ਤਾਜਾ ਖ਼ਬਰਾਂ


ਚੋਣ ਜਿੱਤੇ ਤਾਂ ਵਿਧਾਇਕ ਅਤੇ ਪਾਰਟੀ ਤੈਅ ਕਰੇਗੀ ਮੁੱਖ ਮੰਤਰੀ ਦਾ ਨਾਂਅ - ਸਚਿਨ ਪਾਇਲਟ
. . .  about 1 hour ago
ਜੈਪੁਰ, 21 ਨਵੰਬਰ - ਕਾਂਗਰਸੀ ਆਗੂ ਸਚਿਨ ਪਾਇਲਟ ਦਾ ਕਹਿਣਾ ਹੈ ਕਿ ਜੇਕਰ ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਹੁੰਦੀ ਹੈ, ਤਾਂ ਵਿਧਾਇਕ ਅਤੇ ਪਾਰਟੀ...
ਮਾਨਸਾ ਪੁਲਿਸ ਨੇ 2 ਘੰਟੇ 'ਚ ਸੁਲਝਾਈ ਅੰਨੇ ਕਤਲ ਦੀ ਗੁੱਥੀ
. . .  about 1 hour ago
ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ 2 ਘੰਟੇ ਅੰਦਰ ਸੁਲਝਾਉਂਦੇ ਹੋਏ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ...
ਫ਼ੈਕਟਰੀ 'ਚ ਹੋਇਆ ਧਮਾਕਾ, ਇੱਕ ਮਜ਼ਦੂਰ ਦੀ ਮੌਤ
. . .  about 2 hours ago
ਲੁਧਿਆਣਾ, 21 ਨਵੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿਚ ਇੱਕ ਫ਼ੈਕਟਰੀ ਵਿਚ ਹੋਏ ਧਮਾਕੇ ਵਿਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਸੜਕ ਹਾਦਸੇ 'ਚ ਇੱਕ ਦੀ ਮੌਤ, 3 ਜ਼ਖਮੀ
. . .  about 1 hour ago
ਬੀਜਾ, 21 ਨਵੰਬਰ (ਰਣਧੀਰ ਸਿੰਘ ਧੀਰਾ) - ਅੱਜ ਬਾਅਦ ਦੁਪਹਿਰ ਬੀਜਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ...
ਤੇਜ ਰਫ਼ਤਾਰ ਕਾਰ ਦੀ ਟੱਕਰ 'ਚ ਐਕਟਿਵਾ ਸਵਾਰ ਔਰਤ ਦੀ ਮੌਤ
. . .  about 2 hours ago
ਜਲੰਧਰ, 21 ਨਵੰਬਰ - ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਸੰਜੇ ਨਗਰ ਵਿਖੇ ਤੇਜ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਔਰਤ...
ਸਾਰਾ ਪਿੰਡ ਹਿਤੈਸ਼ੀ ਹੈ ਬਿਕਰਮਜੀਤ ਸਿੰਘ ਦਾ
. . .  about 2 hours ago
ਰਾਜਾਸਾਂਸੀ, 21 (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ...
ਤਹਿਸੀਲ ਅਜਨਾਲਾ ਨਾਲ ਸਬੰਧਿਤ ਹਨ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ
. . .  about 2 hours ago
ਅਜਨਾਲਾ, 21 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ ਤਹਿਸੀ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 7ਵਾਂ ਝਟਕਾ
. . .  about 3 hours ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 6ਵਾਂ ਝਟਕਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਤੁਹਾਡੇ ਖ਼ਤ

22-06-2018

 ਸ਼ੁਜਾਤ ਬੁਖ਼ਾਰੀ ਦਾ ਕਤਲ
ਪਿਛਲੇ ਦਿਨੀਂ 'ਰਾਈਜ਼ਿੰਗ ਕਸ਼ਮੀਰ' ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਦੀ ਅਣਪਛਾਤੇ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ 'ਤੇ ਮਾਣਯੋਗ ਬਰਜਿੰਦਰ ਸਿੰਘ ਹਮਦਰਦ ਨੇ ਲਿਖਿਆ 'ਸੰਪਾਦਕ ਬੁਖਾਰੀ ਦਾ ਵਿਛੋੜਾ' ਵਾਕਿਆ ਹੀ ਪੱਤਰਕਾਰੀ ਲਈ ਇਕ ਸਦਮੇ ਤੋਂ ਘੱਟ ਨਹੀਂ। ਜਿਸ ਸਦਮੇ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਇਕ ਸਦੀਵੀ ਵਿਛੋੜਾ ਹੈ। ਉਥੇ ਹੀ ਪੱਤਰਕਾਰ ਭਾਈਚਾਰੇ ਨੇ ਇਸ ਹਮਲੇ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ, ਸੱਚ ਲਿਖਣ ਵਾਲੀਆਂ ਕਲਮਾਂ ਨੂੰ ਤੋੜਨ ਦੀ ਗਹਿਰੀ ਚਾਲ ਦੱਸਿਆ ਹੈ। ਜੇਕਰ ਬੁਖ਼ਾਰੀ ਹੁਰਾਂ ਦੇ ਜੀਵਨ 'ਤੇ ਝਾਤ ਮਾਰੀਏ ਤਾਂ ਸ਼ੁਜਾਤ ਬੁਖ਼ਾਰੀ ਇਕ ਅਮਨ ਪਸੰਦ ਆਪਣੇ ਪ੍ਰਗਟ ਕੀਤੇ ਵਿਚਾਰਾਂ 'ਤੇ ਪੂਰਾ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਸਨ। ਇਹ ਤਾਂ ਉਨ੍ਹਾਂ ਦੇ ਜਨਾਜ਼ੇ 'ਤੇ ਹੋਏ ਬੇਤਹਾਸ਼ਾ ਲੋਕਾਂ ਦੇ ਇਕੱਠ ਤੋਂ ਵੀ ਪਤਾ ਲਗਦਾ ਹੈ। ਹੁਣ ਵਾਦੀ ਵਿਚ ਅਮਨ ਸ਼ਾਂਤੀ ਲਈ ਯਤਨਸ਼ੀਲ, ਦੋਵਾਂ ਮੁਲਕਾਂ ਵਿਚਕਾਰ ਗੱਲਬਾਤ ਜਾਰੀ ਰੱਖਣ ਦੇ ਸਮਰਥਕ ਸੰਗਠਨਾਂ ਵਿਚ ਵੀ ਸਰਗਰਮੀ ਨਾਲ ਕੰਮ ਕਰਦੇ ਸਨ। ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਇਹੋ ਜਿਹੇ ਵਿਚਾਰਧਾਰਾ ਰੱਖਣ ਵਾਲੇ ਇਨਸਾਨਾਂ ਦੇ ਹਮੇਸ਼ਾ ਉਲਟ ਹੀ ਰਹੀਆਂ ਹਨ। ਹਰ ਪਾਸਿਉਂ ਦੇਸ਼ 'ਚ ਵੰਡ ਪਾਊ ਸੰਗਠਨਾਂ ਦੀ ਨਿੰਦਾ ਹੋ ਰਹੀ ਹੈ। ਸਰਕਾਰਾਂ ਨੂੰ ਹੋਰ ਸਖ਼ਤਾਈ ਵਰਤਣ ਅਤੇ ਚੌਕਸੀ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਲੋਕਾਂ ਦੀ ਸੁਰੱਖਿਆ ਬਣਾਈ ਯਕੀਨੀ ਜਾ ਸਕੇ।


-ਬਲਤੇਜ ਸੰਧੂ
ਪਿੰਡ ਬੁਰਜ ਲੱਧਾ, ਡਾਕ: ਭਗਤਾ ਭਾਈ ਕਾ,
ਤਹਿ: ਫੂਲ ਜ਼ਿਲ੍ਹਾ ਬਠਿੰਡਾ।


ਠੋਸ ਨੀਤੀ ਦੀ ਲੋੜ
ਬੀਤੇ ਦਿਨ 'ਅਜੀਤ' 'ਚ ਅਵਾਰਾ ਖੂੰਖਾਰ ਕੁੱਤਿਆਂ ਵਲੋਂ ਬਜ਼ੁਰਗ ਦੀ ਨੋਚ-ਨੋਚ ਕੇ ਹੱਤਿਆ ਕਰ ਦੇਣ ਦੀ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਉਂਜ ਤਾਂ ਅਕਸਰ ਲਗਪਗ ਰੋਜ਼ ਹੀ ਅਵਾਰਾ ਕੁੱਤਿਆਂ ਵਲੋਂ ਕੀਤੀਆਂ ਜਾਂਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਹਾਲੀਆ ਮਹੱਲਿਆਂ 'ਚ ਹੇੜ੍ਹਾਂ ਦੀਆਂ ਹੇੜ੍ਹਾਂ ਕੁੱਤਿਆਂ ਦੇ ਝੁੰਡ ਵੇਖਦੇ ਹਾਂ, ਉਹ ਬੱਬਰ ਸ਼ੇਰਾਂ ਵਾਂਗ ਪਲੇ ਜਦ ਭੁੱਖੇ ਹੋਣ ਤਾਂ ਕਿਸੇ ਨਾ ਕਿਸੇ ਦਾ ਸ਼ਿਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਪਰ ਅਜਿਹਾ ਹੋਰ ਕਿੰਨਾ ਚਿਰ ਹੋਵੇਗਾ। ਬੜੇ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਕਸਰ ਲੇਖਕਾਂ ਤੇ ਬੁੱਧੀਜੀਵੀਆਂ ਨੇ ਆਪਣੀਆਂ ਲਿਖਤਾਂ ਰਾਹੀਂ ਅਨੇਕਾਂ ਵਾਰ ਇਹ ਗੰਭੀਰ ਸਮੱਸਿਆ ਸਰਕਾਰ ਅਤੇ ਪ੍ਰਸ਼ਾਸਨਾਂ ਦੇ ਧਿਆਨ 'ਚ ਲਿਆਉਣ ਦੇ ਯਤਨ ਕੀਤੇ ਹਨ, ਪਰ ਕੋਈ ਠੋਸ ਨਤੀਜੇ ਵੇਖਣ ਨੂੰ ਨਹੀਂ ਮਿਲਦੇ। ਮਨੁੱਖ ਨੂੰ ਕੇਵਲ ਮਨੁੱਖ ਤੋਂ ਹੀ ਡਰ ਨਹੀਂ, ਅਵਾਰਾ ਕੁੱਤਿਆਂ ਤੋਂ ਅੱਜ ਜ਼ਿਆਦਾ ਡਰ ਪੈਦਾ ਹੋ ਚੁੱਕਾ ਹੈ। ਸਰਕਾਰਾਂ ਵਲੋਂ ਸੰਜੀਦਾ ਹੋ ਕੇ ਅਵਾਰਾ ਕੁੱਤਿਆਂ ਬਾਰੇ ਕੋਈ ਠੋਸ ਨੀਤੀ ਬਣਾ ਕੇ ਮਨੁੱਖ ਨੂੰ ਬਚਾਇਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ।


-ਮਾਸਟਰ ਹਰਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸਿੱਖ ਫ਼ਿਲਮ ਸੈਂਸਰ ਬੋਰਡ
ਸਿੱਖ ਧਰਮ, ਸਿੱਖ ਗੁਰੂ ਸਾਹਿਬਾਨ ਅਤੇ ਇਸ ਦੇ ਇਤਿਹਾਸ 'ਤੇ ਬਣਨ ਵਾਲੀਆਂ ਫ਼ਿਲਮਾਂ, ਨਾਟਕ ਆਦਿ ਸਮੇਂ-ਸਮੇਂ 'ਤੇ ਵੱਡੇ ਵਿਵਾਦਾਂ ਵਿਚ ਰਹੇ ਹਨ। ਸੋ ਇਸੇ ਮਸਲੇ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਵਿਦਵਾਨ ਸਿੱਖਾਂ ਦੀ ਇੱਕੀ ਮੈਂਬਰੀ ਕਮੇਟੀ ਦਾ ਗਠਨ ਕਰਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਅਜਿਹਾ ਸਿੱਖ ਫ਼ਿਲਮ ਸੈਂਸਰ ਬੋਰਡ ਦਾ ਬਹੁਤ ਸਮਾਂ ਪਹਿਲਾਂ ਗਠਨ ਕਰ ਦੇਣਾ ਚਾਹੀਦਾ ਸੀ। ਕਿਉਂਕਿ ਸਿੱਖ ਵਿਰੋਧੀ ਤਾਕਤਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਉਹ ਧਰਮ ਅਤੇ ਇਸ ਦੇ ਗੌਰਵਮਈ ਇਤਿਹਾਸ ਉੱਤੇ ਸੱਟ ਮਾਰਨ ਲਈ ਹਮੇਸ਼ਾ ਮੌਕੇ ਭਾਲਦੇ ਰਹਿੰਦੇ ਹਨ। ਇਸ ਲਈ ਇਸ ਇੱਕੀ ਮੈਂਬਰੀ ਕਮੇਟੀ (ਸਿੱਖ ਫ਼ਿਲਮ ਸੈਂਸਰ ਬੋਰਡ) ਨੂੰ ਰਾਜਸੀ ਅਤੇ ਆਰਥਿਕ ਹਿਤਾਂ ਨੂੰ ਪਾਸੇ ਰੱਖ ਕੇ ਸਿੱਖ ਸੋਚ 'ਤੇ ਪਹਿਰਾ ਦਿੰਦਿਆਂ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ ਸਾਹਿਬ)।


ਪੱਥਰਬਾਜ਼ਾਂ 'ਤੇ ਲਗਾਮ ਜ਼ਰੂਰੀ
ਕਸ਼ਮੀਰ 'ਚ ਵਧਦੀਆਂ ਅੱਤਵਾਦੀ ਘਟਨਾਵਾਂ ਦੇ ਚਲਦਿਆਂ 28 ਜੂਨ ਤੋਂ ਸ਼ੁਰੂ ਹੋ ਰਹੀ ਬਾਬਾ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਾਧੂ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਦਾ ਫ਼ੈਸਲਾ ਸਹੀ ਹੈ। ਇਸ ਨਾਲ ਆਉਣ ਵਾਲੇ ਸ਼ਰਧਾਲੂਆਂ ਦਾ ਵਿਸ਼ਵਾਸ ਬਹਾਲ ਹੋਵੇਗਾ ਅਤੇ ਉਹ ਬਿਨਾਂ ਕਿਸੇ ਖੌਫ਼ ਦੇ ਦਰਸ਼ਨ ਕਰ ਸਕਣਗੇ। ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਵਾਦੀ 'ਚ ਮਾਹੌਲ ਨੂੰ ਜਾਣਬੁੱਝ ਕੇ ਖ਼ਰਾਬ ਕੀਤਾ ਜਾਂਦਾ ਹੈ ਤਾਂ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚੋਂ ਇਥੇ ਆਉਣ ਵਾਲੇ ਸ਼ਰਧਾਲੂ ਸੁਰੱਖਿਆ ਕਾਰਨਾਂ ਕਰਕੇ ਇੱਥੇ ਨਾ ਪਹੁੰਚ ਸਕਣ। ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਨਾਲ ਨਜਿੱਠਣ ਲਈ ਸੁਰੱਖਿਆ ਦਸਤੇ ਬੇਸ਼ੱਕ ਪੂਰੀ ਚੌਕਸੀ ਵਰਤਦੇ ਹਨ, ਪਰ ਕਈ ਵਾਰ ਯਾਤਰੀ ਵੀ ਬਿਨਾਂ ਸੁਰੱਖਿਆ ਕਾਫਿਲੇ ਦੇ ਆਪਣੇ ਸਾਧਨਾਂ ਰਾਹੀਂ ਅੱਗੇ ਨਿਕਲ ਜਾਂਦੇ ਹਨ, ਜੋ ਕਈ ਵਾਰ ਅਜਿਹਾ ਕਦਮ ਉਨ੍ਹਾਂ ਲਈ ਘਾਤਕ ਸਿੱਧ ਹੋ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਜਦੋਂ ਵੀ ਅੱਤਵਾਦ ਨਾਲ ਜੂਝ ਰਹੇ ਸੁਰੱਖਿਆ ਬਲ ਅੱਤਵਾਦ ਵਿਰੋਧੀ ਮੁਹਿੰਮ ਚਲਾਉਂਦੇ ਹਨ ਤਾਂ ਪੱਥਰਬਾਜ਼ ਪੱਥਰ ਮਾਰ ਕੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਕਵਚ ਦੇ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸੁਰੱਖਿਆ ਬਲਾਂ 'ਤੇ ਵੀ ਪੱਥਰਬਾਜ਼ੀ ਕਰਦੇ ਹਨ। ਜਿਸ ਨਾਲ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਨਾਲ-ਨਾਲ ਇਲਾਕੇ 'ਚ ਕਾਨੂੂੰਨ ਵਿਵਸਥਾ ਬਰਕਰਾਰ ਰੱਖਣ ਲਈ ਅਜਿਹੇ ਅਨਸਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਪੱਥਰਬਾਜ਼ ਸ਼ਰਧਾਲੂਆਂ ਦੀਆਂ ਗੱਡੀਆਂ 'ਤੇ ਪੱਥਰ ਸੁੱਟਣ ਤੋਂ ਵੀ ਬਾਜ਼ ਨਹੀਂ ਆਉਂਦੇੇ। ਸਰਕਾਰ ਨੂੰ ਚਾਹੀਦਾ ਹੈ ਕਿ ਅੱਤਵਾਦ ਨਾਲ ਨਜਿੱਠਣ ਲਈ ਕੋਈ ਠੋਸ ਰਣਨੀਤੀ ਅਪਣਾਏ। ਇਸ ਲਈ ਉਨ੍ਹਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੋਵੇਗਾ।


-ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ ਓ , 174 ਮਿਲਟਰੀ ਹਸਪਤਾਲ, ਬਠਿੰਡਾ।


ਸਿੱਖਿਆ ਜਗਤ
ਸਿੱਖਿਆ ਮਨੁੱਖੀ ਜੀਵਨ ਦਾ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਸਿੱਖਿਆ ਇਕ ਨਿਰੰਤਰ ਚੱਲਣ ਵਾਲੀ ਕਿਰਿਆ ਹੈ। ਸਿੱਖਿਆ ਦਾ ਖੇਤਰ ਵਿਸ਼ਾਲ ਹੈ। ਸਿੱਖਿਆ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਲੋਂ ਪ੍ਰਾਪਤ ਕੀਤੀਆਂ ਡਿਗਰੀਆਂ ਤੱਕ ਹੀ ਸੀਮਤ ਨਹੀਂ ਹੈ। ਸਿੱਖਿਆ ਦਾ ਖੇਤਰ ਰੁਜ਼ਗਾਰ ਪ੍ਰਾਪਤ ਕਰਨ ਲਈ ਕੀਤੇ ਜਾਂਦੇ ਪ੍ਰੋਫੈਸ਼ਨਲ ਕੋਰਸਾਂ, ਹੱਥੀਂ ਸਿੱਖੇ ਜਾਂਦੇ ਕੰਮਾਂਕਾਰਾਂ ਜਿਵੇਂ ਕਿ ਸਾਈਕਲ, ਸਕੂਟਰਾਂ ਤੇ ਹੋਰ ਕਈ ਪ੍ਰਕਾਰ ਦੀਆਂ ਗੱਡੀਆਂ ਦੀ ਮੁਰੰਮਤ ਦਾ ਕੰਮ, ਲੱਕੜੀ, ਲੋਹੇ ਦੇ ਕੰਮ, ਦੁਕਾਨਦਾਰੀ, ਖੇਤੀਬਾੜੀ, ਸਿਲਾਈ ਤੇ ਹੋਰ ਅਨੇਕਾਂ ਅਣਗਿਣਤ ਕੰਮਾਂ ਤੱਕ ਵੀ ਸੀਮਤ ਨਹੀਂ ਹੈ। ਸਿੱਖਿਆ ਦਾ ਖੇਤਰ ਇਸ ਤੋਂ ਵੀ ਵਿਸ਼ਾਲ ਹੈ। ਮਨੋਵਿਗਿਆਨ ਅਨੁਸਾਰ ਜੋ ਵੀ ਅਸੀਂ ਰੋਜ਼ਾਨਾ ਸੋਚਦੇ, ਵਿਚਾਰਦੇ, ਕਲਪਨਾ ਕਰਦੇ ਹਾਂ, ਉਹ ਸਭ ਸਿੱਖਿਆ ਦੇ ਖੇਤਰ ਵਿਚ ਆਉਂਦਾ ਹੈ ਤੇ ਸਾਡਾ ਤਜਰਬਾ ਬਣ ਜਾਂਦਾ ਹੈ ਅਤੇ ਇਸ ਪ੍ਰਕਾਰ ਅਸੀਂ ਰੋਜ਼ ਕੁਝ ਨਾ ਕੁਝ ਸਿੱਖਦੇ ਹਾਂ। ਅਸੀਂ ਪੱਛਮੀ ਦੇਸ਼ਾਂ ਵੱਲ ਭੱਜਦੇ ਹਾਂ, ਕੀ ਕਦੇ ਇਹ ਵਿਚਾਰ ਕੀਤਾ ਹੈ ਕਿ ਪੱਛਮੀ ਦੇਸ਼ਾਂ ਵਿਚ ਵਿਦਿਅਕ ਢਾਂਚੇ ਦਾ ਆਧਾਰ ਕੀ ਹੈ? ਵਿਕਸਿਤ ਦੇਸ਼ਾਂ ਵਿਚ ਬੱਚਿਆਂ ਦੇ ਛੁਪੇ ਹੋਏ ਅਣਗਿਣਤ ਗੁਣਾਂ ਦੀ ਜਾਂਚ ਕਰਕੇ ਸਿੱਖਿਆ ਦੇ ਵਿਸ਼ਾਲ ਖੇਤਰ ਵਿਚ ਉਨ੍ਹਾਂ ਨੂੰ ਸੇਧ ਦਿੱਤੀ ਜਾਂਦੀ ਹੈ।


-ਬਿਹਾਲਾ ਸਿੰਘ, ਹੁਸ਼ਿਆਰਪੁਰ।

21-06-2018

 ਨਾ ਤੋੜੋ ਬਜ਼ੁਰਗਾਂ ਦਾ ਦਿਲ
ਹਰ ਇਕ ਇਨਸਾਨ ਨੇ ਇਕ ਨਾ ਇਕ ਦਿਨ ਬੁੱਢਾ ਹੋਣਾ ਹੈ। ਇਹ ਕੁਦਰਤ ਦਾ ਨਿਯਮ ਹੈ। ਬਚਪਨ, ਜਵਾਨੀ ਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਰੰਗ ਹਨ। ਜਵਾਨੀ ਅਤੇ ਬੁਢਾਪੇ ਦਰਮਿਆਨ ਗੁਜ਼ਰਿਆ ਸਮਾਂ ਬੜਾ ਜੋਸ਼ੀਲਾ ਅਤੇ ਔਕੜਾਂ ਤੇ ਦੁਸ਼ਵਾਰੀਆਂ ਨਾਲ ਭਰਿਆ ਹੁੰਦਾ ਹੈ। ਅੱਜ ਦੇ ਤੇਜ਼ ਤਰਾਰ ਜ਼ਮਾਨੇ ਵਿਚ ਬਜ਼ੁਰਗਾਂ ਨਾਲ ਦੁਰਵਿਹਾਰ ਹੁੰਦਾ ਆਮ ਵੇਖਿਆ ਜਾਂਦਾ ਹੈ। ਜਦ ਪਰਿਵਾਰ ਦੇ ਕਿਸੇ ਜੀਅ ਵਲੋਂ ਕੀਤਾ ਗ਼ਲਤ ਕੰਮ ਬਜ਼ੁਰਗ ਵੇਖਦਾ ਹੈ ਤਾਂ ਆਪਣੀ ਜ਼ਬਾਨ ਖੋਲ੍ਹਣ ਲਈ ਮਜਬੂਰ ਹੋ ਕੇ ਟੋਕ-ਟੁਕਾਈ ਕਰਦਾ ਹੈ ਤਾਂ ਉਹ ਜੀਅ ਬਜ਼ੁਰਗ ਦਾ ਕਹਿਣਾ ਮੰਨਣ ਦੀ ਥਾਂ ਕੁਰੱਖਤ ਆਵਾਜ਼ ਵਿਚ ਕਹਿੰਦਾ ਹੈ ਤਾਂ ਬਜ਼ੁਰਗ ਦੇ ਨਾਜ਼ੁਕ ਦਿਲ 'ਤੇ ਸੱਟ ਵੱਜਦੀ ਹੈ। ਸਾਨੂੰ ਬਜ਼ੁਰਗਾਂ ਦਾ ਸਾਥ ਬਹੁਤਾ ਚਿਰ ਮਿਲਣ ਵਾਲਾ ਨਹੀਂ ਹੁੰਦਾ। ਪਤਾ ਨਹੀਂ ਉਨ੍ਹਾਂ ਨੇ ਕਦੋਂ ਰੁਖ਼ਸਤ ਹੋ ਜਾਣਾ ਹੈ। ਆਮ ਵੇਖਿਆ ਗਿਆ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਬਜ਼ੁਰਗਾਂ ਦੀ ਮਰਦੇ ਦਮ ਤੱਕ ਸੇਵਾ ਕੀਤੀ, ਉਨ੍ਹਾਂ ਦੀ ਹਰ ਰਾਇ, ਕਹਿਣ ਤੇ ਸੁਝਾਅ ਲੋਕਾਂ ਮੰਨੇ, ਉਹ ਪਰਿਵਾਰ ਤਰੱਕੀ ਦੀਆਂ ਬੁਲੰਦੀਆਂ ਛੂਹ ਗਏ।


-ਸਰਵਨ ਸਿੰਘ ਪਤੰਗ।


ਕੁਦਰਤ ਨਾਲ ਖਿਲਵਾੜ
5 ਜੂਨ ਨੂੰ ਹਰ ਸਾਲ ਵਾਤਾਵਰਨ ਦਿਵਸ ਵਜੋਂ ਮਨਾਉਂਦੇ ਹਾਂ। ਲੋੜ ਕਿਉਂ ਪਈ? ਧਰਤੀ 'ਤੇ ਵਸਣ ਵਾਲੇ ਅਰਬਾਂ-ਖਰਬਾਂ ਜੀਵਾਂ ਨੂੰ ਕੁਦਰਤ ਮੁਫ਼ਤ ਵਿਚ ਹਵਾ, ਪਾਣੀ ਤੇ ਹੋਰ ਖਾਧ ਪਦਾਰਥ ਬਖਸ਼ਦੀ ਹੈ। ਆਦਮੀ ਨੇ ਆਪਣੀਆਂ ਲੋੜਾਂ ਅਨੁਸਾਰ ਪਸ਼ੂਆਂ, ਪੰਛੀਆਂ ਤੇ ਖਾਧ ਪਦਾਰਥਾਂ ਨੂੰ ਆਪਣੇ ਵਸ ਵਿਚ ਕਰ ਲਿਆ। ਕੁਦਰਤ ਜੇ ਸਾਨੂੰ ਕੁਝ ਦਿੰਦੀ ਹੈ ਤਾਂ ਉਸ ਦੇ ਇਵਜ਼ ਵਿਚ ਸਾਥੋਂ ਮੰਗਦੀ ਵੀ ਹੈ। ਅਸੀਂ ਲੈਣਾ ਤਾਂ ਸਿੱਖ ਲਿਆ, ਦੇਣਾ ਨਹੀਂ। ਮਨੁੱਖ ਅੱਜ ਜੀਵਨ ਦੀਆਂ ਮੁਢਲੀਆਂ ਲੋੜਾਂ ਹਵਾ, ਪਾਣੀ ਤੇ ਮਿੱਟੀ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਚੁੱਕਾ ਹੈ। ਧੂੰਆਂ, ਮਿੱਟੀ, ਫੈਕਟਰੀਆਂ ਦਾ ਰਸਾਇਣਾਂ ਵਾਲਾ ਪਾਣੀ, ਜ਼ਹਿਰੀਆਂ ਗੈਸਾਂ ਨੇ ਪਾਣੀ, ਹਵਾ ਤੇ ਮਿੱਟੀ ਦੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਜੋ ਵਸਤਾਂ ਕੁਦਰਤ ਸਾਨੂੰ ਮੁਫ਼ਤ ਵਿਚ ਦਿੰਦੀ ਸੀ, ਉਹ ਮਨੁੱਖ ਨੇ ਆਪਣੇ ਹੱਥੀਂ ਖਰਾਬ ਕਰ ਲਈਆਂ ਹਨ। ਅੱਜ ਰੁੱਖ ਲਾਉਣ ਦੀ ਲੋੜ ਹੈ, ਵੱਢਣ ਦੀ ਨਹੀਂ। ਵਾਤਾਵਰਨ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਸਰਕਾਰਾਂ ਨੂੰ ਵੀ ਜਾਗਣਾ ਚਾਹੀਦਾ ਹੈ। ਕੱਲ੍ਹ ਨੂੰ ਦੇਰ ਹੋ ਜਾਵੇਗੀ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਛੱਪੜਾਂ ਦੀ ਤਰਸਯੋਗ ਹਾਲਤ
ਅੱਜ ਪੰਜਾਬ ਦੇ ਬਹੁਤੇ ਪਿੰਡਾਂ ਵਿਚਲੇ ਛੱਪੜਾਂ ਦੀ ਹਾਲਤ ਸਫ਼ਾਈ ਪੱਖੋਂ ਬੇਹੱਦ ਤਰਸਯੋਗ ਬਣੀ ਹੋਈ ਹੈ। ਇਕ ਸਮਾਂ ਸੀ ਜਦੋਂ ਛੱਪੜਾਂ ਨੂੰ ਪਿੰਡਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ। ਪਰ ਅੱਜ ਇਹੀ ਛੱਪੜ ਪਿੰਡਾਂ ਲਈ ਵੱਡੀ ਮੁਸੀਬਤ ਬਣੇ ਨਜ਼ਰ ਆਉਂਦੇ ਹਨ। ਤਰਾਸਦੀ ਇਹ ਹੈ ਕਿ ਇਕ ਤਾਂ ਬਹੁਤੇ ਛੱਪੜਾਂ ਦਾ ਵਿਸ਼ਾਲ ਘੇਰਾ ਨਾਜਾਇਜ਼ ਕਬਜ਼ਿਆਂ ਕਾਰਨ ਬਹੁਤ ਛੋਟਾ ਹੋ ਕੇ ਰਹਿ ਗਿਆ ਹੈ ਤੇ ਦੂਸਰਾ ਕੂੜਾ-ਕਰਕਟ ਸੁੱਟਣ ਲਈ ਕੋਈ ਵੱਖਰੀ ਜਗ੍ਹਾ ਨਾ ਹੋਣ ਕਰਕੇ ਵਿਚ ਹੀ ਸੁੱਟਣਾ ਬਹੁਤੇ ਪਿੰਡਾਂ ਦੇ ਲੋਕਾਂ ਦੀ ਮਜਬੂਰੀ ਬਣ ਗਿਆ ਹੈ। ਬਹੁਤੇ ਪਿੰਡਾਂ ਦੇ ਛੱਪੜਾਂ ਦੀ ਗੰਦਗੀ ਤੋਂ ਪ੍ਰਭਾਵਿਤ ਲੋਕ ਕਈ ਮੌਕੇ ਦੇ ਨੇਤਾਵਾਂ ਦੇ ਧਿਆਨ 'ਚ ਲਿਆ ਚੁੱਕੇ ਹਨ। ਮੀਂਹ ਦੇ ਦਿਨਾਂ 'ਚ ਇਨ੍ਹਾਂ ਛੱਪੜਾਂ ਦੇ ਨੇੜੇ ਦੀ ਰਿਹਾਇਸ਼ ਵਾਲੇ ਲੋਕਾਂ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੁੰਦੀ ਹੈ। ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਉਹ ਇਸ ਸਮੱਸਿਆ ਨੂੰ ਪੂਰੀ ਗੰਭੀਰਤਾ ਨਾਲ ਲਵੇ ਤਾਂ ਕਿ ਪ੍ਰਭਾਵਿਤ ਲੋਕਾਂ ਨੂੰ ਉਪਰੋਕਤ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਭੜਕੀਲੇ ਗੀਤ
ਸੰਗੀਤ ਰੂਹ ਦੀ ਖੁਰਾਕ ਹੈ। ਸ਼ੁਰੂ ਤੋਂ ਹੀ ਮਨੁੱਖ ਦਾ ਗੀਤ-ਸੰਗੀਤ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਅੱਜ ਥੋੜ੍ਹੇ-ਬਹੁਤੇ ਕਲਾਕਾਰਾਂ ਨੂੰ ਛੱਡ ਕੇ ਜ਼ਿਆਦਾਤਰ ਗਾਇਕਾਂ ਵਲੋਂ ਬੇਹੱਦ ਘਟੀਆ ਪੱਧਰ ਦੀ ਸ਼ਬਦਾਵਲੀ ਵਾਲੇ ਅਤੇ ਭੜਕੀਲੇ ਗੀਤ ਗਾਏ ਜਾ ਰਹੇ ਹਨ।
ਅਜੋਕੇ ਕਲਾਕਾਰਾਂ ਵਲੋਂ ਜਿਥੇ ਆਪਣੇ ਗੀਤਾਂ ਵਿਚ ਆਸ਼ਕੀ, ਗੱਡੀਆਂ, ਹਥਿਆਰਾਂ, ਨਸ਼ਿਆਂ ਅਤੇ ਫੈਸ਼ਨਪ੍ਰਸਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ, ਉਥੇ ਇਨ੍ਹਾਂ ਗੀਤਾਂ ਦੀਆਂ ਘਟੀਆ ਦਰਜੇ ਦੀਆਂ ਵੀਡੀਓ ਬਣਾ ਕੇ ਨੌਜਵਾਨਾਂ ਦੇ ਮਨਾਂ ਵਿਚ ਗ਼ਲਤ ਧਾਰਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਸੋ, ਅੱਜ ਲੋੜ ਹੈ ਜਿਥੇ ਅਸੀਂ ਸਭ ਮਿਲ ਕੇ ਅਜਿਹੇ ਘਟੀਆ ਗਾਉਣ ਵਾਲੇ ਕਲਾਕਾਰਾਂ ਦਾ ਵੱਧ ਤੋਂ ਵੱਧ ਵਿਰੋਧ ਕਰੀਏ, ਉਥੇ ਸਰਕਾਰ ਨੂੰ ਵੀ ਅਜਿਹੇ ਘਟੀਆ ਗੀਤ ਸਮਾਜ ਵਿਚ ਆਉਣ ਤੋਂ ਰੋਕਣ ਲਈ ਸੈਂਸਰ ਬੋਰਡ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਜੋ ਆਏ ਦਿਨ ਭੜਕੀਲੇ ਗੀਤ ਸੁਣ ਕੇ ਕੁਰਾਹੇ ਪੈਂਦੀ ਜਾ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮਾਂ ਰਹਿੰਦਿਆਂ ਬਚਾਇਆ ਜਾ ਸਕੇ।


-ਰਾਜਾ ਗਿੱਲ (ਚੜਿੱਕ)।


ਕਿਸਾਨ ਅੰਦੋਲਨ
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਲਈ ਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਲਈ ਮੁਲਕ ਪੱਧਰੀ ਅੰਦੋਲਨ ਕੀਤਾ ਗਿਆ। ਕਿਸਾਨ ਜੋ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ, ਉਹ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। 30 ਦਸੰਬਰ, 2016 ਦੀ ਰਿਪੋਰਟ ਮੁਾਤਬਿਕ 2015 'ਚ 12602 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਸਾਲ 2014 'ਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ 5650 ਅਤੇ ਖੇਤ ਮਜ਼ਦੂਰਾਂ ਦੀ ਗਿਣਤੀ 6710 ਸੀ। ਇਸ ਵਿਚ ਹੈਰਾਨ ਕਰਨ ਵਾਲਾ ਤੱਥ ਇਹ ਸੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖ਼ੁਦਕੁਸ਼ੀ ਦਾ ਕਾਰਨ ਕਰਜ਼ਾ, ਕੰਗਾਲੀ ਤੇ ਖੇਤੀ ਨਾਲ ਜੁੜੀਆਂ ਦਿੱਕਤਾਂ ਹੀ ਸਨ। ਬੇਸ਼ੱਕ ਕੁਝ ਲੋਕਾਂ ਨੂੰ ਅੰਦੋਲਨ ਦਾ ਢੰਗ ਗ਼ਲਤ ਲੱਗ ਰਿਹਾ ਹੈ ਪਰ ਕਿਸਾਨਾਂ ਨੂੰ ਸਰਕਾਰਾਂ ਨੂੰ ਜਗਾਉਣ ਲਈ ਇਸ ਤਰ੍ਹਾਂ ਦੇ ਤਰੀਕੇ ਵਰਤਣੇ ਪੈ ਰਹੇ ਹਨ। ਚੋਣਾਂ ਦੌਰਾਨ ਕਿਸਾਨਾਂ ਨਾਲ ਹਮੇਸ਼ਾ ਇਹ ਵਾਅਦਾ ਵੀ ਕੀਤਾ ਜਾਂਦਾ ਰਿਹਾ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ਪਰ ਵੋਟਾਂ ਲੈਣ ਤੋਂ ਬਾਅਦ ਸਰਕਾਰਾਂ ਮੁਨਕਰ ਹੋ ਜਾਂਦੀਆਂ ਹਨ। ਅੰਕੜਿਆਂ ਮੁਤਾਬਿਕ ਕਿਸਾਨਾਂ ਦੀ 2022 ਤੱਕ ਆਮਦਨ ਦੁੱਗਣੀ ਕਰਨ ਲਈ ਵਿਕਾਸ ਦਰ 22 ਫ਼ੀਸਦੀ ਚਾਹੀਦੀ ਸੀ ਪਰ ਮੌਜੂਦਾ ਸਮੇਂ ਦੌਰਾਨ ਇਹ ਦਰ ਕੇਵਲ 1.77 ਹੈ। ਇਸ ਲਈ ਜੇਕਰ ਕਿਸਾਨ ਤੇ ਕਿਸਾਨੀ ਬਚਾਉਣੀ ਹੈ ਤਾਂ ਇਸ ਲਈ ਸਾਰਥਕ ਕਦਮ ਚੁੱਕਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਸੰਘਰਸ਼ ਕਰ ਰਹੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਆਪਣਾ ਸੰਘਰਸ਼ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

20-06-2018

 ਕਦੋਂ ਰੁਕਣਗੇ ਅੱਤਿਆਚਾਰ

ਬੀਤੇ ਦਿਨ ਲੋਕ ਮੰਚ ਸਫ਼ੇ 'ਤੇ ਡਾ: ਰਵਨੀਤ ਕੌਰ ਦਾ ਲੇਖ 'ਕਦੋਂ ਰੁਕਣਗੇ ਧੀਆਂ 'ਤੇ ਅੱਤਿਆਚਾਰ' ਪੜ੍ਹਿਆ, ਜਿਸ ਵਿਚ ਉਨ੍ਹਾਂ ਲਿਖਿਆ ਕਿ ਅੱਜ ਦੇ ਦੌਰ 'ਚ ਧੀਆਂ ਬਹੁਤ ਭਿਆਨਕ ਮੁਸੀਬਤਾਂ ਨਾਲ ਜੂਝ ਰਹੀਆਂ ਹਨ। ਘਰੇਲੂ ਝਗੜੇ, ਦਾਜ ਦੀ ਬਲੀ, ਜਬਰ ਜਨਾਹ ਆਦਿ ਸਮੱਸਿਆਵਾਂ ਨਾਲ ਲੜ ਰਹੀਆਂ ਹਨ। ਧੀਆਂ ਜਾਂ ਬੱਚੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਵਲ ਸਰਕਾਰ ਜਾਂ ਕਾਨੂੰਨ ਦੀ ਹੀ ਨਹੀਂ ਬਣਦੀ, ਸਗੋਂ ਜ਼ਿੰਮੇਵਾਰੀ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਧੀਆਂ-ਪੁੱਤਰਾਂ ਨੂੰ ਚੰਗੇ ਸੰਸਕਾਰ ਦੇਣਾ ਮਾਂ-ਬਾਪ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਧੀਆਂ ਵੀ ਆਪਣੀ ਸੁਰੱਖਿਆ ਲਈ ਆਪ ਤਿਆਰ ਹੋਣ। ਸਕੂਲਾਂ ਅੰਦਰ ਮਾਰਸ਼ਲ ਆਰਟ ਕਰਾਟੇ, ਗਤਕਾ, ਕੁਸ਼ਤੀਆਂ ਆਦਿ ਖੇਡਾਂ 'ਚ ਭਾਗ ਲੈ ਕੇ ਸ਼ਕਤੀਵਾਨ ਹੋਣ। ਬੁਰੀ ਨਜ਼ਰ ਵਾਲਿਆਂ ਨਾਲ ਡੱਟ ਕੇ ਮੁਕਾਬਲਾ ਕਰਨ ਦੇ ਸਮਰੱਥ ਹੋਣ। ਜਬਰ-ਜ਼ੁਲਮ ਦਾ ਸਾਹਮਣਾ ਕਰਨ ਦੇ ਅਨੁਕੂਲ ਹੋਣ। ਧੀਆਂ ਨਾਲ ਹੀ ਸਮਾਜ ਬਣਦਾ ਹੈ, ਇਕੱਲੇ ਪੁੱਤਰਾਂ ਨਾਲ ਸਮਾਜ ਨਹੀਂ ਬਣਦਾ। ਬਿਨਾਂ ਸ਼ੱਕ ਸਮਾਜ 'ਚ ਵਿੱਦਿਆ ਦਾ ਪਾਸਾਰ ਹੋ ਚੁੱਕਾ ਹੈ ਪਰ ਅੱਜ ਵੀ ਔਰਤਾਂ, ਭਾਵ ਬੱਚੀਆਂ ਤੇ ਧੀਆਂ 'ਤੇ ਅੱਤਿਆਚਾਰ 14ਵੀਂ-15ਵੀਂ ਸਦੀ ਵਾਂਗ ਹੀ ਹੋ ਰਹੇ ਹਨ। ਇਹ ਕੌੜਾ ਸੱਚ ਹੈ ਭਾਵੇਂ ਨਾ ਸਵੀਕਾਰ ਕਰੀਏ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਪਾਣੀ ਦੀ ਬੱਚਤ

ਧਰਤੀ ਉੱਪਰ ਮਨੁੱਖੀ ਜੀਵਨ ਦੀ ਹੋਂਦ ਕਾਇਮ ਰਹਿਣ ਲਈ ਪਾਣੀ, ਹਵਾ ਤੇ ਧਰਤੀ ਦੀ ਸਥਿਰਤਾ ਜ਼ਰੂਰੀ ਹੈ। ਧਰਤੀ ਦੇ 70 ਫ਼ੀਸਦੀ ਹਿੱਸੇ ਉੱਪਰ ਪਾਣੀ ਦੀ ਮੌਜੂਦਗੀ ਦੇ ਬਾਵਜੂਦ ਮਨੁੱਖ ਲਈ ਪੀਣ ਲਈ ਸ਼ੁੱਧ ਪਾਣੀ ਅਤੇ ਖੇਤੀਬਾੜੀ ਲਈ ਲੋੜੀਂਦੇ ਪਾਣੀ ਦੀ ਘਾਟ ਇਕ ਗੰਭੀਰ ਸਮੱਸਿਆ ਦਾ ਵਿਸ਼ਾ ਹੈ। ਮਾਹਿਰਾਂ ਵਲੋਂ ਲੋਕਾਂ ਨੂੰ ਘੱਟ ਤੋਂ ਘੱਟ ਪਾਣੀ ਵਰਤ ਕੇ ਪਾਣੀ ਦੀ ਬੱਚਤ ਦੀ ਸਲਾਹ ਦਿੱਤੀ ਜਾਂਦੀ ਹੈ। ਘਰਾਂ ਵਿਚ ਖਾਣਾ ਪਕਾਉਣ, ਭਾਂਡੇ ਧੋਣ, ਸਫ਼ਾਈਆਂ ਕਰਨ, ਫੁੱਲ-ਬੂਟਿਆਂ, ਇਸ਼ਨਾਨ ਕਰਨ ਤੇ ਕੱਪੜੇ ਧੋਣ ਆਦਿ ਲਈ ਘੱਟੋ-ਘੱਟ ਪਾਣੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਸਕੂਟਰ, ਮੋਟਰਸਾਈਕਲਾਂ ਤੇ ਹੋਰ ਗੱਡੀਆਂ ਨੂੰ ਜ਼ਿਆਦਾ ਪਾਣੀ ਨਾਲ ਧੋਣ ਉੱਪਰ ਜੁਰਮਾਨੇ ਵੀ ਲਗਾਏ ਜਾ ਰਹੇ ਹਨ। ਮੇਰੇ ਵਿਚਾਰ ਅਨੁਸਾਰ ਪਾਣੀ ਦੀ ਬੱਚਤ ਮੁੱਖ ਰੂਪ ਵਿਚ ਕਿਸਾਨਾਂ ਦੇ ਹੱਥ ਵਿਚ ਹੈ। ਦੇਸ਼ ਵਿਚ ਕਰੋੜਾਂ ਦੀ ਗਿਣਤੀ ਵਿਚ ਟਿਊਬਵੈੱਲ ਹਨ। ਜੇਕਰ ਕਿਸਾਨ ਘੱਟ ਤੋਂ ਘੱਟ ਪਾਣੀ ਨਾਲ ਹੋਣ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਤਾਂ ਖੇਤੀ ਵਿਭਿੰਨਤਾ ਕਾਰਨ ਕਿਸਾਨਾਂ ਨੂੰ ਲਾਭ ਵੀ ਹੋਵੇਗਾ ਤੇ ਪਾਣੀ ਦੀ ਬੱਚਤ ਵੀ। ਮੀਂਹਾਂ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿਚ ਲਿਜਾਣ ਲਈ ਪ੍ਰਬੰਧ ਕਰਨੇ ਜ਼ਰੂਰੀ ਹਨ।

-ਬਿਹਾਲਾ ਸਿੰਘ
ਹੁਸ਼ਿਆਰਪੁਰ।

ਅਵਾਸ ਯੋਜਨਾਵਾਂ

ਸਰਕਾਰ ਨੇ ਨਾਅਰਾ 'ਸਵੱਛ ਭਾਰਤ' ਦਾ ਦਿੱਤਾ ਹੋਇਆ ਹੈ ਅਤੇ ਇਸੇ ਮਿਸ਼ਨ ਤਹਿਤ ਸਰਕਾਰ ਨੇ ਇੰਦਰਾ ਗਾਂਧੀ ਅਵਾਸ ਯੋਜਨਾ, ਰਾਜੀਵ ਗਾਂਧੀ ਅਵਾਸ ਯੋਜਨਾ, ਅਟਲ ਅਵਾਸ ਯੋਜਨਾ ਅਤੇ ਹੁਣ ਪ੍ਰਧਾਨ ਮੰਤਰੀ ਅਵਾਸ ਯੋਜਨਾ ਆਦਿ ਤਹਿਤ ਬੇਸਹਾਰਾ, ਬੇਘਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਨ੍ਹਾਂ ਯੋਜਨਾਵਾਂ ਤਹਿਤ ਲਗਦਾ ਹੈ ਕਿ ਹੁਣ ਤੱਕ ਬੇਘਰਾਂ ਨੂੰ ਪੱਕੇ ਮਕਾਨ ਮਿਲ ਗਏ ਹੋਣਗੇ। ਪਰ ਜ਼ਮੀਨੀ ਹਕੀਕਤ ਵੱਲ ਝਾਤ ਮਾਰੀਏ ਤਾਂ ਇਹ ਯੋਜਨਾਵਾਂ ਸਿਰਫ ਕਾਗਜ਼ੀ ਕਾਰਵਾਈਆਂ ਵਿਚ ਹੀ ਘੁੰਮਦੀਆਂ ਫਿਰਦੀਆਂ ਹਨ। ਝੁੱਗੀਆਂ ਵਿਚ ਰਹਿਣ ਵਾਲੇ ਆਪਣੀ ਗ਼ਰੀਬੀ ਦੇ ਚਲਦਿਆਂ ਗੰਦੇ ਨਾਲਿਆਂ ਤੇ ਪਾਣੀ ਦੇ ਨਲਕੇ ਲਗਾ ਕੇ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਪਾਣੀ ਵੀ ਇਥੋਂ ਹੀ ਪੀਂਦੇ ਹਨ। ਹਾਲਾਤ ਏਨੇ ਮਾੜੇ ਹਨ ਕਿ ਗੰਦਗੀ ਭਰੇ ਵਾਤਾਵਰਨ 'ਚ ਇਹ ਲੋਕ ਖਾਣ, ਪੀਣ, ਨਹਾਉਣ ਲਈ ਮਜਬੂਰ ਹਨ। ਸਰਕਾਰ ਨੂੰ ਇਨ੍ਹਾਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਕੋਈ ਸਰਲ ਅਤੇ ਸਾਰਥਿਕ ਹੱਲ ਕਰਨ ਦੀ ਲੋੜ ਹੈ, ਤਾਂ ਜੋ ਇਹ ਗ਼ਰੀਬ ਲੋਕ ਜੋ ਗੰਦਗੀ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ, ਸੁਰੱਖਿਅਤ ਢੰਗ ਨਾਲ ਆਪਣਾ ਜੀਵਨ ਬਤੀਤ ਕਰ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਿਸਾਨ ਸੰਘਰਸ਼

ਪਿਛਲੇ ਕੁਝ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ। ਇਹ ਸੰਘਰਸ਼ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੈ, ਜਿਸ ਦੀ ਮੁੱਖ ਮੰਗ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣਾ, ਦੁੱਧ ਅਤੇ ਸਬਜ਼ੀਆਂ ਦੇ ਵਾਜਬ ਮੁੱਲ ਲੈਣਾ, ਜਿਸ ਨੂੰ ਲੈ ਕੇ ਹੜਤਾਲ ਦਾ ਐਲਾਨ ਵੀ ਹੋਇਆ। ਜਿਸ ਨੂੰ ਬਾਅਦ ਵਿਚ ਨਾਜ਼ੁਕ ਹਾਲਤਾਂ ਦੇ ਮੱਦੇਨਜ਼ਰ ਵਾਪਸ ਲੈਣਾ ਪਿਆ ਪਰ ਕਈ ਲੋਕ ਇਸ ਨੂੰ ਜਥੇਬੰਦੀਆਂ ਦੀ ਨਾਕਾਮੀ ਦੱਸ ਰਹੇ ਹਨ, ਜੋ ਸਰਾਸਰ ਗ਼ਲਤ ਹੈ। ਜੇਕਰ ਹੜਤਾਲ ਵਾਪਸ ਨਾ ਲਈ ਜਾਂਦੀ ਤਾਂ ਟਕਰਾਅ ਵਾਲੀ ਸਥਿਤੀ ਬਣ ਜਾਣੀ ਸੀ, ਜਿਸ ਨਾਲ ਪੂਰੇ ਪੰਜਾਬ ਦਾ ਮਾਹੌਲ ਵਿਗੜ ਸਕਦਾ ਸੀ, ਜਿਸ ਦਾ ਫਾਇਦਾ ਸ਼ਰਾਰਤੀ ਅਨਸਰਾਂ ਨੇ ਲੈ ਕੇ ਲੁੱਟਾਂ-ਖੋਹਾਂ 'ਤੇ ਆ ਜਾਣਾ ਸੀ। ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਹੋ ਸਕਦਾ ਹੈ, ਤਾਂ ਜੋ 2019 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਨੂੰ ਮਜਬੂਰ ਕੀਤਾ ਜਾ ਸਕੇ।

-ਜਗਮੀਤ ਸਿੰਘ ਕਿੰਗਰਾ
ਪਿੰਡ ਤੇ ਡਾਕ: ਬੀਹਲੇਵਾਲਾ, ਜ਼ਿਲ੍ਹਾ ਫ਼ਰੀਦਕੋਟ।

ਡੁੱਬਣ ਦੀਆਂ ਘਟਨਾਵਾਂ

ਗਰਮੀਆਂ ਦਾ ਮੌਸਮ ਆਉਣ 'ਤੇ ਸਕੂਲਾਂ, ਕਾਲਜਾਂ ਵਿਚ ਛੁੱਟੀਆਂ ਹੋਣ ਕਾਰਨ ਗੱਭਰੂ ਮੁੰਡੇ ਗਰਮੀ ਤੋਂ ਬਚਣ ਤੇ ਮੌਜ-ਮਸਤੀ ਕਰਨ ਲਈ ਨੇੜੇ ਕਿਤੇ ਨਦੀਆਂ, ਦਰਿਆਵਾਂ 'ਚ ਨਹਾਉਣ ਲਈ ਚਲੇ ਜਾਂਦੇ ਹਨ। ਡੂੰਘਾਈ ਦਾ ਅਹਿਸਾਸ ਨਾ ਹੋਣ ਕਾਰਨ ਤੇ ਅਣਭੋਲਪੁਣੇ 'ਚ ਕਈ ਵਾਰੀ ਜਾਨੋਂ ਹੱਥ ਧੋ ਬੈਠਦੇ ਹਨ। ਅਜਿਹੀਆਂ ਖ਼ਬਰਾਂ ਹਰ ਸਾਲ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨਾਲ ਕਈ ਹੱਸਦੇ ਵਸਦੇ ਪਰਿਵਾਰਾਂ 'ਚ ਉਮਰ ਭਰ ਲਈ ਮਾਤਮ ਛਾ ਗਿਆ ਹੈ। ਇਸ ਸਾਲ ਵੀ ਅਜੇ ਗਰਮੀ ਦੇ ਸ਼ੁਰੂਆਤ 'ਚ ਕਈ ਅਜਿਹੀਆਂ ਡੁੱਬਣ ਦੀਆਂ ਖ਼ਤਰਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਬੜਾ ਔਖਾ ਹੈ ਆਪਣੇ ਲਾਡਲਿਆਂ ਦਾ ਅਜਿਹੇ ਵਿਛੋੜੇ ਵਾਲਾ ਦੁੱਖ ਸਹਿਣਾ। ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਵੱਲ ਉਚਿਤ ਕਦਮ ਚੁੱਕਣਾ ਚਾਹੀਦਾ ਹੈ, ਤਾਂ ਕਿ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਮਾਪੇ, ਬੱਚਿਆਂ 'ਚ ਜਾਗਰੂਕਤਾ ਤੇ ਅਧਿਆਪਕਾਂ ਦੀ ਯੋਗ ਅਗਵਾਈ ਕਾਰਨ ਵੀ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।

-ਪਰਮ ਪਿਆਰ ਸਿੰਘ, ਨਕੋਦਰ।

ਪੰਜਾਬ ਨੂੰ ਲੱਗੀਆਂ ਸਿਉਂਕਾਂ

ਪੰਜਾਬ ਬੜਾ ਖੁਸ਼ਹਾਲ ਪ੍ਰਾਂਤ ਹੈ, ਹੁਣ ਸਿਰਫ ਕਿਤਾਬਾਂ ਤੱਕ ਹੀ ਸੀਮਤ ਰਹਿ ਗਿਆ ਹੈ, ਕਿਉਂਕਿ ਇਸ ਖੁਸ਼ਹਾਲ ਪੰਜਾਬ ਨੂੰ ਬੜੇ ਚਿਰਾਂ ਤੋਂ ਅਜਿਹੀਆਂ ਸਿਉਂਕਾਂ ਲੱਗ ਚੁੱਕੀਆਂ ਹਨ, ਜੋ ਹੌਲੀ-ਹੌਲੀ ਇਸ ਸੋਹਣੇ ਜਿਹੇ ਪੰਜਾਬ ਨੂੰ ਅੰਦਰੋਂ-ਅੰਦਰੀਂ ਖਾਈ ਜਾ ਰਹੀਆਂ ਹਨ। ਭ੍ਰਿਸ਼ਟਾਚਾਰ, ਜਾਤੀ ਸੂਚਕ ਮਾੜੇ ਸ਼ਬਦ, ਭਰੂਣ ਹੱਤਿਆ, ਦਾਜ ਦੀ ਬਲੀ, ਨੌਜਵਾਨ ਮੁੰਡੇ-ਕੁੜੀਆਂ ਦਾ ਨਸ਼ਿਆਂ 'ਚ ਵੜ ਜਾਣਾ, ਪੂਰੇ ਦੇਸ਼ ਦਾ ਪੇਟ ਭਰਨ ਵਾਲਾ ਅੱਜ ਆਪ ਭੁੱਖਾ ਫਿਰਦਾ ਹੈ, ਹਰ ਰੋਜ਼ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਹੈ? ਆਦਿ ਬਹੁਤ ਸਾਰੇ ਕਾਰਨ ਹਨ, ਜੋ ਪੰਜਾਬ ਨੂੰ ਅੰਦਰੋਂ-ਅੰਦਰੀਂ ਘੁਣ ਵਾਂਗ ਖਾਈ ਜਾ ਰਹੇ ਹਨ। ਜੇਕਰ ਇਹ ਅਲਾਮਤਾਂ ਪੰਜਾਬ ਅੰਦਰ ਇਸੇ ਤਰ੍ਹਾਂ ਬਰਕਰਾਰ ਰਹੀਆਂ ਤਾਂ ਸਾਡਾ ਆਉਣ ਵਾਲਾ ਸਮਾਂ ਠੀਕ ਨਹੀਂ ਹੋਵੇਗਾ। ਮੈਂ ਇਕ ਗੱਲ ਮੇਰੇ ਪੰਜਾਬ ਦੇ ਉਨ੍ਹਾਂ ਸੀਨੀਅਰ ਨੇਤਾਵਾਂ ਦੇ ਧਿਆਨ ਹਿਤ ਲਿਆਉਣਾ ਚਾਹੁੰਦਾ ਹਾਂ, ਜੋ ਕਿ ਵੋਟਾਂ ਲੈਣ ਸਮੇਂ ਜੋ ਤੁਸੀਂ ਵਾਅਦੇ ਕਰਦੇ ਹੋ ਜਾਂ ਤਾਂ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਪੂਰੇ ਕਰੋ। ਜੇਕਰ ਤੁਸੀਂ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਝੂਠੇ ਲਾਰਿਆਂ 'ਚ ਕਦੇ ਨਾ ਰੱਖੋ।

-ਗੁਰਦੀਪ ਸਿੰਘ ਘੋਲੀਆ
ਚੜਿੱਕ।

19-06-2018

 ਘਰ-ਘਰ ਹਰਿਆਵਲ
ਪੰਜਾਬ ਸਰਕਾਰ ਦਾ 'ਤੰਦਰੁਸਤ ਪੰਜਾਬ' ਮਿਸ਼ਨ, ਜਿਸ ਦੇ ਤਹਿਤ ਹਰ ਘਰ ਵਿਚ ਇਕ ਪੌਦਾ ਲਗਾਉਣਾ ਬੜਾ ਹੀ ਸ਼ਲਾਘਾਯੋਗ ਕਦਮ ਹੈ। ਵਰਤਮਾਨ ਸਮੇਂ ਵੱਡੇ ਪੱਧਰ 'ਤੇ ਵਾਤਾਵਰਨ ਦਾ ਦੂਸ਼ਿਤ ਹੋਣਾ ਤੇ ਮੌਸਮ ਵਿਚ ਅਣਚਾਹੇ ਬਦਲਾਅ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਕਿਤੇ ਨਾ ਕਿਤੇ ਮਨੁੱਖ ਆਪਣੇ ਫ਼ਰਜ਼ਾਂ ਤੋਂ ਦੂਰੀ ਬਣਾ ਚੁੱਕਾ ਹੈ। ਇਸ ਲਈ ਸਥਾਨਕ ਸਰਕਾਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਇਨਸਾਨ ਨੂੰ ਧਰਤੀ 'ਤੇ ਆਸਾਨੀ ਨਾਲ ਜਿਊਣ ਲਈ ਕੀਤਾ ਗਿਆ ਇਹ ਉੱਦਮ ਬੜਾ ਹੀ ਪ੍ਰਸੰਸਾਪੂਰਨ ਹੈ। ਅਜਿਹੇ ਯਤਨ ਪਹਿਲਾਂ 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਹਰਿਆਵਲ ਲਹਿਰ ਤਹਿਤ ਕੀਤੇ ਗਏ ਜਿਸ ਦੇ ਅੰਤਰਗਤ ਵਾਤਾਵਰਨ ਦੀ ਸੁੰਦਰਤਾ ਪ੍ਰਤੀ ਕਾਫੀ ਵਡਮੁੱਲਾ ਯੋਗਦਾਨ ਪਾਇਆ ਗਿਆ। ਅੱਜ ਲੋੜ ਹੈ ਕਿ ਹਰ ਮਨੁੱਖ ਹਾਂ-ਪੱਖੀ ਸੋਚ ਸਦਕਾ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣੇ ਫ਼ਰਜ਼ਾਂ ਦਾ ਪਾਲਣ ਕਰੇ ਜਿਸ ਨਾਲ ਮੌਜੂਦਾ ਸਰਕਾਰ ਵਲੋਂ 'ਤੰਦਰੁਸਤ ਪੰਜਾਬ' ਮੁਹਿੰਮ ਦਾ ਆਗਾਜ਼ ਪੂਰਨ ਰੂਪ ਵਿਚ ਸਫ਼ਲ ਹੋ ਸਕੇ।

-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ), ਸੰਗਰੂਰ।

ਕਿਸਾਨ ਪ੍ਰੇਸ਼ਾਨ
ਪੰਜਾਬ ਸਰਕਾਰ ਦੁਆਰਾ 20 ਜੂਨ ਨੂੰ ਝੋਨਾ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ ਕਰਕੇ ਬਿਜਲੀ ਦੀ ਸਪਲਾਈ ਬਹੁਤ ਘੱਟ ਕਰ ਦਿੱਤੀ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸਰਕਾਰ ਦੁਆਰਾ ਇਹ ਤਰਕ ਦਿੱਤਾ ਗਿਆ ਹੈ ਕਿ ਕਿਸਾਨ ਨਿਸਚਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰ ਦਿੰਦੇ ਹਨ ਜਿਸ ਕਰਕੇ ਬਿਜਲੀ ਦੀ ਮੰਗ ਵਧ ਜਾਂਦੀ ਹੈ ਤੇ ਪਾਣੀ ਦਾ ਪੱਧਰ ਵੀ ਹੇਠਾਂ ਜਾ ਰਿਹਾ ਹੈ। ਨਹਿਰੀ ਪਾਣੀ ਦੀ ਸਪਲਾਈ ਬੰਦ ਹੋਣ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਿਸਾਨਾਂ ਦੀਆਂ ਬਾਕੀ ਫ਼ਸਲਾਂ ਜਿਵੇਂ ਮੱਕੀ, ਨਰਮਾ ਤੇ ਹਰਾ ਚਾਰਾ ਵੀ ਪਾਣੀ ਨਾ ਮਿਲਣ ਕਰਕੇ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਘੱਟੋ-ਘੱਟ ਚਾਰ ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਵੇ ਤਾਂ ਜੋ ਉਹ ਆਪਣੀਆਂ ਬਾਕੀ ਫ਼ਸਲਾਂ ਨੂੰ ਪਾਣੀ ਦੇ ਸਕਣ ਤੇ ਨਹਿਰੀ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ।-

ਕਮਲ ਬਰਾੜ
ਪਿੰਡ ਕੋਟਰੀ ਅਬਲੂ।

ਮਨੁੱਖਤਾ ਦਾ ਘਾਣ
ਪਿਛਲੇ 25-30 ਸਾਲਾਂ ਤੋਂ ਅਫ਼ਗਾਨਿਸਤਾਨ ਦੀ ਅਭਾਗੀ ਧਰਤੀ ਇਨਸਾਨੀ ਲਹੂ ਨਾਲ ਰੰਗੀ ਜਾ ਰਹੀ ਹੈ ਪਰ ਇਨਸਾਨੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਦੋ ਵੱਡੇ ਦੇਸ਼ ਇਸ ਪ੍ਰਤੀ ਚਿੰਤਤ ਨਹੀਂ। ਸ਼ਾਇਦ ਆਪਣੇ ਪਾਲੇ ਸੱਪਾਂ ਨੂੰ ਖੁੱਡਾਂ ਵਿਚ ਤਾੜਨਾ ਉਨ੍ਹਾਂ ਦੇ ਵੱਸ ਵਿਚ ਨਹੀਂ ਰਿਹਾ। ਉਹੀ ਧਾੜਵੀ ਗਰੁੱਪ ਏਸ਼ੀਆ ਵਿਚ ਮੁਸਲਿਮ ਰਾਜ ਬਣਾਉਣ ਦੀ ਸੋਚ, ਅਮਰੀਕਾ ਨੂੰ ਅੱਖਾਂ ਦਿਖਾਉਣ ਵਿਚ ਲੱਗੇ ਹੋਏ ਹਨ ਪਰ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ। ਨਿੱਤ ਆਤਮਘਾਤੀ ਹਮਲੇ ਹੋ ਰਹੇ ਹਨ। ਬੇਦੋਸ਼ਿਆਂ ਦਾ ਖੂਨ ਵਹਿ ਰਿਹਾ ਹੈ। ਵਪਾਰੀ ਦੇਸ਼ ਆਪਣੇ ਹਥਿਆਰਾਂ ਦਾ ਵਪਾਰ ਵਧਾਉਂਦੇ ਹਨ ਤੇ ਕੁਝ ਦੇਸ਼ ਗੁਆਂਢੀ ਦੇਸ਼ ਦੇ ਜ਼ਮੀਨੀ ਟੁਕੜੇ ਨੂੰ ਹਥਿਆਉਣ ਲਈ ਮਨੁੱਖਤਾ ਦਾ ਕਤਲੇਆਮ ਕਰਦੇ ਹਨ, ਜਿਸ ਦਾ ਨਤੀਜਾ ਸੀਰੀਆ ਅਤੇ ਅਫ਼ਗਾਨਿਸਤਾਨ ਦੀ ਬਰਬਾਦੀ ਵਿਚ ਨਿਕਲ ਰਿਹਾ ਹੈ। ਸੰਯੁਕਤ ਰਾਸ਼ਟਰ ਸੰਘ ਅਤੇ ਗੁੱਟ ਨਿਰਲੇਪ ਦੇਸ਼ਾਂ ਨੂੰ ਇਸ ਪ੍ਰਤੀ ਹੋਰ ਸਾਰਥਿਕ ਯਤਨ ਤੇਜ਼ ਕਰਨੇ ਚਾਹੀਦੇ ਹਨ ਨਹੀਂ ਤਾਂ ਬੇਦੋਸ਼ਿਆਂ ਦਾ ਖੂਨ ਵਹਿੰਦਾ ਰਹੇਗਾ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।

ਸਰਕਾਰ ਲਈ ਸੋਚਣ ਦਾ ਵੇਲਾ
ਪਿਛਲੇ ਦਿਨੀਂ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਕਰਮਚਾਰੀਆਂ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਹੈਰਾਨੀ ਦੀ ਗੱਲ ਹੈ ਕਿ ਇਹ 2004 ਤੋਂ ਹੁਣ ਤੱਕ ਲਗਾਤਾਰ 14 ਸਾਲਾਂ ਤੋਂ ਇਹ ਕਰਮਚਾਰੀ ਲਗਾਤਾਰ ਠੇਕਾ ਆਧਾਰ 'ਤੇ ਕੰਮ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲੋਕਾਂ ਨਾਲ ਘਰ-ਘਰ ਨੌਕਰੀ, ਕਰਜ਼ਾ ਮੁਆਫ਼ੀ, ਟੈਬਲੈੱਟ ਦੇਣੇ, ਕੱਚੇ ਮੁਲਾਜ਼ਮ ਪੱਕੇ ਕਰਨੇ ਆਦਿ ਵਾਅਦੇ ਅਜੇ ਊਠ ਦੇ ਬੁੱਲ੍ਹ ਵਾਂਗ ਲਟਕ ਰਹੇ ਹਨ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਲੋਕਾਂ ਦੁਆਰਾ ਬਣਾਏ ਵਿਧਾਇਕ ਜਿਨ੍ਹਾਂ ਉੱਪਰ ਕੋਈ ਯੋਗਤਾ ਟੈਸਟ ਦੀ ਸ਼ਰਤ ਨਹੀਂ ਹੈ। ਇਕ ਵਾਰ ਜਿੱਤ ਪ੍ਰਾਪਤ ਕਰਨ ਉਪਰੰਤ ਉਮਰ ਭਰ ਦੀ ਪੈਨਸ਼ਨ ਲੱਗ ਜਾਂਦੀ ਹੈ। ਸਮੇਂ ਦੀਆਂ ਸਰਕਾਰਾਂ ਦੇ ਹੱਥ ਵਿਚ ਕਾਨੂੰਨ ਹੁੰਦੇ ਹਨ ਜੋ ਚਾਹੁੰਣ ਸੰਵਿਧਾਨ ਦੀ ਧਾਰਾ ਵਿਚ ਸੋਧ ਕਰਕੇ ਸਮੇਂ ਅਤੇ ਲੋਕ ਅਨੁਸਾਰ ਨਵਾਂ ਕਾਨੂੰਨ ਲਿਆ ਜਾ ਸਕਦਾ ਹੈ। ਸਰਕਾਰਾਂ ਨੂੰ ਜ਼ਰੂਰ ਸਵਾਰਥੀ ਹਿਤ ਤਿਆਗ ਕੇ ਜਾਂ ਵੋਟ ਲੁਭਾਊ ਨੀਤੀ ਛੱਡ ਕੇ ਕਲਿਆਣਕਾਰੀ ਰਾਜ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੇ ਸਰਕਾਰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

ਅਹਿਮ ਫ਼ੈਸਲਾ
ਸਿੰਘ ਸਾਹਿਬਾਨ ਦੇ ਫ਼ੈਸਲੇ ਅਨੁਸਾਰ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਪੀਕਰਾਂ ਦੀ ਆਵਾਜ਼ ਗੁਰਦੁਆਰਿਆਂ ਤੋਂ ਬਾਹਰ ਨਾ ਜਾਵੇ ਅਤੇ ਅਰਦਾਸ ਸਮੇਂ ਸਪੀਕਰ ਦੀ ਆਵਾਜ਼ ਬੰਦ ਕਰ ਦਿੱਤੀ ਜਾਵੇ। ਇਸ ਸਭ ਪਿੱਛੇ ਵੀ ਪਿੰਡਾਂ ਵਿਚ ਰਾਜਨੀਤੀ ਹੋ ਰਹੀ ਹੈ। ਇਸ ਬਾਬਤ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਕਿ ਉਹ ਆਪਣੇ-ਆਪਣੇ ਹਲਕੇ ਦੇ ਪਿੰਡਾਂ ਵਿਚ ਜਾ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਗ੍ਰੰਥੀ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਫ਼ੈਸਲੇ ਤੋਂ ਜਾਣੂ ਕਰਵਾਉਣ ਅਤੇ ਸਪੀਕਰਾਂ ਦੀ ਆਵਾਜ਼ ਨੂੰ ਗੁਰੂ ਘਰਾਂ ਵਿਚ ਹੀ ਰੱਖਣ ਅਤੇ ਅਰਦਾਸ ਸਮੇਂ ਸਪੀਕਰ ਬੰਦ ਕਰਵਾਉਣ ਦਾ ਹਰ ਯਤਨ ਕਰਨ। ਪਿੰਡਾਂ ਵਿਚ ਸਪੀਕਰਾਂ ਰਾਹੀਂ ਰੌਲਾ ਪਾ ਕੇ ਦੁਕਾਨਦਾਰੀਆਂ ਕਰਨ ਵਾਲੇ ਲੋਕਾਂ ਨੂੰ ਵੀ ਜ਼ਰੂਰ ਵਰਜਣਾ ਚਾਹੀਦਾ। ਦਿਨੋਂ-ਦਿਨ ਵਧ ਰਹੇ ਸ਼ੋਰ-ਸ਼ਰਾਬੇ ਨੂੰ ਰੋਕਣ ਲਈ ਸਾਨੂੰ ਸਭ ਨੂੰ ਹਿੰਮਤ ਤੇ ਦਲੇਰੀ ਕਰਨੀ ਪਵੇਗੀ। ਸਵੇਰ-ਸ਼ਾਮ ਦਾ ਰੌਲਾ-ਰੱਪਾ ਜਿੱਥੇ ਮਰੀਜ਼ ਲੋਕਾਂ ਦੀ ਮੁਸੀਬਤ ਬਣਿਆ ਰਹਿੰਦਾ ਹੈ, ਉਥੇ ਹੀ ਵਿਦਿਆਰਥੀਆਂ ਤੇ ਹੋਰ ਲੋਕਾਂ ਲਈ ਵੀ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਅਖੀਰ ਵਿਚ ਇਹੀ ਕਹਾਂਗਾ ਕਿ ਸਾਨੂੰ ਸਭ ਨੂੰ ਪਿਛਾਂਹ ਖਿੱਚੂ ਰਸਮਾਂ ਰਿਵਾਜਾਂ ਤੋਂ ਦੂਰ ਹੋ ਕੇ ਚੰਗੀ ਤੇ ਨਰੋਈ ਸੋਚ ਧਾਰ ਕੇ ਸਮੇਂ ਦੇ ਬਰਾਬਰ ਹੋ ਕੇ ਤੁਰਨਾ ਪਵੇਗਾ।

-ਬੇਅੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ (ਮੋਗਾ)।


ਚਿੰਤਾ ਦਾ ਵਿਸ਼ਾ
ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਜੇਕਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਇਸ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਮਤਿਹਾਨ ਵਿਚੋਂ ਫੇਲ੍ਹ ਹੋ ਜਾਣ 'ਤੇ ਖ਼ੁਦਕੁਸ਼ੀ, ਸਹੁਰੇ ਪਰਿਵਾਰ ਵਿਚ ਛੋਟੇ-ਮੋਟੇ ਮਨ-ਮਿਟਾਵ 'ਤੇ ਖ਼ੁਦਕੁਸ਼ੀ, ਬਿਜ਼ਨੈੱਸ ਵਿਚ ਮੰਦੀ ਆਉਣ 'ਤੇ ਖ਼ੁਦਕੁਸ਼ੀ, ਇਹ ਸਭ ਬਹੁਤ ਆਮ ਹੁੰਦਾ ਜਾ ਰਿਹਾ ਹੈ। ਕੋਈ ਵੀ ਇਸ ਬਾਰੇ ਗੰਭੀਰ ਨਹੀਂ ਹੈ। ਸਮਾਜ ਮਾਨਸਿਕ ਤੌਰ 'ਤੇ ਇਕ ਵੱਖਰੇ ਤੌਰ 'ਤੇ ਦਬਾਅ ਹੇਠਾਂ ਹੈ। ਹਰ ਵਰਗ ਨੂੰ ਕੌਂਸਲਿੰਗ ਦੀ ਜ਼ਰੂਰਤ ਹੈ। ਸਕੂਲਾਂ ਵਿਚ ਬੱਚਿਆਂ ਨੂੰ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਸਾਹਮਣਾ ਕਰਨ ਲਈ ਤਿਆਰ ਕੀਤਾ ਜਾਵੇ। ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਬਾਰੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਸਿਰਫ ਕਾਨੂੰਨ ਬਣਾ ਕੇ ਅਤੇ ਇਕ ਤਰਫ਼ ਨੂੰ ਤੁਰ ਪੈਣਾ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ। ਵਿਖਾਵਾ, ਫੁਕਰਾਪਣ, ਝੂਠੀ ਸ਼ੋਹਰਤ ਨੇ ਸਮਾਜ ਵਿਚ ਇਕ ਵੱਖਰੀ ਦੌੜ ਸ਼ੁਰੂ ਕਰ ਦਿੱਤੀ ਹੈ। ਸਹਿਣਸ਼ੀਲਤਾ ਦੀ ਬੇਹੱਦ ਘਾਟ ਹੈ। ਨਿੱਜੀ ਸੰਸਥਾਵਾਂ, ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਖ਼ੁਦਕੁਸ਼ੀਆਂ ਵੱਲ ਜਾ ਰਹੇ ਸਮਾਜ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਵੇਂ ਲੱਗ ਰਿਹਾ ਹੈ ਜਿਵੇਂ ਸਮਾਜ ਮਾਨਸਿਕ ਤੌਰ 'ਤੇ ਭਿਆਨਕ ਦਬਾਅ ਹੇਠਾਂ ਹੈ।

-ਪ੍ਰਭਜੋਤ ਕੌਰ ਢਿੱਲੋਂ।

18-06-2018

 ਅੱਛੇ ਦਿਨ
ਮਨੁੱਖ ਆਪਣੇ ਸੁਭਾਅ ਤੋਂ ਇੱਛਾਧਾਰੀ ਹੁੰਦਾ ਹੈ। ਜਨਮ ਤੋਂ ਹੀ ਜ਼ਿੰਦਗੀ ਨੂੰ ਅੱਛੇ ਦਿਨਾਂ ਨਾਲ ਬਤੀਤ ਕਰਨ ਦੀ ਕਲਪਨਾ ਕਰਦਾ ਹੈ। ਜ਼ਿੰਦਗੀ ਨੂੰ ਅੱਛੀ ਤਰ੍ਹਾਂ ਜਿਊਣ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਣ ਦੀ ਸੰਭਾਵਨਾ ਹੁੰਦੀ ਹੈ, ਜੇਕਰ ਮਨੁੱਖ ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਿਕ ਸਥਿਰਤਾ ਅਤੇ ਢੁਕਵਾਂ ਕੰਮਕਾਜ ਪ੍ਰਾਪਤ ਕਰਨ ਲਈ ਨਿਰੰਤਰ ਸੰਘਰਸ਼ਸ਼ੀਲ ਰਹੇ। ਮਨੁੱਖ ਵਲੋਂ ਕੀਤੀਆਂ ਜਾਂਦੀਆਂ ਨਿੱਜੀ ਅਤੇ ਅੰਦਰੂਨੀ ਕੋਸ਼ਿਸ਼ਾਂ ਦੇ ਨਾਲ-ਨਾਲ ਬਾਹਰੀ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਵਾਤਾਵਰਨ ਦਾ ਢੁਕਵਾਂ ਅਤੇ ਸੁਹਾਵਨਾ ਹੋਣਾ ਜ਼ਰੂਰੀ ਹੁੰਦਾ ਹੈ। ਚੰਗੀ ਅਤੇ ਸੰਤੁਲਿਤ ਸਰਕਾਰ ਮਨੁੱਖ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਕੇਂਦਰਿਤ ਕਰ ਕੇ 'ਅੱਛੇ ਦਿਨ' ਲਿਆ ਸਕਦੀ ਹੈ। ਹਰ ਵਿਅਕਤੀ ਨੂੰ ਕੰਮ ਉਪਲਬਧ ਕਰਾਉਣਾ, ਸਰਕਾਰੀ ਸਹੂਲਤਾਂ ਨੂੰ ਬਿਨਾਂ ਕਿਸੇ ਮਤਭੇਦ ਦੇ ਹਰ ਨਾਗਰਿਕ ਤੱਕ ਪਹੁੰਚਾਉਣਾ, ਮਨੁੱਖ ਦੀਆਂ ਮੂਲ ਲੋੜਾਂ ਦੀ ਪੂਰਤੀ ਵੱਲ ਲਗਾਤਾਰ ਯਤਨ ਕਰਨੇ ਅੱਛੇ ਦਿਨਾਂ ਦਾ ਆਧਾਰ ਹਨ।


-ਬਿਹਾਲਾ ਸਿੰਘ, ਹੁਸ਼ਿਆਰਪੁਰ।


ਮਿਸ਼ਨ ਤੰਦਰੁਸਤ ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ। ਇਸ ਮੁਹਿੰਮ ਤਹਿਤ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ 10 ਹਜ਼ਾਰ ਮੱਛੀ ਦੇ ਪੂੰਗ ਛੱਡੇ ਹਨ। ਪ੍ਰਦੂਸ਼ਿਤ ਪਾਣੀ ਨਾਲ ਬਿਆਸ ਦਰਿਆ ਵਿਚ ਜਿਥੇ ਮੱਛੀਆਂ ਤੇ ਹੋਰ ਜੀਵ ਮਾਰੇ ਗਏ ਸਨ ਤੇ ਡੋਲਫਿਨ ਮੱਛੀਆਂ 11 ਵਿਚੋਂ 4 ਹੀ ਦਿਖਾਈ ਦੇਣ ਦਾ ਜ਼ਿਕਰ ਹੋਇਆ ਹੈ।
ਪੰਜਾਬ ਵਿਚ ਪਾਣੀ ਦਾ ਸੰਕਟ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਬਾਰੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਪ੍ਰਦੂਸ਼ਿਤ ਹੋਏ ਪਾਣੀ ਨਾਲ ਲੋਕਾਂ 'ਚ ਕੈਂਸਰ, ਕਾਲਾ ਪੀਲੀਆ ਤੇ ਸਾਹ ਦੀਆਂ ਬਿਮਾਰੀਆਂ ਵੀ ਆਮ ਪਾਈਆਂ ਜਾਂਦੀਆਂ ਹਨ। ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਦੇ ਸ਼ੁੱਧੀਕਰਨ ਲਈ ਹਰ ਮਨੁੱਖ ਨੂੰ ਰੁੱਖਾਂ ਤੇ ਜੀਵਾਂ ਨਾਲ ਪਿਆਰ ਹੋਣਾ ਚਾਹੀਦਾ ਹੈ ਤਾਂ ਹੀ ਮਿਸ਼ਨ ਤੰਦਰੁਸਤ ਪੰਜਾਬ ਕਾਮਯਾਬ ਹੋ ਸਕਦਾ ਹੈ।


-ਮਾ: ਜਗੀਰ ਸਿੰਘ ਸਫ਼ਰੀ
ਸਠਿਆਲਾ (ਅੰਮ੍ਰਿਤਸਰ)।


ਵਾਤਾਵਰਨ ਦਿਵਸ
ਵਾਤਾਵਰਨ ਦਿਵਸ ਅਸੀਂ ਹਰ ਸਾਲ 5 ਜੂਨ ਨੂੰ ਪੂਰੀ ਦੁਨੀਆ ਵਿਚ ਮਨਾਉਂਦੇ ਹਾਂ। ਇਸ ਦਿਨ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਕਸਮਾਂ ਖਾਂਦੇ ਹਾਂ ਤੇ ਕਈ ਥਾਵਾਂ 'ਤੇ ਵੱਖਰੇ-ਵੱਖਰੇ ਪ੍ਰੋਗਰਾਮ ਕਰਦੇ ਹਾਂ ਪਰ ਅਗਲੇ ਹੀ ਦਿਨ ਅਸੀਂ ਇਸ ਦਿਨ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਾਂ ਤੇ ਫਿਰ ਤੋਂ ਵਾਤਾਵਰਨ ਨੂੰ ਦੂਸ਼ਿਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਕੂੜਾ ਕਰਕਟ ਆਦਿ ਕੱਚਰੇ ਵਾਲੇ ਡੱਬੇ ਵਿਚ ਪਾਉਣਾ ਚਾਹੀਦਾ ਹੈ। ਨਾੜ/ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਗੱਡੀਆਂ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਸਾਹ ਲੈਣ ਲਈ ਆਕਸੀਜਨ ਮਿਲ ਸਕੇ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟ ਸਕੇ। ਜੇਕਰ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਹੀ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿ ਸਕੇਗਾ ਅਤੇ ਅਸੀਂ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਾਂਗੇ।


-ਹਰਜਿੰਦਰ ਪਾਲ, ਸ. ਸ. ਮਾਸਟਰ, ਅੰਮ੍ਰਿਤਸਰ।


ਕਿਸਾਨ, ਲੋਕ ਅਤੇ ਸਰਕਾਰਾਂ
ਦੇਸ਼ ਦਾ ਅੰਨਦਾਤਾ ਅੱਜ ਹੜਤਾਲਾਂ, ਧਰਨੇ, ਮੁਜ਼ਾਹਰੇ ਕਰਨ ਲਈ ਮਜਬੂਰ ਹੈ। ਅਖ਼ਬਾਰ ਦੀ ਮੁੱਖ ਸੁਰਖੀ 'ਕਿਸਾਨਾਂ ਵਲੋਂ ਸ਼ਹਿਰਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਠੱਪ' ਪੜ੍ਹੀ, ਪੜ੍ਹ ਕੇ ਬਹੁਤ ਹੀ ਦੁੱਖ ਹੋਇਆ ਕਿ ਸਰਕਾਰਾਂ ਨੇ ਕਿਸਾਨ ਆਗੂਆਂ ਨਾਲ ਮਿਲ ਬੈਠ ਕੇ ਸਮੱਸਿਆਵਾਂ ਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ। ਖਾਦ-ਪਦਾਰਥਾਂ, ਫਲਾਂ, ਸਬਜ਼ੀਆਂ ਅਤੇ ਹੋਰ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਗਏ। ਸਰਕਾਰਾਂ ਨੇ ਉਦਾਸੀਨ ਅਤੇ ਹੈਂਕੜ ਵਾਲਾ ਰਵੱਈਆ ਅਪਣਾਇਆ ਹੋਇਆ ਸੀ। ਕਿਸਾਨਾਂ ਦੀ ਹੜਤਾਲ ਦੇ ਕਾਰਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕਿਉਂ ਕਿਸਾਨ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਏ? ਭਾਰਤ ਵਾਸੀ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਦੇ ਪੁੜਾਂ ਵਿਚਕਾਰ ਪਿਸ ਰਹੇ ਹਨ। ਸਰਕਾਰਾਂ ਨੂੰ ਇਸ ਮਸਲੇ ਨੂੰ ਮਿਲ ਬੈਠ ਕੇ ਗੱਲਬਾਤ ਨਾਲ ਸੁਲਝਾਉਣ ਲਈ ਉਚੇਚੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਫਿਰ ਅਜਿਹਾ ਨਾ ਹੋਵੇ।


-ਸਤਨਾਮ ਸਿੰਘ ਮੱਟੂ
ਪਿੰਡ ਬੀਬੜ੍ਹ (ਸੰਗਰੂਰ)


ਕੀ ਲੰਗਰ 'ਤੇ ਜੀ.ਐਸ.ਟੀ. ਮੁਆਫ਼ ਹੋ ਗਿਆ?
ਪਿਛਲੇ ਦਿਨੀਂ ਕੇਂਦਰ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਕਿ ਲੰਗਰ 'ਤੇ ਜੀ.ਐਸ.ਟੀ. ਮੁਆਫ਼ ਕਰ ਦਿੱਤਾ ਗਿਆ ਹੈ। ਪਰ ਬਹੁਤ ਘੱਟ ਲੋਕਾਂ ਨੇ ਇਸ ਨੋਟੀਫਿਕੇਸ਼ਨ ਨੂੰ ਪੜ੍ਹਿਆ ਹੈ, ਇਸ ਨੋਟੀਫ਼ਿਕੇਸ਼ਨ ਨੂੰ ਪੜ੍ਹਦਿਆਂ ਪਤਾ ਲੱਗ ਜਾਂਦਾ ਹੈ ਕਿ ਸੱਚਮੁੱਚ ਟੈਕਸ ਮੁਆਫ਼ ਹੋਇਆ ਹੈ ਜਾਂ ਸਿਰਫ਼ ਹਵਾਈ ਤੀਰ ਹੀ ਹੈ। ਅਸਲ ਵਿਚ ਇਹ ਨੋਟੀਫ਼ਿਕੇਸ਼ਨ ਦਾ ਨਾਂਅ 'ਸੇਵਾ ਭੋਜ ਯੋਜਨਾ' ਹੈ ਜੋ ਕਿ ਕੇਂਦਰ ਦੇ ਸੱਭਿਆਚਾਰਕ ਮੰਤਰਾਲੇ ਵਲੋਂ ਦੋ ਸਾਲ ਲਈ ਭਾਵ 2018-19 ਤੇ 2019-20 ਲਈ ਤਿਆਰ ਕੀਤੀ ਗਈ ਹੈ ਤੇ ਇਸ ਵਾਸਤੇ ਸਿਰਫ਼ 325 ਕਰੋੜ ਰੁਪਏ ਰੱਖੇ ਗਏ ਹਨ। ਇਸ ਯੋਜਨਾ ਤਹਿਤ ਉਹ ਸਾਰੇ ਗੁਰਦੁਆਰੇ, ਮੰਦਰ, ਮਸਜਿਦ, ਗਿਰਜਾਘਰ ਆਦਿ ਸ਼ਾਮਿਲ ਹਨ ਜੋ ਹਰ ਮਹੀਨੇ 5000 ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਖਵਾਉਂਦੇ ਹਨ। ਅਜਿਹੀਆਂ ਸੰਸਥਾਵਾਂ ਨੂੰ ਟੈਕਸ ਦੇ ਪੋਰਟਲ ਦਰਪਣ 'ਤੇ ਰਜਿਸਟਰਡ ਹੋਣਾ ਪਵੇਗਾ ਤੇ ਜੀ.ਐਸ.ਟੀ. ਵੀ ਦੇਣਾ ਪਵੇਗਾ ਤੇ ਫਿਰ ਟੈਕਸ ਵਾਪਸੀ ਲਈ ਅਪਲਾਈ ਕਰਨਾ ਪਵੇਗਾ ਤੇ ਫਿਰ ਇਕ ਰਿਵਿਊ ਕਮੇਟੀ ਇਸ ਦੀ ਜਾਂਚ ਕਰੇਗੀ ਤੇ ਆਪਣਾ ਫ਼ੈਸਲਾ ਦੇਵੇਗੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 325 ਕਰੋੜ ਇਸ ਲਈ ਕਾਫ਼ੀ ਹਨ? ਪਰ ਫਿਲਹਾਲ ਤਾਂ ਇਹ ਕਹਿ ਸਕਦੇ ਹਾਂ ਕਿ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਲੁਭਾਈ ਫ਼ੈਸਲਾ ਹੀ ਹੋ ਸਕਦਾ ਹੈ।


-ਦਿਲਪ੍ਰੀਤ ਸਿੰਘ ਕਾਹਲੋਂ, ਪਿੰਡ ਸਹਿਗਾ, ਦਸੂਹਾ।

15-06-2018

 ਕਿਉਂ ਚੁੱਭਦਾ ਹੈ ਕਿਸਾਨਾਂ ਦਾ ਏਕਾ
ਕੀੜੀ ਤੋਂ ਲੈ ਕੇ ਬਾਦਸ਼ਾਹ ਤੱਕ ਦਾ ਮੂੰਹ ਭਰਨ ਵਾਲਾ ਕਿਸਾਨ ਸੜਕਾਂ 'ਤੇ ਰੁਲਦਾ ਦੇਖ ਕੇ ਰੂਹ ਰੋਂਦੀ ਹੈ। ਪਰ ਫਿਰ ਵੀ ਇਸ ਵੇਲੇ ਅਸੀਂ ਲੋਕ ਸਿਆਸਤ ਕਰ ਰਹੇ ਹਾਂ, ਆਖ਼ਰ ਕਿਉਂ? ਬੀਤੇ ਦਿਨ ਦੇਖ ਰਹੇ ਸੀ ਸੋਸ਼ਲ ਮੀਡੀਆ 'ਤੇ ਕਿ ਕਿਸਾਨਾਂ ਨੇ ਦੋਧੀਆਂ ਦਾ ਦੁੱਧ ਡੋਲ੍ਹ ਦਿੱਤਾ। ਭਾਵੇਂ ਸਦੀਆਂ ਤੋਂ ਅਸੀਂ ਦੁੱਧ ਡੁੱਲ੍ਹਣ ਨੂੰ ਬੇਸ਼ਗਨਾ ਮੰਨਦੇ ਹਾਂ ਜਾਂ ਕਹਿ ਲਓ ਕਿ ਤੇਰਾਂ ਰਤਨਾਂ ਵਿਚੋਂ ਇਕ ਰਤਨ ਦੁੱਧ ਨੂੰ ਮੰਨਿਆ ਗਿਆ ਹੈ ਤੇ ਅਜਿਹਾ ਕਰਨਾ ਇਸ ਰਤਨ ਦੀ ਬੇਅਦਬੀ ਹੈ। ਜੇ ਅਸੀਂ ਥੋੜ੍ਹਾ ਹਟ ਕੇ ਡੂੰਘਾਈ ਨਾਲ ਸੋਚੀਏ ਕਿ ਕੁਝ ਕੁ ਦੋਧੀਆਂ ਨੂੰ ਛੱਡ ਕੇ ਬਹੁਤ ਸਾਰੇ ਦੋਧੀ ਕਿਸਾਨਾਂ ਤੋਂ ਦੁੱਧ ਖਰੀਦ ਕੇ ਸ਼ਹਿਰਾਂ ਵਿਚ ਵੇਚਦੇ ਹਨ। ਜਿਹੜੇ ਕਿਸਾਨਾਂ ਦੇ ਸਿਰ 'ਤੇ ਇਨ੍ਹਾਂ ਦੋਧੀ ਲੋਕਾਂ ਦੀ ਰੋਟੀ ਚਲਦੀ ਹੈ ਫਿਰ ਇਹ ਦੋਧੀ ਵੀਰ ਕਿਸਾਨਾਂ ਦਾ ਸਾਥ ਦੇਣ ਤੋਂ ਕਿਉਂ ਇਨਕਾਰੀ ਹਨ? ਇਹ ਸਮਾਂ ਅਜਿਹਾ ਹੈ ਇਸ ਵਿਚ ਕਿਸਾਨਾਂ ਦਾ ਏਕਾ ਜ਼ਰੂਰੀ ਹੈ। ਸੁੱਤੀਆਂ ਸਰਕਾਰਾਂ ਭਾਵੇਂ ਰੁਜ਼ਗਾਰ ਪੈਦਾ ਕਰਨ ਤੋਂ ਅਸਮਰੱਥ ਰਹੀਆਂ ਹਨ ਪਰ ਹੁਣ ਸਵੈ-ਰੁਜ਼ਗਾਰ ਕਿਸਾਨਾਂ ਦਾ ਪੱਲਾ ਫੜ ਕੇ ਰਾਹ ਜਾਂਦੀ ਸ਼ਾਬਾਸ਼ ਲੁੱਟ ਲੈਣੀ ਚਾਹੀਦੀ ਹੈ।


-ਬੇਅੰਤ ਕੌਰ ਗਿੱਲ
ਮੋਗਾ।


ਨਸ਼ੇ 'ਚ ਫਸਦੀ ਜਵਾਨੀ
ਨਸ਼ਾ ਸਾਡੇ ਪੰਜਾਬ, ਸਾਡੇ ਸਮਾਜ ਤੇ ਸਮੁੱਚੀ ਕੌਮ 'ਤੇ ਇਕ ਬਹੁਤ ਵੱਡਾ ਦਾਗ ਹੈ, ਜਿਸ ਨੂੰ ਉਤਾਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਇਸ ਦੀ ਦਲਦਲ ਬਹੁਤ ਡੂੰਘੀ ਹੋ ਚੁੱਕੀ ਹੈ, ਜਿਸ ਦੀ ਲਪੇਟ ਵਿਚ ਛੋਟੇ-ਵੱਡੇ ਮੁੰਡੇ-ਕੁੜੀਆਂ ਆਦਿ ਆ ਚੁੱਕੇ ਹਨ। ਕਈਆਂ ਨੇ ਤਾਂ ਆਪਣੀਆਂ ਜਾਨਾਂ ਲੈ ਲਈਆਂ। ਇਸ ਨਸ਼ੇ ਕਰਕੇ ਘਰਾਂ ਦੇ ਘਰ ਬਰਬਾਦ ਹੋ ਗਏ। ਕਿਉਂ? ਆਮ ਤੌਰ 'ਤੇ ਇਹ ਦੇਖਣ ਸੁਣਨ ਵਿਚ ਆਇਆ ਹੈ।
ਅੱਜ ਸਾਡੇ ਪੰਜਾਬ ਵਿਚ ਸ਼ਰਾਬ, ਅਫੀਮ, ਤੰਬਾਕੂ, ਸਿਗਰਟ, ਸਮੈਕ, ਚਿੱਟਾ, ਕੋਕੀਨ, ਟੀਕੇ ਆਦਿ ਪਤਾ ਨਹੀਂ, ਕਿੰਨੇ ਕੁ ਹੋਰ ਅੰਗਰੇਜ਼ੀ ਦੇਸੀ ਨਸ਼ੇ ਹਨ, ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਕੱਖੋਂ ਹੌਲੀ ਹੁੰਦੀ ਜਾ ਰਹੀ ਹੈ। ਜਿਹੜੇ ਅੱਜ ਆਪਣੇ-ਆਪ ਨੂੰ ਸੰਵਾਰ ਨਹੀਂ ਸਕਦੇ, ਕੀ ਇਨ੍ਹਾਂ ਨੂੰ ਦੇਸ਼ ਦਾ ਭਵਿੱਖ ਕਹਿਣਾ ਠੀਕ ਹੈ? ਜੋ ਲੋਕ ਪੰਜਾਬ ਵਿਚ ਕੁਝ ਚੰਦ ਸਿੱਕਿਆਂ ਦੀ ਖਾਤਰ ਨਸ਼ਾ ਵੇਚਦੇ ਹਨ, ਜੋ ਲੋਕ ਆਪਣੇ ਅਧਿਕਾਰਾਂ ਦੀ ਗ਼ਲਤ ਵਰਤੋਂ ਕਰਕੇ ਨਸ਼ਾ ਵਿਕਾਉਂਦੇ ਹਨ, ਕੀ ਉਨ੍ਹਾਂ ਨੂੰ ਪੰਜਾਬ ਦੇ ਰਖਵਾਲੇ ਕਹਿਣਾ ਠੀਕ ਹੈ?


-ਗੁਰਦੀਪ ਸਿੰਘ
ਘੋਲੀਆ ਕਲਾਂ,ਮੋਗਾ।


ਮਨੁੱਖ ਦਾ ਭਵਿੱਖ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਸੁਖਦੇਵ ਸਿੰਘ ਵਲੋਂ ਲਿਖਿਆ ਗਿਆ ਲੇਖ 'ਵਾਤਾਵਰਨ ਸੰਕਟ ਕਾਰਨ ਖ਼ਤਰੇ ਵਿਚ ਹੈ ਮਨੁੱਖ ਦਾ ਭਵਿੱਖ' ਬੇਹੱਦ ਚਿੰਤਾਜਨਕ ਹੈ। ਲੇਖਕ ਵਲੋਂ ਪੇਸ਼ ਕੀਤੀਆਂ ਵੱਖ-ਵੱਖ ਰਿਪੋਰਟਾਂ ਮੁਤਾਬਿਕ ਸਾਲ 2100 ਤੱਕ ਅਫ਼ਰੀਕੀ ਉਪ ਮਹਾਂਦੀਪ ਵਿਚ ਅੱਧੇ ਪੰਛੀ ਤੇ ਥਣਧਾਰੀ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਯੂਨਾਈਟਿਡ ਰਿਪੋਰਟ ਦਾ ਵੀ ਖੁਲਾਸਾ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸੰਸਾਰ ਵਿਚ 2.1 ਅਰਬ ਲੋਕਾਂ ਕੋਲ ਪੀਣਯੋਗ ਪਾਣੀ ਨਹੀਂ ਹੈ। ਕਿਉਂਕਿ ਮਨੁੱਖ ਦੇ ਜਿੰਦਾ ਰਹਿਣ ਲਈ ਪਾਣੀ ਜ਼ਰੂਰੀ ਹੈ, ਜੇਕਰ ਪੀਣਯੋਗ ਪਾਣੀ ਹੀ ਉਪਲਬਧ ਨਹੀਂ ਤਾਂ ਮਨੁੱਖਤਾ ਲਈ ਖ਼ਤਰੇ ਵਾਲੀ ਗੱਲ ਹੈ। ਵਧ ਰਹੀ ਤਪਸ਼, ਪ੍ਰਦੂਸ਼ਣ, ਵਧਦੀ ਜਨਸੰਖਿਆ, ਨਿੱਜੀਕਰਨ, ਉਦਾਰੀਕਰਨ ਤੇ ਵਿਸ਼ਵੀਕਰਨ ਨਾਲ ਮਨੁੱਖ ਲਈ ਕਈ ਗੰਭੀਰ ਸੰਕਟ ਪੈਦਾ ਹੋ ਗਏ ਹਨ, ਜਿਸ 'ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ।


-ਰਮੇਸ਼ ਸਹਿਗਲ
ਨਿਊ ਸਹਿਗਲ, ਕਲਾਥ ਹਾਊਸ, ਮੇਨ ਬਾਜ਼ਾਰ, ਭੁਲੱਥ, ਜ਼ਿਲ੍ਹਾ ਕਪੂਰਥਲਾ।


ਝੋਨੇ ਦੀ ਲਵਾਈ
ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ 'ਸਬ ਸੁਆਇਕ ਵਾਟਰ ਪ੍ਰੀਜ਼ਰਵੇਸ਼ਨ ਐਕਟ 2009' ਅਧੀਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕੋਈ ਕਿਸਾਨ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਖੇਤੀ ਮਾਹਿਰਾਂ ਦੀ ਖੋਜ ਅਤੇ ਕਿਸਾਨਾਂ ਦੇ ਤਜਰਬਿਆਂ ਰਾਹੀਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਸ ਤਰ੍ਹਾਂ ਝੋਨੇ ਦੀ ਲਵਾਈ ਨਾਲ ਜਿਥੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਉਥੇ ਝੋਨੇ 'ਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਝੋਨੇ ਦੀ ਪੈਦਾਵਾਰ ਵਿਚ ਵੀ ਵਾਧਾ ਹੁੰਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀ ਅਪੀਲ ਨੂੰ ਮੰਨਦੇ ਹੋਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੇ ਤਜਰਬਿਆਂ ਦਾ ਫਾਇਦਾ ਉਠਾਉਂਦੇ ਹੋਏ, ਝੋਨੇ ਦੀ ਲਵਾਈ 20 ਜੂਨ ਨੂੰ ਹੀ ਕਰਨ ਅਤੇ ਪਾਣੀ ਦੀ ਬੱਚਤ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਰਿਸ਼ਤਿਆਂ ਵਿਚ ਨੋਕ-ਝੋਕ
ਇਕ ਸਮਾਂ ਹੁੰਦਾ ਸੀ ਜਦੋਂ ਘੁੱਗ ਵਸਦੇ ਪਰਿਵਾਰਾਂ 'ਚ ਆਪਸੀ ਮਿਲਵਰਤਨ, ਅਪਣੱਤ, ਇਕ-ਦੂਜੇ ਦਾ ਸਤਿਕਾਰ ਕਰਨਾ ਆਮ ਹੁੰਦਾ ਸੀ। ਪਰ ਸਮੇਂ ਦੇ ਬਦਲਣ ਨਾਲ ਪਰਿਵਾਰਾਂ 'ਚ ਆਪਸੀ ਪਿਆਰ-ਸਤਿਕਾਰ ਘਟਦਾ-ਘਟਦਾ ਵੈਰ-ਵਿਰੋਧ 'ਚ ਬਦਲਦਾ ਜਾ ਰਿਹਾ ਹੈ। ਨੂੰਹ-ਸੱਸ, ਨਣਦ-ਭਰਜਾਈ 'ਚ ਤੂੰ-ਤੂੰ, ਮੈਂ-ਮੈਂ ਆਮ ਗੱਲ ਹੋ ਗਈ ਹੈ। ਖਾਸ ਕਰਕੇ ਨੂੰਹ-ਸੱਸ ਦਾ ਰਿਸ਼ਤਾ ਮੁੱਢ ਕਦੀਮ ਤੋਂ ਹੀ ਨੋਕ-ਝੋਕ ਵਾਲਾ ਰਿਹਾ ਹੈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਸੱਸ, ਮਾਂ ਬਣ ਕੇ ਅਤੇ ਨੂੰਹ, ਧੀ ਬਣ ਕੇ ਇਸ ਪਵਿੱਤਰ ਰਿਸ਼ਤੇ ਦੀਆਂ ਤੰਦਾਂ ਨੂੰ ਖੋਖਲਾ ਨਹੀਂ ਸਗੋਂ ਹੋਰ ਮਜ਼ਬੂਤ ਕਰਨ, ਨਹੀਂ ਤਾਂ ਇਹ ਨੋਕ-ਝੋਕ ਵਾਲਾ ਵਰਤਾਰਾ ਪਰਿਵਾਰਾਂ 'ਚ ਪਾੜੇ ਪਾਉਂਦਾ ਰਹੇਗਾ ਤੇ ਪਵਿੱਤਰ ਰਿਸ਼ਤਿਆਂ ਦੀ ਮਿਠਾਸ ਨੂੰ ਫਿੱਕਾ ਕਰਦਾ ਰਹੇਗਾ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਘੁਟਾਲੇ ਲੁਕਾਉਣ ਲਈ ਅੱਗ ਦਾ ਸਹਾਰਾ
ਹੁਣ ਸਾਡੇ ਦੇਸ਼ ਵਿਚ ਪਵਿੱਤਰ ਅਗਨੀ ਨਾਲ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਬਚਾਉਣ ਲਈ ਇਸ ਦਾ ਹੀ ਸਹਾਰਾ ਲਿਆ ਜਾ ਰਿਹਾ ਹੈ। ਇਸ ਦੀ ਸਾਫ਼ ਉਦਾਹਰਨ ਬੀਤੇ ਦਿਨੀਂ ਮੁੰਬਈ ਵਿਖੇ ਆਮਦਨ ਕਰ ਵਿਭਾਗ ਦੀ ਇਮਾਰਤ ਦੇ ਉਸ ਭਾਗ ਨੂੰ ਅੱਗ ਲੱਗ ਗਈ, ਜਿੱਥੇ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਸਮੇਤ ਹੋਰ ਮੁਲਜ਼ਮਾਂ ਅਤੇ ਐਸ ਆਰ ਗਰੁੱਪ ਨਾਲ ਸਬੰਧਿਤ ਦਸਤਾਵੇਜ਼ਾਂ ਦੀਆਂ ਫਾਈਲਾਂ ਜੋ ਬੈਂਕਾਂ ਨਾਲ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੀ ਜਾਂਚ ਸਬੰਧੀ ਇੱਥੇ ਆਈਆਂ ਸਨ, ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਹ ਅੱਗ ਕੋਈ ਸੁਭਾਵਿਕ ਅੱਗ ਨਹੀਂ, ਬਲਕਿ ਇਕ ਗਿਣੀਮਿੱਥੀ ਸਾਜਿਸ਼ ਤਹਿਤ ਲੱਗੀ ਹੋ ਸਕਦੀ ਹੈ ਕਿਉਂਕਿ ਇੱਥੇ ਕੁੱਤੀ ਚੋਰਾਂ ਨਾਲ ਰਲੀ ਸਾਫ਼ ਦਿਖਾਈ ਦੇ ਰਹੀ ਹੈ। ਇਹੋ ਜਿਹੇ ਘੁਟਾਲੇ ਕਰਨ ਵਾਲੇ ਵਪਾਰੀ, ਸੱਤਾਧਾਰੀ ਸਿਆਸੀ ਨੇਤਾਵਾਂ ਦੀ ਸਹਿ ਤੇ ਦੇਸ਼ ਦੀ ਆਰਥਿਕਤਾ ਨੂੰ ਖੋਰਾ ਲਾ ਰਹੇ ਹਨ, ਜਿਸ ਵਿਚ ਦੇਸ਼ ਦੇ ਆਮ ਨਾਗਰਿਕਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਜਦੋਂ ਤੱਕ ਸਾਡੇ ਸਿਆਸੀ ਲੋਕ ਇਨ੍ਹਾਂ ਵੱਡੇ ਮਗਰਮੱਛਾਂ ਨੂੰ ਦਾਣਾ ਪਾਉਂਦੇ ਰਹਿਣਗੇ, ਉਦੋਂ ਤੱਕ ਇਨ੍ਹਾਂ ਦੇ ਕੀਤੇ ਘੁਟਾਲਿਆਂ ਦੇ ਕਾਗਜ਼ਾਂ ਨੂੰ ਲਗਦੀਆਂ ਅੱਗਾਂ ਇਨ੍ਹਾਂ ਦੇ ਕਾਰਨਾਮਿਆਂ ਨੂੰ ਛੁਪਾਉਂਦੀਆਂ ਰਹਿਣਗੀਆਂ।


-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

13-06-2018

 ਸਤਲੁਜ ਦਾ ਪਾਣੀ
ਕੁਦਰਤੀ ਵਸੀਲਿਆਂ ਨੂੰ ਸਾਂਭਣ ਲਈ ਅਸੀਂ ਕਦੇ ਵੀ ਗੰਭੀਰਤਾ ਨਹੀਂ ਦਿਖਾਈ। 'ਅਜੀਤ' ਦੀ ਖ਼ਬਰ ਸਤਲੁਜ ਦਰਿਆ ਦੇ ਹਰੀਕੇ ਪੱਤਣ ਵਿਖੇ ਮਿਲ ਕੇ ਬਿਆਸ ਦਰਿਆ ਦੇ ਪਾਣੀ ਨੂੰ ਵੀ ਗੰਧਲਾ ਕਰਨ ਬਾਰੇ ਰਿਪੋਰਟ ਪੜ੍ਹ ਕੇ ਬਹੁਤ ਦੁੱਖ ਹੋਇਆ। ਭਾਵੇਂ ਪਹਿਲਾਂ ਵੀ ਅਨੇਕਾਂ ਵਾਰ ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਸਮੇਂ-ਸਮੇਂ 'ਤੇ ਇਸ ਸਬੰਧੀ ਸਰਕਾਰਾਂ ਨੂੰ ਗੁਹਾਰਾਂ ਲਗਾਈਆਂ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਪ੍ਰਵਾਸੀ ਪੰਛੀ ਵੀ ਅਨੇਕਾਂ ਵਾਰ ਭੇਟ ਚੜ੍ਹ ਚੁੱਕੇ ਹਨ। ਹੋਰ ਪਤਾ ਨਹੀਂ ਕਿੰਨਾ ਚਿਰ ਇਹ ਪਸ਼ੂ, ਪੰਛੀ, ਧਰਤੀ ਅਤੇ ਮਨੁੁੱਖਤਾ ਨੂੰ ਬਿਮਾਰੀਆਂ ਵੰਡਦਾ ਰਹੇਗਾ? ਜਿਹੜੇ ਸ਼ਹਿਰਾਂ ਅਤੇ ਫੈਕਟਰੀਆਂ ਦੇ ਪਾਣੀ ਨੇ ਸਤਲੁਜ ਦੀ ਇਹ ਹਾਲਤ ਕੀਤੀ ਹੈ, ਜੇਕਰ ਸਰਕਾਰ ਸੱਚੇ ਦਿਲੋਂ ਚਾਹੇ ਕੁਝ ਦਿਨਾਂ ਵਿਚ ਹੀ ਉਨ੍ਹਾਂ ਨੂੰ ਰੋਕ ਸਕਦੀ ਹੈ। ਮਿਊਂਸਪਲ ਕਮੇਟੀਆਂ ਅਤੇ ਫੈਕਟਰੀ ਮਾਲਕਾਂ ਨੂੰ ਸਰਕਾਰ, ਜਲ-ਸੋਧਕ ਯੰਤਰ ਲਾਉਣ ਲਈ ਮਜਬੂਰ ਕਰੇ। ਜਿਹੜਾ ਬੰਦਾ 10-20 ਕਰੋੜ ਫੈਕਟਰੀ 'ਤੇ ਲਾ ਸਕਦਾ ਹੈ, ਉਹ ਕੁਝ ਲੱਖ ਇਸ ਯੰਤਰ 'ਤੇ ਵੀ ਲਾ ਸਕਦਾ ਹੈ। ਨਹੀਂ ਤਾਂ ਭਾਰੀ ਜੁਰਮਾਨਾ ਅਤੇ ਲਾਇਸੰਸ ਰੱਦ ਕੀਤਾ ਜਾਵੇ। ਮਨੁੱਖੀ ਜੀਵਨ ਦੀਆਂ ਮੁਢਲੀਆਂ ਲੋੜਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਨਸ਼ਾ-ਮੁਕਤੀ ਸਬੰਧੀ ਜਾਗਰੂਕ ਸੈਮੀਨਾਰ
ਪਿਛਲੇ ਲੰਮੇ ਸਮੇਂ ਤੋਂ ਨਸ਼ਾ-ਮੁਕਤ ਪੰਜਾਬ ਬਣਾਉਣ ਲਈ ਸਰਕਾਰਾਂ ਬੜੇ ਸੁਚੱਜੇ ਢੰਗ ਨਾਲ ਯਤਨ ਕਰ ਰਹੀਆਂ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਫਿਰ ਵੀ ਨਸ਼ਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਨਸ਼ੇ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ। ਇਸ ਲਈ ਸਕੂਲਾਂ, ਕਾਲਜਾਂ ਅਤੇ ਜਨਤਕ ਸਥਾਨਾਂ 'ਤੇ ਨਸ਼ਾ-ਮੁਕਤੀ ਜਾਗਰੂਕ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਮਾਜ ਅੰਦਰ ਅਜਿਹੀਆਂ ਬੁਰਾਈਆਂ ਨੂੰ ਖ਼ਤਮ ਕੀਤਾ ਜਾ ਸਕੇ। ਮੌਜੂਦਾ ਸਮੇਂ ਨਸ਼ੇ ਦੀ ਤੀਬਰਤਾ ਨੂੰ ਦੇਖਦਿਆਂ ਹੋਇਆਂ ਮਹਿਸੂਸ ਹੁੰਦਾ ਹੈ ਕਿ ਕੇਵਲ ਸੈਮੀਨਾਰਾਂ ਦੁਆਰਾ ਨਸ਼ੇ ਨੂੰ ਖ਼ਤਮ ਕਰਨਾ ਸੰਭਵ ਨਹੀਂ ਕਿਉਂਕਿ ਕਿਸੇ ਬੁਰਾਈ ਨੂੰ ਖ਼ਤਮ ਕਰਨ ਲਈ ਉਸ ਦੀ ਜੜ੍ਹ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਸਰਹੱਦੀ ਖੇਤਰਾਂ ਤੋਂ ਆ ਰਹੀ ਨਸ਼ੇ ਦੀ ਬਹੁਤਾਤ ਨੂੰ ਨੱਥ ਪਾਉਣਾ ਅਤੇ ਵੱਡੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣਾ ਨਸ਼ਾ-ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਛੇਵੇਂ ਦਰਿਆ ਦਾ ਉਛਾਲ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ।


-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਕਿਵੇਂ ਸੁਧਰੇ ਉਚੇਰੀ ਸਿੱਖਿਆ?
ਪੰਜਾਬ 'ਚ ਉਚੇਰੀ ਸਿੱਖਿਆ ਦੀ ਹਾਲਤ ਬਹੁਤ ਵਧੀਆ ਨਹੀਂ। ਇਸ ਲਈ ਸਿੱਖਿਆ ਸੰਸਥਾਵਾਂ ਵਿਚ ਅਕਾਦਮਿਕ ਮਾਹੌਲ ਪੈਦਾ ਕੀਤਾ ਜਾਵੇ। ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਪੱਕੀਆਂ ਅਸਾਮੀਆਂ ਭਰਨ ਦੇ ਅਧਿਕਾਰ ਦਿੱਤੇ ਜਾਣ। ਯੂਨੀਵਰਸਿਟੀਆਂ ਨੂੰ ਲੋੜੀਂਦੀ ਵਿੱਤੀ ਮਦਦ ਦਿੱਤੀ ਜਾਵੇ। ਵੱਖ-ਵੱਖ ਵਿਸ਼ਿਆਂ ਦੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਅਸਾਮੀਆਂ ਨੂੰ ਤਬਦੀਲ ਕਰਨ ਦਾ ਅਧਿਕਾਰ ਕਾਲਜਾਂ ਤੋਂ ਵਾਪਸ ਲੈ ਕੇ ਅਸਾਮੀਆਂ ਨੂੰ ਮੂਲ ਵਿਭਾਗ ਵਿਚ ਭੇਜਿਆ ਜਾਵੇ। ਸੋ, ਇਸ ਤਰ੍ਹਾਂ ਵਾਧੂ ਵਿੱਤੀ ਭਾਰ ਪਾਏ ਤੋਂ ਬਿਨਾਂ ਹੀ ਉੱਚ ਸਿੱਖਿਆ ਦਾ ਪਾਸਾਰ ਵਧੇਗਾ।


-ਸਰਬਜੀਤ ਸਿੰਘ ਝੱਮਟ
ਪਿੰਡ ਝੱਮਟ, ਡਾਕ: ਅਯਾਲੀ ਕਲਾਂ।


ਪੈਟਰੋਲ, ਡੀਜ਼ਲ ਦੀਆਂ ਕੀਮਤਾਂ...
ਮਹਿੰਗਾਈ ਦੀ ਮਾਰ ਨੇ ਅੱਜ ਗ਼ਰੀਬਾਂ ਦੇ ਨਾਲ-ਨਾਲ ਮੱਧ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਰੱਖੀ ਹੈ। ਇਨ੍ਹਾਂ ਹਾਲਾਤ ਦੇ ਵਿਚਕਾਰ ਆਏ ਦਿਨ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੇ ਜੀਵਨ ਨੂੰ ਹੋਰ ਵਧੇਰੇ ਮੁਸ਼ਕਿਲਾਂ 'ਚ ਲਿਆ ਖੜ੍ਹਾ ਕੀਤਾ ਹੈ। ਭਾਵ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ, ਵਧਦੀ ਮਹਿੰਗਾਈ 'ਚ ਬਲਦੀ 'ਚ ਘਿਓ ਦਾ ਕੰਮ ਕਰਦਾ ਹੈ। ਇਥੇ ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਜੋ ਬੇਤਹਾਸ਼ਾ ਵਾਧਾ ਵੇਖਣ ਨੂੰ ਮਿਲਿਆ, ਉਸ ਦੀ ਦੇਸ਼ ਦੇ ਇਤਿਹਾਸ ਵਿਚ ਪਹਿਲਾਂ ਕਦੀ ਉਦਾਹਰਨ ਨਹੀਂ ਮਿਲਦੀ। ਇਸ ਸਮੇਂ ਕੇਂਦਰ ਸਰਕਾਰ ਵਲੋਂ ਪੈਟਰੋਲ 'ਤੇ ਟੈਕਸ ਦੇ ਰੂਪ ਵਿਚ ਪ੍ਰਤੀ ਲੀਟਰ 19.48 ਰੁਪਏ ਅਤੇ ਡੀਜ਼ਲ 'ਤੇ ਪ੍ਰਤੀ ਲੀਟਰ 15.33 ਰੁਪਏ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਾਈ ਸਰਕਾਰਾਂ ਵਲੋਂ ਵੈਟ ਦੇ ਰੂਪ ਵਿਚ ਅਲੱਗ ਤੌਰ 'ਤੇ ਟੈਕਸਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਕੁਝ ਇਕ ਨਿਊਜ਼ ਚੈਨਲਾਂ ਨੂੰ ਛੱਡ ਕੇ ਬਾਕੀ ਸਭ ਚੈਨਲਾਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਹੋਏ ਮੁੱਦੇ ਗਾਇਬ ਹਨ। ਭਾਵ ਜਿਵੇਂ ਵਧ ਰਹੀਆਂ ਕੀਮਤਾਂ, ਮਹਿੰਗਾਈ ਅਤੇ ਬੇਰੁਜ਼ਗਾਰੀ ਜਿਹੇ ਚਲੰਤ ਮੁੱਦੇ ਤਾਜ਼ਾ ਖ਼ਬਰਾਂ 'ਚੋਂ ਅਕਸਰ ਗਾਇਬ ਹੁੰਦੇ ਹਨ। ਪਰ ਇਸ ਦੇ ਉਲਟ ਸੋਸ਼ਲ ਮੀਡੀਆ 'ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਕਾਰਟੂਨਾਂ ਰਾਹੀਂ ਜਾਂ ਵਿਅੰਗਮਈ ਜੁਮਲਿਆਂ ਰਾਹੀਂ ਲੋਕਾਂ ਅੰਦਰਲਾ ਦਰਦ ਫੁੱਟ-ਫੁੱਟ ਬਾਹਰ ਆ ਰਿਹਾ ਹੈ।


-ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।

12-06-2018

 ਨੈਤਿਕ ਵਿੱਦਿਆ ਜ਼ਰੂਰੀ
ਅੱਜ ਸਮਾਜ ਵਿਚ ਇਖ਼ਲਾਕੀ ਕਦਰਾਂ-ਕੀਮਤਾਂ ਲੀਰੋ-ਲੀਰ ਹੁੰਦੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਸਾਡੀ ਉੱਚੀ-ਸੁੱਚੀ ਸੋਚ ਗੰਧਲੇਪਣ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਸਾਡੀ ਅਮੀਰ ਸੱਭਿਅਤਾ ਤੇ ਉੱਚੇ-ਸੁੱਚੇ ਵਿਚਾਰਾਂ 'ਚ ਗਿਰਾਵਟ ਆਉਂਦੀ ਜਾ ਰਹੀ ਹੈ। ਅਜਿਹਾ ਮਾੜਾ ਵਰਤਾਰਾ ਸਭ ਨੈਤਿਕ ਵਿੱਦਿਆ ਦੀ ਘਾਟ ਕਾਰਨ ਪਨਪ ਰਿਹਾ ਹੈ। ਨੈਤਿਕ ਵਿੱਦਿਆ ਬੱਚੇ ਨੂੰ ਮਾਤਾ-ਪਿਤਾ ਤੇ ਅਧਿਆਪਕ ਕੋਲੋਂ ਹੀ ਬਿਹਤਰ ਮਿਲ ਸਕਦੀ ਹੈ। ਇਹ ਸੱਚ ਹੈ ਕਿ ਜਦੋਂ ਸਕੂਲ ਅਤੇ ਘਰ ਦਾ ਵਾਤਾਵਰਨ ਸਾਫ਼-ਸੁਥਰਾ ਹੋ ਜਾਏਗਾ ਤਾਂ ਉਦੋਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਕਾਨੂੰਨਾਂ ਦੀ ਕੋਈ ਬਹੁਤੀ ਲੋੜ ਨਹੀਂ ਪਵੇਗੀ। ਇਹ ਵੀ ਸੱਚ ਹੈ ਕਿ ਅੱਜ ਅਧਿਆਪਕ ਵਰਗ ਦਾ ਕੁਝ ਹਿੱਸਾ ਨੈਤਿਕ ਵਿੱਦਿਆ ਨੂੰ ਪੂਰੀ ਗੰਭੀਰਤਾ ਨਾਲ ਲੈ ਰਿਹਾ ਹੈ। ਅੱਜ ਜਿਥੇ ਅਧਿਆਪਕ ਵਰਗ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਸਮਾਜ ਦਾ ਮਜ਼ਬੂਤ ਥੰਮ੍ਹ ਹੋਣ ਦਾ ਮਾਣ ਬਰਕਰਾਰ ਰੱਖੇ, ਉਥੇ ਮਾਤਾ-ਪਿਤਾ ਵੀ ਬੱਚਿਆਂ 'ਚ ਨੈਤਿਕ ਵਿੱਦਿਆ ਦਾ ਪਸਾਰਾ ਕਰਨ। ਕਿਉਂਕਿ ਇਕ ਨੈਤਿਕ ਵਿੱਦਿਆ ਹੀ ਹੈ, ਜੋ ਸਾਨੂੰ ਸਹੀ ਰਾਹ ਦਸੇਰਾ ਦੇ ਸਕਦੀ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਭ੍ਰਿਸ਼ਟਾਚਾਰ ਦਾ ਬੋਲਬਾਲਾ ਜਾਰੀ
ਹਰ ਕਿਸੇ ਨੇ ਬਹੁਤ ਉਮੀਦ ਲਗਾ ਲਈ ਸੀ ਕਿ ਸਰਕਾਰ ਦੇ ਬਦਲਣ ਨਾਲ ਬਹੁਤ ਕੁਝ ਬਦਲ ਜਾਏਗਾ। ਪਰ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਜਿਵੇਂ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ, ਉਵੇਂ ਹੀ ਹੈ। ਜਦੋਂ ਰਿਸ਼ਵਤ ਦਾ ਬੋਲਬਾਲਾ ਹੋ ਜਾਵੇ ਤਾਂ ਸਮਾਜ ਦਾ ਤਾਣਾਬਾਣਾ ਵੀ ਉਲਝ ਜਾਂਦਾ ਹੈ। ਇਥੇ ਕਿਸੇ ਇਕ ਵਿਭਾਗ ਨੂੰ ਰਿਸ਼ਵਤ ਦੇ ਘੇਰੇ ਵਿਚ ਨਹੀਂ ਰੱਖਿਆ ਜਾ ਸਕਦਾ। ਰਿਸ਼ਵਤ ਲੈਣ ਅਤੇ ਦੇਣ ਦੇ ਨਵੇਂ-ਨਵੇਂ ਤਰੀਕੇ ਢੰਗ ਲੱਭ ਲਏ ਜਾਂਦੇ ਹਨ। ਜਿਵੇਂ ਐਨ.ਆਰ.ਆਈਜ਼ ਦੇ ਕੰਮ ਕਰਨ ਲਈ, ਬੜਾ ਵਧੀਆ ਤਰੀਕਾ ਹੈ। ਵਿਦੇਸ਼ੀ ਸੈਰ ਕਰਨ ਗਏ ਇਨ੍ਹਾਂ ਅਫ਼ਸਰਾਂ ਦੀ ਦੇਖਭਾਲ ਇਹ ਲੋਕ ਕਰਦੇ ਹਨ। ਇਸ ਦੇ ਬਦਲੇ ਕਈ ਵਾਰ ਇਨ੍ਹਾਂ ਦੇ ਕਹਿਣ 'ਤੇ ਉਹ ਅਫ਼ਸਰ ਗ਼ਲਤ ਕੰਮ ਵੀ ਕਰਦੇ ਹਨ। ਕਈ ਵਾਰ ਆਪਣੇ ਪੈਸਿਆਂ ਦਾ ਜਲਵਾ ਵਿਖਾਉਣ ਲਈ ਲੋਕਾਂ ਨੂੰ ਪੁਲਿਸ ਜਾਂ ਕਿਸੇ ਹੋਰ ਵਿਭਾਗ ਤੋਂ ਤੰਗ ਪ੍ਰੇਸ਼ਾਨ ਕਰਵਾਇਆ ਜਾਂਦਾ ਹੈ। ਜਿਹੜੇ ਸਰਕਾਰੀ ਮੁਲਾਜ਼ਮ ਅਜਿਹਾ ਕਰਦੇ ਸਾਹਮਣੇ ਆਉਂਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜਿਵੇਂ ਸਾਰਾ ਕੁਝ ਚੱਲ ਰਿਹਾ ਸੀ, ਉਵੇਂ ਹੀ ਹੈ। ਲੋਕਾਂ ਸਾਹਮਣੇ ਉਵੇਂ ਹੀ ਪਹਾੜ ਖੜ੍ਹਾ ਹੈ।

-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

ਫ਼ੈਸਲਾ ਸ਼ਲਾਘਾਯੋਗ
ਬੀਤੇ ਦਿਨ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਹੀ ਚੰਗੇ ਖਿਡਾਰੀ ਅਤੇ ਖੇਡਾਂ ਪ੍ਰਤੀ ਰੁਝਾਨ ਲਈ ਖੇਡਾਂ ਦਾ ਇਕ ਪੀਰੀਅਡ ਜ਼ਰੂਰੀ ਕਰਨ ਵਾਲਾ ਫ਼ੈਸਲਾ ਸ਼ਲਾਘਾਯੋਗ ਹੈ। ਸਮੇਂ ਦੀ ਲੋੜ ਵੀ ਹੈ ਅਜਿਹੇ ਵਿਚ ਬੱਚਿਆਂ ਅੰਦਰ ਸ਼ੁਰੂ ਤੋਂ ਹੀ ਖੇਡਾਂ ਪ੍ਰਤੀ ਰੁਚੀ ਵਧੇਗੀ ਅਤੇ ਆਉਣ ਵਾਲੇ ਸਮਿਆਂ 'ਚ ਚੰਗੇ ਖਿਡਾਰੀ ਵੀ ਪੈਦਾ ਹੋਣਗੇ ਤੇ ਹੋਰ ਵੀ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ। ਦੂਜੇ ਪਾਸੇ ਸਕੂਲਾਂ ਵਿਚ ਖੇਡਾਂ ਲਈ ਸਿਖਲਾਈ ਪ੍ਰਾਪਤ ਟੀ.ਪੀ.ਈ. ਵਗੈਰਾ ਨੂੰ ਹਰੇਕ ਸਕੂਲਾਂ 'ਚ ਜਾਂ ਘੱਟੋ-ਘੱਟ ਪ੍ਰਾਇਮਰੀ ਵਿਭਾਗ ਦੇ ਸੈਂਟਰ ਪੱਧਰ 'ਤੇ ਖੇਡ ਅਫ਼ਸਰ ਲਗਾਉਣੇ ਵੀ ਜ਼ਰੂਰੀ ਤਾਇਨਾਤ ਕਰਨੇ ਬਣਦੇ ਹਨ ਤਾਂ ਹੀ ਅਜਿਹੇ ਲਾਹੇਵੰਦ ਤੇ ਸ਼ਲਾਘਾਯੋਗ ਫ਼ੈਸਲੇ ਕਾਰਗਰ ਹੋਣਗੇ। ਖੇਡਾਂ ਦੇ ਮਹਾਰਥੀ ਹੀ ਬੱਚਿਆਂ ਨੂੰ ਤਕਨੀਕੀ ਤੌਰ 'ਤੇ ਸੇਧ ਦੇ ਸਕਣ ਦੇ ਸਮਰੱਥ ਹੁੰਦੇ ਹਨ, ਉਨ੍ਹਾਂ ਨੂੰ ਸਕੂਲਾਂ 'ਚ ਤਾਇਨਾਤ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੋਵੇਗਾ।

-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸਾਰਥਿਕ ਅਪੀਲ
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਮੂਹ ਪੰਜਾਬ ਦੇ ਪਿੰਡਾਂ ਤੇ ਛੋਟੇ ਸ਼ਹਿਰਾਂ ਨੂੰ ਕੀਤੀ ਅਪੀਲ ਕਿ ਹਰ ਪਿੰਡ ਵਿਚ ਇਕ ਹੀ ਗੁਰਦੁਆਰਾ ਅਤੇ ਇਕ ਹੀ ਸ਼ਮਸ਼ਾਨਘਾਟ ਨੂੰ ਵਰਤੋਂ ਵਿਚ ਲਿਆਂਦਾ ਜਾਵੇ, ਇਕ ਸਾਰਥਿਕ ਅਪੀਲ ਹੋ ਨਿੱਬੜੀ ਹੈ। ਵੋਟ ਦੀ ਰਾਜਨੀਤੀ ਕਾਰਨ ਪਿੰਡਾਂ ਦੀ ਭਾਈਚਾਰਕ ਸਾਂਝ ਵਿਚ ਤਰੇੜਾਂ ਆ ਚੁੱਕੀਆਂ ਹਨ ਅਤੇ ਧਾਰਮਿਕ ਤੌਰ 'ਤੇ ਵੀ ਪੇਂਡੂ ਲੋਕ ਕਈ ਹਿੱਸਿਆਂ ਵਿਚ ਵੰਡੇ ਜਾ ਚੁੱਕੇ ਸਨ। ਇਸ ਕਾਰਨ ਹੀ ਵੱਖਰੇ-ਵੱਖਰੇ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਉਸਾਰੇ ਗਏ ਸਨ। ਇਸ ਸ਼ਲਾਘਾਯੋਗ ਉਪਰਾਲੇ ਨਾਲ ਜਾਤ-ਪਾਤ ਅਤੇ ਊਚ-ਨੀਚ ਦੀ ਭਾਵਨਾ ਲੋਕਾਂ ਵਿਚੋਂ ਖ਼ਤਮ ਹੋਵੇਗੀ ਅਤੇ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਪਹਿਲਾਂ ਵਾਂਗ ਹੀ ਮਜ਼ਬੂਤ ਹੋਵੇਗੀ। ਅਜਿਹੇ ਸਾਰਥਿਕ ਉਪਰਾਲੇ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਹਨ।

-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਐਂਟੀ ਰੇਡਟੇਪ ਐਕਟ
ਪੰਜਾਬ ਸਰਕਾਰ ਵਲੋਂ ਸਖ਼ਤ ਐਕਟ ਐਂਟੀ ਰੇਡਟੇਪ ਐਕਟ 2018 ਲਿਆਂਦਾ ਜਾ ਰਿਹਾ ਹੈ। ਇਸ ਐਕਟ ਤਹਿਤ ਵੱਖ-ਵੱਖ ਸਰਕਾਰੀ ਸੇਵਾਵਾਂ ਲਈ 7 ਤੋਂ 15 ਦਿਨਾਂ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ। ਕੰਮ 'ਚ ਦੇਰੀ ਦੀ ਪਹਿਲੀ ਗ਼ਲਤੀ ਕਰਨ 'ਤੇ ਸਬੰਧਿਤ ਅਫ਼ਸਰ ਜਾਂ ਕਰਮਚਾਰੀ ਨੂੰ 15 ਦਿਨਾਂ ਲਈ ਮੁਅੱਤਲ ਕਰਕੇ ਉਸ ਨੂੰ 15 ਦਿਨਾਂ ਲਈ 'ਮਗਸਿਪਾ' 'ਚ ਸਿਖਲਾਈ ਲੈਣ ਲਈ ਭੇਜਿਆ ਜਾਵੇਗਾ। ਲਾਪਰਵਾਹੀ ਸੁਧਾਰਨ ਲਈ ਤਿੰਨ ਮੌਕੇ ਵੀ ਦਿੱਤੇ ਜਾਣਗੇ ਅਤੇ ਇਸ ਦੌਰਾਨ ਜੁਰਮਾਨਾ ਰਾਸ਼ੀ ਭਰਨ ਤੋਂ ਬਾਅਦ ਵੀ ਅਧਿਕਾਰੀ/ਕਰਮਚਾਰੀ ਜੇਕਰ ਕੰਮ ਕਰਨ 'ਚ ਸੁਧਾਰ ਨਹੀਂ ਲਿਆਉਂਦਾ ਤਾਂ ਉਸ ਨੂੰ ਚੌਥੀ ਗ਼ਲਤੀ 'ਤੇ ਸਰਕਾਰ ਕੋਲ ਨੌਕਰੀ ਤੋਂ ਹਟਾਉਣ ਦੇ ਪੂਰੇ ਅਧਿਕਾਰ ਹੋਣਗੇ। ਇਸ ਐਕਟ ਦੇ ਬਣਨ ਨਾਲ ਜਿਥੇ ਸਰਕਾਰੀ ਅਮਲਾ ਚੁਸਤ-ਦਰੁਸਤ ਹੋਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸੁਰੱਖਿਆ ਯਕੀਨੀ ਬਣਾਈ ਜਾਵੇ
ਪਿਛਲੇ ਦਿਨੀਂ ਅਖ਼ਬਾਰ ਵਿਚ ਖ਼ਬਰਾਂ ਅਤੇ ਸੰਪਾਦਕੀ 'ਮੇਘਾਲਿਆ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਏ' ਪੜ੍ਹੀ। ਅਫ਼ਸੋਸ ਹੋਇਆ, ਜਿਸ ਦੇਸ਼ ਦਾ ਸੰਵਿਧਾਨ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਉਸ ਦੇ ਨਾਗਰਿਕ ਆਪਸੀ ਮਸਲਿਆਂ 'ਚ ਉਲਝ ਕੇ ਇਸ ਦੀ ਕੋਈ ਪਰਵਾਹ ਨਹੀਂ ਕਰਦੇ। ਜੋ ਕੁਝ ਸ਼ਿਲਾਂਗ ਵਿਚ ਵਾਪਰ ਰਿਹਾ, ਉਹ ਸਿੱਖਾਂ ਲਈ ਬਹੁਤ ਹੀ ਨਮੋਸ਼ੀ ਭਰਿਆ ਹੈ। ਖਾਸੀ ਲੋਕਾਂ ਦੁਆਰਾ ਪੰਜਾਬੀ ਲੋਕਾਂ ਨੂੰ ਬਾਹਰਲੇ ਸਮਝਦਿਆਂ ਪੰਜਾਬੀ ਲੇਨ ਵਾਲਾ ਖੇਤਰ ਹਥਿਆਉਣ ਦੀ ਕੋਸ਼ਿਸ਼ ਸਾਡੇ ਸੰਵਿਧਾਨ ਦੀ ਉਲੰਘਣਾ ਹੈ। ਮੇਘਾਲਿਆ ਦੀ ਰਾਜ ਸਰਕਾਰ ਨੂੰ ਨਿਰਪੱਖਤਾ ਦੇ ਸਿਧਾਂਤ ਦੀ ਕਦਰ ਕਰਦਿਆਂ ਆਪਣੀ ਠੋਸ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਸ਼ਰਾਰਤੀ ਅਨਸਰਾਂ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਿੰਮਤ ਨਾ ਕਰ ਸਕੇ। ਇਸ ਤਰ੍ਹਾਂ ਦੀ ਹੀ ਸਥਿਤੀ ਕੁਝ ਸਮਾਂ ਪਹਿਲਾਂ ਗੁਜਰਾਤ ਦੇ ਸਿੱਖਾਂ ਨਾਲ ਬਣੀ ਸੀ। ਹੁਣ ਤੱਕ ਹੋਏ ਵਿਦੇਸ਼ੀ ਹਮਲਿਆਂ ਨੂੰ ਵੀ ਸਿੱਖਾਂ ਨੇ ਆਪਣੇ ਸਿਰ ਹੰਢਾਇਆ ਹੈ। ਪਰ ਫਿਰ ਵੀ ਇਸ ਕੌਮ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਦੁਆਰਾ ਅੱਖੋਂ-ਪਰੋਖੇ ਕਰਨ ਵਾਲਾ ਕਾਰਜ ਜਾਂ ਵਿਸਾਰਨਾ ਸ਼ੋਭਦਾ ਨਹੀਂ। ਸਭ ਨੂੰ ਮਜ਼ਬੂਤ ਭਾਰਤ ਬਣਾਉਣ ਦੇ ਇਰਾਦੇ 'ਤੇ ਪਹਿਰਾ ਦਿੰਦਿਆਂ ਹੋਇਆਂ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ।

-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

11-06-2018

 ਵਿਦਿਆਰਥੀਆਂ ਵਲੋਂ ਖੁਦਕੁਸ਼ੀਆਂ ਕਿਉਂ?
10ਵੀਂ ਤੇ 12ਵੀਂ ਦੇ ਨਤੀਜਿਆਂ ਤੋਂ ਬਾਅਦ ਫੇਲ੍ਹ ਵਿਦਿਆਰਥੀ ਘੋਰ ਨਿਰਾਸ਼ਾ ਵਿਚ ਡੁੱਬਦਿਆਂ ਖੁਦਕੁਸ਼ੀ ਵਰਗਾ ਨਾ-ਸਹਿਣਯੋਗ ਫੈਸਲਾ ਕਰ ਲੈਂਦੇ ਹਨ, ਜੋ ਕਿ ਪਰਿਵਾਰ ਅਤੇ ਸਮਾਜ ਲਈ ਨਮੋਸ਼ੀ ਦਾ ਕਾਰਨ ਬਣਦਾ ਹੈ। ਇਸ ਵਾਰ ਵੀ ਮਈ ਦੇ ਦੂਜੇ ਹਫ਼ਤੇ ਇਕ ਲੜਕਾ ਅੰਮ੍ਰਿਤਸਰ ਅਤੇ ਇਕ ਲੜਕੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਸਨ, ਜੋ ਖੁਦਕੁਸ਼ੀ ਕਰ ਗਏ। ਅਧਿਆਪਕ ਵਰਗ ਦਾ ਫ਼ਰਜ਼ ਹੈ ਕਿ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀ ਵਰਗ ਨੂੰ ਮਾਨਸਿਕ ਤੌਰ 'ਤੇ ਪ੍ਰਪੱਕ ਕੀਤਾ ਜਾਵੇ। ਇਹ ਵੀ ਦੱਸਿਆ ਜਾਵੇ ਕਿ ਸਫ਼ਲਤਾ ਦਾ ਆਧਾਰ ਜਮਾਤਾਂ ਗਿਣਨਾ ਨਹੀਂ ਸਗੋਂ ਵਾਰ-ਵਾਰ ਡਿੱਗ ਕੇ ਵਾਰ-ਵਾਰ ਉੱਠਣ ਵਿਚ ਵੀ ਹੁੰਦਾ ਹੈ। ਬੋਰਡ ਦੇ ਇਮਤਿਹਾਨਾਂ ਵਿਚੋਂ ਫੇਲ੍ਹ ਹੋਏ ਵਿਦਿਆਰਥੀ ਆਪਣੇ-ਆਪ ਨੂੰ ਦੋਸ਼ੀ ਨਾ ਸਮਝਣ, ਸਗੋਂ ਇਹ ਮਹਿਸੂਸ ਕਰਨ ਕਿ ਸਾਡੀ ਅਸਫ਼ਲਤਾ ਲਈ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ। ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਇਮਤਿਹਾਨ ਦੇਣ ਤੋਂ ਲੈ ਕੇ ਨਤੀਜਾ ਨਿਕਲਣ ਤੱਕ ਬੱਚੇ ਨੂੰ ਮਾਨਸਿਕ ਦਬਾਅ ਹੇਠ ਨਾ ਆਉਣ ਦੇਣ। ਫੇਲ੍ਹ ਹੋਣ ਦੀ ਹਾਲਤ ਵਿਚ ਦਿਲ ਨਹੀਂ ਛੱਡਣਾ ਚਾਹੀਦਾ। ਤੁਹਾਡੇ ਤੁਰ ਜਾਣ ਪਿਛੋਂ ਮਾਪਿਆਂ ਕੋਲ ਕੀ ਬਚੇਗਾ? ਤੁਸੀਂ ਹੋਵੋਗੇ ਤਾਂ ਅਗਲੇ ਸਾਲ ਫਿਰ ਇਮਤਿਹਾਨ ਵਿਚ ਸਫ਼ਲਤਾ ਪ੍ਰਾਪਤ ਕਰੋਗੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਘੁਮਾਣ, ਗੁਰਦਾਸਪੁਰ।


ਵਿਗਿਆਨਕ ਤਰੱਕੀ
ਵਿਗਿਆਨ ਦੇ ਇਸ ਆਧੁਨਿਕ ਤਕਨੀਕ ਦੇ ਯੁੱਗ ਅੰਦਰ ਵੀ ਅੱਜ ਹਰ ਪੰਜਾਬੀ ਸਰੀਰਕ ਤੇ ਮਾਨਸਿਕ ਸੰਤਾਪ ਹੰਢਾ ਰਿਹਾ ਹੈ। ਪੰਜਾਬ ਕਦੀ ਖੁਸ਼ਹਾਲ ਸੂਬਾ ਸੀ, ਜਿਸ ਨੇ ਹਰੀ ਕ੍ਰਾਂਤੀ ਤੇ ਚਿੱਟੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਸੀ। ਅੱਜ ਪੰਜਾਬ ਦੀ ਜਰਖੇਜ਼ ਧਰਤੀ ਜ਼ਹਿਰ ਉਗਲ ਰਹੀ ਹੈ। ਵਾਤਾਵਰਨ ਦੂਸ਼ਿਤ ਹੈ। ਪਾਣੀ ਦਾ ਗੰਭੀਰ ਸੰਕਟ ਹੈ। ਹਰ ਪੰਜਾਬੀ ਦੇ ਘਰ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨੇ ਪੰਜਾਬੀਆਂ ਨੂੰ ਕੰਗਾਲ ਬਣਾ ਦਿੱਤਾ ਹੈ। ਵਿਗਿਆਨ ਮਨੁੱਖ ਨੂੰ ਬਿਮਾਰੀਆਂ ਤੋਂ ਨਹੀਂ ਬਚਾ ਸਕਿਆ, ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਨਹੀਂ ਰੋਕ ਸਕਿਆ। ਲੰਬੀਆਂ-ਚੌੜੀਆਂ ਸੜਕਾਂ, ਵੱਡੇ-ਵੱਡੇ ਪੁਲ, ਕਈ-ਕਈ ਮੰਜ਼ਿਲਾ ਇਮਾਰਤਾਂ ਮਨੁੱਖੀ ਤਰੱਕੀ ਦੀ ਬੁਨਿਆਦ ਨਹੀਂ ਹੋ ਸਕਦੀਆਂ। ਹਰੇ ਭਰੇ ਜੰਗਲ, ਖੂਬਸੂਰਤ ਘਾਹ ਦੇ ਮੈਦਾਨ, ਝੀਲਾਂ ਦਾ ਕਲ-ਕਲ ਕਰਦਾ ਪਾਣੀ ਮਨੁੱਖ ਦੀ ਜ਼ਿੰਦਗੀ ਦੀ ਅਸਲ ਬੁਨਿਆਦ ਹਨ। ਪ੍ਰੰਤੂ ਅੱਜ ਵਿਗਿਆਨਕ ਤਰੱਕੀ ਵਿਚ ਅਸੀਂ ਇਹ ਸਭ ਕੁਝ ਗੁਆ ਚੁੱਕੇ ਹਾਂ। ਪੱਥਰ ਯੁੱਗ 'ਚੋਂ ਨਿਕਲ ਕੇ ਫਿਰ ਇਸ ਪੱਥਰ ਯੁੱਗ ਦਾ ਨਿਰਮਾਣ ਕਰ ਰਹੇ ਹਾਂ। ਪਾਣੀ ਨੂੰ ਗੰਦਾ ਕਰ ਰਹੇ ਹਾਂ, ਰੁੱਖਾਂ ਨੂੰ ਕੱਟ ਰਹੇ ਹਾਂ, ਖੇਤਾਂ ਅਤੇ ਕੂੜੇ ਕਰਕਟ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਾਂ।


-ਕੇ.ਐਸ.ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।


ਕਿਸਾਨਾਂ ਦੀ ਦਰਿਆਦਿਲੀ...
ਪੰਜਾਬ ਦੇ ਕਿਸਾਨ ਦੀ ਰਹਿਮਦਿਲੀ ਦਾ ਕੋਈ ਦੇਣ ਨਹੀਂ ਦੇ ਸਕਦਾ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਲਗਾਤਾਰ ਆਪ ਦੁੱਖ ਤਕਲੀਫ਼ਾਂ ਝੱਲ ਕੇ ਦੇਸ਼ ਦਾ ਢਿੱਡ ਭਰਦਾ ਆ ਰਿਹਾ ਹੈ। ਆਪਣੀਆਂ ਜਿਣਸਾਂ ਦੇ ਵਾਜਬ ਭਾਅ ਲੈਣ ਲਈ ਜਦੋਂ ਵੀ ਕਿਸਾਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਦਾ ਹੈ ਤਾਂ ਕਦੇ ਕਿਸੇ ਆਮ ਵਿਅਕਤੀ ਨੂੰ ਤਕਲੀਫ਼ ਤੱਕ ਨਹੀਂ ਆਉਣ ਦਿੰਦਾ। ਜਿਹੜੇ ਵਪਾਰੀ ਜਾਂ ਹੋਰ ਦੁਕਾਨਦਾਰ ਲੋਕ ਕਿਸਾਨ ਜ਼ਰੀਏ ਵੱਡੀ ਕਮਾਈ ਕਰਦੇ ਹਨ, ਉਹ ਕਦੇ ਵੀ ਕਿਸਾਨ ਦੀ ਹਾਲਤ ਸੁਧਾਰਨ ਬਾਬਤ ਸਹਿਯੋਗ ਨਹੀਂ ਕਰਦੇ ਤੇ ਨਾ ਹੀ ਕਦੇ ਸਰਕਾਰ ਪਾਸੋਂ ਕਿਸਾਨਾਂ ਲਈ ਉਠਦੀਆਂ ਮੰਗਾਂ ਵਿਚ ਨਾਲ ਖਲੋਂਦੇ ਹਨ। ਹੁਣ ਫਿਰ ਪੰਜਾਬ ਦੇ ਕਿਸਾਨ ਦੀ ਦਰਿਆਦਿਲੀ ਦੇਖੋ ਕਿ ਉਸ ਨੇ ਆਮ ਲੋਕਾਂ ਨੂੰ ਮੁਸ਼ਕਿਲ ਆਉਂਦੀ ਦੇਖ ਕੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ। 1 ਜੂਨ ਤੋਂ 10 ਜੂਨ ਤੱਕ ਸ਼ਹਿਰਾਂ, ਕਸਬਿਆਂ ਨਾਲੋਂ ਸੰਪਰਕ ਤੋੜੋ ਮੁਹਿੰਮ ਵਿੱਢੀ ਗਈ ਸੀ। ਇਸ ਦੌਰਾਨ ਸਬਜ਼ੀ ਵਿਕਰੇਤਾ, ਦੋਧੀਆਂ ਤੇ ਹੋਰ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਅਤੇ ਹੜਤਾਲ ਖ਼ਤਮ ਕਰ ਦਿੱਤੀ ਅਤੇ ਕਈਆਂ ਨੇ ਇਸ ਨੂੰ ਸ਼ਲਾਘਾਯੋਗ ਅਤੇ ਕੁਝ ਲੋਕਾਂ ਨੇ ਗ਼ਲਤ ਕਰਾਰ ਦਿੱਤਾ। ਕਿਸਾਨ ਭਰਾਵਾਂ ਨੇ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਝੱਟ ਸਮਝ ਲਿਆ ਪ੍ਰੰਤੂ ਇਸ ਗਰੀਬੜੇ ਕਿਸਾਨ ਦੀਆਂ ਦੁੱਖ-ਤਕਲੀਫਾਂ ਨੂੰ ਕੋਈ ਸਰਕਾਰ ਜਾਂ ਹੋਰ ਧਨਾਢ ਲੋਕ ਕਿਉਂ ਨਹੀਂ ਸਮਝ ਰਹੇ?


-ਬੇਅੰਤ ਗਿੱਲ ਭਲੂਰ
beantgillbhaloor@gmail.com


'ਮਿਸ਼ਨ ਤੰਦਰੁਸਤ ਪੰਜਾਬ'
ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ 'ਵਿਸ਼ਵ ਵਾਤਾਵਰਨ ਦਿਵਸ' 'ਤੇ ਜੋ ਮਿਸ਼ਨ 'ਤੰਦਰੁਸਤ ਪੰਜਾਬ' ਸ਼ੁਰੂ ਕੀਤਾ ਗਿਆ ਹੈ, ਇਕ ਚੰਗੀ ਪਹਿਲ ਹੈ। ਮੁੱਖ ਮੰਤਰੀ ਵਲੋਂ ਪੰਜਾਬ ਦੇ ਵਾਤਾਵਰਨ ਤੇ ਪੰਜਾਬੀਆਂ ਦੀ ਸਿਹਤ ਵੱਲ ਵਿਸ਼ੇਸ਼ ਤਵੱਜੋ ਦੇਣਾ ਯਕੀਨਨ ਹੀ ਇਕ ਸਾਰਥਿਕ ਕਦਮ ਕਿਹਾ ਜਾ ਸਕਦਾ ਹੈ। ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜੰਗਲਾਤ ਵਿਭਾਗ, ਖੇਡ ਵਿਭਾਗ ਤੇ ਸਿਹਤ ਵਿਭਾਗ ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਇਹ ਸਾਰੇ ਵਿਭਾਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਤਾਂ ਯਕੀਨੀ ਤੌਰ 'ਤੇ ਪੰਜਾਬ ਦੇ ਪੌਣ-ਪਾਣੀ ਤੇ ਪੰਜਾਬੀਆਂ ਦੀ ਸਿਹਤ ਵਿਚ ਸੁਧਾਰ ਆ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਮਿਸ਼ਨ ਕਾਰਨ ਵਾਤਾਵਰਨ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਹੋਰ ਵੀ ਬਿਹਤਰ ਹੋਵੇਗਾ ਜੇਕਰ ਪੰਜਾਬ ਸਰਕਾਰ ਕਿਊਬਾ ਵਰਗੇ ਦੇਸ਼ਾਂ ਦੀ ਤਰਜ਼ 'ਤੇ ਨਾ-ਨਵਿਆਉਣਯੋਗ ਊਰਜਾ ਦੀ ਖਪਤ ਨੂੰ ਘਟਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕਰੇ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।


-ਗੁਰਪ੍ਰੀਤ ਕੌਰ ਚਹਿਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ (ਮਾਨਸਾ)।

08-06-2018

 ਨੋਟਾ ਦੀ ਅਹਿਮੀਅਤ
ਭਾਰਤੀ ਸੰਵਿਧਾਨ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਕਈ ਅਧਿਕਾਰ ਦਿੰਦਾ ਹੈ, ਜਿਸ ਵਿਚੋਂ ਇਕ ਹੈ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣਨਾ। ਬਦਲਦੇ ਸਮੇਂ ਦੇ ਨਾਲ ਕਈ ਮੌਕਾਪ੍ਰਸਤ ਲੋਕਾਂ ਨੇ ਰਾਜਨੀਤੀ ਨੂੰ ਨਿਸ਼ਕਾਮ ਸੇਵਾ ਦੀ ਬਜਾਏ ਵਪਾਰ ਦੇ ਤੌਰ 'ਤੇ ਅਪਣਾ ਲਿਆ ਹੈ। ਅਜਿਹੀ ਸਥਿਤੀ ਨੂੰ ਸੁਧਾਰਨ ਲਈ ਹੀ ਸਰਬਉੱਚ ਅਦਾਲਤ ਨੇ 2013 ਵਿਚ ਦਾਖ਼ਲ ਇਕ ਪਟੀਸ਼ਨ 'ਤੇ ਫ਼ੈਸਲਾ ਦਿੰਦਿਆਂ ਚੋਣ ਕਮਿਸ਼ਨ ਨੂੰ ਲੋਕਾਂ ਨੂੰ ਨੋਟਾ ਦਾ ਬਦਲ ਦੇਣ ਲਈ ਕਿਹਾ ਸੀ। ਨੋਟਾ ਦਾ ਅਰਥ ਹੈ 'ਨਨ ਆਫ ਦ ਅਬੱਵ' ਭਾਵ ਕਿ ਉਪਰੋਕਤ ਵਿਚੋਂ ਕੋਈ ਨਹੀਂ। ਨੋਟਾ ਦਾ ਇਲੈਕਸ਼ਨ ਸਿੰਬਲ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦੁਆਰਾ ਬਣਾਇਆ ਗਿਆ ਹੈ। ਨੋਟਾ ਅਜੇ ਸਿਰਫ ਇਕ ਹਾਂ-ਪੱਖੀ ਕਦਮ ਹੈ ਅਤੇ ਇਸ ਵਿਚ ਅੱਗੇ ਬਹੁਤ ਸੁਧਾਰ ਦੀ ਗੁੰਜਾਇਸ਼ ਹੈ। ਨੋਟਾ ਵਿਚ ਭਾਵੇਂ ਸਭ ਤੋਂ ਵੱਧ ਵੋਟਾਂ ਦਰਜ ਹੋਣ ਤਾਂ ਵੀ ਇਸ ਵਿਚ ਦਰਜ ਵੋਟਾਂ ਨੂੰ ਨਾ ਗਿਣ ਕੇ ਬਾਕੀ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਵੋਟਾਂ ਵਾਲੇ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਲੋਕਤੰਤਰ ਵਿਚ ਜਿਥੇ ਲੋਕਾਂ ਦੀ ਮਰਜ਼ੀ ਨਾਲ ਸਰਕਾਰ ਬਣਦੀ ਹੈ ਤਾਂ ਸਾਰੇ ਨਾਪਸੰਦ ਉਮੀਦਵਾਰਾਂ ਵਿਚੋਂ ਜੇਤੂ ਚੁਣਨ ਦੀ ਕੀ ਮਜਬੂਰੀ ਹੈ? ਇਸ ਬਾਰੇ ਅੱਗੇ ਸੋਚਣ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ ਨੋਟਾ ਨੂੰ ਰਾਈਟ ਟੂ ਰਿਜੈਕਟ ਆਲ ਦੇ ਬਰਾਬਰ ਦਰਜਾ ਦਿੱਤਾ ਜਾਵੇ। ਜੇ ਕਿਸੇ ਚੋਣ ਵਿਚ ਨੋਟਾ ਨੂੰ ਸਭ ਤੋਂ ਵੱਧ ਲੋਕ ਚੁਣਦੇ ਹਨ ਤਾਂ ਉਹ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਕੇ ਉਨ੍ਹਾਂ ਨੂੰ ਅਗਲੀ ਚੋਣ ਲਈ ਅਯੋਗ ਐਲਾਨ ਕੇ ਦੁਬਾਰਾ ਚੋਣ ਕਰਵਾਈ ਜਾਏ।


-ਲੈਫ਼ਟੀਨੈਂਟ ਕੁਲਦੀਪ ਸ਼ਰਮਾ
ਜਲੰਧਰ।


ਸਨਮਾਨ ਕਰਨਾ ਬਣਦਾ ਹੈ
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਖ਼ਬਰ ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ। ਸੋਸ਼ਲ ਮੀਡੀਆ 'ਤੇ ਇਸ ਸਿੱਖ ਕਰਮੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਭੀੜ ਵਿਚ ਘਿਰਿਆ ਇਕ ਪੁਲਿਸ ਇੰਸਪੈਕਟਰ ਗਗਨਦੀਪ ਸਿੰਘ ਹੈ। ਨੈਨੀਤਾਲ ਦੇ ਇਕ ਮੰਦਿਰ ਵਿਚ ਲੜਕਾ-ਲੜਕੀ ਬੈਠੇ ਦੇਖ ਕੇ ਲੋਕ ਭੜਕ ਪਏ। ਇਹ ਭੜਕਾਹਟ ਉਸ ਵੇਲੇ ਹੋਰ ਵਧ ਗਈ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਲੜਕਾ ਮੁਸਲਮਾਨ ਧਰਮ ਦਾ ਹੈ। ਉਸ ਭੀੜ ਤੋਂ ਲੜਕੇ ਨੂੰ ਬਚਾਉਂਦੇ ਹੋਏ ਗਗਨਦੀਪ ਸਿੰਘ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਨਾਲ ਇਸ ਤਰ੍ਹਾਂ ਲਗਦਾ ਹੈ ਜਿਵੇਂ ਗਗਨਦੀਪ ਸਿੰਘ ਨੇ ਪੂਰੇ ਸੰਸਾਰ ਵਿਚ ਸਿੱਖਾਂ ਦੀ ਸ਼ਾਨ ਉੱਚੀ ਕੀਤੀ ਹੈ। ਹੁਣ ਇਸ ਬਦਲੇ ਸਿੱਖਾਂ ਦੀ ਰਹਿਨੁਮਾਈ ਕਰਦੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਫ਼ਰਜ਼ ਬਣਦਾ ਹੈ ਕਿ ਉਸ ਸਿੱਖ ਨੌਜਵਾਨਾਂ ਦਾ ਸਨਮਾਨ ਕਰੇ ਤਾਂ ਕਿ ਉਸ ਨੂੰ ਦੇਖ ਕੇ ਹੋਰਾਂ ਦਾ ਵੀ ਹੌਸਲਾ ਵਧੇ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਦੂਸ਼ਿਤ ਪਾਣੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਅੰਕ ਵਿਚ ਨਵਤੇਜ ਸਿੰਘ ਮੱਲ੍ਹੀ ਦਾ ਲਿਖਿਆ ਲੇਖ 'ਰੋਕੇ ਜਾਣ ਦਰਿਆਵਾਂ 'ਚ ਪੈ ਰਹੇ ਕਾਰਖਾਨਿਆਂ ਦੇ ਗੰਦੇ ਪਾਣੀ' ਪੜ੍ਹਿਆ, ਜੋ ਕਿ ਇਕ ਗੰਭੀਰ ਚਰਚਾ ਛੇੜਦਾ ਹੈ। ਸੱਚ ਹੀ ਪੰਜਾਬ ਦਾ ਪਾਣੀ ਦਿਨੋ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਬਿਮਾਰੀਆਂ ਜਨਮ ਲੈਂਦੀਆਂ ਹਨ, ਸਗੋਂ ਫ਼ਸਲਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਕਾਰਖਾਨਿਆਂ 'ਚੋਂ ਨਿਕਲਿਆ ਗੰਦਾ ਪਾਣੀ ਜ਼ਿਆਦਾ ਦਰਿਆਵਾਂ ਵਿਚ ਹੀ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਮਨੁੱਖਾਂ ਅਤੇ ਦਰਿਆਵਾਂ ਦੇ ਜੀਵ-ਜੰਤੂਆਂ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸਰਕਾਰ ਨੂੰ ਕਾਰਖਾਨਿਆਂ ਦੇ ਨਿਪਟਾਰੇ ਲਈ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ, ਜਿਸ ਨਾਲ ਮਨੁੱਖਾਂ ਤੇ ਜੀਵ-ਜੰਤੂਆਂ ਤੋਂ ਖ਼ਤਰਾ ਟਲ ਸਕੇ। ਪੰਜਾਬ ਰਾਜ ਅੰਦਰਲੀਆਂ ਪੰਚਾਇਤਾਂ ਨੂੰ ਵੀ ਕੇਰਲਾ ਦੀਆਂ ਪੰਚਾਇਤਾਂ ਦੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਵਰਗੇ ਪਵਿੱਤਰ ਸਾਧਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।


-ਗਗਨਦੀਪ ਕੌਰ ਸੀਰਵਾਲੀ
ਐਸ.ਬੀ.ਐਸ. ਮਾਡਲ ਸਕੂਲ।


ਗੰਭੀਰ ਖੇਤੀ ਸੰਕਟ
ਦੇਸ਼ ਵਿਚ ਖੇਤੀ ਸੰਕਟ ਬੇਹੱਦ ਗੰਭੀਰ ਹੁੰਦਾ ਜਾ ਰਿਹਾ ਹੈ, ਕਿਸਾਨ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਦੇਸ਼ ਵਿਚ ਹਰ ਰੋਜ਼ ਲਗਪਗ 45 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਹਰ ਰੋਜ਼ 3-4 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਖੇਤੀ ਸੰਕਟ ਦਾ ਅਧਿਐਨ ਕਰਨ ਵਾਲੇ ਬੁੱਧੀਜੀਵੀ ਪੀ. ਸਾਈਨਾਥ ਨੇ 10 ਦਿਨਾਂ ਦਾ ਦੌਰਾ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦਾ ਖੇਤੀਬਾੜੀ ਸੰਕਟ ਕਾਰਪੋਰੇਟ ਨੀਤੀਆਂ ਦੀ ਦੇਣ ਹੈ, ਕਾਰਪੋਰੇਟ ਕੰਪਨੀਆਂ ਨੂੰ 5 ਲੱਖ ਕਰੋੜ ਦੀਆਂ ਰਿਆਇਤਾਂ ਹਰ ਸਾਲ ਦਿੱਤੀਆਂ ਜਾਂਦੀਆਂ ਹਨ। ਖੇਤੀ ਸੰਕਟ ਨੂੰ ਹੱਲ ਕਰਨ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਮਾੜੀਆਂ-ਮੋਟੀਆਂ ਰਿਆਇਤਾਂ ਨਾਲ ਇਹ ਸੰਕਟ ਹੱਲ ਹੋਣ ਵਾਲਾ ਨਹੀਂ, ਕਿਸਾਨਾਂ ਨੂੰ ਉਤਪਾਦਨ ਲਾਗਤ 'ਤੇ 50 ਫ਼ੀਸਦੀ ਮੁਨਾਫ਼ਾ ਦੇ ਕੇ ਭਾਅ ਦਿੱਤੇ ਜਾਣ, ਮੰਡੀਕਰਨ ਦੀ ਵਿਵਸਥਾ ਵੀ ਭਰੋਸੇਯੋਗ ਕੀਤੀ ਜਾਵੇ।
ਵੱਖ-ਵੱਖ ਕਿਸਾਨ ਸੰਗਠਨ, ਅਰਥ-ਸ਼ਾਸਤਰੀ, ਬੁੱਧੀਜੀਵੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਖੇਤੀ ਸੰਕਟ ਸਬੰਧੀ ਸੰਸਦ ਵਿਚ ਵਿਚਾਰ-ਚਰਚਾ ਹੋਣੀ ਚਾਹੀਦੀ ਹੈ। ਥੋਥੀ ਬਿਆਨਬਾਜ਼ੀ ਨਾਲ ਨਹੀਂ ਸਰਨਾ, ਹਕੀਕਤ ਵਿਚ ਇਸ ਸੰਕਟ ਦਾ ਹੱਲ ਕਰਨਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ,
ਜ਼ਿਲ੍ਹਾ ਤੇ ਤਹਿ: ਪਟਿਆਲਾ।

07-06-2018

ਅੱਗ ਨਾਲ ਝੁਲਸਿਆ ਜੰਗਲ
ਪਿਛਲੇ ਦਿਨੀਂ ਗੜ੍ਹਸ਼ੰਕਰ ਨੇੜੇ ਡੱਲੇਵਾਲ ਪਿੰਡ ਵਿਚ ਅੱਗ ਲੱਗਣ ਨਾਲ ਜੰਗਲ ਦਾ 100 ਏਕੜ ਰਕਬਾ ਝੁਲਸ ਗਿਆ, ਜਿਸ ਵਿਚ ਕਿੰਨੇ ਹੀ ਜੀਵ-ਜੰਤੂ, ਪਸ਼ੂ-ਪੰਛੀ ਅਤੇ ਰੁੱਖ ਸ਼ਾਮਿਲ ਸਨ। ਇਹ ਖ਼ਬਰ ਪੜ੍ਹ ਕੇ ਲੋਕ ਮਨਾਂ ਨੂੰ ਡੂੰਘੀ ਸੱਟ ਜ਼ਰੂਰ ਲੱਗੀ ਹੈ। ਚਿੰਤਨਸ਼ੀਲ ਅਤੇ ਸਮਾਜ ਸੇਵੀ ਜਥੇਬੰਦੀਆਂ ਸਾਡੇ ਗੰਧਲਾ ਵਾਤਾਵਰਨ, ਵਧਦਾ ਤਾਪਮਾਨ ਅਤੇ ਘਟ ਰਹੀ ਵਰਖਾ ਪ੍ਰਤੀ ਚਿੰਤਤ ਹਨ। ਅਚਨਚੇਤ ਰੂਪ ਵਿਚ ਵਾਪਰੀ ਇਹ ਘਟਨਾ ਦੁਖਦਾਇਕ ਹੈ, ਜਿਸ ਵਿਚ ਹਰਿਆਵਲ ਲਹਿਰ ਨੂੰ ਧੱਕਾ ਲੱਗਾ ਹੈ। ਹੋ ਸਕਦਾ ਹੈ ਇਸ ਘਟਨਾ ਦਾ ਵੱਡਾ ਕਾਰਨ ਡੱਲੇਵਾਲ ਪਿੰਡ 'ਚ ਲੱਗਾ 66 ਕੇ.ਵੀ. ਬਿਜਲੀ ਗਰਿੱਡ ਤੋਂ ਸਰਕਟ ਰਿਹਾ ਹੋਵੇ। ਜੇਕਰ ਅਜਿਹਾ ਹੈ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਇਸ ਪ੍ਰਤੀ ਜ਼ਿੰਮੇਵਾਰ ਹਨ। ਇਨ੍ਹਾਂ ਆਲਾ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਖੰਭਿਆਂ, ਟਰਾਂਸਫਾਰਮਾਂ ਅਤੇ ਬਿਜਲੀ ਦੀਆਂ ਤਾਰਾਂ ਦੇ ਢੁਕਵੇਂ ਇੰਤਜ਼ਾਮ ਕੀਤੇ ਜਾਣ। ਤਾਰਾਂ ਨੂੰ ਚੰਗੀ ਤਰ੍ਹਾਂ ਨਾਲ ਕਸ ਕੇ ਬਿਜਲੀ ਸਰਕਟ ਠੀਕ ਕੀਤੇ ਜਾਣ। ਇਨ੍ਹਾਂ ਦੇ ਨੇੜੇ ਘਾਹ-ਫੂਸ ਦੀ ਸਫ਼ਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਹੋਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਹਸਪਤਾਲਾਂ ਦਾ ਦਰਜਾ
ਨਸ਼ਾ ਵਿਰੋਧੀ ਮੁਹਿੰਮ ਅਧੀਨ ਪਿਛਲੀ ਸਰਕਾਰ ਵਲੋਂ ਬਣਾਏ ਗਏ ਮੁੜ ਵਸੇਬਾ ਕੇਂਦਰਾਂ ਵਿਚ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਨਸ਼ਿਆਂ ਵਿਚੋਂ ਕੱਢਣ ਲਈ ਸ਼ੁਰੂ ਵਿਚ ਇਨ੍ਹਾਂ ਕੇਂਦਰਾਂ ਨੇ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਸੀ। ਪਰ ਆਮ ਲੋਕ ਬਦਨਾਮੀ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਇਨ੍ਹਾਂ ਕੇਂਦਰਾਂ ਵਿਚ ਦਾਖਲ ਕਰਾਉਣ ਤੋਂ ਗੁਰੇਜ਼ ਕਰਨ ਲੱਗ ਪਏ ਅਤੇ ਨਤੀਜੇ ਵਜੋਂ ਇਹ ਕੇਂਦਰ ਬੰਦ ਹੋਣ ਦੇ ਕਿਨਾਰੇ ਚਲੇ ਗਏ। ਇਨ੍ਹਾਂ ਕੇਂਦਰਾਂ ਨੂੰ ਠੱਪ ਹੋਣ ਤੋਂ ਬਚਾਉਣ ਲਈ ਮੌਜੂਦਾ ਸਰਕਾਰ ਨੇ ਇਨ੍ਹਾਂ ਕੇਂਦਰਾਂ 'ਤੇ ਲੱਗੀ ਪੂੰਜੀ ਨੂੰ ਬਿਹਤਰ ਵਰਤੋਂ ਵਿਚ ਲਿਆਉਣ ਲਈ ਇਨ੍ਹਾਂ ਨੂੰ ਪੂਰੇ ਹਸਪਤਾਲਾਂ ਦਾ ਦਰਜਾ ਦੇਣ ਅਤੇ ਲੋੜੀਂਦਾ ਸਟਾਫ, ਜਿਨ੍ਹਾਂ ਵਿਚ ਡਾਕਡਰ ਆਦਿ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਲੋੜੀਂਦਾ ਸਾਜ਼ੋ-ਸਾਮਾਨ ਵੀ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਹਸਪਤਾਲਾਂ ਵਿਚ ਬਿਨਾਂ ਕਿਸੇ ਡਰ ਦੇ ਨਸ਼ਾ ਛੁਡਾਉਣ ਦੇ ਨਾਲ-ਨਾਲ ਹੋਰ ਵੀ ਮੁਢਲੀਆਂ ਬਿਮਾਰੀਆਂ ਦੇ ਇਲਾਜ ਲਈ ਸਹੂਲਤਾਂ ਮਿਲ ਸਕਣ। ਇਨ੍ਹਾਂ ਹਸਪਤਾਲਾਂ/ਕੇਂਦਰਾਂ ਦੀ ਪੂਰੇ ਪੰਜਾਬ ਵਿਚ 22 ਦੇ ਕਰੀਬ ਗਿਣਤੀ ਦੱਸੀ ਜਾਂਦੀ ਹੈ। ਸਰਕਾਰ ਵਲੋਂ ਲਿਆ ਗਿਆ ਇਹ ਫ਼ੈਸਲਾ ਇਕ ਬਹੁਤ ਹੀ ਵਧੀਆ ਕਦਮ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਠੋਸ ਕਦਮ ਚੁੱਕਣ ਦੀ ਲੋੜ
ਬੀਤੇ ਸਮੇਂ ਵਿਚ ਜਦੋਂ ਕਦੇ ਲੋਕ ਕੁੱਤਿਆਂ ਤੋਂ ਦੁਖੀ ਹੁੰਦੇ ਸਨ ਤਾਂ ਉਨ੍ਹਾਂ ਕੁੱਤਿਆਂ ਨੂੰ ਦਵਾਈ ਪਾ ਕੇ ਮਾਰ ਦਿੱਤਾ ਜਾਂਦਾ ਸੀ। ਕਾਇਦੇ-ਕਾਨੂੰਨ ਬਣ ਗਏ ਜਿਸ ਕਰਕੇ ਅਜੋਕੇ ਸਮੇਂ ਵਿਚ ਜਾਨਵਰਾਂ ਨੂੰ ਨਹੀਂ ਮਾਰਿਆ ਜਾ ਸਕਦਾ ਪਰ ਉਨ੍ਹਾਂ ਦੀ ਵਧਦੀ ਆਬਾਦੀ ਚਿੰਤਾ ਦਾ ਕਾਰਨ ਹੈ। ਅਵਾਰਾ ਕੁੱਤੇ ਹੱਡਾਰੋੜੀ ਤੋਂ ਮਾਸ, ਖ਼ੂਨ ਅਤੇ ਹੱਡ ਖਾਣ ਲਈ ਜਾਂਦੇ ਹਨ ਅਤੇ ਉਹ ਖ਼ੂਨ ਮਾਸ ਖਾਣ ਦੇ ਆਦੀ ਹੋਏ ਹੁੰਦੇ ਹਨ। ਇਸੇ ਕਰਕੇ ਉਹ ਖੂੰਖਾਰ ਹਨ ਅਤੇ ਹਰ ਸਮੇਂ ਮਾਸ ਖ਼ੂਨ ਭਾਲਦੇ ਹਨ। ਕੁੱਤੇ ਮੀਟ ਦੀਆਂ ਦੁਕਾਨਾਂ ਅਤੇ ਖੋਖਿਆਂ ਦੇ ਆਸੇ ਪਾਸੇ ਪਈ ਮਾਸ ਦੀ ਰਹਿੰਦ-ਖੂੰਹਦ ਖਾ ਖਾ ਕੇ ਖੂੰਖਾਰ ਹੁੰਦੇ ਜਾ ਰਹੇ ਹਨ ਅਤੇ ਉਹ ਮਾਸ ਤੇ ਖ਼ੂਨ ਦੀ ਭੁੱਖ ਰੱਖਦੇ ਹਨ। ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਦਿਨ-ਰਾਤ ਕੁੱਤਿਆਂ ਦਾ ਕਹਿਰ ਸਤਾਉਂਦਾ ਹੈ ਅਤੇ ਕਦੇ ਵੀ ਕੋਈ ਉਨ੍ਹਾਂ ਦੀ ਲਪੇਟ ਵਿਚ ਆ ਸਕਦਾ ਹੈ। ਅਵਾਰਾ ਕੁੱਤਿਆਂ ਦੇ ਮਾਮਲੇ ਵਿਚ ਠੋਸ ਕਦਮ ਚੁੱਕਣ ਦੀ ਲੋੜ ਹੈ।


-ਜਸਪਾਲ ਸਿੰਘ ਲੋਹਾਮ
ਗਲੀ ਹਜ਼ਾਰਾ ਸਿੰਘ, ਮੋਗਾ।


ਕੀਮਤਾਂ ਨੂੰ ਸਥਿਰ ਰੱਖਣ ਬਾਰੇ
ਕੀਮਤਾਂ ਨੂੰ ਸਥਿਰ ਰੱਖਣਾ, ਸਰਕਾਰਾਂ ਦਾ ਕੰਮ ਹੁੰਦਾ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇਖਦੇ ਦੇਖਦੇ ਕਿੰਨੀਆਂ ਉੱਪਰ ਚਲੇ ਗਈਆਂ ਹਨ, ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮਚਣਾ ਹੀ ਸੀ। ਕੀਮਤਾਂ ਵਿਚ ਅਮੀਰ ਆਦਮੀ ਨੂੰ ਤਾਂ ਕੋਈ ਫ਼ਰਕ ਜ਼ਿਆਦਾ ਨਹੀਂ ਪੈਂਦਾ, ਪਰ ਗ਼ਰੀਬ ਆਦਮੀ ਨਿਚੋੜਿਆ ਜਾਂਦਾ ਹੈ। ਪਹਿਲਾਂ ਦੇਖਣ ਨੂੰ ਮਿਲਦਾ ਸੀ ਕਿ ਸਾਲ ਜਾਂ ਛੇ ਮਹੀਨੇ ਬਾਅਦ ਪੈਟਰੋਲ, ਡੀਜ਼ਲ ਦੇ ਭਾਅ ਵਧਦੇ ਸਨ। ਕਿਸਾਨ ਏਨਾ ਮਹਿੰਗਾ ਡੀਜ਼ਲ ਲੈ ਕੇ ਕਿਵੇਂ ਗੁਜ਼ਾਰਾ ਕਰੇਗਾ, ਕਿਉਂਕਿ ਖੇਤੀ ਦਾ ਸਾਰਾ ਦਾਰੋ-ਮਦਾਰ ਮਸ਼ੀਨਰੀ 'ਤੇ ਹੈ। ਸਰਕਾਰ ਨੂੰ ਲੋਕਾਂ 'ਤੇ ਏਨਾ ਬੋਝ ਨਹੀਂ ਪਾਉਣਾ ਚਾਹੀਦਾ, ਇਸ ਬਾਰੇ ਜ਼ਰੂਰ ਸੋਚ-ਵਿਚਾਰ ਕਰਕੇ ਇਨ੍ਹਾਂ ਦੇ ਭਾਅ ਵਿਚ ਕਮੀ ਕੀਤੀ ਜਾਵੇ।


-ਹਰਜਿੰਦਰਪਾਲ ਸਿੰਘ ਬਾਜਵਾ
536, ਗਲੀ 5-ਬੀ, ਵਿਜੇ ਨਗਰ, ਹੁਸ਼ਿਆਰਪੁਰ।


ਸਾੜੇ ਦੀ ਅੱਗ
ਦੁੱਖ ਅਤੇ ਸੁੱਖ ਜ਼ਿੰਦਗੀ ਦੇ ਦੋ ਅਹਿਮ ਪਹਿਲੂ ਹਨ, ਜੋ ਵਾਰੀ-ਵਾਰੀ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਚਿਰਾਂ ਤੋਂ ਮਨੁੱਖ ਦੀ ਇਹ ਫ਼ਿਤਰਤ ਰਹੀ ਹੈ ਕਿ ਜਿਥੇ ਉਹ ਸੁੱਖਾਂ ਵੇਲੇ ਬੇਹੱਦ ਖੁਸ਼ ਨਜ਼ਰ ਆਉਂਦਾ ਹੈ, ਉਥੇ ਦੁੱਖਾਂ ਵੇਲੇ ਨਿਰਾਸ਼ ਅਵਸਥਾ ਵਿਚ ਚਲਾ ਜਾਂਦਾ ਹੈ। ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ ਕੁਝ ਕੁ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਆਪਣੇ ਦੁੱਖਾਂ ਤੋਂ ਓਨੇ ਦੁਖੀ ਨਹੀਂ ਹਨ, ਜਿੰਨੇ ਦੂਜਿਆਂ ਦੇ ਸੁੱਖਾਂ ਨੂੰ ਦੇਖ ਕੇ ਹੋ ਰਹੇ ਹਨ। ਅੱਜ ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਮਨੁੱਖ ਸਾੜੇ ਦੀ ਅੱਗ ਵਿਚ ਸੜਦਾ ਹੋਇਆ ਕਿਸੇ ਗੁਆਂਢੀ ਦੀ ਹੋ ਰਹੀ ਤਰੱਕੀ ਨੂੰ ਦੇਖ ਕੇ ਉਦਾਸ ਬੈਠਾ ਰੱਬ ਨੂੰ ਉਲਾਂਭੇ ਦੇਣੇ ਸ਼ੁਰੂ ਕਰ ਦਿੰਦਾ ਹੈ ਕਿ ਇਹ ਸਭ ਖੁਸ਼ੀਆਂ ਉਸ ਦੀ ਜ਼ਿੰਦਗੀ ਵਿਚ ਕਿਉਂ ਨਹੀਂ ਆ ਰਹੀਆਂ ਹਨ। ਜ਼ਿਆਦਾ ਲੋਕਾਂ ਵਲੋਂ ਕਿਸੇ ਹੋਰ ਦੇ ਹੋ ਰਹੇ ਚੰਗੇ 'ਤੇ ਸੜਿਆਂ ਤਾਂ ਬਥੇਰਾ ਜਾਂਦਾ ਪਰ ਉਸ ਦੇ ਪਿੱਛੇ ਛੁਪੀ ਉਸ ਦੀ ਮਿਹਨਤ ਨੂੰ ਅੱਖੋਂ ਪਰੋਖੇ ਹੀ ਕਰ ਦਿੱਤਾ ਜਾਂਦਾ ਹੈ। ਸੋ, ਆਓ ਅਸੀਂ ਸਭ ਕਿਸੇ ਦੀ ਤਰੱਕੀ 'ਤੇ ਸਾੜਾ ਕਰਨ ਦੀ ਬਜਾਏ ਪਰਮਾਤਮਾ ਵਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਨਿਰੰਤਰ ਮਿਹਨਤ ਕਰਨ ਵਿਚ ਰੁੱਝੇ ਰਹੀਏ, ਜਿਸ ਦਾ ਫਲ ਸਾਨੂੰ ਇਕ ਨਾ ਇਕ ਦਿਨ ਜ਼ਰੂਰ ਮਿਲ ਕੇ ਰਹੇਗਾ।


-ਰਾਜਾ ਗਿੱਲ (ਚੜਿੱਕ)
(ਮੋਗਾ)।


ਵਿਦਿਆਰਥੀ ਖ਼ੁਦਕੁਸ਼ੀਆਂ
ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਵਰਗ ਵਿਚ ਵਧ ਰਿਹਾ ਖ਼ੁਦਕੁਸ਼ੀ ਕਰਨ ਦਾ ਰੁਝਾਨ ਦੁਖਦਾਇਕ ਵੀ ਹੈ ਤੇ ਬੇਹੱਦ ਚਿੰਤਾਜਨਕ ਵੀ। ਸਾਹਮਣੇ ਇਹ ਆਇਆ ਹੈ ਕਿ ਬਹੁਤੇ ਵਿਦਿਆਰਥੀ ਉਹ ਖ਼ੁਦਕੁਸ਼ੀ ਕਰ ਗਏ ਹਨ, ਜੋ ਬਹੁਤ ਥੋੜ੍ਹੇ ਨੰਬਰਾਂ 'ਤੇ ਫੇਲ੍ਹ ਹੋਏ ਸਨ ਜਾਂ ਫਿਰ ਉਨ੍ਹਾਂ ਦੇ ਉਮੀਦ ਮੁਤਾਬਿਕ ਨੰਬਰ ਨਹੀਂ ਆਏ। ਸਪੱਸ਼ਟ ਹੈ ਕਿ ਅਜੋਕਾ ਵਿਦਿਆਰਥੀ ਵਰਗ ਮਾਨਸਿਕ ਸੰਤੁਲਨ ਗਵਾਉਂਦਾ ਜਾ ਰਿਹਾ ਹੈ। ਆਸ਼ਾਵਾਦੀ ਹੋਣ ਦੀ ਥਾਂ ਉਹ ਨਿਰਾਸ਼ਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਪਾਸ ਹੋਏ ਹਨ, ਸਪੱਸ਼ਟ ਹੈ ਕਿ ਉਨ੍ਹਾਂ ਨੇ ਰਾਤਾਂ ਜਾਗ-ਜਾਗ ਕੇ ਪੜ੍ਹਾਈ ਕੀਤੀ ਹੋਵੇਗੀ। ਸਮੇਂ ਦੀ ਕਦਰ ਕੀਤੀ ਹੋਵੇਗੀ। ਫਲ਼ ਤਾਂ ਕੀਤੀ ਮਿਹਨਤ ਦਾ ਹੀ ਮਿਲਦਾ ਹੈ, ਨਾ ਕਿ ਆਲਸਪੁਣੇ ਦਾ। ਫੇਲ੍ਹ ਹੋਣ ਵਾਲੇ ਵਿਦਿਆਰਥੀ ਇਹ ਨਾ ਸੋਚਣ ਕਿ ਉਨ੍ਹਾਂ ਦਾ ਭਵਿੱਖ ਹੀ ਖ਼ਤਮ ਹੋ ਗਿਆ ਹੈ, ਮੌਕੇ ਮਿਲਦੇ ਰਹਿੰਦੇ ਹਨ। ਮੌਕੇ ਨੂੰ ਗੰਭੀਰਤਾ ਨਾਲ ਲੈ ਕੇ ਉਸ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਨਿਰਾਸ਼ਤਾ ਦਾ ਪੱਲਾ ਛੱਡ ਕੇ ਆਸ਼ਾਵਾਦੀ ਬਣੋ। ਪੜ੍ਹਾਈ ਦਾ ਸਫ਼ਰ ਜਾਰੀ ਰੱਖੋ। ਕਾਮਯਾਬ ਜ਼ਰੂਰ ਹੋਵੋਗੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

05-06-2018

 ਵਧ ਰਹੀ ਮਿਲਾਵਟਖੋਰੀ
ਮਿਲਾਵਟਖੋਰੀ ਸਮਾਜ 'ਤੇ ਕਲੰਕ ਹੈ। ਮਿਲਾਵਟਖੋਰ ਜਨਤਾ ਦੀ ਜਾਨ ਦੇ ਦੁਸ਼ਮਣ ਬਣ ਚੰਦ ਸਿੱਕਿਆਂ ਦੀ ਖਾਤਰ ਵੱਡਾ ਪਾਪ ਕਰਦੇ ਹਨ। ਨਕਲੀ ਦੁੱਧ, ਖੋਆ ਪਨੀਰ, ਪਲਾਸਟਿਕ ਦੇ ਚੌਲ, ਨਕਲੀ ਦਵਾਈਆਂ ਅਤੇ ਨਕਲੀ ਖਾਦ ਬੀਜ ਵੇਚਣ ਵਾਲੇ ਇਹ ਸਮਝਦੇ ਹਨ ਕਿ ਸਾਡੀ ਚੁਸਤ ਚਲਾਕੀ ਸਾਨੂੰ ਪੈਸਿਆਂ ਦੇ ਢੇਰ 'ਤੇ ਖੜ੍ਹਾ ਕਰ ਦੇਵੇਗੀ। ਪਰ ਅਸੀਂ ਤਾਂ ਪਹਿਲਾਂ ਹੀ ਆਪਣੇ ਪਾਣੀ, ਹਵਾ ਮਿੱਟੀ ਨੂੰ ਦੂਸ਼ਿਤ ਕਰਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਾਂ। ਜੋ ਚੰਦ ਸਾਹ ਬਚੇ ਹਨ, ਉਹ ਇਹ ਮਿਲਾਵਟ ਦੀਆਂ ਚੀਜ਼ਾਂ ਖਾ ਕੇ ਸਾਨੂੰ ਮਰਨ ਕੰਢੇ 'ਤੇ ਪਹੁੰਚਾ ਰਹੀਆਂ ਹਨ। ਜਿਹੜੇ ਲੋਕ ਮਿਲਾਵਟੀ ਵਪਾਰ ਨਾਲ ਜੁੜੇ ਹਨ, ਉਹ ਇਹ ਨਹੀਂ ਜਾਣਦੇ ਕਿ ਜੀਵਨ ਸਿਰਫ ਪੈਸਾ ਨਹੀਂ ਹੈ। ਇਹ ਚੀਜ਼ਾਂ ਅਕਸਰ ਤੁਹਾਡੇ ਪਰਿਵਾਰ ਤੱਕ ਵੀ ਤਾਂ ਪੁੱਜ ਸਕਦੀਆਂ ਹਨ, ਜਿਸ ਨਾਲ ਹੋ ਸਕਦਾ ਹੈ ਤੁਹਾਡੇ 'ਤੇ ਵੀ ਸੰਕਟ ਆ ਜਾਵੇ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਜੋ ਗੱਲ ਪ੍ਰੇਸ਼ਾਨ ਕਰਦੀ ਹੈ ਕਿ ਹੁਣ ਬਾਜ਼ਾਰ ਵਿਚ ਨਕਲੀ ਮਸਾਲੇ ਤੇ ਨਾਲ-ਨਾਲ ਨਕਲੀ ਜ਼ੀਰਾ ਜੋ ਰਸੋਈ ਵਿਚ ਖਾਣਾ ਜ਼ਾਇਕੇਦਾਰ ਬਣਾਉਣ ਲਈ ਵਰਤਿਆ ਜਾਂਦਾ ਹੈ, ਵੀ ਨਕਲੀ ਆ ਰਿਹਾ ਹੈ। ਜੇ ਇਸ ਤਰ੍ਹਾਂ ਮਿਲਾਵਟਖੋਰੀ ਦਾ ਬਾਜ਼ਾਰ ਅੱਗੇ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਜੋ ਅਸੀਂ ਥੋੜ੍ਹੇ-ਬਹੁਤੇ ਸਾਹ ਲੈ ਰਹੇ ਹਾਂ, ਮਿਲਾਵਟਖੋਰ ਛੇਤੀ ਹੀ ਬੰਦ ਕਰ ਦੇਣਗੇ।

-ਵਿਵੇਕ, ਕੋਟ ਈਸੇ ਖਾਂ (ਮੋਗਾ)।

ਪਲਾਸਟਿਕ ਘਟਾਓ, ਵਾਤਾਵਰਨ ਬਚਾਓ
ਚਲੋ ਗੱਲ ਕਰਦੇ ਹਾਂ ਪੋਲੀਥੀਨ ਦੀ, ਜਿਸ ਨੂੰ ਆਪਾਂ ਦਿਨ ਵਿਚ ਕਈ ਵਾਰ ਵਰਤਦੇ ਹਾਂ। ਆਪਾਂ ਕੀ ਕਰਦੇ ਹਾਂ, ਪੋਲੀਥੀਨ ਵਰਤਿਆ ਤੇ ਇਕੱਠਾ ਕੀਤਾ ਤੇ ਸੁੱਟ ਤਾ ਬਾਹਰ। ਉਸ ਤੋਂ ਬਾਅਦ ਕੀ ਹੋਇਆ ਜਾਂ ਉਸ ਪੋਲੀਥੀਨ ਨੇ ਕੀ ਕੀਤਾ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਪਲਾਸਟਿਕ ਹੈ ਸੋ ਇਸ ਨੇ ਗਲ੍ਹਣਾ ਸੜਨਾ ਤਾਂ ਹੈ ਨੀ। ਫਿਰ ਇਸ ਨੇ ਕਰਨਾ ਕੀ ਹੈ? ਇਸ ਨੇ ਕਰਨੀ ਹੈ ਨਾਲੀ ਬੰਦ ਤੇ ਜੇਕਰ ਬਰਸਾਤ ਦੇ ਦਿਨਾਂ ਵਿਚ ਵਰਖਾ ਪੈ ਜਾਵੇ ਤਾਂ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜਨਾ ਸ਼ੁਰੂ ਹੋ ਜਾਂਦਾ ਹੈ। ਗੰਦੇ ਪਾਣੀ ਨਾਲ ਬਿਮਾਰੀਆਂ ਨਾਲ ਕੀੜੇ ਮਕੌੜੇ। ਦੂਜੀ ਗੱਲ, ਕਈ ਲੋਕ ਕੀ ਕਰਦੇ ਹਨ ਕਿ ਚਲੋ ਪਲਾਸਟਿਕ ਨੂੰ ਜਲਾ ਦਿੰਦੇ ਹਨ। ਬੜਾ ਸੌਖਾ ਹੈ ਪਲਾਸਟਿਕ ਨੂੰ ਜਲਾਉਣਾ ਪਰ ਜਦੋਂ ਪਲਾਸਟਿਕ ਜਲਦਾ ਹੈ ਤਾਂ ਬਹੁਤ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਹ ਵੀ ਇਕ ਵੱਡਾ ਕਾਰਨ ਹੈ ਜਲਵਾਯੂ ਪਰਿਵਰਤਨ ਦਾ।
ਅਣਗਿਣਤ ਕੱਛੂਕੁਮੇ, ਮੱਛੀਆਂ ਅਤੇ ਹੋਰ ਜਲੀ ਜੀਵ ਮਰਦੇ ਹਨ ਜਿਸ ਦਾ ਪ੍ਰਮੁੱਖ ਕਾਰਨ ਪਲਾਸਟਿਕ ਹੈ। ਪਲਾਸਟਿਕ ਨੂੰ ਘਟਾਉਣ ਲਈ ਪ੍ਰਮੁੱਖ ਤੌਰ 'ਤੇ ਸਾਨੂੰ ਆਪਣੀਆਂ ਆਦਤਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਸਾਨੂੰ ਅਜਿਹੇ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਆਪਾਂ ਮੁੜ ਵਰਤੋਂ ਕਰ ਸਕੀਏ। ਸੋ, ਅੱਜ ਲੋੜ ਹੈ ਸਾਵਧਾਨ ਹੋਣ ਦੀ, ਪਲਾਸਟਿਕ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਤੇ ਇਕ ਵਾਤਾਵਰਨ ਮਿੱਤਰ ਬਣਨ ਦੀ।

-ਫੈਸਲ ਖਾਨ, ਜ਼ਿਲ੍ਹਾ ਰੋਪੜ੍ਹ।

ਲੋਕਤੰਤਰ ਦਾ ਘਾਣ
ਭਾਰਤ ਵਿਚ ਪਿਛਲੇ ਸਮੇਂ ਤੋਂ ਵੱਖ-ਵੱਖ ਰਾਜਾਂ ਵਿਚ ਚੋਣਾਂ ਦੌਰਾਨ ਜਿਸ ਤਰ੍ਹਾਂ ਸਪੱਸ਼ਟ ਬਹੁਮਤ ਨਾ ਮਿਲਣ 'ਤੇ ਸੱਤਾ ਵਿਚ ਆਉਣ ਲਈ ਜਿਸ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕੀਤੀ ਗਈ ਹੈ, ਉਹ ਗ਼ੈਰ-ਸੰਵਿਧਾਨਕ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਦਲ ਇਕ-ਦੂਜੇ ਉੱਪਰ ਇਲਜ਼ਾਮ ਲਗਾਉਂਦੇ ਹਨ ਤੇ ਉਨ੍ਹਾਂ ਦੇ ਵਿਚਾਰਾਂ ਵਿਚ ਵੀ ਮਤਭੇਦ ਹੁੰਦੇ ਹਨ ਪਰ ਆਮ ਲੋਕਾਂ ਨਾਲ ਧੋਖਾ ਉਸ ਸਮੇਂ ਹੁੰਦਾ ਹੈ ਜਦ ਇਹ ਰਾਜਨੀਤਕ ਦਲ ਸੱਤਾ ਪ੍ਰਾਪਤ ਕਰਨ ਲਈ ਉਨ੍ਹਾਂ ਪਾਰਟੀਆਂ ਨਾਲ ਗੱਠਜੋੜ ਕਰ ਲੈਂਦੇ ਹਨ, ਜਿਹੜੇ ਉਨ੍ਹਾਂ ਦੇ ਸਿਆਸੀ ਵਿਰੋਧੀ ਹੁੰਦੇ ਹਨ ਤੇ ਲੋਕਾਂ ਦੁਆਰਾ ਨਕਾਰੇ ਹੋਏ ਸਿਆਸੀ ਦਲ ਫਿਰ ਗੱਠਜੋੜ ਕਰਕੇ ਸੱਤਾ ਵਿਚ ਆ ਜਾਂਦੇ ਹਨ। ਵਿਧਾਇਕਾਂ ਦੀ ਖਰੀਦੋ-ਫਰੋਖਤ ਦੀਆਂ ਗੱਲਾਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਆਮ ਤੌਰ 'ਤੇ ਚੋਣਾਂ ਦੌਰਾਨ ਦੇਖਿਆ ਜਾਂਦਾ ਹੈ ਕਿ ਵੱਖ-ਵੱਖ ਜਾਤਾਂ, ਫ਼ਿਰਕਿਆਂ ਨਾਲ ਸਬੰਧਿਤ ਸਿਆਸੀ ਦਲ ਹੋਂਦ ਵਿਚ ਆਉਂਦੇ ਹਨ, ਜਿਨ੍ਹਾਂ ਦਾ ਮਕਸਦ ਵੋਟਾਂ ਵੰਡਣ ਦਾ ਹੁੰਦਾ ਹੈ ਤਾਂ ਜੋ ਕੋਈ ਪਾਰਟੀ ਬਹੁਮਤ ਹਾਸਲ ਨਾ ਕਰ ਸਕੇ। ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਮ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਜਾਵੇਗਾ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਪੰਛੀਆਂ ਪ੍ਰਤੀ ਵਤੀਰਾ
ਜੇਕਰ ਰੁੱਖਾਂ, ਪੰਛੀਆਂ ਦੀ ਉਤਪਤੀ ਨਾ ਹੁੰਦੀ ਤਾਂ ਸਮੁੱਚੀ ਮਨੁੱਖਤਾ ਨੇ 'ਇਕੱਲਤਾ ਦਾ ਸੰਤਾਪ' ਭੋਗਣਾ ਸੀ। ਪੰਛੀਆਂ ਦੀ ਚੀ-ਚੀ ਅਤੇ ਰੁੱਖਾਂ ਦਾ ਆਪਸੀ ਸੰਜੋਗ ਸਾਡੇ ਜੀਵਨ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪਰ ਜਦੋਂ ਦੀ ਮਨੁੱਖ ਨੇ ਤਰੱਕੀ ਕੀਤੀ ਭਾਵ ਤਕਨੀਕ ਅਤੇ ਤਕਨੀਕੀ ਕਾਢਾਂ ਨੇ 'ਪੰਛੀ ਜਾਤੀ' ਨੂੰ ਖੋਰਾ ਲਾ ਦਿੱਤਾ। ਦਿਨ-ਬਦਿਨ ਵਿਰਾਸਤੀ ਪੰਛੀਆਂ ਦੀਆਂ ਘਟ ਰਹੀਆਂ ਕਿਸਮਾਂ ਅਗਾਊਂ ਖ਼ਤਰੇ ਦੇ ਚਿੰਨ੍ਹ ਹਨ। ਅੱਜ ਪੰਛੀਆਂ ਦੀ ਹੋਂਦ ਨੂੰ ਬਚਾਉਣਾ ਮਨੁੱਖਤਾ ਦੇ ਰਹਿਮੋ-ਕਰਮ 'ਤੇ ਨਿਰਭਰ ਹੈ। ਗਰਮੀਆਂ ਦਾ ਮੌਸਮ ਜ਼ੋਰ ਫੜਦਾ ਜਾ ਰਿਹਾ ਹੈ। ਆਓ! ਆਪਣੇ-ਆਪਣੇ ਨਿੱਜੀ ਤੌਰ 'ਤੇ ਪੰਛੀਆਂ ਪ੍ਰਤੀ ਆਪਣੇ ਵਤੀਰੇ ਨੂੰ ਨਰਮ ਰੱਖਦੇ ਹੋਏ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ਅਤੇ ਬੂਹਿਆਂ ਅੱਗੇ ਅਤੇ ਵੀਰਾਨ ਸੁੰਨੀਆਂ ਥਾਵਾਂ 'ਤੇ ਰੁੱਖਾਂ ਥੱਲੇ ਮਿੱਟੀ ਦੇ ਬਣੇ ਬਰਤਨਾਂ ਵਿਚ ਪਾਣੀ ਰੱਖ ਮਨੁੱਖ ਹੋਣ ਦੇ ਨਾਤੇ ਕੁਝ ਫਰਜ਼ ਅਦਾ ਕਰੀਏ ਤਾਂ ਕਿ ਪਿਆਸੇ ਪੰਛੀਆਂ ਨੂੰ ਤਾਰੀ ਲਾਉਣ ਅਤੇ ਆਪਣੀ ਪਿਆਸ ਮਿਟਾਉਣ ਲਈ ਭਟਕਣਾ ਨਾ ਪਏ। ਸਰਕਾਰੀ ਅਤੇ ਨਿੱਜੀ ਅਦਾਰਿਆਂ, ਦਫ਼ਤਰਾਂ ਵਿਚ ਖਾਸ ਕਰਕੇ ਸਕੂਲਾਂ, ਕਾਲਜਾਂ ਵਿਚ ਵਿਸ਼ੇਸ਼ ਤੌਰ 'ਤੇ ਬਰਤਨਾਂ ਵਿਚ ਪਾਣੀ ਦਾ ਪ੍ਰਬੰਧ ਕੀਤਾ ਜਾਏ। ਬੱਸ ਇਹ ਸਭ ਤੁਹਾਡੇ ਕੁਦਰਤ ਪ੍ਰਤੀ ਮੋਹ ਦਾ ਪ੍ਰਤੀਕ ਹੈ। ਜੇਕਰ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਮਨੁੱਖਤਾ ਲਈ ਚੌਕਾਂ, ਚੌਰਾਹਿਆਂ 'ਤੇ ਛਬੀਲਾਂ ਦਾ ਪ੍ਰਬੰਧ ਹੈ ਤੇ ਫਿਰ ਪੰਛੀਆਂ ਲਈ ਕਿਉਂ ਨਹੀਂ? ਕੀ ਤੁਸੀਂ ਇਸ ਨਾਲ ਸਹਿਮਤ ਹੋ?

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਕੀ ਕਿਸਾਨੀ ਸੰਘਰਸ਼ ਸਫ਼ਲ ਹੋਵੇਗਾ?
ਆਪਣੀਆਂ ਮੰਗਾਂ ਦੀ ਪੂਰਤੀ ਲਈ ਕਿਸਾਨ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰਦਾ ਆ ਰਿਹਾ ਹੈ ਪਰ ਅਫ਼ਸੋਸ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੇ ਕਿਸਾਨ ਵੱਲ ਸਵੱਲੀ ਨਜ਼ਰ ਨਹੀਂ ਮਾਰੀ। ਹੁਣ ਫਿਰ ਮਜਬੂਰੀਵੱਸ ਕਿਸਾਨਾਂ ਵਲੋਂ ਮਿਤੀ 1 ਜੂਨ ਤੋਂ 10 ਜੂਨ, 2018 ਤੱਕ ਇਕ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਹ ਸੰਘਰਸ਼ ਭਾਰਤ ਦੀਆਂ ਲਗਪਗ 200 ਜਥੇਬੰਦੀਆਂ ਵਲੋਂ ਵਿੱਢਿਆ ਗਿਆ ਹੈ, ਜਿਸ ਤਹਿਤ ਪਿੰਡਾਂ ਦੇ ਕਿਸਾਨ ਪੂਰੇ 10 ਦਿਨ ਸ਼ਹਿਰਾਂ ਅਤੇ ਕਸਬਿਆਂ ਅੰਦਰ ਦੁੱਧ, ਦਹੀਂ, ਸਬਜ਼ੀਆਂ, ਹਰਾ ਚਾਰਾ ਅਤੇ ਹੋਰ ਕਿਸਾਨੀ ਵਸਤਾਂ ਨਹੀਂ ਭੇਜਣਗੇ ਅਤੇ ਨਾ ਹੀ ਸ਼ਹਿਰਾਂ ਵਿਚ ਖਰੀਦਦਾਰੀ ਕਰਨਗੇ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਸੰਘਰਸ਼ ਦਾ ਮਤਲਬ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਪਰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਇਹ ਸਭ ਕਰਨਾ ਪੈ ਰਿਹਾ ਹੈ। ਕਿਸਾਨ ਯੂਨੀਅਨਾਂ ਵਲੋਂ ਇਹ ਵੀ ਕਿਹਾ ਗਿਆ ਹੈ ਜਿਨ੍ਹਾਂ ਵਸਤਾਂ ਦੀ ਸ਼ਹਿਰ ਦੇ ਲੋਕਾਂ ਨੂੰ ਲੋੜ ਪਵੇ, ਉਹ ਪਿੰਡ ਆ ਕੇ ਸਿੱਧੀ ਕਿਸਾਨ ਕੋਲੋਂ ਪ੍ਰਾਪਤ ਕਰ ਸਕਦਾ ਹੈ। ਹੁਣ ਦੂਜੇ ਪਾਸੇ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਸ਼ਹਿਰ ਨਾਲੋਂ ਸੰਪਰਕ ਤੋੜੋ ਮੁਹਿੰਮ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ, ਕੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਅੱਗੇ ਆਉਂਦੀ ਹੈ ਜਾਂ ਫਿਰ ਇਹ ਕਿਸਾਨੀ ਸੰਘਰਸ਼ ਹੋਰ ਤਿੱਖਾ ਰੂਪ ਅਖਤਿਆਰ ਕਰ ਲਵੇਗਾ। ਸਮਝੋਂ ਬਾਹਰ ਹੋ ਗਿਆ ਹੈ ਕਿ ਆਖਰ ਕਿਸਾਨਾਂ ਦਾ ਸਾਥ ਦੇਣ ਲਈ ਕਿਹੜੇ ਲੋਕ ਅੱਗੇ ਆਉਣਗੇ।

-ਬੇਅੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ (ਮੋਗਾ)।

04-06-2018

ਵਧਦੀ ਮਹਿੰਗਾਈ
ਸਭ ਨੂੰ ਇਹ ਉਮੀਦ ਸੀ ਕਿ ਦੇਸ਼ ਅੰਦਰ ਮੋਦੀ ਸਰਕਾਰ ਆਏਗੀ ਤਾਂ ਸ਼ਾਇਦ ਆਮ ਜਨਤਾ ਨੂੰ ਕੋਈ ਲਾਭ ਜ਼ਰੂਰ ਮਿਲੇਗਾ? ਪਰ ਅਫਸੋਸ ਕਿ ਮੋਦੀ ਸਰਕਾਰ ਦੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੇ ਹਨ। ਕਿਸੇ ਵੇਲੇ ਕਾਂਗਰਸ 'ਤੇ ਤੰਜ ਕਸਣ ਵਾਲੇ ਭਾਜਪਾ ਨੇਤਾ ਬਿਲਕੁਲ ਚੁੱਪ ਹਨ ਸ਼ਾਇਦ ਉਨ੍ਹਾਂ ਨੂੰ ਇਹ ਲਗਦਾ ਹੋਵੇਗਾ ਕਿ ਚੰਗੇ ਦਿਨ ਆ ਚੁੱਕੇ ਹਨ ਪਰ ਕਿਸ ਦੇ ਸ਼ਾਇਦ ਇਹ ਪਤਾ ਨਹੀਂ? ਪੈਟਰੋਲ ਤੇ ਡੀਜ਼ਲ ਦੇ ਭਾਅ ਨੂੰ ਅੱਗ ਲੱਗ ਚੁੱਕੀ ਹੈ। ਪਤਾ ਨਹੀਂ ਕਾਲਾ ਧਨ ਚਿੱਟਾ ਕਰਨ ਨਾਲ ਕਿਸ ਨੂੰ ਫਾਇਦਾ ਹੋਇਆ। ਦੇਸ਼ ਅੰਦਰ ਕੋਈ ਪੈਸਾ ਬਾਹਰੋਂ ਨਹੀਂ ਆਇਆ ਪਰ ਦੇਸ਼ ਵਿਚੋਂ ਮਿਲੀਭੁਗਤ ਜ਼ਰੀਏ ਬਾਹਰ ਜ਼ਰੂਰ ਗਿਆ ਹੈ। ਚੰਗੇ ਦਿਨਾਂ ਦੀਆਂ ਹਵਾਈ ਗੱਲਾਂ ਕਰਨ ਵਾਲਿਓ, ਹੁਣ ਜਨਤਾ ਦੀ ਕਚਹਿਰੀ ਜ਼ਰੂਰ ਕੁਝ ਸੋਚ ਵਿਚਾਰ ਕੇ ਆਇਓ।

-ਜਸਦੀਪ ਸਿੰਘ ਖ਼ਾਲਸਾ
ਖੰਨਾ।

ਜ਼ਿਮਨੀ ਚੋਣਾਂ
ਭਾਰਤ ਦੇ ਕਿਸੇ ਵੀ ਰਾਜ ਵਿਚ ਉਮੀਦਵਾਰ ਦੀ ਬੇਵਕਤ ਮੌਤ ਹੋਣ ਜਾਂ ਦੂਸਰੀ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਉਸ ਹਲਕੇ ਵਿਚ ਜ਼ਿਮਨੀ ਚੋਣ ਕਰਵਾਉਣ ਦੀ ਪ੍ਰੰਪਰਾ ਹੈ। ਜ਼ਿਮਨੀ ਚੋਣ ਤੋਂ ਬਾਅਦ ਉਸ ਇਲਾਕੇ ਦੇ ਲੋਕਾਂ ਨੂੰ ਆਪਣਾ ਨੁਮਾਇੰਦਾ ਮਿਲ ਜਾਂਦਾ ਹੈ ਪਰ ਇਸ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਜ਼ਿਮਨੀ ਚੋਣਾਂ 'ਤੇ ਦੁਬਾਰਾ ਫਿਰ ਓਨਾ ਖਰਚ ਕੀਤਾ ਜਾਂਦਾ ਹੈ ਜੋ ਕਿ ਵਾਧੂ ਆਰਥਿਕ ਬੋਝ ਹੈ। ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੀ ਸਾਰੀ ਕੈਬਨਿਟ, ਉਮੀਦਵਾਰ ਤੇ ਖੁਦ ਮੁੱਖ ਮੰਤਰੀ ਉਸ ਹਲਕੇ ਵਿਚ ਸਰਗਰਮ ਹੋ ਜਾਂਦੇ ਹਨ ਜਿਸ ਕਰਕੇ ਬਾਕੀ ਸੂਬੇ ਦੇ ਕਾਰਜ ਰੁਕ ਜਾਂਦੇ ਹਨ ਤੇ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹਾ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਵਾਰ-ਵਾਰ ਚੋਣਾਂ ਦੇ ਖਰਚ ਤੋਂ ਬਚਿਆ ਜਾ ਸਕੇ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਪੁੰਨ ਦੇ ਭਾਗੀ ਬਣੋ
ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਹੁਣ ਸੋਸ਼ਲ ਮੀਡੀਆ ਵਿਚ ਧਰਮ ਦੇ ਠੇਕੇਦਾਰਾਂ ਵਲੋਂ ਮਚਾਈ ਲੁੱਟ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਹੁਣ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਉਹ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਕਰ ਰਹੇ ਕਿਸਾਨ ਭਰਾਵਾਂ ਦੀ ਮਦਦ ਕਰਨ ਅਤੇ ਸਹੀ ਅਰਥਾਂ ਵਿਚ ਪੁੰਨ ਦੇ ਭਾਗੀ ਬਣਨ। ਅੱਜ ਜੋ ਤੁਸੀਂ ਦਾਨ ਦੇ ਰਹੇ ਹੋ ਕੁਝ ਹੀ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਵਾਂ ਅਜਿਹੀਆਂ ਹੋਣਗੀਆਂ ਜੋ ਜਨਤਾ ਤੋਂ ਲਿਆ ਹੋਇਆ ਪੈਸਾ ਜਨਤਾ 'ਤੇ ਹੀ ਖਰਚਦੀਆਂ ਹਨ। ਅੱਜ ਅਜਿਹੇ ਸੰਸਥਾ ਦੇ ਪ੍ਰਧਾਨਾਂ ਜਾਂ ਹੋਰ ਅਹੁਦੇਦਾਰਾਂ ਦੀ ਕਮੀ ਨਹੀਂ ਹੈ ਜੋ ਸੰਸਥਾਵਾਂ ਦੇ ਨਾਂਅ 'ਤੇ ਦਾਨ ਲੈ ਕੇ ਲੱਖਾਂ ਰੁਪਏ ਕਮਾਈ ਹਰ ਸਾਲ ਕਰ ਰਹੇ ਹਨ ਅਤੇ ਵਿਖਾਵੇ ਦੇ ਨਾਂਅ 'ਤੇ ਕੋਈ ਕਾਰੋਬਾਰ ਖੜ੍ਹਾ ਕੀਤਾ ਹੁੰਦਾ ਹੈ। ਇਸੇ ਕਰਕੇ ਸਾਡੀ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਅਖੌਤੀ ਸੰਸਥਾਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਨੂੰ ਮਜਬੂਰ ਕਿਸਾਨ ਭਰਾਵਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਕੋਈ ਪਰਿਵਾਰ ਹੱਸਦਾ-ਵਸਦਾ ਰਹਿ ਸਕੇ। ਜਿਹੜੇ ਕਿਸਾਨ ਭਰਾ ਖੁਦਕੁਸ਼ੀ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਓ ਤਾਂ ਜੋ ਤੁਹਾਡਾ ਦਿੱਤਾ ਦਾਨ ਕਿਸੇ ਦੇ ਚਿਹਰੇ 'ਤੇ ਖ਼ੁਸ਼ੀ ਲਿਆ ਸਕੇ।

-ਅਸ਼ੋਕ ਕੁਮਾਰ

ਪਾਣੀ ਦੀ ਬੇਕਦਰੀ
ਇਹ ਆਮ ਹੀ ਵੇਖਿਆ ਗਿਆ ਹੈ ਕਿ ਹਰੇਕ ਹੀ, ਕੀ ਪਿੰਡ-ਕੀ ਸ਼ਹਿਰ, ਗੱਡੀਆਂ ਧੋਣ ਲਈ ਘਰ ਵਿਚ ਲੱਗੇ ਸਬਮਰਸੀਬਲ ਪੰਪ/ਸਰਕਾਰੀ ਟੂਟੀਆਂ ਰਾਹੀਂ ਪਾਣੀ ਦੀ ਵਰਤੋਂ ਕਰਦਾ ਹੈ। ਇਥੇ ਹੀ ਬੱਸ ਨਹੀਂ, ਕਈਆਂ ਨੇ ਘਰਾਂ ਵਿਚ ਗੱਡੀਆਂ ਧੋਣ ਲਈ ਪ੍ਰਵਾਸੀ ਮਜ਼ਦੂਰ ਵੀ ਰੱਖੇ ਹਨ, ਜੋ ਕਿ ਰੋਜ਼ ਸਵੇਰੇ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਹੁਣ ਗਰਮੀਆਂ ਦੇ ਮੌਸਮ ਕਾਰਨ ਕੁਝ ਕੁ ਨਗਰ ਨਿਗਮਾਂ ਵਲੋਂ ਅਖ਼ਬਾਰ ਵਿਚ ਪਾਣੀ ਦੀ ਦੁਰਵਰਤੋਂ ਰੋਕਣ ਲਈ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਸਾਰੇ ਪੰਜਾਬ ਵਿਚ ਪੰਪਾਂ/ਟੂਟੀਆਂ ਤੋਂ ਗੱਡੀਆਂ ਧੋਣ ਦੀ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ। ਸ਼ਹਿਰਾਂ ਵਿਚ ਖਾਲੀ ਪਲਾਟਾਂ ਵਿਚ ਲੋਕਾਂ ਨੇ ਪ੍ਰਵਾਸੀ ਮਜ਼ਦੂਰ ਰੱਖੇ ਹਨ ਅਤੇ ਉਨ੍ਹਾਂ ਪਲਾਟ ਮਾਲਕਾਂ ਨੇ ਸੀਵਰੇਜ ਪਾਣੀ ਦੇ ਕੁਨੈਕਸ਼ਨ ਵੀ ਲਏ ਹਨ ਅਤੇ ਉਨ੍ਹਾਂ ਨੂੰ ਕਾਰਪੋਰੇਸ਼ਨ ਵਲੋਂ ਬਿਲ ਵੀ ਸਮੇਂ ਸਿਰ ਭੇਜੇ ਜਾਂਦੇ ਹਨ, ਪ੍ਰੰਤੂ ਉਨ੍ਹਾਂ ਨੇ ਕਈ-ਕਈ ਸਾਲਾਂ ਤੋਂ ਇਹ ਬਿਲ ਜਮ੍ਹਾਂ ਹੀ ਨਹੀਂ ਕਰਾਏ ਜੋ ਕਿ ਲੱਖਾਂ ਰੁਪਿਆਂ ਵਿਚ ਹਨ। ਵਿਭਾਗ ਨਾ ਹੀ ਉਨ੍ਹਾਂ ਦੇ ਕੁਨੈਕਸ਼ਨ ਕੱਟਦਾ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਕਰਦਾ ਹੈ। ਜਿਸ ਨਾਲ ਪਾਣੀ ਦੀ ਦੁਰਵਰਤੋਂ ਹੋਣ ਦੇ ਨਾਲ-ਨਾਲ ਸਰਕਾਰ ਨੂੰ ਵੀ ਵਿਤੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਪਾਣੀ ਦੀ ਹੋ ਰਹੀ ਬੇਕਦਰੀ ਨੂੰ ਰੋਕਣ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਸਾਡਾ ਸਾਰਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ 'ਤੇ ਤਰਸ ਕਰਦੇ ਹੋਏ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰੀਏ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਰਨਾਲਾ ਉੱਥੇ ਦਾ ਉੱਥੇ
ਕੁਝ ਸਮਾਂ ਪਹਿਲਾਂ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਵਲੋਂ, ਗਾਇਕਾਂ ਨਾਲ ਮੁਲਾਕਾਤਾਂ ਕਰਕੇ ਚੰਗਾ ਗਾਉਣ ਲਈ ਪ੍ਰੇਰਿਆ। ਮਾੜਾ ਗਾਉਣ 'ਤੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਿਹਾ। ਨੌਜਵਾਨ ਪੀੜ੍ਹੀ ਗਾਇਕਾਂ ਅਤੇ ਫ਼ਿਲਮੀ ਕਲਾਕਾਰਾਂ ਤੋਂ ਜ਼ਿਆਦਾ ਅਤੇ ਛੇਤੀ ਪ੍ਰਭਾਵਿਤ ਹੁੰਦੀ ਹੈ। ਸਮਝਦਾਰ ਲੋਕਾਂ ਨੇ, ਪੁਲਿਸ ਦੀ ਇਸ ਪਹਿਲ ਦਾ ਤਹਿ ਦਿਲੋਂ ਸਵਾਗਤ ਕੀਤਾ। ਪੁਲਿਸ ਦੀ ਸਖ਼ਤੀ ਦਾ ਹੀ ਅਸਰ ਸੀ ਕਿ ਕੁਝ ਸਮਾਂ ਨਵੇਂ, ਗ਼ੈਰ-ਮਿਆਰੀ ਗੀਤ ਸੁਣਨ ਨੂੰ ਵੀ ਨਹੀਂ ਮਿਲੇ। ਅਜੇ ਉਪਰੋਕਤ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਲੱਚਰ ਅਤੇ ਨੈਤਿਕਤਾ ਦੀਆਂ ਹੱਦਾਂ ਪਾਰ ਕਰਦੇ ਗੀਤ ਫਿਰ ਤੋਂ ਕਈ ਚੈਨਲਾਂ 'ਤੇ ਚੱਲਣ ਲੱਗੇ ਹਨ। ਅਪਰਾਧੀਆਂ ਵਾਂਗ, ਗਾਇਕਾਂ ਦੇ ਦਿਲਾਂ ਵਿਚੋਂ ਵੀ ਪੁਲਿਸ ਦਾ ਡਰ ਖੋਤੇ ਦੇ ਸਿੰਗਾਂ ਵਾਂਗ ਗਾਇਬ ਹੋ ਗਿਆ ਹੈ। ਆਮ ਕਿਹਾ ਜਾਂਦਾ ਹੈ ਕਿ ਪੁਲਿਸ ਦੀ ਚੜ੍ਹਦੀ ਕਲਾ ਤੋਂ ਬਚ ਜੋ, ਫਿਰ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਹੈ। ਲਗਦਾ ਲੱਚਰ ਗਾਉਣ ਵਾਲਿਆਂ ਨੇ ਵੀ ਕੋਈ ਹੱਲ ਲੱਭ ਲਿਆ ਹੈ, ਤਾਂ ਹੀ ਤਾਂ ਪੰਚਾਂ ਦੇ ਕਹਿਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ।

-ਪ੍ਰੀਤ ਸਿੰਘ ਸੰਦਲ-
ਪਿੰਡ ਮਕਸੂਦੜਾ, ਤਹਿ: ਪਾਇਲ, ਲੁਧਿਆਣਾ।

02-06-2018

 ਪ੍ਰਾਈਵੇਟ ਸਕੂਲਾਂ ਦੁਆਰਾ ਹੁੰਦੀ ਲੁੱਟ
ਪਿਛਲੇ ਕੁਝ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਆਈ ਗਿਰਾਵਟ ਅਤੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣ ਦੇ ਰੁਝਾਨ ਕਰਕੇ ਨਿੱਜੀ ਸਕੂਲਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋ ਰਿਹਾ ਹੈ, ਜਿਸ ਕਰਕੇ ਇਹ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਾਲ ਫੀਸਾਂ ਵਸੂਲ ਕਰ ਰਹੇ ਹਨ। ਜ਼ਿਆਦਾਤਰ ਸਕੂਲ ਤਾਂ ਏਨੇ ਉੱਚ ਦਰਜੇ ਹਨ, ਜਿਥੇ ਬਾਕਾਇਦਾ ਸੀਟਾਂ ਰਾਖਵੀਆਂ ਹੋਣ ਕਰਕੇ ਸੀਟਾਂ ਦੇ ਪੈਸੇ ਲਏ ਜਾ ਰਹੇ ਹਨ। ਜ਼ਿਆਦਾਤਰ ਨਿੱਜੀ ਸਕੂਲਾਂ ਦੇ ਆਪਣੇ ਹੀ ਵਰਦੀਆਂ, ਕਿਤਾਬਾਂ ਦੇ ਸਟੋਰ ਬਣੇ ਹੋਏ ਹਨ ਤੇ ਇਹ ਬਾਕੀ ਬਾਜ਼ਾਰ ਦੀਆਂ ਕੀਮਤਾਂ ਨਾਲੋਂ ਮਹਿੰਗੇ ਭਾਅ 'ਤੇ ਕਿਤਾਬਾਂ, ਵਰਦੀਆਂ ਵੇਚ ਕੇ ਵਿਆਪਕ ਪੱਧਰ 'ਤੇ ਮਾਪਿਆਂ ਦੀ ਲੁੱਟ ਕਰ ਰਹੇ ਹਨ। ਅਜਿਹੇ ਸਕੂਲ ਟਰਾਂਸਪੋਰਟ ਦੇ ਖੇਤਰ ਵਿਚ ਵੀ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਲਗਾ ਰਹੇ ਹਨ, ਕਿਉਂਕਿ ਸਕੂਲੀ ਵੈਨਾਂ ਦੀ ਸਮਰੱਥਾ ਤੋਂ ਵੱਧ ਬੱਚੇ ਲਿਜਾਏ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਨਾਲ ਵਸੂਲੀ ਜਾ ਰਹੀ ਫੀਸ 'ਤੇ ਕਾਬੂ ਪਾਉਣ ਲਈ ਕੋਈ ਕਾਨੂੰਨ ਹੋਂਦ ਵਿਚ ਲਿਆਵੇ। ਪ੍ਰਸ਼ਾਸਨ ਨੂੰ ਹੁਕਮ ਦੇਵੇ ਕਿ ਉਹ ਸਮੇਂ-ਸਮੇਂ 'ਤੇ ਸਕੂਲ ਵੈਨਾਂ ਦੀ ਚੈਕਿੰਗ ਕਰਾਉਣ, ਤਾਂ ਜੋ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇ ਤੇ ਜਿਥੋਂ ਤੱਕ ਸੰਭਵ ਹੋ ਸਕੇ ਸਰਕਾਰੀ ਸਕੂਲਾਂ ਦੇ ਸਿੱਖਿਆ ਤੰਤਰ ਵਿਚ ਸੁਧਾਰ ਕੀਤਾ ਜਾਵੇ।

-ਕਮਲ ਬਰਾੜ
ਪਿੰਡ ਕੋਟਲੀ, ਅਬਲੂ।

ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ
ਪਿਛਲੇ ਕੁਝ ਦਿਨਾਂ ਤੋਂ ਇਕ ਖੰਡ ਮਿੱਲ ਦਾ ਸੀਰਾ ਬਿਆਸ ਦਰਿਆ ਵਿਚ ਸੁੱਟੇ ਜਾਣ ਅਤੇ ਵੱਡੀ ਗਿਣਤੀ ਵਿਚ ਮੱਛੀਆਂ ਤੇ ਹੋਰ ਜਲ ਜੀਵਾਂ ਦੇ ਮਰਨ ਦੀ ਮੀਡੀਆ ਵਿਚ ਖੂਬ ਚਰਚਾ ਹੋ ਰਹੀ ਹੈ। ਇਹ ਘਟਨਾ ਕੋਈ ਨਵੀਂ ਨਹੀਂ ਹੈ। ਅਸੀਂ ਸਾਰੇ ਹੀ ਕੁਦਰਤ ਨਾਲ ਖਿਲਵਾੜ ਕਰਨ ਲਈ ਕੋਈ ਵੀ ਕਸਰ ਨਹੀਂ ਛੱਡਦੇ। ਬੜੀ ਦੇਰ ਤੋਂ ਰੌਲਾ ਪੈ ਰਿਹਾ ਹੈ ਕਿ ਲੁਧਿਆਣੇ ਸ਼ਹਿਰ ਦੇ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿਚ ਮਿਲ ਕੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਦਰਿਆ ਦਾ ਪਾਣੀ ਪੰਜਾਬ ਹੀ ਨਹੀਂ, ਰਾਜਸਥਾਨ ਦੀ ਪਿਆਸ ਵੀ ਬੁਝਾਉਂਦਾ ਹੈ ਪਰ ਹੁਣ ਇਹ ਪਾਣੀ ਬਿਮਾਰੀਆਂ ਵੰਡ ਰਿਹਾ ਹੈ। ਇਸ ਸਮੱਸਿਆ ਬਾਰੇ ਸਿਰਫ ਰੌਲਾ ਹੀ ਪੈ ਰਿਹਾ ਹੈ, ਹੱਲ ਕੋਈ ਨਹੀਂ। ਮਸਲਾ ਸਾਰੇ ਦੇਸ਼ ਦੀਆਂ ਜੜ੍ਹਾਂ ਵਿਚ ਬੈਠੇ ਭ੍ਰਿਸ਼ਟਾਚਾਰ ਦਾ ਹੈ। ਚਪੜਾਸੀ ਤੋਂ ਲੈ ਕੇ ਮੰਤਰੀਆਂ ਤੱਕ 'ਸਭ ਕੁਝ' ਚਲਦਾ ਹੈ। ਮਹਿਕਮੇ ਨਾਲ ਸਬੰਧਿਤ ਜੇ ਕੋਈ ਅਫ਼ਸਰ ਕਾਰਵਾਈ ਕਰਨ ਦੀ ਜੁਰਅਤ ਕਰਦਾ ਹੈ ਤਾਂ ਉਸ ਦੀ ਬਾਂਹ ਮਰੋੜ ਦਿੱਤੀ ਜਾਂਦੀ ਹੈ। ਚਰਚਿਤ ਮਸਲਾ ਵੀ ਕੁਝ ਦਿਨਾਂ ਦਾ ਮਹਿਮਾਨ ਹੈ। ਹੌਲੀ-ਹੌਲੀ ਮਸਲਾ ਠੰਢਾ ਪੈ ਜਾਵੇਗਾ। ਪਰ ਮਰ ਗਏ ਜੀਵਾਂ ਦੇ ਸਬੰਧ ਵਿਚ ਇਹੀ ਕਹਿ ਸਕਦੇ ਹਾਂਂ'ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ'।

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।

ਜ਼ਹਿਰੀਲੇ ਪਾਣੀ ਦਾ ਕਹਿਰ
ਪਿਛਲੇ ਦਿਨੀਂ ਬਿਆਸ ਦਰਿਆ ਵਿਚ ਪਾਏ ਗਏ ਗੰਦੇ ਪਾਣੀ ਦਾ ਕਹਿਰ ਪਾਣੀ ਵਾਲੇ ਜੀਵ ਜੰਤੂਆਂ ਖ਼ਾਸ ਤੌਰ 'ਤੇ ਮੱਛੀਆਂ ਅਤੇ ਪੂੰਗ ਲਈ ਕਹਿਰ ਸਿੱਧ ਹੋਇਆ। ਸ਼ੂਗਰ ਮਿਲ ਕੁਦਰਤੀ ਵਾਤਾਵਰਨ ਅਤੇ ਪਾਣੀ ਦੇ ਜੀਵਾਂ ਲਈ ਕਹਿਰ ਸਾਬਤ ਹੋਈ। ਇਸ ਘਿਨਾਉਣੀ ਘਟਨਾ ਨੇ ਜੋ ਤਸਵੀਰਾਂ ਪੇਸ਼ ਕੀਤੀਆਂ ਹਨ, ਉਹ ਡਰਾਉਣੇ ਭਵਿੱਖ ਦੀਆਂ ਨਿਸ਼ਾਨੀ ਹਨ। ਮਨੁੱਖ ਆਪਣੇ ਵਾਤਾਵਰਨ ਨੂੰ ਤਾਂ ਗੰਧਲਾ ਕਰ ਹੀ ਰਿਹਾ ਹੈ, ਹੁਣ ਉਸ ਨੇ ਕੁਦਰਤੀ ਜੀਵਾਂ ਨਾਲ ਵੀ ਛੇੜਛਾੜ ਸ਼ੁਰੂ ਕਰ ਦਿੱਤੀ ਹੈ, ਜੋ ਕਿ ਇਕ ਅਪਰਾਧ ਹੈ, ਕੀ ਉਨ੍ਹਾਂ ਜਲੀ ਜੀਵਾਂ ਨੂੰ ਇਨਸਾਫ਼ ਮਿਲੇਗਾ, ਇਹ ਤਾਂ ਵਕਤ ਹੀ ਦੱਸੇਗਾ। ਅੱਜ ਜੀਵ-ਜੰਤੂ ਜ਼ਹਿਰੀਲੇ ਪਾਣੀ ਦੀ ਮਾਰ ਹੇਠ ਹਨ, ਇਸ ਲਈ ਮਨੁੱਖੀ ਜਾਨਾਂ ਲਈ ਵੀ ਖ਼ਤਰਾ ਤੈਅ ਹੈ। ਕੁਦਰਤੀ ਸਰੋਤਾਂ ਤੇ ਜਲ ਐਕਟ 1974 ਦੇ ਤਹਿਤ ਪਾਣੀ ਵਾਲੇ ਸਰੋਤਾਂ ਵਿਚ ਥੁੱਕਣਾ ਵੀ ਅਪਰਾਧ ਹੈ, ਫਿਰ ਜਿਸ ਤਰ੍ਹਾਂ ਦਰਿਆ ਦੇ ਪੂਰੇ ਪਾਣੀ ਵਿਚ ਹੀ ਜ਼ਹਿਰ ਘੁਲ ਕੇ ਪੰਜਾਬ ਅਤੇ ਨਾਲ ਲਗਦੇ ਰਾਜਾਂ ਦੇ ਘਰ ਤੱਕ ਪਹੁੰਚ ਗਿਆ ਹੈ, ਇਸ ਲਈ ਜ਼ਿੰਮੇਵਾਰ ਕੌਣ ਹੈ? ਧਰਤੀ 'ਤੇ ਵੀ ਮਨੁੱਖ ਗ਼ੈਰ-ਕਾਨੂੰਨੀ ਤਰੀਕੇ ਨਾਲ ਸਾਫ਼ ਵਾਤਾਵਰਨ ਨੂੰ ਤਬਾਹ ਕਰ ਰਿਹਾ ਹੈ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫ਼ਾਜ਼ਿਲਕਾ।

01-06-2018

 ਖੱਜਲ-ਖੁਆਰੀ
ਪਿਛਲੇ ਕੁਝ ਦਿਨਾਂ ਤੋਂ ਮੇਰਾ ਮਨ ਬੇਚੈਨ ਜਿਹਾ ਰਹਿੰਦਾ ਹੈ। ਇਸ ਬੇਚੈਨੀ ਦੇ ਕਾਰਨ ਮੈਨੂੰ ਆਪਣੀ ਜ਼ਿੰਦਗੀ ਦਾ ਮੋਹ ਨਹੀਂ ਆ ਰਿਹਾ। ਇਹ ਬੇਚੈਨੀ ਸੇਵਾ ਕੇਂਦਰ ਵਲੋਂ ਪੈਦਾ ਕੀਤੀ ਗਈ, ਜਿਥੇ ਮੈਂ ਆਪਣੀ ਬੇਟੀ ਦੇ ਨਾਂਅ ਵਿਚ ਇਕ ਐਚ (8) ਦੀ ਦਰੁਸਤੀ ਲਈ 15 ਦਿਨਾਂ ਤੱਕ ਖੱਜਲ-ਖੁਆਰ ਹੁੰਦਾ ਰਿਹਾ। ਮੇਰੀ ਲੜਕੀ ਦੇ ਆਧਾਰ ਕਾਰਡ 'ਤੇ '3hh}nder ™aur' ਦੀ ਬਜਾਏ '3h}nder ™aur' ਲਿਖਿਆ ਹੋਇਆ ਸੀ, ਜਿਸ ਦੇ ਆਧਾਰ 'ਤੇ ਜਨਮ ਸਰਟੀਫਿਕੇਟ ਵਿਚ ਵੀ ਇਹੋ ਨਾਂਅ ਦਰਜ ਕੀਤਾ ਗਿਆ। ਪਰ ਸਕੂਲ ਵਾਲਿਆਂ ਵਲੋਂ ਨਾਂਅ ਦੀ ਦਰੁਸਤੀ ਲਈ ਕਿਹਾ ਗਿਆ। ਪਹਿਲਾਂ ਮੈਂ ਆਧਾਰ ਕਾਰਡ 'ਚ ਅਤੇ ਜਨਮ ਸਰਟੀਫਿਕੇਟ ਨੂੰ ਠੀਕ ਕਰਵਾਉਣ ਲਈ ਫਾਰਮ ਭਰਿਆ। ਮਾਂ-ਬਾਪ ਦਾ ਐਫੀਡੇਵਿਟ, ਵੋਟਰ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਪੰਚ-ਸਰਪੰਚ ਦਾ ਐਫੀਡੇਵਿਟ ਤੋਂ ਇਲਾਵਾ ਕਈ ਹੋਰ ਦਸਤਾਵੇਜ਼ ਚੈੱਕ ਕਰਵਾਏ। ਹੱਦ ਹੁੰਦੀ ਹੈ ਬੇਇਮਾਨੀ ਦੀ। ਇਕ ਨਾਂਅ ਨੂੰ ਸਹੀ ਕਰਵਾਉਣ ਲਈ ਅਸਲ੍ਹੇ ਦੇ ਲਾਇਸੈਂਸ ਤੋਂ ਜ਼ਿਆਦਾ ਦਸਤਾਵੇਜ਼ ਦੇਣੇ ਪੈਂਦੇ ਹਨ। ਕਿਸੇ ਵੀ ਸਰਕਾਰੀ ਦਫ਼ਤਰ ਵਿਚ ਵੱਖ-ਵੱਖ ਕੰਮਾਂ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਅਕਸਰ ਗ਼ਲਤੀ ਇਨ੍ਹਾਂ ਅਨਪੜ੍ਹ ਮੁਲਾਜ਼ਮਾਂ ਦੀ ਹੁੰਦੀ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਬੇਲੋੜੇ ਕਾਗਜ਼ਾਂ ਨੂੰ ਖ਼ਤਮ ਕੀਤਾ ਜਾਵੇ ਅਤੇ ਦਸਤਾਵੇਜ਼ ਬਣਾਉਣ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਅਤੇ ਸਰਲਤਾ ਲਿਆਂਦੀ ਜਾਵੇ।

-ਦੇਵ ਸਿੰਘ
ਪਿੰਡ ਗੋਬਿੰਦਗੜ੍ਹ ਜੇਜੀਆਂ, ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

ਟੀਕੇ ਤੋਂ ਨਾ ਡਰੋ
ਅੱਜਕਲ੍ਹ ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਦੇ ਟੀਕੇ ਲਗਾਏ ਜਾ ਰਹੇ ਹਨ। ਇਹ ਟੀਕੇ ਬੱਚਿਆਂ ਲਈ ਬਹੁਤ ਜ਼ਰੂਰੀ ਹਨ। ਇਹ ਟੀਕੇ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ, ਕਿਉਂਕਿ ਅੱਜਕਲ੍ਹ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਹ ਸਰਕਾਰ ਦਾ ਚੰਗਾ ਕਦਮ ਹੈ। ਦੂਜੇ ਪਾਸੇ ਇਨ੍ਹਾਂ ਟੀਕਿਆਂ ਬਾਰੇ ਗ਼ਲਤ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੁਝ ਲੋਕ ਅਫ਼ਵਾਹਾਂ 'ਤੇ ਯਕੀਨ ਕਰਦੇ ਹਨ ਤੇ ਬੱਚਿਆਂ ਦੇ ਟੀਕੇ ਨਹੀਂ ਲਗਵਾ ਰਹੇ। ਇਨ੍ਹਾਂ ਟੀਕਿਆਂ ਵਿਚ ਕੁਝ ਵੀ ਗ਼ਲਤ ਨਹੀਂ ਹੈ। ਪਿਛਲੇ ਦਿਨੀਂ ਸਾਡੇ ਸਕੂਲ ਵਿਚ ਇਹ ਟੀਕੇ ਲਗਾਏ ਗਏ, ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਹੀਂ ਵਾਪਰੀ। ਸਾਰੇ ਬੱਚੇ ਠੀਕ ਹਨ। ਸਾਡੀ ਸਭ ਨੂੰ ਬੇਨਤੀ ਹੈ ਕਿ ਆਪੋ-ਆਪਣੇ ਬੱਚਿਆਂ ਨੂੰ ਇਹ ਟੀਕੇ ਜ਼ਰੂਰ ਲਗਵਾਓ। ਸਾਰੇ ਬੱਚੇ ਤੰਦਰੁਸਤ ਰਹਿਣ।

-ਸੰਦੀਪ, ਅੰਮ੍ਰਿਤ
(+2) ਸ.ਸ.ਸ.ਸ. ਤੱਖਰਾਂ, ਲੁਧਿਆਣਾ।

ਬਣਦਾ ਸਨਮਾਨ ਕੀਤਾ ਜਾਏ
ਪਿਛਲੇ ਦਿਨੀਂ 'ਅਜੀਤ' ਦੇ ਪਹਿਲੇ ਸਫ਼ੇ 'ਤੇ ਛਪੀ ਖ਼ਬਰ 'ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ' ਪੜ੍ਹੀ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਮੁਸਲਿਮ ਲੜਕੇ ਦੀ ਜਾਨ ਬਚਾਉਣ ਦੀ ਜੋ ਬਹਾਦਰੀ ਦਿਖਾਈ ਹੈ, ਉਸ ਨਾਲ ਪੂਰੀ ਦੁਨੀਆ ਵਿਚ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਸਿੱਖ ਗੁਰੂਆਂ ਦੇ ਦਰਸਾਏ ਰਾਹ 'ਤੇ ਚਲਦਿਆਂ ਬੀਰਤਾ ਭਰਿਆ ਜੋ ਕਾਰਜ ਕੀਤਾ ਹੈ, ਇਸ ਬਦਲੇ ਸਿੱਖ ਕੌਮ ਨੂੰ ਉਸ ਦੀ ਦਲੇਰੀ ਦੀ ਦਾਦ ਦਿੰਦਿਆਂ ਇਸ ਹੀਰੇ ਦਾ ਵੱਡਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।

-ਸ.ਸ. ਰਮਲਾ
ਸੰਗਰੂਰ।

ਰੁੱਖਾਂ 'ਤੇ ਰਹਿਮ ਕਰੋ
ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਪ੍ਰਸ਼ਾਸਨ ਤੋਂ ਚੋਰੀ-ਛਿਪੇ ਅੱਗ ਲਗਾਉਣ ਕਰਕੇ ਬਹੁਤ ਸਾਰੇ ਰੁੱਖ ਇਸ ਦੀ ਭੇਟ ਚੜ੍ਹ ਰਹੇ ਹਨ, ਉਧਰ ਦੂਜੇ ਪਾਸੇ ਸਰਕਾਰ ਵਲੋਂ ਅੰਮ੍ਰਿਤਸਰ-ਦਿੱਲੀ ਮਾਰਗ ਅਤੇ ਲੁਧਿਆਣਾ-ਚੰਡੀਗੜ੍ਹ ਮਾਰਗ ਨੂੰ ਚਾਰ ਮਾਰਗੀ ਬਣਾਉਣ ਲਈ ਸੜਕਾਂ ਦੇ ਕਿਨਾਰੇ ਖੜ੍ਹੇ ਹਰੇ-ਭਰੇ ਰੁੱਖਾਂ ਦੀ ਕਟਾਈ ਕੀਤੀ ਗਈ ਹੈ। ਨਹਿਰਾਂ ਕਿਨਾਰੇ ਖੜ੍ਹੇ ਰੁੱਖ ਵੀ ਹੌਲੀ-ਹੌਲੀ ਅਲੋਪ ਹੋ ਰਹੇ ਹਨ। ਬਹੁਤ ਸਾਰੇ ਪੁਰਾਣੇ ਦਰੱਖਤ ਜਿਵੇਂ ਟਾਹਲੀ, ਕਿੱਕਰ ਅਤੇ ਪਿੱਪਲਾਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਨ੍ਹਾਂ ਰੁੱਖਾਂ ਦੇ ਵਿਨਾਸ਼ ਕਾਰਨ ਵਾਤਾਵਰਨ ਵਿਚ ਤਬਦੀਲੀ ਆਉਣੀ ਸੁਭਾਵਿਕ ਹੈ। ਧਰਤੀ ਦੀ ਤਪਸ਼ ਵਧਣਾ ਵੀ ਇਸ ਦਾ ਹੀ ਇਕ ਕਾਰਨ ਹੈ। ਕੁਦਰਤੀ ਜਲਵਾਯੂ ਅਤੇ ਸਾਡੇ ਜੀਵਨ ਨੂੰ ਬਚਾਉਣ ਲਈ ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਵੇਂ ਪੇੜ-ਪੌਦੇ ਲਾਉਣੇ ਚਾਹੀਦੇ ਹਨ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।

ਇਕ ਪਿੰਡ ਇਕ ਗੁਰਦੁਆਰਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਤਾਂ-ਪਾਤਾਂ ਤੇ ਬਰਾਦਰੀਆਂ ਦੇ ਫ਼ਾਸਲੇ ਨੂੰ ਖ਼ਤਮ ਕਰਨ ਲਈ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਦੀ ਸ਼ੁਰੂਆਤ ਕਰਕੇ ਉਸ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਹਾਲੇ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਦੇ 40 ਹਜ਼ਾਰ ਦੇ ਕਰੀਬ ਗੁਰਦੁਆਰਿਆਂ ਵਿਚੋਂ ਬਹੁਤ ਥੋੜ੍ਹੀਆਂ ਗੁਰਦੁਆਰਾ ਕਮੇਟੀਆਂ ਹੀ ਇਸ ਕੰਮ ਲਈ ਅੱਗੇ ਆਈਆਂ ਹਨ। ਜਿਨ੍ਹਾਂ ਪਿੰਡਾਂ ਵਿਚ ਚਾਰ-ਚਾਰ ਗੁਰਦੁਆਰੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਰੇ ਪ੍ਰਬੰਧਕ ਇਕੱਠੇ ਹੋ ਕੇ ਆਪਣੇ ਪਿੰਡ 'ਚ ਆਪਸੀ ਭਾਈਚਾਰਕ ਸਾਂਝ ਵਧਾਉਣ, ਊਚ-ਨੀਚ, ਜਾਤ-ਪਾਤ ਖ਼ਤਮ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ। ਆਉਣ ਵਾਲੇ ਸਮੇਂ 'ਚ ਜੇਕਰ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਵਾਂਗ ਸ਼੍ਰੋਮਣੀ ਕਮੇਟੀ ਹਰੇਕ ਪਿੰਡ ਦੇ ਗੁਰਦੁਆਰੇ ਉੱਪਰ ਟੰਗੇ ਉੱਚੀ ਆਵਾਜ਼ ਵਾਲੇ ਵੱਡੇ ਸਪੀਕਰ ਉਤਾਰ ਕੇ ਹਾਲ ਅੰਦਰ ਘੱਟ ਆਵਾਜ਼ ਵਾਲੇ ਛੋਟੇ ਸਪੀਕਰ ਲਾਉਣ ਦੀ ਮੁਹਿੰਮ ਚਲਾ ਦੇਵੇ ਤਾਂ ਇਹ ਵੀ ਇਕ ਬਹੁਤ ਵੱਡਾ ਉਪਰਾਲਾ ਹੋਵੇਗਾ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

29-05-2018

 ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ
ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਸ੍ਰੀ ਕੁਲਦੀਪ ਨਈਅਰ ਦਾ ਲੇਖ 'ਦੇਸ਼ ਵਿਚ ਧਰਮ-ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਲੋੜ' ਪੜ੍ਹਿਆ ਅਤੇ ਬਹੁਤ ਵਧੀਆ ਲੱਗਿਆ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਲੇਖਕ ਦੀ ਲੇਖਣੀ ਫਿਰਕੂ ਸੋਚ ਤੋਂ ਪਰ੍ਹੇ ਅਤੇ ਬਾ-ਕਮਾਲ ਹੁੰਦੀ ਹੈ। ਇਸ ਲੇਖ ਵਿਚ ਵੀ ਲੇਖਕ ਨੇ ਨਿਰਪੱਖ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਪਰ ਲੇਖਕ ਨੇ ਆਪਣੇ ਇਸ ਲੇਖ ਵਿਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਇਕ ਪੱਖ ਪੇਸ਼ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਸੰਘਰਸ਼ਮਈ ਜੀਵਨ ਦੇ ਸ਼ੁਰੂ ਦੇ ਸਾਲਾਂ ਵਿਚ ਭਗਤ ਸਿੰਘ ਦਾ ਮਕਸਦ ਵੀ ਹੋਰਨਾਂ ਭਾਰਤੀਆਂ ਵਾਂਗ ਅੰਗਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕਰਨਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਤੋਂ ਬਾਅਦ ਭਗਤ ਸਿੰਘ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਕੇਵਲ ਅਜ਼ਾਦੀ ਹੀ ਉਨ੍ਹਾਂ ਦਾ ਮਕਸਦ ਨਹੀਂ ਹੈ ਅਤੇ ਸ਼ਹੀਦੀ ਪ੍ਰਾਪਤ ਕਰਨ ਤੱਕ ਉਹ ਭਾਰਤ ਵਿਚ ਸਮਾਜਵਾਦੀ ਕ੍ਰਾਂਤੀ ਦੀ ਸਥਾਪਨਾ ਕਰਨ ਲਈ ਜੂਝਦੇ ਰਹੇ। ਸੋ, ਮੇਰੇ ਵਿਚਾਰ ਅਨੁਸਾਰ ਲੇਖਕ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਦੂਜੇ ਪੱਖ ਨੂੰ ਵੀ ਆਪਣੇ ਲੇਖ ਦੇ ਜ਼ਰੀਏ ਪਾਠਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਸੀ।

-ਪ੍ਰੋ: ਵਰਿੰਦਰ ਕੌਰ 'ਕੋਟਦੁੱਨਾ',
ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਸਰਕਾਰੀ ਕਾਲਜ, ਮਾਲੇਰਕੋਟਲਾ।

ਨੇਕ ਸਲਾਹ
ਸੰਪਾਦਕੀ ਪੰਨੇ 'ਤੇ ਸਰਗੋਸ਼ੀਆਂ ਵਿਚ ਹਰਜਿੰਦਰ ਸਿੰਘ ਲਾਲ ਨੇ ਪੰਜਾਬ ਅਤੇ ਅਕਾਲੀ ਦਲ ਲਈ ਮੌਕਾ, ਵਿਚ ਲਿਖਿਆ ਹੈ ਕਿ ਅਕਾਲੀ ਦਲ ਲਈ ਇਕ ਆਖਰੀ ਮੌਕਾ ਹੈ ਕਿ ਉਹ ਸੱਤਾ ਤੋਂ ਬਾਹਰ ਹੁੰਦੇ ਹੋਏ ਵੀ ਮੋਦੀ ਸਰਕਾਰ ਕੋਲੋਂ ਸਿੱਖਾਂ ਤੇ ਪੰਜਾਬ ਦੀਆਂ ਅਸਲੀ ਮੰਗਾਂ ਮੰਨਵਾਉਣ ਲਈ ਪੱਖ ਰੱਖੇ, ਇਕੱਲੇ ਲੰਗਰ 'ਤੇ ਲੱਗੀ ਜੀ.ਐਸ.ਟੀ.ਸਿੱਖਾਂ ਦੀ ਖਾਸ ਕਰ ਪੰਜਾਬੀਆ ਦੀ ਮੰਗ ਨਹੀਂ ਹੈ। ਉਹ ਮੰਗਾ ਵੀ ਪੁਰੀਆਂ ਕਰਵਾਈਆਂ ਜਾਣ ਜਿਨ੍ਹਾਂ ਲਈ ਅਕਾਲੀ ਦਲ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਸਨ। ਜਿਵੇਂ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮਸਲਾ, ਪੰਜਾਬ ਦੇ ਪਾਣੀਆਂ ਦੇ ਮਾਮਲੇ ਆਦਿ ਚੰਡੀਗੜ੍ਹ ਜਿੰਨਾਂ ਚਿਰ ਪੰਜਾਬ ਨੂੰ ਨਹੀਂ ਦਿੱਤਾ ਜਾਂਦਾ ਓਨਾ ਚਿਰ ਚੰਡੀਗੜ੍ਹ ਵਿਚ 60 ਫ਼ੀਸਦੀ ਪੰਜਾਬੀ ਕਰਮਚਾਰੀ ਤੇ ਅਧਿਕਾਰੀ ਲਾਏ ਜਾਣ ਦੀ ਮੰਗ ਤੇ ਚੰਡੀਗੜ੍ਹ ਦੇ ਪਿੰਡਾਂ ਵਿਚ ਗੈਰ ਪੰਜਾਬੀ ਹਿੰਦੀ ਬੋਲਦੇ ਝੁੱਗੀਆਂ ਵਾਲਿਆਂ ਨੂੰ ਪੱਕੇ ਤੌਰ 'ਤੇ ਵਸਾ ਕੇ ਚੰਡੀਗੜ੍ਹ ਨੂੰ ਹਿੰਦੀ ਬੋਲਣ ਵਾਲਾ ਇਲਾਕਾ ਬਣਾਏ ਜਾਣ ਦਾ ਵਿਰੋਧ ਕਰਨ ਦੀ ਜੁਰਅਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਦੂਜੇ ਸੂਬਿਆਂ ਨੂੰ ਜਾਂਦੇ ਪਾਣੀ ਦੀ ਕੀਮਤ ਵੀ ਵਸੂਲਣ ਦੀ ਮੰਗ ਉਠਾਉਣੀ ਚਾਹੀਦੀ ਹੈ। ਬਹੁਤ ਹੀ ਘਾਗ ਸਿਆਸਤਦਾਨ ਬਾਦਲ ਸਾਹਿਬ ਨੂੰ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ। ਇਹ ਸੱਭ ਕੁਝ ਕਰਨ ਲਈ ਬਾਦਲ ਸਾਹਿਬ ਨੂੰ ਨਿੱਜੀ ਫਾਇਦੇ ਪਾਸੇ ਰੱਖ ਕੇ ਪੰਜਾਬ ਤੇ ਪੰਜਾਬੀਅਤ ਲਈ ਕੁਝ ਕਰਨ ਦਾ ਢੁਕਵਾਂ ਸਮਾਂ ਹੈ ਜਦੋਂ ਭਾਜਪਾ ਕੋਲੋਂ ਹੋਰ ਛੋਟੇ ਛੋਟੇ ਦਲ ਦੂਰ ਜਾ ਰਹੇ ਹਨ। ਭਾਜਪਾ 2019 ਦੀਆਂ ਚੋਣਾਂ ਜਿੱਤਣ ਲਈ ਇਹ ਮੰਗਾਂ ਪੂਰੀਆਂ ਨਹੀਂ ਤਾਂ ਅੱਧੀਆਂ ਜ਼ਰੂਰ ਮੰਨਣ ਲਈ ਮਜਬੂਰ ਹੋਵੇਗੀ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਮਿਡ-ਡੇ-ਮੀਲ ਰਾਸ਼ਨ
ਆਧੁਨਿਕ ਦੌਰ ਅੰਦਰ ਜਿੱਥੇ ਚੋਰੀ ਕਰਨ ਦੇ ਢੰਗ ਬਦਲੇ ਹਨ, ਉੱਥੇ ਹੀ ਚੋਰਾਂ ਨੇ ਚੋਰੀ ਕਰਨ ਦੇ ਟਿਕਾਣੇ ਵਿਚ ਵੀ ਬਦਲ ਕੀਤਾ ਹੈ ਅਜਿਹੀਆਂ ਹੀ ਵਾਰਦਾਤਾਂ ਅੱਜ ਕੱਲ ਪੰਜਾਬ ਅੰਦਰ ਬਹੁਤ ਵਧ ਫੁੱਲ ਰਹੀਆਂ ਹਨ, ਜਿਸ ਵਿਚ ਜ਼ਿਆਦਾਤਰ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਦੇ ਮਿਡ-ਡੇ-ਮੀਲ ਦੇ ਰਾਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਹੀ ਸਹੂਲਤਾਂ ਦੀ ਥੋੜ ਨਾਲ ਪ੍ਰਾਇਮਰੀ ਸਕੂਲ ਜੂਝ ਰਹੇ ਹਨ, ਉੱਥੇ ਹੀ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ ਹੋਣ ਨਾਲ ਅਧਿਆਪਕ ਵਰਗ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ, ਪੜ੍ਹਾਈ ਕਰਵਾਉਣ ਦੀ ਬਜਾਇ ਮਿਡ-ਡੇ-ਮੀਲ ਦਾ ਪ੍ਰਬੰਧ ਕਿਵੇਂ ਕਰਨਾ ਹੈ, ਫਿਕਰਾਂ ਵਿਚ ਗੁਆਚ ਜਾਂਦਾ ਹੈ। ઠਥਾਣਿਆਂ ਵਿਚ ਕਾਰਵਾਈ ਲਈ ਦਰਜ ਕਰਵਾਈ ਸ਼ਿਕਾਇਤ ਵੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੀ ਹੈ। ઠਦਿਨ-ਬ-ਦਿਨ ਚੋਰਾਂ ਦੇ ਹੌਸਲੇ ਵਧ ਰਹੇ ਹਨ । ਇਕ ਤੋਂ ਬਾਅਦ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਤਰਾਂ ਦੀਆਂ ਕਾਰਵਾਈਆਂ ਹੋ ਰਹੀਆਂ ਹਨ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੀ ਪ੍ਰਸ਼ਾਸਨ ਇਨ੍ਹਾਂ ਮਸਲਿਆਂ ਪ੍ਰਤੀ ਗੰਭੀਰ ਨਜ਼ਰ ਨਹੀਂ ਹੈ? ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਵਰਦਾਤਾਂ ਨੂੰ ਰੋਕਣ ਲਈ ਰਾਤ ਦੇ ਸਮੇਂ ਉਚੇਚੇ ਤੌਰ 'ਤੇ ਪ੍ਰਬੰਧ ਕੀਤੇ ਜਾਣ ਜਿਸ ਨਾਲ ਵਿੱਦਿਆ ਦੇ ਮੰਦਰ ਵਿਚੋਂઠਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

ਬੱਚਿਆਂ ਦੀ ਦੁਨੀਆ
ਸਰਕਾਰੀ ਅਧਿਆਪਕ ਦੀ ਨੌਕਰੀ ਵਿਚ ਰਹਿੰਦੇ ਹੋਏ ਮੈਨੂੰ ਪਿਛਲੇ ਦਿਨੀਂ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਪ੍ਰੀ-ਪ੍ਰਾਇਮਰੀ (ਆਂਗਣਵਾੜੀ) ਬੱਚਿਆਂ ਸਬੰਧੀ ਸੈਮੀਨਾਰ ਵਿਚ ਸ਼ਾਮਿਲ ਹੋਣ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ। ਉਥੇ ਸਾਨੂੰ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਦੀ ਸਤਿਕਾਰਯੋਗ ਟੀਮ ਵਲੋਂ ਪਹਿਲੀ ਹਦਾਇਤ ਇਹੋ ਪ੍ਰਾਪਤ ਹੋਈ ਕਿ ਸੈਮੀਨਾਰ ਦੌਰਾਨ ਅਸੀਂ ਆਪਣੇ-ਆਪ ਨੂੰ ਤਿੰਨ-ਚਾਰ ਸਾਲ ਦੇ ਛੋਟੇ ਬੱਚੇ ਵਾਂਗ ਸਮਝੀਏ ਅਤੇ ਵਿਚਰੀਏ। ਫਿਰ ਅਸੀਂ ਤਿੰਨ-ਚਾਰ ਸਾਲ ਦੇ ਬੱਚੇ ਵਾਂਗ ਵਿਵਹਾਰ ਕਰਦੇ ਹੋਏ ਉਨ੍ਹਾਂ ਤਿੰਨ-ਚਾਰ ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਸਬੰਧੀ ਅਤੇ ਖਿਡਾਉਣ ਸਬੰਧੀ ਸਿਖਲਾਈ ਹਾਸਲ ਕੀਤੀ। ਇਨ੍ਹਾਂ ਤਿੰਨ ਦਿਨਾਂ ਦੌਰਾਨ ਜ਼ਿੰਦਗੀ ਕਿਵੇਂ ਹੱਸਦਿਆਂ, ਖੇਡਦਿਆਂ, ਹਾਸੇ-ਠੱਠੇ ਕਰਦਿਆਂ ਅਤੇ ਕਲਪਨਾ ਵਿਚ ਰਹਿੰਦਿਆਂ ਬਤੀਤ ਹੋ ਗਈ ਬਸ ਪਤਾ ਹੀ ਨਹੀਂ ਚੱਲਿਆ। ਸਾਰੀਆਂ ਮਾਨਸਿਕ ਪ੍ਰੇਸ਼ਾਨੀਆਂ ਤੇ ਚਿੰਤਾਵਾਂ ਕਿਵੇਂ ਛੂਹ-ਮੰਤਰ ਹੋ ਗਈਆਂ, ਪਤਾ ਹੀ ਨਹੀਂ ਚੱਲਿਆ। ਇਸ ਸੈਮੀਨਾਰ ਦੌਰਾਨ ਦਿਲ ਨੂੰ ਛੂਹ ਜਾਣ ਵਾਲੀ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੋਇਆ ਅਤੇ ਮਹਿਸੂਸ ਹੋਇਆ ਕਿ ਕਿੰਜ ਛੋਟੇ-ਛੋਟੇ ਬੱਚਿਆਂ ਦੀਆਂ ਭਾਵਨਾਵਾਂ, ਕਲਪਨਾਵਾਂ, ਵਿਵਹਾਰ ਅਤੇ ਉਨ੍ਹਾਂ ਦੀ ਸੋਚ ਵੱਖਰੀ, ਨਿਰਾਲੀ, ਅਲੌਕਿਕ ਤੇ ਅਨੰਦਮਈ ਹੁੰਦੀ ਹੈ। ਅੱਜ ਮਨੁੱਖ ਕੋਲ ਅਨੇਕਾਂ ਕੋਠੀਆਂ, ਕਾਰਾਂ, ਭੌਤਿਕ ਸੁੱਖ-ਸਹੂਲਤਾਂ, ਪੈਸਾ-ਧੇਲਾ ਅਤੇ ਗਹਿਣਾ-ਗੱਠਾ ਹੋਣ ਦੇ ਬਾਵਜੂਦ ਮਨੁੱਖ ਖ਼ੁਸ਼, ਸ਼ਾਂਤ ਅਤੇ ਸਕੂਨ ਵਿਚ ਨਹੀਂ ਵਿਚਰ ਰਿਹਾ। ਸੱਚਮੁੱਚ ਛੋਟੇ-ਨਿੱਕੇ ਬੱਚਿਆਂ ਦੀ ਦੁਨੀਆ ਬਹੁਤ ਰੌਚਿਕ ਅਤੇ ਅਨੰਦਮਈ ਹੁੰਦੀ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

28-05-2018

 ਪਾਣੀ ਦਾ ਸੰਕਟ
ਸੂਝਵਾਨ ਲੋਕ ਲੰਮੇ ਸਮੇਂ ਤੋਂ ਰੌਲਾ ਪਾ-ਪਾ ਕੇ ਜਗਾ ਰਹੇ ਹਨ ਕਿ ਕੁਦਰਤੀ ਸੋਮੇ ਪਾਣੀ ਦੀ ਸੰਭਾਲ ਕਰੋ ਤੇ ਸੰਕੋਚ ਨਾਲ ਵਰਤੋ ਪਰ ਬਹੁਗਿਣਤੀ ਲੋਕ ਇਸ ਗੱਲ ਦੀ ਬਿਲਕੁਲ ਹੀ ਪ੍ਰਵਾਹ ਨਹੀਂ ਕਰਦੇ। ਆਉਣ ਵਾਲੇ ਸਮੇਂ ਲਈ ਸਮੁੱਚੀ ਦੁਨੀਆ ਵਿਚੋਂ ਹੀ ਪਾਣੀ ਦੇ ਸੰਕਟ ਦੀਆਂ ਘੰਟੀਆਂ ਖੜਕਣ ਲੱਗ ਪਈਆਂ ਹਨ, ਜਾਪਦੈ ਅਸੀਂ ਹਾਲੇ ਵੀ ਨਹੀਂ ਜਾਗ ਰਹੇ। ਮਈ ਮਹੀਨੇ ਤੋਂ ਬਾਅਦ ਇਕਦਮ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਇਥੋਂ ਹੀ ਖੇਤੀਬਾੜੀ ਦੀ ਫਸਲ ਝੋਨੇ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ। ਸੂਰਜ ਦੀ ਤਪਸ਼ ਵਧ ਜਾਂਦੀ ਹੈ ਤੇ ਧਰਤੀ 'ਤੇ ਹਰ ਜੀਵ-ਜੰਤੂ ਤੇ ਬਨਸਪਤੀ ਨੂੰ ਪਾਣੀ ਦੀ ਵੱਧ ਜ਼ਰੂਰਤ ਪੈਂਦੀ ਹੈ। ਇਨ੍ਹਾਂ ਦਿਨਾਂ ਵਿਚ ਹੀ ਸਭ ਕਾਸੇ ਲਈ ਧਰਤੀ ਵਿਚੋਂ ਕੁਦਰਤੀ ਸੋਮੇ ਪਾਣੀ ਨੂੰ ਵੀ ਵੱਡੀ ਮਾਤਰਾ ਵਿਚ ਕੱਢਿਆ ਜਾਂਦਾ ਹੈ।
ਕਿਸੇ ਨੂੰ ਕਿੰਨਾ ਵੀ ਸਮਝਾ ਲਓ ਬਹੁਤ ਘੱਟ ਲੋਕ ਇਸ ਲਈ ਜਾਗ੍ਰਿਤ ਹਨ। ਸੁਣਨ ਵਿਚ ਤਾਂ ਇਹ ਵੀ ਆ ਰਿਹਾ ਹੈ ਕਿ ਹੁਣ ਅਗਲੀ ਜੰਗ ਪਾਣੀ ਲਈ ਹੀ ਲੱਗੇਗੀ ਪਰ ਸ਼ਾਇਦ ਸਾਡੇ 'ਤੇ ਕੋਈ ਅਸਰ ਨਹੀਂ। ਆਓ, ਸਮਝਦਾਰ ਹੋ ਕੇ ਪਾਣੀ ਦੀ ਸੰਭਾਲ ਕਰੀਏ।


-ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ ਸਮਰਾਲਾ।


ਵਿਦਿਆਰਥੀਆਂ ਦੀ ਸੋਚ
ਪੰਜਾਬ ਸਰਕਾਰ ਵਲੋਂ ਇਸ ਸਾਲ ਦਹਾਕਿਆਂ ਤੋਂ ਚੱਲੀ ਆ ਰਹੀ ਬੋਰਡ ਦੇ ਪੇਪਰਾਂ ਵਿਚ ਨਕਲ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਕਾਫੀ ਹੱਦ ਤੱਕ ਸਫ਼ਲ ਰਹੀ। ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਦ੍ਰਿੜ੍ਹ ਨਿਸ਼ਚੇ ਕਾਰਨ ਨਕਲ ਦਾ ਇਹ ਕੋਹੜ ਕਾਫ਼ੀ ਹੱਦ ਤੱਕ ਘਟ ਗਿਆ।
ਮੇਰੀ ਵਿਦਿਆਰਥੀਆਂ ਅੱਗੇ ਬੇਨਤੀ ਹੈ ਕਿ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਫੇਲ੍ਹ ਜਾਂ ਪਾਸ ਹੋਣਾ ਤਾਂ ਜ਼ਿੰਦਗੀ ਵਿਚ ਚਲਦਾ ਹੀ ਰਹਿੰਦਾ ਹੈ। ਕਿਸੇ ਵੀ ਮੁਕਾਬਲੇ ਵਿਚ ਫੇਲ੍ਹ ਹੋਣ 'ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਫੇਲ੍ਹ ਹੋਣ ਦੇ ਕਾਰਨਾਂ ਨੂੰ ਲੱਭਣਾ ਚਾਹੀਦਾ ਹੈ ਤੇ ਉਨ੍ਹਾਂ ਕਾਰਨਾਂ ਨੂੰ ਠੀਕ ਕਰਨਾ ਚਾਹੀਦਾ ਹੈ। ਮਾੜੇ ਨਤੀਜੇ ਆਉਣ ਕਰਕੇ ਕੁਝ ਵਿਦਿਆਰਥੀ ਨਿਰਾਸ਼ ਹੋ ਕੇ ਗਲਤ ਕਦਮ ਚੁੱਕ ਲੈਂਦੇ ਹਨ, ਮੇਰੀ ਉਨ੍ਹਾਂ ਅੱਗੇ ਬੇਨਤੀ ਹੈ ਕਿ ਇਸ ਅਨਮੋਲ ਜ਼ਿੰਦਗੀ ਦੀ ਕੀਮਤ ਨੂੰ ਸਮਝੋ ਤੇ ਇਸ ਨੂੰ ਚੰਗੀ ਤਰ੍ਹਾਂ ਜੀਓ। ਜੇਕਰ ਤੁਸੀਂ ਮਿਹਨਤ ਕਰ ਕੇ ਪਾਸ ਹੋਵੋਗੇ ਤਾਂ ਹੀ ਜ਼ਿੰਦਗੀ ਵਿਚ ਸਫ਼ਲ ਇਨਸਾਨ ਬਣ ਸਕੋਗੇ।


-ਹਰਜਿੰਦਰ ਪਾਲ
harjinderpalasr@gmail.com


ਜੀ.ਓ.ਜੀ. ਦਾ ਵਿਰੋਧ ਕਿਉਂ?
ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੇ ਸਾਲ ਲੋਕਾਂ ਦੀ ਭਲਾਈ ਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਆਮ ਗਰੀਬ ਲੋਕਾਂ ਤੱਕ ਪੁੱਜਦਾ ਕਰਨ ਲਈ ਰੱਖੇ ਗਾਰਡੀਅਨ ਆਫ਼ ਗੁੱਡ ਗਵਰਨੈਂਸ ਦਾ ਪੰਜਾਬ ਦੇ ਕੁਝ ਸਰਪੰਚਾਂ ਵਲੋਂ ਬੇਲੋੜਾ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਜੀ.ਓ.ਜੀ ਤਾਂ ਸਿਰਫ਼ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵੇਖਣ ਤੇ ਪਿੰਡਾਂ ਵਿਚ ਪੰਚਾਇਤ ਵਲੋਂ ਕੀਤੇ ਜ਼ਾਇਜ ਖਰਚੇ ਦਾ ਨਰੀਖਣ ਕਰਨ ਦਾ ਅਧਿਕਾਰ ਰੱਖਦੇ ਹਨ।
ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਫ਼ੌਜੀਆਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਵੇਖਕੇ ਹੀ ਸਰਕਾਰ ਨੇ ਇਨ੍ਹਾਂ ਦੀ ਨਿਯੁਕਤੀ ਪਹਿਲਾ ਪੂਰੇ ਦੋ ਸਾਲ ਲਈ ਕੀਤੀ ਹੈ। ਇਸੇ ਲਈ ਸਰਕਾਰ ਨੇ ਇਨ੍ਹਾਂ ਦੇ ਅਧਿਕਾਰ ਖ਼ੇਤਰ ਵਿਚ ਚੱਲ ਰਹੇ ਵਿਕਾਸ ਕਾਰਜ ਤੇ ਹੋਰ ਬਹੁਤ ਸਾਰੇ ਮਹਿਕਮੇ ਰੱਖੇ ਹਨ, ਪਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਇਨ੍ਹਾਂ ਨੂੰ ਹਟਾਉਣ ਲਈ ਜ਼ੋਰ ਲਾ ਰਹੇ ਹਨ, ਜੋ ਕਿ ਅਜਿਹਾ ਕਰਕੇ ਕਿਤੇ ਨਾ ਕਿਤੇ ਆਪਣੇ ਦੁਆਲੇ ਭ੍ਰਿਸ਼ਟਾਚਾਰ ਤੇ ਬੇਈਮਾਨੀ ਵਾਲੀ ਸ਼ੱਕ ਦੀ ਉਂਗਲ ਆਪ ਕਰਦੇ ਨਜ਼ਰ ਆ ਰਹੇ ਹਨ। ਜੇਕਰ ਆਪਣੀ ਕੁਰਸੀ ਤੇ ਪਿੰਡ ਦਾ ਮੁਖੀ ਹੋਣ ਦੇ ਨਾਤੇ ਸਰਪੰਚਾਂ ਨੇ ਆਪਣੇ ਵਲੋਂ ਸਹੀ ਕੰਮ ਕੀਤੇ ਹਨ ਤਾਂ ਫਿਰ ਭਾਵੇਂ ਉਨ੍ਹਾਂ ਦਾ ਕੋਈ ਵੀ ਆਡਿਟ ਕਰੀ ਜਾਵੇ ਉਨ੍ਹਾਂ ਨੂੰ ਜੀ.ਓ.ਜੀ ਤੋਂ ਕੋਈ ਵੀ ਤਕਲੀਫ਼ ਨਹੀਂ ਹੋਣੀ ਚਾਹੀਦੀ।


-ਮਨਦੀਪ ਕੁੰਦੀ ਤਖਤੂਪੁਰਾ
ਪਿੰਡ ਤਖਤੂਪੁਰਾ (ਮੋਗਾ)


ਇੰਟਰਨੈੱਟ ਦਾ ਨਸ਼ਾ ਚਿੰਤਾਜਨਕ
ਅੱਜਕਲ੍ਹ ਇਕ ਹੋਰ ਆਧੁਨਿਕ ਨਸ਼ਾ ਪੂਰੀ ਦੁਨੀਆ 'ਚ ਬੜੀ ਤੇਜ਼ੀ ਨਾਲ ਫੈਲ ਚੁੱਕਾ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਵੀ ਨਹੀਂ ਰੋਕ ਸਕੀਆਂ, ਇਹ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਅੰਦਰੋ-ਅੰਦਰ ਖਾ ਰਿਹਾ ਹੈ ਅਤੇ ਨੌਜਵਾਨ ਵਰਗ ਦੇ ਨਾਲ-ਨਾਲ ਬੱਚਿਆਂ ਨੂੰ ਵੀ ਆਪਣੇ ਘਾਤਕ ਕਲਾਵੇ ਵਿਚ ਲੈ ਰਿਹਾ ਹੈ, ਜਿਸ ਨੂੰ ਰੋਕਣ ਲਈ ਨੌਜਵਾਨ ਪੀੜ੍ਹੀ ਨੂੰ ਆਪਣੇ-ਆਪ 'ਤੇ ਕਾਬੂ ਪਾਉਣਾ ਪਵੇਗਾ। ਉਹ ਹੈ ਇੰਟਰਨੈੱਟ ਦਾ ਨਸ਼ਾ। ਇੰਟਰਨੈੱਟ ਦੀਆਂ ਵੱਖ-ਵੱਖ ਸਾਈਟਾਂ ਦੀ ਦੁਰਵਰਤੋਂ ਕਰਕੇ ਪੰਜਾਬ ਦਾ ਹਰ ਇਕ ਨੌਜਵਾਨ ਵਿਹਲੜ ਜਿਹਾ ਹੋ ਗਿਆ ਹੈ, ਆਪਣੇ ਅਸਲੀ ਸੱਭਿਆਚਾਰ ਅਤੇ ਆਪਣੇ ਰਿਸ਼ਤੇ ਨਾਤਿਆਂ ਨੂੰ ਭੁੱਲ ਗਿਆ ਹੈ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵੇਖਦੇ ਹੀ ਹਾਂ ਕਿ ਗੱਲ ਕੋਈ ਹੋਰ ਹੁੰਦੀ ਹੈ, ਜਿਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਕਈ ਵਾਰ ਪੰਜਾਬ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇੰਟਰਨੈੱਟ ਫ੍ਰੀ ਹੋਣ ਦੇ ਬਾਅਦ ਪੰਜਾਬ ਵਿਚ ਪੜ੍ਹਾਈ ਦਾ ਪੱਧਰ ਵੀ ਹੇਠਾਂ ਆਇਆ ਹੈ, ਨਤੀਜੇ ਬਹੁਤ ਹੀ ਮਾੜੇ ਆ ਰਹੇ ਹਨ।


-ਕਮਲ ਬਰਾੜ-
ਪਿੰਡ ਕੋਟਲੀ ਅਬਲੂ।

25-05-2018

 ਅਸਲ ਮੁੱਦੇ ਅਤੇ ਸਿਆਸਤ
ਸਿਹਤ, ਸਿੱਖਿਆ ਅਤੇ ਰੁਜ਼ਗਾਰ ਕਿਸੇ ਵੀ ਸੂਬੇ ਜਾਂ ਦੇਸ਼ ਦੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਹੁੰਦੀਆਂ ਹਨ। ਸਰਕਾਰ ਚਾਹੇ ਕਿਸੇ ਸੂਬੇ ਜਾਂ ਦੇਸ਼ ਦੀ ਹੋਵੇ, ਉਸ ਦੇ ਵੀ ਸਭ ਤੋਂ ਪਹਿਲੇ ਇਹ ਫ਼ਰਜ਼ ਹਨ ਕਿ ਉਹ ਉਥੋਂ ਦੇ ਲੋਕਾਂ ਨੂੰ ਮਿਆਰੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏ। ਇਨ੍ਹਾਂ ਮੁੱਦਿਆਂ ਦੇ ਨਾਲ-ਨਾਲ ਸੂਬੇ ਦੀਆਂ ਜੋ ਹੋਰ ਸਮੱਸਿਆਵਾਂ ਹਨ, ਚਾਹੇ ਉਹ ਵਿਕਣ ਵਾਲੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਹੋਣ, ਭਰੂਣ ਹੱਤਿਆ ਹੋਵੇ, ਚਾਹੇ ਸਰਕਾਰੀ ਦਫ਼ਤਰਾਂ ਵਿਚ ਚਲਦਾ ਭ੍ਰਿਸ਼ਟਾਚਾਰ ਹੋਵੇ, ਚਾਹੇ ਕਿਸਾਨ, ਮਜ਼ਦੂਰ ਜਾਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਹੋਣ ਜਾਂ ਕਾਨੂੰਨ ਵਿਵਸਥਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਗੱਲ ਹੋਵੇ, ਇਹ ਵੀ ਅੱਜ ਸਾਡੇ ਪੰਜਾਬ ਦੇ ਭਖਦੇ ਮੁੱਦੇ ਹਨ। ਸਾਰੇ ਨੇਤਾਵਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਕੇਂਦਰਿਤ ਰਹਿ ਕੇ ਹੀ ਗੱਲਬਾਤ, ਭਾਸ਼ਣ ਜਾਂ ਚਰਚਾ ਕਰਨੀ ਚਾਹੀਦੀ ਹੈ। ਅੱਜ ਕਿਸੇ ਵੀ ਚੋਣਾਵੀ ਰੈਲੀ ਤੋਂ ਤੁਸੀਂ ਸਟੇਜੀ ਭਾਸ਼ਣ ਸੁਣੋਗੇ ਤਾਂ ਨੇਤਾ ਇਕ-ਦੂਜੇ ਉੱਪਰ ਨਿੱਜੀ ਦੂਸ਼ਣਬਾਜ਼ੀ ਜ਼ਿਆਦਾ ਕਰਦੇ ਨਜ਼ਰ ਆਉਂਦੇ ਹਨ। ਇਹ ਰੁਝਾਨ ਕਿਧਰੇ ਵੀ ਪੰਜਾਬ ਦੇ ਹਿਤ ਵਿਚ ਨਹੀਂ ਹੈ। ਸਾਡੇ ਰਾਜਨੇਤਾਵਾਂ ਦਾ ਆਪਣੀ ਅਸਲੀ ਰਾਜਨੀਤਕ ਡਿਊਟੀ ਜਾਂ ਸਿਆਸਤ ਦੇ ਸਹੀ ਫ਼ਰਜ਼ਾਂ ਤੋਂ ਮੁੱਖ ਮੋੜਨਾ ਆਮ ਲੋਕਾਂ ਲਈ ਦੁਖਦਾਈ ਹੋਵੇਗਾ ਜਾਂ ਫਿਰ ਇੰਜ ਕਹਿ ਲਈਏ ਕਿ ਲੋਕ ਹਿਤ ਵਿਚ ਨਹੀਂ ਹੋਵੇਗਾ। ਇਕ ਤਰ੍ਹਾਂ ਨਾਲ ਸਿਆਸਤ ਇਸ ਦਿਸ਼ਾ ਤੋਂ ਭਟਕਦੀ ਨਜ਼ਰ ਆ ਰਹੀ ਹੈ।


-ਪਰਮਿੰਦਰ ਕੁਮਾਰ
ਪਿੰਡ ਤੇ ਡਾਕ: ਬੱਡੂਵਾਲ, ਜ਼ਿਲ੍ਹਾ ਮੋਗਾ।


ਦਾਜ ਦਾ ਦੈਂਤ
ਅੱਜ ਜੇਕਰ ਗੱਲ ਕਰੀਏ ਦਾਜ ਦੀ ਤਾਂ ਹਰ ਧੀ ਦੇ ਬਾਪ ਲਈ ਆਪਣੀ ਧੀ ਦੇ ਹੱਥ ਪੀਲੇ ਕਰਨੇ ਕੋਈ ਸੌਖੀ ਗੱਲ ਨਹੀਂ ਜਾਪਦੀ। ਜਿਵੇਂ-ਜਿਵੇਂ ਇਕ ਧੀ ਵਿਆਹ ਦੇ ਯੋਗ ਹੁੰਦੀ ਜਾਂਦੀ ਹੈ, ਉਵੇਂ ਹੀ ਮਾਪਿਆਂ ਦੀ ਚਿੰਤਾ ਵਧਦੀ ਜਾਂਦੀ ਹੈ। ਪਰ ਅੱਜ ਇਸ ਦਾਜ ਨੇ ਦੈਂਤ ਦਾ ਰੂਪ ਧਾਰ ਲਿਆ ਹੈ, ਜਿਸ ਕਰਕੇ ਕਦੇ ਤਾਂ ਆੜ੍ਹਤੀਆਂ ਦੇ ਕਰਜ਼ ਕਰਕੇ ਧੀ ਦਾ ਬਾਪ ਮਰਦਾ ਹੈ ਕਦੇ ਧੀ ਘੱਟ ਦਾਜ ਲਿਆਉਣ ਕਰਕੇ ਦਾਜ ਦੇ ਲੋਭੀਆਂ ਵਲੋਂ ਦਾਜ ਦੀ ਬਲੀ ਚੜ੍ਹਾ ਦਿੱਤੀ ਜਾਂਦੀ ਹੈ। ਜੇਕਰ ਦੇਣਾ ਚਾਹੁੰਦੇ ਹੋ ਤਾਂ ਧੀਆਂ ਨੂੰ ਸਾਰੀ ਉਮਰ ਲਈ ਵਿੱਦਿਆ ਦੇ ਦਾਜ ਦਾ ਗਹਿਣਾ ਦਿਓ ਤਾਂ ਕਿ ਧੀਆਂ ਅਗਲੀਆਂ ਕੁਲਾਂ ਵੀ ਇਸ ਅਸਲੀ ਦਾਜ ਨਾਲ ਤਾਰ ਦੇਣ। ਇਸ ਲਈ ਅੱਜ ਤੋਂ ਹੀ ਪ੍ਰਣ ਕਰੋ ਆਪਣੀਆਂ ਬੱਚੀਆਂ ਨੂੰ ਉੱਚ ਵਿੱਦਿਆ ਹਾਸਲ ਕਰਵਾਓ, ਆਤਮ-ਵਿਸ਼ਵਾਸੀ ਬਣਾਓ, ਹੱਥੀਂ ਕੰਮ ਕਰਨਾ ਸਿਖਾਓ, ਸਹਿਣਸ਼ੀਲਤਾ, ਇਨਸਾਨੀਅਤ ਅਤੇ ਵੱਡਿਆਂ ਦੇ ਸਤਿਕਾਰ ਜਿਹੇ ਗੁਣਾਂ ਦਾ ਦਾਜ ਦਿਓ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਹਸਪਤਾਲ ਬਣਾਓ
ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਜਨਮ ਸ਼ਤਾਬਦੀ 2019 ਵਿਚ ਪੰਜਾਬ, ਭਾਰਤ ਅਤੇ ਸਾਰੇ ਵਿਸ਼ਵ ਵਿਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸੁਲਤਾਨਪੁਰ ਲੋਧੀ ਨੂੰ ਸੁੰਦਰ ਦਿੱਖ ਦੇਣ ਲਈ ਪੰਜਾਬ ਸਰਕਾਰ ਵਲੋਂ ਬਹੁਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸੁਲਤਾਨਪੁਰ ਲੋਧੀ ਇਕ ਬਹੁਤ ਪੁਰਾਣਾ, ਇਤਿਾਹਸਕ ਅਤੇ ਧਾਰਮਿਕ ਮਹੱਤਤਾ ਵਾਲਾ ਸ਼ਹਿਰ ਹੈ ਪਰ ਮੁੱਖ ਸੜਕਾਂ ਤੋਂ ਇਕ ਪਾਸੇ ਹੋਣ ਕਰਕੇ ਇਹ ਵਿਕਾਸ ਤੋਂ ਵਾਂਝਾ ਹੀ ਰਿਹਾ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਥੇ ਇਕ ਆਧੁਨਿਕ ਸਹੂਲਤਾਂ ਵਾਲੇ ਹਸਪਤਾਲ ਦੀ ਬਹੁਤ ਜ਼ਰੂਰਤ ਹੈ। ਲੋਕਾਂ ਨੂੰ ਆਪਣੇ ਮਰੀਜ਼ ਲੈ ਕੇ ਜਲੰਧਰ ਜਾਂ ਲੁਧਿਆਣੇ ਜਾਣਾ ਪੈਂਦਾ ਹੈ। ਕਈ ਵਾਰ ਮਰੀਜ਼ ਰਾਹ ਵਿਚ ਹੀ ਦਮ ਤੋੜ ਜਾਂਦੇ ਹਨ। ਇਸ ਲਈ ਜਨਤਾ ਦੇ ਭਲੇ ਲਈ ਹਸਪਤਾਲ ਬਣਾਉਣਾ, ਗੁਰੂ ਜੀ ਨੂੰ ਇਕ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਕੈਂਸਰ ਦਾ ਦੈਂਤ
ਅੱਜ ਪੰਜਾਬੀਆਂ ਦੀ ਸਿਹਤ ਨੂੰ ਦੇਖਿਆ ਜਾਵੇ ਤਾਂ ਕੈਂਸਰ ਦੇ ਦੈਂਤ ਨੇ ਇਸ ਨੂੰ ਘੇਰ ਲਿਆ ਹੈ। ਅੱਜ ਪੰਜਾਬ ਦੇ ਕੈਂਸਰ ਹਸਪਤਾਲ ਅਤੇ ਪੀ.ਜੀ.ਆਈ. ਚੰਡੀਗੜ੍ਹ ਦਾ ਰਿਕਾਰਡ ਦੇਖਿਆ ਅਤੇ ਘੋਖਿਆ ਜਾਵੇ ਤਾਂ ਪੰਜਾਬ ਵਿਚ ਫੈਲ ਰਹੇ ਕੈਂਸਰ ਦੇ ਅੰਕੜੇ ਸਪੱਸ਼ਟ ਹੋ ਜਾਂਦੇ ਹਨ। ਸਰਕਾਰ ਵਲੋਂ ਕੈਂਸਰ ਰਾਹਤ ਕੋਸ਼ ਸਥਾਪਤ ਕੀਤਾ ਗਿਆ ਹੈ। ਕੈਂਸਰ ਨੂੰ ਰੋਕਣ ਲਈ ਇਸ ਦੇ ਕਾਰਨਾਂ ਦੀ ਪੜਤਾਲ ਕਰਕੇ ਲੋਕ ਲਹਿਰ ਆਰੰਭਣੀ ਅੱਜ ਮਨੁੱਖੀ ਭਲਾਈ ਲਈ ਸਭ ਤੋ ਵੱਡਾ ਉੱਦਮ ਹੈ। ਜਾਗਰੂਕਤਾ ਦੀ ਘਾਟ ਕਾਰਨ ਇਹ ਬਿਮਾਰੀ ਫੈਲਦੀ ਜਾ ਰਹੀ ਹੈ। ਲੱਖਾਂ ਟਨ ਯੂਰੀਆ ਅਤੇ ਦਵਾਈਆਂ ਫ਼ਸਲਾਂ ਰਾਹੀਂ ਮਨੁੱਖ ਦੇ ਅੰਦਰ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਜ਼ਹਿਰੀਲੇ ਮਾਦਿਆਂ ਦੀ ਖਪਤ ਨਾਲ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਕੈਂਸਰ ਕਾਰਨ ਪੰਜਾਬ ਵਿਚ ਖੁਸ਼ਹਾਲੀ ਪਰ੍ਹੇ ਹਟ ਗਈ ਹੈ। ਕੰਗਾਲੀ ਬੂਹੇ ਉੱਤੇ ਦਸਤਕ ਦੇਣ ਲੱਗ ਪਈ ਹੈ। ਸਮਾਜਿਕ ਦੁਰਪ੍ਰਭਾਵ ਵੀ ਪੈ ਰਹੇ ਹਨ। ਮੈਡੀਕਲ ਖੇਤਰ ਦਾ ਕੁਝ ਹਿੱਸਾ ਵੀ ਇਨ੍ਹਾਂ ਰੋਗੀਆਂ ਤੋਂ ਪੈਸਾ ਬਟੋਰਨ ਦੇ ਮਾਮਲੇ ਵਿਚ ਸੱਭਿਅਤਾ ਨੂੰ ਦਾਗਦਾਰ ਕਰ ਰਿਹਾ ਹੈ। ਪੰਜਾਬ ਦੀ ਧਰਤੀ ਜੋ ਸਿਹਤ ਪੱਖੋਂ ਬਲਵਾਨ ਸੀ, ਦੁਸ਼ਮਣਾਂ ਦਾ ਟਾਕਰਾ ਕਰਦੀ ਸੀ। ਅੱਜ ਖ਼ੁਦ ਦੀ ਸਿਹਤ ਲਈ ਫ਼ਿਕਰਮੰਦ ਹੈ। ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ 'ਤੇ ਕੈਂਸਰ ਰੋਗੀ ਵਧ ਰਹੇ ਹਨ, ਇਸ ਤੋਂ ਲਗਦਾ ਹੈ ਕਿ ਭਵਿੱਖ ਕੰਗਾਲੀ ਵਾਲਾ ਹੋਵੇਗਾ। ਇਸ ਕੰਗਾਲੀ ਵਿਚ ਮਨੁੱਖੀ ਜੀਵਨ ਦੀ ਸਿਹਤ ਅਤੇ ਆਰਥਿਕਤਾ ਸ਼ਾਮਿਲ ਹੋਵੇਗੀ। ਅੱਜ ਭਖਦਾ ਮੁੱਦਾ ਇਹ ਹੈ ਕਿ ਇਸ ਦੇ ਕਾਰਨ ਖੋਜ ਕੇ ਉਨ੍ਹਾਂ ਸਬੰਧੀ ਸਖ਼ਤ ਨੀਤੀ ਅਖ਼ਤਿਆਰ ਕੀਤੀ ਜਾਵੇ, ਤਾਂ ਜੋ ਕੁਝ ਆਸ ਦੀ ਕਿਰਨ ਜਾਗੇ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

24-05-2018

 ਫੁੱਲਾਂ ਜੋਗੀ ਜ਼ਮੀਨ
ਪਿਛਲੇ ਦਿਨੀਂ ਸੰਗਰੂਰ ਪੁਲਿਸ ਦੀ ਮਹਿਲਾ ਵਿੰਗ ਦੀ ਇੰਚਾਰਜ ਹਰਸ਼ਜੋਤ ਕੌਰ ਹੁਰਾਂ ਦਾ ਲੇਖ ਪੜ੍ਹਿਆ। ਅੱਜ ਅਸੀਂ ਸਭ ਕੁਝ ਹੁੰਦਿਆਂ ਆਪਣੀ ਜ਼ਿੰਦਗੀ ਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਲਿਆ ਹੈ। ਆਪਣੇ ਦੁੱਖ-ਸੁੱਖ, ਸਮੱਸਿਆਵਾਂ, ਆਪਣਿਆਂ ਨਾਲ ਵੀ ਸਾਂਝੇ ਨਹੀਂ ਕਰ ਸਕਦੇ। ਅੰਦਰੇ-ਅੰਦਰ ਘੁੱਟ-ਘੁੱਟ ਕੇ ਮਰਨਾ ਸਿੱਖ ਲਿਆ ਹੈ ਅਸੀਂ। ਆਪਣਾ ਗੌਰਵਮਈ ਇਤਿਹਾਸ, ਪਿਛੋਕੜ ਕਦੇ ਫੋਲਿਆ ਹੀ ਨਹੀਂ। ਘਰਾਂ 'ਚ ਸ਼ਹੀਦਾਂ, ਦੇਸ਼-ਭਗਤਾਂ ਦੀਆਂ ਤਸਵੀਰਾਂ ਤਾਂ ਟੰਗੀ ਫਿਰਦੇ ਹਾਂ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਭੁੱਲ-ਭੁਲਾ ਗਏ ਹਾਂ। ਮਾਵਾਂ-ਧੀਆਂ ਦੇ ਦੁੱਖ-ਸੁੱਖ ਅੰਦਰੇ-ਅੰਦਰ ਦੱਬ ਕੇ ਰਹਿ ਗਏ ਹਨ। ਆਪਣੇ-ਆਪ ਨੂੰ ਖ਼ਤਮ ਕਰਨਾ ਕਿੱਥੋਂ ਦੀ ਸਿਆਣਪ ਹੈ। ਆਪਣੇ-ਆਪ ਨੂੰ ਖ਼ਤਮ ਕਰਨ ਪਿੱਛੋਂ ਕੀ ਪਿਛਲਿਆਂ ਦੀਆਂ ਸਮੱਸਿਆਵਾਂ, ਦੁੱਖ-ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ? ਪਤਝੜਾਂ, ਔੜਾਂ, ਬਰਸਾਤਾਂ ਨੂੰ ਝੱਲਣਾ ਭੁੱਲ ਗਏ ਹਾਂ। ਇਹ ਸਾਰਾ ਕੁਝ ਵੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹਨ। ਜਿਨ੍ਹਾਂ ਨੇ ਦੁੱਖ ਨਹੀਂ ਵੇਖਿਆ, ਉਨ੍ਹਾਂ ਨੂੰ ਸੁੱਖ ਦਾ ਅਹਿਸਾਸ ਕੀ ਹੋਣਾ। ਬਿਮਾਰੀ ਮਗਰੋਂ ਤੰਦਰੁਸਤੀ ਦਾ ਪਤਾ ਚਲਦਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸ਼ਲਾਘਾਯੋਗ ਫ਼ੈਸਲਾ
ਪਿਛਲੇ ਦਿਨੀਂ ਵਿਸਾਖੀ 'ਤੇ ਸਿੱਖ ਸ਼ਰਧਾਲੂਆਂ ਦਾ ਜਥਾ ਜੋ ਪਾਕਿਸਤਾਨ ਗਿਆ ਸੀ, ਜਿਸ ਦੇ ਸਬੰਧ ਵਿਚ ਕੁਝ ਮੰਦਭਾਗਾ ਵਾਪਰਨ ਨਾਲ ਸਮੁੱਚੇ ਸਿੱਖ ਜਗਤ ਦੇ ਵਕਾਰ ਨੂੰ ਸੱਟ ਵੱਜੀ ਹੈ। ਉਸ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧ ਵਿਚ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਹੈ, ਜਿਸ ਤਹਿਤ 15 ਸਾਲ ਤੋਂ 40 ਸਾਲ ਤੱਕ ਕੋਈ ਵੀ ਔਰਤ ਆਪਣੇ ਪਰਿਵਾਰਕ ਮੈਂਬਰ ਤੋਂ ਬਗੈਰ ਅਤੇ ਕੋਈ ਵੀ ਪਤਿਤ ਨੌਜਵਾਨ ਜਥੇ ਨਾਲ ਪਾਕਿਸਤਾਨ ਨਹੀਂ ਜਾ ਸਕੇਗਾ। ਇਸੇ ਪ੍ਰਕਾਰ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਮੁੱਦੇ ਵਾਂਗ ਹੀ ਸੱਭਿਆਚਾਰਕ ਖੇਤਰ ਵਿਚ ਵੀ ਸਖ਼ਤ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਜਿਸ ਤਹਿਤ ਸਿੱਖ ਧਰਮ ਅਤੇ ਇਸ ਦੇ ਇਤਿਹਾਸ ਨਾਲ ਸਬੰਧਿਤ ਫ਼ਿਲਮਾਂ, ਨਾਟਕ, ਪਾਠ ਪੁਸਤਕਾਂ ਅਤੇ ਪੰਜਾਬੀ ਗੀਤ-ਸੰਗੀਤ 'ਤੇ ਬਣਨ ਵਾਲੀਆਂ ਵੀਡੀਓਜ਼ ਰਾਹੀਂ ਕੋਈ ਵੀ ਸਿੱਖ ਧਰਮ ਅਤੇ ਇਸ ਦੇ ਇਤਿਹਾਸ ਨਾਲ ਖਿਲਵਾੜ ਨਾ ਕਰ ਸਕੇ। ਇਸੇ ਪ੍ਰਕਾਰ ਪਤਿਤਪੁਣੇ ਨੂੰ ਰੋਕਣ ਲਈ ਸਰਕਾਰੀ ਅਤੇ ਪਬਲਿਕ ਸਕੂਲਾਂ ਵਿਚ ਪੜ੍ਹਨ ਵਾਲੇ ਅਤੇ ਪਿੰਡਾਂ ਵਿਚ ਰਹਿਣ ਵਾਲੇ ਸਿੱਖੀ ਸਰੂਪ ਦੇ ਧਾਰਨੀ ਬੱਚਿਆਂ ਦੀ ਮਾਲੀ ਸਹਾਇਤਾ ਦੇ ਨਾਲ-ਨਾਲ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।


ਡੀ.ਸੀ. ਸਾਹਿਬ ਦੇ ਹੁਕਮ
ਪੂਰੇ ਪੰਜਾਬ ਅੰਦਰ ਹੀ ਕਣਕ ਦੀ ਫ਼ਸਲ ਕਿਸਾਨਾਂ ਨੇ ਸੁੱਖੀ-ਸਾਂਦੀ ਸੰਭਾਲ ਲਈ ਹੈ। ਕਿਸਾਨਾਂ ਵਲੋਂ ਵੇਚੀ ਗਈ ਫ਼ਸਲ ਦਾ ਮੰਡੀਆਂ ਵਿਚ ਭੁਗਤਾਨ ਵੀ ਸਮੇਂ ਸਿਰ ਹੋ ਗਿਆ ਪਰ ਖੇਤਾਂ ਵਿਚ ਖੜ੍ਹੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਇਸ ਵਾਰ ਵੀ ਕਿਸਾਨ ਪਿੱਛੇ ਨਹੀਂ ਹਟੇ। ਕਿਸਾਨਾਂ ਨੇ ਵੇਖੋ-ਵੇਖੀ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਇਸ ਵਾਰ ਵੀ ਅਸਮਾਨ ਕਾਲਾ ਸ਼ਾਹ ਕਰ ਦਿੱਤਾ, ਲੱਖਾਂ ਨਿੱਕੇ-ਵੱਡੇ ਪੌਦੇ, ਜੀਵ ਜੰਤੂ, ਕੀੜੇ-ਮਕੌੜੇ ਸੜ ਕੇ ਸੁਆਹ ਹੋ ਗਏ, ਉਥੇ ਪੰਜਾਬ ਸਰਕਾਰ, ਜ਼ਿਲ੍ਹੇ ਦੇ ਡੀ.ਸੀ. ਨੇ ਮੀਡੀਆ ਰਾਹੀਂ ਕਰੋੜਾਂ ਦੇ ਇਸ਼ਤਿਹਾਰ ਜਾਰੀ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਾੜ ਨੂੰ ਨਾ ਸਾੜੋ, ਖੇਤਾਂ ਵਿਚ ਨਾੜ ਨੂੰ ਅੱਗ ਨਾ ਲਗਾਓ, ਪਰ ਇਸ ਦਾ ਪੰਜਾਬ ਦੇ ਕਿਸਾਨਾਂ ਉੱਪਰ ਰੱਤੀ ਭਰ ਵੀ ਅਸਰ ਨਹੀਂ ਹੋਇਆ ਅਤੇ ਪਿਛਲੇ 15 ਸਾਲਾਂ ਤੋਂ ਕਿਸਾਨ ਵਾਤਾਵਰਨ ਨੂੰ ਗੰਦਲਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ। ਲੋਕ ਸ਼ਰੇਆਮ ਕਹਿ ਰਹੇ ਹਨ ਕਿ ਡੀ.ਸੀ. ਵਲੋਂ ਜਾਰੀ ਹੁਕਮ ਹੁੰਦੇ ਹੀ ਤੋੜਨ ਅਤੇ ਉਲੰਘਣਾ ਕਰਨ ਲਈ ਹਨ। ਇਸ ਤਰ੍ਹਾਂ ਕਰਨਾ ਲੋਕ ਆਪਣਾ ਮੌਲਿਕ ਅਧਿਕਾਰ ਸਮਝਦੇ ਹਨ।


-ਗੁਲਸ਼ਨ ਸਿੰਘ ਬੱਲ
ਪਿੰਡ ਅਤੇ .ਡਾਕ ਚੋਗਾਵਾਂ, ਅੰਮ੍ਰਿਤਸਰ।


ਸਿਲੇਬਸ ਤੇ ਸਿਫ਼ਾਰਸ਼
ਤਬਦੀਲੀ ਹੋਣਾ ਕੁਦਰਤ ਦਾ ਨੇਮ ਹੈ, ਧਰਮਾਂ ਵਲੋਂ ਮਨੁੱਖ ਵਾਸਤੇ ਮਿੱਥਿਆ ਮਨੋਰਥ ਅੱਜ ਵੀ ਸਦੀਵੀ ਤੌਰ 'ਤੇ ਟਿਕਿਆ ਹੋਇਆ ਹੈ। ਪਰ ਆਮ ਲੋਕਾਂ ਦੇ ਜੀਵਨ ਦਾ ਮਨੋਰਥ ਜ਼ਰੂਰ ਬਦਲ ਗਿਆ। ਕਿਉਂਕਿ ਜੇ ਅਸੀਂ ਸਮੇਂ ਦੇ ਹਾਣ ਦੇ ਨਹੀਂ ਹੋਵਾਂਗੇ ਤਾਂ ਪਿੱਛੇ ਰਹਿ ਜਾਵਾਂਗੇ, ਨਵੀਆਂ ਸਹੀ ਗੱਲਾਂ ਅਪਣਾਉਣ ਤੋਂ ਡਰਨਾ ਨਹੀਂ ਚਾਹੀਦਾ। ਅੱਜ ਲੋੜ ਹੈ ਸਮੇਂ ਦੇ ਮੁਤਾਬਿਕ ਸਿਲੇਬਸ ਤਿਆਰ ਕਰਨ ਜੋ ਸਮੇਂ ਦੇ ਹਾਣ ਦੇ ਹੋਣ। ਹੁਣ ਜਿਹੜੇ ਵੱਖ-ਵੱਖ ਜਮਾਤਾਂ ਲਈ ਵੱਖ-ਵੱਖ ਵਿਸ਼ਿਆਂ ਦੇ ਸਿਲੇਬਸ ਤਿਆਰ ਕਰਦੇ ਹਨ, ਉਨ੍ਹਾਂ ਨੂੰ ਸਮੇਂ-ਸਮੇਂ ਹੋ ਰਹੀਆਂ ਤਬਦੀਲੀਆਂ ਨੂੰ ਹਰ ਸੂਰਤ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਿਲੇਬਸ ਤਿਆਰ ਕਰਨ ਵੇਲੇ ਉਹ ਵਿਸ਼ੇ ਨਾਲ ਸਬੰਧਿਤ ਮਸੌਦੇ ਦੀ ਉਚਾਈ ਨੂੰ ਹੀ ਦੇਖਣ, ਕਿਸੇ ਸਿਫ਼ਾਰਸ਼ ਦੀ ਕੋਈ ਪਰਵਾਹ ਨਾ ਕਰਨ। ਸਿੱਖਿਆ ਨਾਲ ਸਬੰਧਿਤ ਸੰਸਥਾਵਾਂ ਨੂੰ ਸਿਲੇਬਸ ਬਣਾਉਣ ਵਾਲੀਆਂ ਕਮੇਟੀਆਂ ਵਿਚ ਉਹ ਹੀ ਵਿਦਵਾਨ ਅਤੇ ਮਾਹਿਰ ਲਾਉਣੇ ਚਾਹੀਦੇ ਹਨ, ਜੋ ਆਪਣੇ ਵਿਸ਼ੇ ਵਿਚ ਮੁਹਾਰਤ ਰੱਖਦੇ ਅਤੇ ਨਾਲ ਦੀ ਨਾਲ ਸਿਫ਼ਾਰਸ਼ਾਂ ਮੰਨਣ ਵਾਲੇ ਨਾ ਹੋਣ। ਸਿੱਖਿਆ ਸ਼ਾਸਤਰੀਆਂ ਨੇ ਜਮਾਤਾਂ ਵਾਸਤੇ ਮਿੱਥਿਆ ਸਿਲੇਬਸ ਤਾਂ ਪੜ੍ਹਾਉਣਾ ਹੀ ਹੁੰਦਾ ਹੈ, ਨਾਲ ਦੀ ਨਾਲ ਉਹ ਵਿਦਿਆਰਥੀ ਨੂੰ ਜੀਵਨ ਦੇ ਮਨੋਰਥ ਦਾ ਸਿਲੇਬਸ ਵੀ ਪੜ੍ਹਾਉਂਦੇ ਰਹਿਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਜੇ ਅਜਿਹਾ ਹੋ ਜਾਵੇ ਤਾਂ ਸਾਡੇ ਵਿਦਿਆਰਥੀ ਸਹੀ ਅਤੇ ਢੁਕਵਾਂ ਗਿਆਨ ਹਾਸਲ ਕਰਕੇ ਗਿਆਨਵਾਨ ਵੀ ਹੋ ਜਾਣਗੇ ਅਤੇ ਸਮੇਂ ਦਾ ਮੁਕਾਬਲਾ ਵੀ ਕਰ ਸਕਣਗੇ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਪਾਕਿਸਤਾਨ ਵਿਚ ਸਿੱਖਾਂ ਦੀ ਪ੍ਰੇਸ਼ਾਨੀ
ਅੱਜ ਇਹ ਅਖ਼ਬਾਰਾਂ ਵਿਚ ਛਪਿਆ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਨੂੰ ਮ੍ਰਿਤਕ ਸਰੀਰ ਦੇ ਦਾਹ ਸੰਸਕਾਰ ਲਈ ਕੋਈ ਸਹੂਲਤ ਨਹੀਂ ਹੈ ਅਤੇ ਇਹ ਮ੍ਰਿਤਕ ਸਰੀਰ ਕਬਰਾਂ ਵਿਚ ਦਬਾਏ ਜਾਂਦੇ ਹਨ। ਸਿੱਖ ਰਿਵਾਇਤ ਦੀ ਵੱਡੀ ਉਲੰਘਣਾ ਮਜਬੂਰੀ ਵਿਚ ਸਿੱਖਾਂ ਨੂੰ ਕਰਨੀ ਪੈ ਰਹੀ ਹੈ। ਪਿੱਛੇ ਪਾਕਿਸਤਾਨੀ ਸਰਕਾਰਾਂ ਨੇ ਪਿਸ਼ਾਵਰ ਵਿਚ ਬਿਜਲੀ ਨਾਲ ਸਸਕਾਰ ਕਰਨ ਲਈ ਪਲਾਂਟ ਲਗਾਉਣ ਦਾ ਐਲਾਨ ਕੀਤਾ ਸੀ ਪਰ ਉਹ ਹੁਣ ਤੱਕ ਖਟਾਈ ਵਿਚ ਪਿਆ ਹੈ। ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ 30,000 ਹੈ ਅਤੇ ਇਸ ਦਾ ਬਹੁਤ ਵੱਡਾ ਹਿੱਸਾ ਪਿਸ਼ਾਵਰ ਵਿਚ ਹੀ ਰਹਿੰਦਾ ਹੈ ਅਤੇ ਥੋੜ੍ਹਾ ਜਿਹਾ ਨਨਕਾਣਾ ਸਾਹਿਬ ਰਹਿੰਦਾ ਹੈ। ਮੇਰੀ ਸਾਰੀਆਂ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਆਪ ਉੱਦਮ ਕਰਕੇ ਫੰਡ ਇਕੱਠਾ ਕਰਨ ਅਤੇ ਇਹ ਸਹੂਲਤ ਤੁਰੰਤ ਪਾਕਿਸਤਾਨ ਵਿਚ ਲਗਵਾ ਦੇਣ। ਸਾਰੇ ਵਿਸ਼ਵ ਅਤੇ ਪਾਕਿਸਤਾਨ ਦੇ ਰਾਜਦੂਤਾਂ ਨੂੰ ਵੀ ਇਸ ਬਾਰੇ ਲਿਖਣਾ ਚਾਹੀਦਾ ਹੈ।


-ਤਰਲੋਚਨ ਸਿੰਘ
ਸਾਬਕਾ ਸੰਸਦ ਮੈਂਬਰ।

23-05-2018

 ਕੈਪਟਨ ਸਰਕਾਰ ਦਾ ਅਹਿਮ ਫ਼ੈਸਲਾ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 11ਵੀਂ ਤੇ 12ਵੀਂ ਜਮਾਤ ਵਿਚ ਪੜ੍ਹਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਹੋਈਆਂ ਊਣਤਾਈਆਂ ਨੂੰ ਦਰੁਸਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਆ ਗਿਆ ਫ਼ੈਸਲਾ ਜਿਥੇ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ, ਉਥੇ ਹੀ ਇਹ ਫ਼ੈਸਲਾ ਇਤਿਹਾਸਕ ਹੋ ਨਿਬੜੇਗਾ। ਮੁੱਖ ਮੰਤਰੀ ਦੇ ਇਸ ਫ਼ੈਸਲੇ ਦੀ ਪੰਜਾਬੀਆਂ ਨੇ ਰੱਜ ਕੇ ਸਲਾਹੁਤਾ ਕੀਤੀ ਹੈ। ਜਿਸ ਦਿਨ ਤੋਂ ਸਮੇਂ ਦੇ ਹਾਕਮਾਂ ਨੇ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਉਕਤ ਜਮਾਤ ਦੀਆਂ ਕਿਤਾਬਾਂ 'ਚੋਂ ਹਟਾਉਣ ਦਾ ਕੋਝਾ ਯਤਨ ਕੀਤਾ ਹੈ, ਉਸੇ ਦਿਨ ਤੋਂ ਪੰਜਾਬੀਆਂ ਵਿਚ ਭਾਰੀ ਨਿਰਾਸ਼ਾ ਤੇ ਡੂੰਘਾ ਰੋਸ ਵੇਖਣ ਨੂੰ ਮਿਲ ਰਿਹਾ ਸੀ ਪਰ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿਚ ਉੱਘੇ ਇਤਿਹਾਸਕਾਰ ਪ੍ਰੋ: ਕਿਰਪਾਲ ਸਿੰਘ ਦੀ ਅਗਵਾਈ ਹੇਠ ਇਕ ਛੇ ਮੈਂਬਰ ਕਮੇਟੀ ਕਾਇਮ ਕਰਨ ਦਾ ਨਿੱਗਰ ਫ਼ੈਸਲਾ ਲਿਆ ਤਾਂ ਸਮੁੱਚੇ ਸਿੱਖ ਜਗਤ ਦੇ ਨਾਲ-ਨਾਲ ਸਾਹਿਤਕਾਰਾਂ, ਲੇਖਕਾਂ ਅਤੇ ਸਮੂਹ ਪੰਜਾਬੀਆਂ ਅੰਦਰ ਖੁਸ਼ੀ ਜਾਗ ਉੱਠੀ।
ਅੱਜ ਜਿਵੇਂ ਹੀ ਸਮੇਂ ਦੀ ਅਫ਼ਸਰਸ਼ਾਹੀ ਵਲੋਂ ਪੰਜਾਬ ਦੇ ਮਾਣਮੱਤੇ ਤੇ ਇਤਿਹਾਸ ਨੂੰ ਅੱਖੋਂ ਓਹਲੇ ਕਰ ਦੇਣ ਦੀ ਘਟੀਆ ਕੋਸ਼ਿਸ਼ ਕੀਤੀ ਗਈ ਤਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਨੂੰ ਵੀ ਇਸ ਹਰਕਤ ਦਾ ਵੱਡਾ ਦੁੱਖ ਹੋਇਆ ਅਤੇ ਉਨ੍ਹਾਂ ਪਿੰਡਾਂ ਵਿਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ ਯਤਨ ਜਾਰੀ ਕੀਤੇ ਹਨ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਚਤਰ ਦਿਮਾਗਾਂ 'ਤੇ ਕਰੜੀ ਨਜ਼ਰ ਰੱਖੇ।


-ਬੇਅੰਤ ਗਿੱਲ
ਪਿੰਡ ਤੇ ਡਾਕ: ਭਲੂਰ (ਮੋਗਾ)।


ਜ਼ਰੂਰੀ ਹਨ ਸੰਸਕਾਰ
ਸੰਪਾਦਕੀ ਸਫ਼ੇ 'ਤੇ ਸਿੰਮੀਪ੍ਰੀਤ ਕੌਰ ਦਾ ਲੇਖ 'ਕਿੱਥੇ ਰੱਖ ਲਵਾਂ ਲੁਕੋ ਕੇ ਤੈਨੂੰ ਧੀਏ' ਅਜੋਕੇ ਸਮੇਂ ਦਾ ਸੱਚ ਬਿਆਨ ਕਰ ਰਿਹਾ ਸੀ। ਕੀ ਸੱਚਮੁੱਚ ਹੀ ਧੀਆਂ ਨੂੰ ਲੁਕੋ ਕੇ ਰੱਖਣ ਵਾਲਾ ਸਮਾਂ ਆ ਗਿਆ ਹੈ? ਭਰੂਣ ਹੱਤਿਆ ਤੋਂ ਮਸਾਂ ਬਚਾਈਆਂ ਇਨ੍ਹਾਂ ਧੀਆਂ ਨੂੰ ਇਕ ਵਾਰ ਫਿਰ ਬਚਾਉਣਾ ਪਵੇਗਾ? ਇਸ ਕਸ਼ਮਕਸ਼ ਸਬੰਧੀ ਵਧੇਰੇ ਸੋਚ ਧੀਆਂ ਦੇ ਮਾਪਿਆਂ ਤੋਂ ਇਲਾਵਾ ਮੁੰਡਿਆਂ ਦੇ ਮਾਪਿਆਂ ਨੂੰ ਹੋਣੀ ਚਾਹੀਦੀ ਹੈ। ਆਖਰ ਮੁੰਡਿਆਂ ਨੂੰ ਕਿਹੋ ਜਿਹੇ ਸੰਸਕਾਰ ਦਿੱਤੇ ਜਾਣ ਤਾਂ ਜੋ ਮੁੰਡਿਆਂ ਤੋਂ ਵੀ ਕਿਤੇ ਅੱਗੇ ਵਧ ਚੁੱਕੀਆਂ ਇਨ੍ਹਾਂ ਧੀਆਂ ਦਾ ਕਾਫ਼ਲਾ ਇਸੇ ਤਰ੍ਹਾਂ ਚਲਦਾ ਰਹੇ।


-ਮਨਦੀਪ ਸੁਨਾਮ
ਸੰਗਰੂਰ।


ਪਿੰਡਾਂ ਦੀਆਂ ਸੱਥਾਂ
ਸੱਥਾਂ ਤੋਂ ਬਿਨਾਂ ਪਿੰਡਾਂ ਦਾ ਜੀਵਨ ਅਧੂਰਾ ਹੈ। ਪਿੰਡ ਦੇ ਵਿਚਕਾਰ ਕਿਸੇ ਸਾਂਝੀ ਜਗ੍ਹਾ 'ਤੇ ਬਜ਼ੁਰਗਾਂ ਦੁਆਰਾ ਤਾਸ਼ ਖੇਡਣ ਤੇ ਕਿਸੇ ਸਿਰ ਬਾਜ਼ੀ ਹੋਣ 'ਤੇ ਉੱਚੀ ਆਵਾਜ਼ ਵਿਚ ਸ਼ੋਰ ਪਾਉਣ ਦੀ ਆਪਣੀ ਰੌਣਕ ਹੁੰਦੀ ਸੀ। ਆਮ ਤੌਰ 'ਤੇ ਪਿੰਡਾਂ ਦੇ ਲੋਕ ਖੇਤੀ ਦੇ ਕੰਮਕਾਜ ਖ਼ਤਮ ਕਰਨ ਤੋਂ ਬਾਅਦ ਸੱਥਾਂ ਵਿਚ ਇਕੱਠੇ ਹੋ ਕੇ ਬੈਠ ਜਾਂਦੇ ਹਨ। ਇਨ੍ਹਾਂ ਸੱਥਾਂ ਵਿਚ ਤਾਸ਼ ਖੇਡਣ ਤੋਂ ਇਲਾਵਾ ਪੰਜਾਬ ਵਿਚ ਵਾਪਰ ਰਹੀਆਂ ਧਾਰਮਿਕ, ਰਾਜਨੀਤਕ ਘਟਨਾਵਾਂ 'ਤੇ ਵੀ ਖੂਬ ਚਰਚਾ ਹੁੰਦੀ ਹੈ। ਚੋਣਾਂ ਸਮੇਂ ਤਾਂ ਇਹ ਸੱਥਾਂ ਸਿਆਸੀ ਅਖਾੜਾ ਬਣ ਜਾਂਦੀਆਂ ਹਨ। ਸੱਥਾਂ ਵਿਚ ਪਿੰਡ ਦੇ ਲੋਕ ਦੁੱਖ-ਸੁੱਖ ਦੀਆਂ ਗੱਲਾਂ ਵੀ ਇਕ-ਦੂਸਰੇ ਨਾਲ ਸਾਂਝੀਆਂ ਕਰਦੇ ਹਨ। ਸੱਥਾਂ ਭਾਈਚਾਰਕ ਤੌਰ 'ਤੇ ਵੀ ਲੋਕਾਂ ਨੂੰ ਇਕਜੁੱਟ ਰੱਖਦੀਆਂ ਹਨ, ਕਿਉਂਕਿ ਇਨ੍ਹਾਂ ਵਿਚ ਪਿੰਡ ਦੇ ਸਾਰੇ ਫ਼ਿਰਕੇ ਦੇ ਲੋਕ ਆ ਸਕਦੇ ਹਨ। ਵਰਤਮਾਨ ਸਮੇਂ ਵਿਚ ਸੱਥਾਂ ਦੀ ਰੌਣਕ ਵਿਚ ਕਮੀ ਆ ਰਹੀ ਹੈ। ਲੋਕਾਂ ਕੋਲ ਏਨਾ ਸਮਾਂ ਨਹੀਂ। ਜਿਨ੍ਹਾਂ ਕੋਲ ਸਮਾਂ ਹੈ ਉਹ ਆਪਣੇ ਸਮੇਂ ਦੀ ਪੂਰਤੀ ਘਰ ਬੈਠ ਕੇ ਤਕਨੀਕ ਦੇ ਸਾਧਨਾਂ ਜਿਵੇਂ ਮੋਬਾਈਲ, ਟੈਲੀਵਿਜ਼ਨ ਦੇਖ ਕੇ ਕਰ ਰਹੇ ਹਨ। ਤਾਸ਼ ਖੇਡਣ ਵਾਲਾ ਬੁਢਾਪਾ ਬਿਰਧ ਆਸ਼ਰਮਾਂ ਵਿਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸੱਥਾਂ ਆਉਣ ਵਾਲੇ ਸਮੇਂ ਵਿਚ ਇਤਿਹਾਸ ਬਣ ਕੇ ਰਹਿ ਜਾਣਗੀਆਂ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਝੋਨੇ ਦੀ ਬਿਜਾਈ
ਪੰਜਾਬ ਸਰਕਾਰ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਅਤੇ ਝੋਨੇ ਦੀ ਲਵਾਈ 20 ਜੂਨ ਨੂੰ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਹਨ, ਜੋ ਕਿ ਸਰਕਾਰ ਦਾ ਇਕ ਵਧੀਆ ਫ਼ੈਸਲਾ ਹੈ। ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਗੰਭੀਰ ਸਥਿਤੀ ਹੋਣ ਕਰਕੇ ਕਾਲਾ ਜ਼ੋਨ ਐਲਾਨ ਕੀਤਾ ਗਿਆ ਹੈ, ਭਾਵ ਕਿ ਜ਼ਮੀਨ ਹੇਠੋਂ ਹੋਰ ਪਾਣੀ ਦੀ ਨਿਕਾਸੀ ਕਰਨੀ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਵੀ ਧਰਤੀ ਹੇਠਲੇ ਵੱਡਮੁੱਲੇ ਪਾਣੀ ਦੀ ਬੱਚਤ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫ਼ਾਰਸ਼ ਕੀਤੀਆਂ ਗਈਆਂ। ਝੋਨੇ ਦੀਆਂ ਸਾਰੀਆਂ ਗ਼ੈਰ-ਬਾਸਮਤੀ ਕਿਸਮਾਂ ਦੀ ਪਨੀਰੀ ਦੀ ਬਿਜਾਈ 20 ਮਈ ਅਤੇ ਇਸ ਦੀ ਲਵਾਈ 20 ਜੂਨ ਨੂੰ ਹੀ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਵਿਗਿਆਨੀਆਂ ਅਤੇ ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਅਪੀਲਾਂ/ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਕੇ ਆਪਣਾ ਯੋਗਦਾਨ ਪਾ ਸਕਣ। ਸਰਕਾਰ ਨੂੰ ਵੀ ਜਦੋਂ ਕਿਸਾਨ ਦੀ ਝੋਨੇ ਦੀ ਫ਼ਸਲ ਨੂੰ ਬੇਹੱਦ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬਿਜਲੀ ਦੀ ਨਿਰਧਾਰਤ ਸਪਲਾਈ ਕਰਨੀ ਚਾਹੀਦੀ ਹੈ ਅਤੇ ਫ਼ਸਲ ਪੱਕਣ ਉਪਰੰਤ ਮੰਡੀ ਵਿਚ ਇਸ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆਂ, ਜਲੰਧਰ।


ਜ਼ੋਰਦਾਰ ਟੁੰਬਣਾ
ਡਾ: ਰਾਜਵੰਤ ਕੌਰ ਪੰਜਾਬੀ ਦੀ ਕਲਮ ਤੋਂ 'ਅਜੀਤ ਮੈਗਜ਼ੀਨ' ਦਾ ਮੁੱਖ ਲੇਖ 'ਕੁਦਰਤ ਦੀ ਸਰਵੋਤਮ ਰਚਨਾ ਹੈ ਮਾਂ' ਜਿਥੇ ਹਰ ਮਾਂ ਦੀ ਅਥਾਹ ਘਾਲਣਾ ਦਾ ਅਤਿ ਖੂਬਸੂਰਤ ਸ਼ਬਦਾਂ 'ਚ ਵਰਨਣ ਕਰਦਾ ਹੈ, ਉਥੇ ਇਹ ਨਿੱਜ ਪਰਿਵਾਰਾਂ 'ਚ ਫਸ ਕੇ ਆਪਣੀਆਂ ਮਾਵਾਂ ਨੂੰ ਘਰੋਂ ਕੱਢ ਕੇ ਬਿਰਧ ਆਸ਼ਰਮਾਂ 'ਚ ਛੱਡ ਆਉਣ ਵਾਲੇ ਵੱਡੇ ਭੁੱਲੜ ਪੁੱਤਰਾਂ ਨੂੰ ਵੀ ਹਿਮਾਲਾ ਪਹਾੜ ਜਿੱਡੀ ਆਪਣੀ ਭੁੱਲ ਸੁਧਾਰਨ ਲਈ ਝੰਜੋੜਨ ਵਾਸਤੇ ਜ਼ੋਰਦਾਰ ਟੁੰਬਣਾ ਦਿੰਦਾ ਹੈ। ਰੱਬ ਕਰੇ! ਕੋਈ ਅਜਿਹਾ ਭੁੱਲੜ ਪੁੱਤਰ ਅੱਜ ਦੇ ਦਿਨ ਇਹ ਸੁਧਾਰ ਕੇ ਆਪਣੀ ਮਾਂ ਨੂੰ ਘਰ ਲੈ ਆਵੇ।


-ਸੁਰਿੰਦਰ ਸਿੰਘ ਨਿਮਾਣਾ।


ਪ੍ਰਦੂਸ਼ਿਤ ਵਾਤਾਵਰਨ
ਬੜੀ ਹੈਰਾਨੀ ਹੁੰਦੀ ਹੈ ਇਹ ਸੋਚ ਕੇ ਕਿ 21ਵੀਂ ਸਦੀ ਦੇ ਵਿਗਿਆਨਕ ਅਤੇ ਤਕਨੀਕੀ ਯੁੱਗ ਵਿਚ ਮਨੁੱਖ ਡਾਵਾਂਡੋਲ ਹੈ। ਹਾੜ੍ਹੀ ਅਤੇ ਸਾਉਣੀ ਇਨਸਾਨ ਲਈ ਭਿਅੰਕਰ ਹੁੰਦੀ ਜਾ ਰਹੀ ਹੈ। ਇਹ ਸਿਲਸਿਲਾ ਪੰਜਾਬ ਵਿਚ ਆਮ ਚਲਦਾ ਹੈ। ਵਾਤਾਵਰਨ ਪ੍ਰੇਮੀ ਇਸ ਵਰਤਾਰੇ ਤੋਂ ਦੁਖੀ ਹਨ। ਸਰਕਾਰਾਂ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਹਨ। ਵਾਤਾਵਰਨ ਲਗਾਤਾਰ ਵਿਗੜ ਰਿਹਾ ਹੈ। ਨੌਬਤ ਇਥੋਂ ਤੱਕ ਆ ਚੁੱਕੀ ਹੈ ਕਿ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ ਵੀ ਇਸ ਦੀ ਮਾਰ ਹੇਠ ਆ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸੂਚੀ ਅਨੁਸਾਰ ਇਸ ਤੋਂ ਇਲਾਵਾ ਸਨਅਤੀ ਸ਼ਹਿਰ ਲੁਧਿਆਣਾ, ਗੋਬਿੰਦਗੜ੍ਹ, ਖੰਨਾ ਅਤੇ ਡੇਰਾ ਬਾਬਾ ਨਾਨਕ ਵੀ ਪ੍ਰਦੂਸ਼ਣ ਦੀ ਮਾਰ ਹੇਠ ਹਨ। ਰੁੱਖ ਕੱਟਣ, ਪਰਾਲੀ ਸਾੜਨ, ਕਣਕ ਦੇ ਵੱਢ ਨੂੰ ਅੱਗਾਂ ਲਗਾਉਣ ਨਾਲ ਹਰ ਵਰ੍ਹੇ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹ ਸਾਰੀ ਦੁਨੀਆ ਜਾਣਦੀ ਹੈ ਪਰ ਸਾਡੀਆਂ ਸਰਕਾਰਾਂ ਤੋਂ ਇਸ ਦਾ ਹੱਲ ਨਹੀਂ ਨਿਕਲਦਾ, ਕਿਉਂਕਿ ਸਾਡੇ ਕੋਲ ਠੋਸ ਯੋਜਨਾਬੰਦੀ ਨਹੀਂ, ਸਾਡੇ ਖਜ਼ਾਨੇ ਖਾਲੀ ਹਨ। ਜੇਕਰ ਪੰਜਾਬ ਅਤੇ ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਲਈ ਹੈ ਤਾਂ ਫਿਰ ਇਸ ਮਸਲੇ ਦਾ ਹੱਲ ਸਾਰੇ ਪੰਜਾਬੀ ਤੇ ਦੇਸ਼ ਵਾਸੀ ਚਾਹੁੰਦੇ ਹਨ।


-ਕੇ.ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

22-05-2018

 ਸਾਲਾਨਾ ਨਤੀਜੇ ਅਤੇ ਖ਼ੁਦਕੁਸ਼ੀਆਂ
ਅੱਜਕਲ੍ਹ ਦਸਵੀਂ, ਬਾਰ੍ਹਵੀਂ ਅਤੇ ਹੋਰ ਕਈ ਜਮਾਤਾਂ ਦੇ ਸਾਲਾਨਾ ਨਤੀਜੇ ਆ ਰਹੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨਤੀਜਿਆਂ ਵਿਚ ਨਿਰਾਸ਼ਾਜਨਕ ਪ੍ਰਾਪਤੀਆਂ ਹੋਣ ਕਰਕੇ ਸਾਡਾ ਵਿਦਿਆਰਥੀ ਵਰਗ ਕਈ ਵਾਰੀ ਰਾਹੋਂ ਭਟਕ ਕੇ ਅਤੇ ਤਣਾਅ ਵਿਚ ਆ ਕੇ ਖ਼ੁਦਕੁਸ਼ੀ ਕਰਨ ਤੱਕ ਦੀ ਗ਼ੈਰ-ਮਨੁੱਖੀ ਕੋਸ਼ਿਸ਼ ਕਰਦਾ ਹੈ, ਜੋ ਕਿ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਤੋਂ ਸਹੀ ਅਤੇ ਉਸਾਰੂ ਨਹੀਂ ਹੈ, ਕਿਉਂਕਿ ਜ਼ਿੰਦਗੀ ਇਕ ਪ੍ਰੀਖਿਆ ਦੀ ਤਰ੍ਹਾਂ ਹੀ ਹੁੰਦੀ ਹੈ ਅਤੇ ਜ਼ਿੰਦਗੀ ਵਿਚ ਕਈ ਛੋਟੇ-ਵੱਡੇ ਉਤਰਾਅ-ਚੜ੍ਹਾਅ ਵੀ ਆਉਂਦੇ ਜਾਂਦੇ ਰਹਿੰਦੇ ਹਨ। ਵਿਦਿਆਰਥੀ ਵਰਗ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਚੁੱਕੇ ਗਏ ਇਸ ਗ਼ਲਤ ਕਦਮ ਦੇ ਨਾਲ ਉਹ ਆਪ ਵੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਪਿੱਛੋਂ ਕੀ ਵਾਪਰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਸੋਚੇ ਹੋਏ ਸੁਪਨੇ ਮਿੱਟੀ ਵਿਚ ਮਿਲ ਜਾਂਦੇ ਹਨ। ਅਜਿਹੀਆਂ ਖ਼ਬਰਾਂ ਸੁਣ ਕੇ, ਪੜ੍ਹ ਕੇ ਤੇ ਦੇਖ ਕੇ ਬਹੁਤ ਵੱਡਾ ਦੁੱਖ ਵੀ ਹੁੰਦਾ ਹੈ। ਸਾਲਾਨਾ ਨਤੀਜਿਆਂ ਵਿਚੋਂ ਘੱਟ ਅੰਕ ਪ੍ਰਾਪਤ ਹੋਣਾ ਜਾਂ ਫੇਲ੍ਹ ਹੋ ਜਾਣਾ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੋ ਸਕਦੀ। ਇਸ ਲਈ ਵਿਦਿਆਰਥੀ ਵਰਗ ਨੂੰ ਇਹ ਪੁਰਜ਼ੋਰ ਬੇਨਤੀ ਹੈ ਕਿ ਅਜਿਹਾ ਰਾਹ ਕਦੇ ਨਾ ਅਪਣਾਓ ਅਤੇ ਅਗਲੇ ਵਰ੍ਹੇ ਸਖ਼ਤ ਮਿਹਨਤ ਕਰਕੇ ਵੱਧ ਅੰਕ ਪ੍ਰਾਪਤ ਕਰੋ ਅਤੇ ਦੁਨੀਆ ਵਿਚ ਨਾਮਣਾ ਖੱਟ ਕੇ ਮਾਤਾ-ਪਿਤਾ ਦਾ ਨਾਂਅ ਵੀ ਉੱਚਾ ਕਰਕੇ ਦੱਸੋ। ਇਸ ਵਿਚ ਹੀ ਤੁਹਾਡੀ ਬਹਾਦਰੀ, ਤੁਹਾਡੀ ਸਫ਼ਲਤਾ, ਤੁਹਾਡੀ ਕਾਮਯਾਬੀ, ਤੁਹਾਡੀ ਲਿਆਕਤ ਅਤੇ ਤੁਹਾਡੀ ਇੱਜ਼ਤ ਹੈ, ਨਾ ਕਿ ਖ਼ੁਦਕੁਸ਼ੀ ਕਰਨ ਵਿਚ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਕਿੱਧਰ ਗਈ ਰੂਹ ਦੀ ਗਾਇਕੀ?
ਗਾਇਕੀ ਦਾ ਰੂਹ ਨਾਲ ਅਟੁੱਟ ਰਿਸ਼ਤਾ ਰਿਹਾ। ਰਿਸ਼ਤਿਆਂ ਦੇ ਨਿੱਘ ਦੀ ਕਲਾਮਈ ਪੇਸ਼ਕਾਰੀ ਚੰਗੀ ਗਾਇਕੀ ਦਾ ਹਾਸਲ ਹੋ ਨਿਬੜਦਾ ਹੈ। ਸੁਰਤਾਲ ਨਾਲ ਇਕਸੁਰ ਹੋ ਕੇ ਲੰਮੀ ਸਾਧਨਾ ਗਾਇਕੀ ਦੀ ਮੰਜ਼ਿਲ ਦਾ ਰਸਤਾ ਹੈ। ਪਰ ਅੱਜ ਦੀ ਗਾਇਕੀ ਨੇ ਇਨ੍ਹਾਂ ਅਰਥਾਂ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ। ਸਾਜ਼ਾਂ ਦੇ ਸ਼ੋਰ ਅਤੇ ਬੇਸੁਰੇ ਬੋਲਾਂ ਨਾਲ ਸੋਹਜ ਅਤੇ ਅਰਥਾਂ ਤੋਂ ਸੱਖਣੀ ਗਾਇਕੀ ਨੇ ਰੂਹ ਨੂੰ ਛਲਣੀ ਕਰਕੇ ਰੱਖ ਦਿੱਤਾ ਹੈ। ਰਿਸ਼ਤਿਆਂ ਦੀ ਪਵਿੱਤਰਤਾ ਨਾਲ ਖਿਲਵਾੜ ਕਰਦੇ ਬੋਲ ਕੀ ਸੁਨੇਹਾ ਦਿੰਦੇ ਹਨ। ਅੱਜ ਦੀ ਇਸ ਗਾਇਕੀ ਵਿਚਲੇ ਦਹਿਸ਼ਤ ਪੈਦਾ ਕਰਦੇ ਹਥਿਆਰਾਂ ਨੇ ਗੱਲ ਕਤਲਾਂ ਤੱਕ ਪਹੁੰਚਾ ਦਿੱਤੀ ਹੈ। ਅਜੋਕੀ ਗਾਇਕੀ ਨੇ ਮਾਰੂ ਨਸ਼ੇ ਸਾਡੇ ਸੁਭਾਅ ਦਾ ਹਿੱਸਾ ਬਣਾ ਦਿੱਤੇ ਹਨ। ਪੈਸੇ ਅਤੇ ਫੁਕਰੇਪਣ ਨੇ ਇਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅੱਧ ਨੰਗੇ ਫੈਸ਼ਨੇਬਲ ਕੱਪੜਿਆਂ 'ਚ ਮਲੀਨ ਵਿਚਾਰ ਲਪੇਟ ਕੇ ਪਰੋਸੇ ਜਾ ਰਹੇ ਹਨ। ਇਸ ਗੰਧਲੀ ਹਨੇਰੀ 'ਚ ਫਿਰ ਵੀ ਮਾਂ ਬੋਲੀ ਦੇ ਸਲੱਗ ਪੁੱਤਰਾਂ ਨੇ ਦੀਵੇ ਬਾਲ ਕੇ ਰੱਖੇ ਹਨ, ਜਿਨ੍ਹਾਂ ਨੂੰ ਬਣਦਾ ਮਾਣ ਤੇ ਸ਼ਾਬਾਸੀ ਦੇਣਾ ਸਾਡਾ ਫ਼ਰਜ਼ ਹੈ। ਸਾਡੇ ਸੱਭਿਆਚਾਰ ਨੂੰ ਬਾਹਰੀ ਤਾਕਤਾਂ ਨਾਲੋਂ ਸਾਡੇ ਆਪਣਿਆਂ ਦੀ ਕੁਰਾਹੇ ਪਈ ਗਾਇਕੀ ਤੋਂ ਵੱਧ ਖ਼ਤਰਾ ਹੈ। ਕਾਲੀ ਰਾਤ ਤੋਂ ਬਾਅਦ ਪਹੁ-ਫੁਟਾਲਾ ਜ਼ਰੂਰ ਹੋਵੇਗਾ। ਆਓ, ਘਟੀਆ ਗਾਇਕੀ ਨੂੰ ਨਕਾਰੀਏ, ਚੰਗੀ ਗਾਇਕੀ ਨੂੰ ਉਤਸ਼ਾਹਿਤ ਕਰੀਏ।

-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।

ਸਰਾਪ ਹੈ ਬਾਲ ਮਜ਼ਦੂਰੀ
ਬਾਲ ਮਜ਼ਦੂਰੀ ਇਕ ਬਹੁਤ ਹੀ ਗੰਭੀਰ ਸਮਾਜਿਕ ਮੁੱਦਾ ਹੈ, ਜੋ ਕਿਸੇ ਵੀ ਤਰੱਕੀ ਕਰ ਰਹੇ ਦੇਸ਼ ਦੇ ਵਿਕਾਸ ਵਿਚ ਵੱਡੇ ਪੱਧਰ 'ਤੇ ਰੋਕ ਲਾਉਂਦੀ ਹੈ। ਕਿੰਨੇ ਹੀ ਸ਼ਰਮ ਦੀ ਗੱਲ ਹੈ ਕਿ ਇਨਸਾਨ ਆਪਣੇ ਲਾਲਚ ਦੇ ਵੱਸ ਪੈ ਕੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਦਾ ਸ਼ੋਸ਼ਣ ਕਰਨ ਤੋਂ ਵੀ ਬਾਜ਼ ਨਹੀਂ ਆ ਰਿਹਾ। ਭਾਵੇਂ ਕਿ ਸਰਕਾਰ ਵਲੋਂ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਤਹਿਤ 6 ਤੋਂ 14 ਸਾਲ ਦੇ ਹਰ ਇਕ ਬੱਚੇ ਨੂੰ ਮੁਫ਼ਤ ਸਿੱਖਿਆ ਦੇਣੀ ਜ਼ਰੂਰੀ ਕੀਤੀ ਗਈ ਹੈ। ਅੱਜ ਵੀ ਆਲੇ-ਦੁਆਲੇ ਨਜ਼ਰ ਮਾਰਨ 'ਤੇ ਸਾਨੂੰ ਘਰਾਂ, ਹੋਟਲਾਂ, ਦੁਕਾਨਾਂ ਤੇ ਫੈਕਟਰੀਆਂ ਵਿਚ ਮਜ਼ਦੂਰੀ ਕਰਦੇ ਬੱਚੇ ਆਸਾਨੀ ਨਾਲ ਮਿਲ ਜਾਣਗੇ। ਅੱਜ ਸਥਿਤੀ ਏਨੀ ਭਿਆਨਕ ਹੋ ਚੁੱਕੀ ਹੈ ਕਿ ਬੱਚਿਆਂ ਤੋਂ ਘੰਟਿਆਂਬੱਧੀ ਕੰਮ ਲੈ ਕੇ ਉਨ੍ਹਾਂ ਨੂੰ ਮੁੱਠੀ ਭਰ ਪੂੰਜੀ ਦਿੱਤੀ ਜਾਂਦੀ ਹੈ। ਬਾਲ ਮਜ਼ਦੂਰੀ ਕਰਦੇ ਬੱਚੇ ਆਪਣੇ ਜੀਵਨ ਦੀ ਅਣਮੁੱਲੀ ਦਾਤ ਬਚਪਨ ਨੂੰ ਮਾਨਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਖੇਡਣ ਕੁੱਦਣ ਦੀ ਥਾਂ 'ਤੇ ਬਚਪਨ ਵਿਚ ਕੀਤਾ ਗਿਆ ਕੰਮ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਉੱਪਰ ਮਾੜ ਅਸਰ ਪਾਉਂਦਾ ਹੈ। ਭਾਰਤੀ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਲੈਣ ਦੀ ਪੂਰਨ ਤੌਰ 'ਤੇ ਮਨਾਹੀ ਹੈ ਅਤੇ ਘੱਟ ਉਮਰ ਦੇ ਬੱਚਿਆਂ ਨੂੰ ਕੰਮ 'ਤੇ ਲਗਾਉਣ ਲਈ ਸਜ਼ਾ ਅਤੇ ਜੁਰਮਾਨਾ ਵੀ ਅਦਾ ਕਰਨਾ ਪੈਂਦਾ ਹੈ। ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨਾ ਤਾਂ ਅਸੀਂ ਆਪ ਕਿਸੇ ਤੋਂ ਬਾਲ ਮਜ਼ਦੂਰੀ ਕਰਵਾਈਏ ਅਤੇ ਨਾ ਹੀ ਆਪਣੇ ਆਲੇ-ਦੁਆਲੇ ਅਜਿਹਾ ਹੋਣ ਦੇਈਏ।

-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।

'ਇਕ ਪਿੰਡ ਇਕ ਸ਼ਮਸ਼ਾਨਘਾਟ' ਸ਼ਲਾਘਾਯੋਗ ਕਦਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੀਂ ਵਿੱਢੀ ਗਈ ਮੁਹਿੰਮ 'ਇਕ ਪਿੰਡ ਇਕ ਸ਼ਮਸ਼ਾਨਘਾਟ' ਸ਼ਲਾਘਾਯੋਗ ਕਦਮ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਕਮੇਟੀ ਵਲੋਂ 'ਇਕ ਪਿੰਡ ਇਕ ਗੁਰਦੁਆਰਾ' ਮੁਹਿੰਮ ਚੱਲ ਰਹੀ ਹੈ। ਇਸ ਨਾਲ ਸਿੱਖ ਧਰਮ ਵਿਚ ਫੈਲ ਰਹੀਆਂ ਜਾਤ-ਪਾਤ ਅਤੇ ਛੂਆ-ਛੂਤ ਜਿਹੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਵੇਗੀ ਅਤੇ ਗੁਰੂਆਂ ਵਲੋਂ ਦਰਸਾਏ ਗਏ ਮਾਰਗ 'ਤੇ ਚੱਲ ਕੇ ਸਮਾਜਿਕ ਅਤੇ ਭਾਈਚਾਰਕ ਸਾਂਝ ਨੂੰ ਬਲ ਮਿਲੇਗਾ।

-ਜਸਵੰਤ ਸਿੰਘ,
ਪਿੰਡ ਤੇ ਡਾਕ: ਪੁਰਾਣੇ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ।

ਆਓ, ਸੋਚ-ਵਿਚਾਰ ਕਰੀਏ
ਮੈਂ ਸ਼ਹਿਰ ਸੰਗਰੂਰ ਦਾ ਵਸਨੀਕ ਹਾਂ। ਮੇਰੀ ਰਿਹਾਇਸ਼ ਦੇ ਨੇੜੇ ਲਗਪਗ ਦੋ ਕੁ ਕਿਲੋਮੀਟਰ ਦੇ ਘੇਰੇ ਵਿਚ ਵੱਖ-ਵੱਖ ਜਗ੍ਹਾ 'ਤੇ 6 ਘੰਟਿਆਂ ਦੌਰਾਨ ਦੋ ਦੁਰਘਟਨਾਵਾਂ 'ਚ ਤਿੰਨ ਮੌਤਾਂ ਹੋ ਗਈਆਂ। ਗ਼ਲਤੀ ਕਿਸ ਦੀ ਸੀ ਇਹ ਵਿਸ਼ਾ ਜਾਂਚ ਦਾ ਹੈ ਪਰ ਮੈਂ ਇਸ ਨੂੰ ਵਾਹਨਾਂ ਦੀ ਵਧਦੀ ਗਿਣਤੀ ਦਾ ਸਿੱਟਾ ਸਮਝਦਾ ਹਾਂ। ਸਰਕਾਰਾਂ, ਪ੍ਰਸ਼ਾਸਨ ਇਸ ਨੂੰ ਰੋਕਣ ਵਿਚ ਨਾਕਾਮਯਾਬ ਹਨ। ਉਹ ਰੋਕ ਵੀ ਨਹੀਂ ਸਕਦੇ, ਕਿਉਂਕਿ ਕਦੋਂ, ਕਿਉਂ, ਕਿੰਨੀ ਗਤੀ ਨਾਲ ਵਾਹਨ ਚਲਾਉਣਾ ਹੈ, ਇਹ ਸਾਡੇ ਖ਼ੁਦ 'ਤੇ ਨਿਰਭਰ ਕਰਦਾ ਹੈ। ਬਹੁਤੀਆਂ ਦੁਰਘਟਨਾਵਾਂ ਦਾ ਕਾਰਨ ਤੇਜ਼ ਰਫ਼ਤਾਰ, ਅਣਗਹਿਲੀ ਹੀ ਹੁੰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਲੋੜ ਅਨੁਸਾਰ ਹੀ ਮੋਟਰਸਾਈਕਲ, ਸਕੂਟਰ ਆਦਿ ਕੋਈ ਵੀ ਵਾਹਨ ਚਲਾਉਣ ਦੀ ਆਗਿਆ ਦੇਣ। ਛੋਟੇ ਬੱਚਿਆਂ ਨੂੰ ਸਮਝਾਉਣ ਦੀ ਸਖ਼ਤ ਲੋੜ ਹੈ, ਕਿਉਂਕਿ ਇਹ ਬਾਜ਼ਾਰਾਂ ਵਿਚ ਮਸਤੀ ਭਰੇ ਅੰਦਾਜ਼ ਨਾਲ ਵਾਹਨ ਚਲਾਉਂਦੇ ਹਨ, ਕਿਉਂਕਿ ਇਹ ਅਣਗਹਿਲੀ ਕਾਰਨ ਹੋਣ ਵਾਲੇ ਸਿੱਟੇ ਤੋਂ ਅਣਜਾਣ ਹੁੰਦੇ ਹਨ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਸਰਕਾਰੀ ਹਸਪਤਾਲ ਕੋਲ ਉਸ ਸੜਕ 'ਤੇ 'ਸਪੀਡ ਬਰੇਕਰ' ਬਣਾ ਦਿੱਤੇ ਜਾਣ, ਤਾਂ ਜੋ ਉਥੋਂ ਲੰਘਣ ਵਾਲਾ ਹਰ ਵਾਹਨ ਹੌਲੀ ਹੋ ਕੇ ਲੰਘੇ, ਜਿਸ ਨਾਲ ਦੁਰਘਟਨਾ ਹੋਣ ਦਾ ਡਰ ਘਟ ਜਾਵੇ।

-ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।

21-05-2018

 ਪੜ੍ਹੋ ਪੰਜਾਬ ਪੜ੍ਹਾਓ ਪੰਜਾਬ
ਪਿਛਲੇ ਦਿਨੀਂ 'ਪੜ੍ਹੋ ਪੰਜਾਬ' ਬਾਰੇ ਇਕ ਸਾਥੀ ਦਾ ਸੰਪਾਦਕੀ ਪੰਨੇ ਉੱਤੇ ਇਕ ਲੇਖ ਪੜ੍ਹਿਆ, ਜੋ ਸ਼ਲਾਘਾਯੋਗ ਹੈ। ਇਸ ਪ੍ਰਾਜੈਕਟ ਨੂੰ ਚਲਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਭਾਸ਼ਾ ਪੜ੍ਹਨ, ਲਿਖਣ ਤੇ ਹਿਸਾਬ ਦੇ ਮੁਢਲੇ ਸੰਕਲਪ ਸਮਝਾਉਣਾ ਹੈ ਪਰ ਇਸ ਵਾਸਤੇ 2 ਹਜ਼ਾਰ ਅਧਿਆਪਕਾਂ ਨੂੰ ਸਕੂਲ ਵਿਚੋਂ ਕੱਢ ਕੇ ਸਕੂਲਾਂ ਦੀ ਮੋਨੀਟਰਿੰਗ ਕਰਨ 'ਤੇ ਲਗਾ ਦੇਣਾ ਤਰਕਸੰਗਤ ਨਹੀਂ। ਬਹੁਤ ਸਾਰੇ ਸਕੂਲ ਇਕ ਅਧਿਆਪਕ ਵਾਲੇ ਜਾਂ ਬਿਨਾਂ ਅਧਿਆਪਕ ਵਾਲੇ ਹਨ, ਉਥੇ ਅਧਿਆਪਕਾਂ ਦੀ ਲੋੜ ਨੂੰ ਪੂਰਿਆਂ ਕਰਨ ਦੀ ਜ਼ਰੂਰਤ ਹੈ। ਅਧਿਆਪਕਾਂ ਨੂੰ ਜਦੋਂ ਪੜ੍ਹੋ ਪੰਜਾਬ ਬਾਰੇ ਸਿਖਲਾਈ ਦਿੱਤੀ ਜਾ ਚੁੱਕੀ ਹੈ ਤੇ ਸਾਲਾਨਾ ਟੀਚੇ ਨਿਰਧਾਰਤ ਕਰ ਦਿੱਤੇ ਗਏ ਹਨ ਤਾਂ ਉਨ੍ਹਾਂ ਨੂੰ ਪੂਰਾ ਕਰਨਾ ਉਸ ਸਬੰਧਤ ਅਧਿਆਪਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ, ਇਸ ਲਈ ਸਕੂਲ ਤੋਂ ਬਾਹਰ ਕੱਢੇ ਅਧਿਆਪਕਾਂ ਨੂੰ ਉਨ੍ਹਾਂ ਸਕੂਲਾਂ ਵਿਚ ਭੇਜਣਾ ਚਾਹੀਦਾ ਹੈ, ਜਿਥੇ ਅਧਿਆਪਕਾਂ ਦੀ ਲੋੜ ਹੈ।\

-ਦਿਲਪ੍ਰੀਤ ਸਿੰਘ ਕਾਹਲੋਂ,
ਪਿੰਡ ਸਹਿਗਾ ਦਸੁਹਾ।\

ਪ੍ਰਾਜੈਕਟ ਦੀਆਂ ਊਣਤਾਈਆਂ
ਸੰਪਾਦਕੀ ਸਫੇ 'ਤੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਹੁਰਾਂ ਦਾ ਲੇਖ 'ਪ੍ਰਾਇਮਰੀ ਸਿੱਖਿਆ 'ਤੇ ਉਲਟ ਪ੍ਰਭਾਵ ਪਾ ਰਿਹਾ ਹੈ ਪੜ੍ਹੋ ਪੰਜਾਬ ਪ੍ਰੋਜੈਕਟ' ਸਿੱਖਿਆ ਵਿਭਾਗ ਦੇ ਨਾਦਰਸ਼ਾਹੀ ਹੁਕਮਾਂ ਦੀ ਤਰਜਮਾਨੀ ਕਰਦਾ ਨਜ਼ਰ ਆਇਆ। ਲੇਖਕ ਨੇ ਪ੍ਰੋਜੈਕਟ ਦੇ ਪਿਛੋਕੜ, ਮੂਲ ਆਧਾਰ, ਅਜੋਕੇ ਪਾਠਕ੍ਰਮ, ਮਾਸਟਰ ਟਰੇਨਰਾਂ ਅਤੇ ਹੋਰ ਕਈ ਮੁੱਖ ਪੱਖਾਂ ਤੋਂ ਵਿਸਥਾਰ ਵਿਚ ਜਾਣੂ ਕਰਵਾਇਆ। ਇਸ ਪ੍ਰੋਜੈਕਟ ਵਿਚ ਕਾਫੀ ਊਣਤਾਈਆਂ ਰਹਿ ਗਈਆਂ ਹਨ, ਜਿਵੇਂ ਕਿ ਸੀ.ਐਮ.ਟੀ./ਬੀ.ਐਮ.ਟੀ. ਦੀ ਚੋਣ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਹੈ। ਕੁੱਲ ਮਿਲਾ ਕੇ ਇਹ ਪ੍ਰਾਜੈਕਟ ਅਜੇ ਤੱਕ ਯਥਾਰਥ ਤੋਂ ਪਰੇ ਦੀ ਗੱਲ ਲੱਗ ਰਹੀ ਹੈ। ਅਸਲੀਅਤ ਇਹੀ ਹੈ ਕਿ ਵਿਭਾਗੀ ਅਮਲੇ ਨੂੰ ਸਮੁੱਚੇ ਅਧਿਆਪਕ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਵੇਗਾ, ਤਾਂ ਹੀ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ ਅਤੇ ਸਿੱਖਿਆ ਦਾ ਮਿਆਰ ਉੱਚਾ ਹੋਣ ਦੀ ਆਸ ਵਧੇਗੀ।

-ਮਨਦੀਪ ਸੁਨਾਮ
305/3, ਦਸਮੇਸ਼ ਨਗਰ, ਮੋਰਾਂਵਾਲੀ, ਸੁਨਾਮ (ਸੰਗਰੂਰ)।

ਸਫਲਤਾ ਬਨਾਮ ਖੁਦਕੁਸ਼ੀ
ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜਿਥੇ ਸਫਲ ਹੋਏ ਪ੍ਰੀਖਿਆਰਥੀਆਂ ਦੀਆਂ ਤਸਵੀਰਾਂ ਦੇਖ ਕੇ ਮਨ ਖੁਸ਼ ਹੋਇਆ, ਉਥੇ ਹੀ ਮਾੜੇ ਨਤੀਜੇ ਆਉਣ ਕਰਕੇ ਖੁਦਕੁਸ਼ੀ ਕਰ ਚੁੱਕੇ ਪ੍ਰੀਖਿਆਰਥੀਆਂ ਦੀਆਂ ਤਸਵੀਰਾਂ ਦੇਖ ਕੇ ਮਨ ਝੰਜੋੜਿਆ ਗਿਆ। ਅਜਿਹੇ ਵਿਚ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਅਗਾਂਹਵਧੂ ਸੋਚ ਰੱਖਦੇ ਹੋਏ ਜ਼ਿੰਦਗੀ ਦੀ ਕੀਮਤ ਸਮਝਣ ਅਤੇ ਮਿਹਨਤ ਦਾ ਰਾਹ ਚੁਣਨ, ਨਾ ਕਿ 'ਖੁਦਕੁਸ਼ੀ' ਦਾ।

-ਮਨਦੀਪ ਸਿੰਘ ਸ਼ੇਰੋਂ,
ਸੁਨਾਮ (ਸੰਗਰੂਰ)।

... ਵਿਦੇਸ਼ਾਂ ਦਾ ਰੁਖ਼
ਪੰਜਾਬ ਦੇ ਪੜ੍ਹੇ-ਲਿਖੇ ਡਿਗਰੀਆਂ ਪ੍ਰਾਪਤ ਨੌਜਵਾਨ ਲੜਕੇ-ਲੜਕੀਆਂ ਵਿਦਿਆਰਥੀ ਵੀਜ਼ੇ 'ਤੇ ਵਿਦੇਸ਼ਾਂ ਨੂੰ ਜਹਾਜ਼ ਭਰ-ਭਰ ਕੇ ਜਾ ਰਹੇ ਹਨ।
ਇਨ੍ਹਾਂ ਦਾ ਉਦੇਸ਼ ਪੀ.ਆਰ. ਲੈ ਕੇ ਪੱਕੇ ਤੌਰ 'ਤੇ ਉਥੇ ਵਸਣਾ ਹੁੰਦਾ ਹੈ ਤੇ ਹੁਣ ਸਰਕਾਰੀ ਮੁਲਾਜ਼ਮ ਵੀ ਸਰਕਾਰਾਂ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਜਿਵੇਂ ਕਿ ਕਿਸੇ ਨਾ ਕਿਸੇ ਬਹਾਨੇ ਹਰ ਮਹੀਨੇ ਤਨਖਾਹ ਦੇਰ ਨਾਲ ਦੇਣਾ, ਉੱਕਾ-ਪੁੱਕਾ ਮਾਮੂਲੀ ਤਨਖਾਹ 'ਤੇ ਨਿਯੁਕਤੀਆਂ ਕਰਨਾ, ਸਮੇਂ ਸਿਰ ਵਿੱਤੀ ਲਾਭ ਨਾ ਮਿਲਣਾ, ਨਵੀਂ ਭਰਤੀ ਨਾ ਹੋਣ ਕਰਕੇ ਕੰਮ ਦਾ ਵਾਧੂ ਬੋਝ ਹੋਣਾ, ਅਸਲ ਡਿਊਟੀ ਤੋਂ ਇਲਾਵਾ ਫਜ਼ੂਲ ਦੀਆਂ ਡਿਊਟੀਆਂ ਤੋਂ ਤੰਗ ਆ ਕੇ ਹੁਣ ਸਰਕਾਰੀ ਮੁਲਾਜ਼ਮ ਵੀ ਮਜਬੂਰਨ ਵਿਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ, ਜੋ ਕਿ ਬਹੁਤ ਚਿੰਤਾਜਨਕ ਵਿਸ਼ਾ ਹੈ। ਸਰਕਾਰਾਂ ਨੂੰ ਇਸ ਪਾਸੇ ਵੀ ਜ਼ਰੂਰ ਛੇਤੀ ਧਿਆਨ ਦੇਣਾ ਚਾਹੀਦਾ ਹੈ।
-ਮਾ: ਕਮਲ ਸਿੰਘ ਮਜ਼ਾਰੀ,
ਖ਼ਤਰਨਾਕ ਮੌਸਮੀ ਮਿਜਾਜ਼
ਲਗਪਗ ਪੂਰੇ ਦੇਸ਼ 'ਚ ਇਸ ਸਮੇਂ ਮੌਸਮ ਦਾ ਮਿਜਾਜ਼ ਇਸ ਹੱਦ ਤੱਕ ਖਤਰਨਾਕ ਬਣਿਆ ਹੋਇਆ ਹੈ ਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚੋਂ ਦਰਖਤ ਡਿਗਣ ਤੋਂ ਇਲਾਵਾ ਆਵਾਜਾਈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਣ ਤੇ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਸ ਸਵਾਲ ਨਾਲ ਸਬੰਧਤ ਅਗਾਊਂ ਪੇਸ਼ਬੰਦੀਆਂ, ਵਿਉਂਤਬੰਦੀਆਂ ਦੀ ਸਥਿਤੀ ਕੁਝ ਵੀ ਹੋਵੇ ਪਰ ਇਸ ਕੌੜੇ ਸੱਚ ਤੋਂ ਕਤੱਈ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੌਸਮੀ ਰੁਝਾਨ ਭਾਵ ਮਿਜਾਜ਼ ਦਾ ਇਸ ਹੱਦ ਤੱਕ ਖਤਰਨਾਕ ਹੋਣਾ ਸਾਡੇ ਸਭ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ, ਜਿਸ ਲਈ ਜ਼ਰੂਰੀ ਹੈ ਕਿ ਮੌਸਮ ਅਤੇ ਵਾਤਾਵਰਨ 'ਚ ਆ ਰਹੇ ਖਤਰਨਾਕ ਵਿਗਾੜ ਅਤੇ ਰੁਝਾਨ ਆਖਰ ਕਿਵੇਂ ਘਟਾਏ ਜਾਣ ਜਾਂ ਫਿਰ ਇਸ ਸਭ ਕਾਸੇ ਤੋਂ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘਟਾਇਆ ਜਾਵੇ? ਸੱਚ ਤਾਂ ਇਹ ਕਿ ਅਜੋਕੇ ਯੁੱਗ, ਸਮੇਂ ਅਤੇ ਸਮਾਜ ਦੀ ਲੋੜ ਹੀ ਨਹੀਂ, ਸਗੋਂ ਮੰਗ ਹੈ ਕਿ ਕੁਦਰਤ, ਮੌਸਮ, ਸਿੱਖਿਆ, ਸਾਇੰਸ ਅਤੇ ਤਕਨਾਲੋਜੀ ਵਿਚਕਾਰ ਅਜਿਹਾ ਆਪਸੀ ਸਬੰਧ ਬਿਠਾਇਆ/ਬਣਾਇਆ ਜਾਵੇ ਕਿ ਇਸ ਸਮੁੱਚੀ ਲੜੀ ਦਾ ਇਕ ਅਜਿਹਾ ਸੰਤੁਲਿਤ ਰਿਸ਼ਤਾ/ਰਾਬਤਾ ਬਣਿਆ ਰਹੇ, ਜਿਸ ਦੀ ਬਦੌਲਤ ਇਸ ਧਰਤੀ ਗ੍ਰਹਿ ਉੱਪਰ ਵਿਚਰਦੇ ਮਨੁੱਖ ਸਮੇਤ ਹੋਰ ਸਭ ਜੀਵਾਂ-ਪ੍ਰਾਣੀਆਂ ਅਤੇ ਬਨਸਪਤੀ ਦਾ ਪਣਪਣਾ-ਵਿਗਸਣਾ ਨਿਰੰਤਰ ਜਾਰੀ ਰਹਿ ਸਕੇ।

-ਲਾਲ ਚੰਦ ਸਿੰਘ

18-05-2018

 ਵਿਸ਼ੇਸ਼ ਸੰਪਾਦਕੀ

ਪਿਛਲੇ ਦਿਨੀਂ ਆਪਣੀ ਵਿਸ਼ੇਸ਼ ਸੰਪਾਦਕੀ 'ਗਹਿਰੀ ਸਾਜਿਸ਼ ਹੈ ਗੌਰਵਮਈ ਇਤਿਹਾਸ 'ਤੇ ਲੀਕ ਫੇਰਨਾ' ਵਿਚ ਬਰਜਿੰਦਰ ਸਿੰਘ ਹਮਦਰਦ ਨੇ ਪੰਜਾਬ ਦੇ ਸਮੁੱਚੇ ਇਤਿਹਾਸ 'ਤੇ ਪੰਛੀ ਝਾਤ ਪਾਈ ਹੈ ਤੇ ਨਾਲ ਹੀ ਦੱਸਿਆ ਹੈ ਕਿ ਕਿਵੇਂ ਸਾਜਿਸ਼ ਤਹਿਤ ਬਾਰ੍ਹਵੀਂ ਕਲਾਸ 'ਚ ਪੰਜਾਬ ਤੇ ਗੁਰੂ ਸਾਹਿਬਾਨ ਨਾਲ ਸਬੰਧਿਤ ਇਤਿਹਾਸਕ ਪੰਨੇ ਬਾਹਰ ਕੱਢੇ ਗਏ ਹਨ। ਇਸ ਤੋਂ ਇਕ ਗੱਲ ਸਾਫ਼ ਹੈ ਕਿ ਸਾਜਿਸ਼ ਕਰਨ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਪੰਜਾਬ ਦੇ ਬੱਚਿਆਂ ਦੇ ਮਨ ਵਿਚੋਂ ਉਨ੍ਹਾਂ ਦਾ ਇਤਿਹਾਸ ਖ਼ਤਮ ਕਰ ਦਿੱਤਾ ਤਾਂ ਉਨ੍ਹਾਂ ਨੂੰ ਆਪਣੀ ਮਰਜ਼ੀ ਮੋੜਿਆ ਜਾ ਸਕਦਾ ਹੈ। ਇਸ ਮੁੱਦੇ ਨੂੰ ਚੁੱਕਣ ਲਈ ਸੰਪਾਦਕ ਵਧਾਈ ਦੇ ਪਾਤਰ ਹਨ। ਸੋ, ਸਾਨੂੰ ਸਭ ਨੂੰ ਇਸ ਮੁੱਦੇ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਆਵਾਰਾ ਪਸ਼ੂ ਅਤੇ ਕੁੱਤੇ

ਪਿਛਲੇ ਕੁਝ ਸਮੇਂ ਤੋਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ, ਉਹ ਹਨ ਸੜਕਾਂ 'ਤੇ ਫਿਰਦੇ ਆਵਾਰਾ ਪਸ਼ੂ ਅਤੇ ਕੁੱਤੇ। ਆਵਾਰਾ ਪਸ਼ੂ ਜਿਨ੍ਹਾਂ ਵਿਚ ਗਾਵਾਂ, ਮੱਝਾਂ, ਸਾਨ੍ਹ ਅਤੇ ਕੱਟੇ-ਵੱਛਿਆਂ ਦੇ ਨਾਲ-ਨਾਲ ਕੁੱਤੇ ਵੀ ਹਨ, ਹਰ ਗਲੀ, ਮੁਹੱਲੇ ਵਿਚ ਹਰਲ-ਹਰਲ ਕਰਦੇ ਫਿਰਦੇ ਆਮ ਹੀ ਵੇਖੇ ਜਾ ਸਕਦੇ ਹਨ। ਗਾਵਾਂ ਤੇ ਵੱਛਿਆਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਭਾਵੇਂ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਇਨ੍ਹਾਂ ਦੀ ਸਾਂਭ-ਸੰਭਾਲ ਪੱਖੋਂ ਸਰਕਾਰਾਂ ਅਜੇ ਵੀ ਸੁਸਤ ਚਾਲ ਹੀ ਚੱਲ ਰਹੀਆਂ ਹਨ। ਕਿਸਾਨਾਂ ਲਈ ਵੀ ਇਹ ਆਵਾਰਾ ਪਸ਼ੂ ਵੱਡੀ ਸਮੱਸਿਆ ਬਣੇ ਹੋਏ ਹਨ, ਕਿਉਂਕਿ ਇਹ ਉਨ੍ਹਾਂ ਦੀਆਂ ਫ਼ਸਲਾਂ ਨੂੰ ਖਰਾਬ ਕਰ ਰਹੇ ਹਨ। ਕਈ ਵਾਰ ਰਾਤ ਨੂੰ ਦੁਰਘਟਨਾ ਦਾ ਕਾਰਨ ਵੀ ਬਣਦੇ ਹਨ। ਕੁੱਤਿਆਂ ਨੇ ਅਨੇਕਾਂ ਵਾਰ ਬੱਚਿਆਂ, ਬਜ਼ੁਰਗਾਂ ਨੂੰ ਨੋਚ-ਨੋਚ ਕੇ ਖਾਧਾ ਹੈ। ਇਹ ਖੁੰਖਾਰ ਕੁੱਤੇ ਪਿੰਡਾਂ ਦੀਆਂ ਹੱਡਾ-ਰੋੜੀਆਂ ਵਿਚ ਕਿਸੇ ਸ਼ੇਰ ਤੋਂ ਘੱਟ ਨਹੀਂ ਕਹਾਉਂਦੇ।
ਸੋ, ਇਹ ਆਵਾਰਾ ਪਸ਼ੂ ਅਤੇ ਕੁੱਤੇ ਦੋਵੇਂ ਹੀ ਇਨਸਾਨ ਲਈ ਜਾਨ ਦਾ ਖ਼ਤਰਾ ਬਣੇ ਹੋਏ ਹਨ। ਸਰਕਾਰ ਨੂੰ ਸੰਜੀਦਗੀ ਨਾਲ ਇਸ ਦਾ ਕੋਈ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਖ਼ੁਦਕੁਸ਼ੀ, ਸਮੱਸਿਆ ਦਾ ਹੱਲ ਨਹੀਂ

ਪਿਛਲੇ ਦਿਨੀਂ ਸੰਪਾਦਕੀ ਅੰਕ ਵਿਚ ਹਰਸ਼ਜੋਤ ਕੌਰ ਦਾ ਲਿਖਿਆ ਲੇਖ 'ਫੁੱਲਾਂ ਜੋਗੀ ਜ਼ਮੀਨ ਦੀ ਤਲਾਸ਼' ਪੜ੍ਹਿਆ, ਜੋ ਬਹੁਤ ਵਧੀਆ ਸੀ। ਉਨ੍ਹਾਂ ਦੀ ਇਹ ਗੱਲ ਬਿਲਕੁਲ ਸੱਚ ਹੈ ਕਿ ਖ਼ੁਦਕੁਸ਼ੀ ਕਰ ਰਹੇ ਮਨੁੱਖ ਨੂੰ ਇਕ ਵਾਰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਰਨ ਨਾਲ ਪਿਛਲਿਆਂ ਨੂੰ ਕਿੰਨਾ ਦੁੱਖ ਹੋਵੇਗਾ ਅਤੇ ਜੋ ਉਮੀਦਾਂ ਉਨ੍ਹਾਂ ਨੇ ਤੁਹਾਡੇ 'ਤੇ ਲਾਈਆਂ ਹਨ, ਉਨ੍ਹਾਂ 'ਤੇ ਵੀ ਪਾਣੀ ਫਿਰ ਜਾਵੇਗਾ। ਜੇ ਮਨੁੱਖ ਅਜਿਹਾ ਇਕ ਵਾਰ ਸੋਚ ਲਵੇ ਤਾਂ ਸ਼ਾਇਦ ਸਾਡੇ ਦੇਸ਼ ਵਿਚ ਖ਼ੁਦਕੁਸ਼ੀਆਂ ਨੂੰ ਠੱਲ੍ਹ ਪੈ ਜਾਵੇ। ਖ਼ੁਦਕੁਸ਼ੀ ਕਰਨ ਨਾਲ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਇਸ ਨਾਲ ਜ਼ਿਆਦਾ ਨਿਰਾਸ਼ਾ ਤੇ ਦੁੱਖ ਹੀ ਹੁੰਦਾ ਹੈ। ਪੰਜਾਬ ਨੂੰ ਖ਼ੁਦਕੁਸ਼ੀਆਂ ਦੇ ਦੌਰ 'ਚੋਂ ਨਿਕਲਣ ਲਈ ਆਪਣੇ ਸਿੱਖ ਗੁਰੂਆਂ ਦੀ ਸਿੱਖਿਆ 'ਤੇ ਚੱਲਣਾ ਪਵੇਗਾ।

-ਗਗਨਦੀਪ ਕੌਰ ਸੀਰਵਾਲੀ
ਐਸ.ਬੀ.ਐਸ. ਮਾਡਲ ਸਕੂਲ।

ਟੀਕਾਕਰਨ ਬਾਰੇ ਭੰਬਲਭੂਸਾ ਦੂਰ ਹੋਵੇ

ਡਬਲਿਊ.ਐਚ.ਓ. ਵਲੋਂ ਦੇਸ਼ ਭਰ 'ਚੋਂ ਮੀਜ਼ਲ-ਰੂਬੇਲਾ ਬਿਮਾਰੀ ਦੇ ਖ਼ਾਤਮੇ ਲਈ ਟੀਕਾਕਰਨ ਮੁਹਿੰਮ ਦਾ ਆਗਾਜ਼ 1 ਮਈ ਤੋਂ ਕੀਤਾ ਗਿਆ, ਜਿਸ ਦੌਰਾਨ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਟੀਕੇ ਲਗਾਏ ਜਾ ਰਹੇ ਹਨ ਪਰ ਇਸੇ ਤਹਿਤ ਸੋਸ਼ਲ ਨੈੱਟਵਰਕ 'ਤੇ ਸਮਾਜ ਵਿਰੋਧੀ ਅਨਸਰਾਂ ਵਲੋਂ ਇਸ ਟੀਕੇ ਨੂੰ ਲਗਾਉਣ ਨਾਲ ਬੱਚਿਆਂ ਦੀ ਸਿਹਤ ਵਿਗੜਨ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਖਸਰਾ (ਮੀਜ਼ਲ) ਤੇ ਹਲਕਾ ਖਸਰਾ ਅਤੇ ਰੂਬੇਲਾ ਇਕ ਛੂਤ ਦੀ ਬਿਮਾਰੀ ਹੈ, ਜੋ ਪ੍ਰਭਾਵਿਤ ਵਿਅਕਤੀ ਤੋਂ ਦੂਜਿਆਂ ਤੱਕ ਫੈਲਦਾ ਹੈ। ਪਿੰਡਾਂ ਵਿਚ ਇਸ ਟੀਕਾਕਰਨ ਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ ਹੈ।
ਸੋਚਣ ਵਾਲੀ ਗੱਲ ਹੈ ਕਿ ਅਸੀਂ ਬਿਨਾਂ ਕੁਝ ਸੋਚੇ-ਸਮਝੇ ਸੋਸ਼ਲ ਮੀਡੀਆ 'ਤੇ ਯਕੀਨ ਕਰਕੇ ਆਪਣੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਿਉਂ ਕਰ ਰਹੇ ਹਾਂ? ਸਰਕਾਰਾਂ ਅਤੇ ਸਿਹਤ ਵਿਭਾਗ ਨੂੰ ਜ਼ਰੂਰੀ ਕਦਮ ਚੁੱਕਦੇ ਹੋਏ ਲੋਕਾਂ ਅੰਦਰ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ, ਪਿੰਡਾਂ ਦੀਆਂ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਜਲਦੀ ਤੋਂ ਜਲਦੀ ਮਾਪਿਆਂ ਦਾ ਇਸ ਟੀਕਾਕਰਨ ਮੁਹਿੰਮ ਸਬੰਧੀ ਸਹਿਯੋਗ ਲੈਣਾ ਚਾਹੀਦਾ ਹੈ, ਜਿਸ ਨਾਲ ਕਿ ਮੀਜ਼ਲ-ਰੂਬੇਲਾ ਬਿਮਾਰੀ ਨੂੰ ਪੂਰਨ ਤੌਰ 'ਤੇ ਖ਼ਤਮ ਕੀਤਾ ਜਾ ਸਕੇ। ਦੇਖਣ ਵਿਚ ਆਇਆ ਹੈ ਕਿ ਕਈ ਸਕੂਲਾਂ ਅੰਦਰ ਅਧਿਆਪਕ ਵਰਗ ਆਪਣੇ ਵਿਦਿਆਰਥੀ ਨੂੰ ਟੀਕਾਕਰਨ ਤੋਂ ਮਨਾਂ ਕਰ ਰਹੇ ਹਨ, ਸਿੱਖਿਆ ਵਿਭਾਗ ਨੂੰ ਵੀ ਇਸ ਮਸਲੇ ਪ੍ਰਤੀ ਜਾਗਰੂਕ ਹੋ ਕੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਸਫ਼ਲ ਬਣਾਉਣ ਲਈ ਸਮਾਜ ਅੰਦਰ ਸੈਮੀਨਾਰ ਤੇ ਜਨਤਕ ਸਿਹਤ ਰੈਲੀਆਂ ਦਾ ਵੀ ਆਯੋਜਨ ਕੀਤਾ ਜਾਏ।

-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।

17-05-2018

 ਝੋਨੇ ਦੀ ਫ਼ਸਲ
ਝੋਨੇ ਦੀ ਫ਼ਸਲ ਦਾ ਮੱਛੀ ਵਾਂਗ ਪਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ। ਅਗਾਊਂ ਜੂਨ ਮਹੀਨੇ ਦੌਰਾਨ ਇਸ ਫ਼ਸਲ ਦੀ ਲਵਾਈ ਸ਼ੁਰੂ ਹੈ। ਸਰਕਾਰ ਨੇ ਭਾਵੇਂ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਬਚਾਉਣ ਲਈ ਇਸ ਵਾਰ ਝੋਨੇ ਦੀ ਬਿਜਾਈ 20 ਜੂਨ ਕਰ ਦਿੱਤੀ ਹੈ। ਝੋਨੇ ਦੀ ਖੇਤੀ ਕਿਸਾਨਾਂ ਅਤੇ ਸਰਕਾਰਾਂ, ਬਿਜਲੀ ਬੋਰਡ, ਕਮਿਸ਼ਨ ਏਜੰਟਾਂ ਲਈ ਚੁਣੌਤੀ ਭਰਿਆ ਕਾਰਜ ਹੈ। ਪਰ ਜਦੋਂ ਇਹ ਫ਼ਸਲ ਪੱਕਦੀ ਹੈ ਤਾਂ ਇਸ ਨੂੰ ਸੰਭਾਲਣ ਅਤੇ ਮੰਡੀਕਰਨ ਸਮੇਂ ਵੱਡੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਕਿਉਂਕਿ ਸਰਕਾਰ ਸਿਰਫ 16-17 ਫ਼ੀਸਦੀ ਨਮੀ ਵਾਲੇ ਝੋਨੇ ਨੂੰ ਸਹੀ ਮੰਨਦੀ ਹੈ ਜਦ ਕਿ 15 ਸਤੰਬਰ ਤੋਂ ਬਾਅਦ ਜਿਵੇਂ ਹੀ ਸੂਰਜ ਦੀ ਤਪਸ਼ ਮੱਠੀ ਪੈਂਦੀ ਹੈ ਤਾਂ ਇਹ ਫ਼ਸਲ ਫਿਰ ਸੁੱਕਦੀ ਨਹੀਂ ਤੇ ਨਮੀ 20 ਤੋਂ ਉੱਪਰ ਰਹਿੰਦੀ ਹੈ, ਘਟਦੀ ਨਹੀਂ, ਜੋ ਆੜ੍ਹਤੀਆਂ ਅਤੇ ਮਜ਼ਦੂਰਾਂ ਲਈ ਫਰੋਲਾ-ਫਰਾਲੀ ਮੰਡੀ ਵਿਚ ਸਿਰਦਰਦੀ ਬਣਦੀ ਹੈ। ਪਾਣੀ ਨੂੰ ਬਚਾਉਣ ਲਈ ਸਰਕਾਰ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਨਮੀ ਵਾਲੇ ਝੋਨੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਅਗਾਊਂ ਪ੍ਰਬੰਧਾਂ ਦੀ ਲੋੜ ਹੈ ਤਾਂ ਕਿ ਕਿਸਾਨ ਮਜ਼ਦੂਰ ਮੰਡੀਆਂ 'ਚ ਪ੍ਰੇਸ਼ਾਨ ਨਾ ਹੋਣ ਕਿਸਾਨ ਵੀ ਘੱਟ ਪਾਣੀ ਅਤੇ ਛੇਤੀ ਪੱਕਣ ਵਾਲੀਆਂ ਝੋਨੇ ਦੀ ਕਿਸਮਾਂ ਹੀ ਬੀਜਣ ਤਾਂ ਕਿ ਕਿਸਾਨੀ ਮੁਸ਼ਕਿਲਾਂ ਧਰਨਿਆਂ, ਅੰਦੋਲਨਾਂ ਦਾ ਰੂਪ ਨਾ ਧਾਰਨ। ਅਜਿਹੀ ਉਮੀਦ ਹੈ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ 'ਅਜੀਤ' ਵਿਚ ਲੱਗੀ ਖ਼ਬਰ ਮੁਤਾਬਿਕ ਪੰਜਾਬ ਸਰਕਾਰ ਵਲੋਂ ਸ਼ੱਕੀ ਕਿਰਦਾਰ ਵਾਲੇ ਸਰਕਾਰੀ ਅਧਿਕਾਰੀਆਂ ਦੀਆਂ ਸੇਵਾਵਾਂ ਵਿਚ ਕੀਤਾ ਵਾਧਾ ਵਾਪਸ ਲੈਣ ਸਬੰਧੀ ਇਹ ਫ਼ੈਸਲਾ ਲਿਆ ਗਿਆ ਕਿ ਮੁਲਾਜ਼ਮਾਂ ਦੇ ਸੇਵਾਕਾਲ ਵਿਚ ਵਾਧਾ ਉਨ੍ਹਾਂ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਉਹ ਪਹਿਲੀ ਨਜ਼ਰੇ ਦੋਸ਼ੀ ਜਾਪਦਾ ਹੈ। ਇਹ ਸ਼ਲਾਘਾਯੋਗ ਕਦਮ ਹੈ। ਮੇਰੀ ਸੋਚ ਹੈ ਕਿ ਏਨੀ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੰਜਾਬ ਵਿਚ ਇਹ ਵਾਧਾ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ। ਇਹ ਵਾਧਾ ਬੇਰੁਜ਼ਗਾਰਾਂ ਨਾਲ ਧੋਖਾ ਹੈ। ਇਨ੍ਹਾਂ ਨੂੰ ਦਿੱਤੀ ਜਾਂਦੀ ਤਨਖਾਹ ਨਾਲ ਦੋ-ਤਿੰਨ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ। ਜੇ ਵਾਧਾ ਦੇਣਾ ਵੀ ਹੈ ਤਾਂ ਕਿਸੇ ਇਮਾਨਦਾਰ ਅਫਸਰ ਨੂੰ ਕੁਝ ਸਮੇਂ ਲਈ ਦਿੱਤਾ ਜਾ ਸਕਦਾ ਹੈ। ਪਰ ਹਰ ਮੁਲਾਜ਼ਮ ਨੂੰ ਨਹੀਂ ਦੇਣਾ ਚਾਹੀਦਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਖੰਡ ਮਿੱਲਾਂ 'ਚ ਖੱਜਲ ਖੁਆਰੀ
ਪੰਜਾਬ ਵਿਚ ਇਸ ਸਮੇਂ 16 ਖੰਡ ਮਿੱਲਾਂ ਚੱਲ ਰਹੀਆਂ ਹਨ, ਜਿਨ੍ਹਾਂ 'ਚੋਂ 7 ਨਿੱਜੀ ਤੇ 9 ਸਹਿਕਾਰੀ ਖੇਤਰ ਨਾਲ ਸਬੰਧਿਤ ਹਨ। ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਜੋ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਗੰਨਾ ਬੀਜਦਾ ਹੈ, ਉਸ ਨੂੰ ਸੀਜ਼ਨ ਆਉਣ 'ਤੇ ਮਿੱਲਾਂ ਵਿਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਨਾ ਇਕ ਰੋਕੜੀ ਫ਼ਸਲ ਹੈ ਇਕ ਵਾਰ ਕੀਤੀ ਬਿਜਾਈ ਕਈ ਸਾਲ ਫ਼ਸਲ ਦਿੰਦੀ ਹੈ। ਕਿਸਾਨ ਹੱਡ ਭੰਨਵੀਂ ਮਿਹਨਤ ਨਾਲ ਪਹਿਲਾਂ ਕਮਾਦ ਦੀ ਫ਼ਸਲ ਬੀਜਦਾ ਹੈ, ਫਿਰ ਰਸਾਇਣਕ ਖਾਦਾਂ ਤੇ ਗੰਨੇ ਦੀ ਕਟਾਈ ਸਮੇਂ ਦਿਹਾੜੀਦਾਰ ਤੇ ਟਰੈਕਟਰ-ਟਰਾਲੀ ਦਾ ਖਰਚ ਤੇ ਹੋਰ ਬਹੁਤ ਸਾਰੇ ਖਰਚੇ ਕਿਸਾਨ ਨੂੰ ਝੱਲਣੇ ਪੈਂਦੇ ਹਨ। ਪਰ ਉਸ ਨੂੰ ਗੰਨੇ ਦਾ ਸਹੀ ਭਾਅ ਕਦੇ ਨਹੀਂ ਮਿਲਦਾ। ਅੱਜ ਸਰਕਾਰ ਨੂੰ ਲੋੜ ਹੈ ਕਿ ਅਗਲੇ ਸੀਜ਼ਨ ਤੋਂ ਜੇ ਹੋ ਸਕੇ ਤਾਂ ਗੁਆਂਢੀ ਰਾਜ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਭਾਅ ਮੁਤਾਬਿਕ ਹੀ ਗੰਨੇ ਦਾ ਭਾਅ ਤੈਅ ਕੀਤਾ ਜਾਵੇ। ਪਰਚੀਆਂ ਲੈਣ ਦੀ ਦਿੱਕਤ ਨੂੰ ਦੂਰ ਕਰਕੇ ਬਣਦੀ ਰੁਪਏ ਕਿਸਾਨ ਦੇ ਖਾਤੇ ਵਿਚ ਤੁਰੰਤ ਪਾਈ ਜਾਵੇ। ਅੱਜ ਲੋੜ ਹੈ ਘਾਟੇ 'ਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਇਕ ਬੰਦ ਹੋ ਚੁੱਕੀ ਸਹਿਕਾਰੀ ਖੰਡ ਮਿਲ ਦੀ ਮਸ਼ੀਨਰੀ ਦੂਜੀ 'ਚ ਤਬਦੀਲ ਕਰਨ ਨਾਲੋਂ ਉਸੇ ਮਿਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਸਹਿਕਾਰੀ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਤੇ ਨਵੀਆਂ ਖੰਡ ਮਿੱਲਾਂ ਲਗਾਉਣ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਥੇ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਵੇਗੀ ਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ।


-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ (ਗੁਰਦਾਸਪੁਰ)।


ਕੋਝੀ ਸਾਜਿਸ਼
ਬਾਰ੍ਹਵੀਂ ਜਮਾਤ ਦੀ 324 ਪੰਨਿਆਂ ਦੀ ਪੁਸਤਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 182 ਪੰਨਿਆਂ ਵਿਚ ਤਬਦੀਲ ਕਰ ਦਿੱਤਾ ਹੈ। ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਸਿੱਖ ਗੁਰੂ ਸਾਹਿਬਾਨ, ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ, ਮਹਾਰਾਜਾ ਰਣਜੀਤ ਸਿੰਘ ਅਤੇ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਨਾਲ ਸਬੰਧਿਤ ਸਾਰਾ ਵੇਰਵਾ ਇਸ ਵਿਚੋਂ ਕੱਢ ਦਿੱਤਾ ਗਿਆ। ਪੰਜਾਬ ਦੀ ਅਫ਼ਸਰਸ਼ਾਹੀ ਕਹਿ ਰਹੀ ਹੈ ਕਿ ਗਿਆਰ੍ਹਵੀਂ ਦੀ ਇਤਿਹਾਸ ਦੀ ਛਪ ਰਹੀ ਪੁਸਤਕ ਵਿਚ ਇਹ ਵੇਰਵਾ ਦਰਜ ਕੀਤਾ ਗਿਆ ਹੈ। ਹੱਕ ਸੱਚ ਦੀ ਗੱਲ ਕਰਨ ਵਾਲੇ। ਸਰਵਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ। ਪੰਜਾਬੀ ਸ਼ੁਰੂ ਤੋਂ ਵਿਦੇਸ਼ੀ ਹਮਲਾਵਰਾਂ ਦਾ ਡਟ ਕੇ ਟਾਕਰਾ ਕਰਦੇ ਰਹੇ। ਆਜ਼ਾਦੀ ਸੰਗਰਾਮ ਦੀਆਂ ਵੱਖ-ਵੱਖ ਲਹਿਰਾਂ ਵਿਚ ਪੰਜਾਬੀਆਂ ਨੇ ਵਡਮੁੱਲਾ ਯੋਗਦਾਨ ਪਾਇਆ। ਇਹ ਸਾਡਾ ਗੌਰਵਮਈ ਵਿਰਸਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਡੀ ਪਾਠ-ਪੁਸਤਕ ਵਿਚੋਂ ਸਾਡੇ ਗੌਰਵਮਈ ਵਿਰਸੇ ਨੂੰ ਬਾਹਰ ਕੱਢ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਇਹ ਇਕ ਬੱਜਰ ਗ਼ਲਤੀ ਹੈ। ਪਾਠ ਪੁਸਤਕਾਂ ਨੂੰ ਹਰ ਹਾਲਤ ਵਿਚ ਠੀਕ ਢੰਗ ਨਾਲ ਸੋਧਣਾ ਹੀ ਹੋਵੇਗਾ।


-ਹਰੀ ਸਿੰਘ ਢੁੱਡੀਕੇ
ਪਿੰਡ ਤੇ ਡਾਕ: ਢੁੱਡੀਕੇ, ਤਹਿ : ਮੋਗਾ (ਮੋਗਾ)।


ਅਸਲੀ ਮੁੱਦੇ
ਅੱਜਕਲ੍ਹ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਸ਼ਾ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆ ਸ਼ਾਮਿਲ ਹੁੰਦਾ ਹੈ। ਉਹ ਚਾਹੇ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਹੋਵੇ ਜਾਂ ਇਤਿਹਾਸ ਦੀਆਂ ਪਾਠ ਪੁਸਤਕਾਂ ਦਾ ਵਿਵਾਦ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਮਨਫ਼ੀ ਕਰਨ ਸਬੰਧੀ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕੀ ਲੱਭਤ ਮਿਲੇਗੀ, ਕਿਸੇ ਦੇ ਸਮਝ ਵਿਚ ਨਹੀਂ ਆ ਰਿਹਾ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਪਹਿਲਾਂ ਹੀ ਸਿੱਖ ਇਤਿਹਾਸ ਸੀਮਤ ਰੂਪ ਵਿਚ ਹੈ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਨੂੰ ਘੱਟ ਨਹੀਂ ਸਗੋਂ ਹੋਰ ਖੁੱਲ੍ਹ ਕੇ ਦਰਜ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿਸ਼ਿਆਂ ਨੇ ਸਰਕਾਰ ਦਾ ਅਸਲੀ ਮੁੱਦਿਆਂ ਤੋਂ ਭਟਕਣ ਲਈ ਰਾਹ ਖੋਲ੍ਹ ਦਿੱਤਾ ਹੈ।


-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ (ਮੋਗਾ)।


ਲੰਗਰ ਦੀ ਬਦਲਦੀ ਪ੍ਰਸੰਗਿਕਤਾ
ਮੇਰੀ ਪੋਸਟਿੰਗ ਵਾਲਾ ਸਕੂਲ ਮਾਨਸਾ ਤਲਵੰਡੀ ਸਾਬੋ ਸੜਕ 'ਤੇ ਸਥਿਤ ਹੈ। ਵਿਸਾਖੀ ਦੇ ਦਿਨਾਂ ਵਿਚ ਇਸ ਸੜਕ ਤੇ ਕਾਫੀ ਚਹਿਲ-ਪਹਿਲ ਦੇਖਣ ਨੂੰ ਮਿਲਦੀ ਹੈ ਕਿਉਂ ਜੋ ਸੰਗਤਾਂ ਦੂਰੋਂ-ਨੇੜਿਉਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਨ ਆਉਂਦੀਆਂ ਹਨ। ਇਨ੍ਹਾਂ ਹੀ ਦਿਨਾਂ ਵਿਚ ਪਿੰਡਾਂ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਸਾਂਝੇ ਤੌਰ 'ਤੇ ਜਾਂ ਕਿਸੇ ਵਿਅਕਤੀ ਵਲੋਂ ਨਿੱਜੀ ਤੌਰ 'ਤੇ ਸੜਕਾਂ ਦੇ ਕੰਢੇ ਲੰਗਰ ਲਗਾਉਣਾ। ਮੇਰੀ ਜਾਚੇ ਇਹ ਵਰਤਾਰਾ ਰੱਜਿਆਂ ਨੂੰ ਹੋਰ ਰਜਾਉਣ ਤੋਂ ਵੱਧ ਹੋਰ ਕੁਝ ਨਹੀਂ। ਚੰਗਾ ਹੋਵੇ ਜੇਕਰ ਇਹੀ ਭੋਜਨ ਲੋੜਵੰਦਾਂ ਨੂੰ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ, ਨੂੰ ਮੁਹੱਈਆ ਕਰਵਾਇਆ ਜਾਵੇ। ਸੋ ਪਿੰਡਾਂ ਦੇ ਨੌਜਵਾਨਾਂ ਤੇ ਅਗਾਂਹਵਧੂ ਸੋਚ ਦੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਬਜਾਏ ਅਜਿਹੇ ਲੰਗਰ ਲਗਾਉਣ ਦੇ, ਵਿਸਾਖੀ ਦੇ ਦਿਨ ਵੱਧ ਤੋਂ ਵੱਧ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਵੇ। ਉਂਜ ਵੀ ਵਿਸਾਖ ਦਾ ਮਹੀਨਾ ਨਵੇਂ ਪੌਦੇ ਲਗਾਉਣ ਲਈ ਢੁਕਵਾਂ ਹੁੰਦਾ ਹੈ। ਸਮੇਂ ਦੀ ਨਜ਼ਾਕਤ ਅਨੁਸਾਰ ਇਹ ਉਪਰਾਲਾ ਆਲਮੀ ਤਪਸ਼ ਨੂੰ ਕੁਝ ਹੱਦ ਤੱਕ ਘਟਾਉਣ ਵਿਚ ਕਾਰਗਰ ਸਿੱਧ ਹੋ ਸਕਦਾ ਹੈ। ਜੇਕਰ ਸਾਰੇ ਹੀ ਤਿਉਹਾਰ ਅਸੀਂ ਇਸ ਤਰ੍ਹਾਂ ਮਨਾਉਣ ਲੱਗ ਜਾਈਏ ਤਾਂ ਆਪਣੀ ਮਾਂ ਧਰਤੀ ਨੂੰ ਵਧੇਰੇ ਸਮੇਂ ਤੱਕ ਰਹਿਣਯੋਗ ਬਣਾਈ ਰੱਖ ਸਕਦੇ ਹਾਂ।


-ਗੁਰਪ੍ਰੀਤ ਕੌਰ ਚਹਿਲ
ਪੰਜਾਬੀ ਅਧਿਆਪਕਾ, ਸ.ਸ.ਸ. ਸਕੂਲ, ਚਹਿਲਾਂਵਾਲੀ, ਮਾਨਸਾ।

16-05-2018

 ਦਲਿਤਾਂ 'ਤੇ ਜ਼ੁਲਮ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਐਚ.ਐਸ. ਦਾਰਾਪੁਰੀ ਦਾ ਲੇਖ, ਭਾਜਪਾ ਦੀ ਸੱਤਾ ਵਾਲੇ ਸੂਬਿਆਂ 'ਚ ਹੋਈਆਂ ਦਲਿਤਾਂ ਨਾਲ ਵੱਧ ਜ਼ਿਆਦਤੀਆਂ, ਪੜ੍ਹ ਕੇ ਬਹੁਤ ਦੁੱਖ ਵੀ ਹੋਇਆ ਤੇ ਹੈਰਾਨੀ ਵੀ। ਦਲਿਤਾਂ ਉੱਪਰ ਜ਼ੁਲਮਾਂ ਦੀਆਂ ਇਕਾ-ਦੁੱਕਾ ਘਟਨਾਵਾਂ ਤਾਂ ਆਮ ਤੌਰ 'ਤੇ ਹੀ ਸੁਣਨ ਨੂੰ ਮਿਲਦੀਆਂ ਹਨ, ਪਰ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਆਈ ਹੈ, ਉਦੋਂ ਤੋਂ ਭਾਜਪਾ ਦੀ ਸੱਤਾ ਵਾਲੇ ਰਾਜਾਂ ਵਿਚ ਦਲਿਤਾਂ ਉੱਪਰ ਹੋਣ ਵਾਲੇ ਜ਼ੁਲਮਾਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਇਹ ਕੋਈ ਆਮ ਸੰਸਥਾ ਦਾ ਸਰਵੇਖਣ ਨਹੀਂ, ਸਗੋਂ ਭਾਰਤ ਸਰਕਾਰ ਦੀ ਸੰਸਥਾ ਕੌਮੀ ਅਪਰਾਧ ਰਿਕਾਰਡ ਬਿਊਰੋ ਵਲੋਂ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਕਦੇ ਘੋੜਾ ਰੱਖਣ ਕਰਕੇ, ਕਦੇ ਪੱਗ ਬੰਨ੍ਹਣ ਕਰਕੇ, ਕਦੇ ਬਰਾਤ ਪਿੰਡ ਵਿਚੋਂ ਲਿਜਾਣ ਕਰਕੇ, ਦਲਿਤਾਂ ਨੂੰ ਤਸ਼ੱਦਦ ਝੱਲਣਾ ਪੈਂਦਾ ਹੈ। ਦਲਿਤਾਂ ਨੂੰ ਜੇਕਰ ਸੰਵਿਧਾਨ ਨੇ ਕੁਝ ਹੱਕ ਦਿੱਤੇ ਹਨ ਤਾਂ ਉਨ੍ਹਾਂ ਨੂੰ ਵੀ ਖੋਹਣ ਦੇ ਯਤਨ ਹੋ ਰਹੇ ਹਨ, ਜਿਸ ਨਾਲ ਸਰਕਾਰੀ ਧਿਰ ਵਲੋਂ ਕੀਤੇ ਜਾ ਰਹੇ ਝੂਠੇ ਦਲਿਤ ਮੋਹ ਦਾ ਪਰਦਾ ਫਾਸ਼ ਹੋ ਚੁੱਕਾ ਹੈ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।

'ਇਤਿਹਾਸ ਵਿਸ਼ੇ ਦੀ ਕਿਤਾਬ ਸਬੰਧੀ ਵਿਵਾਦ'

ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਕਲਾਸ ਦੇ ਇਤਿਹਾਸ ਵਿਸ਼ੇ ਦਾ ਪਾਠਕ੍ਰਮ ਬਦਲਣ ਦਾ ਮਾਮਲਾ ਭਖਿਆ ਹੋਇਆ ਹੈ, ਜਿਸ ਬਾਰੇ ਅਕਾਲੀ ਦਲ ਅਤੇ ਕਾਂਗਰਸ ਆਦਿ ਰਾਜਨੀਤਕ ਪਾਰਟੀਆਂ ਵੀ ਆਪਣੇ-ਆਪਣੇ ਵਿਚਾਰ ਦੇ ਰਹੀਆਂ ਹਨ, ਪਰ ਇਸ ਸਭ ਨਾਲ ਸਭ ਤੋਂ ਵੱਧ ਨੁਕਸਾਨ ਬੱਚਿਆਂ ਦਾ ਹੀ ਹੋ ਰਿਹਾ ਹੈ। 31 ਮਾਰਚ ਨੂੰ ਨਤੀਜਾ ਆਉਣ ਤੋਂ ਬਾਅਦ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸੋ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ ਨੂੰ ਡੇਢ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤੱਕ ਪਾਠਕ੍ਰਮ ਨੂੰ ਲੈ ਕੇ ਬਹਿਸ ਹੀ ਹੋ ਰਹੀ ਹੈ। ਬੋਰਡ ਨੂੰ ਚਾਹੀਦਾ ਹੈ ਕਿ ਜੇ ਉਹ ਕਿਸੇ ਕਲਾਸ ਦਾ ਸਿਲੇਬਸ ਬਦਲਣਾ ਚਾਹੁੰਦਾ ਹੈ ਤਾਂ ਉਸ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।
ਦੂਸਰਾ ਇਤਿਹਾਸ ਦੀ ਪੁਰਾਣੀ ਕਿਤਾਬ ਵਿਚ ਪੰਜਾਬ ਦੇ ਭੂਗੋਲਿਕ ਹਾਲਾਤ, ਦਸ ਗੁਰੂ ਸਾਹਿਬਾਨਾਂ ਦਾ ਜੀਵਨ, ਬੰਦਾ ਸਿੰਘ ਬਹਾਦਰ ਦੇ ਜੀਵਨ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ, ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਉਸ ਦੇ ਵਿਸ਼ਾਲ ਖ਼ਾਲਸਾ ਰਾਜ ਦਾ ਵਰਨਣ ਬਹੁਤ ਵਧੀਆ ਢੰਗ-ਤਰੀਕੇ ਨਾਲ ਕੀਤਾ ਗਿਆ ਸੀ। ਜੇਕਰ ਅਸਲ ਵਿਚ ਇਸ ਇਤਿਹਾਸ ਨੂੰ ਕਿਤਾਬ ਵਿਚੋਂ ਖ਼ਤਮ ਕੀਤਾ ਜਾ ਰਿਹਾ ਹੈ ਜਾਂ ਸੰਖੇਪ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਮੰਦਭਾਗਾ ਕਦਮ ਹੈ, ਕਿਉਂਕਿ ਜੋ ਕੌਮਾਂ ਆਪਣਾ ਇਤਹਿਾਸ ਭੁੱਲ ਜਾਂਦੀਆਂ ਹਨ, ਉਹ ਕਦੇ ਤਰੱਕੀ ਨਹੀਂ ਕਰ ਸਕਦੀਆਂ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਹੁਸ਼ਿਆਰਪੁਰ।

ਪੜ੍ਹੋ ਪੰਜਾਬ ਦਾ ਪ੍ਰਭਾਵ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਹਰਪ੍ਰੀਤ ਸਿੰਘ ਹੈੱਡ ਟੀਚਰ ਵਲੋਂ ਲਿਖਿਆ ਲੇਖ 'ਪ੍ਰਾਇਮਰੀ ਸਿੱਖਿਆ 'ਤੇ ਉਲਟਾ ਪ੍ਰਭਾਵ ਪਾ ਰਿਹਾ ਹੈ ਪੜ੍ਹੋ ਪੰਜਾਬ' ਪੜ੍ਹਿਆ। ਲੇਖਕ ਨੇ ਪ੍ਰਾਜੈਕਟ ਸਬੰਧੀ ਅਧੂਰੇ ਅਤੇ ਇਕਪਾਸੜ ਵਿਚਾਰ ਪੇਸ਼ ਕੀਤੇ ਹਨ। ਲੇਖਕ ਨੂੰ ਚਾਹੀਦਾ ਹੈ ਕਿ ਉਹ ਪੜ੍ਹੋ ਪੰਜਾਬ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਹੁਣ ਦੇ ਨਤੀਜਿਆਂ ਦੇ ਅੰਕੜੇ ਦੇਖੇ। ਅਸਲੀਅਤ ਇਹ ਹੈ ਕਿ ਇਸ ਪ੍ਰਾਜੈਕਟ ਨੇ ਸਕੂਲਾਂ ਵਿਚ ਪੜ੍ਹਾਈ ਦਾ ਮਾਹੌਲ ਪੈਦਾ ਕੀਤਾ ਹੈ। ਅਧਿਆਪਕਾਂ ਨੂੰ ਸੈਮੀਨਾਰਾਂ ਰਾਹੀਂ ਬਹੁਤ ਡੂੰਘਾਈ ਤੱਕ ਜਾ ਕੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਸਮਝਣ ਦੇ ਯੋਗ ਬਣਾਇਆ ਹੈ। ਕਿਉਂਕਿ ਇਸ ਵਿਚ ਅਧਿਆਪਕ ਦੀ ਮਿਹਨਤ ਵੀ ਵਧੀ ਹੈ। ਇਸੇ ਪ੍ਰਾਜੈਕਟ ਦੇ ਅਨੁਸਾਰ ਹੀ ਜਮਾਤ ਨਤੀਜਿਆਂ ਦੇ ਆਧਾਰ 'ਤੇ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਵਿਚ ਨੰਬਰ ਲਾਏ ਜਾਣੇ ਹਨ। ਇਹੀ ਕਾਰਨ ਹੈ ਕਿ ਉਹ ਅਧਿਆਪਕ ਜੋ ਮਿਹਨਤ ਦੇ ਵਧੇਰੇ ਆਦੀ ਨਹੀਂ ਸਨ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਪਰ ਬੱਚਿਆਂ ਦੇ ਪੜ੍ਹਨ ਅਤੇ ਲਿਖਣ ਪੱਧਰ ਵਿਚ ਇਸ ਪ੍ਰਾਜੈਕਟ ਨੇ ਬਹੁਤ ਸੁਧਾਰ ਕੀਤਾ ਹੈ। ਇਸ ਪ੍ਰਾਜੈਕਟ ਵਿਚ ਸਮੇਂ-ਸਮੇਂ 'ਤੇ ਅਧਿਆਪਕ ਰਾਇ ਲੈ ਕੇ ਸੁਧਾਰ ਕੀਤੇ ਜਾਂਦੇ ਰਹੇ ਹਨ। ਇਸ ਵਾਰ ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਸਿਲੇਬਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਇਹ ਕਹਿਣਾ ਕਿ ਇਹ ਪ੍ਰਾਜੈਕਟ ਪ੍ਰਾਇਮਰੀ ਸਿੱਖਿਆ 'ਤੇ ਉਲਟਾ ਪ੍ਰਭਾਵ ਪਾ ਰਿਹਾ ਹੈ ਬਿਲਕੁਲ ਤੱਥਹੀਣ ਤੇ ਸੱਚਾਈ ਤੋਂ ਦੂਰ ਦੀ ਗੱਲ ਹੈ। ਚੰਗਾ ਲੇਖਕ ਸਿੱਕੇ ਦੇ ਦੋਵਾਂ ਪਹਿਲੂਆਂ ਨੂੰ ਵਾਚਦਾ ਹੈ।

-ਪਰਮਜੀਤ ਕੌਰ ਸਰਾਂ

ਰਸੂਖਦਾਰ ਕਰਜ਼ਦਾਰਾਂ ਦੀ ਸੂਚੀ

ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ ਰਾਜਨੀਤਕ ਨੇਤਾਵਾਂ ਤੇ ਵੱਡੇ ਕਿਸਾਨ ਆਗੂਆਂ ਦੀ ਕਰਜ਼ੇ ਦੀ ਸੂਚੀ ਜਨਤਕ ਕੀਤੀ ਗਈ। ਇਸ ਸੂਚੀ ਤੋਂ ਇਹ ਗੱਲ ਸਪੱਸ਼ਟ ਹੋ ਗਈ ਕਿ ਕਿਸ ਤਰ੍ਹਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸਿਆਸੀ ਸ਼ਹਿ 'ਤੇ ਬੈਂਕਾਂ ਪਾਸੋਂ ਬਹੁਤ ਜ਼ਿਆਦਾ ਕਰਜ਼ੇ ਲੈ ਲਏ। ਇਨ੍ਹਾਂ ਲੋਕਾਂ ਨੂੰ ਸਿਆਸੀ ਰੁਤਬੇ ਕਰਕੇ ਹੀ ਇੰਨੇ ਜ਼ਿਆਦਾ ਕਰਜ਼ੇ ਮਿਲੇ ਪਰ ਇਸ ਨੂੰ ਵਾਪਸ ਨਾ ਕਰਨ ਦਾ ਵਾਧੂ ਬੋਝ ਵੀ ਆਮ ਕਿਸਾਨਾਂ 'ਤੇ ਹੀ ਪਵੇਗਾ।
ਜੇਕਰ ਆਮ ਕਿਸਾਨ ਸਿਰ ਕਰਜ਼ਾ ਹੋਵੇ ਤਾਂ ਉਸ ਦੀ ਸੂਚੀ ਜਨਤਕ ਕਰ ਦਿੱਤੀ ਜਾਂਦੀ ਹੈ ਤੇ ਬੈਂਕਾਂ ਦੇ ਕਰਮਚਾਰੀਆਂ ਦੁਆਰਾ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਦੋਹਰੀ ਨੀਤੀ ਨਾ ਅਪਣਾਈ ਜਾਵੇ। ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਜੋ ਉਨ੍ਹਾਂ ਦੇ ਆਗੂ ਡਿਫਾਲਟਰ ਹਨ ਉਨ੍ਹਾਂ ਨੂੰ ਚੋਣ ਨਾ ਲੜਨ ਦਿੱਤੀ ਜਾਵੇ, ਕਿਉਂਕਿ ਜੇਕਰ ਸਰਕਾਰ ਵਿਚ ਇਸ ਤਰ੍ਹਾਂ ਦੇ ਲੋਕ ਹਨ ਤਾਂ ਇਸ ਨਾਲ ਸਰਕਾਰ ਦੇ ਅਕਸ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਮੁਫ਼ਤ ਬਿਜਲੀ

ਜਦੋਂ ਕਦੀ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਸੀ, ਉਦੋਂ ਤੋਂ ਹੀ ਕਿਸਾਨਾਂ ਅਤੇ ਦਲਿਤ ਵਰਗਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਂਦੀ ਰਹੀ ਹੈ। 'ਮੁਫ਼ਤ ਬਿਜਲੀ ਜ਼ਰੂਰ ਦਿਓ' ਪਰ ਮੁਫ਼ਤ ਬਿਜਲੀ ਦੇਣ ਲਈ ਕੋਈ ਆਰਥਿਕ ਮਾਪ ਦੰਡ ਤਹਿ ਹੋਣਾ ਚਾਹੀਦਾ ਹੈ। ਜਿਹੜੇ ਵੱਡੇ ਕਿਸਾਨ ਹਨ ਅਤੇ ਨਾਲ ਸਰਕਾਰੀ ਨੌਕਰੀ ਵੀ ਕਰਦੇ ਹਨ ਅਤੇ ਦਲਿਤ ਭਾਈਚਾਰੇ ਵਿਚੋਂ ਵੀ ਕਈ ਲੋਕ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਲਗਾਉਣੇ ਚਾਹੀਦੇ ਹਨ। ਜੇਕਰ ਸਰਕਾਰ ਨੇ ਜ਼ਰੂਰ ਹੀ ਮੁਫ਼ਤ ਬਿਜਲੀ ਦੀ ਸਹੂਲਤ ਦੇਣੀ ਹੈ ਤਾਂ ਛੋਟੇ ਕਿਸਾਨਾਂ ਅਤੇ ਗ਼ਰੀਬ ਵਰਗ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਪਰ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਜੇਕਰ ਮੌਜੂਦਾ ਸਰਕਾਰ ਕਿਸਾਨਾਂ ਆਦਿ ਪਾਸੋਂ ਇਹ ਸਹੂਲਤ ਵਾਪਸ ਲੈਣੀ ਚਾਹੁੰਦੀ ਹੈ ਤਾਂ ਵਿਰੋਧੀ ਧਿਰ ਇਸ ਸਬੰਧੀ ਵਾ-ਵੇਲਾ ਖੜ੍ਹਾ ਕਰ ਦਿੰਦਾ ਹੈ, ਜਿਵੇਂ ਕਿ ਹੁਣ ਹੋ ਰਿਹਾ ਹੈ ਅਤੇ ਇਹ ਸਹੂਲਤ ਸਰਕਾਰਾਂ ਲਈ ਗਲੇ ਦੀ ਹੱਡੀ ਬਣ ਗਈ ਹੈ। ਸੋ, ਮੌਜੂਦਾ ਸਰਕਾਰ ਨੂੰ ਇਸ ਬਾਰੇ ਪੰਜਾਬ ਦੇ ਹਿਤ ਨੂੰ ਮੁੱਖ ਰੱਖਦੇ ਹੋਏ ਉਸਾਰੂ ਅਤੇ ਠੋਸ ਕਦਮ ਚੁੱਕਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

15-05-2018

 ਸਿਆਸੀ ਦਬਾਅ ਤੋਂ ਮੁਕਤ ਹੋਵੇ ਪੁਲਿਸ
ਪੰਜਾਬ ਵਿਚ ਇਸ ਸਮੇਂ ਕਾਨੂੰਨ ਵਿਵਸਥਾ ਹਾਸ਼ੀਏ 'ਤੇ ਆ ਚੁੱਕੀ ਹੈ। ਸਮਾਜ ਵਿਰੋਧੀ ਦਿਨ ਦਿਹਾੜੇ ਲੁੱਟ-ਖੋਹ, ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ਦੁਆਰਾ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਪੁਲਿਸ ਇਨ੍ਹਾਂ ਖਿਲਾਫ਼ ਕਾਰਵਾਈ ਨਹੀਂ ਕਰ ਰਹੀ। ਪੁਲਿਸ ਪ੍ਰਸ਼ਾਸਨ ਦਾ ਹਮੇਸ਼ਾ ਇਹ ਤਰਕ ਰਹਿੰਦਾ ਹੈ ਕਿ ਸਿਆਸੀ ਦਬਾਅ ਕਰਕੇ ਉਹ ਇਨ੍ਹਾਂ ਅਨਸਰਾਂ ਖਿਲਾਫ਼ ਕਾਰਵਾਈ ਨਹੀਂ ਕਰ ਸਕਦੇ ਜੇਕਰ ਉਹ ਕਿਸੇ ਨੂੰ ਗ੍ਰਿਫ਼ਤਾਰ ਵੀ ਕਰਦੇ ਹਨ ਤਾਂ ਸਿਆਸੀ ਰਸੂਖ ਰੱਖਣ ਵਾਲੇ ਲੋਕ ਤੁਰੰਤ ਇਨ੍ਹਾਂ ਦੀ ਪੈਰਵੀ ਕਰ ਕੇ ਛੁਡਾਅ ਲੈਂਦੇ ਹਨ। ਆਮ ਤੌਰ 'ਤੇ ਛੋਟੇ ਪੱਧਰ 'ਤੇ ਪਿੰਡਾਂ ਵਿਚ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਛੋਟਾ ਤਸਕਰ ਪੁਲਿਸ ਦੁਆਰਾ ਕਾਬੂ ਕਰ ਲਿਆ ਜਾਵੇ ਤਾਂ ਪਿੰਡ ਦੇ ਮੋਹਤਬਰ ਵਿਅਕਤੀ ਜੋ ਸਿਆਸੀ ਰਸੂਖ ਰੱਖਦੇ ਹਨ ਤੁਰੰਤ ਉਨ੍ਹਾਂ ਨੂੰ ਛੁਡਾਉਣ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹੇ ਲੋਕ ਇਕ ਦਿਨ ਉਨ੍ਹਾਂ ਦੇ ਬੱਚਿਆਂ ਨੂੰ ਹੀ ਨਸ਼ਿਆਂ ਵਰਗੀ ਭੈੜੀ ਅਲਾਮਤ ਦਾ ਸ਼ਿਕਾਰ ਬਣਾ ਲੈਂਦੇ ਹਨ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੋਟ ਬੈਂਕ ਦੀ ਰਾਜਨੀਤੀ ਤੋਂ ਉਪਰ ਉਠ ਕੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਕੰਮ ਕਰਨ ਦੇਣ, ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ઠ

ਕਮਲ ਬਰਾੜ। ઠ
ਪਿੰਡ ਕੋਟਲੀ ਅਬਲੂ।

ਪੰਜਾਬੀ ਗਾਇਕੀ
ਇਕ ਪਾਸੇ ਜਿਥੇ ਪੰਜਾਬੀ ਸਿਨੇਮਾ ਤਰੱਕੀ ਦੀ ਰਾਹ 'ਤੇ ਵਧ ਰਿਹਾ ਹੈ ਅਤੇ ਦੂਜੇ ਪਾਸੇ ਰੋਜ਼ਾਨਾ ਇਕ ਨਵਾਂ ਗਾਇਕ ਆ ਕੇ ਲੱਚਰ ਤੋਂ ਲੱਚਰ ਗੀਤ ਪੇਸ਼ ਕਰ ਰਿਹਾ ਹੈ। ਜਿਨ੍ਹਾਂ ਵਿਚ ਲੱਚਰਤਾ ਤਾਂ ਐਨੀ ਕੁੱਟ-ਕੁੱਟ ਕੇ ਭਰੀ ਹੁੰਦੀ ਹੈ ਕਿ ਸੱਭਿਆਚਾਰ ਦਾ ਤਾਂ ਕੁਝ ਵੀ ਦਿਖਾਈ ਨਹੀਂ ਦਿੰਦਾ। ਇਨ੍ਹਾਂ ਗੀਤਾਂ ਵਿਚ ਹਥਿਆਰਾਂ ਅਤੇ ਨਸ਼ੇ ਦੀਆਂ ਗੱਲਾਂ ਤਾਂ ਆਮ ਹੋਣ ਨਾਲ ਸਾਡੇ ਸੱਭਿਆਚਾਰ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਕ ਨਵਾਂ ਸੈਂਸਰ ਬੋਰਡ ਬਣਾਉਣਾ ਚਾਹੀਦਾ ਹੈ ਅਤੇ ਉਸ ਵਿਚ ਅਜਿਹੇ ਲੋਕ ਚਾਹੀਦੇ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ-ਬੋਲੀ ਵਾਸਤੇ ਕੰਮ ਕੀਤੇ ਹੋਣ ਤਾਂ ਜੋ ਅੱਜ ਦੇ ਗਾਇਕ ਸਾਫ਼-ਸੁਥਰੀ ਗਾਇਕੀ ਨੂੰ ਪੇਸ਼ ਕਰ ਸਕਣ। ਇਸ ਲਈ ਸਾਡਾ ਸੱਭਿਆਚਾਰ ਵੀ ਬਚ ਸਕੇ ਤੇ ਸਾਡੀ ਨੌਜਵਾਨ ਪੀੜ੍ਹੀ ਵੀ ਸਹੀ ਰਾਹ 'ਤੇ ਚੱਲ ਸਕੇ।

-ਅਕਾਸ਼ਦੀਪ ਸਿੰਘ ਸੀਰਵਾਲੀઠ
(ਜਮਾਤ- ਦਸਵੀਂ )

ਬੇਜ਼ੁਬਾਨਾਂ ਲਈ ਰੱਖੋ ਪਾਣੀ
ਅੱਜਕਲ੍ਹ ਪੰਜਾਬ ਅਤੇ ਨਾਲ ਲਗਦੇ ਖੇਤਰਾਂ 'ਚ ਗਰਮੀ ਦਾ ਕਹਿਰ ਪੂਰੇ ਜ਼ੋਰਾਂ 'ਤੇ ਹੈ। ਇਸ ਗਰਮੀ ਦੇ ਕਹਿਰ ਨੇ ਜਿੱਥੇ ਮਨੁੱਖੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਨਾਲ ਬਹੁਤ ਸਾਰੇ ਜੀਵ-ਜੰਤੂ, ਪਸ਼ੂ ਅਤੇ ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ। ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹੁੰਦੇ ਹਨ। ਇਨ੍ਹਾਂ ਨਾਲ ਕੁਦਰਤ ਬਹੁਤ ਸੁਹਾਵਣੀ ਲੱਗਦੀ ਹੈ। ਸੋ, ਇਨ੍ਹਾਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਡਾ ਸਭ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ, ਬਨੇਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰੀਏ, ਤਾਂ ਜੋ ਇਹ ਬੇਜ਼ੁਬਾਨ ਪੰਛੀ ਆਪਣੀ ਪਿਆਸ ਬੁਝਾ ਸਕਣ। ਇਹ ਸਾਡੇ ਸਾਰਿਆਂ ਲਈ ਜਿੱਥੇ ਪੁੰਨ ਦਾ ਕੰਮ ਹੋਵੇਗਾ ਨਾਲ ਹੀ ਪੰਛੀਆਂ ਦੀ ਚਹਿ-ਚਹਾਉਂਦੀਆਂ ਆਵਾਜ਼ਾਂ ਨਾਲ ਸਾਡਾ ਆਲਾ-ਦੁਆਲਾ ਵੀ ਗੂੰਜਦਾ ਰਹੇਗਾ।

-ਸ਼ੰਕਰ ਦਾਸ
ਮੋਗਾ।

ਪੰਜਾਬ ਦਾ ਇਤਿਹਾਸ
ਪਿਛਲੇ ਦਿਨੀਂ ਵਿਸ਼ੇਸ਼ ਸੰਪਾਦਕੀ 'ਗਹਿਰੀ ਸਾਜਿਸ਼ ਹੈ ਗੌਰਵਮਈ ਇਤਿਹਾਸ 'ਤੇ ਲੀਕ ਮਾਰਨੀ' ਵਿਚ ਪੰਜਾਬੀਆਂ ਖਾਸ ਕਰ ਸਿੱਖਾਂ ਦੇ ਇਤਿਹਾਸ ਦੀ ਤਰਜਮਾਨੀ ਕੀਤੀ ਹੈ। ਸਿਕੰਦਰ ਤੋਂ ਲੈ ਕੇ ਦੱਰਾ ਖ਼ੈਬਰ ਰਾਹੀਂ ਜਿੰਨੇ ਵੀ ਹਮਲਾਵਰ ਆਏ ਸਭ ਨਾਲ ਪਹਿਲਾਂ ਪੰਜਾਬੀਆਂ ਨੇ ਹੀ ਟੱਕਰ ਲਈ ਹੈ। ਸਿੱਖਾਂ ਨੇ ਹਮੇਸ਼ਾ ਹੱਕ-ਸੱਚ ਦੀ ਲੜਾਈ ਲੜੀ ਹੈ। ਆਜ਼ਾਦੀ ਪ੍ਰਾਪਤੀ ਵਿਚ ਲਗਪਗ 80 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਹਨ। ਹਰ ਕੌਮ ਆਪਣੇ ਇਤਿਹਾਸ, ਸੱਭਿਆਚਾਰ ਤੇ ਮਾਂ-ਬੋਲੀ ਨਾਲ ਕਾਇਮ ਹੈ। ਇਹ ਸਭ ਕੁਝ ਆਪਣੀ ਕੁਰਸੀ ਦੀ ਖ਼ਾਤਰ ਆਪਣਾ ਦੀਨ-ਈਮਾਨ, ਜ਼ਮੀਰ, ਫ਼ਰਜ਼ ਤੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਦਾਣਾ ਮੰਡੀਆਂ ਦੀ ਦੁਰਦਸ਼ਾ
ਦਾਣਾ ਮੰਡੀਆਂ ਦੀ ਹਾਲਤ ਤਰਸਯੋਗ ਬਣੀ ਹੈ। ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹਨ। ਬਹੁਤੀਆਂ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਹਨ। ਕਈ ਜਗ੍ਹਾ ਕਿਸਾਨਾਂ ਕੋਲੋਂ ਗੁੰਡਾ ਟੈਕਸ ਲੈਣ ਦੀਆਂ ਵੀ ਖ਼ਬਰਾਂ ਆਈਆਂ ਹਨ। ਸਰਕਾਰ ਵਲੋਂ ਟੈਂਡਰ ਦੇਣ ਦੀ ਦੇਰੀ, ਮਾਲ ਕਿਰਾਇਆ ਘੱਟ ਕਰਨ ਕਰਕੇ ਟਰੱਕ ਆਪ੍ਰੇਟਰਾਂ ਵਿਚ ਗੁੱਸਾ ਹੋਣਾ ਸੁਭਾਵਿਕ ਹੈ। ਕਿਸਾਨਾਂ ਦਾ ਗੱਡਾ ਟਰੈਕਟਰ-ਟਰਾਲੀ ਵੀ ਇਹ ਕਈ ਟਨ ਭਾਰਾ ਕੰਮ ਨਹੀਂ ਕਰ ਸਕਦਾ। ਖਰਾਬ ਮੌਸਮ ਦੇ ਚਲਦਿਆਂ ਕਿਸਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਇਹ ਸੋਨੇ ਵਰਗੀ ਫ਼ਸਲ ਨਸ਼ਟ ਹੋ ਸਕਦੀ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਕਬੂਲਦਿਆਂ ਸਮਾਂ ਰਹਿੰਦਿਆਂ ਯੋਗ ਪ੍ਰਬੰਧ ਕਰੇ, ਤਾਂ ਕਿ ਕੋਈ ਪ੍ਰੇਸ਼ਾਨੀ ਦਾ ਸਬੱਬ ਨਾ ਬਣੇ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਪੰਜਾਬ ਤੇ ਗੁਰ ਇਤਿਹਾਸ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਨੂੰ ਪਿਛਲੇ ਕਈ ਸਾਲਾਂ ਤੋਂ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਪਾਠ ਪੁਸਤਕ 'ਪੰਜਾਬ ਦਾ ਇਤਿਹਾਸ' ਨੂੰ ਨਵਿਓਂ ਸਿਰਿਉਂ ਸਿਰਫ਼ 'ਇਤਿਹਾਸ' ਸਿਰਲੇਖ ਹੇਠ ਛਾਪ ਕੇ ਪੰਜਾਬ ਦੇ ਗੌਰਵਮਈ ਇਤਿਹਾਸ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਪੁਸਤਕ ਦੇ ਪਹਿਲਾਂ 324 ਪੰਨੇ ਅਤੇ 23 ਚੈਪਟਰ ਸਨ। ਇਸ ਕਿਤਾਬ ਦੀ ਸ਼ੁਰੂਆਤ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ, ਦਸ ਗੁਰੂ ਸਾਹਿਬਾਨਾਂ ਦਾ ਵਿਸਥਾਰਪੂਰਵਕ ਜੀਵਨ ਫਲਸਫ਼ਾ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਪੂਰਨ ਹਾਲ ਆਦਿ ਸ਼ਾਮਿਲ ਸੀ।
ਪਰ ਹੁਣ ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਦਬਾਅ ਹੇਠ ਸਿਰਫ਼ 'ਇਤਿਹਾਸ' ਸਿਰਲੇਖ ਹੇਠ ਛਪੀ ਇਸ ਪੁਸਤਕ ਦੇ ਸਿਰਫ਼ 182 ਪੰਨੇ ਹਨ। ਇਸ ਪੁਸਤਕ ਵਿਚੋਂ ਪੰਜਾਬ, ਗੁਰੂ ਸਾਹਿਬਾਨਾਂ ਦੇ ਵਿਸਥਾਰਪੂਰਵਕ ਜੀਵਨ ਫਲਸਫ਼ਾ ਅਤੇ ਸਿੱਖ ਇਤਿਹਾਸ ਦੇ ਪਰ ਕੁਤਰ ਦਿੱਤੇ ਗਏ। ਇਸੇ ਪ੍ਰਕਾਰ ਗਿਆਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਨਾਲ ਸਬੰਧਤ ਕਿਤਾਬ ਨਾਲ ਵੀ ਵੱਡੀ ਛੇੜਛਾੜ ਕੀਤੀ ਗਈ ਹੈ। ਸਿੱਖ ਗੁਰੂਆਂ ਅਤੇ ਸਿੱਖ ਕੌਮ ਦੇ ਜੁਝਾਰੂਆਂ ਨੇ ਜਬਰ ਜ਼ੁਲਮ ਦੇ ਖਿਲਾਫ਼ ਆਪਣੇ ਖ਼ੂਨ ਦਾ ਇਕ-ਇਕ ਕਤਰਾ ਵਹਾ ਕੇ ਜਿਥੇ ਆਪਣੇ ਪੰਜਾਬ ਦੀ ਪਤ ਬਚਾਈ, ਉਥੇ ਇਸ ਦੇਸ਼ ਦੀ ਆਨ-ਸ਼ਾਨ ਵੀ ਕਾਇਮ ਰੱਖੀ। ਪੰਜਾਬੀਆਂ ਨੂੰ ਇਹਦਾ ਮੁੱਲ ਜਿਹੜੇ ਢੰਗ ਵਿਚ ਮਿਲ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

11-05-2018

 ਜ਼ਿੰਮੇਵਾਰੀ ਨਿਭਾਉਣੀ ਹੋਵੇਗੀ
ਉਹ ਕਿਹੜਾ ਮੁਕਾਮ ਹੈ ਜਿਸ ਨੂੰ ਅੱਜ ਦੀ ਬੇਟੀ ਪ੍ਰਾਪਤ ਨਹੀਂ ਕਰ ਸਕਦੀ। ਉੱਚੇ-ਉੱਚੇ ਅਹੁਦਿਆਂ 'ਤੇ ਪਹੁੰਚ ਕੇ ਮਾਂ-ਬਾਪ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨ ਅਤੇ ਅੰਤ ਤੱਕ ਆਪਣੇ ਮਾਂ-ਬਾਪ ਦਾ ਸਹਾਰਾ ਬਣ ਕੇ ਬੇਟੀਆਂ ਨੇ ਸਮਾਜ ਦੀ ਨਾਕਾਰਾਤਮਕ ਸੋਚ ਨੂੰ ਪਛਾੜ ਦਿੱਤਾ ਹੈ। ਪਰ ਫਿਰ ਵੀ ਅਗਿਆਨਤਾ ਦੀ ਘਾਟ ਕਾਰਨ ਕੁਝ ਲੋਕ ਅੱਜ ਵੀ ਬੇਟੀਆਂ ਦਾ ਤ੍ਰਿਸਕਾਰ ਕਰ ਰਹੇ ਹਨ। ਅੱਜ ਵੀ ਬੇਟੀਆਂ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ। ਦਿਨੋ-ਦਿਨ ਵਧ ਰਹੀ ਭਰੂਣ ਹੱਤਿਆ, ਜਬਰ ਜਨਾਹ ਅਤੇ ਕਤਲ ਨੇ ਬੇਟੀਆਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਜੋ ਅੱਜ ਇਹ ਜੁਰਮ ਕਰ ਰਹੇ ਹਨ, ਉਹ ਕਿਉਂ ਨਹੀਂ ਸੋਚਦੇ ਕਿ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਇਸ ਸਮਾਜ ਵਿਚ ਰਹਿ ਰਿਹਾ ਹੈ, ਜਿਸ ਨੂੰ ਉਹ ਗੰਧਲਾ ਕਰ ਰਹੇ ਹਨ। ਜੇ ਦੂਜਿਆਂ ਦੀ ਬੇਟੀ ਦਾ ਸਤਿਕਾਰ ਕਰਾਂਗੇ ਤਾਂ ਹੀ ਸਾਡੀਆਂ ਬੇਟੀਆਂ ਸਤਿਕਾਰ ਨਾਲ ਜਿਊਣਗੀਆਂ। ਕੀ ਕਸੂਰ ਹੈ ਇਨ੍ਹਾਂ ਬੱਚੀਆਂ ਦਾ? ਕੌਣ ਜ਼ਿੰਮੇਵਾਰ ਹੈ ਇਸ ਦਾ? ਸੂਝਵਾਨ ਲੋਕੋ ਜਾਗੋ ਸਮਾਜ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਓ। ਬੇਟੀਆਂ ਦੀ ਸੁਰੱਖਿਆ ਯਕੀਨੀ ਬਣਾਓ। ਇਨਸਾਨੀ ਸੋਚ ਪੈਦਾ ਕਰਕੇ ਹੈਵਾਨੀਅਤ ਦੀ ਸੋਚ ਦਾ ਖ਼ਾਤਮਾ ਕਰੋ। ਬੇਟੀਆਂ ਦੀ ਸੁਰੱਖਿਆ ਲਈ ਸਭ ਤੋਂ ਪਹਿਲਾਂ ਆਮ ਇਨਸਾਨ ਨੂੰ ਅੱਗੇ ਹੋ ਕੇ ਆਪਣਾ ਪਰਜ਼ ਨਿਭਾਉਣਾ ਹੋਵੇਗਾ ਤਾਂ ਹੀ ਸਾਡੀਆਂ ਬੇਟੀਆਂ ਸੁਰੱਖਿਅਤ ਹੋ ਕੇ ਮਾਂ-ਬਾਪ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੀਆਂ।


-ਬੀਰਪਾਲ ਕੌਰ ਸਿੱਧੂ
ਭਦੌੜ।


ਮਹਾਨ ਕਵੀਆਂ ਦੀਆਂ ਰਚਨਾਵਾਂ
ਪਿਛਲੇ ਦਿਨੀਂ 'ਧਰਮ ਤੇ ਵਿਰਸਾ' ਅੰਕ ਵਿਚ 'ਭਾਈ ਵੀਰ ਸਿੰਘ ਦੀ ਲਿਖਤ ਦੇ ਰਿਕਾਰਡਿੰਗ ਤਵੇ' ਸਿਰਲੇਖ ਤਹਿਤ ਗੁਰਮੁਖ ਸਿੰਘ ਲਾਲੀ ਦੀ ਲਿਖਤ ਪੜ੍ਹਨ ਨੂੰ ਮਿਲੀ। ਪੜ੍ਹ ਕੇ ਹੈਰਾਨੀ ਭਰੀ ਖੁਸ਼ੀ ਹੋਈ ਕਿ ਸਾਡੇ ਵਿਦਵਾਨ ਕਵੀ ਦੀਆਂ ਰਚਨਾਵਾਂ ਰਿਕਾਰਡ ਹੋ ਕੇ ਤਵੇ ਦੇ ਰੂਪ ਵਿਚ ਮੌਜੂਦ ਹਨ। ਪਰ ਹੁਣ ਤੱਕ ਅਸੀਂ ਬਨੇਰਿਆਂ 'ਤੇ ਵਜਦੇ ਲਾਊਡ ਸਪੀਕਰਾਂ ਤੋਂ ਵਾਂਝੇ ਹੀ ਰਹੇ। ਕਾਵਿ ਕਲਾ ਦੇ ਮਾਹਿਰ ਇਸ ਕਵੀ ਦੀਆਂ ਰਚਨਾਵਾਂ ਨੂੰ ਖੂਬ ਸ਼ਿੰਗਾਰਿਆ ਹੈ। ਲੇਖਕ ਨੇ ਸਾਹਿਤਕ, ਇਤਿਹਾਸਕ, ਵਿਰਾਸਤ ਨੂੰ ਪਾਠਕਾਂ ਨਾਲ ਸਾਂਝਾ ਕਰਕੇ ਸਾਡੇ ਆਮ ਗਿਆਨ ਵਿਚ ਵਾਧਾ ਕੀਤਾ ਹੈ। ਅੱਜ ਲੋੜ ਹੈ, ਇਹੋ ਜਿਹੇ ਤਵਿਆਂ ਨੂੰ ਮਿਊਜ਼ਿਕ ਦੇ ਨਵੇਂ ਮਾਧਿਅਮ 'ਚ ਲਿਆ ਕੇ ਸਰੋਤਿਆਂ ਨੂੰ ਇਹੋ ਜਿਹੇ ਵੱਡੇ ਤੇ ਮਹਾਨ ਕਵੀਆਂ ਦੀਆਂ ਰਚਨਾਵਾਂ ਨਾਲ ਜੋੜਨ ਦੀ।


-ਸਨੇਹਇੰਦਰ ਮੀਲੂ ਫਰੌਰ
ਖੰਨਾ, ਜ਼ਿਲ੍ਹਾ ਲੁਧਿਆਣਾ।


ਪ੍ਰਸ਼ਾਸਨ ਦੀ ਅਵੇਸਲੀ ਪਹੁੰਚ
ਨੈਸ਼ਨਲ ਗ੍ਰੀਨ ਟ੍ਰਿਬਿਉੂਨਲ (ਐਨ.ਜੀ.ਟੀ.) ਦੀਆਂ ਹਦਾਇਤਾਂ ਅਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਵਾਤਾਵਰਨ ਨੂੰ ਦੁੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਵਾਰੀ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕਰਨ ਦੀਆਂ ਵੀ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਕਿਸਾਨਾਂ ਤੱਕ ਇਹ ਜਾਣਕਾਰੀਆਂ ਪਹੁੰਚਣ ਦੇ ਬਾਵਜੂਦ ਕਿਸਾਨ ਫ਼ਸਲ ਦੀ ਕਟਾਈ ਤੋਂ ਬਾਅਦ ਕਣਕ ਦੇ ਬਚੇ ਨਾੜ ਨੂੰ ਅੱਗ ਦੇ ਹਵਾਲੇ ਕਰਕੇ ਵਾਤਾਵਰਨ ਨਾਲ ਛੇੜਛਾੜ ਵਿਚ ਲੱਗੇ ਹੋਏ ਹਨ। ਸਰਕਾਰ ਵਲੋਂ ਹਰੇਕ ਸਾਲ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ 'ਤੇ ਪੂਰਨ ਪ੍ਰਾਬੰਦੀ ਲਗਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਵਲੋਂ ਸ਼ਰੇਆਮ ਕਣਕ ਦੇ ਬਚੇ ਨਾੜ ਨੂੰ ਸਾੜਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਵੱਡੀ ਮਾਤਰਾ ਵਿਚ ਧੂੰਆਂ ਹਵਾ ਵਿਚ ਮਿਲ ਕੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਸਗੋਂ ਇਹ ਧੂੰਆਂ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਲੋੜ ਹੈ ਕਿਸਾਨਾਂ ਵਿਚ ਪਿੰਡ ਪੱਧਰ ਤੱਕ ਜਾਗਰੂਕਤਾ ਪੈਦਾ ਕਰਨ ਦੀ ਅਤੇ ਪ੍ਰਸ਼ਾਸਨ ਨੂੰ ਇਸ ਪ੍ਰਤੀ ਸਖ਼ਤ ਕਦਮ ਚੁੱਕਣ ਦੀ ਤਾਂ ਕਿ ਵਾਤਾਵਰਨ ਨੂੰ ਦੂੁਸ਼ਿਤ ਹੋਣ ਤੋਂ ਬਚਾਇਆ ਜਾ ਸਕੇ।


-ਪ੍ਰੋ: ਮਨਪ੍ਰੀਤ ਕੌਰ ਗੋਰਾਇਆਂ
ਪਿੰਡ ਸ਼ੇਖਾ (ਗੁਰਦਾਸਪੁਰ)।


ਡੋਪ ਟੈਸਟ ਜ਼ਰੂਰੀ
ਪੰਜਾਬ ਸਰਕਾਰ ਵਲੋਂ ਹਥਿਆਰ ਰੱਖਣ ਵਾਲੇ ਵਿਅਕਤੀਆਂ ਦੇ ਡੋਪ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿਚ 25 ਤੋਂ 30 ਫ਼ੀਸਦੀ ਵਿਅਕਤੀਆਂ ਵਿਚ ਨਸ਼ੇ ਦੇ ਆਦੀ ਹੋਣ ਦੇ ਲੱਛਣ ਪਾਏ ਗਏ ਦੱਸੇ ਹਨ। ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਵੀ ਵਿਅਕਤੀ ਭਾਵੇਂ ਉਹ ਆਮ ਹੋਵੇ ਜਾਂ ਖਾਸ ਉਸ ਨੂੰ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਉਸ ਦੀ ਹੈਸੀਅਤ ਦੀ ਜਾਂਚ ਪੜਤਾਲ ਕਰੇ, ਉਸ ਦਾ ਆਰਥਿਕ ਪੱਧਰ ਅਤੇ ਉਸ ਦਾ ਸਮਾਜ ਵਿਚ ਕੀ ਰੁਤਬਾ ਹੈ ਅਤੇ ਉਸ ਨੂੰ ਜਾਨ ਮਾਲ ਦਾ ਖ਼ਤਰਾ ਹੈ ਵੀ ਜਾਂ ਨਹੀਂ ਅਤੇ ਕੀ ਉਹ ਨਸ਼ੇ ਦਾ ਆਦੀ ਤਾਂ ਨਹੀਂ? ਇਸ ਸਾਰੇ ਦੀ ਤਸਦੀਕ ਪਟਵਾਰੀ, ਕਾਨੂੰਨਗੋ ਅਤੇ ਤਹਿਸੀਲਦਾਰ ਤੋਂ ਕਰਵਾ ਕੇ ਹੀ ਲਾਇਸੈਂਸ ਜਾਰੀ ਕੀਤਾ ਜਾਵੇ ਤਾਂ ਜੋ ਬਿਨਾਂ ਵਜ੍ਹਾ ਹੋਣ ਵਾਲੀ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਭ੍ਰਿਸ਼ਟਾਚਾਰ ਦੇ ਗੁਲਾਮ
ਕੀ ਅਸੀਂ ਸੱਚਮੁੱਚ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜਾਂ ਫਿਰ ਆਜ਼ਾਦੀ ਦੇ ਨਾਂਅ 'ਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ? ਸਿੱਖਿਆ, ਸਿਹਤ, ਕਾਨੂੰਨ, ਨਿਆਂ ਪ੍ਰਣਾਲੀ, ਕੁਦਰਤੀ ਸਰੋਤ ਆਖ਼ਰ ਅਸੀਂ ਕਿਸ ਪ੍ਰਤੀ ਇਮਾਨਦਾਰ ਹਾਂ? ਕੀ ਕਦੇ ਇਨ੍ਹਾਂ ਪ੍ਰਤੀ ਇਮਾਨਦਾਰ ਹੁੰਦੇ ਹਾਂ ਜਾਂ ਹੋਵਾਂਗੇ? ਸਾਡੇ ਭ੍ਰਿਸ਼ਟ ਨੇਤਾਵਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਭ੍ਰਿਸ਼ਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਮਹਿੰਗਾਈ, ਧੱਕੇਸ਼ਾਹੀ, ਜਬਰ ਜਨਾਹ ਦੇ ਵਿਰੁੱਧ ਕੁਝ ਜਥੇਬੰਦੀਆਂ ਜਾਂ ਲੋਕ ਬੋਲਦੇ ਹਨ, ਉਨ੍ਹਾਂ 'ਤੇ ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ। ਅੱਜ ਸਾਨੂੰ ਗੰਦੇ ਸੱਭਿਆਚਾਰ, ਵਿੱਦਿਆ ਪ੍ਰਣਾਲੀ, ਭ੍ਰਿਸ਼ਟ ਨਿਜ਼ਾਮ ਤੋਂ ਛੁਟਕਾਰਾ ਪਾਉਣ ਲਈ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚਲਣਾ ਪਵੇਗਾ। ਅਜੇ ਵੇਲਾ ਹੈ ਕਿ ਹੱਕ, ਸੱਚ, ਇਨਸਾਫ਼ ਦੇ ਰਾਹ ਚੱਲ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਈਏ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।


ਆਸ਼ਾਵਾਦੀ ਸੋਚ
ਇਨਸਾਨ ਦੀ ਸੋਚ ਹੀ ਹੈ ਜੋ ਉਸ ਨੂੰ ਸਫ਼ਲ ਅਸਫ਼ਲ ਬਣਾਉਂਦੀ ਹੈ। ਨਿਰਾਸ਼ਾਵਾਦੀ ਸੋਚ ਵਾਲਾ ਇਨਸਾਨ ਹਮੇਸ਼ਾ ਅਸਫ਼ਲ ਹੀ ਹੁੰਦਾ ਹੈ ਅਤੇ ਆਸ਼ਾਵਾਦੀ ਸੋਚ ਵਾਲਾ ਇਨਸਾਨ ਹਮੇਸ਼ਾ ਸਫ਼ਲ ਹੁੰਦਾ ਹੈ। ਉਸ ਨੂੰ ਸਫ਼ਲਤਾ ਚਾਹੇ ਦੇਰ ਨਾਲ ਮਿਲੇ ਪਰ ਮਿਲਦੀ ਜ਼ਰੂਰ ਹੈ। ਸਿਆਣਿਆਂ ਵੀ ਕਿਹਾ ਹੈ, ਜਿਥੇ ਚਾਹ ਉਥੇ ਰਾਹ'। ਸੁੱਖ ਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਦੁੱਖਾਂ ਤੋਂ ਬਿਨਾਂ ਸੁੱਖ ਦੀ ਵੀ ਕੋਈ ਕੀਮਤ ਨਹੀਂ। ਇਸ ਲਈ ਦੁੱਖ-ਸੁੱਖ ਨੂੰ ਬਰਾਬਰ ਸਮਝ ਕੇ ਹੀ ਚਲਣਾ ਚਾਹੀਦਾ ਹੈ। ਪਰਮਾਤਮਾ ਦੇ ਕੀਤੇ 'ਤੇ ਕਦੇ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਸਿਰਫ ਆਪਣੀ ਫ਼ਿਕਰ ਹੁੰਦੀ ਹੈ ਪਰ ਉਸ ਨੂੰ ਪੂਰੀ ਸ੍ਰਿਸ਼ਟੀ ਦੀ ਫ਼ਿਕਰ ਹੈ। ਜੇਕਰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਆ ਜਾਵੇ ਤਾਂ ਜ਼ਿੰਦਗੀ ਜਿਊਣੀ ਆਸਾਨ ਹੋ ਜਾਂਦੀ ਹੈ।


-ਜਸਪ੍ਰੀਤ ਕੌਰ 'ਸੰਘਾ'
ਪਿੰਡ ਤਨੂੰਲੀ (ਹੁਸ਼ਿਆਰਪੁਰ)।

10-05-2018

 ਵਧਦੇ ਜੁਰਮ
ਬੀਤੇ ਦਿਨ ਸੰਪਾਦਕੀ 'ਬੱਚੀਆਂ ਵਿਰੁੱਧ ਵਧਦੇ ਜੁਰਮ' ਪੜ੍ਹਿਆ। ਉਸ ਵਿਚ ਅੰਕੜੇ ਅਤੇ ਤੱਥਾਂ ਦੇ ਆਧਾਰ 'ਤੇ ਪ੍ਰਤੀ ਦਿਨ ਦੇ ਹਿਸਾਬ ਨਾਲ ਮਾਸੂਮ ਬੱਚੀਆਂ ਅਤੇ ਔਰਤਾਂ ਨਾਲ ਜਬਰ ਜਨਾਹ ਕੇਸਾਂ ਦੀ ਗੱਲ ਕਹੀ ਅਤੇ ਅਜਿਹੇ ਜੁਰਮਾਂ ਵਿਚ ਵਾਧਾ, ਸ਼ਰਮਨਾਕ ਗੱਲ ਹੈ। ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਭਾਰਤ 'ਚ ਅਜਿਹੇ ਜੁਰਮਾਂ ਨੂੰ ਕੋਈ ਥਾਂ ਨਹੀਂ। ਇਹ ਧਰਤੀ ਹੁਣ ਅਜਿਹੇ ਸ਼ਰਮਨਾਕ ਤੇ ਘਿਣਾਉਣੇ ਜੁਰਮਾਂ ਦਾ ਹੋਰ ਬੋਝ ਚੁੱਕਣ ਤੋਂ ਸ਼ਾਇਦ ਅਸਮਰੱਥ ਹੋ ਰਹੀ ਹੈ। ਕੇਂਦਰੀ ਮੰਤਰੀ ਮੰਡਲ ਵਲੋਂ ਅਤੇ ਮਾਣਯੋਗ ਰਾਸ਼ਟਰਪਤੀ ਜੀ ਵਲੋਂ ਹਵਸੀਆਂ ਅਤੇ ਇਨਸਾਨੀਅਤ ਤੋਂ ਗਿਰ ਚੁੱਕੇ ਅਨਸਰਾਂ ਨੂੰ ਅਜਿਹੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦੇਣ ਵਾਲੇ ਮੁਜਮਰਾਂ ਨੂੰ ਫਾਂਸੀ ਦੀ ਸਖ਼ਤ ਸਜ਼ਾ ਦੇਣ ਵਾਲੇ ਕਾਨੂੰਨ ਪਾਸ ਕਰਕੇ ਅਮਲੀ ਜਾਮਾ ਦੇਣ ਦੇ ਆਰਡੀਨੈਂਸ ਲਿਆਉਣਾ ਸਮੇਂ ਦੀ ਲੋੜ ਸਮਝ ਕੇ ਆਪਣਾ ਫ਼ਰਜ਼ ਸਮਝਿਆ ਹੈ, ਜਿਸ ਦਾ ਚੁਫੇਰਿਉਂ ਸਵਾਗਤ ਕੀਤਾ ਜਾ ਰਿਹਾ ਹੈ।


-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਰਾਸ਼ਟਰਮੰਡਲ ਖੇਡਾਂ
ਪਿਛਲੇ ਦਿਨੀਂ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਹੋਏ ਰਾਸ਼ਟਰਮੰਡਲ ਖੇਡ ਮੁਕਾਬਲਿਆਂ 'ਚ ਭਾਰਤ ਦੇ ਖਿਡਾਰੀਆਂ ਨੇ ਚੰਗੀ ਖੇਡ ਵਿਖਾਉਂਦਿਆਂ ਦੇਸ਼ ਲਈ ਕੁੱਲ 66 ਤਗਮੇ ਜਿੱਤੇ। ਇਨ੍ਹਾਂ ਵਿਚੋਂ 26 ਸੋਨੇ ਦੇ ਤਗਮੇ ਹਨ ਜੋ ਦੇਸ਼ ਲਈ ਇਕ ਵੱਡੀ ਮਾਣ ਵਾਲੀ ਗੱਲ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਕੁੜੀਆਂ ਨੇ ਵੱਡੀ ਪੁਲਾਂਘ ਪੁੱਟੀ ਹੈ। ਭਾਵ ਜ਼ਿਆਦਾ ਤਗਮੇ ਕੁੜੀਆਂ ਦੇ ਹਿੱਸੇ ਆਏ। ਮਾੜੀ ਮਾਨਸਿਕਤਾ ਵਾਲਿਆਂ ਨੂੰ ਲੜਕੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੋਵੇਗੀ। ਅੱਜ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦੀ ਕਾਰਗੁਜ਼ਾਰੀ ਤੋਂ ਹਰ ਦੇਸ਼ਵਾਸੀ ਖੁਸ਼ ਹੈ। ਦੇਸ਼ਵਾਸੀ ਭਾਰਤੀ ਖਿਡਾਰੀਆਂ ਤੋਂ ਇਹ ਵੀ ਉਮੀਦ ਰੱਖਦੇ ਹਨ ਕਿ ਉਹ ਉਲੰਪਿਕ ਵਿਚ ਵੀ ਨਾਮਣਾ ਖੱਟਣਗੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਹੱਸਣ ਦੀ ਆਦਤ...
'ਅਜੀਤ' ਦੇ ਮੈਗਜ਼ੀਨ ਅੰਕ 'ਚ 'ਨੌਜਵਾਨ ਪੰਜਾਬੀ ਲੇਖਕ ਸ੍ਰੀ ਇਕਵਾਕ ਸਿੰਘ ਪੱਟੀ ਦਾ ਵਿਸ਼ਵ ਹਾਸ ਦਿਵਸ 'ਤੇ ਪ੍ਰਕਾਸ਼ਿਤ ਲੇਖ 'ਹੱਸਣ ਦੀ ਆਦਤ ਪਾ ਸੱਜਣਾ' ਬਹੁਤ ਹੀ ਵਧੀਆ ਲੱਗਾ। ਅੱਜ ਜਦੋਂ ਕਿਸੇ ਕਾਰਨ ਜਾਂ ਬਿਨਾਂ ਕਿਸੇ ਠੋਸ ਕਾਰਨ ਦੇ ਵੀ ਅਸੀਂ ਖਿਝਦੇ, ਖਪਦੇ ਤੇ ਚਿੰਤਾ 'ਚ ਗ੍ਰਸੇ ਰਹਿੰਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਲੇਖ ਕਈਆਂ ਨੂੰ ਢਹਿੰਦੀ ਕਲਾ ਤੋਂ ਬਚਣ ਲਈ ਪ੍ਰੇਰਿਤ ਕਰ ਸਕਦਾ ਹੈ। ਮੇਰੇ ਵਰਗਿਆਂ ਨੂੰ ਤਾਂ ਅਖ਼ਬਾਰਾਂ ਹੀ ਦੱਸਦੀਆਂ ਹਨ ਕਿ ਅੱਜ ਵਿਸ਼ਵ ਹਾਸਾ ਦਿਵਸ ਹੈ। ਉਨ੍ਹਾਂ ਦੀ ਸੋਚ ਤੇ ਉੱਦਮ ਨੂੰ ਸਿਰ ਝੁਕਾਉਣਾ ਬਣਦੈ, ਜਿਨ੍ਹਾਂ ਸਾਨੂੰ ਅਜਿਹੇ ਦਿਵਸ ਦਿੱਤੇ।


-ਸੁਰਿੰਦਰ ਸਿੰਘ ਨਿਮਾਣਾ
ਅੰਮ੍ਰਿਤਸਰ।


ਟੀਕਾਕਰਨ ਅਤੇ ਅਫ਼ਵਾਹਾਂ
ਮੀਜ਼ਲ ਰੂਬੇਲਾ ਟੀਕਾਕਰਨ ਦੀ ਮੁਹਿੰਮ ਨੂੰ ਪੇਂਡੂ ਖੇਤਰਾਂ ਵਿਚ ਖੋਰਾ ਲੱਗ ਰਿਹਾ ਹੈ। ਸਮਾਜ ਵਿਰੋਧੀ ਤੱਤਾਂ ਦੀਆਂ ਫੈਲਾਈਆਂ ਅਫ਼ਵਾਹਾਂ ਲੋਕਾਂ ਦੇ ਦਿਲ ਦਿਮਾਗ 'ਚ ਘਰ ਕਰ ਚੁੱਕੀਆਂ ਹਨ। ਟੀਕੇ ਲਗਾਉਣ ਲਈ ਅਧਿਆਪਕ ਲੋਕਾਂ ਦੀਆਂ ਮਿੰਨਤਾਂ ਤਰਲੇ ਕਰ ਰਹੇ ਹਨ। ਪਰ ਮਾਪੇ ਹਨ ਕਿ ਇਕ ਵੀ ਸੁਣਨ ਲਈ ਤਿਆਰ ਨਹੀਂ। ਦੀਵਾਰ 'ਤੇ ਲਗਾਏ ਪੋਸਟਰ 'ਤੇ ਲਿਖੀਆਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਵੀ ਪੜ੍ਹਨ ਲਈ ਤਿਆਰ ਨਹੀਂ। ਬਿਨਾਂ ਕਿਸੇ ਦੀ ਗੱਲ ਸੁਣਿਆਂ ਮੋਬਾਈਲ 'ਤੇ ਚੱਲ ਰਹੀਆਂ ਅਫ਼ਵਾਹਾਂ ਦਾ ਹਵਾਲਾ ਦੇ ਕੇ ਅਧਿਆਪਕਾਂ ਨੂੰ ਮੱਤਾਂ ਦੇਣ ਲਗਦੇ ਹਨ। ਕਈ ਸਕੂਲ ਮੁਖੀਆਂ ਤੇ ਟੀਕਾਕਰਨ ਟੀਮਾਂ ਨੂੰ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਵਿਗਿਆਨਕ ਯੁੱਗ 'ਚ ਸਾਇੰਸ ਕਾਢਾਂ ਦਾ ਅਨੰਦ ਮਾਣਦੇ ਹੋਏ ਵੀ ਸੱਭਿਅਕ ਸਮਾਜ ਦੇ ਵਾਸੀ ਕਹਾਉਣ ਵਾਲੇ ਪੰਜਾਬੀ ਲੋਕਾਂ ਦੀਆਂ ਜੜ੍ਹਾਂ ਅੱਜ ਵੀ ਅਨਪੜ੍ਹਤਾ ਤੇ ਅੰਧਵਿਸ਼ਵਾਸ ਨੇ ਖੋਖਲੀਆਂ ਕੀਤੀਆਂ ਹੋਈਆਂ ਹਨ।


-ਪਰਮ ਪਿਆਰ ਸਿੰਘ
ਨਕੋਦਰ।


ਆਰ.ਟੀ.ਈ. ਕਾਨੂੰਨ
ਕੇਂਦਰ ਸਰਕਾਰ ਵਲੋਂ ਪਾਸ ਆਰ.ਟੀ.ਈ. ਕਾਨੂੰਨ ਜਿਸ ਵਿਚ ਇਹ ਸੀ ਕਿ ਕੋਈ ਬੱਚਾ ਅੱਠਵੀਂ ਤੱਕ ਫੇਲ੍ਹ ਨਹੀਂ ਕਰਨਾ, ਦਰਅਸਲ ਇਹ ਕਾਨੂੰਨ ਆਪ ਹੀ ਫੇਲ੍ਹ ਹੋ ਗਿਆ ਹੈ। ਇਸ ਨਵੀਂ ਨੀਤੀ ਨੇ ਦੇਸ਼ ਵਿਚੋਂ ਸਿੱਖਿਆ ਦੀ ਅਸਲੋਂ ਹੀ ਜੜ੍ਹ ਪੁੱਟ ਦਿੱਤੀ ਹੈ। ਸਰਕਾਰੀ ਸਿੱਖਿਆ ਜੋ ਕਿ ਪਹਿਲਾਂ ਹੀ ਨਿੱਜੀਕਰਨ ਕਾਰਨ ਮੰਦੜੇ ਹਾਲ ਹੈ, ਉਸ ਦੀ ਹੋਰ ਵੀ ਦੁਰਦਸ਼ਾ ਹੋ ਗਈ। ਪਿਛਲੇ 20 ਕੁ ਸਾਲਾਂ ਵਿਚ ਜਦੋਂ ਦੀ ਆਰਥਿਕ ਸੁਧਾਰ ਦੀ ਗੱਡੀ ਤੁਰੀ ਹੈ, ਜਿਸ ਨੇ ਨਿੱਜੀਕਰਨ ਵੱਲ ਰਫ਼ਤਾਰ ਫੜੀ ਹੋਈ ਹੈ, ਹੋਰ ਕੰਮਾਂ ਦੇ ਨਾਲ-ਨਾਲ ਸਿੱਖਿਆ ਨੂੰ ਵੀ ਲਪੇਟ ਲਿਆ ਹੈ। ਇਸ ਨਾਲ ਆਮ ਵਪਾਰੀਆਂ ਦੇ ਤਾਂ ਵਾਰੇ ਨਿਆਰੇ ਹੋ ਚੁੱਕੇ ਹਨ ਅਤੇ ਇਨ੍ਹਾਂ ਨੇ ਵਿੱਦਿਆ ਵਰਗੀ ਪਵਿੱਤਰ ਭਾਵਨਾ ਨੂੰ ਪੈਸੇ ਦੀ ਤੱਕੜੀ 'ਤੇ ਤੋਲ ਲਿਆ ਹੈ। ਜੇਕਰ ਦੇਸ਼ ਦੀ ਗ਼ਰੀਬ ਜਨਤਾ ਨੂੰ ਬਚਾਉਣਾ ਹੈ ਤਾਂ ਸਰਕਾਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਗੁਰੂ ਸਾਹਿਬਾਨ ਦੇ ਸਮਾਜ ਪ੍ਰਤੀ ਕੀਤੇ ਮਹਾਨ ਕਾਰ, ਇਥੋਂ ਦੇ ਸ਼ਹੀਦਾਂ ਬਾਰੇ, ਪੰਜਾਬੀਆਂ ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਆਦਿ ਦੀ ਸਹੀ ਜਾਣਕਾਰੀ ਸਮੇਤ ਵਿਦਿਆਰਥੀਆਂ ਤੱਕ ਪਹੁੰਚਦੀ ਕਰਕੇ ਤੇ ਪੰਜਾਬ ਦੀ ਸਰਕਾਰੀ ਸਿੱਖਿਆ ਵਿਚ ਵੀ ਮਿਆਰੀ ਸੁਧਾਰ ਕਰਕੇ ਇਸ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


ਸਕੂਲਾਂ ਵਿਚ ਲੁੱਟ
ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੋ ਗਿਆ ਹੈ। ਪਹਿਲੀ ਗੱਲ ਕਿ ਹਰ ਸਾਲ ਦਾਖ਼ਲਾ ਸਿਸਟਮ ਬੰਦ ਹੋਣਾ ਚਾਹੀਦਾ ਹੈ। ਹਰ ਸਾਲ ਦਾਖ਼ਲਾ ਫੀਸ ਕਿਉਂ, ਫਿਰ ਥੋੜ੍ਹੀ ਫੀਸ ਨਹੀਂ, ਹਜ਼ਾਰਾਂ ਵਿਚ ਦਾਖ਼ਲਾ ਫੀਸ ਲੈਂਦੇ ਹਨ। ਬੱਚਿਆਂ ਦੀਆਂ ਕਿਤਾਬਾਂ, ਵਰਦੀਆਂ, ਬੂਟਾਂ ਤੱਕ ਇਨ੍ਹਾਂ ਸਕੂਲਾਂ ਵਾਲਿਆਂ ਨੇ ਦੁਕਾਨਦਾਰਾਂ ਨਾਲ ਕਮਿਸ਼ਨ ਕੀਤੀ ਹੁੰਦੀ ਹੈ। ਜੇਕਰ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਠੀਕ ਹੋਵੇ ਤਾਂ ਫਿਰ ਕੀ ਲੋੜ ਹੈ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ। ਇਹੀ ਪ੍ਰਾਈਵੇਟ ਸਕੂਲਾਂ ਵਾਲੇ, ਅਧਿਆਪਕਾਂ ਨਾਲ ਵੀ ਠੱਗੀਆਂ ਮਾਰਦੇ ਹਨ, ਅਧਿਆਪਕ ਦੀ ਮਾਸਿਕ ਤਨਖਾਹ 10,000 ਰੁਪਏ ਦਿਖਾਈ ਜਾਂਦੀ ਹੈ ਪਰ ਉਸ ਨੂੰ ਤਨਖਾਹ ਘੱਟ ਦਿੱਤੀ ਜਾਂਦੀ ਹੈ। ਜੇਕਰ ਸਾਡੀ ਸਰਕਾਰ (ਸਿੱਖਿਆ ਮੰਤਰੀ) ਇਸ ਪਾਸੇ ਧਿਆਨ ਦੇਣ ਤਾਂ ਅਜਿਹੇ ਮਾੜੇ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

09-05-2018

 ਸਰਕਾਰ ਤੇ ਪੰਚਾਇਤਾਂ
ਪੰਜਾਬ ਵਿਚ ਅਸੀਂ ਸਾਰੇ ਮੰਨ ਰਹੇ ਹਾਂ ਕਿ ਸੱਚ ਹੀ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ ਤੇ ਇਹ ਹੈ ਵੀ ਬਿਲਕੁਲ ਸਹੀ ਹੀ। ਹੋਰ ਨਸ਼ਿਆਂ ਤੋਂ ਬਿਨਾਂ ਸ਼ਰਾਬ ਦੀ ਵਰਤੋਂ ਵੱਡੇ ਪੱਧਰ 'ਤੇ ਪੰਜਾਬ ਦੀ ਧਰਤੀ 'ਤੇ ਹੋ ਰਹੀ ਹੈ, ਜੋ ਕਿਸੇ ਤੋਂ ਲੁਕੀ ਛਿਪੀ ਵੀ ਨਹੀਂ। ਸ਼ਰਾਬ ਦਾ ਮਾਲੀਆ ਵਧਾਉਣ ਲਈ ਹੀ ਸਰਕਾਰ ਹਰ ਸਾਲ ਠੇਕਿਆਂ ਦੀ ਸਰਕਾਰੀ ਵੰਡ ਵਿਚ ਵਾਧਾ ਕਰਦੀ ਰਹਿੰਦੀ ਹੈ। ਸਮੁੱਚੇ ਪੰਜਾਬ ਵਿਚੋਂ ਕੁਝ ਸਮਝਦਾਰ ਪਿੰਡ ਸ਼ਹਿਰ ਜਾਂ ਕਈ ਜਥੇਬੰਦੀਆਂ ਹਨ, ਜੋ ਖ਼ਾਸ ਮਤੇ ਪਾ ਕੇ ਸਰਕਾਰ ਤੱਕ ਭੇਜਦੀਆਂ ਹਨ ਕਿ ਸਾਡੇ ਪਿੰਡ ਜਾਂ ਇਲਾਕੇ ਵਿਚ ਕੋਈ ਵੀ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਸਲਾਮ ਹੈ ਉਨ੍ਹਾਂ ਲੋਕਾਂ ਦੀ ਵੀ ਸੋਚ ਨੂੰ ਜੋ ਰੰਗਲੇ ਪੰਜਾਬ ਨੂੰ ਨਸ਼ੇ ਦੀ ਜਕੜ ਵਿਚੋਂ ਕੱਢਣਾ ਚਾਹੁੰਦੇ ਹਨ। ਪਰ ਇਥੇ ਇਹ ਪੜ੍ਹ-ਸੁਣ ਕੇ ਦੁੱਖ ਹੁੰਦਾ ਹੈ ਕਿ ਇਸ ਵਾਰ ਕੁਝ ਪੰਚਾਇਤਾਂ ਵਲੋਂ ਠੇਕਿਆਂ ਵਿਰੁੱਧ ਪਾਏ ਮਤਿਆਂ ਨੂੰ ਸਰਕਾਰ ਨੇ ਵੱਡੀ ਪੱਧਰ 'ਤੇ ਰੱਦ ਕਰ ਨਵੇਂ ਠੇਕੇ ਖੋਲ੍ਹ ਦਿੱਤੇ ਹਨ। ਦੱਸੋ ਫਿਰ ਸਰਕਾਰ ਕਿਵੇਂ ਪੰਜਾਬ ਨੂੰ ਨਸ਼ਾ-ਮੁਕਤ ਕਰੇਗੀ।


-ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ, ਸਮਰਾਲਾ (ਲੁਧਿਆਣਾ)।


ਮੀਡੀਆ ਦੀ ਭੂਮਿਕਾ ਸ਼ਲਾਘਾਯੋਗ
ਪਿਛਲੇ ਦਿਨੀਂ ਸ੍ਰੀਨਗਰ ਦੇ ਕਠੂਆ ਤੇ ਉੱਤਰ ਪ੍ਰਦੇਸ਼ ਦੇ ਉਨਾਵ ਨਾਲ ਸਬੰਧਿਤ ਜਬਰ ਜਨਾਹ ਦੀਆਂ ਪੀੜਤ ਲੜਕੀਆਂ ਦੇ ਕੇਸ ਨੂੰ ਮੀਡੀਆ ਨੇ ਜਿਸ ਦ੍ਰਿੜ੍ਹਤਾ ਤੇ ਇਮਾਨਦਾਰੀ ਲਿਆ ਹੈ। ਉਹ ਸ਼ਲਾਘਾਯੋਗ ਹੈ। ਮੀਡੀਆ ਦੀ ਭੂਮਿਕਾ ਸਦਕਾ ਹੀ ਪੀੜਤਾਂ ਨੂੰ ਇਨਸਾਫ਼ ਦੀ ਆਸ ਜਾਗੀ ਹੈ, ਜਿਸ ਤਰ੍ਹਾਂ ਮੀਡੀਆ ਨੇ ਉਪਰੋਕਤ ਘਟਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ। ਜੇਕਰ ਉਹ ਇਸੇ ਭਾਵਨਾ ਨਾਲ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲਵੇ ਤਾਂ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾਂ ਮਿਲ ਸਕਦਾ ਹੈ। ਪਿਛਲੇ ਸਮੇਂ 'ਚ ਮੀਡੀਆ ਦੇ ਕੁਝ ਹਿੱਸੇ ਦੀ ਭਰੋਸੇਯੋਗਤਾ 'ਤੇ ਪ੍ਰਸ਼ਨ ਚਿੰਨ੍ਹ ਲਗਦੇ ਰਹੇ ਹਨ। ਪਰ ਉਪਰੋਕਤ ਘਟਨਾ ਮੌਕੇ ਸਮੁੱਚਾ ਮੀਡੀਆ ਇਕ ਸੁਰ ਹੋਇਆ ਨਜ਼ਰ ਆਇਆ। ਮੀਡੀਆ ਸਮਾਜ ਦਾ ਇਕ ਮਜ਼ਬੂਤ ਥੰਮ੍ਹ ਹੈ। ਇਸ ਥੰਮ੍ਹ ਦੀਆਂ ਜੜ੍ਹਾਂ ਖੋਖਲੀਆਂ ਨਹੀਂ ਸਗੋਂ ਪੂਰੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਦਾ ਵਿਸ਼ਵਾਸ ਮੀਡੀਆ 'ਤੇ ਬਣਿਆ ਰਹੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਸੰਸਦ ਦੇ ਕੰਮਕਾਜ ਵਿਚ ਅੜਿੱਕਾ
ਬਜਟ ਇਜਲਾਸ ਦੇ ਦੋਵੇਂ ਪੜਾਅ ਹੰਗਾਮੇ ਦੀ ਭੇਟ ਚੜ੍ਹ ਗਏ। ਸੰਸਦ ਦੀ ਕਾਰਵਾਈ ਚਲਾਉਣ ਲਈ ਪ੍ਰਤੀ ਘੰਟਾ ਖਰਚਾ ਲਗਪਗ 75 ਲੱਖ ਰੁਪਏ ਆਉਂਦਾ ਹੈ। ਅਜਿਹੇ 127 ਘੰਟੇ ਐਵੇਂ ਅਜਾਈਂ ਚਲੇ ਗਏ। ਇਹ ਪਹਿਲੀ ਵਾਰ ਸੀ, ਜਦੋਂ ਵਿਰੋਧੀ ਧਿਰ ਨਾਲੋਂ, ਸਰਕਾਰ ਜ਼ਿਆਦਾ ਚਾਹੁੰਦੀ ਸੀ ਕਿ ਸੰਸਦ ਨਾ ਚੱਲੇ। ਕਿਉਂਕਿ ਚੀਨ ਦੀ ਮੁੜ-ਮੁੜ ਘੁਸਪੈਠ, ਕਸ਼ਮੀਰ ਦੇ ਹਾਲਾਤ, ਜਾਤੀ ਅਤੇ ਫ਼ਿਰਤੂ ਤਣਾਅ, ਉੱਤਰ ਪ੍ਰਦੇਸ਼ ਦਾ ਜਬਰ ਜਨਾਹ ਕਰਨ ਵਾਲਾ ਵਿਧਾਇਕ ਆਦਿ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸਰਕਾਰ ਨੂੰ ਸੰਸਦ ਵਿਚ ਦੇਣਾ ਪੈਣਾ ਸੀ, ਪਰ ਸਰਕਾਰ ਕੋਲ ਆਪਣੀ ਨਾਕਾਮੀ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਸੀ। ਜਿਸ ਤਰ੍ਹਾਂ ਸਰਕਾਰ ਨੇ 24 ਲੱਖ ਕਰੋੜ ਰੁਪਏ ਦਾ ਬਜਟ ਅਤੇ ਵਿੱਤੀ ਬਿੱਲ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਵਿਚ ਪਾਸ ਕੀਤੇ, ਉਹ ਅਤੀ ਨਿੰਦਣਯੋਗ, ਸਰਾਸਰ ਗ਼ਲਤ ਕਾਰਵਾਈ ਸੀ। ਸੰਸਦ ਨੂੰ ਚਲਾਉਣਾ ਭਾਵੇਂ ਸਾਰੀਆਂ ਪਾਰਟੀਆਂ ਦਾ ਪਰਮ ਧਰਮ ਹੈ ਪਰ ਸਰਕਾਰੀ ਧਿਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ।


-ਪ੍ਰੀਤ ਸਿੰਘ ਸੰਦਰ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਵਧ ਰਹੇ ਸੜਕੀ ਹਾਦਸੇ
ਪੰਜਾਬ ਅੰਦਰ ਵਧ ਰਹੇ ਸੜਕੀ ਹਾਦਸੇ ਸ਼ਾਡੇ ਲਈ ਬਹੁਤ ਹੀ ਜ਼ਿਆਦਾ ਚਿੰਤਾਜਨਕ ਬਣਦੇ ਜਾ ਰਹੇ ਹਨ। ਹਰ ਰੋਜ਼ ਕੋਈ ਨਾ ਕੋਈ ਜਾਨੀ ਜਾ ਮਾਲੀ ਸੜਕੀ ਹਾਦਸੇ ਵਾਪਰਦੇ ਹਨ। ਕਈ ਸੜਕੀ ਹਾਦਸੇ ਐਨੇ ਭਿਆਨਕ ਤੇ ਦਿਲ ਕੰਬਾਊ ਹੁੰਦੇ ਹਨ, ਜਿਨ੍ਹਾਂ ਨੂੰ ਦੇਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਕਈ ਸੜਕੀ ਹਾਦਸਿਆਂ ਨੂੰ ਅਸੀਂ ਖ਼ੁਦ ਪੈਦਾ ਕਰਦੇ ਹਾਂ। ਮੋਬਾਈਲ ਫੋਨ ਦੀ ਵਰਤੋਂ ਕਰਨਾ, ਹੈੱਡ ਫੋਨ ਲਗਾ ਕੇ ਗੱਡੀ ਚਲਾਉਣਾ, ਪ੍ਰੈਸ਼ਰ ਹਾਰਨ ਦੀ ਵਰਤੋੋਂ ਕਰਨਾ, ਆਪਣੇ ਸਾਧਨਾਂ ਉੱਪਰ ਉੱਚੀ ਆਵਾਜ਼ ਕਰਕੇ ਡੈੱਕ ਆਦਿ ਬਹੁਤ ਸਾਰੇ ਕਾਰਨ ਹਨ। ਅਸੀਂ ਸਭ ਇਕ ਗੱਲ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ, ਜੋ ਅੱਜਕਲ੍ਹ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਛੋਟੀ ਉਮਰ ਦੇ ਮੁੰਡੇ-ਕੁੜੀਆਂ ਮੋਟਰਸਾਈਕਲ ਜਾਂ ਗੱਡੀਆਂ ਆਦਿ ਬਹੁਤ ਜ਼ਿਆਦਾ ਰਫ਼ਤਾਰ ਨਾਲ ਚਲਾਉਂਦੇ ਦੇਖੇ ਜਾਂਦੇ ਹਨ। ਉਨ੍ਹਾਂ ਪ੍ਰਤੀ ਸਖ਼ਤ ਰਵੱਈਆ ਵਰਤਿਆ ਜਾਵੇ ਤਾਂ ਜੋ ਉਹ ਕਿਸੇ ਬੇਕਸੂਰ ਰਾਹਗੀਰ ਨੂੰ ਜਾਂ ਆਪਣੇ-ਆਪ ਨੂੰ ਕੋਈ ਠੇਸ ਨਾ ਪਹੁੰਚਾ ਲੈਣ। ਸੜਕ 'ਤੇ ਜਾਂਦੇ ਸਮੇਂ ਸੜਕੀ ਨਿਯਮਾਂ ਦੀ ਉਲੰਘਣਾ ਨਾ ਕਰੋ ਤਾਂ ਜੋ ਅਸੀਂ ਸਮਾਂ ਰਹਿੰਦੇ ਹੋਏ ਕਿਸੇ ਵੱਡੇ ਹਾਦਸੇ ਨੂੰ ਰੋਕ ਸਕੀਏ।


-ਗੁਰਦੀਪ ਸਿੰਘ
ਘੋਲੀਆ ਕਲਾਂ,ਮੋਗਾ।


ਹਵਾ ਪ੍ਰਦੂਸ਼ਣ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ: ਚਰਨਜੀਤ ਸਿੰਘ ਨਾਭਾ ਵਲੋਂ ਲਿਖਿਆ ਵਿਸ਼ੇਸ਼ ਲੇਖ 'ਹਵਾ ਪ੍ਰਦੂਸ਼ਣ ਰੋਕਣ ਲਈ ਯਤਨਸ਼ੀਲ ਹੈ ਪੰਜਾਬ' ਪੜ੍ਹਿਆ। ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਇਸ ਲੇਖ ਵਿਚ ਬੜੀ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਲੇਖ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਬਿਨਾਂ ਸਾੜਿਆਂ ਕਿਵੇਂ ਬਿਜਾਈ ਆਦਿ ਕੀਤੀ ਜਾਂਦੀ ਹੈ ਅਤੇ ਖਾਦ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ। ਸਮਾਜ ਵਿਚ ਰਹਿੰਦਿਆਂ ਸਾਡੀ ਹਰੇਕ ਨਾਗਰਿਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ ਤੇ ਵਾਤਾਵਰਨ ਨੂੰ ਸਵੱਛ ਰੱਖਣ ਲਈ ਆਪਣੇ ਵਲੋਂ ਬਣਦਾ ਯੋਗਦਾਨ ਜ਼ਰੂਰ ਪਾਈਏ।


-ਸ.ਸ. ਰਮਲਾ, ਸੰਗਰੂਰ।


ਸਿੱਖਿਆਵਾਂ ਨੂੰ ਪ੍ਰਚਾਰਿਆ ਜਾਵੇ
ਡਾ: ਰਣਜੀਤ ਸਿੰਘ ਦਾ ਲੇਖ 'ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ' ਅਖ਼ਬਾਰ ਵਿਚ ਪੜ੍ਹਨ ਨੂੰ ਮਿਲਿਆ। ਗੁਰੂ ਨਾਨਕ ਸਾਹਿਬ ਵਲੋਂ ਪਾਏ ਲਾਸਾਨੀ ਪੂਰਨਿਆਂ ਨੂੰ ਸਾਂਝਾ ਕੀਤਾ ਹੈ ਕਿ ਸਦੀਆਂ ਦੀ ਗੁਲਾਮੀ ਅਤੇ ਜਾਤ-ਪਾਤ ਆਦਿ ਵਧੀਕੀਆਂ ਵਿਰੁੱਧ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਲਈ ਵੰਗਾਰਿਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਇਨ੍ਹਾਂ ਵੰਡੀਆਂ ਨੂੰ ਕ੍ਰਿਪਾਨ ਦੇ ਇਕੋ ਝਟਕੇ ਨਾਲ ਹਮੇਸ਼ਾਂ ਲਈ ਖ਼ਤਮ ਕਰ ਦਿੱਤਾ। ਦਰਅਸਲ ਲੋੜ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ-ਪ੍ਰਸਾਰ ਢੰਗ ਨੂੰ ਅਪਣਾਉਣ ਦੀ, ਜਿਸ ਢੰਗ ਵਿਚ ਕਲਾਕਾਰੀ ਵਾਲਾ ਕਲਯੁੱਗ ਨਹੀਂ ਸਗੋਂ ਰੂਹਾਨੀਅਤ, ਸੇਵਾ ਤੇ ਸੂਰਬੀਰਤਾ ਹੈ। ਬੌਧਿਕ ਅਤੇ ਸਰੀਰਕ ਮਿਹਨਤ-ਮਜ਼ਦੂਰੀ ਭਰੀ ਪਈ ਹੈ। ਅੱਜ ਜਨਮ ਤੋਂ ਮਰਨ ਤੱਕ ਸਭ ਕੁਝ ਰਸਮਾਂ ਰਿਵਾਜ਼ ਅਤੇ ਧਾਰਮਿਕ ਸਮਾਗਮ ਕੇਵਲ ਤੇ ਕੇਵਲ ਕਿਸੇ ਨੁਮਾਇਸ਼ ਜਾਂ ਸ਼ਕਤੀ ਪ੍ਰਦਰਸ਼ਨ ਦਾ ਹਿੱਸਾ ਹਨ। ਗੁਰੂ ਨਾਨਕ ਸਾਹਿਬ ਦਾ ਅਮੋਲਕ ਸਿਧਾਂਤ ਅਲੋਪ ਹੈ। ਜੇ ਸੱਚ ਨਾਲ ਸਰੋਕਾਰ ਹੈ ਤਾਂ ਚਲੋ ਮੁੜ ਪਈਏ।


-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

08-05-2018

 ਧੀਆਂ ਦੀ ਸੁਰੱਖਿਆ ਜ਼ਰੂਰੀ
ਆਏ ਦਿਨ ਛੋਟੀ ਉਮਰ ਦੀਆਂ ਬੱਚੀਆਂ ਨਾਲ ਛੇੜਛਾੜ ਅਤੇ ਜਬਰ ਜਨਾਹ ਤੇ ਉਪਰੰਤ ਉਨ੍ਹਾਂ ਦੀ ਹੱਤਿਆ ਕਰਨ ਆਦਿ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਕਾਰਨ ਸਮਾਜ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੱਚੀ ਭਾਵੇਂ ਕਿਸੇ ਵੀ ਪ੍ਰਾਂਤ ਦੀ ਹੋਵੇ, ਉਹ ਭਾਰਤ ਦੇਸ਼ ਅਤੇ ਦੁਨੀਆ ਦੀ ਧੀ ਹੈ। ਅਜਿਹੀਆਂ ਅਣਮਨੁੱਖੀ ਤੇ ਘਿਣਾਉਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਵਹਿਸ਼ੀਆਂ ਨੂੰ ਘੱਟੋ-ਘੱਟ ਮੌਤ ਦੀ ਸਜ਼ਾ ਤੋਂ ਘੱਟ ਦੇਣੀ ਨਹੀਂ ਬਣਦੀ। ਅਜਿਹੇ ਘਿਨਾਉਣੇ ਕਾਰਨਾਮਿਆਂ ਦੇ ਦੋਸ਼ੀਆਂ ਵਿਰੁੱਧ ਮਾਣਯੋਗ ਅਦਾਲਤਾਂ ਅੰਦਰ ਤੁਰੰਤ ਸਮਾਂਬੱਧ ਫ਼ੈਸਲੇ ਕਰਕੇ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਬਣਦੀਆਂ ਹਨ। ਸਰਕਾਰਾਂ ਨੂੰ ਸਖ਼ਤ ਰਵੱਈਆ ਅਜਿਹੇ ਗੈਰਤਮੰਦ ਅਨਸਰਾਂ ਪ੍ਰਤੀ ਅਪਣਾਉਣਾ ਹੋਵੇਗਾ ਤਾਂ ਹੀ ਲੋਕਾਂ 'ਚ ਫੈਲ ਰਿਹਾ ਦਹਿਸ਼ਤਵਾਦ ਦਾ ਮਾਹੌਲ ਘਟੇਗਾ। ਬੇਟੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰਾਂ ਵਲੋਂ ਬੇਹੱਦ ਜ਼ਰੂਰੀ ਹੋ ਗਈ ਹੈ। ਸੋ ਢੁਕਵੇਂ ਸਖ਼ਤ ਕਦਮ ਚੁੱਕਣੇ ਹੋਣਗੇ।

-ਮਾਸਟਰ ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਕਿਸਾਨੀ, ਕਰਜ਼ੇ ਅਤੇ ਖ਼ੁਦਕੁਸ਼ੀਆਂ...
ਨਿਰੋਲ ਕਿਸਾਨੀ ਕਿੱਤੇ ਲਈ ਲਿਆ ਗਿਆ ਕਰਜ਼ਾ ਔਖਿਆਂ ਸੌਖਿਆਂ ਹੋ ਕੇ ਮੋੜਿਆ ਜਾ ਸਕਦਾ ਹੈ। ਪੰਜਾਬ ਦੇ ਕਿਸਾਨ ਇਹ ਕੰਮ ਕਰਨ ਵਿਚ ਸਮਰੱਥ ਹਨ। ਸਾਨੂੰ ਇਹ ਸਮਝ ਲੈਣਾ ਅਤਿ ਜ਼ਰੂਰੀ ਹੈ ਕਿ ਜ਼ਿੰਦਗੀ ਜਿਊਣੀ ਜ਼ਰੂਰੀ ਹੈ ਨਾ ਕਿ ਫੋਕੀ ਵਾਹ-ਵਾਹ ਕਰਾਉਣੀ। ਖੇਤੀ ਲਈ ਕਰਜ਼ਾ ਲਏ ਬਿਨਾਂ ਸਾਰਿਆ ਜਾ ਸਕਦਾ ਹੋਵੇ ਤਾਂ ਜ਼ਰੂਰ ਸਾਰ ਲੈਣਾ ਚਾਹੀਦਾ ਹੈ ਜੇ ਉਸ ਤੋਂ ਬਿਨਾਂ ਕਿਸੇ ਹਾਲਤ ਵਿਚ ਵੀ ਨਾ ਸਰਦਾ ਹੋਵੇ ਤਾਂ ਸਰਕਾਰੀ ਅਦਾਰਿਆਂ ਤੋਂ ਕਰਜ਼ ਲੈਣ ਵਿਚ ਬੁਰਾਈ ਵੀ ਕੋਈ ਨਹੀਂ। ਪਰ ਵੱਧ ਵਿਆਜ ਉਤੇ ਗ਼ੈਰ-ਸਰਕਾਰੀ ਅਦਾਰੇ ਜਾਂ ਸ਼ਾਹੂਕਾਰਾਂ ਤੋਂ ਕਰਜ਼ਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਬਾਅਦ ਵਿਚ ਕਿਸਾਨ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ, ਜਿਸ ਤੋਂ ਤੰਗ ਆਇਆ ਬੰਦਾ ਖ਼ੁਦਕੁਸ਼ੀ ਦਾ ਵਿਚਾਰ ਦਿਮਾਗ ਵਿਚ ਪੈਦਾ ਕਰ ਲੈਂਦਾ ਹੈ। ਇਹ ਫੋਕੀ ਸ਼ੋਹਰਤ, ਦਾਜ, ਐਸ਼-ਆਰਾਮ ਲਈ ਕਰਜ਼ੇ ਜੇਕਰ ਲੈਣੇ ਬੰਦ ਹੋ ਜਾਣ ਅਤੇ ਸਰਕਾਰਾਂ ਇਹ ਫਾਲਤੂ ਕਰਜ਼ ਦੇਣੇ ਬੰਦ ਕਰ ਦੇਣ ਤਾਂ ਆਤਮ-ਹੱਤਿਆਵਾਂ ਵਿਚ 95 ਫ਼ੀਸਦੀ ਤੱਕ ਗਿਰਾਵਟ ਆ ਸਕਦੀ ਹੈ। ਸਭ ਤੋਂ ਵੱਡੀ ਗੱਲ ਕਿ ਜੇਕਰ ਤੁਸੀਂ ਖ਼ੁਦ ਲਾਲਚ ਦਾ ਤਿਆਗ ਕਰਕੇ ਆਪਣੇ ਪੁੱਤਾਂ ਦੇ ਵਿਆਹਾਂ ਵਿਚ ਦਾਜ ਅਤੇ ਪੈਸੇ ਦੀ ਮੰਗ ਨਹੀਂ ਕਰੋਗੇ ਤਾਂ ਹੋ ਸਕਦਾ ਤੁਹਾਡੀ ਧੀ ਦੇ ਵਿਆਹ ਵੇਲੇ ਅਗਲੇ ਤੁਹਾਡੇ ਤੋਂ ਵੀ ਕੋਈ ਮੰਗ ਨਾ ਕਰਨ। ਇੰਜ ਹੀ ਪੰਜਾਬ ਖ਼ੁਦਕੁਸ਼ੀਆਂ ਨਾਲ ਚੱਲ ਰਹੀ ਜੰਗ ਨੂੰ ਜਿੱਤ ਸਕਦਾ ਹੈ।

-ਪਰਮਿੰਦਰ ਗੁੱਜਰ
ਐਮ.ਐਸ ਸੀ. ਐਗਰੋਨੋਮੀ, ਪੀ.ਏ.ਯੂ. ਲੁਧਿਆਣਾ।

ਸਾਰਥਕ ਯਤਨਾਂ ਦੀ ਲੋੜ
ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਹੈ। ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ, ਜਿਸ ਦਿਨ ਕਿਸੇ ਪਿੰਡ, ਸ਼ਹਿਰ ਜਾਂ ਕਸਬੇ ਵਿਚ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਨਾ ਹੁੰਦੀ ਹੋਵੇ। ਬਿਨਾਂ ਸ਼ੱਕ ਮੌਜੂਦਾ ਸਰਕਾਰ ਨੇ ਆਪਣੀ ਚੋਣ ਮਨੋਰਥ ਪੱਤਰ ਵਿਚ ਨਸ਼ੇ ਨੂੰ ਜੜੋਂ ਪੁੱਟਣ ਦਾ ਵਾਅਦਾ ਕੀਤਾ ਸੀ ਪਰ ਅਫ਼ਸੋਸ ਅਜਿਹਾ ਕਿੱਧਰੇ ਵੀ ਵੇਖਣ ਨੂੰ ਨਹੀਂ ਮਿਲ ਰਿਹਾ। ਬਹੁਤ ਸਮਾਂ ਇੰਜ ਹੀ ਲੰਘ ਗਿਆ ਹੈ। ਸਮੇਂ ਦੀ ਮੰਗ ਹੈ ਕਿ ਸਰਕਾਰ ਪ੍ਰਸ਼ਾਸਕ ਅਤੇ ਸਮਾਜ ਇਕੱਠੇ ਮਿਲ ਬੈਠ ਕੇ ਇਸ ਗੰਭੀਰ ਸਮੱਸਿਆ ਵੱਲ ਫੌਰੀ ਧਿਆਨ ਦੇਣ। ਨਸ਼ਾ ਕਰਨ ਵਾਲਿਆਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਉਤਸ਼ਾਹਿਤ ਕੀਤਾ ਜਾਵੇ। ਇਹ ਨੌਜਵਾਨ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਨਸ਼ਿਆਂ ਦਾ ਤਿਆਗ ਕਰ ਸਕਦੇ ਹਨ। ਨੌਜਵਾਨਾਂ ਲਈ ਪੁਨਰਵਾਸ ਦਾ ਪ੍ਰਬੰਧ ਕੀਤਾ ਜਾਵੇ। ਛੋਟੀਆਂ ਮੱਛੀਆਂ ਦੀ ਬਜਾਏ ਵੱਡੇ-ਵੱਡੇ ਮਗਰਮੱਛਾਂ ਨੂੰ ਨੱਥ ਪਾਈ ਜਾਣੀ ਜ਼ਰੂਰੀ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦਾ ਹਰ ਯਤਨ ਕੀਤਾ ਜਾਵੇ। ਸਕੂਲਾਂ, ਕਾਲਜਾਂ 'ਚ ਨੈਤਿਕ ਸਿੱਖਿਆ ਦਿੱਤੀ ਜਾਵੇ। ਹੱਥੀਂ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾਣ।

-ਵਰਿੰਦਰ ਸ਼ਰਮਾ
ਧਰਮਕੋਟ, ਜ਼ਿਲ੍ਹਾ ਮੋਗਾ।

ਰੰਗ-ਬਿਰੰਗੀਆਂ ਕੁਲਫ਼ੀਆਂ
ਦਿਨੋ-ਦਿਨ ਵਧ ਰਹੀ ਤਪਸ਼ ਨੇ ਮਨੁੱਖ ਕੀ ਹਰ ਪਸ਼ੂ-ਪੰਛੀ, ਜੀਵ-ਜੰਤੂ ਦਾ ਜਿਊਣਾ ਬੇਹਾਲ ਕੀਤਾ ਹੈ। ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ ਸਾਡੇ ਗਲੀ-ਮੁਹੱਲਿਆਂ ਵਿਚ ਜਗ੍ਹਾ-ਜਗ੍ਹਾ ਕੁਲਫ਼ੀਆਂ ਵੇਚਣ ਵਾਲਿਆਂ ਦੇ ਹੋਕੇ ਸੁਣਾਈ ਦੇਣੇ ਸ਼ੁਰੂ ਹੋ ਗਏ ਹਨ। ਪਰ ਸਵਾਲ ਉੱਠਦਾ ਹੈ ਕਿ ਕੀ ਇਹ ਬੱਚਿਆਂ ਜਾਂ ਵੱਡਿਆਂ ਦੇ ਖਾਣ ਦੇ ਯੋਗ ਹਨ? ਵੇਖਣ ਵਿਚ ਇਹ ਆਉਂਦਾ ਹੈ ਕਿ ਇਨ੍ਹਾਂ ਵਿਚੋਂ 70 ਫ਼ੀਸਦੀ ਕੁਲਫ਼ੀਆਂ ਦਾ ਮਿਆਰ ਸਿਹਤ ਵਿਭਾਗ ਦੇ ਨਿਯਮਾਂ 'ਤੇ ਖਰਾ ਨਹੀਂ ਉਤਰਦਾ। ਪਰ ਫਿਰ ਵੀ ਦਿਨੋ-ਦਿਨ ਹਰ ਸਾਲ ਇਨ੍ਹਾਂ ਕੁਲਫ਼ੀਆਂ ਤੇ ਆਈਸ ਕਰੀਮ ਵੇਚਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਕਿੱਥੇ ਸੁੱਤਾ ਰਹਿੰਦਾ ਹੈ ਸਿਹਤ ਵਿਭਾਗ, ਇਨ੍ਹਾਂ ਦਾ ਸਟੈਂਡਰਡ ਚੈੱਕ ਕਿਉਂ ਨਹੀਂ ਕੀਤਾ ਜਾਂਦਾ? ਇਨ੍ਹਾਂ ਵਿਚ ਘਟੀਆ (ਗੰਦਾ) ਪਾਣੀ ਪ੍ਰਯੋਗ ਕੀਤਾ ਜਾਂਦਾ ਹੈ। ਕੁਲਫ਼ੀਆਂ ਵਿਚ ਘਟੀਆ ਦਰਜੇ ਦੇ ਰੰਗ, ਸੈਂਸ, ਫਲੇਵਰ ਆਦਿ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੁੱਧ ਦੀ ਥਾਂ ਅਰਾਰੋਟ, ਮੈਦਾ ਵਗੈਰਾ ਜਾਂ ਹੋਰ ਵੀ ਕਈ ਤਰ੍ਹਾਂ ਦੇ ਪਦਾਰਥ ਮਿਲਾ ਕੇ ਇਹ ਸੁੰਦਰ ਦਿਸਣ ਵਾਲੀਆਂ ਆਈਸ ਕਰੀਮਾਂ ਜਾਂ ਕੁਲਫ਼ੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਲੋੜ ਹੈ ਜਾਗਰੂਕ ਹੋਣ ਦੀ ਤੇ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ।

-ਪਾਰਸ ਨਾਥ ਬਾਂਸਲ
ਪਿੰਡ ਦਿਉਣ ਖੇੜਾ, ਸ੍ਰੀ ਮੁਕਤਸਰ ਸਾਹਿਬ।

ਸਖ਼ਤ ਕਾਨੂੰਨ ਬਣਨ
ਜਿਸ ਤਰ੍ਹਾਂ ਡਾ: ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ 2012 ਵਿਚ ਵਿਰੋਧ ਦਿੱਲੀ ਦੇ ਨਿਰਭੈ ਕਾਂਡ ਸਮੇਂ ਹੋਇਆ। ਅਸਲ ਹਕੀਕਤ ਨਾ ਉਸ ਸਮੇਂ ਕਿਸੇ ਰਾਜਨੇਤਾ ਨੂੰ ਸੇਕ ਲੱਗਾ ਸੀ, ਨਾ ਹੁਣ। ਪਰ ਦੋਵਾਂ ਵਿਚਕਾਰ ਫ਼ਰਕ ਸਿਰਫ ਕਾਂਗਰਸ ਅਤੇ ਭਾਜਪਾ ਦੇ ਅਦਲਾ-ਬਦਲੀ ਦਾ ਹੀ ਹੈ, ਸਿਰਫ ਚਿਹਰੇ ਹੀ ਬਦਲੇ ਹਨ। ਸਗੋਂ ਕਾਂਗਰਸ ਉਸ ਸਮੇਂ ਨਿਰਭੈ ਕਾਂਡ ਵਿਚ ਸਿੱਧੀ ਦੋਸ਼ੀ ਨਹੀਂ ਸੀ, ਜਿਸ ਤਰ੍ਹਾਂ ਹੁਣ ਭਾਜਪਾ ਸਿੱਧੀ ਦੋਸ਼ੀ ਸਾਬਤ ਹੋ ਰਹੀ ਹੈ। ਕਿਉਂਕਿ ਉੱਤਰ ਪ੍ਰਦੇਸ਼ ਦੇ ਉਨਾਵ ਕਾਂਡ ਵਿਚ ਦੋਸ਼ੀ ਵਿਧਾਇਕ ਕੁਲਦੀਪ ਸਂਗਰ ਨੇ ਸਿਰਫ ਇਕ ਸਾਲ ਪਹਿਲਾਂ ਹੀ ਭਾਜਪਾ ਵਿਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਪਹਿਲਾਂ ਬਸਪਾ, ਕਾਂਗਰਸ ਅਤੇ ਸਮਾਜਵਾਦੀ ਪਾਰਟੀਆਂ ਵਿਚੋਂ ਹੁੰਦੇ ਹੋਏ ਵਿਧਾਇਕ ਬਣੇ ਕੁਲਦੀਪ ਸੇਂਗਰ ਨੇ ਲੋਕਾਂ ਦੇ ਰੁਖ਼ ਨੂੰ ਪਛਾਣ ਲਿਆ ਸੀ। ਪਰ ਭਾਜਪਾ ਨੇ ਟਿਕਟ ਦੇਣ ਲੱਗੇ ਕੁਲਦੀਪ ਸੇਂਗਰ ਦੀ ਛਾਣਬੀਣ ਨਹੀਂ ਕੀਤੀ। ਪਰ ਕਠੂਆ ਵਿਚ ਜੋ 8 ਸਾਲ ਦੀ ਬੱਚੀ ਦੇ ਨਾਲ ਹੋਇਆ, ਜਿਨ੍ਹਾਂ 'ਤੇ ਅੱਤਿਆਚਾਰ ਅਤੇ ਜਬਰ ਜਨਾਹ ਦੇ ਦੋਸ਼ ਲੱਗੇ, ਉਨ੍ਹਾਂ ਨੂੰ ਬਚਾਉਣ ਲਈ ਭਾਜਪਾ ਲੀਡਰਸ਼ਿਪ ਨੇ ਜੋ ਮੁਸ਼ਤੈਦੀ ਦਿਖਾਈ ਹੈ, ਉਹੀ ਜ਼ੋਰ ਅਜਮਾਈ ਆਮ ਲੋਕਾਂ ਨਾਲ ਮੋਮਬੱਤੀਆਂ ਲੈ ਕੇ ਖੜ੍ਹਦੀ ਤਾਂ ਬਿਨਾਂ ਸ਼ੱਕ ਭਾਜਪਾ ਹੋਰ ਮਜ਼ਬੂਤ ਹੁੰਦੀ। ਕੇਂਦਰੀ ਮੰਤਰੀ ਮੰਡਲ ਨੇ ਨਵੇਂ ਕਾਨੂੰਨ ਬਣਾ ਕੇ 12 ਸਾਲ ਦੀਆਂ ਬੱਚੀਆਂ ਦੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ (ਮੌਤ) ਦੀ ਸਜ਼ਾ ਅਤੇ 16 ਸਾਲ ਦੀਆਂ ਬੱਚੀਆਂ ਦੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਉਮਰ ਕੈਦ ਦਾ ਪ੍ਰਾਵਧਾਨ ਕੀਤਾ ਹੈ। ਇਸ ਤਰ੍ਹਾਂ ਦੇ ਹੀ ਕੁਝ ਹੋਰ ਫ਼ੈਸਲੇ ਆਮ ਲੋਕਾਂ ਦੇ ਲੁਟੇਰੇ ਜਮ੍ਹਾਂਖੋਰਾਂ ਲਈ ਤੇ ਰਾਸ਼ਟਰੀ ਬੈਂਕਾਂ ਦੇ ਲੁਟੇਰੇ ਭਗੌੜਿਆਂ ਲਈ ਕਾਨੂੰਨ ਸਖ਼ਤ ਲਿਆਉਣ।

-ਹਰਭਜਨ ਸਿੰਘ
ਭਗਤਾ ਭਾਈ ਕਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX