ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  37 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਤੁਹਾਡੇ ਖ਼ਤ

20-09-2018

 ਸਰਬਸੰਮਤੀ ਦੀ ਲੋੜ
ਪਿੰਡਾਂ ਦੀਆਂ ਪੰਚਾਇਤਾਂ ਨੂੰ ਛੋਟੀਆਂ ਅਦਾਲਤਾਂ ਦਾ ਵੀ ਦਰਜਾ ਪ੍ਰਾਪਤ ਹੈ। ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਪੰਚਾਇਤਾਂ ਦੀ ਚੋਣ ਸਾਡੇ ਲੋਕਾਂ ਦੁਆਰਾ ਕੀਤੀ ਜਾਣੀ ਹੈ। ਪਿਛਲੇ ਲੰਘੇ ਸਮਿਆਂ ਦੌਰਾਨ ਅਸੀਂ ਦੇਖਿਆ ਹੈ, ਇਨ੍ਹਾਂ ਚੋਣਾਂ 'ਚ ਪਾਰਦਰਸ਼ੀ ਢੰਗ ਦੀ ਵਰਤੋਂ ਨਹੀਂ ਕੀਤੀ ਗਈ ਤੇ ਖ਼ਾਸ ਕਰ ਸਰਪੰਚ ਚੁਣਨ 'ਤੇ ਕਈ ਪਿੰਡਾਂ ਵਿਚ ਸਾਡੇ ਲੋਕਾਂ ਨੇ ਲੱਖਾਂ ਰੁਪਏ ਵਹਾ ਦਿੱਤੇ। ਹੂ-ਬਹੂ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਪੂਰੀ ਤਰ੍ਹਾਂ ਢੁਕੀ। ਵਧਾਈ ਦੇ ਪਾਤਰ ਰਹੇ ਉਹ ਪਿੰਡ ਜਿਥੇ ਸਰਬਸੰਮਤੀ ਹੋਈ। ਹੁਣ ਵੀ ਇਸ ਵਾਰ 13 ਹਜ਼ਾਰ ਤੋਂ ਉੱਪਰ ਪੰਚਾਇਤਾਂ ਦੀ ਚੋਣ ਹੋਣੀ ਹੈ। ਜੇਕਰ ਸਾਡੇ ਲੋਕ ਸਰਬਸੰਮਤੀ ਦੇ ਪਾਠ ਨੂੰ ਪੜ੍ਹਨ ਤਾਂ ਪਹਿਲਾਂ ਤੋਂ ਹੀ ਕਰਜ਼ਿਆਂ ਦੀ ਮਾਰ ਝੱਲ ਰਹੇ ਸਾਡੇ ਲੋਕ ਫਜ਼ੂਲ ਖਰਚਿਆਂ, ਕੀਮਤੀ ਸਮੇਂ, ਨਵੀਂ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਣ ਤੋਂ ਬਿਨਾਂ ਪੰਚਾਂ, ਸਰਪੰਚਾਂ ਦੀ ਚੋਣ ਬਿਨਾਂ ਕਿਸੇ ਧੜੇਬੰਦੀ ਤੋਂ ਕੀਤੀ ਜਾ ਸਕਦੀ ਹੈ। ਸਰਬਸੰਮਤੀ ਤੋਂ ਬਿਨਾਂ ਇਨ੍ਹਾਂ ਪੰਚਾਇਤੀ ਚੋਣਾਂ 'ਚ ਇਕ ਹੋਰ ਵੱਡੇ ਖਰਚ ਅਤੇ ਕੀਮਤੀ ਸਮੇਂ ਨੂੰ ਬਚਾਉਣ ਦਾ ਹੋਰ ਕੋਈ ਚਾਰਾ ਨਹੀਂ ਬਚੇਗਾ। ਆਓ! ਫਿਰ ਧੜੇਬੰਦੀ ਤੋਂ ਉੱਪਰ ਉੱਠ ਸਰਬਸੰਮਤੀ ਨੂੰ ਤਰਜੀਹ ਦੇਈਏ ਤਾਂ ਕਿ ਹੱਸਦੇ-ਵੱਸਦੇ ਪੰਜਾਬ ਦੀ ਮੁੜ ਤੋਂ ਆਸ ਬੱਝ ਸਕੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ,
ਜ਼ਿਲ੍ਹਾ ਲੁਧਿਆਣਾ।


ਜ਼ਬਤ ਵਾਹਨ ਅਤੇ ਕਾਨੂੰਨ

ਅੱਜ ਸਾਡੇ ਸਮਾਜ ਵਿਚ ਹਰ ਪਾਸੇ ਜੁਰਮ ਦਾ ਵਾਧਾ ਹੋ ਰਿਹਾ ਹੈ। ਇਹ ਸਭ ਸਾਡੇ ਕਾਨੂੰਨ ਦੀ ਕਮਜ਼ੋਰੀ ਅਤੇ ਮੁਜ਼ਰਮਾਂ ਦੇ ਵਧੇ ਹੋਏ ਹੌਸਲੇ ਦਾ ਸਿੱਟਾ ਹੈ। ਅੱਜ ਪੰਜਾਬ ਦੇ ਹਰ ਪੁਲਿਸ ਥਾਣੇ ਅਤੇ ਚੌਕੀ ਦੇ ਵਿਹੜੇ ਅਤੇ ਛੱਤਾਂ ਉੱਪਰ ਪੁਲਿਸ ਵਜੋਂ ਫੜੇ ਗਏ ਵਾਹਨਾਂ ਨਾਲ ਭਰੇ ਪਏ ਹਨ। ਸਾਡੀ ਇਹ ਬਦਕਿਸਮਤੀ ਹੈ ਕਿ ਪੰਜਾਬ ਵਿਚ ਇਸ ਸਬੰਧੀ ਕੋਈ ਵੀ ਠੋਸ ਕਾਨੂੰਨ ਨਹੀਂ ਹੈ ਜਿਸ ਰਾਹੀਂ ਇਨ੍ਹਾਂ ਜ਼ਬਤ ਕੀਤੇ ਵਾਹਨਾਂ ਦਾ ਸਾਲ, ਦੋ ਸਾਲ ਜਾਂ ਤਿੰਨ ਸਾਲ ਬਾਅਦ ਨਿਪਟਾਰਾ ਹੋ ਸਕੇ। ਇਕ ਸਰਵੇਖਣ ਮੁਤਾਬਿਕ ਅੱਜ ਪੰਜਾਬ ਦੇ ਪੁਲਿਸ ਥਾਣਿਆਂ ਅਤੇ ਚੌਕੀਆਂ ਵਿਚ ਲਗਪਗ ਸਾਢੇ 34 ਹਜ਼ਾਰ ਛੋਟੇ ਤੋਂ ਲੈ ਕੇ ਵੱਡੇ ਵਾਹਨ ਗਲ ਸੜ ਰਹੇ ਹਨ। ਸੋ, ਪੰਜਾਬ ਸਰਕਾਰ ਨੂੰ ਕੋਈ ਇਸ ਸਬੰਧੀ ਨੀਤੀ ਬਣਾਉਣੀ ਚਾਹੀਦੀ ਹੈ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।


ਹਰ ਮਨੁੱਖ ਲਾਵੇ ਕਈ ਰੁੱਖ
ਆਲਮੀ ਤਪਸ਼ ਦੇ ਵਧਣ ਨਾਲ ਸੰਸਾਰ ਭਰ ਵਿਚ ਮੌਸਮੀ ਤਬਦੀਲੀਆਂ ਹੋ ਰਹੀਆਂ ਹਨ। ਪਿਛਲੇ ਦਿਨੀਂ ਅਮਰੀਕਾ ਵਿਚ ਫਲੋਰੈਂਸ ਤੂਫ਼ਾਨ, ਹਾਂਗਕਾਂਗ, ਫਿਲਪਾਈਨ ਅਤੇ ਚੀਨ ਵਿਚ ਮੰਗਖੁਤ ਤੂਫ਼ਾਨ ਨਾਲ ਜਾਨ-ਮਾਲ ਦੀ ਵਿਆਪਕ ਤਬਾਹੀ ਇਸ ਦੇ ਸੱਜਰੇ ਸਬੂਤ ਹਨ, ਗਲੇਸ਼ੀਅਰ ਪਿਘਲ ਰਹੇ ਹਨ ਇਸ ਵਰਤਾਰੇ ਦਾ ਜ਼ਿੰਮੇਵਾਰ ਅੱਜ ਦਾ ਪਦਾਰਥਵਾਦੀ ਮਨੁੱਖ ਹੈ, ਜ਼ਰੂਰਤ ਤੋਂ ਜ਼ਿਆਦਾ ਪਾਉਣ ਲਈ ਕੁਦਰਤੀ ਸਰੋਤਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਇਸ ਸਮੇਂ 270 ਕਰੋੜ ਦਰੱਖਤਾਂ ਦੀ ਕਮੀ ਹੈ, ਇਸ ਕਮੀ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਸ ਕਾਰਜ ਲਈ ਇਨ੍ਹਾਂ ਦੀ ਸਹਾਇਤਾ ਤੇ ਸਵਾਗਤ ਕਰਨਾ ਬਣਦਾ ਹੈ। ਪਿੰਡਾਂ ਦੀਆਂ ਫਿਰਨੀਆਂ 'ਤੇ ਉਤਸ਼ਾਹੀ ਨੌਜਵਾਨਾਂ ਵਲੋਂ ਲਾਏ ਬੂਟੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਸੰਕੇਤ ਹੈ। ਪਰ ਬੂਟਿਆਂ ਦੀ ਗਿਣਤੀ ਵਧਾਉਣ ਨਾਲੋਂ ਲਾਏ ਬੂਟਿਆਂ ਦੀ ਸੰਭਾਲ ਜ਼ਿਆਦਾ ਜ਼ਰੂਰੀ ਹੈ। ਇਨ੍ਹਾਂ ਸਾਰਥਿਕ ਯਤਨਾਂ ਨਾਲ ਮੁੜ ਹਰਿਆਲੀ ਪਰਤਣ ਦੀ ਆਸ ਬਣੀ ਹੈ।


-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।


ਤਰਕਹੀਣ ਅੰਨਾ ਜਨੂੰਨੀ ਵਰਤਾਰਾ
ਪਿਛਲੇ ਦਿਨੀਂ ਦੇ ਅੰਕ ਵਿਚ ਸਫ਼ਾ 5 'ਤੇ ਕਰਤਾਰਪੁਰ ਗੁਰਦੁਆਰੇ ਲਈ ਲਾਂਘੇ ਦੀ ਸਿੱਖ ਸ਼ਰਧਾ ਦੀ ਚਿਰੋਕਣੀ ਮੰਗ ਦੇ ਪੂਰੇ ਕੀਤੇ ਜਾਣ ਦਾ 'ਐਂਟੀ ਟੈਰਰਿਸਟ ਫਰੰਟ' ਵਲੋਂ ਤਰਕਹੀਣ ਵਿਰੋਧ ਕੀਤੇ ਜਾਣਾ ਛਪਿਆ ਹੈ। ਦੋਵਾਂ ਮਹਾਂਯੁੱਧਾਂ ਵਿਚ ਇੰਗਲੈਂਡ, ਫ਼ਰਾਂਸ, ਜਰਮਨ, ਇਟਲੀ ਨੇ ਇਕ-ਦੂਜੇ ਦੇ ਲੱਖਾਂ ਬੰਦੇ ਮਾਰੇ, ਬੇਓੜਕ ਪਿੰਡ ਸ਼ਹਿਰ ਬਰੂਦ ਨਾਲ ਝੁਲਸੇ। ਪਰ ਅੱਜ ਇਹ ਸਾਰੇ ਦੇਸ਼ ਜੰਗ ਨੂੰ ਸਿਆਸਤ ਦੀ ਮੂਰਖਤਾ ਕਹਿ ਕੇ ਆਪਸੀ ਮੇਲ ਜੋਲ ਕਰ ਚੁੱਕੇ ਹਨ। ਪਰ ਅਖੌਤੀ 'ਐਂਟੀ ਟੈਰਰਿਸਟ ਫਰੰਟ' ਦੇ ਬਿਬੇਕਹੀਣ ਜਨੂੰਨੀਆਂ ਦੀ ਛਾਤੀ 'ਤੇ ਰੱਬੀ ਨੂਰ ਦੀ ਏਕਤਾ ਦੇ ਰਹਿਨੁਮਾ, ਸਰਬਸਾਂਝੀਵਾਲਤਾ ਦੇ ਪੈਗੰਬਰ ਦੇ ਟਿਕਾਣੇ ਲਈ ਆਰਜ਼ੀ ਲਾਂਘਾ ਵੀ ਚੁੱਭਦਾ ਹੈ। ਜ਼ਹਿਰ ਦੇ ਕੰਡੇ ਖਿਲਾਰਨ ਵਾਲੇ, ਸ਼ਾਂਤੀ, ਭਰਾਤਰੀ ਭਾਵ, ਮਾਨਵਤਾ ਦੇ ਅਜਿਹੇ ਦੁਸ਼ਮਣਾਂ ਦੇ ਅੰਨ੍ਹੇ ਜਨੂੰਨੀ, ਮਾਰੂ ਵਰਤਾਰੇ ਬਾਰੇ ਸੋਚਣਾ ਵਿਚਾਰਨਾ ਜ਼ਰੂਰੀ ਹੈ।


-ਕਿਰਪਾਲ ਸਿੰਘ, ਦਤਾਰੀਏ ਵਾਲਾ, ਮੋਗਾ।


ਏ.ਟੀ.ਐਸ. ਦਾ ਪਸਾਰਾ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ 'ਚ ਪੜ੍ਹੀ ਕਿ ਚਿੱਟੇ ਤੋਂ ਬਾਅਦ ਹੁਣ ਏ.ਟੀ.ਐਸ. ਦਾ ਨਸ਼ਾ ਪੈਰ ਪਸਾਰਣ ਲੱਗਾ, ਪੜ੍ਹ ਕੇ ਬੜਾ ਦੁੱਖ ਹੋਇਆ ਕਿ ਹੁਣ ਆਹ ਨਵਾਂ ਨਸ਼ਾ ਕਿੱਧਰੋਂ ਆ ਗਿਆ। ਇਸ ਬਾਰੇ ਕਿਹਾ ਗਿਆ ਹੈ ਕਿ ਇਹ ਐਮਫੇਟਾਮਾਈਨ, ਟਾਈਮ, ਸਟਿਮੂਲੈਂਟਸ, ਦਵਾਈਆਂ ਦਾ ਮਿਸ਼ਰਣ ਹੈ ਜੋ ਬਹੁਤ ਹੀ ਘਾਤਕ ਹੈ। ਇਸ ਦੀ ਵਰਤੋਂ ਕਰਨ ਵਾਲਾ ਇਸ ਨੂੰ ਛੇਤੀ ਛੱਡ ਨਹੀਂ ਸਕਦਾ ਤੇ ਨਾ ਹੀ ਇਸ ਦਾ ਹਾਲੇ ਤੱਕ ਇਲਾਜ ਹੀ ਸੰਭਵ ਹੋਇਆ ਹੈ। ਦੂਜਾ ਜੇ ਇਹ ਨਾ ਮਿਲੇ ਤਾਂ ਇਸ ਦਾ ਆਦੀ ਆਤਮ ਹੱਤਿਆ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ 30 ਸਾਲ ਪਹਿਲਾਂ ਹੈਰੋਇਨ ਵੀ ਇਸੇ ਤਰ੍ਹਾਂ ਪੰਜਾਬ ਵਿਚ ਦਾਖ਼ਲ ਹੋਈ ਸੀ। ਸੋ, ਇਸ ਨਸ਼ੇ ਦੇ ਪੰਜਾਬ ਵਿਚ ਵਧਣ ਦੇ ਬਹੁਤ ਜ਼ਿਆਦਾ ਮੌਕੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪਾਸੇ ਵੱਲ ਧਿਆਨ ਦੇਵੇ ਤੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰਨ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

19-09-2018

 ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ
ਇਕ ਪਾਸੇ ਅਸੀਂ ਪੰਜਾਬ ਦੇ ਦਿਨੋ-ਦਿਨ ਡਿਗਦੇ ਮਿਆਰ ਲਈ ਚਿੰਤਤ ਹਾਂ, ਇਸ ਨੂੰ ਬਚਾ ਕੇ ਮੂਹਰਲੀਆਂ ਸਫ਼ਾਂ 'ਚ ਖਲੋਤਾ ਲੋਚਦੇ ਹਾਂ ਤੇ ਦੂਜੇ ਪਾਸੇ ਅਸੀਂ ਹਮੇਸ਼ਾ ਆਪਣੇ ਅਧਿਕਾਰ, ਆਪਣੇ ਸੁਪਨੇ ਤੇ ਆਪਣੇ ਪੰਜਾਬ ਨੂੰ ਸਹੀ ਅਰਥਾਂ 'ਚ ਤਰੱਕੀ ਦੇ ਰਾਹ 'ਤੇ ਤੁਰਦਿਆਂ ਵੇਖਣ ਦੀ ਲੋਚਾ ਨੂੰ ਅਜਿਹੇ ਵਿਅਕਤੀਆਂ ਦੇ ਹੱਥਾਂ ਵਿਚ ਸੌਂਪ ਦਿੰਦੇ ਹਾਂ, ਜਿਸ ਦਾ ਇਨਸਾਨੀਅਤ, ਦੇਸ਼ ਪ੍ਰੇਮ, ਭਾਈਚਾਰਾ ਆਦਿ ਨਾਲ ਦੂਰ ਨੇੜੇ ਦਾ ਵੀ ਕੋਈ ਰਿਸ਼ਤਾ ਨਹੀਂ ਹੁੰਦਾ। ਹਰ ਵਾਰ ਅਸੀਂ ਉਸ ਦੇ ਝੂਠੇ ਲਾਰੇ ਸੁਣਦੇ ਹਾਂ, ਉਸ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ 'ਤੇ ਪਿੱਟਦੇ ਹਾਂ। ਸ਼ਾਇਦ ਇਸ ਵਾਰ ਅਸੀਂ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੇ ਯੋਗ ਇਨਸਾਨਾਂ ਦੀ ਚੋਣ ਕਰਨ ਦੇ ਸਮਰੱਥ ਹੋ ਗਏ ਹੋਈਏ। ਪਰ 'ਜੇ' ਦੇ ਧੁੜਕੂ ਨੇ ਸਾਡੇ ਚੰਗੇਰੇ ਦੀ ਆਸ ਲਾਈ ਖੜ੍ਹੇ ਸਮੇਂ ਦੇ ਸਾਹ ਸੂਤ ਰੱਖੇ ਹਨ। ਇਹ ਸੋਚਦਿਆਂ ਹੀ ਸਮੇਂ ਦਾ ਤਰਾਹ ਨਿਕਲ ਜਾਂਦਾ ਹੈ ਕਿ ਜੇ ਇਹ ਲੋਕ ਅਜੇ ਵੀ ਨਾ ਜਾਗੇ, ਜੇ ਇਨ੍ਹਾਂ ਲੋਕਾਂ ਨੇ ਅਜੇ ਵੀ ਆਪਣੇ ਦਿਲ ਦੀ ਆਵਾਜ਼ ਨੂੰ ਨਸ਼ੇ ਜਾਂ ਪੈਸੇ ਦੇ ਲਾਲਚ ਵਿਚ ਅਣਸੁਣਿਆ ਕਰ ਦਿੱਤਾ, ਜੇ ਇਹ ਫਿਰ ਚਾਤਰ ਲੋਕਾਂ ਦੀਆਂ ਗੱਲਾਂ ਵਿਚ ਆ ਕੇ, ਉਨ੍ਹਾਂ ਦੇ ਦਿਖਾਏ ਸਬਜ਼ਬਾਗਾਂ ਨਾਲ ਪਰਚ ਗਏ ਤਦ ਕੀ ਹੋਵੇਗਾ। ਜੋ ਅੱਜ ਨਸ਼ੇ ਜਾਂ ਪੈਸੇ ਨਾਲ ਸਾਡੀ ਵੋਟ ਖਰੀਦ ਰਿਹਾ ਹੈ, ਉਹ ਕਾਤਲ ਹੀ ਹੋ ਸਕਦਾ ਹੈ ਸਾਡੇ ਚਾਵਾਂ ਦਾ ਰਾਖਾ ਨਹੀਂ ਹੋ ਸਕਦਾ। ਇਸ ਲਈ ਵੱਧ ਤੋਂ ਵੱਧ ਸੁਲਝੇ ਹੋਏ ਨੌਜਵਾਨਾਂ ਨੂੰ ਰਾਜਨੀਤੀ ਵਿਚ ਲਿਆਉਣ ਦੀ ਕੋਸ਼ਿਸ਼ ਕਰੋ।


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।


ਚਿੰਤਾ ਦਾ ਵਿਸ਼ਾ
ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਉੱਪਰ ਪਿਛਲੇ ਲੰਮੇ ਸਮੇਂ ਤੋਂ ਹੋ ਰਹੇ ਹਮਲੇ ਦਸਤਾਰ ਅਤੇ ਕੇਸਾਂ ਦੀ ਹੁੰਦੀ ਬੇਅਦਬੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸ਼ਿਲਾਂਗ 'ਚ ਅਤੇ ਹੁਣ ਇਕ ਮਹੀਨੇ ਦੇ ਅੰਦਰ ਅਮਰੀਕਾ 'ਚ ਸਿੱਖਾਂ ਉੱਪਰ ਤਿੰਨ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਹੋਰ ਘਟਨਾ ਵਿਚ ਹਰਿਆਣਾ ਦੇ ਹਿਸਾਰ 'ਚ ਸਿੱਖ ਪਰਿਵਾਰ ਨਾਲ ਵਾਪਰੀ ਘਟਨਾ ਬੇਹੱਦ ਦੁਖਦਾਈ ਘਟਨਾ ਹੈ। ਕੁਝ ਨਸ਼ੇੜੀ ਨੌਜਵਾਨਾਂ ਵਲੋਂ ਹਮਲਾ ਕਰਕੇ ਸਿੱਖ ਮਰਦਾਂ ਨਾਲ ਕੁੱਟਮਾਰ ਤਾਂ ਕੀਤੀ ਹੀ ਨਾਲ ਹੀ ਨਾਲ ਗਰਭਵਤੀ ਔਰਤ 'ਤੇ ਹੱਥ ਵੀ ਚੁੱਕਿਆ, ਜਿਹੜੀ ਕਿ ਇਕ ਅਤਿ ਨਿੰਦਣਯੋਗ ਘਟਨਾ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਸਿੱਖਾਂ ਨਾਲ ਹੋ ਰਹੇ ਵਿਤਕਰੇ ਲਈ ਸਿੱਧਾ ਦਖ਼ਲ ਦੇਣਾ ਚਾਹੀਦਾ ਹੈ। ਸਬੰਧਿਤ ਦੇਸ਼ਾਂ ਦੀਆਂ ਸਰਕਾਰਾਂ ਵੀ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਦੇਸ਼ਾਂ ਦੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ।


-ਬਲਤੇਜ ਸੰਧੂ
ਬੁਰਜ ਲੱਧਾ (ਬਠਿੰਡਾ)।


ਨਮੀ 'ਚ ਛੂਟ
ਅਕਤੂਬਰ 'ਚ ਸੂਰਜ ਦੀ ਤਪਸ਼ ਕੁਝ ਮੱਠੀ ਪੈ ਜਾਂਦੀ ਹੈ ਤੇ ਫਿਰ ਝੋਨੇ 'ਚ ਨਮੀ ਦੀ ਮਾਤਰਾ ਫਿਰ ਛੇਤੀ ਘਟਦੀ ਨਹੀਂ ਜਦ ਕਿ ਸਰਕਾਰ ਸਿਰਫ 16-17 ਨਮੀ ਵਾਲੇ ਝੋਨੇ ਨੂੰ ਸਹੀ ਮੰਨਦੀ ਹੈ। ਝੋਨੇ ਦੀ ਨਮੀ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਸ਼ੈਲਰ ਮਾਲਕਾਂ ਲਈ ਸਿਰਦਰਦੀ ਬਣਦੀ ਹੈ। ਝੋਨੇ ਦੀ ਬਿਜਾਈ ਨੂੰ ਲੇਟ ਦੇਖਦੇ ਹੋਏ ਇਸ ਵਾਰ ਝੋਨੇ ਦੀ ਨਮੀ 'ਚ ਛੂਟ ਸਰਾਕਰ ਨੂੰ ਦੇਣੀ ਹੋਵੇਗੀ ਤਾਂ ਕਿ ਅਗਲੀ ਫ਼ਸਲ 'ਚ ਦੇਰੀ ਅਤੇ ਝੋਨੇ ਦਾ ਸੀਜ਼ਨ ਲੰਮਾ ਨਾ ਜਾਏ। ਜੇਕਰ ਸਰਕਾਰ ਇਸ ਵਾਰ ਝੋਨੇ ਦੀ ਫ਼ਸਲ 'ਚ ਨਮੀ ਨਾਲ ਨਜਿੱਠਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕਰਦੀ ਤਾਂ 'ਕਿਸਾਨ ਰੋਸ' ਦਾ ਵੱਡਾ ਸ਼ਿਕਾਰ ਹੋਣਾ ਪੈ ਸਕਦਾ ਹੈ। ਪਰ ਸਰਕਾਰ ਦਾ ਪਾਣੀ ਪ੍ਰਤੀ ਗੰਭੀਰ ਹੋਣਾ ਵੀ ਇਕ ਸ਼ੁੱਭ ਸੰਕੇਤ ਹੈ, ਜਿਸ ਦੀ ਸਾਡੇ ਕਿਸਾਨਾਂ ਨੇ ਪਾਲਣਾ ਵੀ ਕੀਤੀ। ਪਰ ਹੁਣ ਝੋਨੇ ਦੀ ਫ਼ਸਲ ਨੂੰ ਕਿਉਂਟਣ ਦੀ ਜ਼ਿੰਮੇਵਾਰੀ ਸਰਕਾਰ ਅਤੇ ਸ਼ੈਲਰ ਮਾਲਕਾਂ 'ਤੇ ਹੈ ਕਿਉਂਕਿ ਮੌਸਮ ਦੀ ਤਬਦੀਲੀ ਕੁਦਰਤ ਦੇ ਵੱਸ ਹੈ ਜੋ ਆਪਣੇ ਨਿਯਮ 'ਚ ਕੁਤਾਹੀ ਨਹੀਂ ਵਰਤਦੀ। ਆਓ, ਫਿਰ ਦੇਖਦੇ ਹਾਂ ਝੋਨੇ ਨਾਲ ਸਰਕਾਰ ਕਿਸ ਤਰ੍ਹਾਂ ਨਜਿੱਠਦੀ ਹੈ। ਯਾਦ ਰਹੇ 2019 'ਚ ਇਕ ਵੱਡਾ ਚੋਣ ਦੰਗਲ ਵੀ ਹੋਣ ਜਾ ਰਿਹਾ ਹੈ। ਉਮੀਦ ਹੈ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਪੂਰਾ ਉਤਰ 'ਕਿਸਾਨ ਹਿਤੈਸ਼ੀ' ਹੋਣ ਦਾ ਪੂਰਾ ਸਬੂਤ ਦੇਵੇਗੀ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਜ਼ਹਿਰੀਲੇ ਦੁੱਧ ਦਾ ਖ਼ਾਤਮਾ ਜ਼ਰੂਰੀ

ਮੁਹੰਮਦ ਜਮੀਲ ਜੌੜਾ ਦੇ 'ਨਕਲੀ ਦੁੱਧ ਦੇ ਗੋਰਖ ਧੰਦੇ ਦਾ ਖ਼ਾਤਮਾ ਜ਼ਰੂਰੀ' ਵਿਚਾਰ ਪੜ੍ਹੇ। ਉਨ੍ਹਾਂ ਦੀ ਕਹੀ ਗੱਲ ਬਿਲਕੁਲ ਠੀਕ ਹੈ, ਦੁੱਧ ਦਾ ਉਤਪਾਦਨ ਕਰਨ ਵਾਲੇ ਲੋਕਾਂ ਨੂੰ ਦੁੱਧ ਨਹੀਂ ਸਗੋਂ ਜ਼ਹਿਰ ਪਿਲਾ ਰਹੇ ਹਨ। ਦੁੱਧ ਵਿਚ ਪਾਣੀ ਤਾਂ ਪਾਉਂਦੇ ਹੀ ਹਨ ਤੇ ਨਾਲ ਇਕ ਖ਼ਾਸ ਕਿਸਮ ਦਾ ਪਾਊਡਰ ਵੀ ਮਿਲਾ ਦਿੰਦੇ ਹਨ। ਹੋਰ ਤਾਂ ਹੋਰ ਉਹ ਆਪਣੇ ਪਸ਼ੂਆਂ ਨੂੰ ਭੁੱਕ ਨਾਂਅ ਦਾ ਪਦਾਰਥ ਪਾਉਂਦੇ ਹਨ ਜੋ ਸ਼ਰਾਬ ਬਣਾਉਣ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ ਹੁੰਦੀ ਹੈ। ਅਜਿਹੇ ਪਦਾਰਥ ਖਲਾਉਣ ਨਾਲ ਦੁੱਧ ਵਿਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ। ਪਰ ਇਹ ਲੋਕ ਬੇਫ਼ਿਕਰ ਹੋ ਕੇ ਅਜਿਹਾ ਦੁੱਧ ਪਿੰਡਾਂ ਵਿਚ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਵੇਚ ਰਹੇ ਹਨ, ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਸੋ, ਮੇਰਾ ਵੀ ਇਹੀ ਕਹਿਣਾ ਹੈ ਕਿ ਜ਼ਹਿਰੀਲਾ ਦੁੱਧ ਵੇਚਣ ਵਾਲਿਆਂ ਨੂੰ ਬੰਦ ਕਰਨ ਲਈ ਇਕ ਮੁਹਿੰਮ ਚਲਾਈ ਜਾਵੇ। ਪਿੰਡਾਂ ਵਿਚ ਦੁੱਧ ਦੀ ਜਾਂਚ-ਪੜਤਾਲ ਪਿੰਡ ਦੇ ਸਰਪੰਚ ਨੂੰ ਕਰਨੀ ਚਾਹੀਦੀ ਹੈ। ਉਸ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤੇ ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਕਮਲਜੀਤ ਕੌਰ।


ਸਵੱਛ ਭਾਰਤ

ਸਵੱਛ ਭਾਰਤ ਅਭਿਆਨ 2 ਅਕਤੂਬਰ, 2014 ਨੂੰ ਭਾਰਤ ਸਰਕਾਰ ਦੁਆਰਾ ਪੂਰੇ ਦੇਸ਼ ਵਿਚ ਸ਼ੁਰੂ ਕੀਤਾ ਗਿਆ ਸੀ। ਅਸੀਂ ਕਿੰਨੇ ਜਾਗਰੂਕ ਹੋਏ ਤੇ ਇਹ ਅਭਿਆਨ ਕਿੰਨਾ ਸਫਲ ਹੋ ਸਕਿਆ। ਸਭ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿੰਨਾ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ 'ਚ ਕਾਮਯਾਬ ਹੋਏ ਹਾਂ। ਆਪਣੇ ਘਰਾਂ ਦੀ ਸਫ਼ਾਈ ਤਾਂ ਕਰਦੇ ਹਾਂ ਪਰ ਉਹੀ ਕੂੜਾ ਗਲੀਆਂ, ਸੜਕਾਂ 'ਤੇ ਖਿਲਰਿਆ ਨਜ਼ਰ ਆਉਣ ਲਗਦਾ। ਕੀ ਇਹੀ ਪਹਿਲ ਸੀ ਇਸ ਅਭਿਆਨ ਦੀ। ਜੇ ਇਸ ਅਭਿਆਨ ਨੂੰ ਪੂਰਨ ਸਫਲ ਬਣਾਉਣਾ ਹੈ ਤਾਂ ਖ਼ੁਦ ਆਪਣੇ-ਆਪ ਨੂੰ ਬਦਲਣਾ ਪਏਗਾ। ਕੋਈ ਇਕ ਦਿਨ ਮਨਾਉਣ ਨਾਲ ਕੁਝ ਨਹੀਂ ਹੋ ਸਕਦਾ। ਬਹੁਤ ਵਾਰ ਕਹਿੰਦੇ ਸੁਣਿਆ ਹੋਵੇਗਾ ਕਿਤੇ ਉਹ ਮੁਲਕ ਬਹੁਤ ਸੋਹਣਾ ਹੈ। ਕਿਤੇ ਜ਼ਰਾ ਵੀ ਮਿੱਟੀ ਨਹੀਂ ਦਿਸਦੀ ਪਰ ਆਪ ਕੀ ਕਰ ਰਹੇ ਹਾਂ ਰਾਹ ਜਾਂਦੇ ਕਾਰਾਂ ਬੱਸਾਂ ਦੀ ਬਾਰੀ ਵਿਚੋਂ ਵਿਅਰਥ ਬੋਤਲਾਂ, ਲਿਫ਼ਾਫ਼ੇ ਆਦਿ ਬਾਹਰ ਸੁੱਟ ਦਿੰਦੇ ਹਾਂ। ਕੀ ਕੋਈ ਖ਼ੁਦ ਦੀ ਜ਼ਿੰਮੇਵਾਰੀ ਨਹੀਂ ਬਣਦੀ? ਆਉ ਇਕ ਪ੍ਰਣ ਕਰੀਏ ਆਪਣੇ ਘਰ ਦੀ ਤਰ੍ਹਾਂ ਆਪਣੇ ਆਲੇ-ਦੁਆਲੇ ਵੀ ਸਾਫ਼ ਵਾਤਾਵਰਨ ਰੱਖੀਏ।


-ਪ੍ਰੀਤ ਰਾਮਗੜ੍ਹੀਆ।

18-09-2018

 ਨੀਤੀ ਬਦਲੇ ਸਰਕਾਰ
ਸ: ਗੁਰਬਾਜ ਸਿੰਘ ਦਾ ਸੰਪਾਦਕੀ ਸਫ਼ੇ 'ਤੇ ਲੇਖ ਪੜ੍ਹਿਆ, ਬਹੁਤ ਵਧੀਆ ਗੱਲਾਂ ਕੀਤੀਆਂ। ਉਨ੍ਹਾਂ ਮੁਲਾਜ਼ਮਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੇ ਬੋਲੇ ਕੰਨਾਂ ਤੱਕ ਗੱਲ ਪੁੱਜਦੀ ਕਰਨ ਦਾ ਵਧੀਆ ਉਪਰਾਲਾ ਕੀਤਾ ਹੈ। ਸਰਕਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਵਰਤਾਓ ਕਰ ਰਹੀ ਹੈ। ਉਦਾਹਰਨ ਸਾਰਿਆਂ ਦੇ ਸਾਹਮਣੇ ਹੈ। ਮੁਲਾਜ਼ਮ ਨੂੰ ਨੌਕਰੀ 'ਤੇ ਤਿੰਨ ਸਾਲ ਲਈ ਕੇਵਲ ਮੁਢਲੀ ਤਨਖਾਹ 'ਤੇ ਰੱਖਿਆ ਜਾਂਦਾ ਹੈ। ਤਿੰਨ ਸਾਲ 10500 ਰੁਪਏ ਪ੍ਰਤੀ ਮਹੀਨਾ ਤਨਖਾਹ ਨਾਲ ਘਰ ਦਾ ਗੁਜ਼ਾਰਾ ਕਰਦਾ ਹੈ, ਜੋ ਮਹਿੰਗਾਈ ਦੇ ਦੌਰ ਵਿਚ ਬੇਹੱਦ ਮੁਸ਼ਕਿਲ ਹੈ ਪਰ ਦੂਜੇ ਪਾਸੇ ਰਾਜਨੇਤਾਵਾਂ ਨੂੰ ਵਿਧਾਇਕ ਬਣਨ ਉਪਰੰਤ ਮੋਟੀਆਂ ਤਨਖਾਹਾਂ, ਮੁਫ਼ਤ ਫੋਨ ਸਹੂਲਤਾਂ, ਸੈਂਕੜੇ ਲੀਟਰ ਮੁਫ਼ਤ ਪੈਟਰੋਲ, ਹੋਰ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਸਰਕਾਰ ਕਰਦੀ ਹੈ, ਸਾਰੀ ਉਮਰ ਦੀ ਪੈਨਸ਼ਨ। ਚਿੱਟੇ ਦਿਨ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। 25-30 ਸਾਲ ਨੌਕਰੀ ਪਿੱਛੋਂ ਕੋਈ ਪੈਨਸ਼ਨ ਨਹੀਂ, ਮੁਲਾਜ਼ਮ ਦੇ ਬੁਢਾਪੇ ਦਾ ਕੋਈ ਪ੍ਰਬੰਧ ਨਹੀਂ। ਸਰਕਾਰ ਆਪਣੇ ਮੁਲਾਜ਼ਮਾਂ ਪ੍ਰਤੀ ਬਿਲਕੁਲ ਸੁਹਿਰਦ ਨਹੀਂ ਜਾਪਦੀ। ਸਰਕਾਰ ਨੂੰ ਮੁਲਾਜ਼ਮਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਅਪਣਾਉਣਾ ਚਾਹੀਦਾ ਹੈ। ਮੁਲਾਜ਼ਮਾਂ ਦੇ ਭਵਿੱਖ ਲਈ ਸਰਕਾਰ ਨੂੰ ਕੁਝ ਚਿੰਤਾ ਕਰਨੀ ਬਣਦੀ ਹੈ, ਹਾਂ-ਪੱਖੀ ਨੀਤੀ ਅਪਣਾਉਣ ਦੀ ਲੋੜ ਹੈ।

-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਵੱਡੇ ਯਤਨ ਜ਼ਰੂਰੀ
ਪੰਜਾਬ ਵਿਚ ਹੋ ਰਹੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਵਾਤਾਵਰਨ ਲਈ ਵੱਡੀ ਚੁਣੌਤੀ ਹੈ। ਅੱਜ ਮਨੁੱਖ ਪੁਰਾਣੇ ਲੱਗੇ ਰੁੱਖਾਂ ਨੂੰ ਕੱਟ ਕੇ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਕਾਲੋਨੀਆਂ ਆਦਿ ਬਣਾ ਰਿਹਾ ਹੈ। ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕੇਵਲ ਮਨੁੱਖ ਹੀ ਨਹੀਂ, ਪਸ਼ੂ ਅਤੇ ਪੰਛੀ ਰੁੱਖਾਂ ਉੱਤੇ ਨਿਰਭਰ ਹਨ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਲਈ ਕਾਨੂੰਨੀ ਅਤੇ ਸਮਾਜਿਕ ਉੱਦਮਾਂ ਦੀ ਲੋੜ ਹੈ। ਪੰਜਾਬ ਸਰਕਾਰ, ਬੁੱਧੀਜੀਵੀ, ਨੌਜਵਾਨਾਂ ਆਦਿ ਨੂੰ ਇਸ ਪ੍ਰਤੀ ਚਿੰਤਤ ਹੀ ਨਹੀਂ ਹੋਣਾ ਪਵੇਗਾ ਸਗੋਂ ਨਵੇਂ ਦਰੱਖਤਾਂ ਨੂੰ ਲਗਾਉਣ ਲਈ ਵੱਡੇ ਯਤਨ ਬਹੁਤ ਜ਼ਰੂਰੀ ਹਨ। ਸਾਨੂੰ ਸਭ ਨੂੰ ਰੁੱਖ ਵਧੇਰੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿ ਸਕੇ। ਇਸ ਕੰਮ ਲਈ ਜਾਗ੍ਰਿਤੀ ਮੁਹਿੰਮ ਆਮ ਲੋਕਾਂ ਵਿਚ ਫੈਲਾਉਣ ਦੀ ਲੋੜ ਹੈ।

-ਬਲਰਾਮ ਜੀਤ ਸਿੰਘ ਵੜੈਚ
ਮ: ਨੰ: 738, ਮੁਹੱਲਾ ਧਰਮਪੁਰਾ, ਡਾਕ: ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ।

ਸੇਵਾ ਬਨਾਮ ਸਜ਼ਾ
ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਦੁਆਰਾ ਅਬੋਹਰ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਆਖਣ 'ਤੇ ਤਖ਼ਤ ਦਮਦਮਾ ਸਾਹਿਬ ਨੇ ਧਾਰਮਿਕ ਸਜ਼ਾ ਸੁਣਾ ਦਿੱਤੀ ਜਿਸ ਵਿਚ ਉਹ ਤਿੰਨ ਦਿਨ ਇਕ ਘੰਟਾ ਕੀਰਤਨ ਸੁਣਨਾ, ਜੋੜੇ ਘਰ ਦੀ ਸੇਵਾ ਅਤੇ ਲੰਗਰ ਵਿਚ ਬਰਤਨ ਸਾਫ਼ ਕਰਨ ਦੀ ਸੇਵਾ ਕਰਨਗੇ। ਸਜ਼ਾ ਸੁਣਨ ਪਿੱਛੋਂ ਭੂੰਦੜ ਨੇ ਆਪਣਾ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਉਹ ਜ਼ਿਲ੍ਹਾ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਪਣੀ ਸਜ਼ਾ 20 ਸਤੰਬਰ ਤੋਂ ਬਾਅਦ ਹੀ ਕਰਨਗੇ। ਸਜ਼ਾ ਤਾਂ ਆਮ ਲੋਕਾਂ ਨੂੰ ਦਿਖਾਉਣ ਲਈ ਇਕ ਛਲਾਵਾ ਹੈ। ਦੂਸਰਾ ਇਨ੍ਹਾਂ ਰਾਜਸੀ ਨੇਤਾਵਾਂ ਲਈ ਤਾਂ ਇਹ ਧਾਰਮਿਕ ਸਜ਼ਾ ਸਿਰਫ ਤੇ ਸਿਰਫ ਖੇਡ ਬਣੀ ਹੋਈ ਹੈ ਜਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਉਣ ਲਈ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਹੈ। ਅਜਿਹੀਆਂ ਭੁੱਲਾਂ ਰਾਜਸੀ ਨੇਤਾਵਾਂ ਕੋਲੋਂ ਹੀ ਕਿਉਂ ਹੁੰਦੀਆਂ ਹਨ? ਇਨ੍ਹਾਂ ਨੇਤਾਵਾਂ ਜਾਂ ਡੇਰੇਦਾਰਾਂ ਦੁਆਰਾ ਕੀਤੀਆਂ ਭੁੱਲਾਂ ਦੀਆਂ ਗ਼ਲਤੀਆਂ ਨੂੰ ਬਖ਼ਸ਼ਾਉਣ ਦੀ ਕਾਹਲੀ ਜਥੇਦਾਰਾਂ ਨੂੰ ਜ਼ਿਆਦਾ ਹੁੰਦੀ ਹੈ। ਜੇਕਰ ਇਨ੍ਹਾਂ ਨੇਤਾਵਾਂ ਲਈ ਕੀਤਰਨ ਸੁਣਨਾ, ਭਾਂਡੇ ਸਾਫ਼ ਕਰਨਾ ਜਾਂ ਜੁੱਤੀਆਂ ਸਾਫ਼ ਕਰਨਾ ਸਜ਼ਾ ਹੈ ਤਾਂ ਲੱਖਾਂ ਸ਼ਰਧਾਲੂ ਰੋਜ਼ਾਨਾ ਧਾਰਮਿਕ ਸਥਾਨਾਂ 'ਤੇ ਕੀ ਸਜ਼ਾ ਭੁਗਤਦੇ ਹਨ। ਰੱਬ ਅਜੇ ਵੀ ਸੁਮੱਤ ਬਖਸ਼ੇ।

-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ), ਜ਼ਿਲ੍ਹਾ ਲੁਧਿਆਣਾ।

ਸ਼ਲਾਘਾਯੋਗ ਉਪਰਾਲਾ
ਸਿੱਖ ਕੌਮ ਅੱਜ ਵੀ ਆਪਣੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਮਾਨਵਤਾ ਦੀ ਸੇਵਾ 'ਤੇ ਅਮਲ ਕਰ ਰਹੀ ਹੈ ਤੇ ਇਸ ਦੀ ਉਦਾਹਰਨ ਖ਼ਾਲਸਾ ਏਡ ਨਾਂਅ ਦੀ ਅੰਤਰਰਾਸ਼ਟਰੀ ਪੱਧਰ ਦੀ ਸਮਾਜਿਕ ਸੰਸਥਾ ਖ਼ਾਲਸਾ ਏਡ ਹੈ ਜੋ ਵੱਖ-ਵੱਖ ਸਮਿਆਂ 'ਤੇ ਲੋਕਾਂ ਦੀਆਂ ਮੁਸੀਬਤਾਂ ਸਮੇਂ ਉਨ੍ਹਾਂ ਦੇ ਦੁੱਖ ਦਰਦ ਵਿਚ ਹਮੇਸ਼ਾ ਨਾਲ ਖੜ੍ਹਦੀ ਰਹੀ। ਮਹਾਂਮਾਰੀ ਦੀ ਮਾਰ ਝੱਲ ਚੁੱਕਾ ਮਹਾਰਾਸ਼ਟਰ ਦਾ ਲਾਤੂਰ ਸ਼ਹਿਰ ਜੋ ਕਿ 1993 ਵਿਚ ਭੁਚਾਲ ਦੀ ਮਾਰ ਹੇਠ ਆਉਣ ਨਾਲ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਹੁਣ ਫਿਰ ਇਹ ਸ਼ਹਿਰ ਪਾਣੀ ਦੀ ਘਾਟ ਹੋਣ ਕਾਰਨ ਸੋਕੇ ਦੀ ਮਹਾਂਮਾਰੀ ਦਾ ਸ਼ਿਕਾਰ ਹੋ ਗਿਆ ਹੈ। ਰੋਜ਼ਾਨਾ ਹੀ ਪਤਾ ਨਹੀਂ ਕਿੰਨੇ ਕੁ ਪਸ਼ੂ, ਪੰਛੀ ਅਤੇ ਮਨੁੱਖੀ ਜਾਨਾਂ ਪਾਣੀ ਨਾ ਮਿਲਣ ਕਾਰਨ ਅਜਾਈਂ ਜਾ ਰਹੀਆਂ ਹਨ। ਪਿਛਲੇ ਤਿੰਨ ਸਾਲਾਂ ਤੋਂ ਬਾਰਿਸ਼ ਨਹੀਂ ਹੋਈ। ਪਾਣੀ ਦਾ ਪੱਧਰ ਧਰਤੀ ਹੇਠਾਂ 700 ਫੁੱਟ 'ਤੇ ਜਾ ਚੁੱਕਾ ਹੈ। ਸਾਰੇ ਟਿਊਬਵੈੱਲ ਅਤੇ ਖੂਹ ਸੁੱਕ ਚੁੱਕੇ ਹਨ। ਇਥੇ ਪਾਣੀ ਦਾ ਮੁੱਖ ਸੋਮਾ ਧਨੇਗਾਂਓ ਡੈਮ ਹੀ ਹੈ। ਇਹ ਵੀ ਸੋਕੇ ਦੀ ਮਾਰ ਕਾਰਨ ਸੁੱਕ ਚੁੱਕਾ ਹੈ। ਖ਼ਾਲਸਾ ਏਡ ਇੰਡੀਆ ਦੇ ਨੌਜਵਾਨ ਰੋਜ਼ਾਨਾ ਇਕ ਲੱਖ ਲੀਟਰ ਪਾਣੀ ਮੁੱਲ ਖਰੀਦ ਕੇ ਲਾਤੂਰ ਵਾਸੀਆਂ ਨੂੰ ਮੁਫ਼ਤ ਵਿਚ ਦੇ ਰਹੇ। ਕੇਰਲ ਵਿਚ ਵੀ ਕੁਦਰਤ ਨੇ ਕਹਿਰ ਢਾਇਆ ਤੇ ਕਈ ਲੋਕ ਘਰੋਂ ਬੇਘਰ ਹੋ ਗਏ। ਇਥੇ ਵੀ ਖ਼ਾਲਸਾ ਏਡ ਨੇ ਖਾਣ ਪੀਣ ਦੀ ਰਸਦ ਤੋਂ ਇਲਾਵਾ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਵੀ ਮਦਦ ਕੀਤੀ। ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕ ਪ੍ਰਸੰਸਾ ਕਰ ਰਹੇ ਹਨ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

17-09-2018

 ਵਧੀਆਂ ਤੇਲ ਕੀਮਤਾਂ
ਤੇਲ ਕੀਮਤਾਂ ਦੇ ਵਾਧੇ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਲਾਇਲਾਜ ਬਿਮਾਰੀ ਵਾਂਗ ਕੀਮਤਾਂ 'ਚ ਨਿੱਤ ਦਿਨ ਵਾਧਾ ਚਿੰਤਾ ਦਾ ਵਿਸ਼ਾ ਹੈ। ਤਕਰੀਬਨ ਪਿਛਲੇ ਦੋ ਸਾਲਾਂ ਵਿਚ ਹੋਇਆ ਡੇਢ ਗੁਣਾ ਵਾਧਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਬਹੁਤ ਵੱਡਾ ਆਰਥਿਕ ਬੋਝ ਹੈ। ਸਰਕਾਰ ਵਲੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ, ਲੋਕਾਂ ਦੀਆਂ ਜੇਬਾਂ 'ਚੋਂ ਟੈਕਸ ਰੂਪੀ ਡਾਕੇ ਨੂੰ ਘਟਾ ਕੇ ਰਾਹਤ ਦਿੱਤੀ ਜਾ ਸਕਦੀ ਹੈ, ਸਭ ਕੁਝ ਹੋ ਸਕਦਾ ਹੈ ਪਰ ਲੋੜ ਹੈ ਦਿਆਨਤਦਾਰੀ ਦੀ।


-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।


ਆਈ ਹਰਿਆਲੀ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਨੇ ਘਰ-ਘਰ ਹਰਿਆਲੀ ਯੋਜਨਾ ਰਾਹੀਂ ਸੂਬੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਤ ਰਹਿਤ ਬਣਾਉਣ ਦੇ ਮਕਸਦ ਨਾਲ 'ਆਈ ਹਰਿਆਲੀ' ਮੋਬਾਈਲ ਐਪ ਜਾਰੀ ਕੀਤੀ ਹੈ, ਜਿਸ ਨਾਲ ਐਪਲ ਕੰਪਨੀ ਦਾ ਮੋਬਾਈਲ ਵਰਤਣ ਵਾਲੇ ਆਪਣੀ ਨੇੜਲੀ ਸਰਕਾਰੀ ਨਰਸਰੀ ਤੋਂ ਆਪਣੀ ਚੋਣ ਮੁਤਾਬਿਕ ਬਿਲਕੁਲ ਮੁਫ਼ਤ ਬੂਟੇ ਪ੍ਰਾਪਤ ਕਰ ਸਕਦੇ ਹਨ। ਪ੍ਰੰਤੂ ਜੋ ਲੋਕ ਹੋਰ ਕੰਪਨੀਆਂ ਮੋਬਾਈਲ ਵਰਤਦੇ ਹਨ, ਉਨ੍ਹਾਂ ਨੂੰ ਵੀ ਇਹ ਸਹੂਲਤ ਮਿਲਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪੂਰਾ ਪੰਜਾਬ ਹੀ ਸਰਕਾਰੀ ਨਰਸਰੀ ਤੋਂ ਬੂਟੇ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚ ਲਗਾਏਗਾ ਤਾਂ ਹਰ ਘਰ ਵਿਚ ਹੀ ਹਰਿਆਲੀ ਆਵੇਗੀ। ਫਿਲਹਾਲ ਐਪਲ ਕੰਪਨੀ ਦਾ ਮੋਬਾਈਲ ਵਰਤਣ ਵਾਲਿਆਂ ਨੂੰ ਸਰਕਾਰ ਵਲੋਂ ਦਿੱਤੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ-ਘਰ ਹਰਿਆਲੀ ਯੋਜਨਾ ਕਾਮਯਾਬ ਕਰਨ ਦੇ ਨਾਲ ਪੰਜਾਬ ਦਾ ਵਾਤਾਵਰਨ ਮੁਕਤ ਕਰਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਿਹਤ ਸਹੂਲਤਾਂ ਦੀ ਲੋੜ
ਸਮਾਂ ਬਦਲਣ ਦੇ ਨਾਲ-ਨਾਲ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲੱਗ ਪਏ ਹਨ। ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਦੇ ਹਨ ਪਰ ਇੰਨੀ ਜਾਗਰੂਕਤਾ ਦੇ ਬਾਵਜੂਦ ਬਿਮਾਰੀਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿਚ ਉਪਕਰਨ ਅਤੇ ਮਸ਼ੀਨਾਂ ਪੂਰੀ ਮਾਤਰਾ ਵਿਚ ਉਪਲਬੱਧ ਨਹੀਂ ਹਨ ਅਤੇ ਨਾ ਹੀ ਡਾਕਟਰ ਪੂਰੇ ਉਪਲਬੱਧ ਹਨ, ਜਿਸ ਦੇ ਬਾਵਜੂਦ ਮਜਬੂਰੀਵੱਸ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਪੈਂਦਾ ਹੈ ਜਿਥੇ ਸਾਰੀਆਂ ਸਹੂਲਤਾਂ ਮੁਹੱਈਆ ਹੋ ਜਾਂਦੀਆਂ ਹਨ ਪਰ ਬਿੱਲ ਵੱਡਾ ਬਣਦਾ ਹੈ ਤਾਂ ਚੰਗਾ-ਭਲਾ ਇਨਸਾਨ ਇਕ ਵਾਰ ਘਬਰਾ ਜਾਂਦਾ ਹੈ। ਇਸ ਨਾਲ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸਰਕਾਰੀ ਹਸਪਤਾਲਾਂ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਹਰੇਕ ਇਨਸਾਨ ਲੋੜ ਪੈਣ 'ਤੇ ਸਿਹਤ ਸਹੂਲਤਾਂ ਦਾ ਲਾਭ ਘੱਟ ਤੋਂ ਘੱਟ ਕੀਮਤ 'ਤੇ ਲੈ ਸਕੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਯੋਗ ਪੰਚਾਇਤਾਂ ਦੀ ਚੋਣ ਜ਼ਰੂਰੀ
ਭਾਰਤੀ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪਿੰਡ ਹਨ ਅਤੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਨੇ ਦਸਤਕ ਦੇ ਦਿੱਤੀ ਹੈ। ਇਹ ਪਿੰਡਾਂ ਦਾ ਦੁਖਾਂਤ ਹੈ ਕਿ ਪੰਚਾਇਤੀ ਚੋਣਾਂ ਹਮੇਸ਼ਾ ਪਾਰਟੀਬਾਜ਼ੀ, ਧੜੇਬਾਜ਼ੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਪਿੰਡਾਂ ਦੀਆਂ ਮੂਲ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਰਹਿੰਦੀਆਂ ਹਨ।
ਪਾਰਟੀਬਾਜ਼ੀ ਅਤੇ ਧੜੇਬਾਜ਼ੀ ਨੇ ਪਿੰਡਾਂ ਵਿਚ ਅਜਿਹਾ ਪੀਹਣ ਪਾਇਆ ਹੋਇਆ ਹੈ ਕਿ ਬਹੁਤੇ ਯੋਗ ਲੋਕ ਤਾਂ ਪੰਚ, ਸਰਪੰਚ ਦੀ ਚੋਣ ਲੜਨ ਤੋਂ ਹੀ ਲਾਂਭੇ ਰਹਿੰਦੇ ਹਨ। ਸਮੇਂ-ਸਮੇਂ 'ਤੇ ਵਾਪਰੀਆਂ ਜਾਂ ਵਾਪਰਦੀਆਂ ਹਿੰਸਕ ਘਟਨਾਵਾਂ ਇਹ ਤਸਦੀਕ ਕਰਦੀਆਂ ਹਨ ਕਿ ਚੋਣ ਲੜਨ ਲਈ ਯੋਗ ਵਾਤਾਵਰਨ ਨਾ ਮੁਹੱਈਆ ਕਰਾ ਸਕਣਾ ਵਿਵਸਥਾ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਸਿਹਤਮੰਦ ਸਮਾਜ ਸਿਰਜਣ ਅਤੇ ਸਮੇਂ ਦੇ ਹਾਣ ਲਈ ਪੜ੍ਹੀਆਂ-ਲਿਖੀਆਂ ਨਸ਼ਾਮੁਕਤ ਪੰਚਾਇਤਾਂ ਦਾ ਹੋਣਾ ਲਾਜ਼ਮੀ ਹੈ, ਸਬੰਧਿਤ ਟੀਚੇ ਦੀ ਪ੍ਰਾਪਤੀ ਲਈ ਵਿਵਸਥਾ ਵਲੋਂ ਨਿਯਮਾਂਵਲੀ ਵਿਚ ਲੋੜੀਂਦੇ ਸੁਧਾਰ ਕਰਕੇ ਚੋਣਾਂ ਲਈ ਲਾਜ਼ਮੀ ਸਿੱਖਿਅਕ ਪੱਧਰ ਹੋਣ ਦੇ ਨਾਲ-ਨਾਲ ਨਸ਼ੇ ਰਹਿਤ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।


-ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾ: ਬਰੜ੍ਹਵਾਲ ਲੰਮਾ ਪੱਤੀ, ਤਹਿ: ਧੂਰੀ (ਸੰਗਰੂਰ)।


ਪਾਣੀ ਦੀ ਸੰਭਾਲ
ਜੇਕਰ ਧਰਤੀ ਤੇ ਪਾਣੀ ਹੈ ਤਾਂ ਹੀ ਜੀਵਨ ਸੰਭਵ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਤਰ੍ਹਾਂ ਪੰਜਾਬ ਅੰਦਰ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਇਹ ਸਹੀ ਨਹੀਂ ਹੈ। ਇਕ ਪਾਸੇ ਫੈਕਟਰੀਆਂ ਦਾ ਗੰਦ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪਾਣੀ ਦੀ ਦੁਰਵਰਤੋਂ ਨਾਲ ਪਾਣੀ ਦਾ ਪੱਧਰ ਹੇਠਾਂ ਨੂੰ ਜਾ ਰਿਹਾ ਹੈ। ਇਸੇ ਕਾਰਨ ਪੰਜਾਬ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਣਗੀਆਂ। ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਇਹ ਹਰ ਨਾਗਰਿਕ ਦਾ ਫ਼ਰਜ਼ ਹੈ।


-ਜਸਪ੍ਰੀਤ ਕੌਰ ਸੰਘਾ-
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

14-09-2018

 ਫਾਲਤੂ ਰੌਲਾ
ਪਿਛਲੇ ਦਿਨੀਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੁਰਾਣੇ ਦੋਸਤ ਵਜੋਂ ਮਿਲਿਆ ਸੱਦਾ ਪ੍ਰਵਾਨ ਕਰਕੇ ਸਿੱਧੂ ਸਾਹਿਬ ਸਿਆਸਤ ਨੂੰ ਇਕ ਪਾਸੇ ਰੱਖ ਕੇ ਸ਼ਾਮਿਲ ਹੋਏ ਜਿਸ ਪ੍ਰਤੀ ਕੱਟੜਪੰਥੀਆਂ ਤੇ ਸੌੜੀ ਸੋਚ ਰੱਖਣ ਵਾਲਿਆਂ ਨੇ ਫਾਲਤੂ ਰੌਲਾ ਪਾਇਆ, ਜੋ ਕਿ ਨਿੰਦਣਯੋਗ ਸੀ। ਤੀਲੀ ਬਾਲ ਕੇ ਭਾਂਬੜ ਲਾਉਣੇ ਸੌਖੇ ਹੁੰਦੇ ਹਨ ਪਰ ਲੱਖਾਂ-ਕਰੋੜਾਂ ਦੇ ਨੁਕਸਾਨ ਕਰਵਾ ਕੇ ਅੱਗ ਬੁਝਾਉਣੀ ਬਹੁਤ ਔਖੀ ਹੁੰਦੀ ਹੈ। ਸਿੱਧੂ ਦੀ ਇਹ ਫੇਰੀ ਦੋਵਾਂ ਪਾਸਿਆਂ ਦੇ ਪੰਜਾਬੀਆਂ ਲਈ ਬਹੁਤ ਮਹੱਤਵਪੂਰਨ ਅਤੇ ਸਾਰਥਿਕ ਸੀ। ਭਰੀ ਸਭਾ ਵਿਚ 'ਕਲਮ ਕੱਲਾ' ਦਸਤਾਰਧਾਰੀ ਸਿੱਖ ਚੜ੍ਹਦੇ ਪੰਜਾਬੀਆਂ ਦਾ ਮਾਣ ਵਧਾ ਰਿਹਾ ਸੀ। ਹਰ ਪੰਜਾਬੀ ਸਿੱਖ ਹਰ ਰੋਜ਼ ਹੁੰਦੀ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਮੰਗ ਕਰਦਾ ਹੈ। ਵਿਰੋਧੀਆਂ ਨੂੰ ਅਜਿਹੇ ਸਾਰਥਿਕ ਮੁੱਦਿਆਂ ਉੱਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਥੋੜ੍ਹੀ ਜਿਹੀ ਹਿੰਮਤ
ਅੱਜਕਲ੍ਹ ਬਰਸਾਤ ਹੋਣ ਕਰਕੇ ਪਾਣੀ ਨਾਲ ਗਲੀਆਂ-ਨਾਲੀਆਂ ਤੇ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਪਿੰਡਾਂ-ਸ਼ਹਿਰਾਂ ਦੀਆਂ ਸੜਕਾਂ ਖਰਾਬ ਹੋ ਗਈਆਂ ਹਨ। ਮੀਹਾਂ ਦੇ ਦਿਨਾਂ 'ਚ ਇਹ ਹੋਣਾ ਸੁਭਾਵਿਕ ਹੀ ਹੈ। ਪਰ ਜੇਕਰ ਇਕ ਝਾਤ ਪਿੰਡਾਂ, ਸ਼ਹਿਰਾਂ ਵੱਲ ਮਾਰੀਏ ਤਾਂ ਇਹ ਵੇਖਣ 'ਚ ਆਉਂਦਾ ਹੈ ਕਿ ਮਕਾਨ ਬਣਾਉਣ 'ਤੇ ਆਪਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ ਪਰ ਜੇਕਰ ਆਪਣੇ ਘਰ ਦੇ ਨਾਲ ਲਗਦੀ ਗਲੀ-ਨਾਲੀ ਨੂੰ ਥੋੜ੍ਹਾ ਜਿਹਾ ਖਰਚ ਕਰਕੇ ਨਾਲ ਹੀ ਸੰਵਾਰ ਦੇਈਏ ਤਾਂ ਇਸ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਲਾਭ ਹੋਵੇਗਾ। ਜੇਕਰ ਅਸੀਂ ਸਿਰਫ ਆਪਣੇ ਘਰ ਨਾਲ, ਜ਼ਮੀਨ ਨਾਲ ਲਗਦੀ ਗਲੀ-ਨਾਲੀ ਹੋਵੇ ਜਾਂ ਸੜਕ, ਉਸ ਨੂੰ ਸਮੇਂ-ਸਮੇਂ 'ਤੇ ਦੇਖਦੇ ਰਹੀਏ, ਲੋੜ ਮੁਤਾਬਿਕ ਉਸ ਦੀ ਮੁਰੰਮਤ ਕਰਵਾਈਏ, ਸੜਕ ਦੇ ਕਿਨਾਰਿਆਂ ਨੂੰ ਟੁੱਟਣ ਤੋਂ ਬਚਾਈਏ, ਲੋੜ ਪੈਣ 'ਤੇ ਮਿੱਟੀ ਲਗਾਉਂਦੇ ਰਹੀਏ, ਇਸ ਨਾਲ ਸਾਨੂੰ ਸਭ ਨੂੰ ਫਾਇਦਾ ਹੋਵੇਗਾ।


-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।


ਪੰਚਾਇਤਾਂ ਵਿਚੋਂ ਬੰਦ ਹੋਵੇ ਸਿਆਸੀ ਦਖ਼ਲ
ਪੰਜਾਬ ਵਿਚ ਸਿਆਸੀ ਪਾਰਟੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਹੀ ਧੜੇਬੰਦੀ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਪਰ ਚੋਣਾਂ ਦੌਰਾਨ ਇਹ ਧੜੇਬੰਦੀ ਹੋਰ ਵਧ ਜਾਂਦੀ ਹੈ। ਸਿੱਟੇ ਵਜੋਂ ਪਿੰਡਾਂ ਵਿਚ ਖੂਨ ਖਰਾਬਾ ਤੇ ਫਿਰ ਸਿਆਸੀ ਧਿਰਾਂ ਆਪਣੀ ਵਿਰੋਧੀ ਪਾਰਟੀ ਤੇ ਪੁਲਿਸ ਕੇਸ ਦਰਜ ਕਰਾਉਣ ਲਈ ਪੂਰਾ ਜ਼ੋਰ ਲਾਉਂਦੀਆਂ ਹਨ। ਪੰਜਾਬ ਦੇ ਕੁਝ ਚੰਦ ਪਿੰਡਾਂ ਵਿਚ ਹੀ ਸਰਬਸੰਮਤੀ ਨਾਲ ਪੰਚਾਇਤਾਂ ਬਣਦੀਆਂ ਹਨ ਪਰ ਇਹਦੇ ਵਿਚ ਵੀ ਸੂਬੇ ਵਿਚ ਰਾਜ ਕਰਦੀ ਪਾਰਟੀ ਦਾ ਪੂਰੇ ਪਿੰਡ 'ਤੇ ਦਬਾਅ ਹੁੰਦਾ ਹੈ, ਜਿਸ ਨੂੰ ਸਰਬਸੰਮਤੀ ਦਾ ਨਾਂਅ ਦਿੱਤਾ ਜਾਂਦਾ ਹੈ। ਜਦੋਂ ਵਿਚਾਲਿਉਂ ਸੂਬੇ ਦੀ ਸਰਕਾਰ ਬਦਲ ਜਾਂਦੀ ਹੈ ਤਾਂ ਸੂਬੇ ਵਿਚ ਨਵੀਂ ਬਣੀ ਸਰਕਾਰ ਆਪਣੀ ਵਿਰੋਧੀ ਪਾਰਟੀ ਦੀ ਸਰਕਾਰ ਦੇ ਪੱਖ ਵਿਚ ਬਣੀ ਪੰਚਾਇਤ ਨਾਲ ਵਿਤਕਰਾ ਕਰਦੀ ਹੈ। ਇਥੋਂ ਤੱਕ ਕਿ ਕਈ ਵਾਰ ਗ੍ਰਾਂਟਾਂ ਵਿਚ ਹੇਰ-ਫੇਰ ਦੇ ਨਾਂਅ ਹੇਠ ਜਾਂਚ ਕਰਕੇ ਸਰਪੰਚ ਨੂੰ ਅਦਾਲਤਾਂ ਦੇ ਚੱਕਰ ਕਟਵਾਏ ਜਾਂਦੇ ਹਨ ਜਿਸ ਕਰਕੇ ਪਿੰਡ ਦਾ ਵਿਕਾਸ ਰੁਕ ਜਾਂਦਾ ਹੈ। ਸੋ, ਅੱਜ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਇਸੇ ਕਰਕੇ ਪਿੰਡ ਦਾ ਸਰਪੰਚ ਅਤੇ ਪੰਚ ਪੜ੍ਹੇ ਲਿਖੇ ਅਤੇ ਇਮਾਨਦਾਰ ਹੋਣੇ ਜ਼ਰੂਰੀ ਹਨ ਤਾਂ ਕਿ ਸਰਕਾਰ ਵਲੋਂ ਮਿਲਦੀਆਂ ਸਭ ਸਹੂਲਤਾਂ ਨੂੰ ਉਹ ਪਿੰਡ ਦੀ ਭਲਾਈ ਲਈ ਵਰਤ ਸਕਣ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।


ਸਾਈਨ ਬੋਰਡ

ਭਾਰਤ ਦੀ ਅਰਥ-ਵਿਵਸਥਾ ਸੜਕਾਂ ਨਾਲ ਜੁੜੀ ਹੋਈ ਹੈ। ਪਰ ਇਸ ਦੇ ਉਲਟ ਰਾਹੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਲਗਾਏ ਜਾਂਦੇ ਸਾਈਨ ਬੋਰਡਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਜ਼ਿਆਦਾਤਰ ਤਾਂ ਦੇਖਿਆ ਜਾਂਦਾ ਹੈ ਕਿ ਪੀ.ਡਬਲਿਊ.ਡੀ. ਮਹਿਕਮੇ ਵਲੋਂ ਜਾਂ ਹਾਈਵੇ ਅਥਾਰਿਟੀ ਵਲੋਂ ਜੋ ਦਿਸ਼ਾ-ਨਿਰਦੇਸ਼ ਲਈ ਲਗਾਏ ਜਾਂਦੇ ਬੋਰਡਾਂ ਦੀ ਸਥਿਤੀ ਕਸਬੇ ਦੇ ਨਕਸ਼ੇ ਮੁਤਾਬਿਕ ਨਹੀਂ ਹੁੰਦੀ। ਜੇਕਰ ਬੋਰਡ ਲੱਗ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ ਲਈ ਮਹਿਕਮੇ ਕੋਲ ਕਰਮਚਾਰੀ ਨਹੀਂ ਹੁੰਦੇ। ਪਿੰਡਾਂ ਦੀਆਂ ਸੜਕਾਂ 'ਤੇ ਲੱਗੇ ਬੋਰਡਾਂ ਨਾਲ ਜ਼ਿਆਦਾਤਰ ਸ਼ਰਾਰਤੀ ਅਨਸਰਾਂ ਵਲੋਂ ਛੇੜਛਾੜ ਕੀਤੀ ਜਾਂਦੀ ਹੈ, ਜਿਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਸਮਾਂ ਹੈ ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦਾ ਅਤੇ ਰਾਹੀਆਂ ਨੂੰ ਸਹੀ ਰਸਤਾ ਦਿਖਾਉਣ ਦਾ।


-ਪਰਮਜੀਤ ਸਿੰਘ, ਗੁਰਦਾਸਪੁਰ।


ਚੋਣਾਂ 'ਚ ਨੌਜਵਾਨ ਅੱਗੇ ਆਉਣ
ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਉਂਜ ਤਾਂ ਭਾਵੇਂ ਰਾਜਨੀਤੀ ਨੂੰ 'ਸ਼ਾਤਿਰ ਦਿਮਾਗਾਂ ਦੀ ਖੇਡ' ਜਾਂ 'ਗੰਦੀ ਰਾਜਨੀਤੀ' ਕਹਿ ਕੇ ਬੁਲਾਇਆ ਜਾਂਦਾ ਹੈ ਪਰ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਪੰਜਾਬ ਦੀ ਵਾਗਡੋਰ ਮੂਹਰੇ ਹੋ ਕੇ ਸੰਭਾਲਣੀ ਹੋਵੇਗੀ। ਇਸ ਗੱਲ ਨੂੰ ਮੁੱਢੋਂ ਹੀ ਬਦਲਣਾ ਹੋਵੇਗਾ ਕਿ ਰਾਜਨੀਤੀ ਭ੍ਰਿਸ਼ਟ ਤੇ ਸ਼ਾਤਿਰ ਲੋਕਾਂ ਦੀ ਖੇਡ ਹੈ। ਇਕ ਪਾਸੇ ਅਸੀਂ ਦੇਸ਼ ਦੇ ਦਿਨੋ-ਦਿਨ ਡਿਗਦੇ ਮਿਆਰ ਲਈ ਚਿੰਤਤ ਹਾਂ, ਇਸ ਨੂੰ ਬਚਾ ਕੇ ਮੂਹਰਲੀਆਂ ਸਫ਼ਾਂ 'ਚ ਖਲੋਤਾ ਲੋਚਦੇ ਹਾਂ ਤੇ ਦੂਜੇ ਪਾਸੇ ਅਸੀਂ ਹਮੇਸ਼ਾ ਆਪਣੇ ਅਧਿਕਾਰ, ਆਪਣੇ ਸੁਪਨੇ ਤੇ ਆਪਣੇ ਪੰਜਾਬ ਨੂੰ ਸਹੀ ਅਰਥਾਂ 'ਚ ਤਰੱਕੀ ਦੇ ਰਾਹ 'ਤੇ ਤੁਰਦਿਆਂ ਵੇਖਣ ਦੀ ਲੋਚਾ ਨੂੰ ਅਜਿਹੇ ਵਿਅਕਤੀਆਂ ਦੇ ਹੱਥਾਂ ਵਿਚ ਸੌਂਪ ਦਿੰਦੇ ਹਾਂ ਜਿਨ੍ਹਾਂ ਦਾ ਇਨਸਾਨੀਅਤ, ਦੇਸ਼ ਪ੍ਰੇਮ, ਭਾਈਚਾਰਾ ਆਦਿ ਨਾਲ ਦੂਰ ਨੇੜੇ ਦਾ ਕੋਈ ਵੀ ਰਿਸ਼ਤਾ ਨਹੀਂ ਹੁੰਦਾ। ਇਹ ਸੋਚਦਿਆਂ ਹੀ ਤਰਾਹ ਨਿਕਲ ਜਾਂਦਾ ਹੈ ਕਿ ਜੇ ਲੋਕ ਅਜੇ ਵੀ ਨਾ ਜਾਗੇ, ਜੇ ਇਨ੍ਹਾਂ ਲੋਕਾਂ ਨੇ ਅਜੇ ਵੀ ਆਪਣੇ ਦਿਲ ਦੀ ਆਵਾਜ਼ ਨੂੰ ਨਸ਼ੇ ਜਾਂ ਪੈਸੇ ਦੇ ਲਾਲਚ ਵਿਚ ਅਣਸੁਣਿਆ ਕਰ ਦਿੱਤਾ, ਜੇ ਇਹ ਫਿਰ ਚਾਤਰ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਦੇ ਦਿਖਾਏ ਸਬਜ਼ਬਾਗਾਂ ਨਾਲ ਪਰਚ ਗਏ ਤਦ ਕੀ ਹੋਵੇਗਾ? ਇਸ ਲਈ ਵੱਧ ਤੋਂ ਵੱਧ ਸੁਲਝੇ ਹੋਏ ਨੌਜਵਾਨਾਂ ਨੂੰ ਰਾਜਨੀਤੀ ਵਿਚ ਲਿਆਉਣ ਦੀ ਕੋਸ਼ਿਸ਼ ਕਰੋ।


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।

13-09-2018

 ਸੁੱਕਾ ਸਾਵਣ
ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੀ ਧਰਤੀ ਅੱਜ ਖ਼ੁਦ ਪਿਆਸੀ ਹੋਈ ਨਜ਼ਰ ਆ ਰਹੀ ਹੈ। ਚੌੜੀਆਂ ਹੋ ਰਹੀਆਂ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਵੱਡੇ-ਵੱਡੇ ਰੁੱਖਾਂ ਦੀ ਕਟਾਈ ਹੋਣ ਕਾਰਨ ਲਗਾਤਾਰ ਪੰਜਾਬ ਵਿਚੋਂ ਹਰਿਆਲੀ ਖ਼ਤਮ ਹੁੰਦੀ ਜਾ ਰਹੀ ਹੈ। ਹਰ ਸਾਲ ਵੱਖ-ਵੱਖ ਸਕੂਲਾਂ, ਕਾਲਜਾਂ, ਕਲੱਬਾਂ, ਪੰਚਾਇਤਾਂ ਵਲੋਂ ਲਗਾਏ ਜਾਂਦੇ ਹਜ਼ਾਰਾਂ ਬੂਟੇ ਸਿਰਫ ਅਖ਼ਬਾਰਾਂ ਵਿਚ ਫੋਟੋਆਂ ਲਗਾਉਣ ਤੱਕ ਹੀ ਸੀਮਤ ਰਹਿ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੀ ਕੋਈ ਸਾਂਭ-ਸੰਭਾਲ ਨਾ ਹੋਣ ਕਾਰਨ ਉਹ ਵੱਡੇ ਹੋਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ। ਹੁੰਮਸ ਭਰੀ ਗਰਮੀ ਲੋਕਾਂ ਦਾ ਤ੍ਰਾਹ ਕੱਢ ਰਹੀ ਹੈ। ਪੰਜਾਬ ਅੰਦਰ ਪਾਣੀ ਦੀ ਇਸ ਗੰਭੀਰ ਹੋ ਰਹੀ ਸਮੱਸਿਆ ਪ੍ਰਤੀ ਸਰਕਾਰਾਂ ਦੇ ਨਾਲ-ਨਾਲ ਜੇ ਅਸੀਂ ਖ਼ੁਦ ਗੰਭੀਰ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।


-ਰਾਜਾ ਗਿੱਲ
ਚੜਿੱਕ, ਮੋਗਾ।


ਸੁਚੇਤ ਰਹਿਣ ਪੰਜਾਬੀ
ਜਦੋਂ ਤੋਂ ਜਸਟਿਸ ਰਣਜੀਤ ਸਿੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਵਿਚ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਦੋਵੇਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਇਸ ਸੰਵੇਦਨਸ਼ੀਲ ਮੁੱਦੇ 'ਤੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਅ ਰਹੀਆਂ ਹਨ। ਖ਼ੈਰ, ਰਾਜਨੀਤਕ ਪਾਰਟੀਆਂ ਤਾਂ ਆਪਣੀ ਖੇਡ ਖੇਡਣਗੀਆਂ ਹੀ ਪਰ ਚਿੰਤਾ ਤਾਂ ਇਸ ਗੱਲ ਦੀ ਹੈ ਕਿ ਹੁਣ ਸਿੱਖਾਂ ਦੀਆਂ ਜਥੇਬੰਦੀਆਂ ਹੀ ਆਪਸ 'ਚ ਭਿੜਨ ਲੱਗੀਆਂ ਹਨ ਜੋ ਬੇਹੱਦ ਚਿੰਤਾਜਨਕ ਹੈ। ਪੰਜਾਬ ਪਹਿਲਾਂ ਹੀ ਬਥੇਰਾ ਸੰਤਾਪ ਭੋਗ ਚੁੱਕਾ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਸਮੂਹ ਪੰਥਕ/ਪੰਜਾਬੀ ਧਿਰਾਂ ਆਪਸੀ ਮਤਭੇਦ ਭੁਲਾ ਕੇ ਇਸ ਮਸਲੇ ਦਾ ਹੱਲ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੇ ਅਸਲ ਚਿਹਰੇ ਨੰਗੇ ਕਰਨ ਤਾਂ ਜੋ ਕਾਨੂੰਨ ਉਨ੍ਹਾਂ ਨੂੰ ਬਣਦੀ ਸਜ਼ਾ ਦੇਵੇ।


-ਜਗਜੀਤ ਸਿੰਘ ਸੱਗੂ
ਪਰਾਂ ਵਾਲਾ ਗੇਟ, ਸੁਨਾਮ (ਸੰਗਰੂਰ)।


ਅਵਾਰਾ ਜਾਨਵਰਾਂ ਦੀ ਸਮੱਸਿਆ
ਹਰ ਰੋਜ਼ ਅਖ਼ਬਾਰ ਵਿਚ ਜਾਨਵਰਾਂ ਦੁਆਰਾ ਕੀਤੇ ਹਮਲਿਆਂ ਵਿਚ ਇਨਸਾਨਾਂ ਦੀ ਬੇਵਕਤੀ ਮੌਤ ਬਾਰੇ ਪੜ੍ਹ ਕੇ ਮਨ ਬੁਰੀ ਤਰ੍ਹਾਂ ਵਿਚਲਿਤ ਹੋ ਜਾਂਦਾ ਹੈ। ਅਵਾਰਾ ਜਾਨਵਰਾਂ ਦੀ ਸਮੱਸਿਆ ਕਿਸੇ ਇਕ ਜਗ੍ਹਾ ਦੀ ਨਹੀਂ, ਬਲਕਿ ਸਾਰੇ ਹੀ ਪਿੰਡਾਂ ਅਤੇ ਸ਼ਹਿਰਾਂ ਦੀ ਹੈ। ਸੜਕਾਂ ਦੇ ਉੱਤੇ ਅਵਾਰਾ ਜਾਨਵਰਾਂ ਦੇ ਇਕਦਮ ਸਾਹਮਣੇ ਆ ਜਾਣ ਨਾਲ ਕਿੰਨੇ ਹੀ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਲੱਗ ਚੁੱਕੀਆਂ ਹਨ। ਸੜਕਾਂ 'ਤੇ ਸ਼ਹਿਰਾਂ ਦੇ ਚੌਕਾਂ ਵਿਚ, ਗੱਲੀ ਮੁਹੱਲਿਆਂ ਵਿਚ ਅਵਾਰਾ ਜਾਨਵਰ ਝੁੰਡਾਂ ਦੇ ਝੁੰਡ ਬਣਾ ਕੇ ਘੁੰਮ ਰਹੇ ਹਨ। ਕਈ ਲੋਕ ਇਨ੍ਹਾਂ ਲਈ ਸੜਕਾਂ ਉੱਪਰ ਖਾਣ-ਪੀਣ ਦਾ ਸਾਮਾਨ ਸੁੱਟ ਦਿੰਦੇ ਹਨ ਤੇ ਭੁੱਖ ਦੇ ਸਤਾਏ ਇਹ ਜਾਨਵਰ ਸੜਕਾਂ ਉਪਰ ਜਾਮ ਵਰਗੀ ਸਥਿਤੀ ਪੈਦਾ ਕਰ ਦਿੰਦੇ ਹਨ। ਕਦੇ-ਕਦੇ ਇਨ੍ਹਾਂ ਦੀ ਆਪਸੀ ਲੜਾਈ ਕਾਰਨ ਸੜਕਾਂ ਉੱਪਰ ਖੜ੍ਹੀਆਂ ਗੱਡੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਕੋਈ ਵੀ ਪੱਕਾ ਹੱਲ ਨਾ ਮਿਲਣ ਕਰਕੇ ਪਿੰਡਾਂ ਵਾਲੇ ਆਪਣੇ ਪੱਧਰ 'ਤੇ ਇਨ੍ਹਾਂ ਜਾਨਵਰਾਂ ਨੂੰ ਫੜ ਕੇ ਇਕ ਪਿੰਡ ਤੋਂ ਦੂਜੇ ਪਿੰਡਾਂ ਵਿਚ ਰਾਤ-ਬਰਾਤੇ ਛੱਡ ਆਉਂਦੇ ਹਨ ਤੇ ਕਈ ਵਾਰ ਅਜਿਹੀਆਂ ਗੱਲਾਂ ਕਰਕੇ ਮਾਰ-ਮੁਕਾਈ ਤੱਕ ਹੋ ਜਾਂਦੀ ਹੈ। ਇਹ ਠੀਕ ਹੈ ਕਿ ਜਾਨਵਰਾਂ ਨੂੰ ਮਾਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਹੈ ਪਰ ਜਦੋਂ ਇਹੀ ਜਾਨਵਰ ਇਨਸਾਨਾਂ ਦੀ ਜਾਨ ਲੈਣ 'ਤੇ ਉਤਾਰੂ ਹੋ ਜਾਣ ਤਾਂ ਦੋਸ਼ ਕਿਸ ਨੂੰ ਦਿੱਤਾ ਜਾਵੇ? ਇਸ ਗੰਭੀਰ ਮਸਲੇ ਦਾ ਪੱਕਾ ਹੱਲ ਤੁਰੰਤ ਲਭਿਆ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸਰਕਾਰ ਵਲੋਂ ਜੋ ਗਾਂ ਸੈੱਸ ਇਕੱਠਾ ਕੀਤਾ ਜਾ ਰਿਹਾ ਹੈ, ਉਸ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਅਤੇ ਨਵੀਂ ਨੀਤੀ ਤਿਆਰ ਕਰਕੇ ਬੇਜ਼ਬਾਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।


-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।


ਪੋਲੀਥੀਨ 'ਤੇ ਰੋਕ
ਪੰਜਾਬ ਵਿਚ ਪਹਿਲੀ ਅਗਸਤ ਤੋਂ ਪੋਲੀਥੀਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਕੁਝ ਦੁਕਾਨਦਾਰ ਜਾਂ ਸਬਜ਼ੀਆਂ ਦੀਆਂ ਰੇਹੜੀਆਂ ਵਾਲੇ ਵਿਅਕਤੀ ਪੋਲੀਥੀਨ ਦੀ ਵਰਤੋਂ ਕਰ ਰਹੇ ਹਨ। ਪੋਲੀਥੀਨ ਇਕ ਅਜਿਹਾ ਜਾਨਲੇਵਾ ਜ਼ਹਿਰੀਲਾ ਪਲਾਸਟਿਕ ਹੈ ਕਿ ਜੇ ਇਸ ਨੂੰ ਅੱਗ ਲਗਾਈ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਲੱਗ ਸਕਦੀਆਂ ਹਨ ਤੇ ਇਸ ਨਾਲ ਵਿਅਕਤੀਆਂ ਦੀ ਮੌਤ ਹੋ ਸਕਦੀ ਹੈ। ਸਬੰਧਿਤ ਵਿਭਾਗ ਵਲੋਂ ਜੇਕਰ ਕਾਰਵਾਈ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਕਈ ਰੇਹੜੀ ਵਾਲਿਆਂ ਤੇ ਨਿੱਜੀ ਦੁਕਾਨਾਂ 'ਚੋਂ ਵਿਭਾਗ ਨੂੰ ਪੋਲੀਥੀਨ ਦੇ ਲਿਫ਼ਾਫ਼ੇ ਬਰਾਮਦ ਹੋ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸਪਲਾਈ ਲਾਈਨ ਨੂੰ ਤੋੜਿਆ ਜਾਵੇ ਅਤੇ ਪੋਲੀਥੀਨ ਦੀ ਸ਼ਹਿਰਾਂ ਵਿਚ ਆਮਦ ਬੰਦ ਹੋ ਸਕੇ।


-ਬਲਵਿੰਦਰ ਕੌਰ
ਹਿੰਦੂ ਕੰਨਿਆ ਕਾਲਜ, ਕਪੂਰਥਲਾ।


ਜਾਤੀਵਾਦ
21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਹੋਣ ਦਾ ਮਾਣ ਹਾਸਲ ਹੈ ਕਿਉਂਕਿ ਇਸ ਸਦੀ ਵਿਚ ਅਸੀਂ ਵਿਗਿਆਨਕ ਖੇਤਰ ਵਿਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ, ਪਰ ਦੁੱਖ ਹੈ ਕਿ ਇਸ ਅਗਾਂਹਵਧੂ ਸਦੀ ਵਿਚ ਊਚ-ਨੀਚ ਤੇ ਜਾਤ-ਪਾਤ ਦੇ ਨਾਂਅ 'ਤੇ ਵਖਰੇਵੇਂ ਪੈਦਾ ਕੀਤੇ ਜਾ ਰਹੇ ਹਨ ਜੋ ਦੇਸ਼ ਦੀ ਤਰੱਕੀ ਲਈ ਕੋਈ ਵਧੀਆ ਸੰਕੇਤ ਨਹੀਂ ਕਹੇ ਜਾ ਸਕਦੇ। ਅਜਿਹੀ ਮਾਨਸਿਕਤਾ ਦੇਸ਼ ਦੀ ਭਾਈਚਾਰਕ ਸਾਂਝ ਨੂੰ ਖੋਖਲਾ ਹੀ ਕਰਦੀ ਹੈ।
ਪਿਛਲੇ ਸਮਿਆਂ 'ਚ ਕੁਝ ਲੋਕਾਂ ਵਲੋਂ ਬੀਜੇ ਜਾਤ-ਪਾਤ, ਊਚ-ਨੀਚ ਤੇ ਨਫ਼ਰਤ ਦੇ ਬੀਜ ਅੱਜ ਬਹੁਤੀ ਥਾਈਂ ਦਰੱਖਤਾਂ ਦਾ ਰੂਪ ਧਾਰ ਚੁੱਕੇ ਹਨ ਜਦੋਂ ਕਿ ਧਾਰਮਿਕ ਸਥਾਨ ਸਾਨੂੰ ਵਖਰੇਵਿਆਂ ਦਾ ਨਹੀਂ, ਸਗੋਂ ਸਾਂਝੀਵਾਲਤਾ ਤੇ ਜੁੜ ਬੈਠਣ ਦਾ ਸੰਦੇਸ਼ ਦਿੰਦੇ ਹਨ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

11-09-2018

 ਨਜ਼ਰੀਆ ਹੀ ਹੈ ਜ਼ਿੰਦਗੀ
ਹਰ ਸਮੇਂ ਮਨੁੱਖ ਦੇ ਦਿਲ ਤੇ ਦਿਮਾਗ ਵਿਚ ਕੁਝ ਚਲਦਾ ਰਹਿੰਦਾ ਹੈ। ਇਹ ਹੀ ਉਸ ਦੀ ਸੋਚ ਹੈ ਅਤੇ ਇਹ ਸਾਕਾਰਾਤਮਿਕ ਅਤੇ ਨਕਾਰਾਤਾਮਿਕ ਦੋਵੇਂ ਹੁੰਦੀਆਂ ਹਨ। ਇਸੇ ਸੋਚ ਤੋਂ ਅੱਗੇ ਜਾ ਕੇ ਤੁਹਾਡਾ ਨਜ਼ਰੀਆ ਬਣਦਾ ਹੈ। ਤੁਸੀਂ ਇਸ ਜੀਵਨ ਨੂੰ ਜਾਂ ਕਿਸੇ ਵੀ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ, ਭਾਵ ਉਸ ਨੂੰ ਕਿਸ ਤਰ੍ਹਾਂ ਸੋਚਦੇ ਹੋ। ਇਸ ਨੂੰ ਨਜ਼ਰੀਆ ਕਹਿੰਦੇ ਹਨ ਅਤੇ ਨਜ਼ਰੀਆ ਸਾਡੀ ਸੋਚ ਦੀ ਉਪਜ ਹੈ। ਜੇਕਰ ਤੁਹਾਡੀ ਸੋਚ ਵਿਚ ਹਰ ਵਕਤ ਕਿਸੇ ਲਈ ਚੰਗੇ ਅਤੇ ਸਾਕਾਰਾਤਮਿਕ ਭਾਵ ਚੱਲਣਗੇ ਤਾਂ ਤੁਹਾਡਾ ਨਜ਼ਰੀਆ ਅਤੇ ਸੁਭਾਅ ਉਸ ਪ੍ਰਤੀ ਹਮੇਸ਼ਾ ਚੰਗਾ ਹੀ ਬਣਿਆ ਰਹੇਗਾ। ਸਾਡੇ ਨਜ਼ਰੀਏ ਦਾ ਸਭ ਤੋਂ ਵੱਡਾ ਅਸਰ ਸਾਡੀ ਆਪਣੀ ਜ਼ਿੰਦਗੀ 'ਤੇ ਹੈ। ਸਾਡੀ ਸੋਚ ਸਾਡੀ ਮਹਿਸੂਸ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਿਕ ਅਤੇ ਚੰਗੀ ਸੋਚ ਨਾਲ ਅਸੀਂ ਖ਼ੁਦ ਨੂੰ ਵਧੇਰੇ ਹਾਂ-ਪੱਖੀ ਮਹਿਸੂਸ ਕਰ ਖੁਸ਼ੀਆਂ ਅਤੇ ਖੇੜੇ ਭਰਿਆ ਜੀਵਨ ਜੀਅ ਸਕਦੇ ਹਾਂ।

-ਕਿਰਨਪ੍ਰੀਤ ਕੌਰ।

ਦਾਨ ਤੇ ਦਿਖਾਵਾ
ਨਿਰਸਵਾਰਥ ਭਾਵ ਨਾਲ ਕਿਸੇ ਲੋੜਵੰਦ, ਮਜਬੂਰ, ਦੁਖੀ ਦੀ ਕੀਤੀ ਸਹਾਇਤਾ ਦਾਨ ਦੇ ਦਾਇਰੇ ਵਿਚ ਆ ਜਾਂਦੀ ਹੈ। ਕੀਤਾ ਹੋਇਆ ਦਾਨ ਉਹੀ ਸਹੀ ਹੁੰਦਾ ਹੈ, ਜਿਸ ਵਿਚ ਕੋਈ ਹੰਕਾਰ ਭਾਵ, ਸਵਾਰਥ ਭਾਵ, ਦਿਖਾਵਾ ਭਾਵ ਸ਼ਾਮਿਲ ਨਾ ਹੋਵੇ। ਦਾਨ ਕਰਨ ਸਮੇਂ ਕੀਤਾ ਦਿਖਾਇਆ ਦਿਖਾਵਾ ਸ਼ਾਂਤੀ, ਸਕੂਨ, ਮਾਨਵ ਭਾਵਨਾ ਨੂੰ ਕਿਤੇ ਨਾ ਕਿਤੇ ਮਾਨਸਿਕ, ਭਾਵਨਾਤਮਿਕ, ਸਮਾਜਿਕ ਤੌਰ 'ਤੇ ਠੇਸ ਪਹੁੰਚਾ ਸਕਦਾ ਹੈ। ਦਾਨ ਵਜੋਂ ਦਿੱਤੀ ਗਈ ਵਸਤੂ ਉੱਤੇ ਆਪਣੇ ਜਾਂ ਆਪਣੇ ਪਰਿਵਾਰ ਦੇ ਜਾਂ ਵੱਡੇ ਬਜ਼ੁਰਗਾਂ ਦੇ ਨਾਂਅ ਆਦਿ ਲਿਖਵਾਉਣੇ ਵੀ ਸ਼ਾਮਿਲ ਕਿਤੇ ਨਾ ਕਿਤੇ ਦਾਨ ਭਾਵਨਾ ਨੂੰ ਖੰਡਿਤ ਕਰਦੇ ਜਾਪਦੇ ਹਨ। ਸੋਚਣ ਅਤੇ ਸਮਝਣ ਵਾਲੀ ਇਕ ਚਿੱਤ ਗੱਲ ਹੈ ਕਿ 'ਕੀ ਦਿਖਾਵਾ ਰਹਿਤ ਦਾਨ ਨਹੀਂ ਹੋ ਸਕਦਾ?' ਦਿਖਾਵਾ ਕਦੇ ਦਾਨ ਨਹੀਂ ਹੋ ਸਕਦਾ ਅਤੇ ਦਾਨ ਦਿਖਾਵੇ ਦਾ ਮੋਹਤਾਜ ਨਹੀਂ। ਦਾਨ ਮਾਨਵਤਾ ਪ੍ਰਤੀ ਇਕ ਕਰਮ ਅਤੇ ਭਾਵਨਾ ਹੈ, ਨਾ ਕਿ ਦੁਨੀਆ ਨੂੰ ਦਿਖਾਉਣ ਲਈ ਕੋਈ ਸਾਧਨ। ਸਵਾਰਥ ਰਹਿਤ ਤੇ ਦਿਖਾਵਾ ਰਹਿਤ ਕੀਤੇ ਦਾਨ ਨੂੰ ਦੁਨੀਆ ਤਾਂ ਸ਼ਾਇਦ ਨਹੀਂ ਦੇਖਦੀ, ਪਰ ਪਰਮਾਤਮਾ ਜ਼ਰੂਰ ਦੇਖਦਾ ਹੈ ਤੇ ਭਾਗ ਲਾਉਂਦਾ ਹੈ। ਸੋ, ਦਾਨ ਦਿਖਾਵਾ ਰਹਿਤ ਹੋ ਕੇ ਅਤੇ ਪਰਮੇਸ਼ਰ ਨੂੰ ਸਮਰਪਿਤ ਹੋ ਕੇ ਦੇਣਾ ਹੀ ਸਹੀ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਅਸਾਮੀਆਂ ਖ਼ਤਮ ਕਰਨਾ ਮੰਦਭਾਗਾ
ਸਾਡੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਨੀਤੀ ਨੂੰ ਸੁਧਾਰਨ ਦੀ ਗੱਲ ਕਰ ਰਹੇ ਹਨ ਤੇ ਦੂਜੇ ਪਾਸੇ ਸਾਡੇ ਸਕੂਲਾਂ 'ਚ ਪੀ.ਟੀ.ਆਈ. ਤੇ ਡਰਾਇੰਗ ਮਾਸਟਰਾਂ ਦੀਆਂ ਪੋਸਟਾਂ ਹੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਅਸੀਂ ਪੰਜਾਬੀ ਪਹਿਲਾਂ ਹੀ ਖੇਡਾਂ ਵਿਚ ਬਹੁਤ ਪਛੜੇ ਹੋਏ ਹਾਂ। ਏਨਾ ਪਛੜਨ ਦਾ ਇਕ ਕਾਰਨ ਹੈ ਕਿ ਸਾਡੀ ਖੇਡ ਨੀਤੀ ਵਿਚ ਕਿਤੇ ਨਾ ਕਿਤੇ ਨੁਕਸ ਜ਼ਰੂਰ ਹੈ। ਜੇਕਰ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਧਿਆਪਕ ਹੀ ਖ਼ਤਮ ਕਰ ਦਿੱਤੇ ਤਾਂ ਸਾਡਾ ਦੇਸ਼ ਖੇਡਾਂ ਵਿਚ ਹੋਰ ਵੀ ਪਛੜ ਜਾਵੇਗਾ ਅਧਿਆਪਕਾਂ ਤੋਂ ਬਿਨਾਂ ਖੇਡਣ ਵਾਲੀ ਪਨੀਰੀ ਕੌਣ ਤਿਆਰ ਕਰੇਗਾ? ਨੌਜਵਾਨ ਸਕੂਲਾਂ ਵਿਚ ਡਰਾਇੰਗ ਨਾਲ ਜੁੜ ਕੇ ਵੱਡੇ ਕਲਾਕਾਰ ਬਣਦੇ ਹਨ। ਜਦੋਂ ਸਕੂਲਾਂ 'ਚ ਇਹ ਵਿਸ਼ੇ ਹੀ ਖ਼ਤਮ ਕਰਤੇ ਸਾਡੇ ਦੇਸ਼ ਵਿਚ ਮੂਰਤੀਕਾਰ ਚਿੱਤਰਕਾਰ ਆਦਿ ਕਿੱਥੋਂ ਪੈਦਾ ਹੋਣਗੇ? ਸੋ, ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਇਸ ਨੀਤੀ ਨੂੰ ਵਾਪਸ ਲਵੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਤਾਕਤ ਦੀ ਦੁਰਵਰਤੋਂ
ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਸੱਤਾਧਾਰੀ ਪਾਰਟੀ ਦੁਆਰਾ ਆਪਣੀ ਸੱਤਾ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਰਵਾਇਤ ਪਿਛਲੇ ਸਮੇਂ ਤੋਂ ਚਲੀ ਆ ਰਹੀ ਹੈ ਕਿ ਜੋ ਪਾਰਟੀ ਸੱਤਾ ਵਿਚ ਹੁੰਦੀ ਹੈ, ਉਹ ਆਪਣੇ ਪਾਰਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਜਿਤਾਉਣ ਲਈ ਹਰ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰਦੀ ਹੈ। ਇਨ੍ਹਾਂ ਚੋਣਾਂ ਵਿਚ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੱਤਾਧਾਰੀ ਪਾਰਟੀ ਦੇ ਹੱਥ ਵਿਚ ਹੁੰਦਾ ਹੈ। ਇਸ ਲਈ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਕਾਗਜ਼ ਰੱਦ ਤੱਕ ਕਰਵਾ ਦਿੱਤੇ ਜਾਂਦੇ ਹਨ। ਇਹ ਕਿੱਥੋਂ ਦਾ ਲੋਕਤੰਤਰ ਹੈ, ਜਿਥੇ ਇਸ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ। ਇਸ ਲਈ ਲੋੜ ਹੈ ਜੇਕਰ ਜੜ੍ਹਾਂ ਤੋਂ ਲੋਕਤੰਤਰ ਮਜ਼ਬੂਤ ਕਰਨਾ ਹੈ ਤਾਂ ਇਨ੍ਹਾਂ ਸਥਾਨਕ ਚੋਣਾਂ ਵਿਚ ਵੀ ਚੋਣ ਕਮਿਸ਼ਨ ਪੂਰੀ ਦਿਲਚਸਪੀ ਲੈ ਕੇ ਨਿਰਪੱਖ ਚੋਣਾਂ ਕਰਵਾਏ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਤਿਉਹਾਰ ਕਿੰਨੇ ਕੁ ਅਰਥਪੂਰਨ
ਅਸੀਂ ਕਈ ਤਿਉਹਾਰ ਮਨਾਉਂਦੇ ਹਾਂ, ਜਿਨ੍ਹਾਂ ਵਿਚੋਂ ਕਈ ਇਤਿਹਾਸ ਨਾਲ, ਕਈ ਮੌਸਮ ਨਾਲ ਤੇ ਕਈ ਵਹਿਮਾਂ-ਭਰਮਾਂ ਨਾਲ ਸਬੰਧਿਤ ਹੁੰਦੇ ਹਨ। ਜੇ ਮੈਂ ਪਹਿਲਾਂ ਹੋਲੀ ਦੀ ਗੱਲ ਕਰਾਂ ਤਾਂ ਮਨੁੱਖ ਜ਼ਹਿਰ ਰੂਪੀ ਰੰਗ ਇਸਤੇਮਾਲ ਕਰ ਕੇ ਆਪਣੇ ਹੀ ਸਰੀਰ ਨੂੰ ਰੋਗੀ ਬਣਾਉਂਦੇ ਹਨ। ਦੀਵਾਲੀ 'ਤੇ ਸਾਨੂੰ ਮੋਮਬੱਤੀਆਂ, ਦੀਵੇ, ਰੌਸ਼ਨੀਆਂ ਲਗਾਉਣੀਆਂ ਅਤੇ ਪਟਾਕੇ ਚਲਾਉਣੇ ਤਾਂ ਯਾਦ ਰਹਿੰਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਸਾਡਾ ਸਮਾਂ ਤੇ ਪੈਸਾ ਦੋਵੇਂ ਫਾਲਤੂ ਜਾਂਦੇ ਹਨ। ਵਿਸਾਖੀ ਅਤੇ ਗੁਰਪੁਰਬਾਂ 'ਤੇ ਅਸੀਂ ਸਿਰਫ ਗੁਰਧਾਮਾਂ ਦੀ ਯਾਤਰਾ ਤੱਕ ਹੀ ਸੀਮਤ ਰਹਿ ਜਾਂਦੇ ਹਾਂ ਪਰ ਜਿਹੜੇ ਗੁਰੂਆਂ, ਭਗਤਾਂ ਤੇ ਪੀਰਾਂ ਦੇ ਦਿਨ ਮਨਾਉਂਦੇ ਹਾਂ, ਅਸਲ ਉਨ੍ਹਾਂ ਨੂੰ ਭੁੱਲ ਜਾਂਦੇ ਹਾਂ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਅਸੀਂ ਉਹ ਅਨਮੋਲ ਪਲ ਮਸਤੀ 'ਚ ਹੀ ਗੁਜ਼ਾਰ ਦਿੰਦੇ ਹਾਂ। ਜਿਹੜੇ ਤਿਉਹਾਰ ਵਹਿਮ-ਭਰਮ ਨਾਲ ਸਬੰਧਿਤ ਹਨ, ਸਾਨੂੰ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ।

-ਅਮਨਜੋਤ ਸਿੰਘ ਸਢੌਰਾ
ਕਲਾਸ-8, ਗਲੀ ਨੰ: 4, ਆਜ਼ਾਦ ਨਗਰ, ਨਜ਼ਦੀਕ ਸਵੇਰਾ ਆਈਸਕਰੀਮਜ਼, ਯਮੁਨਾ ਨਗਰ।

10-09-2018

 ਸੁੱਕੇ ਰੁੱਖ
ਪੂਰੇ ਪੰਜਾਬ ਵਿਚ ਕਿਸੇ ਵੇਲੇ ਮੁੱਖ ਲਿੰਕ ਸੜਕਾਂ ਅਤੇ ਰੇਲਵੇ ਪਟਰੀਆਂ ਦੇ ਦੋਵੇਂ ਪਾਸੇ ਲੱਗੇ ਕਿੱਕਰ ਅਤੇ ਟਾਹਲੀ ਦੇ ਦਰੱਖਤ ਸ਼ਿੰਗਾਰ ਬਣੇ ਹੋਏ ਸਨ, ਪਰ ਹੁਣ ਉਮਰ ਪੂਰੀ ਕਰ ਚੁੱਕੇ ਇਹ ਰੁੱਖ ਸੁੱਕ ਜਾਣ ਕਾਰਨ ਬੁੱਤ ਬਣੇ ਖੜ੍ਹੇ ਹਨ। ਪੁਰਾਣੇ ਤਰਖਾਣ ਟਾਹਲੀ ਦੀ ਲੱਕੜ ਨਾਲ ਮੰਜੇ-ਪੀੜ੍ਹੇ ਬਣਾਉਂਦੇ ਸਨ ਅਤੇ ਕਿੱਕਰ ਦੀ ਲੱਕੜ ਕਿਸਾਨੀ ਦੇ ਸੰਦ ਬਣਾਉਣ ਦੇ ਕੰਮ ਆਉਂਦੀ ਸੀ। ਜਿਥੇ ਹੁਣ ਇਹ ਸੁੱਕੇ ਰੁੱਖ ਸੜਕਾਂ, ਰੇਲਵੇ ਲਾਈਨਾਂ ਦੀ ਸੁੰਦਰਤਾ ਖਰਾਬ ਕਰ ਰਹੇ ਹਨ, ਉਥੇ ਸੜਕਾਂ ਦੇ ਕਿਨਾਰੇ ਡਿੱਗੇ ਰੁੱਖ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਭਾਵੇਂ ਕਿ ਟ੍ਰਿਬਿਊਨਲ ਵਲੋਂ ਅਜਿਹੇ ਸੁੱਕੇ ਰੁੱਖਾਂ ਦੀ ਕਟਾਈ 'ਤੇ ਵੀ ਪੂਰੀ ਰੋਕ ਹੈ, ਪ੍ਰੰਤੂ ਜੰਗਲਾਤ ਵਿਭਾਗ ਨੂੰ ਜਿਥੇ ਹਰ ਸਾਲ ਨਵੇਂ ਬੂਟੇ ਲਗਾ ਰਿਹਾ ਹੈ, ਉਥੇ ਇਹ ਉਮਰ ਵਿਹਾ ਚੁੱਕੇ ਸੁੱਕੇ ਰੁੱਖਾਂ ਦਾ ਨਿਪਟਾਰਾ ਵੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਸਹਿਮਤੀ ਨਾਲ ਕੀਤਾ ਜਾਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ, ਜਲੰਧਰ।


ਅਖੌਤੀ ਸਮਾਜ ਸੇਵਕ

ਇਕ ਪਵਿੱਤਰ ਸ਼ਬਦ ਦਾ ਨਾਂਅ ਹੈ, ਸਮਾਜ ਸੇਵਾ। ਅੱਜ ਸਮਾਜ ਵਿਚ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਸੇਵਾ ਵਾਲੇ ਕਾਰਜ ਵਿਚ ਤਨ, ਮਨ, ਧਨ ਦੇ ਨਾਲ ਦਿਲੋਂ ਸੇਵਾਵਾਂ ਨਿਭਾਅ ਰਹੀਆਂ ਹਨ, ਜੋ ਵਧਾਈ ਦੀਆਂ ਵੀ ਹੱਕਦਾਰ ਹਨ। ਸਹੀ ਮਾਅਨਿਆਂ ਵਿਚ ਸਮਾਜ ਸੇਵਾ ਦਾ ਦਾਇਰਾ ਬੇਹੱਦ ਵਿਸ਼ਾਲ ਹੈ। ਪਰ ਦੁੱਖ ਹੈ ਕਿ ਇਸ ਪਵਿੱਤਰ ਕਾਰਜ ਵਿਚ ਕੁਝ ਅਖੌਤੀ ਸਮਾਜ ਸੇਵਕਾਂ ਦੀ ਘੁਸਪੈਠ ਨੇ ਇਸ ਦੇ ਵਿਸ਼ਾਲ ਦਾਇਰੇ ਨੂੰ ਬੇਹੱਦ ਸੀਮਤ ਕਰਕੇ ਰੱਖ ਦਿੱਤਾ ਹੈ। ਅਜਿਹੀ ਮਾੜੀ ਮਾਨਸਿਕਤਾ ਵਾਲੇ ਲੋਕ ਸਮਾਜ ਦੇ ਮੱਥੇ 'ਤੇ ਕਲੰਕ ਤੋਂ ਘੱਟ ਨਹੀਂ ਹਨ। ਅਸਲ ਵਿਚ ਸਮਾਜ ਸੇਵਾ ਉਹ ਲੋਕ ਕਰ ਸਕਦੇ ਹਨ, ਜਿਨ੍ਹਾਂ ਦੇ ਮਨ ਸ਼ੁੱਧ ਹੋਣ। ਭਾਵ ਉਨ੍ਹਾਂ ਦੇ ਮਨਾਂ ਦੇ ਵਿਚ ਕੋਈ ਊਚ-ਨੀਚ ਵਾਲੀ ਧਾਰਨਾ ਨਾ ਹੋਵੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਨੌਜਵਾਨ ਤੇ ਸਰਕਾਰ
ਪਿਛਲੇ ਦਿਨੀਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਚਿੱਟੇ ਦਿਨ ਖ਼ੂਨੀ ਝੜਪ ਹੋਈ, ਜਿਸ ਵਿਚ ਚਾਰ ਗੱਭਰੂ ਮੌਤ ਦੀ ਭੇਟ ਚੜ੍ਹ ਗਏ। ਸੂਬੇ ਦੀ ਸਰਕਾਰ ਭਾਵੇਂ ਕੋਈ ਵੀ ਹੋਵੇ, ਨੌਜਵਾਨੀ ਨੂੰ ਸੰਭਾਲਣ ਵਿਚ ਅਸਫ਼ਲ ਹੀ ਰਹੀ ਹੈ। ਅੱਜ ਹਜ਼ਾਰਾਂ ਨੌਜਵਾਨ ਪੜ੍ਹ-ਲਿਖ ਕੇ ਮਜਬੂਰਨ ਵਿਦੇਸ਼ਾਂ ਵਿਚ ਆਪਣਾ ਭਵਿੱਖ ਸੰਵਾਰਨ ਲਈ ਜਾ ਰਹੇ ਹਨ। ਜੇਕਰ ਇਹੋ ਨੌਜਵਾਨ ਸ਼ਕਤੀ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਵੱਲ ਲੱਗ ਜਾਵੇ ਤਾਂ ਸਾਡਾ ਸਮਾਜ ਹੋਰ ਬਿਹਤਰ ਬਣ ਸਕਦਾ ਹੈ। ਸੋ, ਅੱਜ ਸਭ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਹਿਲ ਕਰਨ ਤੇ ਆਪਣੇ ਨਿੱਜੀ ਮੁਫ਼ਾਦਾਂ ਲਈ ਇਨ੍ਹਾਂ ਨੌਜਵਾਨਾਂ ਨੂੰ ਨਾ ਵਰਤਣ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ।


ਅਧਿਆਪਕ ਦੀ ਜ਼ਿੰਮੇਵਾਰੀ

ਅਧਿਆਪਕ ਦਿਵਸ 'ਤੇ ਵਿਸ਼ੇਸ਼ ਤੇ ਸ: ਗੁਰਬਿੰਦਰ ਸਿੰਘ ਦਾ ਲੇਖ ਪੜ੍ਹਿਆ ਅਤੇ ਵਧੀਆ ਲੱਗਾ ਕਿ ਅਧਿਆਪਕ ਇਕ ਮੋਮਬੱਤੀ ਵਾਂਗ ਹੈ ਜੋ ਆਪਾ ਵਾਰ ਕੇ ਦੂਜਿਆਂ ਨੂੰ ਰੁਸ਼ਨਾਉਂਦੇ ਹਨ। ਨਵੇਂ ਨਿਯੁਕਤ ਅਧਿਆਪਕਾਂ ਨੂੰ ਇਸ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣੀ ਚਾਹੀਦੀ ਹੈ। ਕੁਝ ਅਧਿਆਪਕ ਤਾਂ ਆਪਣੇ ਸਕੂਲੀ ਬੱਚਿਆਂ ਦੇ ਭਵਿੱਖ ਲਈ ਆਪਣਾ ਸਾਰਾ ਸਮਾਂ ਹੀ ਬੱਚਿਆਂ ਦੇ ਲੇਖੇ ਲਾ ਰਹੇ ਹਨ। ਅਧਿਆਪਕ ਇਕ ਗੁਰੂ ਹੈ ਜੋ ਕਿ ਛੋਟੀ ਪਨੀਰੀ ਤਿਆਰ ਕਰ ਕੇ ਉਸ ਤੋਂ ਫਲ ਦੀ ਆਸ ਕਰਦਾ ਹੈ ਅਤੇ ਫਲ ਮਿਲਣ 'ਤੇ ਮਾਣ ਮਹਿਸੂਸ ਵੀ ਕਰਦਾ ਹੈ। ਇਹੋ ਜਿਹੇ ਮਿਹਨਤੀ ਅਧਿਆਪਕਾਂ ਨੂੰ ਵਿਭਾਗ ਵਲੋਂ ਸਮੇਂ ਸਿਰ ਤੇ ਪ੍ਰਸੰਸਾ ਪੱਤਰ ਦੇ ਸਨਮਾਨ ਕਰਨਾ ਬਣਦਾ ਹੈ ਤਾਂ ਜੋ ਨਵ-ਨਿਯੁਕਤਾਂ ਲਈ ਰੋਲ ਮਾਡਲ ਬਣਨ ਅਤੇ ਉਨ੍ਹਾਂ ਵਿਚ ਵੀ ਕੁਝ ਚੰਗਾ ਕਰਨ ਦੀ ਰੁਚੀ ਪੈਦਾ ਹੋਵੇ।


-ਬਲਜੀਤ ਸਿੰਘ ਗਿੱਲ,
ਪਿੰਡ ਟਹਿਣਾ।


ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਮਿਲੇ
'ਸਾਡੇ ਪਿੰਡ ਸਾਡੇ ਖੇਤ' ਪੰਨੇ 'ਤੇ ਛਪਿਆ ਲੇਖ 'ਡੇਅਰੀ ਦਾ ਸਹਾਇਕ ਧੰਦਾ ਮਿਲਾਵਟਖੋਰੀ ਤੋਂ ਪ੍ਰਭਾਵਿਤ' ਵਿਚ ਲੇਖਕ ਨੇ ਦੱਸਿਆ ਹੈ ਕਿ ਪਿਛਲੇ ਦਿਨੀਂ ਅਚਾਨਕ ਛਾਪੇਮਾਰੀ ਵਿਚ ਦੁੱਧ ਦੇ ਲਏ ਨਮੂਨਿਆਂ ਵਿਚੋਂ 60 ਫ਼ੀਸਦੀ ਨਮੂਨੇ ਫੇਲ੍ਹ ਹੋਏ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜਿਹੜੇ ਦੁੱਧ ਅਤੇ ਉਸ ਤੋਂ ਬਣੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਅਸੀਂ ਆਪਣੀ ਸਿਹਤ ਨੂੰ ਚੰਗੀ ਬਣਾਉਣ ਲਈ ਵਰਤਦੇ ਹਾਂ, ਉਹੀ ਦੁੱਧ ਸਾਨੂੰ ਸਰੀਰਕ ਅਤੇ ਮਾਨਸਿਕ ਰੋਗੀ ਬਣਾ ਰਿਹਾ ਹੈ। ਮਿਲਾਵਟਖੋਰਾਂ ਨੇ ਅੰਮ੍ਰਿਤ ਰੂਪੀ ਦੁੱਧ ਨੂੰ ਜ਼ਹਿਰ ਬਣਾ ਕੇ ਰੱਖ ਦਿੱਤਾ ਹੈ। ਨਕਲੀ ਦੁੱਧ ਤਿਆਰ ਕਰਨ ਵਾਲਿਆਂ ਨੇ ਅਸਲੀ ਦੁੱਧ ਉਤਪਾਦਕਾਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਛਾਪੇਮਾਰੀ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਭੋਲੀ-ਭਾਲੀ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਲੋਕਾਂ ਨੂੰ ਅਸਲੀ ਅਤੇ ਨਕਲੀ ਮਿਲਾਵਟੀ ਦੁੱਧ ਦੀ ਪਛਾਣ ਲਈ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ।


-ਅੰਮ੍ਰਿਤ ਕੌਰ-
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

07-09-2018

 ਮਿਸ਼ਨ ਤੰਦਰੁਸਤ ਪੰਜਾਬ
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲਗਪਗ ਪਿਛਲੇ ਦੋ ਕੁ ਹਫ਼ਤਿਆਂ ਤੋਂ ਪੰਜਾਬ ਸਰਕਾਰ ਦੇ ਆਲ੍ਹਾ ਇਮਾਨਦਾਰ ਫੂਡ ਐਂਡ ਡਰਗਜ਼ ਕਮਿਸ਼ਨਰ ਪੰਜਾਬ ਸ: ਕਾਹਨ ਸਿੰਘ ਪਨੂੰ ਹੁਰਾਂ ਨੇ ਪੰਜਾਬ ਅੰਦਰ ਮਿਲਾਵਟੀ ਦੁੱਧ ਅਤੇ ਉਸ ਤੋਂ ਅਨੇਕਾਂ ਪ੍ਰਕਾਰ ਦੇ ਬਣੇ ਪਦਾਰਥ ਜਿਵੇਂ ਪਨੀਰ, ਘਿਓ ਅਤੇ ਮਠਿਆਈਆਂ ਦੇ ਕਾਲੇ ਧੰਦੇ ਦੇ ਕਾਰੋਬਾਰੀਆਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਅਫ਼ਸੋਸ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਗ਼ੈਰ-ਮਨੁੱਖੀ ਵਰਤਾਰਾ ਜੋ ਸਿੱਧਾ ਸਿਹਤ ਨਾਲ ਜੁੜਿਆ ਹੋਇਆ ਹੈ, ਚੱਲ ਰਿਹਾ ਸੀ ਅਤੇ ਮਿਲਾਵਟਖੋਰ ਜ਼ਹਿਰੀਲਾ ਪਦਾਰਥ ਮਿਲਾ ਕੇ ਨਕਲੀ ਦੁੱਧ (ਸਿੰਥੈਟਿਕ) ਤਿਆਰ ਕਰ ਕੇ ਵੇਚ ਕੇ ਵੱਡਾ ਮੁਨਾਫ਼ਾ ਕਮਾ ਰਹੇ ਸਨ।
ਅੱਜ ਉਕਤ ਦਲੇਰ ਤੇ ਇਮਾਨਦਾਰ ਅਫ਼ਸਰ ਸਦਕਾ ਲੋਕਾਂ ਨੂੰ ਕੁਝ ਸ਼ੁੱਧ ਖਾਧ ਪਦਾਰਥ ਮਿਲਣ ਦੀ ਆਸ ਬੱਝੀ ਹੈ। ਸਿਹਤ ਵਿਭਾਗ ਵੀ ਹੁਣ ਹਰਕਤ ਵਿਚ ਆਇਆ ਹੈ। ਆਮ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਜਿੰਨੇ ਵੀ ਲੋਕ ਕਾਲੇ ਧੰਦੇ 'ਚ ਸ਼ਾਮਿਲ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਮਨੁੱਖਤਾ ਵਿਰੁੱਧ ਸੋਚ ਰੱਖਦੇ ਅਨਸਰ ਅਜਿਹਾ ਕਾਲਾ ਧੰਦਾ ਕਰਨ ਤੋਂ ਸੰਕੋਚ ਕਰਨ।


-ਮਾਸਟਰ ਦੇਵ ਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਨੌਜਵਾਨਾਂ ਦੀ ਵਿਦੇਸ਼ ਉਡਾਰੀ
ਪੰਜਾਬ ਵਿਚ ਢੁੱਕਵੇਂ ਰੁਜ਼ਗਾਰ ਨਾ ਮਿਲਣ ਕਾਰਨ ਹਰ ਸਾਲ ਨੌਜਵਾਨ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਉਡਾਰੀ ਮਾਰ ਰਹੇ ਹਨ ਜਿਸ ਨਾਲ ਕਰੋੜਾਂ ਰੁਪਿਆ, ਆਈਲੈਟਸ ਫੀਸਾਂ ਅਤੇ ਵਿਦੇਸ਼ੀ ਕਾਲਜਾਂ ਦੀਆਂ ਫੀਸਾਂ ਦੇ ਰੂਪ ਵਿਚ ਵਿਦੇਸ਼ੀ ਸਰਕਾਰ ਕੋਲ ਜਾ ਰਿਹਾ ਹੈ। ਇਹ ਨੌਜਵਾਨ ਜਿਥੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ ਜਾ ਰਹੇ ਹਨ, ਉਥੇ ਪੰਜਾਬ ਦਾ ਸੁਨਹਿਰੀ ਭਵਿੱਖ ਵੀ ਨਾਲ ਹੀ ਲੈ ਕੇ ਜਾ ਰਹੇ ਹਨ। ਪੰਜਾਬ ਦਾ ਨੌਜਵਾਨ ਪੜ੍ਹ-ਲਿਖ ਕੇ ਚੰਗੀ ਉਜਰਤ ਵਾਲੇ ਸੁਪਨੇ ਦੇਖਦਾ ਹੈ। ਸਰਕਾਰ ਨੂੰ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਢੁੱਕਵੇਂ ਮੌਕੇ ਪੈਦਾ ਕਰਨ ਦੀ ਲੋੜ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹੋ ਜਾਣਗੇ, ਜਿਸ ਨਾਲ ਪੰਜਾਬ ਦੀ ਤਰੱਕੀ 'ਤੇ ਬੁਰਾ ਅਸਰ ਪਵੇਗਾ। ਇਸ ਲਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਢੁੱਕਵੇਂ ਰੁਜ਼ਗਾਰ ਪ੍ਰਦਾਨ ਕਰਵਾਏ ਤਾਂ ਜੋ ਇਹ ਨੌਜਵਾਨ ਪੰਜਾਬ ਤੋਂ ਬਾਹਰ ਜਾਂ ਵਿਦੇਸ਼ਾਂ ਵਿਚ ਜਾ ਕੇ ਦਰ-ਦਰ ਦੇ ਭਿਖਾਰੀ ਨਾ ਬਣਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਰਿਵਾਰਕ ਰਿਸ਼ਤਿਆਂ 'ਚ ਤਰੇੜ
ਬੀਤੇ ਦਿਨੀਂ ਇਕ ਅਜਿਹੀ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਇਕ ਨੌਜਵਾਨ ਨੇ ਆਪਣੀ ਸਕੀ ਭੈਣ ਦੇ ਚਰਿੱਤਰ 'ਤੇ ਸ਼ੱਕ ਹੋਣ 'ਤੇ ਹੱਤਿਆ ਕਰ ਦਿੱਤੀ। ਸਾਡੇ ਸਮਾਜ ਵਿਚ ਭੈਣ-ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਬੀਤੇ ਦਿਨੀਂ ਲੰਘੇ ਰੱਖੜੀ ਦੇ ਤਿਉਹਾਰ 'ਤੇ ਹਰੇਕ ਭਰਾ ਨੇ ਆਪਣੀ ਭੈਣ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਹੈ, ਪਰ ਇਸ ਘਟਨਾ ਨੂੰ ਸਮਾਜ ਦਾ ਨੈਤਿਕ ਪਤਨ ਹੀ ਕਿਹਾ ਜਾ ਸਕਦਾ ਹੈ ਕਿ ਇਕ ਭਰਾ ਹੀ ਆਪਣੀ ਭੈਣ ਨੂੰ ਮਾਰ ਮੁਕਾਏ। ਅਜਿਹੇ ਮਾਮਲਿਆਂ ਦਾ ਆਏ ਦਿਨ ਸਾਹਮਣੇ ਆਉਣਾ ਸਮਾਜਿਕ ਪਰਿਵਾਰਕ ਰਿਸ਼ਤਿਆਂ ਵਿਚ ਤਰੇੜ ਅਤੇ ਗਿਰਾਵਟ ਦਾ ਸੰਕੇਤ ਹੈ।
ਭਾਵੇਂ ਪੁਲਿਸ, ਕਾਨੂੰਨ ਅਤੇ ਆਮ ਲੋਕਾਂ ਦੀ ਨਜ਼ਰ ਵਿਚ ਇਹ ਸਾਧਾਰਨ ਅਪਰਾਧ ਹੋਵੇ, ਪਰ ਅਜਿਹੇ ਅਪਰਾਧ ਸਮਾਜਿਕ ਗਿਰਾਵਟ ਦੇ ਲੱਛਣ ਹਨ। ਸਮਾਜ ਸ਼ਾਸਤਰੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਅਜਿਹੀ ਸਮਾਜਿਕ ਬੁਰਾਈ ਦੇ ਵਿਰੁੱਧ ਅਤੇ ਲੋਕਾਂ ਦੀ ਮਾਨਸਿਕਤਾ ਬਦਲਣ ਲਈ ਜ਼ਰੂਰ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਇਸ ਬੁਰਾਈ 'ਤੇ ਕਾਬੂ ਪਾਉਣਾ ਚਾਹੀਦਾ ਹੈ।


-ਦਿਨੇਸ਼ ਖੇੜਾ
ਲੋਹੀਆਂ ਖ਼ਾਸ, ਜਲੰਧਰ।


ਨਕਲੀ ਗੋਰਖਧੰਦਾ
ਆਪਣੇ ਅਮੀਰ ਵਿਰਸੇ ਲਈ ਜਾਣੇ ਜਾਂਦੇ ਪੰਜਾਬ ਵਿਚ ਅੱਜ ਮਿਲਾਵਟਖੋਰੀ, ਨਸ਼ਾਖੋਰੀ, ਰਿਸ਼ਵਤਖੋਰੀ, ਜਮ੍ਹਾਂਖੋਰੀ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ। ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਅੱਜ ਤੱਕ ਸੂਬੇ ਵਿਚ ਬਣੀ ਹਰ ਸਰਕਾਰ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾਈ। ਹਰ ਸਾਲ ਦੀ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਮਿਲਾਵਟ ਰੋਕੂ ਮਹਿਕਮਿਆਂ ਵਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨਕਲੀ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀਆਂ ਮਿਲਾਵਟੀ ਖੇਪਾਂ ਪੰਜਾਬ ਵਿਚੋਂ ਫੜੀਆਂ ਗਈਆਂ ਹਨ ਅਤੇ ਫੜੀਆਂ ਜਾ ਰਹੀਆਂ ਹਨ। ਕਿਵੇਂ ਇਹ ਮਿਲਾਵਟਖੋਰ ਨਾਜਾਇਜ਼ ਤਰੀਕੇ ਨਾਲ ਪੈਸੇ ਕਮਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਦੇ ਨਾਲ-ਨਾਲ ਸਮਾਜਿਕ ਅਰਥਚਾਰੇ ਨੂੰ ਤਬਾਹ ਕਰ ਰਹੇ ਹਨ। ਪੰਜਾਬ ਸਰਕਾਰ ਦਾ ਇਨ੍ਹਾਂ ਮਿਲਾਵਟਖੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਨਾਲ-ਨਾਲ ਇਨ੍ਹਾਂ ਲਈ ਸਖ਼ਤ ਸਜ਼ਾ ਦਾ ਲਿਆ ਫ਼ੈਸਲਾ ਸ਼ਲਾਘਾਯੋਗ ਹੈ। ਇਸ ਮੁਹਿੰਮ ਨੂੰ ਤਾਂ ਹੀ ਕਾਮਯਾਬ ਸਮਝਿਆ ਜਾਵੇਗਾ ਜੇਕਰ ਇਹ ਤਿਉਹਾਰਾਂ ਦੇ ਦਿਨਾਂ ਤੱਕ ਹੀ ਸੀਮਤ ਨਾ ਹੋ ਕੇ ਸਾਰਾ ਸਾਲ ਜਾਰੀ ਰਹੇ ਤਾਂ ਹੀ ਅਸੀਂ ਤੰਦਰੁਸਤ ਪੰਜਾਬ ਦੀ ਗੱਲ ਕਰ ਸਕਦੇ ਹਾਂ।


-ਮਾਸਟਰ ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ ਸਾਹਿਬ।

05-09-2018

 ਨਸ਼ਿਆਂ ਦੀ ਦਲਦਲ

ਅੱਜਕਲ੍ਹ ਨਸ਼ਿਆਂ ਨਾਲ ਹੋਣ ਵਾਲੀਆਂ ਘਟਨਾਵਾਂ ਦੀਆਂ ਖ਼ਬਰਾਂ ਆਮ ਹੀ ਹੋ ਚੁੱਕੀਆਂ ਹਨ। ਬਹੁਤੇ ਨੌਜਵਾਨ ਇਸ ਦੀ ਜਕੜ ਵਿਚ ਆ ਗਏ ਅਤੇ ਉਹ ਨਸ਼ਿਆਂ ਦੀ ਪੂਰਤੀ ਲਈ ਆਪਣੇ ਮਾਤਾ-ਪਿਤਾ ਤੋਂ ਪੈਸੇ ਲੈਣ ਲਈ ਉਨ੍ਹਾਂ ਨਾਲ ਮਾੜਾ ਵਰਤਾਓ ਕਰਦੇ ਹਨ। ਇਨ੍ਹਾਂ ਨਸ਼ੇ ਦੇ ਆਦੀਆਂ ਨੂੰ ਸਿਹਤ, ਪਰਿਵਾਰ ਅਤੇ ਸਮਾਜ ਸਬੰਧੀ ਕੋਈ ਫ਼ਿਕਰ ਨਹੀਂ ਹੁੰਦਾ। ਨਸ਼ਿਆਂ ਦੇ ਆਦੀ ਹੋਣ ਕਾਰਨ ਮਾਤਾ-ਪਿਤਾ ਦਾ ਦੁੱਖ-ਦਰਦ ਸਮਝ ਨਹੀਂ ਪਾਉਂਦੇ। ਅਜਿਹੀ ਮੁਸ਼ਕਿਲ ਵਿਚ ਫਸੇ ਨੌਜਵਾਨਾਂ ਨੂੰ ਆਪਣੇ ਨਜ਼ਦੀਕੀਆਂ ਲਈ ਹੀ ਇਸ ਅਲਾਮਤ ਨੂੰ ਛੱਡਣਾ ਪਵੇਗਾ। ਇਨ੍ਹਾਂ ਨੌਜਵਾਨਾਂ ਨੂੰ ਪਰਿਵਾਰ ਨੂੰ ਅੱਗੇ ਰੱਖ ਕੇ ਫ਼ੈਸਲਾ ਕਰਨਾ ਚਾਹੀਦਾ ਹੈ।

-ਜਗਦੀਪ ਕੌਰ
ਅੰਮ੍ਰਿਤਸਰ।

ਪਿੰਡਾਂ ਦੇ ਛੱਪੜ

ਕਿਸੇ ਸਮੇਂ ਛੱਪੜ ਪਿੰਡਾਂ ਦੀ ਸ਼ਾਨ ਤੇ ਪ੍ਰਮੁੱਖ ਲੋੜ ਹੁੰਦੇ ਸਨ। ਇਹ ਛੱਪੜ ਜਿਥੇ ਪਸ਼ੂਆਂ ਦੇ ਨਹਾਉਣ ਲਈ ਪ੍ਰਮੁੱਖ ਹੁੰਦੇ ਸਨ, ਉਥੇ ਛੱਪੜਾਂ ਦੇ ਕਿਨਾਰਿਆਂ ਤੇ ਬੋਹੜ ਦੀ ਛਾਂ ਹੇਠ ਬਜ਼ੁਰਗ ਸਾਰਾ ਦਿਨ ਤਾਸ਼ ਖੇਡਦੇ ਰਹਿੰਦੇ ਤੇ ਪਿੰਡ ਦੇ ਦੁੱਖ-ਸੁੱਖ ਦੀਆਂ ਗੱਲਾਂ ਕਰਦੇ ਰਹਿੰਦੇ, ਇਸ ਨਾਲ ਉਨ੍ਹਾਂ ਵਿਚ ਅਨੋਖੀ ਸਾਂਝ ਬਣੀ ਰਹਿੰਦੀ ਤੇ ਉਨ੍ਹਾਂ ਬਜ਼ੁਰਗਾਂ ਦਾ ਬੁਢਾਪਾ ਸੌਖਾ ਲੰਘ ਜਾਂਦਾ ਸੀ। ਅਜੋਕੇ ਸਮੇਂ ਵਿਚ ਪਿੰਡਾਂ ਦੇ ਛੱਪੜ ਖ਼ਤਮ ਹੋ ਗਏ ਹਨ। ਜ਼ਿਆਦਾਤਰ ਛੱਪੜ ਭਰ ਕੇ ਉਥੇ ਇਮਾਰਤਾਂ ਦੀ ਉਸਾਰੀ ਹੋ ਗਈ ਹੈ। ਛੱਪੜ ਨਾ ਹੋਣ ਕਰਕੇ ਲੋਕ ਘਰਾਂ ਵਿਚ ਪਸ਼ੂਆਂ ਨੂੰ ਨਹਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ, ਜਿਸ ਕਰਕੇ ਪਾਣੀ ਦੀ ਫਜ਼ੂਲ ਖਪਤ ਹੋਣ ਲੱਗੀ ਹੈ। ਇਸ ਲਈ ਲੋੜ ਹੈ ਕਿ ਪਿੰਡ ਦੇ ਸੀਵਰੇਜ ਦਾ ਪਾਣੀ ਦਾ ਨਿਕਾਸ ਇਕ ਸਾਰੇ ਛੱਪੜਾਂ ਵਿਚ ਨਾ ਕਰਕੇ ਇਕ ਪਿੰਡ ਵਿਚ ਘੱਟੋ-ਘੱਟ ਇਕ ਛੱਪੜ ਵਿਚ ਸਾਫ਼ ਪਾਣੀ ਪਾ ਕੇ ਪਸ਼ੂਆਂ ਲਈ ਰੱਖਿਆ ਜਾਵੇ।

-ਕਮਲ ਕੋਟਲੀ
ਅਬਲੂ।

ਫਰਜ਼ਾਂ ਦੀ ਗੱਲ ਕਰੀਏ...

ਅਸੀਂ ਹਮੇਸ਼ਾ ਆਪਣੇ ਹੱਕ ਲੈਣ ਲਈ ਲੜਦੇ ਹਾਂ, ਫਰਜ਼ਾਂ ਦੀ ਗੱਲ ਤਾਂ ਕੋਈ ਵਿਰਲਾ ਹੀ ਕਰਦਾ ਹੈ। ਜੇ ਅਸੀਂ ਸਰਕਾਰੀ ਕਰਮਚਾਰੀ ਹਾਂ ਤਾਂ ਸਾਨੂੰ ਤਨਖਾਹ ਸਮੇਂ 'ਤੇ ਨਾ ਮਿਲੇ ਤਾਂ ਅਸੀਂ ਦੁਹਾਈ ਪਾ ਦਿੰਦੇ ਹਾਂ ਪਰ ਜਿਹੜੇ ਅਸੀਂ ਆਮ ਜਨਤਾ ਦੇ ਕੰਮ ਸਮੇਂ ਸਿਰ ਨਹੀਂ ਕਰਦੇ, ਇਕ ਗੇੜੇ ਵਿਚ ਹੋਣ ਵਾਲੇ ਕੰਮ ਪਿੱਛੇ ਉਨ੍ਹਾਂ ਦੇ 10-10 ਗੇੜੇ ਮਰਵਾਉਂਦੇ ਹਾਂ, ਉਨ੍ਹਾਂ ਬਾਰੇ ਕਦੇ ਸੋਚਦੇ ਹੀ ਨਹੀਂ ਅਤੇ ਆਮ ਲੋਕ ਦਫ਼ਤਰਾਂ ਦੇ ਚੱਕਰ ਲਾਉਂਦੇ ਖੱਜਲ-ਖੁਆਰ ਹੁੰਦੇ ਹਨ। ਪਤਾ ਨਹੀਂ ਕੋਈ ਕਿੰਨਾ ਕੁ ਮਜਬੂਰ ਹੁੰਦਾ ਹੋਵੇਗਾ, ਜਿਸ ਨੂੰ ਅਸੀਂ ਦੁਖੀ ਕਰਦੇ ਹਾਂ। ਅਸੀਂ ਕਿਤੇ ਵੀ ਕੰਮ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਦਫ਼ਤਰ, ਸਰਕਾਰੀ ਹੋਵੇ ਜਾਂ ਪ੍ਰਾਈਵੇਟ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਸਹੀ ਸਮੇਂ 'ਤੇ ਪੂਰਾ ਕਰੀਏ ਤਾਂ ਬਹੁਤ ਸਾਰੀਆਂ ਚਿੰਤਾਵਾਂ, ਸਮੱਸਿਆਵਾਂ ਆਪਣੇ-ਆਪ ਹੀ ਖ਼ਤਮ ਹੋ ਜਾਣਗੀਆਂ। ਹੱਕਾਂ ਪ੍ਰਤੀ ਸੁਚੇਤ ਹੋਣਾ ਚੰਗੀ ਗੱਲ ਹੈ ਪਰ ਫਰਜ਼ਾਂ ਨੂੰ ਵੀ ਸੁਝਾਅ ਦਾ ਹਿੱਸਾ ਬਣਾਈਏ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਪ੍ਰਸ਼ਾਸਨ ਧਿਆਨ ਦੇਵੇ

ਪਿਛਲੇ ਦਿਨੀਂ ਜਲੰਧਰ ਸ਼ਹਿਰ ਦੇ ਅੱਡਾ ਹੁਸ਼ਿਆਰਪੁਰ ਦੇ ਫਾਟਕ ਨੇੜੇ ਲਗਦੀ ਇਕ ਰੇਹੜੀ 'ਤੇ ਅਚਾਨਕ ਸਿਲੰਡਰ ਲੀਕ ਹੋ ਜਾਣ ਕਰਕੇ ਕਾਫੀ ਨੁਕਸਾਨ ਹੋ ਗਿਆ। ਫਿਰ ਵੀ ਅੱਗ ਬੁਝਾਊ ਅਮਲੇ ਦੀ ਹੁਸ਼ਿਆਰੀ ਨਾਲ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ।
ਇਸ ਦੇ ਵਿਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿਚ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਕਿਸੇ ਨਾ ਕਿਸੇ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਕਰ ਕੇ ਅਣਗਿਣਤ ਖਾਣ-ਪੀਣ ਦੀਆਂ ਰੇਹੜੀਆਂ ਚੱਲ ਰਹੀਆਂ ਹਨ ਜੋ ਕਿ ਬਿਲਕੁਲ ਗ਼ੈਰ-ਕਾਨੂੰਨੀ ਹਨ ਅਤੇ ਘਰੇਲੂ ਸਿਲੰਡਰਾਂ ਦੀ ਵੀ ਵਰਤੋਂ ਕਰਦੇ ਰੇਹੜੀਆਂ ਵਾਲੇ ਆਮ ਦਿਖਾਈ ਦਿੰਦੇ ਹਨ। ਨਾਜਾਇਜ਼ ਕਬਜ਼ਿਆਂ ਕਰਕੇ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ। ਕ੍ਰਿਪਾ ਕਰਕੇ ਪ੍ਰਸ਼ਾਸਨ ਧਿਆਨ ਦੇਵੇ, ਜਿਸ ਨਾਲ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ ਅਤੇ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ।

-ਪ੍ਰੇਮ ਕੁਮਾਰ
ਮਕਸੂਦਾਂ, ਜਲੰਧਰ।

ਵੋਟ ਦਾ ਹੱਕ

ਵੋਟ ਦਾ ਹੱਕ ਸਾਨੂੰ ਜੱਦੋ-ਜਹਿਦ ਕਰਨ ਤੋਂ ਬਾਅਦ ਮਿਲਿਆ ਹੈ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦਾ ਇਸਤੇਮਾਲ ਅਸੀਂ ਕਿਵੇਂ ਕਰ ਰਹੇ ਹਾਂ? ਜਿਸ ਤਰ੍ਹਾਂ ਕਰ ਰਹੇ ਹਾਂ, ਉਸ ਦਾ ਨੁਕਸਾਨ ਸਾਨੂੰ ਹੋ ਰਿਹਾ ਹੈ ਜਾਂ ਫਾਇਦਾ? ਅਸੀਂ ਰਿਸ਼ਵਤ, ਨਸ਼ੇ, ਭ੍ਰਿਸ਼ਟਾਚਾਰ ਅਤੇ ਢੇਰ ਸਾਰੀਆਂ ਸਮੱਸਿਆਵਾਂ ਵਿਚ ਫਸੇ ਹੋਏ ਹਾਂ। ਵੋਟਾਂ ਤੋਂ ਪਹਿਲਾਂ ਇਹ ਮੁੱਦਾ ਬਣ ਜਾਂਦਾ ਹੈ ਪਰ ਪਰਨਾਲਾ ਉਥੇ ਦਾ ਉਥੇ ਰਹਿੰਦਾ ਹੈ। ਪੰਚਾਇਤ ਦੀਆਂ ਚੋਣਾਂ ਆ ਗਈਆਂ, ਇਸ ਤੋਂ ਹੀ ਸ਼ੁਰੂਆਤ ਕਰ ਲਵੋ। ਕਿਸੇ ਪਾਰਟੀ ਦਾ ਸਰਪੰਚ ਨਾ ਚੁਣ ਕੇ ਪਿੰਡ ਦਾ ਸਰਪੰਚ ਨਿਰਪੱਖ ਆਦਮੀ ਨੂੰ ਚੁਣੋ। ਨਿੱਕੀਆਂ-ਮੋਟੀਆਂ ਲੜਾਈਆਂ ਵੀ ਥਾਣਿਆਂ ਦੇ ਵਿਚ ਜਾਣ ਲੱਗ ਪਈਆਂ। ਸਿਆਣੇ, ਪੜ੍ਹੇ-ਲਿਖੇ, ਸਾਂਝੇ ਬੰਦੇ ਜੋ ਗ਼ਲਤ ਨੂੰ ਗ਼ਲਤ ਅਤੇ ਠੀਕ ਨੂੰ ਠੀਕ ਕਹਿਣ ਦੀ ਜੁਅਰਤ ਰੱਖਣ, ਨੂੰ ਸਰਪੰਚ ਬਣਾਓ। ਇਵੇਂ ਦੇ ਹੀ ਪੰਚਾਇਤ ਮੈਂਬਰ ਚੁਣੋ। ਪਿੰਡਾਂ ਦੀਆਂ ਧੜੇਬੰਦੀਆਂ ਦਾ ਫਾਇਦਾ ਸਿਆਸਤਦਾਨ ਚੁੱਕਦੇ ਨੇ ਅਤੇ ਅਸੀਂ ਆਪਣਿਆਂ ਤੋਂ ਟੁੱਟ ਕੇ ਬੈਠ ਜਾਂਦੇ ਹਾਂ। ਪਿੰਡਾਂ ਦਾ ਭਾਈਚਾਰਾ ਦੁਬਾਰਾ ਜ਼ਿੰਦਾ ਕਰੋ। ਬਹੁਤ ਕੁਝ ਗੁਆ ਲਿਆ, ਵੋਟ ਦੀ ਸਹੀ ਵਰਤੋਂ ਆ ਰਹੀ ਆਪਣੀ ਪਿੰਡ ਦੀਆਂ ਪੰਚਾਇਤੀ ਚੋਣ ਤੋਂ ਸ਼ੁਰੂ ਕਰੋ।

-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।

ਸਕੂਲ ਸਿਹਤ ਪ੍ਰੋਗਰਾਮ

ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਕੂਲ ਸਿਹਤ ਪ੍ਰੋਗਰਾਮ ਉਲੀਕਿਆ ਗਿਆ ਹੈ। ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਖੁਰਾਕੀ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਲਈ ਨਮੂਨੇ ਲੈਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਾਲ-ਨਾਲ ਜਿਥੇ ਕਿਤੇ ਆਈਰਨ ਅਤੇ ਹੋਰ ਦਵਾਈਆਂ ਦੀ ਕਮੀ ਪਾਈ ਜਾਂਦੀ ਹੈ, ਉਹ ਵੀ ਪੂਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਨਿਰੋਗ ਰਹਿ ਸਕਣ। ਸਿਹਤ ਵਿਭਾਗ ਵਲੋਂ ਸਕੂਲੀ ਵਿਦਿਆਰਥੀਆਂ ਦੀ ਭਲਾਈ ਲਈ ਸ਼ੁਰੂ ਕੀਤੇ ਸਿਹਤ ਪ੍ਰੋਗਰਾਮ ਤਹਿਤ ਸਾਰੇ ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਸਬੰਧੀ ਪੂਰੀ ਸੰਜੀਦਗੀ ਨਾਲ ਯਤਨ ਕਰਨੇ ਚਾਹੀਦੇ ਹਨ। ਇਸ ਪ੍ਰੋਗਰਾਮ ਤਹਿਤ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਾ ਯਕੀਨੀ ਬਣਾਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਸਕੂਲੀ ਵਿਦਿਆਰਥੀ ਇਸ ਸਹੂਲਤ ਦਾ ਲਾਭ ਲੈ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆਂ, ਜਲੰਧਰ।

04-09-2018

 ਗੰਭੀਰ ਸਮੱਸਿਆ
ਬੀਤੇ ਦਿਨੀਂ 'ਅਜੀਤ' ਦੇ ਲੋਕ ਮੰਚ ਪੰਨੇ 'ਤੇ 'ਇਕ ਗੰਭੀਰ ਸਮੱਸਿਆ ਬੇਰੁਜ਼ਗਾਰੀ' ਲੇਖ ਪੜ੍ਹਿਆ। ਲੇਖ ਬੇਹੱਦ ਮਨ ਨੂੰ ਟੁੰਬਦਾ ਸੀ। ਨੌਜਵਾਨ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਕੰਮਾਂ-ਕਾਰਾਂ 'ਚ ਰੁੱਝੇ ਹੋਏ ਹਨ, ਉਹ ਦੇਸ਼ ਦੁਨੀਆ ਦੇ ਨਕਸ਼ੇ 'ਚ ਸਭ ਉਪਰਲੀ ਕਤਾਰ 'ਤੇ ਹਨ। ਨੌਜਵਾਨ ਰੁਜ਼ਗਾਰਾਂ ਦੀ ਭਾਲ 'ਚ ਆਪਣਾ ਮੁਲਕ ਛੱਡੀ ਜਾ ਰਹੇ ਹਨ ਪਰ ਸਰਕਾਰਾਂ ਲਾਪਰਵਾਹ ਹੱਥ 'ਤੇ ਹੱਥ ਧਰੀ ਤਮਾਸ਼ਾ ਵੇਖ ਰਹੀਆਂ ਹਨ। ਕੀ ਦੇਸ਼ ਨੂੰ ਬੱਚਿਆਂ ਅਤੇ ਬਜ਼ੁਰਗਾਂ ਦੇ ਹਵਾਲੇ ਛੱਡ ਕੇ ਜਾ ਰਹੇ ਨੌਜਵਾਨ ਮੁੜ ਇਸ ਦੇਸ਼ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨਿਭਾਅ ਸਕਣਗੇ। ਜਿਹੜੇ ਦੇਸ਼ ਉਨ੍ਹਾਂ ਨੂੰ ਰੁਜ਼ਗਾਰ ਦੇਣਗੇ, ਉਹ ਤਾਂ ਉਨ੍ਹਾਂ ਦਾ ਹੀ ਸੋਚਣਗੇ। ਸਰਕਾਰਾਂ ਆਪਣਾ 5-5 ਸਾਲ ਦਾ ਕਾਰਜਕਾਲ ਐਵੇਂ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਨਾ ਲੰਘਾਉਣ। ਬੇਰੁਜ਼ਗਾਰੀ ਕਾਰਨ ਹੀ ਨੌਜਵਾਨ ਕੁਰਾਹੇ ਪੈ ਰਹੇ ਹਨ ਹਰ ਪਾਸੇ ਨਸ਼ਿਆਂ ਅਤੇ ਹੋਰ ਅਲਾਮਤਾਂ ਦਾ ਕਹਿਰ ਜਾਰੀ ਹੈ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਚੰਗੀ ਨੌਕਰੀ ਜ਼ਰੂਰੀ
ਘਰ ਛੱਡਣ ਨੂੰ ਕਿਸੇ ਦਾ ਮਨ ਨਹੀਂ ਕਰਦਾ ਪਰ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਇਨਸਾਨ ਸ਼ਹਿਰ, ਰਾਜ ਅਤੇ ਦੇਸ਼ ਨੂੰ ਬਦਲ ਦਿੰਦਾ ਹੈ ਭਾਵੇਂ ਕਿ ਘਰ ਤੋਂ ਬਾਹਰ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਰੋਟੀ ਦੀ ਤਲਾਸ਼ ਇਨਸਾਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਰਹਿਣ ਨੂੰ ਮਜਬੂਰ ਕਰ ਦਿੰਦੀ ਹੈ। ਅੱਜ ਦੇਸ਼ ਵਿਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਪਰ ਹਰ ਸਾਲ ਕਾਲਜਾਂ ਵਿਚੋਂ ਲੱਖਾਂ ਹੀ ਨੌਜਵਾਨ ਡਿਗਰੀਆਂ ਕਰਕੇ ਆ ਰਹੇ ਹਨ ਪਰ ਲੱਖਾਂ ਰੁਪਈਆ ਖਰਚ ਕਰਕੇ ਵੀ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਨੌਕਰੀ ਨਹੀਂ ਮਿਲ ਰਹੀ। ਜੇਕਰ ਕਿਸੇ ਖੁਸ਼ਕਿਸਮਤ ਨੂੰ ਨੌਕਰੀ ਮਿਲ ਵੀ ਜਾਂਦੀ ਹੈ ਤਾਂ ਉਸ ਦੀ ਤਨਖਾਹ ਏਨੀ ਘੱਟ ਹੁੰਦੀ ਹੈ ਕਿ ਉਸ ਨਾਲ ਰੋਟੀ ਦਾ ਖਰਚ ਵੀ ਨਹੀਂ ਚਲਾਇਆ ਜਾ ਸਕਦਾ। ਅਜਿਹੀਆਂ ਗੱਲਾਂ ਕਰਕੇ ਨੌਜਵਾਨ ਵਿਦੇਸ਼ਾਂ ਨੂੰ ਜ਼ਿਆਦਾ ਰੁੱਖ਼ ਕਰ ਰਹੇ ਹਨ। ਬਿਨਾਂ ਸ਼ੱਕ ਇਹ ਨੌਜਵਾਨ ਸਾਡੇ ਦੇਸ਼ ਦੀ ਤਰੱਕੀ ਵਿਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ ਲੋੜ ਸਿਰਫ ਇਕ ਮੌਕਾ ਦੇਣ ਦੀ ਹੈ। ਸਰਕਾਰ ਨੂੰ ਦੇਸ਼ ਵਿਚ ਵੀ ਵਧੀਆ ਨੌਕਰੀਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਇਥੇ ਰਹਿ ਕੇ ਆਪਣੇ ਅਤੇ ਪਰਿਵਾਰ ਲਈ ਰੋਟੀ ਦਾ ਇੰਤਜ਼ਾਮ ਕਰ ਸਕਣ।

-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।

ਫ਼ੈਸਲਾ ਤਰਕਸੰਗਤ ਨਹੀਂ
ਸਰਕਾਰੀ ਸਕੂਲਾਂ ਦੀ ਅਧਿਆਪਕ ਤਬਾਦਲਾ ਨੀਤੀ 2018 ਬਣ ਕੇ ਤਿਆਰ ਹੋ ਚੁੱਕੀ ਹੈ। ਜਿਸ ਵਿਚ ਸੂਬੇ ਦੇ ਸਾਰੇ ਮਿਡਲ ਸਕੂਲਾਂ ਵਿਚ ਹਿੰਦੀ ਅਤੇ ਪੰਜਾਬੀ ਵਿਸ਼ੇ ਨੂੰ ਪੜ੍ਹਾਉਣ ਲਈ ਹਿੰਦੀ ਜਾਂ ਪੰਜਾਬੀ ਇਕੋ ਅਧਿਆਪਕ ਰੱਖਣ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਹੀ ਡਰਾਇੰਗ ਤੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪੜ੍ਹਾਉਣ ਲਈ ਇਕ ਹੀ ਅਸਾਮੀ ਦੀ ਤਜਵੀਜ਼ ਹੈ। ਸੂਬੇ ਦੇ ਸਾਰੇ ਮਿਡਲ ਸਕੂਲ ਆਰਥਿਕ ਪੱਖੋਂ ਕਮਜ਼ੋਰ ਹਨ। ਅਜਿਹੀ ਤਜਵੀਜ਼ ਬਣਾਉਣ ਵਾਲੇ ਅਧਿਕਾਰੀ ਪੰਜਾਬੀ ਤੇ ਹਿੰਦੀ ਭਾਸ਼ਾ ਦੀ ਤਾਸੀਰ ਨੂੰ ਨਹੀਂ ਸਮਝਦੇ। ਇਕ ਪਾਸੇ ਤਾਂ ਕੈਨੇਡਾ ਵਰਗੇ ਦੇਸ਼ ਪੰਜਾਬੀ ਜ਼ਬਾਨ ਨੂੰ ਆਪਣੇ ਦੇਸ਼ ਵਿਚ ਦੂਜੀ ਭਾਸ਼ਾ ਦਾ ਦਰਜਾ ਦੇ ਰਹੇ ਹਨ ਤਾਂ ਦੂਜੇ ਪਾਸੇ ਏ.ਸੀ. ਕਮਰਿਆਂ ਵਿਚ ਬੈਠੇ ਸਾਡੇ ਆਪਣੇ ਅਧਿਕਾਰੀ ਪੰਜਾਬੀ ਕਦਰਾਂ-ਕੀਮਤਾਂ, ਸੱਭਿਆਚਾਰ ਤੇ ਵਿਰਾਸਤ ਦਾ ਨੁਕਸਾਨ ਕਰ ਰਹੇ ਹਨ। ਸਿੱਖਿਆ ਵਿਭਾਗ ਦਾ ਇਹ ਫ਼ੈਸਲਾ ਕਦੀ ਵੀ ਤਰਕਸੰਗਤ ਨਹੀਂ ਹੋ ਸਕਦਾ। ਪੰਜਾਬੀ ਹਿਤੈਸ਼ੀ ਮੰਚ, ਜਥੇਬੰਦੀਆਂ ਤੇ ਵਿਦਵਾਨਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਆਵਾਰਾ ਪਸ਼ੂਆਂ ਦਾ ਇਕ ਹੱਲ
ਪੰਜਾਬ ਵਿਚ ਆਵਾਰਾ ਪਸ਼ੂ ਬਹੁਤ ਵੱਡੀ ਗਿਣਤੀ ਵਿਚ ਪਿੰਡਾਂ ਸ਼ਹਿਰਾਂ ਵਿਚ ਆਮ ਹੀ ਫਿਰਦੇ ਮਿਲਦੇ ਹਨ। ਜਿਥੇ ਇਹ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ, ਉਥੇ ਇਨ੍ਹਾਂ ਕਾਰਨ ਹਰ ਰੋਜ਼ ਕਈ ਕੀਮਤੀ ਜਾਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਸਾਡੀ ਸਰਕਾਰ ਨੇ ਗਊ ਟੈਕਸ ਲਾ ਕੇ ਲੱਖਾਂ ਰੁਪਏ ਹਰ ਮਹੀਨੇ ਇਕੱਠੇ ਕਰਨੇ ਸ਼ੁਰੂ ਤਾਂ ਪਿਛਲੇ ਦੋ ਸਾਲਾਂ ਦੇ ਕੀਤੇ ਹਨ ਪਰ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ। ਸਰਕਾਰ ਵਲੋਂ ਇਕੱਠੇ ਕੀਤੇ ਪੈਸੇ ਗਊਸ਼ਾਲਾ ਨੂੰ ਦੇਣ ਦੀ ਗੱਲ ਕੀਤੀ ਹੈ। ਦੇਖਣ ਵਿਚ ਆਇਆ ਹੈ ਕਿ ਗਊਸ਼ਾਲਾ ਵਿਚ ਸਿਰਫ ਦੇਸੀ ਗਾਵਾਂ ਹੀ ਵੱਡੀ ਗਿਣਤੀ ਵਿਚ ਹੁੰਦੀਆਂ ਹਨ। ਪਰ ਦੁਰਘਟਨਾਵਾਂ ਤੇ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਅਮਰੀਕਨ ਗਾਵਾਂ, ਵੱਛੇ ਤੇ ਢੱਠੇ ਕਰਦੇ ਹਨ। ਜੋ ਟੀਕੇ ਆਮ ਭਰੇ ਜਾਂਦੇ ਹਨ, ਉਹਦੇ ਨਾਲ ਸਰਕਾਰੀ ਅੰਕੜੇ ਦੱਸਦੇ ਹਨ ਕਿ 70 ਫ਼ੀਸਦੀ ਵੱਛੇ ਪੈਦਾ ਹੁੰਦੇ ਹਨ, ਜੋ ਸਾਰੇ ਆਵਾਰਾ ਹੀ ਛੱਡ ਦਿੱਤੇ ਜਾਂਦੇ ਹਨ। ਜਦੋਂ ਕਿਸੇ ਕੋਲ ਯੋਗ ਡਾਕਟਰ ਹੀ ਨਹੀਂ ਹੈ, ਉਹ ਇਲਾਜ ਕਿੱਥੋਂ ਕਰਵਾਏ? ਆਰ.ਐਮ.ਪੀ. ਡਾਕਟਰਾਂ ਵਾਂਗ ਪਸ਼ੂਆਂ ਦੇ ਵੀ ਬਹੁਤ ਨੀਮ ਹਕੀਮ ਡਾਕਟਰ ਹਨ। ਸਰਕਾਰ ਸਾਰੇ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਭਰਤੀ ਕਰੇ। ਗਊ ਟੈਕਸ ਵਾਲਾ ਪੈਸਾ ਇਸ ਕੰਮ 'ਤੇ ਲਾਉਣਾ ਚਾਹੀਦਾ ਹੈ। ਇਸ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ।

-ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ, ਜ਼ਿਲ੍ਹਾ ਮੋਗਾ।

03-09-2018

 ਕੰਪਿਊਟਰ ਤੇ ਵਿਚਾਰਧਾਰਾ
ਅਜੋਕਾ ਯੁੱਗ ਵਿਗਿਆਨ ਦਾ ਸਿਰਮੌਰ ਸਮਾਂ ਹੈ ਤੇ ਵਿਗਿਆਨ ਦੀਆਂ ਕੰਪਿਊਟਰ ਤੇ ਮੋਬਾਈਲ ਫੋਨ ਦੀਆਂ ਖੋਜਾਂ ਨੇ ਮਨੁੱਖੀ ਜੀਵਨ ਵਿਚ ਵਿਸ਼ੇਸ਼ ਤਬਦੀਲੀ ਲਿਆਂਦੀ ਹੈ। ਇਨ੍ਹਾਂ ਖੋਜਾਂ ਦੇ ਸਹੀ ਇਸਤੇਮਾਲ ਨੇ ਜਿਥੇ ਜ਼ਿੰਦਗੀ ਨੂੰ ਸੌਖਾ ਤੇ ਅਸਾਨ ਬਣਾਇਆ ਹੈ, ਉਥੇ ਹੀ ਇਨ੍ਹਾਂ ਖੋਜਾਂ ਦੇ ਗ਼ਲਤ ਤੇ ਲੋੜ ਤੋਂ ਜ਼ਿਆਦਾ ਪ੍ਰਯੋਗ ਨੇ ਜ਼ਿੰਦਗੀ ਨੂੰ ਦੁਬਿਧਾ ਤੇ ਮੁਸ਼ਕਿਲ ਵਿਚ ਵੀ ਪਾਇਆ ਹੈ। ਵੱਡੀ ਦੁਬਿਧਾ ਤੇ ਭੁਲੇਖਾ ਇਹ ਹੈ ਕਿ ਅਜੋਕਾ ਸਮਾਜ ਇਨ੍ਹਾਂ ਖੋਜਾਂ ਨੂੰ ਹੀ ਮਨੁੱਖੀ ਜੀਵਨ ਸਮਝ ਰਿਹਾ ਹੈ, ਜਦੋਂ ਕਿ ਇਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਤੇ ਲੋੜ ਜ਼ਰੂਰ ਹਨ। ਸੰਪੂਰਨ ਮਨੁੱਖੀ ਜੀਵਨ ਵਿਗਿਆਨ ਦੇ ਨਾਲ ਧਰਮ ਦੀ ਮੰਗ ਕਰਦਾ ਹੈ ਅਰਥਾਤ ਕੰਪਿਊਟਰ ਦੇ ਨਾਲ-ਨਾਲ ਵਿਚਾਰਧਾਰਾ ਵੀ ਮਜ਼ਬੂਤ ਹੋਣੀ ਲਾਜ਼ਮੀ ਹੈ, ਤਾਂ ਹੀ ਮਨੁੱਖੀ ਜੀਵਨ ਵਿਚ ਸੱਚਾ ਸੁੱਖ ਤੇ ਸ਼ਾਂਤੀ ਕਾਇਮ ਰਹਿ ਸਕਦੀ ਹੈ। ਮਨੁੱਖ ਆਪਣੀ ਵਿਚਾਰਧਾਰਾ ਨੂੰ ਵਿਸ਼ਾਲ ਤੇ ਦ੍ਰਿੜ੍ਹ ਬਣਾਉਣ ਲਈ ਧਾਰਮਿਕ ਗ੍ਰੰਥਾਂ, ਭਾਸ਼ਾਵਾਂ ਦੇ ਸਾਹਿਤ, ਫਿਲਾਸਫੀ ਤੇ ਮਨੋਵਿਗਿਆਨ ਵਿਸ਼ਿਆਂ ਦਾ ਸਹਾਰਾ ਲੈ ਸਕਦਾ ਹੈ। ਜ਼ਿੰਦਗੀ ਦੀ ਕਾਮਯਾਬੀ ਲਈ ਜੀਵਨ ਦੇ ਸਾਰੇ ਪੱਖਾਂ 'ਤੇ ਵਿਚਾਰ ਕਰਕੇ ਉਨ੍ਹਾਂ ਵਿਚ ਸੰਤੁਲਨ ਕਾਇਮ ਰੱਖਣਾ ਜ਼ਰੂਰੀ ਹੈ।


-ਕੁਲਵਿੰਦਰ ਸਿੰਘ,
ਪਿੰਡ ਬਿਹਾਲਾ (ਹੁਸ਼ਿਆਰਪੁਰ)।


ਜਾਂਚ ਕਮਿਸ਼ਨ
ਪੰਜਾਬ ਸਰਕਾਰ ਦੁਆਰਾ ਝੂਠੇ ਕੇਸ ਦੇ ਮਾਮਲੇ, ਬੇਅਦਬੀ ਤੇ ਹੋਰ ਕਈ ਕੇਸਾਂ ਦੀ ਜਾਂਚ ਲਈ ਕਮਿਸ਼ਨ ਬਣਾਏ ਗਏ ਹਨ। ਇਸ ਤੋਂ ਪਹਿਲਾਂ ਦੀ ਸਰਕਾਰ ਨੇ ਵੀ ਕੁਝ ਇਸ ਤਰ੍ਹਾਂ ਦੇ ਕਮਿਸ਼ਨ ਬਣਾਏ ਸਨ। ਮਾਮਲਿਆਂ ਦੇ ਨਿਪਟਾਰੇ ਲਈ ਕਮਿਸ਼ਨ ਬਣਾਉਣੇ ਕੋਈ ਗ਼ਲਤ ਗੱਲ ਨਹੀਂ ਪਰ ਪਹਿਲੂ ਇਹ ਹੈ ਕਿ ਇਨ੍ਹਾਂ ਕਮਿਸ਼ਨਾਂ ਨੇ ਨਿਪਟਾਰਾ ਕਿੰਨੇ ਕੇਸਾਂ ਦਾ ਕੀਤਾ ਹੈ ਇਸ 'ਤੇ ਗੌਰ ਕਰਨ ਦੀ ਲੋੜ ਹੈ। ਜਦ ਕਮਿਸ਼ਨ ਕੋਈ ਕਾਰਵਾਈ ਕਰਨ ਦੇ ਨੇੜੇ ਆਉਂਦਾ ਹੈ ਤਾਂ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਨੂੰ ਨਿਰਪੱਖ ਕੰਮ ਕਰਨ ਦਿੱਤਾ ਜਾਵੇ ਤੇ ਇਹ ਕਮਿਸ਼ਨ ਜੋ ਰਿਪੋਰਟ ਪੇਸ਼ ਕਰਦੇ ਹਨ, ਉਸ ਦੇ ਨਾਲ ਸਬੰਧਤ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਮਾਮਲਿਆਂ ਦੇ ਨਿਪਟਾਰੇ ਲਈ ਕਮਿਸ਼ਨਾਂ ਨੂੰ ਨਿਸਚਿਤ ਸਮਾਂ ਦਿੱਤਾ ਜਾਵੇ। ਇਸ ਲਈ ਲੋੜ ਹੈ ਕਿ ਇਨ੍ਹਾਂ ਕਮਿਸ਼ਨਾਂ ਦੀ ਸਾਰਥਿਕਤਾ ਬਹਾਲ ਕੀਤੀ ਜਾਵੇ, ਨਹੀਂ ਤਾਂ ਆਮ ਲੋਕਾਂ ਦਾ ਇਨ੍ਹਾਂ ਤੋਂ ਵਿਸ਼ਵਾਸ ਉੱਠ ਜਾਵੇਗਾ।


-ਕਮਲ ਬਰਾੜ,
ਪਿੰਡ ਕੋਟਲੀ ਅਬਲੂ।


ਰਾਜਸੀ ਕਾਨਫ਼ਰੰਸਾਂ
ਧਾਰਮਿਕ ਅਸਥਾਨਾਂ 'ਤੇ ਰਾਜਸੀ ਕਾਨਫਰੰਸਾਂ ਦਾ ਹੋਣਾ ਮੰਦਭਾਗਾ ਹੈ ਜੋ ਧਰਮ ਨੂੰ ਢਾਹ ਲਾਉਂਦੀਆਂ ਹਨ। ਧਾਰਮਿਕ ਸਥਾਨਾਂ ਤੋਂ ਧਰਮ ਪ੍ਰਚਾਰ ਹੀ ਹੋਵੇ ਅਤੇ ਦੁਰਵਰਤੋਂ ਨਾ ਹੋਵੇ, ਇਸ ਲਈ ਰਾਜਨੀਤਕ ਦਲਾਂ ਨੂੰ ਧਾਰਮਿਕ ਸਥਾਨਾਂ 'ਤੇ ਜੋੜ ਮੇਲਿਆਂ ਦੇ ਦਿਨ ਸਟੇਜਾਂ ਲਾਉਣ ਅਤੇ ਰਾਜਸੀ ਕਾਨਫਰੰਸਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ਰਧਾਲੂਆਂ ਨੂੰ ਕਥਾ ਕੀਰਤਨ ਅਤੇ ਗੁਰਮਤਿ ਨਾਲ ਜੁੜਨ ਦੇਣਾ ਚਾਹੀਦਾ ਹੈ, ਤਾਂ ਕਿ ਸਮਾਜ ਦਾ ਸੁਧਾਰ ਹੋਵੇ ਅਤੇ ਚੰਗੀ ਜੀਵਨ ਜੁਗਤ ਦਾ ਪਸਾਰਾ ਹੋਵੇ। ਧਰਮ ਸਥਾਨ ਹੀ ਸਾਡੇ ਨਿੱਜੀ ਚਰਿੱਤਰ ਨਿਰਮਾਣ ਦਾ ਆਧਾਰ ਹੁੰਦੇ ਹਨ। ਉਨ੍ਹਾਂ ਦੀ ਪਵਿੱਤਰਤਾ ਬਣਾਈ ਰੱਖਣ ਵਿਚ ਹੀ ਸਮਾਜ ਦਾ ਭਲਾ ਹੈ।


-ਮੇਜਰ ਜਸਬੀਰ ਸਿੰਘ,
724/9, ਰਣਜੀਤ ਐਵੀਨਿਊ, ਹਰਦੋਛੰਨੀ ਰੋਡ, ਗੁਰਦਾਸਪੁਰ।


ਤਸਵੀਰਾਂ ਵਾਲੀਆਂ ਕਾਪੀਆਂ
ਕਹਿੰਦੇ ਹਨ ਜਦੋਂ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ ਤਾਂ ਉਸ ਕੌਮ ਦੇ ਬੱਚਿਆਂ, ਨੌਜਵਾਨਾਂ ਦੀ ਸੋਚ ਸੌੜੀ ਕਰ ਦਿੱਤੀ ਜਾਵੇ। ਸਾਡੇ ਸੂਬੇ ਪੰਜਾਬ ਨੂੰ ਇਸ ਤਰ੍ਹਾਂ ਦੀ ਮਾਰ ਹਰ ਪਾਸੇ ਤੋਂ ਪੈ ਰਹੀ ਹੈ। ਇਕ ਪਾਸੇ ਸਾਡੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਦੂਜੇ ਪਾਸੇ ਪੜ੍ਹਨ-ਲਿਖਣ ਵਾਲੀਆਂ ਕਾਪੀਆਂ ਜ਼ਰੀਏ ਲੱਚਰਤਾ, ਗੁੰਡਾਗਰਦੀ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਦੀਆਂ ਤਸਵੀਰਾਂ ਕਾਪੀਆਂ 'ਤੇ ਲਾ ਕੇ ਵਿਦਿਆਰਥੀਆਂ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਹਿਲਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ, ਅੰਬੇਡਕਰ, ਕਰਤਾਰ ਸਿੰਘ ਸਰਾਭਾ ਆਦਿ ਦੇਸ਼ ਭਗਤਾਂ ਦੀਆਂ ਤਸਵੀਰਾਂ ਆਉਂਦੀਆਂ ਸਨ, ਜੋ ਸਾਡੇ ਦੇਸ਼ ਦੇ ਰੋਲ ਮਾਡਲ ਸਨ, ਜਿਨ੍ਹਾਂ ਦੀਆਂ ਤਸਵੀਰਾਂ ਨਾਲ ਬੱਚਿਆਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਸੀ।
ਫਿਰ ਵਿਚ-ਵਿਚ ਖੇਡ ਭਾਵਨਾ ਪੈਦਾ ਕਰਨ ਵਾਲੀਆਂ ਤਸਵੀਰਾਂ ਅਤੇ ਕਦੇ-ਕਦੇ ਕਲਪਨਾ ਚਾਵਲਾ ਆਦਿ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਆਉਂਦੀਆਂ ਸਨ, ਜੋ ਕਿਸੇ ਹੱਦ ਤੱਕ ਠੀਕ ਵੀ ਸਨ ਪਰ ਆਹ ਲੱਚਰ ਗਾਇਕਾਂ ਦੀਆਂ ਤਸਵੀਰਾਂ ਸਰਾਸਰ ਗ਼ਲਤ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਹਰਕਤ ਕਰਨ ਵਾਲੇ ਲੋਕਾਂ ਨੂੰ ਨੱਥ ਪਾਵੇ।


-ਜਸਕਰਨ ਲੰਡੇ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਮਨੁੱਖਾ ਜੀਵਨ ਅਤੇ ਰੁੱਖ
ਰੁੱਖ ਜਿਥੇ ਸਾਨੂੰ ਜਿਊਂਦੇ ਰਹਿਣ ਲਈ ਆਕਸੀਜਨ ਦਿੰਦੇ ਹਨ, ਉਥੇ ਵਰਤਣ ਲਈ ਲੱਕੜ ਅਤੇ ਖਾਣ ਲਈ ਫਲ ਵੀ ਦਿੰਦੇ ਹਨ। ਇਸ ਲਈ ਰੁੱਖਾਂ ਦੀ ਮਨੁੱਖਾ ਜੀਵਨ ਅੰਦਰ ਖਾਸ ਅਹਿਮੀਅਤ ਹੈ। ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਅਬਾਦੀ ਦੇ ਮੱਦੇਨਜ਼ਰ ਜਿਥੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਉਥੇ ਰੁੱਖਾਂ ਦੀ ਕਟਾਈ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਪਰ ਅਸੀਂ ਕਰ ਇਸ ਦੇ ਉਲਟ ਰਹੇ ਹਾਂ। ਅਰਥਾਤ ਰੁੱਖ ਲਗਾਉਂਦੇ ਅਤੇ ਸੰਭਾਲਦੇ ਘੱਟ ਹਾਂ ਅਤੇ ਉਨ੍ਹਾਂ ਦੀ ਕਟਾਈ ਲੋੜ ਤੋਂ ਕਿਤੇ ਜ਼ਿਆਦਾ ਕਰ ਰਹੇ ਹਾਂ। ਜੇ ਕੋਈ ਵਿਅਕਤੀ ਆਪਣੀ ਜ਼ਰੂਰਤ ਲਈ ਕੋਈ ਰੁੱਖ ਕੱਟਦਾ ਹੈ ਤਾਂ ਉਸ ਨੂੰ ਕੱਟੇ ਰੁੱਖ ਦੀ ਜਗ੍ਹਾ ਘੱਟੋ-ਘੱਟ ਇਕ ਰੁੱਖ ਨਵਾਂ ਜ਼ਰੂਰ ਲਗਾਉਣਾ ਚਾਹੀਦਾ ਹੈ। ਸੋ, ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਇਸ ਸਬੰਧੀ ਯੋਗ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਰੁੱਖਾਂ ਦੀ ਸੰਭਾਲ ਕਰਕੇ ਮਨੁੱਖਾ ਜੀਵਨ ਸੁਰੱਖਿਅਤ ਕੀਤਾ ਜਾ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਹੈ।


-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

31-08-2018

 ਕਾਨੂੰਨ ਦੀ ਦੁਰਵਰਤੋਂ
ਮਾਣਯੋਗ ਸਰਬਉੱਚ ਅਦਾਲਤ ਨੇ ਹੇਠਲੀਆਂ ਅਦਾਲਤਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਦਹੇਜ ਦੇ ਕਾਨੂੰਨ ਅਧੀਨ ਲੜਕੇ ਦੇ ਰਿਸ਼ਤੇਦਾਰਾਂ ਦੇ ਨਾਂਅ ਜੇ ਲਿਖਾਏ ਜਾਂਦੇ ਹਨ ਤਾਂ ਉਸ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ। ਜ਼ਮੀਨੀ ਹਕੀਕਤ ਇਹ ਹੈ ਕਿ ਇਸ ਵੇਲੇ ਕਾਨੂੰਨ ਦੀ ਦੁਰਵਰਤੋਂ ਧੜੱਲੇ ਨਾਲ ਹੋ ਰਹੀ ਹੈ। ਇਕਪਾਸੜ ਅਤੇ ਰਿਸ਼ਵਤ ਦੇ ਜ਼ੋਰ 'ਤੇ ਵਧੇਰੇ ਰਿਸ਼ਤੇਦਾਰਾਂ ਦੇ ਨਾਂਅ ਪਾ ਦਿੱਤੇ ਜਾਂਦੇ ਹਨ। ਇਸ ਵਕਤ ਦਹੇਜ ਦਾ ਰੌਲਾ ਘੱਟ ਹੈ ਅਤੇ ਬਦਲਾ ਲੈਣ ਦੀ ਭਾਵਨਾ ਵਧੇਰੇ ਹੈ। ਹਾਲਾਤ ਇਹ ਹਨ ਕਿ ਲੜਕੇ ਕੇਸਾਂ ਦੇ ਚੱਕਰਾਂ ਵਿਚ ਪੈਣ ਅਤੇ ਲੜਾਈ ਤੋਂ ਪਿੱਛਾ ਛੁਡਾਉਣ ਲਈ ਮਾਪਿਆਂ ਨੂੰ ਛੱਡ ਦਿੰਦੇ ਹਨ। ਜੇਕਰ ਵਕਤ ਬਦਲ ਗਿਆ ਹੈ ਤਾਂ ਵਿਆਹ ਵੇਲੇ ਸਭ ਲਿਖਤੀ ਰੂਪ ਵਿਚ ਹੋਵੇ, ਗੜਬੜ ਹੁੰਦੀ ਹੈ ਤਾਂ ਜੋ ਸਾਮਾਨ ਦਿੱਤਾ ਹੈ, ਦੋਵੇਂ ਧਿਰਾਂ ਨੇ ਵਾਪਸ ਕਰ ਦਿੱਤਾ ਜਾਵੇ। ਲੜਕੀ ਨੂੰ ਉਸ ਦੇ ਮਾਪੇ ਆਪਣੀ ਜਾਇਦਾਦ ਵਿਚੋਂ ਬਣਦਾ ਹਿੱਸਾ ਦੇਣ। ਮਹਿੰਗਾਈ ਅਤੇ ਖਰਚੇ ਸਿਰਫ ਲੜਕੀ ਵਾਲਿਆਂ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਲੜਕੇ ਦੇ ਮਾਪਿਆਂ ਨੂੰ ਵੀ ਕਰਦੀ ਹੈ। ਜੇਕਰ ਲੜਕੀਆਂ ਸੁਹਰੇ ਪਰਿਵਾਰ ਨੂੰ ਆਪਣਾ ਸਮਝਦੀਆਂ ਹੁੰਦੀਆਂ ਤਾਂ ਏਨੀ ਤੇਜ਼ੀ ਨਾਲ ਬ੍ਰਿਧ ਆਸ਼ਰਮਾਂ ਨਾ ਬਣਦੇ।


-ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ।


ਜ਼ਿੰਮੇਵਾਰ ਹੋਣ ਦੀ ਲੋੜ
ਪੰਜਾਬ ਸਰਕਾਰ ਵਲੋਂ ਚਲੋ ਦੇਰ ਨਾਲ ਹੀ ਸਹੀ, ਦੁੱਧ ਤੇ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਹੈ, ਸ਼ਲਾਘਾਯੋਗ ਕਦਮ ਹੈ। ਦੁੱਧ ਦਾ ਧੰਦਾ ਕਿਸਾਨ, ਮਜ਼ਦੂਰ ਦਾ ਵਧੀਆ ਸਹਾਇਕ ਧੰਦਾ ਸੀ ਪਰ ਨਕਲੀ ਦੁੱਧ ਨੇ ਧੰਦਾ ਖੂੰਜੇ ਲਾ ਦਿੱਤਾ। ਅੱਜ ਖੁਰਲੀਆਂ, ਕੀਲੇ ਸੁੰਨੇ ਹੁੰਦੇ ਜਾ ਰਹੇ ਹਨ ਕਿਉਂਕਿ ਖਰਚਾ ਵੱਧ ਆਮਦਨ ਘੱਟ। ਸ਼ਾਸਕਾਂ ਨੂੰ ਅਪੀਲ ਹੈ ਕਿ ਇਹ ਕਸਰ ਵੀ ਕੱਢ ਦਿਓ ਤੇ ਕੰਮ ਹੱਥੋ-ਹੱਥੀ ਹੋਵੇ ਕਿ ਛਾਪੇ ਸਮੇਂ ਸਾਰੀ ਟੀਮ 'ਤੇ ਖ਼ਾਸ ਕਰ ਚਲਦੀ-ਫਿਰਦੀ ਪ੍ਰਯੋਗਸ਼ਾਲਾ ਵੈਨ ਵੀ ਤਿਆਰ ਕਰੋ ਤਾਂ ਕਿ ਮੌਕੇ 'ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ, ਕਿਉਂਕਿ ਕਈ ਵਾਰੀ ਆਮ ਹੀ ਨਮੂਨੇ ਪ੍ਰਯੋਗਸ਼ਾਲਾਵਾਂ 'ਚ ਦੂਰ ਦੁਰਾਡੇ ਜਾਂਦੇ ਸਮਾਂ ਪਾ ਕੇ ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ। ਸੋ, ਆਓ ਅਜੇ ਵੀ ਮੌਕਾ ਹੈ ਸੰਭਾਲੋ ਸੋਹਣੀਆਂ ਜਵਾਨੀਆਂ ਤੇ ਭਵਿੱਖ।


-ਹਰਮਿੰਦਰ ਸਿੰਘ ਝਨੇੜੀ
ਪਿੰਡ ਝਨੇੜੀ (ਸੰਗਰੂਰ)।


ਰੁੱਖਾਂ ਦੀ ਸੰਭਾਲ
ਰੁੱਖ ਸਾਡਾ ਸਾਥ ਆਖਰੀ ਸਾਹ ਤੱਕ ਦਿੰਦੇ ਹਨ। ਪਰ ਜਦੋਂ ਇਹ ਪਾਣੀ ਤੋਂ ਪਿਆਸੇ ਹੁੰਦੇ ਹਨ ਜਾਂ ਜੜ੍ਹੋਂ ਪੁੱਟ ਹੋ ਜਾਦੇ ਹਨ, ਤਾਂ ਅਸੀਂ ਅਕਸਰ ਇਨ੍ਹਾਂ ਨੂੰ ਅਣਡਿੱਠਾ ਕਰ ਦਿੰਦੇ ਹਾਂ। ਉਸ ਸਮੇਂ ਅਸੀਂ ਇਹ ਗੱਲ ਭੁੱਲ ਹੀ ਜਾਂਦੇ ਹਾਂ ਕਿ ਰੁੱਖ ਵੀ ਸਾਡੀ ਮਾਂ ਵਰਗੇ ਹਨ। ਸਾਨੂੰ ਸਾਹ, ਅੱਤ ਦੀ ਗਰਮੀ ਵਿਚ ਠੰਢੀ ਛਾਂ, ਖਾਣ ਲਈ ਫਲ ਤੇ ਭੋਜਨ ਪਕਾਉਣ ਲਈ ਲੱਕੜੀ ਪ੍ਰਦਾਨ ਕਰਦੇ ਹਨ। ਪਰ, ਮਨੁੱਖ ਇਕ ਕੱਪ ਇਸ ਨੂੰ ਪਾਣੀ ਵੀ ਨਹੀਂ ਦੇ ਸਕਦਾ। ਮਨੁੱਖ ਭੁੱਲ ਚੁੱਕਾ ਹੈ ਕਿ ਅੰਤਿਮ ਪਲਾਂ ਵਿਚ ਵੀ ਇਹ ਸਾਡੇ ਨਾਲ ਸੜਦਾ ਹੈ। ਅਸੀਂ ਰੁੱਖਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ। ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਰੁੱਖਾਂ ਦੀ ਸੰਭਾਲ ਆਪਣੇ ਪਰਿਵਾਰ ਵਾਂਗ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿਚ ਮਨੁੱਖ ਦਾ ਤੇ ਜੀਵ-ਜੰਤੂਆਂ ਦਾ ਬਚਾਅ ਹੋ ਸਕੇ।


-ਤਜਿੰਦਰ ਮਿੱਠੂ।


ਮਿਲਾਵਟ ਬਾਰੇ
ਸਿਹਤ ਵਿਭਾਗ ਵਲੋਂ ਮਿਲਾਵਟ ਖੋਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਰੋਜ਼ਾਨਾ ਪੜ੍ਹਨ ਨੂੰ ਮਿਲ ਰਿਹਾ ਹੈ। ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਜੋ ਨਕਲੀ ਪਨੀਰ, ਘਿਓ, ਦੁੱਧ, ਮਠਿਆਈਆਂ ਬਣਾਈਆਂ ਤੇ ਵੇਚੀਆਂ ਜਾ ਰਹੀਆਂ ਹਨ, ਇਹ ਤਾਂ ਆਪਣੇ ਭਰਾਵਾਂ ਨੇ ਹੀ ਖਾਣੀਆਂ ਹਨ। ਇਨ੍ਹਾਂ ਨੂੰ ਬਣਾਉਣ ਵਾਲਿਆਂ ਦੇ ਆਪਣੇ ਕਿੰਨੇ ਕੁ ਰਿਸ਼ਤੇਦਾਰ ਹੋਣਗੇ। ਇਸ ਤਰ੍ਹਾਂ ਦਾ ਕਮਾਇਆ ਪੈਸਾ ਆਪਣੇ ਉੱਪਰ ਹੀ ਪੈ ਜਾਂਦਾ ਹੈ। ਘਰ ਵਿਚ ਉਨ੍ਹਾਂ ਦਾ ਕੋਈ ਜੀਅ ਬਿਮਾਰ ਪੈ ਗਿਆ ਤਾਂ ਉਹ ਕਮਾਇਆ ਸਾਰਾ ਪੈਸਾ ਉਸ ਉੱਪਰ ਹੀ ਲੱਗ ਜਾਣਾ ਹੈ। ਰੋਜ਼ਾਨਾ ਇਹ ਬੰਦੇ ਫੜੇ ਜਾ ਰਹੇ ਹਨ, ਫੈਕਟਰੀਆਂ ਸੀਲ ਕੀਤੀਆਂ ਜਾ ਰਹੀਆਂ ਹਨ, ਸਾਮਾਨ ਉਨ੍ਹਾਂ ਦਾ ਨਸ਼ਟ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਇਹ ਗ਼ਲਤ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੇ। ਸੋ, ਇਸ ਲਈ ਸਖ਼ਤੀ ਵਰਤੀ ਜਾਵੇ, ਫੈਕਟਰੀ, ਦੁਕਾਨ ਆਦਿ ਸੀਲ ਕੀਤੀ ਜਾਵੇ। ਫੜੇ ਬੰਦੇ ਜੇਲ੍ਹਾਂ ਵਿਚ ਹੀ ਸੜਦੇ ਰਹਿਣ ਤਾਂ ਇਹ ਸੁਧਾਰ ਹੋ ਸਕੇਗਾ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਇੱਛਾਵਾਂ ਅਤੇ ਸਬਰ
ਜੀਵਨ ਵਿਚ ਮਨੁੱਖ ਹਮੇਸ਼ਾ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਯਤਨਸ਼ੀਲ ਰਹਿੰਦਾ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਜੀਵਨ ਖ਼ਤਮ ਹੋ ਜਾਂਦਾ ਪਰ ਉਸ ਦੀਆਂ ਇੱਛਾਵਾਂ ਨਹੀਂ ਮੁੱਕਦੀਆਂ ਕਿਉਂਕਿ ਪਹਿਲੀ ਇੱਛਾ ਦੂਜੀ ਇੱਛਾ ਨੂੰ ਜਨਮ ਦਿੰਦੀ ਹੈ ਅਤੇ ਦੂਸਰੀ ਤੀਸਰੀ ਨੂੰ, ਸੋ ਇਸੇ ਤਰ੍ਹਾਂ ਇਹ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈ। ਮਨ ਵਿਚ ਇੱਛਾਵਾਂ ਦਾ ਖਜ਼ਾਨਾ ਵਧਦਾ ਜਾਂਦਾ ਹੈ ਅਤੇ ਸੁਆਸਾਂ ਦੀ ਪੂੰਜੀ ਦਾ ਖਜ਼ਾਨਾ ਘਟਦਾ ਜਾਂਦਾ ਹੈ। ਇਸ ਤਰ੍ਹਾਂ ਇੱਛਾਵਾਂ ਨਾਲ ਭਰਿਆ ਮਨੁੱਖ ਸਦਾ ਚਿੰਤਾ ਵਿਚ ਗ੍ਰਸਿਆ ਜਾਂਦਾ ਹੈ। ਇੱਛਾਵਾਂ ਦੀ ਪੂਰਤੀ ਵਿਚ ਅਸਫਲਤਾ ਮਿਲਣ ਦੇ ਫਲਸਰੂਪ ਦੁੱਖਾਂ ਦਾ ਜਨਮ ਹੁੰਦਾ ਹੈ, ਜੋ ਆਤਮ ਹੱਤਿਆ ਤੱਕ ਦਾ ਸਫ਼ਰ ਵੀ ਮਨੁੱਖ ਕੋਲੋਂ ਕਰਵਾ ਜਾਂਦੇ ਹਨ। ਸੋ, ਮਨੁੱਖ ਕੋਲ ਜ਼ਿਆਦਾ ਧਨ ਹੋਣ ਤੋਂ ਭਾਵ ਇਹ ਬਿਲਕੁਲ ਨਹੀਂ ਕਿ ਉਹ ਅਮੀਰ ਹੈ। ਅਸਲ ਅਮੀਰੀ, ਅਸਲ ਸੁੱਖ ਅਤੇ ਜ਼ਿੰਦਗੀ ਦਾ ਅਸਲ ਆਨੰਦ ਕੇਵਲ ਸਬਰ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਨਾ ਕਿ ਇੱਛਾਵਾਂ ਦੇ ਵੱਸ ਹੋ ਕੇ।


-ਨਵਜੋਤ ਸਿੰਘ
ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਨਿਸ਼ਾਨ-ਏ-ਸਿੱਖੀ (ਖਡੂਰ ਸਾਹਿਬ)।

30-08-2018

 ਮੇਰਾ ਪਿੰਡ ਮੇਰਾ ਮਾਣ
ਪੰਜਾਬ ਸਰਕਾਰ ਵਲੋਂ 'ਮੇਰਾ ਪਿੰਡ ਮੇਰਾ ਮਾਣ' ਮੁਹਿੰਮ 2018 ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡਾਂ ਦਾ ਸਰਬਪੱਖੀ ਵਿਕਾਸ ਕਰ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਸਭ ਤੋਂ ਸਾਫ਼ ਪਿੰਡ, ਸਕੂਲ, ਆਂਗਣਵਾੜੀ ਸੈਂਟਰ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਭ ਤੋਂ ਪਹਿਲਾਂ ਪਿੰਡਾਂ ਦੇ ਦੋਵਾਂ ਪਾਸੇ ਬਣੇ ਹੋਏ ਛੱਪੜਾਂ, ਟੋਭਿਆਂ ਦੀ ਨਿਸ਼ਾਨਦੇਹੀ ਕਰ ਕੇ ਪਾਣੀ ਦੇ ਪ੍ਰਬੰਧ ਨਾਲ ਛੱਪੜ ਪਾਣੀ ਨਾਲ ਭਰਨੇ ਚਾਹੀਦੇ ਹਨ ਅਤੇ ਉਨ੍ਹਾਂ ਵਿਚ ਮੱਛੀ ਪਾਲਣ ਦਾ ਕੰਮ ਮਹਿਕਮੇ ਦੇ ਸਹਿਯੋਗ ਨਾਲ ਕਰਨਾ ਚਾਹੀਦਾ ਹੈ। ਪਿੰਡਾਂ ਦੇ ਚੁਫੇਰੇ ਸੜਕਾਂ 'ਤੇ ਖਿਲਰੇ ਰੂੜੀ ਦੇ ਢੇਰ ਟੋਇਆਂ ਵਿਚ ਭਰਨੇ ਚਾਹੀਦੇ ਹਨ, ਜੋ ਕਿ ਪਿੰਡਾਂ ਦੀਆਂ ਫਿਰਨੀਆਂ ਤਾਂ ਘੇਰਦੇ ਹੀ ਹਨ, ਸਗੋਂ ਪਿੰਡ ਦੀ ਦਿੱਖ ਵੀ ਖਰਾਬ ਕਰਦੇ ਹਨ। ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਗਾ ਕੇ ਸੜਕਾਂ ਦੇ ਕਿਨਾਰੇ ਫੁਲਦਾਰ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੁਆਲੇ ਜੰਗਲੇ ਲਗਾ ਕੇ ਪੇਂਟ ਕਰਨੇ ਚਾਹੀਦੇ ਹਨ। ਪਿੰਡਾਂ ਦੇ ਸਰਬਪੱਖੀ ਵਿਕਾਸ ਕਰਨ ਲਈ ਹੋਰ ਵੀ ਬਹੁਤ ਕੰਮ ਹਨ, ਪਰ ਜੇਕਰ ਉਕਤ ਕੰਮ ਕਰ ਲਏ ਜਾਣ ਤਾਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ 'ਮੇਰਾ ਪਿੰਡ ਮੇਰਾ ਮਾਣ' ਮੁਹਿੰਮ ਕਾਫੀ ਹੱਦ ਤੱਕ ਕਾਮਯਾਬ ਹੋ ਸਕਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਵੱਛ ਭਾਰਤ ਅਭਿਆਨ
ਸਵੱਛ ਭਾਰਤ ਅਭਿਆਨ ਦਾ ਮੁੱਖ ਮਕਸਦ ਮਨੁੱਖੀ ਮਲ ਦਾ ਸਹੀ ਨਿਪਟਾਰਾ ਕਰਨ ਲਈ ਘਰ-ਘਰ ਵਿਚ ਪਖਾਨਿਆਂ ਦਾ ਨਿਰਮਾਣ ਕਰਨਾ ਹੈ। ਇਸ ਕੰਮ ਵਾਸਤੇ ਸਰਕਾਰ ਵਲੋਂ 15 ਹਜ਼ਾਰ ਰੁਪਏ ਤੱਕ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 2014 ਵਿਚ 1,80,000 ਪਿੰਡ, 130 ਜ਼ਿਲ੍ਹੇ ਅਤੇ ਭਾਰਤ ਦੇ ਤਿੰਨ ਰਾਜ-ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਕੇਰਲ ਖੁੱਲ੍ਹੇ 'ਚ ਸ਼ੌਚ ਮੁਕਤ ਹੋ ਚੁੱਕੇ ਹਨ।
ਸਰਕਾਰ 2019 ਤੋਂ ਪਹਿਲਾਂ 12 ਕਰੋੜ ਪਖਾਨੇ ਬਣਾਉਣ ਦਾ ਟੀਚਾ ਪੂਰਾ ਕਰਨਾ ਚਾਹੁੰਦੀ ਹੈ ਤਾਂ ਜੋ 2 ਅਕਤੂਬਰ, 2019 ਨੂੰ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ 'ਤੇ ਪੂਰਾ ਦੇਸ਼ ਖੁੱਲ੍ਹੇ 'ਚ ਸ਼ੌਚ ਮੁਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਸਵੱਛ ਭਾਰਤ ਅਭਿਆਨ ਅੰਦੋਲਨ ਦਾ ਰੂਪ ਦੇਣ ਲਈ ਹਰ ਭਾਰਤ ਵਾਸੀ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਸਾਰੇ ਇਸ ਜਨ ਕਲਿਆਣ ਦੇ ਕੰਮ ਵਿਚ ਵੱਧ ਤੋਂ ਵੱਧ ਯੋਗਦਾਨ ਦੇਣ ਤਾਂ ਜੋ ਪੂਰਾ ਦੇਸ਼ ਖੁੱਲ੍ਹੇ 'ਚ ਸ਼ੌਚ ਮੁਕਤ ਹੋ ਸਕੇ।


-ਇਕਬਾਲ ਕਾਹਲੋਂ
ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਗੁਰਦਾਸਪੁਰ।


ਐਂਬੂਲੈਂਸ ਨੂੰ ਰਸਤਾ ਦਿਓ
ਅਕਸਰ ਹੀ ਅਖ਼ਬਾਰਾਂ ਵਿਚ ਐਂਬੂਲੈਂਸ ਨੂੰ ਰਸਤਾ ਨਾ ਦੇਣ ਕਰਕੇ ਅਤੇ ਇਲਾਜ ਵਿਚ ਹੋਈ ਦੇਰੀ ਕਾਰਨ ਮਰੀਜ਼ ਦੀ ਮੌਤ ਬਾਰੇ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਭਾਵੇਂ ਕਿ ਹਰ ਇਕ ਨਾਗਰਿਕ ਦਾ ਇਹ ਫ਼ਰਜ਼ ਬਣਦਾ ਹੈ ਕਿ ਹਰ ਹਾਲ ਵਿਚ ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇ ਪਰ ਕਈ ਵਾਰ ਵੀ.ਆਈ.ਪੀ. ਡਿਊਟੀ ਦਾ ਬਹਾਨਾ ਲਗਾ ਕੇ, ਧਰਨਿਆਂ ਦੇ ਕਰਕੇ, ਲੋੜ ਤੋਂ ਵੱਧ ਆਵਾਜਾਈ ਕਰਕੇ, ਲੋਕਾਂ ਦੇ ਪੱਥਰ ਦਿਲ ਹੋਣ ਕਰਕੇ ਐਂਬੂਲੈਂਸਾਂ ਜਾਮ ਵਿਚ ਫਸ ਜਾਂਦੀਆਂ ਹਨ। ਅਜਿਹੇ ਸਮੇਂ ਮਰੀਜ਼ ਦੇ ਨਾਲ ਬੈਠੇ ਪਰਿਵਾਰਕ ਮੈਂਬਰਾਂ 'ਤੇ ਕੀ ਬੀਤਦੀ ਹੋਵੇਗੀ, ਇਸ ਬਾਰੇ ਸੋਚ ਕੇ ਵੀ ਰੂਹ ਕੰਬ ਉੱਠਦੀ ਹੈ। ਅਜਿਹੀ ਦੇਰੀ ਕਾਰਨ ਕਿੰਨੇ ਹੀ ਮਰੀਜ਼ ਮੌਤ ਦੇ ਮੂੰਹ ਵਿਚ ਜਾ ਪਏ ਹਨ ਪਰ ਇਸ ਵਰਤਾਰੇ ਵਿਚ ਬਹੁਤੀ ਕਮੀ ਨਹੀਂ ਆਈ। ਸਾਨੂੰ ਸਾਰਿਆਂ ਨੂੰ ਇਨਸਾਨੀਅਤ ਨਾਤੇ ਐਂਬੂਲੈਂਸ ਨੂੰ ਰਸਤਾ ਦੇਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਪੰਚਾਇਤ ਦੀ ਚੋਣ
ਅਕਸਰ ਪਿੰਡਾਂ ਵਿਚ ਹੁੰਦੀਆਂ ਧੜੇਬੰਦੀਆਂ ਆਪਸੀ ਰੰਜਿਸ਼ ਨੂੰ ਜਨਮ ਦੇ ਕੇ ਪਿੰਡਾਂ ਦੇ ਵਿਕਾਸ ਨੂੰ ਅੱਖੋਂ-ਪਰੋਖੇ ਕਰ ਦਿੰਦੀਆਂ ਹਨ, ਜਿਸ ਦਾ ਨੁਕਸਾਨ ਕੇਵਲ ਪਿੰਡ ਵਾਸੀ ਹੀ ਭੁਗਤਦੇ ਹਨ। ਪਿੰਡ ਵਿਚ ਕਿਹੋ ਜਿਹੀ ਪੰਚਾਇਤ ਚੁਣਨੀ ਹੈ, ਇਹ ਪਿੰਡ ਵਾਸੀਆਂ ਦੇ ਹੱਥ ਵਿਚ ਵਧੇਰੇ ਹੁੰਦਾ ਹੈ। ਭਾਵੇਂ ਹੁਣ ਨੌਜਵਾਨਾਂ ਵਿਚ ਵੀ ਕਾਫੀ ਜਾਗਰੂਕਤਾ ਆ ਗਈ ਹੈ ਪਰ ਫਿਰ ਵੀ ਵਧੇਰੇ ਪੰਚ/ਸਰਪੰਚ ਉਹੀ ਬਣਦੇ ਹਨ, ਜੋ ਪਹਿਲਾਂ ਬਣਦੇ ਆ ਰਹੇ ਹੁੰਦੇ ਹਨ।
ਇਕ ਆਮ ਬੰਦਾ ਉਮੀਦਵਾਰੀ ਨੂੰ ਮੁਫ਼ਤ ਦੀ ਸਿਰਦਰਦੀ ਤੇ ਵਿਹਲਿਆਂ ਦਾ ਕੰਮ ਸਮਝਦਾ ਹੈ, ਜਿਸ ਕਾਰਨ ਉਹੀ ਪੁਰਾਣੇ ਚਿਹਰੇ ਆਪ ਜਾਂ ਆਪਣੇ ਕਿਸੇ ਚਹੇਤੇ ਨੂੰ ਜਿਤਾ ਕੇ ਪੰਚਾਇਤ 'ਤੇ ਪੰਜ ਸਾਲ ਲਈ ਕਾਬਜ਼ ਹੋ ਜਾਂਦੇ ਹਨ। ਫਿਰ ਉਨ੍ਹਾਂ ਦੇ ਦਿਮਾਗ ਵਿਚ ਕੋਈ ਵਖਰੇਵੇਂ ਵਾਲੀ ਗੱਲ ਨਹੀਂ ਆਉਂਦੀ ਜੋ ਨਵੇਂ ਬਣੇ ਨੌਜਵਾਨ ਪੰਚ/ਸਰਪੰਚ ਨਾਲ ਆਉਣੀ ਹੁੰਦੀ ਹੈ। ਸੋ, ਪਿੰਡ ਵਾਲਿਆਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਯੋਗ ਅਤੇ ਪੜ੍ਹੇ-ਲਿਖੇ ਸਹੀ ਉਮੀਦਵਾਰ ਚੁਣਨੇ ਚਾਹੀਦੇ ਹਨ, ਉਥੇ ਹੀ ਨੌਜਵਾਨਾਂ ਨੂੰ ਖੁੱਲ੍ਹ ਕੇ ਮੂਹਰੇ ਆਉਣਾ ਚਾਹੀਦਾ ਹੈ ਤਾਂ ਕਿ ਨਵੀਂ ਉਮਰ, ਨਵੀਂ ਸੋਚ, ਨਵੀਆਂ ਪੁਲਾਂਘਾਂ ਪੁੱਟਣ ਵਿਚ ਕਾਰਗਰ ਸਿੱਧ ਹੋ ਸਕੇ।


-ਜਸਵੰਤ ਸਿੰਘ ਲਖਣਪੁਰੀ
ਪਿੰਡ ਲਖਣਪੁਰ, ਤਹਿ: ਖਮਾਣੋਂ, ਫ਼ਤਹਿਗੜ੍ਹ ਸਾਹਿਬ।

29-08-2018

 ਸਵਾਰੀਆਂ ਦੀ ਲੁੱਟ-ਖਸੁੱਟ
ਪੰਜਾਬ ਵਿਚ ਵੱਡੀਆਂ ਟਰਾਸਪੋਰਟ ਕੰਪਨੀਆਂ ਅਤੇ ਹੋਰ ਬੱਸਾਂ ਵਾਲਿਆਂ ਵਲੋਂ ਪੂਰੇ ਜ਼ੋਰਾਂ 'ਤੇ ਲੁੱਟ ਕੀਤੀ ਜਾ ਰਹੀ ਹੈ। ਟਰਾਸਪੋਰਟ ਮੰਤਰੀ/ਵਿਭਾਗ ਵਲੋਂ ਵੀ ਵਧੇ ਕਿਰਾਇਆਂ ਬਾਰੇ ਕੋਈ ਨੋਟੀਫਿਕੇਸ਼ਨ ਜਾਂ ਅਖ਼ਬਾਰਾਂ ਵਿਚ .ਖਬਰਾਂ ਨਹੀਂ ਲਾਈਆਂ ਜਾ ਰਹੀਆਂ। ਸਵੇਰੇ ਬੱਸਾਂ ਵਾਲਿਆਂ ਤੋਂ ਹੀ ਪਤਾ ਲੱਗਦਾ ਹੈ ਕਿ ਕਿਰਾਇਆ ਵਧ ਚੁੱਕਾ ਹੈ। ਫਿਰ ਵਧਿਆ ਕਿਰਾਇਆ ਜਾਂ ਘਟਿਆ ਕਿਰਾਇਆ ਇਕ ਅਨੁਸਾਰ ਲਾਗੂ ਨਹੀਂ ਹੁੰਦਾ ਹੈ। ਪਿਛਲੇ ਦਿਨੀਂ ਮੈਨੂੰ ਗੋਨਿਆਣਾ ਤੋਂ ਕੋਟਕਪੂਰੇ ਦਾ ਸਫ਼ਰ ਕਰਨਾ ਪਿਆ। ਗੋਨਿਆਣੇ ਤੋਂ ਜਾਂਦੇ ਸਮੇਂ ਕੋਟਕਪੂਰੇ ਦੇ 35 ਰੁਪਏ ਅਤੇ ਅਗਲੇ ਦਿਨ ਕੋਟਕਪੂਰੇ ਤੋਂ ਗੋਨਿਆਣਾ ਦੇ 40 ਰੁਪਏ ਲੱਗੇ। ਜਦੋਂ ਕਿ ਗੋਨਿਆਣਾ ਤੋਂ ਕੋਟਕਪੂਰੇ ਦੇ ਸਫ਼ਰ ਸਮੇਂ ਦੋਵੇਂ ਬੱਸਾਂ ਇਕੋ ਕੰਪਨੀ ਦੀਆਂ ਸਨ। ਸ਼ਾਇਦ ਪੰਜਾਬ ਦੇ ਦੂਸਰੇ ਰਸਤਿਆਂ 'ਤੇ ਵੀ ਇਹੋ ਖੇਡ ਕਈ ਦੇਖ ਚੁੱਕੇ ਹੋਣਗੇ। ਸੋ ਕਿਰਾਏ ਵਾਧੇ ਦੀ ਗੱਲ ਨਹੀਂ। ਪਰ ਵਧਿਆ ਕਿਰਾਇਆ ਇਕੋ ਦਿਨ, ਇਕੋ ਸਮੇਂ ਸਭ ਬੱਸਾਂ 'ਤੇ ਲਾਗੂ ਹੋਣਾ ਚਾਹੀਦਾ ਹੈ। ਬੱਸਾਂ ਵਿਚ ਬਕਾਇਦਾ ਇਕ ਸੂਚੀ ਡੀ.ਸੀ. ਦੇ ਦਸਤਖ਼ਤ ਕਰਵਾ ਕੇ ਲੱਗੀ ਹੋਣੀ ਚਾਹੀਦੀ ਹੈ। ਵਿਭਾਗ ਨੂੰ ਬੱਸ ਕੰਪਨੀਆਂ ਦੇ ਮਾਲਕਾਂ ਅਤੇ ਕਰਮਚਾਰੀਆਂ ਤੇ ਸ਼ਿਕੰਜਾ ਕੱਸ ਕੇ ਰੱਖਣਾ ਵੀ ਜ਼ਰੂਰੀ ਹੈ ਤਾਂ ਕਿ ਸਵਾਰੀਆਂ ਦੀ ਲੁੱਟ-ਖਸੁੱਟ ਬਚਾਈ ਜਾ ਸਕੇ।


-ਅਰਸ਼ਦੀਪ
ਬੜਿੰਗ ਬਰਨਾਲਾ।


ਵਿਦੇਸ਼ਾਂ ਵਿਚ ਭਾਰਤੀਆਂ ਦੀ ਲੁੱਟਮਾਰ
ਵਿਦੇਸ਼ਾਂ ਵਿਚ ਪੰਜਾਬੀਆਂ 'ਤੇ ਕੀਤੇ ਜਾਂਦੇ ਹਮਲੇ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਵਿਚ ਅਕਸਰ ਹੀ ਰੋਜ਼ੀ-ਰੋਟੀ ਕਮਾਉਣ ਗਏ ਵਿਚਾਰੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਹਰ ਰੋਜ਼ ਦੀਆਂ ਦੁਖਦਾਇਕ ਅਖ਼ਬਾਰੀ ਖ਼ਬਰਾਂ ਪੜ੍ਹ ਕੇ ਦਿਲ ਇਕ ਵਾਰ ਤਾਂ ਪਸੀਜ਼ ਕੇ ਰਹਿ ਜਾਂਦਾ ਹੈ। ਕਦੀ ਮਨੀਲਾ, ਇਰਾਕ ਵਿਚ ਤੇ ਕਦੇ ਕੈਨੇਡਾ ਵਿਚ ਹਮਲਿਆਂ ਅਤੇ ਕਤਲਾਂ ਦੀ ਗਿਣਤੀ ਕਾਫੀ ਵਧ ਗਈ ਹੈ। ਪਿਛਲੇ ਦਿਨੀਂ ਫਿਲਪਾਈਨ ਵਿਚ ਇਕ ਗੁਰਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਦਾ ਕੋਈ ਥਹੁ ਪਤਾ ਨਹੀਂ ਹੈ। ਪੈਸੇ ਪਿੱਛੇ ਇਨਸਾਨ ਦਾ ਖੂਨ ਚਿੱਟਾ ਹੋ ਗਿਆ ਹੈ। ਇਸ ਨਾਲ ਰਿਸ਼ਤਿਆਂ ਦੀ ਗੰਢ ਪਿਚਕ ਕੇ ਰਹਿ ਗਈ ਹੈ ਜੋ ਕਿ ਇਕ ਬਹੁਤ ਹੀ ਨਮੋਸ਼ੀਜਨਕ ਵਰਤਾਰਾ ਹੈ। ਸਾਡੇ ਦੇਸ਼ ਦੇ ਲੋਕ ਬੇਰੁਜ਼ਗਾਰੀ ਹੱਥੋਂ ਮਜਬੂਰ ਹੋਏ ਰੋਜ਼ੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ਾਂ ਵਿਚ ਜਾਂਦੇ ਹਨ। ਪਰ ਉਥੇ ਇਨ੍ਹਾਂ ਨੂੰ ਸਭ ਤੋਂ ਪਹਿਲਾਂ ਜ਼ੁਲਮਾਂ ਦਾ ਟਾਕਰਾ ਕਰਨਾ ਪੈਂਦਾ ਹੈ। ਠੀਕ ਹੈ ਬਹੁਤੇ ਵਿਦੇਸ਼ਾਂ ਵਿਚ ਪਨਾਹ ਨਾ ਮਿਲਣ ਕਾਰਨ ਸਾਡੇ ਭਾਰਤੀ ਚੋਰੀ ਛੁਪੇ ਰੋਜ਼ੀ ਰੋਟੀ ਦੀ ਭਾਲ ਵਿਚ ਰਹਿ ਰਹੇ ਹਨ। ਪਰ ਫਿਰ ਵੀ ਵਿਦੇਸ਼ੀ ਸਰਕਾਰਾਂ ਨੂੰ ਅਜਿਹੇ ਗੁੰਡਾ ਅਨਸਰਾਂ ਨੂੰ ਨਕੇਲ ਪਾਉਣ ਲਈ ਠੋਸ ਕਾਨੂੰਨ ਲੈ ਕੇ ਆਉਣੇ ਚਾਹੀਦੇ ਹਨ ਤਾਂ ਜੋ ਵਿਅਕਤੀ ਸੁਰੱਖਿਅਤ ਹੋ ਸਕੇ।


-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।


ਕੀ ਇਹ ਨਸ਼ਾ ਨਹੀਂ?
ਇਕ ਪਾਸੇ ਤਾਂ ਪੰਜਾਬ 'ਚ ਦਿਨੋ-ਦਿਨ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੇ ਕਰਕੇ ਲੋਕਾਂ ਨੇ ਚਿੱਟੇ ਖਿਲਾਫ਼ ਕਾਲਾ ਹਫ਼ਤਾ ਮਨਾਇਆ। ਲੋਕਾਂ ਨੂੰ ਝੂਠੇ ਲਾਰੇ ਲਾ ਕੇ ਕੁੰਭ ਕਰਨੀ ਨੀਂਦ ਸੁੱਤੇ ਪਏ ਨੇਤਾਵਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਵਲੋਂ ਕੀਤੇ ਵਾਅਦੇ ਯਾਦ ਕਰਵਾਏ ਗਏ। ਪਰ ਕੁਝ ਸਿਆਸੀ ਲੋਕ ਇਸ ਗੰਭੀਰ ਮਸਲੇ 'ਤੇ ਵੀ ਸਿਆਸਤ ਖੇਡਦੇ ਨਜ਼ਰ ਆਏ। ਮੇਰੇ ਦਿਮਾਗ 'ਚ ਵਾਰ-ਵਾਰ ਇਹ ਸਵਾਲ ਆ ਰਿਹਾ ਹੈ ਕਿ ਕੀ ਸਿਗਰਟ, ਬੀੜੀ, ਤੰਬਾਕੂ, ਗੁਟਕਾ ਆਦਿ ਨਸ਼ੇ ਨਹੀਂ। ਇਨ੍ਹਾਂ ਨਸ਼ਿਆਂ ਦਾ ਅਸੀਂ ਕਦੇ ਵਿਰੋਧ ਹੀ ਨਹੀਂ ਕੀਤਾ। ਇਹ ਛੋਟੇ-ਛੋਟੇ ਨਸ਼ੇ ਹਰ ਪਿੰਡ ਸ਼ਹਿਰ ਹਰ ਗਲੀ ਮੁਹੱਲੇ ਕਰਿਆਨੇ ਦੀਆਂ ਦੁਕਾਨਾਂ ਤੋਂ ਆਮ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ। ਸਰਕਾਰ ਇਨ੍ਹਾਂ ਨਸ਼ਿਆਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਕਾਰਖਾਨਿਆਂ ਤੋਂ ਟੈਕਸ ਦੇ ਰੂਪ 'ਚ ਇਕੱਠੇ ਕੀਤੇ ਪੈਸੇ ਨੂੰ ਖਜ਼ਾਨਾ ਭਰਨ ਲਈ ਵਰਤਦੀ ਹੈ। ਜੇਕਰ ਸਰਕਾਰ ਦੀ ਵਾਕਿਆ ਹੀ ਨਸ਼ਾ ਬੰਦ ਕਰਨ ਦੀ ਇੱਛਾ ਹੈ ਤਾਂ ਉਸ ਨੂੰ ਜ਼ਮੀਨੀ ਪੱਧਰ ਤੋਂ ਨਸ਼ਾ ਬੰਦ ਕਰਨ ਲਈ ਹੰਭਲਾ ਮਾਰਨਾ ਪਵੇਗਾ।


-ਬਲਤੇਜ ਸੰਧੂ
ਬੁਰਜ ਲੱਧਾ, ਬਠਿੰਡਾ।


ਸ਼ੌਕ ਤੇ ਮਜਬੂਰੀ
ਕਿਸੇ ਦੇ ਧੀ ਪੁੱਤ ਨੂੰ ਨਸ਼ਾ ਕਰਨ ਲਾਉਣਾ ਬਹੁਤ ਸ਼ਰਮਨਾਕ ਕਾਰਾ ਹੈ। ਅਜਿਹੇ ਲੋਕਾਂ ਅਤੇ ਮਿੱਤਰਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ, ਜੋ ਤਹਾਨੂੰ ਨਸ਼ਾ ਕਰਨ ਲਈ ਪ੍ਰੇਰਿਤ ਕਰਨ। ਆਮ ਤੌਰ 'ਤੇ ਸਕੂਲਾਂ, ਕਾਲਜਾਂ, ਬੱਸ ਅੱਡਿਆਂ ਆਦਿ ਥਾਵਾਂ 'ਤੇ ਛੋਟੀ-ਵੱਡੀ ਉਮਰ ਦੇ ਲੜਕੇ ਇਕੱਠੇ ਬੈਠ ਕੇ ਸਿਗਰਟਾਂ, ਤਮਾਕੂ, ਬੀੜੀਆਂ, ਸ਼ਰਾਬ, ਜੂਆ ਆਦਿ ਖਾਂਦੇ-ਪੀਂਦੇ ਅਤੇ ਖੇਡਦੇ ਨਜ਼ਰ ਆਉਂਦੇ ਹਨ ਉਹ ਆਪਣੇ ਆਪ ਨੂੰ ਇਹ ਕਹਿ ਕੇ ਨਸ਼ਾ ਕਰਦੇ ਹਨ ਕਿ ਉਹ ਇਹ ਨਸ਼ਾ ਤਾਂ ਸ਼ੌਕੀਆ ਤੌਰ 'ਤੇ ਕਰਦੇ ਹਨ। ਪਰ ਉਨ੍ਹਾਂ ਲੋਕਾਂ ਦੀ ਇਹ ਸੋਚ ਬਿਲਕੁਲ ਗ਼ਲਤ ਹੈ, ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਸ਼ੌਕ-ਸ਼ੌਕ ਕੀਤਾ ਨਸ਼ਾ, ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਮਜਬੂਰੀ ਬਣ ਕੇ ਰਹਿ ਜਾਵੇਗਾ।


-ਗੁਰਦੀਪ ਸਿੰਘ
ਘੋਲੀਆ ਕਲਾਂ।

28-08-2018

 ਕੁਦਰਤ ਦੀ ਕਰੋਪੀ
ਕੁਦਰਤ ਨੇ ਇਨਸਾਨ ਨੂੰ ਅਨਮੋਲ ਤੋਹਫ਼ਿਆਂ ਨਾਲ ਨਿਵਾਜਿਆ ਹੈ ਜਿਵੇਂ ਕਿ ਜੰਗਲ, ਸਮੁੰਦਰ, ਨਦੀਆਂ, ਪਹਾੜ, ਸਾਫ਼ ਹਵਾ, ਸੂਰਜ ਦੀ ਰੌਸ਼ਨੀ ਅਤੇ ਅਣਗਿਣਤ ਖਣਿਜ ਪਦਾਰਥ ਆਦਿ। ਅਸੀਂ ਕੁਦਰਤ ਦੀਆਂ ਇਨ੍ਹਾਂ ਦਾਤਾਂ ਦਾ ਆਨੰਦ ਬਿਲਕੁਲ ਮੁਫ਼ਤ ਮਾਣ ਰਹੇ ਹਾਂ ਪਰ ਪਿਛਲੇ ਕੁਝ ਸਾਲਾਂ ਤੋਂ ਇਨਸਾਨੀ ਲਾਲਚ ਦੇ ਕਾਰਨ ਅਸੀਂ ਇਨ੍ਹਾਂ ਵਸਤੂਆਂ ਦੀ ਲਾਪਰਵਾਹੀ ਨਾਲ ਵਰਤੋਂ ਕਰ ਰਹੇ ਹਾਂ, ਜਿਸ ਕਰਕੇ ਪ੍ਰਕਿਰਤੀ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ। ਅੱਜ ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੀ ਛੱਡ ਕੇ ਜਾ ਰਹੇ ਹਾਂ। ਇਨਸਾਨ ਦੀਆਂ ਗ਼ਲਤੀਆਂ ਕਾਰਨ ਕੁਦਰਤੀ ਆਫ਼ਤਾਂ ਹਰ ਸਾਲ ਆ ਰਹੀਆਂ ਹਨ ਕਿਧਰੇ ਭੁਚਾਲ, ਕਿਧਰੇ ਹੜ੍ਹ, ਕਿਧਰੇ ਸੋਕਾ ਅਤੇ ਹੋਰ ਕੁਦਰਤੀ ਆਫ਼ਤਾਂ ਦੇ ਕਾਰਨ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਪਰ ਫਿਰ ਵੀ ਮਨੁੱਖ ਕੋਈ ਸਬਕ ਨਹੀਂ ਸਿੱਖ ਰਿਹਾ ਹੈ। ਸਾਨੂੰ ਇਸ ਨੂੰ ਅਣਗੌਲਿਆ ਨਾ ਕਰਕੇ ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਇਨਸਾਨ ਆਪਣਾ ਜੀਵਨ ਖੁਸ਼ਹਾਲੀ ਨਾਲ ਬਤੀਤ ਕਰ ਸਕੇ।

-ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)।

ਵਿਚਾਰ ਹੋਣਾ ਜ਼ਰੂਰੀ
ਮੈਂ ਪਟਿਆਲਾ ਤੋਂ ਇਕ ਪੱਗ ਖਰੀਦੀ, ਘਰ ਲਿਆ ਕੇ ਪੱਗ ਧੋ ਕੇ ਸਾਂਭ ਲਈ ਤੇ ਲਿਫ਼ਾਫ਼ਾ ਮੇਜ਼ 'ਤੇ ਰੱਖ ਦਿੱਤਾ। ਲਿਫ਼ਾਫ਼ੇ 'ਤੇ ਗੁਰੂ ਰਾਮ ਦਾਸ ਪੱਗੜੀ ਸੈਂਟਰ ਲਿਖਿਆ ਹੋਇਆ ਸੀ। ਸ਼ਾਮ ਨੂੰ ਘਰ ਦਿਆਂ ਨੇ ਪਿੰਡੋਂ ਆਈ ਹਰੀ ਸਬਜ਼ੀ ਪਾ ਕੇ ਦੋਸਤ ਦੇ ਘਰ ਭੇਜ ਦਿੱਤੀ। ਅਗਲੀ ਸ਼ਾਮ ਨੂੰ ਸੈਰ ਕਰਨ ਤੋਂ ਬਾਅਦ ਦੋਸਤ ਮੈਨੂੰ ਮੋਚੀ ਦੀ ਦੁਕਾਨ 'ਤੇ ਲੈ ਗਿਆ, ਜਿਥੇ ਦੋਸਤ ਨੇ ਜੁੱਤੇ ਮੁਰੰਮਤ ਕਰਨ ਲਈ ਦਿੱਤੇ ਹੋਏ ਸਨ। ਮੈਂ ਦੇਖਿਆ ਮੋਚੀ ਨੇ ਉਹੀ ਪੱਗ ਵਾਲਾ ਲਿਫ਼ਾਫ਼ਾ ਆਪ ਪੈਰਾਂ ਹੇਠ ਰੱਖੀ ਬੈਠਾ ਸੀ, ਉਸ ਨੇ ਜੁੱਤੇ ਚੁੱਕ ਕੇ ਉਸ ਲਿਫ਼ਾਫ਼ੇ ਵਿਚ ਪਾ ਦਿੱਤੇ। ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਮੈਂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਗੁਰੂਆਂ ਦੀ ਨਾਂਅ ਦੀ ਵਰਤੋਂ ਨਾ ਕਰੋ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਲੋਕਾਂ ਨੂੰ ਸੁਨੇਹਾ ਦਿਉ ਕਿ ਲਿਫ਼ਾਫ਼ਿਆਂ 'ਤੇ ਗੁਰੂ ਸਾਹਿਬ ਜੀ ਦਾ ਨਾਂਅ ਲਿਖ ਕੇ ਗੁਰੂਆਂ ਦੇ ਬੇਇੱਜ਼ਤੀ ਨਾ ਕਰੋ।

-ਨਿਰਮਲ ਸਿੰਘ
ਏ.ਐਸ.ਆਈ. ਪੰਜਾਬ ਪੁਲਿਸ, ਪਟਿਆਲਾ।

ਨਕਲੀ ਦੁੱਧ
ਪੰਜਾਬ ਵਿਚ ਅਜੇ ਤਿਉਹਾਰਾਂ ਦਾ ਮੌਸਮ ਤਾਂ ਸ਼ੁਰੂ ਨਹੀਂ ਹੋਇਆ ਪਰ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚੋਂ ਨਕਲੀ ਦੁੱਧ, ਘਿਓ, ਪਨੀਰ ਆਦਿ ਵਿਕਣ ਦੀਆਂ ਖ਼ਬਰਾਂ ਆਉਣੀਆਂ ਸ਼ੁਰ ਹੋ ਵੀ ਗਈਆਂ ਹਨ। ਵੱਡੀ ਮਾਤਰਾ ਵਿਚ ਵਿਕ ਰਹੇ ਇਸ ਦੁੱਧ ਨਾਲ ਜਿਥੇ ਸਾਡੀ ਸਿਹਤ ਨਾਲ ਬੇਹੱਦ ਖਿਲਵਾੜ ਹੋ ਰਿਹਾ ਹੈ, ਉਥੇ ਅਸਲੀ ਦੁੱਧ ਦੇ ਭਾਅ ਵਿਚ ਆਈ ਗਿਰਾਵਟ ਨੇ ਪਸ਼ੂ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸੋ, ਅੱਜ ਲੋੜ ਹੈ ਸਰਕਾਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਇਹ ਮਿਲਾਵਟਖੋਰੀ ਕਰਨ ਵਾਲੇ ਲੋਕ ਦੁਬਾਰਾ ਅਜਿਹਾ ਘਿਨੋਣਾ ਕਾਰਨਾਮਾ ਕਰਨ ਲੱਗੇ ਇਕ ਵਾਰ ਨਹੀਂ, ਬਲਕਿ ਸੌ ਵਾਰ ਸੋਚਣ।

-ਰਾਜਾ ਗਿੱਲ
ਚੜਿੱਕ (ਮੋਗਾ)।

ਖ਼ਜ਼ਾਨਾ ਤੇ ਸਰਕਾਰ
ਪਿਛਲੇ ਦਿਨੀਂ ਸੰਪਾਦਕੀ 'ਮੰਤਰੀ ਮੰਡਲ ਦੇ ਫ਼ੈਸਲੇ' ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਮੰਤਰੀ ਮੰਡਲ ਵਿਚ ਵਿਧਾਇਕਾਂ ਨੂੰ ਲਾਭ ਵਾਲੇ ਅਹੁਦੇ ਦੇਣ ਸਬੰਧੀ ਜੋ ਫ਼ੈਸਲਾ ਲਿਆ ਜਾ ਰਿਹਾ ਹੈ, ਉਹ ਪੰਜਾਬ ਲਈ ਘਾਤਕ ਹੈ। ਕਿਉਂਕਿ ਇਕ ਪਾਸੇ ਤਾਂ ਉੱਚ ਅਦਾਲਤਾਂ ਅਤੇ ਸਰਬਉੱਚ ਅਦਾਲਤ ਨੇ ਮੰਤਰੀ ਮੰਡਲ 15 ਫ਼ੀਸਦੀ ਤੋਂ ਵਧ ਨਾ ਕਰਨ ਦਾ ਉਦੇਸ਼ ਦਿੱਤਾ ਹੈ। ਪਰ ਸਰਕਾਰ ਆਪਣੇ ਵਿਧਾਇਕਾਂ ਨੂੰ ਚੋਰ ਮੋਰੀਆਂ ਰਾਹੀਂ ਸੰਸਦੀ ਸਕੱਤਰ ਲਾ ਕੇ ਲਾਭ ਪਹੁੰਚਾ ਰਹੀ ਸੀ। ਪਰ ਸਰਬਉੱਚ ਅਦਾਲਤ ਨੇ ਇਹ ਵੀ ਰੱਦ ਕਰ ਦਿੱਤਾ ਸੀ। ਇਕ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ ਕਈ-ਕਈ ਮਹੀਨੇ ਦਿੰਦੀ ਨਹੀਂ। ਦੂਜੇ ਪਾਸੇ ਇਹੋ ਜਿਹੇ ਕਾਨੂੰਨ ਬਣਾ ਕੇ ਖ਼ਜ਼ਾਨੇ ਦੀ ਲੁੱਟ ਕਰਾਉਣ ਦੇ ਕਾਨੂੰਨ ਲਾਗੂ ਕਰਕੇ ਸੂਬੇ ਨਾਲ ਧੋਖਾ ਕਰ ਰਹੀ ਹੈ। ਇਹ ਦੀ ਲੁੱਟ ਸਾਡੇ ਸੇਵਾਦਾਰ ਅਖਵਾਉਣ ਵਾਲਿਆਂ ਨੂੰ ਕਰਵਾ ਰਹੀ ਹੈ, ਜੋ ਸਰਾਸਰ ਧੱਕਾ ਹੈ। ਅਜਿਹੇ ਮੁੱਦੇ ਨੂੰ ਉਭਾਰਨਾ ਅਦਾਰੇ ਦਾ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੀ ਗੱਲ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

27-08-2018

 ਜੱਫੀ ਜਾਇਜ਼ ਸੀ
ਸਿਆਣਿਆਂ ਦਾ ਕਹਿਣਾ ਹੈ ਕਿ ਜੇਕਰ ਦੁਸ਼ਮਣ ਵੀ ਘਰ ਆ ਜਾਏ ਤਾਂ ਉਸ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਸਿੱਧੂ ਅਤੇ ਬਾਜਵੇ ਦੀ ਜੱਫੀ 'ਤੇ ਕਾਫ਼ੀ ਟੀਕਾ-ਟਿੱਪਣੀ ਚਲ ਰਹੀ ਹੈ। ਕਾਫੀ ਅਰਸੇ ਤੋਂ ਸਿੱਖਾਂ ਵਲੋਂ ਡੇਰਾ ਬਾਬਾ ਨਾਨਕ ਸਰਹੱਦ 'ਤੇ ਕਰਤਾਰਪੁਰ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕਿਸੇ ਪਾਸਿਉਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੱਧੂ ਨੇ ਬਾਜਵੇ ਪਾਸੋਂ ਕਰਤਾਰਪੁਰ ਲਾਂਘੇ ਦੀ ਮੰਗ ਨਹੀਂ ਕੀਤੀ ਸਗੋਂ ਬਾਜਵੇ ਨੇ ਖੁਦ ਇਸ ਲਾਂਘੇ ਦਾ ਜ਼ਿਕਰ ਕੀਤਾ ਹੈ। ਜੇਕਰ ਪਾਕਿਸਤਾਨ ਲਾਂਘਾ ਦਿੰਦਾ ਹੈ ਤਾਂ ਹੋ ਸਕਦਾ ਹੈ ਭਾਰਤ-ਪਾਕਿ ਦੋਸਤੀ ਦੀ ਸ਼ੁਰੂਆਤ ਹੋ ਜਾਵੇ। ਪਾਕਿਸਤਾਨ ਨੇ ਦੇਖ ਲਿਆ ਹੈ ਕਿ 70 ਸਾਲ ਦੀ ਦੁਸ਼ਮਣੀ ਵਿਚ ਕੀ ਖੱਟਿਆ ਹੈ। ਸਿਰਫ਼ ਵਿਰੋਧ ਲਈ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਦੁਸ਼ਮਣ ਨਾਲ ਹੱਥ ਮਿਲਾਇਆ ਜਾ ਸਕਦਾ ਹੈ ਤਾਂ ਦਿਲ ਨਾਲ ਦਿਲ ਮਿਲਾਉਣ ਵਿਚ ਕੀ ਹਰਜ਼ ਹੈ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਰੋਸ ਪ੍ਰਦਰਸ਼ਨ...
ਦੁੱਧ ਉਤਪਾਦਕਾਂ ਵਲੋਂ ਪਿਛਲੇ ਦਿਨੀਂ ਜੰਤਰ-ਮੰਤਰ ਦਿੱਲੀ ਵਿਖੇ ਦੁੱਧ ਰੋੜ੍ਹ ਕੇ ਜੋ ਪ੍ਰਦਰਸ਼ਨ ਕੀਤਾ ਗਿਆ, ਇਹ ਮੰਦਭਾਗਾ ਵਤੀਰਾ ਲੱਗਾ। ਡੇਅਰੀ ਧੰਦਾ ਖੇਤੀ ਵਾਂਗ ਲਾਹੇਵੰਦਾ ਨਹੀਂ ਰਿਹਾ। ਵੱਡੀਆਂ ਡੇਅਰੀਆਂ ਆਪਣੀ ਮਨਮਰਜ਼ੀ ਨਾਲ, ਬਾਜ਼ਾਰ ਵਿਚ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਲੋਕਾਂ ਵਿਚ ਮਨਮਰਜ਼ੀ ਦੇ ਭਾਅ ਲਾ ਕੇ ਦਿਲਖਿਚਵੀਂ ਪੈਕਿੰਗ ਕਰ ਕੇ ਲੁੱਟ ਮਚਾ ਰਹੀਆਂ ਹਨ। ਪਰ ਦੁੱਧ ਉਤਪਾਦਕਾਂ ਦੇ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ। ਪਰ ਦੂਜੇ ਪਾਸੇ ਗ਼ਰੀਬੀ ਮਾਰੇ ਲੋਕਾਂ ਨੂੰ ਦੁੱਧ ਦੀ ਤਿਪ ਵੀ ਹਾਸਲ ਨਹੀਂ ਹੁੰਦੀ। ਦੁੱਧ ਪੀਣ ਦੀ ਉਮਰੇ ਛੋਟੇ ਬੱਚੇ ਦੁੱਧ ਨੂੰ ਤਰਸਦੇ ਹਨ ਤੇ ਸਾਡੇ ਦੁੱਧ ਉਤਪਾਦਕ ਕੀਮਤੀ ਸਰਮਾਏ ਨੂੰ ਪੈਰਾਂ 'ਚ ਡੋਲ੍ਹ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਸਮਾਜ ਨੂੰ ਗਰੀਬ ਬਸਤੀਆਂ ਵਿਚ ਦੁੱਧ ਨੂੰ ਗਰੀਬ ਲੋਕਾਂ ਵਿਚ ਮੁਫ਼ਤ ਵੰਡ ਕੇ ਵੀ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਚੰਗੇ ਸ਼ੌਕ

ਕਹਿੰਦੇ ਉਹ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ, ਜਿਹੜੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ 'ਚ ਹੀ ਕੋਈ ਨਾ ਕੋਈ ਸ਼ੌਕ ਲੱਭ ਲੈਂਦੇ ਹਨ। ਸੱਚੇ ਸੁੱਚੇ ਸ਼ੌਕ ਸ਼ਖ਼ਸੀਅਤ ਅਤੇ ਸੋਚ ਨੂੰ ਨਿਖਾਰਦੇ ਹਨ। ਅਜਿਹੇ ਸ਼ੌਕ ਸੌਗਾਤ ਬਣ ਕੇ ਸੰਤੁਸ਼ਟਤਾ ਪ੍ਰਦਾਨ ਕਰਦੇ ਹਨ। ਅੱਛੇ ਲੋਕਾਂ ਦੀ ਸੰਗਤ ਕਰਨ ਦਾ ਸ਼ੌਕ ਸਦਾਚਾਰ, ਸਿਸਟਾਚਾਰ ਤੇ ਸੁੰਦਰਤਾ ਨਾਲ ਭਰਪੂਰ ਹੋ ਕੇ ਸੁਖਦ ਹੋ ਜਾਂਦਾ ਹੈ। ਸੋਝੀ ਤੇ ਸਮਝ ਅਨੁਸਾਰ ਸਮਾਂ ਤੇ ਸ਼ੌਕ ਬਦਲਦੇ ਰਹਿੰਦੇ ਹਨ। ਆਲੇ-ਦੁਆਲੇ ਨੂੰ ਸੁੰਦਰ ਅਤੇ ਸਾਫ਼-ਸੁਥਰਾ ਰੱਖਣ ਦਾ ਸ਼ੌਕ ਕੁਦਰਤ ਦੇ ਨੇੜੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਸਰੀਰ ਨੂੰ ਸੰਭਾਲਣ ਦਾ ਸ਼ੌਕ ਤੰਦਰੁਸਤ ਭਰੀ ਲੰਮੀ ਉਮਰ ਲਈ ਸਹਾਈ ਹੁੰਦਾ ਹੈ। ਘਰੇਲੂ ਬਗੀਚੀ 'ਚ ਸਬਜ਼ੀਆਂ ਉਗਾਉਣ ਦਾ ਸ਼ੌਕ ਸਾਡੇ ਘਰੇਲੂ ਬਜਟ ਨੂੰ ਸਹੀ ਰੱਖਦਾ ਹੈ। ਕਿਤਾਬਾਂ ਪੜ੍ਹਨ ਦਾ ਸ਼ੌਕ ਇਕੱਲਤਾ ਤੇ ਤਣਾਓ ਤੋਂ ਮੁਕਤ ਕਰਦਾ ਹੈ। ਧਰਤੀ ਨੂੰ ਹਰਿਆ-ਭਰਿਆ ਕਰਨ ਲਈ ਪੌਦੇ ਲਾਉਣ ਦਾ ਸ਼ੌਕ ਪਾਲੋ। ਸ਼ੌਕ ਨੂੰ ਜੀਵਤ ਰੱਖੋ।


-ਐਸ. ਮੀਲੂ ਫਰੌਰ
# 932/25 ਖੰਨਾ-141401.


ਸੁਪਰੀਮ ਕੋਰਟ ਦਾ ਆਦੇਸ਼

'ਅਜੀਤ' ਵਿਚ 11 ਅਗਸਤ ਨੂੰ ਮੁੱਖ ਪੰਨੇ 'ਤੇ ਸੁਪਰੀਮ ਕੋਰਟ ਦੇ ਹਿੰਸਕ ਕਾਂਵੜੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼, ਬਾਰੇ ਪੜ੍ਹ ਕੇ ਮਨ ਨੂੰ ਤਸੱਲੀ ਹੋਈ। ਕਾਂਵੜੀਆਂ ਦੁਆਰਾ ਕੀਤੀਆਂ ਜਾ ਰਹੀਆਂ ਹਿੰਸਕ ਘਟਨਾਵਾਂ, ਸ਼ਰਾਬ ਅਤੇ ਹੋਰ ਨਸ਼ੇ ਕਰਦਿਆਂ ਦੀਆਂ ਨਸ਼ਰ ਹੋਈਆਂ ਤਸਵੀਰਾਂ ਅਤੇ ਫਿਲਮਾਂ ਕਰਕੇ ਮਾਹੌਲ ਭੈਅ ਮਈ ਹੋ ਗਿਆ ਹੈ। ਭਗਵਾਨ ਭੋਲੇ ਨਾਥ ਨੂੰ ਖੁਸ਼ ਕਰਨ ਲਈ ਕੀਤੀ ਜਾਂਦੀ ਕਾਂਵੜ ਯਾਤਰਾ ਆਮ ਤੌਰ 'ਤੇ ਸ਼ਾਂਤਮਈ ਹੀ ਹੁੰਦੀ ਸੀ, ਪ੍ਰੰਤੂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹਦਾ ਰੂਪ ਹਿੰਸਕ ਹੋ ਗਿਆ ਹੈ। ਪਰ ਜਿਸ ਤਰ੍ਹਾਂ ਟੈਲੀਵਿਜ਼ਨ ਵਿਚਾਰ-ਚਰਚਾਵਾਂ ਇਕ ਰਾਸ਼ਟਰੀ ਪੱਧਰ ਦੇ ਰਾਜਨੀਤੀਵਾਨਾਂ ਅਤੇ ਆਪੇ ਬਣੇ ਸੰਤਾਂ ਨੇ ਇਨ੍ਹਾਂ ਦਾ ਪੱਖ ਪੂਰਿਆ ਉਹ ਚਿੰਤਾਜਨਕ ਹੈ। ਵੋਟ ਨੀਤੀ ਕਰਕੇ ਅਸੀਂ ਇੰਨੇ ਨੀਵੇਂ ਕਿਵੇਂ ਹੋ ਜਾਂਦੇ ਹਾਂ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਅਸੀਂ ਗੁੰਡਾ ਵੀ ਨਹੀਂ ਕਹਿ ਸਕਦੇ? ਦੇਸ਼ ਦਾ ਸੰਵਿਧਾਨ ਸਭ ਤੋਂ ਪਹਿਲਾਂ ਹੈ, ਬਾਕੀ ਸਭ ਕੁਝ ਉਸਤੋਂ ਬਾਅਦ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਗੁੰਡਿਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਅਸਲੀ ਘਰ (ਜੇਲ੍ਹ) ਵਿਚ ਪਹੁੰਚਾਇਆ ਜਾਵੇ।


-ਪ੍ਰੀਤ ਸੰਦਲ, ਮਕਸੂਦੜਾ
ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।


ਪੰਜਾਬ ਦਾ ਵਿਕਾਸ
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਬਹੁਤ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਵਿਚ ਬੇਸ਼ੁਮਾਰ ਵਿਕਾਸ ਹੋਇਆ ਹੈ ਪ੍ਰੰਤੂ ਇਹ ਸਾਰਾ ਪੰਜਾਬ ਦਾ ਵਿਕਾਸ ਹੋਣ ਦੇ ਬਾਵਜੂਦ ਪੰਜਾਬ ਦਾ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰ ਵਿਹਲਾ ਫਿਰ ਰਿਹਾ ਹੈ। ਸਵੈ-ਰੁਜ਼ਗਾਰ ਅਤੇ ਖੇਤੀਬਾੜੀ ਵਿਚ ਇਨ੍ਹਾਂ ਨੌਜਵਾਨਾਂ ਦੀ ਕੋਈ ਦਿਲਚਸਪੀ ਨਹੀਂ। ਇਹ ਨੌਜਵਾਨ ਸਰਕਾਰੀ, ਅਰਧ-ਸਰਕਾਰੀ ਨੌਕਰੀਆਂ ਨੂੰ ਤਰਜੀਹ ਦਿੰਦੇ ਹਨ। ਵਿਹਲੇ ਨੌਜਵਾਨ ਮਾਪਿਆਂ 'ਤੇ ਬੋਝ ਬਣਨ ਦੇ ਨਾਲ-ਨਾਲ, ਲੁੱਟ-ਖਸੁੱਟ, ਚੋਰੀ, ਡਾਕੇ ਅਤੇ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ।
ਰੋਜ਼ਗਾਰ ਵਿਭਾਗ ਨੂੰ ਬੇਰੁਜ਼ਗਾਰਾਂ ਦੀ ਰਜਿਸਟ੍ਰੇਸ਼ਨ ਕਰਨ ਅਤੇ ਦੂਸਰੇ ਵਿਭਾਗਾਂ ਤੋਂ ਅੰਕੜੇ ਇਕੱਠੇ ਕਰਨ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਸੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਪੰਜਾਬ ਵਿਚ ਸਰਕਾਰੀ, ਅਰਧ-ਸਰਕਾਰੀ ਨੌਕਰੀਆਂ ਦੇਣ ਵੱਲ ਵੀ ਸਰਕਾਰ ਨੂੰ ਉਚੇਚਾ ਧਿਆਨ ਦੇਣ ਦੀ ਹੋਰ ਲੋੜ ਹੈ, ਕਿਉਂਕਿ ਰੁਜ਼ਗਾਰ ਰਹਿਤ ਵਿਕਾਸ ਅਸਲੀ ਵਿਕਾਸ ਨਹੀਂ ਹੁੰਦਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

24-08-2018

 ਗ਼ੈਰ-ਜ਼ਰੂਰੀ ਵਿਵਾਦ ਸਬੰਧੀ
'ਅਜੀਤ' ਵਿਚ ਆਪ ਜੀ ਦੀ ਕਲਮ 'ਚੋਂ ਨਿਕਲੀ ਨਿਰਪੱਖ ਸੰਪਾਦਕੀ 'ਗ਼ੈਰ-ਜ਼ਰੂਰੀ ਵਿਵਾਦ' ਪੜ੍ਹ ਕੇ ਮਨ ਨੂੰ ਸਕੂਨ ਮਿਲਿਆ ਕਿ ਕੋਈ ਤਾਂ ਹੈ ਜੋ ਅੱਜ ਦੇ ਇਸ ਬੇਲੋੜੇ ਵਿਵਾਦ ਬਾਰੇ ਆਪਣੇ ਦਿਲ ਦੀ ਸੁਣ ਕੇ ਤੇ ਹਜ਼ਾਰਾਂ ਪੰਜਾਬੀਆਂ ਦੀ ਮਨ ਦੀ ਅਵਸਥਾ ਨੂੰ ਸਮਝ ਕੇ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਅੱਜ ਰਾਜਨੀਤਕ ਪਾਰਟੀਆਂ ਦੇ ਹਾਲਾਤ ਇਹ ਹਨ ਕਿ ਉਹ ਸਿਰਫ ਤੇ ਸਿਰਫ ਹਰ ਗੱਲ ਵਿਚ ਆਪਣਾ ਰਾਜਨੀਤਕ ਲਾਭ ਜਾਂ ਹਾਨੀ ਨੂੰ ਮੁੱਖ ਰੱਖ ਕੇ ਹੀ ਰਣਨੀਤੀ ਤੈਅ ਕਰਦੀਆਂ ਹਨ। ਹਰ ਪੰਜਾਬੀ ਬੀਤੇ ਲੰਮੇ ਸਮੇਂ ਤੋਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਲਈ ਰੋਜ਼ਾਨਾ ਅਰਦਾਸ ਕਰਦਾ ਹੈ ਤੇ ਚਾਹੁੰਦਾ ਹੈ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ 'ਚ ਸੁੱਖ ਸ਼ਾਂਤੀ ਰਹੇ ਤੇ ਦੋਵਾਂ ਪੰਜਾਬਾਂ 'ਚ ਆਪਸੀ ਸਾਂਝ ਤੇ ਵਪਾਰ ਪ੍ਰਫੁਲਿਤ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ, ਜਿਸ ਵਾਸਤੇ ਲਾਂਘਾ ਖੋਲ੍ਹਣ ਲਈ ਕਈ ਸਾਲਾਂ ਤੋਂ ਅਰਦਾਸ ਹੋ ਰਹੀ ਹੈ, ਬਾਰੇ ਸਾਕਾਰਾਤਮਕ ਹੁੰਗਾਰਾ ਸੁਣ ਕੇ ਨਵਜੋਤ ਸਿੰਘ ਸਿੱਧੂ ਤਾਂ ਕੀ, ਕੋਈ ਵੀ ਸ਼ਰਧਾਵਾਨ ਸਿੱਖ ਭਾਵੁਕ ਹੋ ਸਕਦਾ ਹੈ। ਕਿਉਂਕਿ ਅੱਜ ਇਸ ਨਾਜ਼ੁਕ ਵਿਸ਼ੇ ਨੂੰ ਹਵਾ ਦੇ ਕੇ ਭੜਕਾਉਣ ਵਾਲੇ ਤਾਂ ਬਹੁਤ ਹਨ ਪਰ ਸ਼ਾਂਤੀ ਦਾ ਛਿੱਟਾ ਦੇਣ ਵਾਲੇ ਆਪ ਜਿਹੇ ਪੰਜਾਬ ਤੇ ਦੇਸ਼ ਹਿਤੈਸ਼ੀ ਬੜੇ ਘੱਟ ਹਨ।

-ਜਗਜੀਤ ਸਿੰਘ ਸੱਗੂ
ਪੀਰਾਂ ਵਾਲਾ ਗੇਟ, ਸੁਨਾਮ।

ਆਓ, ਸਰਬੱਤ ਦਾ ਭਲਾ ਮੰਗੀਏ...
ਅਗਰ ਸੁੱਖ/ਖ਼ੈਰ ਮੰਗਣੀ ਹੈ ਤਾਂ ਸਭ ਦੀ ਮੰਗੋ। ਆਪਣੇ ਲਈ ਸੁੱਖ ਮੰਗਣ ਦੀ ਦੇਖਿਓ ਲੋੜ ਈ ਨਹੀਂ ਪੈਣੀ। ਜੇ ਅਸੀਂ ਆਪਣੇ ਗੁਆਂਢੀਆਂ ਦੀ ਉੱਚੀ ਸ਼ਾਨੋ-ਸ਼ੌਕਤ ਦੇਖ ਕੇ ਸੜਦੇ ਹਾਂ, ਕਿਸੇ ਨੂੰ ਸੁਖੀ ਨਹੀਂ ਦੇਖ ਸਕਦੇ, ਗੁਆਂਢੀਆਂ ਦੇ ਬੱਚਿਆਂ ਜਾਂ ਪਰਿਵਾਰਕ ਮੈਬਰਾਂ ਨੂੰ ਗ਼ਲਤ ਮੱਤਾਂ ਦੇ ਕੇ ਕੁਰਾਹੇ ਪਾਉਂਦੇ ਹਾਂ, ਨਸ਼ੇ ਦੀ ਲੱਤ ਲਾਉਂਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਅੱਗ ਅਸੀਂ ਦੂਜੇ ਦੇ ਘਰ 'ਚ ਲਾਉਂਦੇ ਹਾਂ ਤਾਂ ਸਾਡਾ ਆਪਣਾ ਘਰ ਉਸ ਅੱਗ ਦੇ ਸੇਕ ਤੋਂ ਦੂਰ ਨਹੀਂ ਰਹਿ ਸਕਦਾ। ਤੁਸੀਂ ਖ਼ੁਦ ਸਰਵੇਖਣ ਕਰਕੇ ਦੇਖਿਓ ਕਦੇ, ਜੋ ਅਜਿਹਾ ਮਾੜਾ ਦੂਜਿਆਂ ਨਾਲ ਕਰਦੇ ਨੇ, ਉਲਟਾ ਉਹੀ ਉਨ੍ਹਾਂ ਨਾਲ ਹੋਣ ਲੱਗਦਾ ਹੈ। ਸੋ, ਆਓ ਅਸੀਂ ਸਭ ਤੋਂ ਪਹਿਲਾਂ ਆਪਣੇ ਗੁਆਂਢ, ਪਿੰਡ, ਸਭ ਦੀ ਸੁੱਖ ਮੰਗੀਏ, ਸਰਬੱਤ ਦਾ ਭਲਾ ਮੰਗੀਏ, ਸਾਡਾ ਆਪਣਾ ਭਲਾ ਵੀ ਇਸੇ 'ਚ ਹੀ ਹੋ ਜਾਵੇਗਾ।

-ਕੁਲਦੀਪ ਕੌਰ
ਪਿੰਡ ਧਰਮੂ ਚੱਕ, ਅੰਮ੍ਰਿਤਸਰ।

ਆਜ਼ਾਦੀ ਦੇ ਜਸ਼ਨ ਬਾਰੇ
'ਅਜੀਤ' ਵਿਚ ਸ: ਬਲਬੀਰ ਸਿੰਘ ਰਾਜੇਵਾਲ ਅਤੇ ਸ: ਪਿਆਰਾ ਸਿੰਘ ਭੋਗਲ ਦੇ ਲੇਖ ਪੜ੍ਹੇ ਤਾਂ ਪਤਾ ਲਗਦਾ ਹੈ ਕਿ ਕਿੰਨੇ ਕੁ ਲੋਕ ਆਜ਼ਾਦੀ ਦਿਵਸ ਮੌਕੇ ਹਾਜ਼ਰ ਹੋ ਕੇ ਆਜ਼ਾਦੀ ਮਨਾ ਰਹੇ ਹੁੰਦੇ ਹਨ। ਵਾਕਿਆ ਹੀ ਆਜ਼ਾਦੀ ਦਿਵਸ ਵਿਚ ਸਿਰਫ ਰਾਜਨੇਤਾ, ਅਫ਼ਸਰਸ਼ਾਹੀ, ਸਰਕਾਰੀ ਮਸ਼ੀਨਰੀ ਅਤੇ ਸਕੂਲਾਂ ਦੇ ਬੱਚੇ ਹੀ ਸ਼ਾਮਿਲ ਹੁੰਦੇ ਹਨ। ਦੇਸ਼ ਦਾ ਕਿਸਾਨ, ਮਜ਼ਦੂਰ, ਗ਼ਰੀਬ, ਦੁਕਾਨਦਾਰ ਕਿੰਨਾ ਕੁ ਇਸ ਸਮਾਗਮ ਵਿਚ ਹਿੱਸਾ ਲੈਂਦਾ ਹੈ। ਇਨ੍ਹਾਂ ਰਾਜਸੀ ਨੇਤਾਵਾਂ ਨੇ ਸਰਕਾਰੀ ਤੰਤਰ ਵਿਚ ਵਿੱਦਿਆ ਦਾ ਮਿਆਰ ਹੀ ਖ਼ਤਮ ਕਰ ਦਿੱਤਾ ਹੈ। ਪ੍ਰਾਈਵੇਟ ਤੇ ਉੱਚ ਵਿੱਦਿਆ ਹੀ ਮਹਿੰਗੀ ਕਰ ਦਿੱਤੀ ਹੈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਇਹ ਨੇਤਾ ਲੋਕ ਵੋਟਾਂ ਸਮੇਂ ਪੈਸਾ, ਸ਼ਰਾਬ, ਨਸ਼ਾ ਵੰਡ ਕੇ ਵੋਟਾਂ ਹਥਿਆ ਕੇ ਸਰਕਾਰ ਬਣਾ ਲੈਂਦੇ ਹਨ। ਰਾਜਸੀ ਪਾਰਟੀਆਂ ਦੇ ਚੌਧਰੀ ਲੋਕਾਂ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ।
ਪੰਜਾਬ ਵਿਚ ਇਸ ਸਮੇਂ ਸਭ ਕੁਝ ਹੈ ਪਰ ਰੁਜ਼ਗਾਰ ਨਹੀਂ, ਇਸੇ ਕਰਕੇ ਪੰਜਾਬ ਦਾ ਨੌਜਵਾਨ ਭਟਕ ਰਿਹਾ ਹੈ, ਵਿਹਲੇਪਨ ਕਰਕੇ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਬਹੁਤ ਸਾਰੇ ਲੋਕ ਇਨ੍ਹਾਂ ਜਸ਼ਨਾਂ ਤੋਂ ਦੂਰ ਹੋਈ ਜਾ ਰਹੇ ਹਨ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

23-08-2018

 ਵਰਖਾ ਦਾ ਪਾਣੀ
ਚਿਰਕਾਲ ਤੋਂ ਨਦੀਆਂ ਦੇ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਸਾਡੇ ਧਾਰਮਿਕ ਗ੍ਰੰਥਾਂ ਵਿਚ ਇਸ ਨੂੰ ਅੰਮ੍ਰਿਤ ਵੀ ਆਖਿਆ ਗਿਆ ਹੈ। ਪਰ, ਜ਼ਰਾ ਕੁ ਤਰਕ ਨਾਲ ਸੋਚਿਆ ਜਾਵੇ ਤਾਂ ਵਰਖਾ ਦਾ ਪਾਣੀ ਨਦੀਆਂ ਦੇ ਪਾਣੀ ਨਾਲੋਂ ਵਧੇਰੇ ਸ਼ੁੱਧ ਤੇ ਪਵਿੱਤਰ ਹੁੰਦਾ ਹੈ, ਕਿਉਂਕਿ ਇਹ ਅਸਮਾਨ ਤੋਂ ਸਿੱਧਾ ਆਉਂਦਾ ਹੈ। ਇਕ ਪੱਖ ਹੋਰ ਕਿ ਵਰਖਾ ਦਾ ਪਾਣੀ ਕੁਦਰਤੀ ਪ੍ਰਕਿਰਿਆ ਰਾਹੀਂ ਸਾਡੇ ਕੋਲ ਸਿੱਧਾ ਪੁੱਜਦਾ ਹੈ। ਵਿਗਿਆਨਕ ਨਜ਼ਰੀਏ ਅਨੁਸਾਰ ਇਹ ਨਦੀਆਂ ਦੇ ਪਾਣੀ ਤੋਂ ਵਧੇਰੇ ਸਾਫ਼ ਹੁੰਦਾ ਹੈ। ਹੁਣ ਇਕ ਪੱਖ ਦੀ ਸਮਝ ਨਹੀਂ ਆਉਦੀ ਕਿ ਅਸੀਂ ਨਦੀਆਂ ਦੇ ਪਾਣੀ ਨੂੰ ਦੂਰੋਂ-ਦੂਰੋਂ ਲਿਆ ਕੇ ਬੋਤਲਾਂ ਜਾਂ ਕਿਸੇ ਭਾਂਡੇ 'ਚ ਸਾਂਭ-ਸਾਂਭ ਕੇ ਤਾਂ ਰੱਖਦੇ ਹਾਂ, ਪਰ ਵਰਖਾ ਦੇ ਪਾਣੀ ਦੀ ਅਹਿਮੀਅਤ ਨੂੰ ਕਿਉਂ ਅੱਖੋਂ ਓਹਲੇ ਕਰੀ ਜਾ ਰਹੇ ਹਾਂ? ਵਰਖਾ ਦਾ ਪਾਣੀ ਸੜਕਾਂ 'ਤੇ ਚਿੱਕੜ, ਸੀਵਰੇਜ 'ਚ ਰਲ਼ ਕੇ ਰੁੜ੍ਹਦਾ/ਵਗਦਾ ਕੀ ਸਰਕਾਰਾਂ ਜਾਂ ਸਾਨੂੰ ਵਿਖਾਈ ਨਹੀਂ ਦਿੰਦਾ? ਸਰਕਾਰ ਅਜਿਹੀ ਯੋਜਨਾ ਬਣਾਏ ਜਿਸ ਨਾਲ ਵਰਖਾ ਦਾ ਪਾਣੀ ਧਰਤੀ ਹੇਠ ਕੁਦਰਤ ਦੇ ਖਜ਼ਾਨੇ 'ਚ ਹੀ ਜਮ੍ਹਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਵੀ ਪਾਣੀ ਨਸੀਬ ਹੋ ਸਕੇ।


-ਬਲਜੀਤ ਸਿੰਘ ਢਿੱਲੋਂ
ਪਿੰਡ ਤੇ ਡਾਕ: ਘਵੱਦੀ, ਲੁਧਿਆਣਾ।


ਸ਼ੋਸ਼ਣ
ਨਿਰਪੱਖ ਨਿਆਂ ਦੀ ਘਾਟ ਤੇ ਧੱਕੇਸ਼ਾਹੀ ਦਾ ਨਾਂਅ ਸ਼ੋਸ਼ਣ ਹੈ। ਸ਼ੋਸ਼ਣ ਨੂੰ ਮੁੱਖ ਰੂਪ ਵਿਚ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ : ਸਰੀਰਕ, ਮਾਨਸਿਕ ਤੇ ਸਮਾਜਿਕ ਸ਼ੋਸ਼ਣ। ਦੇਸ਼ ਵਿਚ ਉਪਲਬਧ ਸਾਧਨਾਂ ਦੀ ਕਾਣੀ ਵੰਡ, ਮਿਹਨਤ ਦਾ ਬਰਾਬਰ ਤੇ ਪੂਰਾ ਮਿਹਨਤਾਨਾ ਨਾ ਮਿਲਣਾ, ਜੀਵਨ ਦੀ ਮੂਲ ਲੋੜਾਂ ਦੀ ਪੂਰਤੀ ਨਾ ਹੋਣਾ ਸਮਾਜਿਕ ਸ਼ੋਸ਼ਣ ਦੇ ਘੇਰੇ ਅੰਦਰ ਆਉਂਦੇ ਹਨ। ਹਰੇਕ ਵਿਅਕਤੀ ਆਪਣੇ-ਆਪ ਬਾਰੇ ਹੀ ਜ਼ਿਆਦਾਤਰ ਸੋਚਦਾ ਹੈ। ਆਪਣੇ ਮਨ ਦੇ ਵਿਚਾਰਾਂ, ਸੋਚਾਂ ਤੇ ਕਲਪਨਾਵਾਂ ਨੂੰ ਦੂਜਿਆਂ ਵਿਅਕਤੀਆਂ ਉੱਤੇ ਜ਼ਬਰਦਸਤੀ ਠੋਸਣ ਦੀਆਂ ਕੋਸ਼ਿਸ਼ਾਂ ਵਿਚ ਰਹਿੰਦਾ ਹੈ। ਜੇਕਰ ਪਰਿਵਾਰ ਪੱਧਰ 'ਤੇ ਸੋਚੀਏ ਤਾਂ ਉਥੇ ਵੀ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸ ਵਿਚ ਸ਼ੋਸ਼ਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ। ਸੋ, ਗਹਿਰ ਗੰਭੀਰ ਚਿੰਤਨ ਦੀ ਲੋੜ ਹੈ, ਸ਼ੋਸ਼ਣ ਦੂਰ ਕਰਨ ਲਈ।


-ਕੁਲਵਿੰਦਰ ਸਿੰਘ
ਪਿੰਡ : ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਵਜ਼ੀਫ਼ਿਆਂ ਦਾ ਰੇੜਕਾ
ਪਿਛਲੇ ਦਿਨੀਂ ਦਿੱਲੀ ਵਿਚ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਪੰਜਾਬ ਦੇ ਦਲਿਤ ਵਿਦਿਆਰਥੀਆਂ ਲਈ ਵਜੀਫ਼ੇ ਸਬੰਧੀ 1287 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਜਦੋਂ ਕਿ ਭਾਜਪਾ ਦਾ ਕਹਿਣਾ ਹੈ ਕਿ ਕੇਂਦਰ ਆਪਣੇ ਹਿੱਸੇ ਦੀ ਰਕਮ ਅਦਾ ਕਰ ਚੁੱਕਾ ਹੈ। ਦੋਵਾਂ ਦਲਾਂ ਦੀ ਆਪਸੀ ਖਹਿਬਾਜ਼ੀ ਵਿਚ ਦਲਿਤ ਵਿਦਿਆਰਥੀ ਘੁਣ ਵਾਂਗ ਪਿਸ ਰਹੇ ਹਨ। ਦੋਵੇਂ ਪ੍ਰਮੁੱਖ ਪਾਰਟੀਆਂ ਉੱਪਰੋਂ-ਉੱਪਰੋਂ ਤਾਂ ਦਲਿਤ ਪੱਖੀ ਹੋਣ ਦੇ ਦਮਗਜੇ ਮਾਰਦੀਆਂ ਹਨ ਤੇ ਸੂਲੀ 'ਤੇ ਵੀ ਦਲਿਤਾਂ ਨੂੰ ਹੀ ਟੰਗ ਰਹੀਆਂ ਹਨ। ਦਲਿਤਾਂ ਦੀ ਅਜਿਹੀ ਹਾਲਤ ਉਦੋਂ ਹੈ ਜਦੋਂ 2019 ਦੀਆਂ ਚੋਣਾਂ ਸਿਰ 'ਤੇ ਹਨ, ਬਾਅਦ ਵਿਚ ਤਾਂ ਰੱਬ ਹੀ ਰਾਖਾ ਹੈ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਗ਼ਰੀਬ ਕਿੱਧਰ ਜਾਣ?
ਅਕਸਰ ਹੀ ਅਸੀਂ ਅਖ਼ਬਾਰਾਂ ਵਿਚ ਸਰਕਾਰੀ ਹਸਪਤਾਲਾਂ ਵਲੋਂ ਦਿੱਤੀਆਂ ਜਾਂਦੀਆਂ ਮਾੜੀਆਂ ਸਹੂਲਤਾਂ ਬਾਰੇ ਪੜ੍ਹਦੇ ਰਹਿੰਦੇ ਹਾਂ। ਸਮੇਂ-ਸਮੇਂ 'ਤੇ ਸਰਕਾਰਾਂ ਵਲੋਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਹਾਲਾਤ ਕਿਸੇ ਤੋਂ ਛੁਪੇ ਹੋਏ ਨਹੀਂ ਹਨ। ਜੇਕਰ ਲੋੜ ਪੈਣ 'ਤੇ ਹਸਪਤਾਲ ਇਲਾਜ ਨਹੀਂ ਕਰ ਸਕਦੇ ਤਾਂ ਹਸਪਤਾਲਾਂ ਵਿਚ ਐਮਰਜੈਂਸੀ 24 ਘੰਟੇ ਲਿਖਣ ਦਾ ਕੀ ਲਾਭ ਹੈ? ਕੁਝ ਸਮਾਂ ਪਹਿਲਾਂ ਹਸਪਤਾਲ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਐਂਬੂਲੈਂਸ ਨਾ ਦੇਣਾ ਅਤੇ ਮਜਬੂਰੀਵੱਸ ਲਾਸ਼ ਨੂੰ ਮੋਢਿਆਂ 'ਤੇ ਚੁੱਕ ਕੇ ਘਰ ਲੈ ਜਾਣ ਦੀ ਖ਼ਬਰਾ ਜਿਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ, ਉਥੇ ਹੀ ਅੱਜ ਦੇ ਇਨਸਾਨ ਦੇ ਪੱਥਰ ਦਿਲ ਹੋਣ ਦਾ ਸਬੂਤ ਵੀ ਦਿੰਦਾ ਹੈ। ਅਕਸਰ ਅਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਸਖ਼ਤ ਕਾਰਵਾਈ ਦੇ ਬਿਆਨ ਦਿੱਤੇ ਜਾਂਦੇ ਹਨ ਪਰ ਅਸਲ ਵਿਚ ਇਹ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ। ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ, ਉਥੇ ਹੀ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਮੁਢਲੀ ਅਤੇ ਨੈਤਿਕ ਜ਼ਿੰਮੇਵਾਰੀ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਔਰਤਾਂ ਦੀ ਸੁਰੱਖਿਆ
ਅਜਿਹਾ ਆਖਰ ਕਦੋਂ ਤੱਕ ਔਰਤਾਂ ਨਾਲ ਵਾਪਰਦਾ ਰਹੇਗਾ ਇਹ ਸਭ ਪੜ੍ਹ ਕੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਸੋਚ ਬਸ ਇੱਥੋਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਅੱਜ ਲੋੜ ਹੈ ਅਨੇਕਾਂ ਬਰਜੇਸ਼ ਠਾਕਰ ਵਰਗੇ ਲੋਕਾਂ ਦੇ ਮੂੰਹ ਤੋਂ ਮਖੌਟਾ ਉਤਾਰਨ ਦੀ ਜੋ ਉੱਪਰੋਂ ਤਾਂ ਸਮਾਜ ਸੇਵੀ ਹੋਣ ਦੇ ਦਾਅਵੇ ਕਰਦੇ ਫਿਰਦੇ ਹਨ ਪਰ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਇਨ੍ਹਾਂ ਕਰਕੇ ਤਾਂ ਸਮਾਜ ਦੀਆਂ ਔਰਤਾਂ ਅਸੁਰੱਖਿਅਤ ਹਨ। ਮੈਂ ਸੋਚਦੀ ਹਾਂ ਅਜਿਹੇ ਅਪਰਾਧੀਆਂ ਨੂੰ ਜਿਊਣ ਦਾ ਹੱਕ ਨਹੀਂ ਹੋਣਾ ਚਾਹੀਦਾ ਤਾਂ ਕਿ ਦੇਸ਼, ਸਮਾਜ ਅਤੇ ਹਰ ਘਰ ਬਿਨਾਂ ਕਿਸੇ ਡਰ ਦੇ ਆਪਣੀਆਂ ਬੱਚੀਆਂ ਨੂੰ ਪੜ੍ਹਾ, ਲਿਖਾ ਕੇ ਪੈਰਾਂ 'ਤੇ ਖੜ੍ਹੇ ਕਰ ਸਕਣ। ਮਾਪੇ ਆਪਣੀਆਂ ਧੀਆਂ ਨੂੰ ਅਜਿਹੇ ਭ੍ਰਿਸ਼ਟ ਲੋਕਾਂ ਨਾਲ ਨਿਪਟਣ ਲਈ ਗੱਤਕਾ, ਜੁਡੋ, ਕਰਾਟੇ ਆਦਿ ਦੀ ਸਖਲਾਈ ਦਿਵਾਉਣ ਅਤੇ ਸਰਕਾਰ ਵੀ ਅਜਿਹੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਵੇ। ਕਦੇ ਵੀ ਜਬਰ ਜਨਾਹ ਕਰਨ ਵਾਲੇ ਵਿਆਕਤੀ ਨਾਲ ਕੋਈ ਢਿੱਲ ਨਾ ਵਰਤੀ ਜਾਵੇ ਭਾਵੇਂ ਉਹ ਕੋਈ ਕਿੱਡਾ ਵੱਡਾ ਸਿਅਸਤਦਾਨ, ਅਫਸਰ ਜਾ ਧਨਾਢ ਕਿਉਂ ਨਾ ਹੋਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਸਿਹਤ ਤੇ ਸਿੱਖਿਆ ਵੱਲ ਧਿਆਨ ਦੇਵੇ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਇਸ ਨੂੰ ਛੋਟੀ ਸੰਸਦ ਵੀ ਕਿਹਾ ਜਾਂਦਾ ਹੈ। ਇਸ ਦਾ ਸਾਲਾਨਾ ਬਜਟ 12 ਅਰਬ ਦੇ ਕਰੀਬ ਹੈ। ਇਸ ਕਮੇਟੀ ਪੰਜਾਬ ਵਿਚ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ ਤੇ ਨਵੇਂ ਗੁਰਦੁਆਰਿਆਂ ਦੇ ਨਿਰਮਾਣ ਲਈ ਬਜਟ ਰੱਖਦੀ ਹੈ। ਗੁਰਦੁਆਰਿਆਂ ਦਾ ਨਿਰਮਾਣ ਕਰਨਾ ਉਚਿਤ ਹੈ ਪਰ ਕੀ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਗੁਰਦੁਆਰਿਆਂ ਦੇ ਨਿਰਮਾਣ ਤੱਕ ਹੀ ਸੀਮਤ ਹੈ? ਮਾਨਵਤਾ ਦੀ ਭਲਾਈ ਲਈ ਵੀ ਇਸ ਕਮੇਟੀ ਨੂੰ ਕੰਮ ਕਰਨ ਦੀ ਲੋੜ ਹੈ। ਅੱਜ ਦੇ ਸਮੇਂ ਵਿਚ ਜੇਕਰ ਸੱਭਿਅਕ ਤੇ ਤੰਦਰੁਸਤ ਸਮਾਜ ਲਈ ਸਿਹਤ ਤੇ ਸਿੱਖਿਆ ਪ੍ਰਮੁੱਖ ਪਹਿਲੂ ਹਨ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਬਹੁਤ ਸਾਰੇ ਕਾਲਜ, ਸਕੂਲ, ਹਸਪਤਾਲ ਚੱਲ ਰਹੇ ਹਨ ਪਰ ਬਜਟ ਦੇ ਹਿਸਾਬ ਨਾਲ ਇਹ ਬਹੁਤ ਘੱਟ ਹਨ। ਗ਼ਰੀਬ ਬੇਸਹਾਰਾ ਲੋਕਾਂ ਦੇ ਇਲਾਜ ਲਈ ਵੱਧ ਤੋਂ ਵੱਧ ਹਸਪਤਾਲ ਖੋਲ੍ਹੇ ਜਾਣ ਤਾਂ ਜੋ ਇਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਸਕੇ। ਗੁਰੂ ਸਾਹਿਬਾਨ ਸਾਨੂੰ ਇਹ ਨਹੀਂ ਕਹਿ ਕੇ ਗਏ ਸਨ ਕਿ ਸਾਡੇ ਪਵਿੱਤਰ ਸਥਾਨਾਂ 'ਤੇ ਸੋਨੇ ਦੇ ਪੱਤਰੇ ਚੜ੍ਹਾਏ ਜਾਣ, ਉਨ੍ਹਾਂ ਨੇ ਤਾਂ ਮਾਨਵਤਾ ਦੀ ਭਲਾਈ ਦਾ ਉਪਦੇਸ਼ ਦਿੱਤਾ ਸੀ ਜਿਸ ਨੂੰ ਅਸੀਂ ਭੁੱਲੇ ਬੈਠੇ ਹਾਂ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

22-08-2018

 ਪੁਲਿਸ ਦੀ ਨਫ਼ਰੀ ਪੂਰੀ ਕੀਤੀ ਜਾਵੇ
ਬੀਤੇ ਦਿਨੀਂ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਡਿਜੀਟਲ ਰਿਕਾਰਡ ਵਲੋਂ ਪੰਜਾਬ ਪੁਲਿਸ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੇ ਮੁਤਾਬਕ ਪੰਜਾਬ ਪੁਲਿਸ ਦੀ ਸਾਰੀ ਨਫ਼ਰੀ 81,933 ਦੱਸੀ ਗਈ ਹੈ ਅਤੇ ਇਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਦੱਸੇ ਗਏ ਹਨ, ਜੋ ਕਿ ਡਿਊਟੀ ਦੇਣ ਤੋਂ ਅਨਫਿਟ ਸਮਝੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਛੁੱਟੀ 'ਤੇ ਵੀ ਰਹਿੰਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਵੀ.ਆਈ.ਪੀ. ਡਿਊਟੀ 'ਤੇ ਤਾਇਨਾਤ ਹੁੰਦੇ ਹਨ। ਦੂਜੇ ਪਾਸੇ ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਰਜਿਸਟਰਡ ਅਪਰਾਧੀਆਂ ਦੀ ਗਿਣਤੀ 80 ਹਜ਼ਾਰ ਹੈ। ਇਸ ਤੋਂ ਇਲਾਵਾ ਅਣਰਜਿਸਟਰਡ ਅਪਰਾਧੀਆਂ ਦੀ ਗਿਣਤੀ ਵੀ ਹਜ਼ਾਰਾਂ ਵਿਚ ਹੈ ਅਤੇ 400 ਦੇ ਲਗਪਗ ਗੈਂਗਸਟਰ ਸਰਗਰਮ ਹਨ। ਇਹੀ ਵਜ੍ਹਾ ਕਾਰਨ ਪੰਜਾਬ ਵਿਚ ਅਮਨ ਕਨੂੰਨ ਦੀ ਸਥਿਤੀ ਕਾਬੂ ਵਿਚ ਨਾ ਹੋਣ ਕਰਕੇ ਆਮ ਨਾਗਰਿਕ ਦੀ ਸੁਰੱਖਿਆ ਰੱਬ ਆਸਰੇ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਪੁਲਿਸ ਵਿਚ ਖਾਲੀ ਅਸਾਮੀਆਂ ਨੂੰ ਭਰ ਕੇ ਨਫ਼ਰੀ ਪੂਰੀ ਕੀਤੀ ਜਾਵੇ, ਤਾਂ ਜੋ ਪੰਜਾਬ ਦੇ ਆਮ ਨਾਗਰਿਕ ਦੀ ਸੁਰੱਖਿਆ ਯਕੀਨੀ ਹੋ ਸਕੇ।


-ਮਨਜੀਤ ਪਿਉਰੀ ਗਿੱਦੜਬਾਹਾ,
ਨੇੜੇ ਭਾਰੂ ਗੇਟ, ਗਿੱਦੜਬਾਹਾ। ਮੋਬਾ: 94174-47986


ਹਰਿਆਵਲ ਮੁਹਿੰਮ
ਪਿਛਲੇ ਦਿਨੀਂ ਹਰਿਆਵਲ ਮੁਹਿੰਮ ਦੌਰਾਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੂਰੇ ਪੰਜਾਬ ਵਿਚ ਖਾਲੀ ਸਰਕਾਰੀ ਥਾਵਾਂ 'ਤੇ ਬੂਟੇ ਲਗਾਏ ਗਏ ਹਨ ਜੋ ਕਿ ਬਹੁਤ ਹੀ ਵਧੀਆ ਕਦਮ ਹੈ। ਪਰ ਬੂਟੇ ਲਗਾਉਣ ਨਾਲ ਹੀ ਵਾਤਾਵਰਨ ਸ਼ੁੱਧ ਜਾਂ ਹਰਿਆਵਲ ਮੁਹਿੰਮ ਕਾਮਯਾਬ ਨਹੀਂ ਹੁੰਦੀ, ਸਗੋਂ ਬੂਟੇ ਲਗਾ ਕੇ ਹੋਰ ਵੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿ ਇਨ੍ਹਾਂ ਬੂਟਿਆਂ ਨੂੰ ਵੱਡੇ ਹੋਣ ਤੱਕ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇ ਅਤੇ ਅਵਾਰਾ ਪਸ਼ੂਆਂ ਆਦਿ ਤੋਂ ਇਨ੍ਹਾਂ ਨੂੰ ਬਚਾਇਆ ਜਾਵੇ। ਸਿਰਫ ਟੀਚੇ ਮਿੱਥ ਕੇ ਬੂਟੇ ਲਗਾ ਕੇ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੁੰਦੀ। ਸੋ, ਲੋੜ ਹੈ ਜਿਥੇ ਸਰਕਾਰ ਨੂੰ ਇਸ ਹਰਿਆਵਲ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਸਹੀ ਅਰਥ ਵਿਚ ਅਮਲ ਵਿਚ ਲਿਆਉਣ ਦੀ, ਉਥੇ ਸਾਰਿਆਂ ਦਾ ਵਿਅਕਤੀਗਤ ਤੌਰ 'ਤੇ ਫਰਜ਼ ਵੀ ਬਣਦਾ ਹੈ ਕਿ ਬੂਟਿਆਂ ਦੇ ਵੱਡੇ ਹੋਣ ਤੱਕ ਇਨ੍ਹਾਂ ਦੀ ਸਾਂਭ-ਸੰਭਾਲ ਕਰੀਏ, ਤਾਂ ਜੋ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾ ਸਕੀਏ। ਜਿਸ ਧਰਤੀ ਦੀ ਗੋਦ ਵਿਚ ਅਸੀਂ ਸਾਰਾ ਜੀਵਨ ਬਿਤਾਉਂਦੇ ਹਾਂ, ਉਸ ਨੂੰ ਹਰੀ-ਭਰੀ ਤੇ ਪ੍ਰਦੂਸ਼ਣ ਮੁਕਤ ਰੱਖਣਾ ਵੀ ਸਾਡਾ ਨੈਤਿਕ ਫਰਜ਼ ਹੈ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।


ਰੁਜ਼ਗਾਰ ਤੇ ਪ੍ਰਵਾਸ

ਪਿਛਲੇ ਦਿਨੀਂ 'ਅਜੀਤ' ਵਿਚ ਕਾਲਜਾਂ ਵਿਚ ਦਾਖ਼ਲਿਆਂ ਸਬੰਧੀ ਆਈ 80 ਫ਼ੀਸਦੀ ਗਿਰਾਵਟ ਦੀ ਖ਼ਬਰ ਸਰਕਾਰ ਅਤੇ ਰਾਜਸੀ ਲੋਕਾਂ ਨੂੰ ਸ਼ੀਸ਼ਾ ਵਿਖਾ ਗਈ। ਲੱਖਾਂ ਰੁਪਏ ਖਰਚ ਕੇ ਨੌਕਰੀ ਸਬੰਧੀ ਬੇਭਰੋਸਗੀ ਤੋਂ ਅੱਕੇ ਮਾਂ-ਬਾਪ 'ਵੇਲਾ ਸੰਭਾਲ' ਕੇ ਆਈਲੈਟਸ ਕਰਵਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਨੂੰ ਸਿਆਣਪ ਸਮਝਦੇ ਹਨ। ਸਰਕਾਰਾਂ ਦੀਆਂ ਠੋਸ ਨੀਤੀਆਂ ਦੀ ਘਾਟ ਕਾਰਨ, ਰੁਜ਼ਗਾਰ ਵਿਹੂਣੇ ਨੌਜਵਾਨ ਪ੍ਰਤੀ ਅਵੇਸਲਾਪਨ, ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣਾ ਆਦਿ ਮਾਪਿਆਂ ਨੂੰ ਹਮੇਸ਼ਾ ਚਿੰਤਤ ਕਰਦਾ ਰਿਹਾ ਹੈ। ਸਮਾਜ ਵਿਚ ਨਸ਼ਿਆਂ ਦੀ ਦਲਦਲ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਹਿਤ ਵੀ ਮਾਂ-ਬਾਪ ਪ੍ਰਵਾਸ ਨੂੰ ਪਹਿਲ ਦਿੰਦੇ ਹਨ। ਇਹ ਸਮਾਜਿਕ ਤੇ ਆਰਥਿਕ ਮਜਬੂਰੀ ਹੈ। ਜੇ ਸਰਕਾਰਾਂ ਅਤੇ ਰਾਜਸੀ ਲੋਕਾਂ ਨੇ ਰੁਜ਼ਗਾਰ ਸਬੰਧੀ ਠੋਸ ਨੀਤੀਆਂ ਧਾਰਨ ਨਾ ਕੀਤੀਆਂ ਤਾਂ ਉਨ੍ਹਾਂ ਨੂੰ ਹੱਥਾਂ ਦੀਆਂ ਦਿੱਤੀਆਂ, ਦੰਦਾਂ ਨਾਲ ਖੋਲ੍ਹਣੀਆਂ ਪੈ ਸਕਦੀਆਂ ਹਨ ਜੇ ਸਰਕਾਰ ਅਜੇ ਵੀ ਨਾ ਜਾਗੇ ਤਾਂ ਉਸ ਦੀ ਕਾਰਗੁਜ਼ਾਰੀ ਉੱਪਰ ਹਮੇਸ਼ਾ ਪ੍ਰਸ਼ਨ-ਚਿੰਨ੍ਹ ਲੱਗਾ ਰਹੇਗਾ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਜ਼ਿੰਦਗੀ ਦੀ ਜੰਗ
1 ਅਗਸਤ ਨੂੰ ਸਨਾ ਨਾਂਅ ਦੀ ਤਿੰਨ ਸਾਲ ਦੀ ਬੱਚੀ ਮੁੰਗੇਰ ਵਿਖੇ 110 ਫੁੱਟ ਡੂੰਘੇ ਬੋਰਵੈਲ ਵਿਚ ਜਾ ਡਿਗੀ ਅਤੇ 43 ਫੁੱਟ 'ਤੇ ਜਾ ਕੇ ਫਸ ਗਈ। ਐਨ. ਡੀ. ਆਰ. ਐਫ., ਫੌਜ, ਪੁਲਿਸ ਅਤੇ ਪ੍ਰਸ਼ਾਸਨ ਵਲੋਂ 31 ਘੰਟਿਆਂ ਦੇ ਸਾਂਝੇ ਅਭਿਆਨ ਦੁਆਰਾ ਬੱਚੀ ਨੂੰ ਬਚਾ ਲਿਆ ਗਿਆ। ਜਿਥੇ ਬੱਚੀ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ, ਉਥੇ ਹੀ ਇਹ ਸੋਚ ਕੇ ਰੂਹ ਕੰਬ ਗਈ ਕਿ ਤਿੰਨ ਸਾਲ ਦੀ ਮਾਸੂਮ ਬੱਚੀ ਜੋ ਕਿ ਭੁੱਖੀ-ਪਿਆਸੀ ਸੀ, ਉਸ ਨੇ ਏਨਾ ਸਮਾਂ ਕਿਵੇਂ ਗੁਜ਼ਾਰਿਆ ਹੋਵੇਗਾ? ਕੁਝ ਕੁ ਸਮੇਂ ਬਾਅਦ ਹੀ ਬੱਚਿਆਂ ਦੇ ਬੋਰਵੈੱਲ ਵਿਚ ਡਿਗਣ ਦੀ ਘਟਨਾ ਵਾਪਰ ਜਾਂਦੀ ਹੈ। ਇਹ ਪ੍ਰਸ਼ਨ ਉਠਦਾ ਹੈ ਕਿ ਅਜਿਹੇ ਹਾਦਸੇ ਵਾਰ-ਵਾਰ ਕਿਵੇਂ ਹੋ ਜਾਂਦੇ ਹਨ? ਪ੍ਰਸ਼ਾਸਨ ਅਤੇ ਦੇਸ਼ ਦੀ ਜਨਤਾ ਪਿਛਲੀਆਂ ਅਣਹੋਣੀਆਂ ਤੋਂ ਸਬਕ ਕਿਉਂ ਨਹੀਂ ਸਿੱਖਦੀ? ਸਭ ਤੋਂ ਪਹਿਲਾਂ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਰਿਹਾਇਸ਼ੀ ਇਲਾਕੇ ਦੇ ਨੇੜੇ ਬੋਰਵੈੱਲ ਪੁੱਟਣ ਦੀ ਇਜਾਜ਼ਤ ਕਿਸ ਤਰ੍ਹਾਂ ਦਿੱਤੀ ਗਈ? ਜਿਥੇ ਖੁਦਾਈ ਦਾ ਕੰਮ ਚੱਲ ਰਿਹਾ ਸੀ, ਉਸ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਦਾ ਪੂਰਾ ਇੰਤਜ਼ਾਮ ਕਿਉਂ ਨਹੀਂ ਸੀ? ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।


-ਪ੍ਰਿੰਸ ਅਰੋੜਾ,
ਮਲੌਦ (ਲੁਧਿਆਣਾ)।

21-08-2018

 ਦੋਹਰੇ ਮਾਪਦੰਡ
ਪਲਾਸਟਿਕ ਕਿਸੇ ਵੀ ਰੂਪ ਵਿਚ ਉਪਜਾਊ ਜ਼ਮੀਨਾਂ, ਦਰਿਆਵਾਂ, ਨਦੀਆਂ ਅਤੇ ਪਹਾੜਾਂ ਆਦਿ ਨੂੰ ਨੁਕਸਾਨ ਪਹੁੰਚਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ। ਸਮਾਜਸੇਵੀ ਸੰਗਠਨ, ਵਾਤਾਵਰਨ ਪ੍ਰੇਮੀ ਅਤੇ ਸਾਇੰਸਦਾਨ ਪਲਾਸਟਿਕ ਦੇ ਵਿਸ਼ਵ ਵਿਆਪੀ ਮਾੜੇ ਪ੍ਰਭਾਵਾਂ ਤੋਂ ਚਿੰਤਤ ਤੇ ਜਾਣੂ ਹਨ। ਸਰਕਾਰਾਂ ਵੀ ਪਿਛਲੇ ਕਾਫੀ ਸਮੇਂ ਤੋਂ ਇਸ਼ਤਿਹਾਰਾਂ ਰਾਹੀਂ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਹੋਰ ਸਾਮਾਨ 'ਤੇ ਪਾਬੰਦੀ ਦਾ ਗੁਣਗਾਨ ਕਰਦੀਆਂ ਹਨ। ਸਰਕਾਰਾਂ ਆਮ ਤੌਰ 'ਤੇ ਹਰ ਸੰਵੇਦਨਸ਼ੀਲ ਮੁੱਦੇ ਉੱਪਰ ਦੋਗਲਾ ਰੋਲ ਅਦਾ ਕਰਦੀਆਂ ਹਨ। ਇਕ ਪਾਸੇ ਤਾਂ ਸਰਕਾਰਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਖ਼ਿਲਾਫ਼ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ, ਦੂਜੇ ਪਾਸੇ ਮਾਣਯੋਗ ਮੋਦੀ ਸਰਕਾਰ ਨੇ ਸਾਲ 2017-18 ਵਿਚ ਪਲਾਸਟਿਕ ਦੇ 44 ਕਾਰਖਾਨਿਆਂ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ ਵਿਚੋਂ ਦੋ ਤਾਂ ਸ਼ੁੱਧ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਣ ਵਾਲੇ ਕਾਰਖਾਨੇ ਹੀ ਹਨ। ਜੇਕਰ ਸਰਕਾਰਾਂ ਦੇ ਮੰਤਰੀਆਂ ਨੇ ਸਨਅਤਕਾਰਾਂ ਨਾਲ ਆਪਣੀਆਂ ਦੋਸਤੀਆਂ ਹੀ ਨਿਭਾਉਣੀਆਂ ਹਨ, ਫਿਰ ਪਲਾਸਟਿਕ ਜਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਲਈ ਇਸ਼ਤਿਹਾਰਬਾਜ਼ੀ 'ਤੇ ਕਰੋੜਾਂ ਰੁਪਏ ਖਰਚਣ ਦੀ ਕੀ ਤੁੱਕ? ਇਹ ਦੋਹਰੇ ਮਾਪਦੰਡ, ਵਾਤਾਵਰਨ ਪ੍ਰਦੂਸ਼ਿਤ ਹੋਣ ਦਾ ਰੌਲਾ ਪਾਉਣਾ ਕੀ ਲੋਕਾਂ ਨੂੰ ਬੁੱਧੂ ਬਣਾਉਣਾ ਨਹੀਂ?

-ਪ੍ਰੀਤ ਸਿੰਘ ਸੰਦਲ (ਕਵੀਸ਼ਰ)
ਪਿੰਡ ਮਕਦੂਸੜਾ, ਤਹਿ: ਪਾਇਲ (ਲੁਧਿਆਣਾ)।

ਨਕਲੀ ਦੁੱਧ
ਪੰਜਾਬ ਵਿਚ ਇਸ ਸਮੇਂ ਨਕਲੀ ਦੁੱਧ ਇਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਨਕਲੀ ਦੁੱਧ ਨਾਲ ਬਹੁਤ ਸਾਰੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ ਕਿਉਂਕਿ ਇਹ ਦੁੱਧ ਬਹੁਤ ਜ਼ਿਆਦਾ ਸਸਤਾ ਪੈਂਦਾ ਹੈ ਤੇ ਦੂਸਰੇ ਦੁੱਧ ਦੇ ਮੁਕਾਬਲੇ ਇਸ ਨੂੰ ਬਣਾਉਣ ਲਈ ਖਰਚਾ ਵੀ ਘੱਟ ਹੁੰਦਾ ਹੈ। ਨਕਲੀ ਦੁੱਧ ਦੀ ਸਭ ਤੋਂ ਵੱਡੀ ਮਾਰ ਡੇਅਰੀ ਪਾਲਕਾਂ ਨੂੰ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੇ ਦੁੱਧ ਦੀ ਸਪਲਾਈ ਘਟ ਰਹੀ ਹੈ। ਇਸ ਲਈ ਪਿਛਲੇ ਸਮੇਂ ਤੋਂ ਦੁੱਧ ਦੇ ਭਾਅ ਵਿਚ ਭਾਰੀ ਗਿਰਾਵਟ ਹੋਣ ਕਰਕੇ ਛੋਟੇ ਕਿਸਾਨ ਜਿਹੜੇ ਦੁੱਧ ਵੇਚ ਕੇ ਆਪਣਾ ਜੀਵਨ ਨਿਰਬਾਹ ਕਰਦੇ ਸਨ, ਉਨ੍ਹਾਂ ਲਈ ਵੀ ਭਾਰੀ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਪਹਿਲਾਂ ਆਮ ਤੌਰ 'ਤੇ ਦੇਖਿਆ ਜਾਂਦਾ ਸੀ ਕਿ ਸ਼ਹਿਰਾਂ ਦੇ ਨਜ਼ਦੀਕ ਜਿਹੜੇ ਪਿੰਡ ਸਨ, ਉਥੋਂ ਦੁੱਧ ਦੀ ਸਪਲਾਈ ਹੁੰਦੀ ਸੀ, ਸ਼ਹਿਰਾਂ ਨੂੰ ਇਸ ਨਾਲ ਜਿਥੇ ਦੁੱਧ ਵੇਚਣ ਵਾਲੇ ਲੋਕਾਂ ਨੂੰ ਆਮਦਨ ਹੁੰਦੀ ਸੀ, ਉਥੇ ਸ਼ਹਿਰੀ ਲੋਕਾਂ ਨੂੰ ਵੀ ਮਿਲਾਵਟ ਰਹਿਤ ਘਰੇਲੂ ਦੁੱਧ ਮਿਲ ਜਾਂਦਾ ਸੀ। ਇਸ ਲਈ ਜੇਕਰ ਹੁਣ ਲੋਕਾਂ ਦੀ ਸਿਹਤ ਤੇ ਡੇਅਰੀ ਮਾਲਕਾਂ ਨੂੰ ਬਚਾਉਣਾ ਹੈ ਤਾਂ ਇਸ ਲਈ ਨਕਲੀ ਦੁੱਧ 'ਤੇ ਰੋਕ ਲਾਉਣੀ ਪਵੇਗੀ ਤੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਲਗਾਤਾਰ ਛਾਪੇਮਾਰੀ ਕਰਕੇ ਇਸ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਸ਼ੋਰ ਪ੍ਰਦੂਸ਼ਣ ਦਾ ਵਧਦਾ ਪ੍ਰਭਾਵ
ਉਦਯੋਗੀਕਰਨ ਦੇ ਇਸ ਯੁੱਗ ਵਿਚ ਸ਼ੋਰ ਪ੍ਰਦੂਸ਼ਣ ਦਾ ਪ੍ਰਭਾਵ ਮਨੁੱਖੀ ਜੀਵਨ ਉੱਤੇ ਬਹੁਤ ਭਾਰੂ ਪੈ ਰਿਹਾ ਹੈ। ਕੁਦਰਤੀ ਸੋਮਿਆਂ ਦੀਆ ਆਵਾਜ਼ਾਂ ਵੀ ਇਸ ਸ਼ੋਰ ਦੇ ਦਬਾਅ ਹੇਠ ਆ ਗਈਆਂ ਹਨ। ਭਾਰਤ ਵਿਚ ਖਾਸਕਰ ਸ਼ਹਿਰਾਂ ਵਿਚ ਇਹ ਇਕ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ। ਜਿੱਥੇ ਮੰਦਰ-ਗੁਰਦੁਆਰਿਆਂ, ਮੈਰਿਜ ਪੈਲੇਸਾਂ ਅਤੇ ਹੋਰ ਸਮਾਜਿਕ-ਸਮਾਗਮਾਂ ਉੱਤੇ ਲੱਗੇ ਲਾਊਡ ਸਪੀਕਰਾਂ ਨਾਲ ਆਲਾ-ਦੁਆਲਾ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਮੋਟਰਾਂ-ਗੱਡੀਆਂ ਉੱਪਰ ਲੱਗੇ ਵੱਡੇ-ਵੱਡੇ ਪ੍ਰੈਸ਼ਰ-ਹਾਰਨਾਂ ਨਾਲ ਵੀ ਵਾਤਾਵਰਨ ਦੇ ਨਾਲ-ਨਾਲ ਮਨੁੱਖੀ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਮਾਹਿਰਾਂ ਅਨੁਸਾਰ 100 ਡੈਸੀਬਲ ਤੋਂ ਉੱਚਾ ਸ਼ੋਰ ਮਨੁੱਖ ਵਿਚ ਸਥਾਈ ਬੋਲ਼ਾਪਨ ਪੈਦਾ ਕਰ ਸਕਦਾ ਹੈ। ਇਸ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਰੋਗ ਮਨੁੱਖੀ ਸਰੀਰ ਨੂੰ ਲੱਗ ਜਾਂਦੇ ਹਨ। ਕਈ ਵਾਰ ਇਸ ਕਾਰਨ ਆਪਸੀ ਝਗੜੇ ਵੀ ਹੁੰਦੇ ਆਮ ਦੇਖੇ ਜਾਂਦੇ ਹਨ। ਸੋ ਪ੍ਰਸ਼ਾਸਨ ਨੂੰ ਇਸ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ ਦੇ ਸੋਮਿਆਂ ਨੂੰ ਕੰਟਰੋਲ ਵਿਚ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

-ਰਾਜੀ ਬਿੰਜਲ, ਮੋਗਾ।

ਪੁਲਿਸ ਦੀ ਕਾਰਗੁਜ਼ਾਰੀ
ਸੰਪਾਦਕੀ 'ਪੁਲਿਸ ਦੀ ਕਾਰਗੁਜ਼ਾਰੀ 'ਤੇ ਉੱਠਦੇ ਸਵਾਲ' ਬਿਲਕੁਲ ਸਹੀ ਲਿਖਿਆ ਗਿਆ ਹੈ, ਖ਼ਾਸ ਕਰਕੇ ਜਦੋਂ ਵਿਕਸਤ ਦੇਸ਼ਾਂ ਦੀ ਗੱਲ ਕਰਦੇ ਲਿਖਦੇ ਹਨ ਕਿ ਉਥੋਂ ਦੀ ਪੁਲਿਸ 'ਚ ਸਿਆਸੀ ਲੋਕਾਂ ਦੀ ਦਖ਼ਲਅੰਦਾਜ਼ੀ ਨਹੀਂ ਹੁੰਦੀ। ਮੇਰਾ ਇਕ ਦੋਸਤ ਕਹਿੰਦਾ ਹੁੰਦਾ ਹੈ ਕਿ ਪੁਲਿਸ ਵਾਲੇ ਤਾਂ ਨੇਤਾਵਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਜੇ ਸਿਆਸੀ ਦਬਾਅ ਨਾ ਹੋਵੇ ਤਾਂ ਹੁਣ ਨਵੇਂ ਭਰਤੀ ਹੋਏ ਨੌਜਵਾਨ ਪੁਲਿਸ 'ਤੇ ਲੱਗੇ ਦਾਗ਼ ਧੋ ਸਕਦੇ ਹਨ ਕਿਉਂਕਿ ਇਹ ਸਾਰੇ ਨੌਜਵਾਨ ਚੰਗੇ ਪੜ੍ਹੇ-ਲਿਖੇ ਹਨ। ਸੋ, ਹੁਣ ਮੌਕਾ ਹੈ ਪੁਲਿਸ ਨੂੰ ਨੇਤਾਵਾਂ ਤੋਂ ਆਜ਼ਾਦ ਕਰਵਾਉਣ ਦਾ। ਲੋਕ ਵੀ ਜਿਥੇ ਜ਼ਿਆਦਤੀ ਹੁੰਦੀ ਹੈ, ਉਥੇ ਖੁੱਲ੍ਹ ਕੇ ਅੱਗੇ ਆਉਣ, ਕਿਉਂਕਿ ਲੋਕਾਂ ਅੱਗੇ ਨੇਤਾ ਦਾ ਓਨਾ ਦਬਾਅ ਨਹੀਂ ਚਲਦਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

20-08-2018

 ਆਪਾਂ ਵੀ ਹੰਭਲਾ ਮਾਰੀਏ
ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਜੋ ਤਾਣਾ-ਬਾਣਾ ਪੂਰੇ ਪੰਜਾਬ ਵਿਚ ਵਿਗੜ ਚੁੱਕਿਆ ਹੈ, ਉਸ ਦਾ ਹੱਲ ਬੜਾ ਮੁਸ਼ਕਿਲ ਜਾਪਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਕੱਲੀ ਸਰਕਾਰ ਕੋਲ ਕਿਹੜੀ ਐਸੀ ਜਾਦੂ ਦੀ ਛੜੀ ਹੈ, ਜਿਸ ਨਾਲ ਪੰਜਾਬ ਨਸ਼ਾਮੁਕਤ ਹੋ ਜਾਵੇਗਾ ਅਤੇ ਸਾਡੇ ਪਿੰਡਾਂ ਦਾ ਸੁਧਾਰ ਹੋ ਜਾਵੇਗਾ ਕਿਉਂਕਿ ਤਾਣਾ-ਬਾਣਾ ਉੱਪਰ ਤੋਂ ਥੱਲੇ ਤੱਕ ਵਿਗੜ ਚੁੱਕਿਆ ਹੈ। ਸਾਨੂੰ ਸਾਰਿਆਂ ਨੂੰ ਸਾਡੀ ਨੌਜਵਾਨੀ ਪ੍ਰਤੀ ਸਾਡੇ, ਸਮਾਜ ਪ੍ਰਤੀ ਤੇ ਸਾਡੇ ਦੇਸ਼ ਪ੍ਰਤੀ ਇਕ ਜ਼ਿੰਮੇਵਾਰ ਇਨਸਾਨ ਬਣਨਾ ਪਵੇਗਾ ਤਾਂ ਕਿ ਬਿਨਾਂ ਨਸ਼ੇ ਜਾਂ ਕਿਸੇ ਹੋਰ ਲਾਲਚ ਤੋਂ ਅਸੀਂ ਆਪਣੀ ਸਹੀ ਸੁੱਧ-ਬੁੱਧ ਮੁਤਾਬਿਕ ਵੋਟ ਦਾ ਇਸਤੇਮਾਲ ਕਰੀਏ ਤਾਂ ਕਿ ਸਾਫ਼-ਸੁਥਰਾ ਪ੍ਰਸ਼ਾਸਨ ਸਮਾਜ ਵਿਚ ਦੁਬਾਰਾ ਆ ਸਕੇ।


-ਦੀਦਾਰ ਖ਼ਾਨ ਧਬਲਾਨ
ਪਟਿਆਲਾ।


ਬਿੱਲਾਂ ਦੀ ਵਸੂਲੀ
ਨਗਰ ਨਿਗਮ ਵਲੋਂ ਪਾਣੀ ਤੇ ਸੀਵਰੇਜ ਦੇ ਲੱਗੇ ਨਾਜਾਇਜ਼ ਕੁਨੈਕਸ਼ਨ ਧਾਰਕਾਂ ਪਾਸੋਂ ਵਸੂਲੀ ਕਰਨ ਅਤੇ ਜੇਕਰ ਅਦਾਇਗੀ ਨਹੀਂ ਕਰਦੇ ਤਾਂ ਇਨ੍ਹਾਂ ਲੋਕਾਂ ਦੇ ਕੁਨੈਕਸ਼ਨ ਕੱਟਣ ਦਾ ਫੈਸਲਾ ਕੀਤਾ ਗਿਆ ਹੈ, ਪ੍ਰੰਤੂ ਜੋ ਲੋਕਾਂ ਨੇ ਜਾਇਜ਼ ਕੁਨੈਕਸ਼ਨ ਲਏ ਹੋਏ ਹਨ, ਖਾਸ ਕਰਕੇ ਖਾਲੀ ਪਲਾਟਾਂ ਵਾਲਿਆਂ ਨੇ, ਜਿਥੇ ਕਿ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ, ਜਿਹੜੇ ਕਿ ਪਾਣੀ ਦੀ ਖੁੱਲ੍ਹ ਕੇ ਦੁਰਵਰਤੋਂ ਕਰਨ ਦੇ ਨਾਲ-ਨਾਲ ਟੂਟੀਆਂ ਵੀ ਖੁੱਲ੍ਹੀਆਂ ਹੀ ਛੱਡ ਦਿੰਦੇ ਹਨ ਅਤੇ ਜਦੋਂ ਵਿਭਾਗ ਵਲੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਹ ਟੂਟੀਆਂ ਆਮ ਹੀ ਚਲਦੀਆਂ ਵੇਖੀਆਂ ਜਾ ਸਕਦੀਆਂ ਹਨ, ਪਾਸੋਂ ਨਿਗਮ ਇਹ ਬਕਾਏ ਵਸੂਲ ਨਹੀਂ ਕਰ ਰਿਹਾ ਅਤੇ ਨਾ ਹੀ ਇਨ੍ਹਾਂ ਦੇ ਕੁਨੈਕਸ਼ਨ ਕੱਟ ਰਿਹਾ ਹੈ, ਜਦੋਂਕਿ ਇਨ੍ਹਾਂ ਦੇ ਬਕਾਏ ਦਾ ਰਿਕਾਰਡ ਉਨ੍ਹਾਂ ਦੇ ਦਫਤਰ ਵਿਚ ਮੌਜੂਦ ਹੈ। ਇਹ ਬਕਾਇਆ ਲੱਖਾਂ ਰੁਪਿਆਂ ਵਿਚ ਹੈ। ਮਹਿਕਮੇ ਦੀ ਇਸ ਲਾਪ੍ਰਵਾਹੀ ਨਾਲ ਜਿਥੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਉਥੇ ਸਰਕਾਰ ਨੂੰ ਵੀ ਲੱਖਾਂ ਰੁਪਿਆਂ ਦਾ ਚੂਨਾ ਲੱਗ ਰਿਹਾ ਹੈ। ਲੋੜ ਹੈ, ਵਿਭਾਗ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ।


-ਅਮਰੀਕ ਸਿੰਘ ਚੀਮਾ, ਜਲੰਧਰ।


ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ
ਪੁਰਾਣੇ ਸਮਿਆਂ ਵਿਚ ਸੁਲਤਾਨਪੁਰ ਲੋਧੀ ਇਕ ਮਸ਼ਹੂਰ ਸ਼ਹਿਰ ਰਿਹਾ ਹੈ। ਇਹ ਸ਼ਹਿਰ ਲਾਹੌਰ-ਦਿੱਲੀ ਜਰਨੈਲੀ ਸੜਕ 'ਤੇ ਸਥਿਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਬੀਬੀ ਨਾਨਕੀ ਕੋਲ ਇਸ ਸ਼ਹਿਰ ਵਿਚ 14 ਸਾਲ ਦੇ ਕਰੀਬ ਸਮਾਂ ਬਿਤਾਇਆ ਸੀ। ਇਸ ਸ਼ਹਿਰ ਦੇ ਖੋਲ਼ੇ, ਖਜੂਰਾਂ, ਥੇਹ ਅਤੇ ਖੋਤੇ ਮਸ਼ਹੂਰ ਸਨ। ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮਨਾਈ ਗਈ, ਸਾਬਕਾ ਮਰਹੂਮ ਮੰਤਰੀ ਵਿਕਾਸ ਬਾਊ ਆਤਮਾ ਨੇ ਇਸ ਸ਼ਹਿਰ ਦਾ ਕੁਝ ਮੂੰਹ-ਮੱਥਾ ਸੰਵਾਰਿਆ ਸੀ। ਅਗਲੇ ਸਾਲ 2019 ਵਿਚ 550 ਸਾਲਾ ਪ੍ਰਕਾਸ਼ ਪੁਰਬ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਲਾਕੇ ਦੀ ਜ਼ਰੂਰਤ ਅਨੁਸਾਰ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾਣਾ ਅਤਿ ਜ਼ਰੂਰੀ ਹੈ ਅਤੇ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ।


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਡਾਕ: ਟਿੱਬਾ, ਜ਼ਿਲ੍ਹਾ ਕਪੂਰਥਲਾ।


ਵਧਦੀਆਂ ਕੀਮਤਾਂ
ਪਿਛਲੇ ਮਹੀਨੇ ਵਿਚ ਗੈਸ ਸਿਲੰਡਰ ਦੀ ਕੀਮਤ ਵਧਾਈ ਗਈ, ਅਜੇ ਮਹੀਨਾ ਫਿਰ ਪੂਰਾ ਹੋਇਆ, ਅਗਸਤ ਵਿਚ ਫਿਰ ਕੀਮਤ ਵਧਾ ਦਿੱਤੀ ਹੈ। ਫਿਰ ਸਰਕਾਰ ਕਹਿੰਦੀ ਹੈ ਕਿ ਲੋਕ ਰੌਲਾ ਕਿਉਂ ਪਾਉਂਦੇ ਹਨ, ਰੌਲਾ ਨਾ ਪਾਉਣ ਤਾਂ ਕੀ ਕਰਨ। ਜਿਸ ਤਰ੍ਹਾਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਸਮਝ ਨਹੀਂ ਆਉਂਦੀ, ਉਹੀ ਹਾਲ ਹੁਣ ਗੈਸ ਸਿਲੰਡਰ ਦਾ ਹੋ ਗਿਆ ਹੈ। ਅੱਗੇ ਗੈਸ (ਡੀਜ਼ਲ, ਪੈਟਰੋਲ) ਦੇ ਭਾਅ ਕਿਧਰੇ ਸਾਲ ਵਿਚ ਇਕ ਜਾਂ ਦੋ ਵਾਰੀ ਵਧਦੇ ਸਨ ਪਰ ਹੁਣ ਲੋਕ ਚੁੱਪ ਕਰ ਕੇ ਨਹੀਂ ਬੈਠਣ ਵਾਲੇ। ਇਕ ਗੈਸ ਸਿਲੰਡਰ ਦੀ ਸਬਸਿਡੀ ਬਾਰੇ ਵੀ ਲੋਕਾਂ ਨੂੰ ਤੰਗ ਕਰ ਰੱਖਿਆ ਹੈ। ਕਾਰਨ ਇਹ ਹੈ ਕਿ ਬੈਕਾਂ ਵਾਲੇ ਕਿਹੜੇ ਸਿੱਧੇ ਮੂੰਹ ਬੋਲਦੇ ਹਨ, ਇਕ ਵਾਰੀ ਇਕ ਗ਼ਰੀਬ ਮਾਈ, ਆਪਣੀ ਇਸ ਸਬਸਿਡੀ ਬਾਰੇ ਬੈਂਕ ਵਿਚ ਪਤਾ ਕਰਨ ਗਈ, ਅੱਗੋਂ ਬਾਬੂ ਸਾਹਿਬ ਬੋਲੇ, 'ਜਾਹ ਮਾਈ ਅਸੀਂ ਵਿਹਲੇ ਨਹੀਂ, ਆਪੇ ਆ ਜਾਵੇਗੀ ਸਬਸਿਡੀ।' ਇਸ ਤਰ੍ਹਾਂ ਗੈਸ ਸਿਲੰਡਰ ਦੇ ਭਾਅ ਅਤੇ ਹੋਰ ਚੀਜ਼ਾਂ ਦੇ ਭਾਅ ਆਸਮਾਨੀ ਚੜ੍ਹੀ ਹੀ ਜਾ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਦੀ ਲੋੜ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।


ਰਾਖਵਾਂਕਰਨ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਵਲੋਂ ਦਲਿਤਾਂ ਅਤੇ ਪਛੜੇ ਵਰਗਾਂ ਦੇ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਰਾਖਵੇਂਕਰਨ ਦੀ ਨੀਤੀ ਬਣਾਈ ਗਈ ਸੀ। ਲੋਕਤੰਤਰ ਦੇਸ਼ ਵਿਚ ਸੱਤਾ ਦੀ ਕੁਰਸੀ 'ਤੇ ਬੈਠਣ ਅਤੇ ਵੋਟ ਬੈਂਕ ਨੂੰ ਪੱਕੇ ਕਰਨ ਲਈ ਰਾਜਨੀਤਕ ਪਾਰਟੀਆਂ ਨੇ ਜਾਤੀਵਾਦ ਨੂੰ ਹੋਰ ਬੜ੍ਹਾਵਾ ਦਿੱਤਾ ਹੈ। ਅਜਿਹੀ ਸਥਿਤੀ ਨੇ ਸਮੇਂ ਦੇ ਸਮਾਜ ਵਿਚ ਆਰਥਿਕ ਤੇ ਸਮਾਜਿਕ ਟਕਰਾਅ ਪੈਦਾ ਕਰ ਦਿੱਤੇ ਹਨ ਜੋ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਇਸੇ ਕੜੀ ਤਹਿਤ ਪਿਛਲੇ ਸਮੇਂ ਦੌਰਾਨ ਹਰਿਆਣਾ ਵਿਚ ਜਾਟ ਅੰਦੋਲਨ, ਰਾਜਸਥਾਨ ਤੇ ਪੰਜਾਬ ਵਿਚ ਤਣਾਅ ਅਤੇ ਹੁਣ ਮਹਾਰਾਸ਼ਟਰ ਵਿਚ ਮਰਾਠਾ ਅੰਦੋਲਨ ਲਗਾਤਾਰ ਰਾਖਵੇਂਕਰਨ ਦੀ ਮੰਗ ਕਰ ਰਿਹਾ ਹੈ। ਰਾਖਵਾਂਕਰਨ ਸਮਾਜਿਕ ਨਾਬਰਾਬਰੀ ਨੂੰ ਜਨਮ ਦੇ ਰਿਹਾ ਹੈ। ਆਰਥਿਕਤਾ ਉੱਤੇ ਆਧਾਰਿਤ ਰਾਖਵਾਂਕਰਨ ਲਾਗੂ ਕਰਨ ਨਾਲ ਹੀ ਹਰ ਜਾਤ ਬਰਾਦਰੀ ਅਤੇ ਧਰਮ ਨਾਲ ਸਬੰਧਿਤ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਜੀਵਨ ਬਸਰ ਕਰ ਰਹੇ ਕਰੋੜਾਂ ਭਾਰਤੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

17-08-2018

 ਕੀ ਅਸੀਂ ਸੁਤੰਤਰ ਹਾਂ?
ਭਾਰਤ 15 ਅਗਸਤ, 1947 ਨੂੰ ਆਜ਼ਾਦ ਹੋ ਗਿਆ ਸੀ। 26 ਜਨਵਰੀ, 1950 ਨੂੰ ਭਾਰਤ ਨੂੰ ਧਰਮ-ਨਿਰਪੱਖ ਲੋਕਤੰਤਰ ਗਣਰਾਜ ਐਲਾਨ ਕਰ ਦਿੱਤਾ ਗਿਆ। ਜੇਕਰ ਅੱਜ ਦੇ ਹਾਲਾਤ 'ਤੇ ਨਜ਼ਰ ਮਾਰੀ ਜਾਵੇ ਕੀ ਅਜਿਹਾ ਲਗਦਾ ਹੈ ਕਿ ਅਸੀਂ ਆਜ਼ਾਦ ਹੋ ਗਏ ਹਾਂ? ਅੰਗਰੇਜ਼ੀ ਹਕੂਮਤ ਤੋਂ ਸਾਡੇ ਸੂਰਬੀਰ ਯੋਧਿਆਂ ਨੇ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾ ਲਿਆ ਪਰ ਅੱਜ ਸਾਡੇ ਦੇਸ਼ ਦੀਆਂ ਹਕੂਮਤਾਂ ਜਿਸ ਤਰ੍ਹਾਂ ਲੋਕਾਂ ਦੀ ਆਜ਼ਾਦੀ 'ਤੇ ਰੋਕ ਲਾ ਰਹੀਆਂ ਹਨ, ਉਸ ਤੋਂ ਕਿਵੇਂ ਆਜ਼ਾਦ ਹੋਇਆ ਜਾਵੇਗਾ। ਜੇਕਰ ਕੋਈ ਆਪਣੀ ਆਜ਼ਾਦੀ ਲਈ ਕਲਮ ਦੀ ਵਰਤੋਂ ਕਰਦਾ ਹੈ ਤਾਂ ਉਸ ਦੀ ਕਲਮ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਦਲਿਤ ਲੋਕਾਂ ਨਾਲ ਅੱਜ ਵੀ ਧਰਮ, ਜਾਤੀ ਦੇ ਆਧਾਰ 'ਤੇ ਭੇਦਭਾਵ ਕੀਤਾ ਜਾਂਦਾ ਹੈ। ਇਸ ਲਈ ਆਜ਼ਾਦੀ ਦਿਹਾੜੇ ਨੂੰ ਕੇਵਲ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੀ ਰਸਮ ਤੇ ਕੁਝ ਸਮੇਂ ਦੇ ਭਾਸ਼ਣ ਦੇ ਕੇ ਮਨਾਉਣ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਗੱਲ ਦੀ ਪੜਤਾਲ ਕੀਤੀ ਜਾਵੇ, ਕੀ ਸਾਰੇ ਲੋਕ ਆਜ਼ਾਦੀ ਮਾਣ ਰਹੇ ਹਨ, ਕੀ ਉਹ ਜੀਵਨ ਦੇ ਹਰੇਕ ਖੇਤਰ ਵਿਚ ਸੁਤੰਤਰ ਹਨ।


-ਕਮਲ ਬਰਾੜ, ਪਿੰਡ ਕੋਟਲੀ ਅਬਲੂ।


ਰੁੱਖ ਤੇ ਮਨੁੱਖ ਅਟੁੱਟ ਰਿਸ਼ਤਾ
ਰੁੱਖ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਰੇ ਭਰੇ ਜੰਗਲਾਂ ਤੋਂ ਮਨੁੱਖ ਇੱਟਾਂ ਪੱਥਰਾਂ ਦੇ ਘਰਾਂ ਵਿਚ ਆ ਗਿਆ, ਰੁੱਖਾਂ ਨਾਲੋਂ ਰਿਸ਼ਤਾ ਤੋੜ ਕੇ ਬਨਾਵਟੀ ਜ਼ਿੰਦਗੀ ਜਿਊਣ ਲੱਗ ਪਿਆ। ਕੁਦਰਤ ਤੋਂ ਦੂਰ ਹੋਣ ਕਾਰਨ ਮਨੁੱਖ ਅਣਗਿਣਤ ਚਿੰਤਾਜਨਕ ਸਮੱਸਿਆਵਾਂ ਵਿਚ ਨਿੱਤ-ਪ੍ਰਤੀਦਿਨ ਘਿਰ ਰਿਹਾ ਹੈ। ਸਰੀਰਕ ਰੋਗਾਂ ਜਾਂ ਫਿਰ ਮਾਨਸਿਕ ਰੋਗਾਂ ਦੀ ਗ੍ਰਿਫ਼ਤ ਵਿਚ ਆ ਰਿਹਾ ਹੈ। ਜੇ ਅਸੀਂ ਨਾ ਬਦਲੇ, ਕੁਦਰਤੀ ਸੰਤੁਲਨ ਨਾ ਬਰਕਰਾਰ ਰੱਖਿਆ ਤਾਂ ਸ਼ੁੱਧ ਆਕਸੀਜਨ ਨੂੰ ਤਰਸਾਂਗੇ। ਸਮਾਜ ਦੇ ਹਰ ਵਰਗ ਬੱਚੇ, ਜਵਾਨ, ਬਜ਼ੁਰਗ ਨੂੰ ਰੁੱਖ ਲਗਾਉਣ, ਸੰਭਾਲ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਵਿਚ ਹੀ ਸਰਬੱਤ ਦਾ ਭਲਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਖ਼ਤਰਨਾਕ ਹੈ ਕੀਟਨਾਸ਼ਕ ਸਪਰੇਅ
ਅੱਜਕਲ੍ਹ ਕਿਸਾਨਾਂ ਵਾਂਗ ਪਸ਼ੂ ਪਾਲਕ ਵੀ ਆਰਥਿਕ ਮੰਦਵਾੜੇ ਦੀ ਮਾਰ ਝੱਲ ਰਹੇ ਹਨ ਕਿਉਂਕਿ ਦੁੱਧ ਦਾ ਮੁੱਲ ਬਹੁਤ ਘੱਟ ਮਿਲ ਰਿਹਾ ਹੈ। ਇਥੇ ਪਾਣੀ ਦੀ ਬੋਤਲ ਤਾਂ 20-22 ਰੁਪਏ ਮਿਲਦੀ ਹੈ। ਦੁੱਧ ਦੀ ਬੋਤਲ 18 ਰੁਪਏ ਹੈ। ਇਸ ਹਾਲਤ ਵਿਚ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਅੱਜਕਲ੍ਹ ਚਾਰੇ ਪਾਸੇ ਮੱਛਰ ਦੀ ਵੀ ਭਰਮਾਰ ਹੈ। ਮਨੁੱਖ ਤਾਂ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਰਾਲੇ ਜਿਵੇਂ ਪੱਖੇ, ਕੁਲਰ, ਗੁੱਡ ਨਾਈਟ, ਮੱਛਰਦਾਨੀ ਆਦਿ ਦਾ ਪ੍ਰਯੋਗ ਕਰਦਾ ਹੈ। ਪਸ਼ੂਆਂ ਲਈ ਉਹ ਜਾਂ ਤਾਂ ਘਾਹ ਫੁਸ ਦੀ ਧੂਣੀ ਪਾ ਛੱਡਦਾ ਹੈ ਜਾਂ ਮੱਛਰ ਵਾਲੀ ਦਵਾਈ ਦਾ ਛਿੜਕਾ ਕਰਦਾ ਹੈ ਜਾਂ ਫਿਰ ਕੀਟਨਾਸ਼ਕ ਦੀ ਹੀ ਸਪਰੇਅ ਕਰ ਦਿੰਦਾ ਹੈ। ਇਸ ਤਰ੍ਹਾਂ ਪਸ਼ੂ ਸਾਰਾ ਦਿਨ ਸਪਰੇਅ ਵਾਲੀ ਥਾਂ ਰਹਿੰਦੇ ਹਨ, ਜਿਸ ਨਾਲ ਪਸ਼ੂ ਬਿਮਾਰ ਹੋ ਜਾਂਦੇ ਹਨ। ਕਈ ਪਸ਼ੂ ਤਾਂ ਮਰ ਵੀ ਜਾਂਦੇ ਹਨ। ਸੋ, ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


-ਜਸਕਰਨ ਲੰਡੇ, ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਨਹੀਂ ਰੁਕ ਸਕਦੀ ਰਿਸ਼ਵਤਖੋਰੀ
ਪਿਛਲੇ ਦਿਨੀਂ ਛਪੀ ਖ਼ਬਰ 'ਰਿਸ਼ਵਤ ਕਾਂਡ : ਪੰਜਾਬ ਦੇ ਏ.ਆਈ.ਜੀ. ਪੀ.ਐਸ. ਸੰਧੂ ਦੋਸ਼ੀ ਕਰਾਰ' ਪੜ੍ਹੀ, ਜਿਸ ਵਿਚ ਪੜ੍ਹ ਕੇ ਇੰਜ ਮਹਿਸੂਸ ਹੋਇਆ ਕਿ ਰਿਸ਼ਵਤ ਲੈਣਾ ਇਕ ਆਮ ਗੱਲ ਬਣ ਚੁੱਕੀ ਹੈ। ਕਈ ਲੋਕ ਅਜਿਹੇ ਹੁੰਦੇ ਹਨ ਕਿ ਆਪਣਾ ਕੋਈ ਜੁਰਮ ਲੁਕਾਉਣ ਲਈ ਜਾਂ ਆਪਣਾ ਕੇਸ ਰਫ਼ਾ-ਦਫ਼ਾ ਕਰਨ ਲਈ ਪੁਲਿਸ ਅਫਸਰਾਂ ਨੂੰ ਰਿਸ਼ਵਤ ਦੇਣ ਲੱਗ ਪੈਂਦੇ ਹਨ ਤੇ ਉਹ ਅਫਸਰ ਵੀ ਅਜਿਹੇ ਹੁੰਦੇ ਹਨ ਕਿ ਉਹ ਰਿਸ਼ਵਤ ਲੈਣ ਤੋਂ ਇਨਕਾਰ ਨਹੀਂ ਕਰਦੇ ਤੇ ਉਹ ਆਪ ਵੀ ਜੁਰਮ ਦੇ ਭਾਗੀਦਾਰ ਬਣ ਜਾਂਦੇ ਹਨ। ਕਈ ਅਫਸਰ ਅਜਿਹੇ ਹਨ ਕਿ ਉਹ ਆਪ ਮੂੰਹੋਂ ਰਿਸ਼ਵਤ ਦੀ ਮੰਗ ਕਰਦੇ ਹਨ, ਜਿਸ ਤਰ੍ਹਾਂ ਏ.ਆਈ.ਜੀ. ਪੀ.ਐਸ. ਸੰਧੂ ਨੇ ਨਿਸ਼ਾਤ ਸ਼ਰਮਾ ਦੇ ਧੋਖਾਧੜੀ ਦੇ ਕੇਸ ਨੂੰ ਉਸ ਦੇ ਹੱਕ ਵਿਚ ਕਰਨ ਲਈ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਦੇ ਅਫਸਰਾਂ ਨੂੰ ਜੋ ਕਿ ਰਿਸ਼ਵਤ ਦੀ ਮੰਗ ਕਰਦੇ ਹਨ, ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।


-ਬਲਵਿੰਦਰ ਕੌਰ
ਹਿੰਦੂ ਕੰਨਿਆ ਕਾਲਜ, ਕਪੂਰਥਲਾ।

15-08-2018

 ਕੈਮਿਸਟਾਂ ਦੀ ਹੜਤਾਲ
ਪਿਛਲੇ ਦਿਨੀਂ ਕੈਮਿਸਟਾਂ ਵਲੋਂ ਨਸ਼ੇ ਦੀ ਆੜ ਹੇਠ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕਰਨ ਅਤੇ ਆਨਲਾਈਨ ਜ਼ਰੀਏ ਗ਼ੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚੇ ਜਾਣ ਖਿਲਾਫ਼ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ, ਜਿਸ ਨਾਲ ਦਵਾਈਆਂ ਦੀ ਅਣਹੋਂਦ ਕਾਰਨ ਆਮ ਨਾਗਰਿਕ ਅਤੇ ਮਰੀਜ਼ ਖੱਜਲ-ਖੁਆਰ ਹੁੰਦੇ ਰਹੇ। ਇਕ ਟੀ.ਵੀ. 'ਤੇ ਬਹਿਸ ਦੌਰਾਨ ਦੇਖਿਆ ਗਿਆ ਕਿ ਕੈਮਿਸਟਾਂ ਦੇ ਅਹੁਦੇਦਾਰ ਬੋਲ ਰਹੇ ਸਨ ਕਿ ਦਵਾਈਆਂ ਦੀ ਦੁਕਾਨ 'ਤੇ ਪੁਲਿਸ ਵਾਲੇ, ਨੰਬਰਦਾਰ ਇਥੋਂ ਤੱਕ ਕਿ ਪਟਵਾਰੀ ਵੀ ਆ ਕੇ ਨਸ਼ੇ ਦੀਆਂ ਗੋਲੀਆਂ ਚੈੱਕ ਕਰਦੇ ਹਨ, ਜਿਨ੍ਹਾਂ ਨੂੰ ਕਿ ਇਸ ਕਿੱਤੇ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਕੈਮਿਸਟਾਂ ਨੂੰ ਥਾਣਿਆਂ ਵਿਚ ਬੁਲਾ ਕੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਉਹ ਕੋਈ ਮੁਜਰਮ ਹੋਣ। ਕਿਸੇ ਵੀ ਕੈਮਿਸਟ ਦੀ ਦੁਕਾਨ ਦੀ ਚੈਕਿੰਗ ਪੂਰੀ ਟੀਮ ਨਾਲ ਹੋਣੀ ਚਾਹੀਦੀ ਹੈ, ਜਿਸ ਵਿਚ ਘੱਟੋ-ਘੱਟ ਸਿਹਤ ਵਿਭਾਗ ਦਾ ਅਧਿਕਾਰੀ ਜ਼ਰੂਰ ਸ਼ਾਮਿਲ ਹੋਵੇ। ਸੰਗਠਨ ਦੇ ਅਹੁਦੇਦਾਰਾਂ ਜਾਂ ਕੈਮਿਸਟਾਂ ਦੀ ਮੀਟਿੰਗ ਐਸ.ਡੀ.ਐਮ./ਤਹਿਸੀਲਦਾਰ ਦੇ ਦਫ਼ਤਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਕਿੱਤੇ ਨਾਲ ਜੁੜੇ ਲੋਕ ਫਖ਼ਰ ਮਹਿਸੂਸ ਕਰਨ।


-ਅਮਰੀਕ ਸਿੰਘ ਚੀਮਾ, ਜਲੰਧਰ।


ਕਿਰਤ ਦੀ ਮਹੱਤਤਾ
ਪਿੰਗਲਵਾੜਾ ਸੰਸਥਾ (ਅੰਮ੍ਰਿਤਸਰ) ਵਲੋਂ ਅਨੋਖਾ ਕਿਰਤੀ ਮੇਲਾ 29 ਜੁਲਾਈ ਤੋਂ 2 ਅਗਸਤ ਤੱਕ ਮਨਾਇਆ ਗਿਆ। ਕਿਰਤ ਦੀ ਮਹੱਤਤਾ ਨੂੰ ਸਮਰਪਿਤ ਇਸ ਸੰਸਥਾ ਦਾ ਵਧੀਆ ਉਪਰਾਲਾ ਹੈ। ਅੱਜ ਦਾ ਮਨੁੱਖ ਕਿਰਤ ਨਾਲੋਂ ਟੁੱਟ ਰਿਹਾ ਹੈ। ਆਪਣੇ ਦੇਸ਼ ਵਿਚ ਹੱਥੀਂ ਕੰਮ ਕਰਨਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਬਹੁਤ ਔਖਾ ਹੈ। ਨੌਜਵਾਨਾਂ ਦਾ ਵੀ ਤਰਕ ਹੈ ਕਿ ਇਥੇ ਹੱਥੀਂ ਕਿਰਤ ਦਾ ਮੁੱਲ ਨਹੀਂ ਪੈਂਦਾ। ਸਰਕਾਰਾਂ ਇਸ ਪੱਖ ਤੋਂ ਸੁੱਤੀਆਂ ਹੋਈਆਂ ਹਨ। ਡਾ: ਇੰਦਰਜੀਤ ਕੌਰ ਦਾ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਹੱਥੀਂ ਬਣਾਈਆਂ ਵਸਤਾਂ ਦਾ ਚੰਗਾ ਮੁੱਲ ਪਵੇ ਤੇ ਕਾਰੀਗਰ ਖੁਸ਼ਹਾਲ ਹੋਣ। ਇਸ ਮੇਰੇ ਦਾ ਮਕਸਦ ਹੱਥੀਂ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਤੇ ਉਨ੍ਹਾਂ ਵਲੋਂ ਬਣਾਈਆਂ ਵਸਤਾਂ ਦਾ ਸਹੀ ਮੁੱਲ ਪਵੇ। ਜੰਡਿਆਲਾ ਗੁਰੂ ਦੇ ਪਿੱਤਲ ਦੇ ਭਾਂਡੇ, ਦਾਸੂਵਾਲ ਦੀਆਂ ਕਹੀਆਂ, ਨਕੋਦਰ ਮਹਿਤਪੁਰ ਦੀਆਂ ਦਰੀਆਂ, ਸਭ ਅਲੋਪ ਹੋ ਗਿਆ ਹੈ। ਕਿੱਤਿਆਂ 'ਚ ਮੁਹਾਰਤ ਰੱਖਣ ਵਾਲਿਆਂ ਨੂੰ ਇਸ ਮੇਲੇ 'ਚ ਸਤਿਕਾਰ ਦੇਣਾ ਬਣਦਾ ਹੈ। ਪਿੰਗਲਵਾੜਾ ਸੰਸਥਾ ਦਾ ਇਹ ਵਧੀਆ ਉਪਰਾਲਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਪ੍ਰੇਰਨਾਦਾਇਕ ਪ੍ਰਾਪਤੀ
ਬੀਤੇ ਦਿਨੀਂ ਭੁਪਾਲ ਦੇ ਦੇਵਾਸ 'ਚ ਰਹਿਣ ਵਾਲੇ ਆਸਾ ਰਾਮ ਚੌਧਰੀ ਵਲੋਂ ਪਹਿਲੀ ਵਾਰ 'ਚ ਹੀ ਏਮਜ਼ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਨ ਦੀ ਖ਼ਬਰ ਪੜ੍ਹੀ ਤਾਂ ਆਪ ਮੁਹਾਰੇ ਮਹਾਨ ਸੂਫ਼ੀ ਲੇਖਕ ਹਾਸ਼ਮ ਸ਼ਾਹ ਦੀਆਂ ਸਤਰਾਂ ਯਾਦ ਆ ਗਈਆਂ 'ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਤਿਨ੍ਹਾਂ ਹਿੰਮਤ ਯਾਰ ਬਣਾਈ'। ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਭੁਪਾਲ ਦੇ ਦੇਵਾਸ 'ਚ ਰਹਿਣ ਵਾਲੇ ਰਣਜੀਤ ਚੌਧਰੀ ਦੇ ਬੇਟੇ ਆਸਾ ਰਾਮ ਚੌਧਰੀ ਨੇ। ਖ਼ਬਰ ਅਨੁਸਾਰ ਰਣਜੀਤ ਚੌਧਰੀ ਸਫ਼ਾਈ ਕਰਨ ਦਾ ਕੰਮ ਕਰਦਾ ਹੈ ਅਤੇ ਉਸ ਦੇ ਘਰ ਬਿਜਲੀ ਅਤੇ ਪਖਾਨੇ ਦਾ ਵੀ ਪ੍ਰਬੰਧ ਨਹੀਂ ਹੈ। 18 ਸਾਲਾ ਇਹ ਨੌਜਵਾਨ ਜਦੋਂ ਐਮ.ਬੀ.ਬੀ.ਐਸ. ਦੀ ਡਿਗਰੀ ਕਰਨ ਲਈ ਜੋਧਪੁਰ ਬਸ ਰਾਹੀਂ ਰਵਾਨਾ ਹੋਇਆ ਤਾਂ ਉਸ ਦੀ ਟਿਕਟ ਦੇਵਾਸ ਦੇ ਜ਼ਿਲ੍ਹਾ ਕੁਲੈਕਟਰ ਸ੍ਰੀਕਾਂਤ ਪਾਂਡੇ ਨੇ ਲੈ ਕੇ ਦਿੱਤੀ। ਐਮ.ਬੀ.ਬੀ.ਐਸ. ਤੋਂ ਬਾਅਦ ਆਸਾ ਰਾਮ ਦੀ ਤਮੰਨਾ ਹੈ ਕਿ ਨਿਊਰੋਲਾਜੀ ਵਿਚ ਐਮ.ਐਸ. ਕਰੇ ਅਤੇ ਆਪਣੇ ਪਿੰਡ ਦੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਮਾਣ ਹਾਸਲ ਕਰੇ। ਇਸ ਦੀ ਪ੍ਰਾਪਤੀ 'ਤੇ ਸ੍ਰੀ ਰਾਹੁਲ ਗਾਂਧੀ ਵਲੋਂ ਵੀ ਪੱਤਰ ਲਿਖ ਕੇ ਪ੍ਰਸੰਸਾ ਕੀਤੀ ਗਈ। ਸੋ ਲੋੜ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਪੂਰੀਆਂ ਸੁਖ-ਸਹੂਲਤਾਂ ਤਾਂ ਮੌਜੂਦ ਹਨ ਪਰ ਜਜ਼ਬਿਆਂ ਦੀ ਘਾਟ ਹੈ, ਇਸ ਨੌਜਵਾਨ ਤੋਂ ਪ੍ਰੇਰਨਾ ਲੈਣ ਅਤੇ ਆਪਣੇ ਮੁਲਕ ਦੀ ਤਰੱਕੀ ਵਿਚ ਯੋਗਦਾਨ ਪਾਉਣ।


-ਧਰਮਿੰਦਰ ਸ਼ਾਹਿਦ ਖੰਨਾ
580, ਗਲੀ ਨੰ:10, ਕ੍ਰਿਸ਼ਨਾ ਨਗਰ, ਖੰਨਾ।


ਸੰਭਵ ਰੁਜ਼ਗਾਰ ਦੇ ਮੌਕੇ
ਅੱਜ ਦੁਨੀਆ 'ਚੋਂ ਜੀਵਨ ਨੂੰ ਸਹੀ ਸਲਾਮਤ ਚਲਾਉਣ ਲਈ ਕਾਨੂੰਨ ਤੇ ਸਮਾਜ ਅਨੁਸਾਰ ਨਿਰਧਾਰਤ ਕੰਮ ਕਰਨਾ ਪੈਂਦਾ ਹੈ, ਜਿਸ ਤੋਂ ਆਮਦਨ ਹੋ ਸਕੇ ਕਿਉਂਕਿ ਹਰ ਚੀਜ਼ ਪੈਸੇ ਦੀ ਆਉਂਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਦੁਨੀਆ ਵਿਚ ਜਨਸੰਖਿਆ ਦੇ ਹਿਸਾਬ ਨਾਲ ਰੁਜ਼ਗਾਰ ਦੇ ਸਾਧਨ ਮੌਜੂਦ ਨਹੀਂ ਹਨ। ਭਾਰਤ ਦੇਸ਼ ਵਿਚ ਹਰੇਕ ਵਿਅਕਤੀ ਤੱਕ ਰੁਜ਼ਗਾਰ ਪਹੁੰਚਾਉਣ ਲਈ ਨਰੇਗਾ ਸਕੀਮ ਜਿਸ ਵਿਚ ਪਰਿਵਾਰ ਲਈ 100 ਦਿਨ ਰੁਜ਼ਗਾਰ ਗਾਰੰਟੀ ਨਾਲ ਦਿੱਤਾ ਜਾਂਦਾ ਹੈ, ਨੂੰ ਵਧਾਉਣਾ ਪਵੇਗਾ। ਅਜਿਹਾ ਦੇਸ਼ ਵਿਚ ਮੌਜੂਦ ਸਾਧਨਾਂ ਨਾਲ ਹੀ ਕਰਨਾ ਸੰਭਵ ਹੈ ਸਿਰਫ ਲੋੜ ਹੈ ਉਪਰਾਲਾ ਕਰਨ ਦੀ। ਮਾਨਸਿਕ ਸਥਿਤੀ ਬਦਲਣੀ ਪਵੇਗੀ। ਸਥਾਪਿਤ ਹੋ ਚੁੱਕੇ ਰੁਜ਼ਗਾਰ ਸਾਧਨਾਂ ਨੂੰ ਲਗਾਤਾਰ ਵਧਾਉਣ ਤੇ ਵਿਕਾਸ ਲਈ ਯਤਨ ਕਰਨ ਦੀ ਲਹਿਰ ਚਲਾ ਕੇ ਹਰੇਕ ਦੇਸ਼ ਵਾਸੀ ਤੱਕ ਰੁਜ਼ਗਾਰ ਪਹੁੰਚਾਉਣਾ ਸੰਭਵ ਹੈ।


-ਬਿਹਾਲਾ ਸਿੰਘ, ਹੁਸ਼ਿਆਰਪੁਰ।


ਡੋਪ ਹੋਇਆ ਅਲੋਪ
ਡੋਪ ਟੈਸਟ ਵੀ ਇਕ ਮਾਤਰ ਟੈਸਟ ਨਾ ਹੁੰਦਾ ਹੋਇਆ ਰਾਜਨੀਤਕ ਮੁੱਦਾ ਬਣ ਕੇ ਰਹਿ ਗਿਆ, ਇਸ ਮੁੱਦੇ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਸਮਾਜਿਕ ਲਹਿਰ ਨੂੰ ਠੁੱਸ ਕਰਕੇ ਰੱਖ ਦਿੱਤਾ ਹੈ। ਸਮਾਜਿਕ ਲਾਹਨਤ ਬਣ ਚੁੱਕੀ ਨਸ਼ਿਆਂ ਤੋਂ ਬਚਾਉਣ ਲਈ ਕਿਸੇ ਵੀ ਨੇਤਾ ਨੇ ਹੰਭਲਾ ਮਾਰਨ ਦੀ ਬਜਾਇ ਆਪਣੇ-ਆਪ ਦੇ ਅਕਸ ਨੂੰ ਸੁਧਾਰਨ ਲਈ ਡੋਪ ਟੈਸਟ ਦੀ ਭੇਡ ਚਾਲ ਦਾ ਹਿੱਸਾ ਬਣ ਗਏ। ਨਸ਼ਿਆਂ ਦੀ ਦਲਦਲ ਵਿਚੋਂ ਜਵਾਨੀ ਨੂੰ ਕੱਢਣ ਦੀ ਬਜਾਇ ਹਰ ਕੋਈ ਡੋਪ ਟੈਸਟਾਂ ਦੀ ਲਾਈਨ ਵਿਚ ਨਜ਼ਰ ਆਉਣ ਲੱਗਿਆ ਜਿਸ ਤੋਂ ਸਿੱਧ ਹੁੰਦਾ ਸੀ ਕਿ ਹਰ ਕੋਈ ਆਪਣਾ ਦਾਗ਼ ਧੋਣ ਦੀ ਕੋਸ਼ਿਸ ਕਰ ਰਿਹੈ, ਸਮਾਜ ਦੀ ਮੁਸ਼ਕਿਲ ਨੂੰ ਸਮਝਣਾ ਕੋਈ ਜ਼ਰੂਰੀ ਨਹੀਂ ਸਮਝ ਰਿਹਾ ਸੀ। ਦੂਜੇ ਪਾਸੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨਾਲ ਸਮਾਜ ਗਹਿਰੇ ਸਦਮੇ ਤੇ ਭੈਭੀਤ ਵਾਲੇ ਮਾਹੌਲ ਵਿਚ ਗੁਜ਼ਰ ਰਿਹਾ। ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ, ਨਸ਼ੇ ਦੇ ਖ਼ਾਤਮੇ ਲਈ ਹੱਲ ਲੱਭੇ ਜਾਣ ਮੁੱਦੇ ਨਹੀਂ। ਜੇਕਰ ਡਾਕਟਰ ਨੂੰ ਆਪਣੇ ਕੰਮ 'ਤੇ ਹੀ ਯਕੀਨ ਨਹੀਂ, ਉਹ ਰੋਗੀ ਦਾ ਇਲਾਜ ਠੀਕ ਨਹੀਂ ਕਰ ਸਕੇਗਾ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।


'ਆਪ' ਦੀ ਅੰਦਰੂਨੀ ਲੜਾਈ
ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਇਕ ਨਵੇਂ ਪੰਜਾਬ ਦਾ ਸੁਪਨਾ ਵੇਖਿਆ ਸੀ। ਪਰ ਉਹ ਸੁਪਨਾ ਅਧੂਰਾ ਰਹਿ ਗਿਆ ਸੀ। ਅੱਜ ਉਹ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੋ ਫਾੜ ਨਜ਼ਰ ਆ ਰਹੀ ਹੈ। ਇਸ ਲਈ ਜ਼ਿੰਮੇਵਾਰ ਪਾਰਟੀ ਦੇ ਆਪਣੇ ਲੋਕ ਹੀ ਹਨ। ਕੁਝ ਲੋਕ ਇਹ ਕਹਿ ਰਹੇ ਹਨ ਕਿ ਇਸ ਦਾ ਕਾਰਨ ਖਹਿਰੇ ਦਾ ਕੁਰਸੀ ਨਾਲ ਮੋਹ ਹੈ ਅਤੇ ਜ਼ਿਆਦਾਤਰ ਇਹ ਵੀ ਕਹਿ ਰਹੇ ਹਨ ਕਿ ਇਹ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਆਪਹੁਦਰੀ ਨੀਤੀ ਇਸ ਦਾ ਕਾਰਨ ਹੈ। ਸ਼ਾਇਦ ਇਹ ਨੀਤੀ ਆਪਾਂ ਪਹਿਲਾਂ ਵੀ ਪੰਜਾਬ ਅਤੇ ਦਿੱਲੀ ਵਿਚ ਵੀ ਪਾਰਟੀ ਦੇ ਕਈ ਅਜਿਹੇ ਹੀ ਫ਼ੈਸਲਿਆਂ ਵਿਚ ਵੇਖ ਚੁੱਕੇ ਹਾਂ। ਜੇਕਰ ਅਜਿਹਾ ਹੈ ਤਾਂ ਆਪਣੇ-ਆਪ ਨੂੰ ਆਮ ਆਦਮੀ ਦੀ ਪਾਰਟੀ ਕਹਿਣ ਵਾਲੀ ਲੀਡਰਸ਼ਿਪ ਆਮ ਆਦਮੀ ਦੀ ਤਾਕਤ ਨੂੰ ਕਿਉਂ ਭੁੱਲ ਗਈ।


-ਗੁਰਦੀਪ ਸਿੰਘ।

10-08-2018

 ਭ੍ਰਿਸ਼ਟਾਚਾਰੀ ਹੋਣ ਦੀ ਲੋੜ ਕਿਉਂ?
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਖ਼ਬਰ ਕਿ ਹੁਣ ਰਿਸ਼ਵਤ ਦੇਣ ਵਾਲਿਆਂ ਨੂੰ ਨਵੇਂ ਬਣੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਹਿਮਤੀ ਤਹਿਤ ਸੱਤ ਸਾਲ ਦੀ ਕੈਦ ਹੋਵੇਗੀ। ਇਹ ਖ਼ਬਰ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਕ ਕਦਮ ਹੋ ਸਕਦਾ ਹੈ ਕਿਉਂਕਿ ਰਿਸ਼ਵਤ ਲੈਣਾ ਦੇਣਾ ਅੱਜਕਲ੍ਹ ਆਮ ਜਿਹੀ ਗੱਲ ਹੋ ਗਈ ਹੈ। ਪਰ ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਵਿਅਕਤੀ ਰਿਸ਼ਵਤ ਦੇ ਕਿਉਂ ਰਿਹਾ ਹੈ? ਕੋਈ ਵੀ ਵਿਅਕਤੀ ਆਪਣੀ ਖੁਸ਼ੀ ਨਾਲ ਰਿਸ਼ਵਤ ਨਹੀਂ ਦਿੰਦਾ, ਜਦੋਂ ਆਮ ਵਿਅਕਤੀ ਦੀ ਸੁਣਵਾਈ ਸਰਕਾਰੀ ਦਫ਼ਤਰਾਂ ਵਿਚ ਕਰਮਚਾਰੀਆਂ ਵਲੋਂ ਨਹੀਂ ਕੀਤੀ ਜਾਂਦੀ ਤਾਂ ਮਜਬੂਰਨ ਵਿਅਕਤੀ ਨੂੰ ਲੋੜ ਤੋਂ ਵੱਧ ਪੈਸੇ ਦੇ ਕੇ ਆਪਣਾ ਕੰਮ ਕਰਵਾਉਣਾ ਪੈਂਦਾ ਹੈ। ਇਥੇ ਗ਼ਲਤ ਕੌਣ ਹੈ? ਜੋ ਮਜਬੂਰਨ ਆਪਣੇ ਕੰਮ ਨੂੰ ਕਰਵਾਉਣ ਲਈ ਰਿਸ਼ਵਤ ਦੇ ਰਿਹਾ ਹੈ ਜਾਂ ਉਹ ਜੋ ਉਸ ਦੀ ਸੁਣਵਾਈ ਨਾ ਕਰਦੇ ਹੋਏ ਉਸ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰ ਰਹੇ ਹਨ। ਸਿਸਟਮ ਨੇ ਇਹ ਕਾਨੂੰਨ ਤਾਂ ਬਣਾ ਦਿੱਤਾ ਪਰ ਇਹ ਕਾਨੂੰਨ ਕਿੱਥੋਂ ਤੱਕ ਸਹੀ ਹੋਵੇਗਾ? ਇਸ ਤੋਂ ਪਹਿਲਾਂ ਵੀ ਕਿੰਨੇ ਕਾਨੂੰਨ ਬਣੇ ਹੋਏ ਹਨ ਤੇ ਰੋਜ਼ ਕਿੰਨੇ ਹੀ ਕਰਮਚਾਰੀ ਆਪਣੀ ਪਦਵੀ ਦਾ ਗ਼ਲਤ ਫਾਇਦਾ ਲੈਂਦੇ ਹੋਏ ਆਮ ਆਦਮੀ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਅਜਿਹਾ ਕਾਨੂੰਨ ਬਣਾਏ, ਜਿਸ ਨਾਲ ਕਿਸੇ ਵਿਅਕਤੀ ਨੂੰ ਰਿਸ਼ਵਤ ਦੇਣ ਦੀ ਲੋੜ ਨਾ ਪਵੇ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।


-ਮੋਨਿਕਾ
ਹਿੰਦੂ ਕੰਨਿਆ ਕਾਲਜ, ਕਪੂਰਥਲਾ।


ਰਸਮਾਂ-ਰਿਵਾਜਾਂ ਦੀ ਮਹੱਤਤਾ
ਪੰਜਾਬੀ ਜਨ-ਜੀਵਨ ਵੱਖ-ਵੱਖ ਰਸਮਾਂ, ਰਿਵਾਜਾਂ ਨਾਲ ਓਤਪੋਤ ਹੈ। ਹਰੇਕ ਕਬੀਲੇ, ਜਾਤ ਅਤੇ ਧਰਮ ਦੇ ਲੋਕਾਂ ਦੇ ਆਪਣੇ-ਆਪਣੇ ਰਿਵਾਜ ਹਨ, ਜਿਹੜੇ ਥੋੜ੍ਹੇ ਬਹੁਤੇ ਫ਼ਰਕ ਨਾਲ ਲਗਪਗ ਹਰ ਥਾਂ 'ਤੇ ਨਿਭਾਏ ਜਾਂਦੇ ਰਹੇ ਹਨ। ਅੱਜ ਤਕਨਾਲੋਜੀ ਦੇ ਯੁੱਗ ਵਿਚ ਸਥਿਤੀਆਂ ਦੇ ਬਦਲਣ ਤੇ ਲੋਕਾਂ ਦੀ ਸੋਚ ਦ੍ਰਿਸ਼ਟੀ ਵਿਚ ਪਰਿਵਰਤਨ ਆਉਣ ਨਾਲ ਭਾਵੇਂ ਇਨ੍ਹਾਂ ਸਾਰੇ ਰਸਮਾਂ-ਰਿਵਾਜਾਂ ਦੀ ਇੰਨ-ਬਿੰਨ ਪਾਲਣਾ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਇਹ ਰਸਮਾਂ-ਰਿਵਾਜ ਅੱਜ ਵੀ ਨਿਭਾਏ ਜਾ ਰਹੇ ਹਨ ਅਤੇ ਨਿਭਾਏ ਜਾਂਦੇ ਰਹਿਣਗੇ। ਅੱਜ ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਦੀ ਅਤੇ ਇਨ੍ਹਾਂ ਦੇ ਵਿਗਿਆਨਕ ਮਹੱਤਵ ਨੂੰ ਦ੍ਰਿੜ੍ਹ ਕਰਵਾਉਣ ਦੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਵਿਰਸੇ 'ਤੇ ਮਾਣ ਕਰ ਸਕਣ, ਇਨ੍ਹਾਂ ਦੀ ਮਰਿਆਦਾ ਨੂੰ ਸਮਝ ਸਕਣ। ਸਮੁੱਚੇ ਤੌਰ 'ਤੇ ਇਹ ਸਾਰੇ ਰਸਮ-ਰਿਵਾਜ ਮਨੁੱਖ ਨੂੰ ਮਨੁੱਖ ਨਾਲ, ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਾਲ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ ਜੋੜਦੇ ਹਨ।


-ਜਸ਼ਨਦੀਪ ਕੌਰ ਢਿੱਲੋਂ
ਭੁੱਟੀਵਾਲਾ, ਸ੍ਰੀ ਮੁਕਤਸਰ ਸਾਹਿਬ।


ਵਿਦੇਸ਼ੀ ਰੁਝਾਨ
ਦੁਨੀਆ ਦੇ ਲਗਪਗ ਹਰੇਕ ਦੇਸ਼ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਵਾਸਾ ਹੈ। ਪੁਰਾਣੇ ਸਮੇਂ ਤੋਂ ਕੁਝ ਲੋਕ ਰੁਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ ਗਏ ਸਨ ਅਤੇ ਬਹੁਤ ਸਾਰੇ ਲੋਕਾਂ ਨੂੰ ਦੇਸ਼ ਦੀ ਗੁਲਾਮੀ ਸਮੇਂ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰ ਤੇ ਅੰਗਰੇਜ਼ ਹਕੂਮਤ ਵਲੋਂ ਗੁਲਾਮ ਬਣਾ ਕੇ ਵੱਖ-ਵੱਖ ਦੇਸ਼ਾਂ ਵਿਚ ਆਪਣੀ ਲੋੜ ਅਨੁਸਾਰ ਭੇਜ ਦਿੱਤਾ ਗਿਆ ਜਾਂ ਵੇਚ ਦਿੱਤਾ ਗਿਆ ਸੀ।
ਅੱਜ ਭਾਰਤ ਆਜ਼ਾਦ ਦੇਸ਼ ਹੈ ਪਰ ਫਿਰ ਵੀ ਵਿਦੇਸ਼ੀ ਰੁਝਾਨ ਗੁਲਾਮੀ ਸਮੇਂ ਤੋਂ ਵੀ ਵਧੇਰੇ ਵਧ ਚੁੱਕਾ ਹੈ। ਅਜਿਹਾ ਕਿਉਂ? ਦਰਅਸਲ ਭਾਰਤ ਦੇਸ਼ ਵਿਚ ਸਰਕਾਰ ਦੀ ਦੇਖ-ਰੇਖ ਹੇਠ ਰੁਜ਼ਗਾਰ ਦੇ ਮੌਕਿਆਂ ਦੀ ਬਹੁਤ ਘਾਟ ਹੈ। ਜ਼ਿਆਦਾ ਕੰਮ ਪ੍ਰਾਈਵੇਟ ਹਨ, ਜਿਨ੍ਹਾਂ ਵਿਚ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਤਾਂ ਹੁੰਦਾ ਹੀ ਹੈ, ਨਾਲ ਹੀ ਅੱਠ ਘੰਟਿਆਂ ਤੋਂ ਜ਼ਿਆਦਾ ਕੰਮ ਲੈ ਕੇ ਸਰੀਰਕ ਤੇ ਮਾਨਸਿਕ ਘਾਣ ਵੀ ਕੀਤਾ ਜਾਂਦਾ ਹੈ। ਵਿਦੇਸ਼ਾਂ ਨੂੰ ਜਾਣ ਵਾਲਾ ਇਕ ਵਰਗ ਮਾਨਸਿਕ ਲਾਲਸਾ ਤੇ ਭਟਕਣਾ ਦਾ ਸ਼ਿਕਾਰ ਵੀ ਹੈ ਕਿਉਂਕਿ ਇਸ ਵਰਗ ਦੇ ਲੋਕਾਂ ਕੋਲ ਭਾਰਤ ਵਿਚ ਚੰਗੀਆਂ ਜ਼ਮੀਨਾਂ ਤੇ ਕਾਰੋਬਾਰ ਉਬਲਬਧ ਹੁੰਦੇ ਹਨ ਪਰ ਫਿਰ ਵੀ ਇਹ ਪੱਛਮੀ ਦੇਸ਼ਾਂ ਨੂੰ ਭੱਜਦੇ ਹਨ। ਸੋ, ਸਰਕਾਰ ਨੂੰ ਚਾਹੀਦਾ ਹੈ ਦੇਸ਼ ਵਿਚ ਹਰ ਪ੍ਰਕਾਰ ਦੇ ਕੰਮਕਾਜ ਅਰਥਾਤ ਰੁਜ਼ਗਾਰ ਸਬੰਧੀ ਠੋਸ ਨੀਤੀ ਬਣਾਵੇ ਤਾਂ ਜੋ ਕੰਮ ਬਦਲੇ ਢੁਕਵਾਂ ਮਿਹਨਤਾਨਾ ਮਿਲੇ ਤੇ ਪ੍ਰਾਈਵੇਟ ਮਾਲਕਾਂ ਨੂੰ ਸ਼ੋਸ਼ਣ, ਘਾਣ ਤੇ ਲੁੱਟ-ਖਸੁੱਟ ਬੰਦ ਕਰਨ ਲਈ ਪਾਬੰਦ ਕਰੇ।


-ਬਿਹਾਲਾ ਸਿੰਘ
ਹੁਸ਼ਿਆਰਪੁਰ।


ਬੇਰੁਜ਼ਗਾਰੀ
ਅਦਾਰਾ 'ਅਜੀਤ' ਵਲੋਂ ਸਮੇਂ-ਸਮੇਂ ਅਨੇਕਾਂ ਮੁੱਦੇ ਉਭਾਰ ਕੇ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਸਰਕਾਰ 'ਤੇ ਦਬਾਅ ਬਣਾ ਕੇ ਕਰਨ 'ਚ ਆਪਣੀ ਵਧੀਆ ਭੂਮਿਕਾ ਨਿਭਾਉਣ ਦੇ ਸਦਾ ਯਤਨ ਰਹੇ ਹਨ ਪਰ ਅੱਜ ਸਭ ਤੋਂ ਵੱਡਾ ਮੁੱਦਾ ਜੇ ਹੈ ਤਾਂ ਉਹ ਹੈ ਬੇਰੁਜ਼ਗਾਰੀ ਦਾ।
ਜੇਕਰ ਪੰਜਾਬ ਜਾਂ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਜਾਂ ਗ਼ੈਰ-ਸਰਕਾਰੀ ਰੁਜ਼ਗਾਰ ਮਿਲ ਜਾਵੇਗਾ ਤਾਂ ਸ਼ਾਇਦ ਮੇਰੀ ਨਿੱਜੀ ਰਾਇ ਅਨੁਸਾਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਰਕਾਰ ਵਲੋਂ ਗੰਭੀਰ ਹੋ ਕੇ ਘੱਟੋ-ਘੱਟ ਨੌਜਵਾਨਾਂ ਨੂੰ ਸਮੇਂ-ਸਮੇਂ ਰੁਜ਼ਗਾਰ ਦੇ ਕੇ ਸੰਭਾਲਣਾ ਅਤੀ ਜ਼ਰੂਰੀ ਹੈ। ਉਨ੍ਹਾਂ ਦੀ ਗਿਣਤੀ ਨਾ ਕੀਤੀ ਜਾਵੇ ਜਾਂ ਪੜ੍ਹਾਈ ਆਦਿ ਹੀ ਨਾ ਵੇਖੀ ਜਾਵੇ, ਉਨ੍ਹਾਂ ਦੀ ਉਮਰ ਅਨੁਸਾਰ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਚਲਿਆ ਜਾਵੇ। ਕਿਉਂਕਿ ਦੇਸ਼ ਦੇ ਦੁਸ਼ਮਣ ਜੋ ਦੇਸ਼ ਨੂੰ ਕਮਜ਼ੋਰ ਕਰਨ 'ਚ ਆਪਣੀ ਤਾਕ ਜਮਾਈ ਰੱਖਦੇ ਹਨ, ਉਹ ਨੌਜਵਾਨਾਂ ਨੂੰ ਵਰਲਗਾ ਕੇ ਆਪਣੇ ਮਗਰ ਨਾ ਲਾ ਸਕਣ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

09-08-2018

 ਪੰਜਾਬ 'ਚ ਮਾਤਮ
ਅੱਜ ਲਗਦਾ ਹੈ ਕਿ ਨਸ਼ਾ ਰੂਪੀ ਮੌਤ ਪੰਜਾਬ ਦੇ ਨੌਜਵਾਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਕਾਰਨ ਅੱਜ ਪੰਜਾਬ 'ਚ ਮਾਤਮ ਛਾਇਆ ਹੋਇਆ ਹੈ। ਬੇਹੱਦ ਭਾਵੁਕ ਕਰਨ ਵਾਲੀ ਗੱਲ ਇਹ ਹੈ ਕਿ ਮਰਨ ਵਾਲੇ ਬਹੁਤੇ ਨੌਜਵਾਨਾਂ ਦੀ ਉਮਰ 16-17 ਸਾਲਾਂ ਤੋਂ ਲੈ ਕੇ 25 ਕੁ ਸਾਲਾਂ ਤੱਕ ਹੈ। ਇਹ ਵੀ ਤੱਥ ਸਾਹਮਣੇ ਆ ਰਹੇ ਹਨ ਕਿ ਮਰਨ ਵਾਲੇ ਬਹੁਤੇ ਨੌਜਵਾਨ ਮਾਪਿਆਂ ਦੀ ਇਕਲੌਤੀ ਔਲਾਦ ਹੀ ਹਨ।
ਦੁੱਖਦਾਇਕ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕੁਝ ਨੌਜਵਾਨਾਂ ਦੇ ਵਿਆਹ ਹੋਇਆਂ ਨੂੰ ਸਾਲ-ਡੇਢ ਸਾਲ ਹੀ ਹੋਇਆ ਸੀ। ਇਨ੍ਹਾਂ ਸੁਹਾਗਣਾਂ ਦੀਆਂ ਇਕੱਲੀਆਂ ਚੂੜੀਆਂ ਹੀ ਨਹੀਂ ਟੁੱਟੀਆਂ, ਸਗੋਂ ਉਮਰ ਭਰ ਦੇ ਚਾਅ ਤੇ ਸੈਂਕੜੇ ਸੁਪਨੇ ਵੀ ਟੁੱਟ ਕੇ ਚੂਰ-ਚੂਰ ਹੋ ਗਏ ਹਨ। ਹੁਣ ਸਮਾਂ ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਨੂੰ ਇਕ-ਦੂਜੇ 'ਤੇ ਦੋਸ਼ ਲਾਉਣ ਦਾ ਨਹੀਂ ਹੈ। ਹੁਣ ਤਾਂ ਸਮਾਂ ਪੰਜਾਬ ਦੀ ਜਵਾਨੀ ਦੇ ਨਾਲ-ਨਾਲ ਸੁਹਾਗਣਾਂ ਦੇ ਸੁਹਾਗ ਬਚਾਉਣ ਦਾ ਹੈ। ਅਜਿਹਾ ਸਭ ਪੂਰੀ ਗੰਭੀਰਤਾ, ਦ੍ਰਿੜ੍ਹਤਾ ਤੇ ਇਮਾਨਦਾਰੀ ਨਾਲ ਹੀ ਹੋ ਸਕਦਾ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਮੂਰਖਤਾਪੂਰਨ ਫ਼ੈਸਲਾ
ਪਿਛਲੇ ਦਿਨੀਂ 'ਅਜੀਤ' ਵਿਚ ਖ਼ਬਰ ਪੜ੍ਹ ਕੇ ਹੈਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ ਕਿ ਡੇਰਾ ਬੱਸੀ ਦੇ ਨੇੜਲੇ ਪਿੰਡ ਮੁਕੰਦਪੁਰ ਵਿਚਲੇ ਖੇੜਾ ਮੰਦਿਰ ਦੇ ਪ੍ਰਬੰਧਕਾਂ ਵਲੋਂ ਇਹ ਤੁਗਲਕੀ ਫੁਰਮਾਨ ਜਾਰੀ ਕੀਤਾ ਗਿਆ ਕਿ ਕੋਈ ਵੀ ਦਲਿਤ ਮੰਦਿਰ ਵਿਚ ਪ੍ਰਵੇਸ਼ ਨਾ ਕਰੇ। ਜੇ ਕੋਈ ਭੁੱਲ ਕੇ ਵੀ ਚਲਿਆ ਗਿਆ ਤਾਂ ਉਸ ਨੂੰ 5100 ਰੁਪਏ ਜੁਰਮਾਨਾ ਕੀਤਾ ਜਾਵੇਗਾ। ਪਿਛਲੇ 5000 ਸਾਲਾਂ ਤੋਂ ਦਲਿਤ, ਕੋਈ ਵੀ ਕਸੂਰ ਕੀਤੇ ਤੋਂ ਬਿਨਾਂ ਹੀ ਸਜ਼ਾਵਾਂ ਭੁਗਤ ਰਹੇ ਹਨ। ਭਾਰਤੀ ਸਮਾਜ ਨੂੰ ਚਾਰ ਹਿੱਸਿਆਂ ਵਿਚ ਵੰਡਣ ਵਾਲੇ ਮੂਰਖਤਾਪੂਰਨ ਫ਼ੈਸਲੇ ਨੂੰ ਲਾਗੂ ਰੱਖਣ ਲਈ ਅੱਜ ਵੀ ਕਈ ਇਖਲਾਕ ਹੀਣ ਜਥੇਬੰਦੀਆਂ ਸਰਗਰਮ ਹਨ। ਭਾਰਤੀ ਕਾਨੂੰਨ ਅਨੁਸਾਰ ਦਲਿਤਾਂ ਨੂੰ ਮਿਲੇ ਹੱਕਾਂ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਅਜੇ ਮੰਦਿਰਾਂ ਵਿਚ ਵੀ ਨਹੀਂ ਵੜਨ ਦਿੱਤਾ ਜਾਂਦਾ, ਉਸ ਭਾਈਚਾਰੇ ਦੀ ਜੀਵਨ ਪੱਧਰ ਕਿੰਨਾ ਕੁ ਉੱਚਾ ਹੋ ਗਿਆ ਹੋਵੇਗਾ। ਕਿ ਉਸ ਦਾ ਵਿਰੋਧ ਕੀਤਾ ਜਾਵੇ। ਕੇਵਲ ਦਲਿਤਾਂ ਨੂੰ ਹੀ ਨਹੀਂ, ਸਗੋਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਨੂੰ ਉਪਰੋਕਤ ਮੰਦਿਰ ਦੇ ਮੂਰਖ ਪ੍ਰਬੰਧਕਾਂ ਦੇ ਇਸ ਮੂਰਖਤਾਪੂਰਨ ਫ਼ੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ।


-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਜ਼ਮੀਰ ਦੀ ਆਵਾਜ਼ ਨੂੰ ਪਛਾਣੋ

ਲੱਖਾਂ ਯਤਨਾਂ ਦੇ ਬਾਵਜੂਦ ਜਬਰ ਜਨਾਹ ਦੀਆਂ ਘਟਨਾਵਾਂ ਵਿਚ ਬਹੁਤਾ ਫ਼ਰਕ ਨਹੀਂ ਪੈਂਦਾ ਨਜ਼ਰ ਆਉਂਦਾ ਭਾਵੇਂ ਕਿ ਸਖ਼ਤ ਕਾਨੂੰਨ ਬਣ ਗਿਆ ਹੈ ਪਰ ਫਿਰ ਵੀ ਦਰਿੰਦਗੀ ਦਾ ਨੰਗਾ ਨਾਚ ਵੀ ਬੇਖੌਫ਼ ਚੱਲ ਰਿਹਾ ਹੈ। 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਜੀ 'ਹਮਦਰਦ' ਦਾ ਸੰਪਾਦਕੀ ਲੇਖ ਪੜ੍ਹਿਆਂ, ਮਨ ਨੂੰ ਧੂਹ ਜਿਹੀ ਪੈਂਦੀ ਹੈ। ਨਿੱਤ-ਦਿਨ ਵਾਪਰ ਰਹੇ ਨਿੱਕੀਆਂ ਬੱਚੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਤੇ ਪੁਲਿਸ ਦੇ ਵੱਡੇ ਅਫ਼ਸਰਾਂ ਵਲੋਂ ਜਾਂਚ ਵਿਚ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸਮਾਜ 'ਤੇ ਕਲੰਕ ਲਗਾਉਂਦੀਆਂ ਹਨ। ਇਕ ਪਾਸੇ ਅਸੀਂ ਕਹਿੰਦੇ ਹਾਂ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਫਿਰ ਉਨ੍ਹਾਂ ਦਰਿੰਦਿਆਂ ਨੂੰ ਬਚਾਉਣ ਲਈ ਕਿਸ ਹੱਦ ਤੱਕ ਚਲੇ ਜਾਂਦੇ ਹਨ। ਆਖਰ ਮਨੁੱਖ ਦੇ ਪਸ਼ੂ ਸੁਭਾਅ 'ਚ ਕਦੋਂ ਪਰਿਵਰਤਨ ਆਵੇਗਾ। ਅੱਜ ਲੋੜ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਨ ਦੀ।


-ਹਰਵਿੰਦਰ ਸਿੰਘ
ਨਿਊ ਗੁਰਨਾਮ ਨਗਰ, ਅੰਮ੍ਰਿਤਸਰ।


ਚੂਹਿਆਂ ਦੀ ਭਰਮਾਰ
ਕਿਸਾਨ ਨੂੰ ਨਿੱਕੀ ਤੋਂ ਨਿੱਕੀ ਚੀਜ਼ ਤੇਲਾ, ਜੂੰ ਆਦਿ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਖਾ ਰਹੀ ਹੈ। ਇਨ੍ਹਾਂ 'ਚ ਇਕ ਜਾਨਵਰ ਹੈ ਚੂਹਾ ਜੋ ਅੱਜਕਲ੍ਹ ਬਹੁਤ ਵੱਡੀ ਤਾਦਾਦ ਵਿਚ ਖੇਤਾਂ ਵਿਚ ਫਿਰ ਰਿਹਾ ਹੈ। ਪਿੱਛੇ ਜਿਹੇ ਖ਼ਬਰਾਂ ਮਿਲੀਆਂ ਕਿ ਚੂਹਾ ਖੇਤ ਵਿਚਲਾ ਨਰਮਾ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਅੱਜਕਲ੍ਹ ਚੂਹਾ ਝੋਨੇ ਦੀ ਫ਼ਸਲ ਨੂੰ ਵੀ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਕੁਝ ਸਾਲ ਪਹਿਲਾਂ ਸਰਕਾਰ ਚੂਹੇ ਦੇ ਹੱਲ ਲਈ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਚੂਹੇ ਮਾਰ ਦਵਾਈ ਭੇਜਦੀ ਸੀ। ਕਿਸਾਨ ਉਸ ਦਵਾਈ ਨੂੰ ਇਕੱਠੇ ਹੋ ਕੇ ਪਾਉਂਦੇ ਸਨ ਤਾਂ ਕੁਝ ਰਾਹਤ ਹੁੰਦੀ ਸੀ। ਪਰ ਹੁਣ ਸਰਕਾਰ ਨੇ ਇਹ ਦਵਾਈ ਬੰਦ ਕਰ ਦਿੱਤੀ ਹੈ। ਬਾਜ਼ਾਰ 'ਚ ਮਿਲਦੀ ਦਵਾਈ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਦੇ ਹੱਲ ਲਈ ਉਹ ਝੋਨੇ ਵਿਚ ਪਾਣੀ ਹੀ ਵਾਧੂ ਲਾਈ ਰੱਖਦਾ ਹੈ, ਜਦੋਂ ਕਿ ਝੋਨੇ ਨੂੰ ਹੁਣ ਪਾਣੀ ਦੀ ਏਨੀ ਲੋੜ ਨਹੀਂ ਹੈ। ਸਿਰਫ ਚੂਹੇ ਦੇ ਕਾਰਨ ਹੀ ਲੱਖਾਂ ਟਨ ਪਾਣੀ ਖਰਾਬ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਣੀ ਵੱਲ ਦੇਖ ਕੇ ਹੀ ਕਿਸਾਨਾਂ ਨੂੰ ਚੂਹੇ ਮਾਰ ਦਵਾਈ ਮੁਫ਼ਤ ਦੇਵੇ। ਕਿਸਾਨ ਵੀ ਚੂਹੇ ਦਾ ਹੋਰ ਹੱਲ ਕੱਢ ਕੇ ਪਾਣੀ ਦੀ ਵਰਤੋਂ ਸੋਚ-ਸਮਝ ਕੇ ਕਰੇ।


-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।


ਲੋੜ ਹੈ ਸੁਰੱਖਿਆ ਰਣਨੀਤੀ ਦੀ
ਪਿਛਲੇ ਦਿਨੀਂ ਬ੍ਰਿਗੇ: ਕੁਲਦੀਪ ਸਿੰਘ ਕਾਹਲੋਂ ਦਾ ਲੇਖ ਜਾਣਕਾਰੀ ਭਰਪੂਰ ਸੀ, ਜਿਸ ਰਾਹੀਂ ਲੇਖਕ ਨੇ ਫ਼ੌਜ ਦੀ ਟੈਕਨੀਕਲ ਰਿਪੋਰਟ ਜਨਤਕ ਕਰ ਕੇ ਇਕ ਚੌਕਸੀ ਵਾਲਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਵੀ ਦੇਸ਼ ਨੂੰ ਖਤਰਾ ਆਉਂਦਾ ਹੈ, ਜੰਗ ਲਗਦੀ ਹੈ, ਫ਼ੌਜ ਨੂੰ ਜਨਤਾ ਦਾ ਸਹਿਯੋਗ ਵੀ ਜਿੱਤ ਲਈ ਸ਼ਕਤੀਸ਼ਾਲੀ ਹੁੰਦਾ ਹੈ। ਫ਼ੌਜ ਨੂੰ ਹੋਰ ਤਾਕਤ ਦੇਣ ਲਈ ਸੁਰੱਖਿਆ ਰਣਨੀਤੀ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਬ੍ਰਿਗੇ: ਕਾਹਲੋਂ ਦੇ ਲੇਖ ਨੇ ਆਮ ਲੋਕਾਂ ਨੂੰ ਇਸ ਵਿਸ਼ੇ ਸਬੰਧੀ ਜਾਗਰੂਕ ਕੀਤਾ ਹੈ।


-ਜੋਗਿੰਦਰ ਸਿੰਘ ਪੰਛੀ
ਗੁਰੂ ਨਾਨਕ ਨਗਰ, ਪਟਿਆਲਾ।


ਅਜੇ ਵੀ ਬਹੁਤ ਕੁਝ ਬਾਕੀ
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਆਜ਼ਾਦੀ ਦੇ 71 ਸਾਲਾਂ ਦੌਰਾਨ ਸਾਡੇ ਦੇਸ਼ ਨੇ ਸਮਾਜਿਕ ਪੱਖੋਂ, ਸੂਚਨਾ, ਆਵਾਜਾਈ, ਵਿਗਿਆਨਕ, ਕਿਸਾਨੀ ਪੱਖੋਂ, ਨੀਲੀ ਕ੍ਰਾਂਤੀ, ਆਰਥਿਕ ਪੱਖੋਂ ਤੇ ਸੁਰੱਖਿਆ ਪੱਖੋਂ ਬਹੁਤ ਤਰੱਕੀ ਕੀਤੀ ਅਤੇ ਕਈ ਖੇਤਰਾਂ ਵਿਚ ਸਵੈ-ਨਿਰਭਰ ਹੋ ਕੇ ਵਿਸ਼ਵ ਵਿਚ ਆਪਣੀ ਯੋਗ ਥਾਂ ਬਣਾਈ ਹੈ। ਇਸ ਹੋਈ ਤਰੱਕੀ ਦੇ ਵਿਚ ਸਾਡੇ ਵਿਗਿਆਨੀਆਂ, ਕਿਸਾਨਾਂ, ਖੋਜੀਆਂ, ਫ਼ੌਜੀ ਵੀਰਾਂ, ਸਮੁੱਚੇ ਪ੍ਰਸ਼ਾਸਨ, ਸਤਿਕਾਰਯੋਗ ਅਧਿਆਪਕਾਂ ਅਤੇ ਨਾਗਰਿਕਾਂ ਦਾ ਬਹੁਤ ਵੱਡਾ ਅਹਿਮ ਯੋਗਦਾਨ ਰਿਹਾ ਹੈ। ਪਰ ਅੱਜ ਵੀ ਆਤਮ-ਹੱਤਿਆਵਾਂ ਰੋਕਣ ਲਈ, ਇਸਤਰੀ ਸੁਰੱਖਿਆ ਯਕੀਨੀ ਬਣਾਉਣ ਲਈ, ਅੰਧ-ਵਿਸ਼ਵਾਸਾਂ ਤੋਂ ਮੁਕਤ ਸੋਚ ਅਖ਼ਤਿਆਰ ਕਰਨ-ਕਰਵਾਉਣ ਅਤੇ ਸਮਾਜਿਕ ਕੁਰੀਤੀਆਂ ਦੂਰ ਕਰਕੇ ਮਿਲਵਰਤਣ ਤੇ ਵਿਸ਼ਵਾਸ ਵਧਾਉਣ ਹਿਤ ਜ਼ਰੂਰੀ ਕਦਮ ਚੁੱਕਣ ਦੀ ਸਾਨੂੰ ਖ਼ੁਦ ਨੂੰ ਲੋੜ ਹੈ। ਸੰਕੀਰਣ, ਸੌੜੀ ਤੇ ਨਾਕਾਰਾਤਮਕ ਸੋਚ ਦਾ ਤਿਆਗ ਕਰਕੇ ਅਤੇ ਵਿਗਿਆਨਕ ਸੋਚ ਅਪਣਾ ਕੇ ਘਰ, ਸਮਾਜ ਤੇ ਦੇਸ਼ ਦੀ ਤਰੱਕੀ ਲਈ ਸਹੀ ਸੋਚ ਰੱਖਣਾ ਚੰਗਾ ਉਪਰਾਲਾ ਹੋ ਸਕਦਾ ਹੈ ਅਤੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।


-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

 

08-08-2018

 ਬਿਜਲੀ ਬਚਾਓ
ਅੱਜਕਲ੍ਹ ਬਿਜਲੀ ਦੀ ਮੰਗ ਆਮ ਨਾਲੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ। ਕਾਰਨ ਹੈ ਸਾਡੇ ਜਿਵੇਂ ਦੇ ਹਾਲਾਤ ਹਨ, ਉਨ੍ਹਾਂ ਨਾਲ ਸਮਝੌਤਾ ਨਾ ਕਰਨ ਦੀ ਆਦਤ। ਮਿਸਾਲ ਦੇ ਤੌਰ 'ਤੇ ਅੱਜਕਲ੍ਹ ਭਲੇ ਹੀ ਬਿਜਲੀ ਦੀ ਉਪਲਬਧਤਾ ਘੱਟ ਹੈ ਅਤੇ ਖਪਤ ਜ਼ਿਆਦਾ ਪਰ ਸਾਡੇ ਪੱਖੇ ਚੱਲ ਰਹੇ ਹਨ। ਹਰ ਕਮਰੇ ਵਿਚ ਲਾਈਟਾਂ, ਬਲਬ ਬਿਨਾਂ ਵਜ੍ਹਾ ਚੱਲ ਰਹੇ ਹਨ। ਬੱਚੇ ਅਲੱਗ ਕਮਰਿਆਂ ਵਿਚ ਏ.ਸੀ., ਕੂਲਰ ਚਲਾ ਕੇ ਬੈਠੇ ਹਨ, ਵੱਡੇ ਅਲੱਗ ਬੈਠੇ ਹਨ। ਦੇਖਿਆ ਜਾਵੇ ਤਾਂ ਬਿਜਲੀ ਦੀ ਇਸ ਬਰਬਾਦੀ ਨਾਲ ਜਿਥੇ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਾਂ, ਉਥੇ ਸਾਡਾ ਆਪਣਾ ਬਜਟ ਵੀ ਕਿਤੇ ਵਧ ਜਾਂਦਾ ਹੈ। ਕੋਸ਼ਿਸ਼ ਕਰੀਏ ਕਿ ਜੇਕਰ ਆਪਾਂ ਦੂਜਿਆਂ ਦਾ ਭਲਾ ਨਹੀਂ ਕਰ ਸਕਦੇ ਤਾਂ ਆਪਣਾ ਭਲਾ ਹੀ ਕਰ ਲਈਏ। ਆਓ, ਪਹਿਲ ਕਰੀਏ, ਢੰਗ-ਤਰੀਕੇ ਨਾਲ ਇਸ ਦੀ ਵਰਤੋਂ ਕਰੀਏ।


-ਦਿਨੇਸ਼ ਖੇੜਾ
ਲੋਹੀਆ ਖ਼ਾਸ (ਜਲੰਧਰ)।


ਵਿਦਿਆਰਥੀਆਂ ਵਿਚ ਨਸ਼ਿਆਂ ਦਾ ਰੁਝਾਨ
ਨਸ਼ਾ ਇਕ ਅਜਿਹਾ ਜ਼ਹਿਰੀਲਾ ਪਦਾਰਥ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹੈ। ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ, ਬੁੱਧੀਹੀਣ, ਦਿਮਾਗ ਦੀ ਸਰੀਰ 'ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਨ ਬਣਦਾ ਹੈ। ਇਹ ਅਣਖ, ਸਵੈਮਾਨ ਅਤੇ ਜ਼ਮੀਰ ਦਾ ਗਲਾ ਘੁੱਟ ਦਿੰਦਾ ਹੈ। ਆਪਣੇ ਅਤੇ ਸਮਾਜ ਦੇ ਪਤਨ ਦਾ ਕਾਰਨ ਹੋ ਨਿਬੜਦਾ ਹੈ। ਉਂਜ ਤਾਂ ਨਸ਼ੇ ਹਰੇਕ ਵਿਅਕਤੀ ਲਈ ਘਾਤਕ ਹਨ ਪਰ ਸੰਸਾਰ ਪੱਧਰ 'ਤੇ ਵਿਦਿਆਰਥੀਆਂ ਵਿਚ ਵਧ ਰਿਹਾ ਨਸ਼ਿਆਂ ਦਾ ਰੁਝਾਨ ਬਹੁਤ ਹੀ ਚਿੰਤਾਜਨਕ ਹੈ। ਬਹੁਤ ਹੀ ਜ਼ਿਆਦਾ ਫ਼ਿਕਰ ਵਾਲੀ ਗੱਲ ਹੈ ਕਿ ਲੜਕੀਆਂ ਵੀ ਨਸ਼ਿਆਂ ਦੀ ਜਿੱਲ੍ਹਣ ਵਿਚ ਫਸ ਰਹੀਆਂ ਹਨ। ਚੰਗੇ ਕੰਮਾਂ ਲਈ ਮੁੰਡਿਆਂ ਦੀ ਬਰਾਬਰੀ ਕਰਨਾ ਮਾਣ ਵਾਲੀ ਗੱਲ ਹੈ ਪਰ ਨਸ਼ੇ ਵਰਗੀਆਂ ਅਲਾਮਤਾਂ ਲਈ ਬਰਾਬਰੀ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹੈ। ਇਸ ਲਈ ਸਮਾਂ ਰਹਿੰਦੇ ਇਸ 'ਤੇ ਕਾਬੂ ਪਾਉਣ ਦੀ ਲੋੜ ਹੈ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਸ਼ੇ ਵੱਲ ਵਧਦੇ ਕਦਮ
ਪ੍ਰਸ਼ਾਸਨ ਵੀ ਉਸ ਸਮੇਂ ਹੀ ਹਰਕਤ ਵਿਚ ਆਉਂਦਾ ਹੈ ਜਦੋਂ ਮਾਵਾਂ ਆਪਣੇ ਮੋਏ ਪੁੱਤਰਾਂ ਦੀਆਂ ਛਾਤੀਆਂ ਪਿੱਟਦੀਆਂ, ਭੁੱਬਾਂ ਮਾਰਦੀਆਂ ਹੋਈਆਂ ਇਨਸਾਫ਼ ਮੰਗਦੀਆਂ ਹੋਈਆਂ ਬੇਹੋਸ਼ ਹੁੰਦੀਆਂ ਹਨ। ਜ਼ਿਆਦਾਤਰ ਨੌਜਵਾਨ ਛੋਟੇ-ਮੋਟੇ ਨਸ਼ਿਆਂ ਦਾ ਸ਼ਿਕਾਰ ਹੁੰਦੇ ਹੋਏ ਮਾੜੀ ਸੰਗਤ 'ਚ ਪੈ ਨਸ਼ੇ ਦੀ ਓਵਰ ਡੋਜ਼ ਲੈਣੀ ਸ਼ੁਰੂ ਕਰਦੇ ਹਨ ਜੋ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਅਨੁਮਾਨ ਲਗਾਇਆ ਜਾਂਦਾ ਹੈ ਕਿ ਪੰਜਾਬ ਵਿਚ ਨਿਕੋਟਿਨ ਪਦਾਰਥਾਂ ਦੀ ਕੋਈ ਵੀ ਫੈਕਟਰੀ ਜਾਂ ਮੰਡੀ ਨਹੀਂ ਹੈ, ਜੋ ਸਿਗਰਟ, ਖੈਣੀ, ਤੰਬਾਕੂ ਆਦਿ ਭਾਰਤ ਦੇ ਬਾਕੀ ਰਾਜਾਂ ਤੋਂ ਆਉਂਦਾ ਹੈ। ਇਨ੍ਹਾਂ ਤੰਬਾਕੂ ਉਤਪਾਦਨਾਂ ਤੋਂ ਮਿਲਣ ਵਾਲੇ ਥੋੜ੍ਹੇ ਜਿਹੇ ਮਾਲੀਆ (ਟੈਕਸ) ਲਈ ਸਰਕਾਰ ਇਸ ਉੱਪਰ ਪਾਬੰਦੀ ਨਹੀਂ ਲਗਾਉਂਦੀ ਜੇਕਰ ਪ੍ਰਸ਼ਾਸਨ ਨੂੰ ਇਸ ਦੇ ਇਸਤੇਮਾਲ ਦੌਰਾਨ ਪ੍ਰਭਾਵ ਬਾਰੇ ਜਾਣਕਾਰੀ ਹੈ ਤਾਂ ਇਸ ਨੂੰ ਮੁਕੰਮਲ ਤੌਰ 'ਤੇ ਬੰਦ ਕਿਉਂ ਨਹੀਂ ਕੀਤਾ ਜਾਂਦਾ।
ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਨਤਕ ਥਾਵਾਂ 'ਤੇ ਇਸ ਦੀ ਵਰਤੋਂ ਆਮ ਹੁੰਦੀ ਹੈ, ਜਿਸ ਨਾਲ ਬਾਕੀ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ। ਭਲਾਈ ਇਸੇ ਵਿਚ ਹੈ ਕਿ ਨੌਜਵਾਨਾਂ ਨੂੰ ਛੋਟੀਆਂ ਗ਼ਲਤੀਆਂ ਤੋਂ ਰੋਕਿਆ ਜਾਵੇ ਤਾਂ ਹੀ ਪੰਜਾਬ ਬਚ ਸਕਦਾ ਹੈ।


-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਡਾਕ: ਨੌਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ।


ਮਹਿੰਗਾਈ ਦੀ ਸਮੱਸਿਆ
ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਲਗਾਤਾਰ ਝੱਲ ਰਹੀ ਹੈ ਪਰ ਸਰਕਾਰ ਇਸ ਉੱਪਰ ਕਾਬੂ ਪਾਉਣ ਵਿਚ ਬਹੁਤੀ ਸਫ਼ਲ ਨਹੀਂ ਹੋ ਸਕੀ। ਅੱਜ ਸਥਿਤੀ ਇਹ ਹੈ ਕਿ ਕੁਝ ਦਿਨ ਪਹਿਲਾਂ ਬਾਜ਼ਾਰ ਤੋਂ ਲਈ ਚੀਜ਼ ਨੂੰ ਜਦ ਦੁਬਾਰਾ ਲੈਣ ਜਾਂਦੇ ਹਾਂ ਤਾਂ ਉਸ ਦੀ ਕੀਮਤ ਵਿਚ ਪਹਿਲਾਂ ਨਾਲੋਂ ਵਾਧਾ ਹੋ ਗਿਆ ਹੁੰਦਾ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਜਿਸ ਨਾਲ ਹਰ ਵਰਗ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਇਆ ਪਿਆ ਹੈ। ਚੋਣਾਂ ਵੇਲੇ ਅਕਸਰ ਹੀ ਮਹਿੰਗਾਈ ਉੱਪਰ ਕਾਬੂ ਪਾਉਣ ਦੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿਚ ਉਸ ਉੱਪਰ ਕਾਰਵਾਈ ਹੀ ਨਹੀਂ ਕੀਤੀ ਜਾਂਦੀ। ਪੈਟਰੋਲ, ਡੀਜ਼ਲ, ਰਸੋਈ ਗੈਸ ਦੀ ਕੀਮਤ ਲਗਪਗ ਹਰ ਰੋਜ਼ ਵਧ ਰਹੀ ਹੈ ਪਰ ਸਰਕਾਰਾਂ ਦਾ ਇਸ ਉੱਤੇ ਕੋਈ ਵੀ ਕੰਟਰੋਲ ਨਹੀਂ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੇ ਮਹਿੰਗੇ ਹੋਣ ਦਾ ਕਾਰਨ ਜਮ੍ਹਾਂਖੋਰੀ ਹੈ, ਜਿਸ ਨੂੰ ਵਪਾਰੀ ਵਰਗ ਵਲੋਂ ਆਪਣੇ ਮੁਨਾਫ਼ੇ ਲਈ ਜਮ੍ਹਾਂ ਕਰ ਲਿਆ ਜਾਂਦਾ ਹੈ। ਮਹਿੰਗਾਈ ਉੱਪਰ ਕਾਬੂ ਪਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਗਾ ਕੇ ਜਮ੍ਹਾਂਖੋਰੀ ਨੂੰ ਸਖ਼ਤੀ ਨਾਲ ਖ਼ਤਮ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਸਸਤੇ ਮੁੱਲ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦਿਵਾਉਣਾ ਯਕੀਨੀ ਬਣਾਇਆ ਜਾਵੇ।


-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।


ਪਲਾਸਟਿਕ ਡਿਸਪੋਜ਼ੇਬਲ ਸਾਮਾਨ
ਵਿਆਹ ਸਮਾਗਮਾਂ ਆਦਿ ਵਿਚ ਪਲਾਸਟਿਕ ਦੀਆਂ ਡਿਸਪੋਜ਼ੇਬਲ ਪਲੇਟਾਂ, ਗਲਾਸਾਂ ਅਤੇ ਚਮਚਿਆਂ ਆਦਿ ਦਾ ਪਿਆ ਖਿਲਾਰਾ ਸੜਕਾਂ 'ਤੇ ਆਮ ਹੀ ਵੇਖਿਆ ਜਾ ਸਕਦਾ ਹੈ, ਜਿਸ ਨਾਲ ਗੰਦਗੀ ਤਾਂ ਫੈਲਦੀ ਹੀ, ਸਗੋਂ ਇਸ ਨੂੰ ਸਾੜਨ ਨਾਲ ਇਨ੍ਹਾਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਆਬੋ-ਹਵਾ ਵਿਚ ਘੁਲ ਜਾਣ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ, ਕਿਉਂਕਿ ਇਸ ਪਲਾਸਟਿਕ ਦੇ ਸਾਮਾਨ ਦੀ ਮੁੜ ਵਰਤੋਂ ਵੀ ਨਹੀਂ ਹੁੰਦੀ ਦੱਸੀ ਜਾਂਦੀ। ਇਸ ਸਾਮਾਨ ਦੀ ਪੈਕਿੰਗ ਵੀ ਕੰਪਨੀਆਂ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਕੀਤੀ ਜਾਂਦੀ ਹੈ, ਜਿਸ ਦਾ ਵੀ ਕੋਈ ਨਿਪਟਾਰਾ ਨਹੀਂ ਹੁੰਦਾ। ਵਿਆਹ ਸਮਾਗਮਾਂ ਆਦਿ ਵਿਚ ਵਰਤੇ ਜਾਂਦੇ ਇਸ ਪਲਾਸਟਿਕ ਦੇ ਸਾਮਾਨ 'ਤੇ ਪੂਰਨ ਰੂਪ ਵਿਚ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਇਸ ਦੇ ਬਦਲ ਵਜੋਂ ਕਾਗਜ਼, ਲੱਕੜੀ ਜਾਂ ਪੱਤਿਆਂ ਨਾਲ ਬਣੇ ਸਾਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ। ਪਲਾਸਟਿਕ ਦੇ ਸਾਮਾਨ ਦੀ ਵਰਤੋਂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਸਵੱਛ ਭਾਰਤ ਅਭਿਆਨ 'ਤੇ ਸਹੀ ਅਰਥਾਂ ਵਿਚ ਖਰਾ ਉਤਰਿਆ ਜਾ ਸਕੇ।


-ਅਮਰੀਕ ਸਿੰਘ ਚੀਮਾ, ਜਲੰਧਰ।


ਅਸੁਰੱਖਿਅਤ ਲੜਕੀਆਂ
2 ਅਗਸਤ ਨੂੰ 'ਅਜੀਤ' ਦੇ ਮੁੱਖ ਪੰਨੇ 'ਤੇ ਲੜਕੀਆਂ ਦੀ ਹੋ ਰਹੀ ਤਸਕਰੀ ਬਾਰੇ ਛਪੀ ਖਬਰ ਪੜ੍ਹ ਕੇ ਦਿਲ ਨੂੰ ਬੜੀ ਠੇਸ ਪਹੁੰਚੀ। ਰੋਜ਼ਾਨਾ ਅਖ਼ਬਾਰਾਂ ਵਿਚ ਲੜਕੀਆਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਖ਼ਬਰਾਂ ਪੜ੍ਹਦੇ ਹਾਂ। ਇਹ ਖ਼ਬਰ ਪੜ੍ਹ ਕੇ ਦਿਲ ਦਹਿਲ ਜਾਂਦਾ ਹੈ ਕਿ ਅੱਜ ਦੇ ਪੜ੍ਹੇ-ਲਿਖੇ ਯੁੱਗ ਵਿਚ ਵੀ ਲੜਕੀਆਂ ਦੀ ਅਜਿਹੀ ਸਥਿਤੀ ਹੈ। ਅੱਜਕਲ੍ਹ ਘੱਟ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਦੂਸਰੇ ਸਥਾਨਾਂ ਉਪਰ ਲਿਜਾ ਕੇ ਉਨ੍ਹਾਂ ਕੋਲੋਂ ਦੇਹ ਵਪਾਰ ਕਰਵਾਇਆ ਜਾਂਦਾ ਹੈ। 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਹੀ ਜਬਰ ਜਨਾਹ 'ਤੇ ਫਾਂਸੀ ਦੀ ਸਜ਼ਾ ਕਿਉਂ? 12 ਸਾਲ ਤੋਂ ਵੱਧ ਉਮਰ ਦੀਆਂ ਬੱਚੀਆਂ ਵੀ ਉਸੇ ਤਕਲੀਫ਼ ਵਿਚੋਂ ਹੀ ਗੁਜ਼ਰਦੀਆਂ ਹਨ। ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵਿਚ ਫਸਾਉਣ ਵਾਲੇ ਵੀ ਇਕ ਤਰ੍ਹਾਂ ਜਬਰ ਜਨਾਹ ਕਰਨ ਵਾਲੇ ਹੀ ਹੁੰਦੇ ਹਨ, ਉਨ੍ਹਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲੜਕੀਆਂ ਨੂੰ ਸੁਰੱਖਿਅਤ ਕਰਨ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਏ ਜਾਣ।


-ਨਵਨੀਤ ਕੌਰ
ਹਿੰਦੂ ਕੰਨਿਆ ਕਾਲਜ, ਕਪੂਰਥਲਾ।

07-08-2018

 ਮੁਸ਼ਕਿਲਾਂ ਦਾ ਮੁਕਾਬਲਾ ਕਰੀਏ
ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਦਿਲ ਕੰਬਾਊ ਖ਼ਬਰਾਂ ਛਪਦੀਆਂ ਹਨ। ਕਈ ਵਾਰੀ ਸੋਚੀਦਾ ਹੈ ਕਿ ਅਸੀਂ ਮੁਸ਼ਕਿਲਾਂ ਤੋਂ ਡਰ ਕੇ ਮਰਨ ਵਾਲੇ ਤਾਂ ਨਹੀਂ ਸੀ, ਸਗੋਂ ਡਟ ਕੇ ਸਾਹਮਣਾ ਕਰਨ ਵਾਲੇ ਸੀ। ਫਿਰ ਕਿਉਂ ਨਾ ਜਿਉਂਦੇ ਰਹਿ ਕੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਇਕ ਗੱਲ ਹੋਰ ਜਦੋਂ ਪਰਿਵਾਰ ਦਾ ਮਰਦ ਖੁਦਕੁਸ਼ੀ ਕਰਦਾ ਹੈ ਤਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਔਰਤ 'ਤੇ ਆ ਪੈਂਦੀ ਹੈ। ਕੀ ਉਹਦੇ ਮੋਢੇ ਵੱਧ ਮਜ਼ਬੂਤ ਹੁੰਦੇ ਹਨ, ਜ਼ਿੰਮੇਵਾਰੀ ਦਾ ਭਾਰ ਚੁੱਕਣ ਲਈ? ਜਿਹੜੇ ਖੁਦਕੁਸ਼ੀ ਕਰਨ ਲਈ ਸੋਚ ਰਹੇ ਹਨ, ਉਹ ਇਹ ਵੀ ਸੋਚ ਕੇ ਦੇਖ ਲੈਣ। ਆਪਣੀ ਸਮੱਸਿਆ ਸਾਰੇ ਪਰਿਵਾਰ ਦੇ ਸਾਹਮਣੇ ਰੱਖ ਕੇ ਦੇਖੋ, ਕੋਈ ਨਾ ਕੋਈ ਰਾਹ ਮਿਲ ਜਾਵੇਗਾ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਮਾਂ-ਬੋਲੀ ਦਾ ਸਪੂਤ
ਪਿਛਲੇ ਦਿਨੀਂ ਪੰਜਾਬੀ ਹਿਤੈਸ਼ੀ ਲੇਖਕਾਂ ਦੀ ਸੱਦੀ ਪੰਚਾਇਤ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਪਹਿਲਕਦਮੀ ਕਰਦਿਆਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਅਧੀਨ ਆਉਂਦੇ ਦੋਵੇਂ ਵਿਭਾਗਾਂ (ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ-ਸਪਾਟਾ) ਵਿਚ ਸਾਰਾ ਕੰਮ ਮਾਤ-ਭਾਸ਼ਾ ਵਿਚ ਕੀਤਾ ਜਾਵੇਗਾ। ਕੇਵਲ ਐਲਾਨ ਹੀ ਨਹੀਂ ਕੀਤਾ, ਸਗੋਂ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰੰਤ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ। ਕਿੰਨੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਭਾਸ਼ਾ ਦੇ ਆਧਾਰ 'ਤੇ ਬਣੇ ਇਸ ਛੋਟੇ ਜਿਹੇ ਸੂਬੇ ਵਿਚ ਵੀ ਮਾਤ ਭਾਸ਼ਾ ਲਾਗੂ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪਤਾ ਨਹੀਂ ਸਾਡੇ ਆਪਣੇ ਹੀ ਆਪਣੀ ਮਾਤ ਭਾਸ਼ਾ ਲਾਗੂ ਕਰਨ ਤੋਂ ਕਿਉਂ ਟਾਲਾ ਵੱਟਦੇ ਹਨ? ਸਿੱਧੂ ਸਾਹਿਬ ਦੇ ਇਸ ਫ਼ੈਸਲੇ ਤੋਂ ਬਾਕੀ ਮੰਤਰੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਐ।

-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

06-08-2018

 ਮੁਸ਼ਕਿਲਾਂ ਦਾ ਮੁਕਾਬਲਾ ਕਰੀਏ
ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਦਿਲ ਕੰਬਾਊ ਖ਼ਬਰਾਂ ਛਪਦੀਆਂ ਹਨ। ਕਈ ਵਾਰੀ ਸੋਚੀਦਾ ਹੈ ਕਿ ਅਸੀਂ ਮੁਸ਼ਕਿਲਾਂ ਤੋਂ ਡਰ ਕੇ ਮਰਨ ਵਾਲੇ ਤਾਂ ਨਹੀਂ ਸੀ, ਸਗੋਂ ਡਟ ਕੇ ਸਾਹਮਣਾ ਕਰਨ ਵਾਲੇ ਸੀ। ਫਿਰ ਕਿਉਂ ਨਾ ਜਿਉਂਦੇ ਰਹਿ ਕੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਇਕ ਗੱਲ ਹੋਰ ਜਦੋਂ ਪਰਿਵਾਰ ਦਾ ਮਰਦ ਖੁਦਕੁਸ਼ੀ ਕਰਦਾ ਹੈ ਤਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਔਰਤ 'ਤੇ ਆ ਪੈਂਦੀ ਹੈ। ਕੀ ਉਹਦੇ ਮੋਢੇ ਵੱਧ ਮਜ਼ਬੂਤ ਹੁੰਦੇ ਹਨ, ਜ਼ਿੰਮੇਵਾਰੀ ਦਾ ਭਾਰ ਚੁੱਕਣ ਲਈ? ਜਿਹੜੇ ਖੁਦਕੁਸ਼ੀ ਕਰਨ ਲਈ ਸੋਚ ਰਹੇ ਹਨ, ਉਹ ਇਹ ਵੀ ਸੋਚ ਕੇ ਦੇਖ ਲੈਣ। ਆਪਣੀ ਸਮੱਸਿਆ ਸਾਰੇ ਪਰਿਵਾਰ ਦੇ ਸਾਹਮਣੇ ਰੱਖ ਕੇ ਦੇਖੋ, ਕੋਈ ਨਾ ਕੋਈ ਰਾਹ ਮਿਲ ਜਾਵੇਗਾ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਮਾਂ-ਬੋਲੀ ਦਾ ਸਪੂਤ
ਪਿਛਲੇ ਦਿਨੀਂ ਪੰਜਾਬੀ ਹਿਤੈਸ਼ੀ ਲੇਖਕਾਂ ਦੀ ਸੱਦੀ ਪੰਚਾਇਤ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਪਹਿਲਕਦਮੀ ਕਰਦਿਆਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਅਧੀਨ ਆਉਂਦੇ ਦੋਵੇਂ ਵਿਭਾਗਾਂ (ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ-ਸਪਾਟਾ) ਵਿਚ ਸਾਰਾ ਕੰਮ ਮਾਤ-ਭਾਸ਼ਾ ਵਿਚ ਕੀਤਾ ਜਾਵੇਗਾ। ਕੇਵਲ ਐਲਾਨ ਹੀ ਨਹੀਂ ਕੀਤਾ, ਸਗੋਂ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰੰਤ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ। ਕਿੰਨੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਭਾਸ਼ਾ ਦੇ ਆਧਾਰ 'ਤੇ ਬਣੇ ਇਸ ਛੋਟੇ ਜਿਹੇ ਸੂਬੇ ਵਿਚ ਵੀ ਮਾਤ ਭਾਸ਼ਾ ਲਾਗੂ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪਤਾ ਨਹੀਂ ਸਾਡੇ ਆਪਣੇ ਹੀ ਆਪਣੀ ਮਾਤ ਭਾਸ਼ਾ ਲਾਗੂ ਕਰਨ ਤੋਂ ਕਿਉਂ ਟਾਲਾ ਵੱਟਦੇ ਹਨ? ਸਿੱਧੂ ਸਾਹਿਬ ਦੇ ਇਸ ਫ਼ੈਸਲੇ ਤੋਂ ਬਾਕੀ ਮੰਤਰੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਐ।


-ਕਵੀਸ਼ਰ ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

03-08-2018

 ਸੇਵਾ ਕੇਂਦਰ ਜਾਂ ਖੱਜਲ ਖੁਆਰੀ ਕੇਂਦਰ
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋੋਂ ਸ਼ੁਰੂ ਕੀਤੇ ਸੇਵਾ ਕੇਂਦਰ ਅੱਜਕੱਲ੍ਹ ਖੱਜਲ ਖੁਆਰੀ ਦਾ ਕੇਂਦਰ ਬਣੇ ਹੋੋਏ ਹਨ। ਸ: ਸੁਖਬੀਰ ਸਿੰਘ ਬਾਦਲ ਦੀ ਸੋੋਚ ਸੀ ਕਿ ਆਮ ਲੋੋਕਾਂ ਨੂੰ ਇਕ ਛੱਤ ਥੱਲੇ ਸਾਰੀਆਂ ਸਹੂਲਤਾਂ ਮਿਲਣ ਇਸ ਲਈ ਲਗਪਗ 20-20 ਲੱਖ ਰੁਪਏ ਖਰਚ ਕੇ 4-4, 5-5 ਪਿੰਡਾਂ ਮਗਰ ਇਕ-ਇਕ ਸੇਵਾ ਕੇਂਦਰ ਖੋੋਲ੍ਹਿਆ ਗਿਆ ਸੀ ਅਤੇ ਇਨ੍ਹਾਂ ਵਿਚ ਆਮ ਲੋੋਕਾਂ ਦੇ ਜਨਮ ਸਰਟੀਫਿਕੇਟ, ਹਲਫੀਆ ਬਿਆਨ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪਾਸਪੋੋਰਟ ਆਦਿ ਅਪਲਾਈ ਕਰਨ ਦੇ ਕੰਮ ਘਰ ਦੇ ਦਰ 'ਤੇ ਹੋੋ ਜਾਂਦੇ ਸਨ। ਪਰ ਕਾਂਗਰਸ ਸਰਕਾਰ ਵਲੋਂ ਇਨ੍ਹਾਂ ਸੇਵਾ ਕੇਂਦਰਾਂ ਵਿਚੋੋਂ ਚੱਲ ਰਹੇ ਸੇਵਾ ਕੇਂਦਰਾਂ ਨੂੰ ਇਕਦਮ ਬੰਦ ਕਰਕੇ ਆਮ ਲੋੋਕਾਂ ਨੂੰ ਨੇੜਲੇ ਸ਼ਹਿਰਾਂ ਵਿਚੋੋਂ ਚੱਲ ਰਹੇ ਸੇਵਾ ਕੇਂਦਰਾਂ ਵਿਚ ਜਾ ਕੇ ਆਪਣੇ ਕੰਮ ਕਰਵਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ। ਪਹਿਲਾਂ ਇਕ ਸੇਵਾ ਕੇਂਦਰ ਪਿੱਛੇ ਚਾਰ ਜਾਂ ਪੰਜ ਪਿੰਡ ਲੱਗਦੇ ਸਨ ਪ੍ਰੰਤੂ ਹੁਣ ਇਕ ਸੇਵਾ ਕੇਂਦਰ ਦੇ ਨਾਲ 50 ਪਿੰਡ ਲਗਾ ਦਿੱਤੇ ਗਏ ਹਨ ਪਰ ਸਟਾਫ ਪਹਿਲਾਂ ਜਿੰਨਾ ਹੀ ਹੋੋਣ ਕਾਰਨ ਆਮ ਲੋੋਕ ਖੱਜਲ-ਖੁਆਰ ਹੋ ਰਹੇ ਹਨ। ਸਵੇਰੇ ਅੱਠ ਵਜੇ ਤੋੋਂ ਜਾ ਕੇ ਵੀ ਲੋੋਕ ਸ਼ਾਮ ਨੂੰ ਬਿਨਾਂ ਕੰਮ ਹੋੋਏ ਲੋਕ ਘਰਾਂ ਨੂੰ ਨਿਰਾਸ਼ ਮੁੜ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਵਿਚ ਬਣੀਆਂ ਸ਼ਾਨਦਾਰ ਇਮਾਰਤਾਂ ਨੂੰ ਖੰਡਰ ਨਾ ਬਣਾਉਂਦੇ ਹੋੋਏ ਉਨ੍ਹਾਂ ਵਿਚ ਪਹਿਲਾਂ ਵਾਂਗ ਹੀ ਆਮ ਲੋੋਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰੇ ਜਿਸ ਨਾਲ ਆਮ ਲੋੋਕ ਅੱਜਕੱਲ੍ਹ ਸੇਵਾ ਕੇਂਦਰਾਂ ਵਿਚ ਹੋ ਰਹੀ ਖੱਜਲ-ਖੁਆਰੀ ਤੋੋਂ ਬਚ ਸਕਣ ਅਤੇ ਆਪਣਾ ਕੀਮਤੀ ਸਮਾਂ ਬਚਾ ਸਕਣ।


-ਗੁਰਦੀਪ ਸਿੰਘ ਮੰਡਾਹਰ
ਪਿੰਡ ਗੋੋਸਲ ਡਾਕ: ਸਹਾਰਨਮਾਜਰਾ, ਤਹਿ: ਪਾਇਲ ਜ਼ਿਲ੍ਹਾ ਲੁਧਿਆਣਾ।


ਸਾਦਾ ਜੀਵਨ ਉੱਚ ਵਿਚਾਰ
ਸਾਡੇ ਦੇਸ਼ ਵਿਚ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਦੀ ਪ੍ਰੰਪਰਾ ਸਦੀਆਂ ਪੁਰਾਣੀ ਹੈ। ਜਿੰਨੇ ਵੀ ਮਹਾਨ ਲੋਕ ਦੁਨੀਆ 'ਤੇ ਪੈਦਾ ਹੋਏ ਹਨ, ਉਨ੍ਹਾਂ ਨੇ ਆਪਣਾ ਜੀਵਨ ਸਾਦਾ ਬਤੀਤ ਕਰਦੇ ਹੋਏ ਆਪਣੇ ਉੱਚ ਵਿਚਾਰਾਂ ਨਾਲ ਆਪਣਾ ਅਤੇ ਆਲੇ-ਦੁਆਲੇ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਚੁੱਕਿਆ। ਇਕ ਵਾਰ ਲਾਲ ਬਹਾਦਰ ਸ਼ਾਸਤਰੀ ਜੀ ਨੇ ਵਿਦੇਸ਼ ਜਾਣਾ ਸੀ ਤਾਂ ਇਸ ਲਈ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੇ ਉਨ੍ਹਾਂ ਲਈ ਇਕ ਨਵਾਂ ਕੋਟ ਬਣਵਾਉਣ ਬਾਰੇ ਸੋਚਿਆ। ਉਨ੍ਹਾਂ ਦਰਜ਼ੀ ਨੂੰ ਨਾਪ ਲੈਣ ਲਈ ਬੁਲਾ ਲਿਆ ਅਤੇ ਕੋਟ ਦਾ ਨਵਾਂ ਕੱਪੜਾ ਉਸ ਨੂੰ ਦੇ ਦਿੱਤਾ। ਦਰਜੀ ਨਾਪ ਲੈ ਕੇ ਡਾਇਰੀ ਵਿਚ ਨੋਟ ਕਰਨ ਲੱਗਾ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਸ ਦੇ ਕੰਮ ਵਿਚ ਕੁਝ ਕਿਹਾ। ਕੁਝ ਦਿਨ ਬਾਅਦ ਜਦ ਦਰਜ਼ੀ ਲਿਫ਼ਾਫ਼ਾ ਲੈ ਕੇ ਆਇਆ ਤਾਂ ਉਸ ਵਿਚ ਪੁਰਾਣਾ ਹੀ ਕੋਟ ਸੀ। ਪਤਨੀ ਅਤੇ ਪੁੱਤਰ ਦੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਮੇਰਾ ਪੁਰਾਣਾ ਕੋਟ ਅਜੇ ਪਾਉਣਯੋਗ ਹੈ ਅਤੇ ਮੈਂ ਨਵੇਂ ਕੋਟ ਦਾ ਕੱਪੜਾ ਵੇਚ ਕੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰ ਦਿੱਤੀ। ਇਸੇ ਤਰ੍ਹਾਂ ਦੀ ਹੀ ਸਿੱਖਿਆ ਸਾਨੂੰ ਮਹਾਤਮਾ ਬੁੱਧ, ਮਹਾਤਮਾ ਗਾਂਧੀ ਅਤੇ ਡਾ: ਅਬਦੁੱਲ ਕਲਾਮ ਦੇ ਜੀਵਨ ਤੋਂ ਮਿਲਦੀ ਹੈ। ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਆਪਣਾ ਜੀਵਨ ਸਾਦਾ ਬਤੀਤ ਕਰਨ ਦੇ ਨਾਲ ਆਪਣੇ ਵਿਚਾਰਾਂ ਨੂੰ ਉੱਚਾ ਰੱਖਣਾ ਚਾਹੀਦਾ ਹੈ।


-ਪ੍ਰਿੰਸ ਅਰੋੜਾ
ਮਲੌਦ ਲੁਧਿਆਣਾ।


ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਲੋੜ
ਪਿਛਲੇ 4-5 ਸਾਲ ਤੋਂ ਪੰਜਾਬ ਭਰ ਵਿਚ ਸੜਕਾਂ ਚੌੜੀਆਂ ਕਰਨ ਦਾ ਕੰਮ ਵੱਡੀ ਪੱਧਰ 'ਤੇ ਚੱਲ ਰਿਹਾ ਹੈ। ਸਰਕਾਰਾਂ ਦੇ ਸੜਕਾਂ ਚੌੜੀਆਂ ਕਰਨ ਦੇ ਵਿਕਾਸਮੁਖੀ ਕਾਰਜ ਨੇ ਦਰੱਖਤਾਂ ਦਾ ਪੂਰੀ ਤਰ੍ਹਾਂ ਵਿਨਾਸ਼ ਕਰ ਦਿੱਤਾ ਹੈ। 10 ਸਾਲ ਤੋਂ ਲੈ ਕੇ 100 ਸਾਲ ਪੁਰਾਣੇ ਦਰੱਖਤਾਂ ਦਾ ਸਫ਼ਾਇਆ ਹੋ ਚੁੱਕਾ ਹੈ। ਅੱਜ ਪੰਜਾਬ ਦਰੱਖਤਾਂ ਦੀ ਘਾਟ ਕਾਰਨ ਤੰਦੂਰ ਵਾਂਗ ਤਪ ਰਿਹਾ ਹੈ। ਇਸ ਸਾਲ ਮਹਿਕਮਾ ਜੰਗਲਾਤ ਵਲੋਂ ਦਰੱਖਤ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰੀ ਨਰਸਰੀਆਂ ਵਿਚੋਂ ਮੁਫ਼ਤ ਵਿਚ ਦਰੱਖਤਾਂ ਦਾ ਖੁੱਲ੍ਹਾ ਗੱਫਾ ਦਿੱਤਾ ਜਾ ਰਿਹਾ ਹੈ। ਲੋਕਾਂ ਵਿਚ ਇਸ ਮੁਫ਼ਤ ਦੀ ਸਕੀਮ ਕਾਰਨ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਪਰ ਬੜੇ ਦੁੱਖ ਅਤੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ਦਰੱਖਤਾਂ ਦੀ ਸਾਂਭ-ਸੰਭਾਲ, ਦਰੱਖਤਾਂ ਦੀ ਰਾਖੀ ਅਤੇ ਪਾਣੀ ਦੇਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਸਰਕਾਰਾਂ ਦੀ ਨੀਅਤ ਅਤੇ ਨੀਤੀ ਇਮਾਨਦਾਰੀ ਤੋਂ ਸੱਖਣੀ ਹੈ। ਸਰਕਾਰਾਂ ਲੋਕ ਪੱਖੀ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਮੁਨਕਰ ਹਨ। ਆਮ ਜਨਤਾ ਦੇ ਜਾਗਰੂਕ ਹੋਣ ਨਾਲ ਆਪਣੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਸੁਚੇਤ ਅਤੇ ਚੇਤੰਨ ਹੋਣ ਨਾਲ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਦੀ ਸੰਭਾਵਨਾ ਹੋ ਸਕਦੀ ਹੈ।


-ਬਲਵਿੰਦਰ ਸਿੰਘ ਰੋਡੇ
ਮੋਗਾ।


ਪੰਜਾਬ ਅਤੇ ਨਸ਼ੇ
ਕੀ ਹੋ ਗਿਆ ਸਾਡੀ ਨੌਜਵਾਨ ਪੀੜ੍ਹੀ ਨੂੰ? ਹਰ ਰੋਜ਼ ਅਖ਼ਬਾਰ ਭਰੀ ਰਹਿੰਦੀ ਹੈ ਅਜਿਹੀਆਂ ਖ਼ਬਰਾਂ ਨਾਲ ਕਿ ਅੱਜ ਦੇ ਨੌਜਵਾਨ ਦਾ ਸਬੰਧ ਸਿਰਫ ਨਸ਼ੇ ਨਾਲ ਹੀ ਹੈ। ਨਸ਼ਾ ਕਰਨ ਵਾਲਾ ਇਨਸਾਨ ਹਰ ਰੋਜ਼ ਮਰਦਾ ਹੈ ਅਤੇ ਜਦੋਂ ਇਕ ਦਿਨ ਸਦਾ ਦੀ ਨੀਂਦ ਸੌਂ ਜਾਂਦਾ ਹੈ ਤਾਂ ਪਿੱਛੇ ਰਹਿ ਜਾਂਦਾ ਹੈ ਉਸ ਦਾ ਰੋਂਦਾ-ਕੁਰਲਾਉਂਦਾ ਪਰਿਵਾਰ, ਬੀਵੀ, ਬੱਚੇ ਅਤੇ ਮਾਪੇ। ਅਜਿਹੀਆਂ ਖ਼ਬਰਾਂ ਪੜ੍ਹ ਕੇ ਮਨ ਕਿੰਨਾ ਚਿਰ ਦੁਖੀ ਰਹਿੰਦਾ ਹੈ ਕਿ ਸਾਡੇ ਬੱਚੇ ਆਖ਼ਰ ਕਿੱਧਰ ਨੂੰ ਜਾ ਰਹੇ ਹਨ। ਇਹ ਵੀ ਸੱਚ ਹੈ ਕਿ ਖ਼ਬਰਾਂ ਜ਼ਿਆਦਾ ਪੰਜਾਬ ਨਾਲ ਸਬੰਧਿਤ ਹੁੰਦੀਆਂ ਹਨ। ਅੱਜ ਕੁੜੀਆਂ-ਮੁੰਡੇ ਦੋਵੇਂ ਹੀ ਬਰਾਬਰ ਦਾ ਨਸ਼ਾ ਲੈ ਰਹੇ ਹਨ ਆਖਿਰ ਕਿਉ? ਪੰਜਾਬ ਦੀ ਇਕ ਭਿਆਨਕ ਤਸਵੀਰ ਵੀ ਸਾਹਮਣੇ ਆ ਰਹੀ ਹੈ ਅਤੇ ਇਹ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਹਰ ਰੋਜ਼ ਘਰਾਂ ਦੇ ਕੀਮਤੀ ਚਿਰਾਗ ਨਸ਼ੇ ਨਾਲ ਬੁਝ ਰਹੇ ਹਨ। ਨਸ਼ੇ ਦੇ ਗੰਦੇ ਕੋਹੜ ਨੂੰ ਖ਼ਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਆਸ ਕਰਦੀ ਹਾਂ ਕਿ ਭਵਿੱਖ ਵਿਚ ਵਾਹਿਗੁਰੂ ਜੀ ਸਭ ਭਲੀ ਕਰਨ ਤੇ ਸਾਡੀ ਨੌਜਵਾਨ ਪੀੜ੍ਹੀ ਸਹੀ ਰਸਤੇ 'ਤੇ ਪਵੇ।


-ਹਰਪ੍ਰੀਤ ਕੋਰ
(ਐਮ.ਏ., ਬੀ.ਐਡ.), ਸੈਲੀ ਰੋਡ, ਪਠਾਨਕੋਟ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX