ਤਾਜਾ ਖ਼ਬਰਾਂ


ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਚੜ੍ਹੀ ਗੱਡੀ, 11 ਦੀ ਮੌਤ
. . .  5 minutes ago
ਆਬੁਜਾ, 23 ਅਪ੍ਰੈਲ- ਨਾਈਜੀਰੀਆ 'ਚ ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਗੱਡੀ ਚੜ੍ਹਨ ਕਾਰਨ 11 ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੇਸ਼ ਦੇ...
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ
. . .  25 minutes ago
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ........
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ
. . .  40 minutes ago
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਹਿਮਦਾਬਾਦ ਵਿਖੇ ਪਾਈ ਵੋਟ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਨੇ ਅਹਿਮਦਾਬਾਦ ਸਥਿਤ ਨਾਰਾਨਪੁਰਾ ਸਬ ਜੋਨਲ ਆਫਿਸ ਵਿਖੇ ਪੋਲਿੰਗ ਬੂਥ 'ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਅਮਿਤ ਸ਼ਾਹ ਗਾਂਧੀਨਗਰ ਤੋਂ ਲੋਕ ਸਭਾ ਉਮੀਦਵਾਰ...
ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਲੋਕਤੰਤਰ ਦੀ ਤਾਕਤ ਵੋਟਰ ਆਈ.ਡੀ. ਹੈ - ਮੋਦੀ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟ ਪਾਉਣ ਮਗਰੋਂ ਉਨ੍ਹਾਂ ਨੂੰ ਕੁੰਭ ਇਸ਼ਨਾਨ ਵਰਗੀ ਪਵਿੱਤਰਤਾ ਦਾ ਅਹਿਸਾਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਜਦਕਿ...
ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 2 hours ago
ਗਾਂਧੀਨਗਰ, 23 ਅਪ੍ਰੈਲ - ਆਪਣੀ ਮਾਂ ਤੋਂ ਆਸ਼ੀਰਵਾਦ ਲੈਣ ਤੋਂ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਸੀਟ ਦੇ ਰਾਨਿਪ ਪੋਲਿੰਗ ਬੂਥ 'ਤੇ ਵੋਟ...
ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਅਕਾਲੀ ਦਲ ਦੇ ਉਮੀਦਵਾਰ
. . .  about 2 hours ago
ਅਬੋਹਰ, 23 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆ । ਅੱਜ ਸਵੇਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਐਲਾਨ...
ਵੋਟ ਪਾਉਣ ਤੋਂ ਪਹਿਲਾ ਮੋਦੀ ਨੇ ਆਪਣੀ ਮਾਂ ਤੋਂ ਲਿਆ ਆਸ਼ੀਰਵਾਦ
. . .  about 2 hours ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਟ ਪਾਉਣ ਤੋਂ ਪਹਿਲਾ ਗੁਜਰਾਤ ਦੇ ਗਾਂਧੀਨਗਰ ਵਿਖੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ ਤੇ ਫਿਰ ਥੋੜੇ ਸਮੇਂ ਬਾਅਦ ਉਹ ਅਹਿਮਦਾਬਾਦ 'ਚ ਆਪਣੀ ਵੋਟ...
ਤੀਸਰੇ ਪੜਾਅ ਤਹਿਤ 116 ਸੀਟਾਂ 'ਤੇ ਵੋਟਿੰਗ ਸ਼ੁਰੂ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਲੋਕ ਸਭਾ ਚੋਣਾਂ 2019 ਤਹਿਤ ਤੀਸਰੇ ਪੜਾਅ ਦਾ ਮਤਦਾਨ ਅੱਜ ਸੱਤ ਵਜੇ ਸ਼ੁਰੂ ਹੋ ਗਿਆ। ਇਸ ਤਹਿਤ ਅੱਜ 13 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ 'ਚ ਕਈ ਦਿਗਜਾਂ ਦੀਆਂ ਕਿਸਮਤ ਅੱਜ ਈਵੀਐਮ 'ਚ ਕੈਦ ਹੋਵੇਗੀ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ

ਕਿਤਾਬਾਂ

22-04-2018

 ਗੁਰੂ ਗੋਬਿੰਦ ਸਿੰਘ : ਇਕ ਅਧਿਐਨ
ਮੁੱਖ ਸੰਪਾਦਕ : ਪ੍ਰੋ: ਰਾਜਿੰਦਰ ਪਾਲ ਸਿੰਘ ਜੋਸ਼
ਸੰਪਾ: ਡਾ: ਅਮਰਦੀਪ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 254

ਚੰਡੀਗੜ੍ਹ ਦੇ ਦੋ ਕਾਲਜਾਂ ਦੇ ਸਾਂਝੇ ਉੱਦਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਰਚਨਾਵਾਂ ਤੇ ਭਾਰਤ ਨੂੰ ਬਹੁਪੱਖੀ ਦੇਣ ਬਾਰੇ ਇਸ ਤ੍ਰੈ-ਭਾਸ਼ੀ ਪੁਸਤਕ ਵਿਚ ਪੰਜਾਬੀ ਤੇ ਹਿੰਦੀ ਦੇ 11-11 ਅਤੇ ਅੰਗਰੇਜ਼ੀ ਦੇ 5 ਖੋਜ ਪੱਤਰ ਸ਼ਾਮਿਲ ਹਨ। ਪੁਸਤਕ ਦਾ ਮਹੱਤਵ ਇਸ ਦੇ ਤ੍ਰੈ-ਭਾਸ਼ੀ ਹੋਣ ਕਾਰਨ ਵੀ ਹੈ ਅਤੇ ਖੋਜ ਪੱਤਰਾਂ ਦੀ ਸਮੱਗਰੀ ਕਾਰਨ ਵੀ। ਇਨ੍ਹਾਂ ਵਿਚ ਛੇੜੇ ਗਏ ਵਿਸ਼ੇ ਪੀਠੇ ਨੂੰ ਮੁੜ ਪੀਹਣ ਦੀ ਥਾਂ ਬਹੁਤ ਹੱਦ ਤੱਕ ਨਵੀਂ ਜ਼ਮੀਨ ਖੋਜਦੇ ਹਨ। ਡਾ: ਕੰਚਨ ਦਾ ਆਈ ਸ਼ੈਲ ਨਾਟ ਹੀਅਰ ਦੀ ਨਾਈਟਿੰਗੇਲ ਦਾ ਦਸਮ ਗੁਰੂ ਦੇ ਪ੍ਰਸੰਗ ਵਿਚ ਅਧਿਐਨ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਸਮਾਜਿਕ, ਰਾਜਨੀਤਕ ਪ੍ਰਭਾਵ ਬਾਰੇ ਡਾ: ਰੰਜੇ ਵਰਧਨ ਦੀ ਲਿਖਤ, ਸੁਨੀਤਾ ਦਾ ਬਰਾਬਰੀ ਤੇ ਮਜ਼੍ਹਬੀ ਸਹਿਣਸ਼ੀਲਤਾ ਬਾਰੇ ਦਸਮ ਗੁਰੂ ਦੀ ਦ੍ਰਿਸ਼ਟੀ ਦਾ ਵਿਸ਼ਲੇਸ਼ਣ, ਮਨਜੀਤ ਕੌਰ ਤੇ ਹਰਮੀਤ ਸੇਠੀ ਦੇ ਗੁਰੂ ਸਾਹਿਬ ਦੇ ਵਿਰਸੇ/ਵਿਰਾਸਤ ਬਾਰੇ ਅੰਗਰੇਜ਼ੀ ਖੋਜ ਪੱਤਰ ਇਸ ਦਾ ਪ੍ਰਥਮ ਪ੍ਰਮਾਣ ਹਨ।
ਪੰਜਾਬੀ ਵਿਦਵਾਨਾਂ ਨੇ ਵੀ ਗੁਰੂ ਸਾਹਿਬ ਦੀ ਸ਼ਾਇਰਾਨਾ ਸ਼ਖ਼ਸੀਅਤ, ਸਹਿਣਸ਼ੀਲਤਾ, ਦਾਰਸ਼ਨਿਕਤਾ ਤੇ ਬਹੁਪੱਖੀ ਦੇਣ ਦਾ ਅਜੋਕੇ ਸਮੇਂ ਦੀਆਂ ਵੰਗਾਰਾਂ ਦੇ ਪ੍ਰਸੰਗ ਵਿਚ ਉਲੇਖ ਕਰਨ ਦਾ ਯਤਨ ਕੀਤਾ ਹੈ। ਪਾਤਰ, ਪ੍ਰੋ: ਢੇਸਾ, ਸੁਰਿੰਦਰ ਕੌਰ, ਜੈ ਪ੍ਰੀਤ, ਸ਼ਰਨਜੀਤ, ਡਾ: ਦਿਲਬਾਗ ਸਿੰਘ, ਸਤਵੰਤ ਕੌਰ, ਸਿਕੰਦਰ ਸਿੰਘ, ਸਵਿੰਦਰ ਪਾਲ ਤੇ ਅਮਰਦੀਪ ਇਨ੍ਹਾਂ ਨਿਬੰਧਾਂ ਦੇ ਲੇਖਕ ਹਨ। ਹਿੰਦੀ ਵਿਦਵਾਨਾਂ ਨੇ ਗੁਰੂ ਸਾਹਿਬ ਨੂੰ ਭਾਰਤੀ ਸੰਸਕ੍ਰਿਤੀ ਦੇ ਰੱਖਿਅਕ ਤੇ ਧਾਰਮਿਕ ਸਹਿਣਸ਼ੀਲਤਾ ਦੀ ਦ੍ਰਿਸ਼ਟੀ ਤੋਂ ਵੇਖਣ ਤੋਂ ਇਲਾਵਾ ਉਨ੍ਹਾਂ ਦੀ ਮਨੁੱਖਤਾ ਨੂੰ ਦੇਣ, ਸਮਾਜਿਕ ਦਾਰਸ਼ਨਿਕ ਸਿਧਾਂਤਾਂ, ਜੀਵਨ ਮੁੱਲਾਂ ਯੁੱਗ ਪੁਰਸ਼ ਗੁਰੂ ਦੇ ਜੀਵਨ ਅਤੇ ਉਸ ਦੇ ਸੰਦੇਸ਼ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ ਉੱਤੇ ਜ਼ੋਰ ਦਿੱਤਾ ਹੈ। ਹਿੰਦੀ ਖੋਜ ਪੱਤਰਾਂ ਦੇ ਲੇਖਕ ਹਨ : ਪ੍ਰੋ: ਚਮਨ ਗੁਪਤ, ਰਾਜਿੰਦਰ ਪਾਲ ਜੋਸ਼, ਸ਼ੋਭਾ ਕੌਰ, ਰਿਤੂ ਭਨੋਟ, ਤਜਿੰਦਰ ਭਾਟੀਆ, ਕੇਵਲ ਕੁਮਾਰ, ਗਗਨਦੀਪ ਕੌਰ, ਮੀਤਾ ਕੌਸ਼ਿਕ, ਸੁਖਦੇਵ ਮਿਨਹਾਸ, ਹਰਪ੍ਰੀਤ ਕੌਰ ਤੇ ਸੁਦਰਸ਼ਨ ਰਾਠੀ।
ਸੰਪਾਦਕ ਤੇ ਖੋਜ ਨਿਬੰਧਾਂ ਦੇ ਬਹੁਤੇ ਲੇਖਕ ਨੌਜਵਾਨ, ਉਤਸ਼ਾਹੀ, ਨਵੀਂ ਉਦਾਰ ਉਸਾਰੂ ਮੌਲਿਕ ਸੋਚ ਵਾਲੇ ਹਨ। ਅਜੋਕੇ ਸਮੇਂ ਦੀ ਸੰਕੀਰਨ ਮਜ਼੍ਹਬੀ ਦੀਵਾਰਾਂ ਉਸਾਰਨ ਵਾਲੀ ਘਟੀਆ ਸਿਆਸਤ ਦੇ ਪਾਏ ਪੁਆੜਿਆਂ ਬਾਰੇ ਜਨ ਸਾਧਾਰਨ ਨੂੰ ਮੁਖ਼ਾਤਿਬ ਇਸ ਉੱਦਮ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਅਹਿਸਾਸ
ਕਵੀ : ਬਘੇਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98142-58142.

ਕਵੀ ਧਾਲੀਵਾਲ ਦੀਆਂ ਸਾਰੀਆਂ ਦੀਆਂ ਸਾਰੀਆਂ ਕਵਿਤਾਵਾਂ ਲੋਕ-ਪੱਖੀ ਅਤੇ ਲੋਕ-ਸਰੋਕਾਰਾਂ ਦੀਆਂ ਧਾਰਨੀ ਹਨ। ਉਹ ਮਾੜਿਆਂ, ਲਿਤਾੜਿਆਂ ਅਤੇ ਗ਼ਰੀਬ ਲੋਕਾਂ ਦੇ ਹੱਕ ਵਿਚ ਖਲ੍ਹੋਣ ਵਾਲਾ ਕਵੀ ਹੈ। ਕਵੀ ਕੌਮਾਂ ਦੇ ਇਤਿਹਾਸ ਨੂੰ ਯਾਦ ਰੱਖਣ ਵਾਸਤੇ ਜ਼ੋਰ ਦਿੰਦਾ ਹੈ ਅਤੇ ਮਨੁੱਖ ਨਾਲੋਂ ਮਨੁੱਖੀ ਜ਼ਮੀਰ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹੈ। ਅੱਜਕਲ੍ਹ ਦੀ ਲੱਚਰ ਗਾਇਕੀ ਨੂੰ ਉਹ ਲਾਹਣਤ ਪਾਉਂਦਿਆਂ ਕਹਿੰਦਾ ਹੈ :
'ਅਣਖਾਂ ਵਾਲਿਓ ਵੀਰੋ ਗੰਦੀਆਂ ਕਲਮਾਂ ਤੋੜ ਦਿਓ,
ਲਿਖ ਕੇ ਵਧੀਆ ਸਾਹਿਤ ਕੌਮ ਦਾ ਕਰਜ਼ਾ ਮੋੜ ਦਿਓ....।'
ਕਵੀ ਜਿੱਥੇ ਪੰਜਾਬੀ ਸਮਾਜ ਦੀਆਂ ਊਣਤਾਈਆਂ ਨੂੰ ਕਵਿਤਾ ਵਿਚ ਪੇਸ਼ ਕਰਦਾ ਹੈ, ਉਥੇ ਸੰਸਾਰ ਪੱਧਰੀ ਘਟਨਾਵਾਂ/ਦੁਰਘਟਨਾਵਾਂ ਨੂੰ ਵੀ ਆਪਣੇ ਕਾਵਿ ਦਾ ਵਿਸ਼ਾ ਬਣਾਉਂਦਾ ਹੈ। ਉਹ ਯੂ.ਐਸ.ਏ. ਦੇ ਵਿਸ਼ਵ ਵਪਾਰ ਕੇਂਦਰ ਦੇ ਕਾਂਡ 9/11 ਨੂੰ ਯਾਦ ਕਰਦਿਆਂ ਕਹਿੰਦਾ ਹੈ : 'ਨਿਊਯਾਰਕ ਵਿਚ ਇਕ/ਬਿਲਡਿੰਗ ਸੋਹਣੀ ਸੀ/ਅੰਬਰਾਂ ਨੂੰ ਛੂੰਹਦੀ ਸੀ/ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਵੀ/ਉਹਦੇ ਪੇਟ 'ਚ ਪਲਦੇ ਸੀ... ਸਤੰਬਰ ਮਹੀਨੇ ਦੀ/ਤਾਰੀਖ ਗਿਆਰਾਂ ਸੀ/ਇਹ ਖੂਨੀ ਕਾਰਾ ਸੀ....'।
ਕਵੀ ਨੇ ਪੰਜਾਬੀ ਵਿਰਸੇ ਦੀ ਸ਼ਾਨ ਬਹਾਲ ਕਰਨ ਲਈ ਅਤੇ ਧੀਆਂ ਦੇ ਹੱਕ ਵਿਚ ਖੂਬਸੂਰਤ ਕਵਿਤਾਵਾਂ ਲਿਖੀਆਂ ਹਨ। ਪੁਸਤਕ ਸਿੱਖਿਆਦਾਇਕ ਅਤੇ ਵੰਨ-ਸੁਵੰਨੇ ਵਿਸ਼ਿਆਂ ਦੀਆਂ ਖੂਬਸੂਰਤ ਕਵਿਤਾਵਾਂ ਨਾਲ ਸ਼ਿੰਗਾਰੀ ਗਈ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਨੰਗੇ ਪੈਰਾਂ ਵਾਲੇ ਡਾਕਟਰ
ਲੇਖਕ : ਡਾ: ਜੋਸ਼ੂਆ ਐਸ. ਹਾਰਨ
ਅਨੁ : ਡਾ: ਮਨਿੰਦਰ ਰੰਧਾਵਾ, ਡਾ: ਵਿਸ਼ਾਲ ਭਾਰਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 240
ਸੰਪਰਕ : 01679-241744.

ਇਹ ਪੁਸਤਕ ਸਿਹਤ ਸੇਵਾਵਾਂ ਬਾਰੇ ਸੰਸਾਰ ਪ੍ਰਸਿੱਧ ਚੀਨੀ ਕਿਤਾਬ ਹੈ, ਜਿਸ ਵਿਚ ਚੀਨ ਦੇ ਮੁਢਲੇ ਦੌਰ ਦੀਆਂ ਸਿਹਤ ਸੇਵਾਵਾਂ ਅਤੇ ਉਨ੍ਹਾਂ ਦੀ ਪੇਂਡੂ ਖੇਤਰਾਂ ਤੱਕ ਪਹੁੰਚ ਦਾ ਵਰਣਨ ਹੈ। ਪੁਸਤਕ ਦਾ ਮੂਲ ਲੇਖਕ ਡਾ: ਜੋਸ਼ੂਆ ਐਸ. ਹਾਰਨ ਇਕ ਬਰਤਾਨਵੀ ਸਰਜਨ ਸੀ। ਚੀਨ ਦੀ ਕ੍ਰਾਂਤੀ ਤੋਂ ਬਾਅਦ ਅਨੇਕਾਂ ਚੁਣੌਤੀਆਂ ਉਸ ਦੇਸ਼ ਦੇ ਸਾਹਮਣੇ ਸਨ। ਇਨ੍ਹਾਂ ਵਿਚੋਂ ਇਕ ਚੁਣੌਤੀ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਸਨ। ਰਿਵਾਇਤੀ ਅਤੇ ਆਧੁਨਿਕ ਇਲਾਜ ਪ੍ਰਣਾਲੀਆਂ ਨੂੰ ਮਿਲਾ ਕੇ ਜਨ ਸਮੂਹਾਂ ਰਾਹੀਂ ਘਰ-ਘਰ ਸਿਹਤ ਸੇਵਾਵਾਂ ਪਹੁੰਚਾਈਆਂ ਗਈਆਂ। ਲੇਖਕ ਅਨੁਸਾਰ ਮਰੀਜ਼ ਉਸ ਦੇ ਅਧਿਆਪਕ ਵੀ ਸਨ ਕਿਉਂਕਿ ਉਨ੍ਹਾਂ ਰਾਹੀਂ ਉਸ ਨੇ ਸਮਾਜਵਾਦੀ ਚੀਨ ਦੀ ਸਿਆਸਤ, ਸੰਘਰਸ਼ ਅਤੇ ਸਮਾਜਿਕ ਤਬਦੀਲੀਆਂ ਦੀ ਜਾਣਕਾਰੀ ਗ੍ਰਹਿਣ ਕੀਤੀ। ਚੀਨ ਦੇ ਪੇਂਡੂ ਇਲਾਕਿਆਂ ਅੰਦਰ ਸਿਹਤ ਸੇਵਾਵਾਂ ਲਈ ਚਲਦੀ-ਫਿਰਦੀ ਇਕ ਟੀਮ ਬਣਾਈ ਗਈ ਸੀ, ਜਿਹੜੀ ਆਪਣੇ ਛੇ ਕਾਰਜਾਂ ਨੂੰ ਨੇਪਰੇ ਚਾੜ੍ਹਦੀ ਸੀ। ਸਿਖਰਾਂ ਛੂਹਣਾ, ਲੰਬੀ ਛਲਾਂਗ ਆਦਿ ਮੁਹਿੰਮਾਂ ਰਾਹੀਂ ਅਸੰਭਵ ਕੰਮਾਂ ਨੂੰ ਵੀ ਸਭ ਦੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਪੂਰਾ ਕੀਤਾ ਗਿਆ।
'ਸੱਭਿਆਚਾਰਕ ਇਨਕਲਾਬ' ਸਿਰਲੇਖ ਹੇਠ ਚੀਨ ਦੇ ਹਰ ਸੂਬੇ ਵਿਚ ਆਪਣੇ ਪੱਧਰ 'ਤੇ ਸਿਹਤ ਸੇਵਾਵਾਂ ਲਈ ਕੀਤੇ ਕੰਮਾਂ ਅਤੇ ਬਿਮਾਰੀਆਂ ਦੇ ਖ਼ਾਤਮੇ ਲਈ ਕੀਤੇ ਯਤਨਾਂ ਦੀ ਸੰਖੇਪ ਵਿਆਖਿਆ ਕੀਤੀ ਗਈ ਹੈ। ਜਨਤਕ ਲੀਹ, ਚੱਲਦੀਆਂ-ਫਿਰਦੀਆਂ ਮੈਡੀਕਲ ਟੀਮਾਂ, ਸੱਭਿਆਚਾਰ ਇਨਕਲਾਬ, ਲੰਬੀ ਛਲਾਂਗ, ਅਗਾਂਹ ਵੱਲ ਵੱਡੀ ਪੁਲਾਂਘ ਅਤੇ ਨੰਗੇ ਪੈਰਾਂ ਵਾਲੇ ਡਾਕਟਰਾਂ ਨੇ ਮਿਲ ਕੇ ਸਮਾਜਵਾਦੀ ਚੀਨ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿਚ ਮੋਹਰੀ ਬਣਾ ਦਿੱਤਾ ਹੈ। ਪੁਸਤਕ ਪੜ੍ਹਦਿਆਂ ਚੀਨੀ ਲੋਕਾਂ ਦੇ ਸੰਘਰਸ਼, ਜਜ਼ਬੇ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਬਹੁਤ ਪੱਖ ਸਾਹਮਣੇ ਆਉਂਦੇ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਸਮਰਾਟ ਚੰਦਰ ਗੁਪਤ
ਮੂਲ ਲੇਖਕ : ਪੰ: ਦੀਨ ਦਿਆਲ ਉਪਧਿਆਇ
ਅਨੁਵਾਦਕ : ਡਾ: ਲਖਵੀਰ ਲੈਜੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 98143-02432.

ਵਿਚਾਰ ਅਧੀਨ ਪੁਸਤਕ ਪੰਡਤ ਦੀਨ ਦਿਆਲ ਉਪਾਧਿਆਇ ਦਾ 1946 ਵਿਚ ਪ੍ਰਕਾਸ਼ਿਤ ਹੋਇਆ ਹਿੰਦੀ ਭਾਸ਼ਾ ਦਾ ਇਤਿਹਾਸਕ ਨਾਵਲ ਹੈ। ਲੇਖਕ ਅਨੁਸਾਰ ਇਸ ਨਾਵਲ ਦੀ ਸਿਰਜਣਾ ਦਾ ਮਨੋਰਥ ਅਤੇ ਮੰਤਵ ਜਨ ਸਾਧਾਰਨ ਵਿਚ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ ਕਰਨ ਤੋਂ ਇਲਾਵਾ ਭਾਰਤ ਦੀ ਅਖੰਡਤਾ ਅਤੇ ਇਕ ਰਾਸ਼ਟਰ ਦੇ ਸੰਕਲਪ ਨੂੰ ਦ੍ਰਿੜ੍ਹ ਕਰਨਾ ਵੀ ਸੀ। ਜਿਸ ਸਮੇਂ ਇਸ ਨਾਵਲ ਦੀ ਰਚਨਾ ਕੀਤੀ ਗਈ, ਉਦੋਂ ਭਾਰਤ ਦੀ ਆਜ਼ਾਦੀ ਲਈ ਰਾਸ਼ਟਰੀ ਅੰਦੋਲਨ ਸਿਖਰ 'ਤੇ ਸੀ, ਪ੍ਰੰਤੂ ਦੇਸ਼ ਅੰਦਰ ਫ਼ਿਰਕੂ ਅਤੇ ਸੰਪਰਦਾਇਕਤਾ ਦੀ ਸੰਕੀਰਨ ਭਾਵਨਾ ਸਦਕਾ ਜਨ ਸਾਧਾਰਨ ਮਜ਼੍ਹਬੀ ਫੁੱਟ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਨਿੱਕੇ-ਵੱਡੇ ਸ਼ਹਿਰਾਂ ਵਿਚ ਫ਼ਿਰਕੂ ਫਸਾਦ ਹੋ ਰਹੇ ਸਨ। ਸੂਝਵਾਨ ਲੇਖਕ ਨੇ ਸੰਸਕ੍ਰਿਤਕ ਚੇਤਨਾ ਅਤੇ ਇਤਿਹਾਸਕ ਸੂਝ ਸਦਕਾ ਇਤਿਹਾਸ ਦੇ ਉਸ ਕਾਲ ਖੰਡ ਨੂੰ ਆਪਣੀ ਇਸ ਰਚਨਾ ਜਾਂ ਨਾਵਲ ਦਾ ਵਿਸ਼ਾ ਵਸਤੂ ਬਣਾਇਆ ਜਦੋਂ ਸਮੁੱਚਾ ਭਾਰਤ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਉਹ ਆਪਣੇ ਰਾਜ ਦੇ ਹਿਤਾਂ ਤੱਕ ਹੀ ਸੀਮਤ ਸਨ, ਉਸ ਸਮੇਂ ਯੂਨਾਨੀਆਂ ਨੇ ਮਹਾਨ ਸਿਕੰਦਰ ਦੀ ਅਗਵਾਈ ਵਿਚ ਭਾਰਤ 'ਤੇ ਕਬਜ਼ਾ ਕਰਨ ਲਈ ਹਮਲਾ ਕੀਤਾ। ਉਹ ਸਮੁੱਚੇ ਭਾਰਤ ਦਾ ਸਮਰਾਟ ਬਣਨਾ ਚਾਹੁੰਦਾ ਸੀ, ਪ੍ਰੰਤੂ ਪੰਜਾਬੀਆਂ ਨੇ ਉਸ ਦੇ ਦੰਦ ਖੱਟੇ ਕਰ ਦਿੱਤੇ। ਲੇਖਕ ਨੇ ਸਿਕੰਦਰ ਦੇ ਹਮਲੇ ਤੋਂ ਬਾਅਦ ਦੀਆਂ ਇਤਿਹਾਸਕ ਘਟਨਾਵਾਂ ਦੇ ਪ੍ਰਸੰਗਾਂ ਅਤੇ ਚੰਦਰ ਗੁਪਤ ਮੌਰੀਆ ਦੇ ਇਕ ਸਾਧਾਰਨ ਸਿਪਾਹੀ ਤੋਂ 'ਸਮਰਾਟ ਚੰਦਰ ਗੁਪਤ' ਬਣਨ ਦੀ ਗਾਥਾ ਨੂੰ ਇਸ ਨਾਵਲ ਵਿਚ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਚੰਦਰ ਗੁਪਤ ਅਚਾਰੀਆ ਚਾਣਕਿਆ ਦੀ ਰਣਨੀਤੀ ਅਤੇ ਅਗਵਾਈ ਵਿਚ ਆਪਣੇ ਬਲ, ਬੁੱਧੀ ਅਤੇ ਬਾਹੂਬਲ ਨਾਲ ਭਾਰਤ ਦੇ ਨਿੱਕੇ-ਨਿੱਕੇ ਰਾਜਾਂ ਨੂੰ ਜਿੱਤ ਕੇ, ਮਗਧ ਦੇ ਵਿਲਾਸੀ ਰਾਜਾ ਨੰਦ ਦੇ ਰਾਜ ਨੂੰ ਖ਼ਤਮ ਕਰਕੇ ਇਕ ਰਾਸ਼ਟਰ ਦਾ ਨਿਰਮਾਣ ਕਰਨ ਲਈ ਸਮਰਾਟ ਵਜੋਂ ਰਾਜ ਪ੍ਰਾਪਤ ਕਰਦਾ ਹੈ ਅਤੇ ਸਮਰਾਟ ਚੰਦਰ ਗੁਪਤ ਵਜੋਂ ਇਤਿਹਾਸ ਸਿਰਜਦਾ ਹੈ। ਇਸ ਨਾਵਲ ਦਾ ਅਨੁਵਾਦ ਡਾ: ਲਖਵੀਰ ਕੌਰ ਲੈਜ਼ੀਆ ਨੇ ਅਤਿ ਸਰਲ ਭਾਸ਼ਾ ਵਿਚ ਕੀਤਾ ਹੈ। ਨਾਵਲ ਦੇ ਮੁੱਢ ਵਿਚ ਦਿੱਤੀ ਭੂਮਿਕਾ ਵਿਚ ਅਨੁਵਾਦਕ ਨੇ ਲੇਖਕ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ।

ਫ ਫ ਫ

ਪਿੰਜਰੇ ਦੇ ਰੰਗਂ ਜੇਲ੍ਹ ਯਾਦਾਂ
ਲੇਖਕ : ਅਰੁਨ ਫਰੇਰਾ
ਅਨੁਵਾਦਕ : ਮਾ: ਤਰਸੇਮ ਲਾਲ
ਪ੍ਰਕਾਸ਼ਕ : ਸਤਨਾਮ ਜੰਗਨਾਮਾ ਯਾਦਗਾਰੀ ਪ੍ਰਕਾਸ਼ਨ, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 192
ਸੰਪਰਕ : 94178-65797.

ਵਿਚਾਰ ਅਧੀਨ ਪੁਸਤਕ ਪੂਰਬ ਪ੍ਰਕਾਸ਼ਿਤ ਅੰਗਰੇਜ਼ੀ ਪੁਸਤਕ '3ਰ;ਰਚਗਤ ਰ਀ਿ ਵੀਕ 3਼ਪਕ 1 ૿ਗਜਤਰਅ $ਕਠਰਜਗ' ਦਾ ਪੰਜਾਬੀ ਅਨੁਵਾਦ ਹੈ, ਜਿਸ ਵਿਚ ਮੁੰਬਈ ਦੇ ਖਾਂਦੇ-ਪੀਂਦੇ ਪਰਿਵਾਰ ਦੇ ਨੌਜਵਾਨ ਅਰੁਨ ਫਰੇਰਾ ਦੇ ਬਿਨਾਂ ਮੁਕੱਦਮਾ ਚਲਾਏ ਮਹਾਰਾਸ਼ਟਰ ਦੀ ਬਦਨਾਮ ਜੇਲ੍ਹ 'ਸੈਂਟਰਲ ਜੇਲ੍ਹ ਨਾਗਪੁਰ' ਵਿਚ ਗੁਜ਼ਾਰੇ ਬੰਦੀ ਜੀਵਨ ਦੀਆਂ ਯਾਦਾਂ ਦਾ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਬਿਰਤਾਂਤ ਵਰਨਣ ਕੀਤਾ ਗਿਆ ਹੈ।
ਅਰੁਨ ਫਰੇਰਾ ਲੋਕ ਹਿਤਾਂ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਸੰਸਥਾਵਾਂ ਵਿਚ ਕਾਰਜਸ਼ੀਲ ਨੌਜਵਾਨ ਸੀ, ਜਿਸ ਨੂੰ ਮਹਾਰਾਸ਼ਟਰ ਸਰਕਾਰ ਦੇ ਹੁਕਮਾਂ ਅਧੀਨ ਉਸ 'ਤੇ 'ਵੱਡਾ ਨਕਸਲੀ ਆਗੂ' ਹੋਣ ਦਾ ਝੂਠਾ ਇਲਜ਼ਾਮ ਲਾ ਕੇ ਮਈ 2007 ਵਿਚ ਨਾਗਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਕਤਲ, ਇਰਾਦਾ ਕਤਲ, ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣ, ਦੇਸ਼ ਧ੍ਰੋਹ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਝੂਠੇ ਕੇਸ ਮੜ੍ਹ ਕੇ ਸੈਂਟਰਲ ਜੇਲ੍ਹ ਨਾਗਪੁਰ ਵਿਚ ਬੰਦੀ ਬਣਾ ਕੇ ਡੱਕ ਦਿੱਤਾ ਗਿਆ। ਉਹ 4 ਸਾਲ 8 ਮਹੀਨੇ ਜੇਲ੍ਹ ਦੇ ਤਸੀਹੇ ਝੱਲਣ ਮਗਰੋਂ ਅਦਾਲਤੀ ਚਾਰਾਜੋਈ ਕਰਕੇ ਉਸ 'ਤੇ ਮੜ੍ਹੇ ਝੂਠੇ ਕੇਸਾਂ ਤੋਂ ਬਰੀ ਹੋ ਕੇ ਆਖਰ ਜਨਵਰੀ 2012 ਵਿਚ ਜੇਲ੍ਹੋਂ ਬਾਹਰ ਨਿਕਲਿਆ। ਇਸ ਪੁਸਤਕ ਵਿਚ ਉਸ ਨੇ ਆਪਣੇ ਹਵਾਲਾਤੀ ਅਤੇ ਜੇਲ੍ਹ ਜੀਵਨ ਵਿਚ ਆਪਣੇ ਪਿੰਡੇ 'ਤੇ ਹੰਢਾਏ ਤਸ਼ੱਦਦ, ਸਰੀਰਕ ਤੇ ਮਾਨਸਿਕ ਤਸੀਹਿਆਂ, ਤਣਾਵਾਂ, ਅਨੁਭਵਾਂ ਅਤੇ ਅਹਿਸਾਸਾਂ ਦਾ ਵਰਨਣ ਹੀ ਨਹੀਂ ਕੀਤਾ, ਬਲਕਿ ਜੇਲ੍ਹਾਂ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਅਵਹੇਲਣਾ ਦਾ ਵੀ ਬਾਰੀਕੀ ਨਾਲ ਵਰਨਣ ਕੀਤਾ ਹੈ। ਇਸ ਤੋਂ ਇਲਾਵਾ ਲੇਖਕ ਨੇ ਜੇਲ੍ਹ ਦੇ ਦੂਜੇ ਕੈਦੀਆਂ ਨਾਲ ਹੰਢਾਏ ਮਾਰਮਿਕ ਪਲਾਂ, ਅਨੁਭਵਾਂ, ਕੈਦੀਆਂ ਦੇ ਪਰਸਪਰ ਵਿਵਹਾਰ ਅਤੇ ਉਮੰਗਾਂ ਤੇ ਉਦਗਾਰਾਂ ਦਾ ਵੀ ਸ਼ਿੱਦਤ ਨਾਲ ਵਰਣਨ ਕੀਤਾ ਹੈ।
ਪੁਸਤਕ ਦਾ ਅਨੁਵਾਦ ਅਤਿ ਸਰਲ ਭਾਸ਼ਾ ਵਿਚ ਕੀਤਾ ਗਿਆ ਹੈ, ਜੋ ਦਿਲਚਸਪ ਵੀ ਹੈ ਤੇ ਗਿਆਨਵਰਧਕ ਵੀ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਵੇਖ ਕੇ ਸਵੇਰੇ ਜੀਜਾ
ਗੀਤਕਾਰ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ, ਸਮਾਣਾ
ਮੁੱਲ : 250 ਰੁਪਏ, ਸਫ਼ੇ : 148
ਮੋਬਾਈਲ : 98550-93786.

ਲਾਭ ਸਿੰਘ ਚਤਾਮਲੀ ਸੁਲਝਿਆ ਹੋਇਆ ਗੀਤਕਾਰ ਹੈ। ਨਵੇਂ ਦੌਰ ਦੀ ਬੁੱਤਾ ਸਾਰੂ ਗੀਤਕਾਰੀ ਦੀ ਥਾਂ ਉਹ ਸਿਰ ਤੋਂ ਕੰਮ ਲੈ ਕੇ ਲਿਖਣ ਵਾਲਾ ਗੀਤਕਾਰ ਹੈ। ਉਸ ਦੇ ਗੀਤ ਰੋਮਾਂਟਿਕ ਹੁੰਦੇ ਹਨ, ਅਸ਼ਲੀਲ ਨਹੀਂ। ਉਸ ਨੇ ਸੋਲੋ ਤੇ ਦੋਗਾਣੇ ਦੋਵੇਂ ਵੰਨਗੀਆਂ ਦੇ ਗੀਤ ਲਿਖੇ ਹਨ।
'ਵੇਖ ਕੇ ਸਵੇਰੇ ਜੀਜਾ' ਲਾਭ ਚਤਾਮਲੀ ਦਾ ਦਸਵਾਂ ਗੀਤ ਸੰਗ੍ਰਹਿ ਹੈ, ਜਿਸ ਵਿੱਚ ਇੱਕ ਸੌ ਸਤਾਰਾਂ ਦੇ ਕਰੀਬ ਗੀਤ ਦਰਜ ਹਨ। ਭੁਪਿੰਦਰ ਗਿੱਲ ਤੇ ਮਿਸ ਨੀਲਮ ਵਲੋਂ ਗਾਏ ਮਸ਼ਹੂਰ ਗੀਤ 'ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ' ਦੇ ਅਧਾਰ 'ਤੇ ਪੁਸਤਕ ਦਾ ਨਾਂਅ ਰੱਖਿਆ ਗਿਆ ਹੈ। ਲਾਭ ਚਤਾਮਲੀ ਜ਼ਿੰਦਗੀ ਦਾ ਨਿਚੋੜ ਪੇਸ਼ ਕਰਨ ਵਾਲਾ ਗੀਤਕਾਰ ਹੈ। ਉਸ ਨੇ ਤੁਰ-ਫਿਰ ਕੇ ਦੁਨੀਆ ਦੇਖੀ ਹੈ ਤੇ ਹਾਸਲ ਹੋਏ ਤਜਰਬੇ ਉਹ ਗੀਤਾਂ ਵਿੱਚ ਪੇਸ਼ ਕਰਦਾ ਹੈ। 'ਪੈਸਾ' ਗੀਤ ਵਿੱਚ ਉਹ ਪੈਸੇ ਮਗਰ ਭੱਜਦੀ ਦੁਨੀਆ ਬਾਰੇ ਲਿਖਦਾ ਹੈ। ਇਹ ਗੀਤ ਰਾਜਿੰਦਰ ਰਾਜ ਵੱਲੋਂ ਗਾਇਆ ਗਿਆ ਹੈ :
ਪੈਸੇ ਦੇ ਨਾਲ ਐਸ਼ ਉਡਾ ਲਓ, ਜਿੱਥੇ ਮਰਜ਼ੀ ਜਾ ਕੇ,
ਦੁਨੀਆ ਪੈਸੇ ਦੀ, ਮੈਂ ਵੇਖ ਲਈ ਅਜ਼ਮਾ ਕੇ।
ਸਰਦੂਲ ਸਿਕੰਦਰ ਵੱਲੋਂ ਲਾਭ ਦਾ ਗਾਇਆ ਦਾਜ ਬਾਰੇ ਗੀਤ ਵੀ ਕਮਾਲ ਹੈ, ਜਿਸ ਵਿੱਚ ਇੱਕ ਧੀ ਦੀ ਵਿਥਿਆ ਹੈ :
ਵੀਰ ਮੇਰੇ ਦੇ ਯਾਰਾ, ਠਾਣੇਦਾਰਾ, ਲਿਖ ਲੈ ਬਿਆਨ ਵੀਰਾ ਆਪੇ,
ਪਾ ਕੇ ਤੇਲ ਮਿੱਟੀ ਦਾ ਸੜ ਗਈ, ਮੇਰੀ ਮਾਂ ਨੂੰ ਕਹਿ ਦੇਈਂ ਤੂੰ,
ਧੀ ਤੇਰੀ ਬਲੀ ਦਾਜ ਦੀ ਚੜ੍ਹ ਗਈ।
ਇਸ ਕਿਤਾਬ ਵਿੱਚ ਬਹੁਤੇ ਦੋਗਾਣੇ ਹਨ, ਜਿਨ੍ਹਾਂ ਨੂੰ ਪੰਜਾਬ ਦੀਆਂ ਕਈ ਮਸ਼ਹੂਰ ਜੋੜੀਆਂ ਵੱਲੋਂ ਗਾਇਆ ਗਿਆ ਹੈ, ਪਰ ਕਈ ਸੋਲੋ ਗੀਤ ਵੀ ਹਨ। ਖੂਬਸੂਰਤੀ ਇਸ ਗੱਲ ਦੀ ਹੈ ਕਿ ਕੋਈ ਗੀਤ ਅਜਿਹਾ ਨਹੀਂ, ਜਿਸ 'ਤੇ ਕਿੰਤੂ ਕੀਤੀ ਜਾ ਸਕੇ। ਅੱਜ ਦੇ ਦੌਰ ਵਿਚ ਲਾਭ ਚਤਾਮਲੀ ਵਾਲਾ ਵਰਗੇ ਗੀਤਕਾਰਾਂ ਦੀਆਂ ਕਿਤਾਬਾਂ ਕਾਫੀ ਕੁਝ ਸਿੱਖਣ ਦਾ ਮੌਕਾ ਦਿੰਦੀਆਂ ਹਨ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਹਵਾ-ਏ-ਮੁਹੱਬਤ
ਕਵੀ : ਸਨੀਇੰਦਰ ਬਾਸੌਲੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 098720-70764.

'ਹਵਾ-ਏ-ਮੁਹੱਬਤ ਪੁਸਤਕ ਨੂੰ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਦੀ ਕਵਿਤਾ ਵਿਚ ਸ਼ਿਵ ਕੁਮਾਰ ਦੀ ਕਵਿਤਾ ਵਰਗਾ ਬਿਰਹਾ ਦਾ ਰੰਗ ਵੀ ਹੈ, ਸੂਫ਼ੀਆਨਾ ਕਵੀਆਂ ਵਾਲੀ ਦਾਰਸ਼ਨਿਕ ਬਿਰਤੀ ਵੀ ਹੈ ਅਤੇ ਚਿੰਤਨ ਦੀ ਗਹਿਰਾਈ ਵੀ ਹੈ। ਪੁਸਤਕ ਵਿਚਲੀਆਂ ਉਸ ਦੀਆਂ ਕਵਿਤਾਵਾਂ ਵਿਚ ਜ਼ਿਆਦਾਤਰ ਕਵਿਤਾ ਕਿਸੇ ਪਿਆਰੇ ਦੇ ਵਿਛੋੜੇ ਦੇ ਦਰਦ ਨੂੰ ਬਿਆਨਦੀ ਹੈ, ਜਿਸ ਕਰਕੇ ਪੂਰੇ ਕਾਵਿ-ਸੰਗ੍ਰਹਿ ਵਿਚ ਬਿਰਹਾ ਦੀਆਂ ਵੱਖ-ਵੱਖ ਪ੍ਰਤੀਕਮਈ ਧੁਨੀਆਂ ਦੇਖਣ ਨੂੰ ਮਿਲਦੀਆਂ ਹਨ। 'ਕਾਵਿ ਮੈਂ' ਬਿਰਹਾ ਦੇ ਸੇਕ ਵਿਚ ਤੜਪ ਰਹੀ ਹੈ ਅਤੇ ਆਪਣੇ ਪਿਆਰੇ ਦੇ ਮਿਲਾਪ ਲਈ ਬਹਿਬਲ ਹੈ ਪਰ ਹਰੇਕ ਕਵਿਤਾ ਦਾ ਅੰਤਲਾ ਪੜਾਅ ਇਸ ਵਿਛੋੜੇ ਅਤੇ ਮਿਲਾਪ ਵਿਚਲੀ ਵਿੱਥ ਨੂੰ ਇਸ਼ਕ ਹਕੀਕੀ ਨਾਲ ਜੋੜ ਦਿੰਦਾ ਹੈ। ਇਥੇ ਦੁਨਿਆਵੀ ਸਰੀਰਕ ਮਿਲਾਪ ਨਹੀਂ ਸਗੋਂ ਰੂਹਾਂ ਦੀ ਪਾਕਿ-ਮੁਹੱਬਤ ਦੀ ਗੱਲ ਸਾਹਮਣੇ ਆਉਂਦੀ ਹੈ। ਬਹੁਤੀਆਂ ਕਵਿਤਾਵਾਂ ਦੀ ਸ਼ੁਰੂਆਤ ਹੀ ਆਪਣੇ ਪ੍ਰੇਮੀ ਪਿਆਰੇ ਨੂੰ ਆਵਾਜ਼ ਦੇਣ ਨਾਲ ਹੁੰਦੀ ਹੈ ਜਿਵੇਂ 'ਵੇ ਸੱਜਣਾਂ!', 'ਆ ਰੇ ਸਖੀ', 'ਨੀ!, 'ਸੁਣ ਵੇ', 'ਆਵੋ ਨੀ ਸਈਓ' ਆਦਿ 'ਕਾਵਿ ਮੈਂ' ਦਾ ਇਹ ਤਰਕ ਹੈ ਕਿ ਉਸ ਦੇ ਸੁਖੀ ਵਸਦੇ ਆਲ੍ਹਣੇ ਨੂੰ ਪਿਆਰੇ ਦੇ ਗ਼ਮ ਨੇ ਤੀਲਾ-ਤੀਲਾ ਕਰ ਦਿੱਤਾ ਹੈ।
ਕਵੀ ਆਪਣੇ ਮੁਰਸ਼ਦ ਦੇ ਦਰ ਉੱਤੇ ਪ੍ਰਵਾਨ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਹੈ ਪਰ ਦੁਨਿਆਵੀ ਬੰਦਸ਼ਾਂ ਉਸ ਦੇ ਰਾਹ ਵਿਚ ਅੜਿੱਕਾ ਬਣੀਆਂ ਹੋਈਆਂ ਹਨ, ਇਥੇ ਉਸ ਦਾ ਪਿਆਰ ਸੰਕਲਪ ਵੀ ਵਿਸ਼ਾਲ ਹੋ ਜਾਂਦਾ ਹੈ, ਕਿਉਂਕਿ ਕਿਤੇ 'ਕਾਵਿ ਮੈਂ' ਆਪਣੇ ਪਿਆਰੇ ਪ੍ਰੇਮੀ ਦੇ ਰੂਪ ਵਿਚ ਗ਼ਮ ਝੱਲਦੀ ਅਤੇ ਤੜਪਦੀ ਹੈ ਅਤੇ ਕਿਤੇ ਮੁਰਸ਼ਦ ਦੇ ਦਰ ਪ੍ਰਵਾਨ ਹੋਣ ਲਈ ਵੀ ਬਿਰਹਾ ਦਾ ਸੇਕ ਝੱਲਦੀ ਹੈ। ਸੂਫ਼ੀਆਨਾ ਪ੍ਰਤੀਕ ਉਸ ਦੀ ਕਾਵਿ ਸ਼ੋਭਾ ਨੂੰ ਵਧਾਉਂਦੇ ਹੀ ਨਹੀਂ, ਸਗੋਂ ਇਕ ਇਸ਼ਕ ਹਕੀਕੀ ਵਰਗਾ ਵਾਤਾਵਰਨ ਵੀ ਪੈਦਾ ਕਰਦੇ ਹਨ। ਇਥੇ ਇਹ ਗ਼ਮ ਵੀ ਆਨੰਦਮਈ ਬਣ ਜਾਂਦਾ ਹੈ, ਜੋ ਪਿਆਰੇ ਦੀ ਯਾਦ ਵਿਚ ਪ੍ਰਾਪਤ ਹੋਇਆ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸੰਤਾਪ ਦਰ ਸੰਤਾਪ
ਲੇਖਕ : ਬਲਜੀਤ ਸਿੰਘ ਪਪਨੇਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫੇ : 147
ਸੰਪਰਕ : 98151 58904.

ਨਾਵਲ 'ਸੰਤਾਪ ਦਰ ਸੰਤਾਪ' ਵਿਚ ਮਨੁੱਖਤਾ ਜਾਤੀ 'ਚ ਮਰਦ-ਔਰਤ ਤੋਂ ਇਲਾਵਾ ਤੀਜੀ ਧਿਰ, ਜਿਸ ਨੂੰ ਹੁਣ ਪਾਰ ਲਿੰਗਕ/ਟ੍ਰਾਂਸ ਜੈਂਡਰ/ਕਿੰਨਰ ਦਾ ਨਾਂਅ ਵੀ ਦਿੱਤਾ ਗਿਆ ਹੈ, ਦੀ ਤਰਾਸਦੀ ਭਰੀ ਵੇਦਨਾ,' ਇਨਸਾਨੀ ਜਾਮੇ ਵਿਚ ਵੀ ਇਨਸਾਨਾਂ ਵਾਂਗ ਹੋਰ ਇਨਸਾਨਾਂ ਵਿਚ ਨਹੀਂ ਵਿਚਰ ਸਕਦੇ', ਦਾ ਸਿਖਰ ਹੈ। ਅਜਿਹੇ ਪੈਦਾ ਹੁੰਦੇ ਇਨਸਾਨ ਦੇ ਮਾਪਿਆਂ 'ਚ ਉਪਜਦੀ ਹੀਣ ਭਾਵਨਾ ਅਤੇ ਸਮਾਜ ਵਿਚ ਨਵੇਂ ਉਸਰਨ ਵਾਲੇ ਰਿਸ਼ਤਿਆਂ ਪ੍ਰਤੀ ਤੌਖਲਾ ਆਦਿ ਦੀ ਬੇਬਾਕੀ ਨਾਲ ਬਾਤ ਪਾਉਂਦਾ ਹੈ।
ਇਸ ਨਾਵਲ ਦੀ ਕਹਾਣੀ ਅਨੁਸਾਰ ਤੀਜੀ ਧਿਰ ਦੇ ਰੂਪ ਵਿਚ ਇਸ ਦੁਨੀਆ ਵਿਚ ਆਈ 'ਨੀਰੂ' ਉਤੇ ਕਿੰਨਰ ਬਰਾਦਰੀ ਆਪਣਾ ਹੱਕ ਜਿਤਾਉਂਦੀ ਹੋਈ ਆਪਣੇ ਵਾਰਸ ਵਜੋਂ ਨਾਲ ਲਿਜਾਣਾ ਚਾਹੁੰਦੀ ਹੈ। ਪਰ ਮਾਪੇ ਇਸ ਜਿਗਰ ਦੇ ਟੁਕੜੇ ਨੂੰ ਕਦਾਚਿਤ ਅਲੱਗ ਨਹੀਂ ਕਰਨਾ ਚਾਹੁੰਦੇ। ਕਿੰਨਰ ਬਰਾਦਰੀ ਵਲੋਂ ਕਾਨੂੰਨ ਦਾ ਸਹਾਰਾ ਲਿਆ ਜਾਂਦਾ ਹੈ। ਇਸ ਖਿੱਚੋਤਾਣ ਵਿਚ ਪਿਤਾ ਦੀ ਮੌਤ ਹੋ ਜਾਂਦੀ ਪਰ ਨੀਰੂ ਦਾ ਭਰਾ ਦਲੀਪ ਸਿੰਘ ਆਪਣੀ ਇਸ 'ਭੈਣ' ਨੂੰ ਪਰਿਵਾਰ ਤੋਂ ਵਿਛੜਨ ਤੋਂ ਬਚਾਉਣ ਲਈ ਹਰ ਕਾਨੂੰਨੀ ਲੜਾਈ ਲੜਦਾ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਆਉਂਦਾ ਹੈ ਕਿ ਹਰ ਮਨੁੱਖੀ ਜੀਵ ਨੂੰ ਸਨਮਾਨਯੋਗ ਜੀਵਨ ਜਿਊਣ ਦਾ ਹੱਕ ਹੈ ਅਤੇ ਕਿੰਨਰ ਬਰਾਦਰੀ ਦੀ ਬੁਢੇਪੇ ਵੇਲੇ ਦੀ ਰੋਟੀ ਦਾ ਪ੍ਰਬੰਧ ਹੋਵੇ। ਇਹ ਫ਼ੈਸਲਾ ਸੁਣ ਕੇ ਨੀਰੂ ਨੂੰ ਸੰਬੋਧਨ ਹੁੰਦੀ ਕਿੰਨਰ ਬਰਾਦਰੀ ਦੀ ਸਰਗਨਾ ਗਲਾਬੋ ਕਹਿੰਦੀ ਹੈ,' ਤੂੰ ਵੀ ਜਿੱਤੀ--ਮੈਂ ਵੀ ਨਹੀਂ ਹਾਰੀ।' ਭਾਵ ਦੋਵਾਂ ਧਿਰਾਂ ਦੇ ਹੱਕ ਮਹਿਫੂਜ਼ ਹੋ ਗਏ।
ਹੱਕ-ਹਕੂਕ ਦੀ ਪ੍ਰਾਪਤੀ ਦੇ ਨਾਲ-ਨਾਲ ਇਸ ਨਾਵਲ ਵਿਚ ਇਹ ਜਾਣਕਾਰੀ ਵੀ ਪੜ੍ਹਨ ਮਿਲਦੀ ਹੈ ਕਿ 15 ਅਪ੍ਰੈਲ 2014 ਵਿਚ ਸਰਵ ਉਚ ਅਦਾਲਤ ਵਲੋਂ ਆਏ ਇਕ ਅਹਿਮ ਫ਼ੈਸਲੇ ਅਨੁਸਾਰ ਕਿੰਨਰ ਵਰਗ ਨੂੰ 'ਤੀਜੀ ਧਿਰ' ਵਜੋਂ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਕਿ ਇਹ ਵੀ ਲੋਕ ਹੋਰ ਇਨਸਾਨਾਂ ਵਾਂਗ ਆਪਣੀ ਲਿਆਕਤ ਮੁਤਾਬਿਕ ਸਨਮਾਨਯੋਗ ਢੰਗ ਨਾਲ ਰੋਜ਼ੀ-ਰੋਟੀ ਕਮਾ ਸਕਣ। ਨਾ ਕਿ ਤਰਸ ਦੇ ਪਾਤਰ ਬਣ ਕੇ 'ਵੇਲਾਂ-ਵਧਾਈਆਂ' ਜਾਨੀ ਮੰਗਤਾਂ ਬਿਰਤੀ 'ਤੇ ਹੀ ਨਿਰਭਰ ਰਹਿਣ। ਕੁਦਰਤੀ ਪ੍ਰਕਿਰਿਆ ਵਿਚ ਜਣਨ ਅੰਗਾਂ ਤੋਂ ਹੀਣੇ ਇਹ ਇਨਸਾਨ ਸਿਰਫ ਸੰਤਾਨ ਉਤਪਤੀ ਹੀ ਨਹੀਂ ਕਰ ਸਕਦੇ ਬਾਕੀ ਦੁਨੀਆ ਦੇ ਹੋਰ ਕੰਮ ਯੋਗਤਾ ਅਨੁਸਾਰ ਕਰਨ ਦੇ ਸਮਰੱਥ ਹਨ। ਇਨ੍ਹਾਂ ਦੀਆਂ ਵੀ ਆਪਣੀਆਂ ਭਾਵਨਾਵਾਂ ਹਨ।
ਉਕਤ ਮਹੱਤਵਪੂਰਨ ਨੁਕਤਿਆਂ ਤੋਂ ਇਲਾਵਾ ਪ੍ਰਵਾਰਿਕ ਮਮਤਾ ਭਰੇ ਰਿਸ਼ਤੇ, ਭਾਈਚਾਰਕ ਸਾਂਝ ਤੇ ਹਮਦਰਦੀ ਭਰੇ ਸਨੇਹ ਜਾਨੀ ਇਕ-ਦੂਜੇ ਦੇ ਦੁੱਖ-ਸੁੱਖ 'ਚ ਸ਼ਰੀਕ ਹੋਣ ਆਦਿ ਸਮਾਜਿਕ ਉਸਾਰੂ ਪੱਖਾਂ ਨੂੰ ਵੀ ਇਹ ਨਾਵਲ ਬਾਖੂਬੀ ਨਾਲ ਉਜਾਗਰ ਕਰਦਾ ਹੈ। ਲੇਖਕ ਵਲੋਂ ਇਸ ਨਾਵਲ ਵਿਚ ਸਿਰਜੇ ਸਭ ਪਾਤਰਾਂ ਦਾ ਹਰ ਤਰ੍ਹਾਂ ਦੀ ਈਰਖਾ/ਨਫ਼ਰਤ/ਧੋਖਾਧੜੀ/ਵੈਰ ਵਿਰੋਧ ਤੋਂ ਮੁਕਤ ਕਿਰਤੀ ਤੇ ਪਰਉਪਕਾਰੀ ਸੁਭਾਅ/ਵਰਤਾਰਾ ਇੱਕ ਅਨੌਖੇ ਸੰਸਾਰ ਦੀ ਸਥਾਪਨਾ ਦਾ ਝਲਕਾਰਾ ਰੂਪਮਾਨ ਕਰਦੇ ਪ੍ਰਤੀਤ ਹੁੰਦੇ ਹਨ। ਕਾਸ਼!ਅਜਿਹਾ ਸਮਾਜ ਹਕੀਕਤ ਵਿਚ ਵੀ ਸਥਾਪਿਤ ਹੋ ਜਾਵੇ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਅਜੋਕੇ ਮਾਨਵੀ ਰਿਸ਼ਤਿਆਂ ਦਾ ਅਕਸ
ਮੋਹ ਦੀਆਂ ਤੰਦਾਂ
ਸੰਪਾਦਕ : ਡਾ: ਸਤਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 83608-17241.

ਮਨਜੀਤ ਕੌਰ ਮੀਤ ਮਿੰਨੀ ਕਹਾਣੀ ਲੇਖਿਕਾ ਹੈ, ਜਿਸ ਨੇ ਦੋ ਕਹਾਣੀ ਸੰਗ੍ਰਹਿ 'ਜਦੋਂ ਕੋਈ ਫੌਜਣ ਹੁੰਦੀ ਹੈ' ਅਤੇ 'ਮੋਹ ਦੀਆਂ ਤੰਦਾਂ' ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਪਾਠਕਾਂ ਨਾਲ ਆਪਣਾ ਰਾਬਤਾ ਬਣਾਇਆ ਹੈ।
'ਮੋਹ ਦੀਆਂ ਤੰਦਾਂ' ਕਹਾਣੀ-ਸੰਗ੍ਰਹਿ ਬਾਰੇ ਲਿਖੇ ਆਲੋਚਨਾਤਮਕ ਲੇਖਾਂ ਨੂੰ ਪ੍ਰਸਿੱਧ ਆਲੋਚਕ ਡਾ: ਸਤਿੰਦਰ ਕੌਰ ਨੇ ਸੰਪਾਦਿਤ ਕੀਤਾ ਹੈ। ਇਸ ਸੰਗ੍ਰਹਿ ਵਿਚ ਦਰਜਨ ਤੋਂ ਵੱਧ ਆਲੋਚਕ ਵਿਦੂਸ਼ੀਆਂ ਨੇ ਆਪਣੇ ਲੇਖ ਲਿਖੇ ਹਨ, ਜਿਨ੍ਹਾਂ ਵਿਚ ਮੀਤ ਦੀਆਂ ਕਹਾਣੀਆਂ ਦੇ ਅਨੇਕਾਂ ਪਾਸਾਰਾਂ ਵੱਲ ਸੰਕੇਤ ਕੀਤੇ ਹਨ।
ਡਾ: ਗੁਰਪ੍ਰੀਤ ਕੌਰ ਲਿਖਦੇ ਹਨ, 'ਉਹ ਰਿਸ਼ਤਿਆਂ ਵਿਚਲੇ ਨਿੱਘ ਤੇ ਪਿਆਰ ਨੂੰ ਹਮੇਸ਼ਾ ਸਲਾਮਤ ਰੱਖਣਾ ਲੋਚਦੀ ਹੈ।' ਡਾ: ਸਤਿੰਦਰ ਕੌਰ ਦਾ ਕਹਿਣਾ ਹੈ, 'ਇਹ ਕਹਾਣੀਆਂ ਮਨੁੱਖੀ ਰਿਸ਼ਤਿਆਂ ਵਿਚ ਸੰਵੇਦਨਹੀਣਤਾ ਉਪਜਾਉਂਦੀਆਂ ਹਨ।' ਡਾ: ਸੁਖਵਿੰਦਰ ਕੌਰ ਦਾ ਮੱਤ ਹੈ, 'ਮੀਤ ਦਾ ਇਹ ਕਹਾਣੀ-ਸੰਗ੍ਰਹਿ ਸਮਾਜਿਕ, ਰਾਜਨੀਤਕ ਤੇ ਮਨੋਵਿਗਿਆਨਕ ਵਿਸ਼ਿਆਂ ਨੂੰ ਪੇਸ਼ ਕਰਦਾ ਹੈ।' ਡਾ: ਮਨਪ੍ਰੀਤ ਕੌਰ ਅਨੁਸਾਰ ਮੀਤ ਦੀਆਂ ਇਹ ਕਹਾਣੀਆਂ ਮਨੁੱਖ ਨੂੰ ਆਸ਼ਾਵਾਦੀ ਸੋਚ ਰੱਖਣ ਦਾ ਸੰਦੇਸ਼ ਦਿੰਦੀਆਂ ਹਨ। ਡਾ: ਸੁਖਵੀਰ ਕੌਰ ਅਨੁਸਾਰ, 'ਮੀਤ ਦੀਆਂ ਕਹਾਣੀਆਂ ਆਮ ਲੋਕਾਂ ਦੇ ਨੇੜੇ ਦੀਆਂ ਪ੍ਰਤੀਤ ਹੁੰਦੀਆਂ ਹਨ।' ਡਾ: ਰਾਜਵਿੰਦਰ ਨਾਗਰਾ ਦਾ ਕਹਿਣਾ ਹੈ ਕਿ ਮੀਤ ਦੀਆਂ ਕਹਾਣੀਆਂ ਸੁਹਣੇ ਤੇ ਸੁਚੱਜੇ ਸਮਾਜ ਨੂੰ ਉਸਾਰਨਾ ਚਾਹੁੰਦੀਆਂ ਹਨ।' ਡਾ: ਲਖਵੀਰ ਕੌਰ ਕਹਿੰਦੇ ਹਨ, 'ਮੀਤ ਨੇ ਅਜਿਹੀ ਗੁੰਝਲਦਾਰ ਅਤੇ ਵਿੰਗ-ਵਲੇਵੇਂ ਖਾਂਦੀ ਹੋਂਦ ਦਾ ਬਿਆਨ ਕੀਤਾ ਹੈ, ਜੋ ਵਿਸ਼ਵੀਕਰਨ ਦੇ ਦੌਰ ਵਿਚ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕਰ ਰਿਹਾ ਹੈ।' ਸੁਖਜਿੰਦਰ ਕੌਰ ਅਨੁਸਾਰ, 'ਸਮੁੱਚੀਆਂ ਕਹਾਣੀਆਂ ਵਿਚ ਲੇਖਿਕਾ ਦਾ ਸੰਕਟ ਮੂਲ ਰੂਪ ਵਿਚ ਲੋਕ ਸੱਭਿਆਚਾਰ ਦੀ ਪਛਾਣ ਦਾ ਹੀ ਸੰਕਟ ਹੈ।' ਇਸੇ ਤਰ੍ਹਾਂ ਹੋਰ ਵੀ ਕਈ ਵਿਦੂਸ਼ੀਆਂ ਨੇ ਲੇਖਿਕਾ ਦੀਆਂ ਕਹਾਣੀਆਂ ਬਾਰੇ ਆਪਣੀਆਂ ਰਾਵਾਂ ਅਤੇ ਅਧਿਐਨ ਦਰਜ ਕਰਵਾਏ ਹਨ।
ਹਰੇਕ ਆਲੋਚਕ ਨੇ ਆਪਣੇ ਅਧਿਐਨ ਦੇ ਸੋਮਿਆਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਤਾਂ ਲੇਖਿਕਾ ਦੀਆਂ ਕਹਾਣੀਆਂ ਦੇ ਪ੍ਰਸੰਗਾਂ ਵਿਚ ਹੀ ਆਪਣੀ ਰਾਇ ਬਣਾਈ ਹੈ। ਇਨ੍ਹਾਂ ਲੇਖਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੇਖਿਕਾ ਕੋਲ ਕਾਫੀ ਸਾਰਾ ਅਨੁਭਵ ਹੈ, ਜਿਸ ਨੂੰ ਉਹ ਆਪਣੀਆਂ ਕਹਾਣੀਆਂ ਵਿਚ ਪ੍ਰਯੋਗ ਕਰਦੀ ਹੈ। ਸਮੇਂ ਦੇ ਯਥਾਰਥ ਦੇ ਨਾਲ-ਨਾਲ ਤੁਰਦੀ ਹੈ। ਲੇਖਿਕਾ ਖੁਸ਼ਕਿਸਮਤ ਹੈ ਕਿ ਸਿਰਫ ਦੋ ਪੁਸਤਕਾਂ ਰਚ ਕੇ ਹੀ ਉਸ ਨੂੰ ਏਨੇ ਵਿਦਵਾਨ ਆਲੋਚਕਾਂ ਦੀਆਂ ਚੰਗੀਆਂ ਰਾਵਾਂ ਪ੍ਰਾਪਤ ਹੋ ਗਈਆਂ ਹਨ। ਕਿਸੇ ਨੇ ਉਸ ਦੀ ਕਹਾਣੀ-ਕਲਾ 'ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ। ਸਭ ਪਾਸਿਓਂ ਸ਼ਾਬਾਸ਼ ਹੀ ਮਿਲੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਦਹਿਲੀਜ਼
ਸ਼ਾਇਰ : ਐਚ. ਐਸ. ਮਾਂਗਟ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ :195 ਰੁਪਏ, ਸਫ਼ੇ : 96
ਸੰਪਰਕ : 94179-48822.

'ਦਹਿਲੀਜ਼' ਐਚ. ਐਸ. ਮਾਂਗਟ ਦਾ ਪੁਨਰ ਪ੍ਰਕਾਸ਼ਿਤ ਹੋਇਆ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਤੇਤੀ ਛੰਦ ਬੰਦ ਤੇ ਖੁੱਲ੍ਹੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ। ਤੁਆਰਫ਼ੀ ਲੇਖਾਂ ਤੋਂ ਬਾਅਦ ਮਾਂਗਟ ਨੇ ਆਪਣੀ ਕਾਵਿ ਧਾਰਾ ਦੀ ਸ਼ੁਰੂਆਤ 'ਦਹਿਲੀਜ਼' ਸਿਰਲੇਖ ਅਧੀਨ ਰਚਨਾ ਨਾਲ ਕੀਤੀ ਹੈ, ਜਿਸ ਵਿਚ ਉਸ ਨੇ ਇਸ ਸ਼ਬਦ ਨੂੰ ਮਹੀਨ ਤੇ ਗਹਿਰੇ ਅਰਥ ਦਿੱਤੇ ਹਨ। ਮੁਢਲੇ ਪੰਨਿਆਂ 'ਤੇ ਮਾਂਗਟ ਦੀਆਂ ਕੁਝ ਗ਼ਜ਼ਲਾਂ ਛਾਪੀਆਂ ਗਈਆਂ ਹਨ। ਆਪਣੀ ਪਹਿਲੀ ਗ਼ਜ਼ਲ ਵਿਚ ਉਹ ਅੱਕ ਫੰਬੀਆਂ, ਪੋਹਲੀ, ਰੱਕੜਾਂ ਤੇ ਨਿੱਸਰੀ ਵਰਗੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਵਿਚੋਂ ਵਿਸਰ ਰਹੇ ਸ਼ਬਦਾਂ ਦੀ ਪੈਰਵੀ ਕਰਦਾ ਪ੍ਰਤੀਤ ਹੁੰਦਾ ਹੈ। ਉਹ ਜਾਣਦਾ ਹੈ ਕਿ ਜੇ ਅਜਿਹੇ ਸ਼ਬਦ ਨਾ ਸਾਂਭੇ ਗਏ ਤਾਂ ਕਿਸੇ ਦਿਨ ਇਹ ਸਿਰਫ਼ ਕੋਸ਼ਾਂ ਦੇ ਪੰਨਿਆਂ 'ਚੋਂ ਹੀ ਮਿਲਣਗੇ। ਸ਼ਾਇਰ ਮੁਤਾਬਿਕ ਹਰ ਕਿਸੇ ਨੂੰ ਆਪਣੇ ਰਾਹਾਂ 'ਚੋਂ ਖ਼ੁਦ ਕੰਡੇ ਹਟਾਉਣੇ ਪੈਣਗੇ ਤੇ ਮਨਾਂ ਵਿਚ ਲੱਥੇ ਹਨ੍ਹੇਰੇ ਨੂੰ ਮਿਟਾਉਣ ਦੇ ਯਤਨ ਕਰਨੇ ਪੈਣਗੇ। ਕਸ਼ਮੀਰ ਦੁਖਾਂਤ 'ਤੇ ਲਿਖੀ ਗ਼ਜ਼ਲ ਵਿਚ ਉਸ ਨੂੰ ਪੰਛੀ ਤੇ ਫੁੱਲ ਤੱਕ ਸਹਿਮੇ ਹੋਏ ਪ੍ਰਤੀਤ ਹੁੰਦੇ ਹਨ। ਇਸ ਸੰਦਰਭ ਵਿਚ ਅੱਗ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਨੂੰ ਉਹ ਢੁੱਕਵਾਂ ਨਹੀਂ ਮੰਨਦਾ। ਉਸ ਨੂੰ ਗੁੰਗੀਆਂ ਤੇ ਬੋਲ਼ੀਆਂ ਕਲਮਾਂ 'ਤੇ ਗ਼ਿਲਾ ਵੀ ਹੈ। ਖ਼ਿਜ਼ਾਂ ਦੀ ਰੁੱਤ ਸ਼ਾਇਰ ਨੂੰ ਉਦਾਸ ਕਰਦੀ ਹੈ ਤੇ ਧੁੱਪਾਂ ਤੇ ਗਰਮ ਹਵਾਵਾਂ ਵਲੋਂ ਉਡਾਏ ਰੰਗ ਉਸ ਦੀ ਉਦਾਸੀ ਨੂੰ ਹੋਰ ਗੂੜ੍ਹਾ ਕਰਦੇ ਹਨ। ਸ਼ਾਇਰ ਨੂੰ ਆਸ ਹੈ ਇਕ ਦਿਨ ਹਰ ਅੱਖ 'ਚੋਂ ਵਹਿੰਦੇ ਹੰਝੂ ਰੁਕਣਗੇ ਤੇ ਧਰਤੀ 'ਤੇ ਕਹਿਰ ਵਰਤਾਉਂਦੇ ਝੱਖੜ ਖ਼ਾਮੋਸ਼ ਹੋਣਗੇ। ਉਹ ਸਾਂਝ ਤੇ ਮੁਹੱਬਤ ਦਾ ਦੀਵਾ ਜਗਾਈ ਰੱਖਣ ਦੀ ਤਾਕੀਦ ਕਰਦਾ ਹੈ ਤੇ ਭਲੇ ਦਿਨਾਂ ਦੇ ਪਰਤ ਆਉਣ ਦਾ ਉਸ ਨੂੰ ਯਕੀਨ ਹੈ। ਮਾਂਗਟ ਦੀ ਪੰਜਾਬ ਦੁਖਾਂਤ 'ਤੇ ਲਿਖੀ ਨਜ਼ਮ ਪ੍ਰਭਾਵਿਤ ਕਰਦੀ ਹੈ ਤੇ ਆਪਣੀ 'ਪੁਕਾਰ' ਨਜ਼ਮ ਵਿਚ ਉਹ ਬਾਬੇ ਕੋਲੋਂ ਤਪ ਰਹੀ ਮਿੱਟੀ ਨੂੰ ਠਾਰਨ ਦਾ ਵਰ ਮੰਗਦਾ ਹੈ। 'ਮਹਿਕਾਂ ਲੱਦੇ ਦਿਨ' ਇਸ ਸੰਗ੍ਰਹਿ ਦੀ ਹਾਸਲ ਰਚਨਾ ਹੈ, ਜਿਸ ਵਿਚ ਸ਼ਾਇਰ ਪੁਰਾਣੇ ਵੇਲਿਆਂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਮਲਾਲ ਹੈ ਕਿ ਉਹ ਦਿਨ ਹੁਣ ਪਰਤਣ ਵਾਲੇ ਨਹੀਂ। ਇਸ ਸੰਗ੍ਰਹਿ ਦੀਆਂ ਕੁਝ ਰਚਨਾਵਾਂ ਕੁਝ ਸ਼ਖ਼ਸੀਅਤਾਂ ਨੂੰ ਸਮਰਪਤ ਹਨ। ਇਸ ਪੁਸਤਕ ਦੇ ਆਖ਼ਿਰ ਵਿਚ ਡਾ. ਜਗਤਾਰ, ਸੁਲੱਖਣ ਸਰਹੱਦੀ, ਜਸਵੰਤ ਸਿੰਘ ਖ਼ੁਮਾਰ ਤੇ ਸ਼ਾਇਰ ਦੀ ਬੇਟੀ ਹਰਪ੍ਰੀਤ ਕੌਰ ਵਰਿਆ ਦੀਆਂ ਮਹਿਮਾਨ ਰਚਨਾਵਾਂ ਨੂੰ ਛਾਪਿਆ ਗਿਆ ਹੈ।

ਫ ਫ ਫ

ਚਿਰਾਗਾਂ ਦੀ ਡਾਰ
ਗ਼ਜ਼ਲਕਾਰਾ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 195 ਰੁਪਏ, ਸਫ਼ੇ : 80
ਸੰਪਰਕ : 98152-98459.

'ਚਿਰਾਗਾਂ ਦੀ ਡਾਰ' ਲੇਖਿਕਾ ਦਾ 1999 ਵਿਚ ਛਪਿਆ ਦੂਜਾ ਗ਼ਜ਼ਲ ਸੰਗ੍ਰਹਿ ਹੈ, ਜਿਸ ਦਾ ਇਹ ਪੰਜਵਾਂ ਐਡੀਸ਼ਨ ਹੈ। ਇਸ ਪੁਸਤਕ ਦੀ ਤੇ ਗ਼ਜ਼ਲਕਾਰਾ ਦੀ ਇਹ ਵੱਡੀ ਪ੍ਰਾਪਤੀ ਹੈ। ਦਰਅਸਲ ਇਸੇ ਗ਼ਜ਼ਲ ਸੰਗ੍ਰਹਿ ਨੇ ਸੁਖਵਿੰਦਰ ਅੰਮ੍ਰਿਤ ਨੂੰ ਪਹਿਚਾਣ ਦਿੱਤੀ ਸੀ ਤੇ ਇਸ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਆਪਣੀ ਹੋਂਦ ਦਾ ਨਿੱਗਰ ਅਹਿਸਾਸ ਕਰਾਇਆ ਸੀ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਸ਼ਬਦਾਂ ਦੀ ਤਰਤੀਬ ਮਖ਼ਮਲੀ ਹੈ ਤੇ ਕਿਸੇ ਸਿੱਟੇ 'ਤੇ ਪਹੁੰਚਦਿਆਂ ਇਹ ਪਾਠਕ ਦੇ ਦਿਲ ਵਿਚ ਵਿਸਫੋਟ ਕਰਦੀ ਹੈ। ਇਸ ਪੁਸਤਕ ਦੀਆਂ ਬਹੁਤੀਆਂ ਗ਼ਜ਼ਲਾਂ ਵਿਚ ਉਹ ਆਮ ਬੋਲ ਚਾਲ ਵਿਚ ਵਰਤੇ ਜਾਂਦੇ ਸ਼ਬਦਾਂ ਨਾਲ ਨਿੱਕੇ-ਨਿੱਕੇ ਬ੍ਰਹਿਮੰਡ ਸਿਰਜਦੀ ਹੈ। ਉਹ ਔਰਤ ਦੇ ਪੈਰਾਂ ਦੀ ਜਕੜਨ ਤੇ ਅੱਖਾਂ ਬੰਦ ਰੱਖਣ ਦੀ ਪਰੰਪਰਾ ਨੂੰ ਨਹੀਂ ਸਵੀਕਾਰਦੀ ਤੇ ਉਹ ਆਕਾਸ਼ ਵਿਚ ਕਿਸੇ ਦੀ ਮਰਜ਼ੀ ਦੀ ਥਾਂ ਆਪਣੀ ਮਰਜ਼ੀ ਨਾਲ ਉੱਡਣ ਦੀ ਲੋਚਾ ਰੱਖਦੀ ਹੈ। ਆਪਣੇ-ਆਪ ਨਾਲ ਸ਼ਿਕਾਇਤਾਂ ਤੇ ਸਥਾਪਤ ਬਿਰਤੀ ਪ੍ਰਤੀ ਵਿਦਰੋਹ ਦੇਖਣ ਨੂੰ ਸੌਖਾ ਹੈ ਪਰ ਅਜੋਕੇ ਸਮਾਜ ਵਿਚ ਵੀ ਇਕ ਔਰਤ ਹੋਣ ਦੇ ਨਾਤੇ ਇਹ ਏਨਾ ਸਰਲ ਨਹੀਂ ਹੈ। ਰਿਸ਼ਤਿਆਂ ਦੀ ਬੇਗ਼ਾਨਗੀ, ਅਜੋਕੇ ਦੌਰ ਵਿਚ ਔਰਤ ਦੀ ਤਰਾਸਦੀ, ਮਹੀਨ ਮੁਹੱਬਤੀ ਤੰਦਾਂ ਤੇ ਦਿਲ ਅੰਦਰ ਛੁਪੇ ਗਿਲੇ ਸ਼ਿਕਵਿਆਂ ਬਾਬਤ ਅੰਮ੍ਰਿਤ ਨੇ ਖੁੱਲ੍ਹ ਕੇ ਲਿਖਿਆ ਹੈ। 'ਚਿਰਾਗਾਂ ਦੀ ਡਾਰ' ਮੁਹੱਬਤ ਦੀ ਗ਼ਜ਼ਲਕਾਰੀ ਹੈ ਤੇ ਇਸ ਵਿਚ ਛੋਟੇ-ਛੋਟੇ ਉਲਾਂਭੇ, ਤਨਹਾਈ ਦਾ ਆਲਮ, ਉਦਾਸੀ, ਆਸ਼ਾ-ਨਿਰਾਸ਼ਾ, ਇੰਤਜ਼ਾਰ, ਮਿਲਾਪ ਤੇ ਜੁਦਾਈ ਦੇ ਪਲਾਂ ਦੇ ਖ਼ੂਬਸੂਰਤ ਮੰਜ਼ਰ ਉੱਸਰੇ ਦਿਖਾਈ ਦਿੰਦੇ ਹਨ। ਗ਼ਜ਼ਲਕਾਰਾ ਉਲਟ ਤੇ ਔਖੀਆਂ ਪ੍ਰਸਥਿਤੀਆਂ ਦੇ ਬਾਵਜੂਦ ਆਸ ਤੇ ਧੀਰਜ ਬਣਾਈ ਰੱਖਦੀ ਹੈ। ਪੁਸਤਕ ਵਿਚ ਮਨੁੱਖੀ ਜੀਵਨ ਦੀਆਂ ਹੋਰ ਦੁਸ਼ਵਾਰੀਆਂ ਤੇ ਲੋੜਾਂ ਸਬੰਧੀ ਵੀ ਟਾਵੇਂ-ਟਾਵੇਂ ਸ਼ਿਅਰ ਮਿਲਦੇ ਹਨ। 'ਚਿਰਾਗਾਂ ਦੀ ਡਾਰ' ਹਮੇਸ਼ਾ ਤਾਜ਼ਾ ਤਾਰੀਨ ਰਹਿਣ ਵਾਲਾ ਗ਼ਜ਼ਲ ਸੰਗ੍ਰਹਿ ਹੈ, ਕਿਉਂਕਿ ਮੁਹੱਬਤ ਇਕ ਅਜਿਹਾ ਵਿਸ਼ਾ ਹੈ, ਜੋ ਕਦੀ ਪੁਰਾਣਾ ਨਹੀਂ ਹੁੰਦਾ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਕਾਵਿ ਸਰੋਕਾਰ
ਲੇਖਕ : ਸੁਖਦੇਵ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 180
ਸੰਪਰਕ : 098156-36563.

'ਕਾਵਿ-ਸਰੋਕਾਰ' ਸਮੀਖਿਆ ਪੁਸਤਕ ਦਾ ਇਹ ਦੂਜਾ ਐਡੀਸ਼ਨ ਹੈ, ਜੋ ਪਹਿਲਾਂ 2007 ਈ: ਵਿਚ ਪ੍ਰਕਾਸ਼ਿਤ ਹੋਇਆ ਸੀ। ਪਹਿਲੇ ਐਡੀਸ਼ਨ ਵਿਚ 'ਆਧੁਨਿਕ ਪੰਜਾਬੀ ਕਾਵਿ : ਅਧਿਐਨ ਦੇ ਮਸਲੇ', '1960 ਈ: ਤੱਕ ਦੀ ਪੰਜਾਬੀ ਕਵਿਤਾ : ਪੁਨਰ ਝਾਤ', 'ਹਰੀ ਕ੍ਰਾਂਤੀ ਦੇ ਆਸ-ਪਾਸ ਪੰਜਾਬੀ ਕਵਿਤਾ', 'ਸਮਕਾਲੀ ਪੰਜਾਬੀ ਕਾਵਿ : ਦਸ਼ਾ ਤੇ ਦਿਸ਼ਾ', 'ਬਸਤੀਵਾਦ, ਉੱਤਰ-ਬਸਤੀਵਾਦ ਅਤੇ ਪੰਜਾਬੀ ਕਾਵਿ', 'ਵਿਸ਼ਵੀਕਰਨ ਅਤੇ ਪੰਜਾਬੀ ਕਵਿਤਾ', 'ਦਲਿਤ ਪਛਾਣ ਤੇ ਪੰਜਾਬੀ ਕਾਵਿ' ਅਤੇ 'ਸਮਕਾਲੀ ਸਮਾਜਿਕ ਸਰੋਕਾਰ ਤੇ ਪੰਜਾਬੀ ਕਾਵਿ' ਖੋਜ ਨਿਬੰਧ ਸ਼ਾਮਿਲ ਸਨ, ਜਦੋਂ ਕਿ ਹਥਲੇ ਐਡੀਸ਼ਨ ਵਿਚ 'ਸਮਕਾਲੀ ਨਾਰੀਂਕਾਵਿ : ਪਿਤਰ ਸੱਤਾ ਤੋਂ ਨਾਬਰੀ' ਖੋਜ ਨਿਬੰਧ ਨੂੰ ਸ਼ਾਮਿਲ ਕੀਤਾ ਗਿਆ ਹੈ। ਡਾ: ਸਰਬਜੀਤ ਦੇ ਅਨੁਸਾਰ ਡਾ: ਸੁਖਦੇਵ ਸਿੰਘ ਨੇ ਪੰਜਾਬੀ ਕਵਿਤਾ ਦੀਆਂ ਕਈ ਗੁੰਝਲਾਂ ਨੂੰ ਸੁਲਝਾਇਆ ਹੀ ਨਹੀਂ, ਸਗੋਂ ਪੰਜਾਬੀ ਕਾਵਿ-ਸ਼ਾਸਤਰ ਦੀ ਉਸਾਰੀ ਲਈ ਵਿਚਾਰਧਾਰਕ ਪਰਿਪੇਖ ਦੀ ਸਿਰਜਣਾ ਵੀ ਕੀਤੀ ਹੈ।' ਮਾਰਕਸਵਾਦ ਇਕ ਗਤੀਸ਼ੀਲ ਵਰਤਾਰਾ ਹੈ, ਇਸੇ ਲਈ ਉਸ ਨੇ ਮਾਰਕਸਵਾਦ ਦ੍ਰਿਸ਼ਟੀਕੋਣ ਨੂੰ ਗਤੀਸ਼ੀਲ ਵਰਤਾਰੇ ਵਜੋਂ ਸਮਝਦਿਆਂ ਭਾਰਤੀ ਸਮਾਜ ਯਥਾਰਥ ਅਨੁਕੂਲ ਕਈ ਨਵੀਆਂ ਅੰਤਰ-ਦ੍ਰਿਸ਼ਟੀਆਂ ਦੀ ਸਿਰਜਣਾ ਕੀਤੀ ਹੈ। ਮਸਲਨ: ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕੌਣ ਹੈ? ਇਸ ਨੂੰ 'ਆਧੁਨਿਕਤਾ' ਅਤੇ 'ਕਾਵਿਕਤਾ' ਦੇ ਗੰਭੀਰ ਮੁੱਦੇ ਵਜੋਂ ਸਵੀਕਾਰਦਿਆਂ, ਪੰਜਾਬੀ ਕਾਵਿ-ਆਲੋਚਨਾ ਨਾਲ ਵੀ ਸੰਵਾਦ ਸਿਰਜਿਆ ਹੈ। ਉਨ੍ਹਾਂ ਅਨੁਸਾਰ ਕਲਾ ਅਤੇ ਸਾਹਿਤ ਵਾਂਗ ਅਕਾਦਮਿਕ ਗਿਆਨ ਵੀ ਆਪਣੇ ਵਕਤ ਦੀ ਫ਼ਿਜ਼ਾ ਤੋਂ ਸੁਤੰਤਰ ਨਹੀਂ ਹੁੰਦਾ। ਇਹ ਇਕ ਇਤਿਹਾਸਕ ਵਰਤਾਰਾ ਹੈ, ਜਿਸ ਦੀ ਸਮਝ ਤੋਂ ਬਿਨਾਂ ਕਲਾ ਅਤੇ ਸਾਹਿਤ ਦੇ ਅਧਿਆਪਕ ਆਪਣੀ ਉਸਾਰੂ ਭੂਮਿਕਾ ਨਹੀਂ ਨਿਭਾਅ ਸਕਦੇ, ਕਿਉਂਕਿ ਕਵਿਤਾ ਅਤੇ ਸਾਹਿਤ ਹੀ ਅਜਿਹੇ ਅਨੁਸ਼ਾਸਨ ਹਨ, ਜਿਨ੍ਹਾਂ ਦੁਆਰਾ ਇਸ ਸਿਧਾਂਤਕ ਗਿਆਨ ਨੂੰ ਆਮ ਲੋਕਾਂ ਦੀ ਚੇਤਨਾ ਦਾ ਅੰਗ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਵਲੋਂ ਉਠਾਏ ਨੁਕਤਿਆਂ ਨੂੰ ਬਾ-ਦਲੀਲ ਪਰਿਭਾਸ਼ਤ ਕਰਨ ਦਾ ਉਚੇਚਾ ਯਤਨ ਕੀਤਾ ਗਿਆ ਹੈ। ਪੰਜਾਬੀ ਆਲੋਚਨਾ ਦੇ ਖੋਜਾਰਥੀਆਂ ਲਈ ਇਹ ਪੁਸਤਕ ਬਹੁਤ ਹੀ ਮੁਫੀਦ ਹੈ, ਕਿਉਂਕਿ ਇਸ ਉੱਦਮ ਨਾਲ ਪੰਜਾਬੀ ਕਾਵਿ-ਆਲੋਚਨਾ ਸਮਰਿੱਧ ਹੀ ਨਹੀਂ ਹੋਈ, ਸਗੋਂ ਇਹ ਭਵਿੱਖ ਪ੍ਰਤੀ ਨਵੀਆਂ ਸੰਭਾਵਨਾਵਾਂ ਵਾਲੀ ਸਮਝ ਪੈਦਾ ਕਰਨ ਦਾ ਪ੍ਰਤੀਬੱਧ ਕਾਰਜ ਕਰਦੀ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਬਲਦੇਵ ਸਿੰਘ ਸੜਕਨਾਮਾ : ਪ੍ਰਵਚਨ ਦੇ ਪ੍ਰਸੰਗ
ਸੰਪਾਦਕ : ਡਾ: ਨਰੇਸ਼ ਕੁਮਾਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 375 ਰੁਪਏ, ਸਫ਼ੇ : 191
ਸੰਪਰਕ : 98788-89269.

ਬਲਦੇਵ ਸਿੰਘ ਦੀ ਹਥਲੀ ਆਲੋਚਨਾਤਮਕ ਪੁਸਤਕ ਵਿਚ ਕੁੱਲ 18 ਲੇਖ ਹਨ। ਇਕ ਲੇਖ 'ਸਤਲੁਜ ਵਹਿੰਦਾ ਰਿਹਾ' ਨਾਵਲ ਬਾਰੇ ਹੈ, 9 ਲੇਖ 'ਖਾਕੁ ਜੇਡ ਨਾ ਕੋਇ' ਨਾਵਲ ਬਾਰੇ ਹਨ। ਇਕ ਲੇਖ 'ਮਹਾਂਬਲੀ' ਨਾਵਲ ਬਾਰੇ, ਇਕ 'ਢਾਹਵਾਂ ਦਿੱਲੀ ਦੇ ਕਿੰਗਰੇ', ਇਕ 'ਅੰਨਦਾਤਾ' ਬਾਰੇ ਦੋ 'ਲਾਲ ਬੱਤੀ' ਬਾਰੇ ਅਤੇ ਇਕ 'ਗੰਧਲੇ ਪਾਣੀ' ਨਾਵਲ ਬਾਰੇ ਲੇਖ ਹੈ।
ਪੁਸਤਕ ਵਿਚ ਮਿਲਦੇ ਸਾਰੇ ਲੇਖ ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਆਲੋਚਕਾਂ ਦੁਆਰਾ ਲਿਖੇ ਗਏ ਹਨ, ਜਿਵੇਂ ਡਾ: ਹਰਿਭਜਨ ਸਿੰਘ ਭਾਟੀਆ ਦੇ ਲੇਖ ਇਕ ਲਾਲ ਬੱਤੀ : ਰਚਨਾ ਵਿਰਚਨਾ ਤੇ ਦੂਜਾ ਬਲਦੇਵ ਸਿੰਘ ਦੀ ਰਚਨਾਤਮਕ ਵਿਲੱਖਣਤਾ ਬਾਰੇ ਹੈ। ਦੋਵੇਂ ਲੇਖ ਸਲਾਹੁਣਯੋਗ ਹਨ। ਬਾਕੀ ਆਲੋਚਕਾਂ ਵਿਚ ਡਾ: ਸੁਰਿੰਦਰ ਕੁਮਾਰ ਦਵੇਸ਼ਰ, ਡਾ: ਨਰੇਸ਼, ਡਾ: ਸੁਰਜੀਤ ਬਰਾੜ, ਡਾ: ਸੈਮੂਅਲ ਗਿੱਲ, ਡਾ: ਹੀਰਾ ਸਿੰਘ ਤੇ ਹੋਰ ਉੱਭਰਦੇ ਆਲੋਚਕਾਂ ਦੇ ਲੇਖ ਹਨ।
ਉਪਰੋਕਤ ਵਰਣਿਤ ਨਾਵਲਾਂ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਲੇਖ ਰਚੇ ਗਏ ਹਨ। ਸਾਰੇ ਲੇਖ ਪ੍ਰਸੰਸਾਯੋਗ ਹਨ। ਸਾਰੇ ਆਲੋਚਕਾਂ ਦੀ ਰਚਨਾ ਪ੍ਰਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਬਲਦੇਵ ਸਿੰਘ ਨਾਵਲਕਾਰ ਕੋਲ ਡੂੰਘੀ ਸੂਝ ਹੈ। ਉਸ ਨੇ ਨਾਵਲ ਸਾਹਿਤ ਰੂਪ ਨੂੰ ਵਿਸ਼ਾਗਤ ਅਤੇ ਵਿਧਾਗਤ ਦੋਵਾਂ ਧਰਾਤਲਾਂ ਪੱਖੋਂ ਵਿਕਸਤ ਕੀਤਾ ਹੈ। ਉਸ ਦੀ ਨਾਵਲਕਾਰੀ ਅਣਗੌਲੇ, ਹਾਸ਼ੀਆਗਤ ਲੋਕਾਂ ਤੇ ਉਨ੍ਹਾਂ ਦੇ ਮਸਲਿਆਂ ਨੂੰ ਸਮਰਪਿਤ ਹੈ। ਪੰਜਾਬੀ ਨਾਵਲ ਆਲੋਚਕਾਂ ਸਬੰਧੀ ਪੁਸਤਕਾਂ ਵਿਚੋਂ ਇਹ ਪੁਸਤਕ ਮੁੱਲਵਾਨ ਹੈ। ਬਲਦੇਵ ਸਿੰਘ ਦੇ ਨਾਵਲਾਂ ਬਾਰੇ ਖੋਜੀ ਬਿਰਤੀ ਰੱਖਣ ਵਾਲੇ ਪਾਠਕਾਂ, ਅਧਿਆਪਕਾਂ, ਆਲੋਚਕਾਂ ਤੇ ਖੋਜਾਰਥੀਆਂ ਲਈ ਇਹ ਪੁਸਤਕ ਪਥ-ਪ੍ਰਦਰਸ਼ਕ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515
ਫ ਫ ਫ

21-04-2018

 ਕਾਨਸੈਪਟ ਆਫ਼ ਸਾਧ ਸੰਗਤ ਇਨ ਸਿੱਖਿਜ਼ਮ
ਲੇਖਕ : ਮੱਖਣ ਸਿੰਘ
ਪ੍ਰਕਾਸ਼ਕ : ਹੇਮਕੁੰਟ ਪਬਲਿਸ਼ਿੰਗ, ਨਵੀਂ ਦਿੱਲੀ
ਮੁੱਲ : 395 ਰੁਪਏ, ਸਫ਼ੇ : 232
ਸੰਪਰਕ : 098104-46269.

ਸ: ਮੱਖਣ ਸਿੰਘ ਦੀ ਸਿੱਖ ਧਰਮ ਵਿਚ ਸਾਧ ਸੰਗਤ ਦੇ ਸੰਕਲਪ ਬਾਰੇ ਇਹ ਪੁਸਤਕ ਅੰਗਰੇਜ਼ੀ ਵਿਚ ਹੈ। ਪ੍ਰੰਤੂ ਇਸ ਦਾ ਮਹੱਤਵ, ਪ੍ਰਸੰਗ ਤੇ ਸਬੰਧ ਪੰਜਾਬੀਆਂ ਨਾਲ ਜੁੜ ਕੇ ਹੀ ਸਮਝਿਆ ਜਾ ਸਕਦਾ ਹੈ। ਸਾਧ ਸੰਗਤ ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦਾ ਇਕ ਮਹੱਤਵਪੂਰਨ ਸੰਕਲਪ ਹੈ। ਸ: ਮੱਖਣ ਸਿੰਘ ਨੇ ਬਾਰੀਕੀ ਨਾਲ ਇਸ ਦੇ ਸਮਾਜਿਕ, ਧਾਰਮਿਕ, ਸੱਭਿਆਚਾਰਕ ਤੇ ਵਿਸ਼ਵ ਵਿਆਪਕ ਪਸਾਰਾਂ ਨੂੰ ਫਰੋਲਿਆ ਹੈ। ਉਸ ਦਾ ਅਧਿਐਨ ਇਹ ਸਪੱਸ਼ਟ ਕਰਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਰੰਪਰਾਗਤ ਧਰਮ ਪਰੰਪਰਾਵਾਂ, ਦਰਸ਼ਨ ਤੇ ਭਾਸ਼ਾ ਵਿਚ ਪ੍ਰਾਪਤ ਚਿਹਨਕਾਂ ਤੇ ਸੰਕਲਪਾਂ ਨੂੰ ਕਿਵੇਂ ਆਪਣੇ ਯੁੱਗ ਪਰਿਵਰਤਕ ਸੰਦੇਸ਼ ਉਪਦੇਸ਼ ਤੇ ਉਦੇਸ਼ਾਂ ਲਈ ਵਰਤ ਕੇ ਸਾਧਾਰਨ ਨੂੰ ਪਤਨ ਤੇ ਗੁਲਾਮੀ ਦੀ ਜਿਲ੍ਹਣ ਵਿਚੋਂ ਬਾਹਰਾ ਨਿਕਲਣ ਲਈ ਤਿਆਰ ਕੀਤਾ। ਉਨ੍ਹਾਂ ਦੀ ਦੂਰਦ੍ਰਿਸ਼ਟੀ ਵਾਲੀ ਵਿਗਿਆਨਕ ਤੇ ਸਰਬ ਸਾਂਝੀ ਉਦਾਰ ਸੋਚ ਨੇ ਜਾਤਾਂ ਵਰਗਾਂ ਵਿਚ ਵੰਡੇ ਨਿੱਕੇ-ਨਿੱਕੇ ਰੱਬਾਂ ਨੂੰ ਪੂਜਦੇ ਹੋਏ ਲੋਕਾਂ ਨੂੰ ਇਕ ਅਕਾਲ ਪੁਰਖ ਦੇ ਨਿਰਮਲ ਭਉ ਵਾਲੇ ਹੁਕਮ ਵਿਚ ਨਿਰਭੈ ਤੇ ਨਿਰਵੈਰ ਹੋ ਕੇ ਸਰਬੱਤ ਦੇ ਭਲੇ ਲਈ ਲੜਨ-ਮਰਨ ਵਾਲੇ ਸਿੱਖ ਧਰਮ ਦਾ ਮੁੱਢ ਬੰਨ੍ਹਿਆ, ਜਿਸ ਨੇ ਭਾਰਤੀ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ।
ਸਾਧ ਸੰਗਤ ਜਾਤਾਂ ਵਿਚ ਬੱਝੇ ਭਾਰਤੀ ਸਮਾਜ ਵਿਚ ਹਾਰ ਵਖਰੇਵੇਂ ਤੋਂ ਮੁਕਤ ਮਿਲ ਕੇ ਬੈਠਣ ਤੇ ਰੱਬੀ ਮਾਰਗ ਉੱਤੇ ਚੱਲਣ ਦੀ ਸਾਧਨਾ ਸੀ। ਸਾਂਝਾ ਖਾਣਾ, ਲੰਗਰ, ਇਕੋ ਥਾਂ ਇਸ਼ਨਾਨ ਇਕੋ ਥਾਂ ਕੀਰਤਨ, ਬੰਦਗੀ, ਜਾਤਾਂ-ਪਾਤਾਂ ਵਿਚ ਬੱਝੇ ਭਾਰਤੀ ਸਮਾਜ ਲਈ ਅਸਲੋਂ ਨਵੀਂ ਚੀਜ਼ ਸੀ। ਸਾਧ ਸੰਗਤ ਨੂੰ ਕਦਮ-ਦਰ-ਕਦਮ ਗੁਰੂ ਨਾਨਕ ਦੇ ਪਰਵਰਤੀ ਗੁਰੂਆਂ ਵਲੋਂ ਮਜ਼ਬੂਤ, ਸੰਗਠਿਤ ਤੇ ਸਿਧਾਂਤਕ/ਵਿਹਾਰਕ ਪੱਧਰ 'ਤੇ ਵਿਸਤਾਰਿਤ ਕਰਦੇ ਹੋਏ ਸਾਧ ਸੰਗਤ ਨੂੰ ਮੀਰੀ-ਪੀਰੀ ਨਾਲ ਜੋੜਨ ਤੇ ਅੰਤ ਖ਼ਾਲਸੇ ਦੇ ਰੂਪ ਵਿਚ ਗੁਰੂ ਰੂਪ ਖ਼ਾਲਸਾ ਬਣਾਉਣ ਦੀ ਪੂਰੀ ਪ੍ਰਕਿਰਿਆ ਸ: ਮੱਖਣ ਸਿੰਘ ਨੇ ਇਸ ਪੁਸਤਕ ਵਿਚ ਪੇਸ਼ ਕੀਤੀ ਹੈ। ਸਾਧ ਸੰਗਤ ਦੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਅਜੋਕੇ ਯੁੱਗ ਵਿਚ ਇਸ ਦੀ ਪ੍ਰਾਸੰਗਿਕਤਾ ਬਾਰੇ ਗੱਲ ਕਰਨ ਨਾਲ ਇਸ ਦਾ ਮਹੱਤਵ ਹੋਰ ਵੱਧ ਗਿਆ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਰਲੋਚਨ ਸਿੰਘ ਦੀ
ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ

ਸੰਪਾਦਕ : ਡਾ: ਕੇਹਰ ਸਿੰਘ
ਅਨੁ: ਡਾ: ਦਰਸ਼ਨ ਸਿੰਘ ਆਸ਼ਟ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 520 ਰੁਪਏ, ਸਫ਼ੇ : 318
ਸੰਪਰਕ : 98144-23703.

ਸ: ਤਰਲੋਚਨ ਸਿੰਘ ਇਕ ਬਹੁਪੱਖੀ ਸ਼ਖ਼ਸੀਅਤ ਦਾ ਸੁਆਮੀ ਅਤੇ ਰਾਜਨੇਤਾ ਹੈ। ਉਸ ਨੇ ਆਪਣਾ ਵਿਵਸਾਇਕ ਜੀਵਨ ਇਕ ਲੋਕ ਸੰਪਰਕ ਅਫ਼ਸਰ ਤੋਂ ਸ਼ੁਰੂ ਕੀਤਾ ਸੀ। ਆਪਣੀ ਪ੍ਰਤਿਭਾ ਦੇ ਸਹਾਰੇ ਉਹ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਕੱਤਰ ਬਣ ਗਿਆ। ਹੁਣ ਪਿਛਲੇ ਕੁਝ ਸਮੇਂ ਤੋਂ ਅਕਾਲੀ ਪਾਰਟੀ ਦਾ ਮਾਣਯੋਗ ਮੈਂਬਰ ਹੈ। ਰਾਜ ਸਭਾ ਦਾ ਮੈਂਬਰ ਹੋਣ ਦੀ ਸੂਰਤ ਵਿਚ ਉਹ ਪੰਜਾਬੀਆਂ ਦੀਆਂ ਯੋਗ ਮੰਗਾਂ ਉਠਾਉਣ ਤੋਂ ਕਦੇ ਨਹੀਂ ਖੁੰਝਿਆ। ਡਾ: ਕੇਹਰ ਸਿੰਘ ਦੁਆਰਾ ਸੰਪਾਦਿਤ ਹਥਲੀ ਪੁਸਤਕ ਵਿਚ ਉਸ ਦੁਆਰਾ ਰਾਜ ਸਭਾ ਵਿਚ ਉਠਾਏ ਪੰਜਾਬ ਦੇ ਸਰੋਕਾਰਾਂ ਬਾਰੇ ਬੜੀ ਪ੍ਰਮਾਣਿਕ ਜਾਣਕਾਰੀ ਸੰਕਲਿਤ ਕੀਤੀ ਗਈ ਹੈ। ਇਹ ਸਰੋਕਾਰ ਹਨ : 1. ਸਿੱਖ ਮਸਲੇ, 2. ਖੇਤੀਬਾੜੀ, 3. ਰੇਲਵੇਜ਼, 4. ਸੂਚਨਾ ਅਤੇ ਪ੍ਰਸਾਰਨ, 5. ਖੇਡਾਂ, 6. ਫੁੱਟਕਲ ਮਸਲੇ ਅਤੇ 7. ਰਾਜ ਸਭਾ ਵਿਚ ਵਿਸ਼ੇਸ਼ ਉਲੇਖ... ਇਤਿਆਦਿ।
ਪੁਸਤਕ ਦੀ ਭੂਮਿਕਾ ਵਿਚ ਇਸ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੰਦਾ ਹੋਇਆ ਡਾ: ਜਸਪਾਲ ਸਿੰਘ ਲਿਖਦਾ ਹੈ ਕਿ ਪੰਜਾਬ ਦੀਆਂ ਰਾਜਨੀਤਕ ਲਹਿਰਾਂ ਵਿਚ ਉਸ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਸਦਨ ਦੀਆਂ ਬਹਿਸਾਂ ਵਿਚ ਉਸ ਦਾ ਯੋਗਦਾਨ ਚਿੰਤਨ ਭਰਪੂਰ ਰਿਹਾ ਹੈ; ਸਿੱਖ ਮਸਲਿਆਂ ਬਾਰੇ ਉਸ ਦੀ ਸੁਭਾਸ਼ਤਾ ਦਾ ਕੋਈ ਜਵਾਬ ਨਹੀਂ ਹੈ। ਉਹ ਪਾਰਲੀਮੈਂਟਰੀ ਸਰੋਕਾਰਾਂ ਦਾ ਇਕ ਦ੍ਰਿੜ੍ਹਂਉਪਾਸਕ ਅਤੇ ਮੁਦਈ ਰਿਹਾ ਹੈ। ਭਾਰਤ ਦੇ ਪ੍ਰਸਿੱਧ ਪੱਤਰਕਾਰ ਸ੍ਰੀ ਐਚ.ਕੇ. ਦੂਆ ਦਾ ਕਥਨ ਹੈ ਕਿ ਉਹ ਪੰਜਾਬ ਦੇ ਮੁੱਖ ਬੁਲਾਰੇ ਵਜੋਂ ਕਾਰਜਸ਼ੀਲ ਰਿਹਾ ਹੈ। ਤਰਲੋਚਨ ਸਿੰਘ ਦੁਆਰਾ ਪੰਜਾਬ ਦੇ ਵਿਕਾਸ ਹਿਤ ਦਿੱਤੇ ਗਏ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੋਇਆ ਸ੍ਰੀ ਕੁਲਦੀਪ ਨਈਅਰ ਲਿਖਦਾ ਹੈ ਕਿ ਉਸ ਨੂੰ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਵੱਧ ਤੋਂ ਵੱਧ ਪੜ੍ਹਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਦੀ ਦ੍ਰਿੜ੍ਹਤਾ ਇਕ ਅਜਿਹੇ ਦੇਸ਼ ਦੇ ਪੰਜਾਬੀਆਂ ਨਾਲ ਹੈ, ਜਿਸ ਦੀਆਂ ਭਿੰਨ-ਭਿੰਨ ਭਾਸ਼ਾਵਾਂ ਅਤੇ ਭਿੰਨ-ਭਿੰਨ ਖੇਤਰ ਹਨ। ਪੰਜਾਬ, ਭਾਰਤ ਦੀ ਤਲਵਾਰ ਹੋਣ ਦੇ ਨਾਲ-ਨਾਲ ਸਰਹੱਦ ਦਾ ਰਖਵਾਲਾ ਹੈ, ਜਿਥੇ ਸਿੱਖ ਰਹਿੰਦੇ ਹਨ। ਇਸ ਪੁਸਤਕ ਵਿਚ ਉਨ੍ਹਾਂ ਸਵਾਲਾਂ-ਜਵਾਬਾਂ ਦੀ ਪਰੋਸੀਡਿੰਗ ਦਿੱਤੀ ਗਈ ਹੈ, ਜੋ ਤਰਲੋਚਨ ਸਿੰਘ ਜੀ ਨੇ ਸਦਨ ਵਿਚ ਉਠਾਏ ਸਨ। ਡਾ: ਕੇਹਰ ਸਿੰਘ ਨੇ ਇਹ ਪਰੋਸੀਡਿੰਗ, ਸਦਨ ਦੀ ਲਾਇਬਰੇਰੀ ਵਿਚੋਂ ਹਾਸਲ ਕੀਤੀ ਅਤੇ ਡਾ: ਦਰਸ਼ਨ ਸਿੰਘ ਆਸ਼ਟ ਨੇ ਇਸ ਦਾ ਪੰਜਾਬੀ ਵਿਚ ਅਨੁਵਾਦ ਕਰ ਦਿੱਤਾ। ਇਹ ਪੁਸਤਕ ਬੜੀ ਅਚਾਨਕ (਼ਲਗਚਬਵ;ਖ) ਸ਼ੁਰੂ ਹੋ ਜਾਂਦੀ ਹੈ। ਆਰੰਭ ਵਿਚ ਸ: ਤਰਲੋਚਨ ਸਿੰਘ ਦਾ ਜੀਵਨੀ ਮੂਲਕ ਵੇਰਵਾ ਵੀ ਦੇਣਾ ਚਾਹੀਦਾ ਸੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮੇਰੀ ਪੂੰਜੀ
ਲੇਖਿਕਾ : ਸਾਵਿਤਰੀ ਭੈਣ ਜੀ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 96460-87009.

'ਮੇਰੀ ਪੂੰਜੀ' ਕਾਵਿ ਸੰਗ੍ਰਹਿ ਕਵਿਤਰੀ ਦੇ ਜੀਵਨ ਵਿਚ ਵਾਪਰੇ ਹਾਦਸੇ ਦਾ ਪ੍ਰਗਟਾ ਰੂਪ ਹੈ। ਜਿਹੜਾ ਬਿਰਹਾ ਉਸ ਨੇ ਆਪਣੇ ਮਨ ਤੇ ਤਨ 'ਤੇ ਹੰਢਾਇਆ ਸਮਾਂ ਪਾ ਕੇ ਉਸ ਨੇ ਸ਼ਬਦਾਂ ਦਾ ਰੂਪ ਲੈ ਲਿਆ, ਜਿਸ ਨੇ ਉਸ ਨੂੰ ਗ਼ਮ ਵਿਚੋਂ ਬਾਹਰ ਕੱਢ ਕੇ ਮਜ਼ਬੂਤ ਕੀਤਾ। ਇਹ ਕਾਵਿ ਸਫ਼ਰ ਸੰਨ 1957 ਤੋਂ ਲੈ ਕੇ 2017 ਤੱਕ ਦਾ ਹੈ, ਜਿਸ ਦੇ ਦੋ ਪੜਾਅ ਹਨ ਪਰ ਇਨ੍ਹਾਂ ਗੀਤਾਂ ਵਿਚੋਂ ਬਿਰਹਾ ਰੂਪ ਵਧੇਰੇ ਉੱਘੜ ਕੇ ਸਾਹਮਣੇ ਆਉਂਦਾ ਹੈ। ਇਹ ਸਫ਼ਰ 'ਨਿੱਜ ਤੋਂ ਪਰ' ਅਤੇ ਪਰ ਤੋਂ ਨਿੱਜ ਤੱਕ ਦਾ ਕਿਹਾ ਜਾ ਸਕਦਾ ਹੈ।
ਇਸ ਸੰਗ੍ਰਹਿ ਵਿਚ ਜਿਥੇ ਕਵਿਤਰੀ ਨੇ ਨਿਰਾਸ਼ਾ ਨੂੰ ਇੰਜ ਪੇਸ਼ ਕੀਤਾ ਹੈਂ
ਸਾਹਾਂ ਦੀ ਜ਼ੰਜੀਰ ਨਾ ਟੁੱਟਦੀ, ਹੰਢ ਚਲੀ ਜਿੰਦ ਨਿਮਾਣੀ ਵੇ।
ਫੋਲ ਸਮੇਂ ਦੀਆਂ ਪਰਤਾਂ ਹੇਠਾਂ ਲਿਖੀ ਮੇਰੀ ਕਹਾਣੀ ਵੇ।
ਉਥੇ ਉਸ ਨੇ ਆਪਣੇ ਅੰਦਰ ਹੌਸਲੇ ਦੀ ਉਡਾਣ ਵੀ ਭਰੀ ਹੈਂ
ਝੱਖੜ ਝੁਲੇ ਜਾਂ ਬਿਜਲੀ ਲਿਸ਼ਕੇ, ਮਨ ਨੂੰ ਆਪਣੇ ਨੂੰ ਤਕੜਾ ਰੱਖ।
ਹੌਸਲਾ ਕਰਕੇ ਉੱਡਣਾ ਹੀ ਹੈ, ਹਾਰੇ ਮਨ ਨਾਲ ਲਾਈ ਝਗੜਾ ਰੱਖ।
ਕਵਿਤਾਵਾਂ 'ਹੰਝੂਆਂ ਦੀ ਸੌਗਾਤ, ਸਾਵਣ ਕਿਉਂ ਰੋਂਦਾ, ਬਿਰਹੋਂ ਧੁਆਂਖੀ, ਤੇਰੀ ਹੋਂਦ, ਯਾਦਾਂ ਦੇ ਦੀਵੇ, ਸਾਹਾਂ ਦੀ ਜ਼ੰਜੀਰ, ਤੇ ਅਥਰੇ ਹੰਝੂ' ਬਿਰਹੋਂ ਕੁਠੀ ਰੂਹ ਦਾ ਪ੍ਰਤੀਬਿੰਬ ਹਨ। ਉਸ ਨੇ 'ਘਟ ਖਾਣਾ, ਦੋਹੇ, ਉਸਾਰੀ ਨੀਂਦ, ਸਾਡੀ ਪੂੰਜੀ' ਆਦਿ ਕਵਿਤਾਵਾਂ ਵਿਚ ਵੱਖਰੀ ਤਰ੍ਹਾਂ ਦਾ ਰੰਗ ਪੇਸ਼ ਕੀਤਾ ਹੈ। ਕਵਿੱਤਰੀ ਨੇ ਆਪਣਾ ਦਰਦ ਹੀ ਨਹੀਂ ਪੇਸ਼ ਕੀਤਾ, ਸਗੋਂ ਕੁੱਖ ਵਿਚ ਮਰਦੀਆਂ ਜਾਂ ਸਮਾਜ ਵਲੋਂ ਮਾਰੀਆਂ ਜਾਂਦੀਆਂ ਧੀਆਂ ਦੇ ਦਰਦ ਦੀ ਵੀ ਬਾਤ ਪਾਈ ਹੈ ਤੇ ਅੰਮ੍ਰਿਤਾ ਪ੍ਰੀਤਮ ਨੂੰ ਚੇਤੇ ਕਰਦਿਆਂ ਲਿਖਿਆ ਹੈਂ
ਅੱਜ ਸੱਦਾਂ ਅੰਮ੍ਰਿਤਾ ਪ੍ਰੀਤਮ ਨੂੰ, ਕਿਤੋਂ ਅਰਸ਼ਾਂ ਤੋਂ ਬੋਲ
ਕੁੱਖਾਂ ਵਿਚ ਮਰਦੀਆਂ ਧੀਆਂ ਦੇ ਤੂੰ ਆ ਕੇ ਦੁਖੜੇ ਫੋਲ।
ਉਸ ਨੇ ਤਾਂ ਜੱਗ ਦੀ ਪੀੜ ਦਾ ਬੀੜਾ ਆਪਣੇ ਮੋਢਿਆਂ ਉੱਤੇ ਚੁੱਕਣ ਦਾ ਉਪਰਾਲਾ ਕੀਤਾ ਹੈ ਤੇ ਆਪਣੇ ਦਰਦ ਨੂੰ ਜੱਗ ਦੇ ਦਰਦ ਨਾਲ ਇਕ-ਮਿਕ ਕਰ ਲਿਆ ਜਾਪਦਾ ਹੈ। 'ਡਾਲਰਾਂ ਦਾ ਛਲਾਵਾ' ਪੁੱਤਰਾਂ ਨੂੰ ਵਿਦੇਸ਼ਾਂ ਵੱਲ ਖਿੱਚ ਰਿਹਾ ਹੈ, ਇਕ ਸਿਪਾਹੀ ਦੀ ਪੁਕਾਰ ਵੀ ਸੁਣੀ ਹੈ, ਮਹਿੰਗਾਈ ਦੀ ਗੱਲ ਵੀ ਕੀਤੀ ਹੈ, ਫਰਜ਼ ਤੇ ਅਧਿਕਾਰਾਂ ਦੀ ਬਾਤ ਵੀ ਪਾਈ ਹੈ। ਏਨਾ ਹੀ ਨਹੀਂ 'ਆਜ਼ਾਦੀ ਦੇ ਹਸ਼ਰ' ਨੂੰ ਵੀ ਬਾਖੂਬੀ ਉਲੀਕਿਆ ਹੈ, ਸਮਾਨਤਾ ਤੇ ਸਾਂਝੀਵਾਲਤਾ ਦਾ ਝੰਡਾ ਬੁਲੰਦ ਕੀਤਾ ਹੈ। ਥੋੜ੍ਹੇ ਸ਼ਬਦਾਂ ਵਿਚ ਕਹਿ ਲਈਏ ਕਿ ਕਵਿੱਤਰੀ ਨੇ ਸਾਰੀ ਉਮਰ ਦੇ ਸੰਭਾਲੇ ਹੋਏ ਇਸ ਖਜ਼ਾਨੇ ਵਿਚ ਜਿਵੇਂ ਸਮੁੰਦਰ ਨੂੰ ਕੁੱਜੇ ਵਿਚ ਬੰਦ ਕੀਤਾ ਹੋਵੇ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਭਗਵਾਨ ਢਿੱਲੋਂ : ਜੀਵਨ ਤੇ ਰਚਨਾ
ਲੇਖਕ : ਦਰਸ਼ਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98144-91546.

'ਭਗਵਾਨ ਢਿੱਲੋਂ' ਜੀਵਨ ਤੇ ਰਚਨਾ ਪੁਸਤਕ ਖੋਜਾਰਥਣ ਦਰਸ਼ਨ ਕੌਰ ਦੀ ਆਲੋਚਨਾ-ਨੁਮਾ ਪੁਸਤਕ ਹੈ, ਜਿਸ ਵਿਚ ਉਸ ਨੇ ਭਗਵਾਨ ਢਿੱਲੋਂ ਦੇ ਜੀਵਨ ਤੇ ਰਚਨਾ ਦਾ ਅਧਿਐਨ ਕੀਤਾ ਹੈ। ਭਗਵਾਨ ਢਿੱਲੋਂ ਦੀ ਕਵਿਤਾ ਦਲਿਤ ਚੇਤਨਾ ਅਤੇ ਜਾਤੀ ਸਮਾਜ ਦੀ ਪੇਸ਼ਕਾਰੀ ਬਹੁਤ ਹੀ ਬੇਬਾਕੀ ਨਾਲ ਕਰਦੀ ਹੈ। ਭਗਵਾਨ ਢਿੱਲੋਂ ਇਸਤਰੀ ਦੀ ਸਥਿਤੀ ਦੀ ਪੇਸ਼ਕਾਰੀ ਕਰਦਾ ਹੋਇਆ ਉਸ ਨੂੰ ਨਿਮਾਣੀ ਅਤੇ ਤ੍ਰਾਸਦੀ ਦੀ ਪਾਤਰ ਬਣੀ ਦਰਸਾਉਂਦਾ ਹੈ ਅਤੇ ਨਾਰੀ ਨਾਲ ਜੁੜੇ ਮਸਲਿਆਂ ਨੂੰ ਉਭਾਰਦਾ ਹੈ। ਸਰਲ ਸ਼ਬਦਾਵਲੀ ਦੀ ਵਰਤੋਂ ਕਰਕੇ ਢਿੱਲੋਂ ਦੀ ਕਾਵਿ-ਸੁਰ ਸਿੱਧੀ ਤੇ ਸਪਾਟ ਹੁੰਦੀ ਹੋਈ ਸਮੁੱਚੀ ਲੋਕਾਈ ਦੀ ਗੱਲ ਕਰਦੀ ਹੈ। ਖੋਜਾਰਥਣ ਦਰਸ਼ਨ ਕੌਰ ਨੇ ਆਪਣੀ ਪੁਸਤਕ ਨੂੰ ਕੁੱਲ 4 ਪਾਠਾਂ ਵਿਚ ਤਕਸੀਮ ਕੀਤਾ ਹੈ, ਜਿਨ੍ਹਾਂ ਵਿਚ ਭਗਵਾਨ ਢਿੱਲੋਂ ਦੇ ਜੀਵਨ ਤੇ ਰਚਨਾ ਬਾਰੇ ਦੱਸਿਆ ਗਿਆ ਹੈ। ਦੂਜੇ ਪਾਠ ਵਿਚ ਭਗਵਾਨ ਢਿੱਲੋਂ ਦੀਆਂ ਕਵਿਤਾਵਾਂ ਦਾ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਚਿਤਰਨ ਕੀਤਾ ਗਿਆ ਹੈ ਅਤੇ ਅਧਿਆਇ ਤੀਜੇ ਵਿਚ ਦਲਿਤ ਦ੍ਰਿਸ਼ਟੀਕੋਣ ਬਾਰੇ ਕਵਿਤਾਵਾਂ ਦੀ ਸਿਰਜਣਾ ਕਰਕੇ ਉਨ੍ਹਾਂ ਵਿਚਲੀ ਸਾਰਥਿਕਤਾ ਦੱਸੀ ਹੈ। ਅਖੀਰਲੇ ਪਾਠ 'ਢਿੱਲੋਂ ਕਾਵਿ ਦੇ ਵਿਭਿੰਨ ਪਰਿਪੇਖ' ਵਿਚ ਕਾਵਿ ਦੇ ਸਾਰੇ ਪਹਿਲੂ ਲਏ ਗਏ ਹਨ ਅਤੇ ਅਖੀਰ ਵਿਚ ਲੇਖਿਕਾ ਨੇ ਭਗਵਾਨ ਢਿੱਲੋਂ ਨਾਲ ਪ੍ਰਭਾਵਪੂਰਤ ਮੁਲਾਕਾਤ ਵੀ ਕੀਤੀ ਹੈ। ਲੇਖਿਕਾ ਦਰਸ਼ਨ ਕੌਰ ਇਕ ਚਿੰਤਕ ਤੇ ਸਿਰੜੀ ਖੋਜਾਰਥਣ ਹੈ, ਜਿਸ ਨੇ ਭਗਵਾਨ ਢਿੱਲੋਂ ਦੀ ਕਵਿਤਾ ਦੇ ਸੁਹਜਾਤਮਕ ਆਧਾਰਾਂ ਨੂੰ ਵੀ ਅਧਿਐਨ ਦਾ ਵਿਸ਼ਾ ਬਣਾਇਆ ਹੈ। ਭਾਵੇਂ ਕਾਵਿ-ਪਰੰਪਰਾ ਵਿਚ ਅਨੇਕਾਂ ਕਵੀਆਂ ਨੇ ਅਮਿੱਟ ਪੈੜਾਂ ਛੱਡੀਆਂ ਹਨ ਅਤੇ ਭਾਈ ਵੀਰ ਸਿੰਘ, ਮੋਹਨ ਸਿੰਘ, ਬਾਵਾ ਬਲਵੰਤ, ਸ਼ਿਵ, ਪਾਸ਼, ਜਗਤਾਰ ਅਤੇ ਸੁਰਜੀਤ ਪਾਤਰ ਆਦਿ ਪ੍ਰਮੁੱਖ ਕਵੀਆਂ ਦੇ ਯੋਗਦਾਨ ਨਾਲ ਕਵਿਤਾ ਆਪਣਾ ਮੁਹਾਂਦਰਾ ਵਟਾਉਂਦੀ ਹੋਈ ਅਜੋਕੇ ਸਮੇਂ ਵਿਚ ਪੁੱਜਦੀ ਹੈ। ਪਰ ਇੱਥੇ ਹੀ ਭਗਵਾਨ ਢਿੱਲੋਂ ਦੇ ਕਾਵਿ ਸੰਗ੍ਰਹਿ ਵੀ ਸਮਕਾਲ ਵਿਚ ਪ੍ਰਸੰਗਿਕ ਹਨ। ਸਮਕਾਲ ਦੇ ਪ੍ਰਸੰਗ ਵਿਚ ਬੀਤੇ ਦੀ ਪਰਖ-ਪੜਚੋਲ ਕਰਦਿਆਂ ਹੋਇਆਂ ਉਹ ਆਧੁਨਿਕ ਕਦਰਾਂ-ਕੀਮਤਾਂ ਵਾਲੇ ਇਸ ਮਸ਼ੀਨੀ ਯੁੱਗ ਦੇ ਪ੍ਰਭਾਵਾਂ, ਮੰਡੀਵਾਦ ਅਤੇ ਬਾਜ਼ਾਰੀਕਾਰਨ ਬਾਰੇ ਪ੍ਰਤੀਰੋਧਕ ਸੁਰ ਤਿਆਰ ਕਰਦਾ ਹੈ ਅਤੇ ਸੱਚਾਈ ਤੱਕ ਜਾਂਦਾ ਹੋਇਆ ਆਮ ਲੋਕਾਂ ਦੀ ਨਬਜ਼ ਨੂੰ ਪਛਾਣਦਾ ਹੈ ਅਤੇ ਸਰਲ ਸ਼ਬਦਾਵਲੀ ਦੇ ਰੂਪ ਵਿਚ ਕਵਿਤਾ ਰੂਪੀ ਮਿਸ਼ਾਲ ਨਾਲ ਚਾਨਣ ਵੰਡਦਾ ਪ੍ਰਤੀਤ ਹੁੰਦਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਅਮਰਜੀਤ ਕੌਂਕੇ ਦੀ ਕਵਿਤਾ ਵਿਚ ਬੇਗਾਨਗੀ ਦਾ ਸੰਕਲਪ
ਲੇਖਕ : ਹਰਵਿੰਦਰ ਢਿੱਲੋਂ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 148.
ਸੰਪਰਕ : 98551-28333.

ਆਧੁਨਿਕ ਕਾਵਿ ਦੇ ਪ੍ਰਬੋਧ ਕਵੀਆਂ ਵਿਚ ਅਮਰਜੀਤ ਕੌਂਕੇ ਦੀ ਕਾਵਿ-ਸਿਰਜਣ ਪ੍ਰਕਿਰਿਆ ਨੇ ਨਵੀਨ ਸੰਭਾਵਨਾਵਾਂ ਵੀ ਉਜਾਗਰ ਕੀਤੀਆਂ ਹਨ। ਬੇਗਾਨਗੀ, ਮੋਹ-ਮੁਹੱਬਤਾਂ, ਤੋੜ-ਵਿਛੋੜਿਆਂ ਅਤੇ ਵਿਸ਼ੇਸ਼ ਭਾਂਤ ਪਦਾਰਥਵਾਦੀ ਜਾਂ ਖਪਤਕਾਰੀ ਰੁਚੀਆਂ ਦੇ ਪ੍ਰਬਲ ਹੋਣ ਤੋਂ ਹੀ ਪੈਦਾ ਹੁੰਦੀ ਹੈ। ਕੌਂਕੇ ਰਚਿਤ ਵਿਭਿੰਨ ਕਾਵਿ-ਸੰਗ੍ਰਹਿਆਂ ਨੂੰ ਆਧਾਰ ਬਣਾ ਕੇ ਹਰਵਿੰਦਰ ਢਿੱਲੋਂ ਨੇ ਮੁੱਖ ਰੂਪ 'ਚ ਤਿੰਨ ਅਧਿਆਇ ਬਣਾਏ ਹਨ। 'ਬੇਗਾਨਗੀਂਸਿਧਾਂਤਿਕ ਪੱਖ ਵਿਚ ਬੇਗਾਨਗੀ ਦੇ ਸ਼ਾਬਦਿਕ ਅਰਥ, ਇਸ ਦੇ ਪਰਿਭਾਸ਼ਤ ਰੂਪ, ਇਸ ਦੇ ਅਨੁਸ਼ਾਸਨਾਤਮਿਕ ਰੂਪ, ਸਮਾਜ ਸ਼ਾਸਤਰੀ, ਇਤਿਹਾਸਕ, ਦਾਰਸ਼ਨਿਕ, ਆਦਰਸ਼ਵਾਦੀ, ਯਥਾਰਥਵਾਦੀ, ਮਨੋਵਿਗਿਆਨਕ ਆਦਿ ਕਾਲ-ਖੰਡਾਂ ਦੇ ਅੰਤਰਗਤ ਪੇਸ਼ ਕਰਕੇ ਮਾਰਕਸਵਾਦੀ ਸੰਕਲਪਾਂ ਦੇ ਅੰਤਰਗਤ ਬਿਆਨਿਆ ਹੈ।
ਬੇਗਾਨਗੀ ਦੇ ਵੱਖ-ਵੱਖ ਪਾਸਾਰਾਂ ਨੂੰ ਪੇਸ਼ ਕਰਦਿਆਂ ਹੋਇਆਂ ਲੇਖਕ ਨੇ ਰਿਸ਼ਤਿਆਂ ਦੀਆਂ ਤ੍ਰੇੜਾਂ, ਸਵੈ ਤੋਂ ਆਪਾ ਖੁੱਸਣਾ ਅਤੇ ਆਰਥਿਕ ਪੱਖਾਂ ਤੋਂ ਆਏ ਨਿਘਾਰ ਤੋਂ ਇਲਾਵਾ ਵਰਤਮਾਨ ਵਰਤਾਰੇ ਵਿਚ ਖੁੱਸ ਰਹੀਆਂ ਕਦਰਾਂ-ਕੀਮਤਾਂ ਦੀ ਪਛਾਣ ਨੂੰ ਸਥਾਪਿਤ ਕੀਤਾ ਹੈ ਅਤੇ ਨਾਲ ਦੀ ਨਾਲ ਸੱਚੀ ਮੁਹੱਬਤ ਦੀ ਪ੍ਰਸੰਗਿਕਤਾ 'ਚ ਆਏ ਨਿਘਾਰ ਆਦਿ ਨੂੰ ਵੀ ਬਾਰੀਕੀ ਨਾਲ ਪਛਾਣ ਕੇ ਉਭਾਰਿਆ ਹੈ। ਕਿਉਂ ਜੋ ਅਮਰਜੀਤ ਕੌਂਕੇ ਗੰਭੀਰ ਚਿੰਤਕ ਅਤੇ ਗੰਭੀਰ ਕਵੀ ਹੈ, ਉਸ ਦੀ ਵਿਚਾਰਧਾਰਾਈ ਸੋਚ-ਦ੍ਰਿਸ਼ਟੀ ਤਹਿਤ ਲਿਖਿਆ ਗਿਆ ਅਗਲੇਰਾ ਕਾਂਡ ਪਾਠਕਾਂ ਦੀ ਖਿੱਚ ਦਾ ਵੀ ਕੇਂਦਰ ਬਿੰਦੂ ਬਣਦਾ ਹੈ। ਵਿਅਕਤੀ ਅਤੇ ਵਸਤੂ ਵਿਚਕਾਰ ਬੇਗਾਨਗੀ ਦਾ ਤਣਾਅ, ਹੋਂਦ ਅਤੇ ਨਿਰਹੋਂਦ ਵਿਚਕਾਰ ਵਿਆਪਕ ਬੇਗਾਨਗੀ ਆਦਿ ਅਜਿਹੇ ਸੰਕਲਪ ਹਨ, ਜਿਨ੍ਹਾਂ ਬਾਬਤ ਹਰਵਿੰਦਰ ਢਿੱਲੋਂ ਨੇ ਗਹਿਨ ਅਧਿਐਨ-ਦ੍ਰਿਸ਼ਟੀ ਤੋਂ ਆਪਣੇ ਸਿੱਟੇ ਅਤੇ ਸਥਾਪਨਾਵਾਂ ਪੇਸ਼ ਕੀਤੀਆਂ ਹਨ। ਪੁਸਤਕ ਦੇ ਅੰਤ ਵਿਚ ਆਦਿਕਾ ਅਤੇ ਅੰਤ ਉੱਤੇ ਅਮਰਜੀਤ ਸਿੰਘ ਕੌਂਕੇ ਦਾ ਜੀਵਨ ਬਿਊਰਾ ਪਾਠਕਾਂ ਨੂੰ ਕਵੀ ਨਾਲ ਸਾਂਝ ਸਥਾਪਿਤ ਕਰਨ ਦਾ ਜ਼ਰੀਆ ਬਣਦਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਬਿਰਹਾ ਦੀ ਚੀਸ
ਲੇਖਕ : ਤਾਰਾ ਸਿੰਘ 'ਚੇੜਾ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94631-16752.

ਤਾਰਾ ਸਿੰਘ 'ਚੇੜਾ' ਦੀ ਇਸ ਕਵਿਤਾ ਵਿਚ ਵਿਛੋੜਾ ਤਾਂ ਹੈ ਪਰ ਵਿਛੋੜੇ ਦੀ ਸ਼ਿਕਾਇਤ ਨਹੀਂ ਹੈ। ਸ਼ਿਕਵਾ ਨਹੀਂ ਹੈ। ਉਸ ਦਾ ਪ੍ਰੇਮ ਹਰ ਵੇਲੇ, ਹਰ ਘੜੀ ਸਹਿਜ ਅਵਸਥਾ ਵਿਚ ਰਹਿੰਦਾ ਹੈ। ਉਹ ਪ੍ਰੇਮੀ ਪ੍ਰਤੀ ਸ਼ਿਕਵਾ ਨਹੀਂ ਕਰਦਾ, ਸਗੋਂ ਉਸ ਦੀ ਉਡੀਕ ਕਰਦਾ ਹੈ। ਸਬਰ ਸੰਤੋਖ ਨਾਲ ਉਡੀਕ ਕਰਦਾ ਹੈ। ਇਹ ਵੀ ਨਹੀਂ ਕਿ ਕਵੀ ਹਰ ਵੇਲੇ ਬਿਰਹਾ ਦੀ ਚੀਸ ਵਿਚ ਹੀ ਡੁੱਬਿਆ ਰਹਿੰਦਾ ਹੈ। ਉਹ ਸਮਾਜ ਵਿਚ ਰਹਿੰਦਿਆਂ ਆਪਣੇ ਆਲੇ-ਦੁਆਲੇ ਬਾਰੇ ਵੀ ਸੁਚੇਤ ਰਹਿੰਦਾ ਹੈ। ਆਮ ਲੋਕਾਈ ਦੇ ਦੁੱਖ-ਸੁੱਖ ਦੀ ਵੀ ਉਸ ਨੂੰ ਸੋਝੀ ਹੈ। 'ਕੁੜੀਓ ਤੇ ਚਿੜੀਓ', ਸਮਝੌਤਾ, ਕੰਜਕ, ਉਹ ਮਾਂ ਹੈ, ਕੁੜੀਆਂ ਤਾਂ, ਕੁੜੀਆਂ ਚਿੜੀਆਂ ਤੇ ਰੁੱਖ, ਪੁੱਤ ਧੀ, ਕਵਿਤਾਵਾਂ ਰਾਹੀਂ ਉਹ ਧੀਆਂ ਦੇ ਭਵਿੱਖ ਬਾਰੇ ਵੀ ਚਿੰਤਤ ਹੈ। ਉਨ੍ਹਾਂ ਦੀ ਦੀਨ-ਹੀਣ ਦਸ਼ਾ ਬਾਰੇ ਗੰਭੀਰ ਹੈ। ਉਹ ਸਮਾਜ ਨੂੰ ਉਨ੍ਹਾਂ ਦੀ ਹੀਨ ਦਸ਼ਾ ਬਾਰੇ ਸੁਚੇਤ ਕਰਦਾ ਹੈ। 'ਚਿੰਤਤ ਮਨ' ਕਵਿਤਾ ਵਿਚ ਉਹ ਆਮ ਲੋਕਾਂ ਦੇ ਦੁੱਖਾਂ-ਸੁੱਖਾਂ ਦੀ ਬਾਤ ਪਾਉਂਦਾ ਹੈ। 'ਹਰ ਪਲ ਉਨ੍ਹਾਂ ਦਾ' ਕਵਿਤਾ ਵਿਚ ਉਹ ਆਖਦਾ ਹੈ : ਮੈਂ ਆਦਮੀ ਭਾਵੇਂ ਬੇਢੰਗਾ ਹਾਂ/ਪਰ ਜਾਨਵਰ ਨਹੀਂ ਹਾਂ/ਮੈਨੂੰ ਇਨਸਾਨੀਅਤ ਦਾ ਪਤੈ/ਇਸ ਤੋਂ ਦੂਰ ਹੋ ਕੇ/ਜਿਊਣਾ ਨਿਰਾਸ਼ਾ ਹੈ/ਆਸ ਨਹੀਂ....। 'ਚੇੜਾ' ਦੀ ਕਵਿਤਾ ਮਨੁੱਖ ਦੇ ਦੁਖੀ ਹਿਰਦੇ ਨੂੰ ਆਸ ਬੰਨ੍ਹਾਉਂਦੀ ਹੈ, ਉਸ ਨੂੰ ਤਸੱਲੀ ਦਿੰਦੀ ਹੈ। ਇਸੇ ਲਈ ਉਹ 'ਆਸ' ਕਵਿਤਾ ਵਿਚ ਆਖਦਾ ਹੈ : 'ਐਵੇਂ ਨਾ ਉਜਾੜੀਂ ਬਹਿ ਕੇ/ਇਕੱਲਾ ਮਨ ਰੁਆਇਆ ਕਰ/ਬਹਾਰਾਂ ਦੇ ਲੱਗ ਕੇ', ਆਪਣਾ ਮਨ ਰਿਝਾਇਆ ਕਰ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ 'ਖੁੱਲ੍ਹੀ ਕਿਤਾਬ', 'ਕਾਲੀਆਂ ਐਨਕਾਂ' ਕਵੀ ਤੇ ਕਵਿਤਾ, ਅੱਖਰ, ਪਛਾਣ, ਸ਼ਾਂਤ ਸੁਭਾਅ ਵਾਲੇ ਦਿਨ, ਮਨੁੱਖ ਦੇ ਦੁੱਖ-ਸੁੱਖ, ਰੀਝਾਂ, ਵਲਵਲਿਆਂ ਤੇ ਸਮਾਜਿਕ ਹੋਂਦ ਬਾਰੇ ਸੂਹ ਦਿੰਦੀਆਂ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

14-04-2018

 ਵਾਦ ਵਿਵਾਦ ਸੰਵਾਦ
ਲੇਖਕ : ਡਾ: ਕਰਾਂਤੀਪਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 78377-18723.

'ਵਾਦ ਵਿਵਾਦ ਸੰਵਾਦ' ਪੁਸਤਕ ਵਿਚ ਡਾ: ਕਰਾਂਤੀਪਾਲ ਦੇ ਕੁੱਲ 38 ਲੇਖ ਹਨ, ਜਿਨ੍ਹਾਂ ਵਿਚ ਚਲੰਤ ਵਿਸ਼ਿਆਂ ਬਾਰੇ ਸੰਵਾਦ ਰਚਾਇਆ ਗਿਆ ਹੈ। ਪਹਿਲੇ ਪਾਠ 'ਵਿਸ਼ਵ ਪ੍ਰਸਿੱਧ ਦੋ ਬਾਬੇ' ਵਿਚ ਮੈਡ੍ਰੋਕ ਤੇ ਟਾਫਲਰ ਦੇ ਸਿਧਾਂਤਾਂ ਬਾਰੇ ਹੈ ਕਿ ਕਿਵੇਂ ਵਿਸ਼ਵੀਕਰਨ ਨਾਲ ਦੁਨੀਆ ਨੂੰ ਜੋੜਿਆ ਗਿਆ ਹੈ। ਇਸ ਤਰ੍ਹਾਂ 'ਤਬਦੀਲ ਹੋਣ ਦਾ ਗੁਨਾਹ' ਲੇਖ ਵਿਚ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਇਸ ਲੇਖ ਵਿਚ ਲੇਖਕ ਨੇ ਇਕ ਅਹਿਮ ਜਾਣਕਾਰੀ ਔਰਤ ਦਿਵਸ ਬਾਰੇ ਦਿੱਤੀ ਹੈ ਕਿ ਇਸ ਦਿਨ ਔਰਤ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਸੀ ਅਤੇ ਇਹ ਵੀ ਦੱਸਿਆ ਹੈ ਕਿ ਜੋ ਇਸਤਰੀ ਨੂੰ ਇਸ਼ਤਿਹਾਰਬਾਜ਼ੀ ਕਰਕੇ ਦਿਖਾਇਆ ਜਾਂਦਾ ਹੈ, ਔਰਤ ਅਸਲੀਅਤ ਵਿਚ ਉਸ ਤਰ੍ਹਾਂ ਦੀ ਬਣਨ ਪਿੱਛੇ ਭਾਵੇਂ ਅੱਡੀ-ਚੋਟੀ ਦਾ ਜ਼ੋਰ ਲਾ ਦੇਵੇ ਪਰ ਅਸਫਲਤਾ ਸੁਭਾਵਿਕ ਹੈ। 'ਰਾਜ ਨਹੀਂ ਸੇਵਾ' ਲੇਖ ਵਿਚ ਲੀਡਰਾਂ 'ਤੇ ਕਰਾਰੀ ਚੋਟ ਹੈ ਜੋ ਪੰਜਾਬ ਵਿਚ ਹਰ ਥਾਂ ਲਿਖਿਆ ਨਜ਼ਰ ਆਉਂਦਾ ਹੈ ਪਰ ਨੇਤਾ ਹਮੇਸ਼ਾ ਮਾੜੀ ਸੋਚ ਰੱਖਦੇ ਹਨ ਕਿ ਜਨਤਾ ਅਨਪੜ੍ਹ ਅਤੇ ਗ਼ਰੀਬ ਰਹੇ ਅਤੇ ਸਾਡੇ ਮਗਰ ਲੱਗ ਕੇ ਮਤਦਾਤਾ ਬਣੀ ਰਹੇ ਅਸੀਂ ਇਨ੍ਹਾਂ ਦੀ ਸੇਵਾ ਕਰਦੇ ਰਹੀਏ। ਇਹ ਹੀ ਹਾਲ ਮਾਂ-ਬੋਲੀ ਦੀ ਸੇਵਾ ਕਰਨ ਵਾਲਿਆਂ ਦਾ ਹੈ। 'ਔਰਤ ਹੋਣ ਦਾ ਅਰਥ' ਲੇਖ ਵਿਚ ਦੱਸਿਆ ਗਿਆ ਹੈ ਕਿ ਔਰਤ ਦੀਆਂ ਸਾਰੀਆਂ ਸ਼ਕਤੀਆਂ ਦਾ ਬਟਨ ਮਰਦ ਦੇ ਹੱਥ ਵਿਚ ਹੀ ਹੁੰਦਾ ਹੈ। 'ਪੰਜਾਬੀ ਲੇਖਕ ਕਿੱਥੇ ਖੜ੍ਹਾ ਹੈ' ਲੇਖ ਵਿਚ ਚੰਗੇ ਵਿਦਵਾਨਾਂ ਨੂੰ ਸੁਣਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਤਰ੍ਹਾਂ 'ਜੁਗਾੜ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ' ਪਾਠ ਵਿਚ ਜੁਗਾੜੀ ਲੋਕਾਂ ਦੇ ਸੱਚ ਨੂੰ ਨੰਗਿਆਂ ਕੀਤਾ ਹੈ ਕਿ ਸਾਹਿਤਕ ਸਮਾਗਮਾਂ, ਗੋਸ਼ਟੀਆਂ ਵਿਚ ਚੁਗਲੀ ਕਰਕੇ ਅਤੇ ਗ਼ਰੀਬਾਂ ਸਾਹਮਣੇ ਮਹਿੰਗੇ ਕੱਪੜੇ ਪਾ ਕੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਵੀ ਇਕ ਜੁਗਾੜ ਅਤੇ ਸ਼ਰਮਨਾਕ ਕੰਮ ਹੀ ਤਾਂ ਹੈ। 'ਜੈ ਪੰਜਾਬੀ ਮਾਂ' ਲੇਖ ਵਿਚ ਲੇਖਕ ਪੰਜਾਬੀ ਮਾਂ-ਬੋਲੀ ਬਾਰੇ ਗੰਭੀਰ ਚਿੰਤਤ ਹੈ ਕਿ ਉੱਚੇ ਨਾਅਰੇ ਲਾਉਣ ਵਾਲੇ ਲੋਕ ਆਪਣੇ ਘਰਾਂ ਵਿਚ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਲਈ ਕਹਿੰਦੇ ਹਨ ਅਤੇ ਆਪਣੇ ਬੱਚੇ ਵੀ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟਾਂ 'ਚ ਹੀ ਪੜ੍ਹਾਉਂਦੇ ਹਨ। ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਸ਼ੁੱਧ ਪੰਜਾਬੀ ਦਾ ਕੋਸ਼ ਤਿਆਰ ਕਰਨ ਅਤੇ ਕੁੱਤਿਆਂ ਦੇ ਨਾਂਅ ਰੱਖਣ ਵਾਂਗ ਮੱਝਾਂ, ਗਾਵਾਂ ਦੇ ਨਾਂਅ ਰੱਖ ਕੇ ਮਾਂ-ਬੋਲੀ ਨੂੰ ਅਮੀਰ ਬਣਾਉਣ। ਲੇਖਕ ਬਹੁਤ ਵੱਡਾ ਚਿੰਤਕ ਹੈ ਜਿਸ ਨੇ ਗੰਭੀਰ ਮਸਲੇ ਲੈ ਕੇ ਲੋਕਾਂ ਨੂੰ ਘੁਰਨਿਆਂ ਵਿਚ ਹੀ ਬੈਠੇ ਰਹਿਣ ਨਾਲੋਂ ਬਾਹਰ ਨਿਕਲ ਕੇ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

c c c

ਖੇਡ, ਖਿਡੌਣੇ ਅਤੇ ਪੰਜਾਬੀ ਸੱਭਿਆਚਾਰ
ਅੰਤਰ-ਅਨੁਸ਼ਾਸਨੀ ਅਧਿਐਨ
ਲੇਖਕ : ਗੁਰਵੰਤ ਸਿੰਘ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 169
ਸੰਪਰਕ : 98553-64488.

ਡਾ: ਗੁਰਵੰਤ ਸਿੰਘ ਨੇ ਪੰਜਾਬੀ ਸੱਭਿਆਚਾਰ ਅਤੇ ਲੋਕਯਾਨ ਦੇ ਹਵਾਲੇ ਨਾਲ ਪੰਜਾਬੀ ਖੇਡਾਂ ਅਤੇ ਖਿਡੌਣਿਆਂ ਦੀ ਪ੍ਰਕਿਰਤੀ ਉੱਪਰ ਅੰਤਰਝਾਤ ਪਾਈ ਹੈ। ਖੇਡਾਂ ਦਾ ਮਨੁੱਖੀ ਜੀਵਨ ਵਿਚ ਬਹੁਤ ਨਿਰਣੇਕਾਰੀ ਮਹੱਤਵ ਹੁੰਦਾ ਹੈ। ਕਿਸੇ ਕੌਮ ਦਾ ਕਿਰਦਾਰ ਉਸ ਦੀਆਂ ਖੇਡਾਂ ਉੱਪਰ ਨਿਰਭਰ ਕਰਦਾ ਹੈ। ਬਾਲਪਣ ਦੀਆਂ ਖੇਡਾਂ ਮਨੁੱਖ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਇਸ ਖੋਜ-ਨਿਬੰਧ ਵਿਚ ਲੇਖਕ ਨੇ ਖੇਡਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਹੈ : 1. ਖਿਡੌਣਾ ਰਹਿਤ ਖੇਡਾਂ (ਜਿਵੇਂ : ਕਬੱਡੀ, ਕੁਸ਼ਤੀ, ਸ਼ੱਕਰ ਭਿੱਜੀ, ਅੱਡੀ ਟੱਪਾ, ਕਿਣਮਿਣ ਕਾਣੀ, ਭੰਡਾ ਭੰਡਾਰੀਆ, ਲੁਕਣਮੀਟੀ, ਬੁੱਢੀਮਾਈ... ਆਦਿ) ਅਤੇ 2. ਖਿਡੌਣਾ ਸਹਿਤ ਖੇਡਾਂ (ਗੁੱਡੀ ਗੁੱਡਾ, ਕੋਟਲਾ ਛਪਾਕੀ, ਸ਼ਟਾਪੂ, ਬਾਰ੍ਹਾਂ ਟਾਹਣੀ, ਖਿੱਦੋ ਖੂੰਡੀ, ਗੀਟੇ, ਬੰਟੇ, ਆਕੜਾ ਬਾਕੜਾ... ਆਦਿ) ਲੇਖਕ ਨੇ ਹਰ ਖੇਡ ਦੀ ਵਿਧੀ ਅਤੇ ਵਿਆਕਰਨ ਨੂੰ ਸਮਝਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਅਤੇ ਰੇਖਾ ਚਿੱਤਰ ਵੀ ਦਿੱਤੇ ਹਨ ਤਾਂ ਜੋ ਅਜੋਕੀ ਪੀੜ੍ਹੀ ਨੂੰ ਉਨ੍ਹਾਂ ਖੇਡਾਂ ਦੇ ਮੁੱਲ ਅਤੇ ਮਹੱਤਵ ਬਾਰੇ ਸਟੀਕ ਜਾਣਕਾਰੀ ਮਿਲ ਸਕੇ।
ਲੋਕਯਾਨ ਅਤੇ ਸੱਭਿਆਚਾਰ ਬਾਰੇ ਡਾ: ਹਰਜੀਤ ਸਿੰਘ ਗਿੱਲ, ਡਾ: ਕਰਨੈਲ ਸਿੰਘ ਥਿੰਦ, ਡਾ: ਵਣਜਾਰਾ ਬੇਦੀ, ਡਾ: ਸੌਂਧ, ਡਾ: ਨਾਹਰ ਸਿੰਘ, ਡਾ: ਗੁਰਮੀਤ ਸਿੰਘ, ਡਾ: ਹਰਜੀਤ ਕੌਰ ਅਤੇ ਡਾ: ਚਰਨਜੀਤ ਹੋਰਾਂ ਨੇ ਕਾਫੀ ਕੰਮ ਕੀਤਾ ਹੈ। ਗੁਰਵੰਤ ਸਿੰਘ ਨੇ ਉਕਤ ਸਾਰੇ ਵਿਦਵਾਨਾਂ ਦੀ ਰਹਿਨੁਮਾਈ ਅਧੀਨ ਆਪਣੇ ਕੰਮ ਨੂੰ ਸਰਅੰਜਾਮ ਤੱਕ ਪਹੁੰਚਾਇਆ ਹੈ। ਉਸ ਨੇ ਆਪਣੇ ਖੋਜ-ਕਾਰਜ ਨੂੰ ਚਾਰ ਉਪਭਾਗਾਂ ਵਿਚ ਵੰਡਿਆ ਹੈ : 1. ਪੰਜਾਬੀ ਲੋਕ ਖਿਡੌਣੇ : ਸੰਕਲਪ ਤੇ ਵਿਕਾਸ, 2. ਲੋਕ ਖੇਡਾਂ ਉੱਤੇ ਆਧਾਰਿਤ ਖਿਡੌਣੇ, 3. ਪੰਜਾਬੀ ਲੋਕ ਖਿਡੌਣੇ : ਕਲਾਤਮਕਤਾ ਅਤੇ ਵਰਗੀਕਰਨ, 4. ਲੋਕ-ਖਿਡੌਣਿਆਂ ਵਿਚੋਂ ਉੱਭਰਦੀ ਮਾਨਸਿਕਤਾ ਦਾ ਬਿੰਬ। ਪੰਜਾਬ ਦੇ ਲੋਕ ਖਿਡੌਣਿਆਂ ਦਾ ਨਿਰਮਾਣ ਰਵਾਇਤੀ ਕਾਰੀਗਰਾਂ (ਲੁਹਾਰ, ਤਰਖਾਣ, ਘੁਮਿਆਰ ਅਤੇ ਹਲਵਾਈ ਆਦਿ) ਵਲੋਂ ਕੀਤਾ ਜਾਂਦਾ ਹੈ। ਕੁਝ ਖਿਡੌਣੇ ਬੱਚੇ ਦੇ ਮਾਂ-ਬਾਪ ਅਤੇ ਸਾਕ-ਸਬੰਧੀ ਬਣਾ ਦਿੰਦੇ ਹਨ। ਜਦੋਂ ਬੱਚਾ ਕੁਝ ਵੱਡਾ ਹੋ ਜਾਂਦਾ ਹੈ ਤਾਂ ਉਹ ਆਪ ਵੀ ਖਿਡੌਣੇ ਬਣਾ ਲੈਂਦਾ ਹੈ, ਜਿਵੇਂ ਕਾਗਜ਼ ਦੇ ਜਹਾਜ਼ ਤੇ ਕਿਸ਼ਤੀਆਂ, ਪਿੱਪਲ ਦੇ ਪੱਤਿਆਂ ਦੀਆਂ ਪੀਪਣੀਆਂ ਆਦਿ। ਇਹ ਖਿਡੌਣੇ ਮਨੁੱਖੀ ਸਰੀਰ ਨੂੰ ਰਿਸ਼ਟ-ਪੁਸ਼ਟ ਅਤੇ ਦਿਮਾਗ ਨੂੰ ਗਿਣਤੀ-ਮਿਣਤੀ ਪੱਖੋਂ ਤੇਜ਼ ਕਰਨ ਦਾ ਕੰਮ ਕਰਦੇ ਹਨ। ਕਿਸੇ ਕੌਮ ਦੇ ਕਿਰਦਾਰ ਨੂੰ ਸਮਝਣ ਲਈ ਉਸ ਦੇ ਬੱਚਿਆਂ ਵਲੋਂ ਵਰਤੇ ਜਾਂਦੇ ਖਿਡੌਣੇ ਬਹੁਮੁੱਲੀ ਸਮੱਗਰੀ ਪ੍ਰਦਾਨ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਜੀਵਨ ਨੂੰ ਇਕ ਖੇਡ-ਤਮਾਸ਼ੇ ਦਾ ਨਾਂਅ ਦਿੱਤਾ ਸੀ : ਮੈ ਹੌਂ ਪਰਮ ਪੁਰਖ ਕਾ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ (ਬਚਿਤ੍ਰ ਨਾਟਕ) ਪ੍ਰੰਤੂ ਪੂੰਜੀਵਾਦੀ ਯੁੱਗ ਦਾ ਮਨੁੱਖ ਗੰਭੀਰਤਾ-ਰੋਗ ਦਾ ਸ਼ਿਕਾਰ ਹੋ ਗਿਆ ਹੈ। ਇਹ ਮਨੁੱਖ, ਬੱਚਿਆਂ ਨੂੰ ਖੇਡਣ ਨਹੀਂ ਦਿੰਦਾ ਬਲਕਿ ਤਿੰਨ-ਚਾਰ ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੂੰ ਰਟ-ਰਟਾਈ ਦੇ ਅਮਲ ਵਿਚ ਪਾ ਦਿੰਦਾ ਹੈ। ਸਮਕਾਲੀ ਬੱਚਿਆਂ ਦੇ ਖਿਡੌਣਿਆਂ ਦੀ ਸੂਰਤ ਅਤੇ ਰੂਪ ਵੱਡੇ-ਵੱਡੇ ਉਦਯੋਗਪਤੀ ਨਿਸਚਿਤ ਕਰਦੇ ਹਨ। ਮਾਰਕਿਟ ਵਿਚ ਜੋ ਖਿਡੌਣਾ ਉਪਲਬਧ ਹੁੰਦਾ ਹੈ, ਬੱਚੇ ਨੂੰ ਉਸੇ ਨਾਲ ਖੇਡਣਾ ਪੈਂਦਾ ਹੈ। ਹੁਣ ਖਿਡੌਣੇ ਵੀ ਸਟੇਟਸ-ਸਿੰਬਲ ਬਣ ਗਏ ਹਨ। ਕੰਪਿਊਟਰ ਅਤੇ ਮੋਬਾਈਲ-ਐਪਸ ਦੀਆਂ ਖੇਡਾਂ ਖੇਡਣ ਵਾਲੇ ਬਾਲਕ ਸਹਿਣਸ਼ੀਲਤਾ, ਮਿਲਵਰਤਣ ਅਤੇ ਉਦਾਰਤਾ ਵਰਗੇ ਸਦਗੁਣ ਕਿਵੇਂ ਸਿੱਖਣਗੇ? ਗੁਰਵੰਤ ਸਿੰਘ ਦਾ ਇਹ ਖੋਜ-ਕਾਰਜ ਅਤਿਅੰਤ ਪ੍ਰਸੰਗਿਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪਹਿਚਾਣ
ਕਵਿੱਤਰੀ : ਮਨਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94630-88272.

ਪੁਸਤਕ ਦੇ ਆਰੰਭ ਵਿਚ ਕਵਿੱਤਰੀ ਲਿਖਦੀ ਹੈ : 'ਉਨ੍ਹਾਂ ਕੁੜੀਆਂ ਦੇ ਨਾਂਅ ਜੋ ਜਨਮ ਤੋਂ ਪਹਿਲਾਂ ਹੀ ਕਸਾਈਆਂ ਦੇ ਹੱਥ ਆ ਗਈਆਂ, ਉਨ੍ਹਾਂ ਕਲੀਆਂ ਦੇ ਨਾਂਅ ਜੋ ਖਿੜਣ ਤੋਂ ਪਹਿਲਾਂ ਹੀ ਬੇਰਹਿਮ ਪੈਰਾਂ ਹੇਠ ਮਧੋਲੀਆਂ-ਕੁਚਲੀਆਂ ਗਈਆਂ।' ਭਾਰਤੀ ਸਮਾਜ ਅਤੇ ਖ਼ਾਸ ਕਰ ਪੰਜਾਬੀ ਸਮਾਜ ਵਿਚ ਧੀਆਂ ਦੀ ਭਰੂਣ ਹੱਤਿਆ ਦਾ ਜਾਰੀ ਰਹਿਣਾ ਅਤੇ ਮਾਸੂਮ ਉਮਰੇ ਧੀਆਂ ਨਾਲ ਹੋ ਰਹੇ ਕੁਕਰਮ ਸਾਡੇ ਸੱਭਿਆਚਾਰ ਉੱਤੇ ਧੱਬਾ ਹੈ। ਔਰਤ ਜਾਤੀ ਦੀ ਹੋਂਦ ਨਿਗੂਣੀ ਹੁੰਦੀ ਹੈ। ਔਰਤ ਪੁੱਤਰ ਦੀ ਮਾਂ, ਭਰਾ ਦੀ ਭੈਣ, ਪਿਉ ਦੀ ਧੀ, ਸਹੁਰੇ ਦੀ ਨੂੰਹ ਅਤੇ ਪਤੀ ਦੀ ਪਤਨੀ ਕਰਕੇ ਹੀ ਜਾਣੀ-ਪਹਿਚਾਣੀ ਜਾਂਦੀ ਹੈ। ਜਿਵੇਂ ਕਿ ਉਹ ਪਰਛਾਵਾਂ ਹੋਵੇ, ਕਵਿੱਤਰੀ ਲਿਖਦੀ ਹੈ:
'ਕਦੇ ਪਿਤਾ ਦੀ ਪੁੱਤਰੀ ਹਾਂ/ਕਦੇ ਪਤੀ ਦੀ ਪਤਨੀ ਹਾਂ,
ਪੁੱਤਰ ਦੀ ਮਾਂ ਕਦੇ ਸ਼ਰਮ ਹਯਾ
ਮੇਰਾ ਆਇਆ ਨਾ ਕਿਸੇ ਮੂੰਹ ਤੇ ਨਾਂਅ,
ਭਾਵੇਂ ਕਿੰਨੀ ਮੈਂ ਮਹਾਨ ਬਣੀਂ
ਰੱਬਾ ਦੁਨੀਆ ਤੇ ਮੇਰੀ ਆਪਣੀ ਨਾ ਪਹਿਚਾਣ ਬਣੀ....।'
ਮਨਜੀਤ ਕੌਰ ਨੇ ਪੰਜਾਬੀ ਸਮਾਜ ਵਿਚ ਹੋ ਰਹੀਆਂ ਅਣਹੋਣੀਆਂ ਅਤੇ ਵਿਡੰਬਨਾਵਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਅਹਿਮ ਸਥਾਨ ਦਿੱਤਾ ਹੈ। ਉਸ ਨੇ ਲੋਕ ਹਿਤੂ ਮਸਲਿਆਂ ਉੱਤੇ ਕਲਮ ਚਲਾਈ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਇਵੇਂ ਹਨ : ਬਾਬਲ, ਸੱਸ, ਪਰਦੇ, ਧੀਆਂ, ਹੰਝੂ, ਰਿਸ਼ਤੇ, ਮਾਏ, ਵਿਹੜੇ, ਹੰਕਾਰ, ਮੰਗਤਾ, ਸੁਪਨੇ ਆਦਿ। ਮੈਨੂੰ ਖੁਸ਼ੀ ਹੈ ਕਿ ਮਨਜੀਤ ਕੌਰ ਦੀਆਂ ਸਾਰੀਆਂ ਹੀ ਕਾਵਿ-ਰਚਨਾਵਾਂ ਬਾਬਹਿਰ ਅਤੇ ਛੰਦ ਮੁਖੀ ਹਨ। ਇਹ ਪੁਸਤਕ ਸਿੱਖਿਆਦਾਇਕ ਅਤੇ ਸੂਝ-ਮੁਖਤਾ ਨੂੰ ਪ੍ਰਪੱਕ ਕਰਨ ਵਾਲੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ
ਲੇਖਿਕਾ : ਦਲਜੀਤ ਕੌਰ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 99155-60280.


'ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ' ਪੰਜਾਬੀ ਖੋਜ ਸਾਹਿਤ ਦਾ ਇਕ ਅਹਿਮ ਅੰਗ ਹੈ। ਲੇਖਿਕਾ ਨੇ ਇਸ ਖੋਜ ਪੁਸਤਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਹੈ। ਇਹ ਪੁਸਤਕ ਵਿਸ਼ਵ ਧਰਮ ਇਤਿਹਾਸ ਅੰਦਰ ਪੁਆਧ ਦੀ ਧਰਤੀ ਦੀ ਖੁਸ਼ਬੂ ਨੂੰ ਪ੍ਰਗਟ ਕਰਨ ਦਾ ਇਕ ਸਫ਼ਲ ਤੇ ਨਿਵੇਕਲਾ ਉਪਰਾਲਾ ਹੈ ਕਿਉਂਕਿ ਪੰਜਾਬ ਦੇ ਉਪ ਖੇਤਰਾਂ ਨੂੰ ਅਸੀਂ ਸਾਰੇ ਪੰਜਾਬੀ ਪਿਆਰਿਆਂ ਨੇ ਮੁਲਤਾਨ, ਪੋਠੋਹਾਰ, ਝਾਂਗੀ, ਡੋਗਰ, ਮਾਝਾ, ਦੁਆਬਾ, ਮਾਲਵਾ, ਢਾਹਾ, ਪੁਆਧ ਆਦਿ ਕਿੰਨੇ ਹੀ ਹੋਰ ਸ਼ਬਦਾਂ ਨਾਲ ਪਛਾਣ ਦਿੱਤੀ ਹੋਈ ਹੈ। ਬਾਅਦ ਵਿਚ ਇਹੋ ਸ਼ਬਦ ਉਪ ਬੋਲੀਆਂ ਦੇ ਸ਼ਬਦ ਵੀ ਬਣੇ। ਗੁਰੂ ਸਾਹਿਬਾਨ ਨਾਲ ਇਸ ਧਰਤੀ ਦਾ ਅਟੁੱਟ ਰਿਸ਼ਤਾ ਹੈ। ਲੇਖਿਕਾ ਨੇ ਇਸ ਖੋਜ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪੁਆਧ ਦਾ ਭੂਗੋਲਿਕ ਖੇਤਰ, ਤੱਤੀ ਤਵੀ ਤੋਂ ਚਾਂਦਨੀ ਚੌਕ ਦਾ ਪੈਂਡਾ, ਗੁਰੂ ਸਾਹਿਬਾਨ ਦਾ ਪੁਆਧ ਖੇਤਰ ਬਾਲ ਸਬੰਧ, ਇਸ ਖੇਤਰ ਵਿਚ ਕੀਰਤਪੁਰ ਸਾਹਿਬ ਵਸਾਉਣਾ, ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ, ਵਿਆਹ, ਪੁਆਧ ਨਾਲ ਰਿਸ਼ਤਾ, ਧਰਤ ਭਈ ਹਰਿਆਵਲੀ, ਚਿੜੀਆਂ ਕੋਲੋਂ ਬਾਜ਼ ਤੁੜਵਾਉਣਾ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ, ਖਾਲਸਾ ਪੰਥ ਦੀ ਸਾਜਨਾ, ਨਾਢਾ ਸਾਹਿਬ, ਦਸਮ ਪਾਤਸ਼ਾਹ ਦੇ ਵਿਆਹ ਦੀਆਂ ਰੌਣਕਾਂ, ਦਸਮ ਪਾਤਸ਼ਾਹ ਦੇ ਮਹਲ, ਗ੍ਰਹਿਸਥ ਜੀਵਨ ਤੋਂ ਪਿੱਛੋਂ ਪੁਸਤਕ ਦੇ ਦੂਜੇ ਭਾਗ ਵਿਚ ਪੁਆਧ ਦੀ ਧਰਤੀ 'ਤੇ ਅਮਿੱਟ ਪੈੜਾਂ, ਬਾਬਾ ਅਜੀਤ ਸਿੰਘ ਦੇ ਘੋੜੇ ਦੀਆਂ ਟਾਪਾਂ, ਸਿੰਘਾਂ ਵਲੋਂ ਬੇ-ਦਾਵਾ ਦੇਣਾ, ਕਿਲ੍ਹਾ ਅਨੰਦਗੜ੍ਹ ਛੱਡਣਾ, ਭੱਠਾ ਸਾਹਿਬ, ਗੜ੍ਹੀ ਦੀ ਵਿਉਂਤਬੰਦੀ, ਗੁਰੂ ਸਾਹਿਬ ਦਾ ਚਮਕੌਰ ਗੜ੍ਹੀ ਛੱਡਣਾ ਅਤੇ ਚਮਕੌਰ ਸਾਹਿਬ ਸ਼ਹੀਦ ਦਾ ਵੇਰਵਾ ਦਰਜ ਹੈ। ਪੁਸਤਕ ਦੇ ਅੰਤਿਮ ਤੇ ਤੀਸਰੇ ਭਾਗ ਵਿਚ ਨਿੱਕੇ-ਨਿੱਕੇ ਪੈਰਾਂ ਦੇ ਅਮਿੱਟ ਨਿਸ਼ਾਨ, ਕੁੰਮੇ ਮਾਸ਼ਕੀ ਦੀ ਝੁੱਗੀ, ਗੰਗੂ ਬ੍ਰਾਹਮਣ ਦਾ ਘਰ, ਕੋਤਵਾਲੀ ਮੋਰਿੰਡੇ ਤੋਂ ਠੰਢੇ ਬੁਰਜ ਤੱਕ, ਸਰਹੰਦ ਦੀ ਖੂਨੀ ਦੀਵਾਰ, ਦੀਵਾਨ ਟੋਡਰ ਮੱਲ ਦੀ ਅਦੁੱਤੀ ਦੇਣ, ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਨਾਂਅ ਆਦਿ ਵਿਸ਼ਿਆਂ ਦੀ ਵੰਡ ਕਰਕੇ ਛੋਟੇ ਆਕਾਰ ਦੀ ਪੁਸਤਕ ਨੂੰ ਵੱਡੇ ਇਤਿਹਾਸਕ ਕਾਰਜ ਵਜੋਂ ਪੇਸ਼ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਵਿਦਵਾਨ ਡਾ: ਗੁਰਨਾਇਬ ਸਿੰਘ ਨੇ ਲੇਖਿਕਾ ਦੇ ਵਡਮੁੱਲੇ ਕਾਰਜ ਸਬੰਧੀ ਪਾਠਕਾਂ ਨਾਲ ਦੋ-ਸ਼ਬਦਾਂ ਦੀ ਸਾਂਝ ਕੀਤੀ ਹੈ। ਥਾਂ ਪੁਰ ਥਾਂ ਇਤਿਹਾਸਕ ਤਸਵੀਰਾਂ ਅਤੇ ਅੰਤਿਕਾ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ।

-ਭਗਵਾਨ ਸਿੰਘ ਜੌਹਲ
ਮੋ: 98143-24040.

c c c

ਪ੍ਰਾਪਰਟੀ ਗੁਰੂ
ਲੇਖਕ : ਰਾਜਵੰਤ ਸਿੰਘ ਮੋਹਾਲੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 78374-54545.

ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਰਾਜਵੰਤ ਸਿੰਘ ਮੋਹਾਲੀ ਨੇ ਇਸ ਖੇਤਰ ਵਿਚ ਚਮਤਕਾਰੀ ਕੰਮ ਕੀਤਾ ਹੈ। ਇਨ੍ਹਾਂ ਪੁਸਤਕਾਂ ਰਾਹੀਂ ਉਸ ਨੇ ਪ੍ਰਾਪਰਟੀ ਦੇ ਸਬੰਧ ਵਿਚ ਅਨੇਕਾਂ ਪ੍ਰਸ਼ਨਾਂ, ਮਸਲਿਆਂ ਅਤੇ ਅੜਾਉਣੀਆਂ ਹੱਲ ਕਰਕੇ, ਇਸ ਦੇ ਕਾਰੋਬਾਰੀ ਪਾਠਕਾਂ ਨੂੰ ਬਹੁੁਮੁੱਲਾ ਲਾਭ ਪਹੁੰਚਾਇਆ ਹੈ।
'ਪ੍ਰਾਪਰਟੀ ਗੁਰੂ' ਇਸ ਲੜੀ ਵਿਚ ਉਸ ਦੀ ਨਵੀਂ ਕਿਤਾਬ ਹੈ ਜੋ ਭਾਵੇਂ ਸਾਹਿਤ ਨਾਲ ਸਬੰਧ ਨਹੀਂ ਰੱਖਦੀ, ਪਰ ਪੜ੍ਹਨ ਵਿਚ ਕਿਸੇ ਸਾਹਿਤਕ ਕਿਤਾਬ ਨਾਲੋਂ ਵੀ ਵੱਧ ਦਿਲਚਸਪ ਹੈ। ਇਸ ਪੁਸਤਕ ਵਿਚ ਪ੍ਰਾਪਟੀ ਦੀ ਖਰੀਦ, ਵੇਚ ਵੇਲੇ ਰੱਖਣ ਵਾਲੀਆਂ ਸਾਵਧਾਨੀਆਂ ਦਾ ਜ਼ਿਕਰ ਹੈ। ਪ੍ਰਾਪਰਟੀ ਦੀ ਖਰੀਦ ਵੇਚ ਨਾਲ ਸਬੰਧ ਰੱਖਣ ਵਾਲੇ ਕਈ ਜ਼ਰੂਰੀ ਕਾਗਜ਼ਾਂ ਦੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ। ਇਕਰਾਰਨਾਮਾ, ਵਸੀਅਤ, ਮੁਖਤਿਆਰਨਾਮਾ, ਰਹਿਨਨਾਮਾ, ਕਾਨੂੰਨੀ ਛਾਣਬੀਣ ਰਪਟ, ਕੰਟਰੈਕਟ ਫਾਰਮਿੰਗ, ਔਰਤ ਦੇ ਨਾਂਅ 'ਤੇ ਪ੍ਰਾਪਰਟੀ ਖਰੀਦਣਾ ਜਿਹੇ ਸ਼ਬਦਾਂ ਦੇ ਅਰਥ ਤੇ ਉਨ੍ਹਾਂ ਦੀ ਮਹੱਤਤਾ ਬਿਆਨ ਕੀਤੀ ਗਈ ਹੈ। ਉਹ ਇਸ ਪੁਸਤਕ 'ਚ ਪ੍ਰਾਪਰਟੀ ਮਸਲਿਆਂ ਦੀ ਆਮ ਜਾਣਕਾਰੀ ਤਾਂ ਦਿੰਦਾ ਹੀ ਹੈ, ਇਸ ਦੇ ਨਾਲ-ਨਾਲ ਪ੍ਰਾਪਰਟੀ ਮਸਲਿਆਂ ਬਾਰੇ ਲੋੜੀਂਦੀ ਆਰਥਿਕ ਚੇਤਨਾ ਦਾ ਵੀ ਜ਼ਿਕਰ ਕਰਦਾ ਹੈ। ਪੁਸਤਕ ਨੂੰ ਰੌਚਕ ਬਣਾਉਣ ਲਈ ਉਹ ਹਰੇਕ ਮਸਲੇ 'ਚ ਪੈਦਾ ਹੋਈਆਂ ਕਹਾਣੀਆਂ ਤੇ ਉਨ੍ਹਾਂ ਪਾਤਰਾਂ ਦੀ ਦਸ਼ਾ ਅਤੇ ਦੁਰਦਸ਼ਾ ਵੀ ਬਿਆਨ ਕਰਦਾ ਹੈ। ਭਾਵੇਂ ਪੰਜਾਬੀ ਹੁਣ ਆਮ ਦਫ਼ਤਰਾਂ ਦੀ ਭਾਸ਼ਾ ਬਣ ਗਈ ਹੈ ਪਰ ਪੰਜਾਬ ਦਾ ਮਾਲ ਮਹਿਕਮਾ ਹਾਲੇ ਵੀ ਬਾਬਾ ਆਦਮ ਵੇਲੇ ਦੇ ਉਰਦੂ ਫਾਰਸੀ ਦੀ ਸ਼ਬਦਾਵਲੀ ਹੀ ਆਪਣੇ ਕਾਰ ਵਿਹਾਰ ਵਿਚ ਪ੍ਰਯੋਗ ਕਰਦਾ ਹੈ। ਹਾਲੇ ਵੀ ਅਕਸ ਸਜਰਾ, ਖਸਰਾ ਬਹੀ, ਜੁਰੀਬ, ਬਾਇਆ, ਮੁਸ਼ਤਰੀ, ਮੁਸ਼ਤਰਕਾ, ਸਾਕਿਨ ਦੇਹ, ਚਾਹੀ, ਖੇਵਟ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਪ੍ਰਾਪਰਟੀ ਨਾਲ ਜੁੜੇ ਲੋਕਾਂ ਦੀ ਸੌਖ ਲਈ ਲੇਖਕ ਨੇ ਇਨ੍ਹਾਂ ਸ਼ਬਦਾਂ ਦੇ ਵੇਰਵੇ ਵੀ ਇਸ ਪੁਸਤਕ ਦੇ ਇਕ ਕਾਂਡ ਵਿਚ ਦਰਜ ਕਰ ਦਿੱਤੇ ਹਨ। ਜ਼ਮੀਨ ਦਾ ਖੇਤਰਫਲ ਕੱਢਣ ਲਈ ਵੀ ਲੋੜੀਂਦਾ ਪੈਮਾਨਾ ਤੇ ਫਾਰਮੂਲੇ ਵੀ ਇਸ ਪੁਸਤਕ ਨੂੰ ਲਾਹੇਵੰਦ ਬਣਾਉਂਦੇ ਹਨ। ਇਹੋ ਜਿਹੀਆਂ ਪੁਸਤਕਾਂ ਪੰਜਾਬੀ ਭਾਸ਼ਾ ਦੇ ਭੰਡਰ ਵਿਚ ਬਹੁਮੁੱਲਾ ਵਾਧਾ ਕਰਨ ਵਿਚ ਸਹਾਈ ਹੋਣਗੀਆਂ।

-ਕੇ. ਐਲ. ਗਰਗ
ਮੋ: 94635-37050

c c c

ਝੁਕਿਆ ਹੋਇਆ ਸਿਰ
ਲੇਖਕ : ਗੁਰਮੀਤ ਸਿੰਘ ਸਿੰਗਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98550-72504.

ਹਥਲੀ ਪੁਸਤਕ ਵਿਚ ਲੇਖਕ ਨੇ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀਆਂ ਵਿਚ ਜ਼ਿੰਦਗੀ ਦੇ ਵਿਭਿੰਨ ਸਰੋਕਾਰ ਹਨ। ਕਹਾਣੀ ਹਾਦਸੇ ਦਰ ਹਾਦਸੇ ਵਿਚ ਸੁਸ਼ਮਾ ਤੇ ਅਨਿਲ ਦੀ ਮੁਹੱਬਤ ਵਿਚ ਸ਼ੱਕ ਦੇ ਚਿਣਗ ਤਲਾਕ ਤੱਕ ਲੈ ਜਾਂਦੀ ਹੈ। ਤਲਾਕ ਤੋਂ ਪਿੱਛੋਂ ਉਸ ਦੇ ਘਰ ਪੁੱਤਰ ਰਕੇਸ਼ ਦਾ ਜਨਮ ਹੁੰਦਾ ਹੈ। ਸੁਸ਼ਮਾ ਪੁੱਤਰ ਦੇ ਆਸਰੇ ਜ਼ਿੰਦਗੀ ਕਟ ਲੈਂਦੀ ਹੈ। ਕਹਾਣੀ ਨੂੰ ਫਲੈਸ਼ ਬੈਕ ਵਿਚ ਉਸਾਰਿਆ ਗਿਆ ਹੈ। ਕਹਾਣੀ 'ਜ਼ਿਮੀ ਆਸਮਾਂ' ਵਿਚ ਦਫ਼ਤਰੀ ਮਾਹੌਲ ਹੈ। ਦਰਜਾ ਚਾਰ ਕਰਮਚਾਰੀ ਦਫ਼ਤਰ ਦੀ ਕਲਰਕ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਾ ਮੌਕੇ 'ਤੇ ਫੜਿਆ ਜਾਂਦਾ ਹੈ। ਸਾਈਕਲ 'ਤੇ ਦੌੜ ਕੇ ਕਿਸੇ ਹੋਟਲ ਵਿਚ ਜਾ ਲੁਕਦਾ ਹੈ। ਉਥੇ ਸ਼ਰਾਬ ਪੀਣ ਪਿੱਛੋਂ ਮੌਤ ਹੋ ਜਾਂਦੀ ਹੈ। ਕਹਾਣੀ 'ਬੰਸੀ' ਦੀ ਪਾਤਰ ਗ਼ਰੀਬ ਔਰਤ ਹੈ ਜੋ ਵਿਚਾਰੀ ਆਪਣੇ ਪਤੀ ਤੋਂ ਕੁੱਟ ਖਾਂਦੀ ਹੈ ਜੋ ਨਸ਼ੇ ਕਰਨ ਲਈ ਪੈਸੇ ਮੰਗਦਾ ਹੈ। ਨਾ ਮਿਲਣ 'ਤੇ ਕੁੱਟਦਾ ਹੈ। ਹਰੇਕ ਮੁਲਾਜ਼ਮ ਨਾਲ ਖਹਿਬੜਦਾ ਹੈ। 'ਮਾੜੂ' ਦਾ ਗ਼ਰੀਬ ਪਾਤਰ ਦੁੱਧ ਪੀਣ ਤੋਂ ਤਰਸਦਾ ਹੈ। ਮਾਂ ਸਾਰਾ ਦੁੱਧ ਡੇਅਰੀ ਵਿਚ ਪਾ ਕੇ ਮੱਝ ਖਰੀਦਣ ਵੇਲੇ ਲਿਆ ਕਰਜ਼ਾ ਲਾਹੁੰਦੀ ਹੈ। ਕਹਾਣੀ 'ਤੂੜੀ ਵਾਲਾ ਕੋਠਾ' ਪ੍ਰਤੀਕ ਹੈ ਉਸ ਥਾਂ ਦਾ ਜਿਥੇ ਮਜਬੂਰ ਪਾਤਰ ਬਿੰਦਰ ਦਾ ਮਰਦ ਪਾਤਰ ਕੋਲੋਂ ਸ਼ੋਸ਼ਣ ਹੋਇਆ ਹੁੰਦਾ ਹੈ। ਸਿਰਲੇਖ ਵਾਲੀ ਕਹਾਣੀ ਦਾ ਪਾਤਰ ਰਾਮ ਲਾਲ ਸਿਰੇ ਦਾ ਰਿਸ਼ਵਤਖ਼ੋਰ ਹੈ ਪਰ ਕਿਸੇ ਅਖੌਤੀ ਡੇਰੇ 'ਤੇ ਜਾ ਕੇ ਜੋੜਿਆਂ ਦੀ ਸੇਵਾ ਕਰਦਾ ਹੈ। ਕਹਾਣੀ 'ਧੂੰਆਂ' ਦੇ ਦੋ ਗਰੀਬ ਪਾਤਰ ਇਸ ਲਈ ਬੇਰੁਜ਼ਗਾਰ ਹੋ ਜਾਂਦੇ ਹਨ ਕਿ ਖੇਤਾਂ ਦਾ ਸਾਰਾ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ। ਲੇਖਕ ਨੂੰ ਇਹੋ ਜਿਹੇ ਲਾਚਾਰ ਪਾਤਰਾਂ ਨਾਲ ਹਮਦਰਦੀ ਹੈ। ਸੰਗ੍ਰਹਿ ਦੀਆਂ ਕਹਾਣੀਆਂ ਸਮਾਜ ਦੇ ਮਜਬੂਰ ਤੇ ਲਾਚਾਰ ਪਾਤਰਾਂ ਦੀ ਰੁਲਦੀ ਜ਼ਿੰਦਗੀ ਦੀ ਵਧੀਆ ਪੇਸ਼ਕਾਰੀ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
c c c

08-04-2018

 ਪੱਤਝੜ ਵਿਚ ਪੁੰਗਰਦੇ ਪੱਤੇ
ਕਵੀ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 98152-98459
.

'ਪੱਤਝੜ ਵਿਚ ਪੁੰਗਰਦੇ ਪੱਤੇ' ਲੇਖਿਕਾ ਦਾ ਤੀਜਾ ਗ਼ਜ਼ਲ ਸੰਗ੍ਰਹਿ ਹੈ। ਸੁਖਵਿੰਦਰ ਮੂਲ ਰੂਪ ਵਿਚ ਅਜਿਹੇ 'ਇਸ਼ਕ-ਅਨੁਭਵ' ਦੀ ਕਵੀ ਹੈ, ਜਿਸ ਨੂੰ ਮਿਜ਼ਾਜੀ ਜਾਂ ਹਕੀਕੀ ਦੀ ਵਰਗ ਵੰਡ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਉਸ ਦੀ ਕਾਵਿ ਕੁਠਾਲੀ ਵਿਚ ਤਪ ਕੇ ਇਸ਼ਕ ਦਾ ਸਰੂਪ 'ਕਾਮਿਲ' ਬਣ ਜਾਂਦਾ ਹੈ। ਅਜਿਹੇ ਇਸ਼ਕ ਦੀ ਤਰਜਮਾਨੀ ਕਰਦੀ ਹੋਈ ਉਹ ਲਿਖਦੀ ਹੈ : 'ਜਦ ਵੀ ਮੈਂ ਆਪਣੇ ਇਸ਼ਕ ਦਾ ਕੋਈ ਵਾਕਿਆ ਲਿਖਾਂ। ਖ਼ੁਦ ਨੂੰ ਖ਼ੁਦਾਈ ਇਸ਼ਕ ਨੂੰ ਆਪਣਾ ਖ਼ੁਦਾ ਲਿਖਾਂ।'
ਗ਼ਜ਼ਲ ਕਾਵਿ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਦੇਣ ਵਾਲੇ ਵਿਦਵਾਨ ਇਸ ਕਾਵਿ ਰੂਪ ਨੂੰ 'ਮਹਿਬੂਬ ਨਾਲ ਗੱਲਾਂ' ਦੇ ਹਵਾਲੇ ਨਾਲ ਸਮਝਾਉਂਦੇ ਹਨ। ਸੁਖਵਿੰਦਰ ਅੰਮ੍ਰਿਤ ਗ਼ਜ਼ਲ ਦੀ ਇਸ ਪਰਿਭਾਸ਼ਾ ਨੂੰ ਨਜ਼ਰੋਂ ਓਹਲੇ ਨਹੀਂ ਹੋਣ ਦਿੰਦੀ। ਉਸ ਦੀਆਂ ਗ਼ਜ਼ਲਾਂ ਦਾ ਵਾਚਕ (ਨੈਰੇਟਰ) ਮਹਿਬੂਬ ਨੂੰ ਗੱਲਾਂ ਵਿਚ ਉਲਝਾਈ ਰੱਖਦਾ ਹੈ। ਦੇਖੋ :
ਨਾ ਤੂੰ ਆਇਆ ਨਾ ਗੁਫ਼ਤਗੂ ਹੋਈ।
ਟੋਟੇ ਟੋਟੇ ਹੈ ਆਰਜ਼ੂ ਹੋਈ।
ਹੌਲੀ ਹੌਲੀ ਲਬਾਂ 'ਤੇ ਆਏਗੀ,
ਹਾਲੇ ਨੈਣਾਂ 'ਚ ਗੱਲ ਸ਼ੁਰੂ ਹੋਈ।
ਇਸ਼ਕ ਤੇਰੇ 'ਚ ਢਲ ਤੇਰੀ 'ਅੰਮ੍ਰਿਤ'
ਤੇਰੇ ਵਰਗੀ ਹੀ ਹੂਬਹੂ ਹੋਈ।
ਸੁਖਵਿੰਦਰ ਅੰਮ੍ਰਿਤ ਦੀ ਹਰ ਗ਼ਜ਼ਲ ਉਸ ਦੀ ਸ਼ਖ਼ਸੀਅਤ ਦੇ ਆਸ-ਪਾਸ ਰਹਿੰਦੀ ਹੈ, ਇਸ ਦੀ ਪਰਿਕਰਮਾ ਕਰਦੀ ਹੈ। ਗ਼ਜ਼ਲ ਸਿਰਜਣ ਦੇ ਆਹਰ ਵਿਚ ਉਹ ਆਪਣੀ ਸ਼ਖ਼ਸੀਅਤ ਨੂੰ ਏਨਾ ਉੱਦਾਤ ਬਣਾ ਲੈਂਦੀ ਹੈ ਕਿ ਇਸ ਵਿਚੋਂ ਆਤਮ-ਪੂਜਾ ਦਾ ਆਭਾਸ ਤੱਕ ਨਹੀਂ ਹੁੰਦਾ। ਉਹ ਆਪਣਾ ਹਰ ਸ਼ਿਅਰ ਬੜੀ ਦ੍ਰਿੜ੍ਹਤਾ ਨਾਲ ਕਹਿੰਦੀ ਹੈ। ਦੁਬਿਧਾ ਜਾਂ ਝਿਜਕ ਉਸ ਦੇ ਕਲਾਮ ਨੂੰ ਕਮਜ਼ੋਰ ਨਹੀਂ ਕਰ ਪਾਉਂਦੀ। ਸਵੈ-ਵਿਸ਼ਵਾਸ ਅਤੇ ਆਸ਼ਾਵਾਦਿਤਾ ਉਸ ਦੀ ਸ਼ਾਇਰੀ ਦੇ ਦੋ ਪ੍ਰਮੁੱਖ ਹਾਸਲ ਹਨ। ਇਨ੍ਹਾਂ ਦੀ ਵਜ੍ਹਾ ਨਾਲ ਉਸ ਦੀ ਸ਼ਾਇਰੀ ਨਿਰਬਲਾਂ ਅਤੇ ਨਿਆਸਰਿਆਂ ਦਾ ਸਹਾਰਾ ਹੋ ਨਿਬੜਦੀ ਹੈ। ਉਸ ਦਾ ਇਹੋ ਜਿਹਾ ਇਕ ਅੰਦਾਜ਼ ਦੇਖੋ, 'ਮੌਸਮਾਂ ਨੇ ਬਹੁਤ ਉਸ ਨੂੰ ਰੋਕਿਆ। ਉਸ ਨੇ ਆਪਣਾ ਦਮ ਵਿਖਾਇਆ ਖਿੜ ਪਿਆ। ਨੇਰੀਆਂ ਦੇ ਨਾਲ ਤਾਂ ਲੜਦਾ ਰਿਹਾ ਪਰ ਮੇਰੇ ਪੱਲੇ 'ਚ ਫੁੱਲ ਉਹ ਡਿਗ ਪਿਆ।'

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤਾਏ ਨੇ ਘਰੇ ਈ ਰਹਿਣੈਂ

ਲੇਖਕ : ਡਾ: ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ : ਅਦਬੀ ਪ੍ਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ : 9914594867.

ਲੇਖਕ ਨੇ ਕੁੱਲ 56 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਇਸ ਸੰਗ੍ਰਹਿ ਵਿਚਲੀ ਪਹਿਲੀ ਕਹਾਣੀ ਤਾਏ ਨੇ ਘਰੇ ਈਂ ਰਹਿਣੈਂ ਬਹੁਤ ਹੀ ਪ੍ਰਭਾਵਸ਼ਾਲੀ ਹੈ ਕਿ ਬਾਹਰਲੇ ਦੇਸ਼ਾਂ ਵਿਚ ਲੋਕਾਂ ਦਾ ਆਪਸੀ ਏਨਾ ਮੋਹ ਭੰਗ ਹੋ ਗਿਆ ਹੈ ਕਿ ਬਾਪੂ ਦਾ ਪੁੱਤਰ ਕਿਰਾਇਆ ਦੇਣ ਪਿੱਛੇ ਆਪਣੇ ਪਿਓ ਨੂੰ ਲੁਕੋ ਦਿੰਦਾ ਹੈ ਅਤੇ ਆਪਣੇ ਚਾਚੇ ਦੇ ਪੁੱਤ ਨੂੰ ਉਸ ਨੂੰ ਮਿਲਾਉਣ ਤੋਂ ਵੀ ਗੁਰੇਜ਼ ਕਰਦਾ ਹੈ, ਜੋ ਇਕ ਪੈਸੇ ਦੀ ਤ੍ਰਾਸਦੀ ਹੈ ਪਰ ਬਾਪੂ ਨੂੰ ਅਚਾਨਕ ਖੰਘ ਆਉਣ ਕਰਕੇ ਉਸ ਦੇ ਚਾਚੇ ਦੇ ਪੁੱਤ ਨੂੰ ਪਤਾ ਲੱਗ ਜਾਂਦਾ ਹੈ ਤਾਂ ਚਾਚੇ ਦਾ ਪੁੱਤ ਬੇਸਮੈਂਟ ਦਾ ਕਿਰਾਇਆ ਵਧਾਉਣ ਦੀ ਗੱਲ ਕਰਦਾ ਹੈ। ਕਹਾਣੀ 'ਪਾਪਣ' ਭਰੂਣ-ਹੱਤਿਆ ਬਾਰੇ ਹੈ। 'ਡਿਊਟੀ' ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਔਰਤਾਂ ਨੂੰ ਸੂਟਾਂ ਦੀ ਕਿੰਨੀ ਲਾਲਸਾ ਹੁੰਦੀ ਹੈ, ਜਿਸ ਕਰਕੇ ਉਹ ਆਪਣੇ ਬੱਚਿਆਂ ਦੀ ਵੀ ਪਰਵਾਹ ਨ੍ਹੀਂ ਕਰਦੀਆਂ। ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਵੱਲ ਜਾਂਦੀਆਂ ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਯਥਾਰਥ ਨੂੰ ਲੇਖਕ ਨੇ ਬਾਖੂਬੀ ਬਿਆਨ ਕੀਤਾ ਹੈ। 'ਬਸ ਦਾ ਹੈਂਦਲ' ਕਹਾਣੀ ਵਿਚ ਬਾਪੂ ਆਪਣੇ ਪੁੱਤਰ ਦੇ ਮੋਹ-ਵਿਹੂਣਾ ਹੋ ਕੇ ਪੁੱਤਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਵਾ ਦਿੰਦਾ ਹੈ। ਜੋ ਸਮਾਜ ਵਿਚ ਰਾਜਨੀਤਿਕ ਨਿਘਾਰ ਆ ਰਹੇ ਹਨ ਕਹਾਣੀਕਾਰ ਨੇ ਉਨ੍ਹਾਂ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਦੀ ਪੇਸ਼ਕਾਰੀ ਆਪਣੀਆਂ ਕਹਾਣੀਆਂ ਵਿਚ ਕੀਤੀ ਹੈ। ਇਸ ਤਰ੍ਹਾਂ ਕਾਲਜ ਨਾਲ ਵਾਹ-ਵਾਸਤਾ ਹੋਣ ਕਰਕੇ ਲੇਖਕ ਦੀਆਂ ਕਹਾਣੀਆਂ ਵੀ ਉਸੇ ਤਰ੍ਹਾਂ ਦੇ ਵਾਤਾਵਰਨ ਨਾਲ ਸਬੰਧਿਤ ਹਨ ਜਿਵੇਂ 'ਨੌਕਰੀ ਬਨਾਮ ਸੇਵਾ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਕਾਲਜ ਮੈਨੇਜਮੈਂਟ ਕਿਸ ਤਰ੍ਹਾਂ ਆਪਣੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀ ਹੈ। ਕਹਾਣੀਕਾਰ ਨੇ ਨੋਟਬੰਦੀ ਵਰਗੇ ਚਲੰਤ ਵਿਸ਼ਿਆਂ ਨੂੰ ਵੀ ਛੋਹਿਆ ਹੈ। ਲੇਖਕ ਦਾ ਗਲਪੀ-ਬਿੰਬ ਕਟਾਖਸ਼ ਅਤੇ ਵਿਅੰਗ ਭਰਪੂਰ ਹੈ ਉਸ ਨੇ ਪੈਸੇ ਦੇ ਹੰਕਾਰ ਨੂੰ ਤੋੜਨ ਵਾਲੀ ਕਹਾਣੀ 'ਪੈਸਾ ਬੜੀ ਚੀਜ਼ ਹੈ,' ਵਿਚਲਾ ਪਾਤਰ ਉਦੋਂ ਗੁੰਮ-ਸੁੰਮ ਹੋ ਜਾਂਦਾ ਹੈ ਜਦੋਂ ਉਸ ਦਾ ਪੁੱਤਰ ਕਹਿੰਦਾ ਹੈ ਕਿ ਪਾਪਾ ਜੇ ਪੈਸੇ ਨਾਲ ਸਭ ਕੁਝ ਖਰੀਦ ਸਕਦੇ ਹੋ ਤਾਂ ਮੈਨੂੰ ਮੰਮੀ ਦੀ ਬਹੁਤ ਯਾਦ ਆਉਂਦੀ ਹੈ ਉਹ ਲਿਆ ਦਿਓ। ਕਟਾਖਸ਼ ਕਰਕੇ ਲੇਖਕ ਨੇ ਸਮਾਜ ਦਾ ਯਥਾਰਥਕ ਦ੍ਰਿਸ਼ ਪੇਸ਼ ਕੀਤਾ ਹੈ। ਪੁਸਤਕ ਪੜ੍ਹਣਯੋਗ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

 

 

 

 

ਸਰਦਲਾਂ ਦੇ ਆਰ ਪਾਰ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :350 ਰੁਪਏ, ਸਫ਼ੇ : 247
ਸੰਪਰਕ : 98152-98459.

ਪਰਵਾਸੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਦੇ 47 ਕਹਾਣੀਆਂ ਵਾਲੇ ਇਸ ਸੰਗ੍ਰਹਿ ਵਿਚ ਕਹਾਣੀਆਂ ਦਾ ਵਿਸ਼ਾ ਔਰਤ ਮਨ ਦੀ ਵੇਦਨਾ ਅਤੇ ਆਪਣੀ ਹਸਤੀ ਲਈ ਉਸ ਵਲੋਂ ਕੀਤਾ ਜਾ ਰਿਹਾ ਸੰਘਰਸ਼ ਹੈ। ਪਰਵਾਸ ਵਿਚ ਵਿਚਰਦੀ ਔਰਤ ਅਤੇ ਘਰ ਦੀ ਤਲਾਸ਼ ਦੇ ਨਾਲ-ਨਾਲ ਆਪਣੇ ਆਪੇ ਦੀ ਤਲਾਸ਼ ਵਿਚ ਰੁੱਝੀ ਔਰਤ ਇਨ੍ਹਾਂ ਕਹਾਣੀਆਂ ਵਿਚ ਪ੍ਰਤੱਖ ਨਜ਼ਰ ਆਉਂਦੀ ਹੈ। ਰਿਸ਼ਤਿਆਂ ਦੇ ਚੱਕਰਵਿਊ ਵਿਚ ਆਪਣੀ ਹਸਤੀ ਮਿਟਾ ਕੇ ਰਿਸ਼ਤਿਆਂ ਨੂੰ ਨਵੇਂ ਅਰਥ ਪ੍ਰਦਾਨ ਕਰਦੀਆਂ ਅਤੇ ਆਪਣੇ ਘਰਾਂ ਅਤੇ ਚਾਨਣ ਦੀ ਤਲਾਸ਼ ਵਿਚ ਵਿਚਰ ਰਹੀਆਂ ਔਰਤਾਂ ਦੀ ਹੋਣੀ ਬਾਰੇ ਕਹਾਣੀਕਾਰਾ ਨੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਸਰਦਲਾਂ ਦੇ ਆਰ-ਪਾਰ, ਆਪਣਾ ਘਰ, ਕੰਧ ਤੇ ਰਿਸ਼ਤਾ, ਰੇਤ ਵਾਂਗ ਕਿਰਦਾ ਘਰ,... ਤੇ ਚਿੜੀਆਂ ਉੱਡ ਗਈਆਂ, ਦਹਿਲੀਜ਼ ਆਦਿ ਕਹਾਣੀਆਂ ਦੀਆਂ ਔਰਤਾਂ ਆਪਣੇ-ਆਪਣੇ ਹਿੱਸੇ ਦੀ ਮਹਾਂਭਾਰਤ ਲੜਦੀਆਂ ਤਾਂ ਨਜ਼ਰ ਆਉਂਦੀਆਂ ਹਨ, ਨਾਲ ਹੀ ਉਹ ਮਾਨਸਿਕ ਸੰਘਰਸ਼ ਕਰਦੀਆਂ ਵੀ ਨਜ਼ਰ ਪੈਂਦੀਆਂ ਹਨ। ਔਰਤ ਲਈ ਜੀਵਨ ਇਕ ਸੰਘਰਸ਼ ਹੈ, ਜੋ ਉਸ ਨੂੰ ਮਾਨਸਿਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਆਪਣੀ ਹੋਂਦ ਦੀ ਸਥਾਪਤੀ ਲਈ ਕਰਨਾ ਪੈਂਦਾ ਹੈ। ਕਹਾਣੀ ਬਿੰਦਰ ਕਿੱਥੇ ਹੈ, ਮਾਵਾਂ ਠੰਢੀਆਂ ਛਾਵਾਂ ਵਿਚ ਪਰਵਾਸ ਵਿਚ ਰਹਿੰਦੇ ਬਜ਼ੁਰਗਾਂ ਦੀ ਦਸ਼ਾ ਨੂੰ ਬਿਆਨਿਆ ਗਿਆ ਹੈ, ਜਿੱਥੇ ਘਰ, ਪਰਿਵਾਰ ਰਿਸ਼ਤਿਆਂ ਦਾ ਮੁੱਲ ਸਿਰਫ ਡਾਲਰਾਂ ਨਾਲ ਪੈਂਦਾ ਹੈ। ਬੇਨਾਮ ਰਿਸ਼ਤਾ, ਮਹਿਲ ਕਹਾਣੀਆਂ ਵਿਚ ਪਿਆਰ ਦੀ ਅੰਦਰਲੀ ਮਹਿਕ ਅਤੇ ਜਜ਼ਬਾਤ ਦੀ ਖੂਬਸੂਰਤੀ ਪੇਸ਼ ਕੀਤੀ ਗਈ ਹੈ। ਕੁਝ ਕਹਾਣੀਆਂ ਵਿਚ ਕਹਾਣੀਕਾਰਾ ਨੇ ਅਫ਼ਸਰਸ਼ਾਹੀ ਅਤੇ ਰਾਜਸੀ ਤਾਣੇ-ਬਾਣੇ ਦੀ ਖਹਿਬਾਜ਼ੀ ਨੂੰ ਪੇਸ਼ ਕੀਤਾ ਹੈ, ਜਿਸ ਵਿਚ 'ਕੋਈ ਕਹੇ ਤਾਂ ਕੀ ਕਹੇ' ਜ਼ਿਕਰਯੋਗ ਹੈ। 'ਹਾਰ ਕਿ ਜਿੱਤ' ਕਹਾਣੀ ਪੁਰਾਤਨਤਾ ਅਤੇ ਨਵੀਨਤਾ ਦੇ ਸਹਿਜ ਸੁਮੇਲ ਦੀ ਬਾਤ ਪਾਉਂਦੀ ਹੈ, ਤਾਂ ਜੋ ਸਮਾਜ ਵਿਚ ਸੰਤੁਲਨ ਬਣਿਆ ਰਹੇ। ਤਿੜਕਦੇ ਸਮਾਜਿਕ ਰਿਸ਼ਤਿਆਂ ਅਤੇ ਔਰਤ ਦੀ ਅੰਤਰ ਮਨ ਦੀ ਬਾਤ ਪਾਉਂਦੇ ਇਸ ਕਹਾਣੀ ਸੰਗ੍ਰਹਿ ਵਿਚ ਔਰਤ ਵੇਦਨਾ ਦੀ ਗਾਥਾ ਹੈ। ਉਸ ਦਾ ਆਸ਼ਾਵਾਦੀ, ਉਦਾਸੀਨ, ਸੰਘਰਸ਼ਸ਼ੀਲ ਜੀਵਨ ਹੈ। ਸਰਲ ਅਤੇ ਕੇਂਦਰੀ ਬੋਲੀ ਵਿਚ ਲਿਖੀਆਂ ਇਨ੍ਹਾਂ ਕਹਾਣੀਆਂ ਵਿਚ ਸ਼ਬਦਾਂ ਦੀ ਚੋਣ ਅਤੇ ਬਣਤਰ ਕਿਤੇ-ਕਿਤੇ ਪੁਸਤਕ ਨੂੰ ਕਾਵਿਮਈ ਰੰਗ ਪ੍ਰਦਾਨ ਕਰਦੀ ਹੈ। ਕੁਝ ਨਵੀਆਂ ਅਤੇ ਕੁਝ ਪੁਰਾਣੀਆਂ ਕਹਾਣੀਆਂ ਦਾ ਇਹ ਸੰਗ੍ਰਹਿ ਸੱਚਮੁੱਚ ਔਰਤ ਦੇ ਮਾਨਸਿਕ ਸੰਸਾਰ ਨੂੰ ਸਾਡੇ ਸਾਹਮਣੇ ਫਰੋਲਦਾ ਜਾਪਦਾ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਮਿੱਟੀ ਦੀ ਆਵਾਜ਼

ਗੀਤਕਾਰ : ਬਲਜਿੰਦਰ ਬਾਲੀ ਰੇਤਗੜ੍ਹ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 143
ਸੰਪਰਕ : 94651-29168.

'ਮਿੱਟੀ ਦੀ ਆਵਾਜ਼' ਗੀਤਕਾਰ ਬਲਜਿੰਦਰ ਸਿੰਘ ਰੇਤਗੜ੍ਹ ਦੀ ਪਲੇਠੀ ਕਾਵਿ ਪੁਸਤਕ ਹੈ ਭਾਵੇਂ ਕਿ ਉਹ ਅੱਧੀ ਦਰਜਨ ਦੇ ਲਗਪਗ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਆਪਣੇ ਗੀਤ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਬਕੌਲ ਗੀਤਕਾਰ ਗੀਤ ਸਾਡੇ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਜ਼ਿੰਦਗੀ ਦੇ ਵਰਤਾਰੇ ਹੀ ਦਰਪਣ ਹਨ। ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਨਜ਼ਰੀਏ ਅਕਸ ਹਨ, ਸਾਹਿਤ ਦੀ ਇਸ ਵਿਧਾ ਨੂੰ ਵੱਖ ਕਰਕੇ ਜੀਵਨ ਨੂੰ ਕਿਆਸਿਆ ਵੀ ਨਹੀਂ ਜਾ ਸਕਦਾ। ...ਗੀਤ ਸਿਰਫ ਝਾਂਜਰਾਂ ਦੀ ਛਣਕਾਰ, ਵੰਗਾਂ ਦੀ ਛਣਕ-ਛਣਕ, ਜ਼ੁਲਫ਼ੀ ਉਸਤਤ, ਅਦਾਵਾਂ ਦਾ ਚਿਤਰਣ ਤੇ ਹੁਸਨ ਜੋਬਨ ਦੀ ਉਸਤਤੀ ਹੀ ਨਹੀਂ ਹੁੰਦੇ ਸਗੋਂ ਇਹ ਸਮਾਜ ਦਾ ਸਹੀ ਚਿਤਰਣ ਕਰਦੇ ਹਨ।
ਗੀਤਕਾਰ ਰੇਤਗੜ੍ਹ ਨੇ ਆਪਣੇ ਗੀਤਾਂ ਨੂੰ ਸਾਹਿਤਕ ਦਿੱਖ ਪ੍ਰਦਾਨ ਕੀਤੀ ਹੈ। ਕਰੀਬ ਡੇਢ ਸੌ ਗੀਤ ਇਸ ਪੁਸਤਕ ਦੀ ਸ਼ਾਨ ਬਣੇ ਹਨ। ਉਸ ਦੇ ਗੀਤਾਂ ਦੇ ਵਿਸ਼ੇ ਤੇ ਮੁਖੜੇ ਇਸ ਤਰ੍ਹਾਂ ਦੇ ਹਨ : 'ਮੈਂ ਵਧ ਰਿਹਾ ਵਿਨਾਸ਼ ਵੱਲ ਦਿਸੇ ਜਲ ਜਲਾ ਹੀ ਜਲਜਲਾ ਹਰ ਤਰਫ਼/ਜ਼ਹਿਰ ਪਾਣੀਆਂ ਵਿਚ ਘੋਲਦਾ ਦਿਨੋ-ਦਿਨੀ ਮੈਂ ਜਾ ਰਿਹਾ...' 'ਮੇਰੇ ਸ਼ਾਇਰ ਮੁੱਤਾ... ਤੂੰ ਮਾਂ ਮਿੱਟੀ ਦਾ ਕਰਜ਼' ਚੁਕਾ... ਮਾਂ-ਬੋਲੀ ਤੇਰੀ ਹੈ ਪੰਜਾਬੀ ਇਸ ਨੂੰ ਪੰਜ ਆਬਾਂ ਦੀ ਰਾਣੀ ਬਣਾ....'।
ਇਹ ਸਮੁੱਚੇ ਗੀਤ ਸਾਹਿਤਕ ਵੰਨਗੀ ਦੇ ਗੰਭੀਰ ਚਿਹਰੇ ਮੋਹਰੇ ਵਾਲੇ ਹਨ। ਇਹ ਅਜੋਕੀ ਜਾਂ ਪੁਰਾਤਨ ਪ੍ਰਚਲਿਤ ਜਿਹੀ ਗੀਤਕਾਰੀ ਤੋਂ ਵੱਖ ਕਿਸਮ ਦੇ ਹਨ। ਇਨ੍ਹਾਂ ਵਿਚ ਤੋਲ-ਤੁਕਾਂਤ ਤੇ ਛੰਦ ਬਹਿਰ ਸਲਾਹੁਣਯੋਗ ਸਥਿਤੀ ਵਿਚ ਹਨ। ਬਹੁਤ ਸਾਰੇ ਗੀਤ ਦਿਲ ਉੱਤੇ ਆਪਣਾ ਅਸਰ ਛੱਡਦੇ ਨੇ। ਲੋਕ ਬੋਲੀ ਅਤੇ ਲੋਕ ਸ਼ਬਦਾਵਲੀ ਵਿਚ ਸਮਾਜਿਕ ਵਿਸ਼ਿਆਂ ਦੇ ਗਹਿਨ ਨੂੰ ਸਹਿਜ਼ ਨਾਲ ਪੇਸ਼ ਕੀਤਾ ਗਿਆ ਹੈ ਸਫ਼ੇ 64 ਉੱਤਲਾ ਗੀਤ 'ਮੈਂ ਤੇਰੀ ਮਾਂ ਬੋਲਦੀ' ਗੀਤ ਬਹੁਤ ਹੀ ਸਫ਼ਲਤਾ ਸਹਿਤ ਪੰਜਾਬ ਦੀ ਹਰ ਦੁਖਦੀ ਰਗ ਉੱਤੇ ਉਂਗਲਾਂ ਰੱਖਦਾ ਹੈ। ਸਾਰੇ ਹੀ ਗੀਤ ਪੜ੍ਹਨ ਗਾਉਣ ਅਤੇ ਮਾਨਣ ਵਾਲੇ ਹਨ।

-ਸੁਲੱਖਣ ਸਰਹੱਦੀ
ਮੋ: 94174-84337.


ਚੰਦੀ ਦੀ ਕੋਠੀ

ਲੇਖਕ : ਮਾਸਟਰ ਰਾਮ ਧੰਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 94177-28568.

ਇਸ ਪੁਸਤਕ ਦੇ ਲੇਖਕ ਮਾਸਟਰ ਰਾਮ ਧਨ ਭੈਣੀ ਦਰੇੜ੍ਹਾ ਅਧਿਆਪਕ ਹੋਣ ਦੇ ਨਾਲ-ਨਾਲ ਸਮਾਜ ਸੇਵੀ ਅਤੇ ਲਿਖਾਰੀ ਹਨ। ਇਸ ਵਿਚ ਉਨ੍ਹਾਂ ਦੀਆਂ ਇਕ ਦਰਜਨ ਕਹਾਣੀਆਂ ਦਰਜ ਹਨ। ਬਦਕਿਸਮਤੀ ਨਾਲ਼ ਮਾਸਟਰ ਹੁਰੀਂ ਬਿਮਾਰੀ ਕਾਰਨ ਇਸ ਸੰਸਾਰ ਨੂੰ ਸਮੇਂ ਤੋਂ ਪਹਿਲਾਂ ਅਲਵਿਦਾ ਕਹਿ ਗਏ। ਉਪਰੰਤ ਲੇਖਕ ਦਰਸ਼ਨ ਸਿੰਘ ਦਰਦੀ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਸਾਂਭਣ ਅਤੇ ਸ਼ਰਧਾਂਜਲੀ ਦੇੇਣ ਲਈ ਪਰਿਵਾਰ ਦੇ ਸਹਿਯੋਗ ਨਾਲ ਕਿਤਾਬੀ ਰੂਪ ਦੇਣ ਦਾ ਸੁਹਿਰਦ ਯਤਨ ਕੀਤਾ ਹੈ। ਪੁਸਤਕ 'ਚ ਦਰਦੀ ਹੁਰਾਂ ਦੀਆਂ ਵੀ ਦੋ ਮਹਿਮਾਨ ਰਚਨਾਵਾਂ ਸ਼ਾਮਿਲ ਹਨ। ਪੁਸਤਕ ਦੇ ਸ਼ੁਰੂ 'ਚ ਮਾਸਟਰ ਰਾਮ ਧਨ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਨੂੰ ਉਘਾੜਦੇ ਅਹਿਮ ਸ਼ਖ਼ਸੀਅਤਾਂ ਵਲੋਂ ਲਿਖੇ ਗਏ ਮੁੱਲਵਾਨ ਵਿਚਾਰ ਹਨ, ਜਿਨ੍ਹਾਂ 'ਚੋਂ ਲੇਖਕ ਦਾ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਉੱਭਰ ਕੇ ਸਾਹਮਣੇ ਆਉਂਦਾ ਹੈ। ਪੁਸਤਕ 'ਚੰਦੀ ਦੀ ਕੋਠੀ' ਦਾ ਸਿਰਲੇਖ ਪੂਰਾ ਢੁਕਵਾਂ ਹੈ ਅਤੇ ਬਾਹਰੀ ਦਿੱਖ ਵੀ ਪੁਸਤਕ ਵਿਚਲੀ ਖ਼ੂਬਸੂਰਤੀ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਕਹਾਣੀ 'ਚੰਦੀ ਦੀ ਕੋਠੀ' ਆਪਣੇ ਆਰਥਿਕ ਸਾਧਨਾਂ ਦਾ ਮਾਪ-ਤੋਲ ਕੀਤੇ ਬਗੈਰ ਕਿਸੇ ਦੀ ਰੀਸ ਕਰਕੇ ਆਪਣਾ ਝੁੱਗਾ ਚੌੜ ਕਰਾਉਣ ਨੂੰ ਪੇਸ਼ ਕਰਦੀ ਹੈ। 'ਮਾਂ' ਵਿਚ ਸ਼ੁਰੂ ਤੋਂ ਅਖ਼ੀਰ ਤੱਕ ਮਾਂ ਦੀ ਮਹੱਤਤਾ ਅਤੇ ਬੱਚੇ ਦੇ ਭਵਿੱਖ ਨੂੰ ਚੰਗਾ ਬਣਾਉਣ 'ਚ ਮਾਂ ਦੀ ਉਸਾਰੂ ਭੂਮਿਕਾ ਨੂੰ ਦਰਸਾਉਂਦੀ ਹੈ। 'ਹੱਥੀਂ-ਕਿਰਤ' 'ਚ ਕਿਰਤ ਨੂੰ ਵਡਿਆਇਆ ਗਿਆ ਹੈ ਜੋ ਕਿ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਹੈ। ਅਜੋਕੇ ਨੌਜਵਾਨ ਵਰਗ ਨੂੰ ਕਿਰਤ ਸੱਭਿਆਚਾਰ ਨਾਲ ਜੋੜੇ ਜਾਣ ਦੀ ਸਖ਼ਤ ਲੋੜ ਹੈ। ਕਹਾਣੀ 'ਅੱਧੀ ਚਾਦਰ' 'ਚ ਅੱਜਕਲ੍ਹ ਸਾਡੇ ਘਰਾਂ ਅੰਦਰ ਬਜ਼ੁਰਗਾਂ ਦੀ ਹੋ ਰਹੀ ਤ੍ਰਾਸਦਿਕ ਹਾਲਤ ਨੂੰ ਕਲਾਤਮਿਕ ਢੰਗ ਨਾਲ਼ ਪੇਸ਼ ਕਰਦੀ ਹੈ। 'ਗ਼ਰੀਬੂ ਦੀ ਸੋਚ' 'ਚ ਲੇਖਕ ਦਾ ਦ੍ਰਿਸ਼ਟੀਕੋਣ ਆਦਰਸ਼ਵਾਦੀ ਪੇਸ਼ ਹੁੰਦਾ ਹੈ। ਨਸ਼ੇ, ਬੇਰੁਜ਼ਗਾਰੀ, ਈਰਖਾ, ਡਾਕਟਰੀ ਕਿੱਤੇ 'ਚ ਵਸਿਆ ਲਾਲਚ, ਮਾੜਾ ਰਾਜਸੀ ਪ੍ਰਬੰਧ ਅਤੇ ਹੋਰ ਭਖਦੇ ਵਿਸ਼ਿਆਂ 'ਤੇ ਵੀ ਲੇਖਕ ਨੇ ਵਧੀਆ ਰੌਸ਼ਨੀ ਪਾਈ ਹੈ। ਵਰਤਮਾਨ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਲਿਖੀਆਂ ਗਈਆਂ ਇਹ ਯਥਾਰਥਵਾਦੀ ਰਚਨਾਵਾਂ ਪਾਠਕ ਦੀ ਸੁਹਜਾਤਮਕ ਬਿਰਤੀ ਨੂੰ ਤ੍ਰਿਪਤ ਹੀ ਨਹੀਂ ਕਰਦੀਆਂ, ਸਗੋਂ ਜੀਵਨ 'ਚ ਉਸ ਦੀ ਸਹੀ ਅਗਵਾਈ ਵੀ ਕਰਦੀਆਂ ਹਨ। ਮਹਿਮਾਨ ਰਚਨਾਵਾਂ 'ਹੌਸਲੇ ਦੀ ਉਡਾਣ' ਅਤੇ 'ਲਾਈ-ਲੱਗ' ਵੀ ਆਪਣੇ ਥਾਂ ਵਧੀਆ ਨਿਭੀਆਂ ਹਨ।

-ਮੋਹਰ ਗਿੱਲ ਸਿਰਸੜੀ
ਮੋ: 98156-59110

 

 

 

 

ਅਧੂਰੇ ਖ਼੍ਵਾਬ ਦੀ ਤਾਬੀਰ
ਗ਼ਜ਼ਲਕਾਰ : ਗੁਰਚਰਨ ਸਿੰਘ 'ਤਖ਼ਤਰ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99881-24587.

ਗੁਰਚਰਨ ਸਿੰਘ 'ਤਖ਼ਤਰ' ਕਾਫ਼ੀ ਦੇਰ ਤੋਂ ਗ਼ਜ਼ਲ ਸਿਰਜਣਾ ਨਾਲ ਜੁੜਿਆ ਹੋਇਆ ਹੈ ਤੇ 'ਅਧੂਰੇ ਖ਼੍ਵਾਬ ਦੀ ਤਾਬੀਰ' ਉਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਤਖ਼ਤਰ ਗ਼ਜ਼ਲ ਦੇ ਸੁਭਾਅ ਤੇ ਤਕਨੀਕ ਤੋਂ ਵਾਕਿਫ਼ ਹੈ ਤੇ ਉਸ ਨੂੰ ਇਸ ਦੀਆਂ ਬਾਰੀਕੀਆਂ ਬਾਰੇ ਕਾਫ਼ੀ ਗਿਆਨ ਹਾਸਲ ਹੈ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਜ਼ਿਆਦਾਤਰ ਗ਼ਜ਼ਲ ਦੇ ਤੈਅਸ਼ੁਦਾ ਅਨੁਸ਼ਾਸਨ ਨੂੰ ਨਿਭਾਉਂਦੀਆਂ ਹਨ ਤੇ ਇਸੇ ਕਾਰਨ ਪਾਠਕ ਨੂੰ ਇਨ੍ਹਾਂ ਦੇ ਉਚਾਰਨ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਇਨ੍ਹਾਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਪਿਆਰ ਹੈ ਤੇ ਪਿਆਰ ਹੀ ਸ਼ਾਇਰ ਦਾ ਮਜ਼ਹਬ ਹੁੰਦਾ, ਜਿਸ ਬਿਨਾਂ ਦੁਨੀਆ ਚੱਲ ਹੀ ਨਹੀਂ ਸਕਦੀ। ਬਹੁਤੇ ਸ਼ਿਅਰਾਂ ਵਿਚ ਗ਼ਮ, ਦੁੱਖ, ਦਰਦ, ਜੁਦਾਈ, ਹੁਸਨ, ਜਵਾਨੀ ਤੇ ਬੇਵਫ਼ਾਈ ਦਾ ਜ਼ਿਕਰ ਹੈ ਤੇ ਜ਼ਮਾਨੇ ਨਾਲ ਟਕਰਾਉਣ ਦਾ ਅਹਿਦ ਹੈ। ਉਂਜ ਪੰਜਾਬੀ ਗ਼ਜ਼ਲ ਇਨ੍ਹਾਂ ਵਿਸ਼ਿਆਂ ਤੋਂ ਵੀ ਅੱਗੇ ਲੰਘ ਗਈ ਹੈ ਤੇ ਇਸ ਵਿਚ ਹੁਣ ਪਰੰਪਰਾ ਵਿਚ ਵਰਜਿਤ ਤੇ ਮਨੁੱਖੀ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਤੇ ਹੋਰ ਨਵੇਂ ਵਿਸ਼ਿਆਂ 'ਤੇ ਵੀ ਵਧੀਆ ਸ਼ਿਅਰ ਕਹੇ ਜਾ ਰਹੇ ਹਨ। ਤਖ਼ਤਰ ਦੇ ਸ਼ਿਅਰ ਆਮ ਫ਼ਹਿਮ ਜ਼ੁਬਾਨ ਵਿਚ ਹਨ ਤੇ ਸ਼ਬਦਾਂ ਦੀ ਤਰਤੀਬ ਸਰਲ ਤੇ ਮੂੰਹ 'ਤੇ ਚੜ੍ਹਨ ਵਾਲੀ ਹੈ। ਸੰਖੇਪਤਾ ਇਨ੍ਹਾਂ ਗ਼ਜ਼ਲਾਂ ਦੀ ਹੋਰ ਖ਼ੂਬੀ ਹੈ, ਵੱਡਾ ਖਿਲਾਰਾ ਜਾਂ ਘੁਮਾ ਕੇ ਗੱਲ ਕਰਨ ਦੀ ਥਾਂ ਉਹ ਸਪੱਸ਼ਟ ਗੱਲ ਕਰਨ ਵਿਚ ਯਕੀਨ ਰੱਖਦਾ ਹੈ। ਉਹ ਕਹਿੰਦਾ ਹੈ, 'ਰਾਤ ਤਨਹਾ ਗੁਜ਼ਾਰ ਕੇ ਵੇਖੋ, ਖ਼ੁਦ ਨੂੰ ਖ਼ੁਦ 'ਚੋਂ ਪੁਕਾਰ ਕੇ ਦੇਖੋ।' ਇੰਜ ਸਾਧਾਰਨ ਸ਼ਬਦਾਂ ਵਿਚ ਵੱਡੀ ਗੱਲ ਕਰਨ ਦਾ ਹੁਨਰ ਪਾਠਕ ਨੂੰ ਥਾਂ-ਥਾਂ ਪ੍ਰਾਪਤ ਹੁੰਦਾ ਹੈ। ਤਖ਼ਤਰ ਦੇ ਸ਼ਿਅਰਾਂ ਵਿਚ ਮੁਹੱਬਤ ਦਾ ਰੰਗ ਵਧੇਰੇ ਉੱਘੜਦਾ ਹੈ ਤੇ ਇਸ ਦੇ ਨਾਲ-ਨਾਲ ਕਿਤੇ-ਕਿਤੇ ਉਹ ਸਮਾਜ ਨਾਲ ਸਬੰਧਿਤ ਮੁਸ਼ਕਲਾਤ 'ਤੇ ਵੀ ਸ਼ਿਅਰ ਕਹਿੰਦਾ ਹੈ ਪਰ ਅਜਿਹੇ ਸ਼ਿਅਰਾਂ ਦੀ ਗਿਣਤੀ ਸੀਮਤ ਹੈ। ਭਾਰਤੀ ਸਿਆਸਤ ਗ਼ਰਕ ਚੁੱਕੀ ਹੈ, ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ ਤੇ ਮਹਿੰਗਾਈ ਤੇ ਅਮਨ ਕਾਨੂੰਨ ਦੀ ਹਾਲਤ ਨੇ ਜ਼ਿੰਦਗੀ ਦੁਸ਼ਵਾਰ ਕਰ ਦਿੱਤੀ ਹੈ ਤੇ ਇਹ ਵਿਸ਼ੇ ਕਿਸੇ ਵੀ ਸ਼ਾਇਰ ਦੇ ਵਿਸ਼ਿਆਂ ਵਿਚ ਸਭ ਤੋਂ ਉੱਪਰ ਹੋਣੇ ਵਕਤ ਦੀ ਲੋੜ ਹੈ ਪਰ ਤਖ਼ਤਰ ਦੀਆਂ ਗ਼ਜ਼ਲਾਂ ਇਸ ਪੱਖੋਂ ਕਾਫ਼ੀ ਅਵੇਸਲੀਆਂ ਹਨ। ਗ਼ਜ਼ਲਾਂ ਦਾ ਇਹ ਸੰਗ੍ਰਹਿ ਤਖ਼ਤਰ ਦੀ ਗ਼ਜ਼ਲ ਲਿਖਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਤੇ ਉਰਦੂ ਸ਼ਬਦਾਂ ਦੇ ਪ੍ਰਯੋਗ ਦੇ ਬਾਵਜੂਦ ਪਾਠਕਾਂ ਲਈ ਸਰਲ ਹੈ।


ਦਰਦ ਪਰਾਇਆ ਸਹਿਣਾ
ਗ਼ਜ਼ਲਕਾਰ : ਰਾਜ਼ ਗੁਰਦਾਸਪੁਰੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 60
ਸੰਪਰਕ : 75089-13308.

ਰਾਜ਼ ਗੁਰਦਾਸਪੁਰੀ ਪੰਜਾਬੀ ਗ਼ਜ਼ਲ ਦਾ ਪੁਰਾਣਾ ਹਸਤਾਖ਼ਰ ਹੈ ਤੇ 'ਦਰਦ ਪਰਾਇਆ ਸਹਿਣਾ' ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਗ਼ਜ਼ਲ ਸੰਗ੍ਰਹਿ ਵਿਚ ਰਾਜ਼ ਦੀਆਂ ਸੱਠ ਗ਼ਜ਼ਲਾਂ ਛਪੀਆਂ ਮਿਲਦੀਆਂ ਹਨ। ਉਹ ਦੀਪਕ ਗ਼ਜ਼ਲ ਸਕੂਲ ਨਾਲ ਸਬੰਧਿਤ ਹੋਣ ਕਰਕੇ ਉਸ ਨੂੰ ਗ਼ਜ਼ਲ ਤਕਨੀਕ ਦੀ ਕਾਫ਼ੀ ਜਾਣਕਾਰੀ ਹੈ। ਇਸ ਵਿਚ ਮੁਹੱਬਤ ਦਾ ਸੁਰਖ਼ ਗੁਲਾਬ ਵੀ ਹੈ, ਸੂਲਾਂ-ਕੰਡਿਆਂ ਵਰਗੀ ਤਨਹਾਈ ਵੀ ਹੈ ਤੇ ਨੁਕੀਲੇ ਪੱਥਰਾਂ ਦੀ ਬਾਰਿਸ਼ ਵਰਗੀ ਸਿਆਸਤ ਦਾ ਵਰਨਣ ਵੀ ਹੈ। ਮੋਹ ਮੁਹੱਬਤ ਦਾ ਵਿਸ਼ਾ ਕਦੀ ਪੁਰਾਣਾ ਨਹੀਂ ਹੁੰਦਾ ਇਸ ਲਈ ਇਹ ਸ਼ਿਅਰ ਕਦੀ ਵੀ ਵਕਤੀ ਨਹੀਂ ਹੁੰਦੇ ਤੇ ਇਸ ਵਿਸ਼ੇ 'ਤੇ ਰਾਜ਼ ਨੇ ਵੀ ਭਾਰੀ ਗਿਣਤੀ ਵਿਚ ਸ਼ਿਅਰ ਕਹੇ ਹਨ। ਮਹਿਬੂਬ ਤੋਂ ਵਿਛੜਨਾ ਅਜੇ ਵੀ ਉਸ ਨੂੰ ਯਾਦ ਹੈ ਤੇ ਉਹ ਉਸ ਦੀ ਯਾਦ ਨੂੰ ਅੱਜ ਵੀ ਆਪਣੇ ਸ਼ਿਅਰਾਂ ਵਿਚ ਸਮੋਈ ਬੈਠਾ ਹੈ। ਉਸ ਦਾ ਦਿਲ ਤਨਹਾਈ ਦੀਆਂ ਘੜੀਆਂ ਨੂੰ ਮਾਣਦਾ ਹੈ ਤੇ ਉਹ ਇਸ ਦਾ ਵਰਨਣ ਲੰਘੀਆਂ ਬਹਾਰਾਂ ਨੂੰ ਸੁਣਾਉਣਾ ਲੋਚਦਾ ਹੈ। ਉਹ ਦੁਸ਼ਮਣਾਂ ਵਾਂਗ ਮਿਲਣ ਵਾਲਿਆਂ ਨੂੰ ਵੀ ਦੋਸਤਾਂ ਵਾਂਗ ਮਿਲਣ ਵਿਚ ਯਕੀਨ ਰੱਖਦਾ ਹੈ। ਬਰਸਾਤ ਦਾ ਮੌਸਮ ਉਸ ਲਈ ਅੱਥਰੂਆਂ ਦਾ ਮੌਸਮ ਹੈ, ਦਿਨ ਉਸ ਲਈ ਰਾਤ ਵਰਗਾ ਹੈ ਤੇ ਪ੍ਰਭਾਤ ਸ਼ਾਮ ਜੇਹੀ ਹੈ। ਉਸ ਮੁਤਾਬਿਕ ਦੁਨੀਆ ਸਵਾਰਥ ਤੋਂ ਬਿਨਾਂ ਕੁਝ ਵੀ ਨਹੀਂ ਦੇਖਦੀ ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਵਾਲੇ ਸਭ ਤੋਂ ਵੱਡੇ ਠੱਗ ਹੁੰਦੇ ਹਨ। 'ਲੋਕੀਂ ਦਿੱਲੀ ਦੇ' ਦੀ ਰਦੀਫ਼ ਵਾਲੀ ਗ਼ਜ਼ਲ ਵਿਚ ਉਹ ਦਿੱਲੀ ਦੇ ਪ੍ਰਦੂਸ਼ਣ ਬਾਰੇ ਆਪਣੇ ਖ਼ਿਆਲ ਪ੍ਰਗਟਾਉਂਦਾ ਤੇ ਉਸ ਨੂੰ ਦਿੱਲੀ ਦੇ ਵਾਸੀ ਆਪਣੇ ਘਰਾਂ ਵਿਚ ਕੈਦ ਹੋਏ ਲਗਦੇ ਹਨ। ਰੋਜ਼ਾਨਾ ਘਟ ਰਹੀਆਂ ਘਟਨਾਵਾਂ ਤੋਂ ਉਸ ਨੂੰ ਆਦਮੀ ਵਿਚ ਦਰਿੰਦਗੀ ਦਾ ਵਾਸ ਹੋਇਆ ਪ੍ਰਤੀਤ ਹੁੰਦਾ ਹੈ। ਉਸ ਨੂੰ ਸਾਧੂਆਂ ਦੇ ਭੇਸ ਵਿਚ ਘੁੰਮ ਰਹੇ ਸ਼ੈਤਾਨਾਂ ਨਾਲ ਨਫ਼ਰਤ ਹੈ ਤੇ ਉਹ ਅਖੌਤੀ ਬਾਬਿਆਂ ਦੇ ਵਿਰੋਧ ਵਿਚ ਸੰਜੀਦਗੀ ਨਾਲ ਖੜ੍ਹਦਾ ਹੈ। ਇੰਝ ਰਾਜ਼ ਦੀ ਗ਼ਜ਼ਲ ਚੋਤਰਫ਼ਾ ਸਫ਼ਰ ਕਰਦੀ ਹੈ। ਉਸ ਨੇ ਗ਼ਜ਼ਲ ਦੇ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬੀ ਗ਼ਜ਼ਲ ਹੁਣ ਪਹਿਲਾਂ ਵਰਗੀ ਨਹੀਂ ਰਹੀ। ਸ਼ਾਇਰ ਨੂੰ ਵਕਤ ਅਨੁਸਾਰ ਆਪਣੇ ਵਿਚ ਤਬਦੀਲੀਆਂ ਕਰਦੇ ਰਹਿਣਾ ਚਾਹੀਦਾ ਹੈ ਤੇ ਰਾਜ਼ ਨੂੰ ਵੀ ਆਪਣੀ ਕਲਮ ਦੇ ਸੁਭਾਅ ਪਰਿਵਰਤਨ ਕਰਨੇ ਚਾਹੀਦੇ ਹਨ।

-ਗੁਰਦਿਆਲ ਰੌਸ਼ਨ
ਮੋ: 9988444002

 

 

 


ਤਸਵੀਰਾਂ ਦੇ ਅੰਗ ਸੰਗ
ਤਸਵੀਰਾਂ : ਪ੍ਰਤਾਪ ਸਿੰਘ ਹੀਰਾ
ਸ਼ਬਦ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 995 ਰੁਪਏ, ਪੰਨੇ : 100
ਸੰਪਰਕ : 94171-52916

ਪ੍ਰਤਾਪ ਸਿੰਘ ਹੀਰਾ ਪਿਛਲੇ ਲੰਬੇ ਸਮੇਂ ਤੋਂ ਫੋਟੋਗ੍ਰਾਫੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਜਿਵੇਂ ਕਹਿੰਦੇ ਹਨ ਕਿ ਕੈਮਰੇ ਨਾਲੋਂ ਵੱਧ ਕਲਾ ਕੈਮਰਾਮੈਨ ਦੀ ਅੱਖ ਵਿਚ ਲੁਕੀ ਹੁੰਦੀ ਹੈ, ਉਸੇ ਤਰ੍ਹਾਂ ਪ੍ਰਤਾਪ ਸਿੰਘ ਹੀਰਾ ਦੀ ਅੱਖ ਵਿਚਲੀ ਕਲਾ ਬਾਕਮਾਲ ਹੈ। ਉਹ ਛੋਟੀਆਂ-ਛੋਟੀਆਂ ਚੀਜ਼ਾਂ ਦੀ ਵੱਡੀ ਅਹਿਮੀਅਤ ਨੂੰ ਪਛਾਣਦਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਕੈਮਰੇ ਵਿਚ ਕੈਦ ਕਰਕੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਬਿਆਨਦਾ ਹੈ। ਲੰਬੇ ਸਮੇਂ ਤੋਂ ਉਹ 'ਅਜੀਤ' ਦਾ ਫੋਟੋਗ੍ਰਾਫਰ ਹੋਣ ਕਰਕੇ ਖ਼ਬਰਾਂ, ਲੇਖਾਂ ਅਤੇ ਹੋਰ ਸਬੰਧਤ ਸਮੱਗਰੀ ਨਾਲ ਜੁੜੀਆਂ ਤਸਵੀਰਾਂ ਭੇਜਦਾ ਹੈ, ਜਿਨ੍ਹਾਂ ਨੂੰ ਬਣਦੀ ਥਾਂ ਦਿੱਤੀ ਜਾਂਦੀ ਹੈ।
ਹੁਣ ਪ੍ਰਤਾਪ ਸਿੰਘ ਹੀਰਾ ਨੇ ਆਪਣੀਆਂ ਉਨ੍ਹਾਂ ਤਸਵੀਰਾਂ ਵਿਚੋਂ 100 ਦੇ ਕਰੀਬ ਤਸਵੀਰਾਂ ਨੂੰ ਜਿਲਦਬੱਧ ਕਰ ਕੇ 'ਤਸਵੀਰਾਂ ਦੇ ਅੰਗ ਸੰਗ' ਪੁਸਤਕ ਦਾ ਨਾਂਅ ਦਿੱਤਾ ਹੈ। ਖੂਬਸੂਰਤ ਗਲੇਜ਼ਡ ਪੇਪਰ ਉੱਪਰ ਛਾਪੀ ਗਈ ਇਸ ਪੁਸਤਕ ਦੀ ਪ੍ਰਾਪਤੀ ਇਹ ਵੀ ਹੈ ਕਿ ਹਰ ਤਸਵੀਰ ਨਾਲ ਸੋਹਣੀ ਕੈਪਸ਼ਨ ਵੀ ਦਿੱਤੀ ਗਈ ਹੈ, ਜੋ ਕਾਵਿ-ਰੂਪ ਵਿਚ ਹੈ। ਉਦਾਹਰਨ ਵਜੋਂ 73 ਪੰਨੇ 'ਤੇ ਇਕ ਬੱਚਾ ਰੋ ਰਿਹਾ ਹੈ ਅਤੇ ਮਾਂ ਉਸ ਨੂੰ ਲਾਡ ਲਡਾ ਰਹੀ ਹੈ ਤੇ ਕੈਪਸ਼ਨ ਲਿਖੀ ਹੈ : ਵੇ ਐਵੇਂ ਰੁੱਸਿਆ ਨਾ ਕਰ, ਗੁਰਨੂਰ ਸੋਹਣਿਆਂ। ਮਾਂ ਨੂੰ ਹਰ ਗੱਲ ਤੇਰੀ, ਮਨਜ਼ੂਰ ਸੋਹਣਿਆਂ।' 65 ਪੰਨੇ 'ਤੇ ਕੂੜੇ ਦੇ ਢੇਰਾਂ 'ਚ ਆਪਣਾ ਭਵਿੱਖ ਭਾਲਦੇ ਛੋਟੇ ਬੱਚਿਆਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਸਰਕਾਰਾਂ ਚਾਹੇ ਬਾਲ ਮਜ਼ਦੂਰੀ ਬਾਰੇ ਕੁਝ ਵੀ ਕਾਨੂੰਨ ਬਣਾਉਣ ਜਾਂ ਹਰ ਬੱਚੇ ਲਈ ਸਕੂਲ ਜਾਣਾ ਲਾਜ਼ਮੀ ਕਰਨ ਪਰ ਵੱਡੀ ਗਿਣਤੀ ਵਿਚ ਬੱਚਿਆਂ ਦਾ ਰਾਹ ਮਜਬੂਰੀਆਂ ਰੋਕੀ ਖੜ੍ਹੀਆਂ ਹਨ। ਇਸ ਦੀ ਕੈਪਸ਼ਨ ਵਿਚ ਲਿਖਿਆ ਹੈ : 'ਕੂੜੇ ਦੇ ਢੇਰਾਂ 'ਚੋਂ ਲੋਕੀਂ, ਕਿਸਮਤ ਫਰੋਲਦੇ। ਡਿਜੀਟਲ ਹੈ ਇੰਡੀਆ ਬਣ ਰਿਹਾ, ਨੇਤਾ ਨੇ ਬੋਲਦੇ।' ਇਸੇ ਤਰ੍ਹਾਂ 85 ਪੰਨੇ 'ਤੇ ਇਕ ਨਿਹੰਗ ਸਿੰਘ ਸਾਈਕਲ 'ਤੇ ਜਾ ਰਿਹਾ ਹੈ। ਖੂਬਸੂਰਤ ਬਾਣੇ ਵਿਚ ਸਜਿਆ ਇਹ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਪ੍ਰਤਾਪ ਸਿੰਘ ਹੀਰਾ ਨੇ ਇਸ ਫੋਟੋ ਦੀ ਕੈਪਸ਼ਨ ਥੱਲੇ ਲਿਖਿਆ ਹੈ : 'ਮੰਗਿਆ ਹੈ ਸਦਾ, ਸਰਬੱਤ ਦਾ ਭਲਾ। ਹਰ ਹਾਲ ਵਿਚ ਰੱਖੀ, ਅਸੀਂ ਚੜ੍ਹਦੀ ਕਲਾ।'
ਪੁਸਤਕ ਵਿਚਲੀ ਹਰ ਫੋਟੋ ਬਾਕਮਾਲ ਹੈ। ਪੁਸਤਕ ਦੀ ਭੂਮਿਕਾ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੀ ਗਈ ਹੈ, ਜਿਨ੍ਹਾਂ ਨੇ ਪ੍ਰਤਾਪ ਸਿੰਘ ਹੀਰਾ ਨੂੰ ਅਸ਼ੀਰਵਾਦ ਦਿੰਦਿਆਂ ਉਸ ਦੀ ਕਲਾ ਦੀ ਸ਼ਲਾਘਾ ਕੀਤੀ ਹੈ। ਗੁਰਚਰਨ ਸਿੰਘ ਨੂਰਪੁਰ ਨੇ ਵੀ ਤਸਵੀਰਾਂ ਰਾਹੀਂ ਗੱਲਾਂ ਕਰਦੀ ਕਲਾ ਬਾਰੇ ਖੂਬਸੂਰਤ ਸ਼ਬਦ ਲਿਖੇ ਹਨ। ਪ੍ਰਤਾਪ ਸਿੰਘ ਹੀਰਾ ਨੇ ਮੁਢਲੇ ਸ਼ਬਦਾਂ ਵਿਚ ਦੱਸਿਆ ਹੈ ਕਿ ਰੋਜ਼ੀ-ਰੋਟੀ ਦੇ ਜੁਗਾੜ ਲਈ ਉਸ ਨੇ ਦਰਜੀ ਦਾ ਕੰਮ ਵੀ ਸਿੱਖਿਆ ਪਰ ਗੁਆਂਢੀ ਫੋਟੋਗ੍ਰਾਫਰ ਨੂੰ ਦੇਖ ਕੇ ਉਸ ਅੰਦਰ ਤਸਵੀਰਾਂ ਨਾਲ ਲਗਾਅ ਪੈਦਾ ਹੋ ਗਿਆ ਅਤੇ ਉਹ ਫੋਟੋਗ੍ਰਾਫਰ ਬਣ ਗਿਆ। ਇਹ ਪੁਸਤਕ ਫੋਟੋਗ੍ਰਾਫੀ ਦੇ ਚਾਹਵਾਨ ਨੌਜਵਾਨਾਂ ਖਾਸ ਕਰਕੇ ਪੱਤਰਕਾਰੀ ਦੇ ਖੇਤਰ ਵਿਚ ਆਉਣ ਵਾਲਿਆਂ ਲਈ, ਮਾਰਗ-ਦਰਸ਼ਨ ਕਰਨ ਵਾਲੀ ਹੈ।

-ਹਰਜਿੰਦਰ ਸਿੰਘ
ਮੋ: 98726-60161


ਰੁੱਖ ਤੇ ਪੰਛੀ
ਲੇਖਿਕਾ : ਸੁਰਿੰਦਰ ਗੀਤ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 101
ਸੰਪਰਕ : 0172-5027427.

ਪਰਵਾਸੀ ਸ਼ਾਇਰਾ ਸੁਰਿੰਦਰ 'ਗੀਤ' ਦੇ ਇਸ ਕਾਵਿ-ਸੰਗ੍ਰਹਿ ਵਿਚ 66 ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਕਵਿਤਾਵਾਂ ਦੇ ਕੇਂਦਰੀ ਥੀਮ ਵਜੋਂ ਇਨ੍ਹਾਂ ਸਤਰਾਂ 'ਤੇ ਗ਼ੌਰ ਫ਼ਰਮਾਉਣਾ ਅਤਿਅੰਤ ਜ਼ਰੂਰੀ ਹੈ :
ਜੇ ਤੂੰ ਲੋਕ ਦਿਲਾਂ ਵਿਚ ਵਸਣਾ
ਗੀਤ ਗ਼ਜ਼ਲ ਕਵਿਤਾਵਾਂ ਬਣ ਜਾ
ਧੁੱਪ ਵਿਚ ਸੜਦੇ ਲੋਕਾਂ ਖਾਤਿਰ
ਰੁੱਖ ਤੂੰ ਇਕ ਘਣਛਾਵਾਂ ਬਣ ਜਾ।
'ਕਵੀ', 'ਕਵਿਤਾ ਉਦਾਸ ਹੈ', 'ਇਨਕਲਾਬ ਵਾਸਤੇ' ਅਤੇ 'ਗੁਸਤਾਖ਼ ਹਵਾ' ਕਵਿਤਾਵਾਂ 'ਚ ਸ਼ਾਇਰਾਂ/ਕਵੀਆਂ/ਲੇਖਕਾਂ ਦੇ ਅਸਲ ਕਿਰਦਾਰ ਨਿਭਾਉਣ ਵਾਲੇ ਨੁਕਤਿਆਂ ਨੂੰ ਉਭਾਰਿਆ ਗਿਆ ਹੈ। ਜਿਹੜਾ ਕਵੀ/ਲੇਖਕ ਸਾਮਿਅਕ ਵਿਸ਼ਿਆਂ 'ਤੇ ਉਂਗਲ ਨਹੀਂ ਧਰਦਾ, ਲੋਕਾਈ ਦੇ ਦੁੱਖਾਂ-ਸੁੱਖਾਂ ਦਾ ਭਾਈਵਾਲ ਨਹੀਂ ਬਣਦਾ, ਵਕਤ ਦੇ ਹਾਕਮਾਂ ਵਲੋਂ ਕੀਤੇ ਧੱਕਿਆਂ ਦੀ ਗੱਲ ਨਹੀਂ ਕਰਦਾ, ਉਹ ਕਵੀ ਹੋ ਹੀ ਨਹੀਂ ਸਕਦਾ :
ਤੂੰ ਕਵੀ ਨਹੀਂ/ਤੂੰ
ਮੌਕਾਪ੍ਰਸਤ ਜਾਂ ਝੋਲੀ ਚੁੱਕ ਤਾਂ ਹੋ ਸਕਦਾ ਹੈ
ਪਰ ਕਵੀ ਨਹੀਂ
'ਹੋਂਦ' ਕਵਿਤਾ 'ਚ ਇਸਤਰੀ-ਪੁਰਖ ਇਕ ਦੂਜੇ ਦੇ ਪੂਰਕ ਦਰਸਾਏ ਗਏ ਹਨ। 'ਧਰਮੀ' ਕਵਿਤਾ 'ਚ ਧਰਮ ਇਨਸਾਨੀਅਤ ਦਾ ਸਬਕ ਚੇਤੇ ਕਰਾਉਂਦਾ ਹੈ। ਅਨੇਕਤਾ 'ਚ ਏਕਤਾ ਦਾ ਸੰਦੇਸ਼ ਦਿੰਦਾ ਹੈ। ਸਮੁੱਚੇ ਤੌਰ 'ਤੇ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ-ਗ਼ਜ਼ਲਾਂ ਵਿਚ ਸਮਾਜਿਕ, ਆਰਥਿਕ, ਸੱਭਿਆਚਾਰਕ, ਕਾਣੀ-ਵੰਡ ਨਾਲ ਸਬੰਧਿਤ ਵਿਸ਼ੇ ਗ਼ਰੀਬੀ, ਭੁੱਖਮਰੀ, ਊਚ-ਨੀਚ, ਔਰਤ ਦੀ ਨਾਬਰਾਬਰੀ, ਸ਼ੋਸ਼ਣ, ਭ੍ਰਿਸ਼ਟਾਚਾਰ ਲੁੱਟ-ਖਸੁੱਟ, ਮੰਡੀਆਂ 'ਚ ਰੁਲਦੀਆਂ ਫ਼ਸਲਾਂ, ਕਿਸਾਨਾਂ-ਮਜ਼ਦੂਰਾਂ ਦੀ ਲੁੱਟ, ਕਿਸਾਨ ਖ਼ੁਦਕੁਸ਼ੀਆਂ, ਨਸ਼ਾਖੋਰੀ, ਜਵਾਨੀ ਦੇ ਭਟਕਣ ਦੀ ਗਾਥਾ, ਪਰਦੇਸਾਂ ਵਿਚ ਚੰਗੇਰੇ ਭਵਿੱਖ ਦੀ ਕਾਮਨਾ ਪ੍ਰੰਤੂ ਸਭ ਕੁਝ ਗੁਆਉਣ ਦਾ ਅਹਿਸਾਸ ਪਰਾਏ ਮੁਲਕਾਂ 'ਚ ਵਸ ਕੇ ਵੀ ਵਤਨ ਦੀ ਮਿੱਟੀ ਦੀ ਤਾਂਘ, ਝੂਰਨਾ ਤੇ ਰੋਣਾ ਆਦਿ ਵਿਸ਼ਿਆਂ 'ਤੇ ਚਰਚਾ ਕੀਤੀ ਗਈ ਹੈ। 'ਰੁੱਖ ਅਤੇ ਪੰਛੀ', 'ਦੋ ਹਵੇਲੀਆਂ', 'ਸਾਡੀਆਂ ਰੁੱਤਾਂ', 'ਮਦਾਰੀ', ਅਤੇ 'ਆਸ' ਇਨ੍ਹਾਂ ਵਿਸ਼ਿਆਂ ਨੂੰ ਪ੍ਰਗਟਾਉਂਦੀਆਂ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੀ ਭਾਸ਼ਾ ਵਿਸ਼ਿਆਂ ਦੇ ਅਨੁਕੂਲ ਹੀ ਉੱਚੀ ਸੁਰ 'ਚ ਸੰਬੋਧਨੀ ਸ਼ੈਲੀ 'ਚ ਲਿਖੀ ਗਈ ਹੈ। ਸ਼ਾਇਰ ਜਿਊਂਦਾ-ਜਾਗਦਾ ਮਨੁੱਖ ਹੀ ਹੋ ਸਕਦਾ ਹੈ ਅਤੇ ਇਸੇ ਲਈ ਸਾਹਿਤਕਾਰਾਂ ਨੂੰ ਜਾਗਦੇ ਰਹਿਣ ਦੀ ਨਸੀਹਤ ਕੀਤੀ ਗਈ ਹੈ। 'ਖ਼ਿਆਲ' ਕਵਿਤਾ 'ਚ ਕੁਦਰਤੀ ਵਸੀਲਿਆਂ 'ਤੇ ਸਰਮਾਏਦਾਰਾਂ ਦਾ ਜੇਕਰ ਮੁਕੰਮਲ ਕਬਜ਼ਾ ਹੋ ਗਿਆ ਤਾਂ ਫਿਰ ਸਾਹਾਂ ਜੋਗੀ ਹਵਾ ਵੀ ਮੁੱਲ ਖਰੀਦਣੀ ਪਵੇਗੀ ਦੇ ਭਾਵਾਂ ਦਾ ਇਜ਼ਹਾਰ ਕੀਤਾ ਗਿਆ। 'ਵਿਅੰਗ' ਜਾਂ ਕਟਾਖਸ਼, ਇਨ੍ਹਾਂ ਕਵਿਤਾਵਾਂ ਦਾ ਮੀਰੀ ਗੁਣ ਹੈ। ਪ੍ਰਤੀਰੋਧੀ ਸੁਰ ਦੀਆਂ ਕਵਿਤਾਵਾਂ/ਗ਼ਜ਼ਲਾਂ ਪਾਠਕਾਂ ਅੰਦਰ ਕੁਝ ਕਰ-ਗੁਜ਼ਰਨ ਦੇ ਭਾਵਾਂ ਨੂੰ ਉਜਾਗਰ ਕਰਦੀਆਂ ਹਨ। ਕਾਵਿ-ਸੰਗ੍ਰਹਿ ਪੜ੍ਹਨਯੋਗ ਹੈ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਅਮਰਜੀਤ ਕੌਂਕੇ ਦੀ ਕਵਿਤਾ

ਸਵੈ-ਚਿੰਤਨ ਤੋਂ ਯੁੱਗ-ਚੇਤਨਾ ਤੱਕ
ਸੰਪਾਦਕ : ਡਾ: ਸੰਦੀਪ ਕੌਰ, ਰਮਨਦੀਪ ਕੌਰ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 98882-92825.

ਇਹ ਪੁਸਤਕ ਅਮਰਜੀਤ ਕੌਂਕੇ ਦੀਆਂ ਕਿਰਤਾਂ 'ਤੇ ਕੀਤਾ ਗਿਆ ਆਲੋਚਨਾਤਮਕ ਕਾਰਜ ਹੈ। ਇਸ ਪੁਸਤਕ ਵਿਚ ਵੱਖ-ਵੱਖ ਦ੍ਰਿਸਟੀਕੋਣਾਂ ਤੋਂ 13 ਖੋਜ ਪੱਤਰ ਕੁਝ ਵਿਦਵਾਨਾਂ ਤੇ ਖੋਜਾਰਥੀਆਂ ਵਲੋਂ ਲਿਖੇ ਗਏ ਹਨ। ਡਾ: ਸੰਦੀਪ ਕੌਰ ਕੌਂਕੇ ਰਚਿਤ ਪੁਸਤਕ 'ਪਿਆਸ' ਦੇ ਸੰਦਰਭ 'ਚ ਭਾਸ਼ਾਈ ਪੈਰਾਡਾਇਮ ਦੀ ਪਰਖ ਕਰਦੀ ਹੈ। ਡਾ: ਅਵਤਾਰ ਸਿੰਘ ਕੌਂਕੇ ਦੀ ਪੁਸਤਕ 'ਨਿਰਵਾਣ ਦੀ ਤਲਾਸ਼ ਵਿਚ ਬੇਗਾਨਗੀ' ਬਾਰੇ ਆਧੁਨਿਕ ਮਨੁੱਖ ਦੀ ਹੋਂਦ ਬਾਰੇ ਜ਼ਿਕਰ ਕਰਦਾ ਹੈ। ਗੁਰਵਿੰਦਰ ਕੌਰ ਨੇ 'ਪਿਆਸ' ਕਾਵਿ ਸੰਗ੍ਰਹਿ ਦੀ ਕਾਵਿ-ਭਾਸ਼ਾ ਉੱਪਰ ਆਪਣੇ ਭਾਵ ਵਿਅਕਤ ਕੀਤੇ ਹਨ। ਹਰਪ੍ਰੀਤ ਕੌਰ ਸੋਖੀ ਨੇ ਵੀ 'ਪਿਆਸ' ਕਾਵਿ ਸੰਗ੍ਰਹਿ ਤਹਿਤ ਕਾਵਿ ਸਰੋਕਾਰਾਂ ਦਾ ਨਿੱਜੀ ਮਸਲਿਆਂ ਤੋਂ ਲੈ ਕੇ ਸਮਾਜਿਕ, ਆਰਥਿਕ ਤੇ ਰਾਜਸੀ ਮਸਲਿਆਂ ਬਾਰੇ ਅਰਥਪੂਰਨ ਟਿੱਪਣੀਆਂ ਕੀਤੀਆਂ ਹਨ। ਡਾ: ਅਕਵਿੰਦਰ ਕੌਰ ਨੇ ਮਾਨਵੀ ਰਿਸ਼ਤਿਆਂ ਦੇ ਵਿਵੇਚਨ ਦੇ ਪੱਖ ਤੋਂ ਪ੍ਰੋ: ਸਿਮਰਨਜੀਤ ਸਿੰਘ ਕੌਂਕੇ ਕਾਵਿ ਨੂੰ ਦਰਿਆਵਾਂ ਦੀ ਰਵਾਨਗੀ ਵਾਂਗ ਨਿਰੰਤਰ ਵਗਣ ਵਾਲਾ ਦੱਸਿਆ ਹੈ। ਡਾ: ਸੋਨਿਕਾ ਗਿੱਲ ਕੌਂਕੇ ਕਾਵਿ ਦਾ ਲੋਕਧਾਰਾਈ ਪੱਖ ਤੋਂ ਅਧਿਐਨ ਕਰਦੀ ਹੈ।
ਡਾ: ਹਰਜੀਤ ਕੌਰ ਵਿਰਕ ਕੌਂਕੇ ਕਾਵਿ ਨੂੰ ਵੱਖੋ-ਵੱਖਰੀਆਂ ਧੁਨੀਆਂ ਰਾਹੀਂ ਪ੍ਰਗਟਾਉਣ ਵਾਲਾ ਸ਼ਾਇਰ ਮੰਨਦੀ ਹੈ। ਡਾ: ਗੁਰਪ੍ਰੀਤ ਕੌਰ ਇਸ ਸ਼ਾਇਰ ਨੂੰ ਪਿਆਰ ਸਬੰਧਾਂ ਬਾਰੇ ਲਿਖਣ ਵਾਲਾ ਕਵੀ ਮੰਨਦੀ ਹੈ। ਹਰਪ੍ਰੀਤ ਸਿੰਘ ਕੌਂਕੇ ਨੂੰ ਸੇਵਦਨਸ਼ੀਲ ਤੇ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਕਵੀ ਗਰਦਾਨਦਾ ਹੈ। ਪ੍ਰੋ: ਪੂਨਮ ਸ਼ਰਮਾ ਕੌਂਕੇ ਦੁਆਰਾ ਆਪਣੀ ਰਚਨਾ 'ਚ ਵਰਤੀਆਂ ਜਾਂਦੀਆਂ ਵੱਖ-ਵੱਖ ਜੁਗਤਾਂ ਦਾ ਜ਼ਿਕਰ ਕਰਦੀ ਹੈ। ਸੀਮਾ ਸ਼ਰਮਾ ਕੌਂਕੇ ਨੂੰ ਨਿੱਕੀ ਕਵਿਤਾ ਦਾ ਵੱਡਾ ਕਵੀ ਹੋਣ ਦਾ ਦਰਜਾ ਦਿੰਦੀ ਹੈ। ਰਮਨਦੀਪ ਕੌਰ 'ਪਿਆਸ' ਕਾਵਿ ਸੰਗ੍ਰਹਿ ਨੂੰ ਨਾਰੀ ਸੰਵੇਦਨਾ ਦੇ ਜਾਵੀਏ ਤੋਂ ਪਰਖਦੀ ਹੈ। ਸਾਰੇ ਵਿਦਵਾਨਾਂ ਨੇ ਅਮਰਜੀਤ ਕੌਂਕੇ ਦੇ ਕਾਵਿ-ਜਗਤ ਦੇ ਭਿੰਨ-ਭਿੰਨ ਪਾਸਾਰਾਂ ਨੂੰ ਬੜੀ ਮਿਹਨਤ ਨਾਲ ਚਿਤਰਿਆ ਹੈ। ਸਾਰੇ ਵਿਦਵਾਨ ਵਧਾਈ ਦੇ ਹੱਕਦਾਰ ਹਨ।

-ਪ੍ਰੋ: ਸਤਪਾਲ ਸਿੰਘ
ਮੋ: 98725-21515.


ਮੇਰੇ ਸੁਪਨਿਆਂ ਦੀ ਦੁਨੀਆ
ਲੇਖਕ : ਪ੍ਰੋ: ਹਰਬੰਸ ਸਿੰਘ
ਪ੍ਰਕਾਸ਼ਕ : ਗੁਰੂ ਨਾਨਕ ਪ੍ਰਕਾਸ਼ਨ, ਜੰਮੂ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 094191-42707.

ਜਿਵੇਂ ਕਿ ਪੁਸਤਕ ਦੇ ਟਾਈਟਲ ਤੋਂ ਹੀ ਜ਼ਾਹਰ ਹੋ ਜਾਂਦਾ ਹੈ, ਇਹ ਪੁਸਤਕ ਲੇਖਕ ਦੇ ਜੀਵਨ ਦੌਰਾਨ ਸੁਪਨਿਆਂ ਵਿਚ ਵੇਖੀਆਂ ਘਟਨਾਵਾਂ ਉੱਤੇ ਆਧਾਰਿਤ ਹੈ। ਪੁਸਤਕ ਵਿਚ ਕੁੱਲ 17 ਲੇਖ ਸ਼ਾਮਿਲ ਹਨ, ਜਿਹੜੇ ਅੱਡ-ਅੱਡ ਸਥਾਨਾਂ ਉੱਤੇ ਵਾਪਰੀਆਂ ਘਟਨਾਵਾਂ 'ਤੇ ਆਧਾਰਿਤ ਹਨ। ਇਹ, ਇਨ੍ਹਾਂ ਸਥਾਨਾਂ 'ਤੇ ਵਾਪਰੀਆਂ ਘਟਨਾਵਾਂ ਦਾ ਸੁਪਨਮਈ ਚਿੱਤਰਨ/ਬਿਰਤਾਂਤ ਹਨ। ਲੇਖਕ ਅਨੁਸਾਰ ਇਹ ਸੁਪਨੇ, ਜੀਵਨ ਪੰਧ ਦੌਰਾਨ ਜੀਵਨ ਦੀ ਬੇੜੀ ਨੂੰ ਪਾਰ ਲਾਉਣ ਲਈ ਉਸ ਸੂਰਤ ਸਹਾਈ ਹੁੰਦੇ ਹਨ ਬਸ਼ਰਤੇ ਕਿ ਉਹ ਮਨੁੱਖ ਦੀ ਪਕੜ ਵਿਚ ਆ ਜਾਣ। ਜਾਗ੍ਰਿਤ ਜਾਂ ਅਜਾਗ੍ਰਿਤ ਅਵਸਥਾ ਵਿਚ ਵੇਖੇ ਸੁਪਨੇ, ਮਨੁੱਖ ਨੂੰ ਆਤਮਿਕ ਮੰਡਲ ਦੇ ਉਚੇਰੇ ਪੜਾਅ ਉੱਤੇ ਲੈ ਜਾਂਦੇ ਹਨ। ਪੁਸਤਕ ਦਾ ਪ੍ਰਥਮ ਲੇਖ ਹੈ-'ਤੂੰ ਮੇਰਾ ਰਾਖਾ ਸਭਨੀ ਥਾਂਈਂ।' ਇਹ 1989 ਵਿਚ ਕਾਲਜ ਦੌਰਾਨ ਵਾਪਰੀ ਘਟਨਾ ਦਾ ਬਿਰਤਾਂਤ ਹੈ। ਪਰਮੇਸ਼ਰ ਸੁਪਨੇ ਵਿਚ ਸ਼ਰਧਾਵਾਨ ਦੇ ਸੰਕਟ ਕੱਟ ਦਿੰਦਾ ਹੈ। 'ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ।' 'ਗੁਰੂ ਅਮਰਦਾਸ ਦੇ ਦਰਸ਼ਨਾਂ ਦੀ ਤਾਂਘ', 'ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦਾ ਆਸ਼ੀਰਵਾਦ', 'ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ', 'ਤਖ਼ਤ ਸ੍ਰੀ ਕੇਸਗੜ੍ਹ ਸਾਹਿਬ', 'ਤੀਰਘਾਟ ਰਾਹੀਂ', 'ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ', 'ਫਰਿਸ਼ਤੇ ਨਾਲ ਬ੍ਰਾਹਮੰਡਾਂ ਦੀ ਸੈਰ', 'ਮਹਾਰਾਜਾ ਰਣਜੀਤ ਸਿੰਘ ਵਲੋਂ ਨਸੀਹਤ', 'ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਇਕ ਮੁਲਾਕਾਤ ਆਦਿ ਇਸ ਪੁਸਤਕ ਦੇ ਹੋਰ ਰੌਚਕ ਲੇਖ ਹਨ।
'ਉੱਪਰ ਹੋਰ ਉੱਪਰ' ਇਸ ਪੁਸਤਕ ਦਾ ਬਹੁਤ ਅਹਿਮ ਬਿਰਤਾਂਤੀ ਲੇਖ ਹੈ ਜਿਸ ਅਨੁਸਾਰ ਲੇਖਕ ਨੂੰ ਬ੍ਰਹਿਮੰਡੀ ਅਵਸਥਾ ਵਿਚ ਪੁੱਜ ਕੇ, ਪਾਰਬ੍ਰਹਮ ਦੀ ਬੇਅੰਤਤਾ ਦੀ ਸੂਝ ਮਿਲੀ। 'ਉਸੇ ਸਮੇਂ ਇਕ ਗ਼ੈਬੀ ਆਵਾਜ਼ ਦਾਸ ਦੇ ਕੰਨਾਂ ਵਿਚ ਪੈਂਦੀ ਹੈ-'ਇਸ ਖੁੱਲ੍ਹੀ ਹੋਈ ਪੁਸਤਕ ਦੇ ਸੱਜੇ ਪਾਸੇ ਵੇਖੋ...।' ਦਾਸ ਕਾਹਲੀ ਨਾਲ ਸੱਜੇ ਪਾਸੇ ਵੇਖਦਾ ਹੈ ਕਿ ਸੱਜੇਪਾਸੇ ਤੋਂ ਖੱਬੇ ਪਾਸੇ ਵੱਲ ਬੂਟੇ ਦੀ ਤਰ੍ਹਾਂ ਰੌਸ਼ਨੀ ਵਾਲੀ ਇਕ ਲਹਿਰ (ਲਕੀਰ), ਚਮਕਦੀ ਹੋਈ, ਸੱਜਿਓਂ ਖੱਬੇ ਜਾ ਰਹੀ ਸੀ।' ਇੰਜ ਲੇਖਕ ਦੀ ਇਹ ਪੰਜਵੀਂ ਪੁਸਤਕ ਇਕ ਅਸਲੋਂ ਨਵੇਂ ਵਿਸ਼ੇ ਨੂੰ ਛੋਂਹਦੀ, ਹੈਰਾਨਕੁੰਨ ਪਰਤਾਂ ਖੋਲ੍ਹਦੀ ਹੈ। ਲੇਖਕ ਦਾ ਬਿਆਨੀਆ ਢੰਗ, ਬੜਾ ਸਰਲ, ਬੋਲੀ ਠੇਠ, ਮਨੁੱਖ ਦੀ ਪ੍ਰਭੂ ਦੀ ਲੀਲਾ ਦੀ ਅਨੰਤਤਾ ਵਿਚ ਭਰੋਸੇ ਨੂੰ ਹੋਰ ਪਕੇਰਾ ਕਰਨ ਦੇ ਸਮਰੱਥ ਹੈ।

-ਤੀਰਥ ਸਿੰਘ ਢਿੱਲੋਂ
ਮੋ: 83609-13318

 

 

 

ਔਰਤ ਦੀ ਕੀਰਤੀ
ਕਵਿੱਤਰੀ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 30 ਰੁਪਏ, ਸਫੇ : 80.

ਕਵਿੱਤਰੀ ਅਮਰ ਕੌਰ ਬੇਦੀ ਨੇ ਕਰੀਬ ਆਪਣੇ ਸੱਤ ਕੁ ਦਹਾਕਿਆਂ ਦੇ ਜੀਵਨ ਸਫਰ ਦੇ ਤਜਰਬੇ ਨੂੰ ਕਾਵਿ ਰੰਗ 'ਚ ਰੰਗ ਕੇ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ। ਇਸ ਕਾਵਿ ਕਿਆਰੀ 'ਚ ਵਿਚ ਵੱਖ-ਵੱਖ ਵਿਸ਼ਿਆਂ ਨੂੰ ਉਜਾਗਰ ਕਰਦੇ ਹੋਏ ਸੰਤਾਲੀ ਕੁ ਫੁੱਲ ਆਪਣੀ ਕਾਵਿ ਖੁਸ਼ਬੂ ਬਿਖੇਰ ਰਹੇ ਹਨ।
ਜਗ ਜਨਨੀ ਔਰਤ ਦੀ ਹੋਣੀ, ਇਸ ਹੋਣੀ ਲਈ ਜ਼ਿਆਦਾ ਜ਼ਿੰਮੇਵਾਰ ਖ਼ੁਦ ਔਰਤ, ਔਰਤ ਦੀ ਦੁਸ਼ਮਣ ਔਰਤ, ਹੱਕ ਹਕੂਕ ਲਈ ਬਣੇ ਕਾਨੂੰਨਾਂ ਦੀ ਚੁੱਪੀ ਜਾਂ ਫਿਰ ਕਾਨੂੰਨਾਂ ਦੀ ਆੜ ਵਿਚ ਮਰਦ ਹੱਕਾਂ ਦੀ ਹੱਕਰਸੀ/ਸ਼ੋਸ਼ਣ ਦਾ ਵਰਤ ਰਿਹਾ ਵਰਤਾਰਾ, ਊਰਜਾ ਸਾਧਨਾਂ ਦੀ ਦੁਰਵਰਤੋਂ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਵਿਚ ਮਨੁੱਖ ਦੀ ਵੱਡੀ ਹਿੱਸੇਦਾਰੀ, ਵਿਗੜ ਰਿਹਾ ਕੁਦਰਤੀ ਸੰਤੁਲਨ, ਮਾਰ-ਧਾੜ, ਮਾਂ ਬੋਲੀ ਦਾ ਨਿਰਾਦਰ ਆਦਿ ਭਾਵਪੂਰਤ ਵਿਸ਼ਿਆਂ ਨੂੰ ਸਿੱਧੀ ਸਾਦੀ ਸ਼ਬਦਵਾਲੀ ਰਾਹੀਂ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ।
ਇਸ ਤੋਂ ਇਲਾਵਾ ਇਸ ਪੁਸਤਕ ਵਿਚ ਲਾਲਚ ਵੱਸ ਆਪਣੇ ਹੀ ਵਿਛਾਏ ਜਾਲ ਵਿਚ ਫਸੇ ਮਨੁੱਖ ਨੂੰ ਬਾਹਰ ਨਿਕਲਣ ਲਈ ਸੁਝਾਵਾਂ ਦਾ ਕਾਵਿ ਰੂਪ ਵੀ ਪੜ੍ਹਨ ਨੂੰ ਮਿਲਦਾ ਹੈ। ਸਾਦਾ ਖਾਣਾ, ਸਾਦਾ ਪਹਿਨਣਾ, ਕਿਰਤ ਨੂੰ ਕਰਮ ਧਰਮ ਬਣਾਉਣਾ, ਪਰਾਈ ਚੀਜ਼ ਹੜੱਪਣ ਤੋਂ ਗੁਰੇਜ਼, ਵਿਖਾਵੇ ਦੇ ਕਰਮ ਕਾਂਡਾਂ ਨਾਲੋਂ ਅਮਲ ਰਾਹੀਂ ਧਰਮ ਅਪਣਾਉਣਾ, ਗੁਰਬਾਣੀ ਅਮਲੀ/ਅਭਿਆਸੀ ਤੌਰ 'ਤੇ ਕਾਰ-ਵਿਵਹਾਰ ਵਿਚ ਸ਼ਾਮਿਲ ਕਰਨ ਦੀ ਮਹੱਤਤਾ ਅਤੇ ਮਹਾਂ ਪੁਰਖਾਂ ਦੀ ਹਕੀਕੀ ਕਿਰਤ ਕਮਾਈਆਂ ਆਦਿ ਦੇ ਸੁਨਹਿਰੀ ਅਸੂਲਾਂ ਨੂੰ ਇਸ ਕਵਿੱਤਰੀ ਨੇ ਆਪਣੀ ਇਸ ਕਾਵਿ ਲੜੀ ਦਾ ਸ਼ਿੰਗਾਰ ਬਣਾਇਆ ਹੈ। ਪਰ ਮਨੁੱਖ ਵਲੋਂ ਉਕਤ ਸੁਨਹਿਰੀ ਅਸੂਲਾਂ ਨੂੰ ਦਿੱਤੀ ਜਾ ਰਹੀ ਤਿਲਾਂਜਲੀ ਬਾਰੇ ਕਵਿੱਤਰੀ ਦਾ ਕਾਵਿ ਰੂਪ ਵਿਚਾਰ ਇਸ ਤਰ੍ਹਾਂ ਹੈ।
'ਕਿਰਤ ਕਰਦਿਆਂ ਵੰਡ ਛੱਕੋ, ਬਾਬੇ ਨਾਨਕ ਸੀ ਫਰਮਾਇਆ,
ਅੱਜ ਮਨਮੁਖਾਂ ਨਾਲ ਦੋਸਤੀ, ਗੁਰੂਆਂ ਦਾ ਉਪਦੇਸ਼ ਭੁਲਾਇਆ।'


ਉੱਘੜ ਦੁੱਘੜ ਲਕੀਰਾਂ
ਕਵੀ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਅੰਮ੍ਰਿਤਸਰ
ਮੁੱਲ : 75 ਰੁਪਏ, ਸਫ਼ੇ : 132
ਸੰਪਰਕ: 9815264132.

ਉੱਘੜ-ਦੁੱਗੜ ਲਕੀਰਾਂ ਦੀ ਮਹੱਤਤਾ ਸਿੱਧੀਆਂ ਤੇ ਸਰਲ ਲਕੀਰਾਂ ਨਾਲੋਂ ਕਈਆਂ ਗੁਣਾ ਵੱਧ ਹੁੰਦੀ ਹੈ। ਸਿੱਧੀਆਂ ਤੇ ਸਰਲ ਲਕੀਰਾਂ ਦਾ ਸਿੱਧੜ ਜਿਹਾ ਹੀ ਨਿਸ਼ਾਨਾ ਹੁੰਦਾ ਜਦ ਕਿ ਉੱਘੜ-ਦੁੱਘੜ ਲਕੀਰਾਂ ਵਿਚ ਬੜਾ ਕੁਝ ਛਿਪਿਆ ਹੁੰਦਾ ਤੇ ਕੁਝ ਨਵਾਂ ਲੱਭਣ/ਖੋਜਣ ਲਈ ਧਿਆਨ ਕੇਂਦਰਿਤ ਕਰਨ 'ਤੇ ਮਿਹਨਤ ਦੀ ਵਧੇਰੇ ਲੋੜ ਹੁੰਦੀ ਹੈ। 'ਉੱਘੜ-ਦੁੱਘੜ ਲਕੀਰਾਂ' ਨਾਂਅ ਦੀ ਇਸ ਕਾਵਿ-ਪੁਸਤਕ ਵਿਚ ਲਘੂ ਕਾਵਿ-ਵਿਅੰਗਾਂ ਰਾਹੀਂ ਪ੍ਰੋੜ੍ਹ ਸਾਹਿਤਕਾਰ ਰਘਬੀਰ ਸਿੰਘ ਸੋਹਲ ਨੇ ਸਮਾਜ ਦੇ ਚੰਗੇ ਪੱਖਾਂ ਨੂੰ ਬੜੀ ਸ਼ਿੱਦਤ ਨਾਲ ਉਘੜਿਆ ਹੈ ਤੇ ਮਾੜੇ ਪੱਖ ਨੂੰ ਆੜੇ ਹੱਥੀਂ ਲੈਂਦਿਆਂ ਕਰੀਬ ਹਰ ਬੁਰਾਈ 'ਤੇ ਉਂਗਲ ਧਰੀ ਹੈ।
ਕਾਣੀ ਵੰਡ ਕਿਰਤ ਦੀ ਲੁੱਟ-ਖਸੁੱਟ, ਆਸਥਾ ਦਾ ਸ਼ੋਸ਼ਣ, ਨਿਕੰਮਪੁਣੇ ਦੀ ਪੂਜਾ, ਪਖੰਡੀ ਸਾਧਪੁਣੇ ਦਾ ਚਲਦਾ ਜਾਦੂ, ਆਮ ਲੋਕਾਈ ਦਾ ਚੁੰਗਲ ਵਿਚ ਫਸਣਾ, ਨਸ਼ਿਆਂ ਦੇ ਸੁਦਾਗਰਾਂ ਦੀ ਪੌਂ-ਬਾਰਾਂ, ਜਵਾਨੀ ਦਾ ਮਾੜੇ ਅਨਸਰਾਂ ਦੇ ਢਾਹੇ ਚੜ੍ਹ ਕੁਰਾਹੇ ਪੈ ਜਾਣਾ, ਅਨੈਤਿਕਤਾ ਭਰੇ ਕੁੁਕਰਮਾਂ ਦੀ ਭਰਮਾਰ, ਕੁਕਰਮ ਕਰਨ ਵਾਲਿਆਂ ਦੀ ਰਾਜਸੀ ਪੁਸ਼ਤ-ਪਨਾਹੀ ਤੇ ਨੇਤਾਵਾਂ ਦਾ ਦੋਗਲਾਪਨ, ਆਦਿ ਭਖਦੇ ਮਸਲਿਆਂ ਉਤੇ ਤਿੱਖੇ ਕਟਾਖਸ ਪਾਠਕ ਦੇ ਕੁਤਕਾਰੀਆਂ ਵੀ ਕੱਢਦੇ ਹਨ ਤੇ ਜਾਗਰੂਕ ਹੋਣ ਲਈ ਹੁੱਝ ਵੀ ਮਾਰਦੇ ਹਨ।
ਸਭ ਨਸ਼ਿਆਂ ਦੇ ਸਰੂਰ ਤੋਂ ਉਤਮ ਕਿਰਤ ਦਾ ਸਰੂਰ, ਸਰਦਾਰ ਦੀ ਅਸਲ ਪਛਾਣ ਚੰਗਾ ਕਿਰਦਾਰ, ਜ਼ਾਲਮ ਦੀ ਚੜ੍ਹੀ ਭਾਜੀ ਮੋੜਨ ਦਾ ਪ੍ਰਤੀਕ : ਸ਼ਹੀਦ ਊਧਮ ਸਿੰਘ ਦੀ ਗਾਥਾ, ਬੁਰਾਈਆਂ ਰੂਪੀ ਕੂੜੇ ਨੂੰ ਹੂੰਝਣ ਲਈ ਵੰਗਾਰ ਆਦਿ ਭਾਵਪੂਰਤ ਵਿਸ਼ੇ ਕਵੀ ਦੀ ਸਮਾਜ ਪ੍ਰਤੀ ਸਕਾਰਾਤਮਿਕ ਸੋਚ ਦੀ ਹਾਮੀ ਭਰਦੇ ਹਨ।
ਵਕਤ ਬਦਲੀ ਹੋ ਜਾਣ ਕਰਨ ਸਾਡੀ ਬੋਲ-ਚਾਲ ਵਿਚੋਂ ਕਿਰ ਚੁੱਕੀ ਠੇਠ ਸ਼ਬਦਾਵਲੀ ਜਿਵੇਂ 'ਝੱਬੂ', 'ਪੜੁੱਲ', 'ਲੱਠਾ', 'ਬੋਸਕੀ', 'ਖੱਬੀ ਖਾਨ', 'ਗਦੂਦ', 'ਔੜ', 'ਤੋਕੜ', 'ਸੰਢ' ਤੇ ਖਾਖਾਂ, ਆਦਿ ਇਸ ਕਾਵਿ ਵਿਅੰਗ ਪੁਸਤਕ ਵਿਚ ਪੜ੍ਹਨ ਨੂੰ ਮਿਲਦੇ ਹਨ ਜੋ 'ਉੱਘੜ ਦੁੱਘੜ ਲਕੀਰਾਂ' ਦਾ ਵਿਸ਼ੇਸ਼ ਹਾਸਲ ਹੈ। ਇਹ ਵਿਸ਼ੇਸ਼ ਹਾਸਲ ਨਵੀਂ ਪਨੀਰੀ ਦੇ ਪਾਠਕਾਂ ਦੀ ਸ਼ਬਦਾਵਲੀ ਵਿਚ ਵਾਧਾ ਕਰਨ 'ਚ ਸਹਾਇਕ ਹੋਣਗੇ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

 

07-04-2018

 ਹਰਾਮ ਜਿਨ੍ਹਾਂ ਦੀ ਹੱਡੀਂ ਰਚਿਆ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 163
ਸੰਪਰਕ : 98146-19342.

ਇਸ ਵਾਰਤਕਨੁਮਾ ਪੁਸਤਕ ਵਿਚ ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ ਨੇ ਵੱਖੋ-ਵੱਖਰੇ 38 ਲੇਖ ਲਿਖੇ ਹਨ, ਜਿਨ੍ਹਾਂ ਵਿਚ ਯਥਾਰਥ ਨੂੰ ਬਿਆਨ ਕਰਦਿਆਂ ਹੋਇਆਂ ਆਪਣੀ ਵਿਲੱਖਣ ਸ਼ੈਲੀ ਦੁਆਰਾ ਸਮਾਜਿਕ ਵਰਤਾਰਿਆਂ ਦੀ ਛਾਣ-ਬੀਣ ਬਹੁਤ ਬੇਬਾਕੀ ਨਾਲ ਕੀਤੀ ਹੈ। ਜਿਵੇਂ 'ਅੰਗਰੇਜ਼ ਅੰਗਰੇਜ਼ ਹੀ ਸਨ' ਲੇਖ ਵਿਚ ਅੰਗਰੇਜ਼ਾਂ ਦੀ ਕਾਰਜ-ਕੁਸ਼ਲਤਾ ਦੀ ਗੱਲ ਹੈ। 'ਸੁੱਤੀਆਂ ਕਲਾਂ ਜਗਾਉਣ ਵਾਲੇ' ਲੇਖ ਫ਼ਿਰਕਾਪ੍ਰਸਤੀ ਬਾਰੇ ਹੈ। ਅਗਲੇ ਲੇਖ 'ਮਨ ਹਰਾਮੀ ਹੁੱਜਤਾਂ ਢੇਰ' ਵਿਚ ਮਨ ਨੂੰ ਸਿੱਧੇ ਪਾਸੇ ਲਗਾਉਣ ਬਾਰੇ ਦੱਸਿਆ ਗਿਆ ਹੈ। 'ਹਰਾਮ ਜਿਨ੍ਹਾਂ ਦੀ ਹੱਡੀਂ ਰਚਿਆ' ਲੇਖ ਵਿਚ ਡੈਣ ਕੁੱਛੜ ਮੁੰਡੇ ਵਾਲੀ ਕਹਾਣੀ ਹੈ ਅਤੇ ਹਰਾਮ ਦਾ ਖਾਣ ਵਾਲਿਆਂ ਨੂੰ ਵਰਜਿਆ ਗਿਆ ਹੈ। 'ਭੇਡਾਂ ਨੂੰ ਸਾਰੇ ਮੁੰਨਦੇ ਹਨ' ਵਿਚ ਭੇਡਾਂ ਨੂੰ ਕਮਜ਼ੋਰ ਦਰਸਾਇਆ ਗਿਆ ਹੈ ਅਤੇ ਭੇਡਚਾਲ ਬਾਰੇ ਵੀ ਦੱਸਿਆ ਗਿਆ ਹੈ। 'ਸੰਤਾਂ ਦੇ ਵੱਗ ਫਿਰਦੇ' ਲੇਖ ਵਿਚ ਡੇਰਿਆਂ ਦੇ ਅਖੌਤੀ ਬਾਬਿਆਂ ਦੀ ਭੰਡੀ ਕੀਤੀ ਗਈ ਹੈ। 'ਪਰਨਾਲਾ ਉੱਥੇ ਦਾ ਉੱਥੇ' ਲੇਖ ਵਿਚ ਕੁਝ ਵੀ ਨਾ ਬਦਲਣ ਬਾਰੇ ਦੱਸਿਆ ਗਿਆ ਹੈ। 'ਲੇਖਕ ਹਾਂ-ਮੰਗਤੇ ਨਹੀਂ' ਵਿਚ ਦੱਸਿਆ ਗਿਆ ਹੈ ਕਿ ਲੇਖਕ ਮੰਗਦੇ ਨਹੀਂ ਪਰ ਚੰਗੇ ਮਾੜੇ ਦੀ ਪਹਿਚਾਣ ਨਹੀਂ ਹੈ। 'ਮੋਟੀ ਜਿਨ੍ਹਾਂ ਦੀ ਮੱਤ' ਵਿਚ ਬਾਬਾਨੁਮਾ ਕਲਚਰ ਨੂੰ ਦਰਸਾਇਆ ਗਿਆ ਹੈ। 'ਕੁਰਸੀਆਂ ਲਈ ਘੜਮੱਸ' ਵਿਚ ਦੱਸਿਆ ਗਿਆ ਹੈ ਕਿ ਕੁਰਸੀ ਦੇ ਚਾਹਵਾਨ ਠਾਣੇ ਵਿਚ ਬਿਨਾਂ ਨਾਗਾ ਸਿਜਦਾ ਕਰਦੇ ਹਨ। 'ਰੱਬ ਨੇੜੇ ਕਿ ਘਸੁੰਨ', ਵਿਚ ਜੋ ਰੱਬ ਤੋਂ ਨਹੀਂ ਡਰਦੇ ਉਨ੍ਹਾਂ ਬਾਰੇ ਦੱਸਿਆ ਗਿਆ ਹੈ। 'ਵਧਾਈਆਂ ਕੇ ਜੁਦਾਈਆਂ' ਲੇਖ ਵਿਚ ਵਿਰੋਧਾਭਾਸ ਦੀ ਗੱਲ ਕੀਤੀ ਗਈ ਹੈ। ਅਗਲੇ ਲੇਖਾਂ ਵਿਚ ਮਾੜੇ ਦਿਨਾਂ ਦੀ ਆਮਦ ਅਤੇ ਖਾਸ ਕਰਕੇ ਬੇਹਿਆਈ ਦੀ ਮਿਸਾਲ ਹੈ ਕਿ ਪੰਜਾਬ ਵਿਚ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਅੰਨ੍ਹੇਵਾਹ ਦੌੜ ਰਹੇ ਹਨ ਅਤੇ ਆਪਣੇ ਦੇਸ਼ ਨੂੰ ਕਰਜ਼ਾਈ ਕਰ ਰਹੇ ਹਨ, ਜੋ ਅਜੋਕੇ ਸਮੇਂ ਦੇ ਹਾਣ ਦਾ ਲੇਖ ਹੈ। 'ਪੀੜਾਂ ਮੱਲੇ ਰਾਹ' ਲੇਖ ਵਿਚ ਧੀਆਂ, ਭੈਣਾਂ ਦੀ ਇੱਜ਼ਤ ਬਾਰੇ ਦੱਸਿਆ ਗਿਆ ਹੈ। 'ਹਰਾਮੀ ਲੋਕ' ਨਿਬੰਧ ਵਿਚ ਦੇਸ਼ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਬਾਰੇ ਹੈ ਜੋ ਹਰਾਮ ਦਾ ਖਾਂਦੇ ਹਨ। ਲੇਖਕ ਦੀ ਸ਼ੈਲੀ ਮੁਹਾਵਰੇਦਾਰ ਅਤੇ ਠੁਕਦਾਰ ਹੈ, ਜਿਸ ਨਾਲ ਵਾਰਤਕ ਨੂੰ ਚਾਰ-ਚੰਨ ਲੱਗਦੇ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 098553-95161


ਆਲ੍ਹਣਿਓਂ ਵਿੱਛੜਿਆ ਬੋਟ
(ਪਾਕਿਸਤਾਨੀ ਪਰਵਾਸੀ ਪੰਜਾਬੀ ਕਹਾਣੀਆਂ)
ਕਹਾਣੀਕਾਰ : ਲਾਲੀ ਚੌਧਰੀ
ਲਿਪੀਆਂਤਰ : ਪਰਮਜੀਤ ਸਿੰਘ ਮੀਸ਼ਾ
ਪ੍ਰਕਾਸ਼ਕ : ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 156
ਸੰਪਰਕ : 95019-44119.

ਡਾ: ਪਰਮਜੀਤ ਸਿੰਘ ਮੀਸ਼ਾ ਨੇ ਨਾ ਕੇਵਲ ਪੱਛਮੀ ਪੰਜਾਬ ਵਿਚ ਉਪਜੇ ਪੰਜਾਬੀ ਸਾਹਿਤ ਨੂੰ ਨਿੱਠ ਕੇ ਪੜ੍ਹਿਆ ਹੈ ਬਲਕਿ ਸ਼ਾਹਮੁਖੀ ਲਿਪੀ ਤੋਂ ਅਣਜਾਣ ਪੂਰਬੀ ਪੰਜਾਬ ਵਿਚ ਰਹਿਣ ਵਾਲੇ ਪਾਠਕਾਂ ਦੀ ਸਹੂਲਤ ਲਈ ਫ਼ਖ਼ਰ ਜ਼ਮਾਂ, ਫਰਜ਼ੰਦ ਅਲੀ ਅਤੇ ਲਾਲੀ ਚੌਧਰੀ ਵਰਗੇ ਅਦੀਬਾਂ ਦੀਆਂ ਪ੍ਰਮੁੱਖ ਰਚਨਾਵਾਂ ਦਾ ਗੁਰਮੁਖੀ ਵਿਚ ਲਿਪੀਆਂਤਰ ਵੀ ਦਿਖਾਇਆ ਹੈ। ਉਸ ਦੇ ਲਿਪੀਆਂਤਰਣ ਏਨੇ ਸਟੀਕ ਹੁੰਦੇ ਹਨ ਕਿ ਪਾਠਕ ਦੀ ਚੇਤਨਾ ਨੂੰ ਕਿਧਰੇ ਵੀ ਕੋਈ ਖੱਪਾ ਮਹਿਸੂਸ ਨਹੀਂ ਹੁੰਦਾ। ਲਾਲੀ ਚੌਧਰੀ ਦਾ ਜਨਮ ਤਾਂ ਬੇਸ਼ੱਕ ਪਾਕਿਸਤਾਨ ਵਿਚ ਹੋਇਆ ਸੀ ਪਰ ਯੂ.ਐਸ.ਏ. ਰਹਿੰਦੀ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਵਿਚ ਯੂ.ਐਸ. ਦੇ ਵੇਰਵੇ ਮਿਲ ਜਾਂਦੇ ਹਨ।
ਹਥਲੇ ਸੰਗ੍ਰਹਿ ਵਿਚ ਮੋਹਤਰਿਮਾ ਲਾਲੀ ਦੀਆਂ 10 ਕਹਾਣੀਆਂ ਸੰਗ੍ਰਹਿਤ ਹਨ। ਇਕ ਪੜ੍ਹੀ-ਲਿਖੀ ਅਤੇ ਪ੍ਰਗਤੀਸ਼ੀਲ ਔਰਤ ਹੋਣ ਦੇ ਕਾਰਨ ਉਸ ਦੀਆਂ ਕਹਾਣੀਆਂ ਵਿਚ ਨਾਰੀ ਜੀਵਨ ਉੱਪਰ ਪੈਣ ਵਾਲੇ ਦਬਾਵਾਂ ਦਾ ਵਰਨਣ ਬੜੀ ਸ਼ਿੱਦਤ ਨਾਲ ਹੋਇਆ ਹੈ। ਬੇਸ਼ੱਕ ਇਧਰਲੇ ਪੰਜਾਬ ਵਿਚ ਵੀ ਨਾਰੀ ਉੱਪਰ ਕਾਫੀ ਦਮਨ ਕੀਤਾ ਜਾ ਰਿਹਾ ਹੈ ਪਰ ਪੱਛਮੀ ਪੰਜਾਬ ਵਿਚ ਅਜਿਹੇ ਦਮਨ ਦੀ ਇੰਤਹਾ ਦੇਖੀ ਜਾ ਸਕਦੀ ਹੈ। ਪੁਰਸ਼ਾਂ ਦਾ ਪਤਨੀਆਂ ਨੂੰ ਮਾਰਨਾ-ਕੁੱਟਣਾ, ਆਪਣੀ ਪਤਨੀ ਦੇ ਹੁੰਦੇ-ਸੁੰਦਿਆਂ ਇਧਰ-ਉਧਰ ਮੂੰਹ ਮਾਰਦੇ ਫਿਰਨਾ, ਤਲਾਕ ਦੀ ਧਮਕੀ ਦੇ ਕੇ ਨਾਰੀ ਨੂੰ ਡਰਾਈ-ਧਮਕਾਈ ਰੱਖਣਾ, ਉਸ ਦੇ ਹੱਸਣ-ਬੋਲਣ ਅਤੇ ਸਜਣ-ਸੰਵਰਨ ਉੱਪਰ ਪਾਬੰਦੀ ਲਾਉਣਾ ਕੁਝ ਅਜਿਹੇ ਪੱਖ ਹਨ, ਜਿਨ੍ਹਾਂ ਕਾਰਨ ਨਾਰੀ ਨੂੰ ਆਪਣਾ ਜੀਵਨ ਬਤੀਤ ਕਰਨਾ ਦੁੱਭਰ ਹੋ ਗਿਆ ਹੈ। ਪੱਛਮੀ ਪੰਜਾਬ ਵਿਚ ਅਜੇ ਤੱਕ ਵੀ ਮੱਧ ਸ਼੍ਰੇਣੀ ਮਜ਼ਬੂਤ ਨਹੀਂ ਹੋਈ। ਉਥੇ ਦੋ ਸ਼੍ਰੇਣੀਆਂ ਹੀ ਪ੍ਰਮੁੱਖ ਹਨ : 1. ਜਾਗੀਰਦਾਰ ਸ਼੍ਰੇਣੀ ਅਤੇ ਕਾਮਾ ਸ਼੍ਰੇਣੀ। ਕਾਮਿਆਂ ਦਾ ਜੀਵਨ ਜਾਨਵਰਾਂ ਤੋਂ ਵੀ ਬਦਤਰ ਹੈ। ਜਾਗੀਰਦਾਰ ਲੋਕ ਕਾਮਿਆਂ ਦੀਆਂ ਛੋਟੀਆਂ-ਛੋਟੀਆਂ ਧੀਆਂ ਨੂੰ ਆਪਣੇ ਘਰਾਂ ਵਿਚ ਕੰਮ ਕਰਨ ਲਾ ਲੈਂਦੇ ਹਨ ਅਤੇ ਫਿਰ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਜਾਗੀਰਦਾਰ ਸ਼੍ਰੇਣੀ ਦੀਆਂ ਪੜ੍ਹੀਆਂ-ਲਿਖੀਆਂ ਅਤੇ ਕਥਿਤ ਆਧੁਨਿਕ ਔਰਤਾਂ ਵੀ ਅਜਿਹੇ ਸ਼ੋਸ਼ਣ ਵਿਚ ਪਿੱਛੇ ਨਹੀਂ ਰਹਿੰਦੀਆਂ। ਆਪਣੀ ਸੁਵਿਧਾ ਦੀ ਖਾਤਰ ਉਹ ਇਸ ਸ਼ੋਸ਼ਣ ਨੂੰ ਇਕ ਸੁਭਾਵਿਕ ਕਰਮ ਮੰਨੀ ਜਾਂਦੀਆਂ ਹਨ। ਲਾਲੀ ਚੌਧਰੀ ਬਹੁਤ ਸੂਝਵਾਨ ਅਤੇ ਚੇਤੰਨ ਔਰਤ ਹੈ। ਉਹ ਸਮਾਜ ਦੇ ਉਪਰਲੇ ਵਰਗ ਨਾਲ ਸਬੰਧਿਤ ਪਾਕਿਸਤਾਨੀ ਔਰਤਾਂ ਉੱਪਰ ਹੋਣ ਵਾਲੇ ਦ੍ਰਿਸ਼ ਅਤੇ ਅਦ੍ਰਿਸ਼ ਦੀਆਂ ਬੜੀਆਂ ਦੁਖਦਾਈ ਝਾਕੀਆਂ ਪੇਸ਼ ਕਰਦੀ ਹੈ। ਉਹ ਕਹਾਣੀ ਲਿਖਦੀ ਨਹੀਂ ਬਲਕਿ ਸੁਣਾਉਂਦੀ ਹੈ। ਕਹਾਣੀ ਕਹਿਣ ਦੇ ਰਵਾਇਤੀ ਢੰਗ ਨੂੰ ਉਸ ਨੇ ਬੜੀ ਕੁਸ਼ਲਤਾ ਨਾਲ ਵਰਤਿਆ ਹੈ। ਕਹਾਣੀ ਸੁਣਾਉਣ ਸਮੇਂ ਉਹ ਕਦੇ ਵੀ ਲਾਊਡ ਨਹੀਂ ਹੁੰਦੀ ਬਲਕਿ ਆਲੋਚਨਾਤਮਕ ਯਥਾਰਥਵਾਦੀ ਵਿਧੀ ਦੁਆਰਾ ਜਬਰ-ਜ਼ੁਲਮ ਦੀ ਦਾਸਤਾਨ ਨੂੰ ਪੇਸ਼ ਕਰੀ ਜਾਂਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਰਹਿਨੁਮਾ ਸਮਾਜ ਦੇ
ਸੰਪਾਦਕ : ਐਡਵੋਕੇਟ ਸੁਰੇਸ਼ ਭਿਓਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98146-73236.

'ਰਹਿਨੁਮਾ ਸਮਾਜ ਦੇ' ਪੁਸਤਕ ਵਿਚ ਐਡਵੋਕੇਟ ਸੁਰੇਸ਼ ਭਿਓਰਾ ਦੁਆਰਾ ਜੀਵਨ ਯਥਾਰਥ ਨਾਲ ਜੁੜੇ ਵੱਖ-ਵੱਖ ਲੇਖਕਾਂ ਦੇ 20 ਲੇਖ ਸੰਪਾਦਿਤ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚ ਜ਼ਿੰਦਗੀ ਦੇ ਉਹ ਸੱਚ ਪੇਸ਼ ਹੋਏ ਹਨ, ਜਿਨ੍ਹਾਂ ਨਾਲ ਅਜੋਕਾ ਮਨੁੱਖ ਜੂਝ ਰਿਹਾ ਹੈ। ਇਨ੍ਹਾਂ ਲੇਖਾਂ ਵਿਚ ਜਿਥੇ ਅਜੋਕੀ ਜੀਵਨ ਤੋਰ ਬਾਰੇ ਸੰਵਾਦ ਰਚਾਇਆ ਗਿਆ ਹੈ, ਉਥੇ ਅਤੀਤ ਨਾਲ ਵੀ ਸਾਂਝ ਪੁਆਉਣ ਦਾ ਸਿਰਜਣਾਤਮਕ ਉੱਦਮ, ਉਪਰਾਲਾ ਕੀਤਾ ਗਿਆ ਹੈ। ਬਹੁਤੇ ਲੇਖਾਂ ਵਿਚ ਉਨ੍ਹਾਂ ਪ੍ਰਸਥਿਤੀਆਂ ਦਾ ਹੀ ਜ਼ਿਕਰ ਹੋਇਆ ਮਿਲਦਾ ਹੈ, ਜੋ ਜ਼ਿੰਦਗੀ ਦੀ ਤੋਰ ਨੂੰ ਕਰੂਰ ਹਾਲਤਾਂ ਦੇ ਰੂਬਰੂ ਕਰ ਰਹੇ ਹਨ। ਮਿਸਾਲ ਵਜੋਂ ਕੁਦਰਤ ਨਾਲ ਆਢਾ ਲਾਉਣ ਦਾ ਹਸ਼ਰ ਮਾੜਾ ਹੈ। 'ਰੁੱਖ', 'ਜੇ ਨਹੀਂ ਪਾਣੀ ਤਾਂ ਖ਼ਤਮ ਕਹਾਣੀ', 'ਅਜੋਕੇ ਸਮਾਜ ਵਿਚ ਦਿਖਾਵਾ', 'ਰੁੱਖ ਤੇ ਮਨੁੱਖ', 'ਬੇਰੁਜ਼ਗਾਰੀ ਤੇ ਜਵਾਨੀ ਦੀ ਲੁੱਟ' ਆਦਿ ਲੇਖਾਂ ਵਿਚ ਉਸ ਫ਼ਿਕਰਮੰਦੀ ਦੇ ਅਹਿਸਾਸ ਨੂੰ ਪੇਸ਼ ਕੀਤਾ ਗਿਆ ਹੈ ਜੋ ਹਰੇਕ ਮਨੁੱਖ ਦੀ ਕਹਾਣੀ ਹੈ। ਕੁਝ ਲੇਖਾਂ ਵਿਚ ਸਾਨੂੰ ਸੁਚੱਜੀ ਜੀਵਨ-ਜਾਚ ਦੀ ਮੁਹਾਰਤ ਹਾਸਲ ਕਰਨ ਦੇ ਵਸੀਲੇ ਵੀ ਸਮਝਾਏ ਗਏ ਹਨ, ਜਿਨ੍ਹਾਂ ਦੀ ਪ੍ਰੇਰਨਾਤਮਕ ਸੂਝ ਵਿਚੋਂ ਹਾਂ-ਵਾਚੀ ਨਜ਼ਰੀਆ ਧਾਰਨ ਕਰਕੇ ਮਨੁੱਖ ਇਨਸਾਨੀ ਜ਼ਿੰਦਗੀ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਧਾਰਨ ਕਰ ਸਕਦਾ ਹੈ। 'ਵਾਹਿਗੁਰੂ ਜੀ ਦੀ ਜੋਤ ਰਚਨਾ', 'ਜੀਵਨ ਦੀਆਂ ਤਿੰਨ ਅਵਸਥਾਵਾਂ ਜਾਂ ਜੀਵਨ ਦੇ ਤਿੰਨ ਪੜਾਅ', 'ਢਿੱਡ, ਫਰਿਜ਼ ਤੇ ਸਟੋਰ', 'ਸੰਤੁਲਨ', 'ਆਪਣੇ ਕਦਮ' ਆਦਿ ਕੁਝ ਅਜਿਹੇ ਲੇਖ ਹਨ, ਜਿਹੜੇ ਮਾਨਵ ਹਿਤੈਸ਼ੀ ਨਜ਼ਰੀਏ ਤੋਂ ਪੇਸ਼ ਹੋਏ ਹਨ। ਕੁਝ ਹੋਰ ਅਜਿਹੀ ਤਾਸੀਰ ਵਾਲੇ ਲੇਖਾਂ ਵਿਚ 'ਰਿਸ਼ਤੇ ਸਫ਼ਰਾਂ ਦੇ', 'ਮਨੁੱਖੀ ਅਧਿਕਾਰ ਤੇ ਵੋਟਰ ਬਨਾਮ ਚੋਣ ਕਮਿਸ਼ਨ', 'ਵਿਸਰ ਗਿਆ ਸੰਸਾਰ' ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 'ਆਪੇ ਚੱਲੀਆਂ ਚੱਕੀਆਂ ਸੀ' ਧਾਰਮਿਕ ਆਸਥਾ ਵਾਲਾ ਲੇਖ ਹੈ। ਉਰਦੂ ਤੇ ਪੰਜਾਬੀ ਦਾ ਆਪਸੀ ਰਿਸ਼ਤਾ ਪੰਜਾਬੀ ਦੀ ਭਾਸ਼ਾਈ ਤਾਰੀਖ਼ ਨੂੰ ਪੇਸ਼ ਕਰਨ ਵਾਲਾ ਜ਼ਿਕਰਯੋਗ ਲੇਖ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੇ ਵਿਸ਼ੇ ਅੰਤਰ-ਸਬੰਧਿਤ ਹੀ ਹਨ ਕਿਉਂਕਿ ਇਨ੍ਹਾਂ ਵਿਚਲੀ ਮੂਲ ਸੁਰ ਮਨੁੱਖੀ ਚੇਤਨਾ ਅਤੇ ਸੰਵੇਦਨਾ ਨੂੰ ਜਾਗ੍ਰਿਤ ਕਰਨ ਵਾਲੀ ਹੈ। ਭਾਵੇਂ ਵਿਸਰੀਆਂ ਖੇਡਾਂ ਹੋਣ ਜਾਂ ਪ੍ਰਗਤੀਵਾਦੀ ਕਵਿਤਾ ਵਿਚ ਪੇਸ਼ ਸਮਾਜਿਕ ਵਰਗ ਵੰਡ ਦੇ ਹਵਾਲੇ ਹੋਣ, ਇਹ ਸਾਰਾ ਵਾਤਾਵਰਨ ਮਨੁੱਖੀ ਚੇਤਨਾ ਨੂੰ ਹਲੂਣ ਕੇ ਜਗਾਉਣ ਵਾਲਾ ਹੈ। ਕਈ ਲੇਖਾਂ ਵਿਚਲੀ ਬਿਰਤਾਂਤਕ ਸ਼ੈਲੀ ਵੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ
ਲੇਖਕ : ਸੁਧੀਰ ਵਿਦਿਆਰਥੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 98153-17028.

ਹਥਲੀ ਪੁਸਤਕ ਪ੍ਰਸਿੱਧ ਦੇਸ਼-ਭਗਤ ਅਤੇ ਆਜ਼ਾਦੀ ਘੁਲਾਟੀਏ ਕ੍ਰਾਂਤੀ ਬਟੁਕੇਸ਼ਵਰ ਦੱਤ ਬਾਰੇ ਉਨ੍ਹਾਂ ਦੇ ਹੀ ਇਕ ਕ੍ਰਾਂਤੀਕਾਰੀ ਮਿੱਤਰ ਸੁਧੀਰ ਵਿਦਿਆਰਥੀ ਵਲੋਂ ਲਿਖੀਆਂ ਯਾਦਾਂ ਹਨ, ਉਸ ਦੀ ਜੀਵਨੀ ਦੇ ਕੁਝ ਅੰਸ਼ ਹਨ ਜਿਨ੍ਹਾਂ ਦਾ ਅਨੁਵਾਦ ਅਗਾਂਹਵਧੂ ਲੇਖਕ ਬਲਬੀਰ ਲੌਂਗੋਵਾਲ ਵਲੋਂ ਕੀਤਾ ਗਿਆ ਹੈ। ਬਟੁਕੇਸ਼ਵਰ ਦੱਤ ਕਾਨਪੁਰ ਵਿਖੇ ਭਗਤ ਸਿੰਘ ਹੁਰਾਂ ਨੂੰ ਮਿਲੇ। ਇਸ ਮਿਲਣੀ ਤੋਂ ਬਾਅਦ ਤਾਂ ਜਿਵੇਂ ਉਨ੍ਹਾਂ ਦਾ ਸਾਥ ਪੱਕਾ ਹੀ ਹੋ ਗਿਆ ਸੀ। ਦਿੱਲੀ ਅਸੈਂਬਲੀ 'ਚ ਬੰਬ ਸੁੱਟਣ ਵੇੇਲੇ ਦੋਵੇਂ ਇਕੱਠੇ ਹੀ ਸਨ। ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਉਨ੍ਹਾਂ ਬੋਲ਼ੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਉਪਰਾਲਾ ਕੀਤਾ ਸੀ। ਉਸ ਕੇਸ ਵਿਚ ਦੱਤ ਹੁਰਾਂ ਨੂੰ ਉਮਰ ਕੈਦ ਕੱਟਣ ਲਈ ਕਾਲੇ ਪਾਣੀ ਭੇਜ ਦਿੱਤਾ ਗਿਆ ਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੱਤ ਹੁਰੀਂ ਰਿਹਾ ਹੋ ਕੇ ਪਟਨੇ ਆ ਗਏ। ਵਿਆਹ ਕਰਵਾ ਲਿਆ ਤੇ ਇਕ ਧੀ ਪੈਦਾ ਹੋਈ। ਪਰ ਬਿਮਾਰੀ ਤੇ ਗ਼ਰੀਬੀ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਆਜ਼ਾਦੀ ਤੋਂ ਬਾਅਦ ਮੁਲਕ ਵਾਸੀਆਂ ਨੂੰ ਤੇ ਪ੍ਰਸ਼ਾਸਨ ਨੂੰ ਦੇਸ਼-ਭਗਤਾਂ ਪ੍ਰਤੀ ਕੋਈ ਪਿਆਰ ਨਹੀਂ ਸੀ ਦਿਸਦਾ। ਇਕ ਕਮਿਸ਼ਨਰ ਨੇ ਤਾਂ ਦੱਤ ਹੁਰਾਂ ਨੂੰ ਪੁੱਛ ਹੀ ਲਿਆ ਸੀ 'ਕਿਹੜਾ ਬਟੁਕੇਸ਼ਵਰ ਦੱਤ? ਕੌਣ ਹੈ ਬਟੁਕੇਸ਼ਵਰ ਦੱਤ?' 'ਇਨਕਲਾਬ ਜ਼ਿੰਦਾਬਾਦ' ਦਾ ਪਹਿਲੀ ਵਾਰੀ ਨਾਅਰਾ ਲਾਉਣ ਵਾਲੇ ਦੱਤ ਦਾ ਆਜ਼ਾਦੀ ਤੋਂ ਬਾਅਦ ਜੋ ਬੁਰਾ ਹਾਲ ਹੋਇਆ, ਉਹ ਬਿਆਨ ਨਹੀਂ ਹੋ ਸਕਦਾ। ਆਪਣੀ ਕੁਰਬਾਨੀ ਦਾ ਮੁੱਲ ਵੱਟਣਾ ਉਸ ਨੂੰ ਨਾਗਵਾਰ ਨਹੀਂ ਸੀ। ਉਹ ਅਣਖੀ ਦੇਸ਼-ਭਗਤ ਸੀ। ਇਸ ਪੁਸਤਕ ਵਿਚ ਅਨੇਕਾਂ ਇਹੋ ਜਿਹੇ ਦ੍ਰਿਸ਼ਟਾਂਤ ਦਰਜ ਕੀਤੇ ਮਿਲਦੇ ਹਨ, ਜਿਨ੍ਹਾਂ ਤੋਂ ਦੱਤ ਹੁਰਾਂ ਦੀ ਨਿਡਰਤਾ, ਬਹਾਦਰੀ ਤੇ ਖੁੱਲ੍ਹਦਿਲੀ ਦੇ ਸੰਕੇਤ ਮਿਲਦੇ ਹਨ। ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਕੇ ਵੀ ਉਸ ਦੇ ਚਿਹਰੇ ਦੀ ਮੁਸਕਾਨ ਫਿੱਕੀ ਨਹੀਂ ਪਈ। ਜਿਸ ਦਿੱਲੀ ਵਿਚ ਉਨ੍ਹਾਂ ਅੰਗਰੇਜ਼ ਨੂੰ ਭੈਭੀਤ ਕਰਨ ਲਈ ਬੰਬ ਸੁੱਟਿਆ ਸੀ, ਉਸੇ ਦਿੱਲੀ ਵਿਚ ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਸਟਰੈਚਰ 'ਤੇ ਪਾ ਕੇ ਲਿਆਂਦਾ ਗਿਆ ਸੀ। ਮੌਤ ਤੋਂ ਬਾਅਦ, ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਿਕ ਉਨ੍ਹਾਂ ਦੇ ਮ੍ਰਿਤ ਸਰੀਰ ਨੂੰ ਭਗਤ ਸਿੰਘ ਦੀ ਸਮਾਧੀ ਦੇ ਨਜ਼ਦੀਕ ਹੀ ਦਫ਼ਨਾ ਦਿੱਤਾ ਗਿਆ ਸੀ। ਦੇਸ਼ ਦੇ ਹਾਲਾਤ ਦੇਖ ਕੇ ਉਹ ਕਿਹਾ ਕਰਦੇ ਸਨ ਕਿ ਅਸੀਂ ਇਹੋ ਜਿਹੀ ਆਜ਼ਾਦੀ ਲਈ ਤਾਂ ਕੁਰਬਾਨੀਆਂ ਨਹੀਂ ਸਨ ਦਿੱਤੀਆਂ।

-ਕੇ. ਐਲ. ਗਰਗ
ਮੋ: 94635-37050

 

 

ਪੰਜਾਬੀ ਸੂਫ਼ੀ ਕਾਵਿ ਪਰੰਪਰਾ ਅਤੇ ਸ਼ਾਹ ਹੁਸੈਨ : ਪ੍ਰਵਚਨ ਵਿਸ਼ਲੇਸ਼ਣ
ਲੇਖਕ : ਡਾ: ਰਾਜ ਕਿਰਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 257
ਸੰਪਰਕ : 98152-43951.

ਪ੍ਰਵਚਨ ਉਚਾਰਿਆ ਉਸਾਰਿਆ ਜਾਂਦਾ ਹੈ ਅਤੇ ਪਾਠ ਸਰਲ ਰੂਪ ਵਿਚ ਪ੍ਰਾਪਤ ਹੁੰਦਾ ਹੈ। ਪ੍ਰਵਚਨ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਉਪਦੇਸ਼ ਵਾਲੀ ਲੀਹ 'ਤੇ ਉਸਰ ਕੇ ਵੀ ਉਸ ਤੋਂ ਵੱਖਰਾ ਹੈ। ਸ਼ਾਹ ਹੁਸੈਨ ਦੇ ਕਾਵਿ ਨੂੰ ਪ੍ਰਵਚਨ ਦੇ ਰੂਪ ਵਿਚ ਵਿਸ਼ਲੇਸ਼ਣ ਕਰਨ ਦਾ ਉਦੇਸ਼ ਇਸ ਵਿਚ ਕਾਰਜਸ਼ੀਲ ਸਪੱਸ਼ਟ ਸੰਗਠਿਤ ਸੋਚ, ਉਦੇਸ਼, ਸੰਦੇਸ਼ ਨੂੰ ਬਾਰੀਕੀ ਨਾਲ ਸਮਝਣਾ ਹੈ ਅਤੇ ਰਾਜ ਕਿਰਪਾਲ ਸਿੰਘ ਇਸ ਵਿਚ ਸਫਲ ਰਿਹਾ ਹੈ। ਉਸ ਨੇ ਪ੍ਰਵਚਨ, ਅੰਤਰ-ਪਾਠਾਤਮਕਤਾ ਅਤੇ ਵਿਰਚਨਾ (ਡੀਕਨਸਟਰਕਸ਼ਨ) ਦੇ ਪੱਛਮੀ ਆਲੋਚਨਾ ਦੇ ਤਿੰਨ ਸੰਕਲਪਾਂ ਦੇ ਪ੍ਰਸੰਗ ਵਿਚ ਆਪਣੀ ਗੱਲ ਕੀਤੀ ਹੈ। ਪ੍ਰਵਚਨ ਦੀ ਗੱਲ ਅਸੀਂ ਵੇਖ ਲਈ ਹੈ। ਅੰਤਰ-ਪਾਠਾਤਮਕਤਾ ਇਕ ਕਵੀ/ਕਿਰਤ ਦੀਆਂ ਟੂਕਾਂ/ਚਿੰਨ੍ਹਾਂ/ਪ੍ਰਤੀਕਾਂ/ਸੰਕਲਪਾਂ ਦੀ ਦੂਜੇ ਦੇ ਪਾਠ ਵਿਚ ਸਿੱਧੀ/ਅਸਿੱਧੀ ਸ਼ਮੂਲੀਅਤ ਦਾ ਅਧਿਐਨ ਹੈ। ਡੀਕਨਸਟਰਕਸ਼ਨ ਦੇ ਦੈਰੀਦਾ ਦੇ ਸੰਕਲਪ ਨੂੰ ਲੇਖਕ ਨੇ ਮੂਲ ਪ੍ਰਸੰਗ ਤੋਂ ਤੋੜ ਕੇ ਮੂਲ ਸੰਕਲਪ ਤੋਂ ਵੱਖਰੇ ਰਾਹ 'ਤੇ ਤੁਰਨ ਜਾਂ ਮੂਲ ਸੰਕਲਪਾਂ ਨੂੰ ਤੋੜਨ ਜਾਂ ਰੂਪਾਂਤਰਿਤ ਕਰਨਾ ਲਿਆ ਹੈ ਜਿਸ ਬਾਰੇ ਧਿਆਨ ਦੇਣ ਦੀ ਲੋੜ ਹੈ। ਦੈਰੀਦਾ ਦਾ ਸੰਕਲਪ ਰਤਾ ਵੱਖਰਾ ਹੈ।
ਲੇਖਕ ਨੇ ਸ਼ਾਹ ਹੁਸੈਨ ਦੇ ਕਾਵਿ ਪ੍ਰਵਚਨ ਨੂੰ 9 ਮੂਲ ਸਥਿਤੀਆਂ ਅਤੇ ਉਨ੍ਹਾਂ ਵਿਚੋਂ ਉਪਜੇ ਪ੍ਰਵਚਨਾਂ ਦੇ ਰੂਪ ਵਿਚ ਪਛਾਣਿਆ ਹੈ। ਇਹ ਸੰਕਲਪੀ ਵਿਸ਼ਲੇਸ਼ਣ ਨਵਾਂ ਅਤੇ ਪ੍ਰਭਾਵਸ਼ਾਲੀ ਹੈ। ਅੰਤਰ-ਪਾਠਾਤਮਕਤਾ ਦੇ ਪ੍ਰਸੰਗ ਵਿਚ ਡਾ: ਰਾਜ ਕਿਰਪਾਲ ਨੇ ਬਾਬਾ ਫ਼ਰੀਦ ਤੋਂ ਲੈ ਕੇ ਹੁਸੈਨ ਤੇ ਉਸ ਉਪਰੰਤ ਬੁੱਲੇਸ਼ਾਹ ਤੇ ਪਰਵਰਤੀ ਸੂਫ਼ੀਆਂ ਨਾਲ ਅੰਤਰ-ਪਾਠਾਤਮਕਤਾ ਦੀ ਪਛਾਣ ਕਾਲ-ਅੰਤਰ, ਚਿੰਨ੍ਹਾਂ, ਸੰਕਲਪਾਂ ਤੇ ਪ੍ਰਵਚਨ ਦੀ ਦ੍ਰਿਸ਼ਟੀ ਤੋਂ ਕੀਤੀ ਹੈ। ਇਸੇ ਨੁਕਤੇ ਨੂੰ ਵਿਰਚਨਾ ਵਾਲੇ ਪ੍ਰਸੰਗ ਵਿਚ ਹੋਰ ਵਿਸਤਾਰ ਕੇ ਬਾਬਾ ਫ਼ਰੀਦ ਤੋਂ ਹੁਸੈਨ ਤੇ ਅਗਾਂਹ ਗੁਲਾਮ ਫ਼ਰੀਦ ਤੱਕ ਬਾਰੀਕੀ ਨਾਲ ਵਿਚਾਰਿਆ ਹੈ। ਸਾਹ ਹੁਸੈਨ ਤੇ ਸੂਫ਼ ਕਾਵਿ ਨੂੰ ਆਲੋਚਨਾ ਦੇ ਨਵੇਂ ਮੁਹਾਵਰੇ ਵਿਚ ਸਮਝਣ ਸਮਝਾਉਣ ਦਾ ਕੰਮ ਲੇਖਕ ਨੇ ਮਿਹਨਤ ਨਾਲ ਕੀਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਕੌਣ ਕਰੇ ਦਿਲਜੋਈ
ਗੀਤਕਾਰ : ਬਲਦੇਵ ਸਿੰਘ ਬਰਾੜ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 98965-55764.

ਹਥਲੀ ਪੁਸਤਕ ਸਮਾਜਿਕ ਗੀਤਾਂ ਦਾ ਵਧੀਆ ਸੰਗ੍ਰਹਿ ਹੈ ਜਿਸ ਨੂੰ ਗੀਤਕਾਰ ਬਲਦੇਵ ਸਿੰਘ ਬਰਾੜ ਨੇ ਜਵਾਨੀ ਬਾਰੇ ਸਿਰਜਿਆ ਸੀ ਪਰ ਕੁਝ ਹਾਲਤਾਂ ਕਰਕੇ ਉਦੋਂ ਪ੍ਰਕਾਸ਼ਿਤ ਨਾ ਕਰਵਾ ਸਕਿਆ। ਇਹ ਸੰਗ੍ਰਹਿ ਉਸ ਨੇ ਆਪਣੀ ਪ੍ਰੋੜ੍ਹ ਉਮਰ ਵਿਚ ਆ ਕੇ ਪ੍ਰਕਾਸ਼ਿਤ ਕਰਵਾਇਆ ਹੈ। ਭਾਵੇਂ ਇਨ੍ਹਾਂ ਗੀਤਾਂ ਦਾ ਰਚਣ ਕਾਲ 19ਵੀਂ ਸਦੀ ਦਾ ਸੱਤਵਾਂ ਤੇ ਅੱਠਵਾਂ ਦਹਾਕਾ ਹੈ ਪਰ ਇਹ ਸੋਨੇ ਵਾਂਗ ਖਰੇ ਦੇ ਖਰੇ ਅਤੇ ਵਧੇ ਹੋਏ ਮੁੱਲ ਦੇ ਹਨ। ਬਰਾੜ ਨੇ ਕੁੱਲ 65 ਗੀਤ ਇਥੇ ਹਾਜ਼ਰ ਕੀਤੇ ਹਨ। ਉਸ ਦੇ ਗੀਤਾਂ ਦੇ ਮੈਂ ਕੁਝ ਮੁਖੜੇ ਇਥੇ ਦੇਣਾ ਵਾਜਬ ਸਮਝਦਾ ਹਾਂ ਤਾਂ ਕਿ ਪਾਠਕ ਇਨ੍ਹਾਂ ਦੇ ਵਿਸ਼ਿਆਂ ਦਾ ਅਨੁਮਾਨ ਲਾ ਸਕਣ : 'ਮੈਂ ਰੋਵਾਂ ਚਰਖਾ ਰੋਵੇ, ਚਰਖਿਆ ਨਾ ਰੋ ਵੇ', 'ਹਲ ਛੱਡ ਚਰ੍ਹੀ ਨੂੰ ਜਾਣਾ ਵੇ ਜੱਟਾ ਤੇਰੀ ਜੂਨ ਬੁਰੀ', 'ਤਕੜੇ ਮਾੜਿਆਂ ਦੀ ਕੀ ਦੋਸਤੀ?', 'ਵੇ ਮੈਂ ਕੁੜੀ ਪਟਾਕੇ ਵਰਗੀ, ਤੇਰਾ ਮੇਰਾ ਨਾ ਕੋ ਮੇਲ', 'ਮੇਰਾ ਵਿਛੜ ਗਿਆ ਸੁਹਣਾ ਸੁਨੱਖਾ ਯਾਰ' .... ਆਦਿ।
ਗੀਤਕਾਰ ਨੇ ਗੀਤਾਂ ਦੇ ਵਿਸ਼ੇ ਵੰਨ-ਵੰਨ ਦੇ ਰੱਖੇ ਹਨ। ਭਾਵੇਂ ਉਸ ਨੇ ਕਿਸਾਨੀ ਦੇ ਦਰਦ, ਫ਼ੌਜਣਾਂ ਦੇ ਵਿਛੋੜੇ ਦੇ ਦਰਦ ਅਤੇ ਦਰਾਣੀਆਂ-ਜਠਾਣੀਆਂ, ਸੱਸਾਂ ਦੇ ਘਰੇਲੂ ਮਨ-ਮੁਟਾਵਾਂ ਨੂੰ ਗੀਤਾਂ ਵਿਚ ਯਥਾਰਥ ਨਾਲ ਪਰੋਇਆ ਹੈ ਪਰ ਬਹੁਤ ਸਾਰੇ ਗੀਤ 'ਗਾਉਣ ਵਾਲਿਆਂ' ਵਾਸਤੇ ਵੀ ਸਿਰਜੇ ਹਨ। ਕਈ ਗੀਤ ਸਾਧਾਰਨਤਾ ਦੀ ਹੱਦ ਤੱਕ ਤੁੱਕਬੰਦੀ ਦੇ ਜੁਮਰੇ ਦੇ ਧਾਰਨੀ ਹਨ। ਅਸਲ ਵਿਚ ਜਿਸ ਸਮੇਂ ਇਹ ਗੀਤ ਸਿਰਜੇ ਗਏ, ਉਸ ਸਮੇਂ ਅਜਿਹੇ ਹੀ ਗੀਤਾਂ ਦੀ ਮੰਗ ਅਤੇ ਬੋਲਬਾਲਾ ਸੀ। ਉਸ ਦਾ ਇਕ ਗੀਤ ਹੈ, 'ਬੱਸ ਵਿਚ ਬੈਠੀ ਦੀ ਮੈਂ ਖਿੱਚ ਲਈ ਤੇਰੀ ਤਸਵੀਰ'.....।
ਭਾਵੇਂ ਇਹ ਗੀਤ ਸਟੇਜੀ ਮਾਰਕੇ ਦੇ ਹਨ ਪਰ ਕਈ ਗੀਤ ਸਮਾਜ ਵਿਚ ਫੈਲੀ ਅਨਾਰਕੀ ਬਾਰੇ ਵੀ ਗੱਲ ਕਰਦੇ ਹਨ।

-ਸੁਲੱਖਣ ਸਰਹੱਦੀ
ਮੋ: 94174-84337.

31-03-2018

 ਜਨਵਾਦੀ ਕਾਵਿ-ਸੁਰਾਂ
ਸੰਪਾਦਕ : ਭੂਪਿੰਦਰ, ਅਰਵਿੰਦਰ ਕੌਰ 'ਕਾਕੜਾ'
ਪ੍ਰਕਾਸ਼ਕ : ਸਮਕਾਲ ਪ੍ਰਕਾਸ਼ਨ, ਜਗਰਾਓਂ (ਲੁਧਿਆਣਾ)
ਮੁੱਲ : 200 ਰੁਪਏ (ਪੇਪਰ ਬੈਕ), ਸਫ਼ੇ : 160
ਸੰਪਰਕ : 94171-91152.

ਇਸ ਕਾਵਿ-ਸੰਗ੍ਰਹਿ 'ਚ 104 ਕਵੀਆਂ ਦੀਆਂ ਪ੍ਰਤੀਨਿਧ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਮੁੱਚੇ ਤੌਰ 'ਤੇ ਇਹ ਕਵੀ ਮਾਰਕਸਵਾਦੀ ਚੇਤਨਾ ਤੋਂ ਪ੍ਰਭਾਵਿਤ ਹਨ ਅਤੇ ਦਵੰਦਾਤਮਕ ਇਤਿਹਾਸਕ ਭੌਤਿਕਵਾਦ ਸੋਚ ਦਾ ਫ਼ਲਸਫ਼ਾ ਝਲਕਦਾ ਹੈ। ਇਸ ਅਧੀਨ ਕਵੀਆਂ ਵਲੋਂ ਲੋਕ-ਪੱਖੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਮਾਜ ਵਿਚ ਫੈਲੀਆਂ ਵਿਸੰਗਤੀਆਂ ਭ੍ਰਿਸ਼ਟਾਚਾਰ, ਆਰਥਿਕ ਪਾੜਾ, ਨਾਬਰਾਬਰੀ, ਬੇਰੁਜ਼ਗਾਰੀ, ਦਲਿਤਾਂ ਅਤੇ ਔਰਤਾਂ ਉੱਪਰ ਹੁੰਦੇ ਅੱਤਿਆਚਾਰ, ਇਤਿਹਾਸਕ ਵਰਤਾਰਿਆਂ ਨੂੰ ਤੋੜਨ-ਮਰੋੜਨ ਦੀਆਂ ਕੋਝੀਆਂ ਚਾਲਾਂ, ਸੱਭਿਆਚਾਰਕ ਪ੍ਰਦੂਸ਼ਣ, ਅੰਧ-ਵਿਸ਼ਵਾਸਾਂ ਰਾਹੀਂ ਸਮਾਜਿਕ ਵਰਤਾਰਿਆਂ ਨੂੰ ਗੁੰਮਰਾਹ ਕਰਨ ਦੀਆਂ ਕੁਚਾਲਾਂ ਦਾ ਪਰਦਾਫਾਸ਼ ਕਰਨਾ ਆਦਿ ਅਨੇਕਾਂ ਵਿਸ਼ਿਆਂ ਨੂੰ ਇਨ੍ਹਾਂ ਕਵਿਤਾਵਾਂ 'ਚ ਪ੍ਰਗਟਾਇਆ ਗਿਆ ਹੈ। ਇਹ ਕਵਿਤਾਵਾਂ ਅੰਮ੍ਰਿਤਾ ਪ੍ਰੀਤਮ ਤੋਂ ਲੈ ਕੇ ਵਰਿੰਦਰ ਪਰਿਹਾਰ ਤੱਕ ਪ੍ਰਗਤੀਸ਼ੀਲ ਕਵਿਤਾ ਦੇ ਵੱਖ-ਵੱਖ ਪੜਾਵਾਂ ਦੀ ਵੀ ਨਿਸ਼ਾਨਦੇਹੀ ਕਰਦੀਆਂ ਹਨ। ਮੁਢਲੇ ਦੌਰ ਦੇ ਕਵੀ ਅੰਮ੍ਰਿਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ, ਬਾਵਾ ਬਲਵੰਤ, ਸੰਤੋਖ ਸਿੰਘ ਧੀਰ, ਹਰਨਾਮ ਸਿੰਘ ਸਹਿਰਾਈ, ਈਸ਼ਵਰ ਚਿੱਤਰਕਾਰ, ਪ੍ਰੀਤਮ ਸਿੰਘ ਸਫ਼ੀਰ ਆਦਿ ਸ਼ਾਮਿਲ ਹਨ। ਭਾਰਤ ਵਿਚ ਅਸਾਵੇਂ ਵਿਕਾਸ ਮਾਡਲ ਨੇ ਗ਼ਰੀਬੀ-ਅਮੀਰੀ ਦੇ ਪਾੜੇ ਨੂੰ ਵਧਾਇਆ ਹੈ। ਇਸੇ ਲਈ 1960 ਤੋਂ ਬਾਅਦ ਦੀ ਕਵਿਤਾ 'ਚ ਵਿਸਫੋਟਕ ਸਥਿਤੀ ਉਤਪੰਨ ਹੁੰਦੀ ਹੈ। ਲੋਕ ਪੱਖੀ ਮਸਲਿਆਂ ਤੋਂ ਰਾਜਸੀ ਧਿਰਾਂ ਵਲੋਂ ਨਕਾਰਾਤਮਕ ਰੁਖ਼ ਅਪਣਾਈ ਰੱਖਣ ਕਰਕੇ ਨਕਸਲਵਾਦੀ ਚੇਤਨਾ ਦੇ ਪ੍ਰਭਾਵ ਅਧੀਨ ਪੰਜਾਬੀ ਕਵਿਤਾ 'ਚ ਵੀ ਸੱਤਰਵਿਆਂ ਦੇ ਨੇੜ-ਤੇੜ ਜੁਝਾਰਵਾਦੀ/ਕ੍ਰਾਂਤੀਕਾਰੀ ਕਾਵਿ-ਧਾਰਾ ਨੇ ਜਨਮ ਲਿਆ। ਇਹ ਪ੍ਰਤੀਰੋਧੀ ਸੁਰ ਵਾਲੀ ਕਵਿਤਾ ਅਜੇ ਵੀ ਲਿਖੀ ਜਾ ਰਹੀ ਹੈ। ਇਨ੍ਹਾਂ ਕਵਿਤਾਵਾਂ 'ਚ ਅਨੇਕਾਂ ਲੋਕ-ਪੱਖੀ ਮਸਲਿਆਂ ਨੂੰ ਉਭਾਰਿਆ ਗਿਆ ਹੈ। ਗੁਰਮੁਖੀ ਵਰਣਮਾਲਾ ਦੇ ਅਨੁਸਾਰ (ੳ ਤੋਂ ੜ ਤੱਕ) ਹੀ ਕਵੀਆਂ ਦੀਆਂ ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਇਨ੍ਹਾਂ ਕਵਿਤਾਵਾਂ ਦੀ ਬੋਲੀ ਵੀ ਜਨ-ਸਾਧਾਰਨ ਦੇ ਪੱਧਰ ਦੀ ਹੈ। ਅਰਵਿੰਦ ਕੌਰ ਕਾਕੜਾ ਦਾ ਲੇਖ 'ਸਮਕਾਲੀ ਪ੍ਰਗਤੀਵਾਦੀ! ਨਵ-ਪ੍ਰਗਤੀਵਾਦੀ ਕਵਿਤਾ ਦੀ ਸਾਰਥਕਤਾ' ਵਿਚਾਰਨਯੋਗ ਹੈ। ਕਾਵਿ-ਸੰਗ੍ਰਹਿ ਸਾਂਭਣਯੋਗ, ਖੋਜਾਰਥੀਆਂ ਲਈ ਲਾਹੇਵੰਦ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਜੰਗਲੀ ਗੁਲਾਬ
ਲੇਖਕ : ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98147-87506.

'ਜੰਗਲੀ ਗੁਲਾਬ' ਵਿਚ ਲੇਖਕ ਨੇ ਆਪਣੇ ਕੁਝ ਕਰੀਬੀ ਲੇਖਕਾਂ, ਰੰਗਕਰਮੀਆਂ ਅਤੇ ਚਿੱਤਰਕਾਰਾਂ ਦੇ ਸ਼ਬਦ-ਚਿਤਰ ਉਲੀਕੇ ਹਨ। ਸ੍ਰੀ ਸੰਘੇੜਾ ਇਨ੍ਹਾਂ ਸਭਨਾਂ ਨੂੰ 'ਜੰਗਲ ਵਿਚ ਉੱਗੇ ਗੁਲਾਬ' ਦੇ ਰੂਪਕ ਨਾਲ ਯਾਦ ਕਰਦਾ ਹੈ। ਇਸ ਪੁਸਤਕ ਵਿਚ ਪਰਸਿੱਧ ਗਲਪਕਾਰ ਰਾਮ ਸਰੂਪ ਅਣਖੀ, ਸੰਘੇੜੇ ਦੇ ਮਹੰਤ ਬਾਬਾ ਮਾਧਵਾਨੰਦ, ਜਖੇਪਲ ਪਿੰਡ ਦਾ ਚਿੱਤਰਕਾਰ-ਅਧਿਆਪਕ ਹਰਪਾਲ ਸਿੰਘ, ਬਰਨਾਲਾ ਦੇ ਕਵੀ ਤੇ ਭਾਸ਼ਾ ਵਿਗਿਆਨੀ ਪ੍ਰੋ: ਪ੍ਰੀਤਮ ਸਿੰਘ ਰਾਹੀ, ਐਸ.ਡੀ. ਕਾਲਜ ਬਰਨਾਲਾ ਦਾ ਰੰਗਕਰਮੀ ਅਤੇ ਕਵੀ ਪ੍ਰੋਫੈਸਰ ਸਰਬਜੀਤ ਸਿੰਘ ਔਲਖ, ਪੰਜਾਬੀ ਦਾ ਪ੍ਰਸਿੱਧ ਆਲੋਚਕ ਡਾ: ਟੀ.ਆਰ. ਵਿਨੋਦ (ਸੰਘੇੜਵੀ), ਸਮਾਜਿਕ ਆਗੂ ਜਥੇਦਾਰ ਅਜੀਤ ਸਿੰਘ ਪੱਖੋ ਅਤੇ ਲੇਖਕ ਦਾ ਮਨਭਾਉਂਦਾ ਕਹਾਣੀਕਾਰ ਸਆਦਤ ਹਸਨ ਮੰਟੋ ਵਰਗੇ ਸੂਹੇ ਗੁਲਾਬਾਂ ਦਾ ਬਿਰਤਾਂਤ ਪੇਸ਼ ਹੋਇਆ ਹੈ।
ਪੰਜਾਬੀ ਵਿਚ ਸ਼ਬਦ-ਚਿੱਤਰ ਉਲੀਕਣ ਦੀ ਇਕ ਮਜ਼ਬੂਤ ਪਰੰਪਰਾ ਹੈ। ਸ੍ਰੀ ਬਲਵੰਤ ਗਾਰਗੀ, ਪ੍ਰੋ: ਪ੍ਰੀਤਮ ਸਿੰਘ ਅਤੇ ਕੁਲਬੀਰ ਸਿੰਘ ਕਾਂਗ ਨੇ ਇਸ ਖੇਤਰ ਵਿਚ ਕਾਫੀ ਪ੍ਰਸੰਸਾਯੋਗ ਕੰਮ ਕੀਤਾ ਹੈ। ਭੋਲਾ ਸਿੰਘ ਸੰਘੇੜਾ ਉਕਤ ਕਲਮਕਾਰਾਂ ਵਲੋਂ ਸਥਾਪਿਤ ਕੀਤੀ ਪਰੰਪਰਾ ਨੂੰ ਹੋਰ ਅੱਗੇ ਵਧਾਉਂਦਾ ਹੈ। ਉਹ ਆਪਣੇ ਸ਼ਬਦ-ਚਿਤਰਾਂ ਨੂੰ ਸੁਣੇ-ਸੁਣਾਏ ਜਾਂ ਪ੍ਰਚਲਿਤ ਵੇਰਵਿਆਂ ਰਾਹੀਂ ਅੱਗੇ ਨਹੀਂ ਤੋਰਦਾ ਬਲਕਿ ਅੱਖੀਂ ਵੇਖੀਆਂ ਘਟਨਾਵਾਂ ਰਾਹੀਂ ਇਨ੍ਹਾਂ ਇਤਿਹਾਸਕ ਵਿਅਕਤੀਆਂ ਨੂੰ ਪੁਨਰਜੀਵਿਤ ਕਰਦਾ ਹੈ। ਜਿਊਂਦੇ-ਜਾਗਦੇ ਹਰ ਬੰਦੇ ਵਿਚ ਬਹੁਤ ਕੁਝ ਵਾਫਰ (ਸਰਪਲਸ) ਹੁੰਦਾ ਹੈ। ਉਹ ਆਪਣੀਆਂ ਸਾਰੀਆਂ ਸੰਭਾਵਨਾਵਾਂ/ਖੂਬੀਆਂ ਦਾ ਇਸਤੇਮਾਲ ਨਹੀਂ ਕਰ ਸਕਦਾ। ਪਰ ਉਸ ਵਿਚ ਕੁਝ ਅਜਿਹੇ ਜ਼ਰੂਰੀ ਤੱਤ ਵੀ ਹੁੰਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਕੋਈ ਵਿਅਕਤੀ ਰਾਮ ਸਰੂਪ ਅਣਖੀ, ਹਰਪਾਲ ਸਿੰਘ ਜਾਂ ਸਰਬਜੀਤ ਔਲਖ ਬਣਦਾ ਹੈ। ਭੋਲਾ ਸਿੰਘ ਸੰਘੇੜਾ ਆਪਣੇ ਸ਼ਬਦ-ਚਿਤਰ ਉਲੀਕਣ ਸਮੇਂ ਇਨ੍ਹਾਂ ਤੱਤਾਂ ਦੀ ਵਿਉਂਤਬੰਦੀ ਅਤੇ ਉਸਾਰੀ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਦੁਆਰਾ ਲਿਖਿਆ ਹੋਇਆ ਹਰ ਸ਼ਬਦ-ਚਿਤਰ ਮਿਆਰੀ ਅਤੇ ਪ੍ਰਮਾਣਿਕ ਹੋ ਨਿਬੜਦਾ ਹੈ।
ਸਸਪੈਂਸ, ਕੌਤੂਹਲ, ਅਚੰਭਾ ਅਤੇ ਨਾਟਕੀਅਤਾ, ਇਨ੍ਹਾਂ ਰਚਨਾਵਾਂ ਦੇ ਕੁਝ ਪ੍ਰਮੁੱਖ ਲੱਛਣ ਹਨ। ਉਹ ਵਾਰਤਾਲਾਪ ਦੇ ਮਾਧਿਅਮ ਦੁਆਰਾ ਆਪਣੀਆਂ ਰਚਨਾਵਾਂ ਦੇ ਢਾਂਚੇ ਜਾਨ ਪਾਉਂਦਾ ਹੈ। ਉਹ ਸਵੈ-ਪ੍ਰਸੰਸਾ ਦੇ ਤਿਲਕਵੇਂ ਰਾਹ ਉੱਪਰ ਨਹੀਂ ਚਲਦਾ। 'ਜੰਗਲੀ ਗੁਲਾਬ' ਅਤੇ ਕੁਝ ਹੋਰ ਲੇਖਾਂ ਵਿਚ ਵਾਰ-ਵਾਰ ਸਾਹਿਤ ਅਤੇ ਕਲਾ ਬਾਰੇ ਆਪਣੀ ਅਲਪ-ਸੂਝ ਦਾ ਜ਼ਿਕਰ ਕਰਦਾ ਰਹਿੰਦਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਯਾਦਾਂ ਵਾਘਿਓਂ ਪਾਰ ਦੀਆਂ
ਲੇਖਕ : ਡਾ: ਮਨਮੋਹਨ ਸਿੰਘ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 162
ਸੰਪਰਕ : 94647-30555.

ਵਿਚਾਰ ਅਧੀਨ ਪੁਸਤਕ ਡਾ: ਮਨਮੋਹਨ ਸਿੰਘ ਤੀਰ ਦਾ ਸਾਹਿਤਕ ਸ਼ੈਲੀ ਵਿਚ ਰਚਿਆ ਪਾਕਿਸਤਾਨੀ ਸਫ਼ਰਨਾਮਾ ਹੈ। ਉਹ 33 ਵਰ੍ਹੇ ਪਹਿਲਾਂ ਪਾਕਿਸਤਾਨ ਵਿਚ ਸਥਿਤ ਇਤਿਹਾਸਕ ਗੁਰਦੁਆਰਿਆਂ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਦੇ ਗੁਰਧਾਮਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਜਥੇ ਨਾਲ ਗਏ ਸਨ। ਉਹ 'ਪਾਕਿਸਤਾਨੀ ਪੰਜਾਬੀ ਕਹਾਣੀ' ਦੇ ਵਿਸ਼ੇ 'ਤੇ ਪੀ.ਐਚ.ਡੀ. ਕਰ ਰਹੇ ਸਨ। ਗੁਰਧਾਮਾਂ ਦੀ ਯਾਤਰਾ ਦੇ ਨਾਲ ਉਨ੍ਹਾਂ ਦਾ ਮੁੱਖ ਮੰਤਵ ਪਾਕਿਸਤਾਨੀ ਕਹਾਣੀ ਦੀਆਂ ਪੁਸਤਕਾਂ ਪ੍ਰਾਪਤ ਕਰਨਾ ਅਤੇ ਪੰਜਾਬੀ ਕਹਾਣੀ ਲੇਖਕਾਂ ਨੂੰ ਮਿਲਣਾ ਸੀ। ਇਸ ਸਫ਼ਰਨਾਮੇ ਦਾ ਇਤਿਹਾਸਕ ਮਹੱਤਵ ਵੀ ਹੈ। ਇਹ ਯਾਤਰਾ ਉਸ ਸਮੇਂ ਕੀਤੀ ਗਈ ਜਦੋਂ ਪੰਜਾਬ ਕਾਲੇ ਦਿਨਾਂ ਦੇ ਦੌਰ 'ਚੋਂ ਗੁਜ਼ਰ ਰਿਹਾ ਸੀ ਅਤੇ ਉਨ੍ਹਾਂ ਦੀ ਯਾਤਰਾ ਦੌਰਾਨ ਹੀ ਸ੍ਰੀ ਹਰਿਮੰਦਰ ਸਾਹਿਬ 'ਤੇ ਭਾਰਤੀ ਫ਼ੌਜ ਵਲੋਂ ਟੈਂਕਾਂ ਨਾਲ ਹਮਲਾ ਕੀਤਾ ਗਿਆ। ਉਸ ਦਿਨ ਯਾਤਰੀ ਲਾਹੌਰ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸਨ। ਹਰਿਮੰਦਰ ਸਾਹਿਬ 'ਤੇ ਹਮਲੇ ਦੀ ਖ਼ਬਰ ਦੇ ਪ੍ਰਭਾਵ ਸਦਕਾ ਲੇਖਕ ਨੇ ਸ਼ਰਧਾਲੂਆਂ ਦੇ ਉਦਗਾਰਾਂ, ਫ਼ਿਕਰਮੰਦੀ ਅਤੇ ਮਨੋਦਿਸ਼ਾ ਦਾ ਵਰਨਣ ਨਹਾਇਤ ਬਾਰੀਕਬੀਨੀ ਨਾਲ ਕੀਤਾ ਹੈ।
ਸਿਮਰਿਤੀਆਂ ਦੇ ਸਹਾਰੇ ਲਿਖੇ ਇਸ ਸਫ਼ਰਨਾਮੇ ਨੂੰ ਲੇਖਕ ਨੇ ਕਾਂਡਾਂ ਵਿਚ ਵਿਸਥਾਰਿਆ ਹੈ। ਵੱਡੇ-ਵਡੇਰਿਆਂ ਦੀ ਧਰਤੀ ਵੱਲ ਰਵਾਨਗੀ, ਹਸਨ ਅਬਦਾਲ ਵਿਚ ਪਹਿਲਾ ਦਿਨ, ਹਸਨ ਅਬਦਾਲ ਦੇ ਇਕ ਸਰਕਾਰੀ ਸਕੂਲ ਵਿਚ, ਹਸਨ ਅਬਦਾਲ ਨੂੰ ਅਲਵਿਦਾ, ਨਨਕਾਣਾ ਸਾਹਿਬ ਦੇ ਗੁਰਦੁਆਰੇ, ਪੰਜਾਬੀ ਲੇਖਕਾਂ ਦਾ ਮੱਕਾ ਲਾਹੌਰ, ਪੰਜਾਬੀ ਦੇ ਇਕਬਾਲ ਨਾਲ ਮੁਲਾਕਾਤ, ਇਕ ਮਿਹਰਬਾਨ ਨਾਲ ਮੁਲਾਕਾਤ, ਅੱਲ੍ਹੇ ਜ਼ਖ਼ਮ, ਡਾਇਰੈਕਟਰ ਨਾਲ ਅਫ਼ਸੋਸ, ਹਰਿਮੰਦਰ ਸਾਹਿਬ 'ਤੇ ਹਮਲੇ ਦੀ ਖ਼ਬਰ, ਲਾਹੌਰ ਸਟੇਸ਼ਨ ਤੇ ਖੱਜਲ-ਖੁਆਰੀ, ਦੇਸ਼ ਪਰਤਣ ਦੀ ਆਗਿਆ ਅਤੇ ਚੰਡੀਗੜ੍ਹ ਵਿਚ ਆਸ਼ਿਆਨੇ ਦੀ ਤਲਾਸ਼।
ਲੇਖਕ ਨੇ ਆਪਣੇ ਸਫ਼ਰਨਾਮੇ ਵਿਚ ਜਿਥੇ ਯਾਤਰਾ ਸਮੇਂ ਆਈਆਂ ਦੁਸ਼ਵਾਰੀਆਂ ਦਾ ਜ਼ਿਕਰ ਕੀਤਾ ਹੈ, ਉਥੇ ਯਾਤਰਾ ਕਰਦਿਆਂ ਮਾਣੇ ਸੁਹਾਵਣੇ ਦ੍ਰਿਸ਼ਾਂ ਵਿਸ਼ੇਸ਼ ਕਰਕੇ ਹਸਨ ਅਬਦਾਲ ਦੇ ਖੇਤਰ 'ਚ ਮਾਣੇ ਕੁਦਰਤੀ ਦ੍ਰਿਸ਼ਾਂ ਦਾ ਵੀ ਸੁਹਜਮਈ ਸ਼ੈਲੀ ਵਿਚ ਵਰਨਣ ਕੀਤਾ ਹੈ। ਉਹ ਹਸਨ ਅਬਦਾਲ ਵਿਖੇ ਵਲੀ ਕੰਧਾਰੀ ਦੇ ਮਜ਼ਾਰ ਦੀ ਜ਼ਿਆਰਤ ਕਰਨ ਤੋਂ ਬਾਅਦ ਇਹ ਤੱਥ ਉਜਾਗਰ ਕਰਦਾ ਹੈ ਕਿ ਉਥੋਂ ਦੇ ਲੋਕਾਂ ਵਿਚ ਵਲੀ ਕੰਧਾਰੀ ਦੀ ਬਹੁਤ ਮਾਨਤਾ ਹੈ। ਸਫ਼ਰਨਾਮੇ ਦੇ ਪਾਠ ਤੋਂ ਇਹ ਤੱਥ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਉਥੇ ਦੇ ਲੋਕਾਂ ਵਿਚ ਰਾਜਸੀ ਤੌਰ 'ਤੇ ਕੀਤੀ ਵੰਡ ਦਾ ਦਰਦ ਅਜੇ ਵੀ ਰਿਸ ਰਿਹਾ ਹੈ। ਲੋਕ ਮੁਹੱਬਤੀ ਹਨ, ਪ੍ਰਾਹੁਣਾਚਾਰੀ 'ਚ ਖੁਸ਼ੀ ਮਹਿਸੂਸਦੇ ਹਨ। ਔਰਤਾਂ 'ਚ ਪਰਦਾਕਾਰੀ ਅਜੇ ਵੀ ਹੈ, ਸ਼ਹਿਰਾਂ 'ਚ ਰਿਕਸ਼ੇ ਦੀ ਥਾਂ ਤਾਂਗੇ ਆਮ ਹਨ। ਇਸ ਅਦਬੀ ਯਾਤਰਾਨਾਮੇ ਵਿਚ ਸਾਂਝੇ ਅਣਵੰਡੇ ਪੰਜਾਬ ਦੀ ਧਰਤੀ ਦੀ ਖੁਸ਼ਬੋ ਵਿਦਮਾਨ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਕੰਨਿਆ ਕੁਮਾਰੀ ਤੱਕ
ਲੇਖਕ : ਮਹਿੰਦਰ ਸਿੰਘ ਕੈਂਥ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 66
ਸੰਪਰਕ : 94642-55003.

ਮਹਿੰਦਰ ਸਿੰਘ ਕੈਂਥ ਮੂਲ ਰੂਪ ਵਿਚ ਮਿੰਨੀ ਕਹਾਣੀ, ਬਾਲ-ਕਵਿਤਾਵਾਂ ਲਿਖਦਾ ਹੈ। 'ਕੰਨਿਆ ਕੁਮਾਰੀ ਤੱਕ' ਉਸ ਦਾ ਪਲੇਠਾ ਸਫ਼ਰਨਾਮਾ ਹੈ ਜੋ ਉਸ ਨੇ ਆਪਣੀ ਨੂੰਹ ਦੀ ਸਹਾਇਤਾ ਨਾਲ ਸੰਪੂਰਨ ਕੀਤਾ। ਲੇਖਕ ਦਾ ਮੰਨਣਾ ਹੈ ਕਿ ਸਫ਼ਰ ਜਾਂ ਯਾਤਰਾ ਕਰਨ ਨਾਲ ਬੰਦੇ ਦੇ ਗਿਆਨ ਵਿਚ ਵਾਧਾ ਤਾਂ ਹੁੰਦਾ ਹੀ ਹੈ, ਉਸ ਵਿਚ ਫੁਰਤੀ ਵੀ ਆਉਂਦੀ ਹੈ। ਘਰੇਲੂ ਊਭ ਹਟਦੀ ਹੈ ਤੇ ਮਨੁੱਖ ਤਰੋਤਾਜ਼ਾ ਮਹਿਸੂਸ ਕਰਨ ਲਗਦਾ ਹੈ।
ਇਹ ਯਾਤਰਾ ਖੰਨਾ ਸ਼ਹਿਰ ਤੋਂ 29.12.2014 ਨੂੰ ਸ਼ੁਰੂ ਹੋ ਕੇ ਬੰਗਲੁਰੂ ਕੰਨਿਆ ਕੁਮਾਰੀ ਤੋਂ ਰਾਮੇਸ਼ਵਰਮ ਹੁੰਦੀ ਹੋਈ 12.1.2015 ਨੂੰ ਸਮਾਪਤ ਹੁੰਦੀ ਹੈ। ਲੇਖਕ ਆਪਣੀ ਯਾਤਰਾ ਦਾ ਬਿਰਤਾਂਤ ਇੰਜ ਕਰਦਾ ਹੈ ਜਿਵੇਂ ਕੋਈ ਆਪਣਾ ਅੱਖੀਂ ਡਿੱਠਾ ਹਾਲ ਸੁਣਾ ਰਿਹਾ ਹੋਵੇ। ਲੇਖਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਪ੍ਰਤੀਤ ਹੁੰਦਾ ਹੈ। ਆਪਣੀ ਯਾਤਰਾ ਦੌਰਾਨ ਉਸ ਨੂੰ ਰੇਲਵੇ ਵਿਚ ਸਭ ਕੁਝ ਅੱਛਾ ਪ੍ਰਤੀਤ ਨਹੀਂ ਹੁੰਦਾ। ਗੱਡੀਆਂ ਆਮ ਸਮੇਂ ਨਾਲੋਂ ਲੇਟ ਚਲਦੀਆਂ ਹਨ। ਵਾਧੂ ਦੀ ਉਡੀਕ ਕਰਨੀ ਪੈਂਦੀ ਹੈ। ਖਾਣਾ ਬਣਾਉਣ ਵੇਲੇ ਵੀ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ। ਲੈਟਰੀਨਾਂ ਕੋਲ ਹੀ ਨਾਸ਼ਤੇ ਦੀ ਬਰੈੱਡ ਤਿਆਰ ਕਰ ਲਈ ਜਾਂਦੀ ਹੈ। ਸਟੇਸ਼ਨਾਂ 'ਤੇ ਵੀ, ਟਰੈਕਾਂ ਵਿਚ ਵੀ ਬੇਥਾਹ ਗੰਦਗੀ ਦਿਖਾਈ ਦਿੰਦੀ ਹੈ। ਲੇਖਕ ਸਭ ਤੋਂ ਪਹਿਲਾਂ ਬੰਗਲੁਰੂ ਪਹੁੰਚਦਾ ਹੈ। ਉਸ ਨੂੰ ਸ਼ਹਿਰਾਂ ਦੇ ਨਾਂਅ ਬਦਲਣੇ ਚੰਗੇ ਨਹੀਂ ਲਗਦੇ। ਪੁਰਾਣੇ ਨਾਵਾਂ ਪ੍ਰਤੀ ਹੀ ਉਸ ਦਾ ਮੋਹ ਬਣਿਆ ਹੋਇਆ ਹੈ। ਬੰਗਲੁਰੂ ਦੀ ਥਾਂ ਬੰਗਲੌਰ ਹੀ ਉਸ ਨੂੰ ਚੰਗਾ ਲਗਦਾ ਹੈ। ਬੰਗਲੁਰੂ ਤੋਂ ਉਹ ਕੰਨਿਆ ਕੁਮਾਰੀ ਲਈ ਪ੍ਰਸਥਾਨ ਕਰਦਾ ਹੈ। ਉਥੋਂ ਦੇ ਸਮਾਰਕਾਂ, ਮੰਦਰਾਂ ਦਾ ਵਰਨਣ ਉਚੇਚੇ ਤੌਰ 'ਤੇ ਕਰਦਾ ਹੈ। ਉਸ ਸਥਾਨ ਨਾਲ ਜੁੜੀਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਕਰਦਾ ਹੈ। ਉੱਘੇ ਸਥਾਨਾਂ ਬਾਰੇ ਦੱਸਦਾ ਹੈ। ਕਿੱਥੇ ਕਿੰਨੀ ਫੀਸ ਜਾਂ ਟਿਕਟ ਲਗਦੀ ਹੈ, ਇਸ ਸਭ ਦੇ ਵੇਰਵੇ ਇਸ ਸਫ਼ਰਨਾਮੇ ਵਿਚ ਸ਼ਾਮਿਲ ਕੀਤੇ ਗਏ ਹਨ। ਹਿੰਦੂਆਂ ਦੇ ਪਵਿੱਤਰ ਧਾਮ ਰਾਮੇਸ਼ਵਰਮ ਦੀ ਯਾਤਰਾ ਦਾ ਬਿਰਤਾਂਤ ਵੀ ਇਸ ਵਿਚ ਸ਼ਾਮਿਲ ਹੈ। ਸੀਤਾ ਵਲੋਂ ਸ਼ਿਵਲਿੰਗ ਦੀ ਸਥਾਪਨਾ ਦਾ ਵੇਰਵਾ ਵੀ ਵਿਸਥਾਰ ਨਾਲ ਦੱਸਿਆ ਗਿਆ ਹੈ। ਸਾਰਾ ਬਿਰਤਾਂਤ ਏਨੀ ਸਰਲ ਭਾਸ਼ਾ ਵਿਚ ਬਿਆਨ ਕੀਤਾ ਗਿਆ ਹੈ ਕਿ ਇਸ ਨੂੰ ਇਕ ਗਾਈਡ ਬੁੱਕ ਵਜੋਂ ਵੀ ਵਰਤਿਆ ਜਾ ਸਕਦਾ ਹੈ। ਕਿਸੇ ਹੋਰ ਨੇ ਯਾਤਰਾ ਕਰਨੀ ਹੋਵੇ ਤਾਂ ਜ਼ਰੂਰੀ ਤੱਥ ਇਸ ਸਫ਼ਰਨਾਮੇ ਤੋਂ ਹੀ ਲਏ ਜਾ ਸਕਦੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਵੇ ਜੋਗੀਆ
ਲੇਖਕ : ਕਰਨੈਲ ਸਿੰਘ ਮਾਂਗਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 98786-88169.

ਕਰਨੈਲ ਸਿੰਘ ਮਾਂਗਟ ਪ੍ਰੌੜ੍ਹ ਗੀਤਕਾਰ ਅਤੇ ਗ਼ਜ਼ਲ ਰਚੇਤਾ ਹੈ। ਉਸ ਨੇ ਇਸ ਪੁਸਤਕ ਵਿਚ 81 ਗੀਤਾਂ ਅਤੇ ਗ਼ਜ਼ਲਾਂ ਨੂੰ ਅੰਕਿਤ ਕੀਤਾ ਹੈ। ਇਹ ਸਾਰੀਆਂ ਰਚਨਾਵਾਂ ਮਾਨਵੀ ਸੱਚੇ-ਸੁੱਚੇ ਪ੍ਰੇਮ ਦਾ ਸੰਦੇਸ਼ ਵੀ ਹਨ ਅਤੇ ਸਿਰਜਣਾ ਸ਼ਕਤੀ ਦੇ ਕਲਾਤਮਿਕ ਸਰੋਕਾਰਾਂ ਦਾ ਦਰਪਣ ਵੀ ਹਨ। ਵਾਦ-ਵਿਵਾਦ ਤੋਂ ਰਹਿਤ ਹੋ ਕੇ ਪੰਜਾਬ ਤੋਂ ਬਾਹਰ ਰਹਿੰਦਿਆਂ ਹੋਇਆਂ ਇਸ ਕਵੀ ਨੇ ਜੋ ਪੰਜਾਬੀਅਤ ਦੀ ਪਛਾਣ ਨੂੰ ਉਭਾਰਿਆ ਹੈ ਅਤੇ ਮਾਂ-ਬੋਲੀ ਦੀ ਸੇਵਾ ਕਰ ਰਿਹਾ ਹੈ, ਉਹ ਨਿਰਸੰਦੇਹ ਸਲਾਹੁਣਯੋਗ ਕਾਰਜ ਹੈ। ਸਰਲ ਅਤੇ ਸਪੱਸ਼ਟ ਸ਼ਬਦਾਵਲੀ 'ਚ ਗੀਤ ਜਾਂ ਗ਼ਜ਼ਲਾਂ ਦੀ ਸਿਰਜਣਾ ਕਰਨੀ, ਛੰਦ-ਬਹਿਰ, ਲੈਅ, ਰਸਕਤਾ, ਸੰਗੀਤਕ-ਸੁਰਾਂ ਵਿਚ ਪ੍ਰਬੀਨਤਾ ਹਾਸਲ ਕਰਨੀ, ਇਨ੍ਹਾਂ ਗੀਤਾਂ-ਗ਼ਜ਼ਲਾਂ ਦੀ ਪ੍ਰਮਾਣਿਕ ਖੂਬੀ ਹੈ। ਉਸ ਦੇ ਬੋਲ ਕਿ 'ਮੈਂ ਹਾਂ ਛੱਪੜੀ ਤੇ ਤੂੰ ਹੈਂ ਦਰਿਆ ਵੇ ਢੋਲਣਾ' ਜਾਂ 'ਮੱਥੇ ਚੰਨ ਏਕਮ ਦੀ ਬਿੰਦੀ, ਸਭਨਾਂ ਤਾਈਂ ਨਿਓਤੇ ਦਿੰਦੀ, ਆਓ ਪਿਆਰ ਉਲਾਂਘਾਂ ਭਰੀਏਂਸੱਚੀ ਪਾਕ ਮੁਹੱਬਤ ਕਰੀਏ।' ਜਾਂ 'ਮੰਗਿਆ ਹੋਇਆ ਪਿਆਰ ਉਧਾਰਾ ਨਹੀਂ ਮਿਲਦਾ, ਬੀਤਿਆ ਪਲ ਇਕ ਬਾਰ ਦੋਬਾਰਾ ਨਹੀਂ ਮਿਲਦਾ।' ਸੱਚਮੁੱਚ ਪਾਠਕਾਂ ਦੇ ਦਿਲਾਂ ਦੀ ਧੜਕਣ ਦਾ ਸ਼ਾਬਦਿਕ ਚਿਤਰਨ ਹੋ ਜਾਂਦੇ ਹਨ। ਪਿਆਰ 'ਚ ਵਿਛੋੜੇ ਅਤੇ ਮਿਲਾਪ ਦੇ ਅੰਤਰੀਵ ਭਾਵਾਂ ਨੂੰ ਇਸ ਕਵੀ ਨੇ ਤਹਿ-ਦਰ-ਤਹਿ ਅਨੁਭਵ ਕਰਕੇ ਬਿਆਨਿਆ ਹੈ। ਨਿਰਾਸ਼ਾ ਵਿਚੋਂ ਆਸ਼ਾ ਦੀ ਭਾਲ ਕਰਨੀ, ਗੁਰਬਤ ਵਿਚੋਂ ਮਿਹਨਤ-ਮੁਸ਼ੱਕਤ ਨਾਲ ਨਿਕਲ ਕੇ ਸੁਰਖਰੂ ਹੋਣਾ, ਹਨੇਰਿਆਂ ਵਿਚੋਂ ਨੂਰ ਦੀ ਭਾਲ ਕਰਨ ਦੇ ਸਮਰੱਥ ਹੋਣਾ, ਦਰਦਾਂ-ਪੀੜਾਂ 'ਚੋਂ ਨਿਕਲਣ ਦਾ ਮਾਰਗ ਦਰਸਾਉਣਾ, ਕੁਰਬਾਨੀ-ਤਿਆਗ ਨੂੰ ਅਪਣਾਉਣਾ ਅਤੇ ਚੜ੍ਹਦੀ ਕਲਾ 'ਚ ਜਾਣ ਵਾਲਾ ਮਾਰਗ ਧਾਰਨ ਕਰਨਾ ਇਨ੍ਹਾਂ ਸਮੂਹਿਕ ਗੀਤਾਂ ਅਤੇ ਗ਼ਜ਼ਲਾਂ ਦਾ ਕੇਂਦਰੀ-ਵਿਸ਼ਾ ਪ੍ਰਤੀਤ ਹੁੰਦਾ ਹੈ ਜੋ ਮਾਨਵ-ਹਿਤੈਸ਼ੀ ਸੁਰਾਂ ਨੂੰ ਸੰਗੀਤਕ-ਸ਼ੈਲੀ ਵਿਚ ਪ੍ਰਗਟ ਕਰਦਾ ਹੈ। ਪੁਸਤਕ ਵਿਚ ਅੰਕਿਤ ਗੀਤ, ਗ਼ਜ਼ਲਾਂ ਅਤੇ ਰੁਬਾਈਆਂ ਸਾਫ਼-ਸੁਥਰੀ ਗਾਇਕੀ ਕਰਨ ਵਾਲਿਆਂ ਲਈ ਵਧੀਆ ਸਮੱਗਰੀ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਪ੍ਰਿੰ: ਦਲਜੀਤ ਸਿੰਘ ਰਚਿਤ 'ਪ੍ਰਮਾਤਮਾ ਦੇ ਦਰਸ਼ਨ ਰਹੱਸ' ਦਾ ਦਾਰਸ਼ਨਿਕ ਚਿੰਤਨ
ਸੰਪਾਦਕ : ਪ੍ਰੋ: ਸਰਬਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ 200 ਰੁਪਏ, ਸਫ਼ੇ : 112.
ਸੰਪਰਕ : 9815030083.

'ਪ੍ਰਿੰ: ਦਲਜੀਤ ਸਿੰਘ ਰਚਿਤ ਪ੍ਰਮਾਤਮਾ ਦੇ ਦਰਸ਼ਨ ਰਹੱਸ ਦਾ ਦਾਰਸ਼ਨਿਕ ਚਿੰਤਨ' ਪੁਸਤਕ ਪ੍ਰੋ: ਸਰਬਜੀਤ ਸਿੰਘ ਦੀ ਸੰਪਾਦਿਤ ਪੁਸਤਕ ਹੈ, ਜਿਸ ਵਿਚ ਉਨ੍ਹਾਂ ਨੇ 18 ਵੱਖ-ਵੱਖ ਵਿਦਵਾਨ ਲੇਖਕਾਂ ਦੇ ਪਰਚੇ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ ਪਰਮਾਤਮਾ ਦੇ ਰਹੱਸ ਦੀ ਥਾਹ ਪਾਉਣ ਦੀ ਤਾਂਘ ਬਿਆਨ ਕੀਤੀ ਗਈ ਹੈ। ਪ੍ਰਮਾਤਮਾ ਦੇ ਵਿਵੇਕ ਨੂੰ ਆਪਣੇ ਜੀਵਨ ਵਿਚ ਢਾਲ ਕੇ ਉਸ 'ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ ਗਈ ਹੈ। ਵੱਖ-ਵੱਖ ਲੇਖਕਾਂ ਜਿਵੇਂ ਪ੍ਰੋ: ਸਰਬਜੀਤ ਸਿੰਘ, ਡਾ: ਰਣਜੀਤ ਕੌਰ, ਡਾ: ਸੁਖਵੀਰ ਕੌਰ ਨੇ ਪਰਮਾਤਮਾ ਦੇ ਦਰਸ਼ਨ ਦੁਆਰਾ ਸਾਡੇ ਜੀਵਨ ਦੀ ਸਾਰਥਿਕਤਾ ਨੂੰ ਬਿਆਨ ਕੀਤਾ ਹੈ। ਇਸੇ ਤਰ੍ਹਾਂ ਡਾ: ਮਨਪ੍ਰੀਤ ਕੌਰ, ਡਾ: ਬਲਵਿੰਦਰ ਕੌਰ, ਸਤਿੰਦਰ ਕੌਰ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ ਤੇ ਰਮਨਪ੍ਰੀਤ ਕੌਰ ਨੇ ਆਪਣੇ ਲੇਖਾਂ ਵਿਚ ਪਰਮਾਤਮਾ ਦੇ ਵਿਸ਼ੇਗਤ ਅਧਿਐਨ, ਮਾਰਗਦਰਸ਼ਨ ਅਤੇ ਆਪਣੀ ਅੰਤਰ-ਆਤਮਾ ਦੀ ਪਛਾਣ ਬਾਰੇ ਜ਼ਿਕਰ ਕੀਤਾ ਹੈ। ਪ੍ਰੋ: ਸੰਦੀਪ ਕੌਰ ਤੇ ਇੰਦਰਜੀਤ ਕੌਰ ਨੇ ਆਤਮਕ ਅਨੁਭਵ ਬਾਰੇ ਦੱਸਿਆ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਲੇਖ ਲਿਖ ਕੇ ਗੁਰਬਾਣੀ ਦੀ ਵਿਸ਼ਵ ਵਿਆਪਕਤਾ ਦਾ ਮਹੱਤਵ ਦੱਸਿਆ ਗਿਆ ਹੈ। ਇਸੇ ਤਰ੍ਹਾਂ ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਜਗਰੂਪ ਕੌਰ, ਪੁਨੀਤ, ਵੰਦਨਾ ਅਤੇ ਦਰਸ਼ਨ ਕੌਰ ਨੇ ਵੀ ਗੁਰਬਾਣੀ ਦੇ ਪ੍ਰਭਾਵਾਂ ਨੂੰ ਉਲੀਕ ਕੇ ਜ਼ਿੰਦਗੀ, ਮਨ ਦੀ ਅਵਸਥਾ ਅਤੇ ਜੀਵਨ ਯਥਾਰਥ ਦੀ ਪੇਸ਼ਕਾਰੀ ਕਰਕੇ ਆਲੋਚਨਾਤਮਕ ਨਜ਼ਰੀਏ ਨਾਲ ਆਪਣੇ ਵਿਚਾਰ ਦਿੱਤੇ ਹਨ। ਸਮੁੱਚੀ ਪੁਸਤਕ ਵਿਚ ਸੁਚੱਜੇ ਦਾਰਸ਼ਨਿਕ ਪ੍ਰਭਾਵ, ਗੁਰੂ ਸਾਹਿਬਾਨ ਦੀਆਂ ਸਾਖੀਆਂ ਅਤੇ ਵਿਭਿੰਨ ਕਥਾਵਾਂ ਰਾਹੀਂ ਪਰਮਾਤਮਾ ਦੀ ਥਾਹ ਪਾਉਣ ਤੇ ਆਪਣੇ ਜੀਵਨ ਵਿਚ ਲਾਗੂ ਕਰਨ ਬਾਰੇ ਦੱਸਿਆ ਗਿਆ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

25-03-2018

ਕੂਕਾ ਇਤਿਹਾਸ ਦੇ ਅਣਛੋਹੇ ਸੁਨਹਿਰੀ ਪੱਤਰੇ
ਲੇਖਕ : ਡਾ: ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 134
ਸੰਪਰਕ : 98722-13113.

ਅਕਸਰ ਹੀ ਕੂਕਾਂ ਮਾਰ ਮਾਰ ਸੁੱਤੇ ਪੰਜਾਬੀਆਂ ਨੂੰ ਆਜ਼ਾਦੀ ਸਵੈਮਾਨ ਤੇ ਸਵੈਨਿਰਭਰਤਾ ਲਈ ਵੰਗਾਰਨ ਵਾਲੇ ਨਾਮਧਾਰੀਆਂ ਨੂੰ ਕੂਕੇ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀਆਂ ਲੰਮੀਆਂ ਕੈਦਾਂ, ਤਸੀਹਿਆਂ ਤੇ ਜਲਾਵਤਨੀਆਂ ਵਾਲੀ ਜ਼ਿੰਦਗੀ, ਤੋਪਾਂ ਅੱਗੇ ਹਿਕਾਂ ਡਾਹ ਕੇ ਮਰਦਾਂ ਵਾਂਗ ਸ਼ਹੀਦ ਹੋਣ ਦਾ ਸੁਤੰਤਰ ਭਾਰਤ ਦੇ ਲੋਕਾਂ ਤੇ ਹੁਕਮਰਾਨਾਂ ਨੇ ਬਣਦਾ ਮੁੱਲ ਕਦੇ ਨਹੀਂ ਪਾਇਆ। ਇਤਿਹਾਸ ਤੇ ਸਿਆਸਤ ਦੋਵਾਂ ਨੇ ਉਨ੍ਹਾਂ ਨਾਲ ਵਫ਼ਾ ਨਹੀਂ ਕੀਤੀ। ਉਨ੍ਹਾਂ ਦੇ ਪਿੰਡਿਆਂ ਉੱਤੇ ਲਿਖੇ ਇਤਿਹਾਸ ਦੇ ਗੂੜੇ ਨਕਸ਼ ਆਰਕਾਈਵਜ਼ ਵਿਚੋਂ ਤਾਂ ਕੋਈ ਨਹੀਂ ਮਿਟਾ ਸਕਦਾ। ਡਾ: ਗੁਰਦੇਵ ਸਿੰਘ ਸਿੱਧੂ ਨੇ ਨੈਸ਼ਨਲ ਆਰਕਾਈਵਜ਼ ਦੇ ਇਸੇ ਭੰਡਾਰੇ ਵਿਚੋਂ ਕੂਕਾ ਇਤਿਹਾਸ ਦੇ ਸੁਨਹਿਰੀ ਇਤਿਹਾਸ ਦੀਆਂ ਕੁਝ ਝਲਕਾਂ ਇਸ ਛੋਟੀ ਜਿਹੀ ਪੁਸਤਕ ਵਿਚ ਸੰਜੋਈਆਂ ਹਨ।
ਡਾ: ਸਿੱਧੂ ਨੇ ਪੁਸਤਕ ਦੇ ਆਰੰਭ ਵਿਚ ਵਿਸ਼ੇ ਨਾਲ ਸਬੰਧਿਤ ਪੁਰਾਤਨ ਨਾਮਧਾਰੀ ਇਤਿਹਾਸਕ ਗ੍ਰੰਥਾਂ, ਅੰਗਰੇਜ਼ੀ ਸਰਕਾਰ ਦੇ ਦਸਤਾਵੇਜ਼ਾਂ ਅਤੇ ਨਾਮਧਾਰੀ ਮਿਸ਼ਨ ਬਾਰੇ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਦਾ ਉਲੇਖ ਕੀਤਾ ਹੈ। ਇਸ ਉਪਰੰਤ ਉਸ ਨੇ ਨਾਮਧਾਰੀ ਸਤਿਗੁਰੂ ਰਾਮ ਸਿੰਘ ਦੀ ਭੈਣੀ ਸਾਹਿਬ ਵਿਚ ਜੂਹਬੰਦੀ, ਵਧਦੀ ਹੋਈ ਸਖ਼ਤੀ ਤੇ ਗ੍ਰਿਫ਼ਤਾਰੀ ਦੇ ਵੇਰਵੇ ਦਿੱਤੇ ਹਨ। ਨਾਮਧਾਰੀ ਸਤਿਗੁਰੂ ਨੇ ਵੱਖ-ਵੱਖ ਖਿੱਤਿਆਂ ਵਿਚ ਆਪਣੇ ਸੂਬੇਦਾਰ ਨਿਯੁਕਤ ਕਰ ਰੱਖੇ ਸਨ ਜੋ ਦਿੱਲੀ ਦੇ ਮੁਗ਼ਲ ਸ਼ਹਿਨਸ਼ਾਹਾਂ ਵਲੋਂ ਲਾਏ ਸੂਬੇਦਾਰਾਂ ਦੀ ਪਰੰਪਰਾ ਉੱਤੇ ਸੂਬਾ ਕਿਹਾ ਜਾਂਦਾ। ਉਨ੍ਹਾਂ ਨਾਲ ਇਹ ਸੂਬੇ ਵੀ ਗ੍ਰਿਫ਼ਤਾਰ ਕੀਤੇ ਗਏ। ਮੌਲਮੀਨ, ਅਦਨ, ਅਸੀਰਗੜ੍ਹ, ਚੁਨਾਰ ਵਰਗੇ ਦੂਰ-ਦਰਾਜ਼ ਥਾਵਾਂ 'ਤੇ ਇਨ੍ਹਾਂ ਨੂੰ ਕੈਦ ਦੌਰਾਨ ਹਰ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਇਨ੍ਹਾਂ ਦੇ ਜੇਲ੍ਹ, ਜੀਵਨ ਦੇ ਵੇਰਵੇ ਲੇਖਕ ਨੇ ਪੇਸ਼ ਕੀਤੇ ਹਨ ਅਤੇ ਉਨ੍ਹਾਂ ਨਾਲ ਸਬੰਧਿਤ ਚਿੱਠੀ ਪੱਤਰ ਦੀ ਝਲਕ ਵੀ। ਉਸ ਨੇ ਮਲੇਰਕੋਟਲਾ ਵਿਚ ਤੋਪ ਨਾਲ ਉਡਾਏ ਗਏ 66 ਨਾਮਧਾਰੀ ਸ਼ਹੀਦਾਂ ਦੇ ਨਾਂਅ ਪਤੇ ਵੀ ਦਿੱਤੇ ਹਨ ਅਤੇ ਸਤਿਗੁਰੂ ਜੀ ਦੇ ਸਮਕਾਲੀ ਪ੍ਰਮੁੱਖ 57 ਨਾਮਧਾਰੀਆਂ ਬਾਰੇ ਸੰਖੇਪ ਜਾਣਕਾਰੀ ਵੀ ਉਪਲਬਧ ਕਰਵਾਈ ਹੈ। ਰੋੜੀ ਥਾਣੇ (ਮੁਕਤਸਰ) ਦੇ ਪਿੰਡ ਬਰਾਸ ਦੇ ਨਾਮਧਾਰੀ ਇਕੱਠ ਉੱਤੇ ਸਖ਼ਤੀ ਕਰਕੇ ਇਕੱਠ ਨੂੰ ਬਗਾਵਤ ਦਾ ਨਾਂਅ ਦੇ ਕੇ ਫੜੇ 37 ਬਾਗੀਆਂ ਦਾ ਵੇਰਵਾ ਵੀ ਲੇਖਕ ਨੇ ਦਿੱਤਾ ਹੈ। ਪੁਸਤਕ ਨਾਮਧਾਰੀ ਯੋਧੇ ਬੂਟਾ ਸਿੰਘ ਦੇ ਬਿਰਤਾਂਤ ਨਾਲ ਸਮਾਪਤ ਹੁੰਦੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਆਟੇ ਦਾ ਦੀਵਾ
ਮੂਲ ਲੇਖਕ : ਸਿਮਰ ਸਦੋਸ਼
ਅਨੁਵਾਦ : ਦੀਪਕ ਸ਼ਰਮਾ ਚਨਾਰਥਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 61
ਸੰਪਰਕ : 94177-56262.

'ਆਟੇ ਦਾ ਦੀਵਾ' ਕਹਾਣੀ-ਸੰਗ੍ਰਹਿ ਦਾ ਮੂਲ ਲੇਖਕ ਸਿਮਰ ਸਦੋਸ਼ ਹੈ ਪਰ ਦੀਪਕ ਸ਼ਰਮਾ ਚਨਾਰਥਲ ਨੇ ਇਸ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਚਾਰ ਚੰਨ ਲਗਾਏ ਹਨ। ਹੱਥਲੇ ਕਹਾਣੀ-ਸੰਗ੍ਰਹਿ ਵਿਚ ਕੁੱਲ 25 ਕਹਾਣੀਆਂ ਹਨ ਅਤੇ ਹਰੇਕ ਕਹਾਣੀ ਦੇ ਅੰਤ ਵਿਚ ਸਕੈੱਚ ਬਣਾ ਕੇ ਕਹਾਣੀ ਦੀ ਪੇਸ਼ਕਾਰੀ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ। ਪਹਿਲੀ ਕਹਾਣੀ 'ਕਲਯੁਗ ਦਾ ਰਾਜ' ਵਿਚ ਦੱਸਿਆ ਗਿਆ ਹੈ ਕਿ ਕਿਵੇਂ ਹੁਣ ਤੱਕ ਪਰਮਾਤਮਾ ਦਾ ਵਰਦਾਨ ਫਲ-ਫੁੱਲ ਰਿਹਾ ਹੈ। ਅਗਲੀ ਕਹਾਣੀ 'ਫ਼ੈਸਲਾ' ਹੈ, ਜਿਸ ਵਿਚ ਪਤੀ-ਪਤਨੀ ਦੀ ਆਰਥਿਕ ਸਥਿਤੀ ਬਾਰੇ ਦੱਸਿਆ ਗਿਆ ਹੈ। ਇਸੇ ਤਰ੍ਹਾਂ ਹੀ 'ਸੱਭਿਅਤਾ' ਕਹਾਣੀ ਵਿਚ ਆਪਣੇ ਸੱਭਿਆਚਾਰ ਨਾਲ ਜੁੜਣ ਦੀ ਪ੍ਰੇਰਨਾ ਦਿੱਤੀ ਗਈ ਹੈ। ਅਗਲੀ ਕਹਾਣੀ 'ਭੁੱਖ ਦੀ ਤਲਬ' ਵਿਚ ਦੱਸਿਆ ਗਿਆ ਹੈ ਕਿ ਭੁੱਖ ਦੀ ਤਲਬ ਨਾਲ ਵਿਅਕਤੀ ਹੋਰ ਮਿਹਨਤ ਕਰਦਾ ਹੈ। ਇਸੇ ਤਰ੍ਹਾਂ 'ਆਟੇ ਦਾ ਦੀਵਾ' ਕਹਾਣੀ ਵਿਚ ਇਕ ਔਰਤ ਦੀ ਤ੍ਰਾਸਦੀ ਹੈ ਕਿ ਔਰਤਾਂ ਸੱਚ-ਮੁੱਚ ਹੀ ਆਟੇ ਦਾ ਦੀਵਾ ਹੁੰਦੀਆਂ ਹਨ, ਜਿਨ੍ਹਾਂ ਨੂੰ ਅੰਦਰ ਰਹਿੰਦਿਆਂ ਘਰੇਲੂ ਚੂਹੇ ਕੁਤਰਦੇ ਹਨ ਅਤੇ ਬਾਹਰ ਜਾਂਦੀਆਂ ਨੂੰ ਕਾਂ ਪੈ ਜਾਂਦੇ ਹਨ। ਉਹ ਆਪਣਾ ਦੁੱਖ ਕਿਸੇ ਅੱਗੇ ਵੀ ਨਹੀਂ ਰੋ ਸਕਦੀਆਂ, ਜੋ ਕਿ ਅਜੋਕੇ ਯੁੱਗ ਦੀ ਤ੍ਰਾਸਦੀ ਹੈ। ਅਗਲੀ ਕਹਾਣੀ 'ਆਤਮ ਹੱਤਿਆ' ਵਿਚ ਆਤਮ ਹੱਤਿਆ ਕਰਨ ਤੋਂ ਵਰਜਿਆ ਗਿਆ ਹੈ। 'ਬੇਬੇ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਬੇਬੇ ਦਾ ਸੁਭਾਅ ਕਿੰਨੀ ਲਿਆਕਤ ਵਾਲਾ ਸੀ ਅਤੇ ਸਭ ਨੂੰ ਕਿੰਨਾ ਪਿਆਰ ਕਰਦੀ ਸੀ। ਇਸੇ ਤਰ੍ਹਾਂ 'ਰਿਸਰਚ' ਕਹਾਣੀ ਵਿਚ ਵੀ ਇਕ ਨਿਰਦੇਸ਼ ਦੇਣ ਵਾਲੇ 'ਤੇ ਕਿੰਨਾ ਲਗਾਉ ਹੁੰਦਾ ਹੈ ਪਰ ਜਦੋਂ ਗ਼ਲਤ ਕੰਮ ਹੋਣ ਲੱਗ ਜਾਣ ਤਾਂ ਸਭ ਕੁਝ ਫਿੱਕਾ ਪੈ ਜਾਂਦਾ ਹੈ, ਬਾਰੇ ਦੱਸਿਆ ਗਿਆ ਹੈ। ਸਮੁੱਚੇ ਰੂਪ ਵਿਚ ਦੀਪਕ ਸ਼ਰਮਾ ਨੇ ਸਿਮਰ ਸਦੋਸ਼ ਦੀਆਂ ਕਹਾਣੀਆਂ ਨੂੰ ਅਨੁਵਾਦ ਕਰਕੇ ਚੰਗਾ ਸੁਨੇਹਾ ਦੇਣ ਦੀ ਕੋਸ਼ਸ਼ ਕੀਤੀ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

 

 

 

 

ਤੀਸਤਾ ਸੀਤਲਵਾੜ ਸੰਵਿਧਾਨ ਦੀ ਜਾਂਬਾਜ਼ ਮੁਹਾਫ਼ਿਜ਼
ਲੇਖਿਕਾ : ਤੀਸਤਾ ਸੀਤਲਵਾੜ
ਅਨੁਵਾਦ : ਬੂਟਾ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 192
ਸੰਪਰਕ : 78377-18723.

ਇਸ ਪੁਸਤਕ ਦੀ ਲੇਖਿਕਾ ਤੀਸਤਾ ਸੀਤਲਵਾੜ ਨੇ ਪੱਤਰਕਾਰੀ ਨੂੰ ਆਪਣਾ ਕਿੱਤਾ ਚੁਣਿਆ ਅਤੇ ਇਕ ਸਰਗਰਮ ਕਾਰਕੁਨ ਬਣ ਕੇ ਘੱਟਗਿਣਤੀ ਤੇ ਮਜ਼ਲੂਮਾਂ ਦੀ ਰੱਖਿਆ ਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਬਿਖੜਾ ਔਝੜ ਰਾਹ ਚੁਣਿਆ, ਜੋ ਸਰਕਾਰੀ ਢਾਂਚੇ ਨਾਲ ਸਿੱਧੀ ਟੱਕਰ ਲੈਣਾ ਸੀ। ਇਹ ਪੁਸਤਕ ਉਸ ਦਾ ਨਿੱਜੀ ਜੀਵਨ ਦਾ ਸਫ਼ਰ ਹੈ, ਜਿਸ ਵਿਚ ਉਸ ਨਾਲ ਜੋ ਚੰਗਾ-ਮਾੜਾ ਵਾਪਰਿਆ, ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਕ ਪੱਤਰਕਾਰ ਹੋਣ ਦੇ ਨਾਤੇ ਉਸ ਨੇ ਆਪਣੇ ਫ਼ਰਜ਼ਾਂ ਨੂੰ ਕਿਵੇਂ ਨਿਭਾਇਆ, ਰਾਜਸੀ ਤੇ ਕਾਨੂੰਨੀ ਢਾਂਚੇ ਨਾਲ ਕਿਵੇਂ ਟੱਕਰ ਲਈ, ਦਾ ਵਿਸਥਾਰਪੂਰਵਕ ਉਦਾਹਰਨਾਂ ਸਹਿਤ ਵਰਨਣ ਕੀਤਾ ਹੈ। ਸਮਾਜ ਵਿਚ ਜੋ ਵੀ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਉਸ ਲਈ ਕੌਣ ਜ਼ਿੰਮੇਵਾਰ ਹੈ, ਦਾ ਖੁੱਲ੍ਹ ਕੇ ਖੁਲਾਸਾ ਕੀਤਾ ਹੈ, ਜਦੋਂ ਉਹ ਲਿਖਦੀ ਹੈ-
'ਜੇ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਬਾਰਸੂਖ਼ ਮੁਜਰਮਾਂ ਨੂੰ ਸਜ਼ਾ ਦਿੱਤੀ ਗਈ ਹੁੰਦੀ ਤਾਂ ਇਸ ਤੋਂ ਬਾਅਦ ਬਾਬਰੀ ਮਸਜਿਦ ਕਾਂਡ ਉਪਰੰਤ ਮੁਸਲਮਾਨਾਂ ਦਾ ਕਤਲੇਆਮ ਅਤੇ 2002 ਦਾ ਗੁਜਰਾਤ ਕਤਲੇਆਮ ਨਹੀਂ ਸਨ ਵਾਪਰਨੇ।' ਉਸ ਨੇ ਓਪ੍ਰੇਸ਼ਨ ਬਲਿਊ ਸਟਾਰ, 1984 ਦੇ ਦੰਗੇ, ਭੋਪਾਲ ਗੈਸ ਹਾਦਸੇ, ਮੁੰਬਈ ਦੀ ਫ਼ਿਰਕੂ ਹਿੰਸਾ ਤੇ ਹੋਰ ਹਿੰਸਕ ਵਾਰਦਾਤਾਂ ਦਾ ਖੁੱਲ੍ਹ ਕੇ ਪਰਦਾਫਾਸ਼ ਕੀਤਾ ਹੈ ਕਿ ਇਨ੍ਹਾਂ ਕਾਰਵਾਈਆਂ ਲਈ ਪੁਲਿਸ ਤੇ ਸਰਕਾਰ ਦੋਵੇਂ ਜ਼ਿੰਮੇਵਾਰ ਸਨ। ਇਨ੍ਹਾਂ ਨੂੰ ਨੱਥ ਕੌਣ ਪਾਏ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ। ਜਿਥੇ-ਜਿਥੇ ਵੀ ਘੱਟਗਿਣਤੀ ਤੇ ਮਜ਼ਲੂਮਾਂ ਨਾਲ ਵਧੀਕੀਆਂ ਹੋਈਆਂ ਭਾਵੇਂ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਸਨ, ਉਸ ਨੇ ਉਨ੍ਹਾਂ ਦੀ ਖ਼ਾਤਰ ਆਵਾਜ਼ ਬੁਲੰਦ ਕੀਤੀ ਤੇ ਇਸੇ ਮਿਸ਼ਨ ਨੂੰ ਲੈ ਕੇ ਪੱਤਰਕਾਰੀ ਖੇਤਰ ਵਿਚ ਕਦਮ ਰੱਖਿਆ ਸੀ। ਇਹ ਕੋਈ ਸੌਖਾ ਕੰਮ ਨਹੀਂ ਸੀ, ਸਗੋਂ ਜਾਨ ਤਲੀ 'ਤੇ ਧਰਨ ਵਾਲੀ ਗੱਲ ਸੀ। ਜੇ ਅਜਿਹੀਆਂ ਸੰਘਰਸ਼ਸ਼ੀਲ ਔਰਤਾਂ ਦਾ ਸੰਗਠਨ ਕਾਇਮ ਹੋਵੇ ਤਾਂ ਹੋ ਨਹੀਂ ਸਕਦਾ ਕਿ ਮਜ਼ਲੂਮਾਂ ਨੂੰ ਨਿਆਂ ਨਾ ਮਿਲੇ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਡੁਬਈ ਤੋਂ ਸਾਊਥ ਅਫ਼ਰੀਕਾ ਦਾ ਸਫ਼ਰਨਾਮਾ
ਲੇਖਕ : ਡਾ: ਹਾਕਮ ਸਿੰਘ ਹੁੰਦਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 78377-18723.

ਡੁਬਈ ਤੋਂ ਸਾਊਥ ਅਫ਼ਰੀਕਾ ਤੱਕ ਦਾ ਸਫ਼ਰਨਾਮਾ ਸਿਰਲੇਖ ਹੇਠ ਤਿਆਰ ਕੀਤੀ ਇਸ ਕਿਤਾਬ ਤਹਿਤ ਤਕਰੀਬਨ ਚਾਰ ਕੁ ਸਾਲ ਪਹਿਲਾਂ ਕੀਤੇ ਇਸ ਸਫ਼ਰ ਨੂੰ ਲੇਖਕ ਡਾ: ਹਾਕਮ ਸਿੰਘ ਹੁੰਦਲ ਨੇ ਇਸ ਕਿਤਾਬ ਜ਼ਰੀਏ ਬੇਹੱਦ ਸੁਖਾਲੇ ਢੰਗ ਨਾਲ ਬਿਆਨ ਕੀਤਾ ਹੈ ਅਤੇ ਇਸ ਦੌਰਾਨ ਯਾਤਰਾ ਦੇ ਹਰ ਪਹਿਲੂ, ਰਸਤੇ ਵਿਚ ਮਿਲੇ ਹਰ ਯਾਦਗਾਰੀ ਇਨਸਾਨ, ਹਰ ਯਾਦਗਾਰ ਦ੍ਰਿਸ਼, ਘਟਨਾ ਅਤੇ ਝਲਕੀ ਨੂੰ ਪਾਠਕ ਦੇ ਮਨ ਵਿਚ ਵੀ ਉਤਾਰ ਦਿੱਤਾ ਹੈ।
ਇਹ ਯਾਤਰਾ ਲੰਡਨ ਅਤੇ ਸਮੁੰਦਰੀ ਯਾਤਰਾ ਨਾਲ ਸਬੰਧਤ ਹੋਰਨਾਂ ਪਹਿਲੂਆਂ ਨੂੰ ਵੀ ਬਾਖੂਬੀ ਉਜਾਗਰ ਕਰਦੀ ਹੈ। ਇਹੀ ਇਸ ਕਿਤਾਬ ਦੀ ਖ਼ਾਸੀਅਤ ਹੈ ਕਿ ਪਾਠਕਾਂ ਨੂੰ ਸਮੁੰਦਰੀ ਯਾਤਰਾ ਰਾਹੀਂ ਦੁਨੀਆ ਦਾ ਇਕ ਨਵਾਂ ਰੰਗ ਅਤੇ ਪਹਿਲੂ ਇਹ ਕਿਤਾਬ ਵਿਖਾ ਜਾਂਦੀ ਹੈ ਅਤੇ ਕਿਤਾਬ ਪੜ੍ਹਦੇ ਵੇਲੇ ਪਾਠਕ ਦੇ ਮਨ ਵਿਚ ਯਾਤਰਾ ਦਾ ਹਰ ਦ੍ਰਿਸ਼ ਉਕਰਿਆ ਜਾਂਦਾ ਹੈ। ਪਹਾੜ, ਸਮੁੰਦਰ ਅਤੇ ਪਾਣੀ ਦੇ ਵਿਸ਼ਾਲ ਸੋਮੇਂ ਵੀ ਇਸੇ ਕਿਤਾਬ ਦੀ ਵਜ੍ਹਾ ਕਰਕੇ ਪਾਠਕ ਦੀਆਂ ਅੱਖਾਂ ਮੂਹਰੇ ਰੂਪਮਾਨ ਹੋ ਜਾਂਦੇ ਹਨ। ਕਿਤਾਬ ਅੰਦਰ ਵਿਸ਼ੇਸ਼ ਤੌਰ ਉੱਤੇ ਹਿੰਦ ਮਹਾਸਾਗਰ ਅਤੇ ਦੱਖਣੀ ਅਫ਼ਰੀਕਾ ਯਾਤਰਾ ਦਾ ਹਿੱਸਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦਾ ਹੈ ਅਤੇ ਇਹ ਇਸ ਕਿਤਾਬ ਦਾ ਸਭ ਤੋਂ ਆਕਰਸ਼ਕ ਹਿੱਸਾ ਬਣ ਕੇ ਸਾਹਮਣੇ ਆਉਂਦਾ ਹੈ। ਇਸ ਕਿਤਾਬ ਅੰਦਰਲੀ ਤਫ਼ਸੀਲ ਅਤੇ ਇਸ ਅੰਦਰ ਯਾਤਰਾ ਦੇ ਹਰ ਪਲ ਦਾ ਦਿੱਤਾ ਗਿਆ ਸਮਾਂ ਇਹ ਦੱਸਦਾ ਹੈ ਕਿ ਲੇਖਕ ਨੇ ਥੋੜ੍ਹੇ ਲਫ਼ਜ਼ਾਂ ਵਿੱਚ ਕਿੰਨੀ ਤਫ਼ਸੀਲ ਸਾਡੇ ਸਾਹਮਣੇ ਰੱਖ ਦਿੱਤੀ ਹੈ। ਕਿਤਾਬ ਵਿਚ ਸ਼ਬਦਾਂ ਦੇ ਨਾਲ-ਨਾਲ ਇਸ ਯਾਤਰਾ ਨਾਲ ਸਬੰਧਿਤ ਤਸਵੀਰਾਂ ਵੀ ਸੋਨੇ ਉੱਤੇ ਸੁਹਾਗੇ ਦਾ ਕੰਮ ਕਰਦੀਆਂ ਹਨ। ਕਿਤਾਬ ਅੰਦਰ ਦੱਸੇ ਗਏ ਟਾਪੂ ਅਤੇ ਸਮੁੰਦਰੀ ਕਿਨਾਰੇ ਵੀ ਪਾਠਕ ਖ਼ੁਦ ਵੇਖ ਰਿਹਾ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਇਹ ਕਿਤਾਬ ਮਹਿਜ਼ ਇਕ ਕਿਤਾਬ ਨਾ ਹੋ ਕੇ ਇਕ ਦਸਤਾਵੇਜ਼ੀ ਫ਼ਿਲਮ ਬਣ ਜਾਂਦੀ ਹੈ। ਕਿਤਾਬ ਦੀ ਬਣਤਰ ਵਿਚ ਉਨ੍ਹਾਂ ਦੀ ਬੇਟੀ ਜਤਿੰਦਰ ਕੌਰ ਦਾ ਵੀ ਵਡਮੁੱਲਾ ਯੋਗਦਾਨ ਹੈ।


ਤਲੀ 'ਤੇ ਬੈਠਾ ਰੱਬ
ਲੇਖਕ : ਖੁਸ਼ਹਾਲ ਸਿੰਘ ਬੇਜ਼ਾਰ ਨਾਗਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94176-02861.

ਸਮਰੱਥ ਸ਼ਾਇਰ ਬੇਜ਼ਾਰ ਨਾਗਾ ਦੀ ਇਹ 8ਵੀਂ ਕਾਵਿ-ਪੁਸਤਕ ਹੈ। ਸੱਜਰੀ ਪੁਸਤਕ ਵਿਚ ਉਸ ਦੀਆਂ 52 ਕਾਵਿ-ਕ੍ਰਿਤਾਂ ਸ਼ਾਮਿਲ ਹਨ। ਲੇਖਕ ਨੇ ਉਸ ਦੇ ਵਿਚਾਰ ਮੁਤਾਬਿਕ ਵਿਚਾਰ ਪ੍ਰਧਾਨ, ਖੁੱਲ੍ਹੀ ਕਵਿਤਾ ਦੀ ਸ਼ੈਲੀ ਦੀ ਵਰਤੋਂ ਕੀਤੀ ਹੈ। ਉਸ ਦਾ ਚਿੰਤਨ ਡੂੰਘਾ, ਬਿੰਬ ਨਿਵੇਕਲੇ ਅਤੇ ਬੋਲੀ ਰਵਾਨਗੀ ਵਾਲੀ ਹੈ। ਸਾਰੀਆਂ ਰਚਨਾਵਾਂ ਪਾਠਕ ਨੂੰ ਕੋਈ ਨਾ ਕੋਈ ਸੰਦੇਸ਼ ਦੇ ਕੇ, ਟੁੰਬਣ ਦੇ ਸਮਰੱਥ ਹਨ। ਕੁਝ ਉਦਾਹਰਨ ਪੇਸ਼ ਹਨ :
ਐ ਮਨ/ਤੂੰ ਲੱਭ ਤਾਂ ਸਹੀ
ਨਿਗਾਹ ਮਾਰ ਕੇ ਤਾਂ ਦੇਖ
ਉਹ ਕਿਹੜਾ ਦੇਸ਼ ਹੈ
ਜਿਥੇ ਮਨੁੱਖ ਦੇ ਸੁਪਨਿਆਂ ਦੇ ਬਿਰਖਾਂ ਨੂੰ
ਫਲ ਲਗਦੇ ਹਨ
ਉਹ ਫਲ ਮਨੁੱਖ ਦੇ ਆਪਣੇ ਹੁੰਦੇ ਹਨ। (ਪੰਨਾ 10)
'ਬੋਹੜ' ਕਵਿਤਾ ਵਿਚ ਬੋਹੜ ਦੀ ਉੱਤਮਤਾ ਨੂੰ ਇੰਜ ਰੂਪਮਾਨ ਕੀਤਾ ਹੈ :
ਇਥੇ ਜ਼ਿੰਦਗੀ ਦੇ
ਦੁੱਖਾਂ ਸੁੱਖਾਂ ਦੇ ਗੱਲ ਹੁੰਦੀ ਹੈ
ਸੁਰਤੀ ਦੀ, ਬਿਰਤੀ ਦੀ
ਸ਼ਕਤੀ ਦੀ, ਗੱਲ ਹੁੰਦੀ ਹੈ।
(ਪੰਨਾ 13)
ਕਵਿਤਾ, 'ਸਰਹੱਦ ਦੇ ਖੰਡਰ' ਵਿਚਲੀ ਵੰਗਾਰ, ਹਰੇਕ ਨੂੰ ਝੰਜੋੜਨ ਵਾਲੀ ਹੈ :
ਮਜ਼ਲੂਮਾਂ ਦੇ ਹੱਕ ਵਿਚ
ਕੋਈ ਤਲਵਾਰ ਨਹੀਂ ਚੁੱਕਦਾ
ਉਨ੍ਹਾਂ ਦੇ ਦਿਲ ਵਿਚ
ਕਸ਼ਮੀਰੀ ਪੰਡਿਤਾਂ ਦਾ ਦਰਦ ਹੁਣ ਬਾਕੀ ਨਹੀਂ ਹੈ
ਜਿਸ ਦਰਦ ਨੂੰ ਲੈ ਕੇ ਜਿਸ ਖਾਤਰ ਗੁਰੂ ਤੇਗ ਬਹਾਦਰ ਜੀ ਸਿਰ ਦੇ ਗਏ
ਗੁਰੂ ਗੋਬਿੰਦ ਸਿੰਘ ਜੀ ਉਮਰ ਭਰ ਲੜਦੇ ਰਹੇ।
(ਪੰਨਾ 38)
ਅੰਤਮ ਨਜ਼ਮ (ਤਲੀ 'ਤੇ ਬੈਠਾ ਰੱਬ) ਦੀ ਉਚੇਰੀ ਪਰਵਾਜ਼ ਵੇਖੋ-
ਬੁੱਧ ਲੋਕਾਂ ਨੂੰ ਤਲੀ 'ਤੇ ਰੱਖ ਕੇ ਰੱਬ ਦਿਖਾਉਂਦਾ ਸੀ
ਰੱਬ, ਮੇਰੀ ਵੀ ਤਲੀ 'ਤੇ ਬੈਠਾ ਹੈ।
ਕਮਾਲ ਦੀਆਂ ਹਨ ਬੇਜ਼ਾਰ ਨਾਗਾ ਦੀਆਂ ਨਜ਼ਮਾਂ/ਆਫ਼ਰੀਨ।

-ਤੀਰਥ ਸਿੰਘ ਢਿੱਲੋਂ
ਮੋ: 83609-13318.

 

 

 

 


ਅੱਖਰ ਅੱਖਰ ਜ਼ਿੰਦਗੀ
ਸ਼ਾਇਰ : ਪ੍ਰੋ: ਹਰਬੰਸ ਸਿੰਘ
ਪ੍ਰਕਾਸ਼ਕ : ਗੁਰੂ ਨਾਨਕ ਪ੍ਰਕਾਸ਼ਨ, ਜੰਮੂ
ਮੁੱਲ : ਪ੍ਰੇਮ ਭੇਟਾ, ਸਫ਼ੇ : 111

ਇਸ ਕਾਵਿ ਪੁਸਤਕ ਦੇ ਵਿਸ਼ੇ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਉੱਤੇ ਬਿਖਰੇ ਵੱਖੋ-ਵੱਖਰੇ ਰੰਗਾਂ ਨੂੰ ਰੂਪਮਾਨ ਕਰਦੇ ਹਨ। ਪਿਆਰ, ਵਿਛੋੜਾ, ਵਸਲ, ਉਡੀਕਾਂ, ਤਾਂਘਾਂ, ਸੰਘਰਸ਼, ਸੁਪਨੇ, ਤਸਵੀਰਾਂ, ਕੁਦਰਤ, ਫੁੱਲ, ਰਸ, ਰੂਪ ਆਦਿ ਸਰਬ ਸਾਂਝੇ ਤਜਰਬੇ ਹਨ। ਜੀਵਨ ਸੰਘਰਸ਼ਾਂ ਵਿਚੋਂ ਗੁਜ਼ਰ ਕੇ ਜੀਵਨ ਜਾਚ ਆ ਹੀ ਜਾਂਦੀ ਹੈ। ਹਰ ਹਾਲਤ ਵਿਚ ਸਿਰਜਣਹਾਰ ਦਾ ਸਹਾਰਾ ਜ਼ਰੂਰੀ ਹੈ। ਆਓ, ਆਪਾਂ ਵੀ ਇਨ੍ਹਾਂ ਰੰਗਾਂ ਦੀ ਝਲਕ ਮਾਣੀਏ-
-ਵਿਚ ਸਹਰ ਦੇ ਤੇਰੀ ਨੁਹਾਰ ਤੱਕੀ
ਜਿੱਧਰ ਤੱਕਿਆ ਹਾਜ਼ਰ-ਹਜ਼ੂਰ ਤੂੰ ਏਂ।
ਕਣ ਕਣ ਤੋਂ ਲੈ ਕੇ ਅਣੂ ਤੱਕ
ਜਿੱਧਰ ਤੱਕਿਆ ਦਿਸਿਆ ਨੂਰ ਤੂੰ ਏਂ।
-ਕੁਦਰਤ ਤੂੰ ਕਾਦਰ ਦੀ ਤਸਵੀਰ ਹੈਂ
ਤੇਰੇ ਰਾਹੀਂ ਕਾਦਰ ਦਾ ਦੀਦਾਰ ਹੁੰਦਾ ਏ।
-ਹੁਕਮ ਤੇਰੇ ਵਿਚ ਵਸਦਾ ਸਭ ਜਗ, ਬਾਹਰ ਨਾ ਦਿਸੇ ਕੋਈ।
ਖੇਡ ਬ੍ਰਹਿਮੰਡ ਆਕਾਸ਼ ਪਾਤਾਲ, ਹਰਦਮ ਵਗਦੀ ਲੋਈ।
ਇਸ ਸਾਫ਼-ਸੁਥਰੇ, ਸਦਾਚਾਰਕ, ਅਧਿਆਤਮਕ, ਸਮਾਜਿਕ, ਰਹੱਸਮਈ ਕਾਵਿ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਸੋਨੇ ਦਾ ਪਿੰਜਰਾ
(ਪੰਜ ਬਾਲ ਨਾਟਕ)
ਨਾਟਕਕਾਰ : ਕੇਵਲ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 135 ਰੁਪਏ, ਸਫ਼ੇ : 76
ਸੰਪਰਕ : 98142-99422.

ਪੰਜਾਬੀ ਰੰਗਮੰਚ ਨੂੰ ਪਿਆਰ ਕਰਨ ਵਾਲਿਆਂ ਅਤੇ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਕੇਵਲ ਧਾਲੀਵਾਲ ਨਵਾਂ ਨਾਂਅ ਨਹੀਂ ਹੈ। ਅਕਸਰ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਉਨ੍ਹਾਂ ਦੀ ਅਗਵਾਈ ਵਿਚ ਨਾਟ ਖੇਤਰ ਵਿਚ ਕੋਈ ਨਾ ਕੋਈ ਨਵਾਂ ਅਧਿਆਇ ਜੋੜਿਆ ਜਾਂਦਾ ਹੈ। ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਬਹੁਤ ਸਾਰੀਆਂ ਕਲਮਾਂ ਕਾਰਜਸ਼ੀਲ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਾਹਿਤਕਾਰ ਬਾਲ ਕਵਿਤਾਵਾਂ ਜਾਂ ਕਹਾਣੀਆਂ ਰਚ ਰਹੇ ਹਨ। ਪੰਜਾਬੀ ਬਾਲ ਨਾਟਕ ਦੇ ਖੇਤਰ ਵਿਚ ਮੁਕਾਬਲਤਨ ਓਨੀ ਸਰਗਰਮੀ ਨਜ਼ਰ ਨਹੀਂ ਆਉਂਦੀ ਪਰ ਕੇਵਲ ਧਾਲੀਵਾਲ ਨੇ 'ਸੋਨੇ ਦਾ ਪਿੰਜਰਾ' ਸਿਰਲੇਖ ਤਹਿਤ ਪੰਜ ਬਾਲ ਨਾਟਕ ਰਚ ਕੇ ਇਸ ਪਾਸੇ ਨਿੱਗਰ ਵਾਧਾ ਕੀਤਾ ਹੈ। ਇਨ੍ਹਾਂ ਪੰਜਾਂ ਹੀ ਨਾਟਕਾਂ ਨੂੰ ਬਾਲ ਮਾਨਸਿਕਤਾ ਦੀ ਪੱਧਰ 'ਤੇ ਆ ਕੇ ਰਚਿਆ ਗਿਆ ਹੈ, ਜਿਸ ਸਦਕਾ ਉਹ ਇਨ੍ਹਾਂ ਨਾਟਕਾਂ ਦਾ ਅਨੰਦ ਭਰਪੂਰ ਰੂਪ ਵਿਚ ਮਾਣ ਸਕਣਗੇ। ਇਨ੍ਹਾਂ ਨਾਟਕਾਂ ਦੇ ਵਿਸ਼ੇ ਵੀ ਬਾਲ ਮਨ ਦੇ ਅਨੁਕੂਲ ਹੀ ਹਨ ਅਤੇ ਨਾਲ ਦੀ ਨਾਲ ਉਨ੍ਹਾਂ ਦੇ ਮਨ ਵਿਚ ਸਵੱਛ ਕਦਰਾਂ-ਕੀਮਤਾਂ ਦੀ ਜਾਗ ਲਗਾਉਣ ਵਾਲੇ ਹਨ। ਬਾਲ ਮਨ ਦੀਆਂ ਕੇਵਲ ਪਦਾਰਥਕ ਲੋੜਾਂ ਹੀ ਨਹੀਂ ਹੁੰਦੀਆਂ, ਸਗੋਂ ਉਸ ਦੇ ਪੂਰਨ ਵਿਕਾਸ ਲਈ ਸੁਰੀਲਾ ਅਤੇ ਸੁਹਜਾਤਮਕ ਵਾਤਾਵਰਨ ਦੀ ਵੀ ਲੋੜ ਹੁੰਦੀ ਹੈ। ਅਜਿਹਾ ਵਿਸ਼ਾ ਹੀ ਕੇਵਲ ਧਾਲੀਵਾਲ ਨੇ ਇਸ ਨਾਟਕ ਸੰਗ੍ਰਹਿ ਦੇ ਪਹਿਲੇ ਨਾਟਕ 'ਸੋਨੇ ਦਾ ਪਿੰਜਰਾ' ਵਿਚ ਪੇਸ਼ ਕੀਤਾ ਹੈ। 'ਪਰਵਾਜ਼' ਨਾਟਕ ਵਿਚ ਵੀ ਕੁਝ ਅਜਿਹਾ ਹੀ ਵਿਚਾਰ ਪੇਸ਼ ਹੋਇਆ ਹੈ ਕਿ ਬੱਚੇ ਨੂੰ ਮੌਲਣ ਲਈ ਉਸ ਦੀ ਸਮਰੱਥਾ, ਸੋਚ ਅਤੇ ਮਾਨਸਿਕ ਉਡਾਰੀ ਮੁਤਾਬਿਕ ਹੀ ਵਾਤਾਵਰਨ ਪ੍ਰਾਪਤ ਹੋਣਾ ਚਾਹੀਦਾ ਹੈ ਨਾ ਕਿ ਥੋਪੀ ਹੋਈ ਸੋਚ। ਇਹ ਉਸ ਦੇ ਮਾਨਸਿਕ ਵਿਕਾਸ ਵਿਚ ਅੜਿੱਕਾ ਬਣੇਗੀ। 'ਕਹਾਣੀ ਪੰਜ ਦਰਿਆਵਾਂ ਦੀ' ਵਿਚ ਪੰਜਾਬ ਦੇ ਦਰਿਆਵਾਂ ਦਾ ਮਾਨਵੀਕਰਨ ਕਰਦਿਆਂ ਪੰਜਾਬ ਦੇ ਇਤਿਹਾਸਕ ਦੌਰਾਂ ਨੂੰ ਪੇਸ਼ ਕਰਦਿਆਂ ਅਜੋਕੇ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦੇ ਨਾਲ-ਨਾਲ ਉਨ੍ਹਾਂ ਮਸਲਿਆਂ ਨੂੰ ਵੀ ਰੂਬਰੂ ਕੀਤਾ ਗਿਆ ਹੈ, ਜਿਨ੍ਹਾਂ ਨਾਲ ਪੰਜਾਬ ਜੂਝ ਰਿਹਾ ਹੈ। ਜਿਥੇ 'ਅਬਦੁੱਲ' ਨਾਟਕ ਵਿਚ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦੀ ਗੱਲ ਕੀਤੀ ਹੈ ਤੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸੰਜੀਦਗੀ ਅਤੇ ਮਿਹਨਤ ਨਾਲ ਵਿਅਕਤੀ ਕਿਸੇ ਵੀ ਮੁਕਾਮ 'ਤੇ ਪਹੁੰਚ ਸਕਦਾ ਹੈ, ਉਥੇ 'ਭੋਲਾ ਵੱਛੜਾ' ਇਕ ਵੱਖਰੀ ਤਾਸੀਰ ਦਾ ਨਾਟਕ ਹੈ, ਜਿਸ ਵਿਚ ਮਾਂ-ਪੁੱਤ ਦੇ ਪਿਆਰ ਅਤੇ ਕੁਰਬਾਨੀ ਦਾ ਜਜ਼ਬਾ ਪੇਸ਼ ਹੋਇਆ ਹੈ। ਇਨ੍ਹਾਂ ਨਾਟਕਾਂ ਵਿਚ ਕਾਵਿਕ ਛੋਹਾਂ ਨੇ ਇਨ੍ਹਾਂ ਨਾਟਕਾਂ ਦੀ ਰਵਾਨਗੀ ਅਤੇ ਸੁਹਜ ਸਵਾਦ ਵਿਚ ਹੋਰ ਵਾਧਾ ਕੀਤਾ ਹੈ। ਇਹ ਨਾਟਕ ਬਾਲ ਮਨ ਵਿਚ ਚੇਤਨਾ ਦੀ ਲੋਅ ਜਗਾਉਣ ਵਾਲੇ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 

 

 

 

ਰੋਮੀਓ ਜੂਲੀਅਟ-ਸ਼ੈਕਸਪੀਅਰ
ਅਨੁਵਾਦ : ਕਮਲੇਸ਼ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 120
ਸੰਪਰਕ : 98149-02564.

ਰੋਮੀਓ ਜੂਲੀਅਟ ਦਾ ਮੁਹੱਬਤੀ ਕਿੱਸਾ ਕਾਫੀ ਚਰਚਿਤ ਹੈ ਅਤੇ ਪੰਜਾਬੀ ਸਮਾਜ ਵਿਚ ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ ਦੇ ਕਿੱਸਿਆਂ ਵਾਂਗ ਲੋਕ ਮਨਾਂ ਵਿਚ ਵਸਿਆ ਹੋਇਆ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਵਿਸ਼ਵ ਪਛਾਣ ਰੱਖਣ ਵਾਲੇ ਲੇਖਕ ਸ਼ੈਕਸਪੀਅਰ ਦੇ ਪ੍ਰਸਿੱਧ ਨਾਟਕ 'ਰੋਮੀਓ ਜੂਲੀਅਟ' ਨੇ ਹੀ ਇਸ ਕਿੱਸੇ ਦੀ ਮਕਬੂਲੀਅਤ ਨੂੰ ਸਿਖਰ 'ਤੇ ਪਹੁੰਚਾਇਆ ਹੈ। ਸ਼ੈਕਸਪੀਅਰ ਦੇ ਇਸ ਨਾਟਕ ਦੇ ਪੰਜਾਬੀ ਅਨੁਵਾਦ ਦਾ ਦੂਸਰਾ ਐਡੀਸ਼ਨ ਲੋੜੀਂਦੀਆਂ ਸੋਧਾਂ ਕਰਕੇ ਪ੍ਰੋ: ਕਮਲੇਸ਼ ਉੱਪਲ ਨੇ ਪਾਠਕਾਂ ਦੀ ਨਜ਼ਰ ਕੀਤਾ ਹੈ। ਪੁਸਤਕ ਦੇ ਪਹਿਲੇ ਅਧਿਆਏ 'ਇੰਗਲੈਂਡ ਅਤੇ ਸ਼ੈਕਸਪੀਅਰ' ਵਿਚ ਸ਼ੈਕਸਪੀਅਰ ਦੇ ਜੀਵਨ ਅਤੇ ਰਚਨਾ ਸੰਸਾਰ ਉੱਪਰ ਪਾਇਆ ਗਿਆ ਢੁਕਵਾਂ ਚਾਨਣਾ ਅਤੇ ਐਲਿਜ਼ਾਬੇਥਨ ਥੀਏਟਰ ਬਾਰੇ ਦਿੱਤੀ ਜਾਣਕਾਰੀ ਪਾਠਕਾਂ ਨੂੰ ਸ਼ੈਕਸਪੀਅਰ ਦੀ ਇਸ ਸ਼ਾਹਕਾਰ ਰਚਨਾ ਦੇ ਧੁਰ ਅੰਦਰ ਤੱਕ ਦੇ ਦਰਸ਼ਨ ਕਰਵਾਉਣ ਲਈ ਲਾਹੇਵੰਦ ਸਾਬਤ ਹੁੰਦੀ ਹੈ। ਇਥੇ ਹੀ ਬਰਤਾਨਵੀ ਸਮਾਜ ਵਿਚ ਰੰਗਮੰਚ ਦੇ ਉਭਾਰ, ਪਸਾਰ ਅਤੇ ਰੰਗਕਰਮੀ ਸਰਗਰਮੀਆਂ ਦੀ ਤਸਵੀਰ ਦਿੱਤੀ ਗਈ ਹੈ ਜਿਸ ਨਾਲ ਇਸ ਅਨੁਵਾਦ ਦਾ ਮਹੱਤਵ ਵਧਿਆ ਹੈ। ਦੂਸਰੇ ਅਧਿਆਏ ਵਿਚ ਇਸ ਨਾਟਕ ਦੇ ਪਲਾਟ 'ਤੇ ਚਰਚਾ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ। ਇਹ ਅਨੁਵਾਦ ਮੂਲ ਨਾਟਕ ਦੇ ਉਸ ਟੈਕਸਟ ਤੋਂ ਕੀਤਾ ਗਿਆ ਹੈ, ਜਿਸ ਨੂੰ ਸ਼ੈਕਸਪੀਅਰ ਦੀ ਆਪਣੀ ਨਾਟ ਮੰਡਲੀ ਮੰਚਣ ਕਰਦੀ ਸੀ। ਕਿਸੇ ਵੀ ਸਾਹਿਤਕ ਰਚਨਾ ਦਾ ਇਕ ਭਾਸ਼ਾ ਵਿਚੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਅਨੋਖੀ ਅਤੇ ਕਠਿਨ ਵਿਧੀ ਹੈ। ਜਿਸ ਲਈ ਦੋਵਾਂ ਭਾਸ਼ਾਵਾਂ ਦਾ ਗਿਆਨ ਹੋਣਾ ਅਤੇ ਉਸ ਰਚਨਾ ਨਾਲ ਸਬੰਧਿਤ ਖਿੱਤਿਆਂ ਦੇ ਸੱਭਿਆਚਾਰਕ, ਸਮਾਜਿਕ ਸਰੋਕਾਰ ਅਤੇ ਲੋਕ ਜੀਵਨ ਦੇ ਰੰਗਾਂ ਨੂੰ ਜਾਨਣ ਸਮਝਣ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ, ਜੋ ਕਮਲੇਸ਼ ਉੱਪਲ ਨੇ ਆਪਣੇ ਕੋਲ ਹੋਣ ਦਾ ਪ੍ਰਮਾਣ ਦਿੱਤਾ ਹੈ। ਪ੍ਰੋ: ਕਮਲੇਸ਼ ਉੱਪਲ ਦਾ ਮੱਤ ਹੈ ਕਿ ਨਾਟਕ ਦੀ ਭਾਸ਼ਾ ਪਾਤਰ ਦੀ ਮੰਗ ਅਨੁਸਾਰ ਭਾਵੇਂ ਕਿੰਨੀ ਵੀ ਰਸਮੀ ਜਾਂ ਵਰਗ ਵਿਸ਼ੇਸ਼ ਦੀ ਹੋਵੇ, ਉਹ ਬੋਲਣ ਵਾਲੇ ਐਕਟਰ ਦੀ ਜ਼ਬਾਨ ਤੋਂ ਇੰਜ ਕਰਨੀ ਚਾਹੀਦੀ ਹੈ ਜਿਵੇਂ ਉਸ ਦੀ ਆਪਣਾ ਭਾਸ਼ਾ ਹੋਵੇ। ਇਸੇ ਕਰਕੇ ਅਨੁਵਾਦ ਕਰਦਿਆਂ ਬੋਲਚਾਲ ਵਾਲੀ ਪੰਜਾਬੀ ਵਰਤੀ ਗਈ ਹੈ। ਪ੍ਰੋ: ਕਮਲੇਸ਼ ਉੱਪਲ ਨੇ ਅਨੁਵਾਦ ਕਲਾ ਦੇ ਵਿਧੀ ਵਿਧਾਨ ਵਿਚ ਰਹਿ ਕੇ ਸ਼ੈਕਸਪੀਅਰ ਦੇ ਇਸ ਨਾਟਕ ਦੀ ਰੂਹ ਨੂੰ ਜਿਊਂਦਾ ਜਾਗਦਾ ਰੱਖ ਕੇ ਪੰਜਾਬੀ ਰੰਗਮੰਚ ਨੂੰ ਇਕ ਸ਼ਾਹਕਾਰ ਰਚਨਾ ਦਿੱਤੀ ਹੈ।

-ਨਿਰਮਲ ਜੌੜਾ
ਮੋ: 98140-78799


ਮੇਰੀ ਕੈਨੇਡਾ ਫੇਰੀ
ਲੇਖਕ : ਡਾ: ਕੇ.ਐਲ. ਗੋਇਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98764-82548.

ਲੇਖਕ ਨੇ ਇਸ ਸਫ਼ਰਨਾਮੇ ਵਿਚ ਕੈਨੇਡੀਅਨ ਤਰਜ਼-ਏ-ਜੀਵਨ ਦੇ ਨਾਲ-ਨਾਲ ਉਥੋਂ ਦੀ ਖੂਬਸੂਰਤੀ ਅਤੇ ਮਹੱਤਵਪੂਰਨ ਥਾਵਾਂ ਬਾਰੇ ਇਕੱਤਰ ਕੀਤੀ ਜਾਣਕਾਰੀ ਨੂੰ ਪੁਸਤਕ ਰੂਪ ਵਿਚ ਪੇਸ਼ ਕੀਤਾ ਹੈ। ਇਸ ਸਫ਼ਰਨਾਮੇ ਦੇ 14 ਵੱਖ-ਵੱਖ ਅਧਿਆਇ ਹਨ ਜਿਨਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਸਫ਼ਰਨਾਮੇ ਦਾ ਪਹਿਲਾ ਹਿੱਸਾ ਨਿਰੰਕਾਰੀ ਮਿਸ਼ਨ ਦੀਆਂ ਸਰਗਰਮੀਆਂ ਅਤੇ ਕੈਨੇਡਾ ਵਿਚ ਇਸ ਸੰਸਥਾ ਦੁਆਰਾ ਕਰਵਾਏ ਜਾ ਰਹੇ ਵਿਸ਼ਵ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਬਿਆਨਦਾ ਹੈ। ਇਸੇ ਭਾਗ ਵਿਚ ਲੇਖਕ ਦੁਆਰਾ ਕੈਨੇਡਾ ਵਿਖੇ ਹੋ ਰਹੇ ਐਨ.ਆਈ.ਐਸ-99 ਦੇ ਸਮਾਗਮ ਦੀ ਘੋਸ਼ਣਾ ਤੋਂ ਲੈ ਕੇ ਆਪਣੀ ਤਿਆਰੀ ਕਰਨ ਅਤੇ ਟਿਕਟ ਖਰੀਦਣ ਤੋਂ ਲੈ ਕੇ ਟੋਰਾਂਟੋ ਪਹੁੰਚਣ ਤੱਕ ਦੇ ਆਪਣੇ ਸਫ਼ਰ ਨੂੰ ਏਨੀ ਰੌਚਿਕਤਾ ਨਾਲ ਬਿਆਨ ਕੀਤਾ ਗਿਆ ਹੈ ਕਿ ਇੰਜ ਲਗਦਾ ਹੈ ਜਿਵੇਂ ਪਾਠਕ ਵੀ ਲੇਖਕ ਦੇ ਨਾਲ-ਨਾਲ ਸਫਰ ਕਰ ਰਿਹਾ ਹੋਵੇ। ਟੋਰਾਂਟੋ ਵਿਖੇ ਪਹੁੰਚਣ 'ਤੇ ਰਿਹਾਇਸ਼ ਦੇ ਪ੍ਰਬੰਧ, ਨਿਰੰਕਾਰੀ ਸਮਾਗਮ ਦੀਆਂ ਤਿਆਰੀਆਂ ਅਤੇ ਅਗਲੇਰੀ ਰੂਪ-ਰੇਖਾ ਨੂੰ ਲੇਖਕ ਵਿਸਥਾਰ ਨਾਲ ਪੇਸ਼ ਕਰਦਾ ਹੈ। ਗਲੋਬਲ ਵੈੱਲਨੈੱਸ ਫੈਸਟੀਵਲ, ਨਿਰੰਕਾਰੀ ਮਿਸ਼ਨ ਦੇ ਉਦੇਸ਼, ਵਿਸ਼ਵ ਸੰਗੀਤ ਸੰਮੇਲਨ ਦੇ ਕਲਾਕਾਰਾਂ ਦੀ ਪੇਸ਼ਕਾਰੀ, ਕੈਨੇਡਾ ਡੇ ਪਰੇਡ, ਨਿਆਗਰਾ ਫਾਲ ਈਵੈਂਟਸ ਅਤੇ ਟ੍ਰਿਬਿਊਟ ਹਿਊਮਨਨੈਸ ਆਦਿ ਸਮਾਗਮਾਂ ਦੇ ਬਿਰਤਾਂਤ ਰਾਹੀਂ ਲੇਖਕ ਨੇ ਕੈਨੇਡੀਅਨ ਸਰਕਾਰ ਦੀ ਬਹੁ-ਨਸਲੀ, ਬਹੁ-ਭਾਸ਼ੀ ਅਤੇ ਬਹੁ-ਸੱਭਿਆਚਾਰਕ ਨੀਤੀ 'ਤੇ ਚਾਨਣਾ ਪਾਉਂਦਿਆਂ ਇਸ ਦੀ ਪ੍ਰਸੰਸਾ ਕੀਤੀ ਹੈ। ਸਫ਼ਰਨਾਮੇ ਦਾ ਦੂਸਰਾ ਭਾਗ ਲੇਖਕ ਦੁਆਰਾ ਕੀਤੀਆਂ ਕੁਝ ਨਿੱਜੀ ਯਾਤਰਾਵਾਂ ਨਾਲ ਸਬੰਧਿਤ ਹੈ ਜੋ ਸਮਾਗਮ ਦਾ ਹਿੱਸਾ ਨਹੀਂ ਸਨ। ਟੋਰਾਂਟੋ ਤੋਂ ਵਿਸਲਰ ਦੀ ਯਾਤਰਾ ਦਾ ਅਨੰਦ ਮਾਣਦਾ ਹੋਇਆ ਉਹ ਇਸ ਨੂੰ ਇਕ ਖੂਬਸੂਰਤ ਸੈਰਗਾਹ ਦੱਸਦਾ ਹੈ। ਗੰਡੋਲਾ ਰਾਈਡ ਅਤੇ ਲਾਸਟ ਲੇਕ ਦੀ ਸੈਰ ਨੂੰ ਲੇਖਕ ਆਪਣਾ ਬਿਹਤਰੀਨ ਅਨੁਭਵ ਦੱਸਦਾ ਹੈ। ਵਿਸਲਰ ਤੋਂ ਵੈਨਕੂਵਰ ਜਾਂਦਿਆਂ ਉਹ ਕੈਪਲੀਨੋ ਵਿਖੇ ਕੁਝ ਹੋਰ ਥਾਵਾਂ ਜਿਨ੍ਹਾਂ ਵਿਚ ਕੈਪਲੀਨੋ ਰਿਵਰ ਹੈਚਰੀ ਅਤੇ ਕੈਪਲੀਨੋ ਸਸਪੈਂਸ਼ਨ ਬ੍ਰਿਜ ਦੀ ਸੈਰ ਦਾ ਜ਼ਿਕਰ ਮੁੱਖ ਸੀ। ਕੈਪਲੀਨੋ ਰਿਵਰ ਹੈਚਰੀ ਨੂੰ ਲੇਖਕ ਪੂਰੀ ਯਾਤਰਾ ਦੌਰਾਨ ਕੈਨੇਡਾ ਵਿਚ ਸਫ਼ਾਈ ਪੱਖੋਂ ਵਾਂਝੀ ਥਾਂ ਦੱਸਦਾ ਹੈ। ਕੈਪਲੀਨੋ ਸਸਪੈਂਸ਼ਨ ਬ੍ਰਿਜ ਦੀ ਬਣਤਰ ਅਤੇ ਕਾਰੀਗਰੀ ਲੇਖਕ ਨੂੰ ਹੈਰਾਨੀਜਨਕ ਪ੍ਰਤੀਤ ਹੁੰਦੀ ਹੈ। ਪੂਰੇ ਸਫ਼ਰਨਾਮੇ ਦੀ ਭਾਸ਼ਾ ਸ਼ੈਲੀ ਵਰਨਣਾਤਮਕ ਅਤੇ ਦ੍ਰਿਸ਼ ਚਿਤਰਨ ਵਾਲੀ ਕਲਾਤਮਕ ਸੁਹਜ ਰੱਖਦੀ ਹੈ। ਤਸਵੀਰਾਂ ਦੀ ਪੇਸ਼ਕਾਰੀ ਸਫ਼ਰਨਾਮੇ ਨੂੰ ਥੋੜ੍ਹਾ ਹੋਰ ਰੌਚਕ ਬਣਾਉਂਦੀ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099


ਸੁਰਿੰਦਰ ਕੌਰ ਬਿੰਨਰ ਦਾ
ਕਾਵਿ-ਪੈਰਾਡਾਇਮ
ਸੰਪਾਦਕ : ਪ੍ਰੋ: ਮਨਜੀਤ ਕੌਰ ਭੱਟੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 94
ਸੰਪਰਕ : 81460-00646.

'ਸੁਰਿੰਦਰ ਕੌਰ ਬਿੰਨਰ ਦਾ ਕਾਵਿ-ਪੈਰਾਡਾਇਮ' ਪੁਸਤਕ ਵਿਚ ਕਵਿੱਤਰੀ ਸੁਰਿੰਦਰ ਕੌਰ ਬਿੰਨਰ ਦੀਆਂ ਕਾਵਿ ਰਚਨਾਵਾਂ ਤੁਧ ਬਿਨ, ਤੇਰੇ ਜਾਣ ਪਿੱਛੋਂ, ਇਕ ਖ਼ਤ ਤੇਰੇ ਨਾਮ, ਤਨ ਮਨ ਦੋਵੇਂ ਅੱਥਰੇ, ਰੰਗ ਕਿਰਮਚੀ, ਤੇਰੀ ਲੋਅ ਦੇ ਸਦਕੇ, ਚਿੜੀਆਂ ਦੀ ਡਾਰ ਕਾਵਿ ਪੁਸਤਕ ਬਾਰੇ ਵੱਖ-ਵੱਖ ਆਲੋਚਕਾਂ ਦੇ ਲੇਖਾਂ ਨਾਲ ਸਬੰਧਿਤ ਪੁਸਤਕ ਹੈ। ਇਨ੍ਹਾਂ ਲੇਖਾਂ ਵਿਚ ਬਿੰਨਰ ਦੀ ਕਾਵਿ ਰਚਨਾ ਦੇ ਵਿਸ਼ੇ ਅਤੇ ਰੂਪ ਦੋਵਾਂ ਬਾਰੇ ਚਰਚਾ ਕੀਤੀ ਗਈ ਹੈ।
ਪ੍ਰੋ: ਮਨਜੀਤ ਕੌਰ ਭੱਟੀ, ਪ੍ਰੋ: ਰਾਜਵੀਰ ਕੌਰ, ਪ੍ਰੋ: ਮਨਿੰਦਰ ਸਿੰਘ, ਡਾ: ਮਨਦੀਪ ਕੌਰ, ਡਾ: ਜੋਤੀ ਸ਼ਰਮਾ, ਪ੍ਰੋ: ਮਨਦੀਪ ਕੌਰ, ਪ੍ਰੋ: ਦਲਬੀਰ ਕੌਰ, ਡਾ: ਰਾਜਪ੍ਰੀਤ ਕੌਰ ਬੈਨੀਪਾਲ ਦੁਆਰਾ ਬਿੰਨਰ ਦੀਆਂ ਕਾਵਿ ਰਚਨਾਵਾਂ ਬਾਰੇ ਪੇਸ਼ ਵਿਚਾਰ ਪਾਠਕਾਂ ਨੂੰ ਬਿੰਨਰ ਦੇ ਕਾਵਿ ਫ਼ਲਸਫ਼ੇ ਤੋਂ ਭਲੀਭਾਂਤ ਜਾਣੂ ਕਰਵਾਉਂਦੇ ਹਨ। 'ਤੇਰੇ ਜਾਣ ਪਿੱਛੋਂ' ਕਾਵਿ ਪੁਸਤਕ ਦੀਆਂ ਕਲਾਤਮਿਕ ਜੁਗਤਾਂ ਅਤੇ ਇਸ ਦੇ ਸਮਾਜਿਕ ਸਰੋਕਾਰਾਂ ਬਾਰੇ ਪੰਨਾ 24 ਅਤੇ ਪੰਨਾ 30 ਉੱਪਰ ਬਹੁਤ ਸੂਖਮ ਦ੍ਰਿਸ਼ਟੀ ਨਾਲ ਵਿਚਾਰ ਦਿੱਤੇ ਗਏ ਹਨ। ਪ੍ਰੋ: ਰਾਜਵੀਰ ਕੌਰ ਨੇ ਲਿਖਿਆ ਹੈ ਕਿ ਤੇਰੇ ਜਾਣ ਪਿੱਛੋਂ ਪੁਸਤਕ ਵਿਚ ਸੁਰਿੰਦਰ ਕੌਰ ਬਿੰਨਰ ਨੇ ਆਪਣੇ ਸਵੈ ਦੀ ਤੜਫ਼ ਤੋਂ ਲੈ ਕੇ ਮਾਂ ਦੀ ਮਮਤਾ, ਸਮਾਜਿਕ ਦ੍ਰਿਸ਼ਟੀਕੋਣ ਤੇ ਕੁਦਰਤ ਨਾਲ ਸਬੰਧਿਤ ਵਿਸ਼ਿਆਂ ਨੂੰ ਪੇਸ਼ ਕੀਤਾ ਹੈ।
ਇਸ ਪੁਸਤਕ ਦੀ ਕਲਾਤਮਿਕ ਜੁਗਤ ਬਾਰੇ ਪ੍ਰੋ: ਮਨਿੰਦਰ ਨੇ ਕਾਵਿ ਰਚਨਾ ਵਿਚ ਵਿਅੰਗਮਈ ਜੁਗਤ, ਸੰਬੋਧਨੀ ਜੁਗਤ, ਪ੍ਰਸ਼ਨੋਤਰੀ ਜੁਗਤ, ਤਣਾਅ ਦੀ ਜੁਗਤ, ਪਿਛਲ ਝਾਤ ਦੀ ਜੁਗਤ ਨੂੰ ਸਵੀਕਾਰਿਆ ਹੈ।
'ਇਕ ਖਤ ਤੇਰੇ ਨਾਮ' ਪੁਸਤਕ ਬਾਰੇ ਡਾ: ਮਨਦੀਪ ਨੇ ਲਿਖਿਆ ਹੈ ਕਿ ਸੁਰਿੰਦਰ ਕੌਰ ਬਿੰਨਰ ਦੀ ਸਮੁੱਚੀ ਕਵਿਤਾ ਇਸਤਰੀ ਮਨ ਦੀ ਸੂਖ਼ਮਤਾ ਅਤੇ ਕੋਮਲਤਾ ਦੀ ਕਵਿਤਾ ਹੈ ਜੋ ਇਸ ਦੀ ਦੁਨੀਆ ਨਾਲ ਉਸ ਦੇ ਰਿਸ਼ਤੇ ਦੀਆਂ ਤੰਦਾਂ ਵਿਚੋਂ ਅਰਥ ਗ੍ਰਹਿਣ ਕਰਦੀ ਹੈ। ਇਸੇ ਹੀ ਪੁਸਤਕ ਬਾਰੇ ਡਾ: ਜੋਤੀ ਸ਼ਰਮਾ ਨੇ ਲਿਖਿਆ ਹੈ ਕਿ ਬਿੰਨਰ ਬਿਰਹੋਂ ਦੀ ਕਵਿੱਤਰੀ ਹੈ ਪਰ ਉਸ ਨੇ ਨਿੱਜੀ ਪਿਆਰ ਤੋਂ ਉੱਪਰ ਉੱਠ ਕੇ ਲੋਕ-ਪਿਆਰ ਦੀ ਭਾਵਨਾ ਵੀ ਪ੍ਰਗਟ ਕੀਤੀ ਹੈ।
'ਤਨ ਮਨ ਦੋਵੇਂ ਅੱਥਰੇ' ਪੁਸਤਕ ਬਾਰੇ ਡਾ: ਮਨਦੀਪ ਕੌਰ ਅਤੇ ਪ੍ਰੋ: ਦਲਬੀਰ ਕੌਰ ਨੇ ਪੰਨਾ 46 ਅਤੇ 56 ਵਿਚ ਇਸ ਪੁਸਤਕ ਵਿਚ ਸੰਵੇਦਨਾ ਅਤੇ ਸੁਹਜ ਦੇ ਸੁਮੇਲ ਅਤੇ ਮਾਨਵੀ ਰਿਸ਼ਤਿਆਂ ਦੇ ਸਮੀਕਰਨ ਵਿਸ਼ੇ ਅਧੀਨ ਚਰਚਾ ਕੀਤੀ ਹੈ। 'ਰੰਗ ਕਿਰਮਚੀ' ਪੁਸਤਕ ਬਾਰੇ ਵੀ ਇਕ ਲੇਖ ਸ਼ਾਮਿਲ ਹੈ। ਸਮੁੱਚੇ ਤੌਰ 'ਤੇ ਸੁਰਿੰਦਰ ਕੌਰ ਬਿੰਨਰ ਦੀ ਸਮੁੱਚੀ ਸ਼ਾਇਰੀ ਨੂੰ ਸਮਝਣ ਅਤੇ ਪੜ੍ਹਨ ਵਿਚ ਇਹ ਪੁਸਤਕ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।
 

ਸਹੀ ਇੰਝ ਮੈਂ ਕੀਮੋ
ਸੂਲੋਂ ਤਿੱਖੇ ਦਰਦ
ਕਵੀ : ਐੱਸ. ਐੱਸ. ਸਹੋਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250/250 ਰੁਪਏ, ਸਫ਼ੇ : 121/112
ਸੰਪਰਕ : 98884-04668.

ਐੱਸ. ਐੱਸ. ਸਹੋਤਾ ਵਿਗਿਆਨੀ ਦੇ ਤੌਰ 'ਤੇ ਸੇਵਾ ਮੁਕਤ ਹੋਇਆ ਹੈ ਤੇ ਉਹ ਕਵਿਤਾ, ਨਾਵਲ ਤੇ ਕਹਾਣੀ ਨਾਲ ਸਬੰਧਿਤ ਤਕਰੀਬਨ ਡੇਢ ਦਰਜਨ ਪੁਸਤਕਾਂ ਦਾ ਰਚੇਤਾ ਹੈ। ਉਸ ਦੀ ਜ਼ਿੰਦਗੀ ਦਾ ਦੁਖਦਾਈ ਪਹਿਲੂ ਇਹ ਹੈ ਕਿ ਉਹ ਇਕ ਨਾਮੁਰਾਦ ਬਿਮਾਰੀ ਨਾਲ ਪੀੜਤ ਹੈ। ਸੁਖਦ ਅਹਿਸਾਸ ਇਹ ਹੈ ਕਿ ਉਹ ਹਾਰ ਨਾ ਮੰਨ ਕੇ ਸਾਬਤ ਕਦਮੀਂ ਨਾਲ ਕਵਿਤਾ ਰਚ ਰਿਹਾ ਹੈ। 'ਸਹੀ ਇੰਝ ਮੈਂ ਕੀਮੋ' ਕੀਮੋਥੈਰਪੀ ਦੇ ਦਰਦ 'ਚੋਂ ਉਪਜੀ ਕਵਿਤਾ ਹੈ ਤੇ ਇਸ ਦਰਦ ਦੇ ਅਸਰ ਨੂੰ ਘੱਟ ਕਰਨ ਲਈ ਪੁਰਾਣੀ ਮੁਹੱਬਤ ਉਸ ਨੂੰ ਰਾਹ ਦਿਖਾਉਂਦੀ ਹੈ ਤੇ ਉਸ ਦਾ ਢਾਰਸ ਬੰਨ੍ਹਦੀ ਹੈ। 'ਸਹੀ ਇੰਝ ਮੈਂ ਕੀਮੋ' ਦੀ ਪਹਿਲੀ ਕਵਿਤਾ 'ਹੋ ਗਈ ਮੈਂ ਤੇਰੀ' ਉਸ ਦੇ ਕਾਲਜ ਦੇ ਦਿਨਾਂ ਦੀ ਯਾਦ 'ਤੇ ਅਧਾਰਤ ਹੈ ਜਿਸ ਵਿਚ ਦੁਨਿਆਵੀ ਰਸਮਾਂ-ਰਿਵਾਜਾਂ ਵਿਚ ਘਿਰੀ ਮੁਹੱਬਤ ਦੀ ਅਭੀਵਿਕਤੀ ਹੈ। ਇੰਝ ਬਾਕੀ ਕਵਿਤਾਵਾਂ ਵੀ ਵਧੇਰੇ ਕਰਕੇ ਮੁਹੱਬਤ ਦੇ ਵਿਸ਼ੇ ਦੁਆਲੇ ਕੇਂਦਰਿਤ ਹਨ। ਇਨ੍ਹਾਂ ਰਚਨਾਵਾਂ ਨੂੰ ਸ਼ਾਇਰ ਵਲੋਂ ਕਵਿਤਾਵਾਂ ਕਿਹਾ ਗਿਆ ਹੈ ਪਰ ਇਨ੍ਹਾਂ ਦੀ ਬਣਤਰ ਗ਼ਜ਼ਲ ਵਰਗੀ ਹੈ ਤੇ ਇਨ੍ਹਾਂ ਨੂੰ ਗ਼ਜ਼ਲਾਂ ਕਹਿਣਾ ਵਧੇਰੇ ਉੱਚਿਤ ਹੈ ਭਾਵੇਂ ਕਿ ਗ਼ਜ਼ਲ ਵਿਧਾ ਲਈ ਹੋਰ ਵੀ ਬੜਾ ਕੁਝ ਲੋੜੀਂਦਾ ਹੈ ਜੋ ਇਨ੍ਹਾਂ ਗ਼ਜ਼ਲਾਂ ਵਿਚ ਆ ਨਹੀਂ ਸਕਿਆ। ਇਨ੍ਹਾਂ ਰਚਨਾਵਾਂ ਵਿਚ ਸ਼ਾਇਰ ਨੇ ਅਸਲ ਸਥਾਨਾਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਤੇ ਆਪਣੇ ਜਾਤੀ ਅਨੁਭਵਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਸਰੀ ਪੁਸਤਕ 'ਸੂਲੋਂ ਤਿੱਖੇ ਦਰਦ' ਵੀ ਵਿਸ਼ੇ, ਖ਼ਿਆਲਾਂ ਤੇ ਕਾਵਿ-ਬਣਤਰ ਪੱਖੋਂ ਪਹਿਲੀ ਪੁਸਤਕ ਨਾਲ ਮੇਲ਼ ਖਾਂਦੀ ਪੁਸਤਕ ਹੈ ਜਿਸ ਵਿਚ ਸਹੋਤਾ ਦੀਆਂ ਗ਼ਜ਼ਲਾਂ ਰੂਪੀ ਇਕ ਸੌ ਬਾਰਾਂ ਰਚਨਾਵਾਂ ਸ਼ਾਮਿਲ ਹਨ। ਸਮੁੱਚੀ ਪੁਸਤਕ ਮੁਹੱਬਤ ਵਿਸ਼ੇ 'ਤੇ ਕੇਂਦਰਤ ਹੈ ਤੇ ਇਸ ਵਿਚ ਰਾਂਗਲੇ ਪਲਾਂ ਨੂੰ ਯਾਦ ਕਰਨ ਦੇ ਨਾਲ-ਨਾਲ ਤਨਹਾਈ ਤੇ ਦਰਦ ਦਾ ਆਲਮ ਵੀ ਹੈ। ਉਸ ਮੁਤਾਬਕ ਉਹ ਲੋਕ ਖ਼ੁਸ਼ਨਸੀਬ ਹੁੰਦੇ ਹਨ, ਜਿਨ੍ਹਾਂ ਨੂੰ ਦੁਨੀਆ ਵਿਚ ਕਿਸੇ ਦੀ ਮੁਹੱਬਤ ਹਾਸਿਲ ਹੁੰਦੀ ਹੈ। ਸਹੋਤਾ ਨੂੰ ਪੁਰਾਣਾ ਮੋਹ ਰਹਿ ਰਹਿ ਕੇ ਚੇਤੇ ਆਉਂਦਾ ਹੈ ਤੇ ਉਹ ਆਪਣੇ ਸਰੀਰਕ ਰੋਗ ਦੇ ਦਰਦ ਦੀ ਤੀਬਰਤਾ ਨੂੰ ਪੁਰਾਣੇ ਮੁਹੱਬਤੀ ਫ਼ੈਹਿਆਂ ਨਾਲ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਸਹੋਤਾ ਮੁਤਾਬਿਕ ਦੁਨੀਆ ਨੇ ਉਸ ਦੇ ਰਾਹਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਉਹ ਆਪਣੀ ਜ਼ਿੱਦ 'ਤੇ ਅੜਿਆ ਰਿਹਾ ਹੈ। ਉਸ ਨੇ ਦੁਸ਼ਵਾਰੀਆਂ 'ਚੋਂ ਰਸਤੇ ਬਣਾਏ ਹਨ ਭਾਵੇਂ ਜੋ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕੇ। ਇੰਜ ਐੱਸ. ਐੱਸ. ਸਹੋਤਾ ਦੀ ਇਨ੍ਹਾਂ ਦੋਵਾਂ ਪੁਸਤਕਾਂ ਦੀ ਗ਼ਜ਼ਲਨੁਮਾ ਕਵਿਤਾ ਉਸ ਦੀ ਪੁਰਾਣੀ ਮੁਹੱਬਤ ਦਾ ਇਜ਼ਹਾਰ ਹੋ ਨਿੱਬੜਦੀ ਹੈ ਤੇ ਉਸ ਦੇ ਸਰੀਰਕ ਰੋਗ ਦੇ ਦਰਦ ਨੂੰ ਘੱਟ ਕਰਨ ਦਾ ਮਾਧਿਅਮ ਬਣਦੀ ਹੈ। ਸ਼ਾਇਰ ਦੀਆਂ ਪ੍ਰਸਥਿਤੀਆਂ ਨੂੰ ਸਮਝਦਿਆਂ ਹੋਇਆਂ ਉਸ ਦੀ ਕਵਿਤਾ ਦੇ ਰੂਪਕ ਪੱਖ ਦੀਆਂ ਖ਼ਾਮੀਆਂ ਹੁੰਦੇ ਹੋਏ ਵੀ ਇਹ ਕਿਤੇ ਪਿੱਛੇ ਰਹਿ ਜਾਂਦੀਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

 

 

 

 


ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣਾ
ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 97792-32276.


ਸ਼ਹੀਦ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣੇ ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਵਿਚ ਸਨ। ਇਸ ਟਿਕਾਣੇ ਦੀਆਂ ਤਸਵੀਰਾਂ ਕਿਤਾਬ ਵਿਚ ਹਨ। ਲੇਖਕ ਖ਼ੁਦ ਵੀ ਫਿਰੋਜ਼ਪੁਰ ਸ਼ਹਿਰ ਦਾ ਹੈ। ਖੋਜ ਪੁਸਤਕ ਵਿਚ ਗ਼ਦਰ ਪਾਰਟੀ ਲਹਿਰ ਤੇ ਦੇਸ਼ ਭਗਤ ਯੋਧਿਆਂ ਬਾਰੇ ਲੇਖਕ ਦੀਆਂ ਹੋਰ ਕਿਤਾਬਾਂ ਦਾ ਵੇਰਵਾ ਹੈ। ਕ੍ਰਾਂਤੀਕਾਰੀਆਂ ਵਿਚ ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸ਼ਿਵ ਵਰਮਾ, ਮਹਾਂਵੀਰ ਸਿੰਘ, ਭਗਤ ਸਿੰਘ ਦੀਆਂ ਤਸਵੀਰਾਂ ਤੇ ਨਾਲ ਹੀ ਉਸ ਮਕਾਨ ਦੀ ਤਸਵੀਰ ਹੈ, ਜਿਸ ਵਿਚ ਡਾ: ਗਯਾ ਪ੍ਰਸਾਦ ਆਪਣੇ ਫਰਜ਼ੀ ਨਾਂਅ ਹੇਠ ਰਿਹਾ ਕਰਦਾ ਸੀ। ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਵਲੋਂ 8 ਅਪ੍ਰੈਲ, 1929 ਨੂੰ ਅਸੈਂਬਲੀ ਵਿਚ ਬੰਬ ਸੁੱਟਣ ਤੋਂ ਬਾਅਦ ਜਿਹੜੇ ਪਰਚੇ ਮੌਕੇ 'ਤੇ ਸੁੱਟੇ ਗਏ, ਉਸ ਦੀ ਫੋਟੋ, ਭਗਤ ਸਿੰਘ ਦੀ ਪਿਸਤੌਲ, ਹੁਸੈਨੀ ਵਾਲਾ ਸਮਾਧਾਂ, ਅੰਡੇਮਾਨ ਨਿਕੋਬਾਰ (ਕਾਲਾ ਪਾਣੀ) ਦੀ ਸੈਲੂਲਰ ਜੇਲ੍ਹ, ਬਟੂਕੇਸ਼ਵਰ ਦੱਤ ਦੀ ਸਮਾਧ ਦੀ ਤਸਵੀਰਾਂ ਵੀ ਪੁਸਤਕ ਵਿਚ ਹਨ। ਵੱਖ-ਵੱਖ ਕਾਂਡਾਂ ਵਿਚ ਖੋਜਮਈ ਵੇਰਵਾ ਹੈ ਕਿ ਇਨ੍ਹਾਂ ਗੁਪਤ ਟਿਕਾਣਿਆਂ ਵਿਚ ਗੋਰੀ ਹਕੂਮਤ ਖ਼ਿਲਾਫ਼ ਕੀ ਯੋਜਨਾਵਾਂ ਕ੍ਰਾਂਤੀਕਾਰੀ ਬਣਾਇਆ ਕਰਦੇ ਸਨ। ਇਨ੍ਹਾਂ ਦੇਸ਼ ਭਗਤਾਂ ਦਾ ਰਹਿਣ-ਸਹਿਣ, ਕਿਤਾਬੀ ਮੋਹ, ਨਿਸ਼ਾਨੇਬਾਜ਼ੀ ਦੀਆਂ ਮਸ਼ਕਾਂ, ਅਦਾਲਤੀ ਕੇਸਾਂ ਵਿਚ ਗਵਾਹੀਆਂ ਦਾ ਪੂਰਾ ਜ਼ਿਕਰ ਹੈ। ਇਕ ਕਾਂਡ ਵਿਚ ਭਗਤ ਸਿੰਘ ਵਲੋਂ ਆਪਣੀ ਪਛਾਣ ਬਦਲਣ ਦਾ ਵੇਰਵਾ ਹੈ। ਰਿਸਾਲਾ 'ਚਾਂਦ' ਦੇ ਵਿਸ਼ੇਸ਼ ਫ਼ਾਂਸੀ ਅੰਕ ਦੀ ਤਿਆਰੀ ਦਾ ਭਰਵਾਂ ਜ਼ਿਕਰ ਹੈ। ਪੰਨਾ 29-34 ਵਿਚ 19 ਗਵਾਹਾਂ ਦਾ ਵਿਸਥਾਰ ਹੈ ਜੋ ਇਨ੍ਹਾਂ ਦੇਸ਼ ਭਗਤਾਂ ਦੇ ਅਦਾਲਤੀ ਕੇਸਾਂ ਨਾਲ ਜੁੜੇ ਹੋਏ ਸਨ। ਇਕ ਕਾਂਡ ਵਿਚ 8 ਕ੍ਰਾਂਤੀਕਾਰੀਆਂ ਦੀ ਜਾਣਕਾਰੀ ਹੈ ਜੋ 1929 ਵਿਚ ਕਿਸ ਥਾਂ ਤੋਂ ਕਿਸ ਦਿਨ ਫੜੇ ਗਏ ਸਨ। ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨੰਬਰ 168896 ਦਾ ਵਿਸਥਾਰ ਪੰਨਾ 42 'ਤੇ ਹੈ। ਇਕ ਮੁਖਬਰ ਕਾਲੂ ਰਾਮ ਦਾ ਹਵਾਲਾ ਹੈ, ਜਿਸ ਨੇ ਕ੍ਰਾਂਤੀਕਾਰੀਆਂ ਨੂੰ ਗ੍ਰਿਫ਼ਤਾਰ ਕਰਾਇਆ। ਹੋਰ ਬਹੁਤ ਸਾਰੀ ਖੋਜ ਸਮੱਗਰੀ ਜਗਿਆਸੂ ਪਾਠਕਾਂ ਵਾਸਤੇ ਹੈ।


ਧਰਤੀ ਗਾਥਾ
ਲੇਖਕ : ਪ੍ਰੋ: ਸੁਖਵੰਤ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 94
ਸੰਪਰਕ : 94172-34744.

ਇਸ ਪੁਸਤਕ ਦੀਆਂ 15 ਕਹਾਣੀਆਂ ਲੇਖਕ ਨੇ ਕਾਫੀ ਸਮਾਂ ਪਹਿਲਾਂ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਲਿਖੀਆਂ ਸਨ। ਇਨ੍ਹਾਂ ਰਚਨਾਵਾਂ ਵਿਚ ਜ਼ਿੰਦਗੀ ਦੀ ਧੜਕਣ ਹੈ। ਕਹਾਣੀ 'ਠੇਕੇਦਾਰ' ਵਿਚ ਰਸੂਖਦਾਰ ਠੇਕੇਦਾਰ ਵਲੋਂ ਮਾਮਲਾ ਮਾਫ਼ੀ ਮੰਗਵਾ ਕੇ ਰਫ਼ਾ-ਦਫ਼ਾ ਕਰਵਾ ਦੇਣ ਦੀ ਗੱਲ ਹੈ। 'ਮਾਂ ਦੀ ਮਮਤਾ' ਲਘੂ ਰਚਨਾ ਹੈ। ਇਕ ਕਿਰਤੀ ਔਰਤ ਦਾ ਬੱਚਾ ਤੇ ਖੋਤੀ ਦਾ ਬੱਚਾ ਕੱਠੇ ਖੋਤੀ ਦਾ ਦੁੱਧ ਪੀਂਦੇ ਹਨ। ਮਾਂ ਦੀ ਮਜਬੂਰੀ ਹੈ। ਉੱਪਰੋਂ ਮਾਲਕ ਆ ਜਾਂਦਾ ਹੈ। ਹੁਕਮ ਕਰਦਾ ਹੈ, 'ਨਹੀਂ ਤੂੰ ਹੁਣ ਰਹਿਣ ਦੇ ਕੰਮ ਨੂੰ। ਮੈਂ ਨਹੀਂ ਹੁਣ ਤੈਨੂੰ ਕੰਮ 'ਤੇ ਰੱਖਣਾ। ਕਹਾਣੀ 'ਪ੍ਰੈਕਟੀਕਲ' ਵਿਚ ਕਾਲਜ ਦੇ ਪ੍ਰੋਫੈਸਰ ਬਾਹਰੋਂ ਪ੍ਰੈਕਟੀਕਲ ਲੈਣ ਆਉਣ ਵਾਲੇ ਪ੍ਰੋਫੈਸਰ ਨਾਲ ਗਿਟ-ਮਿਟ ਕਰਕੇ ਵਧੇਰੇ ਅੰਕ ਲਵਾਉਣ ਦੀਆਂ ਗੋਂਦਾਂ ਬਣਾ ਰਹੇ ਹਨ। ਇਕ ਅਸੂਲਾਂ ਵਾਲੇ ਪ੍ਰੋਫੈਸਰ ਦਾ ਦੋਹਰਾ ਕਿਰਦਾਰ ਵਿਖਾਇਆ ਹੈ। ਕਹਾਣੀ 'ਜੋ ਰੱਤ ਪੀਵੇ ਮਾਣਸਾ' ਵਿਚ ਗਰੀਬ ਤੇ ਮਾੜੇ ਮਿਹਨਤਕਸ਼ ਲੋਕਾਂ ਤੋਂ ਚਾਰ ਬੰਦੇ ਉਗਰਾਹੀ ਕਰਨ ਜਾਂਦੇ ਹਨ ਕਿ ਅਸੀਂ ਫਲਾਣੇ ਦਾ ਜਨਮ ਦਿਨ ਮਨਾਉਣਾ ਹੈ। ਦੁਕਾਨਦਾਰ ਰੋਜ਼-ਰੋਜ਼ ਦੀ ਉਗਰਾਹੀ ਦਾ ਵਿਰੋਧ ਕਰਦੇ ਹਨ। ਇਕ ਮੋਚੀ ਵਿਚਾਰਾ ਇਕ ਰੁਪਇਆ ਦੇ ਕੇ ਰਸੀਦ ਕਟਾਉਂਦਾ ਹੈ। ਉਗਰਾਹੀ ਕਰਕੇ ਇਹ ਸਾਰੇ ਜਣੇ ਇਕ ਹੋਟਲ ਵਿਚ ਵਧੀਆ ਖਾਣਾ ਖਾਣ ਬੈਠ ਜਾਂਦੇ ਹਨ। ਇਕ ਪਾਤਰ ਇਸ ਤਰ੍ਹਾਂ ਦੀ ਗਰੀਬਮਾਰ ਦਾ ਵਿਰੋਧ ਕਰਦਾ ਹੋਟਲ 'ਚੋਂ ਬਾਹਰ ਆ ਜਾਂਦਾ ਹੈ। ਕਹਾਣੀ ਮਾਨਵਤਾ ਦਾ ਪੱਖ ਪੂਰਦੀ ਹੈ। ਕਹਾਣੀ 'ਮਨੀਆਰਡਰ' ਵਿਚ ਡਾਕ ਘਰ ਦਾ ਬਾਊ ਪ੍ਰੋਫੈਸਰ ਦੀ ਗੱਲ ਨਹੀਂ ਸੁਣਦਾ। ਹੋਰ ਗਾਹਕਾਂ ਨੂੰ ਤੋਰੀ ਜਾਂਦਾ ਹੈ। ਆਖਰ ਵਾਕਫ਼ੀਅਤ ਨਿਕਲਣ 'ਤੇ ਮਨੀਆਰਡਰ ਕਰਦਾ ਹੈ ਤੇ ਫੋਕੀ ਚਾਹ ਦੀ ਸੁਲਾਹ ਮਾਰਦਾ ਹੈ। ਕਿਤਾਬ ਦੀਆਂ ਰਚਨਾਵਾਂ ਕਹਾਣੀ ਦੀ ਕਹਾਣੀ, ਘੁਮੰਣ ਘੇਰੀ, ਪੰਜੀਰੀ, ਉਲਟੀ ਗੰਗਾ, ਐਮਰਜੈਂਸੀ, ਬਿਜਲੀ ਦਾ ਝਟਕਾ ਸਾਧਾਰਨ ਪਾਤਰਾਂ ਦੇ ਸੰਵਾਦ ਵਿਚੋਂ ਸਮਾਜਿਕ ਲੋਕ ਮਸਲਿਆਂ ਨੂੰ ਉਭਾਰਦੀਆਂ ਹਨ। ਪੁਸਤਕ ਦਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

 

 

24-03-2018

 ਸੰਧੂਰੀ ਅੰਬੀਆਂ
ਲੇਖਕ : ਵਰਿੰਦਰ ਸਿੰਘ ਨਿਮਾਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 70877-87700.

ਇਹ ਪੁਸਤਕ ਇਕ ਲੇਖ-ਸੰਗ੍ਰਹਿ ਹੈ। ਇਸ ਵਿਚਲੇ 18 ਲੇਖ ਪੰਜਾਬੀ ਸੱਭਿਆਚਾਰ ਦੀ ਭਰਵੀਂ ਤਸਵੀਰ ਪੇਸ਼ ਕਰਦੇ ਹਨ। ਲੋਕ ਗੀਤਾਂ ਅਤੇ ਬੋਲੀਆਂ ਨਾਲ ਸੁਸੱਜਿਤ ਲੇਖਾਂ ਦੇ ਸਿਰਲੇਖ ਵੀ ਕਾਵਿਕ ਹਨ ਜਿਵੇਂ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਰੁੱਖਾਂ ਬਾਝ ਨਾ ਸੋਂਹਦੀ ਧਰਤੀ, ਭਾਵੇਂ ਲੱਖ ਹਵੇਲੀਆਂ ਖੜ੍ਹੀਆਂ, ਬਾਤਾਂ ਬਣ ਕੇ ਰਹਿ ਗਏ ਵਗਦੇ ਪਾਣੀ, ਮੇਰੇ ਭਿੱਜ ਗਏ ਵਰੀ ਦੇ ਲੀੜੇ ਪੱਛੋਂ ਦੀਆਂ ਪੈਣ ਕਣੀਆਂ, ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ, ਸੂਰਜਾ ਸੂਰਜਾ ਫੱਟੀ ਸੁਕਾ, ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ, ਪੰਜਾਬੀਆਂ ਦੇ ਵੇਲਣੇ ਦੀ ਮਹਿਕ ਦਿੱਲੀ ਤੱਕ ਜਾਵੇ, ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ, ਪਿੰਡ ਉਦਾਸ ਹੋ ਗਏ ਰੰਗਲੇ ਮੇਰੇ ਦੇਸ਼ ਦੇ ਆਦਿ। ਪੁਸਤਕ ਵਿਚ ਪੰਜਾਬ ਦੇ ਦੁਆਬੇ ਖਿੱਤੇ ਦੀ ਭੂਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਨੁਹਾਰ ਨੂੰ ਬਹੁਤ ਸੁੰਦਰ ਅਤੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅੱਜ ਹਰ ਪਾਸੇ ਏਨੀ ਬੇਚੈਨੀ, ਉਦਾਸੀ ਅਤੇ ਬੇਰੌਣਕੀ ਦਾ ਕਾਰਨ ਇਹੋ ਹੈ ਕਿ ਅਸੀਂ ਆਪਣੇ ਰੰਗਲੇ ਸੱਭਿਆਚਾਰ, ਕੁਦਰਤ ਦੀ ਗੋਦ ਅਤੇ ਮਾਣਮੱਤੇ ਵਿਰਸੇ ਨੂੰ ਭੁਲਦੇ ਜਾ ਰਹੇ ਹਾਂ। ਪਹਿਲਾਂ ਸਾਡੇ ਕੱਚੇ ਵਿਹੜੇ ਰੁੱਖਾਂ, ਬੱਚਿਆਂ ਅਤੇ ਧੁੱਪਾਂ ਛਾਵਾਂ ਨਾਲ ਮਹਿਕਦੇ ਸਨ।
ਹੁਣ ਇਹ ਸਾਂਝਾਂ ਸਿਰਫ ਯਾਦਾਂ ਹੀ ਰਹਿ ਗਈਆਂ ਹਨ। ਹਰ ਥਾਂ 'ਤੇ ਪੱਥਰ ਲਾ ਦਿੱਤੇ ਗਏ ਹਨ, ਖੂਹ ਟੋਭੇ ਲੁਪਤ ਹੋ ਗਏ ਹਨ, ਮਨੁੱਖ ਨੇ ਕੁਦਰਤ ਦੀਆਂ ਅਨਮੋਲ ਦਾਤਾਂ ਤੋਂ ਪਾਸਾ ਮੋੜ ਲਿਆ ਹੈ। ਇਸੇ ਲਈ ਜ਼ਿੰਦਗੀ ਵਿਚ ਉਦਰੇਵਾਂ, ਖੁਸ਼ਕੀ ਅਤੇ ਇਕੱਲ ਆ ਗਈ ਹੈ। ਮੁਨਾਫ਼ੇਖੋਰ ਅਤੇ ਸਵਾਰਥੀ ਲੋਕਾਂ ਵਲੋਂ ਕਲਾ ਦੇ ਹਰ ਰੰਗ ਨੂੰ ਬਾਜ਼ਾਰੀਕਰਨ ਦੀ ਪੁੱਠ ਚਾੜ੍ਹ ਕੇ ਨੰਗੇਜ਼, ਹਿੰਸਾ, ਨਸ਼ੇ, ਮਾਰਧਾੜ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਪੱਖਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੰਤ ਵਿਚ ਜਿਥੇ ਲੇਖਕ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ, ਉਥੇ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਦੀ ਸੰਭਾਲ ਲਈ 'ਮਿਸ਼ਨ ਕਾਰ ਸੇਵਾ ਇਤਿਹਾਸਕ ਕਾਲੀ ਵੇਈਂ' ਨੂੰ ਪ੍ਰੇਰਨਾ ਸ੍ਰੋਤ ਦੱਸ ਕੇ ਸ਼ਲਾਘਾ ਕੀਤੀ ਹੈ। ਸਾਨੂੰ ਸਾਰਿਆਂ ਨੂੰ ਪਵਣ ਗੁਰੂ, ਪਾਣੀ ਪਿਤਾ ਅਤੇ ਮਾਤਾ ਧਰਤੀ ਪ੍ਰਤੀ ਸੁਚੇਤ ਹੋਣਾ ਲੋੜੀਂਦਾ ਹੈ। ਇਹ ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ।

-ਡਾ:ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

 c c

ਹੱਕ ਲਈ ਲੜਿਆ ਸੱਚ
ਲੇਖਿਕਾ : ਅਨਮੋਲ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 286
ਸੰਪਰਕ : 0172-5027427.

ਬੀਬਾ ਅਨਮੋਲ ਕੌਰ ਨੇ ਆਪਣੇ ਇਸ ਨਾਵਲ ਵਿਚ ਪੰਜਾਬੀ ਸੱਭਿਆਚਾਰ ਅਤੇ ਸਮਾਜ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਨੂੰ ਪੇਸ਼ ਕੀਤਾ ਹੈ। ਇਹ ਨਾਵਲ 1960 ਈ: ਦੇ ਆਸਪਾਸ ਸ਼ੁਰੂ ਹੁੰਦਾ ਹੈ ਅਤੇ 1984 ਈ: ਦੇ ਪੰਜਾਬ ਸੰਤਾਪ ਵਿਚੋਂ ਦੀ ਗੁਜ਼ਰਦਾ ਹੋਇਆ 1990 ਈ: ਤੱਕ ਸਮਾਪਤ ਹੋ ਜਾਂਦਾ ਹੈ। ਲੇਖਿਕਾ ਨੇ ਦਰਸਾਇਆ ਹੈ ਕਿ ਪੰਜਾਬ ਦੀ ਸਿੱਖ ਕੌਮ ਨਾਲ 1947 ਈ: ਦੇ ਸਮੇਂ ਤੋਂ ਹੀ ਧੋਖਾ ਅਤੇ ਵਿਤਕਰਾ ਹੁੰਦਾ ਆਇਆ ਸੀ। ਅਨਮੋਲ ਕੌਰ ਨੇ ਆਪਣੇ ਇਸ ਨਾਵਲ ਦਾ ਬਿਰਤਾਂਤ ਇਕ ਪਰਿਪੱਖ ਗਲਪਕਾਰ ਵਾਂਗ ਪੇਸ਼ ਕੀਤਾ ਹੈ। ਨਾਵਲ ਦਾ ਆਰੰਭ ਇੰਦਰ ਸਿੰਘ ਅਤੇ ਹਰਨਾਮ ਕੌਰ ਦੇ ਪਰਿਵਾਰ ਨਾਲ ਸਬੰਧਿਤ ਵੇਰਵਿਆਂ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਦੇ ਪੁੱਤਰ ਮੁਖ਼ਤਿਆਰ ਸਿੰਘ ਦੇ ਘਰ ਤਿੰਨ ਧੀਆਂ ਅਤੇ ਇਕ ਪੁੱਤਰ ਪੈਦਾ ਹੋ ਜਾਂਦਾ ਹੈ। ਮੁਖ਼ਤਿਆਰ ਸਿੰਘ ਦੀ ਵੱਡੀ ਧੀ ਦੀਪੀ ਇਸ ਨਾਵਲ ਦਾ ਕੇਂਦਰੀ-ਕਿਰਦਾਰ ਬਣਦੀ ਹੈ। ਦੀਪੀ, ਹਾਈ ਸਕੂਲ ਪਾਸ ਕਰਕੇ ਕਾਲਜ ਵਿਚ ਪੜ੍ਹਨ ਲਗਦੀ ਹੈ। ਲੋਹੜੀ ਦੇ ਮੇਲੇ ਸਮੇਂ ਗੁਆਂਢੀ ਕਾਲਜ ਵਿਚ ਗਿੱਧਾ ਪੇਸ਼ ਕਰਨ ਸਮੇਂ ਉਸ ਦੀਆਂ ਇਕ ਸੀਨੀਅਰ ਵਿਦਿਆਰਥੀ ਦਿਲਪ੍ਰੀਤ ਨਾਲ ਅੱਖਾਂ ਚਾਰ ਹੋ ਜਾਂਦੀਆਂ ਹਨ। ਉਹ ਪ੍ਰੇਮ ਕਰਨ ਲਗਦੇ ਹਨ। ਬਾਅਦ ਵਿਚ ਉਸੇ ਲੜਕੇ ਨਾਲ ਵਿਆਹ ਵੀ ਬੰਨ੍ਹ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਹੀ ਦਿਨਾਂ ਵਿਚ ਦਿਲਪ੍ਰੀਤ ਸੰਤ ਭਿੰਡਰਾਂਵਾਲੇ ਦਾ ਮੁਰੀਦ ਬਣ ਜਾਂਦਾ ਹੈ ਅਤੇ ਉਨ੍ਹਾਂ ਦੇ ਕਾਜ ਲਈ ਕੰਮ ਕਰਨ ਲਗਦਾ ਹੈ। ਜੂਨ 1984 ਵਿਚ 'ਸਾਕਾ ਨੀਲਾ ਤਾਰਾ' ਵਾਪਰਦਾ ਹੈ। ਪੁਲਿਸ ਸੂਚੀ ਵਿਚ ਦਿਲਪ੍ਰੀਤ ਦਾ ਨਾਂਅ ਵੀ ਆ ਜਾਂਦਾ ਹੈ। ਉਹ ਇਕ-ਦੋ ਵਰ੍ਹੇ ਰੂਪੋਸ਼ ਹੋ ਕੇ ਕੱਟਦਾ ਹੈ। ਇਨ੍ਹਾਂ ਦਿਨਾਂ ਵਿਚ ਉਸ ਦਾ ਦੀਪੀ ਨਾਲ ਅਨੰਦ ਕਾਰਜ ਵੀ ਹੋ ਜਾਂਦਾ ਹੈ। ਪੁਲਿਸ ਦਿਲਪ੍ਰੀਤ ਅਤੇ ਦੀਪੀ ਦੇ ਪਰਿਵਾਰਾਂ ਉੱਪਰ ਤਸ਼ੱਦਦ ਕਰਦੀ ਹੈ ਪਰ ਦਿਲਪ੍ਰੀਤ ਹੱਥ ਨਹੀਂ ਆਉਂਦਾ ਸਗੋਂ ਵਿਦੇਸ਼ ਵੱਲ ਉਡਾਰੀ ਮਾਰ ਜਾਂਦਾ ਹੈ। ਕੁਝ ਸਮਾਂ ਬਾਅਦ ਦੀਪੀ ਵੀ ਉਸ ਨੂੰ ਜਾ ਮਿਲਦੀ ਹੈ ਅਤੇ ਨਾਵਲ ਦਾ ਸੁਖਦ ਅੰਤ ਹੋ ਜਾਂਦਾ ਹੈ।
ਲੇਖਿਕਾ ਨੇ ਘਟਨਾਵਾਂ ਦੇ ਵੇਰਵਿਆਂ ਨੂੰ ਏਨੀ ਕੁਸ਼ਲਤਾ ਨਾਲ ਬਿਆਨ ਕੀਤਾ ਹੈ ਕਿ ਪਾਠਕ ਅਚੰਭਿਤ ਰਹਿ ਜਾਂਦਾ ਹੈ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਇਹ ਨਾਵਲ ਇਕ ਪੜ੍ਹਨਯੋਗ ਰਚਨਾ ਬਣ ਗਿਆ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜ਼ੋਰਬਾ ਦ ਗਰੀਕ
ਲੇਖਕ : ਨਿਕੋਸ ਕਜ਼ਾਨਜ਼ਾਕਿਸ
ਪੰ. ਅਨੁ: ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 392
ਸੰਪਰਕ : 98783-17796.

ਵਿਚਾਰਾਧੀਨ ਨਾਵਲ ਯੂਨਾਨ ਦੇ ਪ੍ਰਸਿੱਧ ਨਾਵਲਕਾਰ ਨਿਕੋਸ ਕਜ਼ਾਨਜ਼ਾਕਿਸ ਦੀ ਸ੍ਰੇਸ਼ਟ (ਕਲਾਸਿਕ) ਰਚਨਾ ਹੈ। ਮੂਲ ਰੂਪ ਵਿਚ ਇਸ ਦੀ ਰਚਨਾ ਯੂਨਾਨੀ ਭਾਸ਼ਾ ਵਿਚ ਹੋਈ। ਮਾਸਟਰ ਪੀਸ ਹੋਣ ਕਾਰਨ ਇਸ ਦਾ ਅਨੁਵਾਦ ਅਨੇਕਾਂ ਭਾਸ਼ਾਵਾਂ ਵਿਚ ਹੋ ਚੁੱਕਾ ਹੈ। ਵਿਦਵਾਨ ਅਨੁਵਾਦਕ ਦਾ ਕਹਿਣਾ ਹੈ ਕਿ ਉਸ ਨੇ ਇਸ ਰਚਨਾ ਦਾ ਪੰਜਾਬੀ ਅਨੁਵਾਦ ਕਾਰਲ ਵਾਈਲਡਮੈਨ ਦੇ ਅੰਗਰੇਜ਼ੀ ਅਨੁਵਾਦ ਤੋਂ ਕੀਤਾ ਹੈ। ਇਹ ਨਾਵਲ ਪਹਿਲੀ ਵਾਰ 1946 ਵਿਚ ਛਪਿਆ ਸੀ। ਇਸ ਦਾ ਨਾਇਕ (ਕਥਾਕਾਰ) ਗਰੀਕ ਦਾ ਇਕ ਬੁੱਧੀਜੀਵੀ ਨੌਜਵਾਨ ਹੈ, ਜੋ 'ਕਿਤਾਬੀ ਕੀੜਾ' ਹੈ। ਇਹ ਨੌਜਵਾਨ, 60 ਵਰ੍ਹਿਆਂ ਤੋਂ ਉੱਪਰ, ਭੇਤ ਭਰੇ, ਹੁੱਲ੍ਹੜਬਾਜ਼, ਚੁਸਤ-ਚਲਾਕ ਅਲੈਕਸ਼ੀਜ਼ ਜ਼ੋਰਬਾ ਦੇ ਸੰਪਰਕ ਵਿਚ ਆਉਣ ਨਾਲ 'ਕਿਤਾਬੀ ਕੀੜੇ' ਵਾਲਾ ਜੀਵਨ ਤਿਆਗ ਕੇ ਉਹ ਕੁਝ ਸਿੱਖਦਾ ਹੈ, ਜੋ ਕੁਝ ਉਸ ਨੂੰ ਪੁਸਤਕਾਂ ਨਹੀਂ ਦੇ ਸਕੀਆਂ। ਨਾਵਲ ਦੀ ਫੈਕਟੀਸਿਟੀ 'ਕ੍ਰੀਟ ਟਾਪੂ' ਹੈ, ਜੋ ਯੂਨਾਨ ਦੇ ਧੁਰ ਦੱਖਣ ਵਿਚ ਹੈ। ਨਾਵਲ ਦੀ ਡੂੰਘੀ ਸੰਰਚਨਾ ਅਨੁਸਾਰ ਕਥਾਕਾਰ ਦੀ 'ਬੁੱਧੀ' ਅਤੇ ਜ਼ੋਰਬਾ ਦੇ 'ਮਨ' ਵਿਚਕਾਰ ਟਕਰਾਅ ਹੈ। ਇਸ ਟਕਰਾਅ ਦੀ ਪ੍ਰਕਿਰਿਆ 'ਚੋਂ ਮਨ ਦੀ ਜਿੱਤ ਹੁੰਦੀ ਹੈ। ਜ਼ੋਰਬਾ ਭਾਵੇਂ ਝੁਰੜੀਆਂ ਭਰੇ ਚਿਹਰੇ ਵਾਲਾ ਪਰਪੱਕ ਹੈ ਪਰ ਉਹ ਜੀਵਨ ਨੂੰ ਵਰਤਮਾਨ ਵਿਚ ਰੱਜ ਕੇ ਮਾਣਨ ਵਾਲਾ ਹੈ, ਉਹਨੂੰ ਆਉਣ ਵਾਲੀ ਕੱਲ੍ਹ ਅਤੇ ਮੌਤ ਦਾ ਕੋਈ ਫ਼ਿਕਰ ਨਹੀਂ। ਉਹ ਕਿਸੇ ਵੀ ਕੰਮ ਨੂੰ ਕਰਦਿਆਂ ਹੋਰ ਸਭ ਕੁਝ ਭੁੱਲ ਜਾਣ ਵਾਲਾ ਹੈ। ਜਦ ਉਸ ਦਾ ਮਨ ਕਰਦਾ ਹੈ ਉਦੋਂ ਸੰਤੂਰੀ (ਜੋ ਇਕ ਤੰਤੀ ਸਾਜ਼ ਹੈ) ਵਜਾਉਂਦਾ ਹੈ ਪਰ ਕਿਸੇ ਦੇ ਕਹਿਣ 'ਤੇ ਨਹੀਂ। ਇੰਜ ਉਹ ਅਸਤਿਤਵਾਦੀ ਸ਼ਖ਼ਸੀਅਤ ਦਾ ਸੁਆਮੀ ਹੈ। ਹਰ ਕੰਮ ਉਸ ਦੀ ਆਪਣੀ ਚੋਣ ਹੈ। ਉਹ ਦੁਖੀ ਮਾਨਵਤਾ ਦੀ ਭਲਾਈ ਲਈ ਕਾਰਜ ਕਰਦਾ ਹੈ। ਉਸ ਦਾ ਅਨੁਭਵ 'ਅਮਲੀ' ਜੀਵਨ ਹੈ, ਜੋ ਕਿਤਾਬੀ ਗਿਆਨ ਦੇ ਉਲਟ ਹੈ। ਨਾਵਲ ਵਿਚ ਉਸ ਦੀਆਂ ਆਤਮ-ਕਥਨੀਆਂ ਗੌਲਣਯੋਗ ਹਨ। ਨਾਵਲ ਵਿਚ ਜ਼ੋਰਬਾ ਅਤੇ ਕਥਾਕਾਰ ਇਕ-ਦੂਜੇ ਦੇ ਪ੍ਰਸ਼ਨਾਂ ਵਿਚ ਉਲਝ ਜਾਂਦੇ ਹਨ। ਬੁੱਢੀ ਅਤੇ ਵਿਧਵਾ ਨਾਲ ਕ੍ਰਮਵਾਰ ਜ਼ੋਰਬਾ ਅਤੇ ਕਥਾਕਾਰ ਨੂੰ ਨੇੜਤਾ ਪ੍ਰਾਪਤ ਹੁੰਦੀ ਹੈ। ਕਥਾਕਾਰ ਅਤੇ ਜ਼ੋਰਬਾ ਦਰਮਿਆਨ ਸੰਵਾਦ ਬਹੁਪੱਖੀ ਅਤੇ ਬਹੁਦਿਸ਼ਾਵੀ ਹਨ। ਕਥਾਵਾਚਕ ਪੇਂਡੂ ਨਜ਼ਾਰੇ ਨੂੰ ਵਧੀਆ ਵਾਰਤਕ ਅਤੇ ਸਮੁੰਦਰੀ ਵਿਸ਼ਾਲਤਾ ਨੂੰ ਅਮੁੱਕ ਕਵਿਤਾ ਨਾਲ ਤੁਲਨਾਉਂਦਾ ਹੈ। 'ਸੰਤੂਰੀ' ਦੀ ਪ੍ਰਸਤੁਤੀ ਵਿਚ ਬਾਰੰਬਾਰਤਾ ਹੈ। ਇਥੋਂ ਤੱਕ ਕਿ ਜ਼ੋਰਬਾ ਦੀ ਮੌਤ ਉਪਰੰਤ ਉਸ ਦੀ ਪਤਨੀ ਕਥਾਕਾਰ ਨੂੰ ਉਹ ਸੰਤੂਰੀ ਯਾਦਗਾਰ ਵਜੋਂ ਸੌਂਪ ਦਿੰਦੀ ਹੈ। ਇਸ ਨਾਵਲ ਵਿਚ ਪੂਰਬ, ਪੱਛਮ ਅਤੇ ਯੂਨਾਨੀ ਸੱਭਿਆਚਾਰ ਦਾ ਸੁਮੇਲ ਵੇਖਿਆ ਜਾ ਸਕਦਾ ਹੈ। ਇਹ ਨਾਵਲ ਬਿਰਤਾਂਤਕੀ ਚੱਕਰ ਵਾਲਾ ਨਾਵਲ ਹੈ। ਕਥਾਕਾਰ, ਜ਼ੋਰਬਾ ਬਾਰੇ 'ਹੱਥ ਲਿਖਤ' ਪੰ. 15 ਤੋਂ ਆਰੰਭ ਕਰਕੇ 'ਗੋਦ 'ਚ ਪੂਰੀ ਤਰ੍ਹਾਂ ਖ਼ਤਮ ਕੀਤੀ ਹੋਈ ਹੱਥ ਲਿਖਤ' ਪੰ. 39' 'ਤੇ ਆਪਣਾ ਨੈਰੇਟਿਵ ਸਾਈਕਲ ਪੂਰਾ ਕਰਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਔਰਤ ਦੂਜਾ ਰੱਬ
ਲੇਖਕ: ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 98786-03236.

'ਔਰਤ ਦੂਜਾ ਰੱਬ' ਅਜਿਹਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਕਵੀ ਨੇ ਔਰਤ ਦੇ ਕਿਰਦਾਰ ਨੂੰ ਰੱਬ ਦੇ ਬਰਾਬਰ ਦਰਜਾ ਦਿੰਦਿਆਂ ਉਸ ਦੀ ਮਾਨਸਿਕਤਾ ਦੀਆਂ ਬਹੁਪੱਖੀ ਪਰਤਾਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ ਹੈ। ਦੋਹਾ ਕਾਵਿ ਰੂਪ ਵਿਚ ਲਿਖੀ ਇਸ ਪੁਸਤਕ ਵਿਚ ਜਿਥੇ ਉਸ ਨੇ ਔਰਤ ਪ੍ਰਤੀ ਇਕ ਸਾਕਾਰਾਤਮਕ ਨਜ਼ਰੀਆ ਅਤੇ ਉਸਾਰੂ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ, ਉਥੇ ਹੀ ਉਸ ਨੇ ਆਪਣੇ ਦੋਹਿਆਂ ਵਿਚ ਅਜੋਕੇ ਸਮੇਂ ਦੌਰਾਨ ਬਦਲਦੀਆਂ ਹਾਲਤਾਂ ਅਨੁਸਾਰ ਢਲ ਰਹੀ ਅਤੇ ਬਦਲ ਰਹੀ ਔਰਤ ਦੇ ਰੂਪ ਨੂੰ ਪ੍ਰਗਟਾਇਆ ਹੈ।
ਕਵੀ ਨੇ ਔਰਤ ਦੇ ਸਬਰ ਸੰਤੋਖ ਦੀ ਤੁਲਨਾ ਰੁੱਖਾਂ ਨਾਲ ਕੀਤੀ ਹੈ ਜੋ ਆਪਣੀ ਜੀਰਾਂਦ ਦੇ ਕਾਰਨ ਹਮੇਸ਼ਾ ਦੂਸਰਿਆਂ ਨੂੰ ਸੁੱਖ ਪ੍ਰਦਾਨ ਕਰਦੇ ਹਨ। ਅਜੋਕੇ ਸਮੇਂ ਵਿਚ ਔਰਤ ਆਪਣੀ ਹੋਂਦ ਪ੍ਰਤੀ ਜਾਗ੍ਰਿਤ ਹੋ ਰਹੀ ਹੈ। ਇਸ ਸਬੰਧੀ ਲਿਖਦਾ ਹੋਇਆ ਕਵੀ ਕਹਿੰਦਾ ਹੈ :
'ਔਰਤ ਚਾਨਣ ਬਣ ਗਈ
ਜੋ ਸੀ ਨੇਰਾ ਕੱਲ੍ਹ। (ਪੰਨਾ-52)
ਕਵੀ ਆਪਣੇ ਦੋਹਿਆਂ ਵਿਚ ਜਿੱਥੇ ਔਰਤ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋਈ ਦਰਸਾਉਂਦਾ ਹੈ, ਉਥੇ ਆਪਣੇ ਦੋਹਿਆਂ ਵਿਚ ਔਰਤ ਦੇ ਮਾਨਵੀ ਗੁਣਾਂ ਦਾ ਪ੍ਰਗਟਾਵਾ ਵੀ ਬਾਖੂਬੀ ਕਰਦਾ ਹੈ।
ਕਵੀ ਅਨੁਸਾਰ ਸ੍ਰਿਸ਼ਟੀ ਨੂੰ ਸੰਪੂਰਨਤਾ ਪ੍ਰਦਾਨ ਕਰਨ ਵਾਲੀ ਔਰਤ ਦੇ ਦੁਆਲੇ ਹੀ ਸਾਰਾ ਤਾਣਾ-ਬਾਣਾ ਬੁਣਿਆ ਗਿਆ ਹੈ। ਔਰਤ ਬਿਨਾਂ ਦੁਨੀਆ ਦੀ ਹੋਂਦ ਅਸੰਭਵ ਪ੍ਰਤੀਤ ਹੁੰਦੀ ਹੈ, ਇਸ ਲਈ ਕਵੀ ਔਰਤ ਨੂੰ ਦੂਜੇ ਰੱਬ ਦਾ ਦਰਜਾ ਪ੍ਰਦਾਨ ਕਰਦਿਆਂ ਲਿਖਦਾ ਹੈ
ਜੀਵਨ ਔਰਤ ਹੀ ਦਵੇ
ਬਿਨ ਔਰਤ ਦੁਰਲੱਭ।
ਔਰਤ ਔਰਤ ਹੀ ਨਹੀਂ
ਔਰਤ ਦੂਜਾ ਰੱਬ। (ਪੰਨਾ-82)
ਪੁਸਤਕ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਸਾਰੇ ਹੀ ਦੋਹੇ ਦਿਲ ਨੂੰ ਛੂਹ ਲੈਣ ਵਾਲੇ ਹਨ ਅਤੇ ਇਨ੍ਹਾਂ ਨੂੰ ਚਾਰੇ ਭਾਸ਼ਾਵਾਂ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਲਿਖਿਆ ਗਿਆ ਹੈ। ਬਾਬਲ ਜਾਈ ਦੇ ਹੱਕ ਵਿਚ ਨਾਅਰਾ ਮਾਰਨ ਵਾਲੇ ਕਵੀ ਨੇ ਇਕ ਵਾਰ ਫਿਰ ਔਰਤ ਨੂੰ ਸਰਲ, ਸਪੱਸ਼ਟ ਅਤੇ ਖੂਬਸੂਰਤ ਬੋਲਾਂ ਰਾਹੀਂ ਆਪਣਾ ਸੁਨੇਹਾ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099

c c c

ਵਿਸ਼ਵ ਦੀਆਂ ਚੋਣਵੀਆਂ ਕਹਾਣੀਆਂ
ਅਨੁਵਾਦ ਅਤੇ ਸੰਪਾਦਨ : ਡਾ: ਹਰੀ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 155
ਸੰਪਰਕ : 98159-50590.

ਸਾਹਿਤ ਮਨੁੱਖੀ ਮਨ, ਵਿਹਾਰ, ਸਮਾਜ ਤੇ ਰਿਸ਼ਤਿਆਂ ਦੇ ਅਸੀਮ ਸੰਸਾਰ ਨਾਲ ਸ਼ਬਦਾਂ ਦੁਆਰਾ ਸਾਂਝ ਪੁਆਉਣ ਵਾਲੀ ਕਲਾ ਹੈ। ਡਾਕਟਰੀ ਦੀ ਸੇਵਾ ਤੋਂ ਮੁਕਤ ਹੋ ਕੇ ਡਾ: ਹਰੀ ਸਿੰਘ ਨੇ ਸ਼ੌਕੀਆ ਅਦਬ ਨਾਲ ਨਾਤਾ ਜੋੜਿਆ ਤਾਂ ਇਸ ਤੋਂ ਏਨਾ ਮੋਹਿਆ ਗਿਆ ਕਿ ਉਸ ਨੇ ਵਿਸ਼ਵ ਦੀਆਂ ਚੋਣਵੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਕਰਕੇ ਪੰਜਾਬੀ/ਗੁਰਮੁਖੀ ਤੱਕ ਸੀਮਤ ਆਮ ਆਦਮੀ ਨੂੰ ਦੁਨੀਆ ਦੇ ਉੱਤਮ ਕਥਾ ਸਾਹਿਤ ਤੋਂ ਪਰਿਚਿਤ ਕਰਵਾਉਣ ਦਾ ਫ਼ੈਸਲਾ ਕੀਤਾ। ਉਸ ਦੇ ਇਸੇ ਉੱਦਮ ਦਾ ਫਲ ਹੈ 14 ਕਹਾਣੀਆਂ ਦਾ ਇਹ ਸੰਗ੍ਰਹਿ।
ਡਾ: ਹਰੀ ਸਿੰਘ ਸਰੀਰ ਦਾ ਸਰਜਨ ਹੈ। ਇਹ ਕਹਾਣੀਆਂ ਸਮੁੰਦਰੋਂ ਡੂੰਘੇ ਦਿਲ ਦਰਿਆ ਵਿਚੋਂ ਉਗਮਦੇ ਵਿਗਸਦੇ ਪ੍ਰੇਮ, ਡਰ, ਸ਼ੱਕ, ਤਰਸ, ਹਮਦਰਦੀ, ਲਾਲਚ ਦੇ ਅਨੇਕ ਰੰਗਾਂ ਦੀਆਂ ਇਕ ਤੋਂ ਇਕ ਸੂਖਮ ਪਰਤਾਂ ਨੂੰ ਉਜਾਗਰ ਕਰਦੀਆਂ ਹਨ। ਇਨ੍ਹਾਂ ਦੇ ਲੇਖਕ ਕਲਾਸਕੀ ਸਾਹਿਤ ਦੇ ਜਾਣੇ-ਪਛਾਣੇ ਨਾਂਅ ਹਨ। ਇਟਲੀ ਦੇ ਪਿਰੌਦਲੋ, ਰੂਸ ਦੇ ਚੈਖਵ, ਡੈਨਮਾਰਕ ਦੀ ਆਈਜ਼ਕ ਡਿਨਸੈਨ, ਭਾਰਤ ਦਾ ਟੈਗੋਰ, ਇੰਗਲੈਂਡ ਦੇ ਡੋਰੋਥੀ ਸ਼ੇਅਰਜ਼ (ਸ੍ਰੀਮਤੀ), ਸੋਮਰਸਟ ਮਾਮ, ਟੀ.ਐਚ. ਰਾਂਡਾਲ ਤੇ ਹਕਸਲੇ, ਮੈਕਸੀਕੋ ਦੇ ਗਰੀਗੇਰੀਓ ਫੂਇੰਟਸ ਅਤੇ ਅਫਰੀਕਾ ਦੀ ਨਾਦਿਨ ਗੋਰਡੀਮਰ ਇਕ ਤੋਂ ਇਕ ਵੱਡੇ ਨਾਂਅ ਹਨ। ਗੱਲ ਨੂੰ ਸੂਖਮ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਤੱਕ ਪੇਸ਼ ਕਰਕੇ ਇਹ ਪਾਠਕ ਨੂੰ ਜ਼ਿੰਦਗੀ ਵਿਚ ਮਿਲਦੇ ਲੋਕਾਂ, ਬਣਦੇ/ਵਿਗੜਦੇ ਸਬੰਧਾਂ ਤੇ ਮਨੁੱਖੀ ਵਿਹਾਰ ਬਾਰੇ ਡੂੰਘੇ ਚਿੰਤਨ ਲਈ ਮਜਬੂਰ ਕਰਦੇ ਹਨ। ਸ਼ੱਕ ਬੰਦੇ ਨੂੰ ਕਿਸ ਹੱਦ ਤੱਕ ਪ੍ਰੇਸ਼ਾਨ ਤੇ ਕਮਜ਼ੋਰ ਕਰ ਦਿੰਦਾ ਹੈ। ਭੱਜ-ਨੱਸ ਵਾਲੀ ਇਸ ਦੁਨੀਆ ਵਿਚ ਕਿਸੇ ਦਾ ਦਰਦ ਸੁਣਨ ਦੀ ਵਿਹਲ ਕਿਸੇ ਕੋਲ ਨਹੀਂ। ਹਾਰ ਕੇ ਇਹ ਦਰਦ ਕਿਸੇ ਜਾਨਵਰ ਦੇ ਗੱਲ ਲਗ ਕੇ ਸੁਣਾਉਣ ਦੀ ਮਜਬੂਰੀ ਵੀ ਹੋ ਸਕਦੀ ਹੈ। ਮਾਸੂਮ ਦੀ ਮੌਤ ਦੇ ਅਣਕੀਤੇ ਗੁਨਾਹ ਦਾ ਅਹਿਸਾਸ ਕਿੰਨਾ ਡੂੰਘਾ ਹੋ ਸਕਦਾ ਹੈ। ਗੁੱਸੇ ਵਿਚ ਆਉਣਾ ਸੌਖਾ ਹੈ ਪਰ ਠੀਕ ਨਹੀਂ। ਇਹੋ ਜਿਹੇ ਕਿੰਨੇ ਅਹਿਸਾਸ ਜਗਾਉਣ ਵਾਲੀਆਂ ਇਹ ਕਹਾਣੀਆਂ ਪੜ੍ਹਨਯੋਗ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਯੂਰਪ ਦੀ ਸੈਰ
ਲੇਖਕ : ਡਾ: ਹਾਕਮ ਸਿੰਘ ਹੁੰਦਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 78377-18723.

ਡਾ: ਹਾਕਮ ਸਿੰਘ ਹੁੰਦਲ ਦੀ ਹਥਲੀ ਪੁਸਤਕ ਯੂਰਪ ਦਾ ਸਫ਼ਰਨਾਮਾ ਹੈ। ਇਸ ਪੁਸਤਕ ਵਿਚ ਲੇਖਕ ਨੇ ਯੂਰਪੀਨ ਦੇਸ਼ਾਂ ਦੇ ਲੋਕਾਂ ਦਾ ਰਹਿਣ-ਸਹਿਣ, ਕਿੱਤਾ, ਸੱਭਿਆਚਾਰ, ਆਪਸੀ ਵਰਤੋਂ-ਵਿਹਾਰ, ਖਾਣ-ਪੀਣ, ਸਿੱਖਿਆ ਦੇ ਅਦਾਰੇ, ਭੂਗੋਲਿਕ ਪਿਛੋਕੜ, ਝੀਲਾਂ, ਸਮੁੰਦਰ ਤੇ ਕੁਦਰਤੀ ਨਜ਼ਾਰਿਆਂ ਦਾ ਬਹੁਤ ਹੀ ਖੂਬਸੂਰਤ ਵਰਨਣ ਕੀਤਾ ਹੈ। ਮੁੱਢ ਵਿਚ ਫਰਾਂਸ-ਜਰਮਨੀ ਤੇ ਸਵਿਟਜ਼ਰਲੈਂਡ ਦੇ ਟੂਰ ਲਈ ਰਵਾਨਗੀ ਤੇ ਰਸਤੇ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਹੈ। ਪੈਰਿਸ ਦੀ ਸੈਰ ਦੇ ਦੌਰਾਨ ਕੁਦਰਤੀ ਨਜ਼ਾਰਿਆਂ, ਖੇਤਾਂ, ਬਿਜਲਈ ਰੇਲਵੇ ਲਾਈਨਾਂ, ਹੋਟਲਾਂ, ਇਮਾਰਤਾਂ ਤੇ ਦਰਿਆਵਾਂ ਦਾ ਵੀ ਸੰਖੇਪ ਵਿਚ ਵੇਰਵਾ ਦਿੱਤਾ ਹੈ। ਸਫ਼ਰ ਦੇ ਦੌਰਾਨ ਦੋਸਤਾਂ-ਮਿੱਤਰਾਂ ਨੇ ਮੌਜ ਮਸਤੀ ਦੇ ਨਾਲ-ਨਾਲ ਸਾਹਿਤਕ ਰਚਨਾਵਾਂ/ਕਵਿਤਾਵਾਂ ਦਾ ਵੀ ਅਨੰਦ ਮਾਣਿਆ ਤੇ ਸਮਾਜਿਕ ਹਾਲਤ ਨੂੰ ਦਰਸਾਇਆ ਹੈ-
ਕੌਣ ਬੋਲੇ ਏਸ ਜਹਾਨ ਵਿਚ
ਮਨੁੱਖਤਾ ਲਈ ਪਿਆਰ ਦੀ ਜ਼ੁਬਾਨ।
ਪੱਥਰ ਜੜ੍ਹ ਪੂਜ ਪੂਜ ਕੇ ਮਨੁੱਖ,
ਬਣ ਗਿਆ ਹੈ, ਜੜ੍ਹ ਪੱਥਰ ਸਮਾਨ।
ਏਨਜਲ ਬਰਗ ਟਾਊਨ ਦਾ ਵੇਰਵਾ ਦਿੰਦੇ ਹੋਏ ਲੇਖਕ ਨੇ ਕਾਮਿਆਂ ਦੇ ਘਰਾਂ, ਪਸ਼ੂ-ਪੰਛੀਆਂ, ਪਹਾੜਾਂ ਤੇ ਨਾਲਿਆਂ-ਦਰਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਥੋਂ ਦੇ ਸੀਨ, ਹੋਟਲ, ਰੈਸਟੋਰੈਂਟ, ਖਾਣ-ਪੀਣ ਦਾ ਬਾਖੂਬੀ ਵਰਨਣ ਹੈ। ਗੋਂਡਾਲਾ ਇਲੈਕਟ੍ਰਿਕ ਪੰਘੂੜਿਆ ਰਾਹੀਂ ਸਫ਼ਰ ਦਾ ਬੜਾ ਦਿਲਕਸ਼ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਰਸਤੇ ਵਿਚ ਆਉਂਦੀਆਂ ਸੁਰੰਗਾਂ, ਟਾਵਰ, ਗਲੋਬ, ਮਾਰਕਿਟ ਦਾ ਨਜ਼ਾਰਾ ਵੀ ਅਨੰਦਮਈ ਦਰਸਾਇਆ ਹੈ। ਇੰਜ ਜਾਪਦਾ ਹੈ ਜਿਵੇਂ ਲੇਖਕ ਪਾਠਕਾਂ ਨੂੰ ਨਾਲ-ਨਾਲ ਲੈ ਕੇ ਤੁਰ ਰਿਹਾ ਹੋਵੇ ਤੇ ਉਹ ਵੀ ਇਸ ਸਫ਼ਰ ਦਾ ਅਨੰਦ ਮਾਣ ਰਹੇ ਹੋਣ। ਪਰ ਅੰਗਰੇਜ਼ੀ ਦੇ ਸ਼ਬਦਾਂ ਦੀ ਬਹੁਤਾਤ ਰੜਕਦੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

17-03-2018

 ਗੁਰੂ ਗੋਬਿੰਦ ਸਿੰਘ ਜੀ ਅਤੇ
ਬਿਹਾਰ ਦੀ ਸਿੱਖ ਵਿਰਾਸਤ

ਲੇਖਕ : ਡਾ: ਪਰਮਵੀਰ ਸਿੰਘ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 280
ਸੰਪਰਕ : 0183-5011003.

ਇਹ ਧਾਰਮਿਕ ਪੁਸਤਕ ਇਕ ਉਪਾਧੀ-ਨਿਰਪੇਖ ਖੋਜ ਕਾਰਜ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵ ਕੋਸ਼ ਵਿਭਾਗ ਵਿਚ ਕਾਰਜਸ਼ੀਲ ਡਾ: ਪਰਮਵੀਰ ਸਿੰਘ ਨੇ ਕੁਝ ਮਿੱਤਰਾਂ-ਦੋਸਤਾਂ/ਵਿਦਵਾਨਾਂ ਦੇ ਸਹਿਯੋਗ ਨਾਲ ਸਫ਼ਲਤਾ ਸਹਿਤ ਮੁਕੰਮਲ ਕੀਤਾ ਹੈ। ਉੱਘੀਆਂ ਸ਼ਖ਼ਸੀਅਤਾਂ ਨੇ ਇਸ ਕਾਰਜ ਦੀ ਭਰਵੀਂ ਪ੍ਰਸੰਸਾ ਕੀਤੀ ਹੈ। ਇਕ ਖੋਜ ਕਾਰਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮੇਂ ਪਾਠਕਾਂ ਦੇ ਸਨਮੁਖ ਆਇਆ ਹੈ। ਇਸ ਪੁਸਤਕ ਨੂੰ ਪੰਜ ਕਾਂਡਾਂ ਵਿਚ ਵੰਡਿਆ ਗਿਆ ਹੈ। ਪਹਿਲੇ ਕਾਂਡ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਅਧਿਆਤਮਕ ਵਿਰਾਸਤ ਦਾ ਪਹਿਲੀ ਪਾਤਸ਼ਾਹੀ ਤੋਂ ਨੌਵੀਂ ਪਾਤਸ਼ਾਹੀ ਤੱਕ ਅਧਿਐਨ ਪੇਸ਼ ਕੀਤਾ ਗਿਆ ਹੈ। ਦੂਜੇ ਕਾਂਡ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਰਚਨਾ ਦੀ ਪੇਸ਼ਕਾਰੀ ਕਰਦਿਆਂ ਦਸਮ ਗ੍ਰੰਥ ਦੀਆਂ ਪ੍ਰਮੁੱਖ ਰਚਨਾਵਾਂ (ਜਾਪੁ ਸਾਹਿਬ, ਅਕਾਲ ਉਸਤਤਿ, ਬਚਿੱਤਰ ਨਾਟਕ, ਚੰਡੀ ਚਰਿਤ੍ਰ, ਚੌਬੀਸ ਅਵਤਾਰ, ਸ਼ਸਤ੍ਰ ਨਾਮ ਮਾਲਾ, ਤੇਤੀ ਸਵੱਯੇ, ਚਰਿਤ੍ਰੋਪਾਖਯਾਨ ਆਦਿ) ਦੇ ਨਾਲ-ਨਾਲ ਖਾਲਸਾ ਪੰਥ ਦੀ ਸਿਰਜਣਾ ਅਤੇ ਧਰਮ-ਯੁੱਧਾਂ ਦਾ ਵਿਸਥਾਰ 'ਚ ਅਧਿਐਨ ਕੀਤਾ ਗਿਆ ਹੈ। ਤੀਜੇ ਕਾਂਡ ਵਿਚ ਬਿਹਾਰ ਦੀ ਸਿੱਖ ਵਿਰਾਸਤ, ਉਥੋਂ ਦੇ ਇਤਿਹਾਸਕ ਗੁਰਧਾਮਾਂ ਅਤੇ ਹੁਕਮਨਾਮਿਆਂ ਬਾਰੇ ਭਰਪੂਰ ਜਾਣਕਾਰੀ ਪੇਸ਼ ਕੀਤੀ ਗਈ ਹੈ। ਹੁਕਮਨਾਮਿਆਂ ਨੂੰ ਪ੍ਰਮਾਣੀਕ੍ਰਿਤ ਕਰਨ ਦੇ ਮਨੋਰਥ ਨਾਲ ਇਨ੍ਹਾਂ ਦੀਆਂ ਹੱਥ-ਲਿਖਤਾਂ ਦੀਆਂ ਫੋਟੋ-ਕਾਪੀਆਂ ਦੇ ਨਮੂਨੇ ਦਿੱਤੇ ਗਏ ਹਨ। ਪਾਠਕਾਂ ਦੀ ਆਸਾਨੀ ਲਈ ਹੁਕਮਨਾਮਿਆਂ ਦਾ ਪਦ-ਛੇਦ ਕਰਕੇ ਛਾਪਿਆ ਉਪਲਬਧ ਹੈ। ਖੋਜ ਕਰਤਾ ਨੇ ਅਸਪੱਸ਼ਟ ਲਿਖਤ ਵਾਲੇ ਹੁਕਮਨਾਮਿਆਂ ਨੂੰ ਪ੍ਰਮਾਣੀਕ੍ਰਿਤ ਕਰਨ ਤੋਂ ਸੰਕੋਚ ਕੀਤਾ ਹੈ। ਗੁਰਮੁਖੀ ਲਿਪੀ ਦੇ ਨਿਕਾਸ ਅਤੇ ਵਿਕਾਸ ਦਾ ਅਧਿਐਨ ਕਰਨ ਵਾਲੇ ਖੋਜਾਰਥੀਆਂ ਲਈ ਇਹ ਕਾਰਜ ਮੁੱਲਵਾਨ ਹੋ ਸਕਦਾ ਹੈ। ਚੌਥੇ ਅਤੇ ਪੰਜਵੇਂ ਭਾਗ ਵਿਚ ਕ੍ਰਮਵਾਰ ਸਾਰ ਅਤੇ ਅੰਤਿਕਾ ਹੈ। ਪੁਸਤਕ ਸੰਭਾਲਣਯੋਗ ਦਸਤਾਵੇਜ਼ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਕੁੰਭੀ ਨਰਕ
ਕਹਾਣੀਕਾਰ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94170-64350.

ਭਗਵੰਤ ਰਸੂਲਪੁਰੀ ਹਾਸ਼ੀਏ ਉਪਰ ਧਕੇਲੇ, ਕੁੰਭੀ ਨਰਕ ਵਿਚ ਜਿਉ ਰਹੇ ਲੋਕਾਂ ਬਾਰੇ ਕਹਾਣੀ-ਰਚਨਾ ਕਰਦਾ ਹੈ ਅਤੇ ਇਸ ਪ੍ਰਸੰਗ ਵਿਚ ਆਪਣੀ ਇਕ ਨਵੇਕਲੀ ਪਛਾਣ ਬਣਾ ਚੁੱਕਾ ਹੈ। ਸਦੀਆਂ ਤੋਂ ਭਾਰਤ ਦੇ ਕਈ ਵਰਗ ਇਹੋ ਜਿਹੇ ਮੈਲੇ-ਕੁਚੈਲੇ ਕੰਮਾਂ ਲਈ ਬੰਧੂਆ ਬਣ ਕੇ ਕੰਮ ਕਰਨ ਲਈ ਮਜਬੂਰ ਹਨ ਜਿਨ੍ਹਾਂ ਨੂੰ ਹੋਰ ਕੋਈ ਵਰਗ ਹੱਥ ਵੀ ਨਹੀਂ ਲਾਉਂਦਾ। ਮਲਮੂਤਰ ਢੋਣਾ, ਮੋਏ ਪਸ਼ੂਆਂ ਨੂੰ ਹੱਡਾਰੋੜੀ ਵਿਚ ਲੈ ਕੇ ਜਾਣਾ, ਉਨ੍ਹਾਂ ਦੀ ਖੱਲ ਉਤਾਰਨੀ, ਸਮਾਜ ਦੇ ਕਥਿਤ ਉੱਚ ਜਾਂ ਮੱਧ ਵਰਗਾਂ ਦੀਆਂ ਜੁੱਤੀਆਂ ਸੀਣਾ, ਅਜੋਕੇ ਸੰਦਰਭ ਵਿਚ ਸੀਵਰੇਜ ਸਾਫ਼ ਕਰਨਾ, ਬੰਦ ਪਏ ਗਟਰਜ਼ ਨੂੰ ਖੋਲ੍ਹਣਾ ਆਦਿ ਕੰਮ ਇਕ ਅਜਿਹੇ ਵਰਗ ਦੇ ਜ਼ਿੰਮੇ ਹਨ ਜਿਸ ਨੂੰ ਕੁਝ ਸਮਾਂ ਪਹਿਲਾਂ 'ਸ਼ੂਦਰ' ਕਿਹਾ ਜਾਂਦਾ ਸੀ ਅਤੇ ਅੱਜਕਲ੍ਹ 'ਅਨੁਸੂਚਿਤ ਜਾਤੀ' ਕਿਹਾ ਜਾਂਦਾ ਹੈ। ਭਗਵੰਤ ਰਸੂਲਪੁਰੀ ਇਸ ਵਰਗ ਦੀਆਂ ਵਿਖਮਤਾਵਾਂ, ਉਨ੍ਹਾਂ ਦੇ ਸੁਪਨਿਆਂ ਅਤੇ ਸੱਧਰਾਂ ਦੇ ਬਿਰਤਾਂਤ ਤਿਆਰ ਕਰਦਾ ਹੈ।
ਹਥਲੇ ਸੰਗ੍ਰਹਿ ਵਿਚ ਉਸ ਦੀਆਂ ਛੇ (ਲੰਮੀਆਂ) ਕਹਾਣੀਆਂ ਸੰਕਲਿਤ ਹਨ। ਕੁਝ ਕਹਾਣੀਆਂ ਵਿਚ ਉਹ ਚਮੜਾ ਉਤਾਰਨ, ਰੰਗਣ ਅਤੇ ਖੱਲਾਂ ਵੇਚਣ ਵਾਲੇ ਪਰਿਵਾਰਾਂ ਦੀ ਯਾਤਨਾ ਨੂੰ ਬਿਆਨ ਕਰਦਾ ਹੈ। ਮੱਧਕਾਲ ਦੇ ਸੰਤਾਂ-ਭਗਤਾਂ, ਸਿੱਖ ਗੁਰੂ ਸਾਹਿਬਾਨ ਅਤੇ ਆਧੁਨਿਕ ਕਾਲ ਵਿਚ ਹੋਏ ਬਾਬਾ ਫੂਲੇ ਅਤੇ ਡਾ: ਅੰਬੇਡਕਰ ਦੇ ਯਤਨਾਂ ਦੁਆਰਾ ਭਾਰਤੀ ਸਮਾਜ ਦੇ ਇਸ ਅਣਗੌਲੇ ਅਤੇ ਦਲਿਤ ਵਰਗ ਵਿਚ ਕਾਫੀ ਚੇਤਨਾ ਆਈ ਹੈ। ਇਸ ਵਰਗ ਦੇ ਬਹੁਤ ਸਾਰੇ ਲੋਕ ਅਨੇਕ ਮੁਸ਼ਕਿਲਾਂ-ਦੁਸ਼ਵਾਰੀਆਂ ਦੇ ਬਾਵਜੂਦ ਪੜ੍ਹ-ਲਿਖ ਕੇ ਚੰਗੀਆਂ ਨੌਕਰੀਆਂ ਉੱਪਰ ਵੀ ਜਾ ਲੱਗੇ ਹਨ। ਨਵੇਂ ਕਾਨੂੰਨ ਬਣ ਜਾਣ ਦੇ ਕਾਰਨ, ਕਥਿਤ ਸਵਰਨ ਜਾਤੀਆਂ ਦੇ ਲੋਕ ਇਨ੍ਹਾਂ ਨਾਲ ਜ਼ਾਹਰਾ ਤੌਰ 'ਤੇ ਕੋਈ ਵਿਤਕਰਾ ਨਹੀਂ ਕਰ ਸਕਦੇ ਪਰ ਆਚਾਰ-ਵਿਹਾਰ ਦੇ ਪੱਖੋਂ ਅਜੇ ਵੀ ਇਨ੍ਹਾਂ ਵਰਗਾਂ ਨਾਲ ਵਿਤਕਰਾ ਅਤੇ ਦੁਰਵਿਹਾਰ ਹੋ ਰਿਹਾ ਹੈ। ਭਗਵੰਤ ਰਸੂਲਪੁਰੀ ਦੀਆਂ ਕਹਾਣੀਆਂ ਵਿਤਕਰਾ ਕਰਨ ਵਾਲੇ ਲੋਕਾਂ ਦੇ 'ਮਾਈਂਡ ਸੈੱਟ' ਉੱਪਰ ਗਹਿਰੀ ਚੋਟ ਲਾ ਕੇ ਉਨ੍ਹਾਂ ਨੂੰ ਝੰਜੋੜਦੀਆਂ ਹਨ।
'ਕੁੰਭੀ ਨਰਕ' ਅਤੇ 'ਸੁੱਕੀਆਂ ਕੁੰਨਾਂ' ਵਿਚ ਚਮੜਾ ਉਤਾਰਨ ਅਤੇ ਮਲਮੂਤਰ ਢੋਣ ਵਾਲੇ ਵਰਗਾਂ ਦੇ ਬਿਰਤਾਂਤ ਪੇਸ਼ ਹੋਏ ਹਨ। 'ਕਬਰਗਾਹ' ਵਿਚ ਇਕ ਨਿਮਨ ਕਿਸਾਨ ਦੇ ਦੁਖਾਂਤ ਨੂੰ ਅਤੇ ਇਕ ਦਲਿਤ ਪਰਿਵਾਰ ਦੀ ਹੋਣੀ ਨੂੰ, ਇਕ-ਦੂਜੇ ਦੇ ਸਮਵਿੱਥ ਰੱਖ ਕੇ ਬਿਆਨ ਕੀਤਾ ਗਿਆ ਹੈ। 'ਬਲੈਕ ਡਸਟਬਿਨ' ਵਿਚ ਪਰਵਾਸੀ ਜੀਵਨ ਦੇ ਵੇਰਵੇ ਹਨ। ਵਿਕਸਿਤ ਦੇਸ਼ਾਂ ਵਿਚ ਕਾਨੂੰਨ ਨੂੰ ਇਕ 'ਲਾਠੀ' ਵਾਂਗ ਵਰਤ ਕੇ ਲੋਕਾਂ ਤੋਂ ਉਨ੍ਹਾਂ ਦਾ ਸਾਰਾ ਰੋਹ ਅਤੇ ਆਕ੍ਰੋਸ਼ ਖੋਹ ਲਿਆ ਜਾਂਦਾ ਹੈ। ਉਹ ਜੀ ਹਜ਼ੂਰੀਏ ਬਣ ਜਾਂਦੇ ਹਨ। ਚਾਬੀ ਵਾਲੇ ਖਿਡੌਣਿਆਂ ਵਾਂਗ ਵਿਹਾਰ ਕਰਦੇ ਹਨ। 'ਧੂੜ' ਕਹਾਣੀ ਦੇ ਬਹੁਤ ਸਾਰੇ ਧਰਾਤਲ ਹਨ। ਕਹਾਣੀ ਦੁਖਾਂਤਿਕ ਹੋਣ ਦੇ ਬਾਵਜੂਦ ਆਸ਼ਾਵਾਦੀ ਹੈ। ਆਉਣ ਵਾਲੇ ਚੰਗੇ ਦਿਨਾਂ ਦਾ ਯਕੀਨ ਬੰਨ੍ਹਾਉਂਦੀ ਹੈ। 'ਮਾਇਆ' ਵਿਚ ਲੇਖਕ ਆਧੁਨਿਕ ਯੁੱਗ ਦੇ ਬਾਬਿਆਂ ਉੱਪਰ ਟਿੱਪਣੀ ਕਰਦਾ ਹੈ। ਇਹ ਬਾਬੇ ਆਪਣੇ ਭਗਤਾਂ ਪਾਸੋਂ ਸੰਘਰਸ਼ ਕਰਨ ਅਤੇ ਲੜਨ-ਮਰਨ ਦੀ ਹਿੰਮਤ ਖੋਹ ਕੇ ਉਨ੍ਹਾਂ ਨੂੰ ਭਾਗਵਾਦੀ ਬਣਾ ਦਿੰਦੇ ਹਨ। ਵਿਵਸਥਾ ਇਹੋ ਹੀ ਚਾਹੁੰਦੀ ਹੈ। ਭਗਵੰਤ ਰਸੂਲਪੁਰੀ ਦਾ ਇਹ ਸੰਗ੍ਰਹਿ ਸਵਾਗਤਯੋਗ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜੀਵਨ ਸੰਗਰਾਮ
(ਸ਼ਹੀਦ ਉੱਤਮ ਸਿੰਘ ਹਾਂਸ)
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 94178-55876.

ਸ਼ਹੀਦ ਉੱਤਮ ਸਿੰਘ ਹਾਂਸ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਾਂਸ ਕਲਾਂ ਵਿਖੇ ਸੰਨ 1885 ਵਿਚ ਇਕ ਸਾਧਾਰਨ ਕਿਰਸਾਨ ਜੀਤਾ ਸਿੰਘ ਦੇ ਘਰ ਮਾਤਾ ਫ਼ਤਹਿ ਕੌਰ ਦੀ ਕੁੱਖੋਂ ਹੋਇਆ। ਘਰ ਦੀ ਗ਼ਰੀਬੀ ਕੱਟਣ ਦੇ ਮਕਸਦ ਨਾਲ ਜਦੋਂ ਉੱਤਮ ਸਿੰਘ ਹਾਂਸ ਕੈਨੇਡਾ ਪਹੁੰਚਿਆ ਤਾਂ ਉਸ ਨੂੰ ਅੰਗਰੇਜ਼ਾਂ ਦੀ ਗੁਲਾਮੀ ਦਾ ਤਿੱਖਾ ਅਹਿਸਾਸ ਹੋਇਆ। ਇਸ ਜੀਵਨੀ ਦੇ ਸਮਰੱਥ ਲੇਖਕ ਹਰੀ ਸਿੰਘ ਢੁੱਡੀਕੇ ਜੋ ਕਿ ਇਕ ਸਥਾਪਿਤ ਪੰਜਾਬੀ ਨਾਵਲਕਾਰ ਵਜੋਂ ਜਾਣੇ ਜਾਂਦੇ ਹਨ, ਇਸ ਜੀਵਨੀ-ਪੁਸਤਕ 'ਚ ਸ਼ਹੀਦ ਉੱਤਮ ਸਿੰਘ ਹਾਂਸ ਦੀਆਂ ਦੇਸ਼-ਭਗਤੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ, 'ਉਸ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਭਾਰਤੀਆਂ ਦੀ ਸਭ ਪਾਸੇ ਇਸ ਕਰਕੇ ਬੇਇੱਜ਼ਤੀ ਹੋ ਰਹੀ ਹੈ ਕਿਉਂਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਹਾਂ। ਇਸ ਕਰਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੀ ਸਾਡਾ ਧਰਮ ਹੈ।' ਇਸ ਸੋਚ ਨੂੰ ਲੈ ਕੇ ਕੈਨੇਡਾ ਵਿਚ ਹੀ ਗ਼ਦਰ ਲਹਿਰ ਦੇ ਆਗੂਆਂ ਦੇ ਸੰਪਰਕ ਵਿਚ ਆਏ ਅਤੇ ਇਸ ਲਹਿਰ ਦੇ ਨਾਇਕ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਆਪਣਾ ਆਦਰਸ਼ ਮੰਨ ਲਿਆ। ਇਸ ਭਾਵਨਾ ਤਹਿਤ ਪਰਿਵਾਰਕ ਫ਼ਿਕਰ ਅਤੇ ਚਿੰਤਾਵਾਂ ਨੂੰ ਛੱਡ ਕੇ ਇਸ ਮਹਾਨ ਸ਼ਹੀਦ ਨੇ ਪੂਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਇਹ ਜੀਵਨੀ ਲਿਖ ਕੇ ਲੇਖਕ ਹਰੀ ਸਿੰਘ ਢੁੱਡੀਕੇ ਨੇ ਬੇਹੱਦ ਸ਼ਲਾਘਾਯੋਗ ਉੱਦਮ ਕੀਤਾ ਹੈ ਅਤੇ ਪੰਜਾਬੀ ਦੇ ਜੀਵਨੀ ਸਾਹਿਤ ਵਿਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਹੈ। ਤਕਨੀਕੀ ਪੱਖੋਂ ਇਹ ਜੀਵਨੀ ਬੇਹੱਦ ਸਲਾਹੁਣਯੋਗ ਅਤੇ ਅਸਰ ਭਰਪੂਰ ਹੈ। ਦੇਸ਼-ਭਗਤਾਂ ਦੇ ਜੀਵਨ ਸੰਗਰਾਮ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਬਿਨਾਂ ਸ਼ੱਕ ਕਾਬਲੇ ਤਾਰੀਫ਼ ਹੈ। ਇਸ ਜੀਵਨੀ ਦਾ ਹਰ ਪਾਸੇ ਭਰਵਾਂ ਸਵਾਗਤ ਕੀਤਾ ਜਾਣਾ ਬਣਦਾ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

c c c

ਅੱਗ ਦਾ ਦਰਿਆ
ਕਵੀ : ਪ੍ਰਿੰਸੀਪਲ ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 094192-12801.

ਪ੍ਰਿੰ. ਹਜ਼ੂਰਾ ਸਿੰਘ ਪੁਰਾਣਾ ਅਦੀਬ ਹੈ, ਜਿਸ ਨੇ ਸਾਹਿਤ ਦੀ ਹਰ ਵਿਧਾ 'ਤੇ ਕਲਮ ਅਜ਼ਮਾਈ ਹੈ। ਉਸ ਨੇ ਕਵਿਤਾ ਦੇ ਨਾਲ-ਨਾਲ ਕਹਾਣੀਆਂ, ਨਾਵਲ ਤੇ ਨਾਟਕਾਂ ਦੀ ਰਚਨਾ ਵੀ ਕੀਤੀ ਹੈ। ਪਰ ਉਹ ਪ੍ਰਮੁੱਖ ਤੌਰ 'ਤੇ ਸ਼ਾਇਰ ਹੈ ਤੇ 'ਅੱਗ ਦਾ ਦਰਿਆ' ਉਸ ਦੀ ਗਿਆਰਵੀਂ ਪੁਸਤਕ ਹੈ ਜਿਸ ਨੂੰ ਗੁਰਚਰਨ ਬੱਧਣ ਨੇ ਸੰਪਾਦਿਤ ਕੀਤਾ ਹੈ। 'ਅੱਗ ਦਾ ਦਰਿਆ' ਵਿਚ ਕਵਿਤਾਵਾਂ ਤੇ ਗੀਤਾਂ ਨਾਲ ਗ਼ਜ਼ਲਾਂ ਨੂੰ ਚੋਖੀ ਗਿਣਤੀ ਵਿਚ ਛਾਪਿਆ ਗਿਆ ਹੈ। ਪੁਸਤਕ ਦੀ ਪ੍ਰਥਮ ਰਚਨਾ ਗ਼ਜ਼ਲ ਹੈ ਜਿਸ ਵਿਚ ਸ਼ਾਇਰ ਨੇ ਮੁਹੱਬਤ ਦੀ ਗੱਲ ਕਰਦਿਆਂ ਹੋਇਆਂ ਪੁਰਾਤਨ ਪ੍ਰੇਮ ਕਹਾਣੀਆਂ ਨੂੰ ਛੋਹਿਆ ਹੈ। ਇਸ ਤੋਂ ਅਗਲੇਰੇ ਤਿੰਨ ਗੀਤਾਂ ਚੋਂ ਦੋ ਵੀ ਮੁਹੱਬਤੀ ਰੰਗ ਨਾਲ ਸਬੰਧਤ ਹਨ ਤੇ ਇਕ ਮਾਂ ਵਰਗੇ ਅਹਿਮ ਰਿਸ਼ਤੇ ਬਾਰੇ ਹੈ ਜਿਸ ਵਿਚ ਸ਼ਾਇਰ ਨੇ ਮਾਂ ਵਲੋਂ ਬੱਚੇ ਦੇ ਪਾਲਣ ਸਮੇਂ ਸਹਾਰੀਆਂ ਮੁਸ਼ਕਿਲਾਂ ਦਾ ਵਰਨਣ ਕੀਤਾ ਹੈ। ਉਸ ਮੁਤਾਬਿਕ ਦੁਨੀਆਂ 'ਚੋਂ ਪ੍ਰੇਮ ਕਹਾਣੀਆਂ ਦਫ਼ਨ ਹੋ ਚੁੱਕੀਆਂ ਹਨ ਤੇ ਇਸ ਦੁਨੀਆਂ ਵਿਚ ਪਿਆਰ ਦੀ ਕੋਈ ਵੀ ਕਦਰ ਨਹੀਂ ਹੈ। ਸ਼ਾਇਰ ਅਨੁਸਾਰ ਬੁਰੇ ਸਮੇਂ ਵਿਚ ਪਰਛਾਵਾਂ ਵੀ ਸਾਥ ਛੱਡ ਦਿੰਦਾ ਹੈ। ਉਹ ਆਪਣੇ ਸ਼ਿਅਰਾਂ ਵਿਚ ਕਹਿੰਦਾ ਹੈ ਕਿ ਸਾਡਾ ਸਮਾਜ ਲੱਛਮੀ ਨੂੰ ਤਾਂ ਪਿਆਰ ਕਰਦਾ ਹੈ ਪਰ ਕੁੱਖ ਵਿਚ ਪਲ ਰਹੀ ਲੱਛਮੀ ਪ੍ਰਤੀ ਨਫ਼ਰਤ ਰੱਖਦਾ ਹੈ। ਉਹ ਰੁੱਤਾਂ ਦੇ ਰੰਗਾਂ 'ਚੋਂ ਬਹਾਰ ਦੇ ਰੰਗ ਨੂੰ ਉੱਤਮ ਤਾਂ ਮੰਨਦਾ ਹੈ ਪਰ ਕਿਸੇ ਵੇਲੇ ਇਹ ਵੀ ਅੱਗ ਵਾਂਗ ਸਾੜਦਾ ਹੈ। ਸ਼ਾਇਰ ਜਾਤ ਪਾਤ ਦੀ ਘੋਰ ਨਿੰਦਾ ਕਰਦਾ ਹੈ ਤੇ ਮਨੂੰਵਾਦ ਅੱਗੇ ਉਸ ਨੂੰ ਲਾਲ ਕਿਤਾਬ ਵੀ ਹਾਰੀ-ਹਾਰੀ ਲਗਦੀ ਹੈ। ਇਨਕਲਾਬ ਦਾ ਨਾਅਰਾ ਮਨੂੰਵਾਦ ਅੱਗੇ ਟਿਕ ਨਹੀਂ ਸਕਿਆ ਤੇ ਇਹ ਕਿਧਰੇ ਅਲੋਪ ਹੋ ਗਿਆ ਹੈ। ਅਜੋਕੇ ਸਮੇਂ ਦੀ ਲੱਚਰ ਗਾਇਕੀ ਉਸ ਨੂੰ ਦੁੱਖ ਪਹੁੰਚਾਉਂਦੀ ਹੈ ਤੇ ਅਖੌਤੀ ਸਾਧਾਂ ਦੇ ਡੇਰੇ ਉਸ ਨੂੰ ਦੁਕਾਨਦਾਰੀਆਂ ਤੋਂ ਵਧ ਕੁਝ ਨਹੀਂ ਲਗਦੇ। ਭਾਰਤੀ ਸਿਆਸਤ ਦੀ ਨਿਵਾਣ ਬਾਰੇ ਵੀ ਉਹ ਤਿੱਖੀ ਸੁਰ ਰੱਖਦਾ ਹੈ ਤੇ ਮਨੁੱਖੀ ਸਮੱਸਿਆਵਾਂ ਪਿੱਛੇ ਉਸ ਨੂੰ ਗੰਦੀ ਸਿਆਸਤ ਦਾ ਵੱਡਾ ਯੋਗਦਾਨ ਮਹਿਸੂਸ ਹੁੰਦਾ ਹੈ। ਹਜ਼ੂਰਾ ਸਿੰਘ ਦੀਆਂ ਗ਼ਜ਼ਲਾਂ ਵਿਚ ਹਰ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਨ੍ਹਾਂ ਵਿਚ ਵੰਨ-ਸੁਵੰਨਤਾ ਹੈ। ਬਹੁਤੀਆਂ ਗ਼ਜ਼ਲਾਂ, ਗ਼ਜ਼ਲਾਂ ਹੋਣ ਦੇ ਬਾਵਜੂਦ ਕਈਆਂ ਥਾਵਾਂ 'ਤੇ ਕਈਆਂ ਪੱਖਾਂ ਤੋਂ ਗ਼ਜ਼ਲ ਨਾਲ ਵਫ਼ਾ ਨਹੀਂ ਪਾਲਦੀਆਂ। ਉਂਝ ਇਹ ਸੰਗ੍ਰਹਿ ਚੰਗਾ ਯਤਨ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਸਾਵੀਂ ਸੋਚ
ਲੇਖਿਕਾ : ਜਸਪ੍ਰੀਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94178-31583.

ਹਥਲੀ ਪੁਸਤਕ ਵਿਚ ਲੇਖਿਕਾ ਦੇ ਚੋਣਵੇਂ 36 ਲੇਖ ਸ਼ਾਮਿਲ ਹਨ। ਅਜੋਕੀ ਵਾਰਤਕ ਦੇ ਸ਼ਾਹਸਵਾਰ ਤੇ ਹਰਮਨ-ਪਿਆਰੇ ਸਾਹਿਤਕਾਰ ਪ੍ਰੋ: ਨਰਿੰਦਰ ਸਿੰਘ ਕਪੂਰ ਨੇ ਪੁਸਤਕ ਵਿਚਲੇ ਲੇਖਾਂ ਦੇ ਸੰਦਰਭ ਵਿਚ ਲਿਖਿਆ ਹੈ ਕਿ ਸਾਡੇ ਦੇਸ਼ ਦੇ ਲੋਕ ਉੱਠਦੇ ਭਾਵੇਂ ਜਲਦੀ ਹਨ ਪਰ ਜਾਗਦੇ ਦੇਰ ਨਾਲ ਹਨ। ਸੰਗ੍ਰਹਿ ਵਿਚਲੇ ਲੇਖ ਉੱਚੇ ਹੋਣ ਦੀ ਪ੍ਰੇਰਣਾ ਦਿੰਦੇ ਹਨ। ਡਾ: ਸਤੀਸ਼ ਕੁਮਾਰ ਵਰਮਾ ਨੇ ਕਿਤਾਬ ਦੇ ਲੇਖਾਂ ਨੂੰ ਉਪਦੇਸ਼ਾਤਮਿਕ ਕਿਹਾ ਹੈ। ਇਸ ਤਰਕਸ਼ੀਲਤਾ ਦੇ ਦੀਦਾਰ ਕਈ ਲੇਖਾਂ ਵਿਚ ਹੁੰਦੇ ਹਨ। ਚਿੰਤਨਸ਼ੀਲ ਕਲਮ ਨੇ ਲੇਖਾਂ ਨੂੰ ਸੂਤਰਕ ਸ਼ੈਲੀ ਵਿਚ ਪੇਸ਼ ਕੀਤਾ ਹੈ।
ਔਰਤ ਦੀ ਅਜੋਕੀ ਸਥਿਤੀ ਬਾਰੇ ਲੇਖ ਵਿਚ ਹਰ ਸਾਲ 8 ਮਾਰਚ ਨੂੰ ਮਨਾਏ ਜਾਂਦੇ ਔਰਤ ਦਿਵਸ ਦੀ ਮਹਾਨਤਾ ਦਾ ਜ਼ਿਕਰ ਹੈ। ਮਾਦਾ ਭਰੂਣ ਹੱਤਿਆ ਤੋਂ ਲੈ ਕੇ ਵਿਸ਼ਵ ਭਰ ਵਿਚ ਤੇ ਪੰਜਾਬ ਵਿਚ ਔਰਤਾਂ ਦੇ ਹੁੰਦੇ ਸ਼ੋਸ਼ਣ 'ਤੇ ਗਹਿਰੇ ਵਿਚਾਰ ਹਨ। (ਪੰਨਾ 21) ਅਧਿਆਪਕ ਵਰਗ ਬਾਰੇ ਦੋ ਲੇਖ ਹਨ ਜਿਨ੍ਹਾਂ ਵਿਚ ਸਮਾਜ ਤੇ ਮਾਨਵੀ ਜੀਵਨ ਪ੍ਰਤੀ ਅਧਿਆਪਕ ਦੀ ਭੂਮਿਕਾ ਦੀ ਸਾਰਥਿਕ ਚਰਚਾ ਹੈ। ਬਾਲ ਮਜ਼ਦੂਰੀ 'ਤੇ ਕਾਨੂੰਨੀ ਤੇ ਵਿਵਹਾਰਿਕ ਨਜ਼ਰੀਆ ਹੈ। ਪੰਜਾਬ ਵਿਚ ਪੰਜਾਬੀ ਦੀ ਅਜੋਕੀ ਸਥਿਤੀ ਬਾਰੇ ਲੇਖਿਕਾ ਦਾ ਕਥਨ ਹੈ ਕਿ ਕੁਝ ਸ਼ਬਦਾਂ ਦੇ ਮਰਨ ਨਾਲ ਕੋਈ ਭਾਸ਼ਾ ਅਲੋਪ ਨਹੀਂ ਹੁੰਦੀ। ਹਰੇਕ ਪੰਜਾਬੀ ਦਾ ਫਰਜ਼ ਹੈ ਕਿ ਉਹ ਮਾਂ-ਬੋਲੀ ਦੀ ਸੇਵਾ ਵਿਚ ਆਪਣੇ ਹਿੱਸੇ ਦਾ ਪੱਥਰ ਜੋੜੇ। (ਪੰਨਾ 74) ਲੇਖ 'ਨੈਤਿਕ ਪਤਨ ਵੱਲ ਵਧ ਰਿਹਾ ਸਮਾਜ, ਮਾਵਾਂ ਠੰਡੀਆਂ ਛਾਵਾਂ, ਪੰਜਾਬੀ ਸੱਭਿਆਚਾਰ ਦਾ ਬਦਲਦਾ ਮੁਹਾਂਦਰਾ, ਧਰਮ ਤੇ ਡੇਰਾਵਾਦ, ਵਧਦੀ ਆਬਾਦੀ ਨੂੰ ਰੋਕਣ ਲਈ ਕਾਨੂੰਨੀ ਲੋੜ, ਵਾਤਾਵਰਨ ਸੁਰੱਖਿਆ, ਵਿਸਾਖੀ ਦੀ ਪੁਰਾਤਨ ਸਮੇਂ ਤੋਂ ਹੁਣ ਤੱਕ ਦੀ ਗੰਭੀਰ ਚਰਚਾ, ਵਿਦਿਆਰਥੀ ਤੇ ਅਨੁਸ਼ਾਸਨ, ਅਮਰੀਕਾ ਦਾ ਵਾਈਟ ਹਾਊਸ, ਖੂਨ ਦਾਨ ਤੇ ਮੋਬਾਈਲ ਦੀ ਬੇਲੋੜੀ ਵਰਤੋਂ' ਨੌਜਵਾਨ ਵਰਗ ਲਈ ਸੇਧਮਈ ਰਚਨਾਵਾਂ ਹਨ। ਲੇਖਾਂ ਦੀ ਭਾਸ਼ਾ ਏਨੀ ਠੇਠ, ਸਰਲ, ਸਪੱਸ਼ਟ, ਸੁਹਜਮਈ ਤੇ ਦਿਲਚਸਪ ਹੈ ਕਿ ਪਾਠਕ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਸੁੰਦਰ ਛਪਾਈ ਤੇ ਵਧੀਆ ਦਿੱਖ ਵਾਲੀ ਵਾਰਤਕ ਦੀ ਪੁਸਤਕ ਦਾ ਨਿੱਘਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

c c c

ਸੰਸਾਰ
ਕਹਾਣੀਕਾਰ : ਲਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 94655-74866.

ਇਸ ਕਹਾਣੀ ਸੰਗ੍ਰਹਿ ਵਿਚਲੀਆਂ 6 ਕਹਾਣੀਆਂ ਸਮਾਜਿਕ ਯਥਾਰਥ ਅਤੇ ਮਨੋਵਿਗਿਆਨ ਦੁਆਲੇ ਘੁੰਮਦੀਆਂ ਹਨ। ਇਨ੍ਹਾਂ ਵਿਚੋਂ ਲੇਖਕ ਦੀ ਮਾਨਵਵਾਦੀ ਦ੍ਰਿਸ਼ਟੀ ਝਲਕਦੀ ਹੈ। ਇਨ੍ਹਾਂ ਕਹਾਣੀਆਂ ਵਿਚ ਡੂੰਘਾ ਅਨੁਭਵ ਅਤੇ ਨਿਵੇਕਲਾਪਣ ਹੈ। ਪ੍ਰਗਤੀਸ਼ੀਲਤਾ ਇਨ੍ਹਾਂ ਦਾ ਮੁੱਖ ਲੱਛਣ ਹੈ। ਪਹਿਲੀ ਕਹਾਣੀ 'ਗ਼ਦਰ' ਆਪਣੇ ਵਤਨ ਲਈ ਮੋਹ ਪਾਲੀ ਬੈਠੇ, ਵਿਦੇਸ਼ੀ ਧਰਤੀਆਂ 'ਤੇ ਰੋਜ਼ੀ-ਰੋਟੀ ਕਮਾਉਣ ਗਏ, ਉਨ੍ਹਾਂ ਦੇਸ਼-ਵਾਸੀਆਂ ਅਤੇ ਪੰਜਾਬੀਆਂ ਦੀ ਹੋਣੀ ਪੇਸ਼ ਕਰਦੀ ਹੈ। ਦੂਜੀ ਕਹਾਣੀ 'ਸੰਸਾਰ' ਵਿਚ ਰਾਜਨੀਤਕ ਅਤੇ ਇਤਿਹਾਸਕ ਅੰਸ਼ ਹਨ। ਉਸ ਨੇ ਵੱਢਖਾਣੇ ਮਨੁੱਖਾਂ ਨੂੰ ਸੰਸਾਰ ਜਾਂ ਮਗਰਮੱਛ ਨਾਲ ਤੁਲਨਾ ਦਿੱਤੀ ਹੈ। ਕਹਾਣੀ ਜੁਬਾੜ੍ਹੇ ਵਿਚ ਵਪਾਰਕ ਰੰਗ ਹੈ। ਪੈਸੇ ਦੀ ਅੰਨ੍ਹੀ ਦੌੜ ਆਦਮੀ ਨੂੰ ਕਿੰਨਾ ਨੀਵਾਂ ਗਿਰਾ ਦਿੰਦੀ ਹੈ। ਸੰਸਾਰੀਕਰਨ ਅਤੇ ਬਾਜ਼ਾਰੀਕਰਨ ਨੇ ਰੱਜ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ। ਵਿਦੇਸ਼ੀ ਕੰਪਨੀਆਂ ਨੇ ਗ਼ਰੀਬਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ। ਕੰਪਨੀ ਸਟੋਰਾਂ ਨੇ ਭੋਲੇ-ਭਾਲੇ ਲੋਕਾਂ ਨੂੰ ਉਜਾੜ ਦਿੱਤਾ ਹੈ। ਕਹਾਣੀ 'ਤੀਸਰਾ ਸ਼ਬਦ' ਵਿਚ ਜਾਤ-ਪਾਤ, ਊਚ-ਨੀਚ ਅਤੇ ਅਮੀਰੀ-ਗ਼ਰੀਬੀ ਦੀ ਵੇਦਨਾ ਹੈ। ਕਹਾਣੀ 'ਆਪੋ-ਆਪਣੇ ਮੁਹਾਜ਼' ਬੇਰੁਜ਼ਗਾਰੀ, ਬੇਬਸੀ ਅਤੇ ਮਾਨਸਿਕ ਟੁੱਟ-ਭੱਜ ਦੀ ਗੱਲ ਕਰਦੀ ਹੈ। ਗ਼ਦਰੀ ਬਾਬਿਆਂ, ਬੱਬਰਾਂ, ਸੂਰਬੀਰਾਂ ਅਤੇ ਦੇਸ਼ ਭਗਤ ਬੀਬੀ ਗੁਲਾਬ ਕੌਰ ਦਾ ਵੀ ਜ਼ਿਕਰ ਹੈ। ਆਖਰੀ ਕਹਾਣੀ 'ਅੱਗੇ ਸਾਖ਼ੀ ਹੋਰ ਚੱਲੀ...' ਵਿਚ ਨੌਕਰੀ ਕਰਦੀ ਇਕ ਬੇਬੱਸ ਕੁੜੀ ਦੀ ਕਹਾਣੀ ਹੈ, ਜਿਸ ਨੂੰ ਗ਼ਰੀਬੀ, ਮਜਬੂਰੀ ਅਤੇ ਬੇਪਤੀ ਦੇ ਸਿਤਮ ਸਹਿਣੇ ਪੈਂਦੇ ਹਨ। ਸਾਰੀਆਂ ਕਹਾਣੀਆਂ ਵਿਚ ਸਮਾਜ ਦੀਆਂ ਕੌੜੀਆਂ ਸਚਾਈਆਂ ਹਨ। ਸਾਰੇ ਪਾਤਰ ਜਾਣੇ-ਪਛਾਣੇ ਲਗਦੇ ਹਨ। ਬੋਲੀ ਸਰਲ, ਸਪੱਸ਼ਟ ਅਤੇ ਮੁਹਾਵਰੇਦਾਰ ਹੈ। ਇਹ ਕਹਾਣੀਆਂ ਬਹੁਤ ਪ੍ਰਭਾਵਸ਼ਾਲੀ ਅਤੇ ਚੇਤਨਾ ਨੂੰ ਜਗਾਉਣ ਵਾਲੀਆਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

11-03-2018

 ਹੁਣ ਪਿੰਡ ਨਹੀਂ ਜਾਇਆ ਜਾਣਾ
ਲੇਖਕ : ਗੁਰਦੇਵ ਸਿੰਘ ਜੌਹਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 95012-64465.

ਸੁਹਜ ਸੁਆਦ, ਸਵੱਛ ਉਸਾਰੂ ਸੋਚ ਨਾਲ ਜ਼ਿੰਦਗੀ ਨੂੰ ਖਿੜੇ ਮੱਥੇ ਜੀਣ ਵਾਲੇ ਪ੍ਰੋੜ੍ਹ ਉਮਰ ਦੇ ਇਕ ਅਨੁਭਵੀ ਲੇਖਕ ਦੀ ਜ਼ਿੰਦਗੀ ਦੀਆਂ 31 ਨਿੱਕੀਆਂ ਝਲਕਾਂ ਹਨ ਇਸ ਕਿਤਾਬ ਵਿਚ। ਲੇਖਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਰਿਹਾ ਹੈ ਸਾਰੀ ਉਮਰ ਪਰ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਨਾਲ ਉਸ ਨੇ ਸ਼ੁਰੂ ਤੋਂ ਮੋਹ ਵਾਲਾ ਰਿਸ਼ਤਾ ਰੱਖਿਆ ਹੈ। ਉਸ ਦਾ ਨਿਰੰਤਰ ਅਖ਼ਬਾਰਾਂ, ਕਿਤਾਬਾਂ ਖਰੀਦਣ, ਪੜ੍ਹਨ ਦਾ ਸ਼ੌਕ, ਆਦਰਸ਼ਾਂ ਉੱਤੇ ਪਹਿਰਾ ਦੇਣ ਦੀ ਰੁਚੀ, ਹਰ ਕਿਸੇ ਦੇ ਕੰਮ ਆਉਣ/ਸਵਾਰਨ ਦਾ ਸੁਭਾਅ ਆਸਪਾਸ ਵਿਚਰਦੇ ਲੋਕਾਂ ਨੂੰ ਵੇਖਣ ਸਮਝਣ ਦੀ ਜਗਿਆਸਾ ਹਰ ਸਮੇਂ ਸਹਿਜ ਤੇ ਭੱਜ-ਨੱਸ ਤੋਂ ਮੁਕਤ ਸੰਤੁਸ਼ਟ ਜੀਵਨ ਜੀਂਦੇ ਹੋਏ ਕੁਝ ਸਾਰਥਕ ਕਰਨ, ਸਿੱਖਣ ਦੀ ਇੱਛਾ ਇਨ੍ਹਾਂ ਨਿਬੰਧਾਂ ਵਿਚੋਂ ਸਾਫ਼ ਵੇਖੀ ਜਾ ਸਕਦੀ ਹੈ।
ਜ਼ਿੰਦਗੀ ਦੇ ਤਲਖ਼ ਤੁਰਸ਼ ਤੇ ਮਿੱਠੇ ਤਜਰਬੇ, ਮਾੜੇ ਚੰਗੇ ਬੰਦੇ ਤੇ ਘਟਨਾਵਾਂ ਪੇਸ਼ ਕਰਦੀਆਂ ਇਹ ਯਾਦਾਂ ਨਿਰਉਚੇਚ ਸ਼ੈਲੀ ਵਿਚ ਹਨ। ਬੇਲੋੜੀ ਭੂਮਿਕਾ ਜਾਂ ਵਿਸਤਾਰ ਨਹੀਂ। ਲੇਖਕ ਸਿੱਧਾ ਵਿਸ਼ੇ ਨੂੰ ਹੱਥ ਪਾਉਂਦਾ ਹੈ। ਵੱਖ-ਵੱਖ ਰੰਗ ਹਨ ਇਨ੍ਹਾਂ ਵਿਚ ਜੀਵਨ ਦੇ। ਪੰਜਾਬ ਦਾ ਖੁੱਲ੍ਹਾ-ਡੁੱਲ੍ਹਾ ਸੱਭਿਆਚਾਰ। ਅਲੋਪ ਹੋ ਰਿਹਾ ਸਰਲ ਪੇਂਡੂ ਜੀਵਨ। ਨਿੱਕੀਆਂ-ਨਿੱਕੀਆਂ ਥੁੜਾਂ ਦੇ ਬਾਵਜੂਦ ਮਿਹਨਤ ਨਾਲ ਜ਼ਿੰਦਗੀ ਵਿਚ ਨਿੱਜੀ ਤੇ ਪਰਿਵਾਰਕ ਪੱਧਰ 'ਤੇ ਲੇਖਕ ਦੀਆਂ ਪ੍ਰਾਪਤੀਆਂ ਪਾਠਕ ਲਈ ਪ੍ਰੇਰਕ ਬਣ ਸਕਦੀਆਂ ਹਨ। ਸਾਊ, ਮਿਹਨਤੀ, ਆਦਰਸ਼ ਅਧਿਆਪਕ, ਪ੍ਰੋਫੈਸਰ, ਪ੍ਰਿੰਸੀਪਲ, ਪੁਲਿਸ ਅਫ਼ਸਰ ਆਪਾਂਧਾਪੀ ਤੇ ਸਵਾਰਥ ਦੇ ਇਸ ਯੁੱਗ ਵਿਚ ਜ਼ਿੰਦਗੀ ਵਿਚ ਵਿਸ਼ਵਾਸ ਬਹਾਲ ਕਰਦੇ ਹਨ। ਸਰਕਾਰੀ ਦਫ਼ਤਰਾਂ ਦੀ ਕਾਰਜਸ਼ੈਲੀ ਸਾਡਾ ਲਾਪਰਵਾਹੀ ਵਾਲਾ ਜੀਵਨ ਵਿਹਾਰ, ਸਿਫ਼ਾਰਸ਼ ਤੇ ਜੋੜ-ਤੋੜ ਵਾਲਾ ਵਿਆਪਕ ਮਾਹੌਲ ਅਤੇ ਉਸ ਨਾਲ ਨਿਪਟਣ ਦੀ ਲੇਖਕ ਦੀ ਪਹੁੰਚ ਵਿਧੀ ਵਿਚ ਜੀਵਨ ਨੂੰ ਸੇਧ ਦੇਣ ਵਾਲੀਆਂ ਅਨੇਕਾਂ ਅੰਤਰਦ੍ਰਿਸ਼ਟੀਆਂ ਹਨ।
ਮਾਸੂਮ ਬਚਪਨ ਤੇ ਚੜ੍ਹਦੀ ਜਵਾਨੀ ਦੀਆਂ ਨਿੱਕੀਆਂ ਸ਼ਰਾਰਤਾਂ ਅਤੇ ਜੀਵਨ ਦੇ ਅਨੇਕ ਰੰਗ ਵੀ ਹਨ ਇਸ ਪੜ੍ਹਨ ਸਾਂਭਣ ਯੋਗ ਕਿਤਾਬ ਵਿਚ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਅਚਿੰਤੇ ਬਾਜ ਪਏ
ਲੇਖਕ : ਭਜਨ ਸਿੰਘ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 94177-00122.

ਇਸ ਵਿਚ ਨਾਵਲਕਾਰ ਨੇ 1984 ਵਿਚ ਵਾਪਰੀਆਂ ਘਟਨਾਵਾਂ ਨੂੰ ਨਾਵਲ ਦਾ ਆਧਾਰ ਬਣਾਇਆ ਹੈ। ਨਾਵਲ ਦੀ ਨਾਇਕਾ ਦੀ ਬਹਾਦਰੀ ਅਤੇ ਚੇਤੰਨਤਾ ਨੂੰ ਪੇਸ਼ ਕਰਦੇ ਇਸ ਨਾਵਲ ਵਿਚ ਜਿੱਥੇ ਸਮੇਂ ਦੀਆਂ ਸਰਕਾਰਾਂ ਦੇ ਕੱਚ-ਸੱਚ ਨੂੰ ਬਾਖੂਬੀ ਦਿਖਾਇਆ ਗਿਆ ਹੈ, ਉਥੇ ਹੀ 1984 ਤੋਂ ਬਾਅਦ ਪੰਜਾਬ ਵਿਚ ਪੈਦਾ ਹੋਈ ਖਾੜਕੂ ਲਹਿਰ ਦੇ ਮਨੋਰਥ, ਉਸ ਵਿਚਲੀਆਂ ਕਮੀਆਂ ਅਤੇ ਉਸ ਦੇ ਅੰਤ ਦੇ ਨਾਲ-ਨਾਲ ਇਸੇ ਸਮੇਂ ਦੌਰਾਨ ਲੋਕਤੰਤਰ ਦਾ ਘਾਣ ਕਰਦੀ ਨੌਕਰਸ਼ਾਹੀ ਅਤੇ ਪੁਲਿਸ ਤੰਤਰ ਦਾ ਚਿਹਰਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।
ਨਾਵਲ ਦੀ ਨਾਇਕਾ ਆਪਣੇ ਭਵਿੱਖ ਲਈ ਸੁਪਨੇ ਬੀਜਦੀ ਦਿੱਲੀ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ। 1984 ਦੇ ਅਚਾਨਕ ਸ਼ੁਰੂ ਹੋਏ ਦੰਗਿਆਂ ਵਿਚ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪਿਤਾ ਨੂੰ ਦੰਗਾਕਾਰੀਆਂ ਵਲੋਂ ਕਤਲ ਕਰ ਦਿੱਤਾ ਜਾਂਦਾ ਹੈ। ਉਸ ਦੇ ਬਚਪਨ ਦੀ ਇਹ ਘਟਨਾ ਉਸ ਦਾ ਜੀਵਨ ਮਨੋਰਥ ਹੀ ਬਦਲ ਦਿੰਦੀ ਹੈ ਅਤੇ ਉਹ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਵਚਨਬੱਧ ਹੋ ਜਾਂਦੀ ਹੈ। ਦੰਗਾਕਾਰੀਆਂ ਵਲੋਂ ਉਸ ਨੂੰ ਮਾਰਨ ਦੇ ਵੀ ਯਤਨ ਕੀਤੇ ਜਾਂਦੇ ਹਨ ਪਰ ਉਹ ਬਚ ਜਾਂਦੀ ਹੈ। ਨਾਇਕਾ ਦੀ ਮਾਂ ਉਸ ਨੂੰ ਬਚਾਉਣ ਲਈ ਪੰਜਾਬ ਭੇਜ ਦਿੰਦੀ ਹੈ ਜਿੱਥੇ ਆ ਕੇ ਵੀ ਉਸ ਦਾ ਮਨੋਰਥ ਸਿਰਫ ਦੰਗਾਕਾਰੀਆ ਨੂੰ ਸਜ਼ਾ ਦਿਵਾਉਣਾ ਰਹਿੰਦਾ ਹੈ। ਪੁਲਿਸ ਦੇ ਜਬਰ ਜ਼ੁਲਮ ਨੂੰ ਸਹਾਰਦੀ ਹੋਈ ਵੀ ਉਹ ਟੁੱਟਦੀ ਨਹੀਂ ਅਤੇ ਫਿਰ ਕੁਝ ਪਰਉਪਕਾਰੀ ਵਕੀਲ਼ਾਂ ਦੀ ਸਹਾਇਤਾ ਨਾਲ ਪੁਲਿਸ ਅਤੇ ਝੂਠੇ ਕੇਸਾਂ ਤੋਂ ਛੁਟਕਾਰਾ ਪਾ ਉਹ ਆਪਣੀ ਮਾਂ ਅਤੇ ਭਰਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੋਈ ਬਾਕੀ ਦੁਖੀਆਂ ਦਾ ਸਹਾਰਾ ਬਣਦਿਆਂ ਇਨਸਾਫ਼ ਲਈ ਸੰਘਰਸ਼ਸ਼ੀਲ ਰਹਿੰਦੀ ਹੈ। ਨਾਵਲ ਦੇ ਕਈ ਵੇਰਵੇ ਬੜੀ ਬਾਰੀਕੀ ਨਾਲ ਸਰਕਾਰਾਂ ਅਤੇ ਪੁਲਿਸ ਦੇ ਲਾਲਚ ਨੂੰ ਬਿਆਨਦੇ ਹਨ ਕਿ ਕਿਵੇਂ ਅਨੇਕਾਂ ਜੁਆਨੀਆਂ ਸਿਰਫ ਬਦਲੇ ਅਤੇ ਲਾਲਚ ਦੀ ਭੇਟ ਚੜ੍ਹ ਗਈਆਂ। ਨਾਵਲ ਵਿਚ ਜਿੱਥੇ ਮਨੁੱਖਤਾ ਦਾ ਘਿਣਾਉਣਾ ਰੂਪ ਸਾਹਮਣੇ ਆਉਂਦਾ ਹੈ ਉਥੇ ਹੀ ਕੁਝ ਪਰਉਪਕਾਰੀ ਪਾਤਰਾਂ ਰਾਹੀਂ ਮਾਨਵਤਾ ਦੇ ਚਿਹਰੇ ਨੂੰ ਵੀ ਉਭਾਰਿਆ ਗਿਆ ਹੈ ਜੋ ਜ਼ੁਲਮ ਦੇ ਖਿਲਾਫ ਲਾਮਬੰਦ ਹੋ ਕੇ ਲੜਦੇ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਨਰੋਈ ਪਰਵਰਿਸ਼
ਬੁਨਿਆਦੀ ਸੂਤਰ

ਸੰਪਾਦਕ : ਚਮਕੌਰ ਸਿੰਘ
ਪ੍ਰਕਾਸ਼ਕ : ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਮੋਗਾ
ਮੁੱਲ : 200 ਰੁਪਏ, ਸਫ਼ੇ : 263
ਸੰਪਰਕ : 94630-88272.

ਇਸ ਪੁਸਤਕ ਵਿਚ ਬਚਪਨ ਅਤੇ ਕਿਸ਼ੋਰ ਅਵਸਥਾ ਵਿਚ ਭਰਪੂਰ ਵਿਕਾਸ ਲਈ ਚੰਗੀ ਪਰਵਰਿਸ਼ ਦੇ ਸਾਰੇ ਲੱਛਣਾਂ 'ਤੇ ਚਾਨਣਾ ਪਾਇਆ ਗਿਆ ਹੈ। ਇਹ ਜ਼ਿੰਮੇਵਾਰੀ ਮਾਤਾ-ਪਿਤਾ, ਰਿਸ਼ਤੇਦਾਰਾਂ, ਅਧਿਆਪਕਾਂ, ਸਮਾਜ ਅਤੇ ਸਰਕਾਰ ਸਾਰਿਆਂ ਦੀ ਬਣਦੀ ਹੈ। ਸਾਡੇ ਸਮਾਜਿਕ ਪ੍ਰਬੰਧ ਵਿਚ ਪਰਵਰਿਸ਼ ਦੀ ਬਾਕਾਇਦਾ ਸਿੱਖਿਆ-ਸਿਖਲਾਈ ਦੀ ਕਮੀ ਹੈ। ਮਾਪੇ ਅਤੇ ਵਿੱਦਿਅਕ ਅਦਾਰੇ ਵੀ ਇਸ ਪੱਖੋਂ ਅਵੇਸਲੇ ਹੋਣ ਕਰਕੇ ਸਾਡੀ ਨੌਜਵਾਨ ਪੀੜ੍ਹੀ ਗੁਮਰਾਹ ਹੋ ਰਹੀ ਹੈ। ਇਸੇ ਲਈ ਅੱਜ ਪਰਿਵਾਰਾਂ ਵਿਚ ਅਧੂਰਾਪਣ, ਖਾਲੀਪਣ, ਟੁੱਟ-ਭੱਜ ਅਤੇ ਤਣਾਅ ਨਜ਼ਰ ਆ ਰਿਹਾ ਹੈ। ਮਾਪਿਆਂ ਦੀ ਲਾਪਰਵਾਹੀ ਅਤੇ ਬੇਧਿਆਨੀ ਹੱਥੋਂ ਨਿਰਾਸ਼ ਹੋਏ ਬੱਚੇ ਨਸ਼ਿਆਂ ਅਤੇ ਮਾੜੀਆਂ ਆਦਤਾਂ ਦੇ ਸ਼ਿਕਾਰ ਬਣ ਜਾਂਦੇ ਹਨ। ਇਸ ਲਈ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਨਰੋਈ ਪਰਵਰਿਸ਼ ਅਤੀ ਜ਼ਰੂਰੀ ਹੈ।
ਇਸ ਪੁਸਤਕ ਵਿਚ ਵੱਖ-ਵੱਖ ਲੇਖਕਾਂ ਨੇ ਖੋਜ ਭਰਪੂਰ ਲੇਖ ਲਿਖ ਕੇ ਨਰੋਈ ਪਰਵਰਿਸ਼ ਦੇ ਬੁਨਿਆਦੀ ਸੂਤਰਾਂ ਬਾਰੇ ਜਾਣਕਾਰੀ ਦਿੱਤੀ ਹੈ। ਇਹ ਸਾਰੇ ਲੇਖ ਬਹੁਤ ਕੀਮਤੀ ਅਤੇ ਸੇਧ ਦੇਣ ਵਾਲੇ ਹਨ, ਜਿਵੇਂ ਪ੍ਰੋ: ਬਲਦੇਵ ਮੱਟਾ ਵਲੋਂ ਉਮਰ ਦੇ ਹਰ ਪੜਾਅ 'ਤੇ ਨਰੋਈ ਪਰਵਰਿਸ਼, ਭਾਈ ਹਰਜੀਤ ਸਿੰਘ ਵਲੋਂ ਗਰਭਕਾਲ ਅਤੇ ਜਨਮ ਉਪਰੰਤ ਮਾਂ ਦੀ ਭੂਮਿਕਾ, ਰਮਨਪ੍ਰੀਤ ਕੌਰ ਵਲੋਂ ਮਾਪਿਆਂ ਅਤੇ ਬੱਚਿਆਂ ਵਿਚਲਾ ਰਿਸ਼ਤਾ, ਸਵਰਨ ਸਿੰਘ ਭੰਗੂ ਵਲੋਂ ਬਾਲਾਂ ਪ੍ਰਤੀ ਮਾਪਿਆਂ ਦੀਆਂ ਅਹਿਮ ਜ਼ਿੰਮੇਵਾਰੀਆਂ, ਡਾ: ਕਰਨੈਲ ਸਿੰਘ ਸੋਮਲ ਵਲੋਂ ਟੁੱਟੇ ਘਰ ਅਤੇ ਬੱਚੇ, ਡਾ: ਇੰਦਰਜੀਤ ਸਿੰਘ ਗੋਗੋਆਣੀ ਵਲੋਂ ਨਰੋਈ ਪਰਵਰਿਸ਼ ਵਿਚ ਧਰਮ ਦੀ ਭੂਮਿਕਾ, ਡਾ: ਮਨਜੀਤ ਸਿੰਘ ਵਲੋਂ ਬੱਚਿਆਂ ਦੀ ਖੁਰਾਕ ਅਤੇ ਦੇਖਭਾਲ, ਡਾ: ਗੁਰਮੇਲ ਸਿੰਘ ਵਲੋਂ ਪੁਸਤਕਾਂ ਅਤੇ ਪਾਲਣ ਪੋਸ਼ਣ, ਅਮਨਦੀਪ ਹਾਂਸ ਵਲੋਂ ਨਰੋਏ ਸਮਾਜ ਦੀ ਸਿਰਜਣਾ ਵਿਚ ਮੀਡੀਆ ਦੀ ਭੂਮਿਕਾ, ਡਾ: ਸੁਰਿੰਦਰਪਾਲ ਸਿੰਘ ਮੰਡ ਵਲੋਂ ਧੀਆਂ ਦੀ ਦੁਨੀਆ, ਕਰਮਜੀਤ ਕੌਰ ਵਲੋਂ ਬੱਚਿਆਂ ਦੀ ਸੰਵੇਦਨਾਤਮਕ ਪਰਵਰਿਸ਼, ਪ੍ਰਿੰ: ਬਹਾਦਰ ਸਿੰਘ ਵਲੋਂ ਅਨੁਸ਼ਾਸਨ ਦੀ ਭੂਮਿਕਾ ਆਦਿ। ਇਹ ਸਾਰੇ ਲੇਖ ਸਾਡੀ ਚੇਤਨਾ, ਚਿੰਤਨ ਅਤੇ ਸੰਵੇਦਨਾ ਨੂੰ ਟੁੰਬਦੇ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਨਾਦਾਇਕ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਜੱਟ ਸ਼ੇਖ਼ ਨਹੀਂ ਹੁੰਦੇ
ਲੇਖਕ : ਪਿਆਰਾ ਸਿੰਘ ਦਾਤਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ-6
ਮੁੱਲ : 375 ਰੁਪਏ, ਸਫ਼ੇ : 191
ਸੰਪਰਕ : 092120-55321.

ਸਵਰਗੀ ਪਿਆਰਾ ਸਿੰਘ ਦਾਤਾ ਆਪਣੇ-ਆਪ ਵਿਚ ਹਾਸ-ਵਿਅੰਗ ਦੀ ਇਕ ਸੰਸਥਾ ਸਨ। ਉਨ੍ਹਾਂ ਦੀ ਹਾਸ-ਰਸੀ ਪੁਸਤਕਾਂ ਦੀਆਂ ਕਈ-ਕਈ ਐਡੀਸ਼ਨਾਂ ਛਪ ਕੇ ਨਵੇਂ-ਪੁਰਾਣੇ ਪਾਠਕਾਂ ਨਾਲ ਆਪਣੀ ਸਾਂਝ ਪਾਉਂਦੀਆਂ ਰਹੀਆਂ ਹਨ। ਫਿਰ ਵੀ ਉਨ੍ਹਾਂ ਦੀਆਂ ਕਿਤਾਬਾਂ ਦੇ ਐਡੀਸ਼ਨ ਜਲਦੀ-ਜਲਦੀ ਵਿਕ ਜਾਂਦੇ ਹਨ। ਪਾਠਕਾਂ ਦੀ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਉਨ੍ਹਾਂ ਦੇ ਪ੍ਰਕਾਸ਼ਨ ਨੇ ਨਵੀਂ ਪੁਸਤਕ 'ਜੱਟ ਸ਼ੇਖ਼ ਨਹੀਂ ਹੁੰਦੇ' ਮਾਰਕੀਟ ਵਿਚ ਲਿਆਂਦੀ ਹੈ, ਜਿਸ ਵਿਚ ਉਨ੍ਹਾਂ ਦੀਆਂ ਤਿੰਨ ਪੁਸਤਕਾਂ 'ਅਪ੍ਰੈਲ ਫੂਲ', 'ਆਪ ਬੀਤੀਆਂ' ਤੇ 'ਦੁਰਗਤੀਆਂ' ਸ਼ਾਮਿਲ ਕੀਤੀਆਂ ਹਨ।
ਦਾਤਾ ਜੀ ਦੀਆਂ ਰਚਨਾਵਾਂ ਹਾਸ-ਰਸ ਨਾਲ ਲਬਰੇਜ਼ ਹੁੰਦੀਆਂ ਹਨ। ਉਹ ਆਪਣੇ ਲੇਖਾਂ ਵਿਚ ਇਹੋ ਜਿਹੀਆਂ ਸਥਿਤੀਆਂ ਤੇ ਘਟਨਾਵਾਂ ਦੇ ਵੇਰਵੇ ਸ਼ਾਮਿਲ ਕਰਦੇ ਹਨ ਕਿ ਪਾਠਕਾਂ ਕੋਲ ਹੱਸਣ ਤੋਂ ਸਿਵਾਏ ਕੋਈ ਹੋਰ ਚਾਰਾ ਹੀ ਨਹੀਂ ਰਹਿੰਦਾ। ਕਹਾਣੀ-ਰਸ ਉਨ੍ਹਾਂ ਦੇ ਲੇਖਾਂ ਦੀ ਇਕ ਹੋਰ ਸਿਫ਼ਤ ਹੈ ਜੋ ਉਨ੍ਹਾਂ ਦੀ ਰਚਨਾ ਨੂੰ ਰੋਚਕ ਤੇ ਦਿਲਚਸਪ ਬਣਾ ਦਿੰਦੀ ਹੈ। 'ਮੈਨੂੰ ਮੇਰੇ ਪ੍ਰਾਹੁਣਿਆਂ ਤੋਂ ਬਚਾਉ', 'ਸ਼ਾਦੀ ਏਜੰਸੀ', 'ਇਕ ਦਮ ਵਿਕਾਉ ਹੈ', 'ਸੈਂਟਰਲ ਪੰਜਾਬੀ ਕਾਲਜ, 'ਲੇਖਕ ਦਾ ਆਦਰਸ਼ ਪਰਿਵਾਰ', 'ਜੱਟ ਸ਼ੇਖ਼ ਨਹੀਂ ਹੁੰਦੇ' ਅਜਿਹੇ ਲੇਖ ਹਨ ਜਿਨ੍ਹਾਂ ਨੂੰ ਪੜ੍ਹ ਕੇ ਮੁੜ ਯਾਦ ਕਰਕੇ ਹਾਸੇ ਦਾ ਦੌਰਾ ਪੈਣ ਵਾਲਾ ਹੋ ਜਾਂਦਾ ਹੈ। ਹਾਸ-ਰਸੀ ਵਿਅਕਤੀ-ਚਿੱਤਰ ਲਿਖਣ ਵਿਚ ਵੀ ਦਾਤਾ ਜੀ ਨੂੰ ਪੂਰਾ ਅਬੂਰ ਹਾਸਲ ਹੈ। ਪ੍ਰੋ: ਐਸ. ਆਰ. ਵਰਮਾ, ਮਾਤਾਹਰੀ, ਅੰਮ੍ਰਿਤਾ ਪ੍ਰੀਤਮ ਦੇ ਦਰਸ਼ਨ, ਦੇਵਿੰਦਰ ਸਤਿਆਰਥੀ, ਮੁਕਤੇਸ਼ਵਰ ਸਿੰਘ, ਸਵਾਮੀ ਹਰੀ ਦੇਵਾ ਜੀ ਆਦਿ ਅਜਿਹੇ ਰੇਖਾ ਚਿੱਤਰ ਹਨ, ਜੋ ਸਾਹਿਤਕ ਹੋਣ ਦੇ ਨਾਲ-ਨਾਲ ਹਾਸ-ਰਸ ਦਾ ਵੀ ਜ਼ਾਇਕਾ ਪੇਸ਼ ਕਰਦੇ ਹਨ। ਆਪਣਾ ਦੇਸ਼ ਹੈ ਪਿਆਰੇ, ਰੀਫਿਊਜ਼ੀ, ਰੇਡੀਓ 'ਤੇ ਭਾਸ਼ਨ, ਨਿਰੋਲ ਵਿਅੰਗ ਲੇਖ ਹਨ ਜਿਨ੍ਹਾਂ 'ਚੋਂ ਦਾਤਾ ਜੀ ਦਾ ਵਿਅੰਗ ਉੱਘੜਵੇਂ ਰੂਪ ਵਿਚ ਪੇਸ਼ ਹੋਇਆ ਹੈ। ਲੇਖਾਂ ਵਿਚ ਕਿਤੇ-ਕਿਤੇ ਰਾਵਲਪਿੰਡੀ ਦੇ ਡਾਇਲਗਾਂ ਦਾ ਫੱਟਾ ਲੇਖਾਂ ਨੂੰ ਮਨੋਹਰ ਰੂਪ ਪ੍ਰਦਾਨ ਕਰਦਾ ਹੈ। ਉਨ੍ਹਾਂ ਦੀ ਭਾਸ਼ਾ ਬਹੁਤ ਸਾਦੀ ਤੇ ਦਿਲ ਨੂੰ ਛੂਹਣ ਲੈਣ ਵਾਲੀ ਹੈ। ਪੁਸਤਕ ਪੜ੍ਹਨਯੋਗ ਹੈ।

ਫ ਫ ਫ

ਅੱਜ ਫ਼ੁਕਰੇਬਾਜ਼ੀ ਸਾਡੇ 'ਤੇ ਭਾਰੂ ਹੈ
ਲੇਖਕ : ਕੁਲਤਾਰ ਸਿੰਘ ਖਾਬੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 156
ਸੰਪਰਕ : 0172-5027427.

ਲੇਖਕ ਦੁਨੀਆ ਵਿਚ ਮੁੜ ਤੋਂ ਫੈਲ ਰਹੀਆਂ ਸਾਮਰਾਜੀ ਤਾਕਤਾਂ ਦੀ ਬੁਰਛਾਗਰਦੀ ਤੋਂ ਫ਼ਿਕਰਮੰਦ ਹੈ। ਉਸ ਦੀ ਇਹ ਫ਼ਿਕਰਮੰਦੀ ਹਥਲੀ ਪੁਸਤਕ ਵਿਚ ਦਰਜ 19 ਲੇਖਾਂ ਵਿਚ ਵਿਉਂਤਬੱਧ ਤਰੀਕੇ ਨਾਲ ਦਰਸਾਈ ਗਈ ਹੈ। ਲੇਖਕ ਮਾਰਕਸਵਾਦੀ ਚਿੰਤਨ ਦਾ ਮੁੱਦਈ ਹੈ। ਤਰਕ ਨਾਲ ਗੱਲ ਕਰਦਾ ਹੈ। ਉਹ ਆਪਣੇ ਹਰੇਕ ਲੇਖ ਰਾਹੀਂ ਇਕ ਗੰਭੀਰ ਸੰਵਾਦ ਛੇੜਦਾ ਹੈ। ਸਾਮਰਾਜ ਦੀ ਬਰੁਛਾਗਰਦੀ ਵਿਸ਼ਵੀਕਰਨ ਦੇ ਰੂਪ ਵਿਚ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਹਾਂ-ਪੱਖੀ ਕਦਰਾਂ-ਕੀਮਤਾਂ ਢਹਿ-ਢੇਰੀ ਹੋ ਰਹੀਆਂ ਹਨ। ਲੋਕ ਆਪਣੇ ਸੱਭਿਆਚਾਰ ਨੂੰ ਵਿਸਾਰ ਕੇ ਨਵੀਆਂ ਊਬੜ-ਖਾਬੜ ਪਗ਼ਡੰਡੀਆਂ 'ਤੇ ਤੁਰਨ ਲਈ ਮਜਬੂਰ ਹਨ। ਸਾਡਾ ਸੱਭਿਆਚਾਰ, ਸਾਡਾ ਖਾਣ-ਪੀਣ, ਪਹਿਨਣ, ਸਾਡੀ ਸੋਚ ਸਾਥੋਂ ਕਿਨਾਰਾ ਕਰ ਰਹੀ ਹੈ। ਵਿਸ਼ਵੀਕਰਨ ਨੇ ਦੁਨੀਆ ਸਮੇਤ ਭਾਰਤ ਤੇ ਪੰਜਾਬ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਆਪਣੇ ਮੁਨਾਫ਼ੇ ਲਈ ਸਾਮਰਾਜੀ ਸ਼ਕਤੀਆਂ ਕੁਝ ਵੀ ਕਰ ਸਕਦੀਆਂ ਹਨ। ਪੰਜਾਬ ਦੀ ਕਿਰਸਾਨੀ ਇਸ ਦੀ ਮਾਰ ਹੇਠ ਆ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਈ ਹੈ। ਈਰਾਨ, ਇਰਾਕ, ਸੀਰੀਆ ਅੱਤਵਾਦ ਦੀ ਭੱਠੀ 'ਚ ਝੁਲਸ ਰਹੇ ਹਨ। ਸਾਮਰਾਜੀ ਅੱਤਵਾਦ ਦੁਨੀਆ ਦੇ ਦੇਸ਼ਾਂ ਦੀ ਨੀਂਦ ਹਰਾਮ ਕਰ ਰਿਹਾ ਹੈ। ਲੇਖਕ ਦਾ ਕਹਿਣਾ ਹੈ ਕਿ ਵਿਸ਼ਵੀਕਰਨ ਕਾਰਨ ਸਾਡੇ ਆਪਸੀ ਰਿਸ਼ਤੇ ਵੀ ਚਰਮਰਾ ਰਹੇ ਹਨ। ਮਨੁੱਖ ਇਕ ਮਸ਼ੀਨ ਜਾਂ ਮਾਸ ਦਾ ਲੋਥੜਾ ਹੀ ਬਣ ਕੇ ਰਹਿ ਗਿਆ ਹੈ। ਲੇਖਕ ਇਸ ਗੰਭੀਰ ਚਿੰਤਨ ਨੂੰ ਲੋਕ ਗੀਤਾਂ ਦੀ ਭਾਸ਼ਾ ਵਿਚ ਸਮਝਾਉਣ ਦਾ ਯਤਨ ਕਰ ਰਿਹਾ ਹੈ। ਉਸ ਕੋਲ ਚਿੰਤਨ ਦੀ ਨਿਵੇਕਲੀ ਭਾਸ਼ਾ ਹੈ, ਨਵਾਂ ਈਡੀਅਮ ਹੈ। ਕੇਂਦਰੀ ਸਰਕਾਰ ਵੀ ਸਾਮਰਾਜ ਦਾ ਦੁੰਮ ਛੱਲਾ ਬਣ ਕੇ ਨਿਘਾਰ ਵੱਲ ਜਾ ਰਹੀ ਹੈ। ਉਹ ਆਪਣੇ ਲੇਖਾਂ ਰਾਹੀਂ ਪਾਠਕਾਂ ਨੂੰ ਗੰਭੀਰ ਸੰਵਾਦ ਲਈ ਲਲਕਾਰਦਾ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਭਗਵਾਨ ਸਿੰਘ ਪ੍ਰੀਤਮ ਦੀ ਸਮੁੱਚੀ ਕਵਿਤਾ
ਮੁੱ: ਸੰ: ਡਾ: ਗੁਰੂਮੇਲ ਸਿੰਘ ਸਿੱਧੂ
ਸ: ਸੰ: ਸੁਰਿੰਦਰ ਪਾਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 215
ਸੰਪਰਕ : 98152-98459.

ਇਹ ਵਡਮੁੱਲੀ ਖੋਜ ਪੁਸਤਕ ਡਾ: ਗੁਰੂਮੇਲ ਸਿੰਘ ਸਿੱਧੂ ਦੀ ਅਣਥੱਕ ਮਿਹਨਤ ਦੇ ਫਲਸਰੂਪ ਪਾਠਕਾਂ ਦੇ ਸਨਮੁੱਖ ਹੋਈ ਹੈ। ਭਗਵਾਨ ਸਿੰਘ ਪ੍ਰੀਤਮ ਦੀ ਇਸ ਸਮੁੱਚੀ ਕਵਿਤਾ ਦੇ ਸੰਗ੍ਰਹਿ ਵਿਚ ਲਗਪਗ ਬਵੰਜਾ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦੀ ਸੰਪਾਦਨਾ ਬੜੀ ਬਾਰੀਕਬੀਨੀ ਨਾਲ ਖੋਜ ਕਰਕੇ ਕੀਤੀ ਗਈ ਹੈ। ਸੰਪਾਦਕ ਨੇ ਕਵੀ ਨੂੰ ਨਾਵਾਂ, ਥਾਵਾਂ, ਉਪਨਾਵਾਂ ਦੀ ਤ੍ਰਿਵੇਣੀ ਨਾਲ ਉਪਮਾਇਆ ਹੈ। ਇਸ ਗ਼ਦਰੀ ਕਵੀ ਦੀਆਂ ਕਵਿਤਾਵਾਂ ਦਾ ਕਾਵਿ-ਕੋਡ ਭਾਰਤੀ ਆਜ਼ਾਦੀ ਲਈ ਸੰਘਰਸ਼ ਨਿਸਚਤ ਕੀਤਾ ਜਾ ਸਕਦਾ ਹੈ। ਸੰਪਾਦਕ ਦੀ ਮਿਹਨਤ ਇਸ ਗੱਲ ਵਿਚ ਝਲਕਦੀ ਹੈ ਕਿ ਉਸ ਨੇ 'ਪ੍ਰੀਤਮ' ਦੀ ਕਵਿਤਾ ਦਾ ਮੁਲਾਂਕਣ ਕਰਦਿਆਂ ਸਮੁੱਚੀ ਗ਼ਦਰੀ ਕਵਿਤਾ ਦੀ ਜਾਣਕਾਰੀ ਨਾਲ ਮੁਢਲੀ ਸਾਂਝ ਵੀ ਪੁਆ ਦਿੱਤੀ ਹੈ। ਇਵੇਂ ਭਗਵਾਨ ਸਿੰਘ ਦੀ ਕਵਿਤਾ ਦੇ ਛੰਦ-ਪ੍ਰਬੰਧ ਦੀ ਚਰਚਾ ਕਰਦਿਆਂ ਪਾਠਕਾਂ ਨੂੰ ਛੰਦਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰ ਦਿੱਤੀ ਹੈ। ਸੰਪਾਦਕ ਨੇ ਕਵੀ ਵਲੋਂ ਵਰਤੇ ਗਏ ਛੰਦਾਂ-ਬੈਂਤ, ਕੋਰੜਾ, ਕਾਫੀ, ਬਿਰਹਾ, ਕਬਿੱਤ ਆਦਿ ਦੀ ਪੇਸ਼ਕਾਰੀ ਉਦਾਹਰਨਾਂ ਸਹਿਤ ਕੀਤੀ ਹੈ। ਅੰਤ ਵਿਚ ਗ਼ਦਰ ਲਹਿਰ ਦੀ ਕਵਿਤਾ ਦੇ ਸੰਪਾਦਕ ਕੇਸਰ ਸਿੰਘ ਕੈਨੇਡੀਅਨ ਨਾਲ ਸਹਿਮਤੀ ਪ੍ਰਗਟ ਕੀਤੀ ਹੈ 'ਭਾਈ ਭਗਵਾਨ ਸਿੰਘ ਪ੍ਰੀਤਮ ਸਿਆਸੀ ਸੂਝ ਬੂਝ, ਵਿਚਾਰਧਾਰਕ ਪਕਿਆਈ, ਕਾਵਿ-ਚੇਤਨਾ ਤੇ ਸ਼ਿਲਪਕਾਰੀ ਪੱਖੋਂ, ਗ਼ਦਰੀ ਕਾਵਿ ਦੇ ਸਭ ਤੋਂ ਸ੍ਰੇਸ਼ਟ ਕਵੀ ਸਨ। ਗਿਣਤੀ ਵਿਚ ਵੀ ਇਨ੍ਹਾਂ ਦੀ ਕਾਵਿ-ਰਚਨਾ ਸਭ ਤੋਂ ਵੱਧ ਹੈ। ਪਾਠਕ ਨੂੰ ਸੰਪਾਦਕ ਦੀ ਕੋਲੇਸ਼ਨ (ਖਰੜਿਆਂ ਨੂੰ ਮਿਲਾਣ ਦੀ ਸੂਝ) ਬੇਹੱਦ ਪ੍ਰਭਾਵਿਤ ਕਰਦੀ ਹੈ।

ਫ ਫ ਫ

ਭਗਤ ਬਾਣੀ ਦਾ ਭਾਖਾਈ ਮੁਹਾਵਰਾ
ਲੇਖਕ : ਸਿਕੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 197
ਸੰਪਰਕ : 98150-68904.

ਲੇਖਕ ਨੇ ਵਿਚਾਰਾਧੀਨ ਪੁਸਤਕ ਨੂੰ ਦਸ ਕਾਂਡਾਂ ਵਿਚ ਵੰਡ ਕੇ ਆਪਣੇ ਵਿਸ਼ੇ ਦਾ ਦੀਰਘ ਅਧਿਐਨ ਕੀਤਾ ਹੈ। ਲੇਖਕ ਨੇ ਭਾਸ਼ਾਈ ਮੁਹਾਵਰੇ ਨੂੰ ਪਰਿਭਾਸ਼ਤ ਕਰਨ ਉਪਰੰਤ ਇਸ ਘੇਰੇ ਨੂੰ ਮੁਹਾਵਰਾ ਕੋਸ਼ਾਂ, ਵਿਚਾਰਧਾਰਾ, ਧਾਰਮਿਕ ਅਤੇ ਵਿਗਿਆਨਕ ਦ੍ਰਿਸ਼ਟੀ ਅਨੁਸਾਰ ਸਮਝਣ-ਸਮਝਾਉਣ ਦਾ ਉਪਰਾਲਾ ਕੀਤਾ ਹੈ। ਭਾਰਤੀ ਸਮਾਜ ਵਿਚ ਗਿਆਨ ਦੀਆਂ ਦੋ ਮੁੱਖ ਧਿਰਾਂ ਪ੍ਰਾਚੀਨ ਸਮੇਂ ਤੋਂ ਰਹੀਆਂ ਹਨ ਜੋ ਅੱਜ ਵੀ ਵੇਖੀਆਂ ਜਾ ਸਕਦੀਆਂ ਹਨ। ਇਕ ਧਿਰ ਗਿਆਨ ਵੰਡਣ ਵਾਲੀ ਧਰਮ ਦੀ ਠੇਕੇਦਾਰ/ਬ੍ਰਾਹਮਣਵਾਦੀ/ਪੁਜਾਰੀਵਾਦੀ ਅਤੇ ਦੂਜੀ ਧਿਰ ਅਧੀਨਗੀ ਕਾਰਨ ਗਿਆਨ ਨੂੰ ਸਵੀਕਾਰ ਕਰਨ ਵਾਲੀ। ਗਿਆਨ ਦੀ ਅਜਿਹੀ ਪਰੰਪਰਾ ਨੂੰ ਭਗਤ ਬਾਣੀ ਰੂਹਾਨੀਅਤ ਦੀ ਪੱਧਰ 'ਤੇ ਵੰਗਾਰਦੀ ਹੈ। ਪੰਜਾਬੀ ਸਾਹਿਤ ਵਿਚ ਮੱਧਕਾਲੀਨ ਸਾਹਿਤ 'ਚੋਂ (ਗੁਰਮਤਿ ਕਾਵਿ/ਕਿੱਸਾ ਕਾਵਿ/ਸੂਫ਼ੀ ਕਾਵਿ/ਬੀਰ ਕਾਵਿ) ਅਨੇਕ ਮੁਹਾਵਰੇ ਨਿਰੰਤਰ ਲੋਕ-ਮੁੱਖ ਦੀ ਯਾਤਰਾ ਕਰਦੇ ਆ ਰਹੇ ਹਨ ਕਿਉਂ ਜੋ ਸਾਹਿਤ ਵਿਚ ਪ੍ਰਤਿਪਾਦਤ ਅਟੱਲ ਸਚਾਈਆਂ ਸਮੂਹਿਕ ਅਵਚੇਤਨ 'ਚੋਂ ਹੋਂਦ ਗ੍ਰਹਿਣ ਕਰਦੀਆਂ ਸਮੇਂ ਦੇ ਬੀਤਣ ਨਾਲ ਅਖੌਤਾਂ ਅਤੇ ਮੁਹਾਵਰਿਆਂ ਵਿਚ ਰੂਪਾਂਤਰਿਤ ਹੋ ਜਾਂਦੀਆਂ ਹਨ। ਭਗਤ ਰਵਿਦਾਸ ਜੀ ਦਾ ਮੁਹਾਵਰਾ ਆਮ ਕਿਰਤੀ ਲੋਕਾਂ ਦਾ ਹੈ। ਭਗਤ ਨਾਮਦੇਵ ਜੀ ਦੀ ਬਾਣੀ ਨਾਲ ਜਨ ਸਾਧਾਰਨ ਦੀ ਬੋਲੀ ਸਾਹਿਤ ਵਿਚ ਪ੍ਰਵੇਸ਼ ਹੋਣ ਲਗਦੀ ਹੈ। ਭਗਤ ਕਬੀਰ ਦੀ ਬਾਣੀ ਦਾ ਘੇਰਾ ਵਿਸ਼ਾਲ ਹੈ। ਇਸ ਵਿਚ ਪ੍ਰਤੀਕ, ਬਿੰਬ, ਅਲੰਕਾਰ ਅਤੇ ਸੰਬੋਧਨੀ ਸ਼ੈਲੀ ਸੁਹਜ ਪੈਦਾ ਕਰਦੀ ਹੈ। ਇਹ ਬਾਣੀ ਪਰੰਪਰਾ ਅਤੇ ਸਮਕਾਲ ਨਾਲ ਤੁਲਨਾਤਮਿਕ ਸੰਵਾਦ ਰਚਾਉਂਦੀ ਹੈ। ਪ੍ਰਸ਼ੋਨਤਰੀ ਅਤੇ ਗੋਸ਼ਟੀ ਸ਼ੈਲੀ ਵਿਚ ਬਾਣੀ ਦਾ ਹਾਸਲ ਹੈ। ਭਗਤ ਬਾਣੀ ਮਨੁੱਖਤਾ ਨੂੰ ਕਰਮਕਾਂਡੀ ਹੋਣ ਤੋਂ ਵਰਜਦੀ ਹੈ। ਪੰਜਾਬੀ ਸੂਫ਼ੀ ਕਾਵਿ ਦਾ ਭਾਖਾਈ ਮੁਹਾਵਰਾ ਦਾਰਸ਼ਨਿਕ ਅਤੇ ਧਾਰਮਿਕ ਅਰਥਾਂ ਵਿਚ ਆਮ ਲੋਕਾਂ ਦੀ ਸੂਝ ਨੂੰ ਪ੍ਰਭਾਵਿਤ ਕਰਦਾ ਹੈ। ਲੇਖਕ ਭਗਤ ਬਾਣੀ 'ਚੋਂ ਉਦਾਹਰਨਾਂ ਦੇ ਕੇ ਆਪਣੇ ਨੁਕਤੇ ਸਪੱਸ਼ਟ ਕਰਦਾ ਹੈ। ਕੁੱਲ ਮਿਲਾ ਕੇ ਪੁਸਤਕ ਲੇਖਕ ਦੇ ਮਿਹਨਤੀ ਸੁਭਾਅ ਨੂੰ ਉਜਾਗਰ ਕਰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਹੀਰਿਆਂ ਵਾਲਾ ਥੇਹ
ਵਿੱਦਿਅਕ ਕੰਪਲੈਕਸ, ਜੀ.ਟੀ.ਬੀ.ਗੜ੍ਹ
ਲੇਖਕ : ਸੁਦਾਗਰ ਬਰਾੜ ਲੰਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 216
ਸੰਪਰਕ : 98783-17112.

ਵਿੱਦਿਅਕ ਕੰਪਲੈਕਸ, ਗੁਰੂ ਤੇਗ ਬਹਾਦਰਗੜ੍ਹ ਮਾਲਵਾ ਖੇਤਰ ਦੀ ਮਾਣਮੱਤੀ ਵਿੱਦਿਅਕ ਸੰਸਥਾ ਹੈ। ਇਸ ਅਦਾਰੇ ਵਿੱਚ ਪੜ੍ਹੇ ਅਨੇਕਾਂ ਵਿਦਿਆਰਥੀ ਸਫ਼ਲਤਾ ਦੀ ਟੀਸੀ 'ਤੇ ਪਹੁੰਚੇ ਹਨ। ਸੰਸਥਾ ਵਿਚੋਂ ਗਿਆਨ ਹਾਸਲ ਕੀਤਾ ਹੋਵੇ। ਜਦੋਂ ਲੇਖਕ ਦੀ ਸਿਹਤ ਢਿੱਲੀ-ਮੱਠੀ ਹੋਈ ਤਾਂ ਇਸ ਨੂੰ ਕਿਰਪਾਲ ਸਿੰਘ ਪੰਨੂੰ ਵਲੋਂ ਨੇਪਰੇ ਚਾੜ੍ਹਿਆ ਗਿਆ। ਇਹ ਸੰਸਥਾ ਕਿਵੇਂ ਹੋਂਦ ਵਿਚ ਆਈ। ਹੌਲੀ-ਹੌਲੀ ਤਰੱਕੀ ਦੀਆਂ ਪੌੜੀਆਂ ਕਿਵੇਂ ਚੜ੍ਹੀ? ਕਿਵੇਂ ਇਕ ਛੋਟੇ ਅਦਾਰੇ ਤੋਂ ਏਨਾ ਵੱਡਾ ਅਦਾਰਾ ਖੜ੍ਹਾ ਹੋਇਆ? ਕਿਨ੍ਹਾਂ-ਕਿਨ੍ਹਾਂ ਯਤਨਾਂ ਸਦਕਾ ਇਹ ਕੰਪਲੈਕਸ ਇੱਥੋਂ ਤੱਕ ਪਹੁੰਚਿਆ? ਸਭ ਕੁਝ ਬਹੁਤ ਵਿਸਥਾਰ ਨਾਲ ਪੁਸਤਕ ਵਿਚ ਦਰਜ ਕੀਤਾ ਗਿਆ ਹੈ। ਇਸ ਅਦਾਰੇ ਦਾ ਪਹਿਲਾ ਤੇ ਦੂਜਾ ਕਾਰਵਾਈ ਰਜਿਸਟਰ ਵੀ ਛਾਪਿਆ ਗਿਆ ਹੈ। ਪੁਸਤਕ ਵਿਚ ਵੱਖ-ਵੱਖ ਸ਼ਖ਼ਸੀਅਤਾਂ ਦੇ ਲੇਖ ਵੀ ਦਰਜ ਹਨ, ਜਿਨ੍ਹਾਂ ਵਿਚ ਅਵਤਾਰ ਸਿੰਘ ਬਰਾੜ, ਬ੍ਰਿਗੇਡੀਅਰ ਜਸਵੰਤ ਸਿੰਘ ਬਰਾੜ, ਜਰਨੈਲ ਸਿੰਘ ਸੇਖਾ, ਮਾ: ਮੋਤੀ ਸਿੰਘ, ਸੁਖਦੇਵ ਸਿੰਘ ਬਰਾੜ, ਆਤਮਾ ਸਿੰਘ ਰੋਡੇ, ਪ੍ਰਿੰਸੀਪਲ ਮਲਕੀਤ ਸਿੰਘ, ਚਿੱਤਰਕਾਰ ਮਲਕੀਤ ਸਿੰਘ ਲੰਡੇ, ਤਰਸੇਮ ਲਾਲ ਸ਼ਰਮਾ, ਪ੍ਰੋਫ਼ੈਸਰ ਜਸਪਾਲ ਸਿੰਘ, ਪੰਡਤ ਬਿਹਾਰੀ ਲਾਲ, ਹਰਦਿਆਲ ਸਿੰਘ, ਖੇਮ ਸਿੰਘ ਗਿੱਲ, ਰਣਬੀਰ ਸਿੰਘ ਨਾਥੇਵਾਲਾ, ਮਹਿੰਦਰ ਸਿੰਘ ਸਰਾਂ ਤੇ ਕਈ ਹੋਰਾਂ ਦੇ ਲੇਖ ਵੀ ਸ਼ਾਮਿਲ ਕੀਤੇ ਗਏ ਹਨ। ਕਿਸੇ ਵਿੱਦਿਅਕ ਅਦਾਰੇ ਦੇ ਸਫ਼ਲ ਹੋਣ, ਉਸ ਦੀ ਸ਼ੁਰੂਆਤ ਤੋਂ ਸਫ਼ਲਤਾ ਤੱਕ, ਉਸ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਹੀ ਹਾਲਾਤ ਨੂੰ ਜਾਨਣ ਲਈ ਇਹ ਪੁਸਤਕ ਕਾਫੀ ਅਹਿਮ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883.
ਫ ਫ ਫ

ਸੋਚਾਂ ਦੇ ਪੱਬ
ਗ਼ਜ਼ਲਕਾਰ : ਸੰਜੀਵ ਕੁਰਾਲ਼ੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94177-40204.

ਸ਼ਾਇਰੀ ਮੁਕੰਮਲ ਕਲਾ ਹੈ ਪਰ ਜੇ ਇਸ ਵਿਚ ਚਿੱਤ੍ਰਕਾਰੀ ਤੇ ਅਦਾਕਾਰੀ ਦਾ ਅਨੁਭਵ ਸ਼ਾਮਿਲ ਹੋ ਜਾਵੇ ਤਾਂ ਇਹ ਹੋਰ ਵਿਸ਼ਾਲ ਤੇ ਸੂਖ਼ਮ ਹੋ ਜਾਂਦੀ ਹੈ। ਸੰਜੀਵ ਕੁਰਾਲ਼ੀਆ ਵਿਚ ਇਹ ਤਿੰਨੇ ਕਲਾਵਾਂ ਵਿਦਮਾਨ ਹਨ ਇਸੇ ਲਈ ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਸੋਚਾਂ ਦੇ ਪੱਬ' ਜ਼ਿੰਦਗੀ ਦੀਆਂ ਬਾਰੀਕ ਪਰਤਾਂ ਤਕ ਪਹੁੰਚ ਰੱਖਦਾ ਹੈ। ਉਹ ਪਹਿਲੀ ਗ਼ਜ਼ਲ ਦਾ ਮਤਲਾ ਆਪਣੀ ਮਾਂ ਨੂੰ ਸਮਰਪਤ ਕਰਦਾ ਹੈ ਤੇ ਉਸ ਦੀਆਂ ਅੱਖਾਂ 'ਚੋਂ ਸੰਸਾਰ ਦੇਖਦਾ ਹੈ। ਉਸ ਨੂੰ ਸਮੁੱਚੀ ਕਾਇਨਾਤ ਮਾਂ ਦੀ ਗੋਦ ਲਈ ਤਰਸਦੀ ਮਹਿਸੂਸ ਹੁੰਦੀ ਹੈ। ਗ਼ਜ਼ਲਕਾਰ ਚੰਨ ਵਾਂਗ ਉਧਾਰੀ ਚਾਨਣੀ ਲੈਣ ਦੀ ਥਾਂ ਸੂਰਜ ਵਾਂਗ ਚਮਕਣ ਵਿਚ ਵਿਸ਼ਵਾਸ ਰੱਖਦਾ ਹੈ। ਉਸ ਲਈ ਸਰਹੱਦਾਂ ਦੇ ਕੁਝ ਮਾਅਨੇ ਨਹੀਂ ਹਨ ਤੇ ਸਰਹੱਦਾਂ ਦੇ ਆਰ-ਪਾਰ ਉਸ ਨੂੰ ਮਨੁੱਖੀ ਦੁਸ਼ਵਾਰੀਆਂ ਇਕਸਾਰ ਮਹਿਸੂਸ ਹੁੰਦੀਆਂ ਹਨ। ਕੁਰਾਲ਼ੀਆ ਨਵੀਆਂ ਤਕਨੀਕਾਂ ਲੈ ਕੇ ਭੱਜ ਰਹੀ ਦੁਨੀਆ ਦਾ ਸਵਾਗਤ ਤਾਂ ਕਰਦਾ ਹੈ ਪਰ ਉਸ ਨੂੰ ਬਹੁਤ ਕੁਝ ਪਿੱਛੇ ਛੱਡ ਜਾਣ ਦਾ ਮਲਾਲ ਹੈ। ਗ਼ਜ਼ਲਕਾਰ ਬੱਚੇ ਦੀ ਨਿਰਛਲ ਮੁਸਕਾਨ ਦੀ ਤੁਲਨਾ ਝੂਠੇ ਜਹਾਨ ਨਾਲ ਕਰਦਾ ਹੋਇਆ ਮਨੁੱਖੀ ਕਿਰਦਾਰ 'ਤੇ ਸਵਾਲ ਖੜ੍ਹੇ ਕਰਦਾ ਹੈ ਤੇ ਦੂਸਰੇ ਸ਼ਿਅਰਾਂ ਵਿਚ ਇਨ੍ਹਾਂ ਦੇ ਉੱਤਰ ਦਿੰਦਾ ਹੈ। ਕਿਤਾਬ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਹ ਗ਼ਜ਼ਲ ਦੇ ਸੁਭਾਅ ਨੂੰ ਸਮਝ ਚੁੱਕਾ ਹੈ ਤੇ ਇਸ ਦੀ ਬਣਤਰ 'ਤੇ ਉਸ ਦੀ ਕਾਫ਼ੀ ਪਕੜ ਹੈ। ਉਹ ਧਰਾਤਲ ਤੇ ਲੋਕਾਂ ਨਾਲ ਜੁੜਿਆ ਸ਼ਾਇਰ ਹੈ ਤੇ ਉਸ ਨੂੰ ਤਨਹਾਈ ਵਿਚ ਹੰਝੂ ਵਹਾਉਣ ਦੀ ਥਾਂ ਥੁੜ੍ਹੇ ਟੁੱਟੇ ਲੋਕਾਂ ਨਾਲ ਖੜ੍ਹਨਾ ਵਧੇਰੇ ਪਸੰਦ ਹੈ। ਉਹ ਇਕ ਜ਼ਿੰਮੇਵਾਰ ਸ਼ਾਇਰ ਦੇ ਤੌਰ 'ਤੇ ਲੋਕਾਂ ਨੂੰ ਅਸਲ ਪ੍ਰਸਥਿਤੀਆਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਉਸ ਨੇ ਕੁਝ ਗ਼ਜ਼ਲਾਂ ਕੁਝ ਸ਼ਖ਼ਸੀਅਤਾਂ ਨੂੰ ਵੀ ਸਮਰਪਤ ਕੀਤੀਆਂ ਹਨ। ਸੰਜੀਵ ਕੁਰਾਲ਼ੀਆ ਦੀਆਂ ਗ਼ਜ਼ਲਾਂ ਖ਼ੂਬਸੂਰਤ ਹਨ ਪਰ ਅਜੇ ਉਸ ਨੇ ਆਪਣੀ ਉਡਾਨ ਨੂੰ ਅੰਬਰ ਤੋਂ ਪਾਰ ਲੈ ਕੇ ਜਾਣਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮੱਸਾ ਰੰਗੜ ਬੋਲ ਪਿਆ
ਲੇਖਕ : ਹਰਦਿਆਲ ਸਿੰਘ ਚੀਮਾ 'ਵਹਿਣੀਵਾਲ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 98152-98459.

'ਮੱਸਾ ਰੰਗੜ ਬੋਲ ਪਿਆ' ਨਾਂਅ ਦੀ ਇਸ ਪੁਸਤਕ ਨੂੰ ਪਾਠਕਾਂ ਮੂਹਰੇ ਪੇਸ਼ ਕਰਦੇ ਹੋਏ ਪ੍ਰਵਾਸੀ ਸ਼ਾਇਰ ਚੀਮਾ ਨੇ ਇਸ ਕਿਤਾਬ ਵਿਚਲੀਆਂ ਕੁੱਲ 72 ਕਾਵਿ ਰਚਨਾਵਾਂ ਰਾਹੀਂ ਜ਼ੁਲਮ ਦੀ ਹਨੇਰੀ ਦਰਮਿਆਨ ਵੀ ਆਪਣਾ ਸਿੱਖੀ ਸਿਦਕ ਨਿਭਾਉਣ ਵਾਲੇ ਕੌਮੀ ਪ੍ਰਵਾਨਿਆਂ ਦੀ ਘਾਲਣਾ ਤੇ ਯੋਧਿਆਂ ਦੇ ਜੀਵਨ ਦਾ ਕਾਵਿਕ ਰੂਪਾਂਤਰਨ ਕੀਤਾ ਹੈ। ਇਸੇ ਪੁਸਤਕ ਦੀ ਕਵਿਤਾ 'ਹੋਵੇ ਸਰਦਾਰ ਜੇ' ਪੰਜਾਬ ਦੇ ਕਾਲੇ ਦੌਰ ਦੌਰਾਨ ਹੋਏ ਜ਼ੁਲਮ ਦੇ ਪਾਜ ਉਘੇੜਦੀ ਹੈ। ਇਸ ਤਰ੍ਹਾਂ ਇਸ ਪੁਸਤਕ ਵਿਚ ਹਰਦਿਆਲ ਸਿੰਘ ਚੀਮਾ 'ਵਹਿਣੀਵਾਲ' ਨੇ ਨਾ ਸਿਰਫ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਮਹਿਜ਼ ਬਿਆਨ ਕੀਤਾ ਹੈ, ਬਲਕਿ ਉਸ ਬਾਰੇ ਆਪਣੇ ਜਜ਼ਬਾਤ ਅਤੇ ਸਤਿਕਾਰ ਨੂੰ ਵੀ ਅਕੀਦਤ ਨਾਲ ਬਿਆਨ ਕੀਤਾ ਹੈ।
ਇਸ ਜਜ਼ਬਾਤ ਭਰਪੂਰ ਕਿਤਾਬ ਵਿੱਚ ਸਿੱਖ ਇਤਿਹਾਸ ਦੇ ਨਾਇਕਾਂ ਅਤੇ ਉਨ੍ਹਾਂ ਦੇ ਜੀਵਨ ਤੋਂ ਇਲਾਵਾ ਕਈ ਹੋਰ ਕਵਿਤਾਵਾਂ ਵੀ ਸ਼ੁਮਾਰ ਹਨ, ਜੋ ਵੱਖ-ਵੱਖ ਪਹਿਲੂਆਂ ਅਤੇ ਰੂਪਾਂਤਰਾਂ ਨਾਲ ਸਬੰਧਿਤ ਹਨ। ਜਿਵੇਂ ਸਮਾਜਿਕ, ਸੱਭਿਆਚਾਰਕ ਅਤੇ ਰਾਜਸੀ ਵਿਸ਼ਿਆਂ ਨੂੰ ਵੀ ਛੂੰਹਦੀਆਂ ਕਵਿਤਾਵਾਂ ਸ਼ਾਮਿਲ ਹਨ। ਇਸ ਕਿਤਾਬ ਦੇ ਬਾਕੀ ਕਾਵਿ ਟੋਟੇ ਅਜੋਕੇ ਦੌਰ ਦੀ ਖ਼ੁਦਗਰਜ਼ੀ, ਚੁਰਾਸੀ ਦੇ ਗੇੜ, ਸਿੱਖ ਜਰਨੈਲ ਬਘੇਲ ਸਿੰਘ, ਸਾਕਾ ਨੀਲਾ ਤਾਰਾ, ਪਾਖੰਡਵਾਦ, ਭਾਰਤੀ ਨਿਆ ਪ੍ਰਣਾਲੀ, ਠੱਗ ਟਰੈਵਲ ਏਜੰਟਾਂ ਅਤੇ ਸ਼ਾਤਿਰ ਸਰਕਾਰਾਂ ਵਲੋਂ ਸਿੱਖਾਂ ਨਾਲ ਵਿਸਾਹਘਾਤ ਵਰਗੇ ਵਿਸ਼ਿਆਂ ਦੀ ਵੀ ਪ੍ਰਭਾਵਸ਼ਾਲੀ ਢੰਗ ਨਾਲ ਬਾਤ ਪਾਉਂਦੇ ਹਨ। ਇਸ ਕਿਤਾਬ ਦੇ ਸਿਰਲੇਖ 'ਮੱਸਾ ਰੰਗੜ ਬੋਲ ਪਿਆ' ਵਾਂਗ ਇਸ ਕਿਤਾਬ ਦਾ ਹਰ ਇਕ ਕਾਵਿ ਟੋਟਾ ਮਨ-ਮਸਤਕ ਉੱਤੇ ਡੂੰਘਾ ਅਸਰ ਕਰਦਾ ਹੈ ਅਤੇ ਨੌਜਵਾਨ ਪੀੜ੍ਹੀ ਲਈ ਵੀ ਇਹ ਕਾਵਿ ਸੰਗ੍ਰਿਹ ਕਾਫੀ ਮਾਈਨੇ ਰੱਖਦਾ ਹੈ, ਜਿਸ ਤੋਂ ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਬਾਰੇ ਬੇਸ਼ਕੀਮਤੀ ਜਾਣਕਾਰੀ ਮਿਲਦੀ ਹੈ। ਇਸ ਕਿਤਾਬ ਵਿਚਲਾ ਸੱਚ, ਬੇਬਾਕੀ, ਸਾਫ਼ਗੋਈ ਅਤੇ ਜੁਝਾਰੂਪਣ ਇਸ ਨੂੰ ਵਿਲੱਖਣ ਬਣਾਉਂਦੇ ਹਨ।

ਂਤੀਰਥ ਸਿੰਘ ਢਿੱਲੋਂ।
ਫ ਫ ਫ

ਵਿੱਥ
ਲੇਖਕ : ਸੇਖੋਂ ਲੁਧਿਆਣਵੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ , ਸਫ਼ੇ : 127
ਸੰਪਰਕ : 011-23280657

ਨਾਵਲਕਾਰ ਸੇਖੋਂ ਲੁਧਿਆਣਵੀ ਦਾ ਇਹ ਨਾਵਲ 'ਵਿੱਥ' ਸਾਹਿਤਕ ਪੱਖੋਂ ਸ਼ਾਹਕਾਰ ਰਚਨਾ ਹੈ। ਵਿਸ਼ੇ ਦੀ ਪੇਸ਼ਕਾਰੀ ਅਤੇ ਰੂਪਕ ਪੱਖ ਤੋਂ ਸਮੁੱਚੇ ਨਾਵਲ ਦਾ ਨਿਭਾਅ ਵਧੀਆ ਹੈ। ਨਾਵਲ ਦੇ ਕੁੱਲ 10 ਕਾਂਡ ਹਨ। ਇਨ੍ਹਾਂ 'ਚ ਰੌਚਿਕਤਾ ਅਤੇ ਉਤਸੁਕਤਾ ਕਮਾਲ ਦੀ ਹੈ। ਪਾਠਕ ਜਿਉਂ-ਜਿਉਂ ਨਾਵਲ ਪੜ੍ਹਦਾ ਜਾਂਦਾ ਹੈ, ਉਸ ਵਿਚ ਅੱਗੋਂ ਕੀ ਵਾਪਰਦਾ ਹੈ, ਸਬੰਧੀ ਉਤਸੁਕਤਾ ਬਣੀ ਰਹਿੰਦੀ ਹੈ, ਜੋ ਕਿ ਕਿਸੇ ਰਚਨਾ ਦਾ ਅਮੀਰੀ ਗੁਣ ਹੁੰਦਾ ਹੈ। ਦ੍ਰਿਸ਼-ਚਿਤਰਨ, ਪਾਤਰ ਉਸਾਰੀ ਵਧੀਆ ਹੈ ਅਤੇ ਸਾਰੇ ਪਾਤਰ ਯਥਾਰਥਵਾਦੀ ਹਨ। ਜੋ ਕੁਝ ਨਾਵਲ 'ਚ ਦਿਖਾਇਆ ਗਿਆ ਹੈ ਉਹੀ ਕੁਝ ਸਾਡੀ ਅਸਲ ਜ਼ਿੰਦਗੀ 'ਚ ਅਕਸਰ ਵਾਪਰਦਾ ਹੈ। ਨਾਵਲ 'ਚ ਪਾਤਰ ਬਲਕਰਨ ਦਾ ਆਦਰਸ਼ਵਾਦੀ ਰੂਪ ਚਿਤਰਿਆ ਗਿਆ ਹੈ, ਪਰ ਅਜੋਕੇ ਸਮੇਂ 'ਚ ਸੱਚੇ ਮਨੋਂ ਯਾਰੀਆਂ ਤੋੜ ਨਿਭਾਉਣ ਵਾਲੇ ਏਨੇ ਸੁਹਿਰਦ ਮਿੱਤਰ ਕਿੱਧਰੇ ਭਾਲਿਆਂ ਨਹੀਂ ਲੱਭਦੇ ਹਨ। ਮੁੱਖ ਪਾਤਰ ਸਰਬਣ ਰਾਹੀਂ ਬੇਰੁਜ਼ਗਾਰੀ, ਨਿੱਜੀ ਸੰਸਥਾਵਾਂ 'ਚ ਬੰਦੇ ਦਾ ਹਰ ਪੱਖੋਂ ਸ਼ੋਸ਼ਣ, ਆਰਥਿਕ ਥੁੜ੍ਹਾਂ ਕਾਰਨ ਬੇਬਸੀ, ਸੰਘਰਸ਼, ਰਿਸ਼ਤਿਆਂ ਵਿਚਲਾ ਨਿੱਘ, ਵਫ਼ਾਦਾਰੀ ਅਤੇ ਕੁੜੱਤਣ ਨੂੰ ਬਾਖ਼ੂਬੀ ਦਰਸਾਇਆ ਹੈ। ਪਦਾਰਥਵਾਦੀ ਯੁੱਗ 'ਚ ਆਮ ਜ਼ਿੰਦਗੀ 'ਚ ਥਾਂ ਪੁਰ ਥਾਂ ਪੈਂਦੀਆਂ ਵਿੱਥਾਂ ਨੂੰ ਬੜੇ ਹੀ ਸੂਖ਼ਮ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਇੰਗਲੈਂਡ ਦੀ ਭੂਗੋਲਿਕ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਹੈ ਕਿ ਅਜਿਹੇ ਅਤਿ-ਵਿਕਸਤ ਮੁਲਕਾਂ 'ਚ ਪਤਨੀ ਸਮੇਤ ਬੱਚੇ ਸਾਡੇ ਇਧਰ ਵਾਂਗ ਸਮਾਜਿਕ ਸੀਮਾਵਾਂ, ਬੰਧਨਾਂ, ਇਖ਼ਲਾਕੀ ਰਸਮਾਂ ਦੀ ਘੇਰਾਬੰਦੀ 'ਚ ਕੈਦ ਹੋ ਕੇ ਨਹੀਂ ਰਹਿੰਦੇ। ਯੂਰਪੀ ਮੁਲਕਾਂ ਦੇ ਐਸ਼-ਪ੍ਰਸਤੀ ਵਾਲੇ ਜੀਵਨ, ਮਸ਼ੀਨੀਕਰਨ, ਕਾਮੁਕਤਾ ਅਤੇ ਕਿੱਤਿਆਂ ਨੂੰ ਵੀ ਦਰਸਾਇਆ ਗਿਆ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਸਆਦਤ ਹਸਨ ਮੰਟੋ ਦੀ ਜੀਵਨੀ
ਲੇਖਕ : ਨਰੇਂਦਰ ਮੋਹਨ
ਅਨੁਵਾਦਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 252
ਸੰਪਰਕ : 099588-31357.

ਲੇਖਕ ਨੇ ਮੰਟੋ ਦੀ ਜੀਵਨੀ ਲਿਖ ਕੇ ਦੱਸਿਆ ਹੈ ਕਿ ਸਆਦਤ ਹਸਨ ਮੰਟੋ ਦੀ ਜ਼ਿੰਦਗੀ ਕਿੰਨੀ ਤਰੱਦਦ ਭਰੀ ਸੀ। ਮੰਟੋ ਆਪਣੇ ਪਿਉ ਤੋਂ ਮਾਰ ਖਾਂਦਾ ਸੀ ਪਰ ਆਪਣੀ ਮਾਂ ਨਾਲ ਉਸ ਨੂੰ ਬੇਹੱਦ ਪਿਆਰ ਸੀ। ਇਕ ਗੱਲ ਜੋ ਤ੍ਰਾਸਦਿਕ ਹੈ ਕਿ ਮੰਟੋ ਦੀ ਆਪਣੀ ਭੈਣ ਦੇ ਖਵੰਦ ਨਾਲ ਬਣਦੀ ਨਹੀਂ ਸੀ ਅਤੇ ਉਸ ਦੀ ਭੈਣ ਉਸ ਨੂੰ ਮਿਲ ਨਹੀਂ ਸੀ ਸਕਦੀ। ਬਚਪਨ ਤੋਂ ਹੀ ਭੈਣ ਦਾ ਆਪਣੇ ਭਰਾ ਨਾਲ ਬੜਾ ਪਿਆਰ ਸੀ। ਉਹ ਬਰਾਤ ਵਾਲੇ ਦਿਨ ਮੰਟੋ ਨੂੰ ਦੇਖਣਾ ਚਾਹੁੰਦੀ ਸੀ ਤਾਂ ਮੰਟੋ ਆਪਣੀ ਬਰਾਤ ਉਸ ਦੇ ਬੂਹੇ ਅੱਗੇ ਲੈ ਕੇ ਗਿਆ ਤੇ ਭੈਣ ਦਾ ਅਸ਼ੀਰਵਵਾਦ ਲਿਆ। ਕਿੰਨੀ ਭਾਵੁਕਤਾ ਦੀ ਗੱਲ ਹੈ। ਇਸ ਤਰ੍ਹਾਂ ਮੰਟੋ ਦਾ ਵਿਆਹ ਸੋਫੀਆ ਨਾਲ ਹੋਇਆ ਜਿਸ ਨਾਲ ਉਸ ਦਾ ਘਰ ਬੱਝ ਗਿਆ ਪਰ ਤੰਗੀਆਂ ਤੁਰਛੀਆਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਆਰਿਫ ਦੀ ਵੀ ਮੌਤ ਹੋ ਗਈ ਜੋ ਸਿਰਫ ਡੇਢ ਸਾਲ ਦਾ ਹੀ ਸੀ। ਬੱਚੇ ਦੀ ਮੌਤ ਦਾ ਮੰਟੋ 'ਤੇ ਗਹਿਰਾ ਪ੍ਰਭਾਵ ਪਿਆ। ਇਸ ਤਰ੍ਹਾਂ ਮੰਟੋ ਦੀ ਜ਼ਿੰਦਗੀ ਤਲਖੀਆਂ ਭਰੀ ਰਹੀ। ਉਹ ਮਜ਼ਾਕ ਵਿਚ ਹੀ ਗੱਲ ਕਹਿ ਜਾਂਦਾ ਸੀ। ਮੰਟੋ ਆਪਣੀ ਪਤਨੀ ਅਤੇ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ। ਮੰਟੋ ਨੇ ਜ਼ਬਾਨ ਦੀ ਵਿਸ਼ੇਸ਼ਤਾ ਦੀ ਗੱਲ ਵੀ ਗਾਰਗੀ ਨਾਲ ਸਾਂਝੀ ਕੀਤੀ ਸੀ ਅਤੇ ਦੇਸ਼ ਵੰਡ ਦਾ ਵੀ ਮੰਟੋ 'ਤੇ ਗਹਿਰਾ ਅਸਰ ਪਿਆ ਸੀ ਕਿਉਂਕਿ ਮੁਹੱਬਤ ਵਿਚ ਰਚੇ ਵਸੇ ਦੋਸਤ ਇਕ-ਦੂਜੇ ਦੇ ਖਿਲਾਫ਼ ਖੜ੍ਹੇ ਹੋ ਗਏ ਕਿਉਂਕਿ ਉਨ੍ਹਾਂ ਦੀ ਮਨੋਸਥਿਤੀ ਉਸ ਤਰ੍ਹਾਂ ਦੀ ਬਣ ਗਈ ਸੀ। ਮੰਟੋ ਮੁਹੱਬਤ ਕਰਨ ਵਾਲਾ ਅਤੇ ਇਨਸਾਨੀਅਤ ਨੂੰ ਚਾਹੁਣ ਵਾਲਾ ਸੀ ਅਤੇ ਉਹ ਧਰਮ ਪ੍ਰਤੀ ਕੱਟੜ ਨਹੀਂ ਸੀ। ਇਸ ਪ੍ਰਕਾਰ ਸਮੁੱਚੀ ਪੁਸਤਕ ਨੂੰ ਡਾ: ਬਲਦੇਵ ਸਿੰਘ ਬਦਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਅਨੁਵਾਦ ਕਰਕੇ ਮੰਟੋ ਬਾਰੇ ਸਾਨੂੰ ਵਡਮੁੱਲੀ ਜਾਣਕਾਰੀ ਹਾਸਲ ਕਰਵਾਈ ਹੈ। ਭਾਸ਼ਾ ਸਰਲ ਅਤੇ ਪ੍ਰਭਾਵਪੂਰਤ ਹੈ। ਸਮੁੱਚੀ ਪੁਸਤਕ ਪੜ੍ਹਣਯੋਗ ਹੈ ਅਤੇ ਲਾਹੇਵੰਦ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਕੌਂਪਲਾਂ ਤੋਂ ਕੂੰਜਾਂ ਤੱਕ
ਲੇਖਕ : ਕੰਵਲ ਕਸ਼ਮੀਰੀ
ਪ੍ਰਕਾਸ਼ਕ : ਕੰਵਲ ਪ੍ਰਕਾਸ਼ਨ ਸ੍ਰੀਨਗਰ, ਕਸ਼ਮੀਰ
ਮੁੱਲ : 225 ਰੁਪਏ, ਸਫ਼ੇ : 208.

ਕੰਵਲ ਕਸ਼ਮੀਰੀ ਕਸ਼ਮੀਰਵਾਦੀ ਦਾ ਉੱਘਾ ਬਹੁ-ਪੱਖੀ ਸਾਹਿਤਕ ਪ੍ਰਤਿਭਾ ਵਾਲਾ ਲੇਖਕ ਹੈ, ਜਿਸ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਤੋਂ ਲੈ ਕੇ ਹੁਣ ਤੱਕ ਪੰਜਾਬੀਅਤ ਦੀ ਪਛਾਣ ਨੂੰ ਸਿਰੜੀ ਯਤਨਾਂ ਨਾਲ ਸਥਾਪਿਤ ਕੀਤਾ ਹੈ। ਹਥਲੇ ਕਹਾਣੀ-ਸੰਗ੍ਰਹਿ ਵਿਚ ਉਸ ਨੇ 'ਕੌਂਪਲਾਂ' ਅਤੇ 'ਕੂੰਜਾਂ ਦੀ ਡਾਰ' ਵਿਚ ਅੰਕਿਤ ਕੀਤੀਆਂ ਜਾ ਚੁੱਕੀਆਂ ਕਹਾਣੀਆਂ ਨੂੰ ਪੁਨਰ ਸੁਰਜੀਤ ਕਰਦਿਆਂ ਪਾਠਕਾਂ ਸਾਹਮਣੇ ਲਿਆਂਦਾ ਹੈ। ਇਹ 28 ਕਹਾਣੀਆਂ ਜਿਥੇ ਦੇਸ਼ ਵਿਆਪੀ ਪੰਜਾਬੀ ਸ਼ੈਲੀ ਦਾ ਦਰਪਣ ਹਨ, ਉਥੇ ਵਾਦੀ ਵਿਚ ਸੁਖਾਵੀਆਂ ਪਰ ਵਧੇਰੇ ਕਰਕੇ ਅਣਸੁਖਾਵੀਆਂ ਹਾਲਤਾਂ ਵਿਚੋਂ ਉਪਜੇ ਯਥਾਰਥ ਦਾ ਪ੍ਰਗਟਾਵਾ ਹਨ।
ਕਹਾਣੀਆਂ ਦੀ ਬਣਤਰ-ਬੁਣਤਰ ਅਤੇ ਘਟਨਾ-ਸਥਲ ਅਤਿ ਟੁੰਬਵਾਂ ਹੈ ਅਤੇ ਆਂਚਲਿਕ ਪੱਧਰ ਦੀਆਂ ਭਿੰਨ ਪਰਤਾਂ ਨੂੰ ਵੀ ਖੋਲ੍ਹਦਾ ਹੈ। ਕਹਾਣੀਆਂ ਦੇ ਪਾਤਰ ਭਾਵੇਂ ਸਕੂਲ ਅਧਿਆਪਕ ਹਨ, ਸਮਾਜ-ਸੇਵੀ ਹਨ, ਗ਼ਰੀਬੀ-ਗੁਰਬੇ 'ਚ ਬਸਰ ਕਰਨ ਵਾਲੇ ਕਰਮਚਾਰੀ, ਨੌਕਰ-ਚਾਕਰ ਜਾਂ ਰੁਤਬੇ ਵਾਲੇ ਹਨ, ਸਭਨਾਂ ਦੇ ਸਮਾਜਿਕ, ਆਰਥਿਕ, ਮਨੋਵਿਗਿਆਨਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਕਹਾਣੀਕਾਰ ਨੇ ਤਹਿ-ਦਰ-ਤਹਿ ਬਾਰੀਕੀ 'ਚ ਬਿਆਨਿਆ ਹੈ।
ਕਹਾਣੀ ਭੁਲੇਖਾ, ਸਮਝੌਤਾ, ਪਾਸ਼ੀ, ਸੰਤੀ ਦਾ ਵਿਆਹ, ਅੱਕ ਦਾ ਬੂਟਾ, ਨੰਗਾ ਆਦਮੀ, ਵਿੱਥ, ਰਾਖਾ, ਧੱਬਾ ਜਾਂ ਸਹਾਰਾ ਹੈ, ਸਭਨਾਂ ਵਿਚ ਜੀਵਨ ਦੇ ਯਥਾਰਥ ਨੂੰ ਬਿਆਨਿਆ ਗਿਆ ਹੈ। ਇਕ ਪਰੀ ਦੀ ਕਹਾਣੀ, ਅੱਖੀਆਂ, ਇਕ ਦੁਖਾਂਤ ਦਾ ਆਰੰਭ, ਪੌੜੀ, ਅੰਤਰ, ਆਖਰੀ ਮਿਲਣੀ, ਦੁਮੇਲ, ਨਰਕ, ਆਤਮਘਾਤ ਆਦਿ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚਲਾ ਕਰੂਰ ਯਥਾਰਥ ਭਾਵੇਂ ਕਿਤੇ-ਕਿਤੇ ਕਾਲਪਨਿਕ ਲੱਗੇ ਪਰੰਤੂ ਇਨ੍ਹਾਂ ਦਾ ਬਿਰਤਾਂਤ ਅਜੋਕੇ ਮਨੁੱਖੀ ਜੀਵਨ ਦੀ ਆਲੋਚਨਾਤਮਿਕ ਜੀਵਨ ਸ਼ੈਲੀ ਦਾ ਹੂ-ਬ-ਹੂ ਦਰਪਣ ਹੈ। ਰਿਸ਼ਤਿਆਂ ਦੀ ਭੰਨ-ਤੋੜ ਅਤੇ ਪਾਕੀਜ਼ਗੀ ਨੂੰ ਇਹ ਕਹਾਣੀਆਂ ਭਲੀ-ਭਾਂਤ ਸਾਕਾਰ ਤਾਂ ਕਰਦੀਆਂ ਹੀ ਹਨ, ਨਾਲ ਦੀ ਨਾਲ ਨਵੇਂ-ਨਰੋਏ ਸਮਾਜ, ਦੇਸ਼, ਕੌਮ ਅਤੇ ਮਨੁੱਖਤਾ ਨੂੰ ਚੜ੍ਹਦੀ ਕਲਾ 'ਚ ਜਾਣ ਦਾ ਸਹਿਜ ਪੈਗ਼ਾਮ ਵੀ ਦਿੰਦੀਆਂ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਰੀਤਾਂ ਵਾਲੇ ਗੀਤ
ਲੇਖਿਕਾ : ਡਾ: ਸੁਖਵੀਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98729-21718.

ਪੰਜਾਬੀ ਲੋਕਧਾਰਾ ਨੂੰ ਸੰਭਾਲਣ ਅਤੇ ਇਸ ਵਿਚਲੀਆਂ ਲੋਕ ਧੁਨੀਆਂ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਬਹੁਤ ਸਾਰਾ ਕਾਰਜ ਖੋਜੀ ਵਿਦਵਾਨਾਂ ਵਲੋਂ ਕੀਤਾ ਜਾ ਰਿਹਾ ਹੈ। ਡਾ: ਸੁਖਵੀਰ ਕੌਰ ਦੀ ਪੁਸਤਕ 'ਰੀਤਾਂ ਵਾਲੇ ਗੀਤ' ਵੀ ਇਸ ਪੱਖੋਂ ਕੀਤਾ ਗਿਆ ਇਕ ਬਹੁਤ ਹੀ ਸਲਾਹੁਣਯੋਗ ਯਤਨ ਹੈ। ਪੰਜਾਬੀਆਂ ਬਾਰੇ ਆਮ ਕਹਾਵਤ ਹੈ ਕਿ ਪੰਜਾਬੀ ਜੰਮਦੇ ਲੋਰੀਆਂ ਵਿਚ ਹਨ, ਜਵਾਨ ਘੋੜੀਆਂ ਵਿਚ ਹੁੰਦੇ ਹਨ ਅਤੇ ਮਰਦੇ ਅਲਾਹੁਣੀਆਂ ਵਿਚ ਹਨ। ਭਾਵ ਸਾਰੀ ਜ਼ਿੰਦਗੀ ਪੰਜਾਬੀ ਲੋਕ ਗੀਤ ਪੰਜਾਬੀ ਦੇ ਅੰਗ-ਸੰਗ ਰਹਿੰਦੇ ਹਨ ਅਤੇ ਇਸ ਜਹਾਨੋਂ ਕੂਚ ਕਰ ਜਾਣ ਤੋਂ ਬਾਅਦ ਵੀ ਆਪਣੀ ਸਾਂਝ ਪਾਲਦੇ ਹਨ। ਡਾ: ਸੁਖਵੀਰ ਕੌਰ ਨੇ ਵੀ ਇਸ ਪੁਸਤਕ ਵਿਚ ਲੋਕ-ਗੀਤਾਂ ਦਾ ਵਰਗੀਕਰਨ ਕਰਨ ਤੋਂ ਬਾਅਦ ਇਨ੍ਹਾਂ ਦੀ ਤਾਸੀਰ ਨੂੰ ਬਿਆਨ ਕਰਦਿਆਂ ਬਾਅਦ ਵਿਚ ਇਨ੍ਹਾਂ ਦੀਆਂ ਵੰਨਗੀਆਂ ਵੀ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਮਿਸਾਲ ਵਜੋਂ ਜਨਮ ਸਬੰਧੀ ਲੋਰੀਆਂ, ਵਿਆਹ ਸਬੰਧੀ ਗੀਤਾਂ ਵਿਚ ਸੁਹਾਗ, ਘੋੜੀਆਂ, ਸਿੱਠਣੀਆਂ, ਸਿਹਰਾਬੰਦੀ ਦੀ ਰਸਮ, ਹੇਅਰਾ, ਜਾਗੋ ਆਦਿ ਬਾਰੇ ਪਰਿਭਾਸ਼ਤ ਸ਼ਬਦਾਂ ਤੋਂ ਬਾਅਦ ਇਨ੍ਹਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ ਹੈ। 'ਗਿੱਧੇ' ਬਾਰੇ ਅਤੇ ਇਸ ਵਿਚ ਪੇਸ਼ ਪੇਸ਼ਕਾਰੀਆਂ ਬਾਰੇ ਡਾ: ਸੁਖਵੀਰ ਕੌਰ ਨੇ ਵਿਸ਼ਲੇਸ਼ਨਾਤਮਿਕ ਕਾਰਜ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਬੋਲੀਆਂ ਦੇ ਮਹੱਤਵ, ਡੋਲੀ ਤੁਰਨ ਸਮੇਂ ਅਤੇ ਡੋਲਾ ਆਉਣ ਸਮੇਂ ਦੇ ਗੀਤ ਜੋ ਹੁਣ ਲਗਪਗ ਅਲੋਪ ਹੀ ਹੋ ਚੁੱਕੇ ਹਨ, ਬਾਰੇ ਵੀ ਪੜਚੋਲਵੀਂ ਪੇਸ਼ਕਾਰੀ ਦੇ ਨਾਲ-ਨਾਲ ਲੋਹੜੀ ਦੇ ਗੀਤਾਂ ਅਤੇ ਲੋਹੜੀ ਦੇ ਮਹੱਤਵ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਮੌਤ ਸਬੰਧੀ ਅਲਾਹੁਣੀਆਂ ਕਾਵਿ ਰੂਪ ਤਹਿਤ ਖੋਜ-ਕਰਤਾ ਨੇ ਬੱਚੇ, ਜਵਾਨ ਅਤੇ ਬਜ਼ੁਰਗ ਵਿਅਕਤੀ ਦੀ ਮੌਤ ਬਾਰੇ ਅਲਾਹੁਣੀਆਂ ਦਾ ਜ਼ਿਕਰ ਕਰਦਿਆਂ ਭਾਈਚਾਰਕ ਅਤੇ ਪਰਿਵਾਰਕ ਰਿਸ਼ਤੇਦਾਰਾਂ ਦੀ ਮੌਤ ਸਬੰਧੀ ਵੀ ਅਲਾਹੁਣੀਆਂ ਦੀਆਂ ਵੰਨਗੀਆਂ ਪੇਸ਼ ਕੀਤਆਂ ਹਨ। ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਲੋਕਧਾਰਾ ਸਬੰਧੀ ਵਧੀਆ ਖੋਜ ਕਾਰਜ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

10-03-2018

 ਸਿੱਖ ਧਰਮ
ਮੂਲ ਲੇਖਕ :
ਡਾ: ਪਰਮਜੀਤ ਸਿੰਘ ਸਚਦੇਵਾ
ਅਨੁਵਾਦ : ਪਰਮਿੰਦਰ ਸਿੰਘ ਅਜ਼ੀਜ਼
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 0172-4608699.

2.3 ਕਰੋੜ ਅਨੁਯਾਈਆਂ ਵਾਲਾ 500 ਸਾਲ ਪੁਰਾਣਾ ਸਿੱਖ ਧਰਮ ਆਪਣੀ ਵਿਗਿਆਨਕ, ਉੱਤਰ-ਆਧੁਨਿਕ, ਸਰਬੱਤ ਦੇ ਭਲੇ ਵਾਲੀ ਸਰਬਪੱਖੀ ਪਲੂਰਲ ਸੋਚ ਕਾਰਨ ਨਿਸ਼ਚੇ ਹੀ ਨਵੇਂ ਯੁੱਗ ਦਾ ਧਰਮ ਹੈ। ਆਪਣੀ ਲੋਕ ਮੁਖੀ ਪਹੁੰਚ ਕਰਮਕਾਂਡ ਤੋਂ ਮੁਕਤੀ ਅਤੇ ਪਰੰਪਰਾਗਤ ਧਾਰਮਿਕ ਨੇਤਾਵਾਂ ਦੇ ਸ਼ੋਸ਼ਣ ਤੇ ਦੰਭ ਦੇ ਵਿਰੋਧ, ਅਨਿਆਂ ਤੇ ਜ਼ੁਲਮ ਨਾਲ ਸਿਰ ਤਲੀ 'ਤੇ ਰੱਖ ਕੇ ਟੱਕਰ ਲੈਣ ਦੇ ਸੰਦੇਸ਼ ਤੇ ਇਕੋ ਅਕਾਲ ਪੁਰਖ ਤੋਂ ਬਿਨਾਂ ਹਰ ਪ੍ਰਕਾਰ ਦੇ ਵਿਚੋਲੇ/ਦੇਵੀ ਦੇਵਤੇ ਤੋਂ ਇਨਕਾਰ ਜਿਹੇ ਮੁੱਦਿਆਂ ਕਾਰਨ ਜਨਮ ਤੋਂ ਹੀ ਇਸ ਧਰਮ ਦਾ ਵਿਰੋਧ ਸਥਾਪਤ ਸੰਸਥਾਗਤ ਧਰਮਾਂ/ਸਰਕਾਰਾਂ ਤੇ ਸਵਾਰਥੀ ਤੱਤਾਂ ਨੇ ਮਿਥ ਕੇ, ਲੁਕਵਾਂ ਵੀ ਤੇ ਖੁੱਲ੍ਹਮ-ਖੁੱਲ੍ਹਾ ਵੀ ਨਿਰੰਤਰ ਕੀਤਾ ਹੈ। ਮੁਸਲਿਮ ਧਰਮ ਦੇ ਹਾਕਮਾਂ ਤੇ ਮੁੱਲਾਂ/ਕਾਜ਼ੀਆਂ ਨੇ ਸੱਤਾ ਰਾਹੀਂ ਸਿੱਧੇ ਦਮਨ ਤੇ ਟੱਕਰ ਦਾ ਰਾਹ ਚੁਣਿਆ। ਹਿੰਦੂ ਬ੍ਰਾਹਮਣਾਂ ਤੇ ਉਨ੍ਹਾਂ ਦਾ ਸਾਥ ਦੇਣ ਵਾਲੀ ਸੰਕੀਰਨ, ਜਾਤ ਪਾਤ/ਸ਼ੋਸ਼ਣ ਵਾਲੀ ਸੋਚ ਵਾਲਿਆਂ ਨੇ ਸਿੱਖ ਧਰਮ ਨੂੰ ਸਿਧਾਂਤਕ ਪੱਧਰ 'ਤੇ ਖ਼ਤਮ ਕਰਨ ਤੋਂ ਲੈ ਕੇ ਸਾਜਿਸ਼ੀ ਤੇ ਜੋੜ-ਤੋੜ ਵਾਲੇ ਹਰ ਹਰਬੇ ਨੂੰ ਸਿੱਖ ਧਰਮ ਨੂੰ ਖ਼ਤਮ ਕਰਨ ਲਈ ਵਰਤਿਆ। ਇਸੇ ਲਈ ਪਹਾੜੀ ਰਾਜਿਆਂ ਨੇ ਮੁਗ਼ਲ ਹਾਕਮਾਂ ਦਾ ਸਾਥ ਦਿੱਤਾ। ਅਠਾਰਵੀਂ ਸਦੀ ਦੇ ਘਲੂਘਾਰਿਆਂ ਵਿਚ ਵੀ ਉਨ੍ਹਾਂ ਇਹੀ ਕੁਝ ਕੀਤਾ ਅਤੇ ਵੀਹਵੀਂ ਸਦੀ ਦੇ ਆਜ਼ਾਦੀ ਤੋਂ ਪਹਿਲਾਂ ਪਿੱਛੋਂ ਦੇ ਸਾਰੇ ਲੰਮੇ ਅਰਸੇ ਵਿਚ ਵੀ।
ਡਾ: ਪਰਮਜੀਤ ਸਿੰਘ ਨੇ ਵਿਸ਼ਵ ਦੇ ਮੁੱਖ ਧਰਮਾਂ ਦੇ ਪ੍ਰਸੰਗ ਵਿਚ ਸਿਧਾਂਤਕ ਤੁਲਨਾਤਮਿਕ ਅਧਿਐਨ ਨਾਲ ਸਿੱਖ ਧਰਮ ਦੀ ਮੌਲਿਕ ਵਿਲੱਖਣ ਹੋਂਦ, ਇਸ ਪ੍ਰਤੀ ਭਾਰਤ ਤੇ ਪੱਛਮ ਵਿਚ ਵਿਆਪਕ ਭੁਲੇਖਿਆਂ, ਭਾਰਤ ਦੇ ਕੁਝ ਗ਼ਲਤ/ਸੰਕੀਰਨ ਸੋਚ ਵਾਲੇ ਲੋਕਾਂ ਵਲੋਂ ਬੁੱਧ/ਜੈਨ ਧਰਮਾਂ ਵਾਂਗ ਸਿੱਖ ਧਰਮ ਨੂੰ ਵੀ ਆਪਣੀ ਬੁੱਕਲ ਵਿਚ ਘੁੱਟ ਕੇ ਖ਼ਤਮ ਕਰਨ ਦੇ ਸਿੱਧੇ/ਅਸਿੱਧੇ ਯਤਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਭਾ: ਕਾਨ੍ਹ ਸਿੰਘ ਦੇ ਹਮ ਹਿੰਦੂ ਨਹੀਂ, ਸਿੰਘ ਸਭਾ ਦੇ ਸਿੱਖੀ ਦੀ ਵਿਲੱਖਣਤਾ ਬਾਰੇ ਚੇਤਨਾ ਤੇ ਸਿੱਖ ਚਿੰਤਕਾਂ, ਜਥੇਬੰਦੀਆਂ ਵਲੋਂ ਕੀਤੇ ਯਤਨਾਂ ਦਾ ਵੇਰਵਾ ਦੇ ਕੇ ਸਿੱਖ ਧਰਮ ਨੂੰ ਪੇਸ਼ ਵੰਗਾਰਾਂ ਦਾ ਲੇਖਾ-ਜੋਖਾ ਤੇ ਵਿਸ਼ਲੇਸ਼ਣ ਕਰਦੀ ਹੈ ਇਹ ਮੁੱਲਵਾਨ ਕਿਤਾਬ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਬੰਜਰ ਧਰਤੀ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 174
ਸੰਪਰਕ : bparwana@gmail.com

ਇਸ ਨਾਵਲ ਦਾ ਬਿਰਤਾਂਤ ਮੁਕੇਰੀਆਂ ਦੇ ਨੇੜੇ ਵਸੇ ਪਿੰਡ ਕਿਸ਼ਨਗੜ੍ਹ ਅਤੇ ਇਸ ਦੇ ਆਲੇ-ਦੁਆਲੇ ਘੁੰਮਦਾ ਹੈ। ਇਸ ਪਿੰਡ ਦਾ ਇਕ ਕਿਸਾਨ ਰੁਲੀਆ ਸਿੰਘ ਆਪਣੇ ਦੋ ਪੁੱਤਰਾਂ ਤਾਰਾ ਸਿੰਘ ਤੇ ਸਤਪਾਲ ਸਿੰਘ ਨਾਲ ਗੁਜ਼ਰ-ਬਸਰ ਕਰ ਰਿਹਾ ਸੀ। ਉਸ ਦਾ ਛੋਟਾ ਪੁੱਤਰ ਸਤਪਾਲ ਪਹਿਲਾਂ ਡੁਬਈ ਅਤੇ ਫਿਰ ਕੈਨੇਡਾ ਨਿਕਲ ਜਾਂਦਾ ਹੈ। ਵੱਡਾ ਪੁੱਤਰ ਰਾਜਸੀ ਆਗੂਆਂ ਨਾਲ ਜੁੜ ਕੇ ਕਮਾਈ ਕਰਨ ਲੱਗ ਜਾਂਦਾ ਹੈ। ਇਸ ਪ੍ਰਕਾਰ ਤਾਰਾ ਸਿੰਘ ਦਾ ਪਰਿਵਾਰ ਕਾਫੀ ਖੁਸ਼ਹਾਲ ਹੋ ਜਾਂਦਾ ਹੈ। ਉਸ ਦਾ ਆਪਣਾ ਪੁੱਤਰ ਕੁਲਵਿੰਦਰ ਵੀ ਆਪਣੇ ਚਾਚੇ ਕੋਲ ਪਹੁੰਚ ਜਾਂਦਾ ਹੈ ਅਤੇ ਦੋਵੇਂ ਚਾਚਾ-ਭਤੀਜਾ ਤਾਰਾ ਸਿੰਘ ਨੂੰ ਪੈਸੇ ਭੇਜਦੇ ਰਹਿੰਦੇ ਹਨ। ਇਹ ਪੈਸੇ ਤਾਰਾ ਸਿੰਘ ਦੇ ਪੂਰੇ ਪਰਿਵਾਰ ਨੂੰ ਭ੍ਰਿਸ਼ਟ ਕਰ ਦਿੰਦੇ ਹਨ ਅਤੇ ਚਰਿੱਤਰ 'ਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ। ਉਸ ਦਾ ਦੂਜਾ ਪੁੱਤਰ ਬਲਵੰਤ ਸਿੰਘ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਨ ਲਗਦਾ ਹੈ। ਇੰਜ ਪੂਰਾ ਪਰਿਵਾਰ ਹੌਲੀ-ਹੌਲੀ ਪਤਨ ਵੱਲ ਜਾਣ ਲਗਦਾ ਹੈ। ਬਲਬੀਰ ਪਰਵਾਨਾ ਨੇ ਬੜੇ ਵਿਸ਼ਵਾਸਯੋਗ ਢੰਗ ਨਾਲ ਪੰਜਾਬੀ ਕਿਸਾਨੀ ਦੇ ਦੁਖਾਂਤ ਦਾ ਵਰਣਨ ਕੀਤਾ ਹੈ। ਕੇਵਲ ਤਾਰਾ ਸਿੰਘ ਦਾ ਪਰਿਵਾਰ ਹੀ ਨਹੀਂ, ਪਿੰਡ ਵਿਚ ਰਹਿਣ ਵਾਲੇ ਸਾਰੇ ਲੋਕ ਬਿਨਾਂ ਕਿਸੇ ਉਦੇਸ਼ ਇਧਰ-ਉਧਰ ਭਟਕ ਰਹੇ ਹਨ। ਹਰ ਕੋਈ ਦੂਸਰੇ ਨੂੰ ਲੁੱਟਣ-ਠਗਣ 'ਤੇ ਉਤਾਰੂ ਹੈ। ਨੈਤਿਕਤਾ ਖੰਭ ਲਾ ਕੇ ਉੱਡ ਗਈ ਪ੍ਰਤੀਤ ਹੁੰਦੀ ਹੈ।
ਬਲਬੀਰ ਪਰਵਾਨਾ ਨੂੰ ਆਪਣੇ ਨਾਵਲ ਦੇ ਪਾਤਰਾਂ ਦੇ ਲੋਕੇਲ, ਆਦਤਾਂ ਅਤੇ ਰਹਿਣ-ਸਹਿਣ ਬਾਰੇ ਭਰਪੂਰ ਜਾਣਕਾਰੀ ਹੈ। ਲੋਕ ਪਿੰਡਾਂ ਤੋਂ ਸ਼ਹਿਰਾਂ ਵਿਚ ਕਿਵੇਂ ਜਾਂਦੇ ਹਨ, ਕਿਉਂ ਜਾਂਦੇ ਹਨ? ਇਨ੍ਹਾਂ ਗੱਲਾਂ ਨੂੰ ਉਹ ਬੜੀ ਸਪੱਸ਼ਟਤਾ ਨਾਲ ਉਜਾਗਰ ਕਰਦਾ ਹੈ। ਪੰਜਾਬ ਦੇ ਨੌਜਵਾਨ ਅਤੇ ਮੁਟਿਆਰਾਂ ਨਸ਼ਿਆਂ ਦਾ ਸੇਵਨ ਕਿਵੇਂ ਕਰਦੇ ਹਨ ਅਤੇ ਉਹ ਸੈਕਸ ਪ੍ਰਤੀ ਕਿਉਂ ਉਲਾਰ ਹੋ ਗਏ ਹਨ? ਇਨ੍ਹਾਂ ਵੇਰਵਿਆਂ ਨੂੰ ਉਹ ਛੁਪਾ ਕੇ ਨਹੀਂ ਰੱਖਦਾ, ਬਲਕਿ ਬਿਆਨ ਕਰ ਦਿੰਦਾ ਹੈ। ਉਸ ਦੇ ਮਨ ਵਿਚ ਪੰਜਾਬ ਅਤੇ ਪੰਜਾਬੀਅਤ ਲਈ ਸੱਚਾ ਦਰਦ ਹੈ। ਉਸ ਨੇ ਪੰਜਾਬ ਦੇ ਯੁਵਾ ਵਰਗ ਦੀ ਦਿਸ਼ਾਹੀਣਤਾ ਨੂੰ ਬਿਆਨ ਕਰਨ ਸਮੇਂ ਕਿਸੇ ਪ੍ਰਕਾਰ ਦਾ ਸੰਕੋਚ ਨਹੀਂ ਕੀਤਾ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਖਿਆਲੀ ਉਡਾਰੀਆਂ
ਲੇਖਕ : ਅਰਸ਼ ਮਾਲਵਾ, ਰਮਨ ਭਾਰਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 87270-62980.

ਖਿਆਲੀ ਉਡਾਰੀਆਂ ਨਵੀਆਂ ਕਲਮਾਂ ਦੀ ਸਿਰਜਣਾ ਹੈ। ਅਰਸ਼ ਮਾਲਵਾ ਤੇ ਰਮਨ ਭਾਰਤੀ ਦੁਆਰਾ ਰਚੀ ਇਸ ਸਾਂਝੀ ਪੁਸਤਕ ਵਿਚ ਕਿਹੜੀ ਕਵਿਤਾ ਕਿਸ ਕਵਿੱਤਰੀ ਦੀ ਹੈ, ਇਸ ਦਾ ਵੇਰਵਾ ਨਹੀਂ ਮਿਲਦਾ। ਛੋਟੀਆਂ-ਛੋਟੀਆਂ ਪਰਿਭਾਸ਼ਾਵਾਂ ਸਿਰਜਦੀ ਇਹ ਕਾਵਿ ਪੁਸਤਕ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਆਪਣੇ ਅੰਦਰ ਸਮੇਟਦੀ ਹੈ। ਜ਼ਿੰਦਗੀ ਦੀ ਪਰਿਭਾਸ਼ਾ ਰਾਹੀਂ ਕਵਿੱਤਰੀਆਂ ਨੇ ਆਸ਼ਾ ਤੇ ਨਿਰਾਸ਼ਾ, ਸੁੱਖ-ਦੁੱਖ, ਧੋਖਾ-ਵਿਸ਼ਵਾਸ, ਮਿਲਣਾ ਤੇ ਵਿਛੜਣਾ ਆਦਿ ਰਾਹੀਂ ਪਾਠਕ ਦਾ ਜ਼ਿੰਦਗੀ ਪ੍ਰਤੀ ਅਹਿਸਾਸ ਪ੍ਰਗਟ ਕੀਤਾ ਹੈ। 'ਧੀ' ਕਵਿਤਾ ਨਾਰੀ ਮਨ ਦੀ ਸੰਵੇਦਨਾ ਹੈ। ਸਮਾਜ ਦਾ ਧੀਆਂ ਪ੍ਰਤੀ ਨਜ਼ਰੀਆ ਪ੍ਰਗਟ ਕਰਦੀ ਇਹ ਕਵਿਤਾ ਸਮਾਜ ਤੋਂ ਨਾਰੀ ਦੇ ਸਤਿਕਾਰ ਦੀ ਮੰਗ ਕਰਦੀ ਹੈ।
ਭਗਤ ਸਿੰਘ ਜਿਹੇ ਦੇਸ਼ ਭਗਤ ਪ੍ਰਤੀ ਸ਼ਰਧਾ ਭਾਵਨਾ ਨਾਲ ਲਿਖੀ ਕਾਵਿ ਰਚਨਾ ਹੈ 'ਭਗਤ ਸਿੰਘ' ਨਵੀਂ ਪੀੜ੍ਹੀ ਦੀ ਭਗਤ ਸਿੰਘ ਪ੍ਰਤੀ ਸੋਚ ਦਾ ਪ੍ਰਗਟਾਵਾ ਕਰਦੀ ਹੈ। 'ਸੱਚ' ਪ੍ਰਤੀ ਸਮਾਜ ਦਾ ਨਜ਼ਰੀਆ ਪ੍ਰਗਟ ਕਰਦੀ ਕਵਿਤਾ ਸੱਚ ਪਾਠਕ ਨੂੰ ਟੁੰਬਦੀ ਹੈ। ਸੁਪਨੇ, ਖਵਾਬ, ਪਿਆਰ ਦੀ ਸਚਾਈ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਦੂਜਿਆਂ ਦੇ ਦੁੱਖ ਸਹਿਣ ਵਾਲੇ ਮਹਾਨ ਲੋਕਾਂ ਪ੍ਰਤੀ ਕਵਿੱਤਰੀਆਂ ਸ਼ਰਧਾ ਦੇ ਭਾਵ ਪ੍ਰਗਟ ਕਰਦੀਆਂ ਹਨ। ਰੁਮਾਂਟਿਕ ਰਚਨਾਵਾਂ ਵੀ ਇਸ ਪੁਸਤਕ ਦਾ ਸ਼ਿੰਗਾਰ ਬਣੀਆਂ ਹਨ। ਫਜ਼ਰ ਏ ਤਮੰਨਾ, ਖਾਮੋਸ਼ੀ, ਦਰਦ-ਏ-ਦਿਲ ਮਨੁੱਖੀ ਮਨ ਵਿਚ ਵਿਛੋੜੇ ਦੀਆਂ ਚੀਸਾਂ ਅਤੇ ਮਿਲਾਪ ਦੀਆਂ ਖੁਸ਼ੀਆਂ ਨੂੰ ਪ੍ਰਗਟ ਕਰਨ ਦੇ ਭਾਵਾਂ ਨਾਲ ਭਰਪੂਰ ਹਨ। 'ਦੋਸਤੀ' ਦੀ ਪਰਿਭਾਸ਼ਾ ਸਿਰਜਦੀ ਕਵਿਤਾ ਦੋਸਤੀ ਪ੍ਰਭਾਵਸ਼ਾਲੀ ਹੈ।
ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੇ ਨਾਸ਼ਵਾਨ ਮਨੁੱਖ ਦੀ ਹੋਣੀ ਨੂੰ ਪ੍ਰਗਟ ਕਰਦੀ ਕਵਿਤਾ 'ਜ਼ਿੰਦੇ' ਸੰਸਾਰ ਵਿਚ ਮਨੁੱਖ ਦੀ ਹੋਂਦ ਨੂੰ ਪ੍ਰਗਟ ਕਰਦੀ ਹੈ। ਧੀ-ਧਿਆਣੀ ਕਵਿਤਾ ਭਰੂਣ ਹੱਤਿਆ ਦੇ ਖਿਲਾਫ਼ ਜਾਗ੍ਰਿਤ ਕਰਦੀ ਹੈ। ਦਾਜ, ਭਰੂਣ ਹੱਤਿਆ ਤੇ ਨਸ਼ਾ ਆਦਿ ਸਮਾਜਿਕ ਬੁਰਾਈਆਂ ਨੂੰ ਪੇਸ਼ ਕਰਦੀਆਂ ਕਵਿਤਾਵਾਂ ਰਾਹੀਂ ਕਵਿੱਤਰੀਆਂ ਨੇ ਸਮਾਜ ਦੇ ਨਿਘਾਰ ਦੀ ਤਸਵੀਰ ਪੇਸ਼ ਕੀਤੀ ਹੈ। ਮਾਂ ਅਤੇ ਬਾਪ ਦੇ ਪਿਆਰ ਦੇ ਗੂੜ੍ਹੇ ਰਿਸ਼ਤਿਆਂ ਨੂੰ ਪੇਸ਼ ਕਰਦੀ ਕਵਿਤਾ ਮਾਂ, ਬਾਪ ਦੇ ਫ਼ਰਜ਼ ਕਵਿਤਾ ਸਲਾਹੁਣਯੋਗ ਹੈ। 'ਖ਼ੁਦਕੁਸ਼ੀਆਂ ਦੀ ਜੜ੍ਹ' ਕਵਿਤਾ ਕਿਸਾਨਾਂ ਦੇ ਦੁੱਖ ਦਾ ਪ੍ਰਗਟਾਵਾ ਕਰਦੀ ਖ਼ੁਦਕੁਸ਼ੀਆਂ ਦੇ ਕਾਰਨਾਂ ਪ੍ਰਤੀ ਸੰਜੀਦਗੀ ਭਰਪੂਰ ਕਵਿਤਾ ਹੈ। ਜੱਟ ਦੀ ਤ੍ਰਾਸਦੀ, ਪਾਕਿ ਮੁਹੱਬਤ ਆਜ਼ਾਦੀ, ਔਰਤ, ਸੱਚ ਆਦਿ ਕਵਿਤਾਵਾਂ ਨਿੱਕੀ ਉਮਰੇ ਕਵਿੱਤਰੀਆਂ ਦੀ ਉਚੇਰੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ। 'ਗੁਆਚੀ ਹੀਰ' ਵਰਤਮਾਨ ਸਮੇਂ ਇਸ਼ਕ ਨੂੰ ਵਪਾਰ ਬਣਾ ਲਏ ਜਾਣ ਦੀ ਰੁਚੀ ਦਾ ਪ੍ਰਗਟਾਵਾ ਕਰਦੀ ਹੈ। ਸਮੁੱਚੇ ਤੌਰ 'ਤੇ ਕਵਿੱਤਰੀਆਂ ਦਾ ਯਤਨ ਸਲਾਹੁਣਯੋਗ ਹੈ ਅਤੇ ਭਵਿੱਖ ਵਿਚ ਇਨ੍ਹਾਂ ਤੋਂ ਭਰਪੂਰ ਆਸਾਂ ਹਨ।

ਂਪ੍ਰੋ: ਕੁਲਜੀਤ ਕੌਰ ਅਠਵਾਲ
ਫ ਫ ਫ

ਜੇ ਬਾਬਾ ਨਾ ਹੁੰਦੇ
ਮੂਲ ਲੇਖਕ : ਡਾ: ਭਦੰਤ ਆਨੰਦ ਕੌਸਲਾਇਨ
ਪੰਜਾਬੀ ਅਨੁਵਾਦ : ਸੋਹਨ ਸਹਿਜਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 60 ਰੁਪਏ, ਸਫ਼ੇ : 108
ਸੰਪਰਕ : 95014-77278.

ਡਾ: ਭਦੰਤ ਆਨੰਦ ਕੌਸਲਾਇਨ ਜੋ ਲਾਹੌਰ ਯੂਨੀਵਰਸਿਟੀ ਵਿਚ ਸ਼ਹੀਦ ਭਗਤ ਸਿੰਘ ਦੇ ਜਮਾਤੀ ਹੁੰਦੇ ਸਨ ਅਤੇ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਮਹਾਨ ਮਿਸ਼ਨ ਲਈ ਬਹੁਤ ਸੰਘਰਸ਼ ਕੀਤਾ ਸੀ, ਉਨ੍ਹਾਂ ਦੀ ਹਿੰਦੀ ਪੁਸਤਕ 'ਯਦੀ ਬਾਬਾ ਨਾ ਹੋਤੇ' ਦਾ ਪੰਜਾਬੀ ਅਨੁਵਾਦ ਸੋਹਨ ਸਹਿਜਲ ਨੇ ਸਰਲ ਭਾਸ਼ਾ ਵਿਚ ਕੀਤਾ ਹੈ। ਇਸ ਪੁਸਤਕ ਵਿਚ ਬਾਬਾ ਸਾਹਿਬ ਦੀ ਜੀਵਨੀ ਨੂੰ 24 ਭਾਗਾਂ ਵਿਚ ਵੰਡਿਆ ਗਿਆ ਹੈ। ਅਨੁਵਾਦਕ ਨੇ ਹਰ ਭਾਗ ਦਾ ਆਰੰਭ, ਵਿਸ਼ੇ ਨਾਲ ਸਬੰਧਿਤ ਕਾਵਿ ਸਤਰਾਂ ਨਾਲ ਕੀਤਾ ਹੈ ਜਿਸ ਨਾਲ ਵਿਸ਼ਾ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ।
ਬਾਬਾ ਸਾਹਿਬ ਦੇ ਬਚਪਨ ਬਾਰੇ ਲੇਖਕ ਦੱਸਦਾ ਹੈ ਕਿ ਸਕੂਲ ਵਿਚ ਉਨ੍ਹਾਂ ਨੂੰ 'ਅਛੂਤ' ਮੰਨਿਆ ਜਾਂਦਾ ਸੀ। ਪਰ ਸਵੈਮਾਣ ਵਾਲੇ ਇਸ ਬਾਲਕ ਅੰਦਰ ਪੜ੍ਹਨ-ਲਿਖਣ ਦੀ ਅਥਾਹ ਲਗਨ ਸੀ। ਆਪਣੀ ਪ੍ਰਕਾਸ਼ਵਾਨ ਸ਼ਖ਼ਸੀਅਤ ਸਦਕਾ ਉਨ੍ਹਾਂ ਨੇ 'ਭਗਵਾਨ ਬੁੱਧ ਅਤੇ ਉਨ੍ਹਾਂ ਦਾ ਧਰਮ' ਅਤੇ 'ਭਾਰਤ ਦਾ ਸੰਵਿਧਾਨ' ਵਰਗੀਆਂ ਮਹਾਨ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਬਾਰੇ ਅਨੁਵਾਦਕ ਲਿਖਦਾ ਹੈ :
ਗਾਲ੍ਹਾਂ ਝਿੜਕਾਂ ਧੱਕੇ ਧੋੜੇ, ਭਾਵੇਂ ਕਿੰਨੇ ਖਾਧੇ।
ਕੋਈ ਮੁਸੀਬਤ ਬਦਲ ਸਕੀ ਨਾ, ਭੀਮ ਦੇ ਦ੍ਰਿੜ੍ਹ ਇਰਾਦੇ।
ਉਨ੍ਹਾਂ ਦੀ ਅਦੁੱਤੀ ਪ੍ਰਤਿਭਾ ਕਾਰਨ ਆਪ ਨੂੰ ਬੜੌਦਾ ਸਰਕਾਰ ਵਲੋਂ ਤਿੰਨ ਸਾਲਾਂ ਲਈ ਵਿਦੇਸ਼ ਪੜ੍ਹਨ ਲਈ ਵਜ਼ੀਫ਼ਾ ਮਿਲ ਗਿਆ ਅਤੇ ਉਹ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਏ। ਉਨ੍ਹਾਂ ਪੀ.ਐਚ.ਡੀ. ਤੱਕ ਪੜ੍ਹਾਈ ਕੀਤੀ। ਅਛੂਤਾਂ ਦੀ ਉੱਨਤੀ ਲਈ ਆਪ ਨੇ ਬੰਬਈ ਵਿਚ 'ਬਹਿਸ਼ਕ੍ਰਿਤ ਹਿਤਕਾਰੀ ਸਭਾ' ਦੀ ਸਥਾਪਨਾ ਕੀਤੀ ਅਤੇ 'ਬਹਿਸ਼ਕ੍ਰਿਤ ਭਾਰਤ' ਨਾਂਅ ਦਾ ਸਮਾਚਾਰ ਪੱਤਰ ਆਰੰਭ ਕੀਤਾ।
ਇਸ ਪ੍ਰਕਾਰ ਆਪ ਦੇ ਜੀਵਨ ਵਿਚ ਵਾਪਰੀਆਂ ਸਮੱਸਿਆਵਾਂ ਤੇ ਪ੍ਰਾਪਤੀਆਂ ਦਾ ਵਰਨਣ ਪੁਸਤਕ ਵਿਚ ਕੀਤਾ ਗਿਆ ਹੈ ਜਿਵੇਂ ਵਾਇਸਰਾਏ ਦੀ ਕੌਂਸਲ ਦੇ ਮੈਂਬਰ ਬਣਨਾ, ਪਛੜੀਆਂ ਜਾਤਾਂ ਲਈ ਨੌਕਰੀਆਂ ਰਾਖਵੀਆਂ ਕਰਨਾ, ਭਾਰਤੀ ਲੋਕਤੰਤਰ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਤੇ ਵਿਧਾਨ ਸਭਾ ਵਿਚ ਪਾਸ ਕਰਾਉਣਾ, ਰਾਜ ਸਭਾ ਦੇ ਮੈਂਬਰ ਚੁਣੇ ਜਾਣਾ ਆਦਿ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241
ਫ ਫ ਫ

ਕਵਿਤਾ ਦਾ ਸਫ਼ਰ
ਲੇਖਕ : ਹਰਭਜਨ ਸਿੰਘ ਚੀਮਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98728-10820.

ਇਹ ਕਾਵਿ-ਸੰਗ੍ਰਹਿ ਉਸ ਨੇ ਪੰਜਾਬੀ ਦੇ ਮਹਾਨ ਕਵੀਆਂ ਨੂੰ ਸਮਰਪਿਤ ਕੀਤਾ ਹੈ ਜਿਨ੍ਹਾਂ ਨੇ ਪੰਜਾਬੀ ਮਾਂ-ਬੋਲੀ, ਪੰਜਾਬ ਅਤੇ ਪੰਜਾਬੀਅਤ ਦੇ ਅਹਿਸਾਸ ਨੂੰ ਲੋਕ-ਦਿਲਾਂ 'ਚ ਵਸਾ, ਨਰੋਈਆਂ ਸੱਭਿਆਚਾਰਕ ਸਾਂਝਾਂ ਦਾ ਪ੍ਰਤੀਕ ਬਣਾਇਆ ਹੈ। ਕਵਿਤਾ ਦਾ ਚਿਹਰਾ-ਮੋਹਰਾ ਹਮੇਸ਼ਾ ਹੀ ਲੋਕ-ਹਿਤੂ ਹੋਣ ਕਰਕੇ ਆਮ ਲੋਕਾਈ ਦੀਆਂ ਵੇਦਨਾਵਾਂ, ਸੰਵੇਦਨਾਵਾਂ ਦਾ ਵਾਹਕ ਰਿਹਾ ਹੈ। ਜਿਊਂਦਾ-ਜਾਗਦਾ ਮਨੁੱਖ ਹਮੇਸ਼ਾ ਤਣਾਅ ਅਤੇ ਸੰਘਰਸ਼ ਦੀ ਸਥਿਤੀ 'ਚ ਹੀ ਵਿਚਰਦਾ ਹੈ ਅਤੇ ਨਵੇਂ ਦਿਸਹੱਦਿਆਂ ਦੀ ਤਲਾਸ਼ 'ਚ ਰਹਿੰਦਾ ਹੈ। ਕਵਿਤਾ ਉਨ੍ਹਾਂ ਮੁੱਲਾਂ ਨੂੰ ਵੀ ਪ੍ਰਵਾਨ ਨਹੀਂ ਕਰਦੀ ਜੋ ਮਨੁੱਖ-ਦੋਖੀ ਹੋਣ। ਕਵੀ ਦੀ ਕਵਿਤਾ 'ਸ਼ਬਦ' ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਜਦੋਂ ਮਨੁੱਖ 'ਪੂਰਬਲੇ ਕਰਮਾਂ' ਦੀ ਮਹਿੰਦੀ ਰਚਾ ਆਪਣੇ-ਆਪ ਨੂੰ ਅਣਹੋਇਆ ਦੀ ਸ਼੍ਰੇਣੀ 'ਚ ਲਿਆ, ਆਪਣੀ ਹਸਤੀ ਮਿਟਾ ਦਿੰਦਾ ਹੈ, ਇਹ ਸਥਿਤੀ ਬਹੁਤ ਹੀ ਭਿਅੰਕਰ ਮੰਜ਼ਰ ਸਿਰਜਦੀ ਹੈ, ਇਸ ਦੇ ਉਲਟ ਜਦੋਂ ਇਨ੍ਹਾਂ ਸੰਸਕਾਰਾਂ ਤੋਂ ਮੁਕਤ ਹੋਣ ਦਾ ਹੋਕਾ ਦਿੰਦਾ ਹੈ, ਉਪਰੋਕਤ ਸਥਿਤੀ ਉਲਟ ਜਾਵੇਗੀ :
ਆਪਣੀ ਅਸਲੀ ਹੋਂਦ 'ਚ ਆਵੋ,
ਕਰਮਕਾਂਡ ਤੋਂ ਮੁਕਤੀ ਪਾਵੋ।
ਕਿਰਤ ਕਮਾਈ ਰੰਗ ਲਿਆਵੇ,
ਕਰਮਾਂ ਦੀ ਮਹਿੰਦੀ ਧੋ ਜਾਵੇ।
ਹਰਭਜਨ ਸਿੰਘ ਚੀਮਾ ਦੀ ਕਵਿਤਾ ਦੇ ਵਿਸ਼ੇ ਯਥਾਰਥ, ਪਦਾਰਥ ਅਤੇ ਪਰਮਾਰਥ ਦੀ ਤ੍ਰਿਵੈਣੀ 'ਚ ਸਮੋਏ ਪਏ ਹਨ। ਇਨ੍ਹਾਂ ਕਵਿਤਾਵਾਂ 'ਚ ਪੁਰਾਣਾ ਪੰਜਾਬ, ਕਾਦਰ ਦੀ ਕੁਦਰਤ ਦੀ ਸਿਫ਼ਤ ਸਲਾਹ, ਰੁੱਖਾਂ ਨਾਲ ਪਿਆਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਾਫੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਕਵੀ ਆਲਮੀ ਤਪਸ਼ ਬਾਰੇ ਵੀ ਕਾਫੀ ਚਿੰਤਤ ਹੈ। ਉਸ ਦੀਆਂ ਕਵਿਤਾਵਾਂ ਦਾ ਦਾਇਰਾ ਮਨੁੱਖ ਦੇ ਅਜ਼ਲੀ ਦੁੱਖਾਂ-ਸੁੱਖਾਂ ਦੇ ਇਜ਼ਹਾਰ ਨਾਲ ਜੁੜਿਆ ਹੈ। 'ਗਾਥਾ ਪੰਜਾਬ ਦੀ' ਅਤੇ 'ਪੰਜਾਬੀ ਜ਼ਬਾਨ' ਕਵਿਤਾਵਾਂ ਉਸ ਦੇ ਪੰਜਾਬ, ਪੰਜਾਬੀਅਤ ਦੇ ਮੋਹ ਦੀਆਂ ਬਾਤਾਂ ਪਾਉਂਦੀਆਂ ਹਨ। ਕੁਝ ਕਲਾਤਮਕ ਊਣਤਾਈਆਂ ਨੂੰ ਨਜ਼ਰਅੰਦਾਜ਼ ਕਰਦਿਆਂ ਮੈਂ ਆਸ ਕਰਦਾ ਹਾਂ ਕਿ ਲੇਖਕ ਭਵਿੱਖ 'ਚ ਛੇਤੀ ਹੀ ਪੁਖ਼ਤਾ ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕਰਨਗੇ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਦਿਸ਼ਾ
ਲੇਖਕ : ਡਾ: ਕੇਵਲ ਸਿੰਘ ਪਰਵਾਨਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 96
ਸੰਪਰਕ : 98550 84588

'ਦਿਸ਼ਾ' ਨਾਂਅ ਦਾ ਇਹ ਨਾਵਲ ਸਮਾਜ ਦੇ ਬਹੁਤ ਸਾਰੇ ਪਿਛਾਂਹ ਖਿੱਚੂ/ਰੂੜੀਵਾਦ ਵਿਚਾਰਾਂ, ਫੈਲੇ ਭ੍ਰਿਸ਼ਟਾਚਾਰ, ਗ਼ਰੀਬ ਦੀ ਮਜਬੂਰੀ, ਜਾਤ-ਪਾਤ ਦੇ ਬੰਧਨ ਕਾਰਨ ਵਾਪਰਦੇ ਦੁਖਾਂਤ ਅਤੇ ਕੁਝ ਮਨੁੱਖਾਂ ਵਲੋਂ ਇਨ੍ਹਾਂ ਬੁਰਾਈਆਂ ਵਿਰੁਧ ਆਵਾਜ਼ ਉਠਾਉਂਦਿਆਂ ਅਗਾਂਹਵਧੂ ਸੋਚ ਤੇ ਅਭਿਆਸੀ ਯਤਨਾਂ ਨਾਲ ਗ਼ਲਤ ਧਾਰਨਾਵਾਂ ਨੂੰ ਤੋੜਨ ਦੀ ਇਕ ਰੌਚਕ ਗਾਥਾ ਹੈ। ਇਹ ਗਾਥਾ ਵਾਪਰਦੇ ਯਥਾਰਥਵਾਦੀ ਵਰਤਾਰਿਆਂ ਦੇ ਕਰੀਬ ਹੋ ਕੇ ਗੁਜ਼ਰਦੀ ਹੈ। ਇਸ ਨਾਵਲ ਦੇ ਮੁੱਖ ਪਾਤਰ ਅਮਰ ਤੇ ਕਮਲਾ ਵੱਖ-ਵੱਖ ਜਾਤੀਆਂ ਨਾਲ ਸਬੰਧ ਰੱਖਦੇ ਹਨ ਪਰ ਜਾਤ-ਪਾਤ ਦੇ ਵਲਗਣੇ ਨੂੰ ਪਾਰ ਕਰਦੇ ਹੋਏ ਵਿਆਹ ਬੰਧਨ ਵਿਚ ਬੱਝਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਇਹ ਕੋਸ਼ਿਸ਼ ਸਮਾਜ ਨੂੰ ਪ੍ਰਵਾਨ ਨਹੀਂ। ਉਨ੍ਹਾਂ ਨੂੰ ਕਈ ਤਰ੍ਹਾਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰ ਦੇ ਕਈ ਮਿੱਤਰ ਉਸ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ ਪਰ ਉਨਾਂ ਦੇ ਵਿਆਹ ਦੀ ਕਾਨੂੰਨੀ ਮਾਨਤਾ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ। ਅਧਿਆਪਕ-ਵਿਦਿਅਰਥੀ ਦੇ ਭਾਵਕ ਰਿਸ਼ਤੇ, ਮਾਤਾ-ਪਿਤਾ ਵਲੋਂ ਬਗੈਰ ਦੱਸਿਆਂ ਹੀ ਧੀ-ਪੁੱਤ ਨੂੰ ਵਿਆਹ ਬੰਧਨ 'ਚ ਨੂੜਨ ਦੀ ਰੂੜੀਵਾਦੀ ਕੋਸ਼ਿਸ਼, ਅਣਖ ਦੇ ਬਹਾਨੇ ਤਮਾਸ਼ਬੀਨਾਂ ਦਾ ਬੇਲੋੜਾ ਜਮਘਟ ਅਤੇ ਪ੍ਰੇਮੀ ਜੋੜਿਆਂ ਦੇ ਮਾਪਿਆਂ ਨੂੰ ਮਿਲਦੇ ਤਾਅਨੇ ਮਿਹਣਿਆਂ ਨਾਲ ਜਿਊਣਾ ਹਰਾਮ ਹੋਣਾ ਆਦਿ ਵਿਸ਼ਿਆਂ ਨੂੰ ਲੈ ਕੇ ਡਾ: ਕੇਵਲ ਸਿੰਘ ਪਰਵਾਨਾ ਨੇ ਇਸ ਨਾਵਲ ਵਿਚ ਇਸ ਢੰਗ ਦੀ ਸ਼ਬਦਵਾਲੀ ਵਰਤੀ ਹੈ ਜਿਸ ਨਾਲ ਨਾਵਲ ਦੀ ਸੁਹਜਤਾ, ਸੂਖਮਤਾ ਤੇ ਰੌਚਿਕਤਾ ਪੂਰੀ ਕਾਇਮ ਰਹੇ।' ਹਥਿਆਰਬੰਦ ਬਗ਼ਾਵਤਾਂ ਦਾ ਵੱਡਾ ਕਾਰਨ ਸਮਾਜ/ਰਾਜਨੀਤੀ ਵਿਚ ਹਰ ਤਰ੍ਹਾਂ ਦੀਆਂ ਫੈਲੀਆਂ ਕੁਰੀਤੀਆਂ ਹੀ ਹੁੰਦੀਆਂ ਹਨ,' ਦਾ ਸੰਦੇਸ਼ ਦੇਣ ਵਿਚ ਵੀ ਇਹ ਨਾਵਲ ਵੀ ਪੂਰੀ ਤਰ੍ਹਾਂ ਸਫਲ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
ਫ ਫ ਫ

25-02-2018

 ਕੀਨੀਆ ਸਫ਼ਾਰੀ
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਏਸ਼ੀਆ ਵਿਜ਼ਨਜ਼
ਮੁੱਲ : 300 ਰੁਪਏ, ਸਫ਼ੇ 151
ਸੰਪਰਕ : 93166-84202.

ਇਹ ਪੁਸਤਕ ਇਕ ਸਫ਼ਰਨਾਮਾ ਹੈ, ਜਿਸ ਵਿਚ ਅਫ਼ਰੀਕਾ ਦੇ ਪ੍ਰਸਿੱਧ ਮੁਲਕਾਂ ਕੀਨੀਆ ਅਤੇ ਤਨਜ਼ਾਨੀਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਇਤਿਹਾਸਕ ਤੱਥਾਂ, ਸਮਾਜਿਕ ਰਹੁ-ਰੀਤਾਂ ਅਤੇ ਜੰਗਲੀ ਜੀਵਾਂ ਬਾਰੇ ਭਰਪੂਰ ਚਾਨਣਾ ਪਾਇਆ ਹੈ। ਸਾਰਾ ਵੇਰਵਾ ਬੜੇ ਕਲਾਤਮਿਕ ਅਤੇ ਰੌਚਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਭਾਸ਼ਾ ਵੀ ਸਰਲ, ਸਪੱਸ਼ਟ ਅਤੇ ਮੁਹਾਵਰੇਦਾਰ ਹੈ। ਲੇਖਕ ਨੇ ਜਿਥੇ ਕੁਦਰਤ ਅਤੇ ਕਾਦਰ ਦੇ ਜਲਵੇ ਪੇਸ਼ ਕੀਤੇ ਹਨ, ਉਥੇ ਹੀ ਸਥਾਨਕ ਲੋਕਾਂ ਦੇ ਰਹਿਣ ਸਹਿਣ, ਸੰਘਰਸ਼, ਆਜ਼ਾਦੀ ਸੰਗਰਾਮ, ਸਮਾਜਿਕ ਤਾਣੇ-ਬਾਣੇ ਅਤੇ ਸਰਕਾਰਾਂ ਦੀ ਕਾਰਜ-ਸ਼ੈਲੀ 'ਤੇ ਵੀ ਝਾਤ ਪੁਆਈ ਹੈ। ਤਨਜ਼ਾਨੀਆ ਅਤੇ ਕੀਨੀਆ ਦੋ ਗੁਲਾਮ ਦੇਸ਼ ਸਨ, ਜਿਨ੍ਹਾਂ ਦੇ ਸਿਰਲੱਥ ਸੁਤੰਤਰਤਾ ਸੰਗਰਾਮੀਆਂ ਨੇ ਲਹੂ ਰੰਗਿਆ ਇਤਿਹਾਸ ਸਿਰਜਿਆ। ਇਸ ਪੁਸਤਕ ਵਿਚ ਇਨ੍ਹਾਂ ਦੇਸ਼ਾਂ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਆਂਂਜੂਲੀਅਸ ਨੈਰੇਰਾ, ਦੇਦਨ ਕੀਮਾਥੀ, ਜੋਮੋ ਕਨਯਾਟਾ ਆਦਿ ਬਾਰੇ ਵੀ ਟਿੱਪਣੀ ਦਿੱਤੀ ਗਈ ਹੈ। ਅਖੀਰ ਵਿਚ ਸਿੱਖ ਟੈਂਪਲ ਮਕਿੰਡੂ ਬਾਰੇ ਵੀ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ, ਜਿਥੇ ਕਾਲੇ ਲੋਕ ਸਿੱਖੀ ਸਰੂਪ ਵਿਚ ਅਣਥੱਕ ਸੇਵਾ ਨਿਭਾਅ ਰਹੇ ਹਨ। ਇਥੇ ਵਿਸ਼ਾਲ ਲੰਗਰ, ਹਸਪਤਾਲ ਅਤੇ ਰਿਹਾਇਸ਼ ਦੀ ਮੁਫ਼ਤ ਸਹੂਲਤ ਦਿੱਤੀ ਜਾਂਦੀ ਹੈ। ਕੀਨੀਆ ਦੇ ਸਿੱਖਾਂ ਦਾ ਪਿਛੋਕੜ, ਪਹਿਰਾਵਾ ਅਤੇ ਸ਼ਰਧਾਮਈ ਭਾਵਨਾ ਦਾ ਅਨੋਖਾ ਚਿਤਰਣ ਕੀਤਾ ਗਿਆ ਹੈ।
ਲੇਖਕ ਨੇ ਆਪਣੀ ਜਾਨ ਦਾ ਖ਼ਤਰਾ ਸਹੇੜ ਕੇ ਖੂੰਖਾਰ ਜੰਗਲੀ ਜਾਨਵਰਾਂ ਦੇ ਵਤੀਰੇ ਨੂੰ ਨੇੜੇ ਹੋ ਕੇ ਦੇਖਦਿਆਂ ਪੁਸਤਕ ਵਿਚ ਵਡਮੁੱਲੀ ਜਾਣਕਾਰੀ ਦਿੱਤੀ ਹੈ। ਭਾਸ਼ਾ ਮੁਹਾਵਰੇਦਾਰ ਅਤੇ ਠੁੱਕ ਵਾਲੀ ਹੈ। ਕੀਨੀਆ ਅਤੇ ਤਨਜ਼ਾਨੀਆ ਦੀਆਂ ਸਫ਼ਾਰੀਆਂ ਬਾਰੇ ਪੰਜਾਬੀ ਵਿਚ ਲਿਖਿਆ ਇਹ ਪਹਿਲਾ ਸਫ਼ਰਨਾਮਾ ਹੈ। ਅਫ਼ਰੀਕੀਆਂ ਦਾ ਜਾਨਵਰਾਂ ਪ੍ਰਤੀ ਪਿਆਰ, ਕੀਨੀਆ ਦਾ ਭੂਗੋਲ, ਪੈਦਾਵਾਰ, ਆਵਾਜਾਈ ਦੇ ਸਾਧਨ, ਵਿੱਦਿਅਕ ਢਾਂਚਾ, ਨੈਸ਼ਨਲ ਪਾਰਕ, ਸੱਭਿਆਚਾਰ ਅਤੇ ਸ਼ਿਸ਼ਟਾਚਾਰ ਬਾਰੇ ਅਨਮੋਲ ਜਾਣਕਾਰੀ ਦਿੱਤੀ ਗਈ ਹੈ। ਮੱਝਾਂ, ਨੀਲ ਗਾਈਆਂ, ਸ਼ੇਰਾਂ, ਹਿਰਨਾਂ, ਸੱਪਾਂ, ਹਾਥੀਆਂ, ਸ਼ੁਤਰਮੁਰਗਾਂ, ਜਿਰਾਫ਼ਾਂ, ਮਗਰਮੱਛਾਂ, ਡੱਡੂਆਂ, ਕਿਰਲਿਆਂ, ਚੀਤਿਆਂ, ਅਜਗਰਾਂ ਆਦਿ ਦੇ ਅਨੋਖੇ ਕਰਤੱਵਾਂ ਬਾਰੇ ਦੱਸਿਆ ਗਿਆ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪੰਜਾਬੀ ਲੋਕਧਾਰਾ : ਬਦਲਦੇ ਪਰਿਪੇਖ
ਸੰਪਾਦਕ : ਡਾ: ਰੁਪਿੰਦਰਜੀਤ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 70879-15705.

ਹਥਲੀ ਪੁਸਤਕ ਪ੍ਰਿੰ: ਬਹਾਦਰ ਸਿੰਘ ਗੋਸਲ ਰਚਿਤ ਪੁਸਤਕ 'ਰੰਗ ਪੰਜਾਬੀ ਵਿਰਸੇ ਦੇ' ਵਿਚ ਅੰਕਿਤ 28 ਸੱਭਿਆਚਾਰਕ ਨਿਬੰਧਾਂ ਦਾ ਆਲੋਚਨਾਤਮਕ ਅਧਿਐਨ ਪੇਸ਼ ਕਰਦੀ ਹੈ। ਸੰਪਾਦਕ ਰੁਪਿੰਦਰਜੀਤ ਗਿੱਲ ਨੇ 19 ਹੋਰ ਵਿਦਵਾਨ ਇਸਤਰੀਆਂ ਦੁਆਰਾ ਰਚਿਤ ਕੁਲ 20 ਖੋਜ ਪੱਤਰਾਂ ਨੂੰ ਪੁਸਤਕ ਵਿਚ ਅੰਕਿਤ ਕੀਤਾ ਹੈ। ਇਨ੍ਹਾਂ ਵਿਭਿੰਨ ਵਿਦਵਾਨਾਂ ਨੇ ਪੰਜਾਬੀ ਵਿਰਸੇ ਦੇ ਮੂਲ ਸਰੋਕਾਰਾਂ ਨੂੰ ਸਾਂਝੇ ਤੌਰ 'ਤੇ ਪਛਾਣਿਆ ਹੈ, ਅਲੋਪ ਹੋ ਚੁੱਕੀ ਲੋਕਧਾਰਾ ਦੀ ਪੇਸ਼ਕਾਰੀ, ਪੰਜਾਬੀ ਸੱਭਿਆਚਾਰ ਦੀਆਂ ਸੰਦਲੀ ਪੈੜਾਂ, ਵਿਸ਼ਵੀਕਰਨ ਦੇ ਸੰਦਰਭ, ਜੀਵਨ ਸ਼ੈਲੀ ਦੇ ਵੱਖ-ਵੱਖ ਪਹਿਲੂਆਂ ਵਿਚ ਆਏ ਬਦਲਾਵ, ਸੱਭਿਆਚਾਰਕ ਯਥਾਰਥ, ਵਿਚਾਰਧਾਰਕ ਅਧਿਐਨ, ਬਦਲ ਰਿਹਾ ਮੁਹਾਂਦਰਾ ਆਦਿ ਵਿਸ਼ਿਆਂ ਦਾ ਤਾਰਕਿਕ ਅਧਿਐਨ ਕੀਤਾ ਗਿਆ ਹੈ ਅਤੇ ਚਿੰਤਾ ਵੀ ਪ੍ਰਗਟਾਈ ਗਈ ਹੈ ਕਿ ਅੱਜ ਦੇ ਦੌਰ ਵਿਚ ਲੋਕ ਕੌੜਾ ਤੁੰਮਾ, ਚਿੜੀਆਂ ਦਾ ਅਲੋਪ ਹੋ ਜਾਣਾ, ਪੰਜਾਬ ਦੇ ਢਾਬੇ, ਬੋਹੀਏ ਅਤੇ ਗੋਹਲੇ, ਚੁੰਨੀਆਂ ਅਤੇ ਦੁਪੱਟੇ, ਹੱਥੀਂ ਕੰਮ ਕਰਨ ਦੀ ਰੁਚੀ, ਲੋਕ ਗੀਤ, ਰਸਮਾਂ ਰਿਵਾਜ਼, ਭਾਈਚਾਰਕ ਸਾਂਝ, ਕੋਠਿਆਂ 'ਤੇ ਸਪੀਕਰਾਂ ਦਾ ਵੱਜਣਾ ਆਦਿ ਅਜੋਕੇ ਲੋਕਾਂ ਨੂੰ ਵਿਸਰ ਚੁੱਕਾ ਹੈ ਅਤੇ ਲੋਕ ਮਸ਼ੀਨੀਕਰਨ ਅਤੇ ਖਪਤਕਾਰੀ ਰੁਚੀਆਂ ਦੇ ਸ਼ਿਕਾਰ ਹੋ ਕੇ ਆਪਣੇ ਅਮੀਰ ਵਿਰਸੇ ਨੂੰ ਭੁੱਲ ਚੁੱਕੇ ਹਨ। ਡਾ: ਸੁਖਵੀਰ ਕੌਰ, ਸੁਖਵਿੰਦਰ ਕੌਰ, ਗੁਰਪ੍ਰੀਤ ਕੌਰ, ਪਲਵਿੰਦਰ ਕੌਰ, ਮਨਪ੍ਰੀਤ ਕੌਰ, ਮਨਿੰਦਰਜੀਤ ਕੌਰ, ਬਲਜੀਤ ਕੌਰ, ਹਰਜੀਤ ਕੌਰ ਵਿਰਕ ਆਦਿ ਵਿਦਵਾਨਾਂ ਨੇ ਉਪਰੋਕਤ ਵਿਸ਼ਿਆਂ ਦਾ ਗੰਭੀਰ ਅਧਿਐਨ ਪੇਸ਼ ਕੀਤਾ ਹੈ। ਪੁਸਤਕ ਵਿਚ ਥਾਂ-ਪਰ-ਥਾਂ ਗੋਸਲ ਦੁਆਰਾ ਰਚਿਤ ਨਿਬੰਧਾਂ ਦੀਆਂ ਟੂਕਾਂ ਵੀ ਅੰਕਿਤ ਹਨ ਅਤੇ ਹੋਰ ਵਿਦਵਾਨਾਂ ਦੁਆਰਾ ਰਚਿਤ ਟਿੱਪਣੀਆਂ ਵੀ ਦਰਜ ਕੀਤੀਆਂ ਗਈਆਂ ਹਨ। ਇਹ ਖੋਜ ਪੱਤਰ ਭਾਵੇਂ ਕਦੇ ਕਦੇ ਟਿੱਪਣੀਨੁਮਾ ਵੀ ਲਗਦੇ ਹਨ ਪਰ ਪੁਸਤਕ 'ਰੰਗ ਕੌਮੀ ਵਿਰਸੇ ਦੇ' ਦਾ ਸਰਬਪੱਖੀ ਅਧਿਐਨ ਢੁੱਕਵੀਂ ਅਤੇ ਰੌਚਕ ਸ਼ਬਦਾਵਲੀ ਵਿਚ ਪੇਸ਼ ਕਰਦੇ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਮਹਾਤਮਾ ਗਾਂਧੀ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 98151-23900.

ਜੀਵਨੀ ਸਾਹਿਤ ਅਧੀਨ ਇਸ ਪੁਸਤਕ ਦਾ ਪ੍ਰਕਾਸ਼ਨ ਜਗਤ ਪ੍ਰਸਿੱਧ ਸਾਡੇ ਕੌਮੀ ਨੇਤਾ ਸ੍ਰੀ ਮੋਹਨ ਦਾਸ ਕਰਮ ਚੰਦ ਗਾਂਧੀ, ਬੱਚਿਆਂ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ। ਪੁਸਤਕ ਨੂੰ ਬਹੁਤ ਸੁਖਾਲੇ ਸ਼ਬਦਾਂ ਵਿਚ 25 ਅਧਿਆਏ ਵਿਚ ਵੰਡ, ਬੱਚਿਆਂ ਨੂੰ ਭਰਪੂਰ ਅਤੇ ਅਰਥ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਹਰ ਅਧਿਆਇ ਦੋ-ਤਿੰਨ ਪੰਨੇ ਤੋਂ ਵੱਧ ਨਹੀਂ। ਆਰੰਭ ਵਿਚ, 'ਰਾਸ਼ਟਰਪਿਤਾ ਕੌਣ ਸੀ? ਸਬੰਧੀ ਜਾਣਕਾਰੀ ਦੇ ਕੇ ਅੱਗੋਂ ਹੋਰ ਪੜ੍ਹਨ ਦੀ ਉਤਸੁਕਤਾ ਜਗਾਈ ਹੈ। ਉਨ੍ਹਾਂ ਦੇ ਜੀਵਨ ਅਤੇ ਜੀਵਨ ਪ੍ਰਾਪਤੀਆਂ ਦਾ ਵਸਤੂ ਵੇਰਵਾ, ਬਾਕੀ ਦੇ ਅਧਿਆਵਾਂ ਵਿਚ ਲਿਖਿਆ ਗਿਆ ਹੈ। ਇਸ ਜੀਵਨੀ ਦੀ ਵਿਸ਼ੇਸ਼ ਅਤੇ ਗੁਣਾਤਮਕ ਪ੍ਰਾਪਤੀ ਇਹ ਹੈ ਕਿ ਇਸ ਵਿਚ ਮਹਾਤਮਾ ਗਾਂਧੀ ਦੀ ਸਮੁੱਚੀ ਜ਼ਿੰਦਗੀ ਦੇ ਸਮੁੱਚੇ ਜੀਵਨ ਨੂੰ ਸਰਲ, ਸਪੱਸ਼ਟ ਅਤੇ ਰੌਚਿਕ ਸ਼ਬਦਾਵਲੀ ਵਿਚ ਬਾਲ-ਮਨਾਂ ਲਈ ਸਮਰਪਣ ਕਰ ਦਿੱਤਾ ਗਿਆ ਹੈ।
ਮਹਾਤਮਾ ਗਾਂਧੀ ਦਾ ਖ਼ਾਨਦਾਨ, ਮੁਢਲੀ ਪੜ੍ਹਾਈ, ਬਚਪਨ ਦੀਆਂ ਮੁੱਖ ਘਟਨਾਵਾਂ ਯਾਦਾਂ, ਵਿਦਿਆਰਥੀ ਜੀਵਨੀ, ਵਲਾਇਤ ਯਾਤਰਾ, ਅਫਰੀਕਾ ਫੇਰੀ, ਵਤਨ ਵਾਪਸੀ, ਸਾਬਰਮਤੀ ਆਸ਼ਰਮ ਦੀ ਸਥਾਪਨਾ, ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਦੇਸ਼ ਸੁਤੰਤਰ ਕਰਵਾਉਣ ਲਈ ਚਲਾਏ ਅੰਦੋਲਨ, ਜਿਵੇਂ ਡਾਂਡੀ ਯਾਤਰਾ, ਭਾਰਤ ਛੱਡੋ ਅੰਦੋਲਨ, ਆਜ਼ਾਦੀ ਦੀ ਪ੍ਰਾਪਤੀ, ਦੇਸ਼ ਵੰਡ ਦਾ ਦੁਖਾਂਤ, ਅਕਾਲ ਚਲਾਣਾ ਤੇ ਸ਼ਰਧਾਂਜਲੀਆਂ ਆਦਿ ਲਿਖਤਾਂ ਰਾਹੀਂ ਲੇਖਕ ਨੇ ਜਿਵੇਂ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਕੇ ਸੰਘਰਸ਼ ਕਰਦੇ ਜ਼ਿੰਦਾ-ਦਿਲ ਇਨਸਾਨ ਦੇ ਸਤਿ ਅਹਿੰਸਾ ਦੇ ਪੁਜਾਰੀ ਇਨਸਾਨ ਨੂੰ ਬਾਲ-ਮਨਾਂ ਅੰਦਰ ਪ੍ਰਕਾਸ਼ ਕਰ ਦਿੱਤਾ ਹੋਵੇ। ਪੁਸਤਕ ਦੇ ਹਰ ਅਧਿਆਏ ਵਿਚ ਮਹੱਤਵਪੂਰਨ, ਸੰਖੇਪ ਅਤੇ ਅਰਥ ਭਰਪੂਰ ਵਿਧੀ ਨਾਲ ਜੀਵਨੀ ਦੇ ਹਰ ਪੜਾਅ ਸਬੰਧੀ ਜਾਣਕਾਰੀ ਦੇ ਕੇ ਲੇਖਕ ਨੇ ਇਸ ਮਹਾਂ ਪੁਰਸ਼ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਇਆ ਹੈ। ਲੋੜੀਂਦੇ ਸਚਿੱਤਰ ਵਸਤੂ ਵੇਰਵੇ ਪੁਸਤਕ ਨੂੰ ਮੁੱਲਵਾਨ ਬਣਾਉਂਦੇ ਹਨ।

ਫ ਫ ਫ

ਵਚਿੱਤਰ ਸੰਸਾਰ
ਖੋਜ ਕਰਤਾ : ਅਮਨਦੀਪ ਸਿੰਘ ਬਖ਼ਤਗੜ੍ਹ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : ਪੇਪਰ ਬੈਕ 100 ਰੁਪਏ, ਸਫ਼ੇ : 120
ਸੰਪਰਕ : 94638-40590.

ਖੋਜ ਕਰਤਾ ਅਮਨਦੀਪ ਸਿੰਘ ਬਖ਼ਤਗੜ੍ਹ ਨੇ ਇਸ ਪੁਸਤਕ ਵਿਚ ਪੰਜ ਦਰਜਨ ਦੇ ਨੇੜੇ, ਉਨ੍ਹਾਂ ਲੱਭਤਾਂ ਤੇ ਵਚਿਤਰ ਅਣਗੌਲੇ ਵਿਅਕਤੀਆਂ ਸਬੰਧੀ ਉਲੇਖ ਕੀਤਾ ਹੈ, ਜਿਨ੍ਹਾਂ ਨੇ ਆਪਣੀਆਂ ਰੁਚੀਆਂ, ਆਪਣੇ ਸ਼ੌਕ ਕਾਰਨ ਪੰਜਾਬੀ ਪਾਠਕਾਂ ਨੂੰ ਨਵੇਂ ਗਿਆਨ ਤੋਂ ਜਾਣੂ ਕਰਵਾਇਆ ਹੈ। ਜਿਵੇਂ 'ਪੰਜਾਬੀ ਸੰਗੀਤ ਦਾ ਕਿੰਗਂਗੁਰਮੁਖ ਸਿੰਘ ਲਾਲੀ, ਅਸੀਮ ਯਾਦਸ਼ਕਤੀ ਦਾ ਮਾਲਕਂਦਰਸ਼ਨ ਸਿੰਘ, ਦਿਨ-ਰਾਤ ਜਾਗ ਰਿਹਾਂਸਤੀਸ਼ ਕੁਮਾਰ, ਅਨੋਖਾ ਵਿਧਾਇਕਂਬੱਚੂ ਕਾਡੂ, ਜਾਸੂਸਾਂ ਦਾ ਪਿੰਡ, ਡਡਵਾਂ, 24-24 ਉਂਗਲੀਆਂ ਵਾਲੇ ਪਰਿਵਾਰ, ਝੀਲ ਵਿਚ ਤੈਰਦਾ ਇਕ ਪਿੰਡ... ਆਦਿ ਹੋਰ ਅਜਿਹੀਆਂ ਸੂਚਨਾਵਾਂ ਸੱਚਮੁੱਚ ਅਵਿਸ਼ਕਾਰ ਹੈ, ਭਾਵੇਂ ਇਨ੍ਹਾਂ ਸੂਚਨਾਵਾਂ ਨੂੰ ਅਸੀਂ ਕਾਢਾਂ ਨਹੀਂ ਕਹਿ ਸਕਦੇ।
ਇਸ ਪੁਸਤਕ ਦਾ ਲੇਖਕ ਅਵਿਸ਼ਕਾਰੀ ਰੁਚੀਆਂ ਵਾਲਾ ਲੇਖਕ ਹੈ, ਜਿਸ ਨੇ ਆਪਣੇ ਪਿੰਡਾਂ, ਸ਼ਹਿਰਾਂ, ਲੋਕਾਂ ਨੂੰ ਸਾਹਮਣੇ ਲਿਆਂਦਾ ਹੈ, ਜਿਹੜੇ ਆਪਣੇ ਵਿਸ਼ੇਸ਼ ਪਿੰਡਾਂ ਲੋਕਾਂ, ਰਹੁਰੀਤਾਂ, ਰਵਾਇਤਾਂ ਅਤੇ ਇਤਿਹਾਸਕ ਮਿਥਿਹਾਸਕ ਤੱਥਾਂ ਕਾਰਨ ਵਿਸ਼ੇਸ਼ ਮਹੱਤਵਪੂਰਨ ਸਥਾਨ ਪ੍ਰਾਪਤ ਹੋਣ ਕਾਰਨ ਵੀ ਲੋਕਾਂ ਦੇ ਚੇਤੇ ਵਿਚ ਨਹੀਂ ਸਨ, ਜਿਵੇਂ ਪੁਸਤਕ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ, ਪੇਸ਼ ਪੁਸਤਕ ਦੇ ਅਨੋਖੇ ਨਿਰਾਲੇ ਸ਼ੌਕੀਨ ਅਵਿਸ਼ਕਾਰਾਂ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ? ਜਿਵੇਂ ਪੰਜਾਬੀ ਸੰਗੀਤ ਦਾ ਕਿੰਗ ਗੁਰਮੁਖ ਸਿੰਘ ਲਾਲੀ, ਬੋਲੀਆਂ ਦਾ ਵਿਸ਼ੇਸ਼ ਕੋਸ਼; ਭਗਤੂ ਸਿੰਘ ਕੱਟੂ, ਵਾਤਾਵਰਨ ਪ੍ਰੇਮੀ : ਖੰਮੂ ਰਾਮ ਬਿਸ਼ਨੋਈ, ਦੀਵਾਲੀ ਨਾ ਮਨਾਉਣ ਵਾਲਾ ਪਿੰਡ ਚਿੱਲਾ, 24-24 ਉਂਗਲੀਆਂ ਵਾਲਾ ਪਰਿਵਾਰ, ਆਦਿ ਪੰਜ ਦਰਜਨ ਦੇ ਲਗਪਗ ਨਵੀਆਂ ਜਾਣਕਾਰੀਆਂ ਆਮ ਸਾਧਾਰਨ ਉਨ੍ਹਾਂ ਲੋਕਾਂ ਲਈ ਤਾਂ ਪ੍ਰੇਰਨਾ ਸਰੋਤ ਪੁਸਤਕ ਹੈ, ਜਿਹੜੇ ਕੁਝ ਨਹੀਂ ਕਰਦੇ ਤੇ ਪੁਰਾਣੀ ਸੋਚ ਦੇ ਹਨੇਰੇ ਵਿਚ ਉਨ੍ਹਾਂ ਲਈ ਨਵੀਂ ਸੋਚ ਅਨੁਸਾਰ ਨਵਾਂ ਕੁਝ ਲੱਭਣ ਦੇ ਯਤਨ ਨਾ ਸਮਾਨ ਹੁੰਦੇ ਹਨ।
ਸਾਹਿਤ ਰਾਹੀਂ ਨਵੀਆਂ ਸੋਚਾਂ ਅਨੁਸਾਰ ਨਵੇਂ ਵਿਸ਼ੇ ਦ੍ਰਿਸ਼ਟੀਗੋਚਰ ਕਰਵਾਉਣੇ ਸਮੇਂ ਦੀ ਲੋੜ ਹੈ। ਜੇ ਆਪਣੇ ਲੋਕਾਂ, ਪਿੰਡਾਂ, ਸ਼ਹਿਰਾਂ ਅਤੇ ਇਤਿਹਾਸਕ-ਮਿਥਿਹਾਸਕ ਮਹੱਤਤਾ ਵਾਲੇ ਵਿਸ਼ੇਸ਼ ਮਹੱਤਵਪੂਰਨ ਤੱਥਾਂ, ਸਬੰਧੀ, ਅਵਿਸ਼ਕਾਰੀ ਦ੍ਰਿਸ਼ਟੀ ਤੋਂ ਸਾਹਿਤ ਦੇ ਵਿਸ਼ੇ ਬਣਾ ਕੇ ਕੋਈ ਸੰਚਾਰਦਾ ਹੈ ਤਾਂ ਇਹ ਆਪਣੇ-ਆਪ ਹੀ ਨਵੀਂ ਪਰੰਪਰਾ ਹੈ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਮੁਨਸ਼ੀ ਪ੍ਰੇਮ ਚੰਦ ਦੀਆਂ ਚੋਣਵੀਆਂ ਕਹਾਣੀਆਂ
ਸੰਕਲਨ ਕਰਤਾ ਤੇ ਅਨੁਵਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 386
ਸੰਪਰਕ : 099588-31357

ਮੁਨਸ਼ੀ ਪ੍ਰੇਮ ਚੰਦ ਹਿੰਦੀ ਉਰਦੂ ਦਾ ਸੁਪ੍ਰਸਿੱਧ ਕਥਾਕਾਰ ਹੈ। ਕਰੀਬ 70 ਸਾਲ ਪਹਿਲਾਂ ਲਿਖੀਆਂ ਉਸ ਦੀਆਂ ਹਿੰਦੀ ਦੀਆਂ ਚੋਣਵੀਆਂ ਕਹਾਣੀਆਂ ਨੂੰ ਹਥਲੇ ਸੰਗ੍ਰਹਿ ਵਿਚ ਲਿਆ ਗਿਆ ਹੈ। ਵੱਡ ਆਕਾਰੀ ਪੁਸਤਕ ਵਿਚ ਮੁਨਸ਼ੀ ਪ੍ਰੇਮ ਚੰਦ ਦੀਆਂ 28 ਬਿਹਤਰੀਨ ਕਹਾਣੀਆਂ ਹਨ। ਆਰੰਭ ਵਿਚ ਸਾਹਿਤਕਾਰ ਦੇਵਿੰਦਰ ਸਤਿਆਰਥੀ ਵਲੋਂ 1931 ਵਿਚ ਮੁਨਸ਼ੀ ਪ੍ਰੇਮ ਚੰਦ ਨਾਲ ਕੀਤੀ ਮੁਲਾਕਾਤ ਹੈ ਜੋ ਸਤਿਆਰਥੀ ਹੋਰਾਂ ਨੇ ਲੋਕ ਗੀਤ ਇਕੱਠੇ ਕਰਨ ਸਮੇਂ ਲਖਨਊ ਵਿਚ ਕੀਤੀ ਸੀ। ਸਾਹਿਤਕਾਰਾਂ ਦਾ ਇਹ ਸੰਵਾਦ ਬਹੁਤ ਦਿਲਚਸਪ ਹੈ। ਸਤਿਆਰਥੀ ਹੋਰਾਂ ਨੇ ਪੁੱਛਿਆਂਲੇਖਕ ਕਿਉਂ ਲਿਖਦਾ ਹੈ? ਮੁਨਸ਼ੀ ਪ੍ਰੇਮ ਚੰਦ ਬੋਲੇਂਓ ਜੀ ਲੇਖਕ ਇਸ ਲਈ ਲਿਖਦਾ ਹੈ ਕਿ ਉਹ ਲਿਖੇ ਬਗੈਰ ਰਹਿ ਨਹੀਂ ਸਕਦਾ। (ਪੰਨਾ 11) ਮੁਲਾਕਾਤ ਮੁਨਸ਼ੀ ਪ੍ਰੇਮ ਚੰਦ ਦੀ ਸਾਹਿਤ ਸਿਰਜਣਾ ਨੂੰ ਪੇਸ਼ ਕਰਦੀ ਹੈ। ਕਹਾਣੀਆਂ ਵਿਚ ਈਦਗਾਹ, ਮਾਂ, ਗੁਲੀ ਡੰਡਾ, ਮਾਂ ਦਾ ਦਿਲ, ਪੁੱਤਰਾਂ ਵਾਲੀ ਵਿਧਵਾ, ਉਪਦੇਸ਼, ਬਲੀਦਾਨ, ਦੋ ਬਲਦਾਂ ਦੀ ਕਥਾ, ਰਾਮ ਲੀਲਾ, ਕਫਨ, ਸ਼ਹੀਦ, ਮਰਜੀਵੜੇ ਦਾ ਇਸ਼ਕ ਜ਼ਿਕਰਯੋਗ ਰਚਨਾਵਾਂ ਹਨ, ਜਿਨ੍ਹਾਂ ਵਿਚ ਸਮਕਾਲੀ ਸਮਾਜ ਦੀ ਤਸਵੀਰ ਹੈ। ਪ੍ਰੇਮ ਚੰਦ ਦੀਆਂ ਕਹਾਣੀਆਂ ਦੀ ਮਹਾਨਤਾ ਹੈ ਕਿ ਉਹ ਬਾਲ ਹਿਰਦੇ ਨੂੰ ਵੀ ਟੁੰਭਦੀਆਂ ਹਨ ਤੇ ਵੱਡੀ ਉਮਰ ਦੇ ਸਿਆਣੇ ਲੋਕਾਂ ਨੂੰ ਵੀ। ਬੇਵੱਸ ਲਾਚਾਰ ਤੇ ਮਜਬੂਰ ਲੋਕਾਂ ਦੀਆਂ ਇਹ ਰਚਨਾਵਾਂ ਹਨ। ਪਾਤਰ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਹਨ। ਭਾਸ਼ਾ ਸਰਲ ਹੈ। ਕੁਝ ਕਹਾਣੀਆਂ 15 ਤੋਂ 20 ਪੰਨਿਆਂ ਤੱਕ ਦੀਆਂ ਹਨ। ਕਹਾਣੀਆਂ ਦੀ ਸਾਧਾਰਨਤਾ ਇਨ੍ਹਾਂ ਦਾ ਮੀਰੀ ਗੁਣ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਸੰਪਰਕ : 98148-56160
ਫ ਫ ਫ

ਭਾਰਤੀ ਪਰੰਪਰਾ ਅਤੇ ਦਸਮ ਗ੍ਰੰਥ
ਲੇਖਕ : ਡਾ: ਹਰਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 98154-91048.

'ਭਾਰਤੀ ਪਰੰਪਰਾ ਅਤੇ ਦਸਮ ਗ੍ਰੰਥ' ਡਾ: ਹਰਿੰਦਰ ਕੌਰ ਦਾ ਅਜਿਹਾ ਖੋਜ ਕਾਰਜ ਹੈ ਜੋ ਖੋਜਾਰਥੀਆਂ ਅਤੇ ਜਗਿਆਸੂਆਂ ਲਈ ਬਰਾਬਰ ਦੀ ਅਹਿਮੀਅਤ ਰੱਖਣ ਵਾਲਾ ਹੈ। ਇਸ ਪੁਸਤਕ ਵਿਚ ਡਾ: ਹਰਿੰਦਰ ਕੌਰ ਵੱਖ-ਵੱਖ ਚਿੰਤਕਾਂ ਦੀਆਂ ਧਾਰਨਾਵਾਂ ਦੀ ਰੌਸ਼ਨੀ ਵਿਚ ਜਿਥੇ ਧਰਮ ਦੀ ਪ੍ਰਕਿਰਤੀ ਅਤੇ ਸਰੂਪ ਸੰਬਧੀ ਵਿਚਾਰਾਤਮਕ ਪਹੁੰਚ ਪੇਸ਼ ਕਰਦੀ ਹੈ, ਉਥੇ ਧਰਮ ਦੀ ਪ੍ਰਕਿਰਤੀ ਸਬੰਧੀ ਖੇਡਣਕਾਰੀ, ਪਦਾਰਥਵਾਦੀ ਅਤੇ ਆਦਰਸ਼ਵਾਦੀ ਪਹੁੰਚ ਵਿਧੀਆਂ ਨੂੰ ਭਾਰਤੀ ਅਤੇ ਪੱਛਮੀ ਵਿਦਵਾਨਾਂ ਦੀਆਂ ਰਾਵਾਂ ਦੀ ਰੌਸ਼ਨੀ ਵਿਚ ਪਰਿਭਾਸ਼ਤ ਕਰਨ ਦਾ ਯਤਨ ਵੀ ਕੀਤਾ ਹੈ। ਇਸ ਤੋਂ ਇਲਾਵਾ ਵੇਦਾਂ, ਉਪਨਿਸ਼ਦਾਂ, ਸ੍ਰੀਮਦ ਭਗਵਤ ਗੀਤਾ, ਜੈਨ ਮੱਤ, ਬੁੱਧ ਮੱਤ, ਇਸਲਾਮ ਅਤੇ ਸੂਫ਼ੀ ਪਰੰਪਰਾ ਤੋਂ ਇਲਾਵਾ ਸਿੱਖ ਧਰਮ ਵਿਚ ਧਰਮ ਦੇ ਸਰੂਪ ਬਾਰੇ ਪ੍ਰਸਤੁਤ ਵਿਚਾਰਾਂ ਨੂੰ ਵੀ ਖੋਜਾਰਥੀ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਪੁਸਤਕ ਦੇ ਪਹਿਲੇ ਅਧਿਆਇ ਤਹਿਤ ਉਪਰੋਕਤ ਕਾਰਜ ਤੋਂ ਇਲਾਵਾ ਵਿਦਵਾਨ ਖੋਜਕਰਤਾ ਨੇ ਦੂਜੇ ਅਧਿਆਇ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਅਤੇ ਦਸਮ ਗ੍ਰੰਥ ਵਿਚਲੀ ਬਾਣੀ ਵਿਚ ਪੇਸ਼ ਧਰਮ ਦੇ ਸਰੂਪ ਨੂੰ ਤੁਲਨਾਤਮਿਕ ਨਜ਼ਰੀਏ ਤੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਡਾ: ਹਰਿੰਦਰ ਕੌਰ ਨੇ ਇਸ ਸਬੰਧੀ ਜਿਥੇ ਗੁਰੂ ਗ੍ਰੰਥ ਸਾਹਿਬ ਵਿਚੋਂ ਗੁਰੂ ਸਾਹਿਬਾਨ ਦੁਆਰਾ ਰਚੀ ਬਾਣੀ ਅਤੇ ਭਗਤ ਬਾਣੀ ਵਿਚੋਂ ਧਰਮ ਸਬੰਧੀ ਆਏ ਹਵਾਲਿਆਂ ਨੂੰ ਗੁਰਬਾਣੀ ਦੀਆਂ ਤੂਕਾਂ ਦੇ ਕੇ ਪੇਸ਼ ਕੀਤਾ ਹੈ, ਉਥੇ ਸਮਾਨੰਤਰ ਰੂਪ ਵਿਚ ਦਸਮ ਗ੍ਰੰਥ ਵਿਚੋਂ ਵੀ ਅਜਿਹੇ ਹੀ ਹਵਾਲਿਆਂ ਨਾਲ ਆਪਣਾ ਮੱਤ ਪੇਸ਼ ਕੀਤਾ ਹੈ। ਦੋਵਾਂ ਦੇ ਤੁਲਨਾਤਮਕ ਅਧਿਐਨ ਵਿਚੋਂ ਸਿੱਟੇ ਦੇ ਰੂਪ ਵਿਚ ਇਹੀ ਮੱਤ ਪ੍ਰਾਪਤ ਹੁੰਦਾ ਹੈ। ਦੋਵਾਂ ਹੀ ਧਰਮ ਗ੍ਰੰਥਾਂ ਵਿਚ ਧਰਮ ਦੀ ਪ੍ਰਕਿਰਤੀ ਅਤੇ ਸੁਭਾਅ ਤਕਰੀਬਨ ਇਕੋ ਜਿਹੇ ਰੂਪ ਵਿਚ ਹੀ ਪੇਸ਼ ਹੋਇਆ ਹੈ, ਕਿਉਂਕਿ ਗੁਰੂ ਸਾਹਿਬਾਨ ਨੂੰ ਭਾਰਤੀ ਪਰੰਪਰਾ ਦਾ ਪੂਰਾ ਗਿਆਨ ਹਾਸਲ ਸੀ। ਅਕਾਦਮਿਕ ਤੌਰ 'ਤੇ ਪੁਸਤਕ ਲਾਹੇਵੰਦੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਚੁਰਾਹੇ ਦਾ ਦੀਵਾ
ਲੇਖਕ : ਭਰਗਾ ਨੰਦ
ਪ੍ਰਕਾਸ਼ਕ : ਸੰਗਮ ਪਬਲਿਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 94646-97422.

ਚੁਰਾਹੇ ਦਾ ਦੀਵਾ ਨਾਵਲ ਵਿਚ ਭਰਗਾ ਨੰਦ ਨੇ ਸਮਾਜਿਕ ਯਥਾਰਥ ਅਤੇ ਆਦਰਸ਼ਵਾਦੀ ਪਾਤਰਾਂ ਦੀ ਪੇਸ਼ਕਾਰੀ ਕਰਕੇ ਨਾਵਲ ਨੂੰ ਚਾਰ ਚੰਨ ਲਾਏ ਹਨ। ਹੱਥਲਾ ਨਾਵਲ ਕੁੱਲ 42 ਕਾਂਡਾਂ ਵਿਚ ਤਕਸੀਮ ਕੀਤਾ ਗਿਆ ਹੈ ਤੇ ਹਰ ਕਾਂਡ ਆਪਣੇ ਆਪ ਵਿਚ ਸਪੂੰਰਨ ਜਾਪਦਾ ਹੈ, ਜੋ ਨਾਵਲੀ ਬਿਰਤਾਂਤ ਦੀਆਂ ਘਟਨਾਵਾਂ ਨੂੰ ਅੱਗੇ ਤੋਰਦਾ ਹੈ। ਚੁਰਾਹੇ ਦਾ ਦੀਵਾ ਨਾਵਲ ਦੇ ਸਾਰੇ ਪਾਤਰ ਹੀ ਇਕ ਆਦਰਸ਼ਵਾਦੀ ਦੁਨੀਆ ਦੀ ਸਿਰਜਣਾ ਵਿਚ ਲੱਗੇ ਹੋਏ ਹਨ। ਲੇਖਕ ਨੇ ਨਾਵਲ ਦੀਆਂ ਪ੍ਰਸਥਿਤੀਆਂ ਦੀ ਪੇਸ਼ਕਾਰੀ ਆਂਚਲਿਕਤਾ ਨੂੰ ਮੁੱਖ ਰੱਖ ਕੇ ਕੀਤੀ ਹੈ। ਮੁਹਾਵਰੇਦਾਰ ਅਤੇ ਠੁੱਕਦਾਰ ਬੋਲੀ ਉਸ ਦੀ ਪ੍ਰਾਪਤੀ ਹੈ। ਲੇਖਕ ਨੇ ਬਚਪਨ, ਸ਼ਰੀਕੇਬਾਜ਼ੀ, ਔਰਤ ਦੀ ਮਮਤਾ ਅਤੇ ਪੇਂਡੂ ਸੱਭਿਆਚਾਰ ਦੀ ਪੇਸ਼ਕਾਰੀ ਬੇਬਾਕੀ ਨਾਲ ਕੀਤੀ ਹੈ ਕਿ ਨਾਵਲ ਦੇ ਸਾਰੇ ਪਾਤਰ ਹੀ ਸਮਾਜ ਦਾ ਭਲਾ ਚਾਹੁੰਦੇ ਹਨ। ਇਸ ਨਾਵਲ ਦਾ ਮੈਂ ਪਾਤਰ ਨਾਵਲ ਦਾ ਕੇਂਦਰੀ ਧੁਰਾ ਹੈ। ਵਿਧਵਾ ਮਾਂ ਦਾ ਪੁਤਰ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਕੇ ਅੱਕਦਾ-ਥੱਕਦਾ ਨਹੀਂ ਅਤੇ ਗਰੀਬਾਂ ਦਾ ਮਦਦਗਾਰ ਬਣਦਾ ਹੈ। ਇਸ ਤਰ੍ਹਾਂ ਉਸ ਦਾ ਵਿਆਹ ਵੀ ਡਾਕਟਰ ਕੁੜੀ ਸੁਖਵੰਤ ਨਾਲ ਹੋ ਜਾਂਦਾ ਹੈ। ਸੁਖਵੰਤ ਵਿਚ ਵੀ ਅੰਤਾਂ ਦੀ ਕੰਮ ਪ੍ਰਤੀ ਲਗਨ ਅਤੇ ਮੋਹ ਹੁੰਦਾ ਹੈ ਅਤੇ ਗੋਦ ਲਈ ਪੁੱਤਰੀ ਨੂਰੀ ਪ੍ਰਤੀ ਵੀ ਉਸ ਦਾ ਅਥਾਹ ਪਿਆਰ ਹੁੰਦਾ ਹੈ। ਇਸ ਨਾਵਲ ਦਾ ਗਲਪੀ ਬਿਰਤਾਂਤ ਇਸ ਤਰ੍ਹਾਂ ਦਾ ਹੈ ਕਿ ਇੰਜ ਲੱਗਦਾ ਹੈ ਜਿਵੇਂ ਸਭ ਕੁਝ ਅੱਖਾਂ ਸਾਹਮਣੇ ਹੀ ਵਾਪਰ ਰਿਹਾ ਹੋਵੇ। ਇਸ ਨਾਵਲ ਵਿਚ ਮੁੱਖ ਰੂਪ ਵਿਚ ਨਾਵਲਕਾਰ ਨੇ ਆਦਰਸ਼ਕ ਪਾਤਰਾਂ ਦੁਆਰਾ ਸਮਾਜ ਨੂੰ ਚੰਗਾ ਬਣਾਉਣ ਦੀ ਗੱਲ ਕੀਤੀ ਹੈ। ਇਸ ਨਾਵਲ ਦਾ ਸਿਰਲੇਖ ਢੁੱਕਵਾਂ ਹੈ ਕਿ ਚੁਰਾਹੇ ਦਾ ਦੀਵਾ ਇਕ ਪ੍ਰਤੀਕ ਵਜੋਂ ਵਰਤਿਆ ਗਿਆ ਹੈ ਜੋ ਹਰ ਪਾਸੇ ਚਾਨਣ ਮੁਨਾਰਾ ਸਿੱਧ ਹੁੰਦਾ ਹੈ। ਸਮੁੱਚੇ ਨਾਵਲ ਵਿਚ ਨਾਵਲਕਾਰ ਨੇ ਜੋ ਸਮਾਜ ਵਿਚ ਸੱਚੀਆਂ ਘਟਨਾਵਾਂ ਹੋ ਰਹੀਆਂ ਹਨ ਉਨ੍ਹਾਂ ਦੀ ਹੀ ਤਰਜਮਾਨੀ ਕੀਤੀ ਹੈ। ਨਾਵਲ ਪੜ੍ਹਨਯੋਗ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਦਾਨਾਬਾਦ
ਲੇਖਕ : ਤਰਲੋਚਨ ਮੀਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 094175-87243.

ਇਹ ਪੁਸਤਕ ਕਾਵਿ ਪਾਤਰ ਦੇ ਅੰਦਰਲੇ ਜਜ਼ਬਿਆਂ ਦਾ ਬਹੁਤ ਡੂੰਘਾ ਤੇ ਕਿਤੇ-ਕਿਤੇ ਵਿਦਰੋਹੀ ਆਪੇ ਦਾ ਪ੍ਰਗਟਾਵਾ ਹੈ। ਵਿਅੰਗਮਈ ਜੁਗਤ ਵਿਚ ਰਚੀਆਂ ਕੁਝ ਕਵਿਤਾਵਾਂ ਸਾਡੇ ਸਮੇਂ ਦਾ ਕੌੜਾ ਸੱਚ ਹਨ। ਸੰਗਤ ਸ਼ੋਕ ਸਭਾ ਤੇ ਸਲਤਨਤ, ਨਾਨਕ ਕਦੇ ਸ਼ਾਂਤ ਸੀ, ਜਨਕ ਪੁੱਤਰੀ ਤੇ ਜਨਕ ਪੁੱਤਰੀ, ਸਰਹੰਦ ਫਤਿਹ ਨਹੀਂ ਹੋਇਆ ਵਰਗੀਆਂ ਕਵਿਤਾਵਾਂ ਇਤਿਹਾਸਕ ਤੇ ਧਾਰਮਿਕ ਮਹਾਂਪੁਰਸ਼ਾਂ ਦੀਆਂ ਸਿਖਿਆਵਾਂ ਅਤੇ ਕਾਰਨਾਮਿਆਂ ਦੇ ਅਜੋਕੇ ਦੌਰ ਵਿਚ ਬਦਲੇ ਅਰਥਾਂ ਬਾਰੇ ਚਿੰਤਾ ਪ੍ਰਗਟ ਕਰਦੀਆਂ ਰਚਨਾਵਾਂ ਹਨ। ਸਮੁੱਚੀ ਪੁਸਤਕ ਖੁੱਲ੍ਹੀਆਂ ਕਵਿਤਾਵਾਂ ਨਾਲ ਭਰਪੂਰ ਹੈ। ਕਵੀ ਨੇ ਜ਼ਿੰਦਗੀ ਦੇ ਅਨੇਕਾਂ ਪੱਖ ਦੁਖ, ਦਰਦ, ਮਾਯੂਸੀ, ਲਾਚਾਰੀ, ਗ਼ਰੀਬੀ, ਭੁੱਖਮਰੀ ਆਦਿ ਬਾਰੇ ਕਾਵਿ ਰਚਨਾ ਕੀਤੀ ਹੈ। ਪੰਨਾ 79 'ਤੇ ਰਚਿਤ ਕਵਿਤਾ ਤਿੰਨ ਬੱਚੇ ਸਮਾਜ ਦੀ ਆਰਥਿਕ ਨਾਬਰਾਬਰੀ ਵਿਚ ਗਰਭ ਵਿਚ ਪਲ ਰਹੇ ਬੱਚਿਆਂ ਦੀ ਮਨੋਦਸ਼ਾ ਰਾਹੀਂ ਸਮੁੱਚੇ ਭਾਰਤੀ ਆਰਥਿਕ ਸਿਸਟਮ ਦੀ ਤਸਵੀਰ ਨੂੰ ਬਾਖੂਬੀ ਉਭਾਰਦੀ ਹੈ। ਸਮੁੱਚੀ ਪੁਸਤਕ ਅਰਥ ਭਰਪੂਰ ਕਾਵਿ ਰਚਨਾਵਾਂ ਨੂੰ ਦਰਸਾਉਂਦੀ ਹੈ। ਕਾਵਿ ਰਚਨਾਵਾਂ ਕਰਦਿਆਂ ਕਵੀ ਦੀ ਕਲਮ ਕਿਧਰੇ ਵੀ ਉਪਭਾਵੁਕ ਨਹੀਂ ਹੋਈ। ਕਵੀ ਨੇ ਹਕੀਕਤ ਦੀ ਜ਼ਮੀਨ ਤੋਂ ਹੀ ਕਾਵਿ ਰਚਨਾ ਦੇ ਬੀਜ ਲਏ ਹਨ। ਪੰਨਾ 86 'ਤੇ ਰਚਿਤ ਕਵਿਤਾ 'ਚਾਰ ਫੁੱਲਾਂ ਦੀ ਕਹਾਣੀ' ਭਾਈ ਵੀਰ ਸਿੰਘ ਦੀ ਕਾਵਿ ਰਚਨਾ 'ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ' ਨੂੰ ਨਵੇਂ ਅਰਥ ਤੇ ਦਿਸ਼ਾ ਪ੍ਰਦਾਨ ਕਰਦੀ ਅਤਿ ਪ੍ਰਭਾਵਸ਼ਾਲੀ ਕਵਿਤਾ ਹੈ। ਆਧੁਨਿਕ ਮਨੁੱਖ, ਬਾਜ਼ਾਰ, ਕੁਰੱਖਤ ਸਮਾਂ, ਪਰਛਾਵਾਂ, ਸਰਹੱਦ, 1699, ਹਨੇਰੇ 'ਚ ਉੱਕਰੀ ਮੂਰਤੀ, ਮੁਕਸਾਨ ਆਦਿ ਕਵਿਤਾਵਾਂ ਮਨੁੱਖੀ ਮਨੋਵੇਦਨਾ ਦਾ ਅਰਥਪੂਰਨ ਪ੍ਰਗਟਾਵਾ ਹਨ। ਰੇਪ ਹੁੰਦੀ ਜੇਬ ਤੇ ਆਸਮਾਨੀ ਸਾਜਿਸ਼ ਇਸ ਅਲੱਗ ਮਾਡਰਨ ਯੁੱਗ ਵਿਚ ਆਮ ਆਦਮੀ ਦੇ ਦੁਖਾਂਤ ਦਾ ਸਹਿਜ ਸੁਭਾਵਿਕ ਪ੍ਰਗਟਾਵਾ ਹਨ। ਉਚੇਰੀ ਸਿੱਖਿਆ, ਚਾਹ ਵੇਚਦਾ ਮੁੰਡਾ ਕਾਵਿ ਰਚਨਾਵਾਂ ਸਾਡੇ ਅਕਾਦਮਿਕ, ਆਰਥਿਕ ਤੇ ਰਾਜਨੀਤਕ ਢਾਂਚੇ ਦਾ ਚਿਤਰਨ ਕਰਦੀਆਂ ਹਨ।
ਤਰਲੋਚਨ ਮੀਰ ਦੀਆਂ ਇਸ ਪੁਸਤਕ ਵਿਚ ਸ਼ਾਮਿਲ ਰਚਨਾਵਾਂ ਸਾਧਾਰਨ ਮਨੁੱਖ ਦੀ ਇਸ ਚਕਾਚੌਂਧ ਭਰੀ ਦੁਨੀਆ ਵਿਚ ਮਾਨਸਿਕ ਤੇ ਆਤਮਿਕ ਬੇਚੈਨੀ ਦਾ ਪ੍ਰਗਟਾਵਾ ਕਰਦੀਆਂ ਹਨ। ਗ਼ੈਰ-ਸਰਕਾਰੀ ਅਧਿਆਪਕ, ਅਸਲ ਦੋਸ਼ੀ, ਸਾਂਝ, ਰਹੱਸ, ਹਿੰਸਾ ਆਦਿ ਕਵਿਤਾਵਾਂ ਵੀ ਪਾਠਕ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਸਮੀਰ ਸੰਦਲੀ
ਗ਼ਜ਼ਲਕਾਰ : ਡਾ: ਜਗਦੀਪ ਕੌਰ ਆਹੂਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 295 ਰੁਪਏ, ਸਫ਼ੇ : 90
ਸੰਪਰਕ : 84277-53575

'ਸਮੀਰ ਸੰਦਲੀ' ਲੇਖਿਕਾ ਦੀਆਂ ਤਾਜ਼ਾ ਪੰਜਾਬੀ ਗ਼ਜ਼ਲਾਂ ਦਾ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਨੱਬੇ ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਪੁਸਤਕ ਦੀ ਪਹਿਲੀ ਮਸਲਸਲ ਗ਼ਜ਼ਲ ਸ਼ਾਇਰੀ ਨਾਲ ਸਬੰਧਤ ਹੈ, ਜਿਸ ਵਿਚ ਉਹ ਸ਼ਾਇਰੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਦਿੰਦੀ ਹੈ। ਉਸ ਮੁਤਾਬਿਕ ਸ਼ਾਇਰੀ ਰੱਬੀ ਗੀਤ ਹੈ ਜਿਹੜਾ ਪਾਠਕ ਦੇ ਜ਼ਿਹਨ ਵਿਚ ਧਮਾਲਾਂ ਪਾਉਂਦਾ ਹੈ। ਇਹ ਕਰੜੀ ਘਾਲ਼ ਮੰਗਦੀ ਹੈ ਤੇ ਅੰਤ ਵਿਚ ਉਹ ਸਵਾਲ ਕਰਦੀ ਹੈ ਕਿ ਇਹ ਸ਼ਾਇਰੀ ਆਪਣੀ ਹੀ ਕਸੌਟੀ 'ਤੇ ਕਦ ਖ਼ਰੀ ਉਤਰੇਗੀ। ਆਪਣੀ ਦੂਸਰੀ ਗ਼ਜ਼ਲ ਵਿਚ ਉਹ ਸਮਾਜ ਵਿਚ ਔਰਤ ਦੇ ਹੋ ਰਹੇ ਤ੍ਰਿਸਕਾਰ ਦੇ ਵਿਰੋਧ ਵਿਚ ਆਵਾਜ਼ ਉਠਾਉਂਦੀ ਹੈ। ਇਸ ਵਿਸ਼ੇ 'ਤੇ ਉਸ ਦੀਆਂ ਹੋਰ ਵੀ ਗ਼ਜ਼ਲਾਂ ਹਨ ਤੇ ਉਸ ਦੇ ਵਿਰੋਧ ਦੀ ਸੁਰ ਭਾਵੁਕਤਾ ਦੀ ਥਾਂ ਠਰ੍ਹੰਮੇ ਵਾਲੀ ਹੈ। ਉਸ ਨੇ ਪੁੱਤਾਂ ਵਲੋਂ ਮਾਪਿਆਂ ਪ੍ਰਤੀ ਅਪਣਾਏ ਚਿੰਤਾਜਨਕ ਰਵੱਈਏ 'ਤੇ ਵੀ ਕਿੰਤੂ ਕੀਤੇ ਹਨ ਤੇ ਉਹ ਆਖਦੀ ਹੈ ਕਿ ਮਾਪਿਆਂ ਵਲੋਂ ਢਿੱਡ ਨੂੰ ਗੰਢ ਦੇ ਕੇ ਕੀਤੀ ਕਮਾਈ ਨੂੰ ਕਈਆਂ ਪੁੱਤਾਂ ਨੇ ਬੋਤਲਾਂ ਰਾਹੀਂ ਡੀਕ ਲਿਆ ਹੈ। ਪੁਸਤਕ ਦੀ ਇਕ ਸੰਬੋਧਨੀ ਗ਼ਜ਼ਲ ਉਸ ਨੇ ਦੇਸੀ ਮਹੀਨਿਆਂ ਦੇ ਨਾਵਾਂ ਨੂੰ ਸਮਰਪਿਤ ਕੀਤੀ ਹੈ। ਉਸ ਦੇ ਹੋਰ ਵਿਸ਼ਿਆਂ ਵਿਚ ਨਸ਼ੇ, ਬੇਰੁਜ਼ਗਾਰੀ, ਗ਼ਰੀਬੀ, ਰਿਸ਼ਵਤਖੋਰੀ, ਬੇਲਗ਼ਾਮ ਸਿਆਸਤ ਆਦਿ ਹਨ। ਪਿਆਰ ਮੁਹੱਬਤ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਦਾ ਧੁਰਾ ਹੈ। ਉਹ ਸਵੱਛ ਸਮਾਜ ਸਿਰਜਣ ਦੀ ਕੋਸ਼ਿਸ਼ ਵਿਚ ਹੈ ਪਰ ਉਸ ਨੂੰ ਅਜਿਹਾ ਕਿਧਰੇ ਦਿਖਾਈ ਨਹੀਂ ਦਿੰਦਾ। ਜਗਦੀਪ ਦੀ ਸ਼ਾਇਰੀ ਹਰ ਔਰਤ ਦੇ ਅੰਦਰ ਦੀ ਕਸਕ ਹੈ ਜਿਸ ਲਈ ਉਹ ਆਪਣੀ ਆਵਾਜ਼ ਬੁਲੰਦ ਕਰਦੀ ਹੈ ਪਰ ਪ੍ਰਾਪਤੀਆਂ ਸਮਾਜ ਦੇ ਜ਼ਿਆਦਾ ਯੋਗਦਾਨ ਨਾਲ ਹੀ ਸੰਭਵ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਜਗਦਾ ਚਿਰਾਗ਼ ਰੱਖੀਂ
ਲੇਖਕ : ਇੰਦਰਜੀਤ ਕਾਜਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 95012-74431.

ਇਸ ਪੁਸਤਕ ਵਿਚ ਪਹਿਲੀਆਂ ਦੋ ਪੁਸਤਕਾਂ ਦੀਆਂ ਕੁਝ ਕਵਿਤਾਵਾਂ ਸਮੇਤ ਇਕ ਗੀਤ ਸਣੇ 39 ਨਜ਼ਮਾਂ ਸ਼ਾਮਿਲ ਹਨ। ਪੁਸਤਕ ਦੇ ਆਗਾਜ਼ ਤੋਂ ਪਹਿਲਾਂ ਕਾਜਲ ਦਾ ਇਕ ਸ਼ਿਅਰ, ਪਾਠਕਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਤੇ ਝੰਜੋੜ ਕੇ ਰੱਖ ਦੇਣ ਵਾਲਾ ਹੈ :
ਲੜੀ ਜੋ ਜੰਗ ਉਸ ਨੇ ਜੀਣ ਲਈ,
ਆਸਾਂਅ ਨਹੀਂ ਹੁੰਦੀ।
ਨਿਆਣੀ ਉਮਰ ਵਿਚ ਹੀ,
ਕੋਲ ਜਿਸ ਦੇ ਮਾਂ ਨਹੀਂ ਹੁੰਦੀ।
ਇਸ ਸੱਜਰੀ ਪੁਸਤਕ ਦੀਆਂ ਸਭੇ ਨਜ਼ਮਾਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਗਈਆਂ ਹਨ। ਕੁਝ ਮਿਸਾਲਾਂਂ
ਹੈ ਜਵਾਨੀ ਦੇ ਬਥੇਰੇ
ਕੰਮ ਮੁਕਾਉਣੇ ਹੋਰ ਵੀ।
ਅਰਥ ਕੇਵਲ ਇਸ ਉਮਰ ਦਾ,
ਮਸਤੀਆਂ ਲੁੱਟਣਾ ਨਹੀਂ॥ (ਨਜ਼ਮ 'ਕਦਮ')
ਕਿਸਮਤ ਦੀ ਆਸ 'ਤੇ ਹੀ ਬੈਠੇ ਜੋ ਖ਼ੁਦ ਨੂੰ ਸੁੱਟਦੇ।
ਰਹਿੰਦੇ ਜ਼ਮੀਨ 'ਤੇ ਉਹ, ਲੀਕਾਂ ਹੀ ਮਾਰਦੇ ਨੇ।
(ਉੱਠੋ ਜੀ ਮੰਜ਼ਿਲਾਂ ਦੇ)
ਘਰ ਤੇ ਆਪਾਂ ਆਲੀਸ਼ਾਨ ਬਣਾਇਆ ਹੈ।
ਹੇਠਾਂ ਲੇਕਿਨ ਪਿਆਰਾਂ ਨੂੰ ਦਫ਼ਨਾਇਆ ਹੈ।
(ਨਜ਼ਮ ਘਰ, ਪੰਨਾ 32)
ਦੇ ਕੇ ਲਹੂ ਜਿਗਰ ਦਾ ਗੁਲਸ਼ਨ ਨਿਖਾਰਿਆ ਹੈ।
ਸਿੱਖੀ ਨੇ ਦੇਸ਼ ਖ਼ਾਤਿਰ, ਕੀ ਕੀ ਨਾ ਵਾਰਿਆ ਹੈ।
(ਪੰਨਾ 45)
ਪੰਨਾ 62 'ਤੇ ਕੁਝ ਚੋਣਵੇਂ ਸ਼ਿਅਰ ਬੜੇ ਪੁਖ਼ਤਗੀ ਵਾਲੇ ਹਨ।
ਵਫ਼ਾ ਕਰਦੇ ਤੇ ਸਹਿੰਦੇ ਬੇਵਫ਼ਾਈ ਹੋਣਗੇ।
ਮਿਰੇ ਵਰਗੇ ਬਥੇਰੇ ਹੀ, ਸ਼ੁਦਾਈ ਹੋਣਗੇ।
ਪਾਣੀ ਧਰਤ ਹਵਾਵਾਂ ਹੀ ਤਾਂ,
ਜੀਵਨ ਦੀ ਸ਼ੁਰੂਆਤ ਸੀਗੀ।
ਮੌਤ ਹਵਾਲੇ ਤੂੰ ਕਰ ਦਿੱਤਾ,
ਜ਼ਿੰਦਗੀ ਦੀਆਂ ਜਗੀਰਾਂ ਨੂੰ।
ਇੰਦਰਜੀਤ ਕਾਜਲ ਅੰਦਰ ਨਿਰਸੰਦੇਹ ਇਕ ਸਮਰੱਥ ਤੇ ਦਲੇਰ ਸ਼ਾਇਰਾਨਾ ਰੂਹ ਦਾ ਵਾਸਾ ਹੈ।

ਂਤੀਰਥ ਸਿੰਘ ਢਿੱਲੋਂ
ਮੋ: 83609-13318.
ਫ ਫ ਫ

ਨਿਰੰਕਾਰ ਅਤੇ ਸੰਸਾਰ
ਕਵੀ : ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਾਹਲੋਂ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 0183-6537117.

ਹਥਲੀ ਪੁਸਤਕ ਇਕ ਅਜਿਹਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਸ਼ਾਮਿਲ ਹਰ ਕਵਿਤਾ ਮਨੁੱਖ ਮਾਤਰ ਦਾ ਮਾਰਗ ਦਰਸ਼ਨ ਕਰਨ ਦੇ ਸਮਰੱਥ ਹੈ। ਕਵੀ ਨੇ ਇਸ ਕਾਵਿ ਸੰਗ੍ਰਹਿ ਵਿਚ 6 ਦਰਜਨ ਦੇ ਕਰੀਬ ਕਵਿਤਾਵਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਪ੍ਰੋਣ ਦਾ ਯਤਨ ਕੀਤਾ ਹੈ। ਗੁਰਮਤਿ ਦੇ ਅਨੁਸਾਰੀ ਹੋਣਾ ਤੇ ਮਨੁੱਖਤਾ ਦੇ ਆਤਮਿਕ ਵਿਕਾਸ ਲਈ ਗੁਰਬਾਣੀ ਦਾ ਓਟ-ਆਸਰਾ ਲੈਣਾ, ਪਰਉਪਕਾਰ ਤੇ ਲੋਕ ਭਲਾਈ ਹੀ ਕਵੀ ਦਾ ਮਨੋਰਥ ਹੈ। ਅੱਜ ਮਨੁੱਖ ਪਦਾਰਥਕ ਸੁੱਖਾਂ ਦੀ ਖ਼ਾਤਰ ਲਗਾਤਾਰ ਭਟਕ ਰਿਹਾ ਹੈ, ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਅਜੋਕੀ ਪੀੜ੍ਹੀ ਨੂੰ ਆਪਣੇ ਅਸਲ ਮਾਰਗ ਤੋਂ ਬੁਰੀ ਤਰ੍ਹਾਂ ਦੂਰ ਕਰ ਦਿੱਤਾ ਹੈ। ਇਸੇ ਕਰਕੇ ਕਵੀ ਨੇ ਇਸ ਕਾਵਿ-ਪੁਸਤਕ ਵਿਚ ਧਰਮ ਅਤੇ ਇਨਸਾਨੀਅਤ ਨਾਲ ਸਬੰਧਿਤ ਅਨੇਕਾਂ ਵਿਸ਼ਿਆਂ ਉੱਪਰ ਕਵਿਤਾਵਾਂ ਦੀ ਚੋਣ ਕੀਤੀ ਹੈ। ਮਨੁੱਖ ਇਸ ਸੰਸਾਰ ਵਿਚ ਜਨਮ ਲੈ ਕੇ ਸੰਸਾਰਕ ਮਾਇਆ ਵਿਚ ਗ਼ਲਤਾਨ ਨਿਰੰਕਾਰ ਨੂੰ ਭੁੱਲ ਚੁੱਕਾ ਹੈ। ਨਿਰੰਕਾਰ ਨੂੰ ਭੁੱਲ ਕੇ ਸੰਸਾਰ ਨੂੰ ਸਭ ਕੁਝ ਜਾਣ ਕੇ ਆਪਣੇ ਅਸਲੀ ਰਾਹ ਤੋਂ ਖੁੰਝਿਆ ਸੁੱਖਾਂ ਦੀ ਖ਼ਾਤਰ ਦਰ-ਦਰ ਠੋਕਰਾਂ ਖਾ ਰਿਹਾ ਹੈ। ਨਿਰੰਕਾਰ ਤੇ ਸੰਸਾਰ ਕਵਿਤਾ ਦੀ ਇਕ ਵੰਨਗੀ ਹੈ।
ਬੰਦੇ ਅੰਦਰ ਹੈ ਲਾਲਚ ਅਤੇ ਪ੍ਰਭੂਤਾ ਦੀ ਭੁੱਖ,
ਜੜ੍ਹਾਂ ਹਨ, ਜਿਸ 'ਤੇ ਖੜ੍ਹੇ ਹਨ ਦੁਨੀਆ ਦੇ ਸਭ ਦੁੱਖ।
ਐ ਪਰਮਾਤਮਾ ਮੇਰੇ ਤੋਂ ਵਾਪਸ ਲੈ ਲੈ ਇਹ ਸੰਸਾਰ।
ਬਦਲੇ ਵਿਚ ਮੈਨੂੰ ਮੋੜ ਦੇ ਮੇਰਾ ਪਿਆਰਾ ਨਿਰੰਕਾਰ।
'ਜੀਵਨ ਬੇੜੀ' ਕਵਿਤਾ ਦੀਆਂ ਦੋ ਸਤਰਾਂ ਵਾਚਣਯੋਗ ਹਨ :
ਸੰਸਾਰ ਖਾਤਰ ਹੀ ਜੀਏ ਅਤੇ ਸੰਸਾਰ ਖ਼ਾਤਰ ਹੀ ਮਰ ਗਏ,
ਜੀਵਨ ਦੀ ਇਸ ਬੇੜੀ ਵਿਚ ਰੋੜਾ ਵੱਟਾ ਹੀ ਭਰ ਗਏ।
'ਮਿੱਠੇ ਬੋਲ' ਕਵਿਤਾ ਦੀ ਇਕ ਵੰਨਗੀਂ
ਮਿੱਠੇ ਬੋਲਾਂ ਦੀ ਬੜੀ ਗੁਣਕਾਰੀ ਹੁੰਦੀ ਹੈ ਤਾਸੀਰ,
ਬੋਲ ਭਾਵੇਂ ਬੋਲੇ ਕੋਈ ਸਾਧੂ ਸੰਤ ਜਾਂ ਫ਼ਕੀਰ।
ਸਮੁੱਚੀਆਂ ਕਵਿਤਾਵਾਂ ਵਿਚ ਕਵੀ ਨੇ ਸੰਸਾਰਕ, ਸਮਾਜਿਕ, ਸਦਾਚਾਰਕ ਅਤੇ ਧਾਰਮਿਕ ਵਿਸ਼ਿਆਂ ਨੂੰ ਛੂਹਿਆ ਹੈ। ਕਵਿਤਾ ਦੇ ਪ੍ਰੇਮੀਆਂ ਲਈ ਪੁਸਤਕ ਅਲੱਗ-ਅਲੱਗ ਰੰਗਾਂ ਦਾ ਸੁੰਦਰ ਗੁਲਦਸਤਾ ਜਾਪਦਾ ਹੈ।

ਂਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਸ੍ਰੀ ਹੇਮਕੁੰਟ ਸਾਹਿਬ
ਲੇਖਕ : ਬੂਟਾ ਗੁਲਾਮੀ ਵਾਲਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 94171-97395.

ਸਫ਼ਰਨਾਮੇ ਦੇ ਸ਼ੁਰੂ 'ਚ ਲੇਖਕ ਪਵਿੱਤਰ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਇਤਿਹਾਸਕ ਜਾਣਕਾਰੀ ਦਿੰਦਾ ਹੈ। ਉਪਰੰਤ ਉਹ ਕੋਟ ਈਸੇ ਖਾਂ ਤੋਂ ਆਪਣੇ ਸਾਥੀਆਂ ਨਾਲ ਸਕੂਟਰ, ਮੋਟਰਸਾਈਕਲ ਦੀ ਸਵਾਰੀ ਕਰਕੇ ਸ੍ਰੀ ਹੇਮਕੁੰਟ ਸਾਹਿਬ ਤੱਕ ਜਾਣ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਚਿੱਤਰਦਾ ਹੈ। ਉਸ ਦੇ ਸਫ਼ਰ ਦੇ ਨਾਲ-ਨਾਲ ਪਾਠਕ ਓਥੇ ਜਾਣ ਦਾ ਸਾਰਾ ਰਸਤਾ ਵੇਖਦਾ ਜਾਂਦਾ ਹੈ। ਇਹ ਪੇਸ਼ਕਾਰੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਅਤੇ ਪਾਠਕ ਦੇ ਮਨ 'ਚ ਅੱਗੇ ਜਾ ਕੇ ਕੀ ਹੁੰਦਾ ਹੈ? ਇਹ ਜਗਿਆਸਾ ਅੰਤ ਤੱਕ ਬਣੀ ਰਹਿੰਦੀ ਹੈ। ਉਹ ਰਸਤੇ 'ਚ ਆਉਣ ਵਾਲੇ ਧਾਰਮਿਕ ਸਥਾਨਾਂ ਦੀ ਮੁਕੰਮਲ ਜਾਣਕਾਰੀ ਦੇਣ ਦੇ ਨਾਲ-ਨਾਲ ਉਸ ਸਥਾਨ ਦੇ ਭੂਗੋਲਿਕ ਅਤੇ ਸੱਭਿਆਚਾਰਕ ਪੱਖਾਂ ਦੀ ਜਾਣਕਾਰੀ ਵੀ ਦਿੰਦਾ ਹੈ। ਰਸਤੇ 'ਚ ਪਾਉਂਟਾ ਸਾਹਿਬ, ਰਿਸ਼ੀਕੇਸ਼, ਬਿਆਸੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਆਦਿ ਧਾਰਮਿਕ ਸਥਾਨ ਆਉਂਦੇ ਹਨ, ਜਿੱਥੇ ਕਿ ਧਾਰਮਿਕ ਯਾਤਰਾ 'ਤੇ ਜਾਣ ਵਾਲੇ ਯਾਤਰੀ ਅਕਸਰ ਰਾਤ ਕੱਟ ਕੇ ਅਗਲੇ ਸਫ਼ਰ ਲਈ ਰਵਾਨਾ ਹੁੰਦੇ ਹਨ। ਸਾਰੀ ਯਾਤਰਾ ਨੂੰ ਵੱਖ-ਵੱਖ ਸਿਰਲੇਖਾਂ 'ਚ ਵੰਡਿਆ ਗਿਆ ਹੈ ਅਤੇ ਅੰਤ 'ਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਵਿਅਕਤੀਆਂ ਲਈ 15 ਸਾਵਧਾਨੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਤੇ ਅਮਲ ਕਰਕੇ ਇਸ ਧਾਰਮਿਕ ਯਾਤਰਾ ਨੂੰ ਹੋਰ ਸੁਖਾਲੀ ਅਤੇ ਵਧੀਆ ਬਣਾਇਆ ਜਾ ਸਕਦਾ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਠੰਢੀ ਧਰਤੀ ਨਿੱਘੇ ਲੋਕ
ਲੇਖਕ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94633-31554.

ਵਿਚਾਰ ਅਧੀਨ ਪੁਸਤਕ ਪੰਜਾਬੀ ਸ਼ਾਇਰ ਰਾਮ ਸਰੂਪ ਸ਼ਰਮਾ ਦੀ 2013 ਵਿਚ ਕੀਤੀ ਬਰਤਾਨੀਆ ਦੀ ਯਾਤਰਾ ਦਾ ਸ਼ਾਇਰਾਨਾ ਅੰਦਾਜ਼ ਵਿਚ ਲਿਖਿਆ ਸਫ਼ਰਨਾਮਾ ਹੈ। ਉਸ ਨੇ ਨਿਹਾਇਤ ਬਾਰੀਕਬੀਨੀ ਨਾਲ ਇੰਗਲੈਂਡ ਵਿਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਰਾਜਨੀਤਕ ਤੰਤਰ ਨੂੰ ਘੋਖਿਆ ਹੈ।
ਆਮ ਸਫ਼ਰਨਾਮਾ ਲੇਖਕਾਂ ਵਾਂਗ ਉਸ ਨੇ ਕੇਵਲ ਦ੍ਰਿਸ਼ ਚਿਤਰਨ ਅਤੇ ਤੱਥਾਂ ਦਾ ਵਰਨਣ ਕਰਨ ਦੀ ਬਜਾਏ ਉਥੋਂ ਦੇ ਕਾਨੂੰਨ, ਰਾਜਨੀਤੀ, ਪੁਲਿਸ ਪ੍ਰਬੰਧ, ਵਿੱਦਿਆ ਤੰਤਰ, ਸਫ਼ਾਈ ਅਤੇ ਪ੍ਰਕਿਰਤੀ ਨੂੰ ਘੋਖਵੀਂ ਨਜ਼ਰ ਨਾਲ ਘੋਖਿਆ ਹੈ ਤੇ ਸਰਲ ਭਾਸ਼ਾ ਵਿਚ ਪੇਸ਼ ਕੀਤਾ ਹੈ। ਲੇਖਕ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੀ ਲਗਨ, ਮਿਹਨਤ, ਦ੍ਰਿੜ੍ਹਤਾ ਅਤੇ ਸਿਦਕਦਿਲੀ ਸਦਕਾ ਪ੍ਰਾਪਤ ਕੀਤੀ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਹੋਇਆ ਉਨ੍ਹਾਂ ਦੇ ਭੂ-ਹੇਰਵੇ ਨੂੰ ਵੀ ਚਿਤਰਦਾ ਹੈ।
ਇਸ ਪੁਸਤਕ ਦੇ ਮਹੱਤਵਪੂਰਨ ਕਾਂਡ ਹਨ : ਹੱਦਾਂ ਸਰਹੱਦਾਂ ਤੋਂ ਪਾਰ, ਸੁਗੰਧਾ ਜਿਹਾ ਦਰ, ਬਲੌਰੀ ਪਾਣੀਆਂ ਵਿਚ ਘਿਰਿਆ ਦੇਸ਼, ਇੰਗਲੈਂਡ ਦੀ ਪੁਲਿਸ, ਬੱਚੇ ਅਤੇ ਸਕੂਲ, ਅੰਗਰੇਜ਼ਾਂ ਦਾ ਸੁਭਾਅ, ਲੰਡਨ ਦੀ ਇਕ ਮਾਰਕੀਟ, ਇੰਗਲੈਂਡ ਵਸਦੇ ਪੰਜਾਬੀ, ਪੰਜਾਬੀਆਂ ਦਾ ਗਵਾੜ ਸਾਊਥਾਲ, ਸੋਹੋ ਰੋਡ ਦੇ ਨਜ਼ਾਰੇ, ਪੰਜਾਬੀ ਸਾਹਿਤ ਸਭਾ ਸਾਊਥਾਲ ਦਾ ਸਾਲਾਨਾ ਸਮਾਗਮ, ਮਾਂ-ਬੋਲੀ ਦਾ ਹੇਜ਼, ਲੰਡਨ ਦੀ ਗੰਗਾ, ਚੱਕਵਾਂ ਪੁੱਢ-ਟਾਵਰ ਬਰਿਜ, ਇਕ ਖੂਬਸੂਰਤ ਚੁਰਸਤਾ ਪੰਜਾਬੀ ਸੈਂਟਰ, ਆ ਤੱਕੀਏ ਕੈਂਬਰਜ ਨੂੰ, ਸਮੁੰਦਰ ਦੇ ਕਿਨਾਰੇ 'ਤੇ, ਮੂੰਹੋਂ ਬੋਲਦੇ ਬੁੱਤ, ਤਿੰਨ ਰੰਗ ਜ਼ਿੰਦਗੀ ਦੇ, ਫੇਰੀ-ਇਨਫੀਲਡ ਮਿਡਲਸੈਕਸ ਵੱਲ, ਵਗਦੀ ਪੌਣ ਵਰਗੀ ਸਨੋ ਦੀ ਇਕ ਸ਼ਾਮ, ਕੈਂਟ ਦਾ ਹਸਪਤਾਲ ਅਤੇ ਇਹ ਜ਼ਿੰਦਗੀ ਦੇ ਮੇਲੇ। ਲੇਖਕ ਨੇ ਹਰ ਕਾਂਡ ਵਿਚ ਅਤਿ ਸਰਲ ਅਤੇ ਕਾਵਿਮਈ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਢੁਕਵੇਂ ਥਾਵਾਂ 'ਤੇ ਕਾਵਿ ਟੋਟੇ ਵਰਤ ਕੇ ਰੌਚਿਕਤਾ ਪ੍ਰਦਾਨ ਕੀਤੀ ਹੈ। ਉਹ ਪਾਠਕ ਦੀ ਉਂਗਲੀ ਫੜ ਕੇ ਉਸ ਨੂੰ ਇੰਗਲੈਂਡ ਦੀ ਸੈਰ ਕਰਵਾਉਂਦਾ ਹੈ।

ਫ ਫ ਫ

ਪਗਡੰਡੀਆਂ 'ਤੇ
ਲੇਖਿਕਾ : ਅੰਜੂ ਰੱਤੀ
ਪ੍ਰਕਾਸ਼ਕ : ਬੁੱਕ ਵਾਰਮ ਪਬਲੀਕੇਸ਼ਨਜ਼, ਬੰਗਾ
ਮੁੱਲ : 160 ਰੁਪਏ, ਸਫ਼ੇ : 168

ਵਿਚਾਰ ਅਧੀਨ ਕਾਵਿ ਪੁਸਤਕ ਵਿਚ ਸੂਖਮ ਭਾਵੀ ਅਤੇ ਸੰਵੇਦਨਸ਼ੀਲ ਕਵਿੱਤਰੀ ਅੰਜੂ ਰੱਤੀ ਦੇ ਛੋਟੇ ਆਕਾਰ ਦੀਆਂ 125 ਭਾਵਪੂਰਤ ਕਵਿਤਾਵਾਂ ਸ਼ਾਮਿਲ ਹਨ।
ਅੰਜੂ ਦਾ ਕਵਿਤਾ ਕਹਿਣ ਦਾ ਆਪਣਾ ਨਿਵੇਕਲਾ ਅੰਦਾਜ਼ ਹੈ। ਭਾਵਾਂ ਦੇ ਆਵੇਸ਼ ਸਦਕਾ ਉਸ ਨੇ ਆਪਣੀ ਦੁਸ਼ਵਾਰੀਆਂ ਭਰੀ ਜ਼ਿੰਦਗੀ 'ਚ ਹੰਢਾਏ ਤੁਰਸ਼ ਅਤੇ ਮੋਹ-ਭਿੰਨੇ ਪਲਾਂ ਅਤੇ ਅਨੁਭਵਾਂ ਨੂੰ ਕਾਵਿਕਰੂਪ ਦਿੱਤਾ ਹੈ। ਉਸ ਨੇ ਆਪਣੀਆਂ ਕਵਿਤਾਵਾਂ ਵਿਚ ਜਿਥੇ ਮਨੁੱਖੀ ਮਨ ਦੀਆਂ ਮਾਨਸਿਕ ਸਮੱਸਿਆਵਾਂ, ਅੰਤ੍ਰੀਬਾ ਤੇ ਸੂਖਮ ਗੁੰਝਲਾਂ ਅਤੇ ਅਜੋਕੇ ਸਮਾਜਿਕ ਰਿਸ਼ਤਿਆਂ ਵਿਚ ਪੈ ਰਹੀਆਂ ਤ੍ਰੇੜਾਂ ਦਾ ਵਰਨਣ ਕੀਤਾ ਹੈ, ਉਥੇ ਉਸ ਨੇ ਸਦੀਆਂ ਤੋਂ ਦਬਾਈ ਜਾਂ ਲਤਾੜੀ ਜਾਂਦੀ ਔਰਤ ਦੇ ਮਨ-ਮਸਤਕ ਵਿਚ ਪਨਪ ਰਹੀਆਂ ਵਿਦਰੋਹ ਦੀਆਂ ਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਹੈ। ਉਸ ਨੇ ਆਪਣੇ ਨਿੱਜ ਦੇ ਮੋਹ, ਵਿਛੋੜੇ, ਵਸਲ ਅਤੇ ਮੋਹ-ਮਮਤਾ ਭਾਵੀ ਪਲਾਂ ਨੂੰ ਵੀ ਕਾਵਿਕ ਰੂਪ ਦਿੱਤਾ ਹੈ।
ਅੰਜੂ ਹਾਂ-ਪੱਖੀ ਸੋਚ ਅਤੇ ਪ੍ਰਗਤੀਸ਼ੀਲ ਵਿਚਾਰਾਂ ਦੀ ਧਾਰਨੀ ਹੈ। ਉਹ ਆਪਣੀ 'ਅੜੀਏ' ਨਾਮੀ ਕਵਿਤਾ ਰਾਹੀਂ ਜ਼ਿੰਦਗੀ 'ਚ ਨਿਰਾਸ਼ ਹੋਈ ਸਹੇਲੀ ਨੂੰ ਹਾਂ-ਪੱਖੀ ਸੋਚ ਧਾਰਨ ਕਰਨ ਲਈ ਪ੍ਰੇਰਦੀ ਹੈ :
ਅੜੀਏ ਕਿਊਂ ਮੂੰਹ ਸੁਜਾਇਆ
ਕੇਰਾਂ ਏਧਰ ਤਾਂ ਦੇਖ
ਆ ਤੈਨੂੰ ਚੰਨ ਦੀ ਬਾਤ ਸੁਣਾਵਾਂ
ਬਿਨ ਸੂਰਜ ਕਿੰਝ ਹੁੰਦੀ ਪ੍ਰਭਾਤ ਦਿਖਾਵਾਂ
ਕਿੰਝ ਟੁਟਦੇ ਤਾਰੇ ਆਸ ਬੁਣੀਂਦੇ
ਕਿੰਝ ਡੁਬਦੀ ਨਈਆ ਲੱਗ ਜਾਂਦੀ ਪਾਰ ਦਿਖਾਵਾਂ
(ਅੜੀਏਂਪੰਨਾ 165)
ਸ਼ਿਕਵਾ, ਮੈਂ ਸਹਿਣਸ਼ੀਲ ਨਹੀਂ, ਮੇਰੀ ਪੀੜ, ਸੋਚ, ਸਮਾਧੀ, ਯਾਦਾਂ ਅੰਮੜੀ, ਚੰਨਾ, ਮੋਹ ਰੰਗੀ, ਉਮੀਦ, ਫ਼ਾਸਲੇ, ਤਲਾਸ਼, ਪਗਡੰਡੀਆਂ, ਸਧਰਾਂ, ਸੰਗੀਨਾਂ ਦੀ ਛਾਵੇਂ, ਚਿਤ ਲੋਚੇ, ਕੰਡੇ, ਮੁਬਾਰਕ, ਮੰਡੀ, ਬਚਪਨ, ਮੇਰਾ ਹੌਸਲਾ, ਮੇਰਾ ਚਿੱਤ ਕਰੇ, ਪਛਾਣ, ਕੋਰਟ ਰੂਮ ਦੀ ਖਿੜਕੀ, ਰਾਮ ਨਹੀਂ ਮੈਂ, ਰੀਝਾਂ, ਮੈਂ ਵੈਰਾਗੀ ਨਹੀਂ, ਤਾਂਘ, ਕਿਉਂ ਅਤੇ ਫ਼ਰਕ ਆਦਿ ਕਵਿਤਾਵਾਂ ਇਸ ਸੰਗ੍ਰਹਿ ਦੀਆਂ ਪੜ੍ਹਨ ਤੇ ਮਾਨਣਯੋਗ ਕਵਿਤਾਵਾਂ ਹਨ। ਅਤਿ ਸਰਲ ਭਾਸ਼ਾ ਵਿਚ ਰਚੀਆਂ ਇਨ੍ਹਾਂ ਕਵਿਤਾਵਾਂ ਦਾ ਪਾਠ ਪਾਠਕਾਂ ਅੰਦਰ ਸੁਹਜ ਆਤਮਿਕ ਆਨੰਦ ਪ੍ਰਦਾਨ ਕਰੇਗਾ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

24-02-2018

 ਬੋਲ਼ਿਆਂ ਨੂੰ ਸੁਣਾਉਣ ਲਈ
ਮੂਲ ਲੇਖ : ਐਸ. ਇਰਫ਼ਾਨ ਹਬੀਬ
ਅਨੁਵਾਦ : ਸੀਤਾ ਰਾਮ ਬਾਂਸਲ
ਪ੍ਰਕਾਸ਼ਕ : ਯੂਨੀਵਰਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 0181-5018822.

ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀ ਪੰਜਾਬੀਆਂ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਨੌਜਵਾਨਾਂ ਦੇ ਪਿਆਰੇ ਤੇ ਕਿਸੇ ਹੱਦ ਤੱਕ ਰੁਮਾਂਟਿਕ ਨਾਇਕ ਹਨ। ਉਨ੍ਹਾਂ ਦੇ ਆਦਰਸ਼ਾਂ ਬਾਰੇ ਲੋਕਾਂ ਨੂੰ ਠੀਕ ਸਮਝ ਬਹੁਤ ਘੱਟ ਹੈ। ਉਹ ਬੇਮਤਲਬ ਪਿਸਤੌਲ, ਬੰਬ ਤੇ ਖੂਨ ਦੇ ਰਾਹ ਤੁਰਨ ਵਾਲੇ ਬੰਦੇ ਨਹੀਂ ਸਨ। ਉਹ ਸਪੱਸ਼ਟ ਰੂਪ ਵਿਚ ਸਮਾਜ ਦੇ ਵਿਚਾਰਧਾਰਕ ਬਦਲਾਅ ਲਈ ਯਤਨਸ਼ੀਲ ਹਨ। ਹਿੰਸਕ ਕ੍ਰਾਂਤੀਕਾਰੀ ਗਤੀਵਿਧੀਆਂ ਕੇਵਲ ਦਮਨਕਾਰੀ ਸਰਕਾਰ ਦੇ ਬੋਲ਼ੇ ਅਧਿਕਾਰੀਆਂ ਤੇ ਲੋਕਾਂ ਨੂੰ ਆਪਣੀ ਗੱਲ ਸੁਣਾਉਣ ਦਾ ਉਨ੍ਹਾਂ ਦਾ ਹਥਿਆਰ ਮਾਤਰ ਸਨ। ਇਹ ਸਾਰੇ ਕ੍ਰਾਂਤੀਕਾਰੀ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਮੁਕਤ ਸਮਾਜਵਾਦੀ ਰੂਪ-ਰੇਖਾ ਵਾਲਾ ਰਾਜਨੀਤਕ ਸਮਾਜਿਕ ਪ੍ਰਬੰਧ ਚਾਹੁੰਦੇ ਸਨ। ਉਨ੍ਹਾਂ ਅੰਦਰ ਇਹ ਆਦਰਸ਼ ਇਕਦਮ ਪੈਦਾ ਨਹੀਂ ਹੋਏ। ਇਨ੍ਹਾਂ ਆਦਰਸ਼ਾਂ ਤੋਂ ਨਾਵਾਕਿਫ਼ ਪੀੜ੍ਹੀ ਦੇ ਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਹੌਲੀ-ਹੌਲੀ ਰਾਸ਼ਟਰੀ ਅੰਤਰਰਾਸ਼ਟਰੀ ਪ੍ਰਸਥਿਤੀਆਂ ਦੇ ਬਦਲਾਅ ਕਾਰਨ ਉਨ੍ਹਾਂ ਨੂੰ ਇਸ ਰਾਹ 'ਤੇ ਲੈ ਕੇ ਗਈਆਂ। ਮੁਢਲੇ ਕ੍ਰਾਂਤੀਕਾਰੀ ਧਰਮ ਤੋਂ ਪ੍ਰੇਰਨਾ ਲੈਂਦੇ ਰਹੇ। ਬਾਅਦ ਵਿਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਤੇ ਅੰਤ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਤੱਕ ਦਾ ਸਫ਼ਰ ਕ੍ਰਾਂਤੀਕਾਰੀਆਂ ਨੇ ਤੈਅ ਕੀਤਾ।
ਇਰਫ਼ਾਨ ਹਬੀਬ ਦੀ 2007 ਵਿਚ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਇਸ ਮੂਲ ਪੁਸਤਕ ਵਿਚ ਬਾਰੀਕ ਖੋਜ ਦੇ ਪ੍ਰਮਾਣਿਕ ਦਸਤਾਵੇਜ਼ੀ ਆਧਾਰਾਂ 'ਤੇ ਤਰਕਪੂਰਨ ਤਰੀਕੇ ਨਾਲ ਭਗਤ ਸਿੰਘ ਤੇ ਉਸ ਦੇ ਸਾਥੀ ਕ੍ਰਾਂਤੀਕਾਰੀਆਂ ਦੀ ਸੌੜੀ ਫ਼ਿਰਕੂ ਨੀਤੀ ਤੋਂ ਉੱਪਰ ਉੱਠ ਕੇ ਸਮਾਜਵਾਦੀ ਸੋਚ ਨੂੰ ਪ੍ਰਣਾਈ ਵਿਚਾਰਧਾਰਾ ਦੀ ਵਿਆਖਿਆ ਹੈ। ਸੀਤਾ ਰਾਮ ਬਾਂਸਲ ਦਾ ਅਨੁਵਾਦ ਸਰਲ ਤੇ ਆਮ ਆਦਮੀ ਦੇ ਸਮਝ ਆਉਣ ਵਾਲਾ ਹੈ। 168 ਪੰਨੇ ਦੀ ਕਿਤਾਬ ਦੇ 33 ਪੰਨੇ ਹਵਾਲਿਆਂ ਤੇ ਪੁਸਤਕ ਸੂਚੀ ਦੇ ਹਨ। ਇਰਫ਼ਾਨ ਹਬੀਬ ਅੰਤਰਰਾਸ਼ਟਰੀ ਪਛਾਣ ਵਾਲਾ ਆਧੁਨਿਕ ਸਿਆਸੀ ਇਤਿਹਾਸ ਦਾ ਮਾਹਿਰ ਹੈ। ਸੌੜੀ ਫ਼ਿਰਕੂ ਸਿਆਸਤ ਦੇ ਇਸ ਗੰਧਲੇ ਮਾਹੌਲ ਵਿਚ ਇਸ ਕਿਤਾਬ ਦੇ ਵਿਚਾਰ ਮੁੱਲਵਾਨ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਮਦਨ ਵੀਰਾ
ਦੀ ਕਵਿਤਾ ਦਾ ਕਾਵਿ ਸ਼ਾਸਤਰ
ਸੰਪਾਦਕ : ਡਾ: ਜਸਵੰਤ ਰਾਏ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 148
ਸੰਪਰਕ : 98158-25999.

ਡਾ: ਜਸਵੰਤ ਰਾਏ ਸਾਹਰੀ ਨੇ ਮਦਨ ਵੀਰਾ ਦੀ ਕਾਵਿ ਚੇਤਨਾ ਅਤੇ ਪ੍ਰਗਤੀਸ਼ੀਲ ਅਨੁਭਵ ਬਾਰੇ 12 ਆਲੋਚਕਾਂ ਵਲੋਂ ਉਚੇਚੇ ਲੇਖ ਲਿਖਵਾ ਕੇ ਮਦਨ ਵੀਰਾ ਦੇ ਕਾਵਿ ਜਗਤ ਬਾਰੇ ਬਹੁਤ ਸਾਰੀ ਨਿੱਗਰ ਸਮੱਗਰੀ ਇਕ ਹੀ ਪੁਸਤਕ ਵਿਚ ਇਕੱਤਰ ਕਰਕੇ ਬੜਾ ਵਡਮੁੱਲਾ ਕਾਰਜ ਕੀਤਾ ਹੈ।
ਮਦਨ ਵੀਰਾ ਦੇ ਕਾਵਿ ਦੀ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਉਹ ਆਪਣੀ ਕਾਵਿ ਰਚਨਾ ਦੇ ਆਰੰਭ ਤੋਂ ਹੀ ਰਵਾਇਤੀ, ਪ੍ਰਚਲਿਤ ਅਤੇ ਯਥਾਸਥਿਤੀਵਾਦ ਦਾ ਪੱਖ ਪੂਰਨ ਵਾਲੇ ਕਾਵਿ ਦਾ ਸਮਰਥਕ ਨਹੀਂ ਰਿਹਾ। ਉਹ ਜਾਣ ਗਿਆ ਸੀ ਕਿ ਹਰ ਕਵੀ ਨੂੰ ਆਪਣੀ ਹੀ ਪੀੜ, ਚੁਭਣ ਅਤੇ ਜੱਦੋ-ਜਹਿਦ ਦਾ ਨਿਰੂਪਣ ਕਰਨਾ ਚਾਹੀਦਾ ਹੈ। ਕਿਸੇ ਦੂਸਰੇ ਦੇ ਰਾਹ ਉੱਪਰ ਚੱਲ ਕੇ ਆਪਣੀ ਸ਼ਨਾਖ਼ਤ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ। ਇਸੇ ਲਈ ਉਹ ਆਪਣਾ ਇਕ ਵੱਖਰਾ 'ਕਾਵਿ ਮੈਨੀਫੈਸਟੋ' ਤਿਆਰ ਕਰਦਾ ਹੈ, ਜਿਸ ਵਿਚ ਉਹ ਬੜੀ ਦ੍ਰਿੜ੍ਹਤਾ ਨਾਲ ਲਿਖਦਾ ਹੈ :
ਤੁਸੀਂ ਆਪਣੇ ਕੋਲ ਰੱਖੋ ਆਪਣਾ ਕਾਵਿ ਸ਼ਾਸਤਰ
ਰਸ-ਸਿਧਾਂਤ ਤੇ ਛੰਦ-ਛੜੱਪੇ,
ਆਪਣੀ ਕਲਾ ਦੇ ਠੱਪੇ
ਮੈਨੂੰ ਨਹੀਂ ਲੋੜ ਤੁਹਾਡੇ ਸੁਹਜ-ਸਮੁੰਦਰ ਦੀ।
ਮੈਨੂੰ ਨਾ ਦੱਸੋ ਕਵਿਤਾ ਲਈ ਕੋਈ ਨਵਾਂ ਵਿਸ਼ਾ
ਨਾ ਸੁਝਾਉ ਲਿਖਣ ਲਈ ਅਛੂਤੇ ਤੇ ਨਵੇਂ ਬਿੰਬ
ਨਹੀਂ ਚਾਹੀਦੇ ਮੈਨੂੰ।
(ਨਾਬਰਾਂ ਦੀ ਇਬਾਰਤ, 46)
ਪੰਜਾਬ ਵਿਚ ਭਗਤਜਨਾਂ ਅਤੇ ਸਿੱਖ ਸਤਿਗੁਰਾਂ ਦੀਆਂ ਸਿੱਖਿਆਵਾਂ ਦੇ ਬਾਵਜੂਦ ਜਾਤਪਾਤ ਵਿਤਕਰਾ ਬਾਦਸਤੂਰ ਜਾਰੀ ਹੈ। ਵਿਵਸਥਾ ਉੱਪਰ ਕਾਬਜ਼ ਲੋਕ ਇਸ ਵਿਤਕਰੇ ਨੂੰ ਲਾਠੀ ਬਣਾ ਕੇ ਸ਼ੋਸ਼ਿਤਾਂ ਨੂੰ ਹੱਕੀ ਤੁਰੇ ਜਾ ਰਹੇ ਹਨ। ਵਿਵਸਥਾ ਅਜਿਹੇ ਲੋਕਾਂ ਨੂੰ 'ਦਲਿਤ ਨੇਤਾ' ਬਣਾ ਦਿੰਦੀ ਹੈ, ਜਿਨ੍ਹਾਂ ਨੂੰ ਕੋਈ ਜਮਾਤੀ ਚੇਤਨਾ ਨਹੀਂ ਹੈ, ਜਿਨ੍ਹਾਂ ਕੋਲ ਕੋਈ ਵਿਜ਼ਨ ਨਹੀਂ ਹੈ। ਮਦਨ ਵੀਰਾ ਵਰਗੇ ਸਮਰੱਥ ਕਵੀ ਹੀ ਸੰਘਣੀ ਧੁੰਦ ਨੂੰ ਹਟਾ ਸਕਦੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਜਾਗਦੀਆਂ ਅੱਖਾਂ ਦੇ ਸੁਪਨੇ
ਲੇਖਿਕਾ : ਸੁਖਵਿੰਦਰ ਕੌਰ ਸਿੱਧੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94654-34177.

ਹਥਲੀ ਕਾਵਿ ਪੁਸਤਕ ਵਿਸ਼ੇ ਅਤੇ ਰੂਪ ਪੱਖੋਂ ਬਹੁਪੱਖੀ ਸਾਹਿਤਕ ਵੰਨਗੀਆਂ ਨਾਲ ਭਰਪੂਰ ਹੈ। ਕਰੀਬ 73 ਰਚਨਾਵਾਂ ਦਾ ਇਹ ਸੰਗ੍ਰਹਿ ਜੀਵਨ ਦੀਆਂ ਕਈ ਤਲਖ ਹਕੀਕਤਾਂ ਦਾ ਬਿਆਨ ਹੈ। ਨਾਰੀ ਦੇ ਮਨ ਦੀ ਬਾਤ ਪਾਉਂਦੀਆਂ ਵੀ ਕਈ ਰਚਨਾਵਾਂ ਇਸ ਕਾਵਿ ਸੰਗ੍ਰਹਿ ਦਾ ਸ਼ਿੰਗਾਰ ਬਣੀਆਂ ਹਨ। ਕਵਿੱਤਰੀ ਨੇ ਪੰਜਾਬ ਦੇ ਵਿਰਸੇ ਨਾਲ ਵੀ ਪਾਠਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਬਚਪਨ ਦੇ ਰੰਗਲੇ ਦ੍ਰਿਸ਼ ਬਿਆਨ ਕਰਦੀ ਕਵਿੱਤਰੀ ਦੀ ਕਲਪਨਾ ਪਾਠਕ ਨੂੰ ਪੰਜਾਬ ਦੇ ਸੱਭਿਆਚਾਰ ਦੇ ਚਿੰਨ੍ਹ-ਚਰਖਾ, ਖੂਹ, ਗਿੱਧੇ ਦਾ ਪਿੜ, ਨਾਨਕੀ ਦਾਦਕੀ ਪਿਆਰ ਨਾਲ ਜੋੜਦੀ ਹੈ ਤੇ ਆਧੁਨਿਕ ਜੀਵਨ ਵਿਚ ਵਿਰਸੇ ਦੀ ਘਟ ਰਹੀ ਛੂਹ ਤੋਂ ਉਹ ਚਿੰਤਤ ਹੈ :
ਡਿਸਕੋ ਹੀ ਤੂੰ ਜਾਣੇ ਨੀ, ਤੂੰ ਗਾ ਕੇ ਫ਼ਿਲਮੀ ਗਾਣੇ ਨੀ
ਟੇਢਾ ਲੱਕ ਹਿਲਾਵੇਂ ਨੀ/ਗਿੱਧੇ ਦੇ ਵਿਚ ਪਾ ਕੇ ਬੋਲੀ ਖੂਬ ਧਮਾਲਾਂ ਪਾ ਅੜੀਏ।
ਰਿਸ਼ਤਿਆਂ ਪ੍ਰਤੀ ਕਵਿੱਤਰੀ ਦੀ ਭਾਵੁਕਤਾ ਪਾਠਕ ਨੂੰ ਟੁੰਬਦੀ ਹੈ। ਉਹ ਰਿਸ਼ਤਿਆਂ ਦੇ ਗੂੜ੍ਹੇ ਮਿੱਠੇ ਅਹਿਸਾਸਾਂ ਦੀ ਗੱਲ ਕਰਦੀ ਰਹਿੰਦੀ ਹੈ ਕਿ ਘਰੇਲੂ ਹਿੰਸਾ ਦੋ ਮਨਾਂ ਅੰਦਰ ਕੁੜੱਤਣ ਭਰਦੀ ਹੈ ਤੇ ਅਗਲੀ ਪੀੜ੍ਹੀ ਵੀ ਇਸ ਦਾ ਦੁੱਖ ਝੱਲਦੀ ਹੈ। ਵਿਦੇਸ਼ ਜਾ ਰਹੀ ਨਵੀਂ ਪੀੜ੍ਹੀ ਦੇ ਗੰਭੀਰ ਕਾਰਨਾਂ ਵੱਲ ਲੇਖਿਕਾ ਇਸ਼ਾਰਾ ਕਰਦੀ ਹੋਈ ਦੇਸ਼ ਦੇ ਰਾਜਨੀਤਕ ਅਤੇ ਆਰਥਿਕ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਆਪਣੀ 'ਕਿਉਂ' ਵਿਚ ਉਭਾਰਦੀ ਹੈ। ਧਾਰਮਿਕ ਵਿਸ਼ਿਆਂ ਸਬੰਧੀ ਉਸਰੀਆਂ ਰਚਨਾਵਾਂ ਸ਼ਹੀਦੀ, ਆ ਜਾ ਬਾਬਾ ਨਾਨਕਾ, ਲਾਲ, ਵੰਗਾਰ ਆਦਿ ਵੇਖੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ ਕਿਸਾਨਾਂ ਦੀ ਆਰਥਿਕਤਾ, ਵਿਖਾਵੇ ਦੀ ਬਿਰਤੀ ਤੇ ਉਸ ਦੀਆਂ ਮਜਬੂਰੀਆਂ ਬਾਰੇ ਕਵਿੱਤਰੀ ਨੇ 'ਜੱਟ ਦਾ ਹਲ' ਕਵਿਤਾ ਰਾਹੀਂ ਆਪਣੇ ਭਾਵ ਪੇਸ਼ ਕੀਤੇ ਹਨ। ਰਾਜਨੀਤਕ ਅਸਥਿਰਤਾ ਤੇ ਸਵਾਰਥੀ ਰੁਚੀਆਂ ਸਬੰਧੀ ਕਵਿੱਤਰੀ ਚਿੰਤਤ ਹੈ। ਛੱਬੀ ਜਨਵਰੀ, ਤੇਰਾ ਵੇ ਦੇਸ਼ ਸਰਾਭਿਆ, ਵੇ ਹਾਕਮਾ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ਨਾਰੀ ਮਨ ਦੀ ਸੰਵੇਦਨਾ ਨੂੰ ਪ੍ਰਗਟ ਕਰਦੀਆਂ ਕਵਿਤਾਵਾਂ ਵਿਚ ਭੈਣ-ਭਰਾ, ਮਾਂ-ਧੀ ਦੇ ਨਾਤੇ ਨੂੰ ਬਾਖੂਬੀ ਦਰਸਾਇਆ ਹੈ।
ਅਜੋਕੀ ਨਵੀਂ ਪੀੜ੍ਹੀ ਵਿਚ ਘਟ ਰਹੀਆਂ ਨੈਤਿਕ ਕਦਰਾਂ-ਕੀਮਤਾਂ ਬਾਰੇ ਵੀ ਕਵਿੱਤਰੀ ਨੇ ਕੁਝ ਪੱਖਾਂ ਬਾਰੇ ਪ੍ਰਗਟਾਵਾ ਕੀਤਾ ਹੈ। ਨਾਲ ਹੀ ਉਹ ਮਾਪਿਆਂ ਤੇ ਅਧਿਆਪਕਾਂ ਨੂੰ ਆਪਣਾ ਫ਼ਰਜ਼ ਪਛਾਨਣ ਲਈ ਸੁਚੇਤ ਕਰਦੀ ਹੈ।
'ਪਿੰਡ ਦੀ ਯਾਦ' ਕਵਿਤਾ ਰਾਹੀਂ ਪੰਜਾਬ ਦੇ ਪਿੰਡਾਂ ਦੀ ਹੂਬਹੂ ਤਸਵੀਰ ਖਿੱਚਣ ਵਿਚ ਕਵਿੱਤਰੀ ਕਾਮਯਾਬ ਰਹੀ ਹੈ। ਸਮੁੱਚੇ ਰੂਪ ਵਿਚ ਸੁਖਵਿੰਦਰ ਕੌਰ ਸਿੱਧੂ ਨੇ ਭਰੂਣ ਹੱਤਿਆ, ਨਸ਼ਿਆਂ ਦੀ ਲਾਹਨਤ, ਵਿੱਦਿਆ ਦਾ ਵਪਾਰ, ਬੇਰੁਜ਼ਗਾਰੀ, ਸਮਾਜਿਕ-ਆਰਥਿਕ ਨਾਬਰਾਬਰੀ, ਵਾਤਾਵਰਨ ਦਾ ਪ੍ਰਦੂਸ਼ਣ ਆਦਿ ਅਨੇਕਾਂ ਵਿਸ਼ਿਆਂ ਨਾਲ ਭਰਪੂਰ ਕਾਵਿ ਰਚਨਾਵਾਂ ਲਿਖੀਆਂ ਹਨ। ਹਥਲੀ ਪੁਸਤਕ ਦੀ ਭਾਸ਼ਾ ਵੀ ਲੋਕ ਜੀਵਨ ਦੇ ਨੇੜੇ ਸਰਲਤਾ ਅਤੇ ਸਾਦਗੀ ਭਰਪੂਰ ਹੈ।

-ਪ੍ਰੋ: ਕੁਲਜੀਤ ਕੌਰ ਅਠਵਾਲ।

c c c

ਮਾਰਕਸਵਾਦ ਅਤੇ ਸਾਹਿਤ ਆਲੋਚਨਾ
ਮੂਲ ਲੇਖਕ : ਟੈਰੀ ਈਗਲਟਨ
ਅਨੁਵਾਦਕਾ : ਪ੍ਰੋ: ਗੁਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 94630-88272.

ਟੈਰੀਈਗਲਟਨ ਬਰਤਾਨੀਆ ਦਾ ਉਹ ਉੱਘਾ ਚਿੰਤਕ ਹੈ, ਜਿਸ ਨੇ ਮਾਰਕਸਵਾਦੀ ਚਿੰਤਨਧਾਰਾ ਨੂੰ ਨਵੀਨ ਦ੍ਰਿਸ਼ਟੀਕੋਣ ਤੋਂ ਉਭਾਰਿਆ ਅਤੇ ਵਿਸ਼ਵ ਵਿਆਪੀ ਸਾਹਿਤ-ਚਿੰਤਨਧਾਰਾ ਵਿਚ ਨਵ-ਵਿਵੇਕ ਨੂੰ ਸਥਾਪਿਤ ਕੀਤਾ। ਨਿਰਸੰਦੇਹ, ਉਹ ਚਰਚ ਦਾ ਉਪਾਸ਼ਕ ਰਿਹਾ, ਪਰ ਉਮਰ ਦੇ ਸਤਾਹੀਵੇਂ ਸਾਲ (1970) 'ਚ ਉਹ ਮਾਰਕਸਵਾਦੀ ਆਲੋਚਕ ਵਜੋਂ ਸਥਾਪਿਤ ਹੋ ਗਿਆ ਸੀ। ਕਾਰਲ ਮਾਰਕਸ, ਏਂਗਲਜ਼ ਨੇ ਜਿਸ ਕਦਰ ਸਾਹਿਤ ਨੂੰ ਸਮਝਿਆ, ਜੀਵਨ ਯਥਾਰਥ ਦੀਆਂ ਵਿਭਿੰਨ ਅਕਾਂਖਿਆਵਾਂ ਨੂੰ ਨੇੜਿਉਂ ਤੱਕਿਆ, ਜੀਵਨ ਵਿਚਲੀਆਂ ਅਨੇਕਾਂ ਵਿਰੋਧਾਭਾਸ ਸਥਿਤੀਆਂ ਵਿਚ ਵਾਪਰੀਆਂ ਹਕੀਕਤਾਂ, ਆਰਥਿਕ ਪਾੜਿਆਂ, ਨੈਤਿਕ-ਮੁੱਲਾਂ ਦੀਆਂ ਵਿਭਿੰਨ ਉਲੰਘਣਾਵਾਂ ਅਤੇ ਜੀਵਨ ਜਿਊਣ ਦੇ ਮਰਦੇ-ਮੁੱਕਦੇ ਹੀਲਿਆਂ-ਵਸੀਲਿਆਂ ਵਿਚ ਵਿਚਰਦੀਆਂ ਅਵਸਥਾਵਾਂ ਨੂੰ ਜਿਸ ਦ੍ਰਿਸ਼ਟੀ ਤੋਂ ਭਾਂਪਿਆ, ਪਰਖਿਆ, ਚਿੰਤਾਵਾਂ ਪ੍ਰਗਟਾਈਆਂ, ਹੀਲੇ-ਵਸੀਲੇ ਵਰਤੇ ਉਨ੍ਹਾਂ ਸਭਨਾਂ ਦਾ ਉਲੇਖ ਪੁਸਤਕ ਵਿਚ 'ਸਾਹਿਤ ਅਤੇ ਇਤਿਹਾਸ' , 'ਰੂਪ ਅਤੇ ਅੰਤਰ ਵਸਤੂ', 'ਲੇਖਕ ਅਤੇ ਪ੍ਰਤੀਬੱਧਤਾ', 'ਲੇਖਕ ਇਕ ਉਤਪਾਦਕ ਰੂਪ ਵਿਚ', ਚਾਰ ਅਧਿਆਇਆਂ ਦੇ ਅੰਤਰਗਤ ਪੇਸ਼ ਕੀਤਾ ਗਿਆ ਹੈ। ਅਜੋਕੇ ਸੰਦਰਭ ਵਿਚ ਮਾਰਕਸਵਾਦੀ ਵਿਚਾਰਧਾਰਾ ਕਿੱਥੇ ਸਟੈਂਡ ਕਰਦੀ ਹੈ, ਜਾਂ ਜੋ ਸਮਝੇ ਜਾਂ ਨਾ ਸਮਝੇ ਦ੍ਰਿਸ਼ਟੀਕੋਣ ਤੋਂ ਜੋ ਪੱਖ ਸਾਹਮਣੇ ਆ ਰਹੇ ਹਨ, ਨੂੰ ਕਿਸ ਤਰ੍ਹਾਂ ਗ੍ਰਹਿਣ ਕਰਨਾ ਹੈ? ਆਦਿ ਅਨੇਕਾਂ ਪ੍ਰਸ਼ਨਾਂ ਦੇ ਜਵਾਬ ਵੀ ਇਹ ਪੁਸਤਕ ਦਿੰਦੀ ਹੈ। ਮਾਰਕਸਵਾਦੀ ਆਲੋਚਨਾ ਦੇ ਆਧਾਰ ਅਤੇ ਉਸਾਰ, ਸਾਹਿਤ ਅਤੇ ਵਿਚਾਰਧਾਰਾ, ਇਤਿਹਾਸ ਅਤੇ ਰੂਪ, ਰੂਪ ਅਤੇ ਵਿਚਾਰਧਾਰਾ, ਲੁਕਾਚ ਅਤੇ ਸਾਹਿਤ ਰੂਪ, ਸੰਰਚਨਾਵਾਦ, ਕਲਾ ਅਤੇ ਸਮਾਜ, ਲੈਨਿਨ, ਟ੍ਰਾਟਸਕੀ ਅਤੇ ਪ੍ਰਤੀਬੱਧਤਾ, ਕਲਾ ਇਕ ਉਤਪਾਦਨ ਦੇ ਰੂਪ ਵਿਚ, ਵਾਲਟਰ ਬੈਂਜਾਮਿਨ, ਬਰੈਖਤ ਅਤੇ ਯਥਾਰਥਵਾਦ ਜਾਂ ਆਧੁਨਿਕਤਾ ਸਿਰਲੇਖਾਂ ਦੇ ਅੰਤਰਗਤ ਦਿੱਤੀ ਗਈ ਜਾਣਕਾਰੀ ਸੱਚਮੁੱਚ ਅਜੋਕੇ ਸਾਹਿਤ ਅਧਿਐਨ ਲਈ ਮਾਡਲ ਜਾਪਦੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

 

ਜੀਵਨ ਤੇ ਰਚਨਾ
ਰਘਬੀਰ ਸਿੰਘ ਭਰਤ ਤੇ ਗੁਰਮੇਲ ਸਿੰਘ ਬੈਣੀਵਾਲ
ਸੰਪਾਦਕ : ਡਾ: ਰਾਜਿੰਦਰ ਪਾਲ ਕੌਰ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94635-26893.

ਇਹ ਪੁਸਤਕ ਦੋ ਬਜ਼ੁਰਗ ਲੇਖਕਾਂ ਦੇ ਜੀਵਨ ਅਤੇ ਰਚਨਾ 'ਤੇ ਆਧਾਰਿਤ ਹੈ, ਜਿਨ੍ਹਾਂ ਦੇ ਕਾਰਜ ਦਾ ਸਹੀ ਮੁੱਲ ਨਹੀਂ ਪਾਇਆ ਗਿਆ। ਦੋਵੇਂ ਲੇਖਕ ਲਗਪਗ ਅੱਧੀ ਸਦੀ ਤੋਂ ਲਿਖਣ ਕਾਰਜ ਵਿਚ ਜੁਟੇ ਹੋਏ ਹਨ। ਇਨ੍ਹਾਂ ਅਣਗੌਲੇ ਲੇਖਕਾਂ ਦੀ ਜਾਣ-ਪਛਾਣ ਕਰਵਾ ਕੇ ਲੇਖਿਕਾ ਨੇ ਵਧੀਆ ਕੰਮ ਕੀਤਾ ਹੈ। ਰਘਬੀਰ ਸਿੰਘ ਭਰਤ ਨੇ ਬਹੁਪੱਖੀ ਸਾਹਿਤਕ ਰਚਨਾ ਕੀਤੀ ਹੈ। ਉਸ ਦੀਆਂ 15 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਗੀਤਕਾਰੀ, ਆਲੋਚਨਾ, ਅਨੁਵਾਦ ਅਤੇ ਲਿਪੀਅੰਤਰ ਦੇ ਖੇਤਰ ਵਿਚ ਯੋਗਦਾਨ ਪਾਇਆ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਡਾ: ਕਮਲਜੀਤ ਕੌਰ ਨੇ ਲੇਖਕ ਦੇ ਜੀਵਨ ਅਤੇ ਰਚਨਾ 'ਤੇ ਚਾਨਣਾ ਪਾਇਆ ਹੈ। ਡਾ: ਟੀ.ਆਰ. ਸ਼ਰਮਾ ਨੇ ਉਸ ਨੂੰ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਆਖਿਆ ਹੈ। ਡਾ: ਪਰਮਿੰਦਰ ਸਿੰਘ, ਡਾ: ਗੁਰਿੰਦਰ ਕੌਰ, ਡਾ: ਕੁਲਦੀਪ ਸਿੰਘ ਧੀਰ ਅਤੇ ਸਤਿੰਦਰ ਸਿੰਘ ਨੰਦਾ ਨੇ ਵੀ ਭਰਤ ਦੀ ਲੇਖਣੀ ਬਾਬਤ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਰਘਬੀਰ ਸਿੰਘ ਭਰਤ ਦੇ ਚੋਣਵੇਂ ਗੀਤ ਅਤੇ ਚੋਣਵੇਂ ਲੇਖ ਵੀ ਸ਼ਾਮਿਲ ਕੀਤੇ ਗਏ ਹਨ।
ਪੁਸਤਕ ਦਾ ਦੂਸਰਾ ਭਾਗ ਲੇਖਕ ਗੁਰਮੇਲ ਸਿੰਘ ਬੈਣੀਵਾਲ ਨੂੰ ਸਮਰਪਿਤ ਹੈ। ਮਾਸਟਰ ਗੁਰਮੇਲ ਸਿੰਘ ਨੇ ਉਸ ਨੂੰ ਸਹਿਜੋ ਮਾਜਰੇ ਦਾ ਮਾਣ ਕਹਿ ਕੇ ਨਿਵਾਜ਼ਿਆ ਹੈ। ਡਾ: ਪਰਮਿੰਦਰ ਸਿੰਘ ਨੇ ਲੇਖਕ ਦੀ ਕਹਾਣੀ ਕਲਾ 'ਤੇ ਚਾਨਣਾ ਪਾਇਆ ਹੈ। ਗੁਰਨਾਮ ਸਿੰਘ ਨੇ ਗੁਰਮੇਲ ਸਿੰਘ ਬੈਣੀਵਾਲ ਦੀਆਂ ਚੌਪਾਈਆਂ ਦੇ ਦਰਸ਼ਨ ਕਰਵਾਏ ਹਨ, ਜਿਵੇਂ :
ਕਰਜ਼ੇ ਦੀ ਪੰਡ ਭਾਰੀ ਜੱਟਾ,
ਮੱਤ ਤੇਰੀ ਇਸ ਮਾਰੀ ਜੱਟਾ।
ਖ਼ੁਦਕੁਸ਼ੀ ਕੋਈ ਹੱਲ ਨਹੀਂ ਹੈ,
ਕਰਜ਼ਾ ਨਿਰੀ ਬਿਮਾਰੀ ਜੱਟਾ।
ਅੰਤ ਵਿਚ ਬੈਣੀਵਾਲ ਦੀਆਂ ਕੁਝ ਕਹਾਣੀਆਂ ਅਤੇ ਵਾਰਤਕ ਦੇ ਨਮੂਨੇ ਪੇਸ਼ ਕੀਤੇ ਗਏ ਹਨ। ਇਹ ਪੁਸਤਕ ਪੜ੍ਹਨਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਆਤਮਨਾਦ
ਗ਼ਜ਼ਲਕਾਰ : ਅਰਕਮਲ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 92
ਸੰਪਰਕ :088006-89979.

'ਆਤਮਨਾਦ' ਵਿਚ ਲੇਖਿਕਾ ਦੀ ਸ਼ੈਲੀ ਆਪਣੀ ਹੈ ਤੇ ਮਨੋਭਾਵਾਂ ਨੂੰ ਸ਼ਿਅਰਾਂ ਰਾਹੀਂ ਦਰਸਾਉਣ ਦਾ ਅੰਦਾਜ਼ ਵੀ ਵੱਖਰਾ ਹੈ। ਕਿਸੇ ਵੀ ਗ਼ਜ਼ਲਕਾਰ ਦੀ ਸ਼ੈਲੀ ਉਸ ਦੀ ਪਛਾਣ ਹੁੰਦੀ ਤੇ ਕਿਸੇ ਤੋਂ ਕੁਝ ਲੈ ਕੇ ਸਿਰਜਿਆ ਸ਼ਿਅਰ ਕਦੀ ਵੀ ਸਦੀਵੀ ਨਹੀਂ ਹੁੰਦਾ। ਉਸ ਦੀ ਪਹਿਲੀ ਮਸਲਸਲ ਗ਼ਜ਼ਲ ਚੁਰਾਸੀ ਦੇ ਦੰਗਿਆਂ ਬਾਰੇ ਹੈ ਤੇ ਉਸ ਨੇ 'ਰੋਇਆ' ਰਦੀਫ਼ ਰੱਖ ਕੇ ਬਹੁਤ ਭਾਵੁਕ ਸ਼ਿਅਰ ਕਹੇ ਹਨ। ਕਿਸੇ ਦਾ ਮਿਲ ਜਾਣਾ ਉਸ ਨੂੰ ਹਰਫ਼ਾਂ ਦੇ ਜਿਉਂਦੇ ਹੋਣ ਵਾਂਗ ਲਗਦਾ ਹੈ ਤੇ ਇਹ ਮਿਲਣ ਹਰਫ਼ਾਂ ਦੇ ਮਿਲਣ ਵਾਂਗ ਸ਼ਿਅਰ ਹੋ ਨਿੜਦਾ ਹੈ। ਉਹ ਆਪਣੇ ਵਤਨ ਨੂੰ ਰੱਜ ਕੇ ਪਿਆਰ ਕਰਦੀ ਹੈ ਤੇ ਇਸ ਦੀਆਂ ਕਮੀਆਂ ਨੂੰ ਵੀ ਜਾਣਦੀ ਹੈ ਪਰ ਫਿਰ ਵੀ ਉਹ ਇਸ ਨੂੰ ਮੁੜ ਸੋਨੇ ਦੀ ਚਿੜੀ ਦੇਖਣਾ ਲੋਚਦੀ ਹੈ। ਗ਼ਜ਼ਲਕਾਰਾ ਮੁਤਾਬਿਕ ਧਰਤੀ ਤੇ ਅਸਮਾਨ ਜਿੱਤਣ ਵਾਲਾ ਸਿਕੰਦਰ ਨਹੀਂ ਹੁੰਦਾ, ਜੇਤੂ ਓਹੀ ਹੁੰਦਾ ਹੈ ਜਿਸ ਨੇ ਕਿਸੇ ਦਾ ਦਿਲ ਜਿੱਤ ਲਿਆ। ਅਰਕਮਲ ਖ਼ੁਦ ਔਰਤ ਹੈ ਤੇ ਅਜੋਕੀ ਔਰਤ ਦੇ ਦਰਦ ਨੂੰ ਸਮਝਦੀ ਹੈ। ਉਸਦੀ ਦਸਵੀਂ ਗ਼ਜ਼ਲ ਇਸੇ ਸੰਦਰਭ ਵਿਚ ਹੈ ਜਿਸ ਵਿਚ ਉਸ ਨੇ ਔਰਤ ਨਾਲ ਮੁੱਢ ਤੋਂ ਹੁੰਦੀਆਂ ਜ਼ਿਆਦਤੀਆਂ ਦਾ ਵਰਨਣ ਬੜੇ ਪ੍ਰਭਾਵੀ ਅੰਦਾਜ਼ ਵਿਚ ਕੀਤਾ ਹੈ। ਉਹ ਦਿਨੇਂ ਬਾਜ਼ਾਂ ਤੇ ਰਾਤ ਵੇਲੇ ਉੱਲੂਆਂ ਦੇ ਸਹਿਮ ਦਾ ਜ਼ਿਕਰ ਕਰਦੀ ਹੋਈ ਕਹਿੰਦੀ ਹੈ ਕਿ ਕੋਈ ਵੇਲਾ ਵੀ ਸੁਰੱਖਿਅਤ ਨਹੀਂ ਹੈ ਅਤੇ ਜ਼ਿੰਦਗੀ ਜ਼ੋਰਾਵਰਾਂ ਦੇ ਰਹਿਮ 'ਤੇ ਹੈ। ਉਸ ਮੁਤਾਬਿਕ ਗਾਂਧੀ ਦੇ ਪੈਰੋਕਾਰ ਰਾਂਗਲਾ ਚਸ਼ਮਾ ਲਾਈ ਬੈਠੇ ਹਨ ਤੇ ਆਮ ਜੰਤਾ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਕਦੀ ਵੀ ਸਹੀ ਨਹੀਂ ਹੋ ਸਕਦਾ। ਪੁਸਤਕ ਮਾਨਣ ਯੋਗ ਹੈ। ਮੈਨੂੰ ਉਸ ਦੇ ਰੱਖ-ਰਖਾਅ ਨੇ ਪ੍ਰਭਾਵਤ ਕੀਤਾ ਹੈ ਪਰ ਜੇ ਕਿਤੇ ਯੋਗ ਗ਼ਜ਼ਲਕਾਰ ਦਾ ਸਾਥ ਮਿਲ ਜਾਂਦਾ ਤਾਂ ਸੋਨੇ 'ਤੇ ਸੁਹਾਗਾ ਹੁੰਦਾ ਤੇ ਰੂਪਕ ਪੱਖ ਦਾ ਅਵੇਸਲ ਰੜਕਦਾ ਨਾ।

-ਗੁਰਦਿਆਲ ਰੌਸ਼ਨ
ਮੋ:9988444002

17-02-2018

 ਅੱਖਰਾਂ ਦਾ ਰਥ
ਕਵਿੱਤਰੀ : ਦੀਪ ਗਿੱਲ ਪਾਂਘਲੀਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 98767-85271.

ਵਿਚਾਰਾਧੀਨ ਹੈ ਦੀਪ ਪਾਂਘਲੀਆਂ ਦਾ ਪਲੇਠਾ ਕਾਵਿ ਸੰਗ੍ਰਹਿ। ਕਵਿੱਤਰੀ 'ਅੱਖਰਾਂ ਦੇ ਰਥ' ਵਿਚ ਕਵਿਤਾ ਦੀ ਡੋਲ਼ੀ ਲੈ ਕੇ ਪਾਠਕਾਂ ਦੇ ਸਨਮੁੱਖ ਹੈ। ਇਸ ਸੰਗ੍ਰਹਿ ਵਿਚ 57 ਕਵਿਤਾਵਾਂ ਦਾ, ਪੰਜਾਬੀ (ਸੱਜੇ), ਸ਼ਾਹਮੁਖੀ (ਖੱਬੇ), ਰਥ ਬਰਾਬਰ ਦੌੜਦਾ ਹੈ। ਮਨੋਰਥ ਸਪੱਸ਼ਟ ਹੈਂਦੋਵੇਂ ਪੰਜਾਬਾਂ ਦੇ ਪਾਠਕ ਅਨੰਦ ਮਾਣ ਸਕਣ। ਵਿਸ਼ਿਆਂ ਪੱਖੋਂ ਇਹ ਰੌਂ (ਮੂਡ) ਦੀ ਕਵਿਤਾ ਹੈ। ਕੋਈ ਤਰੱਦਦ ਨਹੀਂ। ਸਹਿਜ ਹੈ, ਸੁਹਜ ਹੈ ਜੋ ਵੀ ਮਨ ਵਿਚ ਆਇਆ ਕਵਿਤਾ ਦਾ ਜਾਮਾ ਪਹਿਨ ਗਿਆ, ਕੋਈ ਲੁੱਕ-ਲਪੇਟ ਨਹੀਂ। ਔਰਤ ਮਨ ਦੀ ਵੇਦਨਾ ਸੰਵੇਦਨਸ਼ੀਲਤਾ ਸਹਿਤ ਪ੍ਰਸਤੁਤ ਹੈ। ਪਿੰਡ ਦਾ ਬਾਬਾ ਬੋਹੜ, ਟੋਭਾ, ਬੋਲੇ ਵੋਟਰ, ਪੰਜਾਬ 47, ਕਿਰਤੀਆਂ-ਕਿਸਾਨਾਂ ਦੀ ਦਾਸਤਾਂ ਦੇ ਨਾਲ-ਨਾਲ ਵਿੱਦਿਆ ਦੀ ਜੋਤ; ਸੂਫ਼ੀਆਂ ਦੀ ਮਸਤੀ, ਗੁਰਮਤਿ ਦੀ ਰੂਹਾਨੀਅਤ ਆਦਿ ਅਨੇਕਾਂ ਵਿਸ਼ੇ ਕਾਵਿ-ਕਲਾਵੇ ਵਿਚ ਆਏ ਹਨ। ਜ਼ਿਆਦਾਤਰ ਕਵਿਤਾਵਾਂ ਕਾਵਿ-ਨਾਇਕਾ ਵਲੋਂ ਕਾਵਿ-ਤੂੰ ਨੂੰ ਸੰਬੋਧਨ ਹਨ। 'ਤੂੰ' ਵਲੋਂ 'ਮੈਂ' ਨੂੰ ਨਾ-ਮਾਤਰ ਹਨ। 'ਤੂੰ' ਨਾਲ ਗਿਲੇ ਨੇ, ਸ਼ਿਕਵੇ ਨੇ, ਨਹੋਰੇ ਨੇ, ਵੰਗਾਰ ਹੈ, ਵਸਲ ਦਾ ਨਿੱਘ ਵੀ ਹੈ। ਵਿਚਾਰ ਪ੍ਰਸਤੁਤੀ ਵਿਚ ਕੰਪਨ (ਵਾਇਬਰੇਸ਼ਨ) ਹੈ। ਕਦੇ ਸੰਸਾਰਿਕ ਪਿਆਰ ਆਰਜ਼ੀ ਲਗਦਾ ਹੈ, ਕਦੇ ਸਥਾਈ। ਵਫ਼ਾ ਤੇ ਬੇਵਫ਼ਾਈ ਤੇ ਅਧਿਕ ਫੋਕਸੀਕਰਨ ਹੈ। ਸੈਲੀ ਬਿਰਤਾਂਤਕ ਹੈ। ਕਿਸੇ ਦੀ ਬੇਵਫ਼ਾਈ ਕਾਵਿ-ਨਾਇਕਾ ਨੂੰ ਸ਼ਾਇਰੀ ਵੱਲ ਪ੍ਰੇਰਿਤ ਕਰਦੀ ਹੈ, ਫਲਸਰੂਪ, ਸ਼ਾਇਰੀ ਕਥਾਰਸਿਸ ਦਾ ਰੋਲ ਨਿਭਾਉਂਦੀ ਹੈ, ਕਾਵਿ ਨਮੂਨਾ ਵੇਖੋ :
ਂਤੀਆਂ ਝੂਟਣ ਦਾ ਚਾਅ/
ਦਿਲ 'ਚ ਹੀ ਮਰ ਗਿਆ
ਪੀਂਘ ਪਾਉਣ ਲਈ ਜਦ/
ਰੁੱਖ ਹੀ ਨਾ ਲੱਭੇ/
ਸਾਉਣ ਤੋਂ ਪਹਿਲਾਂ/
ਬਾਗੋਂ ਲਿਆ ਕੇ/ਕੁੰਡੇ 'ਚ ਕੁੱਟੀ ਮਹਿੰਦੀ/
ਪਈ ਹੀ ਖੁਸ਼ਕ ਹੋ ਗੀ। (ਪੰ: 55)
ਂਮੈਂ ਭੌਂਕਦੇ ਕੁੱਤਿਆਂ ਨੂੰ/
ਦਰ ਕਿਨਾਰ ਕਰ/
ਜ਼ਿੰਦਗੀ ਨੂੰ ਹਾਥੀ ਵਾਲੀ/
ਮਸਤ ਚਾਲੇ ਪਾਉਣਾ ਹੈ। (ਪੰ: 63)
ਕਿਹਾ ਜਾ ਸਕਦਾ ਹੈ ਕਿ ਕਵਿੱਤਰੀ ਵਿਚ ਨਾਰੀ-ਚੇਤਨਾ ਹੈ, ਜਿਸ ਦੇ ਨਾਰੀਵਾਦ ਵੱਲ ਵਧਣ ਦੇ ਸੰਕੇਤ ਉਪਲਬੱਧ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਕੌੜਾ ਸੱਚ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 94178-55876.

ਸ: ਹਰੀ ਸਿੰਘ ਢੁੱਡੀਕੇ ਪਿਛਲੇ ਡੇਢ ਦਹਾਕੇ ਤੋਂ ਨਾਵਲ ਦੀ ਸਿਨਫ਼ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਉਸ ਦੇ 8-9 ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। 'ਕੌੜਾ ਸੱਚ' ਦੀ ਕਹਾਣੀ ਇਕ ਦਲਿਤ ਸ਼ਿਲਪਕਾਰ (ਜੁੱਤੀਆਂ ਬਣਾਉਣ ਤੇ ਗੰਢਣ ਵਾਲੇ) ਭਾਨੇ ਦੇ ਪੁੱਤਰ ਲਾਲ ਸਿੰਘ ਦੇ ਜੀਵਨ ਨਾਲ ਸਬੰਧ ਰੱਖਦੀ ਹੈ। ਘਰ ਦਾ ਚੁੱਲ੍ਹਾ ਮਘਦਾ ਰੱਖਣ ਲਈ ਨਾ ਕੇਵਲ ਭਾਨੇ ਨੂੰ ਬਲਕਿ ਪੂਰੇ ਪਰਿਵਾਰ ਨੂੰ ਖੇਤ ਮਜ਼ਦੂਰਾਂ ਵਾਲਾ ਕੰਮ ਕਰਨਾ ਪੈਂਦਾ ਹੈ। ਲਾਲ ਸਿੰਘ ਨੂੰ ਪੜ੍ਹਨ ਲਾ ਦਿੱਤਾ ਜਾਂਦਾ ਹੈ। ਉਹ ਪੜ੍ਹਾਈ ਦਾ ਸਾਰਾ ਖਰਚਾ ਖੇਤਾਂ ਵਿਚ ਲਾਈਆਂ ਦਿਹਾੜੀਆਂ ਨਾਲ ਪੂਰਾ ਕਰੀ ਜਾਂਦਾ ਹੈ ਅਤੇ ਆਖਰ ਜੇ.ਬੀ.ਟੀ. ਦਾ ਕੋਰਸ ਕਰਕੇ ਇਕ ਸਕੂਲ ਅਧਿਆਪਕ ਬਣ ਜਾਂਦਾ ਹੈ। ਇਸੇ ਦੌਰਾਨ ਉਸ ਦਾ ਆਪਣਾ ਵਿਆਹ ਵੀ ਹੋ ਜਾਂਦਾ ਹੈ, ਵੱਡੀਆਂ ਭੈਣਾਂ ਦੇ ਵਿਆਹ ਸਮੇਂ ਵੀ ਉਹ ਯਥਾਯੋਗ ਮਦਦ ਕਰਦਾ ਹੈ। ਆਪਣੇ ਵਿਆਹ ਵਿਚੋਂ ਉਸ ਦੇ ਪੰਜ ਬੱਚੇ ਹੋ ਜਾਂਦੇ ਹਨ। ਵੱਡੀਆਂ ਤਿੰਨ ਕੁੜੀਆਂ ਅਤੇ ਛੋਟੇ ਦੋ ਮੁੰਡੇ। ਲਾਲ ਸਿੰਘ ਦੇ ਘਰ ਵਾਲੀ ਸੁਰਜੀਤ ਆਪਣੀ ਸੱਸ ਪ੍ਰੇਮੋ ਵਾਂਗ ਸਾਰਾ ਦਿਨ ਕੁਝ ਨਾ ਕੁਝ ਕਰਦੀ ਰਹਿੰਦੀ ਹੈ। ਦੋਵਾਂ ਦੇ ਕਠਿਨ ਪੁਰਸ਼ਾਰਥ ਨਾਲ ਕੁੜੀਆਂ-ਮੁੰਡਿਆਂ ਦੇ ਚੰਗੇ ਵਿਆਹ ਵੀ ਹੋ ਜਾਂਦੇ ਹਨ ਪਰ ਵਿਆਹਾਂ ਤੋਂ ਬਾਅਦ ਮੁੰਡਿਆਂ ਦਾ ਆਪਣੇ ਮਾਤਾ-ਪਿਤਾ ਨਾਲ ਇਤਫ਼ਾਕ ਨਹੀਂ ਰਹਿੰਦਾ। ਉਨ੍ਹਾਂ ਦੀਆਂ ਵਹੁਟੀਆਂ ਆਪਣੇ-ਆਪਣੇ ਪਤੀ ਨੂੰ ਲੈ ਕੇ ਅੱਡ ਹੋ ਜਾਂਦੀਆਂ ਹਨ। ਇਸ ਗੱਲ ਨੂੰ ਨਾਵਲਕਾਰ ਜੀਵਨ ਦਾ 'ਕੌੜਾ ਸੱਚ' ਆਖਦਾ ਹੈ। ਪੂੰਜੀਵਾਦੀ ਯੁੱਗ ਇਕੱਲੇ-ਇਕਹਿਰੇ (ਨਿਊਕਲੀਅਰ) ਪਰਿਵਾਰਾਂ ਦਾ ਹੈ। ਦੂਜਿਆਂ ਨਾਲ ਰਹਿਣ ਵਿਚ ਹਰ ਕੋਈ ਆਪੱਤੀ ਮਹਿਸੂਸ ਕਰਦਾ ਹੈ। ਸ਼ਾਇਦ ਉਸ ਨੂੰ ਆਪਣੀ ਮਨਮਰਜ਼ੀ ਦੀ ਸਪੇਸ ਨਹੀਂ ਮਿਲਦੀ। ਯੁਵਾ ਪੀੜ੍ਹੀ ਲਈ ਇਹ ਪ੍ਰੇਰਨਾ ਭਰਪੂਰ ਰਚਨਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸੁਮੰਗਲਮ
(ਵਿਕਾਸ ਦਾ ਨਵਾਂ ਪ੍ਰਤਿਮਾਨ)

ਮੂਲ ਲੇਖਕ : ਡਾ: ਬਜਰੰਗ ਲਾਲ ਗੁਪਤ
ਅਨੁਵਾਦਕ : ਡਾ: ਲਖਬੀਰ ਲੇਜ਼ੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 75890-88435.

ਸਰਬ ਲੋਕ ਭਲਾਈ ਲਈ ਕਿਹੜੀ ਯੋਜਨਾ ਆਦਰਸ਼ਕ, ਸਫ਼ਲ ਅਤੇ ਚਹੁਮੁਖੀ ਵਿਕਾਸ ਦੀ ਕਸਵਟੀ ਉੱਪਰ ਪੂਰੀ ਉੱਤਰ ਸਕਦੀ ਹੈ। ਇਸ ਦੀ ਖੋਜ ਸੰਸਾਰ ਦੇ ਵੱਖ-ਵੱਖ ਦੇਸ਼ ਕਰਕੇ ਆਪਣੇ-ਆਪਣੇ ਮੁਲਕਾਂ ਵਿਚ ਲਾਗੂ ਕਰਦੇ ਰਹੇ ਹਨ, ਪਰ ਕਿਸੇ ਦੇਸ਼ ਵਿਚ ਵੀ ਅਜੇ ਤੱਕ ਨਾ ਬੇਗ਼ਮਪੁਰਾ ਸਥਾਪਿਤ ਹੋ ਸਕਿਆ ਹੈ ਤੇ ਨਾ ਹੀ ਰਾਮ ਰਾਜ ਦੇ ਦਰਸ਼ਨ ਹੋਏ ਹਨ। 'ਸੁਮੰਗਲਮ' ਵਿਕਾਸ ਦਾ ਨਵਾਂ ਮਾਡਲ ਹੈ। ਸੰਸਾਰ ਵਿਚ ਵਿਕਾਸ ਦੇ ਨਾਲ ਸਦਾ ਵਿਨਾਸ਼ ਹੁੰਦਾ ਹੈ। ਕੋਈ ਉਸਾਰਦਾ ਹੈ, ਕੋਈ ਤਬਾਹ ਕਰਦਾ ਹੈ। ਕੁਦਰਤੀ ਆਫ਼ਤਾਂ, ਮਨੁੱਖ ਤੋਂ ਪਸ਼ੂ ਬਣੇ ਲੋਕਾਂ ਨੇ ਹੁਣ ਤੱਕ ਜੋ ਯੁੱਧ ਰਚਾਏ ਹਨ, ਕਤਲਾਮ ਮਚਾਏ ਹਨ, ਉਨ੍ਹਾਂ ਨਾਲ ਵਿਨਾਸ਼ਕਾਰੀ ਵਧੇਰੇ ਹੋਈ ਹੈ। ਸਾਮਰਾਜੀ, ਪੂੰਜੀਵਾਦੀ ਸਰਕਾਰਾਂ ਦੀ ਕਰੋਪੀ, ਵਿਨਾਸ਼ ਦੀਆਂ ਹੱਦਾਂ ਪਾਰ ਕਰਦੀਆਂ ਰਹੀਆਂ ਹਨ। ਅੱਜ ਵੀ ਸਰਮਾਏਦਾਰ ਦੇਸ਼ ਆਪਣੇ ਸਰਮਾਏ ਦੇ ਜ਼ੋਰ ਨਾਲ ਅਸਿੱਧੇ-ਸਿੱਧੇ ਢੰਗਾਂ ਨਾਲ ਵਿਕਾਸ ਕਾਰਜ ਕਰਕੇ, ਕਮਜ਼ੋਰ ਦੇਸ਼ਾਂ ਨੂੰ ਡਰਾ ਰਹੇ ਹਨ।
ਆਪਣੇ ਦੇਸ਼ ਦੇ ਚਹੁਮੁਖੀ ਵਿਕਾਸ ਲਈ ਭਾਰਤ ਦੇ ਭੌਤਿਕ, ਪ੍ਰਾਕਿਰਤ, ਸੱਭਿਆਚਾਰਕ ਅਤੇ ਆਰਥਿਕ ਸਥਿਤੀ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਇਸ ਪੁਸਤਕ ਦੇ ਲੇਖਕ, ਪ੍ਰਸਿੱਧ ਅਰਥ-ਸ਼ਾਸਤਰੀ, ਡਾ: ਬਜਰੰਗ ਲਾਲ ਗੁਪਤ ਨੇ 'ਸੁਮੰਗਲਮ' ਨਾਂਅ ਦਾ ਸੰਕਲਪ ਪੇਸ਼ ਕੀਤਾ। ਇਹ ਸੰਕਲਪ ਭਾਰਤ ਦੀ ਪਰੰਪਰਾਗਤ-ਆਰਥਿਕ ਸਥਿਤੀ ਤੇ ਵਿਵਸਥਤਾ ਦਾ ਗੰਭੀਰ ਅਧਿਐਨ ਕਰਨ ਪਿੱਛੋਂ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਧਰਮ ਅਰਥ, ਕਾਮ ਮੌਕਸ ਤੇ ਸਰਬੱਤ ਦੇ ਭਲੇ, ਰਾਜਤੰਤਰ, ਸਮਾਜਤੰਤਰ, ਪ੍ਰਕਿਰਤੀ ਪਰਿਵਰਣ ਸੁਰੱਖਿਆ, ਭਾਰਤੀ ਸੰਸਕ੍ਰਿਤੀ ਅਤੇ ਲੋਕ ਹੱਕਾਂ ਤੇ ਫਰਜ਼ਾਂ ਪ੍ਰਤੀ ਜਾਗਰੂਕ ਕਰਕੇ, ਸੰਯੁਕਤ ਭਲੇ ਲਈ ਮਿਲ ਕੇ ਕੰਮ ਕਰਨ ਦੀਆਂ ਭਿੰਨ-ਭਿੰਨ ਯੋਜਨਾਵਾਂ ਬਣਾ ਕੇ, ਉਨ੍ਹਾਂ ਉੱਪਰ ਮਿਲ ਕੇ ਅਮਲ ਕਰਨ ਕਰਵਾਉਣ ਉੱਪਰ ਜ਼ੋਰ ਦਿੱਤਾ ਗਿਆ ਹੈ।
ਲੇਖਕ ਨੇ ਪੁਸਤਕ ਵਿਚ ਪੱਛਮੀ ਵਿਕਾਸ ਮਾਡਲ ਦੇ ਅਰਥ ਦੱਸ ਕੇ ਉਸ ਦੀਆਂ ਵਿਸੰਗਤੀਆਂ ਦਾ ਉਲੇਖ ਕੇਵਲ ਨੁਕਸ ਕੱਢਣ ਲਈ ਨਹੀਂ ਕੀਤਾ, ਬਲਕਿ ਭਾਰਤ ਦੀਆਂ ਇਤਿਹਾਸਕ ਭੂਗੋਲਿਕ, ਸੰਸਕ੍ਰਿਤ, ਆਰਥਿਕ ਅਤੇ ਪ੍ਰਾਕਿਰਤ ਸਥਿਤੀਆਂ, ਪ੍ਰਸਥਿਤੀਆਂ, ਇਸ ਦੇ ਅਨੁਕੂਲ ਨਹੀਂ। ਸੁਮੰਗਲਮਂਭਾਰਤ ਦੇ ਸਮਾਜਿਕ ਤੇ ਸੱਭਿਆਚਾਰਕ, ਭੂਗੋਲਿਕ ਤੇ ਇਤਿਹਾਸਕ, ਆਰਥਿਕ ਤੇ ਉਦਯੋਗਿਕ ਵਿਕਾਸ ਲਈ ਅਮਲ ਵਿਚ ਲਿਆਂਦਿਆਂ ਉਪਯੋਗੀ ਹੈ। ਲੇਖਕ ਵਲੋਂ ਅਰਥ ਸ਼ਾਸਤਰੀ ਦੇ ਰੂਪ ਵਿਚ ਹੁਣ ਤੱਕ ਕੀਤਾ ਅਧਿਐਨ ਭਾਰਤ ਦੇ ਵਿਕਾਸ ਲਈ ਤਾਂ ਹੀ ਉਪਯੋਗੀ ਹੈ, ਜੇਕਰ ਇਸ ਉੱਪਰ ਅਮਲ ਕਰਵਾ ਕੇ ਇਸ ਨੂੰ ਕਸਵੱਟੀ ਉੱਪਰ ਪਰਖਿਆ ਜਾਵੇ। ਡਾ: ਲਖਵੀਰ ਕੌਰ ਲੇਜ਼ੀਆ ਵਲੋਂ ਕੀਤਾ ਪੰਜਾਬੀ ਅਨੁਵਾਦ ਕਾਬਿਲੇ-ਤਾਰੀਫ਼ ਹੈ।

ਂਡਾ: ਅਮਰ ਕੋਮਲ
ਮੋ: 8437873565.
ਫ ਫ ਫ

ਮਨ ਵਣਜਾਰਾ
ਲੇਖਿਕਾ : ਸੁਰਿੰਦਰ ਅਤੈ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 250 ਰੁਪਏ, ਸਫ਼ੇ : 153
ਸੰਪਰਕ : 98781-09063.

ਹਥਲੀ ਪੁਸਤਕ ਵਿਚ 33 ਲਘੂ ਨਿਬੰਧ ਅੰਕਿਤ ਹਨ, ਜੋ ਮਾਨਵੀ ਜੀਵਨ ਸ਼ੈਲੀ ਵਿਚੋਂ ਉਪਜੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ, ਸਮੇਂ-ਸਥਾਨਾਂ, ਮੇਲ ਜੋਲ ਵਾਲੇ ਲੋਕਾਂ, ਆਲੇ-ਦੁਆਲੇ 'ਚ ਸੁਖਦ-ਦੁਖਦ ਵਾਪਰਦੇ ਮੌਕੇ ਸੰਤਾਪ ਅਤੇ ਖੁਸ਼ੀਆਂ-ਖੇੜਿਆਂ ਦੀ ਰਹਿਤਲ ਇਨ੍ਹਾਂ ਸਭਨਾਂ ਰਚਨਾਵਾਂ ਦੀ ਸਿਰਜਣਾ ਦਾ ਸਰੋਤ ਜਾਪੀ ਹੈ।
ਦਰਅਸਲ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਨੂੰ ਓਪਰੇਪਣ ਨਾਲ ਨਹੀਂ, ਸਗੋਂ ਅਸਲੀਅਤ 'ਚ ਜੀਵਿਆ ਹੈ, ਉਹ ਲੋਕ ਜਦੋਂ ਕਲਮ ਫੜਦੇ ਹਨ ਤਾਂ ਮਾਨਵੀ ਹਿਰਦਿਆਂ ਦੀ ਵੇਦਨਾ ਕਹਿ ਦਿੰਦੇ ਹਨ, ਅਜਿਹਾ ਹੀ ਕਾਰਜ ਸ੍ਰੀਮਤੀ ਸੁਰਿੰਦਰ ਅਤੈ ਸਿੰਘ ਨੇ ਕਰ ਵਿਖਾਇਆ ਹੈ। ਨਿਰੋਲ ਰੂਪ ਵਿਚ ਲੇਖਿਕਾ ਦੀ ਪ੍ਰਤੀਬੱਧਤਾ ਪੰਜਾਬੀ ਲੋਕ ਵਿਰਾਸਤ ਅਤੇ ਪੰਜਾਬੀ ਸੱਭਿਆਚਾਰਕ ਪ੍ਰਿਸ਼ਠ-ਭੂਮੀ ਦਾ ਉਹ ਵਖਿਆਣ ਕਰਨਾ ਹੈ, ਜੋ ਅਜੋਕੇ ਖਪਤਕਾਰੀ ਕਾਲ-ਖੰਡ 'ਚ ਦਿਨੋ-ਦਿਨ ਮਲਤ ਹੁੰਦਾ ਜਾ ਰਿਹਾ ਹੈ। ਲੇਖਿਕਾ ਇਹ ਬੋਧ ਕਰਵਾਉਣਾ ਚਾਹੁੰਦੀ ਹੈ ਕਿ ਅਜੋਕਾ ਪੰਜਾਬੀ-ਭਾਈਚਾਰਾ ਆਪਣੀਆਂ ਅਨਮੋਲ ਮਿਲਣੀਆਂ-ਗਿਲਣੀਆਂ, ਰਸਮਾਂ-ਰਿਵਾਜਾਂ, ਤਿੱਥ-ਤਿਉਹਾਰਾਂ, ਰਿਸ਼ਤਿਆਂ ਦੀ ਮਹਿਮਾ, ਧੀਆਂ-ਭੈਣਾਂ-ਮਾਵਾਂ, ਮਾਸੀਆਂ, ਚਾਚੀਆਂ-ਤਾਈਆਂ, ਨਣਦਾਂ-ਸੱਸਾਂ ਇਤਿਆਦ ਨਾਲ ਸਬੰਧਿਤ ਰਿਸ਼ਤਿਆਂ ਨੂੰ ਨਾ ਵਿਸਾਰੇ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਲੇਖ ਹਨ ਜਿਨ੍ਹਾਂ ਨੂੰ ਪਿੰਡ ਦੇ ਹਰ ਜਾਤੀਆਂ ਨਾਲ ਸਬੰਧਿਤ ਲੋਕਾਂ ਦੀ ਇਕਮਿਕਤਾ, ਸਾਂਝ-ਭਿਆਲੀ, ਇਕ ਦੂਜੇ ਦੀ ਗਰਜ-ਪੂਰਤੀ, ਦੁੱਖ-ਸੁੱਖ 'ਚ ਗੁੱਸੇ-ਗਿਲੇ ਭੁਲਾਅ ਕੇ ਮੁੜ ਇਕੱਤਰ ਹੋ ਜਾਣਾ ਆਦਿ ਸਹਿਜ-ਸੁਭਾਵਿਕ ਅਤੇ ਰਸਕਤਾ ਭਰਪੂਰ ਭਾਸ਼ਾ 'ਚ ਪ੍ਰਗਟਾਇਆ ਗਿਆ ਹੈ।
ਗ਼ਰੀਬੀ 'ਚ ਝੁਲਸਦੀ ਜੁਆਨੀ, ਪੰਜ ਪਾਣੀਆਂ ਦੀ ਤਿਹਾਈ ਧਰਤੀ, ਸੰਤਾਪ ਕਿ ਮੌਜ, ਬੇਲੋੜੀਆਂ ਚੀਜ਼ਾਂ ਦੀ ਲੋੜ, ਨਾਮ, ਬੇਨਾਮ ਅਤੇ ਗੁੰਮਨਾਮ, ਮਨਾਂ ਵਿਚਲੀ ਕਾਹਲ, ਧੀ ਦੀ ਸੱਸ ਬੇਨਾਮ ਪੁੱਤ ਦੀ ਸੱਸ, ਜਿਹੜੇ ਕਦੇ ਨਿਆਂ ਨਹੀਂ ਦਿੰਦੇ, ਗੁੜ ਖਾਵਾਂ ਵੇਲ ਵਧਾਵਾਂ ਆਦਿ ਨਿਬੰਧਾਂ ਵਿਚ ਸਮੂਹਿਕ ਪੰਜਾਬੀਆਂ ਦੇ ਯਥਾਰਥਕ ਚਰਿੱਤਰ ਦਾ ਦਰਪਣ ਪੇਸ਼ ਕੀਤਾ ਹੈ। 'ਸੁਰਿੰਦਰ ਅਤੈ' ਸੋਚ-ਦ੍ਰਿਸ਼ਟੀ ਉਸਾਰੂ ਕਦਰ-ਪ੍ਰਣਾਲੀ ਦਾ ਬੋਧ ਹੈ ਜੋ ਮਾਨਵ ਨੂੰ ਸਰਲ, ਸਪੱਸ਼ਟ ਅਤੇ ਮੁਹੱਬਤੀ ਢੰਗ ਤਰੀਕੇ ਨਾਲ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਹੱਸ-ਦੰਦਾਂ ਦੀ ਪ੍ਰੀਤ, ਨਾ ਮੁੱਕਣ ਵਾਲੀ ਬਾਤ, ਹਾਕ ਤੋਂ ਘੰਟੀ ਤਕ, ਰੜੇ ਉੱਤੇ ਮਿਲ ਮਾਹੀਆ, ਜਵਾਬੀ ਖਤ, ਧੀ ਹੋਵੇ ਧਨ ਅਤੇ ਆਏ ਗਏ ਦੀ ਮਹਿਮਾ ਆਦਿ ਨਿਬੰਧ ਹੋਰ ਵੀ ਪ੍ਰਭਾਵਸ਼ਾਲੀ ਅਤੇ ਲੋਕ-ਮਾਨਸਿਕਤਾ ਲਈ ਟੁੰਬਵੇਂ ਅਰਥ ਪ੍ਰਦਾਨ ਕਰਦੇ ਹਨ।


ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਕਿਹੜਾ ਮੇਰਾ ਦੇਸ਼ ਗਰਾਂ...?
ਲੇਖਕ : ਰਾਜਿੰਦਰ ਸਿੰਘ ਜਾਲੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 213
ਸੰਪਰਕ : 011-23280657.

ਪ੍ਰਵਾਸੀ ਲੇਖਕ ਰਾਜਿੰਦਰ ਸਿੰਘ ਜਾਲੀ ਇਸ ਤੋਂ ਪਹਿਲਾਂ ਦੋ ਸਫ਼ਰਨਾਮਿਆਂ, ਕੁਝ ਲੇਖ ਸੰਗ੍ਰਹਿਆਂ ਅਤੇ ਕਾਵਿ ਸੰਗ੍ਰਹਿਆਂ ਦੀ ਰਚਨਾ ਕਰ ਚੁੱਕਾ ਹੈ। ਇਸ ਪੁਸਤਕ ਦੁਆਰਾ ਲੇਖਕ ਨੇ ਜਿਥੇ ਅਮਰੀਕਾ ਦੇਸ਼ ਦੀਆਂ ਮਾਨਵੀ ਕਦਰਾਂ-ਕੀਮਤਾਂ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ, ਚੌਗਿਰਦੇ ਦੀ ਸਫ਼ਾਈ, ਸਾਖ਼ਰਤਾ ਆਦਿ ਦੀ ਤਾਰੀਫ਼ ਕੀਤੀ ਹੈ, ਉਥੇ ਉਸ ਨੇ ਆਪਣੀ ਧਰਤੀ ਮਾਤਾ ਨੂੰ ਵੀ ਪੂਰਾ ਸਨਮਾਨ ਦਿੱਤਾ ਹੈ। ਉਸ ਨੇ ਅਮਰੀਕਾ ਦੀਆਂ ਇਤਿਹਾਸਕ ਥਾਵਾਂ ਅਤੇ ਉਨ੍ਹਾਂ ਦੇ ਪਿਛੋਕੜ ਤੇ ਸਾਂਭ-ਸੰਭਾਲ ਦਾ ਵਰਨਣ ਕਲਾਤਮਿਕ ਸ਼ੈਲੀ ਵਿਚ ਕੀਤਾ ਹੈ, ਜਿਵੇਂ ਕਿ ਸ਼ੇਅਰੋ ਸ਼ਾਇਰੀ ਦੀ ਵਰਤੋਂ ਕਰਕੇ ਉਸ ਨੇ ਆਪਣੀ ਲਿਖਤ ਨੂੰ ਹੋਰ ਵੀ ਮਨੋਰੰਜਕ ਬਣਾਇਆ ਹੈ ਅਤੇ ਵਿਸ਼ੇ ਦੀ ਪੁਸ਼ਟੀ ਕੀਤੀ ਹੈ।
ਇਸ ਸਫ਼ਰਨਾਮੇ ਦੇ 'ਥੀਮ ਸੌਂਗ' ਵਜੋਂ ਲੇਖਕ ਨੇ ਪੁਸਤਕ ਦੇ ਆਰੰਭ ਵਿਚ ਬੜੀਆਂ ਸੁੰਦਰ ਸਤਰਾਂ ਦੀ ਰਚਨਾ ਕੀਤੀ ਹੈ :
ਕਿਹੜਾ ਮੇਰਾ ਦੇਸ਼ ਗਰਾਂ?
ਕਿੱਥੇ ਆਪਣੇ ਪੈਰ ਧਰਾਂ?
ਇਕ ਧਰਤੀ ਨੇ ਕੋਖ ਹੈ ਬਖਸ਼ੀ,
ਇਕ ਦਾਤੀ ਆਂਚਲ ਦੀ ਛਾਂ।
ਇਕ ਭੋਏਂ 'ਤੇ ਕਾਇਆ ਮੇਰੀ,
ਇਕ ਭੂਮੀ ਦੇ ਹੇਠ ਜੜ੍ਹਾਂ,
ਦੁਹਾਂ ਦੇ ਸਨਮਾਨ 'ਚ 'ਜਾਲੀ'
ਮੈਂ ਆਪਣਾ ਇਹ ਸੀਸ ਨਿਵਾਂ।
ਬੌਧਿਕ ਤੇ ਬਾਹਰਮੁਖੀ ਤੌਰ 'ਤੇ ਲੇਖਕ ਅਮਰੀਕਾ ਦੇਸ਼ ਦੇ ਪ੍ਰਬੰਧਕੀ ਢਾਂਚੇ ਅਤੇ ਉਥੋਂ ਦੇ ਮਨਮੋਹਕ ਦ੍ਰਿਸ਼ਾਂ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਭਾਵਾਤਮਿਕ ਤੇ ਅੰਤਰਮੁਖੀ ਤੌਰ 'ਤੇ ਆਪਣੀ ਮਾਤ ਭੂਮੀ ਨੂੰ ਵੀ ਨਮਸਕਾਰ ਕਰਦਾ ਹੈ।
ਇਕ ਸਫ਼ਲ ਸਫ਼ਰਨਾਮੇ ਵਾਲੇ ਗੁਣ ਇਸ ਪੁਸਤਕ ਵਿਚੋਂ ਦੇਖੇ ਜਾ ਸਕਦੇ ਹਨ। ਵਿਸ਼ੇ ਪੱਖ ਦੇ ਨਾਲ-ਨਾਲ ਰੂਪਕ ਪੱਖੋਂ ਵੀ ਪੁਸਤਕ ਦੀ ਭਾਸ਼ਾ ਸ਼ੈਲੀ, ਦ੍ਰਿਸ਼ ਵਰਨਣ, ਵਾਰਤਾਲਾਪ ਆਦਿ ਨੂੰ ਸ਼ਲਾਘਾਯੋਗ ਆਖਿਆ ਜਾ ਸਕਦਾ ਹੈ।
ਸਮੁੱਚੇ ਤੌਰ 'ਤੇ ਆਖਿਆ ਜਾ ਸਕਦਾ ਹੈ ਕਿ ਪੁਸਤਕ ਪੜ੍ਹਨ ਉਪਰੰਤ ਜਿਥੇ ਪਾਠਕ ਨੂੰ ਅਮਰੀਕਾ ਦੀ ਧਰਤੀ ਬਾਰੇ ਚੋਖਾ ਗਿਆਨ ਪ੍ਰਾਪਤ ਹੋਵੇਗਾ, ਉਥੇ ਉਹ ਮਨੋਰੰਜਨ ਤੇ ਰੌਚਿਕਤਾ ਵੀ ਅਨੁਭਵ ਕਰੇਗਾ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241
ਫ ਫ ਫ

ਦੁੱਖ ਪ੍ਰਦੇਸਾਂ ਦੇ
ਸ਼ਾਇਰ : ਪ੍ਰਿੰਸੀਪਲ ਹਜ਼ੂਰਾ ਸਿੰਘ
ਸੰਪਾਦਕ : ਗੁਰਚਰਨ ਬੱਧਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94192-12801.

ਇਸ ਕਾਵਿ ਸੰਗ੍ਰਹਿ ਵਿਚ ਪ੍ਰਦੇਸਾਂ ਦੇ ਦੁੱਖਾਂ ਦਰਦਾਂ, ਤਨਹਾਈਆਂ, ਪਿਆਰ ਮੁਹੱਬਤਾਂ ਰੁੱਖਾਂ ਅਤੇ ਦੁੱਖਾਂ ਦੇ ਉਜਾੜੇ, ਭ੍ਰਿਸ਼ਟਾਚਾਰ, ਵਾਤਾਵਰਨ ਦੀ ਦੂਸ਼ਿਤਾ, ਨਸ਼ਿਆਂ ਆਦਿ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਹਨ। ਆਉ ਕੁਝ ਝਲਕਾਂ ਦੇਖੀਏਂ
-ਯਾਦ ਵਤਨ ਦੀ ਵੱਢ ਵੱਢ ਖਾਵੇ, ਰਾਤਾਂ ਨੂੰ ਫਿਰ ਨੀਂਦ ਨਾ ਆਵੇ
ਇਹ ਮੱਲੋ ਮੱਲੀ ਫੁੱਟ ਪੈਣ ਹੰਝੂ ਖਾਰੇ, ਦੁੱਖ ਪ੍ਰਦੇਸਾਂ ਦੇ।
-ਜੱਗ ਵਾਲੇ ਮੇਲੇ ਵਿਚ ਜਾਈਂ ਨਾ ਤੂੰ ਖੁੱਭ ਵੇ
ਜੇ ਖੁੱਭ ਗਿਆ ਤਾਂ ਫੇਰ ਜਾਏਂਗਾ ਤੂੰ ਡੁੱਬ ਵੇ।
-ਕਿਵੇਂ ਹੋਇਆ ਏਨਾ ਬਿਮਾਰ ਵਕਤ
ਆਪਣੇ ਤੋਂ ਹੀ ਗਿਆ ਹਾਰ ਵਕਤ।
-ਨਫ਼ਰਤ ਦੀ ਦੀਵਾਰ ਗਿਰਾ ਲੈ ਸੱਜਣਾ
ਪਿਆਰ ਦੀ ਦੁਨੀਆ ਵਸਾ ਲੈ ਸੱਜਣਾ।
-ਇਨਸਾਨ ਅੱਜ ਇਨਸਾਨ ਤੋਂ ਦੂਰ ਨਸਦਾ ਜਾ ਰਿਹਾ
ਪਿਆਰ ਦੀ ਥਾਂ ਦਿਲਾਂ ਦੇ ਵਿਚ ਖੋਟ ਵਸਦਾ ਜਾ ਰਿਹਾ।
-ਦਸ਼ਮੇਸ਼ ਪਿਤਾ ਨੇ ਜੋ ਸਿਖਾਇਆ ਕਰਕੇ ਤਾਂ ਦੇਖ
ਜੋ ਬਾਣੀ ਦਾ ਪਾਠ ਪੜ੍ਹਾਇਆ ਪੜ੍ਹ ਕੇ ਤਾਂ ਦੇਖ।
ਇਹ ਸਿੱਧੀਆਂ-ਸਾਦੀਆਂ, ਮਾਸੂਮ ਜਿਹੀਆਂ ਕਵਿਤਾਵਾਂ ਕੋਈ ਸੁਨੇਹਾ ਦਿੰਦੀਆਂ ਹਨ, ਕੋਈ ਸਾਰਥਕ ਗੱਲ ਕਰਦੀਆਂ ਹਨ। ਇਨ੍ਹਾਂ ਵਿਚ ਜੀਵਨ ਦੇ ਸਾਰੇ ਰੰਗ ਸਮੋਏ ਹੋਏ ਹਨ। ਇਹ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਇਨ੍ਹਾਂ ਵਿਚ ਸੁਹਿਰਦਤਾ, ਤਾਜ਼ਗੀ, ਮਹਿਕ ਅਤੇ ਰੌਸ਼ਨੀ ਭਰੀ ਹੋਈ ਹੈ। ਇਸ ਕਾਵਿ-ਸੰਗ੍ਰਹਿ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

11-02-2018

 ਅਰਨੈਸਟੋ ਚੀ ਗੁਵੇਰਾ
ਮੋਟਰਸਾਈਕਲ ਡਾਇਰੀ
ਅਨੁ: ਤੇ ਸੰ: ਜਗਵਿੰਦਰ ਜੋਧਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 159
ਸੰਪਰਕ : 94654-64502.

ਅਰਨੈਸਟੋ ਚੀ ਗੁਵੇਰਾ ਮੂਲ ਰੂਪ ਵਿਚ ਅਰਜਨਟਾਈਨਾ ਦਾ ਵਸਨੀਕ; ਜਿਸ ਪਾਸ ਡਾਕਟਰੀ ਪੇਸ਼ਾ ਅਖ਼ਤਿਆਰ ਕਰਕੇ ਐਸ਼ੋ-ਇਸ਼ਰਤ ਦਾ ਜੀਵਨ ਗੁਜ਼ਾਰਨ ਦੇ ਅਵਸਰ ਸਨ ਪਰ ਅਨੁਵਾਦਕ ਅਨੁਸਾਰ ਉਸ ਨੇ ਸੰਘਰਸ਼ ਰਾਹੀਂ ਸਮਾਜਵਾਦੀ ਇਨਕਲਾਬ ਦੇ ਸੁਪਨੇ ਦਾ ਰਾਹ ਚੁਣਿਆ। ਮੈਡੀਕਲ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਉਸ ਨੇ ਰੂਟੀਨ ਤੋਂ ਪਰਾਹਣ ਕਰਕੇ ਘੁਮੱਕੜੀ, ਬੇਤਰਤੀਬੀ ਤੇ ਰੁਮਾਂਚ ਦੀ ਦੁਨੀਆ ਵਿਚ ਪ੍ਰਵੇਸ਼ ਕਰਨ ਨੂੰ ਤਰਜੀਹ ਦਿੱਤੀ। ਇਸ ਸਫ਼ਰਨਾਮੇ ਅਨੁਸਾਰ ਚੀ ਗੁਵੇਰਾ ਅਤੇ ਉਸ ਦੇ ਮਿੱਤਰ (ਅਲਬਰਟੋ-ਕੋਹੜ ਰੋਗਾਂ ਦਾ ਮਾਹਰ ਡਾਕਟਰ) ਨੇ ਇਹ ਯਾਤਰਾ ਅਰਜਨਟਾਈਨਾ ਤੋਂ ਦਸੰਬਰ 1951 ਵਿਚ 1941 ਦੇ ਮੋਟਰਸਾਈਕਲ ਮਾਡਲ 'ਲਾ ਪੇਦਰੋਸਾ' 'ਤੇ ਆਰੰਭ ਕੀਤੀ ਪਰ ਮੋਟਰਸਾਈਕਲ ਦੇ ਖਰਾਬ ਹੋ ਜਾਣ ਕਾਰਨ ਟਰੱਕਾਂ, ਵੈਨਾਂ, ਬੇੜੀਆਂ ਆਦਿ ਦੁਆਰਾ ਚਿੱਲੀ, ਪੇਰੂ ਅਤੇ ਵੈਨਜੂਏਲਾ (ਜਿਥੇ ਅਲਬਰਟੋ ਸਾਥ ਛੱਡ ਗਿਆ) ਤੱਕ ਦਾ ਦੌਰਾ ਕੀਤਾ। ਅਖੀਰ ਗੁਵੇਰਾ ਕਾਰਡੋਬਾ ਵਿਖੇ ਆਪਣੇ ਪਰਿਵਾਰ ਨੂੰ ਅਗਸਤ 1952 ਵਿਚ ਜਾ ਮਿਲਿਆ।
ਇਸ ਸਫ਼ਰਨਾਮੇ ਦਾ ਦੀਰਘ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਦੇ ਜੀਵਨ ਵਿਚ ਅਨੇਕਾਂ ਉਤਰਾਅ ਚੜ੍ਹਾਅ ਆਏ। ਸਾਰੇ ਸਫ਼ਰ ਦੌਰਾਨ ਸ਼ਰਾਬ, ਮੀਟ ਦਾ ਸੇਵਨ ਕਰਦੇ ਰਹੇ। ਸਫ਼ਰ ਦੌਰਾਨ ਰੱਜੇ ਵੀ ਰਹੇ, ਭੁੱਖੇ ਵੀ ਰਹੇ। ਗੈਰਜਾਂ, ਬੈਰਕਾਂ, ਹੋਟਲਾਂ, ਹਸਪਤਾਲਾਂ, ਤੰਬੂਆਂ ਅਤੇ ਖੁੱਲ੍ਹੇ ਮੈਦਾਨਾਂ ਵਿਚ ਵੀ ਰਾਤਾਂ ਕੱਟੀਆਂ। ਠੰਢ ਵੀ ਸਹਾਰੀ, ਗਰਮੀ ਵੀ। ਬੇਆਰਾਮ ਉਣੀਂਦੇ ਵੀ ਰਹੇ, ਪੂਰੀ ਨੀਂਦ ਵੀ ਕੱਟੀ, ਮਹਿਮਾਨ ਨਿਵਾਜ਼ੀ ਵੀ ਹੋਈ, ਅਣਗੌਲੇ ਵੀ ਰਹੇ; ਬਿਮਾਰ ਵੀ ਹੁੰਦੇ ਰਹੇ, ਤੰਦਰੁਸਤ ਵੀ ਹੁੰਦੇ ਰਹੇ। ਪਹਾੜ ਵੀ ਵੇਖੇ, ਮੈਦਾਨ ਵੀ ਵੇਖੇ, ਸਮੁੰਦਰ ਵੀ ਵੇਖੇ। ਕਾਲੇ ਲੋਕ ਵੀ ਵੇਖੇ, ਗੋਰੇ ਵੀ; ਦੁਰਗੰਧ ਵੀ ਸਹਾਰੀ, ਮਹਿਕ ਵੀ ਮਾਣੀ; ਬਿਸਤਰੇ 'ਤੇ ਵੀ ਸੁੱਤੇ, ਪਰਾਲੀ 'ਤੇ ਵੀ ਸੁੱਤੇ। ਸੰਖੇਪ ਇਹ ਕਿ ਜੀਵਨ ਦੇ ਹਰ ਪੱਖ ਨੂੰ ਇਸ 4000 ਕਿਲੋਮੀਟਰ ਦੇ ਸਫ਼ਰ ਵਿਚ ਹੰਢਾਇਆ।
ਅਨੁਵਾਦਕ ਨੇ ਵਿਸ਼ੇਸ਼ ਨੁਕਤਿਆਂ ਨੂੰ ਸਪੱਸ਼ਟ ਕਰਨ ਲਈ ਬਰੈਕਟੀ ਤਕਨੀਕ ਅਤੇ ਫੁਟ ਨੋਟਾਂ ਦਾ ਥਾਂ ਪੁਰ ਥਾਂ ਪ੍ਰਯੋਗ ਕੀਤਾ ਹੈ। ਇਸ ਸਫ਼ਰਨਾਮੇ ਵਿਚ ਪ੍ਰਸਤੁਤ ਨਾਵਾਂ, ਸਥਾਨਾਂ ਦੇ ਨਾਂਅ ਪਾਠਕਾਂ ਦੀ ਯਾਦ ਵਿਚ ਰਹਿ ਸਕਣੇ ਅਸੰਭਵ ਹਨ। ਸੰਖੇਪ ਇਹ ਕਿ ਇਸ ਸਫ਼ਰਨਾਮੇ ਵਿਚ ਯੂ.ਐਸ.ਏ. ਵਲੋਂ ਲਾਤੀਨੀ ਦੇਸ਼ਾਂ ਦੀ ਵਧ ਰਹੀ ਲੁੱਟ ਅਤੇ ਫਲਸਰੂਪ ਨਿਕਲਣ ਵਾਲੇ ਨਤੀਜਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅਨੁਵਾਦ ਦੀ ਭਾਸ਼ਾ ਸਰਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਫੁੱਲਾਂ ਦਾ ਸ਼ਹਿਰ
ਲੇਖਕ : ਡਾ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 88476-47101.

ਡਾ: ਕਰਨੈਲ ਸਿੰਘ ਅਨੁਭਵੀ, ਮਿਹਨਤੀ, ਬਾਰੀਕਬੀਨ ਤੇ ਲੰਮੀ ਸਾਧਨਾ ਵਾਲਾ ਆਦਰਸ਼ਵਾਦੀ ਸਾਹਿਤਕਾਰ ਹੈ। ਅਧਿਐਨ ਅਧਿਆਪਨ ਤੇ ਬਾਲ ਸਾਹਿਤ ਨਾਲ ਜੁੜ ਕੇ ਉਸ ਨੇ ਜੋ ਲਿਖਿਆ ਹੈ, ਉਸ ਵਿਚ ਸਰਲਤਾ ਤੇ ਪ੍ਰੇਰਨਾ ਦੇ ਤੱਤ ਸਹਿਜੇ ਹੀ ਆ ਜਾਂਦੇ ਰਹੇ ਹਨ। ਫੁੱਲਾਂ ਦਾ ਸ਼ਹਿਰ ਤਾਂ ਉਸ ਦੀ ਉਚੇਚੇ ਤੌਰ 'ਤੇ ਸਕੂਲ ਪੜ੍ਹਦੇ ਬਾਲਾਂ ਨੂੰ ਨਜ਼ਰ ਵਿਚ ਰੱਖ ਕੇ ਰਚੀ ਪੁਸਤਕ ਹੈ। ਇਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ 25 ਮਈ, 2015 ਤੋਂ ਚੰਡੀਗੜ੍ਹ ਤੋਂ ਚੱਲ ਕੇ ਵਾਪਸੀ ਤੱਕ 100 ਦਿਨ ਦਾ ਸਫ਼ਰਨਾਮਾ ਹੈ। ਇਹ ਸਮਾਂ ਲੇਖਕ ਨੇ ਆਪਣੀ ਪਤਨੀ, ਬੇਟੀ ਤੇ ਉਨ੍ਹਾਂ ਦੇ ਬਾਲਾਂ ਨਾਲ ਬਰੈਂਪਟਨ ਸ਼ਹਿਰ, ਇਸ ਦੇ ਘਰਾਂ, ਲੋਕਾਂ, ਗਲੀਆਂ, ਬਾਜ਼ਾਰਾਂ, ਲਾਇਬ੍ਰੇਰੀਆਂ ਅਤੇ ਹੋਰ ਵੇਖਣ ਸਮਝਣਯੋਗ ਥਾਵਾਂ ਨੂੰ ਬਾਲਾਂ ਵਾਲੀ ਜਿਗਿਆਸਾ ਨਾਲ ਬੱਚਿਆਂ ਵਿਚ ਬੱਚਾ ਬਣ ਕੇ ਗੁਜ਼ਾਰਿਆ। ਇਸ ਦਾ ਪ੍ਰਭਾਵਸ਼ਾਲੀ ਤੇ ਰੌਚਕ ਬਿਰਤਾਂਤ ਉਸ ਨੇ ਬਾਲਾਂ ਲਈ ਲਿਖੇ ਇਸ ਸਫ਼ਰਨਾਮੇ ਵਿਚ ਅੰਕਿਤ ਕੀਤਾ ਹੈ।
ਬਰੈਂਪਟਨ ਨੂੰ ਲੇਖਕ ਨੇ ਸੁਪਨ ਨਗਰੀ, ਫੁੱਲਾਂ ਦਾ ਸ਼ਹਿਰ ਕਿਹਾ ਹੈ। ਇਥੇ ਦੀ ਸਫ਼ਾਈ, ਸਰਦੀ, ਗਰਮੀ, ਬਹਾਰ ਦੇ ਮੌਸਮ, ਬਰਫ਼ਾਂ ਤੇ ਬਰਫ਼ਾਂ ਦੀ ਸਫ਼ਾਈ, ਸੜਕਾਂ ਉਤਲਾ ਟ੍ਰੈਫਿਕ, ਸਕੂਲਾਂ ਵਿਚਲੀਆਂ ਲਾਇਬ੍ਰੇਰੀਆਂ, ਹਰ ਕੰਮ ਹੱਥੀਂ ਕਰਨ ਦੀ ਮਜਬੂਰੀ, ਸੁਭਾਅ, ਬੰਦਿਆਂ ਹੀ ਨਹੀਂ ਕੁੱਤਿਆਂ ਆਦਿ ਉੱਤੇ ਸੜਕਾਂ ਪਲੀਤ ਨਾ ਕਰਨ ਦਾ ਕਰੜਾ ਅਨੁਸ਼ਾਸਨ ਜਿਹੇ ਵੇਰਵੇ ਬਾਲਾਂ ਲਈ ਪ੍ਰੇਰਨਾਜਨਕ ਹੋਣਗੇ। ਨਿਆਗਰਾ ਫਾਲਜ਼, ਓਨਟੇਰੀਓ ਝੀਲ, ਡੈਲਟਾ ਤੇ ਸ਼ਹਿਰ ਵਿਚ ਮਿਹਨਤ ਮਜ਼ਦੂਰੀ ਕਰਕੇ ਗੁਜ਼ਰ ਬਸਰ ਕਰਨ ਵਾਲੇ ਅਨਪੜ੍ਹ ਪੰਜਾਬੀ ਦਾ ਬਿਰਤਾਂਤ ਵੀ ਪੜ੍ਹਨਯੋਗ ਹੈ। ਬੱਚੇ ਹੀ ਨਹੀਂ, ਹਰ ਜਿਗਿਆਸੂ ਪਾਠਕ ਮਾਣੇਗਾ ਇਸ ਨੂੰ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੰਡਨ ਵਿਚ ਆਪਣੇ ਲੋਕ
ਲੇਖਕ : ਗੁਰਪਾਲ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 275 ਰੁਪਏ, ਸਫ਼ੇ : 128
ਸੰਪਰਕ : 011-23280657.

ਭਾਰਤੀ ਲੋਕਾਂ ਨੇ ਪਰਦੇਸਾਂ ਵਿਚ ਜਾ ਕੇ ਜਿਥੇ ਵੱਖ-ਵੱਖ ਖੇਤਰਾਂ ਵਿਚ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਚਮਕਾਇਆ ਹੈ, ਉਥੇ ਇਹ ਗੱਲ ਵੀ ਵੇਖਣ ਸੁਣਨ ਵਿਚ ਆਉਂਦੀ ਹੈ ਕਿ ਕੁਝ ਲੋਕ ਬਾਹਰ ਜਾ ਕੇ ਵੀ ਆਪਣੀ ਨਿੱਜੀ ਤੇ ਸੌੜੀ ਸੋਚ ਨੂੰ ਨਹੀਂ ਬਦਲਦੇ ਤੇ ਨਾ ਹੀ ਉਥੋਂ ਦੇ ਚੰਗੇਰੇ ਸਿਸਟਮ ਦੀਆਂ ਚੰਗੀਆਂ ਗੱਲਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਉਹ ਆਪਣੇ ਚੌਗਿਰਦੇ ਨੂੰ ਸਾਹ ਘੁੱਟਵਾਂ ਬਣਾ ਲੈਂਦੇ ਹਨ ਅਤੇ ਬਾਹਰ ਦੇ ਲੋਕਾਂ ਵਿਚ ਆਪਣਾ ਚੰਗਾ ਪ੍ਰਭਾਵ ਨਹੀਂ ਪੈਦਾ ਹੋਣ ਦਿੰਦੇ।
ਇਸ ਸਬੰਧ ਵਿਚ ਪਰਵਾਸੀ ਲੇਖਕ ਗੁਰਪਾਲ ਸਿੰਘ ਨੇ ਆਪਣੇ ਅਨੁਭਵਾਂ ਨੂੰ ਬੜੇ ਵਿਅੰਗਮਈ ਢੰਗ ਨਾਲ ਛੋਟੇ-ਛੋਟੇ ਟੋਟਕਿਆਂ ਰਾਹੀਂ ਵਾਰਤਾਲਾਪੀ ਅਤੇ ਕਥਾ ਸ਼ੈਲੀ ਵਿਚ ਉਲੀਕਿਆ ਹੈ, ਜਿਵੇਂ ਕਿ : ਝੂਠੇ ਦਸਤਾਵੇਜ਼ਾਂ ਆਸਰੇ ਵੀਜ਼ੇ ਲੈਣ ਦੇ ਸੱਚ, ਬਾਹਰ ਜਾ ਕੇ ਵੀ ਰਿਸ਼ਤਿਆਂ ਪ੍ਰਤੀ ਪਹੁੰਚ ਦੇਸ਼ ਵਾਂਗ ਹੀ, ਟੈਕਸ ਚੋਰੀ ਕਰਨ ਦੇ ਨਵੇਂ ਰਾਹ, ਦੇਸੀ ਡਾਕਟਰ, ਧਰਮੀ ਬੰਦੇ, ਸ਼ੁਹਰਤ ਦੀ ਲਾਲਸਾ ਆਦਿ।
ਲੇਖਕ ਦੱਸਦਾ ਹੈ ਕਿ ਪ੍ਰਦੇਸਾਂ ਵਿਚ ਬਹੁ-ਸਮਾਜੀ ਸੁਸਾਇਟੀ ਵਿਚ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਰ ਸਾਡੇ ਲੋਕ ਉਥੋਂ ਦੀਆਂ ਸੱਭਿਆਤਾਵਾਂ ਤੋਂ ਕੁਝ ਨਹੀਂ ਸਿਖਦੇ, ਸਗੋਂ ਆਪਣੀ ਮਾਨਸਿਕ ਸੀਮਾ ਵਿਚ ਰਹਿ ਕੇ ਹੀ ਵਿਚਰਦੇ ਹਨ। ਇਨ੍ਹਾਂ ਤਨਜ਼ੀ ਟੋਟਕਿਆਂ ਦੁਆਰਾ ਲੇਖਕ ਨੇ ਇਹ ਸੰਦੇਸ਼ ਦਿੱਤਾ ਹੈ ਕਿ ਬਾਹਰ ਜਾਣ ਵਾਲੇ ਲੋਕ ਆਪਣੀਆਂ ਊਣਤਾਈਆਂ ਦਾ ਧਿਆਨ ਰੱਖਦੇ ਹੋਏ ਆਪਣੇ ਭਵਿੱਖ ਨੂੰ ਸੁਖਦਾਈ ਬਣਾਉਣ ਦਾ ਯਤਨ ਕਰਨ। ਉਮੀਦ ਹੈ ਪਾਠਕਾਂ ਲਈ ਇਹ ਪੁਸਤਕ ਲਾਭਦਾਇਕ ਸਾਬਤ ਹੋਵੇਗੀ।

ਫ ਫ ਫ

ਜੀਵਨ ਦੇ ਦੋ ਪਲ
ਲੇਖਕ : ਪ੍ਰੋ: ਹਰਬੰਸ ਸਿੰਘ
ਪ੍ਰਕਾਸ਼ਕ : ਗੁਰੂ ਨਾਨਕ ਪ੍ਰਕਾਸ਼ਨ, ਜੰਮੂ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 094191-82707.

ਪ੍ਰੋ: ਹਰਬੰਸ ਸਿੰਘ ਰਚਿਤ ਇਹ ਪੁਸਤਕ ਉਸ ਦੀ ਚੌਥੀ ਰਚਨਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਵੈ-ਜੀਵਨੀ ਰੂਪ ਵਿਚ ਲਿਖੀ ਇਸ ਪੁਸਤਕ ਵਿਚ ਲੇਖਕ ਨੇ ਆਪਣੇ ਸੰਘਰਸ਼ਮਈ ਜੀਵਨ ਨਾਲ ਸਬੰਧਿਤ ਯਾਦਾਂ ਤੇ ਘਟਨਾਵਾਂ ਦਾ ਬਾਖੂਬੀ ਜ਼ਿਕਰ ਕੀਤਾ ਹੈ। ਦੇਸ਼ ਦੀ ਵੰਡ ਕਾਰਨ 1947 ਵਿਚ ਉਸ ਨੂੰ ਆਪਣੇ ਪਰਿਵਾਰ ਸਹਿਤ ਘਰੋਂ ਬੇਘਰ ਹੋਣਾ ਪੈ ਗਿਆ। ਉਸ ਸਮੇਂ ਉਸ ਦੀ ਉਮਰ ਕੇਵਲ ਸੱਤ ਸਾਲਾਂ ਦੀ ਸੀ। ਉਸ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਰਿਸ਼ਤੇਦਾਰਾਂ ਨੂੰ ਕਤਲ ਹੁੰਦਿਆਂ ਵੇਖਿਆ। ਉਸੇ ਸਮੇਂ ਪਿਤਾ ਦਾ ਸਾਇਆ ਵੀ ਸਿਰ ਤੋਂ ਚੁੱਕਿਆ ਗਿਆ। ਬਾਲ ਵਰੇਸ ਵਿਚ ਹੀ ਸਿਰ 'ਤੇ ਮਾਤਾ ਤੇ ਛੋਟੇ ਭੈਣ-ਭਰਾਵਾਂ ਦੀ ਜ਼ਿੰਮੇਵਾਰੀ ਦਾ ਬੋਝ ਪੈ ਗਿਆ। ਪਰ ਉਸ ਨੇ ਹਿੰਮਤ ਨਹੀਂ ਹਾਰੀ, ਮਿਹਨਤ ਮਜ਼ਦੂਰੀ ਕੀਤੀ ਅਤੇ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਦਾ ਰਿਹਾ। ਅੰਮ੍ਰਿਤਸਰ ਦੇ ਸੈਂਟਰਲ ਯਤੀਮਖਾਨੇ ਵਿਚ ਬਹੁਤ ਔਖਾ ਸਮਾਂ ਬਿਤਾਉਂਦਿਆਂ ਰਜਵੀਂ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਦਸਵੀਂ ਪਾਸ ਕਰਨ ਮਗਰੋਂ ਸਕੂਲ ਅਧਿਆਪਕ ਦੀ ਸਰਕਾਰੀ ਨੌਕਰੀ ਮਿਲ ਗਈ। ਨੌਕਰੀ ਦੌਰਾਨ ਹੀ ਐਮ.ਏ., ਬੀ.ਐੱਡ. ਤੱਕ ਪੜ੍ਹਾਈ ਕਰ ਲਈ।
ਪਹਾੜੀ ਇਲਾਕੇ ਦਾ ਪਿਛੋਕੜ ਹੋਣ ਕਰਕੇ ਉਸ ਨੇ ਆਪਣੀ ਲਿਖਤ ਵਿਚ ਕੁਦਰਤ ਦਾ ਵਰਨਣ ਬੜੀ ਖੂਬਸੂਰਤੀ ਨਾਲ ਕੀਤਾ ਹੈ। ਬੜੇ ਸਾਦੇ ਢੰਗ ਨਾਲ ਉਸ ਦਾ ਵਿਆਹ ਇਕ ਸੁਘੜ ਸੁਆਣੀ ਨਾਲ ਹੋਇਆ। ਸੁਖਾਲੇ ਸਮੇਂ ਤੋਂ ਬਾਅਦ ਇਕ ਦਿਨ ਜੰਮੂ ਪਹਾੜੀਆਂ ਦੀ ਸੈਰ ਕਰਦਾ ਹੋਇਆ ਇਹ ਪਰਿਵਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਲੇਖਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਪਰ ਉਸ ਦੀ ਪਤਨੀ ਬਚ ਨਾ ਸਕੀ। ਬੜਾ ਵੱਡਾ ਦੁਖਾਂਤ ਸੀ। ਪਰ ਉਸ ਨੇ ਆਪਣਾ ਆਤਮ ਬਲ ਨਹੀਂ ਛੱਡਿਆ। ਜੀਵਨ ਹੌਲੀ-ਹੌਲੀ ਫਿਰ ਪਟਰੀ 'ਤੇ ਆ ਗਿਆ। ਉਸ ਨੇ ਆਪਣੇ ਆਪ ਨੂੰ ਉਸਾਰੂ ਰੁਝੇਵਿਆਂ ਵਿਚ ਰੱਖਿਆ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਰੁਝ ਗਿਆ।
ਪਾਠਕਾਂ ਲਈ ਇਹ ਪੁਸਤਕ ਜ਼ਰੂਰ ਪ੍ਰੇਰਨਾ ਸਰੋਤ ਬਣੇਗੀ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਕੈਨਵਸ ਦੇ ਮੱਥੇ 'ਤੇ ਜੰਗਲ
ਲੇਖਕ : ਮੋਹਣ ਮਤਿਆਲਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 104
ਸੰਪਰਕ : 97803-98455.

'ਕੈਨਵਸ ਦੇ ਮੱਥੇ 'ਤੇ ਜੰਗਲ' ਦੇ ਕਰਤਾ ਮੋਹਣ ਮਤਿਆਲਵੀ ਨੇ ਇਸ ਪੁਸਤਕ ਤੋਂ ਪਹਿਲਾਂ ਵੀ 5 ਕਾਵਿ ਪੁਸਤਕਾਂ ਕੁਝ ਮੌਲਿਕ ਅਤੇ ਕੁਝ ਸੰਪਾਦਿਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਹਥਲੀ ਪੁਸਤਕ ਵੀ ਕਵੀ ਦੇ ਨਿੱਜੀ ਅਨੁਭਵ ਦੇ ਨਾਲ-ਨਾਲ ਸਮਾਜਿਕ, ਆਰਥਿਕ ਮਸਲਿਆਂ ਸਬੰਧੀ ਵੀ ਕਾਵਿ ਰਚਨਾਵਾਂ ਨੂੰ ਆਧਾਰ ਬਣਾਉਂਦੀ ਹੈ। 52 ਕਵਿਤਾਵਾਂ ਦੇ ਇਸ ਸੰਗ੍ਰਹਿ ਵਿਚ ਸਮਾਜ ਦੇ ਬਹੁਤ ਸਾਰੇ ਮਸਲੇ ਕਵੀ ਦੀ ਕਲਮ ਦਾ ਆਧਾਰ ਬਣੇ ਹਨ। ਨਸ਼ੇ, ਧੀ ਪੁੱਤ ਵਿਚਲਾ ਅੰਤਰ, ਕਵੀ ਨੇ ਪਾਤਰ ਪ੍ਰਧਾਨ ਕਾਵਿ ਰਚਨਾਵਾਂ ਵੀ ਕੀਤੀਆਂ ਹਨ। ਸਾਡੇ ਸਿਹਤ ਸੁਰੱਖਿਆ ਪ੍ਰਬੰਧ ਬਾਰੇ ਵਿਅੰਗਾਤਮਕ ਟਿੱਪਣੀਆਂ ਵੀ ਕੀਤੀਆਂ ਹਨ ਤੇ ਇਸ ਕਿੱਤੇ ਦੀ ਪਵਿੱਤਰਤਾ ਬਾਰੇ ਵੀ ਪਾਠਕਾਂ ਨੂੰ ਜਾਣੂ ਕਰਵਾਇਆ ਹੈ। ਕਵੀ ਧੀ ਦੇ ਜੰਮਣ 'ਤੇ ਪੈਂਦੇ ਸੋਗ ਦੀ ਹਕੀਕਤ ਤੋਂ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੈ :
ਜੇ ਕਿਧਰੇ ਲੱਛਮੀ ਆ ਜਾਂਦੀ/
ਤਾਂ ਕੀ ਉਸ ਦੀ ਪੂਜਾ ਹੁੰਦੀ?
ਸ਼ਾਇਦ ਸਾਰੇ ਟੱਬਰ ਦੇ ਸਿਰ/
ਡਿੱਗ ਪੈਂਦਾ ਜਿਉਂ ਹਿਮ ਪਹਾੜ?
ਕਵੀ ਦੀ ਸੁਰ ਵਧੇਰੇ ਰਚਨਾਵਾਂ ਵਿਚ ਨਿਰਾਸ਼ਾਵਾਦੀ ਹੈ। ਕਵੀ ਉਨ੍ਹਾਂ ਇਤਿਹਾਸਕ ਪਾਤਰਾਂ ਪ੍ਰਤੀ ਸ਼ਰਧਾ ਦੇ ਭਾਵ ਰੱਖਦਾ ਹੈ ਜਿਨ੍ਹਾਂ ਨੇ ਇਨਕਲਾਬ ਦਾ ਰਾਹ ਚੁਣਿਆ ਤੇ ਜ਼ਿੰਦਗੀ ਵਿਚ ਸਵਾਰਥ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੱਤੀ ਹੈ।
ਕਵੀ ਨੇ 'ਪਿੰਡ ਤੋਂ ਜੰਗਲ' ਤੱਕ ਵਰਗੀਆਂ ਚਿੰਨ੍ਹਾਤਮਕ ਰਚਨਾਵਾਂ ਰਾਹੀਂ ਸਮਾਜ ਦੇ ਸਦੀਆਂ ਤੋਂ ਚੱਲੇ ਆ ਰਹੇ ਵਰਤਾਰੇ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਕਵੀ ਨੇ ਦ੍ਰਿਸ਼ ਵਰਨਣ ਵੀ ਕਮਾਲ ਦਾ ਕੀਤਾ ਹੈ। ਉਸ ਕੋਲ ਕੁਝ ਪਲਾਂ ਨੂੰ ਕਾਵਿ ਸੀਮਾਵਾਂ ਵਿਚ ਢਾਲਣ ਦੀ ਪ੍ਰਤਿਭਾ ਹੈ। ਨਕੋਦਰ ਤੋਂ ਬਹਾਦਰਪੁਰ, ਬੂਟ ਪਾਲਿਸ਼, ਰੋਟੀ ਤੇ ਕਲਾ, ਤਥਾ ਅਸਤੂ, ਸ਼ੀਸ਼ਾ ਤੇ ਸਵਾਲ, ਯਾਰੜੇ ਦਾ ਸੱਥਰ ਹਲਫ਼ੀਆ ਬਿਆਨ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਨਸਾਫ਼ 'ਚ ਹੁੰਦੀ ਦੇਰੀ ਬਾਰੇ ਕਵੀ ਦੀ ਕਲਮ ਨੇ ਵਿਦਰੋਹੀ ਸੁਰ ਵਿਚ ਭਾਰਤੀ ਸਮਾਜ ਦੇ ਨਿਆਂ ਪ੍ਰਬੰਧ ਦੀ ਤਸਵੀਰ ਪਾਠਕਾਂ ਦੇ ਸਨਮੁੱਖ ਰੱਖੀ ਹੈ। ਨਿਆਂ ਸ਼ਾਸਤਰ, ਨਿਆਈਂ ਦਾ ਰੁੱਖ, ਨਿਆਂ ਦੀ ਖੋਜ ਕਾਵਿ ਰਚਨਾਵਾਂ ਇਸ ਲੜੀ ਵਿਚ ਵੇਖੀਆਂ ਜਾ ਸਕਦੀਆਂ ਹਨ। ਕਾਇਆ ਤੇ ਮਾਇਆ ਵਿਚਕਾਰ, ਕੈਨਵਸ ਦੇ ਮੱਥੇ 'ਤੇ ਜੰਗਲ ਕਵਿਤਾਵਾਂ ਵੀ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਮੁੱਚੇ ਤੌਰ 'ਤੇ ਕਵੀ ਦੀ ਇਹ ਕਾਵਿ ਪੁਸਤਕ ਸਮਾਜ, ਰਾਜਨੀਤੀ, ਵਿਅਕਤੀ ਅਤੇ ਸੰਸਾਰ ਦੇ ਸਮੁੱਚੇ ਸਰੋਕਾਰਾਂ ਨੂੰ ਆਪਣੀ ਬੁੱਕਲ ਵਿਚ ਸਮੇਟਦੀ ਇਕ ਗੰਭੀਰ ਅਤੇ ਸੂਖਮ ਵਿਸ਼ਿਆਂ ਨਾਲ ਜੁੜੀ ਚੇਤਨਾ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਤੇਰੇ ਮੇਰੇ ਬੋਲ
ਲੇਖਕ : ਡਾ: ਰਾਜਿੰਦਰ ਸਿੰਘ ਭੱਟੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਚੱਕ ਅੰਮ੍ਰਿਤਸਰੀਆ, ਪਾਤੜਾਂ ਰੋਡ, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94160-94524.

ਇਹ ਲੇਖਕ ਦੀ 6ਵੇਂ ਪੁਸਤਕ ਹੈ। ਇਸ ਵਿਚ 42 ਛੋਟੀਆਂ ਕਵਿਤਾਵਾਂ ਅਤੇ 16 ਗ਼ਜ਼ਲਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਵਸਤੂ; ਕਵੀ ਦੀ ਵਿਚਾਰਧਾਰਾਈ ਅਨੁਭਵ ਕਿਰਿਆ ਪ੍ਰਕਿਰਿਆ ਉੱਪਰ ਆਧਾਰਿਤ ਹਨ; ਕਵੀ ਯਥਾਰਥ ਦੀ ਤਲਾਸ਼ ਕਰਦਾ ਹੈ, 'ਫੁੱਲਾਂ ਦੇ ਤਨ ਜ਼ਖ਼ਮੀ ਹੋਏ; ਮਹਿਕਾਂ ਦੇਣ ਦੁਹਾਈ।' ਮਾਵਾਂ ਸੱਖਣੀਆਂ ਛਾਵਾਂ ਹੋਈਆਂ; ਜੋਬਨ ਹਾਏ ਕੁਮਲਾਈ।' ਭਾਰਤ ਦੀ ਸਿਫ਼ਤ ਕਰਦਾ ਕਰਦਾ, ਕਵੀ ਕਹਿੰਦਾ ਹੈ
'ਸਭ ਕੁਝ ਉਲਟਾ ਪੁਲਟਾ ਹੋਇਆ
ਅੱਖੀਆਂ ਧੋਖਾ ਖਾਣ।
ਸੱਚਮੁੱਚ ਕਰਨੀ ਔਖੀ ਹੋਈ,
ਭਾਰਤ ਦੀ ਪਹਿਚਾਣ॥'
ਅਤੇ ਆਤਮ, ਅਨਾਤਮ ਦੀ ਫ਼ਿਕਰ ਵਿਚ ਫਿਰ ਕੁਰਲਾ ਉੱਠਦਾ ਹੈ :
'ਉੱਠ ਦੁਨੀਆ ਦੇ ਮਾਲਕਾ, ਨਿਗਾਹ ਚੁਫੇਰੇ ਮਾਰ।
ਕੁੱਲ ਲੁਕਾਈ ਤੜਪਦੀ, ਤੈਨੂੰ ਰਹੀ ਪੁਕਾਰ।'
ਕਵੀ ਨੂੰ ਕਦੇ ਸੱਜਣ ਦੀ ਲੁਕਾਈ, ਕਦੇ ਮਾਂ ਦੀ ਮਮਤਾ ਚੇਤੇ ਆਉਂਦੀ ਹੈ। ਆਪਣੇ ਅੰਦਰਲੇ ਦੰਭ ਦਾ ਅਹਿਸਾਸ ਹੁੰਦਾ ਹੈ। ਕਵੀ ਲਈ ਕਵਿਤਾ (ਨਜ਼ਮ) ਜਗਤੀ ਜਯਤੋ ਹੈ। ਚਾਨਣ ਹੈ। ਬਾਕੀ ਸਭ ਹਨੇਰਾ ਹੈ। ਪ੍ਰਭੂ ਸੱਚ ਹੈ। ਚਾਨਣ ਹੈ। ਪ੍ਰਭੂ ਅੱਗੇ ਕਵੀ ਦੀ ਫਰਿਆਦ ਹੈ : 'ਏਨਾ ਜਬਰ ਜ਼ੁਲਮ ਤੇ ਕਹਿਰ
ਆਖ ਨਾ ਹੋਏ
ਨੇਜ਼ਿਆਂ, ਭਾਲਿਆਂ ਛੁਰੀਆਂ ਦੇ ਨਾਲ
ਕਤਲ ਮਨੁੱਖਤਾ ਹੋਏ।'
ਕਵੀ ਦੀ ਸਿੱਖਿਆ 'ਪੱਕੀਆਂ ਸਾਂਝਾਂ' ਪਾਉਣ ਦੀ ਹੈ। ਵਿਤਕਰੇ ਭੁਲਾਉਣ, ਵੰਡੀਆਂ ਖ਼ਤਮ ਕਰਨ ਲਈ ਕਹਿੰਦਾ ਹੋਇਆ ਕਵੀ ਭਾਵੇਂ ਰਮਜ਼ ਇਸ਼ਕ ਦੀ ਜਾਣਦਾ ਹੈ ਪਰ ਉਸ ਨੂੰ ਮੀਤ ਕੋਈ ਨਹੀਂ ਮਿਲਿਆ। ਕਵੀ ਦੇ ਆਤਮ ਜਗਤ ਦਾ ਯਥਾਰਥ ਉਸ ਨੂੰ ਅਨਾਤਮ ਜਗਤ ਦੇ ਸਮਾਜਿਕ ਯਥਾਰਥ ਤੋਂ ਸੁਚੇਤ ਕਰਦਾ ਹੈ, ਜਿਸ ਦੇ ਫਲਸਰੂਪ ਉਹ ਸਮੇਂ ਦੇ ਵਸਤੂਗਤ ਯਥਾਰਥ ਨੂੰ ਪਛਾਣਦਾ ਹੈ। ਇੰਜ ਉਸ ਦਾ ਕਦੇ ਆਤਮ ਕਦੇ ਅਨਾਤਮ ਵਸਤੂ ਜਗਤ ਦੀ ਯਥਾਰਥਕਤਾ ਨੂੰ ਵੀ ਅਨੁਭਵ ਕਰਦਾ ਹੈ। ਕਵੀ ਦੀ ਭਾਸ਼ਾ ਸ਼ੈਲੀ ਕਾਵਿ ਸਿਰਜਣ ਲਈ ਸੁਹਜਕਾਰੀ ਹੈ। ਉਸ ਦੀ ਚੇਤਨਤਾ ਤੇ ਅਨੁਭਵ ਦੀ ਪ੍ਰਿਸ਼ਟ ਭੂਮੀ ਮੱਧ ਵਰਗੀ ਅਤੇ ਸੰਘਰਸ਼ ਨੂੰ ਪ੍ਰਚੰਡ ਕਰਨ ਵਾਲੀ ਹੈ।

ਂਡਾ: ਅਮਰ ਕੋਮਲ
ਮੋ: 08437873565.
ਫ ਫ ਫ

ਕੌਣ ਜਿੱਤਿਆ?
(ਪੈਸਾ ਜਾਂ ਇਖ਼ਲਾਕ)
ਲੇਖਕ : ਪਰਮਜੀਤ ਸਿੰਘ ਕਮਲਾ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ।
ਮੁੱਲ : 100 ਰੁਪਏ, ਸਫ਼ੇ : 56
ਸੰਪਰਕ : 98153-61488.

ਸਾਹਿਤ ਸਿਰਜਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਸਾਹਿਤ ਸਿਰਜਣਾ ਇਕ ਤਪੱਸਿਆ ਹੈ। ਬੜੇ ਸਿਰੜ ਤੇ ਮਿਹਨਤ ਦੀ ਲੋੜ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸੋਹਣੇ ਅਤੇ ਸੁਚੱਜੇ ਸਮਾਜ ਦੀ ਸਿਰਜਣਾ ਵਿਚ ਸਾਹਿਤ ਦਾ ਬੜਾ ਵੱਡਾ ਰੋਲ ਹੈ। 'ਕੌਣ ਜਿੱਤਿਆ' ਪੁਸਤਕ ਪੜ੍ਹਨ ਸਮੇਂ ਇਕੋ ਗੱਲ ਵਾਰ-ਵਾਰ ਦਿਮਾਗ਼ ਵਿਚ ਆਉਂਦੀ ਹੈ ਕਿ ਪੈਸਾ ਹੀ ਸਭ ਕੁਝ ਨਹੀਂ। ਅੱਜ ਪੈਸੇ ਦੀ ਖ਼ਾਤਰ ਇਨਸਾਨ ਕਤਲ, ਝੂਠ, ਫਰੇਬ, ਭ੍ਰਿਸ਼ਟਾਚਾਰ ਕਰਦਾ ਹੈ ਪਰ ਮਨ ਦੀ ਸ਼ਾਂਤੀ ਉਸ ਨੂੰ ਨਸੀਬ ਨਹੀਂ ਹੁੰਦੀ। ਜਿੱਤ ਆਖਰ ਇਖ਼ਲਾਕ ਦੀ ਹੀ ਹੁੰਦੀ ਹੈ। ਨਾਵਲ 'ਕੌਣ ਜਿੱਤਿਆ' ਤਿੰਨ ਪੀੜ੍ਹੀਆਂ ਦੀ ਕਹਾਣੀ ਬਿਆਨ ਕਰਦਾ ਹੈ। ਤਿਜੌਰੀ ਮੱਲ, ਰਾਮ ਤੇ ਵਰਿੰਦਰ ਤਿੰਨ ਪਾਤਰ ਤਿੰਨ ਪੀੜ੍ਹੀਆਂ ਵਿਚ ਵਾਪਰੀਆਂ ਘਟਨਾਵਾਂ ਨੂੰ ਪੇਸ਼ ਕਰਦੇ ਹਨ। ਤਿਜੌਰੀ ਮੱਲ ਪੈਸੇ ਦੀ ਖਾਤਰ ਆਪਣੀਆਂ ਪਤਨੀਆਂ ਦੇ ਕਤਲ ਕਰਦਾ, ਇਹੀ ਕੰਮ ਉਸ ਦਾ ਪੁੱਤਰ ਰਾਮ ਕਰਦਾ ਹੈ ਤੇ ਵਰਿੰਦਰ ਵੀ ਆਪਣੇ ਪਿਓ-ਦਾਦੇ ਦੀ ਪੈੜ 'ਤੇ ਹੀ ਚਲਦਾ ਹੈ। ਕਹਾਣੀ ਵਿਚ ਕਈ ਮੋੜ ਹਨ ਪਰ ਅਖੀਰ ਇਹੀ ਸਿੱਟਾ ਕੱਢਿਆ ਹੈ ਕਿ ਇਨਸਾਨ ਨੂੰ ਮਨੁੱਖੀ ਕਦਰਾਂ-ਕੀਮਤਾਂ ਦੀ ਕਦਰ ਕਰਨੀ ਚਾਹੀਦੀ ਹੈ। ਅਜੀਤ ਇਸੇ ਕਰਕੇ ਨਾਇਕ ਬਣਦਾ ਹੈ ਕਿ ਉਸ ਅੰਦਰ ਇਨਸਾਨੀਅਤ ਹੈ। ਉਹ ਠੁਕਰਾਈ ਹੋਈ ਕੁਸਮ ਨੂੰ ਅਪਣਾ ਲੈਂਦਾ ਹੈ।
ਨਾਵਲ ਸਮਾਜ ਨੂੰ ਸੇਧ ਦਿੰਦਾ ਹੈ ਕਿ ਪੈਸਾ ਹੀ ਸਭ ਕੁਝ ਨਹੀਂ। ਇਹ ਨਾਵਲ 1973 ਵਿਚ ਪਹਿਲਾਂ ਛਪਿਆ ਸੀ ਹੁਣ ਇਹ ਉਸ ਦਾ ਦੂਜਾ ਐਡੀਸ਼ਨ (2017) ਹੈ। ਨਾਵਲ ਪੜ੍ਹਨਯੋਗ ਹੈ। ਅੱਜ ਦੇ ਸਮੇਂ ਵਿਚ ਇਸ ਤਰ੍ਹਾਂ ਦੇ ਨਾਵਲ ਦਾ ਆਉਣਾ ਸਮੇਂ ਦੀ ਲੋੜ ਹੈ। ਨਾਵਲ ਆਕਾਰ ਵਿਚ ਭਾਵੇਂ ਛੋਟਾ ਹੈ ਪਰ ਨਾਵਲ ਦਾ ਉਦੇਸ਼ ਵੱਡਾ ਹੈ। ਨੇੜ ਭਵਿੱਖ ਵਿਚ ਲੇਖਕ ਤੋਂ ਹੋਰ ਵਧੀਆ ਨਾਵਲਾਂ ਦੀ ਆਸ ਹੈ।

ਂਅਵਤਾਰ ਸਿੰਘ ਸੰਧੂ
ਮੋ: 99151-82971.
ਫ ਫ ਫ

ਕਾਵਿ ਤਰੰਗਾਂ
ਲੇਖਕ : ਰਣਜੀਤ ਸਿੰਘ ਕੰਵਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਸਫ਼ੇ : 80, ਮੁੱਲ : 150 ਰੁਪਏ
ਸੰਪਰਕ : 92564-29220.

ਚਰਚਾ ਅਧੀਨ ਇਸ ਪੁਸਤਕ ਦਾ ਸਾਹਿਤਕ ਪੱਖ ਤੋਂ ਮੁਲਾਂਕਣ ਕਰਦਿਆਂ ਲੇਖਕ ਦੀ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰ ਦੀ ਡੂੰਘੀ ਸਮਝ ਅਤੇ ਅਧਿਐਨ ਦਾ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਲੇਖਕ ਦੀ ਵਿਚਾਰਧਾਰਕ ਸਮਝ ਬਹੁਪੱਖੀ ਅਤੇ ਬਹੁ-ਦਿਸ਼ਾਵੀ ਹੈ। ਉਹ ਸਾਡੇ ਰੋਜ਼ਮਰ੍ਹਾ ਦੇ ਜੀਵਨ 'ਚ ਉਪਜੀਆਂ ਸਮੱਸਿਆਵਾਂ ਨੂੰ ਕੇਵਲ ਉਭਾਰਦਾ ਹੀ ਨਹੀਂ ਹੈ, ਸਗੋਂ ਉਸ ਦਾ ਹੱਲ ਕਰਨ ਦੇ ਨੁਕਤਿਆਂ 'ਤੇ ਵੀ ਰੋਸ਼ਨੀ ਪਾਉਂਦਾ ਹੈ। ਉਸ ਦੀ ਅਤਿ ਸੂਖ਼ਮ ਵਿਸ਼ਿਆਂ 'ਤੇ ਡੂੰਘੀ ਪਕੜ ਹੈ ਅਤੇ ਸਰਲ ਭਾਸ਼ਾ ਦੀ ਵਰਤੋਂ ਬਾਕਮਾਲ ਦੀ ਹੈ। ਪੁਸਤਕ ਵਿਚ ਕਈ ਕਾਵਿ ਰੰਗ ਸ਼ਾਮਿਲ ਹਨ, ਜਿਵੇਂ ਰੁਬਾਈ, ਬਾਲ ਕਵਿਤਾ ਅਤੇ ਆਮ ਵਿਸ਼ਿਆਂ 'ਤੇ ਕਵਿਤਾਵਾਂ। ਇਨ੍ਹਾਂ 'ਚ ਦਰਦ, ਪੀੜ, ਵੈਰਾਗ਼, ਬਿਰਹਾ ਦਾ ਰੰਗ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਲੇਖਕ ਦਾ ਅਨੁਭਵ ਸਹਿਜਤਾ ਅਤੇ ਸੰਵੇਦਨਸ਼ੀਲਤਾ ਵਾਲਾ ਹੈ। ਮਿਸਾਲ ਵਜੋਂ ਜਿਵੇਂ :
ੲ ਤੇਰੇ ਤੁਰ ਜਾਵਣ ਦਾ ਸੱਜਣਾ, ਕਦੀ ਸੁਪਨਾ ਵੀ ਨਾ ਤੱਕਿਆ ਸੀ।
ਚੁੱਪ-ਚੁਪੀਤੇ ਤੁਰ ਜਾਵਣ ਦਾ, ਕਿਉਂ ਭੇਦ ਲੁਕਾ ਕੇ ਰੱਖਿਆ ਸੀ।
ਫੁੱਲ, ਸੁਨੇਹਾ, ਵਿਹਲੜ, ਕੁੜੀਆਂ, ਰੁੱਖ ਮੈਂ ਲਾਵਾਂ, ਭੌਰੇ ਤਿਤਲੀਆਂ, ਜ਼ਿੰਦਗੀ, ਜੀਭ, ਮਾਂ ਦੀ ਮੰਜੀ, ਜਨਮ ਅਤੇ ਹੋਰ ਕਵਿਤਾਵਾਂ ਕਾਫ਼ੀ ਡੂੰਘੇ ਅਨੁਭਵ ਵਾਲੀਆਂ ਹਨ। 'ਵਿਹਲੜ' ਰਚਨਾ 'ਚ ਉਹ ਵਿਹਲੜਾਂ ਨੂੰ ਧਰਤੀ 'ਤੇ ਬੋਝ ਸਮਝਦਾ ਹੈ। 'ਜੀਭ' 'ਚ ਉਹ ਜੀਭ ਦੇ ਤਰ੍ਹਾਂ-ਤਰ੍ਹਾਂ ਦੇ ਪ੍ਰਭਾਵ ਤੇ ਮਹੱਤਵ ਦੱਸਦਾ ਹੈ। 'ਜ਼ਿੰਦਗੀ' ਉਹ ਮਨੁੱਖੀ ਜ਼ਿੰਦਗੀ ਨੂੰ ਕਈ ਪੜ੍ਹਾਵਾਂ 'ਚ ਵੰਡ ਕੇ ਬੁਢਾਪੇ ਤੱਕ ਅਣਗੌਲਿਆਂ ਕੀਤੇ ਜਾਣ ਨੂੰ ਚਿੱਤਰਦਾ ਹੈ। ਉਹ ਧੀਆਂ ਨੂੰ ਵਡਿਆਉਂਦਾ ਹੋਇਆ ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਿਆਂ ਅਤੀਤ 'ਤੇ ਝੂਰਦਾ ਹੈ। ਬਾਲ ਕਵਿਤਾਵਾਂ ਸੱਪ ਤੇ ਨਿਉਲਾ, ਬਾਂਦਰ ਤੇ ਸ਼ੇਰ, ਏਕੇ ਦੀ ਬਰਕਤ, ਕੱਛੂ ਤੇ ਖ਼ਰਗੋਸ਼ ਅਤੇ ਹੋਰਾਂ 'ਚ ਉਹ ਬਾਲ ਮਨਾਂ ਨੂੰ ਨੈਤਿਕ ਸਿੱਖਿਆ ਦਿੰਦਾ ਹੈ। ਸਮੁੱਚੇ ਤੌਰ 'ਤੇ ਲੇਖਕ ਦਾ ਦ੍ਰਿਸ਼ਟੀਕੋਣ ਅਤੇ ਜ਼ਿੰਦਗੀ ਪ੍ਰਤੀ ਤਜਰਬਾ ਬਹੁਤ ਵਿਸ਼ਾਲ ਅਤੇ ਹਾਂ-ਪੱਖੀ ਹੈ। ਪੁਸਤਕ 'ਚ ਦਰਜ ਰਚਨਾਵਾਂ ਪਾਠਕ ਦੀ ਚੇਤਨਾ ਨੂੰ ਟੁੰਬਦੀਆਂ ਹਨ। ਪੁਸਤਕ 'ਚ ਦਰਜ 54 ਰੁਬਾਈਆਂ ਦਾ ਵਿਸ਼ੇ ਅਤੇ ਪੇਸ਼ਕਾਰੀ ਪੱਖੋਂ ਵਧੀਆ ਨਿਭਾਅ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ ਕਈ ਤਾਂ ਲੋਕ ਤੱਥ ਵਾਂਗ ਜੀਵਨ ਦੀਆਂ ਅਟੱਲ ਸੱਚਾਈਆਂ 'ਤੇ ਆਧਾਰਿਤ ਹਨ। ਮਲ਼ੇ-ਝਾੜੀਆਂ, ਚਰਾਦਾਂ, ਬਾਜ਼ੀ, ਪਿੱਪਲ ਆਦਿ ਪੁਰਾਤਨ ਵਿਰਸੇ ਨਾਲ ਸਬੰਧਿਤ ਸ਼ਬਦ ਵਰਤੇ ਗਏ ਹਨ। ਲੇਖਕ ਵਧਦੀ ਆਬਾਦੀ, ਵਾਤਾਵਰਨ ਪ੍ਰਦੂਸ਼ਣ, ਪਾਣੀਆਂ ਦੇ ਡੂੰਘੇ ਹੋਣ, ਕੁੜੀਆਂ ਅਤੇ ਰੁੱਖਾਂ ਦੀ ਧਰਤੀ 'ਤੇ ਗਿਣਤੀ ਘਟਣ, ਹਰੀ ਕ੍ਰਾਂਤੀ ਕਾਰਨ ਫ਼ਸਲਾਂ ਉਪਰ ਅੰਧਾ-ਧੁੰਦ ਜ਼ਹਿਰਾਂ ਦੀ ਵਰਤੋਂ ਪ੍ਰਤੀ ਜਾਗਰੂਕਤਾ ਵਾਲੀ ਭੂਮਿਕਾ ਨਿਭਾਉਂਦਾ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110.
ਫ ਫ ਫ

ਪੰਜਾਬੀ ਕਾਵਿ-ਰਿਸ਼ਮਾਂ
ਸੰਪਾਦਕ : ਰੁਪਿੰਦਰ ਖੈਰਾ 'ਰੂਪੀ', ਹਰਭਜਨ ਮਾਂਗਟ, ਦਰਸ਼ਨ ਸਿੰਘ ਸੰਘਾ, ਬਿੱਕਰ ਸਿੰਘ ਖੋਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 204
ਸੰਪਰਕ : 98146-73236.

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਸਹਿਯੋਗ ਨਾਲ ਪ੍ਰਕਾਸ਼ਿਤ ਇਹ ਪੁਸਤਕ ਪ੍ਰਵਾਸੀ ਪੰਜਾਬੀ ਕਵਿਤਾ ਦੇ ਵਿਭਿੰਨ ਰੰਗਾਂ ਤੇ ਝਲਕਾਂ ਨੂੰ ਪੇਸ਼ ਕਰਦੀ ਹੈ। ਇਸ ਸੰਗ੍ਰਹਿ ਵਿਚ ਸੰਪਾਦਕਾਂ ਨੇ ਹਰ ਵੰਨਗੀ ਤੇ ਹਰ ਰੰਗ ਦੀ ਕਵਿਤਾ ਨੂੰ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚ ਹਰਭਜਨ ਸਿੰਘ ਮਾਂਗਟ, ਗੁਰਮਿੰਦਰ ਸਿੱਧੂ, ਗਿੱਲ ਮੋਰਾਂਵਾਲੀ, ਰਵਿੰਦਰ ਰਵੀ, ਗੁਰਚਰਨ ਟੱਲੇਵਾਲੀਆ, ਹਰਦਮ ਸਿੰਘ ਮਾਨ ਜਿਹੇ ਸਥਾਪਿਤ ਕਵੀਆਂ ਦੀਆਂ ਕਵਿਤਾਵਾਂ ਵੀ ਸ਼ਾਮਿਲ ਹਨ ਤੇ ਨਾਲ ਹੀ ਪਰਮਿੰਦਰ ਕੌਰ ਸਵੈਚ, ਰਾਜਵੰਤ ਰਾਜ਼ ਤੇ ਸੁਖਜਿੰਦਰ ਕੌਰ ਸਿੱਧੂ ਜਿਹੇ ਨਵੇਂ ਲੇਖਕਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਸਭ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਉਪਰੰਤ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਸ ਸੰਗ੍ਰਹਿ ਵਿਚ ਸ਼ਾਮਿਲ ਹਰ ਕਵੀ ਤੇ ਕਵਿਤਾ ਦਾ ਆਪਣਾ ਨਿਵੇਕਲਾ ਰੰਗ ਤੇ ਮੁਹਾਵਰਾ ਹੈ। ਇਨ੍ਹਾਂ ਕਵਿਤਾਵਾਂ ਵਿਚ ਲੇਖਕ ਗਲੋਬਲੀ ਪੱਧਰ ਦੇ ਵਰਤਾਰਿਆਂ ਨਾਲ ਵੀ ਦਸਤਪੰਜਾ ਲੈਂਦੇ ਹਨ ਤੇ ਨਾਲੋ-ਨਾਲ ਨਿੱਜੀ ਸਰੋਕਾਰਾਂ, ਭਾਵਨਾਵਾਂ, ਵੇਦਨਾਵਾਂ ਨੂੰ ਵੀ ਆਪਣੇ ਵਸਤੂ ਵਰਤਾਰੇ ਵਜੋਂ ਪੇਸ਼ ਕਰਦੇ ਹਨ। ਕਈ ਕਵਿਤਾਵਾਂ ਵਿਚ ਪ੍ਰਵਾਸੀ ਧਰਤੀ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਦਾ ਚਿਤਰਨ ਵੀ ਮਿਲਦਾ ਹੈ ਤੇ ਕਈ ਵਿਚ ਆਪਣੇ ਗੁਆਚ ਰਹੇ ਸੱਭਿਆਚਾਰ ਪ੍ਰਤੀ ਹੇਰਵੇ ਦੇ ਸੁਰ ਵੀ ਪ੍ਰਤੀਤ ਹੁੰਦੇ ਹਨ। ਇਹ ਸੰਗ੍ਰਹਿ ਇਕ ਅਜਿਹਾ ਗੁਲਦਸਤਾ ਹੈ ਜਿਸ ਵਿਚ ਕਵਿਤਾ ਦੀ ਹਰ ਵਿਧਾ ਨੂੰ ਸਥਾਨ ਪ੍ਰਾਪਤ ਹੋਇਆ ਹੈ। ਗੀਤ, ਗ਼ਜ਼ਲ, ਕਵਿਤਾਵਾਂ, ਛੋਟੀਆਂ ਕਵਿਤਾਵਾਂ ਕਾਵੀਆਂ ਦੀ ਕਾਵਿ ਸਮਰੱਥਾ ਨੂੰ ਅਭਿਵਿਅਕਤ ਕਰਦੀਆਂ ਹਨ।

ਂਅਮਰਜੀਤ ਕੌਂਕੇ।
ਫ ਫ ਫ

ਵਿਅੱਸਤ ਆਦਮੀ
ਕਹਾਣੀਕਾਰ : ਇੰਜੀ: ਡੀ.ਐਮ. ਸਿੰਘ (ਦਵਿੰਦਰ ਮੋਹਨ ਸਿੰਘ)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98155-09390.

ਮਿੰਨੀ ਕਹਾਣੀ ਭਾਵੇਂ ਸਮੇਂ ਦੀ ਲੋੜ ਵਿਚੋਂ ਪੈਦਾ ਹੋਇਆ ਸਾਹਿਤ ਰੂਪ ਹੈ ਪਰ ਅਜੋਕੇ ਦੌਰ ਵਿਚ ਇਹ ਬਹੁਤ ਜ਼ਿਆਦਾ ਹਰਮਨ-ਪਿਆਰਤਾ ਹਾਸਲ ਕਰ ਚੁੱਕਾ ਹੈ। ਹੁਣ ਬਹੁਤ ਸਾਰੇ ਮਿੰਨੀ ਕਹਾਣੀਕਾਰ ਇਸ ਸਾਹਿਤ ਰੂਪ ਦੀ ਸਿਰਜਣਾ ਕਰਕੇ ਪਾਠਕਾਂ ਦੇ ਸੁਹਜ-ਸੁਆਦ ਵਿਚ ਵਾਧਾ ਕਰ ਰਹੇ ਹਨ। ਕੁਝ ਅਜਿਹੇ ਉੱਦਮ ਦਾ ਹੁੰਗਾਰਾ ਬਣਦਿਆਂ ਇੰਜੀ: ਦਵਿੰਦਰ ਮੋਹਨ ਸਿੰਘ ਆਪਣਾ ਨਵਾਂ ਮਿੰਨੀ ਕਹਾਣੀ ਸੰਗ੍ਰਹਿ 'ਵਿਅੱਸਤ ਆਦਮੀ' ਲੈ ਕੇ ਹਾਜ਼ਰ ਹੋਇਆ ਹੈ। ਮਿੰਨੀ ਕਹਾਣੀ ਦੀ ਇਹ ਖ਼ਾਸੀਅਤ ਹੁੰਦੀ ਹੈ ਕਿ ਜਿੱਥੇ ਇਹ ਸੰਖੇਪਤਾ ਨਾਲ ਆਪਣਾ ਸੁਨੇਹਾ ਪਾਠਕਾਂ ਤੱਕ ਪਹੁੰਚਾਉਂਦੀ ਹੈ, ਉੱਥੇ ਇਸ ਵਿਚਲਾ ਵਿਅੰਗ ਜਾਂ ਚੋਭ ਕਹਾਣੀਕਾਰ ਦੀ ਸਿਰਜਣਾਤਮਕਤਾ ਦੀ ਪਰਪੱਕਤਾ ਦਾ ਅੰਦਾਜ਼ਾ ਵੀ ਲਗਾ ਦਿੰਦੀ ਹੈ। ਭਾਵੇਂ ਕਿ ਜੀਵਨ ਯਥਾਰਥ ਦੀਆਂ ਪ੍ਰਸਥਿਤੀਆਂ ਸਭ ਲਈ ਇਕੋ ਜਿਹੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ਪਰ ਇਨ੍ਹਾਂ ਨੂੰ ਵੇਖਣ, ਪਰਖਣ ਅਤੇ ਪੇਸ਼ ਕਰਨ ਦਾ ਢੰਗ ਹਰੇਕ ਦਾ ਆਪਣਾ ਹੁੰਦਾ ਹੈ। ਇੰਜੀ: ਦਵਿੰਦਰ ਮੋਹਨ ਸਿੰਘ ਨੇ ਅਜੋਕੇ ਜੀਵਨ ਦੇ ਉਨ੍ਹਾਂ ਸੱਚਾਂ ਨੂੰ ਪਕੜਨ ਦਾ ਯਤਨ ਕੀਤਾ ਹੈ ਜਿਨ੍ਹਾਂ ਤੋਂ ਕਈ ਵਾਰੀ ਸਾਧਾਰਨ ਮਨੁੱਖ ਅਵੇਸਲਾ ਹੀ ਰਹਿੰਦਾ ਹੈ। ਮਿਸਾਲ ਵਜੋਂ 'ਖੇਖਣ' ਕਹਾਣੀ ਵਿਚਲੀ ਜੀਵਨ ਕੌਰ ਦਿਖਾਵਾ ਕੁਝ ਹੋਰ ਕਰਦੀ ਹੈ ਪਰ ਅਸਲੀਅਤ ਕੁਝ ਹੋਰ ਹੈ। 'ਆਦਤ' ਕਹਾਣੀ ਵਿਚਲੇ ਡਾਕਟਰ ਦੀ ਮਰੀਜ਼ਾਂ ਨੂੰ ਨਸੀਹਤ ਹੋਰ ਹੈ ਤੇ ਆਪਣਾ ਜੀਵਨ ਢੰਗ ਹੋਰ, ਅੱਥਰੂ ਕਹਾਣੀ ਵਿਚਲੇ ਮੰਤਰੀ ਦੀ ਦਿੱਖ ਪੱਖ ਹੋਰ ਹੈ ਅਤੇ ਕਿਰਦਾਰ ਕੁਝ ਹੋਰ। ਇਹ ਕਹਾਣੀਕਾਰ ਦੀ ਲੇਖਣੀ ਦੀ ਵਿਸ਼ੇਸ਼ਤਾ ਹੈ ਕਿ ਉਹ ਤਹਿ ਥੱਲੇ ਛੁਪੀ ਅਸਲੀਅਤ ਨੂੰ ਪਾਠਕਾਂ ਦੇ ਰੂ-ਬਰੂ ਸਹਿਜ ਰੂਪ ਵਿਚ ਹੀ ਕਰ ਜਾਂਦਾ ਹੈ। ਧਰਮ, ਰਾਜਨੀਤੀ ਅਤੇ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਇੰਜੀ: ਡੀ.ਐਮ. ਸਿੰਘ ਨੇ ਬਾਖ਼ੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਪਰਿਵਾਰ ਵਿਚ ਬਜ਼ੁਰਗਾਂ ਦੀ ਦੁਰਦਸ਼ਾ ਕਿਸੇ ਵੀ ਢੰਗ ਤਰੀਕੇ ਜਾਂ ਹੱਥਕੰਡੇ ਵਰਤ ਕੇ ਦੂਜੇ ਤੋਂ ਅੱਗੇ ਲੰਘਣ ਦੀ ਹੋੜ, ਹਰੇਕ ਵਰਤਾਰੇ ਨੂੰ ਆਪਣੀ ਨਜ਼ਰ ਨਾਲ ਦੇਖਣ ਦਾ ਦ੍ਰਿਸ਼ਟੀਕੋਣ ਮਿਸਾਲ ਵਜੋਂ 'ਆਪਣੀ ਆਪਣੀ ਐਨਕ' ਕਹਾਣੀ ਦੇਖੀ ਜਾ ਸਕਦੀ ਹੈ। 'ਸੀਰੀ' ਕਹਾਣੀ ਪਾਠਕ ਨੂੰ ਬੜਾ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਅਸਲ ਵਿਚ ਲੇਖਕ ਜਿੱਥੇ ਸਮਾਜਿਕ ਬੁਰਾਈਆਂ 'ਤੇ ਉਂਗਲ ਰੱਖਦਾ ਹੈ, ਉੱਥੇ ਮਨੁੱਖ ਨੂੰ ਇਹ ਕਹਾਣੀਆਂ 'ਆਪਣਾ ਆਪਾ' ਪਛਾਣਨ ਦੀ ਤਾਗੀਦ ਕਰਦੀਆਂ ਹਨ ਕਿ ਅਜੋਕਾ ਮਨੁੱਖ ਆਪਣੇ ਸਵਾਰਥ ਲਈ ਕਿਵੇਂ ਗਿਰ ਰਿਹਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਹਿੱਕ 'ਤੇ ਬਲਦਾ ਦੀਵਾ
ਕਹਾਣੀਕਾਰ : ਰਵਿੰਦਰ ਚੋਟ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 98726-73703.

ਕਹਾਣੀਕਾਰ ਰਵਿੰਦਰ ਚੋਟ (ਚੋਟ ਜਗਤਪੁਰੀ) ਦੇ ਇਸ ਪਲੇਠੇ ਕਹਾਣੀ ਸੰਗ੍ਰਹਿ ਵਿਚ ਕੁੱਲ 14 ਕਹਾਣੀਆਂ ਦਰਜ ਹਨ। 'ਸੁਨੈਹਰੀ', 'ਹਿੱਕ 'ਤੇ ਬਲਦਾ ਦੀਵਾ', 'ਹੜ 'ਚ ਭਿੱਜੀਆਂ ਸੁਰਖੀਆਂ', 'ਕਫਣ ਦੇ ਝੰਡੇ', 'ਪਾਪਾ ਨੂੰ ਕੀ ਹੋ ਗਿਆ' ਆਦਿ ਅਜਿਹੀਆਂ ਕਹਾਣੀਆਂ ਹਨ ਜੋ ਰਵਿੰਦਰ ਚੋਟ ਦੀ ਕਹਾਣੀ ਕਹਿਣ ਦੀ ਕਲਾ ਦਾ ਪ੍ਰਤੱਖ ਪ੍ਰਮਾਣ ਹਨ। ਗੁੰਝਲਦਾਰ ਸ਼ੈਲੀ ਵਰਤ ਕੇ ਉਸ ਨੇ ਪਾਠਕ ਨੂੰ ਉਲਝਾਇਆ ਨਹੀਂ ਹੈ। ਹਰੇਕ ਕਹਾਣੀ ਸਮੇਂ ਦਾ ਸੱਚ ਕਹਿੰਦੀ ਹੈ। ਆਮ ਸਾਧਾਰਨ ਲੋਕਾਂ ਦੀ ਸਮਾਜਿਕ, ਮਾਨਸਿਕ ਦਸ਼ਾ ਬਿਆਨਦੀਆਂ ਇਹ ਕਹਾਣੀਆਂ ਯਥਾਰਥ ਦੇ ਧਰਾਤਲ 'ਤੇ ਪੂਰੀ ਤਰ੍ਹਾਂ ਪ੍ਰਭਾਵ ਸਿਰਜਦੀਆਂ ਹਨ। ਲੇਖਕ ਅਨੁਸਾਰ 'ਇਹ ਕਹਾਣੀ ਬਹੁਤੀਆਂ ਔਰਤਾਂ ਬਾਰੇ ਹਨ ਪਰ ਇਨ੍ਹਾਂ ਵਿਚ ਔਰਤਾਂ ਨੂੰ ਦੇਵੀਆਂ ਆਖਣ ਵਰਗੇ ਝੂਠ ਵਰਗਾ ਜਾਂ ਪੈਸ਼ਨ ਸ਼ੋਅ ਕੇਸਾਂ ਵਿਚ ਜਕੜੀਆਂ ਸੁੰਦਰ ਔਰਤਾਂ ਵਰਗਾ ਕੁਝ ਨਹੀਂ।' ਇਹ ਕਹਾਣੀ ਸੰਗ੍ਰਹਿ ਪੜ੍ਹ ਕੇ ਇਹ ਗੱਲ ਜ਼ਿਹਨ ਵਿਚ ਆਉਂਦੀ ਹੈ ਕਿ ਰਵਿੰਦਰ ਚੋਟ ਦਾ ਪੰਜਾਬੀ ਕਹਾਣੀ ਦੇ ਮੋਕਲੇ ਵਿਹੜੇ 'ਚ ਸ਼ਾਨਦਾਰ ਸਵਾਗਤ ਹੋਣਾ ਚਾਹੀਦੈ। ਇਨ੍ਹਾਂ ਨਿਵੇਕਲੀਆਂ ਕਹਾਣੀਆਂ ਬਾਰੇ ਸਾਹਿਤ ਪਾਰਖੂਆਂ ਨੂੰ ਗੱਲ ਤੋਰਨੀ ਚਾਹੀਦੀ ਹੈ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਰੂਹਾਂ ਦੇ ਬੋਲ
ਸੰਪਾਦਕ : ਸੁਰੇਸ਼ ਭਿਉਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98146-73236.

ਜ਼ਿਲ੍ਹਾ ਲਿਖਾਰੀ ਸਭਾ, ਰੂਪ ਨਗਰ ਅਜਿਹੀ ਸੰਸਥਾ ਹੈ, ਜੋ ਵਧੇਰੇ ਕਰਕੇ ਸਰਗਰਮ ਰਹੀ ਹੈ। ਇਸ ਨੇ ਸਮਾਗਮਾਂ ਦੇ ਨਾਲ-ਨਾਲ ਪ੍ਰਕਾਸ਼ਨਾ ਦੇ ਖ਼ੇਤਰ ਵਿਚ ਵੀ ਜ਼ਿਕਰਯੋਗ ਕਾਰਜ ਕੀਤੇ ਹਨ। 'ਰੂਹਾਂ ਦੇ ਬੋਲ' ਇਸ ਸਭਾ ਦੀ 15ਵੀਂ ਪ੍ਰਕਾਸ਼ਨਾ ਹੈ, ਜਿਸ ਵਿਚ ਸਭਾ ਦੇ ਮੈਂਬਰਾਂ ਸੁਰੇਸ਼ ਭਿਉਰਾ, ਹਰਦੀਪ ਗਿੱਲ, ਗੁਰਨਾਮ ਸਿੰਘ ਬਿਜਲੀ, ਸੁਰਜੀਤ ਸਿੰਘ ਜੀਤ, ਜਸਵੰਤ ਕੌਰ ਸੈਣੀ, ਕੁਲਵਿੰਦਰ ਸਿੰਘ ਬੱਬੂ, ਸੁਰਿੰਦਰ ਕੌਰ ਖਰਲ, ਗੁਰਮੇਲ ਸਿੰਘ ਸਾਗੀ, ਧਰਮ ਤਾਲਾਪੁਰੀ, ਐਡਵੋਕੇਟ ਮਹਿੰਦਰ ਸਿੰਘ, ਰਾਜਿੰਦਰ ਕੌਰ ਵਾਲੀਆ, ਮਲਕੀਤ ਸਿੰਘ ਸੈਣੀ, ਸੁੱਚਾ ਸਿੰਘ ਅਧਰੇੜਾ, ਸੁਰਿੰਦਰ ਸੈਣੀ, ਤਰਸੇਮ ਸਮਾਣਾ, ਜਗਜੀਤ ਸਿੰਘ ਜੱਗਾ, ਹੀਰਾ ਜੀਵਨਪੁਰੀ, ਮਨਜੀਤ ਸਿੰਘ ਬੇਲਾ, ਲਾਲੀ ਕਰਤਾਰਪੁਰੀ, ਮਸਤ ਖਾਂ ਮਸਤ, ਅਮਰੀਕ ਸਿੰਘ ਛਿੱਬਰ, ਗੁਰਇੰਦਰ ਸਿੰਘ ਪ੍ਰੀਤ, ਬਲਦੇਵ ਸਿੰਘ ਕੋਰੇ, ਇੰਦਰਜੀਤ ਕੌਰ ਵਾਲੀਆ, ਨੀਲੂ ਹਰਸ਼, ਸੋਹਨ ਸਿੰਘ ਜੌਹਲ, ਚੈਂਚਲ ਸਿੰਘ ਤਰੰਗ, ਸੁਰਜਨ ਸਿੰਘ ਤੇ ਭਿੰਦਰ ਭਾਗੋਮਾਜਰਾ ਦੀਆਂ ਕਾਵਿ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਜਿਹੀ ਪੁਸਤਕ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਵਿਚ ਹੌਲੀ ਰਫ਼ਤਾਰ ਨਾਲ ਤੁਰ ਰਹੇ ਕਿਤਾਬ ਛਪਵਾਉਣ ਜਿੰਨੀਆਂ ਰਚਨਾਵਾਂ ਤਕ ਨਾ ਪਹੁੰਚਣ ਵਾਲੇ ਨਵੇਂ ਲੇਖਕਾਂ ਨੂੰ ਛਪਣ ਦਾ ਮੌਕਾ ਮਿਲ ਜਾਂਦਾ ਹੈ ਤੇ ਪੁਸਤਕ ਵਿਚ ਵੰਨ-ਸੁਵੰਨਤਾ ਬਣ ਜਾਂਦੀ ਹੈ ਪਰ ਕਈ ਵਾਰ ਪਾਠਕ ਦੀ ਇਕਾਗਰਤਾ ਪ੍ਰਭਾਵਿਤ ਵੀ ਹੁੰਦੀ ਹੈ। ਪੁਸਤਕ ਦੇ ਸੰਪਾਦਕ ਸੁਰੇਸ਼ ਭਿਉਰਾ ਦਾ ਇਹ ਯਤਨ ਬਹੁਤ ਸਰਾਹੁਣਯੋਗ ਹੈ ਕਿਉਂ ਕਿ ਇਸ ਤਰ੍ਹਾਂ ਦੀ ਪੁਸਤਕ ਲਈ ਰਚਨਾਵਾਂ ਨੂੰ ਇਕੱਤਰ ਕਰਨਾ ਹੀ ਬੜਾ ਮਸਲਾ ਹੁੰਦਾ ਹੈ। 'ਰੂਹਾਂ ਦੇ ਬੋਲ' ਵਿਚ ਕੁਝ ਅਸਲੋਂ ਨਵੀਆਂ ਕਲਮਾਂ ਹਨ ਤੇ ਕੁਝ ਜਾਣੇ-ਪਛਾਣੇ ਚਿਹਰੇ ਹਨ। ਸ਼ਾਇਰੀ ਦਾ ਹਰ ਰੰਗ ਇਸ ਵਿਚ ਦੇਖਿਆ ਜਾ ਸਕਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਗੀਤਾਂ ਵਿਚ ਪੰਜਾਬ
ਗੀਤਕਾਰ : ਜਗੀਰ ਮਾਣਕੀਆ
ਪ੍ਰਕਾਸ਼ਕ : ਵਤਨ ਦੇ ਵਾਰਿਸ ਯੂਥ ਅਵੇਅਰਨੈੱਸ ਐਂਡ ਕਲਚਰਲ ਸੋਸਾਇਟੀ, ਰਾਹੋਂ
ਮੁੱਲ : 150 ਰੁਪਏ, ਸਫ਼ੇ : 151
ਸੰਪਰਕ : 90415-50006.

ਜਗੀਰ ਮਾਣਕੀਆ ਕਮਾਲ ਦਾ ਗੀਤਕਾਰ ਸੀ। ਸਾਫ਼-ਸੁਥਰੇ ਗੀਤਾਂ ਦਾ ਰਚੇਤਾ। ਉਸ ਦੇ ਇਕਹਿਰੇ-ਇਕਹਿਰੇ ਗੀਤ ਵਿਚੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਖੁਸ਼ਬੋਈ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਹ ਹੁਣ ਇਸ ਦੁਨੀਆ 'ਤੇ ਨਹੀਂ। ਮੌਤ ਦੇ ਜ਼ਾਲਮ ਪੰਜੇ ਨੇ ਉਸ ਨੂੰ ਦਬੋਚ ਲਿਆ। ਉਹ ਜਿਊਂਦਾ ਰਹਿੰਦਾ ਤਾਂ ਸ਼ਾਇਦ ਕਈ ਹੋਰ ਪਾਏਦਾਰ ਗੀਤ ਸਾਡੀ ਝੋਲੀ ਪਾਉਂਦਾ।
'ਗੀਤਾਂ ਵਿਚ ਪੰਜਾਬ' ਕਿਤਾਬ ਉਸ ਦੇ ਮਿੱਤਰਾਂ ਸੁਖਬੀਰ ਸਿੰਘ ਖਟਕੜ ਤੇ ਵਿਜੈ ਸਿੰਘ ਵਲੋਂ ਛਪਵਾਈ ਗਈ ਹੈ। ਇਸ ਪੁਸਤਕ ਵਿਚ ਇੱਕ ਵੀ ਗੀਤ ਅਜਿਹਾ ਨਹੀਂ, ਜਿਸ 'ਤੇ ਕਿੰਤੂ ਕੀਤੀ ਜਾ ਸਕੇ। ਹਰ ਗੀਤ ਸੁਥਰਾ ਹੈ। ਹਰ ਗੀਤ ਪਰਿਵਾਰਕ ਹੈ। ਜਗੀਰ ਮਾਣਕੀਆ ਨੂੰ ਉਨ੍ਹਾਂ ਗਾਇਕਾਂ 'ਤੇ ਗਿਲਾ ਹੈ, ਜਿਹੜੇ ਗਾਇਕੀ, ਗੀਤਕਾਰੀ ਦੇ ਨਾਂਅ 'ਤੇ ਊਟ ਪਟਾਂਗ ਪੇਸ਼ ਕਰਦੇ ਹਨ। ਉਸ ਨੇ ਲਿਖਿਆ ਹੈ :
ਕਿਉਂ ਸੋਹਣੇ ਪੰਜਾਬ ਨੂੰ ਗੀਤਾਂ ਵਿਚ ਬਦਨਾਮ ਕਰਾਉਂਦੇ ਹੋ,
ਇਹ ਸਾਡਾ ਪੰਜਾਬ ਨਹੀਂ ਜਿਹੜਾ ਗੀਤਾਂ ਵਿਚ ਦਿਖਾਉਂਦੇ ਹੋ।
'ਗੀਤਾਂ ਵਿਚ ਪੰਜਾਬ' ਦੇ ਸੁਥਰੇਪਣ ਦੇ ਦੋ-ਤਿੰਨ ਨਮੂਨੇ ਪੇਸ਼ ਹਨ :
ਬੜੀ ਸਤਾਉਂਦੀ ਯਾਦ ਅਸਾਂ ਨੂੰ ਪਿੰਡਾਂ ਦੀ,
ਟੱਕ ਟੱਕ ਹਲ਼ਟੀ ਚੱਲਦੀ ਖ਼ੂਹ ਦੀਆਂ ਟਿੰਡਾਂ ਦੀ।
ਮੈਂ ਤਾਂ ਚੁੱਪ ਵੱਟ ਲਈ ਏ, ਕਸੀਸ ਵੱਟ ਲਈ ਏ।
ਆਈ ਜਿੱਦਾਂ ਦੀ ਵੀ ਅਸੀਂ ਘੜੀ ਕੱਟ ਲਈ ਏ।
ਜਗੀਰ ਮਾਣਕੀਆ ਦੀ ਧਰਮ ਪਤਨੀ ਆਸ਼ਾ ਮਾਣਕੀਆ ਦੇ ਆਪਣੇ ਪਤੀ ਲਈ ਲਿਖੇ ਚੰਦ ਸ਼ਬਦ ਭਾਵੁਕ ਕਰਨ ਵਾਲੇ ਹਨ। ਕਿਤਾਬ ਵਿਚਲੇ ਗੀਤ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਜਗੀਰ ਮਾਣਕੀਆ ਵਿਰਸੇ ਨਾਲ ਮੁਹੱਬਤ ਕਰਨ ਵਾਲਾ ਗੀਤਕਾਰ ਸੀ। ਉਸ ਦੀ ਸੋਚ ਸੁਲੱਖਣੀ ਸੀ। ਉਹ ਪੰਜਾਬ ਲਈ ਦਰਦ ਰੱਖਦਾ ਸੀ। ਉਸ ਨੂੰ ਹੁੰਦੇ ਵਾਪਰਦੇ ਦਾ ਦੁੱਖ ਸੀ। ਉਹ ਜਿਊਂਦਾ ਰਹਿੰਦਾ ਤਾਂ ਹੋਰ ਚੰਗੇ ਗੀਤ ਲਿਖਦਾ। ਕਿਤਾਬ ਪ੍ਰਕਾਸ਼ਤ ਕਰਾਉਣ ਵਾਲੇ ਦੋਸਤਾਂ ਨੂੰ ਮੁਬਾਰਕਾਂ ਤੇ ਜਗੀਰ ਮਾਣਕੀਆ ਨੂੰ ਸ਼ਰਧਾਂਜਲੀ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਆਨਰ ਕਿਲਿੰਗ
ਲੇਖਕ : ਜਸਵੰਤ ਸਿੰਘ ਅਮਨ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ- 160 ਰੁਪਏ, ਸਫ਼ੇ : 127
ਸੰਪਰਕ : 98885-14670.

'ਆਨਰ ਕਿਲਿੰਗ' ਜਸਵੰਤ ਸਿੰਘ ਅਮਨ ਦਾ ਦੂਜਾ ਕਹਾਣੀ-ਸੰਗ੍ਰਹਿ ਹੈ। ਇਸ ਪੁਸਤਕ ਵਿਚ ਉਸ ਨੇ ਕੁੱਲ 17 ਕਹਾਣੀਆਂ ਦੀ ਸਿਰਜਣਾ ਕੀਤੀ ਹੈ, ਜਿਸ ਵਿਚ ਜ਼ਿੰਦਗੀ ਵਿਚ ਮਨ ਦੇ ਭਾਵਾਂ ਨੂੰ ਉਭਾਰਿਆ ਹੈ, ਜਿਵੇਂ ਕਿ ਪਹਿਲੀ ਕਹਾਣੀ 'ਸਿਦਕਹੀਨ' ਵਿਚ ਦੱਸਿਆ ਗਿਆ ਹੈ ਕਿ ਬਿੰਦਰ ਵਰਗਾ ਇਨਸਾਨ ਆਪਣੇ ਪੁੱਤਰ ਪ੍ਰਤੀ ਏਨੇ ਪਾਪੜ ਵੇਲਦਾ ਹੈ ਅਤੇ ਬਾਬੇ ਦੇ ਧਾਗੇ ਤੇ ਏਨਾ ਵਿਸ਼ਵਾਸ ਕਰਦਾ ਹੈ ਜਿਸ ਵਿਚ ਸਮਾਜ ਵਿਚਲੇ ਬਾਬਾਨੁਮਾ ਕਲਚਰ ਨੂੰ ਉਭਾਰਿਆ ਗਿਆ ਹੈ।
'ਕੀ ਮੈਂ ਠੀਕ ਹਾਂ' ਕਹਾਣੀ ਵਿਚ ਗ੍ਰਹਿਸਤੀ ਜੀਵਨ ਦੇ ਤਿੜਕਦੇ ਰਿਸ਼ਤਿਆਂ ਨੂੰ ਬਿਆਨ ਕੀਤਾ ਗਿਆ ਹੈ। ਅਗਲੀ ਕਥਾ 'ਵੱਡਾ ਦਾਨੀ' ਵਿਚ ਰਿਕਸ਼ੇ ਵਾਲਿਆਂ ਨਾਲ ਤੂੰ-ਤੂੰ, ਮੈਂ-ਮੈਂ ਦੀ ਕਹਾਣੀ ਹੈ। 'ਕਸ਼ਮਕਸ਼' ਕਹਾਣੀ ਵਿਚ ਬੰਦੇ ਦੀ ਮਾਨਸਿਕ ਦੁਬਿਧਾ ਨੂੰ ਉਘਾੜਿਆ ਗਿਆ ਹੈ। 'ਰਸਮ ਪਗੜੀ' ਕਹਾਣੀ ਦਿਖਾਵੇ ਵਾਲੀਆਂ ਰਸਮਾਂ ਬਾਰੇ ਹੈ। 'ਆਨਰ ਕਿਲਿੰਗ' ਕਹਾਣੀ ਕੁੜੀ-ਮੁੰਡੇ ਦੇ ਪ੍ਰੇਮ ਸਬੰਧਾਂ ਦੀ ਕਹਾਣੀ ਹੈ, ਕਿ ਸਾਰੇ ਪਰਿਵਾਰ ਵਲੋਂ ਕੁੜੀ ਨੂੰ ਮਾਰਨ ਦੀ ਸਾਜਿਸ਼ ਘੜੀ ਜਾਂਦੀ ਹੈ ਪਰ ਕੁੜੀ ਦਾ ਪਿਓ ਅਜਿਹਾ ਕਰਨ ਤੋਂ ਗੁਰੇਜ਼ ਕਰਦਾ ਹੈ, ਜੋ ਆਧੁਨਿਕ ਸੋਚ ਦੀ ਕਹਾਣੀ ਹੈ। 'ਨਰੜ ਬਥੇਰੇ' ਅਤੇ 'ਸਰਵਣ ਪੁੱਤਰ' ਕਹਾਣੀਆਂ ਵਿਚ ਸਮਾਜਿਕ ਰਿਸ਼ਤਿਆਂ ਦਾ ਯਥਾਰਥਕ ਵਰਣਨ ਕੀਤਾ ਗਿਆ ਹੈ।
ਅਖੀਰਲੀ ਕਹਾਣੀ 'ਪੈਰਾਸਾਈਟ' ਵਿਚ ਦੱਸਿਆ ਗਿਆ ਹੈ ਕਿ ਬੇਰੁਜ਼ਗਾਰ ਪੁੱਤਰ ਨੂੰ ਨਿਯੁਕਤੀ-ਪੱਤਰ ਤਾਂ ਮਿਲ ਜਾਂਦਾ ਹੈ ਪਰ ਮੈਡੀਕਲ ਤੌਰ 'ਤੇ ਅਯੋਗ ਕਰਾਰ ਦਿੱਤਾ ਜਾਂਦਾ ਹੈ। ਇਸ ਕਹਾਣੀ ਦਾ ਵਿਰੋਧਾਭਾਸ ਇਹ ਹੈ ਕਿ ਬਾਪ ਆਪਣੀ ਹਉਮੈ ਕਾਰਨ ਦੁਖੀ ਹੋਣ ਦੀ ਥਾਂ ਸਗੋਂ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਜਸਵੰਤ ਸਿੰਘ ਅਮਨ ਨੇ ਸਾਰੀਆਂ ਕਹਾਣੀਆਂ ਸਮਾਜ ਦੇ ਆਲ਼ੇ-ਦੁਆਲ਼ੇ ਵਿਚੋਂ ਹੀ ਲਈਆਂ ਹਨ ਅਤੇ ਪਾਤਰ ਵੀ ਬੜੇ ਹੀ ਰੌਚਕ ਹਨ, ਜੋ ਕਹਾਣੀ ਰਸ ਨੂੰ ਫਿੱਕਾ ਨਹੀਂ ਪੈਣ ਦਿੰਦੇ। ਲੇਖਕ ਨੂੰ ਮੁਬਾਰਕਬਾਦ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161.
ਫ ਫ ਫ

10-02-2018

 ਜਪੁਜੀ ਤੇ ਸੁਖਮਨੀ ਦਾ ਨੂਰ
ਕਾਵਿ ਅਨੁਵਾਦ : ਅਨੂਪ ਸਿੰਘ ਨੂਰੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 350 ਰੁਪਏ, ਸਫ਼ੇ : 240
ਸੰਪਰਕ : 98556-30313.

ਜਪੁਜੀ ਤੇ ਸੁਖਮਨੀ ਸਿੱਖ ਧਰਮ ਪਰੰਪਰਾ ਦੀਆਂ ਕੇਂਦਰੀ ਬਾਣੀਆਂ ਹਨ। ਜਪੁਜੀ ਨਿੱਤਨੇਮ ਦਾ ਅੰਗ ਹੈ ਅਤੇ ਸੁਖਮਨੀ ਸਾਹਿਬ ਦਾ ਵਿਅਕਤੀਗਤ ਤੇ ਸਮੂਹਿਕ ਪਾਠ ਨਿਰੰਤਰ ਸਿੱਖ ਪਰਿਵਾਰਾਂ ਵਿਚ ਹੁੰਦਾ ਹੈ। ਅਨੂਪ ਸਿੰਘ ਨੂਰੀ ਨੇ ਇਨ੍ਹਾਂ ਦੋਵਾਂ ਦਾ ਸਰਲ ਪੰਜਾਬੀ ਕਵਿਤਾ ਵਿਚ ਅਨੁਵਾਦ ਇਸ ਪੁਸਤਕ ਵਿਚ ਪੇਸ਼ ਕੀਤਾ ਹੈ। ਪੁਸਤਕ ਤੋਂ ਪਤਾ ਲਗਦਾ ਹੈ ਕਿ ਇਹ ਅਨੁਵਾਦ ਪਹਿਲੀ ਵਾਰ ਪ੍ਰਕਾਸ਼ਿਤ ਨਹੀਂ ਹੋ ਰਿਹਾ, ਇਸ ਦੇ ਕਈ ਸੰਸਕਰਨ ਪਹਿਲਾਂ ਪ੍ਰਕਾਸ਼ਿਤ ਹੋ ਕੇ ਹੱਥੋ-ਹੱਥ ਵਿਕ ਚੁੱਕੇ ਹਨ। ਦੋਵਾਂ ਰਚਨਾਵਾਂ ਦਾ ਇਕੱਠਾ ਅਨੁਵਾਦ ਸ਼ਾਇਦ ਪਹਿਲੀ ਵਾਰ ਇਕ ਜਿਲਦ ਵਿਚ ਪਾਠਕਾਂ ਨੂੰ ਪਰੋਸਿਆ ਗਿਆ ਹੈ।
ਅਨੂਪ ਸਿੰਘ ਨੂਰੀ ਨੂੰ ਮਾਤਾ-ਪਿਤਾ ਤੇ ਵੱਡੇ-ਵਡੇਰਿਆਂ ਤੋਂ ਬਾਣੀ ਦਾ ਪ੍ਰੇਮ, ਗਿਆਨ ਤੇ ਸਮਝ ਵਿਰਸੇ ਵਿਚ ਮਿਲੇ ਹਨ। ਕਵੀ ਦੇ ਤੌਰ 'ਤੇ ਉਸ ਕੋਲ ਲੰਬਾ ਤਜਰਬਾ ਤੇ ਪਿੰਗਲ ਦੀ ਸਟੀਕ ਸਮਝ ਹੈ। ਉਸ ਨੇ ਬੜੀ ਮਿਹਨਤ ਨਾਲ ਇਨ੍ਹਾਂ ਬਾਣੀਆਂ ਦੇ ਪ੍ਰਾਪਤ ਟੀਕਿਆਂ ਦਾ ਗੰਭੀਰਤਾ ਨਾਲ ਅਧਿਐਨ ਕਰਕੇ ਇਨ੍ਹਾਂ ਦੇ ਅਨੁਵਾਦ ਵਾਸਤੇ ਕਲਮ ਚੁੱਕੀ ਹੈ। ਜਪੁਜੀ ਸਾਹਿਬ, ਇਕ ਓਅੰਕਾਰ, ਮੂਲ ਮੰਤਰ ਬਾਰੇ ਉਸ ਦੇ ਵਿਦਵਤਾਪੂਰਨ ਨਿਬੰਧ ਤੇ ਪੁਸਤਕ ਬਾਰੇ ਵਿਭਿੰਨ ਪੰਥਕ ਵਿਦਵਾਨਾਂ ਦੇ ਨਿਬੰਧ/ਟਿੱਪਣੀਆਂ ਇਸ ਦੀ ਪੁਸ਼ਟੀ ਕਰਦੇ ਹਨ। ਨੂਰੀ ਜਪੁਜੀ ਸਾਹਿਬ ਦੇ ਵਿਭਿੰਨ ਟੀਕਾਕਾਰਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਬਾਰੇ ਗੰਭੀਰ ਟਿੱਪਣੀਆਂ ਕਰਦਾ ਹੈ। ਉਸ ਨੇ ਵੱਖ-ਵੱਖ ਅਰਥਾਂ ਦਾ ਵਿਸ਼ਲੇਸ਼ਣ ਕਰਕੇ ਗੁਰਬਾਣੀ ਦੀ ਹਰ ਤੁਕ ਬਾਰੇ ਇਕ ਅਰਥ ਦੀ ਚੋਣ ਕੀਤੀ ਹੈ ਅਤੇ ਫਿਰ ਉਸ ਦਾ ਕਾਵਿ ਅਨੁਵਾਦ ਕੀਤਾ ਹੈ।
ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੀ ਸਿਧਾਂਤਕ ਸ਼ਬਦਾਵਲੀ ਦੀ ਦਾਰਸ਼ਨਿਕਤਾ, ਗੁਰਬਾਣੀ ਦੀ ਸੂਤ੍ਰਕ ਸ਼ੈਲੀ, ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅਤੇ ਸਿੱਖ ਧਰਮ ਦੇ ਸੰਰਚਨਾਤਮਕ ਪ੍ਰਬੰਧ ਵਿਚ ਇਸ ਦੇ ਜਟਿਲ ਸਬੰਧ ਇਨ੍ਹਾਂ ਰਚਨਾਵਾਂ ਨੂੰ ਸਮਝਣ ਲਈ ਸੂਖਮ ਬੁੱਧੀ ਅਨੁਭਵੀ ਜੀਵਨ ਤੇ ਗੰਭੀਰ ਵਿਦਵਤਾ ਦੀ ਮੰਗ ਕਰਦੇ ਹਨ। ਨੂਰੀ ਸਾਹਿਬ ਕੋਲ ਇਹ ਸਾਰਾ ਕੁਝ ਲੋੜੀਂਦੀ ਮਾਤਰਾ ਵਿਚ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਉਹ ਕਿਤੇ ਨਹੀਂ ਗਏ
ਨਾਟਕਕਾਰ : ਕੇਵਲ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ।
ਮੁੱਲ : 150 ਰੁਪਏ, ਸਫ਼ੇ : 216
ਸੰਪਰਕ : 98142-99422.

ਸ੍ਰੀ ਕੇਵਲ ਧਾਲੀਵਾਲ 'ਮੰਚ ਰੰਗਮੰਚ' ਦੇ ਪਲੇਟਫਾਰਮ ਤੋਂ ਪੰਜਾਬੀ ਨਾਟਕਾਂ ਦਾ ਮੰਚੀਕਰਨ ਕਰਨ ਵਾਲਾ ਇਕ ਸੂਝਵਾਨ ਅਤੇ ਸਮਰਪਿਤ ਰੰਗਕਰਮੀ ਅਤੇ ਨਾਟ-ਨਿਰਦੇਸ਼ਕ ਹੈ। 'ਉਹ ਕਿਤੇ ਨਹੀਂ ਗਏ' ਵਿਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੀਆਂ ਪੰਜ ਗੌਰਵਮਈ ਝਾਕੀਆਂ ਪੇਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਨਾਟਕਾਂ ਵਿਚ ਸੁਭਾਸ਼ ਚੰਦਰ ਬੋਸ, ਕਰਤਾਰ ਸਿੰਘ ਸਰਾਭਾ, ਬਾਬਾ ਗੁਰਦਿਤ ਸਿੰਘ ਕਾਮਾਗਾਟਾਮਾਰੂ, ਸ਼ਹੀਦ ਊਧਮ ਸਿੰਘ ਅਤੇ ਸਰਦਾਰ ਭਗਤ ਸਿੰਘ ਵਰਗੇ ਯੋਧਿਆਂ ਦੇ ਬਿਰਤਾਂਤ ਪੇਸ਼ ਹੋਏ ਹਨ। ਇਹ ਸਾਰੇ ਨਾਟਕ ਸਮੇਂ-ਸਮੇਂ ਮੰਚਿਤ ਕੀਤੇ ਜਾ ਚੁੱਕੇ ਹਨ। 'ਉਹ ਕਿਤੇ ਨਹੀਂ ਗਏ' ਵਿਚ ਕੋਰਸ ਅਤੇ ਗੀਤ-ਸੰਗੀਤ ਦਾ ਬੜਾ ਢੁਕਵਾਂ ਪ੍ਰਯੋਗ ਕੀਤਾ ਗਿਆ ਹੈ। ਕਰਤਾਰ ਸਿੰਘ ਸਰਾਭਾ 19 ਦ੍ਰਿਸ਼ਾਂ (ਝਾਕੀਆਂ) ਵਿਚ ਲਿਖਿਆ ਨਾਟਕ ਹੈ, ਜਿਸ ਵਿਚ ਸ: ਸਰਾਭੇ ਦੇ ਅਮਰੀਕਾ ਜਾਣ ਤੋਂ ਲੈ ਕੇ ਸ਼ਹਾਦਤ ਤੱਕ ਦੇ ਵੇਰਵੇ ਬਿਆਨ ਕੀਤੇ ਗਏ ਹਨ। 'ਇਤਿਹਾਸ ਦੇ ਸਫ਼ੇ 'ਤੇ' ਦੀ ਸਕ੍ਰਿਪਟ ਵਿਚ ਸ: ਗੁਰਸ਼ਰਨ ਸਿੰਘ, ਅਮੋਲਕ ਸਿੰਘ, ਸਾਹਿਬ ਸਿੰਘ ਅਤੇ ਹਰਵਿੰਦਰ ਭੰਡਾਲ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ। ਇਹ ਨਾਟਕ ਪਹਿਲੀ ਵਾਰ 1995 ਈ: ਵਿਚ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਚ ਮੰਚਿਤ ਕੀਤਾ ਗਿਆ ਸੀ। 'ਖ਼ੂਨੀ ਵਿਸਾਖੀ' ਦੀ ਸਕ੍ਰਿਪਟ ਸ: ਨਾਨਕ ਸਿੰਘ ਨਾਵਲਕਾਰ ਅਤੇ ਸ: ਕਪੂਰ ਸਿੰਘ ਘੁੰਮਣ ਦੀਆਂ ਰਚਨਾਵਾਂ ਉੱਪਰ ਆਧਾਰਿਤ ਹੈ। 'ਕੁਕਨੂਸ ਭਗਤ ਸਿੰਘ' ਇਸ ਸੰਗ੍ਰਹਿ ਦਾ ਸਭ ਤੋਂ ਵੱਧ ਖੇਡਿਆ ਗਿਆ ਨਾਟਕ ਹੈ। ਇਸ ਦੀਆਂ ਲਗਪਗ 300 ਪੇਸ਼ਕਾਰੀਆਂ ਹੋ ਚੁੱਕੀਆਂ ਹਨ। ਇਸ ਨਾਟਕ ਦਾ ਕਵਿਤਾ ਭਾਗ ਦੀਦਾਰ ਸਿੰਘ ਦੇ ਮਹਾਂਕਾਵਿ ਵਿਚੋਂ ਲਿਆ ਗਿਆ ਹੈ ਅਤੇ ਕੁਝ ਦ੍ਰਿਸ਼ ਸਾਗਰ ਸਰਹੱਦੀ, ਦੇਵਿੰਦਰ ਦਮਨ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਵਿਚੋਂ ਲਏ ਗਏ ਹਨ।
ਕੇਵਲ ਧਾਲੀਵਾਲ ਨੇ ਆਪਣੇ ਹਰ ਨਾਟਕ ਵਿਚ ਗੀਤ-ਸੰਗੀਤ, ਪ੍ਰਕਾਸ਼ ਵਿਵਸਥਾ, ਬਲੌਕਿੰਗ ਅਤੇ ਪਹਿਰਾਵੇ ਦਾ ਬੜਾ ਸਟੀਕ ਪ੍ਰਯੋਗ ਕੀਤਾ ਹੈ। ਇਨ੍ਹਾਂ ਨਾਟਕਾਂ ਨੂੰ ਖੇਡਣ ਲਈ ਅਦਾਕਾਰਾਂ ਦਾ ਆਪਣੇ-ਆਪਣੇ ਫਨ ਵਿਚ ਦਕਸ਼ ਹੋਣਾ ਬਹੁਤ ਜ਼ਰੂਰੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਗਿਆਨ ਦੀ ਬਸੰਤ ਪੰਚਮੀ
ਅਤੇ ਹੋਰ ਬਾਲ ਕਹਾਣੀਆਂ
ਲੇਖਕ : ਡਾ: ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ।
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 099588-31357

ਵਿਚਾਰ ਅਧੀਨ ਪੁਸਤਕ ਕਾਫੀ ਲੰਮੇ ਅਰਸੇ ਤੋਂ ਬਾਲ ਸਾਹਿਤ ਦੇ ਖੇਤਰ ਵਿਚ ਕਾਰਜਸ਼ੀਲ ਲੇਖਕ ਡਾ: ਬਲਦੇਵ ਸਿੰਘ 'ਬੱਦਨ' ਦੀ ਮੌਲਕ ਬਾਲ ਸਾਹਿਤ ਰਚਨਾ ਹੈ, ਜਿਸ ਵਿਚ ਉਸ ਨੇ 16 ਬਾਲ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਤੋਂ ਇਲਾਵਾ ਉਸ ਦੀਆਂ ਪੰਜਾਬੀ ਬਾਲ ਸਾਹਿਤ ਦੀਆਂ ਦਸ ਮੌਲਕ ਅਤੇ ਪੰਜ ਦਰਜਨ ਦੇ ਕਰੀਬ ਅਨੁਵਾਦਿਤ ਬਾਲ ਸਾਹਿਤ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਬੱਚੇ ਦੀ ਸ਼ਖ਼ਸੀਅਤ ਉਸਾਰੀ ਵਿਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਇਸ ਮਾਧਿਅਮ ਰਾਹੀਂ ਬੱਚੇ ਅੰਦਰ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਹੁੰਦਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਡਾ: ਬੱਦਣ ਨੇ ਜੀਵਨ ਦੀ ਅਗਵਾਈ ਕਰਨ ਵਾਲੀਆਂ ਸਿੱਖਿਆਦਾਇਕ ਅਤੇ ਦਿਲਚਸਪ ਬਾਲ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਕਹਾਣੀ 'ਸ਼ਾਕਾਹਾਰੀ ਬਿੱਲੀਆਂ' ਹੈ, ਜਿਸ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਪ੍ਰਸਥਿਤੀਆਂ ਦੇ ਅਨੁਸਾਰ ਸਾਨੂੰ ਆਪਣੇ-ਆਪ ਨੂੰ ਢਾਲ ਲੈਣਾ ਚਾਹੀਦਾ ਹੈ। ਅਜਿਹਾ ਕਰਕੇ ਅਸੀਂ ਆਪਣੇ-ਆਪ ਨੂੰ ਭਿਆਨਕ ਅਤੇ ਮਾੜੇ ਹਾਲਾਤ ਤੋਂ ਬਾਹਰ ਕੱਢ ਸਕਦੇ ਹਾਂ। 'ਜ਼ਖ਼ਮੀ ਚਿੜੀ' ਨਾਮੀ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਅਸੀਂ ਔਖੇ ਵੇਲੇ ਕਿਸੇ ਨਾ ਕਿਸੇ ਦੀ ਜ਼ਰੂਰ ਮਦਦ ਲਈਏ ਪ੍ਰੰਤੂ ਉਸ 'ਤੇ ਨਿਰਭਰ ਹੋ ਕੇ ਨਾ ਰਹੀਏ। ਚਿੜੀ ਵਾਂਗ ਅਸੀਂ ਪਰਉਪਕਾਰੀ ਪੁਰਸ਼ ਦੀ ਚਰਚਾ ਜ਼ਰੂਰ ਕਰੀਏ। ਅਜਿਹਾ ਕਰਨ ਨਾਲ ਉਸ ਦੀ ਹੌਸਲਾ ਅਫ਼ਜ਼ਾਈ ਹੁੰਦੀ ਹੈ ਅਤੇ ਸੁਣਨ ਵਾਲੇ ਨੂੰ ਪ੍ਰੇਰਨਾ ਮਿਲਦੀ ਹੈ।
ਕਹਾਣੀ 'ਛੋਟੀ ਜਿਹੀ ਚਿੜੀ' ਸਾਹਸੀ ਚਿੜੀ ਦੀ ਕਹਾਣੀ ਹੈ, ਜਿਸ ਰਾਹੀਂ ਲੇਖਕ ਇਹ ਸਿੱਖਿਆ ਦਿੰਦਾ ਹੈ ਕਿ ਅਸਫ਼ਲਤਾ ਵਿਚ ਵੀ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਕੋਸ਼ਿਸ਼ ਨਾਲ ਹੀ ਅਸੀਂ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ। 'ਸਮਝਦਾਰੀ ਅਤੇ ਦਿਆਨਤ' ਇਸ ਸੰਗ੍ਰਹਿ ਦੀ ਇਕ ਹੋਰ ਪ੍ਰੇਰਨਾਦਾਇਕ ਕਹਾਣੀ ਹੈ ਕਿ ਜੇ ਤੁਸੀਂ ਕਦੇ ਇਕੱਲੇ ਵੀ ਮੁਸੀਬਤ ਵਿਚ ਫਸ ਜਾਵੋ ਤਾਂ ਤੁਸੀਂ ਆਪਣੇ ਧੀਰਜ ਦਾ ਸੰਤੁਲਨ ਬਣਾਈ ਰੱਖੋ। ਕ੍ਰੋਧ ਦੀ ਥਾਂ ਤਰਕ ਤੋਂ ਕੰਮ ਲਵੋ। 'ਅਮੀਰੀ ਦਾ ਰਾਜ਼' ਕਹਾਣੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਵਾਲੀ ਔਰਤ ਅਤੇ ਉਸ ਦੇ ਪੁੱਤਰ ਦੀ ਕਹਾਣੀ ਹੈ ਜੋ ਪਰਉਪਕਾਰੀ ਕਾਰਜ ਕਰਕੇ ਸਮਾਜ ਵਿਚ ਸਨਮਾਨ ਪ੍ਰਾਪਤ ਕਰਦੇ ਹਨ। 'ਮਾਂ ਦਾ ਫ਼ਰਜ਼' ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਵਿਗੜਿਆ ਹੋਇਆ ਇਨਸਾਨ ਸਮੇਂ ਸਿਰ ਸਮਝ ਜਾਵੇ ਤਾਂ ਚੰਗਾ ਹੈ। 'ਦਿਆਲਤਾ ਦੀ ਭਾਵਨਾ' ਇਹ ਸੰਦੇਸ਼ ਦਿੰਦੀ ਹੈ ਕਿ ਜੇ ਇਕ ਛੋਟੇ ਜਿਹੇ ਝੂਠ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਇਹ ਝੂਠ ਸੱਚ ਤੋਂ ਵੀ ਮਹਾਨ ਹੈ। ਬੰਸਰੀ, ਦਸਤਖ਼ਤ, ਮੂੰਹ ਮੰਗੀ ਮੁਰਾਦ, ਦਿਆਲਤਾ ਦੀ ਭਾਵਨਾ, ਰੋਲੀ ਦਾ ਗੁੱਡਾ, ਟੀਚਰ ਦੀ ਮਿਹਨਤ, ਜੁਗਵਾ ਦੀ ਜਿੱਤ, ਕਿੱਸਾ ਕਿਸਾਨ ਦਾ, ਸ਼ਰਾਰਤੀ ਬਾਂਦਰ ਅਤੇ ਗਿਆਨ ਦੀ ਬਸੰਤ ਪੰਚਮੀ ਇਸ ਸੰਗ੍ਰਹਿ ਦੀਆਂ ਹੋਰ ਦਿਲਚਸਪ ਤੇ ਸਿੱਖਿਆਦਾਇਕ ਕਹਾਣੀਆਂ ਹਨ। ਹਰ ਕਹਾਣੀ ਵਿਚ ਢੁਕਵੀਂ ਥਾਂ 'ਤੇ ਰੇਖਾ ਚਿੱਤਰ ਉਲੀਕੇ ਗਏ ਹਨ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਬਾਲ ਸਾਹਿਤ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਚਾਅ ਮੁਕਲਾਵੇ ਦਾ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 103
ਸੰਪਰਕ : 99873-08283.

ਡਾ: ਕੇ. ਜਗਜੀਤ ਸਿੰਘ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦਾ ਸੂਝਵਾਨ ਲੇਖਕ ਹੈ। ਇਸ ਸਵੈਜੀਵਨੀ ਵਿਚ ਉਸ ਨੇ ਆਪਣੀ ਜੀਵਨ ਯਾਤਰਾ ਦੀਆਂ ਮਹੱਤਵਪੂਰਨ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪਹਿਲੇ ਲੇਖ ਦੇ ਆਧਾਰ 'ਤੇ ਹੀ ਪੁਸਤਕ ਦਾ ਨਾਂਅ 'ਚਾਅ ਮੁਕਲਾਵੇ ਦਾ' ਰੱਖਿਆ ਗਿਆ ਹੈ। ਆਪਣੀ ਪਤਨੀ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਲੇਖਕ ਨੇ ਮੌਤ ਨੂੰ ਆਪਣੀ ਮਹਿਬੂਬਾ ਬਣਾ ਲਿਆ ਹੈ। ਮੌਤ ਬਾਰੇ ਉਹ ਲਿਖਦਾ ਹੈ : 'ਜੇ ਬੰਦਾ ਜ਼ਿੰਦਗੀ 'ਚ ਮੌਤ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਰਹੇ ਤਾਂ ਉਸ ਨੂੰ ਮਰਨ ਦਾ ਕੋਈ ਵੀ ਝੋਰਾ ਨਹੀਂ ਹੁੰਦਾ ਤੇ ਨਾ ਹੀ ਉਸ ਨੂੰ ਮੌਤ ਕੋਲੋਂ ਕੋਈ ਡਰ ਲਗਦਾ ਹੈ। ਜਿਊਣ ਦੀ ਲੋਚਾ ਰੱਖਣ ਵਾਲੇ ਮਨੁੱਖ ਬੁਢਾਪੇ ਦੀਆਂ ਮਜਬੂਰੀਆਂ ਤੇ ਕਮਜ਼ੋਰੀਆਂ ਤੋਂ ਕਦੇ ਹਾਰ ਨਹੀਂ ਮੰਨਦੇ।'
ਇਸੇ ਲਈ ਲੇਖਕ ਇਕ ਨਵੀਂ ਨਵੇਲੀ ਮੁਟਿਆਰ ਵਾਂਗ 'ਮੁਕਲਾਵੇ' ਜਾਣ ਲਈ ਉਤਾਵਲਾ ਹੈ। ਉਹ ਗੁਰਬਾਣੀ ਦੇ ਮਹਾਂਵਾਕ 'ਸਭਨਾ ਸਹੁਰੈ ਵੰਞਣਾ ਸਭਿ ਮੁਕਲਾਵਣਹਾਰ॥' ਅਨੁਸਾਰ ਮੰਨਦਾ ਹੈ ਕਿ ਹਰ ਜੀਵ ਨੇ ਇਕ ਦਿਨ ਸੰਸਾਰ ਤੋਂ ਕੂਚ ਕਰ ਜਾਣਾ ਹੈ। ਪਰ ਉਸ ਨੂੰ 'ਮੁਕਲਾਵੇ' ਜਾਣ ਦਾ ਚਾਅ ਹੈ, ਡਰ ਨਹੀਂ। ਇਸ ਤੋਂ ਛੁੱਟ ਲੇਖਕ ਦੀ ਜੀਵਨੀ ਦੀਆਂ ਬਾਕੀ ਝਲਕੀਆਂ ਵੀ ਨਿਹਾਇਤ ਰੌਚਕ ਤੇ ਪ੍ਰੇਰਨਾਦਾਇਕ ਹਨ। ਕੁਝ ਇਕ ਥਾਵਾਂ 'ਤੇ ਗੁਰਬਾਣੀ ਦੀਆਂ ਗ਼ਲਤੀਆਂ ਰਹਿ ਗਈਆਂ ਹਨ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਰਚਿਤ ਤੁਕ 'ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥' ਨੂੰ ਕਬੀਰ ਜੀ ਦੀ ਰਚਨਾ ਲਿਖਿਆ ਗਿਆ ਹੈ। ਗੁਰਬਾਣੀ ਦੇ ਸ਼ਬਦ ਜੋੜਾਂ ਦੀਆਂ ਵੀ ਕਾਫੀ ਊਣਤਾਈਆਂ ਰਹਿ ਗਈਆਂ ਹਨ, ਜੋ ਕਿ ਕੰਪੋਜ਼ਿੰਗ ਕਾਰਨ ਵੀ ਹੋ ਸਕਦੀਆਂ ਹਨ। ਕੁਝ ਕੁ ਤੁਕਾਂ ਵਿਚ ਵੀ ਗ਼ਲਤੀਆਂ ਰਹਿ ਗਈਆਂ ਹਨ, ਜਿਵੇਂ
ਮਰਨੇ ਹੀ ਤੇ ਪਾਈਐ...
(ਮਰਣੇ ਤੇ ਹੀ ਪਾਈਐ)
...ਉਠਿ ਚਲਸਹਿ ਪਰਭਾਤਿ॥
(ਉਠ ਚਲਸੀ ਪਰਭਾਤਿ॥)
ਸਮੁੱਚੇ ਤੌਰ 'ਤੇ ਸਰਲ ਭਾਸ਼ਾ-ਸ਼ੈਲੀ, ਸ਼ਬਦਾਵਲੀ, ਸਜੀਵ ਦ੍ਰਿਸ਼ ਵਰਨਣ ਦੇ ਪੱਖ ਤੋਂ ਇਹ ਇਕ ਖੂਬਸੂਰਤ ਰਚਨਾ ਹੈ, ਖ਼ਾਸ ਕਰਕੇ ਉਰਦੂ ਸ਼ੇਅਰੋ-ਸ਼ਾਇਰੀ ਦੀ ਵਰਤੋਂ ਨੇ ਇਸ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਪਾਠਕ ਇਸ ਨੂੰ ਪੜ੍ਹ ਕੇ ਅਨੰਦ ਦੇ ਨਾਲ-ਨਾਲ ਪ੍ਰੇਰਨਾ ਵੀ ਪ੍ਰਾਪਤ ਕਰਨਗੇ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਬੇਨਾਮ ਖ਼ਤ
ਕਹਾਣੀਕਾਰ : ਬੀਰਪਾਲ ਸਿੰਘ ਅਲਬੇਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ-ਚੰਡੀਗੜ੍ਹ।
ਮੁੱਲ : 295 ਰੁਪਏ, ਸਫ਼ੇ : 137
ਸੰਪਰਕ : 98556-00549.

ਲੇਖਕ ਦਾ ਇਹ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ 20 ਕਹਾਣੀਆਂ ਦਰਜ ਹਨ। ਇਨ੍ਹਾਂ ਵਿਚ ਮਨੁੱਖੀ ਰਿਸ਼ਤਿਆਂ, ਸਾਂਝਾਂ, ਮੁਹੱਬਤਾਂ, ਨਫ਼ਰਤਾਂ ਅਤੇ ਆਸ਼ਾ ਨਿਰਾਸ਼ਾ ਦੀ ਗੱਲ ਕੀਤੀ ਗਈ ਹੈ। ਬਹੁਤੀਆਂ ਕਹਾਣੀਆਂ ਭਾਰਤ-ਪਾਕਿ ਦੀ ਵੰਡ ਤੋਂ ਪੈਦਾ ਹੋਏ ਉਜਾੜੇ ਦਾ ਦਰਦ ਬਿਆਨ ਕਰਦੀਆਂ ਹਨ। ਕੁਝ ਕਹਾਣੀਆਂ ਰਾਜਸੀ ਅਤੇ ਫ਼ਿਰਕੂ ਨਫ਼ਰਤਾਂ, ਨਸ਼ਿਆਂ, ਟੁੱਟ ਰਹੀਆਂ ਸਾਂਝਾਂ ਅਤੇ ਰਿਸ਼ਤਿਆਂ ਦੀ ਟੁੱਟ ਭੱਜ ਦਾ ਚਿੱਤ੍ਰਣ ਕਰਦੀਆਂ ਹਨ। ਉਸ ਦੇ ਅੰਦਰ ਇਕ ਨਰੋਏ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਪਨਾ ਪਨਪ ਰਿਹਾ ਲਗਦਾ ਹੈ। ਕੁਝ ਕਹਾਣੀਆਂ ਵਿਚ ਸੰਜੀਦਗੀ ਹੈ ਅਤੇ ਕੁਝ ਵਿਚੋਂ ਹਾਸ ਵਿਅੰਗ ਦਾ ਰੰਗ ਵੀ ਝਲਕਦਾ ਹੈ। ਪਹਿਲਵਾਨੀ ਅਤੇ ਕਬੱਡੀ ਵਰਗੀਆਂ ਵਿਰਾਸਤੀ ਖੇਡਾਂ ਨੂੰ ਦਰਸਾਉਂਦੀਆਂ ਕਹਾਣੀਆਂ ਦੇ ਪਾਤਰ ਪਹਿਲਵਾਨ ਜਾਂ ਕੁਸ਼ਤੀ ਅਖਾੜਿਆਂ ਨਾਲ ਜੁੜੇ ਹੋਏ ਹਨ। ਪਹਿਲੀ ਕਹਾਣੀ 'ਨੂਰਾਂ' ਵਿਚ ਇਕ ਮੁਸਲਮਾਨ ਕੁੜੀ ਅਤੇ ਇਕ ਸਿੱਖ ਨੌਜਵਾਨ ਦੇ ਪਵਿੱਤਰ ਭੈਣ ਭਰਾ ਵਾਲੇ ਪਿਆਰ ਦੀ ਕਹਾਣੀ ਹੈ। ਕਹਾਣੀ 'ਫੁੱਟ' ਵਿਚ ਦੋ ਭਰਾਵਾਂ ਦੇ ਪਿਆਰ ਵਿਚ ਫੁੱਟ ਪਾਉਣ ਵਾਲੀਆਂ ਉਨ੍ਹਾਂ ਦੀਆਂ ਪਤਨੀਆਂ ਦੀ ਮਾਨਸਿਕਤਾ ਦਿਖਾਈ ਗਈ ਹੈ। ਇਹੀ ਸਮੱਸਿਆ ਕਹਾਣੀ 'ਬੇਨਾਮ ਖ਼ਤ' ਦੀ ਹੈ। ਕਹਾਣੀ 'ਚੁੱਕ' ਤਾਈ ਡੋਗਰੀ ਅਤੇ ਉਸ ਦੀ ਗੁਆਂਢਣ ਪ੍ਰਤੀ ਈਰਖਾ ਨੂੰ ਪ੍ਰਗਟ ਕਰਦੀ ਹੈ। ਕਹਾਣੀ 'ਧੀਆਂ' ਵਿਚ ਦਰਸਾਇਆ ਗਿਆ ਹੈ ਕਿ ਪੁੱਤਾਂ ਨਾਲੋਂ ਧੀਆਂ ਜ਼ਿਆਦਾ ਵਫ਼ਾਦਾਰ ਹੁੰਦੀਆਂ ਹਨ। ਕਹਾਣੀ 'ਵਿੱਦਿਆ' ਵਿਚ ਲੜਕੀਆਂ ਦੀ ਵਿੱਦਿਆ ਪ੍ਰਤੀ ਲਗਨ ਅਤੇ ਕਾਰਜਸ਼ੀਲਤਾ ਦਿਖਾਈ ਗਈ ਹੈ। ਕਹਾਣੀ 'ਕੌੜਾ ਸੱਚ' ਬਜ਼ੁਰਗਾਂ ਦੀ ਬੇਕਦਰੀ ਅਤੇ ਕਹਾਣੀ 'ਬੇਈਮਾਨੀ ਦਾ ਦਰਦ' ਭ੍ਰਿਸ਼ਟ ਲੋਕਾਂ ਦੀ ਅਸ਼ਾਂਤੀ ਦੀ ਗੱਲ ਕਰਦੀ ਹੈ। ਕਹਾਣੀਆਂ 'ਹਿੰਮਤ' ਅਤੇ 'ਹੌਸਲਾ' ਸੰਘਰਸ਼ ਅਤੇ ਚੜ੍ਹਦੀ ਕਲਾ ਲਈ ਪ੍ਰੇਰਦੀਆਂ ਹਨ। ਕਹਾਣੀ 'ਨੀਂਹ' ਬੇਰੁਜ਼ਗਾਰੀ ਪ੍ਰਤੀ ਸੁਚੇਤ ਕਰਦੀ ਹੈ। ਕਹਾਣੀਆਂ 'ਮੁਸ਼ਕ', 'ਰਿਸ਼ਤੇ' ਅਤੇ 'ਨਾਨੀ ਦਾ ਨੋਬਲ ਪ੍ਰਾਈਜ਼' ਨਸ਼ਿਆਂ ਅਤੇ ਵਿਰਾਸਤੀ ਸੱਭਿਆਚਾਰ ਦੀ ਗੱਲ ਕਰਦੀਆਂ ਹਨ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਕਹਾਣੀ-ਸੰਗ੍ਰਹਿ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪੱਤਝੜ ਤੋਂ ਬਾਅਦ
ਗ਼ਜ਼ਲਕਾਰ : ਪ੍ਰਿੰ: ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ-200 ਰੁਪਏ, ਸਫ਼ੇ-112
ਸੰਪਰਕ : 94192-12801.

ਗੁਰਚਰਨ ਬੱਧਣ ਦੁਆਰਾ ਸੰਪਾਦਿਤ ਇਸ ਪੁਸਤਕ ਦੀ ਸ਼ਾਇਰੀ ਬਹੁਭਾਂਤੀ ਹੈ। ਇਸ ਵਿਚ ਗ਼ਜ਼ਲਾਂ ਵੀ ਹਨ, ਗੀਤ ਵੀ ਤੇ ਆਮ ਕਵਿਤਾਵਾਂ ਵੀ। 'ਕਲਮਾਂ ਵਾਲਿਓ ਕਲਮਾਂ ਚੁੱਕੋ' ਲੰਬੀ ਰਦੀਫ਼ ਵਾਲੀ ਗ਼ਜ਼ਲ ਵਿਚ ਉਹ ਕਲਮਕਾਰਾਂ ਨੂੰ ਮੌਜੂਦਾ ਹਾਲਾਤ ਦੇ ਖ਼ਿਲਾਫ਼ ਕਲਮ ਦਾ ਹਥਿਆਰ ਚੁੱਕਣ ਲਈ ਵੰਗਾਰਦਾ ਹੈ। ਉਸ ਮੁਤਾਬਿਕ ਜ਼ੁਲਮ ਦੀ ਹਨ੍ਹੇਰੀ ਚੜ੍ਹੀ ਆ ਰਹੀ ਹੈ ਤੇ ਸਾਨੂੰ ਆਪਣੀਆਂ ਕਵਿਤਾਵਾਂ ਰਾਹੀਂ ਇਕ ਯੁੱਧ ਲੜਨਾ ਹੋਵੇਗਾ। ਸ਼ਾਇਰ ਲਈ ਭ੍ਰਿਸ਼ਟਾਚਾਰ ਤੇ ਗੰਦੀ ਰਾਜਨੀਤੀ ਸਭ ਤੋਂ ਵੱਡੇ ਮੁੱਦੇ ਹਨ। ਸ਼ਾਇਰ ਦੁੱਖ ਤੇ ਸੁੱਖ ਵਿਚ ਇਕਸਾਰ ਰਹਿਣ ਦਾ ਹਾਮੀ ਹੈ ਤੇ ਉਸ ਮੁਤਾਬਿਕ ਮੁਸ਼ਕਿਲਾਂ ਤੋਂ ਡਰਨ ਵਾਲਾ ਬੰਦਾ ਕਦੀ ਸਫ਼ਲਤਾ ਹਾਸਲ ਨਹੀਂ ਕਰ ਸਕਦਾ। ਉਸ ਅਨਸਾਰ ਸਾਮਰਾਜ ਧਰਤੀ ਦੇ ਚੱਪੇ-ਚੱਪੇ 'ਤੇ ਆਪਣੇ ਪੈਰ ਪਸਾਰ ਰਿਹਾ ਹੈ ਤੇ ਮਨੁੱਖ ਦੀ ਜਗੀਰੂ ਸੋਚ ਇਸ ਨੂੰ ਅੰਧਕਾਰ ਵਲ ਲਿਜਾ ਰਹੀ ਹੈ। ਧੀਆਂ ਧਿਆਣੀਆਂ ਦੇ ਦੁੱਖਾਂ ਨੂੰ ਉਹ ਆਪਣੇ ਸਮਝਦਾ ਤੇ ਮੁੰਡਿਆਂ ਦੀ ਝਾਕ ਵਿਚ ਅਣਜੰਮੀਆਂ ਕੁੜੀਆਂ ਦੇ ਕਤਲ ਉਸ ਨੂੰ ਨਾਮੁਆਫ਼ ਕਰਨਯੋਗ ਗ਼ੁਨਾਹ ਜਾਪਦੇ ਹਨ। 'ਪੱਤਝੜ ਤੋਂ ਬਾਅਦ' ਪੁਸਤਕ ਵਿਚ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ 'ਤੇ ਵਾਰ ਵੀ ਹੈ ਅਤੇ ਇਕ ਰਚਨਾ ਰਾਹੀਂ ਉਸ ਨੇ ਸ਼ਹੀਦ ਊਧਮ ਸਿੰਘ ਨੂੰ ਅਕੀਦਤ ਦੇ ਫੁੱਲ ਵੀ ਭੇਟ ਕੀਤੇ ਹਨ। ਦੇਸ਼ ਪਿਆਰ ਨਾਲ ਸਬੰਧਿਤ ਰਚਨਾਵਾਂ ਤੇ ਕੁਝ ਧਾਰਮਿਕ ਕਵਿਤਾਵਾਂ ਵੀ ਕਹੀਆਂ ਹਨ। ਆਪਣੇ ਪਿਆਰੇ ਨਾਲ ਸਧਾਰਨ ਵਾਰਤਾਲਾਪ ਦਾ ਸ਼ਾਇਰੀ ਰਾਹੀਂ ਵਖਿਆਨ ਵੀ ਹੈ। ਸ਼ਾਇਰ ਨੂੰ ਨਸ਼ਿਆਂ ਵਿਚ ਗ਼ਲਤਾਨ ਪੰਜਾਬ ਦਾ ਵੀ ਦੁੱਖ ਹੈ ਤੇ ਆਪਣੀਆਂ ਕਵਿਤਾਵਾਂ ਵਿਚ ਉਹ ਇਸ 'ਤੇ ਚਿੰਤਾ ਜ਼ਾਹਿਰ ਕਰਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

14-01-2018

 ਗੁਰਬਾਣੀ ਸੱਭਿਆਚਾਰ
ਲੇਖਕ : ਡਾ: ਗੁਰਚਰਨ ਸਿੰਘ
ਸੰਪਾਦਕ : ਪ੍ਰੋ: ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 098687-73902.

ਗੁਰਬਾਣੀ ਅਧਿਐਨ ਵਿਚ ਉੱਚੇ ਪ੍ਰਤੀਮਾਨ ਸਥਾਪਨ ਕਰਨ ਵਾਲੇ ਡਾ: ਗੁਰਚਰਨ ਸਿੰਘ ਦੀ ਪੁਸਤਕ ਗੁਰਬਾਣੀ ਸੱਭਿਆਚਾਰ, ਗੁਰਬਾਣੀ ਵਿਆਖਿਆ ਤੇ ਸਮੀਖਿਆ ਦੀ ਪੈੜ ਆਦਿ ਤੋਂ ਵਰਤਮਾਨ ਸਮੇਂ ਤੱਕ ਉਲੀਕ ਕੇ ਲੇਖਕ ਦੇ ਆਪਣੇ ਇਸ ਖੇਤਰ ਵਿਚ ਕੀਤੇ ਨਵੇਂ ਕਾਰਜ ਨਾਲ ਪਾਠਕ ਦੀ ਸਾਂਝ ਪੁਆਉਂਦੀ ਹੈ। ਗੁਰਬਾਣੀ ਦੀ ਵਿਆਖਿਆ/ਸਮੀਖਿਆ ਪੁਰਾਤਨ ਜਨਮ ਸਾਖੀ, ਭਾਈ ਗੁਰਦਾਸ, ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਤੋਂ ਵੀ ਪਿੱਛੇ ਗੁਰਬਾਣੀ ਅੰਦਰ ਗੁਰਬਾਣੀ ਦੀ ਵਿਆਖਿਆ ਤੱਕ ਜਾਂਦੀ ਹੈ। ਵਿਦਵਾਨ ਲੇਖਕ ਨੇ ਇਸ ਵੱਲ ਭਰਵੇਂ ਸੰਕੇਤ ਕਰਨ ਉਪਰੰਤ ਭਾ: ਵੀਰ ਸਿੰਘ, ਪ੍ਰੋ: ਸਾਹਿਬ ਸਿੰਘ, ਸਿੰਘ ਸਭਾ ਲਹਿਰ, ਪ੍ਰਿੰ: ਜੋਧ ਸਿੰਘ, ਪ੍ਰਿੰ: ਤੇਜਾ ਸਿੰਘ, ਦੀਵਾਨਾ, ਦਰਦੀ, ਕੋਹਲੀ, ਡਾ: ਤਾਰਨ ਸਿੰਘ, ਸੇਖੋਂ, ਕਿਸ਼ਨ ਸਿੰਘ, ਡਾ: ਹਰਿਭਜਨ ਸਿੰਘ ਤੇ ਤਰਲੋਕ ਸਿੰਘ ਕੰਵਰ ਦੇ ਗੁਰਬਾਣੀ ਵਿਆਖਿਆ ਨਾਲ ਸਬੰਧਿਤ ਕਾਰਜ ਦਾ ਮੈਟਾ-ਅਧਿਐਨ ਆਪਣੇ ਅਧਿਐਨ ਤੋਂ ਪਹਿਲਾਂ ਵਿਸਤਾਰ ਨਾਲ ਪੇਸ਼ ਕੀਤਾ ਹੈ, ਜਿਸ ਵਿਚ ਇਨ੍ਹਾਂ ਵਿਦਵਾਨਾਂ ਦੀ ਵਿਸ਼ੇਸ਼ ਦ੍ਰਿਸ਼ਟੀ ਤੇ ਪ੍ਰਾਪਤੀ ਨੂੰ ਨਿਖਾਰ ਕੇ ਉਜਾਗਰ ਕੀਤਾ ਹੈ।
ਪੁਸਤਕ ਦੇ ਦੂਜੇ ਭਾਗ ਵਿਚ ਗੁਰਬਾਣੀ ਅਧਿਐਨ ਦਾ ਲੇਖਕ ਦਾ ਆਪਣਾ ਕਾਰਜ ਹੈ। ਗੁਰਬਾਣੀ ਮਨੁੱਖ ਦੀ ਸਾਧਾਰਨ/ਪ੍ਰਦਤ/ਜੈਵਿਕ ਹੋਂਦ ਨੂੰ ਰੱਦ ਕਰਦੀ ਹੈ। ਇਸ ਨੂੰ ਦ੍ਰਿਸ਼ਟੀ ਸੰਪੰਨ ਨਾਂਅ ਮੂਲਕ ਮਾਨਵਤਾ ਵਿਚ ਰੂਪਾਂਤਰਿਤ ਕਰਦੀ ਹੈ। ਗੁਰੂ/ਨਾਮ ਇਹ ਲੌਕਿਕ ਵੇਰਵਿਆਂ ਵਾਲੇ ਚਿੱਤਰ ਨੂੰ ਪਾਰਲੌਕਿਕ ਮੋੜ ਦਿੰਦੇ ਹਨ। ਪ੍ਰਕਿਰਤਕ ਨਿਰੰਤਰਤਾ ਨੂੰ ਰੱਦ ਕਰਕੇ ਨਿਯੰਤ੍ਰਿਤ ਸੱਭਿਆਚਾਰ ਦਾ ਸਿਰਜਣ ਕਰਦੀ ਹੈ ਬਾਣੀ। ਮਾਇਆਵੀ ਨਿਰੰਤਰਤਾ ਉੱਤੇ ਗਿਆਨ ਮੂਲਕ ਸੰਜਮ ਦਾ ਕੁੰਡਾ ਲਾਉਂਦੀ ਹੈ। ਪਤਨ ਗ੍ਰਸਿਤ ਪਰੰਪਰਾ ਦਾ ਕਰੜਾ ਨਿਸ਼ੇਧ ਕਰਕੇ ਬ੍ਰਾਹਮਣ, ਮੁੱਲਾਂ/ਕਾਜ਼ੀ, ਕਰਮਕਾਂਡ, ਰਾਜ ਸੱਤਾ ਦੇ ਜ਼ੁਲਮ ਤੇ ਧਰਮ ਦਾ ਦੰਭ ਕਰਨ ਵਾਲੇ ਹਰ ਵਰਤਾਰੇ ਦੀ ਕਰੜੀ ਨਿੰਦਾ ਹੈ ਇਸ ਵਿਚ। ਨਿਡਰ, ਬੇਬਾਕ, ਰੋਹ ਵਿਦਰੋਹ ਦੀ ਇਸ ਦੀ ਸੁਰ ਪਰੰਪਰਾ ਦੇ ਹਰ ਘੇਰੇ ਨੂੰ ਭੰਨ-ਤੋੜ ਕੇ ਆਪਣਾ ਨਿਵੇਕਲਾ ਪ੍ਰਵਚਨ ਸਿਰਜਦੀ ਹੈ ਜਿਸ ਦੀ ਪ੍ਰਮਾਣਿਕ ਪਛਾਣ ਲੇਖਕ ਨੇ ਕੀਤੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਗੁਰੂ ਰਾਮ ਦਾਸ ਦੀਆਂ ਵਾਰਾਂ ਵਿਚ ਵਿਚਾਰਧਾਰਕ ਰੁਪਾਂਤਰਣ
ਲੇਖਕਾ : ਡਾ: ਸੁਖਜਿੰਦਰ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ।
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 0172-5027427
.

ਲੇਖਕਾ ਨੇ ਪੁਸਤਕ ਨੂੰ ਵਿਧੀਵਤ ਰੂਪ ਦੇਣ ਲਈ ਸਭ ਤੋਂ ਪਹਿਲਾਂ ਵਾਰ ਰੂਪਾਕਾਰ ਦੇ ਸਿਧਾਂਤਕ ਪਰਿਪੇਖ ਨੂੰ ਇਸ ਦੇ ਲੱਛਣਾਂ, ਵਿਕਾਸ, ਲੋਕ ਵਾਰਾਂ, ਅਧਿਆਤਮਕ ਵਾਰਾਂ ਅਤੇ ਨਿਰੋਲ ਬੀਰ ਰਸੀ ਵਾਰਾਂ ਦੀ ਪ੍ਰਕਿਰਤੀ ਅਤੇ ਪ੍ਰਕਾਰਜ ਨੂੰ ਉਘਾੜਿਆ ਹੈ। ਇਸ ਉਪਰੰਤ ਆਦਿ ਗ੍ਰੰਥ ਵਿਚ ਅੰਕਿਤ ਬਾਈ ਵਾਰਾਂ ਨੂੰ ਉਨ੍ਹਾਂ ਦੇ ਵਿਭਿੰਨ ਰਾਗਾਂ, ਪਉੜੀਆਂ, ਸਲੋਕਾਂ, ਧੁਨੀਆਂ ਦੇ ਜ਼ਿਕਰ ਸਹਿਤ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਵਿਭਿੰਨ ਹੋਰ ਗੁਰਮਤਿ ਸ਼ਾਸਤਰੀ ਰੂਪਾਂ ਨੂੰ ਵੀ ਦਰਸਾਇਆ ਹੈ ਅਤੇ ਗੁਰੂ ਰਾਮਦਾਸ ਦੁਆਰਾ ਰਚਿਤ ਸਿਰੀ ਰਾਗ ਕੀ ਵਾਰ, ਗਉੜੀ ਕੀ ਵਾਰ, ਬਿਹਾਗੜੇ ਕੀ ਵਾਰ, ਵਡਹੰਸ ਕੀ ਵਾਰ, ਸੋਰਠ ਕੀ ਵਾਰ, ਸਾਰੰਗ ਕੀ ਵਾਰ ਅਤੇ ਕਾਨੜੇ ਕੀ ਵਾਰ ਦਾ ਸੰਖੇਪ ਸਰੰਚਨਾਤਮਕ ਪ੍ਰੀਚੈ ਦਿੱਤਾ ਹੈ। ਪੁਸਤਕ ਦਾ ਮਹੱਤਵਪੂਰਨ ਕਾਂਡ ਗੁਰੂ ਰਾਮ ਦਾਸ ਦੀਆਂ ਵਾਰਾਂ ਵਿਚ ਆਤਮਾ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਵਿਭਿੰਨ ਸਰੋਕਾਰਾਂ ਦੇ ਅੰਤਰਗਤ ਵਿਚਾਰਦਿਆਂ ਹੋਇਆਂ ਲੇਖਕਾ ਨੇ ਪਰਿਵਾਰਕ ਤੇ ਸਮਾਜਿਕ, ਅਧਿਆਤਮਕ, ਨੈਤਿਕ ਆਦਿ ਸੰਦਰਭਾਂ ਨੂੰ ਉਘੇ ਚਿੰਤਕਾਂ ਦੇ ਹਵਾਲਿਆਂ ਨਾਲ ਖੂਬ ਉਘਾੜਿਆ ਹੈ। ਗੁਰੂ ਰਾਮ ਦਾਸ ਜੀ ਦੀਆਂ ਵਾਰਾਂ ਦੇ ਪ੍ਰਮੁੱਖ ਸੰਕਲਪ ਤੇ ਸਮਾਜਿਕ ਸਰੋਕਾਰਾਂ ਨੂੰ ਬਿਆਨ ਕਰਦਿਆਂ ਲੇਖਕਾ ਨੇ ਗੁਰਮੱਖ ਅਤੇ ਪਰਿਵਾਰ, ਮਨਮੁੱਖ ਤੇ ਮਾਇਆ, ਨਾਮ ਤੇ ਪਰਮਾਤਮਾ, ਗੁਰੂ ਤੇ ਜੀਵ, ਸੰਗਤ ਤੇ ਵਿਅਕਤੀ, ਹਉਮੈ ਤੇ ਮਨੁੱਖ, ਬ੍ਰਹਮ ਤੇ ਸ੍ਰਿਸ਼ਟੀ ਅਤੇ ਜੀਵ ਭਾਵ ਆਤਮਾ ਤੇ ਸੰਸਾਰ ਦੇ ਸੰਕਲਪਾਂ ਦੇ ਆਪਸੀ ਸਬੰਧਾਂ ਅਤੇ ਅੰਤਰ ਨਿਖੇੜ ਨੂੰ ਅਧਿਆਤਮਕ ਅਤੇ ਰਹੱਸਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਪੁਸਤਕ ਦੇ ਅੰਤਮ ਕਾਂਡ ਵਿਚ ਦਰਸਾਇਆ ਗਿਆ ਹੈ ਕਿ ਜਿਥੇ ਲੋਕ ਵਾਰਾਂ ਜਾਂ ਬੀਰ ਰਸੀ ਵਾਰਾਂ ਵਿਚ ਸੂਰਬੀਰਾਂ ਜਾਂ ਰਾਜਿਆਂ ਮਹਾਰਾਜਿਆਂ ਦੀਆਂ ਬਾਹਰੀ ਜਿੱਤਾਂ ਦਾ ਵਰਣਨ ਪ੍ਰਗਟ ਹੁੰਦਾ ਰਿਹਾ ਹੈ ਉਥੇ ਅਧਿਆਤਮਕ ਵਾਰਾਂ ਮਨੁੱਖ ਦੇ ਅੰਦਰੂਨੀ ਸ਼ੁੱਧੀਕਰਨ ਅਤੇ ਸਵੈ ਦੀ ਪਛਾਣ ਕਰਕੇ ਆਤਮਾ ਦੇ ਪਰਮ ਆਤਮਾ ਵਿਚ ਲੀਨ ਹੋਣ ਦਾ ਸਹਿਜ ਮਾਰਗ ਦਰਸਾਂਦੀਆਂ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

c c c

ਕਦੇ ਤਾਂ ਮਿਲ ਜ਼ਿੰਦਗੀ
ਲੇਖਿਕਾ : ਅਰਤਿੰਦਰ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98153-02081.

ਅਰਤਿੰਦਰ ਸੰਧੂ ਪੰਜਾਬੀ ਕਾਵਿ-ਜਗਤ ਦਾ ਇਕ ਜਾਣਿਆ-ਪਛਾਣਿਆ ਨਾਂਅ ਹੈ। ਇਸ ਕਾਵਿ-ਸੰਗ੍ਰਹਿ ਵਿਚਲੇ ਸ਼ਬਦ : ਬਾਲ, ਰਿਸ਼ਤਾ, ਦੋਸਤੀ, ਫੁੱਲ, ਬਿਰਖ, ਖਿਆਲ, ਕਵਿਤਾ, ਅਹਿਸਾਸ, ਪੱਤੇ, ਖੰਭ, ਗੀਟੇ, ਮੌਸਮ, ਬ੍ਰਹਿਮੰਡਕ ਪਸਾਰਿਆਂ ਨਾਲ ਜੁੜੇ ਹੋਣ ਦਾ ਸੰਕੇਤ ਦਿੰਦਿਆਂ ਸਮਾਜਿਕ ਤਾਣੇ-ਬਾਣੇ 'ਚ ਉਲਝੇ/ਸੁਲਝੇ ਰਿਸ਼ਤਿਆਂ ਦਾ ਵੱਖ-ਵੱਖ ਪੱਧਰ 'ਤੇ ਵਾਪਰਦੇ ਵਰਤਾਰਿਆਂ ਦੀ ਬਾਤ ਪਾਉਂਦੇ ਨਜ਼ਰ ਆਉਂਦੇ ਹਨ। 'ਪਿਆਰ' ਵਿਸ਼ੇ ਨਾਲ ਸਬੰਧਿਤ ਤਿੰਨ ਕਵਿਤਾਵਾਂ, ਯਾਦਾਂ 1-3, ਮੁਹੱਬਤ 1-3, ਦੋਸਤੀ 1-7, ਉਮਰ ਦੀ ਚਟਾਨ 1-2, ਔਰਤ-ਮਰਦ ਦੇ ਕੁਦਰਤੀ ਰਿਸ਼ਤੇ ਦੀ ਬੁਨਿਆਦੀ ਬਰਾਬਰਤਾ ਦੇ ਸਮਵਿੱਥ ਔਰਤ ਦੇ ਦੁਜ਼ੈਲੇ ਦਰਜੇ ਦਾ ਸੰਕੇਤ ਦੇਂਦਿਆਂ ਔਰਤ ਦੀ ਪੀੜਾ, ਵਸ਼ਾਦ, ਸੰਤਾਪ, ਮਰਦ ਜਾਤ ਪ੍ਰਤੀ ਕੌੜੀ-ਕੁਸੈਲੀ ਪ੍ਰਕਿਰਿਆ ਅਤੇ ਉਪ ਭਾਵੁਕਤਾ ਦੇ ਪੱਧਰ 'ਤੇ ਵਿਦਰੋਹ ਦੀ ਚਿਣਗ ਜਗਾਉਣ ਦੇ ਅਨੁਭਵ ਦਾ ਪ੍ਰਗਟਾਵਾ ਹਨ। ਅਹਿਸਾਸ ਦੀ ਪੱਧਰ 'ਤੇ ਇਨ੍ਹਾਂ ਕਵਿਤਾਵਾਂ ਨੂੰ ਔਰਤ ਦੀ ਹੋਂਦ ਨਾਲ ਜੋੜ ਕੇ ਅਹਿਸਾਸ ਦੀ ਸ਼ਾਇਰੀ ਦਾ ਨਾਂਅ ਦੇਣਾ ਵਧੇਰੇ ਬਿਹਤਰ ਰਹੇਗਾ। ਕਵਿਤਾਵਾਂ ਦੀ ਸ਼ਬਦਾਵਲੀ ਪਾਠਕ ਅੰਦਰ ਕਰੁਣਾ ਦੀ ਭਾਵਨਾ ਜਗਾਉਂਦੀ ਹੈ ਕਿਉਂਕਿ ਅਰਤਿੰਦਰ ਸੰਧੂ ਨੇ ਉਨ੍ਹਾਂ ਸੂਖ਼ਮ ਮਸਲਿਆਂ ਨੂੰ ਛੋਹਿਆ ਹੈ, ਜਿਨ੍ਹਾਂ ਦਾ ਵਾਸਤਾ ਮਨੁੱਖੀ ਰੂਹ ਨਾਲ ਹੈ। ਅਜਿਹੇ ਮਸਲਿਆਂ ਨੂੰ ਕਵਿਤਾ ਰਾਹੀਂ ਨਜਿੱਠਿਆ ਜਾਂ ਬਿਆਨਿਆ ਜਾ ਸਕਦਾ ਹੈ। ਜ਼ਿੰਦਗੀ ਸਫ਼ਰ ਹੈ ਜਾਂ ਅਨੁਭਵ ਹੈ, ਸਮਾਜਿਕ ਨਿਯਮਾਂ 'ਚ ਨੂੜੇ ਰਿਸ਼ਤਿਆਂ ਦੀ ਸਾਰਥਕਤਾ/ਨਿਰਾਰਥਕਤਾ ਕੀ ਹੈ, ਮੋਹ/ਨਫ਼ਰਤ, ਭਰਮ ਆਦਿ ਵਿਸ਼ੇ ਵਧੇਰੇ ਸੂਖ਼ਮ ਜਾਂ ਕੋਮਲ ਸ਼ਬਦਾਂ ਰਾਹੀਂ ਬਿਆਨੇ ਜਾਣ ਸਦਕਾ ਹੀ ਇਹ ਕਵਿਤਾਵਾਂ ਵਧੇਰੇ ਦਿਲੀ-ਵਲਵਲਿਆਂ ਨੂੰ ਉਤੇਜਿਤ ਕਰਦੀਆਂ ਹਨ :
ਅਜਿਹੇ ਰਿਸ਼ਤੇ ਨਾਮ ਵਾਲੇ ਹੋਣ ਜਾਂ ਬੇਨਾਮ
ਬਿਨਾਂ ਕੁਝ ਹੋਣ ਦੀ ਬੰਦਸ਼ ਤੋਂ
ਬਹੁਤ ਕੁਝ ਹੋ ਜਾਂਦੇ
ਤੇ ਉਹੀ ਜ਼ਿੰਦਗੀ ਦੇ ਹਾਣੀ ਹੁੰਦੇ
ਸਤਵੰਤ ਸਿੰਘ ਸੁਮੇਲ ਦਾ ਬਣਾਇਆ ਸਰਵਰਕ ਔਰਤ ਦੀਆਂ ਵੇਦਨਾਵਾਂ/ਸੰਵੇਦਨਾਵਾਂ ਜੋ ਇਸ ਕਾਵਿ-ਸੰਗ੍ਰਹਿ ਦੀਆਂ ਸੰਦੇਸ਼-ਵਾਹਕ ਹਨ, ਬਾਖੂਬੀ ਬਿਆਨ ਕਰਦਾ ਹੈ। ਸਿਮਰ ਮਜੀਠੀਆ ਦੇ ਬਣਾਏ ਸਕੈੱਚ ਵੀ ਇਸ ਪੁਸਤਕ ਦਾ ਸ਼ਿੰਗਾਰ ਹਨ। ਪੁਸਤਕ ਨੂੰ ਖੁਸ਼-ਆਮਦੀਦ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਪਾਠਕਾਂ ਪਾਸੋਂ ਵੀ ਇਸ ਪੁਸਤਕ ਨੂੰ ਭਰਪੂਰ ਹੁੰਗਾਰਾ ਮਿਲਣ ਦੀ ਤਵੱਕੋ ਕਰਦਾ ਹਾਂ।

-ਸੰਧੂ ਵਰਿਆਣਵੀ (ਪ੍ਰੋ:)
ਮੋ: 94630-14096.

c c c

ਮੇਰੀ ਧਰਤੀ ਦੀ ਖੁਸ਼ਬੋ
ਲੇਖਕ : ਦਰਸ਼ਨ ਸਿੰਘ ਪ੍ਰੀਤੀਮਾਨ
ਪ੍ਰਕਾਸ਼ਕ : ਚਾਨਣਦੀਪ ਪ੍ਰਕਾਸ਼ਨ, ਰਾਮਪੁਰਾ ਫੂਲ (ਬਠਿੰਡਾ)
ਮੁੱਲ : 200 ਰੁਪਏ, ਸਫ਼ੇ : 206
ਸੰਪਰਕ : 97792-97682.

ਦਰਸ਼ਨ ਸਿੰਘ ਪ੍ਰੀਤੀਮਾਨ ਨੇ ਇਸ ਪੁਸਤਕ ਵਿਚ 10 ਪਿੰਡਾਂ ਅਤੇ ਬਠਿੰਡੇ ਸ਼ਹਿਰ ਬਾਰੇ ਸਰਬ ਪੱਖੀ ਗਿਆਨ ਪ੍ਰਸਤੁਤ ਕੀਤਾ ਹੈ। ਪੁਸਤਕ ਵਿਚ ਆਪਣੇ ਇਲਾਕੇ ਬਾਰੇ ਉਸ ਦਾ ਲਿਖਿਆ ਇਕ ਕਾਵਿ ਚਿੱਤਰ, ਜੋ ਇਸ ਪੁਸਤਕ ਦੇ ਮੁਢਲੇ ਭਾਗ ਵਿਚ ਛੰਦਾਬੰਦੀ ਦੇ ਰੂਪ ਵਿਚ ਪੇਸ਼ ਹੋਇਆ ਉਸ ਵਿਚ ਉਸ ਨੇ ਆਪਣੇ ਇਲਾਕੇ ਦੇ ਇਤਿਹਾਸ ਭੂਗੋਲ, ਸੱਭਿਆਚਾਰ, ਧਾਰਮਿਕ ਥਾਵਾਂ, ਵਿਕਾਸ ਅਤੇ ਤਰੱਕੀ ਦੇ ਬਿਓਰੇ ਦੇ ਨਾਲ-ਨਾਲ ਉਥੇ ਦੇ ਪਸ਼ੂ, ਪੰਛੀਆਂ ਅਤੇ ਦਰੱਖਤਾਂ ਬਾਰੇ ਬਹੁਤ ਹੀ ਵਿਸਥਾਰਤ ਅਤੇ ਭਾਵਪੂਰਤ ਜਾਣਕਾਰੀ ਦਿੱਤੀ ਹੈ, ਜੋ ਕਿਸੇ ਵੀ ਕੋਸ਼ ਨਾਲੋਂ ਘੱਟ ਨਹੀਂ ਜਾਪਦੀ। ਪ੍ਰੀਤੀਮਾਨ ਨੇ ਪਿੰਡ ਰਾਮਪੁਰਾ, ਭੂੰਦੜ, ਕੋੜਿਆਂ ਵਾਲਾ ਕੋਟਲਾ ਲਹਿਰਾ ਧੂਰਕੋਟ, ਮਹਿਰਾਜ, ਫੂਲ ਟਾਊਨ, ਗਿੱਲ ਕਲਾਂ, ਜੇਠੂਕੇ ਪਿੱਥੋ, ਮੰਡੀ ਕਲਾਂ ਤੋਂ ਇਲਾਵਾ ਰਾਮਪੁਰਾ ਫੂਲ ਦੀ ਨਾਭਾ ਮੰਡੀ, ਪਟਿਆਲਾ ਮੰਡੀ ਅਤੇ ਬਠਿੰਡਾ ਸ਼ਹਿਰ ਬਾਰੇ ਬਹੁਤ ਹੀ ਸੰਘਣੀ ਜਾਣਕਾਰੀ ਪੇਸ਼ ਕੀਤੀ ਹੈ। ਉਸ ਨੇ ਇਸ ਜਾਣਕਾਰੀ ਨੂੰ ਪਾਠਕਾਂ ਨਾਲ ਸਾਂਝਿਆਂ ਕਰਨ ਲਈ ਆਪਣੀ ਕਲਪਨਾ ਦੀ ਉਡਾਰੀ ਤਹਿਤ ਹੁੱਜਤ, ਵਿਰਤੀ, ਗੁਰਦੇਵ ਅਤੇ ਗੁੰਮਨਾਮ ਕਲਾਕਾਰ ਪਾਤਰਾਂ ਦੁਆਰਾ ਨਾਟਕੀ ਵਾਤਾਵਰਨ ਉਸਾਰ ਕੇ ਆਪਣੀ ਜਾਣਕਾਰੀ ਨੂੰ ਰੌਚਿਕ ਬਣਾਇਆ ਹੈ। ਮਿਸਾਲ ਵਜੋਂ ਪਾਤਰ ਦੇ ਰੂਪ ਵਿਚ ਲੇਖਕ ਗੁਰਦੇਵ ਭਾਵ ਜਾਣਕਾਰੀ ਦੇਣ ਵਾਲੇ ਪਾਤਰ ਕੋਲੋਂ ਵੱਖ-ਵੱਖ ਪਿੰਡਾਂ ਦੀ ਜਾਣਕਾਰੀ ਪ੍ਰਸ਼ਨੋਤਰੀ ਸ਼ੈਲੀ ਵਿਚ ਪ੍ਰਾਪਤ ਕਰਦਾ ਹੈ। ਇਲਾਕੇ ਦੀਆਂ ਸ਼ਖ਼ਸੀਅਤਾਂ, ਇਤਿਹਾਸਕ, ਭੂਗੋਲਿਕ ਥਾਵਾਂ ਨੂੰ ਪੇਸ਼ ਕਰਦਿਆਂ ਲੇਖਕ ਕਾਵਿ-ਪੰਕਤੀਆਂ ਨਾਲ ਇਸ ਪੜ੍ਹਨਯੋਗ ਪੁਸਤਕ ਨੂੰ ਹੋਰ ਵੀ ਰੌਚਿਕ ਅਤੇ ਦਿਲਚਸਪ ਬਣਾ ਕੇ ਪੇਸ਼ ਕਰਦਾ ਹੈ।

c c c

ਪਵਨ ਪਰਿੰਦਾ ਦਾ ਕਲਮੀ ਸਫ਼ਰ
ਸੰਪਾਦਕ : ਡਾ: ਸਤਪ੍ਰੀਤ ਸਿੰਘ ਜੱਸਲ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 214
ਸੰਪਰਕ : 97790-50692.

'ਪਵਨ ਪਰਿੰਦਾ ਦਾ ਕਲਮੀ ਸਫ਼ਰ' ਪੁਸਤਕ ਜੋ ਕਿ ਡਾ: ਸਤਪ੍ਰੀਤ ਸਿੰਘ ਜੱਸਲ ਦੁਆਰਾ ਸੰਪਾਦਿਤ ਕੀਤੀ ਗਈ ਹੈ, ਵਿਚ ਸੰਪਾਦਕ ਨੇ ਵੱਖ-ਵੱਖ ਵਿਦਵਾਨਾਂ ਦੇ ਖੋਜ ਪੱਤਰ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦੁਆਰਾ ਪਵਨ ਪਰਿੰਦਾ ਦੀਆਂ ਕਹਾਣੀਆਂ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਘੋਖਣ ਪੜਤਾਲਨ ਦਾ ਯਤਨ ਕੀਤਾ ਹੈ। ਹਥਲੀ ਪੁਸਤਕ ਵਿਚ 33 ਖੋਜ ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਕੁਝ ਵਿਦਵਾਨਾਂ ਦੇ ਇਕ ਤੋਂ ਵਧੇਰੇ ਖੋਜ ਲੇਖ ਵੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦੇ ਅਖ਼ੀਰ 'ਤੇ ਜੀਵਨ ਰਾਮਗੜ੍ਹ ਦੁਆਰਾ ਪਵਨ ਪਰਿੰਦਾ ਨਾਲ ਕੀਤੀ ਇਕ ਲੰਮੀ ਮੁਲਾਕਾਤ ਵੀ ਸ਼ਾਮਿਲ ਹੈ, ਜਿਸ ਵਿਚ ਪਵਨ ਪਰਿੰਦਾ ਦੇ ਕਹਾਣੀ ਪ੍ਰਵੇਸ਼, ਉਸ ਦੇ ਨਿੱਜੀ ਜੀਵਨ ਤੋਂ ਇਲਾਵਾ ਪੰਜਾਬੀ ਸਾਹਿਤਕ ਖੇਤਰ ਦੀ ਸਥਿਤੀ ਅਤੇ ਉਸ ਦੀ ਕਥਾ-ਦ੍ਰਿਸ਼ਟੀ ਸਬੰਧੀ ਸੰਵਾਦ ਰਚਾਇਆ ਗਿਆ ਹੈ। ਪੁਸਤਕ ਵਿਚ ਪਵਨ ਪਰਿੰਦਾ ਦੀਆਂ ਕੁਝ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਜਦੋਂ ਅਸੀਂ ਪੁਸਤਕ ਵਿਚ ਸ਼ਾਮਿਲ ਖੋਜ ਪੱਤਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਉੱਭਰਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਪਵਨ ਪਰਿੰਦਾ ਮਾਲਵੇ ਖੇਤਰ ਦਾ ਅਜਿਹਾ ਕਥਾਕਾਰ ਹੈ, ਜਿਸ ਨੇ ਵਿਸ਼ਵੀਕਰਨ ਦੇ ਦੌਰ ਵਿਚ ਬਦਲਦੀਆਂ ਪ੍ਰਸਥਿਤੀਆਂ ਅਤੇ ਬਦਲਦੇ ਜੀਵਨ ਯਥਾਰਥ ਨੂੰ ਆਪਣੀ ਕਹਾਣੀ ਦੀਆਂ ਤੰਦਾਂ ਵਿਚ ਪਕੜਨ ਦਾ ਯਤਨ ਕੀਤਾ ਹੈ। ਉਸ ਦੀ ਕਹਾਣੀ ਵਿਚ ਕਿਰਤੀਆਂ ਦੀ ਲੁੱਟ ਦਾ ਵੀ ਜ਼ਿਕਰ ਹੈ, ਸਮਾਜਿਕ ਨਿਘਾਰ ਦੀ ਵੀ ਨਿਸ਼ਾਨਦੇਹੀ ਹੈ, ਜਮਾਤੀ ਸੰਘਰਸ਼ ਦਾ ਵੀ ਵੇਰਵਾ ਹੈ ਅਤੇ ਅਜੋਕੀਆਂ ਪ੍ਰਸਥਿਤੀਆਂ ਦੀ ਦੇਣ ਮਾਨਸਿਕ ਟੁੱਟ-ਭੱਜ ਦਾ ਵੀ ਜ਼ਿਕਰ ਹੈ ਉਸ ਦੀ ਵਿਅੰਗ ਦ੍ਰਿਸ਼ਟੀ ਉਸ ਸਮਾਜਿਕ ਪ੍ਰਬੰਧ ਉਤੋਂ ਉਛਾੜ ਲਾਹੁੰਦੀ ਹੈ, ਜਿਥੇ ਸਭ ਕੁਝ ਠੀਕ ਨਹੀਂ। ਕੁਝ ਖੋਜ ਲੇਖ ਕਹਾਣੀ ਕੇਂਦਰਿਤ ਹਨ ਅਤੇ ਕੁਝ 'ਪੁਸਤਕ ਕੇਂਦਰਤ' ਪਰ ਹਰੇਕ ਵਿਦਵਾਨ ਨੇ ਮਿਹਨਤ ਨਾਲ ਪਵਨ ਪਰਿੰਦਾ ਦੀ ਕਹਾਣੀ ਨੂੰ ਨਿਰਖਣ ਪਰਖਣ ਦਾ ਯਤਨ ਕੀਤਾ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਆਵਾਜ਼ਾਂ ਗੁਫ਼ਤਗੂ 'ਚ ਨੇ
ਸ਼ਾਇਰ : ਤਰਸੇਮ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਦਿੱਲੀ
ਮੁੱਲ : 275 ਰੁਪਏ, ਸਫ਼ੇ : 140
ਸੰਪਰਕ : 98159-76485.

ਤਰਸੇਮ ਨਵੀਂ ਪੰਜਾਬੀ ਕਵਿਤਾ ਦਾ ਚਰਚਿਤ ਸ਼ਾਇਰ ਹੈ। ਹੁਣ ਤੱਕ ਉਸ ਦੀਆਂ ਤਿੰਨ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅਨੁਵਾਦ ਸਾਹਿਤ, ਬਾਲ ਸਾਹਿਤ ਦੇ ਖੇਤਰ ਵਿਚ ਵੀ ਤਰਸੇਮ ਦਾ ਵਿਸ਼ੇਸ਼ ਯੋਗਦਾਨ ਹੈ। 'ਆਵਾਜ਼ਾਂ ਗੁਫ਼ਤਗੂ 'ਚ ਨੇ' ਸ਼ਾਇਰ ਦਾ ਚੌਥਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਲੇਖਕ ਆਪ ਮਨ ਦੀਆਂ ਭਾਵਨਾਵਾਂ ਤੇ ਸਮਾਜਿਕ ਉਦਗਾਰਾਂ ਨਾਲ ਇਕ ਸਹਿਜ ਸੰਵਾਦ ਰਚਾਉਂਦਾ ਪ੍ਰਤੀਤ ਹੁੰਦਾ ਹੈ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸਾਡੇ ਸਮਾਜ ਵਿਚਲੇ ਉੱਤਰ ਆਧੁਨਿਕ ਸਰੋਕਾਰਾਂ ਨੂੰ ਪੇਸ਼ ਕਰਦੀਆਂ ਹਨ। ਇਹ ਕਵਿਤਾਵਾਂ 'ਨਵੀਂ ਚੇਤਨਾ' ਦੀਆਂ ਕਵਿਤਾਵਾਂ ਹਨ, ਜਿਹੜੀਆਂ ਵਸਤੂ ਵਰਤਾਰਿਆਂ ਨੂੰ ਆਮ ਫਹਿਮ ਦ੍ਰਿਸ਼ਟੀ ਤੋਂ ਨਹੀਂ ਤੱਕਦੀਆਂ, ਬਲਕਿ ਇਹ ਜੀਵਨ ਨੂੰ ਉੱਤਰ ਆਧੁਨਿਕ ਦ੍ਰਿਸ਼ਟੀ ਨਾਲ ਪ੍ਰਭਾਸ਼ਿਤ ਕਰਦੀਆਂ ਹਨ। ਅਜੋਕੇ ਦੌਰ ਵਿਚ ਜਦੋਂ ਆਖਿਆ ਜਾ ਰਿਹਾ ਹੈ ਕਿ ਸਮੁੱਚਾ ਵਿਸ਼ਵ ਇਕ ਪਿੰਡ ਬਣ ਗਿਆ ਹੈ। 'ਗਲੋਬਲੀ ਪਿੰਡ' ਦੇ ਇਸ ਪ੍ਰਸੰਗ ਵਿਚ ਤਰਸੇਮ ਦੀ ਇਹ ਕਵਿਤਾ ਵੇਖੀ ਜਾ ਸਕਦੀ ਹੈ,
ਭੀੜ ਨੂੰ ਚੀਰਦਾ ਆਦਮੀ ਆਇਆ
ਆਦੇਸ਼ ਦਿੱਤਾ
'ਓ ਭਈਆ! ਚਲੋ ਉਪਰ ਚੜ੍ਹ ਜਾਓ'
ਬਿਹਾਰੀ ਇਕ ਇਕ ਕਰਕੇ
ਸਲੀਪਿੰਗ ਸੀਟ 'ਤੇ ਬੈਠੇ ਇਉਂ ਦੇਖ ਰਹੇ ਨੇ
ਜਿਵੇਂ ਕਹਿ ਰਹੇ ਹੋਣ
'ਆਨਾ ਕਭੀ ਹਮਾਰੇ ਬਿਹਾਰ...'
ਸਮੱਸਿਆਵਾਂ ਕਈ ਵਾਰ ਜਿੰਨੀਆਂ ਸਾਧਾਰਨ ਦਿਸਦੀਆਂ ਹਨ, ਅਸਲ ਵਿਚ ਓਨੀਆਂ ਹੁੰਦੀਆਂ ਨਹੀਂ। ਆਧੁਨਿਕ ਵਰਤਾਰੇ ਵਿਚ ਬੰਦਾ ਵਸਤੂ ਬਣ ਰਿਹਾ ਹੈ। ਜ਼ਿੰਦਗੀ ਦੇ ਪ੍ਰਤੀਮਾਨ ਬਦਲ ਰਹੇ ਨੇ
ਹੱਥਾਂ ਦੀਆਂ ਲਕੀਰਾਂ ਵਿਚ
ਕੋਈ ਤਾਂ ਬਣਦੀ ਹੈ
ਪਰ ਉਂਗਲਾਂ ਦੀਆਂ ਵਿਰਲਾਂ ਵਿਚੋਂ
ਛਣ ਜਾਂਦਾ ਹੈ
ਘਰ ਦਾ ਸੁਪਨਾ...
ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਪਾਠਕ ਦੇ ਜ਼ਿਹਨ ਵਿਚ ਇਕ ਸਵਾਲ ਬੀਜਦੀਆਂ ਹਨ। ਚੰਗੀ ਕਵਿਤਾ ਦੀ ਇਹੋ ਨਿਸ਼ਾਨੀ ਹੁੰਦੀ ਹੈ।

-ਡਾ: ਅਮਰਜੀਤ ਕੌਂਕੇ।

c c c

ਸਰਘੀ ਸੂਰਜ ਲੋਅ
ਗ਼ਜ਼ਲਕਾਰ : ਕਮਲ ਦੇਵ ਪਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 180 ਰੁਪਏ, ਸਫ਼ੇ : 52
ਸੰਪਰਕ : 0172-5027427.

ਕਮਲ ਦੇਵ ਪਾਲ ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਵਿਚ ਇਸ ਦੀ ਖ਼ੁਸ਼ਗਵਾਰ ਸਥਾਪਤੀ ਤੋਂ ਬਾਅਦ ਸ਼ੁਰੂ ਹੋਏ ਸੁਖਦ ਦੌਰ ਦੇ ਆਰੰਭ ਵਿਚ ਨਵੇਂ ਮੁਹਾਂਦਰੇ ਨਾਲ ਅਛੋਪਲੇ ਜਿਹੇ ਸ਼ਾਮਿਲ ਹੋਇਆ ਸੀ। ਉਸ ਦਾ ਭਾਵੇਂ ਇਕ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ ਪਰ ਉਸ ਦਾ ਨਿਰੋਲ ਗ਼ਜ਼ਲ ਸੰਗ੍ਰਹਿ 'ਸਰਘੀ ਸੂਰਜ ਲੋਅ' ਕਾਫ਼ੀ ਪਛੜ ਕੇ ਛਪਿਆ ਹੈ। ਸ਼ਾਇਰੀ ਕਦੇ ਵੀ ਕੋਰੀ ਕਲਪਨਾ ਨਹੀਂ ਹੁੰਦੀ ਤੇ ਉਸ ਵਿਚ ਸ਼ਾਇਰ ਦੀ ਜ਼ਿੰਦਗੀ ਦੇ ਅਨੁਭਵ ਦਾ ਇਕ ਵੱਡਾ ਹਿੱਸਾ ਸ਼ਾਮਿਲ ਹੁੰਦਾ ਹੈ। ਪਾਲ ਸੰਘਰਸ਼ 'ਚੋਂ ਨਿਕਲਿਆ ਹੈ ਤੇ 'ਸਰਘੀ ਸੂਰਜ ਲੋਅ' ਅਗਲੇਰੇ ਸੰਘਰਸ਼ ਦੀ ਰੂਪ ਰੇਖਾ ਉਲੀਕਦੀ ਹੋਈ ਗ਼ਜ਼ਲਾਂ ਦੀ ਖ਼ੂਬਸੂਰਤ ਪੁਸਤਕ ਹੈ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਵਿਚ ਲਿਤਾੜੀ ਜਾ ਰਹੀ ਸ਼੍ਰੇਣੀ ਲਈ ਹੌਸਲਾ ਹੈ ਤੇ ਉਸ ਦਾ ਮੱਤ ਹੈ ਕਿ ਗ਼ੁਲਾਮਾਂ ਦੇ ਘਰੋਂ ਹੀ ਆਜ਼ਾਦੀ ਦਾ ਬਿਗਲ ਵੱਜਦਾ ਹੈ। ਮਜ਼ਹਬ ਦੇ ਨਾਂਅ 'ਤੇ ਗੁੰਡਾਗਰਦੀ ਤੇ ਪਾਖੰਡੀ ਸਾਧ ਵੀ ਉਸ ਦੇ ਨਿਸ਼ਾਨੇ 'ਤੇ ਹਨ। ਆਪਣੀ ਸੰਬੋਧਨੀ ਸ਼ੈਲੀ ਵਿਚ ਉਹ ਦਿੱਲੀ ਦੇ ਰੂ-ਬਰੂ ਹੋਇਆ ਕਹਿੰਦਾ ਹੈ ਕਿ ਸਤਾਏ ਹੋਏ ਲੋਕ ਆਖਿਰ ਉਸ ਦਾ ਗ਼ਰੂਰ ਮਲੀਆਮੇਟ ਕਰ ਦੇਣਗੇ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਪਾਲ ਦੇ ਸੰਘਰਸ਼ੀ ਸ਼ਾਇਰ ਹੋਣ 'ਤੇ ਮੋਹਰ ਲਗਦੀ ਹੈ। ਪਿਆਰ-ਮੁਹੱਬਤ ਤੇ ਹੋਰ ਰਿਸ਼ਤਿਆਂ ਦਾ ਪੁਸਤਕ ਵਿਚ ਜ਼ਿਕਰ ਤਾਂ ਹੈ ਪਰ ਉਹ ਲੋੜਾਂ-ਥੁੜ੍ਹਾਂ ਦੀ ਸ਼ਿਅਰਕਾਰੀ ਹੇਠ ਕਿਧਰੇ ਦਬ ਗਏ ਮਹਿਸੂਸ ਹੁੰਦੇ ਹਨ। ਸਮੁੱਚੀ ਕਿਤਾਬ 'ਚੋਂ ਮੁਹੱਬਤ ਨਾਲ ਸਬੰਧਿਤ ਸ਼ਿਅਰ ਨਾਮਾਤਰ ਹਨ ਕਿਉਂ ਕਿ ਸ਼ਾਇਰ ਨੇ ਜ਼ਿੰਦਗੀ ਵਿਚ ਦੁਸ਼ਵਾਰੀਆਂ ਦੇਖੀਆਂ ਤੇ ਹੰਢਾਈਆਂ ਹਨ ਤੇ ਇਨ੍ਹਾਂ ਦੀ ਤੀਬਰਤਾ ਨੇ ਏਸ ਪਾਸੇ ਸੋਚਣ ਦਾ ਵਕਤ ਹੀ ਨਹੀਂ ਦਿੱਤਾ। ਉਸ ਨੇ ਭਾਜੀ, ਅਪਣੀ ਥਾਂ, ਕਿਸੇ ਵੇਲੇ, ਕਤਰਾ ਕਿਤੇ ਕਤਰਾ ਕਿਤੇ, ਦਿੱਲੀ, ਦਰਵੇਸ਼ਾਂ ਨੇ ਤੇ ਰਹੇਗਾ ਜੋਸ਼ ਸਾਡੇ ਵਿਚ ਵਰਗੀਆਂ ਕੁਝ ਨਵੀਂਆਂ ਰਦੀਫ਼ਾਂ ਨੂੰ ਵੀ ਉਪਯੋਗ ਵਿਚ ਲਿਆਂਦਾ ਹੈ। ਪਾਲ ਪੁਰਾਣਾ ਤੇ ਅਨੁਭਵੀ ਗ਼ਜ਼ਲਕਾਰ ਹੈ ਤੇ ਉਸ ਦੀ ਅਗਵਾਈ ਉਸਤਾਦ ਚਾਨਣ ਗੋਬਿੰਦਪੁਰੀ ਹੁਰਾਂ ਕੀਤੀ ਹੈ, ਇਸ ਲਈ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਅਭਿਆਸ ਦੇ ਭੱਠੇ 'ਚੋਂ ਨਿਕਲੀਆਂ ਸੁਰਖ਼ ਇੱਟਾਂ ਵਰਗੇ ਹਨ ਜਿਨ੍ਹਾਂ ਦੀਆਂ ਟੁਣਕਾਰਾਂ ਮਨਮੋਹਕ ਤਰੰਗਾਂ ਛੇੜਦੀਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

c c c

ਨਾਗਰ ਸਿੰਘ ਤੂਰ ਦਾ ਕਹਾਣੀ ਸੰਗ੍ਰਹਿ ਅਪਰਾਧੀ ਕੌਣ? ਦੇ ਪ੍ਰਮੁੱਖ ਸਰੋਕਾਰ
ਸੰਪਾਦਕ : ਪ੍ਰੋ: ਬਲਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 75891-18076.

ਨਾਗਰ ਸਿੰਘ ਤੂਰ ਦੇ ਪਹਿਲੇ ਕਹਾਣੀ ਸੰਗ੍ਰਹਿ ਦੇ ਪਰਮੁਖ ਸਰੋਕਾਰਾਂ ਬਾਰੇ ਇਹ ਪੁਸਤਕ ਆਲੋਚਨਾਤਮਕ ਲੇਖਾਂ ਦੀ ਹੈ, ਜਿਸ ਵਿਚ ਪਬਲਿਸ਼ਰਜ਼ ਨੇ 21 ਨਾਰੀ ਆਲੋਚਕਾਂ ਦੇ ਕਹਾਣੀਆਂ ਬਾਰੇ ਨਿਬੰਧ ਲਏ ਹਨ। ਇਨ੍ਹਾਂ ਲੇਖਾਂ ਵਿਚ ਸੰਗ੍ਰਹਿ ਦੀਆਂ ਕੁੱਲ 15 ਕਹਾਣੀਆਂ ਦੇ ਵਿਸ਼ਿਆਂ ਦੀ ਚਰਚਾ ਡਾ: ਕਿਰਨਪਾਲ ਕੌਰ, ਡਾ: ਰਣਜੀਤ ਕੌਰ, ਪੁਨੀਤ, ਪ੍ਰੋ: ਬਲਜੀਤ ਕੌਰ ਨੇ ਕੀਤੀ ਹੈ। ਕਹਾਣੀਆਂ ਦੀ ਸਮਾਜਿਕ ਚੇਤਨਾ ਤੇ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਬਾਰੇ ਪ੍ਰੋ: ਜਗਰੂਪ ਕੌਰ ਤੇ ਪ੍ਰੋ: ਸਰਬਜੀਤ ਕੌਰ ਦੇ ਨਿਬੰਧ ਹਨ। ਪ੍ਰੋ: ਵੰਦਨਾ ਤੇ ਲਵਜੀਤ ਕੌਰ ਨੇ ਤੂਰ ਦੀਆਂ ਕਹਾਣੀਆਂ ਦੇ ਸਮਾਜਿਕ ਯਥਾਰਥ ਬਾਰੇ ਨਿੱਗਰ ਚਰਚਾ ਕੀਤੀ ਹੈ। ਸਮਾਜਿਕ ਕੋਹੜ ਨੂੰ ਨੰਗਾ ਕਰਦੀਆਂ ਕਹਾਣੀਆਂ ਦਾ ਜ਼ਿਕਰ ਪ੍ਰੋ: ਗੁਰਬਿੰਦਰ ਕੌਰ ਬਰਾੜ ਨੇ ਕੀਤਾ ਹੈ। ਪੁਸਤਕ ਦੇ ਵੱਖ-ਵੱਖ ਨਿਬੰਧਕਾਰਾਂ ਨੇ ਕਹਾਣੀਆਂ ਦੇ ਪਾਤਰ ਮਾਧੂ (ਵਹਿਸ਼ੀ ਮਨੁੱਖ) ਦੇ ਵਹਿਸ਼ੀਪਣ ਨੂੰ ਲੈ ਕੇ ਸਮਾਜਿਕ ਸਥਿਤੀਆਂ ਦੇ ਸਰੋਕਾਰਾਂ ਨੂੰ ਰੂਪਮਾਨ ਕੀਤਾ ਹੈ। ਆਪਣੇ ਨਾਬਾਲਗ ਪੁੱਤਰ ਦਾ ਵਿਆਹ ਕਰਕੇ ਇਸ ਰਿਸ਼ਤੇ ਵਿਚੋਂ ਆਪਣੀ ਹਵਸ ਪੂਰਤੀ ਕੀਤੀ ਹੈ। ਆਲੋਚਕਾਂ ਨੇ ਇਸ ਪਾਤਰ ਸਮੇਤ ਕਹਾਣੀਆਂ ਦੇ ਹੋਰ ਕਈ ਪਾਤਰ-ਰਾਣੋ (ਹਰੀ ਕੁੱਖ), ਕਰਮਜੀਤ (ਕਰਨੀ ਵਾਲਾ ਬਾਬਾ), ਡਾ: ਦੁੱਗਲ (ਕਹਾਣੀ ਗਰਭਪਾਤ), ਸੁਖਜੀਵਨ ਤੇ ਜੱਗਾ (ਕਹਾਣੀ ਵਿਸ਼ਵਾਸ਼ਘਾਤ) ਆਦਿ ਦਾ ਮਨੋਵਿਸ਼ਲੇਸ਼ਣ ਵੀ ਕੀਤਾ ਹੈ। ਪੁਸਤਕ ਵਿਚ ਕਹਾਣੀਆਂ ਦੇ ਕਈ ਵਾਕ ਤੇ ਪੈਰ੍ਹੇ ਦਿੱਤੇ ਹਨ ਜਿਨ੍ਹਾਂ ਤੋਂ ਲੇਖਾਂ ਦੇ ਵਿਸ਼ਿਆਂ ਦੀ ਤਸਵੀਰ ਸਪੱਸ਼ਟ ਹੁੰਦੀ ਹੈ। ਦੇਸ਼ ਵੰਡ ਸਮੇਂ ਹੋਈ ਮਾਨਵਤਾ ਦੇ ਘਾਣ ਬਾਰੇ ਵੀ ਕਹਾਣੀਆਂ ਦੇ ਸੰਦਰਭ ਵਿਚ ਲੇਖ ਹਨ। ਖੋਜੀ ਆਲੋਚਕਾਂ ਨੇ ਪੰਜਾਬੀ ਕਹਾਣੀ ਨਾਲ ਜੁੜੇ ਕਈ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਦਿੱਤੇ ਹਨ ਤੇ ਪਂਜਾਬੀ ਕਹਾਣੀ ਦੇ ਨਿਕਾਸ ਤੇ ਵਿਕਾਸ ਦੀ ਚਰਚਾ ਕੀਤੀ ਹੈ। ਨਾਰੀ ਆਲੋਚਕਾਂ ਦੇ ਕਾਰਜਸ਼ੀਲ ਅਦਾਰਿਆਂ ਦਾ ਸਿਰਨਾਵਾਂ ਹਰੇਕ ਲਿਖਤ ਦੇ ਨਾਲ ਹੈ। ਨਾਗਰ ਸਿੰਘ ਤੂਰ ਦੀ ਕਹਾਣੀ ਕਲਾ ਦੀ ਪੂਰੀ ਜਾਣਕਾਰੀ ਮਿਲਦੀ ਹੈ।

c c c

ਟਿਮਕਣੀਆਂ ਵਾਲੀ ਮੁਰਗੀ
ਲੇਖਕ : ਗੁਰਜੰਟ ਸਿੰਘ ਚੁਹਾਣਕੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 95016-24038.

ਉੱਭਰਦੇ ਲੇਖਕ ਦੀ ਪਹਿਲੀ ਪੁਸਤਕ ਵਿਚ ਉਸ ਦੀਆਂ ਬਚਪਨ ਦੀਆਂ ਯਾਦਾਂ ਨੂੰ ਸਮਰਪਿਤ ਕੁੱਲ ਛੋਟੀਆਂ-ਵੱਡੀਆਂ 14 ਰਚਨਾਵਾਂ ਹਨ। ਜਿਨ੍ਹਾਂ ਨੂੰ ਲੇਖਕ ਨੇ ਕਹਾਣੀਆਂ ਕਿਹਾ ਹੈ। ਇਨ੍ਹਾਂ ਵਿਚੋਂ ਕੁਝ ਰਚਨਾਵਾਂ ਸਿੱਧਾ ਬਿਰਤਾਂਤ ਹਨ। ਰਚਨਾ ਪ੍ਰਾਇਮਰੀ ਸਕੂਲ ਵਿਚ ਲੇਖਕ ਆਪਣੇ ਬਚਪਨ ਦੀ ਪੜ੍ਹਾਈ ਦਾ ਜ਼ਿਕਰ ਕਰਦਾ ਹੈ। ਜਿਸ ਵਿਚ ਉਸ ਦੇ ਪ੍ਰਾਇਮਰੀ ਅਧਿਆਪਕ, ਦੋਸਤ ਮਿੱਤਰ ਤੇ ਕੁਝ ਯਾਦਾਂ ਹਨ। ਨਿਬੰਧ ਰੂਪ ਵਿਚ। ਅਧਿਆਪਕਾਂ ਦਾ ਸੁਭਾਅ, ਅਧਿਆਪਨ ਵਿਧੀਆਂ ਆਦਿ ਦਾ ਵੇਰਵਾ ਹੈ। ਪੁਸਤਕ ਸਿਰਲੇਖ ਵਾਲੀ ਕਹਾਣੀ ਵਿਚ ਵੀ ਛੋਟੇ ਹੁੰਦਿਆਂ ਲੇਖਕ ਦੇ ਬਾਪੂ ਵਲੋਂ ਲਿਆਂਦੀ ਮੁਰਗੀ ਤੇ ਉਸ ਦੇ ਚੂਚਿਆਂ ਨਾਲ ਜੁੜੀ ਯਾਦ ਹੈ ਕਿ ਕਿਵੇਂ ਚੂਚਿਆਂ ਨੂੰ ਇਕ ਰਾਤ ਬਿੱਲੀ ਲੈ ਗਈ। ਬਾਲ ਮਨ ਦੁਖੀ ਹੋਇਆ। ਇਹ ਬਚਪਨ ਦਾ ਜੀਵਾਂ ਨਾਲ ਮੋਹ ਹੈ। ਕਹਾਣੀ ਮਾਰੂ ਚਾਹ ਵਿਚ ਘਰ ਦੀ ਗ਼ਰੀਬੀ ਹੈ। ਮੱਖਣੀ ਦਾ ਪਾਤਰ ਚੋਰ ਹੈ। ਇਸ ਦਾ ਭੈੜਾ ਅਕਸ ਲੇਖਕ ਦੇ ਮਨ ਵਿਚ ਬੈਠਾ ਹੈ। ਪਰ ਬਿਰਤਾਂਤ ਰੂਪ ਹੈ। ਕਹਾਣੀ ਸ਼ੇਰੂ ਬੱਕਰੀਆਂ ਚਾਰਦਾ ਹੈ। ਕੁਝ ਚਿਰ ਪਹਿਲਵਾਨੀ ਕਰਦਾ ਰਿਹਾ। ਲੋਕਾਂ ਵਿਚ ਜਾਣਿਆ ਜਾਣ ਲੱਗਾ। ਇਕ ਧੀ ਸੀ। ਉਹ ਵਿਆਹ ਦਿੱਤੀ। ਇਕ ਦਿਨ ਰਾਤ ਨੂੰ ਘਰ ਵਿਚ ਬਿੱਲੀ ਜਗਦੇ ਦੀਵੇ ਨੂੰ ਡੇਗ ਗਈ। ਹੇਠਾਂ ਪਰਾਲੀ ਸੀ। ਘਰ ਨੂੰ ਅੱਗ ਲੱਗ ਗਈ। ਵਿਚਾਰਾ ਸ਼ੇਰੂ ਜਿਊਂਦਾ ਮਾਰਿਆ ਗਿਆ। ਮੀਤਾ ਦੀ ਪਾਤਰ ਕੋਰੀ ਅਨਪੜ੍ਹ ਹੈ। ਮੂੰਹ-ਫਟ ਹੈ। ਹਰੇਕ ਨਾਲ ਲੜਦੀ ਹੈ। ਕਤਲ ਤੱਕ ਕਰ ਦਿੰਦੀ ਹੈ। ਕੁਝ ਰਚਨਾਵਾਂ ਵਿਚ ਲੇਖਕ ਪਾਤਰਾਂ ਦੇ ਆਪਸੀ ਸੰਵਾਦ ਨੂੰ ਨਾਟਕ ਦੀ ਜੁਗਤ ਵਿਚ ਲਿਖਦਾ ਹੈ। ਇਸ ਤਰ੍ਹਾਂ ਰਚਨਾ ਦਾ ਕਹਾਣੀ ਰੂਪ ਨਾਟਕ ਵਲ ਉਲਾਰ ਹੋ ਜਾਂਦਾ ਹੈ (ਸ਼ਰੀਕਾ)। ਪੁਸਤਕ ਵਿਚ ਵਾਕ ਬਣਤਰ ਤੇ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਬਹੁਤ ਹਨ। ਕੁੱਲ ਮਿਲਾ ਕੇ ਲੇਖਕ ਨੂੰ ਕਹਾਣੀ ਵਿਧਾ ਤੇ ਹੋਰ ਮਿਹਨਤ ਦੀ ਲੋੜ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

c c c

ਸਾਡੇ ਅੰਦਰਲਾ ਸਿਧਾਰਥ
ਲੇਖਕ : ਜੀ.ਕੇ. ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 190 ਰੁਪਏ, ਸਫ਼ੇ : 128
ਸੰਪਰਕ : 0172-5027427.

ਵਿਦਵਾਨ ਲੇਖਕ ਦੀ ਵਾਰਤਕ ਦੀ ਇਸ ਕਿਤਾਬ ਵਿਚ ਕੁੱਲ 22 ਲੇਖ ਹਨ, ਜਿਹੜੇ ਕਿ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਨ। ਅਰੰਭ ਵਿਚ ਮਨਮੋਹਨ ਸਿੰਘ ਦਾਊਂ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਸਾਡੇ ਅੰਦਰਲਾ ਸਿਧਾਰਥ ਮਨੁੱਖੀ ਚੇਤਨਾ ਦੇ ਦਰਵਾਜ਼ੇ ਨੂੰ ਖੋਲ੍ਹਦਾ ਹੈ। ਇਸ ਤੋਂ ਬਾਅਦ ਲੇਖਕ ਜੀ.ਕੇ. ਸਿੰਘ ਨੇ ਕਿਤਾਬ ਬਾਰੇ ਦੋ ਲਫ਼ਜ਼ਾਂ ਰਾਹੀਂ ਆਪਣੇ ਦਿਲ ਦੇ ਵਲਵਲੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਸ ਦੌਰਾਨ ਲੇਖਕ ਨੇ ਕਈ ਇਤਿਹਾਸਕ ਪ੍ਰਸੰਗ ਵੀ ਸਾਂਝੇ ਕੀਤੇ ਹਨ। ਪਹਿਲੇ ਲੇਖ ਅਲੋਪ ਹੋ ਰਹੀ ਜ਼ਿੰਮੇਵਾਰੀ ਅਤੇ ਪ੍ਰਤੀਬੱਧਤਾ ਵਿਚ ਸਮੇਂ ਦੇ ਨਾਲ-ਨਾਲ ਮਨੁੱਖੀ ਵਤੀਰੇ ਵਿਚ ਆਈ ਤਬਦੀਲੀ ਦਾ ਬਾਖੂਬੀ ਵਰਣਨ ਕੀਤਾ ਗਿਆ ਹੈ ਅਤੇ ਦੂਜੇ ਲੇਖ ਵਿਚ ਲੋਕਤੰਤਰ ਦੇ ਰੌਲੇ ਦਰਮਿਆਨ ਅਲੋਪ ਹੋ ਰਹੇ ਲੋਕਤੰਤਰ ਦੀ ਪੀੜ ਦੱਸੀ ਗਈ ਹੈ। ਪੰਜਾਬੀਅਤ ਦੇ ਬਦਲ ਰਹੇ ਰੰਗ ਰੂਪ ਅਤੇ ਇਸ ਦੀਆਂ ਅਲੋਪ ਹੋ ਰਹੀਆਂ ਕਦਰਾਂ-ਕੀਮਤਾਂ ਨੂੰ ਇਕ ਪੰਜਾਬੀ ਹਿਰਦੇ ਦੀ ਡੂੰਘਾਈ ਤੋਂ ਲੇਖਕ ਨੇ 'ਆਪਣੇ ਲਈ ਖ਼ਤਰਾ ਖ਼ੁਦ ਅਸੀਂ' ਸਿਰਲੇਖ ਤਹਿਤ ਪੇਸ਼ ਕੀਤਾ ਹੈ ਅਤੇ ਇਕ ਹੋਰ ਖ਼ਾਸ ਅਤੇ ਨਿਵੇਕਲਾ ਲੇਖ ਜੋ ਇਸ ਕਿਤਾਬ ਅੰਦਰ ਦਰਜ ਹੈ ਓਹ ਹੈ 'ਧਰਤੀ ਮਾਂ ਦੀ ਪੁਕਾਰ'।
ਵਿਰਸੇ ਬਾਰੇ ਗੱਲ ਨੂੰ ਅੱਗੇ ਤੋਰਦੇ ਹੋਏ ਲੇਖ 'ਸਾਡੇ ਇਤਿਹਾਸ ਅਤੇ ਭਵਿੱਖ ਦੀ ਨੀਂਹ ਬਾਲ ਸ਼ਹੀਦੀਆਂ' ਚਮਕੌਰ ਦੀ ਗੜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਾਠਕਾਂ ਨੂੰ ਇਸ ਨਜ਼ਰੀਏ ਤੋਂ ਦੱਸਿਆ ਗਿਆ ਹੈ ਕਿ ਇਸ ਲਾਮਿਸਾਲ ਸ਼ਹੀਦੀ ਨੇ ਕਿਵੇਂ ਸਾਡੇ ਅੱਜ ਦੀ ਨੀਂਹ ਰੱਖੀ ਸੀ। ਸਿੱਖ ਇਤਿਹਾਸ ਵਿਚ 21 ਤੋਂ ਸਤਾਈ ਜੂਨ ਤੱਕ ਦੇ ਸੱਤ ਦਿਨਾਂ ਦਾ ਮਹੱਤਵ ਦੱਸਦਾ ਇਕ ਬੇਹੱਦ ਵਿਸ਼ੇਸ਼ ਲੇਖ ਵੀ ਇਸੇ ਕਿਤਾਬ ਦਾ ਸ਼ਿੰਗਾਰ ਹੈ ਜੋ ਬਹੁਤ ਵਡਮੁੱਲੀ ਜਾਣਕਾਰੀ ਦਿੰਦਾ ਹੈ। ਅਗਲੇਰੇ ਲੇਖ ਮਾਨਵਤਾ, ਕੁਦਰਤ ਅਤੇ ਕੁਦਰਤੀ ਸੋਮਿਆਂ, ਬਜ਼ੁਰਗਾਂ ਦੀ ਹੋਣੀ, ਵਧਦੀ ਆਬਾਦੀ ਅਤੇ ਸ਼ਹਿਰੀਕਰਨ ਦੀ ਸਮੱਸਿਆ ਦੇ ਨਾਲ-ਨਾਲ ਕਲਾਕਾਰ, ਅਹਿਲਕਾਰ ਅਤੇ ਕਿਰਤੀ ਵਰਗ ਲਈ ਵੀ ਵਿਸ਼ੇਸ਼ ਲੇਖ ਦਰਜ ਕੀਤੇ ਹਨ। ਹਰ ਇਕ ਲੇਖ ਨੂੰ ਧਿਆਨ ਨਾਲ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲੇਖਕ ਦੀ ਸ਼ੈਲੀ ਲੇਖ ਰਚਨਾ ਲਈ ਬਿਲਕੁਲ ਢੁੱਕਵੀ ਹੈ।

c c c

ਉਜਾਗਰ ਸਿੰਘ ਟੂਸੇ ਕਾਵਿ ਰਚਨਾਵਲੀ
ਸੰਪਾਦਕ : ਡਾ: ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 139
ਸੰਪਰਕ : 0172-2229417.

ਇਸ ਪੁਸਤਕ ਵਿਚ ਇਸ ਮਹਾਨ ਕਿੱਸਾਕਾਰ ਉਜਾਗਰ ਸਿੰਘ ਟੂਸੇ ਵਲੋਂ ਰਚਿਤ 20 ਪ੍ਰਸੰਗਾਂ ਨੂੰ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਉਨ੍ਹਾਂ ਦੀ ਕਾਵਿ ਕਲਾ ਅਤੇ ਕਿੱਸਾਕਾਰੀ ਦੇ ਕਾਇਲ ਹੋ ਜਾਂਦੇ ਹਨ। ਉਨ੍ਹਾਂ ਨੇ ਡਿਓਢਾ ਛੰਦ ਪੌੜੀ, ਡਿਓਢਾ ਦਵਈਆ, ਕਬਿਤ, ਦੋਭਾਗ ਛੰਦ, ਖੋਕ ਛੰਦ, ਕੋਰੜਾ ਛੰਦ, ਬੈਂਤ, ਰੁਬਾਈਆਂ ,ਦੋਹਰਾ, ਝੋਖ, ਵੈਰਾਗ ਛੰਦ, ਨਸੀਹਤ ਛੰਦ, ਝੁਹਲਾਇਆ ਛੰਦ, ਕਲੀ, ਬ੍ਰੈਹਮ, ਨਵੀਨ ਛੰਦ ਇਤਿਆਦਿ ਬੇਹੱਦ ਮਕਬੂਲ ਅਤੇ ਔਖੀਆਂ ਕਾਵਿ ਵਿਧੀਆਂ ਦੀ ਸਫਲਤਾਪੂਰਬਕ ਵਰਤੋਂ ਕੀਤੀ। ਉਦਾਹਰਨ ਵਜੋਂ :
ਬਜੀਦਾ ਕੋਲੇ ਹੋ ਗਿਆ, ਕਲੇਜੇ ਨਾਗ ਛੋਹ ਗਿਆ
ਖੜਗ ਲੈ ਖਲੋ ਗਿਆ, ਕ੍ਰੋਧ ਧਾਰ ਕੇ, ਆਖਦਾ ਉਚਾਰ ਕੇ
ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ, ਭਾਈ ਘਨੱਈਆ, ਛੋਟੇ ਸਾਹਿਬਜ਼ਾਦੇ, ਸ਼ਹੀਦ ਤਾਰੂ ਸਿੰਘ, ਮੱਸਾ ਰੰਘੜ, ਬੀਬੀ ਰਜਨੀ, ਕਰਤਾਰ ਸਿੰਘ ਸਰਾਭਾ ਅਤੇ ਮਹਾਰਾਣੀ ਜਿੰਦਾਂ ਵਰਗੇ ਇਤਿਹਾਸਕ ਪ੍ਰਸੰਗਾਂ ਤੋਂ ਇਲਾਵਾ, ਦੈਂਤ ਬੱਧ, ਕੌਲਾਂ, ਰੌਣਕ ਦੋ ਘੜੀਆਂ, ਨਵਾਂ ਵਪਾਰੀ ਅਤੇ ਆਸੂ ਦੀ ਹੱਟੀ ਵਰਗੇ ਸਮਾਜਿਕ ਝਲਕਾਰੇ ਵੀ ਪੜ੍ਹਨ ਨੂੰ ਮਿਲਦੇ ਹਨ ਜੋ ਅੱਤ ਦੇ ਸੁਆਦਲੇ ਹਨ। 31 ਦੇ ਕਰੀਬ ਬਲੈਕ ਐਂਡ ਵਾਈਟ ਦੁਰਲੱਭ ਪੁਰਾਤਨ ਤਸਵੀਰਾਂ ਟੂਸਾ ਪਰਿਵਾਰ ਅਤੇ ਉਨ੍ਹਾਂ ਦੇ ਸੱਜਣਾਂ ਮਿਤਰਾਂ ਬਾਰੇ ਵੀ ਕਿਤਾਬ ਵਿਚ ਪੇਸ਼ ਕੀਤੀਆਂ ਗਈਆਂ ਹਨ ਅਤੇ ਇਸ ਦੌਰਾਨ ਲੇਖਕ ਨੇ ਖੇਤਰੀ ਉੱਪ ਭਾਸ਼ਾ ਦੀ ਵਰਤੋਂ ਬਾਖੂਬੀ ਕੀਤੀ ਹੈ।

-ਤੀਰਥ ਸਿੰਘ ਢਿੱਲੋਂ
5-ma}&: t}raths}n{hdh}&&on੦੪0{ma}&.com

c c c

ਮਿਸਰ ਦਾ ਸਫਰਨਾਮਾ
ਲੇਖਕ : ਡਾ: ਹਾਕਮ ਸਿੰਘ ਹੁੰਦਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 78377-18723.

'ਮਿਸਰ ਦਾ ਸਫ਼ਰਨਾਮਾ' ਡਾ: ਹਾਕਮ ਸਿੰਘ ਹੁੰਦਲ ਦੀ ਵਾਰਤਕ-ਨੁਮਾ ਪੁਸਤਕ ਹੈ, ਜਿਸ ਵਿਚ ਮਿਸਰ ਦੇ ਲੋਕਾਂ ਦਾ ਰਹਿਣ-ਸਹਿਣ, ਸਮਾਜਿਕ ਜੀਵਨ, ਪਸ਼ੂ-ਪੰਛੀਆਂ ਬਾਰੇ ਵੀ ਲੇਖਕ ਨੇ ਭਰਪੂਰ ਜਾਣਕਾਰੀ ਦਿੱਤੀ ਹੈ। ਇਮਾਰਤਾਂ ਬਾਰੇ ਵੀ ਦੱਸਿਆ ਹੈ ਕਿ ਇਹ ਕਿਵੇਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਇੱਥੇ ਰੈਸਟੋਰੈਂਟ ਬਹੁਤ ਵੱਡੇ ਹਨ। ਇਨ੍ਹਾਂ ਵਿਚ ਇਕੋ ਸਮੇਂ ਚਾਰ-ਪੰਜ ਸੌ ਲੋਕ ਖਾਣਾ ਖਾ ਸਕਦੇ ਹਨ। ਲੇਖਕ ਨੇ ਹੱਥਲੀ ਪੁਸਤਕ ਵਿਚ ਇਹ ਵੀ ਦੱਸਿਆ ਹੈ ਕਿ ਉਹ ਕੁੱਲ 20 ਜਣੇ ਮਿਸਰ ਦੀ ਸੈਰ ਲਈ ਰਵਾਨਾ ਹੋਏ ਸਨ ਅਤੇ ਹਰੇਕ ਦੀ ਜਾਣਕਾਰੀ ਵੀ ਨਾਲੋ-ਨਾਲ ਦਿੱਤੀ ਹੈ। ਲੇਖਕ ਨੇ ਹਰੇਕ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਅੱਖਾਂ ਸਾਹਮਣੇ ਦ੍ਰਿਸ਼ ਆ ਜਾਂਦਾ ਹੈ। ਜ਼ਿਆਦਾਤਰ ਜਾਣਕਾਰੀ ਖਾਣ-ਪੀਣ ਅਤੇ ਹੋਟਲਾਂ ਬਾਰੇ ਦਿੱਤੀ ਗਈ ਹੈ ਜਿਸ ਨੂੰ ਪੜ੍ਹ ਕੇ ਇੱਥੋਂ ਦੇ ਜੀਵਨ ਜਾਚ ਅਤੇ ਜੀਵਨ-ਜਾਂਚ ਬਾਰੇ ਪਤਾ ਲੱਗਦਾ ਹੈ। ਭਾਵੇਂ ਲੇਖਕ ਨੇ ਮਿਸਰ ਦੇਸ਼ ਦੀ ਯਾਤਰਾ ਕੀਤੀ ਹੈ ਪਰ ਉਸ ਨੇ ਅਖੀਰ ਵਿਚ ਇਕ ਅਖਾਣ ਵਰਤਿਆ ਹੈ-'ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬਖਾਰੇ' ਭਾਵ ਕਿ ਘਰ ਵਰਗੀ ਮੌਜ ਕਿਤੇ ਵੀ ਨਹੀਂ ਹੈ ਭਾਵੇਂ ਕਿੰਨੀਆਂ ਵੀ ਸੋਹਣੀਆਂ ਥਾਵਾਂ 'ਤੇ ਸੈਰ ਕਰ ਆਓ। ਜਿਸ ਤੋਂ ਲੇਖਕ ਦਾ ਆਪਣੇ ਘਰ ਨਾਲ ਮੋਹ ਵੀ ਉਜਾਗਰ ਹੁੰਦਾ ਹੈ। ਸਮੁੱਚੀ ਪੁਸਤਕ ਵਿਚ ਮਿਸਰ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਪਰ ਬਹਤ ਜ਼ਿਆਦਾ ਅੰਗਰੇਜ਼ੀ ਦੇ ਸ਼ਬਦ ਵਰਤ ਕੇ ਉਕਤਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜੋ ਰੜਕਦੀ ਹੈ, ਪਰ ਫਿਰ ਵੀ ਲੇਖਕ ਨੇ ਜੋ ਸਮੁੱਚੀ ਜਾਣਕਾਰੀ ਦਿੱਤੀ ਹੈ ਉਹ ਸਲਾਹੁਣਯੋਗ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 98553-95161

c c c

ਪੱਤੇ ਤੇਰਾ ਰਾਹ ਰੋਕਦੇ
ਲੇਖਕ : ਬਾਬਾ ਬੂਟਾ ਸਿੰਘ ਭਖੜਿਆਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਚੱਕ ਅੰਮ੍ਰਿਤਸਰੀਆ, ਸਮਾਣਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 90414-42473.

'ਪੱਤੇ ਤੇਰਾ ਰਾਹ ਰੋਕਦੇ' ਕੁੱਲ 42 ਕਵਿਤਾਵਾਂ ਨਾਲ ਹੁਣੇ-ਹੁਣੇ ਪ੍ਰਕਾਸ਼ਿਤ ਹੋ ਕੇ ਆਇਆ ਹੈ। ਕਵੀ-ਮਨ ਗੁਰਮੁਖ; ਸੂਖ਼ਮ ਅਤੇ ਰਹਿਮ ਦਿਲ ਹੈ; ਉਹ ਨਿੱਕੇ ਤੋਂ ਨਿੱਕਾ ਅਨਿਆਇ ਸਹਿਣ ਨਹੀਂ ਕਰ ਸਕਦਾ। ਉਸ ਦਾ ਮਨ ਸਥਿਰ ਬਲਵਾਨ ਅਤੇ ਚੜ੍ਹਦੀ ਕਲਾ ਦੇ ਜੋਸ਼ ਵਿਚ 'ਸਵੇਰੇ ਦੀ ਸਥਾਪਤੀ ਲਈ' ਤਤਪਰ ਹੈ। ਕਵੀ 'ਝਨਕਾਰ' ਨਾਂਅ ਦੀ ਕਵਿਤਾ ਵਿਚ ਆਪਣੀ ਸੁਰਤੀ, ਪ੍ਰਭੂ ਸਿਮਰਨ ਨਾਲ ਜੋੜਦਾ ਹੈ; ਪ੍ਰਭੂ ਨਿਰਾਲਮ ਹੈ। ਉਸ ਤੱਕ ਪੁੱਜਣ ਦਾ ਮਾਰਗ ਅਨਹਦ ਹੈ।
ਇਸੇ ਪ੍ਰਭੂ ਮਿਲਣ ਦੀ ਖ਼ੁਮਾਰੀ ਅੰਦਰ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਅਨੇਕਾਂ ਰੰਗ ਪ੍ਰਕਾਸ਼ਦ ਹਨ :
ਤੇਰੀ ਇਕ ਮੁਸਕਾਨ ਬਰਾਬਰ,
ਸਭ ਮੇਰੀ ਸ਼ੋਹਰਤ ਤੁਲਦੀ ਐ।
ਅਨਹਦ ਸ਼ਬਦ ਨੂੰ ਕਵੀ ਸਮਝਦਾ ਹੈ ਪ੍ਰਭੂ ਨਾਂਅ ਦੇ ਉਚਾਰਨ ਰੂਪੀ ਸ਼ਬਦ ਦਾ ਸੰਚਾਰਣ ਨਿਰਾਲਾ ਵਿਲੱਖਣ ਅਤੇ ਅਲੌਕਿਕ ਹੈ, ਜਿਸ ਦੇ ਉਚਾਰਨ ਦੀ ਕੋਈ ਆਹਤ ਨਹੀਂ; ਇਹ ਸ਼ਬਦ ਗੁਰ-ਪੂਰੇ ਦਾ ਮੰਤਰ ਹੈ। ਕਵੀ ਸਮਾਧੀ ਦੀ ਮਹਿਮਾ ਕਰਦਾ ਉਸ ਦੀ ਮਹੱਤਤਾ ਪ੍ਰਗਟਾਉਂਦਾ ਹੈ। ਦੇਸ਼ ਕੌਮ ਦੀ ਸੁਰੱਖਿਆ ਲਈ ਸਰਬ ਧਰਮਾਂ ਦੇ ਲੋਕ ਕੁਰਬਾਨੀਆਂ ਕਰਦੇ ਹਨ।
ਬਾਬਾ ਬੂਟਾ ਸਿੰਘ ਭਖੜਿਆਲ ਦੀ ਸੰਤ ਪ੍ਰਕਿਰਤੀ ਸਭ ਜੀਵਾਂ ਲਈ ਦੁਆ ਕਰਦੀ ਹੈ। ਨੌਜਵਾਨਾਂ ਲਈ ਉਸ ਦੀ ਦੁਆ, 'ਸ਼ੁਭ ਕਰਮਨ ਤੇ ਕਬਹੂ ਨਾ ਟਰੋ' ਵਾਲੀ ਹੈ। ਮਨੁੱਖ ਲਈ ਰੂਹ ਦੀ ਆਸ਼ਿਕੀ ਜ਼ਰੂਰੀ ਹੈ। 'ਹਨ ਕਾਬਿਲ ਏ ਤਾਰੀਫ਼ ਲੋਕ, ਖ਼ੁਦਾ ਦੀ ਬੰਦਗੀ ਵਾਲੇ। ਕਵੀ ਦੀ ਲਲਕਾਰ ਹੈ, 'ਲੁੱਟੇ ਜਾ ਰਹਿਆਂ ਦੇ ਪੱਖ 'ਚ ਖੜ੍ਹੇ ਹਾਂ; ਅਸੀਂ, ਸਾਨੂੰ ਲੋਟੂਆਂ ਦੇ ਧੜੇ 'ਚੋਂ ਕੋਈ ਠਗ-ਚੋਰ ਨਾ ਸਮਝੇ...।' ਇਸ ਤਰ੍ਹਾਂ ਇਨ੍ਹਾਂ ਕਵਿਤਾਵਾਂ ਦੀ ਸਾਂਝੀ ਸ਼ਕਤੀਸ਼ਾਲੀ ਆਵਾਜ਼, ਕਵੀ ਦੀਆਂ ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਗੂੰਜਦੀ ਹੈ। ਇਹ ਉੱਜਲ ਸਵੇਰਾ ਸਿਰਜਦਾ ਕਾਵਿ, ਜੇਕਰ ਅੱਜ ਦੇ ਭੁੱਲੇ-ਭਟਕੇ ਲੋਕਾਂ ਦੇ ਜੀਵਨ ਅੰਦਰ ਸੰਕੀਰਣਤਾ, ਕੱਟੜਤਾ ਅਤੇ ਕਾਲਖ਼ਾਂ ਦੇ ਹਨੇਰੇ ਦੂਰ ਕਰ ਸਕੇ; ਤਾਂ ਸ਼ੁੱਭ ਸ਼ਗਨ ਹੈ।

c c c

ਸੁਲਤਾਨ-ਬਾਹੂ, ਕਾਵਿ-ਸੁਹਜ ਤੇ ਕਲਾਮ
ਲੇਖਕ : ਡਾ: ਲਖਵੀਰ ਕੌਰ ਲੈਜ਼ੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 164
ਸੰਪਰਕ : 0172-5027427.

'ਸੁਲਤਾਨ-ਬਾਹੂ ਦੇ ਕਾਵਿ ਵਿਚ ਸੁਹਜ' ਵਿਸ਼ੇ ਉੱਪਰ ਕੀਤਾ ਆਲੋਚਨਾਤਮਿਕ ਵਿਵੇਚਨ ਇਸ ਪੁਸਤਕ ਦਾ ਮੁੱਖ ਕੇਂਦਰੀ ਵਿਸ਼ਾ ਹੈ। ਸੁਹਜ ਅਤੇ ਸੁਹਜ ਸ਼ਾਸਤਰ ਦੀ ਕ੍ਰਮਵਾਰ ਪਰਿਭਾਸ਼ਾਵਾਂ ਅਤੇ ਇਸ ਦੇ ਸ਼ਾਸਤਰ ਦੀ ਉਤਪਤੀ ਤੇ ਵਿਕਾਸ ਸਬੰਧੀ ਆਲੋਚਕਾ ਨੇ ਪਹਿਲੇ ਅਧਿਆਇ ਵਿਚ ਸੁਵਿਸਥਾਰ ਚਰਚਾ ਕੀਤੀ ਹੈ। ਸੁਹਜ: ਸਿਰਜਣਾਤਮਿਕਤਾ ਵਿਚ ਭਾਵ ਸੰਵੇਦਨਾ ਵਾਲੇ ਅੰਸ ਜਗਾਉਣੇ; ਵਿਚਾਰ ਵਿਚਲੀ ਉਪਯੋਗਤਾ; ਤੱਤਾਂ ਦਾ ਸੰਯੋਗਤਾ, ਸਡੋਲਤਾ, ਸਮਰੂਪਤਾ, ਸੰਤੁਲਤਾ ਆਦਿ ਅੰਸਾਂ ਦਾ ਸੁਮੇਲ ਕਲਪਨਕ ਭਾਵੁਕੀ ਬੌਧਿਕੀ ਅੰਸਾਂ ਨਾਲ ਜਦ ਕਿਸੇ ਨਿਰਮਾਣ ਵਸਤੂ ਵਿਚ ਪ੍ਰਵੇਸ਼ਦਾ ਹੈ, ਤਾਂ ਸਤਿਅਮ ਸ਼ਿਵੰਮ ਸੁੰਦਰਮ ਅੰਸ ਉਪਜਦੇ ਹਨ ਆਦਿ ਅਨੇਕਾਂ ਹਵਾਲਿਆਂ ਨਾਲ ਸੁਹਜ ਨੂੰ ਪਰਿਭਾਸ਼ਤ ਕਰਨ ਦੇ ਯਤਨ ਕੀਤੇ ਗਏ ਹਨ। ਸਾਹਿਤ ਅਧਿਐਨ ਦੀ ਸੁਹਜ ਸ਼ਾਸਤਰੀ ਵਿਧੀ : ਇਸ ਪੁਸਤਕ ਦਾ ਦੂਜਾ ਅਤੇ ਹਜ਼ਰਤ ਸੁਲਤਾਨ ਬਾਹੂ ਤੇ ਵਿਅਕਤਿੱਤਵ ਤੀਜਾ ਅਧਿਆਇ ਹੈ। ਜਿਨ੍ਹਾਂ ਵਿਚ ਕ੍ਰਮਅਨੁਸਾਰ ਸਾਹਿਤ ਅਧਿਐਨ ਵਿਧੀ ਦਾ ਵਿਸਥਾਰ ਹੈ। ਸੁਹਜ-ਅਨੁਭਵ; ਸੁਹਜ-ਅਨੁਭੂਤੀ, ਕਾਵਿ-ਰੂਪ; ਅਤੇ ਸਿਰਜਣ ਜੁਗਤਾਂ ਅਤੇ ਅਲੰਕਾਰ, ਬਿੰਬਾਂ, ਪ੍ਰਤੀਕਾਂ ਭਾਸ਼ਾ ਦੇ ਸੁਹਜ ਸਿਰਜਣ ਦੀ ਵਿਆਖਿਆ ਹੈ।
ਹਜ਼ਰਤ ਸੁਲਤਾਨ ਬਾਹੂ ਦਾ ਜੀਵਨ ਤੇ ਵਿਅਕਤਿੱਤਵ ਸਬੰਧੀ ਵਿਸਥਾਰ ਸਹਿਤ ਲਿਖ ਕੇ ਚੌਥਾ ਅਧਿਆਇ ਬਾਹੂ ਕਾਵਿ ਵਿਚੋਂ ਟੂਕਾਂ ਲੈ ਕੇ ਵਿਸ਼ੇਸ਼ ਰੂਪ ਵਿਚ ਸੁਹਜ ਅਨੁਭਵ ਨੂੰ ਦਰਸਾਇਆ ਗਿਆ ਹੈ। ਪੰਜਵਾਂ ਅਧਿਆਇ ਬਾਹੂ-ਕਾਵਿ ਵਿਚ ਸੰਚਾਰ ਜੁਗਤਾਂ ਦੀ ਉਦਾਹਨਾਂ ਸਹਿਤ ਪੇਸ਼ਕਾਰੀ ਹੈ। ਅੰਤਿਮ-ਅਧਿਆਏ ਵਿਚ, ਬਾਹੂ-ਕਲਾਮ ਦਰਜ ਹੈ।
ਦਰਅਸਲ ਸੁਲਤਾਨ ਬਾਹੂ ਫਾਰਸੀ ਕਵੀ ਵੀ ਹੈ। ਸੂਫੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਿਤ ਇਸ ਸੂਫੀ-ਕਵੀ ਦੀਆਂ ਪੰਜਾਬੀ ਭਾਸ਼ਾ ਵਿਚ ਇਹ ਸੀਅਹਰਫ਼ੀਆਂ ਹੀ ਮਿਲਦੀਆਂ ਹਨ, ਜਿਨ੍ਹਾਂ ਵਿਚ ਉਸ ਦੀ ਆਪ ਦੀ ਆਪਣੀ ਸੂਫੀਆਨਾ ਚਿੰਤਨ ਵਿਚਾਰਧਾਰਾ ਹੈ। ਡਾ: ਲਖਬੀਰ ਕੌਰ ਨੇ ਇਸ ਪ੍ਰਸਿੱਧ ਸੂਫ਼ੀ ਕਵੀ ਦੇ ਕਾਵਿ ਵਿਚ ਸੁਹਜ ਅਨੁਭਵ ਦੀ ਪਹਿਚਾਣ ਤੇ ਪਰਖ ਕਰਨ ਦੀ ਸਾਂਝੀ ਮਾਨਵੀ ਦ੍ਰਿਸ਼ਟੀ ਤੋਂ ਮੁਲਾਂਕਣੀ ਵਿਧੀ ਅਪਣਾਈ ਹੈ; ਉਸ ਦੀ ਵਿਸ਼ੇਸ਼ ਪ੍ਰਾਪਤੀ ਹੈ।

-ਡਾ: ਅਮਰ ਕੋਮਲ
ਮੋ: 08437873565.

02-02-2018

 ਕਹਾਣੀ ਸਿਧਾਂਤ ਅਤੇ ਜਰਨੈਲ ਸਿੰਘ ਦੀ ਕਥਾ ਸੰਵੇਦਨਾ
ਲੇਖਕ : ਡਾ: ਬਲਵਿੰਦਰ ਸਿੰਘ ਥਿੰਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 224
ਸੰਪਰਕ : 94176-06572.     

ਡਾ: ਬਲਵਿੰਦਰ ਸਿੰਘ ਥਿੰਦ ਅਜੋਕੇ ਸਮੇਂ ਦੀ ਗਲਪ-ਸਿਰਜਣਾ ਨੂੰ ਬਾ-ਖ਼ੂਬੀ ਸਮਝਣ ਵਾਲਿਆਂ ਵਿਚੋਂ ਇਕ ਹੈ। ਉਸ ਦੀ ਇਹ ਰਚਨਾ 'ਕਹਾਣੀ' ਕਦੋਂ ਪੈਦਾ ਹੁੰਦੀ ਹੈ? ਕਦੋਂ ਵਿਕਸਤ ਹੁੰਦੀ ਹੈ ਅਤੇ ਕਿਹੜੇ-ਕਿਹੜੇ ਪੜਾਵਾਂ ਨੂੰ ਸਰ ਕਰਦੀ ਹੋਈ ਆਧੁਨਿਕ ਕਾਲ-ਖੰਡ ਦੇ ਵਿਭਿੰਨ ਪਰਿਪੇਖਾਂ ਵਿਚ ਪ੍ਰਵੇਸ਼ ਕਰਦੀ ਹੈ ਅਤੇ ਪ੍ਰਵਾਸ ਜੀਵਨ ਸ਼ੈਲੀ ਦੇ ਚੱਜ-ਅਚਾਰਾਂ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਪਾਠਕਾਂ ਦੇ ਸਨਮੁੱਖ ਕਰਦੀ ਹੈ ਉਸ ਦਾ ਗੂਹੜ ਵਿਸ਼ਲੇਸ਼ਣ ਇਸ ਪੁਸਤਕ ਰਾਹੀਂ ਪ੍ਰਗਟ ਹੁੰਦਾ ਹੈ। ਪੁਰਾਤਨ ਪੰਜਾਬੀ ਕਹਾਣੀ ਤੋਂ ਲੈ ਕੇ ਹੁਣ ਤੱਕ ਦੇਸ਼-ਵਿਦੇਸ਼ ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਦੇ ਵਰਤਮਾਨ ਸਰੂਪ ਨੂੰ ਵੀ ਇਹ ਪੁਸਤਕ ਪੇਸ਼ ਕਰਦੀ ਹੈ। ਇਸ ਵਿਦਵਾਨ ਦਾ ਪ੍ਰਮੁੱਖ-ਵਿਸ਼ਾ ਖੇਤਰ ਦੀ ਸੀਮਾ ਜਰਨੈਲ ਸਿੰਘ ਰਚਿਤ ਕਹਾਣੀ ਸੰਗ੍ਰਹਿ 'ਮੈਨੂੰ ਕੀ, ਮਨੁੱਖ ਤੇ ਮਨੁੱਖ, ਸਮੇਂ ਦੇ ਹਾਣੀ, ਦੋ ਟਾਪੂ, ਟਾਵਰਜ਼, ਕਾਲੇ ਵਰਕੇ' ਤੱਕ ਹੈ ਉਸ ਦੁਆਰਾ ਕੀਤੇ ਇਸ ਸਾਰੇ ਵਿਸ਼ਲੇਸ਼ਣ ਤੋਂ ਜ਼ਾਹਰ ਹੁੰਦਾ ਹੈ ਕਿ ਮਿਥਿਹਾਸਕ ਜਾਂ ਇਤਿਹਾਸਕ ਜਿਥੋਂ ਵੀ ਮਨੁੱਖ ਦੀ ਜੀਵਨ ਯਾਤਰਾ ਦਾ ਆਰੰਭ ਹੁੰਦਾ ਹੈ, ਉਥੋਂ ਹੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ। ਜਿਸ ਕਦਰ, ਜਰਨੈਲ ਸਿੰਘ ਨੇ ਦੇਸੀ ਅਤੇ ਪ੍ਰਵਾਸੀ ਜੀਵਨ ਸ਼ੈਲੀ ਦੇ ਸਮਾਜਿਕ, ਧਾਰਮਿਕ, ਨੈਤਿਕ, ਆਰਥਿਕ ਅਤੇ ਸੱਭਿਆਚਾਰਕ ਵਰਤਾਰੇ ਵਿਚ ਵਾਪਰਨ ਵਾਲੀਆਂ ਅਸੰਗਤੀਆਂ ਨੂੰ ਪਛਾਣਿਆ ਹੈ ਉਸ ਵਿਚਲੇ ਦੁਵੰਦਾਤਮਕ ਸਰੋਕਾਰਾਂ ਦੀ ਵੀ ਖ਼ੂਬ ਪਛਾਣ ਕੀਤੀ ਗਈ ਹੈ। ਕਿਸਾਨੀ ਜੀਵਨ-ਸ਼ੈਲੀ, ਫ਼ੌਜੀ ਪੱਖ, ਸ਼ਹਿਰੀ ਅਤੇ ਪੇਂਡੂ ਜੀਵਨ ਦੇ ਮਨੋਵਿਗਿਆਨਕ ਪ੍ਰਸੰਗਾਂ ਨੂੰ ਵੀ ਗੰਭੀਰ ਖੋਜ-ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ। ਹੋਰ ਮਹੱਤਵਪੂਰਨ ਗੱਲ ਹੈ ਕਿ ਇਸ ਖੋਜੀ ਨੇ ਸੱਭਿਆਚਾਰਕ ਤਨਾਓ, ਨਸਲੀ ਵਿਤਕਰਿਆਂ, ਪੀੜ੍ਹੀ ਪਾੜਿਆਂ, ਰਿਸ਼ਤਿਆਂ ਅਤੇ ਵਡੇਰਿਆਂ ਦੀ ਹੋਂਦ-ਸੰਕਟ ਸਥਿਤੀ, ਭੂ-ਹੇਰਵਾ, ਆਦਿ ਸੰਕਲਪਾਂ ਨੂੰ ਵੀ ਕਹਾਣੀਆਂ ਵਿਚੋਂ ਪਛਾਣ ਕੇ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਇਹ ਪੁਸਤਕ ਜਰਨੈਲ ਸਿੰਘ ਦੀ ਗਲਪੀ-ਚੇਤਨਾ ਦਾ ਪ੍ਰਗਟਾਵਾ ਕਰਦੀ ਹੋਈ ਉਸ ਦੁਆਰਾ ਮੌਲਿਕ ਭਾਸ਼ਾਈ-ਜੁਗਤਾਂ, ਮੁਹਾਵਰਿਆਂ, ਪ੍ਰਤੀਕਾਂ, ਚਿਹਨਾਂ, ਵਿਅੰਗਾਂ ਅਤੇ ਜੀਵੰਤ ਪਾਤਰਾਂ ਦੇ ਚਿਤਰਣ ਨੂੰ ਵੀ ਖ਼ੂਬ ਪਛਾਣਦੀ ਹੋਈ ਪ੍ਰਤੀਤ ਹੁੰਦੀ ਹੈ ਜੋ ਕਿ ਅਜੋਕੇ ਅਧਿਐਨ-ਅਧਿਆਪਨ ਲਈ ਸਾਰਥਕ ਕਾਰਜ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਨਾਟ ਸਰਵਰ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਵਿਰਸਾ ਵਿਹਾਰ, ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ : 494
ਸੰਪਰਕ : 98142-99422.

ਮੈਨੂੰ ਨਹੀਂ ਪਤਾ ਕਿ ਵਿਰਸਾ ਵਿਹਾਰ ਅੰਮ੍ਰਿਤਸਰ ਸਰਕਾਰੀ, ਅਰਧ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰਾ ਹੈ ਪਰ ਏਨਾ ਜ਼ਰੂਰ ਹੈ ਕਿ ਅੰਮ੍ਰਿਤਸਰ ਦੇ ਰੰਗਮੰਚ ਦੇ ਬਾਰਾਂ ਪ੍ਰਤੀਨਿਧ ਨਾਟਕਕਾਰਾਂ ਦੀਆਂ ਰੰਗਮੰਚੀ ਕਿਰਤਾਂ ਨੂੰ ਇਕ ਜਿਲਦ ਵਿਚ ਵਾਜਬ ਮੁੱਲ 'ਤੇ ਪੰਜਾਬੀ ਰੰਗਕਰਮੀਆਂ ਲਈ ਮੁਹੱਈਆ ਕਰਨਾ ਇਕ ਵੱਡਾ ਉੱਦਮ ਹੈ। ਸੱਚਮੁੱਚ ਵਿਰਸੇ ਦੀ ਸੰਭਾਲ ਦਾ ਪ੍ਰਸੰਸਾਯੋਗ ਉੱਦਮ ਹੈ। 1895 ਵਿਚ ਭਾਈ ਵੀਰ ਸਿੰਘ ਦੇ ਪਿਤਾ ਡਾ: ਚਰਨ ਸਿੰਘ ਰਚਿਤ ਮਹਾਰਾਣੀ ਸ਼ਰਾਬ ਕੌਰ ਦੇ ਸਿੰਘ ਸਭਾ ਦੀ ਨਾਟ-ਮੰਡਲੀ ਵਲੋਂ ਟੈਂਪਰੈਂਸ ਹਾਲ ਤੋਂ ਸ਼ੁਰੂ ਹੋਇਆ ਅੰਮ੍ਰਿਤਸਰ ਦੇ ਰੰਗਮੰਚ ਦਾ ਸਫ਼ਰ। ਇਕ ਸੌ ਬਾਈ ਸਾਲ ਦੇ ਇਸ ਦੇ ਇਤਿਹਾਸ 'ਤੇ ਸੰਖੇਪ ਝਾਤੀ ਪੁਆਉਣ ਉਪਰੰਤ ਕੇਵਲ ਧਾਲੀਵਾਲ ਨੇ ਰੰਗਮੰਚ ਉੱਤੇ ਸਫ਼ਲਤਾ ਨਾਲ ਖੇਡੇ ਜਾ ਚੁੱਕੇ/ਖੇਡੇ ਜਾਣ ਯੋਗ ਨਾਟਕਾਂ ਦੀ ਸਕ੍ਰਿਪਟ ਇਸ ਪੁਸਤਕ ਵਿਚ ਅੰਕਿਤ ਕੀਤੀ ਹੈ। ਸਕ੍ਰਿਪਟਾਂ ਦੀ ਦਿਸ਼ਾ/ਸੀਨਾਂ ਵਿਚ ਵੰਡ ਅਤੇ ਥਾਂ-ਥਾਂ ਦਰਜ ਮੰਚ ਸਮੱਗਰੀ, ਰੌਸ਼ਨੀ ਜਾਂ ਪਾਤਰ ਗਤੀਆਂ ਆਦਿ ਬਾਰੇ ਜਾਣਕਾਰੀ ਇਨ੍ਹਾਂ ਲਿਖਤਾਂ ਨੂੰ ਮੰਚ 'ਤੇ ਪੇਸ਼ ਕਰਨ ਲਈ ਨਿਰਦੇਸ਼ਕਾਂ/ਅਦਾਕਾਰਾਂ ਦੇ ਬੜੇ ਕੰਮ ਆ ਸਕਦੀ ਹੈ। ਖ਼ਾਸ ਕਰਕੇ ਸ਼ੌਕੀਆ ਨਾਟਮੰਡਲੀਆਂ ਦੇ ਜਿਨ੍ਹਾਂ ਆਸਰੇ ਸਾਡਾ ਰੰਗਮੰਚ ਵਧੇਰੇ ਗੁਜ਼ਰ ਬਸਰ ਕਰ ਰਿਹਾ ਹੈ।
ਨਾਟ ਸਰਵਰ ਨਾਂਅ ਦੀ ਇਸ ਵੱਡਆਕਾਰੀ ਪੁਸਤਕ ਵਿਚ ਜੋ ਨਾਟਕ ਪ੍ਰਾਪਤ ਹਨ, ਉਹ ਹਨ : ਸ਼ਕੁੰਤਲਾ (ਸ਼ਹਰਯਾਰ), ਕੂੜੇਦਾਨ ਦੀ ਜਾਈ (ਜਤਿੰਦਰ ਬਰਾੜ), ਤਸਵੀਰਾਂ (ਸਵਰਾਜਬੀਰ), ਚੌਕ ਢੋਲੀਆਂ (ਜਗਦੀਸ਼ ਸਚਦੇਵਾ), ਦ੍ਰਿਸ਼ਟੀਦਾਨ (ਕੇਵਲ ਧਾਲੀਵਾਲ), ਰੂਹਾਂ ਦਾ ਦਰਦ (ਮੁਕੇਸ਼ ਕੁੰਦਰਾ), ਵੰਸ਼ (ਜਸਪਾਲ ਸੇਠੀ), ਕਾਲਾ ਹਾਸ਼ੀਆ (ਸਤਵਿੰਦਰ ਸੋਨੀ), ਦੇਗ਼ ਤੇਗ ਫਤਹਿ (ਇੰਦਰਜੀਤ ਗੋਗੋਆਣੀ), ਕਾਗਹੁ ਹੰਸ ਕਰੇ (ਹਰਭਜਨ ਸਿੰਘ ਗੁਲਾਟੀ), ਸਹਿਕਦੇ ਰਿਸ਼ਤੇ (ਹਰਦੀਪ ਗਿੱਲ) ਤੇ ਮਾਂ ਸਦਕੇ (ਗੁਰਿੰਦਰ ਮਕਨਾ)। ਸੰਪਾਦਕ ਨੇ ਕੁਝ ਵਿਸ਼ੇਸ਼ ਤੱਥਾਂ ਵੱਲ ਧਿਆਨ ਸੰਪਾਦਕੀ ਵਿਚ ਦਿਵਾਇਆ ਹੈ। ਜਿਵੇਂ ਇਤਿਹਾਸ ਮਹੱਤਵ ਵਾਲਾ ਟੈਂਪਰੈਂਸ ਹਾਲ ਆਡੀਟੋਰੀਅਮ ਅਜੋਕੇ ਪਿੰਕ ਪਲਾਜ਼ਾ ਵਾਲੀ ਥਾਂ (ਹਾਲ ਗੇਟ) ਅੰਮ੍ਰਿਤਸਰ ਦੇ ਸਾਹਮਣੇ ਸੀ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰੰਗਮੰਚ ਉੱਤੇ ਸੰਤ ਸਿੰਘ ਸੇਖੋਂ ਤੇ ਪ੍ਰੋ: ਗੁਲਵੰਤ ਸਿੰਘ ਨੇ ਅਦਾਕਾਰੀ ਕੀਤੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਰੇਤੇ ਵਿਚ ਗੁਲਜ਼ਾਰ ਗੁਲਜ਼ਾਰ ਸਿੰਘ ਸੰਧੂ
ਲੇਖਕ : ਡਾ: ਰਣਜੀਤ ਸਿੰਘ
ਪ੍ਰਕਾਸ਼ਕ : ਐਸਥੇਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 50 ਰੁਪਏ, ਸਫ਼ੇ : 40

ਪ੍ਰਸਿੱਧ ਪੰਜਾਬੀ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦੇ ਜੀਵਨ ਵੇਰਵਿਆਂ ਨੂੰ ਬੜੀ ਸਰਲ, ਰੌਚਿਕ ਅਤੇ ਦਿਲਚਸਪ ਭਾਸ਼ਾ ਵਿਚ ਡਾ: ਰਣਜੀਤ ਸਿੰਘ ਨੇ ਬੱਚਿਆਂ ਲਈ ਪੁਸਤਕ ਦੀ ਸਿਰਜਣਾ ਕੀਤੀ ਹੈ।
ਗੁਲਜ਼ਾਰ ਸਿੰਘ ਸੰਧੂ ਦਾ ਬਚਪਨ ਆਪਣੇ ਨਾਨਕੇ ਪਿੰਡ ਕੋਟਲਾ ਬਡਲਾ ਜ਼ਿਲ੍ਹਾ ਲੁਧਿਆਣਾ ਵਿਚ ਬੀਤਿਆ। ਗੁਲਜ਼ਾਰ ਸਿੰਘ ਸੰਧੂ ਆਪਣੇ ਖ਼ਾਨਦਾਨ ਵਿਚੋਂ ਸਕੂਲ ਜਾਣ ਵਾਲਾ ਪਹਿਲਾ ਮੁੰਡਾ ਸੀ। ਵੰਨ-ਸੁਵੰਨੀਆਂ ਅਵਸਥਾਵਾਂ ਵਿਚੋਂ ਗੁਜ਼ਰਦਿਆਂ ਹੋਇਆ ਆਪਣੀ ਉਚੇਰੀ ਪੜ੍ਹਾਈ ਸੰਪੂਰਨ ਕੀਤੀ। ਇਸ ਪੁਸਤਕ ਦਾ ਨਾਇਕ-ਗੁਲਜ਼ਾਰ ਸਿੰਘ ਸੰਧੂ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਉਹ ਜਿਥੇ ਇਕ ਸਫ਼ਲ ਸਰਕਾਰੀ ਅਫ਼ਸਰ, ਪ੍ਰਸਿੱਧ ਲੇਖਕ, ਕਾਮਯਾਬ ਸੰਪਾਦਕ ਅਤੇ ਵਧੀਆ ਅਧਿਆਪਕ ਹੈ, ਉਥੇ ਨਾਲ ਦੀ ਨਾਲ ਇਕ ਵਧੀਆ ਇਨਸਾਨ ਵੀ ਹੈ। ਹੁਣ ਤੱਕ ਪੰਜਾਬੀ ਸਾਹਿਤ ਜਗਤ ਨੂੰ ਸੱਤ ਕਹਾਣੀ ਸੰਗ੍ਰਹਿ, ਦੋ ਨਾਵਲ, ਚਾਰ ਵਾਰਤਕ ਪੁਸਤਕਾਂ, ਪੰਜ ਸੰਪਾਦਿਤ ਪੁਸਤਕਾਂ ਅਤੇ ਛੇ ਅਨੁਵਾਦਕ ਪੁਸਤਕਾਂ ਦੇ ਚੁੱਕਾ ਹੈ। ਅਨੇਕਾਂ ਵੱਡੇ ਪੁਰਸਕਾਰ, ਉੱਚ ਅਹੁਦੇ ਅਤੇ ਮਾਣ-ਸਤਿਾਕਰ ਪ੍ਰਾਪਤ ਕਰਨ ਵਾਲਾ ਇਹ ਕਹਾਣੀਕਾਰ, ਆਪਣੀ ਰੂਹ ਦੀ ਤ੍ਰਿਪਤੀ ਲਈ ਲਿਖਦਾ ਹੈ। ਉਹ ਕਹਿੰਦਾ ਹੈ-
'ਮੈਂ ਰੂਹ ਦੀ ਤ੍ਰਿਪਤੀ ਲਈ ਲਿਖਦਾ ਹਾਂ। ਇਸ ਨਾਲ ਚੰਗਾ ਤੇ ਉਸਾਰੂ ਪ੍ਰਭਾਵ ਪਾਉਣ ਦੀ ਇੱਛਾ ਤੇ ਲਾਲਚ ਵੀ ਜੋੜ ਲਓ। ਮੈਨੂੰ ਆਪਣੀ ਰੂਹ ਦੀ ਤ੍ਰਿਪਤੀ ਦੇ ਨਾਲੋ-ਨਾਲ ਇਸ ਗੱਲ ਦੀ ਚਿੰਤਾ ਵੀ ਰਹਿੰਦੀ ਹੈ ਕਿ ਮੈਂ ਕੁਝ ਇਹੋ ਜਿਹਾ ਨਾ ਚਿੱਤਰ ਜਾਵਾਂ ਜਿਸ ਦੀ ਪੈੜ ਨੱਪਦਾ ਕੋਈ ਪਾਠਕ ਗ਼ਲਤ ਪ੍ਰਭਾਵ ਗ੍ਰਹਿਣ ਕਰ ਜਾਵੇ (ਪੰਨਾ 37) ਡਾ: ਰਣਜੀਤ ਸਿੰਘ ਨੇ ਨਿੱਕੀ ਜਿਹੀ ਕਿਤਾਬਚੀ ਵਿਚ ਬਹੁਤ ਵਧੀਆ ਸ਼ੈਲੀ ਰਾਹੀਂ ਸੰਧੂ ਸਾਹਿਬ ਦੇ ਜੀਵਨ ਵੇਰਵੇ ਦਰਸਾਏ ਹਨ।

-ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

c c c

ਨੂੰਹਾਂ
ਲੇਖਕ : ਰਾਮ ਲਾਲ ਭਗਤ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ ਜ਼ਿਲ੍ਹਾ ਮਾਨਸਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98550-02264.

ਇਸ ਕਾਵਿ-ਸੰਗ੍ਰਹਿ ਨੂੰ ਪ੍ਰਕਾਸ਼ਿਤ ਕਰਵਾਉਣ ਤੋਂ ਪਹਿਲਾਂ ਕਵੀ ਰਾਮ ਲਾਲ ਭਗਤ ਦੇ 4 ਹੋਰ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲਾ ਕਾਵਿ ਸੰਗ੍ਰਹਿ ਨੂੰਹਾਂ : 'ਭਾਰਤ ਦੀਆਂ ਉਨ੍ਹਾਂ ਭੋਲੀਆਂ, ਅਨਪੜ੍ਹ : ਗ਼ਰੀਬ, ਲਾਚਾਰ, ਡਰਪੋਕ ਅਤੇ ਅੰਧਵਿਸ਼ਵਾਸੀ ਕੁੜੀਆਂ ਅਤੇ ਔਰਤਾਂ ਜੋ ਝੁੱਗੀਆਂ ਝੌਂਪੜੀਆਂ, ਢਾਰਿਆਂ, ਭੱਠਿਆਂ, ਖੇਤਾਂ, ਹਵੇਲੀਆਂ, ਫੈਕਟਰੀਆਂ ਤੇ ਘਰਾਂ ਦੀਆਂ ਚਾਰ ਦੀਵਾਰੀਆਂ ਅੰਦਰ ਆਜ਼ਾਦ ਹੁੰਦੇ ਹੋਏ ਵੀ ਗੁਲਾਮਾਂ ਵਰਗੀ ਜ਼ਿੰਦਗੀ ਕੱਟ ਰਹੀਆਂ ਹਨ, ਉਨ੍ਹਾਂ ਨੂੰ ਸਮਰਪਿਤ ਹੈ।
ਪੁਸਤਕ ਦੀ ਭੂਮਿਕਾ ਲਿਖਦਿਆਂ, ਰਵਿੰਦਰ ਰਵੀ ਨੇ ਇਸ ਪੁਸਤਕ ਦੇ ਕਵੀ ਨੂੰ 'ਇਕ ਮੰਤਵ-ਮੁਖੀ ਨਾਰੀਵਾਦੀ-ਕਵੀ' ਕਿਹਾ ਹੈ। ਉਸ ਦੀ ਕਵਿਤਾ ਦੀ ਵਚਨਬੱਧਤਾ ਨਾਰੀਵਾਦੀ ਕਾਵਿ ਨਾਲ ਹੈ।' ਨਾਰੀਵਾਦੀ ਸਾਹਿਤ ਯੂਰਪ ਅਤੇ ਭਾਰਤੀ ਮਹਾਂਦੀਪ ਵਿਚ ਚਿਰਕਾਲ ਤੋਂ ਲਿਖਿਆ ਜਾ ਰਿਹਾ ਹੈ। ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਗੁਰੂ ਨਾਨਕ ਦਾ ਕਥਨ 'ਸੋ ਕਿਉਂ ਮੰਦਾ ਆਖੀਐ....' ਸਾਡੇ ਵਿਰਸੇ ਦੀ ਅਮਰ ਬਾਣੀ ਹੈ।
ਰਾਮ ਲਾਲ ਭਗਤ ਦੇ ਇਸ ਕਾਵਿ-ਸੰਗ੍ਰਹਿ ਦੀ ਮੁੱਖ ਸੁਰ ਨਾਰੀ ਹਿਤ ਰਚਿਤ ਕਾਵਿ ਹੈ। ਕੁਝ ਉਦਾਹਰਨਾਂ ਪੇਸ਼ ਹਨ :
* ਮਾਵਾਂ, ਭੈਣਾਂ, ਧੀਆਂ ਨੂੰਹਾਂ ਨੂੰ ਇਸ ਧਰਤੀ 'ਤੇ ਸਨਮਾਨ ਮਿਲੇ। (ਆਰਤੀ)
* ਨਾਰੀ ਦੀ ਸ਼ਕਤੀ ਨੂੰ ਕੁੱਲ ਤ੍ਰਿਲੋਕੀ ਜਾਣ ਜਾਵੇ। (ਤ੍ਰਿਲੋਕੀ)
* ਪਤੀ ਕਹਾਵਣ ਨਾ ਕਦੇ ਵੀ ਦੋਸ਼ੀ, ਜੇ ਦੋ ਰੂਹਾਂ ਦਾ ਸੱਚਾ ਮੇਲ ਹੋਵੇ। (ਸੋਚ)
* ਸੱਸੋ ਰਾਣੀਓ ਸੂਈ ਬਣ ਕੇ ਗੰਢ ਦਿਓ ਸਭ ਲੰਗਾਰ। (ਸੂਚੀ)
ਰਾਮ ਲਾਲ ਦੇ ਇਕ ਕਾਵਿ ਸੰਗ੍ਰਹਿ ਦੀਆਂ ਵਧੇਰੇ ਕਵਿਤਾਵਾਂ ਨਾਰੀ ਹੱਕਾਂ ਦੀ ਰਾਖੀ ਲਈ, ਨਾਰੀ ਪ੍ਰਤੀ ਲੋਕਾਂ ਦੀ ਸੋਚ ਬਦਲਣ ਅਤੇ ਉਨ੍ਹਾਂ ਲੋਕਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਇਕ ਲਲਕਾਰ ਤੇ ਵੰਗਾਰ ਸਿਰਜਦੀਆਂ ਹਨ, ਜਿਹੜੇ ਅਜੇ ਵੀ ਪਤੀ, ਸੱਸ ਨਣਦਾਂ, ਸਹੁਰਾ ਅਤੇ ਦੇਵਰ, ਜੇਠ ਅਬਲਾ ਨਾਰੀ ਪ੍ਰਤੀ ਜ਼ੁਲਮ ਕਰਦੇ ਹਨ। ਜਿਨ੍ਹਾਂ ਦੀ ਦ੍ਰਿਸ਼ਟੀ ਪਿਛਾਂਹ-ਖਿਚੂ ਹੈ। ਜਿਹੜੇ ਪਰਿਵਾਰਮੁਖੀ ਦੰਭੀ ਲਾਲਚੀ ਅਤੇ ਪਖੰਡੀ ਹਨ। ਨਾਰੀ ਲਈ ਜਿਹੜੇ ਅੱਜ ਵੀ ਜੰਗਲੀ ਹਵਸ਼ੀ ਹਨ। ਭਰੂਣ ਹੱਤਿਆ ਜਾਂ ਨੂੰਹਾਂ ਧੀਆਂ ਦਾ ਕਤਲ ਕਰਦੇ ਹਨ।
ਕਵੀ ਨੂੰਹਾਂ ਧੀਆਂ ਦੇ ਗੀਤ ਗਾਉਂਦਾ ਹੈ। ਆਰਤੀ ਉਤਾਰਦਾ ਤੇ ਉਨ੍ਹਾਂ ਦਾ ਅਭਿਨੰਦਨ ਕਰਦਾ ਹੈ। ਧੀਆਂ ਕਦੇ ਨਾ ਮਾਰਿਓ ਲੋਕੋ। ਧੀਆਂ ਹੀ ਬਣ ਆਈਆਂ ਨੂੰਹਾਂ। ਲੋੜ ਆਤਮ ਪਰਿਵਰਤਨ, ਅਜਿਹਾ ਹੋਵੇ ਕਿ ਸਮੁੱਚਾ ਅਨਾਤਮ-ਜਗਤ ਨਾਰੀ ਨੂੰ ਉਸ ਦੇ ਸਮੁੱਚੇ ਹੱਕ ਪ੍ਰਾਪਤ ਹੋ ਜਾਣ।
ਰਾਮ ਲਾਲ ਭਗਤ ਦੀ ਨਾਰੀ ਪ੍ਰਤੀ ਜਾਗ੍ਰਿਤ ਸੋਚ ਉਸ ਦੀ ਪ੍ਰਗਤੀਵਾਦੀ-ਕਾਵਿਧਾਰਾ ਦਾ ਚਿੰਤਨ ਹੀ ਨਹੀਂ, ਚੇਤਨਾ ਬਣ ਰਹੀ ਹੈ। ਅਜਿਹੀ ਰਚਨਾਤਮਕ ਸਾਧਨਾਂ ਹਰ ਬਾਹੋਸ਼ ਸਾਹਿਤਕਾਰ ਨੂੰ ਪੰਜਾਬੀ ਸਾਹਿਤ ਦੇ ਆਧੁਨਿਕ ਸਾਹਿਤ ਵਿਚ ਨਵੇਂ ਸਮਾਜਿਕ, ਰਾਜਨੀਤਕ ਆਸ਼ਿਆਂ ਦੀ ਸਾਧਨਾ ਵਜੋਂ, ਪ੍ਰਯੋਗ ਵਿਚ ਲਿਆਉਣ ਦੀ ਲੋੜ ਹੈ। ਰਾਮ ਲਾਲ ਭਗਤ ਦੀ ਇਹ ਭਗਤੀ ਨਿਵੇਕਲੀ ਹੈ। ਆਧੁਨਿਕ ਪੰਜਾਬੀ ਕਵਿਤਾ ਲਈ ਸ਼ੁੱਭ ਸ਼ਗਨ ਹੈ।

-ਡਾ: ਅਮਰ ਕੋਮਲ
ਮੋ: 084378-73565.

c c c

ਸ਼ਹੀਦ ਭਗਤ ਸਿੰਘ
ਲੇਖਕ : ਡਾ: ਸੁਦਰਸ਼ਨ ਗਾਸੋ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-2577798.

ਵਿਚਾਰ ਅਧੀਨ ਪੁਸਤਕ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਨੌਜਵਾਨ ਵਰਗ ਲਈ 'ਰਿਸ਼ੀ ਪਰੰਪਰਾ ਦੇ ਵਾਹਕ' ਦੇ ਪ੍ਰਾਜੈਕਟ ਅਧੀਨ ਡਾ: ਸੁਦਰਸ਼ਨ ਗਾਸੋ ਦੁਆਰਾ ਰਚੀ ਸ਼ਹੀਦ ਭਗਤ ਸਿੰਘ ਦੀ ਜੀਵਨੀ ਹੈ ਜਿਸ ਨੂੰ ਲੇਖਕ ਨੇ ਸਰਲ ਅਤੇ ਰੌਚਿਕ ਭਾਸ਼ਾ ਵਿਚ ਸਿਰਜ ਕੇ 12 ਭਾਗਾਂ ਵਿਚ ਪੇਸ਼ ਕੀਤਾ ਹੈ : ਭਗਤ ਸਿੰਘ, ਜੀਵਨ ਯਾਤਰਾ, ਹਰਮਨ ਪਿਆਰਾ ਭਗਤ ਸਿੰਘ, ਭਗਤ ਸਿੰਘ ਦੇ ਪ੍ਰੇਰਨਾ ਸ੍ਰੋਤ, ਭਗਤ ਸਿੰਘ ਦਾ ਪੁਸਤਕ ਪ੍ਰੇਮ ਬੱਚਿਆਂ ਲਈ ਬੱਚਾ ਭਗਤ ਸਿੰਘ, ਭਗਤ ਸਿੰਘ ਦਾ ਨੌਜਵਾਨਾਂ ਲਈ ਸੰਦੇਸ਼, ਦੋ ਮਾਵਾਂ ਦਾ ਪੁੱਤਰ ਭਗਤ ਸਿੰਘ, ਭਗਤ ਸਿੰਘ ਇਕ ਲਿਖਾਰੀ ਵਜੋਂ, ਭਗਤ ਸਿੰਘ ਇਕ ਅਦਾਕਾਰ ਵਜੋਂ, ਆਜ਼ਾਦੀ ਲਹਿਰ ਦਾ ਸਿਤਾਰਾ, ਭਗਤ ਸਿੰਘ ਨਾਲ ਸੰਵਾਦ ਅਤੇ ਜਾਤ-ਪਾਤ ਦੇ ਖਿਲਾਫ਼ ਭਗਤ ਸਿੰਘ।
ਅਮਰ ਸ਼ਹੀਦ ਭਗਤ ਸਿੰਘ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਵੀ ਨੌਜਵਾਨ ਵਰਗ ਦਾ ਨਾਇਕ ਸੀ ਤੇ ਅਜੋਕਾ ਨੌਜਵਾਨ ਵਰਗ ਵੀ ਉਸ ਦੀ ਵਿਚਾਰਧਾਰਾ ਅਤੇ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਨਤਮਸਤਕ ਹੋ ਕੇ ਲੋਕ ਨਾਇਕ ਵਜੋਂ ਮਾਨਤਾ ਪ੍ਰਦਾਨ ਕਰ ਰਿਹਾ ਹੈ।
ਡਾ: ਸੁਦਰਸ਼ਨ ਗਾਸੋ ਨੇ ਸ਼ਹੀਦ ਭਗਤ ਸਿੰਘ ਦੇ ਪੂਰਬ ਪ੍ਰਕਾਸ਼ਿਤ ਜੀਵਨੀ ਸਾਹਿਤ ਨੂੰ ਆਧਾਰ ਬਣਾ ਕੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਉਸ ਨੇ ਭਗਤ ਸਿੰਘ ਦੇ ਜੀਵਨ ਦੇ ਅਹਿਮ ਪ੍ਰਸੰਗਾਂ, ਜੀਵਨ ਯਾਤਰਾ, ਦੇਸ਼ ਪ੍ਰੇਮ ਲਈ ਪ੍ਰੇਰਨਾ ਸ੍ਰੋਤ, ਦੇਸ਼ ਦੀ ਆਜ਼ਾਦੀ ਲਈ ਸਰਗਰਮੀਆਂ, ਲੇਖਕ ਵਜੋਂ ਉਸ ਦਾ ਯੋਗਦਾਨ, ਪੁਸਤਕਾਂ ਅਤੇ ਬੱਚਿਆਂ ਲਈ ਪ੍ਰੇਮ, ਮਨੁੱਖਤਾ ਲਈ ਉਸ ਦੀ ਅਗਰਗਾਮੀ ਸੋਚ ਅਤੇ ਸਮਾਜਵਾਦ ਪ੍ਰਤੀ ਉਸ ਦੀ ਵਿਚਾਰਧਾਰਾ ਨੂੰ ਸਰਲ ਭਾਸ਼ਾ ਵਿਚ ਪੇਸ਼ ਕੀਤਾ ਹੈ। ਜਿਸ ਉਦੇਸ਼ ਲਈ ਇਹ ਪੁਸਤਕ ਰਚੀ ਗਈ ਹੈ, ਇਹ ਉਸ 'ਤੇ ਪੂਰਾ ਉਤਰਦੀ ਹੈ। ਇਹ ਇਕ ਮਹੱਤਵਪੂਰਨ ਜੀਵਨੀ ਹੈ ਜਿਸ ਨੂੰ ਪੜ੍ਹ ਕੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲੇਗੀ। ਇਸ ਪੁਸਤਕ ਦੀ ਪ੍ਰਕਾਸ਼ਨਾ ਲਈ ਲੇਖਕ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਧਾਈ ਦੀ ਹੱਕਦਾਰ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਜਜ਼ਬਾਤਾਂ ਦੇ ਤੀਰ
ਲੇਖਕ : ਬਲਬਹਾਦਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 85283-20201.

ਬਲਬਹਾਦਰ ਬਰਾੜ ਲੀਹ ਤੋਂ ਹਟ ਕੇ ਕਵਿਤਾ ਲਿਖਣ ਵਾਲਾ ਸ਼ਾਇਰ ਹੈ। ਉਸ ਦਾ ਕਾਵਿ ਮੁਹਾਵਰਾ ਬੇਹੱਦ ਨਿਵੇਕਲਾ ਤੇ ਮੌਲਿਕ ਹੈ। ਅਜੋਕੇ 'ਫੇਸਬੁੱਕੀ' ਦੌਰ ਵਿਚ ਜਿਥੇ ਹਰ ਤੀਜਾ ਬੰਦਾ ਕਵੀ ਹੈ, ਅਜਿਹੇ ਦੌਰ ਵਿਚ ਅਜਿਹੀ ਗੰਭੀਰ ਚਿੰਤਨ ਦੀ ਸ਼ਾਇਰੀ ਸਕੂਨ ਦੇਣ ਵਾਲੀ ਹੈ। ਆਪਣੀ ਪਹਿਲੀ ਕਵਿਤਾ ਵਿਚ ਹੀ ਕਵੀ ਆਪਣੀ ਕਾਵਿ-ਦ੍ਰਿਸ਼ਟੀ ਸਪੱਸ਼ਟ ਕਰ ਦਿੰਦਾ ਹੈ :
ਮੈਂ ਇਸ ਗਲੋਂ ਖੁਸ਼ਕਿਸਮਤ ਹਾਂ
ਕਿ ਮੇਰੀ ਕਵਿਤਾ
ਮਾਸ਼ੂਕ ਦੀ ਚੁੰਨੀ ਦੀਆਂ
ਗੰਢਾਂ ਵਿਚ ਨਹੀਂ...
ਜਦੋਂ ਸ਼ਾਇਰ ਨੂੰ ਇਸ ਗੱਲ ਦੀ ਸਮਝ ਹੋਵੇ ਕਿ ਉਸ ਦੀ ਸ਼ਾਇਰੀ ਵਿਚ ਕੀ ਹੈ ਤੇ ਕੀ ਨਹੀਂ, ਤਾਂ ਸ਼ਾਇਰ ਦਾ ਕਾਵਿ-ਉਦੇਸ਼ ਬਹੁਤ ਹੀ ਉਘੜਵੇਂ ਰੂਪ ਵਿਚ ਕਵਿਤਾਵਾਂ ਦੀਆਂ ਪਰਤਾਂ ਖੋਲ੍ਹਦਾ ਤੁਰਿਆ ਜਾਂਦਾ ਹੈ।
ਬੜੇ ਅੱਕ ਚੁੱਕੇ ਹਾਂ
ਸੁਣ ਕੇ ਦਿਲ ਵਾਲੇ ਗੀਤ
ਕੋਈ ਐਸਾ ਗੀਤ ਸੁਣਾਓ
ਜਿਹਦੇ ਹਰ ਹਰਫ਼ ਮਿੱਟ ਨਾਲ
ਘੁਲ ਕੇ ਬਣਨ
ਲੋਹੇ ਦੇ ਹਥਿਆਰ।
ਹੋਰ ਕਵਿਤਾਵਾਂ ਵਿਚ ਵੀ ਸ਼ਾਇਰ ਜ਼ਿੰਦਗੀ ਦੇ ਸੰਘਰਸ਼ ਤੇ ਹੋਰ ਵਸਤੂ ਵਰਤਾਰਿਆਂ ਨੂੰ ਬਹੁਤ ਹੀ ਤਿੱਖੀ ਤੇ ਵਿਦਰੋਹੀ ਸੁਰ ਵਿਚ ਸਿਰਜਦਾ ਹੈ। ਪਰ ਇਕ ਗੱਲ ਸਮਝ ਨਹੀਂ ਪਈ ਕਿ ਏਨੀਆਂ ਗੰਭੀਰ ਰਚਨਾਵਾਂ ਲਿਖਣ ਵਾਲੇ ਸ਼ਾਇਰ ਦੀ ਟਾਈਟਲ 'ਤੇ ਲੱਗੀ ਪਾਟੀ ਜੀਨ ਵਾਲੀ ਫੋਟੋ ਇਨ੍ਹਾਂ ਕਵਿਤਾਵਾਂ ਨਾਲ ਕਿਹੋ ਜਿਹਾ ਰਿਸ਼ਤਾ ਸਿਰਜਦੀ ਹੈ ਤੇ ਕਿਸ ਮੰਤਵ ਨੂੰ ਪੂਰਾ ਕਰਦੀ ਹੈ।

-ਡਾ: ਅਮਰਜੀਤ ਕੌਂਕੇ

28-01-2018

 ਬਿਰਖਾਂ ਬਾਝ ਨਾ ਸੋਂਹਦੀ ਧਰਤੀ
ਲੇਖਕ : ਡਾ: ਬਲਵਿੰਦਰ ਸਿੰਘ ਲੱਖੇਵਾਲੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 98142-39041.

ਡਾ: ਬਲਵਿੰਦਰ ਸਿੰਘ ਲੱਖੇਵਾਲੀ ਰੁੱਖਾਂ ਬੂਟਿਆਂ, ਬਾਗ-ਬਗ਼ੀਚਿਆਂ ਤੇ ਲੈਂਡ ਸਕੇਪਿੰਗ ਬਾਰੇ ਸਾਹਿਤਕ ਛੋਹਾਂ ਵਾਲੇ ਨਿੱਕੇ-ਨਿੱਕੇ ਨਿਬੰਧਾਂ ਦੇ ਲੇਖਕ ਵਜੋਂ ਪੰਜਾਬੀ ਪੱਤਰ-ਪੱਤ੍ਰਿਕਾਵਾਂ ਦੇ ਪਾਠਕਾਂ ਦਾ ਜਾਣਿਆ-ਪਛਾਣਿਆ ਨਾਂਅ ਹੈ। ਉਸ ਦੇ ਪੇਂਡੂ ਪਿਛੋਕੜ ਲੁਧਿਆਣਾ ਦੀ ਖੇਤੀ ਯੂਨੀਵਰਸਿਟੀ ਦਾ ਉਤਸ਼ਾਹਜਨਕ ਮਾਹੌਲ ਅਤੇ ਉਸ ਦੀ ਆਪਣੀ ਰੁਚੀ ਨੇ ਰਲ-ਮਿਲ ਕੇ ਉਸ ਨੂੰ ਇਸ ਕਾਰਜ ਵਾਸਤੇ ਦਿਨੋ-ਦਿਨ ਉਤਸ਼ਾਹਿਤ ਕੀਤਾ ਹੈ। ਸਾ ਧਰਤ ਭਈ ਹਰੀਆਵਲੀ ਜਿਥੇ ਮੇਰਾ ਸਤਿਗੁਰ ਬੈਠਾ ਆਇ ਅਤੇ ਬਿਰਖੇ ਹੇਠ ਸਭ ਜੰਤ ਇਕਠੇ ਜਹੇ ਗੁਰਬਾਣੀ ਦੇ ਅਨੇਕਾਂ ਮਹਾਂਵਾਕ ਉਸ ਨੂੰ ਵਾਰ-ਵਾਰ ਰੁੱਖਾਂ ਵੱਲ ਆਕਰਸ਼ਿਤ ਕਰਦੇ ਹਨ। ਪੰਜਾਬ ਦੇ ਲੋਕ ਗੀਤਾਂ ਤੇ ਸ਼ਿਵ, ਪਾਤਰ ਜਿਹੇ ਕਵੀਆਂ ਦੀਆਂ ਰਚਨਾਵਾਂ ਵਿਚ ਰੁੱਖਾਂ ਦਾ ਜ਼ਿਕਰ ਉਸ ਨੂੰ ਮੋਂਹਦਾ ਹੈ। ਮਿਥਿਹਾਸ ਵਿਚ ਰੁੱਖਾਂ ਦੇ ਬਹੁਭਾਂਤੀ ਹਵਾਲੇ ਉਸ ਦੇ ਮਨ ਉੱਤੇ ਡੂੰਘੀ ਛਾਪ ਛੱਡਦੇ ਹਨ। ਉਸ ਦੇ ਨਿਬੰਧਾਂ ਵਿਚ ਇਹ ਸਾਰਾ ਕੁਝ ਉਸ ਦੇ ਤਕਨੀਕੀ ਗਿਆਨ ਵਿਚ ਘੁਲ-ਮਿਲ ਕੇ ਸਰਲ ਪੰਜਾਬੀ ਵਾਰਤਕ ਦੇ ਰੂਪ ਵਿਚ ਢਲਦਾ ਹੈ ਤਾਂ ਪਾਠਕ ਨੂੰ ਉਂਗਲੀ ਲਾ ਕੇ ਨਾਲ ਹੀ ਤੋਰ ਲੈਂਦਾ ਹੈ।
ਵਿਚਾਰ ਅਧੀਨ ਪੁਸਤਕ ਵਿਚ ਪਿਆਰੇ ਪੰਜਾਬ ਦੀ ਪਿਆਰੀ ਧਰਤੀ ਨੂੰ ਸੁਹਾਣੀ ਤੇ ਹਰੀ ਭਰੀ ਬਣਦੀ ਦੇਖਣ ਲਈ ਉਤਸ਼ਾਹ ਜਗਾਉਣ ਵਾਲੇ 25 ਲਘੂ ਨਿਬੰਧ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰੁੱਖ, ਗੁਰੂ ਸਾਹਿਬਾਨ ਨਾਲ ਸਬੰਧਿਤ ਰੁੱਖ, ਲੱਕੜ ਦੇਣ ਵਾਲੇ ਰੁੱਖ, ਦਵਾਈਆਂ ਵਾਲੇ ਰੁੱਖ, ਛਾਂਦਾਰ ਰੁੱਖ, ਵਿਰਾਸਤੀ ਤੇ ਲੋਪ ਹੋ ਰਹੇ ਰੁੱਖ, ਫੁੱਲਾਂ ਲੱਦੇ ਰੁੱਖ, ਫਲ਼ਦਾਰ ਰੁੱਖ ਸਿਰਲੇਖਾਂ ਨਾਲ ਉਸ ਨੇ ਵਿਭਿੰਨ ਵਰਗਾਂ ਦੇ ਰੁੱਖਾਂ ਦੀ ਗੱਲ ਕੀਤੀ ਹੈ। ਨਿੰਮ, ਕਿਕਰ, ਪਿੱਪਲ, ਬੋਹੜ, ਟਾਹਲੀ, ਜੰਡ, ਪੀਲੂ, ਬੇਰ, ਮਹਿੰਦੀ, ਅਮਲਤਾਸ, ਤੂਤ, ਵਣ ਤੇ ਗੁਲਮੋਹਰ ਬਾਰੇ ਉਸ ਨੇ ਵੱਖਰੇ ਰੂਪ ਵਿਚ ਪੂਰੇ ਨਿਬੰਧ ਲਿਖੇ ਹਨ। ਪਾਰਿਜਾਤ ਦਾ ਵਿਗਿਆਨਕ ਨਾਂਅ ਉਸ ਨੇ ਸਾਨੂੰ ਪਹਿਲੀ ਵਾਰ ਦੱਸਿਆ ਹੈ : ਨਿਕਟੈਂਬਸ ਆਰਬੋਰ ਟਰਿਸਟਿਸ। ਚੰਗਾ ਲੱਗਾ। ਪੀਪ ਨੂੰ ਪਿਪਲ ਕਹਿਣ ਬਾਰੇ ਸ਼ਾਇਦ ਪੁਨਰ ਵਿਚਾਰ ਦੀ ਲੋੜ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਭਾਈ ਵੀਰ ਸਿੰਘ ਸਾਹਿਤ ਚਿੰਤਨ
ਸੰਪਾਦਕ : ਡਾ: ਹਰਚੰਦ ਸਿੰਘ ਬੇਦੀ
ਪ੍ਰਕਾਸ਼ਕ : ਭਾਈ ਵੀਰ ਸਿੰਘ ਖੋਜ-ਕੇਂਦਰ, ਚੀਫ ਖ਼ਖਾਲਸਾ ਦੀਵਾਨ, ਅੰਮ੍ਰਿਤਸਰ।
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98728-67377.

ਇਹ ਪੁਸਤਕ ਭਾਈ ਵੀਰ ਸਿੰਘ ਦੀ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦੀ ਕਰਮਸ਼ੀਲਤਾ ਦਾ ਪ੍ਰਮਾਣਿਕ ਚਰਿੱਤਰ ਪੇਸ਼ ਕਰਦੀ ਹੈ। ਨਿਰਸੰਦੇਹ ਉਹ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਸੀ ਜਾਂ ਪੰਜਾਬੀ ਦਾ ਵਰਡਸਵਰਥ ਸੀ ਪਰੰਤੂ ਇਸ ਦੇ ਨਾਲ-ਨਾਲ ਉਸ ਨੇ ਜਿਸ ਕਦਰ ਸਿੰਘ-ਸਭਾ ਲਹਿਰ ਦੇ ਮੰਤਵ ਅਤੇ ਮਨੋਰਥਾਂ ਦੇ ਸਰੋਕਾਰਾਂ ਨੂੰ ਵਿਭਿੰਨ ਰਚਨਾਵਾਂ ਜ਼ਰੀਏ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਅਤੇ ਸਿਰਜਣਾ ਕੀਤੀ, ਉਸ ਸਭ ਕੁਝ ਬਾਰੇ ਵੀ ਇਹ ਪੁਸਤਕ ਅਨਮੋਲ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। 24 ਵਿਦਵਾਨਾਂ ਦੇ ਗਹਿਨ-ਗੰਭੀਰ ਅਧਿਐਨ ਉਪਰੰਤ ਕੱਢੇ ਗਏ ਸਿੱਟਿਆਂ ਨੂੰ ਪੁਸਤਕ ਦੇ ਵਿਭਿੰਨ ਸਿਰਲੇਖਾਂ ਤਹਿਤ ਖੋਜ-ਪੱਤਰਾਂ ਜ਼ਰੀਏ ਪੇਸ਼ ਕੀਤਾ ਗਿਆ ਹੈ। ਡਾ: ਹਰਚਰਨ ਸਿੰਘ ਬੇਦੀ ਦਾ ਵਿਸਤ੍ਰਿਤ ਖੋਜ ਪਰਚਾ 'ਭਾਈ ਵੀਰ ਸਿੰਘ ਦੇ ਸਾਹਿਤ ਚਿੰਤਨ ਦੇ ਅਧਿਐਨ ਦੇ ਮਸਲਿਆਂ ਨੂੰ ਸਮਝਣ, ਵਿਭਿੰਨ ਲਹਿਰਾਂ ਦੇ ਅੰਤਰਗਤ ਭਾਈ ਵੀਰ ਸਿੰਘ ਦੀ ਵਿਲੱਖਣ ਦੇਣ ਦਾ ਠੋਸ ਆਧਾਰ ਜਾਪਦਾ ਹੈ। ਇਸੇ ਤਰ੍ਹਾਂ ਉੱਘੇ ਅਤੇ ਪ੍ਰਸਿੱਧੀ ਪ੍ਰਾਪਤ ਹੋਰ ਵਿਦਵਾਨਾਂ ਨੇ ਭਾਈ ਸਾਹਿਬ ਦੁਆਰਾ ਰਚਿਤ ਵਿਭਿੰਨ ਸਾਹਿਤਕ ਰੂਪਾਂ ਨੂੰ ਆਧਾਰ ਬਣਾਇਆ ਹੈ। ਪੰਜਾਬੀ ਦਾ ਪਹਿਲਾ ਮਹਾਂਕਾਵਿ ਰਾਣਾ ਸੂਰਤ ਸਿੰਘ ਤੋਂ ਛੁੱਟ ਨਿੱਕੀਆਂ ਕਵਿਤਾਵਾਂ ਦੇ ਸੰਗ੍ਰਹਿ ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ-ਵੀਣਾ, ਕੰਬਦੀ ਕਲਾਈ ਅਤੇ ਮੇਰੇ ਸਾਈਆਂ ਜੀਓ ਦਾ ਖ਼ੂਬ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਅਤੇ ਬਾਬਾ ਨੌਧ ਸਿੰਘ ਨਾਵਲਾਂ ਵਿਚ ਬਿਆਨੀ ਗਈ ਵਿਚਾਰਧਾਰਾ ਦਾ ਵੀ ਨਿਰੂਪਣ ਪੇਸ਼ ਕੀਤਾ ਗਿਆ ਹੈ। ਸਿੱਖੀ ਲਹਿਰ ਨੂੰ ਵਿਸ਼ੇਸ਼ ਪ੍ਰਭਾਵਿਤ ਕਰਨ ਵਾਲੀਆਂ ਪੁਸਤਕਾਂ ਜਿਨ੍ਹਾਂ 'ਚ ਗੁਰੂ ਨਾਨਕ ਚਮਤਕਾਰ, ਅਸ਼ਟਗੁਰ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ ਤੋਂ ਇਲਾਵਾ ਸੰਥਯਾ, ਟੀਕੇ, ਪ੍ਰਮਾਰਥ ਅਤੇ ਹੋਰ ਗੌਲਣਯੋਗ ਟ੍ਰੈਕਟ ਹਨ, ਸਭਨਾਂ ਬਾਬਤ ਭਰਪੂਰ ਜਾਣਕਾਰੀ ਦੇਣ ਵਾਲੇ ਖੋਜ-ਪੱਤਰ ਪੁਸਤਕ ਵਿਚ ਅੰਕਿਤ ਹਨ ਜਿਨ੍ਹਾਂ ਵਿਚੋਂ 19ਵੀਂ ਸਦੀ ਦੇ ਅਤੇ ਵਿਸ਼ੇਸ਼ਤਰ 20ਵੀਂ ਸਦੀ ਦੇ ਪਹਿਲੇ ਅੱਧ ਦਾ ਇਤਿਹਾਸਕ, ਸੱਭਿਆਚਾਰਕ, ਸਮਾਜਿਕ, ਧਾਰਮਿਕ, ਨੈਤਿਕ ਅਤੇ ਬਸਤੀਵਾਦ ਨਾਲ ਸਬੰਧਿਤ ਭਰਪੂਰ ਲੇਖਾ-ਜੋਖਾ ਪੜ੍ਹਨ ਨੂੰ ਮਿਲਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਡਾ: ਗੁਰਚਰਨ ਸਿੰਘ ਦੀ ਸਮੀਖਿਆ-ਪੁਸਤਕ
ਬਾਣੀ : ਕੇਂਦਰ ਤੇ ਵਿਕੇਂਦਰ
ਸੰ: ਪ੍ਰੋ: ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 152
ਸੰਪਰਕ : 098687-73902.

ਮਰਹੂਮ ਡਾ: ਹਰਿਭਜਨ ਸਿੰਘ ਦੀ ਦੇਖ-ਰੇਖ ਹੇਠ ਪਹਿਲੀ ਵਾਰ 1979 ਵਿਚ ਛਪੀ ਡਾ: ਗੁਰਚਰਨ ਸਿੰਘ ਦੀ ਇਸ ਆਲੋਚਨਾ ਪੁਸਤਕ ਦੇ ਨਵੇਂ ਸੰਸਕਰਨ ਦੇ ਸੰਪਾਦਨ ਦਾ ਸਿਹਰਾ ਪ੍ਰੋ: ਮਨਜੀਤ ਸਿੰਘ ਨੂੰ ਜਾਂਦਾ ਹੈ। ਇਸ ਪੁਸਤਕ ਨੂੰ ਸੌਸਿਊਰ ਦੁਆਰਾ ਪੇਸ਼ ਕੀਤੀ ਗਈ ਭਾਸ਼ਾਈ ਅੰਤਰਦ੍ਰਿਸ਼ਟੀ ਦੀ ਰੌਸ਼ਨੀ ਵਿਚ ਸੰਰਚਨਾਵਾਦੀ ਆਲੋਚਨਾ ਦਾ ਆਧਾਰ ਸਿਸਟਮੀ ਚੇਤਨਾ ਦੇ ਰੂਪ ਵਿਚ ਪ੍ਰਾਪਤ ਹੈ। ਇਹ ਪੁਸਤਕ ਤਿੰਨ ਮੁੱਖ ਭਾਗਾਂ (ਸਿਸਟਮ ਚੇਨਤਾ; ਬਾਣੀ : ਕੇਂਦਰ ਤੇ ਵਿਕੇਂਦਰ; ਸੂਫ਼ੀ ਤੇ ਕਿੱਸਾ ਕਾਵਿ) ਅਤੇ ਕਈ ਉਪ-ਭਾਗਾਂ ਵਿਚ ਅਧਿਐਨ ਦੀ ਸੌਖ ਲਈ ਵੰਡੀ ਹੋਈ ਹੈ।
ਸਿਸਟਮੀ ਚੇਤਨਾ ਦਾ ਬੁਨਿਆਦੀ ਕਾਰਜ ਕਿਸੇ ਪਾਠ-ਪ੍ਰਬੰਧ ਪਿੱਛੇ ਡੂੰਘੇ ਪੱਧਰ 'ਤੇ ਕਾਰਜਸ਼ੀਲ ਨੇਮ-ਪ੍ਰਬੰਧ, ਜੁਗਤ ਪ੍ਰਬੰਧ ਨੂੰ ਉਜਾਗਰ ਕਰਨਾ ਹੈ। ਇਸੇ ਪ੍ਰਕਿਰਿਆ ਰਾਹੀਂ ਸਮੀਖਿਅਕ ਕਿਸੇ ਕਵੀ ਦੀ ਵਿਸ਼ੇਸ਼ ਦੇਣ ਦੀ ਨਿਸ਼ਾਨਦੇਹੀ ਕਰ ਸਕਦਾ ਹੈ। ਸਿਰੀ ਰਾਗ ਮ.੧ ਦੀ ਬਾਣੀ-ਕਿਰਤ 'ਮੋਤੀ ਤ ਮੰਦਰ ਉਸਰਹਿ'... ਨੂੰ ਨਿਸਚਿਤ ਅਰਥ ਪ੍ਰਦਾਨ ਕਰਨ ਲਈ ਅਤੇ ਥੀਮਿਕ ਚੇਤਨਾ ਦੀ ਸਮਝ ਲਈ ਅਲੌਕਿਕ ਅਤੇ ਪਾਰਲੌਕਿਕ ਦੋਵਾਂ ਮੌਟਿਫ਼ਾਂ ਦਾ ਅੰਤਰ-ਸਬੰਧਿਤ ਹੋਣਾ ਲਾਜ਼ਮੀ ਹੈ। ਗੁਰੂ ਰਾਮ ਦਾਸ ਬਾਣੀ ਵਿਚ ਛੰਤ ਇਕ-ਅੱਧ ਪੰਕਤੀ ਵਿਚ ਸੁੰਦਰ ਸੰਸਾਰਕ ਬਣਤਰ ਪੇਸ਼ ਕਰਕੇ ਉਸ ਉੱਪਰ ਪਵਿੱਤਰਤਾ ਆਰੋਪਤ ਕਰਦੇ ਨੋਟ ਕੀਤੇ ਜਾ ਸਕਦੇ ਹਨ। ਸੱਤੇ ਬਲਵੰਡ ਦੀ ਵਾਰ ਵਿਚ ਸਿੱਖ ਗੁਰੂਆਂ ਦੇ ਵਿਹਾਰ ਦੀ ਵਿਆਕਰਣ ਪੇਸ਼ ਕਰਨ ਦਾ ਪਹਿਲੀ ਵਾਰ ਯਤਨ ਕੀਤਾ ਗਿਆ ਹੈ। ਸਾਰੀਆਂ ਸਾਖੀਆਂ ਵਿਚ ਬਾਣੀ ਦਾ ਮੂਲ ਪ੍ਰਸੰਗ 'ਪੁਰਾਣ ਵਾਤਾਵਰਨ' ਉਲੀਕਿਆ ਮਿਲਦਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਦਾ ਸਤਿ-ਸਾਹਿਤ ਨਾਲ ਸਬੰਧ; ਜਨਮ ਸਾਖੀ ਸ੍ਰੀ ਮਿਹਰਬਾਨ ਜੀ ਕੀ ਵਿਚ ਗ਼ੈਰ-ਹਾਜ਼ਰ ਸ਼ਬਦਾਂ ਨਾਲ ਸਬੰਧ; ਅਤੇ ਭਾਈ ਮਨੀ ਸਿੰਘ ਜੀ ਦੀ ਵਿਆਖਿਆ ਬਾਰੇ ਚਰਚਾ ਉਪਲਬਧ ਹੈ। ਬਾਬਾ ਫ਼ਰੀਦ ਜੀ ਦੀ ਸਿਰਜਣਾਤਮਿਕ ਜੁਗਤ ਨਵੀਨ ਰੀਮਿਕ ਸੰਭਾਵਨਾਵਾਂ ਉਜਾਗਰ ਕਰਦੀ ਹੈ। ਸੂਫ਼ੀ ਕਾਵਿ ਦੀ ਪ੍ਰਗੀਤਾਤਮਕਤਾ ਵਿਚ ਵਕਤਾ ਆਪਣੇ ਸਵੈ ਜਾਂ 'ਤੂੰ' ਪ੍ਰਤੀ ਸੰਬੋਧਿਤ ਹੈ। ਬਾਣੀ ਵਿਚ ਗੁਰੂ ਜੀ ਹੀ ਸ੍ਰੋਤੇ, ਬ੍ਰਹਮ ਅਤੇ ਸਵੈ ਨੂੰ ਇਕਲਾਪੀ ਬਿਰਤੀ ਦੁਆਰਾ ਸੰਬੋਧਿਤ ਹਨ। ਵਾਰਿਸ ਸ਼ਾਹ ਨੇ ਸ਼ਾਹ ਹੁਸੈਨ ਦੇ ਪ੍ਰਗੀਤਾਤਮਕ ਸੰਦਰਭਾਂ ਨੂੰ ਹੀ ਬਿਰਤਾਂਤਕ ਪ੍ਰਸੰਗ ਵਿਚ ਪੇਸ਼ ਕਰਕੇ ਵਿਸਥਾਰਤ ਕੀਤਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਕਲਮ ਦੀ ਪ੍ਰਵਾਜ਼
ਕਵੀ : ਅਮਰੀਕ ਬੇਗਮਪੁਰੀ
ਸੰਪਾਦਕ : ਗੁਰਚਰਨ ਬੱਧਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98144-68952.

'ਕਲਮ ਦੀ ਪ੍ਰਵਾਜ਼' ਨਾਂਅ ਦੀ ਇਸ ਕਾਵਿ ਪੁਸਤਕ ਵਿਚ ਕਾਵਿ ਦੇ ਵੱਖ-ਵੱਖ ਰੂਪ ਪੜ੍ਹਨ ਤੇ ਮਾਨਣ ਨੂੰ ਮਿਲਦੇ ਹਨ। ਅੱਠ ਕੁ ਦਰਜਨ ਕਾਵਿ ਰਚਨਾਵਾਂ ਵਿਚ ਕਰੀਬ ਹਰ ਵਿਸ਼ੇ ਨੂੰ ਛੂਹਿਆ ਗਿਆ। ਗ਼ਜ਼ਲਾਂ-ਗੀਤਾਂ ਨੂੰ ਮਾਣਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜੀਵਨ ਦੀ ਹਰ ਸੈਲੀ ਨੂੰ ਮਹੱਤਤਾ ਦਿੱਤੀ ਗਈ ਹੋਵੇ। ਮਿਲਾਪ ਦਾ ਸਕੂਨ, ਬਿਰਹੋਂ ਦੀ ਤੜਪ, ਸੁੰਦਰਤਾ ਨੂੰ ਮੈਲੀ ਅੱਖ ਨਾਲ ਨਹੀਂ ਸਗੋਂ ਸੁੰਦਰਤਾ ਪੁਜਾਰੀ ਵਜੋਂ ਮਾਨਣ ਦਾ ਵੱਖਰਾ ਅਨੰਦ, ਵਲ-ਵਲੇਵਿਆਂ ਭਰੇ ਸ਼ੋਸ਼ਿਆਂ ਤੋਂ ਮੁਕਤ, ਸਾਦਾ ਖਾਣ-ਪੀਣ/ਰਹਿਣ-ਸਹਿਣ ਅਤੇ ਕਿਰਤੀ ਸੱਭਿਆਚਾਰ ਨੂੰ ਵੀ ਬੜੇ ਹੀ ਸਲੀਕੇ ਨਾਲ ਉਭਾਰਿਆ ਹੈ।
ਇਸ ਤੋਂ ਇਲਾਵਾ ਰਿਸ਼ਵਤੋਂ-ਭ੍ਰਿਸ਼ਟੋਂ ਦੇ ਕੁਕਰਮਾਂ, ਸਿਆਸੀ ਝੂਠੇ ਲਾਰਿਆਂ, ਲੁੱਟ-ਖਸੁੱਟ, ਸ਼ੋਸ਼ਣ, ਮਲਿਕ ਭਾਗੋ ਵਾਲੀ ਖੋ-ਖਿੰਝ, ਆਪੇ ਧਾਪੇ ਦੀ ਭਸੂੜੀ ਆਦਿ ਵਿਸ਼ਿਆਂ 'ਤੇ ਵੀ ਬੜੀ ਬੇਬਾਕੀ ਨਾਲ ਉਂਗਲ ਧਰਦਿਆਂ ਅਜਿਹੇ ਬੁਰੇ ਵਰਤਾਰਿਆਂ ਦੇ ਵਣਜਾਰਿਆਂ ਨੂੰ ਦਲੇਰੀ ਭਰੀ ਚੁਣੌਤੀ ਦਿੱਤੀ ਹੈ :
ਸੁਣ-ਸੁਣ ਨੇਰ੍ਹਿਆਂ ਵੇ, ਕਾਲੀ ਮੁਕ ਜਾਣੀ ਰਾਤ।
ਸੁੱਤੇ ਜਾਗ ਪਏ ਨੇ ਲੋਕੀਂ, ਹੋਣ ਵਾਲੀ ਪ੍ਰਭਾਤ।
ਹੱਕ-ਸੱਚ, ਨਿਆਂ, ਬਰਾਬਰਤਾ ਤੇ ਰੋਜ਼ੀ-ਰੋਟੀ ਲਈ ਢਿੱਗੀ ਢਾਹ ਕੇ ਸਿਰਫ ਕਿਸਮਤ ਨੂੰ ਕੋਸਣ ਦੀ ਥਾਂ ਹਿੰਮਤ ਨਾਲ ਜੂਝਣ ਦਾ ਵੀ ਸੁਨੇਹਾ ਮਿਲਦਾ ਹੈ :
ਤਕਦੀਰਾਂ ਉਹ ਬਦਲਣ ਘੜਦੇ ਨੇ ਤਬਦੀਰਾਂ ਜੋ,
ਆਪਣੇ ਹੱਥੀਂ ਮੱਥੇ ਦੇ ਉੱਤੇ ਵਾਹੁਣ ਲਕੀਰਾਂ ਜੋ।

c c c

ਚੱਕਰਵਿਊ ਦਰ ਚੱਕਰਵਿਊ
ਲੇਖਕ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 99154-15312.

ਦਰਜਨ ਤੋਂ ਵੱਧ ਨਾਵਲਾਂ ਦੇ ਰਚੇਤਾ ਜੀਤ ਸਿੰਘ ਸੰਧੂ ਦਾ ਇਹ ਹਥਲਾ ਨਾਵਲ ਚੱਕਰਵਿਊ ਦਰ ਚੱਕਰਵਿਊ ਸਮਾਜ ਵਿਚ ਵਾਪਰਦੇ ਦੁਖਾਂਤ ਤੇ ਸੁਖਾਂਤ ਦਾ ਜ਼ਿੰਮੇਵਾਰ ਵਧੇਰੇ ਕਰਕੇ ਖ਼ੁਦ ਮਨੁੱਖ ਹੀ ਹੁੰਦਾ ਹੈ, ਦੀ ਇਕ ਰੌਚਿਕ ਦਾਸਤਾਨ ਹੈ। ਕਰੀਬ ਚਾਰ ਪੀੜ੍ਹੀਆਂ ਦੀ ਇਹ ਹੋਣੀ ਹੱਥਾਂ ਨਾਲ ਦਿੱਤੀਆਂ ਗੰਢਾਂ ਕਈ ਵਾਰ ਦੰਦਾਂ ਨਾਲ ਵੀ ਨਹੀਂ ਖੁੱਲ੍ਹਦੀਆਂ, ਦੇ ਸਬਕ ਨੂੰ ਆਪਣੇ ਵਿਚ ਸਮੋਈ ਬੈਠੀ ਹੈ।
ਆਮ ਕਰਕੇ ਗ਼ਲਤੀਆਂ ਖ਼ੁਦਗਰਜ਼ੀ ਤੇ ਲਾਲਚ ਅਧੀਨ ਜਾਣਬੁੱਝ ਕੇ ਜਾਂ ਫਿਰ ਅੰਨ੍ਹੀ ਮੋਹ ਮਮਤਾ ਦੀ ਸ਼ਰਧਾ ਹੇਠ ਅਣਜਾਣਪੁਣੇ ਵੀ ਹੋ ਜਾਂਦੀਆਂ ਹਨ। ਜਿਵੇਂ ਇਸ ਦੇ ਨਾਵਲ ਖਲਨਾਇਕ ਪਾਤਰ 'ਜੂਪਾ' ਮਾਂ ਮਹਿੱਟਰ ਹੋ ਜਾਣ 'ਤੇ ਪਿਉ ਦੀਆਂ ਅੱਖਾਂ ਤੋਂ ਦੂਰ ਨਾਨਕੇ ਘਰ ਪਲਦਾ ਹੈ। ਨਾਨੀ ਵਲੋਂ ਮਿਲਦੇ ਬੇਲੋੜੇ ਲਾਡ ਪਿਆਰ ਅਤੇ ਮਤਰੇਈ ਮਾਂ 'ਇਕ ਬੁਰੀ ਮਾਂ ਹੀ ਹੁੰਦੀ ਹੈ।' ਦੀ ਨਸੀਹਤ ਨਾਲ ਉਸ ਦੇ ਕੋਰੇ ਬਾਲ ਮਨ ਦੀ ਸਲੇਟ 'ਤੇ ਅਜਿਹੀ ਝਰੀਟ ਪੈ ਜਾਂਦੀ ਹੈ ਕਿ ਉਹ ਸਾਰੀ ਉਮਰ ਹੀ ਪਸ਼ੂਪੁਣੇ ਵਿਚੋਂ ਦੀ ਲੰਘਦਾ ਹੋਇਆ ਆਪਣੇ ਅੜਬਪੁਣੇ ਨਾਲ ਹਰ ਮਨੁੱਖੀ ਰਿਸ਼ਤੇ ਤੇ ਕਦਰਾਂ-ਕੀਮਤਾਂ ਨੂੰ ਕੁਚਲ ਕੇ ਖ਼ੁਦ ਵੀ ਕਤਲ ਹੋ ਜਾਂਦਾ ਹੈ।
ਦੇਸ਼ ਦੀ ਵੰਡ ਤੋਂ ਪਹਿਲਾਂ ਫ਼ਿਰਕਿਆਂ ਵਿਚਕਾਰ ਆਪਸੀ ਸਾਂਝ, ਰਾਜਸੀ ਲੂੰਬੜ ਚਾਲਾਂ ਨਾਲ ਫੈਲੀ ਫ਼ਿਰਕੂ ਨਫ਼ਰਤ ਨਾਲ ਹੋਇਆ ਮਨੁੱਖਤਾ ਦਾ ਘਾਣ, ਵਿਛੋੜੇ ਦਾ ਦਰਦ, ਮਤਰੇਈ ਮਾਂ ਚੰਗੀ ਵੀ ਹੁੰਦੀ ਹੈ, ਬਲਾਤਕਾਰ ਪੀੜਤਾਂ ਨੂੰ ਇਨਸਾਫ਼ ਦੇਣ ਵਾਲੇ ਕਾਨੂੰਨ ਦਾਨੀਆਂ ਵਲੋਂ ਪੁੱਛਗਿੱਛ ਨਾਲ ਪੀੜਤਾ ਨਾਲ ਹੋਰ ਵੀ ਸ਼ਰੇਆਮ ਸ਼ਬਦੀ ਬਲਾਤਕਾਰ ਕਰਨ, ਭ੍ਰਿਸ਼ਟਾਚਾਰੀ ਨਿਜ਼ਾਮ, ਸਿਆਸਤ ਵਿਚ ਗੁੰਡਾਗਰਦੀ ਦਾ ਬੋਲਬਾਲਾ, ਨਸ਼ੇ ਦੇ ਵਗਦੇ ਹੜ੍ਹ, ਪਰਾਈ ਜ਼ਮੀਂ, ਜ਼ਰ-ਜ਼ੋਰੂ ਤੇ ਕਾਂ ਅੱਖ, ਪਰਾਏ ਹੱਕਾਂ ਨੂੰ ਝਪਟਣ ਲਈ ਗੋਂਦਾਂ ਗੁੰਦਣੀਆਂ, ਫੁੰਕਾਰੇ ਮਾਰਦੇ ਨਾਗ ਤੇ ਹੁਸਨ ਦਾ ਚਲਦਾ ਜਾਦੂ, ਗ਼ਰੀਬਾਂ ਦੀ ਮਦਦ ਲਈ ਪਰਉਪਕਾਰਤਾ ਭਰੀ ਤਤਪਰਤਾ/ਇੱਛਾ, ਹਰ ਜੋਖਮ ਉਠਾ ਕੇ ਵੀ ਮਾੜੇ ਦੀ ਬਹੁੜੀ ਕਰਨੀ, ਵਿਦੇਸ਼ ਜਾਣ ਦੀ ਚਾਹਤ, ਵਿਦੇਸ਼ੀ ਲਾੜਿਆਂ ਵਲੋਂ ਠੱਗੀ, ਸਿਆਣਪ ਭਰੀ ਜੁਰਅਤ ਨਾਲ ਦਾਜ ਲਾਲਚੀਆਂ ਨੂੰ ਸਬਕ ਸਿਖਾਉਣ ਆਦਿ ਵਿਸ਼ਿਆਂ ਦਾ ਆਪਸੀ ਸੁਮੇਲ ਇਸ ਨਾਵਲ ਦੇ ਵਿਸ਼ੇਸ਼ ਹਾਸਲ ਹਨ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.

c c c

ਵਰਿਆਮ ਸੰਧੂ ਦਾ ਕਹਾਣੀ-ਜਗਤ
ਲੇਖਕ : ਡਾ: ਕਿਰਨਦੀਪ ਸਿੰਘ ਕਿਰਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97791-42830.

ਵਰਿਆਮ ਸਿੰਘ ਸੰਧੂ ਪੰਜਾਬੀ ਕਹਾਣੀ ਜਗਤ ਦਾ ਇਕ ਬਹੁ-ਚਰਚਿਤ ਅਤੇ ਸਮਰੱਥ ਕਹਾਣੀਕਾਰ ਹੈ। ਉਸ ਨੇ ਪੰਜਾਬੀ ਕਹਾਣੀ ਸੰਸਾਰ ਨੂੰ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ ਦਿੱਤੇ ਹਨ। ਪੰਜਾਬ ਦੀ ਕਿਸਾਨੀ ਦੇ ਇਤਿਹਾਸਕ ਯਥਾਰਥ ਦੀ ਪੇਸ਼ਕਾਰੀ ਕਰਨ ਲਈ ਉਸ ਨੇ ਲੰਮੀ ਕਹਾਣੀ ਦੀ ਵਿਧਾ ਨੂੰ ਆਪਣਾ ਮਾਧਿਅਮ ਬਣਾ ਕੇ ਰਚਨਾ ਕੀਤੀ ਹੈ। ਰਾਜਸੀ ਸੂਝ ਪੱਖੋਂ ਸੁਚੇਤ ਵਰਿਆਮ ਸੰਧੂ ਇਕ ਚੇਤੰਨ ਅਤੇ ਚਿੰਤਨਸ਼ੀਲ ਕਹਾਣੀਕਾਰ ਹੋਣ ਕਰਕੇ ਕਿਸੇ ਸਮੱਸਿਆ ਨੂੰ ਵਿਅਕਤੀਗਤ ਪੱਧਰ ਤੋਂ ਉੱਪਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਾਸਾਰਾਂ ਤੱਕ ਲਿਜਾਂਦਾ ਹੈ। ਇਹ ਉਸ ਦੀ ਵਿਲੱਖਣਤਾ ਹੈ। ਡਾ: ਕਿਰਨਦੀਪ ਸਿੰਘ ਕਿਰਨ ਦੀ ਹਥਲੀ ਪੁਸਤਕ ਸੰਧੂ ਦੇ ਕਹਾਣੀ ਜਗਤ ਉੱਪਰ ਚਰਚਾ ਕਰਦੀ ਹੋਈ, ਉਸ ਦੀ ਕਹਾਣੀ ਦੇ ਵੱਖ-ਵੱਖ ਪਾਸਾਰਾਂ ਦਾ ਵਿਸ਼ਲੇਸ਼ਣ ਕਰਦੀ ਹੈ। 10 ਅਧਿਆਇ ਵਿਚ ਵੰਡੀ ਇਹ ਪੁਸਤਕ ਕਹਾਣੀਕਾਰ ਦੇ ਕਥਾ-ਜਗਤ ਦੇ ਬਹੁ-ਪਰਤੀ, ਬਹੁ-ਮੁਖੀ ਅਤੇ ਬਹੁ-ਦਿਸ਼ਾਵੀ ਵੇਰਵਿਆਂ ਦਾ ਵਰਨਣ ਕਰਦੀ ਆਪਣੀ ਬਿਰਤਾਂਤਕ ਵਿਲੱਖਣਤਾ ਨੂੰ ਕਾਇਮ ਕਰਦੀ ਹੈ। ਲੇਖਕ ਨੇ ਵਰਿਆਮ ਸੰਧੂ ਦੀ ਕਹਾਣੀ ਵਿਚਲੇ ਦ੍ਰਿਸ਼ਟੀਕੋਣ, ਰਾਜਸੀ ਚੇਤਨਾ, ਨਿਮਨ ਕਿਸਾਨੀ ਦੀਆਂ ਸਮੱਸਿਆਵਾਂ, ਪੰਜਾਬ ਸੰਕਟ, ਆਰਥਿਕ ਸੰਕਟ ਆਦਿ ਵਿਸ਼ਿਆਂ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਹੈ। ਅਖ਼ੀਰ ਇਹ ਸੰਧੂ ਨਾਲ ਕੀਤੀ ਮੁਲਾਕਾਤ ਰਾਹੀਂ ਉਸ ਦੇ ਨਿਮਨ ਕਿਸਾਨੀ ਨਾਲ ਮੋਹ, ਸਾਹਿਤ ਸਿਰਜਣਾ ਦੇ ਬੁਨਿਆਦੀ ਸਰੋਤਾਂ, ਸਮਕਾਲੀ ਸਾਹਿਤਕਾਰਾਂ ਪ੍ਰਤੀ ਵਿਵਹਾਰ ਅਤੇ ਪੰਜਾਬ ਸੰਕਟ ਦੌਰਾਨ ਰਚੀਆਂ ਕਹਾਣੀਆਂ ਦੇ ਅਨੁਭਵਾਂ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ ਹੈ। ਡਾ: ਕਿਰਨਦੀਪ ਸਿੰਘ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

-ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

c c c

ਬਿਜਲੀ ਕੜਕੇ
ਲੇਖਕ : ਸ਼ਿਵਨਾਥ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ (ਸਜਿਲਦ), ਸਫ਼ੇ : 120
ਸੰਪਰਕ : 96538-70627.

ਸ਼ਿਵ ਨਾਥ ਸਰਬਾਂਗੀ ਲੇਖਕ ਹੈ, ਜਿਸ ਨੇ ਕਵਿਤਾ ਅਤੇ ਵਾਰਤਕ ਲਿਖਤਾਂ ਰਾਹੀਂ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਅਣਥੱਕ ਮਿਹਨਤ ਕੀਤੀ ਹੈ। 'ਬਿਜਲੀ ਕੜਕੇ' ਉਸ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। 'ਬਿਜਲੀ ਕੜਕੇ' ਕਾਵਿ-ਸੰਗ੍ਰਹਿ ਬਾਰੇ ਗੁਰਬਚਨ ਸਿੰਘ ਭੁੱਲਰ ਕਹਿੰਦਾ ਹੈ, 'ਸ਼ਿਵ ਨਾਥ ਸ਼ਬਦ ਦੇ ਸਹੀ ਅਰਥਾਂ ਵਿਚ ਲੋਕ-ਲੇਖਕ ਹੈ।' ਇਹ ਟਿੱਪਣੀ ਵਿਸ਼ੇਸ਼ ਸੰਦਰਭ ਵਿਚ ਇਹ ਸਪੱਸ਼ਟ ਕਰਦੀ ਹੈ ਕਿ ਸ਼ਿਵ ਨਾਥ ਲੋਕਾਈ ਦੇ ਸਮੂਹਿਕ ਮਸਲਿਆਂ ਪ੍ਰਤੀ ਚਿੰਤਤ ਵੀ ਹੈ ਅਤੇ ਇਸ ਸਬੰਧ ਵਿਚ ਉਹ ਆਪਣੀਆਂ ਲਿਖਤਾਂ ਰਾਹੀਂ ਆਵਾਜ਼ ਵੀ ਬੁਲੰਦ ਕਰਦਾ ਹੈ। ਇਹ ਪੁਸਤਕ ਵੀ ਉਸ ਨੇ ਉਨ੍ਹਾਂ ਸਾਹਿਤਕਾਰਾਂ, ਰੰਗ-ਕਰਮੀਆਂ, ਗੀਤਕਾਰਾਂ ਅਤੇ ਸੰਗੀਤਕਾਰਾਂ ਨੂੰ ਸਮਰਪਿਤ ਕੀਤੀ ਹੈ ਜੋ ਫ਼ਿਰਕਾਪ੍ਰਸਤੀ ਦੇ ਝੱਖੜ ਸਮੇਂ ਵੀ ਸਾਬਤ ਕਦਮ ਤੇ ਅਡੋਲ ਰਹੇ। 'ਜਨਤੰਤਰ ਦਾ ਖੇਡ ਤਮਾਸ਼ਾ', 'ਭਖ਼ਦਾ ਸਵਾਲ', 'ਭਾਗਸ਼ਾਲੀ ਦੇਸ਼', 'ਡਰੇ ਹੋਏ ਲੋਕ', 'ਅਜਿੱਤ ਸ਼ਕਤੀ', 'ਕਰਜ਼ੇ ਦਾ ਖੌਫ਼', 'ਬਾਬੇ ਨਾਨਕ ਨੂੰ ਖ਼ਤਰਾ ਹੈ' ਅਤੇ ਹੋਰ ਅਨੇਕਾਂ ਕਵਿਤਾਵਾਂ ਵਿਚ ਉਹ ਭਾਰਤ ਦੀ ਰਾਜਨੀਤਕ ਵਿਵਸਥਾ 'ਤੇ ਵਿਅੰਗ ਕੱਸਦਿਆਂ ਦੁਬਿਧਾ, ਢੌਂਗ, ਮੱਕਾਰੀ, ਦੋਗਲੇਪਨ ਦੇ ਅਣਮਨੁੱਖੀ ਵਤੀਰੇ 'ਤੇ ਆਪਣੇ ਪ੍ਰਤੀਕਰਮ ਪੇਸ਼ ਕਰਦਿਆਂ ਆਮ ਲੋਕਾਈ ਦੀਆਂ ਕਾਮਨਾਵਾਂ, ਪ੍ਰਾਪਤੀਆਂ, ਥੁੜ੍ਹਾਂ, ਖੁਸ਼ੀਆਂ, ਗ਼ਮੀਆਂ, ਤਾਂਘਾਂ, ਇੱਛਾਵਾਂ ਨੂੰ ਬੋਲ ਦਿੰਦਾ ਹੈ। ਫ਼ਿਰਕਾਪ੍ਰਸਤੀ ਦੇ ਅੰਧਕਾਰੀ ਮਾਹੌਲ ਅੰਦਰ ਉਸ ਨੂੰ ਕੋਈ ਧਰਮ ਅਜਿਹਾ ਦਿਖਾਈ ਨਹੀਂ ਦਿੰਦਾ ਜੋ 'ਬੁਰੇ ਤੁਖ਼ਮਾਂ' ਦਾ 'ਬਾਬੇ ਨਾਨਕ' ਵਾਂਗ ਪਰਦਾ ਚਾਕ ਕਰ ਸਕੇ :
ਕਿਹੜੇ ਮਜ਼ਹਬ ਜਾਂ ਧਰਮ ਨੂੰ ਅੱਜ ਮੈਂ ਦੇਵਾਂ ਆਵਾਜ਼
ਖੋਲ੍ਹ ਸਕੇ ਜੋ ਬੇ-ਡਰ ਹੋ ਕੇ ਬੁਰੇ ਤੁਖ਼ਮਾਂ ਦੇ ਰਾਜ਼!
ਕਮਾਲ ਦੀ ਗੱਲ ਹੈ ਕਿ ਸ਼ਿਵ ਨਾਥ ਆਪਣੇ ਸਿਰਜੇ ਕਾਵਿ ਪਾਤਰਾਂ ਰਾਹੀਂ ਸਾਧਾਰਨ ਪੱਧਰ 'ਤੇ ਵਿਚਰਦੇ ਲੋਕਾਂ ਦੀ ਤਰਜਮਾਨੀ ਸਰਲ ਅਤੇ ਸਪੱਸ਼ਟ ਭਾਸ਼ਾ ਵਿਚ ਕਰਦਾ ਹੈ। 'ਬਿਜਲੀ ਕੜਕਣਾ' ਮੁਸੀਬਤਾਂ ਦੇ ਆਗਾਜ਼ ਦਾ ਸੰਕੇਤ ਹੈ ਅਤੇ ਸਰਵਰਕ ਅਤੇ ਸਿਰਲੇਖ ਰਾਹੀਂ ਇਹ ਸੰਦੇਸ਼ ਸਪੱਸ਼ਟ ਹੀ ਪਾਠਕ ਤੱਕ ਪਹੁੰਚਦਾ ਹੈ ਕਿ ਰਾਜ-ਸ਼ਕਤੀ ਨਾਲ ਜੁੜੇ ਸੰਸਥਾਈ ਵਿਅਕਤੀਆਂ ਦਾ ਅਮਲ ਆਮ ਲੋਕਾਈ 'ਤੇ ਬਿਜਲੀ ਬਣ ਕੜਕਦਾ ਹੈ। ਇਹ ਇਕ ਸਹਿਜ ਕਾਵਿ-ਆਗਮਨ ਦਾ ਵਰਤਾਰਾ ਹੈ। ਸ਼ਿਵ ਨਾਥ ਵਧਾਈ ਦਾ ਪਾਤਰ ਹੈ। ਕਾਵਿ-ਸੰਗ੍ਰਹਿ ਪੜ੍ਹਨਯੋਗ ਹੈ। ਆਸ ਕਰਦਾ ਹਾਂ ਕਿ ਪਾਠਕ ਹਾਂ-ਪੱਖੀ ਹੁੰਗਾਰਾ ਭਰਨਗੇ। ਆਮੀਨ!

-ਸੰਧੂ ਵਰਿਆਣਵੀ (ਪ੍ਰੋ:)
ਮੋ: 94630-14096.

c c c

ਵਿਰਸੇ ਦੇ ਮੋਤੀ
ਲੇਖਕ : ਸੁਰਿੰਦਰ ਸੈਣੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 86
ਸੰਪਰਕ : 98557-73558.

'ਵਿਰਸੇ ਦੇ ਮੋਤੀ' ਆਧੁਨਿਕ ਸਾਹਿਤ ਦੀਆਂ ਕਵਿਤਾਵਾਂ (38), ਤਿੰਨ ਨਿੱਕੀਆਂ ਕਹਾਣੀਆਂ ਅਤੇ 8 ਲੇਖ-ਅਜਿਹਾ ਸੰਗ੍ਰਹਿ ਹੈ, ਜਿਨ੍ਹਾਂ ਰਚਨਾਵਾਂ ਰਾਹੀਂ ਸੰਗ੍ਰਹਿ ਕਰਤਾ ਖ਼ੁਦ ਲੇਖਕ, ਜਿਥੇ ਆਪਣੇ ਸਮਾਜਿਕ ਸੱਭਿਆਚਾਰਕ ਵਿਰਸੇ ਅਤੇ ਬੜੀ ਤੇਜ਼ੀ ਨਾਲ ਬਦਲਦੇ ਗਿਆਨ ਵਿਗਿਆਨ ਅਤੇ ਤਕਨਾਲੋਜੀ ਦੇ ਪ੍ਰਭਾਵ ਦੇ ਪ੍ਰਤੀਕਰਮ ਵਜੋਂ ਆਈਆਂ ਤਬਦੀਲੀਆਂ ਤੋਂ ਪੈਦਾ ਹੋਈਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੈ, ਉਥੇ ਉਹ ਆਪਣੇ ਸੱਭਿਆਚਾਰਕ ਵਿਰਸੇ ਅਤੇ ਵਿਗੜ ਰਹੀ ਸਮਾਜਿਕ ਆਰਥਿਕ ਅਵਸਥਾ ਵਲ ਵੀ ਝਾਤ ਮਾਰਦਾ ਹੈ।
ਜਿਵੇਂ : * ਮੈਂ ਵਿਰਸਾਂ ਹਾਂ, ਮੈਨੂੰ ਸਾਂਭ ਲਓ।
* ਐ ਮਨੁੱਖ! ਮੈਂ ਰੁੱਖ ਹਾਂ, ਤੇਰਾ ਸੁੱਖ ਹਾਂ।
* ਤਾੜ-ਤਾੜ ਹੋਏ ਰਿਸ਼ਤੇਨਾਤੇ; ਕਿਸ ਘਰ ਜਾਵਾਂ; ਕਿਸ ਨੂੰ ਦੱਸਾਂ।
* ਲੱਜਪੱਤ ਦਾ ਨਾ ਰਾਖਾ ਕੋਈ, ਲੱਥਗੀ ਚੁੰਨਰੀ ਸੜ ਗਈ ਲੋਈ।
* ਵਾੜ ਹੀ ਖੇਤ ਨੂੰ ਖਾਈ ਜਾਵੇ, ਤੈਨੂੰ ਦੱਸ ਕੌਣ ਬਚਾਏ।
ਕਵੀ ਅਜੋਕੇ ਜੀਵਨ/ਸਮਾਜ ਵਿਚ ਵਿਆਪਤ ਹੋ ਰਹੀ ਫੋਕੀਆਂ ਆਦਰਸ਼ਹੀਣ ਰਵਾਇਤਾਂ; ਮਜ਼ਹਬੀ ਭਰਮਾਂ ਵਹਿਮਾਂ, ਅਗਿਆਨਤਾ ਦੇ ਹਨੇਰਿਆਂ ਤੇ ਵਧ ਰਹੇ ਅਸੰਤੋਸ਼ ਦਾ ਖੁੱਲ੍ਹ ਕੇ ਜ਼ਿਕਰ ਕਰਦਾ ਹੈ। ਮਨੁੱਖੀ ਜਗਤ ਦੀ ਜਟਿਲਤਾ ਨੂੰ ਰਚਨਾਤਮਕਮੁਖੀ ਸੋਚ ਗ੍ਰਹਿਣ ਕਰਕੇ ਹੱਲ ਕਰਨ ਦੀ ਲੋੜ ਪ੍ਰਤੀ ਕਵੀ ਸੁਚੇਤ ਹੈ। ਕਵੀ ਦੀਆਂ ਇਨ੍ਹਾਂ ਕਵਿਤਾਵਾਂ ਵਿਚ ਜਿਥੇ ਸਮੇਂ ਸਮਾਜ (ਆਤਮ ਅਨਾਤਮ ਜਗਤ) ਦੀ ਮਾਨਸਿਕ ਪੀੜਾ ਦਾ ਉਲੇਖ ਮਿਲਦਾ ਹੈ, ਉਥੇ ਉਹ ਬਹੁ-ਪਾਸਾਰੀ ਪ੍ਰਭਾਵਾਂ ਦੀਆਂ ਜਟਿੱਲਤਾਵਾਂ ਨੂੰ ਰਚਨਾਤਮਿਕ ਬਣਾਉਣ ਦੇ ਯਤਨ ਵੀ ਕਰਦਾ ਹੈ। ਸਮੇਂ ਦੇ ਯਥਾਰਥ ਪ੍ਰਤੀ ਸੁਚੇਤ ਹੋ ਕੇ ਹੀ ਉਸਾਰੂ ਦ੍ਰਿਸ਼ਟੀਕੋਣ ਗ੍ਰਹਿਣ ਕੀਤਾ ਜਾ ਸਕਦਾ ਹੈ। ਤਿੰਨ ਕਹਾਣੀਆਂ ਤੇ 8 ਲੇਖ ਚਲੰਤ ਪਰੰਪਰਾਗਤ ਰਵਾਇਤੀ ਕਿਸਮ ਦੀਆਂ ਰਚਨਾਵਾਂ ਹਨ। ਤਜਰਬੇ ਨਾਲ ਨਿੱਕੀ ਕਹਾਣੀ ਅਤੇ ਲੇਖ ਦੀ ਥਾਂ ਨਿਬੰਧ ਦੀ ਲਿਖਤ ਨੂੰ ਸਾਰਥਿਕ ਅਰਥ ਪ੍ਰਦਾਨ ਕੀਤੇ ਜਾ ਸਕਦੇ ਹਨ।
ਸੁਰਿੰਦਰ ਸੈਣੀ ਮੱਧ ਵਰਗੀ ਦ੍ਰਿਸ਼ਟੀ ਤੋਂ ਪ੍ਰਗਤੀਵਾਦੀ ਚੇਤੰਨਤਾ ਦਾ ਕਵੀ ਹੈ, ਪ੍ਰੰਤੂ ਪ੍ਰਗਤੀਵਾਦੀ ਧਾਰਾ ਦੀ ਕਵਿਤਾ ਦੇ ਵਸਤੂ ਭਾਵੀ ਯਥਾਰਥ ਵੱਲ ਉਲਾਰ ਦ੍ਰਿਸ਼ਟੀਕੋਣ ਤੋਂ ਸੁਚੇਤ ਹੋਣ ਦੀ ਲੋੜ ਹੈ।

c c c

ਤ੍ਰਿਹਾਈ ਤਾਂਘ
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98551-05665.

ਹਰਸਿਮਰਨ ਕੌਰ, ਕਵਿੱਤਰੀ; ਵਾਰਤਕ ਲੇਖਿਕਾ ਅਤੇ ਕਹਾਣੀਕਾਰਾ ਦੇ ਰੂਪ ਵਿਚ ਅਤੇ ਬੱਚਿਆਂ ਲਈ ਲਿਖਣ ਵਾਲੀ ਹਰਿਆਣਾ ਪ੍ਰਾਂਤ ਦੀ ਜਾਣੀ-ਪਛਾਣੀ ਲੇਖਿਕਾ ਹੈ। ਇਹ ਉਸ ਦਾ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਵਧੇਰੇ ਕਹਾਣੀਆਂ, ਜ਼ਿੰਦਗੀ ਦੀ ਤ੍ਰਾਸਦੀ ਝਲਦੇ ਆਪਣੀਆਂ ਅਧੂਰੀਆਂ ਇੱਛਾਵਾਂ ਤੋਂ ਪੀੜਤ, ਗ਼ੁਰਬਤ, ਲਾਚਾਰੀ, ਬਿਮਾਰੀ ਤੇ ਟੁੱਟੇ ਦਿਲਾਂ ਦੀ ਬੇਬਸੀ ਦਾ ਸੰਤਾਪ ਹੰਢਾਉਂਦੇ ਪਾਤਰਾਂ ਦੀ ਜ਼ਿੰਦਗੀ ਨਾਲ ਸਬੰਧਿਤ ਹਨ। ਲੇਖਿਕਾ ਕਹਾਣੀਕਾਰਾ, ਜੇਕਰ 1947 ਈ: ਦੀ ਪੰਜਾਬ ਵੰਡ ਦੇ ਦਰਦ ਨੂੰ 'ਸ਼ਰਨਾਰਥੀ' ਕਹਾਣੀ ਵਿਚ ਪੁਨਰ ਸਿਰਜਣ ਕਰਦੀ ਹੈ ਤਾਂ 'ਅਖੀਰਲੀ ਤੰਦ' ਦੀ ਪਾਤਰਾ ਬਿਸ਼ਨੀ ਬੀਤੇ ਸਮੇਂ ਦਾ ਸੰਤਾਪ ਭੋਗਦੀ ਦਿਖਾਈ ਹੈ। 'ਮੋਹ ਦੇ ਧਾਗੇ' ਲੰਮੇ ਦੁਖਾਂਤ ਝਲਦੀ ਨਾਰੀ ਦੀ ਦਾਸਤਾਨ ਹੈ। ਇਨ੍ਹਾਂ ਕਹਾਣੀਆਂ ਵਿਚ ਨਾਰੀ ਹੀ ਕਦੇ ਬਿਰਹਾ ਹੰਢਾਉਂਦੀ ਹੈ; ਕਦੇ ਮਰਦ ਦੀ ਕਰੋਪੀ, ਕਦੇ ਸਮਾਜ ਵਲੋਂ ਬੇਰੁਖ਼ੀ, ਨਾਰੀ ਦੁਖਾਂਤ ਦੇ ਵੱਖਰੇ-ਵੱਖਰੇ ਕਰੂਪ ਮਨੁੱਖੀ ਸਮਾਜ ਲਈ ਸਰਾਪ ਜਾਪਦੇ ਹਨ।
ਹਰਸਿਮਰਨ ਕੌਰ ਵੱਖ-ਵੱਖ ਦੁਖਾਂਤ ਨਾਰੀ ਪਾਤਰਾਂ ਦੇ ਬਿਰਤਾਂਤ ਸਿਰਜਣ ਰਾਹੀਂ ਨਾਰੀਆਂ ਦੇ ਜੀਵਨ ਯਥਾਰਥ ਪੇਸ਼ ਕਰਦੀ ਹੈ। 'ਨਾਵ ਨਦੀ ਸੰਜੋਗ' ਅਣਹੋਏ ਪਾਤਰ ਜਦ ਆਪਣੇ ਜੀਵਨ ਦੇ ਹਨੇਰੇ ਖ਼ਤਮ ਕਰਕੇ 'ਆਪਣੇ ਚਾਨਣੇ-ਰਾਹ' ਚੁਣਨ ਦੇ ਸਮਰੱਥ ਹੁੰਦੇ ਹਨ ਤਾਂ ਅਜਿਹੀ ਸਥਿਤੀ ਉੱਪਰ ਆ ਖੜੋਂਦੇ ਹਨ, ਜਿਥੇ ਕੀਤੀਆਂ ਪ੍ਰਾਪਤੀਆਂ ਖ਼ਤਮ ਹੋ ਜਾਂਦੀਆਂ ਹਨ। ਨਾਰੀ ਅਜੇ ਵੀ ਹਨੇਰਿਆਂ ਵਿਚ ਕੈਦ ਹੈ। ਉਸ ਦੀ ਦੁਨੀਆ ਸੀਮਤ ਅਤੇ ਅੱਜ ਵੀ ਸਾਡੇ ਸਮਾਜ ਵਿਚ ਨਾਰੀ ਆਮ ਤੌਰ 'ਤੇ ਮਰਦ ਦੀ ਗ਼ੁਲਾਮ ਹੈ। ਅਜੇ ਵੀ ਬਲਾਤਕਾਰ ਹੁੰਦਾ ਹੈ। ਮਰਦ ਪ੍ਰਧਾਨ ਸਮਾਜ ਵਿਚ ਨਾਰੀ ਨੂੰ ਬਰਾਬਰ ਦੇ ਕੰਮ ਅਕਸਰ ਨਹੀਂ ਮਿਲਦੇ। ਤ੍ਰਿਹਾਈ ਤਾਂਘ ਨਾਰੀ ਵੇਦਨਾ ਦੀ ਸੰਵੇਦਨਾਤਮਕ ਕੂਕ ਹੈ। ਇਸ ਕੂਕ ਦੀ ਤੜਪਨਾ ਅਤੇ ਉਤੇਜਨਾ, ਅਜੋਕੇ ਨਿਜ਼ਾਮ ਦੇ ਪ੍ਰਬੰਧਕੀ ਅਤੇ ਸੱਭਿਆਚਾਰਕ ਢਾਂਚੇ ਨੂੰ ਕਿੰਨਾ ਕੁ ਬਦਲ ਸਕੇਗੀ, ਇਹ ਸਮੇਂ ਦੀ ਬਦਲਵੀਂ ਨੁਹਾਰ ਉੱਪਰ ਨਿਰਭਰ ਹੈ।

-ਡਾ: ਅਮਰ ਕੋਮਲ
ਮੋ: 08437873565.

c c c

ਫਿੱਕੇ ਰੰਗ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98724-55994.

ਫਿੱਕੇ ਰੰਗ ਹੀਰਾ ਸਿੰਘ ਤੂਤ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਭਾਵੇਂ ਲੇਖਕ ਲੰਮੇ ਸਮੇਂ ਤੋਂ ਨਿਰੰਤਰ ਸਾਹਿਤ ਸਿਰਜਣਾ ਵਿਚ ਰੁਝਿਆ ਰਿਹਾ ਹੈ। ਇਸ ਪਲੇਠੀ ਪੁਸਤਕ ਨਾਲ ਲੇਖਕ ਨੇ ਸਾਹਿਤ ਦੀ ਦੁਨੀਆ ਵਿਚ ਪਹਿਲਾ ਕਦਮ ਰੱਖਿਆ ਹੈ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਲੇਖਕ ਸਾਡੇ ਸਮਾਜਿਕ ਚੌਗਿਰਦੇ ਵਿਚ ਫੈਲੇ ਦੁੱਖਾਂ-ਸੁੱਖਾਂ ਤੇ ਕੁਹਜ ਨੂੰ ਆਪਣੀ ਕਵਿਤਾ ਦੇ ਵਸਤੂ-ਵਰਤਾਰੇ ਵਜੋਂ ਚਿਤਰਦਾ ਹੈ। ਉਸ ਦੀਆਂ ਕਵਿਤਾਵਾਂ ਵਿਚ ਸਮਾਜ ਵਿਚ ਫੈਲੀ ਫ਼ਿਰਕਪ੍ਰਸਤੀ, ਹਿੰਸਾ ਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਮਿਲਦੀ ਹੈ। ਉਥੇ ਹੀ ਸਾਡੇ ਸਮਾਜ ਵਿਚ ਨਾਬਰਾਬਰੀ, ਔਰਤ 'ਤੇ ਹੁੰਦੇ ਜ਼ੁਲਮਾਂ ਨੂੰ ਵੀ ਲੇਖਕ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰਦਾ ਹੈ। ਉਸ ਦਾ ਲਹਿਜ਼ਾ ਵਿਅੰਗਮਈ ਹੈ, ਜਿਸ ਨਾਲ ਉਹ ਸਮਾਜ ਵਿਚ ਫੈਲੀਆਂ ਵਿਸੰਗਤੀਆਂ 'ਤੇ ਤਿੱਖੇ ਵਿਅੰਗ ਕਰਦਾ ਹੈ।
ਜਬਰ ਜਨਾਹ ਵਧੇ ਬਥੇਰੇ
ਰਲ ਖਾਪ ਪੰਚਾਇਤ ਬੁਲਾਵਾਂਗੇ
ਕੁੜੀ ਹੱਥੀਂ ਮੋਬਾਈਲ ਨਾ ਹੋਵੇ
ਬਾਲ ਵਿਆਹ ਕਰਵਾਵਾਂਗੇ...
ਵਿਅੰਗ ਦੇ ਤਿੱਖੇ ਨਸ਼ਤਰ ਰਾਹੀਂ ਲੇਖਕ ਸਮਾਜ ਦੀ ਚੇਤਨਾ ਵਿਚ ਫੈਲੀਆਂ ਬੁਰਾਈਆਂ ਦੀ ਚੀਰ ਫਾੜ ਕਰਕੇ ਕਵਿਤਾ ਵਿਚ ਉਜਾਗਰ ਕਰਦਾ ਹੈ।

-ਡਾ: ਅਮਰਜੀਤ ਕੌਂਕੇ।

c c c

ਮੇਰੀਆਂ ਗ਼ਜ਼ਲਾਂ ਮੇਰੇ ਗੀਤ
ਸ਼ਾਇਰ : ਗੁਰਚਰਨ ਬੱਧਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ-200 ਰੁਪਏ, ਸਫ਼ੇ : 112
ਸੰਪਰਕ : 98152-62473.

'ਮੇਰੀਆਂ ਗ਼ਜ਼ਲਾਂ ਮੇਰੇ ਗੀਤ' ਵਿਚ ਗ਼ਜ਼ਲਾਂ ਵੀ ਹਨ, ਕਵਿਤਾਵਾਂ ਵੀ ਤੇ ਕੁਝ ਗੀਤ ਵੀ ਹਨ, ਜਿਨ੍ਹਾਂ ਦੀ ਗਿਣਤੀ ਅਠਾਸੀ ਹੈ। ਬੱਧਣ ਪਹਿਲਾਂ ਗ਼ਜ਼ਲਕਾਰ ਹੈ, ਇਸ ਲਈ ਉਸ ਨੇ ਇਸ ਪੁਸਤਕ ਵਿਚ ਗ਼ਜ਼ਲਾਂ ਨੂੰ ਤਰਜੀਹੀ ਤੌਰ 'ਤੇ ਛਾਪਿਆ ਹੈ। ਇਨ੍ਹਾਂ 'ਚੋਂ ਵਧੇਰੇ ਗ਼ਜ਼ਲਾਂ ਮਨੁੱਖੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਇਰਦ-ਗਿਰਦ ਕੇਂਦਰਿਤ ਹਨ ਤੇ ਆਪਣੇ ਰਹਿਬਰਾਂ ਦੀ ਅਯੋਗ ਅਗਵਾਈ 'ਤੇ ਤਨਜ਼ ਕਸਦੀਆਂ ਹਨ। ਭ੍ਰਿਸ਼ਟਾਚਾਰ, ਗ਼ਰੀਬੀ, ਮਜ਼ਹਬੀ ਨਫ਼ਰਤ, ਊਚ ਨੀਚ ਆਦਿ ਉਸ ਦੀਆਂ ਗ਼ਜ਼ਲਾਂ ਦੇ ਪ੍ਰਮੁੱਖ ਵਿਸ਼ੇ ਹਨ। ਸ਼ਾਇਰ ਦਾ ਵਿਚਾਰ ਹੈ ਕਿ ਜੰਗ ਕਿਸੇ ਮਸਲੇ ਦਾ ਹਲ ਨਹੀਂ ਤੇ ਹਥਿਆਰ ਕਦੀ ਵੀ ਗੱਲਬਾਤ ਤੋਂ ਬਿਹਤਰ ਬਦਲ ਨਹੀਂ ਬਣ ਸਕਦੇ। ਉਸ ਮੁਤਾਬਿਕ ਉਹ ਰਾਹੀ ਹੀ ਮੰਜ਼ਿਲ ਪ੍ਰਾਪਤ ਕਰਦੇ ਹਨ, ਜੋ ਰਾਹਾਂ ਵਿਚ ਆਰਾਮ ਨਹੀਂ ਕਰਦੇ। ਮੁਹੱਬਤ ਜ਼ਿੰਦਗੀ ਦਾ ਆਧਾਰ ਹੈ ਤੇ ਇਹ ਜਜ਼ਬਾ ਸਦੀਵੀ ਹੈ ਇਸ ਵਿਸ਼ੇ 'ਤੇ ਬੱਧਣ ਨੇ ਕਾਫ਼ੀ ਗਿਣਤੀ ਵਿਚ ਗ਼ਜ਼ਲਾਂ ਕਹੀਆਂ ਹਨ। ਪਿਆਰ ਉਸ ਲਈ ਸਭ ਤੋਂ ਵੱਡਾ ਫ਼ਲਸਫ਼ਾ ਹੈ ਤੇ ਉਸ ਨੂੰ ਆਪਣੇ ਸਮਾਜ ਵਿਚ ਇਸ ਦੇ ਘਟ ਜਾਣ ਦੀ ਤਕਲੀਫ਼ ਹੈ। ਕੁਝ ਸਮਾਜਿਕ ਵਿਸ਼ਿਆਂ 'ਤੇ ਵੀ ਉਸ ਨੇ ਸ਼ਿਅਰ ਕਹੇ ਹਨ। ਗ਼ਜ਼ਲਕਾਰ ਨੇ ਕੁਝ ਰਦੀਫ਼ਾਂ ਨਵੀਆਂ ਵੀ ਵਰਤੀਆਂ ਹਨ। ਪਰ ਇਨ੍ਹਾਂ ਗ਼ਜ਼ਲਾਂ 'ਤੇ ਪੁਨਰ ਝਾਤ ਨਾਲ ਇਨ੍ਹਾਂ ਦੀ ਲਿਸ਼ਕ-ਪੁਸ਼ਕ ਵਧਾਈ ਜਾ ਸਕਦੀ ਸੀ। ਪੁਸਤਕ ਵਿਚ ਸ਼ਾਮਿਲ ਗੀਤਾਂ 'ਚੋਂ ਕਈ ਗੀਤ ਹਲਕੇ-ਫੁਲਕੇ ਹਨ ਤੇ ਇਨ੍ਹਾਂ ਨੂੰ ਸ਼ਾਇਦ ਗਾਉਣ ਲਈ ਹੀ ਲਿਖਿਆ ਗਿਆ ਹੈ, ਕੁਝ ਗੀਤ ਸਾਹਿਤ ਦੀ ਸ਼੍ਰੇਣੀ ਵਿਚ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। 'ਮੇਰੀਆਂ ਗ਼ਜ਼ਲਾਂ ਮੇਰੇ ਗੀਤ' ਪੁਸਤਕ ਵਿਚ ਕੁਝ ਦੋ ਪਾਤਰੀ ਗੀਤ ਵੀ ਹਨ ਤੇ ਟੱਪੇ ਵੀ। ਇਸ ਪੁਸਤਕ ਨੂੰ ਪੜ੍ਹਦਿਆਂ ਬੱਧਣ ਦੀ ਸ਼ਾਇਰੀ ਦੀਆਂ ਵੱਖ-ਵੱਖ ਸਿਨਫ਼ਾਂ ਨੂੰ ਮਾਣਿਆਂ ਜਾ ਸਕਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਸਾਬਣਦਾਨੀ
ਲੇਖਕ : ਡਾ: ਤੇਜਵੰਤ ਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ (ਸਮਾਣਾ)
ਮੁੱਲ : 195 ਰੁਪਏ, ਸਫ਼ੇ : 104.
ਸੰਪਰਕ : 98767-83736.

ਪੰਜਾਬੀ ਸਾਹਿਤ ਜਗਤ ਦੇ ਬਹੁਵਿਧਾਈ ਲੇਖਕ ਡਾ: ਤੇਜਵੰਤ ਮਾਨ ਦੀ ਇਹ 15ਵੀਂ ਪੁਸਤਕ ਹੈ। ਕੁਝ ਹੋਰ ਲੇਖਾਂ ਤੋਂ ਇਲਾਵਾ ਇਸ ਵਿਚ ਉਨ੍ਹਾਂ ਦੀਆਂ 32 ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਪੰਜਾਬੀ ਦੇ ਪ੍ਰਮੁੱਖ ਸਾਹਿਤਕ ਰਸਾਲਿਆਂ ਵਿਚ ਪਹਿਲਾਂ ਪ੍ਰਕਾਸ਼ਤ ਵੀ ਹੋ ਚੁੱਕੀਆਂ ਹਨ। ਡਾ: ਤੇਜਵੰਤ ਮਾਨ ਪੰਜਾਬੀ ਸਾਹਿਤ ਜਗਤ ਦੇ ਅਜਿਹੇ ਧੁਰੰਤਰ ਲੇਖਕ ਹਨ, ਜਿਨ੍ਹਾਂ ਦੀ ਪੁਰਜ਼ੋਰ ਕਲਮ, ਸਮਾਜਿਕ ਦੰਭਾਂ, ਅਡੰਬਰਾਂ, ਜੁੱਗਗਰਦੀ ਤੇ ਦੋਗਲੇਪਨ ਦੇ ਪਛੜੇ ਲਾਹੁੰਦੀ ਹੈ। ਉਨ੍ਹਾਂ ਦੀ ਵਿਅੰਗਾਤਮਕ ਪਹੁੰਚ, ਕਹਾਣੀਆਂ ਨੂੰ ਹੋਰ ਰੌਚਕ ਤੇ ਪੁਖਤਾ ਬਣਾਉਂਦੀ ਹੈ, ਜਿਨ੍ਹਾਂ ਵਿਚ ਜੀਵਨ ਦਾ ਡੂੰਘਾ ਅਨੁਭਵ ਸਮੋਇਆ ਹੁੰਦਾ ਹੈ। ਉਨ੍ਹਾਂ ਦੀਆਂ ਕਹਾਣੀਆਂ ਇਸ ਕਰਕੇ ਪਾਠਕਾਂ ਦੇ ਮਨਾਂ ਨੂੰ ਟੁੰਬਦੀਆਂ ਹਨ ਕਿਉਂਕਿ ਇਹ ਆਮ ਆਦਮੀ (ਜਨ ਸਾਧਾਰਨ) ਦੀ ਬਾਤ ਪਾਉਂਦੀਆਂ ਹਨ। ਹਥਲੀ ਪੁਸਤਕ ਵਿਚਲੀ ਪ੍ਰਥਮ ਕਹਾਣੀ ਜਿਹੜੀ ਪੁਸਤਕ ਦਾ ਉਨਵਾਨ ਵੀ ਹੈ (ਸਾਬਣਦਾਨੀ) ਇਸੇ ਵਿਦਰੋਹੀ ਚੇਤਨਾ ਦੀ ਖੂਬਸੂਰਤ ਅੱਕਾਸੀ ਹੈ।
'ਰਿਕਸ਼ਿਆਂ ਦਾ ਰੋੜੀ ਕੁੱਟ ਮਿਸਤਰੀ, ਉਸ ਦੇ ਪਾਸ ਬੈਠ-ਬੈਠ ਚਲੇ ਜਾਂਦੇ ਹਨ। ਕੋਈ ਬੜੀ ਹੈਰਾਨੀ ਨਾਲ ਉਸ ਨੂੰ ਦੱਸਣਾ ਚਾਹੁੰਦਾ ਹੈ/ਚਾਚਾ, ਮੈਂ ਦੇਖਿਆ ਥੀ/ਉਹ ਆਪਣੀਆਂ ਅੱਖਾਂ 'ਤੇ ਹੱਥ ਧਰਕੇ ਇਸ਼ਾਰਾ ਕਰਦਾ ਹੈ/ਤੈਂ ਕੁਛ ਨਹੀਂ ਦੇਖਿਆ/ਕੋਈ ਹੋਰ ਬੜੀ ਉਤਸੁਕਤਾ ਨਾਲ ਦੱਸਣਾ ਚਾਹੁੰਦਾ ਹੈ/ਚਾਚਾ, ਮੈਂ ਸੁਣਿਆ ਥੀ/ਉਹ ਆਪਣੇ ਕੰਨਾਂ ਵਿਚ ਉਂਗਲਾਂ ਪਾ ਇਸ਼ਾਰਾ ਕਰਦਾ ਹੈ।
ਤੈਂ ਕੁਛ ਨਹੀਂ ਸੁਣਿਆ/ ਅਤੇ ਕੋਈ ਹੋਰ ਉੱਚੀ ਆਵਾਜ਼ ਵਿਚ ਬੋਲ ਕੇ ਦੱਸਦਾ ਹੈ/ਮੈਂ ਉਨ੍ਹਾਂ ਸਾਰਿਆਂ ਦਾ ਭਾਂਡਾ ਚੁਰਾਹੇ ਵਿਚ ਭੰਨਣਾ ਚਾਹੁੰਨਾਂ।' (ਪੰਨਾ 15) ਕਹਾਣੀ 'ਆਧੁਨਿਕ ਬੁੱਧੀਜੀਵੀ' ਵਿਚਲਾ ਕਟਾਕਸ਼ ਵੇਖੋ :
'ਉਹ ਆਧੁਨਿਕ ਬੁੱਧੀਜੀਵੀ ਹੈ। ਕਹਿੰਦਾ ਹੈ ਥੱਬਾ ਭਰਿਆ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁੱਝੂ ਪੁੱਤ ਬਾਂਦਰਾਂ ਦਾ। (ਪੰਨਾ 98)
ਉਹ ਉਨ੍ਹਾਂ ਵਿਚੋਂ ਹੈ ਜੋ ਅੱਗ ਦਾ ਸੇਕ ਪਸੰਦ ਕਰਦੇ ਨੇ। (ਪੰਨਾ 102)
ਅੰਤਿਕਾ ਵਿਚ ਕਹਾਣੀ ਕਲਾ ਤੇ ਉਸ ਦੇ ਮਕਸਦ ਬਾਰੇ ਲੇਖਕ ਦੇ ਭਾਵਪੂਰਤ ਵਿਚਾਰ ਹਨ ਅਤੇ ਆਖ਼ਰੀ ਪੰਨੇ 'ਤੇ ਡਾ: ਮਾਨ ਦੀ ਕਹਾਣੀ ਕਲਾ ਬਾਰੇ ਉੱਘੇ ਸਾਹਿਤਕਾਰਾਂ ਦੇ ਤਾਸੁਰਾਤ (ਵਿਚਾਰ) ਦਰਜ ਹਨ।

-ਤੀਰਥ ਸਿੰਘ ਢਿੱਲੋਂ
ਮੋ: 83609-13318.

c c c

ਸੁਖਮਿੰਦਰ ਸਿੰਘ ਸੇਖੋਂ ਦੇ ਕਹਾਣੀ-ਸੰਗ੍ਰਹਿ
ਕੁਰਸੀਆਂ ਤੇ ਆਮ ਆਦਮੀ
ਦਾ ਆਲੋਚਨਾਤਮਕ ਅਧਿਐਨ
ਸੰਪਾਦਕ : ਪ੍ਰੋ: ਵੀਰਪਾਲ ਕੋਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98150-31189.

ਬਹੁਪੱਖੀ ਲੇਖਕ ਸੁਖਮਿੰਦਰ ਸਿੰਘ ਸੇਖੋਂ ਦੇ ਚਰਚਿਤ ਕਹਾਣੀ ਸੰਗ੍ਰਹਿ ਕੁਰਸੀਆਂ ਤੇ ਆਮ ਆਦਮੀ ਦਾ ਸਮੁੱਚਾ ਵਿਸ਼ਲੇਸ਼ਣ ਪਬਲਿਸ਼ਰਜ਼ ਨੇ 14 ਨਾਰੀ ਆਲੋਚਕ ਵਿਦਵਾਨਾਂ ਤੋਂ ਕਰਵਾ ਕੇ ਇਹ ਪੁਸਤਕ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ। ਪੁਸਤਕ ਦੀਆਂ 13 ਕਹਾਣੀਆਂ ਦੇ ਕਈ ਮਹੱਤਵਪੂਰਨ ਪਖਾਂ 'ਤੇ ਭਰਪੂਰ ਚਰਚਾ ਹੈ। ਧਰਮ ਦੇ ਮਖੌਟੇ ਹੇਠ ਚਲਦੇ ਕਈ ਕਿਸਮ ਦੇ ਅਨੈਤਿਕ ਕੰਮ, ਧਾਰਮਿਕ ਕਟੜਤਾ, ਆਰਥਿਕ ਪਖੋਂ ਕਮਜ਼ੋਰ ਲੋਕਾਂ ਦੀ ਦਾਸਤਾਨ, ਪੂੰਜੀਵਾਦੀ ਸਿਸਟਮ ਵਿਚ ਪਸਰੇ ਭ੍ਰਿਸ਼ਟਾਚਾਰ, ਮਨੁੱਖ ਦੇ ਦੰਭੀ ਕਿਰਦਾਰ ਬਾਰੇ ਪ੍ਰਭਾਵਸ਼ੀਲ ਆਲੋਚਨਾ ਕਹਾਣੀਆਂ ਦੇ ਪ੍ਰਸੰਗ ਵਿਚ ਕੀਤੀ ਗਈ ਹੈ। ਸੇਖੋਂ ਦੀਆਂ ਬਿਹਤਰੀਨ ਕਹਾਣੀਆਂ ਅੰਦਰਲਾ ਆਦਮੀ, ਕੁਰਸੀਆਂ, ਗਿਠਮੁਠੀਏ, ਹਾਅ ਦਾ ਨਾਅਰਾ, ਆਦਮੀ ਦੀ ਜਾਤ, ਝੁਗੀਆਂ ਵਾਲੇ, ਨਿਪੁੰਸਕ, ਧਰਮ ਸੰਕਟ, ਮੁਆਫ਼ ਕਰਨਾ ਸਾਹਿਬ ਆਦਿ ਬਾਰੇ ਨਿਬੰਧਾਂ ਵਿਚ ਡਾ: ਸਤਿੰਦਰ ਕੌਰ, ਪ੍ਰੋ: ਮਨਦੀਪ ਕੌਰ ਤੇ ਪੁਨੀਤ ਨੇ ਕਹਾਣੀਆਂ ਦਾ ਅਧਿਐਨ ਕਰਦੇ ਹੋਏ ਵਿਸ਼ਾ ਪੱਖ ਨੂੰ ਲਿਆ ਹੈ। ਡਾ: ਲਖਬੀਰ ਕੌਰ ਨੇ ਕਹਾਣੀਆਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਨੇ ਕਹਾਣੀਆਂ ਦੇ ਵਿਭਿੰਨ ਪਾਤਰਾਂ ਦੇ ਵਿਵਹਾਰ ਤੇ ਮਨੋਸਥਿਤੀ 'ਤੇ ਨਜ਼ਰ ਗੱਡੀ ਹੈ। ਸੇਖੋਂ ਦੇ ਅਮਰ ਪਾਤਰਾਂ ਵਿਚ ਗੁਲਜ਼ਾਰ, ਸੁਖਰਾਜ, ਸ਼ਮਸ਼ੇਰ, ਜਗਜੀਤ ਦਾ ਜ਼ਿਕਰ ਪੁਸਤਕ ਅਧਿਐਨ ਦੀ ਰੂਹ ਬਣ ਗਿਆ ਹੈ। ਪਾਠਕ ਪਾਤਰਾਂ ਬਾਰੇ ਪੜ੍ਹ ਕੇ ਕਹਾਣੀਆਂ ਨਾਲ ਜੁੜਨ ਦੀ ਤਾਂਘ ਕਰਦਾ ਹੈ। ਅਧਿਐਨ ਪੁਸਤਕ ਵਿਚ ਕਹਾਣੀਆਂ ਦੀਆਂ ਮੂਲ ਟੂਕਾਂ ਸੋਨੇ 'ਤੇ ਸੁਹਾਗਾ ਹਨ। ਇਨ੍ਹਾਂ ਦੀ ਛਪਾਈ ਵੱਲ ਪ੍ਰਕਾਸ਼ਕ ਨੇ ਖ਼ਾਸ ਧਿਆਨ ਦਿੱਤਾ ਹੈ। ਡਾ: ਮਨਦੀਪ ਕੌਰ ਨੇ ਕਹਾਣੀਆਂ ਦੇ ਜਮਾਤੀ ਸਰੋਕਾਰਾਂ 'ਤੇ ਤਿੱਖਾ ਸੰਵਾਦ ਛੇੜਿਆ ਹੈ। ਪ੍ਰੋ: ਸੁਖਜਿੰਦਰ ਕੌਰ ਨੇ ਲੋਕ ਧਾਰਾਈ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਪ੍ਰੋ: ਬਲਜੀਤ ਕੌਰ ਨੇ ਸਮਕਾਲੀ ਸਮਾਜਿਕ ਬੋਧ ਨੂੰ ਕੇਂਦਰ ਬਿੰਦੂ ਬਣਾਇਆ ਹੈ। ਕਹਾਣੀ ਹਾਅ ਦਾ ਨਾਅਰਾ ਵਿਚਲਾ ਥੀਮ ਡਾ: ਰਾਜਵੀਰ ਕੌਰ ਨੇ ਸਪੱਸ਼ਟ ਕੀਤਾ ਹੈ। ਪਾਤਰ ਸਤਵੰਤ ਦੀ ਸੰਵੇਦਨਾ ਨੂੰ ਆਪਣੇ ਪਤੀ ਦੀ ਕਰੂਰਤਾ ਦੇ ਖਿਲਾਫ਼ ਭੁਗਤ ਕੇ ਇਸ ਨੂੰ ਹਾਅ ਦਾ ਰੂਪ ਦਿੱਤਾ ਹੈ। ਆਲੋਚਕਾਂ ਨੇ ਪ੍ਰਸਿੱਧ ਵਿਦਵਾਨ ਡਾ: ਕਰਨੈਲ ਸਿੰਘ ਥਿੰਦ, ਡਾ: ਧਨਵੰਤ ਕੌਰ, ਡਾ: ਜੀਤ ਸਿੰਘ ਸੀਤਲ, ਡਾ: ਸਵਿੰਦਰ ਸਿਂਘ ਉਪਲ ਤੇ ਹੋਰ ਕਈ ਹਵਾਲੇ ਦਿੱਤੇ ਹਨ।
c c c

ਕਹਾਣੀ ਧਾਰਾ
(ਮੇਰੇ ਪੁਰਖੇ ਵਿਸ਼ੇਸ਼ ਅੰਕ)
ਸੰਪਾਦਕ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ ਜਲੰਧਰ
ਮੁੱਲ : 40 ਰੁਪਏ, ਸਫ਼ੇ : 192
ਸੰਪਰਕ : 94170-64350.

ਪੰਜਾਬੀ ਕਹਾਣੀ ਦਾ ਮੁੱਖ ਬੁਲਾਰਾ ਮੈਗਜ਼ੀਨ ਕਹਾਣੀਧਾਰਾ ਦਾ ਹਥਲਾ ਅੰਕ ਮੇਰੇ ਪੁਰਖੇ ਵਿਸ਼ੇਸ਼ ਅੰਕ ਹੈ। ਇਸ ਅੰਕ ਵਿਚ 38 ਨਵੇਂ ਪੁਰਾਣੇ ਲੇਖਿਕਾ/ਲੇਖਿਕਾਵਾਂ ਦੀਆਂ ਸਵੈਲਿਖਤਾਂ ਹਨ, ਜਿਨ੍ਹਾਂ ਵਿਚ ਸਾਰਿਆਂ ਨੇ ਪੂਰੇ ਅਦਬ ਸਹਿਤ ਆਪਣੇ ਵੱਡੇ-ਵਡੇਰਿਆਂ ਨੂੰ ਯਾਦ ਕੀਤਾ ਹੈ। ਡਾ: ਜਗਤਾਰ, ਜਸਵੰਤ ਸਿੰਘ ਵਿਰਦੀ, ਰਾਮ ਸਰੂਪ ਅਣਖੀ, ਦਲਬੀਰ ਚੇਤਨ, ਡਾ: ਸਰਘੀ, ਪ੍ਰੇਮ ਗੋਰਖੀ, ਸਰੂਪ ਸਿਆਲਵੀ, ਭੂਰਾ ਸਿੰਘ ਕਲੇਰ, ਮੋਹਨ ਲਾਲ ਫਿਲੌਰੀਆ, ਜਗਵਿੰਦਰ ਯੋਧਾ, ਐਚ. ਐਸ. ਡਿੰਪਲ, ਨਿਰਮਲ ਨਿੰਮਾ ਲੰਗਾਹ, ਡਾ: ਐਸ. ਤਰਸੇਮ ਤੇ ਇਕ ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਲੇ ਦੀਆਂ ਵਿਦਵਤਾ ਭਰਪੂਰ ਤੇ ਬਜ਼ੁਰਗਾਂ ਵੇਲੇ ਦਾ ਸਮਕਾਲੀ ਯਥਾਰਥ, ਉਨ੍ਹਾਂ ਦੇ ਬਹੁਪੱਖੀ ਪ੍ਰਭਾਵਾਂ ਨੂੰ ਪੇਸ਼ ਕਰਦੀਆਂ ਬਿਹਤਰੀਨ ਰਚਨਾਵਾਂ ਹਨ। ਡਾ: ਸਰਘੀ ਦਾ ਲੇਖ 'ਕੁਵੇਲੇ ਤੁਰ ਗਿਆ ਬਾਪ' ਬਹੁਤ ਭਾਵਕ ਰਚਨਾ ਹੈ। ਕਦੇ ਵੀ ਬੇਗਾਨੇ ਪੈਰਾਂ ਦਾ ਸਫ਼ਰ ਨਾ ਕਰੋ (ਡਾ: ਸਰਘੀ) ਡਾ: ਐਸ. ਤਰਸੇਮ ਦੀ ਲਿਖਤ 'ਤਲਖ ਸੁਭਾਅ ਵਾਲੇ ਬਜ਼ੁਰਗ' ਉਨ੍ਹਾਂ ਦੇ ਪੁਰਖਿਆਂ ਦੇ ਜੀਵਨ ਦੀ ਸੱਚੀ ਸੁੱਚੀ ਝਲਕ ਹੈ। ਕਹਾਣੀਕਾਰ ਅਤਰਜੀਤ ਆਪਣੇ ਪੁਰਖਿਆਂ ਦਾ ਕੁਰਸੀਨਾਮਾ ਪੇਸ਼ ਕਰਦਾ ਹੈ। ਪ੍ਰੇਮ ਗੋਰਖੀ ਆਪਣੇ ਚਾਚਾ ਬਸੰਤਾ ਦੀ ਬਾਤ ਪਾਉਂਦਾ ਹੈ। ਰਾਮ ਸਰੂਪ ਅਣਖੀ ਦਾ ਕਥਨ ਹੈ...ਮੇਰੇ ਬਾਪ ਨੇ ਜ਼ਿੰਦਗੀ ਨੂੰ ਕਾਲਰ ਨਹੀਂ ਲਾਏ ਬਸ ਕੁੜਤੇ ਵਾਂਗ ਹੀ ਬਾਪ ਜ਼ਿੰਦਗੀ ਹੰਢਾਅ ਕੇ ਚਲਾ ਗਿਆ।
'ਮੇਰੇ ਕੋਲ ਆਪਣੇ ਪੁਰਖਿਆਂ 'ਤੇ ਮਾਣ ਕਰਨ ਵਾਲਾ ਕੁਝ ਨਹੀਂ ਹੈ ਸਿਰਫ ਯਾਦਾਂ ਦੀ ਰਾਖ ਹੈ ਭਲਾ ਰਾਖ 'ਤੇ ਕਾਹਦਾ ਮਾਣ।' (ਭਗਵੰਤ ਰਸੂਲਪੁਰੀ ਪੰਨਾ 95), ਇਸ ਤਰ੍ਹਾਂ ਦਾ ਨਜ਼ਰੀਆ ਮੋਹਨ ਲਾਲ ਫਿਲੋਰੀਆ ਦਾ ਹੈ। ਐਚ. ਐਸ. ਡਿੰਪਲ ਨੂੰ ਆਪਣੇ ਪਿਤਾ ਦੀਆਂ ਪੈਂਤੀ ਡਿਗਰੀਆਂ 'ਤੇ ਮਾਣ ਹੈ। ਬਲਦੇਵ ਸਿੰਘ ਸੜਕਨਾਮਾ ਦੀ ਕਹਾਣੀ ਬਾਰੇ ਤੇ ਪੰਜਾਬੀ ਕਹਾਣੀ ਵਿਚ ਨਾਰੀਵਾਦ ਬਾਰੇ ਦੋ ਵਧੀਆ ਲੇਖ ਹਨ। ਅੰਕ ਸਾਂਭਣ ਯੋਗ ਤੇ ਨਿੱਠ ਕੇ ਪੜ੍ਹਨ ਵਾਲਾ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

20-01-2018

 ਇਕ ਵਿਚਾਰ ਧਾਰਾ
(ਲੇਖ ਸੰਗ੍ਰਹਿ)
ਲੇਖਕ : ਸੁਰਿੰਦਰ ਸਿੰਘ ਕੰਵਰ
ਪ੍ਰਕਾਸ਼ਕ : ਐਸੀ ਐਡ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98147-21803.

ਇਕ ਵਿਚਾਰਧਾਰਾ ਆਸਟਰੇਲੀਆ ਵਸਤੇ ਪਰਵਾਸੀ ਪੰਜਾਬੀ ਸੁਰਿੰਦਰ ਸਿੰਘ ਨਰੂਲਾ ਦਾ ਜੀਵਨ ਜਾਚ ਨਾਲ ਸਬੰਧਿਤ ਲੇਖ ਸੰਗ੍ਰਹਿ ਹੈ। ਜੀਵਨ ਜਾਚ ਬਾਰੇ ਇਨ੍ਹਾਂ ਨਿਬੰਧਾਂ ਦੇ ਵਿਸ਼ੇ ਸੁਖ-ਸ਼ਾਂਤੀ ਵਾਲੇ ਵਿਅਕਤੀਗਤ ਜੀਵਨ, ਮਾਂ/ਬਾਪ/ਬਾਲਾਂ/ਪਤੀ-ਪਤਨੀ ਦੇ ਸੁਚੱਜੇ ਸੁਖਾਵੇਂ ਰਿਸ਼ਤੇ, ਬਜ਼ੁਰਗਾਂ ਦੀ ਸੰਭਾਲ, ਨੂੰਹ ਸੱਸ, ਸਮਾਜਿਕ ਵਰਤੋਂ-ਵਿਹਾਰ, ਨਿੱਕੀਆਂ-ਵੱਡੀਆਂ ਕਮਜ਼ੋਰੀਆਂ, ਪਤਨ ਗ੍ਰਸਤ ਕਰਮਕਾਂਡੀ ਸਮਾਜਿਕ/ਧਾਰਮਿਕ ਜੀਵਨ, ਹਉਮੈਂ ਤੇ ਹੋਰ ਮਨੁੱਖੀ ਕਮਜ਼ੋਰੀਆਂ, ਗੁਣਾਂ ਦੀ ਸਾਂਝ, ਗੁਰਬਾਣੀ/ਧਰਮ/ਨਾਮ ਬਾਰੇ ਗੁਰਮਤਿ ਦ੍ਰਿਸ਼ਟੀਕੋਣ ਜਿਹੇ ਵਿਸ਼ਾਲ ਖੇਤਰ ਤੱਕ ਫੈਲੇ ਹੋਏ ਹਨ। ਇਨ੍ਹਾਂ ਦੀ ਸਮੁੱਚੀ ਸੁਰ ਆਦਰਸ਼ਵਾਦੀ ਹੈ ਅਤੇ ਇਸ ਆਦਰਸ਼ਵਾਦ ਦਾ ਆਧਾਰ ਲੇਖਕ ਦੀ ਗੁਰਬਾਣੀ ਦੀ ਸਮਝ ਹੈ।
ਇਸ ਸੰਗ੍ਰਹਿ ਦੇ 24 ਨਿਬੰਧਾਂ ਦੇ ਸਿਰਲੇਖ ਉਨ੍ਹਾਂ ਦੇ ਵਿਸ਼ੇ ਵਸਤੂ ਵੱਲ ਸੰਕੇਤ ਕਰਨ ਲਈ ਕਾਫੀ ਹਨ। ਉਦਾਹਰਨ ਲਈ ਸੁਖੀ ਤੇ ਸ਼ਾਂਤਮਈ ਜੀਵਨ, ਜੀਵਨ ਜਾਚ, ਗੁਨ ਗਾਵਤ ਤੇਰੀ ਉਤਸ ਮੈਲ, ਖੁਸ਼ੀਆਂ ਭਰਿਆ ਸਮਾਜਿਕ ਜੀਵਨ ਵਿਚ ਲੇਖਕ ਗੁਣਾਂ ਨੂੰ ਗ੍ਰਹਿਣ ਕਰਨ 'ਤੇ ਬਲ ਦਿੰਦਾ ਹੈ। ਗੁਰਬਾਣੀ ਦੇ ਕੁਝ ਮੁਢਲੇ ਸੰਦੇਸ਼ਾਂ ਦੀ ਵਿਆਖਿਆ ਵਾਲੇ ਨਿਬੰਧਾਂ ਦੀ ਆਪਣੀ ਸ਼੍ਰੇਣੀ ਹੈ। ਇਸ ਵਿਚਲੇ ਸੇਵਾ ਕਰਤ ਹੋਏ ਨਿਹਕਾਮੀ, ਮਨ ਤੇ ਕਬਹੁ ਨ ਬਿਖਿਆ ਟਰੈ, ਹਉਮੈ ਦੀਰਘ ਰੋਗ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਸਹਸ ਸਿਆਣਪਾ ਲਖ ਹੋਹਿ ਜਿਹੇ ਨਿਬੰਧਾਂ ਵਿਚ ਗੁਰਬਾਣੀ ਦੀ ਸਰਬੱਤ ਦੇ ਭਲੇ ਦਾ ਸਰਲ, ਕਾਂਡ ਤੋਂ ਮੁਕਤ ਗੁਣਾਂ ਵਾਲਾ ਜੀਵਨ ਜੀਣ ਦਾ ਸੰਦੇਸ਼ ਹੈ। ਨਰਕ ਸਵਰਗ, ਧਰਮ, ਗੁਰੂ ਨਾਨਕ ਦਾ ਰੱਬ, ਨਿਰੋਗੀ ਕਾਇਆ, ਸੰਗਤ, ਸਿਹਤ ਸੰਭਾਲ, ਔਰਤ ਦੀ ਮਹਾਨਤਾ, ਨਰਕ-ਸਵਰਗ ਜਿਹੇ ਨਿਬੰਧ ਉਪਰੋਕਤ ਸੰਕਲਪਾਂ ਬਾਰੇ ਗੁਰਮਤਿ ਦ੍ਰਿਸ਼ਟੀ ਤੋਂ ਪ੍ਰੇਰਿਤ ਹਨ। ਸਮਾਜਿਕ/ਪਰਿਵਾਰਕ ਰਿਸ਼ਤਿਆਂ ਪ੍ਰਤੀ ਲੇਖਕ ਦੀ ਦ੍ਰਿਸ਼ਟੀ ਉਸਾਰੂ ਹੈ। ਸੇਵਾ, ਔਰਤ ਦਾ ਸਤਿਕਾਰ, ਬਜ਼ੁਰਗਾਂ ਦੀ ਸੰਭਾਲ, ਰਿਸ਼ਤਿਆਂ ਦੀ ਪਾਕੀਜ਼ਗੀ ਜਿਹੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹੋਏ ਲੇਖਕ ਦੰਦ ਕਥਾਵਾਂ, ਸਾਖੀਆਂ ਤੇ ਲੋਕ ਸਾਹਿਤ ਦੇ ਟੋਟਕਿਆਂ ਨੂੰ ਸਹਿਜੇ ਹੀ ਵਰਤਦਾ ਹੈ। ਲੇਖਕ ਦੀ ਭਾਸ਼ਾ ਸਰਲ ਤੇ ਸੁਰ ਉਪਦੇਸ਼ਾਤਮਕ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸੈਨਿਕ ਵਿਗਿਆਨ : ਪ੍ਰੈਕਟੀਕਲ ਅਭਿਆਸ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 71
ਸੰਪਰਕ : 97815-84279.

ਹਥਲੀ ਪੁਸਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ 'ਡਿਫੈਂਸ ਐਂਡ ਸਟ੍ਰੈਟਿਜਿਕ ਸਟੱਡੀਜ਼' ਪੜ੍ਹ ਰਹੇ ਬੀ.ਏ. ਦੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਿਤ ਹੈ। ਇਸ ਪੁਸਤਕ ਦੇ ਵਿਸ਼ੇ ਭਾਵੇਂ ਸੈਨਿਕ ਵਿਗਿਆਨ ਨਾਲ ਸਬੰਧਿਤ ਹਨ ਪਰ ਇਕ ਵਿਲੱਖਣ ਵਿਸ਼ਾ ਹੋਣ ਕਰਕੇ ਆਮ ਪਾਠਕ ਦਾ ਧਿਆਨ ਖਿੱਚਦੇ ਹਨ। ਕਿਉਂਕਿ ਅਜੋਕੇ ਦੌਰ ਵਿਚ ਹਰ ਮਨੁੱਖ ਹਰ ਵਿਸ਼ੇ ਉੱਪਰ ਆਪਣੀ ਜਾਣਕਾਰੀ ਵਧਾਉਣਾ ਚਾਹੁੰਦਾ ਹੈ। ਸੱਤ ਅਧਿਆਇ ਵੱਖ-ਵੱਖ ਵਸਤਾਂ ਬਾਰੇ ਜਾਣਕਾਰੀ ਦਿੰਦੇ ਹਨਂਨਕਸ਼ਾ, ਨਕਸ਼ੇ ਦੀ ਵਰਤੋਂ ਤੇ ਕਿਸਮਾਂ, ਰਵਾਇਤੀ ਚਿੰਨ੍ਹ ਜਾਂ ਸੰਕੇਤ, ਸੈਨਿਕ ਸੰਕੇਤ, ਭੂਗੋਲਿਕ ਚਿੰਨ੍ਹ ਤੇ ਸੰਕੇਤ, ਗਰਿੱਡ ਪ੍ਰਣਾਲੀ, ਗਰਿੱਡ ਰੇਖਾਵਾਂ, ਦਿਸ਼ਾਵਾਂ, ਪਰਛਾਵਾਂ, ਤਾਰਾ ਵਿਧੀ, ਘੜੀ ਵਿਧੀ, ਸਕੇਲ, ਕੰਪਾਸ, ਨਾਈਟ ਮਾਰਚ ਚਾਰਟ ਆਦਿ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ। ਸੈਨਿਕ ਵਿਗਿਆਨ ਨਾਲ ਸਬੰਧਿਤ ਵਿਦਿਆਰਥੀਆਂ ਦੇ ਨਾਲ-ਨਾਲ ਆਮ ਮਨੁੱਖਾਂ ਨੂੰ ਵੀ ਇਨ੍ਹਾਂ ਸੰਕੇਤਾਂ, ਚਿੰਨ੍ਹਾਂ ਦੀ ਸਮਝ ਹੋਣੀ ਚਾਹੀਦੀ ਹੈ। ਆਧੁਨਿਕ ਯੁੱਗ ਵਿਚ ਇਹ ਵਿਗਿਆਨ ਨਵੀਆਂ ਤਕਨੀਕਾਂ ਅਤੇ ਵਿਧੀਆਂ ਰਾਹੀਂ ਕਿਸੇ ਦੇਸ਼ ਦੀ ਸੁਰੱਖਿਆ, ਭੂਗੋਲਿਕ ਜਾਣਕਾਰੀ, ਮੌਸਮ ਆਦਿ ਅਨੇਕਾਂ ਖੇਤਰਾਂ ਵਿਚ ਜ਼ਿਕਰਯੋਗ ਕਾਰਜ ਕਰਦਾ ਹੈ। ਇਕ ਅਗਾਂਹ ਵਧੂ ਸਮਾਜ ਦਾ ਹਰ ਬਸ਼ਰ ਸੰਕੇਤਾਂ ਅਤੇ ਚਿੰਨ੍ਹਾਂ ਪ੍ਰਤੀ ਜਾਣੂ ਹੁੰਦਾ ਹੋਇਆ ਕਿਸੇ ਕੁਦਰਤੀ ਆਫ਼ਤ ਜਾਂ ਸਾੜਸਤੀ ਸਮੇਂ ਆਪਣੇ ਆਲੇ-ਦੁਆਲੇ ਦੀਆਂ ਦਿਸ਼ਾਵਾਂ, ਭੂਗੋਲਿਕ ਵੇਰਵਿਆਂ ਤੋਂ ਜਾਣੂ ਹੁੰਦਾ ਹੋਇਆ ਜਨ-ਕਲਿਆਣ ਦੇ ਕਾਰਜ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਲੇਖਕ ਬਲਦੇਵ ਸਿੰਘ ਵਲੋਂ ਬੜੇ ਸੀਮਤ ਜਿਹੇ ਸਾਧਨਾਂ ਅਤੇ ਸਰੋਤਾਂ ਤੋਂ ਸੈਨਿਕ ਵਿਗਿਆਨ ਬਾਰੇ ਜਾਣਕਾਰੀ ਦਿੱਤੀ ਹੈ। ਇਹ ਉਪਰਾਲਾ ਸਲਾਹੁਣਯੋਗ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਜੀਵ ਅਤੇ ਕੁਦਰਤ ਦਾ ਪਸਾਰਿਆ ਪਸਾਰਾ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 400 ਰੁਪਏ, ਸਫ਼ੇ : 292
ਸੰਪਰਕ : 94643-91902.

ਸਦੀਆਂ ਤੋਂ ਸ੍ਰਿਸ਼ਟੀ ਅਤੇ ਇਸ ਦੇ ਸਿਰਜਣਹਾਰ ਬਾਰੇ ਜਾਣਨ ਲਈ ਅਧਿਆਤਮਕ ਤੇ ਵਿਗਿਆਨਕ ਖੇਤਰ ਦੇ ਖੋਜੀਆਂ ਵਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੰਤੂ ਅਜੇ ਤੱਕ ਇਸ ਅਦਭੁਤ ਪਸਾਰੇ ਤੇ ਵਰਤਾਰੇ ਦਾ ਕੋਈ ਭੇਦ ਨਹੀਂ ਪਾ ਸਕਿਆ। ਇਸ ਪੁਸਤਕ ਦੇ ਲੇਖਕ ਨੇ ਇਸ ਵਿਸ਼ੇ ਉੱਪਰ ਚਾਨਣ ਪਾਉਣ ਦਾ ਯਤਨ ਕੀਤਾ ਹੈ। ਕੁਦਰਤ ਦੀ ਵਿਸ਼ਾਲਤਾ ਬਾਰੇ ਉਹ ਲਿਖਦਾ ਹੈ ਕਿ ਕਾਦਰ ਦੁਆਰਾ ਸਾਡੀ ਧਰਤੀ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੀਆਂ ਕੁ ਧਰਤੀਆਂ ਅਤੇ ਭੂ-ਮੰਡਲ ਉਪਜਾਏ ਗਏ ਹਨ। ਇਸ ਮੁੱਖ ਵਿਸ਼ੇ ਦੇ ਨਾਲ-ਨਾਲ ਲੇਖਕ ਨੇ ਇਨ੍ਹਾਂ ਗੌਣ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ :
ਕੁਦਰਤ ਦੀ ਹਰ ਵਸਤੂ ਭੌਤਿਕ ਤੇ ਰਸਾਇਣਕ ਪੱਖੋਂ ਪ੍ਰੀਵਰਤਨਸ਼ੀਲ ਹੈ, ਕੁਦਰਤ ਦੀ ਵਿਸ਼ਾਲਤਾ ਤੇ ਅਦਭੁਦਤਾ; ਮਨੁੱਖਾਂ, ਜੀਵ-ਜੰਤੂਆਂ ਅਤੇ ਵਨਸਪਤੀ ਵਿਚ ਮੁਕਾਬਲੇ ਦੀ ਭਾਵਨਾ ਦਾ ਹੋਣਾ, ਕੁਦਰਤ ਦੇ ਨਿਯਮ ਅਟੱਲ ਹਨ, ਪਰ ਮਨੁੱਖ ਆਪਣੀ ਹੋਣੀ ਨੂੰ ਸਵੀਕਾਰ ਨਹੀਂ ਕਰਦਾ, ਕੁਦਰਤ ਨਾਲ ਛੇੜਛਾੜ ਹਾਨੀਕਾਰਕ ਹੁੰਦੀ ਹੈ, ਕੁਦਰਤ ਦੀ ਰਚੀ ਖੇਡ ਦਾ ਸਹਿਜ ਅਨੰਦ ਮਾਣਨਾ ਚਾਹੀਦਾ ਹੈ, ਮਹਾਂਪੁਰਸ਼ਾਂ ਦੀ ਬਾਣੀ ਨੂੰ ਵਿਚਾਰਨ ਦੀ ਲੋੜ ਹੈ, ਮਨੁੱਖ ਨੂੰ ਭਲੇ ਬੁਰੇ ਦੀ ਸੋਝੀ ਨਹੀਂ, ਉਹ ਮਿੱਟੀ ਦਾ ਪੁਤਲਾ, ਅਸਲ ਪੁਤਲੀਗਰ ਨੂੰ ਭੁੱਲ ਕੇ ਆਪਣੇ-ਆਪ ਨੂੰ ਕਰਤਾ ਸਮਝ ਬੈਠਾ ਹੈ, ਮਨੁੱਖ ਕੁਦਰਤ ਵਲੋਂ ਮਿਲੀ ਸੇਧ ਅਨੁਸਾਰ ਹੀ ਕਰਮ ਕਰਦਾ ਹੈ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਭਾਪਾ ਪ੍ਰੀਤਮ ਸਿੰਘ
ਯਾਦਗਾਰੀ ਭਾਸ਼ਨ

ਸੰ: ਬਲਬੀਰ ਮਾਧੋਪੁਰੀ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ 284
ਸੰਪਰਕ : 011-23238142.

ਵਿਚਾਰਾਧੀਨ ਪੁਸਤਕ 'ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਣ' ਬਲਬੀਰ ਮਾਧੋਪੁਰੀ ਦੇ ਉੱਦਮ ਅਤੇ ਵਿਲੱਖਣ ਸੋਚ ਦਾ ਪ੍ਰਤੀਫਲ ਹੈ। ਇਸ ਪੁਸਤਕ ਵਿਚ 2005 ਤੋਂ 2016 ਤੱਕ ਦੇ 12 ਭਾਸ਼ਣ ਸੰਕਲਿਤ ਕੀਤੇ ਗਏ ਹਨ। ਇਨ੍ਹਾਂ ਭਾਸ਼ਣਾਂ ਦਾ ਗਹਿਨ ਅਧਿਐਨ ਕਰਦਿਆਂ ਪਤਾ ਲੱਗਦਾ ਹੈ ਕਿ ਕੁਝ ਇਕ ਨੂੰ ਛੱਡ ਕੇ ਬਾਕੀ ਸਭ ਨੇ ਭਾਪਾ ਜੀ ਨਾਲ ਆਪਣੇ ਨਿੱਜੀ ਸਬੰਧ ਦਰਸਾਉਂਦਿਆਂ ਭਾਸ਼ਣਾਂ ਦੀ ਸ਼ੁਰੂਆਤ ਕੀਤੀ ਹੈ। ਪ੍ਰੋ: ਭਗਵਾਨ ਜੋਸ਼ ਨੇ ਉਨ੍ਹਾਂ ਦੇ ਪੰਜਾਬੀ ਪ੍ਰਕਾਸ਼ਨ ਵਿਚ ਪਾਏ ਯੋਗਦਾਨ ਅਤੇ ਸਾਹਿਤ ਸਬੰਧੀ ਉਨ੍ਹਾਂ ਦੇ ਮੁੱਲਵਾਨ ਵਿਚਾਰਾਂ ਦੀ ਨਿੱਠ ਕੇ ਚਰਚਾ ਕੀਤੀ ਹੈ। ਡਾ: ਅਮਰੀਕ ਸਿੰਘ ਨੇ ਕੀ ਕਹਿਣਾ ਅਤੇ ਕੀ ਨਹੀਂ ਕਹਿਣਾ ਚਾਹੀਦਾ ਅਰਥਾਤ ਸੰਕੋਚ ਵਿਧੀ ਨਾਲ ਪੰਜਾਬੀ ਦੇ ਪਿੱਛੇ ਅੱਗੇ ਬਾਰੇ ਚਰਚਾ ਕੀਤੀ ਹੈ। ਜਸਵੰਤ ਸਿੰਘ ਨੇਕੀ ਨੇ ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਰਿਸ਼ਤੇ ਦੀ ਗੱਲ ਕਰਦਿਆਂ ਲੇਖਕਾਂ ਅੱਗੇ ਅਨੇਕਾਂ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ। ਅਜੀਤ ਕੌਰ ਨੇ ਇਕ ਨਿੱਕੜੇ ਸੰਤ ਦੇ ਵੱਡੇ ਪਬਲਿਸ਼ਰਜ਼ ਬਣ ਜਾਣ ਦੀ ਕਥਾ ਆਪਣੇ ਵੱਖਰੇ ਅੰਦਾਜ਼ ਵਿਚ ਛੋਹੀ ਹੈ। ਡਾ: ਦਲੀਪ ਕੌਰ ਟਿਵਾਣਾ ਨੇ ਔਰਤ ਦੀ ਕਰੁਣਾਮਈ ਦਸ਼ਾ ਬਿਆਨ ਕਰਦਿਆਂ ਸਾਰਥਕ ਦਿਸ਼ਾ ਨਿਰਧਾਰਤ ਕੀਤੀ ਹੈ। ਡਾ: ਜਸਪਾਲ ਸਿੰਘ ਨੇ ਸਿੱਖੀ ਦੀ 'ਸੰਮਿਲਤ ਪਹੁੰਚ' ਦੇ ਸੰਕਲਪ ਨੂੰ ਬਾਖ਼ੂਬੀ ਪੇਸ਼ ਕਰਦਿਆਂ ਇਸ ਦੇ ਅਜੋਕੇ ਸਮੇਂ ਵਿਚ ਲੋੜ ਅਤੇ ਮਹੱਤਵ ਨੂੰ ਦਰਸਾਇਆ ਹੈ। ਡਾ: ਸਤਯਪਾਲ ਗੌਤਮ ਨੇ ਮਨੁੱਖੀ ਜੀਵਨ ਦਾ ਫ਼ਲਸਫ਼ਾ ਸੌਖੀ ਭਾਸ਼ਾ ਵਿਚ ਸਮਝਾਇਆ ਹੈ। ਗੁਲਜ਼ਾਰ ਸਿੰਘ ਸੰਧੂ ਨੇ ਪੰਜਾਬੀ ਪੱਤਰਕਾਰੀ ਦਾ ਅਨੇਕ ਭਾਸ਼ਾਈ ਇਤਿਹਾਸ ਉਲੀਕਿਆ ਹੈ। ਗੁਰਬਚਨ ਭੁੱਲਰ ਨੇ ਪੰਜਾਬੀ ਦਾ ਭਵਿੱਖ ਕਿਸ ਰਾਹ ਪਿਅ ਹੋਇਆ ਹੈ, ਬਾਰੇ ਸਾਰਥਕ ਵਿਸ਼ਲੇਸ਼ਣ ਕੀਤਾ ਹੈ। ਇਵੇਂ ਡਾ: ਕਰਨਜੀਤ ਸਿੰਘ ਨੇ ਪੰਜਾਬੀ ਸੱਭਿਆਚਾਰ ਦੀ ਬਦਲਦੀ ਨੁਹਾਰ, ਡਾ: ਮਹਿੰਦਰ ਕੌਰ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮਕਾਲੀ ਸੰਦਰਭ; ਅਤੇ ਡਾ: ਸੁਰਜੀਤ ਪਾਤਰ ਨੇ 1947 ਬਾਰੇ ਲਿਖੀ ਕਵਿਤਾ 'ਤੇ ਖੋਜ ਭਰਪੂਰ ਭਾਸ਼ਣ ਪ੍ਰਸਤੁਤ ਕੀਤੇ ਹਨ। ਇਹ ਪੁਸਤਕ ਵਿਭਿੰਨ ਕਿਸਮ ਦੀ ਵਡਮੁੱਲੀ ਜਾਣਕਾਰੀ ਦਾ ਦਸਵਾਤੇਜ਼ ਹੋ ਨਿੱਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਹੋਣਹਾਰ ਬਿਰਵਾਨ ਦੇ ਚਿਕਣੇ ਚਿਕਣੇ ਪੱਤ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 151
ਸੰਪਰਕ : 94638-31245.

ਪ੍ਰੋ: ਤਰਸੇਮ ਨਰੂਲਾ ਦੀ ਇਹ ਪੁਸਤਕ ਪੰਜਾਬੀ ਜੀਵਨੀ ਸਾਹਿਤ ਰੂਪ ਦਾ ਪ੍ਰਤੀਨਿਧ ਦਸਤਾਵੇਜ਼ ਸਿੱਧ ਹੁੰਦਾ ਹੈ। ਇਸ ਪੁਸਤਕ ਦੀ ਵਿਲੱਖਣਤਾ ਸਬੰਧੀ ਸ: ਗੁਰਦਿਆਲ ਸਿੰਘ (ਸਵਰਗੀ) ਗਿਆਨਪੀਠ ਪੁਰਸਕਾਰ ਵਿਜੇਤਾ ਲਿਖਦੇ ਹਨ, 'ਹੋਣਹਾਰ ਬਿਰਵਾਨ ਦੇ ਚਿਕਣੇ ਚਿਕਣੇ ਪੱਤ' ਪੁਸਤਕ ਵਿਚ ਜਨਮ ਤੋਂ ਜਵਾਨੀ ਤੱਕ ਦੇ ਕੁਝ ਮੰਨੇ-ਪ੍ਰਮੰਨੇ ਵਿਅਕਤੀਆਂ ਦੀਆਂ ਬਾਲ ਜੀਵਨੀਆਂ ਬਾਰੇ ਲਿਖਣਾ ਇਕ ਵਿਲੱਖਣ ਕੰਮ ਹੀ ਨਹੀਂ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਵੀ ਹੈ।' ਪ੍ਰੋ: ਨਰੂਲਾ ਦੀ ਪੁਸਤਕ 'ਚ ਸ਼ਾਮਿਲ 12 ਮਹਾਨ ਹਸਤੀਆਂ ਦੀਆਂ ਜੀਵਨੀਆਂ ਪੜ੍ਹ ਕੇ ਉਸ ਦੀ ਜੀਵਨੀ ਲਿਖਣ ਕਲਾ ਦੀ ਵਿਲੱਖਣਤਾ ਪ੍ਰਭਾਵਿਤ ਕਰਦੀ ਹੈ। ਸਰਲ ਤੇ ਸੌਖੀ ਸ਼ਬਦਾਵਲੀ ਪਾਠਕ ਨੂੰ ਬੰਨ੍ਹੀ ਰੱਖਦੀ ਹੈ। ਤਕਨੀਕੀ ਤੌਰ 'ਤੇ ਉਸ ਦੀ ਕਲਮ ਜੀਵਨੀ ਕਲਾ ਨੂੰ ਰਚਨਾਤਮਿਕਤਾ ਦਾ ਤੱਤ ਪ੍ਰਦਾਨ ਕਰਦੀ ਹੈ। ਪੁਸਤਕ 'ਚ ਸ਼ਾਮਿਲ 'ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ (ਛੋਟੇ ਸਾਹਿਬਜ਼ਾਦੇ)', 'ਝਾਂਸੀ ਦੀ ਰਾਣੀ ਲਕਸ਼ਮੀ ਬਾਈ', ਅਮਰ ਸ਼ਹੀਦ ਸ: ਭਗਤ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਵਾਮੀ ਵਿਵੇਕਾਨੰਦ ਜੀ, ਡਾ: ਰਵਿੰਦਰ ਨਾਥ ਟੈਗੋਰ, ਭਗਤ ਪੂਰਨ ਸਿੰਘ ਆਦਿ ਜੀਵਨੀਆਂ ਇਸ ਪੁਸਤਕ ਦਾ ਹਾਸਲ ਹਨ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਗੁਰਬਾਣੀ ਦਾ ਰਹਾਉਂ ਸ਼ਾਸਤਰ
ਸੰਪਾਦਕ : ਪ੍ਰੋ: ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 117
ਸੰਪਰਕ : 098687-73902.

ਹਥਲੀ ਪੁਸਤਕ ਗੁਰਬਾਣੀ ਦੇ ਗਹਿਨ ਅਧਿਐਤਾ ਡਾ: ਗੁਰਚਰਨ ਸਿੰਘ ਦੁਆਰਾ ਰਚਿਤ ਅਤੇ ਵੱਖ-ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਸੈਮੀਨਾਰ ਅਤੇ ਗੋਸ਼ਟੀਆਂ ਵਿਚ ਪੇਸ਼ ਕੀਤੇ ਗਏ ਗਿਆਰਾਂ ਖੋਜ-ਪੱਤਰਾਂ ਦਾ ਸੰਗ੍ਰਹਿ ਹੈ।
ਡਾ: ਗੁਰਚਰਨ ਸਿੰਘ ਨੇ ਪੂਰਬੀ ਅਤੇ ਪੱਛਮੀ ਪ੍ਰਚਲਿਤ ਕਾਵਿ-ਸ਼ਾਸਤਰੀ ਵਿਧੀਆਂ ਦੇ ਅੰਤਰਗਤ ਗੁਰਬਾਣੀ ਨੂੰ ਸਮਝਿਆ ਅਤੇ ਪੇਸ਼ ਕੀਤਾ ਹੈ। ਉਸ ਦੀ ਧਾਰਨਾ ਹੈ ਕਿ ਗੁਰਬਾਣੀ ਅਮੀਰ ਵਿਰਾਸਤ ਹੈ ਇਸ ਨੂੰ ਸਮਝਣ ਲਈ ਇਸ ਵਿਚਲੇ ਆਂਤਰਿਕ ਸੰਦਰਭਾਂ ਨੂੰ ਪਛਾਣਨਾ ਜ਼ਰੂਰੀ ਹੈ। ਉਸ ਦੀ ਇਹ ਵੀ ਧਾਰਨਾ ਹੈ ਕਿ ਗੁਰਬਾਣੀ-ਪ੍ਰਵਚਨ ਵਿਚ 'ਰਹਾਉ' ਨਿਰੰਤਰਤਾ ਨੂੰ ਭੰਗ ਕਰਕੇ ਗਿਆਨ-ਮੂਲਕ ਮੋੜ ਦੇਣ ਦੀ ਪ੍ਰਕਿਰਿਆ ਰਾਹੀਂ ਹੀ ਸੱਭਿਆਚਾਰ-ਨਿਰਮਾਣ ਤੇ ਸੱਭਿਆਚਰ-ਵਿਕਾਸ ਦੀਆਂ ਸੰਭਾਵਨਾਵਾਂ ਨੂੰ ਜਗਾਉਣ ਦੀ ਇਕ ਜੁਗਤ ਹੈ। ਗੁਰਬਾਣੀ ਆਪਣੀ ਬੁਨਿਆਦੀ ਧਾਰਨਾ ਵਿਚ ਹੀ ਗਿਆਨ-ਸ਼ਾਸਤਰੀ ਚਰਿੱਤਰ ਵਾਲੀ ਸਿਰਜਣਾ ਹੈ। ਇਸੇ ਤਰ੍ਹਾਂ ਮੱਧ-ਕਾਲੀਨ ਭਗਤੀ ਪਰੰਪਰਾ ਅਤੇ ਗੁਰਬਾਣੀ, ਗੁਰਬਾਣੀ ਤੇ ਪੂਰਬੀ ਵਿਸ਼ਵ-ਦ੍ਰਿਸ਼ਟੀ, ਗੁਰਬਾਣੀ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ, ਗੁਰਬਾਣੀ ਸਮਾਜ-ਸੱਭਿਆਚਾਰ ਇਤਿਹਾਸ ਦੇ ਸਰੋਤ ਵਜੋਂ, ਗੁਰਬਾਣੀ ਦਾ ਅਧਿਆਤਮਵਾਦ, ਗੁਰਬਾਣੀ ਤੇ ਲੋਕਧਾਰਾ, ਗੁਰੂ ਨਾਨਕ ਦੀ ਬਾਣੀ ਦੇ ਵਿਭਿੰਨ ਪੱਖ ਅਤੇ ਭਗਤ ਬਾਣੀ ਦਾ ਵਿਸ਼ੇ ਸੰਗਠਨ ਆਦਿ ਖੋਜ-ਨਿਬੰਧ ਗੰਭੀਰ ਚਿੰਤਨ ਵਾਲੀ ਸੂਝ-ਬੂਝ ਦਾ ਪ੍ਰਗਟਾਵਾ ਹਨ। ਗੁਰਚਰਨ ਸਿੰਘ ਦਾ ਨਿਰਣਾ ਹੈ ਕਿ ਭਗਤ ਬਾਣੀ ਦੇ ਰਚੇਤਾ ਆਪਣੀ ਰਚਨਾ ਵਿਚ ਜਿਥੇ ਨਵੀਨ ਸਮਾਜ ਸਿਰਜਣ ਦੇ ਵਿਸ਼ੇ ਪ੍ਰਗਟਾਉਂਦੇ ਹਨ, ਉਥੇ ਉਨ੍ਹਾਂ ਨੇ ਪਰੰਪਰਾਈ ਭਾਸ਼ਾ ਨੂੰ ਆਪਣੀ ਟਿੱਪਣੀ ਹੇਠੋਂ ਲੰਘਾਅ ਕੇ ਵਰਤੋਂ ਵਿਚ ਲਿਆਂਦਾ। ਇਸੇ ਤਰ੍ਹਾਂ ਸਿੱਧ ਗੋਸਟਿ, ਬਾਬਰਵਾਣੀ ਅਤੇ ਹੋਰ ਬਾਣੀ ਰਚ ਕੇ ਸਾਂਝਾ ਭਾਰਤੀ ਸੱਭਿਆਚਾਰ ਸਿਰਜਿਆ। ਨਿਰਸੰਦੇਹ, ਇਹ ਪੁਸਤਕ ਗੁਰਮਤਿ ਧਾਰਾ ਨੂੰ ਸਮਝਣ ਲਈ ਇਕ ਨਵਾਂ ਅਤੇ ਨਿਆਰਾ ਮਾਡਲ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਪਗਡੰਡੀਆਂ
ਕਹਾਣੀਕਾਰ : ਹੀਰਾ ਸਿੰਘ ਤੂਤ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਕ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98724-55994.

ਪਗਡੰਡੀਆਂ ਕਹਾਣੀ ਸੰਗ੍ਰਹਿ ਪੜ੍ਹਦਿਆਂ ਹੀ ਮਹਿਸੂਸ ਹੁੰਦਾ ਹੈ ਕਿ ਇਹ ਕਹਾਣੀਕਾਰ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਸ ਦਾ ਜ਼ਿਕਰ ਪੁਸਤਕ ਦੀ ਭੂਮਿਕਾ ਵੀ ਵਿਚ ਵੀ ਮਿਲਦਾ ਹੈ। ਪੇਂਡੂ ਰਹਿਤਲ ਅਤੇ ਧਰਾਤਲ ਨਾਲ ਜੁੜੀਆਂ ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਆਮ ਜੀਵਨ ਵਿਚ ਸਹਿਜੇ ਵਾਪਰੀਆਂ ਘਟਨਾਵਾਂ ਨੂੰ ਆਪਣੀਆਂ ਕਹਾਣੀਆਂ ਦੇ ਵਿਸ਼ੇ ਵਜੋਂ ਚੁਣਿਆ ਹੈ। ਇਨ੍ਹਾਂ ਕਹਾਣੀਆਂ ਵਿਚ ਕਿਤੇ ਮਾਂ ਦੇ ਰਿਸ਼ਤੇ ਦੀ ਅਹਿਮੀਅਤ ਹੈ, ਕਿਤੇ ਵਰਗ ਵੰਡ ਦਾ ਪ੍ਰਗਟਾਵਾ ਹੈ, ਕਿਧਰੇ ਸਿੱਖਿਆ ਦੇ ਨਾਂਅ 'ਤੇ ਪ੍ਰਾਈਵੇਟ ਅਦਾਰਿਆਂ ਵਲੋਂ ਕੀਤੀ ਜਾਂਦੀ ਲੁੱਟ ਅਤੇ ਕਿਧਰੇ ਰਿਸ਼ਤਿਆਂ ਦੀ ਆੜ ਹੇਠ ਪਲਦੇ ਸਵਾਰਥ ਦੀ ਚਰਚਾ ਹੈ। ਕਈ ਕਹਾਣੀਆਂ ਵਿਚ ਪਿਆਰ ਦੀ ਪਵਿੱਤਰਤਾ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਸਾਂਝ ਨੂੰ ਦਰਸਾਇਆ ਗਿਆ ਹੈ। ਪੁਸਤਕ ਦੀਆਂ ਕਈ ਕਹਾਣੀਆਂ ਅਜਿਹੀਆਂ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਸਮਾਜਿਕ ਸਰੋਕਾਰ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ। ਕਹਾਣੀ 'ਅੱਧੇ ਅਧੂਰੇ' ਇਕ ਖ਼ੂਬਸੂਰਤ ਕਹਾਣੀ ਹੈ ਜਿਹੜੀ ਜ਼ਿੰਦਗੀ ਵਿਚ ਕਈ ਵਾਰ ਲਏ ਗਏ ਗ਼ਲਤ ਫ਼ੈਸਲਿਆ ਕਾਰਨ ਸੰਪੂਰਨਤਾ ਦੀ ਤਲਾਸ਼ ਕਰਦੇ ਲੋਕਾਂ ਦੇ ਅੱਧੇ-ਅਧੂਰੇ ਰਹਿ ਜਾਣ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ। ਕਹਾਣੀਆਂ ਦੀ ਬਣਤਰ ਵਿਚ ਕਥਾਨਕ ਗੁੰਦਵਾਂ ਨਹੀਂ ਸਗੋਂ ਖਿੱਲਰਿਆ ਨਜ਼ਰ ਆਉਂਦਾ ਹੈ। ਕਹਾਣੀ ਵਿਧਾ ਦਾ ਅਧਿਐਨ ਕਹਾਣੀਕਾਰ ਨੂੰ ਇਸ ਖੇਤਰ ਵਿਚ ਅੱਗੇ ਵਧਾ ਸਕਦਾ ਹੈ। ਕਹਾਣੀਕਾਰ ਕੋਲ ਵਿਸ਼ੇ ਹਨ, ਆਪਣੀ ਗੱਲ ਕਹਿਣ ਦੀ ਸਮਰੱਥਾ ਵੀ। ਪਰ ਉਸ ਨੂੰ ਕਹਾਣੀ ਦੀ ਭਾਸ਼ਾ ਤੇ ਬਣਤਰ 'ਤੇ ਸਖ਼ਤ ਮਿਹਨਤ ਦੀ ਲੋੜ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099
ਫ ਫ ਫ

13-01-2018

 ਸਿੱਧ ਨਾਥ ਅਤੇ ਜੋਗੀ
ਲੇਖਕ : ਡਾ: ਬਲਦੇਵ ਸਿੰਘ ਬੱਦਨ ਤੇ ਡਾ: ਧਰਮ ਪਾਲ ਸਿੰਗਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 225 ਰੁਪਏ, ਸਫ਼ੇ : 119
ਸੰਪਰਕ : 99588-31357

ਇਹ ਗੱਲ ਸਰਵ-ਸਵੀਕ੍ਰਿਤ ਹੈ ਕਿ ਪੰਜਾਬੀ ਸਾਹਿਤ ਦਾ ਆਰੰਭ ਸਿੱਧਾਂ ਨਾਥਾਂ ਤੇ ਜੋਗੀਆਂ ਦੀਆਂ ਰਚਨਾਵਾਂ ਨਾਲ ਹੋਇਆ। ਇਸ ਦੇ ਬਾਵਜੂਦ ਉਨ੍ਹਾਂ ਬਾਰੇ ਭਰੋਸੇਯੋਗ, ਵਿਸਤ੍ਰਿਤ ਤੇ ਸੰਗਠਿਤ ਜਾਣਕਾਰੀ ਦੀ ਘਾਟ ਹੈ। ਉਨ੍ਹਾਂ ਦੀਆਂ ਰਚਨਾਵਾਂ ਇਧਰ-ਉਧਰ ਛਿਟ-ਪੁਟ ਰੂਪ ਵਿਚ ਹੀ ਪ੍ਰਾਪਤ ਹਨ। ਡਾ: ਬੱਦਨ ਨੇ ਆਪਣੇ ਉਸਤਾਦ ਸਵਰਗਵਾਸੀ ਡਾ: ਧਰਮ ਪਾਲ ਸਿੰਗਲ ਨਾਲ ਲੰਮੇ ਸਮੇਂ ਤੱਕ ਖੋਜ ਕਰਕੇ ਵਿਭਿੰਨ ਸਰੋਤਾਂ ਤੋਂ ਸਿੱਧਾਂ ਨਾਥਾਂ ਤੇ ਜੋਗੀਆਂ ਬਾਰੇ ਜਾਣਕਾਰੀ ਤੇ ਉਨ੍ਹਾਂ ਦੀ ਰਚਨਾ ਇਕੱਤਰ ਕੀਤੀ ਹੈ। ਇਸ ਪੁਸਤਕ ਵਿਚ ਵਿਭਿੰਨ ਸਰੋਤਾਂ ਤੋਂ ਪ੍ਰਾਪਤ ਬਾਣੀ ਦਾ ਮੂਲ ਪਾਠ ਇਕੋ ਥਾਂ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧਾਂ ਨਾਥਾਂ ਤੇ ਜੋਗੀਆਂ ਬਾਰੇ ਵਿਭਿੰਨ ਵਿਦਵਾਨਾਂ/ਸਰੋਤਾਂ ਤੋਂ ਪ੍ਰਾਪਤ ਸਿਧਾਂਤਕ/ਜੀਵਨੀਪਰਕ/ਆਲੋਚਨਾਤਮਕ ਸਮੱਗਰੀ ਦਾ ਸਾਰ ਅਤੇ ਵਿਸ਼ਲੇਸ਼ਣ ਵੀ ਦਰਜ ਹੈ। ਡਾ: ਬੱਦਨ ਵਲੋਂ ਸੰਕਲਿਤ ਬਾਣੀ ਦੇ 6 ਸ੍ਰੋਤ ਹਨ। ਪਹਿਲਾ-ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਹਥ ਲਿਖਤ ਨੰ: 2706 ਜੋ 1698 ਈ: ਦੀ ਹੈ। ਨਾਂਅ ਹੈ ਦਾਦੂ ਦਯਾਲ ਕੀ ਅਨਭੈ ਬਾਣੀ, ਪਰ ਇਸ ਵਿਚ ਦਾਦੂ/ਦਾਦੂ ਪੰਥੀ ਸੰਤਾਂ ਤੋਂ ਇਲਾਵਾ ਕਬੀਰ, ਰਵਿਦਾਸ, ਨਾਮਦੇਵ, ਪੀਪਾ ਉਪਰੰਤ ਸਿੱਧਾਂ ਨਾਥਾਂ ਦੀ ਬਾਣੀ ਦਰਜ ਹੈ। ਦੂਜਾ-ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਗ੍ਰੰਥ ਸ਼ਬਦ ਸਲੋਕ। ਤੀਜਾ-ਡਾ: ਮੋਹਨ ਸਿੰਘ ਦੀਵਾਨਾ ਰਚਿਤ ਹਿਸਟਰੀ ਆਫ ਪੰਜਾਬੀ ਲਿਟਰੇਚਰ। ਚੌਥਾ-ਡਾ: ਦੀਵਾਨਾ ਦੁਆਰਾ ਲੱਭਿਆ ਇਕ ਗ੍ਰੰਥ ਜਿਸ ਵਿਚ ਚਰਪਟ ਬਾਣੀ ਹੈ। ਪੰਜਵਾਂ-ਦਾਦੂ ਪੰਥੀ ਸੰਤ ਰੱਜਬ ਵਲੋਂ ਸੰਕਲਿਤ ਸਰਬੰਗੀ। ਛੇਵਾਂ-ਪੀਤਾਂਬਰ ਦੱਤ ਬੜਥਵਾਲ ਵਲੋਂ ਸੰਪਾਦਿਤ ਗੋਰਖਬਾਣੀ ਜਿਸ ਦਾ ਪੰਜਾਬੀ ਅਨੁਵਾਦ ਭਾਸ਼ਾ ਵਿਭਾਗ ਨੇ 1963 ਵਿਚ ਪ੍ਰਕਾਸ਼ਿਤ ਕੀਤਾ।
ਆਲੋਚਨਾਤਮਕ/ਸਿਧਾਂਤਕ ਪੱਖੋਂ ਇਸ ਪੁਸਤਕ ਵਿਚ ਮਹੱਤਵਪੂਰਨ ਸ਼ੈਅ ਪੰਜਾਬੀ ਵਿਚ ਪਹਿਲੀ ਵਾਰ ਪੇਸ਼ ਡਾ: ਦੀਵਾਨਾ ਦੀ ਲਘੂ ਪੁਸਤਕ 'ਆਰਡਰ ਆਫ ਸਿੱਧ ਯੋਗੀਜ਼' ਦਾ ਪੰਜਾਬੀ ਅਨੁਵਾਦ ਹੈ। ਇਸ ਤੋਂ ਇਲਾਵਾ ਡਾ: ਬੜਥਵਾਲ, ਹਜ਼ਾਰੀ ਪ੍ਰਸਾਦ ਦਿਵੇਦੀ, ਨਰੇਂਦਰ ਧੀਰ, ਕੋਹਲੀ, ਨਰੂਲਾ, ਕਸੇਲ, ਡਾ: ਜੱਗੀ, ਸੇਖੋਂ, ਪਦਮ ਆਦਿ ਹਰ ਵਿਦਵਾਨ ਦੀ ਇਸ ਵਿਸ਼ੇ ਬਾਰੇ ਦਿੱਤੀ ਜਾਣਕਾਰੀ ਦਾ ਵਿਸ਼ਲੇਸ਼ਣ ਤੇ ਸਾਰ ਇਸ ਪੁਸਤਕ ਨੂੰ ਸਾਂਭਣਯੋਗ ਬਣਾਉਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਇਪਟਾ ਲਹਿਰ ਦੀ ਪੰਜਾਬ ਵਿਚ ਦਸਤਕ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 248
ਸੰਪਰਕ : 98142-99422

20ਵੀਂ ਸਦੀ ਦੇ ਦੂਜੇ ਅੱਧ ਵਿਚ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਨੇ ਪੰਜਾਬ ਦੇ ਜਨਮਾਨਸ ਨੂੰ ਜਾਗਰੂਕ ਅਤੇ ਵਚਨਬੱਧ ਕਰਨ ਵਿਚ ਇਤਿਹਾਸਕ ਭੂਮਿਕਾ ਨਿਭਾਈ ਹੈ। ਇਪਟਾ ਦੀ ਸਥਾਪਨਾ 24 ਮਈ, 1943 ਨੂੰ ਮੁੰਬਈ ਵਿਖੇ ਹੋਈ। ਇਸ ਦਾ ਨਾਮਕਰਨ ਭਾਰਤ ਦੇ ਪ੍ਰਸਿੱਧ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ਕੀਤਾ, ਜੋ ਰੋਮਾਂ ਰੋਲਾਂ ਦੀ ਇਕ ਪੁਸਤਕ ਦੇ ਸਿਰਲੇਖ ਨਾਲ ਸਬੰਧਿਤ ਸੀ।
ਇਸ ਲਹਿਰ ਦੀ ਸਥਾਪਨਾ ਸਮੇਂ ਪ੍ਰੋ: ਹੀਰੇਨ ਮੁਕਰਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਹ ਨਿਉਤਾ ਦਿੱਤਾ ਸੀ, 'ਲੇਖਕੋ! ਕਲਾਕਾਰੋ! ਅਦਾਕਾਰੋ ਅਤੇ ਨਾਟਕਕਾਰੋ! ਆਓ ਆਪਣੇ-ਆਪ ਨੂੰ ਇਕ ਨਵਾਂ ਸੰਸਾਰ ਸਿਰਜਣ ਲਈ ਝੋਕ ਦਿਓ, ਜਿਸ ਵਿਚ ਆਜ਼ਾਦੀ ਅਤੇ ਸਮਾਜਿਕ ਨਿਆਂ ਹੋਵੇ।' ਇਪਟਾ ਦੀ ਨੈਸ਼ਨਲ ਕਮੇਟੀ ਵਿਚ ਐਨ.ਐਮ. ਜੋਸ਼ੀ, ਖ਼ੁਆਜਾ ਅਹਿਮਦ ਅੱਬਾਸ, ਬਿਨੌਯ ਰਾਏ ਵਰਗੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ। ਪੰਜਾਬੀ ਲੇਖਕਾਂ ਅਤੇ ਕਲਾਕਾਰਾਂ ਵਿਚੋਂ ਬਲਰਾਜ ਸਾਹਨੀ, ਸਾਹਿਰ ਲੁਧਿਆਣਵੀ, ਸੱਜਾਦ ਜ਼ਹੀਰ, ਭੀਸ਼ਮ ਸਾਹਨੀ, ਤੇਰਾ ਸਿੰਘ ਚੰਨ ਅਤੇ ਸ਼ੀਲਾ ਭਾਟੀਆ ਵਰਗੀਆਂ ਹਸਤੀਆਂ ਦੇ ਨਾਂਅ ਲਏ ਜਾ ਸਕਦੇ ਹਨ। ਪੰਜਾਬ ਇਪਟਾ ਵਿਚ 1950 ਈ: ਵਿਚ ਪ੍ਰਸਿੱਧ ਹੋਈ। ਇਸ ਦੇ ਮੋਢੀ ਮੈਂਬਰਾਂ ਵਿਚ ਤੇਰਾ ਸਿੰਘ ਚੰਨ, ਸੁਰਿੰਦਰ ਕੌਰ, ਜਗਦੀਸ਼ ਫ਼ਰਿਆਦੀ, ਜੋਗਿੰਦਰ ਬਾਹਰਲਾ, ਪ੍ਰੋ: ਨਿਰੰਜਨ ਸਿੰਘ ਮਾਨ, ਉਮਾ ਗੁਰਬਖਸ਼ ਸਿੰਘ, ਨਵਤੇਜ ਸਿੰਘ, ਅਮਰਜੀਤ ਗੁਰਦਾਸਪੁਰੀ, ਮੱਲ ਸਿੰਘ ਰਾਮਪੁਰੀ, ਕੰਵਲਜੀਤ ਸੂਰੀ, ਹੁਕਮ ਚੰਦ ਖ਼ਲੀਲੀ ਅਤੇ ਨਰਿੰਦਰ ਦੁਸਾਂਝ ਦੇ ਨਾਂਅ ਲਏ ਜਾ ਸਕਦੇ ਹਨ।
ਪੁਸਤਕ ਦੇ ਸੰਪਾਦਕ ਸ੍ਰੀ ਕੇਵਲ ਧਾਲੀਵਾਲ ਨੇ ਨਾ ਕੇਵਲ ਪੰਜਾਬ ਦੇ ਮਹੱਤਵਪੂਰਨ ਕਵੀਆਂ ਅਤੇ ਕਲਾਕਾਰਾਂ ਦੀਆਂ ਪ੍ਰਾਪਤੀਆਂ ਨੂੰ ਹੀ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ, ਬਲਕਿ ਇਸ ਦੇ ਅੰਤ ਵਿਚ ਜੋਗਿੰਦਰ ਬਾਹਰਲਾ (ਹਾੜ੍ਹੀ ਸੌਣੀ), ਤੇਰਾ ਸਿੰਘ ਚੰਨ (ਲੱਕੜ ਦੀ ਲੱਤ) ਅਤੇ ਨਰਿੰਦਰ ਦੁਸਾਂਝ (ਜੋਰੀਂ ਮੰਗੇ ਦਾਨ ਵੇ ਲਾਲੋ) ਰਚਿਤ ਕੁਝ ਓਪੇਰੇ ਵੀ ਸੰਕਲਿਤ ਕਰ ਦਿੱਤੇ ਹਨ। ਕੇਵਲ ਧਾਲੀਵਾਲ ਤੋਂ ਬਿਨਾਂ ਸਤੀਸ਼ ਵਰਮਾ, ਟੋਨੀ ਬਾਤਿਸ਼, ਹਿਰਦੇਪਾਲ ਸਿੰਘ, ਰਾਜਵੰਤ ਕੌਰ ਮਾਨ, ਰਘਬੀਰ ਸਿੰਘ ਸਿਰਜਣਾ, ਆਤਮਜੀਤ, ਇਕਬਾਲ ਕੌਰ ਸੌੌਂਦ੍ਹ, ਸੰਜੀਵਨ ਸਿੰਘ ਅਤੇ ਕੁਲਦੀਪ ਸਿੰਘ ਦੀਪ ਦੇ ਲੇਖ ਇਸ ਪੁਸਤਕ ਦਾ ਹਾਸਲ ਹਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਖੁੱਲ੍ਹੀ ਖਿੜਕੀ ਵਿੱਚੋਂ
ਗ਼ਜ਼ਲਕਾਰ : ਧਨਵੰਤ ਸਿੰਘ ਗੁਰਾਇਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98152-98459.

ਗੁਰਾਇਆ ਕਾਫ਼ੀ ਦੇਰ ਤੋਂ ਗ਼ਜ਼ਲ ਦੀ ਸਿਰਜਣਾ ਵਿਚ ਜੁਟਿਆ ਹੋਇਆ ਹੈ ਪਰ ਉਸ ਦਾ ਗ਼ਜ਼ਲ ਸੰਗ੍ਰਹਿ ਕਾਫ਼ੀ ਪਛੜ ਕੇ ਆਇਆ ਹੈ ਪਰ ਆਇਆ ਹੈ ਬਹੁਤ ਕੁਝ ਨਵਾਂ ਲੈ ਕੇ। ਗ਼ਜ਼ਲਕਾਰ ਆਪਣੇ ਮਨ ਦੀ ਖੁੱਲ੍ਹੀ ਖਿੜਕੀ 'ਚੋਂ ਕਿਸੇ ਇਕ ਖਿੱਤੇ ਜਾਂ ਦੇਸ਼ ਵੱਲ ਨਹੀਂ ਝਾਕਦਾ ਬਲਕਿ ਉਸ ਦੀ ਸੋਚ ਬ੍ਰਹਿਮੰਡੀ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਉਹ ਮਹਿਕਾਂ ਲੱਦੀਆਂ ਹਵਾਵਾਂ ਨੂੰ ਡੀਕ ਜਾਣਾ ਲੋਚਦਾ ਹੈ ਤੇ ਸਿਰ ਦੇ ਕੇ ਪ੍ਰਾਪਤ ਕੀਤੀ ਮੁਹੱਬਤ ਨੂੰ ਖ਼ਰਾ ਸੌਦਾ ਮੰਨਦਾ ਹੈ। ਉਸ ਦੀ ਦੂਸਰੀ ਗ਼ਜ਼ਲ ਦਾ ਮਤਲਾ ਭਟਕੇ ਹੋਏ ਰਾਹੀਆਂ ਬਾਰੇ ਹੈ ਜੋ ਆਪਣਾ ਰਸਤਾ ਭੁੱਲ ਚੁੱਕੇ ਹਨ ਤੇ ਉਨ੍ਹਾਂ ਨੂੰ ਢੁਕਵੀਂ ਦਿਸ਼ਾ ਵਲ ਲਿਜਾਣ ਲਈ ਸਹੀ ਮਾਰਗ ਦਰਸ਼ਨ ਦੀ ਜ਼ਰੂਰਤ ਹੈ। ਓਹਲਾ ਰਦੀਫ਼ ਰੱਖ ਕੇ ਉਸ ਨੇ ਬਹੁਤ ਖ਼ੂਬਸੂਰਤ ਗ਼ਜ਼ਲ ਕਹੀ ਹੈ। ਉਸ ਨੂੰ ਬਹਾਰਾਂ ਰੁੱਸੀਆਂ ਹੋਈਆਂ ਜਾਪਦੀਆਂ ਹਨ ਤੇ ਉਸ ਨੂੰ ਸੂਰਜ ਅੱਗੇ ਬੱਦਲਾਂ ਦਾ ਪਰਦਾ ਅੱਖਰਦਾ ਹੈ ਪਰ ਉਸ ਨੂੰ ਯਕੀਨ ਹੈ ਕਿ ਆਖ਼ਰ ਇਹ ਬੱਦਲ ਛਟ ਜਾਣਗੇ। ਉਹ ਆਸ ਦਾ ਪੱਲਾ ਨਹੀਂ ਛੱਡਦਾ ਤੇ ਹੋਰ ਅਗੇਰੇ ਦੀ ਗੱਲ ਕਰਦਾ ਹੋਇਆ ਤਾਰਿਆਂ ਤੇ ਚੰਦਰਮਾ ਉੱਤੇ ਗਰਾਂ ਵਸਾਉਣ ਦੀ ਇੱਛਾ ਪਾਲ ਰਿਹਾ ਹੈ। ਗ਼ਜ਼ਲਕਾਰ ਨੂੰ ਸ਼ਾਂਤ ਵਿਅਕਤੀ ਅੰਦਰ ਵੀ ਸ਼ੋਰ ਸੁਣਦਾ ਹੈ ਤੇ ਪਸਰੀ ਚੁੱਪ ਦੇ ਪਿੱਛੇ ਉਸ ਨੂੰ ਕਿਸੇ ਤੂਫ਼ਾਨ ਦੀ ਕਨਸੋਅ ਮਹਿਸੂਸ ਹੁੰਦੀ ਹੈ। ਇਸ ਪੁਸਤਕ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮੁਹੱਬਤੀ ਉਬਾਲ ਦੀ ਥਾਂ ਪਾਕੀਜ਼ਗੀ ਤੇ ਠਰੰਮਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਜ਼ਿੰਦਗੀ ਦੀ ਅਸਲ ਮੰਜ਼ਰਕਸ਼ੀ ਮਿਲਦੀ ਹੈ ਜਿਸ ਨੂੰ ਗ਼ਜ਼ਲਕਾਰ ਨੇ ਬਹੁਤ ਨਜ਼ਦੀਕ ਤੋਂ ਉਲੀਕਿਆ ਹੈ। ਬਹੁਤੇ ਸ਼ਿਅਰ ਮਨੁੱਖੀ ਜੀਵਨ ਦੀਆਂ ਬਾਰੀਕਬੀਨੀ ਨਾਲ ਪਰਤਾਂ ਫਰੋਲਦੇ ਹਨ ਤੇ ਇਹ ਮਨੁੱਖ ਦੀਆਂ ਲੋੜਾਂ, ਥੁੜ੍ਹਾਂ ਤੇ ਦੁੱਖਾਂ ਨਾਲ ਮੋਢੇ ਨਾਲ ਮੋਢਾ ਲਾਈ ਖੜ੍ਹੇ ਪ੍ਰਤੀਤ ਹੁੰਦੇ ਹਨ।

-ਗੁਰਦਿਆਲ ਰੌਸ਼ਨ
ਮੋ: 9988444002


ਉਡਾਨ ਦੀ ਉਮਰ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 172
ਸੰਪਰਕ : 011-23280657.

ਇਸ ਸੰਗ੍ਰਹਿ ਵਿਚ ਡਾ: ਸਵਰਨ ਸਿੰਘ ਆਪਣੇ ਆਲੇ-ਦੁਆਲੇ ਦੇ ਜਗਤ ਵਿਚੋਂ ਅਨੇਕ ਵਸਤੂ ਵਰਤਾਰਿਆਂ ਨੂੰ ਕਾਵਿਕ ਜ਼ਬਾਨ ਵਿਚ ਢਾਲਦਾ ਹੈ। ਉਸ ਕੋਲ ਵਸਤੂਆਂ, ਸਥਿਤੀਆਂ ਨੂੰ ਤੱਕਣ ਲਈ ਇਕ ਗੰਭੀਰ ਤੇ ਪ੍ਰਤੀਬੱਧ ਦ੍ਰਿਸ਼ਟੀ ਹੈ। ਇਹ ਰਚਨਾਵਾਂ ਜੀਵਨ ਦੀਆਂ ਵਿਸੰਗਤੀਆਂ ਨਾਲ ਜੂਝਦੀਆਂ ਤੇ ਦਸਤਪੰਜਾ ਲੈਂਦੀਆਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੀਆਂ ਹਾਂ-ਪੱਖੀ ਕਦਰਾਂ-ਕੀਮਤਾਂ ਦੀਆਂ ਝੰਡਾ ਬਰਦਾਰ ਬਣਦੀਆਂ ਹਨ।
ਜਿਨ੍ਹਾਂ ਨੂੰ ਹੱਥਾਂ ਦੀ ਤਾਕਤ 'ਤੇ
ਭਰੋਸਾ ਹੁੰਦਾ ਹੈ
ਉਹ ਹਥੇਲੀ ਦੀਆਂ
ਗੂੜੀਆਂ ਰੇਖਾਵਾਂ ਦੀ
ਕੱਚੀ ਇਬਾਰਤ ਨਹੀਂ ਪੜ੍ਹਦੇ।
ਡਾ: ਸਵਰਨ ਸਿੰਘ ਆਪਣੀ ਸ਼ਾਇਰੀ-ਸਿਰਜਣਾ ਵਿਚ ਨਵੇਂ-ਨਵੇਂ ਬਿੰਬਾਂ ਅਲੰਕਾਰਾਂ ਦੀ ਵਰਤੋਂ ਬਹੁਤ ਖੂਬਸੂਰਤੀ ਨਾਲ ਕਰਦਾ ਹੈ। ਉਹ ਪਰੰਪਰਕ ਲੀਹਾਂ 'ਤੇ ਚੱਲਣ ਦਾ ਹਾਮੀ ਨਹੀਂ, ਸਗੋਂ ਨਵੀਨਤਾ ਦਾ ਆਸ਼ਕ ਹੈ।
ਅੱਜ ਦੀ ਸਵੇਰ
ਪਰੀ ਬਣ ਕੇ ਆਈ ਹੈ
ਜਾਂ ਸ਼ਾਂਤੀ ਦੂਤ
ਦੁੱਧ ਚਿੱਟੇ ਮਖਮਲੀ
ਲਿਬਾਸ ਅੰਦਰ...
ਇਸ ਸੰਗ੍ਰਹਿ ਵਿਚ ਲੇਖਕ ਨੇ ਇਤਿਹਾਸਕ ਮਿਥਿਹਾਸਕ ਬਿੰਬਾਂ ਦੀ ਭਰਪੂਰ ਵਰਤੋਂ ਕੀਤੀ ਹੈ।

-ਡਾ: ਅਮਰਜੀਤ ਕੌਂਕੇ


ਸੋਲਾਂ ਦਸੰਬਰ
ਲੇਖਕ : ਕੁਲਵਿੰਦਰ ਵਿਰਕ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)
ਮੁੱਲ : 60 ਰੁਪਏ, ਸਫ਼ੇ : 63
ਸੰਪਰਕ : 94173-79217.

ਦੋ ਕਾਵਿ ਸੰਗ੍ਰਹਿ ਦੇਣ ਤੋਂ ਬਾਅਦ ਕੁਲਵਿੰਦਰ ਵਿਰਕ ਦੀ ਇਹ ਕਿਤਾਬ ਕਹਾਣੀਆਂ ਦੀ ਹੈ। ਸੰਗ੍ਰਹਿ ਵਿਚ 10 ਕਹਾਣੀਆਂ ਹਨ। ਸਮਾਜ ਦੇ ਦਲਿਤ ਅਥਵਾ ਨਿਮਨ ਵਰਗ ਦੇ ਪਾਤਰਾਂ ਦਾ ਜੀਵਨ ਪੱਧਰ ਵੇਖ ਕੇ ਉਸ ਦਾ ਅੰਦਰ ਹਲੂਣਿਆ ਜਾਂਦਾ ਹੈ। ਕਹਾਣੀਆਂ ਵਿਚ ਲੇਖਕ ਨੇ ਉਹ ਪਾਤਰ ਲਏ ਹਨ ਜਿਨ੍ਹਾਂ ਨੂੰ ਸਿਆਸੀ ਜ਼ਬਾਨ ਵਿਚ ਵੋਟ ਬੈਂਕ ਕਿਹਾ ਜਾਂਦਾ ਹੈ। ਉਹ ਬੈਂਕ ਦਾ ਖਾਤਾ ਖੁੱਲ੍ਹਵਾਉਣ ਤੋਂ ਵੀ ਅਸਮਰਥ ਹੁੰਦੇ ਹਨ। ਕਿਤਾਬ ਦੀਆਂ ਕਹਾਣੀਆਂ ਸਿੱਧੀਆਂ ਸਪਾਟ ਸਰਲ ਭਾਸ਼ਾ ਵਿਚ ਦਿਲਚਸਪ ਤੇ ਬਦਲਦੇ ਦ੍ਰਿਸ਼ਾਂ ਨਾਲ; ਲੈਸ ਹਨ। ਬੂਰ ਕਹਾਣੀ ਦਾ ਪਾਤਰ ਗ਼ਰੀਬ ਬੱਚਾ ਹੈ। ਉਸ ਦਾ ਬਾਪ ਪਿੰਡ ਦੇ ਸਰਪੰਚ ਕੋਲ ਪੈਸੇ ਲੈਣ ਜਾਂਦਾ ਹੈ। ਸਰਪੰਚ ਅੜ੍ਹਬਪੁਣੇ ਵਿਚ ਕਹਿੰਦਾ ਹੈ-'ਨਾ ਤੇਰੇ ਛੋਹਰ ਪੜ੍ਹ ਕੇ ਕਿਹੜਾ ਡੀ. ਸੀ. ਲੱਗ ਜਾਣਗੇ। ਆ ਗਿਆ ਵੱਡਾ ਨਾਢੂ ਖਾਂ। ਪਰ ਵਕਤ ਬਦਲਦੇ ਦੇਰ ਨਹੀਂ ਲਗਦੀ। ਉਹ ਗ਼ਰੀਬ ਦਾ ਬੱਚਾ ਸਮੇਂ ਨਾਲ ਪੜ੍ਹ ਕੇ ਇਮਤਿਹਾਨ ਪਾਸ ਕਰਦਾ ਸੱਚਮੁੱਚ ਡੀ. ਸੀ. ਬਣ ਜਾਂਦਾ ਹੈ। ਕਹਾਣੀ ਛੋਟੂ ਦਾ ਪਾਤਰ ਬੂਟ ਪਾਲਿਸ਼ ਕਰਦਾ ਹੈ। ਪਿਉ ਸ਼ਰਾਬੀ ਹੈ। ਪਾਲਿਸ਼ ਕਰਦੇ ਹੋਏ ਇਕ ਮੁੰਡੇ ਨੂੰ ਇਕ ਸਰਦਾਰ ਆਪਣੇ ਨਾਲ ਲੈ ਜਾਂਦਾ ਹੈ। ਪੜ੍ਹਨ ਲਾ ਦਿੱਤਾ ਜਾਂਦਾ ਹੈ, ਜੋ ਪੜ੍ਹ ਕੇ ਨੌਕਰੀ 'ਤੇ ਲੱਗ ਜਾਂਦਾ ਹੈ। ਵਿਆਹ ਹੋ ਜਾਂਦਾ ਹੈ। ਅਖ਼ੀਰ ਸਾਰੀ ਜਾਇਦਾਦ ਸਰਦਾਰ ਮੁੰਡੇ ਦੇ ਨਾਂਅ ਕਰ ਦਿੰਦਾ ਹੈ। ਸਿਰਲੇਖ ਵਾਲੀ ਕਹਾਣੀ ਵਿਚ ਲੇਖਕ ਦੀ ਜ਼ਖ਼ਮੀ ਕਬੂਤਰ ਨਾਲ ਸਾਂਝ ਹੈ। ਰਾਣੋਂ ਕਹਾਣੀ ਵਿਚ ਲੇਖਕ ਦੀ ਬਚਪਨ ਵਿਚ ਊਠਣੀ ਨਾਲ ਮੁਹੱਬਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

 

 

 


ਕਿੱਥੇ ਹੈ ਆਦਮੀ?
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ ਬਰਨਾਲਾ
ਮੁੱਲ : 50 ਰੁਪਏ, ਸਫ਼ੇ : 120
ਸੰਪਰਕ : 94635-61123.

ਓਮ ਪ੍ਰਕਾਸ਼ ਗਾਸੋ ਮਾਨਵੀ ਜੀਵਨ ਵਰਤਾਰੇ ਦੇ ਚੜ੍ਹਦੇ-ਸੂਰਜ ਦੀਆਂ ਰਿਸ਼ਮਾਂ ਦਾ ਸਿਰਜਕ, ਬਹੁ-ਪੱਖੀ ਸਾਹਿਤ ਪ੍ਰਤਿਭਾ ਦਾ ਧਾਰਕ ਹੈ। ਇਹ ਲੇਖਕ ਗਲਪਕਾਰ, ਸੱਭਿਆਚਾਰਕ-ਰਾਜਦੂਤ, ਬਾਲ ਸਾਹਿਤ ਰਿਚੇਤਾ, ਸਵੈ-ਕਥਨੀ ਲੇਖਕ, ਆਲੋਚਕ ਜਾਂ ਅਨੁਵਾਦਕ ਦੇ ਰੂਪ ਵਿਚ ਵੇਖਿਆ-ਪੇਖਿਆ ਜਾਵੇ ਤਾਂ ਨਿਰਸੰਦੇਹ ਉਹ ਪੰਜਾਬੀਅਤ ਦਾ ਅਲੰਬਰਦਾਰ ਲੇਖਕ ਹੈ। ਹਥਲੀ ਪੁਸਤਕ ਵੀ ਇਸੇ ਪੈਗ਼ਾਮ ਦੀ ਸੂਚਕ ਹੁੰਦੀ ਹੋਈ ਅਜੋਕੇ ਵਿਸ਼ਵੀਕਰਨ ਯੁੱਗ ਦੇ ਮਨੁੱਖ ਵਿਚੋਂ ਸ੍ਰੇਸ਼ਟ ਮਨੁੱਖੀ ਕਦਰਾਂ-ਕੀਮਤਾਂ ਦੇ ਮਨਫੀ ਹੋ ਜਾਣ ਵਾਲੇ ਸਰੋਕਾਰਾਂ ਦਾ ਚਿਤਰਣ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਗਾਸੋ ਨੂੰ ਚਿੰਤਾ ਹੈ ਕਿ ਮਨੁੱਖ ਜ਼ਿੰਦਗੀ ਦੇ ਸਹਿਜ-ਸੁਹੱਪਣ ਨੂੰ ਗਵਾ ਕੇ ਭਟਕਣਾ 'ਚ ਕਿਉਂ ਗਰਕ ਹੋ ਰਿਹਾ ਹੈ? ਕਿਉਂ ਅਡੰਬਰੀ ਫ਼ਲਸਫ਼ੇ ਦੀਆਂ ਉਲਝਣਾਂ 'ਚ ਫੱਸ ਕੇ ਨੈਤਿਕ, ਧਾਰਮਿਕ ਅਤੇ ਪਾਕੀਜ਼ਗੀ ਵਾਲੇ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ? ਅਕੀਦਤ, ਸਹਿ-ਹੋਂਦ, ਮਿਲਵਰਤਣ, ਸਾਂਝੀਵਾਲਤਾ ਅਤੇ ਹੋਰ ਮੁਹੱਬਤੀ ਬੋਲ-ਬਾਣੀ ਜਿਹੇ ਸਾਰਥਿਕ ਤੇ ਪ੍ਰੇਰਕ ਸਰੋਤ ਇਸ ( ਮਨੁੱਖ ) ਵਿਚੋਂ ਲੁਪਤ ਹੁੰਦੇ ਜਾ ਰਹੇ ਹਨ? ਕਿਉਂ ਘ੍ਰਿਣਾ, ਨਫ਼ਰਤ, ਵੈਰ-ਵਿਰੋਧ, ਨਸ਼ਿਆਂ ਦਾ ਸੇਵਨ ਅਤੇ ਬਾਰੂਦੀ ਹਵਾਵਾਂ ਦਾ ਫੈਲਾਅ ਪਸਰ ਰਿਹਾ ਹੈ? ਤੂਫਾਨਾਂ ਨਾਲ ਟੱਕਰ ਲੈਣ ਵਾਲੇ ਲੋਕ ਕਿਉਂ ਖ਼ੁਦ ਬੇੜੀਆਂ ਦੇ ਚੱਪੂ ਵਗਾਹ ਮਾਰ ਰਹੇ ਹਨ? ਧੀਆਂ, ਭੈਣਾਂ, ਮਾਵਾਂ, ਬੀਵੀਆਂ ਦੀ ਆਬਰੂ ਕਿਉਂ ਨਿਵਾਣ ਵੱਲ ਜਾ ਰਹੀ ਹੈ? ਅਜਿਹੇ ਸੈਂਕੜੇ ਪ੍ਰਸ਼ਨਾਂ ਨੂੰ ਉਭਾਰਦੀਆਂ ਵੱਖ-ਵੱਖ ਖੰਡਾਂ ਜ਼ਰੀਏ ਪ੍ਰਸਤੁਤ ਕੀਤੀਆਂ ਇਹ ਕਵਿਤਾਵਾਂ ਅਜੋਕੇ ਸਮਾਜਕ-ਸੱਭਿਆਚਾਰਕ ਵਰਤਾਰੇ ਦਾ ਆਲੋਚਨਾਤਮਕ ਯਥਾਰਥ ਪੇਸ਼ ਕਰਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਕਵੀ ਦੀ ਧਾਰਨਾ ਹੈ ਕਿ ਝੂਠ, ਫਰੇਬ, ਭ੍ਰਿਸ਼ਟਾਚਾਰ, ਅਮਾਨਵੀ ਸਬੰਧ, ਲੁੱਟਾਂ-ਖੋਹਾਂ ਦੇ ਵਰਤਾਰੇ 'ਚ ਮਾਨਵ ਜਾਤੀ ਸੁੱਖ ਦਾ ਸਾਹ ਨਹੀਂ ਲੈ ਸਕਦੀ। ਇਹੋ ਜਿਹੀਆਂ ਅਸੰਗਤੀਆਂ ਦੇ ਸਮਾਧਾਨ ਲਈ ਲੋਕ-ਏਕਤਾ ਰਾਇ ਵੀ ਜ਼ਰੂਰੀ ਹੈ ਅਤੇ ਵਿਸ਼ੇਸ਼ਤਰ ਪ੍ਰਸ਼ਾਸਨਿਕ ਅਤੇ ਰਾਜਸੀ ਨੇਤਾਵਾਂ ਜਿਹੇ ਅਹਿਲਕਾਰਾਂ ਦਾ ਵੀ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.


ਸੁਨਹਿਰੀ ਗੁੱਡੀ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ, ਦਿੱਲੀ
ਮੁੱਲ : 150 ਰੁਪਏ, ਸਫ਼ੇ : 70
ਸੰਪਰਕ : 099588-31357.

ਅਨੁਵਾਦਕ, ਸੰਪਾਦਕ, ਆਲੋਚਕ ਡਾ: ਬਲਦੇਵ ਸਿੰਘ ਬੱਦਨ ਨੇ 'ਸੁਪਨਿਆਂ ਦਾ ਮਹੱਲ' ਤੋਂ ਬਾਅਦ 'ਸੁਨਹਿਰੀ ਗੁੱਡੀ' ਨਾਂਅ ਦਾ ਇਕ ਹੋਰ ਨਾਵਲ ਬਾਲ ਪਾਠਕਾਂ ਨੂੰ ਭੇਟ ਕੀਤਾ ਹੈ। ਇਸ ਦਾ ਕਥਾਨਕ ਭਾਵੇਂ ਗੁੰਝਲਦਾਰ ਸਥਿਤੀਆਂ ਥਾਣੀਂ ਗੁਜ਼ਰਦਾ ਹੋਇਆ ਇਕੱਲ, ਉਦਾਸੀ ਅਤੇ ਹੈਰਾਨੀ ਵਿਚ ਮੁੱਕਦਾ ਹੈ। 'ਸੋਨਾਗੜ੍ਹ' ਰਾਜ ਦੇ ਰਾਜੇ ਨੂੰ ਜੋਤਸ਼ੀਆਂ ਤੋਂ ਪਤਾ ਲਗਦਾ ਹੈ ਕਿ ਉਸ ਦੇ ਘਰ ਪੈਦਾ ਹੋਣ ਵਾਲਾ ਪਹਿਲਾ ਬੱਚਾ ਕੰਨਿਆ ਹੈ ਤਾਂ ਉਹ ਉਸ ਦੀ ਭਰੂਣ ਹੱਤਿਆ ਕਰਵਾ ਦਿੰਦਾ ਹੈ। ਧੀ ਦੇ ਗ਼ਮ 'ਚ ਘੁਲ-ਘੁਲ ਕੇ ਰਾਣੀ ਮਰ ਜਾਂਦੀ ਹੈ। ਰਾਜਾ ਸਾਧਾਰਨ ਪਰਿਵਾਰ ਦੀ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਕੇ ਉਸ ਨੂੰ ਰਾਣੀ ਬਣਾ ਲੈਂਦਾ ਹੈ। ਭਰੂਣ ਹੱਤਿਆ 'ਚ ਮੋਈ ਉਸ ਦੀ ਧੀ ਦੇਵਤਿਆਂ ਦੀ ਕਿਰਪਾ ਨਾਲ 'ਸੁਨਹਿਰੀ ਗੁੱਡੀ' ਵਿਚ ਤਬਦੀਲ ਹੋ ਜਾਂਦੀ ਹੈ, ਜੋ ਰਾਜ ਮਹੱਲ ਦੇ ਤਲਾਬਾਂ ਦੇ ਹੇਠਾਂ ਬਣੇ ਮਹੱਲ ਵਿਚ ਰਹਿੰਦੀ ਹੈ ਤੇ ਕਦੀ-ਕਦੀ ਸੈਰ ਕਰਨ ਲਈ ਆਪਣੇ ਰਾਜ ਦਾ ਗੇੜਾ ਕੱਢਦੀ ਹੈ। ਉਹ ਧੀ ਹੋਣ ਦੇ ਨਾਤੇ ਆਪਣੇ ਰਾਜੇ ਪਿਉ ਨੂੰ ਚੰਗੀਆਂ ਸਲਾਹਾਂ ਅਤੇ ਸਹਾਇਤਾ ਦਿੰਦੀ ਰਹਿੰਦੀ ਹੈ। ਕਹਾਣੀ ਕਈ ਪੜਾਵਾਂ ਵਿਚ ਲੰਘਦੀ ਹੋਈ ਅਗਾਂਹ ਤੁਰਦੀ ਜਾਂਦੀ ਹੈ। ਕਹਾਣੀ ਵਿਚ ਸੁਨਹਿਰੀ ਗੁੱਡੀ ਸਰੀਰ ਤਿਆਗ ਕੇ ਦੋਬਪਾ ਕੁਲਮਣ ਰਾਜੇ ਦੇ ਘਰ ਪੁੱਤਰੀ ਦੇ ਰੂਪ ਵਿਚ ਪੈਦਾ ਹੁੰਦੀ ਹੈ ਤੇ ਪਾਰਵਤੀ ਦੀ ਸਹਾਇਤਾ ਤੇ ਵਰਦਾਨ ਨਾਲ ਉਹ ਤੇ ਉਸ ਦੀ ਮਾਂ ਭੈਣਾਂ ਵਾਂਗ ਜਨਮ ਲੈਂਦੀਆਂ ਹਨ ਤੇ ਆਪਣੇ ਭਰਾਵਾਂ ਨਾਲ ਹੀ ਵਿਆਹੀਆਂ ਜਾਂਦੀਆਂ ਹਨ। ਆਖ਼ਰ ਉਹ ਸਭ ਕੁਝ ਛੱਡ-ਛੁਡਾਅ ਕੇ ਸਵਰਗ ਲੋਕ ਹੀ ਚਲੀਆਂ ਜਾਂਦੀਆਂ ਹਨ ਤੇ ਦੋਵਾਂ ਦੇ ਪਤੀ ਉਦਾਸੀ ਦੀ ਹਾਲਤ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਤਲਾਬ ਵੱਲ ਉਦਾਸ ਝਾਕੀਆਂ ਮਾਰਦੇ ਰਹਿ ਜਾਂਦੇ ਹਨ।

-ਕੇ. ਐਲ. ਗਰਗ
ਮੋ: 94635-37050

 

06-01-2018

 ਸੰਵਾਦ
(ਪੰਜਾਬੀ ਰੈਫਰੀਡ ਰਿਸਰਚ ਜਰਨਲਂਜੁਲਾਈ ਤੋਂ ਦਸੰਬਰ 2017)

ਮੁੱਖ ਸੰਪਾਦਕ : ਪ੍ਰਿੰ: ਮਹਿਲ ਸਿੰਘ
ਸੰਪਾਦਕ : ਡਾ: ਆਤਮ ਸਿੰਘ ਰੰਧਾਵਾ
ਪ੍ਰਕਾਸ਼ਕ : ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ।
ਮੁੱਲ : 125 ਰੁਪਏ, ਸਫ਼ੇ : 144.
ਸੰਪਰਕ : 85288-28200.

ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਨ੍ਹਾਂ ਨੂੰ ਸਮਝਣ ਸਮਝਾਉਣ ਵਾਲੀਆਂ ਭਾਰਤੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਅਧਿਐਨ-ਪੱਧਤੀਆਂ ਪ੍ਰਣਾਲੀਆਂ ਦੇ ਝੁਕਾਅ ਅਤੇ ਸੰਭਾਵੀ ਆਲੋਚਨਾਤਮਕ-ਦ੍ਰਿਸ਼ਟੀਆਂ ਦਾ ਦਰਪਣ 'ਸੰਵਾਦ' ਰਸਾਲਾ ਨਹੀਂ ਪੁਸਤਕ ਹੈ। ਪ੍ਰਕਾਸ਼ਨ ਦੇ ਤਿੰਨ ਸਾਲ ਪੂਰਾ ਕਰ ਚੁੱਕੇ ਇਸ ਛੇਵੇਂ ਅੰਕ ਵਿਚ ਉਕਤ ਭਾਵ-ਬੋਧ ਦਾ ਪ੍ਰਗਟਾਵਾ ਅੰਕਿਤ ਹੈ। ਡਾ: ਹਰਿਭਜਨ ਸਿੰਘ ਜਿਸ ਨੇ ਪੰਜਾਬੀ ਸਾਹਿਤ-ਅਧਿਐਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਰਚਿਤ 'ਸਾਹਿਤ ਸ਼ਾਸਤਰ' ਖੋਜ-ਨਿਬੰਧ ਚਿਰਕਾਲ ਤੋਂ ਪੜ੍ਹਨ-ਪੜ੍ਹਾਉਣ ਵਾਲਿਆਂ ਲਈ ਦਿਸ਼ਾ-ਮਾਰਗ ਰਿਹਾ ਹੈ। ਸਮਕਾਲੀ ਪੰਜਾਬੀ ਕਵਿਤਾ, ਦਲਿਤ ਚਿੰਤਨ ਨੂੰ ਕਿਸ ਤਰ੍ਹਾਂ ਗ੍ਰਹਿਣ ਕੀਤਾ ਗਿਆ ਅਤੇ ਪ੍ਰਗਟਾਇਆ ਗਿਆ ਹੈ, ਪਰਵਾਸੀ ਕਾਵਿ-ਪ੍ਰਵਚਨ ਕਿੱਥੇ ਸਟੈਂਡ ਕਰਦਾ ਹੈ, ਗੁਰਬਾਣੀ ਅਤੇ ਨਾਨਕ ਬਾਣੀ ਨੂੰ ਕਿਸ ਸਮਦ੍ਰਿਸ਼ਟੀ ਤੋਂ ਸਮਝਿਆ ਜਾ ਰਿਹਾ ਹੈ, ਗਲਪ-ਅਧਿਐਨ ਚੇਤਨਾ ਕਿਸ ਪੱਧਰ ਦੇ ਪਾਸਾਰੇ ਨੂੰ ਪੇਸ਼ ਕਰ ਰਹੀ ਹੈ ਆਦਿ ਸੰਕਲਪਾਂ ਦੇ ਅੰਤਰਗਤ ਗੰਭੀਰ ਅਧਿਐਨ ਉਪਰੰਤ ਵਿਦਵਾਨਾਂ ਨੇ ਸਾਰਥਕ ਸਿੱਟੇ ਕੱਢ ਦਰਸਾਏ ਹਨ। ਡਾ: ਹਰਿਭਜਨ ਸਿੰਘ ਦਾ ਸਾਰਥਕ ਪ੍ਰਵਚਨ ਹੈ ਕਿ ਸਾਹਿਤਿਕ ਅਧਿਐਨ ਇਕ ਪਾਸੇ ਸਾਹਿਤਿਕ ਕਿਰਤ ਦੀ ਵਿਅਕਤੀ-ਵਿਸ਼ੇਸ਼ਤਾ ਨਾਲ ਸਬੰਧਿਤ ਹੁੰਦਾ ਹੈ ਤੇ ਦੂਜੇ ਪਾਸੇ ਸਰਬ ਸਾਂਝੇ ਸਾਹਿਤਿਕ-ਸਿਧਾਂਤਾਂ ਨਾਲ।
ਇਸ ਰਸਾਲੇ ਦੀ ਹੋਰ ਖੂਬੀ ਇਹ ਵੀ ਹੈ ਕਿ ਪ੍ਰਗਤੀਵਾਦੀ ਮੋਢੀ ਕਾਵਿ-ਸਿਰਜਕ ਬਾਵਾ ਬਲਵੰਤ, ਡਾ: ਰਵਿੰਦਰ ਸਿੰਘ ਰਵੀ ਦੀ ਕਾਵਿ-ਸਮੀਖਿਆ ਤੋਂ ਇਲਾਵਾ ਰਸੂਲ ਹਮਜ਼ਾਤੋਵ ਰਚਿਤ 'ਮੇਰਾ ਦਾਗਿਸਤਾਨ' ਦੇ ਦੀਰਘ ਅਧਿਐਨ ਤੋਂ ਬਾਅਦ 'ਬਰਫ ਦਾ ਮਾਰੂਥਲ ਅਤੇ ਕੂੰਜਾਂ ਦੇ ਸਿਰਨਾਵੇਂ', 'ਗੁਲਾਬੀ ਨਗ਼ ਵਾਲੀ ਮੁੰਦਰੀ ਅਤੇ ਫਰੀਦਾ ਖਾਕ ਨਾ ਨਿੰਦੀਐ' ਪੁਸਤਕਾਂ ਦਾ ਆਲੋਚਨਾਤਮਕ ਅਧਿਐਨ ਵੀ ਪੇਸ਼ ਕੀਤਾ ਗਿਆ ਹੈ। ਇਹ ਸਮੁੱਚਾ ਕਾਰਜ ਖਾਲਸਾ ਕਾਲਜ ਅੰਮ੍ਰਿਤਸਰ ਦੀ ਪੰਜਾਬੀਅਤ ਪ੍ਰਤੀ ਉਸਾਰੂ ਅਤੇ ਨਿਸ਼ਠਾਵਾਨ ਸੋਚ-ਦ੍ਰਿਸ਼ਟੀ ਦਾ ਪ੍ਰਗਟਾਵਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਭੁੱਲੇ ਵਿਸਰੇ ਸੁਰਖ਼ ਸਿਤਾਰੇ
ਲੇਖਕ : ਗਿਆਨੀ ਗੁਰਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 375 ਰੁਪਏ, ਸਫ਼ੇ : 236
ਸੰਪਰਕ : 98154-94522.

'ਭੁੱਲੇ-ਵਿਸਰੇ ਸੁਰਖ਼ ਸਿਤਾਰੇ' ਪੰਜਾਬ ਵਿਚ ਕਮਿਊਨਿਸਟ ਪਾਰਟੀ ਲਈ ਕੰਮ ਕਰਨ ਵਾਲਿਆਂ ਯੋਧਿਆਂ ਅਤੇ ਸੰਗਰਾਮੀਆਂ ਦੇ ਮਾਨਮੱਤਾ ਇਤਿਹਾਸ ਅੰਕਿਤ ਹੈ। ਗਿਆਨੀ ਗੁਰਦੇਵ ਸਿੰਘ ਨੇ ਆਪਣੀ ਇਸ ਪੁਸਤਕ ਵਿਚ 67 ਕਮਿਊਨਿਸਟਾਂ ਦਾ ਜੀਵਨ-ਬਿਰਤਾਂਤ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਕਾਮਰੇਡ ਭਾਨ ਸਿੰਘ ਭੌਰਾ, ਕਾ: ਮਦਨ ਲਾਲ ਦੀਦੀ, ਕਾ: ਜੰਗੀਰ ਸਿੰਘ ਜੋਗਾ, ਕਾ: ਰਣਧੀਰ ਸਿੰਘ ਰਾਊਕੇ ਕਲਾਂ, ਸ: ਸੱਘੜ ਸਿੰਘ ਵਿਧਾਇਕ, ਕਾ: ਸੋਹਨ ਸਿੰਘ ਜੋਸ਼, ਕਾ: ਅਵਤਾਰ ਸਿੰਘ ਮਲਹੋਤਰਾ, ਕਾ: ਹਰਕਿਸ਼ਨ ਸਿੰਘ ਸੁਰਜੀਤ, ਦਰਸ਼ਨ ਸਿੰਘ ਕੈਨੇਡੀਅਨ, ਸਤਪਾਲ ਡਾਂਗ, ਸ੍ਰੀਮਤੀ ਵਿਮਲਾ ਡਾਂਗ ਅਤੇ ਕਾ: ਸੁਸ਼ੀਲਾ ਚੈਨ ਆਦਿ ਪੰਜਾਬ ਦੇ ਕਮਿਊਨਿਸਟ ਲੀਡਰਾਂ ਦੇ ਸਮਾਚਾਰ ਅੰਕਿਤ ਹੋਏ ਹਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਪੰਜਾਬ ਦੀ ਕਮਿਊਨਿਸਟ ਪਾਰਟੀ ਪੂਰੇ ਭਾਰਤ ਵਿਚ ਪ੍ਰਸਿੱਧ ਹੋ ਚੁੱਕੀ ਸੀ ਪਰ ਆਜ਼ਾਦੀ ਤੋਂ ਬਾਅਦ ਤਿੰਨ-ਚਾਰ ਦਹਾਕੇ ਇਸ ਪਾਰਟੀ ਨੇ ਬੜੀਆਂ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਬੇਸ਼ੱਕ 1990 ਤੋਂ ਬਾਅਦ ਵਿਸ਼ਵ ਪੱਧਰ 'ਤੇ ਹੋਈ ਕਮਿਊਨਿਸਟ ਪਾਰਟੀ ਦੇ ਟੁੱਟ-ਭੱਜ ਨੇ ਭਾਰਤੀ ਕਮਿਊਨਿਸਟ ਪਾਰਟੀ 'ਤੇ ਵੀ ਕਾਫੀ ਨਕਾਰਾਤਮਕ ਪ੍ਰਭਾਵ ਪਾਇਆ।
ਗਿਆਨੀ ਗੁਰਦੇਵ ਸਿੰਘ ਨੇ ਇਸ ਪੁਸਤਕ ਦੀ ਰਚਨਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਪੰਜਾਬ ਦੀ ਕਮਿਊਨਿਸਟ ਪਾਰਟੀ ਲਈ ਕੰਮ ਕਰਨ ਵਾਲੇ ਏਨੇ ਯੋਧਿਆਂ ਦੀ ਚੋਣ, ਉਨ੍ਹਾਂ ਦੇ ਜੀਵਨ ਵੇਰਵਿਆਂ ਅਤੇ ਰਾਜਨੀਤਕ, ਸਮਾਜਿਕ ਖੇਤਰ ਵਿਚ ਉਨ੍ਹਾਂ ਦੁਆਰਾ ਚਲਾਏ ਅੰਦੋਲਨਾਂ ਨੂੰ ਉਸ ਨੇ ਇਕ ਸੁਘੜ ਇਤਿਹਾਸਕਾਰ ਵਾਂਗ ਬਿਆਨ ਕੀਤਾ ਹੈ। ਉਸ ਦੀ ਸ਼ੈਲੀ ਬੜੀ ਸਰਲ, ਠੇਠ ਅਤੇ ਵੇਗਮਈ ਹੈ। ਕਈ ਵਾਰ ਉਹ ਸ਼ੇਅਰੋ-ਸ਼ਾਇਰੀ ਨਾਲ ਆਪਣੀ ਲੇਖਣੀ ਨੂੰ ਅਲੰਕ੍ਰਿਤ ਕਰ ਦਿੰਦਾ ਹੈ। ਬਹੁਤ ਸਾਰੇ ਆਗੂਆਂ ਨਾਲ ਉਸ ਦੇ ਨਿੱਜੀ ਸਬੰਧ ਵੀ ਸਨ। ਇਸ ਕਾਰਨ ਉਸ ਦੇ ਲੇਖ ਹੋਰ ਵੀ ਪ੍ਰਮਾਣਿਕ ਸਿੱਧ ਹੁੰਦੇ ਹਨ। ਇਸ ਪੁਸਤਕ ਵਿਚ ਕੁਝ ਇਹੋ ਜਿਹੇ ਕਾਮਰੇਡ ਵੀ ਸ਼ਾਮਿਲ ਹਨ, ਜਿਨ੍ਹਾਂ ਬਾਰੇ ਪਹਿਲਾਂ ਕੋਈ ਸਮੱਗਰੀ ਪ੍ਰਾਪਤ ਨਹੀਂ ਹੁੰਦੀ। ਇਸ ਸਥਿਤੀ ਵਿਚ ਇਹ ਪੁਸਤਕ ਭਾਰਤੀ ਕਮਿਊਨਿਸਟ ਪਾਰਟੀ ਦਾ ਇਕ ਅਜਿਹਾ ਇਤਿਹਾਸ ਬਣ ਗਈ ਹੈ, ਜੋ ਹਰ ਪਾਠਕ ਲਈ ਮਹੱਤਵਪੂਰਨ ਸਿੱਧ ਹੋਵੇਗਾ। ਇਹ ਰਚਨਾ ਇਕ 'ਹਵਾਲਾ-ਪੁਸਤਕ' ਦਾ ਦਰਜਾ ਰੱਖਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਜੀਵਨ ਦੇ ਰੰਗ
ਲੇਖਕ : ਬਲਦੇਵ ਸਿੰਘ ਪ੍ਰਦੇਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 138
ਸੰਪਰਕ : 97811-53697.

ਇਸ ਸੰਗ੍ਰਹਿ ਵਿਚ ਜਿਵੇਂ ਪੁਸਤਕ ਦੇ ਨਾਂਅ ਤੋਂ ਹੀ ਸੰਕੇਤ ਪ੍ਰਾਪਤ ਹੁੰਦਾ ਹੈ ਕਿ ਲੇਖਕ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਆਪਣੀ ਕਵਿਤਾ ਵਿਚ ਚਿਤਰਿਆ ਹੈ। ਬਲਦੇਵ ਸਿੰਘ ਪ੍ਰਦੇਸੀ ਨੇ ਆਪਣੇ ਜੀਵਨ ਅਨੁਭਵਾਂ/ਤਜਰਬਿਆਂ ਨੂੰ ਬਹੁਤ ਹੀ ਸਰਲਤਾ ਤੇ ਸਾਦੀ ਭਾਸ਼ਾ ਵਿਚ ਚਿਤਰਨ ਦਾ ਯਤਨ ਕੀਤਾ ਹੈ। ਇਸ ਸੰਗ੍ਰਹਿ ਵਿਚ ਸਾਡੇ ਸਮਾਜਿਕ ਵਰਤਾਰੇ ਵਿਚ ਦਰਪੇਸ਼ ਵੱਡੀਆਂ-ਛੋਟੀਆਂ ਮੁਸ਼ਕਿਲਾਂ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਮਸਲਿਆਂ ਵਿਚ ਵਾਤਾਵਰਨ ਦੀ ਚਿੰਤਾ, ਬਜ਼ੁਰਗਾਂ ਦਾ ਸਤਿਕਾਰ, ਪੰਜਾਬੀ ਸੱਭਿਆਚਾਰ, ਨਾਰੀ ਦੀ ਦਸ਼ਾ, ਨਸ਼ਿਆਂ ਦੀ ਵਰਤੋਂ ਤੇ ਤਿੜਕਦੇ ਪਰਿਵਾਰਾਂ ਦੀਆਂ ਗਾਥਾਵਾਂ ਦਾ ਬਿਆਨ ਸ਼ਾਮਿਲ ਹੈ। ਨਿੱਤ ਦਿਹਾੜੇ ਵਾਪਰਦੇ ਹਾਦਸਿਆਂ ਨੂੰ ਲੇਖਕ ਨੇ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਪਰੋਇਆ ਹੈ :
ਸੜਕ 'ਤੇ ਇਕ ਦੇਖ ਹਾਦਸਾ
ਮੁੰਡੇ ਕੋਲ ਖਲੋ ਗਏ ਜਾ ਕੇ
ਕਾਰ ਸਵਾਰ ਮਾਰ ਕੇ ਠੋਕਰ
ਭੱਜ ਗਿਆ ਆਪਣੀ ਕਾਰ ਦੌੜਾ ਕੇ....
ਬਲਦੇਵ ਸਿੰਘ ਪ੍ਰਦੇਸੀ ਦੀ ਕਵਿਤਾ ਬੇਹੱਦ ਸਰਲ ਤੇ ਸਹਿਜ ਹੈ। ਉਸ ਕੋਲ ਕਹਿਣ ਲਈ ਬਹੁਤ ਕੁਝ ਹੈ। ਆਉਂਦੇ ਸਮੇਂ ਵਿਚ ਲੇਖਕ ਤੋਂ ਹੋਰ ਪਰਪੱਕ ਰਚਨਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

ਂਡਾ: ਅਮਰਜੀਤ ਕੌਂਕੇ
ਫ ਫ ਫ

ਉਦੇਸ਼
ਲੇਖਕ : ਡਾ: ਤੇਜਵੰਤ ਮਾਨ
ਪ੍ਰਕਾਸ਼ਕ : ਲਿਟਰੇਚਰ ਹਾਊਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98767-83736.

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਅਤੇ ਸ਼ਿਰੋਮਣੀ ਸਾਹਿਤਕਾਰ ਡਾ: ਤੇਜਵੰਤ ਮਾਨ ਦੀ ਹਥਲੀ ਪੁਸਤਕ ਵਿਚ 16 ਆਲੋਚਨਾਤਮਕ ਖੋਜ ਨਿਬੰਧ, 5 ਪੁਸਤਕਾਂ ਬਾਰੇ ਵਡਮੁੱਲੀ ਜਾਣਕਾਰੀ ਅਤੇ ਸਾਹਿਤਕਾਰਾਂ ਨੂੰ ਲਿਖੇ 5 ਪੱਤਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਾਰੇ ਆਲੋਚਨਾਤਮਕ ਨਿਬੰਧਾਂ ਦਾ ਮੈਟਾ-ਅਧਿਐਨ ਕਰਦਿਆਂ ਵਿਦਵਾਨ ਆਲੋਚਕ ਦੀ ਆਲੋਚਨਾ-ਦ੍ਰਿਸ਼ਟੀ ਬਾਰੇ ਕੁਝ ਪ੍ਰਮਾਣਿਕ ਤੱਥ ਨਜ਼ਰੀਂ ਪੈਂਦੇ ਹਨ। ਮਸਲਨ : ਡਾ: ਮਾਨ ਵਿਚਾਰਾਧੀਨ ਰਚਨਾ ਦਾ ਕੇਂਦਰੀ ਮੈਟਾਫ਼ਰ/ਕੋਡ/ਧੁਨੀ ਪਕੜਦਾ ਹੈ। ਰੋਲਾਂ ਬਾਰਤ ਦੇ ਸੰਕਲਪ ਆਨੰਦੀ ਪਾਠ (ਪਲੇਅਰ ਔਫ ਦੀ ਟੈਕਸਟ) ਅਤੇ ਪਾਠ-ਆਨੰਦੀ (ਟੈਕਸਟ ਔਫ ਪਲੇਅਰ) ਦੀਆਂ ਰਚਨਾਵਾਂ 'ਚੋਂ ਢੂੰਢ ਕਰਨਾ; ਨਿਰਪੇਖਤਾ ਦੀ ਥਾਂ ਸਾਪੇਖੀ ਗੁਣ ਨੂੰ ਮਹੱਤਵ ਦੇਣਾ;਼ਆਵੇਸ਼ੀ/ਪ੍ਰਵੇਸ਼ੀ ਗੁਣਾਂ ਦੀ ਤਲਾਸ਼ ਕਰਨਾ; ਕਾਰਕੀ-ਜੁਜ਼ਾਂ ਦੀ ਨਿਸ਼ਾਨਦੇਹੀ ਕਰਨਾ; ਪੂੰਜੀਵਾਦ ਤੋਂ ਪੈਦਾ ਹੋਈ ਉਪਭੋਗੀ ਕਲਚਰ ਨੂੰ ਥਾਂ ਪੁਰ ਥਾਂ ਰੱਦ ਕਰਨਾ ਆਦਿ ਵਿਦਵਾਨ ਆਲੋਚਕ ਦੀ ਮੁਲਾਂਕਣ ਵਿਧੀ ਦੇ ਅਹਿਮ ਸੰਦ ਹੋ ਨਿਬੜੇ ਹਨ। ਕੁਝ ਰਚਨਾਵਾਂ ਵਿਚ ਕਿਤੇ-ਕਿਤੇ ਅਨੰਦਮਈ ਸੁਆਦਲੇ ਪਾਠਾਂ ਦੀ ਨਿਸ਼ਾਨਦੇਹੀ ਕਰਦਿਆਂ ਨਵ-ਲੇਖਕਾਂ ਨੂੰ ਅਜਿਹੇ ਰੁਝਾਨ ਤੋਂ ਬਚਣ ਲਈ ਸੁਚੇਤ ਵੀ ਕਰਦਾ ਹੈ।
ਵਿਦਵਾਨ ਆਲੋਚਕ ਨੇ ਇਸ ਪੁਸਤਕ ਵਿਚ ਆਧੁਨਿਕ ਕਵਿਤਾ ਬਾਰੇ ਦੋ ਕਿਸਮ ਦੇ ਵਿਚਾਰ ਪ੍ਰਸਤੁਤ ਕੀਤੇ ਹਨ। ਪਹਿਲਾ : 'ਅੱਜ ਅਖੌਤੀ ਆਧੁਨਿਕਤਾ ਦੇ ਨਾਂਅ 'ਤੇ ਕਵਿਤਾ ਨੂੰ ਪ੍ਰਗੀਤਕਤਾ ਤੋਂ ਦੂਰ ਲੈ ਜਾਣ ਦੇ ਯਤਨ ਹੋ ਰਹੇ ਹਨ।' ਪੰ: 15, ਦੂਜਾ : 'ਇਹ ਵਿਵਾਦ ਹੁਣ ਛੱਡ ਦੇਣਾ ਚਾਹੀਦਾ ਹੈ ਕਿ ਛੰਦ-ਰਹਿਤ ਕਵਿਤਾ ਕਵਿਤਾ ਹੈ ਵੀ ਕਿ ਨਹੀਂ ਜਾਂ ਕੇਵਲ ਛੰਦ-ਬਧ ਕਵਿਤਾ ਹੀ ਕਵਿਤਾ ਹੈ'। ਪੰ: 59.
ਕੁੱਲ ਮਿਲਾ ਕੇ ਇਹ ਪੁਸਤਕ ਪ੍ਰਸੰਸਾਮੁਖੀ/ਮੁੱਖਬੰਦੀ ਗੁਣ ਰੱਖਣ ਕਾਰਨ ਪ੍ਰਿੰ: ਤੇਜਾ ਸਿੰਘ ਤੋਂ ਅਗਲੇਰੇ ਕਦਮ ਪੁੱਟਣ ਵਾਲੀ ਦਸਤਾਵੇਜ਼ ਹੋ ਨਿਬੜੀ ਹੈ। ਵਿਦਵਾਨ ਆਪਣੇ ਉਦੇਸ਼ ਵਿਚ ਸਫ਼ਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਮੁਕਤੀ
ਲੇਖਕ : ਪ੍ਰਿੰ: ਸ.ਸ. ਕਾਲੜਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94633-50706.

'ਮੁਕਤੀ' ਪ੍ਰਿੰ: ਸ. ਸ. ਕਾਲੜਾ ਦਾ ਮੌਲਿਕ ਪਲੇਠਾ ਨਾਵਲ ਹੈ, ਜਿਸ ਵਿਚ ਉਸ ਨੇ ਗ਼ਰੀਬਾਂ ਅਤੇ ਨਿਮਨ ਵਰਗ ਦੇ ਲੋਕਾਂ ਦੀ ਕਾਰਜ ਸ਼ੈਲੀ ਬਾਰੇ ਦੱਸਿਆ ਹੈ, ਖ਼ਾਸ ਕਰਕੇ ਕਾਗਜ਼ ਤੇ ਕਬਾੜ ਦਾ ਸਾਮਾਨ ਚੁੱਕ ਕੇ ਗੁਜ਼ਾਰਾ ਕਰਨ ਵਾਲੀਆਂ ਗ਼ਰੀਬ ਕੁੜੀਆਂ ਅਤੇ ਔਰਤਾਂ ਦੀ ਕਥਾ ਨੂੰ ਬਿਆਨ ਕੀਤਾ ਹੈ। ਸਮੁੱਚੇ ਨਾਵਲ ਨੂੰ 23 ਕਾਂਡਾਂ ਵਿਚ ਵੰਡਿਆ ਗਿਆ ਹੈ। ਹਰੇਕ ਕਾਂਡ ਵਿਚ ਹੀ ਨਿਮਨ ਵਰਗ ਦੀ ਤ੍ਰਾਸਦੀ ਬਿਆਨ ਕੀਤੀ ਗਈ ਹੈ, ਜਿਵੇਂ ਪਹਿਲੇ ਕਾਂਡ ਵਿਚ ਲਾਡੋ ਅਤੇ ਉਸ ਦੀ ਮਾਂ ਨੂੰ ਜਦੋਂ ਗੰਗਾ ਨਦੀ ਵਿਚੋਂ ਪੈਸੇ ਲੱਭਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਪਰ ਉਨ੍ਹਾਂ ਦੀ ਖੁਸ਼ੀ 'ਤੇ ਪਾਣੀ ਉਦੋਂ ਫਿਰ ਜਾਂਦਾ ਹੈ ਜਦੋਂ ਕਿ ਇਕ ਸਿਪਾਹੀ ਦਬਕੇ ਮਾਰ ਕੇ ਉਨ੍ਹਾਂ ਤੋਂ ਪੈਸੇ ਖੋਹ ਕੇ ਲੈ ਜਾਂਦਾ ਹੈ। ਜਿਸ ਵਿਚ 'ਡਾਹਢੇ ਅੱਗੇ ਕਾਹਦਾ ਜ਼ੋਰ' ਵਾਂਗੂ ਹੈ। ਇਸ ਤਰ੍ਹਾਂ ਸਮੁੱਚਾ ਨਾਵਲ ਕਾਂਤੀ ਦੇ ਜੀਵਨ ਦੁਆਲੇ ਹੀ ਘੁੰਮਦਾ ਹੈ। ਸਾਰਾ ਗਲਪੀ ਬਿੰਬ ਕਾਂਤੀ ਦੀ ਜ਼ਿੰਦਗੀ ਬਾਰੇ ਹੀ ਹੈ ਕਿ ਉਹ ਕੁੜੀ ਸੋਹਣੀ, ਹੋਣਹਾਰ ਅਤੇ ਮਰਦ ਉਸ 'ਤੇ ਅੱਖ ਰੱਖਦੇ ਹਨ ਪਰ ਉਹ ਕਿਸੇ ਦੇ ਹੱਥ ਨਹੀਂ ਆਉਂਦੀ ਅਤੇ ਆਪਣੀ ਹੈਂਕੜਬਾਜ਼ੀ ਨਾਲ ਆਪਣੀ ਇੱਜ਼ਤ ਬਰਕਰਾਰ ਰੱਖਦੀ ਹੈ, ਜਿਸ ਵਿਚ ਲੇਖਕ ਨੇ ਦੱਸਿਆ ਹੈ ਕਿ ਧਰਮ ਦੇ ਠੇਕੇਦਾਰ ਕਦੋਂ ਤੱਕ ਗ਼ਰੀਬਾਂ ਨੂੰ ਲੁੱਟਦੇ ਰਹਿਣਗੇ ਅਤੇ ਕਦੋਂ ਤੱਕ ਗ਼ਰੀਬਾਂ ਨੂੰ ਮੁਕਤੀ ਮਿਲੇਗੀ। ਇਸ ਤਰ੍ਹਾਂ ਨਾਵਲਕਾਰ ਨੇ ਆਪਣੇ ਨਾਵਲ ਵਿਚ ਗ਼ਰੀਬ ਲੋਕਾਂ ਦੀ ਤ੍ਰਾਸਦੀ ਨੂੰ ਬਿਆਨ ਕਰਕੇ ਮਾਨਵਤਾ ਦੀ ਭਲਾਈ ਦੀ ਕਾਮਨਾ ਕੀਤੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161.
ਫ ਫ ਫ

ਜਸਮੇਰ ਸਿੰਘ ਬਾਲਾ ਦੀ
ਕਾਵਿ-ਪੁਸਤਕ
ਧੀਆਂ ਦੇ ਗੀਤ
ਦਾ ਆਲੋਚਨਾਤਮਕ ਅਧਿਐਨ

ਸੰਪਾਦਕ : ਡਾ: ਤਰਨਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94176-87546.

ਕਰਨਲ ਜਸਮੇਰ ਸਿੰਘ ਬਾਲਾ ਨੇ ਆਪਣੀ ਧੀ ਨੂੰ ਮੁਖ਼ਾਤਿਬ ਹੋ ਕੇ 'ਧੀਆਂ ਦੇ ਗੀਤ' ਪੁਸਤਕ ਦੀ ਸਿਰਜਣਾ ਕੀਤੀ ਹੈ। 18 ਦੇ ਕਰੀਬ ਵੱਖ-ਵੱਖ ਇਸਤਰੀ ਵਿਦਵਾਨਾਂ ਵਲੋਂ ਲਿਖੇ ਖੋਜ ਪੇਪਰ ਇਸ ਕਾਵਿ-ਪੁਸਤਕ ਦਾ ਕਈ ਪੱਖਾਂ ਤੋਂ ਅਧਿਐਨ ਕਰਦੇ ਹਨ।
ਇਸ ਪੁਸਤਕ ਦੀ ਸੰਪਾਦਕ ਡਾ: ਤਰਨਜੀਤ ਕੌਰ ਨੇ ਆਪਣੇ ਲੇਖ ਵਿਚ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਪੜਚੋਲ ਕਰਦੇ ਹੋਏ ਕਵੀ ਵਲੋਂ ਧੀਆਂ ਦੇ ਦਰਦ ਨੂੰ ਪੂਰੀ ਸ਼ਿੱਦਤ ਨਾਲ ਪ੍ਰਗਟਾਉਂਦੇ ਮਹਿਸੂਸ ਕੀਤਾ ਹੈ। ਡਾ: ਮਨਦੀਪ ਕੌਰ ਢੀਂਡਸਾ ਨੇ 'ਪੰਜਾਬੀ ਸੱਭਿਆਚਾਰ ਵਿਚ ਧੀ ਦੇ ਰੁਤਬੇ' ਉੱਪਰ ਸਰਸਰੀ ਝਾਤ ਪਵਾਉਂਦੇ ਹੋਏ ਇਨ੍ਹਾਂ ਕਵਿਤਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਡਾ: ਸੁਖਵਿੰਦਰ ਕੌਰ, ਡਾ: ਮਨਦੀਪ ਕੌਰ, ਡਾ: ਰਮਨਦੀਪ ਕੌਰ, ਡਾ: ਬਲਵਿੰਦਰ ਕੌਰ, ਡਾ: ਅਮਰਜੀਤ ਘੁੰਮਣ, ਡਾ: ਅਮਨਦੀਪ ਕੌਰ, ਡਾ: ਕਿਰਨਪਾਲ ਕੌਰ, ਪ੍ਰੋ: ਸਨਦੀਪ ਕੌਰ, ਪ੍ਰੋ: ਇੰਦਰਜੀਤ ਕੌਰ, ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਹਰਪ੍ਰੀਤ ਕੌਰ, ਰਾਜਵੀਰ ਕੌਰ, ਪੁਨੀਤ, ਵੰਦਨਾ, ਦਰਸ਼ਨ ਕੌਰ, ਹਰਪ੍ਰੀਤ ਕੌਰ ਵਲੋਂ ਇਸ ਸੰਗ੍ਰਹਿ ਦੇ ਵੱਖ-ਵੱਖ ਪੱਖਾਂ ਬਾਰੇ ਆਪਣੀ ਪੜਚੋਲ ਪੇਸ਼ ਕੀਤੀ ਹੈ ਕਿ ਇਹ ਕਵਿਤਾਵਾਂ ਧੀਆਂ ਨੂੰ ਸਵੈਮਾਣ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਪ੍ਰੋ: ਬਲਕਾਰ ਸਿੰਘ ਅਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਪ੍ਰਭਾਵਸ਼ਾਲੀ ਟਿੱਪਣੀਆਂ ਇਨ੍ਹਾਂ ਕਵਿਤਾਵਾਂ ਦਾ ਸਹੀ ਮੁਲਾਂਕਣ ਕਰਦੀਆਂ ਹਨ।
ਇਸ ਸਮੁੱਚੇ ਅਧਿਐਨ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਕਰਨਲ ਬਾਲਾ ਨੇ ਇਸ ਕਵਿਤਾ ਵਿਚ ਇਕ ਅਛੂਤੇ ਅਨੁਭਵ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਇਹ ਕਵਿਤਾਵਾਂ ਧੀਆਂ ਲਈ ਦੁਆਵਾਂ ਹਨ। ਵਿਦਵਾਨ ਲੜਕੀਆਂ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਪੰਜਾਬਣ ਮੁਟਿਆਰ ਦੇ ਬੋਲ ਬਣੇ ਲੋਕ ਗੀਤ
ਨਾਰੀ ਦ੍ਰਿਸ਼ਟੀ

ਸੰਪਾਦਕ : ਡਾ: ਮਨਦੀਪ ਕੌਰ ਢੀਂਡਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95928-88228.

ਵਿਚਾਰ ਅਧੀਨ ਪੁਸਤਕ 21 ਇਸਤਰੀ ਲੇਖਕਾਵਾਂ ਵਲੋਂ ਪ੍ਰਸਤੁਤ ਲੇਖਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਵਿਚ ਪ੍ਰੋ: ਕੁਲਦੀਪ ਕੌਰ ਕਲਿਆਣ ਦੀ ਪੁਸਤਕ 'ਪੰਜਾਬਣ ਮੁਟਿਆਰ ਦੇ ਬੋਲ ਬਣੇ ਲੋਕ ਗੀਤ' ਦੇ ਵਿਸ਼ਾ-ਵਸਤੂ ਨੂੰ ਆਧਾਰ ਬਣਾ ਕੇ ਆਲੋਚਨਾਤਮਕ ਅਧਿਐਨ ਕੀਤਾ ਗਿਆ ਹੈ।
ਡਾ: ਮਨਦੀਪ ਕੌਰ ਢੀਂਡਸਾ, ਡਾ: ਮਨਦੀਪ ਕੌਰ ਅਤੇ ਪ੍ਰੋ: ਪਰਮਜੀਤ ਕੌਰ ਔਲਖ ਦੇ ਲੇਖਾਂ ਵਿਚ ਇਸ ਪੁਸਤਕ ਨੂੰ ਆਧਾਰ ਬਣਾ ਕੇ ਸਮਾਜਿਕ ਰਿਸ਼ਤਿਆਂ ਦੀ ਸਾਰਥਕਤਾ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਪੰਜਾਬਣ ਮੁਟਿਆਰ ਦੇ ਬਿੰਬ ਅਤੇ ਉਸ ਦੀ ਮਨੋ ਦਿਸ਼ਾ ਬਾਰੇ ਡਾ: ਸੁਖਵਿੰਦਰ ਕੌਰ, ਡਾ: ਗੁਰਪ੍ਰੀਤ ਕੌਰ, ਪ੍ਰੋ: ਬਲਜੀਤ ਕੌਰ, ਪ੍ਰੋ: ਸੀਮਾ ਕੁਮਾਰੀ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਸ਼ਿਲਪਾ, ਦਰਸ਼ਨ ਕੌਰ, ਰਾਜਵੀਰ ਕੌਰ ਅਤੇ ਡਾ: ਲਖਵੀਰ ਕੌਰ ਨੇ ਲੇਖ ਪ੍ਰਸਤੁਤ ਕੀਤੇ ਹਨ। ਡਾ: ਜਗਰੂਪ ਕੌਰ, ਡਾ: ਸਰਬਜੀਤ ਕੌਰ, ਪ੍ਰੋ: ਗੁਰਬਿੰਦਰ ਕੌਰ ਬਰਾੜ ਅਤੇ ਵੰਦਨਾ ਨੇ ਆਪਣੇ ਸੰਖੇਪ ਲੇਖਾਂ ਵਿਚ ਪ੍ਰੋ: ਕੁਲਦੀਪ ਕੌਰ ਕਲਿਆਨ ਦੀ ਪੁਸਤਕ ਵਿਚ ਸੱਭਿਆਚਾਰ ਦੇ ਅਵਸੇਸ਼ਾਂ ਦਾ ਨਿਰੂਪਣ ਕੀਤਾ ਹੈ ਅਤੇ ਪੰਜਾਬੀ ਪਾਠਕਾਂ ਦੀ ਸਾਂਝ ਸੱਭਿਆਚਾਰਕ ਗੀਤਾਂ ਨਾਲ ਪੁਆਈ ਹੈ। ਡਾ: ਹਰਜੀਤ ਕੌਰ ਵਿਰਕ, ਡਾ: ਰਾਜਵਿੰਦਰ ਕੌਰ ਨਾਗਰਾ ਅਤੇ ਪੁਨੀਤ ਨੇ ਆਪਣੇ-ਆਪਣੇ ਲੇਖਾਂ ਰਾਹੀਂ ਪੁਸਤਕ ਦਾ ਆਲੋਚਨਾਤਮਕ ਅਧਿਐਨ ਕਰਕੇ ਪ੍ਰੋ: ਕੁਲਦੀਪ ਕੌਰ ਕਲਿਆਣ ਵਲੋਂ ਕੀਤੇ ਗਏ ਕਾਰਜ ਦੀ ਮਹੱਤਤਾ ਅਤੇ ਸਾਰਥਕਤਾ ਨੂੰ ਉਜਾਗਰ ਕੀਤਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

30/12/2017

 ਗੁਰਬਾਣੀ ਦੀ ਸੰਕਲਪਗਤ ਚੇਤਨਾ
ਲੇਖਿਕਾ : ਡਾ: ਵਨੀਤਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 011-23280657.

ਡਾ: ਵਨੀਤਾ ਗੁਰਬਾਣੀ ਬਾਰੇ ਬਹੁਪੱਖੀ ਸੂਝ ਤੇ ਸ਼ਰਧਾ ਨਾਲ ਓਤਪੋਤ ਵਿਚਾਰ ਆਧੁਨਿਕ ਆਲੋਚਨਾਤਮਕ ਮੁਹਾਵਰੇ ਵਿਚ ਕਰਨ ਵਾਲੀ ਅਧਿਆਪਕਾ ਹੈ। ਦਿੱਲੀ ਵਿਚ ਪੰਜਾਬੀ ਭਾਸ਼ਾ ਦੇ ਉਚੇਰੇ ਅਧਿਆਪਨ ਦਾ ਲੰਬਾ ਤਜਰਬਾ ਹੈ ਉਸ ਕੋਲ। ਉਸ ਦੀ ਨਵੇਂ ਗਿਆਨ ਦੀ ਜਗਿਆਸਾ ਨੇ ਉਸ ਨੂੰ ਵਿਦਵਤਾ ਤੇ ਖੋਜ ਦੇ ਖੇਤਰ ਵਿਚ ਵੱਡੇ ਵਿਦਵਾਨਾਂ ਦੀ ਸੰਗਤ ਦੇ ਭਰਪੂਰ ਅਵਸਰ ਦਿੱਤੇ ਹਨ। ਅਧਿਐਨ ਅਧਿਆਪਨ ਤੇ ਖੋਜ ਦੇ ਨਾਲ-ਨਾਲ ਉਹ ਗੁਰਬਾਣੀ ਨਾਲ ਸਬੰਧਿਤ ਗੋਸ਼ਟੀਆਂ/ਕਾਨਫ਼ਰੰਸਾਂ/ਸੈਮੀਨਾਰਾਂ ਵਿਚ ਵੀ ਸ਼ਿਰਕਤ ਕਰਦੀ ਹੈ। ਉਸ ਦੀ ਸ਼ਿਰਕਤ ਰਸਮੀ ਨਹੀਂ ਹੁੰਦੀ। ਉਹ ਹਰ ਸਮੇਂ ਨਵੇਂ ਵੰਗਾਰ ਭਰੇ ਵਿਸ਼ੇ/ਥੀਮ/ਸੰਕਲਪ ਨੂੰ ਛੇੜ ਕੇ ਕੁਝ ਵੱਖਰਾ ਕਰਨ ਤੇ ਸਮਝਣ ਸਮਝਾਉਣ ਲਈ ਯਤਨਸ਼ੀਲ ਰਹਿੰਦੀ ਹੈ। ਵਿਚਾਰ ਅਧੀਨ ਪੁਸਤਕਾਂ ਵਿਚ ਉਸ ਦੁਆਰਾ ਗੁਰਬਾਣੀ ਦੇ ਵਿਭਿੰਨ ਪ੍ਰਸੰਗਾਂ/ਸੰਕਲਪਾਂ/ਵਿਸਤਾਰਾਂ ਨਾਲ ਸਬੰਧਿਤ ਸਮੇਂ-ਸਮੇਂ ਪੜ੍ਹੇ ਗਏ ਖੋਜ ਪੱਤਰਾਂ ਦਾ ਸੰਕਲਨ ਹੈ।
ਇਹ ਸਾਰੇ ਨਿਬੰਧ ਪਾਠ ਕੇਂਦਰਿਤ ਹਨ। ਪੂਰਬੀ, ਪੱਛਮੀ ਭਾਰਤੀ ਪਰੰਪਰਾ ਤੋਂ ਨੁਕਤੇ ਉਠਾ ਕੇ ਉਹ ਵਾਰ-ਵਾਰ ਮੂਲ ਪਾਠ ਨੂੰ ਬਾਰੀਕੀ ਨਾਲ ਫਰੋਲ ਕੇ ਨਵੀਆਂ ਅੰਤਰ-ਦ੍ਰਿਸ਼ਟੀਆਂ ਪੇਸ਼ ਕਰਨ ਦੀ ਵਿਧੀ ਅਪਣਾਉਂਦੀ ਹੈ। ਇਸ ਨਾਲ ਗੁਰਬਾਣੀ ਦੀ ਵਿਧੀ, ਸੰਦੇਸ਼, ਚਿਹਨ-ਪ੍ਰਬੰਧ ਨੂੰ ਸਮਝਣ ਵਿਚ ਮਦਦ ਮਿਲਦੀ ਹੈ।
ਲੇਖਿਕਾ ਨੇ ਸੇਵਾ, ਲਿਵ, ਅਨੰਦ ਤੇ ਮਸਤੀ ਦੇ ਸੰਕਲਪਾਂ ਪ੍ਰਤੀ ਗੁਰਬਾਣੀ ਦੀ ਵਿਲੱਖਣ ਪਹੁੰਚ ਸਪੱਸ਼ਟ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ/ਸੰਗੀਤ ਦਾ ਮਹੱਤਵ ਅਤੇ ਇਨ੍ਹਾਂ ਪ੍ਰਤੀ ਗੁਰੂ ਸਾਹਿਬਾਨ ਦੀ ਪਹੁੰਚ ਨੂੰ ਪਛਾਣਿਆ ਹੈ। ਰਬੀ ਸੰਗੀਤ ਨਾਲ ਇਕਸੁਰ ਗਿਆਨ ਇੰਦਰੀਆਂ ਵਾਲੀ ਸੰਗੀਤਕ ਦੇਹੀ ਦੀ ਹਾਰਮਨੀ ਦਾ ਸੰਕਲਪ ਪੇਸ਼ ਕੀਤਾ ਹੈ। ਗੁਰਬਾਣੀ ਦੀ ਨਾਰੀ ਦਲਿਤ ਵਰਗ ਪ੍ਰਤੀ ਕ੍ਰਾਂਤੀਕਾਰੀ ਦ੍ਰਿਸ਼ਟੀ ਉਜਾਗਰ ਕੀਤੀ ਹੈ। ਉਸ ਨੇ ਗੁਰਬਾਣੀ ਦੀ ਪਲੂਰਲੇ/ਉਤਰ-ਆਧੁਨਿਕ ਪਹੁੰਚ ਬਾਰੇ ਚਰਚਾ ਵੀ ਕੀਤੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਪੰਜਾਬੀ ਕਵਿਤਾ ਦਾ ਬਿੰਬ ਵਿਧਾਨਕ ਅਧਿਐਨ
ਲੇਖਕ : ਡਾ: ਕੁਲਵਿੰਦਰ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 143

\ਸੰਪਰਕ : 99151-29747.ਹਥਲੀ ਖੋਜ ਪੁਸਤਕ ਵਿਚ ਲੇਖਕ ਨੇ ਆਧੁਨਿਕ ਪੰਜਾਬੀ ਕਵੀਆਂ ਦੀ ਕਈ ਪੱਖਾਂ ਤੋਂ ਪ੍ਰਤੀਨਿਧਤਾ ਕਰਨ ਵਾਲਿਆਂ ਵਿਚੋਂ ਕੇਵਲ ਸੁਰਜੀਤ ਪਾਤਰ, ਅਮਰਜੀਤ ਕੌਂਕੇ, ਸ਼ਸ਼ੀ ਸਮੁੰਦਰਾਂ ਅਤੇ ਵਰਿੰਦਰ ਪਰਿਹਾਰ ਦੀਆਂ ਕਾਵਿ ਰਚਨਾਵਾਂ ਨੂੰ ਆਧਾਰ ਬਣਾ ਕੇ ਇਨ੍ਹਾਂ ਕਵੀਆਂ ਦੀ ਕਾਵਿ ਬਿੰਬ ਸਿਰਜਣ ਦੀ ਪ੍ਰਤਿਭਾ ਦਾ ਸਾਰਥਕ ਉਲੇਖ ਕੀਤਾ ਹੈ। ਪੁਸਤਕ ਦਾ ਪਹਿਲਾ ਅਧਿਆਇ ਕਾਵਿ-ਬਿੰਬ ਵਿਧਾਨ ਦੇ ਸਿਧਾਂਤਕ ਪਰਿਪੇਖ ਨੂੰ ਪਾਠਕਾਂ ਸਾਹਮਣੇ ਲਿਆਉਂਦਾ ਹੈ। ਕਾਵਿ ਬਿੰਬ ਦੀ ਉਤਪਤੀ ਪੱਛਮੀ ਅਤੇ ਭਾਰਤੀ ਪੜਚੋਲਕਾਂ ਦੁਆਰਾ ਦਰਸਾਈਆਂ ਦ੍ਰਿਸ਼ਟੀਆਂ ਅਤੇ ਪੰਜਾਬੀ ਕਾਵਿ ਵਿਚ ਇਸਦਾ ਮੁਹਾਂਦਰਾ ਤੁਲਨਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਕਾਵਿ ਬਿੰਬ ਦਾ ਖੇਤਰ, ਕਵਿਤਾ ਵਿਚ ਇਸ ਦਾ ਮਹੱਤਵ, ਇਸ ਦੀਆਂ ਬਹੁ ਪਰਤੀ ਵਿਸ਼ੇਸ਼ਤਾਵਾਂ, ਨਿਰਮਾਣਕਾਰੀ ਵਾਲੇ ਤੱਤ ਅਤੇ ਬਿੰਬਾਂ ਦਾ ਵਰਗੀਕਰਨ ਕਰਨਾ ਇਸ ਅਧਿਆਇ ਦਾ ਵਿਸ਼ੇਸ਼ ਹਾਸਲ ਹੈ। ਸੁਰਜੀਤ ਪਾਤਰ ਦੇ ਕਾਵਿ ਜਗਤ ਵਿਚ ਬਿੰਬਾਂ ਦੀ ਸਰਜ਼ਮੀਨ ਤੋਂ ਆਰੰਭ ਕਰਕੇ ਰੁੱਖ, ਬੂਟੇ, ਕਬਰ, ਆਦਮੀ ਆਦਿ ਸਬੰਧੀ ਸਿਰਜੇ ਬਿੰਬਾਂ ਦੀ ਮਹਾਨਤਾ ਅਤੇ ਵਿਲੱਖਣਤਾ ਦਰਸਾਈ ਹੈ। ਇਹ ਚਰਚਾ ਉਸ ਦੀਆਂ ਲਗਪਗ ਸਾਰੀਆਂ ਪੁਸਤਕਾਂ 'ਤੇ ਆਧਾਰਿਤ ਹੈ। ਇਸੇ ਤਰ੍ਹਾਂ ਅਮਰਜੀਤ ਕੌਂਕੇ ਦੀ ਕਵਿਤਾ ਦਾ ਬਿੰਬ ਵਿਧਾਨਕ ਸਰੂਪ ਦਾ ਉਸਾਰ ਪਿਆਰ, ਵਿਛੋੜਾ, ਮਿਲਨ ਦੀ ਤਾਂਘ ਆਦਿ ਮਨੋਵੇਗਾਂ ਵਿਚੋਂ ਸਿਰਜੇ ਹੋਏ ਬਿੰਬ ਉਸ ਦੀਆਂ ਕਾਵਿ ਪੁਸਤਕਾਂ-ਨਿਰਵਾਣ ਦੀ ਤਲਾਸ਼, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਣ, ਪਿਆਸ ਆਦਿ ਵਿਚੋਂ ਉਦਾਹਰਨਾਂ ਸਹਿਤ ਅੰਕਿਤ ਕੀਤੇ ਹਨ।
ਸ਼ਸ਼ੀ ਸਮੁੰਦਰਾਂ ਦੇ ਸਮੁੱਚੇ ਕਾਵਿ ਵਿਚ ਪ੍ਰਗਟ ਅਸਤਿੱਤਵ ਦੀਆਂ ਗੁੰਝਲਾਂ, ਔਰਤ ਮਰਦ ਦੇ ਵਿਭਿੰਨ ਰਿਸ਼ਤਿਆਂ ਦੀਆਂ ਤਹਿਆਂ ਵਿਚੋਂ ਸਹਿਜੇ ਪ੍ਰਗਟ ਹੋਏ ਵਿਭਿੰਨ ਬਿੰਬਾਂ ਨੂੰ ਸਾਰਥਕ ਤਰੀਕੇ ਨਾਲ ਪਛਾਣ ਕੇ ਅਤੇ ਉਸ ਦੁਆਰਾ ਕੁਦਰਤ ਤੋਂ ਸਿਰਜੇ ਬਿੰਬ, ਇੰਦਰਿਆਵੀ ਬਿੰਬ, ਦ੍ਰਿਸ਼ ਅਤੇ ਸਪੱਰਸ਼, ਨਾਦ, ਗੰਧ ਆਦਿ ਅਨੇਕਾਂ ਬਿੰਬਾਂ ਨੂੰ ਬਰੀਕੀ 'ਚ ਪਛਾਣਿਆ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

c c c


ਇਟਲੀ ਵਿਚ ਸਿੱਖ ਫ਼ੌਜੀ
ਲੇਖਕ : ਬਲਵਿੰਦਰ ਸਿੰਘ ਚਾਹਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 250 ਰੁਪਏ, ਸਫ਼ੇ : 220
ਸੰਪਰਕ : 98141-01312.

ਬਲਵਿੰਦਰ ਸਿੰਘ ਚਾਹਲ (ਮਾਧੋ ਜੰਡਾ) ਨੇ ਆਪਣੀ ਹਥਲੀ ਪੁਸਤਕ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਦੇ ਫਰੰਟ ਉੱਪਰ ਸਿੱਖਾਂ ਦੀ ਬਹਾਦਰੀ ਦੇ ਕੁਝ ਇਤਿਹਾਸਕ ਵੇਰਵੇ ਅੰਕਿਤ ਕਰਕੇ ਪੰਜਾਬੀਆਂ ਦੇ ਗੌਰਵ ਅਤੇ ਕੀਰਤੀ ਦਾ ਉਲੇਖ ਕੀਤਾ ਹੈ।
ਲੇਖਕ ਨੇ ਇਸ ਪੁਸਤਕ ਦੀ ਸਮੱਗਰੀ ਨੂੰ ਛੇ ਉਪਭਾਗਾਂ ਵਿਚ ਇਕੱਤਰ ਕਰਕੇ ਬਿਆਨ ਕੀਤਾ ਹੈ। ਪਹਿਲੇ ਭਾਗ ਵਿਚ ਦੂਜੇ ਵਿਸ਼ਵ ਯੁੱਧ ਦੇ ਕਾਰਨਾਂ ਉੱਪਰ ਰੌਸ਼ਨੀ ਪਾਈ ਗਈ ਹੈ। ਜਰਮਨੀ ਅਤੇ ਇਟਲੀ ਵਿਚ ਫਾਸ਼ੀਵਾਦੀ ਤਾਕਤਾਂ ਦੇ ਉੱਥਾਨ ਨੂੰ ਵਿਸਤਾਰ ਨਾਲ ਪੇਸ਼ ਕੀਤਾ ਗਿਆ ਹੈ। ਦੂਜੇ ਭਾਗ ਵਿਚ ਲਾਰਡ ਡਲਹੌਜ਼ੀ ਦੀ ਨੀਤੀ ਅਧੀਨ ਸਿੱਖਾਂ ਨੂੰ ਬ੍ਰਿਟਿਸ਼ ਆਰਮੀ ਵਿਚ ਭਰਤੀ ਕਰਨ ਦੀ ਪ੍ਰਕਿਰਿਆ ਨੂੰ ਬਿਆਨ ਕੀਤਾ ਹੈ। ਤੀਜਾ ਭਾਗ ਜਰਮਨੀ ਅਤੇ ਇਟਲੀ ਦੇ ਗਠਬੰਧਨ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਾ ਹੈ। ਜੰਗ ਦੇ ਦੌਰਾਨ ਬਹੁਤ ਸਾਰੇ ਇਟਲੀ ਨਿਵਾਸੀ, ਇਤਿਹਾਦੀ (ਇੰਗਲੈਂਡ, ਫਰਾਂਸ) ਫ਼ੌਜਾਂ ਨਾਲ ਮਿਲ ਗਏ ਸਨ, ਜਿਸ ਕਾਰਨ ਜਰਮਨੀ ਦੀ ਫ਼ੌਜ ਨੇ ਇਟਲੀ ਦੇ ਲੋਕਾਂ ਉੱਪਰ ਬੇਪਨਾਹ ਜ਼ੁਲਮ ਢਾਏ। ਇਟਲੀ ਦੇ ਮਜ਼ਲੂਮ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਸਿੱਖ ਰੈਜਮੈਂਟਾਂ ਅੱਗੇ ਹੋ ਕੇ ਲੜੀਆਂ ਅਤੇ ਉਨ੍ਹਾਂ ਨੇ ਜਰਮਨਾਂ ਨੂੰ ਖਦੇੜ ਕੇ ਮਾਨਵਤਾ ਨੂੰ ਵਧੇਰੇ ਲਹੂ-ਲੁਹਾਨ ਅਤੇ ਸ਼ਰਮਸਾਰ ਹੋਣ ਤੋਂ ਬਚਾ ਲਿਆ।
ਪੁਸਤਕ ਦੇ ਚੌਥੇ ਭਾਗ ਵਿਚ ਸਿੱਖਾਂ ਦੇ ਇਟਲੀ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਲੇਖਕ ਅਨੁਸਾਰ ਸਿੱਖ ਫ਼ੌਜੀਆਂ ਵਿਚ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਫ਼ੌਜੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਪੰਜਵੇਂ ਭਾਗ ਵਿਚ ਯੁੱਧ ਨਾਲ ਸਬੰਧਿਤ ਲੋਕਾਂ ਨਾਲ ਕੁਝ ਮੁਲਾਕਾਤਾਂ ਦੇ ਵੇਰਵੇ ਹਨ। ਛੇਵੇਂ ਅਤੇ ਅੰਤਿਮ ਭਾਗ ਵਿਚ ਸਿੱਖਾਂ ਨੂੰ ਪ੍ਰਾਪਤ ਹੋਏ ਬੀਰਤਾ-ਮੈਡਲਾਂ ਅਤੇ ਹੋਰ ਐਵਾਰਡਾਂ ਦਾ ਵਿਵਰਣ ਹੈ। ਇਟਲੀ ਵਿਚ ਬਹੁਤ ਥਾਵਾਂ ਉੱਪਰ ਸਿੱਖਾਂ ਦੀ ਬੀਰਤਾ ਦਾ ਰਿਣ ਉਤਾਰਨ ਲਈ ਬੜੇ ਸੁੰਦਰ ਸਮਾਰਕ ਬਣੇ ਹੋਏ ਹਨ। ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ਦੀ ਸਿਰਜਣਾ ਕਰਕੇ ਆਪਣੇ ਮਾਨਵੀ ਧਰਮ ਦਾ ਸਾਰਥਿਕ ਨਿਰਬਾਹ ਕਰ ਦਿੱਤਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਿਲੇ ਦੇ ਮੋਤੀ
ਲੇਖਕ : ਹੀਊ ਜੇ.ਐਮ. ਜੌਹਨਸਟਨ
ਅਨੁਵਾਦਕ : ਹਰਪ੍ਰੀਤ ਸੇਖਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 325
ਸੰਪਰਕ : 98767-10809.

'ਕਿਲੇ ਦੇ ਮੋਤੀ' ਹੀਊ ਜੇ. ਐਮ. ਜੌਹਨਸਟਨ ਦੁਆਰਾ ਲਿਖੀ ਪੁਸਤਕ 'ਜਿਊਲਜ਼ ਆਫ ਦਾ ਕਿਲਾ' ਪੁਸਤਕ ਦਾ ਪੰਜਾਬੀ ਅਨੁਵਾਦ ਹੈ ਜੋ ਹਰਪ੍ਰੀਤ ਸੇਖਾ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਪੂਰ ਸਿੰਘ ਸਿੱਧੂ ਜੋ ਕਿ ਇਕ ਪੰਜਾਬੀ ਵਿਅਕਤੀ ਸੀ, ਜਿਸ ਨੇ ਕੈਨੇਡਾ ਦੀ ਧਰਤੀ 'ਤੇ ਸੰਘਰਸ਼ੀ ਜੀਵਨ ਜਿਊਂਦਿਆਂ ਹੋਇਆਂ ਕਿਵੇਂ ਆਪਣੇ ਪਰਿਵਾਰ ਨੂੰ ਸਥਾਪਿਤ ਕੀਤਾ ਅਤੇ ਪੰਜਾਬੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਵਿਚੋਂ ਕਿਵੇਂ ਉਸ ਦਾ ਜੀਵਨ ਗੁਜ਼ਰਿਆ, ਉਸ ਨੂੰ ਲੇਖਕ ਨੇ ਪੁਸਤਕ ਵਿਚ 'ਇਕ ਇੰਡੋ-ਕੈਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ' ਸਿਰਲੇਖ ਨਾਲ ਪੇਸ਼ ਕੀਤਾ ਹੈ। ਕਪੂਰ ਸਿੰਘ ਸਿੱਧੂ ਦਾ ਜਨਮ 1885 ਈ: ਨੂੰ ਕੰਢੀ ਇਲਾਕੇ ਦੇ ਪਿੰਡ ਖੜੌਦੀ ਵਿਚ ਹੋਇਆ ਤੇ ਦਿਹਾਂਤ 16 ਫਰਵਰੀ, 1964 ਨੂੰ ਔੜ ਨਜ਼ਦੀਕ ਫਿਲੌਰ ਵਿਖੇ ਹੋਇਆ। ਇਸ ਪੁਸਤਕ ਵਿਚਲਾ ਸਮਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਕਾਲ ਵਿਚ ਫੈਲਿਆ ਹੋਇਆ ਹੈ। ਕਪੂਰ ਸਿੰਘ ਸਿੱਧੂ ਸਰਦੇ ਪੁੱਜਦੇ ਪਰਿਵਾਰ ਵਿਚ ਪੈਦਾ ਹੋਇਆ ਸੀ ਤੇ ਉਸ ਵੇਲੇ ਆਮ ਕੈਨੇਡਾ ਜਾਣ ਦਾ ਸੁਪਨਾ ਸੀ ਕਿ ਬਾਹਰਲੇ ਮੁਲਕ ਜਾਓ, ਕੰਮ ਕਰੋ, ਖੁਸ਼ਹਾਲ ਹੋਵੋ ਅਤੇ ਵਾਪਸ ਆ ਕੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਓ। ਭਾਵੇਂ ਕਿ ਸਿੱਧੂ ਪਰਿਵਾਰ ਦੀ ਨਿੱਜੀ ਜ਼ਿੰਦਗੀ ਨੂੰ ਇਸ ਪੁਸਤਕ ਵਿਚ ਮੂਲ ਵਿਸ਼ੇ ਵਜੋਂ ਪੇਸ਼ ਕੀਤਾ ਗਿਆ ਹੈ ਪਰ ਤਤਕਾਲੀ ਸਮੇਂ ਦੀਆਂ ਇਤਿਹਾਸਕ, ਭੂਗੋਲਿਕ ਅਤੇ ਪੰਜਾਬੀ ਲੋਕਾਂ ਦੇ ਸੰੰਘਰਸ਼ੀ ਜੀਵਨ ਨੂੰ ਇਸ ਪੁਸਤਕ ਵਿਚ ਤੱਥਾਂ ਸਹਿਤ ਅਤੇ ਖੋਜ ਸਰੋਤਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਾਮਾਗਾਟਾਮਾਰੂ ਅਤੇ ਗ਼ਦਰ ਲਹਿਰ ਦੇ ਇਤਿਹਾਸਕ ਪੱਖ ਨੂੰ ਵੀ ਪੇਸ਼ ਕੀਤਾ ਗਿਆ ਹੈ।

c c c

ਸਫ਼ਰ ਜ਼ਿੰਦਗੀ ਦਾ
(ਰਾਮਦੇਵ ਪਾਟਨੀ)
ਅਨੁਵਾਦਕ : ਸ੍ਰੀ ਹਰੀਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 124
ਸੰਪਰਕ : 0172-2660807.

ਹਥਲੀ ਪੁਸਤਕ 'ਸਫ਼ਰ ਜ਼ਿੰਦਗੀ ਦਾ (ਰਾਮਦੇਵ ਪਾਟਨੀ' ਰਾਮਦੇਵ ਪਾਟਨੀ ਦੀ ਸਵੈ-ਜੀਵਨੀ 'ਏ ਲਾਈਫ਼ ਆਫ ਐਕਸਟਰਾਔਡਨਰੀ ਆਫ ਏ ਕੌਮਨਰ' ਦਾ ਪੰਜਾਬੀ ਅਨੁਵਾਦ ਹੈ ਜਿਸ ਨੂੰ ਪੀ.ਈ. ਐਸ. (ਸੇਵਾ ਮੁਕਤ) ਅਧਿਕਾਰੀ ਸ੍ਰੀ ਹਰੀ ਕ੍ਰਿਸ਼ਨ ਮਾਇਰ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਸ੍ਰੀ ਰਾਮਦੇਵ ਪਾਟਨੀ ਦੀ ਜਿਥੇ ਨਿੱਜੀ ਜ਼ਿੰਦਗੀ, ਸੰਘਰਸ਼ ਅਤੇ ਪ੍ਰਾਪਤੀਆਂ ਦਾ ਜ਼ਿਕਰ ਛੇੜਿਆ ਗਿਆ ਹੈ, ਉਥੇ ਸਮਕਾਲੀ, ਸਮਾਜਿਕ, ਇਤਿਹਾਸਕ ਪ੍ਰਸਥਿਤੀਆਂ ਦਾ ਵੀ ਭਾਵਪੂਰਤ ਢੰਗ ਨਾਲ ਵਰਨਣ ਕੀਤਾ ਗਿਆ ਹੈ। ਸ੍ਰੀ ਰਾਮਦੇਵ ਪਾਟਨੀ ਦਾ ਜਨਮ ਚਨਿਓਟ ਪਾਕਿਸਤਾਨ ਵਿਚ ਹੋਇਆ ਅਤੇ ਉਨ੍ਹਾਂ ਦਾ ਪਰਿਵਾਰ ਆਰੀਆ ਸਮਾਜੀ ਸੰਸਕਾਰਾਂ ਦਾ ਧਾਰਨੀ ਸੀ। ਚਨਿਓਟ ਵਿਚ ਰਹਿੰਦਿਆਂ ਉਹ ਆਪਣੇ ਪਰਿਵਾਰਕ ਜੀਵਨ ਦਾ ਵਰਨਣ ਵੀ ਕਰਦਾ ਹੈ ਅਤੇ ਆਪਣੇ ਪਿਤਾ ਜੀ ਦੁਆਰਾ ਕੀਤੇ ਸਮਾਜਿਕ ਕਾਰਜਾਂ ਦਾ ਜ਼ਿਕਰ ਵੀ ਕਰਦਾ ਹੈ, ਜਿਨ੍ਹਾਂ ਨੂੰ ਲੋਕ ਪਿਆਰ ਨਾਲ 'ਮਹਾਸ਼ਾ ਜੀ' ਆਖਦੇ ਸਨ। ਉਹ ਚਨਿਓਟ ਦੇ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਕਰਦਾ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ, ਜਿਨ੍ਹਾਂ ਵਿਚ ਭਗਵਾਨ ਦਾਸ ਵਕੀਲ, ਮਲਿਕ ਜੀਵਨ ਲਾਲ ਕਪੂਰ ਜੋ ਸੁਪਰੀਮ ਕੋਰਟ ਦਾ ਜੱਜ ਬਣਿਆ, ਗੋਸਵਾਮੀ ਗਣੇਸ਼ ਦੱਤ ਅਤੇ ਹੋਰ ਵੀ ਕਈ ਸ਼ਖ਼ਸੀਅਤਾਂ ਦਾ ਜ਼ਿਕਰ ਉਹ ਬੜੇ ਅਦਬ ਨਾਲ ਕਰਦਾ ਹੈ। ਇਸ ਸਵੈਜੀਵਨੀ ਦੀ ਵਿਸ਼ੇਸ਼ਤਾ ਹੈ ਕਿ ਜਿਥੇ ਇਸ ਵਿਚ ਦੇਸ਼ ਵੰਡ ਦੀ ਕਰੁਣਾਮਈ ਸਥਿਤੀ ਦਾ ਵਰਨਣ ਹੈ, ਫਿਰ ਪੰਜਾਬੀ ਸੂਬੇ ਬਾਰੇ ਜ਼ਿਕਰ ਹੈ, ਪੰਜਾਬ ਸੰਤਾਪ ਦੀ ਦੁਖਾਂਤਕ ਹਾਲਤ ਬਾਰੇ ਵੇਰਵਾ ਹੈ, ਉਥੇ ਦੇਸ਼ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਵਿਦਿਅਕ ਸਥਿਤੀ ਦਾ ਵੀ ਭਾਵਪੂਰਤ ਜ਼ਿਕਰ ਹੈ। ਇਸ ਦੇ ਨਾਲ ਹੀ ਜਦੋਂ ਲੇਖਕ ਦੇਸ਼ ਵੰਡ ਤੋਂ ਬਾਅਦ ਦੁਬਾਰਾ ਆਪਣੇ ਇਲਾਕੇ ਚਨਿਓਟ ਵਿਚ ਜਾਂਦਾ ਹੈ ਤਾਂ ਉਸ ਦਾ ਵਰਨਣ ਕਾਫੀ ਭਾਵੁਕ ਤਰੀਕੇ ਨਾਲ ਕਰਦਾ ਹੈ। ਰਾਮਦੇਵ ਪਾਟਨੀ ਦੀ ਇਹ ਅਨੁਵਾਦਿਤ ਸਵੈਜੀਵਨੀ ਮੌਲਿਕਤਾ ਦੀ ਝਲਕ ਪੇਸ਼ ਕਰਦੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਪੰਜਾਬੀ ਕਹਾਣੀ : ਸਿਧਾਂਤ ਅਤੇ ਸਰੋਕਾਰ
ਸੰਪਾਦਕ : ਡਾ: ਕਿਰਨਦੀਪ ਸਿੰਘ ਕਿਰਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 90410-42823.

ਪੰਜਾਬੀ ਕਹਾਣੀ ਦੇ ਸਿਧਾਂਤਾਂ ਅਤੇ ਸਰੋਕਾਰਾਂ ਬਾਰੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਉੱਚ-ਕੋਟੀ ਦੀ ਸਮੀਖਿਆ ਹੋ ਰਹੀ ਹੈ। ਕਹਾਣੀ ਹਰਮਨ-ਪਿਆਰੀ ਅਤੇ ਵੱਧ ਪੜ੍ਹੀ ਜਾਣ ਵਾਲੀ ਵਿਧਾ ਹੈ। ਇਸ ਪੁਸਤਕ ਵਿਚ ਇਕ ਖ਼ਾਸ ਸੰਸਥਾ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਰਲ ਕੇ ਪੰਜਾਬੀ ਕਹਾਣੀ ਦੇ ਸਿਧਾਂਤਾਂ ਬਾਰੇ ਇਕ ਚਰਚਾ ਕੀਤੀ ਹੈ। 10 ਦੇ ਕਰੀਬ ਇਨ੍ਹਾਂ ਲੇਖਾਂ ਵਿਚ ਪੰਜਾਬੀ ਕਹਾਣੀ ਦੇ ਨਿਕਾਸ, ਵਿਕਾਸ, ਅਨੇਕਾਂ ਸਰੋਕਾਰਾਂ ਆਦਿ ਦੀ ਪੇਸ਼ਕਾਰੀ ਕੀਤੀ ਹੈ। ਪਹਿਲਾ ਲੇਖ ਪੁਸਤਕ ਦੇ ਸੰਪਾਦਕ ਡਾ: ਕਿਰਨਦੀਪ ਸਿੰਘ ਕਿਰਨ ਦਾ 'ਪੰਜਾਬੀ ਕਹਾਣੀ : ਉਦਭਵ, ਵਿਕਾਸ ਅਤੇ ਸਰੋਕਾਰ', ਦੂਜਾ ਡਾ: ਬਲਵਿੰਦਰ ਸਿੰਘ ਥਿੰਦ ਦਾ 'ਪੰਜਾਬੀ ਕਹਾਣੀ ਦਾ ਸਿਧਾਂਤਕ ਪਰਿਪੇਖ', ਡਾ: ਮਨਿੰਦਰ ਕੌਰ-'ਪੰਜਾਬੀ ਕਹਾਣੀ ਰੀਤੀਗਤ ਸਰੋਕਾਰ', ਡਾ: ਹਰਜੀਤ ਸਿੰਘ-ਪੰਜਾਬੀ ਕਹਾਣੀ : ਮਾਰਕਸਵਾਦੀ ਸਰੋਕਾਰ (ਟੀ.ਆਰ. ਵਿਨੋਦ ਦੇ ਸੰਦਰਭ ਵਿਚ), ਅਸ਼ੋਕ ਕੁਮਾਰ-'ਪੰਜਾਬੀ ਕਹਾਣੀ-ਪੇਂਡੂ ਅਤੇ ਸ਼ਹਿਰੀ ਜੀਵਨ ਦਾ ਯਥਾਰਥ', ਡਾ: ਸਵਿੰਦਰਪਾਲ ਕੌਰ-'ਪੰਜਾਬੀ ਕਹਾਣੀ-ਲਿੰਗ ਸਬੰਧਾਂ ਦਾ ਚਿਤਰਣ', ਡਾ: ਸੰਦੀਪ ਕੌਰ-'ਪੰਜਾਬੀ ਕਹਾਣੀ-ਨਾਰੀਵਾਦ ਸਰੋਕਾਰ', ਗੁਰਦਰਸ਼ਨ ਸਿੰਘ-'ਪੰਜਾਬੀ ਕਹਾਣੀ : ਆਰਥਿਕ ਸਰੋਕਾਰ', ਹਰਪ੍ਰੀਤ ਸਿੰਘ-ਪੰਜਾਬੀ ਕਹਾਣੀ ਸੰਗ੍ਰਹਿ : 'ਡਾਇਮੰਡ ਰਿੰਗ' ਵਿਚਲੇ ਪਰਵਾਸੀ ਸਰੋਕਾਰ, ਲਖਵੀਰ ਚੰਦ-'ਪੰਜਾਬੀ ਕਹਾਣੀ ਵਿਚ ਔਰਤ ਮਰਦ ਸਬੰਧਾਂ ਦਾ ਜਟਿਲ ਬਿਰਤਾਂਤ' ਆਦਿ ਹਨ।
ਇਹ ਸਾਰੇ ਲੇਖ ਪੰਜਾਬੀ ਕਹਾਣੀ ਬਾਰੇ ਚਲ ਰਹੀ ਵਿਚਾਰ-ਚਰਚਾ ਨੂੰ ਆਧਾਰ ਬਣਾ ਕੇ ਇਸ ਪੁਸਤਕ ਦੀ ਸਿਰਜਣਾ ਦਾ ਕੇਂਦਰ ਬਣਦੇ ਹਨ। ਅਕਾਦਮਿਕ ਲੋੜਾਂ ਦੀ ਪੂਰਤੀ ਵਿਚੋਂ ਉਪਜੀ ਇਸ ਸਮੀਖਿਆ ਦਾ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਕਾਫੀ ਲਾਭ ਹੋਵੇਗਾ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

c c c

ਵਿਦੁਰ ਨੀਤੀ
ਅਨੁ: ਡਾ: ਅਮਰ ਕੋਮਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 84378-73565.

ਡਾ: ਅਮਰ ਕੋਮਲ ਦੁਆਰਾ ਸੰਸਕ੍ਰਿਤ ਤੋਂ ਅਨੁਵਾਦਿਤ ਇਹ ਪੁਸਤਕ 8 ਅਧਿਆਵਾਂ ਵਿਚ ਵੰਡੀ ਹੋਈ ਹੈ। ਹਰ ਅਧਿਆਇ ਮੁੱਖ ਸਲੋਕ ਨਾਲ ਸ਼ੁਰੂ ਹੁੰਦਾ ਹੈ. ਹਰ ਮੁੱਖ ਸਲੋਕ ਤੋਂ ਬਾਅਦ ਵਿਆਖਿਆਤਮਕ ਸਲੋਕ ਆਰੰਭ ਹੁੰਦੇ ਹਨ, ਜਿਨ੍ਹਾਂ ਦੀ ਅੱਠਾਂ ਕਾਂਡਾਂ ਵਿਚ ਕ੍ਰਮਵਾਰ ਗਿਣਤੀ 128, 86, 77, 74, 84, 47, 85, 32 ਹੈ।
ਸਲੋਕਾਂ ਵਿਚ ਮੁੱਖ ਵਕਤਾ ਮਹਾਤਮਾ ਵਿਦੁਰ ਹੈ ਅਤੇ ਮੁੱਖ ਸਰੋਤਾ ਕੌਰਵਾਂ ਦਾ ਨਰੇਸ਼ ਧ੍ਰਿਤਰਾਸ਼ਟਰ ਹੈ। ਤਥਾਤਮਕਤਾ ਇਹ ਹੈ ਕਿ ਸੰਜਯ ਧ੍ਰਿਤਰਾਸ਼ਟਰ ਨੂੰ ਬੁਰਾ ਭਲਾ ਕਹਿ ਕੇ ਚਲਿਆ ਗਿਆ ਹੈ, ਜਿਸ ਨਾਲ ਧ੍ਰਿਤਰਾਸ਼ਟਰ ਬੇਚੈਨ ਹੋ ਗਿਆ। ਹੁਣ ਉਹ ਵਿਦੁਰ ਦੇ ਪ੍ਰਵਚਨ ਸੁਣ ਕੇ ਆਪਣਾ ਕਥਾਰਥਿਸ ਕਰਨਾ ਚਾਹੁੰਦਾ ਹੈ। ਇਸ ਸਾਰੀ ਰਚਨਾ ਦਾ ਮਨੋਰਥ ਇਹ ਹੈ ਕਿ ਧ੍ਰਿਤਰਾਸ਼ਟਰ ਨੂੰ ਵਿਦੁਰ ਸਮਝਾਉਂਦਾ ਹੈ ਕਿ ਉਹ ਪਾਂਡਵਾਂ ਨਾਲ ਧੱਕਾ ਨਾ ਕਰੇ ਅਤੇ ਆਪਣੇ ਰਾਜ ਧਰਮ ਨੂੰ ਪਛਾਣ ਕੇ ਪਾਂਡਵਾਂ ਨੂੰ ਗੁਜ਼ਾਰੇ ਜੋਗੇ ਪਿੰਡ ਸੌਂਪ ਦੇਵੇ ਪਰ ਧ੍ਰਿਤਰਾਸ਼ਟਰ ਸਭ ਕੁਝ ਸਮਝਦਾ ਹੋਇਆ ਪੁੱਤਰ ਦੁਰਯੋਧਨ ਦੇ ਮੋਹ ਅੱਗੇ ਬੇਵਸ ਹੈ। ਇੰਜ ਇਹ ਰਚਨਾ ਧਰਮ ਆਧਾਰਿਤ ਰਾਜਨੀਤੀ ਦਾ ਪ੍ਰਵਚਨ ਹੋ ਨਿੱਬੜੀ ਹੈ। ਅਨੁਵਾਦਕ ਅਨੁਸਾਰ ਮਹਾਂਭਾਰਤ ਦੇ ਸਮੇਂ ਤੋਂ ਅਜੋਕੇ ਸਮੇਂ ਤੱਕ ਕ੍ਰਾਂਤੀਕਾਰੀ ਪਰਿਵਰਤਨ ਆ ਚੁੱਕਾ ਹੈ। ਇਸ ਲਈ ਵਿਦੁਰ ਨੀਤੀ ਦਾ ਗਹਿਨ ਅਧਿਐਨ ਕਰਕੇ ਇਸ ਨੂੰ ਸਮੇਂ ਅਨੁਸਾਰ ਨਵ-ਅਰਥ ਪ੍ਰਦਾਨ ਕਰਕੇ, ਕਲਿਆਣਕਾਰੀ ਸਮਾਜ ਅਤੇ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਸ ਪ੍ਰਯੋਜਨ ਦੀ ਪ੍ਰਾਪਤੀ ਲਈ ਕਰਨਯੋਗ ਕੰਮਾਂ ਅਤੇ ਨਾ ਕਰਨਯੋਗ ਕੰਮਾਂ ਦੀਆਂ ਲੰਮੀਆਂ ਸੂਚੀਆਂ ਦਿੱਤੀਆਂ ਹਨ, ਜਿਨ੍ਹਾਂ ਦੀ ਗਿਣਤੀ ਵੀ ਨਾਲੋ-ਨਾਲ ਉਪਬਲਧ ਹੈ। ਸ਼ਾਸਕਾਂ ਨੂੰ ਆਪਣਾ ਕਿਰਦਾਰ ਹਰ ਪੱਖੋਂ ਉੱਚਾ-ਸੁੱਚਾ ਰੱਖਣਾ ਬਣਦਾ ਹੈ। ਸਾਹਿਤਕ ਦ੍ਰਿਸ਼ਟੀ ਤੋਂ ਵਾਰਤਾਲਾਪ ਦੁਆਰਾ ਨਾਟਕੀ ਅੰਸ਼ ਪ੍ਰਵੇਸ਼ ਕਰ ਗਿਆ ਹੈ। ਪੂਰਵ-ਵਰਤੀ ਉਦਾਹਰਨਾਂ ਪ੍ਰਸਤੁਤ ਹਨ। ਵਿਦੁਰ ਰਾਜੇ ਲਈ ਹਰ ਥਾਂ ਸਤਿਕਾਰ ਸਹਿਤ ਸ਼ਬਦਾਵਲੀ ਦਾ ਪ੍ਰਯੋਗ ਕਰਦਾ ਹੋਇਆ ਵੀ ਧ੍ਰਿਤਰਾਸ਼ਟਰ ਨੂੰ ਖਰੀਆਂ-ਖਰੀਆਂ ਕਹਿਣ ਤੋਂ ਸੰਕੋਚ ਨਹੀਂ ਕਰਦਾ, ਵਿਚਾਰਾਂ ਦੀ ਭਿੰਨਤਾ ਦੇ ਬਾਵਜੂਦ ਇਹ ਰਚਨਾ ਨੀਤਸ਼ੇ ਦੀ 'ਦੱਸ ਸਪੇਕ ਜ਼ਰਥੁਸਟਰਾ' ਵਰਗੀ ਪ੍ਰਤੀਤ ਹੁੰਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਹਰਜੀਤ ਕੌਰ ਬਾਜਵਾ ਦੇ ਕਹਾਣੀ ਸੰਗ੍ਰਹਿ
'ਗੁਲਮੋਹਰ' ਦਾ ਸਾਹਿਤਕ ਮੁਲਾਂਕਣ
ਸੰਪਾਦਕ : ਡਾ: ਰਜਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98153-06825.

ਹਰਜੀਤ ਕੌਰ ਬਾਜਵਾ ਨੇ ਤਿੰਨ ਕਹਾਣੀ ਸੰਗ੍ਰਿਹ ਲਿਖੇ ਹਨ। ਇਨ੍ਹਾਂ ਵਿਚੋਂ 'ਗੁਲਮੋਹਰ' ਸੰਗ੍ਰਹਿ ਵਿਚ ਕੁੱਲ 14 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦਾ ਸਾਹਿਤਕ ਮੁਲਾਂਕਣ ਪ੍ਰਕਾਸ਼ਕ ਨੇ ਪੰਜਾਬੀ ਦੀਆ 19 ਇਸਤਰੀ ਵਿਦਵਾਨਾਂ ਤੋਂ ਕਰਵਾਇਆ ਹੈ। ਪੁਸਤਕ ਦੀਆਂ ਕਹਾਣੀਆਂ ਕੌੜਾ ਸੱਚ, ਠੋਕਰਾਂ, ਗੁਲਮੋਹਰ, ਮਿੰਦੋ ਕਮਲੀ, ਪਰਾਤ, ਸੁਰਖਰੂ, ਪੀੜ੍ਹੀ, ਬਿਸ਼ਨੀ ਬਲਾਟਿੰਗ ਪੇਪਰ ਦੇ ਵਿਭਿੰਨ ਪੱਖਾਂ ਤੇ ਪ੍ਰਭਾਵਸ਼ਾਲੀ ਲਿਖਤਾਂ ਹਨ। ਸੂਝਵਾਨ ਆਲੋਚਕਾਂ ਨੇ ਕਹਾਣੀਆਂ ਦੇ ਮੂਲ ਹਵਾਲੇ ਦੇ ਕੇ ਵਿਸ਼ਾ ਪੱਖ ਨੂੰ ਉਘਾੜਿਆ ਹੈ। ਡਾ: ਰਜਵਿੰਦਰ ਕੌਰ ਨਾਗਰਾ ਨੇ ਕਹਾਣੀਆਂ ਕਲੀਨ ਸ਼ੇਵਨ, ਪਰਾਤ ਤੇ ਮਿੰਦੋ ਕਮਲੀ ਦੇ ਅਧਿਐਨ ਵਿਚ ਦੇਸ਼ ਵੰਡ ਦੇ ਦੁਖਾਂਤ ਅਤੇ ਸੰਨ ਚੁਰਾਸੀ ਦੇ ਭਿਆਨਕ ਦੁਖਾਂਤ ਬਾਰੇ ਰੌਸ਼ਨੀ ਪਾਈ ਹੈ।
ਕਹਾਣੀਆਂ ਦੀਆਂ ਸਮਾਜਿਕ ਪ੍ਰਸਥਿਤੀਆਂ ਬਾਰੇ ਡਾ: ਗੁਰਪ੍ਰੀਤ ਕੌਰ ਦਾ ਲੇਖ, ਪ੍ਰੋ: ਜਗਰੂਪ ਕੌਰ ਨੇ ਔਰਤ ਦੇ ਦੁਖਾਂਤ ਨੂੰ ਰੂਪਮਾਨ ਕੀਤਾ ਹੈ। ਸਮਾਜਿਕ ਯਥਾਰਥ ਵਿਸ਼ਾ ਡਾ: ਸੁਖਵਿੰਦਰ ਕੌਰ ਤੇ ਕਹਾਣੀਆਂ ਦੇ ਨੈਤਿਕ ਮੁੱਲਾਂ ਦੀ ਕਿਰਨਪਾਲ ਕੌਰ ਨੇ ਨਿਸ਼ਾਨਦੇਹੀ ਕੀਤੀ ਹੈ। ਪੁਨੀਤ ਦਾ ਲੇਖ ਮਨੁੱਖੀ ਰਿਸ਼ਤਿਆਂ ਤੇ ਵੰਦਨਾ ਦਾ ਨਿਬੰਧ ਔਰਤ ਦੀ ਸੁਤੰਤਰ ਹੋਂਦ ਦਾ ਬਿਰਤਾਂਤ ਪੇਸ਼ ਕਰਦਾ ਹੈ। ਮਾਨਵੀ ਸਰੋਕਾਰਾਂ ਬਾਰੇ ਸੁਖਵੀਰ ਕੌਰ ਨੇ, ਡਾ: ਅਮਨਦੀਪ ਕੌਰ ਨੇ ਔਰਤ ਦੀਆਂ ਸਮਾਜਿਕ ਸਮਸਿਆਵਾਂ, ਪ੍ਰੋ: ਪਰਮਜੀਤ ਕੌਰ ਔਲਖ, ਪ੍ਰੋ: ਤੇਜਿੰਦਰ ਕੌਰ ਬੇਰੀ ਤੇ ਪ੍ਰੋ: ਰਾਜਵੀਰ ਕੌਰ ਨੇ ਨਾਰੀ ਸੰਵੇਦਨਾ ਬਾਰੇ ਖੋਜ ਕੀਤੀ ਹੈ। ਸਮੁੱਚਾ ਮੁਲਾਂਕਣ ਪ੍ਰੋ: ਸਰਬਜੀਤ ਕੌਰ ਤੇ ਜਸਪ੍ਰੀਤ ਕੌਰ ਨੇ ਕੀਤਾ ਹੈ। ਪੰਜਾਬੀ ਚਿੰਤਕ ਡਾ: ਟੀ. ਆਰ. ਵਿਨੋਦ, ਡਾ: ਜੀਤ ਸਿੰਘ ਜੋਸ਼ੀ, ਪ੍ਰੋ: ਨਰਿੰਦਰ ਸਿੰਘ ਕਪੂਰ, ਪ੍ਰੋ: ਕਿਰਪਾਲ ਸਿੰਘ ਕਸੇਲ, ਪ੍ਰੋ: ਬਲਵਿੰਦਰ ਕੌਰ ਬਰਾੜ, ਜੁਗਿੰਦਰ ਸਿੰਘ ਰਾਹੀ ਦੀਆਂ ਲਿਖਤਾਂ ਦੇ ਹਵਾਲੇ ਹਨ। ਭਾਸ਼ਾ ਸਰਲ ਤੇ ਕਹਾਣੀਆਂ ਲਈ ਜਗਿਆਸਾ ਪੈਦਾ ਕਰਨ ਵਾਲੀ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

c c c

ਨੱਚੀ ਬਲਜੀਤ ਜਦੋਂ
ਲੇਖਕ : ਪ੍ਰੀਤਮ ਲੁਧਿਆਣਵੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ (ਸਜਿਲਦ), ਸਫ਼ੇ : 296
ਸੰਪਰਕ : 98764-28641.

ਪ੍ਰੀਤਮ ਲੁਧਿਆਣਵੀ ਸਰਬਾਂਗੀ ਪੰਜਾਬੀ ਲੇਖਕ ਹੈ। 'ਨੱਚੀ ਬਲਜੀਤ ਜਦੋਂ' ਪੰਜਵਾਂ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 275 ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਵਿਚ ਅਜੋਕੇ ਪੰਜਾਬੀ ਜੀਵਨ ਦੇ ਸਾਮਿਅਕ ਵਿਸ਼ਿਆਂ ਨੂੰ ਲਿਆ ਗਿਆ ਹੈ। ਪ੍ਰੀਤਮ ਲੁਧਿਆਣਵੀ ਦਾ ਮੱਤ ਰਿਹਾ ਹੈ ਕਿ ਪੰਜਾਬ ਦੇ ਵਸਨੀਕ ਗੁਰੂਆਂ, ਪੀਰਾਂ, ਰਹਿਬਰਾਂ ਦਾ ਜ਼ਿਆਦਾ ਕਹਿਣਾ ਮੰਨਦੇ ਹਨ, ਇਸੇ ਲਈ ਉਹ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਪੁਨਰ ਸੰਰਚਨਾ ਲਈ ਸਾਈਂ ਬੁੱਲ੍ਹੇ ਸ਼ਾਹ ਨੂੰ ਯਾਦ ਕਰਦਾ ਹੈ :
ਅੱਜ ਸ਼ਰਮ-ਹਯਾ ਕਲਾਕਾਰਾਂ,
ਹੈ ਛਿੱਕੇ ਟੰਗ ਦਿੱਤੀ,
ਚਿੱਟੀ ਸੱਭਿਆਚਾਰ ਦੀ ਚਾਦਰ,
ਲੱਚਰਤਾ ਨਾਲ ਰੰਗ ਦਿੱਤੀ,
ਹੈ ਬਾਜ਼ਾਰ ਗਰਮ ਚਾਰੇ ਪਾਸੇ,
ਅਖੌਤੀ ਕਲਾਕਾਰ ਦਾ
ਅੱਜ ਬੇੜਾ ਆਣ ਬਚਾ ਲੈ,
ਡੁੱਬਦੇ ਸੱਭਿਆਚਾਰ ਦਾ।
ਗੀਤਕਾਰ ਦਾ ਮੋਹ ਪ੍ਰਕ੍ਰਿਤਕ ਵਰਤਾਰਿਆਂ ਨਾਲ ਹੈ ਇਸ ਲਈ ਦੇਸੀ ਫਲਦਾਰ ਬੂਟਿਆਂ ਦਾ ਮੋਹ ਕਰਦਾ ਹੈ, ਪਰਉਪਕਾਰ ਕਰਨ ਵਾਲੇ ਲੋਕਾਂ ਤੋਂ ਬਲਿਹਾਰੀ ਜਾਣਾ ਵੀ ਉਸ ਦਾ ਮੀਰੀ ਗੁਣ ਹੈ। ਗੀਤਕਾਰ ਭੋਲੀਆਂ-ਭਾਲੀਆਂ ਮੁਟਿਆਰਾਂ ਨੂੰ 'ਅਖੌਤੀ ਰਾਂਝਿਆਂ' ਦੇ ਝਾਂਸੇ ਵਿਚ ਆਉਣ ਤੋਂ ਵੀ ਸੁਚੇਤ ਕਰਦਾ ਹੈ। 'ਲੱਚਰ' ਗੀਤਕਾਰੀ ਅਤੇ ਗਾਇਕੀ ਦੇ ਉਹ ਖਿਲਾਫ਼ ਹੈ ਜੋ ਸਾਡੇ ਪਵਿੱਤਰ ਸਮਾਜਿਕ ਰਿਸ਼ਤਿਆਂ ਨੂੰ ਪਲੀਤ ਕਰ ਰਹੀ ਹੈ। ਪੁਸਤਕ ਵਿਚ ਪਤੀ-ਪਤਨੀ ਦੇ ਪਿਆਰ ਦਾ ਵਿਸ਼ਾ ਵੀ ਭਾਰੂ ਹੈ ਜੋ ਕਿ ਸਮੁੱਚੇ ਸਮਾਜ ਦੀ ਸਿਰਜਣਾ ਵਿਚ ਸਹਾਇਕ ਸਿੱਧ ਹੋ ਸਕਦਾ ਹੈ। ਲਗਪਗ 30 ਗੀਤ ਪਤੀ ਨਾਲ ਹੀ ਸਬੰਧਿਤ ਹਨ, ਜਿਨ੍ਹਾਂ ਵਿਚ ਪਤੀ-ਪ੍ਰੇਮ, ਪਤਨੀ ਨਾਲ ਗਿਲੇ-ਸ਼ਿਕਵਿਆਂ ਦੇ ਵਿਸ਼ੇ ਅੰਕਿਤ ਹਨ। ਵਿਦੇਸ਼ੀ ਭੇਜੇ ਧੀਆਂ-ਪੁੱਤਰਾਂ ਦੇ ਫ਼ਿਕਰ ਨੂੰ ਗੀਤਾਂ 'ਚ ਵਿਸ਼ਾ ਬਣਾਇਆ ਹੈ। ਪਤੀ-ਪਤਨੀ, ਮਾਂ-ਧੀ, ਆਸ਼ਕ-ਮਾਸ਼ੂਕ, ਭਗਤ-ਜਨਾਂ ਅਤੇ ਰੱਬ ਦੇ ਪਿਆਰ ਨੂੰ ਬਿਆਨਦਿਆਂ ਬਿਰਹੋਂ ਦੀਆਂ ਕਸਕਾਂ ਦਾ ਵੀ ਵਰਨਣ ਵੀ ਗੀਤਾਂ 'ਚ ਮਿਲਦਾ ਹੈ। ਗੀਤ ਵਲਵਲੇ ਭਰਪੂਰ ਹਨ ਅਤੇ ਗਾਉਣ ਦੀ ਤੌਫ਼ੀਕ ਰੱਖਦੇ ਹਨ। ਗੱਲ ਕੀ ਲੇਖਕ ਨੇ ਸਮਾਜ ਦੀ ਹਰ ਇਕ ਰਗ 'ਤੇ ਉਂਗਲ ਧਰੀ ਹੈ। ਉਸ ਦੇ ਗੀਤ ਸਮਾਜ-ਸੁਧਾਰ ਦੇ ਲਈ ਅਗਵਾਈ ਕਰਦੇ ਪ੍ਰਤੀਤ ਹੁੰਦੇ ਹਨ। ਲੇਖਕ ਨੂੰ ਵਧਾਈ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਪੰਜਾਬੀਅਤ ਦਾ ਮੁਦਈ
ਡਾ: ਮਹਿੰਦਰ ਸਿੰਘ ਰੰਧਾਵਾ
ਸੰਪਾਦਕ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95920-99002.

ਹਥਲੀ ਪੁਸਤਕ ਪੰਜਾਬ ਦੀ ਬਹੁਪੱਖੀ ਸ਼ਖ਼ਸੀਅਤ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਉੱਤੇ ਫੋਕਸ 18 ਪ੍ਰਸਿੱਧ ਵਿਦਵਾਨਾਂ ਦੇ ਲੇਖਕਾਂ ਦਾ ਸੰਕਲਨ ਹੈ, ਜਿਸ ਨੂੰ ਡਾ: ਗੁਰਪ੍ਰੀਤ ਕੌਰ ਨੇ ਸੰਪਾਦਤ ਕੀਤਾ ਹੈ। ਡਾ: ਰੰਧਾਵਾ ਜਿਥੇ ਇਕ ਪ੍ਰਬੁੱਧ ਪ੍ਰਸ਼ਾਸਕ ਸਨ, ਉਥੇ ਉਨ੍ਹਾਂ ਨੇ ਪੰਜਾਬ ਦੀ ਲੋਕਧਾਰਾ ਉੱਤੇ ਨਿੱਠ ਕੇ ਖੋਜ ਕਾਰਜ ਕੀਤਾ।
ਇਸ ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਲੇਖ ਹਨ, ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ : ਡਾ: ਗੁਰਪ੍ਰੀਤ ਕੌਰ, ਡਾ: ਸਰੋਜ ਰਾਣੀ ਸ਼ਰਮਾ, ਡਾ: ਪਲਵਿੰਦਰ ਕੌਰ, ਡਾ: ਮਨਪ੍ਰੀਤ ਕੌਰ, ਡਾ: ਬਲਵਿੰਦਰ ਕੌਰ, ਡਾ: ਜਸਵਿੰਦਰ ਸਿੰਘ ਧਾਲੀਵਾਲ, ਡਾ: ਗੁਰਪ੍ਰੀਤ ਸਿੰਘ, ਪ੍ਰੋ: ਦਲਬੀਰ ਕੌਰ, ਪ੍ਰੋ: ਸੁਖਜਿੰਦਰ ਕੌਰ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਦਲਬੀਰ ਕੌਰ, ਪ੍ਰੋ: ਪਰਮਜੀਤ ਕੌਰ, ਪ੍ਰੋ: ਜਗਰੂਪ ਕੌਰ, ਪ੍ਰੋ: ਸਨਦੀਪ ਕੌਰ, ਰਾਜਵੀਰ ਕੌਰ ਅਤੇ ਪੁਨੀਤ।
ਡਾ: ਰੰਧਾਵਾ ਨੇ 13 ਸ਼ਾਨਦਾਰ ਪੁਸਤਕਾਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੀਤੀਆਂ, ਜਿਨ੍ਹਾਂ ਵਿਚੋਂ 'ਪੰਜਾਬ ਦੇ ਲੋਕ ਗੀਤ', 'ਕਾਂਗੜਾ ਦੀ ਲੋਕ ਕਲਾ', 'ਪੰਜਾਬ, ਪੰਜਾਬੀ ਲੋਕ ਗੀਤ' ਤੇ ਪ੍ਰੋ: ਪੂਰਨ ਸਿੰਘ ਤੇ ਵਾਰਤਕ' ਪੁਸਤਕਾਂ ਬਹੁਤ ਹਰਮਨ-ਪਿਆਰੀਆਂ ਹੋਈਆਂ।
ਹਥਲੀ ਪੁਸਤਕ ਦੇ ਹਰ ਵਿਦਵਾਨ ਨੇ ਡਾ: ਰੰਧਾਵਾ ਦੇ ਜੀਵਨ ਉੱਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਹਵਾਲੇ ਸਹਿਤ ਤੇ ਪ੍ਰਮਾਣ ਸਹਿਤ ਗਿਆਨ ਪ੍ਰਦਾਨ ਕਰਕੇ ਪੰਜਾਬੀ ਪਾਠਕਾਂ ਉੱਤੇ ਵੱਡਾ ਅਹਿਸਾਨ ਕੀਤਾ ਹੈ। ਇਸ ਅਦੁੱਤੀ ਨਜ਼ਰਾਨੇ ਨੂੰ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਦੋ ਨਾਵਲਿਟ
ਲੇਖਕ : ਡਾ: ਡੇਵਿਡ ਤੇਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ (ਚੰਡੀਗੜ੍ਹ)
ਮੁੱਲ : 295 ਰੁਪਏ, ਸਫ਼ੇ : 134
ਸੰਪਰਕ : 81466-02218.

ਕੌੜੇ ਨਾਰੀਅਲ (ਕਹਾਣੀ ਸੰਗ੍ਰਹਿ) ਤੇ ਪਿਘਲਦੀ ਖਾਮੋਸ਼ੀ (ਕਾਵਿ ਸੰਗ੍ਰਹਿ) ਤੋਂ ਬਾਅਦ ਡਾ: ਡੇਵਿਡ ਤੇਜਾ ਦੇ ਦੋ ਨਾਵਲਿਟ 'ਗਮ ਦਾ ਦਰਿਆ' ਅਤੇ 'ਇਹ ਵੀ ਸੱਚ ਜਾਣ' ਪ੍ਰਕਾਸ਼ਿਤ ਹੋਏ ਹਨ। ਦੋਵਾਂ ਨਾਲਵਿਟਾਂ ਵਿਚ ਪ੍ਰੇਮ ਅਤੇ ਵਿਆਹ-ਸੰਸਥਾ ਦੇ ਆਪਸੀ ਟਕਰਾਉ ਦੀ ਕਹਾਣੀ ਹੈ। ਪ੍ਰੇਮ ਤੋਂ ਟੁੱਟ ਕੇ ਪਾਤਰ ਵਿਆਹ-ਸੰਸਥਾ ਵੱਲ ਆਕਰਸ਼ਤ ਹੋ ਕੇ ਤ੍ਰਾਸਦੀ ਦੀ ਘਾਟੀ ਥਾਈਂ ਗੁਜ਼ਰਦੇ ਪ੍ਰਤੀਤ ਹੁੰਦੇ ਹਨ। 'ਗਮ ਦਾ ਦਰਿਆ' ਦਾ ਨਾਇਕ ਪ੍ਰਬਲ ਪਿੰਕੀ ਨਾਂਅ ਦੀ ਕੁੜੀ ਨਾਲ ਬੇਥਾਹ ਪਿਆਰ ਕਰਦਾ ਹੈ। ਇਸੇ ਲਈ ਉਹ ਆਪਣੀ ਪਤਨੀ ਬੁਲਬੁਲ ਵੱਲ ਰੁੱਖਾ ਵਤੀਰਾ ਰੱਖਦਾ ਹੈ। ਪਰ ਪਿੰਕੀ ਦੇ ਮਾਪਿਆਂ ਵਲੋਂ ਉਸ ਦਾ ਵਿਆਹ ਅਮਰੀਕਾ ਦੇ ਮੁੰਡੇ ਨਾਲ ਕਰ ਦਿੱਤਾ ਜਾਂਦਾ ਹੈ ਤੇ ਉਹ ਚੁੱਪ-ਚੁਪੀਤੇ ਅਮਰੀਕਾ ਪ੍ਰਵਾਸ ਕਰ ਜਾਂਦੀ ਹੈ। ਇਸ ਨਾਵਲਿਟ ਵਿਚ ਦੂਸਰੇ ਪਾਤਰਾਂ ਦੇ ਰਿਸ਼ਤੇ ਵੀ ਉੱਖੜਦੇ ਤੇ ਜੁੜਦੇ ਰਹਿੰਦੇ ਹਨ, ਜਿਸ ਕਾਰਨ ਇਸ ਦਾ ਕਥਾਨਕ ਗੁੰਝਲਦਾਰ ਤੇ ਕਾਵਿਕ ਹੁੰਦਾ ਜਾਂਦਾ ਹੈ।
ਦੂਸਰੀ ਨਾਵਲਿਟ 'ਇਹ ਵੀ ਸੱਚ ਜਾਣ' ਹੈ ਜਿਸ ਵਿਚ ਰਿਸ਼ਤਿਆਂ ਦੀ ਚਤੁਰਭੁਜ ਦਿਖਾਈ ਦਿੰਦੀ ਹੈ। ਆਮ ਤੌਰ 'ਤੇ ਨਾਵਲਾਂ ਵਿਚ ਪਿਆਰ ਦੀ ਤਿਕੋਣ ਹੁੰਦੀ ਹੈ। ਪਰ ਡਾ: ਤੇਜਾ ਨੇ ਇਸ ਨਾਵਲਿਟ ਵਿਚ ਪਿਆਰ ਦੀ ਚਤੁਰਭੁਜ ਪੇਸ਼ ਕੀਤੀ ਹੈ। ਦਫ਼ਤਰ ਦਾ ਬਾਸ ਆਦਰਸ਼ ਸੁੱਘੜ ਸਿਆਣੀ ਤੇ ਗੰਭੀਰ ਸੁਭਾਅ ਸਟੈਨੋ ਨਾਜਨੀਨ ਵੱਲ ਝੁਕਾਉ ਰੱਖਦਾ ਹੈ। ਪਰ ਆਪਣੇ ਸੰਕੋਚ ਕਾਰਨ ਦੋਵੇਂ ਇਕ-ਦੂਸਰੇ ਲਈ ਪਿਆਰ ਦਾ ਇਜ਼ਹਾਰ ਨਹੀਂ ਕਰਦੇ। ਇਸੇ ਦੌਰਾਨ ਨਾਜਾਂ ਇਕ ਮਹੀਨੇ ਦੀ ਛੁੱਟੀ 'ਤੇ ਚਲੀ ਜਾਂਦੀ ਹੈ ਤਾਂ ਉਸ ਦੀ ਸਹੇਲੀ ਫੋਨ ਆਪ੍ਰੇਟਰ ਤਾਮੀਲਾ ਆਦਰਸ਼ ਪ੍ਰਤੀ ਪਿਆਰ ਦਰਸਾਉਣ ਵਿਚ ਸਫ਼ਲ ਹੋ ਜਾਂਦੀ ਹੈ। ਇਨ੍ਹਾਂ ਟੁੱਟ ਜੁੜ ਰਹੇ ਰਿਸ਼ਤਿਆਂ ਨੂੰ ਜ਼ਬਾਨ ਦੇਣ ਲਈ ਲੇਖਕ ਅਜਿਹਾ ਕਾਵਿਕ ਤੇ ਤ੍ਰਾਸਦਿਕ ਮਾਹੌਲ ਸਿਰਜਦਾ ਹੈ ਜੋ ਰਿਸ਼ਤਿਆਂ ਦੀ ਵੇਦਨਾ, ਤ੍ਰਾਸਦੀ ਤੇ ਨਿੱਘ ਨੂੰ ਬਿਆਨ ਕਰਨ ਵਿਚ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050.

c c c

ਲੋਕ ਰੰਗ ਸੋਚ
ਕਵੀ : ਪ੍ਰਮਿੰਦਰ ਸਿੰਘ ਪ੍ਰਵਾਨਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98146-73236.

ਪਰਮਿੰਦਰ ਸਿੰਘ ਪ੍ਰਵਾਨਾ ਪਰਵਾਸੀ ਸਾਹਿਤਕਾਰ ਹੈ ਜਿਹੜਾ ਅਮਰੀਕਾ ਦੀ ਧਰਤੀ 'ਤੇ ਰਹਿ ਕੇ ਆਪਣੀ ਭਾਸ਼ਾ, ਆਪਣੀ ਬੋਲੀ ਨਾਲ ਪ੍ਰਤੀਬੱਧ ਹੋ ਕੇ ਸ਼ਾਇਰੀ ਕਰ ਰਿਹਾ ਹੈ। ਲੋਕ ਰੰਗ ਸੋਚ ਉਸ ਦੀ ਚੌਥੀ ਕਾਵਿ ਪੁਸਤਕ ਹੈ, ਜਿਸ ਵਿਚ ਲੇਖਕ ਨੇ ਜੀਵਨ ਦੇ ਬਹੁਭਾਂਤੀ ਵਰਤਾਰਿਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ ਹੈ।
ਪਰਮਿੰਦਰ ਸਿੰਘ ਪ੍ਰਵਾਨਾ ਦੀ ਸ਼ਾਇਰੀ ਆਪਣੀ ਵਿਰਾਸਤ ਪੰਜਾਬੀਅਤ ਨਾਲ ਜੁੜੀ ਹੋਈ ਸ਼ਾਇਰੀ ਹੈ। ਇਨ੍ਹਾਂ ਕਵਿਤਾਵਾਂ ਵਿਚ ਲੇਖਕ ਜਿਥੇ ਨਿੱਜੀ ਸਰੋਕਾਰਾਂ ਨਾਲ ਸਬੰਧਿਤ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ, ਉਥੇ ਉਹ ਸਮਾਜਿਕ ਵਿਸੰਗਤੀਆਂ ਤੇ ਸਰੋਕਾਰਾਂ ਨੂੰ ਵੀ ਆਪਣੀ ਸ਼ਾਇਰੀ ਵਿਚ ਬਹੁਤ ਹੀ ਖੂਬਸੂਰਤੀ ਨਾਲ ਚਿਤਰਦਾ ਹੈ। ਉਹ ਜੀਵਨ ਦੇ ਸੰਘਰਸ਼ ਵਿਚ ਵਿਸ਼ਵਾਸ ਰੱਖਦਾ ਹੈ ਤੇ ਹਾਂ-ਪੱਖੀ ਸੋਚ ਨੂੰ ਆਪਣੀ ਕਵਿਤਾ ਵਿਚਲੀ ਦ੍ਰਿਸ਼ਟੀ ਵਜੋਂ ਪੇਸ਼ ਕਰਦਾ ਹੈ :
ਦਿਲ ਮੇਰਾ ਨਹੀਂ ਡਰਦਾ
ਗ਼ਮ ਦੇ ਤੂਫ਼ਾਨਾਂ ਨਾਲ
ਟਕਰਾਉਣ ਤੋਂ
ਕਾਲੀਆਂ ਰਾਤਾਂ ਵਿਚ
ਗ਼ਮਾਂ ਦੀ ਬਾਤ ਪਾਉਣ ਤੋਂ....
ਕੁਝ ਕਵਿਤਾਵਾਂ ਧਾਰਮਿਕ ਅਕੀਦਿਆਂ ਨਾਲ ਵੀ ਜੁੜੀਆਂ ਹਨ ਤੇ ਕੁਝ ਕੁ ਰਾਜਨੀਤਕ ਮੁੱਦਿਆਂ ਨੂੰ ਵੀ ਆਪਣੀ ਵਸਤੂ ਵਜੋਂ ਚਿਤਰਦੀਆਂ ਹਨ। ਪਰਮਿੰਦਰ ਸਿੰਘ ਪ੍ਰਵਾਨਾ ਇਸ ਗੱਲ ਲਈ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ ਵਿਦੇਸ਼ ਵਿਚ ਰਹਿੰਦਿਆਂ ਵੀ ਪੰਜਾਬੀ ਭਾਸ਼ਾ ਤੇ ਕਵਿਤਾ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ ਹੈ।

-ਡਾ: ਅਮਰਜੀਤ ਕੌਂਕੇ

c c c

ਮਤਰੱਏ ਪੁੱਤਰਾਂ ਦੀ ਦਾਸਤਾਨ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98146-19342.

ਲੇਖਕ ਦੁਆਰਾ ਰਚੇ ਇਸ ਨਿਬੰਧ ਸੰਗ੍ਰਹਿ ਵਿਚ ਸਮਾਜਿਕ ਸਰੋਕਾਰਾਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਲੇਖਕ ਅਨੁਸਾਰ ਭਾਰਤ ਦੇ ਮੌਜੂਦਾ ਨੇਤਾਵਾ ਦਾ ਅਤੇ ਲੋਕਾਂ ਦਾ ਵਤੀਰਾ ਦੇਸ਼ ਪ੍ਰਤੀ ਮਤਰੱਏ ਪੁੱਤਰਾਂ ਵਰਗਾ ਹੈ ਜੋ ਸਿਰਫ ਆਪਣੇ ਬਾਰੇ ਸੋਚਦੇ ਹਨ। ਰਾਜਿਆਂ-ਮਹਾਰਾਜਿਆਂ ਦੀ ਐਸ਼ਪ੍ਰਸਤੀ ਵਿਚ ਅਸਲੀ ਭਾਰਤ ਕਿਧਰੇ ਰੁਲ ਗਿਆ ਹੈ। ਅਜੋਕੇ ਬੁੱਧੀਜੀਵੀਆਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਅਤੇ ਨੌਜਵਾਨਾਂ ਨੂੰ ਸੇਧ ਮਿਲ ਸਕੇ। ਸਤਾਏ ਹੋਏ ਲੋਕ ਜਦੋਂ ਆਪਣੇ ਹੱਕਾਂ ਲਈ ਜਾਗ੍ਰਿਤ ਹੁੰਦੇ ਹਨ ਤਾਂ ਉਹ ਕਿਉਂ ਸਮੇਂ ਦੀਆਂ ਸਰਕਾਰਾਂ ਲਈ ਖ਼ਤਰਾ ਬਣ ਜਾਂਦੇ ਹਨ। ਧਰਮ ਦੇ ਨਾਂਅ 'ਤੇ ਹੁੰਦੀ ਲੁੱਟ ਅਤੇ ਵਪਾਰ ਨੂੰ ਵੀ ਲੇਖਕ ਨੇ ਬਾਖੂਬੀ ਪੇਸ਼ ਕੀਤਾ ਹੈ। ਲੇਖਕ ਅਨੁਸਾਰ ਜੀਣ ਦੀ ਕਲਾ ਸਿੱਖਣ ਲਈ ਪਹਿਲਾਂ ਮਰਨ ਦੀ ਕਲਾ ਆਉਣੀ ਜ਼ਰੂਰੀ ਹੈ ਅਤੇ ਵਰਤਮਾਨ ਵਿਚ ਜਿਊਣਾ ਹੀ ਅਸਲੀ ਜਿਊਣਾ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਬਦਲਦੇ ਟੀ ਵੀ ਚੈਨਲ ਅਤੇ ਮੀਡੀਆ ਦੇ ਬਦਲਦੇ ਸਰੋਕਾਰਾਂ ਨੂੰ ਵੀ ਲੇਖਕ ਨੇ ਦਰਸਾਇਆ ਹੈ। ਲੇਖਕ ਵਰਗ ਵੰਡ ਤੋਂ ਉੱਪਰ ਉੱਠ ਕੇ ਸਮਾਜਿਕ ਸਾਂਝ ਪੈਦਾ ਕਰਨ ਅਤੇ ਚਾਦਰ ਦੇਖ ਕੇ ਪੈਰ ਪਸਾਰਦਿਆਂ ਯਥਾਰਥ ਦੀ ਦੁਨੀਆ ਵਿਚ ਵਿਚਰਨ ਦੀ ਸਲਾਹ ਦਿੰਦਾ ਹੈ। ਲੇਖਕ ਅਨੁਸਾਰ ਮੌਜੂਦਾ ਭਾਰਤੀ ਰਾਜਨੀਤੀ ਵਿਚ ਲੋਕਤੰਤਰ ਦੀਆਂ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਲੇਖਕ ਦੇ ਕੁਝ ਨਿਬੰਧ ਭਾਰਤੀ ਲੋਕਤੰਤਰ ਅਤੇ ਅੰਗਰੇਜ਼ੀ ਰਾਜ ਦਾ ਤੁਲਨਾਤਮਿਕ ਅਧਿਐਨ ਕਰਦੇ ਨਜ਼ਰ ਆਉਂਦੇ ਹਨ।
ਪੁਸਤਕ ਦੇ ਕੁਝ ਨਿਬੰਧ ਅਜੋਕੇ ਨੌਜਵਾਨ ਵਰਗ ਦੀ ਭਟਕੀ ਦਿਸ਼ਾ ਅਤੇ ਸਿੱਖ ਧਰਮ ਵਿਚ ਆਈ ਗਿਰਾਵਟ ਵੱਲ ਸੰਕੇਤ ਕਰਦੇ ਹਨ। ਅਖੌਤੀ ਸਮਾਜ ਸੇਵਕਾਂ, ਡੇਰੇਵਾਦ ਅਤੇ ਸਾਮੰਤਵਾਦੀ ਵਿਵਸਥਾ ਤੇ ਲੇਖਕ ਨੇ ਕਰਾਰੀ ਚੋਟ ਕੀਤੀ ਹੈ। ਗ਼ੈਰ-ਭਾਰਤੀਆਂ ਦੇ ਮੁਲਕ ਵਿਚ ਵਸੇਬੇ ਕਾਰਨ ਭਾਰਤੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਲੇਖਕ ਨੇ ਗੰਭੀਰਤਾ ਨਾਲ ਪੇਸ਼ ਕੀਤਾ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 98885-47099.

c c c

ਪੋਚਵੀਂ ਜੇਹੀ ਪੱਗ
ਲੇਖਕ : ਸਾਧੂ ਸਿੰਘ ਦਿਲਸ਼ਾਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : : 94170-34200.


ਦੋਗਾਣੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪੰਜਾਬ ਦੀ ਪੇਂਡੂ ਵਰਤਾਰੇ ਨੂੰ ਦੋਗਾਣਿਆਂ ਨੇ ਹੀ ਖੂਬਸੂਰਤੀ ਨਾਲ ਦਰਸਾਇਆ ਹੈ। ਰਿਸ਼ਤਿਆਂ ਦੀ ਨੋਕ-ਝੋਕ, ਮੁਹੱਬਤ, ਵਿਛੋੜੇ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਜੁੜੀਆਂ ਬਾਤਾਂ ਦੋਗਾਣਿਆਂ ਨੇ ਪਾਈਆਂ। ਸੈਂਕੜੇ ਕਲਾਕਾਰਾਂ ਨੇ ਦੋਗਾਣਿਆਂ ਨੂੰ ਅੱਗੇ ਵਧਾਉਣ ਵਿਚ ਬਣਦਾ ਯੋਗਦਾਨ ਪਾਇਆ।
'ਪੋਚਵੀਂ ਜੇਹੀ ਪੱਗ' ਵਿਚਲੇ ਸਾਰੇ ਦੋਗਾਣੇ ਚੰਗੇ ਹਨ। ਪੜ੍ਹਨਯੋਗ ਵੀ ਤੇ ਗਾਉਣ ਯੋਗ ਵੀ। ਗਾਉਣਾ ਮਹਿੰਗਾ ਕਿੱਤਾ ਬਣ ਗਿਆ ਹੈ ਤੇ ਕੀਹਨੇ ਕੀ ਗਾਉਣਾ, ਸਬੰਧਿਤ ਕਲਾਕਾਰ ਦੀ ਮਰਜ਼ੀ ਹੈ, ਪਰ ਇਹ ਗੀਤ ਪੜ੍ਹਨਯੋਗ ਜ਼ਰੂਰ ਹਨ।
ਸਾਧੂ ਸਿੰਘ ਦਿਲਸ਼ਾਦ ਦੇ ਸਾਰੇ ਦੋਗਾਣੇ ਪੇਂਡੂ ਧਰਾਤਲ ਨਾਲ ਜੁੜੇ ਹਨ। ਸ਼ੁੱਧ ਪੇਂਡੂ ਮਿਜਾਜ਼ ਵਾਲੇ। ਕੋਈ ਲੱਚਰਤਾ ਨਹੀਂ, ਨਾ ਦੋਅਰਥੀ ਗੱਲਾਂ। ਨੂੰਹ-ਸੱਸ ਦੀ ਲੜਾਈ ਬਾਰੇ ਉਸ ਦਾ ਦੋਗਾਣਾ ਕਮਾਲ ਹੈ। ਜਿਸ ਵਿਚ ਘਰਵਾਲੇ ਦੇ ਵੱਖਰੇ ਵਿਚਾਰ ਹਨ ਤੇ ਘਰਵਾਲੀ ਦੇ ਵੱਖਰੇ।
ਮਰਦ : ਐਸ਼ ਨਾਲ ਹੱਸ ਖੇਡ ਜ਼ਿੰਦਗੀ ਲੰਘਾਈਏ,
ਐਵੇਂ ਰੋਸਿਆਂ 'ਚ ਰਹੀ ਕਾਹਤੋਂ ਸੜ ਨੀਂ,
ਨੂੰਹ ਸੱਸ ਦੀ ਲੜਾਈ ਵਿਚ,
ਤੂੰ ਹੀ ਏਂ ਪੁਆੜਿਆਂ ਦੀ ਜੜ੍ਹ ਨੀਂ।
ਔਰਤ ਆਪਣਾ ਪੱਖ ਪੇਸ਼ ਕਰਦੀ ਹੈ ਕਿ ਮੈਂ ਕੁਝ ਨਹੀਂ ਕਿਹਾ, ਤੇਰੀ ਮਾਂ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ।
ਕਿੰਨੀ ਵਾਰੀ ਆਖਿਆ ਏ ਮਾਂ ਨੂੰ ਸਮਝਾ ਲੈ,
ਰੋਜ਼ ਨਿੱਕੀ ਨਿੱਕੀ ਗੱਲੋਂ ਪੈਂਦੀ ਲੜ ਵੇ,
ਮੈਂ ਤਾਂ ਬੋਲੀ ਨਾ ਬੁਲਾਈ,
ਸੱਸ ਚੰਦਰੀ ਗਈ ਐ ਸਿਰ ਚੜ੍ਹ ਵੇ।
ਜਿਹੜੇ ਲੋਕ ਦੋਗਾਣਿਆਂ ਦੀ ਅਹਿਮੀਅਤ ਨੂੰ ਸਮਝਦੇ ਹਨ ਤੇ ਇਸ ਨੂੰ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ ਮੰਨਦੇ ਹਨ, 'ਪੋਚਵੀਂ ਜੇਹੀ ਪੱਗ' ਵਿਚਲੇ ਗਾਣੇ ਉਨ੍ਹਾਂ ਨੂੰ ਚੰਗੇ ਜ਼ਰੂਰ ਲੱਗਣਗੇ। ਸਮੇਂ ਦੇ ਬਦਲਾਅ ਨਾਲ ਹੁਣ ਦੋਗਾਣਿਆਂ ਦਾ ਰੂਪ ਵੀ ਬਦਲ ਰਿਹਾ ਹੈ। ਲੋਕ ਸਾਜ਼ਾਂ ਤੋਂ ਸੱਖਣੇ ਦੋਗਾਣੇ ਵੀ ਕੰਪਿਊਟਰੀ ਰੂਪ ਹੰਢਾਉਂਦੇ ਜਾਪਦੇ ਹਨ।

-ਸਵਰਨ ਸਿੰਘ ਟਹਿਣਾ
ਮੋ: 98141-78883

30/12/2017

 ਮਧਕਾਲੀ ਪਾਠ ਤੇ ਵਰਤਮਾਨ ਪ੍ਰਸੰਗ
ਲੇਖਕ : ਡਾ: ਗੁਰਚਰਨ ਸਿੰਘ
ਸੰਪਾਦਕ : ਡਾ: ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 098687-73902.

ਗੁਰਬਾਣੀ, ਜਨਮ ਸਾਖੀ, ਕਿੱਸੇ, ਸੂਫ਼ੀ ਕਾਵਿ ਤੇ ਵਾਰਾਂ ਸਾਡੇ ਸਾਹਿਤ ਦਾ ਅਣਮੋਲ ਵਿਰਸਾ ਹਨ। ਇਸ ਪੁਸਤਕ ਵਿਚ ਮਧਕਾਲੀ ਸਾਹਿਤ ਦੇ ਗੰਭੀਰ ਅਧਿਐਤਾ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਗੁਰਚਰਨ ਸਿੰਘ ਦੇ ਵਿਦਵਤਾ ਭਰਪੂਰ 16 ਸਿਧਾਂਤਕ ਤੇ ਵਿਹਾਰਕ ਨਿਬੰਧ ਹਨ। ਡਾ: ਗੁਰਚਰਨ ਸਿੰਘ ਸਵਰਗੀ ਡਾ: ਹਰਿਭਜਨ ਸਿੰਘ ਦੇ ਕਰੜੇ ਅਕਾਦਮਿਕ ਅਨੁਸ਼ਾਸਨ, ਸ਼ਿਕਸ਼ਾ ਦੀਕਸ਼ਾ ਤੇ ਟ੍ਰੇਨਿੰਗ ਵਾਲੇ ਗਿਣਤੀ ਦੇ ਵਿਦਵਾਨਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਸਾਹਿਤ/ਆਲੋਚਨਾ ਦੇ ਖੇਤਰ ਵਿਚ ਨਵੀਨ ਅੰਤਰਦ੍ਰਿਸ਼ਟੀਆਂ ਨਾਲ ਆਪਣੀ ਨਿਵੇਕਲੀ ਪਛਾਣ ਬਣਾਈ।
ਇਸ ਪੁਸਤਕ ਦੇ ਪਹਿਲੇ ਦੋ ਨਿਬੰਧ ਭਾਸ਼ਾ, ਸਾਹਿਤ ਤੇ ਚਿਹਨ ਵਿਗਿਆਨ ਬਾਰੇ ਸੂਤਰ ਰੂਪ ਵਿਚ ਇਸ ਅਧਿਐਨ ਲਈ ਸਿਧਾਂਤਕ ਆਧਾਰਾਂ ਵੱਲ ਸੰਕੇਤ ਕਰਦੇ ਹਨ। ਅਧਿਐਨ ਤੇ ਵਿਸ਼ਲੇਸ਼ਣ ਦਾ ਵਿਸਤ੍ਰਿਤ ਤੇ ਧਿਆਨ ਦੇਣਯੋਗ ਕਾਰਜ ਦੂਜੇ ਭਾਗ ਦੇ ਨਿਬੰਧਾਂ ਵਿਚ ਹੈ ਜੋ ਥਾਂ-ਥਾਂ ਨਵੀਆਂ ਅੰਤਰਦ੍ਰਿਸ਼ਟੀਆਂ ਨਾਲ ਪ੍ਰਭਾਵਿਤ ਕਰਦਾ ਹੈ। ਲੇਖਕ ਗੁਰਬਾਣੀ ਦੇ ਪੈਟਰਨ ਨੂੰ ਪਛਾਣਦਾ ਹੈ। ਇਹ ਪਾਰਲੌਕਿਕ ਅਧਿਆਤਮ, ਇਹਲੌਕਿਕ ਪਰਪੰਚ ਅਤੇ ਨਾਂਅ/ਹਰਿ ਉਤੇ ਆਧਾਰਿਤ ਹੈ। ਅਨੰਦ/ਆਕਰਸ਼ਣ ਵਾਲੇ ਇਹਲੌਕਿਕ ਵੇਰਵੇ ਮਨੁੱਖ ਨੂੰ ਭਟਕਾਉਣ ਵਾਲੀ ਪਿੱਠ ਭੂਮੀ ਹਨ। ਇਸ ਵਿਚ ਨਾਂਅ/ਹਰਿ ਦੇ ਦਖ਼ਲ ਨਾਲ ਗੁਰੂ ਆਪਣਾ ਪਾਰਲੌਕਿਕ/ਅਧਿਆਤਮਕ ਸੰਦੇਸ਼ ਅਤਿ ਸੰਖੇਪ ਪਰ ਸਪੱਸ਼ਟ ਰੂਪ ਵਿਚ ਸੰਚਾਰਿਤ ਕਰਦੇ ਹਨ। ਲੇਖਕ ਦੀਆਂ ਕੁਝ ਅੰਤਰਦ੍ਰਿਸ਼ਟੀਆਂ ਵੇਖੋ : ਪ੍ਰਗੀਤਕ ਸੂਫ਼ੀ ਕਾਵਿ ਸਮਨਵੈ-ਵਾਦੀ ਹੈ। ਮਰਿਆਦਾ/ਸੰਜਮ ਤੋਂ ਪ੍ਰਹਾਨ ਵਾਲਾ ਪਰ ਗੁਰਬਾਣੀ ਇਨਕਲਾਬੀ, ਪਰੰਪਰਾ ਨੂੰ ਕਰੜਾਈ ਨਾਲ ਨਿਖੇਧ ਕੇ ਜਬਰ ਜ਼ੁਲਮ ਵਿਰੁੱਧ ਖਲੋਣ ਲਈ ਪ੍ਰੇਰਦੀ ਹੈ। ਗਰਹਿਣ/ਤਿਆਗ ਦੇ ਸਪੱਸ਼ਟ ਨਿਰਦੇਸ਼ ਹਨ ਗੁਰਬਾਣੀ ਵਿਚ। ਕਿੱਸਿਆਂ ਵਿਚ ਰੱਬ ਇਸ਼ਕ ਤੇ ਜਗਤ ਦੇ ਵਿਚਕਾਰ ਖਲੋ ਕੇ ਇਸ਼ਕ ਨੂੰ ਪੀਰ ਫ਼ਕੀਰ ਦਾ ਮਰਤਬਾ ਬਣਾਉਂਦਾ ਹੈ। ਮਜਾਜ਼ੀ ਹੋ ਕੇ ਵੀ ਇਸ ਉਤੇ ਹਕੀਕੀ ਦੇ ਪਰਛਾਵੇਂ ਹਨ। ਕਿੱਸਿਆਂ ਵਿਚ ਸਮਾਜਿਕ ਮਰਿਆਦਾ ਦਾ ਪ੍ਰਾਹਨ ਕਰਦੇ ਸਮੇਂ ਦੈਵੀ ਸ਼ਕਤੀਆਂ ਦਾ ਆਸਰਾ ਲਿਆ ਗਿਆ ਹੈ। ਜਨਮ ਸਾਖੀ ਮਿਥ ਬਿਰਤਾਂਤ ਹੈ ਜੋ ਲੌਕਿਕਤਾ ਤੋਂ ਲੌਕਿਕਤਾ ਵੱਲ ਚੱਲ ਕੇ ਨਾਇਕ ਨੂੰ ਸਥਾਪਤ ਕਰਦੀ ਹੈ। ਕੱਥ/ਵੱਥ ਦੀ ਨਵੀਨਤਾ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸਮਾਜਿਕ ਕ੍ਰਾਂਤੀ
ਲੇਖਕ : ਸ. ਸ. ਨਾਹਰ ਆਈ.ਪੀ.ਐਸ.
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 200
ਸੰਪਰਕ : 0172-2615512.

ਸ੍ਰੀ ਸ.ਸ. ਨਾਹਰ ਦੀ ਇਹ ਪੁਸਤਕ ਭਾਰਤੀ ਸਮਾਜ ਅਤੇ ਸੱਭਿਆਚਾਰ ਵਿਚ ਇਕ ਕ੍ਰਾਂਤੀ ਲਿਆਉਣ ਦੇ ਪ੍ਰਾਜੈਕਟ ਨੂੰ ਬਿਆਨ ਕਰਦੀ ਹੈ। ਸ੍ਰੀ ਨਾਹਰ ਨੇ ਆਪਣੇ ਜੀਵਨ ਦੇ ਤਿੰਨ-ਚਾਰ ਦਹਾਕੇ ਇਕ ਆਈ.ਪੀ.ਐਸ. ਅਫ਼ਸਰ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਇਸ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਅਸੀਂ ਭਾਰਤੀ ਲੋਕ ਆਪਣੇ ਲਕਸ਼ ਤੋਂ ਭਟਕ ਗਏ ਹਾਂ। ਲਗਪਗ ਇਕ ਹਜ਼ਾਰ ਵਰ੍ਹਾ ਗੁਲਾਮ ਰਹਿਣ ਦੀ ਸੂਰਤ ਵਿਚ ਅਸੀਂ ਆਪਣੇ ਵਿਰਸੇ ਅਤੇ ਜੀਵਨ ਦ੍ਰਿਸ਼ਟੀ ਨਾਲੋਂ ਵਿਜੋਗੇ ਗਏ ਹਾਂ। ਇਹੀ ਕਾਰਨ ਹੈ ਕਿ ਮੱਧ ਕਾਲ ਦੇ ਪਹਿਲੇ ਅੱਧ ਤੱਕ ਪੂਰੀ ਦੁਨੀਆ ਵਿਚ ਵਿਖਿਆਤ ਭਾਰਤ, ਅੱਜ ਇਕ ਪਛੜਿਆ ਹੋਇਆ ਦੇਸ਼ ਬਣ ਕੇ ਰਹਿ ਗਿਆ ਹੈ। ਆਪਣੀ ਇਸ ਪੁਸਤਕ ਦੇ ਮਹੱਤਵ ਨੂੰ ਬਿਆਨ ਕਰਦਾ ਹੋਇਆ ਉਹ ਲਿਖਦਾ ਹੈ : ਇਹ ਇਕ ਪਾਵਨ-ਗ੍ਰੰਥ ਹੈ। ਇਸ ਵਿਚ ਵੇਦਾਂ ਦਾ ਗਿਆਨ ਹੈ, ਉਪਨਿਸ਼ਦਾਂ ਦਾ ਰਹੱਸ ਹੈ। ਇਸ ਪੁਸਤਕ ਤੋਂ ਬਾਅਦ ਲਿਖੀ ਇਸੇ ਵੰਨਗੀ ਦੀ ਇਕ ਹੋਰ ਪੋਥੀ ਦਾ ਨਾਂਅ ਉਸ ਨੇ 'ਸ਼ਾਸਕੀ ਗੀਤਾ' ਰੱਖਿਆ ਹੈ।
ਲੇਖਕ ਆਪਣੇ ਵਿਚਾਰਾਂ ਨੂੰ ਹਿੰਦੁਸਤਾਨੀ (ਹਿੰਦੀ) ਭਾਸ਼ਾ ਵਿਚ ਅੰਕਿਤ ਕਰਦਾ ਹੈ ਪ੍ਰੰਤੂ ਪੰਜਾਬੀ ਪਾਠਕਾਂ ਦੀ ਸੁਵਿਧਾ ਲਈ ਉਸ ਨੇ ਦੇਵਨਾਗਰੀ ਦੀ ਬਜਾਇ ਗੁਰਮੁਖੀ ਲਿਪੀ ਦਾ ਪ੍ਰਯੋਗ ਕੀਤਾ ਹੈ। ਉਸ ਦਾ ਖਿਆਲ ਹੈ ਕਿ ਅਜੋਕੇ ਸਮਾਜ ਵਿਚ ਵਿਚਰਨ ਵਾਲੇ ਲੋਕਾਂ ਨੂੰ ਜੀਵਨ ਬਾਰੇ ਬਹੁਤਾ ਗਿਆਨ ਨਹੀਂ ਹੈ, ਇਸੇ ਕਾਰਨ ਉਹ ਮਿਥਿਆ ਅਤੇ ਅਨੁਚਿਤ ਵਿਵਹਾਰ ਕਰ ਰਹੇ ਹਨ। ਇਸ ਮੰਤਵ ਲਈ ਉਸ ਨੇ ਭਾਰਤ ਦੇ ਦਾਰਸ਼ਨਿਕ ਅਤੇ ਪੌਰਾਣਿਕ ਗ੍ਰੰਥਾਂ ਨੂੰ ਖ਼ੂਬ ਹੰਘਾਲਿਆ ਹੈ ਅਤੇ ਨਵੇਂ ਯੁੱਗ ਦੀ ਰੌਸ਼ਨੀ ਵਿਚ ਉਨ੍ਹਾਂ ਦਾ ਪੁਨਰਲੇਖਣ ਕੀਤਾ ਹੈ। ਉਸ ਦੀ ਕਾਵਿ-ਸ਼ੈਲੀ ਦਾ ਇਕ ਨਮੂਨਾ ਦੇਖੋ :
ਪਾਂਚਵਾਂ ਸਿਧਾਂਤ ਯੋਜਨਾਓਂ ਕਾ ਹੈ,
ਯੋਜਨਾਏਂ ਸਾਧਨੋਂ ਕੇ ਅੰਦਰ ਹੋਂ।
ਯੋਜਨਾਏਂ ਤਰਤੀਬ ਅਨੁਸਾਰ ਹੋਂ,
ਬਾਹਰੀ ਸੁਰਕਸ਼ਾ ਸਰਵੋਪਰ ਹੋ,
ਅੰਦਰੂਨੀ ਸੁਰਕਸ਼ਾ ਉਸ ਕੇ ਬਾਅਦ ਹੋ।
ਫਿਰ ਵਿਕਾਸ ਕੀ ਯੋਜਨਾਏਂ ਹੋਂ
ਲੋਕ ਭਲਾਈ ਕੀ ਯੋਜਨਾਏਂ ਹੋਂ।
(ਪੰਨਾ 179)
ਲੇਖਕ ਦਾ ਹਿਰਦਾ ਭਾਰਤ ਪ੍ਰਤੀ ਅਖੰਡ ਪ੍ਰੇਮ ਨਾਲ ਲਬਰੇਜ਼ ਹੈ ਪਰ ਜਿਸ ਕਾਰਜ ਦਾ ਉਸ ਨੇ ਬੀੜਾ ਉਠਾ ਰੱਖਿਆ ਹੈ, ਉਸ ਵਾਸਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਜਾ ਕੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਪੁਸਤਕ ਰਚਨਾ ਨਾਲ ਏਨਾ ਵੱਡਾ ਕੰਮ ਸ਼ਾਇਦ ਨਾ ਹੋ ਸਕੇ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੈਰੋਲ 'ਤੇ ਆਈ ਕਵਿਤਾ
ਲੇਖਕ : ਸੁਖਮਿੰਦਰ ਰਾਮਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 84275-53735.

ਪੈਰੋਲ 'ਤੇ ਆਈ ਕਵਿਤਾ ਕਾਵਿ ਸੰਗ੍ਰਹਿ ਵਿਚ ਚਾਰ ਲੰਮੀਆਂ ਕਵਿਤਾਵਾਂ ਸ਼ਾਮਿਲ ਹਨ। ਇਹ ਕਾਵਿ ਸੰਗ੍ਰਹਿ ਕਵੀ ਦੇ ਮਨ ਦੀ ਘੋਰ ਉਦਾਸੀ ਨਿਰਾਸ਼ਾ ਅਤੇ ਕਿਤੇ-ਕਿਤੇ ਵਿਅੰਗ ਜੁਗਤ ਨੂੰ ਪ੍ਰਗਟ ਕਰਦੇ ਭਾਵਾਂ ਨੂੰ ਰੂਪਮਾਨ ਕਰਦਾ ਹੈ।
ਪਰਵਾਸੀ ਪੰਜਾਬੀਆਂ ਦੀ ਡੂੰਘੀ ਸੰਵੇਦਨਾ ਨੂੰ ਪ੍ਰਗਟ ਕਰਦੀ ਪਹਿਲੀ ਕਵਿਤਾ ਅਜਿਹੇ ਦ੍ਰਿਸ਼ ਸਾਕਾਰ ਕਰਦੀ ਹੈ ਕਿ ਪੰਜਾਬ ਵਿਚ ਬੈਠੇ ਅਸੀਂ ਪ੍ਰਵਾਸੀ ਪੰਜਾਬੀਆਂ ਦੁਆਰਾ ਭੋਗੇ ਜਾਂਦੇ ਮਾਨਸਿਕ ਸੰਤਾਪ ਅਤੇ ਸਰੀਰਕ ਮਿਹਨਤ ਦਾ ਅਨੁਮਾਨ ਲਗਾ ਸਕਦੇ ਹਾਂ
ਉਧਾਰੇ ਘਰ ਨੇ/ਉਧਾਰੀਆਂ ਸੁੱਖ ਸਹੂਲਤਾਂ
ਹਰ ਘਰ ਦੀ ਹਰ ਸ਼ੈ/ਆਪਣੀ ਹੁੰਦਿਆਂ ਵੀ ਪਰਾਈ ਹੈ!
ਘੁੱਗ ਵਸਦੇ ਘਰਾਂ 'ਤੇ ਸਾਹ ਘੁਟਵੀਂ ਤਨਹਾਈ ਹੈ!
ਇਹ ਕਵਿਤਾ ਦੋਵਾਂ ਮੁਲਕਾਂ ਵਿਦੇਸ਼ ਰਹਿ ਰਹੇ ਪੰਜਾਬੀ ਅਤੇ ਪੰਜਾਬ ਵਿਚ ਵਸਦੇ ਉਨ੍ਹਾਂ ਦੇ ਸਾਕ-ਸਬੰਧੀਆਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਂਦੀ ਹੈ। ਇਥੇ ਬੈਠੇ ਸਾਕ-ਸਬੰਧੀ ਸੋਚਦੇ ਹਨ :
ਦੇਸ਼ ਵਿਚ ਰਹਿ ਗਿਆ, ਹਰ ਕੋਈ ਸੋਚਦਾ ਹੈ
ਪਰਦੇਸ ਵਿਚ, ਸਭ ਰੁੱਖਾਂ ਨੂੰ
ਪੱਤੇ ਨਹੀਂ ਡਾਲਰ ਲਗਦੇ ਨੇ।
ਕਵੀ ਆਪਣੇ ਵਤਨ ਦੀ ਬੇਰੁਜ਼ਗਾਰੀ ਤੋਂ ਨਿਰਾਸ਼ ਵਿਦੇਸ਼ ਦੀ ਭਟਕਣਾ ਤੋਂ ਮਜਬੂਰ ਤੇ ਬੇਵੱਸ ਹੈ। ਧਰਮ ਪ੍ਰਤੀ ਆਪਸੀ ਖਿਚੋਤਾਣ, ਧਰਮ ਯੁੱਧ ਵਿਦੇਸ਼ਾਂ ਵਿਚ ਵਸਦੇ ਕੁਝ ਲੋਕਾਂ ਵਲੋਂ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂਅ 'ਤੇ ਕੀਤੇ ਜਾਂਦੇ ਵਿਖਾਵੇ ਤੇ ਅਡੰਬਰਾਂ ਬਾਰੇ ਵੀ ਕਵੀ ਉਪਰਾਮ ਹੈ। ਗ਼ਲਤ ਢੰਗ-ਤਰੀਕਿਆਂ ਰਾਹੀਂ ਵਿਦੇਸ਼ ਜਾਣ ਤੇ ਫਿਰ ਸਾਰੀ ਉਮਰ ਫ਼ਿਕਰਾਂ ਦੀ ਦਲਦਲ ਵਿਚ ਧਸਦੇ ਰਹਿਣ ਵਾਲੇ ਲੋਕਾਂ ਨਾਲ ਵੀ ਕਵੀ ਨੂੰ ਹਮਦਰਦੀ ਹੈ। ਵਿਦੇਸ਼ ਜਾਣ ਦੀ ਲਾਲਸਾ ਦੀ ਅੱਗ ਵਿਚ ਝੁਲਸਦੇ ਰਿਸ਼ਤੇ, ਬਾਰੇ :
ਤੱਕ ਲੋ ਤੱਕ ਲੋ/ਸਭ ਦਾ ਮੰਡੀਕਰਨ ਹੋ ਗਿਆ
ਕਿਹੋ ਜਿਹਾ ਸੀ ਸਾਡਾ ਵਿਰਸਾ/ਧਨ ਲਈ ਬਿਮਾਰ ਹੋ ਗਿਆ।
ਤੀਜੀ ਕਵਿਤਾ ਪੰਜਾਬ ਦੇ ਇਤਿਹਾਸ ਤੇ ਵਰਤਮਾਨ ਦੀ ਤਸਵੀਰ ਚਿਤਰਦੀ ਹੈ। ਧਰਮ ਦੇ ਵਪਾਰੀਆਂ ਦੁਆਰਾ ਧਰਮ ਤੇ ਵਿਰਸੇ ਪ੍ਰਤੀ ਬੇਮੁਖਤਾ ਕਵੀ ਮਨ ਨੂੰ ਨਿਰਾਸ਼ ਕਰਦੀ ਹੈ।
ਪੈਰੋਲ 'ਤੇ ਆਈ ਕਵਿਤਾ ਕਵੀ ਦੇ ਬਿਗਾਨੀ ਧਰਤੀ ਉੱਪਰ ਬੇਗਾਨਗੀ ਦੇ ਅਹਿਸਾਸ ਨੂੰ ਤੀਖਣ ਕਰਦੀ ਹੈ।
ਮੈਂ ਪੈਰੋਲ 'ਤੇ ਆਈ/ਇਕ ਕਵਿਤਾ ਹੀ ਨਹੀਂ
ਪੈਰੋਲ 'ਤੇ ਆਈ ਇਕ ਧਰਤੀ ਹਾਂ
ਪੰਜ ਦਰਿਆਵਾਂ ਦੀ ਧਰਤੀ/ਜਿਥੇ ਕਵਿਤਾਵਾਂ ਦੇ ਪੰਜ ਦਰਿਆ ਵਗਦੇ ਨੇ।

ਂਡਾ: ਕੁਲਜੀਤ ਕੌਰ ਅਠਵਾਲ
ਫ ਫ ਫ

ਸਿੱਖਿਆ ਖੇਤਰ ਦੇ ਦਾਅਵੇ ਅਤੇ ਹਕੀਕਤਾਂ
ਲੇਖਕ : ਪ੍ਰੋ: ਆਰ. ਕੇ. ਉੱਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 94789-09640.

ਅਜੋਕੇ ਦੌਰ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਆਪਣੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਅਸਲ ਕਹਾਣੀ ਕੀ ਹੈ, ਇਸ ਬਾਰੇ ਇਸ ਪੁਸਤਕ 'ਸਿੱਖਿਆ ਖੇਤਰ ਦੇ ਦਾਅਵੇ ਅਤੇ ਹਕੀਕਤਾਂ' ਵਿਚ ਭਰਪੂਰ ਰੂਪ ਵਿਚ ਪ੍ਰੋ: ਆਰ. ਕੇ. ਉੱਪਲ ਦੁਆਰਾ ਸੰਵਾਦ ਰਚਾਇਆ ਗਿਆ ਹੈ। ਸਰਕਾਰ ਭਾਵੇਂ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਆਪਣਾ ਤਰਕ ਪੇਸ਼ ਕਰਦੀ ਹੈ ਕਿ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਸਾਧਨ ਜੁਟਾਏ ਹਨ ਅਤੇ ਸੰਸਥਾਵਾਂ ਨੂੰ ਵਿੱਦਿਆ ਦੇ ਸੁਚੱਜੇ ਪ੍ਰਬੰਧ ਲਈ ਬੁਨਿਆਦੀ ਢਾਂਚਾ ਵੀ ਉਪਲਬਧ ਕਰਵਾਇਆ ਹੈ ਪਰ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਤੋਂ ਕਿਉਂ ਉੱਠ ਰਿਹਾ ਹੈ, ਇਹ ਵੀ ਇਕ ਗੰਭੀਰ ਮਸਲਾ ਹੈ। ਲੇਖਕ ਦਾ ਮੱਤ ਹੈ ਕਿ ਸਰਕਾਰ ਹੋਰ ਨਵੇਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਬਜਾਏ ਪਹਿਲਾਂ ਖੁੱਲ੍ਹੇ ਹੋਏ ਅਦਾਰਿਆਂ ਵਿਚ ਹੀ ਮਿਆਰੀ ਅਤੇ ਸਮੇਂ ਦੇ ਹਾਣ ਦੀ ਵਿੱਦਿਆ ਪ੍ਰਣਾਲੀ ਉਪਲਬਧ ਕਰਵਾਏ, ਜਿਸ ਨਾਲ ਜਿਥੇ ਵਿਦਿਆਰਥੀ ਦਾ ਰੁਜ਼ਗਾਰ ਦਾ ਮਸਲਾ ਹੱਲ ਹੋਵੇ, ਉਥੇ ਉਸ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਵੀ ਹੋਵੇ। ਲੇਖਕ ਨੇ ਬੇਰੁਜ਼ਗਾਰੀ ਦੇ ਮਸਲੇ ਬਾਰੇ ਵੀ ਬੜੀ ਗਹਿਨ ਚਰਚਾ ਕਰਨ ਦੇ ਨਾਲ-ਨਾਲ ਬੇਰੁਜ਼ਗਾਰੀ ਦੇ ਪ੍ਰਕਾਰ ਵੀ ਦੱਸੇ ਹਨ ਅਤੇ ਇਸ ਸਮੱਸਿਆ ਦਾ ਸਮਾਜ 'ਤੇ ਪ੍ਰਭਾਵ ਕੀ ਪੈਂਦਾ ਹੈ, ਉਸ ਬਾਰੇ ਅਧਿਐਨ ਅੰਕੜਿਆਂ ਸਹਿਤ ਉਪਲਬਧ ਕਰਵਾਇਆ ਹੈ। ਜਿਥੇ ਲੇਖਕ ਨੇ ਸਿੱਖਿਆ ਦੇ ਖੇਤਰ ਅਤੇ ਰੁਜ਼ਗਾਰ ਪ੍ਰਾਪਤੀ ਦੇ ਰਾਹ ਵਿਚ ਅੜਿੱਕਾ ਬਣਨ ਵਾਲੇ ਕਾਰਨਾਂ ਦੀ ਤਲਾਸ਼ ਕੀਤੀ ਹੈ, ਉਥੇ ਅਨਪੜ੍ਹ ਅਤੇ ਅੱਧਪੜ੍ਹ ਵਿਅਕਤੀਆਂ ਨੂੰ ਸਮਾਜ ਵਿਚ ਹਰੇਕ ਖੇਤਰ ਵਿਚ ਆਉਂਦੀਆਂ ਮੁਸ਼ਕਿਲਾਂ ਅਤੇ ਦੁਸ਼ਵਾਰੀਆਂ ਨੂੰ ਦਰਸਾਉਣ ਦੇ ਨਾਲ-ਨਾਲ ਇਸ ਦੇ ਹੱਲ ਵੀ ਦੱਸੇ ਹਨ। ਭਾਵੇਂ ਕਿ ਆਧੁਨਿਕ ਤਕਨੀਕ ਨੇ ਵਿਦਿਆਰਥੀਆਂ ਦੀ ਵਿੱਦਿਆ ਪ੍ਰਾਪਤੀ ਦੇ ਖੇਤਰ ਵਿਚ ਵੀ ਕ੍ਰਾਂਤੀ ਪੈਦਾ ਕੀਤੀ ਹੈ ਪਰ ਮੋਬਾਈਲ ਦੀ ਬੇਲੋੜੀ ਵਰਤੋਂ ਵੀ ਵਿਦਿਆਰਥੀਆਂ ਲਈ ਘਾਤਕ ਹੈ। ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕਾਰਜਾਂ ਤੋਂ ਮੁਕਤੀ ਦਿਵਾ ਕੇ ਅਤੇ ਨਤੀਜਿਆਂ 'ਤੇ ਨਜ਼ਰਸਾਨੀ ਕਰਕੇ ਮਾੜੇ ਨਤੀਜੇ ਵਾਲੇ ਅਧਿਆਪਕਾਂ ਦੀ ਜਵਾਬ ਤਲਬੀ ਕਰਕੇ ਇਸ ਖੇਤਰ ਵਿਚ ਸੁਧਾਰ ਕੀਤਾ ਜਾ ਸਕਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸਾਈਨ-ਵੈਲਯੂ ਦਾ ਜਲੌਅ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਫਰੀਦਕੋਟ
ਮੁੱਲ : 150 ਰੁਪਏ, ਸਫ਼ੇ : 170
ਸੰਪਰਕ : 95309-44345.

ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੁਣ ਤੱਕ ਲਿਖੀ ਜਾ ਰਹੀ ਪੰਜਾਬੀ ਕਹਾਣੀ 20ਵੀਂ ਸਦੀ ਦੇ ਵਿਭਿੰਨ ਵਿਚਾਰਧਾਰਕ ਅਤੇ ਰੂਪ-ਸਰੰਚਨਾ ਦੇ ਮਾਨਦੰਡਾਂ ਤੋਂ ਅਗਾਂਹ ਨਿਕਲ ਚੁੱਕੀ ਹੈ। ਚੇਤਨਾ-ਪ੍ਰਵਾਹ ਸਦਕਾ ਵਿਭਿੰਨ ਪਰੰਪਰਾਇਕ ਵਲਗਣਾਂ ਨੂੰ ਅੱਜ ਦੀ ਕਹਾਣੀ ਉਲੰਘ ਚੁੱਕੀ ਹੈ ਅਤੇ ਸਮਕਾਲ ਦੇ ਮਨੁੱਖੀ-ਜੀਵ ਨੂੰ ਸਹਿਜ-ਸਿਦਕ, ਭਰੋਸੇ, ਮਿਲਵਰਤਣ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਵਿਚ ਜੁੜ ਕੇ, ਹੁੰਦਿਆਂ-ਸੁੰਦਿਆਂ ਜਾਂ ਸੰਕਟ ਸਥਿਤੀਆਂ ਵਿਚ ਵੀ ਸੁਖਾਵਾਂ ਜੀਵਨ ਧਾਰਨ ਕਰਨ ਦੀਆਂ ਪ੍ਰੇਰਕ-ਜੁਗਤਾਂ ਦਰਸਾਅ ਰਹੀ ਹੈ। ਇਸੇ ਹੀ ਵਿਚਾਰਧਾਰਕ-ਸਿਧਾਂਤ ਦਾ ਪ੍ਰਤਿਫਲ 'ਸਾਈਨ- ਵੈਲਯੂ ਦਾ ਜਲੌਅ' ਰਚਿਤ ਬਲਬੀਰ ਪਰਵਾਨਾ ਦਾ 13 ਕਹਾਣੀਆਂ ਦਾ ਸੰਗ੍ਰਹਿ ਸਾਡੇ ਸਨਮੁੱਖ ਹੈ।
ਸਾਲ 1907 ਤੋਂ ਲੈ ਕੇ 2017 ਤੱਕ ਵਿਭਿੰਨ ਉੱਚ-ਦਰਜੇ ਦੇ ਮੈਗਜ਼ੀਨਾਂ 'ਚ ਛਪੀਆਂ ਇਨ੍ਹਾਂ ਕਹਾਣੀਆਂ ਨੇ ਵਾਹ-ਵਾਹ ਖੱਟੀ ਪਰ ਪੁਸਤਕ ਰੂਪ 'ਚ ਇਸ ਦੀ ਆਭਾ ਹੋਰ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ, ਕਿਉਂਕਿ ਅਜੋਕੇ ਮਾਨਵ ਦੇ ਆਪੇ ਵਿਚੋਂ ਆਪਣੇ ਆਪ ਨੂੰ ਖ਼ੁਦ ਮਨਫੀ ਕਰਕੇ, ਬਾਹਰੀ ਨਾ-ਮਿਲਣਯੋਗ ਤ੍ਰਿਪਤੀਆਂ ਦੀ ਭਾਲ ਵਿਚ ਨਾ-ਪ੍ਰਾਪਤੀ ਨੂੰ ਇਹ ਕਹਾਣੀਆਂ ਆਲੋਚਨਾਤਮਕ-ਦ੍ਰਿਸ਼ਟੀ ਤੋਂ ਸਾਡੇ ਸਨਮੁੱਖ ਹੁੰਦੀਆਂ ਹਨ। ਕਹਾਣੀ ਭਾਵੇਂ ਰਾਧੇ ਸ਼ਾਮ ਦੀ ਹੈ, ਭੀੜ ਵਿਚ ਫਸੇ ਵਿਅਕਤੀ ਦੀ ਹੈ, ਗ਼ਮਲਿਆਂ ਵਿਚ ਉੱਗਦੀ ਜ਼ਿੰਦਗੀ ਜਿਉ ਰਹੇ ਲੋਕਾਂ ਦੀ ਹੈ, ਲਾਵਾਰਿਸ ਹੋਏ ਲੋਕ-ਜੀਵਨ ਦੀ ਹੈ, ਅੰਨ੍ਹੀ ਦੌੜ 'ਚ ਭੱਜਦੇ ਹੋਏ ਮਿਰਗ-ਤ੍ਰਿਸ਼ਨਾ ਮੁਲਕ ਸੋਚ ਵਾਲਿਆਂ ਦੀ ਹੈ ਜਾਂ ਦੰਭੀ ਇਨਕਲਾਬੀ ਸੋਚ ਧਾਰਿਆਂ ਅਤੇ ਅਸਲ-ਰੂਪ ਵਿਚ ਕੁਰਬਾਨੀ ਦੇਣ ਵਾਲੇ ਮਰਜੀਵੜਿਆਂ ਦੀ ਹੈ, ਸਭ ਕਹਾਣੀਆਂ ਅਜੋਕੇ ਕਰੂਰ ਯਥਾਰਥ ਦਾ ਪ੍ਰਗਟਾਅ ਵੀ ਹਨ ਅਤੇ ਖਪਤਕਾਰੀ ਰੁਚੀਆਂ ਵਿਚ ਗਲਤਾਨ ਮਨੁੱਖ ਜਾਤੀ ਜਿਸ ਲਈ ਜੀਵਨ ਦਾ ਮਨੋਰਥ ਸਭ ਕੁਝ, ਪੈਸਾ, ਡਾਲਰ, ਯੂਰੋ ਜਾਂ ਹੁਸਨ-ਸ਼ੁਹਰਤ ਬਣ ਚੁੱਕਾ ਹੈ, ਉਸ ਪ੍ਰਤੀ ਦੀਰਘ ਵਿਅੰਗ ਵੀ ਹੈ। ਕਹਾਣੀ ਦੀਨ ਕੇ ਹੇਤ, ਮ੍ਰਿਗ ਤ੍ਰਿਸ਼ਨਾ, ਗਲੇਸ਼ੀਅਰ, ਸਾਈਨ-ਵੈਲਯੂ ਦਾ ਜਲੌਅ, ਬੰਦ ਗੇਟ ਤੇ ਵਿਚਾਰਾ ਇਨਕਲਾਬ, ਭੀੜ 'ਚ ਘਿਰਿਆ ਬੰਦਾ ਆਦਿ ਉਕਤ ਸਰੋਕਾਰਾਂ ਨੂੰ ਕਹਾਣੀ-ਕਲਾ ਦੀ ਪ੍ਰਾਬੀਨ ਕਲਾ-ਕੌਸ਼ਲਤਾ ਜ਼ਰੀਏ ਪ੍ਰਗਟ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਡਾ: ਦਰਸ਼ਨ ਗਿੱਲ ਕਾਵਿ
ਮੂਲ ਸਰੋਕਾਰ

ਲੇਖਿਕਾ : ਡਾ: ਤੇਜਿੰਦਰ ਕੌਰ ਬੇਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 87290-80250.

ਹਥਲੀ ਪੁਸਤਕ ਪ੍ਰਸਿੱਧ ਪੰਜਾਬੀ ਪਰਵਾਸੀ ਕਵੀ ਦਰਸ਼ਨ ਗਿੱਲ ਦੀ ਸਮੁੱਚੀ ਕਵਿਤਾ ਦੀ ਪੁਨਰ ਸਮੀਖਿਆ ਕਰਦੀ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਵਿਦਵਾਨ ਲੇਖਿਕਾ ਡਾ: ਤੇਜਿੰਦਰ ਕੌਰ ਨੇ ਪੁਸਤਕ ਨੂੰ ਬੜੇ ਹੀ ਉੱਚੇ ਮਿਆਰਾਂ ਵਿਚ ਰੱਖ ਕੇ ਪੇਸ਼ ਕੀਤਾ ਹੈ। ਉਸ ਦੀ ਕਵਿਤਾ ਦਾ ਹਰ ਪਹਿਲੂ ਸਲਾਹੁਣਯੋਗ ਪ੍ਰਵਚਨ ਉਜਾਗਰ ਕਰਦਾ ਹੈ। ਜਿਥੇ ਇਹ ਕਵਿਤਾ ਭੂਤਕਾਲੀ ਸਿਮਰਤ ਸਥਿਤੀ ਦੇ ਧਰੁਵ ਵੱਲ ਝੁਕਦੀ ਹੈ, ਉਥੇ ਇਸ ਦਾ ਦੂਜਾ ਧਰੁਵ ਪਰਵਾਸ ਦੀਆਂ ਮੁਸ਼ਕਿਲਾਂ, ਸੰਕਟਮਈ ਸਥਿਤੀਆਂ ਅਤੇ ਵਤਨਣ ਦੀ ਹੁੱਬ ਦਾ ਹੈ।
ਪਰਵਾਸ ਵਿਚ ਵਸਦੇ ਅਤੇ ਪੰਜਾਬੀ ਮਾਂ-ਬੋਲੀ, ਕਲਚਰ ਤੇ ਸਾਹਿਤਕਤਾ ਨੂੰ ਬਚਾਈ ਰੱਖਣ ਵਾਲੇ ਪੰਜਾਬੀ ਲੇਖਕਾਂ ਪ੍ਰਤੀ ਉਨ੍ਹਾਂ ਦੇ ਦੇਸ਼/ਵਤਨ ਪੰਜਾਬ ਨੂੰ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਜਾਣਕਾਰੀ ਦੇਣਾ ਸਾਡੇ ਵਿਦਵਾਨਾਂ ਦਾ ਮੁੱਖ ਕਰਤੱਵ ਬਣਦਾ ਹੈ। ਉਹ ਸਾਡੇ ਗੌਰਵ ਤੇ ਗਹੁਰ ਮਾਣਕ ਹਨ। ਡਾ: ਤੇਜਿੰਦਰ ਕੌਰ ਬੇਰੀ ਨੇ ਡਾ: ਦਰਸ਼ਨ ਗਿੱਲ ਬਾਰੇ ਇਹ ਉਸ ਦਾ ਅੰਦਰੂਨੀ ਪੱਖ ਉਘਾੜਦੀ ਇਹ ਪੁਸਤਕ ਸਿਰਜ ਕੇ ਪ੍ਰਵਾਸੀ ਲੇਖਕਾਂ ਪ੍ਰਤੀ ਸਾਡੀ ਸਲਾਮੀ ਪ੍ਰਗਟਾਈ ਹੈ। ਵਿਦਵਾਨ ਲੇਖਿਕਾ ਨੇ ਇਸ ਪੁਸਤਕ ਨੂੰ ਪੰਜਾਂ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਹੈ ਜਿਵੇਂ : 1. ਪਰਵਾਸੀ ਚੇਤਨਾ, 2. ਪੰਜਾਬੀ ਪਰਵਾਸ ਦਾ ਇਤਿਹਾਸਕ ਪਿਛੋਕੜ, 3. ਡਾ: ਦਰਸ਼ਨ ਗਿੱਲ ਜੀਵਨ ਰਚਨਾ ਤੇ ਪ੍ਰਭਾਵ, 4. ਡਾ: ਦਰਸ਼ਨ ਗਿੱਲ ਕਾਵਿ ਮੂਲ ਸਰੋਕਾਰ, 5. ਪੰਜਾਬੀ ਪਰਵਾਸ ਤੇ ਪਰਵਾਸੀ ਸਰੋਕਾਰ। ਪੁਸਤਕ ਆਪਣੇ ਖੇਤਰ ਵਿਚ ਅਹਿਮ ਰਹੇਗੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

23/12/2017

 ਸਾਹਿਤ ਅਤੇ ਯਥਾਰਥ
ਮੂਲ ਲੇਖਕ : ਹਾਵਰਡ ਫਾਸਟ
ਅਨੁਵਾਦਕ : ਡਾ: ਸਰਵਨ ਸਿੰਘ ਪਰਦੇਸੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 98157-03680.

ਵਿਸ਼ਵ-ਵਿਆਪੀ ਚਿੰਤਕਾਂ ਦੁਆਰਾ ਕੀਤੇ ਗਏ ਸਾਹਿਤ ਅਧਿਐਨ ਅਤੇ ਪੜਚੋਲ ਦੇ ਸਿਧਾਂਤਾਂ ਨੇ ਪੰਜਾਬੀ ਸਾਹਿਤ ਦੇ ਅਧਿਐਨ ਲਈ ਵੀ ਅਨੇਕਾਂ ਦੁਆਰ ਖੋਲ੍ਹੇ। ਇਨ੍ਹਾਂ ਚਿੰਤਕਾਂ-ਪੜਚੋਲਕਾਂ ਵਿਚੋਂ ਹਾਵਰਡ ਫਾਸਟ ਇਕ ਉੱਘਾ ਵਿਦਵਾਨ ਸਾਬਤ ਹੋਇਆ ਪ੍ਰਵਾਨਿਆ ਜਾ ਚੁੱਕਾ ਹੈ। ਉਸ ਦੀ ਗੰਭੀਰ ਚਿੰਤਨਧਾਰਾ, ਬਾਰੀਕਨੁਮਾ-ਸ਼ਬਦ ਸੰਚਾਰ ਕਰਨ ਦੀ ਪੱਧਤੀ ਅਤੇ ਆਪਣੀ ਭਾਸ਼ਾਈ ਸਰਲਤਾ ਨੇ ਜਿਸ ਕਦਰ, ਵਿਸ਼ਵ ਦੇ ਹੋਰਨਾਂ ਖਿੱਤਿਆਂ ਦੇ ਚਿੰਤਕਾਂ ਨੂੰ ਪ੍ਰਭਾਵਿਤ ਕਰਕੇ, ਆਪਣੀ ਹੋਂਦ-ਸਥਿਤੀ ਦੇ ਪ੍ਰਮਾਣ ਨੂੰ ਸਥਾਪਿਤ ਕੀਤਾ, ਉਨ੍ਹਾਂ ਵਿਚੋਂ ਇਸ ਪੁਸਤਕ ਦਾ ਲੇਖਕ ਡਾ: ਸਰਵਨ ਸਿੰਘ ਪਰਦੇਸੀ ਇਕ ਹੈ।
ਇਸ ਅਨੁਵਾਦਕ ਨੇ ਬੜੀ ਸ਼ਿੱਦਤ ਨਾਲ ਹਾਵਰਡ ਫਾਸਟ ਨੂੰ ਪੜ੍ਹਿਆ, ਸਮਝਿਆ ਅਤੇ ਇਸ ਬਾਬਤ ਪਹਿਲਕਿਆਂ-ਅਨੁਵਾਦਕਾਂ ਵਲੋਂ ਜੋ ਕਾਰਜ ਕੀਤਾ ਉਸ ਨੂੰ ਵੀ ਅਗਾਂਹ ਸਫਲਤਾ-ਪੂਰਵ ਤੋਰਿਆ ਹੈ। ਸ਼ਬਦਾਂ ਵਿਚ ਜੀਵਨ ਦੇ ਯਥਾਰਥ ਨੂੰ ਪੇਸ਼ ਕਰਨਾ ਸਹਿਲ ਨਹੀਂ ਹੁੰਦਾ ਅਤੇ ਨਾ ਹੀ ਇਸ ਦਾ ਅਵਲੋਕਨ ਕਰਨਾ।
ਸਥਾਪਤ ਸ਼ਕਤੀਆਂ ਯਥਾਰਥ ਨੂੰ ਕੁਝ ਹੋਰ ਸਮਝ ਰਹੀਆਂ ਹੁੰਦੀਆਂ ਹਨ ਅਤੇ ਜੋ ਅਸਲ ਹੈ ਉਸ ਦੇ ਵਿਰੋਧ ਵਿਚ ਕੁਝ ਹੋਰ ਸਥਾਪਨਾਵਾਂ ਪੇਸ਼ ਕਰ ਰੱਖੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਨੈਤਿਕ ਅਤੇ ਸਮਾਜਕ ਜੀਵਨ ਦੇ ਨਾਲ ਸਬੰਧਿਤ ਕਦਰਾਂ-ਕੀਮਤਾਂ ਸ਼ਕਤੀਸ਼ਾਲੀ ਅਲੰਬਰਦਾਰਾਂ ਦੀਆਂ ਹੋਰ ਹੁੰਦੀਆਂ ਹਨ ਅਤੇ ਜਨ-ਸਾਧਾਰਨ ਜੀਵਨ-ਸ਼ੈਲੀ ਦੀਆਂ ਸੁਖਾਵੀਆਂ ਪਰ ਵਧੇਰੇਤਰ ਦੁਖਦਾਵੀਆਂ ਸਥਿਤੀਆਂ ਦੀਆਂ ਅਵਸਥਾਵਾਂ ਕੁਝ ਹੋਰ ਹੁੰਦੀਆਂ ਹਨ। ਇਨ੍ਹਾਂ ਸਭਨਾਂ ਸਰੋਕਾਰਾਂ, ਸਥਿੱਤੀਆਂ ਅਤੇ ਪੈਦਾ ਹੋਈਆਂ ਪ੍ਰਸਥਿਤੀਆਂ ਸਬੰਧੀ ਪ੍ਰਗਟ ਵਿਚਾਰ ਪ੍ਰਭਾਵਸ਼ਾਲੀ ਹਨ ਅਤੇ ਅਜੋਕੇ ਮਨੁੱਖ ਦੀਆਂ ਮਨੋਵਿਗਿਆਨਕ, ਸਮਾਜਿਕ, ਧਾਰਮਿਕ, ਰਾਜਸੀ, ਪ੍ਰਸ਼ਾਸਨਿਕ ਅਤੇ ਘਰੇਲੂ ਜੀਵਨ ਚੱਜ-ਆਚਾਰ ਤੋਂ ਅਗਾਂਹ ਲੰਘ ਕੇ ਮਾਨਵ-ਜਾਤੀ ਨੂੰ ਸਮਝਣ ਦਾ ਪੈਗ਼ਾਮ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732


ਮੋਏ ਪਾਣੀਆਂ ਦੀ ਝੀਲ
ਕਵੀ : ਕਰਮਜੀਤ ਸਿੰਘ ਨੌਧਰਾਣੀ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ ਪਟਿਆਲਾ
ਮੁੱਲ : 150 ਰੁਪਏ, ਸਫ਼ੇ : 140
ਸੰਪਰਕ : 98765-26467.

'ਮੋਏ ਪਾਣੀਆਂ ਦੀ ਝੀਲ' ਦੀਆਂ ਕਵਿਤਾਵਾਂ, ਕਵੀ ਦੇ ਅੰਤਰ-ਦਵੰਦ ਵਿਚੋਂ ਉਪਜੀਆਂ ਹਨ। ਇਸ ਪੁਸਤਕ ਦਾ ਰਚਾਇਤਾ ਕਰਮਜੀਤ ਸਿੰਘ ਨੌਧਰਾਣੀ ਇਕ ਜਾਗਰੂਕ ਅਤੇ ਸੰਵੇਦਨਸ਼ੀਲ ਕਵੀ ਹੈ। ਉਹ ਕਾਵਿ-ਵਿਸਫੋਟ ਦੁਆਰਾ ਪੈਦਾ ਹੋਣ ਵਾਲੀ ਊਰਜਾ ਤੋਂ ਸੁਪਰਿਚਿਤ ਹੈ ਪਰ ਕਈ ਵਾਰ ਉਸ ਨੂੰ ਇੰਜ ਲਗਦਾ ਹੈ, ਜਿਵੇਂ ਲੋਕ (ਪਾਠਕ) ਜਾਣਬੁੱਝ ਕੇ ਕਵਿਤਾ ਤੋਂ ਬੇਮੁੱਖ ਹੋ ਗਏ ਹਨ। ਉਸ ਦੇ ਮਨ ਦਾ ਵਿਵੇਕਸ਼ੀਲ ਭਾਗ ਉਸ ਨੂੰ ਸਮਝਾਉਂਦਾ ਹੈ ਕਿ ਮਨ ਵਿਚ ਪੈਦਾ ਹੋਣ ਵਾਲੇ ਉਦਗਾਰ ਅਤੇ ਵਿਚਾਰ ਪ੍ਰਵਾਹਿਤ ਹੁੰਦੇ ਰਹਿਣੇ ਚਾਹੀਦੇ ਹਨ, ਖੜੋਤੇ ਪਾਣੀਆਂ 'ਚੋਂ ਬਦਬੋ ਆਉਣ ਲਗਦੀ ਹੈ। ਆਪਣੇ ਮਨ ਦੇ ਇਸੇ ਆਦੇਸ਼ ਨੂੰ ਪ੍ਰਵਾਨ ਕਰਕੇ ਉਸ ਨੇ ਕਾਵਿ-ਸਿਰਜਣਾ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਹੈ।
ਕਰਮਜੀਤ ਸਿੰਘ ਛੰਦ ਮੁਕਤ (ਖੁੱਲ੍ਹੀ) ਕਵਿਤਾ ਦਾ ਸ਼ਾਇਰ ਹੈ। ਉਸ ਦੇ ਵਿਚਾਰ ਏਨੀ ਸ਼ਿੱਦਤ ਨਾਲ ਰੂਪਮਾਨ ਹੁੰਦੇ ਹਨ ਕਿ ਉਨ੍ਹਾਂ ਨੂੰ ਛੰਦ ਦੀ ਰਵਾਇਤੀ ਮਰਯਾਦਾ ਵਿਚ ਬੰਨ੍ਹਣਾ ਔਖਾ ਹੋ ਜਾਂਦਾ ਹੈ। ਉਸ ਦੇ ਅਨੁਭਵ ਉੱਪਰ ਗੁਰਬਾਣੀ ਦਾ ਬੜਾ ਵਿਆਪਕ ਪ੍ਰਭਾਵ ਹੈ। ਗੁਰਬਾਣੀ ਤੋਂ ਸੇਧ ਪ੍ਰਾਪਤ ਕਰਕੇ ਅਤੇ ਅਜੋਕੇ ਦੌਰ ਵਿਚ ਸਥਿਤ ਹੋ ਕੇ ਉਹ ਆਪਣੀਆਂ ਕਵਿਤਾਵਾਂ ਦੀ ਰੂਪ-ਰਚਨਾ ਕਰਦਾ ਹੈ। ਇਸ ਕਾਰਨ ਉਸ ਦਾ ਕਾਵਿ ਲੋਕ ਬਹੁਅਰਥੀ ਅਤੇ ਬਹੁਦਿਸ਼ਾਵੀ ਹੋ ਗਿਆ ਹੈ। ਇਕ ਉਦਾਹਰਨ ਦੇਖੋ :
ਬੈਲ ਦੇ ਸਿੰਗਾਂ 'ਚ ਹੁਣ
ਮਾਇਆ ਦਾ ਰੱਸਾ ਹੈ
ਦਇਆ-ਪੁੱਤਰ ਬੈਲ ਦੇ ਪੈਰਾਂ 'ਚ ਰਿੜ੍ਹ ਰਿਹਾ
ਜੋ ਨਾ ਮਰਿਆ ਹੈ ਨਾ ਹੀ ਮਰੇਗਾ
ਮਾਇਆ ਦੇ ਚੇਲੇ ਅਜੇ ਵੀ ਡਰੇ ਹੋਏ
ਕਿ ਇਹ ਕਦੇ ਵੀ ਪੈਰਾਂ ਹੇਠੋਂ ਨਿਕਲ
ਰੱਸੇ ਨੂੰ ਕੱਟ, ਬੈਠ ਸਕਦਾ
ਸਿੰਗਾਂ ਉੱਪਰ। (ਮਰਦ ਦਾ ਚੇਲਾ)
ਕਰਮਜੀਤ ਸਿੰਘ ਦੀਆਂ ਬਹੁਤੀਆਂ ਕਵਿਤਾਵਾਂ ਸੰਬੋਧਮਈ ਹਨ। ਉਹ ਆਪਣੇ ਸਮਕਾਲੀ ਲੋਕਾਂ ਨੂੰ ਸਮਾਜਿਕ ਨਿਆਇ ਅਤੇ ਸਮਾਨਤਾ ਦੀ ਪ੍ਰਾਪਤੀ ਲਈ ਵੰਗਾਰਦਾ-ਝੰਜੋੜਦਾ ਹੈ। ਉਹ ਪੰਜਾਬ ਦੇ ਸੱਭਿਆਚਾਰਕ ਅਤੇ ਲੋਕਯਾਨਿਕ ਵਿਰਸੇ ਦੀਆਂ ਤੰਦਾਂ ਨੂੰ ਕਾਵਿ ਦੀ ਬੁਣਤਰ ਵਾਸਤੇ ਬੜੀ ਕੁਸ਼ਲਤਾ ਨਾਲ ਉਣਦਾ-ਬੁਣਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਵਿਪੰਨ ਅਤੇ ਹਾਸ਼ੀਆਕ੍ਰਿਤ ਲੋਕਾਂ ਦੇ ਦੁੱਖ-ਦਰਦ ਅਤੇ ਆਸ-ਅੰਦੇਸੇ ਬੜੇ ਮੌਲਿਕ ਢੰਗ ਨਾਲ ਰੂਪਮਾਨ ਹੋਏ ਹਨ। ਉਹ ਆਧੁਨਿਕ ਪੰਜਾਬੀ ਕਾਵਿ ਦੀ ਪਰੰਪਰਾ ਨੂੰ ਨਿਖਾਰਨ-ਵਿਸਤਾਰਨ ਵਾਲਾ ਇਕ ਪ੍ਰਮਾਣਿਕ ਕਵੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗਾਉਂਦੇ ਪੰਛੀ
ਅਨੁ: ਤੇ ਸੰਪਾਦਨਾ : ਪਰਮਿੰਦਰ ਸਿੰਘ
ਪ੍ਰਕਾਸ਼ਕ : ਨਵਰੰਗ ਪ੍ਰਕਾਸ਼ਕ, ਸਮਾਣਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 95019-26200.

'ਗਾਉਂਦੇ ਪੰਛੀ' ਪਰਮਿੰਦਰ ਸਿੰਘ ਦੁਆਰਾ ਅਨੁਵਾਦ ਅਤੇ ਸੰਪਾਦਨਾ ਦੀ ਬੜੀ ਖੂਬਸੂਰਤ ਕਿਤਾਬ ਹੈ, ਜਿਸ ਵਿਚ ਉਸ ਨੇ ਸੰਸਾਰ ਪ੍ਰਸਿੱਧ ਕਵੀਆਂ ਦੀਆਂ ਕਵਿਤਾਵਾਂ ਨੂੰ ਅਨੁਵਾਦ ਕਰਕੇ ਪੇਸ਼ ਕੀਤਾ ਹੈ। ਇਨ੍ਹਾਂ ਕਵੀਆਂ ਵਿਚ ਸੰਸਾਰ ਪ੍ਰਸਿੱਧ ਕਵੀ ਲੋਰਕਾ, ਨਾਜ਼ਿਮ ਹਿਕਮਤ, ਬ੍ਰੇਤੋਲਤ ਬ੍ਰੋਖਤ ਦੀਆਂ ਕਵਿਤਾਵਾਂ ਦੇ ਅਨੁਵਾਦ ਸ਼ਾਮਿਲ ਹਨ। ਇਹ ਤਿੰਨੋਂ ਕਵੀ ਸੰਸਾਰ ਪੱਧਰ 'ਤੇ ਬੇਹੱਦ ਮਕਬੂਲ ਸ਼ਾਇਰ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਖਿੱਤੇ ਜਾਂ ਭਾਸ਼ਾ ਦੀ ਕਵਿਤਾ ਨੂੰ ਹੀ ਪ੍ਰਫੁੱਲਤ ਤੇ ਪ੍ਰਭਾਵਿਤ ਨਹੀਂ ਕੀਤਾ, ਸਗੋਂ ਇਨ੍ਹਾਂ ਕਵੀਆਂ ਨੇ ਵਿਸ਼ਵ ਪੱਧਰ ਦੀ ਕਵਿਤਾ ਨੂੰ ਵੀ ਆਪਣੀ ਕਾਵਿ-ਯੋਗਤਾ ਨਾਲ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ। ਇਹ ਤਿੰਨੇ ਕਵੀ ਸਾਮਰਾਜਵਾਦ ਦੇ ਖਿਲਾਫ਼ ਪੂਰੇ ਵਿਦਰੋਹ ਨਾਲ ਲੜੇ ਅਤੇ ਇਨ੍ਹਾਂ ਨੇ ਆਪਣੇ ਆਜ਼ਾਦਾਨਾ ਅੰਦਾਜ਼ ਵਿਚ ਕਵਿਤਾ ਨੂੰ ਹਥਿਆਰ ਬਣਾ ਕੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ਼ ਵਿਦਰੋਹ ਦਾ ਪਰਚਮ ਬੁਲੰਦ ਕੀਤਾ। ਤਿੰਨੇ ਕਵੀਆਂ ਨੂੰ ਤਸ਼ੱਦਦ ਤੇ ਜੇਲ੍ਹਾਂ ਵਿਚ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਪਰ ਫਿਰ ਵੀ ਇਹ ਕਵਿਤਾਵਾਂ ਸ਼ਾਹਦੀ ਭਰਦੀਆਂ ਹਨ ਕਿ ਹਨੇਰੇ ਦੇ ਖਿਲਾਫ਼ ਲੜਨ ਵਾਲੇ ਲੋਕਾਂ ਦੀ ਕਵਿਤਾ ਕਿਸ ਤਰ੍ਹਾਂ ਸਦੀਆਂ ਤੱਕ ਲੋਕਾਂ ਦੇ ਮਨਾਂ ਵਿਚ ਜਿਊਂਦੇ ਰਹਿੰਦੇ ਹਨ। ਬਤੌਰ ਅਨੁਵਾਦਕ ਹਨੇਰੇ ਦੌਰ ਵਿਚ ਲਿਖੀਆਂ ਇਹ ਕਵਿਤਾਵਾਂ ਅਸਲ ਵਿਚ ਪਿਆਰ ਦੇ ਅਜਿਹੇ ਗੀਤ ਹਨ, ਜੋ ਮੌਸਮ ਦੀ ਉਦਾਸੀ ਨੂੰ ਭੰਗ ਹੀ ਨਹੀਂ ਕਰਦੇ, ਸਗੋਂ ਜੀਵਨ ਤੇ ਸੁਪਨਿਆਂ ਨੂੰ ਪਿਆਰ ਕਰਨਾ ਵੀ ਸਿਖਾਉਂਦੇ ਹਨ।

-ਡਾ: ਅਮਰਜੀਤ ਕੌਂਕੇ


ਪੰਜਾਬੀ ਸੂਫ਼ੀ ਕਾਵਿ ਧਾਰਾ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 359
ਸੰਪਰਕ : 099588-31357

ਸੂਫ਼ੀ ਕਾਵਿ ਪੰਜਾਬੀ ਦੇ ਮਧਕਾਲੀ ਕਾਵਿ ਦੀ ਇਕ ਮਹੱਤਵਪੂਰਨ ਕਾਵਿਧਾਰਾ ਹੈ। ਪੰਜਾਬੀ ਦੇ ਅਧਿਐਨ ਅਧਿਆਪਨ ਦਾ ਜ਼ਰੂਰੀ ਹਿੱਸਾ ਹੈ ਇਹ। ਪੰਜਾਬੀ ਸੂਫ਼ੀ ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਯੂੁਨਾਨੀ, ਇਸਲਾਮੀ ਤੇ ਭਾਰਤੀ ਰਹੱਸਵਾਦ ਦੇ ਤੱਤਾਂ ਦਾ ਅਨੂਠਾ ਸੁਮੇਲ ਹੈ। ਮੂਲ ਰੂਪ ਵਿਚ ਇਸਲਾਮ ਤੇ ਕੁਰਾਨ ਨਾਲ ਜੁੜੀ ਇਸ ਧਾਰਾ ਦੇ ਸਟੀਕ ਅਧਿਐਨ ਲਈ ਉਰਦੂ, ਅਰਬੀ, ਫ਼ਾਰਸੀ ਦੇ ਭਰੋਸੇਯੋਗ ਵਿਦਵਾਨ ਕਿਰਦੇ-ਕਿਰਦੇ ਹਨ ਹੁਣ ਲਗਪਗ ਖ਼ਤਮ ਹੋ ਗਏ ਹਨ। ਪੰਜਾਬੀ ਵਿਚ ਸੂਫ਼ੀ ਕਾਵਿ ਬਾਰੇ ਹੋਏ ਖੋਜ ਕਾਰਜ ਦਾ ਆਧਾਰ ਸੂਫ਼ੀ ਕਵੀਆਂ ਦਾ ਮੂਲ ਕਾਵਿ-ਪਾਠ, ਉਸ 'ਤੇ ਵੱਖ-ਵੱਖ ਪੀੜਵੀਆਂ ਦੇ ਵਿਦਵਾਨਾਂ ਦੇ ਖੋਜ ਕਾਰਜ ਦਾ ਅਧਿਐਨ, ਪੁਨਰ-ਅਧਿਐਨ ਤੇ ਨਵੇਂ ਸੰਦਰਭਾਂ ਵਿਚ ਪੇਸ਼ਕਾਰੀ ਹੈ। ਹਾਲਾਤ ਇਸ ਗੱਲ ਦੀ ਮੰਗ ਕਰਦੇ ਹਨ ਕਿ ਇਸ ਕਾਰਜ ਬਾਰੇ ਸੰਗਠਿਤ ਤੇ ਬਹੁ-ਆਯਾਮੀ ਜਾਣਕਾਰੀ ਦੇਣ ਵਾਲੀ ਇਕ ਪੁਸਤਕ ਹੋਵੇ ਜੋ ਨਵੇਂ ਖੋਜੀਆਂ ਦਾ ਮਾਰਗ ਦਰਸ਼ਨ ਕਰੇ। ਡਾ: ਬਲਦੇਵ ਸਿੰਘ ਬੱਦਨ ਨੇ ਬੜੀ ਮਿਹਨਤ ਨਾਲ ਇਸ ਲੋੜ ਨੂੰ ਪੂਰਾ ਕੀਤਾ ਹੈ। ਉਸ ਦੀ ਇਸ ਪੁਸਤਕ ਵਿਚ ਪੰਜਾਬੀ ਵਿਚ ਵੱਖ-ਵੱਖ ਯੂਨੀਵਰਸਿਟੀਆਂ ਵਿਚ ਸੂਫ਼ੀ ਕਾਵਿ ਬਾਰੇ ਹੁਣ ਤੱਕ ਦੇ ਐਮ. ਫਿਲ/ਡਾਕਟਰੇਟ ਖੋਜ ਪ੍ਰਬੰਧਾਂ ਦੀ ਸੂਚੀ (ਸਮੇਤ ਉਨ੍ਹਾਂ ਦੀ ਮੂਲ ਰੂਪ ਰੇਖਾ/ਵਸਤੂ), ਵੱਖ-ਵੱਖ ਸੰਸਥਾਵਾਂ/ਵਿਭਾਗਾਂ/ ਪ੍ਰਕਾਸ਼ਕਾਂ ਦੀਆਂ ਇਸ ਵਿਸ਼ੇ 'ਤੇ ਰਚੀਆਂ ਪੁਸਤਕਾਂ, ਖੋਜ ਪੱਤਰਾਂ, ਪੱਤਰ/ਪੱਤ੍ਰਿਕਾਵਾਂ ਦਾ ਵੇਰਵਾ ਪ੍ਰਾਪਤ ਹੈ। ਪੁਸਤਕ ਦੇ ਅੰਤ ਵਿਚ ਅੰਗਰੇਜ਼ੀ, ਪੰਜਾਬੀ, ਹਿੰਦੀ ਦੇ ਚਾਰ ਸੌ ਗ੍ਰੰਥਾਂ ਦੀ ਲੰਮੀ ਸੂਚੀ ਹੈ। ਇਸ ਤੋਂ ਇਲਾਵਾ ਪੰਜਾਬੀ ਸੂਫ਼ੀ ਕਾਵਿ ਦੇ ਬਿੰਬ ਵਿਧਾਨ, ਰਹੱਸਵਾਦ, ਵਿਚਾਰਧਾਰਾ ਤੇ ਯੁੱਗ ਚਿਤ੍ਰਨ ਬਾਰੇ ਸੱਤ ਲੰਮੇ ਖੋਜ ਪੱਤਰ ਹਨ, ਜੋ ਵਿਸਤ੍ਰਿਤ ਹਵਾਲਿਆਂ/ਟੂਕਾਂ ਨਾਲ ਭਰਪੂਰ ਹਨ। ਪੰਜਾਬੀ ਸੂਫ਼ੀ ਕਾਵਿ ਦੇ ਅਧਿਐਨ ਅਧਿਆਪਨ ਤੇ ਖੋਜ ਕਾਰਜ ਲਈ ਇਹ ਕਿਤਾਬ ਇਕ ਹਵਾਲਾ ਪੁਸਤਕ ਦਾ ਕੰਮ ਦੇਵੇਗੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

 

 

 

Father ਮੇਰੇ ਪੁੱਤਰਾਂ ਦੇ
ਲੇਖਿਕਾ : ਸਰਿਤਾ ਤਿਵਾੜੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਸਫ਼ੇ : 480
ਸੰਪਰਕ : 98150-90493.

ਡਾ: ਵੀ. ਕੇ. ਤਿਵਾੜੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸ਼ੁੱਭ ਚਿੰਤਕਾਂ, ਅਧਿਆਪਕਾਂ, ਦੋਸਤਾਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਹੈ। ਡਾ: ਤਿਵਾੜੀ ਬਹੁਪੱਖੀ ਸ਼ਖ਼ਸੀਅਤ ਸਨ। ਅਧਿਆਪਕ ਲਹਿਰ (P33 "") ਦੇ ਮਹੱਤਵਪੂਰਨ ਆਗੂ, ਵਧੀਆ ਬੁਲਾਰੇ, ਆਦਰਸ਼ਕ ਅਧਿਆਪਕ ਸਨ।
ਸਾਰਾ ਜੀਵਨ ਧਰਮ ਨਿਰਪੱਖ ਅਤੇ ਲੋਕਤੰਤਰੀ ਧਿਰਾਂ ਦਾ ਸਾਥ ਦਿੱਤਾ। ਲੰਮਾ ਸਮਾਂ ਉਹ ਪੰਜਾਬ ਚੰਡੀਗੜ੍ਹ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਰਹੇ। ਰਾਸ਼ਟਰੀ ਅਧਿਆਪਕ ਜਥੇਬੰਦੀਆਂ ਦੀ ਫੈਡਰੇਸ਼ਨ (196"3 "®) ਦੇ ਅਹੁਦੇਦਾਰ ਬਣਨਾ ਅਤੇ ਅੰਤਰਰਾਸ਼ਟਰੀ ਅਧਿਆਪਕ ਜਥੇਬੰਦੀਆਂ ਦੀ ਫੈਡਰੇਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਨਾਮਜ਼ਦ ਹੋਣਾ ਫਖ਼ਰ ਵਾਲੀ ਗੱਲ ਸੀ। ਇਨ੍ਹਾਂ ਜਥੇਬੰਦੀਆਂ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਵੱਖ-ਵੱਖ ਰਾਜਾਂ ਅਤੇ ਦੁਨੀਆ ਦੇ ਅਨੇਕਾਂ ਵਿਕਸਤ ਦੇਸ਼ਾਂ ਵਿਚ ਜਾ ਕੇ ਅਧਿਆਪਕ ਵਰਗ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਅਵਸਰ ਮਿਲਦੇ ਰਹੇ ਹਨ। ਡਾ: ਵੀ.ਕੇ. ਤਿਵਾੜੀ ਦੀ ਸ਼ਖ਼ਸੀਅਤ ਦਾ ਖ਼ਾਸ ਗੁਣ ਉਨ੍ਹਾਂ ਦੀ ਨਿਮਰਤਾ/ਨਿਰਮਾਣਤਾ ਅਤੇ ਹਰ ਨਿੱਕੇ-ਵੱਡੇ ਮਨੁੱਖ ਦੀ ਸਹਾਇਤਾ ਲਈ ਸਦਾ ਤਿਆਰ ਰਹਿਣ ਕਾਰਨ ਹੋਰ ਵੱਧ ਜਾਂਦੀ ਹੈ। ਉਹ ਆਪਣੇ ਸੰਪਰਕ ਵਿਚ ਆਏ ਹਰ ਮਨੁੱਖ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਸਨ। ਡੀ.ਏ.ਵੀ. ਕਾਲਜ ਜਲੰਧਰ ਵਿਚ ਵਿਦਿਆਰਥੀ, ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਵਿਚਰਨ ਦਾ ਸਫ਼ਰ ਉਨ੍ਹਾਂ ਦੇ ਵਿਕਾਸ ਮਾਰਗ ਵਿਚ ਵਾਧਾ ਕਰਦਾ ਹੈ। ਇਹ ਵੱਡ-ਆਕਾਰੀ ਪੁਸਤਕ ਉਨ੍ਹਾਂ ਦੀਆਂ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕਰਦੀ ਹੈ। ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਲਿਖੀ ਇਹ ਪੁਸਤਕ ਡਾ: ਵੀ.ਕੇ. ਤਿਵਾੜੀ ਦੀ ਸ਼ਖ਼ਸੀਅਤ ਦੇ ਮਹੱਤਵਪੂਰਨ ਪੱਖਾਂ 'ਤੇ ਪੰਛੀ ਝਾਤ ਪਵਾਉਂਦੀ ਹੈ। ਡਾ: ਤਿਵਾੜੀ ਨੂੰ ਅਧਿਆਪਕ ਵਰਗ ਦੇ ਪ੍ਰਭਾਵਸ਼ਾਲੀ ਆਗੂ ਵਜੋਂ ਬਹੁਤ ਮਾਣ ਸਤਿਕਾਰ ਪ੍ਰਾਪਤ ਹੋਇਆ ਹੈ। ਇਹ ਪੁਸਤਕ ਮੁਲਾਜ਼ਮ ਲਹਿਰ ਦੇ ਸਿਰਮੌਰ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਯੇ ਰਾਸਤੇ ਹੈਂ ਪਿਆਰ ਕੇ
ਲੇਖਕ : ਓਮ ਪ੍ਰਕਾਸ਼ ਗੋਇਲ ਜੰਡਾਂਵਾਲਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ (ਪਟਿਆਲਾ)
ਮੁੱਲ : 195 ਰੁਪਏ, ਸਫ਼ੇ : 87
ਸੰਪਰਕ : 94644-83199.

ਓਮ ਪ੍ਰਕਾਸ਼ ਗੋਇਲ ਵਾਇਆ ਉਰਦੂ ਪੰਜਾਬੀ ਵੱਲ ਆਇਆ ਹੈ। 'ਯੇ ਰਾਸਤੇ ਹੈਂ ਪਿਆਰ ਕੇ' ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 13 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਾਫੀ ਗੱਲਾਂ ਸਾਂਝੀਆਂ ਵੀ ਹਨ। ਨਾਇਕ ਆਪਣੀਆਂ ਭੈਣਾਂ ਕੋਲ ਪੜ੍ਹਾਈ ਕਰਨ ਜਾਂਦੇ ਹਨ। ਉਥੇ ਹੀ ਉਨ੍ਹਾਂ ਦਾ ਮਿਲਣ ਧੀ ਦੇ ਮਾਪਿਆਂ ਨਾਲ ਹੁੰਦਾ ਹੈ। ਉੱਚ ਪੜ੍ਹਾਈ ਕਰਨ ਲਈ ਉਹ ਮਹਿੰਦਰਾ ਕਾਲਜ, ਪਟਿਆਲਾ ਵਿਚ ਹੀ ਦਾਖ਼ਲ ਹੁੰਦੇ ਹਨ। ਪਿਆਰ ਵਿਚ ਨਾਕਾਮੀ ਮਿਲਦੀ ਹੈ। ਵਿਛੋੜੇ ਵਿਚ ਘੁਲ-ਘੁਲ ਕੇ ਕਿਸੇ ਨਾ ਕਿਸੇ ਲਾਇਲਾਜ ਬਿਮਾਰੀ ਵਿਚ ਫਸ ਜਾਂਦੇ ਹਨ। ਕਈ ਵਾਰੀ ਮਰਨ ਤੋਂ ਪਹਿਲਾਂ ਮਿਲ ਵੀ ਪੈਂਦੇ ਹਨ ਤੇ ਖੰਡਹਰ ਜ਼ਿੰਦਗੀ ਵਿਚ ਪਲ ਦੀ ਪਲ ਰੌਸ਼ਨੀ ਦਾ ਝਲਕਾਰਾ ਪੈਣ ਲੱਗਦਾ ਹੈ। ਮੁਹੱਬਤ ਕਮਸਿਨ ਉਮਰ 'ਚ ਹੀ ਹੋ ਜਾਂਦੀ ਹੈ। ਕਈ ਕਹਾਣੀਆਂ ਵਿਚ ਫ਼ਿਲਮਾਂ ਵਾਂਗ ਅਣਹੋਣੇ ਦ੍ਰਿਸ਼ਟਾਂਤ ਵੀ ਝਲਕਦੇ ਪ੍ਰਤੀਤ ਹੁੰਦੇ ਹਨ। ਕੁੜੀਆਂ ਪ੍ਰੇਮ ਵੇਲੇ ਸੁਹਣੀਆਂ ਹੁੰਦੀਆਂ ਹਨ ਪਰ ਬਾਅਦ ਵਿਚ ਉਨ੍ਹਾਂ ਦੀ ਸੁੰਦਰਤਾ ਹੌਲੀ-ਹੌਲੀ, ਇਸ਼ਕ ਦੀ ਨਾਕਾਮੀ ਕਾਰਨ ਝੁਲਸਦੀ ਜਾਂਦੀ ਹੈ। ਕਈ ਕਹਾਣੀਆਂ ਦੀ ਫਾਰਮੂਲੇਸ਼ਨ ਏਦਾਂ ਦੀ ਹੀ ਹੈ। 'ਬੰਗਾਲ ਦਾ ਜਾਦੂ' ਦਾ ਨਾਇਕ ਆਪਣੀ ਪ੍ਰੇਮਿਕਾ ਦੇ ਵੇਸ਼ਿਆ ਬਣ ਜਾਣ ਦੇ ਦੁੱਖ ਵਿਚ ਸਮੁੰਦਰ 'ਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਹੀ ਕਰ ਲੈਂਦਾ ਹੈ। 'ਅਧੂਰੇ ਰਿਸ਼ਤੇ' ਦਾ ਅੰਤ ਭਾਵੁਕ ਅਤੇ ਫ਼ਿਲਮੀ ਸ਼ੈਲੀ ਵਾਲਾ ਹੈ। 'ਬਾਲੀ ਟਾਪੂ ਦਾ ਕਾਹਨ' ਮਹਿਜ਼ ਇਕ ਘਟਨਾ ਪਾਤਰ ਹੀ ਹੈ, ਕਹਾਣੀ ਨਹੀਂ ਬਣ ਸਕੀ। 'ਭੈਣ ਪਟਵਾਰੀ ਦੀ' ਕਹਾਣੀ ਭਾਵੁਕ ਅੰਤ ਨਾਲ ਮੁਕਦੀ ਹੈ, ਜਦੋਂ ਨਾਇਕ ਨਾਇਕਾ ਦੇ ਮਰਨ ਵੇਲੇ ਉਸ ਨਾਲ ਵਿਆਹ ਕਰਵਾ ਕੇ ਆਪਣੇ ਪ੍ਰੇਮ ਨੂੰ ਪਾ ਲੈਂਦੀ ਹੈ।

-ਕੇ. ਐਲ. ਗਰਗ
ਮੋ: 94635-37050

17/12/2017

 ਡਿਜ਼ੀਟਲ ਅਰਥਵਿਵਸਥਾ ਵੱਲ ਭਾਰਤ ਦਾ ਸਫ਼ਰ
ਲੇਖਕ : ਪ੍ਰੋ: ਆਰ.ਕੇ. ਉਪਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94789-09640.

ਪ੍ਰੋ: ਆਰ. ਕੇ. ਉਪਲ ਅਰਥ ਸ਼ਾਸਤਰ ਦਾ ਗੰਭੀਰ ਅਧਿਆਪਕ ਤੇ ਵਿਦਿਆਰਥੀ ਹੈ। ਪੰਜਾਬੀ ਭਾਸ਼ਾ ਉੱਤੇ ਵੀ ਉਸ ਨੂੰ ਭਰੋਸੋਯੇਗ ਪਕੜ ਹਾਸਲ ਹੈ। ਇਸ ਲਈ ਉਹ ਆਮ ਆਦਮੀ ਨੂੰ ਪ੍ਰਭਾਵਿਤ ਕਰਨ ਵਾਲੇ ਆਰਥਿਕ ਮਸਲਿਆਂ ਉੱਤੇ ਸਰਲ ਪੰਜਾਬੀ ਵਿਚ ਆਪਣੀ ਗੱਲ ਕਹਿਣ ਦੇ ਸਮਰੱਥ ਹੈ ਤੇ ਉਸ ਦੇ ਨਿਬੰਧ ਪੰਜਾਬੀ ਦੇ ਪੱਤਰ ਪੱਤ੍ਰਿਕਾਵਾਂ ਵਿਚ ਛਪਦੇ ਤੇ ਸਲਾਹੇ ਜਾਂਦੇ ਹਨ। ਹਥਲੀ ਪੁਸਤਕ ਵਿਚ ਉਸ ਨੇ ਭਾਵੇਂ ਮੁੱਖ ਰੂਪ ਵਿਚ ਡਿਜੀਟਲ ਅਰਥ-ਵਿਵਸਥਾ ਨੂੰ ਹੀ ਚਰਚਾ ਦਾ ਬਿੰਦੂ ਬਣਾਇਆ ਹੈ ਪਰ ਪੰਜਾਬ ਨੂੰ ਦਰਪੇਸ਼ ਕੈਂਸਰ, ਨਸ਼ਿਆਂ, ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ, ਮਹਿੰਗਾਈ ਤੇ ਰਾਖਵੇਂਕਰਨ ਬਾਰੇ ਵੀ ਘੱਟੋ-ਘੱਟ ਪੰਜ ਨਿਬੰਧ ਸ਼ਾਮਿਲ ਕੀਤੇ ਹਨ। ਪੁਸਤਕ ਦੇ ਨਾਂਅ/ਥੀਮ ਨਾਲੋਂ ਹਟਵੇਂ ਹੋਣ ਦੇ ਬਾਵਜੂਦ ਇਹ ਨਿਬੰਧ ਆਪਣੀ ਪੜ੍ਹਨਯੋਗਤਾ ਤੇ ਵਿਕਾਰਾਂ ਦੇ ਮਹੱਤਵ ਕਾਰਨ ਓਪਰੇਪਣ ਦਾ ਅਹਿਸਾਸ ਨਹੀਂ ਜਗਾਉਂਦੇ।
ਉਪਲ ਸਿਧਾਂਤਕ ਰੂਪ ਵਿਚ ਡਿਜੀਟਲ ਅਰਥ-ਵਿਵਸਥਾ ਦੇ ਮਹੱਤਵ ਨੂੰ ਸਵੀਕਾਰਦਾ ਹੈ ਪਰ ਭਾਰਤ ਦੇ ਵਿਆਪਕ ਹਾਲਾਤ, ਲੋੜੀਂਦੀਆਂ ਸਹੂਲਤਾਂ ਦੀ ਅਣਹੋਂਦ, ਇਸ ਲਈ ਲੋੜੀਂਦੇ ਢਾਂਚੇ/ਸਿੱਖਿਆ/ਉਪਕਰਨਾਂ/ਟ੍ਰੇਨਿੰਗ/ਰੁਚੀ ਦੀ ਘਾਟ ਕਰਕੇ ਇਸ ਦੀ ਸਫ਼ਲਤਾ ਉੱਤੇ ਖੁੱਲ੍ਹ ਕੇ ਕਿੰਤੂ-ਪ੍ਰੰਤੂ ਕਰਦਾ ਹੈ। ਨਾ ਏ.ਟੀ.ਐਮ., ਨਾ ਈਵਾਲਿਟ, ਨਾ ਕੰਪਿਊਟਰ/ਡਿਜੀਟਲ ਵਰਤੋਂ ਦਾ ਗਿਆਨ, ਨਾ ਬੈਂਕ, ਨਾ ਹੋਰ ਸਹੂਲਤਾਂ, ਨਾ ਲੋਕਾਂ ਦੀ ਇੱਛਾ। ਫਿਰ ਇਹ ਪ੍ਰਣਾਲੀ ਲੋਕਾਂ ਦੀ ਪ੍ਰੇਸ਼ਾਨੀ ਵਿਚ ਵਾਧਾ ਹੀ ਕਰਨ ਵਾਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਕਿਸੇ ਤਿਆਰੀ, ਬਿਨਾਂ ਸਲਾਹ-ਮਸ਼ਵਰੇ ਇਕਦਮ ਨੋਟਬੰਦੀ ਦਾ ਐਲਾਨ ਕਰਕੇ ਆਮ ਆਦਮੀ ਨੂੰ ਵਖ਼ਤ ਹੀ ਪਾਏ ਹਨ। ਇਸ ਦੇ ਕੋਈ ਸਾਰਥਿਕ ਸਿੱਟੇ ਨਹੀਂ ਨਿਕਲੇ। ਲੇਖਕ ਨੇ ਇਸ ਸਿਲਸਿਲੇ ਵਿਚ ਆਮ ਆਦਮੀ ਤੇ ਮੋਦੀ ਭਗਤਾਂ ਦੋਵਾਂ ਦੇ ਦ੍ਰਿਸ਼ਟੀਕੋਣ ਪੇਸ਼ ਕੀਤੇ ਹਨ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਪ੍ਰਵਚਨ ਵਿਸ਼ਲੇਸ਼ਣ
ਬਾਰਤ ਤੋਂ ਕ੍ਰਿਸਤੀਵਾ ਤੱਕ
ਲੇਖਕ : ਡਾ: ਰਾਜ ਕਿਰਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 98152-43951
.

ਵਿਦਵਾਨ ਖੋਜਕਰਤਾ ਨੇ ਸਾਹਿਤ ਦੇ ਛੁਪੇ ਪ੍ਰਵਚਨਾਂ ਨੂੰ ਵਿਅਕਤ ਕਰਨ ਲਈ ਜੋ ਵਿਧੀ ਵਰਤੀ ਜਾਂਦੀ ਹੈ, ਉਸ ਨੂੰ ਪ੍ਰਵਚਨ ਵਿਸ਼ਲੇਸ਼ਣ ਦਾ ਨਾਂਅ ਦਿੱਤਾ ਹੈ। ਪ੍ਰਵਚਨ ਅਤੇ ਪ੍ਰਵਚਨ ਵਿਸ਼ਲੇਸ਼ਣ ਨੂੰ ਹੋਰ ਸਪੱਸ਼ਟ ਕਰਦਿਆਂ ਸ਼ਬਦ-ਕੋਸ਼ਾਂ, ਵਿਸ਼ਵ-ਕੋਸ਼ਾਂ ਤੋਂ ਬਿਨਾਂ ਪੱਛਮੀ ਵਿਦਵਾਨਾਂ ਜਿਵੇਂ ਕਿ ਮਿਸ਼ੈਲ ਫ਼ੂਕੋ, ਐਡਮ ਜਵੋਰਸਕੀ, ਇਮਾਇਲ ਬੇਨਵਨਿਸ਼ਤੇ ਅਤੇ ਪੰਜਾਬੀ ਵਿਦਵਾਨਾਂ ਡਾ: ਹਰਿਭਜਨ ਸਿੰਘ, ਡਾ: ਜਗਜੀਤ ਸਿੰਘ, ਡਾ: ਗੁਰਬਚਨ ਆਦਿ ਦੇ ਵਿਚਾਰਾਂ ਤੋਂ ਮੁੱਲਵਾਨ ਸਹਾਇਤਾ ਲਈ ਹੈ। ਇੰਜ ਪ੍ਰਵਚਨ ਨੂੰ ਹਮੇਸ਼ਾ ਗਤੀਸ਼ੀਲ ਦੱਸਿਆ ਹੈ। ਪਾਠ (ਟੈਕਸਟ) ਅਤੇ ਪ੍ਰਵਚਨ (ਡਿਸਕੋਰਸ) ਦੇ ਆਪਸੀ ਸਬੰਧਾਂ ਨੂੰ ਉਜਾਗਰ ਕੀਤਾ ਗਿਆ ਹੈ। ਸੰਰਚਨਾਵਾਦੀ, ਉੱਤਰ-ਸੰਰਚਨਾਵਾਦੀ ਅਤੇ ਨਾਰੀਵਾਦੀ ਦ੍ਰਿਸ਼ਟੀ ਤੋਂ ਪ੍ਰਵਚਨ ਨੂੰ ਸਮਝਣ ਦਾ ਉਪਰਾਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਵਚਨ ਦੀ ਵਿਸ਼ਲੇਸ਼ਣਾਤਮਕ ਵਿਧੀ ਦਾ ਵਿਹਾਰਕ ਦ੍ਰਿਸ਼ਟੀ ਤੋਂ ਗਹਿਨ ਅਤੇ ਸਰਵਪੱਖੀ ਅਧਿਐਨ ਕਰਨ ਵਾਲੇ ਪੰਜ ਸੰਸਾਰ ਪ੍ਰਸਿੱਧ ਵਿਦਵਾਨਾਂ (ਰੋਲਾਂ ਬਾਰਤ, ਮਿਸ਼ੇਲ ਫ਼ੂਕੋ, ਯੱਕ ਲਾਕਾਂ, ਯੱਕ ਦੈਰਿਦਾ ਅਤੇ ਜੂਲੀਆ ਕ੍ਰਿਸਤੀਵਾ) ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ।
ਰੋਲਾਂ ਬਾਰਤ ਨੂੰ ਸਾਹਿਤ ਦਾ ਚਿਹਨ ਮਾਡਲ ਅਧਿਐਨ ਕਰਨ ਵਾਲਾ ਵਿਦਵਾਨ ਸਿੱਧ ਕੀਤਾ ਗਿਆ ਹੈ। ਬਾਰਤ ਵਲੋਂ ਪਾਠਾਤਮਿਕਤਾ, ਅੰਤਰ-ਪਾਠਾਤਮਿਕਤਾ ਤੋਂ ਬਿਨਾਂ ਉਸ ਵਲੋਂ ਪ੍ਰਸਤੁਤ ਪੰਜ ਕੋਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮਿਸ਼ੇਲ ਫ਼ੂਕੋ ਵਿਅਕਤੀਆਂ ਅਤੇ ਸੰਸਥਾਵਾਂ ਦਰਮਿਆਨ ਸ਼ਕਤੀ ਨੂੰ ਕਾਰਜਸ਼ੀਲ ਮੰਨਦਾ ਹੈ। ਯੱਕ ਲਾਕਾਂ ਅਨੁਸਾਰ ਮਨੁੱਖੀ ਅਚੇਤਨ ਕਿਸੇ ਵਿਰਲ/ਪਾੜ ਦੇ ਸਮਾਨ ਹੁੰਦਾ ਹੈ। ਯੱਕ ਦੈਰਿਦਾ ਪ੍ਰਵਚਨ ਵਿਸ਼ਲੇਸ਼ਣ ਨੂੰ ਵਿਰਚਨਾਵਾਦ (ਡੀ-ਕੰਸਟਰਕਸ਼ਨ) ਅਨੁਸਾਰ ਸਮਝਦਾ ਹੈ। ਜੂਲੀਆ ਕ੍ਰਿਸਤੀਵਾ ਨੇ ਆਪਣੇ ਚਿਹਨਾਤਮਿਕ ਅਤੇ ਪ੍ਰਤੀਕਾਤਮਿਕ ਸੰਕਲਪਾਂ ਨੂੰ ਨਾਰੀਵਾਦੀ ਭਾਸ਼ਕ ਅਤੇ ਆਲੋਚਨਾ ਤੱਕ ਵਿਸਤ੍ਰਿਤ ਕੀਤਾ ਹੈ। ਇਨ੍ਹਾਂ ਪੰਜਾਂ ਵਿਦਵਾਨਾਂ ਦੀਆਂ ਪੁਸਤਕਾਂ ਅਤੇ ਵਿਸ਼ੇਸ਼ ਟਰਮਾਂ ਦੀ ਪੇਸ਼ਕਾਰੀ ਕੀਤੀ ਗਈ ਹੈ, ਸੰਖੇਪ ਇਹ ਕਿ ਪ੍ਰਵਚਨ ਵਿਸ਼ਲੇਸ਼ਣ ਸਬੰਧੀ ਇਹ ਜਾਣਕਾਰੀ ਵੱਖ-ਵੱਖ ਸਿਰਲੇਖਾਂ ਅਧੀਨ ਕੇਵਲ ਇੱਕੋ ਕਾਂਡ ਵਿਚ ਦਿੱਤੀ ਗਈ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਉੱਤਰੀ ਭਾਰਤ ਦੀਆਂ ਪ੍ਰਮੁੱਖ ਨਿਰਗੁਣ ਸੰਪ੍ਰਦਾਵਾਂ
ਲੇਖਕਾ : ਸਵਰਨਜੀਤ ਕੌਰ ਗਰੇਵਾਲ (ਡਾ:)
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 288
ਸੰਪਰਕ : 0161-2561814.

ਲੇਖਕਾ ਨੇ ਵਿਧੀਵਤ ਰੂਪ ਵਿਚ ਪੁਸਤਕ ਨੂੰ ਤਿੰਨ ਖੰਡਾਂ ਵਿਚ ਪੇਸ਼ ਕੀਤਾ ਹੈ। ਪਹਿਲਾ ਖੰਡ ਭਗਤੀ ਸੰਕਲਪ ਨਾਲ ਸਬੰਧਿਤ ਹੈ, ਜਿਸ ਵਿਚ ਭਗਤੀ ਲਹਿਰ ਦੇ ਉਥਾਨ ਅਤੇ ਵਿਭਿੰਨ ਕਾਲ-ਖੰਡਾਂ ਵਿਚ ਚੱਲੀਆਂ ਅਤੇ ਪ੍ਰਚਲਿਤ ਹੋਈਆਂ ਉੱਤਰੀ, ਪੱਛਮੀ, ਦੱਖਣੀ ਅਤੇ ਪੂਰਬੀ ਭਾਰਤੀ ਖਿੱਤਿਆਂ ਦੀਆਂ ਲਹਿਰਾਂ ਦਾ ਵਿਭਿੰਨ ਧਾਰਮਿਕ ਸੰਪਰਦਾਇਆਂ ਦੇ ਅੰਤਰਗਤ ਜਿਨ੍ਹਾਂ 'ਚ ਬੁੱਧ, ਜੈਨ, ਵੈਸ਼ਨਵ ਇਤਿਆਦਿ ਤੋਂ ਅੱਗੇ ਆ ਕੇ ਨਿਰਗੁਣ, ਸਰਗੁਣ ਸੰਪ੍ਰਦਾਵਾਂ ਦਾ ਇਤਿਹਾਸਕ ਪਰਿਪੇਖ ਹੈ ਆਦਿ ਨੂੰ ਉਭਾਰਦਿਆਂ ਹੋਇਆਂ ਗੁਰੂ, ਸਿੱਖ, ਅਵਤਾਰ, ਸੰਤ, ਬ੍ਰਹਮ, ਸ੍ਰਿਸ਼ਟੀ ਆਦਿ ਅਨੇਕਾਂ ਸੰਕਲਪਾਂ ਨੂੰ ਬਾ-ਦਲੀਲ ਸੰਤਾਂ, ਭਗਤਾਂ, ਗੁਰੂਆਂ ਦੀ ਰੱਬੀ ਬਾਣੀ ਜ਼ਰੀਏ ਤਾਰਕਿਕ ਤਰੀਕੇ ਨਾਲ ਪ੍ਰਗਟਾਇਆ ਹੈ। ਪੁਸਤਕ ਦੇ ਦੂਜੇ ਖੰਡ ਵਿਚ 46 ਸੰਪ੍ਰਦਾਵਾਂ ਦਾ ਉਲੇਖ ਹੈ। ਨਾਥ, ਸੂਫੀ, ਕਬੀਰ, ਖਾਲਸਾ ਜਾਂ ਸਿੱਖ, ਨਿਰਮਲ, ਸੇਵਾ-ਪੰਥੀ, ਉਦਾਸੀ, ਦਮਦਮੀ ਟਕਸਾਲ, ਭਾਈ ਮਨੀ ਸਿੰਘ, ਬਾਬਾ ਬਿਧੀ ਚੰਦ, ਨਾਮਧਾਰੀ ਜਾਂ ਕੂਕਾ, ਨਿਰੰਕਾਰੀ, ਰਾਧਾ ਸੁਆਮੀ, ਸੱਚਾ-ਸੌਦਾ, ਗੁਰੂ ਨਾਨਕ ਸੰਤਾਨਕ, ਨਾਨਕਸਰ, ਬਿਸ਼ਨੋਈ, ਸੀਂਗਾ, ਬਾਬਾ ਲਾਲੀ, ਬਾਬਾ ਦਾਦੂ, ਬਾਵਰੀ, ਮਲੂਕ, ਧਰਨੀਸ਼ਵਰੀ, ਪ੍ਰਣਾਮੀ, ਸਾਧ, ਸਤਨਾਮੀ, ਦਰਿਆ ਦਾਸੀ, ਚਰਨਦਾਸੀ, ਸ਼ਿਵ ਨਰਾਇਣ, ਗਰੀਬਦਾਸੀ, ਨਿਤਾਨੰਦੀ, ਰਾਮ ਸਨੇਹੀ, ਸਾਈਂ, ਪਾਨਪ ਪੰਥੀ, ਰਵੀ-ਭਾਣ, ਸਾਹਿਬ ਸ਼ਾਖਾ, ਨਾਂਗਾ, ਘੀਸਾ, ਬੇਨਾਮੀ, ਪਰਮਾਨੰਦ ਅਤੇ ਸੰਮਤਾਂ ਸੰਪ੍ਰਦਾਵਾਂ ਸਬੰਧੀ ਦੁਰਲੱਭ ਜਾਣਕਾਰੀ ਮੁਹੱਈਆ ਕਰਵਾਉਣਾ ਪੁਸਤਕ ਦਾ ਵਿਸ਼ੇਸ਼ ਹਾਸਲ ਹੈ। ਤੀਸਰਾ ਖੰਡ ਨਿਰਗੁਣਵਾਦੀਆਂ ਦੀ ਰਹੱਸ ਅਨੁਭੂਤੀ ਦਾ ਦਰਪਣ ਹੈ। ਇਸ ਭਾਗ ਵਿਚ ਬ੍ਰਹਮ, ਰੱਬ, ਪਰਮਾਤਮਾ, ਆਤਮਾ, ਸ੍ਰਿਸ਼ਟੀ, ਮਾਇਆ, ਮੋਕਸ਼ ਅਤੇ ਮਨੁੱਖੀ ਜੀਵ ਦੀ ਅਸਲ ਹੋਂਦ ਨੂੰ ਸਮੂਹਿਕ ਸੰਤਾਂ, ਭਗਤਾਂ, ਸੰਪ੍ਰਦਾਵਾਂ ਦੇ ਮੁਖੀਆਂ ਵਲੋਂ ਦਿੱਤੇ ਵਖਿਆਨਾਂ, ਜਿਨ੍ਹਾਂ ਵਿਚ ਗੁਰਮਤਿ ਦੀਆਂ ਸਿੱਖਿਆਵਾਂ ਪ੍ਰਬਲ ਹਨ, ਉਨ੍ਹਾਂ ਸਭਨਾਂ ਸਰੋਕਾਰਾਂ ਨੂੰ ਵਿਅਕਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ।


ਸਾਡਾ ਸੱਭਿਆਚਾਰਕ ਵਿਰਸਾ
ਨਹੀਂ ਲੱਭਣੇ ਰੰਗ ਗੁਆਚੇ
ਲੇਖਕ : ਸ਼ਿਵ ਸਿੰਘ ਸੂਬੇਦਾਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 98723-52884.

ਅਜੋਕੇ ਕਾਲ ਖੰਡ ਦੀ ਪ੍ਰਸੰਗਿਕਤਾ ਵਿਚ ਪੰਜਾਬੀ ਦੀ ਪਛਾਣ ਨੂੰ ਨੀਝ ਨਾਲ ਘੋਖਣ ਵਾਲਿਆਂ ਵਿਚੋਂ ਸ਼ਿਵ ਸਿੰਘ ਸੂਬੇਦਾਰ ਇਕ ਹੈ। ਪੁਸਤਕ ਦੇ ਦਸ ਅਧਿਆਇ ਪੰਜਾਬੀ ਲੋਕਾਂ ਦੀ ਜੀਵਨ ਸ਼ੈਲੀ, ਇਨ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ, ਹੱਕ-ਹਕੂਕ ਲਈ ਕੀਤੀ ਜਦੋ-ਜਹਿਦ, ਵਿਭਿੰਨ ਕਾਲ ਖੰਡਾਂ ਵਿਚ ਆਏ ਦੇਸ਼ੀ, ਵਿਦੇਸ਼ੀ ਹੁਕਮਰਾਨਾਂ, ਲੁਟੇਰਿਆਂ, ਧਾੜਵੀਆਂ ਅਤੇ ਅੰਦਰੋਂ ਅੰਦਰ ਆਪਣਿਆਂ ਵਿਚ ਪੈ ਰਹੀਆਂ ਮਿਲਵਰਤਨ, ਸਦਭਾਵਨਾ ਅਤੇ ਨੈਤਿਕ ਚੱਜ ਆਚਾਰ ਵਿਚਲੀਆਂ ਤਰੇੜਾਂ ਦਾ ਥਹੁ-ਪਤਾ ਵੀ ਇਹ ਪੁਸਤਕ ਦਰਸਾਂਦੀ ਹੈ ਅਤੇ ਵਾਪਰੇ ਇਤਿਹਾਸ, ਪਲ ਪਲ ਖਿਸਕ ਰਹੇ ਪਰਿਵਾਰਕ ਜੀਵਨ ਵਿਚੋਂ ਮੇਲ-ਮਿਲਾਪ, ਸੇਵਾ ਭਾਵਨਾ ਅਤੇ ਰਿਸ਼ਤੇ ਪ੍ਰਬੰਧ ਦੀਆਂ ਚੂਲਾਂ ਦੇ ਖਿਸਕਣ ਦੇ ਸਭਨਾਂ ਸਰੋਕਾਰਾਂ ਦਾ ਵੀ ਗੰਭੀਰ ਦਰਪਣ ਪੇਸ਼ ਕਰਦੀ ਹੈ। ਖੇਤੀ-ਸੱਭਿਆਚਾਰ ਤੋਂ ਵਪਾਰਕ-ਸੱਭਿਆਚਾਰ ਦੇ ਸੌਦਿਆਂ ਵਿਚ ਘਿਰ ਚੁੱਕੀ ਪੰਜਾਬੀਅਤ ਲਈ ਇਹ ਪੁਸਤਕ ਇਕ ਵੰਗਾਰ ਉਭਾਰਦੀ ਹੈ। ਆਪਸੀ ਨੇੜਤਾ ਦੀ ਸਥਾਪਤੀ ਲਈ ਰਿਸ਼ਤਿਆਂ ਵਿਚ ਪਾਕੀਜ਼ਗੀ ਲਿਆਉਣੀ, ਸਾਂਝੇ ਧਰਮ ਅਨੁਸ਼ਠਾਨਾਂ ਨੂੰ ਸਮਝਣਾ, ਰਲੇ-ਮਿਲੇ ਸਭਨਾਂ ਧਰਮਾਂ, ਜਾਤੀਆਂ, ਕੰਮਾਂ-ਧੰਦਿਆਂ ਨਾਲ ਜੁੜੇ ਲੋਕਾਂ ਨੂੰ ਇਕ ਸਮਾਨ ਸਮਝਣਾ, ਜੋ ਅੱਜ ਪੰਜਾਬੀ ਲੋਕ ਭੁੱਲ ਰਹੇ ਹਨ, ਉਸ ਸਬੰਧੀ ਚਿੰਤਾ ਅਤੇ ਉਸਾਰੂ ਚਿੰਤਨ ਕਰਨਾ ਵੀ ਪੁਸਤਕ ਦਾ ਹਾਸਲ ਹੈ। ਰੋਟੀ, ਕੱਪੜਾ, ਮਕਾਨ, ਸਿਹਤ ਸਿੱਖਿਆ, ਮਾਨਵੀ ਹਿਫ਼ਾਜਤੀ-ਪ੍ਰਬੰਧਨ ਵਿਚ ਤਰੁਟੀਆਂ, ਪੇਂਡੂ ਸੱਭਿਆਚਾਰ ਜੋ ਕਿ ਸਮੁੱਚੇ ਪੰਜਾਬੀ ਸੱਭਿਆਚਾਰ ਦਾ ਦਰਪਣ ਹੁੰਦਾ ਸੀ, ਵਿਚ ਆ ਰਹੀਆਂ ਬੇ-ਹੁਦਰੀਆਂ ਅਤੇ ਪਿੰਡਾਂ ਦੀ ਬਦਲ ਰਹੀ ਉਸਾਰੂ ਜਾਂ ਢਾਹੂ ਸੰਸਕ੍ਰਿਤੀ ਆਦਿ ਸਭਨਾਂ ਵਿਸ਼ਿਆਂ ਨੂੰ ਲੇਖਕ ਨੇ ਅਮਲੀ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੀੜ-ਭੜੱਕੇ, ਤੰਗ ਘਰਾਂ, ਗਲੀਆਂ, ਕੋਠਿਆਂ ਅਤੇ ਸੁਤੰਤਰ ਫਿਜ਼ਾਵਾਂ ਦਾ ਜ਼ਿਕਰ ਆਮ ਤੋਂ ਖਾਸ ਪਾਠਕਾਂ ਨੂੰ ਵੀ ਪ੍ਰਭਾਵਿਤ ਕਰਨ ਦੇ ਸਮਰੱਥ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732


ਤਿਕੋਨਾ ਸਫ਼ਰ

ਲੇਖਕ : ਦੇਵ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 175 ਰੁਪਏ, ਸਫ਼ੇ : 85
ਸੰਪਰਕ : 011-26802488.

ਦੇਵ ਕਵੀ ਅਤੇ ਚਿੱਤਰਕਾਰ ਵਜੋਂ ਸਥਾਪਤ ਸ਼ਖ਼ਸੀਅਤ ਹੈ। ਉਹ ਪਿਛਲੇ ਲੰਮੇ ਅਰਸੇ ਤੋਂ ਪਰਵਾਸ ਹੰਢਾਅ ਰਿਹਾ ਹੈ। ਪਿਛਲੀ ਅੱਧੀ ਸਦੀ ਤੋਂ ਕਵਿਤਾ ਦੇ ਖੇਤਰ ਵਿਚ ਇਕ ਦਰਜਨ ਦੇ ਕਰੀਬ ਕਾਵਿ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਇਹ ਕਵੀ ਆਪਣੀ ਕਾਵਿ ਸ਼ੈਲੀ ਅਤੇ ਵਿਲੱਖਣ ਬਿੰਬਾਵਲੀ ਨਾਲ ਨਿਵੇਕਲਾ ਸਥਾਨ ਧਾਰਨ ਕਰ ਚੁੱਕਾ ਹੈ। ਹਥਲਾ ਕਾਵਿ ਸੰਗ੍ਰਹਿ 'ਤਿਕੋਨਾ ਸਫ਼ਰ' ਉਸ ਦੀ ਸਵੈ-ਜੀਵਨੀ ਹੈ। ਭਾਵੇਂ ਕਿ ਸਵੈ-ਜੀਵਨੀ ਗਦ-ਸਾਹਿਤ ਦਾ ਇਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਰੂਪ ਹੈ, ਜਿਸ ਰਾਹੀਂ ਲੇਖਕ ਵਲੋਂ ਵਿਸਥਾਰ ਸਹਿਤ ਪਿਛੋਕੜ ਦੀ ਥਾਂ ਅੰਦਰਲੀ ਮਨੋਦਸ਼ਾ ਅਤੇ ਜੀਵਨ ਦੀ ਮਹਾਨਤਾ 'ਤੇ ਬਲ ਦਿੱਤਾ ਜਾਂਦਾ ਹੈ। ਦੇਵ ਇਸ ਤਰ੍ਹਾਂ ਦੀਆਂ ਰਵਾਇਤਾਂ ਨੂੰ ਤੋੜ ਕੇ ਇਸ ਸਵੈ-ਜੀਵਨੀ ਵਿਚ ਘਟਨਾਵਾਂ ਦੀ ਨਾ ਤਾਂ ਬਿਰਤਾਂਤਕ ਉਸਾਰੀ ਕਰਦਾ ਹੈ ਤੇ ਨਾ ਹੀ ਘਟਨਾਵਾਂ ਰਾਹੀਂ ਆਪਣੇ ਸਵੈ ਦੀ ਮਹਿਮਾ ਦਾ ਗਾਇਣ ਕਰਦਾ ਹੈ। ਉਹ ਕਾਵਿਕ ਬੁਝਾਰਤਾਂ ਰਾਹੀਂ ਮਨ ਦੀਆਂ ਪਰਤਾਂ ਦਾ ਵਿਸ਼ਲੇਸ਼ਣ ਕਰਦਾ ਹੈ। ਦੇਵ ਦੀ ਕਾਵਿ ਪੁਸਤਕ ਦੇ ਮੁੱਖ ਬੰਦ ਵਿਚ ਡਾ: ਸਰਬਜੀਤ ਸਿੰਘ ਲਿਖਦਾ ਹੈਂ'ਦੇਵ ਆਪਣੀ ਕਵਿਤਾ, ਕਲਾ ਅਤੇ ਕਿਰਦਾਰ ਵਿਚ ਇਸੇ ਕਰਕੇ ਵੱਖਰਾ ਹੈ ਕਿ ਉਹ ਵੱਗ 'ਚ ਜਮ੍ਹਾਂ ਹੋ ਕੇ ਭੀੜ ਬਣਨ ਤੋਂ ਇਨਕਾਰੀ ਹੈ। ਆਧੁਨਿਕਤਾ ਦੇ ਨਾਂਅ ਹੇਠ ਉਹ ਦੰਭ ਰਚਣ ਦਾ ਦਮ ਨਹੀਂ ਭਰਦਾ ਸਗੋਂ ਆਪਣੇ ਨਵੇਂ ਰਸਤਿਆਂ ਦਾ ਸਿਰਜਕ ਹੈ। (ਪੰਨਾ 15) ਦੇਵ ਕੋਲ ਆਪਾ ਪ੍ਰਗਟਾਵੇ ਦੇ ਦੋ ਮਾਧਿਅਮ ਹਨਂਰੰਗ ਅਤੇ ਸ਼ਬਦ। ਕਵਿਤਾ ਵਿਚ ਸਵੈ-ਜੀਵਨੀ ਲਿਖਣ ਵਿਚ ਸਫ਼ਲ ਯਤਨ ਡਾ: ਜਸਵੰਤ ਸਿੰਘ ਨੇਕੀ ਨੇ ਕੀਤਾ ਸੀ। ਉਸ ਨੇ ਕਾਵਿ ਭਾਸ਼ਾ, ਸ਼ੈਲੀ ਅਤੇ ਬਿੰਬ ਸਫ਼ਲਤਾ ਸਹਿਤ ਵਰਤੇ ਸਨ। ਐਪਰ ਦੇਵ ਦੀ ਇਹ ਸਵੈ-ਜੀਵਨੀ ਪਾਠਕ ਨੂੰ ਘੁੰਮਣ ਘੇਰੀਆਂ ਵਿਚ ਪਾ ਕੇ ਉਲਝਾ ਦਿੰਦੀ ਹੈ। ਰਵਾਇਤੀ ਭਾਂਤ ਦੀ ਕਵਿਤਾ ਦਾ ਪਾਠਕ ਉਸ ਦੇ ਰਚੇ ਦ੍ਰਿਸ਼ਾਂ ਨੂੰ ਮਾਣ ਨਹੀਂ ਸਕਦਾ। ਫਿਰ ਵੀ ਉਸ ਦੇ ਸ਼ਬਦ ਚਿੱਤਰ ਤੇ ਬਿੰਬ ਚਕ੍ਰਿਤ ਕਰਨ ਵਾਲੇ ਹਨ। ਭਾਵੇਂ ਕਿ ਉਸ ਦੇ ਨਿੱਜੀ ਜੀਵਨ ਬਾਰੇ ਕੁਝ ਪਤਾ ਨਹੀਂ ਲਗਦਾ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਤੁਸੀਂ 91ਛ ਕਿਵੇਂ ਬਣੋਗੇ ਭਾਗ 2
ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 300 ਰੁਪਏ, ਸਫ਼ੇ : 334
ਸੰਪਰਕ : 78377-18723.

ਇਸ ਪੁਸਤਕ ਨੂੰ ਲਗਪਗ 19 ਸਿਰਲੇਖ ਵਿਚ ਵੰਡਿਆ ਗਿਆ ਹੈ ਤੇ ਹਰ ਸਿਰਲੇਖ ਅਗਵਾਈ ਕਰਦਾ ਹੈ ਕਿ ਅਸੀਂ ਆਈ.ਏ.ਐਸ. ਦੀ ਤਿਆਰੀ ਕਿਵੇਂ ਕਰੀਏ। ਜਿਵੇਂ ਮੁੱਢ ਵਿਚ ਹੀ ਲਿਖਿਆ ਹੈ ਕਿ ਤੁਹਾਡੇ ਵਿਚ ਅਜਿਹਾ ਕੀ ਹੈ ਕਿ ਤੁਸੀਂ ਇਸ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹੋ। ਅਗਲੇ ਕਾਂਡਾਂ ਵਿਚ ਬੇਸਿਕਸ ਦੀ ਧਾਰਨਾ ਤੇ ਤਿਆਰੀ ਕਰਨੀ, ਵਿਸ਼ਲੇਸ਼ਣ ਕਰਨ ਦੀ ਸਮਰੱਥਾ ਦਾ ਵਿਕਾਸ ਲਾਜ਼ਮੀ ਹੈ, ਸਿਵਿਲ ਸੇਵਾ ਪ੍ਰੀਖਿਆ ਵਿਚ ਕਾਮਨ ਸੈਂਸ ਦਾ ਹੋਣਾ ਕਿਉਂ ਤੇ ਕਿੰਨਾ ਲਾਜ਼ਮੀ ਹੈ। ਪ੍ਰੀਖਿਆ ਦਿੰਦੇ ਸਮੇਂ ਸੰਪਾਦਕੀ ਲੇਖਾਂ ਅਤੇ ਟਿੱਪਣੀ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਏ, ਮਾਧਿਅਮ ਅੰਗਰੇਜ਼ੀ ਹੋਵੇ ਜਾਂ ਹਿੰਦੀ, ਤਿਆਰੀ ਕਰਦੇ ਹੋਏ ਮਨੋਵਿਗਿਆਨਕ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰੀਏ, ਅਗਲੀ ਗੱਲ ਜੋ ਜ਼ਰੂਰੀ ਹੈ ਉਹ ਹੈ ਤਿਆਰੀ ਕਰਨ ਲਈ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਹੈ ਪ੍ਰਾਥਮਿਕ ਪ੍ਰੀਖਿਆ ਦੀ ਰਣਨੀਤੀ ਤਿਆਰ ਕਰਨੀ, ਤੇ ਫਿਰ ਮੁੱਖ ਪ੍ਰੀਖਿਆ ਦੀ ਏਨਾ ਹੀ ਨਹੀਂ ਮੁੱਖ ਪ੍ਰੀਖਿਆ ਵਿਚ ਸਕੋਰ ਦੀ ਰਣਨੀਤੀ ਤਿਆਰ ਕਰਨੀ ਵੀ ਲਾਜ਼ਮੀ ਹੈ। ਆਈ.ਏ.ਐਸ. ਵਾਸਤੇ ਲਾਜ਼ਮੀ ਹੈ ਆਪਣੀ ਰੈਂਕਿੰਗ ਨੂੰ ਬਿਹਤਰ ਬਣਾਉਣਾ, ਡਿਟੇਲਿੰਗ ਦੀ ਤਾਕਤ ਪੈਦਾ ਕਰਨੀ, ਲਿਖਣ ਦਾ ਵਾਰ-ਵਾਰ ਅਭਿਆਸ ਕਰਨਾ, ਉੱਤਰ ਲਿਖ ਕੇ ਫਿਰ ਉਸ ਨੂੰ ਜਾਂਚਣਾ, ਪ੍ਰੀਖਿਆ ਲਈ ਅਹਿਮ ਪ੍ਰਸ਼ਨਾਂ ਦੀ ਚੋਣ ਕਰਨੀ ਆਦਿ। ਪੁਸਤਕ ਦੇ ਅੰਤ ਵਿਚ ਲੇਖਕ ਨੇ ਪ੍ਰੀਖਿਆ ਬਾਰੇ ਕੁਝ ਵਿਵਹਾਰਕ ਗੱਲਾਂ ਕੀਤੀਆਂ ਹਨ ਜੋ ਪ੍ਰੀਖਿਆ ਸਮੇਂ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਹਨ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਪ੍ਰੀਖਿਆ ਤੋਂ ਦੋ ਮਹੀਨੇ ਪਹਿਲਾਂ ਟਾਈਮ ਟੇਬਲ ਬਣਾ ਕੇ ਉਸ ਅਨੁਸਾਰ ਤਿਆਰੀ ਕਰਨੀ ਚਾਹੀਦੀ ਹੈ ਤਾਂ ਕਿ ਪ੍ਰੀਖਿਆ ਦੇ ਸਮੇਂ ਕੋਈ ਔਕੜ ਪੇਸ਼ ਨਾ ਆਏ। ਇਸ ਤਰ੍ਹਾਂ ਲੇਖਕ ਨੇ ਬੜੇ ਵਿਸਥਾਰ ਨਾਲ ਆਈ.ਏ.ਐਸ. ਦੀ ਤਿਆਰੀ ਬਾਰੇ ਚਾਨਣਾ ਪਾਇਆ ਹੈ ਜੋ ਪ੍ਰਤਿਯੋਗੀਆਂ ਲਈ ਲਾਹੇਵੰਦ ਸਾਬਤ ਹੋਏਗਾ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਵਕਤਨਾਮਾ
ਲੇਖਕ : ਪ੍ਰੋ: ਦਾਤਾਰ ਸਿੰਘ
ਪ੍ਰਕਾਸ਼ਕ : ਸ਼ੇਰੇ ਪੰਜਾਬ ਪ੍ਰਕਾਸ਼ਨ, ਸ੍ਰੀ ਮੁਕਤਸਰ ਸਾਹਿਬ
ਮੁੱਲ : 100 ਰੁਪਏ, ਸਫ਼ੇ : 119
ਸੰਪਰਕ : 98157-04108.

ਵਿਚਾਰ-ਗੋਚਰੀ ਪੁਸਤਕ, ਆਪਣੀ ਕਿਸਮ ਦੀ ਵਿਲੱਖਣ ਕਾਵਿ-ਰਚਨਾ ਹੈ। ਵਿਦਵਾਨ ਲੇਖਕ ਨੇ ਇਸ ਦੋਹਾ-ਵਿਧੀ (ਅੱਤ ਪੁਰਾਤਨ ਸਨਾਤਨੀ ਕਾਵਿ-ਸ਼ੈਲੀ) ਦੇ ਜ਼ਰੀਏ ਮੌਜੂਦਾ ਦੌਰ ਦੀ ਸਮਾਜੀ, ਰਾਜਸੀ, ਆਰਥਿਕ ਲੁੱਟ-ਖਸੁੱਟ, ਪ੍ਰਸ਼ਾਸਨ ਤੇ ਹਕੂਮਤਾਂ ਵਲੋਂ ਲੋਕਾਂ ਨਾਲ ਵਿਸ਼ਵਾਸਘਾਤ, ਸੱਚੀਆਂ-ਸੁੱਚੀਆਂ ਮਾਨਵੀ ਕਦਰਾਂ-ਕੀਮਤਾਂ ਵਿਚ ਆਏ ਅੰਤਾਂ ਦੇ ਨਿਘਾਰ, ਦਵੰਧ, ਪਖੰਡ, ਲੂੰਬੜ ਚਾਲਾਂ ਅਤੇ ਦੰਭ ਦਾ ਬੜੇ ਭਾਵ-ਪੂਰਤ ਦੋਹਿਆਂ ਰਾਹੀਂ ਪਰਦਾਫਾਸ਼ ਕੀਤਾ ਹੈ। ਉਸ ਦੇ ਦੋਹੇ, ਉਸ ਦੇ (ਅਤੇ ਜਨ ਸਾਧਾਰਨ) ਦੀ ਅੰਤਰ ਪੀੜਾ, ਦਸ਼ਾ ਤੇ ਤ੍ਰਾਸਦੀ ਦਾ ਠੋਸ ਪ੍ਰਗਟਾਵਾ ਹੈ। ਪਹਿਲੇ ਅਧਿਆਇ ਵਿਚ 'ਦੋਹੇ ਦੇ ਪਿਛੋਕੜ ਅਤੇ ਵਰਤਮਾਨ' ਬਾਰੇ ਬੜੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਪ੍ਰੋ: ਸਾਹਿਬ ਦੇ ਰਚੇ ਦੋਹੇ, ਸ਼ੂਕਦੇ ਦਰਿਆ ਦੀ ਰਵਾਨੀ ਵਰਗੇ ਨੇ। ਕੁਝ ਉਦਾਹਰਨਾਂ ਵੇਖਦੇ ਹਾਂ:
ਬਾਪ ਜਿਨ੍ਹਾਂ ਦੇ ਮੁੱਖ ਮੰਤਰੀ, ਪੁੱਤ ਬਣਨ ਲਖਮੀਰ
ਚੱਪਾ ਚੱਪਾ ਰਾਜ ਦਾ, ਬਾਪੂ ਦੀ ਜਾਗੀਰ। (ਮੌਜੂਦਾ ਰਾਜਨੀਤੀ)
ਉਹ ਨੇ ਮੱਲਾਂ ਮਾਰਦੇ, ਅੱਗੇ ਅੱਗੇ ਚੱਲ
ਉੱਚੀ ਚੋਟੀ ਚੜ੍ਹਨ ਦਾ, ਹੋਇ ਜਿਨ੍ਹਾਂ ਨੂੰ ਵੱਲ। (ਪੰਨਾ 22) (ਜੀਵਨ ਜਾਚ)
ਢਕੇ ਪਤੀਲੇ ਖੌਲਦਾ, ਪਾਣੀ ਜਾਏ ਸੁੱਕ
ਅੰਦਰੋਂ ਅੰਦਰੀਂ ਰਿੱਝਦਾ, ਬੰਦਾ ਜਾਏ ਮੁੱਕ। (ਪੰਨਾ 55) (ਮਾਨਵੀ ਚਿੰਤਾ)
ਧਨ ਦੀ ਅੰਨ੍ਹੀ ਦੌੜ ਹੈ, ਨਿੱਤ ਦੇ ਆਤਮਘਾਤ
ਕੀਤੀ ਵੋਟ ਸੁਦਾਗਰਾਂ, ਨਸ਼ਿਆਂ ਦੀ ਹਿਮਪਾਤ। (ਪੰਨਾ 66) (ਨਸ਼ਾਖੋਰੀ+ਰਾਜਨੀਤੀ)
ਤੋਟਾਂ, ਸੋਕੇ-ਮਾਰਿਆਂ ਨੂੰ ਕੀ ਸ਼ੁੱਭ ਅਹਿਸਾਸ
ਹੋਵੇ ਗਣਤੰਤਰ ਦਿਵਸ, ਜਾਂ ਆਜ਼ਾਦੀ ਖ਼ਾਸ। (ਆਰਥਿਕ ਪਾੜਾ)
ਸਮੁੱਚੇ ਤੌਰ 'ਤੇ ਪ੍ਰੋ: ਦਾਤਾਰ ਸਿੰਘ ਦੀ ਇਸ ਪੁਸਤਕ ਵਿਚਲਾ ਹਰ ਦੋਹਾ ਪੜ੍ਹਨ ਅਤੇ ਵਿਚਾਰਨਯੋਗ ਹੈ।

ਤੀਰਥ ਸਿੰਘ ਢਿੱਲੋਂ।
tirathsinghdhillon04@gmail.com


ਸਮੇਂ ਦੇ ਹਾਣੀ
ਲੇਖਕ : ਅਮਰੀਕ ਸਿੰਘ ਕੰਗ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 78377-18723
.

ਸਮੇਂ ਦੇ ਹਾਣੀ ਪੁਸਤਕ ਵਿਚ ਸ਼ਾਮਿਲ ਰਚਨਾਵਾਂ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਹਨ। ਕਵੀ ਬੜੀ ਬੇਬਾਕੀ ਨਾਲ ਰਾਜਨੀਤਕ ਅਤੇ ਸਮਾਜਿਕ ਵਿਸ਼ਿਆਂ ਨੂੰ ਛੋਂਹਦਾ ਹੈ। ਉਹ ਭਾਰਤੀ ਰਾਜਨੀਤਕ ਪ੍ਰਬੰਧ ਵਿਚਲੀ ਸਥਿਤੀ ਤੋਂ ਨਿਰਾਸ਼ ਹੈ। ਉਹ ਧੀਆਂ ਦੀ ਸਮਾਜ ਵਿਚ ਹੋ ਰਹੀ ਬੇਪਤੀ ਤੋਂ ਨਿਰਾਸ਼ ਹੈ। ਉਹ ਨਵੇਂ ਯੁੱਗ ਦੀ ਸ਼ੁਰੂਆਤ ਦੀ ਉਮੀਦ ਕਰਦਾ ਹੈ ਜਿਥੇ ਧੀਆਂ ਦੀ ਕਦਰ ਹੋਵੇਗੀ।
ਕਵੀ ਉਨ੍ਹਾਂ ਜਥੇਬੰਦੀਆਂ ਨੂੰ ਜੋ ਸਮਾਜ ਵਿਚ ਬਰਾਬਰੀ ਅਤੇ ਸੁਨਹਿਰੀ ਯੁੱਗ ਚਾਹੁੰਦੀਆਂ ਹਨ, ਰਲ-ਮਿਲ ਕੇ ਰਹਿਣ ਅਤੇ ਗੁੱਟਬੰਦੀਆਂ ਤੋਂ ਉੱਪਰ ਉੱਠਣ ਲਈ ਸੁਚੇਤ ਕਰਦਾ ਹੈ। ਵਰਤਮਾਨ ਰਾਜਨੀਤਕ ਤਸਵੀਰ ਕੁਰਬਾਨੀ, ਤਿਆਗ ਅਤੇ ਸੇਵਾ ਦੀ ਥਾਂ ਸਵਾਰਥ, ਮਤਲਬਪ੍ਰਸਤੀ, ਬੇਇਮਾਨੀ ਪਸਰੀ ਵੇਖ ਕੇ ਕਵੀ ਚਿੰਤਤ ਹੈ। ਕਵੀ ਪੱਛਮੀ ਮੁਲਕਾਂ ਵਿਚ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚਲੀਆਂ ਕਮਜ਼ੋਰੀਆਂ ਅਤੇ ਖਾਮੀਆਂ ਨੂੰ ਵੀ ਮਹਿਸੂਸ ਕਰਦਾ ਹੈ ਅਤੇ ਪਰਵਾਸ ਹੰਢਾਅ ਰਹੇ ਭਾਰਤੀਆਂ ਦੀ ਮਾਨਸਿਕ ਅਵਸਥਾ ਤੋਂ ਵੀ ਜਾਣੂ ਕਰਵਾਉਂਦਾ ਹੈ। 1984 ਦੇ ਦੰਗਿਆਂ ਬਾਰੇ ਵੀ ਕਵੀ ਨੇ ਕਾਵਿ ਰਚਨਾ ਕੀਤੀ ਹੈ।
ਰੁਮਾਂਟਿਕ ਭਾਵਾਂ ਦੀ ਵੀ ਕਿਧਰੇ-ਕਿਧਰੇ ਝਲਕ ਮਿਲਦੀ ਹੈ। ਇਕ ਪੁਸਤਕ ਵਿਚ ਸ਼ਾਮਿਲ 42 ਕਵਿਤਾਵਾਂ ਵਿਚ ਵਿਸ਼ੇ ਪੱਖੋਂ ਕੋਈ ਬਹੁਤੀ ਵਿਭਿੰਨਤਾ ਵੇਖਣ ਨੂੰ ਨਹੀਂ ਮਿਲਦੀ। ਕੁਝ ਕੁ ਕਵਿਤਾਵਾਂ ਨੂੰ ਛੱਡ ਕੇ ਬਹੁਤੀਆਂ ਕਵਿਤਾਵਾਂ ਕਵੀ ਦੀ ਕਾਵਿ-ਭਾਸ਼ਾ ਵਿਚਲੀਆਂ ਕਈ ਕਮਜ਼ੋਰੀਆਂ ਨੂੰ ਵੀ ਪ੍ਰਗਟ ਕਰਦੀਆਂ ਹਨ। ਕਵੀ ਸਮਾਜਿਕ ਨਾ ਬਰਾਬਰੀ ਦੇ ਵਿਸ਼ੇ ਨੂੰ ਛੋਂਹਦਾ ਹੋਇਆ ਖੁੱਲ੍ਹੀਆਂ ਕਵਿਤਾਵਾਂ ਦੀ ਵੀ ਰਚਨਾ ਕਰਦਾ ਹੈ।
ਫਿਰ ਇਕ ਲੋਕ ਹੜ੍ਹ ਉਠੇਗਾ
ਟਿਕ ਨ ਸਕੇਗਾ ਜਿਸ ਦੇ ਅੱਗੇ
ਕੋਈ ਵੀ ਲਸ਼ਕਰ ਤੇਰਾ/ਭਾਵੇਂ ਉਹ ਅੱਜ ਤੱਕ
ਸਬਰ ਦੇ ਘੁੱਟ ਹੀ ਭਰਦਾ ਰਿਹਾ ਏ!!
ਸਮੁੱਚੀਆਂ ਕਵਿਤਾਵਾਂ ਵਿਚ ਕਵੀ ਬੜੀ ਸਾਦਗੀ ਅਤੇ ਸੁਭਾਵਿਕਤਾ ਨਾਲ ਮਨ ਦੀ ਗੱਲ ਕਰਦਾ ਕਈ ਪਰਤਾਂ ਫਰੋਲ ਜਾਂਦਾ ਹੈ। ਉਹ ਵਿਅੰਗ ਦੀ ਜੁਗਤ ਵੀ ਪ੍ਰਯੋਗ ਵਿਚ ਲਿਆਉਂਦਾ ਹੋਇਆ ਕਾਵਿ ਰਚਨਾ ਕਰਦਾ ਹੈ। 'ਕਲਖੰਡ', 'ਇਹ ਇੰਦਰਾ ਦੇ ਭਾਈ', 'ਗਵਾਰ ਮਾਹੀਆ' ਕਵਿਤਾਵਾਂ ਇਸ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ।

ਕੁਲਜੀਤ ਕੌਰ ਅਠਵਾਲ।


ਮਨੂੰਵਾਦ ਹਟਾ ਕੇ, ਮਾਨਵਤਾਵਾਦ ਲਿਆਉਣਾ ਹੈ
ਸੰਪਾਦਕ : ਧਰਮਪਾਲ ਕਠਾਰ
ਪ੍ਰਕਾਸ਼ਕ : ਬਾਬਾ ਸਾਹਿਬ ਅੰਬੇਡਕਰ ਵੈੱਲਫੇਅਰ ਟਰੱਸਟ (ਰਜਿ:) ਕੂਪਰ ਢੇਪਰ, ਜਲੰਧਰ
ਮੁੱਲ : 150 ਰੁਪਏ, ਸਫ਼ੇ : 157
ਸੰਪਰਕ : 94638-78242.

ਇਸ ਪੁਸਤਕ ਵਿਚ ਲੇਖਕ ਸਾਹਿਬ ਸ੍ਰੀ ਕਾਸ਼ੀ ਰਾਮ ਵਲੋਂ ਪੰਜਾਬ ਵਿਚ 7 ਤੋਂ ਲੈ ਕੇ 13 ਫਰਵਰੀ, 2000 ਤੱਕ ਦੇ ਬਹੁਜਨ ਸੰਗਠਨ ਦੀ ਮਜ਼ਬੂਤੀ ਅਤੇ ਜਾਗ੍ਰਿਤੀ ਪੈਦਾ ਕਰਨ ਹਿਤ ਕੀਤੇ ਗਏ ਭਾਸ਼ਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਭਾਸ਼ਣਾਂ ਵਿਚੋਂ ਉਨ੍ਹਾਂ ਦੀ ਸੋਚ ਅਤੇ ਚਿੰਤਨ ਦੇ ਕਈ ਪਹਿਲੂਆਂ ਦੀ ਥਾਹ ਮਿਲਦੀ ਹੈ। ਉਹ ਭਾਰਤ ਸਰਕਾਰ ਵਲੋਂ ਸੰਵਿਧਾਨ ਦੀ ਸਮੀਖਿਆ ਕਰਵਾਏ ਜਾਣ ਦੇ ਖਿਲਾਫ਼ ਹਨ।
ਮਨੂੰਵਾਦ ਨੂੰ ਰੱਦ ਕਰਕੇ ਜਾਤ ਰਹਿਤ ਸਮਾਜ ਦੀ ਸਥਾਪਨਾ ਕਰਨੀ ਚਾਹੁੰਦੇ ਹਨ। ਰਾਖਵਾਂਕਰਨ ਨੂੰ ਆਪਣਾ ਸੰਵਿਧਾਨਕ ਹੱਕ ਸਮਝਦੇ ਹਨ। ਵੋਟ ਰਾਹੀਂ ਰਾਜਨੀਤਕ ਸੱਤਾ ਪ੍ਰਾਪਤ ਕਰਨੀ ਚਾਹੁੰਦੇ ਹਨ। ਰਾਜਨੀਤਕ ਸੱਤਾ ਮਿਲਦੇ ਹੀ ਜਾਤੀ ਰਹਿਤ ਸਮਾਜ ਦੀ ਸੰਭਾਵਨਾ ਹੋ ਸਕਦੀ ਹੈ। ਇਸ ਪੁਸਤਕ ਰਾਹੀਂ ਪਾਠਕ ਸਾਹਿਬ ਕਾਸ਼ੀ ਰਾਮ ਦੇ ਜੀਵਨ, ਉਨ੍ਹਾਂ ਦੇ ਅੰਦੋਲਨ, ਵਿਚਾਰਧਾਰਾ ਅਤੇ ਉਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਹੈ, ਬਾਰੇ ਜਾਣ ਸਕਦੇ ਹਾਂ। ਬਹੁਜਨ ਸਮਾਜ ਪਾਰਟੀ ਦੀ ਸਥਾਪਨਾ 14 ਅਪ੍ਰੈਲ, 1984 ਨੂੰ ਕੀਤੀ ਗਈ ਤੇ ਉਸ ਤੋਂ ਬਾਅਦ ਇਸ ਸੰਗਠਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਹਿਬ ਕਾਸ਼ੀ ਰਾਮ ਨੇ ਆਪਣੀ ਜ਼ਿੰਦਗੀ ਦੇ ਮੁਢਲੇ ਦੌਰ ਵਿਚ ਤਿੰਨ ਪ੍ਰਣ ਕੀਤੇ ਸਨ। ਪਹਿਲਾਂ, ਸ਼ਾਦੀ ਨਹੀਂ ਕਰਵਾਉਣੀ। ਦੂਸਰਾ ਕੋਈ ਜਾਇਦਾਦ ਨਹੀਂ ਬਣਵਾਉਣੀ ਤੇ ਤੀਸਰਾ ਕਦੀ ਬਿਮਾਰ ਨਹੀਂ ਪੈਣਾ। ਉਪਰਲੇ ਦੋ ਪ੍ਰਣਾਂ 'ਤੇ ਉਨ੍ਹਾਂ ਸਾਰੀ ਉਮਰ ਡਟ ਕੇ ਪਹਿਰਾ ਦਿੱਤਾ।
ਸਾਹਿਬ ਕਾਸ਼ੀ ਰਾਮ ਦੇ ਭਾਸ਼ਣਾਂ ਤੋਂ ਇਲਾਵਾ ਇਸ ਪੁਸਤਕ ਵਿਚ ਪ੍ਰੋ: ਵਿਵੇਕ, ਸਤੀਸ਼ ਭਾਰਤੀ, ਅਸ਼ਵਨੀ ਕੁਮਾਰ ਬਲਾਚੌਰ, ਬਲਵਿੰਦਰ ਕੌਰ ਦੇ ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਤੋਂ ਬਹੁਜਨ ਸਮਾਜ ਅਤੇ ਸਾਹਿਬ ਕਾਸ਼ੀ ਰਾਮ ਦੇ ਜੀਵਨ ਦੇ ਕਈ ਅਹਿਮ ਵੇਰਵੇ ਮਿਲਦੇ ਹਨ।

ਕੇ. ਐਲ. ਗਰਗ
ਮੋ: 94635-37050.


ਸ਼ਬਦਾਂ ਦੇ ਜਾਦੂਗਰ
ਲੇਖਕ : ਸ਼ਿਵ ਇੰਦਰ ਸਿੰਘ
ਪ੍ਰਕਾਸ਼ਕ : ਸੂਹੀ ਸਵੇਰ ਮੀਡੀਆ ਪਬਲੀਕੇਸ਼ਨਜ਼
ਮੁੱਲ : 150 ਰੁਪਏ, ਸਫ਼ੇ : 123
ਸੰਪਰਕ : 99154-11894.

ਇਸ ਪੁਸਤਕ ਵਿਚ ਦਰਜ ਮੁਲਾਕਾਤਾਂ ਲੇਖਕ ਵਲੋਂ ਇਨ੍ਹਾਂ ਵਿਅਕਤੀਆਂ ਨਾਲ ਵੱਖ-ਵੱਸ਼ ਸਮਿਆਂ ਦੌਰਾਨ ਕਰਕੇ ਇਕੋਲਿਤਰੇ ਰੂਪ ਵਿਚ ਪ੍ਰਕਾਸ਼ਿਤ ਕਰਵਾਈਆਂ ਅਤੇ ਫਿਰ ਇਕ ਥਾਂ 'ਤੇ ਸਾਰੀਆਂ ਇਕੱਠੀਆਂ ਕਰਕੇ ਸਾਂਭਣ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਲੇਖਕ ਵਲੋਂ ਕੁੱਲ 11 ਮੁਲਾਕਾਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਕੇਵਲ ਦੋ ਮੁਲਾਕਾਤਾਂ ਇਕ ਹਿਮਾਸ਼ੂੰ ਕੁਮਾਰ ਅਤੇ ਦੂਸਰੀ ਗੁਰਦੇਵ ਢਿੱਲੋਂ ਉਰਫ਼ ਭਜਨੇ ਅਮਲੀ ਦੀ ਹੈ ਜੋ ਇਕ ਰਾਜਨੀਤਕ ਵਿਅਕਤੀ ਅਤੇ ਕਾਮੇਡੀਅਨ ਦੀ ਹੈ ਬਾਕੀ 9 ਮੁਲਾਕਾਤਾਂ ਸਾਹਿਤ ਦੇ ਖੇਤਰ ਦੇ ਵਿਸ਼ੇਸ਼ ਕਰਕੇ ਪੰਜਾਬੀ ਸਾਹਿਤ ਦੇ ਖੇਤਰ ਦੀਆਂ ਨਾਮਵਰ ਹਸਤੀਆਂ ਦੀਆਂ ਹਨ, ਜਿਨ੍ਹਾਂ ਵਿਚ ਇੰਦਰਜੀਤ ਹਸਨਪੁਰੀ, ਇਕਬਾਲ ਰਾਮੂਵਾਲੀਆ, ਦਰਸ਼ਨ ਸਿੰਘ ਆਸ਼ਟ, ਨਿਰੰਜਨ ਤਸਨੀਮ, ਪ੍ਰੇਮ ਗੋਰਖੀ, ਭਗਵਾਨ ਢਿੱਲੋਂ, ਮਹਿੰਦਰ ਸਿੰਘ ਮਾਨੂੰਪੁਰੀ, ਮਿੱਤਰਸੈਨ ਮੀਤ ਅਤੇ ਅਵਤਾਰ ਬਿਲਿੰਗ ਦੇ ਨਾਂਅ ਪ੍ਰਮੁੱਖ ਹਨ।
ਇਹ ਸਾਰੇ ਨਾਂਅ ਪੁਸਤਕ ਵਿਚ ਅੱਖਰਕ੍ਰਮ ਅਨੁਸਾਰ ਹਨ। ਇਸ ਪੁਸਤਕ ਵਿਚ ਦਰਜ ਮੁਲਾਕਾਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਇਨ੍ਹਾਂ ਵਿਚ ਇਨ੍ਹਾਂ ਹਸਤੀਆਂ ਦੀ ਨਿੱਜੀ ਅਤੇ ਪਰਿਵਾਰਕ ਜ਼ਿੰਦਗੀ ਬਾਰੇ ਵਿਸਥਾਰਤ ਵੇਰਵੇ ਦਰਜ ਹਨ, ਉਥੇ ਉਨ੍ਹਾਂ ਦੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੇ ਲੇਖਣੀ ਦੀ ਮੂਲ-ਸੁਰ ਦੇ ਨਾਲ-ਨਾਲ ਮੁੱਖ ਸਰੋਕਾਰਾਂ ਦੀ ਗੱਲ ਵੀ ਕੀਤੀ ਹੈ। ਮਿਸਾਲ ਵਜੋਂ ਇੰਦਰਜੀਤ ਹਸਨਪੁਰੀ ਦੀ ਲੇਖਣੀ ਦੇ ਸਫ਼ਰ ਦੇ ਨਾਲ-ਨਾਲ ਫ਼ਿਲਮੀ ਸਫ਼ਰ, ਮਿੱਤਰਸੈਨ ਮੀਤ ਦੇ ਨਾਵਲਾਂ ਵਿਚਲੀ ਪ੍ਰਸ਼ਾਸਕੀ ਢਾਂਚੇ 'ਤੇ ਚੋਟ, ਇਕਬਾਲ ਰਾਮੂਵਾਲੀਆ ਦਾ ਕਵੀਸ਼ਰੀ ਤੋਂ ਕੈਨੇਡਾ ਤੱਕ ਦਾ ਸਫ਼ਰ, ਪ੍ਰੇਮ ਗੋਰਖੀ ਦੀਆਂ ਕਹਾਣੀਆਂ ਵਿਚ ਹਾਸ਼ੀਆਗਤ ਮਨੁੱਖ ਦੀ ਪੇਸ਼ਕਾਰੀ ਤੋਂ ਇਲਾਵਾ ਨਿਰੰਜਨ ਤਸਨੀਮ, ਦਰਸ਼ਨ ਸਿੰਘ ਆਸ਼ਟ ਅਤੇ ਬਾਕੀ ਸਾਹਿਤਾਕਾਰਾਂ ਨਾਲ ਕੀਤੀਆਂ ਮੁਲਾਕਾਤਾਂ ਵਿਚ ਪੰਜਾਬੀ ਸਾਹਿਤ ਦੇ ਨਵੇਂ ਰੁਝਾਨਾਂ ਬਾਰੇ ਘੋਖਵੀਂ ਪੜਤਾਲ ਅਤੇ ਸੰਵਾਦ ਰਚਾਇਆ ਗਿਆ ਹੈ।


ਇਕ ਅਣਕਹੀ ਕਹਾਣੀ

ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 247
ਸੰਪਰਕ : 94177-41788.

'ਇਕ ਅਣਕਹੀ ਕਹਾਣੀ' ਜਸਦੇਵ ਸਿੰਘ ਧਾਲੀਵਾਲ ਦੀ ਸਵੈ-ਜੀਵਨੀ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਸੰਘਰਸ਼ ਦੀ ਗਾਥਾ ਨੂੰ ਵਿਸਥਾਰਤ ਰੂਪ ਵਿਚ ਪੇਸ਼ ਕੀਤਾ ਹੈ। ਆਪਣੇ ਜਨਮ ਆਦਿ ਬਾਰੇ ਦੱਸਣ ਤੋਂ ਬਾਅਦ ਆਪਣੀ ਪੜ੍ਹਾਈ ਦੇ ਵੇਰਵੇ ਦਰਜ ਕੀਤੇ ਹਨ ਪਰ ਇਨ੍ਹਾਂ ਪੜ੍ਹਾਈ ਦੇ ਵੇਰਵਿਆਂ ਨੂੰ ਉਸ ਨੇ ਆਪਣੀ ਪੂਰੀ ਆਤਮ-ਕਥਾ ਵਿਚ ਫੈਲਾਇਆ ਹੈ। ਕਿਉਂਕਿ ਇਸੇ ਪੜ੍ਹਾਈ ਦੇ ਸੰਘਰਸ਼ ਸਦਕਾ ਹੀ ਲੇਖਕ ਨੇ ਕਈ ਨੌਕਰੀਆਂ ਕੀਤੀਆਂ ਪਰ ਅੱਗੇ ਵਧਣ ਦੀ ਇੱਛਾ ਦਿਲ ਵਿਚ ਲੈ ਕੇ ਇਨ੍ਹਾਂ ਨੌਕਰੀਆਂ ਨੂੰ ਛੱਡਿਆ ਵੀ ਅਤੇ ਉੱਚ-ਵਿੱਦਿਆ ਵੀ ਗ੍ਰਹਿਣ ਕੀਤੀ। ਕਿੱਤਾ ਮੁਖੀ ਸਿੱਖਿਆ ਗ੍ਰਹਿਣ ਕਰਨੀ ਫਿਰ ਅਧਿਆਪਕੀ ਸਫ਼ਰ, ਬੀ.ਡੀ.ਓ. ਦੀ ਨੌਕਰੀ ਤੋਂ ਬਾਅਦ ਏ.ਡੀ.ਸੀ. ਦਾ ਅਹੁਦਾ ਉਸ ਦੀ ਜ਼ਿੰਦਗੀ ਦੇ ਸੰਘਰਸ਼ ਵਿਚੋਂ ਹੀ ਉਸ ਨੂੰ ਪ੍ਰਾਪਤ ਹੋਇਆ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਪਰਿਵਾਰਕ ਅਤੇ ਰਿਸ਼ਤੇਦਾਰੀਆਂ ਦੇ ਵੇਰਵੇ ਵੀ ਬਹੁਤ ਗਹਿਰਾਈ ਨਾਲ ਦਿੱਤੇ ਹਨ। ਉਸ ਨੇ ਆਪਣੇ ਦੁਆਰਾ ਸਾਹਿਤ ਪੜ੍ਹਨ ਦੀ ਲਗਨ ਅਤੇ ਇਸ ਲਗਨ ਵਿਚੋਂ ਹੀ ਸਾਹਿਤ ਰਚਨਾ ਦਾ ਬੀਜ ਉਪਜਣ ਦਾ ਜ਼ਿਕਰ ਵੀ ਕੀਤਾ ਹੈ ਜਿਵੇਂ ਉਹ ਆਪਣੀਆਂ ਕਹਾਣੀਆਂ ਦੇ ਛਪਣ ਬਾਰੇ 'ਚੰਡੀਗੜ੍ਹ ਦੇ ਦਿਨ' ਕਾਂਡ ਵਿਚ ਜ਼ਿਕਰ ਕਰਦਾ ਹੈ, 'ਪਿਆਰ ਬੇਵਫ਼ਾ ਨਹੀਂ' ਨਾਵਲ ਦੀ ਸਿਰਜਣ ਭੂਮੀ ਬਾਰੇ ਵੀ ਲੇਖਕ ਦਾ ਵੇਰਵਾ ਆਦਿ ਸਾਹਿਤ ਪ੍ਰਤੀ ਉਸ ਦੀ ਖਿੱਚ ਨੂੰ ਪੇਸ਼ ਕਰਨ ਵਾਲੇ ਵੇਰਵੇ ਹਨ। ਲੇਖਕ ਨੇ ਆਪਣੀ ਇਸ ਸਵੈ-ਜੀਵਨੀ ਵਿਚ ਮਾਲਵੇ ਦੀ ਉਪਭਾਸ਼ਾ ਅਤੇ ਮੁਹਾਵਰਿਆਂ ਦਾ ਪ੍ਰਯੋਗ ਕਰਕੇ ਇਸ ਨੂੰ ਸੁਆਦਲੀ ਬਣਾਇਆ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਮੈਂ ਬੋਲਾਂ ਕਲਮ ਪੰਜਾਬ ਦੀ

(ਸਾਂਝਾ ਕਾਵਿ, ਕਹਾਣੀ ਸੰਗ੍ਰਹਿ)
ਸੰਪਾਦਕ : ਜਸਪਾਲ ਕੌਰੇਆਣਾ
ਮੁੱਲ : 200 ਰੁਪਏ, ਸਫ਼ੇ : 166
ਸੰਪਰਕ : 97808-52097.

ਇਹ ਵੱਡ ਆਕਾਰੀ ਪੁਸਤਕ ਨਵੇਂ-ਪੁਰਾਣੇ ਸ਼ਾਇਰਾਂ ਤੇ ਗਲਪ ਲੇਖਕਾਂ ਦੀਆਂ ਵੰਨ-ਸੁਵੰਨੀਆਂ ਰਚਨਾਵਾਂ ਦਾ ਸਾਂਝਾ ਸੰਗ੍ਰਹਿ ਹੈ। ਪੁਸਤਕ ਵਿਚ 59 ਕਲਮਕਾਰਾਂ ਦੀਆਂ ਕੁੱਲ 151 ਰਚਨਾਵਾਂ ਹਨ ਜਿਨ੍ਹਾਂ ਵਿਚੋਂ 50 ਸ਼ਾਇਰਾਂ ਦੀਆਂ 137 ਕਾਵਿ ਰਚਨਾਵਾਂ ਤੇ 9 ਲੇਖਕਾਂ ਦੀਆਂ 14 ਵਾਰਤਕ ਰਚਨਾਵਾਂ ਹਨ। ਕਾਵਿ ਰਚਨਾਵਾਂ ਵਿਚ ਗੀਤ, ਗ਼ਜ਼ਲ, ਖੁੱਲ੍ਹੀ ਕਵਿਤਾ, ਟੱਪੇ, ਕਵਾਲੀ, ਜਾਗੋ ਆਦਿ ਸ਼ਾਮਿਲ ਹਨ। ਗਲਪ ਭਾਗ ਵਿਚ ਮਿੰਨੀ ਕਹਾਣੀ, ਲੇਖ ਵਿੱਦਿਅਕ ਸਮਾਗਮ ਦੀ ਰਿਪੋਰਟ ਹੈ। ਸਥਾਪਿਤ ਲੇਖਕਾਂ ਵਿਚ ਡਾ: ਦਰਸ਼ਨ ਸਿੰਘ ਆਸ਼ਟ ਦੀ ਕਵਿਤਾ ਕਿੱਥੇ ਮਾਰ ਗਈ ਉਡਾਰੀ ਨੀ ਚਿੜੀਏ ਤੇ ਉਨ੍ਹਾਂ ਦਾ ਭਰਵਾਂ ਜੀਵਨ ਵੇਰਵਾ ਪੰਨਾ 13-20 ਤੱਕ ਹੈ ਜਿਸ ਵਿਚ ਡਾ: ਆਸ਼ਟ ਦੀਆਂ ਸਾਹਿਤਕ ਪ੍ਰਾਪਤੀਆਂ ਸਿਰਜਣਾ, ਅਹੁਦੇਦਾਰੀਆਂ, ਸੰਪਾਦਕੀ ਕਾਰਜ ਤੇ ਹੋਰ ਬਹੁਤ ਕੁਝ ਹੈ। ਬਲਵਿੰਦਰ ਬਾਲਮ, ਚਮਕ ਸੁਰਜੀਤ ਸ਼ਾਇਰ, ਫੂਲੇਲ ਸਿੰਘ, ਡਾ: ਅਮਨਦੀਪ ਸਿੰਘ ਟੱਲੇਵਾਲੀਆ ਵਹਿਮਾਂ-ਭਰਮਾਂ ਬਾਰੇ ਨਿਬੰਧ ਹੈ। ਇਨ੍ਹਾਂ ਤੋਂ ਬਿਨਾਂ ਬਾਕੀ ਸਾਰੇ ਕਲਮਕਾਰ ਸਾਹਿਤ ਮਾਰਗ ਦੇ ਨਵੇਂ ਰਾਹੀ ਹਨ। ਵਧੇਰੇ ਰਚਨਾਵਾਂ ਦੇ ਵਿਸ਼ੇ ਸਮਾਜ ਦੇ ਵਿਭਿੰਨ ਸਰੋਕਾਰਾਂ ਨਾਲ ਜੁੜੇ ਹੋਏ ਹਨ, ਜਿਸ ਵਿਚ ਔਰਤਾਂ ਦੇ ਮਸਲੇ, ਪਾਣੀ, ਰੁੱਖ, ਪੰਜਾਬ ਦਾ ਸੱਭਿਆਚਾਰ, ਨਸ਼ੇ, ਪੰਜਾਬ ਦਾ ਵਿਰਸਾ, ਪੁਸਤਕ ਸੱਭਿਆਚਾਰ, ਖੂਨ ਦਾਨ ਆਦਿ ਦੀ ਪੇਸ਼ਕਾਰੀ ਹੈ। ਲੇਖ ਬੇਰੁਜ਼ਗਾਰੀ (ਰਾਜਵੀਰ ਕੌਰ) ਮਿੰਨੀ ਕਹਾਣੀਆਂ ਧੀਆਂ ਬਾਰੇ ਲੇਖ (ਮਾਸਟਰ ਗੁਰਦਿਆਲ ਸਿੰਘ) ਪੰਜਾਬੀ ਸੱਭਿਆਚਾਰ (ਜਗਦੇਵ ਸਿੰਘ ਕੋਟਲੀ ਸਾਬੋ) ਪੁਰਾਣੇ ਅਧਿਆਪਕ ਦੇ ਸਨਮਾਨ ਦੀ ਰਿਪੋਰਟ, ਵਟਸ ਅਪ ਤਿਆਗਣ ਬਾਰੇ ਜਸਵਿੰਦਰ ਸਿੰਘ ਖੁਡੀਆਂ ਦੀ ਲਿਖਤ ਸੇਧਮਈ ਰਚਨਾਵਾਂ ਹਨ। ਕਰੀਬ ਦੋ ਦਰਜਨ ਸਹਿਯੋਗੀਆਂ ਤੇ ਹਰੇਕ ਲੇਖਕ ਦੀ ਰਚਨਾਵਾਂ ਨਾਲ ਤਸਵੀਰ, ਸਿਰਨਾਵਾਂ ਤੇ ਸੰਪਰਕ ਨੰਬਰ ਹੈ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਸਮਰਪਣ
ਲੇਖਿਕਾ : ਸਤਨਾਮ ਚੌਹਾਨ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 125 ਰੁਪਏ, ਸਫ਼ੇ : 88
ਸੰਪਰਕ : 98882-92825.

'ਸਮਰਪਣ' ਸਤਨਾਮ ਚੌਹਾਨ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ 76 ਕਵਿਤਾਵਾਂ ਵਿਚ ਕਵਿੱਤਰੀ ਨੇ ਪੁਰਸ਼ਾਂ ਦੇ ਖਿਲਾਫ਼ ਭੜਾਸ ਨਹੀਂ ਕੱਢੀ, ਨਾ ਹੀ ਨਿੱਜੀ ਗਿਲੇ-ਸ਼ਿਕਵਿਆਂ ਦਾ ਵਾਹਕ ਬਣਾਇਆ ਹੈ, ਸਗੋਂ ਕਵਿਤਾਵਾਂ 'ਚ ਭਾਵਨਾਤਮਕ ਪੱਧਰ 'ਤੇ ਵਿਚਰਦਿਆਂ ਮਨੁੱਖੀ ਇੱਛਾਵਾਂ, ਚਾਹਤ, ਵਸਲ ਅਤੇ ਕਾਵਿਕ-ਅਭਿਲਾਸ਼ਾਵਾਂ ਅਭਿ-ਵਿਅਕਤ ਕਰਨ ਦਾ ਸੁਚੱਜਾ ਪ੍ਰਯਤਨ ਕੀਤਾ ਹੈ। ਕਿਰਪਾਲ ਕਜ਼ਾਕ ਅਨੁਸਾਰ ਕਵਿੱਤਰੀ 'ਨਫ਼ਰਤ, ਵਿਛੋੜੇ ਅਤੇ ਦਮਨ ਕਾਰਤਾ ਤੋਂ ਵਿਪਰੀਤ; ਇੱਛਾਗਤ ਜੀਵਨ, ਖੁਸ਼ਹਾਲੀ, ਵਸਲ, ਪਿਆਰ ਅਤੇ ਪੁਰਸ਼ ਤਵ ਦੇ ਸਮ ਵਿੱਥ ਬਰਾਬਰਤਾ ਦੇ ਅਸਤਿੱਤਵ ਨੂੰ ਪ੍ਰਣਾਈ ਹੋਈ ਹੈ।' ਕਵਿਤਾਵਾਂ ਦੇ ਮੈਟਾਫ਼ਰ ਅੰਬਰ, ਤਾਰੇ, ਬੱਦਲ ਤੇ ਮੀਂਹ ਆਦਿ ਨੂੰ ਵੱਖਰੇ-ਵੱਖਰੇ ਸੰਦਰਭਾਂ 'ਚ ਪੇਸ਼ ਕਰਦੀ ਹੈ। ਸਿਤਾਰਿਆਂ ਨਾਲ ਭਰਿਆ ਅਕਾਸ਼ ਕਲਪਨਾਤਮਿਕ ਨਾਇਕ (ਦੁਲਹਨ) ਦੇ ਸਿਰ 'ਤੇ ਲਈ ਫੁਲਕਾਰੀ ਜਾਪਦੀ ਹੈ। 'ਬੱਦਲ' ਪ੍ਰਤੀਕ ਨੂੰ ਉਹ ਦੇਸ਼ਾਂ-ਪ੍ਰਦੇਸਾਂ ਦੇ ਵਾਹਕ ਹੋਣ ਨਾਲ ਜੋੜਦੀ ਹੈ, ਉਥੇ ਮੀਂਹ ਨੂੰ ਔੜ ਦੀ ਤ੍ਰਿਪਤੀ ਅਤੇ ਬਿਰਹਾ ਦੇ ਅੱਥਰੂਆਂ ਵਿਚੋਂ ਪ੍ਰਦੇਸੀ ਕੰਤ ਦੇ ਵਸਲ ਨਾਲ ਆਤਮਸਾਤ ਕਰਦੀ ਹੈ। ਮੁਹੱਬਤ ਦੀ ਪਿਆਸੀ ਸਤਨਾਮ ਤੇ ਸਮਰਪਣ ਦੀ ਨਾਇਕਾ ਨਾਇਕ ਵਿਹੜੇ ਵਿਚ ਲਾਏ ਯਾਦਾਂ ਦੇ ਰੁੱਖ ਹੇਠ ਬੈਠ ਕੇ ਚਰਖੇ 'ਤੇ ਰੂੰ ਨਹੀਂ ਕੱਤਦੀ, ਵਸਲ ਦੀ ਤੰਦ ਪਾਉਂਦੀ ਹੈ :
ਪਾਵਾਂ ਤੰਦ ਵਸਲਾਂ ਦੀ
ਤੱਕਲੇ 'ਤੇ ਸੱਜਣਾ ਵੇ
ਨਾਲੇ ਤੈਨੂੰ ਯਾਦ ਕਰਾਂ...
ਸਤਨਾਮ ਦੀ ਸ਼ੈਲੀ ਅਤੇ ਬੋਲੀ ਲੋਕ-ਗੀਤਾਂ ਦੀ ਲੈਅ ਵਰਗੀ ਹੈ। ਉਹ ਪ੍ਰਾਕਿਰਤਕ ਵਰਤਾਰਿਆਂ ਨੂੰ ਸਨਮੁੱਖ ਰੱਖਦਿਆਂ ਨਫ਼ਰਤ ਦੀ ਥਾਵੇਂ ਪਿਆਰ-ਮੁਹੱਬਤ ਦੇ ਰਿਸ਼ਤੇ ਸਿਰਜਦੀ ਹੈ। ਉਹ ਰੁਦਨ ਨਹੀਂ ਕਰਦੀ। ਬਿਰਹਾ ਦੀ ਕਸਕ ਸਹਿੰਦਿਆਂ ਵੀ ਉਸ ਨੂੰ ਜਾਪਦਾ ਹੈ ਜਿਵੇਂ ਹਵਾਵਾਂ 'ਚ ਕੇਸਰ ਘੁਲਦਾ ਹੈ ਅਤੇ ਚਾਂਦਨੀ ਰਾਤ 'ਚ ਇਤਰ ਮਹਿਕਦਾ ਹੋਵੇ :
ਪੌਣਾਂ ਵਿਚ ਕੇਸਰ ਤੇ
ਚਾਂਦਨੀ ਵਿਚ ਇਤਰ ਘੁਲੇ....
ਭਾਵਾਂ ਦੇ ਪ੍ਰਗਟਾਅ ਲਈ ਚੁਣੀ ਗਈ ਸ਼ਬਦਾਵਲੀ, ਬਿੰਬ ਅਤੇ ਪ੍ਰਤੀਕ ਸੁਚੱਜੇ ਹਨ।


ਗੁਰਮੁਖੀ ਲਿਪੀ
(ਇਤਿਹਾਸ ਤੇ ਇਤਿਹਾਸਕਾਰੀ)
ਸੰਪਾਦਕ : ਬੂਟਾ ਸਿੰਘ ਬਰਾੜ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 225 ਰੁਪਏ, ਸਫ਼ੇ : 127
ਸੰਪਰਕ : 011-23280657.

ਬੂਟਾ ਸਿੰਘ ਬਰਾੜ ਭਾਸ਼ਾ ਵਿਗਿਆਨ ਦੇ ਨਾਲ ਸਬੰਧਿਤ ਪ੍ਰਬੁੱਧ ਵਿਦਵਾਨ ਹੈ। ਗੁਰਮੁਖੀ ਲਿਪੀ (ਇਤਿਹਾਸ ਤੇ ਇਤਿਹਾਸਕਾਰੀ) ਉਸ ਦੀ ਨੌਵੀਂ ਸੰਪਾਦਿਤ ਪੁਸਤਕ ਹੈ। ਇਸ ਖੋਜ ਪੁਸਤਕ ਵਿਚ ਉਸ ਨੇ 10 ਉੱਘੇ ਵਿਦਵਾਨਾਂ ਦੇ ਗੁਰਮੁਖੀ ਲਿਪੀ ਦੀ ਇਤਿਹਾਸਕਾਰੀ ਨਾਲ ਸਬੰਧਿਤ ਖੋਜ ਪੱਤਰਾਂ ਨੂੰ ਸ਼ਾਮਿਲ ਕੀਤਾ ਹੈ। ਇਸ ਦਾ ਆਰੰਭ ਉਹ ਗੌਰੀ ਸ਼ੰਕਰ ਹੀਰਾ ਚੰਦ ਓਝਾ ਦੇ ਖੋਜ-ਪੱਤਰ 'ਭਾਰਤ ਦੀਆਂ ਮੁੱਖ ਵਰਤਮਾਨ ਲਿਪੀਆਂ ਦੀ ਉਤਪਤੀ' ਨਾਲ ਕਰਦਾ ਹੈ। 'ਓਝਾ' ਦੇ ਅਨੁਸਾਰ ਭਾਰਤਵਰਸ਼ ਦੀਆਂ ਸਾਰੀਆਂ ਵਰਤਮਾਨ ਆਰੀਆ ਲਿਪੀਆਂ ਦਾ ਮੂਲ ਬ੍ਰਹਮੀ ਲਿਪੀ ਹੈ, ਜਿਸ ਵਿਚੋਂ ਸ਼ਾਰਦਾ, ਟਾਕਰੀ, ਗੁਰਮੁਖੀ, ਕੈਥੀ, ਬੰਗਲਾ, ਮੈਥਲ, ਉੜੀਆ, ਗੁਜਰਾਤੀ, ਮੋੜੀ, ਤੇਲਗੂ ਅਤੇ ਕੰਨੜੀ, ਗਰੰਥ, ਮਲਯਾਲਮ, ਤੁਲੀ, ਤਾਮਿਲ ਲਿਪੀਆਂ ਦਾ ਜਨਮ ਅਤੇ ਵਿਕਾਸ ਹੋਇਆ ਹੈ। ਭਾਰਤੀ ਲਿਪੀਆਂ ਦੇ ਸਬੰਧ ਵਿਚ ਜੱਜ ਸਿੰਘ ਦਾ ਖੋਜ ਪੱਤਰ 'ਪ੍ਰਾਚੀਨ ਭਾਰਤੀ ਲਿਪੀਆਂ ਦੀ ਉਤਪਤੀ' ਮਹੱਤਵਪੂਰਨ ਹੈ। ਉਸ ਅਨੁਸਾਰ ਸਿੰਧੂ ਲਿਪੀ, ਬ੍ਰਹਮੀ ਲਿਪੀ ਅਤੇ ਖ਼ਰੋਸ਼ਠੀ ਲਿਪੀ, ਭਾਰਤ ਦੀਆਂ ਪ੍ਰਾਚੀਨ ਲਿਪੀਆਂ ਹਨ। ਗੁਰਮੁਖੀ ਲਿਪੀ ਦੀ ਇਤਿਹਾਸਕਾਰੀ ਦਾ ਪ੍ਰਮਾਣਿਕ ਇਤਿਹਾਸਕਾਰ ਪ੍ਰੋਫੈਸਰ ਪ੍ਰੀਤਮ ਸਿੰਘ ਹੈ। ਉਨ੍ਹਾਂ ਦਾ 'ਗੁਰਮੁਖੀ ਲਿਪੀ ਦੀ ਉਤਪਤੀ ਤੇ ਵਿਕਾਸ' ਖੋਜ ਨਿਬੰਧ 'ਚ ਗੁਰਮੁਖੀ ਨਾਂਅ ਬਾਬਾ ਮੋਹਨ ਦੀਆਂ ਪੋਥੀਆਂ ਵਿਚ ਆਇਆ ਹੈ। ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਇਸ ਦਾ ਕੀ ਨਾਂਅ ਸੀ, ਵੀ ਇਸੇ ਖੋਜ ਪੱਤਰ ਦੀ ਰੌਸ਼ਨੀ 'ਚ ਭਾਲਿਆ ਜਾ ਸਕਦਾ ਹੈ। ਇਸੇ ਪ੍ਰਕਾਰ ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ, ਪ੍ਰੋ: ਹਰਕੀਰਤ ਸਿੰਘ, ਪ੍ਰੋ: ਜੋਗਿੰਦਰ ਸਿੰਘ, ਸ: ਬਿੱਕਰ ਸਿੰਘ ਹਾਂਗਕਾਂਗ, ਪ੍ਰੋ: ਕਾਲਾ ਸਿੰਘ ਬੇਦੀ, ਬੂਟਾ ਸਿੰਘ ਬਰਾੜ ਆਦਿ ਖੋਜੀ ਵਿਦਵਾਨਾਂ ਦੇ ਖੋਜ ਨਿਬੰਧ ਸ਼ਾਮਿਲ ਹਨ। ਸੰਪਾਦਕ ਵਲੋਂ ਸ਼ਬਦ-ਜੋੜ ਮੂਲ ਲੇਖਕਾਂ ਅਨੁਸਾਰ ਹੀ ਰੱਖੇ ਗਏ ਹਨ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਵਿਚ ਅਜਿਹੇ ਖੋਜ ਪੱਤਰਾਂ, ਲੇਖਾਂ ਨੂੰ ਸ਼ਾਮਿਲ ਕੀਤਾ ਗਿਆ ਜੋ ਗੁਰਮੁਖੀ ਲਿਪੀ ਦੇ ਇਤਿਹਾਸ ਅਤੇ ਇਤਿਹਾਸਕਾਰੀ ਬਾਰੇ ਨਿਸਚਿਤ ਸੂਝ ਅਤੇ ਸਮਝ ਬਣਾਉਣ 'ਚ ਖੋਜਾਰਥੀਆਂ ਮਦਦਗਾਰ ਸਾਬਤ ਹੋ ਸਕਦੇ ਹਨ। ਇਹ ਪੁਸਤਕ ਗੁਰਮੁਖੀ ਲਿਪੀ ਦੇ ਮੂਲ ਸਰੋਤ ਦੀ ਭੂਮਿਕਾ ਨਿਭਾਉਣ 'ਚ ਆਪਣਾ ਅਹਿਮ ਕਿਰਦਾਰ ਨਿਭਾਏਗੀ ਅਤੇ ਖੋਜਾਰਥੀਆਂ ਲਈ ਮਾਰਗ ਦਰਸ਼ਨ ਕਰਦਿਆਂ ਸੰਭਾਵੀ ਖੋਜ ਦਾ ਰਾਹ ਖੋਲ੍ਹੇਗੀ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

 

16/12/2017

 ਜਨਮ ਸਾਖੀਆਂ
ਇਕ ਇਤਿਹਾਸਕ ਪੜਚੋਲ

ਲੇਖਕ : ਡਾ: ਸ਼ੇਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ : 259
ਸੰਪਰਕ : 78374-95503.

ਜਨਮ ਸਾਖ਼ੀਆਂ ਨਾਲ ਪੰਜਾਬੀ ਵਾਰਤਕ ਦਾ ਜਨਮ ਹੋਇਆ ਹੈ। ਗੁਰੂ ਨਾਨਕ ਦਾ ਜੀਵਨ ਬਿਰਤਾਂਤ ਪ੍ਰੇਮ ਤੇ ਸ਼ਰਧਾ ਨਾਲ ਪੇਸ਼ ਕਰਨ ਵਾਲੀਆਂ ਜਨਮ ਸਾਖੀਆਂ ਦੀਆਂ ਚਾਰ ਮੂਲ ਪਰੰਪਰਾਵਾਂ ਹਨ। ਇਹ ਹਨ : ਪੁਰਾਤਨ/ਹਾਫਿਜ਼ਾਬਾਦ/ਵਲਾਇਤ/ਕੌਲਬਰੁਕ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ। ਡਾ: ਸ਼ੇਰ ਸਿੰਘ ਨੇ ਆਪਣੀ ਪੁਸਤਕ ਵਿਚ ਬੜੀ ਸਹਿਜ ਸਰਲ ਭਾਸ਼ਾ ਵਿਚ ਇਨ੍ਹਾਂ ਚਾਰਾਂ ਬਾਰੇ ਖੋਜ ਭਰਪੂਰ ਵਿਸ਼ਲੇਸ਼ਣ ਇਨ੍ਹਾਂ ਦੇ ਸਾਹਿਤਕ, ਸਮਾਜਿਕ ਤੇ ਇਤਿਹਾਸਕ ਪ੍ਰਸੰਗਾਂ ਨੂੰ ਸਪੱਸ਼ਟ ਕਰਦੇ ਹੋਏ ਕੀਤਾ ਹੈ।
ਇਸ ਪੁਸਤਕ ਦੇ ਉਚੇਰੀ ਖੋਜ ਵਾਸਤੇ ਖੋਜ ਪ੍ਰਬੰਧ ਵਲੋਂ ਲਿਖੇ ਜਾਣ ਦੇ ਪ੍ਰਮਾਣ ਪੁਸਤਕ ਵਿਚ ਨਹੀਂ ਪਰ ਇਸ ਦੀ ਬਣਤਰ, ਪ੍ਰਮਾਣਿਕ/ਵਿਸਤ੍ਰਿਤ ਹਵਾਲੇ ਤੇ ਖੋਜ ਵਿਧੀ ਇਸੇ ਪਾਸੇ ਸੰਕੇਤ ਕਰਦੇ ਹਨ। ਪੰਜ ਅਧਿਆਇ, ਸਿੱਟੇ ਤੇ ਪੁਸਤਕ ਸੂਚੀ ਇਸ ਦਾ ਪ੍ਰਮਾਣ ਹਨ। ਡਾ: ਸ਼ੇਰ ਸਿੰਘ ਦਾ ਨਾਂਅ ਪੜ੍ਹ ਕੇ ਗੁਰਮਤਿ ਦਰਸ਼ਨ ਵਾਲੇ ਬਜ਼ੁਰਗ ਸਵਰਗਵਾਸੀ ਸ਼ੇਰ ਸਿੰਘ ਦਾ ਚੇਤਾ ਆਉਣਾ ਸੁਭਾਵਿਕ ਹੈ। ਇਸ ਪੁਸਤਕ ਦਾ ਲੇਖਕ ਉਹ ਨਹੀਂ, ਕੋਈ ਨਵੀਂ ਪੀੜ੍ਹੀ ਦਾ ਨੌਜਵਾਨ ਹੈ ਜੋ ਇਤਿਹਾਸ ਤੇ ਸਾਹਿਤ ਦੋਵਾਂ ਖੇਤਰਾਂ ਵਿਚ ਰੁਚੀ ਰੱਖਦਾ ਹੈ। ਪੰਜਾ ਅਧਿਆਵਾਂ ਵਿਚ ਵੰਡੀ ਉਸ ਦੀ ਇਹ ਪੁਸਤਕ ਉਕਤ ਦੋਵੇਂ ਖੇਤਰਾਂ ਨੂੰ ਛੋਂਹਦੀ ਹੈ।
ਲੇਖਕ ਨੇ ਪਹਿਲੇ ਅਧਿਆਇ ਵਿਚ ਜਨਮ ਸਾਖੀ ਬਾਰੇ ਸਿਧਾਂਤਕ/ਪਰਿਭਾਸ਼ਕ ਚਰਚਾ ਉਪਰੰਤ ਚਾਰੇ ਜਨਮ ਸਾਖੀਆਂ ਨਾਲ ਮੁਢਲੀ ਜਾਣ-ਪਛਾਣ ਕਰਵਾਈ ਹੈ। ਇਨ੍ਹਾਂ ਦੇ ਲੇਖਕਾਂ, ਲੇਖਣ ਕਾਲ ਤੇ ਸਥਾਨ ਬਾਰੇ ਵਿਵਾਦ ਨੂੰ ਪੇਸ਼ ਕਰਕੇ ਆਪਣੇ ਨਿਰਣੇ ਦਿੱਤੇ ਹਨ। ਦੂਜੇ ਅਧਿਆਇ ਵਿਚ ਚਾਰੇ ਜਨਮ ਸਾਖੀਆਂ ਵਿਚ ਪੇਸ਼ ਗੁਰੂ ਨਾਨਕ ਦੇ ਜਨਮ ਤੇ ਮੁਢਲੇ ਜੀਵਨ ਦਾ ਤੁਲਨਾਤਮਿਕ ਅਧਿਐਨ ਹੈ। ਤੀਜੇ ਅਧਿਆਇ ਵਿਚ ਗੁਰੂ ਨਾਨਕ ਦੀਆਂ ਉਦਾਸੀਆਂ (ਲੰਬੀਆਂ ਯਾਤਰਾਵਾਂ)/ਸਿੱਖਿਆਵਾਂ ਦਾ, ਚੌਥੇ ਵਿਚ ਗੁਰੂ ਨਾਨਕ ਦੇ ਜੀਵਨ ਦੇ ਅੰਤਲੇ ਸਮੇਂ ਦਾ ਤੇ ਪੰਜਵੇਂ ਵਿਚ ਇਨ੍ਹਾਂ ਦੀ ਵਾਰਤਕ/ਭਾਸ਼ਾ ਦਾ ਤੁਲਨਾਮਤਕ ਅਧਿਐਨ ਪੇਸ਼ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਗਿਆਨੀ ਹੀਰਾ ਸਿੰਘ 'ਦਰਦ'
(ਸਮੁੱਚੀਆਂ ਕਹਾਣੀਆਂ)

ਸੰਪਾਦਕ : ਡਾ: ਹਰਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 550 ਰੁਪਏ, ਸਫ਼ੇ : 598
ਸੰਪਰਕ : 94170-33153.

ਗਿਆਨੀ ਹੀਰਾ ਸਿੰਘ ਦਰਦ ਆਧੁਨਿਕ ਪੰਜਾਬੀ ਸਾਹਿਤ ਦੇ ਉਸਰਈਆਂ ਵਿਚ ਸ਼੍ਰੋਮਣੀ ਸਥਾਨ ਰੱਖਦਾ ਹੈ। ਉਸ ਨੇ 1924 ਈ: ਵਿਚ ਆਪਣਾ ਮਾਸਿਕ ਪੱਤਰ 'ਫੁਲਵਾੜੀ' ਸ਼ੁਰੂ ਕੀਤਾ ਅਤੇ ਇਸ ਦੇ ਮਾਧਿਅਮ ਦੁਆਰਾ ਅਨੇਕ ਲੇਖਕਾਂ ਨੂੰ ਸਮਾਜ ਅਤੇ ਸਾਹਿਤ ਵਿਚਲੇ ਪੀਡੇ ਸਬੰਧਾਂ ਬਾਰੇ ਜਾਗਰੂਕ ਕੀਤਾ।
ਕਿਰਤੀਆਂ-ਕਿਸਾਨਾਂ ਦੇ ਸੰਘਰਸ਼ ਨੂੰ ਲਾਮਬੰਦ ਕਰਨ ਵਿਚ ਰੁੱਝੇ ਰਹਿਣ ਕਾਰਨ ਉਹ ਜਿਊਂਦੇ-ਜੀਆਂ ਆਪਣੀਆਂ ਸਾਰੀਆਂ ਕਹਾਣੀਆਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਨਾ ਕਰ ਸਕਿਆ। ਡਾ: ਹਰਜੀਤ ਸਿੰਘ ਨੇ 'ਫੁਲਵਾੜੀ' ਦੇ ਪੁਰਾਣੇ ਅੰਕ ਫੋਲ ਕੇ ਅਤੇ ਖਰੜੇ ਦੇ ਰੂਪ ਵਿਚ ਪਈਆਂ ਕਹਾਣੀਆਂ ਦੀ ਤਲਾਸ਼ ਕਰਕੇ ਕੁੱਲ 57 ਕਹਾਣੀਆਂ ਲੱਭੀਆਂ ਹਨ ਅਤੇ ਇਨ੍ਹਾਂ ਦੇ ਮੁੱਢ ਵਿਚ ਇਕ ਵਿਦਵਤਾਪੂਰਨ ਸੰਪਾਦਕੀ ਲਿਖ ਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰ ਦਿੱਤਾ ਹੈ। ਹਰਜੀਤ ਸਿੰਘ ਹੋਰਾਂ ਦੀ ਵਚਨਬੱਧਤਾ ਅਤੇ ਮਿਹਨਤ ਨੂੰ ਸਲਮ ਕਰਨਾ ਬਣਦਾ ਹੈ। ਗਿਆਨੀ ਹੀਰਾ ਸਿੰਘ ਦਰਦ ਇਕ ਮਾਨਵਤਾਵਾਦੀ ਲੇਖਕ ਸੀ। ਉਹ ਆਪਣੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਅੰਕਾਂ (1, 2, 3.... ਆਦਿਕ) ਵਿਚ ਵਿਭਾਜਿਤ ਕਰਕੇ ਵਿਉਂਤਬੱਧ ਕਰਦਾ ਹੈ। ਇੰਜ ਨਿੱਕੀ ਕਹਾਣੀ ਦੀ ਸਪਿਰਟ ਜਾਂ ਅੰਦਾਜ਼ ਤਾਂ ਸਜੀਵ ਨਹੀਂ ਰਹਿੰਦਾ ਪਰ ਬਿਰਤਾਂਤ ਦੀ ਦਿਲਚਸਪੀ ਜ਼ਰੂਰ ਬਣੀ ਰਹਿੰਦੀ ਹੈ। ਗਿਆਨੀ ਹੀਰਾ ਸਿੰਘ ਦਰਦ ਆਪਣੀਆਂ ਕਹਾਣੀਆਂ ਦਾ ਆਰੰਭ ਏਨੇ ਨਾਟਕੀ ਅੰਦਾਜ਼ ਵਿਚ ਕਰਦਾ ਹੈ ਕਿ ਪਾਠਕ ਦੀ ਉਤਸੁਕਤਾ ਟੁੰਬੀ ਜਾਂਦੀ ਹੈ। ਕਈ ਵਾਰ ਉਸ ਦੇ ਪਾਤਰ ਵੀ ਨਾਟਕੀ ਕਿਸਮ ਦੀ ਵਾਰਤਾਲਾਪ ਦਾ ਪ੍ਰਯੋਗ ਕਰਦੇ ਵੇਖੇ ਜਾ ਸਕਦੇ ਹਨ। ਇਸ ਪ੍ਰਸੰਗ ਵਿਚ 'ਗ਼ਦਾਰ' ਨਾਂਅ ਦੀ ਕਹਾਣੀ ਵਿਸ਼ੇਸ਼ ਤੌਰ 'ਤੇ ਉਲੇਖਯੋਗ ਹੈ। ਕਰੁਣਾ, ਸਹਾਨੁਭੂਤੀ ਅਤੇ ਦ੍ਰਿੜ੍ਹਤਾ ਉਸ ਦੀਆਂ ਕਹਾਣੀਆਂ ਦੇ ਮੂਲ ਲੱਛਣ ਹਨ। ਉਹ ਆਪਣੇ ਪਾਠਕਾਂ ਨੂੰ ਪ੍ਰਗਤੀਸ਼ੀਲਤਾ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਵਾਲਾ ਲੇਖਕ ਹੈ। ਜਿਹੜੇ ਪਾਠਕ ਕਹਾਣੀ ਵਿਚ 'ਕਹਾਣੀ-ਤੱਤ' ਦੀ ਤਵੱਕੋਂ ਰੱਖਦੇ ਹਨ, ਉਨ੍ਹਾਂ ਵਾਸਤੇ ਇਹ ਕਹਾਣੀਆਂ ਵਿਸ਼ੇਸ਼ ਰੂਪ ਵਿਚ ਰੁਚੀਕਰ ਹੋਣਗੀਆਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੰਜਾਬੀ ਸੱਭਿਆਚਾਰ ਦੀ ਰੰਗੋਲੀ
ਸੰਪਾਦਕ : ਡਾ: ਜੋਗਿੰਦਰ ਸਿੰਘ ਵਿਰਕ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94173-60278.

ਇਸ ਸੰਗ੍ਰਹਿ ਵਿਚ 19 ਲੇਖਿਕਾਵਾਂ ਦੇ ਲੇਖ ਸ਼ਾਮਿਲ ਹਨ। ਡਾ: ਰਣਜੀਤ ਕੌਰ, ਡਾ: ਗੁਰਪ੍ਰੀਤ ਕੌਰ, ਡਾ: ਰੂਪਾ ਕੌਰ, ਡਾ: ਮਨਜੀਤ ਕੌਰ ਅਤੇ ਵੰਦਨਾ ਨੇ ਆਪਣੇ ਲੇਖਾਂ ਰਾਹੀਂ 'ਏਕਮ' ਦਾ ਆਲੋਚਨਾਤਮਕ ਅਧਿਐਨ ਕਰਕੇ ਇਸ ਦੇ ਸਾਹਿਤਕ ਮਹੱਤਵ ਨੂੰ ਦ੍ਰਿਸ਼ਟੀਮਾਨ ਕੀਤਾ ਹੈ।
ਡਾ: ਸੁਖਵਿੰਦਰ ਕੌਰ, ਡਾ: ਅਮਰਜੀਤ ਘੁੰਮਣ, ਪ੍ਰੋ: ਜਗਰੂਪ ਕੌਰ, ਪ੍ਰੋ: ਇੰਦਰਜੀਤ ਕੌਰ, ਪ੍ਰੋ: ਹਰਜੀਤ ਕੌਰ ਕਲਸੀ, ਪ੍ਰੋ: ਤੇਜਿੰਦਰ ਕੌਰ ਬੇਰੀ, ਡਾ: ਬਲਵਿੰਦਰ ਕੌਰ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ 'ਏਕਮ' ਦੇ ਸੱਭਿਆਚਾਰਕ ਮੁਹਾਂਦਰੇ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ। ਡਾ: ਕਿਰਨਪਾਲ ਕੌਰ ਅਨੁਸਾਰ 'ਏਕਮ' ਔਰਤ ਮਨ ਦੀ ਅਭਿਵਿਅਕਤੀ ਕਰਨ ਵਾਲੀ ਰਚਨਾ ਹੈ। ਪ੍ਰੋ: ਪਰਮਜੀਤ ਕੌਰ ਔਲਖ ਨੇ ਆਪਣੇ ਲੇਖ ਰਾਹੀਂ 'ਏਕਮ' ਵਿਚੋਂ ਔਰਤ ਦੇ ਭਿੰਨ-ਭਿੰਨ ਰੂਪਾਂ ਦੀ ਪਛਾਣ ਕਰਵਾਈ ਹੈ। ਰਾਜਵੀਰ ਕੌਰ ਅਨੁਸਾਰ 'ਏਕਮ' ਵਿਚੋਂ ਮਨੁੱਖੀ ਜਜ਼ਬਿਆਂ ਦੇ ਤੱਤਾਂ ਨੂੰ ਲੱਭਣ ਦਾ ਭਰਪੂਰ ਯਤਨ ਕੀਤਾ ਹੈ। ਇਨ੍ਹਾਂ ਲੇਖਾਂ ਤੋਂ ਇਲਾਵਾ ਡਾ: ਹਰਜੀਤ ਕੌਰ ਵਿਰਕ ਅਤੇ ਡਾ: ਅਮਨਦੀਪ ਕੌਰ ਨੇ ਗਿੱਲ ਸੁਰਜੀਤ ਦੀ ਸਮੁੱਚੀ ਗੀਤਕਾਰੀ ਬਾਰੇ ਵਿਚਾਰ ਕੀਤਾ ਹੈ।
ਡਾ: ਜੋਗਿੰਦਰ ਸਿੰਘ ਵਿਰਕ ਨੇ ਇਸ ਸੰਗ੍ਰਹਿ ਦੀ ਸੰਪਾਦਨਾ ਕਰਕੇ ਇਕ ਮਹੱਤਵਪੂਰਨ ਕਾਰਜ ਕੀਤਾ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ। ਆਸ ਹੈ ਪੰਜਾਬੀ ਪਾਠਕਾਂ ਵਲੋਂ ਇਸ ਪੁਸਤਕ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਮਾਰਕਸਵਾਦ ਅਤੇ ਕਵਿਤਾ
ਮੂਲ ਲੇਖਕ : ਜਾਰਜ ਥਾਮਸਨ
ਅਨੁਵਾਦਕ : ਡਾ: ਸਰਵਨ ਸਿੰਘ ਪਰਦੇਸੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 98157-03680.

ਜਾਰਜ ਥਾਮਸਨ ਅਜਿਹਾ ਸਾਹਿਤ ਚਿੰਤਕ ਹੋਇਆ ਹੈ, ਜਿਸ ਨੇ ਵਿਸ਼ਵ-ਵਿਆਪੀ ਸਾਹਿਤ-ਅਧਿਐਨ ਅਤੇ ਇਸ ਦੇ ਮੁਲਾਂਕਣ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਸਾਲ 1929 ਤੋਂ ਸਾਲ 1933 ਤਕ ਉਸ ਦੀਆਂ ਬਾਰਾਂ ਪ੍ਰਕਾਸ਼ਿਤ ਪੁਸਤਕਾਂ ਅਜੋਕੇ ਕਾਲ-ਖੰਡ ਦੇ ਵੱਡੇ ਤੋਂ ਵੱਡੇ ਸਾਹਿਤ-ਪੜਚੋਲਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ ਪੁਸਤਕਾਂ ਵਿਚੋਂ ਹਥਲੀ ਪੁਸਤਕ ਭਾਵੇਂ ਵੱਡ-ਆਕਾਰੀ ਸਫ਼ਿਆਂ ਤੱਕ ਫੈਲਾਅ ਨਹੀਂ ਰੱਖਦੀ ਪਰ ਪੰਜਾਬੀ ਪਾਠਕਾਂ ਨੂੰ ਤਹਿ-ਦਰ-ਤਹਿ ਯੂਨਾਨੀ, ਯੂਰਪੀ ਅਤੇ ਪੱਛਮੀ ਸਾਹਿਤ ਸਿਰਜਣਾ ਦੇ ਮਨੋਰਥਾਂ, ਪ੍ਰਕਿਰਤੀ-ਪ੍ਰਕਾਰਜਾਂ, ਉਥਾਨ ਦੇ ਸੰਦਰਭਾਂ ਅਤੇ ਸਥਾਪਿਤ ਹੋ ਜਾਣ ਦੇ ਸਰੋਕਾਰਾਂ ਦਾ ਦਰਪਣ ਜ਼ਰੂਰ ਪੇਸ਼ ਕਰਦੀ ਹੈ। ਨਿਰਸੰਦੇਹ, ਅਨੁਵਾਦ ਜ਼ਰੀਏ ਮੂਲ ਸਾਹਿਤਕ ਭਾਸ਼ਾ ਦੀ ਆਭਾ ਕਿਤੇ ਨਾ ਕਿਤੇ ਲੁਪਤ ਹੋ ਸੱਕਣ ਦੀ ਸੰਭਾਵਨਾ ਹੁੰਦੀ ਹੈ ਪਰੰਤੂ ਡਾ: ਸਰਵਨ ਸਿੰਘ ਇਸ ਸਬੰਧੀ ਗੰਭੀਰ ਚੇਤਨਮੁਖੀ ਦ੍ਰਿਸ਼ਟੀਕੋਣ ਦਾ ਧਾਰਿਕ ਹੈ। ਪੁਸਤਕ ਦੇ ਸੱਤ ਅਧਿਆਇ ਜਿਨ੍ਹਾਂ ਦੇ ਸਿਰਲੇਖ ਹਨਂ'ਬੋਲ ਅਤੇ ਜਾਦੂ', 'ਤਾਲ ਅਤੇ ਕਿਰਤ', 'ਤਦਵਕਤੀ ਸਿਰਜਣਾ ਅਤੇ ਪ੍ਰੇਰਣਾ', 'ਮਹਾਂਕਾਵਿ', 'ਨਾਟਕ ਦਾ ਵਿਕਾਸ', 'ਤ੍ਰਾਸਦੀ' ਅਤੇ 'ਭਵਿੱਖ' ਜਿਹੇ ਵਿਸ਼ਿਆਂ ਨੂੰ ਗੰਭੀਰ ਚਿੰਤਕ-ਸ਼ੈਲੀ ਜ਼ਰੀਏ ਪੇਸ਼ ਕੀਤਾ ਗਿਆ ਹੈ, ਉਥੇ ਅਨੁਵਾਦਕ ਦੀ ਵੀ ਖੂਬ ਘਾਲਣਾ ਦਾ ਪ੍ਰਤਿਮਾਨ ਸਥਾਪਿਤ ਹੁੰਦਾ ਜਾਪਦਾ ਹੈ ਭਾਵੇਂ ਕਿ ਪੁਸਤਕ ਵਿਚ ਅੰਕਿਤ ਕਵਿਤਾਵਾਂ ਦਾ ਅਨੁਵਾਦ ਕਰਨ ਤੋਂ ਪਰਦੇਸੀ ਸਾਹਿਬ ਨੇ ਅਸਮਰੱਥਾ ਪ੍ਰਗਟਾਈ ਹੈ। ਜਾਰਜ ਥਾਮਸਨ ਦੇ ਵਿਚਾਰ ਕਿ ਕਵਿਤਾ ਉਹੋ ਕੁਝ ਨਹੀਂ ਹੁੰਦੀ ਜੋ ਕਹਿ ਸਕੀਏ, ਇਸ ਦਾ ਰੂਪਾਕਾਰ ਵੀ ਕੁਝ ਸਮਝਣਯੋਗ ਹੁੰਦਾ ਹੈ। ਕਵਿਤਾ ਦੇ ਸੁਰਤਾਲ ਵਿਚ ਪੈਦਾ ਹੁੰਦਾ ਬੋਧ ਲੋਕਤਾ-ਪਾਲਕ ਹੁੰਦਾ ਜਾਂ ਹੋਣਾ ਚਾਹੀਦਾ ਹੋਵੇ ਤਾਂ ਲੋਕ ਜੁੜ ਸਕਦੇ ਹਨ। ਵਕਤੀ ਸਿਰਜਣਾ ਸਦੀਵੀ ਕਦਾਚਿਤ ਨਹੀਂ ਹੋ ਸਕਦੀ। ਪੂੰਜੀਵਾਦੀ ਜਾਂ ਸਰਮਾਏਦਾਰੀ ਧਿਰ ਨਾਲ ਜੁੜ ਕੇ ਲਿਖਿਆ ਸਾਹਿਤ ਕਦੇ ਵੀ ਸਮੂਹਿਕ ਮਾਨਵ ਹਿਤੈਸ਼ੀ ਨਹੀਂ ਹੋ ਸਕਦਾ। ਔਰਤ ਦੀ ਹੋਂਦ-ਸਥਿਤੀ ਸੱਚਮੁੱਚ ਜ਼ਮੀਨੀ ਹਕੀਕਤ ਹੈ-ਸਮੂਹਿਕ ਉਪਜਕਾਰੀ-ਸ਼ਕਤੀਆਂ 'ਚ ਇਹ ਦੋਵੇਂ ਸਮਰੂਪ ਹਨ। ਅਜਿਹੇ ਵਿਚਾਰਾਂ ਤੋਂ ਅਗਾਂਹ ਦੀ ਪ੍ਰਸੰਗਿਕਤਾ 'ਚ ਇਹ ਵੀ ਦਰਸਾਇਆ ਗਿਆ ਹੈ ਕਿ ਸੁਹਿਰਦ ਲੇਖਕ ਨੂੰ ਕਦੇ ਵੀ ਸਮਕਾਲੀਨ ਰਾਜਸੀ, ਧਾਰਮਿਕ ਅਤੇ ਲੋਭ-ਲੁਭਾਊ ਸ਼ਕਤੀਆਂ ਦੇ ਸ਼ਿਕੰਜੇ ਵਿਚ ਨਹੀਂ ਆਉਣਾ ਚਾਹੀਦਾ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਚੋਰ ਮੋਰੀਆਂ
ਲੇਖਕ : ਭੁਪਿੰਦਰ ਸਿੰਘ ਬੋਪਾਰਾਏ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 98550-91442.

ਬੋਪਾਰਾਏ ਦੇ ਇਹ ਲੇਖ ਆਕਾਰ ਵਿਚ ਭਾਵੇਂ ਛੋਟੇ ਹਨ ਪਰ ਆਪਣੇ ਤਿੱਖੇ ਤੇਵਰ ਅਤੇ ਬੁਲੰਦ ਸ਼ਬਦਾਵਲੀ ਕਾਰਨ ਮਹੱਤਵਪੂਰਨ ਹਨ। ਲੇਖਕ ਦਾ ਲਹਿਜ਼ਾ ਗਿਆਨਵਾਨ ਪ੍ਰਚਾਰਕ ਵਾਲਾ ਹੈ ਜੋ ਆਪਣੇ ਪ੍ਰਵਚਨੀ ਅੰਦਾਜ਼ ਵਿਚ ਗ਼ਲਤ ਸਮਾਜੀ ਰਹੁ ਰੀਤਾਂ, ਸੜ ਰਹੀਆਂ ਮਾਨਤਾਵਾਂ 'ਤੇ ਉਂਗਲ ਧਰਦਿਆਂ ਸਾਨੂੰ ਸੁਚੇਤ ਕਰਦਾ ਹੈ। ਉਹ ਬਹੁਤ ਹੀ ਸਾਦਾ ਜ਼ਬਾਨ ਵਿਚ ਸਿੱਧੇ ਰੂਪ ਵਿਚ ਅਜਿਹੀਆਂ ਲਾਹਣਤੀ ਸਥਿਤੀਆਂ 'ਤੇ ਕਠੋਰ ਪ੍ਰਹਾਰ ਕਰਦਾ ਹੈ। ਉਹ ਸਮਾਜ ਦੇ ਵਿਗੜ ਰਹੇ ਸਰੂਪ ਅਤੇ ਦਾਗ਼ੀ ਹੋ ਰਹੀ ਜ਼ਹਿਨੀਅਤ ਪ੍ਰਤੀ ਫ਼ਿਕਰਮੰਦ ਹੈ। ਉਸ ਨੂੰ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਹੁਰਮਤੀ ਦਾ ਫ਼ਿਕਰ ਹੈ। ਮਾਪਿਆਂ ਦੀ ਔਲਾਦ ਵਲੋਂ ਕੀਤੀ ਜਾ ਰਹੀ ਅਣਦੇਖੀ ਦਾ ਫ਼ਿਕਰ ਹੈ। ਕੁਰਾਹੇ ਪੈ ਰਹੀ ਜਵਾਨੀ ਤੇ ਨਸ਼ਿਆਂ ਤੇ ਲੱਚਰਤਾ ਵਿਚ ਗਲ-ਗਲ ਡੁੱਬੀ ਪੰਜਾਬੀਅਤ ਦੀ ਚਿੰਤਾ ਹੈ। ਬੇਈਮਾਨੀ, ਭ੍ਰਿਸ਼ਟਾਚਾਰ, ਬੇਗ਼ੈਰਤ ਰਾਜਨੀਤੀ ਪ੍ਰਤੀ ਗੁੱਸਾ ਹੈ। ਉਹ ਇਨ੍ਹਾਂ ਸਾਰੀਆਂ ਸਥਿਤੀਆਂ ਅਤੇ ਸਮੱਸਿਆਵਾਂ ਬਾਰੇ ਆਪਣੀ ਰਾਇ ਬੇਲਾਗ ਹੋ ਕੇ ਦਿੰਦਾ ਹੈ। ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣੋਂ ਦਰੇਗ ਨਹੀਂ ਕਰਦਾ। ਸਿੱਖੀ ਮਰਿਆਦਾ ਤੋਂ ਬੇਮੁੱਖ ਹੋ ਰਹੇ ਤੇ ਸਿੱਖੀ ਅਸੂਲਾਂ ਨੂੰ ਤਿਆਗ ਰਹੇ ਪੰਜਾਬੀਆਂ ਪ੍ਰਤੀ ਉਸ ਦੇ ਮਨ 'ਚ ਅਥਾਹ ਰੋਸ ਹੈ। ਹੋਰ ਤਾਂ ਹੋਰ ਉਹ ਤਾਂ ਹੋਛੇ ਲੇਖਕਾਂ ਅਤੇ ਖ਼ੁਦਗਰਜ਼ ਕਲਮਕਾਰਾਂ ਨੂੰ ਵੀ ਨਹੀਂ ਬਖਸ਼ਦਾ। ਆਪਣੀ ਗੱਲ 'ਚ ਸ਼ਿੱਦਤ ਭਰਨ ਲਈ ਉਹ ਦਿਸ਼ਟਾਂਤਾਂ ਅਤੇ ਕਥਾਮਈ ਟੂਕਾਂ ਦੀ ਵੀ ਵਰਤੋਂ ਕਰਦਾ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਗੁਰੂ ਨਾਨਕ ਬਾਣੀ
ਦਾ ਰਸਾਤਮਕ ਅਧਿਐਨ

ਲੇਖਕ : ਡਾ: ਪਰਮਿੰਦਰ ਸਿੰਘ ਬੈਨੀਪਾਲ
ਪ੍ਰਕਾਸ਼ਕ : ਯੂਨੀਸਟਾਰ ਪਬਲਿਸ਼ਰਜ਼, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 94634-13551.

ਵਿਚਾਰਾਧੀਨ ਪੁਸਤਕ ਨੂੰ ਲੇਖਕ ਨੇ ਪੰਜ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ 19 ਰਾਗਾਂ 'ਤੇ ਆਧਾਰਿਤ ਨਾਨਕ-ਬਾਣੀ ਦਾ ਸੰਖੇਪ ਪਰਿਚੈ ਦਿੱਤਾ ਗਿਆ ਹੈ। ਦੂਸਰੇ ਕਾਂਡ ਵਿਚ ਭਾਰਤੀ ਕਾਵਿ-ਸ਼ਾਸਤਕ ਅਨੁਸਾਰ ਰਸ ਪਰੰਪਰਾ ਦਾ ਸਿਧਾਂਤਕ ਪਰਿਪੇਖ ਉਸਾਰਿਆ ਗਿਆ ਹੈ। ਤੀਸਰੇ ਕਾਂਡ ਵਿਚ ਰਸ ਉਤਪਤੀ ਦੀ ਪ੍ਰਕਿਰਿਆ ਭਾਵ, ਵਿਭਾਵ, ਆਲੰਬਨ, ਉਦੀਪਨ, ਅਨੁਭਾਵ, ਸੰਚਾਰੀ ਭਾਵ, ਰਸ ਨਿਸ਼ਪਤੀ ਅਤੇ ਸਾਧਾਰਣੀਕਰਨ ਨੂੰ ਗਹਿਨ ਦ੍ਰਿਸ਼ਟੀ ਨਾਲ ਵਾਚਦਿਆਂ ਸਾਧਾਰਨੀਕਰਨ ਨੂੰ ਰਸ ਸਿਧਾਂਤ ਦੀ ਬੁਨਿਆਦ ਸਵੀਕਾਰ ਕੀਤਾ ਗਿਆ ਹੈ। ਚੌਥੇ ਕਾਂਡ ਵਿਚ ਨਾਨਕ ਬਾਣੀ ਵਿਚ ਉਪਲਬਧ ਵੱਖ-ਵੱਖ ਰਸਾਂ ਦਾ ਵਿਵੇਚਨ ਕੀਤਾ ਗਿਆ ਹੈ। ਲੇਖਕ ਨੇ ਪੰਜਵੇਂ ਕਾਂਡ ਵਿਚ ਕੁਝ ਵਿਦਵਾਨਾਂ ਦੇ ਇਸ ਮੱਤ ਨਾਲ ਅਸਹਿਮਤੀ ਵਿਅਕਤ ਕੀਤੀ ਹੈ ਕਿ ਨਾਨਕ ਬਾਣੀ ਦਾ ਰਸ-ਰਾਜ ਜਾਂ ਪ੍ਰਧਾਨ ਰਸ ਸ਼ਿੰਗਾਰ ਰਸ ਜਾਂ ਸ਼ਾਂਤ ਰਸ ਹੈ। ਡਾ: ਬੈਨੀਪਾਲ ਤਾਂ ਇਸ ਮੱਤ ਦਾ ਧਾਰਨੀ ਹੈ ਕਿ ਗੁਰੂ ਨਾਨਕ ਦੇਵ ਜੀ ਭਾਉ-ਭਗਤੀ ਅਰਥਾਤ ਪ੍ਰੇਮਾ ਭਗਤੀ 'ਤੇ ਜ਼ੋਰ ਦਿੰਦਿਆਂ 'ਹਸੰਦਿਆਂ, ਖੇਲੰਦਿਆਂ, ਪੈਨੰਦਿਆਂ ਵਿਚੇ ਹੋਵਹਿ ਮੁਕਤ' ਦੀ ਜੀਵਨ-ਜੁਗਤ ਦਾ ਪ੍ਰਯੋਗ ਕਰਨ 'ਤੇ ਬਲ ਦਿੰਦੇ ਹਨ। ਲੇਖਕ ਨੇ ਪ੍ਰੋ: ਆਤਮਜੀਤ, ਪ੍ਰੋ: ਬਲਬੀਰ ਸਿੰਘ ਦਿਲ, ਪ੍ਰੋ: ਪਿਆਰਾ ਸਿੰਘ ਪਦਮ, ਡਾ: ਗੁਰਦੇਵ ਸਿੰਘ ਆਦਿ ਨਾਲ ਸੰਵਾਦ ਰਚਾਉਂਦੇ ਹੋਏ ਪ੍ਰਸ਼ਨ ਕੀਤਾ ਹੈ 'ਕੀ ਬਾਣੀ ਪੜ੍ਹ ਕੇ ਸਾਡੇ ਉੱਪਰ ਪਤੀ-ਪਤਨੀ ਦੇ ਪਿਆਰ ਸਬੰਧ ਹੀ ਸਵਾਰ ਹੋ ਜਾਂਦੇ ਹਨ?' ਵਿਦਵਾਨ ਆਪ ਹੀ ਉੱਤਰ ਦਿੰਦਾ ਹੈ ਕਦਾਚਿੱਤ ਨਹੀਂ। ਸਗੋਂ ਬਾਣੀ ਪੜ੍ਹ ਕੇ ਮਨ ਪਵਿੱਤਰ, ਨਿਰਮਲ ਅਤੇ ਸ਼ਾਂਤ ਹੋ ਜਾਂਦਾ ਹੈ। ਇਹ ਤਾਂ ਸੱਚ ਹੈ ਕਿ ਗੁਰੂ ਨਾਨਕ ਬਾਣੀ ਵਿਚ ਸਾਰੇ ਰਸਾਂ ਦਾ ਕਿਤੇ-ਕਿਤੇ ਸੰਚਾਰ ਹੋਇਆ ਹੈ ਪਰ ਇਹ ਸਾਰੇ ਰਸ ਭਗਤੀ ਰਸ ਦੇ ਅੰਤਰਗਤ ਹੀ ਵਿਚਾਰੇ ਜਾਣੇ ਚਾਹੀਦੇ ਹਨ। ਆਪਣੇ ਹਰ ਨੁਕਤੇ ਨੂੰ ਲੇਖਕ ਨੇ ਗੁਰਬਾਣੀ ਵਿਚੋਂ ਉਦਾਹਰਨਾਂ ਦੇ ਕੇ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਸਮੁੱਚੇ ਤੌਰ 'ਤੇ ਲੇਖਕ ਆਪਣੇ ਇਸ ਮੱਤ 'ਤੇ ਦ੍ਰਿੜ੍ਹ ਹੈ ਕਿ ਭਗਤੀ ਰਸ ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਰਸ-ਰਾਜ ਬਣਨ ਦੀ ਸਮਰੱਥਾ ਰੱਖਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-