ਤਾਜਾ ਖ਼ਬਰਾਂ


ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋਂ ਕਾਂਗਰਸੀ ਉਮੀਦਵਾਰ ਚੱਲ ਰਹੇ ਹਨ ਅੱਗੇ
. . .  1 minute ago
ਅਟਾਰੀ, 22 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ) - ਅਟਾਰੀ ਬਲਾਕ'ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨਾਲੋਂ ਅੱਗੇ ਚੱਲ ਰਹੇ....
ਧਾਰੀਵਾਲ ਬਲਾਕ ਸੰਮਤੀ 'ਤੇ ਵੀ ਕਾਂਗਰਸ ਕਾਬਜ਼
. . .  2 minutes ago
ਜ਼ੋਨ 17 ਮੋਟੇਮਾਜਰਾ ਤੋਂ ਕਾਂਗਰਸ ਉਮੀਦਵਾਰ ਮਨਜੀਤ ਸਿੰਘ 2252 ਵੋਟਾਂ ਨਾਲ ਜੇਤੂ
. . .  4 minutes ago
ਪੰਚਾਇਤ ਸੰਮਿਤੀ : ਭੋਗਪੁਰ ਤੋਂ 2 ਅਕਾਲੀ ਦਲ ਦੇ ਉਮੀਦਵਾਰ ਜੇਤੂ
. . .  9 minutes ago
ਨਕੋਦਰ : 2 ਜ਼ੋਨਾਂ ਦੇ ਨਤੀਜੇ ਐਲਾਨੇ - ਦੋਵਾਂ 'ਤੇ ਆਜ਼ਾਦ ਉਮੀਦਵਾਰ ਜੇਤੂ
. . .  12 minutes ago
ਆਨੰਦਪੁਰ ਸਾਹਿਬ : ਬਲਾਕ ਸੰਮਤੀ ਜ਼ੋਨ ਨੰ. 8 ਡਰੋਲੀ ਅਤੇ ਨੰ. 9 ਤਾਪਰੀਆ 'ਚ ਕਾਂਗਰਸੀ ਉਮੀਦਵਾਰ ਜਿੱਤੇ
. . .  13 minutes ago
ਬਲਾਕ ਸੰਮਤੀ ਜ਼ੋਨ ਉਗੋਕੇ ਤੋਂ ਡੋਗਰ ਸਿੰਘ 193 ਵੋਟਾਂ ਨਾਲ ਜੇਤੂ
. . .  13 minutes ago
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸ ਉਮੀਦਵਾਰ 2853 ਵੋਟਾਂ ਨਾਲ ਅੱਗੇ
. . .  15 minutes ago
ਸੁਲਤਾਨ ਪੁਰ ਲੋਧੀ ਬਲਾਕ ਸੰਮਤੀ ਦੇ 17 ਜ਼ੋਨਾਂ 'ਚੋਂ 8 'ਤੇ ਕਾਂਗਰਸੀ ਉਮੀਦਵਾਰ ਜੇਤੂ
. . .  16 minutes ago
ਰਾਏਕੋਟ : ਜ਼ੋਨ ਆਂਡਲੂ ਅਤੇ ਜ਼ੋਨ ਜਲਾਲਦੀਵਾਲ ਤੋਂ ਕਾਂਗਰਸੀ ਉਮੀਦਵਾਰ ਜੇਤੂ ਕਰਾਰ
. . .  17 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਕਿਤਾਬਾਂ

05-08-2018

 ਵੈਟਰਨ ਅਥਲੈਟਿਕਸ ਰਾਹੀਂ ਦੱਖਣ ਯਾਤਰਾ
ਲੇਖਕ : ਮੁਖ਼ਤਿਆਰ ਸਿੰਘ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ-ਪੰਜਾਬ
ਮੁੱਲ : 425 ਰੁਪਏ, ਸਫ਼ੇ : 216
ਸੰਪਰਕ : 98728-23511.

ਆਮ ਕਰਕੇ ਅਥਲੀਟ ਜਵਾਨ ਹੀ ਹੁੰਦੇ ਹਨ ਪਰ ਸੱਠਾਂ ਨੂੰ ਟੱਪ ਕੇ ਵੀ ਜੇ ਬੰਦਾ ਅਥਲੈਟਿਕਸ ਦਾ ਸ਼ੌਕ ਅਪਣਾ ਲਏ ਤਾਂ ਮਾੜਾ ਨਹੀਂ। ਵਡੇਰੀ ਉਮਰ ਵਧੇਰੀ ਆਸਾਨੀ, ਸੁੱਖ ਤੇ ਅਰੋਗਤਾ ਨਾਲ ਕਟੀ ਜਾ ਸਕਦੀ ਹੈ। ਜਦ ਜਾਗੋ ਉਦੋਂ ਹੀ ਸਵੇਰਾ। 1966 ਵਿਚ ਪੱਛਮ ਵਿਚ ਪੈਂਤੀ ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪੰਜ-ਪੰਜ ਸਾਲ ਦੇ ਫ਼ਰਕ ਨਾਲ ਗਰੁੱਪ ਬਣਾ ਕੇ ਉਨ੍ਹਾਂ ਨੂੰ ਲੰਮੀ ਵਾਕ/ਦੌੜ ਵਾਸਤੇ ਉਤਸ਼ਾਹਿਤ ਕਰਨ ਦੇ ਯਤਨ ਸ਼ੁਰੂ ਹੋਏ। ਵੈਟਰਨ ਅਥਲੀਟਾਂ ਲਈ ਚੈਂਪੀਅਨਸ਼ਿਪ ਮੁਕਾਬਲੇ ਉਧਰ 1968 ਵਿਚ ਸ਼ੁਰੂ ਕਰਵਾ ਦਿੱਤੇ ਗਏ। ਭਾਰਤ ਵਿਚ ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਪੰਜਾਬੀ ਦੌੜਾਕ ਸ: ਮਿਲਖਾ ਸਿੰਘ ਨੇ 1979 ਵਿਚ ਵੈਟਰਨ ਅਥਲੈਟਿਕਸ ਦਾ ਆਰੰਭ ਕਰਵਾਇਆ। ਸਮੇਂ ਦੇ ਬੀਤਣ ਨਾਲ ਪੰਜਾਬ ਹੀ ਨਹੀਂ, ਦੇਸ਼ ਭਰ ਵਿਚ ਵਡੇਰੀ ਉਮਰ ਦੇ ਲੋਕਾਂ ਵਿਚ ਵੈਟਰਨ ਅਥਲੈਟਿਕਸ ਦਾ ਸ਼ੌਕ ਖੂਬ ਵਧਿਆ ਫੁਲਿਆ ਹੈ। ਖੰਨੇ ਦੇ ਕਹਾਣੀਕਾਰ/ਨਾਵਲਕਾਰ ਮੁਖਤਿਆਰ ਸਿੰਘ ਨੂੰ ਸਾਧਾਰਨ ਸੈਰ ਕਰਦੇ-ਕਰਦੇ ਨੂੰ ਮਿੱਤਰ ਸ: ਆਤਮਾ ਸਿੰਘ ਨੇ ਤੇਜ਼ ਤੋਰ ਕੇ ਵੈਟਰਨ ਮੁਕਾਬਲਿਆਂ ਦਾ ਸ਼ੌਕ ਲਗਾ ਦਿੱਤਾ। ਇਸ ਕਿਤਾਬ ਵਿਚ ਉਸ ਨੇ ਇਸ ਸ਼ੌਕ ਦੀਆਂ ਰੌਚਕ ਯਾਦਾਂ ਸਾਂਝੀਆਂ ਕੀਤੀਆਂ ਹਨ।
ਮੁਖਤਿਆਰ ਸਿੰਘ ਨੇ 2003 ਤੋਂ ਸ਼ੁਰੂ ਕਰਕੇ 14 ਸਾਲਾਂ ਵਿਚ ਵੈਟਰਨ ਅਥਲੀਟ ਦੇ ਰੂਪ ਵਿਚ ਚੰਗਾ ਨਾਮਣਾ ਖਟਿਆ ਹੈ। 2007 ਤੇ 2012 ਵਿਚ ਉਹ ਇਨ੍ਹਾਂ ਮੁਕਾਬਲਿਆਂ ਲਈ ਦੋ ਵਾਰ ਬੰਗਲੌਰ ਗਿਆ। ਮੁੰਬਈ, ਲਖਨਊ ਤੇ ਮੈਸੂਰ, ਪੂਨਾ ਤੇ ਪੁਡੂਚੇਰੀ, ਮਦਰਾਸ, ਕੰਨਿਆਕੁਮਾਰੀ, ਤ੍ਰਿਵੇਂਦਰਮ, ਮੰਗਲੌਰ, ਗੋਆ ਦੂਰ-ਦੂਰ ਤੱਕ ਜਾ ਕੇ ਤਗਮੇ ਲਏ। ਵੈਟਰਨ ਅਥਲੀਟਾਂ ਲਈ 75 ਫ਼ੀਸਦੀ ਕਨਸੈਸ਼ਨ, ਰਹਿਣ-ਬਹਿਣ ਦੇ ਇੰਤਜ਼ਾਮ, ਹੱਸਦੇ ਖੇਡਦੇ ਮਿੱਤਰਾਂ ਦਾ ਸਾਥ, ਇਸੇ ਮੌਜ ਮਸਤੀ ਵਿਚ ਮੁਖਤਿਆਰ ਸਿੰਘ ਨੇ ਲਗਪਗ ਸਾਰੇ ਭਾਰਤ ਦੀ ਯਾਤਰਾ ਕੀਤੀ ਹੈ, ਖ਼ਾਸ ਕਰਕੇ ਦੱਖਣੀ ਭਾਰਤ ਦੀ। ਉੱਤਰ, ਪੂਰਬ ਤੇ ਪੱਛਮ ਦੇ ਕੁਝ ਹਿੱਸੇ ਹੀ ਰਹਿ ਗਏ ਹਨ। ਦੱਖਣੀ ਭਾਰਤ ਦੀ ਵੈਟਰਨ ਅਥਲੀਟ ਵਜੋਂ ਕੀਤੀ ਯਾਤਰਾ ਦਾ ਇਹ ਦਿਲਚਸਪ ਸਫ਼ਰਨਾਮਾ ਉਤਸ਼ਾਹ ਤੇ ਪ੍ਰੇਰਨਾ ਜਗਾਉਂਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਇਨਕਲਾਬੀ ਲਹਿਰ ਦੇ ਥੰਮ੍ਹ
ਲੇਖਕ : ਪ੍ਰਿਥੀਪਾਲ ਸਿੰਘ ਮਾੜੀਮੇਘਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 60 ਰੁਪਏ, ਸਫ਼ੇ : 112
ਸੰਪਰਕ : 98760-78731.

ਇਸ ਪੁਸਤਕ ਵਿਚ ਉਨ੍ਹਾਂ ਮਹਾਨ ਲੋਕ ਨਾਇਕਾਂ ਅਤੇ ਲੋਕ ਸੰਘਰਸ਼ਾਂ ਉੱਤੇ ਚਾਨਣਾ ਪਾਇਆ ਗਿਆ ਹੈ, ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਵਿਚ ਖੁਸ਼ੀਆਂ ਦੇ ਰੰਗ ਭਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਪਰ ਉਨ੍ਹਾਂ ਦੇ ਨਾਂਅ ਸਮੇਂ ਦੀ ਧੂੜ ਵਿਚ ਗੁਆਚ ਜਾਣ ਦਾ ਖ਼ਦਸ਼ਾ ਸੀ। ਇਹ ਨਾਂਅ ਹਨਂਕਾਮਰੇਡ ਤਾਰਾ ਸਿੰਘ ਬੰਗਲਾ ਰਾਏ, ਕਾਮਰੇਡ ਚਮਨ ਲਾਲ ਸ਼ਰਮਾ, ਡਾ: ਮੋਹਨ ਸਿੰਘ ਰਾਜੇਵਾਲ, ਕਾਮਰੇਡ ਸੁਰਜੀਤ ਸਿੰਘ ਝਬਾਲ, ਕਾ: ਮੋਤਾ ਸਿੰਘ ਝਬਾਲ, ਕਾ: ਤੇਜਾ ਸਿੰਘ ਬਾਬਾ ਬਕਾਲਾ, ਕਾ: ਬਹਾਦਰ ਸਿੰਘ, ਕਾ: ਕੁਲਵਿੰਦਰ ਸਿੰਘ ਵਲਟੋਹਾ, ਕਾ: ਬਚਿੰਤ ਸਿੰਘ ਢੋਟੀਆਂ, ਕਾ: ਸੁਰਜੀਤ ਸਿੰਘ ਸਰਪੰਚ, ਜੁਝਾਰੂ ਬੀਬੀ ਅਮਰੋ ਹੀਰਾਪੁਰਾ, ਕਾ: ਰਾਜਰਾਣੀ ਅਤੇ ਕਾ: ਕੁੰਦਨ ਲਾਲ ਸੋਹਲ। ਇਨ੍ਹਾਂ ਲੋਕ ਨਾਇਕਾਂ ਬਾਰੇ ਜਾਣਕਾਰੀ ਦੇਣ ਲਈ ਲੇਖਕ ਨੂੰ ਹਰ ਇਕ ਹਸਤੀ ਨਾਲ ਮੁਲਾਕਾਤ ਕਰਨੀ ਪਈ ਤੇ ਸੱਚੀਆਂ ਜੀਵਨ ਗਾਥਾਵਾਂ ਨੂੰ ਪੁਸਤਕ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਆਜ਼ਾਦੀ ਸੰਗਰਾਮੀਆਂ ਨੇ 1947 ਦੀ ਵੰਡ ਅੱਖੀਂ ਵੇਖੀ ਸੀ, ਫ਼ਿਰਕੂ ਫਸਾਦ ਪਿੰਡੇ 'ਤੇ ਹੰਢਾਏ ਤੇ ਵਸਦੇ-ਰਸਦੇ ਘਰ ਉਜਾੜੇ ਦਾ ਸ਼ਿਕਾਰ ਹੁੰਦੇ ਵੇਖੇ ਸਨ। ਇਨ੍ਹਾਂ ਵਿਚੋਂ ਬਹੁਤਿਆਂ ਨੇ ਲੋਕ ਮੋਰਚਿਆਂ ਵਿਚ ਜਾਨਾਂ ਵਾਰੀਆਂ, ਜੇਲ੍ਹਾਂ ਕੱਟੀਆਂ, ਅਫ਼ਸਰਸ਼ਾਹੀ ਨਾਲ ਟੱਕਰ ਲਈ ਸੀ। ਇਨ੍ਹਾਂ ਦੀ ਹੱਡਬੀਤੀ ਸੁਣ ਕੇ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤੇ ਬਜ਼ੁਰਗ ਕਮਿਊਨਿਸਟ ਤਾਂ ਪਿੰਡਾਂ ਵਿਚ ਅਗਾਂਹਵਧੂ ਸਾਹਿਤ ਤੇ ਵਿਚਾਰਾਂ ਦਾ ਪ੍ਰਚਾਰ ਕਰਕੇ ਲੋਕ ਲਹਿਰ ਨੂੰ ਇਕਮੁੱਠ ਕਰਕੇ ਜੋਸ਼ ਨੂੰ ਹੁਲਾਰਾ ਦਿੰਦੇ ਸਨ। ਇਨ੍ਹਾਂ ਵਿਚ ਤਿੰਨ ਬੀਬੀਆਂ ਦਾ ਵੀ ਵਰਨਣ/ਮੁਲਾਕਾਤ ਹੈ, ਜਿਨ੍ਹਾਂ ਨੇ ਲਹਿਰ ਨੂੰ ਮਜ਼ਬੂਤ ਕਰਨ ਹਿਤ ਭਰਪੂਰ ਯੋਗਦਾਨ ਪਾਇਆ ਤੇ ਜਾਨਾਂ ਤੱਕ ਵਾਰ ਦਿੱਤੀਆਂ ਸਨ। ਲੇਖਕ ਨੇ ਇਸ ਮੁਲਾਕਾਤ ਦੌਰਾਨ ਉਨ੍ਹਾਂ ਸੰਗਰਾਮੀ ਘੁਲਾਟੀਆਂ ਦੇ ਪਿਛੋਕੜ, ਜੀਵਨ, ਸੰਘਰਸ਼ ਤੇ ਆਉਣ ਵਾਲੀ ਪੀੜ੍ਹੀ 'ਤੇ ਪਏ ਪ੍ਰਭਾਵਾਂ ਨੂੰ ਵੀ ਬਾਖੂਬੀ ਚਿਤਰਨ ਦਾ ਯਤਨ ਕੀਤਾ ਹੈ। ਉਨ੍ਹਾਂ ਨੂੰ ਦੇਸ਼ ਭਗਤੀ ਦੀ ਚੇਟਕ ਕਿਵੇਂ ਲੱਗੀ ਤੇ ਪ੍ਰੋਤਸਾਹਨ ਕਿਵੇਂ ਮਿਲਿਆ, ਜਿਸ ਖਾਤਰ ਉਨ੍ਹਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਆਦਿ ਬਾਰੇ ਵੇਰਵਾ ਵਿਸਥਾਰ ਨਾਲ ਦਿੱਤਾ ਹੈ। ਲੇਖਕ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਪ੍ਰਸਿੱਧ ਪੈਗੰਬਰ ਅਤੇ ਸੂਫ਼ੀ ਦਰਵੇਸ਼
ਜੀਵਨ ਤੇ ਫ਼ਲਸਫ਼ਾ

ਲੇਖਕ : ਪ੍ਰੋ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ: 350 ਰੁਪਏ, ਸਫ਼ੇ : 288
ਸੰਪਰਕ : 94634-63193.

ਇਸਲਾਮਿਕ ਪੈਗੰਬਰਾਂ, ਸੂਫ਼ੀ ਸਾਧਕਾਂ ਅਤੇ ਉਨ੍ਹਾਂ ਦੇ ਜੀਵਨ-ਦਰਸ਼ਨ ਸਬੰਧੀ ਵਿਸ਼ਵਕੋਸ਼ੀ ਗਿਆਨ ਨਾਲ ਲਬਰੇਜ਼ ਪ੍ਰੋ: ਗੁਰਚਰਨ ਸਿੰਘ ਤਲਵਾੜਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਵਿਚਾਰਾਧੀਨ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਪਾਠਕ ਨੂੰ ਅਥਾਹ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕੁਝ ਵਿਸ਼ੇਸ਼ ਗੱਲਾਂ ਨੋਟ ਕਰਨ ਯੋਗ ਹਨ। ਰੱਬ ਸਰਵਸ਼ਕਤੀਮਾਨ, ਸਿਰਜਣਹਾਰ ਅਤੇ ਪ੍ਰਤਿਪਾਲਕ ਹੈ। ਪੈਗੰਬਰਾਂ ਅਤੇ ਸੂਫ਼ੀਆਂ ਦਾ ਯੋਗਦਾਨ ਉਸ ਦੀ ਸਿਰਜਣਾ ਨੂੰ 'ਈਮਾਨ' ਅਤੇ 'ਰਾਹੇ-ਰਾਸਤ' ਨਾਲ ਜੋੜਨ ਵਿਚ ਨਿਹਿਤ ਹੈ।
ਅਨੇਕਾਂ ਵਿਰੋਧਾਂ ਦੇ ਬਾਵਜੂਦ ਤੌਹੀਦ ਦਾ ਪ੍ਰਚਾਰ ਅਤੇ ਬੁੱਤ-ਪੂਜਾ ਦਾ ਖੰਡਨ ਕਰਨਾ ਹੈ। ਨਾਜ਼ਲ ਹੋਈਆਂ ਪਵਿੱਤਰ ਕਿਤਾਬਾਂ ਵਿਚ ਤੌਰੇਤ (ਮੂਸਾ ਤੇ), ਅੰਜ਼ੀਲ (ਈਸਾ ਤੇ), ਜ਼ਬੂਰ (ਦਾਊਦ ਤੇ) ਅਤੇ ਕੁਰਆਨ ਮਜੀਦ (ਹਜ਼ਰਤ ਮੁਹੰਮਦ ਸਾਹਿਬ ਤੇ) ਸ਼ਾਮਿਲ ਹਨ। ਅਨੇਕਾਂ ਪਰਿਭਾਸ਼ਾਵਾਂ ਪ੍ਰਸਤੁਤ ਹਨ ਜਿਵੇਂ ਪੈਗੰਬਰ, ਔਲੀਆ, ਆਰਿਫ਼, ਸੂਫ਼ੀ, ਤਸੱਵੁਫ਼, ਮਾਰਿਫ਼ਤ, ਫ਼ਤੂਹ, ਦੁਨੀਆ, ਸਰਾਂ ਆਦਿ। ਜ਼ਿਬਰਾਈਲ ਫ਼ਰਿਸ਼ਤਾ, ਗ਼ੈਬ ਦੀਆਂ ਆਵਾਜ਼ਾਂ, ਸੁਪਨੇ, ਰੱਬੀ ਸੰਦੇਸ਼-ਵਾਹਕ ਵਜੋਂ ਕਾਰਜਸ਼ੀਲ ਹਨ। ਕਰਾਮਾਤਾਂ, ਮੁਅਜਿਜ਼ਿਆਂ, ਪਰਾਸਰੀਰਕ ਅੰਸ਼ਾਂ ਦੀ ਭਰਮਾਰ ਹੈ। ਜਾਣਕਾਰੀ ਉਪਲਬਧ ਹੈ ਕਿ ਪੈਗੰਬਰਾਂ ਅਤੇ ਸੂਫ਼ੀਆਂ ਨੂੰ ਕਿਹੜੇ-ਕਿਹੜੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ? ਕਿਹੜੇ-ਕਿਹੜੇ ਸੂਫ਼ੀ ਕਿਹੜੇ-ਕਿਹੜੇ ਸਿਲਸਿਲੇ ਨਾਲ ਸਬੰਧਿਤ ਹਨ? ਕਿਸ ਸਿਲਸਿਲੇ ਦਾ ਬਾਨੀ ਕੌਣ ਸੀ? ਕਿਸ ਨੇ ਕਿਸ ਦੀ ਸੁਹਬਤ ਦਾ ਪ੍ਰਭਾਵ ਕਬੂਲਿਆ? ਪ੍ਰਮਾਣਿਕ ਖੋਜ ਦੀ ਦ੍ਰਿਸ਼ਟੀ ਤੋਂ ਹੋਰਨਾਂ ਹਵਾਲਿਆਂ ਤੋਂ ਬਿਨਾਂ ਬਾਈਬਲ, ਕੁਰਆਨ ਮਜੀਦ, ਤਜਕਿਰਾਤ-ਉਲ-ਔਲੀਆ, ਕਸ਼ਫੁਲ ਮਹਿਜ਼ੂਬ, ਕਸਸ਼ੁਲ ਅੰਬੀਆ, ਕਸ਼ਕੋਲ ਰੂਹਾਨੀ ਆਦਿ ਪੁਸਤਕਾਂ ਉਦਿਤ ਕੀਤੀਆਂ ਗਈਆਂ ਹਨ।
ਕਰਾਮਾਤੀ ਨਿੱਕੀਆਂ ਘਟਨਾਵਾਂ ਦਾ ਜ਼ਿਕਰ ਮਿੰਨੀ ਕਹਾਣੀਆਂ ਵਰਗਾ ਹੈ। ਰਵਾਇਤ ਹੈ, ਐਸੀ ਮਾਨਤਾ ਹੈ, ਕਿਹਾ ਜਾਂਦਾ ਹੈ, ਹੋ ਸਕਦਾ ਹੈ ਆਦਿ 'ਵਾਕੰਸ਼' ਬਿਰਤਾਂਤ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੇ ਹਨ, ਬਿਰਤਾਂਤ ਇਟਰੇਟਿਵ ਹੈ। ਦਾਰਸ਼ਨਿਕ ਵਿਆਖਿਆਵਾਂ ਦੇ ਨਾਲ-ਨਾਲ ਸਬੰਧਿਤ ਪੈਗੰਬਰ-ਸੂਫ਼ੀ ਦਾ ਜਨਮ, ਪਰਿਵਾਰ, ਸਿੱਖਿਆ, ਘਟਨਾਵਾਂ ਅਤੇ ਮੁਬਾਰਕ ਰੂਹ ਦੇ ਬਾਰਿਗਾਹਿ-ਇਲਾਹੀ ਵੱਲ ਕਦੋਂ, ਕਿਵੇਂ ਕੂਚ ਕਰਨ ਦਾ ਜ਼ਿਕਰ ਪ੍ਰਾਪਤ ਹੈ। ਕੁੱਲ ਮਿਲਾ ਕੇ ਇਹ ਪੁਸਤਕ ਪੈਗੰਬਰਾਂ ਅਤੇ ਸੂਫ਼ੀਆਂ ਦੇ ਜਿਗਿਆਸੂਆਂ ਨੂੰ ਤ੍ਰਿਪਤ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪਹਿਲਾ ਖ਼ਤ ਆਖ਼ਰੀ
ਲੇਖਕ : ਬਲਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 098723-39022.

ਬਲਜੀਤ ਸਿੰਘ ਦੀ ਵਾਰਤਕ ਪੁਸਤਕ 'ਪਹਿਲਾ ਖ਼ਤ ਆਖ਼ਰੀ' ਅਜਿਹੀ ਪੁਸਤਕ ਹੈ, ਜਿਸ ਵਿਚ ਉਸ ਨੇ ਇਕ ਲੰਮਾ ਸੰਵਾਦ ਆਪਣੇ ਮਹਿਬੂਬ ਨਾਲ ਰਚਾਇਆ ਹੈ। ਬਕੌਲ ਡਾ: ਸਤੀਸ਼ ਵਰਮਾ ਇਸ ਪੁਸਤਕ ਨੂੰ ਭਾਵੇਂ ਵਾਰਤਕ ਦੀ ਕਿਸੇ ਵੀ ਰੂਪ ਵਿਧਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ ਪਰ ਆਪਣੀ ਕਿਸਮ ਦੀ ਵਾਰਤਕ ਦਾ ਇਹ ਇਕ ਨਵੀਨ ਅਤੇ ਨਮੂਨਾ ਹੈ। ਖ਼ਤ ਦੇ ਜ਼ਰੀਏ ਬਲਜੀਤ ਸਿੰਘ ਨੇ ਜਿਥੇ ਮੁਹੱਬਤੀ ਪਲਾਂ ਦੀ ਦਾਸਤਾਨ ਬਿਆਨ ਕੀਤੀ ਹੈ, ਉਥੇ ਸਮਾਜ, ਰਾਜਨੀਤੀ, ਰਿਸ਼ਤਿਆਂ, ਪੂੰਜੀਵਾਦੀ ਨਿਜ਼ਾਮ ਅਤੇ ਰਾਜਨੀਤਕ ਪਰਪੰਚ ਬਾਰੇ ਵੀ ਵਿਸਤ੍ਰਿਤ ਵੇਰਵੇ ਦਰਜ ਕੀਤੇ ਹਨ ਪਰ ਇਹ ਸਾਰੇ ਵੇਰਵੇ ਮੁੱਖ ਵਿਸ਼ੇ ਦੇ ਪੂਰਕ ਵਜੋਂ ਹੀ ਵਿਚਰਦੇ ਹਨ। ਲੇਖਕ ਦੁਆਰਾ ਲਿਖੇ ਇਸ ਖ਼ਤ ਵਿਚ ਜ਼ਿਆਦਾਤਰ ਭੂਤਕਾਲ ਵਿਚ ਬੀਤੇ ਆਪਣੇ ਪਿਆਰੇ ਦੇ ਸੰਯੋਗੀ ਸੰਗ ਦਾ ਹੀ ਬਿਰਤਾਂਤ ਪੇਸ਼ ਕੀਤਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਲੇਖਕ ਖ਼ਤ ਲਿਖ ਨਹੀਂ ਰਿਹਾ ਸਗੋਂ ਸਾਹਮਣੇ ਬੈਠ ਕੇ ਆਪਣੇ ਮਹਿਬੂਬ ਨਾਲ ਸੰਵਾਦੀ ਵਾਤਾਵਰਨ ਉਸਾਰ ਰਿਹਾ ਹੋਵੇ। ਪਰ ਕਈ ਥਾਵਾਂ 'ਤੇ ਆਪਣੇ ਪਿਆਰੇ ਦੇ ਬੋਲਾਂ ਨੂੰ ਵੀ ਵਾਰਤਾਲਾਪੀ ਸ਼ੈਲੀ ਵਿਚ ਦਰਜ ਕੀਤਾ ਹੈ, ਜਿਥੇ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਖ਼ਤ ਵਿਚ ਕੋਈ ਦੂਜਾ ਵੀ ਸੰਵਾਦ ਰਚਾ ਰਿਹਾ ਹੋਵੇ। ਪਿਆਰ, ਅਨੰਦ, ਵਿਛੋੜਾ, ਮਿਲਾਪ ਆਦਿ ਭਾਵੁਕ ਸੰਕਲਪਾਂ ਨੂੰ ਵੀ ਲੇਖਕ ਨੇ ਆਪਣੇ ਨਜ਼ਰੀਏ ਤੋਂ ਪੇਸ਼ ਕਰਦਿਆਂ ਵਾਰਤਕ ਨੂੰ ਦਾਰਸ਼ਨਿਕ ਸ਼ੈਲੀ ਵਿਚ ਢਾਲਿਆ ਹੈ, ਕਿਉਂਕਿ ਲੇਖਕ ਕੋਲ ਸ਼ਬਦਾਵਲੀ ਦਾ ਭੰਡਾਰ ਹੈ। ਇਸ ਕਰਕੇ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵੀ ਇਸ ਕਿਰਤ ਦਾ ਸ਼ਿੰਗਾਰ ਬਣੇ ਹਨ। ਲੇਖਕ ਦਾ ਮੱਤ ਹੈ ਕਿ ਦੁਨੀਆ ਨੂੰ ਜਗਾਉਣ ਲਈ ਪਿਆਰ ਉੱਤਮ ਵਸੀਲਾ ਹੈ ਤੇ ਪਿਆਰੇ ਦੀ ਯਾਦ ਨੂੰ ਤਾਜ਼ਾ ਕਰਦੀ ਇਹ ਪੁਸਤਕ ਪੜ੍ਹਨਯੋਗ ਹੈ।

ਫ ਫ ਫ

ਮੈਂ ਜੈਸਾ ਹੂੰ... ਮੈਂ ਵੈਸਾ ਕਿਉਂ ਹੂੰ...
ਲੇਖਕ : ਸੁਖਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 99887-30005.

ਪੁਸਤਕ ਵਿਚ ਸਵੈ-ਜੀਵਨੀ ਮੂਲਕ ਰੂਪ ਵਿਚ ਸੁਖਜੀਤ ਨੇ ਆਪਣੀ ਜ਼ਿੰਦਗੀ ਦੇ ਵਿਸ਼ੇਸ਼ ਪੜਾਅ ਨੂੰ ਸਵੈ-ਬਿਰਤਾਂਤ ਦਾ ਨਾਂਅ ਦੇ ਕੇ ਪੇਸ਼ ਕੀਤਾ ਹੈ। ਅਸਲ ਵਿਚ ਇਹ ਪੁਸਤਕ ਸੁਖਜੀਤ ਦੀ ਨਿੱਜੀ ਜ਼ਿੰਦਗੀ 'ਤੇ ਵੀ ਝਾਤ ਪੁਆਉਂਦੀ ਹੈ ਅਤੇ ਤਤਕਾਲੀ ਪ੍ਰਸਥਿਤੀਆਂ ਦਾ ਵੀ ਲੇਖਾ-ਜੋਖਾ ਕਰਦੀ ਹੈ, ਜੋ ਪੰਜਾਬ ਅਤੇ ਵਿਸ਼ੇਸ਼ ਕਰਕੇ ਸੁਖਜੀਤ ਦੇ ਭੈਣੀ ਸਾਹਿਬ ਨਾਲ ਜੁੜਨ ਸਮੇਂ ਦੇ ਪ੍ਰਸੰਗ ਵਿਚ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ। ਜੇਕਰ ਦੇਖਿਆ ਜਾਵੇ ਤਾਂ ਪੁਸਤਕ ਦੀ ਸ਼ੁਰੂਆਤ ਆਮ ਪੁਸਤਕਾਂ ਦੀ ਤਰ੍ਹਾਂ ਹੀ ਲੇਖਕ ਦੀ ਪਰਿਵਾਰਕ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ। ਲੇਖਕ ਦੀ ਘਰੇਲੂ ਜ਼ਿੰਦਗੀ ਦਾ ਵਿਸਤ੍ਰਿਤ ਵੇਰਵਾ ਇਸ ਪੁਸਤਕ ਵਿਚ ਮਿਲਦਾ ਹੈ, ਖ਼ਾਸ ਕਰਕੇ ਜਦੋਂ 1963 ਵਿਚ ਪਿੰਡ ਮਾਣੇਵਾਲ ਦੀ ਉਜਾੜ ਬੀਆਬਾਨ ਜ਼ਮੀਨ ਵਿਚ ਆ ਕੇ ਵਸਣਾ ਅਤੇ ਜ਼ਹਿਰੀਲੇ ਸੱਪਾਂ ਨਾਲ ਵਾਹ ਪੈਣਾ ਕਾਫੀ ਕਸ਼ਟ ਭਰੀ ਜ਼ਿੰਦਗੀ ਦੇ ਚਿੱਤਰ ਇਸ ਪੁਸਤਕ ਵਿਚੋਂ ਉੱਭਰਦੇ ਹਨ। ਲੇਖਕ ਦੀ ਮਾਂ ਹਮੇਸ਼ਾ ਹੀ ਭੈਣੀ ਸਾਹਿਬ ਜਾਇਆ ਕਰਦੀ ਸੀ ਅਤੇ ਲੇਖਕ ਦਾ ਪਿਤਾ ਡਰਾਈਵਰ ਹੋਣ ਦੇ ਨਾਤੇ ਹੀ ਭੈਣੀ ਸਾਹਿਬ ਨਾਲ ਜੁੜਿਆ ਸੀ। ਮਾਛੀਵਾੜਾ ਸਾਹਿਤ ਸਭਾ ਅਤੇ ਸੁਰਜੀਤ ਖੁਰਸ਼ੀਦੀ ਦਾ ਮੇਲ ਵੀ ਲੇਖਕ ਨੇ ਜ਼ਿੰਦਗੀ ਵਿਚ ਅਹਿਮੀਅਤ ਵਾਲਾ ਦਰਸਾਇਆ ਹੈ। ਇਸ ਤੋਂ ਬਾਅਦ ਲੇਖਕ ਨੇ ਆਪਣੀ ਇਸ ਪੁਸਤਕ ਵਿਚ ਭੈਣੀ ਸਾਹਿਬ ਵਿਚ ਬਿਤਾਏ ਆਪਣੇ ਪਲਾਂ ਦੀ ਦਾਸਤਾਨ ਬਹੁਤ ਹੀ ਬਾਰੀਕਬੀਨੀ ਨਾਲ ਪੂਰੀ ਪੁਸਤਕ ਵਿਚ ਬਿਆਨ ਕੀਤੀ ਹੈ ਅਤੇ ਡੇਰੇ ਦੀਆਂ ਗਤੀਵਿਧੀਆਂ ਅਤੇ ਕਾਰਵਾਈਆਂ ਵਿਚ ਨਿਭਾਈ ਆਪਣੀ ਭੂਮਿਕਾ ਦੀ ਪਰਖ ਪੜਚੋਲ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ। ਪੰਜਾਬ ਦੀ ਧਰਤੀ ਨੇ ਖਾੜਕੂ ਲਹਿਰ ਸਮੇਂ ਜੋ ਹਨੇਰ-ਚਾਨਣ ਦੇਖਿਆ, ਉਸ ਬਾਰੇ ਵੀ ਇਸ ਸਵੈ-ਬਿਰਤਾਂਤ ਵਿਚ ਵੇਰਵੇ ਦਰਜ ਹਨ। ਲੇਖਕ ਦੀ ਸੰਵੇਦਨਾ ਅਤੇ ਲੇਖਣੀ ਦੀ ਦਿਲਕਸ਼ ਸ਼ੈਲੀ ਦੇ ਇਸ ਪੁਸਤਕ ਵਿਚੋਂ ਭਰਪੂਰ ਦਰਸ਼ਨ ਹੁੰਦੇ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਅਣਖੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ
ਸੰਪਾਦਕ : ਪ੍ਰਿੰ: ਪਾਖਰ ਸਿੰਘ 'ਡਰੋਲੀ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 0181-2623184.

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ਮਈ ਜੀਵਨ ਬਾਰੇ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਨੂੰ ਇਸ ਪੁਸਤਕ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਲੇਖਕਾਂ ਦੇ ਨਾਂਅ ਇਸ ਪ੍ਰਕਾਰ ਹਨਂਪ੍ਰਿੰ: ਪਾਖਰ ਸਿੰਘ, ਡਾ: ਜਗਤਾਰ, ਪ੍ਰੋ: ਕਮਲਜੀਤ ਸਿੰਘ, ਡਾ: ਵਰਿੰਦਰ ਕੌਰ ਭਾਟੀਆ, ਗਿ: ਅਜੀਤ ਸਿੰਘ ਫ਼ਤਹਿਪੁਰੀ, ਕਿਰਪਾਲ ਸਿੰਘ ਦਰਦੀ, ਹਰਜੀਤ ਸਿੰਘ ਬੇਦੀ, ਬਲਬੀਰ ਸਿੰਘ ਮੋਮੀ, ਜਸਦੇਵ ਸਿੰਘ ਲਲਤੋਂ, ਸੁਖਿੰਦਰ ਅਤੇ ਮਨਜੀਤ ਸਿੰਘ ਝਮਟ।
ਨੌਜਵਾਨ ਸ਼ਹੀਦ ਬਾਰੇ ਦੱਸਿਆ ਗਿਆ ਹੈ ਕਿ ਦਸਵੀਂ ਜਮਾਤ ਪਾਸ ਕਰਨ ਮਗਰੋਂ ਉਹ ਅਮਰੀਕਾ ਚਲਾ ਗਿਆ, ਜਿਥੇ ਪੜ੍ਹਾਈ ਦੇ ਦੌਰਾਨ ਉਸ ਨੇ ਦੇਖਿਆ ਕਿ ਗੋਰਿਆਂ ਵਲੋਂ ਭਾਰਤੀਆਂ ਨੂੰ ਕਾਲੇ ਕੁਲੀ ਕਹਿ ਕੇ ਦੁਰਕਾਰਿਆ ਜਾਂਦਾ ਸੀ। ਉਸ ਨੇ ਕ੍ਰਾਂਤੀ ਦੁਆਰਾ ਭਾਰਤ ਵਿਚੋਂ ਗੋਰਿਆਂ ਨੂੰ ਕੱਢਣ ਦਾ ਫ਼ੈਸਲਾ ਕਰ ਲਿਆ। ਉਹ ਕਹਿੰਦਾ ਸੀਂਦੇਸ਼ ਪੈਣ ਧੱਕੇ, ਬਾਹਰ ਢੋਈ ਕੋਈ ਨਾ।
ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ।
ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਦੀ ਅਗਵਾਈ ਹੇਠ ਉਹ 'ਗ਼ਦਰ' ਅਖ਼ਬਾਰ ਦੀ ਦੇਖ-ਰੇਖ ਦਾ ਕੰਮ ਕਰਦਾ ਰਿਹਾ। ਉਹ ਅਕਸਰ ਇਹ ਗੀਤ ਗਾਇਆ ਕਰਦਾ ਸੀਂ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਕਰਤਾਰ ਸਿੰਘ ਸਰਾਭਾ ਨੇ ਭਾਰਤ ਆ ਕੇ ਅੰਗਰੇਜ਼ਾਂ ਨੂੰ ਦੇਸ਼ ਨਿਕਾਲਾ ਦੇਣ ਲਈ ਫ਼ੌਜੀਆਂ ਨਾਲ ਸੰਪਰਕ ਕੀਤਾ। ਅੰਗਰੇਜ਼ੀ ਰਾਜ ਦਾ ਤਖ਼ਤਾ ਪਲਟਾਉਣ ਦੇ ਜੁਰਮ ਬਦਲੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 16 ਨਵੰਬਰ, 1915 ਨੂੰ ਫਾਂਸੀ ਦੇ ਦਿੱਤੀ ਗਈ।
19 ਸਾਲਾਂ ਦੀ ਉਮਰ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਇਸ ਗੱਭਰੂ ਦੇ ਸੁਪਨਿਆਂ ਨੂੰ ਅੱਜ ਸਾਕਾਰ ਕਰਨ ਅਤੇ ਉਸ ਦੀ ਉਸਾਰੂ ਸੋਚ 'ਤੇ ਪਹਿਰਾ ਦੇਣ ਦੀ ਇਹ ਪੁਸਤਕ ਪ੍ਰੇਰਨਾ ਦਿੰਦੀ ਹੈ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਵਿਪਰੀਤ ਕਹਾਣੀਆਂ
ਲੇਖਕ : ਡਾ: ਪੂਰਨ ਚੰਦ ਜੋਸ਼ੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98141-47405.

ਇਸ ਪੁਸਤਕ ਵਿਚ ਕੁੱਲ 36 ਕਹਾਣੀਆਂ ਸ਼ਾਮਿਲ ਹਨ। ਡਾ: ਜੋਸ਼ੀ ਪੇਂਡੂ ਜੀਵਨ ਅਤੇ ਅਰਥਚਾਰੇ ਦੀ ਡੂੰਘੀ ਸਮਝ ਰੱਖਦੇ ਹਨ। ਪੰਚਾਇਤੀ ਚੋਣਾਂ, ਮੈਂਬਰਾਂ ਦੀ ਮਨੋਬਿਰਤੀ ਅਤੇ ਸਰਕਾਰੀ ਤੰਤਰ ਦੀ ਦਖ਼ਲਅੰਦਾਜ਼ੀ ਆਦਿ ਬਾਰੇ ਉਸ ਨੂੰ ਭਰਪੂਰ ਜਾਣਕਾਰੀ ਹੈ। 'ਨਵਾਂ ਮੈਂਬਰ', 'ਇਕ ਵੋਟ', 'ਨੌਵਾਂ ਮੈਂਬਰ' ਆਦਿ ਕਹਾਣੀਆਂ ਪੰਚਾਇਤ ਚੋਣ ਪ੍ਰਣਾਲੀ ਨਾਲ ਜੁੜੀਆਂ ਕਹਾਣੀਆਂ ਹਨ, ਜੋ ਪੇਂਡੂ ਲੋਕਾਂ ਦੀ ਯਥਾਰਥੀ ਤਸਵੀਰ ਪੇਸ਼ ਕਰਦੀਆਂ ਹਨ। 'ਚੁੜੇਲ' ਕਹਾਣੀ ਪਿੰਡਾਂ ਵਿਚ ਪਸਰੇ ਅੰਧ-ਵਿਸ਼ਵਾਸ ਨੂੰ ਉਜਾਗਰ ਕਰਨ ਵਾਲੀ ਕਹਾਣੀ ਹੈ। 'ਪਟੋਲਾ' ਕਹਾਣੀ ਪੇਂਡੂ ਲੋਕਾਂ ਦੀ ਸਾਦਗੀ ਨੂੰ ਦਰਸਾਉਂਦੀ ਹੈ, ਜਿਸ ਤੋਂ ਉਨ੍ਹਾਂ ਦੇ ਬੋਲ ਭੜਾਕ ਹੋਣ ਦਾ ਆਭਾਸ ਹੁੰਦਾ ਹੈ। 'ਇਸ਼ਕ ਦਾ ਗਿੱਧਾ' ਪੇਂਡੂ ਲੋਕਾਂ ਦੀ ਅਪੂਰਤ ਰਹਿ ਗਈ ਕਾਮ-ਵਾਸਨਾ ਦੀ ਹਾਸੋਹੀਣੀ ਤਸਵੀਰ ਪੇਸ਼ ਕਰਨ ਵਾਲੀ ਕਹਾਣੀ ਹੈ। ਡਾ: ਜੋਸ਼ੀ ਦੀਆਂ ਬਹੁਤੀਆਂ ਕਹਾਣੀਆਂ ਵਿਚ ਸਥਿਤੀ ਅਤੇ ਵਿਸੰਗਤੀ ਦਾ ਵਿਅੰਗ ਉੱਭਰਵੇਂ ਰੂਪ ਵਿਚ ਪੇਸ਼ ਹੋਇਆ ਹੈ। ਉਹ ਅਜਿਹੇ ਸੰਵਾਦ ਦੀ ਸਿਰਜਣਾ ਕਰਦਾ ਹੈ, ਜਿਸ ਤੋਂ ਮੱਲੋਮੱਲੀ ਹਾਸਰਸ ਪੈਦਾ ਹੋ ਜਾਂਦਾ ਹੈ। 'ਸੱਥ', ਉਂਗਲ ਲਾਉਣੀ, ਝੁੱਡੂ, ਜੱਗਰ, ਇਸ਼ਕ ਦਾ ਗਿੱਧਾ, ਅਜਿਹੀਆਂ ਹੀ ਕਹਾਣੀਆਂ ਹਨ, ਜੋ ਸਥਿਤੀ ਦਾ ਵਿਅੰਗ ਪੇਸ਼ ਕਰਦੀਆਂ ਹਨ। 'ਡੰਡੀਆਂ' ਵੀ ਇਸੇ ਸੰਦਰਭ ਵਿਚ ਵੇਖੀ ਜਾ ਸਕਦੀ ਹੈ। 'ਸਾਹਿਤ ਸਭਾ' ਲੇਖਨੁਮਾ ਕਹਾਣੀ ਹੈ ਜਿਸ ਵਿਚ ਲੇਖਕਾਂ ਦੇ ਛਿਛੋਰੇਪਨ ਦੀ ਗਾਥਾ ਸੁਣਾਈ ਗਈ ਹੈ। ਇਕ ਦੋ ਕਹਾਣੀਆਂ ਜਿਵੇਂ 'ਵਿਪਰੀਤ ਰੀਤ' ਕਈ-ਕਈ ਮਸਲਿਆਂ ਤੇ ਰੁਝਾਨਾਂ ਵੱਲ ਸੰਕੇਤ ਕਰਦੀਆਂ ਹਨ। ਇਸ ਕਹਾਣੀ ਵਿਚ ਨਵੇਂ ਤੇ ਪੁਰਾਣੇ ਇਸ਼ਕ ਜਾਂ ਪ੍ਰੇਮ ਦੀ ਤੁਲਨਾ ਕੀਤੀ ਗਈ ਹੈ। 'ਸ਼ਰਧਾ ਦੇ ਫੁੱਲ' ਵੀ ਅਜਿਹਾ ਬਿਰਤਾਂਤ ਸਿਰਜਦੀ ਕਹਾਣੀ ਹੈ, ਜਿਸ ਦੀ ਤ੍ਰਾਸਦੀ ਵੇਲੇ ਹਾਸਿਆਂ ਦੀ ਫੁਹਾਰ ਪੈਂਦੀ ਪ੍ਰਤੀਤ ਹੁੰਦੀ ਹੈ। ਡਾ: ਜੋਸ਼ੀ ਦੀ ਬੋਲੀ ਠੇਠ ਮਲਵਈ ਹੈ ਜੋ ਕਈ ਰੰਗਾਂ ਵਿਚ ਉੱਘੜਦੀ ਹੈ। ਕਹਾਣੀ ਬਿਰਤਾਂਤ ਵਿਚ ਗਰਾਮਰ ਦੀ ਸੁਚੱਜੀ ਵਰਤੋਂ ਦਰਕਾਰ ਹੈ। ਵਿਰਾਮ ਚਿੰਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਫੇਸਬੁੱਕ ਕਵਿਤਾ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 098919-96919.

ਰਵਿੰਦਰ ਰਵੀ ਪੰਜਾਬੀ ਸਾਹਿਤ ਦਾ ਸਰਬਾਂਗੀ ਲੇਖਕ ਹੈ, ਜਿਸ ਨੇ ਕੁਲਵਕਤੀ ਲੇਖਕ ਬਣ ਕੇ ਪ੍ਰਯੋਗਸ਼ੀਲ ਲਹਿਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਵਿਤਾ, ਕਾਵਿ-ਨਾਟਕ, ਸਮੁੱਚਾ ਨਾਟਕ, ਕਹਾਣੀ, ਸਫ਼ਰਨਾਮਾ, ਸਮੀਖਿਆ ਅਤੇ ਸੰਪਾਦਨ ਰਾਹੀਂ ਪੰਜਾਬੀ ਸਾਹਿਤ ਦੀ ਝੋਲੀ ਖੂਬ ਭਰੀ ਹੈ। ਫੇਸਬੁੱਕ ਕਵਿਤਾ ਉਸ ਦਾ 22ਵਾਂ ਕਾਵਿ-ਸੰਗ੍ਰਹਿ 2018 'ਚ ਪ੍ਰਕਾਸ਼ਿਤ ਹੋਇਆ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਫੇਸਬੁੱਕ 'ਤੇ ਬਣੇ ਦੋਸਤਾਂ ਦੇ ਨਾਂਅ ਸਮਰਪਿਤ ਕੀਤਾ ਹੈ। ਫੇਸਬੁੱਕ ਸੋਸ਼ਲ ਮੀਡੀਆ 'ਚ ਇਕ ਅਹਿਮ ਸਥਾਨ ਰੱਖਦੀ ਹੈ, ਜਿਸ ਸਬੰਧੀ ਉਨ੍ਹਾਂ ਦੇ ਵਿਚਾਰ, 'ਸੋਸ਼ਲ ਮੀਡੀਆ ਨੇ ਸਾਡੀ ਬੋਲੀ 'ਚ ਸੰਜਮ, ਪ੍ਰਗਟਾਅ 'ਚ ਅਨੁਸ਼ਾਸਨ, ਸ਼ਬਦਾਂ 'ਚ ਆਕਾਸ਼, ਕਲਪਨਾ 'ਚ ਖੰਭ, ਪਰਬਤ, ਆਬਸ਼ਾਰ ਤੇ ਅਰਥਾਂ 'ਚ ਸਾਗਰ ਦੀ ਗਹਿਰਾਈ ਭਰ ਦਿੱਤੀ ਹੈ!!!' ਵਿਚਾਰਨਯੋਗ ਹਨ। ਫੇਸਬੁੱਕ ਰਾਹੀਂ ਕਵਿਤਾ ਦੇ ਸੰਚਾਰ 'ਚ ਢੇਰ ਵਾਧਾ ਹੋਇਆ ਹੈ। ਜ਼ਿੰਦਗੀ ਦੇ ਸਮਕਾਲੀ ਯਥਾਰਥ 'ਚ ਵਾਪਰਦੀਆਂ ਘਟਨਾਵਾਂ, ਦੁਰਘਟਨਾਵਾਂ, ਮਨੋਗੁੰਝਲਾਂ, ਖੁਸ਼ੀਆਂ, ਗ਼ਮੀਆਂ, ਜੀਵਨ ਦੀਆਂ ਵਿਭਿੰਨ ਪਰਤਾਂ ਦਾ ਵਿਸ਼ਲੇਸ਼ਣਾਤਮਿਕ ਪ੍ਰਗਟਾਵਾ ਇਸ ਕਾਵਿ-ਸੰਗ੍ਰਹਿ 'ਚ ਸ਼ਾਮਿਲ ਕਵਿਤਾਵਾਂ 'ਚ ਕੀਤਾ ਗਿਆ ਹੈ। ਫੇਸਬੁੱਕ ਕਵਿਤਾ ਭਾਗ ਵਿਚ ਦੋ-ਤਿੰਨ ਕਵਿਤਾਵਾਂ ਨੂੰ ਛੱਡ ਬਾਕੀ ਕਵਿਤਾਵਾਂ ਆਕਾਰ ਵਿਚ ਬਹੁਤ ਛੋਟੀਆਂ ਹੋਣ ਦੇ ਬਾਵਜੂਦ ਵੱਡੇ-ਵੱਡੇ ਭਾਵਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। 'ਸਿਰਜਣਾ' ਕਵਿਤਾ ਦੀਆਂ ਸਤਰਾਂ ਵਿਚਾਰਨਯੋਗ ਹਨ :
ਸ਼ੋਰ ਦੀ ਭਾਸ਼ਾ ਵਿਚੋਂ ਲੰਘੇ,
ਚੁੱਪ ਦੀ ਭਾਸ਼ਾ ਸਹਿ ਗਏ।
ਆਪਣੀ ਜੇਡੀ ਕਥਦੇ ਕਥਦੇ,
ਬ੍ਰਹਮੰਡ ਜੇਡੀ ਕਹਿ ਗਏ!!! (ਪੰਨਾ : 23)
ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਜ਼ਿੰਦਗੀ ਹੈ, ਸ਼ਬਦ ਹੀ ਸੰਗੀਤ ਹੈ, ਸ਼ਬਦ ਦੀ ਮੌਤ, ਜ਼ਿੰਦਗੀ ਦੀ ਮੌਤ ਹੈ। ਸ਼ਬਦ ਅਤੇ ਜ਼ਿੰਦਗੀ ਦਾ ਆਪਸ ਵਿਚ ਦਵੰਦਾਤਮਿਕ ਰਿਸ਼ਤਾ ਹੈ, ਜਿਥੇ ਇਹ ਨਿਖੜ ਜਾਂਦੇ ਹਨ, ਉਥੋਂ ਹੀ ਮੌਤ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਚਿੰਤਨ ਦੇ ਪੱਧਰ 'ਤੇ ਦਾਰਸ਼ਨਿਕ ਮਸਲਿਆਂ ਨੂੰ ਉਠਾਉਣ ਦੀ ਪ੍ਰਕਿਰਿਆ 'ਚ ਸੰਵਾਦ ਰਚਾਉਂਦੀ ਕਵਿਤਾ ਹੈ। ਅਜਿਹੇ ਅਹਿਸਾਸ 'ਸ਼ਬਦ ਦੀ ਵਾਪਸੀ', 'ਐਨਕਾਂ ਨਾਲੋਂ ਟੁੱਟੀ ਨਜ਼ਰ', 'ਰੁਸ਼ਨਾਈ', 'ਸੂਰਜ ਤੇ ਸ਼ਬਦ', 'ਪੱਤਰ ਤੇ ਦਰਿਆ', 'ਚਿੰਤਨ' ਅਤੇ ਹੋਰ ਕਵਿਤਾਵਾਂ 'ਚ ਦੇਖੇ ਜਾ ਸਕਦੇ ਹਨ। ਪ੍ਰਤੀਕ, ਬਿੰਬ ਚਿੰਤਨ ਦੀ ਪੱਧਰ 'ਤੇ ਵਿਚਰਦੇ ਜਾਪਦੇ ਹਨ। ਸੂਖ਼ਮਭਾਵੀ ਭਾਵਾਂ ਦੇ ਪ੍ਰਗਟਾਅ ਲਈ ਯੋਗ ਸ਼ਬਦਾਂ ਦੀ ਚੋਣ ਵੀ ਸੁਚੱਜੀ ਹੈ। ਇਸ ਕਾਵਿ-ਸੰਗ੍ਰਹਿ 'ਚ ਰਵਿੰਦਰ ਰਵੀ ਨੇ ਆਪਣੇ ਜੀਵਨ ਦੇ ਅਹਿਮ ਨੁਕਤਿਆਂ ਦੇ ਨਾਲ-ਨਾਲ ਆਪਣੀ ਸਾਹਿਤਕ ਘਾਲਣਾ 'ਚ ਵੀ ਵਿਸ਼ੇਸ਼ ਤੌਰ 'ਤੇ ਉਲੇਖ ਕੀਤਾ ਹੈ। ਇਸ ਦਾ ਲਾਭ ਅਜੋਕੇ ਖੋਜਾਰਥੀਆਂ ਨੂੰ ਵੀ ਹੋ ਸਕਦਾ ਹੈ। ਡਾ: ਜਗੀਰ ਸਿੰਘ ਨੂਰ ਹੁਰਾਂ ਦੇ ਦੋ ਲੇਖ ਵੀ ਵਿਚਾਰਨਯੋਗ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਧਰਤੀ ਉੱਤੇ ਸਵਰਗ
ਲੇਖਕ : ਮਹਿੰਦਰ ਸਿੰਘ ਜੱਗੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94633-69411.

'ਧਰਤੀ ਉੱਤੇ ਸਵਰਗ' ਉਨਵਾਨ ਹੇਠਲੇ ਜੱਗੀ ਦੇ ਸੱਜਰੇ ਕਾਵਿ-ਸੰਗ੍ਰਹਿ ਵਿਚ ਕੁੱਲ 41 ਕਾਵਿ-ਰਚਨਾਵਾਂ ਹਨ। ਮੂਲ ਰੂਪ ਵਿਚ ਲੇਖਕ ਦਾ ਆਤਮਿਕ ਤੇ ਬੌਧਿਕ ਲਗਾਓ ਗੁਰਬਾਣੀ ਨਾਲ ਹੈ। ਉਸ ਦੀ ਹਰੇਕ ਰਚਨਾ ਵਿਚ ਗੁਰਬਾਣੀ ਦਾ ਪ੍ਰਤੱਖ ਪ੍ਰਭਾਵ ਹੈ। 'ਜਦੋਂ ਹੋ ਜਾਣ ਹੱਦੋਂ ਬਾਹਰ' ਇਸ ਪੁਸਤਕ ਦੀ ਪਲੇਠੀ ਕਵਿਤਾ ਹੈ। ਵੰਨਗੀ ਵੇਖੋ :
ਮਾਨਸਿਕ ਅਵਸਥਾ ਹੋਵੇ ਐਸੀ॥ ਮੇਰੀ ਤੇ ਸਾਰੇ ਮਨੁੱਖਾਂ ਦੀ॥
'ਧਰਤੀ ਉੱਤੇ ਸਵਰਗ' ਆ ਜਾਵੇ। ਕੋਈ ਘਾਟ ਨਾ ਰਹੇ ਸੁੱਖਾਂ ਦੀ।
ਅਸਲ ਵਿਚ ਧਰਤੀ ਉੱਤੇ ਸਵਰਗ, ਮਨੁੱਖ ਦੀ ਸਾਕਾਰਾਤਮਿਕ, ਸੰਤੁਲਿਤ ਤੇ ਉਸਾਰੂ ਸੋਚ ਹੀ ਸਿਰਜ ਸਕਦੀ ਹੈ। ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ, ਪਾਠਕ ਨੂੰ ਕੋਈ ਨਾ ਕੋਈ ਵਿਸ਼ੇਸ਼ ਸੁਨੇਹੜਾ ਦਿੰਦੀਆਂ ਹਨ। ਮੌਤ, ਜੀਵਨ ਦਾ ਅਟੱਲ ਸੱਚ ਹੈ। 'ਸਾਹਾ' ਕਵਿਤਾ, ਇਸ ਸੱਚ ਦੀ ਅੱਕਾਸੀ ਇਉਂ ਕਰਦੀ ਹੈ :
ਟਾਲਿਆ ਨਹੀਓਂ ਜਾਣਾ ਬੰਦਿਆ
ਟਾਲਿਆ ਨਹੀਓਂ ਜਾਣਾ॥
ਲਿਖਿਆ ਜੋ ਸਾਹਾ ਧੁਰ ਤੋਂ
ਟਾਲਿਆ ਨਹੀਓਂ ਜਾਣਾ। (ਪੰਨਾ 41)
'ਤ੍ਰੈ ਗੁਣ', 'ਕੰਧ', 'ਤੋੜ ਦੇ ਕੰਧ', 'ਪੱਕੀ ਪਾ ਲੈ ਗੰਢ', 'ਗਾਵਾਂ ਮੈਂ ਤੇਰੇ ਗੀਤ', 'ਆਪਾ ਸੁਆਰਦਾ', 'ਸਰਨ ਤੇਰੀ ਜੋ ਆਵੰਦਾ', 'ਕਿੰਜ ਮੈਂ ਬਣਾ ਸੋਹਾਗਣ' ਇਹ ਤੇ ਹੋਰ ਕਵਿਤਾਵਾਂ, ਗੁਰਮਤਿ ਗਿਆਨ ਦੀ ਸੋਝੀ ਕਰਵਾ ਕੇ ਪਾਠਕ ਨੂੰ ਸਹੀ ਜੀਵਨ ਜਾਚ ਸਮਝਾਉਣ/ਦ੍ਰਿੜ੍ਹ ਕਰਾਉਣ ਦੇ ਸਮਰੱਥ ਹਨ। ਇਸਤਰੀ ਜਾਤੀ ਦੀ ਮਹਾਨਤਾ ਨੂੰ ਉਜਾਗਰ ਕਰਦੀ ਨਜ਼ਮ 'ਔਰਤ ਨੂੰ ਇਨਸਾਨ ਸਮਝੇਂ' ਵਿਸ਼ੇਸ਼ ਧਿਆਨ ਮੰਗਦੀ ਹੈ
ਬੇਸ਼ੱਕ ਨਾ ਭਗਵਾਨ ਸਮਝੇਂ। ਔਰਤ ਨੂੰ 'ਜੱਗੀ' ਸ਼ਾਨ ਸਮਝੇਂ॥
ਹੋਏਗੀ ਜ਼ਿੰਦਗੀ ਅਨੰਦ ਭਰਪੂਰ। ਜੇ ਔਰਤ ਨੂੰ ਇਨਸਾਨ ਸਮਝੇਂ॥ (ਪੰਨਾ 57)
ਅੰਤਲੀ ਕਵਿਤਾ 'ਅੱਖਰੀ ਕਾਵਿ', ਓ ਤੋਂ ਵ ਤੱਕ ਦੀ ਵਰਣਮਾਲਾ ਅਨੁਸਾਰ, ਕਾਵਿਕ ਸੁਨੇਹੇ ਹਨ। ਜੱਗੀ ਦੀ ਬੋਲੀ ਸਰਲ, ਸਪੱਸ਼ਟ ਤੇ ਰੌਚਕ ਹੈ। ਉਸ ਦੀ ਕਵਿਤਾ ਵਿਚ, ਰਵਾਨਗੀ, ਰਹਸ ਤੇ ਰੰਗ ਹੈ। ਖ਼ੁਮਾਰੀ ਚਾੜ੍ਹ ਦੇਣ ਵਾਲਾ ਰੰਗ। ਮਹਿੰਦਰ ਸਿੰਘ ਜੱਗੀ ਦੀ ਇਹ ਸੱਜਰੀ ਪੁਸਤਕ, ਉਤਕ੍ਰਿਸ਼ਟ ਤਖ਼ਲੀਕ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਮਹਿਕਦੇ ਫੁੱਲ
ਲੇਖਿਕਾ : ਮਨਜੀਤ ਬਟਾਲਵੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 256
ਸੰਪਰਕ : 81988-55170.

ਮਹਿਕਦੇ ਫੁੱਲ ਸ਼ਾਇਰਾ ਮਨਜੀਤ ਬਟਾਲਵੀ ਦਾ ਹਲਕੇ-ਫੁਲਕੇ ਗੀਤਾਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਖਿਸਕਦੇ ਪਲ ਨਾਂਅ ਦਾ ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਹਥਲੇ ਗੀਤ ਸੰਗ੍ਰਹਿ ਨੂੰ ਲੇਖਿਕਾ ਨੇ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਰੁਮਾਂਟਿਕ ਗੀਤ ਹਨ ਅਤੇ ਦੂਜੇ ਭਾਗ ਵਿਚ ਧਾਰਮਿਕ ਗੀਤ ਹਨ। ਰੁਮਾਂਟਿਕ ਗੀਤਾਂ ਦੀਆਂ ਵੰਨਗੀਆਂ ਵਿਚ ਨਾਇਕਾ ਦੀ ਸਿਫ਼ਤ ਤੇ ਗੀਤ ਨਾਇਕਾ ਦੇ ਆਪਣੇ ਮੂੰਹੋਂ ਅਤੇ ਨਾਇਕ ਦੇ ਮੂੰਹੋਂ ਵੀ ਸੁਣਵਾਏ ਗਏ ਹਨ :
ਜਦੋਂ ਸਾਗ ਲਈ ਸਰ੍ਹੋਂ 'ਚ ਪੈਰ ਧਰਿਆ ਤਾਂ ਸੋਨੇ ਰੰਗੇ ਫੁੱਲ ਖਿੜ ਪਏ
ਬੋਲ ਮਿਸ਼ਰੀ ਜਿਹੇ ਜਾਂ ਸੁਣੇ ਤੇਰੇ, ਤਾਂ ਕੰਨਾਂ ਵਿਚ ਰਾਗ ਛਿੜ ਪਏ।
ਨਾਇਕਾ ਦਾ ਹਾਰ ਸ਼ਿੰਗਾਰ, ਪਹਿਰਾਵਾ ਵੀ ਗੀਤਾਂ ਦਾ ਵਿਸ਼ਾ ਬਣਿਆ ਹੈ। ਚੁੰਨੀ ਦੇ ਤਾਰੇ, ਲੌਂਗ ਦਾ ਲਿਸ਼ਕਾਰਾ, ਲੋਕਟ ਚੰਨ ਨਾ ਸੂਰਜ ਦਾ ਟਿੱਕਾ, ਕਲੀਆਂ ਦੇ ਕਾਂਟੇ ਆਦਿ ਗਹਿਣਿਆਂ ਦਾ ਜ਼ਿਕਰ ਕਵਿੱਤਰੀ ਦੇ ਗੀਤਾਂ ਦਾ ਸ਼ਿੰਗਾਰ ਬਣਿਆ ਹੈ। ਨਾਇਕ ਦੁਆਰਾ ਨਾਇਕਾ ਦੀ ਪ੍ਰਸੰਸਾ ਸ਼ੁਰੂ ਤੋਂ ਹੀ ਪੰਜਾਬੀ ਗੀਤਾਂ ਦਾ ਕੇਂਦਰ ਬਿੰਦੂ ਰਹੀ ਹੈ। ਇਸ ਸੰਗ੍ਰਹਿ ਦੇ ਬਹੁਤੇ ਗੀਤ ਵੀ ਅਜਿਹੀ ਤਾਰੀਫ਼ ਨਾਲ ਭਰੇ ਪਏ ਹਨ। ਨਾਇਕ ਨਾਇਕਾ ਦੇ ਆਪਸੀ ਪਿਆਰ, ਮਿਲ ਕੇ ਬੈਠਣ ਦੀ ਇੱਛਾ ਦਾ ਦੁੱਖ ਤੇ ਉਡੀਕ ਦੀਆਂ ਘੜੀਆਂ ਦਾ ਵੀ ਇਸ ਸੰਗ੍ਰਹਿ ਵਿਚ ਖੁੱਲ੍ਹ ਕੇ ਵਰਨਣ ਕੀਤਾ ਗਿਆ ਹੈ। ਵੱਖ-ਵੱਖ ਰਿਸ਼ਤਿਆਂ ਨਾਲ ਸਬੰਧਿਤ ਗੀਤ ਵੀ ਇਸ ਪੁਸਤਕ ਵਿਚ ਸ਼ਾਮਿਲ ਹਨ, ਜਿਨ੍ਹਾਂ ਵਿਚ ਭੈਣ ਭਰਾ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਨੂੰਹ ਸੱਸ ਦਾ ਰਿਸ਼ਤਾ, ਜੇਠਾਣੀ ਦਰਾਣੀ ਦੇ ਰਿਸ਼ਤੇ ਦਾ ਵੀ ਕਿਤੇ-ਕਿਤੇ ਜ਼ਿਕਰ ਮਿਲਦਾ ਹੈਂ
ਮੇਰੇ ਵੀਰ ਦੀ ਰੀਸ ਨਾ ਕੋਈ ਨੀ ਵੀਰ ਮੇਰਾ ਸਾਹਿਬ ਕੁੜੀਓ
ਉਡੀਕ ਦੇ ਗੀਤਾਂ ਵਿਚ ਪਤਨੀ ਵਲੋਂ ਪਤੀ ਦੇ ਖਤਾਂ ਅਤੇ ਚਿੱਠੀਆਂ ਦੀ ਇੱਛਾ ਦਾ ਪ੍ਰਗਟਾਅ ਮਿਲਦਾ ਹੈਂ
ਚਿੱਠੀ ਮਾਹੀ ਦੀ ਏ ਆਈ/ਮੈਨੂੰ ਡਾਕੀਏ ਫੜਾਈ
ਨੀ ਮੈਂ ਸਾਰਿਆਂ ਨੂੰ ਦੱਸਦੀ ਫਿਰਾਂ/ਤੇ ਚਾਅਵਾਂ ਨਾਲ ਨੱਚਦੀ ਫਿਰਾਂ।
ਦੋਗਾਣੇ ਵੀ ਲੇਖਿਕਾ ਨੇ ਕਾਫੀ ਗਿਣਤੀ ਵਿਚ ਲਿਖੇ ਹਨ, ਜਿਥੇ ਨਾਇਕਾ ਦੀ ਭਾਵਨਾਤਮਿਕਤਾ ਅਤੇ ਨਾਇਕ ਦੇ ਫਰਜ਼ਾਂ ਦਾ ਭਾਰ ਪ੍ਰਗਟ ਕੀਤਾ ਹੈ। ਭਰੂਣ ਹੱਤਿਆ, ਦਾਜ, ਨਸ਼ਾ ਤੇ ਹੋਰ ਸਮਾਜਿਕ ਅਲਾਮਤਾਂ ਸਬੰਧੀ ਵੀ ਗੀਤ ਇਸ ਪੁਸਤਕ ਵਿਚ ਸ਼ਾਮਿਲ ਹਨ। ਨਵੀਂ ਪੀੜ੍ਹੀ ਵਿਚ ਅਵੇਸਲਾਪਣ, ਮਿਹਨਤ ਤੋਂ ਕੰਨੀ ਕਤਰਾਉਣਾ ਵੀ ਕੁਝ ਗੀਤਾਂ ਵਿਚ ਪ੍ਰਗਟ ਹੋਇਆ ਹੈ। ਪੰਨਾ 224 ਤੋਂ 256 ਤੱਕ ਧਾਰਮਿਕ ਗੀਤ ਹਨ। ਭਵਿੱਖ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਹੋਰ ਨਿੱਗਰ ਪੇਸ਼ਕਾਰੀ ਦੀ ਅਸੀਂ ਕਵਿੱਤਰੀ ਤੋਂ ਆਸ ਕਰਦੇ ਹਾਂ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਲਸਾੜਾਂ ਮੇਰਾ ਪਿੰਡ ਮੇਰੇ ਲੋਕ
ਲੇਖਿਕਾ : ਡਾ: ਜਸਵੰਤ ਕੌਰ
ਪ੍ਰਕਾਸ਼ਕ : ਵਿਸ਼ਵਾਸ ਪਬਲੀਕੇਸ਼ਨਜ਼, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 94178-02835.

ਪੰਜਾਬ ਦੇ ਦੋਆਬਾ ਖਿੱਤੇ ਦੇ ਜ਼ਿਲ੍ਹਾ ਜਲੰਧਰ ਦੇ ਨਾਮੀ ਪਿੰਡ ਲਸਾੜਾ ਬਾਰੇ ਇਹ ਵਿਲੱਖਣ ਪੁਸਤਕ ਰਚ ਕੇ ਲੇਖਿਕਾ ਡਾ: ਜਸਵੰਤ ਕੌਰ ਨੇ ਜਿਥੇ ਇਸ ਪਿੰਡ ਦੇ ਜੰਮਪਲ ਹੋਣ ਦੇ ਨਾਤੇ ਪਿੰਡ ਨਾਲ ਆਪਣੀ ਆਤਮਿਕ ਸਾਂਝ ਦਾ ਸੱਚਾ-ਸੁੱਚਾ ਪ੍ਰਗਟਾਵਾ ਕੀਤਾ ਹੈ, ਉਥੇ ਸਾਹਿਤ ਵਿਚ ਆਪਣੀ ਧਰਤੀ ਆਪਣੇ ਲੋਕਾਂ ਬਾਰੇ ਪ੍ਰਸਿੱਧ ਕਲਮਕਾਰਾਂ ਜਾਂ ਹੋਰ ਖੇਤਰਾਂ ਦੀਆਂ ਨਾਮੀ ਅਤੇ ਚਰਚਿਤ ਹਸਤੀਆਂ ਵਲੋਂ ਜੋ ਲਿਖਣ ਦੀ ਪਰੰਪਰਾ ਹੈ, ਉਸ ਨੂੰ ਡਾ: ਜਸਵੰਤ ਕੌਰ ਨੇ ਇਸ ਪੁਸਤਕ ਨਾਲ ਬਾਖੂਬੀ ਨਿਭਾਇਆ ਹੈ। ਪੁਸਤਕ ਦੇ ਆਰੰਭ ਵਿਚ ਉਨ੍ਹਾਂ ਵਲੋਂ ਲਿਖੇ ਇਹ ਸ਼ਬਦ ਧਿਆਨ ਖਿੱਚਦੇ ਹਨ, 'ਇਹ ਪੁਸਤਕ ਪਿੰਡ ਦੇ ਹੋ ਚੁੱਕੇ ਸਨਮਾਨਯੋਗ ਬਜ਼ੁਰਗ ਵਿਅਕਤੀਆਂ, ਵੇਲਾ ਵਿਹਾ ਚੁੱਕੇ ਤੇ ਖ਼ਤਮ ਹੋ ਚੁੱਕੇ ਸਥਾਨਾਂ ਅਤੇ ਵਿਰਲੇ ਸਾਹ ਲੈਂਦੀਆਂ ਯਾਦਗਾਰਾਂ ਨੂੰ ਸਮਰਪਿਤ ਹੈ।' ਇਸੇ ਤਰ੍ਹਾਂ 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਜੋ ਖ਼ੁਦ ਇਸ ਨਗਰ ਦੇ ਜੰਮਪਲ ਹਨ, ਵੀ ਪੁਸਤਕ ਦੇ ਮੁੱਖ ਬੰਦ 'ਚ ਲਿਖਦੇ ਹਨ, 'ਪਿੰਡ ਲਸਾੜਾ ਦੋਆਬੇ ਦਾ ਉੱਘਾ ਪਿੰਡ ਹੈ। ਪ੍ਰਸਿੱਧ ਆਜ਼ਾਦੀ ਘੁਲਾਟੀਏ ਸ਼ਹੀਦ ਬਾਬੂ ਲਾਭ ਸਿੰਘ, ਮਾ: ਭਗਤ ਰਾਮ ਸ਼ੁਕਲਾ ਅਤੇ ਟੇਕ ਚੰਦ ਸਿਆਲ ਆਦਿ ਇਸੇ ਪਿੰਡ ਨਾਲ ਸਬੰਧਿਤ ਸਨ।' ਪਿੰਡ ਲਸਾੜਾ ਦੇ ਇਤਿਹਾਸ ਦੀ ਇਹ ਦਸਤਾਵੇਜ਼ੀ ਪੁਸਤਕ ਪੰਜਾਬੀ ਵਾਰਤਕ ਦੇ ਭੰਡਾਰ ਵਿਚ ਇਕ ਅਹਿਮ ਵਾਧਾ ਹੈ। ਸਾਹਿਤ ਦੀ ਵਾਰਤਕ ਵਿਧਾ ਦੀਆਂ ਸਫਲ ਤਕਨੀਕਾਂ ਦੀ ਵਰਤੋਂ ਕਰਦਿਆਂ ਲੇਖਿਕਾ ਨੇ ਪੁਸਤਕ ਨੂੰ ਕੁੱਲ ਨੌ ਅਧਿਆਏ ਵਿਚ ਤਕਸੀਮ ਕਰਕੇ ਪ੍ਰਭਾਵਸ਼ਾਲੀ ਤਰਤੀਬ ਦਿੱਤੀ ਹੈ। ਦੋਆਬੇ ਦੀ ਬੋਲੀ ਦੀ ਝਲਕ ਦਿਖਾਉਂਦੀ ਇਸ ਪੁਸਤਕ ਵਿਚ ਪ੍ਰਕਾਸ਼ਿਤ ਢੁਕਵੀਆਂ ਤਸਵੀਰਾਂ ਸੋਨੇ 'ਤੇ ਸੁਹਾਗਾ ਹਨ। ਜਿਹੜੀਆਂ ਪਾਠਕਾਂ ਦੇ ਮਨਾਂ 'ਚ ਲਿਖਤ ਦੇ ਅਸਰ ਨੂੰ ਹੋਰ ਗਹਿਰਾਈ ਨਾਲ ਸੰਚਾਰਦੀਆਂ ਹਨ। ਮੁਕਦੀ ਗੱਲ ਪਾਠਕਾਂ ਲਈ ਕਈ ਪ੍ਰੇਰਨਾਵਾਂ ਦਾ ਖਜ਼ਾਨਾ ਹੈ ਇਹ ਇਤਿਹਾਸਕ ਪੁਸਤਕ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਪਿੰਡ ਦੀਆਂ ਗਲੀਆਂ
ਲੇਖਕ : ਰਣਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਮੀਕਸ਼ਾ ਪ੍ਰੈਸ, ਖੰਨਾ
ਮੁੱਲ : 60 ਰੁਪਏ, ਸਫ਼ੇ : 39
ਸੰਪਰਕ : 98145-28023.

ਰਣਜੀਤ ਸਿੰਘ ਸੰਧੂ ਬੱਚਿਆਂ ਬਾਰੇ ਲਿਖਣ ਵਾਲਾ ਲੇਖਕ ਹੈ। ਇਸ ਤੋਂ ਪਹਿਲਾਂ ਉਸ ਦੀਆਂ ਚਾਰ ਪੁਸਤਕਾਂ ਆ ਚੁੱਕੀਆਂ ਹਨ। ਕਈ ਪੁਸਤਕਾਂ ਵਿਚ ਉਸ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸੰਧੂ ਬੱਚਿਆਂ ਦੇ ਪੱਧਰ 'ਤੇ ਸੋਚਣ ਦੇ ਸਮਰੱਥ ਹੈ। ਉਸ ਦੀਆਂ ਕਵਿਤਾਵਾਂ ਵਿਚ ਬੱਚਿਆਂ ਦੇ ਕੋਮਲ ਮਨਾਂ 'ਤੇ ਚੰਗਾ ਅਸਰ ਪਾਉਣ ਦੀ ਜੁਗਤ ਹੈ। ਉਹ ਬੱਚਿਆਂ ਅੰਦਰ ਚੰਗੀਆਂ ਆਦਤਾਂ ਦਾ ਪ੍ਰਵੇਸ਼ ਦੇਖਣ ਦਾ ਚਾਹਵਾਨ ਹੈ। ਉਹ ਬੱਚਿਆਂ ਨੂੰ ਆਗਿਆਕਾਰੀ ਹੋਣ ਵਾਸਤੇ ਪ੍ਰੇਰਦਾ ਹੈ। ਮਾਪਿਆਂ ਦਾ ਸਤਿਕਾਰ ਕਰਨ, ਖੂਬ ਪੜ੍ਹਨ, ਚੰਗੇ ਇਨਸਾਨ ਬਣਨ, ਚੋਰੀ ਤੋਂ ਦੂਰ ਰਹਿਣ, ਮਾੜੀਆਂ ਆਦਤਾਂ ਨਾ ਸਹੇੜਨ ਦੀ ਪ੍ਰੇਰਣਾ ਕਵਿਤਾਵਾਂ ਰਾਹੀਂ ਦਿੰਦਾ ਹੈ। 'ਪਿੰਡ ਦੀਆਂ ਗਲੀਆਂ' ਨਾਮੀ ਛੋਟੀ ਜਹੀ ਕਿਤਾਬ ਵਿਚ ਉਸ ਨੇ ਦੋ ਦਰਜਨ ਤੋਂ ਵੱਧ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਿਹਾ ਜਾਂਦਾ ਹੈ ਕਿ ਤੁਸੀਂ ਪਿੰਡ ਵਿਚੋਂ ਇਨਸਾਨ ਨੂੰ ਕੱਢ ਸਕਦੇ ਹੋ, ਪਰ ਇਨਸਾਨ ਵਿਚੋਂ ਪਿੰਡ ਨੂੰ ਨਹੀਂ। ਸੰਧੂ ਨੇ ਲਿਖਿਆ ਹੈ :
ਬਚਪਨ ਦੇ ਵਿਚ ਰੱਜ ਕੇ ਖੇਡੇ,
ਆਪਣੇ ਪਿੰਡ ਦੀਆਂ ਗਲੀਆਂ ਵਿਚ।
ਰਣਜੀਤ ਸਿੰਘ ਸੰਧੂ ਦੀਆਂ ਕਵਿਤਾਵਾਂ ਵਿਚ ਸਮੇਂ ਦਾ ਸੱਚ ਹੈ। ਉਹ ਸੱਚ ਜਿਹੜਾ ਬੱਚਿਆਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਇਹੋ ਜਿਹੀਆਂ ਕਿਤਾਬਾਂ ਸਮੇਂ ਦੀ ਲੋੜ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਬਸ ਏਦਾਂ ਹੀ...
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 60 ਰੁਪਏ, ਸਫ਼ੇ : 61
ਸੰਪਰਕ : 98724-55994.

ਇਸ ਨਾਵਲ ਦਾ ਵਿਸ਼ਾ ਸਮਾਜ ਵਿਚ ਵਿਚਰਦਿਆਂ ਨੌਜਵਾਨ ਮੁੰਡਿਆਂ ਤੇ ਕੁੜੀਆਂ ਵਿਚਕਾਰ ਵਿਆਹ ਤੋਂ ਬਾਹਰ ਸਥਾਪਿਤ ਰਿਸ਼ਤਿਆਂ ਤੋਂ ਪੈਦਾ ਹੋਈਆਂ ਸਮੱਸਿਆਵਾਂ, ਉਲਝਣਾਂ ਅਤੇ ਦੁਖਾਂਤਕ ਘਟਨਾਵਾਂ ਦਾ ਯਥਾਰਥ ਹੈ। ਸਾਡੇ ਸਮਾਜ ਵਿਚ ਵਿਆਹ ਤੋਂ ਬਾਹਰ ਮੱਲੋ-ਮੱਲੀ ਬਣਾਏ ਵਰਜਿਤ ਰਿਸ਼ਤੇ ਵਧੇਰੇ ਕੁੜੀਆਂ ਵਲੋਂ ਕੀਤੀਆਂ ਗ਼ਲਤੀਆਂ ਕਾਰਨ ਉਨ੍ਹਾਂ ਦੇ ਮੁਢਲੇ ਜੀਵਨ ਵਿਚ ਨਿਰਾਸ਼ਾ, ਉਦਾਸੀ ਅਤੇ ਹੀਣਭਾਵਨਾ ਉਪਜਾਉਣ ਦਾ ਕਾਰਨ ਬਣਦੇ ਹਨ। ਅੰਨ੍ਹੀ ਉਲਾਰ ਅਵਸਥਾ ਤੋਂ ਕੀਤੀ ਗ਼ਲਤੀ ਦੇ ਸਿੱਟੇ ਮੁੰਡਿਆਂ ਦੇ ਜੀਵਨ ਵਿਚ ਸੰਤੁਸ਼ਟੀ, ਪਿਆਰ, ਤਸੱਲੀ ਅਤੇ ਸਿਰਜਣਾਤਮਕ ਵਲਵਲੇ ਨਹੀਂ ਭਰ ਸਕਦੇ ਹਨ। ਅਜਿਹੇ ਰਿਸ਼ਤਿਆਂ ਦਾ ਹਸ਼ਰ ਵਧੇਰੇ ਮੁੰਡਿਆਂ-ਕੁੜੀਆਂ ਦੀਆਂ ਕੀਤੀਆਂ ਭਾਵੇਂ ਗ਼ਲਤੀਆਂ ਹੁੰਦੀਆਂ ਹਨ ਪਰ ਇਨ੍ਹਾਂ ਤੋਂ ਪੈਦਾ ਹੋਇਆ ਦੁਖਾਂਤ ਸਾਰੇ ਪਰਿਵਾਰ ਨੂੰ ਬਦਨਾਮੀ ਆਰਥਿਕ ਹਾਨੀ ਅਤੇ ਬਰਬਾਦੀ ਦੇ ਰੂਪ ਵਿਚ ਭੁਗਤਣਾ ਪੈਂਦਾ ਹੈ, ਜੋ ਸਮਾਜਿਕ ਦੁਖਾਂਤ ਹੈ। ਨਾਵਲਿਟ ਵਿਚ ਮੁੱਖ ਪਾਤਰ ਪਾਲੀ ਨੂੰ ਮੁੱਖ ਪਾਤਰ 'ਨਿੰਮੋ' ਨਾਲ ਵਿਆਹ ਤੋਂ ਬਾਹਰੀ ਸਰੀਰਕ ਸਬੰਧ ਬਣਾਉਣ ਦੀ ਕਹਾਣੀ ਹੈ। ਲੇਖਕ ਇਸ ਕਹਾਣੀ ਦੇ ਨਾਲ-ਨਾਲ ਹੋਰ ਅਨੇਕਾਂ ਨੌਜਵਾਨ ਮੁੰਡੇ-ਕੁੜੀਆਂ ਦੇ ਨਾਜਾਇਜ਼ ਰਿਸ਼ਤਿਆਂ ਦਾ ਜ਼ਿਕਰ ਵੀ ਕਰਦਾ ਹੈ। ਇਹ ਬਿਗੜੇ ਮੁੰਡੇ-ਕੁੜੀਆਂ ਦਾ ਦੁਖਾਂਤ ਹੈ।
ਮਰਦ ਪ੍ਰਧਾਨ ਸਮਾਜ ਵਿਚ ਉਪਭਾਵੁਕ ਉਤੇਜਿਤ ਮੁੰਡੇ ਕੁੜੀ, ਇੰਜ ਕਰਨ ਤੋਂ ਪਹਿਲਾਂ ਇਸ ਦੇ ਅੰਜਾਮ ਬਾਰੇ ਨਹੀਂ ਸੋਚਦੇ। ਭਾਵੁਕ ਹੋਏ ਮੁੰਡੇ-ਕੁੜੀ ਨਾ ਆਤਮਾ ਦੀ ਆਵਾਜ਼ ਸੁਣਦੇ ਹਨ। ਕਦੇ ਚੰਗਿਆਈ ਬੁਰਾਈ 'ਤੇ ਭਾਰੂ ਹੋ ਜਾਂਦੀ ਹੈ, ਕਦੇ ਬੁਰਾਈ ਚੰਗਿਆਈ 'ਤੇ ਭਾਰੂ ਹੋ ਜਾਂਦੀ ਹੈ। ਉਤੇਜਿਤ ਮਨ ਦੀ ਲਾਲਸਾ ਅੰਨ੍ਹੀ ਹੁੰਦੀ ਹੈ। ਇਕ ਗ਼ਲਤੀ ਪਿੱਛੋਂ ਹਰ ਵਾਰ ਗ਼ਲਤੀ ਦੁਹਰਾਈ ਜਾਂਦੀ ਹੈ।
ਭਾਵੇਂ ਇਹ ਨਾਵਲਿਟ ਹੈ, ਨਾਵਲਕਾਰ ਨੇ ਸਮਾਜ ਦੀ ਭਖਦੀ ਸਮੱਸਿਆ ਲਈ ਹੈ। ਇਹ ਵੀ ਸਹੀ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤ ਜਾਗ੍ਰਿਤ ਨਹੀਂ। ਅੱਜ ਵੀ ਜਬਰ ਜਨਾਹ ਧੱਕੇ ਕੀਤੇ ਜਾ ਰਹੇ ਹਨ। ਸਾਡੇ ਸਮਾਜ ਵਿਚ ਗਿਆਨ ਹੈ, ਵਿਗਿਆਨ ਹੈ। ਕਾਨੂੰਨ ਹਨ। ਥਾਣੇ ਕਚਹਿਰੀਆਂ ਹਨ। ਔਰਤ ਜਾਗ੍ਰਿਤ ਹੋ ਰਹੀ ਹੈ। ਹੱਕ ਬਰਾਬਰ ਹਨ ਪਰ ਮਰਦ-ਜ਼ਨਾਨੀ ਦੇ ਨਾਜਾਇਜ਼ ਰਿਸ਼ਤਿਆਂ ਦੀਆਂ ਦੁਖਾਂਤਕ ਘਟਨਾਵਾਂ ਬਰਕਰਾਰ ਹਨ। ਜ਼ਿੰਦਗੀ ਸਿਆਸਤ, ਧਰਮ, ਕਾਨੂੰਨ, ਮਰਯਾਦਾਵਾਂ ਦੀ ਘਾਟ ਨਹੀਂ, ਪਰ ਮੁੰਡਿਆਂ ਕੁੜੀਆਂ (ਮਰਦ-ਔਰਤਾਂ) ਦੇ ਆਪਸੀ ਸਬੰਧਾਂ ਤੋਂ ਪੈਦਾ ਹੁੰਦੇ ਮਾਨਸਿਕ ਸਮਾਜਿਕ ਦੁਖਾਂਤ ਘਟਦੇ ਨਹੀਂ। ਜ਼ਿੰਦਗੀ ਆਪਣੀ ਰਫ਼ਤਾਰ ਚਲਦੀ ਰਹਿੰਦੀ ਹੈ 'ਬਸ ਏਦਾਂ ਹੀ'।

ਫ ਫ ਫ

ਲਫ਼ਜ਼ਾਂ ਦੀ ਲੋਅ
ਲੇਖਕ : ਸੁਰਜੀਤ ਸਿੰਘ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 97814-14118.

ਲਫ਼ਜ਼ਾਂ ਦੀ ਲੋਅ, ਸੁਰਜੀਤ ਸਿੰਘ ਕੈਨੇਡਾ ਦੇ ਛੋਟੇ-ਛੋਟੇ ਵਿਚਾਰਾਂ ਦਾ ਸੰਗ੍ਰਹਿ ਹੈ, ਇਹ ਵਿਚਾਰ ਲੇਖਕ ਦੇ ਜੀਵਨ ਤਜਰਬਿਆਂ ਉੱਪਰ ਆਧਾਰਿਤ ਹਨ, ਜਿਨ੍ਹਾਂ ਨੂੰ ਉਸ ਨੇ ਸਮੇਂ-ਸਮੇਂ ਸਵੈਚਿੰਤਨ ਰਾਹੀਂ, ਆਪਣੇ ਪਾਠਕਾਂ ਲਈ ਇਕੱਤਰ ਕੀਤਾ ਹੈ। ਲੇਖਕ ਨੇ ਆਪਣੀ ਜ਼ਿੰਦਗੀ ਵਿਚ ਤਲਖ਼ੀਆਂ ਦੁਸ਼ਵਾਰੀਆਂ ਮਾਯੂਸੀਆਂ ਅਤੇ ਮੁਸ਼ਕਿਲਾਂ ਨੂੰ ਹੱਡੀਂ ਹੰਢਾਉਂਦਿਆਂ ਹੈ। ਨਵੇਂ-ਨਵੇਂ ਵਿਚਾਰਾਂ ਨੂੰ ਆਪਣੀ ਵਿਚਾਰਧਾਰਾ ਵਿਚ ਸ਼ਾਮਿਲ ਕੀਤਾ ਹੈ, ਜੋ ਉਸ ਦੇ ਚਿੰਤਨ ਦਾ ਹਾਸਲ ਬਣਦੇ ਰਹੇ ਹਨ, ਇਹ ਜੱਗਬੀਤੀਆਂ ਹਨ ਜਾਂ ਆਪਬੀਤੀਆਂ, ਪਰ ਇਸ ਨੇ ਹੱਡੀਂ ਹੰਢਾਏ ਅਤੇ ਅਨੁਭਵ ਕੀਤੇ ਪਲਾਂ ਨੂੰ ਫੜਨ ਦਾ ਜੋ ਯਤਨ ਕੀਤਾ ਹੈ, ਉਹ ਉਹਦੇ 'ਲਫ਼ਜ਼ਾਂ ਦੀ ਲੋਅ' ਪੁਸਤਕ ਰੂਪ ਵਿਚ ਪੇਸ਼ ਹੈ।
ਇਹ ਖਿਆਲ ਨਿਰਸੰਦੇਹ 'ਜ਼ਿੰਦਗੀ' ਸਮਾਜ ਅਤੇ ਸੰਸਾਰ' ਤੋਂ ਪ੍ਰਾਪਤ ਕਰਕੇ ਲੇਖਕ ਨੇ ਆਪਣੇ ਸੰਸਾਰ ਨੂੰ ਲੁਟਾ ਦਿੱਤੇ ਹਨ, ਇਸ ਉਦੇਸ਼ ਲਈ ਕਿ ਉਹਦੇ ਪਾਠਕ ਸਾਥੀ ਅਤੇ ਆਮ ਖ਼ਾਸ ਵਿਅਕਤੀ ਇਨ੍ਹਾਂ ਤੋਂ ਪਰੇਰਨਾ ਲੈ ਸਕਣ। ਹਰ ਖਿਆਲ ਜਗਬੀਤੀ ਜਾਂ ਹੱਡਬੀਤੀ ਤੋਂ ਉਪਜਿਆ ਹੈ। ਉੱਤਮ ਖਿਆਲ, ਮਾਨਵ ਦੀ ਅਮੁੱਲ ਪੂੰਜੀ ਹੈ। ਮਨੁੱਖ ਹੋਣ ਦੇ ਨਾਤੇ, ਅਸੀਂ ਜੇਕਰ ਆਪਣੀ ਨਵੀਂ ਉਸਾਰੂ ਸੋਚ ਉੱਪਰ ਆਧਾਰਿਤ ਖਿਆਲ ਦਾ ਅਧਿਐਨ ਕਰਕੇ ਉਸ ਉੱਪਰ ਅਮਲ ਕਰਨ ਦਾ ਹੌਸਲਾ ਕਰਦੇ ਹਾਂ ਤਾਂ ਇਹ ਹਨੇਰਿਆਂ ਦਾ ਅੰਤ ਕਰਕੇ ਨਵੇਂ ਸਵੇਰਿਆਂ ਨੂੰ ਜਨਮ ਦਿੰਦਾ ਹੈ। ਉੱਤਮ ਨਵੇਂ ਨਰੋਏ ਅਤੇ ਸਿਰਜਣਾਤਮਿਕ ਖਿਆਲ ਹੀ ਨਵੇਂ ਚਾਨਣੇਂ ਰਾਹਾਂ ਨੂੰ ਜਨਮ ਦਿੰਦੇ ਹਨ। ਧਰਮ, ਸਿਧਾਂਤ, ਵਿਚਾਰਧਾਰਾ, ਵਿਗਿਆਨਕ ਦ੍ਰਿਸ਼ਟੀ ਤਾਂ ਹੀ ਸਰਬੋਤਮ ਅਕਸੀਰੀ ਦਵਾਈ ਹੈ ਜੇਕਰ ਅੰਤਰਆਤਮਾ ਨਾਲ ਇਨ੍ਹਾਂ ਵਿਚਾਰਾਂ ਨੂੰ ਅਮਲੀ ਜੀਵਨ ਦਾ ਅੰਗ ਰੱਖਿਅਕ ਬਣਾਇਆ ਜਾਵੇ। ਲੇਖਕ ਉੱਤਮ ਖਿਆਲਾਂ ਨੂੰ ਹੀ ਬ੍ਰਹਮ ਗਿਆਨ ਦਾ ਦਰਜਾ ਦਿੰਦਾ ਹੈ।
ਪੁਸਤਕ ਵਿਚ ਜਿੰਨੇ ਵੀ ਛੋਟੇ-ਵੱਡੇ ਨਿੱਕੇ-ਨਿੱਕੇ ਖਿਆਲ ਹਨ, ਉਹ ਲੇਖਕ ਦੇ ਅਜਿਹੇ ਤਜਰਬੇ ਹਨ, ਜਿਨ੍ਹਾਂ ਤੋਂ ਉਸ ਨੇ ਕੁਝ ਸਿੱਖਿਆ ਹੈ ਤੇ ਇਸ ਸਿੱਖਿਆ ਨੂੰ ਉਹ ਲੋਕ ਕਲਿਆਣ ਲਈ ਦੁਨਿਆਵੀ ਲੋਕਾਂ ਦੇ ਕਲਿਆਣ ਦਾ ਅੰਗ ਬਣਾ ਕੇ, ਉਨ੍ਹਾਂ ਦੇ ਦੁੱਖ ਅਤੇ ਸਮੱਸਿਆਵਾਂ ਘਟਾਉਣਾ ਚਾਹੁੰਦਾ ਹੈ। ਲੇਖਕ ਦਾ ਦ੍ਰਿਸ਼ਟੀਕੋਣ ਸਾਫ਼, ਸਪੱਸ਼ਟ ਅਤੇ ਵਿਗਿਆਨਕ ਹੈ। ਲੇਖਕ ਸਪੱਸ਼ਟ ਪਰ ਲਲਕਾਰ ਕੇ ਆਪਣੇ ਪਾਠਕਾਂ ਨੂੰ ਜੋ ਖਿਆਲਾਂ ਦੀ ਸੀਰਨੀ ਵੰਡਦਾ ਹੈ, ਉਹ ਹਕੀਕਤ ਵਿਚ ਨਵੇਂ ਨਰੋਏ ਨਿਰਪੱਖ ਸੂਰਮੇ ਪੁਰਖ ਇਨਸਾਨ ਲਈ ਸ਼ੁੱਭ ਚਿੰਤਕ ਹੈ। ਪੁਸਤਕ ਵਿਚ ਅਜਿਹੇ ਸੈਂਕੜੇ ਖਿਆਲਾਂ ਦੇ ਸੁਨੇਹੜੇ ਸੰਚਾਰੇ ਗਏ ਹਨ, ਜਿਨ੍ਹਾਂ ਤੋਂ ਭੁੱਲੇ ਭਟਕੇ ਵਿਅਕਤੀ ਇਸ ਪੁਸਤਕ ਨੂੰ ਮੁਕਤੀ ਦਾ ਸਰੋਤ ਬਣਾ ਕੇ ਅਮਲ ਕਰਕੇ ਲਾਭ ਉੱਠਾ ਸਕਦੇ ਹਨ। ਇਸ ਲਈ ਹਰ ਵਿਅਕਤੀ ਨੂੰ ਪਹਿਲਾਂ ਖ਼ੁਦ ਨੂੰ ਬਦਲਣਾ ਪਵੇਗਾ ਤੇ ਆਪਣੇ-ਆਪਣੇ ਨਵੇਂ ਨਰੋਏ ਸ਼ੁੱਧ ਖਿਆਲਾਂ ਉੱਪਰ ਅਮਲ ਵੀ ਕਰਨਾ ਪਏਗਾ।

ਂਡਾ: ਅਮਰ ਕੋਮਲ
ਮੋ: 08437873565.
ਫ ਫ ਫ

04-08-2018

 ਪੰਜਾਬੀ ਕਹਾਣੀ
ਲੇਖਕ : ਡਾ: ਰਜਨੀਸ਼ ਬਹਾਦੁਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98152-98459.

ਵਿਚਾਰਾਧੀਨ ਪੁਸਤਕ ਪੰਜਾਬੀ ਕਹਾਣੀ ਆਲੋਚਨਾ ਦੀ ਇਕ ਜ਼ਿਕਰਯੋਗ ਪ੍ਰਾਪਤੀ ਹੈ। ਇਸ ਕਿਤਾਬ ਦੇ ਆਰੰਭਕ ਅੱਠ ਕਾਂਡ ਕ੍ਰਮਵਾਰ ਕਹਾਣੀ-ਵਿਧਾ ਦੇ ਪ੍ਰਤਿਮਾਨ, ਮਾਡਲ ਆਕ੍ਰਿਤੀ, ਮਿਥਿਹਾਸਕ ਵਿਧੀ, ਗਲੋਬਲੀ ਮੁਹਾਂਦਰਾ, ਹਾਸ਼ੀਆਗਤ ਸਮੂਹਿਕ ਚੇਤਨਾ, ਦਲਿਤ ਸਰੋਕਾਰ, ਪੰਜਾਬੀ ਕਹਾਣੀ ਸਰਵੇਖਣ (1961-2000) ਅਤੇ ਉਗਮ ਰਹੀਆਂ ਨਵੀਨ ਪ੍ਰਵਿਰਤੀਆਂ ਦੀ ਗਹਿਰ ਗੰਭੀਰ ਚਰਚਾ ਪੇਸ਼ ਕਰਦੇ ਹਨ। ਇਹ ਪਹਿਲੇ ਅੱਠ ਕਾਂਡ ਗਿਆਨ-ਵਰਧਕ ਹਨ ਪਰ ਅਗਲੇਰੇ ਅੱਠ ਕਾਂਡ ਪਾਠਕਾਂ ਅਤੇ ਖੋਜਾਰਥੀਆਂ ਲਈ ਵਧੇਰੇ ਆਕਰਸ਼ਣ ਵਾਲੇ ਹਨ। ਇਨ੍ਹਾਂ ਵਿਚ ਕਹਾਣੀਕਾਰਾਂ ਦੀ ਵਰਗ ਵੰਡ ਕਰਕੇ, ਉਨ੍ਹਾਂ ਦੀਆਂ ਕਹਾਣੀਆਂ ਚੁਣ ਕੇ, ਕਹਾਣੀਆਂ ਵਿਚੋਂ ਪਾਤਰ ਚੁਣ ਕੇ, ਉਨ੍ਹਾਂ ਦੀ ਖ਼ੁਦਮੁਖ਼ਤਿਆਰੀ/ਕੁਠਪੁਤਲੀ ਸਥਿਤੀ ਬਾਰੇ ਤਰਕਪੂਰਨ ਢੰਗ ਨਾਲ ਨਿਰਣੇ ਪੇਸ਼ ਕੀਤੇ ਗਏ ਹਨ। ਇਸ ਦ੍ਰਿਸ਼ਟੀ ਤੋਂ ਇਨ੍ਹਾਂ ਅੱਠ ਕਾਂਡਾਂ ਦਾ ਅਤੀ ਸੰਖੇਪ, ਸਾਰ ਗਰਭਿਤ ਪਰ ਭਾਵਪੂਰਤ ਮੈਟਾ-ਅਧਿਐਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਵਿਦਵਾਨ ਆਲੋਚਕ ਪਹਿਲਾਂ ਉਸ ਇਤਿਹਾਸਕ ਪਰਿਪੇਖ ਨੂੰ ਪੇਸ਼ ਕਰਦਾ ਹੈ, ਜਿਸ ਫੈਕਟੀਸਿਟੀ ਵਿਚੋਂ ਉਨ੍ਹਾਂ ਪਾਤਰਾਂ ਨੇ ਰੂਪ ਗ੍ਰਹਿਣ ਕੀਤਾ ਹੈ। ਫਿਰ ਆਪਣੇ ਉਦੇਸ਼-ਪ੍ਰਕਿਰਿਆ ਵਿਚ ਪੈਂਦਾ ਹੈ। ਇਸ ਪ੍ਰਕਿਰਿਆ ਨੂੰ ਇੰਜ ਵੀ ਦਰਸਾਇਆ ਜਾ ਸਕਦਾ ਹੈ": ਦਿੱਤਾ ਹੈ (ਗਿਵਨ)-ਪਾਤਰ; ਸਿੱਧ ਕਰਨਾ ਹੈ (ਟੂ ਪਰੂਵ)ਂਖ਼ੁਦਮੁਖਤਿਆਰ ਜਾਂ ਕਠਪੁਤਲੀ। ਖ਼ੁਦਮੁਖਤਿਆਰ ਸਿੱਧ ਕਰਨ ਲਈ ਉਹ ਜਿਹੜੇ ਨੁਕਤਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਪਾਤਰ ਦਾ ਪ੍ਰਸਥਿਤੀਆਂ ਵਿਚੋਂ ਹੋਂਦ ਗ੍ਰਹਿਣ ਕਰਨਾ; ਪਾਤਰ ਦਾ ਲੇਖਕ ਤੋਂ ਬਾਗੀ ਹੋਣਾ। ਇੱਛੁਤ ਯਥਾਰਥ ਤੋਂ ਭਿੰਨ ਹੋਣਾ; ਦ੍ਰਿਸ਼ਟੀਗਤ ਅਵਚੇਤਨ ਤੋਂ ਨਾਬਰ ਹੋਣਾ; ਵਿਚਾਰਧਾਰਾ ਆਰੋਪਿਤ ਨਾ ਕਰਨਾ, ਅਭੁੱਲ ਪਾਤਰ ਸਿਰਜਣਾ, ਨਿਵੇਕਲਾਪਣ, ਸ਼ਕਤੀਸ਼ਾਲੀ ਜੀਵੰਤ (ਅਲਾਇਵ) ਹੋਂਦ ਆਦਿ। ਵਿਦਵਾਨ ਆਲੋਚਕ ਕਠਪੁਤਲੀ/ਅਧੀਨ ਪਾਤਰਾਂ ਨੂੰ ਵੀ ਵਿਸ਼ੇਸ਼ ਕਸਵੱਟੀ 'ਤੇ ਪਰਖਦਾ ਹੈ। ਸਵੈ-ਸਿੱਧ ਹੈ ਕਿ ਵਿਦਵਾਨ ਆਲੋਚਕ ਪਾਸ ਸਿਧਾਂਤਕ ਪ੍ਰੌੜ੍ਹਤਾ ਵੀ ਹੈ ਅਤੇ ਨਵੀਆਂ ਸਿਰਜਣਾਵਾਂ ਪੜ੍ਹਨ ਦੀ ਨਿਰੰਤਰ ਲਗਨ ਵੀ। ਕੇਂਦਰੀ ਮੋਟਿਫ਼ਾਂ ਨੂੰ ਸਮਝਣ ਵੱਲ ਰੁਚਿਤ ਹੈ। ਕੁੱਲ ਮਿਲਾ ਕੇ ਇਹ ਪੁਸਤਕ ਖੋਜ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੀ ਅਤੇ ਚਿੰਤਨ ਨੂੰ ਟੁੰਬਣ ਵਾਲੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007..
ਫ ਫ ਫ

ਇੱਕੀਵੀਂ ਸਦੀ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 184
ਸੰਪਰਕ : 98147-83069.

'ਇੱਕੀਵੀਂ ਸਦੀ' ਨਾਵਲ ਵਿਚ ਬਲਦੇਵ ਸਿੰਘ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜੋਕੇ ਪੂੰਜੀਵਾਦੀ ਸਮਾਜ ਵਿਚ ਸੰਯੁਕਤ ਪਰਿਵਾਰ ਪ੍ਰਥਾ ਟੁੱਟਦੀ ਜਾ ਰਹੀ ਹੈ। ਜਿਵੇਂ ਹੀ ਪਰਿਵਾਰ ਦਾ ਇਕ ਮੈਂਬਰ ਦਾਦਾ-ਦਾਦੀ ਦੇ ਮਰਤਬੇ ਤੱਕ ਪਹੁੰਚ ਜਾਂਦਾ ਹੈ, ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵਾਫ਼ਰ ਪ੍ਰਤੀਤ ਹੋਣ ਲੱਗਦਾ ਹੈ ਅਤੇ ਆਖ਼ਰ ਇਹ ਮੈਂਬਰ ਉਸ ਨਾਲ ਦੁਰਵਿਹਾਰ ਕਰਕੇ ਉਸ ਨੂੰ ਬਿਰਧ-ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਇਹੀ ਕਾਰਨ ਹੈ ਕਿ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿਚ ਬਿਰਧ-ਆਸ਼ਰਮ ਵਧਦੇ ਜਾ ਰਹੇ ਹਨ। ਇਸ ਨਾਵਲ ਦੀ ਭੂਮਿਕਾ ਵਿਚ ਨਾਵਲਕਾਰ ਸਵਾਲ ਕਰਦਾ ਹੈ, 'ਵਿਡੰਬਨਾ ਇਹ ਹੈ ਦੋਸਤੋ! ਇਕ ਮਾਂ-ਬਾਪ ਪਾਲਦੇ ਨੇ ਚਾਰ ਜਾਂ ਛੇ ਬੱਚੇ, ਸਾਰੇ ਬੱਚੇ ਰਲ ਕੇ ਨਹੀਂ ਪਾਲ ਸਕਦੇ ਇਕ ਮਾਂ-ਬਾਪ'? ਜਦੋਂ ਅਸੀਂ ਇਸ ਨਾਵਲ ਦੀ ਟੈਕਸਟ ਪੜ੍ਹਦੇ ਹਾਂ ਤਾਂ ਉੱਤਰ 'ਨਹੀਂ' ਵਿਚ ਮਿਲਦਾ ਹੈ। ਇਸ ਟੈਕਸਟ ਵਿਚ ਮੁੱਖ ਪਾਤਰ ਤੋਂ ਬਿਨਾਂ ਸੁਰਿੰਦਰ ਕੌਰ, ਮਹਿੰਗਾ ਰਾਮ, ਸੁਖਬੀਰ ਸਿੰਘ, ਮਾਸਟਰ ਜੀ, ਸਰਦਾਰ ਸਾਹਿਬ, ਪ੍ਰੋ: ਚੋਪੜਾ, ਭਜਨਾ, ਪ੍ਰੀਤਮ, ਬਨਾਰਸੀ ਦਾਸ ਅਤੇ ਕੇਹਰ ਸਿੰਘ ਫ਼ੌਜੀ ਆਦਿ ਬਹੁਤ ਸਾਰੇ ਪਾਤਰ ਆਏ ਹਨ। ਇਹ ਸਾਰੇ ਹੀ ਬਿਰਧ-ਆਸ਼ਰਮਾਂ ਵਿਚ ਰਹਿੰਦੇ ਹਨ। ਲੇਖਕ ਨੇ ਹਰ ਇਕ ਬਜ਼ੁਰਗ ਦੀ ਕਹਾਣੀ ਨੂੰ ਉੱਤਮ-ਪੁਰਖ ਵਿਚ ਸੁਣਾਇਆ ਹੈ।
ਪੂੰਜੀਵਾਦੀ ਸਮਾਜ ਨੇ ਸਾਡੀਆਂ ਬਹੁਤ ਸਾਰੀਆਂ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਉੱਪਰ ਹਮਲਾ ਕਰ ਦਿੱਤਾ ਹੈ। ਅਸਲ ਵਿਚ ਇਹ ਸੰਸਥਾਵਾਂ ਸੰਯੁਕਤ ਯੁੱਗ ਦੀ ਦੇਣ ਸਨ। ਉਸ ਦੌਰ ਵਿਚ ਇਹ ਕਾਫੀ ਮੁਫ਼ੀਦ ਸਿੱਧ ਹੋਈਆਂ ਪਰ ਪੂੰਜੀਵਾਦ, ਨਿਊਕਲੀਅਰ ਪਰਿਵਾਰਾਂ ਦਾ ਦੌਰ ਹੈ। ਇਸ ਵਿਚ ਸੰਯੁਕਤ ਰਿਸ਼ਤੇ ਨਹੀਂ ਨਿਭ ਸਕਦੇ। ਪੱਛਮ ਦੇ ਵਿਕਸਿਤ ਦੇਸ਼ਾਂ ਨੇ ਇਸ ਤੱਥ ਨੂੰ ਸਮਝ ਲਿਆ ਹੈ, ਵਿਆਹ ਅਤੇ ਪਰਿਵਾਰ-ਸੰਸਥਾ ਵਿਚ ਲੋੜੀਂਦੀਆਂ ਤਬਦੀਲੀਆਂ ਕਰ ਲਈਆਂ ਹਨ ਪਰ ਅਸੀਂ ਸੰਯੁਕਤ ਯੁੱਗ ਦੀਆਂ ਕਦਰਾਂ-ਕੀਮਤਾਂ ਨਿਭਾਉਣ ਦੀ ਹਠਧਰਮੀ ਕਰ ਰਹੇ ਹਾਂ। ਇਸੇ ਲਈ ਪਰਿਵਾਰਾਂ ਵਿਚ ਕਲੇਸ਼ ਪੈਦਾ ਹੋ ਰਹੇ ਹਨ।
ਆਧੁਨਿਕ ਦੌਰ ਵਿਚ ਲੋਕਾਂ ਦੀ ਉਮਰ ਬਹੁਤ ਲੰਮੀ ਹੋ ਚੁੱਕੀ ਹੈ। ਨੱਬੇ ਵਰ੍ਹਿਆਂ ਤੱਕ ਦੇ ਇਸਤਰੀ ਪੁਰਖ ਆਮ ਦੇਖੇ ਜਾ ਸਕਦੇ ਹਨ। ਇਸ ਸੂਰਤ ਵਿਚ ਔਲਾਦ ਨੂੰ ਘਰ ਵਿਚ ਪੂਰੀ ਸਪੇਸ ਨਹੀਂ ਮਿਲਦੀ। ਇੱਟ-ਖੜਿਕਾ ਸ਼ੁਰੂ ਹੋ ਜਾਂਦਾ ਹੈ। ਸੰਯੁਕਤ ਯੁੱਗ ਵਿਚ ਆਦਮੀ 60-65 ਵਰ੍ਹਿਆਂ ਦੀ ਉਮਰ ਵਿਚ ਚਲਾਣਾ ਕਰ ਜਾਂਦੇ ਸਨ। ਇਸ ਕਾਰਨ ਉਹ ਆਪਣੀ ਔਲਾਦ ਨੂੰ ਬੋਝਲ ਪ੍ਰਤੀਤ ਨਹੀਂ ਸਨ ਹੁੰਦੇ। ਸਨਾਤਨ ਭਾਰਤੀ ਪ੍ਰਣਾਲੀ ਵਿਚ ਲੋਕ 50 ਵਰ੍ਹਿਆਂ ਦੇ ਹੋਣ ਉਪਰੰਤ ਵਾਣਪ੍ਰਸਥੀ ਅਤੇ ਸੰਨਿਆਸੀ ਬਣ ਜਾਂਦੇ ਸਨ ਪਰ ਹੁਣ ਕੋਈ ਇੰਜ ਵੀ ਨਹੀਂ ਕਰਦਾ। ਇਹੀ ਕਾਰਨ ਹੈ ਕਿ ਪਰਿਵਾਰ ਸੰਸਥਾ ਉੱਪਰ ਦਬਾਅ ਬਹੁਤ ਵਧਦਾ ਜਾ ਰਿਹਾ ਹੈ। ਸ: ਬਲਦੇਵ ਸਿੰਘ ਨੇ ਬੜੇ ਦਿਲਚਸਪ ਢੰਗ ਨਾਲ ਇਸ ਦਬਾਅ ਅਤੇ ਕਲੇਸ਼ ਨੂੰ ਵਰਨਣ ਕੀਤਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਾਡਾ ਚਿੜੀਆਂ ਦਾ ਚੰਬਾ ਵੇ...
ਸੰਗ੍ਰਹਿ ਕਰਤਾ : ਪਰਮਜੀਤ ਕੌਰ 'ਪੰਮੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 375 ਰੁਪਏ, ਸਫ਼ੇ : 290
ਸੰਪਰਕ : 98152-98459.

ਹਥਲੀ ਪੁਸਤਕ ਪਰਮਜੀਤ ਕੌਰ 'ਪੰਮੀ' ਦੁਆਰਾ ਖੇਤਰੀ ਖੋਜ ਅਤੇ ਦਸਤਾਵੇਜ਼ੀ ਸਰੋਤਾਂ ਤੋਂ ਪ੍ਰਾਪਤ ਕੀਤੇ ਵਿਭਿੰਨ ਲੋਕ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਸੁਹਾਗ, ਘੋੜੀਆਂ, ਸਾਂਝੇ ਗਾਏ ਜਾਂਦੇ ਗੀਤ, ਦੋਹੇ, ਸਿੱਠਣੀਆਂ, ਟੱਪੇ ਅਤੇ ਨਿੱਕੀਆਂ ਵੱਡੀਆਂ ਬੋਲੀਆਂ ਦਾ ਜੋ ਸਾਗਰ ਹੈ, ਉਸ ਵਿਚੋਂ ਪੰਜਾਬੀਅਤ ਦੀ ਆਭਾ ਹੂ-ਬ-ਹੂ ਪ੍ਰਗਟ ਹੁੰਦੀ ਹੈ। ਇਹ ਆਭਾ 'ਚੋਂ ਜਿਥੇ ਪੁਰਾਤਨ ਮਿਥਿਹਾਸਕ ਅਤੇ ਇਤਿਹਾਸਕ ਕਾਲ-ਖੰਡਾਂ ਵਿਚੋਂ ਉਪਜੇ ਲੋਕ-ਬੋਲਾਂ ਦਾ ਪ੍ਰਵਾਹ ਵਹਿੰਦਾ ਹੋਇਆ ਦਿਸਦਾ ਹੈ, ਉਥੇ ਨਾਲ ਦੀ ਨਾਲ ਪੰਜਾਬੀ ਲੋਕ ਜੀਵਨ ਸ਼ੈਲੀ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵੰਤ ਜੀਵਨ ਵਰਤਾਰੇ ਦਾ ਵੀ ਪ੍ਰਗਟਾਵਾ ਹੈ। ਸੁਹਾਗਾਂ ਵਿਚ ਜਿਥੇ ਗੰਭੀਰ ਸੰਵੇਦਨਾ ਦਾ ਪ੍ਰਗਟਾਵਾ ਹੈ ਉਥੇ ਘੋੜੀਆਂ ਵਿਚ ਜਿੱਤ ਅਤੇ ਪ੍ਰਾਪਤੀ ਜਿਹੇ ਸ਼੍ਰੋਮਣੀ ਜਜ਼ਬਿਆਂ ਦਾ ਮੁਹਾਂਦਰਾ ਉੱਘੜਦਾ ਪ੍ਰਤੀਤ ਹੁੰਦਾ ਹੈ। ਸਾਂਝੇ ਲੋਕ ਗੀਤਾਂ ਵਿਚ ਮਾਨਵੀ ਜ਼ਿੰਦਗੀ ਦੇ ਸੁਰਖਰੂ ਅਤੇ ਕੁਝ ਇਕ ਸੰਤਾਪੀ ਅਨੁਭਵਾਂ ਦਾ ਬੋਧ ਵੀ ਇਹ ਗੀਤ ਕਰਾਉਂਦੇ ਹਨ ਜਦ ਕਿ ਦੋਹੇ ਅਤੇ ਸਿੱਠਣੀਆਂ ਰੁਮਾਂਚਕ, ਮੁਹੱਬਤੀ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਪਿਛੋਕੜ ਵਿਚ ਛਿਪੇ ਹੋਏ ਅਰਥਾਂ ਨੂੰ ਵੀ ਪ੍ਰਗਟ ਕਰਦੇ ਹਨ। ਇਸੇ ਤਰ੍ਹਾਂ ਟੱਪੇ ਸੰਬੋਧਨੀ ਸ਼ੈਲੀ ਵਿਚ ਪ੍ਰਗਟ ਹੁੰਦੇ ਹੋਏ ਮੁਹੱਬਤ ਦੀ ਤਾਂਘ, ਪਿਆਰ ਦੀ ਦੂਰੀ ਵਿਚੋਂ ਮਿਲੇ ਵਿਛੋੜੇ ਦਾ ਪ੍ਰਗਟਾਵਾ ਬਾ-ਖੂਬੀ ਕਰਦੇ ਹਨ। ਪੁਸਤਕ ਦੇ ਮਹੱਤਵਪੂਰਨ ਹਿੱਸੇ ਵਿਚ ਪਰਮਜੀਤ ਕੌਰ ਪੰਮੀ ਨੇ ਨਿੱਕੇ ਆਕਾਰ, ਮੱਧ ਆਕਾਰ ਅਤੇ ਵੱਡੇ ਆਕਾਰ ਦੀਆਂ ਜੋ 699 ਬੋਲੀਆਂ ਅੰਕਿਤ ਕੀਤੀਆਂ ਹਨ, ਉਹ ਆਪਣੇ ਆਪ ਵਿਚ ਇਸ ਪੁਸਤਕ ਦੀ ਵਿਲੱਖਣਤਾ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਪੁਸਤਕ ਦੇ ਅੰਤਿਮ ਪੰਨੇ 'ਤੇ ਲੋਕ ਕਾਵਿ ਸਾਂਗ ਨੂੰ ਪੇਸ਼ ਕਰਕੇ ਪੁਸਤਕ ਦੀ ਆਭਾ ਨੂੰ ਹੋਰ ਦਿਲਕਸ਼ ਬਣਾ ਲਿਆ ਹੈ। ਨਿਰਸੰਦੇਹ, ਇਹ ਪੁਸਤਕ ਪੰਜਾਬੀ ਵਿਰਾਸਤੀ ਰੰਗ ਨੂੰ ਲੋਕ ਮਨਾਂ ਵਿਚ ਸਥਾਪਤ ਕਰਨ ਦੇ ਸਮਰੱਥ ਪ੍ਰਤੀਤ ਹੋਵੇਗੀ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸਾਦਾ ਦਿਲੀ ਉਮੀਦ ਦੀ
ਗ਼ਜ਼ਲਕਾਰ : ਗੁਰਦੀਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 81264-90298.

'ਸਾਦਾ ਦਿਲੀ ਉਮੀਦ ਦੀ' ਉਸ ਦੀ ਗਿਆਰਵੀਂ ਪੁਸਤਕ ਹੈ ਤੇ ਇਸ ਤੋਂ ਹੀ ਉਸ ਦੇ ਗ਼ਜ਼ਲ ਲੇਖਣ ਦੇ ਭਰਵੇਂ ਸਫ਼ਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਗੁਰਦੀਪ ਦੀ ਗ਼ਜ਼ਲਕਾਰੀ ਸੋਨੇ ਵਰਗੀ ਖ਼ਰੀ, ਨਿਰਛਲ, ਜੋੜ ਤੋੜ ਤੋਂ ਪਰ੍ਹੇ ਤੇ ਇਮਾਨਦਰਾਨਾ ਹੈ ਤੇ ਗ਼ਜ਼ਲ ਲਿਖਦਾ ਹੋਇਆ ਉਹ ਸੱਚ ਤੇ ਝੂਠ ਵਿਚਕਾਰ ਗੂੜ੍ਹੀਆਂ ਲਕੀਰਾਂ ਖਿੱਚਦਾ ਮਹਿਸੂਸ ਹੁੰਦਾ ਹੈ। ਇਸ ਪੁਸਤਕ ਦੀਆਂ ਨਵੇਂ ਭਾਵ ਬੋਧ ਵਾਲੀਆਂ 94 ਗ਼ਜ਼ਲਾਂ ਨਾ ਸਿਰਫ਼ ਪੜ੍ਹਨ ਨਾਲ ਤੁਅਲਕ ਰੱਖਦੀਆਂ ਹਨ ਬਲਕਿ ਨਵੇਂ ਗ਼ਜ਼ਲਕਾਰ ਇਨ੍ਹਾਂ ਤੋਂ ਗ਼ਜ਼ਲ ਲੇਖਣ ਲਈ ਅਗਵਾਈ ਵੀ ਲੈ ਸਕਦੇ ਹਨ। 'ਸਾਦਾ ਦਿਲੀ ਉਮੀਦ ਦੀ' ਪੁਸਤਕ ਦੀ ਪਹਿਲੀ ਗ਼ਜ਼ਲ ਬਿਨਾਂ ਰਦੀਫ਼ ਤੋਂ ਹੈ ਜੋ ਰਾਜਨੀਤਕ ਦੰਭ 'ਤੇ ਆਧਾਰਿਤ ਹੈ ਤੇ ਇਹ ਸੁਚੇਤ ਪਾਠਕ ਦੇ ਨਾਲ ਨਾਲ ਸਧਾਰਨ ਪਾਠਕ ਨੂੰ ਵੀ ਪ੍ਰਭਾਵਿਤ ਕਰਦੀ ਹੈ। ਦੂਜੀ ਗ਼ਜ਼ਲ ਮਨੁੱਖ ਦੇ ਬਾਜ਼ਾਰ ਦਾ ਹਿੱਸਾ ਬਣ ਜਾਣ ਨਾਲ ਉਸ ਦੇ ਕਿਰਦਾਰ ਵਿਚ ਹੋਈਆਂ ਮੋਰੀਆਂ ਨਾਲ ਸਬੰਧਿਤ ਹੈ।
ਤੀਸਰੀ ਗ਼ਜ਼ਲ ਇਨਸਾਫ਼ ਨੂੰ ਸਜ਼ਾ ਦਿੱਤੇ ਜਾਣ ਦੇ ਵਿਰੋਧ ਵਿਚ ਖੜ੍ਹਨ ਲਈ ਵਸੀਲੇ ਘੜਨ ਬਾਰੇ ਹੈ। ਇੰਝ ਗੁਰਦੀਪ ਆਪਣੀ ਗ਼ਜ਼ਲ ਰਾਹੀਂ ਛੋਟੇ ਛੋਟੇ ਯੁੱਧ ਲੜਦਾ ਹੈ ਤੇ ਆਪਣੀ ਗ਼ਜ਼ਲਕਾਰੀ ਨੂੰ ਤਿੱਖੀ ਧਾਰ ਦਿੰਦਾ ਹੈ। ਦਰਅਸਲ ਗ਼ਜ਼ਲਕਾਰ ਮੌਜੂਦਾ ਰਾਜਸੀ ਤੇ ਸਮਾਜਿਕ ਵਾਤਾਵਰਨ ਤੋਂ ਮਾਯੂਸ ਹੈ ਤੇ ਉਸ ਦੀਆਂ ਗ਼ਜ਼ਲਾਂ ਉਦਾਸੀ ਮਾਣਦੇ ਹੋਏ ਵੀ ਚੜ੍ਹਦੀ ਕਲਾ ਵਿਚ ਰਹਿਣ ਤੇ ਜੰਗ ਜਾਰੀ ਰੱਖਣ ਦੇ ਨੁਕਤੇ ਸਮਝਾਉਂਦੀਆਂ ਹਨ। ਗ਼ਜ਼ਲਕਾਰ ਗ਼ਜ਼ਲ ਸ਼ਿਲਪ ਦਾ ਮਾਹਿਰ ਹੈ ਤੇ ਹਰ ਵਿਸ਼ੇ ਨੂੰ ਨਿਭਾਉਣ ਦਾ ਉਸ ਕੋਲ ਆਪਣੀ ਭਾਂਤ ਦਾ ਹੁਨਰ ਹੈ। ਇਹ ਗ਼ਜ਼ਲਾਂ ਡਿੱਗੇ ਹੋਏ ਹੌਸਲੇ ਨੂੰ ਬੁਲੰਦੀ ਦਿੰਦੀਆਂ ਹਨ ਤੇ ਇਕ ਸ਼ਾਇਰ ਦਾ ਇਹੀ ਕਰਤੱਵ ਹੋਣਾ ਚਾਹੀਦਾ ਹੈ ਤੇ ਫ਼ਰਜ਼ ਵੀ। ਗੁਰਦੀਪ ਗ਼ਜ਼ਲ ਦੇ ਅਨੁਸ਼ਾਸਨ ਵਿਚ ਰਹਿ ਕੇ ਗ਼ਜ਼ਲ ਸਿਰਜਣ ਵਾਲਾ ਗ਼ਜ਼ਲਕਾਰ ਹੈ ਤੇ ਉਸ ਤੋਂ ਅਜਿਹੇ ਨਵੇਂ ਗ਼ਜ਼ਲਕਾਰਾਂ ਨੂੰ ਸਿੱਖਣ ਦੀ ਲੋੜ ਹੈ। ਇੰਝ 'ਸਾਦਾ ਦਿਲੀ ਉਮੀਦ ਦੀ' ਦੀਆਂ ਤਮਾਮ ਗ਼ਜ਼ਲਾਂ ਅਰੂਜ਼ ਦਾ ਪਾਲਣ ਕਰਦੀਆਂ ਹੋਈਆਂ ਨਵੇਂ ਦਿਸਹੱਦੇ ਤੈਅ ਕਰਦੀਆਂ ਹਨ ਤੇ ਗੁਰਦੀਪ ਦਾ ਇਹ ਗ਼ਜ਼ਲ ਸੰਗ੍ਰਹਿ ਸਹੀ ਮਾਅਨਿਆਂ ਵਿਚ ਗ਼ਜ਼ਲ ਸਾਹਿਤ ਦੀ ਪ੍ਰਾਪਤੀ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤ੍ਰਿਵੈਣੀ
ਡਾ: ਈਸ਼ਰ ਸਿੰਘ ਸੋਬਤੀ
ਲੇਖਕ : ਪ੍ਰਿੰ: ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਲਾਲ ਸਿੰਘ ਪ੍ਰਕਾਸ਼ਨ, ਸੰਗਰੂਰ
ਮੁੱਲ : 250 ਰੁਪਏ, ਸਫ਼ੇ : 236
ਸੰਪਰਕ : 94639-89639.

1921 ਵਿਚ ਅਣਵੰਡੇ ਪੰਜਾਬ ਦੇ ਪਾਕਿਸਤਾਨ ਕਹੇ ਜਾਂਦੇ ਧਰਤ-ਟੋਬੇ ਵਿਚ ਜੰਮਿਆ ਡਾ: ਈਸ਼ਰ ਸਿੰਘ ਸੰਘਰਸ਼, ਸਵੱਛ ਚਿੰਤਨ ਤੇ ਸੰਵੇਦਨਾ ਦੀ ਸਾਕਾਰ ਮੂਰਤ ਹੈ। ਪੂਰਨ ਗੁਰਸਿੱਖ, ਵਿਸ਼ਾਲ ਅਧਿਐਨ/ਅਨੁਭਵ ਤੇ ਆਪਣੇ ਸਮੇਂ ਦੇ ਵੱਡੇ ਸਿਆਸਦਾਨਾਂ ਨਾਲ ਮਿਲਣ ਵਰਤਨ ਦੇ ਅਵਸਰਾਂ ਕਾਰਨ ਉਸ ਕੋਲ ਪੰਜਾਬੀਆਂ ਹੀ ਨਹੀਂ, ਭਾਰਤੀਆਂ ਨੂੰ ਵੀ ਦੱਸਣ ਲਈ ਬੜਾ ਕੁਝ ਹੈ ਅਤੇ ਉਸ ਨੇ ਇਸ ਵਿਚੋਂ ਕੁਝ ਕੁ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ। ਸਮੇਂ-ਸਮੇਂ ਉਹ ਰਸਾਲਿਆਂ ਅਖ਼ਬਾਰਾਂ ਵਿਚ ਵੀ ਆਪਣੇ ਅਨੁਭਵ/ਵਿਚਾਰ ਸਾਂਝੇ ਕਰਦਾ ਰਹਿੰਦਾ ਹੈ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੇ ਆਧਾਰ ਉੱਤੇ ਸੋਬਤੀ ਸਾਹਿਬ ਦੀ ਰਚਨਾ ਤੇ ਚਿੰਤਨ ਬਾਰੇ ਇਹ ਅਧਿਐਨ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕੀਤਾ ਹੈ। ਉਸ ਨੇ ਇਸ ਲਈ ਉਸ ਦੀਆਂ ਨੌਂ ਪੁਸਤਕਾਂ ਨੂੰ ਘੋਖਿਆ ਹੈ। ਕਵਿਤਾ, ਕਹਾਣੀ, ਲੇਖ, ਸੰਸਮਰਣ, ਸਵੈਜੀਵਨੀ ਦੇ ਵੱਖ-ਵੱਖ ਰੂਪਾਕਾਰਾਂ ਨਾਲ ਸਬੰਧਿਤ ਰਿਹਾ ਹੈ ਸੋਬਤੀ। ਕ੍ਰਿਸ਼ਨ ਸਿੰਘ ਨੇ ਇਸ ਦੇ ਚਿੰਤਨ/ਅਨੁਭਵ/ਵਿਚਾਰ ਨੂੰ ਸਮੇਂ ਦੀ ਧੂੜ ਵਿਚ ਅਣਗੌਲੇ ਹੀ ਗਵਾਚਣ ਤੋਂ ਬਚਾ ਕੇ ਚੰਗਾ ਕੰਮ ਕੀਤਾ ਹੈ।
ਸੋਬਤੀ ਦੀਆਂ ਬਟਵਾਰੇ, ਭਾਰਤੀ ਸਿਆਸਤ ਤੇ ਸਿਆਸਤਦਾਨਾਂ ਬਾਰੇ ਯਾਦਾਂ/ਟਿੱਪਣੀਆਂ, ਜ਼ਿੰਦਗੀ, ਮੌਤ/ਜੀਣ ਦੀ ਕਲਾ ਅਤੇ ਸਿੱਖਾਂ ਦੀ ਹੋਣੀ ਬਾਰੇ ਫ਼ਿਕਰਮੰਦੀ ਪਾਠਕਾਂ ਦੇ ਉਚੇਚੇ ਧਿਆਨ ਦੀ ਮੰਗ ਕਰਦੇ ਹਨ। ਜ਼ਹਿਰ ਦੇ ਵਪਾਰੀਆਂ ਦੀ ਨਫ਼ਰਤ/ਵੰਡ ਦੀ ਰਾਜਨੀਤੀ ਗੋਡਸੇ ਵਲੋਂ ਗਾਂਧੀ ਦਾ ਕਤਲ, ਸਾਵਰਕਰ ਦੀ ਘਟੀਆ ਸੋਚ/ਵਿਹਾਰ/ਰੋਲ, ਜਿਨਾਹ ਨੂੰ ਪਾਕਿਸਤਾਨ ਦੀ ਮੰਗ ਤੱਕ ਧਕਣ ਵਾਲੇ ਤਥਾ ਕਥਿਤ ਦੇਸ਼ ਪ੍ਰੇਮੀਆਂ ਦਾ ਅਸਲ ਚਿਹਰਾ, ਸਿੱਖਾਂ ਵਲੋਂ ਦੇਸ਼ ਆਜ਼ਾਦੀ ਲਈ ਕੀਤੇ ਸੰਘਰਸ਼, ਵੰਡ ਸਮੇਂ ਕੀਤੇ ਤਿਆਗ, ਘਰ ਘਾਟ ਦੇ ਉਜਾੜੇ, ਆਪਣੇ ਹੀ ਦੇਸ਼ ਵਾਸੀਆਂ ਵਲੋਂ ਉਨ੍ਹਾਂ ਨਾਲ ਹੋਏ ਵਿਸਾਹਘਾਤ ਦੀ ਪੀੜਾ ਦੇ ਅਨੇਕਾਂ ਵੇਰਵੇ ਇਸ ਵਿਸ਼ਲੇਸ਼ਣ ਵਿਚ ਸਾਹ ਲੈ ਰਹੇ ਹਨ। ਉਨ੍ਹਾਂ ਦੇ ਵਿਸਤਾਰ ਲਈ ਸੋਬਤੀ ਦੀਆਂ ਮੂਲ ਪੁਸਤਕਾਂ (ਖ਼ਾਸ ਕਰਕੇ ਬਟਵਾਰੇ ਬਾਰੇ ਅਤੇ ਉਨ੍ਹਾਂ ਦੀ ਸਵੈਜੀਵਨੀ) ਹਰ ਗੰਭੀਰ ਦੇਸ਼ ਵਾਸੀ ਨੂੰ ਪੜ੍ਹਨੀਆਂ ਚਾਹੀਦੀਆਂ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਖ਼ੂਨੀ ਆਜ਼ਾਦੀ
ਨਾਵਲਕਾਰ : ਹਰ ਜਗਮੰਦਰ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99150-48005.

ਇਸ ਨਾਵਲ ਵਿਚ ਲੇਖਕ ਨੇ 1947 ਵਿਚ ਹੋਈ ਪੰਜਾਬ ਦੀ ਵੰਡ ਦੇ ਦੁਖਾਂਤ ਦੀ ਪੀੜ ਸਾਂਝੀ ਕੀਤੀ ਹੈ। ਆਜ਼ਾਦੀ ਤੋਂ ਪਹਿਲਾਂ ਹਿੰਦੂ, ਸਿੱਖ ਅਤੇ ਮੁਸਲਮਾਨ ਰਲ ਮਿਲ ਕੇ ਰਹਿੰਦੇ ਸਨ। ਉਨ੍ਹਾਂ ਵਿਚ ਮਿਲਵਰਤਨ ਅਤੇ ਆਪਸੀ ਸਾਂਝ ਸੀ। ਰਾਜਨੀਤਕ ਲੋਕਾਂ ਦੀਆਂ ਫ਼ਿਰਕੂ ਚਾਲਾਂ ਕਾਰਨ ਦੇਸ਼ ਦੀ ਵੰਡ ਹੋਈ ਜਿਸ ਦਾ ਸਭ ਤੋਂ ਬਹੁਤਾ ਸੰਤਾਪ ਪੰਜਾਬ ਨੂੰ ਝੱਲਣਾ ਪਿਆ। ਫ਼ਸਾਦਾਂ ਵਿਚ ਦੋ ਕਰੋੜ ਲੋਕ ਆਪਣੇ ਘਰਾਂ ਤੋਂ ਉੱਜੜੇ, 10 ਲੱਖ ਕਤਲ ਹੋਏ, ਲੱਖਾਂ ਔਰਤਾਂ ਦੀ ਇੱਜ਼ਤ ਖ਼ਰਾਬ ਹੋਈ ਅਤੇ ਅਰਬਾਂ ਦਾ ਸਾਮਾਨ ਲੁੱਟਿਆ ਗਿਆ। ਲੇਖਕ ਦੇ ਕਹਿਣ ਅਨੁਸਾਰ ਇਸ ਨਾਵਲ ਵਿਚ ਵਾਪਰੀਆਂ ਸਾਰੀਆਂ ਘਟਨਾਵਾਂ ਸੱਚੀਆਂ ਹਨ। ਇਸ ਵਿਚ ਮਜ਼ਲੂਮਾਂ, ਬੇਕਸੂਰਾਂ ਅਤੇ ਨਿਹੱਥੇ ਲੋਕਾਂ 'ਤੇ ਹੋਏ ਜ਼ੁਲਮ ਦੀ ਕਹਾਣੀ ਹੈ। ਨਾਲੋ-ਨਾਲ ਲੋਕਾਂ ਦੇ ਸੁਭਾਅ ਅਤੇ ਸੱਭਿਆਚਾਰ ਦੀਆਂ ਝਲਕਾਂ ਵੀ ਮਿਲਦੀਆਂ ਹਨ। ਆਮ ਲੋਕ ਹਮੇਸ਼ਾ ਪਿਆਰ ਅਤੇ ਸਾਂਝ ਚਾਹੁੰਦੇ ਹੁੰਦੇ ਹਨ। ਕੁਝ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਦੋਂ ਠੇਸ ਲਗਦੀ ਹੈ ਤਾਂ ਉਹ ਹਿੰਸਕ ਹੋ ਕੇ ਬਰਬਾਦੀ ਕਰਨ ਲਗਦੇ ਹਨ। ਨਫ਼ਰਤ ਦਾ ਜ਼ਹਿਰ ਜੰਗਲ ਦੀ ਅੱਗ ਵਾਂਗ ਫੈਲ ਜਾਂਦਾ ਹੈ। ਕੁਝ ਸੁਹਿਰਦ ਲੋਕਾਂ ਵਿਚ ਹਮਦਰਦੀ, ਤਰਸ, ਦਇਆ ਅਤੇ ਪਿਆਰ ਦੀਆਂ ਭਾਵਨਾਵਾਂ ਪ੍ਰਬਲ ਹੁੰਦੀਆਂ ਹਨ। ਇਹੋ ਜਿਹੇ ਲੋਕ ਮਨੁੱਖਤਾ ਦੇ ਜ਼ਖ਼ਮਾਂ 'ਤੇ ਪਿਆਰ ਦੇ ਫੇਹੇ ਧਰਦੇ ਹਨ। ਹਿੰਦੁਸਤਾਨ ਨੂੰ ਆਜ਼ਾਦੀ ਜ਼ਰੂਰ ਮਿਲੀ ਪਰ ਪੰਜਾਬ ਨੇ ਇਕ ਭਿਆਨਕ ਘੱਲੂਘਾਰੇ ਦਾ ਦਰਦ ਝੱਲਿਆ ਜਿਸ ਦੇ ਜ਼ਖ਼ਮ ਹਾਲੇ ਵੀ ਤਾਜ਼ੇ ਹਨ। ਅੱਜ ਵੀ ਫ਼ਿਰਕੂਪੁਣਾ ਅਤੇ ਕੱਟੜਵਾਦ ਕਾਇਮ ਹੈ। ਨਫ਼ਰਤ ਦੇ ਭਾਂਬੜ ਕਦੇ ਵੀ ਮਨੁੱਖਤਾ ਨੂੰ ਤਬਾਹ ਕਰ ਸਕਦੇ ਹਨ। ਲੇਖਕ ਨੇ ਬੜੇ ਮਾਰਮਿਕ ਢੰਗ ਨਾਲ ਇਹ ਦਰਦ ਕਹਾਣੀ ਬਿਆਨ ਕੀਤੀ ਹੈ। ਬੋਲੀ ਸਰਲ, ਸਪੱਸ਼ਟ ਅਤੇ ਲਿਖਣ ਢੰਗ ਰੌਚਕ ਹੈ। ਇਸ ਨਾਵਲ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

28-07-2018

 ਮੇਰੀ ਸੋਚ ਦੀ ਤੇਈਵੀਂ ਮੰਜ਼ਿਲ
ਲੇਖਕ : ਨਿਰਮਲ ਸਿੰਘ ਲਾਲੀ
ਪ੍ਰਕਾਸ਼ਕ : ਖਤਗ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112

ਪ੍ਰੌੜ ਲੇਖਕ, ਸ਼ਾਇਰ ਵਾਰਤਕਾਰ ਤੇ ਨਿਬੰਧਕਾਰ, ਮਾਸਟਰ ਨਿਰਮਲ ਸਿੰਘ ਲਾਲੀ ਕੋਲ ਜੀਵਨ ਅਨੁਭਵ ਦਾ ਵਡਮੁੱਲਾ ਖਜ਼ਾਨਾ ਹੈ। ਵਿਚਾਰ-ਕੋਚਰੀ ਪੁਸਤਕ ਵਾਰਤਕ ਤੇ ਕਵਿਤਾਵਾਂ ਦਾ ਵਿਲੱਖਣ ਤੇ ਖੂਬਸੂਰਤ ਸੁਮੇਲ ਹੈ। ਪੁਸਤਕ ਵਿਚਲੇ ਉਸ ਦੇ ਸਾਰੇ ਲੇਖ ਤੇ ਵਾਰਤਕ ਰਚਨਾਵਾਂ ਕੋਈ ਨਾ ਕੋਈ ਠੋਸ ਤੇ ਸਾਰਥਕ ਸੁਨੇਹੜਾ ਦੇਣ ਵਾਲੀਆਂ ਹਨ। ਪੁਸਤਕ ਦਾ ਪ੍ਰਥਮ ਲੇਖ ਹੈ 'ਕਹਿਣੀ ਤੇ ਕਰਨੀ'। ਸੱਚ ਕਹਿਣੀ ਉਸ ਦੀ ਦਲੇਰੀ, ਇਸ ਲੇਖ ਵਿਚਲੀ ਇਸ ਸਤਰ ਤੋਂ ਵੇਖੀ ਜਾ ਸਕਦੀ ਹੈ-'ਨਾਸਤਕ ਲੋਕਾਂ ਨੇ ਮਨੁੱਖਾਂ ਦਾ ਏਨਾ ਘਾਣ ਨਹੀਂ ਕੀਤਾ, ਜਿੰਨਾ ਆਸਤਕ ਲੋਕਾਂ ਨੇ ਕੀਤਾ।' ਛੋਟੇ-ਛੋਟੇ ਵਾਕ ਵੱਡਾ ਸੁਨੇਹਾ ਦਿੰਦੇ ਹਨ-'ਮਨੁੱਖ ਨਾਲ ਮਨੁੱਖ ਦਾ ਇਕ ਨਿੱਘਾ ਜਿਹਾ ਰਿਸ਼ਤਾ, ਮਨੁੱਖਤਾ ਦਾ ਵੀ ਹੁੰਦਾ ਹੈ। (ਪੰਨਾ 19)। 'ਜ਼ਿੰਦਗੀ ਦਾ ਮਨੋਰਥ', 'ਈਰਖਾ ਤੇ ਨਫ਼ਰਤ', 'ਗੁਰੂ ਘਰਾਂ ਦਾ ਪ੍ਰਵਾਹ', 'ਜ਼ਿੰਮੇਵਾਰੀ ਤੇ ਫ਼ਰਜ਼', 'ਗੁਰੂ ਸਾਹਿਬਾਨ ਦੇ ਦਿਵਸ ਕਿਵੇਂ ਮਨਾਈਏ?' ਹੋਰ ਅਹਿਮ ਲੇਖ ਹਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਬਾਰੇ ਲੇਖ ਵਿਚ ਉਠਾਏ ਤਿੰਨੇ ਅਹਿਮ ਨੁਕਤਿਆਂ ਉੱਤੇ ਅਮਲ ਕਰਕੇ ਕੌਮ ਦੀ ਹੋਣੀ ਸੰਵਾਰੀ ਜਾ ਸਕਦੀ ਹੈ। ਲੋੜ ਹੈ-ਨੇਕ ਨੀਅਤੀ ਦੀ। 44, 45, 46, 47 ਪੰਨਿਆਂ 'ਤੇ ਦਰਜ ਜ਼ਿੰਦਗੀ ਦੇ ਅਨਮੋਲ ਬਚਨ, ਸ਼ਾਹਕਾਰ ਰਚਨਾ ਹੈ। ਗੁਰਬਾਣੀ ਦੇ ਪ੍ਰਮਾਣਾਂ ਉਰਦੂ ਸ਼ਿਅਰਾਂ ਦੇ ਨਾਲ-ਨਾਲ ਪੰਜਾਬੀ ਵਿਚ 6 ਤੇ ਅੰਗਰੇਜ਼ੀ ਵਿਚ ਤਿੰਨ ਵਿਚਾਰ ਤੇ ਇਕ ਪੈਰਾਗ੍ਰਾਫ਼ ਵਧੀਆ ਹਨ।
ਪੁਸਤਕ ਦੇ ਕਾਵਿਕ-ਭਾਗ ਵਿਚ ਦੋ ਗ਼ਜ਼ਲਾਂ ਸਮੇਤ 47 ਰਚਨਾਵਾਂ ਹਨ, ਜਿਹੜੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਨ, ਜਿਵੇਂ ਮਨੁੱਖ, ਮਾਵਾਂ ਪ੍ਰਤੀ ਬੇਗਾਨਗੀ, ਜ਼ਿੰਦਗੀ, ਅਜੋਕੇ ਜ਼ਮਾਨੇ ਦੇ ਰੰਗ, ਅਕ੍ਰਿਤਘਣਤਾ, ਅਨਿਆਂ, ਪਰਉਪਕਾਰ, ਭਾਰਤੀ ਲੋਕਤੰਤਰ ਦੀ ਦੁਰਦਸ਼ਾ ਤੇ ਪੰਜਾਬੀ ਸੱਭਿਆਚਾਰ। ਕਵਿਤਾ ਕੀ ਹੈ? ਵਿਚੋਂ ਇਕ ਟੂਕ ਪੇਸ਼ ਹੈ :
ਕਵਿਤਾ ਸਿਰਫ ਛੰਦਾਬੰਦੀ ਵਿਚ
ਉੱਕਰੇ ਸ਼ਬਦ ਹੀ ਨਹੀਂ ਹੁੰਦੀ।
ਕਵਿਤਾ, ਮਨ ਵਿਚੋਂ ਉਪਜੇ, ਹਾਵਾਂ, ਭਾਵਾਂ, ਜਜ਼ਬਾਤ, ਅਰਮਾਨਾਂ ਸੱਧਰਾਂ, ਉਮੰਗਾਂ, ਚਾਵਾਂ,
ਮਲ੍ਹਾਰਾਂ ਤੇ ਇੱਛਾਵਾਂ ਦਾ ਨਾਂਅ ਹੈ-ਕੋਮਲਤਾ ਕਵਿਤਾ ਦਾ ਸਬੰਧ ਬੌਧਿਕਤਾ ਨਾਲ ਨਹੀਂ ਹੁੰਦਾ। (ਪੰਨਾ 100)
ਮਾਸਟਰ ਨਿਰਮਲ ਸਿੰਘ ਲਾਲੀ ਦੀ ਇਹ ਪੁਸਤਕ ਪੜ੍ਹਨ ਤੇ ਵਿਚਾਰਨਯੋਗ ਹੈ।

-ਤੀਰਥ ਸਿੰਘ ਢਿੱਲੋਂ
ਮੋ: 98154-61710.


ਕੋਹਿਨੂਰ
(ਸੰਸਾਰ ਪ੍ਰਸਿੱਧ ਹੀਰੇ ਦੀ ਕਹਾਣੀ)
ਲੇਖਕ : ਵਿਲੀਅਮ ਡਾਲਰਿੰਪਲ, ਅਨੀਤਾ ਆਨੰਦ
ਅਨੁਵਾਦ : ਦੇਬਾਸ਼ੀਸ਼ ਭੱਟਾਚਾਰੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 218
ਸੰਪਰਕ : 0172-5027427.

ਇਹ ਪੁਸਤਕ ਸੰਸਾਰ ਦੇ ਸਭ ਤੋਂ ਵੱਧ ਪ੍ਰਸਿੱਧ (ਅੰਦਰਲੇ ਟਾਈਟਲ ਅਨੁਸਾਰ ਬਦਨਾਮ) ਹੀਰੇ ਦੀ ਕਹਾਣੀ ਬਿਆਨ ਕਰਦੀ ਹੈ। ਇਸ ਪ੍ਰਕਾਰ ਦੀਆਂ ਪੁਸਤਕਾਂ ਲਿਖਣੀਆਂ ਆਸਾਨ ਨਹੀਂ ਹੁੰਦੀਆਂ, ਖ਼ਾਸ ਕਰ ਉਸ ਵਕਤ ਜਦੋਂ ਇਸ ਹੀਰੇ ਦੀ ਦਾਸਤਾਨ ਪੰਜ ਹਜ਼ਾਰ ਵਰ੍ਹਿਆਂ ਵਿਚ ਫੈਲੀ ਹੋਵੇ ਅਤੇ ਇਸ ਦੌਰਾਨ ਇਹ ਹੀਰਾ ਕਾਫੀ ਸਮਾਂ ਅੱਖੋਂ ਓਝਲ ਵੀ ਰਿਹਾ ਹੋਵੇ, ਜਿਸ ਕਾਰਨ ਖੱਪੇ ਪੂਰਨੇ ਔਖੇ ਹੋਣ। ਇਸ ਹੀਰੇ ਦੀ ਇਤਿਹਾਸਕਾਰੀ ਦਾ ਕੰਮ ਲਾਰਡ ਡਲਹੌਜ਼ੀ ਦੇ ਵਕਤ ਸ਼ੁਰੂ ਹੋਇਆ ਜਦੋਂ ਇਹ ਹੀਰਾ ਨਾਬਾਲਗ਼ ਰਾਜੇ ਦਲੀਪ ਸਿੰਘ ਵਲੋਂ ਮਹਾਰਾਣੀ ਵਿਕਟੋਰੀਆ ਨੂੰ (ਧੱਕੇ ਨਾਲ) ਭੇਟ ਕਰਵਾਇਆ ਜਾਣਾ ਸੀ। ਅੰਗਰੇਜ਼ ਲੋਕ ਜਦੋਂ ਆਪਣੇ ਰਾਜੇ/ਰਾਣੀਆਂ ਨੂੰ ਕੋਈ ਭੇਟ ਦਿੰਦੇ ਹਨ ਤਾਂ ਉਸ ਵਸਤੂ ਦੇ ਮੁੱਲ ਅਤੇ ਮਹੱਤਵ ਦੀ ਸ਼ੀਟ ਵੀ ਤਿਆਰ ਕਰਦੇ ਹਨ। ਇਸ ਪੁਸਤਕ ਦਾ ਪਰਿਚਯ ਦਿੰਦਾ ਹੋਇਆ ਵਿਲੀਅਮ ਡਾਲਰਿੰਪਲ ਲਿਖਦਾ ਹੈ ਕਿ ਇਹ ਰਚਨਾ ਕੋਹਿਨੂਰ ਦੇ ਇਤਿਹਾਸ ਦੇ ਭੁੱਲੇ-ਵਿਸਰੇ ਘੁਮੇਟਿਆਂ ਨੂੰ ਉਘਾੜਨ ਦੀ ਕੁੰਜੀ ਹੈ। ਪੁਸਤਕ ਦੀ ਸਹਿ-ਲੇਖਕਾ ਅਨੀਤਾ ਆਨੰਦ ਨੇ ਇਹ ਹੀਰਾ ਆਪਣੇ ਪਿਤਾ ਦੀ ਉਂਗਲ ਫੜ ਕੇ ਦੇਖਿਆ ਸੀ। ਉਸ ਵਕਤ ਉਹ ਛੇ ਕੁ ਵਰ੍ਹਿਆਂ ਦੀ ਬਾਲੜੀ ਸੀ ਪਰ ਇਹ ਹੀਰਾ ਉਸ ਦੀ ਕਲਪਨਾ ਵਿਚ ਹਮੇਸ਼ਾ ਜਾਗ੍ਰਿਤ ਰਿਹਾ। ਸੰਜੋਗਵੱਸ ਉਸ ਨੂੰ ਡਾਲਰਿੰਪਲ ਨਾਲ ਇਸ ਹੀਰੇ ਦੀ ਇਤਿਹਾਸਕਾਰੀ ਬਾਰੇ ਕੰਮ ਕਰਨ ਦਾ ਮੌਕਾ ਮਿਲ ਗਿਆ। ਇਸ ਪੁਸਤਕ ਦਾ ਨੈਰੇਟਿਵ, ਇਤਿਹਾਸ ਵਾਂਗ ਨਹੀਂ ਚਲਦਾ ਬਲਕਿ ਇਕ ਨਾਵਲ ਵਾਂਗ ਚਲਦਾ ਹੈ। 29 ਮਾਰਚ, 1849 ਨੂੰ ਖਾਲਸਾ ਫ਼ੌਜ ਦੀ ਹਾਰ ਤੋਂ ਬਾਅਦ ਲਾਹੌਰ ਸੰਧੀ ਦਾ ਦਸਤਾਵੇਜ਼ ਤਿਆਰ ਕੀਤਾ ਗਿਆ। ਇਸੇ ਸਮੇਂ ਦਲੀਪ ਸਿੰਘ ਨੂੰ ਰਾਜ਼ੀ ਕੀਤਾ ਗਿਆ ਕਿ ਉਹ ਕੋਹਿਨੂਰ ਹੀਰਾ ਮਹਾਰਾਣੀ ਨੂੰ ਭੇਟ ਕਰ ਦੇਵੇ। ਇਸ ਮੌਕੇ ਲਾਰਡ ਡਲਹੌਜ਼ੀ ਨੇ ਲਿਖਿਆ ਕਿ ਸਮੇਂ ਦੇ ਵਕਫ਼ੇ ਵਿਚ 'ਕੋਹਿਨੂਰ' ਭਾਰਤ ਦੀ ਜਿੱਤ ਦਾ ਇਕ ਇਤਿਹਾਸਕ ਪ੍ਰਤੀਕ ਬਣ ਚੁੱਕਾ ਹੈ ਅਤੇ ਹੁਣ ਇਸ ਹੀਰੇ ਨੇ ਆਪਣਾ ਸਹੀ ਟਿਕਾਣਾ ਲੱਭ ਲਿਆ ਹੈ। ਡਲਹੌਜ਼ੀ ਨੇ ਦਿੱਲੀ ਦੇ ਇਕ ਸਹਾਇਕ ਮੈਜਿਸਟ੍ਰੇਟ ਥਿਓ ਨੂੰ ਇਸ ਹੀਰੇ ਦੇ ਇਤਿਹਾਸ ਬਾਰੇ ਖੋਜ ਕਰਨ ਦਾ ਹੁਕਮ ਦਿੱਤਾ। ਥਿਓ ਮੈਟਕਾਫ਼ ਦੀ ਹੀਰਿਆਂ ਵਿਚ ਕਾਫੀ ਦਿਲਚਸਪੀ ਸੀ। ਉਸ ਨੇ ਦਿੱਲੀ ਦੇ ਪਲੇਠੇ ਜੌਹਰੀਆਂ ਨਾਲ ਮੁਲਾਕਾਤਾਂ ਤੋਂ ਆਪਣਾ ਕੰਮ ਸ਼ੁਰੂ ਕੀਤਾ, ਜਿਨ੍ਹਾਂ ਨੇ ਇਹ ਦੱਸਿਆ ਕਿ ਇਹ ਹੀਰਾ ਗੋਦਾਵਰੀ ਦਰਿਆ ਦੇ ਉੱਤਰ-ਪੱਛਮ ਵਿਚ ਸਥਿਤ ਕੋਹਿਨੂਰ ਦੀ ਖਾਣ ਵਿਚੋਂ ਪ੍ਰਾਪਤ ਹੋਇਆ ਸੀ। ਇਹ ਹੀਰਾ ਲਗਪਗ ਪੰਜ ਹਜ਼ਾਰ ਵਰ੍ਹੇ ਪੁਰਾਣਾ ਹੈ। ਇਸ ਦਾ ਮੁਢਲਾ ਭਾਰਤੀ ਨਾਂਅ ਸਿਆਮਤਿਕ ਸੀ। ਅਨੀਤਾ ਆਨੰਦ ਦੀ ਖੋਜ ਅਨਸਾਰ ਕੋਹਿਨੂਰ ਹੀਰਾ ਹਮਾਯੂੰ ਤੋਂ ਗਵਾਚ ਗਿਆ ਸੀ। ਬਾਅਦ ਵਿਚ ਇਹ ਹੀਰਾ ਸ਼ਾਹਜਹਾਨ ਨੂੰ ਪ੍ਰਾਪਤ ਹੋਇਆ। ਉਸ ਨੇ ਇਸ ਨੂੰ ਆਪਣੇ ਮੋਰ ਸਿੰਘਾਸਨ (ਤਖ਼ਤਿ ਤਾਊਸ) ਵਿਚ, ਮੋਰ ਦੀ ਕਲਗੀ ਵਜੋਂ ਜੜਾ ਲਿਆ। ਆਖਰੀ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਤੋਂ ਇਹ ਹੀਰਾ ਨਾਦਰ ਸ਼ਾਹ ਨੇ ਕਾਬੂ ਕਰ ਲਿਆ ਅਤੇ ਇਹ ਹੀਰਾ ਅਫ਼ਗਾਨਿਸਤਾਨ ਵਿਚ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਦੇ ਇਕ ਵੰਸ਼ਜ਼ ਸ਼ਾਹ ਸ਼ੁਜਾਹ ਤੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਪਾਸ ਪਹੁੰਚ ਗਿਆ। ਅੱਗੇ ਦੀ ਕਹਾਣੀ ਤੋਂ ਸਾਰੇ ਪਾਠਕ ਜਾਣੂ ਹੀ ਹਨ। ਇਹ ਬਹੁਤ ਮਿਹਨਤ ਨਾਲ ਤਿਆਰ ਕੀਤੀ ਪੁਸਤਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਿਫ਼ਤਾਂ ਖ਼ਾਲਸਾ ਰਾਜ ਦੀਆਂ
ਲੇਖਕ : ਹਰਭਜਨ ਸਿੰਘ ਚੀਮਾ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 99150-48005.

ਇਤਿਹਾਸ ਇਸ ਪੁਸਤਕ ਦਾ ਵਿਸ਼ਾ ਹੈ। ਪੁਸਤਕ ਪੰਜਾਬੀ ਵਿਚ ਹੈ। ਇਸ ਕਿਤਾਬ ਦਾ ਮਹੱਤਵ ਇਸ ਦੇ ਵਿਸ਼ੇ/ਵਿਉਂਤ ਦੀ ਤਾਜ਼ਗੀ, ਮਹੱਤਵ ਅਤੇ ਵਿਲੱਖਣਤਾ ਕਰਕੇ ਹੈ। ਪਰ ਹੁਸਨ ਉਹ ਜਿਸ ਦੀ ਤਾਰੀਫ਼ ਸੌਂਕਣ ਵੀ ਕਰੇ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਅਤੇ ਉਸ ਦੇ ਖਾਲਸਾ ਰਾਜ ਦਾ ਗੁਣ ਗਾਇਨ ਉਸ ਦੇ ਰਾਜ ਸਮੇਂ ਭਾਰਤ/ਪੰਜਾਬ ਆਏ ਪੰਜਾਹ ਦੇ ਕਰੀਬ ਭਾਂਤ-ਭਾਂਤ ਦੇ ਵਿਦੇਸ਼ੀ ਯਾਤਰੀਆਂ/ਸਫ਼ਰਨਾਮਾ ਲੇਖਕਾਂ ਨੇ ਕੀਤਾ। ਚੀਮਾ ਸਾਹਿਬ ਨੇ ਉਨ੍ਹਾਂ ਵਿਚੋਂ ਕੁਝ ਇਕ ਦੀ ਝਲਕ ਇਸ ਕਿਤਾਬ ਵਿਚ ਬਾਖੂਬੀ ਪੇਸ਼ ਕੀਤੀ ਹੈ। ਲੇਖਕ ਨੇ ਜਿਨ੍ਹਾਂ ਨੌਂ ਯਾਤਰੀਆਂ ਤੇ ਉਨ੍ਹਾਂ ਦੀਆਂ ਲਿਖਤਾਂ/ਵਿਚਾਰਾਂ ਨਾਲ ਜਾਣ-ਪਛਾਣ ਇਸ ਪੁਸਤਕ ਵਿਚ ਕਰਵਾਈ ਹੈ, ਉਹ ਹਨ : ਵਿਲੀਅਮ ਮੂਰਕ੍ਰਾਫ਼ਟ, ਵਿਕਟਰ ਯਕਮੋ, ਅਲੈਗਜ਼ੈਂਡਰ ਬਰਨਜ਼, ਮੋਹਨ ਲਾਲ, ਅਲੈਗਜ਼ੈਂਡਰ ਗਾਰਡਨਰ, ਚਾਲਰਸ ਹੁਗਲ ਬੈਰਨ, ਵਿਲੀਅਮ ਬਾਰ, ਹੈਨਰੀ ਐਡਵਰਡ ਫੈਨਡੇਪ੍ਰਿੰਸ ਅਲੈਕਸੀਜ ਸੋਲਟੀਕੋਫ਼। ਮਹਾਰਾਜਾ ਵਿਦੇਸ਼ ਯਾਤਰੀਆਂ ਨੂੰ ਸਾਵਧਾਨੀ ਤੇ ਸਤਿਕਾਰ ਨਾਲ ਮਿਲਦਾ। ਉਨ੍ਹਾਂ ਦੀਆਂ ਸੁਖ-ਸੁਵਿਧਾਵਾਂ, ਆਦਰ ਮਾਣ ਵੱਲ ਧਿਆਨ ਦਿੰਦਾ ਪਰ ਉਨ੍ਹਾਂ ਦੇ ਉਦੇਸ਼ਾਂ, ਆਸ਼ਿਆਂ, ਮਨਸ਼ਿਆਂ, ਗਤੀਵਿਧੀਆਂ ਬਾਰੇ ਮਿਲਣ ਤੋਂ ਪਹਿਲਾਂ ਤੇ ਮਿਲਣੀਆਂ ਦੌਰਾਨ ਨਿਰੰਤਰ ਸੁਚੇਤ ਰਹਿੰਦਾ। ਉਸ ਦੀ ਤਿੱਖੀ ਨੀਝ, ਪੁੱਛਗਿੱਛ ਬੰਦੇ ਨੂੰ ਅੰਦਰੋਂ ਬਾਹਰੋਂ ਵੇਖ ਲੈਂਦੀ। ਅਦੁੱਤੀ ਜਰਨੈਲ, ਕੁਸ਼ਲ ਪ੍ਰਬੰਧਕ, ਦੂਰਅੰਦੇਸ਼, ਹਰ ਸਮੇਂ ਨਵਾਂ ਜਾਣਨ ਸਮਝਣ ਦੀ ਜਗਿਆਸਾ ਸ਼ਹਿਨਸ਼ਾਹ ਵਜੋਂ ਆਪਣੇ ਰਾਜ ਦੀ ਸੁਰੱਖਿਆ/ਵਿਸਤਾਰ/ਵਿਕਾਸ ਲਈ ਫ਼ਿਕਰਮੰਦੀ, ਨਿਆਂਸ਼ੀਲਤਾ, ਬਹਾਦਰੀ, ਡੋਗਰਿਆਂ/ਮਿਸ਼ਰਾਂ ਦੀ ਵਧੀ ਹੋਈ ਤਾਕਤ, ਮਹਾਰਾਜੇ ਦੀ ਸਭ ਨੂੰ ਸਹਿਜੇ ਹੀ ਕਾਬੂ ਰੱਖਣ ਦੀ ਸਮਰੱਥਾ, ਸਿੱਖੀ ਪ੍ਰੇਮ ਜਿਹੇ ਕਈ ਪੱਖਾਂ ਉੱਤੇ ਨਵੀਂ ਰੌਸ਼ਨੀ ਪਾਉਂਦੀ ਹੈ ਇਹ ਕਿਤਾਬ। ਇਹ ਕਿਤਾਬ ਪੜ੍ਹਨਯੋਗ ਤੇ ਸਾਂਭਣਯੋਗ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਰੂਹ ਦੀ ਗਾਨੀ
ਗ਼ਜ਼ਲਕਾਰਾ : ਸੁਰਿੰਦਰ ਸਿਦਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 77
ਸੰਪਰਕ : 0172-5027427.

ਸੁਰਿੰਦਰ ਸਿਦਕ ਪੰਜਾਬੀ ਇਸਤਰੀ ਗ਼ਜ਼ਲਕਾਰਾਂ ਵਿਚ ਬਿਲਕੁਲ ਨਵੀਂ ਫ਼ਸਲ ਹੈ ਜੋ ਬੜੀ ਰਫ਼ਤਾਰ ਨਾਲ ਵਧੀ ਤੇ ਖ਼ੂਬਸੂਰਤ ਸਿੱਟਿਆਂ ਤਕ ਪਹੁੰਚੀ। 'ਰੂਹ ਦੀ ਗਾਨੀ' ਉਸ ਦਾ ਪਹਿਲਾ ਸ਼ਾਨਦਾਰ ਗ਼ਜ਼ਲ ਸੰਗ੍ਰਹਿ ਹੈ ਜਿਸ ਦੀ ਭਰਪੂਰ ਚਰਚਾ ਹੋਈ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਹ ਪਰਵਾਸ ਵਿਚ ਹੁੰਦੇ ਹੋਏ ਆਪਣੀ ਮਾਤ ਭਾਸ਼ਾ ਨੂੰ ਯਾਦ ਹੀ ਨਹੀਂ ਰੱਖ ਰਹੀ ਬਲਕਿ ਕਲਮ ਵੀ ਵਾਹ ਰਹੀ ਹੈ ਤੇ ਉਹ ਵੀ ਗ਼ਜ਼ਲ ਵਰਗੀ ਵਿਧਾ 'ਤੇ।
ਉਸ ਦੀ ਗ਼ਜ਼ਲ ਦੀ ਵੱਡੀ ਖ਼ੂਬੀ ਮਨੁੱਖੀ ਮਨ ਦੀਆਂ ਪਰਤਾਂ ਦੀ ਆਪਣੇ ਸ਼ਿਅਰਾਂ ਵਿਚ ਇਮਾਨਦਰਾਨਾ ਪੇਸ਼ਕਾਰੀ ਹੈ। ਸਿਦਕ ਦੀਆਂ ਗ਼ਜ਼ਲਾਂ ਦੇ ਸ਼ਿਅਰ ਕਲਪਨਾਵਾਂ 'ਤੇ ਆਧਾਰਿਤ ਨਹੀਂ ਹਨ ਬਲਕਿ ਹੰਢਾਇਆ, ਦੇਖਿਆ ਤੇ ਪਰਖਿਆ ਪੇਸ਼ ਕਰਦੇ ਹਨ। ਪੁਸਤਕ ਦੀਆਂ ਗ਼ਜ਼ਲਾਂ ਪੜ੍ਹਦਿਆਂ ਪਾਠਕ ਨੂੰ ਇਹ ਏਸੇ ਲਈ ਆਪਣੀ ਜ਼ਿੰਦਗੀ 'ਤੇ ਆਧਾਰਿਤ ਲਗਦੀਆਂ ਹਨ। ਉਸ ਨੂੰ ਗ਼ਜ਼ਲ ਦੇ ਅਸੂਲਾਂ ਦੀ ਚੰਗੀ ਜਾਣਕਾਰੀ ਹੈ ਤੇ ਇਨ੍ਹਾਂ ਵਿਚਲੇ ਸੰਗੀਤਕ ਅੰਸ਼ ਸਿਦਕ ਦੀ ਗ਼ਜ਼ਲ ਦੇ ਕੱਦ ਨੂੰ ਵੱਡਾ ਕਰਦੇ ਹਨ। ਆਪਣੇ ਸ਼ਿਅਰਾਂ ਵਿਚ ਗ਼ਜ਼ਲਕਾਰਾ ਨੇ ਕੁਝ ਅਸਲੋਂ ਨਵੇਂ ਤੇ ਸੱਜਰੇ ਮੰਜ਼ਰ ਸਿਰਜੇ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਸਾਰ ਪਾਠਕ ਮੰਤਰ ਮੁਗਧ ਹੋ ਜਾਂਦਾ ਹੈ। ਸ਼ਬਦਾਂ ਨਾਲ ਖੇਡਣ ਦੀ ਜਾਦੂਗਰੀ ਹੀ ਸ਼ਾਇਰੀ ਹੁੰਦੀ ਹੈ। ਉਹ ਕਹਿੰਦੀ ਹੈ 'ਝਾੜ ਕੇ ਇਸ ਧਰਤ ਨੂੰ ਫਿਰ ਤੋਂ ਵਿਛਾਈਏ ਲੋੜ ਹੈ, ਗਗਨਾਂ ਦੀ ਚਾਦਰ 'ਤੇ ਸੁਪਨੇ ਮੋਰ ਪਾਈਏ ਲੋੜ ਹੈ।' ਉਸ ਮੁਤਾਬਿਕ ਚਾਨਣ ਦੇ ਕਦਰਦਾਨ ਉਹੀ ਹੁੰਦੇ ਹਨ ਜਿਹੜੇ ਦੀਵਿਆਂ ਵਿਚ ਆਪਣਾ ਖ਼ੂਨ ਬਾਲ ਸਕਦੇ ਹਨ। ਉਸ ਨੂੰ ਪਿਆਰ ਮੁਹੱਬਤ, ਸਦਭਾਵਨਾ ਦਾ ਖੇਤ ਬੰਜਰ ਹੋਇਆ ਮਹਿਸੂਸ ਹੁੰਦਾ ਹੈ ਤੇ ਆਦਮੀ ਗੀਟੇ ਤੇ ਪੱਥਰ ਤੋਂ ਵੱਧ ਕੁਝ ਨਹੀਂ ਲਗਦਾ। ਉਹ ਕਦੀ ਆਪਣੇ ਆਪ ਨੂੰ ਨਦੀ ਮਹਿਸੂਸਦੀ ਹੈ ਤੇ ਕਦੀ ਨਿਰੀ ਪਿਆਸ, ਕਦੀ ਚੰਦ ਤੇ ਕਦੀ ਸੂਰਜ।
ਇਹ ਪੁਸਤਕ ਨਵੇਂ ਅੰਦਾਜ਼ ਨਾਲ ਛਪੀ ਹੈ। ਕਈ ਜਗ੍ਹਾ ਗ਼ਜ਼ਲਕਾਰਾ ਅਵੇਸਲੀ ਹੋਈ ਹੈ ਤੇ ਗ਼ਜ਼ਲ ਬਹੁਤ ਸੁਚੇਤ ਹੋ ਕੇ ਲਿਖੀ ਜਾਣ ਵਾਲੀ ਸਿਨਫ਼ ਹੈ। ਸਿਦਕ ਨੂੰ ਲਗਾਤਾਰ ਸਾਧਨਾ ਕਰਦੇ ਰਹਿਣਾ ਚਾਹੀਦਾ ਹੈ ਤੇ ਤਾਰੀਫ਼ੀ ਮੁੱਖ ਬੰਦ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਮੈਨੂੰ ਯਕੀਨ ਹੈ ਕਿ ਭਵਿੱਖ ਵਿਚ ਉਸ ਦੀ ਸਥਾਪਤੀ ਨਿਸਚਿਤ ਹੈ।

-ਗੁਰਦਿਆਲ ਰੌਸ਼ਨ
ਮੋ: 9988444002

 

 

 


ਸ਼ਾਇਰਾ : ਸੁਖਵਿੰਦਰ ਅੰਮ੍ਰਿਤ ਦੀਆਂ ਦੋ ਪੁਸਤਕਾਂ 'ਕਣੀਆਂ' ਤੇ 'ਨੀਲਿਆ ਮੋਰਾ ਵੇ...'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125, 125 ਰੁਪਏ, ਸਫ਼ੇ : 84, 88
ਸੰਪਰਕ : 98152-98459.

'ਕਣੀਆਂ' ਅਤੇ 'ਨੀਲਿਆ ਮੋਰਾ ਵੇ' ਲੇਖਿਕਾ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਹਨ, ਜਿਨ੍ਹਾਂ ਵਿਚ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਮਨ ਦੀਆਂ ਵੇਦਨਾਵਾਂ/ਸੰਵੇਦਨਾਵਾਂ ਨੂੰ ਕਵਿਤਾਵਾਂ/ਗੀਤਾਂ ਰਾਹੀਂ ਪੇਸ਼ ਕੀਤਾ ਹੈ।
'ਕਣੀਆਂ' ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਮੂਲ ਸੁਰ ਨਾਰੀ ਵੇਦਨਾ ਨਾਲ ਸਬੰਧਿਤ ਹੈ। ਇਨ੍ਹਾਂ ਕਵਿਤਾਵਾਂ ਵਿਚ ਨਾਰੀ ਵੇਦਨਾ ਦੀਆਂ ਅਨੇਕ ਪਰਤਾਂ ਨੂੰ ਵੱਖੋ-ਵੱਖਰੇ ਕੋਣਾਂ ਤੋਂ ਚਿਤਰਦੀ ਤੇ ਵਿਕੋਲਿਤਰੇ ਰੰਗਾਂ ਵਿਚ ਪੇਸ਼ ਕਰਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਔਰਤ ਸਾਰੇ ਸਮਾਜ ਵਿਚਲੀ ਉਹ ਦਮਿਤ ਔਰਤ ਹੈ, ਜਿਸ ਨੂੰ ਘਰ, ਸਮਾਜ, ਪਰਿਵਾਰ, ਹਰ ਥਾਂ ਉੱਤੇ ਮਰਦਾਵੀਂ ਵਹਿਸ਼ਤ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਿਕਾਰ ਹੋਣਾ ਪੈਂਦਾ ਹੈ। ਮਰਦਾਵੀਂ ਹਉਂ ਦੀਆਂ ਨਹੁੰਦਰਾਂ ਇਨ੍ਹਾਂ ਕਵਿਤਾਵਾਂ ਦੇ ਸ਼ਬਦਾਂ ਵਿਚ ਝਰੀਟਾਂ ਬਣ ਕੇ ਥਾਂ-ਥਾਂ ਇਸ ਸ਼ਾਇਰੀ ਦੇ ਪਿੰਡੇ ਦਾ ਨੀਲ ਬਣਦੀਆਂ ਹਨ,
ਕੌਣ ਕਹਿੰਦਾ ਹੈ
ਮੈਂ ਮਨਚਾਹੇ ਗਰਭ ਨੂੰ
ਜਨਮ ਨਹੀਂ ਦੇ ਸਕੀ
ਮੇਰੀ ਕਵਿਤਾ ਦੇ ਨਕਸ਼ ਮਿਲਦੇ ਹਨ
ਉਸ ਦੇ ਪਿਆਰ ਭਿੱਜੇ ਬੋਲਾਂ ਨਾਲ
ਜਿਸ ਦੇ ਸੰਜੋਗ 'ਚੋਂ ਜਨਮੀ ਹੈ
ਮੇਰੀ ਕਵਿਤਾ...।
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਔਰਤ ਦੇ ਸੰਘ ਅੰਦਰ ਸਦੀਆਂ ਤੋਂ ਨੱਪਿਆ ਘੁੱਟਿਆ ਦਰਦ ਇਨ੍ਹਾਂ ਕਵਿਤਾਵਾਂ ਵਿਚ ਅਦਭੁੱਤ ਆਕਾਰ ਧਾਰਦਾ ਹੈ
ਉਹ ਬੁਲਾਉਂਦਾ ਹੈ ਮੈਨੂੰ
ਏਨੇ ਨਾਵਾਂ ਨਾਲ
ਭੁੱਲ ਜਾਂਦਾ ਮੈਨੂੰ ਆਪਣਾ ਨਾਂਅ
ਆਪਣਾ ਵਜੂਦ
ਮਿਟ ਜਾਂਦੀ ਹੈ ਮੇਰੀ ਹਸਤੀ...।
'ਨੀਲਿਆ ਮੋਰਾ ਵੇ' ਪੁਸਤਕ ਵਿਚ ਸੁਖਵਿੰਦਰ ਅੰਮ੍ਰਿਤ ਦੇ ਗੀਤ ਸੰਕਲਿਤ ਹਨ। ਇਨ੍ਹਾਂ ਗੀਤਾਂ ਵਿਚ ਸ਼ਾਇਰਾ ਨੇ ਜਿਥੇ ਮਨੁੱਖੀ ਮਨ ਦੇ ਵਲਵਲਿਆਂ ਨੂੰ ਸੰਗੀਤਬੱਧ ਉਚਾਰ ਦਿੱਤਾ ਹੈ, ਉਥੇ ਉਸ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਕੁਦਰਤ ਦੇ ਬਿੰਬਾਂ ਇਤਿਹਾਸਕ/ਮਿਥਿਹਾਸਕ ਪ੍ਰਸੰਗਾਂ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਗੀਤਾਂ ਵਿਚ ਸੁਖਵਿੰਦਰ ਅੰਮ੍ਰਿਤ ਪੰਜਾਬੀ ਸੱਭਿਆਚਾਰਕ ਚਿੰਨ੍ਹਾਂ ਦੀ ਵਰਤੋਂ ਜਿਸ ਖੂਬਸੂਰਤੀ ਨਾਲ ਕਰਦੀ ਹੈ, ਉਹ ਵੇਖਣਯੋਗ ਹੈ।
ਤੋਰ ਅੰਮੜੀਏ ਤੋਰ
ਭਰ ਨਾ ਹਾਉਕੇ, ਕੇਰ ਨਾ ਅੱਥਰੂ
ਨਹੀਂ ਚੱਲਣਾ ਤੇਰਾ ਜ਼ੋਰ....
ਮੈਨੂੰ ਨਾਲ ਸ਼ਗਨ ਦੇ ਤੋਰ...।
ਸੁਖਵਿੰਦਰ ਅੰਮ੍ਰਿਤ ਦੀਆਂ ਇਹ ਦੋਵੇਂ ਪੁਸਤਕਾਂ ਨਿਰਸੰਦੇਹ ਪੰਜਾਬੀ ਕਾਵਿ ਖੇਤਰ ਵਿਚ ਗੁਣਾਤਮਿਕ ਵਾਧੇ ਦੀ ਤਸਦੀਕ ਕਰਦੀਆਂ ਹਨ।

-ਡਾ: ਅਮਰਜੀਤ ਕੌਂਕੇ


ਹਉਕਿਆਂ ਦੇ ਹਾਰ
ਕਵਿਤਰੀ : ਗਰਬਚਨ ਕੌਰ ਢਿਲੋਂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ: 150 ਰੁਪਏ, ਸਫੇ : 112
ਸੰਪਰਕ : 78370-08519.

'ਹਉਕਿਆਂ ਦੇ ਹਾਰ' ਕਾਵਿ ਗੁਲਦਸਤੇ ਦੀ ਸਿਰਜਣਾ ਕਵਿਤਰੀ ਗਰਬਚਨ ਕੌਰ ਢਿਲੋਂ ਨੇ ਆਪਣੇ ਸਵਰਗੀ ਪਤੀ ਸੂਬੇਦਾਰ ਅਜਾਇਬ ਸਿੰਘ ਦੀ ਯਾਦ ਨੂੰ ਸਮਰਪਿਤ ਕੀਤੀ ਹੈ। ਇਸੇ ਕਰਕੇ ਹੀ ਇਸ ਕਾਵਿ ਗੁਲਦਸਤੇ ਵਿਚ ਕਿਤੇ-ਕਿਤੇ ਵਿਛੋੜੇ ਦੀ ਉਦਾਸੀਨਤਾ ਦਾ ਰੰਗ ਵੀ ਰੂਪਮਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਕਾਵਿ ਗੁਲਦਸਤੇ ਵਿਚ ਕਰੀਬ ਛੇ ਕੁ ਦਰਜਨਾਂ ਕਾਵਿ ਪੰਖੜੀਆਂ ਹਰ ਕਾਵਿ ਰੰਗ ਨੂੰ ਬਿਖੇੜਨ ਵਿਚ ਯਤਨ ਕਰਨ ਦੀ ਕੋਸ਼ਿਸ਼ ਪ੍ਰਤੀਤ ਹੋ ਰਹੀਆਂ ਹਨ। ਚਾਨਣ ਦਾ ਜਲਾਲ ਨੰਗੀ-ਚਿੱਟੀ ਧੁੱਪ ਦੇ ਰੂਪ ਵਿਚ ਹੋ ਸਕਦਾ ਹੈ ਤੇ ਮਾਂ ਦੀ ਮਮਤਾ ਰੂਪ ਵਿਚ ਵੀ ਹੋ ਸਕਦਾ ਹੈ, ਜੰਮਣ ਭੋਇੰ ਨੂੰ ਨਸ਼ਿਆਂ ਤੇ ਹੋਰ ਬੁਰੇ ਕਰਮਾਂ ਦੇ ਦੈਂਤਾਂ ਤੋਂ ਬਚਾਉਣ ਦੀ ਕਾਮਨਾ, ਫੈਸ਼ਨ ਵਿਚ ਰੁੜ੍ਹਨ ਦੀ ਬਜਾਏ ਸਾਦਾ ਜੀਵਨ ਬਿਤਾਉਣਾ, ਸਵੇਰ ਦੀ ਮਨਮੋਹਕ ਆਮਦ, ਪੇਂਡੂ ਦ੍ਰਿਸ਼, ਆਜ਼ਾਦੀ ਹੀਰ ਜਿਸ ਨੂੰ ਕਈ ਰਾਝਿਆਂ (ਯੋਧੇ-ਸੂਰਬੀਰਾਂ/ਆਜ਼ਾਦੀ ਪਰਵਾਨਿਆਂ) ਦੀ ਕੁਰਬਾਨੀਆਂ ਦੇ ਮੁੱਲ ਵੱਟੇ ਵਿਆਹ ਕੇ ਲਿਆਉਣਾ ਪਰ ਸਰਮਾਏਦਾਰੀ ਤੇ ਬੇਈਮਾਨੀ ਨੇ ਇਸ 'ਤੇ ਕਾਬਜ਼ ਹੋਣਾ ਅਤੇ ਸਾਧਾਂ ਦੇ ਵੱਗ ਦੇ ਜਾਲ ਵਿਚ ਫਸਣਾ ਆਦਿ ਵਿਸ਼ਿਆਂ ਨੂੰ ਕਵਿੱਤਰੀ ਨੇ ਬੜੀ ਸਰਲ ਤੇ ਭਾਵਪੂਰਤ ਕਾਵਿ ਸ਼ੈਲੀ ਰਾਹੀਂ ਇਨਾਂ ਕਾਵਿ ਪੰਖੜੀਆਂ ਵਿਚ ਸਜਾਉਣ ਦਾ ਸਫਲ ਯਤਨ ਕੀਤਾ ਹੈ।
ਇਹ ਕਾਵਿ ਸੰਗ੍ਰਿਹ ਪਾਠਕ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਵੀ ਸਮਰੱਥ ਹੈ ਕਿਉਂਕਿ ਇਨ੍ਹਾਂ ਪੰਖੜੀਆਂ ਦੀ ਖੁਸ਼ਬੋਈ ਮਾਨਣ ਲਈ ਪਾਠਕ ਦਾ ਉਤਾਵਲੇਪਨ ਦਾ ਗ੍ਰਾਫ ਨੀਵਾਂ ਹੋਣ ਦੀ ਥਾਂ ਹੋਰ ਉੱਚਾ ਹੋਣ ਦੀ ਪੂਰੀ ਸੰਭਾਵਨਾ ਵੀ ਇਸ ਪੁਸਤਕ ਵਿਚ ਮਿਲਦੀ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

22-07-2018

 ਲੱਦਾਖ ਅਤੇ ਗੁਫ਼ਾਵਾਂ ਦਾ ਦੇਸ਼
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ 224
ਸੰਪਰਕ : 08130782551.

ਮਾਰਕ ਟਵੇਨ ਨੇ ਕਦੇ ਕਿਹਾ ਸੀ ਕਿ ਅਣਜਾਣੇ ਰਾਹਾਂ ਥਾਵਾਂ ਦੀ ਯਾਤਰਾ ਪੂਰਵਆਗ੍ਰਹਿਆਂ ਵਾਲੀ ਸੰਕੀਰਨ ਸੋਚ ਨੂੰ ਖ਼ਤਮ ਕਰਦੀ ਹੈ। ਉਸ ਦੇ ਇਸ ਸੁਝਾਅ ਉੱਤੇ ਅਮਲ ਕਰਕੇ ਕੀ ਅਜੋਕਾ ਭਾਰਤ ਨਫ਼ਰਤ ਤੇ ਜ਼ਹਿਰ ਨਾਲ ਭਰੇ ਸੰਕੀਰਨ ਸਿਆਸੀ ਮਾਹੌਲ ਤੋਂ ਛੁਟਕਾਰਾ ਪਾ ਸਕਦਾ ਹੈ? ਇਸ ਦਾ ਤਾਂ ਪਤਾ ਨਹੀਂ ਪਰ ਮਨਮੋਹਨ ਬਾਵਾ ਦਾ ਜੀਵਨ ਲਿਖਤਾਂ ਤੇ ਸਫ਼ਰਨਾਮੇ ਇਸ ਦਾ ਪ੍ਰਮਾਣ ਹਨ। ਉਹ ਸੰਵੇਦਨਸ਼ੀਲ ਆਰਟਿਸਟ, ਪ੍ਰਤਿਭਾਵਾਨ ਲੇਖਕ ਤੇ ਅਡਵੈਂਚਰ ਪ੍ਰੇਮੀ ਜਗਿਆਸੂ ਯਾਤਰੀ ਹੈ ਜੋ ਉਮਰ ਦੇ ਬੰਧਨਾਂ/ਸੀਮਾਵਾਂ ਨੂੰ ਵੰਗਾਰ ਕੇ ਵੀ ਯਾਤਰਾਵਾਂ 'ਤੇ ਤੁਰਿਆ ਰਹਿੰਦਾ ਹੈ। ਹਜ਼ਾਰਾਂ ਕਿਲੋਮੀਟਰ ਲੰਮੀਆਂ ਯਾਤਰਾਵਾਂ ਕਰਕੇ ਵੀ ਉਹ ਨਹੀਂ ਰੱਜਿਆ। ਯਾਤਰਾਵਾਂ ਉਪਰੰਤ ਉਹ ਆਪਣੇ ਅਨੁਭਵ ਗਲਪੀ ਵਾਰਤਕ ਦਾ ਸੁਆਦ ਦੇਣ ਵਾਲੇ ਸਫ਼ਰਨਾਮਿਆਂ ਵਿਚ ਪਾਠਕਾਂ ਨਾਲ ਸਾਂਝੇ ਵੀ ਕਰਦਾ ਹੈ। ਵਿਚਾਰ ਅਧੀਨ ਕਿਤਾਬ ਇਸ ਦਿਸ਼ਾ ਵਿਚ ਉਸ ਦਾ ਤਾਜ਼ਾ ਉੱਦਮ ਹੈ।
ਲੇਹ/ਲੱਦਾਖ, ਮਨਾਲੀ, ਨੁਬਰਾ ਵੈਲੀ, ਖਾਰਦੁੰਗ-ਲਾ, ਪੈਂਗੋਗ ਝੀਲ ਬੋਧੀ ਲਾਮਿਆਂ/ਗੌਂਫਿਆ ਦੇ ਦੂਰ-ਦਰਾਜ਼ ਖੇਤਰਾਂ ਵਿਚ ਉਸ ਦੀ ਯਾਤਰਾ ਨਾਲ ਸ਼ੁਰੂ ਹੁੰਦੀ ਹੈ ਇਹ ਕਿਤਾਬ। ਅਜੰਤਾ, ਐਲੋਰਾ, ਐਲੀਫੈਂਟਾ, ਕਾਰਲਾ ਦੀਆਂ ਗੁਫ਼ਾਵਾਂ ਇਸ ਦੀ ਅਗਲੀ ਕੜੀ ਹਨ। ਗਵਾਲੀਆਰ, ਝਾਂਸੀ, ਖੁਜਰਾਹੋ, ਜਬਲਪੁਰ, ਭਰਤਪੁਰ, ਉਜੈਨ, ਔਰਛਾ, ਮਾਂਡੂ, ਅਮਰਕੰਟਕ, ਪੰਚਮੜ੍ਹੀ, ਭੁਪਾਲ, ਸਾਂਚੀ ਵਿਦਿਸ਼ਾ ਆਦਿ ਦੇ ਅਣਡਿੱਠੇ ਰਾਹਾਂ ਦੀ ਗੱਲ ਕਰਕੇ ਸਮਾਪਤ ਹੁੰਦੀ ਹੈ। ਲੇਖਕ ਪੁਰਾਤਨ ਭਾਰਤੀ ਕਲਾ/ਸੱਭਿਆਚਾਰ/ਜੀਵਨ, ਕਬਾਇਲੀ ਰੀਤੀ ਰਿਵਾਜ, ਇਤਿਹਾਸ, ਮਿਥਿਹਾਸ, ਧਰਮ ਵਰਤਮਾਨ ਜੀਵਨ ਦੇ ਨਿੱਕੇ-ਨਿੱਕੇ ਵੇਰਵੇ ਆਪਣੇ ਬਿਰਤਾਂਤ ਵਿਚ ਜੋੜਦਾ ਜਾਂਦਾ ਹੈ। ਰਾਹ ਵਿਚ ਮਿਲੇ/ਬਣੇ ਨਵੇਂ ਪੁਰਾਣੇ ਮਿੱਤਰਾਂ/ਸੁਵਿਧਾਵਾਂ/ਦੁਵਿਧਾਵਾਂ/ਰੁਕਾਵਟਾਂ ਦੀ ਬਾਤ ਪਾਉਂਦਾ ਹੈ।
ਬਾਵਾ ਕੰਡਕਟਿਡ ਟੂਰ ਤੇ ਮਿਥ ਕੇ ਨਿਸਚਿਤ ਟਿਕਾਣਿਆਂ ਸੁਵਿਧਾਵਾਂ ਵਾਲੀਆਂ ਯਾਤਰਾਵਾਂ ਨਾ ਕਰਕੇ ਲੋਕਾਂ/ਥਾਵਾਂ/ਸਥਿਤੀਆਂ ਨਾਲ ਸਿੱਧਾ ਟਕਰਾਅ ਕੇ ਆਪਣੇ ਬਿਗਾਨੇ ਲੋਕਾਂ ਨੂੰ ਵੇਖਦਾ ਸਮਝਦਾ ਸਾਨੂੰ ਆਪਣੇ ਨਾਲ ਤੁਰਨ ਲਈ ਪ੍ਰੇਰਦਾ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਪੂਣੀਆਂ ਭਰੀ ਪਟਾਰੀ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 136.
ਸੰਪਰਕ :099873-08283.

ਡਾ: ਜਗਜੀਤ ਸਿੰਘ ਗੰਭੀਰ ਚਿੰਤਕ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਦਾ ਮਾਹਿਰ ਹੋਣ ਨਾਤੇ ਵਿਭਿੰਨ ਸਾਹਿਤਕ ਵਿਧਾਵਾਂ ਜ਼ਰੀਏ ਸਥਾਪਿਤ ਹੋ ਚੁੱਕਾ ਸਾਹਿਤਕਾਰ ਹੈ। ਆਤਮ ਕਥਾਵਾਂ ਲਿਖਣ ਵਿਚ ਤਾਂ ਉਸ ਦੀ ਨਿਵੇਕਲੀ ਪਛਾਣ ਹੈ, ਹੀ ਹੈ, ਪਰ ਰਚੇ ਲੇਖ ਇਸ ਲੇਖਕ ਦੀ ਉਸਾਰੂ ਸੋਚ-ਦ੍ਰਿਸ਼ਟੀ ਦੇ ਪ੍ਰਤਿਮਾਨਾਂ ਦਾ ਪ੍ਰਗਟਾਵਾ ਬਣਦੇ ਹਨ। ਪੁਸਤਕ ਵਿਚ ਅੰਕਿਤ 31 ਲੇਖ ਉਕਤ ਕਥਨ ਦੀ ਸਾਰਥਿਕਤਾ ਦਾ ਪਾਠਕਾਂ ਲਈ ਪ੍ਰਮਾਣਿਕ ਸਰੂਪ ਹੋ ਸਕਦੇ ਹਨ ਕਿਉਂਕਿ ਡਾ: ਕੇ. ਜਗਜੀਤ ਸਿੰਘ ਮਾਨਵੀ ਜੀਵਨ ਦੇ ਯਥਾਰਥ ਦੀਆਂ ਤਹਿ-ਦਰ-ਤਹਿ ਪਰਤਾਂ ਦਾ ਗਿਆਤਾ ਹੈ।
'ਰੱਬ ਨਾਲ ਮੇਰੀ ਆਡੀਓ ਕਾਨਫ਼ਰੰਸ' ਵਿਚ ਕੀਤੀ ਮੁਲਾਕਾਤ ਨਾਟਕੀ ਅੰਦਾਜ਼ ਵਿਚ ਜੀਵਨ ਦੇ ਰਹੱਸ ਨੂੰ ਉਭਾਰਦੀ ਹੈ ਅਤੇ ਇਸ ਤੋਂ ਅਗਾਂਹ ਆਸਤਕਤਾ ਤੇ ਨਾਸਤਕਤਾ ਦੇ ਚਿੰਤਨ ਨੂੰ ਅਗਾਂਹ ਤੋਰਦੀ ਹੋਈ ਵਿਸ਼ਵ ਵਿਆਪੀ ਪੱਧਰ ਤੱਕ ਦੀ ਚਿੰਤਨ-ਧਾਰਾ ਨੂੰ ਪ੍ਰਗਟਾਉਂਦੀ ਹੋਈ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਦੀ ਹੋਈ ਮਾਨਵੀ ਜ਼ਿੰਦਗੀ ਨੂੰ ਅਤਿ-ਆਧੁਨਿਕਤਾ ਦੇ ਸੰਦਰਭ ਵਿਚ ਪੇਸ਼ ਕਰਦੀ ਹੋਈ ਸਮਕਾਲੀਨ ਪੰਜਾਬੀ ਜੀਵਨ ਸ਼ੈਲੀ ਦੇ ਵਿਭਿੰਨ ਪ੍ਰਸੰਗਾਂ ਨੂੰ ਪੇਸ਼ ਕਰਦੀ ਹੈ। ਇਹ ਪ੍ਰਤਿਮਾਨ ਸਾਨੂੰ ਇਸ ਲੇਖਕ ਦੀ ਗੰਭੀਰ ਚਿੰਤਨ ਦ੍ਰਿਸ਼ਟੀ ਤੋਂ ਉਦੋਂ ਪ੍ਰਾਪਤ ਹੋ ਸਕਦੇ ਹਨ ਜਦੋਂ ਅਸੀਂ ਸੋਚਦੇ ਹਾਂ ਕਿ ਅਜੋਕਾ ਨਿਬੰਧਕਾਰ ਜੀਵਨ ਦੇ ਤਜਰਬੇ ਹੰਢਾਅ ਕੇ ਇਹ ਕਹਿ ਰਿਹਾ ਹੁੰਦਾ ਹੈ ਕਿ?ਮਾਨਵੀ ਜ਼ਿੰਦਗੀ ਕਿੱਥੇ ਹੈ?, ਕਿੱਥੇ ਸੁੱਖ ਚੈਨ ਹੋ ਸਕਦਾ ਹੈ? ਕਿਥੋਂ ਸੁੱਖ ਸਹੂਲਤਾਂ ਮਿਲ ਸਕਦੀਆਂ ਹਨ? ਕਿਥੋਂ ਮਾਨਵ ਨੂੰ ਆਪਣੀਆਂ ਪਾਲੀਆਂ ਹੋਈਆਂ ਤ੍ਰਿਸ਼ਨਾਵਾਂ ਦੀ ਸੰਤੁਸ਼ਟੀ ਹੋ ਸਕਦੀ ਹੈ ਅਤੇ ਕਿਵੇਂ ਜਨਜੀਵਨ ਸੁਖਾਵਾਂ ਹੋ ਸਕਦਾ ਹੈ ਆਦਿ ਇਨ੍ਹਾਂ ਸਭਨਾਂ ਪ੍ਰਸ਼ਨਾਂ ਦੇ ਉੱਤਰ, ਇਨ੍ਹਾਂ ਸਾਰੇ ਨਿਬੰਧਾਂ ਵਿਚ ਅੰਕਿਤ ਹਨ। ਨਿਰਸੰਦੇਹ, ਉਸਾਰੂ ਸੋਚ-ਦ੍ਰਿਸ਼ਟੀ, ਹਾਂ-ਵਾਚੀ ਜੀਵਨ ਸ਼ੈਲੀ ਨੂੰ ਸਰਲਤਾ, ਸਪੱਸ਼ਟਤਾ ਅਤੇ ਸਹਿਜਤਾ ਵਿਚ ਪ੍ਰਗਟਾਇਆ ਹੈ। ਸੱਚਮੁੱਚ ਇਹ ਉਹ ਪੂਣੀਆਂ ਭਰੀ ਪਟਾਰੀ ਹੈ ਜਿਨ੍ਹਾਂ ਤੋਂ ਬਣੀਆਂ ਤੰਦਾਂ ਨੇ ਜੀਵਨ ਰੂਪੀ ਪੁਸ਼ਾਕ ਬਣ ਕੇ ਮਾਨਵੀ ਜੀਵਨ ਨੂੰ ਰੁਸ਼ਨਾਉਣਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਇਹ ਜੋ ਨਦੀਆਂ
ਕਵੀ : ਅਮਨ ਸੀ. ਸਿੰਘ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 196
ਸੰਪਰਕ : 94179-75711.

ਅਮਨ ਸੀ. ਸਿੰਘ ਨੇ ਆਪਣੀਆਂ ਕਈ ਕਵਿਤਾਵਾਂ ਵਿਚ 'ਨਦੀ' ਦੇ ਹਵਾਲੇ ਨਾਲ ਨਾਰੀ ਜੀਵਨ ਦੀ ਮਹਿਮਾ ਅਤੇ ਗੌਰਵ ਨੂੰ ਵਿਅਕਤ ਕੀਤਾ ਹੈ। ਉਸ ਅਨੁਸਾਰ ਨਦੀਆਂ ਖਿੰਗ੍ਹਰਾਂ ਸੰਗ ਟਕਰਾਉਂਦੀਆਂ ਹੋਈਆਂ ਅੱਗੇ ਵਧਣ ਦੀ ਸ਼ਕਤੀ ਰੱਖਦੀਆਂ ਹਨ ਪਰ ਇਹ ਕਾਫੀ ਭਾਵੁਕ ਵੀ ਹੁੰਦੀਆਂ ਹਨ (ਪੰਨਾ 34)। ਕੁਝ ਨਦੀਆਂ ਸਾਰੀ ਉਮਰ ਚਲਦੀਆਂ (ਵਗਦੀਆਂ) ਰਹਿਣ ਦੇ ਬਾਵਜੂਦ ਕਿਧਰੇ ਨਹੀਂ ਅੱਪੜਦੀਆਂ। ਆਪਣੀ ਅਜਿਹੀ ਨਿਯਤੀ ਦੇ ਵਿਰੁੱਧ ਉਹ ਬਗ਼ਾਵਤ ਵੀ ਕਰ ਦਿੰਦੀਆਂ ਹਨ (ਪੰਨਾ 35)। ਪਰ ਇਨ੍ਹਾਂ ਸਾਰੀਆਂ ਨਦੀਆਂ ਦੀ ਹੋਣੀ (ਸ਼ਕਤੀ) ਇਹ ਹੁੰਦੀ ਹੈ ਕਿ ਇਹ ਜਿਥੋਂ ਉਗਮਦੀਆਂ ਹਨ, ਉਤੇ ਅਸਤਦੀਆਂ ਨਹੀਂ। ਇਹ ਦੂਰ-ਦੁਰਾਡੇ ਦੀਆਂ ਜ਼ਮੀਨਾਂ ਨੂੰ ਭਾਗ ਲਾ ਕੇ ਉਨ੍ਹਾਂ ਨੂੰ ਹਰਾ-ਭਰਾ ਕਰ ਦਿੰਦੀਆਂ ਹਨ। ਇਕੋ ਜੂਨ ਵਿਚ ਕਈ-ਕਈ ਜੂਨਾਂ ਹੰਢਾ ਲੈਂਦੀਆਂ ਹਨ (ਪੰਨਾ 38)। ਨਦੀਆਂ ਸਮੁੰਦਰ ਦਾ ਦਰਦ ਵੰਡਾਉਂਦੀਆਂ ਹਨ। ਸਮੁੰਦਰ, ਨਦੀ ਦੇ ਨੈਣਾਂ ਵਿਚ ਅਣਮੁਕ ਪਿਆਸ ਦੇਖ ਕੇ ਠੰਠਬਰ ਜਾਂਦਾ ਹੈ। ਇਸ ਤਰ੍ਹਾਂ ਨਦੀ ਦੇ ਚਿਹਨਕ ਦੁਆਰਾ ਕਵੀ ਨੇ ਨਾਰੀ ਦੀ ਵੇਦਨਾ, ਸੰਵੇਦਨਾ, ਊਰਜਾ ਅਤੇ ਸਮਰੱਥਾ ਨੂੰ ਰੂਪਮਾਨ ਕਰਨ ਦਾ ਪ੍ਰਭਾਵਸ਼ਾਲੀ ਪ੍ਰਯਾਸ ਕੀਤਾ ਹੈ।
ਅਮਨ ਸੀ. ਸਿੰਘ ਦੀ ਇਕ ਹੋਰ ਆਰਜ਼ੂ 'ਨਾਦ ਤੋਂ ਵਿਸਮਾਦ ਤੱਕ' ਪਹੁੰਚਣ ਨਾਲ ਸਬੰਧਿਤ ਹੈ। ਉਸ ਦਾ ਵਿਚਾਰ ਹੈ ਕਿ ਕਵਿਤਾ, ਆਪਣੇ ਅੰਦਰਲੀ ਅਸੀਮਤਾ ਦੇ ਕੁਝ ਅੰਸ਼ ਸਾਂਭਣ ਦੀ ਪ੍ਰਕਿਰਿਆ ਹੈ। ਉਹੀ ਵਿਅਕਤੀ ਕਵੀ ਬਣ ਸਕਦਾ ਹੈ, ਜੋ ਆਪਣੇ ਅੰਦਰਲੀ ਅਸੀਮਤਾ ਨੂੰ ਪਛਾਣ ਲੈਂਦਾ ਹੈ। ਜੋ ਆਪਣੇ ਅਸੀਮ ਆਤਮ ਦੀ ਥਾ ਨਹੀਂ ਪਾ ਸਕਦੇ, ਇਹੋ ਜਿਹੇ ਲੋਕ ਨਾ ਕਾਵਿ ਸਿਰਜਣਾ ਕਰ ਸਕਦੇ ਹਨ ਅਤੇ ਨਾ ਹੀ ਕਾਵਿ-ਪਾਠਕ ਬਣ ਸਕਦੇ ਹਨ। ਅਮਨ ਦੀਆਂ ਕਵਿਤਾਵਾਂ 'ਅਸੀਮ ਆਤਮ ਦੀ ਥਾਹ ਪਾ ਲੈਣ ਵਾਲੇ ਪਾਠਕਾਂ' ਲਈ ਰਚੀਆਂ ਗਈਆਂ ਹਨ।
ਉਹ ਬੜੇ ਸਹਿਜ ਅਤੇ ਸੁਭਾਵਿਕ ਅੰਦਾਜ਼ ਵਿਚ ਕਾਵਿ ਰਚਨਾ ਕਰਦੀ ਹੈ। ਬਹੁਤ ਹੀ ਡੂੰਘੇ ਸਰੋਕਾਰਾਂ ਨਾਲ ਸਬੰਧਿਤ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਸੰਚਾਰ ਦੀ ਸਮੱਸਿਆ ਆੜੇ ਨਹੀਂ ਆਉਂਦੀ। ਉਸ ਦੀ ਇਕ ਕਵਿਤਾ ਦੇਖੋ :
ਇਹ ਕੇਹੀ ਟੋਰ ਭਲਾ
ਕਿ ਜਦ ਵੀ ਟੁਰਾਂ
ਸਿਰ ਤੇ ਪੈਰ ਰੱਖ ਹੀ ਟੁਰਾਂ।
ਅੱਗੇ ਵਧਦੀ ਹਾਂ ਤਾਂ ਗੁਆਚ ਜਾਂਦੀ ਹਾਂ
ਕੋਈ ਤਾਂ ਰਾਹ ਹੋਵੇ
ਸੁਪਨਿਆਂ ਤੀਕ ਅਪੜਣ ਦਾ!
(ਤਲਾਸ਼, 147)
ਪੁਸਤਕ ਦੀ ਛਪਾਈ ਸੁੰਦਰ ਹੈ। ਕਵਿਤਾਵਾਂ ਅਤੇ ਪੁਸਤਕ ਵਿਚਲੇ ਚਿੱਤਰ, ਦੋਵੇਂ ਇਕ ਦੂਜੇ ਨੂੰ ਸਹਿਯੋਗ ਦੇ ਕੇ ਵਧੇਰੇ ਸੁੰਦਰ ਅਤੇ ਆਕ੍ਰਸ਼ਕ ਬਣਾਉਂਦੇ ਹਨ।

?ਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮੇਰੀ ਪਹਿਲੀ ਵਿਦੇਸ਼ ਯਾਤਰਾ
ਲੇਖਕ : ਡਾ: ਮੋਹਨ ਸਿੰਘ 'ਰਤਨ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 165
ਸੰਪਰਕ : 0172-5027427.

ਇਹ ਪੁਸਤਕ ਲੇਖਕ ਦਾ ਸਫ਼ਰਨਾਮਾ ਹੈ। ਇਸ ਵਿਚ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ ਅਤੇ ਮੈਕਾਊ ਦੀ ਯਾਤਰਾ ਦਾ ਵਰਨਣ ਬੜੇ ਰੌਚਕ ਢੰਗ ਨਾਲ ਕੀਤਾ ਗਿਆ ਹੈ। ਲੇਖਕ ਦੀ ਇਹ ਪਹਿਲੀ ਵਿਦੇਸ਼ ਯਾਤਰਾ ਅਤੇ ਹਵਾਈ ਯਾਤਰਾ ਹੋਣ ਕਰਕੇ ਕੁਝ ਭੈਅ, ਪ੍ਰੇਸ਼ਾਨੀ, ਚਿੰਤਾ ਆਦਿ ਦਾ ਹੋਣਾ ਸੁਭਾਵਿਕ ਸੀ। ਲੇਖਕ ਨੇ ਆਪਣੇ ਡਰ, ਤੌਖਲੇ ਅਤੇ ਕਮਜ਼ੋਰੀਆਂ ਨੂੰ ਬੜੀ ਦਿਆਨਤਦਾਰੀ ਨਾਲ ਪ੍ਰਗਟ ਕੀਤਾ ਹੈ। ਇਸ ਪੁਸਤਕ ਵਿਚ ਵਿਦੇਸ਼ੀ ਧਰਤੀਆਂ ਦੀ ਖੂਬਸੂਰਤੀ, ਉਥੋਂ ਦੇ ਵਸਨੀਕਾਂ, ਕੁਦਰਤੀ ਦ੍ਰਿਸ਼ਾਂ ਅਤੇ ਭੂਗੋਲਿਕ ਪ੍ਰਸਥਿਤੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਥਾਈਲੈਂਡ ਤੇ ਇਸ ਦੀ ਰਾਜਧਾਨੀ ਬੈਂਕਾਕ, ਇਥੋਂ ਦਾ ਅਮੀਰ ਸ਼ਹਿਰ ਹਡਯਾਈ ਅਤੇ ਪਤੀਆ ਦੇ ਸਮੁੰਦਰੀ ਕਿਨਾਰੇ ਦਾ ਵਰਨਣ ਬਹੁਤ ਦਿਲਚਸਪ ਹੈ। ਲੇਖਕ ਨੂੰ ਇਕ ਜੂਸ ਪਿਆਇਆ ਗਿਆ ਜੋ ਬਹੁਤ ਸੁਆਦੀ ਸੀ। ਪੁੱਛਣ 'ਤੇ ਦੱਸਿਆ ਗਿਆ ਕਿ ਇਹ ਥਾਈਲੈਂਡ ਦੇ ਨੈਸ਼ਨਲ ਪੰਛੀ ਦਾ ਥੁੱਕ ਹੈ ਜੋ ਵਧੀਆ ਸੁਆਦ ਵਾਲਾ ਅਤੇ ਤਾਕਤਵਰ ਹੁੰਦਾ ਹੈ। ਪੀਨਾਂਗ ਦੇ ਅਦਭੁੱਤ ਟਾਪੂ ਦੀ ਸੈਰ ਕਰਵਾਈ ਗਈ ਹੈ। ਹਾਂਗਕਾਂਗ ਨੂੰ ਸੈਲਾਨੀਆਂ ਦਾ ਸਵਰਗ ਕਿਹਾ ਜਾਂਦਾ ਹੈ। ਇਥੋਂ ਦੇ ਕੁਦਰਤੀ ਨਜ਼ਾਰੇ ਮਨ ਮੋਹ ਲੈਂਦੇ ਹਨ। ਤਲਾਬਾਂ ਦੇ ਰੂਪ ਵਿਚ ਛੋਟੇ-ਛੋਟੇ ਨਕਲੀ ਸਮੁੰਦਰ ਬਣਾਏ ਗਏ ਹਨ ਜਿਨ੍ਹਾਂ ਵਿਚ ਸਮੁੰਦਰੀ ਜੀਵ ਰੱਖੇ ਹੋਏ ਹਨ। ਹਾਂਗਕਾਂਗ ਵਿਚ ਸਾਈਕਲ ਚਲਾਉਣ ਦੀ ਮਨਾਹੀ ਹੈ। ਆਪਣਾ ਇਹ ਸ਼ੌਕ ਪੂਰਾ ਕਰਨ ਲਈ ਲੋਕ ਪਿੰਡਾਂ ਵਿਚ ਕਿਰਾਏ ਦੇ ਸਾਈਕਲ ਲੈ ਕੇ ਚਲਾਉਂਦੇ ਹਨ।
ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਆਪਣੇ ਧਰਮ ਅਤੇ ਵਿਰਸੇ ਲਈ ਪਿਆਰ ਹੈ। ਪਾਕਿਸਤਾਨੀ ਅਤੇ ਭਾਰਤੀ ਪੰਜਾਬੀ ਮਿੱਤਰਤਾ ਨਾਲ ਰਹਿੰਦੇ ਹਨ। ਗੁਰਦੁਆਰਿਆਂ ਵਿਚ ਵਿਦਵਾਨਾਂ, ਰਾਗੀਆਂ ਅਤੇ ਕਥਾਕਾਰਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਾਰੇ ਪੰਜਾਬੀ ਗੁਰਦੁਆਰਿਆਂ ਵਿਚ ਇਕੱਠੇ ਹੁੰਦੇ ਹਨ ਅਤੇ ਉਥੇ ਹੀ ਵਿਆਹ ਸ਼ਾਦੀਆਂ ਕੀਤੇ ਜਾਂਦੇ ਹਨ। ਸਮੁੱਚੇ ਤੌਰ 'ਤੇ ਇਹ ਇਕ ਦਿਲਚਸਪ ਅਤੇ ਗਿਆਨ ਵਿਚ ਵਾਧਾ ਕਰਨ ਵਾਲੀ ਪੁਸਤਕ ਹੈ।

?ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਫਲਤਾ ਦਾ ਰਾਜ
ਲੇਖਕ : ਰਾਮ ਨਾਥ ਸੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 94643-91902.

ਪੰਜ ਦਰਜਨ ਤੋਂ ਵੱਧ ਵਾਰਤਕ ਦੀਆਂ ਪੁਸਤਕਾਂ ਰਚ ਕੇ ਅਜੋਕੇ ਸਿਰਕੱਢ ਵਾਰਤਕਾਰਾਂ ਨਾਲ ਮੋਢਾ ਮੇਚਣ ਵਾਲੇ ਵਾਰਤਕਕਾਰ ਪਟਿਆਲਾ ਨਿਵਾਸੀ ਰਾਮ ਨਾਥ ਸ਼ੁਕਲਾ ਦੀ ਹਥਲੀ ਵਾਰਤਕ ਪੁਸਤਕ 'ਸਫਲਤਾ ਦਾ ਰਾਜ਼' ਆਪਣੇ ਵਿਲੱਖਣ ਲੇਖਾਂ ਦੀ ਬਦੌਲਤ ਪਾਠਕ ਨੂੰ ਗਹਿਰਾਈ ਨਾਲ ਸੋਚਣ ਲਈ ਪਾਬੰਦ ਕਰਦੀ ਹੈ। ਸਰਲ ਅਤੇ ਸੌਖੀ ਭਾਸ਼ਾ ਵਿਚ ਅਤੇ ਸਾਧਾਰਨ ਸ਼ੈਲੀ ਦੁਆਰਾ ਲੇਖਕ ਆਪਣੀ ਗੱਲ ਕਹਿਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਹ ਕਿਸੇ ਵੀ ਖਿਆਲ ਨੂੰ ਹਲਕੇ-ਫੁਲਕੇ ਢੰਗ ਨਾਲ ਲੇਖ ਦਾ ਜਾਮਾ ਪਹਿਨਾਉਣ ਦੀ ਪ੍ਰਭਾਵਸ਼ਾਲੀ ਕਲਾ ਦਾ ਵੱਡਾ ਲੇਖਕ ਸਿੱਧ ਹੁੰਦਾ ਹੈ। ਲੇਖਕ ਰਾਮ ਨਾਥ ਸੁਕਲਾ ਦੀ ਸ਼ੈਲੀ ਦਾ ਇਕ ਕਮਾਲ ਇਹ ਵੀ ਕਿ ਸਭ ਤੋਂ ਪਹਿਲਾਂ ਉਹ ਪੁਸਤਕ ਦਾ ਸਿਰਲੇਖ ਅਜਿਹਾ ਚੁਣਦਾ ਹੈ ਕਿ ਉਸ ਸਿਰਲੇਖ ਦੇ ਅਰਥਾਂ ਨੂੰ ਉਘਾੜਦਾ ਹੋਇਆ ਦਾਰਸ਼ਨਿਕ ਅੱਖ ਦੁਆਰਾ ਉਸ ਦੇ ਵੱਖ-ਵੱਖ ਪੱਖਾਂ ਨੂੰ ਲੇਖਾਂ ਦੇ ਵਿਸ਼ੇ ਬਣਾਉਂਦਾ ਹੈ। ਮਿਸਾਲ ਦੇ ਤੌਰ 'ਤੇ ਲੇਖਕ ਸ਼ੁਕਲਾ ਨੇ ਇਸ ਪੁਸਤਕ ਦਾ ਟਾਈਟਲ 'ਸਫਲਤਾ ਦਾ ਰਾਜ਼' ਰੱਖਿਆ ਹੈ। ਇਸ ਪੁਸਤਕ ਦੇ ਬਾਕੀ ਤਮਾਮ ਲੇਖ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੇ ਹਨ। ਪੁਸਤਕ ਦਾ ਪਹਿਲਾ ਲੇਖ 'ਸੰਭਾਵਨਾਵਾਂ' ਤੋਂ ਲੈ ਕੇ 'ਵੰਸ਼ ਪਰੰਪਰਾ', 'ਤੁਹਾਡੀ ਆਪਣੀ ਸ਼ਖ਼ਸੀਅਤ', 'ਦ੍ਰਿੜ੍ਹ ਇਰਾਦਾ', 'ਬੁੱਧੀ ਪੱਧਰ', 'ਤੰਤੂ ਪ੍ਰਬੰਧ ਦਾ ਸਮਤੋਲ', 'ਮਾਨਸਿਕ ਅਤੇ ਭੌਤਿਕ' ਆਦਿ ਲੇਖ 'ਸਫਲਤਾ ਦਾ ਰਾਜ਼' ਵਿਸ਼ੇ ਦੁਆਲੇ ਘੁੰਮਦੇ ਹਨ। ਇਹੋ ਹੀ ਇਸ ਪੁਸਤਕ ਦੀ ਵਿਲੱਖਣਤਾ ਹੈ।

?ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਤੇਤੀ ਦਿਨਾਂ ਦੀ ਲੰਡਨ ਡਾਇਰੀ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 78
ਸੰਪਰਕ : 98151-23900.

ਲੇਖਕ ਦਾ ਇਹ ਪਹਿਲਾ ਸਫ਼ਰਨਾਮਾ ਹੈ ਲੰਡਨ ਦੀ ਸੈਰ ਬਾਰੇ। ਪਹਿਲੇ ਭਾਗ ਵਿਚ ਲੇਖਕ ਨੇ ਆਪਣੀ ਸਫ਼ਰ ਡਾਇਰੀ ਲਿਖਦੇ ਹੋਏ ਲੰਡਨ ਜਾਣ ਦਾ ਸਬੱਬ ਤੇ ਕਾਰਨ ਸੰਖੇਪ ਵਿਚ ਦੱਸਿਆ ਹੈ ਅਤੇ 33 ਦਿਨਾਂ ਦੀ ਲੰਡਨ ਯਾਤਰਾ ਦਾ ਹਾਲ (ਮਿਤੀ 9.9.15 ਤੋਂ 11.10.15) ਵਿਸਥਾਰ ਨਾਲ ਮਿਤੀਵਾਰ ਲਿਖਿਆ ਹੈ ਕਿ ਉਹ ਕਿਵੇਂ ਮੁਹਾਲੀ ਤੋਂ ਲੰਡਨ ਪੁੱਜੇ ਅਤੇ ਇਨ੍ਹਾਂ ਦਿਨਾਂ ਦੌਰਾਨ ਕਿਸ-ਕਿਸ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਕੋਲ ਠਹਿਰੇ ਅਤੇ ਕਿਹੜੀਆਂ ਥਾਵਾਂ ਦੇ ਨਜ਼ਾਰਿਆਂ ਦਾ ਅਨੰਦ ਮਾਣਿਆ। ਉਥੋਂ ਦੇ ਆਲੇ-ਦੁਆਲੇ, ਪ੍ਰਕਿਰਤੀ ਵਰਨਣ, ਸੂਰਜ ਦੀਆਂ ਨਿੱਘੀਆਂ ਕਿਰਨਾਂ, ਧੁੱਪ-ਛਾਂ ਦਾ ਅਨੰਦ ਮਾਨਣਾ, ਮੋਮ ਦੇ ਬੁੱਤਾਂ ਦਾ ਅਜਾਇਬ ਘਰ ਦੇਖਣਾ, ਦਰਿਆ ਥੇਮਸ ਦਾ ਵਹਿੰਦਾ ਸਾਫ਼ ਪਾਣੀ ਤੇ ਆਲੇ-ਦੁਆਲੇ ਉਸਰੀਆਂ ਇਮਾਰਤਾਂ ਦਾ ਅਦਭੁੱਤ ਦ੍ਰਿਸ਼, ਮੋਤਾ ਸਿੰਘ ਸਰਾਏ ਨੂੰ ਮਿਲਣਾ ਤੇ ਨਿੱਘਾ ਸਵਾਗਤ, ਅੰਬਰ ਰੇਡੀਓ 'ਤੇ ਦਿੱਤਾ ਪ੍ਰੋਗਰਾਮ, ਵਿੰਡਸਰ ਕੈਸਲ ਦਾ ਦ੍ਰਿਸ਼, ਨੈਸ਼ਨਲ ਆਰਟ ਗੈਲਰੀ ਵਿਖੇ ਪਈਆਂ ਪੁਰਾਣੀਆਂ ਕਲਾ ਕਿਰਤਾਂ ਤੇ ਕਲਾਕਾਰੀ, ਉਥੋਂ ਦੀ ਮਹਿਮਾਨ ਨਿਵਾਜ਼ੀ ਤੇ ਪਿਆਰ, ਸੱਭਿਆਚਾਰ ਆਦਿ ਦਾ ਵਰਨਣ ਬਾਖੂਬੀ ਕੀਤਾ ਹੈ ਜਿਵੇਂ ਪਾਠਕ ਵੀ ਨਾਲ-ਨਾਲ ਅਨੰਦ ਮਾਣ ਰਹੇ ਹੋਣ।
ਪੁਸਤਕ ਦੇ ਦੂਜੇ ਭਾਗ ਵਿਚ ਲੰਡਨ ਦੇ ਠਹਿਰਾਓ ਦੌਰਾਨ ਲਿਖੀਆਂ ਰਚਨਾਵਾਂ ਦਾ ਵਰਨਣ ਹੈ ਜਿਵੇਂ ਲੰਡਨ ਦੀ ਧੁੱਪ ਦਾ ਹੁਸਨ, ਇਕੱਲਾ ਖੜੋਤਾ ਰੁੱਖ, ਸੁਪਨੇ ਵਿਚ ਕਵਿਤਾ ਦੀਆਂ ਗੱਲਾਂ, ਵਾਲਸਾਲ ਸ਼ਹਿਰ ਦੀਆਂ ਤਿੰਨ ਰਾਤਾਂ ਤਿੰਨ ਪ੍ਰਭਾਤਾਂ ਤੇ ਛੱਲੀ ਚਬਦਿਆਂ ਦੰਦ ਟੁੱਟਿਆ ਆਦਿ।
ਕਵਿਤਾ ਭਾਗ ਵਿਚ ਜਹਾਜ਼ ਦੀ ਉਡਾਨ, ਸਾਗਰ ਕੰਢੇ ਬਲਦਾ ਦੀਵਾ, ਬੰਦਾ, ਧੁੱਪ ਦੀ ਚੋਰੀ ਵਾਲਾ ਸ਼ਹਿਰ, ਗਜ਼ਬ, ਜੜ੍ਹਾਂ ਤਾਂ ਮਾਵਾਂ ਹੁੰਦੀਆਂ, ਕਵਿਤਾ ਰਾਹੀਂ ਦ੍ਰਿਸ਼ ਪੇਸ਼ ਕੀਤੇ ਹਨ। ਪੁਸਤਕ ਦੇ ਅੰਤ ਵਿਚ ਉਥੇ ਖਿੱਚੀਆਂ ਤਸਵੀਰਾਂ-ਮੋਮ ਦੇ ਬੁੱਤ ਨਾਲ, ਸਾਇੰਸ ਮਿਊਜ਼ੀਅਮ ਵਿਖੇ ਨੈਸ਼ਨਲ ਗੈਲਰੀ, ਥੇਮਜ਼ ਦਰਿਆ ਕੰਢੇ, ਆਰਟ ਗੈਲਰੀ, ਦੇਸੀ ਰੇਡੀਓ ਸਾਊਥਾਲ ਵਿਖੇ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਖਿੱਚੀਆਂ ਯਾਦਗਾਰੀ ਤਸਵੀਰਾਂ ਦਿੱਤੀਆਂ ਹਨ। ਲੇਖਕ ਦੀ ਵਾਰਤਕ ਸ਼ੈਲੀ ਤੇ ਕਾਵਿ ਰੰਗ ਦੋਵੇਂ ਬਾਖੂਬੀ ਉੱਭਰ ਕੇ ਸਾਹਮਣੇ ਆਉਂਦੇ ਹਨ। ਸੰਖੇਪ, ਸਰਲ ਤੇ ਸਹਿਜ ਭਾਸ਼ਾ ਅਮੀਰੀ ਗੁਣ ਹਨ।

?ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਵਣਜਾਰਾ ਗੀਤਾਂ ਦਾ
ਗੀਤਕਾਰ : ਨਿੰਮਾ ਡੱਲੇਵਾਲੀਆ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ 150 ਰੁਪਏ, ਸਫ਼ੇ : 143
ਸੰਪਰਕ : 99151-03490.

'ਵਣਜਾਰਾ ਗੀਤਾਂ ਦਾ' ਕਿਤਾਬ ਨਿੰਮਾ ਡੱਲੇਵਾਲੀਆ ਦੇ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਉਸ ਦੇ ਲਿਖੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਗੀਤ ਦਰਜ ਹਨ। ਕਦੇ ਉਹ ਆਪਣੀ ਦਰਦ ਕਹਾਣੀ ਲਿਖਦਾ ਹੈ ਤੇ ਕਦੇ ਹੋਰਾਂ ਦੀ। ਕਦੇ ਮੁਹੱਬਤੀ ਗੀਤ ਸਿਰਜਦਾ ਹੈ, ਕਦੇ ਪਰਿਵਾਰਕ। ਕਦੇ ਤਲਖ ਹਕੀਕਤਾਂ ਬਿਆਨਦਾ ਹੈ ਤੇ ਕਦੇ ਚੋਭਾਂ ਲਾਉਣ ਵਾਲੇ। ਜ਼ਿੰਦਗੀ ਦਾ ਕੌੜਾ ਸੱਚ ਉਸ ਦੇ ਕਈ ਗੀਤਾਂ ਵਿਚੋਂ ਝਲਕਦਾ ਹੈ। ਉਹ ਪੀੜ ਦੇਣ ਵਾਲਿਆਂ ਨੂੰ ਆਪਣਾ ਜਾਣਦਾ ਹੈ। ਪਰ ਅੰਦਰੋਂ ਇਸ ਗੱਲ 'ਤੇ ਦੁਖੀ ਵੀ ਹੈ ਕਿ ਅੱਜ ਦੇ ਸਮੇਂ ਵਿਚ ਕੋਈ ਕਿਸੇ ਦਾ ਨਹੀਂ। ਇਕ ਥਾਂ ਉਹ ਲਿਖਦਾ ਹੈ :
ਬੀਜੇ ਫੁੱਲ ਤਾਂ ਉੱਗੇ ਕੰਡੇ,
ਸਭ ਸੁਪਨੇ ਹੋਏ ਰੰਡੇ।
ਹਰ ਸੱਧਰ ਲਗਦਾ ਸੀੜ ਹੋਈ,
ਕੋਈ ਕੀ ਜਾਣੇ ਕਿੰਨੀ ਪੀੜ ਹੋਈ।
ਨਿੰਮਾ ਮਾਂ ਬੋਲੀ ਪੰਜਾਬੀ ਦਾ ਕਦਰਦਾਨ ਹੈ। ਉਸ ਦੇ ਕਈ ਗੀਤ ਪੜ੍ਹ ਜਾਪਦਾ ਹੈ ਕਿ ਉਸ ਨੂੰ ਮਾਂ ਬੋਲੀ ਵਿਚ ਹੋਰ ਬੋਲੀਆਂ ਦੇ ਹੋ ਰਹੇ ਰਲੇਵੇਂ ਅਤੇ ਅੰਗਰੇਜ਼ੀ, ਹਿੰਦੀ ਦੀ ਪੈ ਰਹੀ ਮਾਰ ਦਾ ਦੁੱਖ ਹੈ। ਉਹ ਲੋਕਾਂ ਨੂੰ ਮਾਂ ਬੋਲੀ ਨਾਲ ਜੁੜੇ ਦੇਖਣਾ ਲੋਚਦਾ ਹੈ।
ਮਾਂ ਬੋਲੀ ਦੀ ਅੱਖ ਵਿਚ ਨੀਰ,
ਕਰੋ ਫ਼ਿਕਰ ਵੇਖ ਮੇਰੇ ਵੀਰ।
ਹਾੜਾ ਕੋਈ ਤਾਂ ਪੂੰਝ ਦਿਓ,
ਇਹ ਚੰਗੇ ਨਾ ਲਗਦੇ ਨੇ,
ਮਾਂ ਬੋਲੀ ਪੰਜਾਬੀ ਦੇ,
ਅੱਜ ਅੱਥਰੂ ਵਗਦੇ ਨੇ।
ਭਾਵੇਂ ਨਿੰਮਾ ਡੱਲੇਵਾਲੀਆ ਵਪਾਰਕ ਧਾਰਨਾ ਵਾਲੇ ਗੀਤ ਲਿਖਣ ਦਾ ਸ਼ੌਕੀਨ ਹੈ, ਪਰ ਉਸ ਦਾ ਕੋਈ ਗੀਤ ਦੋ ਅਰਥਾਂ ਵਾਲਾ ਨਹੀਂ। ਇਸ ਕਿਤਾਬ ਵਿਚਲੇ ਗੀਤ ਉਸ ਦੀ ਸੋਚ ਦੇ ਜ਼ਾਮਨ ਹਨ।

?ਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਪਤਝੜ ਦਾ ਗੁਲਾਬ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 0172-5027427.

ਪਤਝੜ ਦਾ ਗੁਲਾਬ ਪੁਸਤਕ ਵਿਚ ਕਾਵਿ ਰਚਨਾਵਾਂ ਦੀਆਂ ਭਿੰਨ-ਭਿੰਨ ਵੰਨਗੀਆਂ ਹਨ, ਵਿਸ਼ੇ ਪੱਖੋਂ ਵੰਨ-ਸੁਵੰਨਤਾ ਹੈ। ਭਾਵਾਂ ਵਿਚ ਪਕਿਆਈ ਹੈ। ਜ਼ਿੰਦਗੀ ਦਾ ਡੂੰਘਾ ਅਨੁਭਵ ਇਸ ਕਵਿਤਾ ਪੁਸਤਕ ਵਿਚੋਂ ਝਲਕਦਾ ਹੈ। ਲੇਖਕ ਡਾ: ਗੁਰਬਚਨ ਸਿੰਘ ਔਲਖ ਨੇ ਤਕਰੀਬਨ 75 ਪੁਸਤਕਾਂ ਦੀ ਰਚਨਾ ਕੀਤੀ ਹੈ। ਇਸ ਲਈ ਉਨ੍ਹਾਂ ਦੇ ਵਿਚਾਰਾਂ ਦੀ ਪਕਿਆਈ, ਜੀਵਨ ਸੰਘਰਸ਼ ਦੀ ਸੰਵੇਦਨਾ ਦਾ ਖੁੱਲ੍ਹ ਕੇ ਪ੍ਰਗਟਾਵਾ, ਇਸ ਪੁਸਤਕ ਵਿਚੋਂ ਮਿਲਦਾ ਹੈ। ਕਵੀ ਨੇ ਕਵਿਤਾ ਦੀ ਪਰਿਭਾਸ਼ਾ ਸਿਰਜਣ ਦਾ ਯਤਨ ਵੀ ਕੀਤਾ ਹੈ :
ਕਵਿਤਾ ਮਨ ਸਾਗਰ ਦੀ ਲਹਿਰ ਹੈ, ਦਿਲ ਦੇ ਮੋਤੀਆਂ ਦਾ ਥਾਲ ਹੈ। ਕਵੀ ਦੀਆਂ ਇਹ ਰਚਨਾਵਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਵੀ ਜੁੜੀਆਂ ਹੋਈਆਂ ਹਨ। ਪੰਜਾਬ ਦੇ ਅਜੋਕੇ ਬਦਲ ਚੁੱਕੇ ਰੂਪ ਪ੍ਰਤੀ ਕਵੀ ਸੰਵੇਦਨਸ਼ੀਲ ਹੁੰਦਾ ਹੋਇਆ ਪੁਰਾਣੇ ਪੰਜਾਬ ਨੂੰ ਯਾਦ ਕਰਦਾ ਹੈ। ਕਵੀ ਨੇ ਪਰਵਾਸ ਦੇ ਨਵੇਂ ਅਰਥਾਂ ਦਾ ਪ੍ਰਗਟਾਵਾ ਕੀਤਾ ਹੈ :
ਪਰਵਾਸ ਹੁੰਦਾ ਏ ਘਰ ਵਿਚ ਹੀ।
ਜਦ ਧੀਆਂ ਪੁੱਤਰ ਤੇ ਮਾਂ ਪਿਓ ਬਹਿ ਜਾਣ
ਫੇਸਬੁੱਕਾਂ ਗੂਗਲਾਂ ਲੈ ਕੇ।
ਇਸ ਪਰਵਾਸ ਤੋਂ ਵੱਡਾ ਦੁੱਖ ਕਿਹੜਾ ਏ।
ਕਿਧਰ ਗਿਆ ਸੱਭਿਆਚਾਰ, ਉਦੋਂ ਤੁਸੀਂ ਕਿੱਥੇ ਸੀ, ਕਿਧਰ ਗਈ ਉਹ ਖਲਕਤ ਦੇਸ਼ ਮੇਰਾ, ਜੀਵਨ ਦੀ ਬੱਤੀ, ਕਿਉਂ ਛੱਡਿਆ ਗਿਆ, ਜ਼ਿੰਦਗੀ ਦੀ ਸੀਮਾ ਧਰਮ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਪੰਜਾਬੀ ਲੋਕ ਸਾਹਿਤ ਨੂੰ ਉਭਾਰਦੇ ਕੁਝ ਲੋਕ ਗੀਤਾਂ ਵਰਗੇ ਗੀਤ ਵੀ ਲਿਖੇ ਹਨ, ਜਿਨ੍ਹਾਂ ਵਿਚ ਕਹੇ ਬਾਪੂ ਨੂੰ ਧੀ ਪਰਦੇਸਣ, ਸੁਣ ਨੀ ਸੱਸੜੀਏ, ਮੁੱਕ ਜਾਣੇ ਨੀ ਮੁੱਕ ਜਾਣੇ, ਪੁੱਤਰ ਮਿੱਠੜੇ ਮੇਵੇ, ਆਦਿ ਵਿਸ਼ੇਸ਼ ਸਲਾਹੁਣਯੋਗ ਹਨ।
ਇਸ ਪੁਸਤਕ ਦੀ ਸਰਵੋਤਮ ਅਤੇ ਲੰਮੇਰੀ ਰਚਨਾ 'ਗਾਥਾ ਪੰਜਾਬੀ ਕਾਵਿ ਦੀ' ਵਿਸ਼ੇਸ਼ ਧਿਆਨ ਮੰਗਦੀ ਲੰਮੇਰੀ ਰਚਨਾ ਹੈ। ਇਸ ਰਚਨਾ ਵਿਚ ਲੇਖਕ ਨੇ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਾਵਿ ਤੱਕ ਦੇ ਸਮੁੱਚੇ ਇਤਿਹਾਸ ਨੂੰ ਕਲਮਬੱਧ ਕੀਤਾ ਹੈ। ਲੇਖਕ ਨੇ ਸੂਫ਼ੀ, ਕਿੱਸਾ, ਗੁਰਮਤਿ, ਵਾਰ ਕਾਵਿ ਦੇ ਰਚਨਾਕਾਰਾਂ ਤੋਂ ਲੈ ਕੇ, ਬਾਲ ਕਵਿਤਾਵਾਂ ਦੇ ਰਚਨਾਕਾਰ, ਨਾਰੀ ਕਵਿੱਤਰੀਆਂ, ਹਰੇਕ ਧਾਰਾ ਨਾਲ ਜੁੜੇ ਵੱਖ-ਵੱਖ ਕਵੀਆਂ ਬਾਰੇ ਬੜੀ ਵਡਮੁੱਲੀ ਪੰਛੀ ਝਾਤ ਪਾਈ ਹੈ। ਪੰਜਾਬੀ ਬੋਲੀ ਦੀ ਅਮੀਰੀ ਦੀ ਸਿਫ਼ਤ ਨਾਲ ਸ਼ੁਰੂ ਹੋਈ ਇਹ ਰਚਨਾ ਨਵੀਂ ਪੰਜਾਬੀ ਕਵਿਤਾ ਦੇ ਕਵੀਆਂ ਦੇ ਨਾਵਾਂ ਨਾਲ ਪੂਰਨ ਹੁੰਦੀ ਹੈ ਤੇ ਭਵਿੱਖ ਲਈ ਅਜੇ ਚੰਗੇ ਕਵੀਆਂ ਲਈ ਆਸਵੰਦ ਹੈ।
ਸਮੁੱਚੇ ਤੌਰ 'ਤੇ 'ਪਤਝੜ ਦਾ ਗੁਲਾਬ' ਕਾਵਿ ਸੰਗ੍ਰਹਿ ਜੀਵਨ ਦੇ ਕਈ ਰੰਗ ਆਪਣੇ ਵਿਚ ਸਮੋਈ ਬੈਠਾ ਹੈ।

ਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਕਹਾਣੀਕਾਰ ਨਵਤੇਜ-ਪੁਆਧੀ
(ਜੀਵਨ ਤੇ ਰਚਨਾ)
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98151-23900.

ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਪਤਾ ਲਗਦਾ ਹੈ ਕਿ ਇਹ ਪੁਸਤਕ ਜਿੱਥੇ ਪੰਜਾਬੀ ਦੇ ਸਫ਼ਲ ਕਹਾਣੀਕਾਰ ਨਵਤੇਜ ਸਿੰਘ ਦੇ ਜੀਵਨ ਸਮਾਚਾਰਾਂ, ਯਾਦਾਂ, ਪ੍ਰਾਪਤੀਆਂ ਦਾ ਉਲੇਖ ਕਰਦੀ ਹੈ ਅਤੇ ਉਥੇ ਉਸ ਦੀਆਂ ਸਮੁੱਚੀਆਂ ਕਹਾਣੀਆਂ ਉੱਪਰ ਆਲੋਚਨਾਤਮਿਕ-ਵਿਵੇਚਣਾ ਦਾ ਅਧਿਐਨ ਪੇਸ਼ ਕਰਦੀ ਹੈ। ਸੰਪਾਦਕ ਨੇ ਬਹੁਤ ਹੀ ਸਿਰਜਣਾਤਮਿਕ ਵਲਵਲੇ ਨਾਲ ਆਪਣੇ ਕਹਾਣੀਕਾਰ ਦੇ ਜੀਵਨ ਅਤੇ ਸਮਾਚਾਰਾਂ ਨੂੰ ਸੰਗਠਨ ਕਰਕੇ ਵਿਵੇਚਿਆ ਹੈ ਕਿ ਅਸੀਂ ਉਸ ਦੀਆਂ ਜੀਵਨ ਤੇ ਸਾਹਿਤਕ ਪ੍ਰਾਪਤੀਆਂ ਸਹਿਜੇ ਹੀ ਜਾਣ ਲੈਂਦੇ ਹਾਂ।
ਪੁਸਤਕ ਦੇ ਚਾਰ ਖੰਡ ਹਨ। ਪਹਿਲੇ ਖੰਡ ਵਿਚ ਉਸ ਦੇ ਪਲੇਠੇ ਕਹਾਣੀ-ਸੰਗ੍ਰਹਿ 'ਗਊ ਤੇ ਸ਼ਰਾਬ', ਦੂਜੇ ਖੰਡ ਵਿਚ ਪੂਰਾ ਮਰਦ, ਤੀਜੇ ਖੰਡ ਵਿਚ ਉੱਚਾ ਬੁਰਜ ਲਾਹੌਰ ਦਾ, ਚੌਥੇ ਖੰਡ ਵਿਚ ਪੁਆਧੀ ਜੀ ਦੀ ਸ਼ਖ਼ਸੀਅਤ ਤੇ ਰਚਨਾਵਾਂ ਸਬੰਧੀ ਆਲੋਚਨਾਤਮਿਕ ਖੋਜ ਭਰਪੂਰ ਪੱਤਰ ਪ੍ਰਕਾਸ਼ਿਤ ਹਨ। ਇਹ ਖੋਜ ਪੱਤਰ ਪੰਜਾਬੀ ਦੇ ਪ੍ਰਸਿੱਧ ਖੋਜਾਰਥੀਆਂ ਵਲੋਂ ਲਿਖੇ ਗਏ ਹਨ, ਜਿਵੇਂ (ਸਰਬਸ੍ਰੀ ਅਤੇ ਸ੍ਰੀਮਤੀ) ਪੱਲਵੀ ਜੋਸ਼ੀ, ਰਾਜਵੀਰ ਕੌਰ, ਡਾ: ਵੀਰਪਾਲ ਕੌਰ ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸਤਬੀਰ ਕੌਰ, ਡਾ: ਮਿਨਾਕਸ਼ੀ ਰਠੌਰ, ਰਾਜਵਿੰਦਰ ਕੌਰ, ਵਨੀਤਾ ਸ਼ਰਮਾ, ਗੁਰਪ੍ਰੀਤ ਸਿੰਘ (ਡਾ:), ਡਾ: ਬਲਵਿੰਦਰ ਸਿੰਘ (ਅਲੈਕਸੀ), ਮਨਮੋਹਨ ਸਿੰਘ ਦਾਊਂ, ਡਾ: ਮਨਪ੍ਰੀਤ ਕੌਰ, ਨਵੀਨ ਕੁਮਾਰ, ਡਾ: ਕਰਨੈਲ ਸਿੰਘ ਸੋਮਲ ਹਨ। ਜੀਵਨ ਪ੍ਰਾਪਤੀਆਂ ਅਤੇ ਸ਼ਖ਼ਸੀਅਤ-ਚਿੱਤਰਨ ਕਰਨ ਵਾਲੇ ਲੇਖਕ ਸਰਬਸ੍ਰੀ ਸੰਪਾਦਕ ਸੈਣੀ ਦੁਨੀਆ, ਸ਼ਾਮ ਸਿੰਘ ਅੰਗ-ਸੰਗ, ਸੰਪਾਦਕ ਖ਼ੁਦ ਹਨ। ਇੰਜ ਇਸ ਪੁਸਤਕ ਪ੍ਰਕਾਸ਼ਨ ਦਾ ਜੋ ਪ੍ਰਯੋਜਨ/ਮੰਤਵ ਸੀ, ਸੰਪਾਦਕ ਨੇ ਆਪਣੀ ਬੌਧਿਕ ਕਲਾਤਮਿਕ ਯੋਗਤਾ ਅਤੇ ਮਿਹਨਤ ਸਦਕੇ ਸੰਪੰਨ ਕੀਤਾ ਹੈ।
ਨਿਰਸੰਦੇਹ ਨਵਤੇਜ ਪੁਆਧੀ ਨੇ ਪੰਜਾਬੀ ਕਹਾਣੀ ਵਿਚ ਪੁਆਧੀ ਦੀ ਆਂਚਲਿਕਤਾ ਦੇ ਸੱਭਿਆਚਾਰਕ, ਭੂਗੋਲਿਕ, ਇਤਿਹਾਸਕ ਪੱਖਾਂ ਨੂੰ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ। ਇਸ ਆਂਚਲਿਕ ਖਿੱਤੇ ਦੇ ਲੋਕ-ਭਾਈਚਾਰੇ ਦੇ ਸਮਾਜ ਵਿਚ ਜੋ ਸਮੱਸਿਆਵਾਂ, ਉਲਝਣਾਂ, ਆਰਥਿਕ ਮਜਬੂਰੀਆਂ, ਮਰਦ ਔਰਤ ਵਿਚਕਾਰ ਉਲਝਣਾਂ ਅਤੇ ਜਾਤੀ ਵਰਗ ਦੇ ਵਿਤਕਰਿਆਂ ਦੀ ਕਰੋਪੀ ਦੀ ਮਾਨਸਿਕਤਾ ਹੈ, ਉਹ ਨਿਰਸੰਦੇਹ ਪੁਆਧੀ ਦੀਆਂ ਕਹਾਣੀਆਂ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਜਿਨ੍ਹਾਂ ਨੂੰ ਵਿਦਵਾਨਾਂ ਤੇ ਸੰਪਾਦਕ ਨੇ ਸਾਰਥਿਕ ਵਿਧੀ ਨਾਲ ਮੁਲਾਂਕਣ ਕਰਵਾ ਕੇ ਪ੍ਰਕਾਸ਼ਿਤ ਕੀਤਾ ਹੈ।
ਸੰਪਾਦਕ ਨੇ ਨਵਤੇਜ ਸਿੰਘ ਪੁਆਧੀ ਦੀਆਂ ਜੀਵਨ ਸਰਗਰਮੀਆਂ ਅਤੇ ਸਾਹਿਤਕ ਖੇਤਰ ਵਿਚ ਪੰਜਾਬੀ ਕਥਾਕਾਰ ਵਜੋਂ ਉਸ ਦਾ ਸਹੀ ਸਥਾਨ ਨਿਸਚਿਤ ਕਰਵਾ ਕੇ, ਇਸ ਪੁਸਤਕ ਦੇ ਪ੍ਰਕਾਸ਼ਨ ਰਾਹੀਂ ਉਸ ਦੀ ਯਾਦ ਨੂੰ ਸਦੀਵੀ ਯਾਦ ਵਿਚ ਬਦਲਣ ਦਾ ਯਤਨ ਕੀਤਾ ਹੈ। ਸੰਪਾਦਕ ਵਧਾਈ ਦਾ ਹੱਕਦਾਰ ਹੈ।

?ਡਾ: ਅਮਰ ਕੋਮਲ
ਮੋ: 08437873565.
ਫ ਫ ਫ

ਤਲਖ਼ ਹਕੀਕਤ
ਲੇਖਕ : ਕੇਵਲ ਸਿੰਘ ਰਾਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98155-40482.

ਤਲਖ਼ ਹਕੀਕਤ (ਕਾਵਿ-ਸੰਗ੍ਰਹਿ) ਕੇਵਲ ਸਿੰਘ ਰਾਣਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਂਜ ਉਹ ਇਕ ਪੱਤਰਕਾਰ ਹੈ, ਜਿਸ ਦੀ ਇਸ ਸਮਾਜ 'ਤੇ ਤਿੱਖੀ ਨਜ਼ਰ ਹੋਣ ਕਰਕੇ ਸਮਾਜ ਵਿਚ ਨਿੱਤ ਵਾਪਰਦੇ ਵਰਤਾਰਿਆਂ ਪ੍ਰਤੀ ਸੁਚੇਤ ਹੈ। ਇਸ ਤੋਂ ਪਹਿਲਾਂ ਉਸ ਨੇ ਹਲਫ਼ਨਾਮਾ (ਮਿੰਨੀ ਕਹਾਣੀ-ਸੰਗ੍ਰਹਿ) ਵੀ 2016 ਵਿਚ ਪੰਜਾਬੀ ਪਾਠਕਾਂ ਦੀ ਝੋਲੀ 'ਚ ਪਾਇਆ ਹੈ।
ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਸਵਰਗਵਾਸੀ ਪਿਤਾ ਮਾਸਟਰ ਭਜਨ ਸਿੰਘ ਨੂੰ ਅਕੀਦਤ ਵਜੋਂ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ 'ਚ ਲਗਪਗ 85 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਪੁਸਤਕ ਦੀ ਜਾਣ-ਪਚਾਣ ਪ੍ਰਸਿੱਧ ਗ਼ਜ਼ਲਗੋਅ ਸਿਰੀ ਰਾਮ ਅਰਸ਼ ਨੇ ਕਰਵਾਈ ਹੈ। ਉਸ ਦੀਆਂ ਕਵਿਤਾਵਾਂ 'ਚ ਸਮਕਾਲੀ ਵਰਤਾਰੇ 'ਚ ਵਾਪਰ ਰਹੇ ਸੰਤਾਪ, ਮਸਲਨ : ਮਾਨਵਤਾ ਨੂੰ ਖੋਰਾ ਲਾ ਰਹੀ ਨਸ਼ਿਆਂ ਦੀ ਲਾਹਨਤ, ਆਰਥਿਕ ਨਾ-ਬਰਾਬਰੀ, ਮਾਦਾ-ਭਰੂਣ ਹੱਤਿਆ, ਔਰਤ ਦੀ ਤ੍ਰਿਸਕਾਰਿਤ ਹਾਲਤ, ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਲੋਕਾਂ 'ਚ ਵੰਡੀਆਂ ਪਾਉਂਦੀ ਸਿਆਸਤ, ਵੱਡਿਆਂ ਵਲੋਂ ਛੋਟਿਆਂ 'ਤੇ ਸਿਤਮ, ਊਚ-ਨੀਚ ਦਾ ਪਾੜਾ, ਰਿਸ਼ਤਿਆਂ 'ਚ ਕੜਵਾਹਟ ਆਦਿ ਵਿਸ਼ੇ ਸਮੋਏ ਹੋਏ ਹਨ।
ਆਰਥਿਕ ਨਾ-ਬਰਾਬਰੀ ਦੀ ਗੱਲ ਛੂੰਹਦਿਆਂ ਪੰਜਾਬ ਦੀ ਨੌਜਵਾਨ ਪੀੜ੍ਹੀ ਆਰਥਿਕ ਪੱਖੋਂ ਖੁਸ਼ਹਾਲ ਹੋਣ ਲਈ ਜਾਇਜ਼-ਨਾਜਾਇਜ਼ ਢੰਗ ਨਾਲ ਵਿਦੇਸ਼ੀਂ ਵਸਣ ਦੀ ਖਾਹਿਸ਼ ਦਿਲ 'ਚ ਪਾਲੀ ਬੈਠੀ ਹੈ। ਨੌਜਵਾਨ ਦੂਸਰੇ ਦੇਸ਼ਾਂ ਵੱਲ ਪਲਾਇਨ ਕਰਦਾ ਜਾ ਰਿਹਾ। ਇਸ ਦੁਖਾਂਤਕ ਸਥਿਤੀ ਦਾ ਉਹ ਇੰਜ ਪ੍ਰਗਟਾਵਾ ਕਰਦਾ ਹੈ :
ਆਰਥਿਕ ਆਜ਼ਾਦੀ ਦੀ ਭਾਲ ਵਿਚ,
ਸੱਤ ਸਮੁੰਦਰੋਂ ਪਾਰ ਉਹ ਤੁਰ ਗਿਆ।
ਜਾ ਕੇ ਵਿਦੇਸ਼ ਯਾਰ, ਕੰਮੀਂ-ਕਾਰੀ ਪੈ ਗਿਆ,
ਭੁੱਲ ਗਿਆ ਦੇਸ਼, ਪੇਸ਼ ਡਾਲਰਾਂ ਦੇ ਪੈ ਗਿਆ।
ਇਸ 'ਡਾਲਰਾਂ' ਰੂਪੀ ਮਾਇਆ ਦੇ ਫੇਰ 'ਚ ਮਨੁੱਖ ਫਿਰ ਮਾਨਵੀ ਰਿਸ਼ਤਿਆਂ ਤੋਂ ਵੀ ਮੁੱਖ ਮੋੜ ਲੈਂਦਾ ਹੈ। ਸਮਾਜਿਕ ਸਰੋਕਾਰਾਂ ਦੇ ਨਾਲ-ਨਾਲ ਮਮਤਾ ਭਰੇ ਰਿਸ਼ਤੇ 'ਮਾਂ' ਦਾ ਕਾਵਿ-ਚਿੱਤਰ, ਉਸ ਨੇ 'ਮਾਂ' ਕਵਿਤਾ ਰਾਹੀਂ ਪੇਸ਼ ਕੀਤਾ ਹੈ, ਜੋ ਆਪਣੇ ਬੱਚਿਆਂ ਲਈ ਨਿੱਕੇ-ਨਿੱਕੇ ਕੰਮ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ।
ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਛੰਦ ਮੁਕਤ ਅਤੇ ਛੰਦ-ਬੱਧ ਹਨ, ਜਿਨ੍ਹਾਂ ਦੀ ਭਾਸ਼ਾ ਵਿਸ਼ੇ ਅਨੁਸਾਰ ਭਾਵਪੂਰਤ, ਸਾਦ-ਮੁਰਾਦੀ ਹੈ। ਭਾਵਾਂ ਦੀ ਪੇਸ਼ਕਾਰੀ ਸਰਲ ਅਤੇ ਸਪੱਸ਼ਟ ਕਰਦੀ ਹੈ। ਵਿਸ਼ਿਆਂ ਦੇ ਅਨੁਸਾਰ ਪੁਸਤਕ ਦਾ ਸਿਰਲੇਖ 'ਤਲਖ਼ ਹਕੀਕਤ' ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਕ ਵਿਵਸਥਾ ਦੇ ਕਰੂਰ ਯਥਾਰਥ ਦਾ ਬੋਧ ਪਾਠਕ ਨੂੰ ਕਰਵਾਉਂਦਾ ਹੈ। ਆਸ ਹੈ ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਆਪਣਾ ਭਰਵਾਂ ਹੁੰਗਾਰਾ ਦੇਣਗੇ।

?ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਪੰਜਾਬੀ ਨਾਟਕ
ਸੰਦਰਭ ਅਤੇ ਸਮੀਖਿਆ
ਸੰਪਾਦਕ : ਸੁਨੀਲ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94172-78501.

ਪੁਸਤਕ ਵਿਚ ਡਾ: ਉਮਾ ਸੇਠੀ ਵਲੋਂ '21ਵੀਂ ਸਦੀ ਦੇ ਪੰਜਾਬੀ ਨਾਟਕ ਦੀ ਤਕਨੀਕ' ਲੇਖ ਰਾਹੀਂ ਰਿਸ਼ਤਿਆਂ ਦੀ ਟੁੱਟ ਭੱਜ ਦੇ ਨਾਲ-ਨਾਲ ਨਵੇਂ ਨਾਟਕਾਂ ਵਿਚ ਸਟੇਜੀ ਅਤੇ ਭਾਸ਼ਾਈ ਤਕਨੀਕ ਦੀ ਹੁਨਰੀ ਪ੍ਰਤਿਭਾ ਦੀ ਗੱਲ ਕੀਤੀ ਹੈ। ਡਾ: ਜਸਪ੍ਰੀਤ ਕੌਰ ਨੇ ਅਜਮੇਰ ਔਲਖ ਦੇ ਨਾਟਕ 'ਝਨਾਂ ਦੇ ਪਾਣੀ' ਰਾਹੀਂ ਆਰਥਿਕਤਾ ਅਤੇ ਮਰਦ ਪ੍ਰਧਾਨਗੀ ਵਰਗੇ ਅਹਿਮ ਪਹਿਲੂਆਂ 'ਤੇ ਚਰਚਾ ਕੀਤੀ ਹੈ। ਡਾ: ਮਨਪ੍ਰੀਤ ਕੌਰ ਦੇ ਗੁਰਸ਼ਰਨ ਸਿੰਘ ਜਸੂਜਾ ਦੇ ਦੋ ਨਾਟਕਾਂ 'ਉਮਰਾਂ ਲੰਮੀ ਦੌੜ' ਅਤੇ 'ਪਰੀਆਂ' ਰਾਹੀਂ ਔਰਤ ਬਿੰਬ ਨੂੰ ਪੜਚੋਲਿਆ ਹੈ। ਔਲਖ ਦੇ ਨਾਟਕ 'ਸਲਵਾਨ' ਰਾਹੀਂ ਡਾ: ਗੁਰਪ੍ਰੀਤ ਕੌਰ ਨੇ ਰਿਸ਼ਤਿਆਂ ਦੀ ਪਕੜ ਨੂੰ ਲੋਕਧਾਰਾਈ ਪੱਧਰ 'ਤੇ ਪੜਚੋਲਣ ਦਾ ਯਤਨ ਕੀਤਾ ਹੈ। ਗੁਰਪ੍ਰੀਤ ਸਿੰਘ ਨੇ ਬਲਵੰਤ ਗਾਰਗੀ ਦੇ ਨਾਟਕ 'ਕਣਕ ਦੀ ਬੱਲੀ' ਦੇ ਸੂਖਮ ਅਤੇ ਸੰਕੇਤਕ ਅਰਥਾਂ ਨੂੰ ਰੂਪਮਾਨ ਕੀਤਾ ਹੈ। ਚਰਨ ਦਾਸ ਸਿੱਧੂ ਦੇ ਨਾਟਕ 'ਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ' ਦੀ ਇਤਿਹਾਸਕ ਚੇਤਨਾ ਬਾਰੇ ਹਰਪ੍ਰੀਤ ਸਿੰਘ ਅਤੇ 'ਬਾਬਾ ਬੰਤੂ' ਦਾ ਆਲੋਚਨਾਤਮਿਕ ਅਧਿਐਨ ਪ੍ਰੋ: ਜਗਪਾਲ ਸਿੰਘ ਨੇ ਕੀਤਾ ਹੈ।
ਅਜਮੇਰ ਔਲਖ ਦੇ ਨਾਟਕ 'ਸੱਤ ਬੇਗਾਨੇ' ਦੇ ਥੀਮਿਕ ਪਾਸਾਰ ਸੁਖਵਿੰਦਰ ਸਿੰਘ ਅਤੇ ਐਂ ਕਿਵੇਂ ਖੋਹਲੋਗੇ ਜ਼ਮੀਨਾਂ ਸਾਡੀਆਂ?' ਦਾ ਵਿਸ਼ੇਗਤ ਅਧਿਐਨ ਪੁਸਤਕ ਦੇ ਸੰਪਾਦਕ ਸੁਨੀਲ ਕੁਮਾਰ ਵਲੋਂ ਕੀਤਾ ਗਿਆ ਹੈ। ਆਤਮਜੀਤ ਵਲੋਂ ਸਆਦਤ ਹਸਨ ਮੰਟੋ ਦੀ ਕਹਾਣੀ 'ਟੋਭਾ ਟੇਕ ਸਿੰਘ' ਦੇ ਆਧਾਰ 'ਤੇ ਨਾਟਕ 'ਰਿਸ਼ਤਿਆਂ ਦਾ ਕੀ ਰੱਖੀਏ ਨਾਂਅ' ਉੱਪਰ ਵੀਰਪਾਲ ਕੌਰ ਨੇ ਅਧਿਐਨ ਕੀਤਾ ਹੈ। ਸਵਰਾਜਬੀਰ ਦੇ ਨਾਟਕ 'ਧਰਮ ਗੁਰੂ' ਰਾਹੀਂ ਹਾਸ਼ੀਆਗਤ ਧਿਰਾਂ ਦੇ ਨਾਟ ਪ੍ਰਵਚਨ ਨੂੰ ਜਗਤਾਰ ਸਿੰਘ ਵਲੋਂ ਸਮਝਣ ਅਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਹਰਚਰਨ ਸਿੰਘ ਦੇ ਨਾਟਕ 'ਕੱਲ੍ਹ, ਅੱਜ ਤੇ ਭਲਕ' ਰਾਹੀਂ ਰਾਜਨੀਤੀ ਅਤੇ ਪਾਖੰਡਵਾਦ ਦੇ ਦੰਭ ਨੂੰ ਡਾ: ਚੰਦਰ ਪ੍ਰਕਾਸ਼ ਨੇ ਉਭਾਰਿਆ ਹੈ।
ਸੁਰਿੰਦਰ ਪਾਲ ਦਾ ਮੰਨਣਾ ਹੈ ਕਿ ਬਲਵੰਤ ਗਾਰਗੀ ਦੇ ਨਾਟਕ 'ਸੁਲਤਾਨ ਰਜ਼ੀਆ' ਨੂੰ ਬੇਸ਼ੱਕ ਹੁਣ ਤੱਕ ਇਤਿਹਾਸਕ ਰਚਨਾ ਦੇ ਤੌਰ 'ਤੇ ਪੜਚੋਲਿਆ ਗਿਆ ਹੈ ਪਰ ਅਸਲ ਵਿਚ ਇਹ ਮਨੁੱਖੀ ਹਉਮੈ ਦੀ ਸਥਾਪਤੀ ਲਈ ਸੱਤਾ ਪ੍ਰਾਪਤੀ ਦੇ ਸੰਘਰਸ਼ ਦੀ ਦਾਸਤਾਨ ਹੈ। ਗਾਰਗੀ ਦੇ ਨਾਟਕ 'ਲੋਹਾ ਕੁੱਟ' ਰਾਹੀਂ ਦੀਪਕ ਕੁਮਾਰ ਵਲੋਂ ਔਰਤ ਮਨ ਦੀ ਬਗਾਵਤੀ ਸੁਰ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ, ਜਿਸ ਨੂੰ ਸਮਾਜ ਨੇ ਮੰਡੀ ਦਾ ਮਾਲ ਬਣਾ ਕੇ ਰੱਖ ਦਿੱਤਾ ਹੈ। ਪੰਜਾਬੀ ਨਾਟਕਾਂ ਵਿਚ ਨਾਰੀਵਾਦੀ ਮਸਲਿਆਂ ਨੂੰ ਉਭਾਰਨ ਲਈ ਡਾ: ਸ਼ਾਲੂ ਕੌਰ ਵਲੋਂ ਵੱਖ-ਵੱਖ ਨਾਟਕਾਂ ਦਾ ਅਧਿਐਨ ਕੀਤਾ ਗਿਆ ਹੈ। ਸਵਰਾਜਬੀਰ ਦੇ ਨਾਟਕ 'ਸ਼ਾਇਰੀ' ਦਾ ਅਧਿਐਨ ਕਰਦਿਆਂ ਸੁਨੀਲ ਕੁਮਾਰ ਸਮਝਦਾ ਹੈ ਕਿ ਇਹ ਪ੍ਰਤੀਕਾਤਮਿਕ ਨਾਟਕ ਮਨੁੱਖੀ ਸੋਚ ਨੂੰ ਪਰੰਪਰਾ ਦੇ ਵਿਰੋਧੀ ਰੰਗ ਵਿਚ ਰੰਗਣ ਦੇ ਸਮੱਰਥ ਹੈ।

?ਡਾ: ਨਿਰਮਲ ਜੌੜਾ
ਮੋ: 98140-78799.
ਫ ਫ ਫ

ਜੀਵਨ ਦੇ ਅੰਗ ਸੰਗ
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 111
ਸੰਪਰਕ : 98557-11380.

ਇਹ ਪੁਸਤਕ ਇਕ ਨਿਬੰਧ ਸੰਗ੍ਰਹਿ ਹੈ ਜਿਸ ਵਿਚ ਜੀਵਨ ਜਾਚ ਨਾਲ ਸਬੰਧਿਤ ਵਿਸ਼ਿਆਂ ਨੂੰ ਚੁਣਿਆ ਗਿਆ ਹੈ। ਪੁਸਤਕ ਦੇ ਤਕਰੀਬਨ ਸਾਰੇ ਹੀ ਨਿਬੰਧ ਆਸ਼ਾਵਾਦੀ ਜੀਵਨ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਆਪਣੇ ਨਿੱਜੀ ਜੀਵਨ ਦੀਆਂ ਘਟਨਾਵਾਂ ਅਤੇ ਆਪਣੇ ਜੀਵਨ ਤਜਰਬਿਆਂ ਦੀ ਰੋਸ਼ਨੀ ਵਿੱਚ ਗ੍ਰਹਿਣ ਕੀਤਾ ਗਿਆਨ ਲੇਖਕ ਦੇ ਇਨ੍ਹਾਂ ਨਿਬੰਧਾਂ ਦਾ ਆਧਾਰ ਬਣਦਾ ਹੈ। ਘਰ ਦੀ ਪਰਿਭਾਸ਼ਾ ਅਤੇ ਅਜੋਕੀ ਜੀਵਨ ਜਾਚ ਵਿਚ ਘਟ ਰਹੀ ਘਰ ਦੀ ਅਹਿਮੀਅਤ, ਮਾਪਿਆਂ ਨੂੰ ਸਤਿਕਾਰ ਦੇਣ ਅਤੇ ਇਸ ਮੇਵੇ ਨੂੰ ਮਾਨਣ ਦੀ ਪ੍ਰੇਰਨਾ, ਜੀਵਨ ਵਿਚ ਧਰਮ ਅਤੇ ਸੱਚ ਦੀ ਰਾਹ 'ਤੇ ਚੱਲਣ ਦਾ ਪ੍ਰਣ, ਨਿਮਰਤਾ ਨਾਲ ਪ੍ਰਾਪਤ ਉੱਚਾਈਆਂ ਦਾ ਮਾਣ, ਦੋਸਤੀ ਦੀ ਮਹੱਤਤਾ, ਆਪਣੇ ਪਿੰਡ ਨਾਲ ਮੋਹ,ਭਾਰਤੀ ਸਮਾਜ ਦੀਆਂ ਕੁਰੀਤੀਆਂ, ਬਚਪਨ ਦੀਆਂ ਯਾਦਾਂ, ਆਪਣੇ ਅਧਿਆਪਕ ਦੀ ਯਾਦ ਅਤੇ ਉਸ ਦੀ ਸ਼ਖ਼ਸੀਅਤ ਦਾ ਬਾਕਮਾਲ ਵਰਣਨ, ਆਪਣੇ ਪਿਤਾ ਲਈ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ, ਆਤਮਿਕ ਤੌਰ 'ਤੇ ਰੱਜੇ ਹੋਏ ਵਿਅਕਤੀਆਂ ਦੀ ਦਾਸਤਾਨ, ਸਮੇਂ ਦੇ ਸਦਉਪਯੋਗ ਦੀ ਗੱਲ ਕਰਦਿਆਂ ਹਰ ਘੜੀ, ਪਲ, ਦਿਨ, ਹਫ਼ਤੇ, ਮਹੀਨੇ ਅਤੇ ਸਾਲ ਦੀ ਸੁਚੱਜੀ ਵਰਤੋਂ ਆਦਿ ਵਿਸ਼ਿਆਂ ਨੂੰ ਆਪਣੇ ਨਿਬੰਧਾਂ ਵਿਚ ਬਾਖੂਬੀ ਪੇਸ਼ ਕੀਤਾ ਹੈ। ਮੇਰੀ ਓਸਾਕਾ ਫੇਰੀ' ਵਿਚ ਲੇਖਕ ਆਪਣੇ ਦੋਸਤ ਪਰਮਿੰਦਰ ਸੋਢੀ ਨਾਲ ਆਪਣੀ ਮੁਲਾਕਾਤ ਅਤੇ ਉਸ ਨਾਲ ਬਿਤਾਏ ਦਿਨਾਂ ਨੂੰ ਪੇਸ਼ ਕਰਦਿਆਂ ਓਸਾਕਾ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਏਸ਼ੀਅਨ ਬਿਜ਼ਨਸ ਕਾਨਫਰੰਸ ਦੌਰਾਨ ਘੁੰਮਣ ਦੇ ਬਣੇ ਇਸ ਸਬੱਬ ਨੂੰ ਲੇਖਕ ਨੇ ਬੜੀ ਖੂਬਸੂਰਤੀ ਨਾਲ ਬਿਆਨ ਕਰਦਿਆਂ ਓਸਾਕਾ, ਜਾਪਾਨ ਦੀ ਪ੍ਰਾਚੀਨ ਰਾਜਧਾਨੀ ਨਾਰਾ ਵਿਚ ਗੁਜ਼ਾਰੇ ਦਿਨਾਂ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਲੇਖਕ ਦਾ ਜਾਪਾਨ ਯਾਤਰਾ ਦੇ ਇਸ ਬਿਰਤਾਂਤ ਵਿਚ ਉੱਥੇ ਦੇ ਕੰਮ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਕੁੱਜੇ ਵਿਚ ਸਮੁੰਦਰ ਬੰਦ ਕਰਨ ਸਮਾਨ ਹੈ। ਜੀਵਨ ਦੇ ਅੰਗ ਸੰਗ ਵਿਚਰਦਿਆਂ ਵਾਪਰਨ ਵਾਲੀਆਂ ਘਟਨਾਵਾਂ, ਆਪਣੇ ਵਿਚਾਰਾਂ ਨੂੰ ਲੇਖਕ ਨੇ ਸ਼ਬਦਾਂ ਦਾ ਖ਼ੂਬਸੂਰਤ ਜਾਮਾ ਪਹਿਨਾ ਕੇ ਪਾਠਕਾਂ ਨੂੰ ਵੀ ਆਪਣੇ ਅੰਗ ਸੰਗ ਤੋਰਿਆ ਹੈ।

?ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਆਓ ਪਰਮਸੁੱਖ ਪਾਈਏ
ਲੇਖਕ : ਡਾ: ਗਿਆਨ ਸਿੰਘ ਮਾਨ
ਅਨੁਵਾਦਕ : ਡਾ: ਕੁਲਵਿੰਦਰ ਕੌਰ ਮਾਨ
ਪ੍ਰਕਾਸ਼ਕ : ਲਾਹੌਰ ਬੁੱਕਸ਼ਾਪ-ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 108
ਸੰਪਰਕ : 98141-45047.

ਪਰਮਸੁੱਖ ਪਾਉਣ ਅਤੇ ਪਰਮ ਮਨੁੱਖ ਬਣਨ ਲਈ ਮਨੁੱਖ ਕੋਲ ਉੱਚੇ-ਸੁੱਚੇ ਵਿਚਾਰਾਂ ਦਾ ਹੋਣਾ, ਜ਼ਿੰਦਗੀ ਦੀਆਂ ਤਖ਼ਲ-ਹਕੀਕਤਾਂ ਨੂੰ ਜਾਨਣਾ ਜ਼ਰੂਰੀ ਹੁੰਦਾ ਹੈ ਅਤੇ ਖ਼ੁਦ ਨੂੰ ਆਦਰਸ਼ਵਾਦੀ ਜੀਵਨ ਬਤੀਤ ਕਰਨ ਦੇ ਸਮਰੱਥ ਬਣਾਉਣਾ ਹੁੰਦਾ ਹੈ। ਇਸ ਤਰ੍ਹਾਂ ਦਾ ਵਧੀਆ ਜੀਵਨ ਨਿਆਸਰਿਆਂ ਨੂੰ ਆਸਰਾ ਦਿੰਦਾ ਹੈ, ਲੋੜਵੰਦਾਂ ਦੀ ਮਦਦ ਕਰਨਾ ਸਿਖਾਉਂਦਾ ਹੈ। ਕਿਸੇ ਦਾ ਦਿਲ ਨਾ ਦੁਖਾਉਣਾ ਅਤੇ ਸਾਦਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦਿਆਂ ਮਨੁੱਖ ਦੀ ਅਗਵਾਈ ਕਰਦਾ ਹੈ। ਪੁਸਤਕ 'ਚ ਮਹਾਨ ਵਿਅਕਤੀਆਂ ਦੀ ਫ਼ਿਲਾਸਫ਼ੀ, ਉੱਚੇ-ਸੁੱਚੇ ਵਿਚਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਬਹੁਤ ਸਾਰੇ ਵਿਚਾਰ ਜ਼ਿੰਦਗੀ ਦੀਆਂ ਸਰਵ-ਵਿਆਪਕ ਸੱਚਾਈਆਂ 'ਤੇ ਆਧਾਰਿਤ ਹਨ ਅਤੇ ਉਨ੍ਹਾਂ ਵਿਚਲੀ ਸੱਚਾਈ ਨੂੰ ਕਿਸੇ ਕਸਵੱਟੀ 'ਤੇ ਵੀ ਰੱਦ ਨਹੀਂ ਕੀਤਾ ਜਾ ਸਕਦਾ ਹੈ। ਇਵੇਂ ਹੀ ਪੁਸਤਕ 'ਚ ਛੋਟੀਆਂ-ਛੋਟੀਆਂ ਕਹਾਣੀਆਂ ਦੁਆਰਾ ਮਨੁੱਖ ਨੂੰ ਜੀਵਨ ਦੀ ਅਸਲ ਸੱਚਾਈ ਅਤੇ ਉਨ੍ਹਾਂ ਵਿਚਲਾ ਰਹੱਸਵਾਦੀ ਪੱਖ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਵਧੀਆ ਜ਼ਿੰਦਗੀ ਬਤੀਤ ਕਰਦਿਆਂ ਹੀ ਪਰਮਾਤਮਾ ਦੀ ਰਜ਼ਾ 'ਚ ਰਹਿਣ ਅਤੇ ਉਸ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਇਨਸਾਨ ਨੂੰ ਆਪਣੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੇ ਨਾਲ-ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਨ ਲਈ ਪ੍ਰੇਰਤ ਕੀਤਾ ਗਿਆ ਹੈ। ਮਨੁੱਖ ਨੂੰ ਚੰਗਾ ਜੀਵਨ ਬਤੀਤ ਕਰਨ ਅਤੇ ਪਰਮ ਸੁੱਖ ਦੀ ਪ੍ਰਾਪਤੀ ਲਈ ਕੇਵਲ ਬਾਹਰੋਂ ਹੀ ਨਹੀਂ, ਸਗੋਂ ਅੰਦਰੂਨੀ ਤੌਰ 'ਤੇ ਸ਼ੁੱਧ ਬਣਨ ਲਈ ਕਿਹਾ ਗਿਆ ਹੈ। ਮਨੁੱਖੀ ਜੀਵਨ ਵਿਸ਼ਾਲ ਹੈ। ਇਸ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਅਤੇ ਆਤਮਿਕ ਤੌਰ 'ਤੇ ਆਨੰਦਿਤ ਹੋਣ ਲਈ ਬੜੇ ਕੁਝ ਦੀ ਜ਼ਰੂਰਤ ਹੈ। ਅਜੋਕੇ ਦੌਰ 'ਚ ਪਦਾਰਥਵਾਦੀ ਰੁਝਾਨ, ਭੱਜ-ਨੱਠ, ਰਿਸ਼ਤਿਆਂ ਵਿਚਲਾ ਨਿਘਾਰ, ਮਾਨਸਿਕ ਪ੍ਰੇਸ਼ਾਨੀਆਂ 'ਚੋਂ ਅੱਜ ਹਰ ਬੰਦਾ ਕਿਵੇਂ ਨਾ ਕਿਵੇਂ ਨਿਕਲਣਾ ਚਾਹੁੰਦਾ ਹੈ, ਪਰ ਉਹ ਚਾਹ ਕੇ ਵੀ ਨਿਕਲਣ 'ਚ ਅਸਫ਼ਲ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਪੁਸਤਕਾਂ ਪੜਨ੍ਹਾ ਸਾਨੂੰ ਕਾਫੀ ਹੱਦ ਤੱਕ ਮਾਨਸਿਕ, ਆਤਮਿਕ ਸਕੂਨ ਲਾਜ਼ਮੀ ਦਿੰਦਾ ਹੈ।

?ਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ?

21-07-2018

 ਕਿੱਸਾ ਪੂਰਨ ਭਗਤ ਕ੍ਰਿਤ ਕਾਦਰ ਯਾਰ
ਲੇਖਕ : ਡਾ: ਅਮਰ ਕੋਮਲ ਤੇ ਡਾ: ਸਤਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 176
ਸੰਪਰਕ : 84378-73565.

ਪੂਰਨ ਭਗਤ ਪੰਜਾਬੀਆਂ ਦੇ ਪਿਆਰੇ ਸਤਿਕਾਰੇ ਨਾਇਕਾਂ ਵਿਚੋਂ ਇਕ ਹੈ। ਸ਼ਹਿਜ਼ਾਦਾ, ਭਗਤ, ਜੋਗੀ, ਉੱਚ ਆਚਰਣ, ਵਿਆਗ ਤਿਆਗ ਜਿਹੇ ਚਿਹਨਕ ਉਸ ਦੇ ਨਾਂਅ ਨਾਲ ਸਹਿਜੇ ਹੀ ਮਨ ਵਿਚ ਤੈਰਨ ਲਗਦੇ ਹਨ। ਇਸ ਕਿੱਸੇ ਦੇ ਮੂਲ ਪਾਠ ਨੂੰ ਔਖੇ ਸ਼ਬਦਾਂ ਦੇ ਅਰਥਾਂ ਸਹਿਤ ਇਸ ਪੁਸਤਕ ਵਿਚ ਪੜ੍ਹਿਆ ਜਾ ਸਕਦਾ ਹੈ। ਕਾਦਰਯਾਰ ਦੇ 53 ਪੰਨਿਆਂ ਵਿਚ ਅੰਕਿਤ ਮੂਲ ਪਾਠ ਤੋਂ ਪਹਿਲਾਂ 123 ਪੰਨੇ ਦੀ ਆਲੋਚਨਾਤਮਿਕ ਸਮੱਗਰੀ ਇਸ ਨੂੰ ਵਿਦਿਆਰਥੀਆਂ ਲਈ ਉਪਯੋਗੀ ਬਣਾਉਂਦੀ ਹੈ।
ਪੁਸਤਕ ਦੀ ਪਰਿਚਯਾਤਮਿਕ ਆਲੋਚਨਾਤਮਿਕ ਸਮੱਗਰੀ ਦਾ ਆਰੰਭ ਪੂਰਨ ਭਗਤ ਕਾਵਿ-ਪਰੰਪਰਾ ਨਾਲ ਜਾਣ-ਪਛਾਣ ਕਰਵਾ ਕੇ ਕੀਤਾ ਗਿਆ ਹੈ। ਕਾਦਰਯਾਰ ਵਰਗੀ ਕਲਾ ਤੇ ਰਸ ਭਾਵੇਂ ਨਾ ਪੈਦਾ ਕਰ ਸਕੇ ਹੋਣ ਪਰ ਦਰਜਨਾਂ ਕਵੀਆਂ ਨੇ ਪੂਰਨ ਦੀ ਕਥਾ ਨੂੰ ਕਿੱਸਿਆਂ ਵਿਚ ਪੇਸ਼ ਕੀਤਾ ਹੈ। ਛੰਦ, ਵਿਸ਼ੇ, ਬਣਤਰ, ਉਦੇਸ਼, ਕਲਾਤਮਿਕ ਪ੍ਰਾਪਤੀ ਦੀ ਭਿੰਨਤਾ ਹੈ ਇਨ੍ਹਾਂ ਵਿਚ। ਦੂਜਾ ਅਧਿਆਇ ਕਿੱਸੇ ਦੀ ਮੂਲ ਕਥਾ ਦੀ ਇਤਿਹਾਸਕਤਾ ਨੂੰ ਫਰੋਲਦਾ ਹੈ ਅਤੇ ਇਸ ਵਿਚ ਲਗਪਗ ਸੱਤ ਦਰਜਨ ਕਵੀਆਂ ਵਲੋਂ ਜੋੜੇ ਮਿਥਿਹਾਸ ਤੇ ਕਲਪਨਾ ਦੀ ਚਰਚਾ ਕਰਦਾ ਹੈ। ਤੀਜਾ ਅਧਿਆਇ ਭਾਰਤੀ ਲੋਕ ਕਥਾਵਾਂ, ਲੋਕ ਸਾਹਿਤ ਵਿਚ ਪੂਰਨ ਭਗਤ ਤੇ ਉਸ ਨਾਲ ਮਿਲਦੀਆਂ ਜੁਲਦੀਆਂ ਹੋਰ ਕਥਾਵਾਂ ਦੇ ਵੇਰਵੇ ਦਿੰਦਾ ਹੈ। ਚੌਥੇ ਅਧਿਆਇ ਵਿਚ ਪੂਰਨ ਦੀ ਕਥਾ ਦੇ ਬੀਜ ਤੋਂ ਬਿਰਖ ਬਣਨ ਦਾ ਬਿਰਤਾਂਤ ਹੈ। ਪੰਜਵੇਂ ਅਧਿਆਇ ਵਿਚ ਪੂਰਨ ਦੀ ਕਥਾ ਦੇ ਮੂਲ ਸੋਮਿਆਂ, ਕਾਦਰਯਾਰ ਦੇ ਇਸ ਕਿੱਸੇ ਦੇ ਰਚਨਾ ਕਾਲ ਤੇ ਉਸ ਕਾਲ ਦੀਆਂ ਪ੍ਰਸਥਿਤੀਆਂ ਤੇ ਕਦਰਾਂ-ਕੀਮਤਾਂ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਛੇਵੇਂ ਅਧਿਆਇ ਵਿਚ ਕਾਦਰਯਾਰ ਦੇ ਜੀਵਨ ਤੇ ਰਚਨਾ ਉੱਪਰ ਵਿਸਤ੍ਰਿਤ ਚਰਚਾ ਹੈ। ਸੱਤਵੇਂ ਅਧਿਆਇ ਵਿਚ ਕਾਦਰਯਾਰ ਰਚਿਤ ਪੂਰਨ ਭਗਤ ਕਿੱਸੇ ਦਾ ਸਾਹਿਤਕ ਵਿਸ਼ਲੇਸ਼ਣ ਹੈ। ਮੰਗਲਾਚਰਨ, ਸੀਹਰਫ਼ੀ ਕਾਵਿ ਰੂਪ, ਬੋਲੀ/ਸ਼ੈਲੀ, ਮਾਹੌਲ, ਸ਼ਬਦਾਵਲੀ, ਗੋਂਦ, ਅਲੰਕਾਰ, ਮੁਹਾਵਰੇ, ਰਸ ਵਰਨਣ ਆਦਿ ਨੁਕਤਿਆਂ ਬਾਰੇ ਵਿਸ਼ਲੇਸ਼ਣ ਸੰਪਾਦਕਾਂ ਨੇ ਕੀਤਾ ਹੈ। ਇਸ ਪ੍ਰਕਾਰ ਕਾਦਰ ਯਾਰ ਦੇ ਇਸ ਸ਼ਾਹਕਾਰ ਨੂੰ ਪੜ੍ਹਨ ਤੇ ਮਾਣਨ ਵਾਸਤੇ ਇਹ ਕਿਤਾਬ ਵਿਸ਼ੇਸ਼ ਰੂਪ ਵਿਚ ਉਪਯੋਗੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਫ਼ਿਓਦੋਰ ਦੋਸਤੋਵਸਕੀ ਦੀ ਸੰਪੂਰਨ ਕਹਾਣੀਆਂ
ਅਨੁਵਾਦ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 296
ਸੰਪਰਕ : 99151-03490.

ਫਿਓਦੋਰ ਦੋਸਤੋਵਸਕੀ (1821-1881) ਵਿਸ਼ਵ ਦਾ ਸੁਪ੍ਰਸਿੱਧ ਗਲਪਕਾਰ ਸੀ। ਬਾਖ਼ਤਿਨ ਅਤੇ ਕੁਝ ਹੋਰ ਚਿੰਤਕ ਉਸ ਨੂੰ ਦੁਨੀਆ ਦਾ ਸਰਵ ਸ਼ਿਰੋਮਣੀ ਗਲਪਕਾਰ ਮੰਨਦੇ ਹਨ। 'ਜੁਰਮ ਤੇ ਸਜ਼ਾ', 'ਕਰਾਮਾਜ਼ੋਵ ਭਰਾ' ਅਤੇ 'ਗ਼ਰੀਬ ਲੋਕ' ਉਸ ਦੇ ਕੁਝ ਪ੍ਰਸਿੱਧ ਨਾਵਲ ਹਨ। ਨਾਵਲਾਂ ਦੇ ਨਾਲ-ਨਾਲ ਉਸ ਨੇ 20 ਕਹਾਣੀਆਂ ਦੀ ਵੀ ਰਚਨਾ ਕੀਤੀ।
ਦੋਸਤੋਵਸਕੀ 19ਵੀਂ ਸਦੀ ਦੇ ਰੂਸ ਦੀ ਸਮਾਜਿਕ-ਆਰਥਿਕ ਜ਼ਿੰਦਗੀ ਦਾ ਚਿਤਰਣ ਕਰਦਾ ਹੈ। ਇਸ ਸਦੀ ਵਿਚ ਰੂਸ ਜਾਗੀਰਦਾਰੀ ਪ੍ਰਬੰਧ ਵਿਚੋਂ ਗੁਜ਼ਰ ਰਿਹਾ ਸੀ। ਆਮ ਲੋਕ ਬਹੁਤ ਕਸ਼ਟਦਾਇਕ ਜੀਵਨ ਜੀਅ ਰਹੇ ਸਨ। ਇਸ ਦੌਰ ਵਿਚ ਰੂਸ ਦੇ ਬਹੁਤੇ ਲੋਕ ਕਿਰਾਏ ਦੇ ਘਰਾਂ ਵਿਚ ਗੁਜ਼ਰ-ਬਸਰ ਕਰਦੇ ਸਨ। ਗ਼ਰੀਬ ਹੋਣ ਦੇ ਬਾਵਜੂਦ ਮਕਾਨ ਮਾਲਕ, ਗ਼ਰੀਬ ਲੋਕਾਂ ਨੂੰ ਦੋ ਵਕਤ ਦਾ ਖਾਣਾ ਵੀ ਮੁਹੱਈਆ ਕਰਵਾ ਦਿੰਦੇ ਸਨ। ਭਾਵੇਂ ਇਸ ਮੰਤਵ ਲਈ ਉਹ ਆਪਣੇ ਕਿਰਾਏਦਾਰਾਂ ਤੋਂ ਥੋੜ੍ਹੇ ਬਹੁਤ ਪੈਸੇ ਵੀ ਲੈਂਦੇ ਸਨ। ਮਕਾਨ ਮਾਲਕ ਇਨ੍ਹਾਂ ਕਿਰਾਏਦਾਰਾਂ ਨਾਲ ਹਮਦਰਦੀ ਰੱਖਦੇ ਸਨ ਕਿਉਂਕਿ ਉਨ੍ਹਾਂ ਦੀ ਆਪਣੀ ਆਰਥਿਕ ਸਥਿਤੀ ਵੀ ਬਹੁਤੀ ਚੰਗੀ ਨਹੀਂ ਸੀ ਹੁੰਦੀ। ਦੋਸਤੋਵਸਕੀ ਨੂੰ ਬਿਰਤਾਂਤ ਦਾ ਸ਼ਾਹ-ਸਵਾਰ ਮੰਨਿਆ ਜਾਂਦਾ ਹੈ। ਉਸ ਦੀਆਂ ਇਨ੍ਹਾਂ ਕਹਾਣੀਆਂ ਦਾ ਬਿਰਤਾਂਤ ਆਪਣੇ ਪਾਤਰਾਂ ਬਾਰੇ 'ਸਭ ਕੁਝ' ਨਹੀਂ ਜਾਣਦਾ ਹੁੰਦਾ। ਉਸ ਦੇ ਬਿਰਤਾਂਤ ਨੂੰ ਪੜ੍ਹ ਕੇ ਪਾਠਕ ਜਿੰਨੀ ਕੁ ਜਾਣਕਾਰੀ ਪਾਤਰਾਂ ਬਾਰੇ ਹਾਸਲ ਕਰਦੇ ਹਨ, ਬਿਰਤਾਂਤਕਾਰ ਵੀ ਓਨਾ ਹੀ ਜਾਣਦਾ ਹੁੰਦਾ ਹੈ। ਇਸ ਵਿਧੀ ਨਾਲ ਬਿਰਤਾਂਤ ਉਤਸੁਕਤਾ ਭਰਪੂਰ ਅਤੇ ਰੌਚਕ ਬਣ ਜਾਂਦਾ ਹੈ। ਉਸ ਦੀ ਕਿਸੇ ਵੀ ਕਹਾਣੀ ਨੂੰ ਪੜ੍ਹਨ ਸਮੇਂ ਪਾਠਕ ਅੱਗੇ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਕੋਈ ਪੇਸ਼ੀਨਗੋਈ ਨਹੀਂ ਕਰ ਸਕਦਾ। ਇਹ ਤੱਥ ਉਸ ਦੀ ਰਚਨਾ-ਪ੍ਰਕਿਰਿਆ ਦਾ ਮੂਲ ਲੱਛਣ ਹੈ। ਲੇਖਕ ਆਪਣੀਆਂ ਕਹਾਣੀਆਂ ਦੇ ਅੰਤ ਤੱਕ ਉਤਸੁਕਤਾ ਨੂੰ ਬਣਾਈ ਰੱਖਦਾ ਹੈ ਅਤੇ ਜਦੋਂ ਕਹਾਣੀ ਖ਼ਤਮ ਹੋ ਜਾਂਦੀ ਹੈ ਤਾਂ ਵੀ ਇਹ ਪਾਠਕ ਦੇ ਜ਼ਿਹਨ ਵਿਚ ਚਲਦੀ ਰਹਿੰਦੀ ਹੈ। ਇਹ ਪਾਠਕ ਨੂੰ ਬੇਆਰਾਮ ਕਰ ਦਿੰਦੀ ਹੈ ਕਿਉਂਕਿ ਉਹ ਪਾਤਰਾਂ ਬਾਰੇ ਸੋਚਦਾ ਰਹਿ ਜਾਂਦਾ ਹੈ।
ਹੋਰ ਰੂਸੀ ਕਥਾਕਾਰਾਂ ਵਾਂਗ ਦੋਸਤੋਵਸਕੀ ਦੀਆਂ ਕਹਾਣੀਆਂ ਵਿਚ ਵੀ ਪਾਤਰਾਂ ਦੇ ਨਾਂਅ, ਆਮ ਪਾਠਕਾਂ ਨੂੰ ਮੁਸ਼ਕਿਲ ਪ੍ਰਤੀਤ ਹੁੰਦੇ ਹਨ। ਜਦੋਂ ਕਿਸੇ ਕਹਾਣੀ ਵਿਚ ਬਹੁਤੇ ਪਾਤਰ ਆ ਜਾਣ ਤਾਂ ਪਾਠਕ ਨੂੰ ਪੰਨੇ ਪਰਤ-ਪਰਤ ਕੇ ਇਨ੍ਹਾਂ ਦੀ ਨਿਸ਼ਾਨਦੇਹੀ ਜਾਂ ਪਛਾਣ ਕਰਨੀ ਪੈਂਦੀ ਹੈ। ਇਹੀ ਕਾਰਨ ਹੈ ਕਿ ਕੋਈ ਵਚਨਬੱਧ ਪਾਠਕ ਹੀ ਰੂਸੀ ਗਲਪ ਦਾ ਅਧਿਐਨ ਕਰ ਸਕਦਾ ਹੈ। ਆਮ ਪਾਠਕ ਦੀ ਇਕ ਦੋ ਕਹਾਣੀਆਂ ਪੜ੍ਹ ਕੇ ਹੀ ਬੱਸ ਹੋ ਜਾਂਦੀ ਹੈ। ਇਸ ਸਮੱਸਿਆ ਦਾ ਇਕ ਹੀ ਇਲਾਜ ਹੈ : ਪਾਠ ਉੱਪਰ ਸੁਕੇਂਦ੍ਰਿਤ ਹੋ ਜਾਣਾ। ਦੋਸਤੋਵਸਕੀ ਦਾ ਰਚਨਾ-ਸੰਸਾਰ ਬਹੁਤ ਅਦਭੁਤ ਅਤੇ ਵਚਿੱਤਰ ਹੈ। ਇਸ ਦੀ ਥਾਹ ਪਾਉਣ ਲਈ ਥੋੜ੍ਹੀ-ਬਹੁਤ ਮਿਹਨਤ ਤਾਂ ਕਰਨੀ ਹੀ ਪਵੇਗੀ। ਮੈਂ ਜਸਪ੍ਰੀਤ ਜਗਰਾਓਂ ਦੇ ਉੱਦਮ ਦੀ ਦਾਦ ਦਿੰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਅਕਸ ਕੰਬਦਾ
ਗ਼ਜ਼ਲਕਾਰ : ਪਾਲ ਗੁਰਦਾਸਪੁਰੀ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ : 99882-64707

ਪਾਲ ਗੁਰਦਾਸਪੁਰੀ ਉਦੋਂ ਤੋਂ ਗ਼ਜ਼ਲ ਲਿਖ ਰਿਹਾ ਹੈ ਜਦੋਂ ਪੰਜਾਬੀ ਦੀ ਨਵੀਂ ਗ਼ਜ਼ਲ ਅਜੇ ਮੌਲਣ ਲੱਗੀ ਸੀ। 'ਅਕਸ ਕੰਬਦਾ' ਉਸ ਦੀ ਛੇਵੀਂ ਤੇ ਪੰਜਾਬੀ ਗ਼ਜ਼ਲਾਂ ਦੀ ਚੌਥੀ ਪੁਸਤਕ ਹੈ। ਇਸ ਪੁਸਤਕ ਵਿਚ ਪਾਲ ਦੀਆਂ 51 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ, ਜਿਨ੍ਹਾਂ ਦੇ ਸ਼ਿਅਰਾਂ ਵਿਚ ਨਵੇਂ ਭਾਵ ਬੋਧ ਦੇ ਨਾਲ ਸਰਲਤਾ, ਤਰਲਤਾ ਤੇ ਵਿਸ਼ਾਲਤਾ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਹੀ ਉਹ ਰੁਦਨ ਦੀ ਥਾਂ ਇਕ ਤਾਰੇ ਵਾਂਗ ਟੁੱਟ ਕੇ ਚਾਨਣ ਖਿਲਾਰਨ ਦੀ ਗੱਲ ਕਰਦਾ ਹੈ। ਉਹ ਤੂਫ਼ਾਨ 'ਤੇ ਇਲਜ਼ਾਮ ਲਾਉਣ ਦੀ ਥਾਂ ਮਲਾਹ ਦੀ ਨੀਅਤ 'ਤੇ ਸਵਾਲ ਉਠਾਉਂਦਾ ਹੈ। ਇਸ ਪੁਸਤਕ ਦੀ ਦੂਸਰੀ ਗ਼ਜ਼ਲ ਪਾਲ ਦੀ ਗ਼ਜ਼ਲ ਲੇਖਣ ਸਮਰਥਾ ਦੀ ਸੁੰਦਰ ਉਦਾਹਰਨ ਹੈ ਤੇ ਇਸ ਨੂੰ ਪੜ੍ਹਦਿਆਂ ਗ਼ਜ਼ਲਕਾਰ ਦੀ ਗ਼ਜ਼ਲਗੋਈ ਦੂਸਰਿਆਂ ਤੋਂ ਅਲੱਗ ਖੜ੍ਹੀ ਨਜ਼ਰ ਆਉਂਦੀ ਹੈ। ਮਨੁੱਖੀ ਜ਼ਿੰਦਗੀ ਵਿਚ ਮਚੀ ਆਪਾ-ਧਾਪੀ, ਸਵਾਰਥ, ਲਾਲਚ, ਬੇਈਮਾਨੀ ਦੇ ਨਾਲ-ਨਾਲ ਉਹ ਭ੍ਰਿਸ਼ਟ ਰਾਜਨੀਤੀ ਤੇ ਸੰਸਾਰ ਪੱਧਰੀ ਸਮੱਸਿਆਵਾਂ ਨੂੰ ਵੀ ਆਪਣੇ ਸ਼ਿਅਰਾਂ ਰਾਹੀਂ ਪੇਸ਼ ਕਰਦਾ ਹੈ। ਗ਼ਜ਼ਲਕਾਰ ਹਰ ਸਮੱਸਿਆ 'ਤੇ ਆਪਣਾ ਅਲਹਿਦਾ ਨਜ਼ਰੀਆ ਰੱਖਦਾ ਹੈ ਤੇ ਹਰ ਘਟਨਾ ਨੂੰ ਇਕ ਵੱਖਰੇ ਕੋਣ ਤੋਂ ਦੇਖਦਾ ਹੈ। ਉਸ ਮੁਤਾਬਿਕ ਮਨੁੱਖ ਨੂੰ ਨਿਰਬਾਹ ਲਈ ਸਿਰਫ਼ ਰੋਟੀ ਹੀ ਨਹੀਂ ਚਾਹੀਦੀ ਉਸ ਦੀਆਂ ਹੋਰ ਜ਼ਰੂਰਤਾਂ ਨੂੰ ਵੀ ਮਹੱਤਵ ਦੇਣ ਦੀ ਜ਼ਰੂਰਤ ਹੈ। ਮੁਹੱਬਤ ਬਿਨਾਂ ਜ਼ਿੰਦਗੀ ਬਿਨਾਂ ਗਜ਼ ਤੋਂ ਸਾਰੰਗੀ ਹੈ। ਇਸ ਦੀ ਲੋੜ ਪਾਲ ਦੀਆਂ ਗ਼ਜ਼ਲਾਂ ਵਿਚ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਪਾਲ ਦੀਆਂ ਗ਼ਜ਼ਲਾਂ ਵਿਚ ਤਨਹਾ ਪਲਾਂ ਦੇ ਉਦਾਸ ਮੰਜ਼ਰ ਦੇਖੇ ਜਾ ਸਕਦੇ ਹਨ। ਉਹ ਆਖਦਾ ਹੈ 'ਮੈਂ ਸਦਾ ਆਸ-ਪਾਸ ਹੀ ਹੁੰਦਾਂ, ਫੇਰ ਕੀ ਹੈ ਜੇ ਤੇਰੇ ਨਾਲ ਨਹੀਂ'। ਉਹ ਕਿਸੇ ਨੂੰ ਸੰਬੋਧਤ ਹੁੰਦਾ ਹੋਇਆ ਲਿਖਦਾ ਹੈ 'ਤੇਰੇ ਸਾਹ ਜੇ ਹੋਰ ਕਿਸੇ ਦੇ ਅੰਦਰ ਨੇ, ਏਨ੍ਹਾਂ ਉੱਤੇ ਮੇਰੇ ਵੀ ਹਸਤਾਖ਼ਰ ਨੇ।' ਸ਼ਿਅਰਾਂ ਵਿਚ ਉਸ ਦੀ ਮੁਹੱਬਤ ਬਾਜ਼ਾਰੂ ਨਾ ਹੋ ਕੇ ਪਹਾੜੀ ਨਦੀ ਦੇ ਪਾਣੀ ਵਾਂਗ ਪਵਿੱਤਰ ਹੈ ਤੇ ਕਲ-ਕਲ ਕਰਕੇ ਸੰਗੀਤਕ ਧੁਨਾਂ ਪੈਦਾ ਕਰਦੀ ਹੈ। ਇਸ ਪੁਸਤਕ ਵਿਚ ਸ਼ਾਮਿਲ ਪਾਲ ਗੁਰਦਾਸਪੁਰੀ ਦੀਆਂ ਗ਼ਜ਼ਲਾਂ ਗ਼ਜ਼ਲ ਦੇ ਤੈਅ ਅਸੂਲਾਂ 'ਤੇ ਪਹਿਰਾ ਦਿੰਦੀਆਂ ਹਨ। 'ਅਕਸ ਕੰਬਦਾ' ਨੂੰ ਪੜ੍ਹ ਕੇ ਕਿਸੇ ਅਗੰਮੀ ਯਾਤਰਾ ਕਰਕੇ ਪਰਤਣ ਦਾ ਅਨੁਭਵ ਪ੍ਰਾਪਤ ਹੁੰਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਅਟਾਰੀ ਬਜ਼ਾਰ
ਲੇਖਿਕਾ : ਤਾਰਨ ਗੁਜਰਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 98557-19660.

ਤਾਰਨ ਗੁਜਰਾਲ ਉਸਾਰੂ ਜੀਵਨ ਸ਼ੈਲੀ ਦੀ ਹਮਾਇਤੀ ਹੋਣ ਸਦਕਾ ਕਲਿਆਣਕਾਰੀ ਸ਼ਬਦ-ਸਿਰਜਕ ਰਹੀ ਹੈ। ਉਹ ਪੰਜਾਬੀ ਰਹਿਤਲ ਦੀ ਗੰਭੀਰ ਅਨੁਭਵੀ ਅਤੇ ਇਸ ਦੇ ਪ੍ਰਚਾਰ-ਪਾਸਾਰ ਹਿੱਤ ਨਵੀਆਂ ਸੰਭਾਵਨਾਵਾਂ ਨੂੰ ਵੀ ਸਿਰਜਦੀ ਰਹੀ ਹੈ। ਇਸ ਸਭ ਕਾਸੇ ਦਾ ਪ੍ਰਮਾਣ ਪੁਸਤਕ 'ਅਟਾਰੀ ਬਾਜ਼ਾਰ' ਹੈ, ਜੋ ਕੁਝ ਲੋਕਾਂ ਅਨੁਸਾਰ ਕਹਾਣੀ-ਸੰਗ੍ਰਹਿ ਜਾਂ ਗਲਪ ਜਾਪਦਾ ਹੈ ਪਰ ਅਸਲ ਵਿਚ ਇਹ ਅਤੀਤ ਅਤੇ ਵਰਤਮਾਨ ਦੀਆਂ ਅਭੁੱਲ ਯਾਦਾਂ ਹਨ ਜੋ ਜਨਮ ਭੂਮੀ ਤੋਂ ਵਿਛੜਨ ਉਪਰੰਤ ਪੈਦਾ ਹੋਏ ਹੇਰਵੇ ਦੇ ਪ੍ਰਤਿਮਾਨਾਂ ਦਾ ਵੀ ਦਰਪਣ ਹਨ ਅਤੇ ਝੂਠ, ਕਪਟ, ਧੋਖਾਧੜੀ, ਸਾੜੇ ਤੇ ਕੀਰਨਿਆਂ ਭਰੀ ਜ਼ਿੰਦਗੀ ਵਿਚੋਂ ਬਾਹਰ ਆ ਕੇ ਮਨੁੱਖ ਨੂੰ ਮੁਹੱਬਤੀ ਬੋਲਾਂ ਦਾ ਸੰਚਾਰ ਕਰਨਾ ਅਤੇ ਦੇਸ਼, ਕੌਮ ਅਤੇ ਖਾਸ ਕਰਕੇ ਪੰਜਾਬੀਅਤ ਪ੍ਰਤੀ ਮੋਹ ਦੀਆਂ ਤੰਦਾਂ ਨੂੰ ਹੋਰ ਪਕੇਰਿਆਂ ਕਰਨ ਵਿਚ ਨਿਹਿਤ ਹੈ। ਮੈਡਮ ਰਮਾ ਰਤਨ ਦੀ ਪ੍ਰੇਰਨਾ ਤੋਂ ਛੁੱਟ ਉਸ ਤੋਂ ਪਹਿਲਾਂ ਹੋ ਚੁੱਕੇ ਸਾਹਿਤਕਾਰਾਂ ਦੀ ਪ੍ਰੇਰਕ ਸ਼ਕਤੀ ਅਤੇ ਅਗਲੀ ਹੁਣ ਵਾਲੀ ਪੀੜ੍ਹੀ ਦੇ ਲੇਖਕਾਂ ਦਾ ਜ਼ਿਕਰ ਸਾਬਤ ਕਰਦਾ ਹੈ ਕਿ ਤਾਰਨ ਗੁਜਰਾਲ ਅਤੀਤ, ਵਰਤਮਾਨ ਅਤੇ ਭਵਿੱਖ ਮੁਖੀ ਚੜ੍ਹਦੀ ਕਲਾ ਦੇ ਸਾਹਿਤ ਦੀ ਸਿਰਜਕ ਹੈ। ਪੁਸਤਕ ਦੇ ਬਾਈ ਕਾਂਡ ਕਹਾਣੀ ਰਸ ਨਾਲ ਭਰਪੂਰ ਹੈ ਹੀ ਹਨ, ਅਟਾਰੀ ਦੀਆਂ ਗਲੀਆਂ, ਮਹਿਲਾਂ, ਚੁਬਾਰਿਆਂ, ਕੱਚੇ ਅਤੇ ਵੱਡੇ ਕਿਲਿਆਂ ਦਾ ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਵਰਣਨ ਦਿਲਾਂ-ਦਿਮਾਗਾਂ 'ਚ ਘਰ ਕਰ ਜਾਂਦਾ ਹੈ। ਇਸੇ ਤਰ੍ਹਾਂ ਮਹੰਤਾਂ ਦਾ ਘਰ, ਅਟਾਰੀ ਦੀਆਂ ਹਵੇਲੀਆਂ, ਯਾਦਾਂ ਅਟਾਰੀ ਦੀਆਂ, ਕੋਇਟੇ ਦਾ ਭੁਚਾਲ, ਦੌਲੇ ਸ਼ਾਹ ਦੀਆਂ ਚੂਹੀਆਂ, ਮਾਈ ਖੇਮੀ, ਰਾਮ ਸਿੰਘ ਜੀ, ਸ: ਰਘਬੀਰ ਸਿੰਘ ਬਨਾਮ ਕਮਲਾ ਸਰਦਾਰ ਆਦਿ ਅਜਿਹੇ ਕਾਂਡ ਹਨ ਜੋ ਪੂਰੇ ਦੇ ਪੂਰੇ ਪੜ੍ਹਨ ਤੋਂ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ। ਬਸੰਤ ਪੰਚਮੀ, ਆਈ ਲਵ ਯੂ ਅਤੇ ਹਾਈ ਸਕੂਲ ਦਾ ਜ਼ਿਕਰ ਤਾਂ ਕਮਾਲ ਦਾ ਹੈ ਪਰ ਗੁਜਰਖਾਨ, ਰਾਂਚੀ ਅਤੇ ਚੰਡੀਗੜ੍ਹ ਦੀ ਜੀਵਨ ਸ਼ੈਲੀ ਪਾਠਕ ਨੂੰ ਰਸ-ਮੁਗਧ ਕਰ ਦਿੰਦੀ ਹੈ।

ਂਡਾ. ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸ਼ਾਨੋ ਤੇ ਹੋਰ ਨਾਟਕ
ਲੇਖਿਕਾ : ਡਾ: ਬੇਅੰਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 94657-14398.

ਲੇਖਿਕਾ ਨੇ ਪੂਰੇ ਨਾਟਕ 'ਸ਼ਾਨੋ' ਅਤੇ 'ਮੋਹ ਦੀਆਂ ਤੰਦਾਂ' ਇਸ ਵਿਚ ਸ਼ਾਮਿਲ ਕੀਤੇ ਹਨ। ਦੋਵੇਂ ਨਾਟਕ ਦ੍ਰਿਸ਼ਾਂ 'ਚ ਵੰਡੇ ਗਏ ਹਨ। ਹਰੇਕ ਦ੍ਰਿਸ਼ ਕਹਾਣੀ ਨੂੰ ਅੱਗੇ ਤੋਰਦਾ ਹੈ ਤੇ ਆਪਣੇ ਅੰਤ ਵੱਲ ਵਧਦਾ ਹੈ। ਡਾ: ਬੇਅੰਤ ਕੌਰ ਆਪਣੇ ਨਾਟਕਾਂ ਵਿਚ ਆਧੁਨਿਕ ਯੁੱਗ ਦੀਆਂ ਦੋ ਔਰਤਾਂ ਦੀ ਸਥਿਤੀ ਪੇਸ਼ ਕਰਦੀ ਹੈ। ਪਹਿਲੇ ਨਾਟਕ ਦੀ ਨਾਇਕਾ ਸ਼ਾਨੋ ਹੈ ਜੋ ਗ਼ਰੀਬ ਘਰ ਨਾਲ ਤਾਅਲੁਕ ਰੱਖਦੀ ਹੈ। ਉਹ ਦਹੇਜ ਦੇ ਕੇ ਚੰਗਾ ਵਰ ਘਰ ਨਹੀਂ ਲੱਭ ਸਕਦੇ। ਨਾਟਕਕਾਰਾ ਅਨੁਸਾਰ ਲੋਕਾਂ ਨੇ ਦਹੇਜ ਲਈ ਮੂੰਹ ਟੱਡੇ ਹੋਏ ਹਨ। ਕੁੜੀ ਦੀ ਮਾਂ ਵੱਡਾ ਦਹੇਜ ਦੇਣੋਂ ਅਸਮਰੱਥ ਹੋਣ ਕਾਰਨ ਵਿਚੋਲੇ ਰਾਹੀਂ ਵੱਡੀ ਉਮਰ ਦੇ ਫ਼ੌਜੀ ਮੱਘਰ ਨਾਲ ਧੀ ਦਾ ਰਿਸ਼ਤਾ ਕਰਨ ਲਈ ਮੰਨ ਜਾਂਦੀ ਹੈ। ਸ਼ਾਨੋ ਆਪਣੇ ਹਾਣ ਦਾ ਵਰ ਨਾ ਹੋਣ ਕਾਰਨ ਉਹਦੇ ਸੀਰੀ ਬੀਰ੍ਹੇ ਵੱਲ ਰਚਿਤ ਹੋ ਜਾਂਦੀ ਹੈ। ਪਰ ਬੀਰ੍ਹਾ ਵੀ ਉਹਦੇ ਨਾਲ ਧੋਖਾ ਕਰਕੇ ਉਸ ਨੂੰ ਆਪਣੇ ਲੈਣਦਾਰ ਜ਼ੋਰੇ ਨਾਲ ਤੋਰਨ ਲਈ ਸੌਦੇਬਾਜ਼ੀ ਕਰ ਲੈਂਦਾ ਹੈ। ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਣ 'ਤੇ ਉਹ ਮੁੜ ਮੱਘਰ ਵੱਲ ਪਰਤਦੀ ਹੈ। ਬੀਰ੍ਹੇ ਦਾ ਕਤਲ ਮੱਘਰ ਤੋਂ ਹੋ ਜਾਂਦਾ ਹੈ। ਸ਼ਾਨੋ ਆਪਣੀ ਭੁੱਲ ਬਖ਼ਸ਼ਾ ਕੇ ਮੱਘਰ ਦੀ ਰਿਹਾਈ ਲਈ ਕੋਸ਼ਿਸ਼ ਕਰਨ ਲੱਗਦੀ ਹੈ। ਇਹ ਨਾਟਕ ਜਿਥੇ ਮਜਬੂਰੀ ਦੀ ਬਾਤ ਪਾਉਂਦਾ ਹੈ, ਉਥੇ ਇਹ ਨਿਆਂ, ਅਨਿਆਂ ਅਤੇ ਵਫ਼ਾਈ, ਬੇਵਫ਼ਾਈ ਦੀਆਂ ਵੀ ਪਰਤਾਂ ਖੋਲ੍ਹਦਾ ਹੈ।
'ਮੋਹ ਦੀਆਂ ਤੰਦਾਂ' ਦੀ ਨਾਇਕਾ ਵੀ ਇਕ ਕੁੜੀ ਨੂਰ ਹੈ। ਉਸ ਦੀ ਮਾਂ ਸੀਤੋ ਘਰੇਲੂ ਨੌਕਰਾਣੀ ਦਾ ਕੰਮ ਕਰਕੇ ਵੀ ਆਪਣੀ ਧੀ ਨੂੰ ਚੰਗਾ ਪੜ੍ਹਾਉਂਦੀ ਲਿਖਾਉਂਦੀ ਤੇ ਪਾਲਣ ਪੋਸ਼ਣ ਕਰਦੀ ਹੈ। ਪੜ੍ਹ ਲਿਖ ਕੇ ਨੂਰ ਨੂੰ ਚੰਗੀ ਕੰਪਨੀ 'ਚ ਉੱਚੇ ਅਹੁਦੇ ਦੀ ਨੌਕਰੀ ਮਿਲ ਜਾਂਦੀ ਹੈ। ਪਰ ਉਹ ਆਪਣੀ ਕਮਤਰੀ ਦੇ ਅਹਿਸਾਸ 'ਚ ਬੁਰੀ ਤਰ੍ਹਾਂ ਘਿਰੀ ਹੋਈ ਹੈ। ਆਪਣੇ ਕੰਪਲੈਕਸ ਦੇ ਅਹਿਸਾਸ ਕਾਰਨ ਹੀ ਉਹ ਆਪਣੀ ਮਾਂ ਬਾਰੇ ਦੱਸਣਾ ਨਹੀਂ ਚਾਹੁੰਦੀ। ਉਸ ਦਾ ਵਿਆਹ ਵੱਡੇ ਅਮੀਰ ਘਰ ਦੇ ਮੁੰਡੇ ਨਾਲ ਹੋ ਜਾਣ 'ਤੇ ਵੀ ਉਹ ਆਪਣੀ ਮਾਂ ਦੀ ਹੈਸੀਅਤ ਛੁਪਾਈ ਰੱਖਦੀ ਹੈ। ਇਸ ਕਾਰਨ ਹੀ ਨਾਟਕ ਵਿਚ ਤ੍ਰਾਸਦੀ ਵਾਪਰਦੀ ਹੈ, ਜਿਸ ਕਾਰਨ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਇਸ ਨਾਟਕ ਦੀ ਮੁੱਖ ਸਮੱਸਿਆ ਇਹ ਹੈ ਕਿ ਨਾਇਕਾ ਆਪਣੇ ਛੋਟੇਪਨ ਦੇ ਭਾਵਾਂ 'ਚੋਂ ਉੱਭਰ ਨਹੀਂ ਸਕੀ, ਜਿਸ ਕਾਰਨ ਉਸ ਨੂੰ ਤ੍ਰਾਸਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਲਵਈ ਬੋਲੀ 'ਚ ਲਿਖੇ ਸੰਵਾਦ ਪਾਤਰਾਂ ਦੇ ਅਨੁਰੂਪ ਜਾਪਦੇ ਹਨ। ਆਧੁਨਿਕ ਔਰਤ ਦੀ ਦਸ਼ਾ ਅਤੇ ਦਿਸ਼ਾ ਲੱਭਦੇ ਇਹ ਨਾਟਕ ਤ੍ਰਾਸਦਿਕ ਅੰਤ ਵਾਲੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਸ਼ੇਖ ਚਿੱਲੀ ਦੇ ਕਾਰਨਾਮੇ
ਸੰ: ਅਮਿੱਤ ਮਿੱਤਰ
ਸੰਗ੍ਰਹਿ ਕਰਤਾ : ਸਰਜੀਤ ਤਲਵਾਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 78377-18723.

ਇਨ੍ਹਾਂ ਚਪਟਪੇ ਕਾਰਨਾਮਿਆਂ ਦਾ ਨਾਇਕ ਇਕ ਛੋਟੇ ਜਿਹੇ ਮੁਲਕ ਦੇ ਪਿੰਡ ਸ਼ੇਖਪੁਰੇ ਦਾ ਜੰਮਪਲ ਹੈ ਜਿਸ ਦਾ ਬਚਪਨ ਦਾ ਨਾਂਅ ਨੂਰਾ ਸ਼ੇਖ ਹੈ। ਉਸ ਦੇ ਨਾਂਅ ਨਾਲ 'ਚਿੱਲੀ' ਲੋਕਾਂ ਵਲੋਂ ਪਾਈ ਹੋਈ 'ਅੱਲ' ਹੈ। ਉਸ ਦੇ ਨਾਇਕਤਵ ਦੀ ਵਿਸ਼ੇਸ਼ਤਾ ਹੈ ਕਿ ਉਸ ਦੇ ਨਾਂਅ ਨਾਲ ਅੱਜ ਤੱਕ ਵੀ ਨਵੇਂ ਬਿਰਤਾਂਤ ਜੁੜਦੇ ਆ ਰਹੇ ਹਨ। ਉਸ ਦੀ ਸ਼ਖ਼ਸੀਅਤ ਚੰਚਲ ਹੈ। ਪਾਠਕ ਜਿਉਂ-ਜਿਉਂ ਇਸ ਪੁਸਤਕ ਦਾ ਅਧਿਐਨ ਕਰਦਾ ਜਾਂਦਾ ਹੈ, ਉਸ ਦੀ ਸ਼ਖ਼ਸੀਅਤ ਦੀਆਂ ਅਨੇਕਾਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ। ਉਹ ਚੁਟਕਲੇ ਸੁਣਾਉਣ ਵਾਲਾ, ਗੱਪੀ, ਮਜ਼ਾਕੀਆ, ਹਵਾਈ ਕਿਲੇ ਬਣਾਉਣ ਵਾਲਾ, ਊਟ-ਪਟਾਂਗ ਹਰਕਤਾਂ ਕਰਨ ਵਾਲਾ, ਸ਼ੇਖੀ-ਖੋਰ, ਮਹਾਂ-ਮੂਰਖ, ਹਾਜ਼ਰ ਜਵਾਬ ਹੋਣ ਦੇ ਨਾਲ-ਨਾਲ ਬਹਾਦਰ ਅਤੇ ਬੁੱਧੀਜੀਵੀ ਜਾਪਣ ਲੱਗ ਪੈਂਦਾ ਹੈ।
ਇਸ ਬਿਰਤਾਂਤ ਦੀ ਸਭ ਤੋਂ ਵੱਡੀ ਕਥਾ 'ਸ਼ੇਖ ਚਿੱਲੀ ਬੁਖਾਰਾ ਦੀਆਂ ਸੜਕਾਂ 'ਤੇ' ਸਿਰਲੇਖ ਅਧੀਨ ਪੇਸ਼ ਕੀਤੀ ਗਈ ਹੈ। ਇਸ ਯਾਤਰਾ ਵਿਚ ਉਹ ਆਪਣੇ ਵਫ਼ਾਦਾਰ 'ਗਧੇ' ਦੀ ਸਵਾਰੀ ਕਰਦਾ ਹੈ। ਬੁਖਾਰੇ ਵਿਚ ਉਹ ਆਪਣੇ ਅਮੀਰਾਂ, ਸੂਦਖੋਰਾਂ, ਦੌਲਤਮੰਦਾਂ, ਸੇਠਾਂ, ਸ਼ਾਹੂਕਾਰਾਂ, ਫਰੇਬੀਆਂ ਅਤੇ ਲੋਕਾਂ ਦਾ ਖੂਨ ਚੂਸ ਕੇ ਤਜੋਰੀਆਂ ਭਰਨ ਵਾਲਿਆਂ ਦਾ ਪਾਜ ਉਘੇੜਦਾ ਉਨ੍ਹਾਂ ਦਾ ਦੁਸ਼ਮਣ ਹੋ ਨਿਬੜਦਾ ਹੈ। ਇੰਜ ਉਹ ਰਹਿਮਦਿਲ, ਦਾਨੀ, ਪਰਉਪਕਾਰੀ ਅਤੇ ਮਾਨਵਵਾਦੀ ਸਿੱਧ ਹੁੰਦਾ ਹੈ। ਕਥਾ ਵਿਚ ਪਰਾ-ਸਰੀਰਕ ਅੰਸ਼ ਵੀ ਉਪਲਬਧ ਹੈ। ਹਰ ਕਥਾ ਵਿਚ ਫੋਕਸੀਕਰਨ ਬਦਲਦਾ ਚਲਿਆ ਜਾਂਦਾ ਹੈ। ਸ਼ੈਲੀ ਅਨ੍ਰਯ-ਪੁਰਖੀ ਅਤੇ ਸੰਵਾਦਕ ਹੈ। ਨਾਇਕ ਭਾਸ਼ਾ ਦੇ ਗਤੀਸ਼ੀਲ ਅਰਥ-ਦਰ-ਅਰਥ ਕਰਕੇ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ : ਮਸਲਨ : 'ਚੱਲੀ', 'ਖਾਚਿੜੀ' ਆਦਿ। ਕੁੱਲ ਮਿਲਾ ਕੇ ਇਹ ਪੁਸਤਕ ਸਿੱਖਿਆਦਾਇਕ ਰੌਚਿਕ ਕਥਾਵਾਂ ਦਾ ਸੰਗ੍ਰਹਿ ਹੋ ਨਿਬੜਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007
ਫ ਫ ਫ

14-07-2018

 ਘੁੰਗਰੂ
ਗ਼ਜ਼ਲਕਾਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 270 ਰੁਪਏ, ਸਫ਼ੇ : 96
ਸੰਪਰਕ : 99884-44002.

ਗੁਰਦਿਆਲ ਰੌਸ਼ਨ ਸਾਡੇ ਸਮਿਆਂ ਦਾ ਪਹਿਲੀ ਕਤਾਰ ਦਾ ਪੰਜਾਬੀ ਗ਼ਜ਼ਲਕਾਰ ਹੈ। ਉਹ ਪਿਛਲੀ ਅੱਧੀ ਸਦੀ ਤੋਂ ਜਿਥੇ ਰੌਸ਼ਨ ਗ਼ਜ਼ਲਕਾਰੀ ਕਰ ਰਿਹਾ ਹੈ, ਉਥੇ ਉਹ ਸੁਹਿਰਦਤਾ ਨਾਲ ਪੰਜਾਬੀ ਗ਼ਜ਼ਲ ਨੂੰ ਪੰਜਾਬੀਅਤ ਦਾ ਜਾਮਾ ਪਹਿਨਾਉਣ ਵਾਸਤੇ ਸਮਾਲੋਚਨਾ ਵੀ ਕਰ ਰਿਹਾ ਹੈ। ਰੌਸ਼ਨ ਨੇ ਆਪਣੀ ਕਲਮ ਦੀ ਸਿਆਹੀ ਨੂੰ ਕਦੇ ਖੁਸ਼ਕ ਨਹੀਂ ਹੋਣ ਦਿੱਤਾ। ਮਾਨਵੀ ਦਰਦ ਦਾ ਰਚੇਤਾ ਸ਼ਾਇਰ ਰੌਸ਼ਨ ਗ਼ਜ਼ਲ ਸਿਰਜਨ ਵਿਚ ਸਦਾ ਹੀ ਵਿਲੱਖਣ ਅੰਦਾਜ਼ ਅਤੇ ਲੋਕ ਮਸਲਿਆਂ ਨੂੰ ਗ਼ਜ਼ਲੀਅਤ ਵਿਚ ਢਾਲ ਕੇ ਪੇਸ਼ ਕਰਦਾ ਆ ਰਿਹਾ ਹੈ। ਉਸ ਦੇ ਸ਼ਿਅਰ ਸਹਿਜੇ ਹੀ ਪਾਠਕ ਸਰੋਤੇ ਦੇ ਦਿਲ 'ਚੋਂ ਹੁੰਦੇ ਹੋਏ ਜ਼ਿਹਨ-ਨਸ਼ੀਨ ਹੋ ਜਾਂਦੇ ਹਨ।
ਦਰਜਨਾਂ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣ ਵਾਲੇ ਸ਼ਾਇਰ ਰੌਸ਼ਨ ਨੇ ਗ਼ਜ਼ਲ ਪੁਸਤਕਾਂ ਨੂੰ ਪਾਠਕਾਂ ਦੀ ਰੁਚੀ ਜਗਾਉਣ ਵੱਲ ਅਤੇ ਸੁਹਜ-ਪਰੋਸਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਗ਼ਜ਼ਲ ਨੂੰ ਵਿਆਪਕਤਾ ਵਿਚ ਅਤੇ ਹੋਰ ਵਿਧਾਵਾਂ ਦੇ ਬਰਅਕਸ ਅਮੀਰੀ ਬਖ਼ਸ਼ਣ ਵਾਸਤੇ ਸ਼ਾਇਰ ਨੇ ਆਪਣੀਆਂ ਨਵੀਆਂ ਗ਼ਜ਼ਲ ਪੁਸਤਕਾਂ ਨੂੰ ਰੰਗੀਨ ਚਿੱਤਰਾਂ ਨਾਲ ਸ਼ਿੰਗਾਰਨਾ ਅਰੰਭਿਆ। ਉਸ ਦੀ ਗ਼ਜ਼ਲ ਪੁਸਤਕ 'ਮਹਿਫ਼ਲ' ਵਿਚ ਪ੍ਰਸਿੱਧ ਚਿੱਤਰਕਾਰ ਅਲੀ ਅੱਬਾਸ ਦੇ ਚਿੱਤਰਾਂ ਦਾ ਸ਼ਾਮਿਲ ਹੋਣਾ ਇਸ ਦੀ ਮਿਸਾਲ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਵੀ ਉਸ ਨੇ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰਾਂ ਨੂੰ ਸਫ਼ਿਆਂ ਦਾ ਸ਼ਿੰਗਾਰ ਬਣਾਇਆ ਹੈ। ਇਹੀ ਨਹੀਂ ਉਸ ਨੇ ਸੁਹਜ-ਪਰੋਸਣ ਦੀ ਸਫ਼ਲਤਾ ਵਾਸਤੇ ਆਪਣੇ ਅੱਧੀ ਦਰਜਨ ਗ਼ਜ਼ਲ ਸੰਗ੍ਰਹਿਆਂ ਨੂੰ ਰੰਗੀਨ ਸ਼ਬਦਾਂ ਤੇ ਵਿਲੱਖਣ ਅੰਦਾਜ਼ ਵਿਚ ਵੀ ਪ੍ਰਕਾਸ਼ਿਤ ਕੀਤਾ ਹੈ, ਜੋ ਕਠਿਨ ਕਾਰਜ ਸੀ। ਹਥਲੀ ਪੁਸਤਕ ਵਿਚ ਸ਼ਾਨਦਾਰ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਸ਼ਾਇਰ ਨੇ ਕੁੱਲ 50 ਸ਼ਾਨਦਾਰ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਉਹ ਆਪਣੇ ਬੇਬਾਕ ਸ਼ਿਅਰੀ ਅੰਦਾਜ਼ ਨੂੰ ਕਾਇਮ ਰੱਖਦਾ ਹੋਇਆ ਸਮਾਜ ਨੂੰ ਸਮਾਜ ਵਿਚ ਫੈਲ ਰਹੀਆਂ ਅਨੈਤਿਕਤਾਵਾਂ ਪ੍ਰਤੀ ਜਾਗਰੂਕ ਕਰਦਾ ਹੈ। 'ਘੁੰਗਰੂ' ਗ਼ਜ਼ਲ ਸੰਗ੍ਰਹਿ ਲੋਕਾਈ ਵਿਚ ਹੋਕੇ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ। ਰੌਸ਼ਨ ਲੋਕਾਂ ਦਾ ਸ਼ਾਇਰ ਹੈ। ਲੀਹੋਂ ਲੱਥੀ ਰਾਜਨੀਤੀ, ਕਾਨੂੰਨੀ ਮਾਨਤਾ ਪ੍ਰਾਪਤ ਕਰ ਗਈ ਲੁੱਟ-ਘਸੁੱਟ, ਸਮਾਜਿਕ ਲੁੱਟ ਖੋਹ, ਧਰਮੰਧਤਾ ਅਤੇ ਸਮਾਜਿਕ ਵਿਡੰਬਨਾਵਾਂ ਪ੍ਰਤੀ ਸ਼ਿਅਰੀ ਜ਼ਬਾਨ ਵਿਚ ਬੁਲੰਦ ਤੇ ਊਰਜਾ ਭਰੇ ਬਿਆਨਾਂ ਨੂੰ ਮੈਂ ਦਿਲੋਂ ਜੀ ਆਇਆਂ ਕਹਿੰਦਾ ਹਾਂ। ਗ਼ਜ਼ਲ ਪੁਸਤਕ ਦਾ ਹਰ ਸ਼ਿਅਰ ਲੋਕ ਚੇਤਨਾ ਦਾ ਵਾਹਕ ਲਗਦਾ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਜਲਾਵਤਨੀ ਤੇ ਜੇਲ੍ਹ ਯਾਦਾਂ
ਲੇਖਕ : ਮੁਈਨ ਬਸੀਸੋ
ਅਨੁਵਾਦਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ.ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 290 ਰੁਪਏ, ਸਫ਼ੇ : 112
ਸੰਪਰਕ : 99150-42242.

ਸ: ਹਰਭਜਨ ਸਿੰਘ ਹੁੰਦਲ ਇਕ ਪ੍ਰਗਤੀਵਾਦੀ ਕਵੀ ਅਤੇ ਇਨਕਲਾਬੀ ਚਿੰਤਕ ਹੈ। ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਰਿਹਾ ਹੈ। ਉਸ ਨੇ ਵਿਸ਼ਵ ਦੇ ਪ੍ਰਸਿੱਧ ਮਾਰਕਸਵਾਦੀ ਲੇਖਕਾਂ ਅਤੇ ਚਿੰਤਕਾਂ ਬਾਰੇ ਲਿਖਣਾ ਸ਼ੁਰੂ ਕਰ ਰੱਖਿਆ ਹੈ। ਮਾਇਆਕੋਵਸਕੀ, ਪਾਬਲੋ ਨੇਰੂਦਾ, ਨਾਜ਼ਿਮ ਹਿਕਮਤ, ਮਹਿਮੂਦ ਦਰਵੇਸ਼, ਬਰੈਖ਼ਤ, ਗ੍ਰਾਮਸਕੀ, ਫੀਦਲ ਕਾਸਤਰੋ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਵਰਗੇ ਅਨੇਕ ਕ੍ਰਾਂਤੀਕਾਰੀ ਚਿੰਤਕਾਂ/ਕਵੀਆਂ ਦੇ ਬਾਰੇ ਉਸ ਦੇ ਮੋਨੋਗ੍ਰਾਫ਼ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਉਹ ਅਤਿਅੰਤ ਪ੍ਰਮਾਣਿਕ ਸਰੋਤ ਪੁਸਤਕਾਂ ਦੇ ਆਧਾਰ 'ਤੇ ਕਾਫੀ ਮੌਲਿਕ ਅਤੇ ਮੁੱਲਵਾਨ ਸਮੱਗਰੀ ਪ੍ਰਕਾਸ਼ਿਤ ਕਰ ਚੁੱਕਾ ਹੈ।
ਮੁਈਨ ਬਸੀਸੋ, ਫਲਸਤੀਨ ਕ੍ਰਾਂਤੀਕਾਰੀ ਸੰਘਰਸ਼ ਦਾ ਯੋਧਾ ਸੀ। ਉਸ ਦੀ ਪੁਸਤਕ 'ਡੂੰਘੇ ਪਾਣੀਆਂ ਵਿਚ ਉੱਤਰਨਾ' ਜੇਲ੍ਹ ਜੀਵਨ ਦੀਆਂ ਕਠਿਨਾਈਆਂ ਅਤੇ ਤਸੀਹਿਆਂ ਦਾ ਮਾਰਮਿਕ ਵਰਨਣ ਹੈ। ਲੇਖਕ ਹਰਭਜਨ ਹੁੰਦਲ ਨੇ ਇਸ ਪੁਸਤਕ ਦੇ 12 ਕਾਂਡਾਂ ਦਾ ਬੜਾ ਸੁਚੱਜਾ ਅਨੁਵਾਦ ਕੀਤਾ ਹੈ। ਬਸੀਸੋ ਦਾ ਜਨਮ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਹੋਇਆ ਸੀ। 1946 ਈ: ਵਿਚ ਉਹ ਗਾਜ਼ਾ ਦੇ ਸਪੋਰਟਸ ਕਲੱਬ ਨਾਲ ਜੁੜ ਗਿਆ। ਫੂ-ਅਦ-ਨਾਗਰ ਨੇ ਉਸ ਨੂੰ ਫਲਸਤੀਨੀ ਰਾਸ਼ਟਰੀ ਲਹਿਰ ਦੇ ਕਵੀਆਂ ਨਾਲ ਪਿਆਰ ਕਰਨਾ ਸਿਖਾਇਆ। 1952 ਈ: ਵਿਚ ਉਸ ਦਾ ਪਹਿਲਾ ਕਾਵਿ ਸੰਗ੍ਰਹਿ 'ਅਲ-ਮਾ-ਰਾਕਾ' ਪ੍ਰਕਾਸ਼ਿਤ ਹੋਇਆ। ਇਸ ਸੰਗ੍ਰਹਿ ਦੀ ਇਕ ਪ੍ਰਸਿੱਧ ਕਵਿਤਾ ਵਿਚ ਉਹ ਲਿਖਦਾ ਹੈ :
ਇਨ੍ਹਾਂ ਗਲੀਆਂ ਦਾ ਕੌਣ ਵਾਲੀ ਹੈ
ਅਸੀਂ ਜਾਂ ਸਿਪਾਹੀ। ...
ਇਸ ਗਲੀ ਦਾ ਕੌਣ ਮਾਲਕ ਹੈ
ਕੋਈ ਆਵਾਜ਼ ਨਹੀਂ ਸੁਣਦੀ
ਸਿਵਾਇ ਸੈਨਿਕਾਂ ਤੇ ਸਿਪਾਹੀਆਂ ਦੇ
ਪਰ ਸੁਣੋ, ਉਸ ਆਵਾਜ਼ ਨੂੰ ਸੁਣੋ
ਪੁਲਿਸ ਤੇ ਬੈਰਕਾਂ ਦੇ ਬਾਵਜੂਦ
ਇਹ ਗਲੀਆਂ ਸਾਡੀਆਂ ਹਨ।
ਜੇਲ੍ਹ ਯਾਦਾਂ ਨਾਲ ਸਬੰਧਿਤ ਇਹ ਪੁਸਤਕ ਇਕ ਕ੍ਰਾਂਤੀਕਾਰੀ ਕਮਿਊਨਿਸਟ ਕਵੀ ਦੇ ਜੀਵਨ ਦਾ ਇਕ ਪ੍ਰੇਰਨਾਭਰਪੂਰ ਇਤਿਹਾਸ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਉਮਰੋਂ ਲੰਮੀ ਉਡੀਕ
ਲੇਖਕ : ਨਿਸ਼ਾਨ ਸਿੰਘ ਰਾਠੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 075892-33437.

ਨਿਸ਼ਾਨ ਸਿੰਘ ਰਾਠੌਰ ਮੂਲ-ਰੂਪ ਵਿਚ ਕਵੀ ਅਤੇ ਆਲੋਚਕ ਹੈ। ਆਪਣੇ ਸੀਮਤ ਅਨੁਭਵ ਨੂੰ ਉਸ ਨੇ ਕਹਾਣੀਆਂ ਵਿਚ ਢਾਲਣ ਦਾ ਯਤਨ ਕੀਤਾ ਹੈ। ਉਹ ਖ਼ੁਦ ਮੰਨਦਾ ਹੈ ਕਿ ਇਸ ਸੰਗ੍ਰਹਿ ਵਿਚ ਉਸ ਨੇ ਉਹ ਕਹਾਣੀਆਂ ਹੀ ਸ਼ਾਮਿਲ ਕੀਤੀਆਂ ਹਨ ਜੋ ਕਿਸੇ ਤੋਂ ਕੰਨੀਂ ਸੁਣੀਆਂ ਜਾਂ ਹੱਡੀਂ-ਹੰਢਾਈਆਂ ਹਨ। ਇਸ ਸੰਗ੍ਰਹਿ ਵਿਚ ਕੁੱਲ 12 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਉਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ।
ਨਿਸ਼ਾਨ ਸਿੰਘ ਰਾਠੌਰ ਕੋਲ ਫ਼ੌਜੀ ਜੀਵਨ ਦਾ ਅਨੁਭਵ ਹੈ ਤੇ ਕੁਝ ਖੋਜ ਕਾਰਜ ਵਿਚ ਹੰਢਾਏ ਸੱਚ ਦਾ ਤਜਰਬਾ ਹੈ। ਕੁਝ ਪੇਂਡੂ ਜੀਵਨ ਦੀਆਂ ਝਲਕੀਆਂ ਹਨ। 'ਸ਼ਹੀਦ', 'ਉਮਰੋਂ ਲੰਮੀ ਉਡੀਕ', 'ਮੇਮ ਸਾਹਬ', 'ਅਧੂਰੇ ਸੁਪਨੇ', 'ਬੇਨਾਮ ਰਿਸ਼ਤਾ', 'ਕਉਣੁ ਜਾਣੈ ਪੀਰ ਪਰਾਈ' ਕਹਾਣੀਆਂ ਫ਼ੌਜੀ ਜੀਵਨ ਦੀਆਂ ਅੱਡ-ਅੱਡ ਕੋਣਾਂ ਤੋਂ ਜਾਣੀਆਂ-ਪਛਾਣੀਆਂ ਤੇ ਮਹਿਸੂਸ ਕੀਤੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਰੰਗ ਤੇ ਜਜ਼ਬੇ ਉੱਘੜਦੇ ਪ੍ਰਤੀਤ ਹੁੰਦੇ ਹਨ।
'ਸਰਪੰਚ' ਕਹਾਣੀ ਪਿੰਡ ਵਿਚ ਰਹਿੰਦੇ ਜੱਟਾਂ ਦੀ ਹੌਂਅ ਦੀ ਕਹਾਣੀ ਹੈ ਜੋ ਦਲਿਤਾਂ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸਮਝਦੇ। ਦਲਿਤ ਦੇ ਸਰਪੰਚ ਬਣ ਜਾਣ 'ਤੇ ਵੀ ਉਹ ਉਨ੍ਹਾਂ ਲਈ ਨਿੱਕੀ-ਸੁੱਕੀ ਜਾਤ ਹੀ ਰਹਿੰਦਾ ਹੈ। 'ਅਦਾਕਾਰਾ' ਇਕ ਮੰਗਤੀ ਦੀ ਕਹਾਣੀ ਹੈ ਜੋ ਆਪਣੀਆਂ ਚਲਾਕੀਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੀ ਹੈ। 'ਸੌਦਾ' ਕਹਾਣੀ ਪੀ.ਐਚ.ਡੀ. ਕਰਵਾ ਰਹੇ ਗਾਈਡਾਂ ਦੀ ਲਾਲਚੀ ਮਨੋਬਿਰਤੀ ਤੋਂ ਪਰਦਾ ਚੁੱਕਦੀ ਹੈ ਜੋ ਪੀ.ਐਚ.ਡੀ. ਦੇ ਬਹਾਨੇ ਸੌਦਾ ਕਰਦੇ ਹਨ। 'ਗੁਡੀਆ' ਅਜਿਹੇ ਲੋਕਾਂ ਦੀ ਨੀਅਤ ਤੋਂ ਪਰਦਾ ਚੁੱਕਦੀ ਹੈ ਜੋ ਔਰਤ ਦੀ ਥਾਂ ਉਸ ਦੇ ਜਿਸਮ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ। 'ਕੰਨਿਆ ਪੂਜਨ' ਕਹਾਣੀ ਦੀ ਪਾਤਰ ਇਕ ਪਾਸੇ ਤਾਂ ਭਰੂਣ-ਹੱਤਿਆ ਦਾ ਘਿਨੌਣਾ ਕਾਰਜ ਕਰਦੀ ਹੈ ਪਰ ਦੂਜੇ ਪਾਸੇ ਅਸ਼ਟਮੀ ਵਾਲੇ ਦਿਨ ਛੋਟੀਆਂ-ਛੋਟੀਆਂ ਬਾਲੜੀਆਂ ਨੂੰ ਪੂਜਣ ਦਾ ਢੋਂਗ ਰਚਾਉਂਦੀ ਹੈ।
ਨਿਸ਼ਾਨ ਸਿੰਘ ਰਾਠੌਰ ਦੀਆਂ ਕਹਾਣੀਆਂ ਆਪਣੀ ਪਕੜ ਵਿਚ ਆਏ ਯਥਾਰਥ ਨੂੰ ਹੀ ਪੇਸ਼ ਕਰਨ ਦਾ ਯਤਨ ਕਰਦੀਆਂ ਹਨ। ਪਰ ਕਿਸੇ-ਕਿਸੇ ਕਹਾਣੀ ਜਿਵੇਂ 'ਸਰਪੰਚ', 'ਸੌਦਾ', 'ਕਾਉਣੁ ਜਾਣੈ ਪੀਰ ਪਰਾਈ' ਤੇ 'ਕੰਨਿਆ ਪੂਜਨ' ਵਿਚ ਉਹ ਵਿਅੰਗ ਵਿਧਾ ਦੀ ਵਰਤੋਂ ਕਰਕੇ ਕਹਾਣੀ ਦੀ ਸ਼ਿੱਦਤ ਨੂੰ ਵਧਾ ਦਿੰਦਾ ਹੈ। ਸਰਪੰਚ, ਪੀਰ ਪਰਾਈ ਤੇ ਕੰਨਿਆ ਪੂਜਨ ਜਿਹੀਆਂ ਕਹਾਣੀਆਂ ਉਸ ਦੀ ਸ਼ਨਾਖ਼ਤ ਬਣਾਉਣ ਵਿਚ ਸਹਾਈ ਹੋ ਸਕਦੀਆਂ ਹਨ।

ਂਕੇ.ਐਲ. ਗਰਗ
ਮੋ: 94635-37050
ਫ ਫ ਫ

ਖਿਸਕਦੇ ਪਲ
ਲੇਖਿਕਾ : ਮਨਜੀਤ ਬਟਾਲਵੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 81988-55170.

ਮਨਜੀਤ ਬਟਾਲਵੀ ਸਾਹਿਤ ਰਸੀਆ ਹੋਣ ਕਾਰਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉੱਪਰ ਨਿਰੰਤਰ ਲਿਖਣ ਦਾ ਅਭਿਆਸ ਕਰ ਰਹੀ ਅਜਿਹੀ ਸਿਰਜਨਾਤਮਿਕ ਵਲਵਲਿਆਂ ਵਾਲੀ ਲੇਖਿਕਾ ਹੈ, ਜਿਸ ਨੇ ਸਿਸਕਦੇ ਅੱਖਰ ਤੇ ਮਹਿਕਦੇ ਫੁੱਲ, ਕਾਵਿ ਤੇ ਗੀਤ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਸਿਆਣਿਆਂ ਦਾ ਕਥਨ ਹੈ, 'ਲਿਖਣਾ ਇਕ ਕਲਾ ਹੈ, ਇਹ ਕਲਾਤਮਿਕ ਸੂਝ ਦੀ ਪ੍ਰਾਪਤੀ ਸਾਹਿਤ ਪੜ੍ਹਨ ਤੇ ਲਿਖਣ ਦੇ ਅਭਿਆਸ ਪਿੱਛੋਂ ਹੁੰਦੀ ਹੈ।' ਮਨਜੀਤ ਸ਼ਾਇਦ, ਸਾਹਿਤ ਅਧਿਐਨ ਤੇ ਲਿਖਣ ਦੇ ਮੁਢਲੇ ਦੌਰ ਦੀ ਵਿਦਿਆਰਥਣ ਹੈ। ਇਸ ਪੁਸਤਕ ਦੇ ਚਾਰ ਭਾਗ, ਕਵਿਤਾਵਾਂ, ਬੋਲੀਆਂ, ਸ਼ਿਅਰ ਅਤੇ ਮਿੰਨੀ ਕਹਾਣੀਆਂ ਹਨ। ਪਹਿਲੇ ਤਿੰਨ ਭਾਗ ਕਵਿਤਾਵਾਂ ਨਾਲ ਸਬੰਧਿਤ ਹਨ, ਭਾਵੇਂ ਕਵਿਤਾਵਾਂ ਬੋਲੀਆਂ ਤੇ ਸ਼ਿਅਰਾਂ ਦੇ ਕੋਈ ਬੱਝਵੇਂ ਪ੍ਰਚਲਿਤ ਰੂਪ ਨਹੀਂ। ਪਹਿਲੇ ਤਿੰਨਾਂ ਭਾਗਾਂ ਵਿਚ ਕਵਿੱਤਰੀ ਦੇ ਉਤੇਜਿਤ ਵਲਵਲੇ ਬਿਹਬਲ ਭਾਵਨਾਵਾਂ ਅਤੇ ਭਾਵਨਾਵਾਂ ਦੇ ਝੱਖੜ ਝੁਲਦੇ ਜਾਪਦੇ ਹਨ। ਕਿਸੇ ਵੀ ਕਵਿਤਾ ਰਾਹੀਂ ਕਵਿੱਤਰੀ ਜ਼ਿੰਦਗੀ ਸਮਾਜ ਸੰਸਾਰ ਨਾਲ ਸਬੰਧ ਰੱਖਦੀ ਹੋਈ ਸੰਸਾਰ ਸਮਾਜ ਅਤੇ ਮਨੁੱਖ ਦੀ ਭਖਦੀ ਸਮੱਸਿਆ ਪ੍ਰਤੀ ਜਾਗਰੂਕ ਸੁਨੇਹਾ ਨਹੀਂ ਸੰਚਾਰਦੀ। ਆਤਮ-ਸੰਵੇਦਨਾ ਵਿਚ ਰੰਗੀਆਂ ਕਵਿਤਾਵਾਂ, ਬੋਲੀਆਂ ਜਾਂ ਸ਼ਿਅਰ ਸੀਮਤ ਨਿੱਜੀ ਦਾਇਰੇ ਦੇ ਸੱਭਿਆਚਾਰ, ਮਾਨਸਿਕ ਦਵੰਦ ਅਤੇ ਪਰੰਪਰਾਗਤ ਰਵਾਇਤੀ ਸੁਨੇਹਿਆਂ ਤੋਂ ਵੱਧ ਕੁਝ ਪ੍ਰਾਪਤ ਨਹੀਂ ਕਰਵਾਉਂਦੇ। ਕਵਿੱਤਰੀ ਨੂੰ ਅਧਿਐਨ ਅਤੇ ਅਭਿਆਸ ਦੇ ਪੈਂਤੜੇ ਪਿੱਛੋਂ ਜਿਥੇ ਨਵੀਂ ਸੋਚ ਤੋਂ ਪੈਦਾ ਹੋਏ ਅਜੋਕੇ ਮਨੁੱਖ ਤੇ ਸਮਾਜ ਤੋਂ ਪ੍ਰਾਪਤ ਨਵੇਂ ਵਿਸ਼ਿਆਂ ਦੀ ਚੋਣ ਕਰਨ ਦੀ ਲੋੜ ਹੈ, ਉਥੇ ਕਵਿਤਾ, ਕਹਾਣੀ ਤੇ ਗਲਪ ਦੀ ਕਲਾਤਮਿਕ ਸੋਝੀ ਪ੍ਰਾਪਤ ਕਰਨ ਦੇ ਯਤਨ ਤੇਜ਼ ਕਰਨ ਦੀ ਵੀ ਲੋੜ ਹੈ। ਮਨਜੀਤ ਅੰਦਰ ਭਾਵਨਾਵਾਂ ਦੇ ਸਰਚਸ਼ਮੇ ਹਨ, ਭਾਵਨਾਵਾਂ ਕਲਪਨਾਵਾਂ ਅਤੇ ਵਲਵਲਿਆਂ ਦਾ ਹੜ੍ਹ ਹੈ। ਜਾਗ੍ਰਿਤ ਚੇਤਨ ਅਤੇ ਸੰਵੇਦਨ ਦ੍ਰਿਸ਼ਟੀ ਤੋਂ ਸਾਹਿਤ ਅਧਿਐਨ ਦੀ ਅਭਿਆਸੀ ਮਿਹਨਤ ਦੀ ਲੋੜ ਹੈ। ਛੇਤੀ ਹੀ ਉਹ ਆਪਣੇ ਅੰਦਰਲੇ ਸਾਹਿਤਕ ਜਜ਼ਬੇ ਨਾਲ ਇਸ ਦੌਰ ਦੀ ਪ੍ਰੀਖਿਆ ਪਾਸ ਕਰ ਸਕਦੀ ਹੈ। ਕਵਿਤਾਵਾਂ ਬੋਲੀਆਂ ਸ਼ਿਅਰਾਂ ਅਤੇ ਮਿੰਨੀ ਕਹਾਣੀਆਂ ਦੇ ਜੇਕਰ ਕਲਾਤਮਿਕ ਪੱਖ ਪ੍ਰਤੀ ਸੁਚੇਤ ਹੋ ਕੇ ਮਨਜੀਤ ਲਿਖਣ ਲਈ ਨਵੀਂ ਸੋਚ ਤੋਂ ਵਿਸ਼ਿਆਂ ਦੀ ਚੋਣ ਕਰੇਗੀ ਤਾਂ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਉਸ ਲਈ 'ਆਸਮਾਨ ਸੇ ਆਗੇ ਜਹਾਨ ਔਰ ਵੀ ਹੈ' ਜਿਨ੍ਹਾਂ ਨੂੰ ਪ੍ਰਾਪਤ ਕਰਕੇ ਉਹ ਅੰਬਰੀ ਉੱਡਣ ਵਿਚ ਸਫ਼ਲ ਜ਼ਰੂਰ ਹੋਵੇਗੀ। ਸ਼ੁੱਭ ਇੱਛਾਵਾਂ!

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਪੰਜਾਬੀ ਸਾਹਿਤ :
ਸੰਵੇਦਨਾ ਅਤੇ ਸਰੋਕਾਰ

ਲੇਖਕ : ਡਾ: ਮਨਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ (ਪੇਪਰ ਬੈਕ), ਸਫ਼ੇ : 127
ਸੰਪਰਕ : 98130-58836.

ਪੰਜਾਬੀ ਸਾਹਿਤ ਦੇ ਵਿਭਿੰਨ ਕਾਲ-ਖੰਡਾਂ ਵਿਚ ਰਚੇ ਗਏ ਸਾਹਿਤ ਨੂੰ ਉਸਾਰੂ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਪਰਖਣ ਵਿਚ ਨਾਰੀ ਵਿਦਵਾਨਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਸੇ ਪ੍ਰਸੰਗਤਾ ਵਿਚ ਡਾ: ਮਨਜੀਤ ਕੌਰ ਰਚਿਤ ਇਸ ਪੁਸਤਕ ਵਿਚ 12 ਖੋਜ ਨਿਬੰਧ ਦਰਜ ਕੀਤੇ ਗਏ ਹਨ ਜੋ ਆਦਿ-ਕਾਲ ਤੋਂ ਆਧੁਨਿਕ ਕਾਲ ਤੱਕ ਦੀਆਂ ਪ੍ਰਮੁੱਖ ਰਚਨਾਵਾਂ ਦਾ ਆਲੋਚਨਾਤਮਿਕ ਅਧਿਐਨ ਪੇਸ਼ ਕਰਦੇ ਹਨ। ਪੰਜਾਬੀ ਨਾਰੀ-ਕਾਵਿ ਵਿਚੋਂ ਪ੍ਰਗਟ ਹੁੰਦੀ ਨਾਰੀਵਾਦੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਆਦਿ-ਕਾਲ ਵਿਚ ਹੋਏ ਸਰੋਤਾਂ ਨੂੰ ਆਧਾਰ ਬਣਾ ਕੇ ਅਜੋਕੇ ਸਮੇਂ ਤੱਕ ਦੀਆਂ ਕਵਿੱਤਰੀਆਂ ਦੀਆਂ ਕਾਵਿ-ਰਚਨਾਵਾਂ ਨੂੰ ਆਧਾਰ-ਭੂਮੀ ਮੰਨ ਕੇ ਗੰਭੀਰ ਸੰਗਤੀਆਂ ਵਿਸੰਗਤੀਆਂ ਦਾ ਨਿਰੂਪਣ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬੀ ਸਾਹਿਤ ਵਿਚ ਨਾਵਲ ਬ੍ਰਿਤਾਂਤ ਦੇ ਬਹੁ-ਪਾਸਾਰਾਂ ਨੂੰ ਪ੍ਰਗਟ ਕਰਦਿਆਂ ਹਰਿਆਣਾ ਵਿਚ ਰਚੀ ਜਾ ਰਹੀ ਪੰਜਾਬੀ ਕਹਾਣੀ ਦੇ ਮੂਲ ਸਰੋਕਾਰਾਂ ਨੂੰ ਵੀ ਉਭਾਰਿਆ ਹੈ ਅਤੇ ਨਾਲ ਦੀ ਨਾਲ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਿਚਲੇ ਪ੍ਰਗਤੀਵਾਦੀ ਯਥਾਰਥਬੋਧ ਦਾ ਪ੍ਰਗਟਾਵਾ ਵੀ ਕੀਤਾ ਹੈ। ਆਧੁਨਿਕ ਪੰਜਾਬੀ ਕਹਾਣੀ ਵਿਚ ਦਲਿਤ ਚਿੰਤਨਧਾਰਾ ਨੂੰ ਵਿਸ਼ਲੇਸ਼ਣਾਤਮਿਕ ਵਿਧੀ ਰਾਹੀਂ ਪ੍ਰਗਟਾਉਂਦਿਆਂ ਹੋਇਆਂ ਇਨ੍ਹਾਂ ਸਭਨਾਂ ਸੰਕਲਪਾਂ ਦੇ ਸਰੋਕਾਰਾਂ ਨੂੰ ਸਿਧਾਂਤਕ ਅਤੇ ਵਿਵਹਾਰਕ ਪੱਖਾਂ ਤੋਂ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਪਰਵਾਸ ਅਤੇ ਪਰਵਾਸੀ ਚਿੰਤਨ ਅਨੁਭਵ ਵਿਚੋਂ ਪੈਦਾ ਹੋਏ ਗੂਹੜ ਸੰਕਲਪਾਂ ਅਤੇ ਭੇਦਾਂ ਨੂੰ ਵੀ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ।
ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਡਾ: ਮਨਜੀਤ ਕੌਰ ਨੇ ਗੁਰਬਾਣੀ ਅਤੇ ਗੁਰਮਤਿ ਧਾਰਾ ਦੇ ਸਿਧਾਂਤਕ ਅਤੇ ਵਿਚਾਰਧਾਰਾਈ ਸਰੋਕਾਰਾਂ ਨੂੰ ਗੁਰਬਾਣੀ ਵਿਚ 'ਬ੍ਰਹਮ ਦਾ ਸੰਕਲਪ', 'ਗੁਰੂ ਦੀ ਮਹੱਤਤਾ', 'ਧਰਮ ਚੇਤਨਾ' ਅਤੇ ਫ਼ਰੀਦ ਬਾਣੀ ਦੇ ਨੈਤਿਕ ਸੰਕਲਪ ਨੂੰ ਬੜੀ ਬਾਰੀਕੀ ਨਾਲ ਅਜੋਕੀ ਸੋਚ ਦ੍ਰਿਸ਼ਟੀ ਦੇ ਅੰਤਰਗਤ ਵਿਚਾਰਿਆ ਹੈ। ਲੇਖਿਕਾ ਦੀ ਪ੍ਰਾਪਤੀ ਹੈ ਕਿ ਉਸ ਨੇ ਪੰਜਾਬੀ ਸੱਭਿਆਚਾਰ ਦੇ ਸਿਧਾਂਤਕ ਦ੍ਰਿਸ਼ਟੀ ਬਿੰਦੂ ਦੀ ਭਾਵ ਪੂਰਤ ਜਾਣਕਾਰੀ ਦਿੱਤੀ ਹੈ ਅਤੇ ਹਰਮਨ-ਪਿਆਰੇ ਕਵੀ ਸ਼ਿਵ ਕੁਮਾਰ ਰਚਿਤ 'ਲੂਣਾ' ਵਿਚੋਂ ਨਾਰੀ ਜਾਤੀ ਦੀਆਂ ਸੰਵੇਦਨਸ਼ੀਲ ਭਾਵਨਾਵਾਂ ਨੂੰ ਸਾਰਥਕ ਦ੍ਰਿਸ਼ਟੀਕੋਣ ਤੋਂ ਪਛਾਣ ਕੇ ਪ੍ਰਗਟਾਇਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਨੇਰੂਦਾ ਦੇ ਅੰਗ ਸੰਗ
ਅਨੁ: ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 360 ਰੁਪਏ, ਸਫ਼ੇ : 159
ਸੰਪਰਕ : 99150-42242.

ਕ੍ਰਾਂਤੀ ਨੇਰੂਦਾ ਅਤੇ ਹੁੰਦਲ ਦਾ ਸਾਂਝਾ ਉਦੇਸ਼ ਹੈ। ਦੋਵੇਂ ਕਵੀ ਤੇ ਚਿੰਤਕ ਵੀ ਹਨ। 1971 ਦਾ ਨੋਬਲ ਪੁਰਸਕਾਰ ਵਿਜੇਤਾ ਨੇਰੂਦਾ। ਚਿੱਲੀ ਦਾ ਨਾਂਅ ਦੁਨੀਆ ਵਿਚ ਰੌਸ਼ਨ ਕਰਨ ਵਾਲਾ। ਜੰਮਦੇ ਹੀ ਕੁਝ ਸਮੇਂ ਪਿੱਛੋਂ ਮਾਂ ਮਰ ਗਈ। ਮਤਰੇਈ ਮਾਂ ਨਰਮ ਸੁਭਾਅ ਦੀ ਨਿਕਲੀ ਪਰ ਪਿਤਾ ਅੱਖੜ ਤੇ ਸਖ਼ਤ ਸੁਭਾਅ। ਰੂਸ ਦੀ ਅਕਤੂਬਰ 1917 ਦੀ ਕ੍ਰਾਂਤੀ ਸਮੇਂ 13 ਸਾਲ ਦਾ ਸੀ ਨੇਰੂਦਾ। ਵਿਚਾਰਧਾਰਕ ਪ੍ਰਤੀਬੱਧਤਾ ਤੇ ਲੋਕ ਹਿਤਾਂ ਲਈ ਸੰਘਰਸ਼ ਵਾਲਾ ਜੀਵਨ ਜੀਵਿਆ ਉਸ ਨੇ।
ਹੁੰਦਲ ਨੇ ਨੇਰੂਦਾ ਨਾਲ ਪਰਿਚਯ ਉਸ ਦੀਆਂ ਸਮੇਂ-ਸਮੇਂ ਲਿਖੀਆਂ ਸਵੈਲਿਖਤਾਂ ਦੇ ਜ਼ਰੀਏ ਕਰਵਾਉਂਦੇ ਹੋਏ ਉਸ ਦੀਆਂ ਕੁਝ ਨਜ਼ਮਾਂ ਦੇ ਅਨੁਵਾਦ ਵੀ ਦਿੱਤੇ ਹਨ। ਹੁੰਦਲ ਨੇ ਨੇਰੂਦਾ ਦੇ ਕਾਵਿ ਚਿੰਤਨ ਬਾਰੇ ਵਿਚਾਰਾਂ ਨੂੰ ਇਸ ਪੁਸਤਕ ਵਿਚ ਉਚੇਚ ਨਾਲ ਸੰਕਲਿਤ ਕੀਤਾ ਹੈ। ਨੇਰੂਦਾ ਦੇ ਅੰਤਿਮ ਦਿਨਾਂ, ਉਸ ਦੀ ਮੌਤ ਤੇ ਮੌਤ ਉਪਰੰਤ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਲਈ ਹੁੰਦਲ ਨੇ ਉਸ ਦੀ ਪਤਨੀ ਦੀਆਂ ਲਿਖਤਾਂ ਨੂੰ ਆਧਾਰ ਬਣਾਇਆ ਹੈ। ਉਸ ਨੇ 1904 ਤੋਂ 1973 ਤੱਕ ਦੀ ਨੇਰੂਦਾ ਦੀ ਸ਼ਿੱਦਤ ਨਾਲ ਜੀਵੀ ਘਟਨਾ ਭਰਪੂਰ ਜ਼ਿੰਦਗੀ ਦਾ ਪ੍ਰਭਾਵਸ਼ਾਲੀ ਬਿਰਤਾਂਤ ਪੰਜਾਬੀ ਪਾਠਕਾਂ ਅੱਗੇ ਰੱਖਿਆ ਹੈ। ਉਸ ਦੇ ਜੀਵਨ ਦੀ ਘਟਨਾਵਲੀ ਦਾ ਸੰਖੇਪ ਤੇ ਵਰ੍ਹੇ ਵਾਰ ਬਿਰਤਾਂਤ ਵੀ ਉਸ ਦੀ ਮਿਹਨਤ ਦਾ ਗਵਾਹ ਹੈ। ਖੋਜ, ਮਿਹਨਤ, ਪ੍ਰਤੀਬੱਧਤਾ, ਕਵਿਤਾ, ਅਧਿਐਨ ਤੇ ਅੱਖਰਾਂ ਦੀ ਜਨ-ਸਾਧਾਰਨ ਨਾਲ ਸਾਰਥਿਕ ਸਾਂਝ ਹਰਭਜਨ ਹੁੰਦਲ ਦੀ ਪਛਾਣ ਹੈ। ਉਮਰ ਦੇ ਵਧਣ ਤੇ ਸਰੀਰਕ ਬਲ ਦੇ ਘਟਣ ਦੇ ਬਾਵਜੂਦ ਉਸ ਦੇ ਉੱਦਮ ਤੇ ਉਦੇਸ਼ਾਂ ਵਿਚ ਕੋਈ ਪੇਤਲਾਪਣ ਜਾਂ ਅਵੇਸਲਾਪਣ ਨਹੀਂ ਆਇਆ। ਅਜੋਕੀ ਸਿਆਸਤ, ਚਿੰਤਨ, ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਯਤਨ, ਫ਼ਿਰਕੂ ਜ਼ਹਿਰ ਤੇ ਨਫ਼ਰਤ ਵੰਡਣ ਤੇ ਪੂੰਜੀਪਤੀਆਂ ਨਾਲ ਯਾਰੀ ਪਾਲਣ ਤੇ ਆਮ ਆਦਮੀ ਨੂੰ ਹਾਸ਼ੀਏ 'ਤੇ ਧੱਕਣ ਦੇ ਇਨ੍ਹਾਂ ਸਮਿਆਂ ਵਿਚ ਹੁੰਦਲ ਤੇ ਨੇਰੂਦਾ ਦੋਵਾਂ ਦੀ ਗੱਲ ਸਾਰਥਿਕ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

08-07-2018

 ਨਾਚਫ਼ਰੋਸ਼
ਲੇਖਕ : ਪਰਗਟ ਸਿੰਘ ਸਤੌਜ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 192
ਸੰਪਰਕ : 94172-41787.

ਨਾਚ ਫ਼ਰੋਸ਼ ਨਾਵਲ ਵਿਆਹਾਂ, ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਵਿਚ ਡੀ.ਜੇ., ਆਰਕੈਸਟਰਾ ਗਰੁੱਪਾਂ ਨਾਲ ਨੱਚਦੀਆਂ ਕੁੜੀਆਂ ਦੇ ਜੀਵਨ ਦੇ ਅਣਕਿਆਸੇ ਯਥਾਰਥ ਦਾ ਗਲਪੀ ਚਿੱਤਰ ਹੈ। ਉੱਤੋਂ ਦੇਖਣ ਨੂੰ ਸਹਿਜ, ਸਾਫ਼, ਸੱਭਿਆਚਾਰਕ ਮਨੋਰੰਜਨ ਦਾ ਭੁਲੇਖਾ ਪਾਉਂਦਾ ਇਹ ਧੰਦਾ ਇਸ ਨਾਵਲ ਵਿਚ ਅਤਿ ਘਿਣਾਉਣੇ ਰੂਪ ਵਿਚ ਸਾਹਮਣੇ ਆਉਂਦਾ ਹੈ। ਸੈਕਸ, ਸ਼ਰਾਬ, ਸਿਗਰਟ, ਨਾਜਾਇਜ਼ ਸਬੰਧ, ਦਗੇ, ਮਜਬੂਰੀਆਂ, ਨਸ਼ੇ, ਗਾਲਾਂ। ਇਸ ਧੰਦੇ ਵਿਚ ਕੋਈ ਸ਼ੌਕ ਨਾਲ ਸ਼ਾਮਿਲ ਹੋਏ ਜਾਂ ਮਜਬੂਰੀ ਨਾਲ ਪਰ ਹਰ ਕਿਸੇ ਦੀ ਹੋਣੀ ਇਕੋ ਹੈ। ਮੁਟਿਆਰਾਂ ਇਸ ਵਿਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਵਧੇਰੇ ਹੁੰਦੀਆਂ ਹਨ।
ਸਤੌਜ ਦੇ ਇਸ ਨਾਵਲ ਵਿਚ ਕੇਂਦਰੀ ਪਾਤਰ ਸੰਦੀਪ ਹੈ ਜੋ ਕਰਨੈਲ ਕੌਰ ਤੇ ਜੈਲੇ ਦੀ ਧੀ ਹੈ। ਜੈਲੇ ਦੀ ਮੌਤ ਉਪਰੰਤ ਕਰਨੈਲ ਨੇ ਸੁੱਖੇ ਡਰਾਈਵਰ ਨਾਲ ਨਾਜਾਇਜ਼ ਸਬੰਧ ਜੋੜ ਲਏ। ਉਸ ਦੀ ਜਵਾਨ ਹੋ ਰਹੀ ਧੀ ਇਸ ਗੰਧਲੇ ਮਾਹੌਲ ਕਾਰਨ ਉਸੇ ਰਾਹ ਤੁਰ ਪੈਂਦੀ ਹੈ। ਸ਼ਰਾਬ ਤੇ ਪਿੰਡ ਦੇ ਸਰਬ ਤੇ ਬੂਟੇ ਨਾਲ ਜਿਨਸੀ ਖੇਡ। ਸਮਾਂ ਪਾ ਕੇ ਉਹ ਸੈਂਡੀ ਬਣ ਕੇ ਆਰਕੈਸਟਰਾ ਗਰੁੱਪ ਵਿਚ ਜਾ ਵੜਦੀ ਹੈ। ਪੈਸਾ, ਸਰੀਰਕ ਸ਼ੋਸ਼ਣ, ਸ਼ਰਾਬ। ਉਸੇ ਵਰਗਾ ਜੀਵਨ ਜੀਣ ਲਈ ਸਰਾਪੀਆਂ ਹੋਈਆਂ ਹਨ, ਬਿੰਦੀਆ (ਬਲਵਿੰਦਰ), ਸੋਨਮ, ਪਰੀ, ਪਾਇਲ ਤੇ ਉਨ੍ਹਾਂ ਦੀਆਂ ਸਾਥਣਾਂ। ਆਰਥਿਕ ਮਜਬੂਰੀਆਂ/ਐਸ਼ ਅੱਯਾਸ਼ੀ ਦੇ ਫ਼ਿਲਮੀ ਸੁਪਨੇ ਇਨ੍ਹਾਂ ਨੂੰ ਗ਼ਲਤ ਰਾਹਾਂ ਉੱਤੇ ਤੋਰਦੇ ਹਨ।
ਸੀਜ਼ਨ, ਜਵਾਨੀ, ਮੌਕਾ, ਹਰ ਕੋਈ ਇਸ ਧੰਦੇ ਵਿਚੋਂ ਸਿੱਧੇ-ਅਸਿੱਧੇ ਹੱਥ ਰੰਗਣ ਵੱਲ ਰੁਚਿਤ ਹੈ। ਸ਼ਰਾਬ/ਨਸ਼ੇ ਦੇ ਲੋਰ ਵਿਚ ਆਪਣਾ ਆਪਾ ਭੁੱਲ ਕੇ ਇਹ ਕੁੜੀਆਂ ਸਟੇਜਾਂ ਉੱਤੇ ਉਤਰ ਕੇ ਹਰ ਜ਼ਿਆਦਤੀ ਤੇ ਵਾਹਿਯਾਤੀ ਬਰਦਾਸ਼ਤ ਕਰਨ ਲਈ ਮਜਬੂਰ ਹੁੰਦੀਆਂ ਹਨ। ਮਾਹੌਲ ਇਨ੍ਹਾਂ ਨੂੰ ਆਪਣੇ ਰੰਗ ਵਿਚ ਰੰਗ ਕੇ ਵਾਹਿਯਾਤ, ਨਸ਼ਈ ਤੇ ਮਰਦਾਂ ਵਾਂਗ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਵਾਲਾ ਵੀ ਬਣਾ ਦਿੰਦਾ ਹੈ। ਵਿਆਹਾਂ ਸ਼ਾਦੀਆਂ ਉੱਤੇ ਹੋਏ ਫ਼ਾਇਰ, ਝਗੜੇ, ਲੜਾਈਆਂ ਕਈਆਂ ਦੀ ਜਾਨ ਵੀ ਲੈ ਜਾਂਦੇ ਹਨ। ਇਸ ਧੰਦੇ ਵਿਚ ਆਈਆਂ ਕੁੜੀਆਂ ਦਾ ਅੰਤ ਇਸ ਨਾਵਲ ਵਿਚ ਦੁਖਾਂਤਕ ਹੁੰਦਾ ਹੈ। ਇਹ ਅੰਤ ਬਹੁਤ ਸਾਰੇ ਪ੍ਰਸ਼ਨ ਖੜ੍ਹੇ ਕਰਨ ਕਰਕੇ ਸਾਰਥਿਕ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸੁਖਪਾਲਵੀਰ ਸਿੰਘ ਹਸਰਤ ਦੇ ਕਾਵਿ-ਸੰਗ੍ਰਹਿ
'ਬੀਤੇ ਦੀ ਬੁੱਕਲ 'ਚੋਂ'
ਦਾ ਵਿਚਾਰਧਾਰਾਈ ਅਧਿਐਨ

ਸੰਪਾਦਕ : ਡਾ: ਹਰਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.
ਸੰਪਰਕ : 99150-18566.

20ਵੀਂ ਸਦੀ ਦੇ ਦੂਸਰੇ ਅੱਧ ਵਿਚ ਜਿਨ੍ਹਾਂ ਕਵੀਆਂ ਨੇ ਪ੍ਰਯੋਗਵਾਦੀ ਅਤੇ ਸ਼ਕਤੀਵਾਦੀ ਕਾਵਿ-ਸਿਧਾਂਤ ਨੂੰ ਸਥਾਪਿਤ ਕੀਤਾ ਉਨ੍ਹਾਂ ਵਿਚੋਂ ਸੁਖਪਾਲਵੀਰ ਸਿੰਘ ਹਸਰਤ ਇਕ ਉੱਘਾ ਕਵੀ ਹੈ। ਉਸ ਨੇ ਭਾਵੇਂ ਆਪਣੇ ਕਾਵਿ ਪੈਰਾਡਾਈਮ ਰਾਹੀਂ ਨਵੇਂ ਮਾਡਲ ਉਭਾਰੇ ਪਰ ਕੁਝ ਕਾਰਨਾਂ ਕਰਕੇ ਉਹ ਅਜੇ ਵੀ ਅਣਗੌਲਿਆ ਰਿਹਾ ਹੈ। ਸੰਪਾਦਕ ਡਾ: ਹਰਮਨਦੀਪ ਕੌਰ ਨੇ ਹਸਰਤ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਦੁਆਰਾ ਪ੍ਰਕਾਸ਼ਿਤ ਪੁਸਤਕ 'ਬੀਤੇ ਦੀ ਬੁੱਕਲ 'ਚੋਂ' ਦਾ ਜੋ ਆਲੋਚਨਾਤਮਿਕ ਅਧਿਐਨ ਦੋ ਦਰਜਨ ਤੋਂ ਉੱਪਰ ਵਿਦਵਾਨਾਂ ਜ਼ਰੀਏ ਕੀਤੇ ਗਏ ਗੰਭੀਰ ਅਧਿਐਨ ਰਾਹੀਂ ਪੇਸ਼ ਕੀਤਾ ਹੈ, ਉਹ ਸੱਚਮੁੱਚ ਅਜੋਕੇ ਕਾਵਿ-ਪਾਠਕਾਂ ਦੇ ਚਿੰਤਕ ਦਾ ਅਧਿਐਨ ਕੇਂਦਰ ਬਿੰਦੂ ਬਣਦਾ ਹੈ।
ਹਸਰਤ ਦੀ ਕਾਵਿ-ਪਰੰਪਰਾ ਉਸ ਦੇ ਧਰਤੀ, ਆਕਾਸ਼, ਪਤਾਲ ਨਾਲ ਸਬੰਧਿਤ ਸਮਾਜਿਕ, ਧਾਰਮਿਕ, ਅਧਿਆਤਮਿਕ, ਸ਼ਕਤੀਵਾਦੀ ਜਾਂ ਪਿਆਰ ਸੰਕਲਪਾਂ ਦੇ ਨਾਲ ਸਬੰਧਿਤ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦੀ ਪ੍ਰਗਟਾਈ ਗਈ ਹੈ। ਉਹ ਦੁਨੀਆ ਨੂੰ, ਮਨੁੱਖੀ ਜੀਵ ਨੂੰ, ਘਰ ਪਰਿਵਾਰ ਨੂੰ ਜਾਂ ਟੁੱਟਦਿਆਂ ਰਿਸ਼ਤਿਆਂ ਅਤੇ ਜੁੜਦੀ ਪਰਿਕਰਮਾ ਨੂੰ ਕੀ ਸਮਝਦਾ ਸੀ ਆਦਿ ਵਿਸ਼ਿਆਂ ਬਾਬਤ ਵੀ ਇਸ ਪੁਸਤਕ ਵਿਚ ਖੋਜ-ਪੱਤਰ ਅੰਕਿਤ ਹਨ। ਉਸ ਦੀ ਕਾਵਿ-ਭਾਸ਼ਿਕ ਸਿਰਜਣ ਪ੍ਰਕਿਰਿਆਵਾਂ ਅਤੇ ਲੋਕਧਾਰਾਈ ਸਰੋਕਾਰਾਂ ਦਾ ਵੀ ਇਸ ਪੁਸਤਕ ਵਿਚ ਬਿਆਨ ਹੈ। ਭਾਵੇਂ ਵਧੇਰੇਤਰ ਖੋਜ-ਪੱਤਰ ਵਿਸ਼ੇ-ਮੂਲਕ ਸਰੋਕਾਰਾਂ ਦਾ ਦਰਪਣ ਹਨ ਪਰੰਤੂ ਕੁਦਰਤ ਦੇ ਵਰਤਾਰੇ ਅਤੇ ਮਾਨਵੀ ਜੀਵਨ ਸ਼ੈਲੀ ਦੇ ਬਦਲਦੇ ਮੁੱਲਾਂ ਦਾ ਵੀ ਪੁਸਤਕ ਵਿਵਰਨ ਪੇਸ਼ ਕਰਦੀ ਹੈ। ਡਾ: ਗੁਰਪ੍ਰੀਤ ਕੌਰ, ਡਾ: ਪਲਵਿੰਦਰ ਕੌਰ, ਡਾ: ਮਨਪ੍ਰੀਤ ਕੌਰ, ਡਾ: ਮਨਦੀਪ ਕੌਰ, ਡਾ: ਰਾਜਵਿੰਦਰ ਕੌਰ, ਡਾ: ਤਰਨਜੀਤ ਕੌਰ, ਡਾ: ਸਰਬਜੀਤ ਕੌਰ, ਡਾ: ਬਲਜੀਤ ਰੰਧਾਵਾ, ਡਾ: ਸਤਿੰਦਰ ਕੌਰ, ਹਰਜੀਤ ਕੌਰ ਕਲਸੀ, ਸੁਖਜਿੰਦਰ ਕੌਰ, ਗੁਰਬਿੰਦਰ ਬਰਾੜ, ਰਮਨਪ੍ਰੀਤ ਕੌਰ ਚੌਹਾਨ, ਦਲਬੀਰ ਕੌਰ, ਪੁਨੀਤ, ਸ਼ਿਲਪਾ ਅਤੇ ਦਰਸ਼ਨ ਕੌਰ ਦੁਆਰਾ ਰਚਿਤ ਇਹ ਸਾਰੇ ਖੋਜ ਪਰਚੇ ਸੱਚਮੁੱਚ ਸਲਾਹੁਣਯੋਗ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਲੋਕ ਨਾਇਕ
ਸਰਦਾਰ ਕਿਰਪਾਲ ਸਿੰਘ
ਸੰਪਾਦਕ : ਸਰਬਜੀਤ ਸਿੰਘ, ਸਵਿੰਦਰ ਸਿੰਘ ਚਾਹਲ
ਪ੍ਰਕਾਸ਼ਕ : ਸੰਪਾਦਕ ਆਪ
ਮੁੱਲ : 200 ਰੁਪਏ, ਸਫ਼ੇ : 168

ਸਰਦਾਰ ਕਿਰਪਾਲ ਸਿੰਘ ਦੀ ਲੋਕ-ਹਿਤੈਸ਼ੀ ਅਤੇ ਬਹੁਪਾਸਾਰੀ ਸ਼ਖ਼ਸੀਅਤ ਬਾਰੇ ਲਿਖਣ ਦਾ ਸੰਕਲਪ ਉਨ੍ਹਾਂ ਦੇ ਸਪੁੱਤਰ ਸ: ਸਰਬਜੀਤ ਸਿੰਘ ਨੇ ਲਿਆ। ਇਕ ਸਪੁੱਤਰ ਦੀ ਆਪਣੇ ਮਾਣਯੋਗ ਪਿਤਾ ਨੂੰ ਇਸ ਤੋਂ ਵੱਡੀ ਹੋਰ ਸ਼ਰਧਾਂਜਲੀ ਕੀ ਹੋ ਸਕਦੀ ਹੈ? ਉਹ ਆਪਣੇ ਪਿਤਾ ਨੂੰ 'ਲੋਕ ਨਾਇਕ' ਅਤੇ 'ਆਪਣੇ ਸਮੇਂ ਦਾ ਯੋਧਾ' ਕਹਿ ਕੇ ਯਾਦ ਕਰਦਾ ਹੈ। ਸਰਦਾਰ ਸਾਹਿਬ ਦਾ ਜਨਮ 17 ਜਨਵਰੀ, 1917 ਨੂੰ ਪਿੰਡ ਸਨਖ਼ਤਰਾ, ਜ਼ਿਲ੍ਹਾ ਸਿਆਲਕੋਟ (ਪੱਛਮੀ ਪੰਜਾਬ) ਵਿਚ ਹੋਇਆ। 13 ਸਾਲ ਦੀ ਬਾਲ ਅਵਸਥਾ ਵਿਚ ਉਹ ਯਤੀਨ ਹੋ ਗਏ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਛੋਟੇ ਭੈਣ-ਭਰਾਵਾਂ ਨੂੰ ਬੜੀ ਚੰਗੀ ਤਰ੍ਹਾਂ ਪਾਲਿਆ। ਪਿੰਡ ਸਨਖ਼ਤਰੇ ਵਿਚ ਉਨ੍ਹਾਂ ਨੇ ਇਕ ਦੁਕਾਨ ਚਲਾ ਕੇ ਰੋਜ਼ੀ-ਰੋਟੀ ਦੀ ਵਿਵਸਥਾ ਕੀਤੀ। ਬੇਸ਼ੱਕ ਉਹ ਬਹੁਤੀ ਵਿੱਦਿਆ ਪ੍ਰਾਪਤ ਨਹੀਂ ਸਨ ਕਰ ਸਕੇ ਪਰ ਉਨ੍ਹਾਂ ਨੂੰ ਸਾਹਿਤ ਅਧਿਐਨ ਦਾ ਬਹੁਤ ਸ਼ੌਕ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਡਾ: ਮੁਹੰਮਦ ਇਕਬਾਲ (ਦੋਵੇਂ ਸਿਆਲਕੋਟੀ) ਉਨ੍ਹਾਂ ਦੇ ਪਸੰਦੀਦਾ ਲੇਖਕ ਸਨ। ਇਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਉਨ੍ਹਾਂ ਦਾ ਅਨੁਭਵ ਬਹੁਤ ਵਿਸ਼ਾਲ ਹੋ ਗਿਆ। 1938 ਈ: ਤੱਕ ਉਹ ਅਕਾਲੀ ਵਿਚਾਰਧਾਰਾ ਨਾਲ ਜੁੜੇ ਰਹੇ। ਬਾਅਦ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਬਣ ਗਏ। ਦੇਸ਼ ਆਜ਼ਾਦ ਹੋਣ ਉਪਰੰਤ ਉਹ ਅੰਮ੍ਰਿਤਸਰ ਪਹੁੰਚ ਗਏ। ਸਮਾਜਿਕ-ਰਾਜਨੀਤਕ ਜੀਵਨ ਵਿਚ ਉਨ੍ਹਾਂ ਦੀ ਕਾਫੀ ਪੁੱਛ-ਪ੍ਰਤੀਤ ਸੀ। ਕੁਝ ਸਮਾਂ ਉਹ ਨਗਰ ਨਿਗਮ ਅੰਮ੍ਰਿਤਸਰ ਦੇ ਵਿਭਿੰਨ ਅਹੁਦਿਆਂ ਲਈ ਚੁਣੇ ਜਾਂਦੇ ਰਹੇ। ਬਹੁਤੀ ਵਾਰ ਉਹ ਬਿਨਾਂ ਮੁਕਾਬਲਾ ਜਿੱਤ ਜਾਂਦੇ ਸਨ। 1989 ਈ: ਉਹ ਐਮ.ਪੀ. ਦੀ ਚੋਣ ਜਿੱਤ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਵਾਰ ਅਸੰਬਲੀ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ ਸੀ। ਚੋਣਾਂ ਦੌਰਾਨ ਨਾ ਤਾਂ ਉਨ੍ਹਾਂ ਨੇ ਕਦੇ ਦੌਲਤ ਦਾ ਸਹਾਰਾ ਲਿਆ ਅਤੇ ਨਾ ਸ਼ਰਾਬ ਦਾ। 1969 ਅਤੇ 1977 ਦੀਆਂ ਅਸੰਬਲੀ ਚੋਣਾਂ ਜਿੱਤ ਕੇ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਬਹੁਤ ਵਿਕਾਸ ਕੀਤਾ, ਜਿਸ ਕਾਰਨ ਅੱਜ ਤੱਕ ਲੋਕਾਂ ਦੀ ਜ਼ਬਾਨ ਉੱਪਰ ਉਨ੍ਹਾਂ ਦਾ ਨਾਂਅ ਚੜ੍ਹਿਆ ਹੋਇਆ ਹੈ। ਉਨ੍ਹਾਂ ਦੇ ਉੱਚੇ-ਸੁੱਚੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਰਿਹਾ। ਉਹ 1980 ਈ: ਵਿਚ ਦੀਵਾਨ ਦੇ ਪ੍ਰਧਾਨ ਬਣੇ ਸਨ ਅਤੇ ਆਪਣੇ ਅੰਤਿਮ ਸਮੇਂ 2002 ਤੱਕ ਇਸ ਗੌਰਵਮਈ ਸੰਸਥਾ ਦੇ ਪ੍ਰਧਾਨ ਬਣੇ ਰਹੇ। ਇਸ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਭਾਈ ਵੀਰ ਸਿੰਘ ਗੁਰਮਤਿ ਕਾਲਜ, ਕਲਗੀਧਰ ਸਕੂਲ ਅਤੇ ਬਹੁਤ ਸਾਰੇ ਹਸਪਤਾਲ ਆਦਿ ਖੋਲ੍ਹੇ ਗਏ। ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈਆਂ ਜਾਣ ਵਾਲੀਆਂ ਵਿੱਦਿਅਕ ਕਾਨਫ਼ਰੰਸਾਂ ਨੂੰ ਉਹ ਪ੍ਰਾਸੰਗਿਕ ਅਤੇ ਸਮੇਂ ਦੀਆਂ ਹਾਣੀ ਬਣਾਉਂਦੇ ਰਹੇ। ਇਸ ਪੁਸਤਕ ਦੇ ਵਿਭਿੰਨ ਲੇਖਾਂ ਵਿਚ ਸੰਪਾਦਕਾਂ ਤੋਂ ਬਿਨਾਂ ਡਾ: ਇਕਬਾਲ ਕੌਰ ਸੌਂਧ, ਸ: ਸੰਤੋਖ ਸਿੰਘ ਸੇਠੀ, ਡਾ: ਧਰਮਵੀਰ ਸਿੰਘ, ਡਾ: ਸਰਬਜੀਤ ਸਿੰਘ ਛੀਨਾ, ਸ: ਪ੍ਰੀਤਮ ਸਿੰਘ, ਸ: ਜਗਦੀਸ਼ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਜਸਵਿੰਦਰ ਕੌਰ ਮਾਹਲ, ਸ: ਅਜੀਤ ਸਿੰਘ ਅਤੇ ਪ੍ਰੋ: ਰਵਿੰਦਰ ਸਿੰਘ ਦੁਆਰਾ ਲਿਖੇ ਵਿਦਵਤਾਪੂਰਨ ਲੇਖ ਸ਼ਾਮਿਲ ਹਨ। ਪੁਸਤਕ ਵਿਚ ਬਹੁਤ ਸਾਰੀਆਂ ਦੁਰਲੱਭ ਤਸਵੀਰਾਂ (ਫੋਟੋਗ੍ਰਾਫ਼) ਵੀ ਸੰਕਲਿਤ ਹਨ। ਸਰਦਾਰ ਕਿਰਪਾਲ ਸਿੰਘ ਦੇ ਜੀਵਨ-ਬਿਰਤਾਂਤ ਨੂੰ ਰੂਪਮਾਨ ਕਰਨ ਵਾਲੀ ਇਹ ਇਕ ਮਹੱਤਵਪੂਰਨ ਪੁਸਤਕ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਆਖੇਟ ਮਹੱਲ
ਲੇਖਕ : ਪ੍ਰਬੋਧ ਕੁਮਾਰ ਗੋਵਿਲ
ਅਨੁ: ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 98555-84298.

ਵਿਚਾਰਾਧੀਨ ਨਾਵਲ ਦੀ ਜਟਿਲ ਫੇਬੁਲਾ ਨੂੰ ਰੂਪ-ਰੇਖਾ (ਆਉਟ-ਲਾਈਨ) ਰਾਹੀਂ ਸੌਖਿਆਂ ਸਮਝਿਆ ਜਾ ਸਕਦਾ ਹੈ। ਇਕ ਰਾਜਸਥਾਨੀ ਰਾਜ-ਘਰਾਣੇ ਨਾਲ ਪੀੜ੍ਹੀਆਂ ਤੋਂ ਜੁੜਿਆ ਸ਼ਖ਼ਸ ਦੋ ਵਿਆਹ ਕਰਵਾਉਂਦਾ ਹੈ। ਦੋਵਾਂ ਪਤਨੀਆਂ ਤੋਂ ਦੋ ਪੁੱਤਰ ਪੈਦਾ ਹੁੰਦੇ ਹਨ ਪਰ ਉਨ੍ਹਾਂ ਦੀ ਕਿਸਮਤ ਜੁਦਾ ਜੁਦਾ ਹੈ। ਇਕ ਪਦਾਰਥਵਾਦੀ ਹੈ, ਦੂਜਾ ਸਰਕਾਰੀ ਮੁਲਾਜ਼ਮ, ਚੰਗਾ ਇਨਸਾਨ ਜਾਪਦਾ ਹੈ। ਉਨ੍ਹਾਂ ਦੋਵਾਂ ਮੁੰਡਿਆਂ ਵਿਚੋਂ ਵੱਡੇ ਦਾ ਆਖੇਟ ਮਹੱਲ ਦੇ ਪਰਿਵਾਰ ਦੀ ਇਕਲੌਤੀ ਲੜਕੀ ਨਾਲ ਵਿਆਹ ਹੋ ਜਾਂਦਾ ਹੈ। ਇੰਜ ਉਹ ਘਰ-ਜਵਾਈ ਰਹਿੰਦਾ ਹੈ। ਇਸ ਪ੍ਰਕਾਰ ਘਰ ਜਵਾਈ ਰਹਿਣ ਨੂੰ ਉਸ ਦਾ ਪਿਤਾ ਚੰਗਾ ਨਹੀਂ ਸਮਝਦਾ। ਨਤੀਜੇ ਵਜੋਂ ਉਹ ਵੱਡੇ ਪੁੱਤਰ ਨਾਲ ਵਰਤ-ਵਰਤਾਵਾ ਤਿਆਗ ਦਿੰਦਾ ਹੈ। ਵੱਡਾ ਮੁੰਡਾ ਸ਼ਰੀਕੇਬਾਜ਼ੀ ਨੂੰ ਇੰਤਹਾ ਦੀ ਹੱਦ ਤੱਕ ਲੈ ਜਾਂਦਾ ਹੈ। ਅਜਿਹਾ ਨਾ ਹੋਵੇ ਕਿਤੇ ਛੋਟੇ ਦਾ ਮੁੰਡਾ ਵੱਡੇ ਦੇ ਵਿਸ਼ਾਲ ਕਾਰੋਬਾਰ ਵਿਚ ਅਹਿਮ ਸਥਾਨ ਪ੍ਰਾਪਤ ਕਰ ਜਾਵੇ। ਉਹ ਈਰਖਾ-ਵਸ ਵੱਡੇ ਮੁੰਡੇ 'ਤੇ ਸਰੀਰਕ ਹਮਲਾ ਕਰਵਾ ਕੇ ਅਪਾਹਜ ਕਰਵਾ ਦਿੰਦਾ ਹੈ। ਇਸੇ ਤਰ੍ਹਾਂ ਕਈ ਘਿਨਾਉਣੇ ਪੱਖ ਸਾਹਮਣੇ ਆਉਂਦੇ ਹਨ।
ਇਸ ਫੇਬੁਲਾ ਨੂੰ 'ਸੁਜੇਤ' ਵਿਚ ਰੂਪਾਂਤਰਿਤ ਕਰਨ ਲਈ ਨਾਵਲਕਾਰ ਨੇ ਰਾਇ ਸਾਹਿਬ ਮਨੋਹਰ ਸਿੰਘ, ਸ਼ੰਭੂ ਸਿੰਘ, ਨਾਇਕ ਗੌਰਾਂਬਰ, ਖ਼ਲਨਾਇਕ ਨਰੇਸ਼ ਭਾਨ, ਮਜ਼ਦੂਰ ਸਰਸਵਤੀ; ਰੇਸ਼ਮ ਦੇਵੀ ਆਦਿ ਅਨੇਕਾਂ ਪਾਤਰਾਂ ਦੀ ਸਿਰਜਣਾ ਕੀਤੀ ਹੈ। ਨਾਵਲ ਵਿਚ ਹੋਰ ਅਨੇਕਾਂ ਵਿਸ਼ਿਆਂ ਦੇ ਸੰਕੇਤ ਮਿਲਦੇ ਹਨ। ਮਸਲਨ: ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕਾਲੇ ਅੰਗਰੇਜ਼ਾਂ ਦਾ ਰਾਜ, ਬਾਹਰਲੀਆਂ ਕੰਪਨੀਆਂ ਦੀ ਵਧਦੀ ਦਖ਼ਲ-ਅੰਦਾਜ਼ੀ, ਆਖੇਟ ਮਹੱਲ ਨਾਲ ਸਬੰਧਿਤ ਅਨੇਕਾਂ ਪ੍ਰਾਜੈਕਟਾਂ ਦਾ ਆਰੰਭ, ਬੇਸ਼ੁਮਾਰ ਮਜ਼ਦੂਰਾਂ ਦੀ ਭਰਤੀ, ਮਜ਼ਦੂਰ ਠੇਕੇਦਾਰਾਂ ਦੇ ਹੱਥਾਂ ਵਿਚ ਖਿਡੌਣੇ, ਜਿਸਮ ਫਰੋਸ਼ੀਆਂ, ਕਾਲੋਨੀਆਂ ਨੇਤਾਵਾਂ ਦੇ ਨਾਂਅ 'ਤੇ ਅਖ਼ਬਾਰਾਂ 'ਚ ਤ੍ਰੋੜ-ਮਰੋੜ ਕੇ ਖ਼ਬਰਾਂ ਦਾ ਛਪਣਾ, ਇਕ ਸੰਤ ਦੀ ਪਤਨੀ ਨਾਲ ਰਾਏ ਸਾਹਿਬ ਦੇ ਨਾਜਾਇਜ਼ ਸਬੰਧ ਆਦਿ ਅਨੇਕ ਘਟਨਾਵਾਂ ਇਸ ਬਿਰਤਾਂਤ ਦਾ ਭਾਗ ਹਨ। ਨਾਵਲ ਵਿਚ ਅਨੇਕਾਂ ਦਾਰਸ਼ਨਿਕ ਨੁਕਤੇ ਪ੍ਰਸਤੁਤ ਹਨ। ਉਦਾਹਰਨ ਵਜੋਂ : 'ਕਾਸ਼! ਰਾਜਨੀਤੀ ਹਕੀਕਤ ਵਿਚ ਧਾਰਮਿਕ ਹੁੰਦੀ। ਕਾਸ਼! ਧਰਮ ਨੈਤਿਕ ਹੀ ਨਹੀਂ ਸਗੋਂ ਰਾਜਨੀਤਕ ਵੀ ਹੁੰਦਾ।' (ਪੰ: 143)
ਨਾਵਲ ਦੇ ਅੰਤ 'ਤੇ ਸਕੇ ਪਰਵਾਸੀ ਵਿਛੜੇ ਪੁੱਤਰ (ਅਭਿਮਨਯੂ) ਦੀ ਥਾਂ ਮਾਂ (ਰੇਸ਼ਮ ਦੇਵੀ) ਗੌਰਾਂਬਰ (ਨਾਇਕਾ) ਪ੍ਰਤੀ ਸੱਚੇ ਮੋਹ ਨਾਲ ਪ੍ਰਗਟਾਵਾ ਕਰਦੀ ਹੋਈ ਇੰਜ ਆਪਣੀ ਮਮਤਾ ਦਾ ਕਥਾਰਸਿਸ ਕਰਦੀ ਵੇਖੀ ਜਾ ਸਕਦੀ ਹੈ : 'ਅਭਿਮਨਯੂ... ਬੇਟਾ ਅਭਿਮਨਯੂ, ਘਰ ਚੱਲ, ਹੁਣ ਤੂੰ ਫਿਰ ਕਿਸੇ ਚੱਕਰਵਿਊ ਵਿਚ ਨਹੀਂ ਫਸਣਾ ਹੈ... ਤੂੰ ਘਰ ਚੱਲ, ਮੈਂ ਤੈਨੂੰ ਲੈਣ ਆਈ ਹਾਂ। ਪੰ: 168 ਇੰਜ ਮਾਂ ਵਰਗੀ ਉਹ ਔਰਤ ਗੌਰਾਂਬਰ ਨੂੰ ਬਲੀ ਦਾ ਬੱਕਰਾ ਬਣਨੋਂ ਬਚਾ ਲੈਂਦੀ ਹੈ। ਨਾਵਲ ਦਾ ਅੰਤ ਖੁੱਲ੍ਹਾ ਪਾਠ ਸਿਰਜਦਾ ਹੈ।
ਕੁੱਲ ਮਿਲਾ ਕੇ ਇਹ ਨਾਵਲ ਸਮਕਾਲੀ ਜੀਵਨ ਦੀ ਯਥਾਰਥਕ ਝਾਕੀ ਪੇਸ਼ ਕਰਦਾ ਦਸਤਾਵੇਜ਼ ਹੋ ਨਿੱਬੜਿਆ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਉਹ ਜਿਊਣਾ ਚਾਹੁੰਦੀ ਸੀ
ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 135
ਸੰਪਰਕ : 99151-03490.

ਇਹ ਨਾਵਲ ਪੰਜਾਬ ਦੀਆਂ ਬਹਪੁੱਖੀ ਸਮੱਸਿਆਵਾਂ ਦੀ ਸੁਚੱਜੀ ਪੇਸ਼ਕਾਰੀ ਹੈ। ਨਾਵਲਕਾਰ ਜ਼ਿੰਦਗੀ ਦੇ ਸਮੁੱਚੇ ਯਥਾਰਥ ਨੂੰ ਬਹੁਤ ਬਾਰੀਕੀ ਨਾਲ ਲਿਖਦਾ ਹੈ। ਸਿਰਲੇਖ ਤੋਂ ਸੰਕੇਤ ਮਿਲਦਾ ਹੈ ਕਿ ਨਾਵਲ ਦੀ ਮੁੱਖ ਪਾਤਰ ਨੌਜਵਾਨ ਲੜਕੀ ਜੀਵਨ ਜੋਤ ਹੈ। ਉਹ ਕਾਲਜ ਦੀ ਹੋਣਹਾਰ ਵਿਦਿਆਰਥਣ ਹੈ। ਕਾਲਜ ਅਧਿਆਪਕਾਂ ਦੀ ਚਹੇਤੀ ਜੀਵਨ ਜੋਤ ਦਾ ਪਿਤਾ ਸਕੂਲ ਅਧਿਆਪਕ ਹੈ ਤੇ ਪੜ੍ਹਨ ਲਿਖਣ ਵਿਚ ਉਸ ਦੀ ਰੁਚੀ ਹੈ। ਲੇਖਕ ਹੈ। ਪਿਤਾ ਦੀ ਵਿਰਾਸਤ ਨੂੰ ਲਾਡਲੀ ਧੀ ਅੱਗੇ ਤੋਰ ਰਹੀ ਹੈ। ਸੱਭਿਆਚਾਰਕ ਸਮਾਗਮਾਂ ਦੀ ਸ਼ਾਨ ਹੈ। ਸਟੇਜੀ ਕਵਿਤਾਵਾਂ ਦੀ ਉਸ ਨੂੰ ਚੰਗੀ ਮੁਹਾਰਤ ਹੈ। ਪਰ ਬਦਕਿਸਮਤੀ ਨੂੰ ਇਕ ਦਿਨ ਕਾਲਜ ਤੋਂ ਘਰ ਪਰਤਦੀ ਨੂੰ ਰਸਤੇ ਵਿਚ ਗੁੰਡੇ ਘੇਰ ਲੈਂਦੇ ਹਨ ਤੇ ਦੂਰ ਖੇਤਾਂ ਵਿਚ ਲਿਜਾ ਕੇ ਮਾਰ ਕੇ ਸੁੱਟ ਦਿੰਦੇ ਹਨ। ਮਾਪੇ ਪ੍ਰੇਸ਼ਾਨ ਹਨ। ਬਾਪ ਆਪਣੇ ਸਾਥੀਆਂ ਨਾਲ ਪੁਲਿਸ ਕੋਲ ਪਰਚਾ ਦਰਜ ਕਰਵਾਉਣ ਜਾਂਦਾ ਹੈ ਤਾਂ ਪੁਲਿਸ ਸੌ ਨਖਰੇ ਕਰਦੀ ਹੈ। ਕਈ ਬੇਹੂਦਾ ਸਵਾਲ ਕਰਦੀ ਹੈ। ਸਾਰਾ ਇਲਾਕਾ ਥਾਣੇ ਜੁੜਦਾ ਹੈ। ਮਸਾਂ ਕਾਰਵਾਈ ਤੁਰਦੀ ਹੈ ਕਿਉਂਕਿ ਸਮਾਜ ਦੇ ਬੁਰੇ ਪਾਤਰ ਪੁਲਿਸ ਤੇ ਸਿਆਸਤਦਾਨਾਂ ਤੱਕ ਚੰਗੀ ਰਸਾਈ ਰੱਖਦੇ ਹਨ। ਨਾਵਲ ਬੁਰੇ ਚੰਗੇ ਪਾਤਰਾਂ ਵਿਚ ਟਕਰਾਅ ਦਾ ਸਿਖਰ ਪੇਸ਼ ਕਰਦਾ ਹੈ। ਅਦਾਲਤੀ ਕਾਰਵਾਈ ਲੰਮਾ ਸਮਾਂ ਚਲਦੀ ਹੈ। ਲੰਮੀਆਂ ਤਰੀਕਾਂ ਪਾ ਕੇ ਕਤਲ ਕੇਸ ਨੂੰ ਉਲਝਾਇਆ ਜਾਂਦਾ ਹੈ। ਵਕੀਲਾਂ ਦੀ ਚੁੰਝ ਚੋਭ ਨਾਵਲ ਦਾ ਹਿੱਸਾ ਹੈ। ਤਿੱਖੇ ਸੰਵਾਦ, ਬਦਲਦੀਆਂ ਸਰਕਾਰਾਂ, ਲੀਡਰਾਂ ਦੇ ਫੋਕੇ ਦਿਲਾਸੇ, ਪੂਰੇ ਰਾਜ ਵਿਚ ਫੈਲੀ ਅਰਾਜਕਤਾ, ਧੀਆਂ ਦੀ ਫ਼ਿਕਰਮੰਦੀ, ਲੋਕ ਰੋਹ ਦਾ ਪ੍ਰਚੰਡ ਰੂਪ ਦੋਸ਼ੀਆਂ ਨੂੰ ਵੱਡੇ ਦੋਸ਼ ਦੇ ਬਾਵਜੂਦ ਮਾਮੂਲੀ ਸਜ਼ਾਵਾਂ। ਜੇਲ੍ਹ ਤੋਂ ਬਾਹਰ ਆ ਕੇ ਫਿਰ ਉਹੀ ਗੁੰਡਾ ਗਰਦੀ ਦਾ ਰਾਜ, ਅਖੀਰ ਵਿਚ ਗੈਂਗਸਟਰੀ ਵਰਤਾਰਾ ਤੇ ਦੋਸ਼ੀਆਂ ਦਾ ਗੋਲੀਆਂ ਮਾਰ ਕੇ ਕਤਲ। ਇਹ ਸਭ ਕੁਝ ਨਾਵਲ ਦੇ ਪਾਠਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦਾ ਹੈ। ਨਾਵਲਕਾਰ ਨੇ ਕਈ ਦ੍ਰਿਸ਼ ਨਾਟਕੀ ਜੁਗਤ ਰਾਹੀਂ ਸਿਰਜੇ ਹਨ। ਨਿੱਕੇ-ਨਿੱਕੇ ਵੇਰਵੇ ਦੇ ਕੇ ਰੌਚਿਕਤਾ ਭਰੀ ਹੈ। ਦਿਲਚਸਪ ਸ਼ੈਲੀ ਵਿਚ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਸਿਰਲੇਖ ਆਪਣੇ-ਆਪ ਵਿਚ ਦੁੱਖਾਂ ਭਰੀ ਦਾਸਤਾਨ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਦਿਓਲ ਦੀਆਂ ਕਵਿਤਾਵਾਂ
ਸੰਪਾਦਕ : ਮਨਧੀਰ ਸਿੰਘ ਦਿਓਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 400 ਰੁਪਏ, ਸਫ਼ੇ : 254
ਸੰਪਰਕ : 098119-86433.

ਲੇਖਕ ਦੇ ਅਕਾਲ ਚਲਾਣੇ ਪਿੱਛੋਂ, 'ਦਿਓਲ ਦੀਆਂ ਕਵਿਤਾਵਾਂ' ਨਾਂਅ ਦਾ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ; ਉਸ ਦੇ ਬੇਟੇ ਮਨਧੀਰ ਸਿੰਘ ਦਿਓਲ ਨੇ ਪ੍ਰਕਾਸ਼ਿਤ ਕਰਵਾਇਆ ਹੈ, ਜਿਸ ਵਿਚ ਉਸ ਦੀਆਂ ਲਗਪਗ 441 ਕਵਿਤਾਵਾਂ ਹਨ। ਦਿਓਲ ਦੀ ਕਵਿਤਾ ਦੇ ਅਨੇਕਾਂ ਰੰਗ ਹਨ, ਜਿਥੇ ਉਹ ਆਪਣੀ ਆਤਮ-ਪਛਾਣ ਦੀ ਕਾਵਿ ਅਭਿਵਿਅਕਤੀ ਦੇ ਚਿੰਤਨ ਨੂੰ ਪੇਸ਼ ਕਰਦਾ ਹੈ, ਉਥੇ ਉਸ ਦੀ ਚਿੰਤਨ ਚੇਤਨਾ ਦੇ ਅਨਾਤਮ-ਅਨੁਭਵ ਦੇ ਕਾਵਿ ਵਿਚ ਉਸ ਵਲੋਂ ਸੰਚਾਰੇ ਸੁਨੇਹੇ ਪ੍ਰਭਾਵਸ਼ਾਲੀ ਹੀ ਨਹੀਂ; ਬਲਕਿ ਵਿਸ਼ੇਸ਼ ਸੁਨੇਹੇ ਦੇ ਰੂਪ ਵਿਚ ਆਪਣੀ ਨਿਸ਼ਾਨਦੇਹੀ ਕਰਦੇ ਹਨ। ਆਪਣੇ ਲਗਪਗ 60 ਕੁ ਸਾਲ ਦੇ ਜੀਵਨ ਕਾਲ ਵਿਚ ਉਸ ਨੇ 441 ਲਗਪਗ ਲੰਮੀਆਂ ਛੋਟੀਆਂ ਕਵਿਤਾਵਾਂ, ਗੀਤ, ਪ੍ਰਸੰਗਕ ਕਵਿਤਾਵਾਂ ਲਿਖੀਆਂ, ਪਰ ਉਸ ਦੀ ਸਮੁੱਚੀ ਪ੍ਰਤਿਭਾ ਇਸ ਤੱਥ ਉੱਪਰ ਨਿਰਭਰ ਹੈ ਕਿ ਜਿਥੇ ਆਪਣੇ ਆਤਮ ਸੰਸਾਰ ਨੂੰ ਜਾਣਨ, ਸਮਝਣ, ਅਧਿਐਨ ਅਤੇ ਮੰਥਨ ਸਮੇਂ ਮਾਨਵੀ ਸੰਵੇਦਨਾ-ਵੇਦਨਾ ਨੂੰ ਅਨੁਭਵ ਕੀਤਾ ਹੈ, ਉਥੇ ਉਸ ਨੇ ਅਨਾਤਮਿਕ ਜਗਤ ਦੇ ਯਥਾਰਥ ਨੂੰ ਤਲਾਸ਼ਣ ਸਮੇਂ ਮਾਨਵ, ਸਮਾਜ ਵਿਚਲੀਆਂ ਮੁਸ਼ਕਿਲਾਂ ਸਮੱਸਿਆਵਾਂ, ਭੁੱਖਾਂ, ਤੋਟਾਂ ਤੇ ਤ੍ਰਿਪਤੀਆਂ, ਨੂੰ ਸਮਝ ਕੇ ਕਵਿਤਾਉਣ ਦਾ ਕਾਰਜ ਕੀਤਾ ਹੈ। ਦਿਓਲ ਦੀ ਕਾਵਿ ਫਿਲਾਸਫ਼ੀ ਆਪਣੇ ਅੰਦਰ ਸੰਸਾਰ ਨੂੰ ਅਭਿਵਿਅਕਤ ਕਰਕੇ ਬਾਹਰਲੇ ਸੰਸਾਰ ਦਾ ਯਥਾਰਥ ਤਲਾਸ਼ਣਾ ਹੈ। ਇੰਜ ਕਰਦਿਆਂ ਉਸ ਨੇ ਸਰਲ, ਸਾਦਾ, ਛੰਦਬੱਧ, ਸਾਫ਼ ਸਵੱਛ ਕਵਿਤਾ ਦੀ ਰਚਨਾ ਕਰਦਿਆਂ ਅੰਤਿਮ ਜੀਵਨ-ਯਾਤਰਾ ਕੀਤੀ। ਦਿਓਲ, ਕਿੱਤੇ ਵਜੋਂ ਸੈਨਿਕ ਰਿਹਾ ਤੇ ਇਸੇ ਲਈ ਸਾਹਿਤ ਰਚਣ ਦਾ ਅਨੁਸ਼ਾਸਨ ਪਾਲਦਾ ਰਿਹਾ। ਉਸ ਆਪਣੇ ਅਧੂਰੇ ਸੁਪਨਿਆਂ, ਖਾਲੀਪਣ ਨੂੰ ਭਰਨ ਲਈ ਕਵਿਤਾਵਾਂ ਲਿਖੀਆਂ। ਆਪਣੇ ਸੰਵੇਦਨ, ਲੋਕ ਪੀੜਾ ਨੂੰ ਅਨੁਭਵ ਕੀਤਾ ਤੇ ਕਵਿਤਾ ਲਿਖੀ। ਅਜਿਹੇ ਪੂਰਨ ਅਪੂਰਨ ਨਿਰੰਤਰ ਚੱਲਣ ਵਾਲੇ ਰੀਝਵਾਨ ਮਨੁੱਖ ਕਵੀ ਦੀ ਸਮੁੱਚੀ ਕਵਿਤਾ ਪੰਜਾਬੀਆਂ ਲਈ ਸੁਗਾਤ ਹੈ।

ਂਡਾ: ਅਮਰ ਕੋਮਲ
ਮੋ : 084378-73565.
ਫ ਫ ਫ

ਪੰਜਾਬੀ ਰੰਗਮੰਚ ਦਾ ਮੁਢਲਾ ਸਫ਼ਰ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਕ, ਲੁਧਿਆਣਾ
ਮੁੱਲ : 650 ਰੁਪਏ, ਸਫ਼ੇ : 568
ਸੰਪਰਕ : 98142-99422.

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬੀ ਨਾਟਕ ਦੀ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਦੇ ਨਾਟਕ ਇਸ ਪੁਸਤਕ ਵਿਚ ਦਰਜ ਹਨ। ਨੋਰਾ ਰਿਚਰਡਜ਼ ਤੋਂ ਲੈ ਕੇ ਬਲਵੰਤ ਗਾਰਗੀ ਤੱਕ ਦੇ ਪੰਜਾਬੀ ਰੰਗਮੰਚ ਦੇ ਮੁਢਲੇ ਸਫ਼ਰ ਨੂੰ ਸੰਪਾਦਕ ਨੇ 'ਇਹ ਕਿਤਾਬ' ਅਧਿਐਨ ਵਿਚ ਸੰਖੇਪ ਰੂਪ ਵਿਚ ਪਾਠਕਾਂ ਨਾਲ ਸਾਂਝਾ ਕਰਦਿਆਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਬਾਰੇ ਹੋਏ ਖੋਜ ਕਾਰਜਾਂ ਅਤੇ ਵੱਖ-ਵੱਖ ਨਾਟ ਚਿੰਤਕਾਂ ਵਲੋਂ ਦਿੱਤੇ ਤੱਥ ਅਤੇ ਹਵਾਲੇ ਸਾਂਝੇ ਕੀਤੇ ਹਨ ਜਿਸ ਨਾਲ ਪੰਜਾਬੀ ਨਾਟਕ ਦੇ ਮੁਢਲੇ ਦੌਰ ਬਾਰੇ ਕਈ ਸ਼ੰਕੇ ਦੂਰ ਹੁੰਦੇ ਹਨ। ਪੁਸਤਕ ਵਿਚ ਇਹ ਮੁਢਲੇ ਦੌਰ ਦੇ 11 ਨਾਟਕ ਸ਼ਾਮਿਲ ਕੀਤੇ ਗਏ ਹਨ। 1909 ਵਿਚ ਬਾਵਾ ਬੁੱਧ ਸਿੰਘ ਵਲੋਂ ਪੰਜਾਬੀ ਬੋਲੀ ਵਿਚ ਲਿਖਿਆ ਗਿਆ ਪਹਿਲਾ ਨਾਟਕ 'ਚੰਦਰ ਹਰੀ' ਪੁਸਤਕ ਦਾ ਵੀ ਪਹਿਲਾ ਨਾਟਕ ਹੈ। ਇਹ ਇਕ ਯਥਾਰਥਵਾਦੀ ਨਾਟਕ ਹੈ ਜਿਸ ਨੂੰ ਤਿੰਨ ਛੋਟੇ ਨਾਟਾਂ ਦੇ ਰੂਪ ਵਿਚ ਲਿਖਿਆ ਗਿਆ ਹੈ। ਦੂਸਰਾ ਨਾਟਕ ਭਾਈ ਵੀਰ ਸਿੰਘ ਵਲੋਂ 1910 ਵਿਚ ਲਿਖਿਆ ਗਿਆ ਹੈ 'ਰਾਜਾ ਲਖਦਾਤਾ ਸਿੰਘ'। ਇਹ ਨਾਟਕ ਪਰਚਾਰਵਾਦੀ ਅਤੇ ਆਦਰਸ਼ਵਾਦੀ ਸ਼੍ਰੇਣੀ ਦਾ ਨਾਟਕ ਹੈ। ਯਥਾਰਥਵਾਦ ਦੀ ਚੰਗੀ ਪੇਸ਼ਕਾਰੀ ਵਜੋਂ ਸਥਾਪਤ ਹੋਇਆ ਈਸ਼ਵਰ ਚੰਦਰ ਨੰਦਾ ਦਾ 1913 ਵਿਚ ਲਿਖਿਆ ਨਾਟਕ 'ਸੁਹਾਗ' ਪੇਂਡੂ ਜਨਜੀਵਨ ਦੀ ਤਸਵੀਰ ਪੇਸ਼ ਕਰਦਾ ਹੈ। ਪੁਸਤਕ ਵਿਚ ਸ਼ਾਮਿਲ ਚੌਥਾ ਨਾਟਕ ਹੈ 'ਰਾਜ ਕੁਮਾਰੀ ਲਤਿਕਾ' ਜਿਸ ਦੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਹਨ। ਇਸ ਨਾਟਕ ਰਾਹੀਂ ਰੰਗਮੰਚ ਉੱਪਰ ਪਹਿਲੀ ਵਾਰ ਔਰਤ ਅਦਾਕਾਰ ਦਾ ਪ੍ਰਵੇਸ਼ ਹੋਇਆ। ਇਸ ਪੁਸਤਕ ਵਿਚ ਬ੍ਰਿਜ ਲਾਲ ਸ਼ਾਸਤਰੀ ਦਾ 'ਸੁਕੰਨਿਆ', ਡਾ: ਗੁਰਦਿਆਲ ਸਿੰਘ ਫੁਲ ਦਾ 'ਪਿਤਾ ਪਿਆਰ', ਸ.ਸ. ਅਮੋਲ ਦਾ 'ਸਮੇਂ ਦੇ ਤਿੰਨ ਰੰਗ', ਡਾ: ਹਰਚਰਨ ਸਿੰਘ ਦਾ 'ਮਨ ਦੀਆਂ ਮਨ ਵਿਚ', ਨਾਨਕ ਸਿੰਘ ਦਾ 'ਬੀ.ਏ. ਪਾਸ' ਜਿਸ ਵਿਚ ਉਨ੍ਹਾਂ ਖ਼ੁਦ ਅਭਿਨੈ ਕੀਤਾ ਸੀ, ਪ੍ਰਿੰ: ਸੰਤ ਸਿੰਘ ਸੇਖੋਂ ਦਾ 'ਭਾਵੀ' ਅਤੇ ਬਲਵੰਤ ਗਾਰਗੀ ਦਾ 'ਲੋਹਾ ਕੁਟ' ਨਾਟਕ ਸ਼ਾਮਿਲ ਹਨ। ਸੰਪਾਦਕ ਨੇ ਕੁਝ ਹੋਰ ਮਹੱਤਵਪੂਰਨ ਨਾਟਕਾਂ ਦਾ ਜ਼ਿਕਰ ਕੀਤਾ ਹੈ ਜੋ ਕਿਸੇ ਨਾ ਕਿਸੇ ਮਜਬੂਰੀਵੱਸ ਇਸ ਪੁਸਤਕ ਵਿਚ ਸ਼ਾਮਿਲ ਨਹੀਂ ਹੋ ਸਕੇ ਪਰ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਅਤੇ ਸਥਾਨ ਹੈ।

ਂਡਾ: ਨਿਰਮਲ ਜੌੜਾ
ਮੋ: 98140-78799.
ਫ ਫ ਫ

ਪੰਜਾਬਣਾਂ ਦੇ ਗੀਤ
ਲੇਖਕ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 296
ਸੰਪਰਕ : 98728-98599.

'ਪੰਜਾਬਣਾਂ ਦੇ ਗੀਤ' (ਵਾਰਤਕ ਪੁਸਤਕ) ਲੇਖਿਕਾ ਦੀ 10ਵੀਂ ਕਿਰਤ ਹੈ। ਇਸ ਪੁਸਤਕ 'ਚ ਉਸ ਨੇ ਪੰਜਾਬਣਾਂ ਦੇ ਗੀਤਾਂ ਨੂੰ ਬਾਬਲ-ਧੀ (ਗੌਣ, ਸੁਹਾਗ ਤੇ ਵਿਢੜੇ), ਬਾਬਲ-ਧੀ (ਬੋਲੀਆਂ), ਬਾਬਲ ਧੀ (ਹੇਅਰੇ), ਮਾਂ-ਧੀ (ਗੌਣ ਤੇ ਵਿਢੜੇ), ਮਾਂ-ਧੀ (ਬੋਲੀਆਂ) ਪਤੀ-ਪਤਨੀ, ਮਾਹੀ-ਗੋਰੀ (ਗੌਣ ਤੇ ਵਿਢੜੇ), ਮਾਹੀ-ਗੋਰੀ, ਪਤੀ-ਪਤਨੀ (ਬੋਲੀਆਂ) ਭੈਣ-ਭਰਾ, ਨਣਦ-ਭਰਜਾਈ, ਭੂਆ-ਭਤੀਜਾ (ਗੌਣ ਤੇ ਵਿਢੜੇ), ਘੋੜੀਆਂ, ਭੈਣ-ਭਰਾ, ਨਣਦ ਭਰਜਾਈ, ਭੂਆ-ਭਤੀਜਾ (ਬੋਲੀਆਂ), ਨੂੰਹ-ਸੱਸ, ਨੂੰਹ-ਸਹੁਰਾ (ਗੌਣ ਵਿਢੜੇ), ਨੂੰਹ-ਸੱਸ, ਨੂੰਹ-ਸਹੁਰਾ (ਬੋਲੀਆਂ, ਹੇਅਰੇ, ਛੰਦ-ਪਰਾਗੇ) ਜੇਠ-ਜਠਾਣੀ, ਜੇਠ-ਭਰਜਾਈ (ਗੌਣ, ਬੋਲੀਆਂ) ਦਿਓਰ-ਦਰਾਣੀ, ਦਿਓਰ-ਭਰਜਾਈ (ਗੌਣ, ਬੋਲੀਆਂ ਹੇਅਰੇ), ਸਿੱਠਣੀਆਂ, ਵਧਾਈਆਂ, ਵਧਾਵੇ ਵਿਧਾਵਾਂ 'ਚ ਵੰਡ ਕੇ ਪੁਸਤਕ ਨੂੰ ਨਿਵੇਕਲਾ ਰੂਪ ਦਿੱਤਾ ਹੈ। ਪੰਜਾਬੀ-ਸੰਸਾਰ 'ਚ ਰਿਸ਼ਤੇ-ਨਾਤੇ ਅਹਿਮ ਸਥਾਨ ਰੱਖਦੇ ਹਨ। ਲੋਕ-ਗੀਤਾਂ ਨੂੰ ਸੰਗ੍ਰਹਿਤ ਕਰਨ ਦਾ ਕਾਰਜ ਦਵਿੰਦਰ ਸਤਿਆਰਥੀ ਅਤੇ ਮਹਿੰਦਰ ਸਿੰਘ ਰੰਧਾਵਾ (ਡਾ:) ਤੋਂ ਸ਼ੁਰੂ ਹੋ ਕੇ ਅੱਜ ਤੱਕ ਨਿਰੰਤਰ ਜਾਰੀ ਹੈ। ਇਹ ਗੀਤ ਮਨੁੱਖੀ ਜੀਵਨ ਦੇ ਤਿੰਨ ਪੱਖ ਜਨਮ, ਵਿਆਹ ਅਤੇ ਮੌਤ ਨਾਲ ਸਬੰਧਿਤ ਹਨ। ਆਮ ਕਹਾਵਤ ਹੈ ਕਿ ਪੰਜਾਬੀ ਮਰਦ ਇਕ ਤਾਂ ਜੰਮਦਾ ਹੀ ਲਾੜਾ ਹੈ ਅਤੇ ਮੌਤ ਤੱਕ ਉਹ ਗੀਤਾਂ 'ਚ ਹੀ ਜੰਮਦਾ ਅਤੇ ਮਰਦਾ ਹੈ। ਇਨ੍ਹਾਂ ਲੋਕ-ਗੀਤਾਂ 'ਚ ਜਿਥੇ ਸਮਾਜਿਕ ਦੁਸ਼ਵਾਰੀਆਂ ਦਾ ਵਰਨਣ ਹੈ, ਉਥੇ ਹੀ ਜ਼ਿੰਦਗੀ ਨੂੰ ਭਰਪੂਰ ਰੂਪ 'ਚ ਮਾਣਨ ਦਾ ਇਕ ਸੁਪਨਾ ਵੀ ਹੈ। ਖ਼ਾਸ ਤੌਰ 'ਤੇ ਜਦੋਂ ਵੀ 'ਸੁਹਾਗ' ਲੋਕ-ਗੀਤ ਦੀ ਚਰਚਾ ਹੁੰਦੀ ਹੈ ਤਾਂ ਉਸ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਸੰਭਾਵੀ ਜੀਵਨ ਦੇ ਸੁਪਨਿਆਂ ਦੀ ਝਲਕ ਹੀ ਤਾਂ ਹੈ। ਮਨੁੱਖੀ ਜ਼ਿੰਦਗੀ ਦੇ ਰਿਸ਼ਤੇ ਨਾਤੇ ਵੀ ਦਵੰਦਾਤਮਿਕ ਪ੍ਰਸਥਿਤੀ ਦੀ ਸਿਰਜਣਾ ਕਰਦੇ ਹਨ। ਇਸ ਪੁਸਤਕ ਵਿਚ ਪਰਮਜੀਤ ਕੌਰ ਸਰਹਿੰਦ ਨੇ ਖੋਜ ਭਰਪੂਰ ਕਾਰਜ ਕਰਦਿਆਂ ਘੋੜੀਆਂ ਅਤੇ ਸੁਹਾਗ ਸਮੇਤ ਕੁੱਲ 161 ਲੰਮੇ ਗੌਣ, 683 ਬੋਲੀਆਂ, 61 ਹੇਅਰੇ, 14 ਛੰਦ-ਪਰਾਗੇ, 10 ਵਧਾਵੇ, 10 ਵਧਾਈਆਂ ਅਤੇ ਕੁੱਲ 65 ਸਿੱਠਣੀਆਂ ਨੂੰ ਸੰਗ੍ਰਹਿਤ ਕੀਤਾ ਹੈ। ਘੋੜੀਆਂ ਵਿਚ ਜਿਥੇ ਮਰਦਾਂ ਦੀ ਮਹੱਤਤਾ ਦਰਸਾਈ ਗਈ ਹੈ, ਉਥੇ ਔਰਤਾਂ ਦੀ ਮਹੱਤਤਾ ਨੂੰ ਵੀ ਉਚੇਚਾ ਮਾਣ-ਸਤਿਕਾਰ ਦਿੱਤਾ ਗਿਆ ਹੈ। ਇਹ ਰਿਸ਼ਤੇ ਹਨ : ਮਾਂ-ਦਾਦੀ, ਤਾਈ-ਚਾਚੀ, ਭੈਣ-ਭਾਬੀ, ਭੂਆ-ਮਾਸੀ ਆਦਿ। ਇਨ੍ਹਾਂ ਲੋਕ ਗੀਤਾਂ ਨੂੰ ਸੰਗ੍ਰਹਿਤ ਕਰਨ ਦੇ ਨਾਲ 'ਸਰਹਿੰਦ' ਨੇ 'ਲੋਕ-ਕਾਵਿ : ਨਾਰੀ ਮਨ ਦੀ ਵੇਦਨਾ-ਸੰਵੇਦਨਾ' ਭਾਵਪੂਰਤ ਲੇਖ ਵੀ ਇਸ ਪੁਸਤਕ 'ਚ ਸ਼ਾਮਿਲ ਕੀਤਾ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 94630-14096.
ਫ ਫ ਫ

ਬੁੱਲ੍ਹੇ ਸ਼ਾਹ ਅਤੇ ਅਲੀ ਹੈਦਰ ਦੇ ਕਾਵਿ ਦਾ ਤੁਲਨਾਤਮਿਕ ਅਧਿਐਨ
ਆਲੋਚਕਾ : ਡਾ: ਅਮਰਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98764-79789.

ਹਥਲੀ ਪੁਸਤਕ ਪੰਜਾਬੀ ਸੂਫ਼ੀ ਕਾਵਿ ਦੇ ਉੱਘੇ ਸੂਫ਼ੀ ਕਵੀ ਬੁੱਲ੍ਹੇ ਸ਼ਾਹ ਅਤੇ ਅਲੀ ਹੈਦਰ ਦੇ ਕਲਾਮ ਦਾ ਵਿਸਥਾਰ ਸਹਿਤ ਤੁਲਨਾਤਮਿਕ ਅਧਿਐਨ ਹੈ ਜੋ ਕਿ ਨਿਵੇਕਲਾ ਤੇ ਕੀਮਤੀ ਅਕਾਦਮਿਕ ਕਾਰਜ ਹੈ। ਲੇਖਿਕਾ ਖ਼ੁਦ ਵੀ ਕਾਲਜ ਵਿਚ ਇਸ ਵਿਸ਼ੇ ਦੀ ਪ੍ਰੋਫ਼ੈਸਰ ਹੈ। ਅਸਲ ਵਿਚ ਇਹ ਪੁਸਤਕ ਇਕ ਖੋਜ ਪ੍ਰਬੰਧ ਹੈ, ਜਿਸ ਨੂੰ ਵਿਦਵਾਨ ਲੇਖਿਕਾ ਨੇ ਹੇਠ ਲਿਖੇ ਚਾਰ ਅਧਿਆਇਆਂ ਵਿਚ ਸੰਪੰਨ ਕੀਤਾ ਹੈ : ਅਧਿਆਇ ਪਹਿਲਾ : ਸੂਫ਼ੀਮਤ, ਸੂਫੀਵਾਦ, ਸੂਫੀਆਂ ਦਾ ਰਹੱਸ-ਅਨੁਭਵ ਤੇ ਚਿੰਤਨ। ਅਧਿਆਇ ਦੂਜਾ : ਬੁੱਲ੍ਹੇਸ਼ਾਹ ਕਾਵਿ ਅਤੇ ਅਲੀ ਹੈਦਰ ਦਾ ਰਹੱਸ ਅਨੁਭਵ। ਅਧਿਆਇ ਤੀਜਾ : ਬੁੱਲ੍ਹੇਸ਼ਾਹ ਅਤੇ ਅਲੀ ਹੈਦਰ ਕਾਵਿ ਦਾ ਸਮਾਜਿਕ ਚਿੱਤਰਣ। ਅਧਿਆਇ ਚੌਥਾ : ਬੁੱਲ੍ਹੇਸ਼ਾਹ ਅਤੇ ਅਲੀ ਹੈਦਰ ਕਾਵਿ ਦੇ ਅਨੁਭਵ ਤੇ ਚਿੰਤਨ ਦਾ ਕਾਵਿ ਰੁਪਾਂਤਰਣ।ਅੰਤ ਵਿਚ ਉਪਰੋਕਤ ਵਿਸਥਾਰ ਦਾ ਨਿਸ਼ਕਰਸ਼ ਦਿੱਤਾ ਗਿਆ ਹੈ।
ਉਪਰੋਕਤ ਦੋਵਾਂ ਸੂਫ਼ੀ ਕਵੀਆਂ ਦੀ ਕਵਿਤਾ ਦਾ ਆਪਣਾ-ਆਪਣਾ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਹ ਦੋਵੇਂ ਕਵੀ ਸਮਕਾਲੀ ਹੋਣ ਦੇ ਬਾਵਜੂਦ ਕਾਵਿ ਪੇਸ਼ਕਾਰੀ ਵਿਚ ਕਲਾ-ਵੱਖਰਤਾ ਰੱਖਦੇ ਹਨ, ਜਿਸ ਨੂੰ ਸਮਾਲੋਚਨਾ ਵਿਚ ਪ੍ਰਤੱਖਤਾ ਪ੍ਰਦਾਨ ਕੀਤੀ ਗਈ ਹੈ। ਭਾਵੇਂ ਬੁੱਲ੍ਹੇਸ਼ਾਹ ਨੂੰ ਪੰਜਾਬੀ ਸੂਫ਼ੀ ਕਾਵਿ ਵਿਚ ਵੱਡੀ ਪ੍ਰਸਿੱਧੀ ਮਿਲੀ ਅਤੇ ਉਸ ਦੀ ਬੇਬਾਕ ਸ਼ੈਲੀ ਨੂੰ ਪੰਜਾਬੀਆਂ ਬਹੁਤ ਪਸੰਦ ਕੀਤਾ ਪਰ ਅਲੀ ਹੈਦਰ ਦੀ ਕਵਿਤਾ ਦਾ ਜੇਕਰ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਉਹ ਵੀ ਆਪਣੇ ਸਮੇਂ ਦਾ ਵੱਡਾ ਸੂਫ਼ੀ ਕਵੀ ਪ੍ਰਤੀਤ ਹੁੰਦਾ ਹੈ। 12ਵੀਂ ਸਦੀ ਤੋਂ 19ਵੀਂ ਸਦੀ ਤੱਕ ਦੇ ਪੰਜਾਬੀ ਕਾਵਿ ਦੇ ਅਸਮਾਨਾਂ ਉੱਤੇ ਸੂਫ਼ੀ ਕਾਵਿ ਦੇ ਕਈ ਉੱਘੇ ਸਿਤਾਰਿਆਂ ਨੇ ਪੰਜਾਬੀ ਸਮਾਜ ਨੂੰ ਨੈਤਿਕਤਾ ਦੀ ਜੀਵਨ-ਸ਼ੈਲੀ ਅਤੇ ਨਵੀਨ ਧਾਰਮਿਕ ਦਿਸਹੱਦੇ ਪ੍ਰਦਾਨ ਕੀਤੇ। ਅਮਰਜੀਤ ਕੌਰ ਨੇ ਜਿਥੇ ਉਕਤ ਦੋਵਾਂ ਸੂਫ਼ੀ ਕਵੀਆਂ ਦੇ ਕਲਾਮ ਦੇ ਤੁਲਨਾਤਮਿਕ ਅਧਿਐਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੈ, ਉਥੇ ਉਸ ਨੇ ਸੂਫ਼ੀ ਕਾਵਿ ਦੀ ਸਮਾਜਿਕਤਾ, ਧਾਰਮਿਕਤਾ, ਸੱਭਿਆਚਾਰਕਤਾ ਦਾ ਵੀ ਖੁੱਲ੍ਹ ਕੇ ਬਿਆਨ ਦਿੱਤਾ ਹੈ। ਇਹ ਪੁਸਤਕ ਇਸ ਖੇਤਰ ਦੇ ਖੋਜਾਰਥੀਆਂ ਵਾਸਤੇ ਸਹਾਇਕ ਸਿੱਧ ਹੋਵੇਗੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਰੀਤਾਂ ਵਾਲੇ ਗੀਤ ਵਿਭਿੰਨ ਸਰੋਕਾਰ
ਸੰਪਾਦਕ : ਡਾ: ਅਮਰਜੀਤ ਕੌਰ ਕਾਲਕਟ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98764-79789.

ਡਾ: ਸੁਖਵੀਰ ਕੌਰ ਲੋਕਧਾਰਾ ਦੇ ਖੇਤਰ ਵਿਚ ਕਾਰਜ ਕਰਨ ਵਾਲਾ ਇਕ ਸਰਗਰਮ ਨਾਂਅ ਹੈ ਜਿਸ ਨੇ ਆਪਣੀ ਨਵੀਂ ਪੁਸਤਕ 'ਰੀਤਾਂ ਵਾਲੇ ਗੀਤ' ਵਿਚ ਪੰਜਾਬੀ ਲੋਕਧਾਰਾਈ ਕਾਵਿ ਰੂਪਾਂ ਦੇ ਇਕੱਤਰੀਕਰਨ ਕਰਨ ਦੇ ਨਾਲ-ਨਾਲ ਉਨ੍ਹਾਂ ਬਾਰੇ ਵਿਸ਼ਲੇਸ਼ਣੀ ਝਾਤ ਵੀ ਪੁਆਈ ਹੈ। 'ਹੀਤਾਂ ਵਾਲੇ ਗੀਤ' ਪੁਸਤਕ ਨੇ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਅਤੇ ਵਿਦਵਾਨਾਂ ਦਾ ਉਚੇਚਾ ਧਿਆਨ ਖਿੱਚਿਆ ਹੈ। ਇਸੇ ਹੀ ਉਚੇਚ ਵਿਚੋਂ ਇਸ ਪੁਸਤਕ ਬਾਰੇ ਅਧਿਐਨ ਵਿਸ਼ਲੇਸ਼ਣ ਪੇਸ਼ ਕਰਦੀ ਆਲੋਚਨਾ ਪੁਸਤਕ 'ਰੀਤਾਂ ਵਾਲੇ ਗੀਤ ਵਿਭਿੰਨ ਸਰੋਕਾਰ' ਸਾਹਮਣੇ ਆਈ ਹੈ, ਜਿਸ ਨੂੰ ਡਾ: ਅਮਰਜੀਤ ਕੌਰ ਕਾਲਕਟ ਨੇ ਸੰਪਾਦਿਤ ਕੀਤਾ ਹੈ। ਪੁਸਤਕ ਵਿਚੋਂ ਸੰਪਾਦਕ ਨੇ ਪੰਜਾਬੀ ਲੋਕਧਾਰਾ ਨਾਲ ਸਬੰਧਿਤ ਇਸ ਪੁਸਤਕ ਦੀ ਵੱਖ-ਵੱਖ ਕੋਣਾਂ ਤੋਂ ਪੜਚੋਲ ਕਰਕੇ 24 ਖੋਜ-ਪੱਤਰ ਸ਼ਾਮਿਲ ਕੀਤੇ ਹਨ। ਕਈ ਵਿਦਵਾਨਾਂ ਦੁਆਰਾ ਇਸ ਪੁਸਤਕ ਵਿਚ ਆਪਣੇ ਖੋਜ-ਪੱਤਰਾਂ ਦੁਆਰਾ ਪੁਸਤਕ ਦਾ ਸਮੁੱਚੇ ਰੂਪ ਵਿਚ ਅਧਿਐਨ ਕੀਤਾ ਗਿਆ ਹੈ ਅਤੇ ਕੁਝ ਇਕ ਦੁਆਰਾ ਇਸ ਪੁਸਤਕ ਵਿਚ ਪੇਸ਼ ਹੋਏ ਕਿਸੇ ਵਿਸ਼ੇਸ਼ ਕਾਵਿ-ਰੂਪ ਨੂੰ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਗਿਆ ਹੈ। ਮਿਸਾਲ ਵਜੋਂ ਮਨਿੰਦਰਜੀਤ ਕੌਰ ਦੁਆਰਾ ਵਿਆਹ ਸਬੰਧੀ ਗੀਤਾਂ, ਡਾ: ਸੁਖਵਿੰਦਰ ਕੌਰ ਦੁਆਰਾ ਜਨਮ ਸਬੰਧੀ ਰੀਤਾਂ ਵਾਲੇ ਗੀਤਾਂ, ਹਰਪ੍ਰੀਤ ਕੌਰ ਦੁਆਰਾ ਸੁਹਾਗ ਅਤੇ ਘੋੜੀਆਂ ਸਬੰਧੀ ਰਹੁ-ਰੀਤਕ ਗੀਤਾਂ ਬਾਰੇ ਆਲੋਚਨਾਤਮਿਕ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਇਕ ਤੋਂ ਵਧੇਰੇ ਵਿਦਵਾਨਾਂ ਨੇ ਵੀ ਕਿਸੇ ਰੀਤ ਬਾਰੇ ਪੁਸਤਕ ਵਿਚ ਪੇਸ਼ ਗੀਤਾਂ ਦੀ ਆਲੋਚਨਾਤਮਿਕ ਨਿਰਖ-ਪੁਰਖ ਕੀਤੀ ਹੈ। ਵਿਸ਼ੇਸ਼ ਕਰਕੇ ਵਿਆਹ ਵਾਲੇ ਗੀਤਾਂ ਦੇ ਸਬੰਧ ਵਿਚ ਪੁਸਤਕ ਪੜ੍ਹਦਿਆਂ ਦੇਖਿਆ ਜਾ ਸਕਦਾ ਹੈ। ਅਸਲ ਵਿਚ ਡਾ: ਸੁਖਵੀਰ ਕੌਰ ਦੁਆਰਾ ਗੁਆਚਦੀ ਜਾ ਰਹੀ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਵਿਰਸੇ ਦੀ ਲੋਕ ਗੀਤਾਂ ਰੂਪੀ ਜਿਸ ਸੌਗਾਤ ਨੂੰ ਸਾਂਭਣ ਦਾ ਉਪਰਾਲਾ ਕੀਤਾ ਗਿਆ ਸੀ, ਉਸ ਬਾਰੇ ਇਹ ਪੁਸਤਕ ਸਮੁੱਚੇ ਰੂਪ ਵਿਚ ਇਸ ਗੱਲ ਦੀ ਤਾਈਦ ਕਰਦੀ ਹੈ ਕਿ ਇਹ ਪੁਸਤਕ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਇਕ ਵਡਮੁੱਲਾ ਯਤਨ ਹੈ ਜੋ ਸਾਂਭਣਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਇਕ ਫ਼ੌਜੀ ਦੀ ਆਤਮ-ਕਥਾ
ਲੇਖਕ : ਭੂਪਿੰਦਰ ਸਿੰਘ ਚੌਕੀਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 82849-89502.

ਵਿਚਾਰ ਗੋਚਰੀ ਪੁਸਤਕ ਸੀਮਾ ਸੁਰੱਖਿਆ ਬਲ ਦੇ ਸਾਬਕਾ ਡਿਪਟੀ ਕਮਾਂਡੈਂਟ ਸ: ਚੌਕੀਮਾਨ ਦੀ ਹੱਡਬੀਤੀ ਹੈ। ਇਸ ਸਵੈ-ਜੀਵਨੀ ਦੇ 15 ਅਧਿਆਇ ਹਨ। ਪਹਿਲਾ ਅਧਿਆਏ ਲੇਖਕ ਦੇ ਜੀਵਨ ਤੇ ਮੁਢਲੇ ਜੀਵਨ ਨਾਲ ਸਬੰਧਿਤ ਹੈ। ਇਸ ਵਿਚ ਲੇਖਕ ਨੇ ਉਸ ਸਮੇਂ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਕੀਤਾ ਹੈ। 'ਕਾਲਜ ਤੇ ਬੀ.ਐਸ.ਐਫ.' ਦੂਜਾ ਭਾਗ ਹੈ। ਇਸ ਵਿਚ ਜ਼ਿਕਰ ਹੈ ਕਿ ਕਿਵੇਂ ਆਪਣੀ ਲਿਆਕਤ ਸਦਕਾ, 6000 ਪ੍ਰੀਖਿਆਰਥੀਆਂ ਵਿਚੋਂ, ਬੀ.ਐਸ.ਐਫ. ਲਈ ਚੁਣਿਆ ਗਿਆ। ਕੁੱਲ 136 ਚੁਣੇ ਸਨ। 10 ਅਕਤੂਬਰ, 1973 ਨੂੰ ਪਹਿਲੀ ਪੋਸਟਿੰਗ, ਸੰਗਲੀ (ਮੱਧ ਪ੍ਰਦੇਸ਼) ਵਿਚ ਟ੍ਰੇਨਿੰਗ ਹਿਤ ਹੋਈ। 'ਗਵਾਲੀਅਰ ਅਤੇ ਸਿਲੀਗੁੜੀ', 'ਖੁਸ਼ਬੂਆਂ ਦੀ ਧਰਤੀ', 'ਸਖ਼ਤ ਰੁਝਾਨ ਤੇ ਵਿੱਦਿਆ ਪ੍ਰਾਪਤੀ' ਇਸ ਚੈਪਟਰ ਵਿਚ ਕਸ਼ਮੀਰ ਪੜਾਅ ਦੌਰਾਨ, ਐਲ.ਐਲ.ਬੀ. ਦੀ ਪੜ੍ਹਾਈ ਤੇ ਇਸੇ ਦੌਰਾਨ ਇਕ ਮੁਸਲਿਮ ਕੁੜੀ ਪਰਵੇਜ਼ ਨਾਲ ਬਿਤਾਏ ਦੋਸਤਾਨਾ ਪਲਾਂ ਦੀ ਬਿਆਨਗੀ ਬੜੀ ਭਾਵਪੂਰਤ ਹੈ। 'ਦਿੱਲੀ ਫੋਰਸ ਹੈੱਡਕੁਆਰਟਰ' ਉਮਦਾ ਲੇਖ ਹੈ। 'ਸਵਰਗ ਵਿਚ ਮੌਤ ਦਾ ਖੇਲ' ਸਰਹੱਦ ਪਾਰੋਂ ਅੱਤਵਾਦੀਆਂ ਤੇ ਦੇਸ਼ ਵਿਰੋਧੀ ਅਨਸਰਾਂ ਨਾਲ ਜਾਨ ਹੂਲਕੇ ਟੱਕਰ ਲੈਣ ਦਾ ਵਲਵਲਾ ਆਮੇਜ਼ ਵਰਨਣ ਹੈ।
ਅੱਤਵਾਦ ਕਾਰਨ ਧਰਤੀ ਦਾ ਸਵਰਗ ਵਿਚ ਮੌਤ ਦਾ ਖੇਲ ਖੇਡਿਆ ਜਾ ਰਿਹੈ। 'ਧਾਗਿਆਂ ਦੀ ਗੁੰਝਲ' ਲੇਖ ਵਿਚ ਨੌਕਰੀ ਤੋਂ ਸੇਵਾ-ਮੁਕਤੀ ਵੇਲੇ ਬਟਾਲੀਅਨ ਵਲੋਂ ਦਿੱਤੇ ਸਨੇਹ, ਆਦਰ ਤੇ ਨਿੱਘੀ ਅਦਾਇਗੀ ਦਾ ਖੂਬਸੂਰਤ ਚਿਤਰਨ ਹੈ। ਇਸ ਉਪਰੰਤ ਓਸਵਾਲ ਮਿੱਲ ਵਿਚ ਧਾਗਿਆਂ ਦੀ ਦੁਨੀਆ ਵਿਚ ਬਤੌਰ ਅਫਸਰ ਨੌਕਰੀ ਕੀਤੀ। ਆਸਟ੍ਰੇਲੀਆ ਤੇ ਕੈਨੇਡਾ ਦੀਆਂ ਫੇਰੀਆਂ ਦਾ ਵੀ ਜ਼ਿਕਰ ਹੈ। 'ਆਂਦਰਾਂ ਦੇ ਸੇਕ ਤੇ ਮਿੱਟੀ ਦਾ ਮੋਹ' ਲੇਖ ਅਨੁਸਾਰ ਮਿੱਟੀ ਦਾ ਮੋਹ ਉਸ ਨੂੰ ਵਾਪਸ ਦੇਸ਼ ਵਿਚ ਖਿੱਚ ਲਿਆਇਆ। 'ਵਿਦੇਸ਼ਾਂ ਵਿਚ ਰਹਿ ਕੇ ਫਿਰ ਮਿੱਟੀ ਨਾਲ ਮਿੱਟੀ ਹੋਣ ਦਾ ਕੋਈ ਫਾਇਦਾ ਨਹੀਂ ਸੀ। ਆਸਟ੍ਰੇਲੀਆ ਵਿਚ ਵੀ ਖੇਤੀਬਾੜੀ ਕਰਨ ਵਾਲੇ ਨੂੰ ਪੰਜਾਬ ਵਾਂਗ ਜੱਟ ਬੂਟ ਹੀ ਸਮਝਿਆ ਜਾਂਦਾ ਸੀ।' (ਪੰਨਾ 151) 'ਨਜ਼ਰੀਆ' ਇਸ ਪੁਸਤਕ ਦਾ ਅੰਤਿਮ ਲੇਖ ਹੈ। 'ਆਪਣੇ ਆਪ ਨੂੰ ਹਮੇਸ਼ਾ ਸਫ਼ਲਤਾ ਵੱਲ ਲੈ ਜਾਣ ਵਾਸਤੇ ਸਾਨੂੰ ਹਮੇਸ਼ਾ ਸਾਰਥਕ ਸੋਚ ਪੈਦਾ ਕਰਕੇ ਰੱਖਣੀ ਚਾਹੀਦੀ ਹੈ।' (ਪੰਨਾ 159)। 'ਇਕ ਫ਼ੌਜੀ ਦੀ ਆਤਮ ਕਥਾ' ਹਰੇਕ ਨੂੰ ਪੜ੍ਹਨੀ ਚਾਹੀਦੀ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਚੇਤਨਾ ਪਰਵਾਜ਼ ਵਿਚ
ਗ਼ਜ਼ਲਕਾਰ : ਆਰ. ਬੀ. ਸੋਹਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 90863-19527.

ਆਰ. ਬੀ. ਸੋਹਲ ਪੰਜਾਬੀ ਗ਼ਜ਼ਲ ਦਾ ਨਵਾਂ ਤੇ ਚਰਚਿਤ ਚਿਹਰਾ ਹੈ। 'ਚੇਤਨਾ ਪਰਵਾਜ਼ ਵਿਚ' ਗ਼ਜ਼ਲਕਾਰ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 107 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ। ਇਸ ਪੁਸਤਕ ਦੀ ਪਹਿਲੀ ਗ਼ਜ਼ਲ ਵਿਚ ਸੋਹਲ ਵਲੋਂ ਆਪਣੀ ਗ਼ਜ਼ਲ ਲੇਖਣ ਪ੍ਰਕਿਰਿਆ ਦਾ ਸਵੈ-ਵਿਸ਼ਲੇਸ਼ਣ ਕੀਤਾ ਗਿਆ ਹੈ ਤੇ ਉਸ ਦੇ ਕਥਨ ਮੁਤਾਬਿਕ ਉਸ ਦੀ ਗ਼ਜ਼ਲ ਭਟਕਿਆਂ ਰਾਹੀਆਂ ਲਈ ਦਿਸ਼ਾ ਸੂਚਕ ਹੈ ਤੇ ਭਾਵਨਾਵਾਂ ਦੇ ਪਰਿੰਦਿਆਂ ਨੂੰ ਅਸਮਾਨ ਵਿਚ ਉਡਣ ਲਈ ਹੌਸਲਾ ਦਿੰਦੀ ਹੈ। ਪੁਸਤਕ ਦੀ ਦੂਸਰੀ ਗ਼ਜ਼ਲ 'ਤਮੰਨਾ ਹੈ ਦਿਲੋਂ ਮੇਰੀ' ਲੰਬੀ ਤਾਰੀਫ਼ ਵਾਲੀ ਹੈ। ਅਜਿਹੀ ਗ਼ਜ਼ਲ ਦਾ ਨਿਭਾਅ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਸੋਹਲ ਕੋਲ ਅਜਿਹੀ ਯੋਗਤਾ ਹੈ ਕਿ ਉਹ ਹਰ ਪ੍ਰਕਾਰ ਦੀ ਗ਼ਜ਼ਲ ਲਿਖ ਸਕਦਾ ਹੈ। ਪੁਸਤਕ ਵਿਚ ਸੋਹਲ ਨੇ ਅਜਿਹੇ ਤਜਰਬਿਆਂ ਨੂੰ ਸਫ਼ਲਤਾ ਨਾਲ ਨਿਭਾਇਆ ਹੈ। ਗ਼ਜ਼ਲਕਾਰ ਦੀਆਂ ਬਹੁਤੀਆਂ ਗ਼ਜ਼ਲਾਂ ਭਾਵੇਂ ਪਿਆਰ ਮੁਹੱਬਤ 'ਤੇ ਆਧਾਰਿਤ ਹਨ ਪਰ ਅਜਿਹਾ ਵੀ ਨਹੀਂ ਹੈ ਕਿ ਉਹ ਚੁਫ਼ੇਰੇ ਵਾਪਰ ਰਹੀਆਂ ਘਟਨਾਵਾਂ ਤੋਂ ਅਭਿੱਜ ਹੈ। ਉਹ ਮੌਜੂਦਾ ਸਮੇਂ ਦੀ ਨਬਜ਼ ਨੂੰ ਜਾਣਦਾ ਹੈ ਤੇ ਆਉਣ ਵਾਲੇ ਤੂਫ਼ਾਨ ਦੀ ਭਵਿੱਖਬਾਣੀ ਵੀ ਕਰਦਾ ਹੈ। ਗ਼ਜ਼ਲਕਾਰ ਸਮਾਜ ਦੀ ਦੁਰਦਸ਼ਾ ਤੋਂ ਆਹਤ ਹੈ ਤੇ ਜਾਣਦਾ ਹੈ ਕਿ ਸੰਘਰਸ਼ ਬਿਨਾਂ ਹੁਣ ਕੋਈ ਚਾਰਾ ਨਹੀਂ ਹੈ ਤੇ ਇਹੀ ਚੇਤਨਾ 'ਚੇਤਨਾ ਪਰਵਾਜ਼ ਵਿਚ' ਕਿਤਾਬ ਦਾ ਆਧਾਰ ਹੈ। ਉਹ ਮੁਹੱਬਤ ਦੀ ਗੱਲ ਕਰਦਾ ਹੋਇਆ ਵੀ ਗ਼ਜ਼ਲ ਦੇ ਸ਼ਿਅਰਾਂ ਨੂੰ ਸੱਚ ਦੀ ਸ਼ਨਾਖ਼ਤ ਦੀ ਪੁੱਠ ਚਾੜ੍ਹਦਾ ਹੈ। ਪੰਜਾਬੀ ਗ਼ਜ਼ਲ ਭਾਵੇਂ ਇਸ ਸਮੇਂ ਸੰਤੁਸ਼ਟੀਜਨਕ ਮੁਕਾਮ 'ਤੇ ਹੈ ਪਰ ਕੁਝ ਨਵੇਂ ਗ਼ਜ਼ਲਕਾਰ ਰੀਸੋ ਰੀਸ ਗ਼ਜ਼ਲ ਦੇ ਅਸੂਲਾਂ 'ਤੇ ਵਿਅੰਗਮਈ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਜਿਹੜਾ ਗ਼ਜ਼ਲ ਦੇ ਮਜ਼ੀਦ ਵਿਕਾਸ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਪਰ ਸੋਹਲ ਦੀਆਂ ਗ਼ਜ਼ਲਾਂ ਅਰੂਜ਼ ਦੇ ਨਿਯਮਾਂ ਤਹਿਤ ਸੁਚੇਤ ਹੋ ਕੇ ਲਿਖੀਆਂ ਗਈਆਂ ਹਨ ਤੇ ਇਨ੍ਹਾਂ ਵਿਚ ਗ਼ਜ਼ਲੀਅਤ ਸਜੀਵ ਹੈ। ਸੋਹਲ ਦੀ ਗ਼ਜ਼ਲ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮਹਿਜ਼ ਮਾਧਿਅਮ ਨਹੀਂ ਹੈ। ਇਹ ਦੰਭੀ ਰੁੱਤ ਵਿਚ ਪ੍ਰਭਾਵਤ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਵੀ ਦੱਸਦੀ ਹੈ ਤੇ ਦਿਸ਼ਾ ਵੀ ਦਿੰਦੀ ਹੈ। ਸੋਹਲ ਦੀ ਗ਼ਜ਼ਲ ਦਾ ਸਫ਼ਰ ਅਜੇ ਬੜਾ ਲੰਬਾ ਹੈ ਤੇ ਉਸ ਨੇ ਜ਼ਿੰਦਗੀ ਵਿਚ ਅਜੇ ਹੋਰ ਅਨੁਭਵ ਪ੍ਰਾਪਤ ਕਰਨੇ ਹਨ। ਅਨੁਭਵ ਨਾਲ ਉਸ ਦੀ ਗ਼ਜ਼ਲ ਦੇ ਵੇਗ ਤੇ ਖ਼ੂਬਸੂਰਤੀ ਵਿਚ ਯਕੀਨਨ ਵਾਧਾ ਹੋਵੇਗਾ ਤੇ ਇਹ ਪੁਸਤਕ ਉਸ ਦੇ ਸ਼ਾਨਦਾਰ ਭਵਿੱਖ ਦੀ ਬੁਨਿਆਦ ਹੈ।

ਫ ਫ ਫ

ਵਕਤ ਦੇ ਵਰਕੇ
ਗ਼ਜ਼ਲਕਾਰ : ਰਣਬੀਰ ਰਾਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 80.
ਸੰਪਰਕ : 97800-42157.

ਰਣਬੀਰ ਰਾਣਾ 'ਦੀਪਕ ਗ਼ਜ਼ਲ ਸਕੂਲ' ਦਾ ਪ੍ਰਬੁਧ ਤੇ ਸੰਜੀਦਾ ਗ਼ਜ਼ਲਕਾਰ ਹੈ। ਉਨ੍ਹਾਂ ਗ਼ਜ਼ਲਕਾਰਾਂ ਵਿਚ ਰਣਬੀਰ ਰਾਣਾ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਗ਼ਜ਼ਲ ਦੇ ਨਿਯਮਾਂ ਪ੍ਰਤੀ ਵਫ਼ਾ ਨਿਭਾਉਂਦਿਆਂ ਹੋਇਆਂ ਖ਼ੂਬਸੂਰਤ ਗ਼ਜ਼ਲਾਂ ਕਹੀਆਂ ਹਨ। ਰਣਬੀਰ ਰਾਣਾ ਦੇ ਨਵੇਂ ਸੰਗ੍ਰਹਿ ਵਿਚ ਕੁਲ ਸੱਠ ਗ਼ਜ਼ਲਾਂ ਛਪੀਆਂ ਹਨ। ਪਹਿਲੀ ਗ਼ਜ਼ਲ ਵਿਚ ਰਾਣਾ ਜ਼ਿੰਦਗੀ ਦੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਵਿਚ ਹੈ ਤੇ ਜਦੋਂ ਉਹ ਸਾਵੇਂ ਦ੍ਰਿਸ਼ਟੀਕੋਣ ਨਾਲ ਇਸ ਬਾਰੇ ਵਿਸ਼ਲੇਸ਼ਣ ਕਰਦਾ ਹੈ ਤਾਂ ਸੱਚ ਤੇ ਝੂਠ ਦੇ ਫ਼ਰਕ ਦਾ ਅਹਿਸਾਸ ਹੋ ਜਾਂਦਾ ਹੈ। ਉਹ ਸਮੁੱਚੀ ਧਰਤੀ ਤੇ ਅਸਮਾਨ ਨੂੰ ਆਪਣਾ ਆਖਦਾ ਹੈ ਤੇ ਹਰ ਬਸਤੀ 'ਤੇ ਆਪਣਾ ਦਾਅਵਾ ਜਤਾਉਂਦਾ ਹੈ। ਇੰਜ ਗ਼ਜ਼ਲਕਾਰ ਇਕਸਾਰਤਾ ਦਾ ਸੰਦੇਸ਼ ਦਿੰਦਾ ਹੋਇਆ ਕਾਬਜ਼ ਲੋਕਾਂ ਨੂੰ ਵੀ ਲਲਕਾਰਦਾ ਹੈ। ਰਾਣਾ ਆਪਣੀਆਂ ਗ਼ਜ਼ਲਾਂ ਵਿਚ ਕਈ ਜਗ੍ਹਾ ਬਹੁਤ ਸੁੰਦਰ ਦ੍ਰਿਸ਼ ਉਲੀਕਦਾ ਹੈ ਤੇ ਆਪਣੇ ਲਹਿਜ਼ੇ ਨਾਲ ਉਨ੍ਹਾਂ 'ਤੇ ਰੰਗਾਂ ਦੀਆਂ ਪਰਤਾਂ ਚਾੜ੍ਹਦਾ ਹੈ। ਉਹ ਕਹਿੰਦਾ ਹੈ-'ਕਦੇ ਪੱਥਰ ਕਦੇ ਸ਼ੀਸ਼ਾ ਬਣੇਂ ਉਹ ਜ਼ਿਹਨ ਵਿਚ ਮੇਰੇ, ਕਦੇ ਉਹ ਓਪਰਾ ਲਗਦੈ ਕਦੇ ਉਹ ਖ਼ਾਸ ਹੁੰਦਾ ਹੈ।' ਗ਼ਜ਼ਲਕਾਰ ਥੱਕ ਹਾਰ ਚੁੱਕੇ ਲੋਕਾਂ 'ਤੇ ਤਨਜ਼ ਕਰਦਾ ਹੈ ਕਿ ਇਹ ਬੜੀ ਮਾਯੂਸ ਕਰਨ ਵਾਲੀ ਸਥਿਤੀ ਹੈ ਕਿ ਜਿਹੜੇ ਲੋਕ ਨਵੇਂ ਸੂਰਜ ਚੜ੍ਹਾਉਣ ਦੀ ਗੱਲ ਕਰਦੇ ਸਨ, ਉਹ ਧੁੱਪ ਤੋਂ ਡਰਦਿਆਂ ਹੋਇਆਂ ਘਰਾਂ ਵਿਚ ਦੁਬ ਕੇ ਬੈਠੇ ਹਨ। ਉਸ ਮੁਤਾਬਿਕ ਜ਼ਿੰਦਗੀ ਵਿਚ ਇਸ ਤਰ੍ਹਾਂ ਦੇ ਮੁਕਾਮ ਵੀ ਆ ਜਾਂਦੇ ਹਨ ਜਦੋਂ ਛਾਂਵਾਂ ਲਈ ਹੱਥੀਂ ਲਾਏ ਬੂਟਿਆਂ ਦੀ ਭਾਲ ਕਰਨੀ ਪੈਂਦੀ ਹੈ। ਗ਼ਜ਼ਲਕਾਰ ਅਨੁਸਾਰ ਪਿੰਡੇ 'ਤੇ ਹਜ਼ਾਰਾਂ ਜ਼ਖ਼ਮ ਖਾ ਕੇ ਮੁੜ ਉੱਭਰਨ ਵਾਲਾ ਮਨੁੱਖ ਹੀ ਸਫ਼ਲਤਾਵਾਂ ਪ੍ਰਾਪਤ ਕਰਦਾ ਹੈ। ਉਹ ਨਦੀ ਦਾ ਪਾਣੀ ਹੋ ਕੇ ਹਰ ਪਿਆਸੇ ਦੀ ਪਿਆਸ ਬੁਝਾਉਣੀ ਲੋਚਦਾ ਹੈ ਤੇ ਕਾਣੀ ਵੰਡ ਉਸ ਨੂੰ ਰਾਸ ਨਹੀਂ ਹੈ। ਇੰਜ ਰਣਬੀਰ ਰਾਣਾ ਦੀ ਗ਼ਜ਼ਲਕਾਰੀ ਜਦੋਂ ਮੁਹੱਬਤ ਦੀ ਗੱਲ ਕਰਦੀ ਹੈ ਤਾਂ ਸਾਰੀ ਦੀ ਸਾਰੀ ਮੁਹੱਬਤ ਹੋ ਜਾਂਦੀ ਤੇ ਜਦੋਂ ਲੋਕ ਹਿਤੈਸ਼ੀ ਗੱਲ ਕਹਿੰਦਾ ਹੈ ਤਾਂ ਸਾਰੇ ਦਾ ਸਾਰਾ ਲੋਕਾਂ ਦਾ ਹੋ ਜਾਂਦਾ ਹੈ। 'ਵਕਤ ਦੇ ਵਰਕੇ' ਰਾਣਾ ਦਾ ਵਧੀਆ ਗ਼ਜ਼ਲ ਸੰਗ੍ਰਹਿ ਹੈ ਪਰ ਸ਼ਾਇਰੀ ਕਦੀ ਮੁਕੰਮਲ ਨਹੀਂ ਹੁੰਦੀ, ਇਹ ਗੱਲ ਗ਼ਜ਼ਲਕਾਰ ਨੂੰ ਦਿਲ ਵਿਚ ਵਸਾ ਕੇ ਰੱਖਣ ਦੀ ਜ਼ਰੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

07-07-2018

 ਸਿੱਖ ਇਤਿਹਾਸ ਵਿਚ ਬ੍ਰਾਹਮਣ ਸਮਾਜ ਦਾ ਯੋਗਦਾਨ
ਲੇਖਕ : ਸੁਰਿੰਦਰ ਸਿੰਘ ਰਾਜਪੂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 256
ਸੰਪਰਕ : 98558-47938.

ਸੁਰਿੰਦਰ ਸਿੰਘ ਰਾਜਪੂਤ ਜਨ ਸਾਧਾਰਨ ਵਿਚੋਂ ਉੱਠ ਕੇ ਫੀਲਡ ਵਰਕ, ਅਧਿਐਨ ਤੇ ਵਿਚਾਰ-ਵਟਾਂਦਰੇ ਨਾਲ ਭਾਰਤੀ ਸਮਾਜ ਦੇ ਜਾਤਾਂ, ਜਮਾਤਾਂ, ਕਬੀਲਿਆਂ ਦੀ ਇਤਿਹਾਸਕਾਰੀ ਵੱਲ ਰੁਚਿਤ ਹੋਇਆ ਸੁਹਿਰਦ ਵਿਅਕਤੀ ਹੈ। ਗੁਰਬਾਣੀ ਸਿੱਖੀ ਤੇ ਸਾਹਿਤ ਉਸ ਦੀ ਜੀਵਨ ਵਿਧੀ ਦੇ ਸਹਿਜ ਅੰਗ ਰਹੇ ਹਨ। ਉਸ ਦੇ ਖੋਜ ਕਾਰਜ ਦੀ ਸੇਧ ਸਾਰਥਕਤਾ ਅਤੇ ਸ਼ੈਲੀ ਉੱਪਰ ਵੀ ਇਨ੍ਹਾਂ ਦੀ ਛਾਪ ਹੈ। ਰਾਜਪੂਤਾਂ ਤੇ ਭਾਟਾਂ ਬਾਰੇ ਉਸ ਦਾ ਖੋਜ ਕਾਰਜ ਸਿੱਖ ਸਮਾਜ ਲਈ ਵਿਸ਼ੇਸ਼ ਰੂਪ ਵਿਚ ਮਹੱਤਵਪੂਰਨ ਹੈ। ਰੋਜ਼ ਤੇ ਟਾਡ ਦੇ ਕਾਰਜ ਨੂੰ ਪੰਜਾਬੀਆਂ ਵਿਚ ਨਵੇਂ ਪ੍ਰਸੰਗ ਵਿਚ ਤੋਰਨ ਦਾ ਕਾਰਜ ਉਹ ਕਰ ਰਿਹਾ ਹੈ। ਇਸ ਪੁਸਤਕ ਵਿਚ ਉਸ ਨੇ ਬ੍ਰਾਹਮਣ ਜਾਤੀ ਦੇ ਸਿੱਖ ਸਮਾਜ ਨਾਲ ਰਿਸ਼ਤੇ ਦੇ ਕਈ ਪੱਖਾਂ ਉੱਤੇ ਨਿੱਠ ਕੇ ਗੱਲ ਕੀਤੀ ਹੈ। ਸ: ਰਾਜਪੂਤ ਵੰਡੀਆਂ ਤੇ ਨਫ਼ਰਤ ਵਾਲੀ ਸਿਆਸਤ ਦੀ ਥਾਂ ਗੁਰਬਾਣੀ ਤੇ ਸਿੱਖੀ ਦੇ ਸਭੇ ਸਾਂਝੀਵਾਲ ਸਨ। ਇਹ ਏਕ ਪਿਤਾ ਏਕਸ ਕੇ ਹਮ ਬਾਰਕ ਦੇ ਸਿਧਾਂਤ/ਸੇਧ ਦਾ ਅਨੁਸਾਰੀ ਹੈ। ਉਸ ਦਾ ਕਾਰਜ ਬ੍ਰਾਹਮਣ/ਹਿੰਦੂ ਸਮਾਜ ਨੂੰ ਸਿੱਖ ਜਨ ਸਾਧਾਰਨ ਦੇ ਨੇੜੇ ਲਿਆਵੇਗਾ। ਦੋਵਾਂ ਦੇ ਰਿਸ਼ਤੇ ਵਿਚ ਮਿਠਾਸ ਤੇ ਮੁਹੱਬਤ ਭਰੇਗਾ ਜੋ ਸਮੇਂ ਦੀ ਲੋੜ ਹੈ। ਜਾਤਾਂ ਵਰਣਾਂ ਵਿਚ ਵੱਡੇ ਭਾਰਤੀ ਸਮਾਜ ਨੂੰ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਕਰਨ ਦੀ ਸਿੱਖ ਗੁਰੂ ਸਾਹਿਬਾਨ ਦੀ ਸੋਚ ਤੇ ਗੁਰਬਾਣੀ ਵਿਚ ਉਸ ਦੇ ਪ੍ਰਮਾਣਾਂ ਨਾਲ ਹੀ ਲੇਖਕ ਨੇ ਇਸ ਪੁਸਤਕ ਦੀ ਸ਼ੁਰੂਆਤ ਕੀਤੀ ਹੈ। ਅਗਲੇ ਪੰਜਾਹ ਕੁ ਪੰਨੇ ਉਸ ਨੇ ਬ੍ਰਾਹਮਣਾਂ ਦੀਆਂ ਜਾਤਾਂ, ਗੋਤਾਂ, ਭਾਟਾਂ, ਪ੍ਰੋਹਤਾਂ ਆਦਿ ਦੇ ਵੇਰਵਿਆਂ ਨੂੰ ਅਰਪਿਤ ਕੀਤੇ ਹਨ ਅਤੇ ਫਿਰ ਭੱਟ ਬਾਣੀ ਵਾਲੇ ਭੱਟਾਂ ਤੇ ਉਨ੍ਹਾਂ ਦੇ ਵੰਸ਼ ਵਿਚ ਹੋਏ ਸ਼ਹੀਦਾਂ ਦੀ ਗੱਲ ਕੀਤੀ ਹੈ। ਪੁਸਤਕ ਦੇ ਤੀਜੇ ਭਾਗ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਅਤੇ ਫਿਰ ਉਸ ਉਪਰੰਤ ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹੀਵੀਂ-ਵੀਹਵੀਂ ਸਦੀ ਦੇ ਬਦਲਦੇ ਪ੍ਰਸੰਗਾਂ ਵਿਚ ਸਿੱਖ/ਬ੍ਰਾਹਮਣ ਸਬੰਧਾਂ ਨੂੰ ਵਿਸ਼ਲੇਸ਼ਣ ਦਾ ਬਿੰਦੂ ਬਣਾਇਆ ਹੈ। ਕੁਰਬਾਨੀ ਤੇ ਗੁਰਬਾਣੀ ਦੀ ਵਿਆਖਿਆ ਦੋਵਾਂ ਖੇਤਰਾਂ ਵਿਚ ਉਸ ਨੇ ਬ੍ਰਾਹਮਣ ਵਰਗ ਦੀ ਸਿੱਖ ਸਮਾਜ ਨੂੰ ਦੇਣ ਉਜਾਗਰ ਕਰਕੇ ਦੋਵਾਂ ਨੂੰ ਨੇੜੇ ਲਿਆਉਣ ਦਾ ਉੱਦਮ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550.
ਫ ਫ ਫ

ਵਾਰਤਕ ਦੇ ਰੰਗ
ਲੇਖਿਕਾ : ਡਾ: ਕਮਲੇਸ਼ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98149-02564.

ਡਾ: ਕਮਲੇਸ਼ ਉੱਪਲ ਦਾ ਬਹੁਤਾ ਕੰਮ ਪੰਜਾਬੀ ਨਾਟਕ ਅਤੇ ਥੀਏਟਰ ਬਾਰੇ ਹੈ। ਨਾਟਕ ਅਤੇ ਥੀਏਟਰ ਦੇ ਨਾਲ-ਨਾਲ ਉਸ ਦੇ ਪੰਜਾਬੀ ਸੱਭਿਆਚਾਰ ਦੇ ਕੁਝ ਹੋਰ ਪੱਖਾਂ ਬਾਰੇ ਵੀ ਮੌਲਿਕ ਵਿਚਾਰ ਬਣ ਗਏ ਹਨ। 'ਵਾਰਤਕ ਦੇ ਰੰਗ' ਵਿਚ ਕੁਝ ਇਹੋ ਜਿਹੇ ਮੌਲਿਕ ਅਤੇ ਪ੍ਰਗਤੀਸ਼ੀਲ ਵਿਚਾਰ ਅੰਕਿਤ ਹੋਏ ਹਨ। ਪੁਸਤਕ ਵਿਚ ਸੰਕਲਿਤ ਲਗਪਗ 60 ਲਘੂ ਲੇਖਾਂ ਦੀ ਸਮੱਗਰੀ ਨੂੰ ਉਸ ਨੇ ਛੇ ਸ਼੍ਰੇਣੀਆਂ ਵਿਚ ਵਿਭਾਜਿਤ ਕੀਤਾ ਹੈ : 1. ਦੂਰ ਦੇ ਢੋਲ, 2. ਆਓ ਬਾਜ਼ਾਰ ਵਧਾਈਏ, ਗ਼ਰੀਬੀ ਹਟਾਈਏ, 3. ਨੇਕ ਦਿਲ ਨੇਤਾ ਨਹਿਰੂ, 4. ਕੋਠੀ ਦੇ ਦੇ, ਕਾਰ ਦੇ ਦੇ, 5. ਖ਼ਰਚੋ, ਖਾਓ, ਖਪਾਓ, 6. ਮਾਂ ਕਹਿੰਦੀ ਹੁੰਦੀ ਸੀ।
ਇਹ ਸਾਰੇ ਲੇਖ ਅਜੋਕੇ ਉੱਤਰ ਆਧੁਨਿਕਵਾਦ ਦੇ ਦਬਾਵਾਂ ਵਿਚੋਂ ਪੈਦਾ ਹੋਏ ਮਸਨੂਈ ਸੱਭਿਆਚਾਰ ਵੱਲ ਸੰਕੇਤ ਕਰਦੇ ਹਨ। ਇਸ ਦੌਰ ਦਾ ਮੰਤਰ ਇਹ ਬਣ ਗਿਆ ਹੈ : ਖਾਓ, ਖ਼ਰਚੋ ਅਤੇ ਹੰਢਾਓ। ਸ਼ਾਸਵਤ ਕਦਰਾਂ-ਕੀਮਤਾਂ ਉੱਡ-ਪੁੱਡ ਗਈਆਂ ਹਨ। ਲੇਖਿਕਾ ਵਕਤ ਦੇ ਬਦਲੇ ਹੋਏ ਮਿਜਾਜ਼ ਉੱਪਰ ਰੁਦਨ ਨਹੀਂ ਕਰਦੀ। ਨਾ ਹੀ ਗੁਜ਼ਰੇ ਵਕਤ ਉੱਪਰ ਹੇਰਵਾ ਕਰਦੀ ਹੈ, ਬਲਕਿ ਜੋ ਹੋ ਰਿਹਾ ਹੈ, ਜਿਵੇਂ ਹੋ ਰਿਹਾ ਹੈ, ਉਸ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਨਾਲ ਅੰਕਿਤ ਕਰੀ ਜਾਂਦੀ ਹੈ। ਆਪਣੇ ਇਕ ਲੇਖ ਵਿਚ ਉੱਤਰ ਆਧੁਨਿਕਤਾਵਾਦੀ ਜੀਵਨ-ਸ਼ੈਲੀ ਉੱਪਰ ਟਿੱਪਣੀ ਕਰਦੀ ਹੋਈ ਉਹ ਲਿਖਦੀ ਹੈ, 'ਅਜੋਕੇ ਖਪਤਵਾਦੀ ਯੁੱਗ ਵਿਚ ਜਸ਼ਨ-ਮਾਈਆਂ ਦੀ ਕੁਝ ਇਸ ਤਰ੍ਹਾਂ ਚੜ੍ਹਤ ਹੋ ਗਈ ਹੈ ਕਿ ਕੁਝ ਕਰ ਵਿਖਾਉਣ ਨਾਲੋਂ ਜ਼ਿੰਦਗੀ ਵਿਚ ਸਾਰੇ ਕੁਝ ਨੂੰ ਮਨਾਉਣਾ ਵੱਧ ਮਹੱਤਵਪੂਰਨ ਹੋ ਗਿਆ ਹੈ। ਬਹੁਤ ਸਾਰੇ ਨਵੇਂ ਤੋਂ ਨਵੇਂ ਖਪਤ-ਪਦਾਰਥਾਂ ਅਤੇ ਉਪਭੋਗ ਦੀਆਂ ਵਸਤਾਂ ਦੇ ਇਸ਼ਤਿਹਾਰ ਇਹੋ ਸਿਖਾਉਂਦੇ ਹਨ ਕਿ ਜ਼ਿੰਦਗੀ ਸਿਰਫ ਜਸ਼ਨ ਮਨਾਉਣ ਲਈ ਹੈ।' (ਚਿਰੰਜੀਵਤਾ, ਪੰਨਾ 20)
ਡਾ: ਉੱਪਲ ਨੇ ਅਜੋਕੇ ਦੌਰ ਵਿਚ ਪੈਦਾ ਹੋ ਰਹੀਆਂ ਹਿੰਸਾਤਮਿਕ/ਵਿਭਚਾਰਕ ਪ੍ਰਵਿਰਤੀਆਂ ਬਾਰੇ ਵੀ ਆਪਣੇ ਕਈ ਲੇਖਾਂ ਵਿਚ ਭਾਵਪੂਰਿਤ ਸੰਕੇਤ ਕੀਤੇ ਹਨ। ਪੰਜਾਬੀ ਸਾਹਿਤ, ਭਾਰਤੀ ਸਿਨੇਮਾ ਅਤੇ ਕੋਮਲ ਕਲਾਵਾਂ ਬਾਰੇ ਵੀ ਬਹੁਤ ਸਾਰੇ ਲੇਖ ਇਸ ਪੁਸਤਕ ਦੀ ਸ਼ੋਭਾ ਨੂੰ ਵਧਾਉਂਦੇ ਹਨ। ਇਸ ਪੁਸਤਕ ਵਿਚ ਸੁੰਦਰ, ਕਲਿਆਣਕਾਰੀ ਅਤੇ ਸਵਸਥ ਜੀਵਨ-ਸ਼ੈਲੀ ਬਾਰੇ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਮਿਲਦੀਆਂ ਹਨ। ਇਹ ਸਹਿਜ ਅਤੇ ਮੁਕਤ-ਮਨ ਨਾਲ ਪੜ੍ਹੀ ਜਾਣ ਵਾਲੀ ਟੈਕਸਟ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136.
ਫ ਫ ਫ

ਸ਼ਿਰੋਮਣੀ ਉਸਤਾਦ
ਦੀਪਕ ਜੈਤੋਈ ਜੀ ਦੀਆਂ ਗ਼ਜ਼ਲਾਂ
ਵਿਚ ਖ਼ੂਬੀਆਂ ਅਤੇ ਅਲੰਕਾਰ

ਲੇਖਕ : ਨਿਸ਼ਾਨ ਸਿੰਘ ਜੌਹਲ
ਪ੍ਰਕਾਸ਼ਕ : ਆਜ਼ਾਦ ਬੁਕ ਡੀਪੂ, ਅੰਮ੍ਰਿਤਸਰ।
ਮੁੱਲ : 300 ਰੁਪਏ, ਸਫ਼ੇ : 336
ਸੰਪਰਕ : 94179-66662.

ਪੰਜਾਬੀ ਗ਼ਜ਼ਲ ਅੱਜ ਜਿਸ ਮਾਣਮੱਤੇ ਮੁਕਾਮ 'ਤੇ ਹੈ ਇਸ ਵਿਚ ਉਸਤਾਦ ਦੀਪਕ ਜੈਤੋਈ ਜੀ ਦਾ ਬਹੁਤ ਵੱਡਾ ਯੋਗਦਾਨ ਹੈ। 'ਗ਼ਜ਼ਲ ਕੀ ਹੈ' ਪੁਸਤਕ ਰਾਹੀਂ ਉਨ੍ਹਾਂ ਪੰਜਾਬੀ ਗ਼ਜ਼ਲ ਲਈ ਉਹ ਕਾਰਜ ਕੀਤਾ ਹੈ ਜੋ ਇਸ ਖ਼ੇਤਰ ਵਿਚ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਤੇ ਅੱਜ ਵੀ ਅਰੂਜ਼ 'ਤੇ ਲਿਖੀਆਂ ਜਾ ਰਹੀਆਂ ਪੁਸਤਕਾਂ ਇਸੇ ਪੁਸਤਕ ਤੋਂ ਪ੍ਰਭਾਵਿਤ ਹੁੰਦੀਆਂ ਹਨ। ਵਿਚਾਰਨਯੋਗ ਪੁਸਤਕ 'ਸ਼ਿਰੋਮਣੀ ਉਸਤਾਦ ਦੀਪਕ ਜੈਤੋਈ ਜੀ ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਅਤੇ ਅਲੰਕਾਰ' ਉਨ੍ਹਾਂ ਨੂੰ ਸੱਚੀ ਤੇ ਇਮਾਨਦਾਰਾਨਾ ਸ਼ਰਧਾਂਜਲੀ ਹੈ। ਨਿਸ਼ਾਨ ਸਿੰਘ ਜੌਹਲ ਪੰਜਾਬੀ ਗ਼ਜ਼ਲ ਦੀ ਸਮੀਖਿਆ ਲਈ ਹਮੇਸ਼ਾ ਅਗਾੜੀ ਰਿਹਾ ਹੈ ਤੇ ਇਸ ਪੁਸਤਕ ਵਿਚ ਉਸ ਨੇ ਜਿੱਥੇ ਜਨਾਬ ਦੀਪਕ ਜੈਤੋਈ ਸਬੰਧੀ ਵੱਖ-ਵੱਖ ਸਾਹਿਤਕਾਰਾਂ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਛਾਪਿਆ ਹੈ, ਉਥੇ ਉਨ੍ਹਾਂ ਦੀਆਂ ਗ਼ਜ਼ਲਾਂ ਦੀਆਂ ਵੱਖ-ਵੱਖ ਖ਼ੂਬੀਆਂ ਦਾ ਵਿਸਤ੍ਰਿਤ ਉਲੇਖ ਵੀ ਕੀਤਾ ਹੈ।
ਇਸ ਵੱਡ ਆਕਾਰੀ ਪੁਸਤਕ ਵਿਚ ਸਤਿਗੁਰ ਜਗਜੀਤ ਸਿੰਘ, ਗੁਰਦਿਆਲ ਸਿੰਘ ਨਾਵਲਿਸਟ, ਤੇਜਵੰਤ ਮਾਨ, ਗੁਰਦਿਆਲ ਰੌਸ਼ਨ, ਜਸਪਾਲ ਮਾਨਖੇੜਾ, ਭਗਵਾਨ ਦਾਸ ਸੰਦਲ, ਸੁਬੇਗ ਸੱਧਰ ਆਦਿ ਦੇ ਲੇਖ ਤੇ ਮੁਲਾਕਾਤਾਂ ਨੂੰ ਛਾਪਿਆ ਗਿਆ ਹੈ। ਇਸ ਸਬੰਧੀ ਕੁਝ ਪਰਚਿਆਂ ਦਾ ਸਹਿਯੋਗ ਵੀ ਲਿਆ ਗਿਆ ਹੈ। ਪੁਸਤਕ ਦਾ ਵੱਡਾ ਹਿੱਸਾ ਦੀਪਕ ਸਾਹਿਬ ਦੀਆਂ ਗ਼ਜ਼ਲਾਂ ਦੀਆਂ ਖ਼ੂਬੀਆਂ 'ਤੇ ਆਧਾਰਿਤ ਹੈ। ਇਹ ਭਾਗ ਸਿਖਾਂਦਰੂਆਂ ਲਈ ਬਹੁਤ ਲਾਹੇਵੰਦਾ ਸਾਬਤ ਹੋ ਸਕਦਾ ਹੈ, ਕਿਉਂਕਿ ਇਕੱਲੇ-ਇਕੱਲੇ ਸਿਰਲੇਖ ਹੇਠਾਂ ਖ਼ੂਬੀਆਂ ਦਾ ਵਿਸਥਾਰ ਦਿੱਤਾ ਗਿਆ ਹੈ। ਕਿਤੇ-ਕਿਤੇ ਦੀਪਕ ਜੀ ਦੀਆਂ ਗ਼ਜ਼ਲਾਂ ਤੇ ਸ਼ਿਅਰ ਦੇ ਕੇ ਪੁਸਤਕ ਨੂੰ ਰੌਚਿਕਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 'ਸ਼੍ਰੋਮਣੀ ਉਸਤਾਦ ਦੀਪਕ ਜੈਤੋਈ ਜੀ ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਅਤੇ ਅਲੰਕਾਰ' ਪੁਸਤਕ ਵਿਚ ਉਨ੍ਹਾਂ ਦੀਆਂ ਪੁਸਤਕਾਂ 'ਚੋਂ ਲੈ ਕੇ ਗ਼ਜ਼ਲ, ਪਿੰਗਲ ਤੇ ਅਰੂਜ਼ ਸਬੰਧੀ ਦੀਪਕ ਜੀ ਦਾ ਨਜ਼ਰੀਆਂ ਵੀ ਛਾਪਿਆ ਗਿਆ ਹੈ। ਉਸਤਾਦ ਜੀ ਸਬੰਧੀ ਕੁਝ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਪਰ ਦੀਪਕ ਜੀ ਦੀ ਗ਼ਜ਼ਲਕਾਰੀ ਦੇ ਏਨੇ ਵਿਸਥਾਰਤ ਲੇਖੇ ਜੋਖੇ ਸਬੰਧੀ ਇਹ ਇਕੋ-ਇਕ ਪੁਸਤਕ ਹੈ ਜਿਸ ਵਿਚ ਕੁਝ ਯਾਦਗਾਰੀ ਤਸਵੀਰਾਂ ਵੀ ਹਨ। 'ਦੀਪਕ ਗ਼ਜ਼ਲ ਸਕੂਲ' ਦੇ ਕਈ ਹੋਰ ਗੂੜ੍ਹੇ ਹਸਤਾਖ਼ਰਾਂ ਬਾਰੇ ਵੀ ਇਸ ਵਿਚ ਜਾਣਕਾਰੀ ਦਰਜ ਹੈ।

ਂਗੁਰਦਿਆਲ ਰੌਸ਼ਨ
ਮੋ: 9988444002.
ਫ ਫ ਫ

ਮਧੁਰਪ੍ਰੀਤ ਕਹਾਣੀਆਂ
ਲੇਖਕ : ਪੂਰਨ ਚੰਦ ਜੋਸ਼ੀ (ਡਾ:)
ਪ੍ਰਕਾਸ਼ਕ : ਸਵੈ-ਪ੍ਰਕਾਸ਼ਿਤ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98141-47405.

ਵਿਦਵਾਨ ਲੇਖਕ ਪੂਰਨ ਚੰਦ ਜੋਸ਼ੀ ਦੀਆਂ 31 ਸੱਜਰੀਆਂ ਕਹਾਣੀਆਂ ਇਸ ਪੁਸਤਕ ਵਿਚ ਸ਼ਾਮਿਲ ਹਨ। ਦਰ-ਹਕੀਕਤ ਇਹ ਕਹਾਣੀਆਂ ਇਕ ਤਰ੍ਹਾਂ ਨਾਲ ਡਾ: ਜੋਸ਼ੀ ਦੀ ਸਵਾਨੇ-ਉਮਰੀ (ਸਵੈ-ਜੀਵਨੀ) ਪ੍ਰਤੀਤ ਹੁੰਦੀ ਹੈ। ਪੁਸਤਕ ਦੀ ਪਲੇਠੀ ਕਹਾਣੀ 'ਸੱਠ ਸਾਲ ਪਹਿਲੋਂ' ਹੈ, ਜਿਸ ਵਿਚ ਪਿਛਲਝਾਤ ਵਿਧੀ ਰਾਹੀਂ, ਉਸ ਵੇਲੇ ਦੇ ਸਮੇਂ ਨੂੰ ਬਾਖੂਬੀ, ਬਿਆਨ ਕੀਤਾ ਗਿਆ ਹੈ। ਉਸ ਸਮੇਂ ਦਾ ਰਹਿਣ-ਸਹਿਣ, ਚੱਜ ਆਚਾਰ, ਵਿਹਾਰ, ਥੁੜ੍ਹਾਂ, ਤੰਗੀਆਂ-ਤੁਰਸ਼ੀਆਂ ਪਰ ਇਸ ਦੇ ਬਾਵਜੂਦ ਸਾਂਝ ਦੀ ਪਕੇਰੀ ਤੰਦ, ਸਭ ਨੂੰ ਭਾਈਚਾਰਕ ਭਰੱਪਣ ਦੇ ਸੂਤਰ ਵਿਚ ਬੰਨ੍ਹ ਕੇ ਰੱਖਦੀ ਸੀ। ਕਹਾਣੀ ਦੀ ਆਖਰੀ ਸਤਰ ਕੁੱਜੇ ਵਿਚ ਸਮੁੰਦਰ ਬੰਦ ਕਰ ਗਈ ਹੈ। 'ਸਮੇਂ ਦੇ ਨਾਲ ਲੋਕਾਂ ਦੇ ਸੁਭਾਅ ਦੀ ਤਰ੍ਹਾਂ ਰਸਤੇ ਹੀ ਨਹੀਂ, ਪੂਰੇ ਜ਼ਮਾਨੇ ਦੀ ਪੂਰੀ ਤਕਦੀਰ ਬਦਲ ਚੁੱਕੀ ਹੈ ਅੱਜ।' (ਪੰਨਾ 15) ਇਸ ਪੁਸਤਕ ਵਿਚਲੀਆਂ ਕਹਾਣੀਆਂ ਨੂੰ ਲੇਖਕ ਨੇ ਅਸਲੀਅਤ ਦੇ ਤਜਰਬੇ ਵਜੋਂ ਸਲੀਕੇ ਨਾਲ ਪਰੋਸਿਆ ਹੈ। 'ਮਾਪੇ' ਕਹਾਣੀ, ਮਾਪਿਆਂ ਦਾ ਉਚਿਤ ਸਨਮਾਨ ਕਰਨ ਦਾ ਸੁਨੇਹਾ ਦਿੰਦੀ ਹੈ। 'ਹਉਕਾ' ਕਹਾਣੀ ਸਮੇਂ ਤੇ ਹਾਲਾਤ ਸਾਹਵੇਂ, ਮਨੁੱਖ ਦੀ ਲਾਚਾਰਗੀ ਤੇ ਬੇਬਸੀ ਨੂੰ ਰੂਪਮਾਨ ਕਰਦੀ ਹੈ। 'ਪਿੰਡ ਦਾ ਟੂਣਾ' ਉਨ੍ਹਾਂ ਭਲੇ ਵੇਲਿਆਂ ਦੀ ਬਾਤ ਪਾਉਂਦੀ ਰਚਨਾ ਹੈ, ਜਦੋਂ 'ਸਭੇ ਸਾਂਜੀਵਾਲ ਸਦਾਇਨ' ਦੀ ਭਾਵਨਾ ਖ਼ਾਸਕਰ ਪਿੰਡਾਂ ਵਿਚ ਸੀ। ਕਿਵੇਂ ਪਿੰਡ ਦੀ ਸੁੱਖ ਸ਼ਾਂਤੀ ਲਈ ਪੂਜਾ ਪਾਠ ਹੁੰਦੇ, ਲੰਗਰ ਲਗਦੇ ਤੇ ਸਾਰੇ ਪੇਂਡੂ, ਇਕੱਠੇ ਲੰਗਰ ਛੱਕਦੇ। 'ਇਸ ਤਰ੍ਹਾਂ, ਪਿੰਡ ਵਿਚ ਟੂਣਾ, ਮੁਕੰਮਲ ਹੋ ਜਾਂਦਾ ਤੇ ਮਿਲਵਰਤਨ ਵਿਚ ਨੇੜੇ ਆ ਜਾਂਦੇ। ਆਪਸੀ ਮੇਲ ਮਿਲਾਪ ਤੇ ਪਿਆਰ ਵਧਦਾ।' (ਪੰਨਾ 38) 'ਰਾਮ ਲੀਲਾ' ਕਹਾਣੀ ਉਨ੍ਹਾਂ ਸਮਿਆਂ ਵਿਚ ਮਨੋਰੰਜਨ ਦੀ ਇਕ ਬਿਹਤਰੀਨ ਜੁਗਤ ਵਜੋਂ ਅਹਿਮੀਅਤ ਦਾ ਪ੍ਰਗਟਾਵਾ ਹੈ। 'ਸਰਪੰਚ ਪੂਰਨ ਸਿੰਘ ਜ਼ਿੰਦਾਬਾਦ' ਸਮੇਤ ਅਨੇਕ ਕਹਾਣੀਆਂ ਵਿਚਲੇ ਡਾਇਲਾਗ ਬੜੇ ਸਰਲ, ਰੌਚਕ ਤੇ ਭਾਵਪੂਰਤ ਹਨ। ਪੁਸਤਕ ਦੀਆਂ ਸਭੇ ਕਹਾਣੀਆਂ ਪੜ੍ਹਨਯੋਗ ਹਨ। ਪੁਸਤਕ ਦੇ ਆਰੰਭ ਵਿਚ ਲੇਖਕ ਵਲੋਂ ਮਧੁਰਪ੍ਰੀਤ ਉਨਵਾਨ ਹੇਠ ਇਕ ਸੁੰਦਰ ਕਵਿਤਾ ਦਰਜ ਹੈ ਅਤੇ ਇਸੇ ਤਰ੍ਹਾਂ ਅੰਤ ਵਿਚ 'ਕਾਗਜ਼ ਬੋਲਦਾ' ਨਾਂਅ ਦੀ 14 ਬੰਦਾਂ ਵਾਲੀ ਨਜ਼ਮ ਉਤਕ੍ਰਿਸ਼ਟ ਰਚਨਾ ਹੈ, ਜਿਸ ਰਾਹੀਂ ਡਾ: ਜੋਸ਼ੀ ਨੇ ਲਿਖਤ ਦੇ ਸਦੀਵੀਪਨ ਦਾ ਜ਼ਿਕਰ ਕੀਤਾ ਹੈ। 'ਜੋਸ਼ੀ ਕੌਣ ਲਿਖਾਰੀ, ਕਿੱਸਾਕਾਰ, ਕਹਾਣੀਕਾਰ, ਇਹ ਗੱਲ ਕਦੇ ਫਰੋਲਦਾਂਕਦਰ ਹਮੇਸ਼ਾ, ਪਰਦੇ ਤੇ ਪੈਕਿੰਗ ਦੀ ਹੈ, ਇਹੀ ਕਾਗਜ਼ ਬੋਲਦਾ।'

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਅਲਵਿਦਾ ਅਮੀਰਪੁਰ
ਲੇਖਕ : ਪਰਗਟ ਸਿੰਘ ਸਿੱਧੂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 395 ਰੁਪਏ, ਸਫ਼ੇ : 252
ਸੰਪਰਕ : 99885-10366.

ਗਲਪਕਾਰ ਸਿੱਧੂ ਦਾ ਇਹ ਤੀਜਾ ਨਾਵਲ ਹੈ। ਨਾਵਲ ਦੀ ਫੇਬੁਲਾ ਦਾ ਆਧਾਰ ਬੀਤੀ ਅੱਧੀ ਸਦੀ ਦੇ ਮਾਲਵੇ ਦਾ ਪੇਂਡੂ ਜੀਵਨ ਹੈ। ਇਸ ਦੇ ਆਂਚਲਿਕ ਦਾਇਰੇ ਵਿਚ ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਹਿੱਸੇ ਆਉਂਦੇ ਹਨ। ਪੇਂਡੂ ਜੀਵਨ ਦੇ ਅਨੇਕਾਂ ਵਿਸ਼ਿਆਂ 'ਤੇ ਫ਼ੋਕਸੀਕਰਨ ਉਪਲਬਧ ਹੈ। ਮਸਲਨ : ਇਲਾਕੇ ਦੇ ਵੈਲੀਆਂ ਵਲੋਂ ਜ਼ਮੀਨੀ ਝਗੜੇ ਨਿਪਟਾਉਣਾ, ਸਰਕਾਰ ਵਲੋਂ ਮਜ਼੍ਹਬੀ ਸਿੱਖਾਂ ਲਈ ਅਲਾਟ ਹੋਈ ਜ਼ਮੀਨ 'ਤੇ ਧੱਕੜਸ਼ਾਹਾਂ ਦਾ ਕਬਜ਼ਾ, ਪੇਂਡੂ ਵਲੋਂ ਰੂੜੀ-ਮਾਰਕਾ ਸ਼ਰਾਬ ਦੀ ਵਰਤੋਂ, ਔਰਤਾਂ ਦਾ ਸ਼ੋਸ਼ਣ ਅਤੇ ਮਰਦਾਂ ਵਲੋਂ ਬੇਰੁਖ਼ੀ ਦਾ ਸ਼ਿਕਾਰ ਹੋਣਾ, ਲੋਕਾਂ ਨੂੰ ਸ਼ਿਕਾਰ ਖੇਡਣ ਦਾ ਸ਼ੌਕ, ਸਰਪੰਚੀ ਦੀ ਚੋਣ ਲਈ ਸੰਘਰਸ਼, ਨਕਸਲਵਾੜੀ ਤੇ ਖਾੜਕੂ ਲਹਿਰ ਦਾ ਅਸਰ, ਅਚਾਨਕ ਮੌਤਾਂ, ਪਛੜਾਪਣ (ਬੈਠਣ ਲਈ ਕੇਵਲ ਮੰਜੇ-ਪੀੜ੍ਹੀਆਂ, ਸਫ਼ਰ ਲਈ ਗੱਡੇ-ਰੱਥ, ਰਸੋਈ ਲਈ ਚੁੱਲ੍ਹੇ, ਬਾਲਣ ਲਈ ਛਟੀਆਂ ਆਦਿ); ਕਿਸੇ ਕਿਸੇ ਕੋਲ ਜੀਪ; ਮੋਟਰਸਾਈਕਲਾਂ, ਕਾਰਾਂ ਸਕੂਟਰਾਂ ਦੀ ਅਣਹੋਂਦ ਪਰ ਬਿਜਲੀ ਦੇ ਬਲਬ ਜਗਦੇ ਹਨ। ਵਿਧਵਾ ਔਰਤਾਂ ਦਾ ਦੁਬਾਰਾ ਸ਼ਾਦੀ ਕਰਵਾਉਣਾ, ਨਵੀਂ ਪੀੜ੍ਹੀ ਦੀ ਇਸ ਰੁਝਾਨ ਨਾਲ ਨਫ਼ਰਤ, ਔਲਾਦ ਵਲੋਂ ਮਾਪਿਆਂ ਦਾ ਇਸੇ ਕਾਰਨ ਵਿਰੋਧ, ਮਾਪਿਆਂ ਦਾ ਅਣਗੌਲੇ ਹੋਣਾ, ਬੇਗਾਨਗੀ ਅਤੇ ਓਪਰੇਪਣ ਦਾ ਸ਼ਿਕਾਰ ਹੋਣਾ; ਫ਼ਲਸਰੂਪ ਮਾਪਿਆਂ ਦਾ ਆਪਣੀ ਪੱਕੀ ਰਿਹਾਇਸ਼ ਦੇ ਪਿੰਡ 'ਅਮੀਰਪੁਰਾ' ਨੂੰ 'ਅਲਵਿਦਾ' ਕਹਿ ਕੇ ਔਲਾਦ ਤੋਂ ਦੂਰ ਹੋ ਜਾਣਾ ਆਦਿ ਅਨੇਕਾਂ ਘਟਨਾਵਾਂ ਇਸ ਬਿਰਤਾਂਤ ਦਾ ਅੰਗ ਹਨ।
ਕਲਾਤਮਿਕ ਪੱਖੋਂ ਪ੍ਰਕਿਰਤੀ ਚਿਤਰਣ ਇਸ ਬਿਰਤਾਂਤ ਦਾ ਹਾਸਲ ਹਨ। ਬੱਦਲ, ਸੂਰਜ, ਚੰਨ, ਤਾਰੇ ਤੇ ਪੌਣ ਸਮੇਂ-ਸਮੇਂ ਸਰਕਦੇ ਵੇਖੇ ਜਾ ਸਕਦੇ ਹਨ। ਟਾਲ੍ਹੀ, ਤੂਤ, ਦੀ ਛਾਂ ਵੀ ਹੈ ਪਰ ਬਕਰੈਣ ਦੇ ਬਿਰਛਾਂ ਹੇਠ ਮੰਜੇ ਥਾਂ ਪੁਰ ਡਹਿੰਦੇ ਹਨ। ਮੁਹਾਂਦਰਾ ਸਿਰਜਦਿਆਂ ਲੇਖਕ ਪਾਤਰ ਨੂੰ ਹੂ-ਬਹੂ ਸਾਹਮਣੇ ਖੜ੍ਹਾ ਦਿੰਦਾ ਹੈ। ਵਾਰਤਕ ਵਾਕਾਂ ਵਿਚ ਉਪਮਾ ਅਲੰਕਾਰਾਂ ਦੀ ਭਰਮਾਰ ਹੈ। ਤੁਲਨਾਵਾਂ ਹੀ ਤੁਲਨਾਵਾਂ ਹਨ। ਸਿਰ 'ਤੇ ਬੰਨ੍ਹੇ ਪਰਨੇ ਵਿਚ ਦੀ ਲਟਕਦੀਆਂ ਵਾਲਾਂ ਦੀਆਂ ਲਿਟਾਂ (ਜਿਊਣਾ) ਅਤੇ ਬੋਲਣ ਲਈ ਮੰਚ 'ਤੇ ਦੋ ਮਿੰਟ ਦਿਉ (ਸੁਰਿੰਦਰ ਅਕਾਲੀ) ਦੇ ਬਿਰਤਾਂਤ ਵਿਚ ਬਾਰੰਬਾਰਤਾ ਹੈ। ਜੈ ਵੱਢੀ, ਜੈ ਵੱਢਿਆ, ਜੈ ਖਾਣੀ, ਜੈ ਖਾਣਿਆਂ ਆਦਿ ਗਾਲਾਂ ਪਾਤਰ ਆਮ ਹੀ ਇਕ-ਦੂਜੇ ਨੂੰ ਕੱਢਦੇ ਹਨ। ਸ਼ਬਦ 'ਆਪਾਂ' ਨੂੰ ਸਾਰੇ ਹੀ ਪਾਤਰ 'ਅੱਪਾਂ' ਉਚਾਰਦੇ ਹਨ। ਕੁੱਲ ਮਿਲਾ ਕੇ ਇਹ ਨਾਵਲ ਵਿਸ਼ੇ, ਪਾਤਰ ਅਤੇ ਭਾਸ਼ਾ ਪੱਖੋਂ ਮਾਲਵੇ ਦੀ ਆਂਚਲਿਕਤਾ ਨੂੰ ਪ੍ਰਸਤੁਤ ਕਰਨ ਵਿਚ ਸਫਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪੰਜਾਬੀ ਵਿਰਾਸਤ ਬਦਲਦੇ ਪਰਿਪੇਖ
ਲੇਖਿਕਾ : ਮਨਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 80545-24495.

ਹਥਲੀ ਪੁਸਤਕ ਪੰਜਾਬੀਅਤ ਦੀ ਪਛਾਣ ਦੇ ਮੂਲ ਗੁਆਚੇ ਸਰੋਕਾਰਾਂ ਨੂੰ ਉਭਾਰਨ ਦੇ ਨਾਲ-ਨਾਲ ਅਜੋਕੇ ਕਾਲ ਖੰਡ ਵਿਚ ਆਏ ਬਦਲਾਵ ਦੇ ਕਾਰਨਾਂ ਨੂੰ ਪਛਾਣਦੀ ਹੋਈ ਬਹੁਤ ਸਾਰੇ ਨਵੇਂ ਸੋਚ ਦ੍ਰਿਸ਼ਟੀ ਦੇ ਪ੍ਰਤਿਮਾਨਾਂ ਨੂੰ ਪ੍ਰਗਟਾਉਂਦੀ ਹੈ।
ਲੇਖਿਕਾ ਭਾਵੇਂ ਪੇਂਡੂ ਲੋਕ ਖੇਡਾਂ ਬਾਰੇ ਦੱਸ ਰਹੀ ਹੈ ਅਤੇ ਭੁੱਲੀਆਂ ਵਿੱਸਰੀਆਂ ਖੇਡਾਂ ਦੇ ਸੱਭਿਆਚਾਰਕ ਮਹੱਤਵ ਨੂੰ ਪ੍ਰਗਟਾਅ ਰਹੀ ਹੈ ਜਾਂ ਲੋਹੜੀ ਦੇ ਤਿਉਹਾਰ ਦੀ ਸਮਾਜਿਕ ਅਤੇ ਸੱਭਿਆਚਾਰਕ ਸਾਰਥਿਕਤਾ ਦਰਸਾਅ ਰਹੀ ਹੈ ਜਾਂ ਲੋਰੀ ਕਾਵਿ ਰੂਪ ਜਾਂ ਜੰਝ ਕਾਵਿ-ਰੂਪ ਨਾਲ ਸਬੰਧਿਤ ਲੋਕ ਗੀਤਾਂ ਦੇ ਅਰਥਾਂ ਦੇ ਭਾਵ-ਬੋਧ ਨੂੰ ਪ੍ਰਗਟਾਅ ਰਹੀ ਹੈ, ਪਾਠਕ ਨੂੰ ਇਨ੍ਹਾਂ ਸਭਨਾਂ ਪ੍ਰਸੰਗਾਂ ਵਿਚੋਂ ਅਮੀਰ ਲੋਕ ਜੀਵਨ-ਸ਼ੈਲੀ ਦਾ ਬੋਧ ਹੁੰਦਾ ਪ੍ਰਤੀਤ ਹੋ ਸਕਦਾ ਹੈ।
ਪੰਜਾਬੀ ਲੋਕ ਸੰਗੀਤ ਨੇ ਜਿਸ ਕਦਰ ਪੰਜਾਬੀਅਤ ਨੂੰ ਪ੍ਰਭਾਵਿਤ ਕੀਤਾ ਹੈ, ਉਸ ਸਬੰਧੀ ਵੀ ਇਹ ਪੁਸਤਕ ਜਾਣਕਾਰੀ ਦਿੰਦੀ ਹੈ ਅਤੇ ਵਿਸ਼ਵੀਕਰਨ ਅਥਵਾ ਖਪਤਕਾਰੀ ਯੁੱਗ ਵਿਚ ਵਿਚਰ ਰਹੇ ਪੰਜਾਬੀਆਂ ਨੂੰ ਆਪਣੀ ਸੱਭਿਆਚਾਰਕ ਹੋਂਦ-ਸਥਿਤੀ ਦੇ ਮੁੱਲਾਂ ਨਾਲ ਜੋੜਨ ਦਾ ਸੰਦੇਸ਼ ਵੀ ਇਹ ਪੁਸਤਕ ਦਿੰਦੀ ਹੈ। ਸਮਾਜਕ ਰੀਤਾਂ-ਰਸਮਾਂ ਵਿਚੋਂ ਮੁੱਕ ਚੁੱਕੀਆਂ ਰੀਤਾਂ ਅਤੇ ਉਨ੍ਹਾਂ ਦੇ ਨਿਭਾਓ ਪ੍ਰਸੰਗ ਖ਼ਾਸ ਕਰਕੇ ਜੰਞ ਆਉਣ, ਜੰਞ ਸੰਭਾਲਣ ਅਤੇ ਇਸ ਦੇ ਨਾਲ ਹੋਰ ਸਬੰਧਿਤ ਗੀਤਾਂ ਦੇ ਸ਼ਬਦ-ਸੰਚਾਰ ਦੇ ਅਰਥਾਂ ਨੂੰ ਵੀ ਇਹ ਪੁਸਤਕ ਪ੍ਰਗਟ ਕਰਦੀ ਹੈ।
ਮਨੋਰੰਜਨ ਦੇ ਪੁਰਾਤਨ ਸਰੋਤਾਂ ਤੋਂ ਵਰਤਮਾਨ ਕਾਲ-ਖੰਡ ਵਿਚ ਆਏ ਪਰਿਵਰਤਨਾਂ ਦਾ ਵੀ ਇਹ ਪੁਸਤਕ ਬੋਧ ਕਰਾਉਂਦੀ ਹੈ। ਨਿਰਸੰਦੇਹ, ਮਨਿੰਦਰ ਕੌਰ ਦਾ ਇਹ ਰਚਨਾਤਮਿਕ ਉਪਰਾਲਾ ਪੰਜਾਬੀਅਤ ਲਈ ਇਕ ਹਾਸਲ ਸਾਬਿਤ ਹੋ ਸਕਦਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

30-06-2018

 ਬੀ. ਐੱਸ. ਬੀਰ ਦਾ ਕਾਵਿ-ਜਗਤ
ਸੰਪਾਦਕ : ਡਾ: ਸਤੀਸ਼ ਕੁਮਾਰ ਵਰਮਾ,
ਡਾ: ਤਰਲੋਕ ਸਿੰਘ ਆਨੰਦ ਅਤੇ ਨਿਰੰਜਣ ਬੋਹਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 850 ਰੁਪਏ, ਸਫ਼ੇ : 827
ਸੰਪਰਕ : 99888-86364.

ਬੀ. ਐਸ. ਬੀਰ ਪੰਜਾਬੀ ਸਾਹਿਤ ਜਗਤ ਵਿਚ ਵਿਭਿੰਨ ਸਾਹਿਤ ਰੂਪਾਂ ਦੇ ਸਿਰਜਕ ਦੇ ਤੌਰ 'ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੋਇਆ ਹੈ। ਇਸ ਗ੍ਰੰਥ ਦੇ ਜ਼ਰੀਏ ਉਸ ਦੀ ਸ੍ਰੇਸ਼ਟ ਕਾਵਿ ਅਨੁਭੂਤੀ ਦਾ ਪ੍ਰਗਟਾਵਾ ਪਾਠਕਾਂ ਦੇ ਸਨਮੁੱਖ ਹੈ। ਸੰਪਾਦਕੀ ਮੰਡਲ ਦੁਆਰਾ ਜਿਥੇ ਇਸ ਸੰਗ੍ਰਹਿ ਵਿਚ ਉਸ ਦੇ ਵਿਭਿੰਨ ਕਾਵਿ-ਸੰਗ੍ਰਹਿਆਂ ਵਿਚ ਅੰਕਿਤ ਕਵਿਤਾਵਾਂ ਨੂੰ ਪਾਠਕਾਂ ਸਾਹਮਣੇ ਲਿਆਂਦਾ ਹੈ, ਉਥੇ ਨਾਲ ਦੀ ਨਾਲ ਬੀ. ਐਸ. ਬੀਰ ਦੁਆਰਾ ਅਨੁਵਾਦਿਤ ਵਿਸ਼ਵ ਪੱਧਰ ਦੇ ਸਿਰਮੌਰ ਕਵੀਆਂ ਦੀਆਂ ਅਨੁਵਾਦਿਤ ਕੀਤੀਆਂ ਰਚਨਾਵਾਂ ਨੂੰ ਵੀ ਪੇਸ਼ ਕੀਤਾ ਹੈ।
ਨਿਰਸੰਦੇਹ ਇਹ ਕਵੀ ਭਾਰਤੀ ਕਾਵਿ ਸਿਰਜਣ ਪ੍ਰਕਿਰਿਆ ਨੂੰ ਤਹਿ-ਦਰ-ਤਹਿ ਸਮਝਦਾ ਹੋਇਆ ਆਪਣੀ ਮੌਲਿਕਤਾ ਨੂੰ ਉਭਾਰ ਰਿਹਾ ਪ੍ਰਤੀਤ ਹੁੰਦਾ ਹੈ ਅਤੇ ਵਿਸ਼ਵੀਕਰਨ ਦੇ ਸਾਮਿਅਕ ਸੰਦਰਭਾਂ ਨੂੰ ਆਪਣੀ ਕਵਿਤਾ ਜ਼ਰੀਏ ਪ੍ਰਗਟ ਕਰਦਾ ਹੈ। ਉਸ ਦੇ ਇਸ ਦੁਆਰਾ ਰਚਿਤ ਛੇ ਕਾਵਿ ਪੁਸਤਕਾਂ ਦਾ ਸਮੁੱਚਾ ਪਾਠ ਇਸ ਗੱਲ ਦਾ ਬੋਧ ਕਰਾਉਂਦਾ ਹੈ ਕਿ ਬੀ. ਐਸ. ਬੀਰ ਦੀ ਕਾਵਿ ਸਿਰਜਣ ਪ੍ਰਕਿਰਿਆ ਅਜੋਕੇ ਕਾਲ ਖੰਡ ਦੀ ਕਵਿਤਾ ਵਿਚ ਅਹਿਮ ਸਥਾਨ ਦੀ ਧਾਰਿਕ ਹੈ। ਪਾਠਕ ਭਾਵੇਂ, 'ਸੱਜਰੇ ਫੁੱਲਾਂ ਦੀ ਮਹਿਕ, ਪ੍ਰਿਜ਼ਮ ਦੇ ਆਰ-ਪਾਰ, ਰੌਸ਼ਨੀਆਂ ਦੇ ਪਿਰਾਮੰਡ, ਏਹ ਜੈਕ ਪਾਟ ਮੇਰਾ ਹੈ, ਮਹਾਂ ਭਾਰਤ ਦੇ ਅਠਾਰਾਂ ਕੁੱਕਨੂਸ, ਚਹੁੰ ਕੂਟੀਂ ਗੁਟਰਗੂੰ, ਰਾਬ੍ਰਟ ਫ੍ਰਾਸਟ ਦੀਆਂ ਚੋਣਵੀਆਂ ਕਵਿਤਾਵਾਂ ਤੋਂ ਇਲਾਵਾ ਹੋਰ ਵਿਸ਼ਵ ਪ੍ਰਸਿੱਧ ਕਵੀਆਂ ਦੀਆਂ ਪੰਜਾਬੀ ਅਨੁਵਾਦਿਤ ਕਵਿਤਾਵਾਂ ਇਸ ਪੁਸਤਕ ਵਿਚ ਅੰਕਿਤ ਹਨ। ਪੁਸਤਕ ਦੀ ਵਿਲੱਖਣਤਾ ਇਸ ਗਲ ਵਿਚ ਵੀ ਨਿਹਿਤ ਹੈ ਕਿ ਹਰ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਅੰਕਿਤ ਕਰਨ ਤੋਂ ਪਹਿਲਾਂ ਵਿਭਿੰਨ ਵਿਦਵਾਨਾਂ ਵਲੋਂ ਆਲੋਚਨਾਤਮਿਕ ਖੋਜ-ਪੱਤਰ ਵੀ ਅੰਕਿਤ ਕੀਤੇ ਗਏ ਹਨ। ਡਾ: ਸਤੀਸ਼ ਵਰਮਾ, ਡਾ: ਤਰਲੋਕ ਸਿੰਘ ਆਨੰਦ, ਡਾ: ਜਗੀਰ ਸਿੰਘ ਨੂਰ, ਡਾ: ਕਰਮਜੀਤ ਸਿੰਘ, ਨਰਿੰਜਣ ਸਿੰਘ ਸਾਕੀ, ਸਰਬਜੀਤ ਸਿੰਘ, ਨਰਿੰਜਣ ਬੋਹਾ, ਗੁਰਭਜਨ ਗਿੱਲ, ਸਤਿੰਦਰ ਸਿੰਘ ਨੰਦਾ, ਪਰਮਿੰਦਰਜੀਤ ਆਦਿ ਵਿਦਵਾਨਾਂ ਦੁਆਰਾ ਲਿਖੇ ਖੋਜ-ਪੱਤਰ ਅਤੇ ਟਿੱਪਣੀਆਂ ਇਸ ਪੁਸਤਕ ਦੀ ਆਭਾ ਦਾ ਗੰਭੀਰ ਅਤੇ ਪੁਖ਼ਤਾ ਦਰਪਣ ਬਣਦੇ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਖੱਡੀ
ਲੇਖਕ : ਜਸਵੰਤ ਦੀਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 170
ਸੰਪਰਕ : 98145-40230.

'ਖੱਡੀ' ਵਿਚ ਲੇਖਕ ਦੇ 14 ਸੰਸਮਰਣ ਸੰਕਲਿਤ ਹਨ। ਦੋ-ਤਿੰਨ ਸ਼ਬਦ-ਚਿੱਤਰ ਹਨ ਅਤੇ ਬਾਕੀ 'ਈਵੈਂਟਸ' ਹਨ, ਜਿਨ੍ਹਾਂ ਨੂੰ ਕਵੀ ਮਨ ਨੇ ਬੜਾ ਸਾਂਭ-ਸਹੇਜ ਕੇ ਰੱਖਿਆ ਹੋਇਆ ਹੈ। 'ਖੱਡੀ' ਦਾ ਮੈਟਾਫ਼ਰ ਬਚਪਨ ਤੋਂ ਕਵੀ ਦੇ ਨਾਲ-ਨਾਲ ਚੱਲਿਆ ਹੈ। ਉਸ ਦੇ ਪਿੱਤਰੀ ਘਰ ਦੀ ਡਿਓਢੀ ਵਿਚ ਇਕ ਖੱਡੀ (ਅੱਡਾ) ਸਦਾ ਲੱਗੀ ਰਹਿੰਦੀ ਸੀ, ਜਿਸ ਉੱਪਰ ਉਸ ਦੀ ਦਾਦੀ ਅਤੇ ਆਂਢ-ਗੁਆਂਢ ਦੀਆਂ ਕੁਝ ਹੋਰ ਔਰਤਾਂ ਦਰੀਆਂ-ਖੇਸ ਆਦਿ ਬੁਣਦੀਆਂ ਰਹਿੰਦੀਆਂ ਸਨ। ਜਦੋਂ ਕਵੀ ਬਾਲਗ ਹੋਇਆ ਤਾਂ ਲੇਖਕ ਨੂੰ ਕਬੀਰ ਦੀ ਖੱਡੀ ਬਾਰੇ ਪਤਾ ਚੱਲਿਆ, ਜਿਸ ਉੱਪਰ ਉਹ ਆਪਣੇ ਅਧਿਆਤਮਿਕ ਸਰੋਕਾਰਾਂ ਨੂੰ ਬੁਣਦਾ-ਰਚਦਾ ਰਹਿੰਦਾ ਸੀ।
ਅੰਮ੍ਰਿਤਾ ਪ੍ਰੀਤਮ ਅਤੇ ਸ.ਸ. ਮੀਸ਼ਾ ਬਾਰੇ ਲਿਖੇ ਉਸ ਦੇ ਸ਼ਬਦ-ਚਿੱਤਰ ਸਾਡੇ ਅਹਿਦ ਦੇ ਦੋ ਵੱਡੇ ਕਵੀਆਂ ਬਾਰੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆਉਂਦੇ ਹਨ। ਦੋਵੇਂ ਮਰਯਾਦਾ ਭੰਜਕ ਵਿਅਕਤੀ ਸਨ। ਇਕ ਨੇ ਸੱਭਿਆਚਾਰਕ ਪੂਰਵਾਗ੍ਰਹਿਆਂ ਨੂੰ ਤੋੜਿਆ ਅਤੇ ਦੂਸਰਾ ਰਸਮੀ ਆਚਾਰ-ਵਿਹਾਰ ਦਾ ਭੰਜਨ ਕਰਦਾ ਰਿਹਾ। ਦੋਵੇਂ ਆਪ ਭਾਵੇਂ ਬੇਹੱਦ ਸੰਤਪਤ ਰਹੇ ਪਰ ਉਨ੍ਹਾਂ ਨੇ ਇਹ ਦਿਖਾ ਦਿੱਤਾ ਕਿ ਜੇ ਤੁਸੀਂ ਕੁਝ ਰਚਣਾ-ਸਿਰਜਣਾ ਹੈ ਤਾਂ ਪਹਿਲਾਂ ਬਹੁਤ ਕੁਝ ਭੰਨਣਾ-ਤੋੜਨਾ ਹੋਵੇਗਾ। ਇਹੋ ਜਿਹਾ ਮਰਯਾਦਾ ਭੰਜਕ ਕਹਾਣੀਕਾਰ ਪ੍ਰੇਮ ਪ੍ਰਕਾਸ਼ ਸੀ, ਉਸ ਦਾ ਵੀ ਇਸ ਪੁਸਤਕ ਵਿਚ ਕਾਫੀ ਜ਼ਿਕਰ ਆਇਆ ਹੈ। ਰਾਜਿੰਦਰ ਸੋਢੀ ਦੇ ਕਿਆ ਕਹਿਣੇ! ਉਹ ਕਿਵੇਂ ਜੀਵਿਆ ਅਤੇ ਕਿਵੇਂ ਮਰਿਆ? ਇਹੋ ਜਿਹੀਆਂ ਈਵੈਂਟਸ ਸਾਡੀ ਮੱਧਸ਼੍ਰੇਣਿਕ ਸੋਚ ਦੇ ਠਹਿਰੇ ਹੋਏ ਪਾਣੀਆਂ ਵਿਚ ਕਾਫੀ ਹਿਲਜੁਲ ਪੈਦਾ ਕਰਦੀਆਂ ਹਨ।
'ਅੰਬੀਆਂ ਨੂੰ ਤਰਸੇਂਗੀ' ਵਿਚ ਲੇਖਕ ਨੇ ਦੁਆਬੇ ਦੇ ਕਵੀਆਂ ਬਾਰੇ ਲਿਖਿਆ ਹੈ। ਦੁਆਬੇ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਬਹੁਤ ਸਾਰੇ ਮਹੱਤਵਪੂਰਨ/ਸ੍ਰੇਸ਼ਠ ਕਵੀਆਂ ਨੂੰ ਜਨਮ ਦਿੱਤਾ ਹੈ : ਮੀਸ਼ਾ, ਜਗਤਾਰ, ਚੰਦ, ਰਵੀ ਚੰਦਨ, ਪਾਤਰ, ਅਮਿਤੋਜ, ਪਾਸ਼, ਜਗਤਾਰ ਢਾਅ ਅਤੇ (ਬੇਸ਼ਕ) ਜਸਵੰਤ ਦੀਦ। ਦੁਆਬੇ ਦੀ ਧਰਤੀ ਉੱਪਰ ਪੈਦਾ ਹੋਣ ਵਾਲੇ ਏਨੇ ਪ੍ਰਤਿਭਾਸ਼ੀਲ ਕਵੀ ਪ੍ਰਾਕ੍ਰਮੀ, ਮਰਯਾਦਾਭੰਜਕ ਅਤੇ ਸਾਹਸੀ ਸਨ। ਇਸੇ ਕਾਰਨ ਉਹ ਦਿਸਹੱਦੇ ਤੋਂ ਪਰ੍ਹਾਂ ਵੀ ਝਾਤ ਮਾਰ ਸਕੇ। ਪ੍ਰਮਾਣਿਕ ਕਵੀਆਂ ਨੂੰ ਦਿਸਹੱਦੇ ਦੀ ਪਾਰਦਰਸ਼ੀ ਦੀਵਾਰ ਨੂੰ ਤੋੜਨਾ ਪੈਂਦਾ ਹੈ। 'ਖੱਡੀ' ਬਣਤਰ ਅਤੇ ਬੁਣਤਰ ਦੇ ਪੱਖੋਂ ਇਕ ਪ੍ਰਭਾਵਸ਼ਾਲੀ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਧੀਆਂ ਅਗਰਬੱਤੀਆਂ
ਲੇਖਕ : ਯੋਧ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 169
ਸੰਪਰਕ : 94632-55704.

ਧੀਆਂ ਅਗਰਬੱਤੀਆਂ ਪੁਸਤਕ ਵਿਚ ਕੁੱਲ 88 ਕਵਿਤਾਵਾਂ ਸ਼ਾਮਿਲ ਹਨ। ਪੁਸਤਕ ਦੀ ਆਰੰਭਲੀ ਕਵਿਤਾ ਮਹਿਕਾਂ ਰਾਹੀਂ ਕਵੀ ਧੀਆਂ ਦੀ ਅਨੋਖੀ ਸਾਂਝ ਨੂੰ ਪ੍ਰਗਟ ਕਰਦਾ ਹੈ। ਬਹੁਤ ਹੀ ਭਾਵ ਪੂਰਤ ਸ਼ਬਦਾਵਲੀ ਵਿਚ ਕਵੀ ਲਿਖਦਾ ਹੈ :
ਧੀਆਂ ਅਗਰਬੱਤੀਆਂ ਮਹਿਕਾਂ ਰੰਗ ਰੱਤੀਆਂ
ਹੋਂਦ ਦੇ ਬਨੇਰਿਆਂ 'ਤੇ ਜਗਣ ਮੋਮਬੱਤੀਆਂ
ਪੁੱਤਰਾਂ ਨੂੰ ਜੰਮਣ ਤਾਂ ਭਾਗਭਰੀਆਂ
ਆਪਣਾ ਆਪ ਜੰਮਣ ਅਖਵਾਉਣ ਨਿਖ਼ੱਤੀਆਂ।
ਆਧੁਨਿਕ ਸਮੇਂ ਮਨੁੱਖ ਦਾ ਗੁਆਚ ਰਿਹਾ ਕਿਰਦਾਰ, ਇਨਸਾਨੀਅਤ ਦੀ ਹੋ ਰਹੀ ਬੇਪੱਤੀ ਕਵੀ ਨੂੰ ਅਖਰਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਅੱਜ ਦੇ ਦੌਰ ਵਿਚ ਬਹੁਤ ਲੋਕ ਪੋਸ਼ਾਕਾਂ ਵਿਚ ਵੀ ਅਣਕੱਜੇ ਹਨ। ਉਨ੍ਹਾਂ ਦੇ ਅੰਦਰ ਦੂਸਰਿਆਂ ਲਈ ਹਮਦਰਦੀ ਅਤੇ ਨਿੱਘ ਦਾ ਜਜ਼ਬਾ ਕਿਧਰੇ ਗਵਾਚ ਰਿਹਾ ਹੈ। ਪੋਸ਼ਾਕਾਂ ਪਹਿਨੇ, ਤਲਾਸ਼, ਉਨ੍ਹਾਂ ਦੀ ਕਾਲ ਤੇ ਭੁੱਖ ਨੰਗ ਆਦਿ ਵੇਖੀਆਂ ਜਾ ਸਕਦੀਆਂ ਹਨ।
ਰਾਜਨੀਤੀ ਵਿਚ ਆ ਰਿਹਾ ਨਿਘਾਰ ਕਵੀ ਦੀ ਮਾਨਸਿਕਤਾ ਨੂੰ ਟੁੰਬਦਾ ਹੈ। ਕਵੀ ਦਾ ਆਪਾ ਇਸ ਸਵਾਰਥੀ ਸਿਆਸੀ ਚਾਲਾਂ ਤੋਂ ਨਿਰਾਸ਼ ਹੈ। ਸੰਸਦੀ ਖੇਡ, ਕਾਲ ਤੇ ਭੁੱਖ ਨੰਗ, ਪੂੰਜੀ ਦੀ, ਖਿਡਾਉਣਿਆਂ ਨੇ, ਧਰਮ ਤੇ ਰਾਜਨੀਤੀ, ਆਦਿ ਅਨੇਕਾਂ ਤਰ੍ਹਾਂ ਦੇ ਵਿਸ਼ਿਆਂ ਤੋਂ ਰਾਜਨੀਤੀ ਦੇ ਅਜੋਕੇ ਬਦਲਦੇ ਸਮੀਕਰਣਾਂ ਦਾ ਅੰਦਾਜ਼ਾ ਹੋ ਜਾਂਦਾ ਹੈ। ਕਵੀ ਨੇ ਅਨੇਕਾਂ ਹੋਰ ਸਮਾਜਿਕ ਵਿਸ਼ਿਆਂ ਨੂੰ ਵੀ ਛੂਹਿਆ ਹੈ। ਕਵੀ ਜ਼ਿੰਦਗੀ ਦੇ ਗੂੜ੍ਹੇ ਅਰਥਾਂ ਨੂੰ ਜਾਣਨ ਲਈ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦਿਆਂ ਨੂੰ ਮੁੱਖ ਮਹੱਤਵ ਦਿੰਦਾ ਹੈ। ਉਹ ਆਰਾਮਪ੍ਰਸਤ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਅੱਧੇ-ਅਧੂਰੇ ਮੰਨਦਾ ਹੋਇਆ ਮਿਹਨਤੀ ਅਤੇ ਕਾਮਿਆਂ ਦੇ ਸਿਰੜ ਅਤੇ ਲਗਨ ਨੂੰ ਵਧੇਰੇ ਮਹੱਤਵ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਉਨ੍ਹਾਂ ਦੀ, ਹਰ ਕਿਸਾਨ, ਕਿਵੇ ਤਰੇ, ਰਹਿਣ ਦੇ ਆਦਿ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਅਜੋਕੇ ਦੌਰ ਵਿਚ ਧਰਮ ਦੇ ਸੌੜੇ ਹੋ ਰਹੇ ਅਰਥਾਂ ਨੂੰ ਵੀ ਮਹਿਸੂਸ ਕੀਤਾ ਹੈ। ਉਹ ਆਪਣੇ-ਆਪ ਨੂੰ ਰੱਬ ਦਾ ਰੂਪ ਕਹਿਣ ਵਾਲੇ ਅਖੌਤੀ ਪਖੰਡੀਆਂ ਉੱਪਰ ਵੀ ਵਿਅੰਗ ਕਰਦਾ ਹੈ। 'ਰੱਬ ਨੂੰ' ਕਵਿਤਾ ਇਸ ਪ੍ਰਸੰਗ ਵਿਚ ਵੇਖੀ ਜਾ ਸਕਦੀ ਹੈ। ਸਮਾਜ ਵਿਚ ਆਰਥਿਕ ਸਾਧਨਾਂ ਦੀ ਅਸਾਵੀਂ ਵੰਡ ਵੀ ਕਵੀ ਨੂੰ ਪ੍ਰੇਸ਼ਾਨ ਕਰਦੀ ਹੈ।
ਇਸ ਪ੍ਰਕਾਰ ਕਵੀ ਨੇ ਇਸ ਕਾਵਿ ਸੰਗ੍ਰਹਿ ਰਾਹੀਂ ਬਹੁਤ ਸਾਧਾਰਨ ਤੇ ਸਰਲ ਸ਼ੈਲੀ ਦੀ ਚੋਣ ਕਰਕੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੁੜੇ ਹੋਏ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ ਹੈ। ਚਾਹਵਾਂ ਇੱਛਾਵਾਂ, ਝੁੱਗੀਆਂ ਦੇ ਨੈਣਾਂ ਦੇ, ਗੱਲ ਕਰੋ, ਉਸ ਚਾਹਿਆ, ਬੀਜ ਵਿਸਤਾਰ, ਅੰਦਰ ਬਾਹਰ, ਇਕ ਸੀਮਾ, ਇਕ ਅਧੂਰੇ, ਮੇਰਾ ਅੰਦਰਲਾ, ਕਿਉਂ ਤੱਤ ਨੂੰ, ਹਰ ਅਗਨ ਕਾਬਲੋਂ ਹੀ ਨਹੀਂ, ਅਮਰ ਹੋਣ ਆਦਿ ਸਿਰਲੇਖਾਂ ਵਾਲੀਆਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।

-ਪ੍ਰੋ: ਕੁਲਜੀਤ ਕੌਰ ਅਠਵਾਲ।

c c c

ਰਾਵਣ-ਲੀਲ੍ਹਾ
ਲੇਖਕ : ਡਾ: ਸੁਰਜੀਤ ਕੁੰਜਾਹੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 098105-80870.

ਇਹ ਪੁਸਤਕ ਜਿਗਰਪਾਰਿਆਂ ਦੀ ਹੈ। ਕੁੱਲ 27 ਰਚਨਾਵਾਂ ਹਨ ਜਿਨ੍ਹਾਂ ਨੂੰ ਲੇਖਕ ਕਹਾਣੀਆਂ ਵਿਚ ਜਿਗਰਪਾਰੇ ਕਹਿੰਦਾ ਹੈ। ਕਹਾਣੀ ਤੇ ਜਿਗਰਪਾਰੇ ਵਿਚਲਾ ਅੰਤਰ ਇਹ ਹੈ ਕਿ ਜਿਗਰਪਾਰਾ ਯਾਦਾਂ ਅਥਵਾ ਸਿਮਰਤੀਆਂ ਨੂੰ ਬਿਆਨੀਆ ਸ਼ੈਲੀ ਵਿਚ ਪੇਸ਼ ਕਰਦਾ ਹੈ, ਜਦੋਂ ਕਿ ਕਹਾਣੀ ਵਿਚ ਕਥਾ ਰਸ ਨੂੰ ਮੁੱਖ ਰਖਿਆ ਜਾਂਦਾ ਹੈ। ਜਿਗਰਪਾਰੇ ਦੀ ਸ਼ੁਰੂਆਤ ਗਗਨ ਪਾਕਿਸਤਾਨੀ ਨੇ ਕੀਤੀ ਸੀ। ਹਥਲੀ ਕਿਤਾਬ ਵਿਚ ਲੇਖਕ ਦੀਆਂ ਬਚਪਨ ਦੀਆਂ ਯਾਦਾਂ, ਦੇਸ਼ ਵੰਡ ਵੇਲੇ ਦੀਆਂ ਘਟਨਾਵਾਂ, ਕੁਝ ਅਣਗੌਲੇ ਪਰ ਸਮਾਜਿਕ ਤੌਰ 'ਤੇ ਚੇਤੰਨ ਪਾਤਰ ਲੇਖਕ ਨੇ ਸਿਰਜੇ ਹਨ। ਰਚਨਾਵਾਂ ਮੰਗਤੂ, ਜੋਹਰਾਂ ਝੱਲੀ, ਸੁਖਬੀਰ, ਨ੍ਹਾਤੀ ਧੋਤੀ ਲੱਛਮੀ, ਘੁਰਕੋ ਸ਼ਾਹ ਇਸ ਕਿਸਮ ਦੀਆਂ ਹਨ ਜਿਨ੍ਹਾਂ ਵਿਚ ਇਹ ਪਾਤਰ ਜ਼ਿੰਦਗੀ ਨਾਲ ਜੂਝਦੇ ਹਨ। ਲੇਖਕ ਦੀ ਇਨ੍ਹਾਂ ਨਾਲ ਸਾਂਝ ਦੀ ਕੋਈ ਤੰਦ ਜੁੜਦੀ ਹੈ। ਇਹ ਲੇਖਕ ਦੀਆਂ ਯਾਦਾਂ ਵਿਚ ਸਮੋਏ ਹੋਏ ਹਨ। ਗ਼ਰੀਬ ਹੋਣ ਦੇ ਬਾਵਜੂਦ ਇਹ ਪਾਤਰ ਮਨੁੱਖੀ ਕਦਰਾਂ-ਕੀਮਤਾਂ ਦੇ ਰਾਖੇ ਬਣ ਕੇ ਉੱਭਰਦੇ ਹਨ। ਇਕ ਲਿਖਤ ਵਿਚ ਪਾਤਰ ਦੇ ਬੋਲ ਵੇਖੋ-ਖੁਦਾ ਜਾਣਦਾ ਮੈਂ ਜੌਹਰਾਂ ਨਾਲ ਨਿਕਾਹ ਦੀ ਇੱਛਾ ਰੱਖਦਾ ਹਾਂ। ਦੂਸਰੀ ਪਾਤਰ ਦੇ ਬੋਲ ਹਨ-ਮੈਂ ਤੈਨੂੰ ਮੌਲਵੀ ਤੇ ਮਾਂ ਦੇ ਸਾਹਮਣੇ ਆਪਣਾ ਖਾਵੰਦ ਤਸਲੀਮ ਕਰਦੀ ਹਾਂ। (ਜੌਹਰਾਂ ਝੱਲੀ ਪੰਨਾ 26) ਇਹ ਮੁਹੱਬਤ ਦੀ ਪਾਕਿ ਪਵਿੱਤਰ ਦਾਸਤਾਨ ਹੈ। ਕੁਝ ਰਚਨਾਵਾਂ ਵਿਚ ਲਹਿੰਦੇ ਪੰਜਾਬ ਦੀ ਬੋਲੀ ਵਾਲਾ ਲਹਿਜ਼ਾ ਹੈ ਤੇ ਵਾਰਤਕ ਦਾ ਮੁਹਾਵਰਾ ਵੀ ਪੱਛਮੀ ਪੰਜਾਬ ਵਾਲਾ ਹੈ। ਪਿੱਪਲਾਂ, ਬਰੋਟਿਆਂ, ਟਿੰਡਾਂ, ਖੂਹਾਂ, ਵਰ੍ਹਦੀਆਂ ਬੱਦਲੀਆਂ, ਪੰਛੀਆਂ ਦੀਆਂ ਸੁਰਾਂ ਨਾਲ ਵਾਰਤਕ ਸੁਹਜਮਈ ਹੈ। ਜ਼ਮੀਰ ਦਾ ਪਾਤਰ ਗ਼ਰੀਬ ਪਰ ਇਮਾਨਦਾਰ ਰਿਕਸ਼ੇ ਵਾਲਾ ਹੈ ਜਿਸ ਤੋਂ ਖੁਸ਼ ਹੋ ਕੇ ਸਵਾਰੀ ਵੀਹ ਰੁਪਏ ਦੇ ਜਾਂਦੀ ਹੈ, ਜਦ ਕਿ ਉਸ ਨੂੰ ਸਿਰਫ ਪੰਜ ਰੁਪਏ ਦੀ ਆਸ ਸੀ। ਸਜਨ ਸਿੰਘ ਕੱਪੜਿਆਂ ਦੇ ਡਿਜ਼ਾਈਨ ਬਣਾਉਂਦਾ ਕੁਦਰਤ ਦੇ ਭਾਵੁਕ ਦ੍ਰਿਸ਼ਾਂ ਨੂੰ ਡਿਜ਼ਾਈਨ ਦੇਣ ਲੱਗ ਪੈਂਦਾ ਹੈ। ਜਾਗਰਤੀ ਵਿਚ ਦੋ ਵੱਖ-ਵੱਖ ਫ਼ਿਰਕਿਆਂ ਦੀ ਭਾਈਚਾਰਕ ਸਾਂਝ ਹੈ। ਅੰਤਿਮ ਸੰਸਕਾਰ ਵਿਚ ਪਾਂਡੇ ਗ਼ਰੀਬ ਬੱਚੇ ਤੋਂ ਇਹ ਕਹਿ ਕੇ ਪੈਸੇ ਬਟੋਰਦੇ ਹਨ ਕਿ ਉਸ ਦੇ ਬਾਪ ਦੀ ਗਤੀ ਹੋ ਜਾਵੇਗੀ। ਇਹ ਕੁਦਰਤ ਦੇ ਕਰੀਬ ਹਨ। ਆਧੁਨਿਕ ਤਕਨੀਕ ਕਾਰਨ ਧਰਮ ਵਿਚ ਆਈ ਤਬਦੀਲੀ ਦਾ ਜ਼ਿਕਰ ਹੈ। ਮਨ ਇੱਛਤ ਫਲ, ਸੰਗਮ, ਮੇਲਾ ਸੰਜੋਗੀ ਰਾਮ, ਪੀਰ ਦੀ ਕਬਰ, ਸੱਚ ਦੀ ਤਲਾਸ਼, ਰਾਵਣ ਲੀਲ੍ਹਾ ਆਦਿ ਸੰਵਾਦ ਪੈਦਾ ਕਰਦੀਆਂ ਸੰਗ੍ਰਹਿ ਦੀਆਂ ਬਿਹਤਰੀਨ ਲਿਖਤਾਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

c c c

ਪੰਜਾਬੀ ਗੀਤ ਫ਼ਿਲਮਾਂਕਣ
(ਨਾਰੀ ਬਿੰਬ ਦੀ ਪੇਸ਼ਕਾਰੀ)
ਲੇਖਿਕਾ : ਅਰਸ਼ਦੀਪ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 97810-80104.

ਇਸ ਉਪਾਧੀ-ਸਾਪੇਖ ਕਾਰਜ ਵਿਚ ਨਵ-ਖੋਜਾਰਥੀ ਅਰਸ਼ਦੀਪ ਕੌਰ ਨੇ ਸਮਕਾਲੀ ਪ੍ਰਚਲਿਤ ਗੀਤ ਵੀਡੀਓਜ਼ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਬੜੀ ਗਹਿਨ ਦ੍ਰਿਸ਼ਟੀ ਨਾਲ ਵਿਵੇਚਨ ਕਰਨ ਦਾ ਉਪਰਾਲਾ ਕੀਤਾ ਹੈ। ਇਸ ਅਧਿਐਨ ਨੂੰ ਉਸ ਨੇ ਮੁੱਖ ਤੌਰ 'ਤੇ ਚਾਰ ਭਾਗਾਂ ਵਿਚ ਵਿਭਾਜਤ ਕੀਤਾ ਹੈ। ਪਹਿਲੇ ਭਾਗ ਵਿਚ ਗੀਤ-ਵੀਡੀਓ ਦਾ ਸਿਧਾਂਤਕ ਪਰਿਪੇਖ, ਦੂਜੇ ਵਿਚ ਇਤਿਹਾਸਕ ਪਰਿਪੇਖ, ਤੀਜੇ ਵਿਚ ਨਾਰੀ ਬਿੰਬ ਨੂੰ ਦੋ ਪੱਧਰਾਂ (ਸ਼ਾਬਦਿਕ ਅਤੇ ਦ੍ਰਿਸ਼ ਪੱਧਰ) ਤੇ ਵਿਸ਼ਲੇਸ਼ਤ ਕੀਤਾ ਹੈ। ਚੌਥੇ ਭਾਗ ਵਿਚ ਪੇਸ਼ ਨਾਰੀ ਬਿੰਬ ਨੂੰ ਪ੍ਰੇਮਿਕਾ ਤੋਂ ਇਲਾਵਾ ਸੱਭਿਆਚਾਰਕ (ਮਾਂ, ਧੀ, ਭੈਣ, ਭਾਬੀ, ਸਾਲੀ ਆਦਿ) ਦੀ ਦ੍ਰਿਸ਼ਟੀ ਤੋਂ ਵਾਚਿਆ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਪ੍ਰਚਲਿਤ ਗੀਤਾਂ ਦੇ ਲੇਖਕਾਂ ਅਤੇ ਗੀਤਾਂ ਦੇ ਨਾਵਾਂ ਦੇ ਹਵਾਲੇ ਦਿੱਤੇ ਗਏ ਹਨ।
ਇਸ ਅਧਿਐਨ ਦੇ ਆਧਾਰ 'ਤੇ ਲੇਖਿਕਾ ਇਸ ਨਤੀਜੇ 'ਤੇ ਅੱਪੜਦੀ ਹੈ ਕਿ ਸ਼ਬਦ ਅਤੇ ਵੀਡੀਓ ਪੱਖੋਂ ਇਸ ਪ੍ਰਕਾਰ ਦੀ ਗਾਇਕੀ ਸਾਹਿਤਕ, ਸੱਭਿਆਚਾਰਕ ਅਤੇ ਸੰਗੀਤ ਦੇ ਉੱਚ-ਮਿਆਰਾਂ ਤੋਂ ਕੋਹਾਂ ਦੂਰ ਹੈ। ਅਜਿਹੇ ਅਸ਼ਲੀਲ ਗ਼ੈਰ-ਮਿਆਰੀ ਕਾਰਜ ਲਈ ਪੂੰਜੀਵਾਦੀ ਉਪ-ਭੋਗੀ-ਕਲਚਰ-ਮੰਡੀ ਜ਼ਿਆਦਾ ਜ਼ਿੰਮੇਵਾਰ ਹੈ। ਪਰ ਇਸ ਦਾ ਭਾਵ ਇਹ ਵੀ ਨਹੀਂ ਕਿ ਚੰਗੇ ਗੀਤਕਾਰਾਂ ਦਾ ਅਭਾਵ ਹੈ ਪਰ ਅਜਿਹੇ ਗੀਤਕਾਰਾਂ ਦੀ ਗਿਣਤੀ ਨਾਂਮਾਤਰ ਹੈ। ਫੋਕੀ ਸ਼ੋਹਰਤ ਅਤੇ ਮਾਇਆ ਨਾਰੀ-ਬਿੰਬ ਦੀ ਘਟੀਆ ਪ੍ਰਸਤੁਤੀ ਲਈ ਅੱਗੇ ਆਈ ਹੋਈ ਹੈ। ਲੇਖਿਕਾ ਦੇ ਬਾਰੰਬਾਰ ਪੇਸ਼ ਕੀਤੇ ਵਿਚਾਰ ਜ਼ਿਕਰਯੋਗ ਹਨ। 'ਸ਼ਬਦ ਅਤੇ ਵੀਡੀਓ ਪੱਧਰ 'ਤੇ ਅਜਿਹੀ ਔਰਤ ਨੂੰ ਨਾਇਕਾ ਬਣਾਇਆ ਗਿਆ ਹੈ ਜੋ ਪੱਬਾਂ 'ਚ ਜਾਂਦੀ, ਕਾਰਾਂ 'ਤੇ ਘੁੰਮਦੀ, ਫੈਸ਼ਨ ਵਿਚ ਗ੍ਰਸਤ, ਮੁੰਡਿਆਂ ਨੂੰ ਉਂਗਲਾਂ 'ਤੇ ਨਚਾਉਣ ਵਾਲੀ, ਆਪਣੀ ਜਿਸਮ ਦੀ ਨੁਮਾਇਸ਼ ਲਾਉਣ ਵਾਲੀ, ਨਸ਼ਿਆਂ ਦੀ ਆਦੀ ਅਤੇ ਆਪਣੇ ਅਸਤਿੱਤਵ ਤੋਂ ਵਿਯੋਗੀ ਹੋਈ ਹੈ।' ਚਾਹੀਦਾ ਤਾਂ ਇਹ ਹੈ ਕਿ ਫ਼ਿਲਮਾਂ ਵਾਂਗ ਹੀ ਵੀਡੀਓ ਉੱਪਰ ਵੀ ਸੈਂਸਰ ਦਾ ਕੁੰਡਾ ਹੋਵੇ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਦਿਲੀ ਵਲਵਲਿਆਂ ਦੀ ਦਾਸਤਾਂ
ਸ਼ਾਇਰ : ਰਾਠੇਸ਼ਵਰ ਸਿੰਘ 'ਰਾਠੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ :150 ਰੁਪਏ, ਸਫ਼ੇ : 93
ਸੰਪਰਕ : 98152-98459.

ਰਾਠੇਸ਼ਵਰ ਸਿੰਘ 'ਰਾਠੀ' ਪਰਵਾਸੀ ਪੰਜਾਬੀ ਲੇਖਕ ਹੈ। 'ਦਿਲੀ ਵਲਵਲਿਆਂ ਦੀ ਦਾਸਤਾਂ' ਉਸ ਦੀ ਤੀਸਰੀ ਪੁਸਤਕ ਹੈ ਤੇ ਦੂਜਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਕੁੱਲ 64 ਰਚਨਾਵਾਂ ਸ਼ਾਮਿਲ ਹਨ। ਉਸ ਦੀਆਂ ਬਹੁਤੀਆਂ ਰਚਨਾਵਾਂ ਗ਼ਜ਼ਲਨੁਮਾ ਹਨ। ਸ਼ਾਇਦ ਕਿਸੇ ਝਿਜਕ ਕਾਰਨ ਸ਼ਾਇਰ ਵਲੋਂ ਉਨ੍ਹਾਂ 'ਤੇ ਗ਼ਜ਼ਲ ਸਿਰਲੇਖ ਨਹੀਂ ਦਿੱਤੇ ਗਏ ਜਾਂ ਮੁਢਲੇ ਕਥਨ ਵਿਚ ਇਸ ਦਾ ਉਲੇਖ ਨਹੀਂ ਕੀਤਾ। ਉਂਝ ਉਸ ਲਈ ਖ਼ੁਸ਼ੀ ਦੇਣ ਵਾਲੀ ਤੇ ਆਤਮਵਿਸ਼ਵਾਸ ਪੈਦਾ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਰਚਨਾਵਾਂ ਜ਼ਿਆਦਾਤਰ ਗ਼ਜ਼ਲ ਦੀ ਕਸੌਟੀ 'ਤੇ ਖ਼ਰੀਆਂ ਉੱਤਰਦੀਆਂ ਹਨ। ਥੋੜ੍ਹਾ ਧਿਆਨ ਦੇਣ ਨਾਲ ਉਸ ਦੀ ਗ਼ਜ਼ਲਕਾਰੀ ਵਿਚ ਨਿਖ਼ਾਰ ਆ ਸਕਦਾ ਹੈ। ਸ਼ਾਇਰ ਦੀਆਂ ਰਚਨਾਵਾਂ ਵਿਚ ਪੰਜਾਬੀ ਜਨ-ਜੀਵਨ ਦਾ ਬਾਰੀਕਬੀਨੀ ਨਾਲ ਵਰਨਣ ਹੈ ਤੇ ਉਸ ਦੀ ਭਾਸ਼ਾ ਵਿਚ ਪੰਜਾਬ ਦੇ ਖੇਤਾਂ ਦੀ ਮਹਿਕ ਹੈ। 'ਰਾਠੀ' ਨੇ ਕੁਝ ਗੀਤ ਵੀ ਲਿਖੇ ਹਨ ਤੇ ਕੁਝ ਵਿਅੰਗਆਤਮਿਕ ਰਚਨਾਵਾਂ ਵੀ ਇਸ ਪੁਸਤਕ ਵਿਚ ਛਪਵਾਈਆਂ ਹਨ। ਪਹਿਲੀ ਰਚਨਾ ਵਿਚ ਸ਼ਾਇਰ ਦੁੱਖ ਪ੍ਰਗਟ ਕਰਦਾ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੇਗ਼ੁਨਾਹਾਂ ਦੀਆਂ ਕੂਕਾਂ ਤੇ ਫ਼ਰਿਆਦਾਂ ਹਵਾ ਵਿਚ ਹੀ ਰਲ ਜਾਂਦੀਆਂ ਹਨ ਤੇ ਬਹੁਤੀਆਂ ਮੁਟਿਆਰਾਂ ਅੱਜ ਵੀ ਦਰਦ ਭਰੀ ਜ਼ਿੰਦਗੀ ਬਤੀਤ ਕਰਦੀਆਂ ਹਨ। ਵਿਦੇਸ਼ ਵਿਚ ਰਹਿ ਕੇ ਉਹ ਆਪਣੀ ਮਾਂ ਬੋਲੀ ਨੂੰ ਬੇਹੱਦ ਮੁਹੱਬਤ ਕਰਦਾ ਹੈ, ਇਹ ਗੱਲ ਭਾਵੇਂ ਆਮ ਜਿਹੀ ਲਗਦੀ ਹੈ ਪਰ ਇਕ ਵੱਖਰੀ ਬੋਲੀ ਵਾਲੇ ਸਮਾਜ 'ਚ ਵਿਚਰਦਿਆਂ ਆਪਣੀ ਮਾਤ ਭਾਸ਼ਾ ਨੂੰ ਦਿਲ ਵਿਚ ਵਸਾਈ ਰੱਖਣਾ ਤੇ ਉਸ ਵਿਚ ਸਾਹਿਤ ਸਿਰਜਣਾ ਕਰਨਾ ਛੋਟਾ ਕਾਰਜ ਨਹੀਂ ਹੈ। ਇਸ ਸਬੰਧੀ ਸ਼ਾਇਰ ਦੀ ਤੀਸਰੀ ਰਚਨਾ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ। ਉਸ ਦੀ ਚੌਥੀ ਰਚਨਾ 'ਸ਼ਿਕਵਾ' ਬਿਹਤਰ ਰਚਨਾ ਹੈ ਜਿਸ ਵਿਚ 'ਰਾਠੀ' ਨੇ ਲਿਖਿਆ ਹੈ ਕਿ ਜੇ ਧਰਤੀ ਹੀ ਬੰਜਰ ਹੋ ਜਾਵੇ ਤਾਂ ਘਟਾਵਾਂ ਨਾਲ ਕਾਹਦਾ ਗਿਲਾ ਹੈ। 'ਘਰ' ਇਸ ਪੁਸਤਕ ਦੀ ਇਕ ਹੋਰ ਖ਼ੂਬਸੂਰਤ ਕਵਿਤਾ ਹੈ ਜੋ ਯਕੀਨਨ ਅਨੁਭਵ 'ਚੋਂ ਪੈਦਾ ਹੋਈ ਹੈ। ਇਸ ਵਿਚ ਸ਼ਾਇਰ ਆਪਣੇ ਹੁਣ ਵਾਲੇ ਘਰ ਤੇ ਮਾਂ ਬਾਪ ਦੇ ਪੁਰਾਣੇ ਘਰ ਨਾਲ ਤੁਲਨਾ ਕਰਦਾ ਹੈ ਤੇ ਉਹ ਦੱਸਦਾ ਹੈ ਕਿਵੇਂ ਉਸ ਜ਼ਮਾਨੇ ਵਿਚ ਸੱਤੇ ਖ਼ੈਰਾਂ ਸਨ। ਰਾਠੇਸ਼ਵਰ ਸਿੰਘ 'ਰਾਠੀ' ਦੀਆਂ ਕਈ ਕਵਿਤਾਵਾਂ ਪੜ੍ਹਨ ਸਾਰ ਇਕ ਮੰਜ਼ਰ ਸਿਰਜਦੀਆਂ ਹਨ, ਇਹੋ ਸੁੰਦਰ ਰਚਨਾਵਾਂ ਦੀ ਪਹਿਚਾਣ ਹੈ।

-ਗੁਰਦਿਆਲ ਰੌਸ਼ਨ
ਮੋ: 9988444002
c c c

24-06-2018

 ਜਿਸ ਕੇ ਸਿਰ ਊਪਰਿ ਤੂੰ ਸੁਆਮੀ...
ਲੇਖਕ : ਮਹਿੰਦਰ ਸਿੰਘ ਗਰੇਵਾਲ
ਪ੍ਰਕਾਸ਼ਕ : ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪ੍ਰਕਾਸ਼ਨ ਪਿੰਡ ਕੰਗਣਵਾਲ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 76
ਸੰਪਰਕ : 95924-59223.

ਇਸ ਪੁਸਤਕ ਦਾ ਲੇਖਕ ਅਸਲ ਵਿਚ ਨਵੀਂ ਵਿਗਿਆਨਕ ਸੋਚ ਦਾ ਮਾਲਕ, ਸਿਰਜਣਾਤਮਿਕ ਵਲਵਲਿਆਂ ਤੋਂ ਸ਼ਕਤੀ ਅਤੇ ਅਮਲ ਪ੍ਰਾਪਤ ਕਰਨ ਵਾਲਾ ਅਜਿਹਾ ਵਿਅਕਤੀ ਹੈ ਜੋ ਧਰਤੀ-ਪੁੱਤਰ ਵਾਂਗ ਖੇਤੀਬਾੜੀ ਦੇ ਧੰਦੇ ਨੂੰ ਗਿਆਨ-ਵਿਗਿਆਨ ਸਹਾਰੇ ਵਿਕਾਸਮਈ ਅਤੇ ਲਾਭਕਾਰੀ ਬਣਾਉਣ ਲਈ ਯਤਨਸ਼ੀਲ ਰਿਹਾ ਹੈ। ਹਥਲੀ ਰਚਨਾ ਉਸ ਦੀ ਆਪਬੀਤੀ ਅੱਖੀਂ ਡਿੱਠੀ ਅਨੁਭਵ ਕੀਤੀ ਸਵੈ-ਜੀਵਨ ਯਾਤਰਾ ਵਾਂਗ ਜਾਪਦੀ ਹੈ, ਜਿਸ ਨੂੰ ਉਸ ਨੇ ਜਗਬੀਤੀ, ਸਮਾਜਿਕ ਸੱਭਿਆਚਾਰਕ ਅਤੇ ਨੈਤਿਕ-ਅਨੈਤਿਕ ਹਾਲਾਤ ਵਿਚ ਦੁੱਖ-ਸੁੱਖ ਪਰਿਵਾਰਕ ਉਲਝਣਾਂ, ਮੀਆਂ ਬੀਵੀ ਦੇ ਵਿਤਕਰਿਆਂ ਤੋਂ ਪੈਦਾ ਹੋਈਆਂ ਪਰਿਵਾਰਕ ਉਲਝਣਾਂ ਬਣਾ ਕੇ ਚਿਤਰਿਆ ਹੈ। ਨਾਵਲ ਦੀ ਵਿਉਂਤ-ਬਣਤਰ, ਸੰਰਚਨਾ ਤੇ ਰਚਨਾ ਦ੍ਰਿਸ਼ਟੀ ਤੋਂ ਭਾਵੇਂ ਇਸ ਹੱਡਬੀਤੀ ਜਗਬੀਤੀ ਨੂੰ ਨਾਵਲ ਨਹੀਂ ਕਹਿ ਸਕਦੇ ਪਰ ਇਸੇ ਗਾਥਾ ਦੇ ਮਨ ਟੁੰਭਣ ਵਾਲੇ ਆਦਰਸ਼ ਪਾਤਰ ਰਾਮ ਸਿੰਘ, ਸਰਦਾਰਾ ਸਿੰਘ ਹਨ, ਜਿਨ੍ਹਾਂ ਨੇ ਆਦਰਸ਼ ਮਨੁੱਖ ਬਣਨ ਲਈ ਆਪ ਉਨ੍ਹਾਂ ਸਿੱਖਿਆਵਾਂ ਉੱਪਰ ਅਮਲ ਕੀਤਾ, ਜਿਹੜੀਆਂ ਉਨ੍ਹਾਂ ਨੇ ਗੁਰਮਤ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਪ੍ਰਾਪਤ ਕੀਤੀਆਂ ਸਨ।ਆਦਰਸ਼ ਵਿਅਕਤੀ ਜੋ ਵੀ ਸੁਪਨੇ ਲੈਂਦਾ ਹੈ, ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਨ੍ਹਾਂ ਸੁਪਨਿਆਂ ਦੀ ਪੂਰਤੀ ਕਰਨ, ਪਰ ਜ਼ਿੰਦਗੀ ਨਾ ਨਿਰਾ ਚਾਨਣ ਹੈ, ਨਾ ਹਨੇਰਾ, ਸੁੱਖ-ਦੁੱਖ ਆਸ਼ਾ-ਨਿਰਾਸ਼ਾ ਦੀ ਕਹਾਣੀ ਹੈ। ਰਾਮ ਸਿੰਘ, ਆਪਣੇ ਧਰਮ ਪਿਤਾ ਸਰਦਾਰਾ ਸਿੰਘ ਦੇ ਸੁਪਨੇ ਤਾਂ ਪੂਰੇ ਕਰ ਦਿੰਦਾ ਹੈ ਪਰ ਰਾਮ ਸਿੰਘ ਪਰਿਵਾਰ ਚਿਤਵੇ ਸਵਰਗ ਨੂੰ ਨਹੀਂ ਮਾਣ ਸਕਦਾ।
ਫਿਰ ਵੀ ਇਹ ਨਾਵਲੀ ਗਾਥਾ ਪਾਠਕ-ਮਨਾਂ ਉੱਪਰ ਇਕ ਅਜਿਹਾ ਪ੍ਰਭਾਵ ਛੱਡ ਜਾਂਦੀ ਹੈ, ਜਿਸ ਤੋਂ ਹਰ ਵਿਅਕਤੀ ਪ੍ਰੇਰਨਾ ਲੈ ਸਕਦਾ ਹੈ। ਆਦਰਸ਼ ਕਲਪਨਾ ਆਸਾਨ ਹੈ, ਅਮਲ ਜ਼ਰੂਰੀ ਹੈ। ਅੱਜ ਦੇ ਇੱਕੀਵੀਂ ਸਦੀ ਦੇ ਯੁੱਗ ਵਿਚ ਧਰਮ ਦਿਖਾਵੇ ਦੀ ਥਾਂ ਜੇ ਅਮਲ ਬਣਾ ਕੇ ਧਾਰਨ ਕੀਤਾ ਜਾਵੇ ਤਾਂ ਸਾਡਾ ਸਮਾਜ ਸੰਸਾਰ ਘੁੱਗ ਵਸ ਸਕਦਾ ਹੈ। ਲੇਖਕ ਨੇ ਇਸ ਪੁਸਤਕ ਰਾਹੀਂ ਜੋ ਸੁਨੇਹਾ ਦੇਣ ਦਾ ਯਤਨ ਕੀਤਾ ਹੈ, ਉਹ ਸਫਲ, ਸਾਰਥਕ ਅਤੇ ਸਿਰਜਣਾਤਮਿਕ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਪ੍ਰੀਤਮ ਹੁਲਾਰੇ
ਕਵੀ : ਪ੍ਰੀਤਮ ਸਿੰਘ ਭਰੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98140-36602.

'ਪ੍ਰੀਤਮ ਹੁਲਾਰੇ' ਵਿਚ ਪ੍ਰੀਤਮ ਭਰੋਵਾਲ ਨੇ ਆਪਣੀਆਂ 61 ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਕਵਿਤਾਵਾਂ ਨੂੰ ਸੰਗ੍ਰਹਿਤ ਕਰਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਅਜੋਕੀ ਤਕਨੀਕੀ ਅਤੇ ਆਪੋ-ਧਾਪੀ ਵਾਲੀ ਜ਼ਿੰਦਗੀ ਵਿਚ ਜਦੋਂ ਵਿਅਕਤੀ ਕੋਲ ਆਪਣੇ-ਆਪੇ ਨਾਲ ਸੰਵਾਦ ਰਚਾਉਣ ਦਾ ਵੀ ਵਿਹਲ ਨਹੀਂ, ਉਸ ਵੇਲੇ ਉਸ ਨੂੰ ਧਾਰਮਿਕ ਆਦਰਸ਼ਵਾਦੀ ਕਦਰਾਂ-ਕੀਮਤਾਂ ਨਾਲ ਜੋੜਨਾ ਬਹੁਤ ਬਹੁਮੁੱਲਾ ਅਤੇ ਕਠਿਨ ਕਾਰਜ ਹੈ। ਇਸ ਕਾਵਿ-ਸੰਗ੍ਰਹਿ ਵਿਚ ਜਿਥੇ ਕਵੀ ਨੇ ਸਿੱਖ ਗੁਰੂ ਸਾਹਿਬਾਨ ਦੀ ਉਸਤਤ ਅਤੇ ਉਨ੍ਹਾਂ ਦੁਆਰਾ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜਾਂ ਨੂੰ ਕਾਵਿਮਈ ਸ਼ੈਲੀ ਵਿਚ ਪੇਸ਼ ਕੀਤਾ ਹੈ, ਉਥੇ ਕਵੀ ਨੇ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਵੀ ਕੀਤੀ ਹੈ, ਜਿਨ੍ਹਾਂ ਨੇ ਮਨੁੱਖਤਾ ਨੂੰ ਸੱਚ ਅਤੇ ਧਰਮ ਦਾ ਉਪਦੇਸ਼ ਦਿੰਦਿਆਂ ਇਖਲਾਕੀ ਕਦਰਾਂ-ਕੀਮਤਾਂ ਸਿਖਾਉਣ ਦਾ ਯਤਨ ਕੀਤਾ। ਬਾਬਾ ਮੀਹਾਂ ਸਿੰਘ ਜੀ ਅਤੇ ਬਾਬਾ ਅਜਮੇਰ ਸਿੰਘ ਜੀ ਦੇ ਜੀਵਨ ਬਿਰਤਾਂਤ ਵੀ ਕਵਿਤਾ ਰੂਪ ਵਿਚ ਪੇਸ਼ ਕੀਤੇ ਗਏ ਹਨ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਜਿਥੇ ਧਾਰਮਿਕ ਰੰਗ ਚੋਖਾ ਉੱਘੜਦਾ ਹੈ, ਉਥੇ ਸਮਾਜਿਕ ਸਰੋਕਾਰਾਂ ਨੂੰ ਦਿੱਤੀ ਗਈ ਰਿਸ਼ਤਿਆਂ ਦੀ ਭਾਈਚਾਰਕ ਸਾਂਝ ਦਾ ਨਿੱਘ, ਨਿੱਤ ਵਧਦੀ ਗੁੰਡਾਗਰਦੀ, ਨਸ਼ਿਆਂ ਦੀ ਲਾਹਨਤ, ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ, ਧੀਆਂ ਦੀ ਹੋਂਦ ਦਾ ਪ੍ਰਸ਼ਨ, ਵਿਦੇਸ਼ਾਂ ਵੱਲ ਖਿੱਚ ਆਦਿ ਅਜਿਹੇ ਵਿਸ਼ੇ ਇਨ੍ਹਾਂ ਕਵਿਤਾਵਾਂ ਵਿਚ ਪੇਸ਼ ਹੋਏ ਹਨ, ਜਿਨ੍ਹਾਂ ਨਾਲ ਅਜੋਕੀ ਜ਼ਿੰਦਗੀ ਹਰ ਰੋਜ਼ ਦੋ-ਚਾਰ ਹੋ ਰਹੀ ਹੈ। ਗੰਧਲੀ ਹੋ ਰਹੀ ਸਿਆਸਤ, ਸਰਕਾਰਾਂ ਦੀ ਬੇਰੁਖ਼ੀ ਤੇ ਲੋਕਾਂ ਦੀ ਲੁੱਟ-ਖਸੁੱਟ ਦੇ ਕਾਵਿ ਚਿੱਤਰ ਵੀ ਇਸ ਕਾਵਿ-ਸੰਗ੍ਰਹਿ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਭਾਵੇਂ ਕਿ ਇਨ੍ਹਾਂ ਕਵਿਤਾਵਾਂ ਵਿਚ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਦੀ ਸੁਰ ਨੂੰ ਹੀ ਕੇਂਦਰ ਵਿਚ ਰੱਖਿਆ ਗਿਆ ਹੈ ਪਰ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਕਵੀ ਲਹਿਜ਼ਾ ਕਈ ਵਾਰ ਰੋਹਮਈ ਵੀ ਹੋ ਜਾਂਦਾ ਹੈ, ਖ਼ਾਸ ਕਰਕੇ ਜਦੋਂ ਉਹ ਸਮਾਜਿਕ ਭ੍ਰਿਸ਼ਟਾਚਾਰ ਬਾਰੇ ਰਚਨਾ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਗਾਇਨਯੋਗਤਾ ਹੋਣ ਕਰਕੇ ਇਹ ਪਾਠਕ ਦੀ ਸਾਹਿਤਕ ਸੁਹਜ ਭੁੱਖ ਦੀ ਤ੍ਰਿਪਤੀ ਵੀ ਕਰਦੀਆਂ ਹਨ ਤੇ ਕਵੀ ਦਾ ਉਦੇਸ਼ ਵੀ ਸਪੱਸ਼ਟ ਕਰਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਇਕ ਅਮਰੀਕਣ : ਪ੍ਰੇਮ ਪੈਗ਼ੰਬਰ
ਲੇਖਕ : ਅਸ਼ੋਕ ਚਰਨ 'ਆਲਮਗੀਰ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 411
ਸੰਪਰਕ : 94630-39667.

ਇਹ ਇਤਿਹਾਸਕ ਨਾਵਲ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਇਬਰਾਹਿਮ ਲਿੰਕਨ ਅਤੇ ਉਸ ਦੀ ਪਤਨੀ ਫਸਟ ਲੇਡੀ ਮੈਰੀ (ਮੌਲੀ) ਦੇ ਜੀਵਨ ਸੰਘਰਸ਼ ਦੀ ਗਾਥਾ ਹੈ। ਇਹ ਗਲਪ ਰਚਨਾ ਨਾਵਲਕਾਰ ਦੇ ਵਿਸ਼ਵਕੋਸ਼ੀ ਗਿਆਨ ਨਾਲ ਨੱਕੋ-ਨੱਕ ਭਰੀ ਹੋਈ ਹੈ। ਘਟਨਾਵਾਂ, ਮਿਤੀਆਂ, ਸਾਲਾਂ ਨਾਲ, ਪ੍ਰਮਾਣਿਤ ਹਨ। ਇਸ ਵਿਚ ਦੱਖਣੀ ਅਤੇ ਉੱਤਰੀ ਅਮਰੀਕਾ ਦਾ ਬੀਤਿਆ ਸਮਾਂ ਰੂਪਮਾਨ ਹੋਇਆ ਹੈ। ਇਸ ਲਈ ਇਸ ਦਾ ਇਕਾਲਕ ਅਧਿਐਨ ਜ਼ਰੂਰੀ ਹੈ। ਇਸ ਦੀ ਡਾਇਗ੍ਰੈਸਿੱਵ ਸ਼ੈਲੀ ਦੇ ਕਲਾਵੇ ਵਿਚ ਤਤਕਾਲੀਨ ਉੱਤਰੀ ਅਤੇ ਦੱਖਣੀ ਅਮਰੀਕਨ ਸੱਭਿਆਚਾਰ, ਸਾਹਿਤਕ ਸਮਾਜਿਕ, ਧਾਰਮਿਕ, ਰਾਜਨੀਤਕ ਆਰਥਿਕ (ਵਿਸ਼ੇਸ਼ ਕਰਕੇ ਗ਼ਰੀਬਾਂ, ਗ਼ੁਲਾਮਾਂ ਅਤੇ ਰੈੱਡ ਇੰਡੀਆਨਜ਼) ਨਾਲ ਹੋ ਰਹੀਆਂ ਵਧੀਕੀਆਂ, ਦਾਸਾਂ ਦੀ ਪਸ਼ੂਆਂ ਵਾਂਗ ਖਰੀਦੋ-ਫਰੋਖ਼ਤ ਦਾ ਹਿਰਦੇਵੇਧਕ ਦ੍ਰਿਸ਼ ਰੂਪਮਾਨ ਹੋਇਆ ਹੈ।
ਨਾਵਲ ਦੇ ਆਰੰਭਿਕ ਪੰਨਿਆਂ ਵਿਚ ਨਾਇਕਾ ਮੈਰੀ ਟੌਡ (ਜੋ ਜਾਗੀਰਦਾਰ ਅਤੇ ਬੈਂਕਾਂ ਦੇ ਮਾਲਕ ਦੀ ਧੀ ਹੈ) ਦੀ ਸ਼ਾਦੀ ਸਬੰਧੀ ਰਿਸ਼ਤੇਦਾਰ ਗੱਲਾਂ ਕਰਦੇ ਚਿੰਤਾ ਵਿਅਕਤ ਕਰਦੇ ਹਨ। ਪਰ ਮੈਰੀ ਸਾਰੇ ਸਬੰਧੀਆਂ (ਦਾਦੀ, ਪਿਤਾ, ਭੈਣਾਂ, ਜੀਜੇ) ਨੂੰ ਗੋਲ-ਮੋਲ ਗੱਲਾਂ ਕਰਕੇ ਟਾਲ-ਮਟੋਲ ਕਰੀ ਜਾਂਦੀ ਹੈ ਪਰ ਆਪਣੇ ਦਿਲੋਂ ਇਬਰਾਹਿਮ ਲਿੰਕਨ ਨੂੰ ਆਪਣਾ ਪਤੀ ਚੁਣ ਚੁੱਕੀ ਹੈ। ਉਸ ਦੀ ਦੂਰ-ਦੂਰ ਦੇ ਸੈਰ ਸਪਾਟੇ ਦੀ ਸ਼ੌਕੀਨ ਸਹੇਲੀ ਮਿਸ ਬ੍ਰਿਟੀ ਉਸ ਦੀ ਵਿਚੋਲਣ ਬਣ ਕੇ ਇਬਰਾਹਿਮ ਲਿੰਕਨ ਨਾਲ ਸ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਦੀ ਹੈ। ਨਾਵਲ ਦਾ ਨਾਇਕ ਇਬਰਾਹਿਮ ਲਿੰਕਨ ਵੇਖਣ ਨੂੰ ਲਮਢੀਂਗ, ਸੁਕੜੂ ਜਿਹਾ, ਨਿੱਕੇ-ਮੋਟੇ ਧੰਦੇ ਅਪਣਾਉਂਦਾ, ਗ਼ਰੀਬੀ 'ਚੋਂ ਉੱਠ ਕੇ ਵਕੀਲ ਬਣਦਾ ਹੈ; ਮਿਆਰੀ ਪੁਸਤਕਾਂ ਦਾ ਸ਼ੌਕੀਨ; ਰਹਿਮ ਦਿਲ, ਅਹਿੰਸਾਵਾਦੀ; ਗੱਲਬਾਤ ਵਿਚ ਸਲੀਕੇ ਵਾਲਾ, ਵਾਕ-ਜਾਦੂਗਿਰੀ, ਪ੍ਰਭਾਵਸ਼ਾਲੀ ਮਿੱਠੀ ਆਵਾਜ਼ ਵਾਲਾ ਵਕਤਾ; ਮੋਹ ਭਰਿਆ, ਸਹਿਣਸ਼ੀਲ ਵਿਅਕਤੀਤਵ ਦਾ ਸੁਆਮੀ; ਗ਼ਰੀਬਾਂ, ਗੁਲਾਮਾਂ, ਰੈੱਡ-ਇੰਡੀਅਨਜ਼ ਲਈ ਮਸੀਹਾ; ਸਿਵਲ-ਵਾਰ ਜਿੱਤਣ ਉਪਰੰਤ ਸਾਜਿਸ਼ ਅਧੀਨ ਵਿਰੋਧੀਆਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਨਾਇਕਾ ਡਾਢੀ ਖੂਬਸੂਰਤ; ਨਾਇਕ ਨਾਲੋਂ ਉਮਰ 'ਚ ਵਡੇਰੀ, ਕੁੜੀਆਂ ਦੇ ਕਾਲਜ ਵਿਚ ਪੜ੍ਹੀ; ਫਰਲ-ਫਰਲ ਫਰਾਂਸੀਸੀ ਬੋਲਦੀ; ਗੁਲਾਮੀ ਪ੍ਰਥਾ ਦੀ ਵਿਰੋਧੀ; ਬਾਗੀ ਰੁਚੀਆਂ ਵਾਲੀ; ਗੱਲਾਂ-ਬਾਤਾਂ ਦੀ ਮਾਹਿਰ; ਔਰਤ ਦੇ ਬਰਾਬਰ ਹੱਕਾਂ ਦੀ ਆਵਾਜ਼; ਸੁਭਾਅ ਦੀ ਖਰ੍ਹਵੀ; ਰਸੋਈ ਆਦਿ ਗ੍ਰਹਿਸਥ ਜ਼ਿੰਮੇਵਾਰੀਆਂ ਨਿਭਾਉਣ ਵਾਲੀ; ਲਿੰਕਨ ਦੇ ਵਿਛੋੜੇ 'ਚ ਪਾਗਲ ਹੁੰਦੀ ਵਿਖਾਈ ਗਈ ਹੈ। ਇੰਜ ਇਹ ਰਚਨਾ ਬਹੁਪਰਤੀ, ਬਹੁਦਿਸ਼ਾਵੀ, ਬਹੁਸੁਰੀ (ਪੌਲੀਫੋਨੀ) ਹੋ ਨਿਬੜੀ ਹੈ। ਇਸ ਵਿਚੋਂ ਨਾਟਕੀ (ਸੰਵਾਦੀ), ਕਹਾਣੀ, ਸਫ਼ਰਨਾਮਾ, ਜੀਵਨੀ, ਲੋਕ-ਧਾਰਾ, ਹੱਡ-ਬੀਤੀਆਂ, ਜੱਗ-ਬੀਤੀਆਂ, ਦਰਸ਼ਨ-ਸ਼ਾਸਤਰੀ ਆਦਿ ਵਿਧਾਵਾਂ ਕੋਲਾਜ-ਨੁਮਾ ਰੂਪ ਵਿਚ ਸਹਿਜੇ ਹੀ ਪਛਾਣੀਆਂ ਜਾ ਸਕਦੀਆਂ ਹਨ। ਰਾਸ਼ਟਰਪਤੀ ਚੋਣ ਸਮੇਂ ਜਿੱਤਣ ਉਪਰੰਤ ਇਬਰਾਹਿਮ ਲਿੰਕਨ ਕਹਿੰਦਾ ਹੈ, 'ਮੈਰੀ! ਇਹ ਜਿੱਤ ਤੇਰੀ ਹੀ ਜਿੱਤ ਹੈ, ਮੇਰੀ ਜਿੱਤ ਨਹੀਂ ਮੈਰੀ।' ਤਾਂ ਨਾਵਲਕਾਰ ਮੈਰੀ ਪਾਸੋਂ ਇਹ ਸ਼ਬਦ ਬੁਲਵਾ ਕੇ ਆਪਣੇ ਨਾਵਲ ਦੇ ਉਪ-ਸਿਰਲੇਖ ਦੀ ਪੁਸ਼ਟੀ ਕਰਦਾ ਹੈ :
'ਮੈਰੀ ਮੈਰੀ ਨਾ ਆਖੋ, ਮੈਨੂੰ ਮੈਰੀ ਬਿਲਕੁਲ ਨਾ ਆਖੋ ਕੋਈ।
ਲਿੰਕਨ ਲਿੰਕਨ ਕਰਦੀ ਨੀ ਮੈਂ ਆਪੇ ਲਿੰਕਨ ਹੋਈ।'
(ਪੰ 320)

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਅਰਜ਼ੋਈਆਂ
ਲੇਖਕ : ਸੁਰਿੰਦਰ ਸਿੰਘ ਸੋਹਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94175-44400.

ਸੁਰਿੰਦਰ ਸਿੰਘ ਸੋਹਣਾ ਨੇ ਧਾਰਮਿਕ, ਇਤਿਹਾਸਕ ਤੇ ਸਮਾਜਿਕ ਵਿਸ਼ਿਆਂ ਨੂੰ ਕਾਵਿਕ-ਰੂਪ ਦੇ ਕੇ ਪਾਠਕਾਂ ਨੂੰ ਨਿੱਗਰ ਸੋਚ ਦੇ ਧਾਰਨੀ ਬਣਾਉਣ ਦਾ ਉਪਰਾਲਾ ਵਿੱਢਿਆ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ, ਗੁਰਬਾਣੀ ਦੇ ਸੰਦੇਸ਼ ਨੂੰ ਰੂਪਮਾਨ ਕਰਦੀਆਂ, ਸੁੰਦਰ ਰਚਨਾਵਾਂ ਹਨ। ਮੁੱਖ ਬੰਦ ਵਿਚ ਠੀਕ ਹੀ ਇਸ ਪੁਸਤਕ ਨੂੰ ਸਿੱਖੀ ਇਬਾਦਤ ਤੇ ਸਿੱਖੀ ਚੇਤਨਾ ਦਾ ਇਕਰਾਰਨਾਮਾ ਲਿਖਿਆ ਗਿਆ ਹੈ। ਪੁਸਤਕ ਵਿਚ, ਵੱਖ-ਵੱਖ ਧਾਰਮਿਕ ਤੇ ਸਦਾਚਾਰਕ ਵਿਸ਼ਿਆਂ ਨਾਲ ਸਬੰਧਿਤ ਨਾਯਾਬ ਕਵਿਤਾਵਾਂ ਸ਼ਾਮਿਲ ਹਨ। ਸੁਚੇਤ ਸ਼ਾਇਰ 'ਸੋਹਣਾ' ਨੇ ਮਾਨਵਤਾ ਨੂੰ ਫੋਕਟ ਕਰਮ ਕਾਂਡਾਂ, ਜਾਤ-ਪਾਤ ਦੇ ਵਿਤਕਰੇ, ਭਰਮ ਜਾਲ ਤੇ ਅਗਿਆਨਤਾ ਤੋਂ ਮੁਕਤ ਹੋ ਕੇ, ਸਰਲ ਜੀਵਨ ਜਾਚ ਦਰਸਾਈ ਹੈ। ਇਹੋ ਗੁਰਮਤਿ ਹੈ, ਇਹੋ ਸਦੀਵੀ ਸੱਚ ਹੈ। ਉਸ ਦੀਆਂ ਕੁਝ ਨਜ਼ਮ ਦੇ ਨਮੂਨੇ ਪੇਸ਼ ਹਨ :
'ਮੇਰੀ ਰੰਨ ਬਸਰੇ ਨੂੰ ਜਾਵੇ। ਮੋੜ ਭਾਈ ਕੱਛ ਵਾਲਿਆ।
(ਪੰਨਾ 101)
ਸੱਚੀ ਗੱਲ ਲਿਖੀ ਏ, ਸੰਭਲ ਕੇ ਤੁਰਨਾ ਡੰਡੀ, ਸੂਈ ਤੇ ਨਿੱਕੀ ਏ।
ਸੌਖੀ ਨਹੀਂ ਸਿੱਖੀ, ਸਿੱਖੀ, ਖੰਡੇ ਤੋਂ ਤਿੱਖੀ ਏ। (ਪੰਨਾ 98)
ਪੁਸਤਕ ਵਿਚਲੀ ਕਵਿਤਾ 'ਨਸਲਕੁਸ਼ੀ ਨਹੀਂ ਦੰਗੇ ਸੀ', 1984 ਦੇ ਸਿੱਖ ਕਤਲੇਆਮ ਦੀ ਪੀੜਾ ਨੂੰ ਬਿਆਨਦੀ ਹੈ। 'ਬਵੰਜਾ ਕਵੀ', 'ਬਾਈ ਮੰਜੀਆਂ', 'ਖ਼ਾਲਸੇ ਦੇ ਬੋਲੇ' ਸਮੇਤ ਸਭੇ ਕਵਿਤਾਵਾਂ ਰਸ ਭਰਪੂਰ ਹਨ। 'ਸਿੱਖ ਆਪੋ ਵਿਚ' ਕਵਿਤਾ ਰਾਹੀਂ ਪੰਥਕ ਸਫ਼ਾਂ ਵਿਚ ਧੜੇਬੰਦੀਆਂ ਦੀ ਪੋਲ ਖੋਲ੍ਹਦੀ ਹੈ।
ਲੋਕੀਂ ਹਰ ਮੁਸ਼ਕਿਲ, ਹੱਲ ਕਰੀ ਜਾਂਦੇ ਨੇ।
ਸਿੱਖ ਆਪੋ ਵਿਚ, ਲੜ ਲੜ ਮਰੀ ਜਾਂਦੇ ਨੇ। (ਪੰਨਾ 66)
ਸਮੁੱਚੇ ਰੂਪ ਵਿਚ ਇਹ ਕਾਵਿ ਪੁਸਤਕ ਖੂਬਸੂਰਤ ਗੁਲਦਸਤਾ ਹੈ।

ਂਤੀਰਥ ਸਿੰਘ ਢਿੱਲੋਂ
ਫ ਫ ਫ

ਸਾਹਾਂ ਵਿਚ ਮੌਲਦੇ ਹਰਫ਼
ਲੇਖਕ : ਮਨਮੋਹਨ ਭਿੰਡਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 78377-18723.

ਹਰਫ਼ ਯਾਨੀ ਸ਼ਬਦ, ਬਹੁਤ ਹੀ ਮਹੱਤਵਪੂਰਨ ਵਰਤਾਰਾ ਹੈ ਜੋ ਜ਼ਿੰਦਗੀ ਦੇ ਧੜਕਦੇ ਹੋਣ ਦਾ ਸੰਕੇਤ ਕਰਦੇ ਹਨ। ਜਿਵੇਂ ਭਾਰਤ ਵਿਚ ਲੋਕ ਵਰਣਾਂ, ਨਸਲਾਂ, ਜਾਤਾਂ, ਉਪਜਾਤਾਂ 'ਚ ਵੰਡੇ ਹੋਏ ਹਨ, ਉਵੇਂ ਹੀ ਪਰਵਾਸ 'ਚ ਵਿਚਰਦੇ ਲੋਕਾਂ ਨੂੰ ਨਸਲਵਾਦ ਅਤੇ ਦਹਿਸ਼ਤਵਾਦ ਦੇ ਪੁੜਾਂ 'ਚ ਪਿਸਣਾ ਪੈਂਦਾ ਹੈ। ਇਹ ਜਿਊਂਦੇ-ਜਾਗਦੇ ਮਨੁੱਖਾਂ ਦੀ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੈ, ਵਰਨਾ ਪਸ਼ੂਆਂ ਵਾਂਗ ਜ਼ਿੰਦਗੀ ਜਿਊਂਦੇ ਲੋਕ ਡਾਲਰਾਂ-ਪੌਂਡਾਂ ਦੀ ਚਕਾਚੌਂਧ 'ਚ ਗੁਆਚ ਆਪਣਾ ਸਾਰਾ ਕੁਝ ਗੁਆ ਕੇ ਵੀ ਆਪਣੀ ਹੋਣੀ ਦਾ ਤਸੱਵਰ ਨਹੀਂ ਕਰਦੇ। 'ਸ਼ਬਦ' ਮਨੁੱਖੀ ਸਾਂਝ ਦਾ ਸਭ ਤੋਂ ਵੱਡਾ ਸਾਧਨ ਹੈ, ਸ਼ਬਦ ਵੀ ਉਹ ਜੋ ਉਸ ਨੂੰ ਉਸ ਦੀ ਮਾਂ-ਬੋਲੀ ਨਾਲ ਜੋੜਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸਮੁੱਚੇ ਸੰਸਾਰ 'ਚ ਤਤਕਾਲੀ ਭਖਦੇ ਮਸਲੇ ਜਿਨ੍ਹਾਂ ਵਿਚ ਸਰਕਾਰਾਂ ਦੇ ਛਲਾਵੇ, ਵਪਾਰਕ ਅਦਾਰੇ, ਸੋਸ਼ਲ ਮੀਡੀਆ ਤੇ ਟੀ.ਵੀ. ਰਾਹੀਂ ਲੋਕਾਂ ਨੂੰ ਖਪਤਕਾਰ ਸੱਭਿਆਚਾਰ ਵੱਲ ਧੱਕ ਰਹੇ ਹਨ, ਦਾ ਵਰਨਣ ਬਾਖੂਬੀ ਹੋਇਆ ਹੈ। ਮਨੁੱਖਾਂ ਦੇ ਬੁਨਿਆਦੀ ਅਤੇ ਅਜ਼ਲੀ-ਮਸਲਿਆਂ ਸਿਹਤ, ਸਿੱਖਿਆ, ਸੁਰੱਖਿਆ ਅਤੇ ਰੁਜ਼ਗਾਰ ਦੀ ਥਾਵੇਂ ਨਸਲੀ ਅਤੇ ਜਾਤੀ ਨਫ਼ਰਤ ਦੇ ਮੁੱਦਿਆਂ ਨੂੰ ਬੜੀ ਸ਼ਾਨ ਨਾਲ ਉਭਾਰਿਆ ਜਾ ਰਿਹਾ ਹੈ ਪਰ 'ਭਿੰਡਰ' ਉਹ ਕਵਿਤਾਵਾਂ 'ਚ ਇਨ੍ਹਾਂ ਸ਼ਬਦਾਂ ਰਾਹੀਂ ਜ਼ਿੰਦਗੀ 'ਚ ਧੜਕਣ ਪੈਦਾ ਕਰ, ਅਤੀਤ ਅਤੇ ਵਰਤਮਾਨ ਦੀ ਪੁਣਛਾਣ ਕਰਕੇ ਸਾਹਸ ਅਤੇ ਸੰਘਰਸ਼ ਦਾ ਸੁਨੇਹਾ ਦੇਣ ਦਾ ਯਤਨ ਕਰਦਾ ਹੈ। ਕਵੀ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਹੋਣ ਦਾ ਸੰਕੇਤ ਦਿੰਦਾ ਹੈ :
ਲਿਖੀ ਜਾਂਦੀ ਹੈ ਇਕ ਖੂਬਸੂਰਤ ਨਜ਼ਮ
ਜਾਂ ਇਕ ਅਰਥ ਭਰਪੂਰ ਗ਼ਜ਼ਲ।
ਇਸ ਕਾਵਿ ਸੰਗ੍ਰਹਿ ਦਾ ਸਰਵਰਕ ਅਤੇ ਸਿਰਲੇਖ, ਇਸ 'ਚ ਸਮੋਏ ਭਾਵਾਂ ਨੂੰ ਹੋਰ ਵੀ ਗੂੜ੍ਹਾ ਅਤੇ ਪਛਾਨਣਯੋਗ ਬਣਾਉਂਦਾ ਹੈ। ਆਮੀਨ!

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
ਫ ਫ ਫ

ਦੀਜੈ ਬੁਧਿ ਬਿਬੇਕਾ
ਲੇਖਕ : ਗੁਰਮੀਤ ਸਿੰਘ ਬਰਸਾਲ
ਪ੍ਰਕਾਸ਼ਨ : ਚੱਕ ਸਤਾਰਾਂ ਪ੍ਰਕਾਸ਼ਨ, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 148
ਸੰਪਰਕ : 9417034974.

ਤੀਹ ਲੇਖਾਂ ਵਾਲੀ ਇਸ ਪੁਸਤਕ ਦੇ ਪਹਿਲੇ ਲੇਖ 'ਕੁਦਰਤ ਵਿਗਿਆਨ ਅਤੇ ਗੁਰਮਤਿ' ਵਿਚ ਦੱਸਿਆ ਗਿਆ ਹੈ ਕਿ ਸੱਚ ਬੋਲਣ ਨਾਲ ਹੀ ਰੂਹ ਤੰਦਰੁਸਤ ਰਹਿੰਦੀ ਹੈ। ਇਸ ਤਰ੍ਹਾਂ ਗੁਰਬਾਣੀ ਦਾ ਆਸਰਾ ਲੈ ਕੇ ਪੇਸ਼ਕਾਰੀ ਕੀਤੀ ਗਈ ਹੈ। ਅਗਲੇ ਲੇਖ 'ਧਾਰਮਿਕ ਇਨਕਲਾਬ ਦਾ ਆਗਾਜ਼' ਵਿਚ ਦੱਸਿਆ ਹੈ ਕਿ ਫੋਕੇ ਕਰਮ-ਕਾਂਡਾਂ ਵਿਚ ਪੈਣਾ ਸਿੱਖੀ ਨਹੀਂ ਹੈ, ਇਸ ਤਰ੍ਹਾਂ ਲੇਖਕ ਨੇ ਆਪਣੇ ਲੇਖਾਂ ਵਿਚ ਗੁਰਬਾਣੀ ਰੂਪੀ ਖਜ਼ਾਨੇ ਦੀ ਭਰਪੂਰ ਵਰਤੋਂ ਕੀਤੀ ਹੈ ਜਿਵੇਂ ਕਿ
'ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟ ਨਾ ਆਵੈ ਵਧਦੇ ਜਾਈ॥'
ਗੁਰਬਾਣੀ ਦੀ ਓਟ ਲੈ ਕੇ ਸੱਚ ਤਾਂ ਸਦਾ ਸੱਚ ਹੀ ਰਹਿੰਦਾ ਹੈ, ਬਾਰੇ ਦੱਸਿਆ ਗਿਆ ਹੈ। ਜਿਵੇਂ ਗੁਰੂ ਸਾਹਿਬ ਫਰਮਾਉਂਦੇ ਹਨ, 'ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥''
29ਵਾਂ ਲੇਖ ਇਕ ਗੋਰੀ ਦੇ ਗੁਰਬਾਣੀ ਸਮਝਣ ਤੇ ਪੰਜਾਬੀ ਸਿੱਖਣ ਬਾਰੇ ਹੈ ਕਿ ਉਸ ਨੂੰ ਅਖ਼ਬਾਰੀ ਸ਼ਬਦ ਸਮਝ ਨਹੀਂ ਆਉਂਦੇ ਪਰ ਗੁਰਬਾਣੀ ਵਿਚ ਮੁਹਾਰਤ ਹਾਸਲ ਹੈ, ਜੋ ਮਾਤ ਭਾਸ਼ਾ ਵੱਲ ਪ੍ਰੇਰਨਾ ਦਿੰਦਾ ਲੇਖ ਹੈ। ਇਸ ਪ੍ਰਕਾਰ ਅਗਲੇ ਲੇਖ 'ਆਧੁਨਿਕ ਮੀਡੀਆ, ਪੱਤਰਕਾਰਤਾ ਅਤੇ ਲਿਖਾਰੀ' ਵਿਚ ਦੱਸਿਆ ਗਿਆ ਹੈ ਕਿ ਵੱਖਰੇਵੇਂ ਦਾ ਸੁਮੇਲ ਕਰਨ ਵਾਲਾ ਸੱਭਿਆਚਾਰ ਮਨੁੱਖਤਾ ਦੇ ਸਰਬ ਸਾਂਝ ਗੁਣਾਂ ਦੀ ਤਰਜਮਾਨੀ ਕਰੇਗਾ ਜੋ ਮੀਡੀਏ ਰਾਹੀਂ ਹੀ ਸੰਭਵ ਹੋ ਸਕੇਗਾ। ਲੇਖਕ ਨੇ ਸਮੁੱਚੇ ਲੇਖਾਂ ਵਿਚ ਚੰਗੀ ਸੋਚ ਅਤੇ ਆਧੁਨਿਕ ਪ੍ਰਗਟਾਵੇ ਦੇ ਲੇਖ ਲਿਖ ਕੇ ਇਨਸਾਨੀਅਤ ਨੂੰ ਪਹਿਲ ਦੇਣ ਦੀ ਸੋਚ ਰੱਖਣ ਬਾਰੇ ਤੇ ਕੱਟੜਤਾ ਨੂੰ ਤਿਆਗਣ ਦੀ ਗੱਲ ਕੀਤੀ ਹੈ। ਇਸ ਪ੍ਰਕਾਰ ਲੇਖਕ ਨੇ ਤੱਥਾਂ ਦੇ ਆਧਾਰ 'ਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਕੀਤੀ ਗਈ ਖੋਜ ਨੂੰ ਵੀ ਅਧਾਰ ਬਣਾਇਆ ਹੈ। ਉਸ ਦੀ ਅਗਾਂਹਵਧੂ ਸੋਚ ਨੂੰ ਸਲਾਮ।

ਫ ਫ ਫ

ਬਲੌਰਾ
ਲੇਖਕ : ਗੁਰਪ੍ਰੀਤ ਸਹਿਜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 105
ਸੰਪਰਕ : 99142-54374.

ਨਾਵਲ 'ਬਲੌਰਾ' ਵਿਚ ਲੇਖਕ ਨੇ ਇਕ ਧਾਕੜ ਕਿਸਮ ਦੇ ਪਾਤਰ ਬਲੌਰੇ ਦਾ ਬਿਰਤਾਂਤ ਸਿਰਜਿਆ ਹੈ। ਸਾਰੀ ਕਹਾਣੀ ਵਿਚ ਬਲੌਰਾ ਕੇਂਦਰੀ ਧੁਰਾ ਹੈ, ਜੋ ਸ਼ਰਾਬੀ ਪਿਓ ਦਾ ਤੇ ਸ਼ੇਰਨੀ ਮਾਂ ਦਾ ਪੁੱਤ ਹੈ।
ਬਲੌਰੇ ਦੀ ਮਾਂ ਭੋਲੀ-ਭਾਲੀ ਨਹੀਂ ਹੈ ਪਰ ਬਲੌਰੇ ਦਾ ਪਿਓ ਬਿਮਾਰ ਮਾਨਸਿਕਤਾ ਦਾ ਮਾਲਕ ਜ਼ਰੂਰ ਹੈ, ਜੋ ਆਪਣਾ ਉੱਲੂ ਸਿੱਧਾ ਕਰਨ ਵਾਲਾ ਪੁਰਾਣਾ ਬੰਦਾ ਹੈ। ਬਲੌਰਾ ਅਣਖੀਲਾ ਗੱਭਰੂ ਤੇ ਗ਼ੈਰਤ ਨਾਲ ਜਿਊਣ ਵਾਲਾ ਪਾਤਰ ਹੈ।
'ਉਹ ਜਾਣਦਾ ਹੈ, ਰੱਬ ਮਿਹਨਤੀਆਂ ਦੇ ਹੱਥਾਂ 'ਤੇ ਪਏ ਅੱਟਣ ਨਹੀਂ ਦੇਖ ਸਕਦਾ'।
'ਕੁਦਰਤ ਦੀ ਮਿੱਥ ਨੂੰ ਤੋੜਦਾ, ਆਪਣੀ ਹੋਣੀ ਦੀ ਥਾਂ ਅਤੇ ਸਮਾਂ ਖੁਦ ਚੁਣਦਾ ਹੈ'।
'ਉਹ ਭੈਣ ਦੇ ਪ੍ਰੇਮੀ ਨੂੰ ਸਿੱਧਾ ਪੁੱਛਦਾ ਹੈ। ਹੈ ਹਿੰਮਤ ਫੇਰੇ ਲੈਣ ਦੀ?'
ਉਪਰੋਕਤ ਦਿੱਤੇ ਹੋਏ ਸਾਰੇ ਤੱਥ ਲੇਖਕ ਨੇ ਆਪਣੇ ਨਾਵਲ ਦੇ ਅੰਤ ਵਿਚ ਦਿੱਤੇ ਹਨ। ਲੇਖਕ ਨੇ ਬਲੌਰਾ ਨਾਵਲ ਵਿਚ ਢੁਕਵੇਂ ਮੁਹਾਵਰੇ ਅਤੇ ਠੇਠ ਸ਼ਬਦਾਵਲੀ ਦੀ ਵਰਤੋਂ ਕਰਕੇ ਨਾਵਲ ਦੇ ਗਲਪੀ ਬਿਰਤਾਂਤ ਨੂੰ ਉਭਾਰਿਆ ਹੈ, ਜਿਸ ਵਿਚ ਉਸ ਦੀ ਭਾਸ਼ਾ ਦਾ ਲਹਿਜ਼ਾ ਅਤੇ ਗੱਲ ਕਰਨ ਦਾ ਪੂਰਾ ਪੈਰਾਡਾਈਮ ਰਵਾਇਤੀ ਨਾ ਹੋ ਕੇ ਯਥਾਰਥਕ ਵਰਣਨ ਕਰਦਾ ਹੋਇਆ ਸਮਾਜ ਨੂੰ ਸੇਧ ਦੇਣ ਵਾਲਾ ਹੈ। ਬਲੌਰੇ ਦੀ ਭੈਣ ਵੀ ਉਸ ਨੂੰ ਹੌਸਲਾ ਦਿੰਦੀ ਹੈ ਜੋ ਅਜੋਕੇ ਸਮੇਂ ਦੀ ਲੋੜ ਵੀ ਹੈ ਅਤੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਤੇ ਵਿਰਸੇ ਨਾਲ ਜੁੜਣ ਦੀ ਪ੍ਰੇਰਨਾ ਵੀ ਹੈ। ਇਸ ਨਾਵਲ ਵਿਚ ਲੇਖਕ ਨੇ ਅਜਿਹਾ ਗਲਪੀ ਬਿੰਬ ਸਿਰਜਿਆ ਹੈ ਜਿਸ ਨਾਲ ਪਾਤਰਾਂ ਦੀ ਭਾਸ਼ਾ ਅਤੇ ਵਿਚਾਰਧਾਰਾ ਨਾਲ ਨਾਵਲੀ ਬਿਰਤਾਂਤਕ ਰਸ ਨੂੰ ਪਰਪੱਕ ਕੀਤਾ ਹੈ।
ਬਲੌਰੇ ਦੇ ਅਸਲ ਮਕਸਦ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਜੋ ਰੱਬ ਨਾਲ ਆਢਾ ਲਾਉਣ ਦਾ ਜੇਰਾ ਰੱਖਦਾ ਹੈ ਅਤੇ ਉਸ ਦੀ ਭੈਣ ਦੀਸਾ ਵੀ ਆਪਣੀ ਜਵਾਨੀ ਅਤੇ ਦਲੇਰੀ ਨੂੰ ਉਭਾਰਦੀ ਹੈ। ਗੁਰਪ੍ਰੀਤ ਸਹਿਜੀ ਨੇ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਆਪਣਾ ਭਾਸ਼ਾ ਪ੍ਰਤੀ ਪਿਆਰ ਤਾਂ ਦਰਸਾਇਆ ਹੈ ਪਰ ਹਰੇਕ ਵਰਗ ਦੇ ਪਾਠਕ ਨੂੰ ਉਸ ਦੀ ਭਾਸ਼ਾ ਸਮਝਣੀ ਔਖੀ ਜਾਪਦੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 9855395161
ਫ ਫ ਫ

ਅਰਜ਼ ਤੋਂ ਐਲਾਨ ਤੱਕ
ਗ਼ਜ਼ਲਕਾਰ : ਹਰਦਿਆਲ ਸਾਗਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94644-88811.

ਇਸ ਪੁਸਤਕ ਵਿਚ ਕੁੱਲ 67 ਕੁ ਗ਼ਜ਼ਲਾਂ ਹਨ, ਜੋ ਕਿ ਪੰਜਾਬੀ ਗ਼ਜ਼ਲਕਾਰੀ ਦਾ ਹਾਸਲ ਹਨ। ਸਾਗਰ ਪਿਛਲੇ ਦਹਾਕੇ ਤੋਂ ਗੰਭੀਰਤਾ ਨਾਲ ਗ਼ਜ਼ਲ ਸਿਰਜਣਾ ਨਾਲ ਧੁਰ ਅੰਦਰੋਂ ਜੁੜਿਆ ਹੋਇਆ ਹੈ। 'ਜੰਗਲ ਦਾ ਕੁਹਰਾਮ' ਪੁਸਤਕ ਵਿਚ ਵੀ ਸ਼ਾਇਰੀ ਨਾਲ ਉਹ ਕਟਾਖਸ਼ੀ ਸ਼ਿਅਰਕਾਰੀ ਦਾ ਅਹਿਮ ਹਸਤਾਖ਼ਰ ਬਣ ਗਿਆ ਸੀ, ਜਿਸ ਨੂੰ ਪੰਜਾਬੀਆਂ ਨੇ ਪਸੰਦ ਕੀਤਾ। ਇਸ ਗੰਭੀਰ ਵਿਅੰਗ ਵਿਧੀ ਨਾਲ ਉਹ ਦੂਜੇ ਸ਼ਾਇਰਾਂ ਨਾਲੋਂ ਵੱਖ ਤੇ ਵਿਲੱਖਣ ਦਿਸਦਾ ਹੈ। ਉਹ ਜੋ ਵੀ ਸ਼ਿਅਰ ਕਹਿੰਦਾ ਹੈ ਉਸ ਦੀ ਪ੍ਰਸੰਗਿਕਤਾ ਲੋਕਾਈ ਨਾਲ ਹੁੰਦੀ ਹੈ। ਉਹ ਆਮ ਆਦਮੀ ਦੀ ਥਾਂ ਪੇਸ਼ ਹੋ ਕੇ ਉਸ ਦੀ ਨਿਰਮੂਲ ਹੋਂਦ ਬਾਰੇ ਕਹਿੰਦਾ ਹੈ :
ਜੋ ਨਿੱਬ ਦੀ ਨੋਕ ਪਰਖਣ ਵਾਸਤੇ ਬਸ ਵਰਤਿਆ ਜਾਂਦੈ,
ਮੈਂ ਬੇਮਤਲਬ ਲਕੀਰਾਂ ਵਾਸਤੇ ਦਰਪੇਸ਼ ਵਰਕਾ ਹਾਂ।
ਉਸ ਦੇ ਸ਼ਿਅਰਾਂ ਵਿਚ ਮਿਥਿਹਾਸ ਦਾ ਨੁਮਾਇਆ ਰੋਲ ਹੈ :
ਮਹਾਂਭਾਰਤ ਤੋਂ ਭਾਰਤ ਤੱਕ ਇਹੀ ਇਤਿਹਾਸ ਦੱਸਦਾ ਹੈ,
ਕਿ ਇਸ ਦਾ ਤਖ਼ਤ ਅੰਨ੍ਹੇ ਹਾਕਮਾਂ ਦੀ ਹੀ ਅਮਾਨਤ ਹੈ।
ਉਕਤ ਸ਼ਿਅਰ ਵਿਚ ਇਕ ਤਾਂ ਗੰਭੀਰ ਵਿਅੰਗ ਵਿਧੀ ਦਾ ਉਦਭਵ ਹੈ ਪਰ ਦੂਜੇ ਪਾਸੇ ਸ਼ਾਇਰ ਨੇ ਮਿੱਥ ਰਾਹੀਂ ਇਕ ਡੂੰਘੀ ਗੱਲ ਕਹੀ ਹੈ।
ਸ਼ਾਇਰ ਦਾ ਮਨਭਾਉਂਦਾ ਵਿਸ਼ਾ ਲੀਹੋਂ ਲੱਥੀ ਭਾਰਤੀ ਰਾਜਨੀਤੀ ਹੈ। ਉਹ ਲੋਕਤੰਤਰੀ ਬੇ-ਮਰਿਆਦਗੀ ਨੂੰ ਆੜੇ ਹੱਥੀਂ ਲੈਂਦਾ ਹੈ :
ਤੂੰ ਸੰਸਦ ਹੈਂ, ਅਸੀਂ ਖਲਕਤ, ਅਸਾਡੇ ਦਿਲ 'ਚ ਰਹਿਣਾ ਸਿੱਖ,
ਜੇ ਸਾਡੇ ਸਿਰ 'ਤੇ ਬੈਠੇਂਗੀ ਤਾਂ ਫਿਰ ਅੰਜਾਮ ਚੇਤੇ ਰੱਖ।
ਪੁਸਤਕ ਦੀ ਕੁਲਜੀਤ ਕੌਰ ਮੰਡ, ਜਰਨੈਲ ਸਿੰਘ ਧੀਰ, ਮੁਕੇਸ਼ ਆਲਮ, ਰੂਪ ਸਿੱਧੂ ਆਦਿ ਨੇ ਰਾਹਦਾਰੀ ਵੀ ਲਿਖੀ ਹੈ। ਸਾਰੀਆਂ ਗ਼ਜ਼ਲਾਂ ਬਾ-ਬਹਿਰ ਅਤੇ ਛੰਦਾਂ ਵਿਚ ਹਨ। ਉਸ ਦੇ ਰਮਲ ਅਤੇ ਹਜ਼ਿਜ਼ ਬਹਿਰ ਰੂਹ ਵਿਚ ਸਮਾਏ ਹਨ। ਕਾਫੀਏ ਨਵੇਂ-ਨਵੇਂ ਤੇ ਸੰਰਚਨਾ ਦੀ ਮਹਿਕ ਵਾਲੇ ਹਨ। ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਦੀ ਆਧੁਨਿਕ ਗ਼ਜ਼ਲ ਦਾ ਪ੍ਰਤੱਖ ਹਾਸਲ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਹਜ਼ਾਰਾਂ ਧਰਤੀਆਂ ਨੇ ਹੋਰ
ਗ਼ਜ਼ਲਕਾਰ : ਕੁਲਬੀਰ ਸਿੰਘ ਕੰਵਲ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 98151-43028.

ਕੁਲਬੀਰ ਸਿੰਘ ਕੰਵਲ 'ਦੀਪਕ ਗ਼ਜ਼ਲ ਸਕੂਲ' ਦੀ ਅਧੁਨਿਕ ਪੀੜ੍ਹੀ ਦਾ ਜ਼ਿਕਰਯੋਗ ਨਾਇਕ ਹੈ ਜੋ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਨਵੇਂ ਭਾਵਬੋਧ ਲੈ ਕੇ ਤੇਜ਼ੀ ਨਾਲ ਸਾਹਮਣੇ ਆਇਆ ਹੈ। ਉਸ ਦਾ ਹਥਲਾ ਗ਼ਜ਼ਲ ਸੰਗ੍ਰਹਿ ਅਧੁਨਿਕ ਗ਼ਜ਼ਲ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਪੁਸਤਕ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਗ਼ਜ਼ਲਕਾਰ ਵਲੋਂ ਵਰਣਿਤ ਭਾਵ ਨਿਰੀ ਖ਼ਾਬਖ਼ਿਆਲੀ ਨਹੀਂ ਹਨ ਸਗੋਂ ਉਸ ਨੇ ਇਹ ਸਾਰਾ ਕੁਝ ਆਪਣੇ ਪਿੰਡੇ 'ਤੇ ਹੰਢਾਇਆ ਹੈ। ਪਹਿਲੀ ਗ਼ਜ਼ਲ ਵਿਚ ਉਸ ਨੇ 'ਚੇਤੇ' ਰਦੀਫ਼ ਦੀ ਵਰਤੋਂ ਕੀਤੀ ਹੈ ਤੇ ਉਹ ਇਸ ਗ਼ਜ਼ਲ ਦੇ ਸ਼ਿਅਰਾਂ ਵਿਚ ਧੂਣੀ ਤਪਾ ਕੇ ਬੈਠਾ ਅਜਿਹਾ ਰਿਸ਼ੀ ਮੁਨੀ ਜਾਪਦਾ ਹੈ ਜਿਸ ਨੂੰ ਦੁਨੀਆਂ ਦੀ ਕੋਈ ਖ਼ਬਰ ਨਹੀਂ ਹੈ। ਆਪਣੀ ਦੂਸਰੀ ਗ਼ਜ਼ਲ ਵਿਚ ਉਹ ਪੰਜਾਬ ਵੱਲ ਪਰਤਦਾ ਹੈ ਤੇ ਇਸ ਦੇ ਤਨ 'ਤੇ ਹੋਏ ਜ਼ਖ਼ਮਾਂ 'ਤੇ ਅਫ਼ਸੋਸ ਤਾਂ ਪ੍ਰਗਟ ਕਰਦਾ ਹੀ ਹੈ, ਇਸ ਦੇ ਨਾਲ-ਨਾਲ ਚਾਰਾਜੋਈ ਵੀ ਕਰਦਾ ਹੈ। ਅਗਲੇਰੀਆਂ ਗ਼ਜ਼ਲਾਂ ਵਿਚ ਉਹ ਮਚਦੇ ਅੰਗਿਆਰਿਆਂ 'ਤੇ ਮਚਣ, ਨਿਰੰਤਰ ਤੁਰਨ ਤੇ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਦਾ ਅਹਿਦ ਕਰਦਾ ਹੈ। ਕੰਵਲ ਹਨੇਰੇ ਵਿਚ ਸਾਂਝਾਂ ਦੇ ਦੀਵੇ ਬਾਲਣਾ ਚਾਹੁੰਦਾ ਹੈ ਤੇ ਮਸ਼ਾਲ ਦੀ ਲੋਅ ਨੂੰ ਬੁਲੰਦ ਰੱਖਣ ਦਾ ਹੋਕਾ ਦਿੰਦਾ ਹੈ। ਉਸ ਦੀਆਂ ਕਈ ਗ਼ਜ਼ਲਾਂ ਦੇ ਮਤਲੇ ਬਹੁਤ ਦਿਲਖਿੱਚਵੇਂ ਹਨ ਤੇ ਉਸ ਦੀ ਸੱਤਵੀਂ ਗ਼ਜ਼ਲ ਇਸ ਦੀ ਉਦਾਹਰਨ ਹੈ ਜਿਸ ਵਿਚ ਉਹ ਡੰਗੋਰੀ ਨੂੰ ਬਿਰਧ ਲੋਕਾਂ ਦਾ ਆਸਰਾ ਕਹਿੰਦਾ ਹੈ ਤੇ ਸ਼ਸਤਰਾਂ ਨੂੰ ਯੁੱਗ ਪਲਟਾਉਣ ਦਾ ਇਕੋ ਇਕ ਵਸੀਲਾ ਦੱਸਦਾ ਹੈ। ਗ਼ਜ਼ਲਕਾਰ ਨਵੀਆਂ ਤਸ਼ਬੀਹਾਂ ਤੇ ਬਿੰਬਾਂ ਨਾਲ ਤਾਨਾਸ਼ਾਹੀ ਪ੍ਰਵਿਰਤੀਆਂ ਵਾਲੇ ਤਾਜਦਾਰਾਂ ਦੇ ਵਿਰੁੱਧ ਖਲੋਂਦਾ ਹੈ ਤੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਤ ਕਰਦਾ ਹੈ। ਸਮੁੱਚੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਲੁੱਟੀ-ਪੁੱਟੀ ਜਾਂਦੀ ਧਿਰ ਵਿਚ ਹੌਸਲਾ ਭਰਨ ਦਾ ਕਾਰਜ ਕਰਦੇ ਹਨ ਤੇ ਇਉਂ ਕੰਵਲ ਆਪਣੀ ਗ਼ਜ਼ਲ ਨੂੰ ਇਕ ਹਥਿਆਰ ਦੇ ਤੌਰ 'ਤੇ ਵਰਤਦਾ ਹੈ ਜਿਸ ਦੀ ਮੌਜੂਦਾ ਸਥਿਤੀ ਨੂੰ ਜ਼ਰੂਰਤ ਹੈ। ਗ਼ਜ਼ਲਕਾਰ ਨੂੰ ਗ਼ਜ਼ਲ ਤਕਨੀਕ ਦੀ ਪੂਰੀ ਸੋਝੀ ਹੈ। ਇਹ ਗ਼ਜ਼ਲ ਸੰਗ੍ਰਹਿ ਗ਼ਜ਼ਲ ਦੇ ਅਨੁਸ਼ਾਸਨ ਵਿਚ ਰਹਿ ਕੇ ਖ਼ੂਬਸੂਰਤ ਗ਼ਜ਼ਲਾਂ ਸਿਰਜਣ ਦੇ ਮਹੱਤਵ ਤੇ ਸਮਰੱਥਾ ਨੂੰ ਦਰਸਾਉਂਦਾ ਹੈ। ਪੰਜਾਬੀ ਗ਼ਜ਼ਲ ਸਾਹਿਤ ਨੂੰ ਅਜਿਹੀਆਂ ਪੁਸਤਕਾਂ ਦੀ ਬੇਹੱਦ ਜ਼ਰੂਰਤ ਹੈ।

ਫ ਫ ਫ

ਇਰਸ਼ਾਦ
ਗ਼ਜ਼ਲਕਾਰ : ਰਾਮਿੰਦਰ ਬੇਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 70096-44670.

ਪੰਜਾਬੀ ਗ਼ਜ਼ਲ ਕਾਫ਼ਿਲੇ ਦਾ ਨਿੱਗਰ ਹਸਤਾਖ਼ਰ ਹੈ ਰਾਮਿੰਦਰ ਬੇਰੀ ਜਿਸ ਦਾ ਗ਼ਜ਼ਲ ਸੰਗ੍ਰਹਿ 'ਇਰਸ਼ਾਦ' ਹੁਣੇ ਹੀ ਪ੍ਰਕਾਸ਼ਤ ਹੋਇਆ ਹੈ। ਬੇਰੀ ਦੀ ਸ਼ਿਅਰਕਾਰੀ ਦਾ ਜਲੌਅ ਆਪਣੀ ਭਾਂਤ ਦਾ ਹੈ ਤੇ ਖ਼ਿਆਲਾਂ ਦੇ ਨਿੱਕੇ-ਨਿੱਕੇ ਟਿਮਟਿਮਾਉਂਦੇ ਜੁਗਨੂੰ ਮਨਮੋਹਕ ਲਗਦੇ ਹਨ। ਗ਼ਜ਼ਲਕਾਰ ਆਪਣੇ ਸਮਾਜ ਦੀ ਰਾਜਨੀਤਕ ਤੇ ਸਮਾਜਿਕ ਉਧੇੜ ਬੁਣ ਨੂੰ ਭਲੀ ਭਾਂਤ ਸਮਝਦਾ ਹੈ ਤੇ ਇਕ ਸੰਤੁਲਤ ਵਿਸ਼ਲੇਸ਼ਕ ਵਜੋਂ ਆਪਣੀ ਗ਼ਜ਼ਲ ਦੇ ਸ਼ਿਅਰਾਂ ਦੇ ਵਿਸ਼ੇ ਬਣਾਉਂਦਾ ਹੈ। ਬੇਰੀ ਦੀਆਂ ਗ਼ਜ਼ਲਾਂ ਵਿਚ ਅਕਰਸ਼ਨ ਦਾ ਹੋਰ ਵਡੇਰਾ ਕਾਰਨ ਉਨ੍ਹਾਂ ਦਾ ਨਿਵੇਕਲਾ ਭਾਵ ਬੋਧ ਹੈ। ਉਸ ਦੀ ਪਹਿਲੀ ਹੀ ਗ਼ਜ਼ਲ ਦਾ ਮਤਲਾ ਅਜੋਕੇ ਮਨੁੱਖ ਦੀ ਬਾਜ਼ਾਰੂ ਸੋਚ ਨਾਲ ਸਬੰਧਿਤ ਹੈ ਜਿਸ ਕਾਰਨ ਅਸੀਂ ਆਪਣੇ ਰਿਸ਼ਤਿਆਂ ਨਾਲ ਨਾ ਨਿਆਂ ਕਰ ਰਹੇ ਹਾਂ ਤੇ ਨਾ ਹੀ ਵਫ਼ਾ ਪਾਲ ਰਹੇ ਹਾਂ। ਦੂਸਰੀ ਗ਼ਜ਼ਲ ਵਿਚ ਗ਼ਜ਼ਲਕਾਰ ਉਲਟ ਹਵਾ ਦੇ ਦਬਾਅ ਵਿਚ ਵੀ ਆਪਣੀ ਰਵਾਨੀ ਕਾਇਮ ਰੱਖਣ ਦਾ ਅਹਿਦ ਕਰਦਾ ਹੈ। ਗ਼ਜ਼ਲਕਾਰ ਆਦਮੀ ਵਿਚੋਂ ਆਦਮੀਅਤ ਗ਼ੈਰ-ਹਾਜ਼ਰ ਮਹਿਸੂਸ ਕਰਦਾ ਹੈ। ਉਹ ਦੇਖਦਾ ਹੈ ਕਿ ਈਰਖਾ, ਹਉਮੈ ਤੇ ਸੱਖਣਾਪਨ ਹੀ ਮਨੁੱਖ ਦੀ ਪਹਿਚਾਣ ਰਹਿ ਗਏ ਹਨ ਤੇ ਸਾਡਾ ਤਰੱਕੀ ਯਾਫ਼ਤਾ ਹੋਣਾ ਸਰਾਪ ਬਣ ਗਿਆ ਹੈ। ਤਮਾਮ ਗ਼ਜ਼ਲਾਂ ਦੇ ਸ਼ਿਅਰ ਸੁਹਜ ਦੀ ਬਾਰੀਕ ਤੋਂ ਬਾਰੀਕ ਤੰਦ ਨੂੰ ਬੜੇ ਕਲਾਮਈ ਢੰਗ ਨਾਲ ਪਕੜਦੇ ਹਨ ਤੇ ਰੰਗ-ਬਰੰਗੇ ਫੁੱਲਾਂ ਦੀ ਰਲੀ-ਮਿਲੀ ਮਹਿਕ ਵਾਂਗ ਪਾਠਕ ਨੂੰ ਸਰਸ਼ਾਰ ਕਰਦੇ ਹਨ। ਗ਼ਜ਼ਲਕਾਰ ਨੂੰ ਗ਼ਜ਼ਲ ਕਲਾ ਦੀ ਸੋਝੀ ਹੈ ਤੇ ਉਹ ਇਸ ਦੇ ਸ਼ਿਲਪ ਨੂੰ ਸਮਝਦਾ ਹੈ। ਇਹ ਗ਼ਜ਼ਲਾਂ ਸੱਚਮੁਚ ਪ੍ਰਭਾਵਿਤ ਕਰਦੀਆਂ ਹਨ ਪਰ ਇਕ ਅਲੋਚਕ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਵਿਚ ਕਾਫ਼ੀ ਕੁਝ ਅਜਿਹਾ ਹੈ ਜਿਸ ਤੋਂ ਗ਼ਜ਼ਲਕਾਰ ਅਵੇਸਲਾ ਰਿਹਾ ਹੈ। ਕਿਸੇ ਵੀ ਵਿਧਾ ਨੂੰ ਅਪਣਾਉਣ ਸਮੇਂ ਉਸ ਦੇ ਅਨੁਸ਼ਾਸਨ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਤੇ ਬਗ਼ਾਵਤ ਤਾਂ ਉੱਕਾ ਹੀ ਨਹੀਂ। ਰਾਮਿੰਦਰ ਬੇਰੀ ਅਜਿਹਾ ਗ਼ਜ਼ਲਕਾਰ ਹੈ ਜਿਸ ਤੋਂ ਗ਼ਜ਼ਲ ਸਾਹਿਤ ਨੂੰ ਬਹੁਤ ਆਸਾਂ ਹਨ ਤੇ ਉਸ ਦਾ ਇਹ ਗ਼ਜ਼ਲ ਸੰਗ੍ਰਹਿ ਉੱਚਪਾਏ ਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਤਨਜ਼ਾਨੀਆ ਸਫ਼ਾਰੀ
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 93166-84202.

ਚਰਨਜੀਤ ਸਿੰਘ ਪੰਨੂ ਕਹਾਣੀਆਂ ਵੀ ਲਿਖਦਾ ਹੈ ਤੇ ਯਾਤਰਾਵਾਂ ਵੀ ਕਰਦਾ ਹੈ। ਹਾਲ ਹੀ ਵਿਚ ਉਸ ਨੇ ਕੀਨੀਆ ਅਤੇ ਤਨਜ਼ਾਨੀਆ ਦੀਆਂ ਯਾਤਰਾਵਾਂ ਕੀਤੀਆਂ ਹਨ, ਜਿਨ੍ਹਾਂ ਦੇ ਫਲਸਰੂਪ 'ਕੀਨੀਆ ਸਫ਼ਾਰੀ' ਅਤੇ 'ਤਨਜ਼ਾਨੀਆ ਸਫ਼ਾਰੀ' ਜਿਹੇ ਸਫ਼ਰਨਾਮੇ ਹੋਂਦ ਵਿਚ ਆਏ ਹਨ। ਦੋਵੇਂ ਸਫ਼ਰਨਾਮੇ ਇਕ-ਦੂਸਰੇ ਦੇ ਪੂਰਕ ਹਨ। ਇਕ ਬਗੈਰ ਦੂਸਰਾ ਅਧੂਰਾ ਹੈ। ਇਸ ਲਈ ਅਫ਼ਰੀਕੀ ਮਹਾਂਦੀਪ ਨੂੰ ਸਮਝਣ ਲਈ ਦੋਵਾਂ ਸਫ਼ਰਨਾਮਿਆਂ ਦਾ ਪਾਠ ਜ਼ਰੂਰੀ ਹੈ। ਲੇਖਕ ਇਸ ਸਫ਼ਰਨਾਮੇ ਵਿਚ ਕੁਝ ਕੁ ਰਵਾਇਤੀ ਸ਼ੈਲੀ ਦਾ ਇਸਤੇਮਾਲ ਕਰਦਾ ਹੈ। ਜਿਵੇਂ ਉਹ ਮੁੱਢ ਵਿਚ ਤਨਜ਼ਾਨੀਆ ਦੇ ਇਤਿਹਾਸ, ਭੂਗੋਲ, ਆਬਾਦੀ, ਪੈਦਾਵਾਰ ਅਤੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ ਬਾਰੇ ਦੱਸਦਾ ਹੈ। ਉਸ ਦੇਸ਼ ਦੀ ਲੰਬਾਈ, ਚੌੜਾਈ, ਝੀਲਾਂ, ਪਾਠਕਾਂ ਦੇ ਵੇਰਵੇ ਦਿੰਦਾ ਹੈ। ਪ੍ਰਮੁੱਖ ਫ਼ਸਲਾਂ ਅਤੇ ਆਮਦਨੀ ਦੇ ਵਸੀਲਿਆਂ 'ਤੇ ਪੰਛੀ ਝਾਤ ਪਾਉਂਦਾ ਹੈ। ਉਥੋਂ ਦੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੰਦਾ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਤਨਜ਼ਾਨੀਆ ਕਈ ਵਰ੍ਹੇ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜੇ ਰਹਿਣ ਕਾਰਨ ਪਛੜੇ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਡਾਲਰ ਦੀ ਚਮਕ ਨਾਲ ਉਥੋਂ ਦੇ ਵਸਨੀਕਾਂ ਦੀਆਂ ਅੱਖਾਂ ਚਕਾਚੌਂਧ ਹੁੰਦੀਆਂ ਮਹਿਸੂਸ ਹੁੰਦੀਆਂ ਹਨ। ਰੁੱਖ਼ਾਪਣ ਉਨ੍ਹਾਂ ਦੇ ਸੁਭਾਅ ਦੀ ਪ੍ਰਮੁੱਖ ਖਾਸੀਅਤ ਹੈ। ਲੇਖਕ ਦੀ ਕਥਾਕਾਰੀ ਵਾਲੀ ਸ਼ੈਲੀ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਉਹ ਸਫ਼ਾਰੀ ਪਾਠਕਾਂ ਵਿਚ ਉਥੋਂ ਦੇ ਪਸ਼ੂਆਂ ਪੰਛੀਆਂ ਨੂੰ ਕੇਵਲ ਨਿਹਾਰਦਾ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਹਰਕਤਾਂ ਅਤੇ ਆਦਤਾਂ ਦੇ ਗਲਪੀ ਚਿੱਤਰ ਵੀ ਉਸਾਰਦਾ ਹੈ। ਇਸ ਬਿਰਤਾਂਤ ਵੇਲੇ ਉਸ ਦੀ ਕਥਾਕਾਰੀ ਬਹੁਤ ਕੰਮ ਆਉਂਦੀ ਹੈ। ਮੱਝਾਂ/ਮਹਿਆਂ ਅਤੇ ਸ਼ੇਰਾਂ ਦੇ ਮੁਕਾਬਲੇ ਵਾਲੀ ਕਥਾ ਇਸ ਸਾਰੀ ਪੁਸਤਕ ਦਾ ਹਾਸਲ ਹੀ ਹੋ ਨਿਬੜੀ ਹੈ। ਇਕ-ਇਕ ਹਰਕਤ, ਇਕ-ਇਕ ਚਾਲ, ਇਕ-ਇਕ ਚੇਸ਼ਟਾ ਮੁੱਲਵਾਨ ਹੈ। ਇਸ ਬਿਰਤਾਂਤ ਤੋਂ ਜ਼ਾਹਿਰ ਹੈ ਕਿ ਪੰਨੂ ਹੋਰੀਂ ਜਾਨਵਰਾਂ ਦੀ ਸਾਈਕੀ ਦੇ ਕਿੰਨੇ ਚੰਗੇ ਗਿਆਤਾ ਹਨ।

ਫ ਫ ਫ

ਮੀਰਜ਼ਾਦੇ ਦੀ ਬਾਣੀ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175 ਰੁਪਏ, ਸਫ਼ੇ : 59
ਸੰਪਰਕ : 0172-5027427.

ਸਵਰਗੀ ਡਾ: ਗੁਰਚਰਨ ਸਿੰਘ ਔਲਖ ਬਹੁਪੱਖੀ ਸਾਹਿਤਕਾਰ ਸੀ। ਉਮਰ ਦੇ ਪਿਛਲੇ ਪੜਾਓ 'ਤੇ ਉਸ ਨੇ ਹਾਸ-ਵਿਅੰਗ ਲਿਖਣ ਵੱਲ ਮੋੜਾ ਕੱਟਿਆ। ਥੋੜ੍ਹੇ ਸਮੇਂ ਵਿਚ ਹੀ ਉਸ ਨੇ ਕਈ ਵਿਅੰਗ-ਸੰਗ੍ਰਹਿ ਰਚ ਕੇ ਹਾਸ-ਵਿਅੰਗ ਦੀ ਬੋਲੀ ਭਰਪੂਰ ਕਰ ਦਿੱਤੀ। 'ਮੀਰਜ਼ਾਦੇ ਦੀ ਬਾਣੀ' ਉਸ ਦੀ ਮੌਤ ਤੋਂ ਪਿੱਛੋਂ ਛਪਿਆ ਵਿਅੰਗ-ਸੰਗ੍ਰਹਿ ਹੈ, ਜਿਸ ਵਿਚ ਵਿਅੰਗ-ਲੇਖ, ਮਿੰਨੀ ਵਿਅੰਗ ਕਹਾਣੀਆਂ ਆਦਿ ਸ਼ਾਮਿਲ ਹਨ। ਇਸ ਸੰਗ੍ਰਹਿ ਵਿਚ ਕੁੱਲ 16 ਵਿਅੰਗ ਦਰਜ ਕੀਤੇ ਗਏ ਹਨ। ਇਸ ਪੁਸਤਕ ਦੇ ਬਹੁਤੇ ਵਿਅੰਗ ਲੇਖ ਸਾਹਿਤ, ਸਾਹਿਤਕਾਰਾਂ ਅਤੇ ਪ੍ਰਕਾਸ਼ਕਾਂ ਬਾਰੇ ਹਨ। ਲੇਖਕ ਨੂੰ ਕੱਚਘਰੜ ਸਾਹਿਤਕਾਰਾਂ ਨਾਲ ਖਾਸ ਚਿੜ੍ਹ ਹੈ ਜੋ ਆਪਣੀ ਲਿਖਤ ਦੀ ਥਾਂ ਠੱਗੀ-ਠੋਰੀ ਨਾਲ ਅਗਾਂਹ ਵਧਦੇ ਜਾਂਦੇ ਹਨ। ਆਪਣੀ ਜੇਬ ਢਿੱਲੀ ਕਰਕੇ ਇਨਾਮ ਸਨਮਾਨ ਹਾਸਲ ਕਰਦੇ ਹਨ। ਹੋਛੇ ਸਾਹਿਤਕਾਰ ਨਾ ਲੋਕਾਂ ਦਾ ਤੇ ਨਾ ਹੀ ਸਮਾਜ ਦਾ ਕੁਝ ਸੰਵਾਰਦੇ ਹਨ। ਉਹ ਤਾਂ ਬੱਸ ਆਪਣੀ ਹੀ ਤੂਤੀ ਵੱਜਦੀ ਰੱਖਣ ਲਈ ਚਿੰਤਤ ਰਹਿੰਦੇ ਹਨ। ਪ੍ਰਕਾਸ਼ਕਾਂ ਪ੍ਰਤੀ ਉਨ੍ਹਾਂ ਦਾ ਗਿਲਾ ਹੈ ਕਿ ਉਹ ਪੈਸੇ ਲੈ ਕੇ ਲੇਖਕਾਂ ਦੀਆਂ ਕਿਤਾਬਾਂ ਛਾਪਦੇ ਹਨ ਤੇ ਇਸ ਕਾਰਜ ਲਈ ਉਹ ਮਾੜੇ ਤੋਂ ਮਾੜੇ ਸਾਹਿਤ ਨੂੰ ਵੀ ਛਾਪਣ ਲਈ ਤਿਆਰ ਰਹਿੰਦੇ ਹਨ। ਸੰਸਥਾਵਾਂ ਚਾਹੇ ਉਹ ਸਰਕਾਰੀ ਹੋਣ ਜਾਂ ਨਿੱਜੀ, ਸਭ ਸਿਫ਼ਾਰਸ਼ਾਂ ਨਾਲ ਹੀ ਸਨਮਾਨ ਦਿੰਦੀਆਂ ਹਨ। ਲੇਖਕ ਨੂੰ ਦੁੱਖ ਹੈ ਕਿ ਇਸ ਤਰ੍ਹਾਂ ਯੋਗ ਲੇਖਕ ਪਿੱਛੇ ਰਹਿ ਜਾਂਦੇ ਹਨ ਤੇ ਉਨ੍ਹਾਂ ਦੀ ਸਹੀ ਚੋਣ ਨਹੀਂ ਹੋ ਪਾਉਂਦੀ। ਇਸ ਪੁਸਤਕ ਦੇ ਬਹੁਤੇ ਲੇਖ ਜਿਵੇਂ 'ਸਾਡਾ ਪੁਸਤਕ ਪਿਆਰ', 'ਇਕ ਸਨਮਾਨ ਮੀਰਜ਼ਾਦੇ ਨੂੰ', 'ਮੀਂਹ ਵਰ੍ਹਿਆ ਇਨਾਮਾਂ ਦਾ', 'ਸ਼ਰਮ ਤੁਮ ਕੋ ਮਗਰ ਆਤੀ ਨਹੀਂ', 'ਚੌਕੇ ਛੱਕੇ', 'ਸਾਹਿਤ ਦੇ ਪਾਰਖੂ', 'ਲੇਖਕਾਂ ਦੀਆਂ ਵੰਨਗੀਆਂ', 'ਸਾਹਿਤ ਦੇ ਸੇਵਾਦਾਰ' ਆਦਿ ਵਿਚ ਉਨ੍ਹਾਂ ਹੋਛੇ ਲੇਖਕਾਂ, ਤਰਫ਼ਦਾਰੀ ਕਰਨ ਵਾਲੀਆਂ ਸਾਹਿਤਕ ਸੰਸਥਾਵਾਂ, ਆਲੋਚਕਾਂ ਤੇ ਪ੍ਰਕਾਸ਼ਕਾਂ ਨੂੰ ਆੜੇ ਹੱਥੀਂ ਲਿਆ ਹੈ। ਇਸ ਤੋਂ ਇਲਾਵਾ ਸਫ਼ਾਈ ਮੁਹਿੰਮ, ਸਿੱਖਿਆ ਪ੍ਰਣਾਲੀ, ਪੜ੍ਹੇ-ਲਿਖੇ ਲੋਕਾਂ ਦੀ ਜ਼ਹਾਲਤ ਨੂੰ ਵੀ ਆਪਣੇ ਵਿਅੰਗ ਦਾ ਨਿਸ਼ਾਨ ਬਣਾਇਆ ਹੈ।

ਂਕੇ.ਐਲ. ਗਰਗ
ਮੋ: 94635-37050
ਫ ਫ ਫ

ਚਿੜੀ ਚੁਹਕੀ ਪਹੁ ਫੁਟੀ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 136
ਸੰਪਰਕ : 099873-08283.

ਬਾਈ ਵੱਡੀਆਂ-ਛੋਟੀਆਂ ਰਚਨਾਵਾਂ, ਜਿਨ੍ਹਾਂ ਨੂੰ ਲੇਖਕ ਨੇ ਕਹਾਣੀਆਂ ਕਿਹਾ ਹੈ, ਦਾ ਸੰਗ੍ਰਹਿ ਹੈ। ਭਾਵੇਂ ਵਰਤਮਾਨ ਕਹਾਣੀ ਤਕਨੀਕ ਤੋਂ ਕੁਝ ਹਟ ਕੇ ਮੁੱਖ ਤੌਰ 'ਤੇ ਇਹ ਲੇਖਕ ਦੇ ਜੀਵਨ ਤਜਰਬਿਆਂ ਨਾਲ ਜੁੜੀਆ ਯਾਦਾਂ ਹਨ। ਇਨ੍ਹਾਂ ਵਿਚ ਲੇਖਕ ਤੇ ਉਸ ਦੇ ਨਿਕਟਵਰਤੀਆਂ ਦਾ ਜ਼ਿਕਰ ਹੈ। ਪਰ ਸਭ ਕੁਝ ਵਿਸਥਾਰਮਈ ਸ਼ੈਲੀ ਵਿਚ ਕਥਾ ਰਸ ਵਾਲਾ ਹੈ। ਰਚਨਾ, ਦੁਖਾਂਤ ਲਵ ਮੈਰਿਜ ਵਿਚ ਵੱਖ-ਵੱਖ ਧਰਮਾਂ ਦਾ ਪੜ੍ਹਿਆ-ਲਿਖਿਆ ਜੋੜਾ ਕਈ ਦੁਖਾਂਤਕ ਘਟਨਾਵਾਂ ਵਿਚੋਂ ਲੰਘਦਾ ਹੈ। ਮੁੰਡਾ ਨਿੱਜੀ ਕੰਪਨੀ ਵਿਚ ਨੌਕਰੀ 'ਤੇ ਹੈ ਤੇ ਕੁੜੀ ਕਾਲਜ ਲੈਕਚਰਾਰ ਹੈ। ਪਰ ਉਸ ਦੇ ਮਾਪੇ ਇਸ ਵਿਆਹ ਦਾ ਸਖ਼ਤ ਵਿਰੋਧ ਕਰਦੇ ਹਨ। ਰਚਨਾ ਲੰਮੀ ਹੈ ਤੇ ਲੇਖਕ ਨੇ ਸਟਾਰ ਲਾ ਕੇ ਨਾਵਲੈਟ ਵਾਂਗ ਇਸ ਦਾ ਨਿਭਾਅ ਕੀਤਾ ਹੈ। ਮੇਰਾ 75ਵਾਂ ਜਨਮ ਦਿਨ ਵਿਚ ਲੇਖਕ ਦੇ ਆਪਣੇ ਕੁਝ ਨੇਤਰਹੀਣ ਵਿਦਿਆਰਥੀ ਘਰ ਆ ਕੇ ਸ਼ੁੱਭ-ਕਾਮਨਾਵਾਂ ਦਿੰਦੇ ਹਨ। ਰਚਨਾ ਨੇਤਰਹੀਣਤਾ ਦੇ ਪ੍ਰਸੰਗ ਵਿਚ ਸਾਧਾਰਣ ਤੋਂ ਦਾਰਸ਼ਨਿਕ ਬਣਦੀ ਹੈ। ਐਨੀਕਾ ਦੇ ਰੰਗ ਵਿਚ ਵੱਖ-ਵੱਖ ਰੰਗਾਂ ਦੀ ਮਹੱਤਤਾ ਦਾ ਸਿੱਧਾ ਸਪਾਟ ਜ਼ਿਕਰ ਹੈ। ਰਾਜਾ ਸ਼ਮਸ਼ੇਰ ਸਿੰਘ ਦਾ ਪਾਤਰ ਧਾਰਮਿਕ ਸੰਸਥਾ ਦਾ ਪ੍ਰਧਾਨ ਹੈ ਪਰ ਉਸ ਦਾ ਕਿਰਦਾਰ ਪੂਰੀ ਤਰਾ ਅਨੈਤਿਕ ਹੈ। ਪੁੱਤਰ ਦਾ ਵਿਆਹ ਆਪਣੀ ਕਾਮ ਇੱਛਾ ਪੂਰੀ ਕਰਨ ਲਈ ਕਰਦਾ ਹੈ। ਇਸ ਤੋਂ ਵੀ ਅੱਗੇ ਪੋਤ ਨੂੰਹ ਤਕ ਚਲਾ ਜਾਂਦਾ ਹੈ। ਰਚਨਾ ਵਿਚ ਔਰਤ-ਮਰਦ ਸਬੰਧਾਂ ਨੂੰ ਚਿਟਕਾਰੇ ਲਾ ਕੇ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਰਚਨਾ ਹਲਕੇ ਪੱਧਰ ਦੀ ਬਣ ਗਈ ਹੈ। ਜੱਦੀ ਜਾਇਦਾਦ ਵਿਚ ਬਾਪ-ਦਾਦੇ ਦੀਆਂ ਬਜ਼ੁਰਗੀ ਵੇਲੇ ਦੀਆਂ ਸੋਟੀਆਂ ਨਾਲ ਪਰਿਵਾਰ ਦੇ ਮੋਹ ਪਿਆਰ ਦੀ ਗੱਲ ਹੈ। ਵੱਡਿਆਂ ਦੀ ਇਹ ਜਾਇਦਾਦ ਪਰਿਵਾਰ ਲਈ ਪ੍ਰੇਰਨਾ ਸਰੋਤ ਹੈ। ਟੀ.ਏ.; ਡੀ. ਏ. ਵਿਚ ਪ੍ਰਸਿੱਧ ਸਾਹਿਤਕਾਰ ਦਾ ਪਟਿਆਲੇ ਤੋਂ ਮੁੰਬਈ ਜਾ ਕੇ ਸਾਹਿਤਕ ਕਾਨਫ਼ਰੰਸ ਵਿਚ ਜਾਣ ਤੇ ਉਸ ਨੂੰ ਖਰਚਾ ਪਾਣੀ ਲਈ ਰਾਸ਼ੀ ਦੇਣ ਦੀ ਯਾਦ ਹੈ। ਇਕ ਰਚਨਾ ਵਿਚ ਆਪਣੇ ਨੌਂ ਗੁਆਂਢੀਆ ਦੇ ਕੰਮਕਾਰ ਤੋਂ ਲੈ ਕੇ ਹੋਰ ਗਤੀਵਿਧੀਆਂ ਦਾ ਪੂਰਾ ਜ਼ਿਕਰ ਹੈ। ਰਚਨਾ ਸਾਧਾਰਨ ਹੈ। ਰਿਕਸ਼ਾ ਵਾਲਾ ਦਾ ਪਾਤਰ ਮੰਗਲੂ, ਮਾਲਾ ਦੇ ਮਣਕੇ ਦੇ ਧੋਖੇਬਾਜ਼ ਪਾਤਰ ਯਾਦਗਾਰੀ ਹਨ। ਮੈਂ ਕਿਉਂ ਲਿਖਦਾ ਹਾਂ ਵਿਚ ਲੇਖਕ ਨੇ ਆਪਣੀ ਸਾਹਿਤਕ ਸਿਰਜਣਾ ਬਾਰੇ ਲਿਖਿਆ ਹੈ। ਕੁੱਲ ਮਿਲਾ ਕੇ ਰੂਪਕ ਕਮਜ਼ੋਰੀਆਂ ਦੇ ਬਾਵਜੂਦ ਕਥਾ ਦ੍ਰਿਸ਼ਟੀ ਤੋਂ ਰਚਨਾਵਾਂ ਰੌਚਿਕ ਹਨ।

ਫ ਫ ਫ

ਸਮਾਜਿਕ ਅਤੇ ਮਾਨਸਿਕ ਦਵੰਦ ਦਾ ਪ੍ਰਤੱਖਣ
(ਪ੍ਰੀਤਮਾ ਦੁਮੇਲ ਦੀ ਪੁਸਤਕ ਵੇਲਿਆਂ ਦੇ ਵਹਿਣ ਦੇ ਸੰਦਰਭ ਵਿਚ)

ਸੰਪਾਦਕ : ਡਾ: ਬਲਵਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94178-88910.

ਚਰਚਿਤ ਪੰਜਾਬੀ ਕਹਾਣੀਕਾਰਾ ਪ੍ਰੀਤਮਾ ਦੁਮੇਲ ਦੀ ਕਹਾਣੀਆਂ ਦੀ ਪੁਸਤਕ ਵੇਲਿਆਂ ਦੇ ਵਹਿਣ ਦੀਆਂ ਪੰਦਰਾਂ ਕਹਾਣੀਆਂ ਦੇ ਵਿਭਿੰਨ ਵਿਸ਼ਿਆਂ 'ਤੇ ਚਰਚਾ ਕਰਦੀ ਇਸ ਪੁਸਤਕ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਸੰਪਾਦਕ ਸਮੇਤ ਸਾਰੇ ਅਠਾਰਾਂ ਨਾਰੀ ਆਲੋਚਕਾਂ ਦੇ ਖੋਜ ਪਤਰ ਹਨ। ਇਨ੍ਹਾਂ ਲੇਖਾਂ ਵਿਚ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦੇ ਸਮਾਜਿਕ ਪੱਖ ਬਾਰੇ ਡਾ: ਬਲਵਿੰਦਰ ਕੌਰ, ਡਾ: ਗੁਰਪ੍ਰੀਤ ਕੌਰ, ਡਾ: ਮਨਦੀਪ ਕੌਰ ਢੀਂਡਸਾ, ਪ੍ਰੋ: ਬਲਜੀਤ ਕੌਰ, ਪ੍ਰੋ: ਪੁਨੀਤ, ਡਾ: ਤਰਨਜੀਤ ਕੌਰ ਦੇ ਸਾਰਥਿਕ ਵਿਚਾਰ ਹਨ। ਚਰਚਾ ਅਧੀਨ ਕਹਾਣੀਆਂ ਵਿਚ ਸਮਿਆਂ ਦੇ ਸੌਦਾਗਰ, ਸਿਰਲੇਖ ਵਾਲੀ ਕਹਾਣੀ ਵੇਲਿਆਂ ਦੇ ਵਹਿਣ, ਫ਼ੈਸਲੇ ਮਨ ਦੇ ਬੀਤਣ ਤਨ ਤੇ, ਰੂਹ ਦਾ ਰਸ, ਉੱਚੇ ਲੋਕ, ਸੱਚ ਹੋਏ ਸੁਪਨੇ, ਉਡੀਕਾਂ, ਮੁਸਾਫਰ, ਅਗਲਾ ਸੱਚ ਬਾਰੇ ਆਲੋਚਕਾਂ ਨੇ ਡੂੰਘੀ ਝਾਤ ਪਾਈ ਹੈ। ਕਹਾਣੀਆਂ ਦੇ ਵੱਖ-ਵੱਖ ਪਾਤਰਾਂ ਦੇ ਸਮਾਜਿਕ ਵਿਵਹਾਰ ਦਾ ਜ਼ਿਕਰ ਹੈ। ਪ੍ਰੋ: ਪਰਮਜੀਤ ਕੌਰ ਔਲਖ, ਸੁਖਵੀਰ ਕੌਰ, ਡਾ: ਸੁਖਵਿੰਦਰ ਕੌਰ, ਪ੍ਰੋ: ਵੰਦਨਾ ਨੇ ਕਹਾਣੀਆਂ ਦੇ ਨਾਰੀ ਦ੍ਰਿਸ਼ਟੀਕੋਣ ਨੂੰ ਲੈ ਕੇ ਔਰਤ ਪਾਤਰਾਂ ਦੇ ਸਮੁੱਚੇ ਵਤੀਰੇ 'ਤੇ, ਉਨ੍ਹਾਂ ਦੇ ਰਹਿਣ ਸਹਿਣ, ਦਾਜ ਮਸਲੇ, ਅੰਤਰਜਾਤੀ ਤੇ ਬੇਮੇਲ ਵਿਆਹ, ਬੱਚਿਆਂ ਲਈ ਔਰਤ ਦੀ ਕੁਰਬਾਨੀ ਤੇ ਨਾਰੀ ਸੰਵੇਦਨਾ ਬਾਰੇ ਗੰਭੀਰ ਚਰਚਾ ਹੈ । ਕਹਾਣੀਕਾਰਾ ਪ੍ਰੀਤਮਾ ਦੁਮੇਲ ਦੀ ਨਾਰੀ ਮਨੋਵਿਗਿਆਨਕ ਸੂਝ ਤੇ ਨਾਰੀ ਲੇਖਕਾ ਦੇ ਤੌਰ 'ਤੇ ਕਿਸੇ ਵੀ ਨਾਰੀ ਪਾਤਰ ਨੂੰ ਪੇਸ਼ ਕਰਨ ਦੀ ਸੂਝ ਦੀ ਪ੍ਰਸੰਸਾ ਆਲੋਚਕਾਂ ਨੇ ਕੀਤੀ ਹੈ। ਨਾਮਵਰ ਚਿੰਤਕ ਡਾ: ਰਤਨ ਸਿੰਘ ਜੱਗੀ, ਤਾਰਨ ਗੁਜਰਾਲ, ਡਾ: ਰਜਨੀਸ਼ ਬਹਾਦਰ ਸਿੰਘ (ਪ੍ਰਵਚਨ) ਡਾ: ਸਵਿੰਦਰ ਸਿੰਘ ਉਪਲ, ਭਾਈ ਕਾਹਨ ਸਿੰਘ ਨਾਭਾ, ਖੋਜ ਪਤਰਕਾ ਦਾ ਵਿਸ਼ੇਸ਼ ਅੰਕ, ਪ੍ਰੋ: ਵਰਿਆਮ ਸਿੰਘ ਸੰਧੂ, ਡਾ: ਚਰਨਜੀਤ ਕੌਰ, ਜਸਬੀਰ ਜੈਨ ਦੇ ਪੰਜਾਬੀ ਕਹਾਣੀ ਸਬੰਧੀ ਨਿੱਗਰ ਹਵਾਲੇ ਹਨ। ਪ੍ਰੀਤਮਾ ਦੁਮੇਲ ਦੀ ਸਾਹਿਤਕ ਪ੍ਰਤਿਭਾ ਬਾਰੇ ਡਾ: ਸੁਖਵੀਰ ਕੌਰ ਦਾ ਨਿਬੰਧ ਹੈ। ਡਾ: ਤਰਨਜੀਤ ਕੌਰ ਨੇ ਕਹਾਣੀਆਂ ਦਾ ਸਮਾਜਿਕ ਵਿਸ਼ਲੇਸ਼ਣ ਕੀਤਾ ਹੈ ਤੇ ਅਜੋਕੀ ਨਾਰੀ ਨੂੰ ਪੜ੍ਹ ਲਿਖ ਕੇ ਆਰਥਿਕ ਸਵੈ-ਨਿਰਭਰਤਾ ਦਾ ਸੁਝਾਅ ਦਿੱਤਾ ਹੈ ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
ਫ ਫ ਫ

23-06-2018

 ਮਜ਼ਲੂਮਾਂ ਦੀਆਂ ਹੂਕਾਂ
ਲੇਖਕ : ਨਿਰਮਲ ਸਿੰਘ ਜੌਹਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 94630-88272.

ਨਿਰਮਲ ਸਿੰਘ ਜੌਹਲ ਭਾਵੇਂ ਇੰਗਲੈਂਡ ਵਿਚ ਵਸਦਾ ਹੈ ਪਰ ਉਸ ਦਾ ਦਿਲ ਮਾਂ-ਬੋਲੀ ਪੰਜਾਬੀ ਅਤੇ ਆਪਣੇ ਪੰਜਾਬ ਦੀ ਮਿੱਟੀ ਲਈ ਸਹਿਕਦਾ ਹੈ। 'ਗੀਤ' ਪੰਜਾਬੀ ਕਾਵਿ-ਵਲਵਲਿਆਂ ਦੀ ਪੇਸ਼ਕਾਰੀ ਬਾਖੂਬੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਮਾਣਦਿਆਂ ਉਤਸ਼ਾਹਿਤ ਹੋ ਕੇ ਹਰ ਪ੍ਰਕਾਰ ਦੀ ਕੁਰਬਾਨੀ ਲਈ ਤਤਪਰ ਹੋ ਜਾਂਦੇ ਹਨ। ਇਹ ਵੇਗਮਈ ਅਤੇ ਉਤਸ਼ਾਹਵਰਧਕ ਕਾਵਿ-ਵਿਧਾ ਹੋਣ ਕਰਕੇ ਮਨੁੱਖੀ ਦਿਲ 'ਚ ਧੂਹ ਪਾਉਂਦੀ ਕੁਝ ਕਰਨ ਦੀ ਪ੍ਰੇਰਨਾ ਦਿੰਦੀ ਹੈ। ਆਪਣੀ ਮਿੱਟੀ ਨਾਲ ਮੋਹ ਕਰਦੇ ਵਿਅਕਤੀ ਲਈ ਰਚਨਾਕਾਰੀ ਉਸ ਲਈ ਵੱਡਾ ਆਸਰਾ ਜਾਂ ਢੋਈ ਬਣਦੀ ਹੈ। ਸੰਵੇਦਨਸ਼ੀਲ ਵਿਅਕਤੀ ਆਪਣੇ ਦਿਲ 'ਚ ਮਚਲਦੇ ਅਹਿਸਾਸਾਂ ਦਾ ਪ੍ਰਗਟਾਅ ਗੀਤਾਂ ਰਾਹੀਂ ਸਹਿਜੇ ਹੀ ਕਰ ਸਕਦਾ ਹੈ, ਇਸ ਲਈ 'ਜੌਹਲ' ਗੀਤਕਾਰੀ ਵਿਧਾ ਨੂੰ ਅਪਣਾਇਆ ਹੈ। ਨਿਰਮਲ ਸਿੰਘ ਦੇ 44 ਗੀਤਾਂ 'ਚੋਂ ਵਧੇਰੇ ਗੀਤ ਮੋਹ-ਮੁਹੱਬਤ ਦੇ ਸੂਖ਼ਮ ਅਹਿਸਾਸਾਂ ਨਾਲ ਜੁੜੇ ਹੋਏ ਹਨ, ਪਰ ਇਸ ਦਾ ਇਹ ਭਾਵ ਵੀ ਨਹੀਂ ਕਿ ਉਸ ਨੂੰ ਪੰਜਾਬ, ਖ਼ਾਸ ਕਰ ਦੋਆਬੇ ਦੀ ਸੋਹਣੀ ਧਰਤੀ ਨਾਲ ਮੁਹੱਬਤ ਨਹੀਂ ਹੈ। ਉਹ ਪੰਜਾਬ 'ਚ ਵਾਪਰਦੇ ਵਰਤਾਰਿਆਂ ਪ੍ਰਤੀ ਬਾਖ਼ਬਰ ਹੈ। ਉਸ ਨੂੰ ਦੁੱਖ ਹੈ ਕਿ ਉਸ ਦੇ ਸੋਹਣੇ ਵਤਨ 'ਤੇ ਨਸ਼ਾਖੋਰੀ, ਕਾਣੀ-ਵੰਡ, ਨਫ਼ਰਤ ਆਦਿ ਅਲਾਮਤਾਂ ਭਾਰੂ ਹੋ ਗਈਆਂ ਹਨ :
ਘੁੱਗ ਵਸਦੇ ਪੰਜਾਬ ਦੀ
ਮਸਤੀ ਹੋ ਗਈ ਲੀਰਾਂ ਲੀਰਾਂ,
ਜਿੱਦਾਂ ਕਿਸੇ ਫ਼ਕੀਰ ਦੇ
ਮੋਢੇ ਚਾਦਰ ਅਧੋਰਾਣੀ।
ਨਿਰਮਲ ਸਿੰਘ ਜੌਹਲ ਦੇ ਗੀਤਾਂ 'ਚ ਸੰਗੀਤ-ਗੁੱਧਾ ਹੋਣ ਕਰਕੇ ਇਹ ਸਹਿਜੇ ਹੀ ਗਾਏ ਜਾ ਸਕਦੇ ਹਨ। ਉਸ ਦੇ ਗੀਤ ਜ਼ਿੰਦਗੀ ਦੀਆਂ ਠੋਸ ਹਕੀਕਤਾਂ ਨਾਲ ਜੂਝਦੇ ਮਨੁੱਖ ਲਈ ਪਿਆਰ ਦਾ ਸ਼ਿੱਦਤੀ ਅਹਿਸਾਸ ਘਣੇ ਰੁੱਖ ਦੀ ਛਾਂ ਵਰਗਾ ਹੈ, ਨਿਰਮਲ ਕਲਾ ਦੀ ਇਸ ਕਰਤਾਰੀ ਭੂਮਿਕਾ ਨੂੰ ਬਾਖੂਬੀ ਸਮਝਦਾ ਹੈ। ਉਸ ਦਾ ਗੀਤਾਂ ਦਾ ਇਕ ਪੱਖ ਇਹ ਵੀ ਹੈ ਕਿ ਵਿਸ਼ਵ ਦੀ ਜੁਝਾਰੂ ਪ੍ਰਵਿਰਤੀ ਦਾ ਅਸਰ ਸਾਡੇ ਲੋਕ ਨਾਇਕਾਂ ਉੱਪਰ ਵੀ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਮਜ਼ਦੂਰ ਦੀ ਹੋਣੀ ਤੋਂ ਜਾਣੂ ਹੋਣ ਕਰਕੇ ਬਿਹਤਰ ਜ਼ਿੰਦਗੀ ਲਈ ਸੰਘਰਸ਼ ਦਾ ਰਾਹ ਅਪਣਾ ਰਹੇ ਹਨ। ਉਹ 'ਗੀਤ- ਦੀ ਅਜ਼ਮਤ ਭਲੀ-ਭਾਂਤ ਸਮਝਦਾ ਹੈ। ਇਸ ਗੀਤ-ਸੰਗ੍ਰਹਿ ਨੂੰ ਜੀ ਆਇਆਂ ਕਹਿਣਾ ਬਣਦਾ ਹੈ ਤਾਂ ਜੋ ਪ੍ਰਦੂਸ਼ਿਤ ਸੱਭਿਆਚਾਰਕ, ਵਾਤਾਵਰਨ ਬਦਲਿਆ ਜਾ ਸਕੇ।

-ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਤੁਸੀਂ ਵੀ ਚੱਲੋ ਮੇਰੇ ਨਾਲ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 081307-82551.

ਮਨਮੋਹਨ ਬਾਵਾ ਘੁਮੱਕੜ ਬਿਰਤੀ ਦਾ ਲੇਖਕ ਹੈ। ਉਸ ਦੀਆਂ ਕਈ ਯਾਤਰਾਵਾਂ ਬਹੁਤ ਪਰਾਕ੍ਰਮ ਅਤੇ ਸਾਹਸ ਦੀ ਮੰਗ ਕਰਦੀਆਂ ਸਨ। ਇਸ ਸਫ਼ਰਨਾਮੇ ਵਿਚ ਲੇਖਕ ਨੇ ਸਿੱਕਮ, ਆਸਾਮ, ਸ਼ਿਲੌਂਗ, ਭੂਟਾਨ, ਸ੍ਰੀਲੰਕਾ ਅਤੇ ਅੰਡੇਮਾਨ ਦੀਪ-ਸਮੂਹ ਦੀਆਂ ਯਾਤਰਾਵਾਂ ਦੇ ਸਮਾਚਾਰ ਬਿਆਨ ਕੀਤੇ ਹਨ। ਪੁਸਤਕ ਦੀ ਭੂਮਿਕਾ ਵਿਚ ਸ: ਬਾਵਾ ਨੇ ਵਿਸ਼ਵ ਦੇ ਕੁਝ ਪ੍ਰਸਿੱਧ ਮੁਸਾਫ਼ਿਰਾਂ ਅਤੇ ਉਨ੍ਹਾਂ ਦੁਆਰਾ ਲਿਖੇ-ਲਿਖਵਾਏ ਸਫ਼ਰਨਾਮਿਆਂ ਬਾਰੇ ਕਾਫੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ। ਉਸ ਅਨੁਸਾਰ ਇਬਨ ਬਤੂਤਾ, ਫਾਹੀਯਾਨ, ਹਯੂਨ ਸਾਂਗ, ਕੋਲੰਬਸ, ਵਾਸਕੋ-ਡੀ-ਗਾਮਾ, ਰਾਹੁਲ ਸੰਕਰਾਤਾਇਨ, ਅਗੇਯ, ਰਾਬਿੰਦਰ ਨਾਥ ਟੈਗੋਰ, ਲਾਲ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ ਅਤੇ ਬਿਦੁਯਤ ਸਰਕਾਰ ਆਦਿ ਦੇ ਨਾਂਅ ਪ੍ਰਸਿੱਧ ਯਾਤਰੀਆਂ ਅਤੇ ਸਫ਼ਰਨਾਮਾ ਲੇਖਕਾਂ ਵਿਚ ਗਿਣੇ ਜਾ ਸਕਦੇ ਹਨ। ਲੇਖਕ ਨੇ ਸਿੱਕਮ ਦੀ ਯਾਤਰਾ 1984 ਦੇ ਅਕਤੂਬਰ ਮਹੀਨੇ ਵਿਚ ਕੀਤੀ ਸੀ। ਇਥੇ ਉਨ੍ਹਾਂ ਨੇ ਵਿਸ਼ਵ ਦੀ ਦੂਜੀ ਸਭ ਤੋਂ ਉੱਚੀ ਪਹਾੜੀ ਚੋਟੀ ਕੰਚਨਜੰਗਾ ਨੂੰ ਵੇਖਿਆ। ਸਿੱਕਮ ਦੀ ਰਾਜਧਾਨੀ 'ਗੰਗਟੋਕ' ਦੇ ਸਮਾਜਿਕ-ਸੱਭਿਆਚਾਰਕ ਜੀਵਨ ਦੀਆਂ ਝਲਕੀਆਂ ਨੂੰ ਮਾਣਿਆ। ਸਿੱਕਮ ਵਿਚ ਉਸ ਦੀ ਮੁਲਾਕਾਤ ਤੈਨਸਿੰਗ ਨੋਰਗੇ (ਐਵਰੈਸਟ ਦੀ ਚੋਟੀ ਤੇ ਚੜ੍ਹਨ ਵਾਲਾ ਪਹਿਲਾ ਪਰਬਤਾਰੋਹੀ) ਨਾਲ ਹੋਈ। ਲੇਖਕ ਦੱਸਦਾ ਹੈ ਕਿ ਐਵਰੈਸਟ ਉੱਪਰ ਚੜ੍ਹਨ ਵਾਲੇ ਵਿਅਕਤੀਆਂ ਵਿਚੋਂ ਬਹੁਤ ਸਾਰੇ ਪੰਜਾਬੀ ਸਨ ਜਿਵੇਂ : ਮੋਹਨ ਕੋਹਲੀ, ਅਵਤਾਰ ਸਿੰਘ ਚੀਮਾ, ਮੁਲਕ ਰਾਜ ਆਦਿ। ਮਨਮੋਹਨ ਬਾਵਾ ਦੂਜੀ ਵਾਰ 2015 ਵਿਚ ਸਿੱਕਮ ਗਿਆ ਅਤੇ ਇਸ ਵਾਰ ਉਸ ਨੇ ਉਹ ਸਾਰੇ ਸਥਾਨ ਵੇਖੇ ਜਿਥੇ ਸਤਿਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਗਏ ਸਨ। ਉਸ ਨੇ ਆਸਾਮ ਦੇ ਕਾਮਾਖਿਆ ਅਤੇ ਕਾਮਦੇਵ ਦੇ ਮੰਦਰਾਂ ਦੀ ਯਾਤਰਾ ਵੀ ਕੀਤੀ।
ਲੇਖਕ 'ਭੂਟਾਨ' ਨੂੰ 'ਸੁਖੀ ਲੋਕਾਂ ਦਾ ਦੇਸ਼' ਕਹਿੰਦਾ ਹੈ। ਸ੍ਰੀਲੰਕਾ ਜਾਣ ਉਪਰੰਤ ਉਹ ਕੋਲੰਬੋ ਦੇ ਇਕ ਹੋਟਲ ਵਿਚ ਠਹਿਰਿਆ। ਇਥੇ ਟੈਕਸੀ ਚਲਾਉਣ ਦਾ ਕੰਮ ਮਰਦ-ਔਰਤਾਂ ਦੋਵੇਂ ਕਰਦੇ ਹਨ। ਲੇਖਕ ਨੂੰ ਕੋਲੰਬੋ ਅਤੇ ਇਸ ਦੇ ਆਸ-ਪਾਸ ਦੀ ਸੈਰ 'ਬੁੱਧਿਕਾ' ਨਾਂਅ ਦੀ ਇਕ ਮੁਟਿਆਰ ਨੇ ਕਰਵਾਈ। ਉਹ ਦੱਸਦਾ ਹੈ ਕਿ ਸ੍ਰੀਲੰਕਾ ਵਿਚ ਮੀਂਹ ਬਹੁਤ ਪੈਂਦਾ ਹੈ, ਇਸ ਕਾਰਨ ਮਕਾਨਾਂ ਦੀਆਂ ਛੱਤਾਂ ਢਾਲਵੀਆਂ ਹੁੰਦੀਆਂ ਹਨ। ਉਹ 'ਅਨੁਰਾਧਾਪੁਰਾ' ਵੀ ਗਿਆ, ਜੋ ਸ੍ਰੀਲੰਕਾ ਦੀ ਪ੍ਰਾਚੀਨ ਰਾਜਧਾਨੀ ਹੁੰਦੀ ਸੀ। ਅਸ਼ੋਕ ਦੀ ਬੇਟੀ 'ਸੰਘਮਿਤਰਾ' ਨੇ ਇਥੇ ਇਕ ਬੋਧ-ਬਿਰਖ ਲਾਇਆ ਸੀ। ਉਸ ਸਥਾਨ ਦੀ ਯਾਤਰਾ ਵੀ ਕੀਤੀ। ਅੰਡੇਮਾਨ ਦੀਪ-ਸਮੂਹ ਦੀ ਯਾਤਰਾ ਸਮੇਂ ਉਸ ਦੀ ਪਤਨੀ ਸ੍ਰੀਮਤੀ ਸੁਨੰਦੀ ਬਾਵਾ ਵੀ ਉਸ ਦੇ ਨਾਲ ਸੀ। ਲੇਖਕ ਨਾਵਾਂ-ਥਾਵਾਂ ਅਤੇ ਸੰਨ-ਸੰਮਤਾਂ ਦੇ ਵੇਰਵੇ ਦੇਣ ਸਮੇਂ ਬਹੁਤ ਇਹਤਿਆਤ ਵਰਤਦਾ ਹੈ। ਇਸ ਕਾਰਨ ਇਸ ਸਫ਼ਰਨਾਮੇ ਦਾ ਸੱਭਿਆਚਾਰਕ, ਸਮਾਜਿਕ, ਇਤਿਹਾਸਕ ਅਤੇ ਰਾਜਨੀਤਕ ਮਹੱਤਵ ਉਲੇਖਯੋਗ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਰਦਾਰਾ ਸਿੰਘ ਜੌਹਲ ਦੀ ਸਵੈ-ਜੀਵਨੀ ਰੰਗਾਂ ਦੀ ਗਾਗਰ
ਦਾ ਵਿਸ਼ਲੇਸ਼ਣਾਤਮਿਕ ਅਧਿਐਨ
ਲੇਖਿਕਾ : ਡਾ: ਬਲਜੀਤ ਰੰਧਾਵਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104.

ਹਥਲੀ ਪੁਸਤਕ ਬਹੁ-ਪੱਖੀ ਪ੍ਰਤਿਭਾ ਦੇ ਧਾਰਕ ਸਰਦਾਰਾ ਸਿੰਘ ਜੌਹਲ ਦੁਆਰਾ ਰਚਿਤ ਸਵੈ-ਜੀਵਨੀ ਦਾ ਸਰਬ-ਪੱਖੀ ਅਧਿਐਨ ਪੇਸ਼ ਕਰਦੀ ਹੈ। ਪੰਜਾਬੀ ਸਵੈ-ਜੀਵਨੀ ਰਚੇਤਾ ਵਜੋਂ ਸਰਦਾਰਾ ਸਿੰਘ ਜੌਹਲ ਦਾ ਵਿਲੱਖਣ ਸਥਾਨ ਹੈ। ਤੇਰਾਂ ਕਾਂਡਾਂ ਵਿਚ ਵੰਡੀ ਇਹ ਸਵੈ-ਜੀਵਨੀ 1997 ਵਿਚ ਜਦ ਪਾਠਕਾਂ ਦੇ ਹੱਥ ਲੱਗੀ ਤਾਂ ਇਸ ਰਚਨਾਂ ਦਾ ਸ਼ੁਮਾਰ ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਕਰਤਾਰ ਸਿੰਘ ਦੁੱਗਲ ਜਿਹੇ ਲੇਖਕਾਂ ਦੇ ਤੁਲ ਇਸ ਸਵੈ-ਜੀਵਨੀ ਨੂੰ ਸਮਝਿਆ ਜਾਣ ਲੱਗ ਪਿਆ। ਡਾ: ਬਲਜੀਤ ਰੰਧਾਵਾ ਨੇ 'ਰੰਗਾਂ ਦੀ ਗਾਗਰ' ਨੂੰ ਤਹਿ-ਦਰ-ਤਹਿ ਪੜ੍ਹ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪੁਸਤਕ ਦੇ ਪਹਿਲੇ ਦੋ ਕਾਂਡ 'ਸਵੈ-ਜੀਵਨੀ' ਦੇ ਸਿਧਾਂਤਕ ਸਰੂਪ ਨੂੰ ਪੇਸ਼ ਕਰਦੇ ਹੋਏ ਪੰਜਾਬੀ ਸਵੈ-ਜੀਵਨੀ ਦੀ ਪਰੰਪਰਾ ਨੂੰ ਆਧੁਨਿਕ ਕਾਲ-ਖੰਡ ਤੱਕ ਪੇਸ਼ ਕਰਨ ਵਾਲਿਆਂ ਦਾ ਜ਼ਿਕਰ ਉਪਲੱਬਧ ਹੈ। ਡਾ: ਬਲਜੀਤ ਰੰਧਾਵਾ ਨੇ ਇਸ ਤੋਂ ਅਗਾਂਹ 'ਰੰਗਾਂ ਦੀ ਗਾਗਰ' ਦਾ ਵਿਚਾਰਧਾਰਕ ਅਤੇ ਸਰਦਾਰਾ ਸਿੰਘ ਜੌਹਲ ਦੀ ਉਭਰਦੀ ਸ਼ਖ਼ਸੀਅਤ ਨੂੰ ਅਗਲੇ ਦੋ ਕਾਂਡਾਂ ਵਿਚ ਪੇਸ਼ ਕੀਤਾ ਹੈ। ਇਸ ਉਪਰੰਤ ਲੇਖਿਕਾ ਨੇ ਇਸ ਸਵੈ-ਜੀਵਨੀ ਦਾ 'ਸਵੈ-ਜੀਵਨੀ' ਦੇ ਸਿਧਾਂਤਕ ਤੱਤਾਂ ਦੇ ਆਧਾਰ 'ਤੇ ਮੁਲਾਂਕਣ ਪੇਸ਼ ਕੀਤਾ ਹੈ ਅਤੇ ਇਸ ਦਾ ਸ਼ੈਲੀਗਤ ਅਧਿਐਨ ਪਾਠਕਾਂ ਦੇ ਸਨਮੁੱਖ ਕੀਤਾ ਹੈ। ਕਿਉਂ ਜੋ ਸਰਦਾਰਾ ਸਿੰਘ ਜੌਹਲ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਤ ਭਾਸ਼ਾ ਦਾ ਸਦਾ ਹੀ ਮੁੱਦਈ ਰਿਹਾ ਹੈ, ਉਹ ਪੰਜਾਬੀ ਕਿਸਾਨ, ਪੰਜਾਬੀ ਮਜ਼ਦੂਰ ਅਤੇ ਹੋਰ ਵਰਗਾਂ ਦੇ ਲੋਕਾਂ ਦੀ ਜੀਵਨ ਢੰਗ ਤੋਂ ਬਾਖੂਬੀ ਜਾਣੂ ਰਹਿ ਕੇ ਉਨ੍ਹਾਂ ਦੀ ਪ੍ਰਤੀਨਿਧਤਾ ਵੀ ਕਰਦਾ ਰਿਹਾ ਹੈ। ਇਨ੍ਹਾਂ ਸਭਨਾਂ ਪੱਖਾਂ ਨੂੰ ਵੀ ਪਛਾਣਨ ਦਾ ਜ਼ਿਕਰ ਇਸ ਪੁਸਤਕ ਵਿਚ ਹੈ ਅਤੇ ਨਾਲ ਦੀ ਨਾਲ 'ਰੰਗਾਂ ਦੀ ਗਾਗਰ' ਨੂੰ ਅਜੋਕੇ ਪੰਜਾਬੀ ਸੱਭਿਆਚਾਰਕ ਪਰਿਪੇਖ ਵਿਚ ਵੀ ਪਛਾਣ ਕੇ ਦਰਸਾਇਆ ਗਿਆ ਹੈ। ਸਰਦਾਰਾ ਸਿੰਘ ਜੌਹਲ ਦੀ ਇਹ ਸਵੈ-ਜੀਵਨੀ ਉਸ ਦੇ ਜਨਮ ਦੀ ਧਰਾਤਲ-ਭੂਮੀ ਤੋਂ ਲੈ ਕੇ ਉਸ ਦੇ ਚੌਥੀ ਪੀੜ੍ਹੀ ਤਕ ਦੇ ਜੋ ਅਨੁਭਵ, ਪ੍ਰਗਟਾਵੇ, ਵਰਤੋਂ ਵਿਹਾਰ, ਸਮਾਜਿਕ, ਰਾਜਨੀਤਕ, ਪ੍ਰਬੰਧਕੀ ਸਿਸਟਮ ਅਤੇ ਵਿਸ਼ੇਸ਼ ਕਰਕੇ ਆਰਥਿਕ ਸੰਦਰਭਾਂ ਨਾਲ ਜੁੜੀ ਪੰਜਾਬੀ ਕੌਮ ਦੇ ਦੁਖਦ-ਸੁਖਦ ਪ੍ਰਸੰਗਾਂ ਨੂੰ ਪੇਸ਼ ਕਰਨ ਦੀਆਂ ਜੁਗਤਾਂ ਨੂੰ ਵੀ ਇਸ ਲੇਖਿਕਾ ਨੇ ਸਮਝਣ ਦੀ ਕੋਸ਼ਿਸ਼ ਕੀਤੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

 


ਨਾਰੀ ਮਨ ਦੀ ਹੂਕ
(ਪ੍ਰੀਤਮਾ ਦੋਮੇਲ ਦੇ ਕਹਾਣੀ-ਸੰਗ੍ਰਹਿ 'ਪਹਿਰੇ ਦਰ ਪਹਿਰੇ' ਦੇ ਸੰਦਰਭ ਵਿਚ)
ਲੇਖਕ : ਸੰਪਾ: ਪ੍ਰੋ: ਦਲਬੀਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95925-66917.

'ਨਾਰੀ ਮਨ ਦੀ ਹੂਕ' ਪ੍ਰੋ: ਦਲਬੀਰ ਕੌਰ ਦੀ ਸੰਪਾਦਤ ਪੁਸਤਕ ਹੈ, ਜਿਸ ਵਿਚ ਉਸ ਨੇ 19 ਲੇਖ ਸ਼ਾਮਿਲ ਕੀਤੇ ਹਨ। ਇਸ ਆਲੋਚਨਾਤਮਕ ਪੁਸਤਕ ਵਿਚ ਪ੍ਰੀਤਮਾ ਦੋਮੇਲ ਦੇ ਕਹਾਣੀ-ਸੰਗ੍ਰਹਿ 'ਪਹਿਰੇ ਦਰ ਪਹਿਰੇ' ਬਾਰੇ ਚਰਚਾ ਕੀਤੀ ਗਈ ਹੈ ਕਿ ਉਸ ਦੀਆਂ ਸਾਰੀਆਂ ਕਹਾਣੀਆਂ ਹੀ ਜ਼ਿੰਦਗੀ ਦੇ ਯਥਾਰਥ ਨਾਲ ਜੁੜੀਆਂ ਹੋਈਆਂ ਹਨ। ਦੋਮੇਲ ਦੀਆਂ ਕਹਾਣੀਆਂ ਸਮਾਜ ਵਿਚ ਜੋ ਇਸਤਰੀ ਦੀ ਸਥਿਤੀ ਤਣਾਅਪੂਰਣ ਤੇ ਬਦਤਰ ਹੁੰਦੀ ਹੈ, ਉਸ ਬਾਰੇ ਹਨ ਕਿ ਕਿਵੇਂ ਇਕ ਔਰਤ ਸਾਰੀ ਉਮਰ ਕਿਸੇ ਨਾ ਕਿਸੇ ਰੂਪ ਵਿਚ ਮਰਦ ਦੀ ਗੁਲਾਮ ਰਹਿ ਕੇ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ। ਇਹ ਹੀ ਅਸਲ ਨਾਰੀ ਮਨ ਦੀ ਹੂਕ ਹੈ ਅਤੇ ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਲੇਖਾਂ ਵਿਚ ਦੱਸਿਆ ਹੈ।
ਪਰ ਕਹਾਣੀਕਾਰਾ ਬੇਸ਼ੱਕ ਕਈ ਮਰਦਾਂ ਦੇ ਚੰਗੇ ਗੁਣਾਂ ਨੂੰ ਵੀ ਸਾਡੇ ਸਾਹਮਣੇ ਲਿਆਉਂਦੀ ਹੈ ਪਰ ਮਰਦ ਪ੍ਰਧਾਨ ਸਮਾਜ ਵਿਚ ਮਰਦ ਦੇ ਕੋਝੇ ਪੱਖ ਵੀ ਕੁਝ ਭਾਰੂ ਹੁੰਦੇ ਹਨ। ਜਿਵੇਂ ਕਿ ਡਾ: ਮਨਦੀਪ ਕੌਰ ਢੀਂਡਸਾ, ਗੁਰਪ੍ਰੀਤ ਕੌਰ, ਡਾ: ਸਰਬਜੀਤ ਕੌਰ ਨੇ ਆਪਣੇ ਪਾਠਾਂ ਵਿਚ ਔਰਤ ਚੇਤਨਾ ਦੀ ਗੱਲ ਕੀਤੀ ਹੈ ਕਿ ਔਰਤ ਚੇਤਨ ਹੋ ਕੇ ਹੀ ਆਪਣਾ ਅੱਗਾ ਸੁਆਰ ਸਕਦੀ ਹੈ। ਇਸੇ ਤਰ੍ਹਾਂ ਪ੍ਰੋ: ਸੁਖਜਿੰਦਰ ਕੌਰ ਅਤੇ ਪ੍ਰੋ: ਪਰਮਜੀਤ ਕੌਰ ਔਲਖ ਨੇ ਇਸ ਕਹਾਣੀ-ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਸਮਾਜ ਸ਼ਾਸਤਰੀ ਪਰਿਪੇਖ ਦਾ ਅਧਿਐਨ ਕੀਤਾ ਹੈ। ਡਾ: ਸਰੋਜ ਰਾਣੀ ਸ਼ਰਮਾ ਨੇ ਭਾਵਨਾਤਮਕ ਅਧਿਐਨ ਕਰਕੇ ਇਸਤਰੀ ਦੀਆਂ ਭਾਵਨਾਵਾਂ ਦਾ ਪੱਖ ਉਭਾਰਿਆ ਹੈ। ਪ੍ਰੋ: ਸਰਬਜੀਤ ਕੌਰ ਨੇ ਔਰਤ ਮਨ ਦੀ ਗੁੱਝੀ ਬਾਤ ਲੇਖ ਵਿਚ ਦੱਸਿਆ ਹੈ ਕਿ 'ਫ਼ੈਸਲਾ' ਕਹਾਣੀ ਦੀ ਨਾਇਕਾ ਦਾ ਵਿਆਹ ਜਦੋਂ ਉਸ ਦੇ ਮਾਪੇ ਕਿਸੇ ਦੋ ਬੱਚਿਆਂ ਦੇ ਬਾਪ ਨਾਲ ਕਰ ਦਿੰਦੇ ਹਨ ਤੇ ਉਸ 'ਤੇ ਉਹ ਸ਼ੱਕ ਕਰਦਾ ਹੈ ਤਾਂ ਆਪਣੇ ਮਨ ਦੀ ਗੁੱਥੀ ਦਾ ਜ਼ਹਿਰ ਉਹ ਇੱਕ ਨੌਜਵਾਨ ਆਪਣੇ ਹਾਣ ਪ੍ਰਵਾਨ ਦੇ ਲੜਕੇ ਨਾਲ ਵਿਆਹ ਕਰਾ ਕੇ ਕੱਢਦੀ ਹੈ। ਇਸ ਤਰ੍ਹਾਂ ਸਾਰੇ ਲੇਖਾਂ ਵਿਚ ਔਰਤ ਮਨ ਦੀ ਹੂਕ ਨੂੰ ਬਿਆਨਿਆ ਗਿਆ ਹੈ ਕਿ ਉਸ 'ਤੇ ਹਰ ਵਕਤ ਪਹਿਰਾ ਰਹਿੰਦਾ ਹੈ ਕਦੇ ਬਾਪ ਦਾ, ਕਦੇ ਪਤੀ ਦਾ ਤੇ ਕਦੇ ਪੁੱਤਰ ਦਾ। ਸਮੁੱਚੀ ਆਲੋਚਨਾਤਮਕ ਪੁਸਤਕ ਪੜ੍ਹਨਯੋਗ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 098553-95161


ਪੰਜਾਬ ਦੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਅਤੇ ਗ਼ਰੀਬੀ ਦਾ ਅਧਿਐਨ
ਲੇਖਕ : ਅਨੂਪਮਾ, ਰੁਪਿੰਦਰ ਕੌਰ, ਸੁਖਵੀਰ ਕੌਰ, ਗਿਆਨ ਸਿੰਘ, ਗੁਰਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 240
ਸੰਪਰਕ : 0172-5027427.

ਵਿਚਾਰ ਅਧੀਨ ਪੁਸਤਕ ਕਿਸੇ ਸਰਵੇ ਆਧਾਰਿਤ ਫੀਲਡ ਖੋਜ ਪ੍ਰਾਜੈਕਟ ਦਾ ਪੰਜਾਬੀ ਰੂਪ ਹੈ। ਕਿਸੇ ਅਕਾਦਮਿਕ ਅਦਾਰੇ ਦੀ ਪ੍ਰਾਜੈਕਟ ਗਰਾਂਟ ਦੀ ਪੂਰਤੀ ਹਿਤ ਨੇਪਰੇ ਚਾੜ੍ਹਿਆ ਗਿਆ ਪ੍ਰਤੀਤ ਹੁੰਦਾ ਹੈ ਇਹ। ਕਿਸਾਨ ਤੇ ਖੇਤੀ ਦੀ ਹਾਲਤ ਮਾੜੀ ਹੈ ਤਾਂ ਖੇਤ ਮਜ਼ਦੂਰ ਦੀ ਹਾਲਤ ਹੋਰ ਵੀ ਮਾੜੀ ਹੋਣੀ ਕੁਦਰਤੀ ਹੈ। ਉਨ੍ਹਾਂ ਨੂੰ ਪਿਤਾ-ਪੁਰਖੀ ਕੰਮ ਨਹੀਂ ਮਿਲ ਰਿਹਾ। ਉਹ ਖੇਤੀ ਨਾਲ ਸਬੰਧਿਤ ਮਜ਼ਦੂਰੀ ਦੀ ਥਾਂ ਦਿਹਾੜੀ-ਦੱਪਾ ਕਰਨ, ਰਿਕਸ਼ੇ ਵਾਹਣ ਤੇ ਹੋਰ ਹਰ ਸੰਭਵ ਕੰਮ ਕਰਨ ਨੂੰ ਮਜਬੂਰ ਹਨ। ਉਨ੍ਹਾਂ ਸਿਰ ਵੀ ਕਰਜ਼ੇ ਹਨ। ਉਹ ਵੀ ਖ਼ੁਦਕੁਸ਼ੀਆਂ ਲਈ ਮਜਬੂਰ ਹਨ। ਉਨ੍ਹਾਂ ਸਿਰ ਕਰਜ਼ੇ ਤੇ ਉਨ੍ਹਾਂ ਦੀ ਗ਼ਰੀਬੀ ਦਾ ਵਿਸ਼ਲੇਸ਼ਣ ਕਰਦੀ ਹੈ ਇਹ ਕਿਤਾਬ।
ਪ੍ਰਾਜੈਕਟ/ਖੋਜ/ਸਰਵੇ ਟੀਮ ਨੇ ਫੀਲਡ ਵਰਕ ਲਈ ਵਿਸਤ੍ਰਿਤ ਪ੍ਰਸ਼ਨਾਵਲੀ ਨਾਲ ਵੱਡੇ ਪੈਮਾਨੇ ਉੱਤੇ ਘਰ-ਘਰ ਜਾ ਕੇ ਸਰਵੇ ਕਰ ਕੇ ਅੰਕੜੇ ਇਕੱਠੇ ਕਰਕੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 80 ਫ਼ੀਸਦੀ ਤੋਂ ਵੱਧ ਖੇਤੀ ਮਜ਼ਦੂਰ ਕਰਜ਼ਾਈ ਹਨ। ਕਰਜ਼ੇ ਉਨ੍ਹਾਂ ਨੂੰ ਬੈਂਕਾਂ, ਸਰਕਾਰੀ ਅਦਾਰਿਆਂ ਤੋਂ ਨਹੀਂ ਮਿਲਦੇ ਸਗੋਂ ਸ਼ਾਹੂਕਾਰਾਂ, ਜ਼ਿਮੀਂਦਾਰਾਂ, ਪ੍ਰਾਈਵੇਟ ਏਜੰਸੀਆਂ ਵਲੋਂ ਉੱਚੀਆਂ ਦਰਾਂ ਉੱਤੇ ਮਿਲਦੇ ਹਨ। ਕਰਜ਼ੇ ਉਹ ਕਿਸੇ ਅਯਾਸ਼ੀ, ਵਿਆਹ, ਸ਼ੌਕ ਪੂਰਤੀ ਲਈ ਨਹੀਂ ਚੁੱਕ ਰਹੇ। ਅਕਸਰ ਹੀ ਉਹ ਨਿੱਤ ਜੀਵਨ ਦੀਆਂ ਰੋਜ਼ੀ-ਰੋਟੀ ਦੀਆਂ ਲੋੜਾਂ ਲਈ ਚੁੱਕ ਰਹੇ ਹਨ। ਵਾਪਸੀ ਔਖੀ ਹੈ। ਕਰਜ਼ੇ ਨਿੱਤ ਵਧ ਕੇ ਗਲੇ ਦਾ ਜੰਜਾਲ ਬਣ ਰਹੇ ਹਨ। ਉਨ੍ਹਾਂ ਦੀ ਬਾਂਹ ਫੜਨ ਦੀ ਲੋੜ ਹੈ।
ਇਹ ਪੁਸਤਕ ਇਨ੍ਹਾਂ ਲੋਕਾਂ ਦੀ ਆਮਦਨ, ਖਰਚ, ਘਰੇਲੂ ਲੋੜਾਂ, ਘਰ ਦੀ ਸਥਿਤੀ ਦੇ ਭਾਂਡੇ ਟੀਂਡੇ ਤੱਕ ਦੇ ਹਰ ਵੇਰਵੇ ਉੱਤੇ ਝਾਤ ਪਾਉਂਦੀ ਹੈ। ਨੀਤੀ ਘਾੜਿਆਂ ਤੇ ਇਨ੍ਹਾਂ ਦੇ ਹਮਦਰਦਾਂ ਨੂੰ ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਹੱਡਬੀਤੀ-ਜੱਗਬੀਤੀ
ਮੂਲ ਲੇਖਕ : ਸੰਦੀਪ ਭੂਤੋੜੀਆ
ਅਨੁਵਾਦ : ਮਹਿਤਾਬ-ਉਦ-ਦੀਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 175
ਸੰਪਰਕ : 0172-5077427.

ਹੱਡਬੀਤੀ-ਜੱਗਬੀਤੀ ਪੁਸਤਕ ਸੰਦੀਪ ਭੂਤੋੜੀਆ ਦੁਆਰਾ ਲਿਖੀ ਅਤੇ ਮਹਿਤਾਬ-ਉਦ-ਦੀਨ ਦੁਆਰਾ ਅਨੁਵਾਦ ਕੀਤੀ ਗਈ ਹੈ, ਜਿਸ ਵਿਚ ਸੰਦੀਪ ਭੂਤੋੜੀਆ ਦੁਆਰਾ ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਕੀਤੀਆਂ ਯਾਤਰਾਵਾਂ ਦੇ ਯਾਤਰਾ ਬਿਰਤਾਂਤ ਦਰਜ ਕੀਤੇ ਗਏ ਹਨ। ਇਸ ਪੁਸਤਕ ਵਿਚਲੇ ਸਾਰੇ ਹੀ ਯਾਤਰਾ ਬਿਰਤਾਂਤ ਕਲਕੱਤੇ ਦੇ ਇਕ ਸਮਾਚਾਰ ਪੱਤਰ ਵਿਚ ਛਪਦੇ ਰਹੇ ਹਨ, ਕਿਉਂਕਿ ਇਹ ਯਾਤਰਾ ਵਪਾਰਕ ਯਾਤਰਾ ਨਾਲੋਂ ਕਿਸੇ ਮੂਲਕ ਦੀ ਸਮਾਜੀ, ਸੱਭਿਆਚਾਰਕ, ਆਰਥਿਕ ਤਰਜ਼ੇ-ਜ਼ਿੰਦਗੀ ਦੀ ਥਹੁ ਲਾਉਂਦੀ ਹੋਣ ਕਰਕੇ ਲੋਕਾਂ ਦੀ ਦਿਲਚਸਪੀ ਦਾ ਕਾਰਨ ਬਣੀ। ਪਾਠਕ 'ਆਪ ਬੀਤੀ-ਜੱਗਬੀਤੀ' ਕਾਲਮ ਨੂੰ ਬੜੀ ਦਿਲਚਸਪੀ ਅਤੇ ਰੌਚਿਕਤਾ ਨਾਲ ਪੜ੍ਹਦੇ ਸਨ। ਲੇਖਕ ਮੁਤਾਬਿਕ 2002 ਤੱਕ ਇਸ ਪੁਸਤਕ ਦਾ ਪਹਿਲਾ ਐਡੀਸ਼ਨ ਪ੍ਰਕਾਸ਼ਿਤ ਹੋਣ ਤੱਕ 52 ਦੇਸ਼ਾਂ ਦੀ ਯਾਤਰਾ ਕਰ ਚੁੱਕਾ ਸੀ, ਜੋ ਹੁਣ ਤੱਕ ਨਿਰੰਤਰ ਜਾਰੀ ਹੈ। ਲੇਖਕ ਕਈ ਯਾਤਰਾ ਬਿਰਤਾਂਤਾਂ ਤਹਿਤ ਇਕ ਹੀ ਦੇਸ਼ ਦੀ ਯਾਤਰਾ ਬਾਰੇ ਤਿੰਨ ਜਾਂ ਇਸ ਤੋਂ ਵੱਧ ਸਿਰਲੇਖਾਂ ਤਹਿਤ ਕਿਸੇ ਮੁਲਕ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ। ਵਿਦੇਸ਼ਾਂ ਦੀ ਐਡਵੈਂਸ ਤਕਨਾਲੋਜੀ, ਸੁਖਾਲਾ ਰਹਿਣ ਅਤੇ ਤਰੱਕੀ ਦੇ ਪਿੱਛੇ ਉਨ੍ਹਾਂ ਮੁਲਕਾਂ ਦੇ ਲੋਕਾਂ ਦੀ ਸਖ਼ਤ ਮਿਹਨਤ ਬਾਰੇ ਚਰਚਾ ਕਰਦਾ ਹੈ ਭਾਵੇਂ ਕਿਸੇ ਮੁਲਕ ਕੋਲ ਇੰਡਸਟਰੀ, ਖੇਤੀਬਾੜੀ ਜਾਂ ਖਣਿਜ ਪਦਾਰਥ ਨਹੀਂ ਵੀ ਉਹ ਵੀ ਅਮੀਰ ਮੁਲਕਾਂ ਵਿਚ ਗਿਣਿਆ ਜਾਂਦਾ ਹੈ, ਕਿਉਂਕਿ ਤੇਜ਼ ਤਰਾਰ ਬੁੱਧੀ ਇਸ ਦੀ ਉਦਾਹਰਨ ਹੈ। ਜਿਵੇਂ ਲੇਖਕ ਆਪਣੇ ਦੇਸ਼ ਦੇ ਗੁਣਾਂ ਦਾ ਗੁਣਗਾਨ ਕਰਦਾ ਹੈ। ਜੇਕਰ ਫਰਾਂਸ ਵਿਚ ਰਿਸ਼ਵਤਖੋਰੀ ਹੈ ਤਾਂ ਉਸ ਦਾ ਵੇਰਵਾ ਵੀ ਦਿੰਦਾ ਹੈ। ਲੇਖਕ ਆਪਣੇ ਇਨ੍ਹਾਂ ਯਾਤਰਾ ਬਿਰਤਾਂਤਾਂ ਨੂੰ ਨੰਗੇ ਸੱਚ ਵਾਂਗ ਪੇਸ਼ ਕਰਦਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

 

16-06-2018

 ਭਾਈ ਰਤਨ ਸਿੰਘ ਰਾਏਪੁਰ ਡੱਬਾ
ਸੰਪਾਦਕ/ਲੇਖਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 320
ਸੰਪਰਕ : 94170-76735.

ਭਾਰਤ ਆਜ਼ਾਦ ਲੋਕਤੰਤਰ ਤਾਂ ਹੈ ਪਰ ਜਿਨ੍ਹਾਂ ਕਦਰਾਂ-ਕੀਮਤਾਂ ਲਈ ਆਜ਼ਾਦੀ ਦੇ ਪ੍ਰਵਾਨਿਆਂ ਨੇ ਸੰਘਰਸ਼ ਕੀਤਾ, ਉਨ੍ਹਾਂ ਨੂੰ ਅਜੋਕੀ ਫ਼ਿਰਕੂ ਸਿਆਸਤ ਸੰਕੀਰਨ ਧਾਰਮਿਕ ਸੋਚ ਅਤੇ ਦੇਸ਼ ਭਗਤੀ ਦੀ ਵਿਕ੍ਰਿਤ ਪਰਿਭਾਸ਼ਾ ਨਾਲ ਮਿੱਟੀ ਵਿਚ ਮਿਲਾ ਰਹੀ ਹੈ। ਅਜਿਹੇ ਸਮੇਂ ਭਾਈ ਰਤਨ ਸਿੰਘ ਰਾਏਪੁਰ ਡੱਬਾ ਜਿਹੇ ਕ੍ਰਾਂਤੀਕਾਰੀ ਦੇ ਜੀਵਨ ਸੰਘਰਸ਼ ਤੇ ਸੋਚ ਬਾਰੇ ਇਸ ਕਿਤਾਬ ਦਾ ਪ੍ਰਕਾਸ਼ਨ ਮਹੱਤਵਪੂਰਨ ਹੋ ਜਾਂਦਾ ਹੈ। ਗੁਰਸਿੱਖ ਪਰਿਵਾਰ ਵਿਚ ਜੰਮਿਆ-ਪਲਿਆ ਤੇ ਪ੍ਰਵਾਨ ਚੜ੍ਹਿਆ ਭਾਈ ਰਤਨ ਸਿੰਘ ਧਰਮਾਂ ਦੇ ਨਾਂਅ 'ਤੇ ਕੋਈ ਵਿਤਕਰਾ ਨਹੀਂ ਕਰਦਾ। ਕਾਮਰੇਡ ਗੰਧਰਵ ਸੇਨ, ਸੁਭਾਸ਼ ਚੰਦਰ ਬੋਸ, ਭਗਤ ਸਿੰਘ ਬਿਲਗਾ, ਭਗਤ ਸਿੰਘ, ਨਹਿਰੂ, ਗਾਂਧੀ, ਲੈਨਿਨ ਹਰ ਉਸਾਰੂ ਸੋਚ ਵਾਲੇ ਬੰਦੇ ਨਾਲ ਉਸ ਦਾ ਮੋਹ ਭਰਿਆ ਨਾਤਾ ਹੈ। ਉਹ ਉਸ ਲੈਨਿਨ ਨੂੰ ਮਿਲ ਕੇ ਦੇਸ਼ ਦੀ ਆਜ਼ਾਦੀ ਅਤੇ ਇਸ ਉਪਰੰਤ ਸਿਰਜੇ ਜਾਣ ਵਾਲੇ ਬੁੱਤ ਦਾ ਬਲੂ ਪ੍ਰਿੰਟ ਤਿਆਰ ਕਰਨ ਲਈ ਰੂਸ ਜਾਂਦਾ ਹੈ, ਜਿਸ ਦੇ ਬੁੱਤ ਬੌਣੀ ਸੋਚ ਦੇ ਲੋਕ ਤੋੜ ਕੇ ਕਛਾਂ ਵਜਾਉਂਦੇ ਫਿਰ ਰਹੇ ਹਨ। ਗ਼ਦਰ ਤੇ ਇਨਕਲਾਬ ਦਾ ਕੌਮਾਂਤਰੀ ਰਾਜਦੂਤ ਹੈ ਰਤਨ ਸਿੰਘ। ਸੇਖੋਂ ਦੇ ਨਾਟਕ ਮਿੱਤਰ ਪਿਆਰਾ ਵਿਚ ਉਸ ਦਾ ਵਿਸ਼ੇਸ਼ ਜ਼ਿਕਰ ਹੈ। ਇਸ ਕਿਤਾਬ ਵਿਚ ਗ਼ਦਰ, ਕਿਰਤੀ ਕਿਸਾਨ ਲਹਿਰ, ਸੋਵੀਅਤ ਰੂਸ, ਚੀਨ, ਗ਼ਦਰ ਪਾਰਟੀ ਦੇ ਇਤਿਹਾਸ, ਰਤਨ ਸਿੰਘ ਤੇ ਉਸ ਦੇ ਸਾਥੀਆਂ ਦੀ ਸੋਚ, ਸੰਘਰਸ਼, ਕੁਰਬਾਨੀ, ਲਿਖਤਾਂ ਤੇ ਭਾਸ਼ਣਾਂ ਦੇ ਜ਼ਰੀਏ ਰਤਨ ਸਿੰਘ ਰਾਏਪੁਰ ਡੱਬਾ ਨੂੰ ਸਜੀਵ ਕੀਤਾ ਗਿਆ ਹੈ। ਨੌਜਵਾਨ ਪੀੜ੍ਹੀ ਨੂੰ ਉਸ ਦੇ ਫ਼ਰਜ਼ਾਂ ਤੋਂ ਸੁਚੇਤ ਕਰਨ, ਪੰਜਾਬ ਦੇ ਕਿਸਾਨਾਂ ਦੀ ਗ਼ਰੀਬੀ ਦੇ ਕਾਰਨ, ਮਜ਼੍ਹਬੀ ਫਸਾਦ, ਕਮਿਊਨਿਸਟ ਪਾਰਟੀ ਦੀ ਲੋੜ, ਸਰਮਾਏਦਾਰੀ ਦਾ ਚਿਹਰਾ ਆਦਿ ਮੁੱਦਿਆਂ ਬਾਰੇ ਰਤਨ ਸਿੰਘ ਰਾਏਪੁਰ ਡੱਬਾ ਨੇ ਜੋ ਪੌਣੀ ਇਕ ਸਦੀ ਪਹਿਲਾਂ ਕਿਹਾ ਸੀ, ਉਹ ਅੱਜ ਵੀ ਸੱਚ ਹੈ। ਭੁਲਾਏ-ਵਿਸਾਰੇ ਜਾ ਚੁੱਕੇ ਭਾਈ ਰਤਨ ਸਿੰਘ ਨੂੰ ਇਤਿਹਾਸ ਦੇ ਧੁੰਦਲਕੇ ਵਿਚੋਂ ਲੱਭ ਕੇ ਉਸ ਦੀਆਂ, ਉਸ ਬਾਰੇ ਤੇ ਉਸ ਦੇ ਸਾਥੀਆਂ ਦੀਆਂ ਲਿਖਤਾਂ/ਤਸਵੀਰਾਂ/ਦਸਤਾਵੇਜ਼/ਭਾਸ਼ਣ ਪ੍ਰਕਾਸ਼ਿਤ ਕਰਨ ਦਾ ਔਖਾ ਕਾਰਜ ਲੇਖਕ/ਸੰਪਾਦਕ ਅਮੋਲਕ ਸਿੰਘ ਨੇ ਸਿਰੜ ਸ਼ਰਧਾ ਤੇ ਮਿਹਨਤ ਨਾਲ ਕੀਤਾ ਹੈ। ਭਾਈ ਸਾਹਿਬ ਦੇ ਪਰਿਵਾਰ ਦੇ ਜੀਆਂ ਬਾਰੇ ਕੁਝ ਅਤਿ ਨਿੱਜੀ ਵੇਰਵੇ ਹਾਸਲ ਨਹੀਂ ਹੋ ਸਕੇ, ਜਿਨ੍ਹਾਂ ਬਾਰੇ ਹੋਰ ਖੋਜ ਦੀ ਲੋੜ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਬਿੱਖਰੇ ਪੰਜਾਬ ਦੀ ਗਾਥਾ
ਲੇਖਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 266
ਸੰਪਰਕ : 98145-28282.

ਸ: ਸੁਖਪਾਲ ਸਿੰਘ ਹੁੰਦਲ ਦੀ ਇਹ ਪੁਸਤਕ ਪੰਜਾਬ-ਵੰਡ ਦੇ ਬਿਰਤਾਂਤ ਨੂੰ ਪੇਸ਼ ਕਰਨ ਵਾਲਾ ਇਕ ਨਵਾਂ ਅਤੇ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਪੁਸਤਕ ਨੂੰ ਪ੍ਰਮਾਣਿਕ ਬਣਾਉਣ ਲਈ ਉਸ ਨੇ ਮੌਖਿਕ ਇਤਿਹਾਸ ਦੇ ਉਪਲਬਧ ਸੋਮਿਆਂ ਦਾ ਸੁਚੱਜਾ ਪ੍ਰਯੋਗ ਕੀਤਾ ਹੈ। ਉਸ ਨੇ ਉਜਾੜੇ ਦੇ ਸੰਤਾਪ ਬਾਰੇ ਪ੍ਰਭਾਵਿਤ ਪੰਜਾਬੀਆਂ ਵਲੋਂ ਚਸ਼ਮਦੀਦ ਗਵਾਹਾਂ ਦੇ ਤੌਰ 'ਤੇ ਦਿੱਤੀ ਜਾਣਕਾਰੀ ਦੀਆਂ ਕੁਝ ਵੰਨਗੀਆਂ ਦਿੱਤੀਆਂ ਹਨ। ਜਾਣਕਾਰੀ ਦੇਣ ਵਾਲੇ ਵਿਅਕਤੀਆਂ ਵਿਚ ਸਰਵਸ੍ਰੀ ਓਮ ਪ੍ਰਕਾਸ਼ ਪਨਾਹਗੀਰ, (ਲੱਧੇਵਾਲਾ ਚੀਮਾ), ਸੋਹਣ ਸਿੰਘ ਰਿਟਾਇਰਡ ਤਹਿਸੀਲਦਾਰ (ਪਿੰਡ ਤਖ਼ਤਵੜੀ, ਰਾਵਲਪਿੰਡੀ), ਸੋਮ ਆਨੰਦ (ਮਾਡਲ ਟਾਊਨ, ਲਾਹੌਰ), ਰਕਸ਼ਤ ਪੁਰੀ (ਆਲਮੀ ਦਰਵਾਜ਼ਾ, ਲਾਹੌਰ), ਕਾਂਤਾ ਲੂਥਰਾ (ਪੁੱਤਰੀ ਮਦਨ ਗੋਪਾਲ ਸਿੰਘ, ਰਜਿਸਟਰਾਰ ਪੰਜਾਬ ਯੂੂਨੀਵਰਸਿਟੀ, ਲਾਹੌਰ) ਅਤੇ ਸੇਠ ਕਲਿਆਣ ਦਾਸ (ਪ੍ਰਧਾਨ ਕਾਂਗਰਸ ਕਮੇਟੀ ਮੁਲਤਾਨ)... ਆਦਿ ਵਰਗੀਆਂ ਮੋਹਤਬਰ ਸ਼ਖ਼ਸੀਅਤਾਂ ਸ਼ਾਮਿਲ ਹਨ। ਇਧਰਲੇ ਪੰਜਾਬ ਤੋਂ ਉਧਰ ਹਿਜਰਤ ਕਰਨ ਵਾਲੇ ਚਸ਼ਮਦੀਦ ਗਵਾਹਾਂ ਵਿਚ ਚੌਧਰੀ ਮੁਹੰਮਦ ਸਈਦ (ਅੰਮ੍ਰਿਤਸਰ), ਚੌਧਰੀ ਮੁਹੰਮਦ ਸਦੀਕ (ਅੰਮ੍ਰਿਤਸਰ), ਚੌਧਰੀ ਅਨਵਰ ਅਜੀਜ਼ (ਹੁਸ਼ਿਆਰਪੁਰ), ਅਲੀ ਅਸਗਰ (ਪਿੰਡ ਕੱਦੂਵਾਲਾ ਕਪੂਰਥਲਾ), ਮਹਿਮੂਦਾ ਖ਼ਾਤੂਨ (ਦਰਿਆ ਗੰਜ ਦਿੱਲੀ), ਹਕੀਮ-ਉਦ-ਦੀਨ (ਹਰ ਸਿੰਘ ਪੁਰਾ ਪਾਣੀਪਤ) ਅਤੇ ਚੌਧਰੀ ਰੌਸ਼ਨ ਦੀਨ (ਆਦਮਪੁਰ ਨੇੜੇ ਸਰਹੰਦ) ਆਦਿ ਦੇ ਬਿਆਨ ਸੰਕਲਿਤ ਹਨ।
ਪੁਸਤਕ ਦੇ ਆਰੰਭ ਵਿਚ ਪੰਜਾਬ ਦੀ ਰੂਪ-ਰੇਖਾ, ਇਤਿਹਾਸ ਅਤੇ ਗੌਰਵ ਨੂੰ ਦਰਸਾਉਂਦੇ ਹੋਏ (ਭੂਮਿਕਾ ਵਜੋਂ) ਤਿੰਨ-ਚਾਰ ਲੇਖ ਦਿੱਤੇ ਗਏ ਹਨ। ਉਸ ਉਪਰੰਤ ਪਾਕਿਸਤਾਨ ਦੀ ਸਥਾਪਨਾ ਅਤੇ ਪੰਜਾਬ ਦੇ ਬਟਵਾਰੇ ਬਾਰੇ ਕੁਝ ਇਤਿਹਾਸਕ ਸੱਚ ਪੇਸ਼ ਕੀਤੇ ਗਏ ਹਨ। ਲੇਖਕ ਅਨੁਸਾਰ ਭਾਰਤੀ ਨੇਤਾ (ਜਵਾਹਰ ਲਾਲ ਨਹਿਰੂ ਅਤੇ ਹੋਰ) ਮੁਹੰਮਦ ਅਲੀ ਜਿਨਾਹ ਨੂੰ ਇਹ ਵਿਸ਼ਵਾਸ ਨਾ ਦਿਵਾ ਸਕੇ ਕਿ ਆਜ਼ਾਦ ਭਾਰਤ ਵਿਚ ਮੁਸਲਮਾਨਾਂ ਦੀ ਖ਼ੁਦਮੁਖ਼ਤਿਆਰੀ ਸਹੀ ਸਲਾਮਤ ਰਹੇਗੀ। ਸਿੱਖਾਂ ਦੀ ਤਰਫ਼ੋਂ ਮਾਸਟਰ ਤਾਰਾ ਸਿੰਘ ਦੀ ਭੂਮਿਕਾ ਵੀ ਸ਼ੱਕੀ ਰਹੀ। ਸ: ਹੁੰਦਲ ਅਨੁਸਾਰ ਮਿ: ਜਿਨਾਹ ਅਤੇ ਮਾਸਟਰ ਤਾਰਾ ਸਿੰਘ ਦੋਵੇਂ ਭਾਰਤੀ ਸਟੇਟ ਦੇ ਸਦਰ (ਰਾਸ਼ਟਰਪਤੀ) ਬਣਨਾ ਚਾਹੁੰਦੇ ਸਨ। ਜੇ ਜਿਨਾਹ ਨੂੰ ਇਹ ਰੁਤਬਾ ਪੇਸ਼ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਉਹ ਦੇਸ਼-ਵੰਡ ਦੀ ਮੰੰਗ ਨਾਮਨਜ਼ੂਰ ਕਰ ਦਿੰਦਾ। ਪੁਸਤਕ ਦੇ ਅੰਤਿਮ ਚੈਪਟਰਾਂ ਵਿਚ ਲੇਖਕ ਨੇ ਕਈ ਮੁੱਲਵਾਨ ਸਿੱਟੇ ਵੀ ਕੱਢੇ ਹਨ, ਜਿਵੇਂ : ਊਧਮ ਸਿੰਘ ਨਾਗੋਕੇ, ਸੋਹਣ ਸਿੰਘ ਜਲਾਲਉਸਮਾਂ ਅਤੇ ਈਸ਼ਰ ਸਿੰਘ ਮਝੈਲ ਦੀ ਦੰਗਿਆਂ ਦੌਰਾਨ ਭੂਮਿਕਾ ਨਾਂਹਵਾਚਕ ਰਹੀ (ਪੰਨਾ 230)। ਲੇਖਕ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਆਪਸ ਵਿਚ ਮਿਲ-ਜੁਲ ਕੇ ਰਹੋ (ਪੰਨਾ 247)। ਧਰਮ ਤੇ ਰਾਜਨੀਤੀ ਨੂੰ ਕਦੇ ਵੀ ਰਲਗਡ ਨਹੀਂ ਕਰਨਾ ਚਾਹੀਦਾ, ਕਿਉਂਕਿ ਧਰਮ ਸਦਾ ਸੱਚ ਦੀ ਗੱਲ ਕਰਦਾ ਹੈ ਅਤੇ ਰਾਜਨੀਤੀ ਝੂਠ-ਫਰੇਬ ਦੀ ਖੇਡ ਹੈ (ਪੰਨਾ 255)। ਹਿੰਦ-ਪਾਕਿ ਸਰਹੱਦ ਉੱਤੇ ਕੰਡਿਆਲੀ ਤਾਰ ਲਾਉਣ ਦੀ ਬਜਾਇ ਪੱਥਰ ਦੀ ਉੱਚੀ ਦੀਵਾਰ ਉਸਾਰ ਕੇ, ਉਸ ਉੱਪਰ ਦੰਗਿਆਂ ਵਿਚ ਮਾਰੇ ਗਏ ਦਸ ਲੱਖ ਲੋਕਾਂ ਦੇ ਨਾਂਅ ਅਤੇ ਪਤੇ ਲਿਖ ਦੇਣੇ ਚਾਹੀਦੇ ਹਨ, ਤਾਂ ਜੋ ਸਾਡੀ ਹੈਵਾਨੀਅਤ ਸ਼ਰਮਸਾਰ ਹੁੰਦੀ ਰਹੇ...। ਲੇਖਕ ਦੁਆਰਾ ਕੱਢੇ ਕੁਝ ਸਿੱਟੇ ਵਿਵਾਦਮਈ ਹੋ ਸਕਦੇ ਹਨ ਪਰ ਉਸ ਦੀ ਸੁਹਿਰਦਤਾ ਅਤੇ ਸਦਭਾਵਨਾ ਉੱਪਰ ਸ਼ੱਕ-ਸ਼ੁਬਹੇ ਦੀ ਕੋਈ ਗੁੰਜਾਇਸ਼ ਨਹੀਂ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਮਕਾਲੀ ਪੰਜਾਬੀ ਕਵਿਤਾ ਸਰੋਕਾਰ ਤੇ ਸੰਦਰਭ
ਲੇਖਿਕਾ : ਵੰਦਨਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 95305-15660.

ਹਥਲੀ ਪੁਸਤਕ ਅੱਜ ਦੇ ਕਾਲ ਖੰਡ ਵਿਚ ਕਵਿਤਾ ਸਿਰਜ ਰਹੇ ਕਵੀਆਂ ਦੀਆਂ ਪ੍ਰਸਿੱਧ ਕਿਰਤਾਂ ਦਾ ਨੇੜਿਉਂ ਕੀਤਾ ਆਲੋਚਨਾਤਮਕ ਵਿਸ਼ਲੇਸ਼ਣ ਹੈ। ਲੇਖਿਕਾ ਨੇ ਇਸ ਅਧਿਐਨ ਨੂੰ ਵਿਧੀਮੂਲਕ ਢੰਗ ਨਾਲ ਪੇਸ਼ ਕਰਨ ਲਈ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਸਮਕਾਲੀ ਪੰਜਾਬੀ ਕਾਵਿ-ਸਿਧਾਂਤ ਨੂੰ ਪੇਸ਼ ਕਰਦਿਆਂ ਹੋਇਆਂ ਜਸਵੰਤ ਜਫਰ, ਦਰਸ਼ਨ ਬੁੱਟਰ, ਮਦਨ ਵੀਰਾ ਦੇ ਕਾਵਿ ਨੂੰ ਤਹਿ-ਦਰ-ਤਹਿ ਪਛਾਣਿਆ ਹੈ ਅਤੇ ਉਨ੍ਹਾਂ ਦੇ ਮਾਨਵੀ ਸਰੋਕਾਰਾਂ, ਕਾਵਿ-ਪਰਵਚਨਾਂ, ਉਨ੍ਹਾਂ ਦੇ ਗਿਆਨ ਦਰਸ਼ਨ ਨਾਲ ਸੰਵਾਦ ਬਾਰੇ ਨਿੱਠ ਕੇ ਗੱਲ ਕੀਤੀ ਹੈ। ਇਸੇ ਤਰ੍ਹਾਂ ਅਗਲੇ ਭਾਗ ਵਿਚ ਸ਼ਸ਼ੀ ਸਮੁੰਦਰਾ, ਕੈਲਾਸ਼ਪੁਰੀ ਅਤੇ ਸੁਖਵਿੰਦਰ ਅੰਮ੍ਰਿਤ ਦੀ ਕਾਵਿ-ਰਚਨਾ ਨੂੰ ਨਾਰੀ-ਵਾਦੀ ਸੋਚ ਸੰਕਲਪਾਂ ਦੇ ਅਧੀਨ ਵਿਚਾਰਿਆ ਹੈ ਅਤੇ ਗਲੋਬਲੀ ਚਿੰਤਨ ਸੰਕਟ ਦੀਆਂ ਸੀਮਾਂ-ਸੰਭਾਵਨਾਵਾਂ ਨੂੰ ਪਛਾਣਿਆ ਹੈ। ਪੁਸਤਕ ਦਾ ਤੀਜਾ ਭਾਗ ਅਜਮੇਰ ਰੋਡੇ, ਸੁਖਵਿੰਦਰ ਕੰਬੋਜ ਦੀ ਪਰਵਾਸੀ ਚੇਤਨਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਪੁਸਤਕ ਦੇ ਚੌਥੇ ਭਾਗ ਵਿਚ ਨਵਤੋਜ ਭਾਰਤੀ ਦੇ ਕਾਵਿ ਨੂੰ ਲੋਕਧਾਰਾਈ ਪਰਖ-ਚੌਖਟੇ ਵਿਚ ਰੱਖ ਕੇ ਪਰਖਿਆ ਹੈ ਅਤੇ ਨਾਲ ਦੀ ਨਾਲ ਉਸ ਦੁਆਰਾ ਉੱਚ ਕਾਵਿ-ਭਾਸ਼ਕ ਜੁਗਤਾਂ ਰਾਹੀਂ ਉਸ ਦੇ ਨਾਰੀ ਮੁਕਤੀ ਦੇ ਮਸਲਿਆਂ ਨੂੰ ਪਛਾਣ ਕੇ ਉਸ ਦੀ ਕਵਿਤਾ ਦੇ ਦਾਰਸ਼ਨਿਕ ਆਧਾਰਾਂ ਦੀ ਤਲਾਸ਼ ਕੀਤੀ ਹੈ। ਇਨ੍ਹਾਂ ਹੀ ਸਰੋਕਾਰਾਂ ਅਤੇ ਸੰਦਰਭਾਂ ਦੇ ਅੰਤਰਗਤ ਸਵਰਨਜੀਤ ਸਵੀ, ਮੋਹਨਜੀਤ, ਮਨਜੀਤ ਇੰਦਰਾ ਦੀ ਕਾਵਿ-ਸਿਰਜਣ ਪ੍ਰਕਿਰਿਆ ਵਿਚੋਂ ਉਭਰਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਪਰਿਵਾਰਿਕ ਰਿਸ਼ਤਿਆਂ ਦੇ ਦਵੰਦ ਨੂੰ ਖੂਬ ਪਛਾਣ ਕੇ ਪੇਸ਼ ਕੀਤਾ ਹੈ। ਸਮਕਾਲੀ ਪਰਵਾਸੀ ਪੰਜਾਬੀ ਕਵਿਤਾ ਦੇ ਵਿਭਿੰਨ ਥੀਮਕ ਪਾਸਾਰ, ਪੰਜਾਬੀ ਸਮਾਜ ਅਤੇ ਸਮਕਾਲੀ ਪੰਜਾਬੀ ਨਾਰੀ ਕਾਵਿ ਅਧਿਆਇ ਗੰਭੀਰ ਅਧਿਐਨ ਦਾ ਪ੍ਰਗਟਾਵਾ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.


... ਗ਼ਦਰ ਜਾਰੀ ਹੈ
ਲੇਖਕ : ਜਸਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ, ਪੰਜਾਬ
ਮੁੱਲ : 60 ਰੁਪਏ, ਸਫ਼ੇ : 80
ਸੰਪਰਕ : 0161-2805677.

'ਗ਼ਦਰ ਜਾਰੀ ਹੈ' ਜਸਦੇਵ ਸਿੰਘ ਲਲਤੋਂ ਦੀ ਅਜਿਹੀ ਕਾਵਿ ਪੁਸਤਕ ਹੈ, ਜਿਸ ਵਿਚ ਉਸ ਨੇ ਉਨ੍ਹਾਂ ਤਾਕਤਾਂ ਦੀ ਸ਼ਨਾਖ਼ਤ ਕਰਨ ਦਾ ਯਤਨ ਕੀਤਾ ਹੈ, ਜੋ ਸਰਬਪੱਖੀ ਰੂਪ ਵਿਚ ਭ੍ਰਿਸ਼ਟਾਚਾਰ ਫੈਲਾ ਕੇ ਮਨੁੱਖਤਾ ਲਈ ਘਾਤਕ ਸਿੱਧ ਹੋ ਰਹੀਆਂ ਹਨ ਅਤੇ ਤਾਕਤਾਂ ਵਿਰੁੱਧ ਲੋਕਾਂ ਨੂੰ ਹੋਕਾ ਦੇ ਕੇ ਉਸ ਨੇ ਲਾਮਬੰਦ ਕਰਨ ਦਾ ਯਤਨ ਕੀਤਾ ਹੈ। ਕਵੀ ਇਸ ਗੱਲ ਲਈ ਫ਼ਿਕਰਮੰਦ ਹੈ ਕਿ ਸਾਡੇ ਦੇਸ਼ ਭਗਤਾਂ ਅਤੇ ਗ਼ਦਰੀ ਬਾਬਿਆਂ ਨੇ ਬੜੀ ਜੱਦੋ-ਜਹਿਦ ਅਤੇ ਸੰਘਰਸ਼ ਵਿਚੋਂ ਗੁਜ਼ਰਦਿਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਪਰ ਅੱਜ ਉਹੀ ਆਜ਼ਾਦੀ ਕੁਝ ਲੋਕਾਂ ਲਈ ਤਾਂ ਸੁੱਖ ਸਹੂਲਤਾਂ ਦੇ ਰੂਪ ਵਿਚ ਐਸ਼ੋ-ਆਰਾਮ ਪ੍ਰਦਾਨ ਕਰ ਰਹੀ ਹੈ ਪਰ ਦੂਜੇ ਪਾਸੇ ਮਿਹਨਤੀ ਲੋਕ ਉਹੀ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਸਮਾਜ ਵਿਚ ਅਮੀਰ-ਗ਼ਰੀਬ ਦਾ ਵਧਦਾ ਪਾੜਾ ਅਤੇ ਨਿੱਤਾਪ੍ਰਤੀ ਗਿਰਗਿਟ ਵਾਂਗੂ ਰੰਗ ਬਦਲਦੀ ਰਾਜਨੀਤੀ ਆਮ ਲੋਕਾਂ ਲਈ ਘਾਤਕ ਸਿੱਧ ਹੋ ਰਹੀ ਹੈ ਅਤੇ ਇਸ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ, ਜਾਗਰੂਕ ਕਰਨ ਲਈ ਅੱਜ ਵੀ ਜੱਦੋ-ਜਹਿਦ ਦੇ ਰੂਪ ਵਿਚ ਸੰਵੇਦਨਸ਼ੀਲ ਲੋਕਾਂ ਵਲੋਂ ਗ਼ਦਰ ਜਾਰੀ ਹੈ। 'ਫਾਸ਼ੀਵਾਦੀ ਸੋਚ', ਛਲੇਡਾ, ਕੁੱਤਾ ਪ੍ਰਬੰਧ, ਔਰੰਗਜ਼ੇਬ, ਬਹੁਰੂਪੀਆ ਆਦਿ ਅਜਿਹੀਆਂ ਕਵਿਤਾਵਾਂ ਹਨ, ਜੋ ਅਜੋਕੇ ਰਾਜਨੀਤਕ ਪ੍ਰਬੰਧ 'ਤੇ ਕਰੜਾ ਵਿਅੰਗ ਵੀ ਕਰਦੀਆਂ ਹਨ ਅਤੇ ਸੱਤਾ 'ਤੇ ਕਾਬਜ਼ ਲੋਕਾਂ ਲਈ ਵੰਗਾਰ ਵੀ ਬਣਦੀਆਂ ਹਨ। 'ਗਿੱਦੜਾਂ, ਰੋਝਾਂ, ਸ਼ੇਰਾਂ ਦੇ ਚਿਹਨ ਵਰਤ ਕੇ ਕਵੀ ਨੇ ਆਪਣੀ ਕਾਵਿਕ-ਪ੍ਰਤਿਭਾ ਦਾ ਸੁੰਦਰ ਨਮੂਨਾ ਵੀ ਪੇਸ਼ ਕੀਤਾ ਹੈ। ਨਸ਼ੇਬਾਜ਼ੀ, ਮਜ਼ਦੂਰਾਂ ਦੀ ਮਾੜੀ ਹਾਲਤ, ਨੇਤਾਵਾਂ ਦੇ ਲੱਛੇਦਾਰ ਭਾਸ਼ਣ ਦੇਸ਼ ਲਈ ਓਨੇ ਹੀ ਖ਼ਤਰਨਾਕ ਰੁਝਾਨ ਪੈਦਾ ਕਰ ਰਹੇ ਹਨ ਜਿੰਨੇ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਦੇ ਅਹਿਸਾਸ ਸਨ। ਦਿਸਦੀ ਗੁਲਾਮੀ ਨਾਲੋਂ ਅਣਦਿਸਦੀ ਗੁਲਾਮੀ ਮਨੁੱਖ ਦੀ ਸੋਚ 'ਤੇ ਕਬਜ਼ਾ ਕਰ ਰਹੀ ਹੈ। ਮਹਿੰਗਾਈ ਦੀ ਮਾਰ, ਮਾੜਾ ਨਿਆਂ ਪ੍ਰਬੰਧ, ਕਬਜ਼ਾ ਕਰਨ ਦੀ ਨੀਤੀ ਆਮ ਲੋਕਾਂ ਦੀ ਜ਼ਿੰਦਗੀ ਵਿਚ ਖਲਲ ਪਾ ਰਹੀ ਹੈ। ਪਰ ਕਵੀ ਮਿਹਨਤਕਸ਼ਾਂ ਦੇ ਹੱਕ ਵਿਚ ਬੁਲੰਦ ਨਾਅਰਾ ਮਾਰਦਾ ਹੋਇਆ ਸੁਚੇਤ ਕਰਦਾ ਹੈ ਕਿ ਸਥਿਤੀ ਤੋਂ ਮੂੰਹ ਮੋੜ ਕੇ ਦੌੜਨਾ ਜਾਂ ਖ਼ੁਦਕੁਸ਼ੀ ਕਰਨਾ ਠੀਕ ਨਹੀਂ, ਸਗੋਂ ਸੰਗਠਿਤ ਹੋ ਇਸ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਨਾ ਹੀ ਗ਼ਦਰ ਦੀ ਨਿਸ਼ਾਨੀ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.


 

ਅੰਦਾਜ਼ ਆਪੋ ਆਪਣਾ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 09987308283.

'ਅੰਦਾਜ਼ ਆਪੋ ਆਪਣਾ' ਕਹਾਣੀ ਸੰਗ੍ਰਹਿ ਵਿਚ ਲੇਖਕ ਨੇ ਕੁੱਲ 19 ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚ ਇਕ ਫੋਟੋਗਰਾਫੀ ਦੀ ਤਰ੍ਹਾਂ ਬਿਰਤਾਂਤ ਸਿਰਜਿਆ ਗਿਆ ਹੈ। ਕਹਾਣੀਕਾਰ ਦੀ ਸ਼ੈਲੀ ਸਰਲ ਅਤੇ ਸਾਦੀ ਹੈ ਅਤੇ ਉਹ ਆਪਣੀ ਆਤਮਾ ਵਿਚੋਂ ਕਹਾਣੀਆਂ ਦੀ ਸਿਰਜਣਾ ਕਰਦਾ ਹੈ। ਉਹ ਆਪਣੇ ਆਲੇ-ਦੁਆਲੇ ਤੋਂ ਵੀ ਪ੍ਰਭਾਵਿਤ ਹੈ। ਜਿਵੇਂ ਕਿ ਪਹਿਲੀ ਕਹਾਣੀ 'ਸ਼ੌਂਕ' ਵਿਚ ਦੱਸਿਆ ਗਿਆ ਹੈ ਕਿ ਕਈ ਵਾਰ ਗ਼ਲਤ-ਫਹਿਮੀਆਂ ਹੋ ਜਾਂਦੀਆਂ ਹਨ ਪਰ ਫਿਰ ਕੁਝ ਬਣਦਾ ਨਹੀਂ। ਇਸ ਤਰ੍ਹਾਂ 'ਮਜ਼ਾਕ' ਕਹਾਣੀ ਵਿਚ ਸੱਚਮੁੱਚ ਹੀ ਘਟਨਾ ਵਾਪਰਨ ਦੀ ਗੱਲ ਕੀਤੀ ਹੈ।
'ਬਾਪ ਕਦੇ ਮਰਦਾ ਨਹੀਂ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਬਾਪ ਚਿਰ-ਜੀਵੀ ਹੁੰਦਾ ਹੈ। ਪਿਤਾ ਦਾ ਅੰਸ਼ ਹਮੇਸ਼ਾ ਪੁੱਤ ਵਿਚ ਰਹਿੰਦਾ ਹੀ ਹੈ। 'ਛੋਟੀ ਉਮਰ, ਵੱਡੀ ਦਲੀਲ' ਕਹਾਣੀ ਇਕ ਬੱਚੇ ਦੀ ਸੋਚ ਬਾਰੇ ਹੈ। ਇਸ ਤਰ੍ਹਾਂ ਅਗਲੀ ਕਹਾਣੀ ਵਿਚ 'ਤਿੰਨ ਭਰਾਵਾਂ ਦੀ ਵਿਰਾਸਤ' ਵਿਚ ਦੱਸਿਆ ਗਿਆ ਹੈ ਕਿ ਜਦੋਂ ਭਰਾਵਾਂ ਵਿਚ ਅਪਣੱਤ ਨਹੀਂ ਰਹੀ ਤਾਂ ਉਨ੍ਹਾਂ ਦੇ ਪੁੱਤਾਂ-ਧੀਆਂ ਵਿਚ ਕਿੱਥੋਂ ਰਹਿਣੀ ਸੀ। ਧਰਮਵੀਰ ਵੀ ਆਪਣੀ ਪਤਨੀ ਗਵਾ ਬਹਿੰਦਾ ਹੈ। 'ਦਖਲਅੰਦਾਜ਼ੀ' ਕਹਾਣੀ ਇਕ ਔਰਤ ਦਾ ਔਰਤ ਦੀ ਦੁਸ਼ਮਣ ਹੋਣ ਲਈ ਜ਼ਹਿਰ ਘੋਲਣ ਬਾਰੇ ਹੈ। ਇਸ ਪ੍ਰਕਾਰ ਡਾ: ਕੇ. ਜਗਜੀਤ ਸਿੰਘ ਨੇ ਆਪਣੀਆਂ ਕਹਾਣੀਆਂ ਵਿਚ ਸੱਚ ਦੀ ਪੇਸ਼ਕਾਰੀ ਕੀਤੀ ਹੈ, ਪਰ ਉਸ ਨੂੰ ਆਪਣੀ ਕਲਾ ਨੂੰ ਨਿਖਾਰਣ ਦੀ ਅਜੇ ਹੋਰ ਲੋੜ ਬਾਕੀ ਹੈ, ਜਿਸ ਨਾਲ ਕਹਾਣੀ ਰਸ ਹੋਰ ਪੀਡਾ ਅਤੇ ਪਕੇਰਾ ਹੋ ਸਕੇ।
ਇਸ ਤਰ੍ਹਾਂ 'ਮੱਸਿਆ ਤੋਂ ਪੂਰਨਮਾਸ਼ੀ ਤੱਕ ਦਾ ਸਫ਼ਰ' ਕਹਾਣੀ ਵਿਚ ਇੱਕ ਅਜਿਹੀ ਅਪਣੱਤ ਪ੍ਰੇਮੀ, ਪ੍ਰੇਮਿਕਾ ਅਤੇ ਪ੍ਰੇਮਿਕਾ ਦੇ ਪਤੀ ਵਿਚ ਦਿਖਾਈ ਗਈ ਹੈ, ਜੋ ਬੇਹੱਦ ਸਰਾਹੁਣਯੋਗ ਕਦਮ ਹੈ। 'ਕਹਾਣੀ ਦੀ ਤਲਾਸ਼' ਕਥਾ ਵਿਚ ਲੇਖਕ ਇੱਕ ਕਹਾਣੀ ਲਿਖਣ ਲੱਗਿਆ ਸੀ ਪਰ ਉਸ ਨੂੰ ਅਨੇਕਾਂ ਦੁਖੀ ਲੋਕਾਂ ਦੀਆਂ ਇਕੱਲੇਪਣ ਦੇ ਅਹਿਸਾਸ ਦੀਆਂ ਕਹਾਣੀਆਂ ਮਿਲ ਗਈਆਂ, ਜਿਸ ਤੋਂ ਉਹ ਆਪਾ ਭੁੱਲ ਗਿਆ। ਸਮੁੱਚੇ ਰੂਪ ਵਿਚ ਸਾਰੀਆਂ ਹੀ ਕਹਾਣੀਆਂ ਵਿਚ ਸਾਦਗੀ ਅਤੇ ਸਰਲਤਾ ਝਲਕਦੀ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161


ਹੋਏ ਪੁੱਤ ਜਵਾਨ
ਗੀਤਕਾਰ : ਮਲਕੀਅਤ ਸਿੰਘ ਗਰੇਵਾਲ
(ਮੀਤ ਸਕਰੌਦੀ)
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 99887-16513.

ਮੀਤ ਸਕਰੌਦੀ ਇਕ ਹੰਢਿਆ ਵਰਤਿਆ ਗੀਤਕਾਰ ਹੈ। ਇਸ ਪੁਸਤਕ ਦੇ ਗੀਤ ਧਾਰਮਿਕ ਹਨ ਪਰ ਕੁਝ ਗੀਤ ਸਮਾਜਿਕ ਵਿਸ਼ਿਆਂ 'ਤੇ ਵੀ ਆਧਾਰਿਤ ਹਨ। ਮੀਤ ਦੇ ਦਰਜਨ ਤੋਂ ਵਧੇਰੇ ਗੀਤ ਸਟੇਜੀ ਗੀਤਕਾਰਾਂ ਨੇ ਸਫਲਤਾ ਸਹਿਤ ਗਾਏ ਹਨ। ਕੁਝ ਗੀਤਾਂ ਦੇ ਮੁਖੜੇ ਇਸ ਤਰ੍ਹਾਂ ਦੇ ਹਨ :
-ਨਾਨਕ ਪੜ੍ਹਾਵੇ ਪਾਂਧੇ ਨੂੰ, ਦੇਖੋ ਮਨ ਵਾਲੀ ਖੋਲ੍ਹ ਕੇ ਕਿਤਾਬ
-ਤਵੀ 'ਤੇ ਬੈਠਾ ਸਤਿਗੁਰੂ ਮੇਰਾ ਚੰਦ ਭਾਨੀ ਦਾ ਜਾਇਆ
-ਕੱਲਾ ਕੱਲਾ ਤੰਬੂ ਵਿਚ ਲੈ ਜਾਈ ਜਾਂਦਾ ਏ
ਗੁਰੂ ਗੋਬਿੰਦ ਗਿੱਦੜੋਂ ਸ਼ੇਰ ਬਣਾਈ ਜਾਂਦਾ ਏ
-ਕਿਉਂ ਕਰਦੈਂ ਮਨ ਆਈਆਂ ਬੰਦਿਆ ਲੇਖਾ ਦੇਣਾ ਪੈਣਾ
-ਨੀਵਿਆਂ ਨੂੰ ਫਲ ਲਗਦੇ ਤੂੰ ਵਿਚਾਰ ਕਰੀਂ....।
ਗੀਤਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮੇਸ਼ ਪਿਤਾ ਜੀ ਦੀਆਂ ਅਹਿਮ ਵਾਰਤਾਵਾਂ ਨੂੰ ਗੀਤਾਂ ਵਿਚ ਪਰੋਇਆ ਹੈ। ਮਨੁੱਖ ਨੂੰ ਧਾਰਮਿਕ ਨੈਤਿਕਤਾ ਨਾਲ ਜਿਊਣ ਦੀ ਸਿੱਖਿਆ ਦਿੱਤੀ ਗਈ ਹੈ ਅਤੇ ਸਭ ਨੂੰ ਸਮਾਜ ਵਿਚ ਸ਼ਾਂਤੀ ਨਾਲ ਜੀਓ ਤੇ ਜੀਣ ਦਿਓ ਦਾ ਸੱਦਾ ਦਿੱਤਾ ਹੈ। ਔਰਤ ਜਾਤੀ ਦੇ ਪੱਖ ਵਿਚ ਵੀ ਆਵਾਜ਼ ਬੁਲੰਦ ਕੀਤੀ ਗਈ ਹੈ। ਗੀਤਕਾਰ ਸਕਰੌਦੀ ਨੇ ਕੁਝ ਗੀਤ ਮਾਵਾਂ ਦੀ ਵਡਿਆਈ ਵਿਚ ਵੀ ਲਿਖੇ ਹਨ ਪਰ ਜੋ ਗੀਤ ਉਸ ਨੇ ਧੀਆਂ ਦੇ ਹੱਕ ਵਿਚ ਲਿਖੇ ਹਨ, ਉਹ ਬਹੁਤ ਹੀ ਭਾਵਨਾ ਭਰਪੂਰ ਹਨ। ਜਿਵੇਂ :
-ਅਣਜੰਮੀ ਧੀ ਮਾਰ ਕੇ ਲੋਕੋ ਸੁੱਖ ਨਾ ਪਾਉਣਗੇ ਮਾਪੇ
-ਮੁੰਡਿਆਂ ਤੋਂ ਘੱਟ ਕੁੜੀ ਨਾ ਸ਼ਾਨ ਮਾਪਿਆਂ ਦੀ ਰੱਜ ਕੇ ਵਧਾਉਂਦੀ...।
ਸਾਰੇ ਹੀ ਗੀਤ ਸਟੇਜੀ ਹਨ ਅਤੇ ਗੀਤਕਾਰੀ ਦੀ ਤਕਨੀਕ ਦੇ ਅਨੁਸਾਰੀ ਹਨ। ਗੀਤਾਂ ਦੇ ਮੁਖੜੇ ਅਤੇ ਕਾਫੀਏ ਰਦੀਫ ਸਲਾਹੁਣਯੋਗ ਹਨ। ਭਾਸ਼ਾ ਦੀ ਸੁਖੈਨਤਾ ਲੋਕ ਮੁਖੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

09-06-2018

 ਇਹੁ ਜਨਮੁ ਤੁਮਹਾਰੇ ਲੇਖੇ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 408
ਸੰਪਰਕ : 011-42502364.

ਇਸ ਰਚਨਾ ਨੇ ਲੇਖਕ ਦੇ ਕੱਦ-ਬੁੱਤ ਵਿਚ ਸਿਫ਼ਤੀ ਵਾਧਾ ਕੀਤਾ ਹੈ। ਇਸ ਨਾਵਲ ਵਿਚ ਪੰਜਾਬੀ ਸਾਹਿਤ ਦੀ ਇਕ ਸ਼੍ਰੋਮਣੀ ਕਵਿੱਤਰੀ ਸ੍ਰੀਮਤੀ ਜਗਦੀਪ (ਕਾਲਪਨਿਕ ਨਾਂਅ) ਦੇ ਜੀਵਨ-ਬਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ। ਨਾਵਲੀ-ਬਿਰਤਾਂਤ ਦੀ ਪੇਸ਼ਕਾਰੀ ਲਈ ਜ਼ਰੂਰੀ ਸੀ ਕਿ ਸਾਹਿਤ ਦੀਆਂ ਕੁਝ ਹੋਰ ਸ਼ਖ਼ਸੀਅਤਾਂ ਦੇ ਵੇਰਵੇ ਵੀ ਨਿਰੂਪਿਤ ਕੀਤੇ ਜਾਣ। ਇਸ ਕਾਰਨ ਪ੍ਰੋ: ਮੋਹਨ ਸਿੰਘ ਅਤੇ ਉਰਦੂ ਕਵੀ ਸਾਹਿਰ ਲੁਧਿਆਣਵੀ ਦਾ ਵੀ ਪ੍ਰਸੰਗ-ਵਸ ਵਰਨਣ ਆ ਗਿਆ ਹੈ। ਕੁਝ ਲੇਖਕਾਂ, ਕਲਕਾਰਾਂ ਨੂੰ ਕਲਪਿਤ ਨਾਵਾਂ ਨਾਲ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਦੀ ਸ਼ਖ਼ਸੀਅਤ ਵਿਚੋਂ ਪ੍ਰੋ: ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਬਲਵੰਤ ਗਾਰਗੀ, ਇਮਰੋਜ਼ (ਇੰਦਰਜੀਤ), ਸ: ਗੁਰਮੁਖ ਸਿੰਘ ਮੁਸਾਫ਼ਿਰ ਅਤੇ ਦੇਵਿੰਦਰ ਆਦਿ ਲੇਖਕਾਂ ਦੇ ਚਿਹਰੇ-ਮੋਹਰੇ ਝਲਕਦੇ ਹਨ।
ਲੇਖਕ ਨੇ ਆਪਣੇ ਇਸ ਨਾਵਲ ਵਿਚ ਸ੍ਰੀਮਤੀ ਜਗਦੀਪ ਕੌਰ ਦੀਆਂ ਆਕਾਂਖਿਆਵਾਂ ਦੀ ਇਕ ਅਦਭੁਤ ਉਡਾਣ ਪੇਸ਼ ਕੀਤੀ ਹੈ। ਸਾਡੇ ਅਜੋਕੇ ਦੌਰ ਵਿਚ ਕੋਈ ਵੀ ਸ਼ਖ਼ਸ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਕਿਸੇ ਖੇਤਰ ਦੀ ਸਿਖ਼ਰ ਤੱਕ ਨਹੀਂ ਪਹੁੰਚ ਸਕਦਾ। ਸਭ ਤੋਂ ਪਹਿਲਾਂ ਜ਼ਿਹਨ ਵਿਚ ਇਕ ਬਲਿਯੂ-ਪ੍ਰਿੰਟ ਬਣਾਉਣਾ ਪੈਂਦਾ ਹੈ। ਕੁਝ ਚਾਹੇ-ਅਣਚਾਹੇ ਸਮਝੌਤੇ ਕਰਨੇ ਪੈਂਦੇ ਹਨ। ਫਿਰ ਕਿਧਰੇ ਜਾ ਕੇ ਤੁਹਾਡੀ 'ਗੁੱਡੀ' ਅਸਮਾਨ ਵਿਚ ਉੱਡਦੀ ਹੈ। ਇਸ ਤੋਂ ਬਾਅਦ ਵੀ ਉਲਟ ਹਵਾਵਾਂ ਅਤੇ ਝੱਖੜ-ਝਾਂਬਿਆਂ ਤੋਂ ਚੌਕਸ ਰਹਿਣਾ ਪੈਂਦਾ ਹੈ, ਤਾਂ ਹੀ ਇਹ ਗੁੱਡੀ ਉਥੇ ਬਣੀ ਰਹਿ ਸਕਦੀ ਹੈ। ਜਗਦੀਪ ਨੂੰ ਇਨ੍ਹਾਂ ਗੱਲਾਂ ਦਾ ਇਲਮ ਚੜ੍ਹਦੀ ਜਵਾਨੀ ਦੇ ਦਿਨਾਂ ਵਿਚ ਹੀ ਹੋ ਗਿਆ ਸੀ। ਇਸ ਕਾਰਨ ਛੇਤੀ ਹੀ ਉਹ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਗਈ। ਦੇਵਨੇਤ ਨਾਲ ਉਸ ਨੂੰ ਗੁਰਮੁਖ ਸਿੰਘ ਵਰਗਾ ਮਹਾਤਮਾ-ਪੁਰਸ਼ ਪਤੀ ਵਜੋਂ ਮਿਲ ਗਿਆ, ਜੋ ਆਪ ਹੀ ਉਸ ਵਾਸਤੇ ਸਪੇਸ ਛੱਡਦਾ ਗਿਆ, ਜਿਸ ਕਾਰਨ ਜਗਦੀਪ ਨੂੰ ਆਪਣੀ ਮਨਸ਼ਾ ਪੂਰੀ ਕਰਨ ਲਈ, ਉੱਚਿਤ ਮਰਦਾਂ ਨੂੰ ਉਸ ਦੀ ਛੱਡੀ ਹੋਈ ਸਪੇਸ, ਦੇਣਾ ਕੋਈ ਚੁਣੌਤੀ ਨਾ ਬਣਿਆ। ਉਹ ਪਹਿਲਾਂ ਸਾਹਿਰ ਸਾਹਿਬ ਅਤੇ ਫਿਰ ਨਵਰੰਗ ਨਾਲ ਜੀਵਨ ਰੂਪੀ ਰਾਤਾਂ ਬਤੀਤ ਕਰਦੀ ਰਹੀ। ਪਰ ਕੋਈ ਵਿਅਕਤੀ ਕਿੰਨਾ ਹੀ ਚਤੁਰ-ਚਲਾਕ ਕਿਉਂ ਨਾ ਹੋਵੇ, ਉਸ ਦੀ ਹਰ ਚਤੁਰਾਈ, ਇਕ ਗ੍ਰੰਥੀ ਬਣ ਕੇ ਅਚੇਤ ਮਨ ਵਿਚ ਤਾਂ ਬੈਠ ਹੀ ਜਾਂਦੀ ਹੈ। ਜਗਦੀਪ ਨਾਲ ਵੀ ਇਸੇ ਤਰ੍ਹਾਂ ਹੋਇਆ। ਜੀਵਨ ਦੇ ਆਖ਼ਰੀ ਵਰ੍ਹੇ ਉਸ ਨੇ ਬਹੁਤ ਪੀੜਾ ਅਤੇ ਲਾਚਾਰੀ ਵਿਚ ਬਿਤਾਏ ਅਤੇ ਜਦ ਉਹ ਮਰੀ ਤਾਂ ਉਸ ਦੀ ਲਾਸ਼ ਨੂੰ ਮੋਢਾ ਦੇਣ ਵਾਸਤੇ ਚਾਰ ਬੰਦੇ ਵੀ ਨਹੀਂ ਸਨ। ਪੰਜਾਬ ਤੋਂ ਨਿਰੰਤਰ ਉਸ ਦੇ ਘਰ ਦੀ ਪਰਿਕਰਮਾ ਕਰਨ ਲਈ ਜਾਂਦੇ ਮਿਠਬੋਲੜੇ ਪ੍ਰੀਤ-ਸਨੇਹੀਆਂ ਵਿਚੋਂ ਇਕ ਵੀ ਅੰਤਿਮ ਸਮੇਂ ਨਾ ਬਹੁੜਿਆ। ਉਸ ਦਾ ਸਾਮਰਾਜ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਲੇਖਕ ਨੇ ਹਰ ਪਾਤਰ ਨੂੰ ਬੜੀ ਪ੍ਰਮਾਣਿਕਤਾ ਨਾਲ ਰੂਪਮਾਨ ਕੀਤਾ ਹੈ। ਪਰ ਨਵਰੰਗ, ਅਨਵਰ ਮੀਆਂ, ਕੁਲਵੰਤ ਬਾਣੀ, ਹਿਤੈਸ਼ੀ ਜੀ ਅਤੇ ਹਰਵਿੰਦਰ ਦੇ ਚਰਿੱਤਰ ਤਾਂ ਬੇਹੱਦ ਪ੍ਰਭਾਵਸ਼ਾਲੀ ਹਨ। ਅਨਵਰ ਮੀਆਂ ਦੀ ਗੁਫ਼ਤਗੂ ਸਿਰਜਣ ਵਿਚ ਤਾਂ ਭੁੱਲਰ ਲਾਜਵਾਬ ਰਿਹਾ ਹੈ। ਵੀਨਾ, ਪਾਰਬਤੀ, ਪੁਨੀਤ ਅਤੇ ਸਰਗੁਣ ਦੇ ਕਿਰਦਾਰ ਵੀ ਨਾਵਲੀ-ਪ੍ਰਬੰਧ ਵਿਚ ਬੇਹੱਦ ਮਹੱਤਵਪੂਰਨ ਰਹੇ ਹਨ। ਲੇਖਕ ਨੇ ਇਹ ਦਰਸਾ ਦਿੱਤਾ ਹੈ ਕਿ ਇਤਿਹਾਸਕ ਵਿਅਕਤੀਆਂ ਦਾ, ਸਾਹਿਤਕ ਜ਼ਰੂਰਤਾਂ ਲਈ, ਗਲਪੀਕਰਨ ਕਿਵੇਂ ਕਰਨਾ ਚਾਹੀਦਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਾਡੇ ਚਾਨਣ ਮੁਨਾਰੇ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 100 ਰੁਪਏ, ਸਫ਼ੇ : 105
ਸੰਪਰਕ : 0172-5027427.

ਡਾ: ਗੁਰਚਰਨ ਸਿੰਘ ਔਲਖ (ਹੁਣ ਸਵਰਗਵਾਸੀ) ਬਹੁ-ਵੰਨਗੀ ਲੇਖਕ ਹੈ, ਜਿਸ ਨੇ ਕਹਾਣੀ, ਨਾਵਲ, ਸਵੈ-ਜੀਵਨੀ, ਸਿੱਖ ਇਤਿਹਾਸ, ਵਿਅੰਗ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕੀਤਾ ਹੈ। ਆਲੋਚਨਾ ਤੇ ਸਿੱਖਿਆ-ਸ਼ਾਸਤਰ ਵੀ ਉਸ ਦੇ ਮਨ ਭਾਉਂਦੇ ਵਿਸ਼ੇ ਰਹੇ ਹਨ। 'ਸਾਡੇ ਚਾਨਣ ਮੁਨਾਰੇ' ਉਨ੍ਹਾਂ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਨਵੀਂ ਪੁਸਤਕ ਹੈ, ਜਿਸ ਵਿਚ ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਸ਼ਾਮਿਲ ਕੀਤੀਆਂ ਹਨ। ਦੇਸ਼ ਦੀ ਸੇਵਾ ਵਿਭਿੰਨ ਤਰੀਕਿਆਂ ਤੇ ਮਾਰਗਾਂ ਰਾਹੀਂ ਕੀਤੀ ਜਾ ਸਕਦੀ ਹੈ। ਕਿਸੇ ਦੇਸ਼ ਦੀ ਬਣਤਰ ਤੇ ਤਰੱਕੀ ਵੀ ਇਨ੍ਹਾਂ ਮਹਾਂਪੁਰਸ਼ਾਂ ਦੇ ਕਾਰਜਾਂ ਤੇ ਚਿੰਤਨ 'ਤੇ ਹੀ ਨਿਰਭਰ ਹੁੰਦੀ ਹੈ। ਇਨ੍ਹਾਂ ਜੀਵਨੀਆਂ ਵਿਚ ਬਹਾਦਰ ਯੋਧੇ ਹਨ, ਜਿਨ੍ਹਾਂ ਨੇ ਆਪਣੇ ਕੌਸ਼ਲ ਤੇ ਬਹਾਦਰੀ ਦੀ ਵਰਤੋਂ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਦੁਸ਼ਮਣਾਂ ਨਾਲ ਡਟ ਕੇ ਮੱਥਾ ਡਾਹਿਆ ਤੇ ਜਿੱਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਮਹਾਰਾਣਾ ਪ੍ਰਤਾਪ ਆਦਿ ਦਾ ਸ਼ੁਮਾਰ ਕੀਤਾ ਜਾਂਦਾ ਹੈ। ਅਗਲੀ ਗਣਨਾ ਦੇਸ਼ ਭਗਤਾਂ ਦੀ ਆਉਂਦੀ ਹੈ, ਜਿਨ੍ਹਾਂ ਨੇ ਲੱਖਾਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਲਾਲਾ ਹਰਦਿਆਲ, ਮਹਾਤਮਾ ਗਾਂਧੀ, ਭਗਤ ਸਿੰਘ, ਜਵਾਹਰ ਲਾਲ ਨਹਿਰੂ, ਸ਼ਹੀਦ ਊਧਮ ਸਿੰਘ, ਲਾਲ ਬਹਾਦਰ ਸ਼ਾਸਤਰੀ ਜਿਹੇ ਮਹਾਂਪੁਰਸ਼ ਇਸੇ ਕੈਟੇਗਰੀ 'ਚ ਆਉਂਦੇ ਹਨ। ਫਿਰ ਵਿਗਿਆਨਕਾਂ ਦੀ ਵਾਰੀ ਆਉਂਦੀ ਹੈ, ਜਿਨ੍ਹਾਂ ਨੇ ਦੇਸ਼ ਨੂੰ ਆਪਣੀਆਂ ਸੇਵਾਵਾਂ ਦੇ ਕੇ ਵਿਗਿਆਨਕ ਖੇਤਰ ਵਿਚ ਚੜ੍ਹਦੀ ਕਲਾ ਵਿਚ ਰੱਖਿਆ। ਕਲਪਨਾ ਚਾਵਲਾ ਤੇ ਡਾ: ਏ.ਪੀ.ਜੇ. ਅਬਦੁਲ ਕਲਾਮ ਇਹੋ ਜਿਹੇ ਹੀ ਵਿਗਿਆਨੀ ਸਨ। ਡਾ: ਮਨਮੋਹਨ ਸਿੰਘ ਨੇ ਆਪਣੀਆਂ ਆਰਥਿਕ ਨੀਤੀਆਂ ਕਾਰਨ ਦੇਸ਼ ਨੂੰ ਹਰ ਹੀਟ ਕੀਫ਼ ਤੋਂ ਬਚਾਈ ਰੱਖਿਆ। ਭਾਈ ਕਨ੍ਹਈਆ ਤੇ ਮਦਰ ਟਰੇਸਾ ਦੁਖੀਆਂ ਦੇ ਦੁੱਖ ਹਰਨ ਵਾਲੇ ਸਮਾਜ ਸੇਵੀ ਸਨ, ਜਿਨ੍ਹਾਂ ਆਪਣੀਆਂ ਅਣਥੱਕ ਘਾਲਨਾਵਾਂ ਨਾਲ ਦੀਨ ਦੁਖੀਆਂ ਦੀ ਸੇਵਾ ਕੀਤੀ। ਡਾ: ਔਲਖ ਦੀ ਰੁਚੀ ਇਤਿਹਾਸ 'ਚ ਹੋਣ ਕਾਰਨ, ਉਹ ਇਤਿਹਾਸ ਸ਼ਾਸਤਰੀਆਂ ਦੀਆਂ ਰਾਵਾਂ ਨੂੰ ਵੀ ਆਪਣੀਆਂ ਰਚਨਾਵਾਂ ਵਿਚ ਯੋਗ ਸਥਾਨ ਦਿੰਦੇ ਹਨ। ਤਰਕ ਅਤੇ ਇਤਿਹਾਸਕ ਪਰਿਪੇਖ ਦੀ ਭਰਪੂਰ ਵਰਤੋਂ ਕਾਰਨ ਇਹ ਜੀਵਨੀਆਂ ਸਟੀਕ ਬਣ ਸਕੀਆਂ ਹਨ। ਖੋਜ ਪ੍ਰਣਾਲੀ ਦੀ ਵਿਧਾ ਵੀ ਇਨ੍ਹਾਂ ਜੀਵਨੀਆਂ ਦੀ ਰਚਨਾ ਵਿਚ ਵਰਤੀ ਗਈ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਸਮਕਾਲੀ ਪੰਜਾਬੀ ਕਾਵਿ-ਅਧਿਐਨ
(ਦ੍ਰਿਸ਼ ਤੇ ਦ੍ਰਿਸ਼ਟੀ)
ਲੇਖਕ : ਡਾ: ਮੋਹਨ ਤਿਆਗੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 98144-79150.

ਇਸ ਆਲੋਚਨਾਤਮਕ ਪੁਸਤਕ ਦੇ ਪਹਿਲੇ ਕਾਂਡ (ਆਗਾਜ਼) ਵਿਚ ਗਲੋਬਲੀ ਪਾਸਾਰ ਦੇ ਦ੍ਰਿਸ਼ ਅਤੇ ਦ੍ਰਿਸ਼ਟੀ ਤੋਂ ਅਮਰੀਕਨ ਪੰਜਾਬੀ ਕਵੀਆਂ ਦੇ ਯੋਗਦਾਨ ਦੀ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਦੂਜੇ ਕਾਂਡ ਤੋਂ ਲੈ ਕੇ 24ਵੇਂ ਕਾਂਡ ਤੱਕ ਵੱਖ-ਵੱਖ ਨਿਬੰਧਾਂ ਵਿਚ ਸਮਕਾਲੀ ਕਵੀਆਂ ਦੀਆਂ ਕਾਵਿ-ਰਚਨਾਵਾਂ ਦਾ ਅਧਿਐਨ ਪੇਸ਼ ਹੈ। ਇਸ ਅਧਿਐਨ ਦੀ ਖੂਬਸੂਰਤੀ ਇਹ ਹੈ ਕਿ ਵਿਸ਼ਲੇਸ਼ਣ ਕਰਦਿਆਂ ਆਲੋਚਕ ਦੀ ਦ੍ਰਿਸ਼ਟੀ ਨੇ ਸਮਕਾਲੀ ਕਵੀਆਂ ਨੂੰ ਵੱਖ-ਵੱਖ ਉਪਮਾਵਾਂ ਨਾਲ ਨਿਵਾਜਿਆ ਹੈ। ਮਸਲਨ : ਗੁਰਦਾਸ ਰਾਮ ਆਲਮ ਨੂੰ ਦਲਿਤ ਕਵਿਤਾ ਅਤੇ ਸ਼ਕਤੀਕਰਨ ਨਾਲ ਵਡਿਆਇਆ ਹੈ।
'ਪਾਸ਼' ਨੂੰ ਕ੍ਰਾਂਤੀ ਲਈ ਹਥਿਆਰਾਂ ਦੀ ਲੋੜ ਦਾ ਸਮਰਥਕ ਦੱਸਿਆ ਹੈ। ਕਵਿਤਾ ਵਿਚ ਨਵੇਂ ਮੀਲ ਪੱਥਰ ਸਥਾਪਤ ਕਰਨ ਵਾਲਿਆਂ ਵਿਚ ਮੋਹਨਜੀਤ, ਦਰਸ਼ਨ ਬੁੱਟਰ, ਪਰਮਿੰਦਰ ਸੋਢੀ, ਹਰਮੀਤ ਵਿਦਿਆਰਥੀ, ਮੋਹਣ ਮਤਿਆਲਵੀ, ਨਵਤੇਜ ਗੜ੍ਹਦੀਵਾਲਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਪ੍ਰਤੀਬੱਧ ਸ਼ਾਇਰਾਂ ਵਿਚ ਭੂਪਿੰਦਰ, ਬਲਵੀਰ ਪਰਵਾਨਾ, ਸੁਖਵਿੰਦਰ ਕੰਬੋਜ, ਸਰਬਜੀਤ ਕੌਰ ਜੱਸ ਦੇ ਨਾਲ-ਨਾਲ ਮੋਹਨ ਮਤਿਆਲਵੀ ਵੀ ਸ਼ਾਮਿਲ ਹੈ। ਨਵੇਂ ਦਿਸਹੱਦਿਆਂ ਦੀ ਤਲਾਸ਼ ਕਰਨ ਵਾਲਿਆਂ ਵਿਚ ਸਰਬਜੀਤ ਕੌਰ ਸੋਹਲ, ਦਲਬੀਰ ਸਿੰਘ ਦਿਲ ਨਿੱਜਰ, ਜਗਦੀਪ ਸਿੱਧੂ ਦੇ ਨਾਲ-ਨਾਲ ਬਲਬੀਰ ਪਰਵਾਨਾ ਹਾਜ਼ਰ ਹੈ। ਜ਼ਿਕਰਯੋਗ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਚ ਸੰਦੀਪ ਦੇ ਨਾਲ-ਨਾਲ 'ਸੋਹਲ' ਅਤੇ 'ਪਰਵਾਨਾ' ਬੈਠੇ ਹਨ। ਨਾਮਵਰ/ਮਾਨਵਵਾਦੀ ਕਵਿਤਰੀਆਂ ਵਿਚ ਅਰਵਿੰਦਰ ਸੰਧੂ, ਹਰਪ੍ਰੀਤ ਕੌਰ ਧੂਤ ਸੰਗ 'ਜੱਸ' ਵੀ ਸੁਸ਼ੋਭਿਤ ਹੈ। 'ਚਿਹਨੀਕਰਣ' 'ਚ ਅਮਰਜੀਤ ਕੌਂਕੇ ਦੀ ਬੱਲੇ-ਬੱਲੇ ਹੈ। ਨਵੀਆਂ ਪੈੜਾਂ ਦੇ ਸਿਰਜਕਾਂ ਵਿਚ ਬਲਵੰਤ ਭਾਟੀਆ ਅਤੇ ਤਰਸੇਮ ਦਾ ਸ਼ੁਮਾਰ ਹੈ। ਗੁਰਪ੍ਰੀਤ ਦੀ ਕਵਿਤਾ ਬਾਰੇ ਵਿਸਤ੍ਰਿਤ ਚਰਚਾ ਦੀ ਲੋੜ ਹੈ। ਅਣਕਹੇ ਨੂੰ ਅਕਵਿਤਾ ਦੀ ਭਾਸ਼ਾ ਵਿਚ ਬਿਆਨ ਕਰਨ ਵਾਲਾ ਸੁਰਜੀਤ ਗੱਗ ਹੈ। ਵਿਚਾਰ ਦੱਸ ਕੇ ਕਾਵਿ ਟੁਕੜੀ ਨਾਲ ਪੁਸ਼ਟੀ ਕਰਨ ਦੀ ਜੁਗਤ ਸਾਰੇ ਹੀ ਨਿਬੰਧਾਂ 'ਚੋਂ ਨੋਟ ਕੀਤੀ ਜਾ ਸਕਦੀ ਹੈ। ਵਿਚਾਰਾਧੀਨ ਪੁਸਤਕ ਤੋਂ ਬਿਨਾਂ ਸਬੰਧਿਤ ਅਨੇਕਾਂ ਕਵੀਆਂ ਦੀਆਂ ਹੋਰ ਪੁਸਤਕਾਂ ਦੀਆਂ ਸੂਚੀਆਂ ਉਪਲਬਧ ਹਨ। ਮੁਲਾਂਕਣ ਕਰਤਾ ਨੂੰ ਆਪਣੇ ਵਿਸ਼ੇ 'ਤੇ ਹੈਰਾਨੀਜਨਕ ਅਬੂਰ ਹਾਸਲ ਹੈ। ਕਿਹਾ ਜਾ ਸਕਦਾ ਹੈ ਕਿ ਸਮੇਂ ਦੀ ਪ੍ਰਸੰਸਾਮੂਲਕ ਆਲੋਚਨਾ ਵਿਚ ਇਹ ਯਤਨ ਅਹਿਮ ਵਾਧਾ ਹੈ। ਇਹ ਪੁਸਤਕ ਮੈਟਾ-ਆਲੋਚਨਾ ਲਈ ਹਾਕਾਂ ਮਾਰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਧਰਤੀ ਦੇ ਚੰਨ
ਕਵੀ : ਜੋਗਿੰਦਰ ਸਿੰਘ ਪ੍ਰਵਾਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98767-24267.

ਕਵੀ ਦੀਆਂ ਕਵਿਤਾਵਾਂ ਤੇ ਨਜ਼ਮਾਂ ਸਮਾਜ ਵਿਚਲੀਆਂ ਨਾਮੁਰਾਦ ਬਿਮਾਰੀਆਂ ਜਿਵੇਂ ਦਾਜ ਦਾ ਕੋਹੜ, ਨਸ਼ੇ, ਬੇਰੁਜ਼ਗਾਰੀ, ਲੀਹੋਂ ਲੱਥੀ ਰਾਜਨੀਤੀ, ਧਰਮ ਦੇ ਨਾਂਅ 'ਤੇ ਫੈਲਾਏ ਜਾ ਰਹੇ ਅਧਰਮ ਅਤੇ ਆਰਥਿਕ ਨਾਬਰਾਬਰੀ ਉੱਤੇ ਗਹਿਰਾ ਕਟਾਖਸ਼ ਹਨ। ਭ੍ਰਿਸ਼ਟਾਚਾਰ, ਭਰੂਣ ਹੱਤਿਆ ਅਤੇ ਕਿਰਤੀਆਂ ਦੀ ਲੁੱਟ ਵਿਰੁੱਧ ਉਸ ਨੇ ਬਹੁਤ ਹੀ ਗੰਭੀਰਤਾ ਨਾਲ ਕਵਿਤਾਵਾਂ ਸਿਰਜੀਆਂ ਹਨ। ਕਵੀ ਦੀਆਂ ਕਰੀਬ 90 ਫ਼ੀਸਦੀ ਨਜ਼ਮਾਂ ਦਾ ਸਰੂਪ ਪੰਜਾਬੀ ਗ਼ਜ਼ਲਾਂ ਵਰਗਾ ਹੈ। ਪਰ ਕਵੀ ਨੇ ਐਲਾਨ ਨਹੀਂ ਕੀਤਾ ਕਿ ਇਹ ਗ਼ਜ਼ਲਾਂ ਹਨ। ਵਰਨਾ ਇਨ੍ਹਾਂ ਨਜ਼ਮਾਂ ਵਿਚ ਗ਼ਜ਼ਲਾਂ ਦੇ ਸਾਰੇ ਗੁਣ ਪਰਿਪੂਰਨ ਹਨ ਜਿਵੇਂ ਹੇਠ ਲਿਖੇ ਸ਼ਿਅਰ ਵੇਖੋ ਕਿ ਗ਼ਜ਼ਲ ਦੇ ਹੀ ਸ਼ਿਅਰ ਹਨ :
-ਸੁਣਦੇ ਸੀ ਜਿਸ ਨੂੰ ਪਿਆਰਾਂ ਦੀ ਦੁਨੀਆ
ਦਿਸਦੀ ਚੁਫੇਰੇ ਬਾਜ਼ਾਰਾਂ ਦੀ ਦੁਨੀਆ।
-ਫ਼ਿਰਕੂਪੁਣੇ ਤੇ ਧਰਮਾਂ 'ਚ ਖਿੱਲਰੀ
ਮੰਦਿਰਾਂ ਮਸੀਤਾਂ ਮਜ਼ਾਰਾਂ ਦੀ ਦੁਨੀਆ।
-ਫੁੱਲਾਂ ਵਰਗੀ ਹੋ ਗਈ ਸੱਜਣਾ ਵਿਚੋਂ ਲੰਘੀ ਵਾ
ਤੂੰ ਵੀ ਕਿੱਧਰੋਂ ਸੱਜਣਾ ਇਸੇ ਰਸਤੇ ਆ।
-ਕੀਕਣ ਕਹਾਂ ਨਿਮਾਣੇ ਲੋਕ
ਇਹ ਨੇ ਬੜੇ ਸਿਆਣੇ ਲੋਕ।
-ਜ਼ਿਹਨ ਅੰਦਰ ਰੜਕਦਾ ਸਵਾਲ ਹੈ
ਦੋਸ਼ੀ ਹੁੰਦੇ ਬਰੀ ਬੇਦੋਸ਼ਾ ਹਲਾਲ ਹੈ...।
ਪੁਸਤਕ ਦੀਆਂ ਨਜ਼ਮਾਂ/ਗ਼ਜ਼ਲਾਂ ਦੀ ਸ਼ਬਦਾਵਲੀ ਤੇ ਵਿਸ਼ੇ ਲੋਕ ਮੁਖੀ ਤੇ ਸਮਾਜਿਕ ਸਰੋਕਾਰਾਂ ਵਾਲੇ ਹਨ। ਮੈਂ ਸਮਝਦਾ ਹਾਂ ਕਿ ਜੇਕਰ ਇਸ ਪੁਸਤਕ ਦੀਆਂ ਕੁਝ ਇਕ ਕਵਿਤਾਵਾਂ ਕਵੀ ਸ਼ਾਮਿਲ ਨਾ ਕਰਦਾ ਤਾਂ ਇਹ ਪੁਸਤਕ ਸ਼ਾਨਦਾਰ ਅਤੇ ਜਾਨਦਾਰ ਗ਼ਜ਼ਲ ਸੰਗ੍ਰਹਿ ਹੁੰਦੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਇੱਕੀਵੀਂ ਸਦੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ ਵਿਚਾਰਧਾਰਕ ਚਿੰਤਨ
ਲੇਖਿਕਾ : ਜੀਤ ਦੇਵਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 95922-47956.

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਸਦੀਵੀ ਵਿਗਿਆਨਕ ਸੋਚ ਦੀ ਰਹਿਨੁਮਾਈ ਕਰਨ ਦੇ ਸਮਰੱਥ ਹੈ। ਸਮੁੱਚੇ ਮਾਨਵ ਨੂੰ ਇਹ ਬਾਣੀ 'ਨਿੱਜ' ਤੋਂ ਲੈ ਕੇ 'ਪਰ' ਤੱਕ ਦੇ ਸਮਾਜਿਕ, ਨੈਤਿਕ, ਧਾਰਮਿਕ, ਅਧਿਆਤਮਿਕ, ਸੱਭਿਆਚਾਰਕ ਅਤੇ ਸ਼ਾਸਕੀ ਪ੍ਰਬੰਧਨ ਦੇ ਮੂਲ-ਵਿਧਾਨਾਂ ਸਬੰਧੀ ਤਰੋ-ਤਾਜ਼ਾ ਜਾਣਕਾਰੀ ਦਾ ਸਰੋਤ-ਬਿੰਦੂ ਹੈ। ਜੀਤ ਦੇਵਿੰਦਰ ਕੌਰ ਨੇ ਵੀ ਇਸ ਗ੍ਰੰਥ ਨੂੰ ਸਮਝਣ ਦੀ ਕੋਸ਼ਿਸ਼ ਵਿਚ ਆਪਣੇ ਵਲੋਂ ਲਿਖੇ ਵਿਭਿੰਨ ਸਮਿਆਂ 'ਤੇ ਪੇਸ਼ ਕੀਤੇ ਗਏ ਮਹਿਜ਼ ਖੋਜ-ਪੱਤਰਾਂ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਕੁੱਲ 12 ਅਧਿਆਇ ਹਨ।
ਪਹਿਲਾ ਅਧਿਆਇ ਪੁਸਤਕ ਦੇ ਸਿਰਲੇਖ ਵਾਲਾ ਹੀ ਹੈ ਜਿਸ ਵਿਚ ਉਸ ਨੇ ਮੱਧ ਕਾਲੀਨ ਸੋਚ ਦ੍ਰਿਸ਼ਟੀ ਤੋਂ ਲੈ ਕੇ ਹੁਣ ਤੱਕ ਦੀ ਮਾਨਵੀ ਸੋਚ-ਦ੍ਰਿਸ਼ਟੀ ਵਿਚ ਵਸ ਚੁੱਕੀ ਮਾਨਸਿਕਤਾ ਨੂੰ ਉਭਾਰਿਆ ਹੈ। ਇਸੇ ਪ੍ਰਸੰਗਤਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੰਜਾਬੀ ਸਾਹਿਤ 'ਤੇ ਪ੍ਰਭਾਵ ਦਰਸਾਇਆ ਗਿਆ ਹੈ। ਭਗਤਾਂ ਅਤੇ ਸੰਤਾਂ ਦੀ ਬਾਣੀ ਵਿਚੋਂ ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਦਾ ਉਲੇਖ ਭਾਵਪੂਰਤ ਤਰੀਕੇ ਨਾਲ ਕੀਤਾ ਗਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਅੰਕਿਤ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਦੀ ਪਛਾਣ ਵੀ ਕੀਤੀ ਗਈ ਹੈ ਅਤੇ ਇਸ ਦੇ ਨਾਲ-ਨਾਲ ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਦੇ ਸੰਦਰਭ ਨੂੰ ਵੀ ਉਘਾੜਿਆ ਹੈ ਅਤੇ ਸਿੱਖ ਧਰਮ ਵਿਚ ਮਨੁੱਖੀ ਅਧਿਕਾਰਾਂ ਦੇ ਮਹੱਤਵ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਨਾਰੀ-ਜਾਤੀ ਦੀ ਮਹਿਮਾ ਦਾ ਗਾਣ ਅਤੇ ਗੁਰਬਾਣੀ ਵਿਚ ਸੁਚੱਜੇ ਪ੍ਰਬੰਧਨ ਦਾ ਬੋਧ ਵੀ ਇਹ ਪੁਸਤਕ ਕਰਾਉਂਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭਾਰਤੀ ਕੌਮ ਨੂੰ ਦਿੱਤੀ ਲਾਸਾਨੀ ਦੇਣ ਬਾਬਤ ਵੀ ਪੁਸਤਕ ਵਿਚ ਸੰਖੇਪ ਵਿਚਾਰ ਹਨ। ਪੁਸਤਕ ਦੇ ਅੰਤਿਮ ਦੋ ਅਧਿਆਇ ਆਧੁਨਿਕ ਕਵਿੱਤਰੀਆਂਂਸ਼ਸ਼ੀ ਸਮੁੰਦਰਾ ਅਤੇ ਅਮਰ ਜਿਉਤੀ ਦੀ ਕਾਵਿ-ਸੰਵੇਦਨਾ ਨੂੰ ਪੇਸ਼ ਕਰਦੇ ਦੋ ਖੋਜ ਪਰਚੇ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਸੋਚ ਦਾ ਸਫਰ
ਲੇਖਕ : ਪੂਰਨ ਸਿੰਘ
ਪ੍ਰਕਾਸ਼ਕ : ਸਾਤਵਿਕ ਬੁਕਸ, ਅੰਮ੍ਰਿਤਸਰ
ਮੁੱਲ : 180 ਰੁਪਏ , ਸਫੇ 208
ਸੰਪਰਕ : 99150-48005.

'ਸੋਚ ਦਾ ਸਫਰ' ਇਸ ਪੁਸਤਕ ਦੀਆਂ ਮੁੱਖ ਪਾਤਰ ਦੋ ਸਹੇਲੀਆਂ ਹਨ, ਜੋ ਇਕ-ਦੂਜੇ ਤੋਂ ਦੂਰ ਰਹਿੰਦੀਆਂ ਹੋਈਆਂ ਵੀ ਵੱਖ-ਵੱਖ ਵਿਦਵਾਨਾਂ ਦੇ ਸੰਪਰਕ ਵਿਚ ਹਨ। ਸਮੇਂ-ਸਮੇਂ ਵਿਚਾਰ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚਾਰ ਗੋਸ਼ਟੀਆਂ ਦੌਰਾਨ ਜੋ ਵੀ ਉਨਾਂ ਨੂੰ ਮਾਣਕ ਮੋਤੀ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਖਤਾਂ/ਪੱਤਰਾਂ ਰਾਹੀਂ ਇਕ-ਦੂਜੇ ਨਾਲ ਸਾਂਝਾ ਕਰਦੀਆਂ ਰਹਿੰਦੀਆਂ ਹਨ।
ਇਨ੍ਹਾਂ ਵਿਚਾਰ ਗੋਸ਼ਟੀਆਂ ਵਿਚ ਸਭ ਸ਼ਾਮਿਲ ਹਸਤੀਆਂ ਆਪਣੀ ਵਿਦਵਤਾ ਉਜਾਗਰ ਕਰਨ ਦੀ ਹਉਮੈ ਭਰੀ ਹੋੜ ਵਿਚ ਨਜ਼ਰ ਨਹੀਂ ਆਉਂਦੀਆਂ ਸਗੋਂ ਜਗਿਆਸੂ ਰੂਪ ਵਿਚ ਇਕ-ਦੂਜੇ ਤੋਂ ਪੁੱਛਣ ਤੇ ਸੁਣਨ ਵਿਚ ਹੀ ਬੜੇ ਭਾਵ ਪੂਰਤ ਉੱਤਰ ਉੱਗੜ ਕੇ ਪਾਠਕਾਂ ਦੇ ਰੂਬਰੂ ਹੋਈ ਜਾਂਦੇ ਹਨ।
ਧਰਮ ਦੀ ਬੁਨਿਆਦ ਆਮ ਕਰਕੇ ਸੱਚ, ਇਮਾਨਦਾਰੀ, ਪਰਉਪਕਾਰੀ, ਹਰ ਭੈੜ ਤੋਂ ਮੁਕਤ, ਸਬਰ, ਸੰਤੋਖ, ਤਿਆਗ, ਨਿਡਰਤਾ ਤੇ ਜੁਰਮ ਨਾਲ ਜੂਝਣਾ ਆਦਿ ਅਮਲੀ ਕਰਮਾਂ 'ਤੇ ਟਿਕੀ ਹੋਣੀ ਚਾਹੀਦੀ ਹੈ। ਵਿਗਿਆਨ ਨੇ ਵੀ ਨਵੀਆਂ ਲੱਭਤਾਂ, ਖੋਜਾਂ, ਸੋਚਾਂ/ਸਿਧਾਂਤਾਂ ਨਾਲ ਦੁਨੀਆ ਨੂੰ ਸੰਕਟਾਂ/ਕਲੇਸ਼ਾਂ/ਦੁੱਖਾਂ ਦੇ ਕੁਚੱਕਰ ਤੋਂ ਬਚਾਉਣ ਦਾ ਸਬੱਬ ਬਣਨਾ ਹੁੰਦਾ ਹੈ। ਪਰ ਇਨ੍ਹਾਂ ਦੋਵਾਂ ਦੀ ਨੱਥ ਕੁਝ ਅਜਿਹੇ ਲੋਕਾਂ ਕੋਲ ਆ ਗਈ ਜਿਨ੍ਹਾਂ ਨੇ ਆਪਣੇ ਸੌੜੇ ਹਿਤਾਂ ਖਾਤਰ ਉਕਤ ਸਭ ਅਸੂਲਾਂ ਨੂੰ ਹਮੇਸ਼ਾ ਸੂਲੀ ਚਾੜ੍ਹ ਛੱਡਿਆ। ਧਰਮ ਦੀ ਆੜ ਵਿਚ ਦੰਗੇ ਕਰਨ ਕਰਾਉਣ ਵਿਚ ਵਿਗਿਆਨਕ ਲੱਭਤਾਂ/ਖੋਜਾਂ ਦੀ ਦੁਰਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਹੀ ਬਿਰਤੀ ਹੋਰ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਸੋ, ਇਨਸਾਨ ਦੇ ਬੱਚੇ ਨੂੰ ਇਨਸਾਨ ਹੀ ਰਹਿਣ ਦੀ ਪ੍ਰੌੜ੍ਹਤਾ ਕਰਦੀ ਇਸ ਪੁਸਤਕ ਦਾ ਦਿਲੀ ਸਵਾਗਤ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

03-06-2018

 ਅਮਰਜੀਤ ਕੌਂਕੇ-ਕਾਵਿ
ਚਿੰਤਨ ਤੇ ਸਮੀਖਿਆ

ਸੰਪਾ: ਡਾ: ਬਲਜੀਤ ਸਿੰਘ,
ਡਾ: ਮੁਖਤਿਆਰ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 256
ਸੰਪਰਕ : 98551-08977.

ਹਥਲੀ ਪੁਸਤਕ ਅਮਰਜੀਤ ਕੌਂਕੇ-ਕਾਵਿ : ਚਿੰਤਨ ਤੇ ਸਮੀਖਿਆ ਦੀ ਇਕ ਮਹੱਤਵਪੂਰਨ ਉਪਲਬਧੀ 'ਪਿਆਸ' ਦੇ ਮਾਈਕਰੋ ਅਧਿਐਨ ਨਾਲ ਸਬੰਧਿਤ ਹੈ। ਪੰਜਾਬੀ ਸਾਹਿਤ ਦੇ ਵੱਖ-ਵੱਖ 35-36 ਆਲੋਚਕਾਂ (ਬਹੁਤੇ ਯੁਵਾ) ਨੇ ਇਸ ਪੁਸਤਕ ਵਿਚ ਸੰਗ੍ਰਹਿਤ ਕਵਿਤਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਡਾ: ਬਲਜੀਤ ਸਿੰਘ, ਡਾ: ਯੋਗ ਰਾਜ, ਡਾ: ਮੇਹਰ ਮਾਣਕ, ਡਾ: ਹਰਬੰਸ ਸਿੰਘ ਧੀਮਾਨ, ਡਾ: ਜਸਵਿੰਦਰ ਕੌਰ ਬਿੰਦਰਾ, ਕਰਮਜੀਤ ਕੌਰ ਕਿਸ਼ਾਂਵਲ, ਅਜਮੇਰ ਸਿੱਧੂ, ਪ੍ਰੋ: ਗੁਰਦੀਪ ਸਿੰਘ ਅਤੇ ਡਾ: ਕੁਲਦੀਪ ਸਿੰਘ ਦੇ ਨਾਲ-ਨਾਲ ਡਾ: ਭੁਪਿੰਦਰ ਕੌਰ, ਡਾ: ਤਜਿੰਦਰ ਪਾਲ ਕੌਰ, ਡਾ: ਨੀਲਮ ਸ਼ਰਮਾ, ਡਾ: ਕੁਲਬੀਰ ਕੌਰ, ਡਾ: ਗੁਰਮਿੰਦਰ ਕੌਰ, ਡਾ: ਗੁਰਦੀਪ ਕੌਰ, ਯੋਗਿਤਾ ਜੋਸ਼ੀ, ਹਰਕੀਰਤ ਹੀਰ, ਪ੍ਰੋ: ਸੁਖਵਿੰਦਰ ਕੌਰ, ਅਰਸ਼ ਬਿੰਦੂ ਅਤੇ ਡਾ: ਕੁਲਬੀਰ ਕੌਰ ਵਰਗੀਆਂ ਸਮਰੱਥ ਲੇਖਿਕਾਵਾਂ ਨੇ ਆਪਣੀ-ਆਪਣੀ ਦ੍ਰਿਸ਼ਟੀ ਤੋਂ 'ਪਿਆਸ' ਦੀਆਂ ਪੜ੍ਹਤਾਂ ਤਿਆਰ ਕੀਤੀਆਂ ਹਨ। ਡਾ: ਤੇਜਵੰਤ ਮਾਨ, ਪ੍ਰੋ: ਅਵਤਾਰ ਜੌੜਾ ਅਤੇ ਸ੍ਰੀ ਨਿਰੰਜਣ ਬੋਹਾ ਨੇ ਵੀ ਆਪਣੀ ਸ਼ਮੂਲੀਅਤ ਰਜਿਸਟਰ ਕਰਵਾਈ ਹੈ।
ਸ੍ਰੀ ਅਮਰਜੀਤ ਦੇ ਅਵਚੇਤਨ ਵਿਚ ਸੈਂਕੜੇ ਸਿਮ੍ਰਤੀਆਂ, ਵਰਜਿਤ ਕਾਮਨਾਵਾਂ ਅਤੇ ਦਮਿਤ ਇੱਛਾਵਾਂ ਦੇ ਬਿੰਬ ਦੱਬੇ ਪਏ ਹਨ। ਕਵੀ ਚਾਹੁਣ ਦੇ ਬਾਵਜੂਦ ਇਨ੍ਹਾਂ ਨੂੰ ਆਪਣੀ ਯਾਦਾਂ ਦੀ ਤਖ਼ਤੀ ਤੋਂ ਮਿਟਾ ਨਹੀਂ ਸਕਦਾ। ਮਿਟਾਵੇ ਵੀ ਕਿਵੇਂ? ਇਹੀ ਤਾਂ 'ਏਸੈਂਸ਼ਲ' ਅਮਰਜੀਤ ਕੌਂਕੇ ਦਾ ਅਸਤਿਤਵ ਹਨ। ਹਾਂ, ਉਹ ਇਨ੍ਹਾਂ ਨਾਲ ਸੰਘਰਸ਼ ਜ਼ਰੂਰ ਕਰ ਸਕਦਾ ਹੈ, ਉਲਝ ਵੀ ਸਕਦਾ ਹੈ। ਇਹੀ ਸੰਘਰਸ਼ ਅਤੇ ਉਲਝਣ ਉਸ ਦੀਆਂ ਕਵਿਤਾਵਾਂ ਦੀ ਵਸਤੂ-ਸਮੱਗਰੀ ਜਾਂ ਕਾਵਿ ਪੈਰਾਡਾਈਮ ਬਣਦਾ ਹੈ। ਕਵੀ ਆਪਣੇ ਆਲੇ-ਦੁਆਲੇ ਦੇ ਵਸਤੂ-ਸੰਸਾਰ ਨੂੰ ਇਕ ਵਿੱਥ ਉੱਤੇ ਖੜ੍ਹੋ ਕੇ ਨਿਹਾਰਦਾ ਹੈ ਅਤੇ ਫਿਰ ਇਸ ਦੀਆਂ ਵਿਸੰਗਤੀਆਂ ਉੱਪਰ ਕਰੂਰ-ਅੱਠਹਾਸ ਵੀ ਕਰਦਾ ਹੈ। ਹੌਲੀ-ਹੌਲੀ ਉਸ ਨੂੰ ਇਹ ਵੀ ਬੋਧ ਹੋ ਗਿਆ ਹੈ ਕਿ ਉਸ ਦਾ ਸਮਕਾਲੀ ਜਗਤ ਕੁਝ ਮੱਠਧਾਰੀ ਮਹੰਤਾਂ, ਰਾਜਸੀ ਆਗੂਆਂ ਅਤੇ ਪੂੰਜੀਪਤੀਆਂ ਦੇ ਸ਼ਿਕੰਜੇ ਵਿਚ ਫਸ ਚੁੱਕਾ ਹੈ। ਸਮਾਜ ਦੇ ਇਹ ਤਿੰਨੇ ਵਰਗ ਇਕ-ਦੂਜੇ ਨਾਲ ਤਾਲਮੇਲ ਬਣਾ ਕੇ 90 ਫ਼ੀਸਦੀ ਲੋਕਾਂ ਉੱਪਰ ਰਾਜ ਕਰ ਰਹੇ ਹਨ। ਅਮਰਜੀਤ ਕੌਂਕੇ ਇਨ੍ਹਾਂ ਸੱਤਾਧਾਰੀ ਵਰਗਾਂ ਉੱਪਰ ਚਿੰਘਾੜਦਾ-ਦਹਾੜਦਾ ਹੈ। ਉਸ ਦੀ 'ਪਿਆਸ' ਆਪਣੀ ਸਮਕਾਲੀ ਦੁਨੀਆ ਨੂੰ ਕਲਿਆਣਕਾਰੀ ਸਰਬ-ਹਿਤਕਾਰੀ ਅਤੇ ਜਨ-ਪ੍ਰਾਸੰਗਿਕ ਵੇਖਣਾ ਲੋਚਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਨਛੱਤਰ ਸਿੰਘ ਬਰਾੜ ਰਚਿਤ ਸਾਹਿਤ : ਅਧਿਐਨ ਤੇ ਮੁੱਲਾਂਕਣ
ਸੰਪਾ: ਗੁਰਮੇਲ ਸਿੰਘ ਚੰਦ ਨਵਾਂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 98555-25366.

ਸੰਪਾਦਕ ਨੇ ਬਰਾੜ ਰਚਿਤ ਸਾਹਿਤ ਦੇ ਅਧਿਐਨ ਤੇ ਮੁਲਾਂਕਣ ਹਿਤ ਵੱਖ-ਵੱਖ ਲੇਖਕਾਂ ਦੇ ਲਿਖੇ ਨਿਬੰਧ ਤੇ ਪ੍ਰੌੜ੍ਹ ਲੇਖਕ ਬਲਦੇਵ ਸੜਕਨਾਮਾ ਤੇ ਮੋਹਨ ਗਿੱਲ ਨਾਲ ਮੁਲਾਕਾਤਾਂ ਇਸ ਪੁਸਤਕ ਵਿਚ ਸੰਕਲਿਤ ਕੀਤੀਆਂ ਹਨ।
ਬਰਾੜ ਦਾ ਮੁਲਾਂਕਣ ਕਰਨ ਵਾਲੇ ਬਲਦੇਵ ਸੜਕਨਾਮਾ, ਮੋਹਨ ਗਿੱਲ, ਡਾ: ਸੁਰਜੀਤ ਚੰਦਰ, ਜਰਨੈਲ ਆਰਟਿਸਟ, ਦਰਸ਼ਨ ਗਿੱਲ, ਡਾ: ਬਿੰਦਰਜੀਤ ਸਿੱਧੂ, ਡਾ: ਸਿਮਰਜੀਤ ਕੌਰ ਗਿੱਲ, ਡਾ: ਸੁਰਜੀਤ ਸਿੰਘ ਸੰਧੂ, ਜਰਨੈਲ ਸੇਖਾ, ਡਾ: ਪ੍ਰਿਤਪਾਲ ਕੌਰ, ਡਾ: ਸੁਰਿੰਦਰਪਾਲ ਕੌਰ ਬਰਾੜ, ਡਾ: ਸੁਰਜੀਤ ਬਰਾੜ, ਕੇ.ਐਲ. ਗਰਗ, ਡਾ: ਗੁਰਮੀਤ ਕੌਰ ਸੰਧੂ, ਪ੍ਰੋ: ਮਨਿੰਦਰ ਸਿੰਘ, ਡਾ: ਰਾਮ ਮੂਰਤੀ, ਜਸਬੀਰ ਸਿੰਘ ਕਲਸੀ, ਬੁੱਧ ਸਿੰਘ ਨੀਲੋਂ, ਕਰਨਲ ਦਰਸ਼ਨ ਸਿੰਘ, ਸੁੱਚਾ ਸਿੰਘ ਕਲੇਰ, ਹਰਬੀਰ ਸਿੰਘ ਭੰਵਰ ਤੇ ਡਾ: ਅਮਰਜੀਤ ਸਿੰਘ ਜ਼ਿੰਦਗੀ ਦੇ ਵਿਭਿੰਨ ਖੇਤਰਾਂ ਵਿਚੋਂ ਲੰਮੇ ਅਨੁਭਵ ਵਾਲੇ ਹਨ। ਇਨ੍ਹਾਂ ਦਾ ਦਾਇਰਾ ਦੇਸ਼-ਵਿਦੇਸ਼ ਤੱਕ ਪਸਰਿਆ ਹੋਇਆ ਹੈ।
ਪੁਸਤਕ ਵਿਚੋਂ ਇਹ ਪਤਾ ਲਗਦਾ ਹੈ ਕਿ ਬਰਾੜ ਨੇ ਭਾਵੇਂ ਨਿੱਜੀ/ਫ਼ੌਜੀ ਜੀਵਨ ਅਨੁਭਵ ਸੰਘਰਸ਼ ਤੋਂ ਲੇਖਣ ਆਰੰਭ ਕੀਤਾ ਪਰ ਉਹ ਨਾਵਲ ਕਲਾ ਦੀਆਂ ਰੀਤਾਂ/ਰੂੜੀਆਂ/ਉਦੇਸ਼ਾਂ ਨੂੰ ਛੇਤੀ ਹੀ ਸਮਝ ਗਿਆ। ਦੋ ਸੱਭਿਆਚਾਰਾਂ ਦੇ ਟਕਰਾਅ, ਪ੍ਰੇਮ ਦੇ ਜਜ਼ਬੇ ਦੀ ਤੀਬਰਤਾ ਤੇ ਸੁਚਮ, ਪਰਵਾਸ ਦੀ ਹੋੜ, ਪਦਾਰਥ ਤੇ ਪੈਸੇ ਦੀ ਭੁੱਖ, ਨਸ਼ਿਆਂ ਵਿਚ ਰੁੜ੍ਹ ਰਹੀ ਜਵਾਨੀ ਜਿਹੇ ਮਸਲੇ ਉਸ ਦੀ ਗਲਪ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਹੋਏ ਹਨ। ਉਸ ਦੀ ਮੌਲਿਕ ਵਾਰਤਕ ਵੀ ਜਾਣਕਾਰੀ ਭਰਪੂਰ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਪੰਜਾਬੀ ਨਾਵਲ
ਚੇਤਨਾ ਮੂਲਕ ਅਧਿਐਨ
ਲੇਖਕ : ਡਾ: ਰਮਨ ਕੁਮਾਰ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 144.
ਸੰਪਰਕ : 81980-00251.

ਹਥਲੀ ਪੁਸਤਕ ਪੰਜਾਬੀ ਨਾਵਲ ਦੀ ਪ੍ਰਸੰਗਤਾ ਵਿਚ ਨਾਰੀਵਾਦੀ ਚਿੰਤਨਧਾਰਾ, ਪਰਵਾਸੀ ਅਨੁਭਵ, ਚੇਤਨਾ ਅਤੇ ਇਸ ਦੇ ਪ੍ਰਗਟਾਵੇ ਤੋਂ ਛੁੱਟ ਦਲਿਤ ਸਰੋਕਾਰਾਂ ਸਬੰਧੀ ਰਚਿਤ ਗਲਪ ਦੀ ਪ੍ਰਸੰਗਤਾ ਵਿਚ ਵਿਸ਼ਵੀਕਰਨ ਅਤੇ ਸੱਭਿਆਚਾਰਕ ਵਿਸਫੋਟ ਤੋਂ ਉਤਪੰਨ ਹੋਈਆਂ ਸਥਿਤੀਆਂ ਦੇ ਕਾਰਨ ਅਤੇ ਇਨ੍ਹਾਂ ਕਾਰਨਾਂ ਤੋਂ ਉਪਜੀਆਂ ਪ੍ਰਸਥਿਤੀਆਂ ਦੇ ਸਰੂਪ ਨੂੰ ਪ੍ਰਗਟ ਕਰਦੀ ਹੈ। ਲੇਖਕ ਪੱਛਮੀ ਅਤੇ ਯੂਰਪੀ ਚਿੰਤਨ ਅਤੇ ਚੇਤਨਾ ਤੋਂ ਵੀ ਜਾਣੂ ਹੈ ਅਤੇ ਇਧਰਲੇ ਲੇਖਕਾਂ, ਲੇਖਿਕਾਵਾਂ ਅਤੇ ਇਧਰੋਂ ਬਾਹਰ ਜਾ ਵਸੇ ਲੇਖਕਾਂ ਦੀਆਂ ਰਚਨਾਵਾਂ ਵਿਚ ਜੋ ਵਿਚਾਰਧਾਰਾਈ ਸਰੋਕਾਰ ਉੱਭਰੇ ਹਨ, ਉਨ੍ਹਾਂ ਸਭਨਾਂ ਨੂੰ ਬਾ-ਦਲੀਲ ਉਭਾਰਦਾ ਪ੍ਰਤੀਤ ਹੁੰਦਾ ਹੈ। ਉਸ ਦਾ ਨਿਰਣਾ ਹੈ ਕਿ ਪੱਛਮੀ ਦੇਸ਼ਾਂ ਵਿਚ ਭਾਵੇਂ ਨਾਵਲ ਨੂੰ ਪੂੰਜੀਵਾਦ ਦਾ ਮਹਾਂ-ਕਾਵਿ ਕਿਹਾ ਜਾਂਦਾ ਹੈ ਪਰ ਭਾਰਤ ਦੇ ਸਾਮੰਤਵਾਦ ਅਤੇ ਪੂੰਜੀਵਾਦ ਦੇ ਵਿਚਕਾਰ ਦੀ ਸਥਿਤੀ ਤੋਂ ਨਾਵਲ ਪੈਦਾ ਹੋਇਆ।
ਲੇਖਕ ਨੇ ਭਾਈ ਵੀਰ ਸਿੰਘ ਰਚਿਤ ਨਾਵਲ 'ਸੁੰਦਰੀ' (1898) ਨੂੰ ਪੰਜਾਬੀ ਦਾ ਪਹਿਲਾ ਨਾਵਲ ਮੰਨਿਆ ਹੈ। ਲੇਖਕ ਦੀ ਧਾਰਨਾ ਹੈ ਕਿ ਵਿਸ਼ਵੀਕਰਨ ਦੇ ਦੌਰ ਨੇ ਮਨੁੱਖ ਅਤੇ ਪ੍ਰਕਿਰਤੀ ਨੂੰ ਵਿਨਾਸ਼ ਦੀ ਹੱਦ ਤਕ ਪਹੁੰਚਾਇਆ ਹੈ। ਬਹੁਤੇ ਵਿਸਥਾਰ ਵਿਚ ਨਾ ਜਾਂਦਿਆਂ ਲੇਖਕ ਨੇ ਸਭ ਤੋਂ ਪਹਿਲਾਂ ਨਾਰੀ ਪਛਾਣ ਅਤੇ ਨਾਰੀ ਚੇਤਨਾ ਦੇ ਸੰਕਲਪ ਨੂੰ ਸਪੱਸ਼ਟ ਕੀਤਾ ਹੈ। ਇਸੇ ਪ੍ਰਸੰਗਤਾ ਵਿਚ ਅਜੀਤ ਕੌਰ ਦੇ ਲਘੂ ਨਾਵਲਾਂ ਦਾ ਨਿਕਟ ਵਰਤੀ ਅਧਿਐਨ ਪੇਸ਼ ਕੀਤਾ ਹੈ। ਪਰਵਾਸ ਅਤੇ ਪਰਵਾਸੀ ਅਨੁਭਵ ਦੇ ਸਿਰਲੇਖ ਦੇ ਅੰਤਰਗਤ ਵਿਦੇਸ਼ ਵਸੇ ਲੋਕਾਂ ਦਾ ਭੂ-ਹੇਰਵਾ, ਸੱਭਿਆਚਾਰਕ ਵਿਸਫੋਟ ਸਥਿਤੀ, ਤਣਾਓ ਆਦਿ ਦਾ ਜ਼ਿਕਰ ਕਰਕੇ ਹਰਜੀਤ ਅਟਵਾਲ ਦੇ ਨਾਵਲਾਂ ਵਿਚ ਪਰਵਾਸੀ ਅਨੁਭਵਾਂ ਦੀ ਪੇਸ਼ਕਾਰੀ ਦਰਸਾਈ ਹੈ। ਦਲਿਤ ਅਤੇ ਦਲਿਤ ਚੇਤਨਾ ਦੇ ਲੱਛਣਾਂ ਅਤੇ ਸਿਧਾਂਤ ਨੂੰ ਪੇਸ਼ ਕਰਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਨਛੱਤਰ ਰਚਿਤ ਨਾਵਲ 'ਨਿੱਕੇ ਨਿੱਕੇ ਆਸਮਾਨ' ਵਿਚੋਂ ਦਲਿਤ ਸਰੋਕਾਰਾਂ ਨੂੰ ਉਭਾਰਿਆ ਹੈ ਅਤੇ ਪੁਸਤਕ ਦੇ ਅੰਤ ਵਿਚ ਵਿਸ਼ਵੀਕਰਨ ਅਤੇ ਸੱਭਿਆਚਾਰ ਦੇ ਮੌਜੂਦਾ ਸੰਕਟਾਂ ਦੀ ਪੜਚੋਲ ਕੀਤੀ ਹੈ। ਇਹ ਪੁਸਤਕ ਅਜੋਕੀ ਆਲੋਚਨਾ ਖੇਤਰ ਦੀ ਇਕ ਪ੍ਰਾਪਤੀ ਆਖੀ ਜਾ ਸਕਦੀ ਹੈ।

 ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਵਿਕਰਮ-ਬੇਤਾਲ ਦੀਆਂ ਪ੍ਰਸਿੱਧ ਕਹਾਣੀਆਂ
ਲੇਖਕ : ਕਮਲਜੀਤ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 78377-18723.

ਵਿਕਰਮ-ਬੇਤਾਲ ਦੀਆਂ ਕਹਾਣੀਆਂ ਭਾਵੇਂ ਕਿ ਆਪਣੇ-ਆਪ ਵਿਚ ਜ਼ਿਆਦਾ ਕਲਪਨਾਤਮਕ ਸੰਸਾਰ ਸਿਰਜਦੀਆਂ ਹਨ ਪਰ ਇਨ੍ਹਾਂ ਵਿਚਲਾ ਕਥਾ-ਰਸ ਲੋਕ ਮਨ ਨੂੰ ਆਪਣੇ ਨਾਲ ਬੰਨ੍ਹੀ ਰੱਖਦਾ ਹੈ। ਭਾਵੇਂ ਕਿ ਇਹ ਕਹਾਣੀਆਂ ਬਾਲ ਮਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਪਰ ਜਦੋਂ ਕੋਈ ਪ੍ਰੌੜ੍ਹ ਉਮਰ ਦਾ ਪਾਠਕ ਵੀ ਇਨ੍ਹਾਂ ਕਹਾਣੀਆਂ ਨੂੰ ਪੜ੍ਹਦਾ ਹੈ ਤਾਂ ਇਨ੍ਹਾਂ ਵਿਚਲੀਆਂ ਰਹੱਸਾਤਮਕ ਗੁੰਝਲਾਂ ਅਤੇ ਪੈਦਾ ਹੁੰਦੇ ਸਵਾਲ ਪਾਠਕ ਖ਼ੁਦ ਵੀ ਮਨ ਹੀ ਮਨ ਹੱਲ ਕਰਨ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਇਸ ਹਥਲੀ ਪੁਸਤਕ ਵਿਚ 'ਵਿਕਰਮ ਅਤੇ ਬੇਤਾਲ' ਵਿਚ ਵਿਕਰਮ ਬੇਤਾਲ ਸਬੰਧੀ ਕਥਾਤਮਕ ਜਾਣਕਾਰੀ ਦੇਣ ਤੋਂ ਬਾਅਦ 31 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਰਾਜਾ ਵਿਕਰਮਾਦਿੱਤਿਯ ਸਾਧੂ ਦੇ ਕਹਿਣ 'ਤੇ ਇਕ ਤੇਲੀ ਦੇ ਪੁੱਤਰ ਦੇ ਮੁਰਦੇ ਨੂੰ ਰੁੱਖ ਤੋਂ ਲਟਕਦੇ ਨੂੰ ਲਾਹੁਣ ਲਈ ਜਾਂਦਾ ਹੈ ਪਰ ਜਦੋਂ ਉਹ ਮੁਰਦੇ ਨੂੰ ਲਾਹੁਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੁਰਦਾ ਤਿਲਕ ਕੇ ਫਿਰ ਦਰੱਖਤ ਨਾਲ ਹੀ ਲਟਕ ਜਾਂਦਾ ਹੈ। ਰਾਜੇ ਦੇ ਗੁੱਸੇ ਵਿਚ ਆਉਣ 'ਤੇ ਉਸ ਮੁਰਦੇ ਵਿਚਲਾ ਪ੍ਰੇਤ ਆਪਣਾ ਨਾਂਅ ਬੇਤਾਲ ਦੱਸਦਾ ਹੋਇਆ ਕਹਿੰਦਾ ਹੈ ਕਿ ਉਹ ਰਾਜੇ ਨਾਲ ਚਲਾ ਜਾਵੇਗਾ ਪਰ ਸ਼ਰਤ ਇਹ ਹੈ ਕਿ ਉਹ ਰਾਜੇ ਨੂੰ ਰਸਤੇ ਵਿਚ ਕਹਾਣੀਆਂ ਸੁਣਾਏਗਾ ਪਰ ਰਾਜਾ ਵਿਚ ਹੁੰਗਾਰਾ ਨਹੀਂ ਦੇਵੇਗਾ, ਨਾ ਹੀ ਬੋਲੇਗਾ। ਨਹੀਂ ਤਾਂ ਉਹ ਫਿਰ ਦਰੱਖਤ ਉੱਤੇ ਲਟਕ ਜਾਵੇਗਾ। ਉਹ ਆਪਣੀ ਕਹਾਣੀ ਦੇ ਅੰਤ ਉੱਤੇ ਰਾਜੇ ਅੱਗੇ ਅਜਿਹੀ ਅੜਾਉਣੀ ਪਾਉਂਦਾ ਹੈ ਕਿ ਰਾਜਾ ਬੋਲ ਪੈਂਦਾ ਹੈ ਅਤੇ ਉਹ ਫਿਰ ਦਰੱਖਤ 'ਤੇ ਲਟਕ ਜਾਂਦਾ ਹੈ। ਪਰ ਅਖੀਰ ਉੱਤੇ 30 ਕਹਾਣੀਆਂ ਦੇ ਹੁੰਗਾਰੇ ਦੇਣ ਦੀ ਅਸਫ਼ਲਤਾ ਤੋਂ ਬਾਅਦ ਰਾਜਾ 31ਵੀਂ ਕਹਾਣੀ ਵਿਚ ਬੇਤਾਲ ਨੂੰ ਲਿਆਉਣ ਵਿਚ ਸਫ਼ਲ ਹੋ ਜਾਂਦਾ ਹੈ। ਅੱਜ ਇੰਟਰਨੈੱਟ ਦੇ ਯੁੱਗ ਵਿਚ ਨਾਨੀ-ਦਾਦੀ ਦੀਆਂ ਬਾਤਾਂ ਵਰਗੀਆਂ ਇਹ ਛੋਟੀਆਂ-ਛੋਟੀਆਂ ਕਹਾਣੀਆਂ ਗਿਆਨ ਭਰਪੂਰ ਵੀ ਹਨ ਤੇ ਸੇਧਗਾਹ ਵੀ ਹਨ।

ਫ ਫ ਫ

ਵੇਸਵਾ
(ਪੰਜ ਛੋਟੇ ਨਾਵਲ)

ਨਾਵਲਕਾਰ : ਮੇਹਰ ਮਲਿਕ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94781-31973.

ਮੇਹਰ ਮਲਿਕ ਦੀ ਨਵੀਂ ਸਾਹਿਤਕ ਕਿਰਤ 'ਵੇਸਵਾ' ਵਿਚ ਉਸ ਨੇ ਪੰਜ ਗਲਪੀ ਬਿਰਤਾਂਤਾਂ ਨੂੰ ਪੰਜ ਛੋਟੇ ਨਾਵਲਾਂ ਦਾ ਨਾਂਅ ਦਿੱਤਾ ਹੈ। ਭਾਵੇਂ ਵਿਧਾਗਤ ਰੂਪ ਵਿਚ ਇਸ ਸਾਹਿਤ ਰਚਨਾ ਬਾਰੇ ਬਹਿਸ ਛਿੜ ਸਕਦੀ ਹੈ ਪਰ ਇਨ੍ਹਾਂ ਬਿਰਤਾਂਤਕ ਰਚਨਾਵਾਂ ਵਿਚ ਮਲਿਕ ਨੇ ਪੰਜ ਪਾਤਰਾਂ ਦੇ ਜੀਵਨ ਵਿਚਲੇ ਅੰਤਰ-ਵਿਰੋਧਾਂ ਨੂੰ ਪੇਸ਼ ਕਰਦਿਆਂ ਸਮਕਾਲੀ ਹਾਲਤਾਂ ਦਾ ਚਿਤਰਨ ਵੀ ਬਾਖੂਬੀ ਕੀਤਾ ਹੈ। ਇਸ ਪੁਸਤਕ ਵਿਚ ਪੇਸ਼ ਪਹਿਲੀ ਬਿਰਤਾਂਤਕ ਰਚਨਾ 'ਪਿਆਰੂ ਨਵੀਨਾ' ਹੈ, ਜੋ ਇਕ ਪਰੰਪਰਕ ਕਲਾਕਾਰੀ ਵਾਲੇ ਗੁਣਾਂ ਨੂੰ ਆਪਣੇ ਸੁਭਾਅ ਵਿਚ ਸਾਂਭੀ ਬੈਠਾ ਹੈ। ਉਸ ਦੀ ਕਾਵਿਕ ਸੁਰਾਂ ਲੋਕਾਂ ਨੂੰ ਕੀਲ ਲੈਂਦੀਆਂ ਹਨ ਅਤੇ ਲੋਕ ਅਸ਼-ਅਸ਼ ਕਰਦੇ ਸਨ। ਇਸ ਦੇ ਨਾਲ ਵਿਸ਼ੇਸ਼ ਖਿੱਤੇ ਵਿਚ ਪੈਦਾ ਹੋਈ ਹਲਚਲ ਨਸ਼ੇ, ਲੁੱਟਾਂ-ਖੋਹਾਂ ਅਤੇ ਪਰੰਪਰਕ ਸੱਭਿਆਚਾਰ ਨੂੰ ਵੀ ਉਸ ਨੇ ਵਿਵੇਕ ਸਹਿਤ ਪੇਸ਼ ਕੀਤਾ ਹੈ। 'ਵੇਸਵਾ' ਸਿਰਲੇਖ 'ਚਿਮਨੋ' ਨਾਂਅ ਦੀ ਔਰਤ ਦਾ ਦੁਖਾਂਤ ਪੇਸ਼ ਕਰਦਿਆਂ ਮੁਜ਼ੱਫਰਨਗਰ ਵਿਚ ਹੋਏ ਦੰਗਿਆਂ ਦਾ ਜ਼ਿਕਰ ਕਰਦਿਆਂ ਮਾਨਵੀ ਦ੍ਰਿਸ਼ਟੀਕੋਣ ਤੋਂ ਇਸ ਵਰਤਾਰੇ ਨੂੰ ਪੇਸ਼ ਕੀਤਾ ਹੈ। 'ਬਚਨਾ ਬੱਕਰੀਆਂ ਵਾਲਾ' ਵਿਚ ਸ਼ਰੀਕੇਬਾਜ਼ੀ ਅਤੇ ਪੇਂਡੂ ਮਨੋਰੰਜਕ ਮੁਕਾਬਲਿਆਂ ਦਾ ਬਿਰਤਾਂਤ ਹੈ। 'ਦਾਸਤਾਂ' ਵਿਚ ਮਤਰੇਏ ਪੁੱਤਰ ਦੁਆਰਾ ਮਾਂ-ਬਾਪ ਦੀ ਕੀਤੀ ਦੁਰਦਸ਼ਾ ਦੀ ਕਹਾਣੀ ਹੈ। 'ਬਾਪੂ ਜੁਆਲਾ ਸਿਹੁੰ' ਵਿਚ ਪੈਸੇ ਦੀ ਦੌੜ ਵਿਚ ਅਜੋਕੀ ਜ਼ਿੰਦਗੀ ਵਿਚ ਮਚੀ ਤਰਥੱਲੀ ਅਤੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਹੈ। ਆਧੁਨਿਕਤਾ ਦੇ ਆਉਣ ਨਾਲ ਅਜੋਕੀ ਜ਼ਿੰਦਗੀ ਵਿਚ ਪੈਦਾ ਹੋਈ ਬੇਤਰਤੀਬੀ ਦੇ ਨਾਲ-ਨਾਲ ਪਰੰਪਰਕ ਰਹਿਣੀ-ਬਹਿਣੀ ਨੂੰ ਪੇਸ਼ ਕਰਦੀ ਇਹ ਪੜ੍ਹਨਯੋਗ ਪੁਸਤਕ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਕੱਚ ਤੇ ਸੱਚ
ਕਵੀ : ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 98146-19342.

ਸ੍ਰੀ ਅੰਮ੍ਰਿਤਸਰ 'ਚ ਵਸਦੇ ਪੰਜਾਬੀ ਦੇ ਹਰਫਨਮੌਲਾ ਸਾਹਿਤਕਾਰ ਬਲਵਿੰਦਰ ਸਿੰਘ ਫਤਹਿਪੁਰੀ ਦੀ ਇਹ ਵਿਲੱਖਣ ਕਾਵਿ ਪੁਸਤਕ ਜਵਾਨੀ ਦੇ ਪਹਿਲੇ ਪਹਿਲ ਉਨ੍ਹਾਂ ਅੰਦਰ ਜਾਗੇ ਗੀਤਕਾਰ ਵਲੋਂ ਰਚੀਆਂ ਕਾਵਿ ਰਚਨਾਵਾਂ ਦਾ ਨਿਰਾਲਾ ਕਾਵਿ-ਸੰਗ੍ਰਹਿ ਹੈ। ਉਹ ਮੁੱਢ 'ਚ ਆਪਣੇ ਅਛੂਤੇ ਜਜ਼ਬਾਤ ਅਤੇ ਵਲਵਲੇ ਕਵਿਤਾਵਾਂ ਦੇ ਰੂਪ ਵਿਚ ਹੰਝੂ ਫਤਹਿਪੁਰੀ ਦੇ ਨਾਂਅ ਹੇਠ ਉਜਾਗਰ ਕਰਿਆ ਕਰਦੇ ਸਨ। ਉਸ ਸਮੇਂ ਦੇ ਆਪਣੇ ਰਚਨਾ ਸੰਸਾਰ ਨੂੰ ਉਨ੍ਹਾਂ ਇਸ ਪੁਸਤਕ ਦੇ ਅਰੰਭ ਵਿਚ 'ਇਹ ਨਾ ਪੜ੍ਹੋ' ਨਾਂਅ ਦੇ ਲੇਖ ਵਿਚ ਪ੍ਰਗਟਾਉਣ ਦਾ ਖੂਬ ਯਤਨ ਕੀਤਾ ਹੈ।
ਪੁਸਤਕ ਦੇ ਮੁੱਖ ਬੰਦ 'ਇਨ੍ਹਾਂ ਕੁਝ ਹਾਸਿਲਾਂ ਬਾਰੇ' ਵਿਚ ਉਨ੍ਹਾਂ ਸ਼ੁਰੂ ਵਿਚ ਪੰਜਾਬੀ ਨਾਵਲ ਦੇ ਪਿਤਾਮਾ ਸ: ਨਾਨਕ ਸਿੰਘ ਨਾਲ ਆਪਣੀਆਂ ਕਵਿਤਾਵਾਂ ਬਾਰੇ ਰਾਏ ਲੈਣ ਲਈ ਕੀਤੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਜੋ ਉਨ੍ਹਾਂ ਲਈ ਸਾਹਿਤ ਰਚਨਾ ਹਿਤ ਇਕ ਪ੍ਰੇਰਨਾਦਾਇਕ ਹਾਸਲ ਬਣੀ। ਸ: ਨਾਨਕ ਸਿੰਘ ਤੋਂ ਮਿਲੀ ਰਾਏ ਤੋਂ ਬਾਅਦ ਉਨ੍ਹਾਂ ਕਾਵਿ-ਕਲਾ ਨੂੰ ਛੱਡ ਕੇ ਵਾਰਤਕ ਰਚਨਾ ਨਾਲ ਜੁੜਨ ਦਾ ਉਪਰਾਲਾ ਅਰੰਭਿਆ ਸੀ ਪਰ ਇਹ ਕਾਵਿ ਜਜ਼ਬਾਤ ਵੀ ਉਨ੍ਹਾਂ ਸਾਂਭ ਛੱਡੇ। ਜੋ 'ਕੱਚ ਤੇ ਸੱਚ' ਨਾਂਅ ਦੀ ਇਸ ਪੁਸਤਕ ਵਿਚ ਪਾਠਕਾਂ ਲਈ ਦਰਜ ਹਨ। ਅਰਧ ਸੈਂਕੜੇ ਤੋਂ ਵੱਧ ਕਵਿਤਾਵਾਂ ਕਰਮਾਂ ਦਾ ਗੇੜ, ਕਸ਼ਮੀਰ ਦੇ ਗਾਹਕ, ਜੀਵਨ ਲਕਸ਼, ਵਹੁਟੀ ਨੂੰ, ਮਨੁੱਖ ਦਾ ਗੁਰੂ, ਕੁੜੀ ਹੋਈ, ਬਣੋ ਬੱਚਿਆਂ ਵਰਗੇ, ਮੇਰੀ ਕੁੜੀ ਹੋਈ ਮੁਟਿਆਰ, ਨਹਿਲੇ 'ਤੇ ਦਹਿਲਾ, ਫਿਰ ਵੀ ਜਿਊਂਦੇ ਹਾਂ ਆਦਿ ਅਨੇਕਾਂ ਕਵਿਤਾਵਾਂ ਹੋਣਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ ਅਖੌਤ ਨੂੰ ਸਾਕਾਰ ਕਰਦੀਆਂ ਹਨ।
ਜਿੰਨੀਆਂ ਕਵਿਤਾਵਾਂ ਹਨ, ਓਨੇ ਹੀ ਭਖਦੇ ਵਿਸ਼ੇ ਪਾਠਕ ਦੇ ਮਨ ਨੂੰ ਝੰਜੋੜਦੇ ਹਨ। ਇਹ ਕਵਿਤਾਵਾਂ ਅਤੇ ਨਜ਼ਮਾਂ ਸਮੁੱਚੇ ਰੂਪ ਵਿਚ ਕਵੀ ਦਿਲ ਬਲਵਿੰਦਰ ਸਿੰਘ ਫਤਹਿਪੁਰੀ ਦੇ ਜਜ਼ਬਾਤ ਨੂੰ ਬਾਖੂਬੀ ਪ੍ਰਗਟਾਉਂਦੀਆਂ ਹਨ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਪੰਜਾਬੀ ਨਾਟਕ : ਵਿਚਾਰਧਾਰਕ ਪ੍ਰਵਿਰਤੀਆਂ
ਲੇਖਿਕਾ : ਡਾ: ਕੰਵਲਜੀਤ ਕੌਰ ਢਿੱਲੋਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 163
ਸੰਪਰਕ : 0172-2792529.

ਹਥਲੀ ਪੁਸਤਕ ਪੰਜਾਬੀ ਨਾਟਕ ਦੀਆਂ ਵਿਚਾਰਧਾਰਕ ਪ੍ਰਵਿਰਤੀ ਬਾਰੇ ਲਿਖੀ ਗਈ ਹੈ। ਲੇਖਿਕਾ ਨੇ ਇਸ ਪੁਸਤਕ ਨੂੰ ਸੰਪੂਰਨ ਕਰਨ ਲਈ ਭੂਮਿਕਾ ਤੋਂ ਇਲਾਵਾ ਪੰਜ ਅਧਿਆਇ ਬਣਾਏ ਹਨ।
ਪਹਿਲੇ ਅਧਿਆਇ ਵਿਚ ਲੇਖਕ ਪੰਜਾਬੀ ਆਲੋਚਨਾ ਦੀ ਵਿਚਾਰਧਾਰਕ ਪਰਿਪੇਖਾਂ ਨੂੰ ਸਾਹਮਣੇ ਰੱਖ ਕੇ ਨਾਟਕ 'ਤੇ ਸਾਹਿਤਕ ਆਲੋਚਨਾ ਦੀਆਂ ਵਿਚਾਰਧਾਰਕ ਪ੍ਰਵਿਰਤੀਆਂ ਬਾਰੇ ਗੱਲ ਕਰਦੀ ਹੈ ਤੇ ਨਾਟਕ ਦੇ ਵਿਚਾਰਧਾਰਕ ਆਧਾਰਾਂ ਦੀ ਨਿਸ਼ਾਨਦੇਹੀ ਕਰਦੀ ਹੈ।
ਦੂਜੇ ਅਧਿਆਇ ਵਿਚ ਨਾਟਕ ਦੀ ਆਦਰਸ਼ਵਾਦੀ ਪ੍ਰਵਿਰਤੀ ਨੂੰ ਸਮਝਣ ਲਈ ਰਚਨਾਕਾਰ (ਆਲੋਚਕ) ਦੋ ਨਾਟਕਕਾਰਾਂ ਦੀਆਂ ਰਚਨਾਵਾਂ ਨੂੰ ਆਧਾਰ ਬਣਾਉਂਦੀ ਹੈ। ਪ੍ਰੋ: ਈਸ਼ਵਰ ਚੰਦਰ ਨੰਦਾ ਦੀ ਸੁਭੱਦਰਾ, ਵਰ ਘਰ ਤੇ ਸੋਸ਼ਲ ਸਰਕਲ ਤੇ ਡਾ: ਹਰਚਨ ਸਿੰਘ ਦੀ ਰਾਜਾ ਪੋਰਸ, ਸ਼ੋਭਾ ਸ਼ਕਤੀ, ਕੱਲ੍ਹ, ਅੱਜ ਤੇ ਭਲਕ।
ਪ੍ਰਗਤੀਵਾਦੀ ਪ੍ਰਵਿਰਤੀ ਵਿਚ ਸੰਤ ਸਿੰਘ ਸੇਖੋਂ ਦੇ ਨਾਰਕੀ, ਮੋਇਆਂ ਸਾਰ ਨਾ ਕਾਈ ਤੇ ਦਮਯੰਤੀ ਅਤੇ ਬਲਵੰਤ ਗਾਰਗੀ ਦੇ ਨਾਟਕ ਲੋਹਾ ਕੁੱਟ, ਕਣਕ ਦੀ ਬੱਲੀ ਤੇ ਸੁਲਤਾਨ ਰਜ਼ੀਆ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਉਂਦੀ ਹੈ। ਪੰਜਾਬੀ ਨਾਟਕ ਦੀ ਪ੍ਰਕਿਰਤੀਵਾਦੀ, ਵਿਅਕਤੀਵਾਦੀ, ਐਬਸਰਡ ਤੇ ਅਸਤਿਤਵਵਾਦੀ ਪ੍ਰਵਿਰਤੀ ਲਈ ਆਲੋਚਕ ਡਾ: ਸੁਰਜੀਤ ਸਿੰਘ ਸੇਠੀ ਤੇ ਕਪੂਰ ਸਿੰਘ ਘੁੰਮਣ ਦੇ ਨਾਟਕਾਂ ਨੂੰ ਜ਼ਰੀਆ ਬਣਾਉਂਦੀ ਹੈ। ਪੰਜਾਬੀ ਨਾਟਕ ਦੀਆਂ ਯਥਾਰਥਵਾਦੀ ਪ੍ਰਵਿਰਤੀ ਨੂੰ ਉਜਾਗਰ ਕਰਨ ਲਈ ਡਾ: ਕੰਵਲਜੀਤ ਕੌਰ ਢਿੱਲੋਂ ਅਜਮੇਰ ਔਲਖ ਤੇ ਚਰਨ ਦਾਸ ਸਿੱਧੂ ਦੇ ਨਾਟਕਾਂ ਨੂੰ ਲੈਂਦੀ ਹੈ।
ਪੁਸਤਕ ਅਥਾਹ ਮਿਹਨਤ ਤੇ ਗੰਭੀਰ ਅਧਿਐਨ ਕਰਨ ਤੋਂ ਬਾਅਦ ਰਚੀ ਗਈ ਹੈ। ਕਿਤੇ ਵੀ ਕੋਈ ਦੁਹਰਾਓ ਨਹੀਂ। ਸਰਲ ਸ਼ਬਦਾਵਲੀ 'ਚ ਲਿਖੀ ਇਹ ਆਲੋਚਨਾ ਪੁਸਤਕ ਪੰਜਾਬੀ ਨਾਟਕ ਆਲੋਚਨਾ ਵਿਚ ਗੁਣਾਤਮਕ ਵਾਧਾ ਕਰਦੀ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਜ਼ਿੰਦਗੀ ਦੀ ਸਵੇਰ
ਲੇਖਕ : ਸੰਤਵੀਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98149-52967.

'ਜ਼ਿੰਦਗੀ ਦੀ ਸਵੇਰ' ਨਾਵਲ ਗੱਡੀ ਦੇ ਇਕ ਰਾਤਰੀ ਸਫ਼ਰ ਵਿਚ ਸਿਮਟਿਆ ਹੋਇਆ ਨਾਵਲ ਹੈ। ਇਸ ਦਾ ਵਿਸ਼ਾ ਬੜਾ ਵਿਸ਼ਾਲ ਹੈ ਜਿਸ ਵਿਚ ਕਈ ਉਪ ਵਿਸ਼ੇ ਲਘੂ ਬਿਰਤਾਂਤ ਦੇ ਰੂਪ ਵਿਚ ਵੀ ਨਾਲੋ-ਨਾਲ ਚਲਦੇ ਹਨ ਜੋ ਸਮਾਜ ਵਿਚ ਵਾਪਰਦੇ ਚੰਗੇ ਮਾੜੇ ਯਥਾਰਥ ਨੂੰ ਪਾਠਕਾਂ ਦੇ ਰੂ-ਬਰੂ ਕਰਦੇ ਹਨ। ਇਸ ਨਾਵਲ ਦੀ ਨਾਇਕਾ ਅੰਮ੍ਰਿਤਾ ਜੋ ਘਰੋਂ ਆਤਮ-ਹੱਤਿਆ ਕਰਨ ਲਈ ਕਿਸੇ ਦੂਰ ਦਰੇਡੀ ਥਾਂ (ਜਿਥੇ ਉਹ ਅਣਪਛਾਤੀ ਲਾਸ਼ ਬਣ ਸਕੇ) ਦੀ ਭਾਲ 'ਚ ਰੇਲ ਗੱਡੀ ਦਾ ਰਾਤਰੀ ਸਫ਼ਰ ਕਰ ਰਹੀ ਹੈ। ਇਸ ਸਫ਼ਰ ਦੌਰਾਨ ਉਸ ਦੀਆਂ ਸੋਚਾਂ ਦੀ ਲੜੀ ਦਾ ਸਫ਼ਰ ਵੀ ਸ਼ੁਰੂ ਹੋ ਜਾਂਦਾ ਹੈ। ਤਰਾਸਦੀ ਭਰੇ ਬਚਪਨ ਤੋਂ ਨਿਕਲ ਕੇ ਉਸ ਦਾ ਆਪਣੀ ਹਿੰਮਤ, ਲਿਆਕਤ ਨਾਲ ਇਕ ਯੋਗ ਅਫਸਰ ਬਣਨਾ, ਆਪਣੇ ਖਾਨਦਾਨ ਦੀ ਸਾਊ ਧੀ ਦਾ ਸਬੂਤ ਦਿੰਦਿਆਂ ਇੱਜ਼ਤ ਖਾਤਰ ਆਪਣੇ ਪਿਆਰ ਦੀ ਕੁਰਬਾਨੀ ਦੇਣਾ, ਘਰ ਪਰਿਵਾਰ ਦੀ ਚਾਹਤ ਅਨੁਸਾਰ ਵਿਆਹ ਰਚਾ ਕੇ ਇਕ ਸੁਘੜ ਸਿਆਣੀ ਪਤਨੀ ਦਾ ਰੋਲ ਵੀ ਨਿਭਾਉਣਾ। ਆਪਣੇ ਹੀ ਪਤੀ ਪ੍ਰਤੀਕ ਦੀ ਬੇਵਜ੍ਹਾ ਸ਼ੱਕ ਦਾ ਸ਼ਿਕਾਰ ਬਣ ਕੇ ਰਹਿ ਜਾਣਾ। ਪਤੀ ਦਾ ਸ਼ੱਕ ਵਿਚ ਹੀ ਸ਼ਰਾਬ ਪੀਣੀ ਸ਼ੁਰੂ ਕਰ ਦੇਣਾ। ਘਰ 'ਚ ਕਾਟੋ-ਕਲੇਸ਼ ਦਾ ਸ਼ੁਰੂ ਹੋ ਜਾਣਾ। ਘਰ ਦੀ ਇਸ ਅਣਬਣ ਦਾ ਬੱਚਿਆਂ 'ਤੇ ਵੀ ਦੁਰਪ੍ਰਭਾਵ ਪੈਣਾ। ਫਿਰ ਪਤੀ ਪ੍ਰਤੀਕ ਵਲੋਂ ਨਹਿਰ ਵਿਚ ਡੁੱਬ ਮਰਨਾ। ਅਸਲ ਵਿਚ ਪ੍ਰਤੀਕ ਇਹ ਮੌਤ ਡਰਾਮਾ ਰਚ ਕੇ ਆਤਮ ਹੱਤਿਆ ਨਹੀਂ ਕਰਦਾ ਸਗੋਂ ਰੂਪੋਸ਼ ਹੋ ਜਾਂਦਾ ਹੈ।
ਘਰ-ਪਰਿਵਾਰ ਖਾਸ ਕਰਕੇ ਬੱਚਿਆਂ ਦੇ ਦਿਮਾਗ 'ਤੇ ਇਹ ਗੱਲ ਘਰ ਕਰ ਜਾਂਦੀ ਹੈ ਕਿ ਉਨ੍ਹਾਂ ਦੇ ਬਾਪ ਦੀ ਮੌਤ ਦੀ ਮੁੱਖ ਜ਼ਿੰਮੇਵਾਰ ਉਨ੍ਹਾਂ ਦੀ ਮਾਂ ਹੀ ਹੈ। ਜਿਉਂ-ਜਿਉਂ ਉਹ ਹੋਸ਼ ਸੰਭਾਲਦੇ ਹਨ ਉਨ੍ਹਾਂ ਦੀ ਆਪਣੀ ਮਾਂ ਅੰਮ੍ਰਿਤਾ ਪ੍ਰਤੀ ਨਫ਼ਰਤ ਵਧਦੀ ਹੀ ਜਾਂਦੀ ਹੈ। ਉਹ ਵੀ ਵਿਅੰਗ ਬਾਣਾਂ ਨਾਲ ਆਪਣੀ ਮਾਂ ਦਾ ਜਿਊਣਾ ਦੁਰਭਰ ਕਰ ਦਿੰਦੇ ਹਨ। ਇਥੋਂ ਤੱਕ ਕਿ ਉਸ ਦਾ ਪੁੱਤਰ ਵੀ ਸ਼ਰਾਬ ਦਾ ਸ਼ਿਕਾਰ ਬਣ ਜਾਂਦਾ ਹੈ।
ਭਾਵੇਂ ਕਿ ਅੰਮ੍ਰਿਤਾ ਵੀ ਆਤਮਾ-ਹੱਤਿਆ ਕਰਨ ਲਈ ਘਰੋਂ ਪੈਰ ਪੁੱਟਦੀ ਹੈ ਪਰ ਸੋਚਾਂ ਦੀ ਲੜੀ ਦੇ ਸਫ਼ਰ ਵਿਚ ਉਸ ਨੂੰ ਆਪਣੀ ਦਾਦੀ, ਅਧਿਆਪਕਾ ਨਿਰਮਲ ਯਾਦਵ ਅਤੇ ਗੱਡੀ ਦੇ ਸਫ਼ਰ ਦੌਰਾਨ ਜਿੰਦਰੋ ਨਾਂਅ ਦੀ ਔਰਤ ਜੋ ਨਾਰੀ ਸ਼ਕਤੀ ਦੇ ਪ੍ਰਤੀਕ ਵਜੋਂ ਰੂਪਮਾਨ ਹੁੰਦੀਆਂ ਹਨ ਤਾਂ ਉਹ ਵੀ ਆਤਮ-ਹੱਤਿਆ ਦੀ ਸੋਚ ਨੂੰ ਤਿਆਗ ਕੇ ਇਕ ਧਾਰਮਿਕ ਸਥਾਨ 'ਤੇ ਪਹੁੰਚ ਜਾਂਦੀ, ਜਿਥੇ ਉਸ ਦਾ ਪਤੀ ਇਕ ਸਾਊ ਪੁਰਖ ਦੇ ਰੂਪ ਵਿਚ ਮਿਲਦਾ ਹੈ ਫਿਰ ਦੋਨੋ ਜਾਣੇ ਸਮਾਜ ਸੇਵੀ ਦੇ ਰੂਪ ਵਿਚ ਵਿਚਰਨ ਲਈ ਨਵੇਂ ਸਫ਼ਰ ਦੇ ਪਾਂਧੀ ਬਣ ਜਾਂਦੇ ਹਨ। ਰੋਚਿਕ ਭਰਪੂਰ ਅਤੇ ਸੁਖਾਵੇਂ ਅੰਤ ਵਾਲੇ ਇਸ ਨਾਵਲ ਵਿਚ ਪਰਿਵਾਰਕ ਰਿਸ਼ਤਿਆਂ ਦੀ ਟੁੱਟ-ਭੱਜ, ਜੋੜ-ਤੋੜ, ਸਿਰਫ ਕਾਮਵਾਸ਼ਨਾ ਨੂੰ ਪੱਠੇ ਪਾਉਣ ਵਾਲੇ ਇਸ਼ਕ-ਮੁਸ਼ਕ ਦੀ ਥਾਂ ਪਰਉਪਕਾਰ ਆਧਾਰਿਤ ਸੱਚਾ-ਸੁੱਚਾ ਇਸ਼ਕ ਜੋ ਸਿਰਫ ਦੂਜੇ ਦੀ ਭਲਾਈ ਲਈ ਹੀ ਹੋਣਾ ਚਾਹੀਦਾ ਹੈ ਆਦਿ ਨੂੰ ਵੀ ਲੇਖਕ ਸੰਤਵੀਰ ਨੇ ਬੜੀ ਸੁਹਿਰਦਤਾ ਨਾਲ ਛੂਹਿਆ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਸੱਚ ਦਾ ਸੂਰਜ
ਲੇਖਕ : ਵਰਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ- 120 ਰੁਪਏ, ਸਫ਼ੇ : 100
ਸੰਪਰਕ-9646852416.

'ਸੱਚ ਦਾ ਸੂਰਜ' ਨਾਵਲ ਵਿਚ ਲੇਖਕਾ ਨੇ ਜ਼ਿੰਦਗੀ ਦੀ ਅਸਲੀਅਤ ਬਿਆਨ ਕੀਤੀ ਹੈ। ਨਾਵਲ ਦੀ ਨਾਇਕਾ ਪ੍ਰੀਤ ਇਕ ਅਜਿਹੀ ਕੁੜੀ ਹੈ ਜੋ ਨਾਵਲ ਦੀ ਕੇਂਦਰੀ ਪਾਤਰ ਹੈ ਤੇ ਆਪਣੀਆਂ ਮੁਸ਼ਕਿਲਾਂ ਵਿਚ ਘਿਰੀ ਦਿਖਾਈ ਗਈ ਹੈ। ਜੋ ਤਸੀਹੇ ਝੱਲਦੀ ਹੋਈ ਵੀ ਹਿੰਮਤ ਨਹੀਂ ਹਾਰਦੀ ਅਤੇ ਆਪਣੇ ਸੁਪਨੇ ਸਾਕਾਰ ਕਰ ਲੈਂਦੀ ਹੈ। ਸਮੁੱਚਾ ਨਾਵਲ ਸਕਾਰਾਤਮਕ ਸੋਚ ਵਾਲਾ ਹੈ। ਰੰਧਾਵਾ ਨੇ ਆਪਣੇ ਨਾਵਲ ਵਿਚ ਇਕ ਇਸਤਰੀ ਪ੍ਰੀਤ ਦੀ ਜੀਵਨ ਕਹਾਣੀ ਨੂੰ ਬਿਆਨ ਕੀਤਾ ਹੈ ਕਿ ਉਹ ਇਕ ਹੋਣਹਾਰ ਪੜ੍ਹੀ-ਲਿਖੀ ਪਾਰਲਰ ਦਾ ਕੰਮ ਅਤੇ ਸਲਾਈ-ਕਢਾਈ ਜਾਣਦੀ ਹੈ ਪਰ ਜਦੋਂ ਉਸ ਦਾ ਨਸ਼ੇੜੀ ਪਤੀ ਨਾਲ ਵਾਹ ਪੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਦੀ ਅਸਲ ਤਸਵੀਰ ਉੱਘੜਦੀ ਹੈ। ਜੋ ਅਜੋਕੇ ਸਮੇਂ ਦੀਆਂ ਔਰਤਾਂ ਵੀ ਹੰਢਾਅ ਰਹੀਆਂ ਹਨ।
ਨਾਰੀ ਦਾ ਦੁਖਾਂਤ ਇਸ ਨਾਵਲ ਵਿਚ ਝਲਕਦਾ ਹੈ। ਇਸ ਨਾਵਲ ਦੀ ਨਾਇਕਾ ਪ੍ਰੀਤ ਜਦੋਂ ਤਲਾਕ ਲੈ ਲੈਂਦੀ ਹੈ ਤਾਂ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਹੈ। ਉਹ ਆਪਣਾ ਕਾਰੋਬਾਰ ਖੋਲ੍ਹ ਕੇ ਉਸ ਨੂੰ ਸਿਖਰਾਂ 'ਤੇ ਲੈ ਜਾਂਦੀ ਹੈ ਤਾਂ ਫਿਰ ਪ੍ਰੀਤ ਦੀਆਂ ਮਿੰਨਤਾਂ ਵੀ ਉਸ ਦਾ ਪਤੀ ਕਰਨ ਆਉਂਦਾ ਹੈ ਪਰ ਉਹ ਵੇਲਾ ਲੰਘ ਚੁੱਕਾ ਹੁੰਦਾ ਹੈ। ਇੱਥੋਂ ਤੱਕ ਕਿ ਉਹ ਐਸ.ਡੀ.ਐਮ. ਕੋਲ ਸ਼ਿਕਾਇਤ ਵੀ ਕਰ ਦਿੰਦਾ ਹੈ ਪਰ ਜਦੋਂ ਸਭ ਕੁਝ ਸਹੀ ਪਾਇਆ ਜਾਂਦਾ ਹੈ ਤਾਂ ਐਸ.ਡੀ.ਐਮ. ਵੀ ਪ੍ਰੀਤ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਵਿਆਹ ਦੀ ਪੇਸ਼ਕਸ਼ ਕਰਦਾ ਹੈ। ਪ੍ਰੀਤ ਦੋ ਜੌੜੇ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਸ ਦੇ ਬੱਚੇ ਪੜ੍ਹ-ਲਿਖ ਕੇ ਚੰਗੇ ਅਹੁਦਿਆਂ 'ਤੇ ਬਿਰਾਜਮਾਨ ਹੁੰਦੇ ਹਨ ਅਤੇ ਪ੍ਰੀਤ ਦੇ ਸੁਪਨੇ ਸਰਕਾਰ ਹੋ ਜਾਂਦੇ ਹਨ।
ਨਾਵਲ ਵਿਚ ਦੱਸਿਆ ਗਿਆ ਹੈ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਅਤੇ ਝੂਠ ਨੂੰ ਸਦਾ ਮਾਤ ਹੀ ਪੈਂਦੀ ਹੈ। ਇਸ ਪ੍ਰਕਾਰ ਨਾਵਲਕਾਰਾ ਨੇ ਔਰਤ ਨੂੰ ਦਲੇਰੀ, ਹਿੰਮਤ, ਸਹਿਣਸ਼ੀਲਤਾ ਤੋਂ ਕੰਮ ਲੈਣ ਦੀ ਸੇਧ ਦੇ ਕੇ ਇਸ ਨਾਵਲ ਵਿਚ ਪ੍ਰੀਤ ਦੀ ਜ਼ਿੰਦਗੀ ਦਾ ਸੱਚ ਸਾਹਮਣੇ ਲਿਆਂਦਾ ਹੈ।

ਫ ਫ ਫ

ਤਤਕਾਲ
ਲੇਖਕ : ਹਰਪ੍ਰੀਤ ਸਿੰਘ ਰਾਣਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 110.
ਸੰਪਰਕ : 9888553162

ਲੇਖਕ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਜੀਵਨ ਦੇ ਸਰੋਕਾਰਾਂ ਨੂੰ ਉਜਾਗਰ ਕੀਤਾ ਹੈ। ਸ਼ਹਿਰੀ ਜੀਵਨ ਦੀ ਪੇਸ਼ਕਾਰੀ ਕੀਤੀ ਗਈ ਹੈ। ਰਾਣਾ ਦੀਆਂ ਕਹਾਣੀਆਂ ਦੇ ਵਿਸ਼ੇ ਸਮੇਂ ਦੇ ਹਾਣ ਦੇ ਹਨ। ਉਸ ਦੀ ਕਹਾਣੀ ਦੀ ਸ਼ੈਲੀ ਨਿਵੇਕਲੀ ਕਿਸਮ ਦੀ ਹੈ। ਕਹਾਣੀ ਦਾ ਇਕਦਮ ਸਿਖਰ ਹੋ ਜਾਂਦਾ ਹੈ ਅਤੇ ਅੰਤ ਵੀ ਪ੍ਰਸੰਗਕ ਹੁੰਦਾ ਹੈ। ਪ੍ਰਤੀਕਾਂ, ਬਿੰਬਾਂ ਦੀ ਵਰਤੋਂ ਵੀ ਗਲਪਕਾਰ ਨੇ ਆਪਣੀਆਂ ਸਮੁੱਚੀਆਂ ਕਹਾਣੀਆਂ ਵਿਚ ਕੀਤੀ ਹੈ। ਇਸ ਤਰ੍ਹਾਂ ਉਸ ਨੇ ਕਹਾਣੀਆਂ ਵਿਚ ਗੰਭੀਰ ਵਿਸ਼ੇ ਲਏ ਹਨ। ਕਹਾਣੀਆਂ ਵਿਚ ਚਲੰਤ ਵਿਸ਼ਿਆਂ ਵਿਚ ਜਿਵੇਂ ਕਿਸਾਨ ਖ਼ੁਦਕੁਸ਼ੀਆਂ, ਪ੍ਰਦੂਸ਼ਣ, ਅੱਤਵਾਦ, ਭ੍ਰਿਸ਼ਟਾਚਾਰ, ਕਾਲਾ ਧਨ, ਨੋਟਬੰਦੀ ਅਤੇ ਜਬਰ ਜਨਾਹ ਦੀਆਂ ਸਮੱਸਿਆਵਾਂ ਲੈ ਕੇ ਕਹਾਣੀਆਂ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਕਹਾਣੀਕਾਰ ਨੇ ਹਰੇਕ ਕਹਾਣੀ ਦੇ ਨਾਲ ਹੀ ਉਸ ਦਾ ਮੰਥਨ ਵੀ ਕੀਤਾ ਹੈ ਜੋ ਪਾਠਕਾਂ ਲਈ ਬਹੁਤ ਹੀ ਲਾਹੇਵੰਦ ਹੈ। ਅੰਤ ਵਿਚ ਕਹਾਣੀਕਾਰ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਵੀ ਦੱਸਿਆ ਹੈ ਅਤੇ ਜਗਦੀਸ਼ ਰਾਏ ਕੁਲਰੀਆਂ ਦੁਆਰਾ ਲੇਖਕ ਨਾਲ ਬਹੁਤ ਹੀ ਪ੍ਰਭਾਵਪੂਰਤ ਮੁਲਾਕਾਤ ਵੀ ਪੁਸਤਕ ਵਿਚ ਅੰਕਿਤ ਕੀਤੀ ਗਈ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਸੰਦਲੀ ਚੁਗਾਠ
ਕਵੀ : ਮੁਸ਼ਤਾਕ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 146
ਸੰਪਰਕ : 98766-68999.

'ਸੰਦਲੀ ਚੁਗਾਠ' ਕਾਵਿ ਸੰਗ੍ਰਹਿ ਵਿਚ ਮੁਸ਼ਤਾਕ ਨੇ ਪਹਿਲੇ 60 ਸਫ਼ਿਆਂ ਵਿਚ ਵਾਰਤਕ ਕਵਿਤਾਵਾਂ ਅਤੇ ਤਿੰਨ ਕਤੇਅ ਦਰਜ ਕੀਤੇ ਹਨ, ਜਦੋਂ ਕਿ 61 ਸਫ਼ੇ ਤੋਂ 146 ਸਫ਼ੇ ਤੱਕ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਉਹ ਪਹਿਲੀ ਕਵਿਤਾ 'ਈਬੋਲਾ' ਰਾਹੀਂ ਪੰਜਾਬ ਵਿਚ ਫੈਲੀ ਅਰਾਜਕਤਾ, ਆਪਾਧਾਪੀ ਅਤੇ ਲੀਹੋਂ ਲੱਥੀ ਰਾਜਨੀਤੀ ਦੀ ਸਾਰਥਕ ਚਰਚਾ ਕਰਦਾ ਹੈ। ਸੁੰਦਰਤਾ ਇਹ ਹੈ ਕਿ ਉਹ 'ਈਬੋਲਾ' ਨਾਂਅ ਦੀ ਬਿਮਾਰੀ ਨੂੰ ਇਕ ਬੁਝਾਰਤ ਵਜੋਂ ਪੇਸ਼ ਕਰਦਾ ਹੈ : '... ਮਿਹਰਬਾਨੋ! ਅਰ ਸੁਣੋ/ਹਾਲ ਦੀ ਘੜੀ ਅਰਜੋਈ ਸੁਣੋ/ਚੰਗਾ ਹੈ/ਤੁਸੀਂ ਈਬੋਲਾ ਜਿਹੀ/ਘਾਤਕ ਬਿਮਾਰੀ ਤੋਂ/ਆਪਣਾ ਬਚਾਅ ਕਰੋ/ਮੇਰੇ ਸ਼ਹਿਰ ਤੋਂ/ਰਤੀ ਦੂਰ ਰਹੋ...' ਭਾਵੇਂ ਪੁਸਤਕ ਦੀਆਂ ਕਵਿਤਾਵਾਂ ਵਾਰਤਕ ਵਿਚ ਹਨ ਪਰ ਸ਼ਬਦ ਜੜਤ ਅਤੇ ਚਿਹਨ ਏਨੇ ਸੁੰਦਰਤਾ ਨਾਲ ਪਰੋਏ ਗਏ ਹਨ ਕਿ ਕਾਵਿ ਅਨੰਦ ਦੀ ਅਵਸਥਾ ਵਿਚ ਪੇਸ਼ ਹੁੰਦਾ ਹੈ : 'ਕਲਮ ਦੀਆਂ ਅੱਖਾਂ ਵਿਚ/ਲਾਲ ਸੂਹੇ ਚਿੰਗਾੜੇ ਨੱਚ ਰਹੇ ਹਨ/.... ਸ਼ਬਦਾਂ, ਅਰਥਾਂ, ਬੇਅਰਥਾਂ/ਵਿਚਕਾਰ ਚਮਕਦੇ ਚਿਹਰੇ/ਤੱਕ ਤੱਕ ਕੇ/ਕਲਮ ਬੇਹੋਸ਼ ਹੋ ਕੇ/ਖਾਲੀ ਕਾਗਜ਼ਾਂ ਤੇ/ਮੂਧੇ ਮੂੰਹ ਡਿਗ ਪੈਂਦੀ ਹੈ...।'
ਮੁਸ਼ਤਾਕ ਦੀਆਂ ਗ਼ਜ਼ਲਾਂ ਆਧੁਨਿਕ ਭਾਵਬੋਧ ਵਿਚ ਰੰਗੀਆਂ ਅਤੇ ਸੁਖੈਨ ਭਾਸ਼ਾ ਵਿਚ ਸਿਰਜਿਤ ਹਨ। ਉਸ ਦੇ ਬਹਿਰ-ਛੰਦ, ਕਾਫੀਏ ਰਦੀਫ਼ ਅਤੇ ਗ਼ਜ਼ਲ ਦੇ ਬਾਕੀ ਅੰਗ ਸਹਿਜ ਤੇ ਸੁਹਜ ਅਵਸਥੀ ਹਨ। ਗ਼ਜ਼ਲਾਂ ਵਿਚ ਸ਼ਾਇਰ ਦਾ ਵਿਲੱਖਣ ਰੰਗ ਹੈ। ਉਹ ਔਖੇ ਤੇ ਅਲੌਕਿਕ ਵਿਸ਼ੇ ਸ਼ਿਅਰਾਂ ਵਿਚ ਨਹੀਂ ਢਾਲਦਾ। ਗ਼ਜ਼ਲਾਂ ਵਿਚ ਉਸ ਨੇ ਜ਼ਿੰਦਗੀ ਦੇ ਦਰਪੇਸ਼ ਨਿੱਕੇ-ਨਿੱਕੇ ਮਸਲਿਆਂ ਨੂੰ ਬਹੁਤ ਬਰੀਕੀ ਨਾਲ ਢਾਲਿਆ ਹੈ। ਮੁਸ਼ਤਾਕ ਸੱਚੀ ਮੁਹੱਬਤ ਦਾ ਸ਼ਾਇਰ ਹੈ। ਉਹ ਚਾਹੁੰਦਾ ਹੈ ਕਿ ਜ਼ਿੰਦਗੀ ਵਿਚ ਦੋਸਤੀ ਹਮੇਸ਼ਾ ਬਣੀ ਰਹੇ ਅਤੇ ਦੋਸਤ ਕਦੇ ਵੀ ਕਿਸੇ ਦੋਸਤ ਨਾਲ ਧੋਖਾ ਨਾ ਕਰਨ। ਹਲਕੇ-ਫੁਲਕੇ ਅੰਦਾਜ਼ ਵਿਚ ਕਹੇ ਉਸ ਦੇ ਸ਼ਿਅਰ ਪਿਆਰੇ ਲਗਦੇ ਹਨ :
-ਫੁੱਲ, ਮਹਿਕ, ਸੱਪਾਂ ਨੂੰ ਕਲੋਲਦੇ
ਚਿਨਾਰ ਭਾਵੇਂ ਦੂਰ ਦੇ ਜਾ ਕੋਲਦੇ।
-ਜੇ ਮਨੁੱਖਤਾ ਦੇ ਸਾਗਰ 'ਚ ਲਹਿ ਜਾਵੇਂਗਾ
ਭੇਦ ਭਾਵ ਜ਼ਮਾਨੇ ਦੇ ਤੂੰ ਸਹਿ ਜਾਵੇਂਗਾ।

ਫ ਫ ਫ

ਹਾਦਸਿਆਂ ਦਾ ਜੰਗਲ
ਸ਼ਾਇਰ : ਜਸਵੰਤ ਵਾਗਲਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 0172-5027427.

ਇਸ ਗ਼ਜ਼ਲ ਸੰਗ੍ਰਹਿ ਵਿਚ ਲੇਖਕ ਨੇ 70 ਮਿਆਰੀ ਅਤੇ ਤਾਜ਼ਾ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ।
ਹਾਦਸਿਆਂ ਦਾ ਜੰਗਲ ਇਸ ਤੱਥ ਨੂੰ ਉਜਾਗਰ ਕਰਦਾ ਹੈ ਕਿ ਪੰਜਾਬ ਰੂਪੀ ਜੰਗਲ ਵਿਚ ਬਹੁਤ ਬੇਕਿਰਕ ਅਤੇ ਘ੍ਰਿਣਤ ਹਾਦਸੇ ਵਰਤ ਰਹੇ ਹਨ। ਪਿਛਲੇ ਦਿਨੀਂ ਨਸ਼ਿਆਂ ਦੇ ਪ੍ਰਚਲਨ ਨੇ ਪੰਜਾਬ ਦੀ ਜਵਾਨੀ ਦਾਅ ਉੱਤੇ ਲਾ ਦਿੱਤੀ ਸੀ। ਧੀਆਂ ਨਾਲ ਕੁਕਰਮ ਅਤੇ ਧੀਆਂ ਦੀ ਭਰੂਣ ਹੱਤਿਆ ਵਿਚ ਪੰਜਾਬ ਸੰਸਾਰ ਭਰ ਤੋਂ ਮੋਹਰੀ ਹੋ ਗਿਆ ਸੀ। ਉਸ ਦੀਆਂ ਸਾਰੀਆਂ ਗ਼ਜ਼ਲਾਂ ਵਿਚ ਆਦਮੀ ਤੋਂ ਆਦਮੀ ਪ੍ਰਤੀ ਅਨੈਤਿਕ ਵਿਹਾਰ ਉੱਤੇ ਤੇਵਰ ਦਿਸਦੇ ਹਨ।
ਉਸ ਦੇ ਬਹੁਤ ਸਾਰੇ ਸ਼ਿਅਰ ਪਾਠਕ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਜਿਵੇਂ :
-ਸ਼ਹਿਰਾਂ ਵਿਚ ਵੀ ਹੈ ਉੱਗ ਆਇਆ ਹਾਦਸਿਆਂ ਦਾ ਜੰਗਲ
ਜਾਤਾਂ ਮਜ਼੍ਹਬਾਂ ਨੇ ਫੈਲਾਇਆ ਹਾਦਸਿਆਂ ਦਾ ਜੰਗਲ।
-ਇਸ ਵਿਚ ਗਾਂਜਾ, ਭੰਗ ਤੇ ਚਿੱਟਾ ਮਾਰਫੀਨ ਦੇ ਟੀਕੇ
ਹੈ ਬਰਬਾਦੀ ਦਾ ਹੀ ਸਾਇਆ ਹਾਦਸਿਆਂ ਦਾ ਜੰਗਲ।
-ਇਸ ਵਿਚ ਲੀਰਾਂ ਲੀਰਾਂ ਹੋਵੇ ਧੀਆਂ ਦੀ ਨਿਤ ਚੁੰਨੀ
ਪਰ ਹੈ ਨੇਤਾਵਾਂ ਨੂੰ ਭਾਇਆ ਹਦਸਿਆਂ ਦਾ ਜੰਗਲ।
-ਮਜ਼ਹਬ ਵਾਲੇ ਹੀ ਮਜ਼ਹਬ ਤੋਂ ਦੂਰ ਕਿਉਂ ਨੇ?...
ਇਥੇ ਪਾਪੀ ਚਿਹਰੇ ਨੂਰੋ ਨੂਰ ਕਿਉਂ ਨੇ?

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਨਗਮੇ ਛੇੜ ਪਿਆਰਾਂ ਦੇ
ਲੇਖਕ : ਅਜੀਤ ਸਿੰਘ ਨਾਚੀਜ਼
ਸੰਪਾਦਕ : ਡਾ: ਰਘਬੀਰ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 375 ਰੁਪਏ, ਸਫ਼ੇ : 176
ਸੰਪਰਕ : 011-23280657.

'ਨਗ਼ਮੇ ਛੇੜ ਪਿਆਰਾਂ ਦੇ' ਕਾਵਿ-ਸੰਗ੍ਰਹਿ ਅਜੀਤ ਸਿੰਘ 'ਨਾਚੀਜ਼' ਦਾ ਹੈ, ਜਿਸ ਨੂੰ ਉਸ ਦੇ ਹੋਣਹਾਰ ਸਪੁੱਤਰ ਡਾ: ਰਘਬੀਰ ਸਿੰਘ ਨੇ ਉਨ੍ਹਾਂ ਦੀ ਮੌਤ ਉਪਰੰਤ ਸ਼ਰਧਾਂਜਲੀ ਵਜੋਂ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਸਾਹਿਤ ਦੀ ਇਕ ਅਹਿਮ ਵੰਨਗੀ ਕਵੀਸ਼ਰੀ ਨਾਲ ਸਾਂਝ ਪੁਆਈ ਹੈ। ਡਾ: ਸਾਹਿਬ ਅਨੁਸਾਰ ਉਸ ਦੇ ਪਿਤਾ ਜੀ ਨੇ ਬੇਸ਼ੱਕ ਤੰਗੀ-ਤੁਰਸ਼ੀ ਦਾ ਜੀਵਨ ਗੁਜ਼ਾਰਿਆ ਪਰ ਉਹ ਸਿਦਕਦਿਲੀ ਨਾਲ ਕਵਿਤਾ ਸੰਗ ਵੀ ਜੁੜੇ ਰਹੇ। ਇਹ ਕਵਿਤਾਵਾਂ ਸਿੱਖੀ ਸਿਧਾਂਤ ਅਤੇ ਸਿੱਖੀ ਵਿਚਾਰਾਂ ਨੂੰ ਪ੍ਰਸਾਰਨ ਅਤੇ ਪ੍ਰਚਾਰਿਤ ਕਰਨ ਹਿਤ ਲਿਖੀਆਂ ਗਈਆਂ। ਸਿੱਖ ਗੁਰੂਆਂ ਨਾਲ ਸਬੰਧਿਤ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਆਦਰਸ਼ਾਂ 'ਤੇ ਚੱਲਣ ਲਈ ਪਾਠਕਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਸਿੱਖ ਦੀ ਤੁੱਛ ਸਥਿਤੀ ਦਾ ਆਭਾਸ ਵੀ ਕਰਵਾਉਂਦੀਆਂ ਹਨ ਅਤੇ ਗੁਰ-ਸ਼ਬਦਾਂ ਨਾਲ ਜੁੜਨ ਦੀ ਤਾਕੀਦ ਵੀ ਕਰਦੀਆਂ ਹਨ :
ਛਡ ਕਪਟ, ਲਿਪਟ ਗੁਰ ਚਰਨਾਂ 'ਤੇ
ਨਾਚੀਜ਼ ਹੀ ਰਹੋ ਕੋਈ ਚੀਜ਼ ਨਾ ਬਣ
ਤਾਂ ਰਾਗ ਤੇਰੇ ਕੰਨ, ਸੁਣਨਗੇ,
ਗੁਰੂ ਨਾਨਕ ਦੀਆਂ ਤਾਰਾਂ ਦੇ।
ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦੇ ਨਾਲ-ਨਾਲ ਮਨੁੱਖ ਨੂੰ ਗੁਰੂ ਦਾ ਓਟ-ਆਸਰਾ ਲੈਂਦਿਆਂ ਤਕੱਬਰ/ਹੰਕਾਰ ਦਾ ਜੀਵਨ ਤਿਆਗਣ ਦੀ ਪ੍ਰੇਰਨਾ ਦੇ ਨਾਲ ਮਨੁੱਖੀ ਹਸਤੀ ਨੂੰ ਤੁੱਛ ਜਾਣਦਿਆਂ ਪਰਮ-ਪਿਤਾ ਪਰਮਾਤਮਾ ਦੇ ਭਾਣੇ ਨੂੰ ਮੰਨਣ ਦੀ ਤਾਕੀਦ ਵੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਧਾਰਮਿਕ ਜੁੱਸਾ ਹੁੰਦਾ ਹੋਇਆ ਵੀ ਸਮਾਜਿਕ ਸੰਦਰਭ ਦੇ ਮਸਲਿਆਂ ਨੂੰ ਛੂੰਹਦੀਆਂ ਹਨ। ਗ਼ਰੀਬੀ-ਅਮੀਰੀ, ਦੁੱਖ-ਸੁੱਖ, ਮਨੁੱਖੀ ਸਬੰਧ ਸਭ ਕੁਝ ਉਸ ਕਰਤਾ ਪੁਰਖ ਦਾ ਭਾਣਾ ਹੀ ਹਨ। ਮਨੁੱਖ ਇਸ ਸੰਸਾਰ ਵਿਚ ਉਸ ਦੇ ਹੁਕਮ ਨਾਲ ਹੀ ਆਇਆ ਹੈ, ਉਸ ਦੇ ਹੁਕਮ ਅਨੁਸਾਰ ਉਸ ਨੇ ਇਹ ਜੀਵਨ ਬਸ਼ਰ ਕਰਦਿਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਹੈ। ਧਨ ਦੇ ਲੋਭੀਆਂ ਅਤੇ ਚੌਧਰ ਦੇ ਭੁੱਖਿਆਂ ਨੇ ਧਰਮ ਨੂੰ ਵੀ ਬਦਨਾਮ ਕੀਤਾ ਹੈ। ਸਿੱਖ ਦਾ ਕਾਰਜ ਤਾਂ ਹੈ ਹੀ ਪਰ-ਉਪਕਾਰ ਕਰਨ ਦਾ। ਇਸ 'ਤੇ ਵੀ ਕਵੀ ਨੂੰ ਗਿਲਾ ਹੈ। ਸਰਵਰਕ 'ਤੇ ਉੱਭਰਦੀ ਰੌਸ਼ਨੀ ਗਿਆਨ ਦਾ ਪ੍ਰਤੀਕ ਹੈ, ਜੋ ਅਗਿਆਨੀਆਂ ਨੂੰ ਗਿਆਨ ਦੀ ਧਾਰਾ ਵੱਲ ਪਰਤਾਉਂਦਿਆਂ ਅਸਲੀ ਇਨਸਾਨ ਬਣਨ ਦੀ ਬਾਤ ਪਾਉਂਦੀ ਹੈ। ਕਵਿਤਾਵਾਂ ਦੀ ਭਾਸ਼ਾ ਬਹੁਤ ਹੀ ਸਾਦਗੀ, ਸਪੱਸ਼ਟਤਾ ਵਾਲੀ ਹੈ, ਜੋ ਆਪਣੇ ਭਾਵਾਂ ਦੇ ਸੰਚਾਰ 'ਚ ਸਹਾਇਕ ਬਣਦੀ ਹੈ। ਪੁਸਤਕ ਸਟੇਜੀ ਸ਼ਾਇਰੀ ਨਾਲ ਸਾਂਝ ਪੁਆਉਣ ਵਾਲੀ ਹੈ, ਜੋ ਹੌਲੀ-ਹੌਲੀ ਅਲੋਪ ਹੋ ਰਹੀ ਹੈ। ਆਮੀਨ!

ਫ ਫ ਫ

ਮਨੁੱਖ ਤੇ ਸੁੱਖ
ਲੇਖਕ : ਜਸਬੀਰ ਸਿੰਘ ਘੁਲਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 166
ਸੰਪਰਕ : 75290-70008.

ਜਸਬੀਰ ਸਿੰਘ ਘੁਲਾਲ ਪ੍ਰਕਿਰਤੀਵਾਦੀ ਕਵੀ ਹੈ ਅਤੇ ਜੈਵਿਕ ਖੇਤੀ ਮਾਹਿਰ ਹੈ। ਉਸ ਦਾ ਕੁਦਰਤ ਪਿਆਰ ਹੀ ਉਸ ਨੂੰ ਕਾਵਿਕ ਸਿਰਜਣਾ ਵੱਲ ਪ੍ਰੇਰਿਤ ਕਰਦਾ ਹੈ। ਕੁਦਰਤ ਅਤੇ ਮਨੁੱਖ ਦਾ ਅਜ਼ਲੀ ਅਤੇ ਸਦੀਵੀ ਸਾਥ ਰਿਹਾ ਹੈ ਅਤੇ ਭਵਿੱਖ 'ਚ ਵੀ ਰਹੇਗਾ। ਮਨੁੱਖ ਜੋ ਹਮੇਸ਼ਾ ਸੁੱਖ ਦੀ ਚਾਹਨਾ ਕਰਦਾ ਹੈ ਪਰ ਉਹ ਆਪੂੰ ਸਹੇੜੀਆਂ ਅਲਾਮਤਾਂ ਸਦਕਾ ਕੁਦਰਤ ਨਾਲ ਖਿਲਵਾੜ ਕਰਦਿਆਂ ਦੁੱਖ ਭੋਗ ਰਿਹਾ ਹੈ। ਅਜੋਕਾ ਮਨੁੱਖ ਅਨੇਕਾਂ ਭਿਅੰਕਰ ਬਿਮਾਰੀਆਂ ਦਾ ਸ਼ਿਕਾਰ ਹੋਇਆ ਪਿਆ ਹੈ। ਮਨੁੱਖ ਬਾਰੂਦ ਦੇ ਢੇਰ 'ਤੇ ਬੈਠਾ ਹੈ। ਇਹੋ ਜਿਹੇ ਵਿਸ਼ਿਆਂ ਨਾਲ ਓਤ-ਪੋਤ ਕਾਵਿ ਪੁਸਤਕ ਜਸਬੀਰ ਸਿੰਘ ਘੁਲਾਲ ਨੇ ਪੰਜਾਬੀ ਪਾਠਕਾਂ ਨੂੰ ਭੇਟ ਕੀਤੀ ਹੈ। ਰੁੱਖਾਂ ਦਾ ਮਨੁੱਖ ਦੀ ਜ਼ਿੰਦਗੀ 'ਚ ਅਹਿਮ ਦਖ਼ਲ ਹੈ, ਜੋ ਮਨੁੱਖ ਨੇ ਆਪਣੀ ਹਵਸ ਅਤੇ ਸੁੱਖ ਲਈ ਧਰਤੀ ਤੋਂ ਮੁਕਾਉਣੇ ਸ਼ੁਰੂ ਕੀਤੇ ਹੋਏ ਹਨ। ਰੁੱਖਾਂ ਵਿਚੋਂ ਪਿੱਪਲ, ਬੋਹੜ, ਨਿੰਮ ਆਦਿ ਮਨੁੱਖੀ ਰਿਸ਼ਤਿਆਂ ਵਾਂਗ ਅਹਿਮ ਸਥਾਨ ਰੱਖਦੇ ਹਨ :
ਬੋਹੜ ਪਿੱਪਲ ਦੀਆਂ ਛਾਵਾਂ ਲਈ ਰੁੱਖ ਫੱਬਦੇ ਨੇ।
ਗਰਮੀ ਕਹਿਰ ਸੜਦੇ ਲੋਕੀਂ ਛਾਵਾਂ ਨੂੰ ਭੱਜਦੇ ਨੇ।
ਮਨੁੱਖ ਪ੍ਰਕਿਰਤੀ ਦਾ ਅਹਿਮ ਅੰਗ ਹੋਣ ਕਰਕੇ ਸਮਾਜਿਕ ਅਤੇ ਭਾਈਚਾਰਕ ਸਾਂਝ ਵਿਚ ਬੱਝਾ ਹੋਣ ਕਰਕੇ ਸਮਾਜੀ ਰਿਸ਼ਤਿਆਂ ਦੀ ਮਾਲਾ 'ਚ ਪਰੋਇਆ ਹੋਇਆ ਹੈ। ਇਹ ਰਿਸ਼ਤੇ ਨਾਨਕਾ-ਦਾਦਕਾ ਪੱਖ ਦੇ ਹਨ, ਜੋ ਆਪਣੀ ਵਿਲੱਖਣ ਹੈਸੀਅਤ ਰੱਖਦੇ ਹਨ। ਕਵੀ ਗੁਰੂਆਂ ਦੀ ਵਿਚਾਰਧਾਰਾ ਦਾ ਧਾਰਨੀ ਹੋਣ ਕਰਕੇ 'ਸਭੈ ਸਾਂਝੀਵਾਲ ਸਦਾਇਨ' ਦੀ ਅਟੱਲ ਸਚਾਈ 'ਤੇ ਪਹਿਰਾ ਦੇਣ ਦੀ ਹਾਮੀ ਭਰਦਾ ਹੋਇਆ, ਇਹ ਵੀ ਕਹਿਣ ਦਾ ਯਤਨ ਕਰਦਾ ਹੈ ਗੁਰੂਆਂ ਦੇ ਵਰੋਸਾਏ ਵਚਨਾਂ ਦੀ ਪਾਲਣਾ ਕਰਦਿਆਂ ਸਬਰ-ਸੰਤੋਖ 'ਚ ਰਹਿੰਦਿਆਂ, ਮੋਹ-ਮਮਤਾ, ਹੰਕਾਰ ਦਾ ਤਿਆਗ ਕਰਨਾ ਚਾਹੀਦਾ ਹੈ। ਪੁਸਤਕ ਦਾ ਸਿਰਲੇਖ ਮਨੁੱਖ ਤੇ ਸੁੱਖ ਬਹੁਤ ਹੀ ਭਾਵ-ਪੂਰਤ ਹੈ, ਜੋ ਦੂਸਰਿਆਂ ਨੂੰ ਦੁੱਖ ਦੇ ਸੁੱਖ ਦੀ ਤਲਾਸ਼ ਦੀ ਪ੍ਰਵਿਰਤੀ ਨੂੰ ਨਿੰਦਦਾ ਹੈ। ਕਵੀ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਅ ਲਈ ਢੁਕਵੀਂ, ਭਾਵ-ਪੂਰਤ, ਸਰਲ ਅਤੇ ਸਪੱਸ਼ਟ, ਕਾਵਿ-ਭਾਸ਼ਾ ਦੀ ਵਰਤੋਂ ਕਰਦਿਆਂ ਆਪਣੇ ਸੁਨੇਹੇ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਸੁਚੱਜਾ ਉਪਰਾਲਾ ਕੀਤਾ ਹੈ। ਆਮੀਨ!

ਂਸੰਧੂ ਵਰਿਆਵਣੀ (ਪ੍ਰੋ:)
ਮੋ: 098786-14096.
ਫ ਫ ਫ

02-06-2018

 ਪਰਵਾਸੀ ਪੰਜਾਬੀ ਸਾਹਿਤ ਵਿਭਿੰਨ ਪਾਸਾਰ
ਲੇਖਿਕਾ : ਪ੍ਰੋ: ਤੇਜਿੰਦਰ ਕੌਰ ਬੇਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100.
ਸੰਪਰਕ : 87290-80250.

ਪਰਵਾਸ ਵਿਚ ਵਸੇ ਪੰਜਾਬੀ ਸਾਹਿਤਕਾਰਾਂ ਨੇ ਆਪਣੇ ਗੰਭੀਰ ਅਨੁਭਵਾਂ ਨੂੰ ਆਪਣੀਆਂ ਵੱਖ-ਵੱਖ ਰਚਨਾ ਪੱਧਤੀਆਂ ਜ਼ਰੀਏ ਪੇਸ਼ ਕਰਨ ਦਾ ਮਹੱਤਵਪੂਰਨ ਉਪਰਾਲਾ ਕੀਤਾ ਹੈ। ਇਸੇ ਉਪਰਾਲੇ ਦੀ ਪ੍ਰਸੰਗਤਾ ਵਿਚ ਪ੍ਰੋ: ਤੇਜਿੰਦਰ ਕੌਰ ਬੇਰੀ ਨੇ ਪੰਜਾਬੀ ਮੂਲ ਦੇ ਬਾਹਰਲੇ ਦੇਸ਼ਾਂ ਵਿਚ ਰਹਿ ਰਹੇ ਕੁਝ ਇਕ ਮਹੱਤਵਪੂਰਨ ਲੇਖਕਾਂ ਦੀਆਂ ਰਚਨਾਵਾਂ ਦਾ ਆਲੋਚਨਾਤਮਕ ਅਧਿਐਨ ਇਸ ਪੁਸਤਕ ਰਾਹੀਂ ਪੇਸ਼ ਕੀਤਾ ਹੈ। ਲੇਖਿਕਾ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਬਦਲਦੇ ਪਰਿਪੇਖ ਨੂੰ ਉੱਭਰਦੀ ਅਮਰੀਕਾ ਦੀ ਪੰਜਾਬੀ ਕਹਾਣੀ ਦੇ ਪ੍ਰਸੰਗ ਵਿਚ ਵੀ ਪੇਸ਼ ਕੀਤਾ ਹੈ ਅਤੇ ਵਿਦੇਸ਼ਾਂ ਵਿਚ ਪਲ-ਪਲ ਬਦਲਦੇ ਰਿਸ਼ਤਿਆਂ ਦੇ ਪ੍ਰਸੰਗ ਵਿਚ ਵੀ ਪੇਸ਼ ਕੀਤਾ ਹੈ। ਆਲੋਚਕਾ ਦੀ ਪ੍ਰਾਪਤੀ ਹੈ ਕਿ ਉਸ ਨੇ ਸਵਰਨ ਚੰਦਨ ਦੀਆਂ ਕਹਾਣੀਆਂ ਵਿਚੋਂ ਪ੍ਰਗਟ ਹੁੰਦੇ ਨਸਲੀ ਵਿਤਕਰੇ ਦੀਆਂ ਸਮੱਸਿਆਵਾਂ ਨੂੰ ਵੀ ਪੇਸ਼ ਕੀਤਾ ਹੈ ਅਤੇ ਬਲਬੀਰ ਕੌਰ ਸੰਘੇੜਾ ਦੀਆਂ ਕਹਾਣੀਆਂ ਵਿਚਲੀ ਅੰਤਰ ਆਤਮਾ ਨੂੰ ਸਮਝ ਕੇ ਪਰਵਾਸੀ ਪੰਜਾਬੀ ਔਰਤ ਦੀ ਹੋਂਦ-ਸਥਿਤੀ ਦੀਆਂ ਸੀਮਾ-ਸੰਭਾਵਨਾਵਾਂ ਨੂੰ ਵੀ ਬਾ-ਖੂਬੀ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਰਾਣੀ ਨਗੇਂਦਰ ਰਚਿਤ ਪੁਸਤਕ ਗਰਾਊਂਡ ਜ਼ੀਰੋ ਦਾ ਭਾਵਪੂਰਤ ਵਿਸ਼ਲੇਸ਼ਣ ਹੈ। ਪਰਵਾਸੀ ਪੰਜਾਬੀ ਜੀਵਨ-ਸ਼ੈਲੀ ਸਬੰਧੀ ਹਰਮਹਿੰਦਰ ਚਹਿਲ ਦੇ ਨਾਵਲ 'ਬਲੀ' ਦੀ ਤਰਾਸਦਕ ਸੰਵੇਦਨਾ ਨੂੰ ਵੀ ਇਸ ਪੁਸਤਕ ਵਿਚ ਅੰਕਿਤ ਕੀਤਾ ਗਿਆ ਹੈ। ਪਰ ਜੋਗਿੰਦਰ ਕੈਰੋਂ ਰਚਿਤ ਨਾਵਲ 'ਬਾਈਪੋਲਰਾਂ ਦੇ ਦੇਸ਼' ਦਾ ਦੀਰਘ ਅਧਿਐਨ ਪਾਠਕਾਂ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ ਕਿਉਂ ਜੋ ਜੋਗਿੰਦਰ ਕੈਰੋਂ ਲੋਕਧਾਰਾਈ ਆਧਾਰ 'ਤੇ, ਪੰਜਾਬੀ ਲੋਕ ਜਿਥੇ-ਜਿਥੇ ਵੀ ਵਸਦੇ ਹਨ, ਉਨ੍ਹਾਂ ਦੀਆਂ ਬਹੁ-ਪਰਤੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਦਾ ਵੀ ਗਿਆਤਾ ਹੈ। ਉਸ ਦੁਆਰਾ ਪੀੜ੍ਹੀਆਂ ਦੇ ਫ਼ਾਸਲੇ ਅਤੇ ਉਸ ਦੀ ਨਿੱਜੀ ਖੋਜ-ਦ੍ਰਿਸ਼ਟੀ ਜਿਸ ਵਿਚ ਲੋਕਧਾਰਾ ਸਮਾਈ ਹੋਈ ਹੈ, ਦਾ ਵੀ ਉਸ ਨਾਵਲ ਵਿਚ ਜ਼ਿਕਰ ਕੀਤਾ ਹੈ। ਪੁਸਤਕ ਦਾ ਅੰਤਿਮ ਭਾਗ ਪੰਜਾਬੀ ਕਵਿਤਾ ਨਾਲ ਸਬੰਧਿਤ ਹੈ ਜਿਸ ਵਿਚ ਸਵਰਾਜ ਕੌਰ ਦੇ ਕਾਵਿ-ਸੰਗ੍ਰਹਿ 'ਚੁੱਪ ਦਾ ਹਉਕਾ' ਅਤੇ ਮੰਗਾ ਬਾਸੀ ਦੁਆਰਾ ਰਚਿਤ ਕਵਿਤਾਵਾਂ ਦਾ ਦੀਰਘ ਅਧਿਐਨ ਪੇਸ਼ ਕਰਦਿਆਂ ਪਰਵਾਸੀ ਪੰਜਾਬੀਆਂ ਦੀ ਜੀਵਨ-ਸ਼ੈਲੀ ਵਿਚਲੀਆਂ ਕਈ ਸੰਗਤੀਆਂ ਵਿਸੰਗਤੀਆਂ ਨੂੰ ਪਛਾਣਿਆ ਗਿਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਮੇਰੀਆਂ ਸ੍ਰੇਸ਼ਟ ਕਹਾਣੀਆਂ
ਲੇਖਕ : ਦਰਸ਼ਨ ਸਿੰਘ ਧੀਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 328
ਸੰਪਰਕ : 011-23280657.

'ਮੇਰੀਆਂ ਸ੍ਰੇਸ਼ਟ ਕਹਾਣੀਆਂ ਵਿਚ ਉਸ ਦੀਆਂ 45 ਕਹਾਣੀਆਂ ਸੰਗ੍ਰਹਿਤ ਹਨ ਅਤੇ ਇਹ ਉਸ ਦੇ ਛੇ ਕਹਾਣੀ-ਸੰਗ੍ਰਹਿਆਂ ਵਿਚੋਂ ਚੁਣੀਆਂ ਗਈਆਂ ਹਨ। ਕਹਾਣੀਆਂ ਦੀ ਚੋਣ ਉਸ ਨੇ ਆਪ ਹੀ ਕੀਤੀ ਹੈ।
ਉਸ ਦੀਆਂ ਕਈ ਕਹਾਣੀਆਂ ਇਧਰ ਦੇ ਭਾਰਤੀ ਪੰਜਾਬ ਦਾ ਨਿਰੂਪਣ ਕਰਦੀਆਂ ਹਨ। ਬਹੁਤੀਆਂ ਵਿਚ ਉਸ ਨੇ ਬਰਤਾਨੀਆ ਵਿਚ ਜਾ ਵਸੇ ਪੰਜਾਬੀ ਭਰਾਵਾਂ ਦੇ ਪੂਰਵਾਗ੍ਰਹਾਂ ਅਤੇ ਮਨੋਗ੍ਰੰਥੀਆਂ ਦਾ ਵਿਸ਼ਲੇਸ਼ਣ ਕੀਤਾ ਹੈ। ਕੁਝ ਹੋਰ ਕਹਾਣੀਆਂ ਵਿਚ ਉਸ ਨੇ ਇਹ ਦਰਸਾਇਆ ਹੈ ਕਿ ਚਾਹੇ ਤੁਸੀਂ ਪੰਜਾਬ ਵਿਚ ਰਹੋ ਜਾਂ ਬਰਤਾਨੀਆ ਵਰਗੇ ਵਿਕਸਿਤ ਦੇਸ਼ ਵਿਚ ਹਿਜਰਤ ਕਰ ਜਾਓ, ਪੂੰਜੀਵਾਦੀ ਵਿਵਸਥਾ ਦਾ ਚਰਿੱਤਰ ਇਕੋ ਜਿਹਾ ਹੀ ਰਹਿੰਦਾ ਹੈ। ਪੂੰਜੀਪਤੀ ਗ਼ਰੀਬ ਕਾਮਿਆਂ ਅਤੇ ਮਜਬੂਰ ਕਿਸਾਨਾਂ ਦੀ ਮਿਹਨਤ ਦੀ ਵਾਫ਼ਰ ਕਮਾਈ (ਸਰਪਲਸ ਵੈਲਯੂ) ਆਪ ਹੜੱਪ ਕਰ ਜਾਂਦੇ ਹਨ। 'ਖੱਟੀ ਲੱਸੀ ਦਾ ਗਿਲਾਸ' ਵਿਚ ਉਸ ਨੇ ਆਪਣੀ ਇਹੀ ਧਾਰਨਾ ਪੇਸ਼ ਕਰਨ ਦਾ ਯਤਨ ਕੀਤਾ ਹੈ। ਪੰਜਾਬ ਵਿਚ ਆੜ੍ਹਤੀਏ ਅਤੇ ਬਰਤਾਨੀਆ ਵਿਚ ਉਦਯੋਗਪਤੀ, ਕਾਮਿਆਂ ਨੂੰ ਲੁੱਟਣ ਵਾਸਤੇ ਹਰ ਪ੍ਰਕਾਰ ਦਾ ਹਰਬਾ ਵਰਤ ਲੈਂਦੇ ਹਨ।
ਦਰਸ਼ਨ ਧੀਰ ਆਧੁਨਿਕ ਨਿੱਕੀ ਕਹਾਣੀ ਦੇ ਮਿਜ਼ਾਜ ਨੂੰ ਖੂਬ ਸਮਝਦਾ ਹੈ। ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ 1970-71 ਈ: ਵਿਚ ਲਿਖੀਆਂ ਉਸ ਦੀਆਂ ਕਹਾਣੀਆਂ ਵੀ ਅੱਜਕਲ੍ਹ ਦੀਆਂ ਕਹਾਣੀਆਂ ਵਾਂਗ ਹੀ ਸੁਗਠਿਤ ਅਤੇ ਚੁਸਤ-ਦਰੁਸਤ ਹਨ। ਉਹ ਹਰ ਕਹਾਣੀ ਨੂੰ ਨਾਟਕੀ ਅੰਦਾਜ਼ ਵਿਚ ਸ਼ੁਰੂ ਕਰਦਾ ਹੈ ਅਤੇ ਕਹਾਣੀ ਦੀ ਗਤੀ ਨੂੰ ਮੱਧਮ ਨਹੀਂ ਪੈਣ ਦਿੰਦਾ। ਕਹਾਣੀ ਵਿਚਲੇ ਜ਼ਰੂਰੀ ਵੇਰਵਿਆਂ ਨੂੰ ਅੰਤ ਤੱਕ ਲਮਕਾ ਕੇ 'ਸਸਪੈਂਸ' ਪੈਦਾ ਕਰੀ ਰੱਖਦਾ ਹੈ। ਉਹ ਬੜੇ ਸੁਝਾਊ ਢੰਗ ਨਾਲ ਕਹਾਣੀ ਨੂੰ ਸਮਾਪਤ ਕਰਦਾ ਹੈ ਤਾਂ ਕਿ ਕਹਾਣੀ ਦੀ ਸਮੱਗਰੀ ਖ਼ਤਮ ਹੋਣ ਦੇ ਬਾਅਦ ਵੀ ਪਾਠਕ ਦੇ ਮਨ ਵਿਚ ਇਕ ਕੌਤੂਹਲ ਬਣਿਆ ਰਹੇ। ਪੁਸ਼ਟੀ ਲਈ ਉਸ ਦੀਆਂ ਦੋ ਕਹਾਣੀਆਂ 'ਸਰਮਾਇਆ' ਅਤੇ 'ਵੇਟਿੰਗ ਰੂਮ' ਦੇਖੀਆਂ ਜਾ ਸਕਦੀਆਂ ਹਨ।
ਬੇਸ਼ੱਕ ਦਰਸ਼ਨ ਸਿੰਘ ਧੀਰ ਦੀ ਹਰ ਕਹਾਣੀ ਉਸ ਦੇ ਮਨ-ਮਸਤਿਕ ਵਿਚ ਅੰਕੁਰਿਤ ਹੁੰਦੀ ਹੈ ਪਰ ਇਸ ਨੂੰ ਲਿਖਣ ਸਮੇਂ ਉਹ ਸਾਰੇ ਵੇਰਵੇ ਕਥਾਵਾਚਕ (ਨੈਰੇਟਰ) ਦੇ ਹਵਾਲੇ ਕਰ ਦਿੰਦਾ ਹੈ। ਨੈਰੇਟਰ ਜਿਵੇਂ ਚਾਹੇ, ਉਨ੍ਹਾਂ ਵੇਰਵਿਆਂ ਨੂੰ ਅੱਗੇ-ਪਿੱਛੇ ਕਰੇ, ਵਿਉਂਤ ਦੇਵੇ ਅਤੇ ਉਤਸੁਕਤਾ ਬਣਾਈ ਰੱਖੇ। 'ਰਿਸ਼ਤੇ ਤੇ ਹਉਮੈ' ਨੈਰੇਸ਼ਨ ਦੀ ਦ੍ਰਿਸ਼ਟੀ ਤੋਂ ਬੜੀ ਕਲਾਤਮਕ ਰਚਨਾ ਹੈ। ਇਸ ਕਹਾਣੀ ਵਿਚ ਉਹ ਲੇਖਕ ਦੇ ਸਵੈਮਾਣ ਨੂੰ ਬਰਕਰਾਰ ਰੱਖਦਾ ਹੈ ਅਤੇ ਮੌਕਾ-ਮੇਲ ਦੀ ਵਰਤੋਂ ਤੋਂ ਬਚਿਆ ਰਹਿੰਦਾ ਹੈ। ਪ੍ਰਭਾਵ ਦੀ ਦ੍ਰਿਸ਼ਟੀ ਤੋਂ ਉਸ ਦੀ ਹਰ ਕਹਾਣੀ ਬੜੀ ਤਿੱਖੀ ਧਾਰ ਵਾਲੀ ਹੁੰਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੰਜਾਬੀ ਨਾਟਕ ਅਤੇ ਰੰਗ ਮੰਚ
ਵਿਭਿੰਨ ਸਰੋਕਾਰ
ਲੇਖਕ : ਗੁਰਮੀਤ ਸਿੰਘ ਹੁੰਦਲ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 94656-44266.

ਵਿਚਾਰਾਧੀਨ ਪੁਸਤਕ ਨਿਰਸੰਦੇਹ ਛੋਟੇ ਆਕਾਰ ਦੀ ਹੈ ਪਰ ਪੰਜਾਬੀ ਨਾਟਕ ਅਤੇ ਰੰਗ ਮੰਚ ਬਾਰੇ ਭਰਪੂਰ ਜਾਣਕਾਰੀ ਪੇਸ਼ ਕਰਦੀ ਹੈ। ਇਸ ਪੁਸਤਕ ਦੇ ਪਹਿਲੇ ਛੇ ਕਾਂਡਾਂ ਵਿਚ ਪ੍ਰਸਿੱਧ ਨਾਟ-ਕਾਰਾਂ ਦੀ ਕਲਾ ਬਾਰੇ ਨਿਬੰਧ ਸ਼ਾਮਿਲ ਹਨ। ਸੱਤਵਾਂ ਕਾਂਡ ਰੰਗ ਮੰਚੀ ਲੋੜਾਂ (ਵੇਸ਼-ਭੂਸ਼ਾ, ਰੂਪ-ਸੱਜਾ, ਸੰਗੀਤ) ਨਾਲ ਸਬੰਧਿਤ ਹੈ। ਅੱਠਵੇਂ ਕਾਂਡ ਵਿਚ ਪ੍ਰਸਿੱਧ ਰੰਗ-ਕਰਮੀ ਕੇਵਲ ਧਾਲੀਵਾਲ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ ਗਈਆਂ ਹਨ। ਪਹਿਲੇ ਕਾਂਡ ਵਿਚ ਨਾਨਕ ਸਿੰਘ ਨਾਵਲਕਾਰ ਨੂੰ ਨਾਟਕ-ਕਾਰ ਵਜੋਂ ਪੇਸ਼ ਕਰਕੇ ਉਸ ਦੇ 10 ਨਾਟਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਸੰਕੇਤ ਕੀਤਾ ਗਿਆ ਹੈ ਕਿ ਉਸ ਦੀ ਨਾਟ-ਕਲਾ ਨੂੰ ਦੇਣ ਬਾਰੇ ਇਕਾਲਕ ਅਧਿਐਨ ਤੇ ਇਕਾਗਰ ਹੋ ਕੇ ਹੀ ਮੁੱਲ ਪਾਇਆ ਜਾ ਸਕਦਾ ਹੈ। ਗੁਰਦਿਆਲ ਸਿੰਘ ਫੁੱਲ ਨੇ 1932 ਤੋਂ 1989 (ਅੰਤਿਮ ਸਮੇਂ) ਤੱਕ ਅਣਗਿਣਤ ਵਿਸ਼ਿਆਂ 'ਤੇ ਬੇਸ਼ੁਮਾਰ ਨਾਟਕਾਂ/ਇਕਾਂਗੀਆਂ ਦੀ ਰਚਨਾ ਕੀਤੀ। ਗੁਰਸ਼ਰਨ ਭਾਅ ਜੀ ਨੇ ਉਸ ਦੇ ਨਾਟਕ ਲੋਕਾਂ ਤੱਕ ਪਹੁੰਚਾਏ। ਸੇਠੀ, ਆਤਮਜੀਤ ਅਤੇ ਸਰਦਾਰਜੀਤ ਬਾਵਾ ਵਰਗੇ ਰੰਗ-ਕਰਮੀ ਪੈਦਾ ਕੀਤੇ। ਡਾ: ਹਰਚਰਨ ਸਿੰਘ ਆਪਣੀਆਂ ਵਿਭਿੰਨ ਨਾਟਕੀ-ਜੁਗਤਾਂ ਦੀ ਪ੍ਰਸਤੁਤੀ ਸਮੇਂ ਹਮੇਸ਼ਾ ਦਰਸ਼ਕਾਂ ਨੂੰ ਆਪਣੇ ਸਾਹਵੇਂ ਰੱਖਿਆ ਕਰਦਾ ਸੀ। ਗੁਰਸ਼ਰਨ ਭਾਅ ਜੀ ਦੇ 9 ਨਾਟਕਾਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਲੇਖਕ ਉਨ੍ਹਾਂ ਨੂੰ ਨੁੱਕੜ ਨਾਟ-ਕਾਰਾਂ ਦੀ ਸ਼੍ਰੇਣੀ ਵਿਚ ਰੱਖਣਾ ਪਸੰਦ ਕਰਦਾ ਹੈ। ਸਮਾਜਿਕ ਪ੍ਰਤੀਬੱਧਤਾ ਇਨ੍ਹਾਂ ਨਾਟਕਾਂ ਦਾ ਪ੍ਰਮੁੱਖ ਲੱਛਣ ਸਿੱਧ ਕੀਤਾ ਗਿਆ ਹੈ। ਅਜਮੇਰ ਔਲਖ ਦੇ ਭਰੂਣ ਹੱਤਿਆ ਬਾਰੇ ਲਿਖੇ ਨਾਟਕ 'ਕਲਖ਼-ਹਨੇਰੇ' ਦੇ ਸਮਾਜਿਕ ਸਰੋਕਾਰਾਂ ਦਾ ਨਿੱਠ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਆਤਮਜੀਤ ਦੇ ਨਾਟਕ 'ਸ਼ਹਿਰ ਬੀਮਾਰ ਹੈ' ਦਾ ਚਿਹਨ ਵਿਗਿਆਨਕ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਗਿਆ ਹੈ। ਰੰਗਕਰਮੀ ਕੇਵਲ ਧਾਲੀਵਾਲ ਦੇ ਨਾਟਕ-ਰੂਪਾਂਤਰਣ, ਨਾਟ-ਅਨੁਵਾਦ, ਨਾਟ-ਸੰਪਾਦਨ ਤੇ ਨਾਟ-ਨਿਰਦੇਸ਼ਨ ਬਾਰੇ ਲੇਖਕ ਦੀ ਇੰਟਰਵਿਊ ਇਸ ਪੁਸਤਕ ਦਾ ਵਿਸ਼ੇਸ਼ ਹਾਸਲ ਹੈ। ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਨਾਟਕ ਦੇ ਵਸਤੂਪਰਕ ਮੁਲਾਂਕਣ ਦੀ ਦ੍ਰਿਸ਼ਟੀ ਤੋਂ ਮਹੱਤਵ ਵਾਲੀ ਅਤੇ ਖੋਜਾਰਥੀਆਂ ਲਈ ਲਾਭਕਾਰੀ ਹੋਣ ਦੀ ਸੰਭਾਵਨਾ ਰੱਖਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਡਾ: ਰਾਮ ਕੁਮਾਰ ਘੋਟੜ ਦੀਆਂ ਹਿੰਦੀ ਲਘੂਕਥਾਵਾਂ
ਅਨੁਵਾਦਕ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95018-77033.

ਡਾ: ਰਾਮ ਕੁਮਾਰ ਘੋਟੜ ਦਾ ਹਿੰਦੀ ਅਤੇ ਰਾਜਸਥਾਨੀ ਭਾਸ਼ਾ ਵਿਚ ਮਿੰਨੀ ਲੇਖਕ ਵਜੋਂ ਵੱਡਾ ਨਾਂਅ ਹੈ। ਜਗਦੀਸ਼ ਰਾਏ ਕੁਲਰੀਆਂ ਨੇ ਉਸ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ ਦਾ ਪੰਜਾਬੀ ਵਿਚ ਉਲੱਥਾ ਕਰਕੇ ਹਥਲੀ ਪੁਸਤਕ ਪ੍ਰਕਾਸ਼ਿਤ ਕਰਵਾਈ ਹੈ। ਅਨੁਵਾਦ ਰਵਾਂ ਹੈ ਤੇ ਮੂਲ ਕਥਾਵਾਂ ਨਾਲ ਇਨਸਾਫ਼ ਕਰਦਾ ਹੈ।
ਵਿਸ਼ੇ ਪੱਖ ਤੋਂ ਡਾ: ਰਾਮ ਕੁਮਾਰ ਨੇ ਤਿੰਨ ਕਿਸਮ ਦੇ ਵਿਸ਼ੇ ਹੀ ਇਨ੍ਹਾਂ ਕਹਾਣੀਆਂ ਵਿਚ ਮੁੱਖ ਤੌਰ 'ਤੇ ਲਏ ਹਨ। ਪਹਿਲਾ ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ ਬਜ਼ੁਰਗਾਂ ਦੀ ਨਿੱਘਰ ਰਹੀ ਹਾਲਤ। ਔਲਾਦ ਦਾ ਉਨ੍ਹਾਂ ਪ੍ਰਤੀ ਬੇਮੁੱਖ ਹੋਣਾ ਤੇ ਉਨ੍ਹਾਂ ਨੂੰ ਘਰ ਦੀ ਥਾਂ ਬਿਰਧ ਆਸ਼ਰਮ ਦਾ ਰਸਤਾ ਦਿਖਾਉਣਾ। ਇਨ੍ਹਾਂ ਕਹਾਣੀਆਂ ਵਿਚ ਬਿਰਧਾਂ ਦੀ ਮੰਦਹਾਲੀ, ਉਨ੍ਹਾਂ ਦਾ ਦੁੱਖ-ਦਰਦ ਤੇ ਚੀਸ ਉੱਭਰਵੇਂ ਰੂਪ ਵਿਚ ਪੇਸ਼ ਹੋਈ ਹੈ। 'ਲੰਘਦਾ ਸਮਾਂ', ਉਨ੍ਹਾਂ ਦੇ ਆਉਣ ਤੋਂ ਬਾਅਦ, ਢਲਦੀ ਰਾਤ, ਮਮਤਾ ਦੀ ਮੂਰਤ, ਹੰਝੂਆਂ ਦਾ ਹੜ੍ਹ, ਬੁਢਾਪੇ ਦਾ ਸਹਾਰਾ, ਟੁੱਟਦੇ ਦਰੱਖਤ, ਮੋਤੀਆਬਿੰਦ, ਬਿਗਾਨਾ ਮੁੰਡਾ, ਛਤਰ ਛਾਇਆ, ਸੁੱਕੇ ਦਰੱਖਤ ਹਰੇ ਪੱਤੇ, ਵਿਛੋੜਾ ਆਦਿ ਅਨੇਕਾਂ ਕਹਾਣੀਆਂ ਬੁੱਢੇ, ਬੁੱਢੀਆਂ ਅਤੇ ਔਲਾਦ ਦੇ ਖੁਰ ਰਹੇ ਰਿਸ਼ਤਿਆਂ ਦੀ ਬਾਤ ਪਾਉਂਦੀਆਂ ਹਨ।
ਕੁਝ ਕਹਾਣੀਆਂ ਔਰਤ ਦੀ ਦੀਨ-ਹੀਨ ਸਮਾਜਿਕ ਦਸ਼ਾ ਦਰਸਾਉਣ ਵਾਲੀਆਂ ਹਨ। ਗਰਭਪਾਤ, ਟੈਸਟ ਟਿਊਬ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਤੇ ਧੀਆਂ ਦੇ ਹੀਣ ਸਮਾਜਿਕ ਦਸ਼ਾ ਬਿਆਨ ਕਰਦੀਆਂ ਹਨ। ਓਪਰੀ ਕਸਰ, ਟੈਸਟ ਟਿਊਬਾਂ ਦੀ ਔਲਾਦ, ਔਰਤ ਦੀ ਭੁੱਖ, ਗਰਭਪਾਤ, ਮਮਤਾ ਦੀ ਮੂਰਤ, ਕੁੜੀ ਹੀ ਚੰਗੀ, ਕਿਰਾਏ ਦੀ ਕੁੱਖ ਕਹਾਣੀਆਂ ਔਰਤਾਂ ਅਤੇ ਧੀਆਂ ਦੇ ਨਾਲ ਹੋ ਰਹੇ ਘਟੀਆ ਵਰਤਾਰੇ ਬਾਰੇ ਹਨ। ਜਾਤ-ਪਾਤ ਦੇ ਕੋਹੜ ਬਾਰੇ ਵੀ ਕੁਝ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਹੋਈਆਂ ਹਨ। ਕੁਝ ਕਹਾਣੀਆਂ ਦਾਰਸ਼ਨਿਕ ਸੁਭਾਅ ਵਾਲੀਆਂ ਤੇ ਕੁਝ ਹੋਰ ਸਮਾਜਿਕ ਸਮੱਸਿਆਵਾਂ ਨੂੰ ਵੀ ਛੋਹਣ ਵਾਲੀਆਂ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਦਾ ਇਕ ਸਾਂਝਾ ਨੁਕਤਾ ਲੇਖਕ ਦਾ ਮਾਨਵਵਾਦੀ ਹੋਣਾ ਹੈ। ਕਿਤੇ-ਕਿਤੇ ਮਿਥਿਹਾਸ ਤੇ ਵਿਅੰਗ ਦੀ ਵਰਤੋਂ ਵੀ ਨਜ਼ਰ ਆਉਂਦੀ ਹੈ। ਕਹਾਣੀਆਂ ਪੜ੍ਹਨਯੋਗ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਕਾਵਿ-ਸ਼ਾਸਤਰ
ਪ੍ਰੋ: ਪ੍ਰੀਤਮ ਸਿੰਘ ਨੂੰ ਸਮਰਪਿਤ ਅੰਕ
ਸੰਪਾ: ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਕਿਤਾਬ ਘਰ, ਫਗਵਾੜਾ
ਮੁੱਲ : 99 ਰੁਪਏ, ਸਫ਼ੇ : 200
ਸੰਪਰਕ : 98156-04864.

ਤ੍ਰੈਮਾਸਿਕ ਕਾਵਿ-ਸ਼ਾਸਤਰ ਦਾ ਇਹ ਵਿਸ਼ੇਸ਼ ਅੰਕ ਪੰਜਾਬੀ ਦੇ ਉਚੇਰੇ ਅਧਿਆਪਨ ਵਿਚ ਵਿਸ਼ੇਸ਼ ਪਛਾਣ ਦੇ ਮਾਲਕ ਪ੍ਰੋ: ਪ੍ਰੀਤਮ ਸਿੰਘ ਦੇ 1961-62 ਦੇ ਆਸ-ਪਾਸ ਦੇ ਉਨ੍ਹਾਂ ਦੇ ਪੰਜਾਬੀ ਐਮ.ਏ. ਦੇ ਉਨ੍ਹਾਂ ਵਿਦਿਆਰਥੀਆਂ ਦੀ ਗੱਲ ਕਰਦਾ ਹੈ, ਜਿਨ੍ਹਾਂ ਲਈ ਪੜ੍ਹਨਾ-ਲਿਖਣਾ ਅਲੂਣੀ ਸਿਲ ਨਾ ਹੋ ਕੇ ਇਕ ਜਨੂੰਨ, ਸਿਰੜ, ਦਰਵੇਸ਼ੀ, ਫ਼ਕੀਰੀ ਸੀ। ਪੇਂਡੂ ਪਿਛੋਕੜ ਦੇ ਇਹ ਜਵਾਨ ਸੀਮਤ ਪਰਿਵਾਰਕ ਸਾਧਨਾਂ ਕਾਰਨ ਕਮਿਊਨ ਵਾਂਗ ਨਿੱਕੇ ਜਿਹੇ ਘਰ ਵਿਚ ਸਾਂਝਾ ਖਾਂਦੇ-ਪੀਂਦੇ, ਪੜ੍ਹਦੇ। ਉਨ੍ਹਾਂ ਨੂੰ ਪ੍ਰੀਤਮ ਸਿੰਘ ਤੋਂ ਬਿਨਾਂ ਬੀ.ਐਮ. ਰਾਜ਼ਦਾਨ, ਪ੍ਰੋ: ਅਤਰ ਸਿੰਘ, ਪ੍ਰਿੰ: ਗੋਵਰਧਨ ਲਾਲ ਤੇ ਦਲੀਪ ਕੌਰ ਟਿਵਾਣਾ ਵਰਗਿਆਂ ਦਾ ਮਾਰਗਦਰਸ਼ਨ ਵੀ ਮਿਲਿਆ। ਆਰਥਿਕ ਤੰਗੀ ਤੇ ਖਾਣ/ਪਹਿਨਣ ਵਿਚ ਔਖ ਤੋਂ ਬੇਪ੍ਰਵਾਹ ਇਹ ਭੂਤਾਂ ਵਾਂਗ ਦਿਨ-ਰਾਤ ਪੜ੍ਹਨ-ਲਿਖਣ ਤੇ ਨਵਾਂ ਕੁਝ ਜਾਣਨ-ਸਮਝਣ ਲਈ ਸਰਗਰਮ ਰਹਿੰਦੇ। ਡਿਗਰੀ, ਨੌਕਰੀ, ਸਮਾਜਿਕ ਰੁਤਬਾ ਉਨ੍ਹਾਂ ਲਈ ਦੁਜੈਲਾ ਮਹੱਤਵ ਰੱਖਦੇ ਸਨ। ਮਹਿੰਦਰਾ ਕਾਲਜ ਪਟਿਆਲਾ ਤੇ ਪ੍ਰੋ: ਪ੍ਰੀਤਮ ਸਿੰਘ ਦੇ ਨੇੜੇ ਉਨ੍ਹਾਂ ਦੀ ਕਮਿਊਨ ਨੂੰ ਪਤਾ ਨਹੀਂ ਕਦੋਂ ਭੂਤ ਵਾੜਾ ਦੇ ਹਲਕੇ ਜਿਹੇ ਵਿਅੰਗ ਨਾਲ ਦਿੱਤੇ ਨਾਂਅ ਨੂੰ ਉਸ ਪੀੜ੍ਹੀ ਨੇ ਸੀਨੇ ਨਾਲ ਲਾ ਲਿਆ। ਪੀੜ੍ਹੀ ਦਰ ਪੀੜ੍ਹੀ ਇਸ ਨਾਲ ਮਿਥਾਂ ਜੁੜਨ ਲੱਗੀਆਂ।
ਭੂਤ ਵਾੜਾ ਨੇ ਨੂਰ/ਗੁਰਭਗਤ ਸਿੰਘ ਵਰਗੇ ਅਧਿਆਪਕ, ਅਜਮੇਰ ਰੋਡੇ/ਨਵਤੇਜ ਭਾਰਤੀ/ਕੁਲਵੰਤ ਗਰੇਵਾਲ ਜਿਹੇ ਕਵੀ, ਲਾਲੀ ਜਿਹੇ ਚਿੰਤਕ, ਹਰਭਜਨ/ਲੀ ਜਿਹੇ ਮਾਰਕਸੀ ਯੋਧੇ, ਮਹਿਬੂਬ ਜਿਹੇ ਸਿੱਖ ਚਿੰਤਕ ਪੈਦਾ ਕੀਤੇ। ਇਸ ਅੰਕ ਵਿਚ ਇਸ ਕਮਿਊਨ ਨਾਲ ਜੁੜੀਆਂ ਮਿਥਾਂ, ਇਸ ਦਾ ਇਤਿਹਾਸ, ਇਸ ਵਿਚੋਂ ਨਿਕਲੇ ਪਾੜ੍ਹਿਆਂ ਦੀਆਂ ਲਿਖਤਾਂ ਦੇ ਪਾਠ, ਇਸ ਤੋਂ ਪਿਛਲੇਰੀ ਪੀੜ੍ਹੀ ਲਈ ਇਲਮ ਅਦਬ ਪ੍ਰਤੀ ਇਨ੍ਹਾਂ ਦੇ ਸਮਰਪਣ ਦੇ ਅਰਥ/ਸੰਦੇਸ਼/ਜ਼ਰੂਰਤ, ਇਸ ਤੋਂ ਗ੍ਰਹਿਣ ਕੀਤੇ ਪ੍ਰਭਾਵ, ਇਸ ਬਾਰੇ ਪ੍ਰਤੀਕਰਮ ਸਾਰਾ ਕੁਝ ਹੀ ਹੈ। ਕੁਝ ਹੱਡੀਂ ਹੰਢਾਇਆ ਤੇ ਅੱਖੀਂ ਡਿੱਠਾ। ਕੁਝ ਸੁਣਿਆ-ਸੁਣਾਇਆ। ਕੁਝ ਤਲਖ ਤੇ ਤੁਰਸ਼ ਵੀ ਹੈ। ਨਵਤੇਜ ਭਾਰਤੀ, ਹਰਪਾਲ ਸਿੰਘ ਪੰਨੂ ਅੱਖੀਂ ਡਿੱਠੇ/ਉਸ ਦੇ ਇਕ ਮੁੱਖ ਪਾਤਰ ਦੇ ਆਸਰੇ ਭੂਤ ਵਾੜੇ ਦੀ ਗੱਲ ਕਰਦੇ ਹਨ। ਰਾਜਿੰਦਰ ਬਰਾੜ ਪਿਛਲੇਰੀ ਪੀੜ੍ਹੀ ਦਾ ਪ੍ਰਤੀਕਰਮ ਪੇਸ਼ ਕਰਦਾ ਹੈ। ਸਤੀਸ਼ ਵਰਮਾ ਉਸ ਦੁਖਾਂਤ ਦੀ ਜਦੋਂ ਭੂਤ ਸਾਧਾਰਨ ਬੰਦੇ ਬਣ ਜਾਂਦੇ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਘੁੱਗੀ ਦੀ ਵਾਪਸੀ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 80
ਸੰਪਰਕ : 94640-76257.

'ਘੁੱਗੀ ਦੀ ਵਾਪਸੀ' ਕਹਾਣੀ-ਸੰਗ੍ਰਹਿ ਵਿਚ ਲੇਖਕ ਨੇ 10 ਕਹਾਣੀਆਂ 'ਤੇ ਕਲਮ ਅਜ਼ਮਾਈ ਹੈ। ਪਹਿਲੀ ਕਹਾਣੀ ਜ਼ਮੀਨ ਹੈ ਜਿਸ ਵਿਚ ਦੱਸਿਆ ਹੈ ਕਿ ਬਜ਼ੁਰਗਾਂ ਨੂੰ ਆਪਣੀ ਜ਼ਮੀਨ, ਪਿੰਡ, ਘਰ ਨਾਲ ਕਿੰਨਾ ਮੋਹ ਹੁੰਦਾ ਹੈ ਪਰ ਪੜ੍ਹੇ-ਲਿਖੇ ਪੁੱਤ ਉੱਕਾ ਹੀ ਪ੍ਰਵਾਹ ਨਹੀਂ ਕਰਦੇ ਤੇ ਜ਼ਮੀਨ ਵੇਚ ਕੇ ਬਾਪੂ ਨੂੰ ਮੰਜੇ 'ਤੇ ਪਾ ਦਿੰਦੇ ਹਨ। ਇਸੇ ਤਰ੍ਹਾਂ ਅਗਲੀ ਕਹਾਣੀ 'ਅਨਬਚਨੀ' ਵਿਚ ਦੱਸਿਆ ਹੈ ਕਿ ਗਰੀਬ ਕੰਮ ਦੀ ਤਲਾਸ਼ ਵਾਲੇ ਬੰਦੇ ਨੂੰ ਕਿਸੇ ਤਰ੍ਹਾਂ ਫਸਾ ਲਿਆ ਜਾਂਦਾ ਹੈ। 'ਕਮਰਾ' ਕਹਾਣੀ ਵਿੱਚ ਇਕ ਗਿਆਨੀ ਵਲੋਂ ਜੋੜੇ ਪ੍ਰਤੀ ਅਪੱਣਤ ਦਿਖਾਈ ਹੈ। 'ਕਪੁੱਤ' ਕਹਾਣੀ ਵਿਚ ਮਾਂ ਦਾ ਪੁੱਤ ਪ੍ਰਤੀ ਪਿਆਰ ਹੈ ਅਤੇ ਦੱਸਿਆ ਗਿਆ ਹੈ ਕਿ ਪੁੱਤ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਦੇ ਵੀ ਕੁਮਾਪੇ ਨਹੀਂ ਹੁੰਦੇ। 'ਘੁੱਗੀ ਦੀ ਵਾਪਸੀ' ਕਹਾਣੀ ਜੰਗਾਂ-ਯੁੱਧਾਂ ਬਾਰੇ ਹੈ। 'ਚਾਚੀ ਵਿਸ਼ਨੀ' ਕਹਾਣੀ ਵਿਚ ਚਾਚੀ ਵਿਸ਼ਨੀ ਦਾ ਬੱਚਿਆਂ ਪ੍ਰਤੀ ਮੋਹ ਦਿਖਾਇਆ ਗਿਆ ਹੈ। 'ਅੰਨ੍ਹਾ ਆਦਮੀ' ਕਹਾਣੀ ਵਿਚ ਰਿਸ਼ਤਿਆਂ ਦੇ ਘਾਣ ਬਾਰੇ ਦੱਸਿਆ ਗਿਆ ਹੈ ਕਿ ਇਕ ਪਤੀ ਆਪਣੀ ਪਤਨੀ ਨੂੰ ਬੇਵਫ਼ਾਈ ਕਰਦੇ ਫੜ ਲੈਂਦਾ ਹੈ।
ਅਖੀਰਲੀ ਕਹਾਣੀ 'ਦੋ ਰੋਟੀਆਂ' ਵਿਚ ਸੁਖਦੇਵ ਸਿੰਘ ਦੇ ਦੋ ਰੋਟੀਆਂ ਲਈ ਤਰਸਣ ਬਾਰੇ ਹੈ। ਪਰ ਕੁੱਤੇ ਨੂੰ ਰੋਜ਼ ਚਾਰ ਰੋਟੀਆਂ ਮਿਲ ਜਾਂਦੀਆਂ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਾਪੇ ਸਭ ਕੁਝ ਆਪਣੀ ਜਾਇਦਾਦ, ਘਰ ਧੀਆਂ-ਪੁੱਤਰਾਂ ਦੇ ਹਵਾਲੇ ਕਰ ਦਿੰਦੇ ਹਨ, ਉਨ੍ਹਾਂ ਦੀ ਕਦਰ ਘਟ ਜਾਂਦੀ ਹੈ ਅਤੇ ਉਹ ਦੋ ਰੋਟੀਆਂ ਦੇ ਵੀ ਮੁਥਾਜ ਹੋ ਜਾਂਦੇ ਹਨ ਪਰ ਜਿੰਨਾ ਚਿਰ ਉਹ ਮਾਲਕ ਹੁੰਦੇ ਹਨ ਤਾਂ ਨੂੰਹ-ਪੁੱਤਰ ਵੀ ਹੱਥੀਂ ਛਾਵਾਂ ਕਰਦੇ ਹਨ। ਇਹ ਕਹਾਣੀ ਵੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਮੋਹ ਭੰਗ ਹੋਣ ਦੀ ਕਹਾਣੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

 

26-05-2018

 ਚਿੱਤ ਨਾ ਚੇਤੇ
ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 98158-78652.

ਪੰਜਾਬ ਵਿਚ 80ਵਿਆਂ ਵਿਚ ਵਾਪਰੇ ਗਹਿਰੇ ਦੁਖਾਂਤ ਬਾਰੇ ਇਹ ਨਾਵਲ ਉਨ੍ਹਾਂ ਦਿਨਾਂ ਦੀ ਭਿਆਨਕ ਤਸਵੀਰ ਪੇਸ਼ ਕਰਦਾ ਹੈ। ਨਾਵਲ ਦਾ ਇਹ ਦੂਸਰਾ ਸੰਸਕਰਣ ਹੈ। ਲੇਖਿਕਾ ਨੇ ਉਸ ਮਾਂ ਨੂੰ ਸਮਰਪਿਤ ਕੀਤਾ ਹੈ ਜਿਸ ਦੀ ਹਿੱਕ ਵਿਚ ਪੁੱਤ ਦਾ ਸਿਵਾ ਬਲਦਾ ਹੈ। ਪੰਜਾਬ ਦਾ ਉਹ ਕਾਲਾ ਦੌਰ ਹੁਣ ਇਤਿਹਾਸ ਦਾ ਅਹਿਮ ਪੰਨਾ ਬਣ ਚੁੱਕਾ ਹੈ। ਹਥਲਾ ਨਾਵਲ ਲਾਸ਼ਾਂ ਹੇਠ ਦੱਬੇ ਇਤਿਹਾਸ ਨੂੰ ਸਾਂਭਣ ਦਾ ਸਾਹਿਤਕ ਯਤਨ ਹੈ। ਬੋਲਾਂ ਦੇ ਨਕਸ਼ ਵਿਚ ਲੇਖਿਕਾ ਦਾ ਕਥਨ ਹੈਂਪੰਜਾਬ ਜਿਥੇ ਪਾਣੀ ਵਿਕਦੇ ਨੇ, ਸਿਰ ਵਿਕਦੇ ਨੇ, ਜਿਥੇ ਵਫ਼ਾਦਾਰੀਆਂ ਵਿਕਦੀਆਂ ਨੇ ਇਸ ਸਭ ਦੀ ਉਪਰਲੀ ਦਿਸਦੀ ਤਹਿ ਹੇਠ ਮਮਤਾ ਮੋਹ ਤਿਹ ਲਈ ਵੀ ਕਈ ਸੀਨੇ ਵਿਲਕਦੇ ਨੇ। ਮਾਵਾਂ ਕੁਲ ਤੋਰਦੀਆਂ ਨੇ, ਪਿਉ ਜਨਾਜ਼ੇ ਢੋਂਦੇ ਨੇ। ਨਾਵਲ ਦੇ ਮੁੱਖ ਪਾਤਰ ਚਰਨਾ ਤੇ ਬਲਦੇਵ ਯੂਨੀਵਰਸਿਟੀ ਵਿਦਿਆਰਥੀ ਹਨ। ਚਰਨੇ ਦੀ ਮਾਂ ਦਿਆਲੋ ਪੇਂਡੂ ਸੱਭਿਆਚਾਰ ਦੀ ਸਾਕਾਰ ਮੂਰਤ ਹੈ। ਬਲਦੇਵ ਦੇ ਮਾਪੇ ਸ਼ਹਿਰੀ ਅਮੀਰ ਲੋਕ ਹਨ, ਉਹ ਪੈਸੇ ਨਾਲ ਸਭ ਕੁਝ ਖਰੀਦਣ ਵਾਲੇ ਹਨ ਪਰ ਉਨ੍ਹਾਂ ਦਾ ਪੁੱਤ ਬਲਦੇਵ ਜਿਸ ਰਾਹ 'ਤੇ ਪੈ ਜਾਂਦਾ ਹੈ, ਉਸ ਤੋਂ ਜ਼ੋਰ ਪਾਉਣ 'ਤੇ ਵੀ ਮੁੜਦਾ ਨਹੀਂ। ਭੋਲੀ ਚਰਨ ਦੀ ਲਾਡਲੀ ਭੈਣ ਹੈ। ਚਰਨ ਦਾ ਬਾਪ ਸੁਰਜੀਤ ਕਈ ਸਾਲ ਪਹਿਲਾਂ ਵਿਛੜ ਚੁੱਕਾ ਹੈ। ਮਾਂ ਨੂੰ ਚਰਨ ਤੋਂ ਬਹੁਤ ਆਸਾਂ ਹਨ। ਨਾਵਲ ਵਿਚ ਮਾਂ-ਪੁੱਤ ਦੇ ਪਿਆਰ ਦੀ ਦਾਸਤਾਨ ਹੈ। ਦੋਵੇਂ ਦੋਸਤ ਪੰਜਾਬ ਵਿਚ ਚਲ ਰਹੀ ਖਾੜਕੂ ਲਹਿਰ ਦਾ ਹਿੱਸਾ ਬਣ ਜਾਂਦੇ ਹਨ। ਪੁਲਿਸ ਛਾਪੇ ਮਾਰਦੀ ਹੈ। ਬਲਦੇਵ ਫੜਿਆ ਜਾਂਦਾ ਹੈ। ਪੁਲਿਸ ਤਸੀਹੇ ਦਿੰਦੀ ਹੈ। ਚਰਨ ਲੁਕ ਛਿਪ ਕੇ ਪਿੰਡ ਆ ਜਾਂਦਾ ਹੈ। ਮਾਂ-ਪੁੱਤ ਦੀ ਮਿਲਣੀ ਨੂੰ ਨਾਵਲਕਾਰਾ ਨੇ ਮੁਹੱਬਤ ਭਰੇ ਸ਼ਬਦਾਂ ਦਾ ਰੂਪ ਦਿਤਾ ਹੈ। ਦੋਵੇਂ ਦੋਸਤ ਇਕ ਦਿਨ ਭੇਸ ਬਦਲ ਕੇ ਪਿੰਡ ਆਉਂਦੇ ਹਨ ਤਾਂ ਮਾਂ-ਧੀ ਹੈਰਾਨ ਰਹਿ ਜਾਂਦੀਆਂ ਹਨ। ਮਾਂ ਦੇ ਬੋਲ 'ਜੀ ਲਾ ਕੇ ਪੜ੍ਹਿਆ ਕਰ ਪੁੱਤ' ---(ਪੰਨਾ 43) ਤੇ ਚਰਨ ਦਾ ਪੁਲਿਸ ਕੋਲੋਂ ਕੁੱਟ ਖਾ ਕੇ ਆਉਣ 'ਤੇ ਮਾਂ ਦੇ ਬੋਲਂ'ਪੁੱਤ ਤੈਨੂੰ ਕੁੱਟਿਆ ਤਾਂ ਨ੍ਹੀ : ਮੋਹ ਮਮਤਾ ਦੀ ਗਵਾਹੀ ਹਨ। ਅਖੀਰ ਚਰਨ ਤੇ ਬਲਦੇਵ ਪੁਲਿਸ ਕੋਲੋਂ ਮਾਰੇ ਜਾਂਦੇ ਹਨ। ਲਾਸ਼ਾਂ ਦੀ ਪਛਾਣ ਲਈ ਮਾਂ-ਧੀ ਨੂੰ ਪੁਲਿਸ ਥਾਣੇ ਲਿਜਾਂਦੀ ਹੈ। ਦੋਵਾਂ ਦੇ ਵੈਣ ਕੰਧਾਂ ਨੂੰ ਕੰਬਣੀ ਛੇੜਣ ਵਾਲੇ ਹਨ। ਪਾਤਰਾਂ ਦੇ ਢੁੱਕਵੇਂ ਸੰਵਾਦ ਨਾਵਲ ਵਿਚ ਕਈ ਸਵਾਲ ਖੜ੍ਹੇ ਕਰਦੇ ਹਨ ਜੋ ਪਾਠਕ ਨੂੰ ਧੁਰ ਅੰਦਰ ਤੱਕ ਟੁੰਭਦੇ ਹਨ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਮੇਰੇ ਇਹ ਸ਼ਬਦ ਸ਼ਕਤੀ ਨੇ...
ਸ਼ਾਇਰ : ਬਲਜੀਤ ਸਿੰਘ ਰੈਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 97976-57211.

'ਮੇਰੇ ਇਹ ਸ਼ਬਦ ਸ਼ਕਤੀ ਨੇ...' ਸ: ਬਲਜੀਤ ਸਿੰਘ ਰੈਨਾ ਦਾ ਪ੍ਰਥਮ ਗ਼ਜ਼ਲ ਸੰਗ੍ਰਹਿ ਹੈ। ਇਨ੍ਹਾਂ ਗ਼ਜ਼ਲਾਂ ਵਿਚ ਸ਼ਾਇਰ ਦਾ ਵਿਲੱਖਣ ਰੰਗ ਝਲਕਦਾ ਹੈ। ਉਸ ਦੀ ਸ਼ਾਇਰੀ ਦਾ ਇਕ ਪ੍ਰਮੁੱਖ ਲੱਛਣ ਇਹ ਹੈ ਕਿ ਉਹ ਪੰਜਾਬੀ ਸਮਾਜ, ਸੱਭਿਆਚਾਰ ਅਤੇ ਇਤਿਹਾਸ ਬਾਰੇ ਪੁਨਰ-ਚਿਤਵਨ ਕਰਦਾ ਹੈ। ਉਹ ਇਨ੍ਹਾਂ ਸੰਸਥਾਵਾਂ ਅਤੇ ਅਨੁਸ਼ਾਸਨਾਂ ਬਾਰੇ ਬਣੀਆਂ-ਬਣਾਈਆਂ ਧਾਰਨਾਵਾਂ ਦਾ ਨਿਰੂਪਣ ਨਹੀਂ ਕਰਦਾ ਬਲਕਿ ਆਪਣੇ ਮਖ਼ਸੂਸ ਭਾਵਬੋਧ ਅਤੇ ਨਜ਼ਰੀਏ ਨਾਲ ਇਨ੍ਹਾਂ ਦਾ ਨਿਰੂਪਣ ਕਰਦਾ ਹੈ। ਇਸ ਗਹਿਰੀ ਨਜ਼ਰ ਦੇ ਕਾਰਨ ਉਸ ਦੀਆਂ ਗ਼ਜ਼ਲਾਂ ਦਾਰਸ਼ਨਿਕ ਰੰਗਤ (ਤੁਗ਼ਜ਼ਲ) ਅਖ਼ਤਿਆਰ ਕਰ ਜਾਂਦੀਆਂ ਹਨ। ਉਸ ਦੇ ਕੁਝ ਅਸ਼ਆਰ ਦੇਖੋ : 'ਉਹ ਇਕ ਸੰਤ ਬਾਬਾ ਹੈ ਜੋ ਨੀਚਾਂ ਨਾਲ ਖੜ੍ਹਦਾ ਹੈ। ਭਲਾ ਸਰਬੱਤ ਦਾ ਮੰਗੇ ਆਦਮੀ ਇਨਸਾਨਗੜ੍ਹ ਦਾ ਹੈ। ਉਦੋਂ ਇਕ ਸੰਤ ਦਾ ਕਿਰਦਾਰ ਗੋਰਖ ਜਾਣ ਲੈਂਦਾ ਹੈ, ਕਿਸੇ ਨਾਨਕਮਤੇ ਅੰਦਰ ਜੜ੍ਹਾਂ ਤੋਂ ਜਦ ਉਖੜਦਾ ਹੈ। 'ਗਗਨ ਮੈ ਥਾਲੁ' ਵਾਲੀ ਆਰਤੀ ਦੀ ਜੋਤ ਹੈ ਸੂਰਜ, ਇਹ ਕੁਦਰਤ ਦਾ ਕਰਿਸ਼ਮਾ ਰੋਜ਼ ਲਹਿੰਦਾ, ਰੋਜ਼ ਚੜ੍ਹਦਾ ਹੈ। ਹਕੀਕਤ ਵਿਚ ਬਦਲ ਦਿੰਦਾ ਉਹੀ ਜਿੱਤ ਆਪਣੀ ਆਖ਼ਰ, ਲੜਾਈ ਆਪਣੀ ਇਸ ਦੌਰ ਵਿਚ ਜੋ ਆਪ ਲੜਦਾ ਹੈ।' (ਪੰਨਾ 99)
ਫਲਸਫ਼ਾਨਾ ਅੰਦਾਜ਼ ਦੇ ਨਾਲ-ਨਾਲ ਉਹ ਆਸ਼ਿਕਾਨਾ ਰੰਗਤ ਦੇ ਸ਼ੇਅਰ ਵੀ ਖੂਬ ਲਿਖ ਲੈਂਦਾ ਹੈ। ਇਹੋ ਜਿਹੀਆਂ ਗ਼ਜ਼ਲਾਂ ਵਿਚ ਉਹ 'ਗੁਫ਼ਤਗੂ' ਦੀ ਵਿਧੀ ਦਾ ਇਸਤੇਮਾਲ ਕਰਦਾ ਹੈ। ਦੇਖੋ :
ਸਜਣਾਂ ਦਾ ਇਤਬਾਰ ਤਾਂ ਕਰ ਲੈ।
ਨਫ਼ਰਤ ਨੂੰ ਛੱਡ ਪਿਆਰ ਤਾਂ ਕਰ ਲੈ!
ਦੁਨੀਆ ਕੋਲੋਂ ਅੱਖ ਬਚਾ ਕੇ,
ਆ ਵੇ ਅੱਖਾਂ ਚਾਰ ਤਾਂ ਕਰ ਲੈ!
ਮੁਹੱਬਤ ਦੇ ਦਰਿਆ ਦੇ ਉਤੋਂ,
ਵਸਲਾਂ ਦਾ ਪੁਲ ਪਾਰ ਤਾਂ ਕਰ ਲੈ। (ਪੰਨਾ 87)
ਬਲਜੀਤ ਰੈਨਾ ਦੀਆਂ ਬਹੁਤੀਆਂ ਗ਼ਜ਼ਲਾਂ ਉਸ ਦਾ ਆਤਮ-ਸੰਵਾਦ ਹਨ। ਕਵੀ ਦੇ ਦਿਲ ਅੰਦਰ ਏਨਾ ਕੁਝ ਭਰਿਆ ਪਿਆ ਹੈ ਕਿ ਉਸ ਨੂੰ ਇਧਰ-ਉਧਰ ਦੇਖਣ ਦੀ ਵਿਹਲ ਹੀ ਨਹੀਂ ਮਿਲਦੀ। ਉਹ ਆਪਣੇ ਆਸ-ਪਾਸ ਫੈਲੇ ਹੋਏ ਜੀਵਨ ਅਤੇ ਜਗਤ ਨੂੰ ਇਕ ਨਵੀਂ ਤਰਤੀਬ ਦੇਣ ਵਿਚ ਰੁੱਝਾ ਰਹਿੰਦਾ ਹੈ। ਉਸ ਦਾ ਜੀਵਨ-ਮੈਨੀਫੈਸਟੋ ਬੜਾ ਅਗਰਗਾਮੀ ਅਤੇ ਲੋਕਹਿਤਕਾਰੀ ਹੈ। ਦੇਖੋ : 'ਨਾ ਰੋਗ ਕੋਈ ਨੀਂਦ ਦਾ, ਇਹ ਤਾਂ ਮੇਰਾ ਆਪਣਾ ਜਨੂੰ/ਹੈ ਨੀਂਦ ਗੂੜ੍ਹੀ ਪਰ ਕਦੇ ਸੌਂਦਾ ਨਹੀਂ, ਮੈਂ ਜਾਗਦਾਂ। ਮੈਂ ਦੌੜਦਾ ਹਾਂ ਲੋੜਦਾ, ਇਕ ਥੋੜ ਦਾ ਹੀ ਤੋੜ ਤਾਂ/ਭਟਕਣ ਸਹੀ ਇਹ ਜ਼ਿੰਦਗੀ, ਹਰ ਸਾਹ ਐਪਰ ਨੇਮਤਾਂ।' (ਪੰਨਾ 23) ਇਸ ਪ੍ਰਕਾਰ ਦੇ ਵਿਲੱਖਣ ਭਾਵਬੋਧ ਵਾਲੇ ਕਵੀ ਦਾ ਸਵਾਗਤ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮਹਿਰਮ ਰਿਸ਼ਮਾਂ
ਸੰਪਾਦਨ : ਮਹਿਰਮ ਸਾਹਿਤ ਸਭਾ
ਪ੍ਰਕਾਸ਼ਕ : ਮਹਿਰਮ ਸਾਹਿਤ ਸਭਾ, ਨਵਾਂ ਸ਼ਾਲਾ (ਗੁਰਦਾਸਪੁਰ)
ਮੁੱਲ : 160 ਰੁਪਏ, ਸਫ਼ੇ : 104
ਸੰਪਰਕ : 98728-48610.

ਮਹਿਰਮ ਸਾਹਿਤ ਸਭਾ, ਨਵਾਂ ਸ਼ਾਲਾ (ਗੁਰਦਾਸਪੁਰ) ਵਲੋਂ 'ਮਹਿਰਮ ਰਿਸ਼ਮਾਂ' ਪੁਸਤਕ ਰਾਹੀਂ ਕਵੀ ਦੀਵਾਨ ਸਿੰਘ ਮਹਿਰਮ ਨੂੰ ਯਾਦ ਕੀਤਾ ਗਿਆ ਹੈ। ਇਸ ਪੁਸਤਕ ਵਿਚ ਮਹਿਰਮ ਦੇ ਨਜ਼ਦੀਕ ਰਹੇ ਮਿੱਤਰਾਂ ਵਲੋਂ ਉਸ ਦੇ ਨਾਲ ਬਿਤਾਏ ਪਲਾਂ ਨੂੰ ਮੁੜ ਫਰੋਲਿਆ ਗਿਆ ਹੈ। 'ਮਹਿਰਮ ਰਿਸ਼ਮਾਂ' ਦਾ ਪਹਿਲਾ ਭਾਗ ਮਹਿਰਮ ਦੀ ਕਵਿਤਾ, ਉਸ ਦੀ ਜੀਵਨ-ਸ਼ੈਲੀ ਤੇ ਯਾਦਾਂ ਨਾਲ ਸਬੰਧਿਤ ਹੈ। ਇਨ੍ਹਾਂ ਛਾਪੇ ਗਏ ਲੇਖਾਂ ਦੇ ਰਚਨਾਕਾਰ ਪ੍ਰੋ: ਕਿਰਪਾਲ ਸਿੰਘ ਯੋਗੀ, ਮਨਮੋਹਣ ਸਿੰਘ ਧਕਾਲਵੀ, ਹਰਭਜਨ ਬਾਜਵਾ, ਰਵੇਲ ਸਿੰਘ ਇਟਲੀ ਤੇ ਮਲਕੀਅਤ ਸਿੰਘ ਸੁਹਲ ਹਨ। ਮਹਿਰਮ ਬਾਰੇ ਛਪੇ ਨਿਬੰਧ ਬਹੁਤ ਹੀ ਰੌਚਕ ਤੇ ਜਾਣਕਾਰੀ ਭਰਪੂਰ ਹਨ। ਇਸ ਪੁਸਤਕ ਦੇ ਦੂਸਰੇ ਭਾਗ ਵਿਚ ਸਾਹਿਤ ਸਭਾ ਨਾਲ ਸਬੰਧਿਤ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਛਾਪਿਆ ਗਿਆ ਹੈ। ਇਨ੍ਹਾਂ ਵਿਚ ਕੁਝ ਨਾਂਅ ਅਸਲੋਂ ਨਵੇਂ ਹਨ ਤੇ ਕੁਝ ਸਥਾਪਤ ਹੋ ਚੁੱਕੇ ਹਨ। ਇਹ ਹਨ ਦਰਬਾਰਾ ਸਿੰਘ ਭੱਟੀ, ਆਰ. ਬੀ. ਸੋਹਲ, ਮਹੇਸ਼ ਚੰਦਰਭਾਨੀ, ਬਲਬੀਰ ਚੰਦ (ਬਾਬਾ ਬੀਰਾ), ਸ਼ਿਵ ਪਪੀਹਾ, ਗੁਰਬਚਨ ਸਿੰਘ 'ਬਚਨ ਬਾਜਵਾ', ਨਰੰਜਣ ਸਿੰਘ ਪਾਰਸ, ਜਗਜੀਤ ਸਿੰਘ ਕੰਗ, ਦਰਸ਼ਨ ਸਿੰਘ ਲੱਧੜ, ਕੈਪਟਨ ਜਸਵੰਤ ਰਿਆੜ, ਦਰਸ਼ਨ ਸਿੰਘ ਖੇੜੇਵਾਲਾ, ਅਜਮੇਰ ਪਾਹੜਾ, ਬਲਵਿੰਦਰ ਸਿੰਘ ਬਿੰਦਰ, ਕਸ਼ਮੀਰ ਸਿੰਘ, ਮਲਹਾਰ ਸਿੰਘ ਜਰਮਨੀ, ਮਲਕੀਅਤ ਸੁਹਲ ਤੇ ਰਵੇਲ ਸਿੰਘ ਇਟਲੀ। ਇਸ ਭਾਗ ਵਿਚ ਬਾਲ ਗੀਤ, ਗੀਤ, ਨਜ਼ਮਾਂ ਤੇ ਗ਼ਜ਼ਲਾਂ ਸ਼ਾਮਿਲ ਹਨ ਤੇ ਪੰਜਾਬੀ ਕਵਿਤਾ ਦਾ ਹਰ ਰੰਗ ਮਾਣਿਆਂ ਜਾ ਸਕਦਾ ਹੈ। 'ਮਹਿਰਮ ਰਿਸ਼ਮਾਂ' ਵਰਗੀਆਂ ਪੁਸਤਕਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਦਿਲਾਂ ਦੀ ਜੂਹ
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 280
ਸੰਪਰਕ : 99151-03490.

'ਦਿਲਾਂ ਦੀ ਜੂਹ' ਬਰਤਾਨੀਆ ਨਿਵਾਸੀ ਪੰਜਾਬੀ ਦੇ ਬਹੁ-ਵਿਧਾਵੀ ਲੇਖਕ ਸ਼ਿਵਚਰਨ ਜੱਗੀ ਕੁੱਸਾ ਦਾ 18ਵਾਂ ਨਾਵਲ ਹੈ, ਜਿਸ ਵਿਚ ਉਸ ਨੇ ਦੋ ਮੁਹੱਬਤੀ ਰੂਹਾਂ ਜਿੰਦਰ ਅਤੇ ਪ੍ਰਤੀਕ ਦੀ ਦਾਸਤਾਨ ਨੂੰ ਬਿਆਨ ਕਰਦਿਆਂ ਅਜੋਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਸਰੋਕਾਰਾਂ ਨੂੰ ਅਤਿ ਬਾਰੀਕੀ ਨਾਲ ਪੇਸ਼ ਕੀਤਾ ਹੈ। ਇਸ ਨਾਵਲ ਦੀ ਪਿੱਠਭੂਮੀ ਮਾਲਵਾ ਖੇਤਰ ਹੈ। ਇਸ ਨਾਵਲ ਦੀ ਨਾਇਕਾ ਜਿੰਦਰ 18 ਵਰ੍ਹਿਆਂ ਦੀ ਸੁਨੱਖੀ ਤੇ ਸੁਚੱਜੀ ਮੁਟਿਆਰ ਹੈ। ਉਹ ਇਕ ਸਾਧਾਰਨ ਗ਼ਰੀਬ ਕਿਸਾਨ ਗਿੰਦਰ ਦੀ ਧੀ ਹੈ। ਕਾਲਜ 'ਚ ਪੜ੍ਹਦਿਆਂ ਉਹ ਆਪਣੇ ਸਹਿਪਾਠੀ ਕਬੱਡੀ ਦੇ ਖਿਡਾਰੀ ਪਰਤੀਕ ਨੂੰ ਆਪਣਾ ਦਿਲ ਦੇ ਬੈਠਦੀ ਹੈ, ਪਰਤੀਕ ਵੀ ਉਸ ਨੂੰ ਮੁਹੱਬਤ ਕਰਦਾ ਹੈ। ਦੋਵੇਂ ਇਕੱਠਿਆਂ ਜ਼ਿੰਦਗੀ ਜੀਣ ਦਾ ਇਕਰਾਰ ਕਰਦੇ ਹਨ। ਜਿੰਦਰ ਅਜੇ 12ਵੀਂ ਦੇ ਪੇਪਰ ਦੇ ਕੇ ਹਟਦੀ ਹੈ ਕਿ ਉਸ ਦਾ ਫੁੱਫੜ ਜ਼ੋਰਾ ਸਿੰਘ ਜੋ ਇੰਗਲੈਂਡ ਰਹਿੰਦਾ ਹੈ, ਜਿੰਦਰ ਦੇ ਬਾਪ ਗਿੰਦਰ ਨੂੰ ਜਿੰਦਰ ਦੇ ਰਿਸ਼ਤੇ ਲਈ ਇੰਗਲੈਂਡ ਰਹਿੰਦੇ ਮੁੰਡੇ ਬਲਜੀਤ ਦੀ ਦੱਸ ਪਾਉਂਦਾ ਹੈ ਅਤੇ ਜਿੰਦਰ ਦਾ ਪਾਸਪੋਰਟ ਬਣਾ ਕੇ ਉਸ ਨੂੰ ਇੰਗਲੈਂਡ ਭੇਜਣ ਬਾਰੇ ਕਹਿੰਦਾ ਹੈ। ਜਿੰਦਰ ਦੀ ਮਾਂ ਸ਼ਿਆਮ ਕੌਰ ਅਤੇ ਪਿਤਾ ਗਿੰਦਰ ਦੇ ਪੱਬ ਧਰਤੀ 'ਤੇ ਨਹੀਂ ਲਗਦੇਂਇੰਗਲੈਂਡ ਦਾ ਰਿਸ਼ਤਾ ਪਾ ਕੇ ਉਹ ਬਾਗੋ-ਬਾਗ ਹੋ ਜਾਂਦੇ ਹਨ ਪਰ ਜਿੰਦਰ ਨੂੰ ਇਸ ਦੀ ਕੋਈ ਖੁਸ਼ੀ ਨਹੀਂ ਹੁੰਦੀ। ਉਧਰ ਪਰਤੀਕ ਇਹ ਸਭ ਸੁਣ ਕੇ ਨਿਰਾਸ਼ਤਾ ਵਿਚ ਨਿੱਤ ਦਾ ਸ਼ਰਾਬੀ ਬਣ ਜਾਂਦਾ ਹੈ।
ਜਿੰਦਰ ਆਪਣੀ ਭੂਆ ਗੁਰਮੇਲ ਕੌਰ ਦੇ ਘਰ ਇੰਗਲੈਂਡ ਪੁੱਜ ਜਾਂਦੀ ਹੈ। ਉਸ ਨਾਲ ਭੂਆ ਦੇ ਘਰ ਦੁਰਵਿਵਹਾਰ ਹੁੰਦਾ ਹੈ। ਭੂਆ ਉਸ ਦੇ ਮੰਗੇਤਰ ਬਲਜੀਤ ਨੂੰ ਆਪਣੇ ਘਰ ਵੜਨ ਨਹੀਂ ਦਿੰਦੀ। ਉਹ ਆਪਣੀ ਮੁਕਤੀ ਲਈ ਹੌਸਲਾ ਕਰਕੇ ਆਪਣੇ ਮੰਗੇਤਰ ਬਲਜੀਤ ਨਾਲ ਭੱਜ ਕੇ ਉਸ ਦੇ ਘਰ ਜਾ ਵਸਦੀ ਹੈ। ਦੋਵੇਂ ਸਾਦਾ ਵਿਆਹ ਕਰਦੇ ਹਨ। ਪੁੱਤਰ ਅਗਮਜੋਤ ਦਾ ਜਨਮ ਹੁੰਦਾ ਹੈ। ਪਰਿਵਾਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ ਕਿ ਹੋਣੀ ਬਲਜੀਤ ਨੂੰ ਇਕ ਐਕਸੀਡੈਂਟ ਵਿਚ ਜਾਨੋਂ ਮੁਕਾ ਦਿੰਦੀ ਹੈ।
ਇਹ ਸੁਭਾਵਿਕ ਮੌਕਾ ਮੇਲ ਹੀ ਸਮਝੋ ਕਿ ਜਿੰਦਰ ਦਾ ਮਹਿਬੂਬ ਪਰਤੀਕ ਇਕ ਕਬੱਡੀ ਟੀਮ ਦੇ ਮੈਂਬਰ ਵਜੋਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੇ ਕਬੱਡੀ ਮੈਚਾਂ 'ਚ ਭਾਗ ਲੈਣ ਲਈ ਇੰਗਲੈਂਡ ਪੁੱਜ ਜਾਂਦਾ ਹੈ। ਬਲਜੀਤ ਦੀ ਮੌਤ ਤੋਂ ਬਾਅਦ ਜਿੰਦਰ ਅਤੇ ਉਸ ਦੀ ਸੱਸ ਸੰਤ ਕੌਰ ਮਨ ਦੀ ਸੰਤੁਸ਼ਟੀ ਲਈ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣ ਲੱਗੀਆਂ। ਇਕ ਸ਼ਾਮ ਉਹ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਨੂੰ ਸ਼ਰਾਬ ਨਾਲ ਧੁੱਤ ਹੋਇਆ ਪਰਤੀਕ ਮਿਲ ਗਿਆ। ਦੋਵਾਂ ਨੇ ਇਕ-ਦੂਜੇ ਨੂੰ ਪਛਾਣ ਲਿਆ। ਪਰਤੀਕ ਨੇ ਦੱਸਿਆ ਕਿ ਉਸ ਦੀ ਇੰਗਲੈਂਡ ਵਿਚ ਜੰਮੀ ਪਲੀ ਪਤਨੀ ਨੇ ਉਸ ਨੂੰ 'ਉਜੱਡ' ਕਹਿ ਕੇ ਘਰੋਂ ਕੱਢ ਦਿੱਤਾ ਹੈ ਤੇ ਉਹ ਕਿਸੇ ਪਾਸੇ ਜੋਗਾ ਨਹੀਂ ਰਿਹਾ, ਜਿਸ ਕਰਕੇ ਉਹ ਸ਼ਰਾਬੀ ਹੋ ਗਿਆ ਹੈ। ਉਸ ਦੀ ਹਾਲਤ ਵੇਖ ਕੇ ਸੰਤ ਕੌਰ ਪਰਤੀਕ ਨੂੰ ਆਪਣਾ ਪੁੱਤ ਬਣਾ ਕੇ ਆਪਣੇ ਘਰ ਲੈ ਆਈ ਤੇ ਦੋ ਦਿਲ ਮੁੜ ਆਪਣੀ ਜੂਹ ਵਿਚ ਪ੍ਰਵੇਸ਼ ਕਰ ਗਏ।
ਇਸ ਕਹਾਣੀ ਤੋਂ ਇਲਾਵਾ ਲੇਖਕ ਨੇ ਵੱਖਰੇ ਪ੍ਰਸੰਗਾਂ ਦਾ ਗੁਰਮੇਲ ਕੌਰ ਦੀ ਧੀ ਨਾਲ ਹਰਿਆਣਾ ਦੇ ਜਾਟ ਅੰਦੋਲਨ ਸਮੇਂ ਵਾਪਰੇ ਖੌਫ਼ਨਾਕ ਹਾਦਸੇ ਦਾ ਦਰਦੀਲਾ ਵਰਨਣ ਕੀਤਾ ਹੈ ਅਤੇ ਅੱਤਵਾਦੀ ਬਣੇ ਸੰਤੋਖ ਦੀ ਜੀਵਨ ਗਾਥਾ ਵੀ ਬਿਆਨ ਕੀਤੀ ਹੈ। ਲੇਖਕ ਦਾ ਅੰਦਾਜ਼-ਏ-ਬਿਆਂ ਬਾਕਮਾਲ ਹੈ। ਉਸ ਨੂੰ ਮਲਵਈ ਭਾਸ਼ਾ 'ਤੇ ਅਬੂਰ ਹਾਸਲ ਹੈ। ਅਤਿ ਸਰਲ ਅਤੇ ਰੌਚਕ ਸ਼ੈਲੀ ਵਿਚ ਰਚਿਆ ਇਹ ਨਾਵਲ ਪਾਠਕਾਂ ਨੂੰ ਸੁਹਜਆਤਮਿਕ ਅਨੰਦ ਪ੍ਰਦਾਨ ਕਰੇਗਾ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਚਾਨਣ ਵੰਡਦਾ ਰਹਿ
ਗੀਤਕਾਰ : ਹਰਪ੍ਰੀਤ ਸਿੰਘ ਸਿਹੌੜਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 94634-11178.

ਪੁਸਤਕ ਵਿਚ 120 ਸਫ਼ਿਆਂ ਵਿਚ ਫੈਲੇ ਕੁੱਲ 76 ਗੀਤ ਸਾਹਿਤਕ ਪਰਿਪਾਟੀ ਦੀ ਦਿੱਖ ਪੇਸ਼ ਕਰਦੇ ਹਨ। ਇਨ੍ਹਾਂ ਦੇ ਵਿਸ਼ੇ ਜਿਥੇ ਨੈਤਿਕਤਾ ਦੀ ਬਹਾਲੀ ਅਤੇ ਸਮਾਜਿਕ ਸਰੋਕਾਰਤਾ ਵਾਲੇ ਹਨ, ਉਥੇ ਸਮੇਂ ਦੇ ਪਹੀਏ ਨੂੰ ਅਗਾਂਹ ਵੱਲ ਗੇੜਾ ਦੇਣ ਦੇ ਵੀ ਸਮਰੱਥ ਹਨ। ਸਮਾਜਿਕ ਬੁਰਾਈਆਂ ਅਤੇ ਸਮਾਜਿਕ ਜਾਤੀ ਵੰਡ ਬਾਰੇ ਵੀ ਇਹ ਗੀਤ ਬੋਲਦੇ ਹਨ। ਉਹ ਕਹਿੰਦਾ ਹੈ ਕਿ ਜਿਥੇ ਲੋਕ ਕਰਜ਼ੇ ਦੇ ਭਾਰ ਹੇਠਾਂ ਦੱਬੇ ਪਏ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਮਜਬੂਰੀਵੱਸ ਧੀਆਂ ਨੂੰ ਕਰਜ਼ਾ ਚੁੱਕ ਕੇ ਦਾਜ ਦਿੰਦੇ ਹਨ ਪਰ ਆਪਣੇ ਇਲਾਜ ਵਾਸਤੇ ਪੈਸਾ ਵੀ ਨਹੀਂ ਖਰਚ ਕਰਦੇ, ਉਸ ਸਮਾਜ ਦੇ ਕਿਰਤੀ ਕਿਸ ਤਰ੍ਹਾਂ ਯੋਗ ਕਿਰਤ ਕਰਨਗੇ? ਗੀਤਕਾਰ ਦਾ ਵਿਚਾਰ ਹੈ ਕਿ ਸਮਾਜਿਕ ਕੁਰੀਤੀਆਂ ਗ਼ਰੀਬੀ ਦੀ ਹੀ ਉਤਪਤੀ ਹਨ। ਕਵੀ ਦੇ ਸਾਰੇ ਗੀਤ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹਨ। ਗੀਤਕਾਰ ਤਾਂ ਇਥੋਂ ਤੱਕ ਕਹਿੰਦਾ ਹੈ ਕਿ :
-ਇਕ ਹੋ ਕੇ ਹੱਲਾ ਬੋਲੋ, ਇਨਕਲਾਬ ਲਿਆਉਣਾ ਏ
ਤੋੜ ਧਰਤੀ ਮਾਂ ਦੀਆਂ ਬੇੜੀਆਂ, ਜ਼ੁਲਮ ਗਲ ਸੰਗਲ ਪਾਉਣਾ ਏ।
-ਸੂਹੀ ਸਵੇਰ ਲੈ ਕੇ ਆਉਣੀ ਲੋਕਾਂ ਨੇ
ਸੱਚ ਮੂਹਰੇ ਨੀ ਖੜ੍ਹਨਾ ਖੂਨ ਪੀਣੀਆਂ ਜੋਕਾਂ ਨੇ।
-ਜਦੋਂ ਚੰਨ ਰੋਟੀ ਵਰਗਾ ਲਗਦਾ, ਢਿੱਡੋਂ ਭੁੱਖੇ ਲੋਕਾਂ ਨੂੰ
ਉਦੋਂ ਉਹ ਬਗ਼ਾਵਤ ਕਰਦੇ, ਭਾਜੜ ਪੈਂਦੀ ਲੋਕਾਂ ਨੂੰ।
-ਸਭ ਮਿਲ ਕੇ ਨੌਜਵਾਨੋ ਦੇਸ਼ ਬਚਾ ਲਓ
ਭ੍ਰਿਸ਼ਟਾਚਾਰ ਮਿਟਾਉਣ ਲਈ ਜੋਟੀਆਂ ਪਾ ਲਉ।
ਉਸ ਨੂੰ ਰੋਸ ਹੈ ਕਿ ਸਰਕਾਰਾਂ ਜੰਗ ਲਗਾ ਦਿੰਦੀਆਂ ਹਨ ਪਰ ਮਰਦੇ ਤਾਂ ਆਖ਼ਰ ਗ਼ਰੀਬ ਲੋਕ ਹੀ ਨੇ। ਗੀਤਕਾਰ ਕਹਿੰਦਾ ਹੈ ਕਿ ਦਹਿਸ਼ਤਵਾਦ, ਨਸ਼ੇ ਅਤੇ ਮਾਰੂ ਹਥਿਆਰਾਂ ਦਾ ਨਿਰਮਾਣ ਸਰਕਾਰਾਂ ਇਸ ਲਈ ਕਰਦੀਆਂ ਹਨ ਕਿ ਲੋਕਾਂ ਦੇ ਹੱਕੀ ਘੋਲ ਖੁੰਢੇ ਕੀਤੇ ਜਾਣ।
ਇਹ ਗੀਤ ਸੰਤ ਰਾਮ ਉਦਾਸੀ ਅਤੇ ਪਾਸ਼ ਦੇ ਸੰਗ੍ਰਾਮੀ ਲਹਿਜ਼ੇ ਨੂੰ ਅਗਾਂਹ ਤੋਰਦੇ ਹਨ ਅਤੇ ਉਹ ਗ਼ਰੀਬ ਲੋਕ ਜੋ ਸਮਾਜਿਕ ਹਾਸ਼ੀਏ ਉੱਤੇ ਹਨ, ਉਨ੍ਹਾਂ ਨੂੰ ਚੇਤਨਾ ਪ੍ਰਦਾਨ ਕਰਕੇ ਲੋਕ ਸੰਗਰਾਮ ਵਿਚ ਸ਼ਾਮਿਲ ਹੋਣ ਲਈ ਪਰੇਰਦੇ ਹਨ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਲੋਕ ਵੇਦ
ਲੇਖਕ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98726-44428.

'ਲੋਕ ਵੇਦ' ਕਿਰਪਾਲ ਕਜ਼ਾਕ ਦੁਆਰਾ ਪੰਜਾਬੀ ਲੋਕ ਸਾਹਿਤ ਦੇ ਖੇਤਰ ਤਹਿਤ ਕੀਤੇ ਸਿਰਜਨਾਤਮਕ ਕਾਰਜ ਦਾ ਹੀ ਅਗਲੇਰਾ ਕਦਮ ਹੈ। ਪੰਜਾਬ ਦੀ ਲੋਕਧਾਰਾ ਸ਼ਬਦ ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਪੰਜਾਬੀ ਜਨ-ਜੀਵਨ, ਰਹਿਣੀ-ਬਹਿਣੀ, ਰਸਮਾਂ-ਰਿਵਾਜਾਂ ਅਤੇ ਲੋਕ ਮਨ ਦੀ ਅਭਿਵਿਅਕਤੀ ਕਰਦੇ ਹੋਰ ਬਹੁਤ ਸਾਰੇ ਵਰਤਾਰਿਆਂ ਲਈ ਵਰਤਿਆ ਸੀ ਪਰ ਬਾਅਦ ਵਿਚ ਇਨ੍ਹਾਂ ਲੋਕ-ਸਾਹਿਤਕ ਵਰਤਾਰਿਆਂ ਅਤੇ ਕਾਰਜਾਂ ਲਈ ਡਾ: ਹਰਿਭਜਨ ਸਿੰਘ ਨੇ 'ਲੋਕ ਵੇਦ' ਸ਼ਬਦ ਦੀ ਵਰਤੋਂ ਕੀਤੀ ਸੀ। ਪਰ ਕਿਰਪਾਲ ਕਜ਼ਾਕ ਦੀ ਇਸ ਪੁਸਤਕ ਦੇ ਸਿਰਲੇਖ 'ਤੇ ਝਾਤ ਮਾਰਦਿਆਂ ਵੀ ਕਿਸੇ ਨਾ ਕਿਸੇ ਲੋਕ ਸਾਹਿਤਕ ਵੰਨਗੀ ਦੀ ਹੀ ਥਹੁ ਲਗਦੀ ਹੈ ਜੋ ਪੁਸਤਕ ਦਾ ਪਾਠ ਕਰਦਿਆਂ ਸੱਚ ਜਾਪਦੀ ਹੈ। ਇਸ ਪੁਸਤਕ ਵਿਚ ਲੇਖਕ ਨੇ 120 ਲੋਕ ਕਥਾਵਾਂ ਦੀਆਂ ਵੰਨਗੀਆਂ ਨੂੰ ਪੇਸ਼ ਕੀਤਾ ਹੈ, ਜਿਨ੍ਹਾਂ ਵਿਚ ਕੁਝ ਲੰਮੀਆਂ ਕਥਾਵਾਂ ਵੀ ਹਨ ਅਤੇ ਕੁਝ ਛੋਟੀਆਂ/ਸੰਖੇਪ ਵੀ ਪਰ ਹਰ ਕਥਾ ਕਿਸੇ ਨਾ ਕਿਸੇ ਵੱਡੇ ਅਰਥ ਵੱਲ ਇਸ਼ਾਰਾ ਕਰਦੀ ਹੈ। ਕੁਝ ਕਥਾਵਾਂ ਸਾਡੇ ਲੋਕ ਵਿਰਸੇ ਦੀ ਪੁਰਾਤਨਤਾ ਦੀ ਝਲਕ ਦਿੰਦੀਆਂ ਹਨ ਅਤੇ ਕੁਝ ਕਥਾਵਾਂ ਵਿਚ ਆਧੁਨਿਕਤਾ ਦੀ ਨੁਹਾਰ ਵੀ ਵੇਖਣ ਨੂੰ ਮਿਲਦੀ ਹੈ ਭਾਵ ਅਜੋਕੀ ਜ਼ਿੰਦਗੀ ਦੇ ਸੱਚ ਨੂੰ ਵੀ ਪਕੜਦੀਆਂ ਹਨ। ਇਨ੍ਹਾਂ ਕਥਾਵਾਂ ਵਿਚਲੇ ਗ਼ੈਰ-ਮਨੁੱਖੀ ਪਾਤਰ ਵੀ ਸੰਵਾਦ ਰਚਾਉਂਦੇ ਹਨ। ਕਥਾ ਦੀ ਤੋਰ ਬਹੁਤੀ ਵਾਰ ਲੋਕ ਕਹਾਣੀ ਵਾਂਗ 'ਇਕ ਵਾਰ' ਨਾਲ ਹੀ ਸ਼ੁਰੂ ਹੁੰਦੀ ਹੈ ਜਿਸ ਵਿਚ ਪੇਸ਼ ਸਿਆਣਪ ਉਸ ਕਥਾ ਦਾ ਅੰਤਲਾ ਪੜਾਅ ਹੁੰਦੀ ਹੈ। ਕਈ ਕਥਾਵਾਂ ਸੰਖੇਪ ਹਨ ਅਤੇ ਉਨ੍ਹਾਂ ਦੀ ਵਿਅੰਗਾਤਮਕ ਚੋਭ ਵਿਚ ਹਾਸਰਸ ਛੋਹ ਵੀ ਵਿਦਮਾਨ ਹੈ। ਇਕਹਿਰੇ ਬਿਰਤਾਂਤਕ ਸਾਂਚੇ ਵਿਚ ਢਲੀਆਂ ਇਹ ਕਥਾਵਾਂ ਸਾਡੇ ਲੋਕ ਵਿਰਸੇ ਦੀ ਅਮੀਰੀ ਨਵੀਂ ਪੀੜ੍ਹੀ ਨੂੰ ਸੁਣਾਉਣ ਅਤੇ ਦਿਖਾਉਣ ਲਈ ਪੁਸਤਕ ਲਾਹੇਵੰਦ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

20-05-2018

 ਗੀਤਾਂ ਦੀ ਫੁਲਕਾਰੀ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 100 ਰੁਪਏ, ਸਫ਼ੇ : 378
ਸੰਪਰਕ : 94170-76735.

ਅਜੋਕੇ ਦੌਰ ਵਿਚ ਲਿਖੀ ਅਤੇ ਗਾਈ ਜਾ ਰਹੀ ਅਰਥਹੀਣ ਗੀਤਕਾਰੀ ਨੂੰ ਵਿਰਾਸਤ ਦੀ ਅਮੀਰੀ ਦਿਖਾਉਣ ਲਈ ਇਨਕਲਾਬੀ ਸੂਰਮੇ ਸ੍ਰੀ ਅਮੋਲਕ ਸਿੰਘ ਨੇ ਪਿਛਲੇ ਸੌ ਵਰ੍ਹਿਆਂ ਵਿਚ ਰਚੇ ਗਏ ਇਨਕਲਾਬੀ ਗੀਤਾਂ ਨੂੰ ਇਕ ਪੁਸਤਕ ਵਿਚ ਇਕੱਤਰ ਕਰਕੇ ਇਕ ਇਤਿਹਾਸਕ ਕਦਮ ਪੁੱਟਿਆ ਹੈ। ਇਹ ਪੁਸਤਕ ਕਾਰਲ ਮਾਰਕਸ ਦੀ ਕਮਿਊਨਿਸਟ ਸੋਚ ਨੂੰ ਸਮਰਪਿਤ ਹੈ। ਇਸ ਸੰਗ੍ਰਹਿ ਦੇ ਪ੍ਰਕਾਸ਼ਨ ਲਈ ਕਾਮਰੇਡ ਗੰਧਰਵ ਸੈਨ ਕੋਛੜ, ਸੁਰਿੰਦਰ ਕੁਮਾਰੀ ਕੋਛੜ ਅਤੇ ਗਗਨਦੀਪ ਕੈਨੇਡਾ ਨੇ ਵੱਡਾ ਯੋਗਦਾਨ ਪਾਇਆ ਹੈ।
ਇਸ ਪੁਸਤਕ ਵਿਚ ਸੰਗ੍ਰਹਿਤ ਇਨਕਲਾਬੀ ਗੀਤਾਂ ਦੀ ਵਿਰਾਸਤ ਨੂੰ ਛੇ ਭਾਗਾਂ ਵਿਚ ਤਰਤੀਬ ਦਿੱਤੀ ਗਈ ਹੈ : 1. ਗ਼ਦਰੀ ਗੂੰਜਾਂ, 2. ਬੱਬਰ ਗੂੰਜਾਂ, 3. ਕਿਰਤੀ ਗੂੰਜਾਂ, 4. ਆਜ਼ਾਦੀ ਗੂੰਜਾਂ, 5. ਦੇਸ਼ ਭਗਤ ਯਾਦਾਂ, 6. ਸਮਿਆਂ ਦੇ ਹਾਣੀ ਗੀਤ। ਸ੍ਰੀ ਅਮੋਲਕ ਸਿੰਘ ਨੇ ਸੰਪਾਦਨ ਕਾਰਜ ਵਿਚ ਬਹੁਤ ਮਿਹਨਤ ਕੀਤੀ ਹੈ। ਉਸ ਦੀ ਖੁੱਲ੍ਹੀ ਅਤੇ ਲੋਕਪੱਖੀ ਦ੍ਰਿਸ਼ਟੀ ਦੇ ਕਾਰਨ ਹੀ ਏਨਾ ਚੁਣੌਤੀ ਭਰਪੂਰ ਕਾਰਜ ਸੰਭਵ ਹੋ ਸਕਿਆ ਹੈ। ਇਸ ਪੁਸਤਕ ਵਿਚ ਸ: ਕਰਤਾਰ ਸਿੰਘ ਸਰਾਭਾ, ਮੁਨਸ਼ਾ ਸਿੰਘ ਦੁਖੀ, ਰਾਮ ਪ੍ਰਸਾਦ ਬਿਸਮਿਲ, ਅਵਤਾਰ ਸਿੰਘ ਆਜ਼ਾਦ, ਪ੍ਰੋ: ਮੋਹਨ ਸਿੰਘ, ਬਾਬਾ ਨਜ਼ਮੀ, ਫ਼ੈਜ਼ ਅਹਿਮਦ ਫ਼ੈਜ਼, ਸਾਹਿਰ ਲੁਧਿਆਣਵੀ, ਗੁਰਦਾਸ ਰਾਮ ਆਲਮ, ਬਾਵਾ ਬਲਵੰਤ, ਸੰਤੋਖ ਸਿੰਘ ਧੀਰ, ਸੰਤ ਰਾਮ ਉਦਾਸੀ, ਪਾਸ਼, ਹਰਭਜਨ ਸਿੰਘ ਹੁੰਦਲ, ਦਰਸ਼ਨ ਸਿੰਘ ਆਵਾਰਾ, ਅਮੋਲਕ ਸਿੰਘ ਅਤੇ ਪ੍ਰੋ: ਅਜਮੇਰ ਸਿੰਘ ਅਲੌਖ ਤੋਂ ਬਿਨਾਂ ਪੰਜਾਬੀ ਦੇ ਕੁਝ ਹੋਰ ਵੀ ਮੋਹਤਬਰ ਕਵੀਆਂ ਦੀਆਂ ਰਚਨਾਵਾਂ ਸੰਕਲਿਤ ਹਨ ਜਿਨ੍ਹਾਂ ਦੀ ਸ਼ਮੂਲੀਅਤ ਸਦਕਾ ਇਹ ਰਚਨਾ ਸਰਬਾਂਗੀ ਅਤੇ ਸੰਪੂਰਨ ਹੋ ਗਈ ਹੈ।
ਪੁਸਤਕ ਦਾ ਆਰੰਭ ਕਾਰਲ ਮਾਰਕਸ ਦੀ ਇਕ ਰਚਨਾ 'ਜ਼ਿੰਦਗੀ ਦਾ ਮਕਸਦ' ਨਾਲ ਹੁੰਦਾ ਹੈ, ਜਿਸ ਵਿਚ ਉਹ ਆਹਵਾਨ ਕਰਦਾ ਹੈ, 'ਆਓ, ਅਸੀਂ ਔਕੜਾਂ ਭਰੇ ਲੰਮੇ ਰਾਹ 'ਤੇ ਚੱਲੀਏ! ਕਿਉਂਕਿ ਸਾਨੂੰ ਮਨਜ਼ੂਰ ਨਹੀਂ ਪੇਤਲੀ ਉਦੇਸ਼ਹੀਣ ਅਤੇ ਬੇਮਕਸਦ ਜ਼ਿੰਦਗੀ। ਅਸੀਂ ਊਂਘਦੇ, ਕਲਮ ਘਸਾਉਂਦੇ, ਬਦਹਾਲੀ ਤੇ ਬੇਵੱਸੀ ਵਿਚ ਨਹੀਂ ਜੀਆਂਗੇ। ਅਸੀਂ ਅਭਿਲਾਸ਼ਾ, ਰੋਹ, ਜੋਸ਼ ਅਤੇ ਮਾਣ ਨਾਲ ਅਸਲੀ ਇਨਸਾਨ ਦੀ ਤਰ੍ਹਾਂ ਜੀਆਂਗੇ।' ਸ਼ਹੀਦ ਸਰਾਭਾ ਦੀ ਉਰਦੂ ਕਵਿਤਾ ਦਾ ਇਕ ਰੰਗ ਦੇਖੋ : ਜੋ ਕੋਈ ਪੂਛੇ ਕਿ ਕੌਨ ਹੋ ਤੁਮ, ਤੋ ਕਹਿ ਦੋ ਬਾਗ਼ੀ ਹੈ ਨਾਮ ਅਪਨਾ। ਜ਼ੁਲਮ ਮਿਟਾਨਾ ਹਮਾਰਾ ਪੇਸ਼ਾ, ਗ਼ਦਰ ਕਰਨਾ ਹੈ ਕਾਮ ਅਪਨਾ।' ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਬਗ਼ਾਵਤ ਅਤੇ ਰੋਹ/ਪ੍ਰਤੀਰੋਧ ਨੂੰ ਪ੍ਰਮਾਣਿਕ ਜੀਵਨ ਦੇ ਮੂਲ ਲੱਛਣ ਮੰਨ ਕੇ ਇਨ੍ਹਾਂ ਨੂੰ ਸੈਲੀਬਰੇਟ ਕੀਤਾ ਗਿਆ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸ਼ੂਕਦੇ ਦਰਿਆ
ਲੇਖਕ : ਲੋਕ ਨਾਥ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 275 ਰੁਪਏ, ਸਫ਼ੇ : 198
ਸੰਪਰਕ : 98769-57333.

ਲੋਕ ਨਾਥ ਆਪ ਹੀ ਸ਼ੂਕਦਾ ਦਰਿਆ ਹੈ। ਹੋ ਸਕਦਾ ਹੈ ਮਾੜਾ-ਮੋਟਾ ਹਾਲਾਤ ਨੇ ਡੀਕ ਲਿਆ ਹੋਵੇ। ਘੱਟੋ-ਘੱਟ ਮੈਂ ਉਸ ਨੂੰ ਇੰਜ ਹੀ ਦੇਖਿਆ-ਜਾਣਿਆ ਹੈ। ਇਸ ਕਿਤਾਬ ਵਿਚ ਉਸ ਨੇ ਆਪਣੇ ਡਿਠੇ ਮਾਣੇ ਅਨੁਭਵਾਂ ਨੂੰ ਸ਼ਬਦ ਚਿੱਤਰਾਂ ਦਾ ਰੂਪ ਦਿੱਤਾ ਹੈ। ਪੰਝੀ ਸ਼ਬਦ ਚਿੱਤਰ ਹਨ ਇਸ ਕਿਤਾਬ ਵਿਚ। ਇਹ ਹਨ : ਭਾਅ ਜੀ ਗੁਰਸ਼ਰਨ ਸਿੰਘ, ਸ਼ਿਵ, ਵਿਸ਼ਵਾਨਾਥ ਤਿਵਾੜੀ, ਅਮਿਤੋਜ, ਦੀਪਕ ਮਨਮੋਹਨ ਸਿੰਘ, ਅਮਰਜੀਤ ਚੰਦਨ, ਪਾਤਰ, ਡਾ: ਅਤਰ ਸਿੰਘ, ਭੂਸ਼ਣ, ਨਿਰੂਪਮਾ ਦੱਤ, ਵਰਿਆਮ ਸੰਧੂ, ਅਮਰਜੀਤ ਗਰੇਵਾਲ, ਔਲਖ, ਦਲੀਪ ਕੌਰ ਟਿਵਾਣਾ, ਕੁਮਾਰ ਵਿਕਲ, ਹਰਜਿੰਦਰ ਸੂਰੇਵਾਲੀਆ, ਅੰਮ੍ਰਿਤਾ, ਜਸਵੰਤ ਸਿੰਘ ਕੰਵਲ, ਨੂਰ, ਮਨਜੀਤ ਟਿਵਾਣਾ, ਗੁਰਸੇਵਕ ਸਿੰਘ ਪ੍ਰੀਤ, ਬਲਦੇਵ ਸਿੰਘ ਆਜ਼ਾਦ ਤੇ ਰਾਮ ਸਵਰਨ ਲੱਖੇਵਾਲੀ, ਭੁਪਿੰਦਰ ਕੌਰ ਪ੍ਰੀਤ ਤੇ ਉਸ ਦੀ ਆਪਣੀ ਪਤਨੀ ਮਾਲਤੀ। ਭਾਅ ਜੀ ਪ੍ਰਤੀ ਉਸ ਦੀ ਸ਼ਰਧਾ, ਤਿਵਾੜੀ, ਅੰਮ੍ਰਿਤਾ, ਸ਼ਿਵ, ਟਿਵਾਣਾ, ਅਤਰ ਸਿੰਘ ਤੇ ਦੀਪਕ ਤੋਂ ਮਿਲੀ ਹਮਦਰਦੀ/ਸਰਪ੍ਰਸਤੀ/ ਮਦਦ/ਸੇਧ, ਭੂਸ਼ਣ, ਨਿਰੂਪਮਾ, ਵਰਿਆਮ, ਸੂਰੇਵਾਲੀਆ, ਮਨਜੀਤ, ਪ੍ਰੀਤ, ਲਖੇਵਾਲੀਏ, ਅਮਿਤੋਜ, ਵਿਕਲ, ਚੰਦਨ, ਪਾਤਰ, ਨੂਰ ਵਰਗਿਆਂ ਨਾਲ ਬਿਤਾਏ ਜਵਾਨੀ ਦੇ ਰੰਗ ਰਸ ਨਾਲ ਧੜਕਦੇ ਦਿਨਾਂ ਦਾ ਸੰਜੀਵ ਚਿਤਰਨ ਉਸ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ। ਲੋਕ ਨਾਥ ਅੰਦਰੋਂ ਬਾਹਰੋਂ ਇਕ ਹੈ। ਆਪਣੇ ਗੁਣਾਂ-ਔਗੁਣਾਂ ਬਾਰੇ ਬਣਾਵਟ ਨਾਲ ਗੱਲ ਨਹੀਂ ਕਰਦਾ। ਆਪਣੀਆਂ ਕਮਜ਼ੋਰੀਆਂ, ਸੰਘਰਸ਼, ਬੇਬਾਕੀ, ਖਾਨਾਬਦੋਸ਼ੀ ਦੀਆਂ ਗੱਲਾਂ ਸਹਿਜ ਨਾਲ ਕਰਦਾ ਹੈ। ਵੱਡੇ-ਵੱਡੇ ਖੱਬੀ ਖਾਨਾਂ ਦੀ ਸ਼ਖ਼ਸੀਅਤ ਪੇਸ਼ ਕਰਦੇ ਹੋਏ ਵੀ ਉਹ ਬੇਬਾਕੀ, ਸਾਫਗੋਈ ਤੋਂ ਕੰਮ ਲੈਂਦਾ ਹੈ। ਉਨ੍ਹਾਂ ਨੂੰ ਭੰਡਦਾ ਜਾਂ ਬਦਨਾਮ ਨਹੀਂ ਕਰਦਾ। ਬਸ ਜਿਵੇਂ ਦੇ ਉਹ ਹਨ, ਉਵੇਂ ਦੇ ਉਵੇਂ ਪੇਸ਼ ਕਰਦਾ ਹੈ। ਸਿਆਸਤ, ਜੋੜ-ਤੋੜ, ਇਸ਼ਕ, ਪ੍ਰਾਪਤੀਆਂ, ਅਪ੍ਰਾਪਤੀਆਂ ਦੇ ਜਟਿਲ ਤਾਣੇ-ਬਾਣੇ ਵਿਚ ਘਿਰੇ ਇਹ ਸਾਰੇ ਨਾਇਕ ਸਾਡੇ ਸਾਹਮਣੇ ਹਨ ਅਤੇ ਇਨ੍ਹਾਂ ਦੇ ਨਾਲ ਆਪਣੀ ਪਤਨੀ ਸਮੇਤ ਉਹ ਆਪ ਵੀ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮਹਿਕ ਮਿੱਟੀ ਦੀ
ਲੇਖਕ : ਡਾ: ਲੇਖ ਰਾਜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 111
ਸੰਪਰਕ : 94644-25912.

ਡਾ: ਲੇਖ ਰਾਜ ਦੇ ਇਸ ਕਹਾਣੀ ਸੰਗ੍ਰਹਿ ਵਿਚ ਆਪ-ਬੀਤੀ ਅਤੇ ਜੱਗ ਬੀਤੀ ਨੂੰ ਕਥਾ-ਵਸਤੂ ਵਜੋਂ ਗ੍ਰਹਿਣ ਕਰਨ ਵਾਲੀਆਂ 11 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚ ਅਣਗੌਲੇ ਵਿਸ਼ਿਆਂ ਦਾ ਗਲਪੀਕਰਨ ਪੇਸ਼ ਕੀਤਾ ਗਿਆ ਹੈ। ਮਸਲਨ : ਔਰਤ ਦਾ ਪੇਕੇ ਘਰ ਅਤੇ ਸਹੁਰੇ ਘਰ ਨਾਲ ਬਰਾਬਰ ਮੋਹ (ਮਾਵਾਂ ਠੰਢੀਆਂ ਛਾਵਾਂ), ਮਿੱਤਰ 'ਤੇ ਅੰਧਾਧੁੱਦ ਵਿਸ਼ਵਾਸ (ਮੇਸ਼ੀ ਹੈ ਨਾ ਤੁਹਾਡੇ ਨਾਲ), ਜੱਦੀ ਪਿੰਡ ਨਾਲ ਮੋਹ (ਮਹਿਕ ਮਿੱਟੀ ਦੀ), ਹੋਂਦ ਦਾ ਮਿਹਨਤ ਨਾਲ ਵਿਕਾਸ ਅਤੇ ਮਿੱਤਰਾਂ ਦੀ ਲੂਣ ਦੀ ਡਲੀ (ਹਜ਼ਾਰ ਹਜ਼ਾਰ ਦੇ ਨੋਟ), ਬਚਪਨ ਦੀਆਂ ਇਲਤਾਂ (ਆਪ ਮੁਹਾਰੇ), ਅਣਚਾਹੇ ਨਾਲ ਸ਼ਾਦੀ ਦਾ ਦੁਖਾਂਤ (ਬਸ ਇਕ ਬਾਰ), ਰਿਸ਼ਵਤ ਨਾਲ ਪ੍ਰਾਪਤ ਨੌਕਰੀ ਦਾ ਦੁਖਾਂਤ (ਇਸ ਤਰ੍ਹਾਂ ਵੀ ਹੋ ਸਕਦਾ ਹੈ?), ਗਲਨੈੜ ਸ਼ਾਦੀ ਦਾ ਦੁਖਾਂਤ (ਕਰਮਜਲੀ), ਰੱਦੀ/ਕਚਰਾ ਖਰੀਦਣ ਵਾਲੇ ਦਾ ਦੁਖਾਂਤ (ਬੇਬਸੀ), ਦਫ਼ਤਰ ਵਿਚ ਰਿਸ਼ਵਤਖੋਰੀ (ਰਾਮ ਨਾਮ ਸੱਤ ਹੈ), ਗ਼ਰੀਬ ਔਰਤਾਂ ਦਾ ਸ਼ੋਸ਼ਣ (ਸ਼ਾਮ ਹੋਣ ਤੱਕ) ਆਦਿ ਵਿਸ਼ੇ ਨੋਟ ਕੀਤੇ ਜਾ ਸਕਦੇ ਹਨ।
ਕਹਾਣੀਆਂ ਵਿਚ ਪਠਾਨਕੋਟ ਦੇ ਇਲਾਕੇ ਦਾ ਪਿਛੋਕੜ ਹੈ। ਦ੍ਰਿਸ਼ ਚਿੱਤਰਨ ਅਤੇ ਮੁਹਾਂਦਰਾ ਚਿੱਤਰਨ ਕਮਾਲ ਦਾ ਹੈ। ਕਥਾ-ਵਹਿਣ ਰੋਕ ਕੇ ਮਾਨਵ-ਜੀਵਨ 'ਤੇ ਟਿੱਪਣੀਆਂ ਉਪਲਬਧ ਹਨ। ਇਕੋ ਸਥਿਤੀ ਤੇ ਵੱਖ-ਵੱਖ ਪਾਤਰਾਂ ਦਾ ਪ੍ਰਤੀਕਰਮ ਅਨੇਕਾਂ ਕਹਾਣੀਆਂ ਦਾ ਹਾਸਲ ਹੈ। ਪਹਿਲੀਆਂ ਪੰਜ ਕਹਾਣੀਆਂ ਦੇ ਫੇਬੁਲਾ ਆਪਬੀਤੀਆਂ ਅਤੇ ਬਾਕੀ ਛੇ ਕਹਾਣੀਆਂ ਵੀ ਜੱਗਬੀਤੀਆਂ ਨਾਲ ਸਰੋਕਾਰ ਰੱਖਦੀ ਹੈ। ਇਵੇਂ ਪਹਿਲੀਆਂ ਪੰਜ ਦੀ ਸ਼ੈਲੀ ਉੱਤਮ ਪੁਰਖੀ ਅਤੇ ਬਾਕੀ ਛੇ ਦੀ ਅਨ੍ਰਯ ਪੁਰਖੀ ਹੈ। ਚੇਤਨ ਧਾਰਾ ਦੀ ਵਿਧੀ ਦਾ ਪ੍ਰਯੋਗ ਵੀ ਹੈ। ਥੋੜ੍ਹੀ ਦੂਰੀ ਦੇ ਸਫ਼ਰਨਾਮੇ ਦਾ ਅੰਸ਼ ਮਿਲਦਾ ਹੈ। ਵਿਕਸਿਤ ਪੰਜਾਬ ਨਾਲੋਂ ਅਵਿਕਸਤ 'ਤੇ ਵਧੇਰੇ ਕੇਂਦਰਿਤ ਹੈ। ਲੇਖਕ ਦੀਆਂ ਬੀਤੀਆਂ ਯਾਦਾਂ ਹੀ ਕਹਾਣੀਆਂ ਦਾ ਗਾਲਪਨਿਕ ਕੋਡ ਹੈ। ਕੁੱਲ ਮਿਲਾ ਕੇ ਇਹ ਪਲੇਠਾ ਕਹਾਣੀ ਸੰਗ੍ਰਹਿ ਪ੍ਰੌੜ ਸੰਗ੍ਰਹਿ ਹੋ ਨਿਬੜਿਆ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਮੁੱਲਾ ਨਸਰੂਦੀਨ ਦੇ ਰੌਚਿਕ ਕਿੱਸੇ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 78377-18723.

ਨਸਰੂਦੀਨ ਤੁਰਕੀ ਦਾ ਦਾਨਿਸ਼ਵਰ ਹੋਇਆ ਹੈ ਜੋ ਆਪਣੀ ਵਿਸ਼ੇਸ਼ ਸੂਝ-ਬੂਝ, ਸਾਹਸ, ਕੁਸ਼ਾਗਾਰ ਬੁੱਧੀ ਅਤੇ ਹਾਸ-ਵਿਅੰਗ ਕਾਰਨ ਜਗਤ ਪ੍ਰਸਿੱਧ ਹੋਇਆ ਹੈ। ਉਸ ਦਾ ਹੁਲੀਆ ਹੀ ਲੋਕਾਂ ਨੂੰ ਅਚੰਭਿਤ ਕਰਦਾ ਸੀ ਤੇ ਹਾਸ-ਰਸ ਦਾ ਸੋਮਾ ਸੀ। ਮਰੀਅਲ ਜਿਹੇ ਹਾਸੇ, ਵੱਡੇ ਪਗੜ ਕਾਰਨ ਉਹ ਦੂਰੋਂ ਹੀ ਪਛਾਣਿਆ ਜਾਂਦਾ ਸੀ। ਉਸ ਦੀ ਵਿਦਵਤਾ ਕਾਰਨ ਹੀ ਇਸ ਸਦੀ ਦੇ ਮਹਾਨ ਦਾਰਸ਼ਨਿਕ ਓਸ਼ੋ ਨੇ ਉਸ ਨੂੰ ਆਪਣੇ ਪ੍ਰਵਚਨਾਂ ਵਿਚ ਇਕ ਸਦਾਬਹਾਰ ਪਾਤਰ ਵਜੋਂ ਲੈ ਕੇ ਆਪਣੀਆਂ ਆਖੀਆਂ ਗੱਲਾਂ ਅਤੇ ਤਰਕਾਂ ਨੂੰ ਸਦੀਵਤਾ ਪ੍ਰਦਾਨ ਕੀਤੀ। ਨਸਰੂਦੀਨ ਅਮੀਰਾਂ ਦੇ ਮੁਕਾਬਲੇ ਗ਼ਰੀਬਾਂ ਦੇ ਹੱਕ 'ਚ ਹੀ ਭੁਗਤਦਾ ਸੀ। ਕੋਸ਼ਿਸ਼ ਕਰਦਾ ਸੀ ਕਿ ਆਪਣੀ ਸੋਚ ਅਤੇ ਕਾਰਜਾਂ ਰਾਹੀਂ ਉਹ ਉਨ੍ਹਾਂ ਦੇ ਦੁੱਖ ਹਰਨ ਕਰੇ। ਉਸ ਵਿਚ ਸੱਚ ਬੋਲਣ ਦਾ ਸਾਹਸ ਸੀ। ਉਹ ਤਾਂ ਸਮੇਂ ਦੇ ਹਾਕਮਾਂ ਦੀਆਂ ਊਣਤਾਈਆਂ 'ਤੇ ਵੀ ਉਂਗਲ ਰੱਖਣੋਂ ਬਾਜ਼ ਨਹੀਂ ਸੀ ਆਉਂਦਾ। ਉਸ ਕੋਲ ਹਰ ਸਮੱਸਿਆ ਦਾ ਹੱਲ ਸੀ। ਇਸੇ ਲਈ ਉਹ ਆਪਣੀ ਤੇਜ਼ ਬੁੱਧੀ ਤੇ ਹਾਜ਼ਰ ਜਵਾਬੀ ਕਾਰਨ ਸਮੇਂ ਦੇ ਬਾਦਸ਼ਾਹ ਦੇ ਸਲਾਹਕਾਰ ਵਜੋਂ ਨਿਯੁਕਤ ਹੋ ਸਕਿਆ। ਉਹ ਆਪਣੇ ਢੰਗ ਨਾਲ ਬਾਦਸ਼ਾਹ ਦੀਆਂ ਗ਼ਲਤੀਆਂ ਤੇ ਬੇਹੂਦਾ ਹਰਕਤਾਂ ਵੱਲ ਵੀ ਨਿਧੜਕ ਹੋ ਕੇ ਸੰਕੇਤ ਦੇ ਦਿੰਦਾ ਸੀ। ਇਸੇ ਲਈ ਆਪਣੀ ਜਗਤ ਪ੍ਰਸਿੱਧੀ ਕਾਰਨ ਵੱਖ-ਵੱਖ ਮੁਲਕਾਂ ਵਿਚ ਉਸ ਦੇ ਵੱਖ-ਵੱਖ ਨਾਂਅ ਹਨ ਜਿਵੇਂ ਅਵੰਤੀ, ਅਤੇਂਤੀ, ਆਪੰਤੀ, ਖੋਜਾ ਆਦਿ। ਉਹ ਸਰਕਾਰੀ ਅਧਿਕਾਰੀਆਂ ਦੀ ਮੂਰਖਤਾ, ਭ੍ਰਿਸ਼ਟਾਚਾਰ, ਲਾਲਚ ਤੇ ਬੇਈਮਾਨੀ ਦੀਆਂ ਕਰਤੂਤਾਂ ਤੋਂ ਵੀ ਪਰਦਾ ਚੁੱਕਦਾ ਸੀ। ਉਸ ਦੀ ਰਗ-ਰਗ ਵਿਚ ਵਿਅੰਗ ਸਮੋਇਆ ਹੋਇਆ ਸੀ। ਉਹ ਮਾਯੂਸ ਜਨਤਾ ਦੇ ਸੋਸ਼ਣ ਦੇ ਖਿਲਾਫ਼ ਸੀ। ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਉਸ ਦੀ ਖ਼ਾਸ ਫ਼ਿਤਰਤ ਸੀ। ਉਸ ਦਾ ਵਿਅੰਗ ਏਨਾ ਸਫ਼ਲ ਸੀ ਕਿ ਉਸ ਨੂੰ ਹਰ ਕਿਸਮ ਦੇ ਲੋਕ ਪਸੰਦ ਕਰਦੇ ਸਨ। ਸਾਫ਼ੇ ਦਾ ਦਮ, ਰੋਗ ਕਿਹੜਾ ਦਵਾਈ ਕਿਹੜੀ, ਉਲਝਣ ਅਕਲਾਮੰਦਾਂ ਦੀ, ਬਾਦਸ਼ਾਹ ਦੀ ਕੀਮਤ, ਅੰਨ੍ਹਾ ਅਫ਼ਸਰ, ਮਰਿਆ ਹੋਇਆ ਆਦਮੀ, ਕੁਝ ਨਹੀਂ ਆਉਂਦਾ, ਕਹਾਣੀਆਂ ਤਿੱਖੇ ਵਿਅੰਗ ਦਾ ਉੱਤਮ ਨਮੂਨਾ ਹਨ। ਇਹ ਪੁਸਤਕ ਬਾਲਾਂ ਅਤੇ ਵੱਡਿਆਂ ਲਈ ਇਕੋ ਜਿਹੀ ਲਾਹੇਵੰਦ ਹੈ।

ਫ ਫ ਫ

ਅਕਬਰ ਬੀਰਬਲ ਦੀਆਂ ਪ੍ਰਸਿੱਧ ਕਹਾਣੀਆਂ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 78377-18723.

ਅਕਬਰ ਬੀਰਬਲ ਇਤਿਹਾਸਕ ਪਾਤਰ ਹਨ। ਬੀਰਬਲ ਦਾ ਪਹਿਲਾ ਨਾਂਅ ਮਹੇਸ਼ ਦਾਸ ਸੀ, ਜੋ ਆਪਣੀ ਨਿਪੁੰਨਤਾ, ਚਤੁਰਾਈ, ਸਿਆਣਪ ਤੇ ਹਾਜ਼ਰ ਜਵਾਬੀ ਕਾਰਨ ਅਕਬਰ ਦੇ ਨੌਂ ਰਤਨਾਂ ਵਿਚ ਸ਼ਾਮਿਲ ਹੋਇਆ। ਇਨ੍ਹਾਂ ਕਹਾਣੀਆਂ ਦਾ ਸੰਗ੍ਰਹਿ ਸੁਰਜੀਤ ਤਲਵਾਰ ਦੁਆਰਾ ਕੀਤਾ ਗਿਆ ਹੈ ਤੇ ਸੰਪਾਦਨਾ ਤਰਕ ਭਾਰਤੀ ਪ੍ਰਕਾਸ਼ਨ ਦੇ ਅਮਿਤ ਮਿੱਤਰ ਵਲੋਂ ਕੀਤੀ ਗਈ ਹੈ।
ਇਹ ਸਾਹਿਤ ਦੀਆਂ ਮਿੰਨੀ ਕਹਾਣੀਆਂ ਹਨ ਤੇ ਉਸ ਦੇ ਤਕਾਜ਼ੇ 'ਤੇ ਵੀ ਖ਼ਰੀਆਂ ਉੱਤਰਦੀਆਂ ਹਨ। ਹਰੇਕ ਕਹਾਣੀ ਆਪਣੀ ਚਾਲ ਤੇਜ਼ੀ ਨਾਲ ਚਲਦੀ ਹੋਈ ਅੰਤਿਮ ਨਿਰਣੇ 'ਤੇ ਪਹੁੰਚਦੀ ਹੋਈ ਵਿਸਫੋਟਕ ਹੋ ਜਾਂਦੀ ਹੈ। ਹਰੇਕ ਕਹਾਣੀ ਦਾ ਅੰਤ ਬੁੱਧੀ ਨੂੰ ਝੰਜੋੜਦਾ ਹੈ, ਤਰਕ 'ਤੇ ਖਰਾ ਉਤਰਦਾ ਹੈ। ਰਾਜਾ ਅਕਬਰ ਹਰੇਕ ਕਹਾਣੀ ਵਿਚ ਇਕ ਬੁਝਾਰਤ, ਇਕ ਅੜੌਣੀ ਬੀਰਬਲ ਸਾਹਵੇਂ ਰੱਖਦਾ ਹੈ ਤੇ ਬੀਰਬਲ ਆਪਣੇ ਤਰਕ ਰਾਹੀਂ ਹਰੇਕ ਅੜੌਣੀ ਦਾ ਹੱਲ ਕੱਢਦਾ ਹੈ। ਦੂਸਰੇ ਦਰਬਾਰੀ ਖ਼ਾਰ ਖਾਂਦਿਆਂ ਬੀਰਬਲ ਨੂੰ ਕਿਸੇ ਨਾ ਕਿਸੇ ਮੁਸੀਬਤ 'ਚ ਪਾਈ ਰੱਖਦੇ ਹਨ ਪਰ ਉਹ ਆਪਣੀ ਸਿਆਣਪ ਅਤੇ ਚੰਗੀ ਸੂਝ ਨਾਲ ਹਰ ਅੜੌਣੀ 'ਚੋਂ ਸਾਫ਼ ਬਚ ਕੇ ਨਿਕਲ ਜਾਂਦਾ ਹੈ। ਬਾਦਸ਼ਾਹ ਅਕਬਰ ਵਲੋਂ ਕਸੇ ਵਿਅੰਗ ਦਾ ਵੀ ਬੀਰਬਲ ਬੜੀ ਸਿਆਣਪ ਨਾਲ ਉਤਰ ਮੋੜਦਾ ਹੈ। ਇਸ ਨੂੰ ਵਿਅੰਗ ਦਾ ਮੋੜ ਵੀ ਆਖਿਆ ਜਾ ਸਕਦਾ ਹੈ। ਵਿਅੰਗ ਜੇ ਅਗਲੇ ਦੇ ਨਾ ਵੱਜੇ ਤਾਂ ਇਹ ਪਰਤ ਕੇ ਵਿਅੰਗ ਛੱਡਣ ਵਾਲੇ ਦੇ ਹੀ ਆਣ ਵੱਜਦਾ ਹੈ। ਇੰਜ ਉਸ ਦੀ ਹਾਲਤ ਖਸਿਆਨੀ ਬਿੱਲੀ ਜਿਹੀ ਹੋ ਜਾਂਦੀ ਹੈ। ਅਕਬਰ ਤੇ ਉਸ ਦੇ ਦਰਬਾਰੀ ਬੀਰਬਲ ਨੂੰ ਕਿਸੇ ਨਾ ਕਿਸੇ ਇਮਤਿਹਾਨ ਵਿਚ ਪਾਈ ਰੱਖਦੇ ਹਨ, ਜਿਸ 'ਚੋਂ ਉਹ ਬੜੀ ਸਫ਼ਲਤਾ ਨਾਲ ਪਾਰ ਲੰਘ ਜਾਂਦਾ ਹੈ। ਇਹ ਕਹਾਣੀਆਂ ਭਾਰਤੀ ਸਾਹਿਤ ਵਿਚ ਹਾਸ-ਰਸ ਤੇ ਵਿਅੰਗ ਦਾ ਭਰਪੂਰ ਖਜ਼ਾਨਾ ਹਨ। ਇਹ ਪਾਠਕਾਂ ਦਾ ਮਨੋਰੰਜਨ ਤਾਂ ਕਰਦੀਆਂ ਹੀ ਹਨ, ਸਗੋਂ ਉਨ੍ਹਾਂ ਨੂੰ ਸਿਆਣਾ ਬਣਨ ਦੇ ਰਾਹ ਵੀ ਤੋਰਦੀਆਂ ਹਨ। ਹਰ ਕਹਾਣੀ ਤੋਂ ਕੋਈ ਨਾ ਕੋਈ ਸਿੱਖਿਆ ਜ਼ਰੂਰ ਮਿਲਦੀ ਹੈ। ਇਹ ਹਰ ਪੀੜ੍ਹੀ ਵਿਚ ਹਰਮਨ ਪਿਆਰੀਆਂ ਰਹੀਆਂ ਹਨ ਕਿਉਂਕਿ ਅਕਲ ਤਾਂ ਹਰੇਕ ਪੀੜ੍ਹੀ ਦੇ ਲੋਕਾਂ ਨੂੰ ਲੋੜੀਂਦੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਹਰਸ਼ਿੰਦਰ ਕੌਰ ਦੇ
ਲੇਖਿਕਾ : ਡਾ: ਹਰਸ਼ਿੰਦਰ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 0175-2216783.

ਡਾ: ਹਰਸ਼ਿੰਦਰ ਕੌਰ ਦੀ ਹੱਥਲੀ ਪੁਸਤਕ ਵਿਚ ਲਗਪਗ 40 ਅਜਿਹੇ ਸਵਾਲ ਹਨ ਜੋ ਬੱਚਿਆਂ ਤੇ ਔਰਤਾਂ ਦੀਆਂ ਬਿਮਾਰੀਆਂ ਨਾਲ ਸਬੰਧਿਤ ਹਨ। ਇਹ ਸਵਾਲ, ਮਾਪਿਆਂ ਵਲੋਂ ਪੁੱਛੇ ਗਏ ਹਨ ਤੇ ਇਨ੍ਹਾਂ ਦੇ ਜਵਾਬ ਬੜੇ ਸੁਲਝੇ ਢੰਗ ਨਾਲ ਡਾ: ਹਰਸ਼ਿੰਦਰ ਕੌਰ ਵਲੋਂ ਦਿੱਤੇ ਗਏ ਹਨ। ਬਿਮਾਰੀਆਂ ਦੇ ਚਿੰਨ੍ਹ, ਰੋਕਥਾਮ ਤੇ ਇਲਾਜ ਬਾਰੇ ਸੁਝਾਅ ਦਿੱਤੇ ਗਏ ਹਨ, ਜਿਵੇਂ ਕਿ ਕਿਸੇ ਬੱਚੇ ਦੇ ਪਲੈਟਲੈਟਸ ਸੈੱਲ ਘਟ ਗਏ ਨੇ, ਕਿਸੇ ਨੂੰ ਥੈਲਾਸੀਮੀਆ ਹੈ, ਕੋਈ ਤੁਰ ਨਹੀਂ ਸਕਦਾ, ਕੀ ਭਰੂਣ ਨੂੰ ਖੂਨ ਚੜ੍ਹਾਇਆ ਜਾ ਸਕਦਾ ਹੈ, ਦਿਮਾਗ ਦੇ ਕੈਂਸਰ ਦੇ ਲੱਛਣ ਤੇ ਕਾਰਨ, ਤਣਾਅ, ਢਹਿੰਦੀ ਕਲਾ ਵਿਚ ਰਹਿਣਾ, ਸਕੂਲੀ ਬੱਚਿਆਂ ਵਿਚ ਲਹੂ ਦੀ ਕਮੀ ਕਿਉਂ ਹੁੰਦੀ ਹੈ, ਬੱਕਰੀਆਂ ਦਾ ਦੁੱਧ ਕਿਵੇਂ ਲਾਹੇਵੰਦ ਹੁੰਦਾ ਹੈ, ਜਬਰ ਜਨਾਹ ਹੋਣ ਉਪਰੰਤ ਕੀ ਕਦਮ ਚੁੱਕਣਾ ਉਚਿਤ ਹੁੰਦਾ ਹੈ, ਸ਼ਕਰ ਰੋਗ, ਲੱਤਾਂ ਵਿਚ ਝਟਕੇ ਲਗਣੇ, ਡੀਮੈਂਸ਼ੀਆ ਰੋਗ ਆਦਿ ਬਾਰੇ ਬਾਖੂਬੀ ਸੁਝਾਅ ਦਿੱਤੇ ਗਏ ਹਨ ਜੋ ਮਰੀਜ਼ ਨੂੰ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ ਵਿਚ ਰਹਿਣ ਲਈ ਸਹਾਈ ਹੋ ਸਕਦੇ ਹਨ। ਏਨਾ ਹੀ ਨਹੀਂ, ਕੁਝ ਸਵਾਲ ਇਸ ਤਰ੍ਹਾਂ ਦੇ ਵੀ ਹਨ ਜਿਵੇਂ ਧਿਆਨ ਲਾਉਣ ਵਿਚ ਦਿੱਕਤ ਪੇਸ਼ ਆਉਣੀ, ਸੁਪਨੇ ਯਾਦ ਨਾ ਰਹਿਣੇ, ਕੰਨ ਸਾਫ਼ ਕਰਨ ਬਾਰੇ, ਬੱਚੇ ਇਮਤਿਹਾਨਾਂ ਦੀ ਤਿਆਰੀ ਕਿਵੇਂ ਕਰਨ, ਮੋਟਾਪੇ ਦਾ ਇਲਾਜ ਅਤੇ ਖ਼ਾਸ ਕਰਕੇ 10 ਕੁਦਰਤੀ ਚੀਜ਼ਾਂ ਬਾਰੇ ਜਾਣਕਾਰੀ ਜਿਨ੍ਹਾਂ ਨੂੰ ਖਾਣ ਨਾਲ ਸਿਹਤਮੰਦ ਰਿਹਾ ਜਾ ਸਕਦਾ ਹੈ, ਇਨ੍ਹਾਂ ਦੇ ਜਵਾਬ ਵੀ ਡਾ: ਸਾਹਿਬਾ ਨੇ ਬੜੇ ਸੁਲਝੇ ਹੋਏ ਢੰਗ ਨਾਲ ਦਿੱਤੇ ਹਨ। ਇਸ ਪੁਸਤਕ ਨੂੰ ਪੜ੍ਹ ਕੇ ਜਿਥੇ ਬਿਮਾਰੀਆਂ ਤੋਂ ਬਚਾਅ ਤੇ ਰੋਕਥਾਮ ਲਈ ਅਗਵਾਈ ਮਿਲਦੀ ਹੈ, ਉਥੇ ਮਰੀਜ਼ਾਂ ਨੂੰ ਆਪਣੀਆਂ ਗੁੰਝਲਾਂ ਆਪ ਸੁਲਝਾਉਣ ਲਈ ਵੀ ਮਦਦ ਮਿਲੇਗੀ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਉਡਾਰੂ ਅੰਬਰਾਂ ਦਾ
ਮੂਲ ਲੇਖਕ : ਰਿਚਰਡ ਬਾਖ਼
ਅਨੁਵਾਦਕ ਤੇ ਸੰਪਾਦਕ : ਇੰਦੇ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 150 ਰੁਪਏ, ਸਫ਼ੇ : 48
ਸੰਪਰਕ : 093123-35078.

'ਉਡਾਰੂ ਅੰਬਰਾਂ ਦਾ' (ਜਲ-ਪੰਛੀ ਜੋਨਾਥਨ ਲਿਵਿੰਗਸਟੋਨ), ਵਿਸ਼ਵ ਚਰਚਿਤ ਕਲਾਸਿਕ ਨਾਵਲਿਟ ਹੈ ਜੋ ਕਿ ਮੂਲ ਰੂਪ ਵਿਚ ਸੰਸਾਰ ਪ੍ਰਸਿੱਧ ਲੇਖਕ ਰਿਚਰਡ ਬਾਖ਼ ਦਾ ਲਿਖਿਆ ਹੋਇਆ ਹੈ। ਪ੍ਰਸਿੱਧ ਅਨੁਵਾਦਕ ਪ੍ਰੋ: ਇੰਦੇ ਨੇ ਇਸ ਨੂੰ ਪੰਜਾਬੀ ਪਾਠਕਾਂ ਲਈ ਪੰਜਾਬੀ ਭਾਸ਼ਾ ਵਿਚ ਅਨੁਵਾਦ ਅਤੇ ਸੰਪਾਦਿਕ ਕੀਤਾ ਹੈ। ਇਸ ਨਾਵਲਿਟ ਦਾ ਸ਼ੁਮਾਰ ਟਾਮ ਬੁਟਲਰ ਬਾਊਡਨ ਨੇ ਆਪਣੀ ਇਕ ਪੁਸਤਕ 'ਕਾਲਜੀਵੀ ਆਤਮਿਕ ਕਲਾਸਿਕਸ' ਵਿਚ 50 ਪੁਸਤਕਾਂ ਵਿਚ ਕੀਤਾ ਹੈ। ਇਸ ਨਾਵਲ ਦੀ ਕਥਾ ਇਕ ਅਜਿਹੇ ਪੰਛੀ ਦੀ ਹੈ ਜੋ ਸੰਪੂਰਨਤਾ ਦੀ ਖੋਜ ਭਾਲ 'ਚ ਹੈ। ਜੋਨਾਥਨ ਇਕ ਵਿਲੱਖਣ ਪੰਛੀ ਹੈ ਜੋ ਪੇਟ ਦੀ ਖਾਤਰ ਅੰਨ-ਪਾਣੀ ਦੀ ਤਲਾਸ਼ 'ਚ ਆਕਾਸ਼ 'ਚ ਇਹ ਵੇਖਣ ਲਈ ਉੱਡਦਾ ਹੈ ਕਿ ਉਸ ਵਿਚ ਕੀ ਕੁਝ ਕਰਨ ਦੀਆਂ ਸੰਭਾਵਨਾਵਾਂ ਹਨ। ਉਹ ਜੀਵਨ ਅਤੇ ਉਡਾਰੀ ਦੇ ਗੁਪਤ ਰਹੱਸਾਂ ਨੂੰ ਜਾਣਨਾ ਅਤੇ ਮਾਨਣਾ ਚਾਹੁੰਦਾ ਹੈ। ਜਲ ਪੰਛੀ ਜੋਨਾਥਨ ਹਜ਼ਾਰਾਂ ਦੀ ਗਿਣਤੀ ਵਾਲੇ ਭਾਈਚਾਰੇ ਦਾ ਅੰਗ ਹੈ। ਇਹ ਭਾਈਚਾਰਾ ਆਪਣੇ ਅੰਗਾਂ 'ਤੇ ਬੰਦਿਸ਼ਾਂ ਲਾਉਂਦਾ ਹੈ ਪਰ ਇਹ ਪੰਛੀ ਬੰਧਨਾਂ ਦੀ ਬੰਦਿਸ਼ ਤੋਂ ਮੁਕਤ ਹੋਣ ਲਈ ਆਪਣੇ ਭਾਈਚਾਰੇ ਨੂੰ ਪ੍ਰੇਰਿਤ ਕਰਨ ਸਦਕਾ ਭਾਈਚਾਰੇ ਤੋਂ ਹੀ ਛੇਕਿਆ ਜਾਂਦਾ ਹੈ। ਉਹ ਅਣਥੱਕ ਮਿਹਨਤ ਨਾਲ ਵਰਜਨਾ ਦੀ ਲਕੀਰ ਟੱਪ ਕੇ ਉੱਡਣ ਦੀ ਵਿਸ਼ੇਸ਼ ਸੀਮਾ ਪਾਰ ਕਰ ਜਾਂਦਾ ਹੈ। ਪ੍ਰਾਪਤ ਕੀਤੀ ਸਿੱਧੀ ਨੂੰ ਆਪਣੇ ਭਾਈਚਾਰੇ ਦੇ ਕਲਿਆਣ ਲਈ ਵਰਤਦਾ ਹੈ। ਦਰਅਸਲ ਇਕ ਪੰਛੀ ਰਾਹੀਂ ਇਹ ਸੁਣਾਈ ਵਾਰਤਾ ਅਸਲ ਵਿਚ ਮਨੁੱਖੀ ਭਾਈਚਾਰੇ ਦੀ ਗਾਥਾ ਹੀ ਹੈ। ਮਨੁੱਖ ਅੰਦਰ ਅਸੀਮ ਤਾਕਤ ਹੈ ਜਿਸ ਦੇ ਰਾਹੀਂ ਕੁਦਰਤ ਦੇ ਗੁੱਝੇ ਭੇਦਾਂ ਤੱਕ ਰਸਾਈ ਕਰ, ਪ੍ਰਾਪਤ ਜੀਵਨ ਅਨੁਭਵ ਅਤੇ ਗਿਆਨ ਰਾਹੀਂ ਸਮੁੱਚੇ ਵਿਸ਼ਵ ਭਾਈਚਾਰੇ ਲਈ ਕਲਿਆਣਕਾਰੀ ਕਾਰਜ ਕਰ ਸਕਦਾ ਹੈ। ਇਹ ਕਾਰਜ ਵਿਰਲੇ ਮਨੁੱਖਾਂ ਦੇ ਹਿੱਸੇ ਹੀ ਆਉਂਦਾ ਹੈ। ਅਨੁਵਾਦਕ ਦੀ ਭਾਸ਼ਾ 'ਤੇ ਪੂਰੀ ਪਕੜ ਹੋਣ ਸਦਕਾ ਹੀ ਇਹ ਨਾਵਲਿਟ ਮੂਲ ਰਚਨਾ ਵਰਗਾ ਹੀ ਪ੍ਰਤੀਤ ਹੁੰਦਾ ਹੈ। ਜੋਨਾਥਨ ਪੰਛੀ ਦੇ ਉਡਾਰੀ ਭਰਦਿਆਂ ਦੇ ਅਨੇਕਾਂ ਚਿੱਤਰ ਵੀ ਇਸ ਪੁਸਤਕ ਦਾ ਸ਼ਿੰਗਾਰ ਹਨ ਜੋ ਰਸਲ ਮੁਨਸੋਨ ਦੇ ਬਣਾਏ ਹੋਏ ਹਨ। ਕੁੱਲ ਮਿਲਾ ਕੇ ਪੁਸਤਕ ਦਿਲਚਸਪ ਹੈ, ਪਾਠਕ ਨੂੰ ਅਕਾਉਂਦੀ ਨਹੀਂ ਅਤੇ ਨਾ ਹੀ ਇਹ ਅਹਿਸਾਸ ਹੋਣ ਦਿੰਦੀ ਹੈ ਕਿ ਇਹ ਮੂਲ ਕਥਾ ਨਹੀਂ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਇਥੋਂ ਰੇਗਿਸਤਾਨ ਦਿਸਦਾ ਹੈ
ਲੇਖਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਔਟਮ ਆਰਟ ਇੰਡੀਆ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 91158-72450.

ਨਿਵੇਕਲੀ ਕਥਾ ਸ਼ੈਲੀ ਵਿਚ ਸਿਰਜਿਆ ਇਹ ਨਾਵਲ ਮੌਜੂਦਾ ਪੰਜਾਬ ਦੇ ਭਾਸ਼ਾਈ, ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਸਰੋਕਾਰਾਂ ਅਤੇ ਸੰਕਟਾਂ ਨਾਲ ਜੁੜੇ ਮਸਲਿਆਂ ਦੀ ਨਿਸ਼ਾਨਦੇਹੀ ਹੀ ਨਹੀਂ ਕਰਦਾ, ਬਲਕਿ ਵਰਤਮਾਨ ਸਮੇਂ ਅਤੇ ਭਵਿੱਖ ਵਿਚ ਹੋਣ ਵਾਲੇ ਸਮਾਜਿਕ ਰਿਸ਼ਤਿਆਂ ਦੇ ਘਾਣ, ਪੰਜਾਬ ਵਿਚ ਘਟ ਰਹੇ ਪਾਣੀ ਕਾਰਨ ਪੰਜਾਬ ਦੀ ਜ਼ਰਖੇਜ਼ ਧਰਤੀ ਦੇ ਰੇਗਿਸਤਾਨ ਬਣਨ ਦੀ ਸੰਭਾਵਨਾ ਅਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਬਾਰੇ ਫ਼ਿਕਰਮੰਦੀ ਦਾ ਇਜ਼ਹਾਰ ਕਰਦਾ ਹੋਇਆ ਪਾਠਕ ਨੂੰ ਇਨ੍ਹਾਂ ਮਸਲਿਆਂ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਚਿੰਤਨ ਕਰਨ ਲਈ ਵੀ ਪ੍ਰੇਰਦਾ ਹੈ। ਨੀਤੀ, ਹੁਸਨਵੀਰ ਅਥਵਾ ਖੋਜੀ, ਨੀਤੀ ਦੀ ਮਾਂ, ਭਾਵੀ ਭਰਾ ਅਤੇ ਡਾ: ਤ੍ਰਿਪਾਠੀ ਇਸ ਨਾਵਲ ਦੇ ਪ੍ਰਮੁੱਖ ਪਾਤਰ ਹਨ, ਜਿਨ੍ਹਾਂ ਦੁਆਲੇ ਇਸ ਨਾਵਲ ਦਾ ਧੁਰਾ ਘੁੰਮਦਾ ਹੈ। ਨੀਤੀ ਚਿੰਤਨਸ਼ੀਲ ਪੰਜਾਬੀ ਮਾਂ-ਬੋਲੀ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਈ ਮੁਟਿਆਰ ਹੈ, ਉਸ ਦਾ ਬਣਨ ਵਾਲਾ ਜੀਵਨ ਸਾਥੀ ਖੋਜੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਸ਼ੇ 'ਤੇ ਖੋਜ ਕਰਨ ਵਾਲਾ ਨੌਜਵਾਨ ਹੈ, ਡਾ: ਤ੍ਰਿਪਾਠੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਿਥੇ ਵਿਗਿਆਨ ਦੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ ਹੈ, ਉਥੇ ਕੰਪਿਊਟਰ ਰਾਹੀਂ ਗੁਰਮੁਖੀ ਲਿਪੀ ਦੇ ਫੌਂਟਾਂ, ਸ਼ਬਦਜੋੜ ਚੈੱਕ, ਲਿਪੀਅੰਤਰ ਤੇ ਅਨੁਵਾਦ ਆਦਿ ਬਾਰੇ ਤਕਨੀਕੀ ਖੋਜ ਕਾਰਜ ਕਰਕੇ ਪੰਜਾਬੀ ਬੋਲੀ ਦੇ ਵਿਕਾਸ ਲਈ ਯੋਗਦਾਨ ਪਾਉਂਦਾ ਹੈ। ਨੀਤੀ ਦੀ ਮਾਡਰਨ ਵਿਚਾਰਾਂ ਵਾਲੀ ਭਾਬੀ ਮਾਂ-ਬੋਲੀ ਪੰਜਾਬੀ ਨੂੰ ਨਫ਼ਰਤ ਕਰਦੀ ਹੈਂਉਸ ਦਾ ਭਰਾ ਰੁਪਿੰਦਰ ਵੀ ਭਾਬੀ ਦਾ ਪਿਛਲੱਗ ਹੈ। ਨੀਤੀ, ਖੋਜੀ ਅਤੇ ਡਾ: ਤ੍ਰਿਪਾਠੀ ਆਪਸੀ ਗੱਲਬਾਤ ਰਾਹੀਂ, ਵਟਸਅਪ 'ਤੇ ਲਘੂ ਫ਼ਿਲਮਾਂ ਭੇਜ ਕੇ ਅਤੇ ਡਾਇਰੀ ਨੋਟਸ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਸਮਾਜਿਕ ਵਾਤਾਵਰਨ ਵਿਚ ਹੋ ਰਹੇ ਵਿਗਾੜ ਬਾਰੇ ਵਿਚਾਰ-ਵਟਾਂਦਰਾ ਕਰਕੇ ਪਾਠਕ ਨੂੰ ਜਾਗਰੂਕ ਕਰਦੇ ਹਨ। ਪਿਛਲੇ ਸੱਤ ਦਹਾਕਿਆਂ ਤੋਂ ਸੰਸਾਰੀਕਰਨ, ਖਪਤਵਾਦ ਅਤੇ ਪੂੰਜੀਵਾਦ ਨਜ਼ਾਮ ਨੇ ਜਿਹੜੇ ਮਾਰੂ ਪ੍ਰਭਾਵ ਪੰਜਾਬ ਦੇ ਸੱਭਿਆਚਾਰਕ, ਵਿੱਦਿਅਕ, ਸਮਾਜਿਕ ਅਤੇ ਆਰਥਿਕ ਜੀਵਨ 'ਤੇ ਪਾਏ ਹਨ, ਉਸ ਦੀ ਯਥਾਰਥਕ ਝਲਕ ਇਸ ਨਾਵਲ ਵਿਚ ਵਿਦਮਾਨ ਹੈ। ਇਹ ਇਕ ਗੰਭੀਰਤਾ ਨਾਲ ਪੜ੍ਹਨ ਵਾਲੀ ਅਤੇ ਵਿਚਾਰਨਯੋਗ ਪੁਸਤਕ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਚਹੁੰ ਰੰਗਾਂ ਦੀ ਸ਼ਾਇਰੀ
ਲੇਖਕ : ਰਾਮਫ਼ਲ ਰਾਜਲਹੇੜੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਪੰਨੇ : 160
ਸੰਪਰਕ : 94647-07226.

ਜਿਵੇਂ ਕਿ ਇਸ ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਚਹੁੰ ਰੰਗਾਂ ਭਾਵ, ਕਬੱਡੀ ਖਿਡਾਰੀਆਂ, ਧੀਆਂ-ਭੈਣਾਂ, ਪਹਿਲਵਾਨਾਂ ਤੇ ਕ੍ਰਿਕਟ ਦੇ ਖਿਡਾਰੀਆਂ ਦੀ ਸ਼ਾਇਰੀ ਸ਼ਾਮਿਲ ਕੀਤੀ ਗਈ ਹੈ। ਇਨ੍ਹਾਂ ਵਿਸ਼ਿਆਂ ਦੀ ਆਪਣੀ ਵਿਲੱਖਣ ਪਹਿਚਾਣ ਅਤੇ ਮਹੱਤਤਾ ਹੈ। ਲੇਖਕ ਆਪਣੀ ਦ੍ਰਿਸ਼ਟੀ ਨਾਲ ਇਨ੍ਹਾਂ ਨੂੰ ਸਲਾਹੁੰਦਾ ਹੋਇਆ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। ਇਨ੍ਹਾਂ 'ਤੇ ਲਿਖੇ ਗਏ ਸ਼ਿਅਰਾਂ 'ਚ ਰਵਾਨਗੀ ਹੈ, ਜਿਸ ਸਦਕਾ ਟੂਰਨਾਮੈਂਟ ਦੀ ਕੁਮੈਂਟਰੀ ਕਰਦੇ ਸਮੇਂ ਇਨ੍ਹਾਂ ਨੂੰ ਆਸਾਨੀ ਨਾਲ਼ ਖੇਡ ਦੇ ਮੈਦਾਨ ਅੰਦਰ ਬੋਲਿਆ ਜਾ ਸਕਦਾ ਹੈ। ਕਾਵਿ ਲਾਈਨਾਂ ਦੀ ਭਾਸ਼ਾ ਸਰਲ, ਸਪੱਸ਼ਟ ਅਤੇ ਮਲਵਈ ਰੰਗ ਦੀ ਹੈ। ਲੇਖਕ ਕਬੱਡੀ ਤੇ ਕ੍ਰਿਕਟ ਦੇ ਖਿਡਾਰੀਆਂ ਦਾ ਨਾਂਅ ਲੈ ਕੇ ਉਨ੍ਹਾਂ ਨੂੰ ਵਡਿਆਉਂਦਾ ਹੈ ਅਤੇ ਉਨ੍ਹਾਂ ਦੀ ਖੇਡ ਢੰਗਾਂ ਦੀ ਸਿਫ਼ਤ ਕਰਦਿਆਂ ਘਾਲਣਾਵਾਂ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਲੇਖਕ ਨੌਜਵਾਨਾਂ ਦੇ ਖ਼ੁਰਾਕਾਂ ਖਾ ਕੇ ਪਾਲੇ ਸਰੀਰ ਦੀ ਸਿਫ਼ਤ ਕਰਦਾ ਆਖਦਾ ਹੈ ਕਿ ਖੇਡ ਮੈਦਾਨ 'ਚ ਇਨ੍ਹਾਂ ਦੇ ਪੰਜੇ ਤੋਂ ਬਚ ਕੇ ਨਿਕਲਣਾ ਸੌਖਾ ਨਹੀਂ ਹੁੰਦਾ। ਉਹ ਅਜੋਕੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ਼ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਹ ਪੰਜਾਬ ਦੀ ਧਰਤੀ ਅਤੇ ਇਸਦੇ ਜੰਮੇ-ਜਾਇਆਂ ਦੀ ਖ਼ੂਬਸੂਰਤੀ ਨੂੰ ਪੇਸ਼ ਕਰਦਾ ਹੈ। ਪੰਜਾਬ ਦੀ ਧਰਤੀ 'ਤੇ ਸਦਾ ਹੀ ਖ਼ੁਸ਼ੀਆਂ-ਖੇੜੇ ਰਹਿਣ ਦੀ ਲੋਚਾ ਕਰਦਾ ਹੋਇਆ ਭਾਈਚਾਰਕ, ਮਿਲਵਰਤਨ ਅਤੇ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੰਦਾ ਹੈ। ਉਹ ਧੀਆਂ ਦੀ ਧਰਤੀ 'ਤੇ ਹੋਂਦ ਨੂੰ ਲਾਜ਼ਮੀ ਕਰਾਰ ਦਿੰਦਿਆਂ ਭਰੂਣ ਹੱਤਿਆ ਰੋਕਣ, ਲੜਕੀਆਂ ਨੂੰ ਪੜ੍ਹਨ-ਲਿਖਣ 'ਚ ਬਰਾਬਰ ਮੌਕੇ ਦੇਣ, ਮਾਪਿਆਂ ਦੀ ਸੇਵਾ ਕਰਨ ਵਾਲੀਆਂ ਅਤੇ ਅਜੋਕੇ ਦੌਰ 'ਚ ਜ਼ਿੰਦਗੀ ਦੇ ਹਰ ਖੇਤਰ 'ਚ ਨਵੇਂ ਦਿਸਹੱਦੇ ਸਿਰਜਣ ਵਾਲੀਆਂ ਧੀਆਂ ਨੂੰ ਸਲਾਮ ਕਰਦਾ ਹੈ। ਬਹੁ-ਭਾਂਤੀ ਅਤੇ ਉਸਾਰੂ ਸ਼ਾਇਰੀ ਦੀ ਸਿਰਜਣਾ ਕਰਨ ਲਈ ਲੇਖਕ ਵਧਾਈ ਦਾ ਪਾਤਰ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਮੇਲ ਮੁਲਾਕਾਤਾਂ
ਲੇਖਿਕਾ : ਰਾਜਿੰਦਰ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 280 ਰੁਪਏ, ਸਫ਼ੇ : 120
ਸੰਪਰਕ : 098689-77525.

ਇਹ ਪੁਸਤਕ ਲੇਖਿਕਾ ਦੀਆਂ ਜੀਵਨ ਯਾਦਾਂ ਹਨ ਜੋ ਲੇਖਕ ਜੋੜੇ ਮਰਹੂਮ ਮਾਤਾ ਰਾਜਿੰਦਰ ਕੌਰ ਪਿਤਾ ਕਹਾਣੀਕਾਰ ਕੁਲਦੀਪ ਬੱਗਾ ਦੇ ਪੁੱਤਰਾਂ (ਸ਼ੈਲੀ ਤੇ ਗਿੰਨੀ) ਨੇ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕੀਤੀ ਹੈ। ਆਰੰਭ ਵਿਚ ਲੇਖਿਕਾ ਨੇ ਆਪਣੀ ਸਾਹਿਤ ਸਿਰਜਣਾ ਤੇ ਬਚਪਨ, ਸਿੱਖਿਆ, ਨੌਕਰੀ ਤੇ ਆਪਣੇ ਸਾਹਿਤਕ ਆਲੇ-ਦੁਆਲੇ ਦਾ ਜ਼ਿਕਰ ਕੀਤਾ ਹੈ। ਉੱਘੇ ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ, ਲੋਕ ਗੀਤਾਂ ਦੇ ਖੋਜੀ ਦਵਿੰਦਰ ਸਤਿਆਰਥੀ ਕਵੀ ਹਰਭਜਨ ਸਿੰਘ, ਕਹਾਣੀਕਾਰ ਡਾ: ਮਹੀਪ ਸਿੰਘ, ਗਲਪਕਾਰਾ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਪ੍ਰਭਜੋਤ ਕੌਰ ਤੇ ਜਸਵੰਤ ਸਿੰਘ ਵਿਰਦੀ ਨਾਲ ਜੁੜੀਆਂ ਯਾਦਾਂ ਇਸ ਪੁਸਤਕ ਦਾ ਸ਼ਿੰਗਾਰ ਹਨ। ਪਹਿਲੀ ਲਿਖਤ ਵਿਚ ਲੇਖਿਕਾ ਦੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਕੈਨੇਡਾ ਫੇਰੀ ਦਾ ਜ਼ਿਕਰ ਹੈ ਤੇ ਉਥੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਹੋਈ ਗੱਲਬਾਤ ਦਾ ਰੌਚਿਕ ਵੇਰਵਾ ਹੈ। ਇਹ ਮਿਲਣੀ ਕਈ ਸਾਲਾਂ ਪਿੱਛੋਂ ਹੋਈ ਸੀ। ਇਨ੍ਹਾਂ ਲੇਖਾਂ ਵਿਚ ਨਿੱਕੇ-ਨਿੱਕੇ ਕਈ ਵੇਰਵੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੇਖਿਕਾ ਦੀ ਸਾਹਿਤਕ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ। ਘਰ ਵਿਚ ਕਿਤਾਬਾਂ ਬਹੁਤ ਹਨ। ਬੱਚੇ ਕਿਤਾਬਾਂ ਪੜ੍ਹ ਕੇ ਰਾਜ਼ੀ ਨਹੀਂ ਹਨ। ਰੱਦੀ ਵਿਚ ਵੇਚਣ ਨੂੰ ਮਨ ਨਹੀਂ ਮੰਨਦਾ। ਪਰ ਸਿਉਂਕ ਦੇ ਡਰੋਂ ਕਿਤਾਬਾਂ ਵੇਚਣ ਦੀ ਮਜਬੂਰੀ ਹੈ (ਕੌੜਾ ਘੁੱਟ) ਭਾਪਾ ਪ੍ਰੀਤਮ ਸਿੰਘ ਦੀ ਸਿਹਤ ਦਾ ਪਤਾ ਲੈਣ ਲੇਖਿਕਾ ਡਾ: ਮਹੀਪ ਸਿੰਘ ਨਾਲ ਜਾਂਦੀ ਹੈ। ਇਹ ਯਾਦ ਸੰਜੋਆ ਸੁਪਨੇ ਵਿਚ ਹੈ। ਦਵਿੰਦਰ ਸਤਿਆਰਥੀ ਆਪਣੀ ਲਿਖਤ ਸੁਨਾਉਣ ਘਰ ਆਉਂਦੇ ਹਨ (ਇਕ ਸੁਹਾਣੀ ਯਾਦ) ਡਾ: ਮਹਿੰਦਰ ਕੌਰ ਗਿੱਲ ਨਾਲ ਜੁੜੀ ਯਾਦ ਵਿਚ ਉਨ੍ਹਾਂ ਦੀਆਂ ਧਾਰਮਿਕ ਲਿਖਤਾਂ 'ਤੇ ਨਾਰੀ ਪ੍ਰਤੀ ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ। ਇਕ ਯਾਦ ਚਰਨਜੀਤ ਸਿੰਘ ਚੰਨ ਦੀ ਹੈ। ਲੇਖਿਕਾ ਦੇ ਦੋ ਅਨੁਵਾਦਿਤ ਨਾਵਲਾਂ ਬਾਰੇ ਪ੍ਰਭਾਵ ਹਨ। ਇਸ ਤੋਂ ਇਲਾਵਾ ਗੁਜਰਾਤ, ਬੰਬਈ, ਅਮਰੀਕਾ, ਆਇਰਲੈਂਡ ਆਦਿ ਦੇਸ਼ਾਂ ਵਿਚ ਆਪਣੇ ਨਜ਼ਦੀਕੀਆਂ ਕੋਲ ਠਹਿਰਨ ਸਮੇਂ ਦੀਆਂ ਰੌਚਿਕ ਯਾਦਾਂ ਹਨ। ਜਿਨ੍ਹਾਂ ਵਿਚ ਦੁਨੀਆ ਗੋਲ ਹੈ, ਲੇਖਕ ਵਿਚਾਰਾ ਕੀ ਕਰੇ, ਖਿਚੜੀ ਭਾਸ਼ਾ ਸੰਵਾਦ, ਵੰਨ-ਸੁਵੰਨੇ ਲੋਕ, ਜ਼ਿਦਗੀ ਦੇ ਰੰਗ ਵਿਸ਼ਵੀ ਜਾਣਕਾਰੀ ਦੇਣ ਵਾਲੇ ਸੁਹਜਮਈ ਲੇਖ ਹਨ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਸਪਤਰਿਸ਼ੀ-2
ਸੰਪਾਦਨ : ਮਨੋਜ ਫਗਵਾੜਵੀ
ਪ੍ਰਕਾਸ਼ਕ : ਪੁਸਤਕ ਮਾਲਾ ਪ੍ਰਕਾਸ਼ਨ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98720-07176.

'ਸਪਤਰਿਸ਼ੀ-2' ਸਾਂਝੇ ਕਾਵਿ ਸੰਗ੍ਰਹਿ ਵਿਚ ਸੱਤ ਸ਼ਾਇਰਾਂ ਆਰਿਫ਼ ਗੋਬਿੰਦਪੁਰੀ, ਜਸਵੀਰ ਕੌਰ ਪਰਮਾਰ, ਮਨੋਜ ਫਗਵਾੜਵੀ, ਹਰਪਾਲ ਬੈਂਸ, ਨਗੀਨਾ ਸਿੰਘ ਬਲੱਗਣ, ਲਾਲੀ ਕਰਤਾਰਪੁਰੀ ਤੇ ਦਰਸ਼ਨ ਸਿੰਘ ਨੰਦਰਾ ਦੀਆਂ ਕਾਵਿ ਰਚਨਾਵਾਂ ਨੂੰ ਇਕੋ ਥਾਂ ਛਾਪਿਆ ਗਿਆ ਹੈ। ਪੁਸਤਕ ਵਿਚ ਹਰ ਸ਼ਾਇਰ ਦੀ ਤਸਵੀਰ ਸਮੇਤ ਜਾਣਕਾਰੀ ਦਰਜ ਹੈ ਤੇ ਹਰ ਇਕ ਨੂੰ ਤਕਰੀਬਨ ਡੇਢ ਦਰਜਨ ਪੰਨੇ ਦਿੱਤੇ ਗਏ ਹਨ। ਪਹਿਲਾ ਸ਼ਾਇਰ ਆਰਿਫ਼ ਗੋਬਿੰਦਪੁਰੀ ਹੈ ਜਿਸ ਨੂੰ ਗ਼ਜ਼ਲ ਲਿਖਣ ਵਿਚ ਮੁਹਾਰਤ ਹਾਸਲ ਹੈ ਤੇ ਇਕ ਲੰਬੇ ਸਮੇਂ ਤੋਂ ਪੰਜਾਬੀ ਗ਼ਜ਼ਲ ਦੀ ਖ਼ਿਦਮਤ ਕਰ ਰਿਹਾ ਹੈ। ਆਰਿਫ਼ ਮੁਹੱਬਤ ਦਾ ਸ਼ਾਇਰ ਹੈ ਤੇ ਉਸ ਨੇ ਲੁੱਟੇ-ਪੁੱਟੇ ਜਾ ਰਹੇ ਲੋਕਾਂ ਬਾਰੇ ਵੀ ਲਿਖਿਆ ਹੈ। ਪੁਸਤਕ ਦੀ ਦੂਸਰੀ ਕਲਮ ਜਸਵੀਰ ਕੌਰ ਪਰਮਾਰ ਹੈ ਜਿਸ ਨੇ ਕਾਫ਼ੀ ਦੇਰ ਤੋਂ ਆਪਣੀ ਕਾਵਿ ਪਰਵਾਹ ਦੀ ਨਿਰੰਤਰਤਾ ਕਾਇਮ ਰੱਖੀ ਹੈ। ਉਸ ਦੀਆਂ ਰਚਨਾਵਾਂ ਵਧੇਰੇ ਕਰਕੇ ਧਾਰਮਿਕ ਤੇ ਸਮਾਜ ਸੁਧਾਰਕ ਹਨ। ਉਸ ਨੇ ਕੁਝ ਰਚਨਾਵਾਂ ਪੰਜਾਬੀ ਵਿਰਸੇ ਸਬੰਧੀ ਵੀ ਲਿਖੀਆਂ ਹਨ ਜੋ ਇਸ ਪੁਸਤਕ ਵਿਚ ਦਰਜ ਹਨ। ਤੀਸਰਾ ਸ਼ਾਇਰ ਮਨੋਜ ਫਗਵਾੜਵੀ ਹੈ ਜੋ ਸੰਘਰਸ਼ੀ ਸ਼ਾਇਰ ਹੈ ਤੇ ਜ਼ਿਆਦਾਤਰ ਗ਼ਜ਼ਲ ਕਹਿੰਦਾ ਹੈ। ਮਨੁੱਖੀ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਉਹ ਭਲੀਭਾਂਤ ਜਾਣਦਾ ਹੈ ਤੇ ਉਸ ਕੋਲ ਆਪਣੇ ਅਨੁਭਵ ਨੂੰ ਸ਼ਿਅਰਾਂ ਵਿਚ ਢਾਲਣ ਦੀ ਕਲਾ ਹੈ। ਚੌਥਾ ਸ਼ਾਇਰ ਹਰਪਾਲ ਬੈਂਸ ਵੀ ਜਾਣਿਆਂ ਪਹਿਚਾਣਿਆਂ ਸ਼ਾਇਰ ਹੈ ਤੇ ਵਧੇਰੇ ਕਰਕੇ ਛੋਟੀ ਬਹਿਰ ਵਿਚ ਗ਼ਜ਼ਲ ਕਹਿਣੀ ਪਸੰਦ ਕਰਦਾ ਹੈ। ਇਸ ਪੁਸਤਕ ਵਿਚ ਉਸ ਦੇ ਕੁਝ ਗੀਤ ਧਿਆਨ ਖਿੱਚਦੇ ਹਨ। ਨਗੀਨਾ ਸਿੰਘ ਬਲੱਗਣ ਦੀਆਂ ਕੁਝ ਰਚਨਾਵਾਂ ਮਿਆਰੀ ਹਨ। ਲਾਲੀ ਕਰਤਾਰਪੁਰੀ ਵੀ ਕਾਫ਼ੀ ਸਮੇਂ ਤੋਂ ਸਾਹਿਤ ਸਿਰਜਣਾ ਵਿਚ ਜੁਟਿਆ ਹੋਇਆ ਹੈ ਤੇ ਉਸ ਦੀ ਮੁੱਖ ਵਿਧਾ ਗੀਤ ਹੈ। ਪੁਸਤਕ ਦੇ ਆਖ਼ਰ ਵਿਚ ਦਰਸ਼ਨ ਸਿੰਘ ਨੰਦਰਾ ਨੂੰ ਜਗ੍ਹਾ ਦਿੱਤੀ ਗਈ ਹੈ। ਸੱਤ ਸ਼ਾਇਰਾਂ ਦੀਆਂ ਰੰਗ-ਬਰੰਗੀਆਂ ਰਚਨਾਵਾਂ ਨਾਲ ਸਜਿਆ 'ਸਪਤਰਿਸ਼ੀ-2' ਦਾ ਇੰਦਰਧਨੁਸ਼ ਬੜਾ ਖ਼ੂਬਸੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਅੰਮ੍ਰਿਤਾ
ਲੇਖਕ : ਪ੍ਰੋ: ਹਰਬੰਸ ਸਿੰਘ
ਪ੍ਰਕਾਸ਼ਕ : ਗੁਰੂ ਨਾਨਕ ਪ੍ਰਕਾਸ਼ਨ, ਜੰਮੂ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 094191-82707.

ਗਿਆਰਾਂ ਕਾਂਡਾਂ ਵਾਲੇ 'ਅੰਮ੍ਰਿਤਾ' ਨਾਵਲ ਵਿਚ ਸੰਤਾਲੀ ਦੀ ਵੰਡ ਦੇ ਸਮੇਂ ਵਿਚ ਹੋਈ ਤਬਾਹੀ, ਗੁੰਡਾਗਰਦੀ ਤੇ ਰਾਜਨੀਤੀ ਦੀ ਘਿਨਾਉਣੀ ਤਸਵੀਰ ਬਾਰੇ ਦੱਸਿਆ ਗਿਆ ਹੈ ਕਿ ਬੰਗਾਲ ਦੇ ਚਾਰੇ ਪਾਸੇ ਬਟਵਾਰੇ ਦੀ ਅੱਗ ਲੱਗੀ ਹੋਈ ਸੀ। ਜੇਕਰ ਇਕ ਪਾਸਾ ਸੰਭਲਦਾ ਤੇ ਦੂਜੇ ਪਾਸੇ ਕਤਲੋਗਾਰਤ ਸ਼ੁਰੂ ਹੋ ਜਾਂਦੀ। ਮਤਲਬ ਕਿ ਕੁਝ ਵੀ ਕੰਟਰੋਲ ਨਹੀਂ ਹੋ ਰਿਹਾ ਸੀ। ਇਸ ਤਰ੍ਹਾਂ 'ਅੰਮ੍ਰਿਤਾ' ਨਾਵਲ ਵਿਚ ਲੇਖਕ ਨੇ ਇਕ ਇਸਤਰੀ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ ਜੋ ਇਕ ਸੰਘਰਸ਼ਮਈ ਜੀਵਨ ਜਿਊਂਦੀ ਹੋਈ ਵੀ ਸਭ ਮੁਸੀਬਤਾਂ ਨੂੰ ਸਰ ਕਰ ਜਾਂਦੀ ਹੈ। ਅਜਿਹੇ ਵਿਅਕਤੀ ਦੂਜਿਆਂ ਲਈ ਵੀ ਰੋਲ ਮਾਡਲ ਬਣਦੇ ਹਨ ਜੋ ਜਿਊਣਾ ਸਿਖਾਉਂਦੇ ਹਨ ਅਤੇ ਕਿਸੇ ਅੱਗੇ ਆਪਣਾ ਰੋਣਾ ਨਹੀਂ ਰੋਂਦੇ, ਸਗੋਂ ਦਿਆਨਤਦਾਰੀ ਅਤੇ ਸਿਦਕ ਵਾਲੇ ਹੁੰਦੇ ਹਨ। ਇਸ ਪ੍ਰਕਾਰ ਇਸ ਸਾਰੇ ਨਾਵਲ ਦਾ ਬਿਰਤਾਂਤ ਜੰਮੂ-ਕਸ਼ਮੀਰ ਦੇ ਮੁਜ਼ੱਫਰਾਬਾਦ ਵਿਚ ਉਸਾਰਿਆ ਗਿਆ ਹੈ। ਅੰਮ੍ਰਿਤਾ ਦਾ ਜਨਮ ਸਖ਼ਤ ਸਰਦੀ ਵਿਚ ਹੋਇਆ ਸੀ। ਉਸ ਦੀ ਮਾਂ ਵੀ ਦ੍ਰਿੜ੍ਹ ਇਰਾਦੇ ਵਾਲੀ ਸੀ ਅਤੇ ਅੰਮ੍ਰਿਤਾ ਨੇ ਆਪਣੇ ਜੀਵਨ ਵਿਚ ਸੰਘਰਸ਼ ਹੀ ਦੇਖਿਆ, ਧੀ, ਪਤਨੀ ਅਤੇ ਮਾਂ ਦੇ ਰੂਪ ਵਿਚ। ਅੰਮ੍ਰਿਤਾ ਨੂੰ ਅਨੁਸ਼ਾਸਨ ਵਿਚ ਰਹਿਣਾ ਪਸੰਦ ਸੀ ਤਾਂ ਹੀ ਤਾਂ ਲੇਖਕ ਨੇ ਆਪਣੇ ਨਾਵਲ ਵਿਚ ਅੰਮ੍ਰਿਤਾ ਦੇ ਜੀਵਨ ਵਿਚ ਸਭ ਕੁਝ ਬਿਆਨ ਕਰਕੇ, ਉਸ ਤੋਂ ਜੋ ਸਿੱਖਿਆ, ਗ੍ਰਹਿਣ ਕੀਤਾ, ਉਸ ਦੀ ਹੀ ਪੇਸ਼ਕਾਰੀ ਕਰਕੇ ਆਪਣਾ ਕਰਜ਼ ਉਤਾਰਿਆ ਹੈ। ਪੂਰਾ ਨਾਵਲ ਹੀ ਅੰਮ੍ਰਿਤਾ ਦੀ ਜ਼ਿੰਦਗੀ ਦੁਆਲ਼ੇ ਘੁੰਮਦਾ ਹੈ ਜਿਸ ਵਿਚ ਲੇਖਕ ਨੇ ਸਮਾਜ ਵਿਚ ਵਾਪਰਦੀਆਂ ਮੁਸੀਬਤਾਂ ਬਾਰੇ ਦੱਸਿਆ ਹੈ, ਜਿਵੇਂ ਕਿ ਅੰਮ੍ਰਿਤਾ ਹਰ ਮੁਸੀਬਤ ਨੂੰ ਝੱਲ ਕੇ ਵੀ ਆਪਾ ਵਾਰਨ ਵਾਲੀ ਪੂਜਨੀਕ ਮਾਤਾ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਔਰਤ ਬਣ ਕੇ ਹਰ ਪਾਸੇ ਆਪਣੇ ਅਖੀਰਲੇ ਜੀਵਨ ਤੱਕ ਵੀ ਖੁਸ਼ੀਆਂ ਵੰਡਦੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਹਮਜ਼ਾਦ
ਨਾਵਲਕਾਰ : ਮੋਹਨ
ਪ੍ਰਕਾਸ਼ਕ : ਸ਼ਿਵ ਪ੍ਰਕਾਸ਼ਨ, ਲੰਡਨ-ਜਲੰਧਰ।
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 0172-5077427.

ਮੋਹਨ ਦੁਆਰਾ ਲਿਖਿਆ ਨਾਵਲ 'ਹਮਜ਼ਾਦ' ਵਿਦੇਸ਼ੀ ਧਰਤੀ 'ਤੇ ਪਰਵਾਸ ਭੋਗਦੇ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰਦਾ ਹੈ, ਜੋ ਬਿਹਤਰ ਭਵਿੱਖ ਦੀ ਆਸ ਵਿਚ ਉਸ ਸਵਰਗਮਈ ਧਰਤੀ ਦਾ ਬਿੰਬ ਲੈ ਕੇ ਵਿਦੇਸ਼ਾਂ ਵਿਚ ਜਾ ਵਸੇ ਸਨ ਪਰ ਉਥੋਂ ਦੀ ਆਜ਼ਾਦ ਫਿਜ਼ਾ ਵਿਚ ਜੰਮੀ-ਪਲੀ ਪੀੜ੍ਹੀ ਨੇ ਜਦੋਂ ਉਨ੍ਹਾਂ ਦੀਆਂ ਪਰੰਪਰਕ ਮਾਨਤਾਵਾਂ ਨੂੰ ਚੁਣੌਤੀ ਦਿੱਤੀ ਤਾਂ ਇਨ੍ਹਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ। ਇਹ ਨਾਵਲ ਦੋ ਸੱਭਿਆਚਾਰਾਂ ਦੇ ਆਪਸੀ ਸੰਪਰਕ ਵਿਚ ਆਉਣ 'ਤੇ ਪੈਦਾ ਹੋਏ ਅੰਤਰ-ਵਿਰੋਧਾਂ ਨੂੰ ਪੇਸ਼ ਕਰਦਾ ਹੈ। ਨਾਵਲ ਵਿਚਲਾ ਪਾਤਰ ਭਾਵੇਂ ਅਮਰ ਪਰਤਾਪ ਹੋਵੇ ਭਾਵੇਂ ਮਨਜੀਤ ਸਿੰਘ ਹੋਵੇ ਜਾਂ ਫਿਰ ਰਾਮ ਲਾਲ ਇਹ ਆਪਣੀ ਔਲਾਦ ਨੂੰ ਆਪਣੀਆਂ ਸੱਭਿਆਚਾਰਕ ਮਾਨਤਾਵਾਂ ਅਨੁਸਾਰ ਢਾਲਣਾ ਚਾਹੁੰਦੇ ਹਨ ਪਰ ਇਨ੍ਹਾਂ ਦੀ ਔਲਾਦ ਇਸ ਥੋਪੇ ਸੱਭਿਆਚਾਰ ਨੂੰ ਗ੍ਰਹਿਣ ਕਰਨ ਤੋਂ ਇਨਕਾਰੀ ਹੈ ਅਤੇ ਇਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਸਮਝਦੀ ਹੈ। ਅਮਰ ਪਰਤਾਪ ਦਾ ਲੜਕਾ ਰਵਨ ਪਰਤਾਪ, ਮਨਜੀਤ ਸਿੰਘ ਦਾ ਲੜਕਾ ਹਰਜੀਤ ਸਿੰਘ ਭਾਰਤੀ/ਪੰਜਾਬੀ ਪਰੰਪਰਾ ਅਨੁਸਾਰ ਜੀਵਨ ਜਿਊਣ ਤੋਂ ਇਨਕਾਰੀ ਹੋ ਕੇ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜਿਊਂਦੇ ਹਨ। ਇਸੇ ਕਰਕੇ ਪਰਿਵਾਰਕ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਇਹ ਕਲੇਸ਼ ਪੀੜ੍ਹੀ-ਪਾੜਾ ਵੀ ਹੈ ਅਤੇ ਸੱਭਿਆਚਰਕ ਤਣਾਅ ਵੀ। ਇਸ ਤੋਂ ਇਲਾਵਾ ਨਾਵਲਕਾਰ ਨੇ ਭਾਰਤੀ ਸਮਾਜ ਵਿਚ ਜਾਤੀ ਪ੍ਰਥਾ ਦੀਆਂ ਡੂੰਘੀਆਂ ਜੜ੍ਹਾਂ ਬਾਰੇ ਵੀ ਬਿਰਤਾਂਤਕ ਵੇਰਵੇ ਪੇਸ਼ ਕੀਤੇ ਹਨ ਕਿ ਪੜ੍ਹੇ-ਲਿਖੇ ਅਤੇ ਸੱਭਿਅਕ ਜ਼ਿੰਦਗੀ ਜਿਊਣ ਦੇ ਬਾਵਜੂਦ ਜਾਤੀ-ਪ੍ਰਥਾ ਵਰਗਾ ਕੋਹੜ ਸਾਡੇ ਸਮਾਜਿਕ ਪ੍ਰਬੰਧ ਵਿਚੋਂ ਨਹੀਂ ਨਿਕਲ ਸਕਿਆ। ਲੇਖਕ ਸਭਾਵਾਂ, ਪੁਸਤਕਾਂ ਦੀ ਪ੍ਰਕਾਸ਼ਨਾ ਅਤੇ ਰਚੇ ਜਾ ਰਹੇ ਸਾਹਿਤ ਬਾਰੇ ਵੀ ਨਾਵਲੀ ਬਿਰਤਾਂਤ ਵਿਚ ਬਹੁਤ ਸਾਰੇ ਵੇਰਵੇ ਸਮਾਏ ਹੋਏ ਹਨ। ਚੇਤਨਾ ਪ੍ਰਵਾਹ, ਨਾਟਕੀ ਅਤੇ ਉੱਤਮ ਪੁਰਖੀ ਸ਼ੈਲੀ ਜੁਗਤਾਂ ਇਸ ਨਾਵਲ ਦੀ ਸੰਰਚਨਾ ਨੂੰ ਖੂਬਸੂਰਤੀ ਪ੍ਰਦਾਨ ਕਰਦੀਆਂ ਹਨ। ਪਰਵਾਸੀ ਜੀਵਨ ਦੀਆਂ ਸਮੱਸਿਆਵਾਂ ਨੂੰ ਨਾਵਲ ਬਾਖੂਬੀ ਪੇਸ਼ ਕਰਦਾ ਹੈ।

ਫ ਫ ਫ

ਇਸ਼ਕ ਸਿਰਾਂ ਦੀ ਬਾਜ਼ੀ
ਲੇਖਕ : ਸੁਖਦੇਵ ਮਾਦਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 98
ਸੰਪਰਕ : 94630-34472.

'ਇਸ਼ਕ ਸਿਰਾਂ ਦੀ ਬਾਜ਼ੀ' ਪੁਸਤਕ ਸੁਖਦੇਵ ਮਾਦਪੁਰੀ ਦੀ ਅਜਿਹੀ ਪੁਸਤਕ ਹੈ ਜਿਸ ਵਿਚ ਉਸ ਨੇ ਪੰਜਾਬ ਦੀਆਂ 10 ਪ੍ਰੀਤ ਕਹਾਣੀਆਂ ਨੂੰ ਕਲਮਬੱਧ ਕੀਤਾ ਹੈ। ਭਾਵੇਂ ਕਿ ਇਨ੍ਹਾਂ ਵਿਚੋਂ ਕੁਝ ਇਕ ਪ੍ਰੀਤ ਕਹਾਣੀਆਂ ਜਿਵੇਂ ਹੀਰ-ਰਾਂਝਾ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ, ਸੱਸੀ ਪੁੰਨੂੰ (ਜਿਸ ਨੂੰ ਪੰਜਾਬ ਦੀ ਧਰਤੀ 'ਤੇ ਵਾਪਰਿਆ ਨਹੀਂ ਮੰਨਿਆ ਜਾਂਦਾ) ਨੂੰ ਆਧਾਰ ਬਣਾ ਕੇ ਲੋਕਧਾਰਾਈ ਨਜ਼ਰੀਏ ਤੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਭਾਵੇਂ ਕਿ ਇਨ੍ਹਾਂ ਨੂੰ ਦਿਲ ਟੁੰਬਵੇਂ ਅਤੇ ਨਵੀਨ ਸਿਰਲੇਖ ਪ੍ਰਦਾਨ ਕੀਤੇ ਹਨ ਜਿਵੇਂ 'ਰਾਂਝਾ ਫੁੱਲ ਗੁਲਾਬ ਦਾ', ਗੋਰੀ ਦਾ ਪੁੰਨੂੰ, ਪ੍ਰੀਤ ਦਾ ਨਾਇਕ ਮਿਰਜ਼ਾ, ਮੂੰਹ ਜ਼ੋਰ ਮੁਹੱਬਤ ਦੀ ਨਾਇਕਾ ਰਾਣੀ ਸੁੰਦਰਾਂ ਆਦਿ ਜਾਂ ਵਫ਼ਾ ਦੀ ਸ਼ਾਖ਼ਸ਼ਾਤ ਮੂਰਤ ਮਲਕੀ। ਇਸ ਤੋਂ ਇਲਾਵਾ ਮਾਦਪੁਰੀ ਵਲੋਂ ਕੁਝ ਉਹ ਵੀ ਕਿੱਸੇ ਇਸ ਪੁਸਤਕ ਵਿਚ ਦਰਜ ਹਨ ਜਿਨ੍ਹਾਂ ਨੂੰ ਪੰਜਾਬੀ ਲੋਕ-ਗਾਇਕਾਂ ਦੁਆਰਾ ਗਾਇਆ ਵੀ ਗਿਆ ਹੈ ਤੇ ਕਿੱਸਾਕਾਰਾਂ ਦੁਆਰਾ ਲਿਖਿਆ ਵੀ ਗਿਆ ਹੈ ਪਰ ਇਹ ਕਿੱਸੇ ਲੋਕਾਂ ਦੀ ਪਹੁੰਚ ਤੋਂ ਦੂਰ ਰਹੇ ਭਾਵੇਂ ਕਿ ਇਨ੍ਹਾਂ ਵਿਚਲੀ ਟੁੰਬ ਅਤੇ ਪ੍ਰੇਮੀਆਂ ਦੀ ਕੁਰਬਾਨੀ ਵੀ ਘੱਟ ਨਹੀਂ ਪਰ ਮੌਖਿਕ ਰੂਪ ਵਿਚ ਲੰਮਾ ਸਮਾਂ ਰਹਿਣ ਕਰਕੇ ਇਹ ਲੋਕਾਂ ਵਿਚ ਜ਼ਿਆਦਾ ਪ੍ਰਵਾਨ ਨਾ ਹੋ ਸਕੇ। ਮਿਸਾਲ ਵਜੋਂ ਕਿੱਸਾ ਪਰਤਾਪੀ ਨਾਰ, ਦਾਸਤਾਨ ਇੰਦਰ ਬੇਗੋ, ਰੋਡਾ ਜਲਾਲੀ ਦੀ ਪ੍ਰੀਤ ਕਥਾ, ਗਾਥਾ ਸੋਹਣਾ ਅਤੇ ਜ਼ੈਨੀ। ਲੇਖਕ ਨੇ ਪਹਿਲਾਂ ਪ੍ਰਚੱਲਿਤ ਰੂਪ ਵਿਚ ਇਨ੍ਹਾਂ ਕਿੱਸਿਆਂ ਦੀ ਕਹਾਣੀ ਨੂੰ ਬਿਆਨ ਕੀਤਾ ਹੈ ਫਿਰ ਬਾਅਦ ਵਿਚ ਕਹਾਣੀ ਦੇ ਨਾਲ-ਨਾਲ ਲੋਕ ਧਾਰਾਈ ਕਾਵਿਕ ਬੋਲਾਂ, ਛੰਦਾਂ ਅਤੇ ਲੈਅਮਈ ਸੁਰਾਂ ਦੇ ਰੂਪ ਵਿਚ ਉਪਲਬਧ ਟੂਕਾਂ ਦਿੱਤੀਆਂ ਹਨ ਜੋ ਪਾਠਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਕੁਝ ਕਿੱਸਿਆਂ ਵਿਚਲੇ ਸ਼ਿੰਗਾਰਰਸੀ ਅਤੇ ਕਰੁਣਾਮਈ ਦ੍ਰਿਸ਼ ਵੀ ਪਾਠਕ ਨੂੰ ਧੁਰ ਅੰਦਰ ਤੱਕ ਅਨੰਦ ਵੀ ਦਿੰਦੇ ਹਨ ਅਤੇ ਹਲੂਣਦੇ ਵੀ ਹਨ। ਡਾ: ਹਰਿਭਜਨ ਸਿੰਘ ਦੀ ਪੁਸਤਕ 'ਕਿੱਸਾ ਪੰਜਾਬ' ਤੋਂ ਬਾਅਦ ਇਹ ਪੁਸਤਕ ਭਰਪੂਰ ਹੁੰਗਾਰਾ ਪ੍ਰਾਪਤ ਕਰਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

19-05-2018

 ਮਾਸਟਰ ਤਾਰਾ ਸਿੰਘ
ਇਤਿਹਾਸਕ ਪਰਿਪੇਖ
ਲੇਖਕ : ਪ੍ਰਿਥੀਪਾਲ ਸਿੰਘ ਕਪੂਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਸਿਟੀ ਸੈਂਟਰ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98150-07300.

ਮਾਸਟਰ ਤਾਰਾ ਸਿੰਘ ਨੇ ਤਕਰੀਬਨ ਅੱਧੀ ਸਦੀ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ। ਉਨ੍ਹਾਂ ਦਾ ਸਮਾਂ ਧਾਰਮਿਕ, ਰਾਜਨੀਤਕ ਅਤੇ ਇਤਿਹਾਸਕ ਉਥਲ-ਪੁਥਲ ਦਾ ਸਮਾਂ ਸੀ। ਤੇਜ਼ੀ ਨਾਲ ਬਦਲ ਰਹੀਆਂ ਇਤਿਹਾਸਕ ਪ੍ਰਸਥਿਤੀਆਂ ਵਿਚ ਸਿੱਖ ਕੌਮ ਦੀ ਆਜ਼ਾਦ ਹਸਤੀ ਅਤੇ ਸੰਵਿਧਾਨਕ ਤੌਰ 'ਤੇ ਸੁਰੱਖਿਅਤ ਹੋਂਦ, ਮਾਸਟਰ ਤਾਰਾ ਸਿੰਘ ਦੀ ਮਹਾਂ-ਚਿੰਤਾ ਸੀ। ਉਹ ਸਾਰੀ ਉਮਰ ਕਿਸੇ ਨਾ ਕਿਸੇ ਸੰਘਰਸ਼ ਵਿਚ ਕਾਰਜਸ਼ੀਲ ਰਹੇ। 1921 ਵਿਚ ਵਾਪਰੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੇ ਮਾਸਟਰ ਤਾਰਾ ਸਿੰਘ ਨੂੰ ਸਿੱਖ ਰਾਜਨੀਤੀ ਵਿਚ ਖਿੱਚ ਲਿਆ। ਲੇਖਕ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਦਾ ਇਸ ਪੁਸਤਕ 'ਚ ਮਾਸਟਰ ਤਾਰਾ ਸਿੰਘ ਦੇ 82 ਸਾਲਾਂ ਦੇ ਅਨੇਕਾਂ ਉਤਰਾਵਾਂ-ਚੜ੍ਹਾਵਾਂ ਨਾਲ ਭਰੇ ਜੀਵਨ ਨੂੰ 104 ਪੰਨਿਆਂ ਵਿਚ ਸਮੇਟਣਾ ਲੇਖਕ ਦੀ ਵੱਡੀ ਪ੍ਰਾਪਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ, ਆਜ਼ਾਦੀ ਦੀ ਲੜਾਈ ਵਿਚ ਕਾਂਗਰਸ ਨੂੰ ਸਿੱਖਾਂ ਦਾ ਪੂਰਾ ਸਹਿਯੋਗ, ਆਜ਼ਾਦੀ-ਪ੍ਰਾਪਤੀ ਉਪਰੰਤ ਕੇਂਦਰੀ ਕਾਂਗਰਸ ਸਰਕਾਰ ਦੀ ਸਿੱਖਾਂ ਨਾਲ ਬੇਵਫ਼ਾਈ ਅਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਮਾ ਮਹਾਂ ਸੰਘਰਸ਼, ਮਾਸਟਰ ਤਾਰਾ ਸਿੰਘ ਦੇ ਜੀਵਨ ਦੀਆਂ ਕੁਝ ਮੁੱਖ ਘਟਨਾਵਾਂ ਹਨ। ਪ੍ਰਿਥੀਪਾਲ ਸਿੰਘ ਕਪੂਰ ਨੇ ਮਾਸਟਰ ਜੀ ਦੇ ਸਿਆਸੀ ਜੀਵਨ ਦੀਆਂ ਗਤੀਵਿਧੀਆਂ ਨੂੰ, ਜਿਨ੍ਹਾਂ ਦਾ ਆਧਾਰ ਸਿੱਖ ਸਿੱਖਿਆਵਾਂ ਤੇ ਪਰੰਪਰਾਵਾਂ ਸਨ, ਬੜੀ ਈਮਾਨਦਾਰੀ ਨਾਲ ਅੰਕਿਤ ਕੀਤਾ ਹੈ।
ਗੁਰਦੁਆਰਾ ਸੁਧਾਰ ਲਹਿਰ ਵਿਚ ਮਾਸਟਰ ਜੀ ਦੀ ਪਹਿਲੀ ਗ੍ਰਿਫ਼ਤਾਰੀ 1921 ਵਿਚ ਹੋਈ। ਆਜ਼ਾਦ ਭਾਰਤ ਵਿਚ ਉਨ੍ਹਾਂ ਨੂੰ ਮਾਰਚ 1966 ਵਿਚ ਆਖਰੀ ਵਾਰ ਗ੍ਰਿਫ਼ਤਾਰ ਕੀਤਾ ਗਿਆ। ਸਿੱਖ ਹੱਕਾਂ ਦੀ ਰਾਖੀ ਕਰਦਿਆਂ ਉਨ੍ਹਾਂ ਨੇ ਆਪਣੀ ਉਮਰ ਦਾ ਦਸ ਸਾਲ ਤੋਂ ਵੀ ਵੱਧ ਸਮਾਂ ਅੰਗਰੇਜ਼ੀ ਤੇ ਭਾਰਤੀ ਜੇਲ੍ਹਾਂ ਵਿਚ ਬਤੀਤ ਕੀਤਾ।
ਮਾਸਟਰ ਤਾਰਾ ਸਿੰਘ ਦਾ ਸਿਆਸੀ ਜੀਵਨ ਏਨਾ ਪ੍ਰਤੱਖ ਤੇ ਹਾਵੀ ਹੈ ਕਿ ਉਨ੍ਹਾਂ ਦੇ ਜੀਵਨੀ-ਲੇਖਕ ਉਨ੍ਹਾਂ ਦੇ ਪੱਤਰਕਾਰੀ ਤੇ ਸਾਹਿਤਕ ਪੱਖ ਨੂੰ ਅਕਸਰ ਭੁੱਲ ਜਾਂਦੇ ਹਨ। ਪ੍ਰੋ: ਕਪੂਰ ਨੇ ਮਾਸਟਰ ਜੀ ਦੀ ਸ਼ਖ਼ਸੀਅਤ ਦੇ ਇਸ ਪੱਖ ਬਾਰੇ ਆਪਣੀ ਪੁਸਤਕ ਦੇ ਅੰਤ ਵਿਚ ਅੱਧਾ ਸਫ਼ਾ ਲਿਖਿਆ ਹੈ। ਮਾਸਟਰ ਜੀ ਨੇ ਦੋ ਨਾਵਲ, ਦੋ ਲੇਖ-ਸੰਗ੍ਰਹਿ, ਇਕ ਸਵੈਜੀਵਨੀ ਅਤੇ ਇਕ ਸਫ਼ਰਨਾਮਾ ਲਿਖਿਆ। ਉਨ੍ਹਾਂ ਨੇ ਅਕਾਲੀ ਤੇ ਪ੍ਰਦੇਸੀ ਅਖ਼ਬਾਰ ਅਤੇ ਮਾਸਕ ਪੱਤਰ ਸੰਤ-ਸਿਪਾਹੀ ਦੀ ਕਈ ਸਾਲ ਸੰਪਾਦਨਾ ਕੀਤੀ। ਮਾਸਟਰ ਜੀ ਦੇ ਸਾਹਿਤਕ ਤੇ ਪੱਤਰਕਾਰੀ ਜੀਵਨ ਬਾਰੇ ਇਕ ਪੂਰਾ ਕਾਂਡ ਲਿਖਣਾ ਬਣਦਾ ਹੈ। ਸਿੱਖ ਸਿਆਸਤਦਾਨ ਆਗੂਆਂ ਬਾਰੇ ਬਹੁਤ ਘੱਟ ਪੁਸਤਕਾਂ ਲਿਖੀਆਂ ਗਈਆਂ ਹਨ। ਇਸ ਹਾਲਤ ਵਿਚ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਦੀ ਪੁਸਤਕ 'ਮਾਸਟਰ ਤਾਰਾ ਸਿੰਘ : ਇਤਿਹਾਸਕ ਪਰਿਪੇਖ' ਦਾ ਹਾਰਦਿਕ ਸਵਾਗਤ ਕਰਨਾ ਬਣਦਾ ਹੈ। ਮਾਸਟਰ ਤਾਰਾ ਸਿੰਘ ਦੀ ਸ਼ਖ਼ਸੀਅਤ ਨੂੰ ਸਮਝਣ ਲਈ ਇਸੇ ਪੁਸਤਕ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।

-ਨਰਿੰਜਨ ਸਿੰਘ ਸਾਥੀ
ਮੋ: 98155-40968.

c c c

ਮਾਖਿਉਂ ਮਿੱਠੀ ਮਾਂ ਬੋਲੀ
ਸੰਪਾਦਕ : ਰਮੇਸ਼ ਯਾਦਵ, ਚਰਨਜੀਤ ਸਿੰਘ ਨਾਭਾ, ਗੁਰਦੇਵ ਸਿੰਘ ਤੇ ਕਮਲ
ਪ੍ਰਕਾਸ਼ਕ : ਫੋਕਲੋਰ ਰਿਸਰਚ ਅਕੈਡਮੀ, ਅੰਮ੍ਰਿਤਸਰ
ਮੁੱਲ : 395 ਰੁਪਏ, ਸਫ਼ੇ : 263
ਸੰਪਰਕ : 98723-18484.

ਇਸ ਪੁਸਤਕ ਦੇ ਸੰਪਾਦਕ ਰਮੇਸ਼ ਯਾਦਵ, ਡਾ: ਚਰਨਜੀਤ ਸਿੰਘ ਨਾਭਾ, ਗੁਰਦੇਵ ਸਿੰਘ ਮਹਿਲਾਂਵਾਲਾ ਤੇ ਕਮਲ ਹੀ ਨਹੀਂ, ਫੋਕਲੋਰ ਅਕੈਡਮੀ ਤੇ ਇਸ ਦੇ ਪ੍ਰਾਜੈਕਟ ਵਿਚ ਕਲਮੀ ਸਹਿਯੋਗ ਦੇਣ ਵਾਲੇ ਸਾਰੇ ਹੀ ਸਲਾਮ ਮੁਹੱਬਤ ਤੇ ਪ੍ਰਸੰਸਾ ਦੇ ਹੱਕਦਾਰ ਹਨ। ਇਨ੍ਹਾਂ ਲੋਕਾਂ ਨੇ ਸੰਕੀਰਨ ਮਜ਼ਹਬੀ ਕੱਟੜਤਾ ਦੇ ਗੰਧਲੇ ਮਾਹੌਲ ਵਿਚ ਪੰਜਾਬੀ ਦੇ ਨਾਂਅ ਉੱਤੇ ਵਿਸ਼ਵ ਭਰ ਵਿਚ ਸਾਂਝੀ ਲੋਅ ਦੇ ਦੀਵੇ ਬਾਲੇ ਹਨ।
ਇਨ੍ਹਾਂ ਦੇ ਪੰਜਾਬ, ਹਰਿਆਣਾ, ਦਿੱਲੀ, ਪਾਕਿਸਤਾਨ, ਕੈਨੇਡਾ, ਜੰਮੂ ਕਸ਼ਮੀਰ, ਸਮੁੱਚੇ ਭਾਰਤ ਤੇ ਵਿਸ਼ਵ ਵਿਚ ਪੰਜਾਬੀ ਬੋਲਣ ਵਾਲਿਆਂ ਬਾਰੇ ਅੰਕੜਿਆਂ ਸਹਿਤ ਗੱਲ ਕੀਤੀ ਹੈ। ਪੰਜਾਬੀ ਦੇ ਅਧਿਐਨ ਅਧਿਆਪਕ ਦੀ ਪ੍ਰਾਇਮਰੀ ਉਚੇਰੀ, ਵਿਗਿਆਨਕ ਤੇ ਹੋਰ ਖੇਤਰਾਂ ਵਿਚ ਵਰਤੋਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਗੱਲ ਕੀਤੀ ਹੈ। ਦੇਸ਼-ਵਿਦੇਸ਼ ਵਿਚ ਪੰਜਾਬੀ ਲਈ ਕੰਮ ਕਰਦੀਆਂ ਭਾਂਤ-ਭਾਂਤ ਦੀਆਂ ਸੰਸਥਾਵਾਂ ਦੇ ਕਾਰਜ ਦਾ ਲੇਖਾ-ਜੋਖਾ ਕੀਤਾ ਹੈ।
ਬਾਬਾ ਬੁੱਧ ਸਿੰਘ, ਅਤਰ ਸਿੰਘ, ਤਲਵਿੰਦਰ, ਨੂਰ, ਜੋਸ਼ੀ, ਚੰਦਨ ਜਿਹੇ ਕਈ ਵਿਛੜੇ ਵਿਦਵਾਨਾਂ ਦੀਆਂ ਪੰਜਾਬੀ ਨਾਲ ਸਬੰਧਿਤ ਯਾਦਗਾਰੀ ਲਿਖਤਾਂ ਨੂੰ ਸੰਭਾਲਿਆ ਹੈ। ਡਾ: ਢੀਂਗਰਾ, ਜੋਗਾ ਸਿੰਘ, ਸਤਨਾਮ ਸਿੰਘ ਮਾਣਕ, ਜਸਵੰਤ ਜ਼ਫਰ, ਬੂਟਾ ਸਿੰਘ, ਮਨਮੋਹਨ, ਸਵਰਾਜਬੀਰ, ਸੰਘਾ, ਅਨੂਪ ਸਿੰਘ ਢਿੱਲੋਂ, ਔਲਖ, ਰਘਬੀਰ ਸਿੰਘ, ਬਿਨਿੰਗ, ਉਪਦੇਸ਼ ਕੌਰ, ਗਾਸੋ, ਰੰਜੂ ਬਾਲਾ, ਰੁਪਿੰਦਰ, ਜੱਜ ਸਿੰਘ, ਅਵਤਾਰ ਬਾਲੇਵਾਲ,, ਮਕਸੂਦ ਸਾਕਬ, ਅਬਾਸ ਜ਼ੈਦੀ, ਦਵਿੰਦਰ ਕਾਹਲੋਂ, ਸਰਬਜੀਤ ਸੋਹਲ, ਡਾ: ਸਰਬਜੀਤ, ਧਰਮਪਾਲ ਸਾਹਿਲ, ਬਲਵਿੰਦਰ ਫਤਹਿਪੁਰੀ, ਕਮਲਜੀਤ ਸਿੰਘ, ਸੋਹਨ ਸਿੰਘ, ਮਨਜਿੰਦਰ, ਪਰਦੀਪ, ਭੂਪਿੰਦਰਵੀਰ, ਨਾਦਰ ਅਲੀ, ਤੌਕੀਰ ਚੁਗਤਾਈ, ਸਈਅਦ ਅਖਤਰ ਜ਼ਾਫਰੀ, ਆਬਦ ਅਮੀਕ-ਹਰ ਕਿਸੇ ਨੇ ਅਣਛੋਹੇ ਵਿਸ਼ੇ 'ਤੇ ਪੰਜਾਬੀ ਬਾਰੇ ਮੌਲਿਕ ਧਿਆਨ ਦੇਣ ਯੋਗ ਨੁਕਤੇ ਉਠਾਏ ਹਨ। ਦਲੀਲਾਂ, ਅੰਕੜੇ ਸਾਰਥਕ ਸੋਚ, ਉਸਾਰੂ ਦ੍ਰਿਸ਼ਟੀ, ਸਦੀਵੀ ਮਹੱਤਵ ਵਾਲੇ ਇਸ ਨਿਬੰਧ ਸੰਕਲਨ ਦੀ ਪ੍ਰਾਪਤੀ ਹਨ। ਸਾਂਭਣਯੋਗ ਹੈ ਇਹ ਕਿਤਾਬ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਪਦਮਾ ਦਾ ਪੈਰ
ਲੇਖਕ : ਪ੍ਰੇਮ ਪ੍ਰਕਾਸ਼
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ , ਸਫ਼ੇ : 171
ਸੰਪਰਕ : 94632-20319.

ਪ੍ਰੌੜ੍ਹ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਇਸ ਹੱਥਲੀ ਪੁਸਤਕ 'ਪਦਮਾ ਦਾ ਪੈਰ' ਵਿਚਲੀ ਹਰ ਕਹਾਣੀ ਮਨੁੱਖ ਵਿਚਲੇ ਛੁਪੇ ਭਾਂਤ-ਭਾਂਤ ਦੇ ਕਿਰਦਾਰ ਨੂੰ ਪਾਠਕਾਂ ਦੇ ਰੂਬਰੂ ਕਰਦੀ ਹੈ। ਪਹਿਲਾਂ ਸੋਚ ਉਪਜਦੀ ਹੈ ਤੇ ਫਿਰ ਕਰਮ/ਅਮਲ ਉਪਜਦਾ ਹੈ ਅਤੇ ਫਿਰ ਇਹੀ ਕਰਮ ਮਨੁੱਖ 'ਤੇ ਚੰਗੇ-ਮਾੜੇ ਅਕਸ ਦਾ ਠੱਪਾ ਲਾਉਂਦਾ ਹੈ,ਬਾਰੇ ਬਾਤ ਪਾਉਂਦੀ ਹੈ ਕਿ ਅਮਲਾਂ ਤੋਂ ਕੋਹਾਂ ਦੂਰ ਸਿਰਫ ਅਡੰਬਰਾਂ/ਸ਼ੋਸ਼ਿਆਂ ਨਾਲ ਹੀ ਲਿੰਬੇ ਪੋਚੇ ਮਨੁੱਖ ਅਸਲ ਵਿਚ ਹੈਵਾਨੀਅਤ ਅਤੇ ਸਾਧਾਰਨ ਦਿੱਖ ਵਾਲੇ ਮਨੁੱਖ ਇਨਸਾਨੀਅਤ ਦੇ ਕਾਫੀ ਨੇੜੇ ਹੁੰਦੇ ਹਨ। ਇਸ ਪੁਸਤਕ ਵਿਚਲੇ ਕਹਾਣੀ ਦੇ ਪਾਤਰ ਸਮਾਜ ਦੇ ਯਥਾਰਥ ਨੂੰ ਬੜੀ ਰੌਚਿਕ ਵਿਧੀ ਨਾਲ ਰੂਪਮਾਨ ਵੀ ਕਰਦੇ ਹਨ। ਕਾਮ ਬਿਰਤੀ ਜੀਵਨ ਦਾ ਇਕ ਮਹੱਤਵਪੂਰਨ ਅੰਗ ਹੈ। ਕੁਦਰਤੀ ਨਿਯਮਾਂ/ਸਮਾਜ ਦੇ ਹੱਦਬੰਨਿਆਂ ਵਿਚ ਰਹਿ ਕੇ ਹਰ ਯੋਗ ਅਵਸਥਾ ਵਿਚ ਆਪਣੇ ਪਾਰਟਨਰ/ਹਮਸਫ਼ਰ ਨਾਲ ਨਿਭਾਇਆ ਗ੍ਰਹਿਸਥ ਧਰਮ ਅਨੰਦਾਇਕ ਅਤੇ ਜੀਵਨ ਉਤਪਤੀ ਦਾ ਇਕ ਮੁੱਖ ਸਾਧਨ ਹੋ ਨਿਬੜਦਾ ਹੈ ਜੋ ਇਕ ਚਰਿੱਤਰਵਾਨ ਦੀ ਨਿਸ਼ਾਨੀ ਹੈ ਪਰ ਸ਼ਰਮ ਹਯਾ ਦੇ ਸਭ ਹੱਦ ਬੰਨੇ ਤੋੜ ਕੇ ਇਸ ਬਿਰਤੀ ਦਾ ਗੁਲਾਮ ਬਣ ਕੇ ਇੱਧਰ-ਉਧਰ ਮੂੰਹ ਮਾਰਨਾ ਇਕ ਚਰਿੱਤਰਹੀਣਤਾ ਅਤੇ ਇਕ ਗਿਰੀ ਹੋਈ ਸੋਚ ਦਾ ਨਮੂਨਾ ਹੈ। ਸਮਾਜ ਵਿਚ ਵਰਤ ਚੁੱਕੇ ਜਾਂ ਫਿਰ ਵਰਤ ਰਹੇ ਦਰਦਿੰਗੀ ਭਰੇ ਵਰਤਾਰੇ ਮਨੁੱਖ ਵਿਚਲੀ ਹੈਵਾਨੀਅਤ ਦਾ ਹੀ ਪ੍ਰਮਾਣ ਹਨ। ਬਹੁਤੇ ਥਾਈਂ ਸਾਧਾਂ ਦੇ ਰੂਪ ਵਿਚ ਭੇੜੀਏ ਹੀ ਨਜ਼ਰੀਂ ਪੈ ਰਹੇ ਹਨ।
ਪ੍ਰੌੜ੍ਹ ਉਮਰ ਵਿਚ ਵੀ ਕਾਮ ਬਿਰਤੀ ਦੀ ਚਾਹਤ ਅਸਲ ਵਿਚ ਘਟਦੀ ਨਹੀਂ ਸਗੋਂ ਸਮਾਜੀ ਲੱਜਾ ਕਰਕੇ ਜਾਂ ਕਿਸੇ ਹੋਰ ਕਾਰਨ ਇਸ ਤੋਂ ਥੋੜਾ ਪਾਸਾ ਜ਼ਰੂਰ ਵੱਟ ਲਿਆ ਜਾਂਦਾ ਹੈ। ਪਰ ਮੌਕੇ ਮੇਲ ਦਾ ਫਾਇਦਾ ਉਠਾਉਣ ਵਿਚ ਕਸਰ ਨਹੀਂ ਛੱਡੀ ਜਾਂਦੀ। ਅੰਨ੍ਹੀ ਜਵਾਨੀ/ਜੋਸ਼ ਜਾਂ ਪੈਸੇ ਜਾਂ ਰੁਤਬੇ ਦੇ ਜ਼ੋਰ ਨਾਲ ਵਾਪਰਦੇ ਲੀਹੋਂ ਲੱਥੇ ਵਰਤਾਰਿਆਂ ਦਾ ਘਿਣਾਉਣੇ ਚਿਹਰੇ ਨੂੰ ਸਮਾਜ ਦੇ ਸਾਹਮਣੇ ਰੱਖਣਾ ਵੀ ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਵਿਸ਼ੇਸ਼ ਹਾਸਲ ਹੈ। ਇਸ ਤੋਂ ਇਲਾਵਾ ਇਨ੍ਹਾਂ ਕਹਾਣੀਆਂ ਵਿਚ ਕਈ ਥਾਈਂ ਧਰਮ ਦੇ ਨਾਂਅ 'ਤੇ ਫ਼ਿਰਕੂ ਦੰਗੇ ਫ਼ਸਾਦ ਕਰਵਾ ਕੇ ਨਿਰਦੋਸ਼ ਮਨੁੱਖਤਾ ਦਾ ਘਾਣ ਕਰਨ ਦਾ ਮੁੱਦਾ ਵੀ ਬੜੀ ਗੰਭੀਰਤਾ ਨਾਲ ਉਠਾਇਆ ਗਿਆ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

c c c

ਮੇਰਾ ਕਾਵਿ-ਨਾਟਕੀ ਰੰਗਮੰਚ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 525 ਰੁਪਏ, ਸਫ਼ੇ : 268
ਸੰਪਰਕ : 098919-96919.

ਰਵਿੰਦਰ ਰਵੀ ਪਹਿਲਾਂ ਕੀਨੀਆ ਅਤੇ ਫਿਰ ਕੈਨੇਡਾ ਵਿਚ ਨਿਵਾਸ ਕਰਨ ਦੇ ਦੌਰਾਨ ਪੰਜਾਬੀ ਵਿਚ ਨਿਰੰਤਰ ਸਾਹਿਤ ਸਿਰਜਣਾ ਕਰਦਾ ਰਿਹਾ ਹੈ। ਆਧੁਨਿਕ ਕਾਵਿ ਵਾਂਗ ਉਸ ਨੇ ਨਾਟਕ ਬਾਰੇ ਵੀ ਬਹੁਤ ਸਾਰੇ ਸਿਧਾਂਤਕ ਲੇਖ ਲਿਖੇ ਹਨ, ਜਿਹੜੇ ਸਾਡੀ ਰੰਗਮੰਚ ਪਰੰਪਰਾ ਨੂੰ ਪੁਸ਼ਟ ਕਰਨ ਵਿਚ ਉਲੇਖਯੋਗ ਭੂਮਿਕਾ ਨਿਭਾਅ ਸਕਦੇ ਹਨ। ਭਾਰਤੀ ਜ਼ਬਾਨਾਂ ਦੇ ਨਾਟਕਾਂ ਨੂੰ ਨਵੀਂ ਸ਼ਨਾਖ਼ਤ ਪ੍ਰਦਾਨ ਕਰਨ ਵਿਚ ਐਨ.ਐਸ.ਡੀ. ਦੇ ਇਬਰਾਹੀਮ ਅਲਕਾਜ਼ੀ ਨੇ ਬੜੀ ਇਤਿਹਾਸਕ ਭੂਮਿਕਾ ਨਿਭਾਈ ਸੀ ਪਰ ਪੰਜਾਬੀ ਵਿਚ ਰਵੀ ਅਤੇ ਸੁਰਜੀਤ ਸਿੰਘ ਸੇਠੀ ਤੋਂ ਬਿਨਾਂ ਕਿਸੇ ਵੀ ਨਾਟਕਕਾਰ ਜਾਂ ਰੰਗਕਰਮੀ ਨੇ ਮਰਯਾਦਾ ਭੰਜਕ ਨਾਟਕ ਨੂੰ ਵਿਕਸਿਤ ਕਰਨ ਵਿਚ ਬਹੁਤੀ ਦਿਲਚਸਪੀ ਨਾ ਲਈ।
ਰਵਿੰਦਰ ਰਵੀ ਆਪਣੇ ਥੀਏਟਰ ਨੂੰ ਪ੍ਰੌੜ੍ਹ ਬਾਲਗਾਂ ਦਾ ਥੀਏਟਰ ਕਹਿੰਦਾ ਹੈ, ਹਾਲਾਂਕਿ ਸਾਡੇ ਕੁਝ ਸਿਧਾਂਤਕਾਰ ਉਸ ਦੀ ਇਸ ਧਾਰਨਾ ਨਾਲ ਅਸਹਿਮਤੀ ਵੀ ਪ੍ਰਗਟਾਉਂਦੇ ਰਹੇ ਹਨ। ਉਨ੍ਹਾਂ ਦੀਆਂ ਆਪਣੀਆਂ ਦਲੀਲਾਂ ਹਨ। ਪਰ ਇਹ ਭਲਾ ਹੋਇਆ ਕਿ ਰਵਿੰਦਰ ਰਵੀ ਨੇ ਆਪਣੀਆਂ ਰੰਗਮੰਚ ਸਥਾਪਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕਰ ਦਿੱਤਾ ਹੈ। ਰਵੀ ਆਪਣੀ ਗੱਲ ਕਹਿਣ ਤੋਂ ਝਿਜਕਦਾ ਨਹੀਂ ਹੈ ਭਾਵੇਂ ਉਸ ਨੂੰ ਪ੍ਰਚਲਿਤ ਰਵਾਇਤਾਂ ਨਾਲ ਟਕਰਾਉਣਾ ਹੀ ਕਿਉਂ ਨਾ ਪਵੇ। ਮਰਦ-ਔਰਤ ਵਿਚਲਾ ਜਿਣਸੀ ਰਿਸ਼ਤਾ ਉਸ ਦੇ ਕਈ ਨਾਟਕਾਂ ਦੀ ਵਸਤੂ-ਸਮਗਰੀ ਬਣਿਆ ਹੈ ਅਤੇ ਇਨ੍ਹਾਂ ਨਾਟਕਾਂ ਨੂੰ ਮੰਚਿਤ ਕਰਨ ਲਈ ਉਸ ਨੇ ਬੜੇ ਕਾਰਗਰ ਸੁਝਾਅ ਦਿੱਤੇ ਹਨ। ਰਵਿੰਦਰ ਰਵੀ ਨੂੰ ਵਿਦੇਸ਼ਾਂ ਵਿਚ ਰਹਿਣ ਕਾਰਨ ਖ਼ੁਦ ਆਪਣੇ ਨਾਟਕ ਮੰਚਿਤ ਕਰਨ ਦਾ ਮੌਕਾ ਨਹੀਂ ਮਿਲਿਆ ਨਹੀਂ ਤਾਂ ਪੰਜਾਬੀ ਥੀਏਟਰ ਵਿਚ ਸਿਫ਼ਤੀ ਤਬਦੀਲੀਆਂ ਮੁਮਕਿਨ ਸਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸੈਲਾਬ
ਲੇਖਕ : ਬਲਜੀਤ ਸਿੰਘ
ਪ੍ਰਕਾਸ਼ਨ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 275 ਰੁ:, ਸਫ਼ੇ : 134
ਸੰਪਰਕ : 098723-39022.

'ਸੈਲਾਬ' ਨਾਵਲ ਵਿਚ ਲੇਖਕ ਨੇ 20ਵੀਂ ਸਦੀ ਦੇ 8ਵੇਂ ਦਹਾਕੇ ਦੀ ਗੱਲ ਕੀਤੀ ਹੈ ਜਦੋਂ ਪੰਜਾਬ ਵਿਚ ਅੱਤਵਾਦ ਕਾਰਨ ਦਹਿਸ਼ਤ ਦਾ ਮਾਹੌਲ ਸੀ। ਨਾਵਲ ਵਿਚ ਨਾਵਲਕਾਰ ਨੇ ਬਲਦੀਪ ਅਤੇ ਦਲਬੀਰ ਦੋ ਦੋਸਤਾਂ 'ਤੇ ਕੇਂਦਰਿਤ ਕਰਕੇ ਹੀ ਨਾਵਲ ਰਚਨਾ ਕੀਤੀ ਹੈ। ਬਲਦੀਪ ਨੂੰ ਰੇਡੀਓ ਵਿਚ ਨੌਕਰੀ ਮਿਲ ਜਾਂਦੀ ਹੈ ਅਤੇ ਚੰਗੀ ਕਾਰਗੁਜ਼ਾਰੀ ਹੋਣ ਕਰਕੇ ਉਸ ਨੂੰ ਦੇਸ਼ ਪੰਜਾਬ ਪ੍ਰੋਗਰਾਮ ਦਾ ਮੇਜ਼ਬਾਨ ਬਣਾ ਦਿੱਤਾ ਜਾਂਦਾ ਹੈ। ਪਾਕਿਸਤਾਨੀ ਸਰੋਤੇ ਵੀ ਉਸ ਦੀ ਸ਼ਬਦਾਵਲੀ ਦੁਆਰਾ ਕੀਲੇ ਜਾਂਦੇ ਹਨ ਜਿਸ ਕਰਕੇ ਲਹਿੰਦੇ ਪੰਜਾਬ ਦੀ ਇਕ ਕੁੜੀ ਯਾਸਮੀਨ ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਚਾਹੁਣ ਲੱਗ ਪੈਂਦੀ ਹੈ। ਬਲਦੀਪ ਆਪਣੀਆਂ ਗੱਲਾਂ ਆਪਣੀ ਦੋਸਤ ਦਲਬੀਰ ਨਾਲ ਹੀ ਸਾਂਝੀਆਂ ਕਰਦਾ ਰਹਿੰਦਾ ਹੈ। ਉਹ ਆਪਸ ਵਿਚ ਵਿਅੰਗਮਈ ਲਹਿਜ਼ੇ ਵਿਚ ਹਾਸਾ-ਮਜ਼ਾਕ ਵੀ ਇਕ-ਦੂਜੇ ਨੂੰ ਕਰਦੇ ਰਹਿੰਦੇ ਹਨ। ਯਾਸਮੀਨ ਦਾ ਪੰਜਾਬ ਕਾਨਫ਼ਰੰਸ ਤੇ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਬਣਦਾ ਹੈ ਤਾਂ ਬਲਦੀਪ ਨੂੰ ਵੀ ਅੰਤਾਂ ਦਾ ਚਾਅ ਜਿਹਾ ਹੀ ਚੜ੍ਹ ਜਾਂਦਾ ਹੈ। ਪਰ ਉਹ ਬਲਦੀਪ ਨੂੰ ਆਪਣੀ ਸ਼ਾਦੀ (ਨਿਕਾਹ) ਡਾ: ਗੁਲਬਾਗ ਨਾਲ ਕਰਾਉਣ ਬਾਰੇ ਦੱਸਦੀ ਹੈ ਤਾਂ ਬਲਦੀਪ ਅਤੇ ਉਸ ਵਿਚ ਸਾਰੀ ਉਮਰੇ ਅਪਣੱਤ ਦਾ ਰਿਸ਼ਤਾ ਭੋਗਣ ਦੀ ਤੇ ਨਿਭਾਉਣ ਦੀ ਗੱਲ ਤੈਅ ਹੋ ਜਾਂਦੀ ਹੈ। ਬਲਦੀਪ ਕਾਫੀ ਸਾਰੇ ਗਿਫਟ ਦੇ ਕੇ ਉਸ ਨੂੰ ਪਾਕਿ ਲਈ ਰਵਾਨਾ ਕਰਦਾ ਹੈ ਪਰ ਇਕ ਦਿਨ ਜਦੋਂ ਯਾਸਮੀਨ ਨੂੰ ਆਪਣੀ ਨਾਨੀ ਬਾਰੇ ਵੀ ਪਤਾ ਲਗਦਾ ਹੈ ਕਿ ਉਹ ਆਪਣੇ ਈਮਾਨ ਨਾਲ ਜੁੜੀ ਰਹੀ ਭਾਵੇਂ ਉਸ ਨੇ ਮੁਸਲਮਾਨ ਨਾਲ ਨਿਕਾਹ ਕਰਾ ਲਿਆ ਸੀ ਪਰ ਉਹ ਆਪਣੀ ਬੇਟੀ ਨੂੰ ਗੁਰਦੁਆਰਾ ਸਾਹਿਬ ਲਿਜਾਇਆ ਕਰਦੀ ਸੀ ਤਾਂ ਯਾਸਮੀਨ ਭਾਵੁਕ ਹੋ ਕੇ ਫੁੱਟ-ਫੁੱਟ ਕਰਕੇ ਰੋਂਦੀ ਹੈ। ਇਸ ਨਾਵਲ ਵਿਚ ਆਪਣੀਆਂ ਕਦਰਾਂ-ਕੀਮਤਾਂ ਤੇ ਈਮਾਨ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਗਈ ਹੈ ਅਤੇ ਆਪਣੀ ਮਿੱਟੀ ਦੇ ਮੋਹ ਪ੍ਰਤੀ ਅਪਣੱਤ ਦਿਖਾਈ ਗਈ ਹੈ। ਇਸ ਨਾਵਲ ਵਿਚ ਭਾਵੇਂ ਪੰਜਾਬ ਦੇ ਦੋ ਟੋਟੇ ਹੋ ਗਏ ਹਨ ਪਰ ਫਿਰ ਵੀ ਦੇਸ਼ ਪੰਜਾਬ ਇਕ ਇਕਾਈ ਦੇ ਰੂਪ ਵਿਚ ਹੀ ਨਜ਼ਰ ਆਉਂਦਾ ਹੈ। ਸਮੁੱਚੇ ਨਾਵਲ ਵਿਚ ਲੇਖਕ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਜੋ ਪੇਸ਼ਕਾਰੀ ਕੀਤੀ ਹੈ ਉਹ ਲਾਜਵਾਬ ਹੈ। ਇਸ ਵਿਚ ਥੋੜ੍ਹਾ-ਥੋੜ੍ਹਾ ਉਰਦੂ ਸ਼ਬਦਾਵਲੀ ਦੀ ਵਰਤੋਂ ਵੀ ਹੈ। ਦੋਵੀਂ ਪਾਸੀਂ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਮਿਲਦੀ ਹੈ। ਗੱਲ ਕੀ ਧਰਤੀ ਨਾਲ ਮੋਹ ਮਨੁੱਖ ਨੂੰ ਜਿਊਣ ਦੇ ਅਰਥ ਦੱਸਦਾ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 098553-95161

c c c

ਚੁੱਪ ਦੇ ਉਹਲੇ
ਕਵਿੱਤਰੀ : ਡਾ: ਖੁਸ਼ਵੀਨ ਕੌਰ ਬਾਠ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੋਹਾਲੀ
ਮੁੱਲ : 195 ਰੁਪਏ, ਸਫ਼ੇ : 71
ਸੰਪਰਕ : 98766-16677.

ਉੱਭਰਦੇ ਵਲਵਲੇ, ਸਿਮਟਦੇ ਜਜ਼ਬਾਤ, ਸਧਰਾਂ ਅਤੇ ਮੁਹੱਬਤੀ ਪਲਾਂ ਨੂੰ ਮਾਨਣ ਦੀ ਤੀਬਰ ਤਾਂਘ, ਇਸ ਕਾਵਿ-ਸੰਗ੍ਰਹਿ ਦੀ ਧਰਾਤਲ ਭੂਮੀ ਹੈ ਅਤੇ ਸਮਾਜਿਕ-ਸੱਭਿਆਚਾਰਕ ਯਥਾਰਥ ਦੇ ਵਿਭਿੰਨ- ਪਹਿਲੂਆਂ ਨੂੰ ਪ੍ਰਗਟਾਉਣਾ ਪੁਸਤਕ ਦਾ ਬਿਰਤਾਂਤਿਕ ਪ੍ਰਗਟਾਓ-ਸੰਦਰਭ ਹੈ। ਵਿਆਕੁਲਤਾ, ਰਿਸ਼ਤਿਆਂ ਦੀ ਸਾਂਝ ਕੜੀ ਟੁੱਟਣ ਦੀ ਵੇਦਨਾ, ਰਿਸ਼ਤਿਆਂ ਨੂੰ ਸੰਜੋਅ ਕੇ ਰੱਖਣ ਦਾ ਜੀਵਨ-ਸੰਦੇਸ਼, ਕੌੜੀਆਂ-ਮਿੱਠੀਆਂ ਪ੍ਰਸਥਿਤੀਆਂ 'ਚ ਵਿਚਰ ਕੇ ਔਰਤ ਵਲੋਂ ਘਰ-ਪਰਿਵਾਰ ਨੂੰ ਜੋੜਨ ਦੀ ਸੇਵਾ-ਸਾਧਨਾ ਬਾਰੇ ਵੀ ਅਣਮੋਲ ਕਾਵਿ-ਸੁਨੇਹੇ ਪੁਸਤਕ ਦਾ ਹਾਸਲ ਹਨ। 'ਚੁੱਪ' ਦਾਰਸ਼ਨਿਕ ਸੰਕੇਤਕ ਸ਼ਬਦ ਹੈ, ਇਸ ਵਿਚ ਗਹਿਰ-ਗੰਭੀਰ ਸ਼ਬਦ-ਸੰਚਾਰ ਦੀਆਂ ਅਨੇਕਾਂ ਜੁਗਤਾਂ ਸ਼ਾਮਿਲ ਹੁੰਦੀਆਂ ਹਨ, ਪਰ ਜੇ ਇਸ ਦੇ ਓਹਲੇ ਦੇ ਅਰਥ-ਸੰਚਾਰ ਪ੍ਰਗਟਾਉਣੇ ਹੋਣ ਤਾਂ ਹੋਰ ਵੀ ਗੰਭੀਰ ਚਿੰਤਨਧਾਰਾ ਦਾ ਬੋਧ ਹੋਣਾ ਜ਼ਰੂਰੀ ਹੋ ਜਾਂਦਾ ਹੈ ਜਿਸ ਨੂੰ ਖੁਸ਼ਵੰਤ ਕੌਰ ਬਾਠ ਨੇ 'ਚੁੱਪ ਦੇ ਉਹਲੇ' ਤੋਂ ਇਲਾਵਾ 'ਤੂੰ ਹੀ ਦੱਸ', 'ਕੀ ਹੈਂ ਤੂੰ ਜ਼ਿੰਦਗੀ', 'ਨਹੀਂ ਲੋਚਦੀ', 'ਨਿਸ਼ਬਦ', 'ਦੁੱਖ ਦਾਰੂ ਧੀਆਂ', 'ਪੱਤਝੜ', 'ਮਾਪੇ', 'ਰੂਹ ਦੀ ਤਲਾਸ਼', 'ਲਿਬਾਸ', 'ਨੈਣਾਂ ਦੀ ਨਮੀ', 'ਸਾਹਾਂ ਦਾ ਭਾਰ', 'ਹਾਰ 'ਚ ਜਿੱਤ' ਅਤੇ 'ਪੁਕਾਰ' ਆਦਿ ਕਵਿਤਾਵਾਂ ਜ਼ਰੀਏ ਭਾਵਨਾਤਮਕ ਤੌਰ 'ਤੇ ਪ੍ਰਗਟਾਇਆ ਹੈ। ਸੁਖਾਵੀਂ-ਸੁਧਰੀ ਜ਼ਿੰਦਗੀ ਜਿਊਣ ਦੀ ਤਾਂਘ, ਮੁਹੱਬਤੀ ਵਾਤਾਵਰਨ ਸਿਰਜਣ ਦੀ ਅਭਿਲਾਸ਼ਾ, ਇਨ੍ਹਾਂ ਕਵਿਤਾਵਾਂ ਦਾ ਭਾਵ-ਬੋਧ ਹੈ। ਕਵਿੱਤਰੀ ਦੀਆਂ ਕਵਿਤਾਵਾਂ ਪੰਜਾਬ, ਪੰਜਾਬੀਅਤ ਦੇ ਮੋਹ-ਪਾਲਕ ਸੰਦਰਭਾਂ ਦਾ ਵੀ ਚਿਤਰਣ ਬਣਦੀਆਂ ਪ੍ਰਤੀਤ ਹੋਈਆਂ ਹਨ। ਮੇਰਾ ਪੰਜਾਬ, ਨਿਹੁ, ਚਾਅ, ਅੱਖਰਾਂ ਦੀ ਪੌੜੀ, ਨਿਮਰਤਾ, ਸੀਰਤ, ਸਵੇਰਾ, ਮਾਪੇ, ਨਾਨਕੇ, ਮਿੱਟੀ, ਗੁਆਚੇ ਰਾਹ ਆਦਿ ਕਵਿਤਾਵਾਂ ਬੜੀ ਬਾਰੀਕੀ ਦੇ ਉਹ ਅਰਥ-ਸੰਚਾਰ ਕਰਦੀਆਂ ਹਨ ਜੋ ਅਜੋਕੀ ਪੰਜਾਬੀ ਜਨ-ਜੀਵਨ ਸ਼ੈਲੀ ਵਾਸਤੇ ਬਹੁਤ ਹੀ ਪ੍ਰੇਰਕ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

12-05-2018

 ਪੰਜਾਬ ਦੇ ਦਰਿਆਈ ਪਾਣੀਆਂ ਦੀ ਗ਼ੈਰ-ਸੰਵਿਧਾਨਕ ਲੁੱਟ
ਸੰਪ: ਜਸਵਿੰਦਰ ਸਿੰਘ ਬਦੇਸ਼ਾ, ਹਰਜੀਤ ਸਿੰਘ ਗਿੱਲ, ਕੁਲਵਿੰਦਰ ਮੱਲ੍ਹੀ, ਰਛਪਾਲ ਸਿੰਘ ਪਮਾਲ
ਪ੍ਰਕਾਸ਼ਕ : ਬਲਵੰਤ ਪ੍ਰਕਾਸ਼ਨ, ਜਲੰਧਰ।
ਮੁੱਲ : 350 ਰੁਪਏ, ਸਫ਼ੇ : 284
ਸੰਪਰਕ : 0181-2623184.

ਪੰਜਾਬ ਨੂੰ ਲੁੱਟਣ, ਕੁੱਟਣ ਤੇ ਇਸ ਨਾਲ ਬੇਇਨਸਾਫ਼ੀ ਦੀ ਖੇਡ ਭਾਰਤ ਦੀ ਕੇਂਦਰ ਸਰਕਾਰ ਦੀ ਟੀਰੀ ਅੱਖ ਦੀ ਦੇਣ ਹੈ। ਦੇਸ਼ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਪ੍ਰਤੀ ਹਰ ਫ਼ੈਸਲਾ ਬੇਈਮਾਨੀ ਨਾਲ ਹੀ ਹੋਇਆ ਹੈ। ਇਸ ਵਿਰੁੱਧ ਬੋਲਣ, ਲੜਨ, ਮਰਨ ਦੀ ਜ਼ਿੰਮੇਵਾਰੀ ਸਿੱਖਾਂ ਲਈ ਛੱਡ ਦਿੱਤੀ ਗਈ ਹੈ। ਸ਼ਾਂਤਮਈ/ਗਰਮ/ਹਿੰਸਕ ਅੰਦੋਲਨ ਕੁਝ ਵੀ ਸਥਿਤੀ ਨੂੰ ਬਦਲ ਨਹੀਂ ਸਕਿਆ। ਨਿਆਂ ਕਮਿਸ਼ਨ, ਸਿਆਸਤਦਾਨ, ਅਦਾਲਤਾਂ, ਅਕਾਦਮਿਕ ਮਾਹਿਰਾਂ ਦਾ ਹਰ ਯਤਨ ਬੇਕਾਰ ਗਿਆ ਹੈ। ਸੰਵਿਧਾਨ ਵੀ ਛਿੱਕੇ ਟੰਗ ਦਿੱਤਾ ਗਿਆ ਹੈ। ਪੰਜਾਬੀ ਮਾਂ ਦੇ ਪੁੱਤਰ ਵੀ ਮਾਂ ਨੂੰ ਬੇਦਾਵਾ ਦੇ ਗਏ ਹਨ। ਉਜੜ ਰਿਹਾ ਹੈ, ਸੁੱਕ ਰਿਹਾ ਹੈ ਤੇ ਬੰਜਰ ਹੋ ਰਿਹਾ ਹੈ ਪੰਜਾਬ। ਇਸ ਦਰਦ ਭਰੇ ਲੰਮੇ ਤੇ ਨਾ ਮੁੱਕਣ ਵਾਲੇ ਦੁਖਾਂਤ ਦੀ ਝਲਕ ਦਿੰਦੀ ਹੈ ਇਹ ਕਿਤਾਬ। ਸਮਝ ਨਹੀਂ ਆਉਂਦੀ ਕੀ ਬਣੇਗਾ ਇਸ ਪੰਜਾਬ ਦਾ। ਕੌਣ ਕਦੋਂ ਹੱਲ ਕਰੇਗਾ ਇਹ ਮਸਲੇ?
ਪੰਜਾਬ ਦੇ ਪਾਣੀਆਂ ਤੇ ਰਾਈਪੇਰੀਅਨ ਹੱਕ ਦੀ ਅਣਹੋਂਦ ਵਿਚ ਹੀ ਦੂਜੇ ਰਾਜਾਂ ਨੂੰ ਧੱਕੇ ਨਾਲ ਪਾਣੀ ਦੇਣਾ ਗ਼ੈਰ-ਸੰਵਿਧਾਨਕ ਹੈ। ਪਾਰਟੀਆਂ ਤੇ ਧਾਰਮਿਕ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਰੇ ਪੰਜਾਬੀਆਂ ਨੂੰ ਇਸ ਦਾ ਸਪੱਸ਼ਟ ਸਖ਼ਤ ਤੇ ਹਰ ਪੱਧਰ 'ਤੇ ਵਿਰੋਧ ਕਰਨਾ ਚਾਹੀਦਾ ਹੈ। ਡਾ: ਗਾਂਧੀ ਤਾਂ ਸਰਵ ਉੱਚ ਅਦਾਲਤ ਦੇ ਸਤਲੁਜ ਯਮਨਾ ਲਿੰਕ ਨਹਿਰ ਬਾਰੇ ਦਖ਼ਲਅੰਦਾਜ਼ੀ ਨੂੰ ਵੀ ਅਨਿਆਂਪੂਰਨ, ਪੱਖਪਾਤੀ ਤੇ ਗ਼ੈਰ-ਸੰਵਿਧਾਨਕ ਕਹਿ ਚੁੱਕਾ ਹੈ। ਸ਼ਾਬਾਸ਼ੇ ਉਸ ਮਾਂ ਦੇ ਪੁੱਤਰ ਦੇ। ਸਿਮਰਜੀਤ ਬੈਂਸ ਇਸ ਪੱਖੋਂ ਪੰਜਾਬੀ ਸਿਆਸਤਦਾਨਾਂ ਨੂੰ ਕਰਨਾਟਕ ਦੇ ਸਿਆਸੀ ਦਲਾਂ ਵਾਂਗ ਇਕਮੁੱਠ ਹੋਣ ਦਾ ਆਵਾਹਨ ਕਰਦਾ ਹੈ।
ਸੰਪਾਦਕ ਮੰਡਲ ਨੇ ਪੱਤਰਕਾਰਾਂ, ਅਕਾਦਮਿਕ ਵਿਦਵਾਨਾਂ, ਇੰਜੀਨੀਅਰਾਂ, ਸਿਆਸਤਦਾਨਾਂ, ਸਮਾਜ ਸੇਵਕਾਂ, ਨਿਆਂ/ਸੰਵਿਧਾਨ ਦੇ ਮਾਹਿਰਾਂਂਗੱਲ ਕੀ ਸਮਾਜ ਦੇ ਹਰ ਖੇਤਰ ਦੇ ਬੰਦਿਆਂ ਦੇ ਅਧਿਐਨ ਵਿਸ਼ਲੇਸ਼ਣ ਤੇ ਦਲੀਲਾਂ ਨਾਲ ਭਰੇ ਨਿਬੰਧਾਂ ਨੂੰ ਇਸ ਪੁਸਤਕ ਵਿਚ ਸੰਕਲਿਤ ਕੀਤਾ ਹੈ ਤਾਂ ਕਿ ਲੋਕ ਜਾਗਣ। ਲੋਕਾਂ ਨਾਲੋਂ ਵੱਧ ਸਰਕਾਰਾਂ ਤੇ ਸਿਆਸਤਦਾਨ ਜਾਗਣ। ਇਸ ਵਿਚ ਪੰਜਾਬ ਦਾ ਹੀ ਨਹੀਂ ਦੇਸ਼ ਦਾ ਵੀ ਭਲਾ ਹੈ ਪਰ ਦੇਸ਼ ਬਾਰੇ ਫ਼ਿਕਰ ਕਿਸ ਨੂੰ ਹੈ?

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਬਰਸਦੇ ਨੀਲਕਣ
ਕਵੀ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 98152-98459.

ਸ੍ਰੀ ਪਰਮਿੰਦਰ ਸੋਢੀ ਆਪਣੇ ਆਸ-ਪਾਸ ਫੈਲੇ ਮਨੁੱਖੀ ਜਗਤ ਅਤੇ ਜੀਵਨ ਨੂੰ ਬੜੀ ਗਹੁ ਨਾਲ ਵੇਖਦਾ ਹੈ। ਇਹੀ ਕਾਰਨ ਹੈ ਕਿ ਉਸ ਦੇ ਕਾਵਿ-ਜਗਤ ਵਿਚ ਇਕ ਹੀ ਸਥਿਤੀ/ਪ੍ਰਕਿਰਿਆ ਬਾਰੇ ਕਈ-ਕਈ ਕਵਿਤਾਵਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। 'ਮਿਲਦੇ ਰਹਾਂਗੇ', 'ਤੀਹ ਸਾਲ ਬਾਅਦ', 'ਵਿਦਾਈ', 'ਤੂੰ ਬੇਖ਼ਬਰ', 'ਰਾਤ ਪਏ', 'ਤੇਰੇ ਵੱਲ' ਅਤੇ 'ਦੇਵੀ' ਆਦਿਕ ਵਿਸ਼ਿਆਂ ਬਾਰੇ ਉਸ ਦੀਆਂ ਕਈ-ਕਈ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ। ਪਰਮਿੰਦਰ ਸੋਢੀ ਨੇ ਉੱਤਰ-ਆਧੁਨਿਕ ਜੀਵਨ ਦੇ ਮਿਜਾਜ਼ ਨੂੰ ਪਛਾਣ ਲਿਆ ਹੈ। ਇਹ ਯੁੱਗ ਮਹਾਂ-ਬਿਰਤਾਂਤਾਂ (7ਗ਼ਅਦ ਟ਼ਗਗ਼ਵਜਡਕਤ) ਵਿਚ ਦਿਲਚਸਪੀ ਨਹੀਂ ਰੱਖਦਾ ਬਲਕਿ ਰੋਜ਼-ਮਰ੍ਹਾ ਮਹਿਸੂਸ ਹੋਣ ਵਾਲੀਆਂ ਛੋਟੀਆਂ-ਛੋਟੀਆਂ ਘਟਨਾਵਾਂ ਸਾਡੇ ਲਈ ਵਧੇਰੇ ਦਿਲਚਸਪ ਅਤੇ ਮਹੱਤਵਪੂਰਨ ਬਣ ਗਈਆਂ ਹਨ। ਉਹ ਇਹੋ ਜਿਹੀਆਂ ਘਟਨਾਵਾਂ/ਸਥਿਤੀਆਂ ਦਾ ਨਿਰੂਪਣ ਕਰਨ ਲਈ ਜੂਝਦਾ ਰਹਿੰਦਾ ਹੈ। ਮਨੁੱਖੀ ਏਕਤਾ ਦੇ ਅਹਿਸਾਸ ਨੂੰ ਰੂਪਮਾਨ ਕਰਦਾ ਹੋਇਆ ਉਹ ਲਿਖਦਾ ਹੈ :
ਤਨ ਦੇ ਚੋਲੇ ਵੱਖੋ-ਵੱਖਰੇ
ਮਨ ਦੇ ਝੋਲੇ
ਕੁਝ ਸੀਤੇ, ਕੁਝ ਪਾਟੇ
ਰੂਹ ਦੀ ਚਾਦਰ ਇਕੋ ਵਰਗੀ
ਸੂਖਮ ਰੰਗ ਅਸਮਾਨੀ। (ਇਕੋ ਵਰਗੇ)
ਇਸ ਸੰਗ੍ਰਹਿ ਵਿਚ 'ਦੇਵੀ' ਸਿਰਲੇਖ ਅਧੀਨ 10 ਨਜ਼ਮਾਂ ਆਈਆਂ ਹਨ। ਕਵੀ ਲਈ 'ਦੇਵੀ' ਇਕ ਪ੍ਰਤੀਕ ਹੈ। ਬਚਪਨ ਵਿਚ ਇਕ ਕੁੜੀ ਨਾਲ ਲੜਦਿਆਂ ਵੇਖ ਕੇ ਕਵੀ ਦੀ ਦਾਦੀ ਨੇ ਉਸ ਨੂੰ ਸਮਝਾਇਆ ਸੀ ਕਿ ਇਨ੍ਹਾਂ ਨਾਲ ਨਹੀਂ ਲੜੀਦਾ, ਇਹ 'ਦੇਵੀਆਂ' ਹੁੰਦੀਆਂ ਹਨ। (ਪੰਨਾ 113) ਉਸ ਸਮੇਂ ਤਾਂ ਕਵੀ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਪਈ ਪਰ ਪ੍ਰੌੜ ਹੋਣ 'ਤੇ ਮਹਿਸੂਸ ਹੋਇਆ ਕਿ ਔਰਤ ਉਹ ਦੇਵੀ ਹੈ ਜੋ ਮਨੁੱਖਤਾ ਦੇ ਚਿਹਰੇ ਨੂੰ ਕੋਮਲ ਕਰਦੀ ਹੈ। ਕਵੀ ਅਨੁਸਾਰ, 'ਕੁਦਰਤ ਦੀ ਬੇਟੀ/ਜਿਥੇ ਵੀ ਹੁੰਦੀ ਹੈ/ਚੁਗਿਰਦਾ ਆਪਣੇ-ਆਪ/ਥਾਂ ਸਿਰ ਹੋਣ ਲਗਦਾ ਹੈ...।' ਸ੍ਰੀ ਪਰਮਿੰਦਰ ਸੋਢੀ ਦੀਆਂ ਸਾਰੀਆਂ ਕਵਿਤਾਵਾਂ ਚੁਗਿਰਦੇ ਨੂੰ ਥਾਂ ਸਿਰ ਕਰਨ, ਸੁਹਜਮਈ ਅਤੇ ਸੰਤੁਲਿਤ ਬਣਾਈ ਰੱਖਣ ਦਾ ਇਕ ਸੁਹਿਰਦ ਕੋਸ਼ਿਸ਼ ਹਨ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਨਕਲੀ ਲੋਕ
ਲੇਖਕ : ਵਿਵੇਕ
ਪ੍ਰਕਾਸ਼ਨ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 95535-08582.

'ਨਕਲੀ ਲੋਕ' ਵਿਚ ਲੇਖਕ ਨੇ ਤਕਰੀਬਨ 64 ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿਚ ਉਸ ਨੇ ਸਮਾਜਿਕ ਕੁਰੀਤੀਆਂ ਦੀ ਗੱਲ ਹੀ ਕੀਤੀ ਹੈ। ਵਿਵੇਕ ਨੇ ਆਪਣੀਆਂ ਕਹਾਣੀਆਂ ਵਿਚ ਲੋਕਾਈ ਦੇ ਦੁੱਖਾਂ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਪੰਜਾਬ ਵਿਚ ਭਖਦੀ ਸਮੱਸਿਆ ਨਸ਼ਿਆਂ ਦੀ ਹੈ ਜਿਸ ਦੀ ਪੇਸ਼ਕਾਰੀ ਵੀ ਕਹਾਣੀਕਾਰ ਨੇ ਆਪਣੀ ਕਹਾਣੀ 'ਚ ਕੀਤੀ ਹੈ। 'ਨਕਲੀ ਲੋਕ' ਵਿਚ ਝੂਠੀ ਧਾਰਮਿਕ ਆੜ ਲੈਣ ਵਾਲੇ ਲੋਕਾਂ ਨੂੰ ਵਰਜਿਆ ਹੈ ਅਤੇ ਸਿੱਧੇ ਰਸਤੇ 'ਤੇ ਆਉਣ ਦੀ ਬਾਤ ਪਾਈ ਹੈ। 'ਆਪਣਾ ਆਪਣਾ ਹਿੱਸਾ' ਕਹਾਣੀ ਵਿਚ ਕਹਾਣੀਕਾਰ ਨੇ ਜਦੋਂ ਪਤੀ-ਪਤਨੀ ਨੂੰ ਰਿਟਾਇਰਮੈਂਟ ਤੋਂ ਬਾਅਦ ਜੋ ਥੋੜ੍ਹੇ ਪੈਸੇ ਮਿਲੇ ਸਨ, ਦੋਵਾਂ ਮੁੰਡਿਆਂ ਵਿਚ ਵੰਡ 'ਤੇ, ਤੇ ਦਰਸ਼ਨ ਲਾਲ ਨੇ ਆਪਣੀ ਘਰਵਾਲੀ ਨੂੰ ਸਮਝਾਇਆ ਸੀ ਕਿ ਆਪਾਂ ਨੂੰ ਪੈਨਸ਼ਨ ਬਹੁਤ ਹੈ। ਪਰ ਜੋ ਤੀਹ ਹਜ਼ਾਰ ਰੱਖਿਆ ਹੁੰਦਾ ਹੈ, ਉਹ ਦਰਸ਼ਨ ਲਾਲ ਕਹਿੰਦਾ ਹੈ ਕਿ ਇਹ ਤਾਂ ਅੰਤਿਮ ਰਸਮਾਂ ਨਿਭਾਉਣ ਲਈ ਹੈ। ਸੋ ਬਹੁਤ ਹੀ ਭਾਵੁਕਤਾ ਵਾਲੀ ਕਹਾਣੀ ਹੈ। ਇਸ ਤਰ੍ਹਾਂ 'ਮੰਤਰ' ਕਹਾਣੀ ਵਿਚ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ 'ਤੇ ਚੋਟ ਕੀਤੀ ਗਈ ਹੈ। ਇਸੇ ਤਰ੍ਹਾਂ ਹੀ 'ਰਾਸ਼ਨ' ਕਹਾਣੀ ਨਕਲ ਕਰਨ ਬਾਰੇ ਹੈ ਜਿਸ ਵਿਚ ਰਵੀ ਨੂੰ ਰੋਲ ਨੰਬਰ ਤਾਂ ਯਾਦ ਨਹੀਂ ਰਹਿੰਦਾ ਪਰ ਪਰਚੀਆਂ ਬਣਾਉਣੀਆਂ ਯਾਦ ਰਹਿ ਜਾਂਦੀਆਂ ਹਨ। ਲੇਖਕ ਦੀਆਂ ਸਾਰੀਆਂ ਮਿੰਨੀ ਕਹਾਣੀਆਂ ਦੀ ਭਾਸ਼ਾ ਸਰਲ ਹੈ ਤੇ ਪਾਤਰਾਂ ਦੀ ਵਾਰਤਾਲਾਪ ਰਾਹੀਂ ਕਥਾਨਕ ਨੂੰ ਅੱਗੇ ਤੋਰਿਆ ਗਿਆ ਹੈ ਅਤੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਸਲਿਆਂ ਦੀ ਪੇਸ਼ਕਾਰੀ ਕੀਤੀ ਗਈ ਹੈ। ਗੱਲ ਕੀ ਲੇਖਕ ਨੇ ਮਨੁੱਖ ਨੂੰ ਚਿੰਤਤ ਕਰਨ ਵਾਲੇ ਸਾਰੇ ਵਿਸ਼ਿਆਂ ਦੀ ਗੱਲ ਬੇਬਾਕੀ ਨਾਲ ਕੀਤੀ ਹੈ ਭਾਵੇਂ ਉਸ ਦੀ ਕਹਾਣੀ ਉਦੇਸ਼ਪੂਰਨ ਹੈ ਪਰ ਕਲਾਤਮਕ ਪੱਖੋਂ ਉਸ ਨੂੰ ਹੋਰ ਮਿਹਨਤ ਦੀ ਲੋੜ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਮੇਰਾ ਸ਼ਬਦਕੋਸ਼
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 110
ਸੰਪਰਕ : 98152-98459.

ਪਰਮਿੰਦਰ ਸੋਢੀ ਦੀ ਪੁਸਤਕ 'ਮੇਰਾ ਸ਼ਬਦਕੋਸ਼' ਪਾਠਕਾਂ ਦੇ ਰੂਬਰੂ ਹੋਈ ਹੈ। ਇਹ ਪੁਸਤਕ ਕੋਈ ਸਾਧਾਰਨ ਪੁਸਤਕ ਨਹੀਂ ਜਿਸ ਵਿਚ ਕੇਵਲ ਸ਼ਬਦਾਂ ਦੇ ਅਰਥ ਦਿੱਤੇ ਹੋਏ ਹੋਣ। ਇਸ ਦੀ ਖਾਸੀਅਤ ਇਹ ਹੈ ਕਿ ਪੰਜਾਬੀ ਭਾਸ਼ਾ ਵਿਚ ਅਸੀਂ ਰੋਜ਼ਾਨਾ ਜਿੰਨੀ ਵੀ ਸ਼ਬਦਾਵਲੀ ਅਚੇਤ ਸੁਚੇਤ ਰੂਪ ਵਿਚ ਵਰਤਦੇ ਹਾਂ। ਉਸ ਸ਼ਬਦ ਦੀ ਮੂਲ ਜੜ੍ਹ ਕਿਸ ਭਾਸ਼ਾ ਵਿਚੋਂ ਹੈ, ਉਸ ਨੂੰ ਖੋਜਣ ਦਾ ਬਹੁਮੁੱਲਾ ਉਪਰਾਲਾ ਕੀਤਾ ਗਿਆ ਹੈ। ਇਹ ਪੁਸਤਕ ਸ਼ਬਦਾਂ ਦੇ ਪਿਛੋਕੜ ਦੇ ਨਾਲ-ਨਾਲ ਉਨ੍ਹਾਂ ਇਤਿਹਾਸਕ ਸਮਿਆਂ ਵੱਲ ਵੀ ਇਸ਼ਾਰਾ ਕਰਦੀ ਹੈ ਜਦੋਂ ਵਿਦੇਸ਼ੀ ਲੋਕ ਸਮੇਂ-ਸਮੇਂ ਪੰਜਾਬ ਦੀ ਧਰਤੀ 'ਤੇ ਆਉਂਦੇ ਰਹੇ ਅਤੇ ਪੰਜਾਬੀ ਭਾਸ਼ਾ ਵਿਚ ਉਨ੍ਹਾਂ ਦੀ ਮੂਲ ਸ਼ਬਦਾਵਲੀ ਦਾ ਰਲਾ ਹੁੰਦਾ ਰਿਹਾ। ਸਾਧਾਰਨ ਦੈਨਿਕ ਜ਼ਿੰਦਗੀ ਵਿਚ ਵਰਤੇ ਜਾਂਦੇ ਆਮ ਸ਼ਬਦਾਂ ਬਾਰੇ ਇਨ੍ਹਾਂ ਦੇ ਪਿਛੋਕੜ ਬਾਰੇ ਜਾਣ ਕੇ ਹੈਰਾਨੀ ਵੀ ਹੁੰਦੀ ਹੈ ਕਿ ਰੋਜ਼ਾਨਾ ਵਰਤਿਆ ਜਾਂਦਾ ਸ਼ਬਦ ਆਲੂ, ਕਲਗੀ, ਕਾਬੂ, ਅਲਮਾਰੀ, ਕਲਮ, ਮੈਡਲ, ਉਮਰ, ਰੂਟ, ਸਮਗਲਰ, ਡੇਂਗੂ, ਟਮਾਟਰ ਤੇ ਹੋਰ ਵੀ ਕਈ ਸ਼ਬਦ ਸਾਡੀ ਪੰਜਾਬੀ ਭਾਸ਼ਾ ਦੇ ਨਹੀਂ ਬਲਕਿ ਤੁਰਕੀ, ਪੁਰਤਗਾਲੀ, ਯੂਨਾਨੀ, ਇਤਾਲਵੀ ਜਾਂ ਫਾਰਸੀ, ਫਰਾਂਸੀਸੀ ਜਾਂ ਫਿਰ ਡੱਚ ਬੋਲੀ ਵਿਚੋਂ ਆਏ ਹਨ। ਫਾਰਸੀ ਸ਼ਬਦਾਵਲੀ ਦਾ ਪੰਜਾਬੀ ਵਿਚ ਵਰਤਿਆ ਜਾਣਾ ਤਾਂ ਸੁਭਾਵਿਕ ਜਾਪਦਾ ਹੈ ਪਰ ਵਿਦੇਸ਼ੀ ਭਾਸ਼ਾਵਾਂ ਦੇ ਉਹ ਸ਼ਬਦ ਜਿਹੜੇ ਅਸੀਂ ਹਰ ਰੋਜ਼ ਘਰ ਪਰਿਵਾਰ ਵਿਚ ਵਰਤਦੇ ਹਾਂ, ਉਨ੍ਹਾਂ ਬਾਰੇ ਪੜ੍ਹ ਕੇ ਗਿਆਨ ਵਿਚ ਵਾਧਾ ਹੀ ਨਹੀਂ ਹੁੰਦਾ ਸਗੋਂ ਪੰਜਾਬੀ ਭਾਸ਼ਾ ਦੇ ਹਾਜ਼ਮੇ ਬਾਰੇ ਹੈਰਾਨੀ ਵੀ ਹੁੰਦੀ ਹੈ। ਸਰਕਾਰੀ ਅਦਾਰਿਆਂ 'ਚ ਵਰਤੇ ਜਾਂ ਅਰਬੀ ਫਾਰਸੀ ਸ਼ਬਦ ਅਤੇ ਨਿਹੰਗਾਂ ਦੇ ਬੋਲਿਆਂ ਦੀ ਜਾਣਕਾਰੀ ਨਾਲ ਭਰਪੂਰ ਇਹ ਪੁਸਤਕ ਮੁੱਲਵਾਨ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਜਿਊਂਦੇ ਪ੍ਰੇਤ
ਲੇਖਕ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 99144-19113.

ਪ੍ਰੋ: ਗੁਰਦੇਵ ਸਿੰਘ ਸੰਦੌੜ ਦੀ ਇਸ ਪੁਸਤਕ ਵਿਚ ਇਕ ਲਘੂ ਨਾਟਕ ਹੈ 'ਜਿਊਂਦੇ ਪ੍ਰੇਤ'। ਇਹ ਲਘੂ ਨਾਟਕ ਦੋ ਪਾਤਰਾਂ ਦੇ ਸਿੱਧੇ ਵਾਰਤਾਲਾਪ ਰਾਹੀਂ ਪੇਸ਼ ਕੀਤਾ ਗਿਆ ਹੈ। ਪਹਿਲਾ ਪਾਤਰ ਹੈ ਮੇਹਰੂ ਬਾਬਾ, ਜੋ ਲਗਪਗ ਅੱਸੀ ਸਾਲ ਦੀ ਉਮਰ ਦਾ ਸਿਆਣਾ ਤਜਰਬੇਕਾਰ ਬਜ਼ੁਰਗ ਹੈ। ਨਾਟਕ ਦੀ ਦੂਸਰੀ ਪਾਤਰ ਸੁਰਜੀਤ ਕੌਰ ਹੈ। ਪਿੰਡ ਦੇ ਇਕ ਸੇਵਾ-ਮੁਕਤ ਫ਼ੌਜੀ ਦੀ ਪਤਨੀ ਹੈ ਸੁਰਜੀਤ ਕੌਰ ਜੋ ਲਗਪਗ 50 ਸਾਲ ਉਮਰ ਦੀ ਹੈ। ਸਾਰਾ ਨਾਟਕ ਇਨ੍ਹਾਂ ਦੋ ਪਾਤਰਾਂ ਦੀ ਆਪਸੀ ਗੱਲਬਾਤ ਵਿਚੋਂ ਨਿਕਲਦਾ ਅਤੇ ਸੁਰਜੀਤ ਕੌਰ ਦੇ ਘਰ ਦੇ ਵਿਹੜੇ ਵਿਚ ਹੀ ਚਲਦਾ ਹੈ। ਨਾਟਕ ਦੀ ਕਹਾਣੀ ਦਿਲਚਸਪ ਅਤੇ ਸਿੱਖਿਆਦਾਇਕ ਹੈ। ਅਸਲ ਵਿਚ ਇਹ ਨਾਟਕ ਇਮਾਨਦਾਰੀ ਅਤੇ ਰਿਸ਼ਵਤਖੋਰੀ ਦੀ ਟੱਕਰ ਹੈ। ਜ਼ਿੰਦਗੀ ਵਿਚ ਇਮਾਨ ਵਾਲੇ ਸੁੱਖ, ਚੈਨ, ਸ਼ਾਂਤੀ ਅਤੇ ਤਸੱਲੀ ਦੀ ਖੂਬਸੂਰਤੀ ਅਤੇ ਦੂਜੇ ਪਾਸੇ ਬੇਈਮਾਨੀ ਵਾਲੀ ਬੇਚੈਨੀ, ਭੈੜੇ ਪ੍ਰਭਾਵ ਅਤੇ ਭਟਕਣ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਸੁਰਜੀਤ ਕੌਰ ਦਾ ਪਤੀ ਜਦੋਂ ਫ਼ੌਜ ਵਿਚ ਨੌਕਰੀ ਕਰਦਾ ਸੀ ਤਾਂ ਦੇਸ਼ ਭਗਤੀ ਅਤੇ ਵਤਨਪ੍ਰਸਤੀ ਉਸ ਦੇ ਮਨ ਵਿਚ ਸੀ, ਇਮਾਨ ਦਾ ਪੈਸਾ ਉਸ ਦੀ ਜੇਬ ਵਿਚ ਹੁੰਦਾ ਸੀ, ਆਪਣੀ ਪਤਨੀ ਅਤੇ ਬੱਚਿਆਂ ਨਾਲ ਫੁੱਲਾਂ ਦੀ ਮਹਿਕ ਵਰਗਾ ਰਿਸ਼ਤਾ ਸੀ ਉਸ ਦਾ। ਫ਼ੌਜ ਵਿਚੋਂ ਸੇਵਾ-ਮੁਕਤ ਹੋਣ ਉਪਰੰਤ ਉਹ ਸਰਕਾਰੀ ਨੌਕਰੀ ਵਿਚ ਆ ਗਿਆ ਅਤੇ ਰਿਸ਼ਵਤਖੋਰੀ ਦੇ ਇਸ ਢਾਂਚੇ ਦਾ ਵੱਡਾ ਪੁਰਜ਼ਾ ਬਣ ਗਿਆ। ਹਰਾਮ ਦੀ ਕਮਾਈ ਨੇ ਉਸ ਦੇ ਅੰਦਰਲੇ ਮਰਦ ਨੂੰ ਮਾਰ ਦਿੱਤਾ। ਉਹ ਦੈਂਤ ਬਣ ਗਿਆ। ਪਰਿਵਾਰ ਲਈ 'ਪ੍ਰੇਤ' ਦਾ ਰੂਪ ਹੋ ਗਿਆ। ਇਹ ਸਾਰਾ ਰੋਣਾ, ਸੁਰਜੀਤ ਕੌਰ ਬਾਬੇ ਮੇਹਰੂ ਕੋਲ ਰੋਂਦੀ ਹੈ। ਅੰਤ ਸੁਰਜੀਤ ਕੌਰ ਦੇ ਪਤੀ ਰੂਪੀ ਪ੍ਰੇਤ ਦੀ ਪ੍ਰਤੀਕਆਤਮਕ ਮੌਤ ਵੇਲੇ ਵਿਛੋੜੇ ਦੀਆਂ ਚੀਕਾਂ ਵਿਚੋਂ 'ਜਿਊਂਦੇ ਪ੍ਰੇਤ' ਤੋਂ ਮੁਕਤੀ ਦੀ ਤਸੱਲੀ ਵੀ ਝਲਕਦੀ ਹੈ। ਦੋ ਪਾਤਰਾਂ ਵਾਲਾ ਕਾਫੀ ਸੁਖਾਲਾ ਮੰਚਣ ਵਾਲਾ ਇਹ ਲਘੂ ਨਾਟਕ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਸਨੇਹਾ ਦਿੰਦਾ ਹੈ।

ਂਨਿਰਮਲ ਜੌੜਾ
ਮੋ: 98140-78799.
ਫ ਫ ਫ

ਰਾਮ ਸਰੂਪ ਅਣਖੀ ਦਾ ਮਲਵਈ ਨਾਵਲ-ਸੰਸਾਰ
ਸੰਪਾਦਕ : ਪ੍ਰੋ: ਜਗਤਾਰ ਸਿੰਘ ਵਿਰਕ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 98782-00058.

ਰਾਮ ਸਰੂਪ ਅਣਖੀ ਦੀ ਹਥਲੀ ਪੁਸਤਕ ਵਿਚ ਉਸ ਦੀਆਂ ਸਮੂਹਿਕ ਸਾਹਿਤਕ ਕਿਰਤਾਂ ਦਾ ਉਲੇਖ ਵੀ ਹੈ ਅਤੇ ਵਿਸ਼ੇਸ਼ਤਰ ਉਸ ਦੀ ਨਾਵਲ-ਸਿਰਜਣਾ ਦੇ ਉਨ੍ਹਾਂ ਸਰੋਕਾਰਾਂ ਦਾ ਗੰਭੀਰ ਚਿੰਤਨ ਪੇਸ਼ ਹੈ, ਜੋ ਮਾਲਵਾ-ਆਂਚਲ ਦੀ ਸਮੁੱਚੀ ਜੀਵਨ-ਸ਼ੈਲੀ ਦੇ ਪ੍ਰਤਿਮਾਨਾਂ ਦਾ ਵਿਸ਼ਲੇਸ਼ਣ ਕਰਦੇ ਹਨ। ਡਾ: ਬਿਕਰਮ ਸਿੰਘ ਘੁੰਮਣ ਹੁਰਾਂ 'ਰਾਮ ਸਰੂਪ ਅਣਖੀਂਜੀਵਨ ਤੇ ਰਚਨਾ' ਸਿਰਲੇਖ ਤਹਿਤ ਬਹੁਤ ਸਾਰੇ ਉਹ ਪੱਖ ਅਤੇ ਸਰੋਕਾਰ ਉਜਾਗਰ ਕੀਤੇ ਹਨ, ਜਿਨ੍ਹਾਂ ਬਾਬਤ ਬਹੁਤ ਸਾਰੇ ਪਾਠਕ ਅਤੇ ਆਲੋਚਕ ਅਜੇ ਤੱਕ ਜਾਣਕਾਰੀ ਨਹੀਂ ਰੱਖਦੇ।
ਅਣਖੀ ਦੁਆਰਾ ਰਚਿਤ 'ਸੁਲਗਦੀ ਰਾਤ', ਕੋਠੇ ਖੜਕ ਸਿੰਘ, ਪਰਤਾਪੀ, ਦੁੱਲੇ ਦੀ ਢਾਬ, ਜ਼ਮੀਨਾਂ ਵਾਲੇ, ਗੇਲੋ, ਬਾਰਾਂ ਤਾਲੀ, ਸਲਫਾਸ, ਭੀਮਾ ਆਦਿ ਨਾਵਲਾਂ ਦਾ ਬਹੁਪੱਖੀ ਦੀਰਘ ਅਧਿਐਨ ਕਰਦਿਆਂ ਹੋਇਆਂ ਪ੍ਰਸਿੱਧ ਵਿਦਵਾਨਾਂ, ਜਿਨ੍ਹਾਂ 'ਚ ਪ੍ਰਿਥਵੀ ਰਾਜ ਥਾਪਰ, ਸੁਰਜੀਤ ਸਿੰਘ, ਗੁਰਤਰਨ ਸਿੰਘ, ਸਰਬਜੋਤ ਸਿੰਘ, ਹਰਵਿੰਦਰ ਭੰਡਾਲ, ਸੁਰਜੀਤ ਬਰਾੜ, ਲਾਭ ਸਿੰਘ ਖੀਵਾ, ਬੂਟਾ ਸਿੰਘ ਚੌਹਾਨ, ਡਾ: ਵਿਸ਼ਵ ਨਾਥ ਤ੍ਰਿਪਾਠੀ, ਡਾ: ਪਰਮਜੀਤ ਕੌਰ ਸਿੱਧੂ, ਡਾ: ਲਕਸ਼ਮੀ ਨਰਾਇਣ ਭੀਖੀ ਅਤੇ ਪ੍ਰੋ: ਜਗਤਾਰ ਸਿੰਘ ਵਿਰਕ ਸ਼ਾਮਿਲ ਹਨ, ਨੇ ਉਕਤ ਨਾਵਲਾਂ ਵਿਚ ਅੰਕਿਤ ਪੇਂਡੂ ਕਿਰਸਾਨੀ-ਜਨ ਜੀਵਨ-ਸ਼ੈਲੀ, ਸਮਾਜਿਕ ਚੇਤਨਾ, ਦੁਖਾਂਤ-ਬੋਧ, ਬਦਲਦੇ ਸਮਾਜਿਕ ਅਤੇ ਸੱਭਿਆਚਾਰਕ ਸਮੀਕਰਨ, ਅਰਥ-ਪ੍ਰਬੰਧਨ-ਚਿਤਰਨ ਦੀ ਸਾਰਥਕਤਾ, ਕਥਿਤ ਜ਼ਮੀਨੀ ਮੋਹ ਪਾਲਣ ਵਾਲੇ ਕਿਰਦਾਰ, ਹੱਥੀਂ ਕਿਰਤ ਅਤੇ ਕਿਰਸਾਨੀ ਤੋਂ ਇਨਕਾਰੀ ਨਵੀਂ ਪੀੜ੍ਹੀ, ਨਿਮਨ-ਕਿਸਾਨੀ, ਮਜ਼ਦੂਰ ਸ਼੍ਰੇਣੀ ਦੀ ਨਿੱਘਰਦੀ ਜਾ ਰਹੀ ਆਰਥਿਕ ਤੰਦ-ਤਾਣੀ ਅਤੇ ਸਮਾਜਿਕ ਵਿਉਂਤਬੰਦੀ, ਬੇਗਾਨੀ ਧਰਤੀ 'ਤੇ ਵਸੇਬੇ ਵਾਲਿਆਂ ਦੀਆਂ ਤੰਗੀਆਂ-ਤੁਰਸ਼ੀਆਂ, ਖ਼ੁਦਕੁਸ਼ੀਆਂ, ਔਰਤ ਜਾਤੀ ਦੀਆਂ ਤ੍ਰਾਸਦਕ ਸੰਵੇਦਨਾਵਾਂ ਇਤਆਦਿ ਨੂੰ ਬਾ-ਖੂਬੀ ਉਘਾੜਿਆ ਹੈ ਅਤੇ ਰਾਮ ਸਰੂਪ ਅਣਖੀ ਦੀ ਗਲਪ-ਦ੍ਰਿਸ਼ਟੀ ਦੀ ਚੇਤਨਾ ਨੂੰ ਬਾ-ਖੂਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਕੁਤਰੇ ਖੰਭਾਂ ਵਾਲਾ ਉਕਾਬ
ਲੇਖਕ : ਕਸ਼ਮੀਰ ਸਿੰਘ ਪੰਨੂੰ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਜ਼ੀਰਕਪੁਰ (ਮੁਹਾਲੀ)
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 99884-29876.

'ਕੁਤਰੇ ਖੰਭਾਂ ਵਾਲਾ ਉਕਾਬ' ਪੁਸਤਕ ਵਿਚ ਲੇਖਕ ਦੋਸਤਾਂ, ਮਿੱਤਰਾਂ ਅਤੇ ਲੇਖਕਾਂ, ਦਫ਼ਤਰੀ ਸਾਥੀਆਂ ਦੁਆਰਾ ਲਿਖੇ ਰੇਖਾ ਚਿੱਤਰ ਸ਼ਾਮਿਲ ਕੀਤੇ ਗਏ ਹਨ, ਜੋ ਪੂਰੇ ਕਸ਼ਮੀਰ ਸਿੰਘ ਪੰਨੂੰ ਦੀ ਲੱਭਤ ਕਰਨ ਵਿਚ ਸਹਾਈ ਹੁੰਦੇ ਹਨ। ਰਾਮ ਸਰੂਪ ਅਣਖੀ, ਕਜ਼ਾਕ, ਗੋਰਖੀ, ਜਰਨੈਲ ਸਿੰਘ, ਸ਼ਾਮ ਸਿੰਘ, ਨੀਲਗਿਰੀ, ਹਰਦੇਵ ਚੌਹਾਨ, ਗੁਰਦੇਵ ਚੌਹਾਨ ਆਦਿ ਲੇਖਕਾਂ ਨੇ ਉਸ ਬਾਰੇ ਅਨੇਕਾਂ ਤਪਸਰੇ ਕੀਤੇ ਹਨ ਜੋ ਉਸ ਦੀ ਸ਼ਖ਼ਸੀਅਤ ਨੂੰ ਉਘਾੜਨ ਵਿਚ ਪੂਰੀ ਤਰ੍ਹਾਂ ਸਫ਼ਲ ਹੁੰਦੇ ਹਨ। ਕਿਸੇ ਵੀ ਵਿਅਕਤੀ ਦੀ ਪਰਸੈਨਲਿਟੀ ਦੇ ਕਈ ਕੋਣ ਤੇ ਰੁਖ਼ ਹੁੰਦੇ ਹਨ, ਜਿਨ੍ਹਾਂ ਨੂੰ ਫੜਨਾ ਕਾਫੀ ਔਖਾ ਹੁੰਦਾ ਹੈ। ਪੂਰਾ ਵਿਅਕਤੀ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ ਹੁੰਦਾ। ਇਸੇ ਤਰ੍ਹਾਂ ਕੋਈ ਪੰਨੂੰ ਨੂੰ ਮੀਸਣਾ ਆਖਦਾ ਹੈ, ਕੋਈ ਚਲਾਕ ਤੇ ਕੋਈ ਭੋਲਾ ਭਾਲਾ ਵੀ। ਕੋਈ ਉਸ ਨੂੰ ਅੜ੍ਹਬ ਜੱਟ ਆਖਦਾ ਹੈ ਤੇ ਕੋਈ ਸਫ਼ਲ ਦਫ਼ਤਰੀ। ਕੋਈ ਮਨ ਦਾ ਬਾਦਸ਼ਾਹ ਤੇ ਕੋਈ ਮਿੱਤਰਾਂ ਦੇ ਕੰਮ ਆਉਣ ਵਾਲਾ। ਇਹ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਹੈ ਕਿ ਜੇ ਐਕਸੀਡੈਂਟ ਪੰਨੂੰ ਦੀ ਹੋਣੀ ਨਾ ਬਣਦੇ ਤਾਂ ਉਸ ਨੇ ਇਸ ਪੰਨੂੰ ਦੀ ਥਾਂ ਹੋਰ ਪੰਨੂੰ ਹੋਣਾ ਸੀ। ਪੰਜਾਬੀ ਕਹਾਣੀ ਦੇ ਸਿਖ਼ਰ 'ਤੇ ਹੋਣਾ ਸੀ। ਜੀਵਨ ਵਿਚ ਸਫ਼ਲ ਕਬੀਲਦਾਰ ਹੋਣਾ ਸੀ। ਪਰ ਫਿਰ ਵੀ ਉਸ ਦੀ ਹਿੰਮਤ ਤੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਏਨੀਆਂ ਮੁਸੀਬਤਾਂ ਆਉਣ ਦੇ ਬਾਵਜੂਦ ਉਹ ਢੇਰੀ-ਢਾਹ ਕੇ ਨਹੀਂ ਬੈਠਿਆ। ਸੁਸਤ ਚਾਲ ਹੀ ਸਹੀ, ਆਪਣੇ ਜੀਵਨ ਪੰਧ 'ਤੇ ਲਗਾਤਾਰ ਤੁਰਦਾ ਰਿਹਾ ਹੈ। ਅਜਿਹੇ ਸ਼ਖ਼ਸ 'ਤੇ ਤਰਸ ਨਹੀਂ ਆਉਂਦਾ ਸਗੋਂ ਵਾਹ-ਵਾਹ ਨਿਕਲਦੀ ਹੈ। ਪੰਨੂੰ ਦੀ ਸਹੀ ਜਾਣਕਾਰੀ ਇਸ ਪੁਸਤਕ ਦੇ ਲੇਖਾਂ 'ਚੋਂ ਸਹਿਜੇ ਹੀ ਮਿਲ ਜਾਂਦੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

06-05-2018

 ਕਹਾਵਤਾਂ ਪੰਜਾਬ
ਲੇਖਕ : ਨੂਰ ਮੁਹੰਮਦ ਨੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 325
ਸੰਪਰਕ : 98555-51359.

ਸਾਡੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਉਰਦੂ ਫਾਰਸੀ ਦੇ ਅਮੀਰ ਪਿਛੋਕੜ ਤੋਂ ਲਗਪਗ ਟੁੱਟ ਹੀ ਗਈ ਹੈ। ਇਸ ਕਾਰਨ ਜ਼ਬਾਨ ਦੀ ਨਜ਼ਾਕਤ, ਅਮੀਰੀ ਤੇ ਗਹਿਰਾਈ ਬੁਰੀ ਤਰ੍ਹਾਂ ਮਾਰ ਖਾ ਰਹੀ ਹੈ। ਸ਼ਬਦ ਜੋੜ, ਇਕ ਵਚਨ ਬਹੁਵਚਨ, ਲਿੰਗ-ਪੁਲਿੰਗ, ਵਾਕ ਬਣਤਰ ਦੇ ਪੱਧਰ 'ਤੇ ਬਹੁਤ ਕੁਝ ਨਿੱਤ ਦਿਲ ਦੁਖਾਉਂਦਾ ਹੈ, ਜਿਸ ਨੂੰ ਦੇਖ ਕੇ ਅਣਡਿੱਠ ਕਰਨਾ ਪੈਂਦਾ ਹੈ। ਅਜਿਹੇ ਵੇਲੇ ਨੂਰ ਮੁਹੰਮਦ ਨੂਰ ਜਿਹੇ ਉਰਦੂ ਫਾਰਸੀ ਦੇ ਇਸਲਾਮੀ ਪਿਛੋਕੜ ਵਾਲੇ ਵਿਰਲੇ ਬੰਦੇ ਇਲਮ ਅਦਬ ਦੀ ਮਸ਼ਾਲ ਜਗਾਈ ਬੈਠੇ ਹਨ। ਚੰਗੇ ਲਗਦੇ ਹਨ ਇਹ ਲੋਕ। ਨੂਰ ਦੀ ਇਹ ਕਿਤਾਬ ਦੋ ਗੱਲਾਂ ਕਰਕੇ ਸਵਾਗਤਯੋਗ ਹੈ। ਪਹਿਲੀ ਪੰਜਾਬੀ ਜ਼ਬਾਨ ਨੂੰ ਅਮੀਰ ਕਰਨ ਵਾਲੀਆਂ ਕਹਾਵਤਾਂ ਦੇ ਅਰਥ, ਵਰਤੋਂ ਤੇ ਪਿਛੋਕੜ ਦੱਸ ਕੇ ਉਸ ਨੇ ਇਸ ਖਜ਼ਾਨੇ ਵੱਲ ਧਿਆਨ ਦਿਵਾਇਆ ਹੈ। ਦੂਜੀ ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਕਹਾਵਤਾਂ ਦੇ ਸਾਮੀ ਪਿਛੋਕੜ ਦੇ ਰਹੱਸ ਫਰੋਲੇ ਹਨ। ਨਿੱਕੇ-ਨਿੱਕੇ ਵੇਰਵਿਆਂ ਬਾਰੇ ਬਾਰੀਕ ਜਾਣਕਾਰੀ ਉਸ ਨੇ ਥਾਂ-ਥਾਂ ਦਿੱਤੀ ਹੈ। ਨੂਰ ਮੁਹੰਮਦ ਨੂਰ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਦੇ ਪਿਛੋਕੜ ਦੀ ਸਮਝ ਹੈ। ਸਦੀਆਂ ਪੁਰਾਣੇ ਇਤਿਹਾਸ/ਮਿਥਿਹਾਸ ਦਾ ਗਿਆਨ ਹੈ। ਵਿਦੇਸ਼ੀ ਹਮਲਾਵਰਾਂ, ਕੁਰਾਨ, ਤੁਰੈਤ, ਈਸਾ, ਮੂਸਾ, ਪੈਗ਼ੰਬਰ, ਕਿੱਸਾਕਾਰਾਂ, ਮੁਗਲ ਬਾਦਸ਼ਾਹਾਂ, ਭਗਤਾਂ, ਸੂਫ਼ੀਆਂ, ਅਮੀਰਾਂ, ਫ਼ਕੀਰਾਂ, ਦਰਵੇਸ਼ਾਂ, ਚੋਰਾਂ, ਡਾਕੂਆਂ, ਰਸਮਾਂ ਰਿਵਾਜ਼, ਰੁੱਤਾਂ ਤੇ ਫ਼ਸਲਾਂ ਬਾਰੇ ਉਸ ਦੀ ਜਾਣਕਾਰੀ ਖਾਸੀ ਵਿਸ਼ਾਲ ਹੈ, ਜਿਸ ਕਰਕੇ ਉਹ ਇਨ੍ਹਾਂ ਕਹਾਵਤਾਂ ਦੇ ਪਿਛੋਕੜ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਪੱਸ਼ਟ ਕਰ ਸਕਿਆ ਹੈ। ਇਸ ਨਾਲ ਕਹਾਵਤਾਂ ਦੇ ਅਰਥ/ਵਰਤੋਂ ਦਾ ਗਿਆਨ ਤਾਂ ਪਾਠਕ ਨੂੰ ਹੋਵੇਗਾ ਹੀ, ਉਸ ਦੇ ਗਿਆਨ ਵਿਚ ਵੀ ਚੋਖਾ ਵਾਧਾ ਹੋਵੇਗਾ।
ਕਹਾਵਤਾਾਂ ਪੰਜਾਬ ਵਿਚ ਲੇਖਕ ਨੇ ਪੰਜਾਬੀ ਦੀਆਂ 102 ਕਹਾਵਤਾਂ/ਅਖਾਣਾਂ ਦੇ ਇਤਿਹਾਸਕ, ਮਿਥਿਹਾਸਕ, ਸਮਾਜਿਕ ਪਿਛੋਕੜ ਦੀ ਚਰਚਾ ਵਿਸਥਾਰ ਨਾਲ ਕੀਤੀ ਹੈ। ਇਸਲਾਮੀ ਪਿਛੋਕੜ ਕਾਰਨ ਉਹ ਸੂਫੀ ਸ਼ਬਦਾਵਲੀ, ਕਿੱਸਾਕਾਰਾਂ, ਪੈਗ਼ੰਬਰ, ਮੁਗਲ ਸੱਭਿਆਚਾਰ, ਕੁਰਾਨ, ਤੁਰੈਤ ਆਦਿ ਬਾਰੇ ਤਾਂ ਅਧਿਕਾਰ ਨਾਲ ਗੱਲ ਕਰਦਾ ਹੈ, ਗੁਰੂ ਨਾਨਕ, ਕਬੀਰ, ਲੁਕਮਾਨ, ਨਾਥਾਂ ਜੋਗੀਆਂ ਆਦਿ ਬਾਰੇ ਵੀ ਗੱਲ ਕਰਦੇ ਸਮੇਂ ਵਿਸ਼ਾਲ ਅਧਿਐਨ ਦਾ ਪ੍ਰਮਾਣ ਦਿੰਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

 

ਪੰਜਾਬੀ ਵਾਰਤਕ
(ਸੰਵਾਦ ਤੇ ਸਮੀਖਿਆ)
ਸੰਪਾ: ਡਾ: ਰਾਜਵਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 192
ਸੰਪਰਕ : 0172-5027427.

ਪੰਜਾਬੀ ਵਾਰਤਕ ਦੇ ਸਿਧਾਂਤਕ ਅਤੇ ਇਤਿਹਾਸਕ ਪਹਿਲੂਆਂ ਬਾਰੇ ਡਾ: ਸੁਖਬੀਰ ਸਿੰਘ, ਡਾ: ਰਾਜਵਿੰਦਰ ਕੌਰ, ਡਾ: ਸੁਰਿੰਦਰ ਕੌਰ ਥਿੰਦ, ਡਾ: ਹਰਮੀਤ ਕੌਰ ਭੁੱਲਰ ਅਤੇ ਸ: ਮਨਜੀਤ ਸਿੰਘ ਅਣਖੀ ਨੇ ਖੋਜ ਭਰਪੂਰ ਲੇਖ ਲਿਖੇ ਹਨ। ਵਿਹਾਰਕ ਆਲੋਚਨਾ ਨਾਲ ਸਬੰਧਿਤ ਖੰਡ ਵਿਚ ਡਾ: ਰਾਜਵਿੰਦਰ ਕੌਰ, ਡਾ: ਹਰਿੰਦਰ ਕੌਰ ਸੋਹਲ, ਡਾ: ਹਰਜਿੰਦਰ ਕੌਰ, ਡਾ: ਜਸਵੀਰ ਕੌਰ, ਡਾ: ਹੀਰਾ ਸਿੰਘ, ਡਾ: ਵਿਸ਼ਾਲ ਕੁਮਾਰ, ਡਾ: ਸਤਿੰਦਰ ਕੌਰ, ਡਾ: ਪਰਵਿੰਦਰ ਕੌਰ, ਡਾ: ਹਰਜੀਤ ਕੌਰ ਬੱਲ, ਡਾ: ਜਸਬੀਰ ਸਿੰਘ, ਡਾ: ਅਮਨਦੀਪ ਕੌਰ, ਡਾ: ਦੀਪਿੰਦਰ ਕੌਰ ਅਤੇ ਬੀਬਾ ਅਮਨਦੀਪ ਸੰਧੂ ਆਦਿ ਲੇਖਕਾਂ/ਲੇਖਿਕਾਵਾਂ ਦੁਆਰਾ ਲਿਖੇ 16 ਲੇਖ ਸੰਗ੍ਰਹਿਤ ਹਨ। ਇਨ੍ਹਾਂ ਲੇਖਕਾਂ ਨੇ ਵਰਿਆਮ ਸੰਧੂ (ਸਵੈ-ਜੀਵਨੀ : ਗੁਫ਼ਾ ਵਿਚਲੀ ਉਡਾਨ) ਜੋਗਿੰਦਰ ਸਿੰਘ ਕੈਰੋਂ (ਜੀਵਨੀ : ਕੇਲੇ ਮੁੱਢ ਕਰੀਰ), ਸੁਰਜੀਤ ਪਾਤਰ (ਸੂਰਜ ਮੰਦਰ ਦੀਆਂ ਪੌੜੀਆਂ), ਮਨਮੋਹਨ ਬਾਵਾ (ਭਾਰਤੀ ਇਤਿਹਾਸ ਮਿਥਿਹਾਸ), ਡਾ: ਨਰਿੰਦਰ ਸਿੰਘ ਕਪੂਰ (ਵਿਭਿੰਨ ਲੇਖ ਅਤੇ ਸਫ਼ਰਨਾਮਾ), ਹਰਦੇਵ ਸਿੰਘ ਵਿਰਕ (ਮੇਰੀ ਵਿਸ਼ਵ ਯਾਤਰਾ), ਡਾ: ਵਨੀਤਾ (ਮੇਰੀ ਚੀਨ ਯਾਤਰਾ), ਡੌਲੀ ਗੁਲੇਰੀਆ (ਵਗਦੇ ਪਾਣੀਆਂ ਦਾ ਸੰਗੀਤ) ਅਤੇ ਕੁਝ ਹੋਰ ਪੁਰਾਣੇ/ਸਥਾਪਿਤ ਵਾਰਤਕਕਾਰਾਂ ਦੀਆਂ ਪ੍ਰਮੁੱਖ ਰਚਨਾਵਾਂ ਦਾ ਵਿਚਾਰਧਾਰਾਈ/ਰੂਪਾਕਾਰਕ ਅਧਿਐਨ ਕੀਤਾ ਹੈ। ਹਥਲੇ ਸੰਕਲਨ ਵਿਚ ਡਾ: ਧਰਮ ਸਿੰਘ ਨੇ ਆਪ ਵੀ ਸ੍ਰੀਮਤੀ ਬਚਿੰਤ ਕੌਰ ਦੀ ਸਵੈ-ਜੀਵਨੀ 'ਪਗਡੰਡੀਆਂ' (1990) ਬਾਰੇ ਇਕ ਖੋਜ ਭਰਪੂਰ ਲੇਖ ਲਿਖ ਕੇ ਇਸ ਪੁਸਤਕ ਦੇ ਮਹੱਤਵ ਅਤੇ ਗੌਰਵ ਨੂੰ ਵਧਾਇਆ ਹੈ।
ਸਾਹਿਤ ਦੇ ਹੋਰ ਰੂਪਾਂ ਦੀ ਤੁਲਨਾ ਵਿਚ ਵਾਰਤਕ ਨੂੰ ਡੀਕੋਡ ਕਰਨਾ ਜਾਂ ਇਸ ਦਾ ਸਾਹਿਤਕ ਮੁਲਾਂਕਣ ਕਰਨਾ ਵਧੇਰੇ ਕਠਿਨ ਹੈ। ਪਰ ਇਸ ਪੁਸਤਕ ਦੇ ਹਰ ਲੇਖਕ ਨੇ ਆਪਣੇ ਵਿਸ਼ੈ-ਖੇਤਰ ਨਾਲ ਪੂਰਾ-ਪੂਰਾ ਇਨਸਾਫ਼ ਕੀਤਾ ਹੈ। ਇਹ ਪੁਸਤਕ ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਨੂੰ ਹੋਰ ਅੱਗੇ ਵਧਾਉਂਦੀ ਹੈ ਅਤੇ ਰਹਿ ਗਏ ਖੱਪਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤੇਨਾਲੀ ਰਾਮ ਦੀਆਂ ਪ੍ਰਸਿੱਧ ਕਹਾਣੀਆਂ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94634-88142.

ਬੀਰਬਲ ਬਾਦਸ਼ਾਹ ਅਕਬਰ ਦੇ 9 ਰਤਨਾਂ ਵਿਚੋਂ ਇਕ ਸੀ। ਇਸੇ ਤਰ੍ਹਾਂ ਵਿਜੈਨਗਰ ਦੇ ਸ਼ਾਸਕ ਕਿਸ਼ਨ ਦੇਵ ਰਾਏ ਦੇ ਦਰਬਾਰ ਦੇ 8 ਰਤਨਾਂ 'ਚੋਂ ਇਕ ਰਾਮਲਿੰਗ ਸੀ ਜੋ ਬਾਅਦ ਵਿਚ ਤੇਨਾਲੀ ਰਾਮ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਗ਼ਰੀਬ ਤੇ ਮੁਫ਼ਲਿਸ ਹੋਣ ਦੇ ਬਾਵਜੂਦ ਉਹ ਤਰਕ ਭਰੀ ਸਿਆਣਪ ਨਾਲ ਲਬਰੇਜ਼ ਸੀ। ਤਰਕਸ਼ੀਲ ਆਗੂ ਸਰਜੀਤ ਤਲਵਾਰ ਨੇ ਇਨ੍ਹਾਂ ਦੋਵਾਂ ਪਾਤਰਾਂ ਦੁਆਲੇ ਖਿਲਰੀਆਂ ਅਨੇਕਾਂ ਕਹਾਣੀਆਂ ਵਿਚੋਂ 60 ਕਹਾਣੀਆਂ ਦੀ ਚੋਣ ਕੀਤੀ ਹੈ, ਜਿਸ ਦੀ ਸੰਪਾਦਨਾ ਤਰਕ ਭਾਰਤੀ ਪ੍ਰਕਾਸ਼ਨ ਦੇ ਮਾਲਕ ਅਮਿਤ ਮਿੱਤਰ ਨੇ ਕੀਤੀ ਹੈ।
ਇਨ੍ਹਾਂ ਕਹਾਣੀਆਂ ਵਿਚ ਬੌਧਿਕ ਹੁਲਾਸ, ਬਿਲਾਸ ਤੇ ਤਰਕ ਆਪਣਾ ਜਲਵਾ ਦਿਖਾਉਂਦਾ ਪ੍ਰਤੀਤ ਹੁੰਦਾ ਹੈ। ਰਾਜਾ ਕਿਸ਼ਨ ਦੇਵ ਰਾਏ ਵਾਰ-ਵਾਰ ਤੇਨਾਲੀ ਰਾਮ ਦੀ ਸਿਆਣਪ ਦੀ ਪ੍ਰੀਖਿਆ ਲੈਂਦਾ ਹੈ ਤੇ ਤੇਨਾਲੀ ਰਾਮ ਆਪਣੀ ਬੌਧਿਕ ਚਤੁਰਾਈ ਕਾਰਨ ਹਰ ਵਾਰ ਸਫ਼ਲ ਹੁੰਦਾ ਹੈ। ਉਸ ਕੋਲ ਰਾਜਾ ਦੀ ਹਰ ਸਮੱਸਿਆ ਦਾ ਹੱਲ ਹੈ ਤੇ ਹਰ ਅੜਾਉਣੀ ਦੀ ਵਿਆਖਿਆ ਹੈ। ਰਾਜ ਦਰਬਾਰ 'ਚ ਦੂਸਰੇ ਲੋਕ ਸਾੜੇ ਦੇ ਮਾਰੇ ਹੋਏ ਹਨ। ਉਹ ਵੀ ਤੇਨਾਲੀ ਰਾਮ ਸਾਹਵੇਂ ਅਨੇਕਾਂ ਅੜਿੱਕੇ ਡਾਹੁੰਦੇ ਹਨ ਪਰ ਤੇਨਾਲੀ ਦੀ ਤੇਜ਼ ਬੁੱਧੀ ਸਾਹਵੇਂ ਉਨ੍ਹਾਂ ਦੀ ਇਕ ਨਹੀਂ ਚਲਦੀ। ਹਰ ਵਾਰ ਉਹ ਮੂੰਹ ਦੀ ਖਾਂਦੇ ਹਨ। ਤੇਨਾਲੀ ਰਾਮ ਸੱਚਾ ਸੁਆਮੀ ਭਗਤ ਹੈ ਤੇ ਬਗੈਰ ਕਿਸੇ ਲੋਭ ਲਾਲਚ ਦੇ ਰਾਜ ਦੀ ਸੇਵਾ ਕਰਦਾ ਹੈ। ਹੱਦ ਦਰਜੇ ਦਾ ਅਣਖੀ ਤੇ ਸਵੈਮਾਨੀ ਹੈ। ਬੌਧਿਕ ਹਾਸ-ਬਿਲਾਸ ਹਾਸ-ਵਿਅੰਗ ਦੀ ਅਜਿਹੀ ਸ਼ੈਲੀ ਹੈ ਜਿਸ ਵਿਚ ਸ੍ਰੋਤਾ ਖੁੱਲ੍ਹ ਕੇ ਨਹੀਂ ਹੱਸਦਾ। ਸਗੋਂ ਮਿੰਨਾ-ਮਿੰਨਾ ਬੁੱਲ੍ਹਾਂ 'ਚ ਹੀ ਮੁਸਕਰਾਉਂਦਾ ਹੈ। ਇਹ ਮੁਸਕਰਾਹਟ ਬੁੱਧੀ ਰਾਹੀਂ ਆਉਂਦੀ ਹੈ। ਸਮਝ ਰਾਹੀਂ ਮਹਿਸੂਸ ਹੁੰਦੀ ਹੈ। ਇਨ੍ਹਾਂ ਕਹਾਣੀਆਂ ਨੂੰ ਪੜ੍ਹ-ਪੜ੍ਹ ਕੇ ਪਾਠਕ ਨੂੰ ਹੁਲਾਸ ਮਹਿਸੂਸ ਹੁੰਦਾ ਹੈ। 'ਸ਼ਰਧਾਂਜਲੀ' ਕਹਾਣੀ ਉੱਤਮ ਹੈ ਜੋ ਹਾਸ-ਵਿਅੰਗ ਦੀ ਸ੍ਰੇਸ਼ਠਤਾ ਜ਼ਾਹਰ ਕਰਦੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਝੀਥਾਂ ਵਿਚਲਾ ਚਾਨਣ
ਲੇਖਕ : ਰਣਜੀਤ ਗੌਰਵ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ (ਸਜਿਲਦ), ਸਫ਼ੇ : 88
ਸੰਪਰਕ : 94630-22779.

'ਝੀਥਾਂ ਵਿਚਲਾ ਚਾਨਣ+ ਕਾਵਿ-ਸੰਗ੍ਰਹਿ ਲੇਖਕ ਨੇ ਸੰਸਾਰ ਪ੍ਰਸਿੱਧ ਪੁਸਤਕ 'ਮੇਰਾ ਦਾਗਿਸਤਾਨ' ਦੇ ਰਚੈਤਾ ਜ਼ਹੀਨ ਲੇਖਕ ਰਸੂਲ ਹਮਜ਼ਾਤੋਵ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕੁੱਲ 56 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ: ਰਵਿੰਦਰ ਸਿੰਘ ਸੰਧੂ ਅਤੇ ਰਣਜੀਤ ਗੌਰਵ ਦੇ ਇਸ ਕਾਵਿ-ਸੰਗ੍ਰਹਿ ਸਬੰਧੀ ਲਿਖੇ ਲੇਖ ਸ਼ਾਮਿਲ ਹਨ। ਪ੍ਰੋ: ਗੁਰਭਜਨ ਸਿੰਘ ਗਿੱਲ, ਰਣਜੀਤ ਗੌਰਵ ਦੀ ਕਵਿਤਾ ਨੂੰ 'ਜ਼ਿੰਦਗੀ ਦੇ ਕਾਰ ਵਿਹਾਰ ਵਿਚੋਂ ਨੁਕਰੇ ਲੱਗੇ ਬੰਦੇ ਬਾਤ ਪਾਉਣਾ' ਕਹਿੰਦਾ ਹੈ ਜਦੋਂ ਕਿ ਪ੍ਰੋ: ਰਵਿੰਦਰ ਸਿੰਘ ਸੰਧੂ ਦੇ ਅਨੁਸਾਰ ਉਸ ਦੀ ਕਵਿਤਾ 'ਸਾਧਾਰਨ ਮਾਨਵ ਦੇ ਸਮਕਾਲੀ ਯਥਾਰਥ ਤੇ ਪ੍ਰਤੀਰੋਧ ਦੀ ਕਵਿਤਾ' ਹੈ। ਉਸ ਦੇ ਆਪਣੇ ਕਥਨ ਅਨੁਸਾਰ 'ਕਵਿਤਾ ਤਾਂ ਸਾਡੇ ਆਲੇ-ਦੁਆਲੇ ਹਮੇਸ਼ਾ ਰਹਿੰਦੀ ਹੈ। ਜਦੋਂ ਕੋਈ ਕਵੀ ਆਪਣੇ ਚੇਤਨ ਮਨ ਵਿਚ ਇਸ ਦੀਆਂ ਸਤਰਾਂ ਦਾ ਸੰਪਾਦਨ ਕਰ ਲੈਂਦਾ ਹੈ ਤਾਂ ਉਹ ਕਵਿਤਾ ਬਣ ਜਾਂਦੀ ਹੈ ਤੇ ਬਹੁਤ ਸਾਰੀਆਂ ਕਵਿਤਾਵਾਂ ਸਾਡੇ ਮਨ 'ਚ ਵਰ੍ਹਿਆਂ ਤੋਂ ਤੁਰੀਆਂ ਫਿਰਦੀਆਂ ਰਹਿੰਦੀਆਂ ਹਨ। ਕਦੇ ਉਹ ਕਲਮ ਦੀ ਨੋਕ 'ਤੇ ਆ ਕਾਗਜ਼ 'ਤੇ ਉਕਰ ਜਾਂਦੀਆਂ ਹਨ।' ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਪਾਠਕ ਸਾਧਾਰਨ ਵਰਤਾਰਿਆਂ ਦੇ ਬਿਰਤਾਂਤ ਰਾਹੀਂ ਵੱਡੀਆਂ ਕਲਪਨਾਵਾਂ ਦਾ ਸੰਚਾਰ ਦਿਮਾਗ 'ਚ ਹੁੰਦਾ ਪ੍ਰਤੀਤ ਕਰਦਾ ਹੈ ਕਿਉਂਕਿ ਇਹ ਕਵਿਤਾਵਾਂ ਕਲਪਨਾਵਾਂ ਦੇ ਸੁਪਨ-ਦੇਸ਼ ਦੀਆਂ ਬਾਤਾਂ ਪਾਉਣ ਦੀ ਥਾਵੇਂ ਕਰੂਰ ਸਮਕਾਲੀ ਯਥਾਰਥ ਦਾ ਸੁਚੇਤ ਪੱਧਰ 'ਤੇ ਬਿਰਤਾਂਤ ਸਿਰਜਦੀਆਂ ਹਨ। ਕਵਿਤਾ 'ਚ ਬਿਰਤਾਂਤ ਸਿਰਜਣਾ ਬਹੁਤ ਘੱਟ ਕਵੀਆਂ ਦੇ ਹਿੱਸੇ ਆਇਆ ਹੈ ਪਰ ਰਣਜੀਤ ਗੌਰਵ ਦੀਆਂ ਬਹੁਤੀਆਂ ਕਵਿਤਾਵਾਂ ਵਿਰੋਧੀ ਪੈਟਰਨ ਸਿਰਜਦੀਆਂ ਹੋਈਆਂ ਉਸ ਦਾ ਬਿਰਤਾਂਤ ਸਿਰਜਦੀਆਂ ਹਨ। ਉਸ ਦੀਆਂ ਕਵਿਤਾਵਾਂ ਦਾ ਵਿਸ਼ੇਸ਼ ਗੁਣ ਹੈ ਕਿ ਉਹ ਕਵਿਤਾ ਬਣਾਉਣ ਸਮੇਂ ਸਪਾਟ ਅਤੇ ਉੱਚੀ ਸੁਰ 'ਚ ਨਹੀਂ ਜਾਂਦਾ, ਸਗੋਂ ਮਨੋਭਾਵਾਂ ਅਤੇ ਵਿਚਾਰ ਭਾਵਾਂ ਦਾ ਸਹੀ ਸਮਤੋਲ ਬਿਠਾ ਕੇ ਸਹਿਜ ਭਾਅ ਆਪਣੀ ਗੱਲ ਪਾਠਕ ਤੱਕ ਪਹੁੰਚਾਉਣ 'ਚ ਸਫ਼ਲ ਹੋ ਜਾਂਦਾ, ਅਜੋਕੇ ਨਵ-ਪੂੰਜੀਵਾਦੀ ਦੌਰ 'ਚ ਮੰਡੀ ਦੇ ਉਭਾਰ ਅਤੇ ਵਿਸਥਾਰ ਬਾਰੇ ਉਸ ਦੀ ਸਾਫ਼ਗੋਈ, ਸਪੱਸ਼ਟਤਾ, ਪਰਪੱਕ ਸੂਝ ਵਾਲੀ ਦ੍ਰਿਸ਼ਟੀ ਦੀ ਤਰਜਮਾਨੀ ਕਰਦੀਆਂ ਇਹ ਸਤਰਾਂ ਦੇਖਣਯੋਗ ਹਨ
.... ਉਸ ਦੀ ਸੁੱਚੀ ਮਿਹਨਤ
ਬਦਲ ਗਈ ਹੈ
ਕੁਝ ਰੁਪਿਆਂ 'ਚ
ਪਰ ਉਹਨਾਂ ਰੁਪਿਆਂ ਦਾ ਮੁੱਲ
ਕੁਝ ਵੀ ਨਹੀਂ ਹੈ ਮੰਡੀ ਵਿਚ
ਮੰਡੀ ਜੋ ਭਗਵਾਨ ਹੈ ਸਾਡਾ
ਤੇ ਇਸ਼ਤਿਹਾਰ ਦੇਣ ਤੇ.... (ਮੇਰੀ ਬੇਟੀ)
ਰਣਜੀਤ ਗੌਰਵ ਦੀ ਕਵਿਤਾ 'ਚ ਮਿਠਾਸ ਤੇ ਕੜਵਾਹਟ 'ਚ ਸਮਤੋਲ ਹੈ, ਉਸ ਦੀ ਭਾਸ਼ਾ ਸਾਧਾਰਨ ਹੋਣ ਦੇ ਬਾਵਜੂਦ ਅਨੇਕਾਂ ਪਰਤਾਂ 'ਚ ਵਿਚਰਦੀ ਹੈ, ਇਸੇ ਲਈ ਇਨ੍ਹਾਂ ਕਵਿਤਾਵਾਂ ਵਿਚ ਜੁਝਾਰੂ ਮਨੁੱਖ ਦੀ ਸਿਰਜਣਾ ਦਾ ਸੰਕਲਪ ਸਾਧਾਰਨਤਾ ਵਿਚ ਹੀ ਸਮੋਇਆ ਪਿਆ ਹੈ। ਉਹ ਕੋਮਲ ਵੀ ਹੈ ਅਤੇ ਖਰਵਾ ਵੀ ਹੈ। ਨਵੇਂ ਨਕੋਰ ਬਿੰਬ ਵੀ ਉਸ ਦੀ ਕਵਿਤਾ ਦਾ ਵਿਸ਼ੇਸ਼ ਲੱਛਣ ਹਨ।
ੲ ਦੀਵਾ ਵਿਰਾ ਕੇ ਚਾਨਣ ਨੂੰ
ਚੋਰਾਂ ਦੇ ਨਾਲ ਰਲ ਗਿਆ
ਆਸ਼ਾਵਾਦ ਉਸ ਦੀ ਕਵਿਤਾ ਦਾ ਇਕ ਹੋਰ ਗੁਣ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਸਮਕਾਲੀ ਪੰਜਾਬੀ ਕਵਿਤਾ
ਨਾਰੀ ਪਰਿਪੇਖ
ਲੇਖਿਕਾ : ਸੁਨੀਤਾ ਸ਼ਰਮਾ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 266
ਸੰਪਰਕ : 95920-95474.

ਨਾਰੀਵਾਦ ਇਕ ਮਹੱਤਵਪੂਰਨ ਲਹਿਰ ਤੇ ਵਿਚਾਰਧਾਰਾ ਹੈ। ਆਧੁਨਿਕ ਸਮਿਆਂ ਵਿਚ ਔਰਤ ਨੂੰ ਭਾਵੇਂ ਸਮਾਨ ਅਧਿਕਾਰ, ਵਿਕਾਸ ਤੇ ਰੁਜ਼ਗਾਰ ਦੇ ਸਮਾਨ ਮੌਕੇ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਹੋਂਦ ਦੀ ਪਛਾਣ ਅਜੇ ਵੀ ਅਧੂਰੀ ਹੈ। ਹਥਲੀ ਪੁਸਤਕ ਵਿਚ ਸੁਨੀਤਾ ਸ਼ਰਮਾ ਨੇ ਪੰਜਾਬੀ ਕਵਿਤਾ ਵਿਚ ਨਾਰੀ ਪਰਿਪੇਖ ਨੂੰ ਵਿਧੀਵਤ ਤੇ ਡੂੰਘੇਰੇ ਅਧਿਐਨ ਨਾਲ ਪੇਸ਼ ਕੀਤਾ ਹੈ।
ਭੂਮਿਕਾ ਤੋਂ ਇਲਾਵਾ ਸੁਨੀਤਾ ਸ਼ਰਮਾ ਨੇ ਇਸ ਪੁਸਤਕ ਨੂੰ ਪੰਜ ਪਾਠਾਂ ਵਿਚ ਤਕਸੀਮ ਕੀਤਾ ਹੈ : ਨਾਰੀਵਾਦ ਅਤੇ ਕਾਵਿ ਦਾ ਨਾਰੀਵਾਦੀ ਅਧਿਐਨ : ਸਿਧਾਂਤਕ ਪਰਿਪੇਖ, ਪੰਜਾਬੀ ਨਾਰੀ ਕਾਵਿ : ਇਤਿਹਾਸਕ ਸਰਵੇਖਣ, 1980 ਤੋਂ ਬਾਅਦ ਦੇ ਪੰਜਾਬੀ ਨਾਰੀ ਕਾਵਿ ਵਿਚ ਮੁਹੱਬਤ ਦੀ ਚਿਹਨਕਾਰੀ, 1980 ਤੋਂ ਬਾਅਦ ਦੇ ਨਾਰੀ ਕਾਵਿ ਵਿਚ ਮਰਦ ਦੀ ਚਿਹਨਕਾਰੀ ਅਤੇ ਪੰਜਾਬੀ ਨਾਰੀ ਕਾਵਿ ਵਿਚ ਯਥਾਰਥ ਤੇ ਸੁਪਨੇ ਦੀ ਸੰਕਲਪਨਾ।
ਸੁਨੀਤਾ ਸ਼ਰਮਾ ਨੇ ਪੰਜਾਬੀ ਕਵਿਤਾ ਵਿਚ ਨਾਰੀ ਬਿੰਬ ਪੇਸ਼ ਕਰਨ ਲਈ ਡੂੰਘਾ ਅਧਿਐਨ ਤੇ ਕਰੜੀ ਮਿਹਨਤ ਕੀਤੀ ਹੈ। ਸਰਲ ਭਾਸ਼ਾ 'ਚ ਲਿਖੀ ਇਹ ਆਲੋਚਨਾਤਮਕ ਪੁਸਤਕ ਸੇਧ ਦੇਣ ਵਾਲੀ ਹੈ ਤੇ ਵਿਧੀ ਤੇ ਦ੍ਰਿਸ਼ਟੀ ਪੱਖੋਂ ਅਰਥ ਪੂਰਨ, ਮੁੱਲਵਾਨ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515
ਫ ਫ ਫ

ਕ੍ਰਿਸ਼ਨ ਚੰਦਰ ਦੀਆਂ ਚੋਣਵੀਆਂ ਕਹਾਣੀਆਂ
ਸੰ: ਡਾ: ਐਸ. ਤਰਸੇਮ
ਅਨੁ: ਮਹਿੰਦਰ ਬੇਦੀ ਜੈਤੋ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 475 ਰੁਪਏ, ਸਫ਼ੇ : 212
ਸੰਪਰਕ : 095015-36644.

ਇਸ ਉਰਦੂ ਤੋਂ ਅਨੁਵਾਦਤ, ਸੰਪਾਦਿਤ ਪੁਸਤਕ ਵਿਚ ਕ੍ਰਿਸ਼ਨ ਚੰਦਰ ਦੀਆਂ ਚੋਣਵੀਆਂ 14 ਕਹਾਣੀਆਂ ਅਤੇ ਇਕ ਨਾਵਲਿੱਟ ਸ਼ਾਮਿਲ ਕੀਤਾ ਗਿਆ ਹੈ। ਇਸ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕੀਤਿਆਂ ਅਨੇਕਾਂ ਵਿਸ਼ੇ ਉਜਾਗਰ ਹੁੰਦੇ ਹਨ, ਮਸਲਨ : ਜੱਟ ਦਾ ਜ਼ਮੀਨ 'ਤੇ ਹੱਕ (ਯਮਲਾ); ਬੰਦਾ ਹੀ ਰੱਬ ਹੈ (... ਤੇ ਦੇਵਤੇ ਗੂੰਗੇ ਹੋ ਗਏ); ਵਿਧਵਾ ਦਾ ਸੰਘਰਸ਼ (ਸ਼ਾਦਾਂ); ਧਰਮ ਰੁਮਾਂਸ 'ਤੇ ਹਾਵੀ (ਕਬਰ); ਪੇਸ਼ਾਵਰ ਤੋਂ ਬੰਬਈ ਤੱਕ ਕਤਲੋਗਾਰਤ ਦੇ ਦ੍ਰਿਸ਼-ਭਾਰਤ ਵੰਡ ਸਮੇਂ (ਪੇਸ਼ਾਵਰ ਐਕਸਪ੍ਰੈੱਸ); ਵਸਤਾਂ ਦੀ ਥੁੜ (ਮਿੱਟੀ ਦਾ ਤੇਲ); ਇੱਛਾਵਾਂ ਦਾ ਖੂਨ (ਦੁਨੀਆ ਦੀ ਸਭ ਤੋਂ ਵੱਡੀ ਕਿਤਾਬ); ਯਤੀਮ ਨੂੰ ਗਿਫ਼ਟ (ਨਵੀਂ ਕਮੀਜ਼); ਸੱਜੀ ਬਨਾਮ ਖੱਬੀ ਸੋਚ (ਮਹਾਂਲਕਸ਼ਮੀ ਦਾ ਪੁਲ); ਸੁਤੰਤਰਤਾ ਲਈ ਸ਼ਹੀਦੀ (ਮੈਂ ਇੰਤਜ਼ਾਰ ਕਰਾਂਗਾ); ਰਾਸ਼ਟਰੀ ਬੱਚਤ ਸਕੀਮ ਤੇ ਵਿਅੰਗ (ਬਿੱਲੀ ਤੇ ਮੰਤਰੀ); ਫਾਇਲ ਦੀ ਯਾਤਰਾ (ਜਾਮਨ ਦਾ ਰੁੱਖ); ਸੁਤੰਤਰਤਾ ਸੰਗਰਾਮ : ਨਰਮ ਦਲੀਏ ਬਨਾਮ ਗਰਮ ਦਲੀਏ (ਬੁੱਤ ਜਾਗਦੇ ਨੇ); ਭਾਰਤ ਦਾ ਯਥਾਰਥਕ ਮਿੰਨੀ ਸਫ਼ਰਨਾਮਾ (ਬਾਪੂ ਦੀ ਵਾਪਸੀ) ਆਦਿ, ਨਾਵਲਿੱਟ 'ਗ਼ਦਾਰ' ਵਿਚ ਸੰਨ '47 ਸਮੇਂ ਮੁਟਿਆਰਾਂ, ਨੌਜਵਾਨਾਂ, ਬੱਚਿਆਂ ਅਤੇ ਬੁੱਢਿਆਂ ਦੇ ਹਿਰਦੇਵੇਧਕ ਕਤਲੇਆਮ ਦੇ ਦ੍ਰਿਸ਼ ਰੂਪਮਾਨ ਹੋਏ ਹਨ, ਇਕ ਬੰਨੇ ਮਹਾਜਰ ਨੇ, ਦੂਜੇ ਪਾਸੇ ਸ਼ਰਨਾਰਥੀ। ਹਰਲ ਹਰਲ ਕਰਦੇ ਕਾਤਲਾਂ ਦੇ ਸਮੂਹ ਵਿਖਾਈ ਦਿੰਦੇ ਹਨ। ਨਾਵਲ ਆਸ਼ਾਵਾਦੀ ਦ੍ਰਿਸ਼ਟੀਕੋਣ ਨਾਲ ਸਮਾਪਤ ਹੁੰਦਾ ਹੈ।ਕ੍ਰਿਸ਼ਨ ਚੰਦਰ ਦੀ ਕਲਮ ਪਾਤਰਾਂ ਦਾ ਮੁਹਾਂਦਰਾ, ਪ੍ਰਕਿਰਤੀ ਚਿਤਰਨ ਮਨ-ਬਚਨੀਆਂ; ਪ੍ਰਸ਼ੋਨਤਰੀ, ਉੱਤਮ ਪੁਰਖੀ, ਅਨ੍ਰਯ ਪੁਰਖੀ ਸ਼ੈਲੀ ਦੀ ਪ੍ਰਸਤੁਤੀ ਵਿਚ ਸਿਖਰਾਂ ਛੂੰਹਦੀ ਹੈ। ਟੀ.ਐਸ. ਇਲੀਅਟ ਦਾ ਸਿਧਾਂਤ ਆਬਜੈਕਟਿਵ ਕੋਰੀਲੇਟਿਵ ਕਈ ਕਹਾਣੀਆਂ ਵਿਚ ਘਟਨਾਵਾਂ ਨੂੰ ਇਕਮੁੱਠਤਾ ਪ੍ਰਦਾਨ ਕਰਦਾ ਹੈ। ਇਨ੍ਹਾਂ ਆਬਜੈਕਟਿਵ ਕੋਰੀਲੇਟਿਵਾਂ ਵਿਚ 'ਗੱਡੀ', 'ਸਾੜ੍ਹੀਆਂ' ਅਤੇ 'ਬੁੱਤ' ਦੀਆਂ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ। ਕਾਵਿਕ ਸ਼ੈਲੀ ਦੀ ਨਿੱਕੀ ਉਦਾਹਰਨ ਪੇਸ਼ ਹੈ 'ਅੱਖਾਂ 'ਚ ਹੰਝੂ ਨਹੀਂ, ਬੁੱਲਾਂ 'ਤੇ ਕਾਂਬਾ ਨਹੀਂ। ਧੌਣ 'ਚ ਕੋਈ ਹਰਕਤ ਨਹੀਂ... ਤਣ ਕੇ ਸਿੱਧੀ ਤੁਰੀ ਜਾ ਰਹੀ ਸੀਂਇਹ ਅਜੀਬ ਜੇਹੀ ਕੁੜੀ।' ਪੰਨਾ 201. ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਵਿਚ ਮਾਨਵਵਾਦੀ ਅਤੇ ਪ੍ਰਗਤੀਵਾਦੀ ਸੁਰ ਭਾਰੂ ਹੈ। ਅਨੇਕਾਂ ਬਿਰਤਾਂਤ-ਸ਼ਾਸਤਰੀ ਜੁਗਤਾਂ ਦੇ ਅਧਿਐਨ ਲਈ ਪੁਸਤਕ ਆਮੰਤ੍ਰਿਤ ਕਰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਬਹੁਪੱਖੀ ਸ਼ਖ਼ਸੀਅਤ
ਗੁਰਚਰਨ ਵਿਰਕ ਅਰਾਈਆਂ ਵਾਲਾ
ਸੰਪਾਦਕ : ਅਵਿਨਾਸ਼ ਜੱਜ
ਪ੍ਰਕਾਸ਼ਕ : ਪ੍ਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 120
ਮੋ : 99140-39666.

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਦਾ ਗੁਰਚਰਨ ਵਿਰਕ ਸਫ਼ਲ ਗੀਤਕਾਰ, ਨਿਰਦੇਸ਼ਕ ਸੀ। ਅਵਿਨਾਸ਼ ਜੱਜ, ਗੁਰਚਰਨ ਵਿਰਕ ਦੇ ਮਿੱਤਰਾਂ ਵਿੱਚੋਂ ਇੱਕ ਰਿਹਾ ਹੈ। ਗੁਰਚਰਨ ਵਿਰਕ ਦੇ ਤੁਰ ਜਾਣ ਮਗਰੋਂ ਅਵਿਨਾਸ਼ ਨੇ 'ਬਹੁਪੱਖੀ ਸ਼ਖ਼ਸੀਅਤ ਗੁਰਚਰਨ ਵਿਰਕ ਅਰਾਈਆਂ ਵਾਲਾ' ਪੁਸਤਕ ਸੰਪਾਦਤ ਕੀਤੀ ਹੈ, ਜਿਸ ਵਿੱਚ ਵੱਖ-ਵੱਖ ਲੇਖਕਾਂ, ਗਾਇਕਾਂ ਤੇ ਸਰੋਤਿਆਂ ਦੇ ਵਿਚਾਰ ਦਰਜ ਹਨ। ਹਰ ਲੇਖਕ ਨੇ ਗੁਰਚਰਨ ਨਾਲ ਆਪਣੀ ਸਾਂਝ ਤੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੁਸਤਕ ਵਿਚ ਨਿੰਦਰ ਘੁਗਿਆਣਵੀ, ਹਰਜਿੰਦਰ ਬੱਲ, ਸਰਦੂਲ ਸਿਕੰਦਰ, ਮਦਨ ਜਲੰਧਰੀ, ਨਰਿੰਜਨ ਸਿੰਘ ਵਿਰਕ, ਜਰਨੈਲ ਘੁਮਾਣ, ਭਿੰਦਰ ਡੱਬਵਾਲੀ, ਗੁਰਮੇਲ ਬਰਾੜ, ਜਗਤਾਰ ਜੱਗੀ, ਮਨਪ੍ਰੀਤ ਬਰਾੜ, ਮਨਜੀਤ ਰੂਪੋਵਾਲੀਆ, ਰੁਪਿੰਦਰ ਹਾਂਡਾ, ਕਰਮਜੀਤ ਅਨਮੋਲ, ਧਰਮ ਕੰਮੇਆਣਾ, ਪ੍ਰਕਾਸ਼ ਗਾਧੂ, ਜੱਸੀ ਸੋਹਲ, ਹਰਭਜਨ ਸ਼ੇਰਾ, ਪ੍ਰਗਟ ਭਾਗੂ, ਰਣਜੀਤ ਬਾਵਾ, ਜਸਜੀਤ ਸਿੰਘ ਧਾਮੀ , ਸਪਨ ਮਨਚੰਦਾ ਤੇ ਹੋਰ ਲੇਖਕਾਂ ਦੇ ਵਿਚਾਰ ਦਰਜ ਹਨ।
ਸਭ ਨੇ ਗੁਰਚਰਨ ਵਿਰਕ ਦੀ ਸ਼ਖ਼ਸੀਅਤ ਦਾ ਸਹੀ ਮੁਲਾਂਕਣ ਕੀਤਾ ਹੈ। ਗੁਣੀ ਬੰਦੇ ਦੇ ਗੁਣਾਂ ਬਾਰੇ ਲਿਖਿਆ ਹੈ। ਚੰਗੀਆਂ ਪੈੜਾਂ ਪਾਉਣ ਵਾਲੇ ਲੋਕਾਂ ਦੇ ਜਾਣ ਮਗਰੋਂ ਇਹੋ ਜਿਹੇ ਸ਼ਬਦ ਲਿਖੇ ਜਾਣੇ ਮਾਇਨੇ ਰੱਖਦੇ ਹਨ।
ਕਿਤਾਬ ਦੇ ਅਖੀਰ ਵਿਚ ਗੁਰਚਰਨ ਵਿਰਕ ਦੇ ਜੀਵਨ ਸਫ਼ਰ ਨਾਲ ਸਬੰਧਤ ਕੁਝ ਤਸਵੀਰਾਂ ਛਾਪੀਆਂ ਗਈਆਂ ਹਨ। ਇਹ ਕਿਤਾਬ ਇਕ ਮਿਹਨਤੀ ਗੀਤਕਾਰ ਤੇ ਨਿਰਦੇਸ਼ਕ ਦੇ ਪੰਧ ਨੂੰ ਬਿਆਨ ਕਰਨ ਵਾਲੀ ਹੈ, ਜੋ ਪੜ੍ਹਨਯੋਗ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਦਿੱਲੀ ਤੋਂ ਲੰਡਨ
ਨਾਵਲਕਾਰ : ਕਰਨੈਲ ਸਿੰਘ ਨਿੱਝਰ
ਪ੍ਰਕਾਸ਼ਕ : ਸੁੰਦਰ ਬੁੱਕ ਡੀਪੂ, ਜਲੰਧਰ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 0181-2623184.

ਮਰਹੂਮ ਸਾਹਿਤਕਾਰ ਕਰਨੈਲ ਸਿੰਘ ਨਿੱਝਰ ਦੇ ਮਰਨ ਉਪਰੰਤ ਛਪਿਆ ਉਨ੍ਹਾਂ ਦਾ ਇਹ ਨਾਵਲ ਤਕਨੀਕੀ ਪੱਖੋਂ ਵਿਲੱਖਣ ਪ੍ਰਭਾਵ ਛੱਡਦਾ ਹੈ। ਸਾਹਿਤ-ਵਿਧਾ ਵਾਰਤਕ ਦੀ ਸ਼ੈਲੀ ਵਿਚ ਲਿਖਿਆ ਇਹ ਨਾਵਲ ਸਾਹਿਤ ਦੀ ਇਕ ਹੋਰ ਵੰਨਗੀ 'ਸਫ਼ਰਨਾਮਾ' ਦੀ ਵਰਤੋਂ ਕਰਕੇ ਸਿਰਜਿਆ ਗਿਆ ਹੈ। ਇਸ ਨਾਵਲ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਉੱਤਮ ਪੁਰਖ ਸ਼ੈਲੀ 'ਮੈਂ' ਰਾਹੀਂ ਇਕ ਹੀ ਕਾਂਡ ਵਿਚ ਸਮੁੱਚੀ ਕਥਾ ਸਮੇਟੀ ਗਈ ਹੈ। ਨਾਵਲ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਨਾਵਲ ਦਾ ਇਕ ਪਾਤਰ ਜੋ ਕਿ ਇਸ ਨਾਵਲ ਦਾ ਨਾਇਕ ਹੈ, ਆਪਣੇ ਮਿੱਤਰ ਪਿਆਰੇ ਕਰਨੈਲ ਨੂੰ ਪੱਤਰ ਲਿਖ ਰਿਹਾ ਹੈ ਜੋ ਕਿ ਇਹ ਪੱਤਰ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਬੈਠਾ ਲਿਖ ਰਿਹਾ ਹੈ। ਨਾਵਲ ਦੇ ਆਰੰਭ ਵਿਚ ਹੀ ਨਾਵਲਕਾਰ ਆਪਣੇ ਨਾਵਲ ਲਿਖਣ ਦੇ ਉਦੇਸ਼ ਦਾ ਪਹਿਲ ਨੁਕਤਾ ਬਿਆਨ ਕਰ ਦਿੰਦਾ। ਬਾਹਰਲੇ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨਾਲ ਹਵਾਈ ਅੱਡੇ ਦੇ ਅਧਿਕਾਰੀ ਕਿਵੇਂ ਲਾਲਚ ਭਰਿਆ ਸਲੂਕ ਕਰਦੇ ਹੋਏ ਮਾਨਸਿਕ ਪ੍ਰੇਸ਼ਾਨੀ ਪੈਦਾ ਕਰਦੇ ਹਨ, ਇਸ ਨਾਵਲ ਤੋਂ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ। ਇਸ ਦੇ ਨਾਲ ਹਵਾਈ ਜਹਾਜ਼ ਵਿਚ ਵਿਛੋੜੇ ਅਤੇ ਮਿਲਾਪ ਦਾ ਜੋ ਮਾਹੌਲ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ, ਉਹ ਨਾਵਲ ਦੇ ਮੁੱਖ ਪਾਤਰ 'ਮੈਂ' ਦੀ ਮਾਨਸਿਕ ਦਸ਼ਾ ਦੀ ਲਲਕ ਦਿਖਾਉਂਦਾ ਹੈ। ਨਾਵਲ ਦੀ ਨਾਇਕਾ ਸੁਰਿੰਦਰ ਕੌਰ ਦੇ ਹਵਾਈ ਜਹਾਜ਼ ਦੇ ਸਫ਼ਰ ਸਬੰਧੀ ਅਨੁਭਵ ਵੀ ਇਸ ਨਾਵਲ ਨੂੰ ਪੜ੍ਹ ਕੇ ਉੱਭਰ ਕੇ ਸਾਹਮਣੇ ਆਉਂਦੇ ਹਨ। ਨਾਵਲਕਾਰ ਕਰਨੈਲ ਸਿੰਘ ਨਿੱਝਰ ਦੇ ਇਸ ਨਾਵਲ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਛਾਪਣ ਦਾ ਸ਼ਲਾਘਾਯੋਗ ਉੱਦਮ ਕਰਨ ਵਾਲੇ ਸਾਹਿਤਕਾਰ ਡਾ: ਜਸਵੰਤ ਬੇਗੋਵਾਲ ਇਸ ਯਾਦਗਾਰੀ ਰਚਨਾ ਦੇ ਮੁੱਖ ਬੰਦ ਵਿਚ ਇਸੇ ਲਈ ਇੰਜ ਲਿਖਦੇ ਹਨ, 'ਮੈਂ ਜਦੋਂ ਅੱਗੇ ਮੁੜ ਗਈ ਸਾਂ ਤਾਂ ਮੇਰੇ ਹਸਬੈਂਡ ਮੈਨੂੰ ਬੀਅਰ ਪਿਆਉਂਦੇ ਗਏ।' ਇਹ ਬੋਲ ਇਕ ਔਰਤ ਦੇ ਵਿਦੇਸ਼ ਜਾਣ ਦੇ ਅਨੁਭਵ ਦਾ ਕੌੜਾ ਪ੍ਰਭਾਵ ਪ੍ਰਗਟਾਉਂਦੇ ਹਨ। ਵਿਦੇਸ਼ੀ ਲਾੜਿਆਂ ਨਾਲ ਪੰਜਾਬ ਤੋਂ ਜਾਣ ਵਾਲੀਆਂ ਲੜਕੀਆਂ ਕਿਹੜੇ-ਕਿਹੜੇ ਕਸ਼ਟ ਝਲਦੀਆਂ ਹਨ, ਇਹ ਵੀ ਇਸ ਨਾਵਲ ਦੇ ਉਦੇਸ਼ ਨੂੰ ਸਪੱਸ਼ਟ ਕਰਦਾ ਹੈ। ਸਵਰਗੀ ਨਾਵਲਕਾਰ ਕਰਨੈਲ ਸਿੰਘ ਨਿੱਝਰ ਦੇ ਇਸ ਵਿਲੱਖਣ ਨਾਵਲ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ। ਇਹੋ ਹੀ ਉਨ੍ਹਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।

ਫ ਫ ਫ

ਸੰਦਲੀ ਖੇੜਾ
ਨਾਵਲਕਾਰ : ਬਚਨ ਬੇਦਿਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98786-75449.

ਇਸ ਨਾਵਲ ਨੂੰ ਪੜ੍ਹ ਕੇ ਨਾਵਲਕਾਰ ਬਚਨ ਬੇਦਿਨ ਦੀ ਬਾਕਮਾਲ ਮੌਲਿਕ ਰਚਨਾ ਸ਼ਕਤੀ ਦਾ ਅਇਹਸਾਸ ਹੁੰਦਾ ਹੈ। ਉਸ ਦੀ ਕਲਪਨਾ ਸ਼ਕਤੀ ਦਾ ਕਮਾਲ ਇਹ ਹੈ ਕਿ ਉਸ ਨੇ ਇਸ ਨਾਵਲ ਵਿਚ ਸੰਦਲੀ ਖੇੜਾ ਨਾਂਅ ਦਾ ਇਕ ਪਿੰਡ ਉਸਾਰਿਆ ਹੈ। ਪੰਜਾਬ ਦੇ ਮਾਲਵੇ ਖਿੱਤੇ ਵਿਚ ਉਸਾਰੇ ਉਸ ਦੇ ਇਸ ਪਿੰਡ ਦਾ ਨਾਂਅ ਸੰਦਲੀ ਖੇੜਾ ਹੀ ਉਸ ਦੇ ਨਾਵਲ ਦਾ ਸਿਰਨਾਵਾਂ ਬਣਿਆ ਹੈ। ਇਸ ਵਿਚਾਰ ਨੂੰ ਨਾਵਲਕਾਰ ਨਾਵਲ ਦੇ ਮੁੱਖ ਬੰਦ 'ਚ ਇੰਜ ਪ੍ਰਗਟਾਉਂਦਾ ਹੈ, 'ਸੰਦਲੀ ਖੇੜਾ ਮੇਰੇ ਖਿਆਲਾਂ ਵਿਚ ਆਬਾਦ ਹੋਇਆ, ਮੁਹੱਬਤੀ ਰੰਗ ਵਿਚ ਰੰਗੀਆਂ ਕੱਚੀਆਂ-ਪੱਕੀਆਂ ਇੱਟਾਂ ਦਾ ਇਕ ਪਿੰਡ ਹੈ।' ਨਾਵਲ ਦੇ ਪਾਤਰ ਮਲਵਈ ਰੰਗਣ ਵਿਚ ਰੰਗੇ ਹੋਏ ਹਨ, ਜਿਨ੍ਹਾਂ ਦੀ ਬੋਲੀ ਠੇਠ ਮਲਵਈ ਹੈ।
ਪਿਆਰ ਦੀ ਕਹਾਣੀ 'ਤੇ ਆਧਾਰਿਤ ਇਸ ਨਾਵਲ 'ਚ ਦੋ ਪ੍ਰੇਮੀ ਪ੍ਰੀਤਮ ਅਤੇ ਪੰਜਾਬ ਕੌਰ ਰੂਹਾਂ ਦੇ ਪਿਆਰ ਨਾਲ ਬੱਝ ਜਾਂਦੇ ਹਨ ਪਰ ਉਹ ਸਮਾਜਿਕ ਬੰਧਨਾਂ ਵਿਚ ਬੱਝੇ ਰਿਸ਼ਤਿਆਂ ਦੀ ਸੱਚੀ-ਸੁੱਚੀ ਮਰਯਾਦਾ ਨੂੰ ਨਿਭਾਉਂਦੇ ਹਨ। ਇਥੇ ਵੀ ਮਰਦ ਪ੍ਰਧਾਨ ਸਮਾਜ ਦੀ ਜ਼ਿੱਦ ਕਰਕੇ ਦੋ ਪ੍ਰੇਮੀਆਂ ਨੂੰ ਪੂਰੀ ਜ਼ਿੰਦਗੀ ਅਧੂਰੀ ਮੁਹੱਬਤ ਦਾ ਦਰਦ ਹੰਢਾਉਂਦਿਆਂ ਧੁੱਖ-ਧੁੱਖ ਕੇ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ। ਬੇਦਿਲ ਦੀ ਸ਼ਾਇਰੀ ਦੇ ਰੰਗ ਵਿਚ ਇਸ ਨਾਵਲ ਦੀ ਭਾਸ਼ਾ ਮਨ ਨੂੰ ਧੂਹ ਪਾਉਂਦੀ ਹੈ। ਕਹਾਣੀ ਦੀ ਪੇਸ਼ਕਾਰੀ ਇਸ ਨਾਵਲ ਦਾ ਮਹੱਤਵਪੂਰਨ ਗੁਣ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਨੀਹਾਂ ਅਤੇ ਚੁਗਾਠਾਂ
ਨਾਵਲਕਾਰ : ਡਾ: ਇੰਦੂ ਬਾਲਾ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 91
ਸੰਪਰਕ : 98140-99429.

ਨਾਵਲ 'ਨੀਹਾਂ ਤੇ ਚੁਗਾਠਾਂ' ਦੀ ਬਿਰਤਾਂਤਕ ਤੋਰ ਵਿਚ ਜਿਥੇ ਨਾਵਲਕਾਰ ਨੇ ਪਿਆਰ ਨੂੰ ਜ਼ਿੰਦਗੀ ਦਾ ਆਦਰਸ਼ ਬਣਾ ਕੇ ਪੇਸ਼ ਕੀਤਾ ਹੈ, ਉਥੇ ਪਿਆਰ ਦੇ ਰਸਤੇ ਵਿਚ ਆਉਂਦੀਆਂ ਮੁਸ਼ਕਿਲਾਂ ਮਿਸਾਲ ਵਜੋਂ ਆਰਥਿਕਤਾ ਅਤੇ ਵਿਸ਼ੇਸ਼ ਕਰਕੇ ਜਾਤ-ਪਾਤ ਨੂੰ ਕੇਂਦਰੀ ਵਿਸ਼ੇ ਦੇ ਰੂਪ ਵਿਚ ਚਿਤਰਨ ਦਾ ਯਤਨ ਕੀਤਾ ਹੈ। ਸਿਮਰਨ ਅਤੇ ਸਿਮਰਜੋਤ ਦੇ ਪਿਆਰ ਨੂੰ ਪੇਸ਼ ਕਰਦਿਆਂ ਉਨ੍ਹਾਂ ਦੀ ਸਖ਼ਸੀਅਤ ਨੂੰ ਵੀ ਆਦਰਸ਼ਵਾਦੀ ਛੋਹਾਂ ਦਿੱਤੀਆਂ ਹਨ। ਮਸਲਨ ਦੋਵੇਂ ਇਕੋ ਇਲਾਕੇ ਦੇ ਹਨ, ਸੋਹਣੇ ਵੀ ਹਨ ਅਤੇ ਪੜ੍ਹਾਈ ਵਿਚ ਵੀ ਹੁਸ਼ਿਆਰ ਹਨ। ਪਿਆਰ ਸਿਰੇ ਇਸ ਕਰਕੇ ਨਹੀਂ ਚੜ੍ਹਦਾ ਕਿਉਂਕਿ ਦੋਵੇਂ ਵੱਖ-ਵੱਖ ਜਾਤੀਆਂ ਨਾਲ ਸਬੰਧ ਰੱਖਦੇ ਹਨ। ਇਸ ਦੇ ਨਾਲ ਹੀ ਨਾਵਲ ਦੀ ਬਿਰਤਾਂਤਕ ਕੈਨਵਸ 'ਤੇ ਪੰਜਾਬ ਵਿਚ ਤਤਕਾਲੀ ਸਮੇਂ ਵਿਚ ਖਾੜਕੂਵਾਦੀ ਲਹਿਰ ਦੌਰਾਨ ਪੈਦਾ ਹੋਈ ਉਥਲ-ਪੁਥਲ ਵਾਲੀ ਸਥਿਤੀ ਬਾਰੇ ਵੀ ਨਾਵਲਕਾਰਾ ਨੇ ਭਰਪੂਰ ਰੂਪ ਵਿਚ ਚਰਚਾ ਛੇੜੀ ਹੈ। ਗੁਰਿੰਦਰ ਪੁਲਿਸ ਤੋਂ ਡਰਦਾ ਲਾਪਤਾ ਹੋ ਜਾਂਦਾ ਹੈ। ਬਖ਼ਸ਼ੀਸ਼ ਸਿੰਘ ਬਾਰੇ ਨਾਵਲ ਦੇ ਅਖੀਰ 'ਤੇ ਮਾਰੇ ਜਾਣ ਦੀ ਥਹੁ ਲਗਦੀ ਹੈ ਅਤੇ ਸਿਮਰਜੋਤ ਪੁਲਿਸ ਤੋਂ ਡਰਦਾ ਘਰਦਿਆਂ ਦੇ ਆਖੇ ਲੱਗ ਕੇ ਨਾਜਾਇਜ਼ ਤਰੀਕੇ ਨਾਲ ਇਟਲੀ ਜਾ ਕੇ ਵਸ ਜਾਂਦਾ ਹੈ। ਵਾਪਸ ਭਾਰਤ ਪਰਤਣ 'ਤੇ ਕਪੂਰਥਲਾ ਕਾਲਜ ਦੀ 150ਵੀਂ ਵਰ੍ਹੇਗੰਢ 'ਤੇ ਉਨ੍ਹਾਂ ਦੀ ਮੁਲਾਕਾਤ ਵੀ ਦਿਖਾਈ ਗਈ ਹੈ। ਇਸ ਸਮੇਂ ਸਿਮਰਨ ਜੱਜ ਦੀ ਕੁਰਸੀ 'ਤੇ ਬਿਰਾਜਮਾਨ ਹੋ ਚੁੱਕੀ ਹੁੰਦੀ ਹੈ। ਮੁੱਖ ਵਿਸ਼ੇ ਦੇ ਨਾਲ ਨਾਵਲ ਵਿਚ ਕਈ ਉਪ ਵਿਸ਼ੇ ਵੀ ਛੋਹੇ ਗਏ ਹਨ, ਜਿਨ੍ਹਾਂ ਨੂੰ ਮੌਕਾ ਮੇਲ ਦੀ ਜੁਗਤ ਨਾਲ ਬਿਰਤਾਂਤ ਵਿਚ ਜੋੜਿਆ ਗਿਆ ਹੈ। ਨਾਵਲ ਦਾ ਪਲਾਟ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਨਾਲ ਸਬੰਧਿਤ ਵੇਰਵੇ ਪੇਸ਼ ਕਰਦਾ ਹੈ।

ਫ ਫ ਫ

ਭਰਿ ਸਰਵਰੁ
ਨਾਵਲਕਾਰ : ਦਲੀਪ ਕੌਰ ਟਿਵਾਣਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 109
ਸੰਪਰਕ : 011-23280657.

'ਭਰਿ ਸਰਵਰੁ' ਨਾਵਲ ਦਲੀਪ ਕੌਰ ਟਿਵਾਣਾ ਦਾ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਦੋਸਤਾਂ ਹਰਜੀਤ ਅਤੇ ਕੁਲਦੀਪ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਿਥਿਆ ਨੂੰ ਵਿਵੇਕ ਸਹਿਤ ਚਿਤਰਿਆ ਹੈ। ਟਿਵਾਣਾ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਉਨ੍ਹਾਂ ਪਰਿਵਾਰਕ ਸੰਕਟਾਂ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ, ਜਿਨ੍ਹਾਂ ਨਾਲ ਅੱਜ ਤਕਰੀਬਨ ਬਹੁਤ ਸਾਰੇ ਪੰਜਾਬੀ ਪਰਿਵਾਰ ਜੂਝ ਰਹੇ ਹਨ। ਵਸਤੂ ਜਗਤ ਦਾ ਤਲਿਸਮੀ ਆਕਰਸ਼ਣ ਅਤੇ ਇਸ ਲਈ ਲੱਗੀ ਹੋਈ ਦੌੜ ਜਿਥੇ ਵਿਅਕਤੀ ਕੋਲੋਂ ਉਸ ਦਾ ਸੁਖ-ਚੈਨ ਖੋਹ ਰਹੀ ਹੈ, ਉਥੇ ਉਸ ਨੂੰ ਪਰਿਵਾਰਕ ਮੋਹ ਤੋਂ ਵਿਹੂਣਾ ਕਰਕੇ ਇਕੱਲਤਾ ਵੀ ਪ੍ਰਦਾਨ ਕਰ ਰਹੀ ਹੈ। ਜ਼ਿੰਦਗੀ ਦੀ ਇਸ ਦੌੜ ਭੱਜ ਵਿਚ ਮਨੁੱਖ ਆਪਣੇ ਪਰਿਵਾਰ ਪ੍ਰਤੀ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਅ ਨਹੀਂ ਸਕਦਾ, ਜਿਸ ਦੀ ਪਰਿਵਾਰ ਨੂੰ ਲੋੜ ਹੁੰਦੀ ਹੈ ਅਤੇ ਪਰਿਵਾਰ ਵਿਚ ਕਈ ਤਰ੍ਹਾਂ ਦੇ ਸੰਕਟ ਅਤੇ ਕਲੇਸ਼ ਪੈਦਾ ਹੋ ਜਾਂਦੇ ਹਨ। ਭਾਵੇਂ ਅਸੀਂ ਆਮ ਕਰਕੇ ਭਾਰਤੀ ਲੋਕਾਂ ਦੇ ਪ੍ਰਸੰਗ ਵਿਚ ਕੁਝ ਅਜਿਹੇ ਹਾਲਾਤ ਦੀ ਚਰਚਾ ਜ਼ਿਆਦਾ ਕਰਦੇ ਹਾਂ, ਪਰ ਪਰਵਾਸੀ ਜ਼ਿੰਦਗੀ ਵਿਚ ਇਹ ਸੰਕਟ ਹੋਰ ਗਹਿਰਾ ਹੈ, ਜਿਥੇ ਮਸ਼ੀਨ ਬਣਿਆ ਮਨੁੱਖ ਆਪਣੇ ਪਰਿਵਾਰਕ ਮਾਹੌਲ ਨੂੰ ਸਾਵਾਂ ਰੱਖਣ ਵਿਚ ਅਸਮਰਥ ਰਹਿੰਦਾ ਹੈ।
ਹਰਜੀਤ ਅਤੇ ਕੁਲਦੀਪ ਦੀ ਸੁਖਾਲੀ ਜ਼ਿੰਦਗੀ ਵਿਚ ਅਜਿਹੇ ਭੁਚਾਲ ਆਉਂਦੇ ਹਨ ਕਿ ਦੋਵੇਂ ਦੋਸਤ ਹੀ ਬੜੀ ਦੁੱਖ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦੇ ਹਨ। ਸਿੱਟੇ ਵਜੋਂ ਹਰਜੀਤ ਅਤੇ ਉਸ ਦੇ ਲੜਕੇ ਦੀਪਕ ਦੀ ਮੌਤ ਵੀ ਹੁੰਦੀ ਹੈ ਅਤੇ ਅਮਰੀਕਾ ਵਿਚ ਵਸ ਚੁੱਕੇ ਕੁਲਦੀਪ ਦੇ ਬੇਟੇ ਅੰਕੁਰ ਦੀ ਵੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਇਹ ਸਭ ਕਿਉਂ ਵਾਪਰਦਾ ਹੈ ਇਸ ਦੇ ਕਾਰਨ ਤਲਾਸ਼ਣ ਲਈ ਦਲੀਪ ਕੌਰ ਟਿਵਾਣਾ ਦਾ ਇਹ ਨਾਵਲ ਖਾਸ ਇਸ਼ਾਰੇ ਦਿੰਦਾ ਹੈ। ਪੈਸਾ ਜ਼ਿੰਦਗੀ ਦੀ ਅੰਤਮ ਲੋੜ ਨਹੀਂ, ਸਗੋਂ ਘਰ ਪਰਿਵਾਰ ਵੀ ਬਹੁਤ ਜ਼ਰੂਰੀ ਹੁੰਦਾ ਹੈ। ਬੱਚਿਆਂ ਪ੍ਰਤੀ ਅਵੇਸਲਾਪਣ ਜੀਵਨ ਨੂੰ ਨਰਕ ਬਣਾ ਸਕਦਾ ਹੈ। ਇਹੀ ਨਾਵਲ ਦਾ ਕੇਂਦਰੀ ਥੀਮ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਲੋਕ ਨਾਥ ਵਾਇਆ ਤਰਸਿੱਕਾ
ਲੇਖਕ : ਲੋਕ ਨਾਥ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 375 ਰੁਪਏ, ਸਫ਼ੇ : 272
ਸੰਪਰਕ : 98769-57333.

ਪੁਸਤਕ ਦੇ ਪਹਿਲੇ ਖੰਡ ਵਿਚ ਲੇਖਕ ਆਪਣੇ ਪਿੰਡ ਤਰਸਿੱਕਾ ਦੇ ਸੰਖੇਪ ਇਤਿਹਾਸ, ਆਪਣੇ ਪਰਿਵਾਰਕ ਪਿਛੋਕੜ ਅਤੇ ਬਚਪਨ ਨਾਲ ਜੁੜੀਆਂ ਯਾਦਾਂ ਦੀ ਬਾਤ ਪਾਉਣ ਤੋਂ ਇਲਾਵਾ ਦਸਵੀਂ ਪਾਸ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਅਗਲੇਰੀ ਪੜ੍ਹਾਈ ਲਈ ਦਾਖ਼ਲ ਹੋ ਕੇ ਪੰਜਾਬੀ ਦੇ ਦੁਮਾਲੜੇ ਲੋਕ ਹਿਤੈਸ਼ੀ ਰੰਗ ਮੰਚ ਕਰਮੀ ਗੁਰਸ਼ਰਨ ਭਾਅ ਜੀ ਦੇ ਸੰਪਰਕ ਵਿਚ ਆਉਣ, ਅੰਮ੍ਰਿਤਸਰ ਕਲਾ ਕੇਂਦਰ ਵਿਚ ਸ਼ਾਮਿਲ ਹੋ ਕੇ ਅਨੇਕਾਂ ਡਰਾਮਿਆਂ ਵਿਚ ਭਾਗ ਲੈਣ ਅਤੇ ਗੁਰਸ਼ਰਨ ਬਾਅ ਜੀ ਦੀ ਲਾਸਾਨੀ ਸ਼ਖ਼ਸੀਅਤ ਤੋਂ ਮਿਲੇ ਪਿਆਰ ਅਤੇ ਅਗਵਾਈ ਦਾ ਵਰਨਣ ਸ਼ਰਧਾਪੂਰਵਕ ਸ਼ਬਦਾਂ ਵਿਚ ਕਰਦਾ ਹੈ। ਇਸੇ ਖੰਡ ਵਿਚ ਉਸ ਦੇ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਹੋਣ ਕਰਕੇ ਮੀਸਾ ਅਧੀਨ ਫੜੇ ਜਾਣ ਕਰਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੀ ਤਿੰਨ ਮਹੀਨੇ ਤਿੰਨ ਦਿਨ ਦੀ ਜੇਲ ਯਾਤਰਾ ਦਾ ਮਾਰਮਿਕ ਜ਼ਿਕਰ ਵੀ ਸ਼ਾਮਿਲ ਹੈ।
ਪੁਸਤਕ ਦਾ ਦੂਜਾ ਖੰਡ ਲੋਕ ਨਾਥ ਦੇ ਵਿਦਿਆਰਥੀ ਜੀਵਨ ਅਤੇ ਬੌਧਿਕ ਵਿਕਾਸ ਦੀ ਕਹਾਣੀ ਬਿਆਨ ਕਰਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਿਸੇ ਵੀ ਕਾਲਜ ਵਿਚ ਦਾਖ਼ਲ ਹੋਣ 'ਤੇ ਲੱਗੀ ਪਾਬੰਦੀ ਕਾਰਨ ਲੋਕ ਨਾਥ ਦੇ ਗੁਰਸ਼ਰਨ ਭਾਅ ਦੀ ਸਹਾਇਤਾ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬੀ.ਏ. ਆਨਰਜ਼ ਪੰਜਾਬੀ ਦੀ ਪੜ੍ਹਾਈ ਲਈ ਡਾ: ਹਰਚਰਨ ਸਿੰਘ ਦੇ ਪੰਜਾਬੀ ਵਿਭਾਗ ਵਿਚ ਦਾਖ਼ਲ ਹੋਣ ਕਰਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਕਾਰਜਸ਼ੀਲ ਵਿਦਵਾਨਾਂ ਦੇ ਸੰਪਰਕ ਵਿਚ ਆਉਣ, ਦੇਹਰਾਦੂਨ 'ਚ ਨੌਕਰੀ ਮਿਲਣ, ਕੁਲੀਨ ਵਰਗ ਦੀ ਜੀਵਨ-ਸ਼ੈਲੀ ਤੋਂ ਪ੍ਰਾਪਤ ਹੋਏ ਅਨੁਭਵਾਂ ਅਤੇ ਡਾ: ਬਲਬੀਰ ਸਿੰਘ ਦੀ ਤਲਿਸਮੀ ਸ਼ਖ਼ਸੀਅਤ ਦੇ ਚਲਾਣਾ ਕਰਨ ਉਪਰੰਤ ਦੇਹਰਾਦੂਨ ਨੂੰ ਅਲਵਿਦਾ ਆਖ ਕੇ ਮੁੜ ਪਟਿਆਲੇ ਆ ਕੇ ਡਾ: ਜੀਤ ਸਿੰਘ ਦੇ ਪੰਜਾਬੀ ਵਿਭਾਗ ਵਿਚ ਕਲਰਕ ਲੱਗਣ, ਪੱਤਰ ਵਿਹਾਰ ਰਾਹੀਂ ਬੀ.ਏ. ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਪੰਜਾਬੀ ਵਿਚ ਦਾਖ਼ਲ ਹੋਣ, ਡਾ: ਵਿਸ਼ਵਨਾਥ ਤਿਵਾੜੀ ਦੀ ਨਿਗਰਾਨੀ ਹੇਠ ਪੀ.ਐਚ.ਡੀ. ਦਾ ਸਕਾਲਰ ਬਣਨ ਅਤੇ ਪਬਲਿਕ ਸਰਵਿਸ ਕਮਿਸ਼ਨ ਵਲੋਂ ਕਾਲਜ ਲੈਕਚਰਾਰ ਚੁਣੇ ਜਾਣ ਦੇ ਪ੍ਰਸੰਗਾਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੀ ਵਿਦਵਤਾ ਅਤੇ ਆਪਸੀ ਸ਼ਰੀਕੇਬਾਜ਼ੀ ਨੂੰ ਵੀ ਇਸ ਖੰਡ ਵਿਚ ਅਤਿ ਸੁਹਿਰਦਤਾ ਅਤੇ ਬੇਬਾਕੀ ਨਾਲ ਬਿਆਨ ਕੀਤਾ ਗਿਆ ਹੈ।
ਇਹ ਇਕ ਸਾਧਾਰਨ ਮਨੁੱਖ ਦੇ ਅਣਸੁਖਾਵੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਕਰਕੇ ਆਪਣੇ ਮਨੋਬਲ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਮਨੁੱਖ ਦੀ ਗਾਥਾ ਹੈ, ਜੋ ਪੜ੍ਹਨਯੋਗ ਵੀ ਹੈ ਤੇ ਪ੍ਰੇਰਨਾਦਾਇਕ ਵੀ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਬਸੰਤ ਕੁਰੇ! ਤੂੰ ਮੇਰੇ ਨਾਲ ਚੰਗਾ ਨੀਂ ਕੀਤਾ
ਲੇਖਕ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 99144-19113.

ਪ੍ਰੋ: ਗੁਰਦੇਵ ਸਿੰਘ ਸੰਦੌੜ ਦੀ ਪੁਸਤਕ 'ਬਸੰਤ ਕੁਰੇ! ਤੂੰ ਮੇਰੇ ਨਾਲ ਚੰਗਾ ਨੀਂ ਕੀਤਾ' ਵਿਚ ਇਸੇ ਨਾਂਅ ਦਾ ਇਕ ਲਘੂ ਨਾਟਕ ਹੈ। ਫ਼ੌਜ ਵਿਚੋਂ ਸੇਵਾ-ਮੁਕਤ ਕਪਤਾਨ ਦੀ ਕਹਾਣੀ ਹੈ, ਜਿਸ ਵਿਚ ਮੁੱਖ ਤੌਰ 'ਤੇ ਚਾਰ ਪਾਤਰ ਹਨ ਕਪਤਾਨ ਸਾਹਿਬ, ਪ੍ਰੋਫੈਸਰ ਸਾਹਿਬ, ਬਜ਼ੁਰਗ (ਕਪਤਾਨ ਦਾ ਤਾਇਆ) ਅਤੇ ਸਿੱਖਿਆ ਵਿਭਾਗ ਦੀ ਅਫਸਰ ਮੈਡਮ ਕੰਗ। ਨਾਟਕਕਾਰ ਨੇ ਇਸ ਲਘੂ ਨਾਟਕ ਨੂੰ ਛੋਟੀਆਂ-ਛੋਟੀਆਂ ਤਿੰਨ ਝਾਕੀਆਂ ਰਾਹੀਂ ਪੇਸ਼ ਕੀਤਾ ਹੈ।
ਪਹਿਲੀ ਝਾਕੀ ਰੇਲਵੇ ਫਾਟਕ ਦੀ ਹੈ ਜਿਥੇ ਪ੍ਰੋਫੈਸਰ ਸਕੂਟਰ ਲਈ ਖੜ੍ਹਾ ਹੈ ਅਤੇ ਘਰ ਦੇ ਮਾਹੌਲ ਤੋਂ ਤੰਗ ਕਪਤਾਨ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦਾ-ਕਰਦਾ ਲਾਈਨਾਂ ਤੋਂ ਪਹਿਲਾਂ ਹੀ ਡਿਗ ਪੈਂਦਾ ਹੈ। ਕਪਤਾਨ ਨੂੰ ਪ੍ਰੋਫੈਸਰ ਬਚਾਉਂਦਾ ਹੈ ਅਤੇ ਖ਼ੁਦਕੁਸ਼ੀ ਤੋਂ ਜ਼ਿੰਦਗੀ ਦੇ ਰਾਹ ਤੋਰਦਾ ਹੈ। ਉਥੇ ਹੀ ਮੈਡਮ ਕੰਗ ਦਾ ਮੇਲ ਉਨ੍ਹਾਂ ਨਾਲ ਹੋ ਜਾਂਦਾ ਹੈ। ਮੈਡਮ ਕੰਗ ਕਪਤਾਨ ਨੂੰ ਆਪਣੇ ਘਰ ਲੈ ਜਾਂਦੀ ਹੈ।
ਦੂਸਰੀ ਝਾਕੀ ਸੱਤ ਸਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਦੀ ਹੈ। ਕਪਤਾਨ ਤੇ ਪ੍ਰੋਫੈਸਰ ਫਿਰ ਮਿਲਦੇ ਹਨ। ਕਪਤਾਨ ਦੇ ਘਰ ਜਾਂਦੇ ਹਨ, ਜਿਥੇ ਸਭ ਕੁਝ ਤਬਾਹ ਹੋ ਚੁੱਕਾ ਹੁੰਦਾ। ਕਪਤਾਨ ਦੇ ਬੁੱਢੇ ਮਾਂ-ਬਾਪ ਉਸ ਦੇ ਵਿਯੋਗ ਵਿਚ ਮਰ ਚੁੱਕੇ ਹੁੰਦੇ ਹਨ। ਵੱਡਾ ਮੁੰਡਾ ਖ਼ੁਦਕੁਸ਼ੀ ਕਰ ਚੁੱਕਿਆ ਹੁੰਦਾ ਅਤੇ ਦੋਵੇਂ ਧੀਆਂ ਤੇ ਛੋਟਾ ਮੁੰਡਾ ਮਾੜੇ ਰਾਹਾਂ 'ਤੇ ਤੁਰਦੇ ਹਨ। ਇਸ ਘਰ ਦੀ ਬਰਬਾਦੀ ਦਾ ਕਾਰਨ ਕਪਤਾਨ ਦੀ ਪਤਨੀ ਬਸੰਤ ਕੌਰ ਹੈ, ਜੋ ਕਪਤਾਨ ਦੀ ਗ਼ੈਰ-ਹਾਜ਼ਰੀ ਵਿਚ ਨਾ ਤਾਂ ਔਲਾਦ ਨੂੰ ਹੀ ਸਹੀ ਰਾਹਾਂ 'ਤੇ ਤੋਰ ਸਕੀ ਅਤੇ ਨਾ ਹੀ ਖ਼ੁਦ ਨੂੰ ਚੰਗੀ ਔਰਤ ਸਾਬਤ ਕਰ ਸਕੀ। ਰੂਹ ਅਤੇ ਸਰੀਰ ਦੀ ਖੂਬਸੂਰਤੀ ਗੁਆਉਣ ਤੋਂ ਬਾਅਦ ਅੱਜ ਉਸ ਦੀ ਮੌਤ ਵੀ ਲਾਹਨਤ ਬਣ ਕੇ ਹੀ ਆਈ। ਘਰ ਵਾਪਸੀ 'ਤੇ ਕਪਤਾਨ ਨੂੰ ਅਹਿਸਾਸ ਹੁੰਦਾ ਹੈ ਕਿ ਰਿਸ਼ਤਿਆਂ ਵਿਚਲੇ ਮੋਹ ਅਤੇ ਵਿਸ਼ਵਾਸ ਤੋਂ ਬਿਨਾਂ ਪਰਿਵਾਰ ਕਿਵੇਂ ਖ਼ਤਮ ਹੁੰਦੇ ਹਨ। ਕਪਤਾਨ ਦਾ ਬਜ਼ੁਰਗ ਤਾਇਆ ਉਸ ਨੂੰ ਬਿਖਰ ਚੁੱਕੇ ਪਰਿਵਾਰ ਦੀ ਗਾਥਾ ਸੁਣਾਉਂਦਾ ਹੈ। ਨਾਟਕ ਦਾ ਵਾਰਤਾਲਾਪ ਦਿਲਚਸਪ ਹੈ। ਕਹਾਣੀ ਰੌਚਿਕਤਾ ਨਾਲ ਅੱਗੇ ਤੁਰਦੀ ਹੈ। ਇਕ ਔਰਤ ਦੀ ਸਮਝਦਾਰੀ ਅਤੇ ਲਿਆਕਤ ਕਿਸੇ ਪਰਿਵਾਰ ਦੇ ਸੁੱਖਾਂ ਅਤੇ ਖੁਸ਼ਹਾਲੀ ਲਈ ਕਿੰਨੀ ਜ਼ਰੂਰੀ ਹੈ, ਇਹ ਗੱਲ ਨਾਟਕ ਵਿਚੋਂ ਉੱਭਰਦੀ ਹੈ।

ਫ ਫ ਫ

ਪਰਤੱਖ ਤੋਂ ਅਗਾਂਹ
ਦੋ ਕਾਵਿ-ਨਾਟਕ : 2017
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 425 ਰੁਪਏ, ਸਫ਼ੇ : 254
ਸੰਪਰਕ : 098919-96919.

ਵਿਚਾਰ ਅਧੀਨ ਪੁਸਤਕ 'ਪਰਤੱਖ ਤੋਂ ਅਗਾਂਹ' ਵਿਚ ਲੇਖਕ ਦੇ ਦੋ ਕਾਵਿ-ਨਾਟਕ ਸ਼ਾਮਿਲ ਹਨ। ਪਹਿਲਾ ਨਾਟਕ ਹੈ 'ਭਰਮ-ਜਾਲ' ਜੋ ਵੱਖ-ਵੱਖ ਮਰਦਾਂ ਵਿਚੋਂ ਆਪਣੀ ਹੋਂਦ ਜਾਂ ਪਛਾਣ ਲੱਭਣ ਵਾਲੀ ਇਕ ਔਰਤ ਦੀ ਕਹਾਣੀ ਹੈ। ਉਸ ਔਰਤ ਦੀ ਜ਼ਿੰਦਗੀ ਵਿਚ ਆਉਣ ਵਾਲੇ ਚਾਰ-ਪੰਜ ਮਰਦ ਆਪੋ-ਆਪਣੇ ਅਰਥ ਲੈ ਕੇ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਜ਼ਿੰਦਗੀ ਜਿਊਣ ਅਤੇ ਪਿਆਰ-ਮੁਹੱਬਤ ਵਰਗੇ ਸ਼ਬਦਾਂ ਦੇ ਅਰਥਾਂ ਤੋਂ ਸੱਖਣੀ ਇਸ ਨਾਟਕ ਦੀ ਨਾਇਕਾ ਆਪਣਾ-ਆਪ ਖਾਲੀ-ਖਾਲੀ ਮਹਿਸੂਸਦੀ ਹੈ। ਪਾਠਕ, ਦਰਸ਼ਕ ਜਾਂ ਫਿਰ ਨਾਟਕ-ਨਿਰਦੇਸ਼ਕ ਦੀ ਸਹੂਲਤ ਲਈ ਨਾਟਕਕਾਰ ਨੇ ਇਸ ਕਾਵਿ-ਨਾਟਕ ਦੇ ਹਰ ਦ੍ਰਿਸ਼ ਦੀ ਸ਼ੁਰੂਆਤ ਸੰਖੇਪ ਜਾਣਕਾਰੀ ਨਾਲ ਕੀਤੀ ਹੈ। ਦੂਸਰਾ ਕਾਵਿ-ਨਾਟਕ 'ਸਿਆਸੀ ਦੰਦ ਕਥਾ' ਹੈ। 'ਆਪ੍ਰੇਸ਼ਨ ਨੀਲਾ ਤਾਰਾ' ਅਤੇ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਹੋਏ 1984 ਦੇ ਸਿੱਖ ਕਤਲੇਆਮ ਦੀ ਅਸਲੀਅਤ ਅਤੇ ਇਸ ਇਤਿਹਾਸਕ ਘਟਨਾ ਦੇ ਨਾਲ-ਨਾਲ ਚਲਦੀ ਦੰਦ ਕਥਾ ਨੂੰ ਸਾਹਿਤਕ ਅੰਦਾਜ਼ ਵਿਚ ਇਸ ਨਾਟਕ ਰਾਹੀਂ ਪੇਸ਼ ਕੀਤਾ ਗਿਆ ਹੈ।
ਪ੍ਰਭਾਵਸ਼ਾਲੀ ਪੇਸ਼ਕਾਰੀ ਬਣਾਉਣ ਲਈ ਅਤੇ ਲੰਮੀਆਂ-ਚੌੜੀਆਂ ਸਾਖੀਆਂ ਨੂੰ ਸਹਿਜੇ ਦਰਸ਼ਕਾਂ ਦੇ ਪੱਲੇ ਪਾਉਣ ਲਈ ਝਾਕੀਆਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਨਾਲ ਨਿਰਦੇਸ਼ਕ ਪ੍ਰਭਾਵਸ਼ਾਲੀ ਢੰਗ ਨਾਲ ਇਸ ਨਾਟਕ ਦਾ ਮੰਚਤ ਕਰ ਸਕਦਾ ਹੈ। ਇਸ ਪੁਸਤਕ ਵਿਚ ਰਵਿੰਦਰ ਰਵੀ ਦੇ ਹੁਣ ਤੱਕ ਪ੍ਰਕਾਸ਼ਿਤ ਹੋਏ ਬਾਕੀ ਸੋਲਾਂ ਕਾਵਿ ਨਾਟਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਹੁਣ ਤੱਕ ਲੇਖਕ ਦੇ ਮੰਚਨ ਹੋਏ ਸਾਰੇ ਨਾਟਕਾਂ ਦਾ ਵੇਰਵਾ ਵੀ ਸੰਖੇਪ ਰੂਪ ਵਿਚ ਪਾਠਕਾਂ ਦੀ ਜਾਣਕਾਰੀ ਹਿਤ ਦਿੱਤਾ ਗਿਆ ਹੈ। ਇਨ੍ਹਾਂ ਦੋ ਕਾਵਿ-ਨਾਟਕਾਂ ਦੇ ਮੂਲ ਪਾਠ ਦੇ ਨਾਲ-ਨਾਲ ਰਵਿੰਦਰ ਰਵੀ ਦੀ ਸਾਹਿਤਕ ਸ਼ਖ਼ਸੀਅਤ, ਸਾਹਿਤਕ ਸਫ਼ਰ ਅਤੇ ਸਿਰਜਣ ਪ੍ਰਕਿਰਿਆ ਦੇ ਦਰਸ਼ਨ ਵੀ ਇਸ ਪੁਸਤਕ ਵਿਚੋਂ ਹੁੰਦੇ ਹਨ।

ਂਨਿਰਮਲ ਜੌੜਾ
ਮੋ: 98140-78799.
ਫ ਫ ਫ

05-05-2018

 ਉਦੀਪਨ
(ਸਾਹਿਤਕ ਚਿੱਠੀਆਂ)

ਸੰ: ਡਾ: ਸਤਿੰਦਰ ਕੌਰ ਮਾਨ
ਪ੍ਰਕਾਸ਼ਕ : ਲਿਟਰੇਚਰ ਹਾਊਸ, ਅੰਮ੍ਰਿਤਸਰ
ਮੁੱਲ : 500 ਰੁਪਏ, ਸਫ਼ੇ : 240

ਇਨ੍ਹਾਂ 'ਸਾਹਿਤਕ ਚਿੱਠੀਆਂ' ਦੀ ਸੰਪਾਦਕਾ ਡਾ: ਤੇਜਵੰਤ ਮਾਨ ਦੀ ਸਪੁੱਤਰੀ ਡਾ: ਸਤਿੰਦਰ ਕੌਰ ਮਾਨ ਹੈ। ਇਸ ਪੁਸਤਕ ਵਿਚ ਲਗਪਗ 182 ਚਿੱਠੀਆਂ ਸ਼ਾਮਿਲ ਹਨ। ਕੇਵਲ ਆਖਰੀ ਦੋ ਪੱਤਰਾਂ ਨੂੰ ਛੱਡ ਕੇ ਬਾਕੀ ਦੇ ਪੱਤਰ ਹੋਰਨਾਂ ਸਾਹਿਤਕਾਰਾਂ ਵਲੋਂ ਡਾ: ਮਾਨ ਦੇ ਨਾਂਅ ਲਿਖੇ ਗਏ ਹਨ। ਇਹ ਪੱਤਰ ਡਾ: ਮਾਨ ਵਲੋਂ 2003 ਤੋਂ 2017 ਤੱਕ ਪ੍ਰਾਪਤ ਕੀਤੇ ਗਏ ਹਨ। ਅਰਥ-ਵਿਸਥਾਰ ਕਰਦਿਆਂ ਇਨ੍ਹਾਂ ਪੱਤਰਾਂ ਦਾ ਸੰਬੋਧਨ ਡਾ: ਤੇਜਵੰਤ (ਆਲੰਬਨ) ਨੂੰ ਹੈ। ਸ਼ਾਇਦ ਇਸੇ ਕਰਕੇ ਇਹ 'ਉਦੀਪਨ' ਦੇ ਨਾਂਅ ਹੇਠ ਪ੍ਰਕਾਸ਼ਿਤ ਕੀਤੇ ਗਏ ਹਨ। ਓਪਰੀ ਨਜ਼ਰੇ ਇਹ ਇਕ-ਤਰਫ਼ੇ ਸੰਵਾਦ ਹਨ ਪਰ ਅਨੇਕਾਂ ਪੱਤਰ ਅਜਿਹੇ ਹਨ, ਜੋ ਤੇਜਵੰਤ ਦੇ ਖ਼ਤਾਂ ਦੇ ਜਵਾਬ ਹਨ। ਇਨ੍ਹਾਂ ਵਿਚੋਂ ਪੱਤਰ-ਲੇਖਕ ਅਤੇ ਪ੍ਰਾਪਤ ਕਰਤਾ ਦੋਵਾਂ ਦੀ ਸ਼ਖ਼ਸੀਅਤ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਨ੍ਹਾਂ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਇਨ੍ਹਾਂ ਦੇ ਪ੍ਰਮੁੱਖ ਵਿਸ਼ਿਆਂ ਦੀ ਨਿਸ਼ਾਨਦੇਹੀ ਸਹਿਜੇ ਹੀ ਕੀਤੀ ਜਾ ਸਕਦੀ ਹੈ। ਮਸਲਨ: ਸਾਹਿਤ ਸਿਰਜਣਾ, ਆਲੋਚਨਾ, ਸਭਾਵਾਂ ਨਾਲ ਸਬੰਧ, ਸਾਹਿਤਕ ਯਾਰੀਆਂ, ਸਪੱਸ਼ਟੀਕਰਨ, ਮਾਫ਼ੀਆਂ, ਗਿਲੇ, ਸ਼ਿਕਵੇ, ਨਹੋਰੇ; ਸਿੱਖਿਆਵਾਂ, ਅਗਵਾਈ, ਹੱਲਾਸ਼ੇਰੀ, ਚਾਪਲੂਸੀਆਂ, ਉੱਭਰਦੇ ਸਾਹਿਤਕ ਪ੍ਰਸ਼ਨ, ਪ੍ਰਸ਼ਨਾਂ ਦੇ ਹੱਲ, ਸਹਿਮਤੀ-ਅਸਹਿਮਤੀ, ਸ਼ੁੱਭ ਇੱਛਾਵਾਂ, ਪ੍ਰਸੰਸਾ, ਚੱਕੀ-ਰਾਹੇ ਵਰਗੀਆਂ ਸਾਹਿਤਕ ਠੁੰਗਾਂ, ਮਿਲੇ ਐਵਾਰਡ, ਅਭਿਨੰਦਨ ਗ੍ਰੰਥ, ਵਧਾਈਆਂ, ਪਰਿਵਾਰਕ ਵਿਰਸਾ, ਵੰਡਾਏ ਗਏ ਦੁੱਖ-ਸੁੱਖ, ਅਕਾਡਮੀ ਚੋਣਾਂ, ਲਿੱਪੀ, ਸ਼ਬਦ-ਜੋੜਾਂ, ਗੁਰਮਤਿ ਸਿਧਾਂਤਾਂ ਬਾਰੇ ਚਰਚਾ; ਇਤਿਹਾਸਕ ਨਿਰਣੇ ਆਦਿ ਅਨੇਕਾਂ ਨੁਕਤਿਆਂ ਤੇ ਸੰਵਾਦ ਉਪਲਬਧ ਹੈ। ਲੇਖਕ ਦੀਆਂ ਪੁਸਤਕਾਂ : ਮੁਕਤੀ-ਜੁਗਤ ਸੰਵਾਦ, ਸਹਿਮਤੀ, ਪਰਵੇਸ਼, ਜਗਿਆਸਾ, ਸ਼ਬਦ-ਸ਼ਕਤੀ, ਅਦਬੀਅਤ, ਪਾਠ-ਆਨੰਦ, ਹਸਤਾਖ਼ਰ, ਪ੍ਰਤੀਕਰਮ, ਅਨੁਸਰਨ, ਪ੍ਰਸ਼ਨ ਚਿੰਨ੍ਹ, ਬਹੁਵਚਨ, ਹਰਫ਼ ਬ ਹਰਫ਼, ਲੋਕ-ਉਕਤੀ, ਸਮਾਜਿਕ ਚੇਤਨਾ ਤੇ ਲੇਖਕ ਆਦਿ ਬਾਰੇ ਪੱਤਰਾਂ ਤੋਂ ਜਾਣਕਾਰੀ ਮਿਲਦੀ ਹੈ। ਪੱਤਰ-ਲੇਖਕ 'ਮਾਨ' ਦੀ ਨਿਰਭੈ ਸ਼ਖ਼ਸੀਅਤ ਦੇ ਕਾਇਲ ਹਨ। ਕੁੱਲ ਮਿਲਾ ਕੇ ਇਨ੍ਹਾਂ ਪੱਤਰਾਂ ਵਿਚ ਲੇਖਕ ਦੇ ਸਾਹਿਤਕ ਕੱਦ ਦਾ ਥਾਂ ਪੁਰ ਥਾਂ ਸਨਮਾਨ, ਸਵੀਕਾਰ ਹੁੰਦਾ ਵੇਖਿਆ ਜਾ ਸਕਦਾ ਹੈ। ਸੰਪਾਦਕਾ ਨੇ ਕਾਲ-ਕ੍ਰਮ ਅਨੁਸਾਰ ਸੰਪਾਦਨ ਕਰਨ ਵਿਚ ਮਿਹਨਤ ਕੀਤੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਸਰਗੋਸ਼ੀਆਂ-2
(ਮੇਰੇ ਸਮਕਾਲੀ)

ਲੇਖਕ : ਗੁਲਜ਼ਾਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 450 ਰੁਪਏ, ਸਫ਼ੇ : 368
ਸੰਪਰਕ : 0172-2602538.

'ਸਰਗੋਸ਼ੀਆਂ-ਦੋ' ਸ: ਗੁਲਜ਼ਾਰ ਸਿੰਘ ਸੰਧੂ ਦੁਆਰਾ ਲਿਖੇ ਸ਼ਬਦ-ਚਿੱਤਰਾਂ ਦਾ ਦੂਜਾ ਸੰਗ੍ਰਹਿ ਹੈ। ਇਸ ਵਿਚ ਉਸ ਦੁਆਰਾ ਲਿਖੇ 42 ਸ਼ਬਦ-ਚਿੱਤਰ ਦਰਜ ਹਨ। ਇਸ ਪੁਸਤਕ ਵਿਚ ਉਸ ਦੇ ਸਮਕਾਲੀ ਮਿੱਤਰਾਂ ਬਾਰੇ ਲਿਖਿਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਕਾਸ਼ਿਤ ਹੋਈ 'ਸਰਗੋਸ਼ੀਆਂ-ਇਕ' ਵਿਚ ਕੁਝ ਉਨ੍ਹਾਂ ਸੱਜਣਾਂ-ਮਿੱਤਰਾਂ ਦਾ ਜ਼ਿਕਰੇ-ਖ਼ੈਰ ਹੋਇਆ ਸੀ, ਜੋ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਸਨ। ਗੁਲਜ਼ਾਰ ਸਿੰਘ ਸੱਚ ਉੱਤੇ ਪਹਿਰਾ ਦੇਣ ਦੀ ਸਮਰੱਥਾ ਨੂੰ ਕਿਸੇ ਲੇਖਕ ਦੀ ਕਸੌਟੀ ਮੰਨਦਾ ਹੈ। ਹਥਲੀ ਪੁਸਤਕ ਵਿਚ ਉਸ ਨੇ 'ਗਲਪੀਕਰਨ' ਜਾਂ ਕਿਸੇ ਪੂਰਵਾਗ੍ਰਹਿ ਨੂੰ ਆਪਣੀ ਲਿਖਤ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ।
ਗੁਲਜ਼ਾਰ ਸਿੰਘ ਸੰਧੂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਤੁਹਾਡੇ ਵਿਚ ਸਿਰਜਣਾਤਮਕ-ਤਰੰਗ ਸਰਗਰਮ ਹੈ ਤਾਂ ਤੁਸੀਂ ਕਿਸੇ ਵੀ ਸਾਹਿਤ-ਰੂਪ ਵਿਚ ਆਪਣੀ (ਨਿਵੇਕਲੀ) ਪਛਾਣ ਬਣਾ ਸਕਦੇ ਹੋ। ਗਲਪ ਲਿਖਦਾ-ਲਿਖਦਾ ਅਚਾਨਕ ਹੀ ਉਹ ਜਦੋਂ 'ਸਰਗੋਸ਼ੀਆਂ' ਵਰਗੇ ਬਹੁਚਰਚਿਤ ਕਾਲਮ ਲਿਖਣ ਲੱਗਾ ਤਾਂ ਇੰਜ ਮਹਿਸੂਸ ਹੋਇਆ ਜਿਵੇਂ 'ਹੁਣ' ਹੀ ਉਸ ਨੂੰ ਆਪਣੀ ਪ੍ਰਤਿਭਾ ਦੇ ਹਾਣ ਦਾ ਸਾਹਿਤ-ਰੂਪ ਲੱਭਿਆ ਹੋਵੇ।
ਇਸ ਪੁਸਤਕ ਦੇ ਵਿਭਿੰਨ ਲੇਖਾਂ ਵਿਚੋਂ ਬੜੀਆਂ ਡੂੰਘੀਆਂ ਅਤੇ ਮਹੱਤਵਪੂਰਨ ਅੰਤਰ-ਦ੍ਰਿਸ਼ਟੀਆਂ ਉੱਭਰਦੀਆਂ ਹਨ। 'ਬਲਰਾਜ ਸਾਹਨੀ ਤੇ ਦਮਿਅੰਤੀ' ਵਾਲੇ ਲੇਖ ਵਿਚ ਬਲਰਾਜ ਅਜੋਕੀ ਬੁਰਜੁਆਜ਼ੀ ਦੇ ਕਿਰਦਾਰ ਦੀ ਆਲੋਚਨਾ ਕਰਦਾ ਹੋਇਆ ਦੱਸਦਾ ਹੈ, 'ਇਹ ਲੋਕ ਸਾਡੇ ਨਾਲ ਦੋਸਤੀਆਂ ਪਾਉਣ ਲਈ ਤਰਲੋਮੱਛੀ ਸਨ। ਜਦੋਂ ਉਨ੍ਹਾਂ ਦੀਆਂ ਹੋਛੀਆਂ ਪਾਰਟੀਆਂ ਤੋਂ ਵਿਰਕਤ ਹੋ ਕੇ ਅਸੀਂ ਕੰਨੀ ਕਤਰਾਉਂਦੇ ਤਾਂ ਉਹ ਇਪਟਾ ਜਾਂ ਕਮਿਊਨਿਸਟ ਪਾਰਟੀ ਨੂੰ ਚੰਦਾ ਦੇ ਕੇ ਲਲਚਾ ਛੱਡਦੇ। ਐਕਟਰ ਤੇ ਖ਼ਾਸ ਕਰਕੇ ਐਕਟਰੈੱਸ, ਬੁਰਜੂਆ ਸਮਾਜ ਲਈ ਇਕ ਖਿਡੌਣਾ ਹੈ, ਇਸ ਹਕੀਕਤ ਦਾ ਮੈਨੂੰ ਉੱਕਾ ਗਿਆਨ ਨਹੀਂ ਸੀ।' (ਪੰਨਾ 8) ਲੇਖਕ ਨੇ ਕੋਸ਼ਿਸ਼ ਕੀਤੀ ਹੈ ਕਿ ਉਸ ਦੇ ਸ਼ਬਦ-ਚਿੱਤਰਾਂ ਨਾਲ ਸਬੰਧਿਤ ਵਿਅਕਤੀਆਂ (ਲੇਖਕਾਂ, ਕਲਾਕਾਰਾਂ, ਪੱਤਰਕਾਰਾਂ, ਬੁੱਧੀਜੀਵੀਆਂ... ਆਦਿ) ਦੀ ਤਸਵੀਰ ਵੀ ਛਪੇ, ਤਾਂ ਜੋ ਪਾਠਕ ਉਨ੍ਹਾਂ ਨਾਲ ਵਧੇਰੇ ਆਤਮੀਯ (ਇੰਟੀਮੇਟ) ਹੋ ਸਕਣ। ਉਹ ਹਰ ਵਿਅਕਤੀ ਦੀ ਵਿਸ਼ਿਸ਼ਟਤਾ ਨੂੰ ਉਘਾੜਦਾ ਹੈ ਅਤੇ ਆਪਣੀ ਡੂੰਘੀ ਦ੍ਰਿਸ਼ਟੀ ਨਾਲ ਉਸ ਦੀ ਸ਼ਖ਼ਸੀਅਤ ਦਾ ਅਵਲੋਕਨ ਕਰਦਾ ਹੈ। ਡਾ: ਬਰਜਿੰਦਰ ਸਿੰਘ ਹਮਦਰਦ ਦੀ ਗਾਇਕੀ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਹ ਲਿਖਦਾ ਹੈ, 'ਬਰਜਿੰਦਰ ਸਿੰਘ ਗਾਇਕੀ ਦੇ ਵਿਹੜੇ ਵਿਚ ਆਪਣੀ ਆਵਾਜ਼ ਦੇ ਸਿਰ 'ਤੇ ਦਾਖ਼ਲ ਹੋਇਆ ਹੈ। ਉਸ ਨੇ ਆਪਣੀ ਦਿੱਖ ਬਦਲਣ ਦਾ ਕੋਈ ਯਤਨ ਨਹੀਂ ਕੀਤਾ। ਸ਼ਮ੍ਹਲਾ, ਚਾਦਰਾ, ਜਾਕਟ ਤੇ ਜੁੱਤੀ ਕੁਝ ਵੀ ਨਹੀਂ...।' (ਪੰਨਾ 58) ਇਹ ਪੁਸਤਕ ਪੰਜਾਬੀ ਸੱਭਿਆਚਾਰ ਦਾ ਇਕ ਵਚਿੱਤਰ ਇਤਿਹਾਸ ਹੈ। ਲੇਖਕ ਨੇ ਪੰਜਾਬੀ ਸੱਭਿਆਚਾਰ ਦੇ ਕੁਝ ਸਜੀਵ ਚਿਹਰਿਆਂ (ਆਇਕਾਨਜ਼) ਉੱਪਰ ਬਿਹੰਗਮ ਝਾਤ ਪਾਈ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਭੋਲੀ ਦਾ ਕਰਵਾਚੌਥ
ਲੇਖਕ : ਮੇਹਰ ਮਲਿਕ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94781-31973.

'ਭੋਲੀ ਦਾ ਕਰਵਾਚੌਥ' ਮੇਹਰ ਮਲਿਕ ਦੀ ਕਹਾਣੀਆਂ ਦੀ ਨਵੀਂ ਪ੍ਰਕਾਸ਼ਿਤ ਪੁਸਤਕ ਹੈ ਜਿਸ ਵਿਚ ਉਸ ਨੇ ਕੁੱਲ ਦੱਸ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਮੇਹਰ ਮਲਿਕ ਆਪਣੀਆਂ ਕਹਾਣੀਆਂ ਲਈ ਕਥਾ ਵਸਤੂ ਸਮਾਜ 'ਚ ਫੈਲੀਆਂ ਬੁਰਾਈਆਂ ਅਤੇ ਔਗੁਣਾਂ 'ਚੋਂ ਲੈਂਦਾ ਹੈ। ਉਹ ਉਸ ਸਮੱਸਿਆ ਵੱਲ ਸੰਕੇਤ ਹੀ ਨਹੀਂ ਕਰਦਾ, ਸਗੋਂ ਉਹ ਬਿਮਾਰੀਆਂ ਦਾ, ਚੰਗੇ ਸਰਜਨ ਵਾਂਗ ਹੱਲ ਵੀ ਦੱਸਦਾ ਹੈ। ਇੰਜ ਉਹ ਪ੍ਰਗਤੀਵਾਦੀ ਧਾਰਾ ਦੀ ਉਸ ਲਹਿਰ 'ਚ ਸ਼ਾਮਿਲ ਹੋ ਜਾਂਦਾ ਹੈ ਜਿਸ ਦਾ ਮਨੋਰਥ ਮਾਨਵਵਾਦੀ ਕਦਰਾਂ-ਕੀਮਤਾਂ ਵਾਲਾ ਸਾਹਿਤ ਰਚਨਾ ਹੁੰਦਾ ਹੈ।
'ਭੋਲੀ ਦਾ ਕਰਵਾਚੌਥ' ਸਮਾਜ ਵਿਚ ਔਰਤਾਂ ਦੀ ਕੁਰਬਾਨੀ ਪਰ ਸਮਾਜ ਦੇ ਉਨ੍ਹਾਂ ਨਾਲ ਹੋ ਰਹੇ ਦੁਰਵਿਹਾਰ ਦੀ ਤਸਵੀਰ ਪੇਸ਼ ਕਰਨ ਵਾਲੀ ਕਹਾਣੀ ਹੈ। 'ਚਿੱਟਾ ਲਹੂ' ਆਪਸੀ ਰਿਸ਼ਤਿਆਂ ਵਿਚ ਆ ਰਹੀਆਂ ਤ੍ਰੇੜਾਂ ਦੀ ਮੂੰਹ ਬੋਲਦੀ ਤਸਵੀਰ ਹੈ। 'ਗੁਗਲ ਧੂਣੀ' ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ ਵਿਚ ਫਸੀਆਂ ਔਰਤਾਂ ਦੀ ਕਹਾਣੀ ਹੈ ਜੋ ਪਾਖੰਡੀ ਸਾਧਾਂ 'ਤੇ ਵਿਸ਼ਵਾਸ ਕਰਕੇ ਨਰਕ ਭੋਗਦੀਆਂ ਹਨ। ਕਈਆਂ ਔਰਤਾਂ ਮਰਦਾਂ ਨੂੰ ਚੁਗਲੀਆਂ ਸੁਣਨ ਦੀ ਬਾਨ ਹੁੰਦੀ ਹੈ। ਉਹ ਹਰ ਹੀਲੇ ਚੁਗਲੀ ਸੁਣ ਕੇ ਅਨੰਦਿਤ ਹੁੰਦੇ ਰਹਿੰਦੇ ਹਨ। 'ਚੁਗਲੀਆਂ' ਕਹਾਣੀ ਇਹੋ ਜਿਹੇ ਮਰਦਾਂ ਦੀ ਹੀ ਗਾਥਾ ਪੇਸ਼ ਕਰਦੀ ਹੈ। 'ਆਪੋ ਆਪਣੀਆਂ ਜੇਬਾਂ' ਰਾਜਨੀਤਕ ਭੀੜਾਂ ਵਿਚ ਫਿਰਦੇ ਜੇਬ ਕਤਰਿਆਂ ਦੀ ਤਸਵੀਰ ਪੇਸ਼ ਕਰਦੀ ਹੈ ਜੋ ਮੌਕਾ ਭਾਲ ਕੇ ਲੋਕਾਂ ਦੀਆਂ ਜੇਬਾਂ ਕੱਟ ਲੈਂਦੇ ਹਨ। 'ਦੋ ਭਾਂਡੇ' ਆਪਸ ਵਿਚ ਲੜਨ ਵਾਲੇ ਮਰਦ ਔਰਤ ਦੀ ਕਹਾਣੀ ਹੈ ਜੋ ਇਸ ਗੱਲ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਕਿ ਜਿਥੇ ਦੋ ਭਾਂਡੇ ਹੋਣਗੇ, ਖੜਕਣਗੇ ਹੀ। 'ਦੋ ਪੇਕੇ' ਅਜਿਹੇ ਪਰਿਵਾਰਾਂ ਦੀ ਕਹਾਣੀ ਹੈ, ਜੋ ਆਪਸੀ ਮਿੱਤਰਤਾ ਦੇ ਬਲਬੂਤੇ ਪਰਿਵਾਰਾਂ 'ਤੇ ਆਈ ਮੁਸੀਬਤ ਨੂੰ ਵੀ ਟਾਲ ਲੈਂਦੇ ਹਨ। 'ਦਿੱਲੀ ਦੇ ਹਵਾਈ ਅੱਡੇ 'ਤੇ' ਕਹਾਣੀ ਵਿਚ ਅੱਜਕਲ੍ਹ ਦੇ ਮਾਪਿਆਂ ਦੀ ਮੁਸ਼ਕਿਲ ਦਰਸਾਈ ਗਈ ਹੈ ਜੋ ਔਲਾਦ ਦੀ ਮਰਜ਼ੀ 'ਤੇ ਫੁੱਲ ਚੜ੍ਹਾਉਣ ਲਈ ਮਜਬੂਰ ਹਨ। 'ਬਠਿੰਡੇ ਆਲੀ ਭੂਆ' ਵਿਚ ਅਜਿਹੇ ਕਿਰਦਾਰ ਦਾ ਬਿਰਤਾਂਤ ਹੈ ਜੋ ਇਸ ਲਾਲਚੀ ਜ਼ਮਾਨੇ 'ਚ ਵੀ ਦਾਜ ਦਹੇਜ ਤੋਂ ਬਗੈਰ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦੇ ਹਨ। 'ਮੇਰੇ ਅੱਬੂ' ਵਿਚ ਗਾਇਕ ਨੁਸਰਤ ਦਾ ਬਿਰਤਾਂਤ ਹੈ ਜੋ ਆਪਣੀ ਕਲਾ ਕਾਰਨ ਪ੍ਰਸਿੱਧੀ ਪ੍ਰਾਪਤ ਕਰ ਸਕਿਆ। ਮੇਹਰ ਮਲਿਕ ਆਪਣੀਆਂ ਕਹਾਣੀਆਂ ਵਿਚ ਸਾਫ਼ ਤੇ ਸਾਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਉਸ ਦੀਆਂ ਕਹਾਣੀਆਂ ਸਿੱਧੀਆਂ ਆਪਣੇ ਟੀਚੇ ਵੱਲ ਵਧਦੀਆਂ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਪੰਜ ਪਰਦੇਸ
ਲੇਖਕ : ਸੁਰਿੰਦਰ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 164
ਸੰਪਰਕ : 99154-73505.

ਇਸ ਸਫ਼ਰਨਾਮੇ 'ਚ ਭਾਰਤ ਦੇ ਕੰਨਿਆ ਕੁਮਾਰੀ ਇਲਾਕੇ ਦੇ ਵਰਨਣ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਦੇਸ਼ਾਂ ਬਾਰੇ ਵੀ ਜ਼ਿਕਰ ਮਿਲਦਾ ਹੈ। ਕੰਨਿਆ ਕੁਮਾਰੀ ਦੇ ਵਿਵੇਕਾਨੰਦ ਸਮਾਰਕ ਦੇ ਨਾਲ-ਨਾਲ ਲੇਖਕ, ਤਾਮਿਲ ਕਵੀ ਥੀਰੂ ਵੱਲੂ ਅੱਗਰ ਦਾ ਜ਼ਿਕਰ ਵੀ ਕਾਵਿਕ ਅੰਦਾਜ਼ ਵਿਚ ਕਰਦਾ ਹੈ। ਇੰਗਲੈਂਡ ਫੇਰੀ ਦਾ ਜ਼ਿਕਰ ਕਰਦਿਆਂ ਕਵੀ ਸੁਰਿੰਦਰ ਗਿੱਲ ਉਥੋਂ ਦੇ ਸੱਭਿਆਚਾਰ ਨਾਲ ਸਾਡੀ ਜਾਣ-ਪਛਾਣ ਕਰਾਉਂਦਾ ਹੈ। ਅਮਰੀਕਾ ਦੇਸ਼ ਬਣਨ ਨੂੰ ਲਿਖਦਿਆਂ ਲੇਖਕ ਉਥੋਂ ਦੇ ਸ਼ਹਿਰ ਡੈੱਲਸ ਦੀ ਗੱਲ ਕਰਦਿਆਂ ਲਿਖਦਾ ਹੈ, 'ਅਮਰੀਕਨ ਲੋਕ ਆਪਣੇ ਵਿਰਸੇ ਤੇ ਇਤਿਹਾਸ ਨਾਲ ਸਬੰਧਿਤ ਵਸਤਾਂ ਤੇ ਥਾਵਾਂ ਸਮੇਂ ਦੀ ਗਰਦ ਅਤੇ ਮਿੱਟੀ-ਘੱਟੇ ਤੋਂ ਬਚਾਅ ਕੇ ਰੱਖਣ ਵਿਚ ਵਿਸ਼ਵਾਸ ਰੱਖਦੇ ਹਨ (ਪੰਨਾ 45) ਅਮਰੀਕਾ ਦੇ ਸਾਰੇ ਦੇਸ਼ਾਂ ਦਾ ਸਮਾਂ ਇਕਸਾਰ ਨਹੀਂ। ਸਟੈਚੂ ਆਫ ਲਿਬਰਟੀ ਅਮਰੀਕਾ ਦੀ ਰਾਸ਼ਟਰੀ ਯਾਦਗਾਰ ਹੈ। ਅਮਰੀਕਨ ਔਰਤਾਂ ਨਾ ਹੀਣ ਭਾਵਨਾ ਦਾ ਸ਼ਿਕਾਰ ਹਨ ਅਤੇ ਨਾ ਵਿਸ਼ੇਸ਼ ਹੋਣ ਦਾ ਅਨੁਭਵ ਹੰਢਾਉਂਦੀਆਂ ਹਨ। ਹਾਟ ਸਪਰਿੰਗਜ਼ ਨੈਸ਼ਨਲ ਪਾਰਕ ਬਾਰੇ ਜ਼ਿਕਰ ਕਰਦੇ ਹੋਏ ਲੇਖਕ ਉਥੋਂ ਦੇ ਗਰਮ ਪਾਣੀ ਬਾਰੇ ਦੱਸਦਾ ਹੈ ਤੇ ਸਾਡੇ ਤੇ ਅਮਰੀਕਨਾਂ ਦੇ ਸਮਾਜਿਕ ਜੀਵਨ ਵਿਚਲਾ ਅੰਤਰ ਵੀ ਦੱਸਦਾ ਹੈ। ਸੈਨ ਐਨਟੋਨੀਓ ਦਰਿਆ ਬਾਰੇ ਜ਼ਿਕਰ ਦਿਲਕਸ਼ ਹੈ। ਐਂਪਾਇਰ ਸਟੇਟ ਬਿਲਡਿੰਗ, ਡੇਟੋਨਾ ਬੀਚ ਦਾ ਦਿਲਕਸ਼ ਨਜ਼ਾਰਾ ਤੇ ਹੂਸਟਨ ਦੇ ਮਰਦਾਂ ਦੇ ਕਲੱਬ ਦਾ ਜ਼ਿਕਰ ਵੀ ਹੈ। ਆਸਟਰੇਲੀਆ ਦੇਸ਼ ਦੀ ਯਾਤਰਾ ਕਰਦਿਆਂ ਲੇਖਕ ਦੱਸਦਾ ਹੈ ਕਿ ਆਸਟਰੇਲੀਅਨ ਲੋਕ ਰਾਜਨੀਤੀ ਅਤੇ ਰਾਜਨੀਤਕ ਸਰਗਰਮੀਆਂ ਤੋਂ ਨਿਰਲੇਪ ਰਹਿੰਦੇ ਹਨ। ਮਿੱਤਰ ਮੁੱਖ ਲੋਕ ਹਨ, ਅਨੁਸ਼ਾਸਨ ਦੀ ਪਾਲਣਾ ਕਰਨ ਵਾਲੇ, ਰੌਲੇ-ਰੱਪੇ ਤੇ ਹਿੰਸਕ ਅਮਲ ਤੋਂ ਦੂਰ, ਆਪਣੀ ਪਰੰਪਰਾ ਪ੍ਰਤੀ ਜਾਗਰੂਕ, ਸਫ਼ਾਈਪ੍ਰਸਤ, ਜੰਗਲੀ ਜੀਵਾਂ ਨੂੰ ਪਿਆਰ ਕਰਨ ਵਾਲੇ ਸਜ ਸੰਵਰ ਕੇ ਰਹਿਣ ਵਾਲੇ, ਖੁਸ਼ ਦਿੱਲ, ਨਸਲੀ ਭੇਦਭਾਵ ਤੋਂ ਮੁਕਤ ਸੱਭਿਅਕ ਤੇ ਰਾਹੀ ਨੂੰ ਬੜੇ ਪਿਆਰ ਨਾਲ ਰਾਹ ਦੱਸਦੇ ਹਨ। ਨਿਊਜ਼ੀਲੈਂਡ ਦੇਸ਼ ਬਾਰੇ ਸੰਖੇਪ ਵਰਨਣ ਹੈ ਜਿਸ 'ਚ ਰੋਟਰੁਆ ਝੀਲ ਦਾ ਦ੍ਰਿਸ਼ ਬਿਆਨ ਕੀਤਾ ਗਿਆ ਹੈ। ਰੋਟਰੂਆ ਦਾ ਚਿੱਕੜ ਸ਼ਨਾਨ ਮਹੱਤਵਪੂਰਨ ਹੈ। ਕੈਨੇਡਾ ਦੇਸ਼ ਵਾਸੀਆਂ ਦਾ ਜ਼ਿਕਰ ਕਰਦਿਆਂ ਲੇਖਕ ਅਮਰੀਕਾ ਤੇ ਕੈਨੇਡਾ ਦੀਆਂ ਸਾਂਝੀਆਂ ਸਰਹੱਦਾਂ ਦਾ ਵਰਨਣ ਤੁਲਨਾਤਮਕ ਕਰਦਾ ਹੈ। ਸਾਰੀ ਪੁਸਤਕ ਰਵਾਨਗੀ ਭਰਪੂਰ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਗੁਰੂ ਗੋਬਿੰਦ ਸਿੰਘ ਭਵਨ ਦੇ ਉਸਰਈਏ
ਲੇਖਕ : ਡਾ: ਸਤਿੰਦਰ ਸਿੰਘ ਰੰਧਾਵਾ
ਪ੍ਰਕਾਸ਼ਕ : ਟਵੰਟੀ ਫਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 110 ਰੁਪਏ, ਸਫ਼ੇ : 64
ਸੰਪਰਕ : 99154-39852.

ਅਖ਼ਬਾਰਾਂ ਰਸਾਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ/ਖ਼ਬਰ ਸਮੇਂ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਦੀ ਤਸਵੀਰ ਏਨੀ ਆਮ ਗੱਲ ਹੋ ਗਈ ਹੈ ਕਿ ਇਹ ਯੂਨੀਵਰਸਿਟੀ ਦਾ ਪਛਾਣ ਚਿੰਨ੍ਹ ਹੀ ਬਣ ਗਿਆ ਹੈ। ਵਾਈਸ ਚਾਂਸਲਰ ਸ: ਕ੍ਰਿਪਾਲ ਸਿੰਘ ਨਾਰੰਗ ਦੀ ਕਲਪਨਾ ਦਾ ਸਿੱਟਾ ਹੈ ਇਹ ਭਵਨ। ਇਸ ਭਵਨ ਤੇ ਇਸ ਅੰਦਰ ਹੋ ਰਹੇ ਧਰਮਾਂ ਦੇ ਤੁਲਨਾਤਮਕ/ਉਚੇਰੇ ਅਧਿਐਨ ਦਾ ਅੱਜ ਵਿਸ਼ਵ ਭਰ ਵਿਚ ਨਿਵੇਕਲਾ ਸਥਾਨ ਹੈ। ਭਵਨ ਦੀ ਸਥਾਪਤੀ ਦੇ 50 ਸਾਲ ਪੂਰੇ ਹੋਣ ਉੱਤੇ ਕੋਈ ਵੱਡੇ ਜਸ਼ਨ ਯੂਨੀਵਰਸਿਟੀ ਦੇ ਆਰਥਿਕ ਸੰਕਟ ਕਾਰਨ ਨਹੀਂ ਮਨਾਏ ਗਏ ਪਰ ਇਸ ਸਮੇਂ ਇਸ ਭਵਨ ਨਾਲ ਭਾਵਨਾਤਮਕ ਸਾਂਝ ਰੱਖਣ ਵਾਲੇ ਡਾ: ਸਤਿੰਦਰ ਸਿੰਘ ਰੰਧਾਵਾ ਨੇ ਉਕਤ ਨਿੱਕੀ ਜਿਹੀ ਪੁਸਤਕ ਰਾਹੀਂ ਇਸ ਭਵਨ ਪ੍ਰਤੀ ਆਪਣੀ ਅਕੀਦਤ ਪੇਸ਼ ਕਰਦੇ ਹੋਏ, ਇਸ ਦੇ ਗੁਆਚ ਰਹੇ ਇਤਿਹਾਸ ਨੂੰ ਸੰਭਾਲਣ ਦਾ ਉਪਰਾਲਾ ਜ਼ਰੂਰ ਕੀਤਾ ਹੈ। ਇਸ ਭਵਨ ਵਾਲੀ ਥਾਂ 60-70 ਸਾਲ ਪਹਿਲਾਂ ਉਸ ਦੇ ਵਡੇਰਿਆਂ ਨੇ ਮੱਝਾਂ ਚਰਾਈਆਂ ਤੇ ਭਵਨ ਬਣਨ ਸਮੇਂ ਉਸਾਰੀ ਦੀ ਸੇਵਾ ਕੀਤੀ। ਸਤਿੰਦਰ ਨੇ ਆਪ ਇਥੋਂ ਧਰਮ ਅਧਿਐਨ ਦੇ ਵਿਸ਼ੇ ਉੱਤੇ ਐਮ.ਫਿਲ ਤੇ ਡਾਕਟਰੇਟ ਕੀਤੀ। ਇਸ ਨਾਲ ਉਸ ਦੀ ਤਿੰਨ ਪੀੜ੍ਹੀਆਂ ਦੀ ਸਾਂਝ ਨੇ ਉਸ ਤੋਂ ਇਹ ਕਿਤਾਬ ਲਿਖਵਾਈ ਹੈ। ਉਸ ਨੇ ਇਸ ਭਵਨ, ਇਸ ਦੇ ਨਕਸ਼ੇ ਦੇ ਦਾਰਸ਼ਨਿਕ ਮਹੱਤਵ ਵਿਚਾਰ, ਇਸ ਦਾ ਸੁਪਨਾ ਲੈਣ ਵਾਲੇ ਸ: ਨਾਰੰਗ, ਆਰਕੀਟੈਕਟ ਸ: ਮਨਮੋਹਨ ਸਿੰਘ, ਗੁਰਦੀਪ ਸਿੰਘ ਜਾਜ ਤੇ ਇੰਜੀਨੀਅਰਾਂ ਦੀ ਟੀਮ ਦਾ ਉਲੇਖ ਲੇਖਕ ਨੇ ਕੀਤਾ ਹੈ। ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ ਇਸ ਨੂੰ। ਧੁੰਦਲੀਆਂ ਜਿਹੀਆਂ ਯਾਦਾਂ ਮੇਰੇ ਕੋਲ ਵੀ ਹਨ। ਸਤਿੰਦਰ ਨੇ ਅੱਛੀ ਸ਼ੁਰੂਆਤ ਕੀਤੀ ਹੈ। ਮੁਬਾਰਕ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮੇਰੇ ਸਾਹਿਤਕ ਰੰਗ
ਲੇਖਕ : ਹਰਗੋਬਿੰਦ ਸਿੰਘ ਸ਼ੇਖਪੁਰੀਆ
ਪ੍ਰਕਾਸ਼ਕ : ਗੋਰਾ ਪਬਲੀਕੇਸ਼ਨਜ਼, ਦਮਦਮਾ ਸਾਹਿਬ, ਬਠਿੰਡਾ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 94171-99492.

ਲੇਖਕ ਹਰਗੋਬਿੰਦ ਸਿੰਘ ਸ਼ੇਖਪੁਰੀਆ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ, ਜਿਸ ਨੇ 14 ਪੁਸਤਕਾਂ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਕਹਾਣੀ, ਇਕਾਂਗੀ, ਰੇਖਾ ਚਿੱਤਰ, ਖ਼ਬਰਾਂ, ਲੇਖ, ਕਵਿਤਾ ਤੇ ਸਫ਼ਰਨਾਮਾ ਉਸ ਦੇ ਸਾਹਿਤਕ ਰੰਗ ਹਨ। ਲੇਖਕ ਦੀ ਹੋਰ ਵਿਲੱਖਣਤਾ ਇਹ ਹੈ ਕਿ ਉਹ ਪੰਜ 'ਸਸਿਆਂ' ਨੂੰ ਸਮਰਪਿਤ ਹੈਂਸਿਹਤ, ਸਿੱਖਿਆ, ਸਾਹਿਤ, ਸੱਭਿਆਚਾਰ ਤੇ ਸਮਾਜ ਸੇਵਾ। ਇਹ ਸਮੁੱਚਾ ਕਾਰਜ ਸੰਸਥਾ ਗੋਬਿੰਦ ਆਰਗੇਨਾਈਜ਼ੇਸ਼ਨਜ਼ ਦੇ ਹਿੱਸੇ ਆਇਆ ਹੈ, ਜੋ ਵੱਡਮੁੱਲਾ ਯੋਗਦਾਨ ਹੈ।
ਹੱਥਲੀ ਪੁਸਤਕ 'ਮੇਰੇ ਸਾਹਿਤਕ ਰੰਗ' ਵਿਚ ਵੀ ਭਿੰਨ-ਭਿੰਨ ਰੰਗ ਚਿਤਰੇ ਗਏ ਹਨ ਜਿਵੇਂ ਕਿ ਕਹਾਣੀਆਂ, ਇਕਾਂਗੀ, ਨਿੱਕ-ਸੁੱਕ, ਰੇਖਾ ਚਿੱਤਰ, ਮੇਰੇ ਲੇਖ ਤੇ ਮੇਰੀਆਂ ਖ਼ਬਰਾਂ ਆਦਿ। ਪਹਿਲੇ ਭਾਗ ਵਿਚ 13 ਕਹਾਣੀਆਂ ਹਨ ਜੋ ਸਿੱਖਿਆਦਾਇਕ ਹਨ, ਦੂਸਰੇ ਭਾਗ ਵਿਚ ਦੋ ਇਕਾਂਗੀਆਂ ਨੇ, ਤੀਸਰੇ ਵਿਚ ਲਗਪਗ ਛੇ ਨਿੱਕ-ਸੁੱਕ ਵੇਰਵੇ ਜਿਵੇਂ ਗੀਤ, ਤਰਜ਼ ਹੀਰ ਤੇ ਸ਼ੁੱਭ ਸਿੱਖਿਆ ਆਦਿ, ਚੌਥੇ ਭਾਗ ਵਿਚ ਜਗਦੇਵ ਸਿੰਘ ਜਸੋਵਾਲ, ਪ੍ਰੋ: ਕਰਮ ਸਿੰਘ ਚੌਹਾਨ ਤੇ ਹੋਰ 27 ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ ਹਨ, ਖ਼ਾਸ ਕਰਕੇ ਜਗਜੀਤ ਸਿੰਘ ਅਨੰਦ, ਪੱਤਰਕਾਰ ਜਗਦੀਪ ਗਿੱਲ, ਨਾਟਕਕਾਰ ਟੋਨੀ ਬਾਤਿਸ਼, ਉਸਤਾਦ ਦੀਪਕ ਜੈਤੋਈ ਤੇ ਨੰਦ ਸਿੰਘ ਕਵੀਸ਼ਰ ਆਦਿ ਦੇ, ਪੰਜਵੇਂ ਭਾਗ ਵਿਚ 8 ਲੇਖ ਹਨ, ਜਿਵੇਂ ਜੇ ਮੈਂ ਮੁੱਖ ਮੰਤਰੀ ਹੋਵਾਂ, ਵੋਟਾਂ ਪਾਉਣਾ ਇਕ ਵੰਗਾਰ, ਖਿਚੜੀ, ਦੀਵਾਲੀ ਪ੍ਰਦੂਸ਼ਣ, ਸ਼ੋਸ਼ਣ ਤੇ ਉੱਤਰਾਖੰਡ ਦਾ ਦੁਖਾਂਤ ਆਦਿ ਅਤੇ ਅੰਤਲੇ ਭਾਗ ਵਿਚ ਖ਼ਬਰਾਂ ਦਾ ਵੇਰਵਾ ਦਿੱਤਾ ਹੈ ਜਿਵੇਂ 21ਵੀਂ ਸਦੀ ਵਿਚ ਨਾਵਲ ਦੀ ਭੂਮਿਕਾ ਬਾਰੇ, ਸਾਹਿਤ ਅਕਾਦਮੀ ਲੁਧਿਆਣਾ ਦਾ ਸਾਲਾਨਾ ਜਨਰਲ ਅਜਲਾਸ, ਤਲਵੰਡੀ ਸਾਬੋ ਦਾ ਚੋਣ ਅਖਾੜਾ, ਮਾਲਕਾ ਹੈਰੀਟੇਜ ਵਲੋਂ ਵਿਰਾਸਤੀ ਮੇਲਾ, ਸਾਹਿਤ, ਸਿੱਖਿਆ, ਸੱਭਿਆਚਾਰ, ਸਿਹਤ ਸਮਾਜ ਸੇਵਾ-ਸਭਾ ਤੇ ਇਨ੍ਹਾਂ ਪੰਜਾਂ ਸਸਿਆਂ ਨੂੰ ਸਮਰਪਿਤ ਸਾਹਿਤ ਸਭਾ ਦਾ ਗਠਨ ਆਦਿ। ਇਹ ਖ਼ਬਰਾਂ ਤੇ ਲੇਖ ਸਮੇਂ-ਸਮੇਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਲੇਖਕ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਇਕ ਪੁਸਤਕ ਵਿਚ ਅਨੇਕਾਂ ਸਾਹਿਤ ਰੂਪਾਂ ਨਾਲ ਪਾਠਕਾਂ ਦੀ ਸਾਂਝ ਪੁਆਈ ਹੈ ਤੇ ਸਰਲ ਭਾਸ਼ਾ ਵਿਚ ਸਾਰੇ ਰੂਪਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਉਹ ਸਾਹਿਤਕਾਰ ਹੋਣ ਦੇ ਨਾਲ-ਨਾਲ ਇਕ ਫਾਰਮਸਿਸਟ ਵੀ ਹੈ ਤੇ ਸਮਾਜ ਸੇਵੀ ਵੀ। ਇਕੋ ਵੇਲੇ ਸਾਰੇ ਫ਼ਰਜ਼ ਬਾਖੂਬੀ ਨਿਭਾਉਣ ਦਾ ਉੱਦਮ ਸ਼ਲਾਘਾਯੋਗ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

28-04-2018

 ਮਜੀਠੀਆ ਬੰਸਾਵਲੀ ਘਰਾਣੇ ਦਾ ਇਤਿਹਾਸ
ਲੇਖਕ : ਦਵਿੰਦਰ ਸਿੰਘ 'ਗਿੱਲ ਵਡਾਲਵੀ'
ਪ੍ਰਕਾਸ਼ਕ : ਭਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਸਾਹਿਬ
ਮੁੱਲ : 300 ਰੁਪਏ, ਸਫ਼ੇ : 183
ਸੰਪਰਕ : 97800-04411.

ਇਸ ਪੁਸਤਕ ਵਿਚ ਮਜੀਠਾ ਕਸਬੇ ਦੀ ਇਤਿਹਾਸਕ ਮਹੱਤਤਾ ਅਤੇ ਤਿੰਨ ਪ੍ਰਸਿੱਧ ਮਜੀਠੀਆ ਘਰਾਣਿਆਂ ਦਾ ਵੇਰਵਾ ਦਿੱਤਾ ਗਿਆ ਹੈ। ਮਜੀਠੇ ਕਸਬੇ ਦੀ ਨੀਂਹ ਇਕ ਮਾਧੋ ਨਾਂਅ ਦੇ ਜੱਟ ਨੇ ਰੱਖੀ ਸੀ, ਜੋ ਜੇਠਾ ਪੁੱਤ ਸੀ। ਇਸ ਲਈ ਕਸਬੇ ਦਾ ਨਾਂਅ ਮਾਧੋ ਜੇਠਾ ਰੱਖਿਆ ਗਿਆ, ਜੋ ਸਮਾਂ ਪਾ ਕੇ ਮਜੀਠਾ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਨੌਧ ਸਿੰਘ ਦਾ ਵਿਆਹ ਮਜੀਠੇ ਦੇ ਸਰਦਾਰ ਗੁਲਾਬ ਸਿੰਘ ਦੀ ਲੜਕੀ ਨਾਲ ਹੋਇਆ ਸੀ। ਮਜੀਠੇ ਦੀ ਮਿੱਟੀ ਨੇ ਇਹੋ ਜਿਹੇ ਜਾਂਬਾਜ਼ ਜਰਨੈਲ ਪੈਦਾ ਕੀਤੇ, ਜਿਨ੍ਹਾਂ ਨੇ ਸਮੁੱਚੇ ਖ਼ਾਲਸਾ ਰਾਜ ਨੂੰ ਸਥਾਪਤ ਕਰਨ ਅਤੇ ਕਾਇਮ ਰੱਖਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ। ਦੇਸ਼ ਆਜ਼ਾਦ ਹੋਣ ਤੱਕ ਅਤੇ ਫਿਰ ਚੀਨ ਤੇ ਪਾਕਿਸਤਾਨ ਨਾਲ ਲੜੀਆਂ ਗਈਆਂ ਜੰਗਾਂ ਵਿਚ ਵੀ ਮਜੀਠੇ ਜਰਨੈਲਾਂ ਅਤੇ ਕਮਾਂਡਰਾਂ ਦਾ ਵਿਲੱਖਣ ਯੋਗਦਾਨ ਰਿਹਾ ਹੈ। ਘਰਾਣਾ ਸ: ਇੱਜ਼ਤ ਸਿੰਘ ਮਜੀਠੀਆ ਨੇ ਸਿੱਖ ਰਾਜ ਦੀ ਚੜ੍ਹਦੀ ਕਲਾ ਲਈ ਕਰੜੀਆਂ ਘਾਲਣਾ ਘਾਲੀਆਂ। ਇਸ ਘਰਾਣੇ ਦੇ ਮਹਾਨ ਜਰਨੈਲ ਸ: ਅਤਰ ਸਿੰਘ ਮਜੀਠੀਆ, ਰਾਜਾ ਸੂਰਤ ਸਿੰਘ, ਸ: ਅਮਰ ਸਿੰਘ, ਸ: ਕਾਹਨ ਸਿੰਘ, ਸ: ਸੁਰਜੀਤ ਸਿੰਘ ਦੇ ਵੇਰਵੇ ਪੁਸਤਕ ਵਿਚ ਦਰਜ ਹਨ। ਸੰਸਾਰ ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ, ਫੂਡ ਪ੍ਰੋਸੈਸਿੰਗ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੀ ਇਸੇ ਘਰਾਣੇ ਵਿਚੋਂ ਹਨ। ਦੂਸਰਾ ਘਰਾਣਾ ਸ: ਨੌਧ ਸਿੰਘ ਦਾ ਹੈ, ਜਿਸ ਵਿਚ ਮਹਾਨ ਵਿਗਿਆਨੀ ਸ: ਲਹਿਣਾ ਸਿੰਘ ਮਜੀਠੀਆ, ਸ: ਦਿਆਲ ਸਿੰਘ ਮਜੀਠੀਆ, ਫਿਲੌਰ ਦਾ ਗਵਰਨਰ ਸ: ਰਣਜੋਧ ਸਿੰਘ ਆਦਿ ਹੋਏ ਹਨ। ਤੀਸਰਾ ਘਰਾਣਾ ਸ: ਮਾਹਣਾ ਸਿੰਘ ਦਾ ਹੈ, ਜਿਸ ਵਿਚ ਪ੍ਰਸਿੱਧ ਨਿਸ਼ਾਨਚੀ ਸ: ਅਮਰ ਸਿੰਘ, ਪਹਿਲੀ ਸਿੱਖ ਅੰਗਰੇਜ਼ ਜੰਗ ਦੇ ਜਰਨੈਲ ਮਹਿਤਾਬ ਸਿੰਘ, ਭਾਰਤੀ ਫ਼ੌਜ ਦੇ ਥੰਮ੍ਹ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ, ਲੈਫਟੀਨੈਂਟ ਜਨਰਲ ਮਲਵਿੰਦਰ ਸਿੰਘ ਤੇ ਤਜਿੰਦਰ ਸਿੰਘ ਸ਼ੇਰਗਿੱਲ ਹੋਏ ਹਨ। ਇਨ੍ਹਾਂ ਘਰਾਣਿਆਂ ਵਿਚ ਬਹੁਤ ਸਾਰੇ ਸਿਆਸਤਦਾਨ ਵੀ ਹੋਏ ਹਨ। ਲੇਖਕ ਨੇ ਬਹੁਤ ਮਿਹਨਤ ਨਾਲ ਇਤਿਹਾਸ ਦੇ ਮਾਣਮੱਤੇ ਵਰਕੇ ਸਾਡੇ ਸਨਮੁੱਖ ਕੀਤੇ ਹਨ। ਢੁਕਵੀਆਂ ਕਾਵਿ ਟੂਕਾਂ ਅਤੇ ਰੰਗਦਾਰ ਤਸਵੀਰਾਂ ਨੇ ਪੁਸਤਕ ਨੂੰ ਹੋਰ ਵੀ ਆਕਰਸ਼ਕ ਅਤੇ ਸੁੰਦਰ ਬਣਾ ਦਿੱਤਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਐਸ.ਟੀ. ਕਾਲਰਿਜ
(ਵਿਸ਼ਵ ਪ੍ਰਸਿੱਧ ਕਵਿਤਾਵਾਂ)
ਰੂਪਾਂਤਰ : ਬੀ.ਐਸ. ਬੀਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 99888-86364.

ਬੀ.ਐਸ. ਬੀਰ 21ਵੀਂ ਸਦੀ ਵਿਚ ਪ੍ਰਸਿੱਧ ਹੋਇਆ ਪੰਜਾਬੀ ਸਾਹਿਤ ਦਾ ਇਕ ਪ੍ਰਮੁੱਖ ਕਰਮਯੋਗੀ ਹੈ। ਉਸ ਨੇ ਰਾਬਰਟ ਫਰਾਸਟ ਅਤੇ ਐਸ.ਟੀ. ਕਾਲਰਿਜ ਵਰਗੇ 19ਵੀਂ ਅਤੇ 20ਵੀਂ ਸਦੀ ਦੇ ਪ੍ਰਮੁੱਖ ਅੰਗਰੇਜ਼ੀ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸਫ਼ਲ ਰੂਪਾਂਤਰ ਵੀ ਕੀਤਾ ਹੈ। ਕਾਲਰਿਜ ਰੋਮਾਂਸਵਾਦੀ ਲਹਿਰ ਦਾ ਇਕ ਪ੍ਰਮੁੱਖ ਸਿਧਾਂਤਵੇਤਾ ਅਤੇ ਕਵੀ ਸੀ। ਉਸ ਨੇ ਕਾਵਿ ਵਿਚ ਕਲਪਨਾ ਦੇ ਮਹੱਤਵ ਨੂੰ ਪੁਨਰ-ਪ੍ਰਤਿਸ਼ਠਿਤ ਕੀਤਾ। ਵਰਡਜ਼ਵਰਥ ਨਾਲ ਮਿਲ ਕੇ ਉਸ ਨੇ ਰੋਮਾਂਟਿਕ ਕਵਿਤਾ ਦਾ ਕਾਵਿ ਸ਼ਾਸਤਰ ਤਿਆਰ ਕੀਤਾ ਅਤੇ ਇਸ ਤਰ੍ਹਾਂ ਕਵਿਤਾ ਨੂੰ ਨਵ-ਕਲਾਸਕੀਵਾਦ ਦੀ ਸੰਕੀਰਣ ਮਰਯਾਦਾ ਤੋਂ ਮੁਕਤ ਕਰਵਾਇਆ। ਬੀ.ਐਸ. ਬੀਰ ਨੇ ਇਸ ਸੰਗ੍ਰਹਿ ਵਿਚ 'ਕੁਬਲਾ ਖਾਨ', 'ਦ ਏਨਸ਼ੀਐਂਟ ਮੈਰੀਨਰ', 'ਕ੍ਰਿਸਟਾਬੇਲ', 'ਡੀਜੈਕਸ਼ਨ ਐਨ ਓਡ' ਅਤੇ ਕੁਝ ਹੋਰ ਛੋਟੀਆਂ ਕਵਿਤਾਵਾਂ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਹੈ।
ਬੀ.ਐਸ. ਬੀਰ ਨੂੰ ਅੰਗਰੇਜ਼ੀ ਸਾਹਿਤ ਦੀ ਐਮ.ਏ. ਕਰਨ ਸਮੇਂ ਚਾਰ ਕਵੀਆਂ ਨੇ ਧੁਰ-ਅੰਦਰ ਤੱਕ ਅੰਦੋਲਿਤ ਕਰ ਰੱਖਿਆ ਸੀ। ਇਹ ਕਵੀ ਸਨ : ਜਾਹਨ ਕੀਟਸ, ਐਸ.ਟੀ. ਕਾਲਰਿਜ, ਵਿਲੀਅਮ ਬਲੇਕ ਅਤੇ ਰਾਬਰਟ ਫਰਾਸਟ। ਇਨ੍ਹਾਂ ਵਿਚੋਂ ਦੋ ਕਵੀਆਂ ਦੀਆਂ ਪ੍ਰਮੁੱਖ ਕਵਿਤਾਵਾਂ ਦਾ ਰੂਪਾਂਤਰ ਉਸ ਨੇ ਕਰ ਦਿੱਤਾ ਹੈ ਅਤੇ ਰਹਿੰਦੇ ਦੋ ਕੀਟਸ ਅਤੇ ਵਿਲੀਅਮ ਬਲੇਕ ਦੇ ਰਚਨਾਤਮਕ ਸੰਸਾਰ ਨਾਲ ਉਹ ਅਜੇ ਜੂਝ ਰਿਹਾ ਹੈ। ਇਹ ਚਾਰੇ ਕਵੀ ਚੜ੍ਹਦੇ-ਪੂੰਜੀਵਾਦ ਦੇ ਚਿਤੇਰੇ ਸਨ। ਇਨ੍ਹਾਂ ਤੋਂ ਪਿੱਛੋਂ ਏਲੀਅਟ ਅਤੇ ਆਡੇਨ ਪੂੰਜੀਵਾਦੀ ਵਿਸੰਗਤੀਆਂ ਅਤੇ ਦਬਾਵਾਂ ਦਾ ਅੰਕਣ ਕਰਦੇ ਰਹੇ ਅਤੇ ਹੁਣ ਤਾਂ ਉੱਤਰ-ਪੂੰਜੀਵਾਦੀ ਯੁੱਗ ਸ਼ੁਰੂ ਹੋ ਗਿਆ ਹੈ। ਪਿਛਲੇ ਦੋ ਸੌ ਸਾਲ ਦੇ ਅਰਸੇ ਵਿਚ ਵਿਸ਼ਵ ਦੀ ਨੁਹਾਰ ਬਹੁਤ ਹੱਦ ਤੱਕ ਬਦਲ ਗਈ ਹੈ। ਸਮਕਾਲੀ ਯੁੱਗ ਵਿਚ ਸਥਿਤ ਹੋ ਕੇ ਇਨ੍ਹਾਂ ਕਵੀਆਂ ਨੂੰ ਦੇਖਣਾ ਅਤੇ ਪੜ੍ਹਨਾ ਕਾਫੀ ਦਿਲਚਸਪ ਪ੍ਰਤੀਤ ਹੁੰਦਾ ਹੈ। ਇਹ ਕਵੀ ਨਵੇਂ-ਨਵੇਂ ਸ਼ੁਰੂ ਹੋਏ ਪੂੰਜੀਵਾਦੀ ਯੁੱਗ ਵਿਚੋਂ ਉਪਜੀ ਨਿਰਾਸ਼ਾ, ਕੁੰਠਾ ਅਤੇ ਹੈਰਾਨੀ ਨੂੰ ਮਨੁੱਖੀ ਜੀਵਨ ਦੇ ਮੂਲਭੂਤ ਪ੍ਰਸ਼ਨਾਂ ਦੇ ਪਰਿਪੇਖ ਵਿਚ ਰੱਖ ਕੇ ਉਭਾਰਦੇ ਹਨ। ਕਾਲਰਿਜ ਦੀ ਅਧੂਰੀ ਮੰਨੀ ਜਾਂਦੀ ਇਕ ਕਵਿਤਾ ਦੇ ਕੁਝ ਅੰਸ਼ ਦੇਖੋ :
ਕਵੀ ਚਾਹੇ ਕਿ ਉਸ ਸੁੰਦਰ ਮੁਟਿਆਰ
ਤੇ ਉਸ ਦੁਆਰਾ ਗਾਏ ਗੀਤ
ਤੇ ਰਚੇ ਸੰਗੀਤ ਦੁਆਰਾ ਕੁਬਲੇ ਦੇ
ਮਹਿਲ ਨੂੰ ਉਹ ਮੁੜ-ਮੁੜ ਉਸਾਰੇ
ਬਰਫ਼ੀਲੀਆਂ ਗੁਫ਼ਾਵਾਂ ਨੂੰ ਗਲ ਸੰਗ ਲਾਵੇ
ਜੋ ਵੀ ਵੇਖੇ ਸਹਿਮਿਆ ਹੋਇਆ ਬਰੜਾਵੇ...।
(ਕੁਬਲਾ ਖਾਨ)
ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨਾ ਅਤੇ ਮਾਣਨਾ ਇਕ ਮੁਸ਼ਕਿਲ ਪ੍ਰਕਿਰਿਆ ਤਾਂ ਜ਼ਰੂਰ ਹੈ ਪਰ ਮੁਸ਼ਕਿਲਾਂ ਦਾ ਇਕ ਆਪਣਾ ਹੀ ਵਿਸਮਾਦੀ ਆਨੰਦ ਹੁੰਦਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਿਦਕ ਦੇ ਦੀਪ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 98148-98599.

ਹਥਲੀ ਪੁਸਤਕ 'ਸਿਦਕ ਦੇ ਦੀਪ' ਸਾਹਿਬ-ਏ-ਕਮਾਲ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਕਵਿੱਤਰੀ ਅਨੁਸਾਰ 'ਸ੍ਰੀ ਫਤਹਿਗੜ੍ਹ ਸਾਹਿਬ ਅਤੇ ਸਰਹਿੰਦ ਦੀ ਸ਼ਹੀਦਾਂ ਦੇ ਪਾਕ ਪਵਿੱਤਰ ਖੂਨ ਨਾਲ ਸਿੰਜੀ ਧਰਤੀ ਨਾਲ ਜੁੜੀ ਹੋਣ ਕਾਰਨ ਇਹ ਕਵਿਤਾਵਾਂ ਲਿਖਤੀ ਰੂਪ ਵਿਚ ਪਾਠਕਾਂ ਸਾਹਵੇਂ ਆਈਆਂ ਹਨ।' ਇਹ ਇਕ ਤਰ੍ਹਾਂ ਨਾਲ ਦਸਮ ਪਿਤਾ ਦੇ ਚਰਨਾਂ ਵਿਚ ਇਕ ਭੇਟ ਹੈ, ਜਿਨ੍ਹਾਂ ਨੇ ਸਰਬੰਸ ਵਾਰਿਆ ਖਾਲਸਾ ਕੌਮ ਖਾਤਰ। ਇਨ੍ਹਾਂ ਕਵਿਤਾਵਾਂ ਵਿਚ ਸਿੱਖੀ ਸਿਦਕ, ਸੱਚ ਤੇ ਸ਼ਹਾਦਤ ਨੂੰ ਅਜਿਹੇ ਭਾਵਪੂਰਤ ਸ਼ਬਦਾਂ ਵਿਚ ਪੇਸ਼ ਕੀਤਾ ਗਿਆ ਹੈ ਕਿ ਕੋਈ ਅੱਖ ਨਮ ਹੋਣ ਤੋਂ ਬਿਨਾਂ ਰਹਿ ਨਹੀਂ ਸਕਦੀ। ਦਸੰਬਰ ਦਾ ਮਹੀਨਾ ਸ਼ਹੀਦੀਆਂ ਦਾ ਮਹੀਨੀਆਂ ਹੁੰਦਾ ਹੈ ਜਦੋਂ ਦਸਵੇਂ ਪਿਤਾ ਦਾ ਸਾਰਾ ਪਰਿਵਾਰ ਵਿਛੜ ਗਿਆ ਤੇ ਬੱਚੇ ਯੁੱਧ ਵਿਚ ਜਾਂ ਨਹੀਂ ਵਿਚ ਚਿਣ ਕੇ ਸ਼ਹੀਦ ਕੀਤੇ ਗਏ। ਸਰਹਿੰਦ ਦੀ ਦੀਵਾਰ ਦੇ ਮੂੰਹੋਂ ਦਰਦ ਭਰਿਆ ਵਿਰਲਾਪ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਵਿਚ :
ਮੈਂ ਹਾਂ ਦੀਵਾਰ ਸਰਹਿੰਦ ਦੀ ਮੇਰੀ ਸੁਣੋ ਦੁਹਾਈ,
ਮੈਨੂੰ ਖੂਨੀ ਖੂਨੀ ਆਖਦੀ ਹੈ ਕੁੱਲ ਲੋਕਾਈ।
- - - - - - - - - -
ਨਾ ਹੁੰਦੀ ਮੈਂ ਨਿਰਜਿੰਦ ਲਾਲ ਲੈ ਗੋਦ ਨਾ ਬਹਿੰਦੀ,
ਕਰਦੇ ਵਾਰ ਜਲਾਦ ਮੈਂ ਆਪਣੇ ਸਿਰ 'ਤੇ ਸਹਿੰਦੀ।
ਮੇਰਾ ਦੋਸ਼ ਨਾ ਦੁਨੀਆ ਵਾਲਿਓ ਕਿੱਦਾਂ ਸਮਝਾਵਾਂ
ਸੂਬੇ ਦੇ ਕੀਤੇ ਪਾਪ ਦੀਆਂ ਮੈਂ ਪਾਵਾਂ ਸਜ਼ਾਵਾਂ।
ਕਵਿੱਤਰੀ ਨੇ ਇਨ੍ਹਾਂ ਕਵਿਤਾਵਾਂ ਵਿਚ ਬਾਬਰ ਦੇ ਜ਼ੁਲਮਾਂ ਤੇ ਗੁਰੂ ਨਾਨਕ ਦੇਵ ਜੀ ਦੀ ਉਸ ਨੂੰ ਵੰਗਾਰ, ਪੰਜਵੇਂ ਗੁਰੂ ਦੀ ਲਾਸਾਨੀ ਸ਼ਹਾਦਤ, ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿਖੇ ਦਿੱਤੀ ਕੁਰਬਾਨੀ, ਪੰਜ ਪਿਆਰਿਆਂ ਦੀ ਸਾਜਨਾ, ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਸਫ਼ਰ ਦੀ ਗਾਥਾ, ਭਾਈ ਘਨੱਈਆ ਜੀ, ਸਿੰਘਾਂ ਦੀਆਂ ਜੰਗਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਮੁਗਲ ਹਾਕਮਾਂ ਨਾਲ ਲਈ ਟੱਕਰ ਦਾ ਬਹੁਤ ਖੂਬਸੂਰਤ ਪਰ ਦਰਦਨਾਕ ਸ਼ਬਦਾਂ ਵਿਚ ਵਰਨਣ ਕੀਤਾ ਹੈ ਜਿਵੇਂ ਕਿ :
ਸਰਬੰਸਦਾਨੀਆਂ ਜਗਤ ਦੇ ਭਲੇ ਖਾਤਰ
ਤੂੰ ਆਪਣਾ ਸਰਬੰਸ ਲੁਟਾ ਗਿਆ ਏਂ।
ਹੱਥੀਂ ਤੋਰਿਆ ਪਿਤਾ ਤੇ ਹੱਥੀਂ ਪੁੱਤਰ ਤੋਰੇ
ਜਿਗਰਾ ਪਰਬਤਾਂ ਵਰਗਾ ਬਣਾ ਗਿਆ ਏਂ।
ਕਵਿੱਤਰੀ ਨੇ ਬਾਬਾ ਕੁੰਮਾ ਮਾਸ਼ਕੀ ਤੇ ਦੀਵਾਨ ਟੋਡਰ ਮਲ ਦੀ ਕੁਰਬਾਨੀ ਨੂੰ ਵੀ ਵਿਸ਼ੇਸ਼ ਤੌਰ 'ਤੇ ਪੇਸ਼ ਕੀਤਾ ਹੈ। ਏਨਾ ਹੀ ਨਹੀਂ ਕਵਿਤਾਵਾਂ ਵਿਚ ਸਮੇਂ ਦੀ ਸਿਆਸਤ, ਕੁਰੀਤੀਆਂ, ਨਸ਼ਾਖੋਰੀ, ਭਰੂਣ ਹੱਤਿਆ, ਭ੍ਰਿਸ਼ਟਾਚਾਰ ਤੇ ਹੋਰ ਗ਼ੈਰ-ਮਨੁੱਖੀ ਵਰਤਾਰਿਆਂ ਨੂੰ ਬੇਬਾਕ ਹੋ ਕੇ ਉਲੀਕਣ ਤੋਂ ਪਰਹੇਜ਼ ਨਹੀਂ ਕੀਤਾ। ਉਸ ਨੇ ਮਾਵਾਂ ਤੋਂ ਵਿਛੜੇ ਪੁੱਤਰਾਂ ਦੇ ਦਰਦ ਨੂੰ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਪਰ ਵਧੇਰੇ ਕਵਿਤਾਵਾਂ ਸਿੱਖੀ ਦੇ ਕੁਰਬਾਨੀਆਂ ਭਰੇ ਵਿਰਸੇ, ਇਤਿਹਾਸ ਤੇ ਜੀਵਨ ਜਾਚ ਨਾਲ ਸਬੰਧਿਤ ਹਨ। ਕਵਿਤਾਵਾਂ ਕਾਵਿ ਗੁਣਾਂ ਤੇ ਕਾਵਿ ਲੱਛਣਾਂ ਦਾ ਵਧੀਆ ਪ੍ਰਗਟ ਰੂਪ ਹਨ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਬੰਦ ਦਰਵਾਜ਼ਾ
ਕਹਾਣੀਕਾਰ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 98159-45018.

ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਪਿਛਲੇ ਚਾਰ ਦਹਾਕਿਆਂ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਿਸ਼ੇਸ਼ ਕਰਕੇ ਅਮਰੀਕਾ ਦੀ ਧਰਤੀ 'ਤੇ ਵਾਪਰੀਆਂ ਘਟਨਾਵਾਂ ਨੂੰ ਆਪਣੀ ਸਿਰਜਣਾਤਮਕਤਾ ਦਾ ਆਧਾਰ ਬਣਾਇਆ ਹੈ। ਕਹਾਣੀ 'ਬੰਦ ਦਰਵਾਜ਼ਾ' ਅਤੇ 'ਕਿਸਮਤ ਦੇ ਕੜਛੇ' ਅਮਰੀਕਾ ਉੱਤੇ ਹੋਏ 9/11 ਦੇ ਹਮਲੇ ਤੋਂ ਬਾਅਦ ਓਸਾਮਾ ਬਿਨ ਲਾਦੇਨ ਦੀ ਸ਼ਕਲ ਦੇ ਭੁਲੇਖੇ ਨਾਲ ਸਿੱਖਾਂ ਉੱਤੇ ਹੋਏ ਨਸਲੀ ਹਮਲਿਆਂ ਦੇ ਬਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ ਭਾਵੇਂ ਕਿ 'ਕਿਸਮਤ ਦੇ ਕੜਛੇ' ਕਹਾਣੀ ਦੀ ਪਿੱਠ ਭੂਮੀ ਵਿਚ ਪੰਜਾਬ ਦੁਖਾਂਤ ਦੀ ਸਥਿਤੀ ਵੀ ਸਿਰਜੀ ਹੋਈ ਹੈ। ਇਸੇ ਤਰ੍ਹਾਂ 'ਮੰਜੀ ਠੋਕ' ਅਤੇ 'ਓਵਰ ਟਾਇਮ' ਕਹਾਣੀ ਵੀ ਖਾੜਕੂਵਾਦੀ ਲਹਿਰ ਦੌਰਾਨ ਪੰਜਾਬ ਵਿਚ ਪੈਦਾ ਹੋਏ ਡਰ, ਸ਼ੰਕਾ, ਦਹਿਸ਼ਤ ਅਤੇ ਬੇਵਿਸਾਹੀ ਦੇ ਮਾਹੌਲ ਨੂੰ ਚਿਤਰਿਆ ਗਿਆ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਦਿਸ਼ਾ ਦੇ ਖੋਫ਼ਜ਼ਦਾ ਮਾਹੌਲ ਦੀ ਨਿਸ਼ਾਨਦੇਹੀ ਕੀਤੀ ਗਈ ਹੈ। 'ਭਲੇ ਲੋਕ' ਕਹਾਣੀ ਵਿਚ ਪੰਜਾਬ ਵਿਚ ਫੈਲੇ ਦਫ਼ਤਰੀ ਭ੍ਰਿਸ਼ਟਾਚਾਰ ਨੂੰ ਪੇਸ਼ ਕਰਦੀ ਹੈ, ਜਿਥੇ ਥੱਲੇ ਤੋਂ ਲੈ ਕੇ ਉਪਰਲੇ ਅਫ਼ਸਰ ਤੱਕ ਰਿਸ਼ਵਤਖੋਰੀ ਆਪਣਾ ਘਰ ਕਰ ਚੁਕੀ ਹੈ ਅਤੇ ਕਿਸੇ ਦੇ ਜਾਇਜ਼ ਕੰਮ ਨੂੰ ਵੀ ਨਾਜਾਇਜ਼ ਬਣਾ ਕੇ ਪੈਸੇ ਬਟੋਰੇ ਜਾਂਦੇ ਹਨ ਭਾਵੇਂ ਕਿ ਅਜਿਹੇ ਕੁਝ ਕੁ ਵੇਰਵੇ 'ਓਵਰ ਟਾਇਮ' ਕਹਾਣੀ ਵਿਚ ਵੀ ਮਿਲ ਜਾਂਦੇ ਹਨ। 'ਢਾਕਾ ਫ਼ਾਲ' ਕਹਾਣੀ ਵਿਚ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਤੱਥਾਤਮਕ ਵੇਰਵੇ ਦੇ ਕੇ ਬਿਰਤਾਂਤ ਸਿਰਜਿਆ ਗਿਆ ਹੈ, ਜਿਸ ਮਨੁੱਖਤਾ ਦੀ ਭਾਰੀ ਤਬਾਹੀ ਹੋਈ। 'ਕੀ ਮੈਂ ਝੂਠ ਬੋਲਿਆ' ਪਰਿਵਾਰਕ ਰਿਸ਼ਤਿਆਂ ਦੀਆਂ ਉਲਝਦੀਆਂ ਸਮੀਕਰਨਾਂ ਨੂੰ ਪੇਸ਼ ਕਰਨ ਵਾਲੀ ਕਹਾਣੀ ਹੈ, ਜਿਸ ਵਿਚ ਰਿਸ਼ਤਿਆਂ ਦੇ ਟੁੱਟਣ ਤੇ ਜੁੜਨ ਦੀ ਦਾਸਤਾਨ ਬਿਆਨ ਕੀਤੀ ਗਈ ਹੈ। ਕਹਾਣੀਆਂ 'ਚ ਉੱਤਮ ਪੁਰਖੀ ਬਿਰਤਾਂਤ ਵੀ ਹੈ ਅਤੇ ਚੇਤਨਾ ਪਰਵਾਹ ਦੀ ਵਿਧੀ ਵੀ, ਵਿਅੰਗ ਵੀ ਹੈ ਤੇ ਸਮਕਾਲੀ ਸਮੇਂ ਦੇ ਸੱਚ ਨੂੰ ਪੇਸ਼ ਕਰਨ ਦੀ ਜੁਗਤ ਵੀ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਜ਼ਮੀਨੀ ਨਿਸ਼ਾਨਦੇਹੀ ਕਿਵੇਂ ਕਰੀਏ
ਲੇਖਕ : ਗੁਰਨਾਮ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 247
ਸੰਪਰਕ : 98557-16637.

ਜ਼ਮੀਨ ਪਿੰਡ ਵਾਸੀਆਂ ਦੀ ਜਾਨ ਹੈ। ਜ਼ਮੀਨਾਂ ਦੀ ਵੰਡ, ਕਬਜ਼ੇ, ਨਿਸ਼ਾਨਦੇਹੀ, ਝਗੜੇ, ਮੁਕੱਦਮੇ, ਪੁਲਸੀਆ ਤੇ ਅਦਾਲਤੀ ਖੱਜਲ-ਖੁਆਰੀ ਪਰਸਪਰ ਲੜਾਈਆਂ ਦਾ ਵੱਡਾ ਕਾਰਨ ਹਨ। ਆਮ ਬੰਦੇ ਨੂੰ ਪਟਵਾਰੀ, ਕਾਨੂੰਗੋ ਤੇ ਮਾਲ ਵਿਭਾਗ ਦੇ ਬਾਊ ਵਖ਼ਤ ਪਾਈ ਰੱਖਦੇ ਹਨ। ਵਕੀਲਾਂ ਨੂੰ ਵੀ ਪੂਰੀ ਸਮਝ ਛੇਤੀ ਕਿਤੇ ਨਹੀਂ ਆਉਂਦੀ। ਬਸ ਤਰੀਕਾਂ ਆਸਰੇ ਪੈਸੇ ਲਈ ਜਾਂਦੇ ਹਨ। ਆਮ ਆਦਮੀ ਨੂੰ ਇਸ ਦੇ ਕਾਨੂੰਨਾਂ, ਵਿਧੀਆਂ, ਪੈਮਾਨਿਆਂ ਦਾ ਮਾੜਾ ਮੋਟਾ ਪਤਾ ਹੋਵੇ ਤਾਂ ਉਹ ਝਗੜੇ ਦੀਆਂ ਬਾਰੀਕੀਆਂ ਨੂੰ ਸਮਝ ਕੇ ਝਗੜੇ ਵਾਲੀ ਧਿਰ ਨਾਲ ਵਿਚਾਰ ਕੇ ਕਿਸੇ ਸਾਂਝੇ ਨਿਰਣੇ ਉੱਤੇ ਵੀ ਪਹੁੰਚ ਸਕਦਾ ਹੈ। ਪ੍ਰੇਮ ਪਿਆਰ ਨਾਲ ਮਸਲੇ ਦੇ ਹੱਲ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਗੁਰਨਾਮ ਸਿੰਘ ਕਾਨੂੰਗੋ ਨੇ ਜ਼ਮੀਨਾਂ ਦੀ ਨਿਸ਼ਾਨਦੇਹੀ ਵਿਚ ਆਪਣੀ ਨੌਕਰੀ ਦੌਰਾਨ ਕਈ ਔਖੇ ਉਲਝੇ ਕੇਸਾਂ ਨੂੰ ਸਮਝ ਸਮਝਾ ਕੇ ਨਿਪਟਾਇਆ ਹੈ। ਅਦਾਲਤਾਂ, ਵਕੀਲਾਂ, ਝਗੜ ਰਹੀਆਂ ਧਿਰਾਂ ਦੀ ਮਦਦ ਕੀਤੀ ਹੈ। ਨਿਸ਼ਾਨਦੇਹੀ ਦੇ ਕੰਮਾਂ, ਕਾਨੂੰਨਾਂ, ਵਿਹਾਰਕ ਤਰੀਕਿਆਂ, ਪੈਮਾਨਿਆਂ ਦੀ ਵਿਆਖਿਆ ਕਰਕੇ ਸਥਿਤੀ ਸਪੱਸ਼ਟ ਕੀਤੀ ਹੈ। ਉਸ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਜ਼ਮੀਨ ਦੀ ਨਿਸ਼ਾਨਦੇਹੀ ਮਲਕੀਅਤ, ਮਾਪ, ਪੈਮਾਨਿਆਂ ਬਾਰੇ ਆਜ਼ਾਦੀ ਤੋਂ ਪਹਿਲਾਂ ਪਿੱਛੋਂ ਦੇ ਕਾਇਦੇ-ਕਾਨੂੰਨਾਂ ਨੂੰ ਲਾਇਬ੍ਰੇਰੀਆਂ ਤੇ ਹੋਰ ਹਰ ਸੰਭਵ ਸਰੋਤ ਦੀ ਮਦਦ ਨਾਲ ਸਮਝ ਕੇ ਸਰਲ ਪੰਜਾਬੀ ਵਿਚ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ।
ਤਸਵੀਰਾਂ/ਨਕਸ਼ੇ/ਪੈਮਾਨੇ ਹਰ ਸਬੰਧਿਤ ਵਸਤੂ/ਮਸਲੇ ਨੂੰ ਸਪੱਸ਼ਟ ਕਰਨ ਲਈ ਲੇਖਕ ਨੇ ਵਰਤੇ ਹਨ। ਕਾਨੂੰਨੀ ਹਵਾਲੇ, ਅਦਾਲਤੀ ਫ਼ੈਸਲੇ ਤੇ ਉਦਾਹਰਨਾਂ ਸਬੰਧਿਤ ਧਿਰਾਂ ਜਾਂ ਉਨ੍ਹਾਂ ਦੇ ਵਕੀਲਾਂ ਨੂੰ ਮਸਲੇ ਦੀ ਜੜ੍ਹ ਤੱਕ ਪਹੁੰਚਣ ਵਿਚ ਕਾਫੀ ਮਦਦ ਕਰ ਸਕਦੇ ਹਨ। ਆਮ ਪਾਠਕ ਨੂੰ ਭਾਵੇਂ ਇਹ ਸਾਰਾ ਕੁਝ ਝਮੇਲਾ ਹੀ ਲੱਗੇਗਾ ਪਰ ਝਗੜ ਰਹੀਆਂ ਧਿਰਾਂ ਇਸ ਨੂੰ ਟਿਕ ਕੇ ਪੜ੍ਹ ਵਿਚਾਰ ਕੇ ਕਿਸੇ ਮਾਹਿਰ ਨਾਲ ਬੈਠ ਕੇ ਇਸ ਤੋਂ ਕੁਝ ਨਾ ਕੁਝ ਲਾਭ ਜ਼ਰੂਰ ਉਠਾ ਸਕਦੀਆਂ ਹਨ। ਅਗਿਆਨਤਾ ਵਿਚ ਕਿਸੇ ਦਾ ਵੀ ਭਲਾ ਨਹੀਂ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਨਸੀਹਤ
ਲੇਖਕ : ਰੋਹਿਤ ਕੁਮਾਰ
ਪ੍ਰਕਾਸ਼ਨ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 84274-47434.

ਰੋਹਿਤ ਕੁਮਾਰ ਨੇ ਮਿੰਨੀ ਕਹਾਣੀ ਸੰਗ੍ਰਹਿ ਨਸੀਹਤ ਵਿਚ 104 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਸਾਰੀਆਂ ਕਹਾਣੀਆਂ ਵਿਚ ਹੀ ਵੱਖ-ਵੱਖ ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਗੱਲ ਕੀ, ਰੋਹਿਤ ਕੁਮਾਰ ਨੇ ਸਮਜਿਕ ਕੁਰੀਤੀਆਂ ਨੂੰ ਬੇਬਾਕੀ ਨਾਲ ਚਿਤਰਿਆ ਹੈ। 'ਅੱਧੀ ਰੋਟੀ' ਕਹਾਣੀ ਵਿਚ ਜਦੋਂ ਗੁਲਜ਼ਾਰ ਆਪਣੀ ਧੀ ਕੋਲ ਜਾਂਦਾ ਹੈ ਤਾਂ ਉਸ ਦੀ ਦੋਹਤੀ ਰਿੰਪੀ ਦਾ ਕਹਿਣਾ ਕਿ ਨਾਨਾ ਜੀ ਮੈਨੂੰ ਤਾਂ ਨਾਲ ਲੈ ਚਲੋ, ਪਾਪਾ ਮਾਰਦੇ ਹਨ। ਮੈਂ ਤਾਂ ਸਿਰਫ ਅੱਧੀ ਰੋਟੀ ਖਾਂਦੀ ਹਾਂ। ਦਿਲ ਦਹਿਲਾਉਣ ਵਾਲੀ ਹੈ। ਕਦਰਦਾਨ ਕਹਾਣੀ ਕਿਤਾਬਾਂ ਬਾਰੇ ਹੈ ਅਤੇ ਇਸੇ ਤਰ੍ਹਾਂ ਹੀ ਅੰਧ-ਵਿਸ਼ਵਾਸ ਕਹਾਣੀ ਵਿਚ ਕੰਧਾਂ 'ਤੇ ਕੈਲੰਡਰ ਲਗਾਉਣ ਦੇ ਅੰਧ ਵਿਸ਼ਵਾਸ ਬਾਰੇ ਦੱਸਿਆ ਗਿਆ ਹੈ ਅਤੇ ਕਹਾਣੀਕਾਰ ਨਾਰੀ ਦੇ ਹੱਕਾਂ ਦੀ ਗੱਲ ਵੀ ਬੇਬਾਕੀ ਨਾਲ ਕਰਦਾ ਹੈ। ਉਸ ਦੀਆਂ ਕਹਾਣੀਆਂ ਅਰਥੀ, ਦਾਨੀ ਸੱਜਣ, ਸੇਠ, ਵਾੜ ਖੇਤ ਨੂੰ, ਅੱਜ ਦੇ ਰਾਵਣ, ਗੁਰੂ ਦਕਸ਼ਨਾ ਔਰਤ ਦੀ ਮਜਬੂਰੀ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। ਇਹ ਸਾਰੀਆਂ ਕਹਾਣੀਆਂ ਦੇਸ਼ ਵਿਚ ਜੋ ਮੌਜੂਦਾ ਸਮਾਜਿਕ ਅਤੇ ਆਰਥਿਕ ਹਾਲਾਤ ਪਨਪ ਰਹੇ ਹਨ, ਉਨ੍ਹਾਂ ਦੀ ਹੀ ਪੇਸ਼ਕਾਰੀ ਕਰਦੀਆਂ ਹਨ। ਆਰਥਿਕ ਤੌਰ 'ਤੇ ਮਜ਼ਬੂਤ ਹੋਣ ਲਈ ਮਨੁੱਖ ਦਾ ਸਮਾਜਿਕ ਰੁਤਬਾ ਮਨਫ਼ੀ ਹੋ ਰਿਹਾ ਹੈ। ਮਿੰਨੀ ਕਹਾਣੀ ਦਿਹਾੜੀਦਾਰ ਵਿਚ ਰਾਜਸੀ ਪਾਰਟੀਆਂ ਅਤੇ ਵੋਟ ਨੀਤੀਆਂ ਕਾਰਜਸ਼ੀਲ ਹਨ ਪਰ ਉਨ੍ਹਾਂ ਨੂੰ ਗ਼ਰੀਬਾਂ ਨਾਲ ਕੋਈ ਦਿਲਚਸਪੀ ਨਹੀਂ ਹੈ। ਇਸੇ ਤਰ੍ਹਾਂ ਅਗਲੀਆਂ ਕਹਾਣੀਆਂ ਉਜਾੜ, ਬੁਢਾਪਾ, ਗੁੱਡਾ, ਵੱਡੇ ਦਿਲਾਂ ਵਾਲੇ ਕਹਾਣੀਆਂ ਗ਼ਰੀਬਾਂ ਦੀ ਤਰਜਮਾਨੀ ਕਰਦੀਆਂ ਪਾਠਕ ਮਨ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਇਸੇ ਤਰ੍ਹਾਂ ਹੀ ਤਸਵੀਰ, ਫ਼ੌਜੀ, ਭੈਣਾਂ, ਕਮਲ ਦਾ ਫੁੱਲ ਸਮਾਜਿਕ ਰਿਸ਼ਤਿਆਂ ਨੂੰ ਤਰਕਸ਼ੀਲ ਤੇ ਵਿਗਿਆਨਕ ਬਣਾਉਣ ਲਈ ਰਾਹ ਦਸੇਰਾ ਵੀ ਬਣਦੀਆਂ ਹਨ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

22-04-2018

 ਗੁਰੂ ਗੋਬਿੰਦ ਸਿੰਘ : ਇਕ ਅਧਿਐਨ
ਮੁੱਖ ਸੰਪਾਦਕ : ਪ੍ਰੋ: ਰਾਜਿੰਦਰ ਪਾਲ ਸਿੰਘ ਜੋਸ਼
ਸੰਪਾ: ਡਾ: ਅਮਰਦੀਪ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 254

ਚੰਡੀਗੜ੍ਹ ਦੇ ਦੋ ਕਾਲਜਾਂ ਦੇ ਸਾਂਝੇ ਉੱਦਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਰਚਨਾਵਾਂ ਤੇ ਭਾਰਤ ਨੂੰ ਬਹੁਪੱਖੀ ਦੇਣ ਬਾਰੇ ਇਸ ਤ੍ਰੈ-ਭਾਸ਼ੀ ਪੁਸਤਕ ਵਿਚ ਪੰਜਾਬੀ ਤੇ ਹਿੰਦੀ ਦੇ 11-11 ਅਤੇ ਅੰਗਰੇਜ਼ੀ ਦੇ 5 ਖੋਜ ਪੱਤਰ ਸ਼ਾਮਿਲ ਹਨ। ਪੁਸਤਕ ਦਾ ਮਹੱਤਵ ਇਸ ਦੇ ਤ੍ਰੈ-ਭਾਸ਼ੀ ਹੋਣ ਕਾਰਨ ਵੀ ਹੈ ਅਤੇ ਖੋਜ ਪੱਤਰਾਂ ਦੀ ਸਮੱਗਰੀ ਕਾਰਨ ਵੀ। ਇਨ੍ਹਾਂ ਵਿਚ ਛੇੜੇ ਗਏ ਵਿਸ਼ੇ ਪੀਠੇ ਨੂੰ ਮੁੜ ਪੀਹਣ ਦੀ ਥਾਂ ਬਹੁਤ ਹੱਦ ਤੱਕ ਨਵੀਂ ਜ਼ਮੀਨ ਖੋਜਦੇ ਹਨ। ਡਾ: ਕੰਚਨ ਦਾ ਆਈ ਸ਼ੈਲ ਨਾਟ ਹੀਅਰ ਦੀ ਨਾਈਟਿੰਗੇਲ ਦਾ ਦਸਮ ਗੁਰੂ ਦੇ ਪ੍ਰਸੰਗ ਵਿਚ ਅਧਿਐਨ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਸਮਾਜਿਕ, ਰਾਜਨੀਤਕ ਪ੍ਰਭਾਵ ਬਾਰੇ ਡਾ: ਰੰਜੇ ਵਰਧਨ ਦੀ ਲਿਖਤ, ਸੁਨੀਤਾ ਦਾ ਬਰਾਬਰੀ ਤੇ ਮਜ਼੍ਹਬੀ ਸਹਿਣਸ਼ੀਲਤਾ ਬਾਰੇ ਦਸਮ ਗੁਰੂ ਦੀ ਦ੍ਰਿਸ਼ਟੀ ਦਾ ਵਿਸ਼ਲੇਸ਼ਣ, ਮਨਜੀਤ ਕੌਰ ਤੇ ਹਰਮੀਤ ਸੇਠੀ ਦੇ ਗੁਰੂ ਸਾਹਿਬ ਦੇ ਵਿਰਸੇ/ਵਿਰਾਸਤ ਬਾਰੇ ਅੰਗਰੇਜ਼ੀ ਖੋਜ ਪੱਤਰ ਇਸ ਦਾ ਪ੍ਰਥਮ ਪ੍ਰਮਾਣ ਹਨ।
ਪੰਜਾਬੀ ਵਿਦਵਾਨਾਂ ਨੇ ਵੀ ਗੁਰੂ ਸਾਹਿਬ ਦੀ ਸ਼ਾਇਰਾਨਾ ਸ਼ਖ਼ਸੀਅਤ, ਸਹਿਣਸ਼ੀਲਤਾ, ਦਾਰਸ਼ਨਿਕਤਾ ਤੇ ਬਹੁਪੱਖੀ ਦੇਣ ਦਾ ਅਜੋਕੇ ਸਮੇਂ ਦੀਆਂ ਵੰਗਾਰਾਂ ਦੇ ਪ੍ਰਸੰਗ ਵਿਚ ਉਲੇਖ ਕਰਨ ਦਾ ਯਤਨ ਕੀਤਾ ਹੈ। ਪਾਤਰ, ਪ੍ਰੋ: ਢੇਸਾ, ਸੁਰਿੰਦਰ ਕੌਰ, ਜੈ ਪ੍ਰੀਤ, ਸ਼ਰਨਜੀਤ, ਡਾ: ਦਿਲਬਾਗ ਸਿੰਘ, ਸਤਵੰਤ ਕੌਰ, ਸਿਕੰਦਰ ਸਿੰਘ, ਸਵਿੰਦਰ ਪਾਲ ਤੇ ਅਮਰਦੀਪ ਇਨ੍ਹਾਂ ਨਿਬੰਧਾਂ ਦੇ ਲੇਖਕ ਹਨ। ਹਿੰਦੀ ਵਿਦਵਾਨਾਂ ਨੇ ਗੁਰੂ ਸਾਹਿਬ ਨੂੰ ਭਾਰਤੀ ਸੰਸਕ੍ਰਿਤੀ ਦੇ ਰੱਖਿਅਕ ਤੇ ਧਾਰਮਿਕ ਸਹਿਣਸ਼ੀਲਤਾ ਦੀ ਦ੍ਰਿਸ਼ਟੀ ਤੋਂ ਵੇਖਣ ਤੋਂ ਇਲਾਵਾ ਉਨ੍ਹਾਂ ਦੀ ਮਨੁੱਖਤਾ ਨੂੰ ਦੇਣ, ਸਮਾਜਿਕ ਦਾਰਸ਼ਨਿਕ ਸਿਧਾਂਤਾਂ, ਜੀਵਨ ਮੁੱਲਾਂ ਯੁੱਗ ਪੁਰਸ਼ ਗੁਰੂ ਦੇ ਜੀਵਨ ਅਤੇ ਉਸ ਦੇ ਸੰਦੇਸ਼ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ ਉੱਤੇ ਜ਼ੋਰ ਦਿੱਤਾ ਹੈ। ਹਿੰਦੀ ਖੋਜ ਪੱਤਰਾਂ ਦੇ ਲੇਖਕ ਹਨ : ਪ੍ਰੋ: ਚਮਨ ਗੁਪਤ, ਰਾਜਿੰਦਰ ਪਾਲ ਜੋਸ਼, ਸ਼ੋਭਾ ਕੌਰ, ਰਿਤੂ ਭਨੋਟ, ਤਜਿੰਦਰ ਭਾਟੀਆ, ਕੇਵਲ ਕੁਮਾਰ, ਗਗਨਦੀਪ ਕੌਰ, ਮੀਤਾ ਕੌਸ਼ਿਕ, ਸੁਖਦੇਵ ਮਿਨਹਾਸ, ਹਰਪ੍ਰੀਤ ਕੌਰ ਤੇ ਸੁਦਰਸ਼ਨ ਰਾਠੀ।
ਸੰਪਾਦਕ ਤੇ ਖੋਜ ਨਿਬੰਧਾਂ ਦੇ ਬਹੁਤੇ ਲੇਖਕ ਨੌਜਵਾਨ, ਉਤਸ਼ਾਹੀ, ਨਵੀਂ ਉਦਾਰ ਉਸਾਰੂ ਮੌਲਿਕ ਸੋਚ ਵਾਲੇ ਹਨ। ਅਜੋਕੇ ਸਮੇਂ ਦੀ ਸੰਕੀਰਨ ਮਜ਼੍ਹਬੀ ਦੀਵਾਰਾਂ ਉਸਾਰਨ ਵਾਲੀ ਘਟੀਆ ਸਿਆਸਤ ਦੇ ਪਾਏ ਪੁਆੜਿਆਂ ਬਾਰੇ ਜਨ ਸਾਧਾਰਨ ਨੂੰ ਮੁਖ਼ਾਤਿਬ ਇਸ ਉੱਦਮ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਅਹਿਸਾਸ
ਕਵੀ : ਬਘੇਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98142-58142.

ਕਵੀ ਧਾਲੀਵਾਲ ਦੀਆਂ ਸਾਰੀਆਂ ਦੀਆਂ ਸਾਰੀਆਂ ਕਵਿਤਾਵਾਂ ਲੋਕ-ਪੱਖੀ ਅਤੇ ਲੋਕ-ਸਰੋਕਾਰਾਂ ਦੀਆਂ ਧਾਰਨੀ ਹਨ। ਉਹ ਮਾੜਿਆਂ, ਲਿਤਾੜਿਆਂ ਅਤੇ ਗ਼ਰੀਬ ਲੋਕਾਂ ਦੇ ਹੱਕ ਵਿਚ ਖਲ੍ਹੋਣ ਵਾਲਾ ਕਵੀ ਹੈ। ਕਵੀ ਕੌਮਾਂ ਦੇ ਇਤਿਹਾਸ ਨੂੰ ਯਾਦ ਰੱਖਣ ਵਾਸਤੇ ਜ਼ੋਰ ਦਿੰਦਾ ਹੈ ਅਤੇ ਮਨੁੱਖ ਨਾਲੋਂ ਮਨੁੱਖੀ ਜ਼ਮੀਰ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹੈ। ਅੱਜਕਲ੍ਹ ਦੀ ਲੱਚਰ ਗਾਇਕੀ ਨੂੰ ਉਹ ਲਾਹਣਤ ਪਾਉਂਦਿਆਂ ਕਹਿੰਦਾ ਹੈ :
'ਅਣਖਾਂ ਵਾਲਿਓ ਵੀਰੋ ਗੰਦੀਆਂ ਕਲਮਾਂ ਤੋੜ ਦਿਓ,
ਲਿਖ ਕੇ ਵਧੀਆ ਸਾਹਿਤ ਕੌਮ ਦਾ ਕਰਜ਼ਾ ਮੋੜ ਦਿਓ....।'
ਕਵੀ ਜਿੱਥੇ ਪੰਜਾਬੀ ਸਮਾਜ ਦੀਆਂ ਊਣਤਾਈਆਂ ਨੂੰ ਕਵਿਤਾ ਵਿਚ ਪੇਸ਼ ਕਰਦਾ ਹੈ, ਉਥੇ ਸੰਸਾਰ ਪੱਧਰੀ ਘਟਨਾਵਾਂ/ਦੁਰਘਟਨਾਵਾਂ ਨੂੰ ਵੀ ਆਪਣੇ ਕਾਵਿ ਦਾ ਵਿਸ਼ਾ ਬਣਾਉਂਦਾ ਹੈ। ਉਹ ਯੂ.ਐਸ.ਏ. ਦੇ ਵਿਸ਼ਵ ਵਪਾਰ ਕੇਂਦਰ ਦੇ ਕਾਂਡ 9/11 ਨੂੰ ਯਾਦ ਕਰਦਿਆਂ ਕਹਿੰਦਾ ਹੈ : 'ਨਿਊਯਾਰਕ ਵਿਚ ਇਕ/ਬਿਲਡਿੰਗ ਸੋਹਣੀ ਸੀ/ਅੰਬਰਾਂ ਨੂੰ ਛੂੰਹਦੀ ਸੀ/ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਵੀ/ਉਹਦੇ ਪੇਟ 'ਚ ਪਲਦੇ ਸੀ... ਸਤੰਬਰ ਮਹੀਨੇ ਦੀ/ਤਾਰੀਖ ਗਿਆਰਾਂ ਸੀ/ਇਹ ਖੂਨੀ ਕਾਰਾ ਸੀ....'।
ਕਵੀ ਨੇ ਪੰਜਾਬੀ ਵਿਰਸੇ ਦੀ ਸ਼ਾਨ ਬਹਾਲ ਕਰਨ ਲਈ ਅਤੇ ਧੀਆਂ ਦੇ ਹੱਕ ਵਿਚ ਖੂਬਸੂਰਤ ਕਵਿਤਾਵਾਂ ਲਿਖੀਆਂ ਹਨ। ਪੁਸਤਕ ਸਿੱਖਿਆਦਾਇਕ ਅਤੇ ਵੰਨ-ਸੁਵੰਨੇ ਵਿਸ਼ਿਆਂ ਦੀਆਂ ਖੂਬਸੂਰਤ ਕਵਿਤਾਵਾਂ ਨਾਲ ਸ਼ਿੰਗਾਰੀ ਗਈ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਨੰਗੇ ਪੈਰਾਂ ਵਾਲੇ ਡਾਕਟਰ
ਲੇਖਕ : ਡਾ: ਜੋਸ਼ੂਆ ਐਸ. ਹਾਰਨ
ਅਨੁ : ਡਾ: ਮਨਿੰਦਰ ਰੰਧਾਵਾ, ਡਾ: ਵਿਸ਼ਾਲ ਭਾਰਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 240
ਸੰਪਰਕ : 01679-241744.

ਇਹ ਪੁਸਤਕ ਸਿਹਤ ਸੇਵਾਵਾਂ ਬਾਰੇ ਸੰਸਾਰ ਪ੍ਰਸਿੱਧ ਚੀਨੀ ਕਿਤਾਬ ਹੈ, ਜਿਸ ਵਿਚ ਚੀਨ ਦੇ ਮੁਢਲੇ ਦੌਰ ਦੀਆਂ ਸਿਹਤ ਸੇਵਾਵਾਂ ਅਤੇ ਉਨ੍ਹਾਂ ਦੀ ਪੇਂਡੂ ਖੇਤਰਾਂ ਤੱਕ ਪਹੁੰਚ ਦਾ ਵਰਣਨ ਹੈ। ਪੁਸਤਕ ਦਾ ਮੂਲ ਲੇਖਕ ਡਾ: ਜੋਸ਼ੂਆ ਐਸ. ਹਾਰਨ ਇਕ ਬਰਤਾਨਵੀ ਸਰਜਨ ਸੀ। ਚੀਨ ਦੀ ਕ੍ਰਾਂਤੀ ਤੋਂ ਬਾਅਦ ਅਨੇਕਾਂ ਚੁਣੌਤੀਆਂ ਉਸ ਦੇਸ਼ ਦੇ ਸਾਹਮਣੇ ਸਨ। ਇਨ੍ਹਾਂ ਵਿਚੋਂ ਇਕ ਚੁਣੌਤੀ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਸਨ। ਰਿਵਾਇਤੀ ਅਤੇ ਆਧੁਨਿਕ ਇਲਾਜ ਪ੍ਰਣਾਲੀਆਂ ਨੂੰ ਮਿਲਾ ਕੇ ਜਨ ਸਮੂਹਾਂ ਰਾਹੀਂ ਘਰ-ਘਰ ਸਿਹਤ ਸੇਵਾਵਾਂ ਪਹੁੰਚਾਈਆਂ ਗਈਆਂ। ਲੇਖਕ ਅਨੁਸਾਰ ਮਰੀਜ਼ ਉਸ ਦੇ ਅਧਿਆਪਕ ਵੀ ਸਨ ਕਿਉਂਕਿ ਉਨ੍ਹਾਂ ਰਾਹੀਂ ਉਸ ਨੇ ਸਮਾਜਵਾਦੀ ਚੀਨ ਦੀ ਸਿਆਸਤ, ਸੰਘਰਸ਼ ਅਤੇ ਸਮਾਜਿਕ ਤਬਦੀਲੀਆਂ ਦੀ ਜਾਣਕਾਰੀ ਗ੍ਰਹਿਣ ਕੀਤੀ। ਚੀਨ ਦੇ ਪੇਂਡੂ ਇਲਾਕਿਆਂ ਅੰਦਰ ਸਿਹਤ ਸੇਵਾਵਾਂ ਲਈ ਚਲਦੀ-ਫਿਰਦੀ ਇਕ ਟੀਮ ਬਣਾਈ ਗਈ ਸੀ, ਜਿਹੜੀ ਆਪਣੇ ਛੇ ਕਾਰਜਾਂ ਨੂੰ ਨੇਪਰੇ ਚਾੜ੍ਹਦੀ ਸੀ। ਸਿਖਰਾਂ ਛੂਹਣਾ, ਲੰਬੀ ਛਲਾਂਗ ਆਦਿ ਮੁਹਿੰਮਾਂ ਰਾਹੀਂ ਅਸੰਭਵ ਕੰਮਾਂ ਨੂੰ ਵੀ ਸਭ ਦੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਪੂਰਾ ਕੀਤਾ ਗਿਆ।
'ਸੱਭਿਆਚਾਰਕ ਇਨਕਲਾਬ' ਸਿਰਲੇਖ ਹੇਠ ਚੀਨ ਦੇ ਹਰ ਸੂਬੇ ਵਿਚ ਆਪਣੇ ਪੱਧਰ 'ਤੇ ਸਿਹਤ ਸੇਵਾਵਾਂ ਲਈ ਕੀਤੇ ਕੰਮਾਂ ਅਤੇ ਬਿਮਾਰੀਆਂ ਦੇ ਖ਼ਾਤਮੇ ਲਈ ਕੀਤੇ ਯਤਨਾਂ ਦੀ ਸੰਖੇਪ ਵਿਆਖਿਆ ਕੀਤੀ ਗਈ ਹੈ। ਜਨਤਕ ਲੀਹ, ਚੱਲਦੀਆਂ-ਫਿਰਦੀਆਂ ਮੈਡੀਕਲ ਟੀਮਾਂ, ਸੱਭਿਆਚਾਰ ਇਨਕਲਾਬ, ਲੰਬੀ ਛਲਾਂਗ, ਅਗਾਂਹ ਵੱਲ ਵੱਡੀ ਪੁਲਾਂਘ ਅਤੇ ਨੰਗੇ ਪੈਰਾਂ ਵਾਲੇ ਡਾਕਟਰਾਂ ਨੇ ਮਿਲ ਕੇ ਸਮਾਜਵਾਦੀ ਚੀਨ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿਚ ਮੋਹਰੀ ਬਣਾ ਦਿੱਤਾ ਹੈ। ਪੁਸਤਕ ਪੜ੍ਹਦਿਆਂ ਚੀਨੀ ਲੋਕਾਂ ਦੇ ਸੰਘਰਸ਼, ਜਜ਼ਬੇ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਬਹੁਤ ਪੱਖ ਸਾਹਮਣੇ ਆਉਂਦੇ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਸਮਰਾਟ ਚੰਦਰ ਗੁਪਤ
ਮੂਲ ਲੇਖਕ : ਪੰ: ਦੀਨ ਦਿਆਲ ਉਪਧਿਆਇ
ਅਨੁਵਾਦਕ : ਡਾ: ਲਖਵੀਰ ਲੈਜੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 79
ਸੰਪਰਕ : 98143-02432.

ਵਿਚਾਰ ਅਧੀਨ ਪੁਸਤਕ ਪੰਡਤ ਦੀਨ ਦਿਆਲ ਉਪਾਧਿਆਇ ਦਾ 1946 ਵਿਚ ਪ੍ਰਕਾਸ਼ਿਤ ਹੋਇਆ ਹਿੰਦੀ ਭਾਸ਼ਾ ਦਾ ਇਤਿਹਾਸਕ ਨਾਵਲ ਹੈ। ਲੇਖਕ ਅਨੁਸਾਰ ਇਸ ਨਾਵਲ ਦੀ ਸਿਰਜਣਾ ਦਾ ਮਨੋਰਥ ਅਤੇ ਮੰਤਵ ਜਨ ਸਾਧਾਰਨ ਵਿਚ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ ਕਰਨ ਤੋਂ ਇਲਾਵਾ ਭਾਰਤ ਦੀ ਅਖੰਡਤਾ ਅਤੇ ਇਕ ਰਾਸ਼ਟਰ ਦੇ ਸੰਕਲਪ ਨੂੰ ਦ੍ਰਿੜ੍ਹ ਕਰਨਾ ਵੀ ਸੀ। ਜਿਸ ਸਮੇਂ ਇਸ ਨਾਵਲ ਦੀ ਰਚਨਾ ਕੀਤੀ ਗਈ, ਉਦੋਂ ਭਾਰਤ ਦੀ ਆਜ਼ਾਦੀ ਲਈ ਰਾਸ਼ਟਰੀ ਅੰਦੋਲਨ ਸਿਖਰ 'ਤੇ ਸੀ, ਪ੍ਰੰਤੂ ਦੇਸ਼ ਅੰਦਰ ਫ਼ਿਰਕੂ ਅਤੇ ਸੰਪਰਦਾਇਕਤਾ ਦੀ ਸੰਕੀਰਨ ਭਾਵਨਾ ਸਦਕਾ ਜਨ ਸਾਧਾਰਨ ਮਜ਼੍ਹਬੀ ਫੁੱਟ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਨਿੱਕੇ-ਵੱਡੇ ਸ਼ਹਿਰਾਂ ਵਿਚ ਫ਼ਿਰਕੂ ਫਸਾਦ ਹੋ ਰਹੇ ਸਨ। ਸੂਝਵਾਨ ਲੇਖਕ ਨੇ ਸੰਸਕ੍ਰਿਤਕ ਚੇਤਨਾ ਅਤੇ ਇਤਿਹਾਸਕ ਸੂਝ ਸਦਕਾ ਇਤਿਹਾਸ ਦੇ ਉਸ ਕਾਲ ਖੰਡ ਨੂੰ ਆਪਣੀ ਇਸ ਰਚਨਾ ਜਾਂ ਨਾਵਲ ਦਾ ਵਿਸ਼ਾ ਵਸਤੂ ਬਣਾਇਆ ਜਦੋਂ ਸਮੁੱਚਾ ਭਾਰਤ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਉਹ ਆਪਣੇ ਰਾਜ ਦੇ ਹਿਤਾਂ ਤੱਕ ਹੀ ਸੀਮਤ ਸਨ, ਉਸ ਸਮੇਂ ਯੂਨਾਨੀਆਂ ਨੇ ਮਹਾਨ ਸਿਕੰਦਰ ਦੀ ਅਗਵਾਈ ਵਿਚ ਭਾਰਤ 'ਤੇ ਕਬਜ਼ਾ ਕਰਨ ਲਈ ਹਮਲਾ ਕੀਤਾ। ਉਹ ਸਮੁੱਚੇ ਭਾਰਤ ਦਾ ਸਮਰਾਟ ਬਣਨਾ ਚਾਹੁੰਦਾ ਸੀ, ਪ੍ਰੰਤੂ ਪੰਜਾਬੀਆਂ ਨੇ ਉਸ ਦੇ ਦੰਦ ਖੱਟੇ ਕਰ ਦਿੱਤੇ। ਲੇਖਕ ਨੇ ਸਿਕੰਦਰ ਦੇ ਹਮਲੇ ਤੋਂ ਬਾਅਦ ਦੀਆਂ ਇਤਿਹਾਸਕ ਘਟਨਾਵਾਂ ਦੇ ਪ੍ਰਸੰਗਾਂ ਅਤੇ ਚੰਦਰ ਗੁਪਤ ਮੌਰੀਆ ਦੇ ਇਕ ਸਾਧਾਰਨ ਸਿਪਾਹੀ ਤੋਂ 'ਸਮਰਾਟ ਚੰਦਰ ਗੁਪਤ' ਬਣਨ ਦੀ ਗਾਥਾ ਨੂੰ ਇਸ ਨਾਵਲ ਵਿਚ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਚੰਦਰ ਗੁਪਤ ਅਚਾਰੀਆ ਚਾਣਕਿਆ ਦੀ ਰਣਨੀਤੀ ਅਤੇ ਅਗਵਾਈ ਵਿਚ ਆਪਣੇ ਬਲ, ਬੁੱਧੀ ਅਤੇ ਬਾਹੂਬਲ ਨਾਲ ਭਾਰਤ ਦੇ ਨਿੱਕੇ-ਨਿੱਕੇ ਰਾਜਾਂ ਨੂੰ ਜਿੱਤ ਕੇ, ਮਗਧ ਦੇ ਵਿਲਾਸੀ ਰਾਜਾ ਨੰਦ ਦੇ ਰਾਜ ਨੂੰ ਖ਼ਤਮ ਕਰਕੇ ਇਕ ਰਾਸ਼ਟਰ ਦਾ ਨਿਰਮਾਣ ਕਰਨ ਲਈ ਸਮਰਾਟ ਵਜੋਂ ਰਾਜ ਪ੍ਰਾਪਤ ਕਰਦਾ ਹੈ ਅਤੇ ਸਮਰਾਟ ਚੰਦਰ ਗੁਪਤ ਵਜੋਂ ਇਤਿਹਾਸ ਸਿਰਜਦਾ ਹੈ। ਇਸ ਨਾਵਲ ਦਾ ਅਨੁਵਾਦ ਡਾ: ਲਖਵੀਰ ਕੌਰ ਲੈਜ਼ੀਆ ਨੇ ਅਤਿ ਸਰਲ ਭਾਸ਼ਾ ਵਿਚ ਕੀਤਾ ਹੈ। ਨਾਵਲ ਦੇ ਮੁੱਢ ਵਿਚ ਦਿੱਤੀ ਭੂਮਿਕਾ ਵਿਚ ਅਨੁਵਾਦਕ ਨੇ ਲੇਖਕ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ।

ਫ ਫ ਫ

ਪਿੰਜਰੇ ਦੇ ਰੰਗਂ ਜੇਲ੍ਹ ਯਾਦਾਂ
ਲੇਖਕ : ਅਰੁਨ ਫਰੇਰਾ
ਅਨੁਵਾਦਕ : ਮਾ: ਤਰਸੇਮ ਲਾਲ
ਪ੍ਰਕਾਸ਼ਕ : ਸਤਨਾਮ ਜੰਗਨਾਮਾ ਯਾਦਗਾਰੀ ਪ੍ਰਕਾਸ਼ਨ, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 192
ਸੰਪਰਕ : 94178-65797.

ਵਿਚਾਰ ਅਧੀਨ ਪੁਸਤਕ ਪੂਰਬ ਪ੍ਰਕਾਸ਼ਿਤ ਅੰਗਰੇਜ਼ੀ ਪੁਸਤਕ '3ਰ;ਰਚਗਤ ਰ਀ਿ ਵੀਕ 3਼ਪਕ 1 ૿ਗਜਤਰਅ $ਕਠਰਜਗ' ਦਾ ਪੰਜਾਬੀ ਅਨੁਵਾਦ ਹੈ, ਜਿਸ ਵਿਚ ਮੁੰਬਈ ਦੇ ਖਾਂਦੇ-ਪੀਂਦੇ ਪਰਿਵਾਰ ਦੇ ਨੌਜਵਾਨ ਅਰੁਨ ਫਰੇਰਾ ਦੇ ਬਿਨਾਂ ਮੁਕੱਦਮਾ ਚਲਾਏ ਮਹਾਰਾਸ਼ਟਰ ਦੀ ਬਦਨਾਮ ਜੇਲ੍ਹ 'ਸੈਂਟਰਲ ਜੇਲ੍ਹ ਨਾਗਪੁਰ' ਵਿਚ ਗੁਜ਼ਾਰੇ ਬੰਦੀ ਜੀਵਨ ਦੀਆਂ ਯਾਦਾਂ ਦਾ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਬਿਰਤਾਂਤ ਵਰਨਣ ਕੀਤਾ ਗਿਆ ਹੈ।
ਅਰੁਨ ਫਰੇਰਾ ਲੋਕ ਹਿਤਾਂ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਸੰਸਥਾਵਾਂ ਵਿਚ ਕਾਰਜਸ਼ੀਲ ਨੌਜਵਾਨ ਸੀ, ਜਿਸ ਨੂੰ ਮਹਾਰਾਸ਼ਟਰ ਸਰਕਾਰ ਦੇ ਹੁਕਮਾਂ ਅਧੀਨ ਉਸ 'ਤੇ 'ਵੱਡਾ ਨਕਸਲੀ ਆਗੂ' ਹੋਣ ਦਾ ਝੂਠਾ ਇਲਜ਼ਾਮ ਲਾ ਕੇ ਮਈ 2007 ਵਿਚ ਨਾਗਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਕਤਲ, ਇਰਾਦਾ ਕਤਲ, ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣ, ਦੇਸ਼ ਧ੍ਰੋਹ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਝੂਠੇ ਕੇਸ ਮੜ੍ਹ ਕੇ ਸੈਂਟਰਲ ਜੇਲ੍ਹ ਨਾਗਪੁਰ ਵਿਚ ਬੰਦੀ ਬਣਾ ਕੇ ਡੱਕ ਦਿੱਤਾ ਗਿਆ। ਉਹ 4 ਸਾਲ 8 ਮਹੀਨੇ ਜੇਲ੍ਹ ਦੇ ਤਸੀਹੇ ਝੱਲਣ ਮਗਰੋਂ ਅਦਾਲਤੀ ਚਾਰਾਜੋਈ ਕਰਕੇ ਉਸ 'ਤੇ ਮੜ੍ਹੇ ਝੂਠੇ ਕੇਸਾਂ ਤੋਂ ਬਰੀ ਹੋ ਕੇ ਆਖਰ ਜਨਵਰੀ 2012 ਵਿਚ ਜੇਲ੍ਹੋਂ ਬਾਹਰ ਨਿਕਲਿਆ। ਇਸ ਪੁਸਤਕ ਵਿਚ ਉਸ ਨੇ ਆਪਣੇ ਹਵਾਲਾਤੀ ਅਤੇ ਜੇਲ੍ਹ ਜੀਵਨ ਵਿਚ ਆਪਣੇ ਪਿੰਡੇ 'ਤੇ ਹੰਢਾਏ ਤਸ਼ੱਦਦ, ਸਰੀਰਕ ਤੇ ਮਾਨਸਿਕ ਤਸੀਹਿਆਂ, ਤਣਾਵਾਂ, ਅਨੁਭਵਾਂ ਅਤੇ ਅਹਿਸਾਸਾਂ ਦਾ ਵਰਨਣ ਹੀ ਨਹੀਂ ਕੀਤਾ, ਬਲਕਿ ਜੇਲ੍ਹਾਂ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਅਵਹੇਲਣਾ ਦਾ ਵੀ ਬਾਰੀਕੀ ਨਾਲ ਵਰਨਣ ਕੀਤਾ ਹੈ। ਇਸ ਤੋਂ ਇਲਾਵਾ ਲੇਖਕ ਨੇ ਜੇਲ੍ਹ ਦੇ ਦੂਜੇ ਕੈਦੀਆਂ ਨਾਲ ਹੰਢਾਏ ਮਾਰਮਿਕ ਪਲਾਂ, ਅਨੁਭਵਾਂ, ਕੈਦੀਆਂ ਦੇ ਪਰਸਪਰ ਵਿਵਹਾਰ ਅਤੇ ਉਮੰਗਾਂ ਤੇ ਉਦਗਾਰਾਂ ਦਾ ਵੀ ਸ਼ਿੱਦਤ ਨਾਲ ਵਰਣਨ ਕੀਤਾ ਹੈ।
ਪੁਸਤਕ ਦਾ ਅਨੁਵਾਦ ਅਤਿ ਸਰਲ ਭਾਸ਼ਾ ਵਿਚ ਕੀਤਾ ਗਿਆ ਹੈ, ਜੋ ਦਿਲਚਸਪ ਵੀ ਹੈ ਤੇ ਗਿਆਨਵਰਧਕ ਵੀ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਵੇਖ ਕੇ ਸਵੇਰੇ ਜੀਜਾ
ਗੀਤਕਾਰ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ, ਸਮਾਣਾ
ਮੁੱਲ : 250 ਰੁਪਏ, ਸਫ਼ੇ : 148
ਮੋਬਾਈਲ : 98550-93786.

ਲਾਭ ਸਿੰਘ ਚਤਾਮਲੀ ਸੁਲਝਿਆ ਹੋਇਆ ਗੀਤਕਾਰ ਹੈ। ਨਵੇਂ ਦੌਰ ਦੀ ਬੁੱਤਾ ਸਾਰੂ ਗੀਤਕਾਰੀ ਦੀ ਥਾਂ ਉਹ ਸਿਰ ਤੋਂ ਕੰਮ ਲੈ ਕੇ ਲਿਖਣ ਵਾਲਾ ਗੀਤਕਾਰ ਹੈ। ਉਸ ਦੇ ਗੀਤ ਰੋਮਾਂਟਿਕ ਹੁੰਦੇ ਹਨ, ਅਸ਼ਲੀਲ ਨਹੀਂ। ਉਸ ਨੇ ਸੋਲੋ ਤੇ ਦੋਗਾਣੇ ਦੋਵੇਂ ਵੰਨਗੀਆਂ ਦੇ ਗੀਤ ਲਿਖੇ ਹਨ।
'ਵੇਖ ਕੇ ਸਵੇਰੇ ਜੀਜਾ' ਲਾਭ ਚਤਾਮਲੀ ਦਾ ਦਸਵਾਂ ਗੀਤ ਸੰਗ੍ਰਹਿ ਹੈ, ਜਿਸ ਵਿੱਚ ਇੱਕ ਸੌ ਸਤਾਰਾਂ ਦੇ ਕਰੀਬ ਗੀਤ ਦਰਜ ਹਨ। ਭੁਪਿੰਦਰ ਗਿੱਲ ਤੇ ਮਿਸ ਨੀਲਮ ਵਲੋਂ ਗਾਏ ਮਸ਼ਹੂਰ ਗੀਤ 'ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ' ਦੇ ਅਧਾਰ 'ਤੇ ਪੁਸਤਕ ਦਾ ਨਾਂਅ ਰੱਖਿਆ ਗਿਆ ਹੈ। ਲਾਭ ਚਤਾਮਲੀ ਜ਼ਿੰਦਗੀ ਦਾ ਨਿਚੋੜ ਪੇਸ਼ ਕਰਨ ਵਾਲਾ ਗੀਤਕਾਰ ਹੈ। ਉਸ ਨੇ ਤੁਰ-ਫਿਰ ਕੇ ਦੁਨੀਆ ਦੇਖੀ ਹੈ ਤੇ ਹਾਸਲ ਹੋਏ ਤਜਰਬੇ ਉਹ ਗੀਤਾਂ ਵਿੱਚ ਪੇਸ਼ ਕਰਦਾ ਹੈ। 'ਪੈਸਾ' ਗੀਤ ਵਿੱਚ ਉਹ ਪੈਸੇ ਮਗਰ ਭੱਜਦੀ ਦੁਨੀਆ ਬਾਰੇ ਲਿਖਦਾ ਹੈ। ਇਹ ਗੀਤ ਰਾਜਿੰਦਰ ਰਾਜ ਵੱਲੋਂ ਗਾਇਆ ਗਿਆ ਹੈ :
ਪੈਸੇ ਦੇ ਨਾਲ ਐਸ਼ ਉਡਾ ਲਓ, ਜਿੱਥੇ ਮਰਜ਼ੀ ਜਾ ਕੇ,
ਦੁਨੀਆ ਪੈਸੇ ਦੀ, ਮੈਂ ਵੇਖ ਲਈ ਅਜ਼ਮਾ ਕੇ।
ਸਰਦੂਲ ਸਿਕੰਦਰ ਵੱਲੋਂ ਲਾਭ ਦਾ ਗਾਇਆ ਦਾਜ ਬਾਰੇ ਗੀਤ ਵੀ ਕਮਾਲ ਹੈ, ਜਿਸ ਵਿੱਚ ਇੱਕ ਧੀ ਦੀ ਵਿਥਿਆ ਹੈ :
ਵੀਰ ਮੇਰੇ ਦੇ ਯਾਰਾ, ਠਾਣੇਦਾਰਾ, ਲਿਖ ਲੈ ਬਿਆਨ ਵੀਰਾ ਆਪੇ,
ਪਾ ਕੇ ਤੇਲ ਮਿੱਟੀ ਦਾ ਸੜ ਗਈ, ਮੇਰੀ ਮਾਂ ਨੂੰ ਕਹਿ ਦੇਈਂ ਤੂੰ,
ਧੀ ਤੇਰੀ ਬਲੀ ਦਾਜ ਦੀ ਚੜ੍ਹ ਗਈ।
ਇਸ ਕਿਤਾਬ ਵਿੱਚ ਬਹੁਤੇ ਦੋਗਾਣੇ ਹਨ, ਜਿਨ੍ਹਾਂ ਨੂੰ ਪੰਜਾਬ ਦੀਆਂ ਕਈ ਮਸ਼ਹੂਰ ਜੋੜੀਆਂ ਵੱਲੋਂ ਗਾਇਆ ਗਿਆ ਹੈ, ਪਰ ਕਈ ਸੋਲੋ ਗੀਤ ਵੀ ਹਨ। ਖੂਬਸੂਰਤੀ ਇਸ ਗੱਲ ਦੀ ਹੈ ਕਿ ਕੋਈ ਗੀਤ ਅਜਿਹਾ ਨਹੀਂ, ਜਿਸ 'ਤੇ ਕਿੰਤੂ ਕੀਤੀ ਜਾ ਸਕੇ। ਅੱਜ ਦੇ ਦੌਰ ਵਿਚ ਲਾਭ ਚਤਾਮਲੀ ਵਾਲਾ ਵਰਗੇ ਗੀਤਕਾਰਾਂ ਦੀਆਂ ਕਿਤਾਬਾਂ ਕਾਫੀ ਕੁਝ ਸਿੱਖਣ ਦਾ ਮੌਕਾ ਦਿੰਦੀਆਂ ਹਨ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਹਵਾ-ਏ-ਮੁਹੱਬਤ
ਕਵੀ : ਸਨੀਇੰਦਰ ਬਾਸੌਲੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 098720-70764.

'ਹਵਾ-ਏ-ਮੁਹੱਬਤ ਪੁਸਤਕ ਨੂੰ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸ ਦੀ ਕਵਿਤਾ ਵਿਚ ਸ਼ਿਵ ਕੁਮਾਰ ਦੀ ਕਵਿਤਾ ਵਰਗਾ ਬਿਰਹਾ ਦਾ ਰੰਗ ਵੀ ਹੈ, ਸੂਫ਼ੀਆਨਾ ਕਵੀਆਂ ਵਾਲੀ ਦਾਰਸ਼ਨਿਕ ਬਿਰਤੀ ਵੀ ਹੈ ਅਤੇ ਚਿੰਤਨ ਦੀ ਗਹਿਰਾਈ ਵੀ ਹੈ। ਪੁਸਤਕ ਵਿਚਲੀਆਂ ਉਸ ਦੀਆਂ ਕਵਿਤਾਵਾਂ ਵਿਚ ਜ਼ਿਆਦਾਤਰ ਕਵਿਤਾ ਕਿਸੇ ਪਿਆਰੇ ਦੇ ਵਿਛੋੜੇ ਦੇ ਦਰਦ ਨੂੰ ਬਿਆਨਦੀ ਹੈ, ਜਿਸ ਕਰਕੇ ਪੂਰੇ ਕਾਵਿ-ਸੰਗ੍ਰਹਿ ਵਿਚ ਬਿਰਹਾ ਦੀਆਂ ਵੱਖ-ਵੱਖ ਪ੍ਰਤੀਕਮਈ ਧੁਨੀਆਂ ਦੇਖਣ ਨੂੰ ਮਿਲਦੀਆਂ ਹਨ। 'ਕਾਵਿ ਮੈਂ' ਬਿਰਹਾ ਦੇ ਸੇਕ ਵਿਚ ਤੜਪ ਰਹੀ ਹੈ ਅਤੇ ਆਪਣੇ ਪਿਆਰੇ ਦੇ ਮਿਲਾਪ ਲਈ ਬਹਿਬਲ ਹੈ ਪਰ ਹਰੇਕ ਕਵਿਤਾ ਦਾ ਅੰਤਲਾ ਪੜਾਅ ਇਸ ਵਿਛੋੜੇ ਅਤੇ ਮਿਲਾਪ ਵਿਚਲੀ ਵਿੱਥ ਨੂੰ ਇਸ਼ਕ ਹਕੀਕੀ ਨਾਲ ਜੋੜ ਦਿੰਦਾ ਹੈ। ਇਥੇ ਦੁਨਿਆਵੀ ਸਰੀਰਕ ਮਿਲਾਪ ਨਹੀਂ ਸਗੋਂ ਰੂਹਾਂ ਦੀ ਪਾਕਿ-ਮੁਹੱਬਤ ਦੀ ਗੱਲ ਸਾਹਮਣੇ ਆਉਂਦੀ ਹੈ। ਬਹੁਤੀਆਂ ਕਵਿਤਾਵਾਂ ਦੀ ਸ਼ੁਰੂਆਤ ਹੀ ਆਪਣੇ ਪ੍ਰੇਮੀ ਪਿਆਰੇ ਨੂੰ ਆਵਾਜ਼ ਦੇਣ ਨਾਲ ਹੁੰਦੀ ਹੈ ਜਿਵੇਂ 'ਵੇ ਸੱਜਣਾਂ!', 'ਆ ਰੇ ਸਖੀ', 'ਨੀ!, 'ਸੁਣ ਵੇ', 'ਆਵੋ ਨੀ ਸਈਓ' ਆਦਿ 'ਕਾਵਿ ਮੈਂ' ਦਾ ਇਹ ਤਰਕ ਹੈ ਕਿ ਉਸ ਦੇ ਸੁਖੀ ਵਸਦੇ ਆਲ੍ਹਣੇ ਨੂੰ ਪਿਆਰੇ ਦੇ ਗ਼ਮ ਨੇ ਤੀਲਾ-ਤੀਲਾ ਕਰ ਦਿੱਤਾ ਹੈ।
ਕਵੀ ਆਪਣੇ ਮੁਰਸ਼ਦ ਦੇ ਦਰ ਉੱਤੇ ਪ੍ਰਵਾਨ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਹੈ ਪਰ ਦੁਨਿਆਵੀ ਬੰਦਸ਼ਾਂ ਉਸ ਦੇ ਰਾਹ ਵਿਚ ਅੜਿੱਕਾ ਬਣੀਆਂ ਹੋਈਆਂ ਹਨ, ਇਥੇ ਉਸ ਦਾ ਪਿਆਰ ਸੰਕਲਪ ਵੀ ਵਿਸ਼ਾਲ ਹੋ ਜਾਂਦਾ ਹੈ, ਕਿਉਂਕਿ ਕਿਤੇ 'ਕਾਵਿ ਮੈਂ' ਆਪਣੇ ਪਿਆਰੇ ਪ੍ਰੇਮੀ ਦੇ ਰੂਪ ਵਿਚ ਗ਼ਮ ਝੱਲਦੀ ਅਤੇ ਤੜਪਦੀ ਹੈ ਅਤੇ ਕਿਤੇ ਮੁਰਸ਼ਦ ਦੇ ਦਰ ਪ੍ਰਵਾਨ ਹੋਣ ਲਈ ਵੀ ਬਿਰਹਾ ਦਾ ਸੇਕ ਝੱਲਦੀ ਹੈ। ਸੂਫ਼ੀਆਨਾ ਪ੍ਰਤੀਕ ਉਸ ਦੀ ਕਾਵਿ ਸ਼ੋਭਾ ਨੂੰ ਵਧਾਉਂਦੇ ਹੀ ਨਹੀਂ, ਸਗੋਂ ਇਕ ਇਸ਼ਕ ਹਕੀਕੀ ਵਰਗਾ ਵਾਤਾਵਰਨ ਵੀ ਪੈਦਾ ਕਰਦੇ ਹਨ। ਇਥੇ ਇਹ ਗ਼ਮ ਵੀ ਆਨੰਦਮਈ ਬਣ ਜਾਂਦਾ ਹੈ, ਜੋ ਪਿਆਰੇ ਦੀ ਯਾਦ ਵਿਚ ਪ੍ਰਾਪਤ ਹੋਇਆ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸੰਤਾਪ ਦਰ ਸੰਤਾਪ
ਲੇਖਕ : ਬਲਜੀਤ ਸਿੰਘ ਪਪਨੇਜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫੇ : 147
ਸੰਪਰਕ : 98151 58904.

ਨਾਵਲ 'ਸੰਤਾਪ ਦਰ ਸੰਤਾਪ' ਵਿਚ ਮਨੁੱਖਤਾ ਜਾਤੀ 'ਚ ਮਰਦ-ਔਰਤ ਤੋਂ ਇਲਾਵਾ ਤੀਜੀ ਧਿਰ, ਜਿਸ ਨੂੰ ਹੁਣ ਪਾਰ ਲਿੰਗਕ/ਟ੍ਰਾਂਸ ਜੈਂਡਰ/ਕਿੰਨਰ ਦਾ ਨਾਂਅ ਵੀ ਦਿੱਤਾ ਗਿਆ ਹੈ, ਦੀ ਤਰਾਸਦੀ ਭਰੀ ਵੇਦਨਾ,' ਇਨਸਾਨੀ ਜਾਮੇ ਵਿਚ ਵੀ ਇਨਸਾਨਾਂ ਵਾਂਗ ਹੋਰ ਇਨਸਾਨਾਂ ਵਿਚ ਨਹੀਂ ਵਿਚਰ ਸਕਦੇ', ਦਾ ਸਿਖਰ ਹੈ। ਅਜਿਹੇ ਪੈਦਾ ਹੁੰਦੇ ਇਨਸਾਨ ਦੇ ਮਾਪਿਆਂ 'ਚ ਉਪਜਦੀ ਹੀਣ ਭਾਵਨਾ ਅਤੇ ਸਮਾਜ ਵਿਚ ਨਵੇਂ ਉਸਰਨ ਵਾਲੇ ਰਿਸ਼ਤਿਆਂ ਪ੍ਰਤੀ ਤੌਖਲਾ ਆਦਿ ਦੀ ਬੇਬਾਕੀ ਨਾਲ ਬਾਤ ਪਾਉਂਦਾ ਹੈ।
ਇਸ ਨਾਵਲ ਦੀ ਕਹਾਣੀ ਅਨੁਸਾਰ ਤੀਜੀ ਧਿਰ ਦੇ ਰੂਪ ਵਿਚ ਇਸ ਦੁਨੀਆ ਵਿਚ ਆਈ 'ਨੀਰੂ' ਉਤੇ ਕਿੰਨਰ ਬਰਾਦਰੀ ਆਪਣਾ ਹੱਕ ਜਿਤਾਉਂਦੀ ਹੋਈ ਆਪਣੇ ਵਾਰਸ ਵਜੋਂ ਨਾਲ ਲਿਜਾਣਾ ਚਾਹੁੰਦੀ ਹੈ। ਪਰ ਮਾਪੇ ਇਸ ਜਿਗਰ ਦੇ ਟੁਕੜੇ ਨੂੰ ਕਦਾਚਿਤ ਅਲੱਗ ਨਹੀਂ ਕਰਨਾ ਚਾਹੁੰਦੇ। ਕਿੰਨਰ ਬਰਾਦਰੀ ਵਲੋਂ ਕਾਨੂੰਨ ਦਾ ਸਹਾਰਾ ਲਿਆ ਜਾਂਦਾ ਹੈ। ਇਸ ਖਿੱਚੋਤਾਣ ਵਿਚ ਪਿਤਾ ਦੀ ਮੌਤ ਹੋ ਜਾਂਦੀ ਪਰ ਨੀਰੂ ਦਾ ਭਰਾ ਦਲੀਪ ਸਿੰਘ ਆਪਣੀ ਇਸ 'ਭੈਣ' ਨੂੰ ਪਰਿਵਾਰ ਤੋਂ ਵਿਛੜਨ ਤੋਂ ਬਚਾਉਣ ਲਈ ਹਰ ਕਾਨੂੰਨੀ ਲੜਾਈ ਲੜਦਾ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਆਉਂਦਾ ਹੈ ਕਿ ਹਰ ਮਨੁੱਖੀ ਜੀਵ ਨੂੰ ਸਨਮਾਨਯੋਗ ਜੀਵਨ ਜਿਊਣ ਦਾ ਹੱਕ ਹੈ ਅਤੇ ਕਿੰਨਰ ਬਰਾਦਰੀ ਦੀ ਬੁਢੇਪੇ ਵੇਲੇ ਦੀ ਰੋਟੀ ਦਾ ਪ੍ਰਬੰਧ ਹੋਵੇ। ਇਹ ਫ਼ੈਸਲਾ ਸੁਣ ਕੇ ਨੀਰੂ ਨੂੰ ਸੰਬੋਧਨ ਹੁੰਦੀ ਕਿੰਨਰ ਬਰਾਦਰੀ ਦੀ ਸਰਗਨਾ ਗਲਾਬੋ ਕਹਿੰਦੀ ਹੈ,' ਤੂੰ ਵੀ ਜਿੱਤੀ--ਮੈਂ ਵੀ ਨਹੀਂ ਹਾਰੀ।' ਭਾਵ ਦੋਵਾਂ ਧਿਰਾਂ ਦੇ ਹੱਕ ਮਹਿਫੂਜ਼ ਹੋ ਗਏ।
ਹੱਕ-ਹਕੂਕ ਦੀ ਪ੍ਰਾਪਤੀ ਦੇ ਨਾਲ-ਨਾਲ ਇਸ ਨਾਵਲ ਵਿਚ ਇਹ ਜਾਣਕਾਰੀ ਵੀ ਪੜ੍ਹਨ ਮਿਲਦੀ ਹੈ ਕਿ 15 ਅਪ੍ਰੈਲ 2014 ਵਿਚ ਸਰਵ ਉਚ ਅਦਾਲਤ ਵਲੋਂ ਆਏ ਇਕ ਅਹਿਮ ਫ਼ੈਸਲੇ ਅਨੁਸਾਰ ਕਿੰਨਰ ਵਰਗ ਨੂੰ 'ਤੀਜੀ ਧਿਰ' ਵਜੋਂ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਕਿ ਇਹ ਵੀ ਲੋਕ ਹੋਰ ਇਨਸਾਨਾਂ ਵਾਂਗ ਆਪਣੀ ਲਿਆਕਤ ਮੁਤਾਬਿਕ ਸਨਮਾਨਯੋਗ ਢੰਗ ਨਾਲ ਰੋਜ਼ੀ-ਰੋਟੀ ਕਮਾ ਸਕਣ। ਨਾ ਕਿ ਤਰਸ ਦੇ ਪਾਤਰ ਬਣ ਕੇ 'ਵੇਲਾਂ-ਵਧਾਈਆਂ' ਜਾਨੀ ਮੰਗਤਾਂ ਬਿਰਤੀ 'ਤੇ ਹੀ ਨਿਰਭਰ ਰਹਿਣ। ਕੁਦਰਤੀ ਪ੍ਰਕਿਰਿਆ ਵਿਚ ਜਣਨ ਅੰਗਾਂ ਤੋਂ ਹੀਣੇ ਇਹ ਇਨਸਾਨ ਸਿਰਫ ਸੰਤਾਨ ਉਤਪਤੀ ਹੀ ਨਹੀਂ ਕਰ ਸਕਦੇ ਬਾਕੀ ਦੁਨੀਆ ਦੇ ਹੋਰ ਕੰਮ ਯੋਗਤਾ ਅਨੁਸਾਰ ਕਰਨ ਦੇ ਸਮਰੱਥ ਹਨ। ਇਨ੍ਹਾਂ ਦੀਆਂ ਵੀ ਆਪਣੀਆਂ ਭਾਵਨਾਵਾਂ ਹਨ।
ਉਕਤ ਮਹੱਤਵਪੂਰਨ ਨੁਕਤਿਆਂ ਤੋਂ ਇਲਾਵਾ ਪ੍ਰਵਾਰਿਕ ਮਮਤਾ ਭਰੇ ਰਿਸ਼ਤੇ, ਭਾਈਚਾਰਕ ਸਾਂਝ ਤੇ ਹਮਦਰਦੀ ਭਰੇ ਸਨੇਹ ਜਾਨੀ ਇਕ-ਦੂਜੇ ਦੇ ਦੁੱਖ-ਸੁੱਖ 'ਚ ਸ਼ਰੀਕ ਹੋਣ ਆਦਿ ਸਮਾਜਿਕ ਉਸਾਰੂ ਪੱਖਾਂ ਨੂੰ ਵੀ ਇਹ ਨਾਵਲ ਬਾਖੂਬੀ ਨਾਲ ਉਜਾਗਰ ਕਰਦਾ ਹੈ। ਲੇਖਕ ਵਲੋਂ ਇਸ ਨਾਵਲ ਵਿਚ ਸਿਰਜੇ ਸਭ ਪਾਤਰਾਂ ਦਾ ਹਰ ਤਰ੍ਹਾਂ ਦੀ ਈਰਖਾ/ਨਫ਼ਰਤ/ਧੋਖਾਧੜੀ/ਵੈਰ ਵਿਰੋਧ ਤੋਂ ਮੁਕਤ ਕਿਰਤੀ ਤੇ ਪਰਉਪਕਾਰੀ ਸੁਭਾਅ/ਵਰਤਾਰਾ ਇੱਕ ਅਨੌਖੇ ਸੰਸਾਰ ਦੀ ਸਥਾਪਨਾ ਦਾ ਝਲਕਾਰਾ ਰੂਪਮਾਨ ਕਰਦੇ ਪ੍ਰਤੀਤ ਹੁੰਦੇ ਹਨ। ਕਾਸ਼!ਅਜਿਹਾ ਸਮਾਜ ਹਕੀਕਤ ਵਿਚ ਵੀ ਸਥਾਪਿਤ ਹੋ ਜਾਵੇ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਅਜੋਕੇ ਮਾਨਵੀ ਰਿਸ਼ਤਿਆਂ ਦਾ ਅਕਸ
ਮੋਹ ਦੀਆਂ ਤੰਦਾਂ
ਸੰਪਾਦਕ : ਡਾ: ਸਤਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 83608-17241.

ਮਨਜੀਤ ਕੌਰ ਮੀਤ ਮਿੰਨੀ ਕਹਾਣੀ ਲੇਖਿਕਾ ਹੈ, ਜਿਸ ਨੇ ਦੋ ਕਹਾਣੀ ਸੰਗ੍ਰਹਿ 'ਜਦੋਂ ਕੋਈ ਫੌਜਣ ਹੁੰਦੀ ਹੈ' ਅਤੇ 'ਮੋਹ ਦੀਆਂ ਤੰਦਾਂ' ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਪਾਠਕਾਂ ਨਾਲ ਆਪਣਾ ਰਾਬਤਾ ਬਣਾਇਆ ਹੈ।
'ਮੋਹ ਦੀਆਂ ਤੰਦਾਂ' ਕਹਾਣੀ-ਸੰਗ੍ਰਹਿ ਬਾਰੇ ਲਿਖੇ ਆਲੋਚਨਾਤਮਕ ਲੇਖਾਂ ਨੂੰ ਪ੍ਰਸਿੱਧ ਆਲੋਚਕ ਡਾ: ਸਤਿੰਦਰ ਕੌਰ ਨੇ ਸੰਪਾਦਿਤ ਕੀਤਾ ਹੈ। ਇਸ ਸੰਗ੍ਰਹਿ ਵਿਚ ਦਰਜਨ ਤੋਂ ਵੱਧ ਆਲੋਚਕ ਵਿਦੂਸ਼ੀਆਂ ਨੇ ਆਪਣੇ ਲੇਖ ਲਿਖੇ ਹਨ, ਜਿਨ੍ਹਾਂ ਵਿਚ ਮੀਤ ਦੀਆਂ ਕਹਾਣੀਆਂ ਦੇ ਅਨੇਕਾਂ ਪਾਸਾਰਾਂ ਵੱਲ ਸੰਕੇਤ ਕੀਤੇ ਹਨ।
ਡਾ: ਗੁਰਪ੍ਰੀਤ ਕੌਰ ਲਿਖਦੇ ਹਨ, 'ਉਹ ਰਿਸ਼ਤਿਆਂ ਵਿਚਲੇ ਨਿੱਘ ਤੇ ਪਿਆਰ ਨੂੰ ਹਮੇਸ਼ਾ ਸਲਾਮਤ ਰੱਖਣਾ ਲੋਚਦੀ ਹੈ।' ਡਾ: ਸਤਿੰਦਰ ਕੌਰ ਦਾ ਕਹਿਣਾ ਹੈ, 'ਇਹ ਕਹਾਣੀਆਂ ਮਨੁੱਖੀ ਰਿਸ਼ਤਿਆਂ ਵਿਚ ਸੰਵੇਦਨਹੀਣਤਾ ਉਪਜਾਉਂਦੀਆਂ ਹਨ।' ਡਾ: ਸੁਖਵਿੰਦਰ ਕੌਰ ਦਾ ਮੱਤ ਹੈ, 'ਮੀਤ ਦਾ ਇਹ ਕਹਾਣੀ-ਸੰਗ੍ਰਹਿ ਸਮਾਜਿਕ, ਰਾਜਨੀਤਕ ਤੇ ਮਨੋਵਿਗਿਆਨਕ ਵਿਸ਼ਿਆਂ ਨੂੰ ਪੇਸ਼ ਕਰਦਾ ਹੈ।' ਡਾ: ਮਨਪ੍ਰੀਤ ਕੌਰ ਅਨੁਸਾਰ ਮੀਤ ਦੀਆਂ ਇਹ ਕਹਾਣੀਆਂ ਮਨੁੱਖ ਨੂੰ ਆਸ਼ਾਵਾਦੀ ਸੋਚ ਰੱਖਣ ਦਾ ਸੰਦੇਸ਼ ਦਿੰਦੀਆਂ ਹਨ। ਡਾ: ਸੁਖਵੀਰ ਕੌਰ ਅਨੁਸਾਰ, 'ਮੀਤ ਦੀਆਂ ਕਹਾਣੀਆਂ ਆਮ ਲੋਕਾਂ ਦੇ ਨੇੜੇ ਦੀਆਂ ਪ੍ਰਤੀਤ ਹੁੰਦੀਆਂ ਹਨ।' ਡਾ: ਰਾਜਵਿੰਦਰ ਨਾਗਰਾ ਦਾ ਕਹਿਣਾ ਹੈ ਕਿ ਮੀਤ ਦੀਆਂ ਕਹਾਣੀਆਂ ਸੁਹਣੇ ਤੇ ਸੁਚੱਜੇ ਸਮਾਜ ਨੂੰ ਉਸਾਰਨਾ ਚਾਹੁੰਦੀਆਂ ਹਨ।' ਡਾ: ਲਖਵੀਰ ਕੌਰ ਕਹਿੰਦੇ ਹਨ, 'ਮੀਤ ਨੇ ਅਜਿਹੀ ਗੁੰਝਲਦਾਰ ਅਤੇ ਵਿੰਗ-ਵਲੇਵੇਂ ਖਾਂਦੀ ਹੋਂਦ ਦਾ ਬਿਆਨ ਕੀਤਾ ਹੈ, ਜੋ ਵਿਸ਼ਵੀਕਰਨ ਦੇ ਦੌਰ ਵਿਚ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕਰ ਰਿਹਾ ਹੈ।' ਸੁਖਜਿੰਦਰ ਕੌਰ ਅਨੁਸਾਰ, 'ਸਮੁੱਚੀਆਂ ਕਹਾਣੀਆਂ ਵਿਚ ਲੇਖਿਕਾ ਦਾ ਸੰਕਟ ਮੂਲ ਰੂਪ ਵਿਚ ਲੋਕ ਸੱਭਿਆਚਾਰ ਦੀ ਪਛਾਣ ਦਾ ਹੀ ਸੰਕਟ ਹੈ।' ਇਸੇ ਤਰ੍ਹਾਂ ਹੋਰ ਵੀ ਕਈ ਵਿਦੂਸ਼ੀਆਂ ਨੇ ਲੇਖਿਕਾ ਦੀਆਂ ਕਹਾਣੀਆਂ ਬਾਰੇ ਆਪਣੀਆਂ ਰਾਵਾਂ ਅਤੇ ਅਧਿਐਨ ਦਰਜ ਕਰਵਾਏ ਹਨ।
ਹਰੇਕ ਆਲੋਚਕ ਨੇ ਆਪਣੇ ਅਧਿਐਨ ਦੇ ਸੋਮਿਆਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਤਾਂ ਲੇਖਿਕਾ ਦੀਆਂ ਕਹਾਣੀਆਂ ਦੇ ਪ੍ਰਸੰਗਾਂ ਵਿਚ ਹੀ ਆਪਣੀ ਰਾਇ ਬਣਾਈ ਹੈ। ਇਨ੍ਹਾਂ ਲੇਖਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੇਖਿਕਾ ਕੋਲ ਕਾਫੀ ਸਾਰਾ ਅਨੁਭਵ ਹੈ, ਜਿਸ ਨੂੰ ਉਹ ਆਪਣੀਆਂ ਕਹਾਣੀਆਂ ਵਿਚ ਪ੍ਰਯੋਗ ਕਰਦੀ ਹੈ। ਸਮੇਂ ਦੇ ਯਥਾਰਥ ਦੇ ਨਾਲ-ਨਾਲ ਤੁਰਦੀ ਹੈ। ਲੇਖਿਕਾ ਖੁਸ਼ਕਿਸਮਤ ਹੈ ਕਿ ਸਿਰਫ ਦੋ ਪੁਸਤਕਾਂ ਰਚ ਕੇ ਹੀ ਉਸ ਨੂੰ ਏਨੇ ਵਿਦਵਾਨ ਆਲੋਚਕਾਂ ਦੀਆਂ ਚੰਗੀਆਂ ਰਾਵਾਂ ਪ੍ਰਾਪਤ ਹੋ ਗਈਆਂ ਹਨ। ਕਿਸੇ ਨੇ ਉਸ ਦੀ ਕਹਾਣੀ-ਕਲਾ 'ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ। ਸਭ ਪਾਸਿਓਂ ਸ਼ਾਬਾਸ਼ ਹੀ ਮਿਲੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਦਹਿਲੀਜ਼
ਸ਼ਾਇਰ : ਐਚ. ਐਸ. ਮਾਂਗਟ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ :195 ਰੁਪਏ, ਸਫ਼ੇ : 96
ਸੰਪਰਕ : 94179-48822.

'ਦਹਿਲੀਜ਼' ਐਚ. ਐਸ. ਮਾਂਗਟ ਦਾ ਪੁਨਰ ਪ੍ਰਕਾਸ਼ਿਤ ਹੋਇਆ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਤੇਤੀ ਛੰਦ ਬੰਦ ਤੇ ਖੁੱਲ੍ਹੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ। ਤੁਆਰਫ਼ੀ ਲੇਖਾਂ ਤੋਂ ਬਾਅਦ ਮਾਂਗਟ ਨੇ ਆਪਣੀ ਕਾਵਿ ਧਾਰਾ ਦੀ ਸ਼ੁਰੂਆਤ 'ਦਹਿਲੀਜ਼' ਸਿਰਲੇਖ ਅਧੀਨ ਰਚਨਾ ਨਾਲ ਕੀਤੀ ਹੈ, ਜਿਸ ਵਿਚ ਉਸ ਨੇ ਇਸ ਸ਼ਬਦ ਨੂੰ ਮਹੀਨ ਤੇ ਗਹਿਰੇ ਅਰਥ ਦਿੱਤੇ ਹਨ। ਮੁਢਲੇ ਪੰਨਿਆਂ 'ਤੇ ਮਾਂਗਟ ਦੀਆਂ ਕੁਝ ਗ਼ਜ਼ਲਾਂ ਛਾਪੀਆਂ ਗਈਆਂ ਹਨ। ਆਪਣੀ ਪਹਿਲੀ ਗ਼ਜ਼ਲ ਵਿਚ ਉਹ ਅੱਕ ਫੰਬੀਆਂ, ਪੋਹਲੀ, ਰੱਕੜਾਂ ਤੇ ਨਿੱਸਰੀ ਵਰਗੇ ਸ਼ਬਦਾਂ ਦਾ ਪ੍ਰਯੋਗ ਕਰਕੇ ਪੰਜਾਬੀ ਵਿਚੋਂ ਵਿਸਰ ਰਹੇ ਸ਼ਬਦਾਂ ਦੀ ਪੈਰਵੀ ਕਰਦਾ ਪ੍ਰਤੀਤ ਹੁੰਦਾ ਹੈ। ਉਹ ਜਾਣਦਾ ਹੈ ਕਿ ਜੇ ਅਜਿਹੇ ਸ਼ਬਦ ਨਾ ਸਾਂਭੇ ਗਏ ਤਾਂ ਕਿਸੇ ਦਿਨ ਇਹ ਸਿਰਫ਼ ਕੋਸ਼ਾਂ ਦੇ ਪੰਨਿਆਂ 'ਚੋਂ ਹੀ ਮਿਲਣਗੇ। ਸ਼ਾਇਰ ਮੁਤਾਬਿਕ ਹਰ ਕਿਸੇ ਨੂੰ ਆਪਣੇ ਰਾਹਾਂ 'ਚੋਂ ਖ਼ੁਦ ਕੰਡੇ ਹਟਾਉਣੇ ਪੈਣਗੇ ਤੇ ਮਨਾਂ ਵਿਚ ਲੱਥੇ ਹਨ੍ਹੇਰੇ ਨੂੰ ਮਿਟਾਉਣ ਦੇ ਯਤਨ ਕਰਨੇ ਪੈਣਗੇ। ਕਸ਼ਮੀਰ ਦੁਖਾਂਤ 'ਤੇ ਲਿਖੀ ਗ਼ਜ਼ਲ ਵਿਚ ਉਸ ਨੂੰ ਪੰਛੀ ਤੇ ਫੁੱਲ ਤੱਕ ਸਹਿਮੇ ਹੋਏ ਪ੍ਰਤੀਤ ਹੁੰਦੇ ਹਨ। ਇਸ ਸੰਦਰਭ ਵਿਚ ਅੱਗ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਨੂੰ ਉਹ ਢੁੱਕਵਾਂ ਨਹੀਂ ਮੰਨਦਾ। ਉਸ ਨੂੰ ਗੁੰਗੀਆਂ ਤੇ ਬੋਲ਼ੀਆਂ ਕਲਮਾਂ 'ਤੇ ਗ਼ਿਲਾ ਵੀ ਹੈ। ਖ਼ਿਜ਼ਾਂ ਦੀ ਰੁੱਤ ਸ਼ਾਇਰ ਨੂੰ ਉਦਾਸ ਕਰਦੀ ਹੈ ਤੇ ਧੁੱਪਾਂ ਤੇ ਗਰਮ ਹਵਾਵਾਂ ਵਲੋਂ ਉਡਾਏ ਰੰਗ ਉਸ ਦੀ ਉਦਾਸੀ ਨੂੰ ਹੋਰ ਗੂੜ੍ਹਾ ਕਰਦੇ ਹਨ। ਸ਼ਾਇਰ ਨੂੰ ਆਸ ਹੈ ਇਕ ਦਿਨ ਹਰ ਅੱਖ 'ਚੋਂ ਵਹਿੰਦੇ ਹੰਝੂ ਰੁਕਣਗੇ ਤੇ ਧਰਤੀ 'ਤੇ ਕਹਿਰ ਵਰਤਾਉਂਦੇ ਝੱਖੜ ਖ਼ਾਮੋਸ਼ ਹੋਣਗੇ। ਉਹ ਸਾਂਝ ਤੇ ਮੁਹੱਬਤ ਦਾ ਦੀਵਾ ਜਗਾਈ ਰੱਖਣ ਦੀ ਤਾਕੀਦ ਕਰਦਾ ਹੈ ਤੇ ਭਲੇ ਦਿਨਾਂ ਦੇ ਪਰਤ ਆਉਣ ਦਾ ਉਸ ਨੂੰ ਯਕੀਨ ਹੈ। ਮਾਂਗਟ ਦੀ ਪੰਜਾਬ ਦੁਖਾਂਤ 'ਤੇ ਲਿਖੀ ਨਜ਼ਮ ਪ੍ਰਭਾਵਿਤ ਕਰਦੀ ਹੈ ਤੇ ਆਪਣੀ 'ਪੁਕਾਰ' ਨਜ਼ਮ ਵਿਚ ਉਹ ਬਾਬੇ ਕੋਲੋਂ ਤਪ ਰਹੀ ਮਿੱਟੀ ਨੂੰ ਠਾਰਨ ਦਾ ਵਰ ਮੰਗਦਾ ਹੈ। 'ਮਹਿਕਾਂ ਲੱਦੇ ਦਿਨ' ਇਸ ਸੰਗ੍ਰਹਿ ਦੀ ਹਾਸਲ ਰਚਨਾ ਹੈ, ਜਿਸ ਵਿਚ ਸ਼ਾਇਰ ਪੁਰਾਣੇ ਵੇਲਿਆਂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਮਲਾਲ ਹੈ ਕਿ ਉਹ ਦਿਨ ਹੁਣ ਪਰਤਣ ਵਾਲੇ ਨਹੀਂ। ਇਸ ਸੰਗ੍ਰਹਿ ਦੀਆਂ ਕੁਝ ਰਚਨਾਵਾਂ ਕੁਝ ਸ਼ਖ਼ਸੀਅਤਾਂ ਨੂੰ ਸਮਰਪਤ ਹਨ। ਇਸ ਪੁਸਤਕ ਦੇ ਆਖ਼ਿਰ ਵਿਚ ਡਾ. ਜਗਤਾਰ, ਸੁਲੱਖਣ ਸਰਹੱਦੀ, ਜਸਵੰਤ ਸਿੰਘ ਖ਼ੁਮਾਰ ਤੇ ਸ਼ਾਇਰ ਦੀ ਬੇਟੀ ਹਰਪ੍ਰੀਤ ਕੌਰ ਵਰਿਆ ਦੀਆਂ ਮਹਿਮਾਨ ਰਚਨਾਵਾਂ ਨੂੰ ਛਾਪਿਆ ਗਿਆ ਹੈ।

ਫ ਫ ਫ

ਚਿਰਾਗਾਂ ਦੀ ਡਾਰ
ਗ਼ਜ਼ਲਕਾਰਾ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 195 ਰੁਪਏ, ਸਫ਼ੇ : 80
ਸੰਪਰਕ : 98152-98459.

'ਚਿਰਾਗਾਂ ਦੀ ਡਾਰ' ਲੇਖਿਕਾ ਦਾ 1999 ਵਿਚ ਛਪਿਆ ਦੂਜਾ ਗ਼ਜ਼ਲ ਸੰਗ੍ਰਹਿ ਹੈ, ਜਿਸ ਦਾ ਇਹ ਪੰਜਵਾਂ ਐਡੀਸ਼ਨ ਹੈ। ਇਸ ਪੁਸਤਕ ਦੀ ਤੇ ਗ਼ਜ਼ਲਕਾਰਾ ਦੀ ਇਹ ਵੱਡੀ ਪ੍ਰਾਪਤੀ ਹੈ। ਦਰਅਸਲ ਇਸੇ ਗ਼ਜ਼ਲ ਸੰਗ੍ਰਹਿ ਨੇ ਸੁਖਵਿੰਦਰ ਅੰਮ੍ਰਿਤ ਨੂੰ ਪਹਿਚਾਣ ਦਿੱਤੀ ਸੀ ਤੇ ਇਸ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਆਪਣੀ ਹੋਂਦ ਦਾ ਨਿੱਗਰ ਅਹਿਸਾਸ ਕਰਾਇਆ ਸੀ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਸ਼ਬਦਾਂ ਦੀ ਤਰਤੀਬ ਮਖ਼ਮਲੀ ਹੈ ਤੇ ਕਿਸੇ ਸਿੱਟੇ 'ਤੇ ਪਹੁੰਚਦਿਆਂ ਇਹ ਪਾਠਕ ਦੇ ਦਿਲ ਵਿਚ ਵਿਸਫੋਟ ਕਰਦੀ ਹੈ। ਇਸ ਪੁਸਤਕ ਦੀਆਂ ਬਹੁਤੀਆਂ ਗ਼ਜ਼ਲਾਂ ਵਿਚ ਉਹ ਆਮ ਬੋਲ ਚਾਲ ਵਿਚ ਵਰਤੇ ਜਾਂਦੇ ਸ਼ਬਦਾਂ ਨਾਲ ਨਿੱਕੇ-ਨਿੱਕੇ ਬ੍ਰਹਿਮੰਡ ਸਿਰਜਦੀ ਹੈ। ਉਹ ਔਰਤ ਦੇ ਪੈਰਾਂ ਦੀ ਜਕੜਨ ਤੇ ਅੱਖਾਂ ਬੰਦ ਰੱਖਣ ਦੀ ਪਰੰਪਰਾ ਨੂੰ ਨਹੀਂ ਸਵੀਕਾਰਦੀ ਤੇ ਉਹ ਆਕਾਸ਼ ਵਿਚ ਕਿਸੇ ਦੀ ਮਰਜ਼ੀ ਦੀ ਥਾਂ ਆਪਣੀ ਮਰਜ਼ੀ ਨਾਲ ਉੱਡਣ ਦੀ ਲੋਚਾ ਰੱਖਦੀ ਹੈ। ਆਪਣੇ-ਆਪ ਨਾਲ ਸ਼ਿਕਾਇਤਾਂ ਤੇ ਸਥਾਪਤ ਬਿਰਤੀ ਪ੍ਰਤੀ ਵਿਦਰੋਹ ਦੇਖਣ ਨੂੰ ਸੌਖਾ ਹੈ ਪਰ ਅਜੋਕੇ ਸਮਾਜ ਵਿਚ ਵੀ ਇਕ ਔਰਤ ਹੋਣ ਦੇ ਨਾਤੇ ਇਹ ਏਨਾ ਸਰਲ ਨਹੀਂ ਹੈ। ਰਿਸ਼ਤਿਆਂ ਦੀ ਬੇਗ਼ਾਨਗੀ, ਅਜੋਕੇ ਦੌਰ ਵਿਚ ਔਰਤ ਦੀ ਤਰਾਸਦੀ, ਮਹੀਨ ਮੁਹੱਬਤੀ ਤੰਦਾਂ ਤੇ ਦਿਲ ਅੰਦਰ ਛੁਪੇ ਗਿਲੇ ਸ਼ਿਕਵਿਆਂ ਬਾਬਤ ਅੰਮ੍ਰਿਤ ਨੇ ਖੁੱਲ੍ਹ ਕੇ ਲਿਖਿਆ ਹੈ। 'ਚਿਰਾਗਾਂ ਦੀ ਡਾਰ' ਮੁਹੱਬਤ ਦੀ ਗ਼ਜ਼ਲਕਾਰੀ ਹੈ ਤੇ ਇਸ ਵਿਚ ਛੋਟੇ-ਛੋਟੇ ਉਲਾਂਭੇ, ਤਨਹਾਈ ਦਾ ਆਲਮ, ਉਦਾਸੀ, ਆਸ਼ਾ-ਨਿਰਾਸ਼ਾ, ਇੰਤਜ਼ਾਰ, ਮਿਲਾਪ ਤੇ ਜੁਦਾਈ ਦੇ ਪਲਾਂ ਦੇ ਖ਼ੂਬਸੂਰਤ ਮੰਜ਼ਰ ਉੱਸਰੇ ਦਿਖਾਈ ਦਿੰਦੇ ਹਨ। ਗ਼ਜ਼ਲਕਾਰਾ ਉਲਟ ਤੇ ਔਖੀਆਂ ਪ੍ਰਸਥਿਤੀਆਂ ਦੇ ਬਾਵਜੂਦ ਆਸ ਤੇ ਧੀਰਜ ਬਣਾਈ ਰੱਖਦੀ ਹੈ। ਪੁਸਤਕ ਵਿਚ ਮਨੁੱਖੀ ਜੀਵਨ ਦੀਆਂ ਹੋਰ ਦੁਸ਼ਵਾਰੀਆਂ ਤੇ ਲੋੜਾਂ ਸਬੰਧੀ ਵੀ ਟਾਵੇਂ-ਟਾਵੇਂ ਸ਼ਿਅਰ ਮਿਲਦੇ ਹਨ। 'ਚਿਰਾਗਾਂ ਦੀ ਡਾਰ' ਹਮੇਸ਼ਾ ਤਾਜ਼ਾ ਤਾਰੀਨ ਰਹਿਣ ਵਾਲਾ ਗ਼ਜ਼ਲ ਸੰਗ੍ਰਹਿ ਹੈ, ਕਿਉਂਕਿ ਮੁਹੱਬਤ ਇਕ ਅਜਿਹਾ ਵਿਸ਼ਾ ਹੈ, ਜੋ ਕਦੀ ਪੁਰਾਣਾ ਨਹੀਂ ਹੁੰਦਾ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਕਾਵਿ ਸਰੋਕਾਰ
ਲੇਖਕ : ਸੁਖਦੇਵ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 230 ਰੁਪਏ, ਸਫ਼ੇ : 180
ਸੰਪਰਕ : 098156-36563.

'ਕਾਵਿ-ਸਰੋਕਾਰ' ਸਮੀਖਿਆ ਪੁਸਤਕ ਦਾ ਇਹ ਦੂਜਾ ਐਡੀਸ਼ਨ ਹੈ, ਜੋ ਪਹਿਲਾਂ 2007 ਈ: ਵਿਚ ਪ੍ਰਕਾਸ਼ਿਤ ਹੋਇਆ ਸੀ। ਪਹਿਲੇ ਐਡੀਸ਼ਨ ਵਿਚ 'ਆਧੁਨਿਕ ਪੰਜਾਬੀ ਕਾਵਿ : ਅਧਿਐਨ ਦੇ ਮਸਲੇ', '1960 ਈ: ਤੱਕ ਦੀ ਪੰਜਾਬੀ ਕਵਿਤਾ : ਪੁਨਰ ਝਾਤ', 'ਹਰੀ ਕ੍ਰਾਂਤੀ ਦੇ ਆਸ-ਪਾਸ ਪੰਜਾਬੀ ਕਵਿਤਾ', 'ਸਮਕਾਲੀ ਪੰਜਾਬੀ ਕਾਵਿ : ਦਸ਼ਾ ਤੇ ਦਿਸ਼ਾ', 'ਬਸਤੀਵਾਦ, ਉੱਤਰ-ਬਸਤੀਵਾਦ ਅਤੇ ਪੰਜਾਬੀ ਕਾਵਿ', 'ਵਿਸ਼ਵੀਕਰਨ ਅਤੇ ਪੰਜਾਬੀ ਕਵਿਤਾ', 'ਦਲਿਤ ਪਛਾਣ ਤੇ ਪੰਜਾਬੀ ਕਾਵਿ' ਅਤੇ 'ਸਮਕਾਲੀ ਸਮਾਜਿਕ ਸਰੋਕਾਰ ਤੇ ਪੰਜਾਬੀ ਕਾਵਿ' ਖੋਜ ਨਿਬੰਧ ਸ਼ਾਮਿਲ ਸਨ, ਜਦੋਂ ਕਿ ਹਥਲੇ ਐਡੀਸ਼ਨ ਵਿਚ 'ਸਮਕਾਲੀ ਨਾਰੀਂਕਾਵਿ : ਪਿਤਰ ਸੱਤਾ ਤੋਂ ਨਾਬਰੀ' ਖੋਜ ਨਿਬੰਧ ਨੂੰ ਸ਼ਾਮਿਲ ਕੀਤਾ ਗਿਆ ਹੈ। ਡਾ: ਸਰਬਜੀਤ ਦੇ ਅਨੁਸਾਰ ਡਾ: ਸੁਖਦੇਵ ਸਿੰਘ ਨੇ ਪੰਜਾਬੀ ਕਵਿਤਾ ਦੀਆਂ ਕਈ ਗੁੰਝਲਾਂ ਨੂੰ ਸੁਲਝਾਇਆ ਹੀ ਨਹੀਂ, ਸਗੋਂ ਪੰਜਾਬੀ ਕਾਵਿ-ਸ਼ਾਸਤਰ ਦੀ ਉਸਾਰੀ ਲਈ ਵਿਚਾਰਧਾਰਕ ਪਰਿਪੇਖ ਦੀ ਸਿਰਜਣਾ ਵੀ ਕੀਤੀ ਹੈ।' ਮਾਰਕਸਵਾਦ ਇਕ ਗਤੀਸ਼ੀਲ ਵਰਤਾਰਾ ਹੈ, ਇਸੇ ਲਈ ਉਸ ਨੇ ਮਾਰਕਸਵਾਦ ਦ੍ਰਿਸ਼ਟੀਕੋਣ ਨੂੰ ਗਤੀਸ਼ੀਲ ਵਰਤਾਰੇ ਵਜੋਂ ਸਮਝਦਿਆਂ ਭਾਰਤੀ ਸਮਾਜ ਯਥਾਰਥ ਅਨੁਕੂਲ ਕਈ ਨਵੀਆਂ ਅੰਤਰ-ਦ੍ਰਿਸ਼ਟੀਆਂ ਦੀ ਸਿਰਜਣਾ ਕੀਤੀ ਹੈ। ਮਸਲਨ: ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕੌਣ ਹੈ? ਇਸ ਨੂੰ 'ਆਧੁਨਿਕਤਾ' ਅਤੇ 'ਕਾਵਿਕਤਾ' ਦੇ ਗੰਭੀਰ ਮੁੱਦੇ ਵਜੋਂ ਸਵੀਕਾਰਦਿਆਂ, ਪੰਜਾਬੀ ਕਾਵਿ-ਆਲੋਚਨਾ ਨਾਲ ਵੀ ਸੰਵਾਦ ਸਿਰਜਿਆ ਹੈ। ਉਨ੍ਹਾਂ ਅਨੁਸਾਰ ਕਲਾ ਅਤੇ ਸਾਹਿਤ ਵਾਂਗ ਅਕਾਦਮਿਕ ਗਿਆਨ ਵੀ ਆਪਣੇ ਵਕਤ ਦੀ ਫ਼ਿਜ਼ਾ ਤੋਂ ਸੁਤੰਤਰ ਨਹੀਂ ਹੁੰਦਾ। ਇਹ ਇਕ ਇਤਿਹਾਸਕ ਵਰਤਾਰਾ ਹੈ, ਜਿਸ ਦੀ ਸਮਝ ਤੋਂ ਬਿਨਾਂ ਕਲਾ ਅਤੇ ਸਾਹਿਤ ਦੇ ਅਧਿਆਪਕ ਆਪਣੀ ਉਸਾਰੂ ਭੂਮਿਕਾ ਨਹੀਂ ਨਿਭਾਅ ਸਕਦੇ, ਕਿਉਂਕਿ ਕਵਿਤਾ ਅਤੇ ਸਾਹਿਤ ਹੀ ਅਜਿਹੇ ਅਨੁਸ਼ਾਸਨ ਹਨ, ਜਿਨ੍ਹਾਂ ਦੁਆਰਾ ਇਸ ਸਿਧਾਂਤਕ ਗਿਆਨ ਨੂੰ ਆਮ ਲੋਕਾਂ ਦੀ ਚੇਤਨਾ ਦਾ ਅੰਗ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਵਲੋਂ ਉਠਾਏ ਨੁਕਤਿਆਂ ਨੂੰ ਬਾ-ਦਲੀਲ ਪਰਿਭਾਸ਼ਤ ਕਰਨ ਦਾ ਉਚੇਚਾ ਯਤਨ ਕੀਤਾ ਗਿਆ ਹੈ। ਪੰਜਾਬੀ ਆਲੋਚਨਾ ਦੇ ਖੋਜਾਰਥੀਆਂ ਲਈ ਇਹ ਪੁਸਤਕ ਬਹੁਤ ਹੀ ਮੁਫੀਦ ਹੈ, ਕਿਉਂਕਿ ਇਸ ਉੱਦਮ ਨਾਲ ਪੰਜਾਬੀ ਕਾਵਿ-ਆਲੋਚਨਾ ਸਮਰਿੱਧ ਹੀ ਨਹੀਂ ਹੋਈ, ਸਗੋਂ ਇਹ ਭਵਿੱਖ ਪ੍ਰਤੀ ਨਵੀਆਂ ਸੰਭਾਵਨਾਵਾਂ ਵਾਲੀ ਸਮਝ ਪੈਦਾ ਕਰਨ ਦਾ ਪ੍ਰਤੀਬੱਧ ਕਾਰਜ ਕਰਦੀ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਬਲਦੇਵ ਸਿੰਘ ਸੜਕਨਾਮਾ : ਪ੍ਰਵਚਨ ਦੇ ਪ੍ਰਸੰਗ
ਸੰਪਾਦਕ : ਡਾ: ਨਰੇਸ਼ ਕੁਮਾਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 375 ਰੁਪਏ, ਸਫ਼ੇ : 191
ਸੰਪਰਕ : 98788-89269.

ਬਲਦੇਵ ਸਿੰਘ ਦੀ ਹਥਲੀ ਆਲੋਚਨਾਤਮਕ ਪੁਸਤਕ ਵਿਚ ਕੁੱਲ 18 ਲੇਖ ਹਨ। ਇਕ ਲੇਖ 'ਸਤਲੁਜ ਵਹਿੰਦਾ ਰਿਹਾ' ਨਾਵਲ ਬਾਰੇ ਹੈ, 9 ਲੇਖ 'ਖਾਕੁ ਜੇਡ ਨਾ ਕੋਇ' ਨਾਵਲ ਬਾਰੇ ਹਨ। ਇਕ ਲੇਖ 'ਮਹਾਂਬਲੀ' ਨਾਵਲ ਬਾਰੇ, ਇਕ 'ਢਾਹਵਾਂ ਦਿੱਲੀ ਦੇ ਕਿੰਗਰੇ', ਇਕ 'ਅੰਨਦਾਤਾ' ਬਾਰੇ ਦੋ 'ਲਾਲ ਬੱਤੀ' ਬਾਰੇ ਅਤੇ ਇਕ 'ਗੰਧਲੇ ਪਾਣੀ' ਨਾਵਲ ਬਾਰੇ ਲੇਖ ਹੈ।
ਪੁਸਤਕ ਵਿਚ ਮਿਲਦੇ ਸਾਰੇ ਲੇਖ ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਆਲੋਚਕਾਂ ਦੁਆਰਾ ਲਿਖੇ ਗਏ ਹਨ, ਜਿਵੇਂ ਡਾ: ਹਰਿਭਜਨ ਸਿੰਘ ਭਾਟੀਆ ਦੇ ਲੇਖ ਇਕ ਲਾਲ ਬੱਤੀ : ਰਚਨਾ ਵਿਰਚਨਾ ਤੇ ਦੂਜਾ ਬਲਦੇਵ ਸਿੰਘ ਦੀ ਰਚਨਾਤਮਕ ਵਿਲੱਖਣਤਾ ਬਾਰੇ ਹੈ। ਦੋਵੇਂ ਲੇਖ ਸਲਾਹੁਣਯੋਗ ਹਨ। ਬਾਕੀ ਆਲੋਚਕਾਂ ਵਿਚ ਡਾ: ਸੁਰਿੰਦਰ ਕੁਮਾਰ ਦਵੇਸ਼ਰ, ਡਾ: ਨਰੇਸ਼, ਡਾ: ਸੁਰਜੀਤ ਬਰਾੜ, ਡਾ: ਸੈਮੂਅਲ ਗਿੱਲ, ਡਾ: ਹੀਰਾ ਸਿੰਘ ਤੇ ਹੋਰ ਉੱਭਰਦੇ ਆਲੋਚਕਾਂ ਦੇ ਲੇਖ ਹਨ।
ਉਪਰੋਕਤ ਵਰਣਿਤ ਨਾਵਲਾਂ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਲੇਖ ਰਚੇ ਗਏ ਹਨ। ਸਾਰੇ ਲੇਖ ਪ੍ਰਸੰਸਾਯੋਗ ਹਨ। ਸਾਰੇ ਆਲੋਚਕਾਂ ਦੀ ਰਚਨਾ ਪ੍ਰਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਬਲਦੇਵ ਸਿੰਘ ਨਾਵਲਕਾਰ ਕੋਲ ਡੂੰਘੀ ਸੂਝ ਹੈ। ਉਸ ਨੇ ਨਾਵਲ ਸਾਹਿਤ ਰੂਪ ਨੂੰ ਵਿਸ਼ਾਗਤ ਅਤੇ ਵਿਧਾਗਤ ਦੋਵਾਂ ਧਰਾਤਲਾਂ ਪੱਖੋਂ ਵਿਕਸਤ ਕੀਤਾ ਹੈ। ਉਸ ਦੀ ਨਾਵਲਕਾਰੀ ਅਣਗੌਲੇ, ਹਾਸ਼ੀਆਗਤ ਲੋਕਾਂ ਤੇ ਉਨ੍ਹਾਂ ਦੇ ਮਸਲਿਆਂ ਨੂੰ ਸਮਰਪਿਤ ਹੈ। ਪੰਜਾਬੀ ਨਾਵਲ ਆਲੋਚਕਾਂ ਸਬੰਧੀ ਪੁਸਤਕਾਂ ਵਿਚੋਂ ਇਹ ਪੁਸਤਕ ਮੁੱਲਵਾਨ ਹੈ। ਬਲਦੇਵ ਸਿੰਘ ਦੇ ਨਾਵਲਾਂ ਬਾਰੇ ਖੋਜੀ ਬਿਰਤੀ ਰੱਖਣ ਵਾਲੇ ਪਾਠਕਾਂ, ਅਧਿਆਪਕਾਂ, ਆਲੋਚਕਾਂ ਤੇ ਖੋਜਾਰਥੀਆਂ ਲਈ ਇਹ ਪੁਸਤਕ ਪਥ-ਪ੍ਰਦਰਸ਼ਕ ਹੈ।

ਂਪ੍ਰੋ: ਸਤਪਾਲ ਸਿੰਘ
ਮੋ: 98725-21515
ਫ ਫ ਫ

21-04-2018

 ਕਾਨਸੈਪਟ ਆਫ਼ ਸਾਧ ਸੰਗਤ ਇਨ ਸਿੱਖਿਜ਼ਮ
ਲੇਖਕ : ਮੱਖਣ ਸਿੰਘ
ਪ੍ਰਕਾਸ਼ਕ : ਹੇਮਕੁੰਟ ਪਬਲਿਸ਼ਿੰਗ, ਨਵੀਂ ਦਿੱਲੀ
ਮੁੱਲ : 395 ਰੁਪਏ, ਸਫ਼ੇ : 232
ਸੰਪਰਕ : 098104-46269.

ਸ: ਮੱਖਣ ਸਿੰਘ ਦੀ ਸਿੱਖ ਧਰਮ ਵਿਚ ਸਾਧ ਸੰਗਤ ਦੇ ਸੰਕਲਪ ਬਾਰੇ ਇਹ ਪੁਸਤਕ ਅੰਗਰੇਜ਼ੀ ਵਿਚ ਹੈ। ਪ੍ਰੰਤੂ ਇਸ ਦਾ ਮਹੱਤਵ, ਪ੍ਰਸੰਗ ਤੇ ਸਬੰਧ ਪੰਜਾਬੀਆਂ ਨਾਲ ਜੁੜ ਕੇ ਹੀ ਸਮਝਿਆ ਜਾ ਸਕਦਾ ਹੈ। ਸਾਧ ਸੰਗਤ ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦਾ ਇਕ ਮਹੱਤਵਪੂਰਨ ਸੰਕਲਪ ਹੈ। ਸ: ਮੱਖਣ ਸਿੰਘ ਨੇ ਬਾਰੀਕੀ ਨਾਲ ਇਸ ਦੇ ਸਮਾਜਿਕ, ਧਾਰਮਿਕ, ਸੱਭਿਆਚਾਰਕ ਤੇ ਵਿਸ਼ਵ ਵਿਆਪਕ ਪਸਾਰਾਂ ਨੂੰ ਫਰੋਲਿਆ ਹੈ। ਉਸ ਦਾ ਅਧਿਐਨ ਇਹ ਸਪੱਸ਼ਟ ਕਰਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਰੰਪਰਾਗਤ ਧਰਮ ਪਰੰਪਰਾਵਾਂ, ਦਰਸ਼ਨ ਤੇ ਭਾਸ਼ਾ ਵਿਚ ਪ੍ਰਾਪਤ ਚਿਹਨਕਾਂ ਤੇ ਸੰਕਲਪਾਂ ਨੂੰ ਕਿਵੇਂ ਆਪਣੇ ਯੁੱਗ ਪਰਿਵਰਤਕ ਸੰਦੇਸ਼ ਉਪਦੇਸ਼ ਤੇ ਉਦੇਸ਼ਾਂ ਲਈ ਵਰਤ ਕੇ ਸਾਧਾਰਨ ਨੂੰ ਪਤਨ ਤੇ ਗੁਲਾਮੀ ਦੀ ਜਿਲ੍ਹਣ ਵਿਚੋਂ ਬਾਹਰਾ ਨਿਕਲਣ ਲਈ ਤਿਆਰ ਕੀਤਾ। ਉਨ੍ਹਾਂ ਦੀ ਦੂਰਦ੍ਰਿਸ਼ਟੀ ਵਾਲੀ ਵਿਗਿਆਨਕ ਤੇ ਸਰਬ ਸਾਂਝੀ ਉਦਾਰ ਸੋਚ ਨੇ ਜਾਤਾਂ ਵਰਗਾਂ ਵਿਚ ਵੰਡੇ ਨਿੱਕੇ-ਨਿੱਕੇ ਰੱਬਾਂ ਨੂੰ ਪੂਜਦੇ ਹੋਏ ਲੋਕਾਂ ਨੂੰ ਇਕ ਅਕਾਲ ਪੁਰਖ ਦੇ ਨਿਰਮਲ ਭਉ ਵਾਲੇ ਹੁਕਮ ਵਿਚ ਨਿਰਭੈ ਤੇ ਨਿਰਵੈਰ ਹੋ ਕੇ ਸਰਬੱਤ ਦੇ ਭਲੇ ਲਈ ਲੜਨ-ਮਰਨ ਵਾਲੇ ਸਿੱਖ ਧਰਮ ਦਾ ਮੁੱਢ ਬੰਨ੍ਹਿਆ, ਜਿਸ ਨੇ ਭਾਰਤੀ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ।
ਸਾਧ ਸੰਗਤ ਜਾਤਾਂ ਵਿਚ ਬੱਝੇ ਭਾਰਤੀ ਸਮਾਜ ਵਿਚ ਹਾਰ ਵਖਰੇਵੇਂ ਤੋਂ ਮੁਕਤ ਮਿਲ ਕੇ ਬੈਠਣ ਤੇ ਰੱਬੀ ਮਾਰਗ ਉੱਤੇ ਚੱਲਣ ਦੀ ਸਾਧਨਾ ਸੀ। ਸਾਂਝਾ ਖਾਣਾ, ਲੰਗਰ, ਇਕੋ ਥਾਂ ਇਸ਼ਨਾਨ ਇਕੋ ਥਾਂ ਕੀਰਤਨ, ਬੰਦਗੀ, ਜਾਤਾਂ-ਪਾਤਾਂ ਵਿਚ ਬੱਝੇ ਭਾਰਤੀ ਸਮਾਜ ਲਈ ਅਸਲੋਂ ਨਵੀਂ ਚੀਜ਼ ਸੀ। ਸਾਧ ਸੰਗਤ ਨੂੰ ਕਦਮ-ਦਰ-ਕਦਮ ਗੁਰੂ ਨਾਨਕ ਦੇ ਪਰਵਰਤੀ ਗੁਰੂਆਂ ਵਲੋਂ ਮਜ਼ਬੂਤ, ਸੰਗਠਿਤ ਤੇ ਸਿਧਾਂਤਕ/ਵਿਹਾਰਕ ਪੱਧਰ 'ਤੇ ਵਿਸਤਾਰਿਤ ਕਰਦੇ ਹੋਏ ਸਾਧ ਸੰਗਤ ਨੂੰ ਮੀਰੀ-ਪੀਰੀ ਨਾਲ ਜੋੜਨ ਤੇ ਅੰਤ ਖ਼ਾਲਸੇ ਦੇ ਰੂਪ ਵਿਚ ਗੁਰੂ ਰੂਪ ਖ਼ਾਲਸਾ ਬਣਾਉਣ ਦੀ ਪੂਰੀ ਪ੍ਰਕਿਰਿਆ ਸ: ਮੱਖਣ ਸਿੰਘ ਨੇ ਇਸ ਪੁਸਤਕ ਵਿਚ ਪੇਸ਼ ਕੀਤੀ ਹੈ। ਸਾਧ ਸੰਗਤ ਦੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਅਜੋਕੇ ਯੁੱਗ ਵਿਚ ਇਸ ਦੀ ਪ੍ਰਾਸੰਗਿਕਤਾ ਬਾਰੇ ਗੱਲ ਕਰਨ ਨਾਲ ਇਸ ਦਾ ਮਹੱਤਵ ਹੋਰ ਵੱਧ ਗਿਆ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਰਲੋਚਨ ਸਿੰਘ ਦੀ
ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ

ਸੰਪਾਦਕ : ਡਾ: ਕੇਹਰ ਸਿੰਘ
ਅਨੁ: ਡਾ: ਦਰਸ਼ਨ ਸਿੰਘ ਆਸ਼ਟ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 520 ਰੁਪਏ, ਸਫ਼ੇ : 318
ਸੰਪਰਕ : 98144-23703.

ਸ: ਤਰਲੋਚਨ ਸਿੰਘ ਇਕ ਬਹੁਪੱਖੀ ਸ਼ਖ਼ਸੀਅਤ ਦਾ ਸੁਆਮੀ ਅਤੇ ਰਾਜਨੇਤਾ ਹੈ। ਉਸ ਨੇ ਆਪਣਾ ਵਿਵਸਾਇਕ ਜੀਵਨ ਇਕ ਲੋਕ ਸੰਪਰਕ ਅਫ਼ਸਰ ਤੋਂ ਸ਼ੁਰੂ ਕੀਤਾ ਸੀ। ਆਪਣੀ ਪ੍ਰਤਿਭਾ ਦੇ ਸਹਾਰੇ ਉਹ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਕੱਤਰ ਬਣ ਗਿਆ। ਹੁਣ ਪਿਛਲੇ ਕੁਝ ਸਮੇਂ ਤੋਂ ਅਕਾਲੀ ਪਾਰਟੀ ਦਾ ਮਾਣਯੋਗ ਮੈਂਬਰ ਹੈ। ਰਾਜ ਸਭਾ ਦਾ ਮੈਂਬਰ ਹੋਣ ਦੀ ਸੂਰਤ ਵਿਚ ਉਹ ਪੰਜਾਬੀਆਂ ਦੀਆਂ ਯੋਗ ਮੰਗਾਂ ਉਠਾਉਣ ਤੋਂ ਕਦੇ ਨਹੀਂ ਖੁੰਝਿਆ। ਡਾ: ਕੇਹਰ ਸਿੰਘ ਦੁਆਰਾ ਸੰਪਾਦਿਤ ਹਥਲੀ ਪੁਸਤਕ ਵਿਚ ਉਸ ਦੁਆਰਾ ਰਾਜ ਸਭਾ ਵਿਚ ਉਠਾਏ ਪੰਜਾਬ ਦੇ ਸਰੋਕਾਰਾਂ ਬਾਰੇ ਬੜੀ ਪ੍ਰਮਾਣਿਕ ਜਾਣਕਾਰੀ ਸੰਕਲਿਤ ਕੀਤੀ ਗਈ ਹੈ। ਇਹ ਸਰੋਕਾਰ ਹਨ : 1. ਸਿੱਖ ਮਸਲੇ, 2. ਖੇਤੀਬਾੜੀ, 3. ਰੇਲਵੇਜ਼, 4. ਸੂਚਨਾ ਅਤੇ ਪ੍ਰਸਾਰਨ, 5. ਖੇਡਾਂ, 6. ਫੁੱਟਕਲ ਮਸਲੇ ਅਤੇ 7. ਰਾਜ ਸਭਾ ਵਿਚ ਵਿਸ਼ੇਸ਼ ਉਲੇਖ... ਇਤਿਆਦਿ।
ਪੁਸਤਕ ਦੀ ਭੂਮਿਕਾ ਵਿਚ ਇਸ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੰਦਾ ਹੋਇਆ ਡਾ: ਜਸਪਾਲ ਸਿੰਘ ਲਿਖਦਾ ਹੈ ਕਿ ਪੰਜਾਬ ਦੀਆਂ ਰਾਜਨੀਤਕ ਲਹਿਰਾਂ ਵਿਚ ਉਸ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਸਦਨ ਦੀਆਂ ਬਹਿਸਾਂ ਵਿਚ ਉਸ ਦਾ ਯੋਗਦਾਨ ਚਿੰਤਨ ਭਰਪੂਰ ਰਿਹਾ ਹੈ; ਸਿੱਖ ਮਸਲਿਆਂ ਬਾਰੇ ਉਸ ਦੀ ਸੁਭਾਸ਼ਤਾ ਦਾ ਕੋਈ ਜਵਾਬ ਨਹੀਂ ਹੈ। ਉਹ ਪਾਰਲੀਮੈਂਟਰੀ ਸਰੋਕਾਰਾਂ ਦਾ ਇਕ ਦ੍ਰਿੜ੍ਹਂਉਪਾਸਕ ਅਤੇ ਮੁਦਈ ਰਿਹਾ ਹੈ। ਭਾਰਤ ਦੇ ਪ੍ਰਸਿੱਧ ਪੱਤਰਕਾਰ ਸ੍ਰੀ ਐਚ.ਕੇ. ਦੂਆ ਦਾ ਕਥਨ ਹੈ ਕਿ ਉਹ ਪੰਜਾਬ ਦੇ ਮੁੱਖ ਬੁਲਾਰੇ ਵਜੋਂ ਕਾਰਜਸ਼ੀਲ ਰਿਹਾ ਹੈ। ਤਰਲੋਚਨ ਸਿੰਘ ਦੁਆਰਾ ਪੰਜਾਬ ਦੇ ਵਿਕਾਸ ਹਿਤ ਦਿੱਤੇ ਗਏ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੋਇਆ ਸ੍ਰੀ ਕੁਲਦੀਪ ਨਈਅਰ ਲਿਖਦਾ ਹੈ ਕਿ ਉਸ ਨੂੰ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਵੱਧ ਤੋਂ ਵੱਧ ਪੜ੍ਹਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਦੀ ਦ੍ਰਿੜ੍ਹਤਾ ਇਕ ਅਜਿਹੇ ਦੇਸ਼ ਦੇ ਪੰਜਾਬੀਆਂ ਨਾਲ ਹੈ, ਜਿਸ ਦੀਆਂ ਭਿੰਨ-ਭਿੰਨ ਭਾਸ਼ਾਵਾਂ ਅਤੇ ਭਿੰਨ-ਭਿੰਨ ਖੇਤਰ ਹਨ। ਪੰਜਾਬ, ਭਾਰਤ ਦੀ ਤਲਵਾਰ ਹੋਣ ਦੇ ਨਾਲ-ਨਾਲ ਸਰਹੱਦ ਦਾ ਰਖਵਾਲਾ ਹੈ, ਜਿਥੇ ਸਿੱਖ ਰਹਿੰਦੇ ਹਨ। ਇਸ ਪੁਸਤਕ ਵਿਚ ਉਨ੍ਹਾਂ ਸਵਾਲਾਂ-ਜਵਾਬਾਂ ਦੀ ਪਰੋਸੀਡਿੰਗ ਦਿੱਤੀ ਗਈ ਹੈ, ਜੋ ਤਰਲੋਚਨ ਸਿੰਘ ਜੀ ਨੇ ਸਦਨ ਵਿਚ ਉਠਾਏ ਸਨ। ਡਾ: ਕੇਹਰ ਸਿੰਘ ਨੇ ਇਹ ਪਰੋਸੀਡਿੰਗ, ਸਦਨ ਦੀ ਲਾਇਬਰੇਰੀ ਵਿਚੋਂ ਹਾਸਲ ਕੀਤੀ ਅਤੇ ਡਾ: ਦਰਸ਼ਨ ਸਿੰਘ ਆਸ਼ਟ ਨੇ ਇਸ ਦਾ ਪੰਜਾਬੀ ਵਿਚ ਅਨੁਵਾਦ ਕਰ ਦਿੱਤਾ। ਇਹ ਪੁਸਤਕ ਬੜੀ ਅਚਾਨਕ (਼ਲਗਚਬਵ;ਖ) ਸ਼ੁਰੂ ਹੋ ਜਾਂਦੀ ਹੈ। ਆਰੰਭ ਵਿਚ ਸ: ਤਰਲੋਚਨ ਸਿੰਘ ਦਾ ਜੀਵਨੀ ਮੂਲਕ ਵੇਰਵਾ ਵੀ ਦੇਣਾ ਚਾਹੀਦਾ ਸੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮੇਰੀ ਪੂੰਜੀ
ਲੇਖਿਕਾ : ਸਾਵਿਤਰੀ ਭੈਣ ਜੀ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 96460-87009.

'ਮੇਰੀ ਪੂੰਜੀ' ਕਾਵਿ ਸੰਗ੍ਰਹਿ ਕਵਿਤਰੀ ਦੇ ਜੀਵਨ ਵਿਚ ਵਾਪਰੇ ਹਾਦਸੇ ਦਾ ਪ੍ਰਗਟਾ ਰੂਪ ਹੈ। ਜਿਹੜਾ ਬਿਰਹਾ ਉਸ ਨੇ ਆਪਣੇ ਮਨ ਤੇ ਤਨ 'ਤੇ ਹੰਢਾਇਆ ਸਮਾਂ ਪਾ ਕੇ ਉਸ ਨੇ ਸ਼ਬਦਾਂ ਦਾ ਰੂਪ ਲੈ ਲਿਆ, ਜਿਸ ਨੇ ਉਸ ਨੂੰ ਗ਼ਮ ਵਿਚੋਂ ਬਾਹਰ ਕੱਢ ਕੇ ਮਜ਼ਬੂਤ ਕੀਤਾ। ਇਹ ਕਾਵਿ ਸਫ਼ਰ ਸੰਨ 1957 ਤੋਂ ਲੈ ਕੇ 2017 ਤੱਕ ਦਾ ਹੈ, ਜਿਸ ਦੇ ਦੋ ਪੜਾਅ ਹਨ ਪਰ ਇਨ੍ਹਾਂ ਗੀਤਾਂ ਵਿਚੋਂ ਬਿਰਹਾ ਰੂਪ ਵਧੇਰੇ ਉੱਘੜ ਕੇ ਸਾਹਮਣੇ ਆਉਂਦਾ ਹੈ। ਇਹ ਸਫ਼ਰ 'ਨਿੱਜ ਤੋਂ ਪਰ' ਅਤੇ ਪਰ ਤੋਂ ਨਿੱਜ ਤੱਕ ਦਾ ਕਿਹਾ ਜਾ ਸਕਦਾ ਹੈ।
ਇਸ ਸੰਗ੍ਰਹਿ ਵਿਚ ਜਿਥੇ ਕਵਿਤਰੀ ਨੇ ਨਿਰਾਸ਼ਾ ਨੂੰ ਇੰਜ ਪੇਸ਼ ਕੀਤਾ ਹੈਂ
ਸਾਹਾਂ ਦੀ ਜ਼ੰਜੀਰ ਨਾ ਟੁੱਟਦੀ, ਹੰਢ ਚਲੀ ਜਿੰਦ ਨਿਮਾਣੀ ਵੇ।
ਫੋਲ ਸਮੇਂ ਦੀਆਂ ਪਰਤਾਂ ਹੇਠਾਂ ਲਿਖੀ ਮੇਰੀ ਕਹਾਣੀ ਵੇ।
ਉਥੇ ਉਸ ਨੇ ਆਪਣੇ ਅੰਦਰ ਹੌਸਲੇ ਦੀ ਉਡਾਣ ਵੀ ਭਰੀ ਹੈਂ
ਝੱਖੜ ਝੁਲੇ ਜਾਂ ਬਿਜਲੀ ਲਿਸ਼ਕੇ, ਮਨ ਨੂੰ ਆਪਣੇ ਨੂੰ ਤਕੜਾ ਰੱਖ।
ਹੌਸਲਾ ਕਰਕੇ ਉੱਡਣਾ ਹੀ ਹੈ, ਹਾਰੇ ਮਨ ਨਾਲ ਲਾਈ ਝਗੜਾ ਰੱਖ।
ਕਵਿਤਾਵਾਂ 'ਹੰਝੂਆਂ ਦੀ ਸੌਗਾਤ, ਸਾਵਣ ਕਿਉਂ ਰੋਂਦਾ, ਬਿਰਹੋਂ ਧੁਆਂਖੀ, ਤੇਰੀ ਹੋਂਦ, ਯਾਦਾਂ ਦੇ ਦੀਵੇ, ਸਾਹਾਂ ਦੀ ਜ਼ੰਜੀਰ, ਤੇ ਅਥਰੇ ਹੰਝੂ' ਬਿਰਹੋਂ ਕੁਠੀ ਰੂਹ ਦਾ ਪ੍ਰਤੀਬਿੰਬ ਹਨ। ਉਸ ਨੇ 'ਘਟ ਖਾਣਾ, ਦੋਹੇ, ਉਸਾਰੀ ਨੀਂਦ, ਸਾਡੀ ਪੂੰਜੀ' ਆਦਿ ਕਵਿਤਾਵਾਂ ਵਿਚ ਵੱਖਰੀ ਤਰ੍ਹਾਂ ਦਾ ਰੰਗ ਪੇਸ਼ ਕੀਤਾ ਹੈ। ਕਵਿੱਤਰੀ ਨੇ ਆਪਣਾ ਦਰਦ ਹੀ ਨਹੀਂ ਪੇਸ਼ ਕੀਤਾ, ਸਗੋਂ ਕੁੱਖ ਵਿਚ ਮਰਦੀਆਂ ਜਾਂ ਸਮਾਜ ਵਲੋਂ ਮਾਰੀਆਂ ਜਾਂਦੀਆਂ ਧੀਆਂ ਦੇ ਦਰਦ ਦੀ ਵੀ ਬਾਤ ਪਾਈ ਹੈ ਤੇ ਅੰਮ੍ਰਿਤਾ ਪ੍ਰੀਤਮ ਨੂੰ ਚੇਤੇ ਕਰਦਿਆਂ ਲਿਖਿਆ ਹੈਂ
ਅੱਜ ਸੱਦਾਂ ਅੰਮ੍ਰਿਤਾ ਪ੍ਰੀਤਮ ਨੂੰ, ਕਿਤੋਂ ਅਰਸ਼ਾਂ ਤੋਂ ਬੋਲ
ਕੁੱਖਾਂ ਵਿਚ ਮਰਦੀਆਂ ਧੀਆਂ ਦੇ ਤੂੰ ਆ ਕੇ ਦੁਖੜੇ ਫੋਲ।
ਉਸ ਨੇ ਤਾਂ ਜੱਗ ਦੀ ਪੀੜ ਦਾ ਬੀੜਾ ਆਪਣੇ ਮੋਢਿਆਂ ਉੱਤੇ ਚੁੱਕਣ ਦਾ ਉਪਰਾਲਾ ਕੀਤਾ ਹੈ ਤੇ ਆਪਣੇ ਦਰਦ ਨੂੰ ਜੱਗ ਦੇ ਦਰਦ ਨਾਲ ਇਕ-ਮਿਕ ਕਰ ਲਿਆ ਜਾਪਦਾ ਹੈ। 'ਡਾਲਰਾਂ ਦਾ ਛਲਾਵਾ' ਪੁੱਤਰਾਂ ਨੂੰ ਵਿਦੇਸ਼ਾਂ ਵੱਲ ਖਿੱਚ ਰਿਹਾ ਹੈ, ਇਕ ਸਿਪਾਹੀ ਦੀ ਪੁਕਾਰ ਵੀ ਸੁਣੀ ਹੈ, ਮਹਿੰਗਾਈ ਦੀ ਗੱਲ ਵੀ ਕੀਤੀ ਹੈ, ਫਰਜ਼ ਤੇ ਅਧਿਕਾਰਾਂ ਦੀ ਬਾਤ ਵੀ ਪਾਈ ਹੈ। ਏਨਾ ਹੀ ਨਹੀਂ 'ਆਜ਼ਾਦੀ ਦੇ ਹਸ਼ਰ' ਨੂੰ ਵੀ ਬਾਖੂਬੀ ਉਲੀਕਿਆ ਹੈ, ਸਮਾਨਤਾ ਤੇ ਸਾਂਝੀਵਾਲਤਾ ਦਾ ਝੰਡਾ ਬੁਲੰਦ ਕੀਤਾ ਹੈ। ਥੋੜ੍ਹੇ ਸ਼ਬਦਾਂ ਵਿਚ ਕਹਿ ਲਈਏ ਕਿ ਕਵਿੱਤਰੀ ਨੇ ਸਾਰੀ ਉਮਰ ਦੇ ਸੰਭਾਲੇ ਹੋਏ ਇਸ ਖਜ਼ਾਨੇ ਵਿਚ ਜਿਵੇਂ ਸਮੁੰਦਰ ਨੂੰ ਕੁੱਜੇ ਵਿਚ ਬੰਦ ਕੀਤਾ ਹੋਵੇ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਭਗਵਾਨ ਢਿੱਲੋਂ : ਜੀਵਨ ਤੇ ਰਚਨਾ
ਲੇਖਕ : ਦਰਸ਼ਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98144-91546.

'ਭਗਵਾਨ ਢਿੱਲੋਂ' ਜੀਵਨ ਤੇ ਰਚਨਾ ਪੁਸਤਕ ਖੋਜਾਰਥਣ ਦਰਸ਼ਨ ਕੌਰ ਦੀ ਆਲੋਚਨਾ-ਨੁਮਾ ਪੁਸਤਕ ਹੈ, ਜਿਸ ਵਿਚ ਉਸ ਨੇ ਭਗਵਾਨ ਢਿੱਲੋਂ ਦੇ ਜੀਵਨ ਤੇ ਰਚਨਾ ਦਾ ਅਧਿਐਨ ਕੀਤਾ ਹੈ। ਭਗਵਾਨ ਢਿੱਲੋਂ ਦੀ ਕਵਿਤਾ ਦਲਿਤ ਚੇਤਨਾ ਅਤੇ ਜਾਤੀ ਸਮਾਜ ਦੀ ਪੇਸ਼ਕਾਰੀ ਬਹੁਤ ਹੀ ਬੇਬਾਕੀ ਨਾਲ ਕਰਦੀ ਹੈ। ਭਗਵਾਨ ਢਿੱਲੋਂ ਇਸਤਰੀ ਦੀ ਸਥਿਤੀ ਦੀ ਪੇਸ਼ਕਾਰੀ ਕਰਦਾ ਹੋਇਆ ਉਸ ਨੂੰ ਨਿਮਾਣੀ ਅਤੇ ਤ੍ਰਾਸਦੀ ਦੀ ਪਾਤਰ ਬਣੀ ਦਰਸਾਉਂਦਾ ਹੈ ਅਤੇ ਨਾਰੀ ਨਾਲ ਜੁੜੇ ਮਸਲਿਆਂ ਨੂੰ ਉਭਾਰਦਾ ਹੈ। ਸਰਲ ਸ਼ਬਦਾਵਲੀ ਦੀ ਵਰਤੋਂ ਕਰਕੇ ਢਿੱਲੋਂ ਦੀ ਕਾਵਿ-ਸੁਰ ਸਿੱਧੀ ਤੇ ਸਪਾਟ ਹੁੰਦੀ ਹੋਈ ਸਮੁੱਚੀ ਲੋਕਾਈ ਦੀ ਗੱਲ ਕਰਦੀ ਹੈ। ਖੋਜਾਰਥਣ ਦਰਸ਼ਨ ਕੌਰ ਨੇ ਆਪਣੀ ਪੁਸਤਕ ਨੂੰ ਕੁੱਲ 4 ਪਾਠਾਂ ਵਿਚ ਤਕਸੀਮ ਕੀਤਾ ਹੈ, ਜਿਨ੍ਹਾਂ ਵਿਚ ਭਗਵਾਨ ਢਿੱਲੋਂ ਦੇ ਜੀਵਨ ਤੇ ਰਚਨਾ ਬਾਰੇ ਦੱਸਿਆ ਗਿਆ ਹੈ। ਦੂਜੇ ਪਾਠ ਵਿਚ ਭਗਵਾਨ ਢਿੱਲੋਂ ਦੀਆਂ ਕਵਿਤਾਵਾਂ ਦਾ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਚਿਤਰਨ ਕੀਤਾ ਗਿਆ ਹੈ ਅਤੇ ਅਧਿਆਇ ਤੀਜੇ ਵਿਚ ਦਲਿਤ ਦ੍ਰਿਸ਼ਟੀਕੋਣ ਬਾਰੇ ਕਵਿਤਾਵਾਂ ਦੀ ਸਿਰਜਣਾ ਕਰਕੇ ਉਨ੍ਹਾਂ ਵਿਚਲੀ ਸਾਰਥਿਕਤਾ ਦੱਸੀ ਹੈ। ਅਖੀਰਲੇ ਪਾਠ 'ਢਿੱਲੋਂ ਕਾਵਿ ਦੇ ਵਿਭਿੰਨ ਪਰਿਪੇਖ' ਵਿਚ ਕਾਵਿ ਦੇ ਸਾਰੇ ਪਹਿਲੂ ਲਏ ਗਏ ਹਨ ਅਤੇ ਅਖੀਰ ਵਿਚ ਲੇਖਿਕਾ ਨੇ ਭਗਵਾਨ ਢਿੱਲੋਂ ਨਾਲ ਪ੍ਰਭਾਵਪੂਰਤ ਮੁਲਾਕਾਤ ਵੀ ਕੀਤੀ ਹੈ। ਲੇਖਿਕਾ ਦਰਸ਼ਨ ਕੌਰ ਇਕ ਚਿੰਤਕ ਤੇ ਸਿਰੜੀ ਖੋਜਾਰਥਣ ਹੈ, ਜਿਸ ਨੇ ਭਗਵਾਨ ਢਿੱਲੋਂ ਦੀ ਕਵਿਤਾ ਦੇ ਸੁਹਜਾਤਮਕ ਆਧਾਰਾਂ ਨੂੰ ਵੀ ਅਧਿਐਨ ਦਾ ਵਿਸ਼ਾ ਬਣਾਇਆ ਹੈ। ਭਾਵੇਂ ਕਾਵਿ-ਪਰੰਪਰਾ ਵਿਚ ਅਨੇਕਾਂ ਕਵੀਆਂ ਨੇ ਅਮਿੱਟ ਪੈੜਾਂ ਛੱਡੀਆਂ ਹਨ ਅਤੇ ਭਾਈ ਵੀਰ ਸਿੰਘ, ਮੋਹਨ ਸਿੰਘ, ਬਾਵਾ ਬਲਵੰਤ, ਸ਼ਿਵ, ਪਾਸ਼, ਜਗਤਾਰ ਅਤੇ ਸੁਰਜੀਤ ਪਾਤਰ ਆਦਿ ਪ੍ਰਮੁੱਖ ਕਵੀਆਂ ਦੇ ਯੋਗਦਾਨ ਨਾਲ ਕਵਿਤਾ ਆਪਣਾ ਮੁਹਾਂਦਰਾ ਵਟਾਉਂਦੀ ਹੋਈ ਅਜੋਕੇ ਸਮੇਂ ਵਿਚ ਪੁੱਜਦੀ ਹੈ। ਪਰ ਇੱਥੇ ਹੀ ਭਗਵਾਨ ਢਿੱਲੋਂ ਦੇ ਕਾਵਿ ਸੰਗ੍ਰਹਿ ਵੀ ਸਮਕਾਲ ਵਿਚ ਪ੍ਰਸੰਗਿਕ ਹਨ। ਸਮਕਾਲ ਦੇ ਪ੍ਰਸੰਗ ਵਿਚ ਬੀਤੇ ਦੀ ਪਰਖ-ਪੜਚੋਲ ਕਰਦਿਆਂ ਹੋਇਆਂ ਉਹ ਆਧੁਨਿਕ ਕਦਰਾਂ-ਕੀਮਤਾਂ ਵਾਲੇ ਇਸ ਮਸ਼ੀਨੀ ਯੁੱਗ ਦੇ ਪ੍ਰਭਾਵਾਂ, ਮੰਡੀਵਾਦ ਅਤੇ ਬਾਜ਼ਾਰੀਕਾਰਨ ਬਾਰੇ ਪ੍ਰਤੀਰੋਧਕ ਸੁਰ ਤਿਆਰ ਕਰਦਾ ਹੈ ਅਤੇ ਸੱਚਾਈ ਤੱਕ ਜਾਂਦਾ ਹੋਇਆ ਆਮ ਲੋਕਾਂ ਦੀ ਨਬਜ਼ ਨੂੰ ਪਛਾਣਦਾ ਹੈ ਅਤੇ ਸਰਲ ਸ਼ਬਦਾਵਲੀ ਦੇ ਰੂਪ ਵਿਚ ਕਵਿਤਾ ਰੂਪੀ ਮਿਸ਼ਾਲ ਨਾਲ ਚਾਨਣ ਵੰਡਦਾ ਪ੍ਰਤੀਤ ਹੁੰਦਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਅਮਰਜੀਤ ਕੌਂਕੇ ਦੀ ਕਵਿਤਾ ਵਿਚ ਬੇਗਾਨਗੀ ਦਾ ਸੰਕਲਪ
ਲੇਖਕ : ਹਰਵਿੰਦਰ ਢਿੱਲੋਂ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 148.
ਸੰਪਰਕ : 98551-28333.

ਆਧੁਨਿਕ ਕਾਵਿ ਦੇ ਪ੍ਰਬੋਧ ਕਵੀਆਂ ਵਿਚ ਅਮਰਜੀਤ ਕੌਂਕੇ ਦੀ ਕਾਵਿ-ਸਿਰਜਣ ਪ੍ਰਕਿਰਿਆ ਨੇ ਨਵੀਨ ਸੰਭਾਵਨਾਵਾਂ ਵੀ ਉਜਾਗਰ ਕੀਤੀਆਂ ਹਨ। ਬੇਗਾਨਗੀ, ਮੋਹ-ਮੁਹੱਬਤਾਂ, ਤੋੜ-ਵਿਛੋੜਿਆਂ ਅਤੇ ਵਿਸ਼ੇਸ਼ ਭਾਂਤ ਪਦਾਰਥਵਾਦੀ ਜਾਂ ਖਪਤਕਾਰੀ ਰੁਚੀਆਂ ਦੇ ਪ੍ਰਬਲ ਹੋਣ ਤੋਂ ਹੀ ਪੈਦਾ ਹੁੰਦੀ ਹੈ। ਕੌਂਕੇ ਰਚਿਤ ਵਿਭਿੰਨ ਕਾਵਿ-ਸੰਗ੍ਰਹਿਆਂ ਨੂੰ ਆਧਾਰ ਬਣਾ ਕੇ ਹਰਵਿੰਦਰ ਢਿੱਲੋਂ ਨੇ ਮੁੱਖ ਰੂਪ 'ਚ ਤਿੰਨ ਅਧਿਆਇ ਬਣਾਏ ਹਨ। 'ਬੇਗਾਨਗੀਂਸਿਧਾਂਤਿਕ ਪੱਖ ਵਿਚ ਬੇਗਾਨਗੀ ਦੇ ਸ਼ਾਬਦਿਕ ਅਰਥ, ਇਸ ਦੇ ਪਰਿਭਾਸ਼ਤ ਰੂਪ, ਇਸ ਦੇ ਅਨੁਸ਼ਾਸਨਾਤਮਿਕ ਰੂਪ, ਸਮਾਜ ਸ਼ਾਸਤਰੀ, ਇਤਿਹਾਸਕ, ਦਾਰਸ਼ਨਿਕ, ਆਦਰਸ਼ਵਾਦੀ, ਯਥਾਰਥਵਾਦੀ, ਮਨੋਵਿਗਿਆਨਕ ਆਦਿ ਕਾਲ-ਖੰਡਾਂ ਦੇ ਅੰਤਰਗਤ ਪੇਸ਼ ਕਰਕੇ ਮਾਰਕਸਵਾਦੀ ਸੰਕਲਪਾਂ ਦੇ ਅੰਤਰਗਤ ਬਿਆਨਿਆ ਹੈ।
ਬੇਗਾਨਗੀ ਦੇ ਵੱਖ-ਵੱਖ ਪਾਸਾਰਾਂ ਨੂੰ ਪੇਸ਼ ਕਰਦਿਆਂ ਹੋਇਆਂ ਲੇਖਕ ਨੇ ਰਿਸ਼ਤਿਆਂ ਦੀਆਂ ਤ੍ਰੇੜਾਂ, ਸਵੈ ਤੋਂ ਆਪਾ ਖੁੱਸਣਾ ਅਤੇ ਆਰਥਿਕ ਪੱਖਾਂ ਤੋਂ ਆਏ ਨਿਘਾਰ ਤੋਂ ਇਲਾਵਾ ਵਰਤਮਾਨ ਵਰਤਾਰੇ ਵਿਚ ਖੁੱਸ ਰਹੀਆਂ ਕਦਰਾਂ-ਕੀਮਤਾਂ ਦੀ ਪਛਾਣ ਨੂੰ ਸਥਾਪਿਤ ਕੀਤਾ ਹੈ ਅਤੇ ਨਾਲ ਦੀ ਨਾਲ ਸੱਚੀ ਮੁਹੱਬਤ ਦੀ ਪ੍ਰਸੰਗਿਕਤਾ 'ਚ ਆਏ ਨਿਘਾਰ ਆਦਿ ਨੂੰ ਵੀ ਬਾਰੀਕੀ ਨਾਲ ਪਛਾਣ ਕੇ ਉਭਾਰਿਆ ਹੈ। ਕਿਉਂ ਜੋ ਅਮਰਜੀਤ ਕੌਂਕੇ ਗੰਭੀਰ ਚਿੰਤਕ ਅਤੇ ਗੰਭੀਰ ਕਵੀ ਹੈ, ਉਸ ਦੀ ਵਿਚਾਰਧਾਰਾਈ ਸੋਚ-ਦ੍ਰਿਸ਼ਟੀ ਤਹਿਤ ਲਿਖਿਆ ਗਿਆ ਅਗਲੇਰਾ ਕਾਂਡ ਪਾਠਕਾਂ ਦੀ ਖਿੱਚ ਦਾ ਵੀ ਕੇਂਦਰ ਬਿੰਦੂ ਬਣਦਾ ਹੈ। ਵਿਅਕਤੀ ਅਤੇ ਵਸਤੂ ਵਿਚਕਾਰ ਬੇਗਾਨਗੀ ਦਾ ਤਣਾਅ, ਹੋਂਦ ਅਤੇ ਨਿਰਹੋਂਦ ਵਿਚਕਾਰ ਵਿਆਪਕ ਬੇਗਾਨਗੀ ਆਦਿ ਅਜਿਹੇ ਸੰਕਲਪ ਹਨ, ਜਿਨ੍ਹਾਂ ਬਾਬਤ ਹਰਵਿੰਦਰ ਢਿੱਲੋਂ ਨੇ ਗਹਿਨ ਅਧਿਐਨ-ਦ੍ਰਿਸ਼ਟੀ ਤੋਂ ਆਪਣੇ ਸਿੱਟੇ ਅਤੇ ਸਥਾਪਨਾਵਾਂ ਪੇਸ਼ ਕੀਤੀਆਂ ਹਨ। ਪੁਸਤਕ ਦੇ ਅੰਤ ਵਿਚ ਆਦਿਕਾ ਅਤੇ ਅੰਤ ਉੱਤੇ ਅਮਰਜੀਤ ਸਿੰਘ ਕੌਂਕੇ ਦਾ ਜੀਵਨ ਬਿਊਰਾ ਪਾਠਕਾਂ ਨੂੰ ਕਵੀ ਨਾਲ ਸਾਂਝ ਸਥਾਪਿਤ ਕਰਨ ਦਾ ਜ਼ਰੀਆ ਬਣਦਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਬਿਰਹਾ ਦੀ ਚੀਸ
ਲੇਖਕ : ਤਾਰਾ ਸਿੰਘ 'ਚੇੜਾ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94631-16752.

ਤਾਰਾ ਸਿੰਘ 'ਚੇੜਾ' ਦੀ ਇਸ ਕਵਿਤਾ ਵਿਚ ਵਿਛੋੜਾ ਤਾਂ ਹੈ ਪਰ ਵਿਛੋੜੇ ਦੀ ਸ਼ਿਕਾਇਤ ਨਹੀਂ ਹੈ। ਸ਼ਿਕਵਾ ਨਹੀਂ ਹੈ। ਉਸ ਦਾ ਪ੍ਰੇਮ ਹਰ ਵੇਲੇ, ਹਰ ਘੜੀ ਸਹਿਜ ਅਵਸਥਾ ਵਿਚ ਰਹਿੰਦਾ ਹੈ। ਉਹ ਪ੍ਰੇਮੀ ਪ੍ਰਤੀ ਸ਼ਿਕਵਾ ਨਹੀਂ ਕਰਦਾ, ਸਗੋਂ ਉਸ ਦੀ ਉਡੀਕ ਕਰਦਾ ਹੈ। ਸਬਰ ਸੰਤੋਖ ਨਾਲ ਉਡੀਕ ਕਰਦਾ ਹੈ। ਇਹ ਵੀ ਨਹੀਂ ਕਿ ਕਵੀ ਹਰ ਵੇਲੇ ਬਿਰਹਾ ਦੀ ਚੀਸ ਵਿਚ ਹੀ ਡੁੱਬਿਆ ਰਹਿੰਦਾ ਹੈ। ਉਹ ਸਮਾਜ ਵਿਚ ਰਹਿੰਦਿਆਂ ਆਪਣੇ ਆਲੇ-ਦੁਆਲੇ ਬਾਰੇ ਵੀ ਸੁਚੇਤ ਰਹਿੰਦਾ ਹੈ। ਆਮ ਲੋਕਾਈ ਦੇ ਦੁੱਖ-ਸੁੱਖ ਦੀ ਵੀ ਉਸ ਨੂੰ ਸੋਝੀ ਹੈ। 'ਕੁੜੀਓ ਤੇ ਚਿੜੀਓ', ਸਮਝੌਤਾ, ਕੰਜਕ, ਉਹ ਮਾਂ ਹੈ, ਕੁੜੀਆਂ ਤਾਂ, ਕੁੜੀਆਂ ਚਿੜੀਆਂ ਤੇ ਰੁੱਖ, ਪੁੱਤ ਧੀ, ਕਵਿਤਾਵਾਂ ਰਾਹੀਂ ਉਹ ਧੀਆਂ ਦੇ ਭਵਿੱਖ ਬਾਰੇ ਵੀ ਚਿੰਤਤ ਹੈ। ਉਨ੍ਹਾਂ ਦੀ ਦੀਨ-ਹੀਣ ਦਸ਼ਾ ਬਾਰੇ ਗੰਭੀਰ ਹੈ। ਉਹ ਸਮਾਜ ਨੂੰ ਉਨ੍ਹਾਂ ਦੀ ਹੀਨ ਦਸ਼ਾ ਬਾਰੇ ਸੁਚੇਤ ਕਰਦਾ ਹੈ। 'ਚਿੰਤਤ ਮਨ' ਕਵਿਤਾ ਵਿਚ ਉਹ ਆਮ ਲੋਕਾਂ ਦੇ ਦੁੱਖਾਂ-ਸੁੱਖਾਂ ਦੀ ਬਾਤ ਪਾਉਂਦਾ ਹੈ। 'ਹਰ ਪਲ ਉਨ੍ਹਾਂ ਦਾ' ਕਵਿਤਾ ਵਿਚ ਉਹ ਆਖਦਾ ਹੈ : ਮੈਂ ਆਦਮੀ ਭਾਵੇਂ ਬੇਢੰਗਾ ਹਾਂ/ਪਰ ਜਾਨਵਰ ਨਹੀਂ ਹਾਂ/ਮੈਨੂੰ ਇਨਸਾਨੀਅਤ ਦਾ ਪਤੈ/ਇਸ ਤੋਂ ਦੂਰ ਹੋ ਕੇ/ਜਿਊਣਾ ਨਿਰਾਸ਼ਾ ਹੈ/ਆਸ ਨਹੀਂ....। 'ਚੇੜਾ' ਦੀ ਕਵਿਤਾ ਮਨੁੱਖ ਦੇ ਦੁਖੀ ਹਿਰਦੇ ਨੂੰ ਆਸ ਬੰਨ੍ਹਾਉਂਦੀ ਹੈ, ਉਸ ਨੂੰ ਤਸੱਲੀ ਦਿੰਦੀ ਹੈ। ਇਸੇ ਲਈ ਉਹ 'ਆਸ' ਕਵਿਤਾ ਵਿਚ ਆਖਦਾ ਹੈ : 'ਐਵੇਂ ਨਾ ਉਜਾੜੀਂ ਬਹਿ ਕੇ/ਇਕੱਲਾ ਮਨ ਰੁਆਇਆ ਕਰ/ਬਹਾਰਾਂ ਦੇ ਲੱਗ ਕੇ', ਆਪਣਾ ਮਨ ਰਿਝਾਇਆ ਕਰ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ 'ਖੁੱਲ੍ਹੀ ਕਿਤਾਬ', 'ਕਾਲੀਆਂ ਐਨਕਾਂ' ਕਵੀ ਤੇ ਕਵਿਤਾ, ਅੱਖਰ, ਪਛਾਣ, ਸ਼ਾਂਤ ਸੁਭਾਅ ਵਾਲੇ ਦਿਨ, ਮਨੁੱਖ ਦੇ ਦੁੱਖ-ਸੁੱਖ, ਰੀਝਾਂ, ਵਲਵਲਿਆਂ ਤੇ ਸਮਾਜਿਕ ਹੋਂਦ ਬਾਰੇ ਸੂਹ ਦਿੰਦੀਆਂ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

14-04-2018

 ਵਾਦ ਵਿਵਾਦ ਸੰਵਾਦ
ਲੇਖਕ : ਡਾ: ਕਰਾਂਤੀਪਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 78377-18723.

'ਵਾਦ ਵਿਵਾਦ ਸੰਵਾਦ' ਪੁਸਤਕ ਵਿਚ ਡਾ: ਕਰਾਂਤੀਪਾਲ ਦੇ ਕੁੱਲ 38 ਲੇਖ ਹਨ, ਜਿਨ੍ਹਾਂ ਵਿਚ ਚਲੰਤ ਵਿਸ਼ਿਆਂ ਬਾਰੇ ਸੰਵਾਦ ਰਚਾਇਆ ਗਿਆ ਹੈ। ਪਹਿਲੇ ਪਾਠ 'ਵਿਸ਼ਵ ਪ੍ਰਸਿੱਧ ਦੋ ਬਾਬੇ' ਵਿਚ ਮੈਡ੍ਰੋਕ ਤੇ ਟਾਫਲਰ ਦੇ ਸਿਧਾਂਤਾਂ ਬਾਰੇ ਹੈ ਕਿ ਕਿਵੇਂ ਵਿਸ਼ਵੀਕਰਨ ਨਾਲ ਦੁਨੀਆ ਨੂੰ ਜੋੜਿਆ ਗਿਆ ਹੈ। ਇਸ ਤਰ੍ਹਾਂ 'ਤਬਦੀਲ ਹੋਣ ਦਾ ਗੁਨਾਹ' ਲੇਖ ਵਿਚ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਇਸ ਲੇਖ ਵਿਚ ਲੇਖਕ ਨੇ ਇਕ ਅਹਿਮ ਜਾਣਕਾਰੀ ਔਰਤ ਦਿਵਸ ਬਾਰੇ ਦਿੱਤੀ ਹੈ ਕਿ ਇਸ ਦਿਨ ਔਰਤ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ ਸੀ ਅਤੇ ਇਹ ਵੀ ਦੱਸਿਆ ਹੈ ਕਿ ਜੋ ਇਸਤਰੀ ਨੂੰ ਇਸ਼ਤਿਹਾਰਬਾਜ਼ੀ ਕਰਕੇ ਦਿਖਾਇਆ ਜਾਂਦਾ ਹੈ, ਔਰਤ ਅਸਲੀਅਤ ਵਿਚ ਉਸ ਤਰ੍ਹਾਂ ਦੀ ਬਣਨ ਪਿੱਛੇ ਭਾਵੇਂ ਅੱਡੀ-ਚੋਟੀ ਦਾ ਜ਼ੋਰ ਲਾ ਦੇਵੇ ਪਰ ਅਸਫਲਤਾ ਸੁਭਾਵਿਕ ਹੈ। 'ਰਾਜ ਨਹੀਂ ਸੇਵਾ' ਲੇਖ ਵਿਚ ਲੀਡਰਾਂ 'ਤੇ ਕਰਾਰੀ ਚੋਟ ਹੈ ਜੋ ਪੰਜਾਬ ਵਿਚ ਹਰ ਥਾਂ ਲਿਖਿਆ ਨਜ਼ਰ ਆਉਂਦਾ ਹੈ ਪਰ ਨੇਤਾ ਹਮੇਸ਼ਾ ਮਾੜੀ ਸੋਚ ਰੱਖਦੇ ਹਨ ਕਿ ਜਨਤਾ ਅਨਪੜ੍ਹ ਅਤੇ ਗ਼ਰੀਬ ਰਹੇ ਅਤੇ ਸਾਡੇ ਮਗਰ ਲੱਗ ਕੇ ਮਤਦਾਤਾ ਬਣੀ ਰਹੇ ਅਸੀਂ ਇਨ੍ਹਾਂ ਦੀ ਸੇਵਾ ਕਰਦੇ ਰਹੀਏ। ਇਹ ਹੀ ਹਾਲ ਮਾਂ-ਬੋਲੀ ਦੀ ਸੇਵਾ ਕਰਨ ਵਾਲਿਆਂ ਦਾ ਹੈ। 'ਔਰਤ ਹੋਣ ਦਾ ਅਰਥ' ਲੇਖ ਵਿਚ ਦੱਸਿਆ ਗਿਆ ਹੈ ਕਿ ਔਰਤ ਦੀਆਂ ਸਾਰੀਆਂ ਸ਼ਕਤੀਆਂ ਦਾ ਬਟਨ ਮਰਦ ਦੇ ਹੱਥ ਵਿਚ ਹੀ ਹੁੰਦਾ ਹੈ। 'ਪੰਜਾਬੀ ਲੇਖਕ ਕਿੱਥੇ ਖੜ੍ਹਾ ਹੈ' ਲੇਖ ਵਿਚ ਚੰਗੇ ਵਿਦਵਾਨਾਂ ਨੂੰ ਸੁਣਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਤਰ੍ਹਾਂ 'ਜੁਗਾੜ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ' ਪਾਠ ਵਿਚ ਜੁਗਾੜੀ ਲੋਕਾਂ ਦੇ ਸੱਚ ਨੂੰ ਨੰਗਿਆਂ ਕੀਤਾ ਹੈ ਕਿ ਸਾਹਿਤਕ ਸਮਾਗਮਾਂ, ਗੋਸ਼ਟੀਆਂ ਵਿਚ ਚੁਗਲੀ ਕਰਕੇ ਅਤੇ ਗ਼ਰੀਬਾਂ ਸਾਹਮਣੇ ਮਹਿੰਗੇ ਕੱਪੜੇ ਪਾ ਕੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਵੀ ਇਕ ਜੁਗਾੜ ਅਤੇ ਸ਼ਰਮਨਾਕ ਕੰਮ ਹੀ ਤਾਂ ਹੈ। 'ਜੈ ਪੰਜਾਬੀ ਮਾਂ' ਲੇਖ ਵਿਚ ਲੇਖਕ ਪੰਜਾਬੀ ਮਾਂ-ਬੋਲੀ ਬਾਰੇ ਗੰਭੀਰ ਚਿੰਤਤ ਹੈ ਕਿ ਉੱਚੇ ਨਾਅਰੇ ਲਾਉਣ ਵਾਲੇ ਲੋਕ ਆਪਣੇ ਘਰਾਂ ਵਿਚ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਲਈ ਕਹਿੰਦੇ ਹਨ ਅਤੇ ਆਪਣੇ ਬੱਚੇ ਵੀ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟਾਂ 'ਚ ਹੀ ਪੜ੍ਹਾਉਂਦੇ ਹਨ। ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਸ਼ੁੱਧ ਪੰਜਾਬੀ ਦਾ ਕੋਸ਼ ਤਿਆਰ ਕਰਨ ਅਤੇ ਕੁੱਤਿਆਂ ਦੇ ਨਾਂਅ ਰੱਖਣ ਵਾਂਗ ਮੱਝਾਂ, ਗਾਵਾਂ ਦੇ ਨਾਂਅ ਰੱਖ ਕੇ ਮਾਂ-ਬੋਲੀ ਨੂੰ ਅਮੀਰ ਬਣਾਉਣ। ਲੇਖਕ ਬਹੁਤ ਵੱਡਾ ਚਿੰਤਕ ਹੈ ਜਿਸ ਨੇ ਗੰਭੀਰ ਮਸਲੇ ਲੈ ਕੇ ਲੋਕਾਂ ਨੂੰ ਘੁਰਨਿਆਂ ਵਿਚ ਹੀ ਬੈਠੇ ਰਹਿਣ ਨਾਲੋਂ ਬਾਹਰ ਨਿਕਲ ਕੇ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

c c c

ਖੇਡ, ਖਿਡੌਣੇ ਅਤੇ ਪੰਜਾਬੀ ਸੱਭਿਆਚਾਰ
ਅੰਤਰ-ਅਨੁਸ਼ਾਸਨੀ ਅਧਿਐਨ
ਲੇਖਕ : ਗੁਰਵੰਤ ਸਿੰਘ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 169
ਸੰਪਰਕ : 98553-64488.

ਡਾ: ਗੁਰਵੰਤ ਸਿੰਘ ਨੇ ਪੰਜਾਬੀ ਸੱਭਿਆਚਾਰ ਅਤੇ ਲੋਕਯਾਨ ਦੇ ਹਵਾਲੇ ਨਾਲ ਪੰਜਾਬੀ ਖੇਡਾਂ ਅਤੇ ਖਿਡੌਣਿਆਂ ਦੀ ਪ੍ਰਕਿਰਤੀ ਉੱਪਰ ਅੰਤਰਝਾਤ ਪਾਈ ਹੈ। ਖੇਡਾਂ ਦਾ ਮਨੁੱਖੀ ਜੀਵਨ ਵਿਚ ਬਹੁਤ ਨਿਰਣੇਕਾਰੀ ਮਹੱਤਵ ਹੁੰਦਾ ਹੈ। ਕਿਸੇ ਕੌਮ ਦਾ ਕਿਰਦਾਰ ਉਸ ਦੀਆਂ ਖੇਡਾਂ ਉੱਪਰ ਨਿਰਭਰ ਕਰਦਾ ਹੈ। ਬਾਲਪਣ ਦੀਆਂ ਖੇਡਾਂ ਮਨੁੱਖ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਇਸ ਖੋਜ-ਨਿਬੰਧ ਵਿਚ ਲੇਖਕ ਨੇ ਖੇਡਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਹੈ : 1. ਖਿਡੌਣਾ ਰਹਿਤ ਖੇਡਾਂ (ਜਿਵੇਂ : ਕਬੱਡੀ, ਕੁਸ਼ਤੀ, ਸ਼ੱਕਰ ਭਿੱਜੀ, ਅੱਡੀ ਟੱਪਾ, ਕਿਣਮਿਣ ਕਾਣੀ, ਭੰਡਾ ਭੰਡਾਰੀਆ, ਲੁਕਣਮੀਟੀ, ਬੁੱਢੀਮਾਈ... ਆਦਿ) ਅਤੇ 2. ਖਿਡੌਣਾ ਸਹਿਤ ਖੇਡਾਂ (ਗੁੱਡੀ ਗੁੱਡਾ, ਕੋਟਲਾ ਛਪਾਕੀ, ਸ਼ਟਾਪੂ, ਬਾਰ੍ਹਾਂ ਟਾਹਣੀ, ਖਿੱਦੋ ਖੂੰਡੀ, ਗੀਟੇ, ਬੰਟੇ, ਆਕੜਾ ਬਾਕੜਾ... ਆਦਿ) ਲੇਖਕ ਨੇ ਹਰ ਖੇਡ ਦੀ ਵਿਧੀ ਅਤੇ ਵਿਆਕਰਨ ਨੂੰ ਸਮਝਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਅਤੇ ਰੇਖਾ ਚਿੱਤਰ ਵੀ ਦਿੱਤੇ ਹਨ ਤਾਂ ਜੋ ਅਜੋਕੀ ਪੀੜ੍ਹੀ ਨੂੰ ਉਨ੍ਹਾਂ ਖੇਡਾਂ ਦੇ ਮੁੱਲ ਅਤੇ ਮਹੱਤਵ ਬਾਰੇ ਸਟੀਕ ਜਾਣਕਾਰੀ ਮਿਲ ਸਕੇ।
ਲੋਕਯਾਨ ਅਤੇ ਸੱਭਿਆਚਾਰ ਬਾਰੇ ਡਾ: ਹਰਜੀਤ ਸਿੰਘ ਗਿੱਲ, ਡਾ: ਕਰਨੈਲ ਸਿੰਘ ਥਿੰਦ, ਡਾ: ਵਣਜਾਰਾ ਬੇਦੀ, ਡਾ: ਸੌਂਧ, ਡਾ: ਨਾਹਰ ਸਿੰਘ, ਡਾ: ਗੁਰਮੀਤ ਸਿੰਘ, ਡਾ: ਹਰਜੀਤ ਕੌਰ ਅਤੇ ਡਾ: ਚਰਨਜੀਤ ਹੋਰਾਂ ਨੇ ਕਾਫੀ ਕੰਮ ਕੀਤਾ ਹੈ। ਗੁਰਵੰਤ ਸਿੰਘ ਨੇ ਉਕਤ ਸਾਰੇ ਵਿਦਵਾਨਾਂ ਦੀ ਰਹਿਨੁਮਾਈ ਅਧੀਨ ਆਪਣੇ ਕੰਮ ਨੂੰ ਸਰਅੰਜਾਮ ਤੱਕ ਪਹੁੰਚਾਇਆ ਹੈ। ਉਸ ਨੇ ਆਪਣੇ ਖੋਜ-ਕਾਰਜ ਨੂੰ ਚਾਰ ਉਪਭਾਗਾਂ ਵਿਚ ਵੰਡਿਆ ਹੈ : 1. ਪੰਜਾਬੀ ਲੋਕ ਖਿਡੌਣੇ : ਸੰਕਲਪ ਤੇ ਵਿਕਾਸ, 2. ਲੋਕ ਖੇਡਾਂ ਉੱਤੇ ਆਧਾਰਿਤ ਖਿਡੌਣੇ, 3. ਪੰਜਾਬੀ ਲੋਕ ਖਿਡੌਣੇ : ਕਲਾਤਮਕਤਾ ਅਤੇ ਵਰਗੀਕਰਨ, 4. ਲੋਕ-ਖਿਡੌਣਿਆਂ ਵਿਚੋਂ ਉੱਭਰਦੀ ਮਾਨਸਿਕਤਾ ਦਾ ਬਿੰਬ। ਪੰਜਾਬ ਦੇ ਲੋਕ ਖਿਡੌਣਿਆਂ ਦਾ ਨਿਰਮਾਣ ਰਵਾਇਤੀ ਕਾਰੀਗਰਾਂ (ਲੁਹਾਰ, ਤਰਖਾਣ, ਘੁਮਿਆਰ ਅਤੇ ਹਲਵਾਈ ਆਦਿ) ਵਲੋਂ ਕੀਤਾ ਜਾਂਦਾ ਹੈ। ਕੁਝ ਖਿਡੌਣੇ ਬੱਚੇ ਦੇ ਮਾਂ-ਬਾਪ ਅਤੇ ਸਾਕ-ਸਬੰਧੀ ਬਣਾ ਦਿੰਦੇ ਹਨ। ਜਦੋਂ ਬੱਚਾ ਕੁਝ ਵੱਡਾ ਹੋ ਜਾਂਦਾ ਹੈ ਤਾਂ ਉਹ ਆਪ ਵੀ ਖਿਡੌਣੇ ਬਣਾ ਲੈਂਦਾ ਹੈ, ਜਿਵੇਂ ਕਾਗਜ਼ ਦੇ ਜਹਾਜ਼ ਤੇ ਕਿਸ਼ਤੀਆਂ, ਪਿੱਪਲ ਦੇ ਪੱਤਿਆਂ ਦੀਆਂ ਪੀਪਣੀਆਂ ਆਦਿ। ਇਹ ਖਿਡੌਣੇ ਮਨੁੱਖੀ ਸਰੀਰ ਨੂੰ ਰਿਸ਼ਟ-ਪੁਸ਼ਟ ਅਤੇ ਦਿਮਾਗ ਨੂੰ ਗਿਣਤੀ-ਮਿਣਤੀ ਪੱਖੋਂ ਤੇਜ਼ ਕਰਨ ਦਾ ਕੰਮ ਕਰਦੇ ਹਨ। ਕਿਸੇ ਕੌਮ ਦੇ ਕਿਰਦਾਰ ਨੂੰ ਸਮਝਣ ਲਈ ਉਸ ਦੇ ਬੱਚਿਆਂ ਵਲੋਂ ਵਰਤੇ ਜਾਂਦੇ ਖਿਡੌਣੇ ਬਹੁਮੁੱਲੀ ਸਮੱਗਰੀ ਪ੍ਰਦਾਨ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਜੀਵਨ ਨੂੰ ਇਕ ਖੇਡ-ਤਮਾਸ਼ੇ ਦਾ ਨਾਂਅ ਦਿੱਤਾ ਸੀ : ਮੈ ਹੌਂ ਪਰਮ ਪੁਰਖ ਕਾ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ (ਬਚਿਤ੍ਰ ਨਾਟਕ) ਪ੍ਰੰਤੂ ਪੂੰਜੀਵਾਦੀ ਯੁੱਗ ਦਾ ਮਨੁੱਖ ਗੰਭੀਰਤਾ-ਰੋਗ ਦਾ ਸ਼ਿਕਾਰ ਹੋ ਗਿਆ ਹੈ। ਇਹ ਮਨੁੱਖ, ਬੱਚਿਆਂ ਨੂੰ ਖੇਡਣ ਨਹੀਂ ਦਿੰਦਾ ਬਲਕਿ ਤਿੰਨ-ਚਾਰ ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੂੰ ਰਟ-ਰਟਾਈ ਦੇ ਅਮਲ ਵਿਚ ਪਾ ਦਿੰਦਾ ਹੈ। ਸਮਕਾਲੀ ਬੱਚਿਆਂ ਦੇ ਖਿਡੌਣਿਆਂ ਦੀ ਸੂਰਤ ਅਤੇ ਰੂਪ ਵੱਡੇ-ਵੱਡੇ ਉਦਯੋਗਪਤੀ ਨਿਸਚਿਤ ਕਰਦੇ ਹਨ। ਮਾਰਕਿਟ ਵਿਚ ਜੋ ਖਿਡੌਣਾ ਉਪਲਬਧ ਹੁੰਦਾ ਹੈ, ਬੱਚੇ ਨੂੰ ਉਸੇ ਨਾਲ ਖੇਡਣਾ ਪੈਂਦਾ ਹੈ। ਹੁਣ ਖਿਡੌਣੇ ਵੀ ਸਟੇਟਸ-ਸਿੰਬਲ ਬਣ ਗਏ ਹਨ। ਕੰਪਿਊਟਰ ਅਤੇ ਮੋਬਾਈਲ-ਐਪਸ ਦੀਆਂ ਖੇਡਾਂ ਖੇਡਣ ਵਾਲੇ ਬਾਲਕ ਸਹਿਣਸ਼ੀਲਤਾ, ਮਿਲਵਰਤਣ ਅਤੇ ਉਦਾਰਤਾ ਵਰਗੇ ਸਦਗੁਣ ਕਿਵੇਂ ਸਿੱਖਣਗੇ? ਗੁਰਵੰਤ ਸਿੰਘ ਦਾ ਇਹ ਖੋਜ-ਕਾਰਜ ਅਤਿਅੰਤ ਪ੍ਰਸੰਗਿਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪਹਿਚਾਣ
ਕਵਿੱਤਰੀ : ਮਨਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94630-88272.

ਪੁਸਤਕ ਦੇ ਆਰੰਭ ਵਿਚ ਕਵਿੱਤਰੀ ਲਿਖਦੀ ਹੈ : 'ਉਨ੍ਹਾਂ ਕੁੜੀਆਂ ਦੇ ਨਾਂਅ ਜੋ ਜਨਮ ਤੋਂ ਪਹਿਲਾਂ ਹੀ ਕਸਾਈਆਂ ਦੇ ਹੱਥ ਆ ਗਈਆਂ, ਉਨ੍ਹਾਂ ਕਲੀਆਂ ਦੇ ਨਾਂਅ ਜੋ ਖਿੜਣ ਤੋਂ ਪਹਿਲਾਂ ਹੀ ਬੇਰਹਿਮ ਪੈਰਾਂ ਹੇਠ ਮਧੋਲੀਆਂ-ਕੁਚਲੀਆਂ ਗਈਆਂ।' ਭਾਰਤੀ ਸਮਾਜ ਅਤੇ ਖ਼ਾਸ ਕਰ ਪੰਜਾਬੀ ਸਮਾਜ ਵਿਚ ਧੀਆਂ ਦੀ ਭਰੂਣ ਹੱਤਿਆ ਦਾ ਜਾਰੀ ਰਹਿਣਾ ਅਤੇ ਮਾਸੂਮ ਉਮਰੇ ਧੀਆਂ ਨਾਲ ਹੋ ਰਹੇ ਕੁਕਰਮ ਸਾਡੇ ਸੱਭਿਆਚਾਰ ਉੱਤੇ ਧੱਬਾ ਹੈ। ਔਰਤ ਜਾਤੀ ਦੀ ਹੋਂਦ ਨਿਗੂਣੀ ਹੁੰਦੀ ਹੈ। ਔਰਤ ਪੁੱਤਰ ਦੀ ਮਾਂ, ਭਰਾ ਦੀ ਭੈਣ, ਪਿਉ ਦੀ ਧੀ, ਸਹੁਰੇ ਦੀ ਨੂੰਹ ਅਤੇ ਪਤੀ ਦੀ ਪਤਨੀ ਕਰਕੇ ਹੀ ਜਾਣੀ-ਪਹਿਚਾਣੀ ਜਾਂਦੀ ਹੈ। ਜਿਵੇਂ ਕਿ ਉਹ ਪਰਛਾਵਾਂ ਹੋਵੇ, ਕਵਿੱਤਰੀ ਲਿਖਦੀ ਹੈ:
'ਕਦੇ ਪਿਤਾ ਦੀ ਪੁੱਤਰੀ ਹਾਂ/ਕਦੇ ਪਤੀ ਦੀ ਪਤਨੀ ਹਾਂ,
ਪੁੱਤਰ ਦੀ ਮਾਂ ਕਦੇ ਸ਼ਰਮ ਹਯਾ
ਮੇਰਾ ਆਇਆ ਨਾ ਕਿਸੇ ਮੂੰਹ ਤੇ ਨਾਂਅ,
ਭਾਵੇਂ ਕਿੰਨੀ ਮੈਂ ਮਹਾਨ ਬਣੀਂ
ਰੱਬਾ ਦੁਨੀਆ ਤੇ ਮੇਰੀ ਆਪਣੀ ਨਾ ਪਹਿਚਾਣ ਬਣੀ....।'
ਮਨਜੀਤ ਕੌਰ ਨੇ ਪੰਜਾਬੀ ਸਮਾਜ ਵਿਚ ਹੋ ਰਹੀਆਂ ਅਣਹੋਣੀਆਂ ਅਤੇ ਵਿਡੰਬਨਾਵਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਅਹਿਮ ਸਥਾਨ ਦਿੱਤਾ ਹੈ। ਉਸ ਨੇ ਲੋਕ ਹਿਤੂ ਮਸਲਿਆਂ ਉੱਤੇ ਕਲਮ ਚਲਾਈ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਇਵੇਂ ਹਨ : ਬਾਬਲ, ਸੱਸ, ਪਰਦੇ, ਧੀਆਂ, ਹੰਝੂ, ਰਿਸ਼ਤੇ, ਮਾਏ, ਵਿਹੜੇ, ਹੰਕਾਰ, ਮੰਗਤਾ, ਸੁਪਨੇ ਆਦਿ। ਮੈਨੂੰ ਖੁਸ਼ੀ ਹੈ ਕਿ ਮਨਜੀਤ ਕੌਰ ਦੀਆਂ ਸਾਰੀਆਂ ਹੀ ਕਾਵਿ-ਰਚਨਾਵਾਂ ਬਾਬਹਿਰ ਅਤੇ ਛੰਦ ਮੁਖੀ ਹਨ। ਇਹ ਪੁਸਤਕ ਸਿੱਖਿਆਦਾਇਕ ਅਤੇ ਸੂਝ-ਮੁਖਤਾ ਨੂੰ ਪ੍ਰਪੱਕ ਕਰਨ ਵਾਲੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ
ਲੇਖਿਕਾ : ਦਲਜੀਤ ਕੌਰ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 99155-60280.


'ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ' ਪੰਜਾਬੀ ਖੋਜ ਸਾਹਿਤ ਦਾ ਇਕ ਅਹਿਮ ਅੰਗ ਹੈ। ਲੇਖਿਕਾ ਨੇ ਇਸ ਖੋਜ ਪੁਸਤਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਹੈ। ਇਹ ਪੁਸਤਕ ਵਿਸ਼ਵ ਧਰਮ ਇਤਿਹਾਸ ਅੰਦਰ ਪੁਆਧ ਦੀ ਧਰਤੀ ਦੀ ਖੁਸ਼ਬੂ ਨੂੰ ਪ੍ਰਗਟ ਕਰਨ ਦਾ ਇਕ ਸਫ਼ਲ ਤੇ ਨਿਵੇਕਲਾ ਉਪਰਾਲਾ ਹੈ ਕਿਉਂਕਿ ਪੰਜਾਬ ਦੇ ਉਪ ਖੇਤਰਾਂ ਨੂੰ ਅਸੀਂ ਸਾਰੇ ਪੰਜਾਬੀ ਪਿਆਰਿਆਂ ਨੇ ਮੁਲਤਾਨ, ਪੋਠੋਹਾਰ, ਝਾਂਗੀ, ਡੋਗਰ, ਮਾਝਾ, ਦੁਆਬਾ, ਮਾਲਵਾ, ਢਾਹਾ, ਪੁਆਧ ਆਦਿ ਕਿੰਨੇ ਹੀ ਹੋਰ ਸ਼ਬਦਾਂ ਨਾਲ ਪਛਾਣ ਦਿੱਤੀ ਹੋਈ ਹੈ। ਬਾਅਦ ਵਿਚ ਇਹੋ ਸ਼ਬਦ ਉਪ ਬੋਲੀਆਂ ਦੇ ਸ਼ਬਦ ਵੀ ਬਣੇ। ਗੁਰੂ ਸਾਹਿਬਾਨ ਨਾਲ ਇਸ ਧਰਤੀ ਦਾ ਅਟੁੱਟ ਰਿਸ਼ਤਾ ਹੈ। ਲੇਖਿਕਾ ਨੇ ਇਸ ਖੋਜ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪੁਆਧ ਦਾ ਭੂਗੋਲਿਕ ਖੇਤਰ, ਤੱਤੀ ਤਵੀ ਤੋਂ ਚਾਂਦਨੀ ਚੌਕ ਦਾ ਪੈਂਡਾ, ਗੁਰੂ ਸਾਹਿਬਾਨ ਦਾ ਪੁਆਧ ਖੇਤਰ ਬਾਲ ਸਬੰਧ, ਇਸ ਖੇਤਰ ਵਿਚ ਕੀਰਤਪੁਰ ਸਾਹਿਬ ਵਸਾਉਣਾ, ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ, ਵਿਆਹ, ਪੁਆਧ ਨਾਲ ਰਿਸ਼ਤਾ, ਧਰਤ ਭਈ ਹਰਿਆਵਲੀ, ਚਿੜੀਆਂ ਕੋਲੋਂ ਬਾਜ਼ ਤੁੜਵਾਉਣਾ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ, ਖਾਲਸਾ ਪੰਥ ਦੀ ਸਾਜਨਾ, ਨਾਢਾ ਸਾਹਿਬ, ਦਸਮ ਪਾਤਸ਼ਾਹ ਦੇ ਵਿਆਹ ਦੀਆਂ ਰੌਣਕਾਂ, ਦਸਮ ਪਾਤਸ਼ਾਹ ਦੇ ਮਹਲ, ਗ੍ਰਹਿਸਥ ਜੀਵਨ ਤੋਂ ਪਿੱਛੋਂ ਪੁਸਤਕ ਦੇ ਦੂਜੇ ਭਾਗ ਵਿਚ ਪੁਆਧ ਦੀ ਧਰਤੀ 'ਤੇ ਅਮਿੱਟ ਪੈੜਾਂ, ਬਾਬਾ ਅਜੀਤ ਸਿੰਘ ਦੇ ਘੋੜੇ ਦੀਆਂ ਟਾਪਾਂ, ਸਿੰਘਾਂ ਵਲੋਂ ਬੇ-ਦਾਵਾ ਦੇਣਾ, ਕਿਲ੍ਹਾ ਅਨੰਦਗੜ੍ਹ ਛੱਡਣਾ, ਭੱਠਾ ਸਾਹਿਬ, ਗੜ੍ਹੀ ਦੀ ਵਿਉਂਤਬੰਦੀ, ਗੁਰੂ ਸਾਹਿਬ ਦਾ ਚਮਕੌਰ ਗੜ੍ਹੀ ਛੱਡਣਾ ਅਤੇ ਚਮਕੌਰ ਸਾਹਿਬ ਸ਼ਹੀਦ ਦਾ ਵੇਰਵਾ ਦਰਜ ਹੈ। ਪੁਸਤਕ ਦੇ ਅੰਤਿਮ ਤੇ ਤੀਸਰੇ ਭਾਗ ਵਿਚ ਨਿੱਕੇ-ਨਿੱਕੇ ਪੈਰਾਂ ਦੇ ਅਮਿੱਟ ਨਿਸ਼ਾਨ, ਕੁੰਮੇ ਮਾਸ਼ਕੀ ਦੀ ਝੁੱਗੀ, ਗੰਗੂ ਬ੍ਰਾਹਮਣ ਦਾ ਘਰ, ਕੋਤਵਾਲੀ ਮੋਰਿੰਡੇ ਤੋਂ ਠੰਢੇ ਬੁਰਜ ਤੱਕ, ਸਰਹੰਦ ਦੀ ਖੂਨੀ ਦੀਵਾਰ, ਦੀਵਾਨ ਟੋਡਰ ਮੱਲ ਦੀ ਅਦੁੱਤੀ ਦੇਣ, ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਨਾਂਅ ਆਦਿ ਵਿਸ਼ਿਆਂ ਦੀ ਵੰਡ ਕਰਕੇ ਛੋਟੇ ਆਕਾਰ ਦੀ ਪੁਸਤਕ ਨੂੰ ਵੱਡੇ ਇਤਿਹਾਸਕ ਕਾਰਜ ਵਜੋਂ ਪੇਸ਼ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਵਿਦਵਾਨ ਡਾ: ਗੁਰਨਾਇਬ ਸਿੰਘ ਨੇ ਲੇਖਿਕਾ ਦੇ ਵਡਮੁੱਲੇ ਕਾਰਜ ਸਬੰਧੀ ਪਾਠਕਾਂ ਨਾਲ ਦੋ-ਸ਼ਬਦਾਂ ਦੀ ਸਾਂਝ ਕੀਤੀ ਹੈ। ਥਾਂ ਪੁਰ ਥਾਂ ਇਤਿਹਾਸਕ ਤਸਵੀਰਾਂ ਅਤੇ ਅੰਤਿਕਾ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ।

-ਭਗਵਾਨ ਸਿੰਘ ਜੌਹਲ
ਮੋ: 98143-24040.

c c c

ਪ੍ਰਾਪਰਟੀ ਗੁਰੂ
ਲੇਖਕ : ਰਾਜਵੰਤ ਸਿੰਘ ਮੋਹਾਲੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 78374-54545.

ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਰਾਜਵੰਤ ਸਿੰਘ ਮੋਹਾਲੀ ਨੇ ਇਸ ਖੇਤਰ ਵਿਚ ਚਮਤਕਾਰੀ ਕੰਮ ਕੀਤਾ ਹੈ। ਇਨ੍ਹਾਂ ਪੁਸਤਕਾਂ ਰਾਹੀਂ ਉਸ ਨੇ ਪ੍ਰਾਪਰਟੀ ਦੇ ਸਬੰਧ ਵਿਚ ਅਨੇਕਾਂ ਪ੍ਰਸ਼ਨਾਂ, ਮਸਲਿਆਂ ਅਤੇ ਅੜਾਉਣੀਆਂ ਹੱਲ ਕਰਕੇ, ਇਸ ਦੇ ਕਾਰੋਬਾਰੀ ਪਾਠਕਾਂ ਨੂੰ ਬਹੁੁਮੁੱਲਾ ਲਾਭ ਪਹੁੰਚਾਇਆ ਹੈ।
'ਪ੍ਰਾਪਰਟੀ ਗੁਰੂ' ਇਸ ਲੜੀ ਵਿਚ ਉਸ ਦੀ ਨਵੀਂ ਕਿਤਾਬ ਹੈ ਜੋ ਭਾਵੇਂ ਸਾਹਿਤ ਨਾਲ ਸਬੰਧ ਨਹੀਂ ਰੱਖਦੀ, ਪਰ ਪੜ੍ਹਨ ਵਿਚ ਕਿਸੇ ਸਾਹਿਤਕ ਕਿਤਾਬ ਨਾਲੋਂ ਵੀ ਵੱਧ ਦਿਲਚਸਪ ਹੈ। ਇਸ ਪੁਸਤਕ ਵਿਚ ਪ੍ਰਾਪਟੀ ਦੀ ਖਰੀਦ, ਵੇਚ ਵੇਲੇ ਰੱਖਣ ਵਾਲੀਆਂ ਸਾਵਧਾਨੀਆਂ ਦਾ ਜ਼ਿਕਰ ਹੈ। ਪ੍ਰਾਪਰਟੀ ਦੀ ਖਰੀਦ ਵੇਚ ਨਾਲ ਸਬੰਧ ਰੱਖਣ ਵਾਲੇ ਕਈ ਜ਼ਰੂਰੀ ਕਾਗਜ਼ਾਂ ਦੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ। ਇਕਰਾਰਨਾਮਾ, ਵਸੀਅਤ, ਮੁਖਤਿਆਰਨਾਮਾ, ਰਹਿਨਨਾਮਾ, ਕਾਨੂੰਨੀ ਛਾਣਬੀਣ ਰਪਟ, ਕੰਟਰੈਕਟ ਫਾਰਮਿੰਗ, ਔਰਤ ਦੇ ਨਾਂਅ 'ਤੇ ਪ੍ਰਾਪਰਟੀ ਖਰੀਦਣਾ ਜਿਹੇ ਸ਼ਬਦਾਂ ਦੇ ਅਰਥ ਤੇ ਉਨ੍ਹਾਂ ਦੀ ਮਹੱਤਤਾ ਬਿਆਨ ਕੀਤੀ ਗਈ ਹੈ। ਉਹ ਇਸ ਪੁਸਤਕ 'ਚ ਪ੍ਰਾਪਰਟੀ ਮਸਲਿਆਂ ਦੀ ਆਮ ਜਾਣਕਾਰੀ ਤਾਂ ਦਿੰਦਾ ਹੀ ਹੈ, ਇਸ ਦੇ ਨਾਲ-ਨਾਲ ਪ੍ਰਾਪਰਟੀ ਮਸਲਿਆਂ ਬਾਰੇ ਲੋੜੀਂਦੀ ਆਰਥਿਕ ਚੇਤਨਾ ਦਾ ਵੀ ਜ਼ਿਕਰ ਕਰਦਾ ਹੈ। ਪੁਸਤਕ ਨੂੰ ਰੌਚਕ ਬਣਾਉਣ ਲਈ ਉਹ ਹਰੇਕ ਮਸਲੇ 'ਚ ਪੈਦਾ ਹੋਈਆਂ ਕਹਾਣੀਆਂ ਤੇ ਉਨ੍ਹਾਂ ਪਾਤਰਾਂ ਦੀ ਦਸ਼ਾ ਅਤੇ ਦੁਰਦਸ਼ਾ ਵੀ ਬਿਆਨ ਕਰਦਾ ਹੈ। ਭਾਵੇਂ ਪੰਜਾਬੀ ਹੁਣ ਆਮ ਦਫ਼ਤਰਾਂ ਦੀ ਭਾਸ਼ਾ ਬਣ ਗਈ ਹੈ ਪਰ ਪੰਜਾਬ ਦਾ ਮਾਲ ਮਹਿਕਮਾ ਹਾਲੇ ਵੀ ਬਾਬਾ ਆਦਮ ਵੇਲੇ ਦੇ ਉਰਦੂ ਫਾਰਸੀ ਦੀ ਸ਼ਬਦਾਵਲੀ ਹੀ ਆਪਣੇ ਕਾਰ ਵਿਹਾਰ ਵਿਚ ਪ੍ਰਯੋਗ ਕਰਦਾ ਹੈ। ਹਾਲੇ ਵੀ ਅਕਸ ਸਜਰਾ, ਖਸਰਾ ਬਹੀ, ਜੁਰੀਬ, ਬਾਇਆ, ਮੁਸ਼ਤਰੀ, ਮੁਸ਼ਤਰਕਾ, ਸਾਕਿਨ ਦੇਹ, ਚਾਹੀ, ਖੇਵਟ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਪ੍ਰਾਪਰਟੀ ਨਾਲ ਜੁੜੇ ਲੋਕਾਂ ਦੀ ਸੌਖ ਲਈ ਲੇਖਕ ਨੇ ਇਨ੍ਹਾਂ ਸ਼ਬਦਾਂ ਦੇ ਵੇਰਵੇ ਵੀ ਇਸ ਪੁਸਤਕ ਦੇ ਇਕ ਕਾਂਡ ਵਿਚ ਦਰਜ ਕਰ ਦਿੱਤੇ ਹਨ। ਜ਼ਮੀਨ ਦਾ ਖੇਤਰਫਲ ਕੱਢਣ ਲਈ ਵੀ ਲੋੜੀਂਦਾ ਪੈਮਾਨਾ ਤੇ ਫਾਰਮੂਲੇ ਵੀ ਇਸ ਪੁਸਤਕ ਨੂੰ ਲਾਹੇਵੰਦ ਬਣਾਉਂਦੇ ਹਨ। ਇਹੋ ਜਿਹੀਆਂ ਪੁਸਤਕਾਂ ਪੰਜਾਬੀ ਭਾਸ਼ਾ ਦੇ ਭੰਡਰ ਵਿਚ ਬਹੁਮੁੱਲਾ ਵਾਧਾ ਕਰਨ ਵਿਚ ਸਹਾਈ ਹੋਣਗੀਆਂ।

-ਕੇ. ਐਲ. ਗਰਗ
ਮੋ: 94635-37050

c c c

ਝੁਕਿਆ ਹੋਇਆ ਸਿਰ
ਲੇਖਕ : ਗੁਰਮੀਤ ਸਿੰਘ ਸਿੰਗਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98550-72504.

ਹਥਲੀ ਪੁਸਤਕ ਵਿਚ ਲੇਖਕ ਨੇ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਕਹਾਣੀਆਂ ਵਿਚ ਜ਼ਿੰਦਗੀ ਦੇ ਵਿਭਿੰਨ ਸਰੋਕਾਰ ਹਨ। ਕਹਾਣੀ ਹਾਦਸੇ ਦਰ ਹਾਦਸੇ ਵਿਚ ਸੁਸ਼ਮਾ ਤੇ ਅਨਿਲ ਦੀ ਮੁਹੱਬਤ ਵਿਚ ਸ਼ੱਕ ਦੇ ਚਿਣਗ ਤਲਾਕ ਤੱਕ ਲੈ ਜਾਂਦੀ ਹੈ। ਤਲਾਕ ਤੋਂ ਪਿੱਛੋਂ ਉਸ ਦੇ ਘਰ ਪੁੱਤਰ ਰਕੇਸ਼ ਦਾ ਜਨਮ ਹੁੰਦਾ ਹੈ। ਸੁਸ਼ਮਾ ਪੁੱਤਰ ਦੇ ਆਸਰੇ ਜ਼ਿੰਦਗੀ ਕਟ ਲੈਂਦੀ ਹੈ। ਕਹਾਣੀ ਨੂੰ ਫਲੈਸ਼ ਬੈਕ ਵਿਚ ਉਸਾਰਿਆ ਗਿਆ ਹੈ। ਕਹਾਣੀ 'ਜ਼ਿਮੀ ਆਸਮਾਂ' ਵਿਚ ਦਫ਼ਤਰੀ ਮਾਹੌਲ ਹੈ। ਦਰਜਾ ਚਾਰ ਕਰਮਚਾਰੀ ਦਫ਼ਤਰ ਦੀ ਕਲਰਕ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਾ ਮੌਕੇ 'ਤੇ ਫੜਿਆ ਜਾਂਦਾ ਹੈ। ਸਾਈਕਲ 'ਤੇ ਦੌੜ ਕੇ ਕਿਸੇ ਹੋਟਲ ਵਿਚ ਜਾ ਲੁਕਦਾ ਹੈ। ਉਥੇ ਸ਼ਰਾਬ ਪੀਣ ਪਿੱਛੋਂ ਮੌਤ ਹੋ ਜਾਂਦੀ ਹੈ। ਕਹਾਣੀ 'ਬੰਸੀ' ਦੀ ਪਾਤਰ ਗ਼ਰੀਬ ਔਰਤ ਹੈ ਜੋ ਵਿਚਾਰੀ ਆਪਣੇ ਪਤੀ ਤੋਂ ਕੁੱਟ ਖਾਂਦੀ ਹੈ ਜੋ ਨਸ਼ੇ ਕਰਨ ਲਈ ਪੈਸੇ ਮੰਗਦਾ ਹੈ। ਨਾ ਮਿਲਣ 'ਤੇ ਕੁੱਟਦਾ ਹੈ। ਹਰੇਕ ਮੁਲਾਜ਼ਮ ਨਾਲ ਖਹਿਬੜਦਾ ਹੈ। 'ਮਾੜੂ' ਦਾ ਗ਼ਰੀਬ ਪਾਤਰ ਦੁੱਧ ਪੀਣ ਤੋਂ ਤਰਸਦਾ ਹੈ। ਮਾਂ ਸਾਰਾ ਦੁੱਧ ਡੇਅਰੀ ਵਿਚ ਪਾ ਕੇ ਮੱਝ ਖਰੀਦਣ ਵੇਲੇ ਲਿਆ ਕਰਜ਼ਾ ਲਾਹੁੰਦੀ ਹੈ। ਕਹਾਣੀ 'ਤੂੜੀ ਵਾਲਾ ਕੋਠਾ' ਪ੍ਰਤੀਕ ਹੈ ਉਸ ਥਾਂ ਦਾ ਜਿਥੇ ਮਜਬੂਰ ਪਾਤਰ ਬਿੰਦਰ ਦਾ ਮਰਦ ਪਾਤਰ ਕੋਲੋਂ ਸ਼ੋਸ਼ਣ ਹੋਇਆ ਹੁੰਦਾ ਹੈ। ਸਿਰਲੇਖ ਵਾਲੀ ਕਹਾਣੀ ਦਾ ਪਾਤਰ ਰਾਮ ਲਾਲ ਸਿਰੇ ਦਾ ਰਿਸ਼ਵਤਖ਼ੋਰ ਹੈ ਪਰ ਕਿਸੇ ਅਖੌਤੀ ਡੇਰੇ 'ਤੇ ਜਾ ਕੇ ਜੋੜਿਆਂ ਦੀ ਸੇਵਾ ਕਰਦਾ ਹੈ। ਕਹਾਣੀ 'ਧੂੰਆਂ' ਦੇ ਦੋ ਗਰੀਬ ਪਾਤਰ ਇਸ ਲਈ ਬੇਰੁਜ਼ਗਾਰ ਹੋ ਜਾਂਦੇ ਹਨ ਕਿ ਖੇਤਾਂ ਦਾ ਸਾਰਾ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ। ਲੇਖਕ ਨੂੰ ਇਹੋ ਜਿਹੇ ਲਾਚਾਰ ਪਾਤਰਾਂ ਨਾਲ ਹਮਦਰਦੀ ਹੈ। ਸੰਗ੍ਰਹਿ ਦੀਆਂ ਕਹਾਣੀਆਂ ਸਮਾਜ ਦੇ ਮਜਬੂਰ ਤੇ ਲਾਚਾਰ ਪਾਤਰਾਂ ਦੀ ਰੁਲਦੀ ਜ਼ਿੰਦਗੀ ਦੀ ਵਧੀਆ ਪੇਸ਼ਕਾਰੀ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.
c c c

08-04-2018

 ਪੱਤਝੜ ਵਿਚ ਪੁੰਗਰਦੇ ਪੱਤੇ
ਕਵੀ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 98152-98459
.

'ਪੱਤਝੜ ਵਿਚ ਪੁੰਗਰਦੇ ਪੱਤੇ' ਲੇਖਿਕਾ ਦਾ ਤੀਜਾ ਗ਼ਜ਼ਲ ਸੰਗ੍ਰਹਿ ਹੈ। ਸੁਖਵਿੰਦਰ ਮੂਲ ਰੂਪ ਵਿਚ ਅਜਿਹੇ 'ਇਸ਼ਕ-ਅਨੁਭਵ' ਦੀ ਕਵੀ ਹੈ, ਜਿਸ ਨੂੰ ਮਿਜ਼ਾਜੀ ਜਾਂ ਹਕੀਕੀ ਦੀ ਵਰਗ ਵੰਡ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਉਸ ਦੀ ਕਾਵਿ ਕੁਠਾਲੀ ਵਿਚ ਤਪ ਕੇ ਇਸ਼ਕ ਦਾ ਸਰੂਪ 'ਕਾਮਿਲ' ਬਣ ਜਾਂਦਾ ਹੈ। ਅਜਿਹੇ ਇਸ਼ਕ ਦੀ ਤਰਜਮਾਨੀ ਕਰਦੀ ਹੋਈ ਉਹ ਲਿਖਦੀ ਹੈ : 'ਜਦ ਵੀ ਮੈਂ ਆਪਣੇ ਇਸ਼ਕ ਦਾ ਕੋਈ ਵਾਕਿਆ ਲਿਖਾਂ। ਖ਼ੁਦ ਨੂੰ ਖ਼ੁਦਾਈ ਇਸ਼ਕ ਨੂੰ ਆਪਣਾ ਖ਼ੁਦਾ ਲਿਖਾਂ।'
ਗ਼ਜ਼ਲ ਕਾਵਿ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਦੇਣ ਵਾਲੇ ਵਿਦਵਾਨ ਇਸ ਕਾਵਿ ਰੂਪ ਨੂੰ 'ਮਹਿਬੂਬ ਨਾਲ ਗੱਲਾਂ' ਦੇ ਹਵਾਲੇ ਨਾਲ ਸਮਝਾਉਂਦੇ ਹਨ। ਸੁਖਵਿੰਦਰ ਅੰਮ੍ਰਿਤ ਗ਼ਜ਼ਲ ਦੀ ਇਸ ਪਰਿਭਾਸ਼ਾ ਨੂੰ ਨਜ਼ਰੋਂ ਓਹਲੇ ਨਹੀਂ ਹੋਣ ਦਿੰਦੀ। ਉਸ ਦੀਆਂ ਗ਼ਜ਼ਲਾਂ ਦਾ ਵਾਚਕ (ਨੈਰੇਟਰ) ਮਹਿਬੂਬ ਨੂੰ ਗੱਲਾਂ ਵਿਚ ਉਲਝਾਈ ਰੱਖਦਾ ਹੈ। ਦੇਖੋ :
ਨਾ ਤੂੰ ਆਇਆ ਨਾ ਗੁਫ਼ਤਗੂ ਹੋਈ।
ਟੋਟੇ ਟੋਟੇ ਹੈ ਆਰਜ਼ੂ ਹੋਈ।
ਹੌਲੀ ਹੌਲੀ ਲਬਾਂ 'ਤੇ ਆਏਗੀ,
ਹਾਲੇ ਨੈਣਾਂ 'ਚ ਗੱਲ ਸ਼ੁਰੂ ਹੋਈ।
ਇਸ਼ਕ ਤੇਰੇ 'ਚ ਢਲ ਤੇਰੀ 'ਅੰਮ੍ਰਿਤ'
ਤੇਰੇ ਵਰਗੀ ਹੀ ਹੂਬਹੂ ਹੋਈ।
ਸੁਖਵਿੰਦਰ ਅੰਮ੍ਰਿਤ ਦੀ ਹਰ ਗ਼ਜ਼ਲ ਉਸ ਦੀ ਸ਼ਖ਼ਸੀਅਤ ਦੇ ਆਸ-ਪਾਸ ਰਹਿੰਦੀ ਹੈ, ਇਸ ਦੀ ਪਰਿਕਰਮਾ ਕਰਦੀ ਹੈ। ਗ਼ਜ਼ਲ ਸਿਰਜਣ ਦੇ ਆਹਰ ਵਿਚ ਉਹ ਆਪਣੀ ਸ਼ਖ਼ਸੀਅਤ ਨੂੰ ਏਨਾ ਉੱਦਾਤ ਬਣਾ ਲੈਂਦੀ ਹੈ ਕਿ ਇਸ ਵਿਚੋਂ ਆਤਮ-ਪੂਜਾ ਦਾ ਆਭਾਸ ਤੱਕ ਨਹੀਂ ਹੁੰਦਾ। ਉਹ ਆਪਣਾ ਹਰ ਸ਼ਿਅਰ ਬੜੀ ਦ੍ਰਿੜ੍ਹਤਾ ਨਾਲ ਕਹਿੰਦੀ ਹੈ। ਦੁਬਿਧਾ ਜਾਂ ਝਿਜਕ ਉਸ ਦੇ ਕਲਾਮ ਨੂੰ ਕਮਜ਼ੋਰ ਨਹੀਂ ਕਰ ਪਾਉਂਦੀ। ਸਵੈ-ਵਿਸ਼ਵਾਸ ਅਤੇ ਆਸ਼ਾਵਾਦਿਤਾ ਉਸ ਦੀ ਸ਼ਾਇਰੀ ਦੇ ਦੋ ਪ੍ਰਮੁੱਖ ਹਾਸਲ ਹਨ। ਇਨ੍ਹਾਂ ਦੀ ਵਜ੍ਹਾ ਨਾਲ ਉਸ ਦੀ ਸ਼ਾਇਰੀ ਨਿਰਬਲਾਂ ਅਤੇ ਨਿਆਸਰਿਆਂ ਦਾ ਸਹਾਰਾ ਹੋ ਨਿਬੜਦੀ ਹੈ। ਉਸ ਦਾ ਇਹੋ ਜਿਹਾ ਇਕ ਅੰਦਾਜ਼ ਦੇਖੋ, 'ਮੌਸਮਾਂ ਨੇ ਬਹੁਤ ਉਸ ਨੂੰ ਰੋਕਿਆ। ਉਸ ਨੇ ਆਪਣਾ ਦਮ ਵਿਖਾਇਆ ਖਿੜ ਪਿਆ। ਨੇਰੀਆਂ ਦੇ ਨਾਲ ਤਾਂ ਲੜਦਾ ਰਿਹਾ ਪਰ ਮੇਰੇ ਪੱਲੇ 'ਚ ਫੁੱਲ ਉਹ ਡਿਗ ਪਿਆ।'

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤਾਏ ਨੇ ਘਰੇ ਈ ਰਹਿਣੈਂ

ਲੇਖਕ : ਡਾ: ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ : ਅਦਬੀ ਪ੍ਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ : 9914594867.

ਲੇਖਕ ਨੇ ਕੁੱਲ 56 ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਇਸ ਸੰਗ੍ਰਹਿ ਵਿਚਲੀ ਪਹਿਲੀ ਕਹਾਣੀ ਤਾਏ ਨੇ ਘਰੇ ਈਂ ਰਹਿਣੈਂ ਬਹੁਤ ਹੀ ਪ੍ਰਭਾਵਸ਼ਾਲੀ ਹੈ ਕਿ ਬਾਹਰਲੇ ਦੇਸ਼ਾਂ ਵਿਚ ਲੋਕਾਂ ਦਾ ਆਪਸੀ ਏਨਾ ਮੋਹ ਭੰਗ ਹੋ ਗਿਆ ਹੈ ਕਿ ਬਾਪੂ ਦਾ ਪੁੱਤਰ ਕਿਰਾਇਆ ਦੇਣ ਪਿੱਛੇ ਆਪਣੇ ਪਿਓ ਨੂੰ ਲੁਕੋ ਦਿੰਦਾ ਹੈ ਅਤੇ ਆਪਣੇ ਚਾਚੇ ਦੇ ਪੁੱਤ ਨੂੰ ਉਸ ਨੂੰ ਮਿਲਾਉਣ ਤੋਂ ਵੀ ਗੁਰੇਜ਼ ਕਰਦਾ ਹੈ, ਜੋ ਇਕ ਪੈਸੇ ਦੀ ਤ੍ਰਾਸਦੀ ਹੈ ਪਰ ਬਾਪੂ ਨੂੰ ਅਚਾਨਕ ਖੰਘ ਆਉਣ ਕਰਕੇ ਉਸ ਦੇ ਚਾਚੇ ਦੇ ਪੁੱਤ ਨੂੰ ਪਤਾ ਲੱਗ ਜਾਂਦਾ ਹੈ ਤਾਂ ਚਾਚੇ ਦਾ ਪੁੱਤ ਬੇਸਮੈਂਟ ਦਾ ਕਿਰਾਇਆ ਵਧਾਉਣ ਦੀ ਗੱਲ ਕਰਦਾ ਹੈ। ਕਹਾਣੀ 'ਪਾਪਣ' ਭਰੂਣ-ਹੱਤਿਆ ਬਾਰੇ ਹੈ। 'ਡਿਊਟੀ' ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਔਰਤਾਂ ਨੂੰ ਸੂਟਾਂ ਦੀ ਕਿੰਨੀ ਲਾਲਸਾ ਹੁੰਦੀ ਹੈ, ਜਿਸ ਕਰਕੇ ਉਹ ਆਪਣੇ ਬੱਚਿਆਂ ਦੀ ਵੀ ਪਰਵਾਹ ਨ੍ਹੀਂ ਕਰਦੀਆਂ। ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਵੱਲ ਜਾਂਦੀਆਂ ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਯਥਾਰਥ ਨੂੰ ਲੇਖਕ ਨੇ ਬਾਖੂਬੀ ਬਿਆਨ ਕੀਤਾ ਹੈ। 'ਬਸ ਦਾ ਹੈਂਦਲ' ਕਹਾਣੀ ਵਿਚ ਬਾਪੂ ਆਪਣੇ ਪੁੱਤਰ ਦੇ ਮੋਹ-ਵਿਹੂਣਾ ਹੋ ਕੇ ਪੁੱਤਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਵਾ ਦਿੰਦਾ ਹੈ। ਜੋ ਸਮਾਜ ਵਿਚ ਰਾਜਨੀਤਿਕ ਨਿਘਾਰ ਆ ਰਹੇ ਹਨ ਕਹਾਣੀਕਾਰ ਨੇ ਉਨ੍ਹਾਂ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਦੀ ਪੇਸ਼ਕਾਰੀ ਆਪਣੀਆਂ ਕਹਾਣੀਆਂ ਵਿਚ ਕੀਤੀ ਹੈ। ਇਸ ਤਰ੍ਹਾਂ ਕਾਲਜ ਨਾਲ ਵਾਹ-ਵਾਸਤਾ ਹੋਣ ਕਰਕੇ ਲੇਖਕ ਦੀਆਂ ਕਹਾਣੀਆਂ ਵੀ ਉਸੇ ਤਰ੍ਹਾਂ ਦੇ ਵਾਤਾਵਰਨ ਨਾਲ ਸਬੰਧਿਤ ਹਨ ਜਿਵੇਂ 'ਨੌਕਰੀ ਬਨਾਮ ਸੇਵਾ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਕਾਲਜ ਮੈਨੇਜਮੈਂਟ ਕਿਸ ਤਰ੍ਹਾਂ ਆਪਣੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀ ਹੈ। ਕਹਾਣੀਕਾਰ ਨੇ ਨੋਟਬੰਦੀ ਵਰਗੇ ਚਲੰਤ ਵਿਸ਼ਿਆਂ ਨੂੰ ਵੀ ਛੋਹਿਆ ਹੈ। ਲੇਖਕ ਦਾ ਗਲਪੀ-ਬਿੰਬ ਕਟਾਖਸ਼ ਅਤੇ ਵਿਅੰਗ ਭਰਪੂਰ ਹੈ ਉਸ ਨੇ ਪੈਸੇ ਦੇ ਹੰਕਾਰ ਨੂੰ ਤੋੜਨ ਵਾਲੀ ਕਹਾਣੀ 'ਪੈਸਾ ਬੜੀ ਚੀਜ਼ ਹੈ,' ਵਿਚਲਾ ਪਾਤਰ ਉਦੋਂ ਗੁੰਮ-ਸੁੰਮ ਹੋ ਜਾਂਦਾ ਹੈ ਜਦੋਂ ਉਸ ਦਾ ਪੁੱਤਰ ਕਹਿੰਦਾ ਹੈ ਕਿ ਪਾਪਾ ਜੇ ਪੈਸੇ ਨਾਲ ਸਭ ਕੁਝ ਖਰੀਦ ਸਕਦੇ ਹੋ ਤਾਂ ਮੈਨੂੰ ਮੰਮੀ ਦੀ ਬਹੁਤ ਯਾਦ ਆਉਂਦੀ ਹੈ ਉਹ ਲਿਆ ਦਿਓ। ਕਟਾਖਸ਼ ਕਰਕੇ ਲੇਖਕ ਨੇ ਸਮਾਜ ਦਾ ਯਥਾਰਥਕ ਦ੍ਰਿਸ਼ ਪੇਸ਼ ਕੀਤਾ ਹੈ। ਪੁਸਤਕ ਪੜ੍ਹਣਯੋਗ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

 

 

 

 

ਸਰਦਲਾਂ ਦੇ ਆਰ ਪਾਰ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :350 ਰੁਪਏ, ਸਫ਼ੇ : 247
ਸੰਪਰਕ : 98152-98459.

ਪਰਵਾਸੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਦੇ 47 ਕਹਾਣੀਆਂ ਵਾਲੇ ਇਸ ਸੰਗ੍ਰਹਿ ਵਿਚ ਕਹਾਣੀਆਂ ਦਾ ਵਿਸ਼ਾ ਔਰਤ ਮਨ ਦੀ ਵੇਦਨਾ ਅਤੇ ਆਪਣੀ ਹਸਤੀ ਲਈ ਉਸ ਵਲੋਂ ਕੀਤਾ ਜਾ ਰਿਹਾ ਸੰਘਰਸ਼ ਹੈ। ਪਰਵਾਸ ਵਿਚ ਵਿਚਰਦੀ ਔਰਤ ਅਤੇ ਘਰ ਦੀ ਤਲਾਸ਼ ਦੇ ਨਾਲ-ਨਾਲ ਆਪਣੇ ਆਪੇ ਦੀ ਤਲਾਸ਼ ਵਿਚ ਰੁੱਝੀ ਔਰਤ ਇਨ੍ਹਾਂ ਕਹਾਣੀਆਂ ਵਿਚ ਪ੍ਰਤੱਖ ਨਜ਼ਰ ਆਉਂਦੀ ਹੈ। ਰਿਸ਼ਤਿਆਂ ਦੇ ਚੱਕਰਵਿਊ ਵਿਚ ਆਪਣੀ ਹਸਤੀ ਮਿਟਾ ਕੇ ਰਿਸ਼ਤਿਆਂ ਨੂੰ ਨਵੇਂ ਅਰਥ ਪ੍ਰਦਾਨ ਕਰਦੀਆਂ ਅਤੇ ਆਪਣੇ ਘਰਾਂ ਅਤੇ ਚਾਨਣ ਦੀ ਤਲਾਸ਼ ਵਿਚ ਵਿਚਰ ਰਹੀਆਂ ਔਰਤਾਂ ਦੀ ਹੋਣੀ ਬਾਰੇ ਕਹਾਣੀਕਾਰਾ ਨੇ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਸਰਦਲਾਂ ਦੇ ਆਰ-ਪਾਰ, ਆਪਣਾ ਘਰ, ਕੰਧ ਤੇ ਰਿਸ਼ਤਾ, ਰੇਤ ਵਾਂਗ ਕਿਰਦਾ ਘਰ,... ਤੇ ਚਿੜੀਆਂ ਉੱਡ ਗਈਆਂ, ਦਹਿਲੀਜ਼ ਆਦਿ ਕਹਾਣੀਆਂ ਦੀਆਂ ਔਰਤਾਂ ਆਪਣੇ-ਆਪਣੇ ਹਿੱਸੇ ਦੀ ਮਹਾਂਭਾਰਤ ਲੜਦੀਆਂ ਤਾਂ ਨਜ਼ਰ ਆਉਂਦੀਆਂ ਹਨ, ਨਾਲ ਹੀ ਉਹ ਮਾਨਸਿਕ ਸੰਘਰਸ਼ ਕਰਦੀਆਂ ਵੀ ਨਜ਼ਰ ਪੈਂਦੀਆਂ ਹਨ। ਔਰਤ ਲਈ ਜੀਵਨ ਇਕ ਸੰਘਰਸ਼ ਹੈ, ਜੋ ਉਸ ਨੂੰ ਮਾਨਸਿਕ, ਸਮਾਜਿਕ ਅਤੇ ਆਰਥਿਕ ਤੌਰ 'ਤੇ ਆਪਣੀ ਹੋਂਦ ਦੀ ਸਥਾਪਤੀ ਲਈ ਕਰਨਾ ਪੈਂਦਾ ਹੈ। ਕਹਾਣੀ ਬਿੰਦਰ ਕਿੱਥੇ ਹੈ, ਮਾਵਾਂ ਠੰਢੀਆਂ ਛਾਵਾਂ ਵਿਚ ਪਰਵਾਸ ਵਿਚ ਰਹਿੰਦੇ ਬਜ਼ੁਰਗਾਂ ਦੀ ਦਸ਼ਾ ਨੂੰ ਬਿਆਨਿਆ ਗਿਆ ਹੈ, ਜਿੱਥੇ ਘਰ, ਪਰਿਵਾਰ ਰਿਸ਼ਤਿਆਂ ਦਾ ਮੁੱਲ ਸਿਰਫ ਡਾਲਰਾਂ ਨਾਲ ਪੈਂਦਾ ਹੈ। ਬੇਨਾਮ ਰਿਸ਼ਤਾ, ਮਹਿਲ ਕਹਾਣੀਆਂ ਵਿਚ ਪਿਆਰ ਦੀ ਅੰਦਰਲੀ ਮਹਿਕ ਅਤੇ ਜਜ਼ਬਾਤ ਦੀ ਖੂਬਸੂਰਤੀ ਪੇਸ਼ ਕੀਤੀ ਗਈ ਹੈ। ਕੁਝ ਕਹਾਣੀਆਂ ਵਿਚ ਕਹਾਣੀਕਾਰਾ ਨੇ ਅਫ਼ਸਰਸ਼ਾਹੀ ਅਤੇ ਰਾਜਸੀ ਤਾਣੇ-ਬਾਣੇ ਦੀ ਖਹਿਬਾਜ਼ੀ ਨੂੰ ਪੇਸ਼ ਕੀਤਾ ਹੈ, ਜਿਸ ਵਿਚ 'ਕੋਈ ਕਹੇ ਤਾਂ ਕੀ ਕਹੇ' ਜ਼ਿਕਰਯੋਗ ਹੈ। 'ਹਾਰ ਕਿ ਜਿੱਤ' ਕਹਾਣੀ ਪੁਰਾਤਨਤਾ ਅਤੇ ਨਵੀਨਤਾ ਦੇ ਸਹਿਜ ਸੁਮੇਲ ਦੀ ਬਾਤ ਪਾਉਂਦੀ ਹੈ, ਤਾਂ ਜੋ ਸਮਾਜ ਵਿਚ ਸੰਤੁਲਨ ਬਣਿਆ ਰਹੇ। ਤਿੜਕਦੇ ਸਮਾਜਿਕ ਰਿਸ਼ਤਿਆਂ ਅਤੇ ਔਰਤ ਦੀ ਅੰਤਰ ਮਨ ਦੀ ਬਾਤ ਪਾਉਂਦੇ ਇਸ ਕਹਾਣੀ ਸੰਗ੍ਰਹਿ ਵਿਚ ਔਰਤ ਵੇਦਨਾ ਦੀ ਗਾਥਾ ਹੈ। ਉਸ ਦਾ ਆਸ਼ਾਵਾਦੀ, ਉਦਾਸੀਨ, ਸੰਘਰਸ਼ਸ਼ੀਲ ਜੀਵਨ ਹੈ। ਸਰਲ ਅਤੇ ਕੇਂਦਰੀ ਬੋਲੀ ਵਿਚ ਲਿਖੀਆਂ ਇਨ੍ਹਾਂ ਕਹਾਣੀਆਂ ਵਿਚ ਸ਼ਬਦਾਂ ਦੀ ਚੋਣ ਅਤੇ ਬਣਤਰ ਕਿਤੇ-ਕਿਤੇ ਪੁਸਤਕ ਨੂੰ ਕਾਵਿਮਈ ਰੰਗ ਪ੍ਰਦਾਨ ਕਰਦੀ ਹੈ। ਕੁਝ ਨਵੀਆਂ ਅਤੇ ਕੁਝ ਪੁਰਾਣੀਆਂ ਕਹਾਣੀਆਂ ਦਾ ਇਹ ਸੰਗ੍ਰਹਿ ਸੱਚਮੁੱਚ ਔਰਤ ਦੇ ਮਾਨਸਿਕ ਸੰਸਾਰ ਨੂੰ ਸਾਡੇ ਸਾਹਮਣੇ ਫਰੋਲਦਾ ਜਾਪਦਾ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਮਿੱਟੀ ਦੀ ਆਵਾਜ਼

ਗੀਤਕਾਰ : ਬਲਜਿੰਦਰ ਬਾਲੀ ਰੇਤਗੜ੍ਹ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 143
ਸੰਪਰਕ : 94651-29168.

'ਮਿੱਟੀ ਦੀ ਆਵਾਜ਼' ਗੀਤਕਾਰ ਬਲਜਿੰਦਰ ਸਿੰਘ ਰੇਤਗੜ੍ਹ ਦੀ ਪਲੇਠੀ ਕਾਵਿ ਪੁਸਤਕ ਹੈ ਭਾਵੇਂ ਕਿ ਉਹ ਅੱਧੀ ਦਰਜਨ ਦੇ ਲਗਪਗ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਆਪਣੇ ਗੀਤ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਬਕੌਲ ਗੀਤਕਾਰ ਗੀਤ ਸਾਡੇ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਜ਼ਿੰਦਗੀ ਦੇ ਵਰਤਾਰੇ ਹੀ ਦਰਪਣ ਹਨ। ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਨਜ਼ਰੀਏ ਅਕਸ ਹਨ, ਸਾਹਿਤ ਦੀ ਇਸ ਵਿਧਾ ਨੂੰ ਵੱਖ ਕਰਕੇ ਜੀਵਨ ਨੂੰ ਕਿਆਸਿਆ ਵੀ ਨਹੀਂ ਜਾ ਸਕਦਾ। ...ਗੀਤ ਸਿਰਫ ਝਾਂਜਰਾਂ ਦੀ ਛਣਕਾਰ, ਵੰਗਾਂ ਦੀ ਛਣਕ-ਛਣਕ, ਜ਼ੁਲਫ਼ੀ ਉਸਤਤ, ਅਦਾਵਾਂ ਦਾ ਚਿਤਰਣ ਤੇ ਹੁਸਨ ਜੋਬਨ ਦੀ ਉਸਤਤੀ ਹੀ ਨਹੀਂ ਹੁੰਦੇ ਸਗੋਂ ਇਹ ਸਮਾਜ ਦਾ ਸਹੀ ਚਿਤਰਣ ਕਰਦੇ ਹਨ।
ਗੀਤਕਾਰ ਰੇਤਗੜ੍ਹ ਨੇ ਆਪਣੇ ਗੀਤਾਂ ਨੂੰ ਸਾਹਿਤਕ ਦਿੱਖ ਪ੍ਰਦਾਨ ਕੀਤੀ ਹੈ। ਕਰੀਬ ਡੇਢ ਸੌ ਗੀਤ ਇਸ ਪੁਸਤਕ ਦੀ ਸ਼ਾਨ ਬਣੇ ਹਨ। ਉਸ ਦੇ ਗੀਤਾਂ ਦੇ ਵਿਸ਼ੇ ਤੇ ਮੁਖੜੇ ਇਸ ਤਰ੍ਹਾਂ ਦੇ ਹਨ : 'ਮੈਂ ਵਧ ਰਿਹਾ ਵਿਨਾਸ਼ ਵੱਲ ਦਿਸੇ ਜਲ ਜਲਾ ਹੀ ਜਲਜਲਾ ਹਰ ਤਰਫ਼/ਜ਼ਹਿਰ ਪਾਣੀਆਂ ਵਿਚ ਘੋਲਦਾ ਦਿਨੋ-ਦਿਨੀ ਮੈਂ ਜਾ ਰਿਹਾ...' 'ਮੇਰੇ ਸ਼ਾਇਰ ਮੁੱਤਾ... ਤੂੰ ਮਾਂ ਮਿੱਟੀ ਦਾ ਕਰਜ਼' ਚੁਕਾ... ਮਾਂ-ਬੋਲੀ ਤੇਰੀ ਹੈ ਪੰਜਾਬੀ ਇਸ ਨੂੰ ਪੰਜ ਆਬਾਂ ਦੀ ਰਾਣੀ ਬਣਾ....'।
ਇਹ ਸਮੁੱਚੇ ਗੀਤ ਸਾਹਿਤਕ ਵੰਨਗੀ ਦੇ ਗੰਭੀਰ ਚਿਹਰੇ ਮੋਹਰੇ ਵਾਲੇ ਹਨ। ਇਹ ਅਜੋਕੀ ਜਾਂ ਪੁਰਾਤਨ ਪ੍ਰਚਲਿਤ ਜਿਹੀ ਗੀਤਕਾਰੀ ਤੋਂ ਵੱਖ ਕਿਸਮ ਦੇ ਹਨ। ਇਨ੍ਹਾਂ ਵਿਚ ਤੋਲ-ਤੁਕਾਂਤ ਤੇ ਛੰਦ ਬਹਿਰ ਸਲਾਹੁਣਯੋਗ ਸਥਿਤੀ ਵਿਚ ਹਨ। ਬਹੁਤ ਸਾਰੇ ਗੀਤ ਦਿਲ ਉੱਤੇ ਆਪਣਾ ਅਸਰ ਛੱਡਦੇ ਨੇ। ਲੋਕ ਬੋਲੀ ਅਤੇ ਲੋਕ ਸ਼ਬਦਾਵਲੀ ਵਿਚ ਸਮਾਜਿਕ ਵਿਸ਼ਿਆਂ ਦੇ ਗਹਿਨ ਨੂੰ ਸਹਿਜ਼ ਨਾਲ ਪੇਸ਼ ਕੀਤਾ ਗਿਆ ਹੈ ਸਫ਼ੇ 64 ਉੱਤਲਾ ਗੀਤ 'ਮੈਂ ਤੇਰੀ ਮਾਂ ਬੋਲਦੀ' ਗੀਤ ਬਹੁਤ ਹੀ ਸਫ਼ਲਤਾ ਸਹਿਤ ਪੰਜਾਬ ਦੀ ਹਰ ਦੁਖਦੀ ਰਗ ਉੱਤੇ ਉਂਗਲਾਂ ਰੱਖਦਾ ਹੈ। ਸਾਰੇ ਹੀ ਗੀਤ ਪੜ੍ਹਨ ਗਾਉਣ ਅਤੇ ਮਾਨਣ ਵਾਲੇ ਹਨ।

-ਸੁਲੱਖਣ ਸਰਹੱਦੀ
ਮੋ: 94174-84337.


ਚੰਦੀ ਦੀ ਕੋਠੀ

ਲੇਖਕ : ਮਾਸਟਰ ਰਾਮ ਧੰਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 94177-28568.

ਇਸ ਪੁਸਤਕ ਦੇ ਲੇਖਕ ਮਾਸਟਰ ਰਾਮ ਧਨ ਭੈਣੀ ਦਰੇੜ੍ਹਾ ਅਧਿਆਪਕ ਹੋਣ ਦੇ ਨਾਲ-ਨਾਲ ਸਮਾਜ ਸੇਵੀ ਅਤੇ ਲਿਖਾਰੀ ਹਨ। ਇਸ ਵਿਚ ਉਨ੍ਹਾਂ ਦੀਆਂ ਇਕ ਦਰਜਨ ਕਹਾਣੀਆਂ ਦਰਜ ਹਨ। ਬਦਕਿਸਮਤੀ ਨਾਲ਼ ਮਾਸਟਰ ਹੁਰੀਂ ਬਿਮਾਰੀ ਕਾਰਨ ਇਸ ਸੰਸਾਰ ਨੂੰ ਸਮੇਂ ਤੋਂ ਪਹਿਲਾਂ ਅਲਵਿਦਾ ਕਹਿ ਗਏ। ਉਪਰੰਤ ਲੇਖਕ ਦਰਸ਼ਨ ਸਿੰਘ ਦਰਦੀ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਸਾਂਭਣ ਅਤੇ ਸ਼ਰਧਾਂਜਲੀ ਦੇੇਣ ਲਈ ਪਰਿਵਾਰ ਦੇ ਸਹਿਯੋਗ ਨਾਲ ਕਿਤਾਬੀ ਰੂਪ ਦੇਣ ਦਾ ਸੁਹਿਰਦ ਯਤਨ ਕੀਤਾ ਹੈ। ਪੁਸਤਕ 'ਚ ਦਰਦੀ ਹੁਰਾਂ ਦੀਆਂ ਵੀ ਦੋ ਮਹਿਮਾਨ ਰਚਨਾਵਾਂ ਸ਼ਾਮਿਲ ਹਨ। ਪੁਸਤਕ ਦੇ ਸ਼ੁਰੂ 'ਚ ਮਾਸਟਰ ਰਾਮ ਧਨ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਨੂੰ ਉਘਾੜਦੇ ਅਹਿਮ ਸ਼ਖ਼ਸੀਅਤਾਂ ਵਲੋਂ ਲਿਖੇ ਗਏ ਮੁੱਲਵਾਨ ਵਿਚਾਰ ਹਨ, ਜਿਨ੍ਹਾਂ 'ਚੋਂ ਲੇਖਕ ਦਾ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਉੱਭਰ ਕੇ ਸਾਹਮਣੇ ਆਉਂਦਾ ਹੈ। ਪੁਸਤਕ 'ਚੰਦੀ ਦੀ ਕੋਠੀ' ਦਾ ਸਿਰਲੇਖ ਪੂਰਾ ਢੁਕਵਾਂ ਹੈ ਅਤੇ ਬਾਹਰੀ ਦਿੱਖ ਵੀ ਪੁਸਤਕ ਵਿਚਲੀ ਖ਼ੂਬਸੂਰਤੀ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਕਹਾਣੀ 'ਚੰਦੀ ਦੀ ਕੋਠੀ' ਆਪਣੇ ਆਰਥਿਕ ਸਾਧਨਾਂ ਦਾ ਮਾਪ-ਤੋਲ ਕੀਤੇ ਬਗੈਰ ਕਿਸੇ ਦੀ ਰੀਸ ਕਰਕੇ ਆਪਣਾ ਝੁੱਗਾ ਚੌੜ ਕਰਾਉਣ ਨੂੰ ਪੇਸ਼ ਕਰਦੀ ਹੈ। 'ਮਾਂ' ਵਿਚ ਸ਼ੁਰੂ ਤੋਂ ਅਖ਼ੀਰ ਤੱਕ ਮਾਂ ਦੀ ਮਹੱਤਤਾ ਅਤੇ ਬੱਚੇ ਦੇ ਭਵਿੱਖ ਨੂੰ ਚੰਗਾ ਬਣਾਉਣ 'ਚ ਮਾਂ ਦੀ ਉਸਾਰੂ ਭੂਮਿਕਾ ਨੂੰ ਦਰਸਾਉਂਦੀ ਹੈ। 'ਹੱਥੀਂ-ਕਿਰਤ' 'ਚ ਕਿਰਤ ਨੂੰ ਵਡਿਆਇਆ ਗਿਆ ਹੈ ਜੋ ਕਿ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਹੈ। ਅਜੋਕੇ ਨੌਜਵਾਨ ਵਰਗ ਨੂੰ ਕਿਰਤ ਸੱਭਿਆਚਾਰ ਨਾਲ ਜੋੜੇ ਜਾਣ ਦੀ ਸਖ਼ਤ ਲੋੜ ਹੈ। ਕਹਾਣੀ 'ਅੱਧੀ ਚਾਦਰ' 'ਚ ਅੱਜਕਲ੍ਹ ਸਾਡੇ ਘਰਾਂ ਅੰਦਰ ਬਜ਼ੁਰਗਾਂ ਦੀ ਹੋ ਰਹੀ ਤ੍ਰਾਸਦਿਕ ਹਾਲਤ ਨੂੰ ਕਲਾਤਮਿਕ ਢੰਗ ਨਾਲ਼ ਪੇਸ਼ ਕਰਦੀ ਹੈ। 'ਗ਼ਰੀਬੂ ਦੀ ਸੋਚ' 'ਚ ਲੇਖਕ ਦਾ ਦ੍ਰਿਸ਼ਟੀਕੋਣ ਆਦਰਸ਼ਵਾਦੀ ਪੇਸ਼ ਹੁੰਦਾ ਹੈ। ਨਸ਼ੇ, ਬੇਰੁਜ਼ਗਾਰੀ, ਈਰਖਾ, ਡਾਕਟਰੀ ਕਿੱਤੇ 'ਚ ਵਸਿਆ ਲਾਲਚ, ਮਾੜਾ ਰਾਜਸੀ ਪ੍ਰਬੰਧ ਅਤੇ ਹੋਰ ਭਖਦੇ ਵਿਸ਼ਿਆਂ 'ਤੇ ਵੀ ਲੇਖਕ ਨੇ ਵਧੀਆ ਰੌਸ਼ਨੀ ਪਾਈ ਹੈ। ਵਰਤਮਾਨ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਲਿਖੀਆਂ ਗਈਆਂ ਇਹ ਯਥਾਰਥਵਾਦੀ ਰਚਨਾਵਾਂ ਪਾਠਕ ਦੀ ਸੁਹਜਾਤਮਕ ਬਿਰਤੀ ਨੂੰ ਤ੍ਰਿਪਤ ਹੀ ਨਹੀਂ ਕਰਦੀਆਂ, ਸਗੋਂ ਜੀਵਨ 'ਚ ਉਸ ਦੀ ਸਹੀ ਅਗਵਾਈ ਵੀ ਕਰਦੀਆਂ ਹਨ। ਮਹਿਮਾਨ ਰਚਨਾਵਾਂ 'ਹੌਸਲੇ ਦੀ ਉਡਾਣ' ਅਤੇ 'ਲਾਈ-ਲੱਗ' ਵੀ ਆਪਣੇ ਥਾਂ ਵਧੀਆ ਨਿਭੀਆਂ ਹਨ।

-ਮੋਹਰ ਗਿੱਲ ਸਿਰਸੜੀ
ਮੋ: 98156-59110

 

 

 

 

ਅਧੂਰੇ ਖ਼੍ਵਾਬ ਦੀ ਤਾਬੀਰ
ਗ਼ਜ਼ਲਕਾਰ : ਗੁਰਚਰਨ ਸਿੰਘ 'ਤਖ਼ਤਰ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99881-24587.

ਗੁਰਚਰਨ ਸਿੰਘ 'ਤਖ਼ਤਰ' ਕਾਫ਼ੀ ਦੇਰ ਤੋਂ ਗ਼ਜ਼ਲ ਸਿਰਜਣਾ ਨਾਲ ਜੁੜਿਆ ਹੋਇਆ ਹੈ ਤੇ 'ਅਧੂਰੇ ਖ਼੍ਵਾਬ ਦੀ ਤਾਬੀਰ' ਉਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਤਖ਼ਤਰ ਗ਼ਜ਼ਲ ਦੇ ਸੁਭਾਅ ਤੇ ਤਕਨੀਕ ਤੋਂ ਵਾਕਿਫ਼ ਹੈ ਤੇ ਉਸ ਨੂੰ ਇਸ ਦੀਆਂ ਬਾਰੀਕੀਆਂ ਬਾਰੇ ਕਾਫ਼ੀ ਗਿਆਨ ਹਾਸਲ ਹੈ। ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਜ਼ਿਆਦਾਤਰ ਗ਼ਜ਼ਲ ਦੇ ਤੈਅਸ਼ੁਦਾ ਅਨੁਸ਼ਾਸਨ ਨੂੰ ਨਿਭਾਉਂਦੀਆਂ ਹਨ ਤੇ ਇਸੇ ਕਾਰਨ ਪਾਠਕ ਨੂੰ ਇਨ੍ਹਾਂ ਦੇ ਉਚਾਰਨ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਇਨ੍ਹਾਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਪਿਆਰ ਹੈ ਤੇ ਪਿਆਰ ਹੀ ਸ਼ਾਇਰ ਦਾ ਮਜ਼ਹਬ ਹੁੰਦਾ, ਜਿਸ ਬਿਨਾਂ ਦੁਨੀਆ ਚੱਲ ਹੀ ਨਹੀਂ ਸਕਦੀ। ਬਹੁਤੇ ਸ਼ਿਅਰਾਂ ਵਿਚ ਗ਼ਮ, ਦੁੱਖ, ਦਰਦ, ਜੁਦਾਈ, ਹੁਸਨ, ਜਵਾਨੀ ਤੇ ਬੇਵਫ਼ਾਈ ਦਾ ਜ਼ਿਕਰ ਹੈ ਤੇ ਜ਼ਮਾਨੇ ਨਾਲ ਟਕਰਾਉਣ ਦਾ ਅਹਿਦ ਹੈ। ਉਂਜ ਪੰਜਾਬੀ ਗ਼ਜ਼ਲ ਇਨ੍ਹਾਂ ਵਿਸ਼ਿਆਂ ਤੋਂ ਵੀ ਅੱਗੇ ਲੰਘ ਗਈ ਹੈ ਤੇ ਇਸ ਵਿਚ ਹੁਣ ਪਰੰਪਰਾ ਵਿਚ ਵਰਜਿਤ ਤੇ ਮਨੁੱਖੀ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਤੇ ਹੋਰ ਨਵੇਂ ਵਿਸ਼ਿਆਂ 'ਤੇ ਵੀ ਵਧੀਆ ਸ਼ਿਅਰ ਕਹੇ ਜਾ ਰਹੇ ਹਨ। ਤਖ਼ਤਰ ਦੇ ਸ਼ਿਅਰ ਆਮ ਫ਼ਹਿਮ ਜ਼ੁਬਾਨ ਵਿਚ ਹਨ ਤੇ ਸ਼ਬਦਾਂ ਦੀ ਤਰਤੀਬ ਸਰਲ ਤੇ ਮੂੰਹ 'ਤੇ ਚੜ੍ਹਨ ਵਾਲੀ ਹੈ। ਸੰਖੇਪਤਾ ਇਨ੍ਹਾਂ ਗ਼ਜ਼ਲਾਂ ਦੀ ਹੋਰ ਖ਼ੂਬੀ ਹੈ, ਵੱਡਾ ਖਿਲਾਰਾ ਜਾਂ ਘੁਮਾ ਕੇ ਗੱਲ ਕਰਨ ਦੀ ਥਾਂ ਉਹ ਸਪੱਸ਼ਟ ਗੱਲ ਕਰਨ ਵਿਚ ਯਕੀਨ ਰੱਖਦਾ ਹੈ। ਉਹ ਕਹਿੰਦਾ ਹੈ, 'ਰਾਤ ਤਨਹਾ ਗੁਜ਼ਾਰ ਕੇ ਵੇਖੋ, ਖ਼ੁਦ ਨੂੰ ਖ਼ੁਦ 'ਚੋਂ ਪੁਕਾਰ ਕੇ ਦੇਖੋ।' ਇੰਜ ਸਾਧਾਰਨ ਸ਼ਬਦਾਂ ਵਿਚ ਵੱਡੀ ਗੱਲ ਕਰਨ ਦਾ ਹੁਨਰ ਪਾਠਕ ਨੂੰ ਥਾਂ-ਥਾਂ ਪ੍ਰਾਪਤ ਹੁੰਦਾ ਹੈ। ਤਖ਼ਤਰ ਦੇ ਸ਼ਿਅਰਾਂ ਵਿਚ ਮੁਹੱਬਤ ਦਾ ਰੰਗ ਵਧੇਰੇ ਉੱਘੜਦਾ ਹੈ ਤੇ ਇਸ ਦੇ ਨਾਲ-ਨਾਲ ਕਿਤੇ-ਕਿਤੇ ਉਹ ਸਮਾਜ ਨਾਲ ਸਬੰਧਿਤ ਮੁਸ਼ਕਲਾਤ 'ਤੇ ਵੀ ਸ਼ਿਅਰ ਕਹਿੰਦਾ ਹੈ ਪਰ ਅਜਿਹੇ ਸ਼ਿਅਰਾਂ ਦੀ ਗਿਣਤੀ ਸੀਮਤ ਹੈ। ਭਾਰਤੀ ਸਿਆਸਤ ਗ਼ਰਕ ਚੁੱਕੀ ਹੈ, ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ ਤੇ ਮਹਿੰਗਾਈ ਤੇ ਅਮਨ ਕਾਨੂੰਨ ਦੀ ਹਾਲਤ ਨੇ ਜ਼ਿੰਦਗੀ ਦੁਸ਼ਵਾਰ ਕਰ ਦਿੱਤੀ ਹੈ ਤੇ ਇਹ ਵਿਸ਼ੇ ਕਿਸੇ ਵੀ ਸ਼ਾਇਰ ਦੇ ਵਿਸ਼ਿਆਂ ਵਿਚ ਸਭ ਤੋਂ ਉੱਪਰ ਹੋਣੇ ਵਕਤ ਦੀ ਲੋੜ ਹੈ ਪਰ ਤਖ਼ਤਰ ਦੀਆਂ ਗ਼ਜ਼ਲਾਂ ਇਸ ਪੱਖੋਂ ਕਾਫ਼ੀ ਅਵੇਸਲੀਆਂ ਹਨ। ਗ਼ਜ਼ਲਾਂ ਦਾ ਇਹ ਸੰਗ੍ਰਹਿ ਤਖ਼ਤਰ ਦੀ ਗ਼ਜ਼ਲ ਲਿਖਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਤੇ ਉਰਦੂ ਸ਼ਬਦਾਂ ਦੇ ਪ੍ਰਯੋਗ ਦੇ ਬਾਵਜੂਦ ਪਾਠਕਾਂ ਲਈ ਸਰਲ ਹੈ।


ਦਰਦ ਪਰਾਇਆ ਸਹਿਣਾ
ਗ਼ਜ਼ਲਕਾਰ : ਰਾਜ਼ ਗੁਰਦਾਸਪੁਰੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 60
ਸੰਪਰਕ : 75089-13308.

ਰਾਜ਼ ਗੁਰਦਾਸਪੁਰੀ ਪੰਜਾਬੀ ਗ਼ਜ਼ਲ ਦਾ ਪੁਰਾਣਾ ਹਸਤਾਖ਼ਰ ਹੈ ਤੇ 'ਦਰਦ ਪਰਾਇਆ ਸਹਿਣਾ' ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਗ਼ਜ਼ਲ ਸੰਗ੍ਰਹਿ ਵਿਚ ਰਾਜ਼ ਦੀਆਂ ਸੱਠ ਗ਼ਜ਼ਲਾਂ ਛਪੀਆਂ ਮਿਲਦੀਆਂ ਹਨ। ਉਹ ਦੀਪਕ ਗ਼ਜ਼ਲ ਸਕੂਲ ਨਾਲ ਸਬੰਧਿਤ ਹੋਣ ਕਰਕੇ ਉਸ ਨੂੰ ਗ਼ਜ਼ਲ ਤਕਨੀਕ ਦੀ ਕਾਫ਼ੀ ਜਾਣਕਾਰੀ ਹੈ। ਇਸ ਵਿਚ ਮੁਹੱਬਤ ਦਾ ਸੁਰਖ਼ ਗੁਲਾਬ ਵੀ ਹੈ, ਸੂਲਾਂ-ਕੰਡਿਆਂ ਵਰਗੀ ਤਨਹਾਈ ਵੀ ਹੈ ਤੇ ਨੁਕੀਲੇ ਪੱਥਰਾਂ ਦੀ ਬਾਰਿਸ਼ ਵਰਗੀ ਸਿਆਸਤ ਦਾ ਵਰਨਣ ਵੀ ਹੈ। ਮੋਹ ਮੁਹੱਬਤ ਦਾ ਵਿਸ਼ਾ ਕਦੀ ਪੁਰਾਣਾ ਨਹੀਂ ਹੁੰਦਾ ਇਸ ਲਈ ਇਹ ਸ਼ਿਅਰ ਕਦੀ ਵੀ ਵਕਤੀ ਨਹੀਂ ਹੁੰਦੇ ਤੇ ਇਸ ਵਿਸ਼ੇ 'ਤੇ ਰਾਜ਼ ਨੇ ਵੀ ਭਾਰੀ ਗਿਣਤੀ ਵਿਚ ਸ਼ਿਅਰ ਕਹੇ ਹਨ। ਮਹਿਬੂਬ ਤੋਂ ਵਿਛੜਨਾ ਅਜੇ ਵੀ ਉਸ ਨੂੰ ਯਾਦ ਹੈ ਤੇ ਉਹ ਉਸ ਦੀ ਯਾਦ ਨੂੰ ਅੱਜ ਵੀ ਆਪਣੇ ਸ਼ਿਅਰਾਂ ਵਿਚ ਸਮੋਈ ਬੈਠਾ ਹੈ। ਉਸ ਦਾ ਦਿਲ ਤਨਹਾਈ ਦੀਆਂ ਘੜੀਆਂ ਨੂੰ ਮਾਣਦਾ ਹੈ ਤੇ ਉਹ ਇਸ ਦਾ ਵਰਨਣ ਲੰਘੀਆਂ ਬਹਾਰਾਂ ਨੂੰ ਸੁਣਾਉਣਾ ਲੋਚਦਾ ਹੈ। ਉਹ ਦੁਸ਼ਮਣਾਂ ਵਾਂਗ ਮਿਲਣ ਵਾਲਿਆਂ ਨੂੰ ਵੀ ਦੋਸਤਾਂ ਵਾਂਗ ਮਿਲਣ ਵਿਚ ਯਕੀਨ ਰੱਖਦਾ ਹੈ। ਬਰਸਾਤ ਦਾ ਮੌਸਮ ਉਸ ਲਈ ਅੱਥਰੂਆਂ ਦਾ ਮੌਸਮ ਹੈ, ਦਿਨ ਉਸ ਲਈ ਰਾਤ ਵਰਗਾ ਹੈ ਤੇ ਪ੍ਰਭਾਤ ਸ਼ਾਮ ਜੇਹੀ ਹੈ। ਉਸ ਮੁਤਾਬਿਕ ਦੁਨੀਆ ਸਵਾਰਥ ਤੋਂ ਬਿਨਾਂ ਕੁਝ ਵੀ ਨਹੀਂ ਦੇਖਦੀ ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਵਾਲੇ ਸਭ ਤੋਂ ਵੱਡੇ ਠੱਗ ਹੁੰਦੇ ਹਨ। 'ਲੋਕੀਂ ਦਿੱਲੀ ਦੇ' ਦੀ ਰਦੀਫ਼ ਵਾਲੀ ਗ਼ਜ਼ਲ ਵਿਚ ਉਹ ਦਿੱਲੀ ਦੇ ਪ੍ਰਦੂਸ਼ਣ ਬਾਰੇ ਆਪਣੇ ਖ਼ਿਆਲ ਪ੍ਰਗਟਾਉਂਦਾ ਤੇ ਉਸ ਨੂੰ ਦਿੱਲੀ ਦੇ ਵਾਸੀ ਆਪਣੇ ਘਰਾਂ ਵਿਚ ਕੈਦ ਹੋਏ ਲਗਦੇ ਹਨ। ਰੋਜ਼ਾਨਾ ਘਟ ਰਹੀਆਂ ਘਟਨਾਵਾਂ ਤੋਂ ਉਸ ਨੂੰ ਆਦਮੀ ਵਿਚ ਦਰਿੰਦਗੀ ਦਾ ਵਾਸ ਹੋਇਆ ਪ੍ਰਤੀਤ ਹੁੰਦਾ ਹੈ। ਉਸ ਨੂੰ ਸਾਧੂਆਂ ਦੇ ਭੇਸ ਵਿਚ ਘੁੰਮ ਰਹੇ ਸ਼ੈਤਾਨਾਂ ਨਾਲ ਨਫ਼ਰਤ ਹੈ ਤੇ ਉਹ ਅਖੌਤੀ ਬਾਬਿਆਂ ਦੇ ਵਿਰੋਧ ਵਿਚ ਸੰਜੀਦਗੀ ਨਾਲ ਖੜ੍ਹਦਾ ਹੈ। ਇੰਝ ਰਾਜ਼ ਦੀ ਗ਼ਜ਼ਲ ਚੋਤਰਫ਼ਾ ਸਫ਼ਰ ਕਰਦੀ ਹੈ। ਉਸ ਨੇ ਗ਼ਜ਼ਲ ਦੇ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬੀ ਗ਼ਜ਼ਲ ਹੁਣ ਪਹਿਲਾਂ ਵਰਗੀ ਨਹੀਂ ਰਹੀ। ਸ਼ਾਇਰ ਨੂੰ ਵਕਤ ਅਨੁਸਾਰ ਆਪਣੇ ਵਿਚ ਤਬਦੀਲੀਆਂ ਕਰਦੇ ਰਹਿਣਾ ਚਾਹੀਦਾ ਹੈ ਤੇ ਰਾਜ਼ ਨੂੰ ਵੀ ਆਪਣੀ ਕਲਮ ਦੇ ਸੁਭਾਅ ਪਰਿਵਰਤਨ ਕਰਨੇ ਚਾਹੀਦੇ ਹਨ।

-ਗੁਰਦਿਆਲ ਰੌਸ਼ਨ
ਮੋ: 9988444002

 

 

 


ਤਸਵੀਰਾਂ ਦੇ ਅੰਗ ਸੰਗ
ਤਸਵੀਰਾਂ : ਪ੍ਰਤਾਪ ਸਿੰਘ ਹੀਰਾ
ਸ਼ਬਦ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 995 ਰੁਪਏ, ਪੰਨੇ : 100
ਸੰਪਰਕ : 94171-52916

ਪ੍ਰਤਾਪ ਸਿੰਘ ਹੀਰਾ ਪਿਛਲੇ ਲੰਬੇ ਸਮੇਂ ਤੋਂ ਫੋਟੋਗ੍ਰਾਫੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਜਿਵੇਂ ਕਹਿੰਦੇ ਹਨ ਕਿ ਕੈਮਰੇ ਨਾਲੋਂ ਵੱਧ ਕਲਾ ਕੈਮਰਾਮੈਨ ਦੀ ਅੱਖ ਵਿਚ ਲੁਕੀ ਹੁੰਦੀ ਹੈ, ਉਸੇ ਤਰ੍ਹਾਂ ਪ੍ਰਤਾਪ ਸਿੰਘ ਹੀਰਾ ਦੀ ਅੱਖ ਵਿਚਲੀ ਕਲਾ ਬਾਕਮਾਲ ਹੈ। ਉਹ ਛੋਟੀਆਂ-ਛੋਟੀਆਂ ਚੀਜ਼ਾਂ ਦੀ ਵੱਡੀ ਅਹਿਮੀਅਤ ਨੂੰ ਪਛਾਣਦਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਕੈਮਰੇ ਵਿਚ ਕੈਦ ਕਰਕੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਬਿਆਨਦਾ ਹੈ। ਲੰਬੇ ਸਮੇਂ ਤੋਂ ਉਹ 'ਅਜੀਤ' ਦਾ ਫੋਟੋਗ੍ਰਾਫਰ ਹੋਣ ਕਰਕੇ ਖ਼ਬਰਾਂ, ਲੇਖਾਂ ਅਤੇ ਹੋਰ ਸਬੰਧਤ ਸਮੱਗਰੀ ਨਾਲ ਜੁੜੀਆਂ ਤਸਵੀਰਾਂ ਭੇਜਦਾ ਹੈ, ਜਿਨ੍ਹਾਂ ਨੂੰ ਬਣਦੀ ਥਾਂ ਦਿੱਤੀ ਜਾਂਦੀ ਹੈ।
ਹੁਣ ਪ੍ਰਤਾਪ ਸਿੰਘ ਹੀਰਾ ਨੇ ਆਪਣੀਆਂ ਉਨ੍ਹਾਂ ਤਸਵੀਰਾਂ ਵਿਚੋਂ 100 ਦੇ ਕਰੀਬ ਤਸਵੀਰਾਂ ਨੂੰ ਜਿਲਦਬੱਧ ਕਰ ਕੇ 'ਤਸਵੀਰਾਂ ਦੇ ਅੰਗ ਸੰਗ' ਪੁਸਤਕ ਦਾ ਨਾਂਅ ਦਿੱਤਾ ਹੈ। ਖੂਬਸੂਰਤ ਗਲੇਜ਼ਡ ਪੇਪਰ ਉੱਪਰ ਛਾਪੀ ਗਈ ਇਸ ਪੁਸਤਕ ਦੀ ਪ੍ਰਾਪਤੀ ਇਹ ਵੀ ਹੈ ਕਿ ਹਰ ਤਸਵੀਰ ਨਾਲ ਸੋਹਣੀ ਕੈਪਸ਼ਨ ਵੀ ਦਿੱਤੀ ਗਈ ਹੈ, ਜੋ ਕਾਵਿ-ਰੂਪ ਵਿਚ ਹੈ। ਉਦਾਹਰਨ ਵਜੋਂ 73 ਪੰਨੇ 'ਤੇ ਇਕ ਬੱਚਾ ਰੋ ਰਿਹਾ ਹੈ ਅਤੇ ਮਾਂ ਉਸ ਨੂੰ ਲਾਡ ਲਡਾ ਰਹੀ ਹੈ ਤੇ ਕੈਪਸ਼ਨ ਲਿਖੀ ਹੈ : ਵੇ ਐਵੇਂ ਰੁੱਸਿਆ ਨਾ ਕਰ, ਗੁਰਨੂਰ ਸੋਹਣਿਆਂ। ਮਾਂ ਨੂੰ ਹਰ ਗੱਲ ਤੇਰੀ, ਮਨਜ਼ੂਰ ਸੋਹਣਿਆਂ।' 65 ਪੰਨੇ 'ਤੇ ਕੂੜੇ ਦੇ ਢੇਰਾਂ 'ਚ ਆਪਣਾ ਭਵਿੱਖ ਭਾਲਦੇ ਛੋਟੇ ਬੱਚਿਆਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਸਰਕਾਰਾਂ ਚਾਹੇ ਬਾਲ ਮਜ਼ਦੂਰੀ ਬਾਰੇ ਕੁਝ ਵੀ ਕਾਨੂੰਨ ਬਣਾਉਣ ਜਾਂ ਹਰ ਬੱਚੇ ਲਈ ਸਕੂਲ ਜਾਣਾ ਲਾਜ਼ਮੀ ਕਰਨ ਪਰ ਵੱਡੀ ਗਿਣਤੀ ਵਿਚ ਬੱਚਿਆਂ ਦਾ ਰਾਹ ਮਜਬੂਰੀਆਂ ਰੋਕੀ ਖੜ੍ਹੀਆਂ ਹਨ। ਇਸ ਦੀ ਕੈਪਸ਼ਨ ਵਿਚ ਲਿਖਿਆ ਹੈ : 'ਕੂੜੇ ਦੇ ਢੇਰਾਂ 'ਚੋਂ ਲੋਕੀਂ, ਕਿਸਮਤ ਫਰੋਲਦੇ। ਡਿਜੀਟਲ ਹੈ ਇੰਡੀਆ ਬਣ ਰਿਹਾ, ਨੇਤਾ ਨੇ ਬੋਲਦੇ।' ਇਸੇ ਤਰ੍ਹਾਂ 85 ਪੰਨੇ 'ਤੇ ਇਕ ਨਿਹੰਗ ਸਿੰਘ ਸਾਈਕਲ 'ਤੇ ਜਾ ਰਿਹਾ ਹੈ। ਖੂਬਸੂਰਤ ਬਾਣੇ ਵਿਚ ਸਜਿਆ ਇਹ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਪ੍ਰਤਾਪ ਸਿੰਘ ਹੀਰਾ ਨੇ ਇਸ ਫੋਟੋ ਦੀ ਕੈਪਸ਼ਨ ਥੱਲੇ ਲਿਖਿਆ ਹੈ : 'ਮੰਗਿਆ ਹੈ ਸਦਾ, ਸਰਬੱਤ ਦਾ ਭਲਾ। ਹਰ ਹਾਲ ਵਿਚ ਰੱਖੀ, ਅਸੀਂ ਚੜ੍ਹਦੀ ਕਲਾ।'
ਪੁਸਤਕ ਵਿਚਲੀ ਹਰ ਫੋਟੋ ਬਾਕਮਾਲ ਹੈ। ਪੁਸਤਕ ਦੀ ਭੂਮਿਕਾ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੀ ਗਈ ਹੈ, ਜਿਨ੍ਹਾਂ ਨੇ ਪ੍ਰਤਾਪ ਸਿੰਘ ਹੀਰਾ ਨੂੰ ਅਸ਼ੀਰਵਾਦ ਦਿੰਦਿਆਂ ਉਸ ਦੀ ਕਲਾ ਦੀ ਸ਼ਲਾਘਾ ਕੀਤੀ ਹੈ। ਗੁਰਚਰਨ ਸਿੰਘ ਨੂਰਪੁਰ ਨੇ ਵੀ ਤਸਵੀਰਾਂ ਰਾਹੀਂ ਗੱਲਾਂ ਕਰਦੀ ਕਲਾ ਬਾਰੇ ਖੂਬਸੂਰਤ ਸ਼ਬਦ ਲਿਖੇ ਹਨ। ਪ੍ਰਤਾਪ ਸਿੰਘ ਹੀਰਾ ਨੇ ਮੁਢਲੇ ਸ਼ਬਦਾਂ ਵਿਚ ਦੱਸਿਆ ਹੈ ਕਿ ਰੋਜ਼ੀ-ਰੋਟੀ ਦੇ ਜੁਗਾੜ ਲਈ ਉਸ ਨੇ ਦਰਜੀ ਦਾ ਕੰਮ ਵੀ ਸਿੱਖਿਆ ਪਰ ਗੁਆਂਢੀ ਫੋਟੋਗ੍ਰਾਫਰ ਨੂੰ ਦੇਖ ਕੇ ਉਸ ਅੰਦਰ ਤਸਵੀਰਾਂ ਨਾਲ ਲਗਾਅ ਪੈਦਾ ਹੋ ਗਿਆ ਅਤੇ ਉਹ ਫੋਟੋਗ੍ਰਾਫਰ ਬਣ ਗਿਆ। ਇਹ ਪੁਸਤਕ ਫੋਟੋਗ੍ਰਾਫੀ ਦੇ ਚਾਹਵਾਨ ਨੌਜਵਾਨਾਂ ਖਾਸ ਕਰਕੇ ਪੱਤਰਕਾਰੀ ਦੇ ਖੇਤਰ ਵਿਚ ਆਉਣ ਵਾਲਿਆਂ ਲਈ, ਮਾਰਗ-ਦਰਸ਼ਨ ਕਰਨ ਵਾਲੀ ਹੈ।

-ਹਰਜਿੰਦਰ ਸਿੰਘ
ਮੋ: 98726-60161


ਰੁੱਖ ਤੇ ਪੰਛੀ
ਲੇਖਿਕਾ : ਸੁਰਿੰਦਰ ਗੀਤ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 101
ਸੰਪਰਕ : 0172-5027427.

ਪਰਵਾਸੀ ਸ਼ਾਇਰਾ ਸੁਰਿੰਦਰ 'ਗੀਤ' ਦੇ ਇਸ ਕਾਵਿ-ਸੰਗ੍ਰਹਿ ਵਿਚ 66 ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਕਵਿਤਾਵਾਂ ਦੇ ਕੇਂਦਰੀ ਥੀਮ ਵਜੋਂ ਇਨ੍ਹਾਂ ਸਤਰਾਂ 'ਤੇ ਗ਼ੌਰ ਫ਼ਰਮਾਉਣਾ ਅਤਿਅੰਤ ਜ਼ਰੂਰੀ ਹੈ :
ਜੇ ਤੂੰ ਲੋਕ ਦਿਲਾਂ ਵਿਚ ਵਸਣਾ
ਗੀਤ ਗ਼ਜ਼ਲ ਕਵਿਤਾਵਾਂ ਬਣ ਜਾ
ਧੁੱਪ ਵਿਚ ਸੜਦੇ ਲੋਕਾਂ ਖਾਤਿਰ
ਰੁੱਖ ਤੂੰ ਇਕ ਘਣਛਾਵਾਂ ਬਣ ਜਾ।
'ਕਵੀ', 'ਕਵਿਤਾ ਉਦਾਸ ਹੈ', 'ਇਨਕਲਾਬ ਵਾਸਤੇ' ਅਤੇ 'ਗੁਸਤਾਖ਼ ਹਵਾ' ਕਵਿਤਾਵਾਂ 'ਚ ਸ਼ਾਇਰਾਂ/ਕਵੀਆਂ/ਲੇਖਕਾਂ ਦੇ ਅਸਲ ਕਿਰਦਾਰ ਨਿਭਾਉਣ ਵਾਲੇ ਨੁਕਤਿਆਂ ਨੂੰ ਉਭਾਰਿਆ ਗਿਆ ਹੈ। ਜਿਹੜਾ ਕਵੀ/ਲੇਖਕ ਸਾਮਿਅਕ ਵਿਸ਼ਿਆਂ 'ਤੇ ਉਂਗਲ ਨਹੀਂ ਧਰਦਾ, ਲੋਕਾਈ ਦੇ ਦੁੱਖਾਂ-ਸੁੱਖਾਂ ਦਾ ਭਾਈਵਾਲ ਨਹੀਂ ਬਣਦਾ, ਵਕਤ ਦੇ ਹਾਕਮਾਂ ਵਲੋਂ ਕੀਤੇ ਧੱਕਿਆਂ ਦੀ ਗੱਲ ਨਹੀਂ ਕਰਦਾ, ਉਹ ਕਵੀ ਹੋ ਹੀ ਨਹੀਂ ਸਕਦਾ :
ਤੂੰ ਕਵੀ ਨਹੀਂ/ਤੂੰ
ਮੌਕਾਪ੍ਰਸਤ ਜਾਂ ਝੋਲੀ ਚੁੱਕ ਤਾਂ ਹੋ ਸਕਦਾ ਹੈ
ਪਰ ਕਵੀ ਨਹੀਂ
'ਹੋਂਦ' ਕਵਿਤਾ 'ਚ ਇਸਤਰੀ-ਪੁਰਖ ਇਕ ਦੂਜੇ ਦੇ ਪੂਰਕ ਦਰਸਾਏ ਗਏ ਹਨ। 'ਧਰਮੀ' ਕਵਿਤਾ 'ਚ ਧਰਮ ਇਨਸਾਨੀਅਤ ਦਾ ਸਬਕ ਚੇਤੇ ਕਰਾਉਂਦਾ ਹੈ। ਅਨੇਕਤਾ 'ਚ ਏਕਤਾ ਦਾ ਸੰਦੇਸ਼ ਦਿੰਦਾ ਹੈ। ਸਮੁੱਚੇ ਤੌਰ 'ਤੇ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ-ਗ਼ਜ਼ਲਾਂ ਵਿਚ ਸਮਾਜਿਕ, ਆਰਥਿਕ, ਸੱਭਿਆਚਾਰਕ, ਕਾਣੀ-ਵੰਡ ਨਾਲ ਸਬੰਧਿਤ ਵਿਸ਼ੇ ਗ਼ਰੀਬੀ, ਭੁੱਖਮਰੀ, ਊਚ-ਨੀਚ, ਔਰਤ ਦੀ ਨਾਬਰਾਬਰੀ, ਸ਼ੋਸ਼ਣ, ਭ੍ਰਿਸ਼ਟਾਚਾਰ ਲੁੱਟ-ਖਸੁੱਟ, ਮੰਡੀਆਂ 'ਚ ਰੁਲਦੀਆਂ ਫ਼ਸਲਾਂ, ਕਿਸਾਨਾਂ-ਮਜ਼ਦੂਰਾਂ ਦੀ ਲੁੱਟ, ਕਿਸਾਨ ਖ਼ੁਦਕੁਸ਼ੀਆਂ, ਨਸ਼ਾਖੋਰੀ, ਜਵਾਨੀ ਦੇ ਭਟਕਣ ਦੀ ਗਾਥਾ, ਪਰਦੇਸਾਂ ਵਿਚ ਚੰਗੇਰੇ ਭਵਿੱਖ ਦੀ ਕਾਮਨਾ ਪ੍ਰੰਤੂ ਸਭ ਕੁਝ ਗੁਆਉਣ ਦਾ ਅਹਿਸਾਸ ਪਰਾਏ ਮੁਲਕਾਂ 'ਚ ਵਸ ਕੇ ਵੀ ਵਤਨ ਦੀ ਮਿੱਟੀ ਦੀ ਤਾਂਘ, ਝੂਰਨਾ ਤੇ ਰੋਣਾ ਆਦਿ ਵਿਸ਼ਿਆਂ 'ਤੇ ਚਰਚਾ ਕੀਤੀ ਗਈ ਹੈ। 'ਰੁੱਖ ਅਤੇ ਪੰਛੀ', 'ਦੋ ਹਵੇਲੀਆਂ', 'ਸਾਡੀਆਂ ਰੁੱਤਾਂ', 'ਮਦਾਰੀ', ਅਤੇ 'ਆਸ' ਇਨ੍ਹਾਂ ਵਿਸ਼ਿਆਂ ਨੂੰ ਪ੍ਰਗਟਾਉਂਦੀਆਂ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੀ ਭਾਸ਼ਾ ਵਿਸ਼ਿਆਂ ਦੇ ਅਨੁਕੂਲ ਹੀ ਉੱਚੀ ਸੁਰ 'ਚ ਸੰਬੋਧਨੀ ਸ਼ੈਲੀ 'ਚ ਲਿਖੀ ਗਈ ਹੈ। ਸ਼ਾਇਰ ਜਿਊਂਦਾ-ਜਾਗਦਾ ਮਨੁੱਖ ਹੀ ਹੋ ਸਕਦਾ ਹੈ ਅਤੇ ਇਸੇ ਲਈ ਸਾਹਿਤਕਾਰਾਂ ਨੂੰ ਜਾਗਦੇ ਰਹਿਣ ਦੀ ਨਸੀਹਤ ਕੀਤੀ ਗਈ ਹੈ। 'ਖ਼ਿਆਲ' ਕਵਿਤਾ 'ਚ ਕੁਦਰਤੀ ਵਸੀਲਿਆਂ 'ਤੇ ਸਰਮਾਏਦਾਰਾਂ ਦਾ ਜੇਕਰ ਮੁਕੰਮਲ ਕਬਜ਼ਾ ਹੋ ਗਿਆ ਤਾਂ ਫਿਰ ਸਾਹਾਂ ਜੋਗੀ ਹਵਾ ਵੀ ਮੁੱਲ ਖਰੀਦਣੀ ਪਵੇਗੀ ਦੇ ਭਾਵਾਂ ਦਾ ਇਜ਼ਹਾਰ ਕੀਤਾ ਗਿਆ। 'ਵਿਅੰਗ' ਜਾਂ ਕਟਾਖਸ਼, ਇਨ੍ਹਾਂ ਕਵਿਤਾਵਾਂ ਦਾ ਮੀਰੀ ਗੁਣ ਹੈ। ਪ੍ਰਤੀਰੋਧੀ ਸੁਰ ਦੀਆਂ ਕਵਿਤਾਵਾਂ/ਗ਼ਜ਼ਲਾਂ ਪਾਠਕਾਂ ਅੰਦਰ ਕੁਝ ਕਰ-ਗੁਜ਼ਰਨ ਦੇ ਭਾਵਾਂ ਨੂੰ ਉਜਾਗਰ ਕਰਦੀਆਂ ਹਨ। ਕਾਵਿ-ਸੰਗ੍ਰਹਿ ਪੜ੍ਹਨਯੋਗ ਹੈ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਅਮਰਜੀਤ ਕੌਂਕੇ ਦੀ ਕਵਿਤਾ

ਸਵੈ-ਚਿੰਤਨ ਤੋਂ ਯੁੱਗ-ਚੇਤਨਾ ਤੱਕ
ਸੰਪਾਦਕ : ਡਾ: ਸੰਦੀਪ ਕੌਰ, ਰਮਨਦੀਪ ਕੌਰ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 98882-92825.

ਇਹ ਪੁਸਤਕ ਅਮਰਜੀਤ ਕੌਂਕੇ ਦੀਆਂ ਕਿਰਤਾਂ 'ਤੇ ਕੀਤਾ ਗਿਆ ਆਲੋਚਨਾਤਮਕ ਕਾਰਜ ਹੈ। ਇਸ ਪੁਸਤਕ ਵਿਚ ਵੱਖ-ਵੱਖ ਦ੍ਰਿਸਟੀਕੋਣਾਂ ਤੋਂ 13 ਖੋਜ ਪੱਤਰ ਕੁਝ ਵਿਦਵਾਨਾਂ ਤੇ ਖੋਜਾਰਥੀਆਂ ਵਲੋਂ ਲਿਖੇ ਗਏ ਹਨ। ਡਾ: ਸੰਦੀਪ ਕੌਰ ਕੌਂਕੇ ਰਚਿਤ ਪੁਸਤਕ 'ਪਿਆਸ' ਦੇ ਸੰਦਰਭ 'ਚ ਭਾਸ਼ਾਈ ਪੈਰਾਡਾਇਮ ਦੀ ਪਰਖ ਕਰਦੀ ਹੈ। ਡਾ: ਅਵਤਾਰ ਸਿੰਘ ਕੌਂਕੇ ਦੀ ਪੁਸਤਕ 'ਨਿਰਵਾਣ ਦੀ ਤਲਾਸ਼ ਵਿਚ ਬੇਗਾਨਗੀ' ਬਾਰੇ ਆਧੁਨਿਕ ਮਨੁੱਖ ਦੀ ਹੋਂਦ ਬਾਰੇ ਜ਼ਿਕਰ ਕਰਦਾ ਹੈ। ਗੁਰਵਿੰਦਰ ਕੌਰ ਨੇ 'ਪਿਆਸ' ਕਾਵਿ ਸੰਗ੍ਰਹਿ ਦੀ ਕਾਵਿ-ਭਾਸ਼ਾ ਉੱਪਰ ਆਪਣੇ ਭਾਵ ਵਿਅਕਤ ਕੀਤੇ ਹਨ। ਹਰਪ੍ਰੀਤ ਕੌਰ ਸੋਖੀ ਨੇ ਵੀ 'ਪਿਆਸ' ਕਾਵਿ ਸੰਗ੍ਰਹਿ ਤਹਿਤ ਕਾਵਿ ਸਰੋਕਾਰਾਂ ਦਾ ਨਿੱਜੀ ਮਸਲਿਆਂ ਤੋਂ ਲੈ ਕੇ ਸਮਾਜਿਕ, ਆਰਥਿਕ ਤੇ ਰਾਜਸੀ ਮਸਲਿਆਂ ਬਾਰੇ ਅਰਥਪੂਰਨ ਟਿੱਪਣੀਆਂ ਕੀਤੀਆਂ ਹਨ। ਡਾ: ਅਕਵਿੰਦਰ ਕੌਰ ਨੇ ਮਾਨਵੀ ਰਿਸ਼ਤਿਆਂ ਦੇ ਵਿਵੇਚਨ ਦੇ ਪੱਖ ਤੋਂ ਪ੍ਰੋ: ਸਿਮਰਨਜੀਤ ਸਿੰਘ ਕੌਂਕੇ ਕਾਵਿ ਨੂੰ ਦਰਿਆਵਾਂ ਦੀ ਰਵਾਨਗੀ ਵਾਂਗ ਨਿਰੰਤਰ ਵਗਣ ਵਾਲਾ ਦੱਸਿਆ ਹੈ। ਡਾ: ਸੋਨਿਕਾ ਗਿੱਲ ਕੌਂਕੇ ਕਾਵਿ ਦਾ ਲੋਕਧਾਰਾਈ ਪੱਖ ਤੋਂ ਅਧਿਐਨ ਕਰਦੀ ਹੈ।
ਡਾ: ਹਰਜੀਤ ਕੌਰ ਵਿਰਕ ਕੌਂਕੇ ਕਾਵਿ ਨੂੰ ਵੱਖੋ-ਵੱਖਰੀਆਂ ਧੁਨੀਆਂ ਰਾਹੀਂ ਪ੍ਰਗਟਾਉਣ ਵਾਲਾ ਸ਼ਾਇਰ ਮੰਨਦੀ ਹੈ। ਡਾ: ਗੁਰਪ੍ਰੀਤ ਕੌਰ ਇਸ ਸ਼ਾਇਰ ਨੂੰ ਪਿਆਰ ਸਬੰਧਾਂ ਬਾਰੇ ਲਿਖਣ ਵਾਲਾ ਕਵੀ ਮੰਨਦੀ ਹੈ। ਹਰਪ੍ਰੀਤ ਸਿੰਘ ਕੌਂਕੇ ਨੂੰ ਸੇਵਦਨਸ਼ੀਲ ਤੇ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਕਵੀ ਗਰਦਾਨਦਾ ਹੈ। ਪ੍ਰੋ: ਪੂਨਮ ਸ਼ਰਮਾ ਕੌਂਕੇ ਦੁਆਰਾ ਆਪਣੀ ਰਚਨਾ 'ਚ ਵਰਤੀਆਂ ਜਾਂਦੀਆਂ ਵੱਖ-ਵੱਖ ਜੁਗਤਾਂ ਦਾ ਜ਼ਿਕਰ ਕਰਦੀ ਹੈ। ਸੀਮਾ ਸ਼ਰਮਾ ਕੌਂਕੇ ਨੂੰ ਨਿੱਕੀ ਕਵਿਤਾ ਦਾ ਵੱਡਾ ਕਵੀ ਹੋਣ ਦਾ ਦਰਜਾ ਦਿੰਦੀ ਹੈ। ਰਮਨਦੀਪ ਕੌਰ 'ਪਿਆਸ' ਕਾਵਿ ਸੰਗ੍ਰਹਿ ਨੂੰ ਨਾਰੀ ਸੰਵੇਦਨਾ ਦੇ ਜਾਵੀਏ ਤੋਂ ਪਰਖਦੀ ਹੈ। ਸਾਰੇ ਵਿਦਵਾਨਾਂ ਨੇ ਅਮਰਜੀਤ ਕੌਂਕੇ ਦੇ ਕਾਵਿ-ਜਗਤ ਦੇ ਭਿੰਨ-ਭਿੰਨ ਪਾਸਾਰਾਂ ਨੂੰ ਬੜੀ ਮਿਹਨਤ ਨਾਲ ਚਿਤਰਿਆ ਹੈ। ਸਾਰੇ ਵਿਦਵਾਨ ਵਧਾਈ ਦੇ ਹੱਕਦਾਰ ਹਨ।

-ਪ੍ਰੋ: ਸਤਪਾਲ ਸਿੰਘ
ਮੋ: 98725-21515.


ਮੇਰੇ ਸੁਪਨਿਆਂ ਦੀ ਦੁਨੀਆ
ਲੇਖਕ : ਪ੍ਰੋ: ਹਰਬੰਸ ਸਿੰਘ
ਪ੍ਰਕਾਸ਼ਕ : ਗੁਰੂ ਨਾਨਕ ਪ੍ਰਕਾਸ਼ਨ, ਜੰਮੂ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 094191-42707.

ਜਿਵੇਂ ਕਿ ਪੁਸਤਕ ਦੇ ਟਾਈਟਲ ਤੋਂ ਹੀ ਜ਼ਾਹਰ ਹੋ ਜਾਂਦਾ ਹੈ, ਇਹ ਪੁਸਤਕ ਲੇਖਕ ਦੇ ਜੀਵਨ ਦੌਰਾਨ ਸੁਪਨਿਆਂ ਵਿਚ ਵੇਖੀਆਂ ਘਟਨਾਵਾਂ ਉੱਤੇ ਆਧਾਰਿਤ ਹੈ। ਪੁਸਤਕ ਵਿਚ ਕੁੱਲ 17 ਲੇਖ ਸ਼ਾਮਿਲ ਹਨ, ਜਿਹੜੇ ਅੱਡ-ਅੱਡ ਸਥਾਨਾਂ ਉੱਤੇ ਵਾਪਰੀਆਂ ਘਟਨਾਵਾਂ 'ਤੇ ਆਧਾਰਿਤ ਹਨ। ਇਹ, ਇਨ੍ਹਾਂ ਸਥਾਨਾਂ 'ਤੇ ਵਾਪਰੀਆਂ ਘਟਨਾਵਾਂ ਦਾ ਸੁਪਨਮਈ ਚਿੱਤਰਨ/ਬਿਰਤਾਂਤ ਹਨ। ਲੇਖਕ ਅਨੁਸਾਰ ਇਹ ਸੁਪਨੇ, ਜੀਵਨ ਪੰਧ ਦੌਰਾਨ ਜੀਵਨ ਦੀ ਬੇੜੀ ਨੂੰ ਪਾਰ ਲਾਉਣ ਲਈ ਉਸ ਸੂਰਤ ਸਹਾਈ ਹੁੰਦੇ ਹਨ ਬਸ਼ਰਤੇ ਕਿ ਉਹ ਮਨੁੱਖ ਦੀ ਪਕੜ ਵਿਚ ਆ ਜਾਣ। ਜਾਗ੍ਰਿਤ ਜਾਂ ਅਜਾਗ੍ਰਿਤ ਅਵਸਥਾ ਵਿਚ ਵੇਖੇ ਸੁਪਨੇ, ਮਨੁੱਖ ਨੂੰ ਆਤਮਿਕ ਮੰਡਲ ਦੇ ਉਚੇਰੇ ਪੜਾਅ ਉੱਤੇ ਲੈ ਜਾਂਦੇ ਹਨ। ਪੁਸਤਕ ਦਾ ਪ੍ਰਥਮ ਲੇਖ ਹੈ-'ਤੂੰ ਮੇਰਾ ਰਾਖਾ ਸਭਨੀ ਥਾਂਈਂ।' ਇਹ 1989 ਵਿਚ ਕਾਲਜ ਦੌਰਾਨ ਵਾਪਰੀ ਘਟਨਾ ਦਾ ਬਿਰਤਾਂਤ ਹੈ। ਪਰਮੇਸ਼ਰ ਸੁਪਨੇ ਵਿਚ ਸ਼ਰਧਾਵਾਨ ਦੇ ਸੰਕਟ ਕੱਟ ਦਿੰਦਾ ਹੈ। 'ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ।' 'ਗੁਰੂ ਅਮਰਦਾਸ ਦੇ ਦਰਸ਼ਨਾਂ ਦੀ ਤਾਂਘ', 'ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦਾ ਆਸ਼ੀਰਵਾਦ', 'ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ', 'ਤਖ਼ਤ ਸ੍ਰੀ ਕੇਸਗੜ੍ਹ ਸਾਹਿਬ', 'ਤੀਰਘਾਟ ਰਾਹੀਂ', 'ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ', 'ਫਰਿਸ਼ਤੇ ਨਾਲ ਬ੍ਰਾਹਮੰਡਾਂ ਦੀ ਸੈਰ', 'ਮਹਾਰਾਜਾ ਰਣਜੀਤ ਸਿੰਘ ਵਲੋਂ ਨਸੀਹਤ', 'ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਇਕ ਮੁਲਾਕਾਤ ਆਦਿ ਇਸ ਪੁਸਤਕ ਦੇ ਹੋਰ ਰੌਚਕ ਲੇਖ ਹਨ।
'ਉੱਪਰ ਹੋਰ ਉੱਪਰ' ਇਸ ਪੁਸਤਕ ਦਾ ਬਹੁਤ ਅਹਿਮ ਬਿਰਤਾਂਤੀ ਲੇਖ ਹੈ ਜਿਸ ਅਨੁਸਾਰ ਲੇਖਕ ਨੂੰ ਬ੍ਰਹਿਮੰਡੀ ਅਵਸਥਾ ਵਿਚ ਪੁੱਜ ਕੇ, ਪਾਰਬ੍ਰਹਮ ਦੀ ਬੇਅੰਤਤਾ ਦੀ ਸੂਝ ਮਿਲੀ। 'ਉਸੇ ਸਮੇਂ ਇਕ ਗ਼ੈਬੀ ਆਵਾਜ਼ ਦਾਸ ਦੇ ਕੰਨਾਂ ਵਿਚ ਪੈਂਦੀ ਹੈ-'ਇਸ ਖੁੱਲ੍ਹੀ ਹੋਈ ਪੁਸਤਕ ਦੇ ਸੱਜੇ ਪਾਸੇ ਵੇਖੋ...।' ਦਾਸ ਕਾਹਲੀ ਨਾਲ ਸੱਜੇ ਪਾਸੇ ਵੇਖਦਾ ਹੈ ਕਿ ਸੱਜੇਪਾਸੇ ਤੋਂ ਖੱਬੇ ਪਾਸੇ ਵੱਲ ਬੂਟੇ ਦੀ ਤਰ੍ਹਾਂ ਰੌਸ਼ਨੀ ਵਾਲੀ ਇਕ ਲਹਿਰ (ਲਕੀਰ), ਚਮਕਦੀ ਹੋਈ, ਸੱਜਿਓਂ ਖੱਬੇ ਜਾ ਰਹੀ ਸੀ।' ਇੰਜ ਲੇਖਕ ਦੀ ਇਹ ਪੰਜਵੀਂ ਪੁਸਤਕ ਇਕ ਅਸਲੋਂ ਨਵੇਂ ਵਿਸ਼ੇ ਨੂੰ ਛੋਂਹਦੀ, ਹੈਰਾਨਕੁੰਨ ਪਰਤਾਂ ਖੋਲ੍ਹਦੀ ਹੈ। ਲੇਖਕ ਦਾ ਬਿਆਨੀਆ ਢੰਗ, ਬੜਾ ਸਰਲ, ਬੋਲੀ ਠੇਠ, ਮਨੁੱਖ ਦੀ ਪ੍ਰਭੂ ਦੀ ਲੀਲਾ ਦੀ ਅਨੰਤਤਾ ਵਿਚ ਭਰੋਸੇ ਨੂੰ ਹੋਰ ਪਕੇਰਾ ਕਰਨ ਦੇ ਸਮਰੱਥ ਹੈ।

-ਤੀਰਥ ਸਿੰਘ ਢਿੱਲੋਂ
ਮੋ: 83609-13318

 

 

 

ਔਰਤ ਦੀ ਕੀਰਤੀ
ਕਵਿੱਤਰੀ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 30 ਰੁਪਏ, ਸਫੇ : 80.

ਕਵਿੱਤਰੀ ਅਮਰ ਕੌਰ ਬੇਦੀ ਨੇ ਕਰੀਬ ਆਪਣੇ ਸੱਤ ਕੁ ਦਹਾਕਿਆਂ ਦੇ ਜੀਵਨ ਸਫਰ ਦੇ ਤਜਰਬੇ ਨੂੰ ਕਾਵਿ ਰੰਗ 'ਚ ਰੰਗ ਕੇ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ। ਇਸ ਕਾਵਿ ਕਿਆਰੀ 'ਚ ਵਿਚ ਵੱਖ-ਵੱਖ ਵਿਸ਼ਿਆਂ ਨੂੰ ਉਜਾਗਰ ਕਰਦੇ ਹੋਏ ਸੰਤਾਲੀ ਕੁ ਫੁੱਲ ਆਪਣੀ ਕਾਵਿ ਖੁਸ਼ਬੂ ਬਿਖੇਰ ਰਹੇ ਹਨ।
ਜਗ ਜਨਨੀ ਔਰਤ ਦੀ ਹੋਣੀ, ਇਸ ਹੋਣੀ ਲਈ ਜ਼ਿਆਦਾ ਜ਼ਿੰਮੇਵਾਰ ਖ਼ੁਦ ਔਰਤ, ਔਰਤ ਦੀ ਦੁਸ਼ਮਣ ਔਰਤ, ਹੱਕ ਹਕੂਕ ਲਈ ਬਣੇ ਕਾਨੂੰਨਾਂ ਦੀ ਚੁੱਪੀ ਜਾਂ ਫਿਰ ਕਾਨੂੰਨਾਂ ਦੀ ਆੜ ਵਿਚ ਮਰਦ ਹੱਕਾਂ ਦੀ ਹੱਕਰਸੀ/ਸ਼ੋਸ਼ਣ ਦਾ ਵਰਤ ਰਿਹਾ ਵਰਤਾਰਾ, ਊਰਜਾ ਸਾਧਨਾਂ ਦੀ ਦੁਰਵਰਤੋਂ, ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਵਿਚ ਮਨੁੱਖ ਦੀ ਵੱਡੀ ਹਿੱਸੇਦਾਰੀ, ਵਿਗੜ ਰਿਹਾ ਕੁਦਰਤੀ ਸੰਤੁਲਨ, ਮਾਰ-ਧਾੜ, ਮਾਂ ਬੋਲੀ ਦਾ ਨਿਰਾਦਰ ਆਦਿ ਭਾਵਪੂਰਤ ਵਿਸ਼ਿਆਂ ਨੂੰ ਸਿੱਧੀ ਸਾਦੀ ਸ਼ਬਦਵਾਲੀ ਰਾਹੀਂ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ।
ਇਸ ਤੋਂ ਇਲਾਵਾ ਇਸ ਪੁਸਤਕ ਵਿਚ ਲਾਲਚ ਵੱਸ ਆਪਣੇ ਹੀ ਵਿਛਾਏ ਜਾਲ ਵਿਚ ਫਸੇ ਮਨੁੱਖ ਨੂੰ ਬਾਹਰ ਨਿਕਲਣ ਲਈ ਸੁਝਾਵਾਂ ਦਾ ਕਾਵਿ ਰੂਪ ਵੀ ਪੜ੍ਹਨ ਨੂੰ ਮਿਲਦਾ ਹੈ। ਸਾਦਾ ਖਾਣਾ, ਸਾਦਾ ਪਹਿਨਣਾ, ਕਿਰਤ ਨੂੰ ਕਰਮ ਧਰਮ ਬਣਾਉਣਾ, ਪਰਾਈ ਚੀਜ਼ ਹੜੱਪਣ ਤੋਂ ਗੁਰੇਜ਼, ਵਿਖਾਵੇ ਦੇ ਕਰਮ ਕਾਂਡਾਂ ਨਾਲੋਂ ਅਮਲ ਰਾਹੀਂ ਧਰਮ ਅਪਣਾਉਣਾ, ਗੁਰਬਾਣੀ ਅਮਲੀ/ਅਭਿਆਸੀ ਤੌਰ 'ਤੇ ਕਾਰ-ਵਿਵਹਾਰ ਵਿਚ ਸ਼ਾਮਿਲ ਕਰਨ ਦੀ ਮਹੱਤਤਾ ਅਤੇ ਮਹਾਂ ਪੁਰਖਾਂ ਦੀ ਹਕੀਕੀ ਕਿਰਤ ਕਮਾਈਆਂ ਆਦਿ ਦੇ ਸੁਨਹਿਰੀ ਅਸੂਲਾਂ ਨੂੰ ਇਸ ਕਵਿੱਤਰੀ ਨੇ ਆਪਣੀ ਇਸ ਕਾਵਿ ਲੜੀ ਦਾ ਸ਼ਿੰਗਾਰ ਬਣਾਇਆ ਹੈ। ਪਰ ਮਨੁੱਖ ਵਲੋਂ ਉਕਤ ਸੁਨਹਿਰੀ ਅਸੂਲਾਂ ਨੂੰ ਦਿੱਤੀ ਜਾ ਰਹੀ ਤਿਲਾਂਜਲੀ ਬਾਰੇ ਕਵਿੱਤਰੀ ਦਾ ਕਾਵਿ ਰੂਪ ਵਿਚਾਰ ਇਸ ਤਰ੍ਹਾਂ ਹੈ।
'ਕਿਰਤ ਕਰਦਿਆਂ ਵੰਡ ਛੱਕੋ, ਬਾਬੇ ਨਾਨਕ ਸੀ ਫਰਮਾਇਆ,
ਅੱਜ ਮਨਮੁਖਾਂ ਨਾਲ ਦੋਸਤੀ, ਗੁਰੂਆਂ ਦਾ ਉਪਦੇਸ਼ ਭੁਲਾਇਆ।'


ਉੱਘੜ ਦੁੱਘੜ ਲਕੀਰਾਂ
ਕਵੀ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਟੀ.ਡੀ. ਸੰਨਜ਼, ਅੰਮ੍ਰਿਤਸਰ
ਮੁੱਲ : 75 ਰੁਪਏ, ਸਫ਼ੇ : 132
ਸੰਪਰਕ: 9815264132.

ਉੱਘੜ-ਦੁੱਗੜ ਲਕੀਰਾਂ ਦੀ ਮਹੱਤਤਾ ਸਿੱਧੀਆਂ ਤੇ ਸਰਲ ਲਕੀਰਾਂ ਨਾਲੋਂ ਕਈਆਂ ਗੁਣਾ ਵੱਧ ਹੁੰਦੀ ਹੈ। ਸਿੱਧੀਆਂ ਤੇ ਸਰਲ ਲਕੀਰਾਂ ਦਾ ਸਿੱਧੜ ਜਿਹਾ ਹੀ ਨਿਸ਼ਾਨਾ ਹੁੰਦਾ ਜਦ ਕਿ ਉੱਘੜ-ਦੁੱਘੜ ਲਕੀਰਾਂ ਵਿਚ ਬੜਾ ਕੁਝ ਛਿਪਿਆ ਹੁੰਦਾ ਤੇ ਕੁਝ ਨਵਾਂ ਲੱਭਣ/ਖੋਜਣ ਲਈ ਧਿਆਨ ਕੇਂਦਰਿਤ ਕਰਨ 'ਤੇ ਮਿਹਨਤ ਦੀ ਵਧੇਰੇ ਲੋੜ ਹੁੰਦੀ ਹੈ। 'ਉੱਘੜ-ਦੁੱਘੜ ਲਕੀਰਾਂ' ਨਾਂਅ ਦੀ ਇਸ ਕਾਵਿ-ਪੁਸਤਕ ਵਿਚ ਲਘੂ ਕਾਵਿ-ਵਿਅੰਗਾਂ ਰਾਹੀਂ ਪ੍ਰੋੜ੍ਹ ਸਾਹਿਤਕਾਰ ਰਘਬੀਰ ਸਿੰਘ ਸੋਹਲ ਨੇ ਸਮਾਜ ਦੇ ਚੰਗੇ ਪੱਖਾਂ ਨੂੰ ਬੜੀ ਸ਼ਿੱਦਤ ਨਾਲ ਉਘੜਿਆ ਹੈ ਤੇ ਮਾੜੇ ਪੱਖ ਨੂੰ ਆੜੇ ਹੱਥੀਂ ਲੈਂਦਿਆਂ ਕਰੀਬ ਹਰ ਬੁਰਾਈ 'ਤੇ ਉਂਗਲ ਧਰੀ ਹੈ।
ਕਾਣੀ ਵੰਡ ਕਿਰਤ ਦੀ ਲੁੱਟ-ਖਸੁੱਟ, ਆਸਥਾ ਦਾ ਸ਼ੋਸ਼ਣ, ਨਿਕੰਮਪੁਣੇ ਦੀ ਪੂਜਾ, ਪਖੰਡੀ ਸਾਧਪੁਣੇ ਦਾ ਚਲਦਾ ਜਾਦੂ, ਆਮ ਲੋਕਾਈ ਦਾ ਚੁੰਗਲ ਵਿਚ ਫਸਣਾ, ਨਸ਼ਿਆਂ ਦੇ ਸੁਦਾਗਰਾਂ ਦੀ ਪੌਂ-ਬਾਰਾਂ, ਜਵਾਨੀ ਦਾ ਮਾੜੇ ਅਨਸਰਾਂ ਦੇ ਢਾਹੇ ਚੜ੍ਹ ਕੁਰਾਹੇ ਪੈ ਜਾਣਾ, ਅਨੈਤਿਕਤਾ ਭਰੇ ਕੁੁਕਰਮਾਂ ਦੀ ਭਰਮਾਰ, ਕੁਕਰਮ ਕਰਨ ਵਾਲਿਆਂ ਦੀ ਰਾਜਸੀ ਪੁਸ਼ਤ-ਪਨਾਹੀ ਤੇ ਨੇਤਾਵਾਂ ਦਾ ਦੋਗਲਾਪਨ, ਆਦਿ ਭਖਦੇ ਮਸਲਿਆਂ ਉਤੇ ਤਿੱਖੇ ਕਟਾਖਸ ਪਾਠਕ ਦੇ ਕੁਤਕਾਰੀਆਂ ਵੀ ਕੱਢਦੇ ਹਨ ਤੇ ਜਾਗਰੂਕ ਹੋਣ ਲਈ ਹੁੱਝ ਵੀ ਮਾਰਦੇ ਹਨ।
ਸਭ ਨਸ਼ਿਆਂ ਦੇ ਸਰੂਰ ਤੋਂ ਉਤਮ ਕਿਰਤ ਦਾ ਸਰੂਰ, ਸਰਦਾਰ ਦੀ ਅਸਲ ਪਛਾਣ ਚੰਗਾ ਕਿਰਦਾਰ, ਜ਼ਾਲਮ ਦੀ ਚੜ੍ਹੀ ਭਾਜੀ ਮੋੜਨ ਦਾ ਪ੍ਰਤੀਕ : ਸ਼ਹੀਦ ਊਧਮ ਸਿੰਘ ਦੀ ਗਾਥਾ, ਬੁਰਾਈਆਂ ਰੂਪੀ ਕੂੜੇ ਨੂੰ ਹੂੰਝਣ ਲਈ ਵੰਗਾਰ ਆਦਿ ਭਾਵਪੂਰਤ ਵਿਸ਼ੇ ਕਵੀ ਦੀ ਸਮਾਜ ਪ੍ਰਤੀ ਸਕਾਰਾਤਮਿਕ ਸੋਚ ਦੀ ਹਾਮੀ ਭਰਦੇ ਹਨ।
ਵਕਤ ਬਦਲੀ ਹੋ ਜਾਣ ਕਰਨ ਸਾਡੀ ਬੋਲ-ਚਾਲ ਵਿਚੋਂ ਕਿਰ ਚੁੱਕੀ ਠੇਠ ਸ਼ਬਦਾਵਲੀ ਜਿਵੇਂ 'ਝੱਬੂ', 'ਪੜੁੱਲ', 'ਲੱਠਾ', 'ਬੋਸਕੀ', 'ਖੱਬੀ ਖਾਨ', 'ਗਦੂਦ', 'ਔੜ', 'ਤੋਕੜ', 'ਸੰਢ' ਤੇ ਖਾਖਾਂ, ਆਦਿ ਇਸ ਕਾਵਿ ਵਿਅੰਗ ਪੁਸਤਕ ਵਿਚ ਪੜ੍ਹਨ ਨੂੰ ਮਿਲਦੇ ਹਨ ਜੋ 'ਉੱਘੜ ਦੁੱਘੜ ਲਕੀਰਾਂ' ਦਾ ਵਿਸ਼ੇਸ਼ ਹਾਸਲ ਹੈ। ਇਹ ਵਿਸ਼ੇਸ਼ ਹਾਸਲ ਨਵੀਂ ਪਨੀਰੀ ਦੇ ਪਾਠਕਾਂ ਦੀ ਸ਼ਬਦਾਵਲੀ ਵਿਚ ਵਾਧਾ ਕਰਨ 'ਚ ਸਹਾਇਕ ਹੋਣਗੇ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

 

07-04-2018

 ਹਰਾਮ ਜਿਨ੍ਹਾਂ ਦੀ ਹੱਡੀਂ ਰਚਿਆ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 163
ਸੰਪਰਕ : 98146-19342.

ਇਸ ਵਾਰਤਕਨੁਮਾ ਪੁਸਤਕ ਵਿਚ ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ ਨੇ ਵੱਖੋ-ਵੱਖਰੇ 38 ਲੇਖ ਲਿਖੇ ਹਨ, ਜਿਨ੍ਹਾਂ ਵਿਚ ਯਥਾਰਥ ਨੂੰ ਬਿਆਨ ਕਰਦਿਆਂ ਹੋਇਆਂ ਆਪਣੀ ਵਿਲੱਖਣ ਸ਼ੈਲੀ ਦੁਆਰਾ ਸਮਾਜਿਕ ਵਰਤਾਰਿਆਂ ਦੀ ਛਾਣ-ਬੀਣ ਬਹੁਤ ਬੇਬਾਕੀ ਨਾਲ ਕੀਤੀ ਹੈ। ਜਿਵੇਂ 'ਅੰਗਰੇਜ਼ ਅੰਗਰੇਜ਼ ਹੀ ਸਨ' ਲੇਖ ਵਿਚ ਅੰਗਰੇਜ਼ਾਂ ਦੀ ਕਾਰਜ-ਕੁਸ਼ਲਤਾ ਦੀ ਗੱਲ ਹੈ। 'ਸੁੱਤੀਆਂ ਕਲਾਂ ਜਗਾਉਣ ਵਾਲੇ' ਲੇਖ ਫ਼ਿਰਕਾਪ੍ਰਸਤੀ ਬਾਰੇ ਹੈ। ਅਗਲੇ ਲੇਖ 'ਮਨ ਹਰਾਮੀ ਹੁੱਜਤਾਂ ਢੇਰ' ਵਿਚ ਮਨ ਨੂੰ ਸਿੱਧੇ ਪਾਸੇ ਲਗਾਉਣ ਬਾਰੇ ਦੱਸਿਆ ਗਿਆ ਹੈ। 'ਹਰਾਮ ਜਿਨ੍ਹਾਂ ਦੀ ਹੱਡੀਂ ਰਚਿਆ' ਲੇਖ ਵਿਚ ਡੈਣ ਕੁੱਛੜ ਮੁੰਡੇ ਵਾਲੀ ਕਹਾਣੀ ਹੈ ਅਤੇ ਹਰਾਮ ਦਾ ਖਾਣ ਵਾਲਿਆਂ ਨੂੰ ਵਰਜਿਆ ਗਿਆ ਹੈ। 'ਭੇਡਾਂ ਨੂੰ ਸਾਰੇ ਮੁੰਨਦੇ ਹਨ' ਵਿਚ ਭੇਡਾਂ ਨੂੰ ਕਮਜ਼ੋਰ ਦਰਸਾਇਆ ਗਿਆ ਹੈ ਅਤੇ ਭੇਡਚਾਲ ਬਾਰੇ ਵੀ ਦੱਸਿਆ ਗਿਆ ਹੈ। 'ਸੰਤਾਂ ਦੇ ਵੱਗ ਫਿਰਦੇ' ਲੇਖ ਵਿਚ ਡੇਰਿਆਂ ਦੇ ਅਖੌਤੀ ਬਾਬਿਆਂ ਦੀ ਭੰਡੀ ਕੀਤੀ ਗਈ ਹੈ। 'ਪਰਨਾਲਾ ਉੱਥੇ ਦਾ ਉੱਥੇ' ਲੇਖ ਵਿਚ ਕੁਝ ਵੀ ਨਾ ਬਦਲਣ ਬਾਰੇ ਦੱਸਿਆ ਗਿਆ ਹੈ। 'ਲੇਖਕ ਹਾਂ-ਮੰਗਤੇ ਨਹੀਂ' ਵਿਚ ਦੱਸਿਆ ਗਿਆ ਹੈ ਕਿ ਲੇਖਕ ਮੰਗਦੇ ਨਹੀਂ ਪਰ ਚੰਗੇ ਮਾੜੇ ਦੀ ਪਹਿਚਾਣ ਨਹੀਂ ਹੈ। 'ਮੋਟੀ ਜਿਨ੍ਹਾਂ ਦੀ ਮੱਤ' ਵਿਚ ਬਾਬਾਨੁਮਾ ਕਲਚਰ ਨੂੰ ਦਰਸਾਇਆ ਗਿਆ ਹੈ। 'ਕੁਰਸੀਆਂ ਲਈ ਘੜਮੱਸ' ਵਿਚ ਦੱਸਿਆ ਗਿਆ ਹੈ ਕਿ ਕੁਰਸੀ ਦੇ ਚਾਹਵਾਨ ਠਾਣੇ ਵਿਚ ਬਿਨਾਂ ਨਾਗਾ ਸਿਜਦਾ ਕਰਦੇ ਹਨ। 'ਰੱਬ ਨੇੜੇ ਕਿ ਘਸੁੰਨ', ਵਿਚ ਜੋ ਰੱਬ ਤੋਂ ਨਹੀਂ ਡਰਦੇ ਉਨ੍ਹਾਂ ਬਾਰੇ ਦੱਸਿਆ ਗਿਆ ਹੈ। 'ਵਧਾਈਆਂ ਕੇ ਜੁਦਾਈਆਂ' ਲੇਖ ਵਿਚ ਵਿਰੋਧਾਭਾਸ ਦੀ ਗੱਲ ਕੀਤੀ ਗਈ ਹੈ। ਅਗਲੇ ਲੇਖਾਂ ਵਿਚ ਮਾੜੇ ਦਿਨਾਂ ਦੀ ਆਮਦ ਅਤੇ ਖਾਸ ਕਰਕੇ ਬੇਹਿਆਈ ਦੀ ਮਿਸਾਲ ਹੈ ਕਿ ਪੰਜਾਬ ਵਿਚ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਅੰਨ੍ਹੇਵਾਹ ਦੌੜ ਰਹੇ ਹਨ ਅਤੇ ਆਪਣੇ ਦੇਸ਼ ਨੂੰ ਕਰਜ਼ਾਈ ਕਰ ਰਹੇ ਹਨ, ਜੋ ਅਜੋਕੇ ਸਮੇਂ ਦੇ ਹਾਣ ਦਾ ਲੇਖ ਹੈ। 'ਪੀੜਾਂ ਮੱਲੇ ਰਾਹ' ਲੇਖ ਵਿਚ ਧੀਆਂ, ਭੈਣਾਂ ਦੀ ਇੱਜ਼ਤ ਬਾਰੇ ਦੱਸਿਆ ਗਿਆ ਹੈ। 'ਹਰਾਮੀ ਲੋਕ' ਨਿਬੰਧ ਵਿਚ ਦੇਸ਼ ਵਿਚ ਫੈਲੇ ਹੋਏ ਭ੍ਰਿਸ਼ਟਾਚਾਰ ਬਾਰੇ ਹੈ ਜੋ ਹਰਾਮ ਦਾ ਖਾਂਦੇ ਹਨ। ਲੇਖਕ ਦੀ ਸ਼ੈਲੀ ਮੁਹਾਵਰੇਦਾਰ ਅਤੇ ਠੁਕਦਾਰ ਹੈ, ਜਿਸ ਨਾਲ ਵਾਰਤਕ ਨੂੰ ਚਾਰ-ਚੰਨ ਲੱਗਦੇ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 098553-95161


ਆਲ੍ਹਣਿਓਂ ਵਿੱਛੜਿਆ ਬੋਟ
(ਪਾਕਿਸਤਾਨੀ ਪਰਵਾਸੀ ਪੰਜਾਬੀ ਕਹਾਣੀਆਂ)
ਕਹਾਣੀਕਾਰ : ਲਾਲੀ ਚੌਧਰੀ
ਲਿਪੀਆਂਤਰ : ਪਰਮਜੀਤ ਸਿੰਘ ਮੀਸ਼ਾ
ਪ੍ਰਕਾਸ਼ਕ : ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 156
ਸੰਪਰਕ : 95019-44119.

ਡਾ: ਪਰਮਜੀਤ ਸਿੰਘ ਮੀਸ਼ਾ ਨੇ ਨਾ ਕੇਵਲ ਪੱਛਮੀ ਪੰਜਾਬ ਵਿਚ ਉਪਜੇ ਪੰਜਾਬੀ ਸਾਹਿਤ ਨੂੰ ਨਿੱਠ ਕੇ ਪੜ੍ਹਿਆ ਹੈ ਬਲਕਿ ਸ਼ਾਹਮੁਖੀ ਲਿਪੀ ਤੋਂ ਅਣਜਾਣ ਪੂਰਬੀ ਪੰਜਾਬ ਵਿਚ ਰਹਿਣ ਵਾਲੇ ਪਾਠਕਾਂ ਦੀ ਸਹੂਲਤ ਲਈ ਫ਼ਖ਼ਰ ਜ਼ਮਾਂ, ਫਰਜ਼ੰਦ ਅਲੀ ਅਤੇ ਲਾਲੀ ਚੌਧਰੀ ਵਰਗੇ ਅਦੀਬਾਂ ਦੀਆਂ ਪ੍ਰਮੁੱਖ ਰਚਨਾਵਾਂ ਦਾ ਗੁਰਮੁਖੀ ਵਿਚ ਲਿਪੀਆਂਤਰ ਵੀ ਦਿਖਾਇਆ ਹੈ। ਉਸ ਦੇ ਲਿਪੀਆਂਤਰਣ ਏਨੇ ਸਟੀਕ ਹੁੰਦੇ ਹਨ ਕਿ ਪਾਠਕ ਦੀ ਚੇਤਨਾ ਨੂੰ ਕਿਧਰੇ ਵੀ ਕੋਈ ਖੱਪਾ ਮਹਿਸੂਸ ਨਹੀਂ ਹੁੰਦਾ। ਲਾਲੀ ਚੌਧਰੀ ਦਾ ਜਨਮ ਤਾਂ ਬੇਸ਼ੱਕ ਪਾਕਿਸਤਾਨ ਵਿਚ ਹੋਇਆ ਸੀ ਪਰ ਯੂ.ਐਸ.ਏ. ਰਹਿੰਦੀ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਵਿਚ ਯੂ.ਐਸ. ਦੇ ਵੇਰਵੇ ਮਿਲ ਜਾਂਦੇ ਹਨ।
ਹਥਲੇ ਸੰਗ੍ਰਹਿ ਵਿਚ ਮੋਹਤਰਿਮਾ ਲਾਲੀ ਦੀਆਂ 10 ਕਹਾਣੀਆਂ ਸੰਗ੍ਰਹਿਤ ਹਨ। ਇਕ ਪੜ੍ਹੀ-ਲਿਖੀ ਅਤੇ ਪ੍ਰਗਤੀਸ਼ੀਲ ਔਰਤ ਹੋਣ ਦੇ ਕਾਰਨ ਉਸ ਦੀਆਂ ਕਹਾਣੀਆਂ ਵਿਚ ਨਾਰੀ ਜੀਵਨ ਉੱਪਰ ਪੈਣ ਵਾਲੇ ਦਬਾਵਾਂ ਦਾ ਵਰਨਣ ਬੜੀ ਸ਼ਿੱਦਤ ਨਾਲ ਹੋਇਆ ਹੈ। ਬੇਸ਼ੱਕ ਇਧਰਲੇ ਪੰਜਾਬ ਵਿਚ ਵੀ ਨਾਰੀ ਉੱਪਰ ਕਾਫੀ ਦਮਨ ਕੀਤਾ ਜਾ ਰਿਹਾ ਹੈ ਪਰ ਪੱਛਮੀ ਪੰਜਾਬ ਵਿਚ ਅਜਿਹੇ ਦਮਨ ਦੀ ਇੰਤਹਾ ਦੇਖੀ ਜਾ ਸਕਦੀ ਹੈ। ਪੁਰਸ਼ਾਂ ਦਾ ਪਤਨੀਆਂ ਨੂੰ ਮਾਰਨਾ-ਕੁੱਟਣਾ, ਆਪਣੀ ਪਤਨੀ ਦੇ ਹੁੰਦੇ-ਸੁੰਦਿਆਂ ਇਧਰ-ਉਧਰ ਮੂੰਹ ਮਾਰਦੇ ਫਿਰਨਾ, ਤਲਾਕ ਦੀ ਧਮਕੀ ਦੇ ਕੇ ਨਾਰੀ ਨੂੰ ਡਰਾਈ-ਧਮਕਾਈ ਰੱਖਣਾ, ਉਸ ਦੇ ਹੱਸਣ-ਬੋਲਣ ਅਤੇ ਸਜਣ-ਸੰਵਰਨ ਉੱਪਰ ਪਾਬੰਦੀ ਲਾਉਣਾ ਕੁਝ ਅਜਿਹੇ ਪੱਖ ਹਨ, ਜਿਨ੍ਹਾਂ ਕਾਰਨ ਨਾਰੀ ਨੂੰ ਆਪਣਾ ਜੀਵਨ ਬਤੀਤ ਕਰਨਾ ਦੁੱਭਰ ਹੋ ਗਿਆ ਹੈ। ਪੱਛਮੀ ਪੰਜਾਬ ਵਿਚ ਅਜੇ ਤੱਕ ਵੀ ਮੱਧ ਸ਼੍ਰੇਣੀ ਮਜ਼ਬੂਤ ਨਹੀਂ ਹੋਈ। ਉਥੇ ਦੋ ਸ਼੍ਰੇਣੀਆਂ ਹੀ ਪ੍ਰਮੁੱਖ ਹਨ : 1. ਜਾਗੀਰਦਾਰ ਸ਼੍ਰੇਣੀ ਅਤੇ ਕਾਮਾ ਸ਼੍ਰੇਣੀ। ਕਾਮਿਆਂ ਦਾ ਜੀਵਨ ਜਾਨਵਰਾਂ ਤੋਂ ਵੀ ਬਦਤਰ ਹੈ। ਜਾਗੀਰਦਾਰ ਲੋਕ ਕਾਮਿਆਂ ਦੀਆਂ ਛੋਟੀਆਂ-ਛੋਟੀਆਂ ਧੀਆਂ ਨੂੰ ਆਪਣੇ ਘਰਾਂ ਵਿਚ ਕੰਮ ਕਰਨ ਲਾ ਲੈਂਦੇ ਹਨ ਅਤੇ ਫਿਰ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਜਾਗੀਰਦਾਰ ਸ਼੍ਰੇਣੀ ਦੀਆਂ ਪੜ੍ਹੀਆਂ-ਲਿਖੀਆਂ ਅਤੇ ਕਥਿਤ ਆਧੁਨਿਕ ਔਰਤਾਂ ਵੀ ਅਜਿਹੇ ਸ਼ੋਸ਼ਣ ਵਿਚ ਪਿੱਛੇ ਨਹੀਂ ਰਹਿੰਦੀਆਂ। ਆਪਣੀ ਸੁਵਿਧਾ ਦੀ ਖਾਤਰ ਉਹ ਇਸ ਸ਼ੋਸ਼ਣ ਨੂੰ ਇਕ ਸੁਭਾਵਿਕ ਕਰਮ ਮੰਨੀ ਜਾਂਦੀਆਂ ਹਨ। ਲਾਲੀ ਚੌਧਰੀ ਬਹੁਤ ਸੂਝਵਾਨ ਅਤੇ ਚੇਤੰਨ ਔਰਤ ਹੈ। ਉਹ ਸਮਾਜ ਦੇ ਉਪਰਲੇ ਵਰਗ ਨਾਲ ਸਬੰਧਿਤ ਪਾਕਿਸਤਾਨੀ ਔਰਤਾਂ ਉੱਪਰ ਹੋਣ ਵਾਲੇ ਦ੍ਰਿਸ਼ ਅਤੇ ਅਦ੍ਰਿਸ਼ ਦੀਆਂ ਬੜੀਆਂ ਦੁਖਦਾਈ ਝਾਕੀਆਂ ਪੇਸ਼ ਕਰਦੀ ਹੈ। ਉਹ ਕਹਾਣੀ ਲਿਖਦੀ ਨਹੀਂ ਬਲਕਿ ਸੁਣਾਉਂਦੀ ਹੈ। ਕਹਾਣੀ ਕਹਿਣ ਦੇ ਰਵਾਇਤੀ ਢੰਗ ਨੂੰ ਉਸ ਨੇ ਬੜੀ ਕੁਸ਼ਲਤਾ ਨਾਲ ਵਰਤਿਆ ਹੈ। ਕਹਾਣੀ ਸੁਣਾਉਣ ਸਮੇਂ ਉਹ ਕਦੇ ਵੀ ਲਾਊਡ ਨਹੀਂ ਹੁੰਦੀ ਬਲਕਿ ਆਲੋਚਨਾਤਮਕ ਯਥਾਰਥਵਾਦੀ ਵਿਧੀ ਦੁਆਰਾ ਜਬਰ-ਜ਼ੁਲਮ ਦੀ ਦਾਸਤਾਨ ਨੂੰ ਪੇਸ਼ ਕਰੀ ਜਾਂਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਰਹਿਨੁਮਾ ਸਮਾਜ ਦੇ
ਸੰਪਾਦਕ : ਐਡਵੋਕੇਟ ਸੁਰੇਸ਼ ਭਿਓਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98146-73236.

'ਰਹਿਨੁਮਾ ਸਮਾਜ ਦੇ' ਪੁਸਤਕ ਵਿਚ ਐਡਵੋਕੇਟ ਸੁਰੇਸ਼ ਭਿਓਰਾ ਦੁਆਰਾ ਜੀਵਨ ਯਥਾਰਥ ਨਾਲ ਜੁੜੇ ਵੱਖ-ਵੱਖ ਲੇਖਕਾਂ ਦੇ 20 ਲੇਖ ਸੰਪਾਦਿਤ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚ ਜ਼ਿੰਦਗੀ ਦੇ ਉਹ ਸੱਚ ਪੇਸ਼ ਹੋਏ ਹਨ, ਜਿਨ੍ਹਾਂ ਨਾਲ ਅਜੋਕਾ ਮਨੁੱਖ ਜੂਝ ਰਿਹਾ ਹੈ। ਇਨ੍ਹਾਂ ਲੇਖਾਂ ਵਿਚ ਜਿਥੇ ਅਜੋਕੀ ਜੀਵਨ ਤੋਰ ਬਾਰੇ ਸੰਵਾਦ ਰਚਾਇਆ ਗਿਆ ਹੈ, ਉਥੇ ਅਤੀਤ ਨਾਲ ਵੀ ਸਾਂਝ ਪੁਆਉਣ ਦਾ ਸਿਰਜਣਾਤਮਕ ਉੱਦਮ, ਉਪਰਾਲਾ ਕੀਤਾ ਗਿਆ ਹੈ। ਬਹੁਤੇ ਲੇਖਾਂ ਵਿਚ ਉਨ੍ਹਾਂ ਪ੍ਰਸਥਿਤੀਆਂ ਦਾ ਹੀ ਜ਼ਿਕਰ ਹੋਇਆ ਮਿਲਦਾ ਹੈ, ਜੋ ਜ਼ਿੰਦਗੀ ਦੀ ਤੋਰ ਨੂੰ ਕਰੂਰ ਹਾਲਤਾਂ ਦੇ ਰੂਬਰੂ ਕਰ ਰਹੇ ਹਨ। ਮਿਸਾਲ ਵਜੋਂ ਕੁਦਰਤ ਨਾਲ ਆਢਾ ਲਾਉਣ ਦਾ ਹਸ਼ਰ ਮਾੜਾ ਹੈ। 'ਰੁੱਖ', 'ਜੇ ਨਹੀਂ ਪਾਣੀ ਤਾਂ ਖ਼ਤਮ ਕਹਾਣੀ', 'ਅਜੋਕੇ ਸਮਾਜ ਵਿਚ ਦਿਖਾਵਾ', 'ਰੁੱਖ ਤੇ ਮਨੁੱਖ', 'ਬੇਰੁਜ਼ਗਾਰੀ ਤੇ ਜਵਾਨੀ ਦੀ ਲੁੱਟ' ਆਦਿ ਲੇਖਾਂ ਵਿਚ ਉਸ ਫ਼ਿਕਰਮੰਦੀ ਦੇ ਅਹਿਸਾਸ ਨੂੰ ਪੇਸ਼ ਕੀਤਾ ਗਿਆ ਹੈ ਜੋ ਹਰੇਕ ਮਨੁੱਖ ਦੀ ਕਹਾਣੀ ਹੈ। ਕੁਝ ਲੇਖਾਂ ਵਿਚ ਸਾਨੂੰ ਸੁਚੱਜੀ ਜੀਵਨ-ਜਾਚ ਦੀ ਮੁਹਾਰਤ ਹਾਸਲ ਕਰਨ ਦੇ ਵਸੀਲੇ ਵੀ ਸਮਝਾਏ ਗਏ ਹਨ, ਜਿਨ੍ਹਾਂ ਦੀ ਪ੍ਰੇਰਨਾਤਮਕ ਸੂਝ ਵਿਚੋਂ ਹਾਂ-ਵਾਚੀ ਨਜ਼ਰੀਆ ਧਾਰਨ ਕਰਕੇ ਮਨੁੱਖ ਇਨਸਾਨੀ ਜ਼ਿੰਦਗੀ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਧਾਰਨ ਕਰ ਸਕਦਾ ਹੈ। 'ਵਾਹਿਗੁਰੂ ਜੀ ਦੀ ਜੋਤ ਰਚਨਾ', 'ਜੀਵਨ ਦੀਆਂ ਤਿੰਨ ਅਵਸਥਾਵਾਂ ਜਾਂ ਜੀਵਨ ਦੇ ਤਿੰਨ ਪੜਾਅ', 'ਢਿੱਡ, ਫਰਿਜ਼ ਤੇ ਸਟੋਰ', 'ਸੰਤੁਲਨ', 'ਆਪਣੇ ਕਦਮ' ਆਦਿ ਕੁਝ ਅਜਿਹੇ ਲੇਖ ਹਨ, ਜਿਹੜੇ ਮਾਨਵ ਹਿਤੈਸ਼ੀ ਨਜ਼ਰੀਏ ਤੋਂ ਪੇਸ਼ ਹੋਏ ਹਨ। ਕੁਝ ਹੋਰ ਅਜਿਹੀ ਤਾਸੀਰ ਵਾਲੇ ਲੇਖਾਂ ਵਿਚ 'ਰਿਸ਼ਤੇ ਸਫ਼ਰਾਂ ਦੇ', 'ਮਨੁੱਖੀ ਅਧਿਕਾਰ ਤੇ ਵੋਟਰ ਬਨਾਮ ਚੋਣ ਕਮਿਸ਼ਨ', 'ਵਿਸਰ ਗਿਆ ਸੰਸਾਰ' ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 'ਆਪੇ ਚੱਲੀਆਂ ਚੱਕੀਆਂ ਸੀ' ਧਾਰਮਿਕ ਆਸਥਾ ਵਾਲਾ ਲੇਖ ਹੈ। ਉਰਦੂ ਤੇ ਪੰਜਾਬੀ ਦਾ ਆਪਸੀ ਰਿਸ਼ਤਾ ਪੰਜਾਬੀ ਦੀ ਭਾਸ਼ਾਈ ਤਾਰੀਖ਼ ਨੂੰ ਪੇਸ਼ ਕਰਨ ਵਾਲਾ ਜ਼ਿਕਰਯੋਗ ਲੇਖ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੇ ਵਿਸ਼ੇ ਅੰਤਰ-ਸਬੰਧਿਤ ਹੀ ਹਨ ਕਿਉਂਕਿ ਇਨ੍ਹਾਂ ਵਿਚਲੀ ਮੂਲ ਸੁਰ ਮਨੁੱਖੀ ਚੇਤਨਾ ਅਤੇ ਸੰਵੇਦਨਾ ਨੂੰ ਜਾਗ੍ਰਿਤ ਕਰਨ ਵਾਲੀ ਹੈ। ਭਾਵੇਂ ਵਿਸਰੀਆਂ ਖੇਡਾਂ ਹੋਣ ਜਾਂ ਪ੍ਰਗਤੀਵਾਦੀ ਕਵਿਤਾ ਵਿਚ ਪੇਸ਼ ਸਮਾਜਿਕ ਵਰਗ ਵੰਡ ਦੇ ਹਵਾਲੇ ਹੋਣ, ਇਹ ਸਾਰਾ ਵਾਤਾਵਰਨ ਮਨੁੱਖੀ ਚੇਤਨਾ ਨੂੰ ਹਲੂਣ ਕੇ ਜਗਾਉਣ ਵਾਲਾ ਹੈ। ਕਈ ਲੇਖਾਂ ਵਿਚਲੀ ਬਿਰਤਾਂਤਕ ਸ਼ੈਲੀ ਵੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ
ਲੇਖਕ : ਸੁਧੀਰ ਵਿਦਿਆਰਥੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 98153-17028.

ਹਥਲੀ ਪੁਸਤਕ ਪ੍ਰਸਿੱਧ ਦੇਸ਼-ਭਗਤ ਅਤੇ ਆਜ਼ਾਦੀ ਘੁਲਾਟੀਏ ਕ੍ਰਾਂਤੀ ਬਟੁਕੇਸ਼ਵਰ ਦੱਤ ਬਾਰੇ ਉਨ੍ਹਾਂ ਦੇ ਹੀ ਇਕ ਕ੍ਰਾਂਤੀਕਾਰੀ ਮਿੱਤਰ ਸੁਧੀਰ ਵਿਦਿਆਰਥੀ ਵਲੋਂ ਲਿਖੀਆਂ ਯਾਦਾਂ ਹਨ, ਉਸ ਦੀ ਜੀਵਨੀ ਦੇ ਕੁਝ ਅੰਸ਼ ਹਨ ਜਿਨ੍ਹਾਂ ਦਾ ਅਨੁਵਾਦ ਅਗਾਂਹਵਧੂ ਲੇਖਕ ਬਲਬੀਰ ਲੌਂਗੋਵਾਲ ਵਲੋਂ ਕੀਤਾ ਗਿਆ ਹੈ। ਬਟੁਕੇਸ਼ਵਰ ਦੱਤ ਕਾਨਪੁਰ ਵਿਖੇ ਭਗਤ ਸਿੰਘ ਹੁਰਾਂ ਨੂੰ ਮਿਲੇ। ਇਸ ਮਿਲਣੀ ਤੋਂ ਬਾਅਦ ਤਾਂ ਜਿਵੇਂ ਉਨ੍ਹਾਂ ਦਾ ਸਾਥ ਪੱਕਾ ਹੀ ਹੋ ਗਿਆ ਸੀ। ਦਿੱਲੀ ਅਸੈਂਬਲੀ 'ਚ ਬੰਬ ਸੁੱਟਣ ਵੇੇਲੇ ਦੋਵੇਂ ਇਕੱਠੇ ਹੀ ਸਨ। ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਉਨ੍ਹਾਂ ਬੋਲ਼ੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਉਪਰਾਲਾ ਕੀਤਾ ਸੀ। ਉਸ ਕੇਸ ਵਿਚ ਦੱਤ ਹੁਰਾਂ ਨੂੰ ਉਮਰ ਕੈਦ ਕੱਟਣ ਲਈ ਕਾਲੇ ਪਾਣੀ ਭੇਜ ਦਿੱਤਾ ਗਿਆ ਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੱਤ ਹੁਰੀਂ ਰਿਹਾ ਹੋ ਕੇ ਪਟਨੇ ਆ ਗਏ। ਵਿਆਹ ਕਰਵਾ ਲਿਆ ਤੇ ਇਕ ਧੀ ਪੈਦਾ ਹੋਈ। ਪਰ ਬਿਮਾਰੀ ਤੇ ਗ਼ਰੀਬੀ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਆਜ਼ਾਦੀ ਤੋਂ ਬਾਅਦ ਮੁਲਕ ਵਾਸੀਆਂ ਨੂੰ ਤੇ ਪ੍ਰਸ਼ਾਸਨ ਨੂੰ ਦੇਸ਼-ਭਗਤਾਂ ਪ੍ਰਤੀ ਕੋਈ ਪਿਆਰ ਨਹੀਂ ਸੀ ਦਿਸਦਾ। ਇਕ ਕਮਿਸ਼ਨਰ ਨੇ ਤਾਂ ਦੱਤ ਹੁਰਾਂ ਨੂੰ ਪੁੱਛ ਹੀ ਲਿਆ ਸੀ 'ਕਿਹੜਾ ਬਟੁਕੇਸ਼ਵਰ ਦੱਤ? ਕੌਣ ਹੈ ਬਟੁਕੇਸ਼ਵਰ ਦੱਤ?' 'ਇਨਕਲਾਬ ਜ਼ਿੰਦਾਬਾਦ' ਦਾ ਪਹਿਲੀ ਵਾਰੀ ਨਾਅਰਾ ਲਾਉਣ ਵਾਲੇ ਦੱਤ ਦਾ ਆਜ਼ਾਦੀ ਤੋਂ ਬਾਅਦ ਜੋ ਬੁਰਾ ਹਾਲ ਹੋਇਆ, ਉਹ ਬਿਆਨ ਨਹੀਂ ਹੋ ਸਕਦਾ। ਆਪਣੀ ਕੁਰਬਾਨੀ ਦਾ ਮੁੱਲ ਵੱਟਣਾ ਉਸ ਨੂੰ ਨਾਗਵਾਰ ਨਹੀਂ ਸੀ। ਉਹ ਅਣਖੀ ਦੇਸ਼-ਭਗਤ ਸੀ। ਇਸ ਪੁਸਤਕ ਵਿਚ ਅਨੇਕਾਂ ਇਹੋ ਜਿਹੇ ਦ੍ਰਿਸ਼ਟਾਂਤ ਦਰਜ ਕੀਤੇ ਮਿਲਦੇ ਹਨ, ਜਿਨ੍ਹਾਂ ਤੋਂ ਦੱਤ ਹੁਰਾਂ ਦੀ ਨਿਡਰਤਾ, ਬਹਾਦਰੀ ਤੇ ਖੁੱਲ੍ਹਦਿਲੀ ਦੇ ਸੰਕੇਤ ਮਿਲਦੇ ਹਨ। ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਕੇ ਵੀ ਉਸ ਦੇ ਚਿਹਰੇ ਦੀ ਮੁਸਕਾਨ ਫਿੱਕੀ ਨਹੀਂ ਪਈ। ਜਿਸ ਦਿੱਲੀ ਵਿਚ ਉਨ੍ਹਾਂ ਅੰਗਰੇਜ਼ ਨੂੰ ਭੈਭੀਤ ਕਰਨ ਲਈ ਬੰਬ ਸੁੱਟਿਆ ਸੀ, ਉਸੇ ਦਿੱਲੀ ਵਿਚ ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਸਟਰੈਚਰ 'ਤੇ ਪਾ ਕੇ ਲਿਆਂਦਾ ਗਿਆ ਸੀ। ਮੌਤ ਤੋਂ ਬਾਅਦ, ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਿਕ ਉਨ੍ਹਾਂ ਦੇ ਮ੍ਰਿਤ ਸਰੀਰ ਨੂੰ ਭਗਤ ਸਿੰਘ ਦੀ ਸਮਾਧੀ ਦੇ ਨਜ਼ਦੀਕ ਹੀ ਦਫ਼ਨਾ ਦਿੱਤਾ ਗਿਆ ਸੀ। ਦੇਸ਼ ਦੇ ਹਾਲਾਤ ਦੇਖ ਕੇ ਉਹ ਕਿਹਾ ਕਰਦੇ ਸਨ ਕਿ ਅਸੀਂ ਇਹੋ ਜਿਹੀ ਆਜ਼ਾਦੀ ਲਈ ਤਾਂ ਕੁਰਬਾਨੀਆਂ ਨਹੀਂ ਸਨ ਦਿੱਤੀਆਂ।

-ਕੇ. ਐਲ. ਗਰਗ
ਮੋ: 94635-37050

 

 

ਪੰਜਾਬੀ ਸੂਫ਼ੀ ਕਾਵਿ ਪਰੰਪਰਾ ਅਤੇ ਸ਼ਾਹ ਹੁਸੈਨ : ਪ੍ਰਵਚਨ ਵਿਸ਼ਲੇਸ਼ਣ
ਲੇਖਕ : ਡਾ: ਰਾਜ ਕਿਰਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 257
ਸੰਪਰਕ : 98152-43951.

ਪ੍ਰਵਚਨ ਉਚਾਰਿਆ ਉਸਾਰਿਆ ਜਾਂਦਾ ਹੈ ਅਤੇ ਪਾਠ ਸਰਲ ਰੂਪ ਵਿਚ ਪ੍ਰਾਪਤ ਹੁੰਦਾ ਹੈ। ਪ੍ਰਵਚਨ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਉਪਦੇਸ਼ ਵਾਲੀ ਲੀਹ 'ਤੇ ਉਸਰ ਕੇ ਵੀ ਉਸ ਤੋਂ ਵੱਖਰਾ ਹੈ। ਸ਼ਾਹ ਹੁਸੈਨ ਦੇ ਕਾਵਿ ਨੂੰ ਪ੍ਰਵਚਨ ਦੇ ਰੂਪ ਵਿਚ ਵਿਸ਼ਲੇਸ਼ਣ ਕਰਨ ਦਾ ਉਦੇਸ਼ ਇਸ ਵਿਚ ਕਾਰਜਸ਼ੀਲ ਸਪੱਸ਼ਟ ਸੰਗਠਿਤ ਸੋਚ, ਉਦੇਸ਼, ਸੰਦੇਸ਼ ਨੂੰ ਬਾਰੀਕੀ ਨਾਲ ਸਮਝਣਾ ਹੈ ਅਤੇ ਰਾਜ ਕਿਰਪਾਲ ਸਿੰਘ ਇਸ ਵਿਚ ਸਫਲ ਰਿਹਾ ਹੈ। ਉਸ ਨੇ ਪ੍ਰਵਚਨ, ਅੰਤਰ-ਪਾਠਾਤਮਕਤਾ ਅਤੇ ਵਿਰਚਨਾ (ਡੀਕਨਸਟਰਕਸ਼ਨ) ਦੇ ਪੱਛਮੀ ਆਲੋਚਨਾ ਦੇ ਤਿੰਨ ਸੰਕਲਪਾਂ ਦੇ ਪ੍ਰਸੰਗ ਵਿਚ ਆਪਣੀ ਗੱਲ ਕੀਤੀ ਹੈ। ਪ੍ਰਵਚਨ ਦੀ ਗੱਲ ਅਸੀਂ ਵੇਖ ਲਈ ਹੈ। ਅੰਤਰ-ਪਾਠਾਤਮਕਤਾ ਇਕ ਕਵੀ/ਕਿਰਤ ਦੀਆਂ ਟੂਕਾਂ/ਚਿੰਨ੍ਹਾਂ/ਪ੍ਰਤੀਕਾਂ/ਸੰਕਲਪਾਂ ਦੀ ਦੂਜੇ ਦੇ ਪਾਠ ਵਿਚ ਸਿੱਧੀ/ਅਸਿੱਧੀ ਸ਼ਮੂਲੀਅਤ ਦਾ ਅਧਿਐਨ ਹੈ। ਡੀਕਨਸਟਰਕਸ਼ਨ ਦੇ ਦੈਰੀਦਾ ਦੇ ਸੰਕਲਪ ਨੂੰ ਲੇਖਕ ਨੇ ਮੂਲ ਪ੍ਰਸੰਗ ਤੋਂ ਤੋੜ ਕੇ ਮੂਲ ਸੰਕਲਪ ਤੋਂ ਵੱਖਰੇ ਰਾਹ 'ਤੇ ਤੁਰਨ ਜਾਂ ਮੂਲ ਸੰਕਲਪਾਂ ਨੂੰ ਤੋੜਨ ਜਾਂ ਰੂਪਾਂਤਰਿਤ ਕਰਨਾ ਲਿਆ ਹੈ ਜਿਸ ਬਾਰੇ ਧਿਆਨ ਦੇਣ ਦੀ ਲੋੜ ਹੈ। ਦੈਰੀਦਾ ਦਾ ਸੰਕਲਪ ਰਤਾ ਵੱਖਰਾ ਹੈ।
ਲੇਖਕ ਨੇ ਸ਼ਾਹ ਹੁਸੈਨ ਦੇ ਕਾਵਿ ਪ੍ਰਵਚਨ ਨੂੰ 9 ਮੂਲ ਸਥਿਤੀਆਂ ਅਤੇ ਉਨ੍ਹਾਂ ਵਿਚੋਂ ਉਪਜੇ ਪ੍ਰਵਚਨਾਂ ਦੇ ਰੂਪ ਵਿਚ ਪਛਾਣਿਆ ਹੈ। ਇਹ ਸੰਕਲਪੀ ਵਿਸ਼ਲੇਸ਼ਣ ਨਵਾਂ ਅਤੇ ਪ੍ਰਭਾਵਸ਼ਾਲੀ ਹੈ। ਅੰਤਰ-ਪਾਠਾਤਮਕਤਾ ਦੇ ਪ੍ਰਸੰਗ ਵਿਚ ਡਾ: ਰਾਜ ਕਿਰਪਾਲ ਨੇ ਬਾਬਾ ਫ਼ਰੀਦ ਤੋਂ ਲੈ ਕੇ ਹੁਸੈਨ ਤੇ ਉਸ ਉਪਰੰਤ ਬੁੱਲੇਸ਼ਾਹ ਤੇ ਪਰਵਰਤੀ ਸੂਫ਼ੀਆਂ ਨਾਲ ਅੰਤਰ-ਪਾਠਾਤਮਕਤਾ ਦੀ ਪਛਾਣ ਕਾਲ-ਅੰਤਰ, ਚਿੰਨ੍ਹਾਂ, ਸੰਕਲਪਾਂ ਤੇ ਪ੍ਰਵਚਨ ਦੀ ਦ੍ਰਿਸ਼ਟੀ ਤੋਂ ਕੀਤੀ ਹੈ। ਇਸੇ ਨੁਕਤੇ ਨੂੰ ਵਿਰਚਨਾ ਵਾਲੇ ਪ੍ਰਸੰਗ ਵਿਚ ਹੋਰ ਵਿਸਤਾਰ ਕੇ ਬਾਬਾ ਫ਼ਰੀਦ ਤੋਂ ਹੁਸੈਨ ਤੇ ਅਗਾਂਹ ਗੁਲਾਮ ਫ਼ਰੀਦ ਤੱਕ ਬਾਰੀਕੀ ਨਾਲ ਵਿਚਾਰਿਆ ਹੈ। ਸਾਹ ਹੁਸੈਨ ਤੇ ਸੂਫ਼ ਕਾਵਿ ਨੂੰ ਆਲੋਚਨਾ ਦੇ ਨਵੇਂ ਮੁਹਾਵਰੇ ਵਿਚ ਸਮਝਣ ਸਮਝਾਉਣ ਦਾ ਕੰਮ ਲੇਖਕ ਨੇ ਮਿਹਨਤ ਨਾਲ ਕੀਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਕੌਣ ਕਰੇ ਦਿਲਜੋਈ
ਗੀਤਕਾਰ : ਬਲਦੇਵ ਸਿੰਘ ਬਰਾੜ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 98965-55764.

ਹਥਲੀ ਪੁਸਤਕ ਸਮਾਜਿਕ ਗੀਤਾਂ ਦਾ ਵਧੀਆ ਸੰਗ੍ਰਹਿ ਹੈ ਜਿਸ ਨੂੰ ਗੀਤਕਾਰ ਬਲਦੇਵ ਸਿੰਘ ਬਰਾੜ ਨੇ ਜਵਾਨੀ ਬਾਰੇ ਸਿਰਜਿਆ ਸੀ ਪਰ ਕੁਝ ਹਾਲਤਾਂ ਕਰਕੇ ਉਦੋਂ ਪ੍ਰਕਾਸ਼ਿਤ ਨਾ ਕਰਵਾ ਸਕਿਆ। ਇਹ ਸੰਗ੍ਰਹਿ ਉਸ ਨੇ ਆ