇਨ੍ਹਾਂ ਕੋਲ ਨਾ ਵਕਤ ਹੈ ਤੇ ਨਾ ਹੀ ਕੁਝ ਕਰਨ ਦੀ ਨੀਅਤ। ਕਿਸੇ ਵੀ ਜਗ੍ਹਾ ਕੰਮ ਵਿਚ ਗੰਭੀਰਤਾ ਨਹੀਂ ਵਿਖਾਈ ਦਿੰਦੀ। ਫ਼ੌਜ ਦਾ ਰੁਤਬਾ ਜਿਸ ਤਰ੍ਹਾਂ ਹੇਠਾਂ ਡੇਗਿਆ ਜਾ ਰਿਹਾ ਹੈ, ਉਸ ਦੇ ਨਾਲ ਸੈਨਿਕਾਂ ਦਾ ਮਨੋਬਲ ਵੀ ਹੇਠਾਂ ਡਿਗਣਾ ਸੁਭਾਵਿਕ ਹੈ। ਬਾਬੂਸ਼ਾਹੀ ਆਪਣੇ-ਆਪ ਦੀ ਦੇਖਭਾਲ ਕਰਦੀ ਹੈ ਤੇ ਮੰਤਰੀਆਂ ਦੀ। ਕਿਸੇ ਦੂਜੇ ਨੂੰ ਵੀ ਕੋਈ ਸਹੂਲਤ ਦੇਣੀ ਹੁੰਦੀ ਹੈ ਤਾਂ ਫਾਈਲਾਂ ਅੱਗੇ ਤੁਰਦੀਆਂ ਹੀ ਨਹੀਂ। ਬਿਲਕੁਲ ਦਰੁਸਤ ਕਿਹਾ ਗਿਆ ਹੈ ਲੇਖ ਵਿਚ ਕਿ ਫ਼ੌਜ ਨੂੰ ਤਨਖਾਹ, ਭੱਤੇ ਸਭ ਬੜੇ ਰੋ-ਰੋ ਕੇ ਦਿੱਤੇ ਜਾਂਦੇ ਹਨ। ਅਜੇ ਤੱਕ ਸੱਤਵੇਂ ਤਨਖਾਹ ਕਮਿਸ਼ਨ ਦਾ ਪੱਲਾ ਨਹੀਂ ਫੜਾਇਆ। ਹਰ ਦੇਸ਼ ਵਿਚ ਫ਼ੌਜ ਦਾ ਰੁਤਬਾ ਸਭ ਤੋਂ ਉੱਪਰ ਤੇ ਹਰ ਕੋਈ ਇਸ ਨੂੰ ਬੇਹੱਦ ਸਤਿਕਾਰ ਕਰਦਾ ਹੈ।


-ਪ੍ਰਭਜੋਤ ਕੌਰ ਢਿੱਲੋਂ।


ਖ਼ੁਦਕੁਸ਼ੀਆਂ
ਰੋਜ਼ਾਨਾ ਹੀ ਅਖ਼ਬਾਰ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਪੜ੍ਹ ਕੇ ਮਨ ਦੁਖੀ ਹੋ ਉੱਠਦਾ ਹੈ। ਪਿਛਲੇ ਦਿਨੀਂ ਤਾਂ ਇਕੱਠਿਆਂ ਹੀ 6 ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਕੇ ਮਨ ਬਹੁਤ ਬੇਚੈਨ ਹੋਇਆ ਹੈ। ਕਿਸਾਨਾਂ ਬਾਰੇ ਸਿਰਫ ਸਰਕਾਰਾਂ ਪੱਲਾਂ ਹੀ ਝਾੜਦੀਆਂ ਨਜ਼ਰ ਆਈਆਂ ਹਨ, ਕੋਈ ਠੋਸ ਉਪਰਾਲਾ ਹੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਇਹ ਪੇਚੀਦਾ ਮਸਲਾ ਹੱਲ ਹੋ ਸਕੇ। ਕਿਸਾਨ ਕਰਜ਼ਾ ਜ਼ਮੀਨ ਨੂੰ ਵਾਹੁਣ ਵਾਸਤੇ ਲਵੇ ਨਾ ਕਿ ਹੋਰ ਕੰਮਾਂ ਵਾਸਤੇ। ਸਾਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ, ਇਕ ਰੇਹੜੀ ਵਾਲਾ, ਇਕ ਮਜ਼ਦੂਰ ਵੀ ਟੱਬਰ ਪਾਲ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਬਾਰੇ ਜਲਦ ਸੋਚਿਆ ਜਾਵੇ। ਜਿੰਨਾ ਕੁ ਕਰਜ਼ੇ ਦੀ ਪੰਡ ਹੌਲੀ ਕਰ ਸਕਦੀ ਹੈ, ਸਰਕਾਰ ਕਰੇ ਤਾਂ ਕਿ ਕਿਸਾਨ ਖ਼ੁਦਕੁਸ਼ੀ ਦੇ ਰਾਹ ਹੀ ਨਾ ਪਵੇ।


-ਹਰਜਿੰਦਰ ਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।

1-08-2017

 ਚੌਧਰ ਦੀ ਲਾਲਸਾ
ਸਿਆਣੇ ਕਹਿੰਦੇ ਹਨ ਕਿ ਚੌਧਰਪੁਣਾ ਤਾਂ ਮਾੜਾ ਹੁੰਦਾ ਹੈ। ਅਸਲ ਵਿਚ ਚੌਧਰਪੁਣਾ ਸ਼ਬਦ ਹੀ ਮਾੜਾ ਹੈ। ਲਗਦਾ ਹੈ ਕਿ ਜਿਵੇਂ ਚੌਧਰਪੁਣੇ ਨੂੰ ਬਹੁਤੇ ਲੋਕਾਂ ਨੇ ਸਰੀਰ ਦਾ ਇਕ ਜ਼ਰੂਰੀ ਅੰਗ ਬਣਾ ਲਿਆ ਹੋਵੇ। ਸਿਆਣੇ ਤਾਂ ਕਹਿੰਦੇ ਹਨ ਕਿ ਜਿੰਨਾ ਅਜਿਹੀ ਭਾਵਨਾ ਤੋਂ ਬਚਿਆ ਜਾਵੇ, ਓਨਾ ਹੀ ਚੰਗਾ ਹੈ। ਕਿਉਂਕਿ ਇਸ ਚੌਧਰਪੁਣੇ ਨੇ ਕਈ ਹੱਸਦੇ-ਵਸਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਅੱਜ ਬਹੁਤੇ ਲੋਕ ਚੌਧਰਪੁਣੇ ਵਰਗੀ ਮਾੜੀ ਮਾਨਸਿਕਤਾ ਦੇ ਗੁਲਾਮ ਹੋ ਕੇ ਰਹਿ ਗਏ ਹਨ। ਇਹ ਵੀ ਸੱਚ ਹੈ ਕਿ ਇਸ ਬੁਰਾਈ ਦਾ ਬਹੁਤਾ ਸ਼ਿਕਾਰ ਪੜ੍ਹਿਆ-ਲਿਖਿਆ ਤਬਕਾ ਹੀ ਹੋ ਰਿਹਾ ਹੈ। ਅੱਜ ਲੋੜ ਹੈ ਕਿ ਅਜਿਹੀ ਭਟਕਣਾ 'ਚੋਂ ਨਿਕਲ ਕੇ ਜੀਵਨ ਦੇ ਹਰ ਪਹਿਲੂ ਨੂੰ ਬਰੀਕੀ ਨਾਲ ਘੋਖਿਆ-ਵਿਚਾਰਿਆ ਜਾਵੇ। ਸਾਡਾ ਹਰ ਕਦਮ ਜੀਵਨ ਜਾਚ ਸਿੱਖਣ ਵੱਲ ਹੋਣਾ ਚਾਹੀਦਾ ਹੈ। ਅਖੀਰ ਇਹੀ ਕਹਾਂਗੇ ਕਿ ਜੀਵਨ ਦੇ ਹਰ ਪਲ ਦਾ ਅਨੰਦ ਲਿਆ ਜਾਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਹੱਲ ਕੱਢਿਆ ਜਾਵੇ
ਪਲਾਸਟਿਕ ਦੀਆਂ ਥੈਲੀਆਂ ਦਾ ਪ੍ਰਯੋਗ ਸਾਧਾਰਨ ਸਮੱਸਿਆ ਦੇ ਰੂਪ ਵਿਚ ਦੇਖਣਾ ਵੱਡੀ ਭੁੱਲ ਹੈ। ਇਹ ਦਿੱਕਤ ਧਰਤੀ ਅਤੇ ਸਾਡੀ ਹੋਂਦ ਨਾਲ ਜੁੜੀ ਹੈ। ਬੇਸ਼ੱਕ ਸਰਕਾਰ ਵੱਲੋਂ ਇਸ ਉੱਪਰ ਰੋਕ ਲਾਈ ਗਈ ਹੈ ਪਰ ਫਿਰ ਵੀ ਇਸ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ ਸਗੋਂ ਇਸ ਦੀ ਵਿੱਕਰੀ ਲਗਾਤਾਰ ਵਧ ਰਹੀ ਹੈ। ਜਦੋਂ ਤੱਕ ਸਰਕਾਰ ਅਤੇ ਲੋਕ ਇਸ ਗੰਭੀਰ ਮਸਲੇ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ ਹੋ ਸਕਦਾ।

-ਸੇਵਾ ਰਾਮ ਸਿੰਗਲਾ
1120, ਤਿੰਨ ਫੇਜ਼, ਮਾਡਲ ਟਾਊਨ, ਬਠਿੰਡਾ।

ਬੂਟਿਆਂ ਦੀ ਸਾਂਭ-ਸੰਭਾਲ
ਅਕਸਰ ਅਖ਼ਬਾਰਾਂ ਵਿਚ ਬੂਟੇ ਲਾਉਣ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕਈ ਵਾਰ ਅਸੀਂ ਵੇਖਦੇ ਹਾਂ ਕਿ ਫੋਟੋ ਖਿਚਵਾਉਣ ਵਾਲੇ ਜਿਸ ਬੂਟੇ ਨੂੰ ਰੰਗਦਾਰ ਸ਼ਾਵਰ ਨਾਲ ਪਾਣੀ ਪਾਇਆ ਗਿਆ, ਉਹੀ ਬੂਟਾ ਬਾਅਦ 'ਚ ਬਿਨਾਂ ਪਾਣੀ ਤੋਂ ਖੜਸੁੱਕ ਹੋ ਕੇ ਮਰ ਜਾਂਦਾ ਹੈ। ਅੱਜ ਕਿਤੇ ਵੀ ਇਹ ਸੁਣਨ ਵਿਚ ਨਹੀਂ ਆਇਆ ਕਿ ਪਿਛਲੇ ਸਾਲ ਲਾਏ ਬੂਟਿਆਂ ਦੀ ਸੰਭਾਲ ਕੀਤੀ ਗਈ ਜਾਂ ਕਿੰਨੇ ਬੂਟੇ ਪੂਰੀ ਤਰ੍ਹਾਂ ਚੱਲੇ ਕਿੰਨੇ ਮਰੇ। ਇਸ ਬਰਸਾਤ ਰੁੱਤ ਵਿਚ ਵੱਧ ਤੋਂ ਵੱਧ ਰੁੱਖ ਲਾਓ ਪਰ ਉਨ੍ਹਾਂ ਦੀ ਸੰਭਾਲ ਨੂੰ ਆਪਣੇ-ਆਪਣੇ ਨਿੱਜੀ ਤੌਰ 'ਤੇ ਯਕੀਨੀ ਬਣਾਓ ਫਿਰ ਹੀ ਤੁਹਾਡਾ ਬੂਟੇ ਲਾਉਣਾ ਸਫਲ ਹੈ। ਕਈ ਵਾਰ ਸਾਡੇ ਘਰਾਂ ਦੇ ਨਜ਼ਦੀਕ ਬੂਟੇ ਲੱਗੇ ਹੁੰਦੇ ਹਨ। ਜੇਕਰ ਅਸੀਂ ਆਪਣੇ ਫਰਜ਼ ਸਮਝਦੇ ਹੋਏ ਪਾਣੀ ਦੇਈਏ ਤਾਂ ਯਕੀਨ ਕਰੋ ਥੋੜ੍ਹੇ ਸਮੇਂ ਵਿਚ ਬੂਟੇ ਰੁੱਖ ਬਣਨ ਵੱਲ ਵਧਣੇ ਸ਼ੁਰੂ ਹੋ ਜਾਣਗੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

31-07-2017

 ਰੋਕਣਾ ਜ਼ਰੂਰੀ
ਵਿਸ਼ਵ ਆਬਾਦੀ ਦਿਵਸ 'ਤੇ ਵਿਸ਼ੇਸ਼ ਲੇਖ ਵਿਚ ਡਾ: ਰਣਜੀਤ ਸਿੰਘ ਨੇ ਬਹੁਤ ਹੀ ਵਧੀਆ ਲੇਖ ਲਿਖਿਆ ਹੈ ਜੋ ਕਿ ਕਾਬਲੇ ਤਾਰੀਫ਼ ਹੈ। ਲੇਖ ਵਿਚ ਡਾ: ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਦੇਸ਼ ਕੋਲ ਨੌਜਵਾਨ ਸ਼ਕਤੀ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਹੈ। ਆਬਾਦੀ ਵਧਣ ਕਾਰਨ ਮੁਢਲੀਆਂ ਲੋੜਾਂ ਵੀ ਘਟ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਪੀਣ ਵਾਲਾ ਪਾਣੀ, ਅਨਾਜ ਅਤੇ ਪ੍ਰਦੂਸ਼ਣ ਆਦਿ ਦੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਇਸ ਲਈ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਆਬਾਦੀ ਕੰਟਰੋਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੇ ਧਾਰਮਿਕ ਆਗੂਆਂ ਅਤੇ ਰਾਜਨੀਤਕ ਆਗੂਆਂ ਨੂੰ ਨਿੱਜਵਾਦ ਨੂੰ ਪਿੱਛੇ ਕਰਕੇ ਦੇਸ਼ ਦੇ ਭਲੇ ਲਈ ਯਤਨ ਕਰਨੇ ਚਾਹੀਦੇ ਹਨ।


-ਗੁਰਚਰਨ ਸਿੰਘ ਉੱਪਲ।


ਵੇਲੇ ਦੀ ਨਮਾਜ਼ ਕੁਵੇਲੇ...
ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇਸ਼ ਦੇ ਸਾਰੇ 6 ਤੋਂ 14 ਸਾਲ ਦੇ ਬੱਚਿਆਂ ਲਈ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦੀ ਗੱਲ ਕਰਦਾ ਹੈ ਪ੍ਰੰਤੂ ਪੰਜਾਬ ਸਿੱਖਿਆ ਵਿਭਾਗ ਆਪਣੀ ਗ਼ੈਰ-ਯੋਜਨਾਬੰਦੀ ਕਾਰਨ ਆਪਣੇ ਰਾਜ ਦੇ ਬੱਚਿਆਂ ਦਾ ਨੁਕਸਾਨ ਕਰ ਰਿਹਾ ਹੈ। ਰਾਜ ਦੇ ਸਕੂਲਾਂ ਵਿਚ ਆਮ ਬਦਲੀਆਂ ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਵਿਚ ਹੋਣੀਆਂ ਚਾਹੀਦੀਆਂ ਹਨ ਪ੍ਰੰਤੂ ਇਸ ਵਾਰ ਬਦਲੀਆਂ ਜੁਲਾਈ ਮਹੀਨੇ ਦੌਰਾਨ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਰਾਜ ਦੇ ਬਹੁਤ ਸਾਰੇ ਸਕੂਲਾਂ ਦੀਆਂ ਖਾਲੀ ਅਸਾਮੀਆਂ ਪੂਰਾ ਸੈਸ਼ਨ ਹੀ ਖਾਲੀ ਰਹਿਣਗੀਆਂ। ਐਲੀਮੈਂਟਰੀ ਪੱਧਰ ਤੱਕ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਿਤਾਬਾਂ ਵੀ ਸਮੇਂ ਸਿਰ ਵਿਦਿਆਰਥੀਆਂ ਨੂੰ ਪ੍ਰਾਪਤ ਨਹੀਂ ਹੋ ਰਹੀਆਂ ਹਨ।


-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।


ਕਥਾਵਾਚਕ ਬਾਬੇ
ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਹਰ ਵਰਗ ਸਰਕਾਰਾਂ ਦੇ ਕੰਮ ਤੋਂ ਦੁਖੀ ਹੈ। ਇਸ ਮਾਨਸਿਕ ਪ੍ਰੇਸ਼ਾਨੀ ਤੋਂ ਰਾਹਤ ਲਈ ਤੇ ਮਨ ਨੂੰ ਸ਼ਾਂਤ ਕਰਨ ਲਈ ਲੋਕ ਸਰਕਾਰ ਤੋਂ ਨਿਆਂ ਲੈਣ ਦੀ ਬਜਾਏ ਉਹ ਧਰਮ ਅਸਥਾਨਾਂ ਵੱਲ ਹੋ ਤੁਰੇ ਹਨ। ਲੋਕ ਆਪਣੇ ਧਾਰਮਿਕ ਮਸਲੇ ਸਰਕਾਰਾਂ ਤੋਂ ਹੱਲ ਕਰਾਉਣ ਲਈ ਕਿਸੇ ਜਥੇਬੰਦੀ ਨਾਲ ਨਹੀਂ ਜੁੜਦੇ। ਮੇਰੀ ਉਨ੍ਹਾਂ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਤੁਸੀਂ ਉਨ੍ਹਾਂ ਬਾਬਿਆਂ ਦੀ ਅਗਵਾਈ 'ਚ ਹੁੰਦੇ ਇਕੱਠਾਂ ਨੂੰ ਇਨ੍ਹਾਂ ਦੀਵਾਨਾਂ ਨੂੰ ਹੁਣ ਧਰਨਿਆਂ, ਮੁਜ਼ਾਹਰਿਆਂ ਦਾ ਰੂਪ ਦੇ ਦਿਓ। ਪਹਿਲਾਂ ਵੀ ਸਾਰੇ ਗੁਰੂ ਸਾਹਿਬਾਨ ਵੀ ਲੋਕਾਂ ਦੇ ਹੱਕਾਂ ਦੀ ਖਾਤਰ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਹਨ।


-ਗੁਰਾਂਦਿੱਤਾ ਸੰਧੂ।


ਬਜ਼ੁਰਗਾਂ ਦੀ ਭੂਮਿਕਾ
ਬੀਤੇ ਦਿਨ 'ਅਜੀਤ' ਦੇ ਨਾਰੀ ਸੰਸਾਰ ਪੰਨੇ 'ਤੇ ਮਾਣਯੋਗ ਲੇਖਿਕਾ ਪ੍ਰੋ: ਕੁਲਜੀਤ ਕੌਰ ਅਠਵਾਲ ਦਾ ਲੇਖ 'ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਬਜ਼ੁਰਗਾਂ ਦੀ ਭੂਮਿਕਾ' ਪੜ੍ਹਿਆ, ਬੇਹੱਦ ਪਸੰਦ ਆਇਆ। ਮੈਂ ਖ਼ੁਦ ਸਾਰਾ ਦਿਨ ਆਪਣੀ ਪਿਆਰੀ ਪੋਤੀ ਦੇ ਨਾਲ ਬਿਤਾਉਂਦਾ ਹਾਂ, ਜੋ ਢਾਈ ਕੁ ਸਾਲਾਂ ਦੀ ਹੈ। ਅਸੀਂ ਦੋਵੇਂ ਸਾਰਾ ਦਿਨ ਬਹੁਤ ਹੀ ਅਨੰਦਮਈ ਜੀਵਨ ਗੁਜ਼ਾਰਦੇ ਹਾਂ। ਮੇਰਾ ਸਭ ਕਹਿਣ ਦਾ ਭਾਵ ਹੈ ਕਿ ਲੇਖਿਕਾ ਦੇ ਲੇਖ ਅਨੁਸਾਰ ਹੀ ਅਸੀਂ ਦੋਵੇਂ ਸਾਰਾ ਦਿਨ ਵਿਚਰਦੇ ਹਾਂ। ਮਾਣਯੋਗ ਲੇਖਕਾ ਦਾ ਲੇਖ ਮੈਨੂੰ ਇਸ ਕਰਕੇ ਵੀ ਬਹੁਤ ਪਸੰਦ ਆਇਆ ਕਿਉਂਕਿ ਲਗਪਗ ਮੇਰੇ 'ਤੇ ਢੁੱਕਦਾ ਹੈ। ਭਾਵ ਹਰ ਬਜ਼ੁਰਗ ਦਾਦਾ-ਦਾਦੀ ਨਾਨਾ-ਨਾਨੀ 'ਤੇ ਜ਼ਰੂਰ ਢੁੱਕਦਾ ਹੋਵੇਗਾ। ਬਜ਼ੁਰਗ ਬੜਾ ਕੀਮਤੀ ਖਜ਼ਾਨਾ ਹੁੰਦੇ ਹਨ। ਉਹ ਆਪਣੇ ਚੰਗੇ ਗੁਣ, ਸੰਸਕਾਰ ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅੰਦਰ ਭਰਨ ਦਾ ਅਕਸਰ ਯਤਨ ਕਰਦੇ ਹਨ। ਚੰਗੇ ਸੰਸਕਾਰਾਂ ਦੀ ਬੁਨਿਆਦ ਬੱਚਿਆਂ ਦੀ ਬਜ਼ੁਰਗਾਂ ਦੀ ਸੰਗਤ ਨਾਲ ਹੀ ਬਣ ਸਕਦੀ ਹੈ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

27-07-2017

 ਪੱਤਰਚੰਗਾ ਫ਼ੈਸਲਾ
ਪਿੰਡਾਂ 'ਚ ਲੱਗੇ ਨੀਂਹ-ਪੱਥਰਾਂ ਨੂੰ ਵਿਰੋਧੀ ਵਿਅਕਤੀ ਜਾਂ ਪਾਰਟੀ ਵਰਕਰਾਂ ਵੱਲੋਂ ਰੰਜ਼ਿਸ਼ ਤਹਿਤ ਤੋੜਨ ਤੇ ਪੁੁਲਿਸ ਠਾਣਿਆਂ 'ਚ ਸ਼ਿਕਾਇਤਾਂ ਦਰਜ ਹੋਈਆਂ ਸਨ। ਪੰਜਾਬ ਸਰਕਾਰ ਵੱਲੋਂ ਉਦਘਾਟਨੀ ਪੱਥਰ 'ਚ ਵਿਧਾਇਕਾਂ ਦਾ ਨਾਂਅ ਨਾ ਲਿਖਣ ਦਾ ਲਿਆ ਫ਼ੈਸਲਾ ਦਰੁਸਤ ਹੈ। ਸਮੇਂ-ਸਮੇਂ ਸਰਕਾਰਾਂ ਦੇ ਵਿਧਾਇਕਾਂ ਵੱਲੋਂ ਪਿੰਡਾਂ ਵਿਚ ਸੰਪਰਕ ਸੜਕਾਂ ਦੇ ਨੀਂਹ-ਪੱਥਰ ਵਿਕਾਸ ਦੇ ਨਾਂਅ 'ਤੇ ਰੱਖੇੇ ਗਏ ਪਰ ਵਿਕਾਸ ਤਾਂ ਨਜ਼ਰ ਨਹੀਂ ਆਏ ਪਰ ਨੀਂਹ-ਪੱਥਰ ਚਿੱਟਾ ਹਾਥੀ ਬਣ ਕੇ ਰਹਿ ਗਏ। ਨੀਂਹ-ਪੱਥਰਾਂ 'ਤੇ ਉਨ੍ਹਾਂ ਵਿਅਕਤੀਆਂ ਦਾ ਨਾਂਅ ਹੋਣਾ ਚਾਹੀਦਾ ਹੈ, ਜੋ ਲੋਕ ਬੁੱਧੀਜੀਵੀ ਹੋਣ, ਜਿਹੜੇ ਸਮਾਜ ਸੇਵਕ ਲੋਕ ਭਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਉਦਘਾਟਨੀ ਪੱਥਰਾਂ 'ਚ ਸ਼ਾਮਿਲ ਕਰਨਾ ਚਾਹੀਦਾ ਹੈ।


-ਮਾਸਟਰ ਜਗੀਰ ਸਿੰਘ ਸਫਰੀ
ਸਠਿਆਲਾ (ਅੰਮ੍ਰਿਤਸਰ)।


ਪੰਜਾਬ ਸਰਕਾਰ 'ਤੇ ਉਮੀਦਾਂ
ਲੋਕ ਵੋਟਾਂ ਪਾ ਕੇ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ ਅਤੇ ਆਸ ਕਰਦੇ ਹਨ ਕਿ ਸਰਕਾਰ ਬਣਨ ਤੋਂ ਬਾਅਦ ਇਹ ਸਾਡੀਆਂ ਮੁਸੀਬਤਾਂ ਦੀ ਲੜੀ ਨੂੰ ਕੁਝ ਛੋਟਾ ਕਰੇਗੀ। ਬੜੇ ਉਤਸਾਹ ਨਾਲ ਲੱਖਾਂ ਨੌਜਵਾਨਾਂ ਨੇ ਕਾਂਗਰਸ ਦੀ ਹਰ ਘਰ ਨੌਕਰੀ ਦਾ ਫਾਰਮ ਅਪਲਾਈ ਕੀਤੇ ਸਨ ਪਰ ਸਰਕਾਰ ਦਾ ਅੱਜ ਤੱਕ ਕੋਈ ਵੀ ਨੌਕਰੀ ਦੇਣ ਦਾ ਵਾਅਦਾ ਸਿਰੇ ਨਹੀਂ ਚੜ੍ਹਿਆ। ਅੱਜ ਲੱਖਾਂ ਨੌਜਵਾਨਾਂ ਦੀਆਂ ਆਸਾਂ ਸਰਕਾਰ 'ਤੇ ਟਿਕੀਆਂ ਹੋਈਆਂ ਹਨ ਕਿ ਕਦੋਂ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪਾਵੇਗੀ। ਇਸੇ ਤਰ੍ਹਾਂ ਹੀ ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਆਸਾਂ ਸਰਕਾਰ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਦਾ ਵੀ ਸਰਕਾਰ ਚੇਤਾ ਆਪਣੇ ਧਿਆਨ ਵਿਚ ਜ਼ਰੂਰ ਰੱਖੇ। ਕਿਸਾਨਾਂ ਦਾ ਕਰਜ਼ਾ ਤਾਂ ਮੁਆਫ਼ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਇਸ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਵੀ ਲੋੜ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁੜ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਤਾਂ ਜੋ ਪੰਜਾਬ ਦੀ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।


-ਨਰਿੰਦਰ ਸਿੰਘ ਚੌਹਾਨ
ਪਿੰਡ ਬਠੋਈ ਕਲਾਂ, ਜ਼ਿਲ੍ਹਾ ਪਟਿਆਲਾ।


ਬੱਚੇ, ਮਾਪੇ ਅਤੇ ਲਾਇਬ੍ਰੇਰੀ
ਵਿਦਵਾਨ ਵਿਅਕਤੀ ਲਈ ਇਹ ਪੂਰੀ ਦੁਨੀਆ ਗਿਆਨ ਦਾ ਵੱਡਾ ਸਮੁੰਦਰ ਹੈ। ਅਮਰੀਕਾ ਦੇ ਵਿਦਵਾਨ ਲੇਖਕ ਰੇਅ ਬਰੇਡਬਰੀ ਨੇ ਲਿਖਿਆ ਹੈ, ਬਿਨਾਂ ਲਾਇਬ੍ਰੇਰੀਆਂ ਤੋਂ ਅਸੀਂ ਕੀ ਹਾਂ, ਸਾਡਾ ਨਾ ਕੋਈ ਭੂਤਕਾਲ ਤੇ ਨਾ ਹੀ ਕੋਈ ਭਵਿੱਖ ਕਾਲ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਕੂਲਾਂ ਖ਼ਾਸ ਕਰ ਸਰਕਾਰੀ ਸਕੂਲਾਂ ਵਿਚ ਇਨ੍ਹਾਂ ਦੀ ਵਰਤੋਂ ਨਾ ਦੇ ਬਰਾਬਰ ਹੈ। ਜੇ ਪੱਕੀ ਲਾਇਬ੍ਰੇਰੀਅਨ ਦੀ ਅਸਾਮੀ ਸਕੂਲਾਂ ਵਿਚ ਲਾਗੂ ਹੋਵੇ ਤੇ ਹਰ ਕਲਾਸ ਦਾ ਫਰੀ ਪੀਰੀਅਡ ਲਾਇਬ੍ਰੇਰੀ ਨਾਲ ਜੋੜਿਆ ਜਾਵੇ ਜਿਸ ਕਰਕੇ ਬੱਚਿਆਂ ਦੀ ਰੁਚੀ ਦੇ ਨਾਲੋ-ਨਾਲ ਬੌਧਿਕ ਪੱਧਰ ਵੀ ਉੱਚਾ ਚੁੱਕ ਸਕਦੇ ਹਾਂ। ਵਿਡੰਬਨਾ ਇਹ ਵੀ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਮਾਪੇ ਘਰੇ ਪੜ੍ਹਾਉਣ ਸਮੇਂ ਬੱਚੇ ਸਾਹਮਣੇ ਖ਼ੁਦ ਸੋਸ਼ਲ ਮੀਡੀਆ ਵਿਚ ਵਿਅਸਥ ਰਹਿੰਦੇ ਹਨ। ਸਰਕਾਰ ਵੱਲੋਂ ਵੀ ਦਿੱਤੀਆਂ ਜਾਂਦੀਆਂ ਗਰਾਂਟਾਂ ਨਾਲ ਸਕੂਲਾਂ ਵਿਚ ਕਿਤਾਬ ਘਰ ਦੇ ਨਾਂਅ ਤੇ ਖੜ੍ਹੇ ਚਿੱਟੇ ਹਾਥੀਆਂ 'ਤੇ ਲਗਾਮ ਕੱਸਣੀ ਚਾਹੀਦੀ ਹੈ। ਅੱਜ ਵੀ ਕੁਝ ਅਗਾਂਹ ਵਧੂ ਸੰਸਥਾਵਾਂ ਸਕੂਲਾਂ ਕਾਲਜਾਂ ਵਿਚ ਮੁਫ਼ਤ ਕਿਤਾਬਾਂ ਵੰਡ ਕੇ ਸਾਹਿਤਕ ਰੁਚੀ ਦਾ ਘੇਰਾ ਵਧਾਉਣ ਲਈ ਤਤਪਰ ਹਨ। ਸਰਕਾਰ, ਮਾਪੇ ਤੇ ਅਧਿਆਪਕਾਂ ਨੂੰ ਇਨ੍ਹਾਂ ਨਾਲ ਸਾਂਝੀਆਂ ਕਮੇਟੀਆਂ ਗਠਤ ਕਰਕੇ ਵਿੱਦਿਆ ਦੇ ਚਾਨਣ ਦਾ ਹੋਰ ਫੈਲਾਉਣਾ ਚਾਹੀਦਾ ਹੈ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

26-07-2017

 ਕੰਨਾਂ ਦੇ ਕੱਚੇ

ਪੰਜਾਬ ਦੇ ਤਕਰੀਬਨ ਹਰ ਇਕ ਪਿੰਡ ਵਿਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚ ਕੁਝ ਗਰਮ, ਕੁਝ ਨਰਮ, ਕੋਈ ਸੱਚਾ, ਕੋਈ ਝੂਠਾ, ਕੋਈ ਗਾਲੜੀ ਅਤੇ ਕਈ ਬੇਹੱਦ ਸ਼ਾਂਤ ਸੁਭਾਅ ਦੇ ਮਾਲਕ ਹੁੰਦੇ ਹਨ। ਇਨ੍ਹਾਂ ਸਭ ਤੋਂ ਇਲਾਵਾ ਹਰੇਕ ਪਿੰਡ ਵਿਚ ਕੁਝ ਅਜਿਹੇ ਵੀ ਲੋਕ ਹੁੰਦੇ ਹਨ, ਜੋ ਕਿਸੇ ਦੁਆਰਾ ਆਖੀ ਕਿਸੇ ਗੱਲ ਦੀ ਬਿਨਾਂ ਜਾਂਚ ਪੜਤਾਲ ਕੀਤੇ ਉਸ 'ਤੇ ਯਕੀਨ ਕਰ ਲੈਂਦੇ ਹਨ। ਪੇਂਡੂ ਭਾਸ਼ਾ ਵਿਚ ਅਜਿਹੇ ਲੋਕਾਂ ਨੂੰ 'ਕੰਨਾਂ ਦੇ ਕੱਚੇ' ਨਾਂਅ ਨਾਲ ਜਾਣਿਆ ਜਾਂਦਾ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕਾਂ ਵੱਲੋਂ ਕਿਸੇ ਦੀ ਸੁਣੀ-ਸੁਣਾਈ ਗੱਲ ਨੂੰ ਸੱਚ ਮੰਨ ਕੇ ਬਿਨਾਂ ਸੋਚੇ ਸਮਝੇ ਆਪਣੇ ਸਕਿਆਂ ਭਰਾਵਾਂ, ਆਂਢ-ਗੁਆਂਢ ਜਾਂ ਰਿਸ਼ਤੇਦਾਰਾਂ ਨਾਲ ਮੂੰਹ ਮੋਟੇ ਕਰ ਲਏ ਜਾਂਦੇ ਹਨ। ਕਈ ਵਾਰ ਗ਼ਲਤਫਹਿਮੀ ਵਿਚ ਚੁੱਕਿਆ ਸਾਡਾ ਇਕ ਹੀ ਕਦਮ ਸਾਲਾਂ ਦੀ ਬਣੀ ਬਣਾਈ ਨੂੰ ਤਹਿਸ-ਨਹਿਸ ਕਰਨ ਲਈ ਕਾਫੀ ਹੋ ਨਿਬੜਦਾ ਹੈ।

-ਰਾਜਾ ਗਿੱਲ (ਚੜਿੱਕ)।

ਪ੍ਰੇਰਨਾ ਦਾ ਕਮਾਲ

ਮਨੁੱਖ ਦੇ ਜੀਵਨ ਵਿਚ ਪ੍ਰੇਰਨਾ ਦੀ ਬਹੁਤ ਅਹਿਮੀਅਤ ਹੈ, ਹਰ ਵੱਡਾ ਕੰਮ ਪ੍ਰੇਰਿਤ ਹੋ ਕੇ ਹੀ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਸਾਡਾ ਫਰਜ਼ ਹੈ। ਜ਼ਰੂਰਤ ਹੈ ਅਜਿਹੇ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਜਾਵੇ ਤਾਂ ਜੋ ਸਮਾਜ ਵਿਚ ਸਾਕਾਰਾਤਮਕ ਸੋਚ ਦਿੱਤੀ ਜਾ ਸਕੇ। ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਪ੍ਰੋ: ਡੀ.ਸੀ. ਸ਼ਰਮਾ ਦੇ ਲੇਖਾਂ ਦੀ ਜੋ ਚੰਗੀ ਪ੍ਰੇਰਨਾ ਦਿੰਦੇ ਹਨ। ਇਸ ਦੇ ਨਾਲ-ਨਾਲ ਲੇਖਕ ਤਰਨਜੀਤ ਸਿੰਘ ਰੰਧਾਵਾ ਵੱਲੋਂ ਅਜੀਤ ਮੈਗਜ਼ੀਨ ਵਿਚ ਛਾਪੇ ਲੇਖ 'ਪ੍ਰੇਰਨਾ ਦਾ ਕਮਾਲ' ਅਤੇ 'ਆਕਰਸ਼ਣ ਦਾ ਰਹੱਸ' ਲਾਹੇਵੰਦ ਅਤੇ ਸ਼ਲਾਘਾਯੋਗ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹਾ ਸਾਕਾਰਾਤਮਿਕ ਨਜ਼ਰੀਆ ਅਤੇ ਹੌਸਲਾ, ਪ੍ਰੇਰਨਾ ਦੇਣ ਵਾਲੇ ਲੇਖ ਆਪ ਜੀ ਵੱਲੋਂ ਸਾਨੂੰ ਪੜ੍ਹਨ ਲਈ ਮਿਲਣਗੇ।

-ਜਗਮੀਤ ਸਿੰਘ
ਜਲੰਧਰ।

ਖੇਡਾਂ ਅਤੇ ਨਸ਼ੇ

ਅਕਸਰ ਹਰੇਕ ਖੇਤਰ ਵਿਚ ਖੇਡਾਂ ਹੁੰਦੀਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਖੇਡਾਂ ਤਾਂ ਸਹੀ ਹਨ ਪਰ ਇਨ੍ਹਾਂ ਖੇਡਾਂ ਵਿਚ ਖੇਡਣ ਅਤੇ ਖਿਡਾਉਣ ਵਾਲੇ ਕੁਝ ਠੀਕ ਨਹੀਂ ਜਾਪਦੇ। ਅਕਸਰ ਖੇਡਾਂ ਵਿਚ ਹੁੰਦਾ ਹੈ ਕਿ ਕਈ ਕੋਚ ਨਸ਼ਾ ਕਰਵਾਉਂਦੇ ਅਤੇ ਕਈ ਖਿਡਾਰੀ ਵੀ ਨਸ਼ਾ ਕਰਕੇ ਖੇਡਦੇ ਹਨ। ਹੁਣ ਤੱਕ ਦੇ ਰਿਕਾਰਡ ਅਨੁਸਾਰ ਨਸ਼ਾ ਕਰਕੇ ਖੇਡਣ ਵਾਲੇ ਬਹੁਤ ਖਿਡਾਰੀ ਆਪਣੀ ਜਾਨ ਤੋਂ ਵੀ ਹੱਥ ਧੋ ਚੁੱਕੇ ਹਨ। ਖੇਡਾਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਹੁੰਦੀਆਂ ਹਨ, ਨਾ ਕਿ ਸਿਹਤ ਖਰਾਬ ਕਰਨ ਲਈ। ਨਸ਼ਿਆਂ ਨਾਲ ਤਾਂ ਸਰੀਰ ਖੋਖਲਾ ਹੋ ਜਾਂਦਾ ਹੈ। ਇਸ ਲਈ ਲੋੜ ਹੈ, ਹਰ ਇਕ ਖੇਡ ਵਿਚ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਖਿਡਾਰੀਆਂ ਅਤੇ ਕੋਚਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਹ ਨਸ਼ੇ ਤੋਂ ਦੂਰੀ ਬਣਾ ਕੇ ਰੱਖਣ।

-ਅਕਾਸ਼ਦੀਪ ਸਿੰਘ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਗੁਮਰਾਹਕੁੰਨ ਅੰਕੜੇ

ਪਿਛਲੇ ਦਿਨੀਂ ਡਾ: ਸਤਿੰਦਰਪਾਲ ਸਿੰਘ ਬਰਾੜ ਹੁਰਾਂ ਦਾ ਖੇਤੀ ਕਰਜ਼ੇ ਦੀ ਮੁਆਫ਼ੀ ਅਤੇ ਕਿਸਾਨਾਂ ਦੀ ਦਸ਼ਾ-ਦਿਸ਼ਾ ਬਾਰੇ ਲੇਖ ਪੜ੍ਹਿਆ, ਜਿਸ ਵਿਚ ਕਿਸਾਨਾਂ ਨੂੰ ਬਹੁਤ ਅਮੀਰ ਦਰਸਾਉਣ ਲਈ ਡਾ: ਸਾਹਿਬ ਲਿਖਦੇ ਹਨ ਕਿ ਕਣਕ, ਝੋਨੇ ਲਈ ਬੀਜ, ਖਾਦ, ਕੀਟਨਾਸ਼ਕ, ਡੀਜ਼ਲ, ਮਜ਼ਦੂਰੀ ਅਤੇ ਮਸ਼ੀਨਰੀ ਮੁਰੰਮਤ ਉੱਪਰ ਪ੍ਰਤੀ ਏਕੜ ਕੁੱਲ ਲਾਗਤ 25-30 ਹਜ਼ਾਰ ਕੱਢ ਕੇ ਸਾਲਾਨਾ ਕਮਾਈ 40-50 ਹਜ਼ਾਰ ਪ੍ਰਤੀ ਏਕੜ ਹੈ। ਮੈਂ ਇਕ ਕਿਸਾਨ ਹੋਣ ਦੇ ਨਾਤੇ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਕਿਸਾਨ ਦੀ ਸਾਲਾਨਾ ਕਮਾਈ ਪ੍ਰਤੀ ਏਕੜ ਕਦੇ ਵੀ 12-15 ਹਜ਼ਾਰ ਤੋਂ ਵੱਧ ਨਹੀਂ ਹੋ ਸਕਦੀ। ਜੇਕਰ ਦੱਸੇ ਅੰਕੜੇ ਸੱਚ ਹੁੰਦੇ ਤਾਂ ਅੱਜ ਕਿਸਾਨ ਖ਼ੁਦਕੁਸ਼ੀਆਂ ਨਾ ਕਰਦੇ।

-ਲੱਖੀ ਗਿੱਲ ਧਨਾਨਸੂ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

 

25-07-2017

 ਨਕਲ
ਅੱਜ ਦੇ ਵਿਦਿਆਰਥੀਆਂ ਵਿਚ ਨਕਲ ਦਾ ਜ਼ਹਿਰ ਏਨਾ ਫੈਲ ਗਿਆ ਹੈ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਖ਼ਤਰੇ ਵਿਚ ਦਿਖਾਈ ਦਿੰਦਾ ਹੈ। ਨਕਲ ਦੇ ਸਿਰ 'ਤੇ ਵਿਦਿਆਰਥੀ ਇਮਤਿਹਾਨਾਂ ਵਿਚੋਂ ਤਾਂ ਪਾਸ ਹੋ ਜਾਂਦੇ ਹਨ ਪਰ ਜ਼ਿੰਦਗੀ ਦੇ ਇਮਤਿਹਾਨ 'ਚੋਂ ਹਮੇਸ਼ਾ ਫੇਲ੍ਹ ਰਹਿੰਦੇ ਹਨ। ਇਸ ਦੀ ਉਦਾਹਰਨ ਸਾਨੂੰ ਮੈਰੀਟੋਰੀਅਸ ਸਕੂਲ ਦਾਖ਼ਲਾ ਪ੍ਰੀਖਿਆ ਦੇ ਮਾੜੇ ਨਤੀਜਿਆਂ ਤੋਂ ਮਿਲਦੀ ਹੈ, ਜਿਸ ਵਿਚ 4837 ਵਿਦਿਆਰਥੀਆਂ ਵਿਚੋਂ ਕੇਵਲ 2775 ਵਿਦਿਆਰਥੀ ਹੀ ਸਫਲ ਹੋ ਸਕੇ ਅਤੇ 1300 ਦੇ ਕਰੀਬ ਸੀਟਾਂ ਖਾਲੀ ਰਹਿ ਗਈਆਂ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਦੁਬਾਰਾ ਮੌਕਾ ਦੇਣ ਦੀ ਥਾਂ 'ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰੀਖਿਆ ਦੇਣ ਦਾ ਇਕ ਮੌਕਾ ਦਿੱਤਾ ਜਾਵੇ, ਤਾਂ ਕਿ ਉਹ ਵੀ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਣ ਅਤੇ ਅਸਫ਼ਲ ਰਹਿਣ ਵਾਲੇ ਵਿਦਿਆਰਥੀ ਵੀ ਇਨ੍ਹਾਂ ਨਤੀਜਿਆਂ ਤੋਂ ਸਬਕ ਲੈ ਕੇ ਭਵਿੱਖ ਵਿਚ ਨਕਲ ਨਾ ਮਾਰਨ ਅਤੇ ਮਿਹਨਤ ਕਰਨ ਦੀ ਪ੍ਰੇਰਣਾ ਲੈ ਸਕਣ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਰੁੱਖ ਲਗਾਓ
ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਮਾਜ-ਸੇਵੀ ਲੋਕਾਂ ਵੱਲੋਂ ਪੰਛੀਆਂ ਦੇ ਰਹਿਣ ਲਈ ਲੱਕੜੀ ਦੇ ਆਲ੍ਹਣੇ ਤਿਆਰ ਕਰਵਾ ਕੇ ਖੰਭਿਆਂ ਅਤੇ ਇਮਾਰਤਾਂ ਉੱਪਰ ਤਪਦੀ ਧੁੱਪ ਵਿਚ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਆਲ੍ਹਣਿਆਂ ਨੂੰ ਲਗਾਉਣ ਦੀ ਨੌਬਤ ਰੁੱਖਾਂ ਦੀ ਧੜਾਧੜ ਪੁਟਾਈ ਕਾਰਨ ਅਤੇ ਕੱਚੇ ਘਰਾਂ ਦੀ ਥਾਂ ਮਾਰਬਲਾਂ ਵਾਲੀਆਂ ਆਲੀਸ਼ਾਨ ਕੋਠੀਆਂ ਬਣ ਜਾਣ ਕਾਰਨ ਆਈ ਹੈ। ਜੇਕਰ ਆਲ੍ਹਣਿਆਂ ਨਾਲੋਂ ਅਸੀਂ ਵੱਧ ਤੋਂ ਵੱਧ ਰੁੱਖਾਂ ਦੀ ਪੈਦਾਵਾਰ ਕਰੀਏ ਤਾਂ ਉਹ ਜ਼ਿਆਦਾ ਚੰਗਾ ਹੈ ਕਿਉਂਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਰੁੱਖਾਂ ਦੀ ਛਾਂ ਹੇਠ ਮੌਸਮ ਦੇ ਅਨੁਕੂਲ ਆਲ੍ਹਣੇ ਤਾਂ ਹਿੰਮਤੀ ਪੰਛੀ ਖ਼ੁਦ ਆਪਣੀ ਪਸੰਦ ਦੇ ਬਣਾ ਲੈਣਗੇ। ਸੋ, ਆਲ੍ਹਣੇ ਲਗਾ ਕੇ ਪੰਛੀਆਂ ਨੂੰ ਆਲਸੀ ਬਣਾਉਣ ਦੀ ਥਾਂ ਖੁੱਲ੍ਹੇ ਮਾਹੌਲ ਵਿਚ ਆਜ਼ਾਦੀ ਨਾਲ ਰਹਿਣ ਦਾ ਹੌਸਲਾ ਤੇ ਹਿੰਮਤ ਦੇਣੀ ਚਾਹੀਦੀ ਹੈ।

-ਕੁਲਵਿੰਦਰ ਸਿੰਘ ਨਿਜ਼ਾਮਪੁਰ
ਮਲੌਦ।

ਜੀਵਨ ਬੀਮਾ ਯੋਜਨਾ
ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਵਾਸਤੇ ਇਕ ਜੀਵਨ ਬੀਮਾ ਯੋਜਨਾ ਲਾਗੂ ਕੀਤੀ ਸੀ ਜਿਸ ਨਾਲ ਕਰਮਚਾਰੀਆਂ ਨੂੰ ਇਸ ਯੋਜਨਾ ਦਾ ਕਾਫੀ ਲਾਭ ਮਿਲਿਆ ਸੀ ਅਤੇ ਇਸ ਦੀ ਸ਼ਲਾਘਾ ਵੀ ਹੋਈ ਸੀ, ਪ੍ਰੰਤੂ ਹੁਣ ਇਹ ਯੋਜਨਾ ਬੰਦ ਕਰ ਦਿੱਤੀ ਗਈ ਹੈ। ਪੁਲਿਸ ਦੀ ਡਿਊਟੀ 24 ਘੰਟੇ ਹੋਣ ਕਰਕੇ ਡਿਊਟੀ ਦੀ ਕੋਈ ਸੀਮਾ ਨਹੀਂ ਹੈ। ਪੁਲਿਸ ਕਰਮਚਾਰੀ ਜ਼ਿਆਦਾ ਬਿਮਾਰੀਆਂ ਵਿਚ ਗ੍ਰਸਤ ਹੋਣ ਕਰਕੇ ਜੀਵਨ ਬੀਮਾ ਕੰਪਨੀਆਂ ਵੀ ਇਨ੍ਹਾਂ ਦਾ ਬੀਮਾ ਕਰਨ ਤੋਂ ਗੁਰੇਜ਼ ਕਰਦੀਆਂ ਹਨ। ਅਜਿਹੀ ਸਹੂਲਤ ਫ਼ੌਜੀਆਂ ਨੂੰ ਹਰ ਹਸਪਤਾਲ ਵਿਚ ਮਿਲ ਰਹੀ ਹੈ। ਸਰਕਾਰ ਨੂੰ ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

20-07-2017

 ਸਾਜ਼ਿਸ਼ਾਂ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਪ੍ਰੋ: ਅਭੈ ਕੁਮਾਰ ਦੂਬੇ ਦਾ ਲੇਖ 'ਅੰਬੇਡਕਰਵਾਦੀਆਂ ਨੂੰ ਬਦਲਣੀ ਪਵੇਗੀ ਆਪਣੀ ਰਣਨੀਤੀ' ਜਿੱਥੇ ਦਲਿਤ ਨੇਤਾਵਾਂ ਨੂੰ ਹਲੂਣਾ ਦੇਣ ਵਾਲਾ ਹੈ, ਉੱਥੇ ਆਮ ਦਲਿਤਾਂ ਅੰਦਰ ਨਵ-ਚੇਤਨਾ ਪੈਦਾ ਕਰਨ ਵਾਲਾ ਹੈ। ਸਾਫ਼ ਸ਼ੀਸ਼ਾ ਵਿਖਾਇਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਪਹਿਲੇ ਪਛੜੇ ਵਰਗ ਦੇ ਨੇਤਾ ਦੇ ਰੂਪ ਵਿਚ ਉਭਾਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਸੰਘ ਪਰਿਵਾਰ ਨੇ ਦਲਿਤ ਅਤੇ ਪਛੜੇ ਪ੍ਰਤੀਕਾਂ ਨੂੰ ਰਾਜਨੀਤੀ ਖਾਤਰ ਹੜੱਪ ਲਿਆ ਹੈ। ਫੂਲੇ ਅਤੇ ਅੰਬੇਡਕਰ ਨੂੰ ਹਿੰਦੂ ਸੁਧਾਰਕ ਵੀ ਐਲਾਨ ਦਿੱਤਾ ਹੈ। ਭੀਮ ਸੈਨਾ ਵਲੋਂ 'ਦ ਗ੍ਰੇਟ ਚਮਾਰ' ਦੇ ਫ਼ਿਕਰੇ ਦਾ ਹਮਲਾਵਰ ਇਸਤੇਮਾਲ ਭਾਜਪਾ ਦੇ ਪੱਖ ਵਿਚ ਜਾ ਰਿਹਾ ਹੈ। ਲੋਹੀਆਵਾਦੀ ਅਤੇ ਅੰਬੇਡਕਰਵਾਦੀ ਸ਼ੈਲੀ ਦੀ ਸਮਾਜਿਕ ਨਿਆਂ ਦੀ ਰਾਜਨੀਤੀ ਨੇ ਆਪਣੀ ਸਾਖ਼ ਲਗਾਤਾਰ ਗੁਆਈ ਹੈ। ਲੇਖਕ ਨੇ ਅਹਿਮ ਸਵਾਲ ਲਿਖ ਦਿੱਤਾ ਹੈ ਕਿ ਕੀ ਇਹ ਸ਼ਕਤੀਆਂ ਹਿੰਦੂਤਵ ਦੇ ਜੇਤੂ ਰੱਥ ਨੂੰ ਇਕ ਵਾਰ ਫਿਰ ਰੋਕ ਸਕਣਗੀਆਂ?


-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।


ਫ਼ਿਰਕਾਪ੍ਰਸਤੀ ਦਾ ਨਾਗ
ਫ਼ਿਰਕਾਪ੍ਰਸਤੀ ਦੇ ਜ਼ਹਿਰੀਲੇ ਨਾਗ ਨੇ ਦੁਨੀਆ ਦੇ ਲੱਖਾਂ ਵਿਅਕਤੀਆਂ ਨੂੰ ਡਸਿਆ ਹੈ। ਵਿਕਸਤ ਦੇਸ਼ਾਂ ਨੇ ਇਸ ਫਨੀਅਰ ਨੂੰ ਕੀਲ ਪਟਾਰੀ ਵਿਚ ਪਾ ਕੇ ਵਿਕਾਸ ਦੀਆਂ ਉੱਚੀਆਂ ਮੰਜ਼ਿਲਾਂ ਨੂੰ ਸਰ ਕਰ ਲਿਆ। ਪਰ ਵਿਕਾਸਸ਼ੀਲ ਦੇਸ਼ਾਂ ਲਈ ਇਹ ਅਜੇ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਸਾਡੇ ਰਾਜਸੀ ਨੇਤਾ ਸੱਤਾ ਪ੍ਰਾਪਤੀ ਲਈ ਫ਼ਿਰਕੂ ਪੱਤੇ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ। ਵਿਅਕਤੀ ਦੀ ਪਛਾਣ ਉਸ ਦੇ ਮਜ਼ਹਬ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਨਾ ਕਿ ਉਸ ਦੀ ਕਾਬਲੀਅਤ ਦੇ ਆਧਾਰ 'ਤੇ। ਦਰਅਸਲ ਸਾਡੇ ਸਿਆਸੀ ਪ੍ਰਭੂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਆਰਥਿਕ ਸਮੱਸਿਆਵਾਂ ਤੋਂ ਹਟਾਉਣ ਲਈ ਸਮੇਂ-ਸਮੇਂ ਫ਼ਿਰਕੂ ਪੱਤਿਆਂ ਦੀ ਬੇਦਰੇਗ ਵਰਤੋਂ ਕਰਦੇ ਹਨ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਸਮੇਂ ਦੀ ਲੋੜ ਹੈ ਕਿ ਸਾਡੇ ਰਾਸ਼ਟਰ ਦੇ ਲੋਕ ਜਾਗਰੂਕ ਹੋ ਕੇ ਸੌੜੀ ਸੋਚ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ ਨਵੇਂ ਭਾਰਤ ਦੀ ਸਿਰਜਣਾ ਵਿਚ ਜੁਟ ਜਾਣ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਮੁਆਫ਼ੀ ਦੀ ਆਸ
ਮੁੱਖ ਮੰਤਰੀ ਜੀ ਦਾ ਟੀ.ਵੀ. 'ਤੇ ਭਾਸ਼ਣ ਸੁਣ ਕੇ ਅਤੇ ਅਖ਼ਬਾਰਾਂ ਵਿਚ ਪੜ੍ਹ ਕੇ ਪੰਜਾਬ ਦੇ ਬਹੁਗਿਣਤੀ ਕਿਸਾਨਾਂ ਨੇ ਕਰਜ਼ਾ ਨਹੀਂ ਮੋੜਿਆ ਕਿ ਸਭ ਮੁਆਫ਼ ਹੋ ਜਾਏਗਾ। ਛਮਾਹੀ ਦਾ ਸਮਾਂ ਲੰਘ ਜਾਣ ਕਰਕੇ ਸੁਸਾਇਟੀ ਤੇ ਬੈਂਕਾਂ ਵਾਲਿਆਂ ਨੇ ਵਿਆਜ ਦਰ ਵੀ ਵਧ ਲਾਈ ਹੈ ਅਤੇ ਲੇਟ ਹੋਣ ਕਰਕੇ ਵਿਆਜ ਵੀ ਕਾਫੀ ਵਧ ਗਿਆ ਹੈ। ਕਈ ਖਾਦ ਵੀ ਸਮੇਂ ਸਿਰ ਨਹੀਂ ਚੁੱਕ ਸਕੇ। ਕਰਜ਼ਾ ਮੁਆਫ਼ੀ ਦੀ ਆਸ ਵਿਚ ਹੋਰ ਵਾਧੂ ਰਗੜਾ ਖਾ ਬੈਠੇ ਹਾਂ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

19-07-2017

 ਭਵਿੱਖ ਬਾਰੇ ਸੋਚੋ
ਸੰਪਾਦਕੀ ਸਫ਼ੇ 'ਤੇ ਛਪੇ ਸਵਰਨ ਸਿੰਘ ਟਹਿਣਾ ਦਾ ਲੇਖ 'ਲੋਕ ਨੁਮਾਇੰਦੇ ਪੰਜਾਬ ਦੇ ਭਵਿੱਖ ਬਾਰੇ ਸੋਚਣ' ਬਹੁਤ ਹੀ ਧਿਆਨ ਦੇਣ ਵਾਲਾ ਵਿਸ਼ਾ ਹੈ। ਲੇਖਕ ਨੇ ਇਹ ਗੱਲ ਬਿਲਕੁਲ ਸੱਚ ਆਖੀ ਹੈ ਕਿ ਵਿਧਾਨ ਸਭਾ ਵਿਚ ਹੋ ਰਹੀਆਂ ਹਰਕਤਾਂ ਦਾ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕਤਾ 'ਤੇ ਬਹੁਤ ਅਸਰ ਪੈ ਰਿਹਾ ਹੈ ਅਤੇ ਇਕ ਵਿਦਿਆਰਥੀ ਹੋਣ ਦੇ ਨਾਤੇ ਇਹ ਗੱਲ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਲੇਬਸ ਵਿਚ ਇਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ, ਬਾਰੇ ਦੱਸਿਆ ਜਾਂਦਾ ਹੈ। ਜਦੋਂ ਅਸੀਂ ਕਿਤਾਬਾਂ ਵਿਚ ਕੁਝ ਹੋਰ ਪੜ੍ਹਦੇ ਹਾਂ ਅਤੇ ਹਕੀਕਤ ਵਿਚ ਕੁਝ ਹੋਰ ਦੇਖਦੇ ਹਾਂ ਤਾਂ ਆਮ ਜਿਹੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਦੇ ਕਾਨੂੰਨ ਵਿਚ ਕਿੰਨਾ ਕੁ ਵਿਸ਼ਵਾਸ ਕਰਾਂਗੇ। ਇਸ ਕਾਰਨ ਹੀ ਸਾਡੇ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਉਨ੍ਹਾਂ ਵਿਚ ਅਪਰਾਧਾਂ ਦੀ ਬਿਰਤੀ ਵਧ ਰਹੀ ਹੈ।


-ਸਿਮਰਨ ਔਲਖ
ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ।)


ਚੋਰਾਂ ਦੀ ਦਹਿਸ਼ਤ
ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਸਬਾ ਡਕਾਲਾ ਅੰਦਰ ਅੱਜਕਲ੍ਹ ਚੋਰਾਂ ਨੇ ਪੂਰੀ ਦਹਿਸ਼ਤ ਫਲਾਈ ਹੋਈ ਹੈ। ਪਿਛਲੇ ਇਕ ਮਹੀਨੇ ਦੌਰਾਨ ਕਸਬੇ ਅੰਦਰ ਅੱਧੀ ਦਰਜਨ ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਇੱਧਰ ਪੁਲਿਸ ਜਾਂਚ ਦੀ ਗੱਲ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਲੱਗ ਰਹੀ ਹੈ, ਕਿਉਂਕਿ ਅੱਜ ਤੱਕ ਪੁਲਿਸ ਨੂੰ ਕਿਸੇ ਵੀ ਚੋਰੀ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਲੋਕਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਰਦਾਤਾਂ ਤੋਂ ਆਮ ਜਨਤਾ ਨੂੰ ਨਿਜਾਤ ਦਿਵਾਵੇ।


-ਨਰਿੰਦਰ ਸਿੰਘ ਚੌਹਾਨ
ਪਿੰਡ ਬਠੋਈ ਕਲਾਂ।


ਕਰਜ਼ਾ ਮੁਆਫ਼ੀ
ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਕਿਸਾਨਾਂ ਸਿਰ ਚੜ੍ਹੇ 90 ਹਜ਼ਾਰ ਕਰੋੜ ਦੇ ਕਰਜ਼ ਵਿਚੋਂ 10 ਲੱਖ ਕਿਸਾਨਾਂ ਦੇ ਸਿਰਫ 1500 ਕਰੋੜ ਮੁਆਫ਼ ਕਰਨ ਦੀ ਗੱਲ ਕਹੀ ਹੈ। ਇਸ ਤੁਛ ਜਿਹੀ ਰਕਮ ਨਾਲ ਤਾਂ ਸਿਰਫ ਸਾਰੇ ਬੈਂਕਾਂ ਨੂੰ ਕੁਝ ਮਹੀਨਿਆਂ ਦਾ ਵਿਆਜ ਹੀ ਅਦਾ ਕੀਤਾ ਜਾ ਸਕਦਾ ਹੈ। ਲਾਭਪਾਤਰੀ ਕਿਸਾਨਾਂ ਦੀ ਸ਼ਨਾਖਤ ਕਰਕੇ ਸਰਕਾਰ ਤਰਫੋਂ ਪ੍ਰਮਾਣ ਪੱਤਰ ਜਾਰੀ ਕੀਤੇ ਜਾਣ। ਸਾਡੇ ਸਰਕਾਰੀ ਗ਼ੈਰ-ਸਰਕਾਰੀ ਬੈਂਕ ਕਿਸਾਨਾਂ ਦੀ ਗਹਿਣੇ ਕੀਤੀ ਜ਼ਮੀਨ ਦੇ ਮਾਲਕੀ ਹੱਕ ਕਿਸਾਨਾਂ ਨੂੰ ਵਾਪਸ ਦੇਣ ਕਿਉਂਕਿ ਹੁਣ 5 ਏਕੜ ਤੱਕ ਕਿਸਾਨਾਂ ਦਾ ਕਰਜ਼ਾ ਐਲਾਨ ਮੁਤਾਬਿਕ ਸਰਕਾਰ ਨੇ ਅਦਾ ਕਰਨਾ ਹੈ, ਕਿਸਾਨਾਂ ਨੇ ਨਹੀਂ।


-ਲੱਖੀ ਗਿੱਲ ਧਨਾਨਸੂ।


ਸਕੂਲ ਲਾਇਬ੍ਰੇਰੀ
ਹਰ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲ ਵਿਚ ਬੇਅੰਤ ਪੁਸਤਕਾਂ ਵਿਦਿਆਰਥੀਆਂ ਦੇ ਪੜ੍ਹਨ ਵਾਸਤੇ ਪਈਆਂ ਹਨ। ਉਨ੍ਹਾਂ ਪੁਸਤਕਾਂ ਵਿਚ ਇਤਿਹਾਸ, ਵਿਗਿਆਨ, ਕਵਿਤਾਵਾਂ, ਨਾਵਲ, ਨਾਟਕ ਆਦਿ ਹਨ, ਜਿਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਚੰਗੇ ਲਿਖਾਰੀ ਬਣ ਸਕਦੇ ਹਨ। ਪਰ ਕਿਤਾਬਾਂ ਅਲਮਾਰੀਆਂ ਵਿਚ ਪਈਆਂ ਹੋਣ ਕਰਕੇ ਸਿਉਂਕ ਦੀ ਭੇਟ ਚੜ੍ਹ ਜਾਂਦੀਆਂ ਹਨ। ਬੱਚਿਆਂ 'ਚ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਕਰਨਾ ਚਾਹੀਦਾ ਹੈ। ਸਿੱਖਿਆ ਵਿਭਾਗ ਇਸ ਪਾਸੇ ਪੂਰਾ ਧਿਆਨ ਦੇਵੇ।


-ਜਸਵੰਤ ਸਿੰਘ
ਲੋਹਾਮ ਨਗਰ, ਮੋਗਾ।

18/07/2017

 ਡੀਜ਼ਲ ਪੈਟਰੋਲ ਦੀਆਂ ਕੀਮਤਾਂ
ਡੀਜ਼ਲ ਪੈਟਰੋਲ ਦੀਆਂ ਭਾਰੀ ਭਰਕਮ ਕੀਮਤਾਂ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ, ਕਿਉਂਕਿ ਇਸ ਦੀ ਵਰਤੋਂ ਅਜੋਕੇ ਸਮੇਂ ਅੰਦਰ ਤਕਰੀਬਨ ਹਰ ਵਿਅਕਤੀ ਕਰਦਾ ਹੈ। ਕੇਂਦਰ ਸਰਕਾਰ ਨੇ 'ਇਕ ਦੇਸ਼ ਇਕ ਟੈਕਸ' ਦਾ ਖੂਬ ਢਿੰਡੋਰਾ ਪਿੱਟਿਆ ਹੈ। ਦਰਅਸਲ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਟੈਕਸਾਂ ਦੇ ਰਾਹੀਂ ਲੋਕਾਂ ਉੱਪਰ ਭਾਰੀ ਬੋਝ ਪਾਇਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਲੋੜ ਹੈ ਕਿ ਕਲਿਆਣਕਾਰੀ ਰਾਜ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਭਾਰਤ ਸਰਕਾਰ ਤੁਰੰਤ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿਚ ਲਿਆ ਕੇ ਲੋਕਾਂ ਨੂੰ ਰਾਹਤ ਦੇਵੇ। ਸਰਕਾਰ ਦੀ ਇਸ ਤਰ੍ਹਾਂ ਦੀ ਦੋਗਲੀ ਨੀਤੀ ਕਾਰਨ ਜੀ.ਐਸ.ਟੀ. ਪ੍ਰਤੀ ਵੀ ਸ਼ੰਕੇ ਉਪਜਣ ਲੱਗੇ ਹਨ।

-ਪ੍ਰਿੰ: ਮਹਿੰਦਰ ਕੌਰ ਢਿੱਲੋਂ
ਬਿਲਾਸਪੁਰ (ਮੋਗਾ)।

ਬੇਸੁਆਦੀ ਚਾਹ
ਪਹਿਲਾਂ ਆਮ ਢਾਬੇ ਉਪਰ ਚਾਹ ਦਾ ਕੱਪ ਸਿਰਫ 10 ਰੁਪਏ ਵਿਚ ਮਿਲ ਜਾਂਦਾ ਸੀ ਪਰ ਹੁਣ ਜੀ. ਐਸ. ਟੀ. ਲਾਗੂ ਹੋਣ ਕਰਕੇ ਚਾਹ ਪੱਤੀ ਤੇ ਚੀਨੀ ਮਹਿੰਗੇ ਹੋ ਗਏ ਹਨ ਅਤੇ ਢਾਬਿਆਂ ਵਾਲਿਆਂ ਨੇ ਚਾਹ ਦਾ ਕੱਪ 15 ਰੁਪਏ ਦਾ ਵੇਚਣਾ ਸ਼ੁਰੂ ਕਰ ਦਿਤਾ ਹੈ। ਹੁਣ ਤਾਂ ਲੋਕ ਇਕ ਦੂਜੇ ਨੂੰ ਮਿਲਣ ਸਮੇਂ ਚਾਹ ਦੀ ਸੁਲਾਹ ਮਾਰਨ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ।
ਆਮ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਰਕਾਰੀ ਸਹਾਇਤਾ ਪ੍ਰਾਪਤ ਜਥੇਬੰਦੀਆਂ ਅਤੇ ਸਰਕਾਰ ਦੇ ਝੋਲੀ ਚੁੱਕ ਇਹ ਪ੍ਰਚਾਰ ਕਰ ਰਹੇ ਹਨ ਕਿ ਜੀ. ਐਸ. ਟੀ. ਲਾਗੂ ਹੋਣ ਨਾਲ ਬਹੁਤ ਸਾਰਾ ਸਮਾਨ ਸਸਤਾ ਹੋ ਗਿਆ ਹੈ ਪਰ ਅਸਲੀਅਤ ਇਸ ਤੋਂ ਉਲਟ ਹੈ, ਜੀ. ਐਸ. ਟੀ. ਲਾਗੂ ਹੋਣ ਕਾਰਨ ਹਰ ਸਮਾਨ ਹੀ ਮਹਿੰਗਾ ਹੋ ਗਿਆ ਹੈ।

-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ ਵਿਦਿਆ ਨਗਰ ਪਟਿਆਲਾ।

ਅਸ਼ਲੀਲਤਾ ਅਤੇ ਸਮਾਜ
ਅਜੋਕੇ ਸਮੇਂ ਸਾਡੇ ਸਮਾਜ ਨੂੰ ਅਨੇਕਾਂ ਬੁਰਾਈਆਂ, ਕੁਰੀਤੀਆਂ ਨੇ ਘੇਰ ਰੱਖਿਆ ਹੈ ਜੋ ਕਿ ਸਮਾਜਿਕ ਸਿਹਤ ਨੂੰ ਲੱਕੜ ਦੇ ਘੁਣ ਵਾਂਗ ਖੋਖਲਾ ਤੇ ਕਮਜ਼ੋਰ ਕਰ ਰਹੀਆਂ ਹਨ। ਇਨ੍ਹਾਂ ਬੁਰਾਈਆਂ ਵਿਚ ਨਸ਼ੇ, ਫੈਸ਼ਨ, ਦਾਜ, ਮਾਦਾ ਭਰੂਣ ਹੱਤਿਆ ਆਦਿ ਸ਼ਾਮਿਲ ਹਨ ਤੇ ਇਨ੍ਹਾਂ ਵਿਚੋਂ ਇਕ ਬੁਰਾਈ ਹੈ 'ਅਸ਼ਲੀਲਤਾ', ਜਿਸ ਨੇ ਸਮਾਡੇ ਸਮਾਜ ਉੱਪਰ ਗਹਿਰਾ ਦੁਰਪ੍ਰਭਾਵ ਪਾਇਆ ਹੋਇਆ ਹੈ। ਮੀਡੀਆ ਚਾਹੇ ਬਿਜਲਈ ਹੋਵੇ ਜਾਂ ਪ੍ਰਿੰਟ ਹੋਵੇ, ਅਸ਼ਲੀਲਤਾ ਦੇ ਵਾਧੇ ਵਿਚ ਪ੍ਰਮੁੱਖ ਰੋਲ ਅਦਾ ਕਰ ਰਿਹਾ ਹੈ। ਸਿੱਟੇ ਵਜੋਂ ਸਮਾਜ ਦਾ ਅਹਿਮ ਅੰਗ ਨੌਜਵਾਨ ਵਰਗ ਇਸ ਸਮਾਜਿਕ ਬੁਰਾਈ (ਅਸ਼ਲੀਲਤਾ) ਦਾ ਜ਼ਿਆਦਾ ਸ਼ਿਕਾਰ ਹੋ ਰਿਹਾ ਹੈ। ਸੋ, ਇਸ ਵਰਤਾਰੇ ਨੂੰ ਰੋਕਣ ਲਈ ਸਮਾਜ ਦੇ ਜਾਗਰੂਕ ਲੋਕਾਂ ਤੋਂ ਇਲਾਵਾ ਪ੍ਰਮੁੱਖ ਧਿਰ ਸਰਕਾਰ ਨੂੰ ਉਚੇਚਾ ਧਿਆਨ ਦੇ ਕੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

17/07/2017

 ਪੱਤਰਕਾਬਲ-ਏ-ਤਾਰੀਫ਼
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਛਪੇ ਲੇਖ 'ਕਿੰਨੇ ਕੁ ਸੰਤੁਸ਼ਟ ਹਨ ਵਿਦੇਸ਼ਾਂ ਵਿਚ ਪੰਜਾਬੀ' ਜਿਥੇ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਵਸਨੀਕਾਂ ਦੀ ਸਰਮਾਏਦਾਰਾਨਾ ਵਿਵਸਥਾ ਅਧੀਨ ਨਿੱਘਰਦੀ ਹਾਲਤ ਨੂੰ ਬਿਆਨ ਕਰਦਾ ਸੀ, ਉਥੇ ਪੰਜਾਬੀ ਭਾਈਚਾਰੇ ਦੀ ਉਦਾਸੀ ਤੇ ਬਹੁ-ਪਰਤੀ ਸਮੱਸਿਆਵਾਂ ਨਾਲ ਜੂਝ ਰਹੀ ਸਥਿਤੀ ਦਾ ਸ਼ੀਸ਼ਾ ਵੀ ਸੀ। ਪੂਰਬ ਦੇ ਫਲਸਫ਼ੇ ਨੇ ਜੀਵਨ ਨੂੰ ਸੁਚੱਜਾ ਤੇ ਅਰਥਪੂਰਨ ਬਣਾਉਣ ਦਾ ਸੰਕਲਪ ਪੇਸ਼ ਕੀਤਾ ਹੈ ਪਰ ਪੱਛਮੀ ਚਮਕ ਨੇ ਮਨੁੱਖ ਨੂੰ ਕੇਵਲ ਆਪਣੇ ਵੱਲ ਖਿੱਚ ਕੇ ਜ਼ਿੰਦਗੀ ਦੇ ਅਸਲ ਮਨੋਰਥ ਤੋਂ ਤੋੜਿਆ ਹੈ। ਮਨੁੱਖ ਅੰਦਰ ਪਨਪਦੀ ਅਸੰਤੁਸ਼ਟੀ ਦੀ ਭਾਵਨਾ ਨੇ ਉਸ ਨੂੰ ਸੁਆਰਥੀ ਤੇ ਲਾਲਚੀ ਬਣਾਇਆ ਹੈ ਜੋ ਕਿ ਕੇਵਲ ਤੇ ਕੇਵਲ ਸਰਮਾਏਦਾਰੀ ਦੀ ਹੀ ਦੇਣ ਹੈ। ਲੇਖਕ ਮੁਤਾਬਿਕ ਪੱਛਮੀ ਸਰਮਾਏਦਾਰੀ ਵਿਚ ਸਵਰਗ ਦੀ ਪ੍ਰਾਪਤੀ ਨਾ ਹੋਣ ਦੀ ਗੱਲ ਬਿਲਕੁਲ ਠੀਕ ਤੇ ਵਿਅੰਗਾਤਮਿਕ ਰੂਪ ਵਿਚ ਬੇਹੱਦ ਵਿਚਾਰਨਯੋਗ ਤੇ ਗੰਭੀਰ ਟਿੱਪਣੀ ਸੀ।


-ਬਿਕਰਮਜੀਤ ਸਿੰਘ ਜੀਤ
ਅੰਮ੍ਰਿਤਸਰ।


ਪ੍ਰਾਇਮਰੀ ਸਿੱਖਿਆ
ਬੀਤੇ ਦਿਨੀਂ ਪਰਮਜੀਤ ਸਿੰਘ ਢੀਂਗਰਾ ਦਾ ਲੇਖ 'ਉੱਚਿਤ ਨਹੀਂ ਹੈ ਪ੍ਰਾਇਮਰੀ ਸਿੱਖਿਆ ਅੰਗਰੇਜ਼ੀ ਵਿਚ ਦੇਣ ਦਾ ਫ਼ੈਸਲਾ' ਸਲਾਹੁਣਯੋਗ ਸੀ। ਮੈਂ ਉਨ੍ਹਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਪੰਜਵੀਂ ਕਲਾਸ ਪਾਸ ਕਰਨ ਤੱਕ ਬੱਚੇ ਨੂੰ ਆਪਣੀ ਮਾਂ-ਬੋਲੀ ਤਾਂ ਚੰਗੀ ਤਰ੍ਹਾਂ ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ। ਟਰੱਕ ਤਿੰਨ ਅੱਖਰਾਂ ਦਾ ਸ਼ਬਦ ਹੈ, ਰਾਰੇ 'ਤੇ ਟਿੱਪੀ ਪੈ ਗਈ ਤਾਂ ਸਮਾਨ ਪਾਉਣ ਵਾਲਾ ਟਰੰਕ ਹੈ, ਜੇ ਰਾਰੇ 'ਤੇ ਅੱਧਕ ਪੈ ਗਿਆ ਤਾਂ ਭਾਰ ਢੋਣ ਵਾਲਾ ਟਰੱਕ ਹੈ। ਮੈਂ ਬਹੁਤ ਸਾਰੇ ਪੰਜਵੀਂ ਪਾਸ ਬੱਚੇ ਪੰਜਾਬੀ ਪੜ੍ਹਨ ਵਿਚ ਕਮਜ਼ੋਰ ਵੇਖੇ ਹਨ। ਅੰਗਰੇਜ਼ੀ ਅਧਿਆਪਨ ਵਾਲੇ ਸਕੂਲਾਂ ਵਿਚ ਪੜ੍ਹੇ ਅੰਗਰੇਜ਼ੀ ਵਿਚ ਮਾਹਿਰ ਬੱਚੇ ਪੰਜਾਬੀ ਦੇ ਮਹਾਨ ਵਿਦਵਾਨ ਸਾਹਿਤਕਾਰਾਂ ਬਾਰੇ ਮੈਂ ਅਣਜਾਣ ਵੇਖੇ ਹਨ। ਅੱਜ ਵੀ ਬਹੁਤ ਸਾਰੇ ਲੋਕ 59, 69, 79 ਅਤੇ 89 ਦਾ ਭੁਲੇਖਾ ਖਾਂਦੇ ਹਨ।


-ਦੀਪਕ ਤੇਜਾ
ਪਿੰਡ ਬਵਾਣੀਆਂ, ਤਹਿ: ਗਿੱਦਗੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਗਿਆਨ ਵਧਾਊ ਲੇਖ
'ਅਜੀਤ ਮੈਗਜ਼ੀਨ' 'ਚ ਛਪੇ ਤਿੰਨੇ ਹੀ ਲੇਖ 'ਕੀ ਭਾਰਤ-ਪਾਕਿ ਰਿਸ਼ਤੇ ਸੁਧਰ ਸਕਦੇ ਹਨ?' ਅਮਰਜੀਤ ਸਿੰਘ ਹੇਅਰ ਦੁਆਰਾ ਲਿਖਤ, ਭਾਰਤ ਪਾਕਿਸਤਾਨ ਨਾਲ ਗੱਲਬਾਤ ਉਦੋਂ ਤੱਕ ਕਰਨ ਲਈ ਤਿਆਰ ਨਹੀਂ ਜਿੰਨਾ ਚਿਰ ਉਸ ਦੀ ਧਰਤੀ ਤੋਂ ਉਪਜਿਆ ਆਤੰਕਵਾਦ ਬੰਦ ਨਹੀਂ ਹੁੰਦਾ, ਇਹ ਤਾਂ ਉਹ ਗੱਲ ਹੋਈ 'ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ' ਰੱਬ ਕਰੇ 14 ਅਗਸਤ, 2017 ਨੂੰ ਅਮਨਪਸੰਦ ਲੋਕਾਂ ਦੀਆਂ ਵਾਹਗਾ ਸਰਹੱਦ 'ਤੇ ਜਲਾਈਆਂ ਜਾਣ ਵਾਲੀਆਂ ਮੋਮਬੱਤੀਆਂ ਦਾ ਚਾਨਣ ਭਾਰਤੀਆਂ ਅਤੇ ਪਾਕਿਸਤਾਨੀਆਂ ਦੇ ਦਿਮਾਗਾਂ ਵਿਚ ਛਾਏ ਹਨੇਰੇ ਨੂੰ ਦੂਰ ਕਰ ਦੇਵੇ। ਡਾ: ਬਲਵਿੰਦਰ ਸਿੰਘ ਲੱਖੇਵਾਲੀ ਦੁਆਰਾ ਲਿਖਤ, 'ਬਿਰਖਾਂ ਬਾਝ ਨਾ ਸੋਂਹਦੀ ਧਰਤੀ, ਭਾਵੇਂ ਲੱਖ ਹਵੇਲੀਆਂ ਖੜ੍ਹੀਆਂ', ਸੁਰਜੀਤ ਪਾਤਰ ਦੀਆਂ ਲਾਈਨਾਂ 'ਏਹੋ ਹੈ ਮੇਰੀ ਮੈਅਕਸ਼ੀ, ਏਸੇ 'ਚ ਮਸਤ ਹਾਂ, ਪੌਣਾਂ 'ਚੋਂ ਜ਼ਹਿਰਾਂ ਪੀ ਰਿਹਾ ਹਾਂ, ਮੈਂ ਦਰੱਖਤ ਹਾਂ।' 'ਸਾਡੇ ਬਣਵਾਨਸ ਨਾਲ ਸਬੰਧ ਹਕੀਕਤ ਜਾਂ ਵਹਿਮ', ਡਾ: ਸੁਰਜੀਤ ਸਿੰਘ ਦੁਆਰਾ ਲਿਖਤ, ਮਨੁੱਖ ਦੀ ਉਤਪਤੀ ਦੇ ਸਿਧਾਂਤ ਦੇ ਉਪਰੰਤ ਡਾਰਵਿਨ ਨੇ ਸਾਨੂੰ ਪ੍ਰਾਣੀਆਂ ਦੀ ਸਫ਼ ਵਿਚ ਸ਼ਾਮਿਲ ਕਰ ਦਿੱਤਾ। ਸਾਰੇ ਹੀ ਲੇਖ ਬੇਹੱਦ ਗਿਆਨਵਰਧਕ ਤੇ ਰੌਚਿਕ ਸਨ।


-ਡਾ: ਅਮਰਜੀਤ ਸਿੰਘ ਮਾਨ
ਸੰਗਰੂਰ।

14/07/2017

 ਅੱਤਵਾਦੀਆਂ ਦੀ ਦਰਿੰਦਗੀ
ਪਿਛਲੇ ਦਿਨੀਂ ਦੱਖਣੀ ਕਸ਼ਮੀਰ 'ਚ ਅਨੰਤਨਾਗ ਤੇ ਬਦੇਗੂ 'ਚ ਅੱਤਵਾਦੀਆਂ ਨੇ ਅਮਰਨਾਥ ਸ਼ਰਧਾਲੂਆਂ ਅਤੇ ਸੁਰੱਖਿਆ ਬਲਾਂ ਦੇ ਕਾਫ਼ਲੇ 'ਤੇ ਕਾਤਲਾਨਾ ਹਮਲਾ ਕੀਤਾ। ਅੰਨ੍ਹੇਵਾਹ ਚਲਾਈ ਗੋਲੀ ਦੌਰਾਨ ਬੱਸ 'ਚ ਸਵਾਰ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦ ਕਿ 12 ਸ਼ਰਧਾਲੂ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਅੱਤਵਾਦੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭੱਜ ਨਿਕਲੇ। ਇਹ ਘਿਨਾਉਣੀ ਅਤੇ ਦਿਲ ਕੰਬਾਉਣ ਵਾਲੀ ਘਟਨਾ ਨੇ ਹਰ ਭਾਰਤੀ ਨਾਗਰਿਕ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ। ਇਸ ਘਟਨਾ ਦੀ ਵਿਸ਼ਵ ਭਰ ਵਿਚ ਅਲੋਚਨਾ ਕੀਤੀ ਗਈ ਹੈ। ਹੁਣ ਵਕਤ ਆ ਗਿਆ ਹੈ ਕਿ ਪੂਰੇ ਵਿਸ਼ਵ ਨੂੰ ਇਨ੍ਹਾਂ ਦੇ ਵਿਰੁੱਧ ਇਕ ਝੰਡੇ ਥੱਲੇ ਖਲੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਜੋ ਲੋਕ ਅਤੇ ਮੁਲਕ ਇਨ੍ਹਾਂ ਨੂੰ ਸ਼ਹਿ ਅਤੇ ਪਨਾਹ ਦੇ ਰਹੇ ਹਨ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੈਰਾ ਮਿਲਟਰੀ ਫੋਰਸ ਤੇ ਪੁਲਿਸ ਨੂੰ ਵਧੇਰੇ ਅਧਿਕਾਰ ਦੇ ਕੇ ਉਨ੍ਹਾਂ ਦਾ ਮਨੋਬਲ ਵਧਾਉਣਾ ਸਮੇਂ ਦੀ ਜ਼ਰੂਰਤ ਹੈ।

-ਗੁਰਮੀਤ ਸਿੰਘ ਵੇਰਕਾ
ਰਿਟਾਇਰਡ ਇੰਸਪੈਕਟਰ।

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ
ਭਾਰਤ-ਚੀਨ ਵਿਵਾਦ ਅੱਜ ਸਾਰੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਇਕ-ਦੂਜੇ 'ਤੇ ਸਰਹੱਦਾਂ ਦੀਆਂ ਉਲੰਘਣਾਵਾਂ ਦਾ ਦੋਸ਼ ਮੜ੍ਹਿਆ ਜਾ ਰਿਹਾ ਹੈ। ਇਕ-ਦੂਜੇ ਨੂੰ ਨਤੀਜਿਆਂ ਦੇ ਭੁਗਤਣ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਅੱਜ ਤੱਕ ਕਿਸੇ ਦੇਸ਼ ਨੇ ਵੀ ਜੰਗਾਂ ਤੋਂ ਕੁਝ ਨਹੀਂ ਖੱਟਿਆ। ਜੰਗਾਂ ਤਬਾਹੀ ਦਾ ਕਾਰਨ ਬਣਦੀਆਂ ਹਨ। ਹੀਰੋਸ਼ੀਮਾ, ਨਾਗਾਸਾਕੀ ਤੇ ਪਹਿਲੀਆਂ ਦੋ ਸੰਸਾਰ ਜੰਗਾਂ ਦਾ ਸੰਤਾਪ ਅਜੇ ਤੱਕ ਲੋਕ ਭੋਗ ਰਹੇ ਹਨ। ਅੱਜ ਹਰੇਕ ਦੇਸ਼ ਕੋਲ ਮਾਰੂ ਹਥਿਆਰ ਹਨ, ਰਤਾ ਜਿੰਨੀ ਵੀ ਕੁਤਾਹੀ ਨਾਲ ਹੱਸਦੀ-ਵਸਦੀ ਦੁਨੀਆ ਰਾਖ ਦਾ ਢੇਰ ਹੋ ਸਕਦੀ ਹੈ। ਵਿਵਾਦਾਂ ਦਾ ਹੱਲ ਮਿਲ-ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਅੱਜ ਸੰਸਾਰ ਨੂੰ ਅਮਨ ਸ਼ਾਂਤੀ ਦੀ ਲੋੜ ਹੈ। ਅਸਲ੍ਹੇ ਦੇ ਵਪਾਰੀ ਤਾਂ ਜੰਗਾਂ-ਯੁੱਧਾਂ ਚਾਹੁੰਦੇ ਹੀ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ

ਰੁੱਖ ਲਗਾਓ
ਵਾਤਾਵਰਨ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ, ਫੈਕਟਰੀਆਂ, ਮੋਟਰ ਗੱਡੀਆਂ ਦਾ ਜ਼ਹਿਰੀਲਾ ਧੂੰਆਂ ਤੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਧਰਤੀ ਦਾ ਤਾਪਮਾਨ ਹਰ ਸਾਲ ਵਧਦਾ ਜਾਂਦਾ ਹੈ। ਨਤੀਜੇ ਵਜੋਂ ਬਾਰਿਸ਼ਾਂ ਨਾ-ਮਾਤਰ ਹੋਣ ਤੇ ਟੋਭੇ-ਤਲਾਅ ਸੁੱਕਣ ਕਾਰਨ ਜੀਵ-ਜੰਤੂਆਂ ਦਾ ਜਿਊਣਾ ਮੁਹਾਲ ਹੋ ਜਾਂਦਾ ਹੈ। ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਦਿਨਾਂ 'ਚ ਲਗਾਏ ਪੌਦੇ ਜਲਦੀ ਹੀ ਜੜ੍ਹ ਫੜ ਲੈਂਦੇ ਹਨ ਤੇ ਛੇਤੀ ਵਧਦੇ ਫੁੱਲਦੇ ਹਨ। ਲੋੜ ਹੈ ਇਕ-ਇਕ ਬੂਟਾ ਲਗਾ ਕੇ ਸ਼ੁਰੂਆਤ ਕਰਨ ਦੀ।

-ਪਿਆਰਾ ਸਿੰਘ ਮਾਸਟਰ
ਨਕੋਦਰ।

13/07/2017

 ਕਿਸਾਨਾਂ ਦੀਆਂ ਸਮੱਸਿਆਵਾਂ ਤੇ ਕਰਜ਼ਾ
ਕਿਸਾਨ ਅੱਜ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਸਮੁੱਚੀ ਲੋਕਾਈ ਦਾ ਢਿੱਡ ਭਰਨ ਵਾਲਾ ਅੱਜ ਭੁੱਖੇ ਢਿੱਡ ਖ਼ੁਦਕੁਸ਼ੀਆਂ ਕਰ ਰਿਹਾ ਹੈ। ਮੌਤ ਨੂੰ ਗਲ ਲਾਉਣਾ ਸੌਖਾ ਨਹੀਂ ਹੁੰਦਾ। ਕੀ ਕਦੇ ਕਿਸੇ ਸਨਅਤਕਾਰ ਜਾਂ ਵਪਾਰੀ ਨੇ ਆਰਥਿਕ ਸੰਕਟ 'ਚ ਗੁਜ਼ਰਦਿਆਂ ਖ਼ੁਦਕੁਸ਼ੀ ਕੀਤੀ ਹੈ? ਕਿਸਾਨੀ ਜਿਣਸਾਂ ਦੇ ਭਾਅ ਓਨੀ ਤੇਜ਼ੀ ਨਾਲ ਨਹੀਂ ਵਧਦੇ, ਜਿੰਨੀ ਤੇਜ਼ੀ ਨਾਲ ਖੇਤੀ ਲਾਗਤ ਭਾਵ ਬੀਜ, ਦਵਾਈਆਂ, ਮਸ਼ੀਨਰੀ, ਖਾਦਾਂ ਆਦਿ ਦੇ ਭਾਅ ਵਧਦੇ ਹਨ। ਸਰਕਾਰ ਦਾ ਇਨ੍ਹਾਂ 'ਤੇ ਕੋਈ ਕੰਟਰੋਲ ਨਹੀਂ। ਕਿਸਾਨ ਜਥੇਬੰਦੀਆਂ ਨੂੰ ਖੇਤੀ ਮਸ਼ੀਨਰੀ ਬਣਾਉਣ ਵਾਲੇ ਅਤੇ ਦਵਾਈਆਂ, ਖਾਦਾਂ ਆਦਿ ਕੰਪਨੀਆਂ ਵਿਰੁੱਧ ਵੀ ਮੋਰਚੇ ਲਾਉਣੇ ਚਾਹੀਦੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਈਮਾਨਦਾਰ ਅਫ਼ਸਰਾਂ ਨੂੰ ਸਰਵੇਅ ਕਰਨ ਲਈ ਲਾਏ ਕਿ ਕਿਹੜੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਹੈ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ। ਸਰਕਾਰਾਂ ਹੁਣ ਨਾ ਜਾਗਣਗੀਆਂ ਤਾਂ ਕਦੋਂ ਜਾਗਣਗੀਆਂ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਚੁਕੰਨੇ ਰਹਿਣ ਦੀ ਲੋੜ
ਪੂਰੀ ਦੁਨੀਆ ਜਾਣਦੀ ਹੈ ਕਿ ਪਾਣੀ ਇਕ ਅਜਿਹਾ ਸਰੋਤ ਹੈ ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਪਰ ਫਿਰ ਵੀ ਪਾਣੀ ਦੀ ਬਰਬਾਦੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਤਕਰੀਬਨ 25 ਬਲਾਕਾਂ ਦਾ ਡੇਢ ਮੀਟਰ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਜਦ ਕਿ ਲੁਧਿਆਣੇ ਜ਼ਿਲ੍ਹੇ ਦਾ 1.29 ਮੀਟਰ ਪਾਣੀ ਹੇਠਾਂ ਚਲਾ ਗਿਆ ਦੱਸਿਆ ਜਾ ਰਿਹਾ ਹੈ। ਇਹ ਅੰਕੜੇ ਅੱਜ ਸਾਨੂੰ ਗੰਭੀਰ ਹੋਣ ਦੀ ਚਿਤਾਵਨੀ ਦੇ ਰਹੇ ਹਨ। ਪੰਜ ਆਬਾਂ ਵਾਲਾ ਪੰਜਾਬ ਅੱਜ ਢਾਈ ਆਬਾਂ ਦਾ ਹੀ ਰਹਿ ਗਿਆ ਹੈ, ਜਦ ਕਿ ਇਨ੍ਹਾਂ ਢਾਈ ਆਬਾਂ ਨੂੰ ਵੀ ਖੋਹਣ ਲਈ ਪੰਜਾਬ ਵਿਰੋਧੀ ਤਾਕਤਾਂ ਤਰਲੋ-ਮੱਛੀ ਹੋਈਆਂ ਪਈਆਂ ਹਨ, ਜਿਨ੍ਹਾਂ ਤੋਂ ਪੰਜਾਬੀਆਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮਹਿੰਗੀ ਰੇਤਾ
ਪੰਜਾਬ ਵਿਚ ਅੱਜ ਆਮ ਲੋਕਾਂ ਲਈ ਘਰ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਅੱਜ ਰੇਤ ਦੇ ਭਾਅ ਅਸਮਾਨ ਨੂੰ ਛੂੰਹਦੇ ਨਜ਼ਰ ਆ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਰੇਤਾ ਦੀ ਕਾਲਾਬਾਜ਼ਾਰੀ ਦਾ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਸਰਕਾਰ ਆਉਣ 'ਤੇ ਰੇਤਾ ਦੇ ਭਾਅ ਆਮ ਲੋਕਾਂ ਦੀ ਪਹੁੰਚ ਵਿਚ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਅੱਜ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਰੇਤਾ ਦੀ ਕੀਮਤ ਨੂੰ ਘੱਟ ਕਰਨ ਵਿਚ ਨਾਕਾਮ ਨਜ਼ਰ ਆ ਰਹੀ ਹੈ। ਆਏ ਦਿਨ ਰੇਤ ਦੇ ਵਧ ਰਹੇ ਭਾਅ ਲੋਕਾਂ ਲਈ ਭਾਰੀ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਸੋ, ਸਰਕਾਰ ਨੂੰ ਲੋਕਾਂ ਅਤੇ ਵਿਰੋਧੀ ਧਿਰ ਦੇ ਵਿਦਰੋਹ ਤੋਂ ਬਚਣ ਲਈ ਰੇਤ ਦੀਆਂ ਕੀਮਤਾਂ ਨੂੰ ਆਮ ਬੰਦੇ ਦੀ ਪਹੁੰਚ ਵਿਚ ਕਰਨ ਲਈ ਕੋਈ ਠੋਸ ਨੀਤੀ ਜ਼ਰੂਰ ਘੜਨੀ ਚਾਹੀਦੀ ਹੈ ਤਾਂ ਜੋ ਹਰ ਕਿਸੇ ਨੂੰ ਆਪਣੀ ਮੁਢਲੀ ਜ਼ਰੂਰਤ ਘਰ ਬਣਾਉਣ ਵਿਚ ਆਸਾਨੀ ਹੋ ਸਕੇ।


-ਰਾਜਾ ਗਿੱਲ (ਚੜਿੱਕ)

12/07/2017

 ਕਾਂਗਰਸ ਸਰਕਾਰ ਦੇ ਸੌ ਦਿਨ
ਸੌ ਦਿਨ ਪੂਰੇ ਹੋਣ 'ਤੇ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੀ ਫੂਕ ਵੀ ਨਿਕਲ ਚੁੱਕੀ ਹੈ। ਆਮ ਨਾਗਰਿਕ ਤੋਂ ਸ਼ੁੱਧ ਪਾਣੀ ਅਤੇ ਬਿਜਲੀ ਆਦਿ ਦੀ ਸਹੂਲਤ ਖੁੱਸ ਚੁੱਕੀ ਹੈ। ਸਰਕਾਰ ਵੱਲੋਂ ਨਸ਼ਾ ਬੰਦ ਕਰਨ ਦੇ ਨਾਂਅ 'ਤੇ ਆਰ.ਐਮ.ਪੀ. ਡਾਕਟਰਾਂ ਦੀਆਂ ਦੁਕਾਨਾਂ ਤਾਂ ਬੰਦ ਕਰ ਦਿੱਤੀਆਂ ਗਈਆਂ ਪਰ ਆਮ ਲੋਕਾਂ ਲਈ ਸਿਹਤ ਸਹੂਲਤ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੈਪਟਨ ਸਾਹਿਬ ਦੇ ਨਕਸ਼ੇ ਕਦਮ 'ਤੇ ਚਲ ਕੇ ਪੰਜਾਬੀ ਭਾਸ਼ਾ ਦੀ ਸੰਘੀ ਨਾ ਘੁੱਟੀ ਜਾਵੇ।


-ਲਖਵੀਰ ਕੌਰ
ਪਿੰਡ ਸੀਰਵਾਲੀ (ਮੁਕਤਸਰ)।


ਰੇਲਵੇ ਦਾ ਵਿਸਥਾਰ ਜ਼ਰੂਰੀ
ਦੇਸ਼ ਦੀ ਆਰਥਿਕਤਾ, ਸੁਰੱਖਿਆ ਸਥਿਤੀ ਅਤੇ ਆਪਸੀ ਨੇੜਤਾ ਵਧਾਉਣ ਲਈ ਰੇਲਵੇ ਦਾ ਹੋਰ ਵਿਸਥਾਰ ਕਰਨਾ ਬਹੁਤ ਹੀ ਉੱਤਮ ਹੋ ਸਕਦਾ ਹੈ। ਇਕ ਤਾਂ ਇਸ ਨਾਲ ਜਨ-ਸਾਧਾਰਨ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ, ਦੂਸਰਾ ਸੈਰ-ਸਪਾਟਾ ਉਦਯੋਗ ਵੀ ਪ੍ਰਫੁਲਿਤ ਹੋ ਸਕਦਾ ਹੈ, ਖ਼ਾਸ ਤੌਰ 'ਤੇ ਪਹਾੜੀ ਰਾਜਾਂ ਵਿਚ ਰੇਲਵੇ ਦਾ ਵਿਸਥਾਰ ਹੋਣਾ ਅਤਿ ਜ਼ਰੂਰੀ ਹੈ ਅਤੇ ਪ੍ਰਮੁੱਖ ਸ਼ਹਿਰ ਆਪਸ ਵਿਚ ਜੁੜਨ ਨਾਲ ਦੇਸ਼ ਦੀ ਆਰਥਿਕਤਾ, ਸੁਰੱਖਿਆ ਆਦਿ ਵੀ ਹੋਰ ਵਧੇਰੇ ਮਜ਼ਬੂਤ ਹੋਵੇਗੀ ਅਤੇ ਕਿਸੇ ਵੀ ਸੰਕਟ ਭਰੀ ਸਥਿਤੀ ਜਾਂ ਕੁਦਰਤੀ ਆਫ਼ਤਾਂ ਸਮੇਂ ਰੇਲਵੇ ਦਾ ਵਿਸਥਾਰ ਬਹੁਤ ਜ਼ਿਆਦਾ ਸਹਾਇਕ ਸਿੱਧ ਹੋ ਸਕਦਾ ਹੈ।


-ਮਾਸਟਰ ਸੰਜੀਵ ਧਰਮਾਣੀ
ਪਿੰਡ ਸੱਧੇਵਾਲ, ਡਾਕ: ਗੰਗੂਵਾਲ (ਸ੍ਰੀ ਅਨੰਦਪੁਰ ਸਾਹਿਬ)।


ਲੋਕਤੰਤਰ ਦੇ ਮੰਦਿਰ ਦੀ ਖਿੜਕੀ 'ਚੋਂ....!
ਭਾਰਤ ਦੁਨੀਆ ਦਾ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਲੋਕਾਂ ਨੂੰ ਆਪਣੀ ਇੱਛਾ ਅਤੇ ਮਰਜ਼ੀ ਅਨੁਸਾਰ ਆਪਣੇ ਨੁਮਾਇੰਦੇ ਚੁਣਨ ਦਾ ਸੰਪੂਰਨ ਸੰਵਿਧਾਨਕ ਅਧਿਕਾਰ ਪ੍ਰਾਪਤ ਹੈ। ਵਿਧਾਨ ਸਭਾ ਦੀਆਂ ਇਮਾਰਤਾਂ ਨੂੰ ਅਸੀਂ ਲੋਕਤੰਤਰ ਦਾ ਵੱਡਾ ਮੰਦਿਰ ਮੰਨਦੇ ਹਾਂ। ਪਰ ਜਦੋਂ ਲੋਕਤੰਤਰੀ ਮੰਦਿਰਾਂ ਦੀ ਖਿੜਕੀ 'ਚੋਂ ਅੰਦਰ ਝਾਤ ਮਾਰ ਕੇ ਦੇਖਦੇ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਅਸੀਂ ਕਿਸੇ ਜੰਗ ਦੇ ਮੈਦਾਨ ਦਾ ਦ੍ਰਿਸ਼ ਦੇਖ ਰਹੇ ਹੋਈਏ। ਸਾਡੇ ਦੇਸ਼ ਦੀਆਂ ਵਿਧਾਨ ਸਭਾਵਾਂ ਵਿਚ ਅਜਿਹੇ ਦ੍ਰਿਸ਼ ਆਮ ਵਰਤਾਰਾ ਬਣਦੇ ਜਾ ਰਹੇੇ ਹਨ। ਲੋਕਾਂ ਦੇ ਕਰੋੜਾਂ ਰੁਪਈਏ ਇਕ-ਇਕ ਸੈਸ਼ਨ ਵਿਚ ਬਿਨਾਂ ਸਾਰਥਿਕ ਨਤੀਜਿਆਂ ਦੇ ਸਵਾਹ ਕਰ ਦਿੱਤੇ ਜਾਂਦੇ ਹਨ ਅਤੇ ਲੋਕਾਂ ਦੀ ਆਸ ਦਾ ਬੂਰ ਫਲ਼ ਬਣਨ ਤੋਂ ਪਹਿਲਾਂ ਹੀ ਕਿਰ ਜਾਂਦਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਲੋਕਤੰਤਰ ਦੇ ਅਸਲੀ ਅਰਥ ਗੁਆਚ ਗਏ ਹੋਣ। ਪਰ ਸਾਡੇ ਨੁਮਾਇੰਦਿਆਂ ਨੂੰ ਗੰਭੀਰਤਾ, ਸੰਜਮ ਅਤੇ ਸਲੀਕੇ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਲੋਕਤੰਤਰੀ ਮੰਦਿਰਾਂ ਦੀ ਪਵਿੱਤਰਤਾ ਅਤੇ ਲੋਕਤੰਤਰ ਦੀ ਭਰੋਸੇਯੋਗਤਾ ਬਣੀ ਰਹੇ।


-ਸੁਖਵੀਰ ਘੁਮਾਣ ਦਿੜ੍ਹਬਾ।

11-07-2017

 ਨਵੀਂ ਸੱਭਿਆਚਾਰਕ ਨੀਤੀ

ਸਾਡੀ ਸੱਭਿਅਤਾ, ਸਾਰਾ ਵਿਰਸਾ, ਜਿਸ 'ਤੇ ਅਸੀਂ ਮਾਣ ਕਰਿਆ ਕਰਦੇ ਸਾਂ, ਅੱਜ ਉਹ ਅਲੋਪ ਹੁੰਦੇ ਜਾ ਰਹੇ ਹਨ। ਜਿਥੇ ਅਸੀਂ ਮਾਂ-ਬੋਲੀ ਨੂੰ ਮਨੋਂ ਵਿਸਾਰ ਰਹੇ ਹਾਂ, ਉਥੋਂ ਅਸੀਂ ਮਨੁੱਖੀ ਕਦਰਾਂ-ਕੀਮਤਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਸਰਕਾਰ ਵੱਲੋਂ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਲਈ ਕੀਤੀ ਗਈ ਪਹਿਲਕਦਮੀ ਸ਼ਲਾਘਾਯੋਗ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ 'ਤੇ ਸੱਚੇ ਦਿਲੋਂ ਅਮਲ ਹੁੰਦਾ ਹੈ ਜਾਂ ਨਹੀਂ। ਜੇ ਚੰਗਾ ਲਿਖਣ ਵਾਲੇ, ਚੰਗਾ ਗਾਉਣ ਵਾਲੇ ਅਤੇ ਵਧੀਆ ਫ਼ਿਲਮਾਉਣ ਵਾਲੇ ਲੋਕਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਇਹ ਆਪਣੀ ਸੱਭਿਅਤਾ ਤੇ ਵਿਰਸੇ ਨੂੰ ਬਚਾਉਣ ਵੱਲ ਵਧੀਆ ਕਦਮ ਹੋਵੇਗਾ। ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਬਚਾਉਣਾ ਵੀ ਤਾਂ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਆਪਣੇ ਸੱਭਿਆਚਾਰਕ ਵਿਰਸੇ ਨੂੰ ਬਚਾਈ ਰੱਖਣ ਲਈ ਸਰਕਾਰਾਂ ਦੀ ਪਹਿਲਕਦਮੀ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।

-ਸਮਿੱਤਰ ਸਿੰਘ
#142, ਦਸਮੇਸ਼ ਨਗਰ, ਝੁੰਗੀਆਂ ਰੋਡ, ਖਰੜ।

ਜਾਤਪਾਤ ਦੇ ਨਾਂਅ 'ਤੇ

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਜ਼ਦੀਕ ਜਾਤ ਬਰਾਦਰੀ ਦੇ ਨਾਂਅ 'ਤੇ ਵੱਡੀ ਪੱਧਰ 'ਤੇ ਮਾਰਧਾੜ ਕਰਕੇ ਮਾਹੌਲ ਵਿਗਾੜਿਆ ਗਿਆ। ਗੁਰੂ ਸਾਹਿਬਾਨਾਂ ਤੇ ਮਹਾਨ ਭਗਤਾਂ ਨੇ ਜਾਤ-ਪਾਤ ਨੂੰ ਮਿਟਾਉਣ ਲਈ ਬੜੇ ਯਤਨ ਕੀਤੇ। ਪਰ ਦੁੱਖ ਹੈ ਕਿ ਉਨ੍ਹਾਂ ਦੇ ਯਤਨ ਬਹੁਤੇ ਸਫਲ ਨਹੀਂ ਹੋਏ। ਪਿਛਲੇ ਲੰਮੇ ਸਮੇਂ ਤੋਂ ਸਿਆਸਤਦਾਨ ਧਰਮਾਂ-ਜਾਤਾਂ ਦੇ ਨਾਂਅ 'ਤੇ ਰੱਜ ਕੇ ਸਿਆਸਤ ਕਰਦੇ ਆ ਰਹੇ ਹਨ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਅੱਜ ਜਾਤ ਦੇ ਨਾਂਅ 'ਤੇ ਮਰਦਮਸ਼ੁਮਾਰੀਆਂ ਕਰਵਾਈਆਂ ਜਾਣ ਲੱਗੀਆਂ ਹਨ। ਇਹ ਵਰਤਾਰਾ ਜਿੱਥੇ ਬਹੁਤੇ ਭਾਈਚਾਰਿਆਂ 'ਚ ਨਫ਼ਰਤਾਂ ਪੈਦਾ ਕਰ ਰਿਹਾ ਹੈ, ਉਥੇ ਅਜਿਹਾ ਕਰਨਾ ਸੰਵਿਧਾਨ ਦੇ ਵੀ ਉਲਟ ਹੈ। ਭਾਰਤੀ ਸਮਾਜ ਵਿਚੋਂ ਜਾਤ-ਪਾਤ ਵਰਗੀ ਬੁਰਾਈ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ 'ਤੇ ਯਤਨ ਆਰੰਭ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਹੀ ਰਾਸ਼ਟਰ ਦੇ ਹਿਤ ਸੁਰੱਖਿਅਤ ਰਹਿ ਸਕਦੇ ਹਨ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਦੋਸ਼ੀ ਕੌਣ?

'ਖੇਡ ਜਗਤ' ਅੰਕ ਵਿਚ ਪ੍ਰੋ: ਪਰਮਜੀਤ ਸਿੰਘ ਰੰਧਾਵਾ ਦਾ ਲੇਖ 'ਕੀ ਦੋਸ਼ੀ ਸਾਡੇ ਚੋਣਕਾਰ ਜਾਂ ਵਿਦੇਸ਼ੀ ਕੋਚ?' ਕੌੜੀ ਸਚਾਈ ਬਿਆਨ ਕਰਦਾ ਹੈ। ਇਹ ਸਚਾਈ ਸਿਰਫ ਕੌਮੀ ਹਾਕੀ ਟੀਮ ਦੀ ਹੀ ਨਹੀਂ, ਸਗੋਂ ਭਾਰਤ ਵਿਚ ਹਰ ਖੇਡ ਦੀ ਹੀ ਹੈ। ਇਥੇ ਸਕੂਲਾਂ ਦੇ ਮੁਕਾਬਲਿਆਂ ਤੋਂ ਹੀ ਜੁਗਾੜੀ ਲੋਕ ਆਪਣਾ ਜੁਗਾੜ ਲਾਉਣ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਖੇਡਾਂ ਅਤੇ ਦੇਸ਼ ਦੀ ਇੱਜ਼ਤ ਨਾਲੋਂ ਨਿੱਜੀ ਹਿਤ ਪਿਆਰੇ ਹੁੰਦੇ ਹਨ। ਕੁਝ ਬਹੁਤ ਹੀ ਸਿਦਕੀ ਲੰਮਾ ਸੰਘਰਸ਼ ਤਾਂ ਕਰਦੇ ਹਨ ਪਰ ਉਨ੍ਹਾਂ ਦਾ ਮੁੱਲ ਨਹੀਂ ਪੈਂਦਾ। ਇਸ ਲਈ ਅੱਜ ਲੋੜ ਹੈ, ਇਨ੍ਹਾਂ ਜੁਗਾੜੀ ਲੋਕਾਂ 'ਤੇ ਸ਼ਿਕੰਜਾ ਕੱਸਣ ਦੀ, ਤਾਂ ਕਿ ਸਾਡੀ ਕੌਮੀ ਖੇਡ ਹਾਕੀ ਬੁਲੰਦੀ ਵੱਲ ਜਾ ਸਕੇ।

-ਸਿਮਰਨ ਔਲਖ
ਪਿੰਡ ਸੀਰਵਾਲੀ
(ਸ੍ਰੀ ਮੁਕਤਸਰ ਸਾਹਿਬ)।

10-07-2017

 ਕਿਤਾਬਾਂ ਸਾਡੀਆਂ ਹਮਸਫ਼ਰ
ਬੀਤੇ ਦਿਨੀਂ ਸੰਪਾਦਕੀ ਪੰਨੇ 'ਤੇ ਮਾਣਯੋਗ ਲੇਖਕ ਤਰਨਜੀਤ ਸਿੰਘ ਰੰਧਾਵਾ ਦਾ ਆਰਟੀਕਲ 'ਕਿਤਾਬਾਂ ਸਾਡੀਆਂ ਹਮਸਫ਼ਰ' ਪੜ੍ਹਿਆ, ਬਹੁਤ ਹੀ ਲਾਹੇਵੰਦ ਸੀ। ਲੇਖਕ ਅਨੁਸਾਰ ਕਿਤਾਬਾਂ ਸਾਡੇ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ। ਉਹ ਅਥਾਹ ਗਿਆਨ ਭੰਡਾਰ ਹੋਣ ਕਾਰਨ ਸਾਨੂੰ ਚੰਗਾ ਜੀਵਨ ਆਚਰਣ, ਨੈਤਿਕ ਅਤੇ ਅਗਾਂਹਵਧੂ ਸੋਚ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਾਨਸਿਕ ਤਣਾਅ ਤੋਂ ਨਿਜਾਤ ਮਿਲਦੀ ਹੈ। ਇਹ ਸਾਡੇ ਸ਼ਬਦ ਭੰਡਾਰ ਵਿਚ ਵਾਧਾ ਕਰਦੀਆਂ ਹਨ। ਸਾਡੇ ਰਹਿਬਰਾਂ ਨੇ ਵੀ ਕਿਤਾਬਾਂ ਦੀ ਮਹੱਤਤਾ ਨੂੰ ਬਹੁਤ ਉੱਚਾ ਦੱਸਿਆ ਹੈ। ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਅੰਦਰ ਗਿਆਨ ਦਾ ਪ੍ਰਵਾਹ ਚਲਦਾ ਹੈ ਤੇ ਦਲੀਲ ਨਾਲ ਗੱਲ ਕਰਨ ਦੀ ਸਮਰੱਥਾ ਤੇ ਸਮਝ ਆਉਂਦੀ ਹੈ। ਕਿਤਾਬਾਂ 'ਤੇ ਲਗਾਇਆ ਧਨ ਅਤੇ ਸਮਾਂ ਕਦੇ ਬਰਬਾਦ ਨਹੀਂ ਹੁੰਦਾ। ਚੰਗੀਆਂ ਪੁਸਤਕਾਂ ਸਾਡਾ ਬਹੁਤ ਹੀ ਕੀਮਤੀ ਖਜ਼ਾਨਾ ਹਨ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਦੋਸਤੀ ਤੱਕ ਦਾ ਸਫ਼ਰ
ਇਹ ਜ਼ਰੂਰੀ ਨਹੀਂ ਕਿ ਦੋਸਤੀ ਸਿਰਫ਼ ਹਮਉਮਰ ਨਾਲ ਹੀ ਹੋ ਸਕਦੀ ਹੈ। ਦੋਸਤ ਦੀ ਖਾਸੀਅਤ ਇਹ ਹੁੰਦੀ ਹੈ ਕਿ ਦੋਸਤ ਸਾਨੂੰ ਸਮਝਣ ਵਾਲਾ ਹੋਵੇ। ਸੱਚਾ ਦੋਸਤ ਮਿਲਣਾ ਮੁਸ਼ਕਿਲ ਹੁੰਦਾ ਹੈ। ਅੱਜ ਦੇ ਸਮੇਂ ਵਿਚ ਲੋਕਾਂ ਨੇ ਦੋਸਤੀ ਦੇ ਅਰਥਾਂ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਅਸਲ ਦੋਸਤ ਉਹ ਹੁੰਦਾ ਹੈ ਜੋ ਮੁਸ਼ਕਿਲ ਸਮੇਂ ਵਿਚ ਕੰਮ ਆਵੇ। ਸੁੱਖ ਵਿਚ ਹਿੱਸਾ ਪਾਉਣ ਤਾਂ ਸੱਤ ਬੇਗਾਨੇ ਵੀ ਆ ਜਾਂਦੇ ਹਨ। ਸੱਚਾ ਦੋਸਤ ਉਹੀ ਹੁੰਦਾ ਹੈ ਜੋ ਕੋਲ ਰਹਿ ਕੇ ਸਾਨੂੰ ਸਾਡੀਆਂ ਬੁਰਾਈਆਂ ਤੋਂ ਜਾਣੂ ਕਰਵਾਏ। ਨਹੀਂ ਤਾਂ ਤੋਹਮਤਾਂ ਤਾਂ ਦੁਸ਼ਮਣ ਵੀ ਲਗਾ ਲੈਂਦੇ ਨੇ।

-ਗਗਨ ਬਰਾੜ
ਸ੍ਰੀ ਮੁਕਤਸਰ ਸਾਹਿਬ।

ਨੇਤਾਵਾਂ ਦੀ ਅਮੀਰੀ
ਬੇਸ਼ੱਕ ਅੱਜ ਵੀ ਸਾਡੇ ਦੇਸ਼ ਵਿਚ ਉੱਚੇ-ਸੁੱਚੇ ਆਚਰਣ ਵਾਲੇ ਨੇਤਾਵਾਂ ਦੀ ਘਾਟ ਨਹੀਂ ਹੈ ਪਰ ਬਹੁ-ਗਿਣਤੀ ਭ੍ਰਿਸ਼ਟ ਨੇਤਾਵਾਂ ਦੀ ਹੀ ਹੈ। ਸਾਡੇ ਇਹ ਲੀਡਰ ਦਿਨੋ-ਦਿਨ ਅਮੀਰ ਹੋ ਰਹੇ ਹਨ। 1980 ਦੇ ਦਹਾਕੇ ਵਿਚ ਕਈ ਲੀਡਰਾਂ ਦੀ ਨਿੱਜੀ ਜਾਇਦਾਦ ਹਜ਼ਾਰਾਂ, ਲੱਖਾਂ ਵਿਚ ਸੀ ਜੋ ਕਿ ਅੱਜ ਕਰੋੜਾਂ, ਅਰਬਾਂ ਵਿਚ ਹੋ ਚੁੱਕੀ ਹੈ। ਇਹ ਲੋਕ ਕੁਝ ਸਮੇਂ ਵਿਚ ਹੀ ਵੱਡੀਆਂ ਕੰਪਨੀਆਂ, ਟਰਾਂਸਪੋਰਟਾਂ ਪੈਟਰੋਲ ਪੰਪਾਂ ਆਦਿ ਦੇ ਮਾਲਕ ਬਣ ਚੁੱਕੇ ਹਨ। ਸਾਡਾ ਇਨਕਮ ਟੈਕਸ ਵਿਭਾਗ ਅਤੇ ਜਾਂਚ ਏਜੰਸੀਆਂ ਇਨ੍ਹਾਂ ਭ੍ਰਿਸ਼ਟ ਲੀਡਰਾਂ ਤੇ ਇਨ੍ਹਾਂ ਦੀ ਆਮਦਨ ਦੇ ਸਾਧਨਾਂ ਬਾਰੇ ਕਿਉਂ ਨਹੀਂ ਪੁੱਛਦੀਆਂ? ਇਹ ਵੀ ਪੜਤਾਲ ਕਰਨ ਕਿ ਇਨ੍ਹਾਂ ਨੇ ਵੱਡੇ ਸ਼ਹਿਰਾਂ ਵਿਚ ਕੋਠੀਆਂ ਅਤੇ ਵੱਡੀਆਂ ਗੱਡੀਆਂ ਕਿਹੜੇ ਪੈਸੇ ਨਾਲ ਖਰੀਦੀਆਂ ਹਨ। ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਾਨੂੰਨ ਨੂੰ ਸਖਤਾਈ ਨਾਲ ਲਾਗੂ ਕਰਨਾ ਪਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਦੇਣੀ ਹੋਵੇਗੀ।

-ਲੱਖੀ ਗਿੱਲ ਧਨਾਨਸੂ

ਜਾਤ-ਪਾਤ
ਇਕ ਜੁਲਾਈ ਦੇ ਅੰਕ ਵਿਚ ਛਪਿਆ ਪੂਰਨ ਚੰਦ ਸਰੀਨ ਦਾ ਲੇਖ 'ਅਜੇ ਵੀ ਜਾਤ-ਪਾਤ ਤੋਂ ਉਭਰ ਨਹੀਂ ਸਕਿਆ ਦੇਸ਼' ਬਹੁਤ ਪਸੰਦ ਆਇਆ। ਅਸਲੀਅਤ ਵਿਚ, ਅੱਜ ਸੰਵਿਧਾਨ ਵਿਚ ਰਹਿ ਗਈਆਂ ਕਮਜ਼ੋਰੀਆਂ ਵਿਚ ਸੋਧ ਕਰਨੀ ਚਾਹੀਦੀ ਹੈ। ਜਾਤ-ਪਾਤ ਦੇ ਨਾਂਅ 'ਤੇ ਹੁੰਦੀ ਹਿੰਸਾ ਅਤੇ ਰਾਖਵਾਂਕਰਨ ਨੂੰ ਖਤਮ ਕਰਨ ਦੀ ਲੋੜ ਹੈ ਤਾਂ ਕਿ ਸਾਰੇ ਦੇਸ਼ ਵਾਸੀ ਬਰਾਬਰ ਦੇ ਅਧਿਕਾਰਾਂ ਨੂੰ ਮਾਣ ਸਕਣ। ਸ੍ਰੀ ਨਰਿੰਦਰ ਮੋਦੀ ਵੱਡੇ ਫੈਸਲੇ ਲੈਣ ਵਾਲੇ ਪ੍ਰਧਾਨ ਮੰਤਰੀ ਵਜੋਂ ਮਸ਼ਹੂਰ ਹਨ ਤੇ ਸਾਨੂੰ ਆਸ ਹੈ ਕਿ ਉਹ ਇਸ ਬਾਰੇ ਛੇਤੀ ਕੋਈ ਫ਼ੈਸਲਾ ਲੈਣਗੇ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ।

06/07/2017

 ਜਮਹੂਰੀਅਤ ਦਾ ਜਨਾਜ਼ਾ
ਲੋਕਤੰਤਰੀ ਵਿਵਸਥਾ ਅੰਦਰ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਵਿਧਾਨ ਸਭਾ 'ਚ ਜਾ ਕੇ ਲੋਕ ਮਸਲੇ ਉਠਾਉਣ ਦੇ ਫ਼ਰਜ਼ ਅਦਾ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਨੂੰ ਜੰਗ ਦਾ ਅਖਾੜਾ ਬਣੀ ਵਿਧਾਨ ਸਭਾ ਦੇ ਦ੍ਰਿਸ਼ਾਂ ਨੇ ਬੇਹੱਦ ਨਿਰਾਸ਼ ਕੀਤਾ ਹੈ। ਸੱਤ ਦਹਾਕੇ ਬੀਤਣ ਦੇ ਬਾਵਜੂਦ ਸਾਡਾ ਲੋਕਤੰਤਰ ਅਜੇ ਬਚਪਨ ਦੀਆਂ ਦਹਿਲੀਜ਼ਾਂ ਟੱਪਿਆ ਵੀ ਨਹੀਂ ਜਾਪਦਾ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਦਾਅਵੇ ਮਿੱਟੀ 'ਚ ਮਿਲੇ ਜਾਪ ਰਹੇ ਹਨ।
ਆਖਰ ਦੇਸ਼ ਦੇ ਲੋਕ ਕਦੋਂ ਤੱਕ ਅਜਿਹਾ ਤਮਾਸ਼ਾ ਚੁੱਪ-ਚਾਪ ਦੇਖਦੇ ਰਹਿਣਗੇ। ਸੋ, ਸਮੇਂ ਦੀ ਅਹਿਮ ਲੋੜ ਹੈ ਕਿ ਲੋਕਾਂ ਦੇ ਪ੍ਰਤੀਨਿਧਾਂ ਲਈ ਸਦਨਾਂ ਅੰਦਰ ਬਣਦੇ ਸਤਿਕਾਰ ਦੀ ਵਿਵਸਥਾ ਕੀਤੀ ਜਾਵੇ ਅਤੇ ਸਦਨ ਚਲਾਉਣ ਦੀ ਜ਼ਿੰਮੇਵਾਰੀ ਹੰਢੇ ਵਰਤੇ ਲੋਕ ਪ੍ਰਤੀਨਿਧਾਂ ਦੇ ਸਪੁਰਦ ਕੀਤੀ ਜਾਵੇ। ਹਰ ਪਾਰਟੀ ਦੇ ਕਾਰਕੁੰਨਾਂ ਨੂੰ ਸੰਜਮ ਅਤੇ ਸਹਿਣਸ਼ੀਲਤਾ ਦਾ ਪੱਲਾ ਘੁੱਟ ਕੇ ਫੜਨ ਦੀ ਵੀ ਜ਼ਰੂਰਤ ਹੈ।


-ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।


ਵਿਧਾਨ ਸਭਾ ਦਾ ਸਿੱਧਾ ਪ੍ਰਸਾਰਨ
ਚੋਣਾਂ ਦੌਰਾਨ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਲੀਡਰ ਸੱਤਾ ਪ੍ਰਾਪਤ ਕਰਦੇ ਹਨ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਜਿਥੇ ਬੈਠ ਕੇ ਲੀਡਰਾਂ ਵੱਲੋਂ ਸੂਬੇ ਦੀ ਬਿਹਤਰੀ, ਕਿਸਾਨੀ ਤੇ ਜਵਾਨੀ ਦੀ ਭਲਾਈ ਲਈ ਵਿਉਂਤਬੰਦੀ ਕਰਨੀ ਹੁੰਦੀ ਹੈ, ਉਸ ਜਗ੍ਹਾ ਨੂੰ ਲੀਡਰਾਂ ਵੱਲੋਂ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਵਿਧਾਨ ਸਭਾ 'ਚ ਜੋ ਕੁਝ ਹੋਇਆ, ਉਸ ਨਾਲ ਸਮੁੱਚੇ ਸੂਬੇ ਦੇ ਲੋਕ ਮਨਾਂ ਵਿਚ ਮਾਯੂਸੀ ਛਾਈ ਹੋਈ ਹੈ। ਲੋਕ ਦੇਖਣਾ ਚਾਹੁੰਦੇ ਹਨ ਕਿ ਆਖਰ ਵਿਧਾਨ ਸਭਾ ਅੰਦਰ ਉਨ੍ਹਾਂ ਵੱਲੋਂ ਚੁਣੇ ਲੀਡਰ ਕੀ ਕਰਦੇ ਹਨ।
ਭਵਿੱਖ ਵਿਚ ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇ ਤਾਂ ਜੋ ਲੋਕ ਵੀ ਦੇਖ ਸਕਣ ਕਿ ਉਨ੍ਹਾਂ ਦੇ ਚੁਣੇ ਲੀਡਰ ਲੋਕ ਹਿੱਤਾਂ ਦੀ ਗੱਲ ਕਰਦੇ ਵੀ ਹਨ ਜਾਂ ਨਹੀਂ। ਅਜਿਹਾ ਕਰਨ ਨਾਲ ਲੋਕ ਚੰਗੇ-ਮਾੜੇ ਦੀ ਪਹਿਚਾਣ ਕਰ ਲੈਣਗੇ ਤੇ ਭਵਿੱਖ ਵਿਚ ਸੋਚ ਸਮਝ ਕੇ ਮਤਦਾਨ ਕਰਨਗੇ।


-ਰਵਿੰਦਰ ਕਸਾਣਾ ਸੂਰਾਪੁਰੀ
ਕਾਠਗੜ੍ਹ।


ਗ਼ਰੀਬਾਂ ਦਾ ਕਰਜ਼ਾ ਮੁਆਫ਼ ਹੋਵੇ
ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਵਿਚ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਛੋਟੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਦਾ ਇਹ ਇਕ ਸ਼ਲਾਘਾਯੋਗ ਕਦਮ ਹੈ। ਅਸੀਂ ਇਥੇ ਨਾਲ ਹੀ ਸਰਕਾਰ ਦਾ ਧਿਆਨ ਉਨ੍ਹਾਂ ਗਰੀਬ ਮਜ਼ਦੂਰਾਂ ਵੱਲ ਵੀ ਦੁਆਉਣਾ ਚਾਹੁੰਦੇ ਹਾਂ, ਜਿਨ੍ਹਾਂ ਨੇ ਬੈਂਕਾਂ ਤੋਂ ਥੋੜ੍ਹਾ ਬਹੁਤ ਕਰਜ਼ਾ ਲਿਆ ਹੈ ਪਰ ਵਾਪਸ ਕਰਨ ਦੇ ਸਮਰੱਥ ਨਹੀਂ। ਕੀ ਇਹ ਇਨ੍ਹਾਂ ਗ਼ਰੀਬ ਮਜ਼ਦੂਰਾਂ ਨਾਲ ਬੇਇਨਸਾਫ਼ੀ ਨਹੀਂ?
ਇਹ ਗ਼ਰੀਬ ਅਨਪੜ੍ਹ ਮਜ਼ਦੂਰ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਗ਼ਰੀਬ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਯੂਨੀਅਨਾਂ ਨੂੰ ਬੇਨਤੀ ਹੈ ਕਿ ਉਹ ਵੀ ਮਜ਼ਦੂਰਾਂ ਦੀ ਮੰਗ ਪੰਜਾਬ ਸਰਕਾਰ ਅੱਗੇ ਰੱਖਣ ਦੀ ਕ੍ਰਿਪਾਲਤਾ ਕਰਨ।


-ਪਰਮਿੰਦਰ ਸਿੰਘ

05/07/2017

 ਗੰਭੀਰਤਾ ਦੀ ਲੋੜ
ਪਿਛਲੇ ਦਿਨੀਂ ਇਕ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਆਤਮ-ਹੱਤਿਆ ਕਰ ਲੈਣਾ ਸਮੁੱਚੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਸ਼ਰਮ ਵਾਲੀ ਗੱਲ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਕਿਹਾ ਜਾਣ ਲੱਗਾ ਹੈ ਕਿ ਪੁਲਿਸ ਪ੍ਰਸ਼ਾਸਨ 'ਚ ਮਾੜੇ ਆਚਰਨ ਵਾਲੇ ਲੋਕ ਘੁਸਪੈਠ ਕਰ ਚੁੱਕੇ ਹਨ। ਆਤਮ-ਹੱਤਿਆ ਬੰਦਾ ਉਦੋਂ ਕਰਦਾ ਹੈ ਜਦੋਂ ਉਹ ਇਨਸਾਫ਼ ਦੀ ਆਸ ਛੱਡ ਦੇਵੇ ਜਾਂ ਕਿਸੇ ਵੱਲੋਂ ਡਾਢਾ ਪ੍ਰੇਸ਼ਾਨ ਕਰ ਦਿੱਤਾ ਗਿਆ ਹੋਵੇ। ਇਸ ਲੜਕੀ ਨੂੰ ਉਸ ਸਿਰ ਫਿਰੇ ਮੁਨਸ਼ੀ ਵੱਲੋਂ ਕਿੰਨਾ ਕੁ ਤੰਗ ਪ੍ਰੇਸ਼ਾਨ ਤੇ ਮਾਨਸਿਕ ਤਸੀਹੇ ਦਿੱਤੇ ਗਏ ਹੋਣਗੇ ਕਿ ਉਸ ਨੇ ਮੌਤ ਨੂੰ ਹੀ ਗਲੇ ਲਾਉਣਾ ਬਿਹਤਰ ਸਮਝਿਆ। ਸਵਾਲ ਉਠਦਾ ਹੈ ਕਿ ਜਦ ਉਸ ਨੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੂੰ ਪੂਰੀ ਗੰਭੀਰਤਾ ਨਾਲ ਕਿਉਂ ਨਾ ਲਿਆ ਗਿਆ? ਅਮਨਪ੍ਰੀਤ ਕੌਰ ਦੀ ਤਰ੍ਹਾਂ ਹੋਰ ਮਹਿਲਾਵਾਂ ਪੁਲਿਸ ਪ੍ਰਸ਼ਾਸਨ ਵਿਚ ਘੁਟਣ ਮਹਿਸੂਸ ਕਰਦੀਆਂ ਹੋਣਗੀਆਂ? ਦੂਜੇ ਪਾਸੇ ਦੋਸ਼ੀ ਮੰਨੇ ਜਾਂਦੇ ਮੁਨਸ਼ੀ ਦੇ ਘਰ ਵਾਲੀ ਦਾ ਕਹਿਣਾ ਹੈ ਕਿ ਜੇ ਉਸ ਦਾ ਪਤੀ ਦੋਸ਼ੀ ਹੈ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਕ ਔਰਤ ਹੀ ਦੂਜੀ ਔਰਤ ਦੀ ਵੇਦਨਾ ਸਮਝ ਸਕਦੀ ਹੈ। ਉਪਰੋਕਤ ਘਟਨਾ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ ਤਾਂ ਕਿ ਪੁਲਿਸ ਪ੍ਰਸ਼ਾਸਨ 'ਚ ਅਜਿਹੀ ਘਟਨਾ ਮੁੜ ਨਾ ਵਾਪਰੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਵਿਚ ਔਰਤਾਂ ਦੀ 50 ਫ਼ੀਸਦੀ ਰਾਖਵੇਂਕਰਨ ਦੀ ਘੋਸ਼ਣਾ ਕੀਤੀ। ਔਰਤਾਂ ਦੇ ਸਸ਼ਕਤੀਕਰਨ ਲਈ ਇਹ ਇਕ ਸ਼ਲਾਘਾਯੋਗ ਫੈਸਲਾ ਹੈ। ਕਈ ਵਾਰ ਦੇਖਿਆ ਜਾਂਦਾ ਹੈ, ਪੰਚ ਜਾਂ ਸਰਪੰਚ ਔਰਤ ਦਾ ਪਤੀ ਜਾਂ ਪੁੱਤਰ ਹੀ ਪੰਚਾਇਤ ਵਿਚ ਪੰਚ ਜਾਂ ਸਰਪੰਚ ਦਾ ਰੋਲ ਅਦਾ ਕਰਦੇ ਹਨ। ਦਲਿਤ ਔਰਤਾਂ ਦੇ ਸਬੰਧ ਵਿਚ ਤਾਂ ਸਥਿਤੀ ਹੋਰ ਵੀ ਨਿਮੋਸ਼ੀਜਨਕ ਹੈ। ਅਜਿਹੀ ਸਥਿਤੀ ਵਿਚ ਰਾਖਵਾਂਕਰਨ, ਮਖੌਲ ਤੋਂ ਵੱਧ ਕੁਝ ਵੀ ਮਾਅਨਾ ਨਹੀਂ ਰਖਾਉਂਦਾ। ਔਰਤਾਂ ਲਈ ਪੰਜਾਹ ਫ਼ੀਸਦੀ ਰਾਖਵਾਂਕਰਨ ਪੰਚਾਇਤਾਂ ਵਿਚ ਹੀ ਨਹੀਂ ਸਗੋਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿਚ ਵੀ ਹੋਣਾ ਚਾਹੀਦਾ ਹੈ। ਭਾਵੇਂ ਅਜਿਹਾ ਕਰਨਾ ਪੰਜਾਬ ਸਰਕਾਰ ਦੇ ਹੱਥ ਵਿਚ ਨਹੀਂ ਪਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਹ ਇਕ ਚੰਗਾ ਕਦਮ ਜ਼ਰੂਰ ਪੁੱਟ ਸਕਦੀ ਹੈ।


-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਕਰਜ਼ਾ ਮੁਆਫ਼ੀ ਦਾ ਫ਼ੈਸਲਾ
ਪੰਜਾਬ ਵਿਚ ਕਿਸਾਨਾਂ ਦੀਆਂ ਹਰ ਰੋਜ਼ ਹੋ ਰਹੀਆਂ ਆਤਮ-ਹੱਤਿਆਵਾਂ ਨੂੰ ਰੋਕਣ ਲਈ ਸਰਕਾਰ ਨੇ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ, ਜਿਸ ਨਾਲ 10.25 ਲੱਖ ਦਰਮਿਆਨੇ ਤੇ 8.75 ਲੱਖ ਪੰਜ ਏਕੜ ਵਾਲੇ ਕਿਸਾਨਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਆਤਮਦਾਹ ਕਰ ਚੁੱਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਕਿਸੇ ਵੀ ਰਾਜ ਵਿਚ ਕਿਸੇ ਵੀ ਸਰਕਾਰ ਦੁਆਰਾ ਲਿਆ ਗਿਆ ਇਹ ਇਕ ਪਹਿਲਾ ਇਤਿਹਾਸਕ ਫ਼ੈਸਲਾ ਹੋਏਗਾ। ਕਰਜ਼ੇ ਕਾਰਨ ਕਈ ਘਰਾਂ ਦੇ ਕਮਾਊ ਪੁੱਤ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਕਰਜ਼ੇ ਵਿਚ ਡੁੱਬੇ ਕਿਸਾਨਾਂ ਦੀ ਬਾਂਹ ਫੜ ਸਰਕਾਰ ਨੇ ਕਈ ਕੀਮਤੀ ਜਾਨਾਂ ਬਚਾਅ ਲਈਆਂ।


-ਮਾ: ਪਿਆਰਾ ਸਿੰਘ
ਨਕੋਦਰ।

04/07/2017

 'ਪੱਗ' ਨੂੰ ਤਮਾਸ਼ਾ ਨਾ ਬਣਾਓ
ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜੋ ਕੁਝ ਵੀ ਵਾਪਰਿਆ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਸਪੀਕਰ ਦੇ ਹੁਕਮ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਦਨ ਵਿਚੋਂ ਕੱਢਣ ਸਮੇਂ ਇਕ ਵਿਧਾਇਕ ਦੀ ਪੱਗ ਉੱਤਰ ਗਈ, ਜਿਸ ਨੂੰ ਅਕਾਲੀ ਵਿਧਾਇਕਾਂ ਦੁਆਰਾ ਚੁੱਕ ਲਿਆ ਗਿਆ, ਚੁੱਕ ਤਾਂ ਇਸ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਸਕਦੇ ਸਨ ਪਰ ਉਨ੍ਹਾਂ ਨੇ ਸ਼ਾਇਦ ਲੋੜ ਮਹਿਸੂਸ ਨਹੀਂ ਕੀਤੀ। ਹੁਣ ਕੁਝ ਨਿੱਜੀ ਟੀ.ਵੀ. ਚੈਨਲਾਂ ਵੱਲੋਂ ਇਸ ਨੂੰ ਭਖਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਕਪਾਸੜ ਬਹਿਸ ਕਰਵਾਈ ਜਾ ਰਹੀ ਹੈ। ਅਜਿਹਾ ਲਗਦਾ ਹੈ ਜਿਵੇਂ ਪੱਗ ਦਾ ਤਮਾਸ਼ਾ ਬਣਾਇਆ ਜਾ ਰਿਹਾ ਹੋਵੇ। ਜਦ ਕਿਸੇ ਦੇ ਮਨ ਨੂੰ ਦੁੱਖ ਲੱਗਦਾ ਹੈ, ਉਹ ਰੋਂਦਾ ਹੈ ਅਤੇ ਹਮਦਰਦੀ ਪ੍ਰਗਟ ਕਰਨ ਵਾਲੇ ਹਮਦਰਦੀ ਵੀ ਪ੍ਰਗਟ ਕਰਦੇ ਹਨ। ਕੁਝ ਸੱਚੀ ਵੀ ਕਰਦੇ ਹਨ ਅਤੇ ਕੁਝ ਝੂਠੀ ਮੂਠੀ ਵੀ ਕਰਦੇ ਹਨ ਪਰ ਝੂਠੀ ਵਾਲਿਆਂ ਨੂੰ ਵੀ ਕੋਈ ਬੁਰਾ ਨਹੀਂ ਕਹਿੰਦਾ, ਇਹ ਸਾਡੇ ਸਮਾਜਿਕ ਮੁੱਲ ਹਨ। ਪਰ ਕੁਝ ਟੀ.ਵੀ. ਚੈਨਲਾਂ ਵੱਲੋਂ ਇਕਪਾਸੜ ਬਹਿਸ ਕਰਵਾ ਕੇ ਪੱਗ ਦੇ ਹੱਕ ਵਿਚ ਗੱਲ ਕਰਨ ਵਾਲਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਜ਼ਾਰਾਂ ਲੋਕ ਪੱਗਾਂ ਬੰਨ੍ਹਦੇ ਹਨ ਅਤੇ ਬੰਨ੍ਹਣ ਵਾਲਿਆਂ ਤੋਂ ਕਿਤੇ ਜ਼ਿਆਦਾ ਇਸ ਦੀ ਕਦਰ ਕਰਦੇ ਹਨ। ਇਹ ਵੀ ਠੀਕ ਹੈ ਗਲੀ-ਮੁਹੱਲਿਆਂ ਵਿਚ ਹੋਣ ਵਾਲੀਆਂ ਲੜਾਈਆਂ ਵਿਚ ਬਹੁਤ ਵਾਰੀ ਲੋਕਾਂ ਦੀ ਪੱਗ ਲੱਥ ਜਾਂਦੀ ਹੈ ਪਰ ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ 'ਪੰਜਾਬ ਵਿਧਾਨ ਸਭਾ' ਜਿਥੇ ਸੁਰੱਖਿਆ ਦੇ ਅਹਿਮ ਪੁਖਤਾ ਇੰਤਜ਼ਾਮ ਹਨ, ਵਿਚ 'ਲੱਥੀ ਪੱਗ' ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

-ਸਿਕੰਦਰ ਸਿੰਘ ਨਿਆਮੀਵਾਲਾ।

ਲੇਖਕਾਂ ਨੂੰ ਵੀ ਮਿਲੇ ਬਣਦਾ ਮਾਣ-ਸਤਿਕਾਰ
ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜੋ ਆਪਣੇ ਦੁਆਰਾ ਲਿਖੀਆਂ ਕਹਾਣੀਆਂ, ਕਾਵਿ-ਵਿਅੰਗਾਂ, ਨਾਵਲਾਂ, ਗ਼ਜ਼ਲਾਂ, ਲੇਖਾਂ, ਕਵਿਤਾ ਅਤੇ ਗੀਤਾਂ ਰਾਹੀਂ ਜਿਥੇ ਸਭ ਦਾ ਮਨੋਰੰਜਨ ਕਰਦੇ ਹਨ, ਉਥੇ ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਸਮਾਜ ਵਿਚ ਬੜਾ ਕੁਝ ਚੰਗਾ ਕਰਨ ਦਾ ਯਤਨ ਵੀ ਕਰਦੇ ਰਹਿੰਦੇ ਹਨ। ਆਪਣੀਆਂ ਇਨ੍ਹਾਂ ਲਿਖਤਾਂ ਰਾਹੀਂ ਬੜੀ ਮਿਹਨਤ ਨਾਲ ਜਿਥੇ ਇਹ ਲੇਖਕ ਸਮਾਜ ਵਿਚ ਵਾਪਰ ਰਹੇ ਹਰ ਚੰਗੇ-ਮਾੜੇ ਪੱਖਾਂ ਨੂੰ ਉਜਾਗਰ ਕਰਦੇ ਹਨ, ਉਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸਰਕਾਰਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਲੰਮਾ ਸਮਾਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਭਲਾਈ ਦਾ ਕੰਮ ਕਰਨ ਵਾਲੇ ਅਨੇਕਾਂ ਲੇਖਕ ਕਈ ਵਾਰ ਆਪਣੀ ਪਿਛਲੀ ਉਮਰੇ ਕੰਮ ਕਰਨ ਤੋਂ ਅਸਮਰਥ ਹੋ ਜਾਣ ਕਾਰਨ ਆਪਣੀ ਕਮਜ਼ੋਰ ਹੋਈ ਆਰਥਿਕ ਸਥਿਤੀ ਵਿਚ ਆਪਣੇ ਇਸ ਸ਼ੌਕ ਨੂੰ ਸਮਾਂ ਰਹਿੰਦੇ ਹੀ ਦਫ਼ਨ ਕਰ ਬੈਠਦੇ ਹਨ। ਸੋ, ਸਰਕਾਰ ਨੂੰ ਸਮਾਜ ਦੀ ਭਲਾਈ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਇਨ੍ਹਾਂ ਲੇਖਕਾਂ ਪ੍ਰਤੀ ਵਿਸ਼ੇਸ਼ ਮਾਪਦੰਡ ਤਹਿ ਕਰਕੇ ਕੋਈ ਭੱਤਾ ਜਾਂ ਪੈਨਸ਼ਨ ਆਦਿ ਦੀ ਵਿਵਸਥਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਲੇਖਕਾਂ ਦਾ ਸ਼ੌਕ ਅਤੇ ਸਮਾਜ ਵਿਚੋਂ ਮਿਲਦਾ ਮਾਣ-ਸਤਿਕਾਰ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਬਰਕਰਾਰ ਰਹਿ ਸਕੇ।

-ਰਾਜਾ ਗਿੱਲ (ਚੜਿੱਕ)।

30/06/2017

 ਵਿਦਿਅਕ ਢਾਂਚੇ 'ਚ ਵਿਭਾਗੀ ਸੁਧਾਰ ਦੀ ਲੋੜ
ਉਂਜ ਸਭ ਸਰਕਾਰਾਂ ਆਪਣੇ ਰਾਜ ਕਾਲ ਦੌਰਾਨ ਵਿੱਦਿਆ, ਸਿਹਤ ਤੇ ਰੁਜ਼ਗਾਰ ਦੀਆਂ ਸਹੂਲਤਾਂ ਦੇਣ ਦਾ ਖੂਬ ਢੰਡੋਰਾ ਪਿੱਟਦੀਆਂ ਹਨ ਪਰ ਸੁਧਾਰ ਦੇ ਨਾਂਅ 'ਤੇ ਸਭ ਸਕੂਲਾਂ ਨੂੰ ਧਮਕੀ-ਨੁਮਾ ਪੱਤਰ ਜਾਂ ਸਿਆਸੀ ਲਾਰਿਆਂ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਇਸ ਨਾਲੋਂ ਚੰਗਾ ਹੈ ਕਿ ਹਕੀਕਤ ਵਿਚ ਸਿੱਖਿਆ ਦੇ ਵਿਭਾਗੀ ਤੇ ਵਿਦਿਅਕ ਕੰਮਾਂ ਨੂੰ ਤਰੀਕੇ ਨਾਲ ਵੰਡਣ ਲਈ ਸਬੰਧਤ ਮਾਹਿਰਾਂ ਦੀਆਂ ਕਮੇਟੀਆਂ ਗਠਨ ਹੋਣ, ਜਿਸ ਵਿਚ ਅਧਿਆਪਕ, ਲੇਖਕ, ਯੂਨੀਵਰਸਿਟੀ ਵਿਚਲੇ ਵਿਸ਼ਾ ਮਾਹਿਰਾਂ ਦੀ ਸਲਾਹ ਨਾਲ ਸੰਜੀਦਾ ਫ਼ੈਸਲੇ ਲਏ ਜਾਣ। ਪੂਰਾ ਸਾਲ ਦੋਇਮ ਦਰਜੇ ਦੀ ਰਾਜਨੀਤੀ ਕਰਕੇ ਅੰਤ ਮਾੜੇ ਨਤੀਜਿਆਂ ਤੋਂ ਬਾਅਦ ਹੀ ਆਲੋਚਨਾ ਕਰਨਾ ਕੋਈ ਤਰੱਕੀ ਲਈ ਰਾਹ ਦਸੇਰਾ ਨਹੀਂ। ਸਕੂਲਾਂ ਵਿਚ ਅਸਾਮੀਆਂ ਖਾਲੀ ਪਈਆਂ ਹਨ, ਸਰਕਾਰ ਦੀ ਗੰਭੀਰਤਾ ਇਸ ਗੱਲ ਤੋਂ ਵੀ ਸਾਫ਼ ਦਿਖਾਈ ਦਿੰਦੀ ਹੈ ਕਿ ਠੇਕੇ 'ਤੇ ਰੱਖੇ ਅਧਿਆਪਕ ਪਿਛਲੇ 6 ਮਹੀਨਿਆਂ ਤੋਂ ਤਨਖਾਹ ਤੋਂ ਵਿਰਵੇ ਹਨ। ਅਜਿਹੀ ਵਿਗੜੀ ਆਰਥਿਕ ਦਸ਼ਾ ਵਿਚ ਜੇ ਵਿਅਕਤੀ ਆਪਣੇ ਅਧਿਆਪਨ ਦੇ ਕਿੱਤੇ 'ਤੇ ਹੀ ਨਿਰਭਰ ਹੋਵੇ, ਕਿਸ ਤਰ੍ਹਾਂ ਇਕਾਗਰਤਾ ਨਾਲ ਪੜ੍ਹਾ ਸਕੇਗਾ, ਜਦੋਂ ਕਿ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸਕੂਲੀ ਅਧਿਆਪਕਾਂ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਬੱਚਿਆਂ ਨੂੰ ਬਿਨਾਂ ਕਿਸੇ ਮਾਨਸਿਕ ਤੇ ਆਰਥਿਕ ਦਬਾਅ ਤੋਂ ਚੰਗੀ ਸਿੱਖਿਆ ਦੇ ਸਕਣ। ਸਰਕਾਰ ਨੂੰ ਪੱਕੀ ਭਰਤੀ, ਸਕੂਲਾਂ ਵਿਚ ਪੂਰਾ ਸਾਜ਼ੋ-ਸਾਮਾਨ ਅਤੇ ਸਮੇਂ-ਸਮੇਂ 'ਤੇ ਬਦਲ ਰਹੇ ਪੜ੍ਹਾਉਣ ਦੇ ਤਰੀਕਿਆਂ ਲਈ ਰਿਫਰੈਸ਼ਰ ਕੋਰਸ ਆਦਿ ਦਾ ਅਧਿਆਪਕਾਂ ਲਈ ਪ੍ਰਬੰਧ ਕਰਨਾ ਚਾਹੀਦਾ ਹੈ।


-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

28/06/2017

ਬਾਬੂਆਂ 'ਤੇ ਬਾਜ਼ ਅੱਖ
ਅੱਜ ਪੰਜਾਬ ਦੇ ਬਹੁਤੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਜੜੋਂ੍ਹ ਖ਼ਤਮ ਕਰਨ ਲਈ ਅਤੇ ਡਿਊਟੀ ਪ੍ਰਤੀ ਅਵੇਸਲਾਪਨ ਦਿਖਾਉਣ ਵਾਲੇ ਬਾਬੂਆਂ 'ਤੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਹੋਣਾਂ ਤਾਂ ਇਹ ਚਾਹੀਦਾ ਹੈ ਕਿ ਸਰਕਾਰੀ ਬਾਬੂਆਂ 'ਤੇ ਚਲਦੇ ਕੇਸ ਸੇਵਾ-ਮੁਕਤੀ ਤੋਂ ਬਾਅਦ ਵੀ ਜਾਰੀ ਰਹਿਣ।
ਭ੍ਰਿਸ਼ਟ ਕਰਮਚਾਰੀਆਂ ਦੀ ਸੰਪਤੀ ਤੱਕ ਜ਼ਬਤ ਕੀਤੀ ਜਾਵੇ। ਕਰਮਚਾਰੀਆਂ ਨਾਲ ਸਬੰਧ ਰੱਖਦਾ ਇਕ ਕਾਨੂੰਨ 1988 ਵਿਚ ਬਣਿਆ ਸੀ ਤਾਂ ਕਿ ਭ੍ਰਿਸ਼ਟ ਕਰਮਚਾਰੀਆਂ 'ਚ ਡਰ ਪੈਦਾ ਕੀਤਾ ਜਾ ਸਕੇ। ਪਰ ਬਹੁਤੀ ਥਾਈਂ ਅਜਿਹਾ ਨਹੀਂ ਹੋਇਆ। ਲਗਦਾ ਹੈ ਕਿ ਇਹ ਕਾਨੂੰਨ ਆਪਣਾ ਪ੍ਰਭਾਵ ਨਹੀਂ ਛੱਡ ਸਕਿਆ। ਅੱਜ ਇਸ ਕਾਨੂੰਨ ਵਿਚ ਸੋਧ ਕਰਨ ਦੀ ਲੋੜ ਭਾਸਦੀ ਹੈ। ਜੇਕਰ ਵਿਜੀਲੈਂਸ ਬਿਊਰੋ ਪੰਜਾਬ ਆਪਣੀ ਮੁਹਿੰਮ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ ਤਾਂ ਬਿਨਾਂ ਸ਼ੱਕ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਤੋਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਲੁਧਿਆਣਾ।

27/06/2017

 13ਵੀਂ ਤਨਖਾਹ ਸਬੰਧੀ
ਪੰਜਾਬ ਸਰਕਾਰ ਨੇ ਜੋ ਪੁਲਿਸ ਮੁਲਾਜ਼ਮ ਦਫ਼ਤਰਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਦੀ ਤੇਹਰਵੀਂ ਤਨਖਾਹ ਬੰਦ ਕਰਨ ਦਾ ਜੋ ਫ਼ੈਸਲਾ ਲਿਆ ਹੈ, ਬਾਰੇ ਵਿਚਾਰ ਕਰਨ ਦੀ ਸਰਕਾਰ ਨੂੰ ਸੰਜੀਦਗੀ ਨਾਲ ਲੋੜ ਹੈ, ਕਿਉਂਕਿ ਪੁਲਿਸ ਦੀ ਡਿਊਟੀ 24 ਘੰਟੇ ਦੀ ਹੈ। ਸਾਰੀ ਉਮਰ ਨੌਕਰੀ ਤਣਾਅ ਵਿਚ ਹੀ ਲੰਘ ਜਾਂਦੀ ਹੈ ਤੇ ਆਪਣੇ ਬੱਚਿਆਂ ਦੀ ਵੀ ਚੰਗੀ ਤਰ੍ਹਾਂ ਸਾਂਭ ਸੰਭਾਲ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਂਦਾ ਹੈ। ਪੁਲਿਸ ਦੇ ਖਾਣ ਪੀਣ ਦਾ ਕੋਈ ਟਾਈਮ ਟੇਬਲ ਨਹੀਂ ਹੈ। ਸਿਖਰ ਦੁਪਹਿਰ ਵਿਚ ਪੁਲਿਸ ਮੁਲਾਜ਼ਮ ਨੂੰ ਇਕ ਲੱਤ 'ਤੇ ਖੜ੍ਹੇ ਰਹਿ ਕੇ ਅਲਰਟ ਹੋ ਕੇ ਡਿਊਟੀ ਕਰਨੀ ਪੈਂਦੀ ਹੈ ਜਦੋਂ ਕਿ ਸਿਵਲ ਦੇ ਮੁਲਾਜ਼ਮ ਏ.ਸੀ. ਕਮਰਿਆਂ ਵਿਚ ਬਹਿ ਕੇ ਨੌਂ ਤੋਂ ਪੰਜ ਡਿਊਟੀ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਸਰਕਾਰਾਂ ਨੇ ਪੁਲਿਸ ਮੁਲਾਜ਼ਮ ਦੀ ਤੇਹਰਵੀਂ ਤਨਖਾਹ ਲਗਾਈ ਸੀ। ਇਨ੍ਹਾਂ ਦੀ ਦਫ਼ਤਰ ਤੋਂ ਡਿਊਟੀ ਤੋਂ ਬਾਅਦ ਵੀ ਅਤੇ ਐਤਵਾਰ ਵਾਲੇ ਦਿਨ ਵੀ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਵੀ.ਆਈ.ਪੀ. ਡਿਊਟੀ, ਲਾਅ ਐਂਡ ਆਰਡਰ ਡਿਊਟੀ ਅਤੇ ਐਮਰਜੈਂਸੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਸਰਕਾਰ ਨੂੰ ਇਸ ਨੂੰ ਸੰਜੀਦਗੀ ਨਾਲ ਲੈ ਕੇ ਇਹ ਹੁਕਮ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਦੀ ਪਰੇਡ ਦੀ ਜਗ੍ਹਾ ਉਨ੍ਹਾਂ ਪਾਸੋਂ ਯੋਗਾ ਕਰਾਉਣਾ ਚਾਹੀਦਾ ਹੈ ਤਾਂ ਜੋ ਯੋਗਾ ਕਰਕੇ ਉਨ੍ਹਾਂ ਦਾ ਤਣਾਅ ਘਟਾਇਆ ਜਾ ਸਕੇ ਅਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਇਆ ਜਾ ਸਕੇ।

ਗੁਰਮੀਤ ਸਿੰਘ ਵੇਰਕਾ।

26/06/2017

 ਸਿੱਖਿਆ ਪ੍ਰਣਾਲੀ 'ਚ ਨਿਘਾਰ
ਸਭ ਤੋਂ ਅਹਿਮ ਜ਼ਰੂਰਤ ਸਿੱਖਿਆ ਅਧਿਕਾਰ ਐਕਟ ਦੀਆਂ ਦੋਸ਼ਪੂਰਨ ਧਾਰਾਵਾਂ ਦਾ ਮੰਥਨ ਕਰਕੇ, ਉਨ੍ਹਾਂ ਨੂੰ ਸੋਧਣਾ ਹੈ। ਅਜਿਹੇ ਬੱਚੇ ਵੀ ਅੱਠਵੀਂ ਪਾਸ ਕਰਨ ਦਾ ਪ੍ਰਮਾਣ ਪੱਤਰ ਲਈ ਫਿਰਦੇ ਹਨ, ਜਿਨ੍ਹਾਂ ਨੂੰ ਪੰਜਾਬੀ ਵਿਚ ਸਧਾਰਨ ਅਰਜ਼ੀ ਨਹੀਂ ਲਿਖਣੀ ਆਉਂਦੀ ਅਤੇ ਨਾ ਹੀ ਗਣਿਤ ਦੀ ਮੁਢਲੀ ਜੋੜ-ਘਟਾਓ ਆਉਂਦੀ ਹੈ। ਇਸ ਐਕਟ ਰਾਹੀਂ ਸਿਰਫ਼ ਬੱਚਿਆਂ ਦੀ ਗਿਣਤੀ ਹੀ ਸਕੂਲਾਂ 'ਚ ਵਧਾ ਕੇ ਦਰਸਾਈ ਜਾ ਸਕਦੀ ਹੈ। ਇਸ ਪ੍ਰਤੀ ਨਾ ਸਾਡਾ ਸਮਾਜ ਅਤੇ ਨਾ ਹੀ ਸਰਕਾਰ ਸੰਜੀਦਾ ਹੈ। ਆਖਰ ਕਦੋਂ ਤੱਕ ਅਸੀਂ ਥੁੱਕੀਂ ਵੜੇ ਪਕਾ ਕੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹਾਂਗੇ।

ਪ੍ਰਿੰ: ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਅਨਪੜ੍ਹ ਸਾਥੋਂ ਚੰਗੇ
ਪੰਜਾਬ 'ਚ ਜਿੰਨੇ ਲੋਕ ਵੱਧ ਪੜ੍ਹ-ਲਿਖ ਰਹੇ ਹਨ, ਉਨੇ ਹੀ ਵੱਡੀ ਪੱਧਰ 'ਤੇ ਲੋਕਾਂ ਦੀ ਸਿਆਣਪ 'ਤੇ ਠੂਠਾ ਮੂਧਾ ਵੱਜਦਾ ਨਜ਼ਰ ਆ ਰਿਹਾ ਹੈ। ਸਹਿਣ-ਸ਼ਕਤੀ ਘੱਟ ਹੋਣ ਕਰਕੇ ਲੋਕਾਂ 'ਚ ਆਪਸੀ ਹੋ ਰਹੇ ਲੜਾਈ-ਝਗੜਿਆਂ ਦੀ ਗੱਲ ਥਾਣੇ ਤੋਂ ਕਚਹਿਰੀਆਂ ਤੱਕ ਪੁੱਜਣਾ ਆਮ ਗੱਲ ਬਣਦੀ ਜਾ ਰਹੀ ਹੈ। ਦੂਸਰੇ ਪਾਸੇ ਪੰਜਾਬ ਵਿਚ ਉਹ ਜਮਾਂਦਰੂ ਅਨਪੜ੍ਹ ਲੋਕ ਵੀ ਵਸਦੇ ਹਨ, ਜਿਨ੍ਹਾਂ ਨੇ ਥਾਣੇ-ਕਚਹਿਰੀ ਦਾ ਮੂੰਹ ਤੱਕ ਨਹੀਂ ਦੇਖਿਆ। ਇਹ ਲੋਕ ਹਨ ਗੱਡੀਆਂ ਵਾਲੇ ਵਣਜਾਰੇ, ਜੋ ਹਾੜ੍ਹੀ-ਸਾਉਣੀ ਦੇ ਸਮੇਂ 'ਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਬੈਠ ਕੇ ਕਿਸਾਨਾਂ ਨੂੰ ਹੱਥੀਂ ਕੰਮ ਕਰਨ ਵਾਲੇ ਔਜਾਰ ਆਦਿ ਬਣਾ ਕੇ ਦਿੰਦੇ ਹਨ। ਇਹ ਲੋਕ ਦੱਸਦੇ ਹਨ ਕਿ ਇਨ੍ਹਾਂ ਦੇ ਪੁਰਖਿਆਂ ਤੋਂ ਲੈ ਕੇ ਅੱਜ ਤੱਕ ਕਬੀਲੇ ਦੇ ਲੋਕਾਂ ਨੇ ਕਦੇ ਥਾਣੇ-ਕਚਹਿਰੀ ਦਾ ਮੂੰਹ ਤੱਕ ਨਹੀਂ ਵੇਖਿਆ। ਪੰਚਾਇਤ ਦੇ ਕੀਤੇ ਫ਼ੈਸਲੇ ਨੂੰ ਕਬੀਲੇ ਦੇ ਲੋਕ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ।
ਪਿਛਲੇ ਦਿਨੀਂ 'ਅਜੀਤ' ਵਿਚ ਇਹ ਜਾਣਕਾਰੀ ਪੜ੍ਹ ਕੇ ਸਾਡੇ ਪੜ੍ਹੇ-ਲਿਖੇ ਵਰਗ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਵਿਕਸਿਤ, ਖੁਸ਼ਹਾਲ, ਗਿਆਨ ਰੂਪੀ ਤੀਜੀ ਅੱਖ ਦੇ ਮਾਲਕ ਪੰਜਾਬ ਵਾਸੀ ਇਨ੍ਹਾਂ ਕਦਬੁੱਤ ਵਾਲੇ ਅਨਪੜ੍ਹ ਲੋਕਾਂ ਸਾਹਮਣੇ ਕਿੰਨੇ ਬੌਣੇ ਹਾਂ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਪੀ.ਈ.ਐਸ.-ਏ, ਲੇਖਕ ਮੰਚ ਪੱਟੀ।

ਨਾਨਕੇ ਪਿੰਡ ਦਾ ਚਾਅ
ਪਿਛਲੇ ਦਿਨੀਂ 'ਅਜੀਤ' ਦੇ ਲੋਕ ਮੰਚ 'ਚ ਰਾਜਾ ਗਿੱਲ ਦਾ ਲੇਖ 'ਅਲੋਪ ਹੋ ਰਿਹਾ ਛੁੱਟੀਆਂ 'ਚ ਨਾਨਕੇ ਪਿੰਡ ਜਾਣ ਦਾ ਚਾਅ' ਬੇਹੱਦ ਪਸੰਦ ਆਇਆ। ਭਾਵੇਂ ਲੇਖਕ ਨੇ ਕੇਵਲ ਆਪਣੀ ਹੱਡਬੀਤੀ ਦੱਸੀ ਪਰ ਇੰਜ ਲੱਗਦਾ ਸੀ ਜਿਵੇਂ ਉਹ ਮੇਰੀ ਗੱਲ ਕਰਦੇ ਹੋਣ। ਬਿਲਕੁਲ ਸਚਾਈ ਹੈ ਇਹੀ ਜੇ ਮੌਜੂਦਾ ਦੌਰ ਦੀ ਗੱਲ ਕਰੀਏ ਸੰਚਾਰ ਦੇ ਸਾਧਨਾਂ ਮੋਬਾਈਲਾਂ ਆਦਿ ਨੇ ਸਾਡੇ ਸਾਰੇ ਨਜ਼ਦੀਕੀ ਤੋਂ ਨਜ਼ਦੀਕੀ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਹ ਸਾਰਾ ਕੁਝ ਉਂਜ ਦੋ ਕੁ ਦਹਾਕਿਆਂ ਤੋਂ ਹੀ ਸ਼ੁਰੂ ਹੋਇਆ ਹੈ। ਪਹਿਲਾਂ ਅਜਿਹਾ ਨਹੀਂ ਸੀ ਹੁੰਦਾ, ਪਹਿਲਾਂ ਸਾਰੇ ਰਿਸ਼ਤਿਆਂ ਵਿਚ ਹੀ ਖਿੱਚ ਹੁੰਦੀ ਸੀ। ਖਾਸ ਕਰਕੇ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਨਾਨਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਉਦੋਂ ਟੈਲੀਫੋਨ ਆਦਿ ਕੋਈ ਸਾਧਨ ਨਹੀਂ ਹੁੰਦੇ ਸਨ। ਚਿੱਠੀਆਂ-ਪੱਤਰਾਂ ਰਾਹੀਂ ਸਾਰਾ ਕੁਝ ਹੋਣਾ। ਵਾਕਿਆ ਹੀ ਉਹ ਦਿਨ ਬੜੇ ਪਿਆਰੇ ਸਨ। ਆਧੁਨਿਕ ਸੰਚਾਰ ਸਾਧਨ ਬੇਸ਼ੱਕ ਅੱਜ ਦੇ ਦੌਰ 'ਚ ਬਹੁਤ ਜ਼ਰੂਰੀ ਹਨ ਪ੍ਰੰਤੂ ਇਨ੍ਹਾਂ ਦੇ ਚਲਦਿਆਂ ਸਾਰੇ ਰਿਸ਼ਤਿਆਂ 'ਚ ਮਿਠਾਸ ਵੀ ਬਣੀ ਰਹਿਣੀ ਜ਼ਰੂਰੀ ਹੈ।

-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

22/06/2017

 ਪੱਤਰਸਿੱਖੀ ਦੇ ਅਸੂਲ...
ਸ: ਤਰਲੋਚਨ ਸਿੰਘ ਦਾ ਲੇਖ 'ਪੰਜਾਬ ਵਿਚ ਅਮਨ ਕਿਸੇ ਇਕ ਪੁਲਿਸ ਅਫ਼ਸਰ ਦੀ ਦੇਣ ਨਹੀਂ' ਪ੍ਰਕਾਸ਼ਿਤ ਹੋਇਆ। ਕੇ.ਪੀ.ਐਸ. ਗਿੱਲ 1988-90 ਵਿਚ ਪੰਜਾਬ ਦਾ ਡਾਇਰੈਕਟਰ ਜਨਰਲ ਰਿਹਾ ਪ੍ਰੰਤੂ ਸ਼ਾਂਤੀ ਨਹੀਂ ਲਿਆ ਸਕਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਕਾਬਲ ਪ੍ਰਬੰਧਕ ਸੀ। ਸ਼ਾਂਤੀ ਚੁਣੀ ਹੋਈ ਸਰਕਾਰ ਦੇ ਆਉਣ ਤੋਂ ਬਾਅਦ ਆਈ ਹੈ। ਲੇਖ ਵਿਚ ਲਿਖਿਆ ਗਿਆ ਹੈ ਪੰਜਾਬ ਦੇ ਹਾਲਾਤ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਵਿਗੜੇ ਸਨ, ਕਿਉਂਕਿ ਪੰਜਾਬੀਆਂ ਦੀਆਂ ਭਾਵਨਾਵਾਂ ਜ਼ਖ਼ਮੀ ਹੋਈਆਂ ਸਨ। ਜਿਹੜੀ ਗੱਲ ਲੇਖ ਵਿਚ ਗਿੱਲ ਨੂੰ ਪੱਕਾ ਸਿੱਖ ਹੋਣ ਬਾਰੇ ਲਿਖੀ ਹੈ, ਮੈਂ ਉਸ ਨਾਲ ਸਹਿਮਤ ਨਹੀਂ। ਦਾੜ੍ਹੀ ਰੱਖਣਾ ਸਿੱਖੀ ਨਹੀਂ ਪ੍ਰੰਤੂ ਸਿੱਖੀ ਦੇ ਅਸੂਲਾਂ ਤੇ ਚਲਣਾ ਸਿੱਖੀ ਹੈ। ਉਂਜ ਤਰਲੋਚਨ ਸਿੰਘ ਨੇ ਦਲੇਰੀ ਕਰਕੇ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਚੰਗੀ ਗੱਲ ਹੈ।


-ਉਜਾਗਰ ਸਿੰਘ
ਪਟਿਆਲਾ।


ਕਿਸਾਨ ਤੇ ਪਾਣੀ
ਕਰੀਬ 1970 ਵਿਚ ਪੰਜਾਬ ਦਾ ਕਿਸਾਨ ਟਿਊਬਵੈੱਲ ਇੰਜਣ ਨਾਲ ਸਿੰਚਾਈ ਕਰਨ ਲੱਗਿਆ ਸੀ। ਉਸ ਸਮੇਂ ਪਾਣੀ ਦਾ ਪੱਧਰ ਕਾਫੀ ਉੱਚਾ ਸੀ। ਪਰ ਹੁਣ ਸਥਿਤੀ ਏਨੀ ਵਿਗੜ ਚੁੱਕੀ ਹੈ ਕਿ 50-100 ਫੁੱਟ ਤੱਕ ਵੀ ਸਾਫ਼ ਪਾਣੀ ਨਹੀਂ ਮਿਲਦਾ। ਲੋੜ ਹੈ ਕਿ ਕਿਸਾਨ ਵੀਰ ਬਦਲ ਰਹੇ ਹਾਲਾਤ ਨੂੰ ਸਮਝਣ ਅਤੇ ਪਾਣੀ ਬਚਾਉਣ ਲਈ ਉਪਰਾਲੇ ਕਰਨ। ਜਿਵੇਂ ਕਿ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਨਹਿਰੀ ਪਾਣੀ ਦੀ ਕੀਤੀ ਜਾਵੇ। ਪਿੰਡਾਂ ਦੇ ਛੱਪੜ, ਟੋਬੇ ਆਦਿ ਸਾਫ਼ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਮੀਂਹ ਦਾ ਜ਼ਿਆਦਾ ਪਾਣੀ ਇਨ੍ਹਾਂ ਵਿਚ ਇਕੱਠਾ ਕੀਤਾ ਜਾ ਸਕੇ। ਝੋਨੇ ਹੇਠਲਾ ਰਕਬਾ ਘੱਟ ਕਰਕੇ ਹੋਰ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਅੱਜ ਲੋੜ ਹੈ ਕਿ ਅਨਮੋਲ ਰਤਨ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ।


-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਗੁਰਦਾਸਪੁਰ।


ਨਿੰਦਣਯੋਗ ਘਟਨਾ
ਇਕ ਔਰਤ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਵੱਲੋਂ ਖ਼ਦਕੁਸ਼ੀ ਕਰ ਲੈਣੀ ਇਕ ਬਹੁਤ ਹੀ ਨਿੰਦਣਯੋਗ ਘਟਨਾ ਹੈ। ਸਾਡੇ ਦੇਸ਼ ਵਿਚ ਅਜਿਹੇ ਕਈ ਦਰਿੰਦੇ ਪੈਦਾ ਹੋ ਗਏ ਹਨ, ਜੋ ਆਪਣੇ ਦਫ਼ਤਰ ਵਿਚ ਕੰਮ ਕਰਦੀ ਔਰਤ ਨੂੰ ਆਪਣੇ ਚੁੰਗਲ ਵਿਚ ਫਸਾਉਣ ਲਈ ਸਦਾ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਪੁਲਿਸ ਮੁਲਾਜ਼ਮਾਂ ਵੱਲੋਂ ਅਜਿਹੀ ਹਰਕਤ ਕਰਨ ਨਾਲ ਹੁਣ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠ ਜਾਵੇਗਾ ਤੇ ਹੁਣ ਮਾਪੇ ਆਪਣੀਆਂ ਕੁੜੀਆਂ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਤੋਂ ਵੀ ਡਰਨਗੇ। ਕਲੰਕਤ ਹੋ ਚੁੱਕੇ ਪੁਲਿਸ ਪ੍ਰਸ਼ਾਸਨ ਨੂੰ ਬਚਾਉਣ ਲਈ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਅਜਿਹੇ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਵਿਅਕਤੀ ਅਜਿਹੀ ਹਰਕਤ ਕਰਨ ਦੀ ਜੁਰਅਤ ਨਾ ਕਰੇ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ
ਜ਼ਿਲ੍ਹਾ ਗੁਰਦਾਸਪੁਰ।

20/06/2017

 ਵਧ ਰਹੇ ਗੈਂਗਰੇਪ ਦੇ ਮਾਮਲੇ

ਅੱਜਕਲ੍ਹ ਸਾਡੇ ਭਾਰਤ ਦੇਸ਼ ਦੇ ਹਰੇਕ ਰਾਜ ਵਿਚ ਔਰਤਾਂ ਨਾਲ ਜ਼ਿਆਦਤੀਆਂ ਦਿਨੋ-ਦਿਨ ਵਧ ਰਹੀਆਂ ਹਨ। ਉਨ੍ਹਾਂ ਨਾਲ ਗੈਂਗਰੇਪ ਵਰਗੇ ਘਟੀਆ ਕਰਮ ਕੀਤੇ ਜਾ ਰਹੇ ਹਨ ਜੋ ਕਿ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਵਲੂੰਧਰਦੇ ਹਨ। ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਹਰੇਕ ਮਾਂ-ਪਿਓ ਆਪਣੀ ਧੀ ਦੀ ਰੱਖਿਆ ਪ੍ਰਤੀ ਮੂੰਹ ਵਿਚ ਉਂਗਲ ਪਾ ਕੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਸਭ ਤੋਂ ਵੱਧ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਮਾਨਵਤਾ ਦੇ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਤਾਂ ਹੀ ਅੱਜ ਦੀ ਬਾਲੜੀ ਅਤੇ ਅੱਜ ਦੀ ਨਾਰੀ ਆਪਣੇ-ਆਪ ਨੂੰ ਕੁਝ ਸੁਰੱਖਿਅਤ ਮਹਿਸੂਸ ਕਰ ਸਕਦੀ ਹੈ ਅਤੇ ਖੁੱਲ੍ਹ ਕੇ ਪੂਰੀ ਈਮਾਨਦਾਰੀ ਨਾਲ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਦੇ ਸਮਰੱਥ ਹੋ ਸਕਦੀ ਹੈ।

-ਜਸਪ੍ਰੀਤ ਕੌਰ ਸ਼ੰਕਰ
ਲੁਧਿਆਣਾ।

ਘਟ ਰਿਹਾ ਮੋਹ-ਪਿਆਰ

ਨਰੋਈਆਂ ਕਦਰਾਂ-ਕੀਮਤਾਂ ਹੀ ਸਮਾਜ ਨੂੰ ਆਪਸ ਵਿਚ ਜੋੜੀ ਰੱਖਦੀਆਂ ਹਨ। ਅੱਜ ਜੇ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਜਾਂ ਉਲਝਣਾਂ ਵਿਚ ਘਿਰ ਰਿਹਾ ਹੈ ਤਾਂ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਪਵੇਗਾ। ਕਹਿਣ ਨੂੰ ਤਾਂ ਪਿੰਡਾਂ ਵਿਚ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਫਿਰ ਵੀ ਦਿਮਾਗੀ ਸਕੂਨ ਨਹੀਂ ਮਿਲ ਰਿਹਾ। ਕੀ ਕਦੀ ਸੋਚਿਆ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਕਿਉਂ ਅਸੀਂ ਆਪਸੀ ਰਿਸ਼ਤਿਆਂ ਵੱਲ ਪਿੱਠ ਕਰ ਲਈ ਹੈ। ਦਰਅਸਲ ਪਦਾਰਥਵਾਦੀ ਸੋਚ ਨੇ ਹਰ ਇਕ ਨੂੰ ਘੇਰ ਲਿਆ ਹੈ। 'ਕੀ ਕਰੀਏ ਵਿਹਲ ਹੀ ਨਹੀਂ ਮਿਲਦਾ' ਅਕਸਰ ਇਹ ਸ਼ਬਦ ਹੀ ਇਕ ਦੂਜੇ ਤੋਂ ਸੁਣਨ ਨੂੰ ਮਿਲਦੇ ਹਨ। ਕੋਈ ਸਮਾਂ ਸੀ ਜਦੋਂ ਅਸੀਂ ਆਪਣੇ ਦੁੱਖ-ਸੁੱਖ ਆਪਸ ਵਿਚ ਵੰਡ ਲੈਂਦੇ ਸਾਂ। ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਵੀ ਮਿਲ-ਬੈਠ ਕੇ ਹੱਲ ਕੱਢ ਲਿਆ ਜਾਂਦਾ ਸੀ। ਅੱਜ ਛੋਟੀ ਜਿਹੀ ਗੱਲ ਵੀ ਮੁਸੀਬਤ ਬਣ ਜਾਂਦੀ ਹੈ, ਕਿਉਂਕਿ ਅਸੀਂ ਇਕੱਲਤਾ ਆਪਣੇ ਗਲ ਪਾ ਲਈ ਹੈ। ਹਉਕੇ ਲੈਣਾ ਸਿੱਖ ਲਿਆ ਹੈ। ਕਈ ਵਾਰ ਸੋਚਦਾ ਹਾਂ ਕਿ ਹਮੇਸ਼ਾ ਦੁੱਖ-ਸੁਖ ਵਿਚ ਚੜ੍ਹਦੀ ਕਲਾ ਵਿਚ ਰਹਿਣ ਵਾਲਿਆਂ ਦੇ ਚਿਹਰਿਆਂ ਨੂੰ ਕਿਹੜਾ ਗ੍ਰਹਿਣ ਲੱਗ ਗਿਆ ਹੈ। ਅੱਜ ਦੇ ਸਮੇਂ 'ਚ ਆਪਸੀ ਪਿਆਰ ਹੀ ਸਮਾਜ ਨੂੰ ਜੋੜ ਕੇ ਰੱਖ ਸਕਦਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਕੁਰਾਹੇ ਪਾ ਰਹੀ ਗਾਇਕੀ

ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕੀ ਅੰਦਰ ਲੱਚਰਤਾ ਤੇ ਨੰਗੇਜ ਵਾਲੀ ਘਟੀਆ ਗਾਇਕੀ ਆਰੰਭ ਹੋ ਚੁੱਕੀ ਹੈ। ਪਰ ਹੁਣ ਜਾਣਬੁੱਝ ਕੇ ਪੰਜਾਬੀ ਗੀਤਾਂ ਦੀਆਂ ਵੀਡੀਓ ਦੇ ਫਿਲਮਾਂਕਣ ਦੇ ਰੂਪ ਵਿਚ ਇਹ ਸਭ ਕੁਝ ਧੜੱਲੇ ਨਾਲ ਵਿਖਾਇਆ ਵੀ ਜਾ ਰਿਹਾ ਹੈ। ਕਈ ਗੀਤਾਂ 'ਤੇ ਤਾਂ ਸਿੱਧੀ ਹੀ ਉਂਗਲ ਉੱਠ ਰਹੀ ਹੈ। ਪਰ ਅਜਿਹੇ ਗਾਇਕ ਕਹਿ ਰਹੇ ਹਨ ਕਿ ਪੰਜਾਬੀ ਬੋਲੀ ਤੇ ਸੰਗੀਤ ਦੀ ਸੇਵਾ ਕਰ ਰਹੇ ਹਾਂ, ਅਸੀਂ ਜ਼ਮੀਰ ਮਾਰ ਕੇ ਇਹ ਸਭ ਕੁਝ ਸੁਣੀ ਵੀ ਜਾ ਰਹੇ ਹਾਂ। ਪੰਜਾਬ ਦੀ ਜਵਾਨੀ ਕਾਫੀ ਹੱਦ ਤੱਕ ਪੰਜਾਬੀ ਗੀਤਾਂ ਨੇ ਕੁਰਾਹੇ ਪਾ ਦਿੱਤੀ ਹੈ। ਅੱਜ ਧੜਾਧੜ ਚੱਲ ਰਹੇ ਲੱਚਰ ਗੀਤ ਬੰਦ ਕੀਤੇ ਜਾਣੇ ਚਾਹੀਦੇ ਹਨ। ਸਾਨੂੰ ਚਾਹੀਦਾ ਹੈ ਕਿ ਸਹੀ ਤੇ ਸਮਝਦਾਰ ਸਰੋਤੇ-ਦਰਸ਼ਕ ਬਣ ਕੇ ਘਟੀਆ ਤੇ ਲਚਰ ਗੀਤਾਂ ਨੂੰ ਨਾ ਪਸੰਦ ਕਰੀਏ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

16/06/2017

 ਕਿਸਾਨ ਦੀ ਤਰਾਸਦੀ
ਦੇਸ਼ ਦਾ ਅੰਨਦਾਤਾ ਕਿਸਾਨ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਵੱਡਾ ਵੋਟ ਬੈਂਕ ਹੋਣ ਕਾਰਨ ਸਾਰੇ ਸਿਆਸੀ ਦਲਾਂ ਨੇ ਇਸ ਵਰਗ ਨੂੰ ਚੋਣਾਂ ਮੌਕੇ ਖੂਬ ਸਬਜ਼ਬਾਗ ਦਿਖਾਏ ਹਨ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਸਰਕਾਰਾਂ ਦੀ ਗ਼ੈਰ-ਸੰਜੀਦਗੀ ਅਤੇ ਸਹੀ ਸੇਧ ਦੀ ਘਾਟ ਦਾ ਭਾਂਡਾ ਚੌਰਾਹੇ 'ਚ ਭੰਨ ਰਹੀਆਂ ਹਨ। ਕਿਸੇ ਵੀ ਸਿਆਸੀ ਦਲ ਨੇ ਕਰਜ਼ੇ ਦੀ ਪੰਡ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਨੂੰ ਹੌਲੀ ਕਰਨ ਦਾ ਪੈਗ਼ਾਮ ਦੇਣ ਦੀ ਜ਼ਹਿਮਤ ਨਹੀਂ ਉਠਾਈ। ਕਿਸੇ ਪਾਸੇ ਤੋਂ ਇਸ ਦਾ ਠੋਸ ਹੱਲ ਕੱਢਣ ਦੇ ਸੰਜੀਦਾ ਯਤਨਾਂ ਦੀ ਸੂਹ ਨਹੀਂ ਮਿਲ ਰਹੀ। ਜੇ ਕਿਸਾਨ ਨਾ ਰਿਹਾ ਤਾਂ ਸਮਾਜ ਦੀ ਰੀੜ੍ਹ ਦੀ ਹੱਡੀ ਟੁੱਟ ਜਾਏਗੀ। ਫਿਰ ਸਮਾਜਿਕ ਅਰਾਜਕਤਾ ਦੀ ਪੈਦਾਇਸ਼ ਨੂੰ ਰੋਕ ਸਕਣਾ ਸਰਕਾਰਾਂ ਦੇ ਵੱਸ ਵਿਚ ਨਹੀਂ ਰਹਿਣਾ।


-ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ
ਪਿੰਡ ਦੀਪਗੜ੍ਹ (ਬਰਨਾਲਾ)।


ਮਾਂ-ਬੋਲੀ ਹੋਈ ਦਰਕਿਨਾਰ
ਪੰਜਾਬ ਵਿਚ ਸਰਕਾਰੀ ਵਕੀਲਾਂ ਦੀ ਭਰਤੀ ਵਿਚ 'ਪੰਜਾਬੀ ਲਾਜ਼ਮੀ' ਦੀ ਸ਼ਰਤ ਖ਼ਤਮ ਦੀ ਖ਼ਬਰ ਪੜ੍ਹੀ। ਪਿਛਲੀ ਸਰਕਾਰ ਵੱਲੋਂ ਪੰਜਾਬ ਵਿਚ ਹਰ ਮਹਿਕਮੇ 'ਚ ਪੰਜਾਬੀ ਲਾਗੂ ਕਰਕੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਦਰਜਾ ਦਿੱਤਾ ਗਿਆ ਸੀ। ਬਾਹਰਲੇ ਦੇਸ਼ਾਂ ਵਿਚ ਕਿਸੇ ਭਾਰਤੀ 'ਤੇ ਕੇਸ ਅਦਾਲਤ ਵਿਚ ਚਲਦਾ ਹੈ ਤਾਂ ਉਸ ਨੂੰ ਆਪਣੀ ਮਾਤ ਭਾਸ਼ਾ ਵਿਚ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਿੰਡਾਂ ਦੇ ਬਹੁਤੇ ਲੋਕ ਘੱਟ ਹੀ ਪੜ੍ਹੇ-ਲਿਖੇ ਹੁੰਦੇ ਹਨ ਪਰ ਉਨ੍ਹਾਂ ਦੇ ਜ਼ਿਆਦਾ ਕੇਸ ਅਦਾਲਤਾਂ ਵਿਚ ਚਲ ਰਹੇ ਹਨ। ਕੋਈ ਵਿਅਕਤੀ ਵਕੀਲਾਂ ਵੱਲੋਂ ਅਦਾਲਤ ਵਿਚ ਕੋਈ ਪਟੀਸ਼ਨ ਦਾਇਰ ਕਰਦਾ ਹੈ ਤਾਂ ਉਸ ਨੂੰ ਬਿਆਨ ਦੀ ਕਾਪੀ ਅੰਗੇਰਜ਼ੀ 'ਚ ਜਦ ਮਿਲੇਗੀ ਤਾਂ ਉਹ ਕਿਵੇਂ ਪੜ੍ਹੇਗਾ। ਮਾਣਯੋਗ ਅਦਾਲਤ ਵਿਚ ਹਰ ਭਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ ਹੈ। ਪੰਜਾਬੀ ਲੇਖਕ ਪੰਜਾਬੀ ਮਾਂ-ਬੋਲੀ ਪ੍ਰਤੀ ਪੰਜਾਬੀ ਸਾਹਿਤ ਸਭਾਵਾਂ ਬਣਾ ਕੇ ਵੱਡਾ ਯੋਗਦਾਨ ਪਾ ਰਹੇ ਹਨ ਪਰ ਮੌਜੂਦਾ ਸਰਕਾਰ ਵੀ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ।


-ਮਾਸਟਰ ਜਗੀਰ ਸਿੰਘ ਸਫਰੀ
ਪਿੰਡ ਸਠਿਆਲਾ (ਅੰਮ੍ਰਿਤਸਰ)।


ਸੜਕ ਦੁਰਘਟਨਾਵਾਂ
ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਵਰਤਾਰਾ ਆਮ ਹੀ ਹੋ ਗਿਆ ਹੈ। ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰ ਗੱਡੀ ਚਲਾਉਣਾ ਮੰਨਿਆ ਜਾ ਸਕਦਾ ਹੈ। ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਧਾਰਮਿਕ ਅਸਥਾਨਾਂ 'ਤੇ ਆਉਣ-ਜਾਣ ਵਾਲੀਆਂ ਗੱਡੀਆਂ ਦੇ ਦੁਰਘਟਨਾਗ੍ਰਸਤ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਆ ਰਹੀਆਂ ਹਨ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ ਤੇ ਕਈ ਮਰ ਗਏ। ਇਸ ਦੇ ਕਾਰਨ ਓਵਰਲੋਡਿੰਗ, ਲੰਮੀ ਯਾਤਰਾ ਦੀ ਥਕਾਵਟ ਤੇ ਉਨੀਂਦਰਾਪਨ ਜਾਂ ਅਣਗਹਿਲੀ ਵੀ ਹੋ ਸਕਦੇ ਹਨ। ਪਰ ਅਫ਼ਸੋਸ ਤੇ ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਹਾਦਸੇ ਰੁਕ ਨਹੀਂ ਰਹੇ ਤੇ ਨਾ ਹੀ ਸਰਕਾਰ ਰੋਕਣ ਲਈ ਆਵਾਜਾਈ ਨਿਯਮਾਂ ਪ੍ਰਤੀ ਅਜੇ ਤੱਕ ਸੰਜੀਦਾ ਹੈ।


-ਪਿਆਰਾ ਸਿੰਘ
ਨਕੋਦਰ।

13/06/2017

 ਗਰੀਨ ਟ੍ਰਿਬਿਊਨਲ ਤੇ ਕਿਸਾਨ

ਵਾਤਾਵਰਨ ਦੀ ਸਾਂਭ-ਸੰਭਾਲ ਲਈ 'ਕੌਮੀ ਗਰੀਨ ਟ੍ਰਿਬਿਊਨਲ' ਵੱਲੋਂ ਖੇਤਾਂ ਵਿਚਲੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ। ਪੂਰੇ ਪੰਜਾਬ ਵਿਚ ਨਜ਼ਰ ਰੱਖਣ ਲਈ 'ਪੰਜਾਬ ਰਿਮੋਟ ਸੈਸਿੰਗ ਕੇਂਦਰ' ਲੁਧਿਆਣਾ ਵਿਚ ਸਥਾਪਿਤ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਾਲੇ ਸਰੇਆਮ ਨੈਸ਼ਨਲ ਹਾਈਵੇ 'ਤੇ ਡਿਵਾਈਡਰਾਂ ਉੱਪਰ ਲਗਾਈਆਂ ਅੱਗਾਂ ਨਜ਼ਰ ਨਹੀਂ ਆਉਂਦੀਆਂ ਜੋ ਖ਼ੂਬਸੂਰਤ ਹਰੇ ਭਰੇ ਫੁੱਲਾਂ ਨਾਲ ਲੱਦੇ ਕਨੇਰ ਦੇ ਰੁੱਖਾਂ ਨੂੰ ਖ਼ਤਮ ਕਰ ਰਹੀਆਂ ਹਨ? ਕੀ ਸਰਕਾਰੀ ਅੱਗ ਦੁਆਰਾ ਪ੍ਰਦੂਸ਼ਣ ਨਹੀਂ ਫੈਲਦਾ? ਪੰਜਾਬ ਵਿਚ ਬਹੁਤ ਸਾਰੀਆਂ ਸਨਅਤੀ ਇਕਾਈਆਂ ਹਨ ਜੋ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪੁਰਾਣੇ ਵਾਹਨ ਵੀ ਨਿਤ ਇਹ ਸਾਰਾ ਕੁਝ ਕੌਮੀ ਗਰੀਨ ਟ੍ਰਿਬਿਊਨਲ ਨੂੰ ਨਜ਼ਰ ਨਹੀਂ ਆਉਂਦਾ? ਜੇਕਰ ਅੱਜ ਹਵਾ ਵਿਚੋਂ ਆਕਸੀਜਨ ਦੀ ਮਾਤਰਾ ਲਗਾਤਾਰ ਘਟ ਰਹੀ ਹੈ ਤਾਂ ਇਸ ਦਾ ਕਾਰਨ ਸਿਰਫ਼ ਸੂਬੇ ਦੇ ਕਿਸਾਨ ਨਹੀਂ ਹੋਰ ਵੀ ਬਹੁਤ ਸਾਰੇ ਕਾਰਨ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੂੰ ਚਾਹੀਦਾ ਹੈ ਕਿ ਉਸ ਵਿਭਾਗ ਦੀ ਖ਼ਬਰ ਵੀ ਲਵੇ ਜਿਸ ਦਾ ਮੁੱਖ ਕੰਮ ਹੀ ਬੂਟੇ ਲਗਾਉਣਾ ਹੈ, ਬੂਟੇ ਸਾੜਨਾ ਨਹੀਂ। ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

-ਕੇ. ਐੱਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਸੜਕ ਹਾਦਸੇ

ਲਗਪਗ ਹਰ ਦਿਨ ਸਵੇਰੇ ਜਦੋਂ ਆਪਣੇ ਆਲੇ-ਦੁਆਲੇ ਦੀ ਖ਼ਬਰਸਾਰ ਲੈਣ ਲਈ ਅਖ਼ਬਾਰ ਚੁੱਕੀਦਾ ਹੈ ਤਾਂ ਮੁੱਖ ਪੰਨੇ 'ਤੇ ਹੀ ਸੜਕ ਹਾਦਸੇ ਦੀ ਕੋਈ ਨਾ ਕੋਈ ਖ਼ਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ। ਪਿਛਲੇ ਦਿਨੀਂ ਸਾਡੇ ਬੜੇ ਹੀ ਅਜ਼ੀਜ਼ ਸ: ਅਵਤਾਰ ਸਿੰਘ ਪਮਾਲ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ) ਇਕ ਸੜਕੀ ਹਾਦਸੇ ਦੀ ਭੇਟ ਚੜ੍ਹ ਗਏ। ਕੀ ਕਸੂਰ ਸੀ ਉਸ ਵੀਰ ਦਾ ਜੋ ਆਪਣੀ ਸਾਈਡ 'ਤੇ ਅਰਾਮ ਨਾਲ ਸਕੂਟਰ 'ਤੇ ਜਾ ਰਿਹਾ ਸੀ ਅਤੇ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਆ ਦਰੜਿਆ। ਟ੍ਰੈਫ਼ਿਕ ਵਿਭਾਗ ਨੂੰ ਸਖ਼ਤੀ ਨਾਲ ਟ੍ਰੈਫ਼ਿਕ ਨਿਯਮਾਂ ਸਬੰਧੀ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਹੋ ਕੇ ਟ੍ਰੈਫਿਕ ਵਿਭਾਗ ਦਾ ਸਾਥ ਦੇਣਾ ਬਣਦਾ ਹੈ। ਘੱਟ ਉਮਰ ਦੇ ਬੱਚਿਆਂ ਨੂੰ ਸੜਕ 'ਤੇ ਵਹੀਕਲ ਨਹੀਂ ਵਰਤਣ ਦੇਣਾ ਚਾਹੀਦਾ। ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਾ ਯਕੀਨ ਹੈ ਕਿ ਜੇਕਰ ਹਰ ਇਨਸਾਨ ਸੜਕ 'ਤੇ ਚਲਦਿਆਂ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿਚ ਕਿ ਵਹੀਕਲ ਚਲਾਵੇ ਅਤੇ ਟ੍ਰੈਫਿਕ ਵਿਭਾਗ ਨਿਯਮ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇ ਤਾਂ ਕਿਸੇ ਵੀ ਘਰ ਦਾ ਕੋਈ ਜੀਅ ਅਜਾਈਂ ਨਹੀਂ ਜਾਵੇਗਾ।

-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਜੱਸੋਵਾਲ ਕੁਲਾਰ (ਲੁਧਿਆਣਾ)।

ਤਿੰਨ ਤਲਾਕ

ਭਾਰਤੀ ਸੰਵਿਧਾਨ, ਭਾਰਤ ਦੇ ਹਰ ਸ਼ਹਿਰੀ ਨੂੰ, ਭਾਵੇਂ ਉਹ ਕਿਸੇ ਵੀ ਕੌਮ, ਮਜ਼੍ਹਬ ਜਾਂ ਜਾਤੀ ਨਾਲ ਸਬੰਧ ਰੱਖਦਾ ਹੋਵੇ, ਲਿਖਣ ਅਤੇ ਬੋਲਣ ਦੀ ਆਜ਼ਾਦੀ ਦਿੰਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਅਪਮਾਨਜਨਕ ਕਰਨ ਵਾਲੀਆਂ ਕਾਰਵਾਈਆਂ ਜਾਂ ਕੰਮਾਂ ਨੂੰ ਰੋਕਣ ਲਈ ਵੀ ਵਚਨਬੱਧ ਹੈ। ਕਿਸੇ ਵੀ ਧਰਮ ਦੀਆਂ ਔਰਤਾਂ 'ਤੇ ਜਦੋਂ ਜ਼ਿਆਦਤੀ ਹੁੰਦੀ ਹੈ ਤਾਂ ਨਿਆਂ ਪਾਲਿਕਾ ਜਾਂ ਸਰਕਾਰ ਨੂੰ ਫੌਰੀ ਤੌਰ 'ਤੇ ਬਿਨਾਂ ਕਿਸੇ ਪੱਖਪਾਤ ਤੋਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਜ਼ਰੂਰੀ ਹੈ। ਬੱਸ ਜਦੋਂ ਮਰਜ਼ੀ ਤਿੰਨ ਤਲਾਕ ਕਹਿ ਕੇ ਔਰਤ ਨੂੰ ਸਦਾ ਲਈ ਨਰਕ ਵਾਲੀ ਜ਼ਿੰਦਗੀ ਵਿਚ ਧੱਕਾ ਦੇ ਦੇਣਾ ਔਰਤ ਦੀ ਹੋਂਦ ਦਾ ਅਪਮਾਨ ਹੈ, ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿਚ ਜਿਥੇ ਘਰੇਲੂ ਔਰਤਾਂ ਬਹੁਗਿਣਤੀ ਵਿਚ ਹਨ। ਇਸ ਪਰੰਪਰਾ ਨੂੰ ਖ਼ਤਮ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਵੀ ਸੁਖ ਦਾ ਜੀਵਨ ਬਤੀਤ ਕਰ ਸਕਣ।
-ਮਹਿੰਦਰ ਸਿੰਘ ਬਾਜਵਾ

ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

13/06/2017

 ਸ: ਤਰਲੋਚਨ ਸਿੰਘ ਦੇ ਨਾਂਅ
ਪਿਛਲੇ ਦਿਨੀਂ ਸ: ਤਰਲੋਚਨ ਸਿੰਘ ਦਾ ਕੇ.ਪੀ.ਐਸ. ਗਿੱਲ ਸਬੰਧੀ ਇਕ ਲੇਖ 'ਅਜੀਤ' ਵਿਚ ਛਪਿਆ ਸੀ, ਇਸ ਸਬੰਧੀ ਭਾਜਪਾ ਆਗੂ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦਾ ਪ੍ਰਤੀਕਰਮ ਸਾਨੂੰ ਪੁੱਜਾ ਹੈ, ਜਿਸ ਨੂੰ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ। ਂਸੰਪਾਦਕ
ਸਾਰੇ ਜਾਣਦੇ ਹਨ ਕਿ ਤੁਸੀਂ ਬੁੱਧੀਜੀਵੀ ਹੋ, ਵਿਦਵਾਨ ਹੋ। ਪੰਜਾਬ ਵਿਚ ਕਾਲੇ ਦਿਨ ਤੁਹਾਡੇ ਸਾਹਮਣੇ ਹੀ ਆਏ ਅਤੇ ਖ਼ਤਮ ਹੋਏ। ਤੁਹਾਡਾ ਇਹ ਲਿਖਣਾ ਤਾਂ ਸਹੀ ਹੋ ਸਕਦਾ ਹੈ ਕਿ ਕਿਸੇ ਇਕ ਪੁਲਿਸ ਅਫ਼ਸਰ ਨੂੰ ਸਾਰਾ ਸਿਹਰਾ ਨਹੀਂ ਦਿੱਤਾ ਜਾਣਾ ਚਾਹੀਦਾ, ਜਿਵੇਂ ਕਿ ਕੇ.ਪੀ.ਐਸ. ਗਿੱਲ ਨੂੰ ਦਿੱਤਾ ਜਾ ਰਿਹਾ ਹੈ ਪਰ ਕਿਤੇ ਵੀ ਤੁਸੀਂ ਇਕ ਸ਼ਬਦ ਉਨ੍ਹਾਂ ਲਈ ਨਹੀਂ ਲਿਖਿਆ ਜੋ ਬੱਸਾਂ ਅਤੇ ਗੱਡੀਆਂ ਤੋਂ ਕੱਢ ਕੇ ਮਾਰੇ ਗਏ, ਪਟਿਆਲਾ ਦੇ ਕਾਲਜ ਵਿਚ ਵਿਦਿਆਰਥੀਆਂ ਦੇ ਕਤਲ ਹੋਏ। ਰੋਪੜ ਵਿਚ ਨਹਿਰ ਦੇ ਕੰਢੇ ਮਜ਼ਦੂਰਾਂ ਦਾ ਕਤਲ ਕੀਤਾ ਗਿਆ। ਅੰਮ੍ਰਿਤਸਰ ਚੌਕ ਘੰਟਾਘਰ ਵਿਚ ਸੈਂਕੜੇ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ। ਪੰਜਾਬ ਵਿਚ ਬੇਕਸੂਰਾਂ ਦਾ ਕਿੰਨਾ ਖੂਨ ਵਹਾਇਆ ਗਿਆ, ਨਿਸਚਤ ਹੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ। ਹੈਰਾਨੀ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਰਹਿਣ ਵਾਲਾ ਇਕ ਬੁੱਧੀਜੀਵੀ ਉਨ੍ਹਾਂ ਦੇ ਹੰਝੂ ਪੂੰਝਣ ਕਦੇ ਨਹੀਂ ਆਇਆ ਜੋ ਬੇਕਸੂਰ ਘਰਾਂ, ਦੁਕਾਨਾਂ, ਬਾਜ਼ਾਰਾਂ ਵਿਚੋਂ ਖਿੱਚ-ਖਿੱਚ ਕੇ ਗੋਲੀਆਂ ਨਾਲ ਭੁੰਨ ਦਿੱਤੇ। ਬੇਕਸੂਰ ਦੀ ਮੌਤ ਦੁਖਦਾਈ ਹੈ। ਚਾਹੇ ਪੁਲਿਸ ਦੇ ਹੱਥੋਂ ਹੋਵੇ ਜਾਂ ਅੱਤਵਾਦੀਆਂ ਦੇ ਹੱਥੋਂ, ਪਰ ਇਕ ਪੱਖੀ ਫ਼ੈਸਲਾ ਤੁਹਾਡੇ ਵਰਗੇ ਵਿਅਕਤੀਆਂ ਦੀ ਕਲਮ ਤੋਂ ਸ਼ੋਭਾ ਨਹੀਂ ਦਿੰਦਾ। ਇਹ ਤਾਂ ਤੁਹਾਨੂੰ ਵੀ ਮੰਨਣਾ ਪਵੇਗਾ ਕਿ ਜਿਸ ਸਮੇਂ ਬੇਅੰਤ ਸਿੰਘ ਦੀ ਸਰਕਾਰ ਆਈ, ਉਸੇ ਸਮੇਂ ਸ੍ਰੀ ਗਿੱਲ ਨੇ ਕੰਮ ਸ਼ੁਰੂ ਕੀਤਾ। ਜੇ ਬੇਅੰਤ ਸਿੰਘ ਕੇ.ਪੀ.ਐਸ. ਗਿੱਲ ਨੂੰ ਨਾ ਚਾਹੁੰਦੇ ਤਾਂ 1993 ਤੋਂ ਬਾਅਦ 1995 ਤੱਕ ਉਨ੍ਹਾਂ ਨੂੰ ਸੇਵਾ ਵਿਚ ਕਿਉਂ ਰੱਖਦੇ? ਅਫ਼ਸੋਸ ਹੈ ਕਿ ਸ੍ਰੀ ਗਿੱਲ ਨੂੰ ਉਹ ਅਧਿਕਾਰ ਵੀ ਨਾ ਦੇਣ ਦਾ ਐਲਾਨ ਹੋ ਗਿਆ ਜੋ ਇਕ ਸਿੱਖ ਦੇ ਨਾਤੇ ਉਨ੍ਹਾਂ ਦਾ ਅਧਿਕਾਰ ਸੀ ਕਿ ਸਿੱਖ ਮਰਿਆਦਾ ਅਨੁਸਾਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਹੋਣ। ਚੰਗਾ ਲੱਗਾ ਤੁਸੀਂ ਇਸ ਦੀ ਨਿੰਦਾ ਕੀਤੀ ਹੈ।

-ਲਕਸ਼ਮੀ ਕਾਂਤਾ ਚਾਵਲਾ।

ਕੀ ਹੁਣ ਦੇਸ਼ ਲਾਲ ਪਰੀ ਦੀ ਕਮਾਈ ਨਾਲ ਚੱਲੇਗਾ?
ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸ਼ਰਾਬ ਦੀ ਵਿੱਕਰੀ ਬਿਨਾਂ ਸਰਕਾਰਾਂ ਚੱਲ ਹੀ ਨਹੀਂ ਸਕਦੀਆਂ। ਇਸ ਸੰਦਰਭ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਕਾਰਾਂ ਕੋਲ ਕੋਈ ਅਜਿਹਾ ਅਰਥ-ਸ਼ਾਸਤਰ ਹੈ ਹੀ ਨਹੀਂ ਹੈ, ਜੋ ਸ਼ਰਾਬ ਦੇ ਪਾਣੀ ਬਿਨਾਂ ਦੇਸ਼ ਨੂੰ ਚਲਾ ਸਕੇ? ਵਿਦਵਾਨ ਤਾਂ ਇਹ ਕਹਿੰਦੇ ਹਨ ਕਿ ਏਨੇ ਬੰਦੇ ਸਮੁੰਦਰ ਵਿਚ ਡੁੱਬ ਕੇ ਨਹੀਂ ਮਰੇ, ਜਿੰਨੇ ਸ਼ਰਾਬ ਵਿਚ ਡੁੱਬ ਕੇ ਮਰਦੇ ਹਨ। ਸ਼ਰਾਬ ਪੀੜਤ ਪਰਿਵਾਰ ਰੀਂਘ-ਰੀਂਘ ਜ਼ਿੰਦਗੀ ਜੀਅ ਰਹੇ ਹਨ। ਧਰਮ ਬਦਲੇ ਮਰ ਮਿਟ ਜਾਣ ਵਾਲੇ ਆਪਣੇ ਧਰਮ-ਸ਼ਾਸਤਰ ਨੂੰ ਕਿਉਂ ਪਿੱਠ ਵਿਖਾ ਰਹੇ ਹਨ, ਜਿਹੜਾ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਕੂਕਦਾ ਹੈ? ਨੀਤੀ ਸ਼ਾਸਤਰ ਉਸ ਸਮਾਜ ਨੂੰ ਪਾਪੀ ਆਖਦੇ ਹਨ ਜਿਹੜਾ ਕੇਵਲ ਮਾਇਆ ਬਦਲੇ ਘਟੀਆ ਵਪਾਰ ਤੇ ਦੁਰਵਿਹਾਰ ਕਰਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਆਉ, ਚਿੰਤਨ ਕਰੀਏ ਤੇ ਦੇਸ਼ ਨੂੰ ਚਲਾਉਣ ਦੀ ਸਹੀ ਸਿਹਤਮੰਦ ਦਿਸ਼ਾ ਵਲ ਨੂੰ ਚੱਲੀਏ।

-ਕੁਲਵੰਤ ਕੌਰ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ (ਜਲੰਧਰ)।

12/06/2017

 ਨਸ਼ਾ ਖ਼ਤਮ ਹੋਵੇ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ 'ਵਿਸ਼ਵ ਪੱਧਰ 'ਤੇ ਤੰਬਾਕੂ ਮੁਕਤ ਦਿਵਸ' ਸਬੰਧੀ ਜਸਵਿੰਦਰ ਸਿੰਘ ਸਹੋਤਾ ਦਾ ਲੇਖ ਛਪਿਆ। ਅੰਕੜਿਆਂ ਅਤੇ ਤੱਥਾਂ 'ਤੇ ਆਧਾਰਿਤ ਤੰਬਾਕੂ ਦੇ ਸੇਵਨ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਸਲਾਹੁਣਯੋਗ ਸੀ ਪ੍ਰੰਤੂ ਬੁੱਧੀਜੀਵੀਆਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਤੰਬਾਕੂ ਦੇ ਸੇਵਨ ਨੂੰ ਬਹੁਤ ਹੀ ਮਾੜਾ ਤੇ ਅਤਿ ਨਿੰਦਣਯੋਗ ਕਿਹਾ ਗਿਆ ਪਰ ਗੱਲ ਉਥੇ ਦੀ ਉਥੇ ਖੜ੍ਹੀ ਦਿਖਾਈ ਦਿੰਦੀ ਹੈ। ਸੋ, ਕੁੱਲ ਮਿਲਾ ਕੇ ਤੰਬਾਕੂ ਦੇ ਉਤਪਾਦਨ 'ਤੇ ਅਤੇ ਤੰਬਾਕੂ ਤੋਂ ਬਣੇ ਅਨੇਕਾਂ ਪਦਾਰਥਾਂ ਜੋ ਬਜ਼ਾਰਾਂ ਵਿਚ ਵਿਕਦੇ ਹਨ, ਉਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਹੀ ਤੰਬਾਕੂ ਦੇ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ।


-ਮਾ: ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਵਿਦਿਆਰਥੀਆਂ ਵਿਚ ਅਸਹਿਣਸ਼ੀਲਤਾ
ਕੁਝ ਕੁ ਦਿਨ ਪਹਿਲਾਂ 12ਵੀਂ ਅਤੇ ਦਸਵੀਂ ਦਾ ਨਤੀਜਾ ਐਲਾਨਿਆ ਗਿਆ। ਨਾਕਾਮਯਾਬੀ ਮਿਲਣ 'ਤੇ ਕੁਝ ਵਿਦਿਆਰਥੀਆਂ ਦੁਆਰਾ ਖੁਦਕੁਸ਼ੀ ਕਰ ਲਈ ਗਈ। ਇਸ ਦੁਖਦਾਈ ਘਟਨਾ ਤੋਂ ਜ਼ਾਹਿਰ ਹੈ ਕਿ ਵਿਦਿਆਰਥੀ ਜੀਵਨ ਵਿਚੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਜੋ ਕਿ ਸਮਾਜ ਅਤੇ ਮਨੁੱਖਤਾ ਲਈ ਖਤਰਨਾਕ ਹੈ। ਸਿੱਖਿਆ ਦੀ ਨੀਂਹ ਮਾਤਾ-ਪਿਤਾ ਦੁਆਰਾ ਰੱਖਣੀ ਚਾਹੀਦੀ ਹੈ ਕਿਉਂਕਿ ਮਾਪੇ ਬੱਚੇ ਦੇ ਮੁਢਲੇ ਅਧਿਆਪਕ ਹੁੰਦੇ ਹਨ ਅਤੇ ਅਧਿਆਪਕ ਦੁਆਰਾ ਇਸ ਉਤੇ ਉਸਾਰੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਚੰਗੇ ਮਾੜੇ ਹਾਲਾਤ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਅਤੇ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਾ ਕਿਸੇ ਵੀ ਮੁਸ਼ਕਿਲ ਤੋਂ ਭੱਜਣ ਜਾਂ ਖੁਦਕੁਸ਼ੀ ਕਰਨ ਦੀ ਬਜਾਏ ਇਸਦਾ ਬਹਾਦਰੀ ਨਾਲ ਸਾਹਮਣਾ ਕਰੇ।


-ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕ: ਬਾੜੀਆਂ ਕਲਾਂ।


ਸਰਕਾਰ ਸੁਚੱਜੀ ਵਿਉਂਤਬੰਦੀ ਕਰੇ
ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਰੇਤਾ ਦਾ ਮੁੱਲ ਤਾਂ ਸੀਮੈਂਟ ਤੋਂ ਵੀ ਅਗਾਂਹ ਲੰਘਦਾ ਜਾ ਰਿਹਾ ਹੈ। ਧੜੱਲੇਦਾਰ ਲੋਕ ਤਾਂ ਇਸ ਦੀ ਖਰੀਦ ਕਰੀ ਜਾਂਦੇ ਹਨ ਪਰ ਸਧਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਰੇਤਾ ਬੜਾ ਵੱਡਾ ਮਸਲਾ ਹੈ। ਨਿਖੇਧੀ ਇਸ ਗੱਲ ਦੀ ਹੈ ਕਿ ਨਿਲਾਮ ਕੀਤੀਆਂ ਖੱਡਾਂ 'ਚੋਂ ਸਰਕਾਰ ਆਪਣਾ ਤਾਂ ਮੁਆਵਜ਼ਾ ਪ੍ਰਾਪਤ ਕਰ ਲੈਂਦੀ ਹੈ ਪਰ ਆਮ ਲੋਕ ਠੇਕੇਦਾਰਾਂ ਦੀ ਮਨਮਰਜ਼ੀ ਦੇ ਰੇਟਾਂ ਦੇ ਧੱਕੇ ਚੜ੍ਹਦੇ ਹਨ। ਪਹਿਲਾਂ ਸਰਕਾਰ ਰੇਤਾ-ਬਜਰੀ ਦਾ ਵਾਜਬ ਮੁੱਲ ਨਿਸਚਿਤ ਕਰੇ, ਜਿਹੜਾ ਸਾਧਾਰਨ ਲੋਕਾਈ ਦੀ ਪਹੁੰਚ ਬਣ ਸਕੇ। ਸੋ, ਜ਼ਰੂਰਤ ਹੈ, ਸਮੇਂ ਦੀ ਸਰਕਾਰ ਵੱਲੋਂ ਸੁਚੱਜੀ ਵਿਉਂਤਬੰਦੀ ਕੀਤੀ ਜਾਵੇ, ਤਾਂ ਜੋ ਰੇਤਾ-ਬਜਰੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨਾ ਜਾਵੇ।


-ਕਮਲਜੀਤ ਸਿੰਘ
ਪਿੰਡ ਤੇ ਡਾਕ: ਮੱਲ੍ਹੀਆਂ (ਕਰਤਾਰਪੁਰ), ਜ਼ਿਲ੍ਹਾ ਜਲੰਧਰ।

08/06/2017

 ਕਿੰਨੇ ਸੋਹਣੇ ਦਿਨ ਸਨ
75ਵਿਆਂ ਨੂੰ ਢੁਕੇ ਇਕ ਬਜ਼ੁਰਗ ਨੇ ਅਜੋਕੇ ਪੰਜਾਬ ਦੇ ਹਾਲਾਤ 'ਤੇ ਲੰਮਾ ਹਉਕਾ ਲੈਂਦਿਆ ਸੋਹਣੇ ਦਿਨਾਂ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਸਮੇਂ ਕਣਕ-ਮੱਕੀ, ਨਰਮੇ-ਕਪਾਹ, ਕਮਾਦ, ਮੂੰਗਫਲੀ, ਸਰ੍ਹੋਂ, ਅਰਹਰ ਆਦਿ ਹਰ ਫ਼ਸਲ ਹੋਇਆ ਕਰਦੀ ਸੀ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਉਸ ਸਮੇਂ ਹਰ ਕਿਸਾਨ ਦੀ ਮੋਟਰ 'ਤੇ ਘੁਲਾੜੀ ਦਾ ਚੱਲਣਾ, ਮੱਕੀ ਦੀ ਰੋਟੀ-ਸਰ੍ਹੋਂ ਦਾ ਸਾਗ, ਕਣਕ ਦੀ ਰੋਟੀ-ਹਾਰੇ ਦੀ ਦਾਲ, ਕਾੜਨੀ ਦੀ ਲੱਸੀ-ਦਹੀਂ, ਮਿਰਚ, ਔਲੇ ਤੇ ਅਦਰਕ ਦਾ ਆਚਾਰ ਬਹੁਤ ਸਵਾਦੀ ਹੁੰਦਾ ਸੀ।
ਘਰ-ਘਰ ਬਲਦੇ ਚੁੱਲ੍ਹੇ ਵੱਖਰਾ ਹੀ ਸਕੂਨ ਦਿੰਦੇ ਸਨ। ਖੇਤਾਂ 'ਚ ਮੂਲੀ, ਸ਼ਲਗਮ, ਗਾਜਰ ਤੇ ਹੋਰ ਕਈ ਕੁਝ ਆਮ ਹੁੰਦੇ ਸਨ। ਮੂੰਗਫਲੀ ਤੇ ਸ਼ਕਰਕੰਦੀ ਭੁੰਨ ਕੇ ਖਾਂਦੇ ਰਹਿੰਦੇ ਸੀ। ਦਿਨ-ਰਾਤ ਖੇਤਾਂ 'ਚ ਕੰਮ ਕਰਦਿਆਂ ਕਦੇ ਬਿਮਾਰ ਨਹੀਂ ਸੀ ਹੋਏ। ਤਾਜ਼ੀ ਆਬੋ-ਹਵਾ ਹੁੰਦੀ ਸੀ, ਮਿੱਠਾ ਸਰਬਤ ਵਰਗਾ ਪਾਣੀ ਹੁੰਦਾ ਸੀ। ਬਜ਼ੁਰਗ ਹਓਕਾ ਲੈਂਦਾ ਅੱਗੇ ਕਹਿੰਦਾ ਕਿ ਜੇ ਅੱਜ ਸਾਡੇ ਸਮੇਂ ਦਾ ਪੰਜਾਬ ਹੁੰਦਾ ਤਾਂ ਕਿਸਾਨ ਖ਼ੁਦਕੁਸ਼ੀ ਨਾ ਕਰਦਾ, ਪੰਜਾਬੀ ਨਸ਼ਈ ਨਾ ਹੁੰਦਾ। ਵਾਕਿਆ ਹੀ ਉਹ ਕਿੰਨੇ ਸੋਹਣੇ ਦਿਨ ਸੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬੰਬ ਧਮਾਕੇ
ਇਰਾਕ ਅਤੇ ਕਾਬੁਲ ਦੇਸ਼ਾਂ 'ਚ ਅੱਤਵਾਦੀਆਂ ਵੱਲੋਂ ਬੰਬ ਧਮਾਕਿਆਂ ਰਾਹੀਂ ਬੜੀ ਕਰੂਰਤ ਤੇ ਬੇਰਹਿਮੀ ਨਾਲ ਮਨੁੱਖਤਾ ਦਾ ਖੂਨ ਵਹਾਏ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਅਜਿਹੇ ਬੁਰੇ ਤੇ ਗ਼ੈਰ-ਮਨੁੱਖੀ ਕੰਮਾਂ ਨੂੰ ਅੰਜਾਮ ਦੇਣ ਵਾਲੇ ਇਹ ਕਾਫਰ ਲੋਕ ਕਿੰਨੇ ਬੇਰਹਿਮ, ਬੁਝਦਿਲ ਤੇ ਬੇਕਿਰਕ ਹੋਣਗੇ, ਜਿਨ੍ਹਾਂ ਨੂੰ ਨਾ ਇਨਸਾਨੀਅਤ ਨਾਲ ਪਿਆਰ ਅਤੇ ਨਾ ਹੀ ਖ਼ੁਦਾ ਦਾ ਕੋਈ ਖੌਫ਼ ਹੈ। ਇਹ ਬੰਬ ਧਮਾਕੇ ਰੂਪੀ ਕੋਝੇ ਕਾਰੇ ਕਰਨ ਵਾਲੇ ਇਨਸਾਨੀਅਤ ਵਿਹੂਣੇ ਖੂੰਖਾਰ ਦਹਿਸ਼ਤਗਰਦਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਪ੍ਰਭੂ ਅਜਿਹੇ ਮਨੁੱਖਤਾ ਦਾ ਘਾਣ ਕਰਨ ਵਾਲੇ ਦਹਿਸ਼ਤੀਆਂ ਨੂੰ ਅਕਲ ਬਖਸ਼ੇ ਤਾਂ ਜੋ ਅਗਾਂਹ ਨੂੰ ਕੋਈ ਅਜਿਹੀ ਦਿਲ-ਕੰਬਾਊ ਤੇ ਲੋਕ ਉਜਾੜੂ ਘਟਨਾ ਨਾ ਵਾਪਰੇ।


-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।


ਸਮੇਂ ਦੀ ਲੋੜ
ਬੇਨਤੀ ਹੈ ਉਨ੍ਹਾਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਕਿ ਉਹ ਸਾਰਾ ਧਿਆਨ ਪੰਜਾਬ ਦੇ ਵਿਗੜਦੇ ਹਲਾਤ 'ਤੇ ਕੇਂਦਰਿਤ ਕਰਨ। ਮਨੋਰੰਜਨ ਦੇ ਕਿੱਸੇ ਛੱਡ ਕੇ ਪੰਜਾਬ ਦੀ ਆਰਥਿਕਤਾ ਦਾ ਕੀ ਹਾਲ ਹੈ, ਨਸ਼ਾ, ਬੇਰੁਜ਼ਗਾਰੀ, ਲੁੱਟ-ਖੋਹ, ਘਪਲੇਬਾਜ਼ੀ, ਕਿਸੇ ਪਾਸੇ ਕੋਈ ਮਸਲਾ ਹੱਲ ਨਹੀਂ ਹੋਇਆ। ਅਜਿਹੇ ਹਲਾਤ 1980 ਵਿਚ ਬਣ ਗਏ ਸੀ ਜਦੋਂ ਆਰਥਿਕ ਮਸਲੇ, ਧਾਰਮਿਕ ਮਸਲੇ ਬਣ ਗਏ ਸੀ। ਇਸ ਕਰਕੇ ਜੋ ਤਬਾਹੀ 90 ਦੇ ਦਹਾਕੇ 'ਚ ਹੋਈ, ਉਹ ਹੁਣ ਨਾ ਹੋਵੇ।


-ਗੁਰਾਂਦਿੱਤਾ ਸਿੰਘ ਸੰਧੂ

07/06/2017

  ਪਾਣੀ ਦੀ ਦੁਰਵਰਤੋਂ ਨੂੰ ਰੋਕੇ ਸਰਕਾਰ
ਮਨੁੱਖ ਕੋਲ ਜਿਹੜੀ ਚੀਜ਼ ਬਹੁਤ ਹੋਵੇ ਉਸ ਦੀ ਕਦਰ ਮਨੁੱਖ ਘੱਟ ਹੀ ਕਰਦਾ ਹੈ। ਜਿਵੇਂ ਪੰਜਾਬ ਵਿਚ ਹਾਲ ਦੀ ਘੜੀ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਕਮੀ ਨਹੀਂ। ਬਹੁਤ ਥੋੜ੍ਹੇ ਜਾਗਰੂਕ ਲੋਕ ਹਨ ਜਿਨ੍ਹਾਂ ਨੇ ਟੈਂਕੀ ਭਰ ਜਾਣ ਦੀ ਸੂਚਨਾ ਦੇਣ ਵਾਲਾ ਅਲਾਰਮ ਲਗਾਇਆ ਹੈ ਜਦਕਿ ਬਹੁਗਿਣਤੀ ਲੋਕ ਇਹ ਅਲਾਰਮ ਨਹੀਂ ਲਗਾਉਂਦੇ ਜਿਸ ਨਾਲ ਟੈਂਕੀ ਭਰਨ ਤੋਂ ਬਾਅਦ ਕੀਮਤੀ ਪਾਣੀ ਬਰਬਾਦ ਹੁੰਦਾ ਰਹਿੰਦਾ ਹੈ। ਕੀ ਸਰਕਾਰ ਅਤੇ ਨਗਰ ਨਿਗਮਾਂ ਇਸ ਗੰਭੀਰ ਮਸਲੇ ਦੇ ਹੱਲ ਲਈ ਕੋਈ ਠੋਸ ਕਾਰਵਾਈ ਕਰਨਗੀਆਂ। ਇਸ ਨਾਲ ਲੋੜਵੰਦਾਂ ਨੂੰ ਪਾਣੀ ਮਿਲਣ ਵਿਚ ਸਹਾਇਤਾ ਮਿਲੇਗੀ।


-ਗੁਲਸ਼ਨ ਕੁਮਾਰ
ਕਿਸ਼ਨਪੁਰਾ, ਜਲੰਧਰ ਸ਼ਹਿਰ।


ਸੋਚਣ ਦੀ ਲੋੜ

ਪਿਛਲੇ ਦਿਨੀਂ ਬਲਬੀਰ ਸਿੰਘ ਰਾਜੇਵਾਲ ਦਾ ਲੇਖ 'ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਖੁਦ ਹੱਲ ਲੱਭਣਾ ਪਊ' ਬਹੁਤ ਵਧੀਆ ਸੀ। ਜੇਕਰ ਕਿਸਾਨ ਸਬਜ਼ੀਆਂ ਜਾਂ ਕਣਕ-ਝੋਨੇ ਤੋਂ ਬਿਨਾਂ ਕੋਈ ਹੋਰ ਫਸਲ ਬੀਜ ਵੀ ਲੈਂਦਾ ਹੈ ਤਾਂ ਠੀਕ ਮੰਡੀਕਰਨ ਦੀ ਅਣਹੋਂਦ ਕਾਰਨ ਕਿਸਾਨ ਨੂੰ ਨੁਕਸਾਨ ਹੀ ਹੁੰਦਾ ਹੈ। ਜਦੋਂ ਤੱਕ ਕਿਸਾਨ ਪੈਦਾਵਾਰ ਨੂੰ ਸਿੱਧਾ ਖਪਤਕਾਰ ਤੱਕ ਪਹੁੰਚਾਉਣ ਵੱਲ ਭਾਵ ਮੰਡੀਕਰਨ ਵੱਲ ਢੁਕਦਾ ਧਿਆਨ ਨਹੀਂ ਦੇਵੇਗਾ, ਉਦੋਂ ਤੱਕ ਕਿਸਾਨ ਦੀ ਮੌਜੂਦਾ ਆਰਥਿਕ ਹਾਲਤ ਵਿਚ ਕੋਈ