ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  54 minutes ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 3 hours ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 5 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 5 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 5 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 5 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਤੁਹਾਡੇ ਖ਼ਤ

06-12-2018

 ਦੁੱਗਣੀ ਆਮਦਨ
ਧਾਰਮਿਕ ਗ੍ਰੰਥਾਂ ਵਿਚ ਖੇਤੀਬਾੜੀ ਦੇ ਧੰਦੇ ਨੂੰ ਸਭ ਕੰਮਾਂ ਤੋਂ ਉੱਤਮ ਦੱਸਿਆ ਗਿਆ ਹੈ, ਕਿਉਂਕਿ ਮਨੁੱਖ ਇਹ ਕੰਮ ਆਪਣੀ ਆਜ਼ਾਦੀ ਨਾਲ ਕਰ ਸਕਦਾ ਹੈ ਤੇ ਨਾਲ ਹੀ ਕੁਦਰਤ ਨਾਲ ਜੁੜਿਆ ਰਹਿੰਦਾ ਹੈ। ਅਜੋਕੇ ਸਮੇਂ ਵਿਚ ਕਿਸਾਨ ਇਕ ਕੰਮ ਨੂੰ ਘਾਟੇ ਵਾਲਾ ਦੱਸ ਕੇ ਪ੍ਰੇਸ਼ਾਨ ਹੈ। ਵਿਅਕਤੀ ਭਾਵੇਂ ਕੋਈ ਵੀ ਕੰਮ ਕਰਦਾ ਹੋਵੇ ਪਰ ਆਖ਼ਰਕਾਰ ਉਸ ਨੇ ਰੋਟੀ ਤਾਂ ਖੇਤੀਬਾੜੀ ਦੇ ਧੰਦੇ ਵਿਚੋਂ ਹੀ ਖਾਣੀ ਹੁੰਦੀ ਹੈ। ਇਸ ਲਈ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਐਲਾਨ ਕਰ ਦਿੱਤੇ। ਸਵਾਲ ਇਹ ਉੱਠਦਾ ਹੈ ਕਿ ਕੀ ਦੁੱਗਣੀ ਆਮਦਨ ਨਾਲ ਕਿਸਾਨ ਖੁਸ਼ ਹੋ ਜਾਣਗੇ? ਦਰਅਸਲ ਕਿਸਾਨ ਦਾ ਮਨ ਤੇ ਸੋਚ ਜ਼ਮੀਨੀ ਪੱਧਰ ਨਾਲ ਜੁੜ ਕੇ, ਇਸ ਖੇਤੀਬਾੜੀ ਦੇ ਕੰਮ ਦੀ ਉੱਤਮਤਾ ਨੂੰ ਸਮਝ ਕੇ ਯੋਜਨਾਬੱਧ ਤਰੀਕੇ ਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਭਾਵਨਾ ਉਜਾਗਰ ਹੋਣੀ ਲਾਜ਼ਮੀ ਹੈ। ਉਤਪਾਦਨ ਵਿਚ ਵਾਧਾ ਤੇ ਸਾਲ ਬਾਅਦ ਫ਼ਸਲ ਦੀ ਕੀਮਤ ਵਿਚ ਵਾਧੇ ਨਾਲ ਕਿਸਾਨ ਦੀ ਆਮਦਨ ਤਾਂ ਕੁਝ ਸਾਲਾਂ ਵਿਚ ਦੁੱਗਣੀ ਹੋ ਹੀ ਜਾਂਦੀ ਹੈ। ਲੋੜ ਹੈ ਫੋਕੇ ਪ੍ਰਦਰਸ਼ਨ ਤੋਂ ਬਚ ਕੇ ਸ਼ਰਧਾਪੂਰਵਕ ਕੰਮ ਕਰਨ ਦੀ ਅਤੇ ਸਰਕਾਰ ਨੂੰ ਮਹਿੰਗਾਈ ਦੇ ਹਿਸਾਬ ਨਾਲ ਫ਼ਸਲਾਂ ਦਾ ਮੁੱਲ ਨਿਰਧਾਰਤ ਕਰਨਾ ਪਵੇਗਾ ਤਾਂ ਹੀ ਕਲਿਆਣ ਹੋਵੇਗਾ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਕਰਤਾਰਪੁਰ ਸਾਹਿਬ ਦਾ ਲਾਂਘਾ

ਪਾਕਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਮੰਤਰੀ ਦੁਆਰਾ ਦੋਵੇਂ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਿਤ ਕਰਨ ਦੇ ਉਦੇਸ਼ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਭਾਰਤ ਦੀ ਕੇਂਦਰ ਸਰਕਾਰ ਵੀ ਵਧਾਈ ਦੀ ਪਾਤਰ ਹੈ। ਇਸ ਨਾਲ ਜਿਥੇ ਦੋਵੇਂ ਦੇਸ਼ਾਂ ਵਿਚਕਾਰ ਪਿਆਰ ਤੇ ਵਪਾਰ ਵਧੇਗਾ, ਉਥੇ ਸਿੱਖ ਸੰਗਤਾਂ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ ਜਿਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 17 ਵਰ੍ਹੇ ਬਤੀਤ ਕੀਤੇ। ਇਥੇ ਹੀ ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ। ਇਸ ਨਾਲ ਵਿਕਾਸ ਪੱਖੋਂ ਪਛੜੇ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਰਾਜ ਸਰਕਾਰ ਵਲੋਂ ਵੀ ਯਤਨ ਆਰੰਭ ਕਰ ਦਿੱਤੇ ਹਨ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਸਦਕਾ ਹੀ ਇਹ ਲਾਂਘਾ ਖੁੱਲ੍ਹਿਆ ਹੈ ਤੇ ਰਾਜਨੀਤਕ ਦਲਾਂ ਤੇ ਸਿਆਸੀ ਲੀਡਰਾਂ ਦੁਆਰਾ ਇਸ ਮੁੱਦੇ 'ਤੇ ਸਿਆਸਤ ਬੰਦ ਕਰ ਦੇਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸਿੱਖ ਸੰਗਤਾਂ ਨੂੰ ਦਿੱਤਾ ਗਿਆ ਇਤਿਹਾਸਕ ਤੋਹਫ਼ਾ ਹੈ।


-ਕਮਲ ਕੋਟਲੀ।


ਅਵਾਰਾ ਪਸ਼ੂ
ਅੱਜ ਆਮ ਹੀ ਸੜਕਾਂ ਦੇ ਉੱਪਰ ਅਵਾਰਾ ਪਸ਼ੂਆਂ ਦੇ ਵੱਗ ਤੁਰਦੇ-ਫਿਰਦੇ, ਬੈਠੇ ਜਾਂ ਆਪਸ ਵਿਚ ਲੜਦੇ ਵਿਖਾਈ ਦਿੰਦੇ ਹਨ। ਅਵਾਰਾ ਪਸ਼ੂ ਆਪਸ ਵਿਚ ਲੜ ਕੇ ਰਾਹਗੀਰਾਂ ਨੂੰ ਤੇ ਆਸ-ਪਾਸ ਖੜ੍ਹੇ ਵਾਹਨਾਂ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਨ੍ਹਾਂ ਦੁਆਰਾ ਫ਼ਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਅੱਜ ਸਾਡੇ ਸਿਆਸੀ ਲੋਕਾਂ ਨੂੰ ਆਪਣੀ ਸ਼ੋਹਰਤ ਤੱਕ ਤੇ ਆਪਣੀ ਫੋਕੀ ਵਾਹ-ਵਾਹ ਤੱਕ ਮਤਲਬ ਹੈ। ਉਨ੍ਹਾਂ ਦਾ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਰਿਹਾ। ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਦਿਨ-ਬਦਿਨ ਵਧਦੀ ਹੀ ਜਾ ਰਹੀ ਹੈ। ਸੋ, ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਦਾ ਕੋਈ ਹੱਲ ਕੱਢਿਆ ਜਾਵੇ।


-ਹਰਿੰਦਰਜੀਤ ਸਿੰਘ, ਬਰਨਾਲਾ।


ਸਾਈਨ ਬੋਰਡ
ਭਾਰਤ ਦੀ ਅਰਥ-ਵਿਵਸਥਾ ਸੜਕਾਂ ਨਾਲ ਜੁੜੀ ਹੋਈ ਹੈ। ਪਰ ਇਸ ਦੇ ਉਲਟ ਰਾਹੀਆਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਲਗਾਏ ਜਾਂਦੇ ਸਾਈਨ ਬੋਰਡਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਜ਼ਿਆਦਾਤਰ ਤਾਂ ਦੇਖਿਆ ਜਾਂਦਾ ਹੈ ਕਿ ਲੋਕ ਭਲਾਈ ਤੇ ਵਿਕਾਸ ਮਹਿਕਮੇ ਜਾਂ ਹਾਈਵੇ ਅਥਾਰਿਟੀ ਵਲੋਂ ਜੋ ਦਿਸ਼ਾ-ਨਿਰਦੇਸ਼ ਲਈ ਲਗਾਏ ਜਾਂਦੇ ਬੋਰਡਾਂ ਦੀ ਸਥਿਤੀ ਨਕਸ਼ੇ ਮੁਤਾਬਿਕ ਨਹੀਂ ਹੁੰਦੀ। ਜੇਕਰ ਬੋਰਡ ਲੱਗ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ ਲਈ ਮਹਿਕਮੇ ਕੋਲ ਕਰਮਚਾਰੀ ਨਹੀਂ ਹੁੰਦੇ। ਪਿੰਡਾਂ ਦੀਆਂ ਸੜਕਾਂ 'ਤੇ ਲੱਗੇ ਬੋਰਡਾਂ ਨਾਲ ਜ਼ਿਆਦਾਤਰ ਸ਼ਰਾਰਤੀ ਅਨਸਰਾਂ ਵਲੋਂ ਛੇੜਛਾੜ ਕੀਤੀ ਜਾਂਦੀ ਹੈ, ਜਿਸ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਸਮਾਂ ਹੈ ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਦਾ ਅਤੇ ਰਾਹੀਆਂ ਨੂੰ ਸਹੀ ਰਸਤਾ ਦਿਖਾਉਣ ਦਾ।


-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।


ਅਧਿਆਪਕ ਅਤੇ ਪੰਜਾਬ ਸਰਕਾਰ
ਪ੍ਰਿੰ: ਤਰਸੇਮ ਬਾਹੀਆ ਹੁਰਾਂ ਦਾ ਲੇਖ ਪੜ੍ਹਿਆ 'ਪੰਜਾਬ ਸਰਕਾਰ ਲਈ ਠੀਕ ਨਹੀਂ ਹੈ ਅਧਿਆਪਕਾਂ ਦੇ ਰੋਸ ਨੂੰ ਨਜ਼ਰਅੰਦਾਜ਼ ਕਰਨਾ'। ਸਿੱਖਿਆ ਖੇਤਰ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾਇਆ ਜਾ ਰਿਹਾ ਹੈ। ਅਧਿਆਪਕ ਵਰਗ ਸਮਾਜ ਦਾ ਇਕ ਸਤਿਕਾਰਤ ਵਰਗ ਹੈ। ਸਰਕਾਰ ਨੂੰ ਇਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕਿਉਂ ਅਜਿਹਾ ਰੁੱਖਾਪਣ ਵਰਤਿਆ ਜਾ ਰਿਹਾ ਹੈ, ਸਮਝ ਤੋਂ ਪਰ੍ਹੇ ਹੈ। ਵਿੱਦਿਆ ਦਾ ਤਾਂ ਪੰਜਾਬ ਵਿਚ ਪਹਿਲਾਂ ਹੀ ਭੱਠਾ ਬੈਠਿਆ ਹੋਇਆ ਹੈ। ਏਨੇ ਵੱਡੇ ਇਕੱਠ ਨੂੰ ਵੀ ਅਣਗੌਲਿਆਂ ਕਰਨਾ ਸਰਕਾਰ ਦੀ ਬੇਰੁਖ਼ੀ ਕਹੀ ਜਾ ਸਕਦੀ ਹੈ। ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨੂੰ ਬਿਠਾ ਕੇ ਸਰਕਾਰ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੇ। ਸਰਕਾਰ ਸੋਚੇ ਏਨੀ ਨਿਗੂਣੀ ਤਨਖਾਹ ਨਾਲ ਅਧਿਆਪਕਾਂ ਦੇ ਘਰਾਂ ਦਾ ਚੁੱਲ੍ਹਾ ਕਿਵੇਂ ਚੱਲੇਗਾ। ਜੇ ਉਨ੍ਹਾਂ ਨੂੰ ਚੁੱਲ੍ਹਿਆਂ ਦਾ ਹੀ ਫ਼ਿਕਰ ਰਿਹਾ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ। ਵਿੱਦਿਆ ਦੇ ਨਿੱਜੀਕਰਨ ਨੇ ਵਿੱਦਿਆ ਦੇ ਮਿਆਰ ਨੂੰ ਕਾਫੀ ਢਾਅ ਲਾਈ ਹੈ। ਪ੍ਰਾਈਵੇਟ ਅਧਿਆਪਕ ਵਰਗ ਦਾ ਵੀ ਕਾਫੀ ਸ਼ੋਸ਼ਣ ਹੋ ਰਿਹਾ ਹੈ। ਸਰਕਾਰ ਨੂੰ ਦੇਰ ਨਹੀਂ ਕਰਨੀ ਚਾਹੀਦੀ। ਅਧਿਆਪਕ ਵਰਗ ਦੀਆਂ ਮਜਬੂਰੀਆਂ, ਦੁੱਖ ਤਕਲੀਫਾਂ ਸਰਕਾਰ ਤੁਰੰਤ ਸੁਣੇ ਤੇ ਹੱਲ ਕਰੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

03-12-2018

 ਇਕ ਅਧਿਕਾਰ ਇਹ ਵੀ...
ਭਾਰਤ ਦੇ ਸੰਵਿਧਾਨ ਵਿਚ ਦਰਜ ਆਰਟੀਕਲ 350-ਏ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ, ਪਰ ਜ਼ਿਆਦਾਤਰ ਆਮ ਲੋਕਾਂ ਨੂੰ ਜਾਂ ਵਿੱਦਿਅਕ ਅਦਾਰਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਇਸ ਆਰਟੀਕਲ ਵਿਚ ਲਿਖਿਆ ਹੈ ਕਿ ਦੇਸ਼ ਦੇ ਹਰ ਇਕ ਸਕੂਲ ਵਿਚ ਬੱਚਿਆਂ ਦੀ ਪ੍ਰਾਇਮਰੀ ਸਿੱਖਿਆ ਉਨ੍ਹਾਂ ਦੀ (ਉਸ ਰਾਜ) ਮਾਂ-ਬੋਲੀ ਵਿਚ ਹੋਣੀ ਚਾਹੀਦੀ ਹੈ। ਭਾਵ ਜਿਵੇਂ ਪੰਜਾਬ ਦੇ ਸਰਕਾਰੀ ਜਾਂ ਨਿੱਜੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੰਜਵੀਂ ਜਮਾਤ ਤੱਕ ਦੀ ਸਿੱਖਿਆ ਮਾਂ-ਬੋਲੀ (ਪੰਜਾਬੀ) ਵਿਚ ਲਾਜ਼ਮੀ ਹੈ ਪਰ ਇਹ ਕਾਨੂੰਨ ਸਾਡੇ ਦੇਸ਼ ਵਿਚ ਵੱਡੇ ਪੱਧਰ 'ਤੇ ਲਾਗੂ ਨਹੀਂ ਹੋਇਆ, ਜੋ ਕਿ ਪੰਜਾਬੀ ਸੱਭਿਆਚਾਰ ਜਾਂ ਹੋਰਾਂ ਸੂਬਿਆਂ ਦੇ ਆਪਣੇ ਸੱਭਿਆਚਾਰ ਤੇ ਪ੍ਰਭਾਵ ਪਾ ਰਿਹਾ ਹੈ। ਅੱਜਕਲ੍ਹ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਦੀ ਥਾਂ 'ਤੇ ਅੰਗਰੇਜ਼ੀ ਸਿਖਾਉਣ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਬੱਚੇ, ਜੇਕਰ ਮਾਂ-ਬੋਲੀ ਪੜ੍ਹਨਗੇ ਹੀ ਨਹੀਂ ਤਾਂ ਸੱਭਿਆਚਾਰ ਨਾਲ ਕਿਥੋਂ ਜੁੜਨਗੇ, ਜਿਹੜੇ ਬੱਚੇ ਅੰਗਰੇਜ਼ੀ ਭਾਸ਼ਾ ਪੜ੍ਹ ਰਹੇ ਹਨ ਤੇ ਉਨ੍ਹਾਂ ਦੀ ਰੁਚੀ ਵੀ ਪੱਛਮੀ ਸੱਭਿਅਤਾ ਵੱਲ ਹੋਵੇਗੀ। ਜੇਕਰ ਇਹੋ ਵਰਤਾਰਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਸੱਭਿਆਚਾਰ ਸਿਰਫ਼ ਫਿਲਮਾਂ ਜਾਂ ਮੇਲਿਆਂ ਦਾ ਹੀ ਹਿੱਸਾ ਬਣ ਕੇ ਰਹਿ ਜਾਵੇਗਾ।


-ਮਨਪ੍ਰੀਤ ਸਿੰਘ
ਚੰਦੂਆਂ ਖੁਰਦ, ਰਾਜਪੁਰਾ।


ਗੰਨੇ ਦੀ ਚੁਕਾਈ ਤੇ ਭੁਗਤਾਨ
ਮੌਜੂਦਾ ਸਮੇਂ ਦੌਰਾਨ ਗੰਨੇ ਦੀ ਪਿੜਾਈ ਸ਼ੁਰੂ ਨਾ ਹੋਣ ਕਾਰਨ ਪੰਜਾਬ ਸਰਕਾਰ ਨੇ ਨਿੱਜੀ ਮਿੱਲਾਂ ਨੂੰ ਤੁਰੰਤ ਪਿੜਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ, ਪ੍ਰੰਤੂ ਅਜੇ ਮਿੱਲਾਂ ਨੇ ਗੰਨੇ ਦੀ ਪਿੜਾਈ ਸ਼ੁਰੂ ਨਹੀਂ ਕੀਤੀ। ਗੌਰਤਲਬ ਹੈ ਕਿ ਕਿਸਾਨਾਂ ਨੂੰ ਅਜੇ ਸਾਲ 2017-18 ਦਾ ਕਰੋੜਾਂ ਰੁਪਏ ਦਾ ਭੁਗਤਾਨ ਹੋਣਾ ਬਾਕੀ ਪਿਆ ਹੈ। ਮਿੱਲਾਂ ਦੀ ਬੇਤਰਤੀਬੀ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਕਿਸਾਨਾਂ ਵਲੋਂ ਬੀਜਿਆ ਗੰਨਾ ਖੇਤਾਂ ਵਿਚ ਹੀ ਅੱਗ ਲਾ ਕੇ ਸਾੜਨ ਦੀ ਨੌਬਤ ਆ ਸਕਦੀ ਹੈ। ਜਿਥੇ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਮਿੱਲਾਂ ਪਾਸੋਂ ਕਿਸਾਨਾਂ ਦਾ ਗੰਨਾ ਖਰੀਦਣਾ ਚਾਹੀਦਾ ਹੈ, ਉਥੇ ਹੀ ਕਿਸਾਨਾਂ ਨੂੰ ਬਣਦਾ ਗੰਨੇ ਦਾ ਭੁਗਤਾਨ ਵੀ ਬਾਕੀ ਬਾਜ਼ਾਰ ਵਿਚ ਵਿਕਦੇ ਸਾਮਾਨ ਵਾਂਗ ਗੰਨੇ ਦੀ ਟਰਾਲੀ ਸੁੱਟਣ ਵੇਲੇ ਹੀ ਕਰਾਉਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

30-11-2018

 ਕਰਤਾਰਪੁਰ ਲਾਂਘਾ

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਸਵੀਕਾਰ ਹੋਣ 'ਤੇ ਪੰਜਾਬੀ ਹੀ ਨਹੀਂ, ਬਲਕਿ ਸਾਰੇ ਸੰਸਾਰ ਵਿਚ ਰਹਿੰਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਇੰਜ ਇਕ ਨਵੇਂ ਯੁੱਗ ਦਾ ਆਰੰਭ ਹੋਵੇਗਾ, ਜਿਸ ਵਿਚੋਂ ਦੋਸਤੀ ਅਤੇ ਭਾਈਚਾਰੇ ਦੀ ਮਹਿਕ ਆਏਗੀ। ਭਾਰਤ-ਪਾਕਿ ਵੰਡ ਧਰਤੀ ਦੀ ਵੰਡ ਸੀ ਜਦ ਕਿ ਸਾਂਝੀ ਵਿਰਾਸਤ ਇਕ ਬੋਲੀ ਇਕ ਸੱਭਿਆਚਾਰ ਦੀ ਵੰਡ ਨਾ ਕਦੇ ਹੋਈ ਨਾ ਹੋ ਸਕੇਗੀ। ਜਿਵੇਂ ਦੋ ਨਦੀਆਂ ਵੱਖ-ਵੱਖ ਹੋ ਕੇ ਇਕ ਸਥਾਨ 'ਤੇ ਮਿਲਦੀਆਂ ਹਨ, ਸ੍ਰੀ ਕਰਤਾਰਪੁਰ ਸਾਹਿਬ ਵੀ ਉਹੀ ਸਥਾਨ ਹੈ, ਜਿਥੇ ਸਮੂਹ ਪੰਜਾਬੀਅਤ ਦਾ ਸੁਮੇਲ ਹੋਵੇਗਾ। ਪ੍ਰਧਾਨ ਮੰਤਰੀ ਸਾਹਿਬ ਨੇ ਖ਼ੁਦ ਕਿਹਾ ਹੈ ਕਿ ਜੇ ਬਰਲਿਨ ਦੀ ਕੰਧ ਖੁੱਲ੍ਹ ਸਕਦੀ ਹੈ ਤਾਂ ਭਾਰਤ-ਪਾਕਿ ਰੁਕਾਵਟ ਵੀ ਦੂਰ ਹੋ ਸਕਦੀ ਹੈ। ਜੇ ਕੇਂਦਰ ਸਰਕਾਰ ਸੱਚੇ ਦਿਲੋਂ ਪੰਜਾਬ ਅਤੇ ਪੰਜਾਬ ਵਾਸੀਆਂ ਦਾ ਭਲਾ ਚਾਹੁੰਦੀ ਹੈ ਤਾਂ ਕਿਸੇ ਸਮੇਂ ਵਪਾਰ ਦਾ ਮੁੱਖ ਕੇਂਦਰ ਰਹੇ ਫ਼ਿਰੋਜ਼ਪੁਰ ਦੀ ਸਰਹੱਦ ਵੀ ਖੋਲ੍ਹ ਦੇਵੇ ਤਾਂ ਕਿ ਇਸ ਇਲਾਕੇ ਦਾ ਪਿਛੜਾਪਣ ਵੀ ਦੂਰ ਹੋ ਜਾਵੇ। ਇਹ ਦੋਵੇਂ ਦੇਸ਼ਾਂ ਦੇ ਗ਼ਰੀਬ ਲੋਕਾਂ ਦੇ ਹਿਤ ਵਿਚ ਵੀ ਹੋਵੇਗਾ।

-ਵਿਵੇਕ
ਕੋਟ ਈਸੇ ਖਾਂ (ਮੋਗਾ)।

ਮਾਪਿਆਂ ਦਾ ਫ਼ਰਜ਼

ਅੱਜਕਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਇਨਸਾਨ ਬਹੁਤ ਜ਼ਿਆਦਾ ਰੁਝ ਗਿਆ ਹੈ, ਜਿਸ ਕਰਕੇ ਆਪਣੇ ਸਕੇ ਸੰਬੰਧੀਆਂ ਨਾਲੋਂ ਤਾਂ ਕੀ ਆਪਣਿਆਂ ਕੋਲੋਂ ਵੀ ਦੂਰ ਹੁੰਦਾ ਜਾ ਰਿਹਾ ਹੈ ਪਰ ਇਕ ਫ਼ਰਜ਼ ਏਦਾਂ ਦਾ ਹੈ ਜਿਹੜਾ ਕਿ ਨਿਭਾਉਣਾ ਬਹੁਤ ਜ਼ਰੂਰੀ ਹੈ। ਉਹ ਹੈ ਮਾਪਿਆਂ ਦਾ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਕਿਉਂਕਿ ਅੱਜਕਲ੍ਹ ਪਤੀ-ਪਤਨੀ ਜ਼ਿਆਦਾਤਰ ਦੋਵੇਂ ਹੀ ਨੌਕਰੀਪੇਸ਼ਾ ਹਨ।
ਉਹ ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਜਿਸ ਕਰਕੇ ਉਨ੍ਹਾਂ ਕੋਲ ਘਰ ਵਾਸਤੇ ਬਹੁਤ ਘੱਟ ਸਮਾਂ ਬਚਦਾ ਹੈ ਤੇ ਸਾਰਾ ਦਿਨ ਦਫ਼ਤਰਾਂ ਤੇ ਕੰਮ ਵਾਲੀ ਥਾਂ 'ਤੇ ਹੀ ਨਿਕਲ ਜਾਂਦਾ ਹੈ, ਜਿਸ ਕਰਕੇ ਬੱਚਿਆਂ ਨੂੰ ਸਾਰਾ ਦਿਨ ਆਪਣੇ ਮਾਂ-ਬਾਪ ਤੋਂ ਬਿਨਾਂ ਹੀ ਗੁਜ਼ਾਰਨਾ ਪੈਂਦਾ ਹੈ ਤੇ ਬੱਚੇ ਇਕਲਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਕੋਈ ਵੀ ਥੋੜ੍ਹੀ ਜਿਹੀ ਅਪਣੱਤ ਦਿਖਾ ਕੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਗ਼ਲਤ ਜਾਂ ਹੋਰ ਅਸਮਾਜਿਕ ਕੰਮਾਂ ਵਿਚ ਉਲਝਾ ਸਕਦਾ ਹੈ ਤੇ ਨਤੀਜੇ ਵਜੋਂ ਬੱਚੇ ਰਸਤੇ ਤੋਂ ਭਟਕ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਨਰਕ ਬਣਾ ਲੈਂਦੇ ਹਨ। ਸੋ ਇਥੇ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢਣ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਲਿਜਾ ਕੇ ਆਪਣੇ ਮਾਪਿਆਂ ਨੂੰ ਵੀ ਨਿਸਚਿੰਤ ਕਰ ਸਕਣ।

-ਹਰਮਿੰਦਰ ਸਿੰਘ ਕੈਂਥ ਮਲੌਦ
ਪਿੰਡ ਤੇ ਡਾਕ: ਮਲੌਦ (ਲੁਧਿਆਣਾ)।

ਪੌਲੀਥੀਨ 'ਤੇ ਰੋਕ

ਪੰਜਾਬ ਵਿਚ ਸਰਕਾਰ ਵਲੋਂ ਪੋਲੀਥੀਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਕੁਝ ਦੁਕਾਨਦਾਰ ਜਾਂ ਸਬਜ਼ੀਆਂ ਦੀਆਂ ਰੇਹੜੀਆਂ ਵਾਲੇ ਵਿਅਕਤੀ ਪੌਲੀਥੀਨ ਦੀ ਵਰਤੋਂ ਕਰ ਰਹੇ ਹਨ। ਪੌਲੀਥੀਨ ਇਕ ਜਾਨ ਲੇਵਾ ਜ਼ਹਿਰੀਲਾ ਪਲਾਸਟਿਕ ਹੈ। ਇਸ ਨੂੰ ਅੱਗ ਲਗਾਈ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਜਾਨ ਲੇਵਾ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ। ਸਬੰਧਿਤ ਵਿਭਾਗ ਵਲੋਂ ਜੇਕਰ ਕਾਰਵਾਈ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਕਈ ਰੇਹੜੀ ਵਾਲਿਆਂ ਤੇ ਨਿੱਜੀ ਦੁਕਾਨਾਂ 'ਚੋਂ ਵਿਭਾਗ ਨੂੰ ਪੌਲੀਥੀਨ ਦੇ ਲਿਫ਼ਾਫ਼ੇ ਬਰਾਮਦ ਹੋ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸਪਲਾਈ ਲਾਈਨ ਨੂੰ ਤੋੜਿਆ ਜਾਵੇ ਤਾਂ ਜੋ ਪੌਲੀਥੀਨ ਦੀ ਸ਼ਹਿਰਾਂ ਵਿਚ ਆਮਦ ਬੰਦ ਹੋ ਸਕੇ।

-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।

ਪ੍ਰਭਾਵਸ਼ਾਲੀ ਲੇਖ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਸ੍ਰੀ ਸਤਨਾਮ ਸਿੰਘ ਮਾਣਕ ਦਾ ਲੇਖ 'ਪੰਜਾਬ ਨੂੰ ਖੇਤਰੀ ਕੌਮਪ੍ਰਸਤੀ ਦੀ ਲੋੜ' ਪੜ੍ਹਿਆ, ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸੀ। ਸਮੇਂ ਦੀ ਲੋੜ ਹੈ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰਨ ਕਿ ਸਮੂਹ ਪੰਜਾਬੀ ਆਪਣੀ ਬੋਲੀ, ਆਪਣੇ ਖਿੱਤੇ, ਆਪਣੇ ਸੱਭਿਆਚਾਰ ਤੇ ਆਪਣੇ ਇਤਿਹਾਸ ਦੇ ਆਧਾਰ 'ਤੇ ਆਪਣੀ ਇਕ ਵੱਖਰੀ ਪਛਾਣ ਰੱਖਦੇ ਹਨ ਅਤੇ ਉਨ੍ਹਾਂ ਨੇ ਰਲ-ਮਿਲ ਕੇ ਇਥੇ ਰਹਿਣਾ ਹੈ ਅਤੇ ਇਸ ਸੂਬੇ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਹਰ ਖੇਤਰ ਵਿਚ ਅੱਗੇ ਲੈ ਕੇ ਜਾਣਾ ਹੈ।

-ਹਰਿੰਦਰਜੀਤ ਸਿੰਘ
ਬਰਨਾਲਾ।

29-11-2018

 ਨਿਯਮਾਂ ਦੀ ਪਾਲਣਾ ਜ਼ਰੂਰੀ
ਸੜਕ ਉੱਤੇ ਡਰਾਈਵਿੰਗ ਕਰਨ ਵੇਲੇ ਨਿਯਮਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ ਅਤੇ ਇਸ ਲਈ ਬਕਾਇਦਾ ਨਿਯਮ ਵੀ ਬਣਾਏ ਗਏ ਹਨ ਪਰ ਜ਼ਿਆਦਾਤਰ ਲੋਕਾਂ ਦੀ ਇਹ ਸੋਚ ਬਣ ਗਈ ਹੈ ਕਿ ਨਿਯਮਾਂ ਦੀ ਪਾਲਣਾ ਸਿਰਫ ਪੁਲਿਸ ਦੇ ਡਰ ਤੋਂ ਜਾਂ ਚਲਾਨ ਤੋਂ ਬਚਣ ਲਈ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਲੋਕਾਂ ਨੇ ਆਪਣੇ ਵਲੋਂ ਇਹ ਨਿਯਮ ਹੀ ਬਣਾ ਲਿਆ ਹੈ ਕਿ ਜੇਕਰ ਲਾਲ ਬੱਤੀ ਹੋਣ 'ਤੇ ਕੋਈ ਨਹੀਂ ਦੇਖ ਰਿਹਾ ਤਾਂ ਨਿਯਮ ਤੋੜਨ ਵਿਚ ਹਰਜ਼ ਕੀ ਹੈ? ਅਜਿਹਾ ਕਰਦੇ ਵੇਲੇ ਲੋਕ ਭੁੱਲ ਜਾਂਦੇ ਹਨ ਕਿ ਇਸ ਪ੍ਰਕਾਰ ਦਾ ਵਰਤਾਰਾ ਜਿਥੇ ਆਪਣੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਉਥੇ ਹੀ ਸਾਹਮਣੇ ਤੋਂ ਆ ਰਹੇ ਕਿਸੇ ਬੇਗੁਨਾਹ ਲਈ ਵੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਚੰਡੀਗੜ੍ਹ ਜਾਂ ਦਿੱਲੀ ਵੜ੍ਹਨ ਸਾਰ ਸਾਰੇ ਹੀ ਗੱਡੀ ਚਾਲਕ ਨਿਯਮਾਂ ਦੀ ਇੰਨ-ਬਿਨ ਪਾਲਣਾ ਕਰਨ ਲੱਗਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਨਿਯਮਾਂ ਦੀ ਅਣਦੇਖੀ ਕਰਨ ਉੱਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਹੀ ਪਵੇਗਾ। ਸਾਨੂੰ ਸੜਕ ਨਿਯਮਾਂ ਦੀ ਪਾਲਣਾ ਆਪਣੀ ਅਤੇ ਦੂਜਿਆਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ ਨਾ ਕਿ ਚਲਾਨ ਤੋਂ ਬਚਣ ਲਈ। ਅਜਿਹਾ ਕਰਕੇ ਜਿਥੇ ਅਸੀਂ ਆਪਣੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇ ਸਕਦੇ ਹਾਂ, ਉਥੇ ਹੀ ਆਪਣੀ ਅਤੇ ਦੂਜਿਆਂ ਦੀ ਜਾਨ-ਮਾਲ ਦੀ ਰਾਖੀ ਕਰ ਸਕਦੇ ਹਾਂ।


-ਪ੍ਰਿੰਸ ਅਰੋੜਾ, ਮਲੌਦ (ਲੁਧਿਆਣਾ)।


ਨੌਜਵਾਨ ਤੇ ਸੋਚ
ਅੱਜ ਦਾ ਨੌਜਵਾਨ ਏਨਾ ਭਟਕ ਚੁੱਕਿਆ ਹੈ ਕਿ ਉਸ ਨੂੰ ਆਪਣੇ ਚੰਗੇ ਮਾੜੇ ਦੀ ਪਛਾਣ ਨਹੀਂ ਆਉਂਦੀ। ਕਾਲਜਾਂ ਵਿਚ ਵੀ ਆਮ ਕਰਕੇ ਨੌਜਵਾਨ ਗਰੁੱਪ ਬਣਾ-ਬਣਾ ਕੇ ਲੜਦੇ ਰਹਿੰਦੇ ਹਨ। ਆਮ ਕਰਕੇ ਇਹ ਗਰੁੱਪ ਇਕ-ਦੂਜੇ ਵਿਰੁੱਧ ਫੇਸਬੁੱਕ 'ਤੇ ਪੋਸਟਾਂ ਪਾ ਕੇ ਚੁਣੌਤੀ ਦਿੰਦੇ ਹਨ। ਰਹਿੰਦਾ-ਖੂੰਹਦਾ ਭੱਠਾ ਅੱਜ ਦੇ ਗਾਇਕਾਂ ਨੇ ਬਿਠਾ ਦਿੱਤਾ, ਜਿਹੜੇ ਗੀਤ ਹੀ ਗੁੰਡਾਗਰਦੀ ਅਤੇ ਵੈਲਪੁਣੇ ਦੇ ਉੱਪਰ ਗਾਉਂਦੇ ਹਨ, ਜਿਨ੍ਹਾਂ ਨੂੰ ਸੁਣ-ਸੁਣ ਨੌਜਵਾਨ ਆਪਣੇ-ਆਪ ਨੂੰ ਵੈਲੀ ਕਹਾਉਂਦੇ ਹਨ। ਅੱਜ ਦਾ ਨੌਜਵਾਨ ਕਿਤੇ ਨਾ ਕਿਤੇ ਆਪਣੇ-ਆਪ ਨੂੰ ਗਾਂਧੀ ਜਾਂ ਜੋਰਾ 10 ਨੰਬਰੀਆ ਕਹਾਉਣਾ ਚਾਹੁੰਦੈ, ਕਿਉਂਕਿ ਪਿੱਛੇ ਜਿਹੇ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ਨੇ ਉਨ੍ਹਾਂ 'ਤੇ ਪ੍ਰਭਾਵ ਪਾਇਆ ਹੈ। ਅੱਜ ਦੇ ਨੌਜਵਾਨ ਨੂੰ ਸੰਭਲਣ ਦੀ ਲੋੜ ਹੈ ਸਗੋਂ ਉਸ ਦੀ ਜਵਾਨੀ ਗੁੰਡਾਗਰਦੀ ਲਈ ਨਹੀਂ ਬਲਕਿ ਸਮਾਜ ਵਿਚ ਕੁਝ ਅਜਿਹਾ ਕਰਕੇ ਦਿਖਾਉਣ ਦੀ ਹੈ ਜਿਸ ਨਾਲ ਉਸ ਦੇ ਮਾਪਿਆਂ ਦਾ ਸਿਰ ਉੱਚਾ ਹੋਵੇ ਅਤੇ ਸਮਾਜ ਨੂੰ ਮਾਣ ਹੋਵੇ।


-ਗੁਰਪ੍ਰੀਤ ਨੰਦਗੜ੍ਹ
ਬੀ.ਏ. ਭਾਗ ਤੀਜਾ, ਗੁਰੂ ਨਾਨਕ ਕਾਲਜ, ਬੁਢਲਾਡਾ।


ਬੇਮੁੱਖ ਹੋ ਰਹੀ ਪੀੜ੍ਹੀ
ਅੱਜ ਦੀ ਨੌਜਵਾਨ ਪੀੜ੍ਹੀ ਵਿਚ ਭਾਰੂ ਅਸਹਿਣਸ਼ੀਲਤਾ ਨੂੰ ਬਾਖੂਬੀ ਬਿਆਨ ਕਰਦੀ ਹੈ ਮੋਬਾਈਲ, ਫ਼ਿਲਮਾਂ ਤੇ ਗੀਤ ਦੇ ਝੂਠੇ ਤੇ ਦਿਖਾਵੇਬਾਜ਼ ਸੱਭਿਆਚਾਰ ਨੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਕਰਕੇ ਉਹ ਆਪਣੇ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਨਾ ਜ਼ਰੂਰੀ ਨਹੀਂ ਸਮਝਦੇ। ਬਿਰਧ ਆਸ਼ਰਮਾਂ ਦੀ ਵਧ ਰਹੀ ਗਿਣਤੀ ਨੌਜਵਾਨਾਂ ਦੀ ਸਵਾਰਥੀ ਸੋਚ ਨੂੰ ਦਰਸਾਉਂਦੀ ਹੈ।


-ਹਿਮਾਂਸ਼ੂ ਭਗਤ, ਲਾਇਲਪੁਰ ਖ਼ਾਲਸਾ ਕਾਲਜ।


ਕੇਂਦਰ ਤੇ ਸੂਬੇ ਦੀ ਚੱਕੀ 'ਚ ਫਸੀ ਜਨਤਾ
ਭਾਰਤੀ ਰਾਜਨੀਤਕ ਢਾਂਚੇ ਵਿਚ ਕੇਂਦਰ ਤੇ ਸੂਬਿਆਂ ਵਿਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਜਿਸ ਵਿਚ ਕੇਂਦਰ ਤੇ ਸੂਬਿਆਂ ਨੂੰ ਅਧਿਕਾਰ ਦਿੱਤੇ ਗਏ ਹਨ। ਮੌਜੂਦਾ ਸਮੇਂ ਕੇਂਦਰ ਤੇ ਪੰਜਾਬ ਸੂਬੇ ਵਿਚ ਪਰਸਪਰ ਵਿਰੋਧੀ ਪਾਰਟੀਆਂ ਕਾਬਜ਼ ਹਨ। ਅੱਜਕਲ੍ਹ ਮਹਿੰਗਾਈ ਦੀ ਚੱਕੀ ਵਿਚ ਜਨਤਾ ਪੂਰੀ ਤਰ੍ਹਾਂ ਪਿਸ ਰਹੀ ਹੈ। ਕੇਂਦਰ ਸਰਕਾਰ ਸੂਬਾਈ ਸਰਕਾਰਾਂ ਨੂੰ ਅਤੇ ਸੂਬਾਈ ਸਰਕਾਰਾਂ ਕੇਂਦਰ ਨੂੰ ਇਸ ਲਈ ਜ਼ਿੰਮੇਵਾਰ ਦੱਸ ਕੇ ਆਪਣਾ-ਆਪਣਾ ਪੱਲਾ ਝਾੜ ਰਹੀਆਂ ਹਨ, ਜਿਸ ਕਰਕੇ ਜਨਤਾ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਜਿਵੇਂ ਕਿ ਪਿਛਲੇ ਦਿਨੀਂ ਕੇਂਦਰ ਵਲੋਂ ਪੰਜ ਰੁਪਏ ਪੈਟਰੋਲ ਦਾ ਰੇਟ ਘਟਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿਚ ਢਾਈ ਰੁਪਏ ਕੇਂਦਰ ਤੇ ਢਾਈ ਰੁਪਏ ਸੂਬੇ ਨੇ ਘਟਾਉਣੇ ਸਨ ਪਰ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਦੀ ਬਣਦੀ ਰਾਹਤ ਜਨਤਾ ਨੂੰ ਨਹੀਂ ਦਿੱਤੀ ਗਈ ਜਦ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਹਿੰਗਾਈ ਦੇ ਵਿਰੋਧ ਵਿਚ ਥਾਂ-ਥਾਂ 'ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਜਿੰਨਾ ਕੁ ਸੂਬਾ ਸਰਕਾਰ ਦੇ ਹੱਥ ਵਿਚ ਹੈ, ਉਹ ਓਨੀ ਕੁ ਰਾਹਤ ਵੀ ਜਨਤਾ ਨੂੰ ਨਹੀਂ ਦੇ ਰਹੀ ਤੇ ਇਸ ਮੁੱਦੇ 'ਤੇ ਵੀ ਆਪਣੀ ਰਾਜਨੀਤੀ ਚਮਕਾ ਰਹੀ ਹੈ, ਜਿਸ ਕਰਕੇ ਜਨਤਾ ਵਿਚਾਰੀ ਕੇਂਦਰ ਤੇ ਸੂਬੇ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੀ ਹੈ।


-ਹਰਮਿੰਦਰ ਸਿੰਘ ਕੈਂਥ ਮਲੌਦ
ਪਿੰਡ ਤੇ ਡਾਕ: ਮਲੌਦ।


ਮਾਂ-ਬੋਲੀ ਪੰਜਾਬੀ
ਪੰਜਾਬੀ ਮਾਂ-ਬੋਲੀ ਦੀ ਸੇਵਾ ਦੇ ਨਾਂਅ 'ਤੇ ਵੱਧ ਤੋਂ ਵੱਧ ਰਚਨਾ, ਕਹਾਣੀਆਂ ਤੇ ਨਾਵਲ ਲਿਖਣੇ ਜ਼ਰੂਰੀ ਹਨ, ਕਿਉਂਕਿ ਹੁਣ ਚੱਲ ਰਹੇ ਮਾਹੌਲ ਵਿਚ ਪੰਜਾਬੀ ਦੇ ਕਈ ਸ਼ਬਦ ਗਵਾਚਦੇ ਜਾ ਰਹੇ ਹਨ। ਸਾਡਾ ਵਿਰਸਾ, ਸਾਡੀਆਂ ਸਾਂਝਾਂ, ਸਾਡਾ ਸਿੱਖ ਇਤਿਹਾਸ, ਪੁਰਾਤਨ ਗੱਲਾਂਬਾਤਾਂ ਤੇ ਪੰਜਾਬੀ ਵਿਚ ਲਏ ਜਾਣ ਵਾਲੇ ਨਾਵਾਂ ਤੋਂ ਅੱਜਕਲ੍ਹ ਦੀ ਪਨੀਰੀ ਨੂੰ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਅੰਗਰੇਜ਼ੀ ਬੋਲੀ ਤੇ ਹਿੰਦੀ ਉੱਚੇ ਪੱਧਰ 'ਤੇ ਸਾਡੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਕਾਰਜਾਂ ਲਈ ਯਤਨਸ਼ੀਲ ਹੋਣਾ ਪਵੇਗਾ। ਅੱਜਕਲ੍ਹ ਸੱਭਿਆਚਾਰ ਦੇ ਨਾਂਅ 'ਤੇ ਬਹੁਤ ਸਾਰੀਆਂ ਗੰਦੀਆਂ ਕਲਮਾਂ ਤੇ ਬੋਲ ਉੱਭਰ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਅੰਗਰੇਜ਼ੀ ਦਾ ਮਿਸ਼ਰਣ ਕਰਕੇ ਪੰਜਾਬੀ ਬੋਲੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਆਖਰ ਵਿਚ ਇਕ ਵਾਰ ਫਿਰ ਮੈਂ ਸਾਰੀਆਂ ਕਲਮਾਂ ਤੇ ਗਾਉਣ ਵਾਲਿਆਂ ਨੂੰ ਬੇਨਤੀ ਰੂਪ ਵਿਚ ਅਪੀਲ ਕਰਦਾ ਹਾਂ ਕਿ ਆਓ ਪੰਜਾਬੀ ਮਾਂ-ਬੋਲੀ ਦੀ ਵਧਦੀ ਹੋਈ ਬੇਅਦਬੀ ਨੂੰ ਰੋਕਣ ਲਈ ਇਕਜੁੱਟ ਹੋਈਏ।


-ਸੁਖਚੈਨ ਸਿੰਘ ਠੱਠੀ ਭਾਈ
ਯੂ.ਏ.ਈ.।

28-11-2018

 ਰਿਸ਼ਤੇ
ਨਰਿੰਦਰਪਾਲ ਕੌਰ ਵਲੋਂ ਲਿਖਿਆ ਲੇਖ 'ਰਿਸ਼ਤੇ ਸੰਭਾਲਣਾ ਅਜੋਕੇ ਸਮੇਂ ਦੀ ਲੋੜ' ਪੜ੍ਹਿਆ। ਪੜ੍ਹ ਕੇ ਬਹੁਤ ਹੀ ਵਧੀਆ ਲੱਗਾ। ਜੋ ਪਿਆਰ ਅਤੇ ਅਹਿਸਾਸ ਮਾਸੀ, ਮਾਸੜ, ਚਾਚਾ, ਚਾਚੀ, ਤਾਇਆ, ਤਾਈ ਬੋਲਣ ਵਿਚ ਹੈ, ਅੰਕਲ ਅਤੇ ਅੰਟੀ ਸ਼ਬਦ ਬੋਲਣ ਵਿਚ ਉਹ ਪਿਆਰ ਅਤੇ ਆਪਣਾਪਨ ਮਹਿਸੂਸ ਨਹੀਂ ਹੁੰਦਾ। ਘਰੇਲੂ ਰਿਸ਼ਤੇ ਸਾਂਝੇ ਪਰਿਵਾਰਾਂ ਵਿਚ ਵਧਦੇ ਫੁਲਦੇ ਸਨ। ਇਕ ਚੁੱਲ੍ਹੇ ਦੇ ਆਲੇ-ਦੁਆਲੇ ਬੈਠ ਕੇ ਰੋਟੀ ਖਾਣ ਨਾਲ ਰਿਸ਼ਤਿਆਂ ਵਿਚ ਪਿਆਰ ਵਧਦਾ ਸੀ। ਕਿਸੇ ਦੀ ਖ਼ਬਰ ਸਾਰ ਲੈਣ ਲਈ ਖ਼ੁਦ ਚੱਲ ਕੇ ਜਾਣ ਨਾਲ ਪਿਆਰ ਵਧਦਾ ਸੀ। ਪਰਿਵਾਰ ਦੇ ਵਿਚ ਵੱਡੇ ਬਜ਼ੁਰਗਾਂ ਦੇ ਹੱਥ ਕਮਾਨ ਹੋਣ ਨਾਲ ਆਪਣਾਪਨ ਮਹਿਸੂਸ ਹੁੰਦਾ ਸੀ ਜੋ ਅੱਜਕਲ੍ਹ ਖ਼ਤਮ ਹੋ ਰਿਹਾ ਹੈ। ਰਿਸ਼ਤਿਆਂ ਵਿਚ ਪਿਆਰ ਅਤੇ ਵਿਸ਼ਵਾਸ ਖ਼ਤਮ ਹੋ ਰਿਹਾ ਹੈ ਅਤੇ ਸਵਾਰਥ ਵਧ ਰਿਹਾ ਹੈ। ਸੋ, ਰਿਸ਼ਤਾ ਕੋਈ ਵੀ ਹੋਵੇ, ਉਸ ਵਿਚ ਪਿਆਰ, ਸਤਿਕਾਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਸ ਰਿਸ਼ਤੇ ਨੂੰ ਅਸੀਂ ਲੰਮੇ ਸਮੇਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ।


-ਬਲਦੇਵ ਸਿੰਘ ਸ਼ੇਖੂਪੁਰਾ
ਕੰਪਿਊਟਰ ਅਧਿਆਪਕ (ਸ਼ਰਸ ਸਹਸ ਜੱਸੋਵਾਲ ਕੁਲਾਰ)।


ਕੁਦਰਤੀ ਆਫ਼ਤਾਂ
ਮਨੁੱਖ ਜ਼ਿੰਦਗੀ ਦੇ ਮੈਦਾਨ ਵਿਚ ਕਿਸੇ ਵੀ ਪੱਧਰ ਜਾਂ ਅਹੁਦੇ 'ਤੇ ਪਹੁੰਚ ਜਾਵੇ ਪਰ ਸੰਘਰਸ਼ ਤੇ ਸਮੱਸਿਆਵਾਂ ਉਸ ਦਾ ਪਿੱਛਾ ਨਹੀਂ ਛੱਡਦੀਆਂ, ਭਾਵ ਮਨੁੱਖੀ ਜੀਵਨ ਨਿਰੰਤਰ ਇਕ ਸੰਘਰਸ਼ ਦੀ ਹੀ ਪ੍ਰਕਿਰਿਆ ਹੈ। ਮਨੁੱਖ ਨੂੰ ਜੀਵਨ ਸੰਘਰਸ਼ ਵਿਚ ਕੁਦਰਤ ਦੇ ਨਿਯਮਾਂ ਅਤੇ ਸਮਾਜਿਕ ਜੀਵਨ ਢਾਂਚੇ ਨੂੰ ਸਮਝਦੇ ਹੋਏ ਆਪਣੇ-ਆਪ ਨੂੰ ਸਥਾਪਿਤ ਕਰਨਾ ਪਹਾੜ ਨੂੰ ਸਰ ਕਰਨ ਬਰਾਬਰ ਔਖਾ ਕੰਮ ਹੈ ਪਰ ਫਿਰ ਵੀ ਬਹੁਤੇ ਲੋਕ ਆਪਣੀ ਬੁੱਧੀ, ਗਿਆਨ-ਵਿਗਿਆਨ, ਧਿਆਨ ਤੇ ਮਿਹਨਤ ਸਦਕਾ ਆਪਣੀ ਜੀਵਨ ਚਾਲ ਨੂੰ ਲੀਹ 'ਤੇ ਲੈ ਹੀ ਆਉਂਦੇ ਹਨ। ਜ਼ਿੰਦਗੀ ਦੀ ਚਾਲ ਤੇ ਸਥਿਤੀ ਉਸ ਸਮੇਂ ਵਿਗੜਦੀ ਹੈ ਜਦੋਂ ਕੁਦਰਤੀ ਆਫ਼ਤਾਂ ਮਨੁੱਖੀ ਜੀਵਨ ਨੂੰ ਘੇਰ ਲੈਂਦੀਆਂ ਹਨ। ਹੜ੍ਹ, ਭੁਚਾਲ ਤੇ ਹੋਰ ਕੁਦਰਤੀ ਆਫ਼ਤਾਂ ਅੱਗੇ ਮਨੁੱਖ ਬੇਵੱਸ ਤੇ ਲਾਚਾਰ ਹੋ ਕੇ ਰਹਿ ਜਾਂਦਾ ਹੈ।
ਕੁਦਰਤੀ ਆਫ਼ਤਾਂ ਪਿੱਛੇ ਕੀ ਕਾਰਨ ਹੁੰਦੇ ਹਨ, ਇਸ ਬਾਰੇ ਮਨੁੱਖੀ ਦ੍ਰਿਸ਼ਟੀਕੋਣ ਵੱਖ-ਵੱਖ ਤੇ ਕਈ ਪ੍ਰਕਾਰ ਦੇ ਹੁੰਦੇ ਹਨ ਪਰ ਧਾਰਮਿਕ ਗ੍ਰੰਥਾਂ ਅਨੁਸਾਰ ਪ੍ਰਮਾਣਿਕ ਤੱਥ ਇਹ ਹੈ ਕਿ ਕੁਦਰਤੀ ਆਫ਼ਤਾਂ ਪਿੱਛੇ 70 ਫ਼ੀਸਦੀ ਕਾਰਨ ਕਿਸੇ ਨਾ ਕਿਸੇ ਪੱਧਰ 'ਤੇ ਮਨੁੱਖੀ ਅਮਲਾਂ ਨਾਲ ਜੁੜੇ ਹੋਏ ਹੁੰਦੇ ਹਨ ਭਾਵ ਸਮਾਜ ਵਿਚ ਮਨੁੱਖਤਾ ਦੀ ਸੇਵਾ, ਕਦਰ, ਇੱਜ਼ਤ, ਸਨਮਾਨ ਤੇ ਪਿਆਰ-ਮੁਹੱਬਤ ਦਾ ਪੱਧਰ ਅਤੇ ਮਨੁੱਖਾਂ ਦਾ ਕੁਦਰਤ ਪ੍ਰਤੀ ਵਤੀਰਾ ਕੀ ਹੈ? ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ। ਸੋ, ਆਓ ਸਾਰੇ ਮਨੁੱਖਾਂ ਨੂੰ ਮਨੁੱਖ ਸਮਝ ਕੇ ਇੱਜ਼ਤ ਕਰੀਏ ਅਤੇ ਕੁਦਰਤ ਦੇ ਨੇਮਾਂ ਮੁਤਾਬਿਕ ਆਪਣੇ ਜੀਵਨ ਨੂੰ ਢਾਲੀਏ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਸ਼ਲਾਘਾਯੋਗ ਫ਼ੈਸਲਾ
ਕੇਂਦਰ ਸਰਕਾਰ ਵਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਇਜਾਜ਼ਤ ਦੇਣੀ ਬਹੁਤ ਹੀ ਸ਼ਲਾਘਾਯੋਗ ਅਤੇ ਵੱਡਾ ਫ਼ੈਸਲਾ ਹੈ। 1947 ਦੀ ਵੰਡ ਦੌਰਾਨ ਪਾਕਿਸਤਾਨ ਵਿਚ ਰਹਿ ਗਏ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ, ਜਿਨ੍ਹਾਂ ਨਾਲੋਂ ਭਾਰਤੀ ਸਿੱਖਾਂ ਦਾ ਵਿਛੜਨਾ ਬੇਹੱਦ ਦੁਖਦਾਇਕ ਸੀ। ਕਰਤਾਰਪੁਰ ਸਾਹਿਬ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਸਾਲ ਗੁਜ਼ਾਰੇ ਸਨ, ਉਸ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਚਿਰੋਕਣੀ ਮੰਗ ਨੂੰ ਮੰਨੇ ਜਾਣ ਨਾਲ ਸਿੱਖਾਂ ਵਿਚ ਜਿਥੇ ਆਪਣੇ ਵਿਛੜੇ ਗੁਰਧਾਮ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ, ਉਥੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਤੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਵੀ ਹੋਰ ਬਲ ਮਿਲੇਗਾ। ਨਾਨਕ ਨਾਮ-ਲੇਵਾ ਸੰਗਤ ਲਈ ਇਹ ਬੇਹੱਦ ਚੰਗੀ ਖ਼ਬਰ ਹੈ।


-ਬਿਕਰਮਜੀਤ ਸਿੰਘ ਜੀਤ
ਸ੍ਰੀ ਅੰਮ੍ਰਿਤਸਰ।


ਕੋਈ ਕੰਮ ਛੋਟਾ ਨਹੀਂ
ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕੰਮ ਨੂੰ ਛੋਟਾ ਨਾ ਸਮਝਣ, ਸਗੋਂ ਜਿਹੜਾ ਵੀ ਰੁਜ਼ਗਾਰ ਮਿਲੇ, ਉਹੀ ਕੰਮ ਕਰ ਲੈਣਾ ਚਾਹੀਦਾ ਹੈ। ਅੱਜ ਦੇ ਦੌਰ ਵਿਚ ਵਧਦੀ ਹੋਈ ਬੇਰੁਜ਼ਗਾਰੀ ਸਿਰਫ ਸਾਡੇ ਦੇਸ਼ ਲਈ ਹੀ ਨਹੀਂ ਸਗੋਂ ਦੁਨੀਆ ਦੇ ਬਹੁਤ ਸਾਰੇ ਹੋਰ ਦੇਸ਼ਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਭਾਰਤ ਦੇਸ਼ ਵਿਚ ਬੇਰੁਜ਼ਗਾਰੀ ਦੀ ਲਾਈਨ ਲੰਮੀ ਹੁੰਦੀ ਜਾ ਰਹੀ ਹੈ। ਸਰਕਾਰਾਂ ਵਾਅਦੇ ਵੀ ਕਰਦੀਆਂ ਹਨ ਪਰ ਇਸ ਸਮੱਸਿਆ ਦਾ ਹੱਲ ਨਹੀਂ ਮਿਲ ਰਿਹਾ। ਸਵੈ-ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੈਂਪ ਵਗੈਰਾ ਲਾ ਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨ। ਜੇਕਰ ਅਜਿਹਾ ਕੁਝ ਕੀਤਾ ਜਾਵੇ ਤਾਂ ਮੈਨੂੰ ਲਗਦਾ ਹੈ ਕਿ ਇਸ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।


-ਹਰਿੰਦਰਜੀਤ ਸਿੰਘ
ਬਰਨਾਲਾ।

27-11-2018

 ਕਿਵੇਂ ਆਵੇ ਖੁਸ਼ਹਾਲੀ?
ਇਸ ਸਮੇਂ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਨੇ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਪੰਜਾਬ ਦੀ ਨੌਜਵਾਨੀ ਦੀਆਂ ਨਾੜਾਂ ਚਿੱਟੇ ਦੇ ਟੀਕਿਆਂ ਨਾਲ ਵਿੰਨ੍ਹੀਆਂ ਪਈਆਂ ਹਨ। ਇਨ੍ਹਾਂ ਨਸ਼ਿਆਂ ਤੋਂ ਰਾਹਤ ਦਿਵਾਉਣ ਲਈ ਕਈ ਸਿਆਸਤਦਾਨਾਂ ਤੇ ਬੁੱਧੀਜੀਵੀਆਂ ਦੁਆਰਾ ਅਫ਼ੀਮ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਨਸ਼ਿਆਂ ਤੋਂ ਹਟਾਉਣ ਲਈ ਨਸ਼ਿਆਂ ਦੀ ਵਰਤੋਂ ਕਰਨਾ ਤਾਂ ਖੂਹ 'ਚੋਂ ਕੱਢ ਕੇ ਖਾਤੇ 'ਚ ਸੁੱਟਣ ਵਾਲੀ ਗੱਲ ਹੈ। ਸਰਕਾਰ ਦੀ ਸਭ ਨਾਲੋਂ ਵੱਧ ਆਮਦਨ ਦਾ ਸਾਧਨ ਨਸ਼ੇ ਜਿਵੇਂ ਸ਼ਰਾਬ ਹੈ, ਉਸੇ ਤਰ੍ਹਾਂ ਸਰਕਾਰ ਅਫ਼ੀਮ-ਪੋਸਤ ਦੇ ਠੇਕੇ ਖੋਲ੍ਹ ਕੇ ਆਮਦਨ ਵਧਣ ਦਾ ਵਧੀਆ ਸਾਧਨ ਲੱਭ ਲਵੇਗੀ। ਠੇਕਿਆਂ ਦੇ ਲਾਇਸੰਸ ਵੀ ਜ਼ਿਆਦਾਤਰ ਅਮੀਰ ਅਤੇ ਰਸੂਖਵਾਨ ਵਿਅਕਤੀਆਂ ਨੂੰ ਮਿਲਣਗੇ ਅਤੇ ਆਮ ਬੰਦਾ ਰਿਸ਼ਵਤ ਦੇ ਕੇ ਲਾਇਸੰਸ ਲਵੇਗਾ, ਵਾਕਈ ਸਰਕਾਰ ਦੇ ਦੋਵੇਂ ਹੱਥੀਂ ਲੱਡੂ ਹੋਣਗੇ ਪਰ ਆਮ ਲੋਕਾਂ ਨੂੰ ਮਿਲੇਗਾ ਸਿਰਫ਼ ਨਸ਼ਾ। ਫਿਰ ਘਰ-ਘਰ ਪੈਦਾ ਹੁੰਦੇ ਨਸ਼ੇ ਨਾਲ ਖੁਸ਼ਹਾਲੀ ਕਿਵੇਂ ਆਏਗੀ?

-ਕਮਲ ਬਰਾੜ, ਪਿੰਡ ਕੋਟਲੀ ਅਬਲੂ।

ਹਵਾ ਪ੍ਰਦੂਸ਼ਣ 'ਚ ਕਮੀ
ਸਰਬਉੱਚ ਅਦਾਲਤ ਕੋਰਟ ਦੁਆਰਾ ਪਟਾਕਿਆਂ 'ਤੇ ਲਗਾਈ ਪਾਬੰਦੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਵਾ ਪ੍ਰਦੂਸ਼ਣ 'ਚ ਕੁਝ ਕਮੀ ਵੇਖਣ ਨੂੰ ਮਿਲੀ। ਸਰਕਾਰੀ ਅਪੀਲਾਂ, ਸੋਸ਼ਲ ਮੀਡੀਆ, ਸਕੂਲ, ਕਾਲਜਾਂ 'ਚ ਸੈਮੀਨਾਰ ਅਤੇ ਲੋਕਾਂ ਦੁਆਰਾ ਗ੍ਰੀਨ ਦੀਵਾਲੀ ਮਨਾਉਣ ਦੇ ਪ੍ਰਣ ਕਾਰਨ ਐਤਕੀਂ ਪਟਾਕਿਆਂ ਦੇ ਸ਼ੋਰ ਤੇ ਜ਼ਹਿਰੀਲੇ ਬਾਰੂਦ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ। ਇਸ ਵਾਰ ਗ੍ਰੀਨ ਦੀਵਾਲੀ ਦੇ ਪ੍ਰਚਾਰ ਨੂੰ ਅਮਲੀ ਤੌਰ 'ਤੇ ਅਪਣਾਉਂਦਿਆਂ ਰੂਪਨਗਰ ਜ਼ਿਲ੍ਹੇ ਦੇ ਲੋਕ ਪੰਜਾਬ ਲਈ ਮਿਸਾਲ ਬਣ ਗਏ। ਇਥੇ ਦੀਵਾਲੀ ਤੋਂ ਬਾਅਦ ਵੀ ਦੂਜੇ ਦਿਨ ਹਵਾ ਪਹਿਲਾਂ ਵਾਂਗ ਹੀ ਸਾਫ਼ ਰਹੀ ਜੋ ਕਿ ਸੂਬੇ ਭਰ ਦੇ ਲੋਕਾਂ ਲਈ ਇਕ ਸੰਦੇਸ਼ ਹੈ। ਵਾਤਾਵਰਨ ਦੀ ਮਹੱਤਤਾ ਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਨੂੰ ਸਮਝਦਿਆਂ ਐਤਕੀਂ ਬਹੁਤ ਸਾਰੇ ਸੂਝਵਾਨ ਕਿਸਾਨ ਵੀਰਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਜੇਕਰ ਲੋਕ ਆਉਣ ਵਾਲੇ ਸਮੇਂ 'ਚ ਵੀ ਇਸ ਧਾਰਨਾਂ ਦੇ ਪੱਕੇ ਰਹੇ ਤਾਂ ਆਉਣ ਵਾਲੇ ਸਮੇਂ 'ਚ ਇਹ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ ਜੋ ਕਿ ਪੰਜਾਬ ਵਾਸੀਆਂ ਤੇ ਵਾਤਾਵਰਨ ਪ੍ਰੇਮੀਆਂ ਲਈ ਸ਼ੁੱਭ ਸੰਕੇਤ ਹੈ।

-ਪਰਮ ਪਿਆਰ ਸਿੰਘ, ਨਕੋਦਰ।

ਪਾਣੀ ਦਾ ਮਹੱਤਵ
ਸਾਡੀ ਜ਼ਿੰਦਗੀ ਵਿਚ ਪਾਣੀ ਦਾ ਬਹੁਤ ਮਹੱਤਵ ਹੈ। ਜੇਕਰ ਧਰਤੀ 'ਤੇ ਪਾਣੀ ਹੈ ਤਾਂ ਹੀ ਜੀਵਨ ਸੰਭਵ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਤਰ੍ਹਾਂ ਪੰਜਾਬ ਅੰਦਰ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਇਹ ਸਹੀ ਨਹੀਂ ਹੈ। ਇਕ ਪਾਸੇ ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਪਾਣੀ ਦੀ ਦੁਰਵਰਤੋਂ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਣਗੀਆਂ। ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਇਹ ਹਰ ਨਾਗਰਿਕ ਦਾ ਫ਼ਰਜ਼ ਹੈ।

-ਅਵਤਾਰ ਸਿੰਘ ਕੈਂਥ
ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ।

ਨਿਰਦੋਸ਼ਾਂ ਦੇ ਦੋਸ਼
ਸੜਕਾਂ ਉੱਪਰ ਆਮ ਘੁੰਮ ਰਹੇ ਅਵਾਰਾ ਨਿਰਦੋਸ਼ ਪਸ਼ੂ ਜੋ ਕਿ ਗਿਣਤੀ ਵਿਚ ਝੁੰਡਾਂ ਵਿਚ ਹੁੰਦੇ ਹਨ, ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਦੇ ਦੋਸ਼ੀ ਬਣ ਜਾਂਦੇ ਹਨ। ਪਰ ਨਾਸਮਝ ਹੋਣ ਕਾਰਨ ਉਹ ਬਿਲਕੁਲ ਨਿਰਦੋਸ਼ ਹੁੰਦੇ ਹਨ। ਅਸਲ ਵਿਚ ਉਨ੍ਹਾਂ ਨਿਰਦੋਸ਼ਾਂ ਨੂੰ ਦੋਸ਼ੀ ਬਣਾਉਣ ਵਾਲੇ ਤਾਂ ਕੋਈ ਹੋਰ ਹੀ ਹਨ ਜੋ ਕਿ ਇਨ੍ਹਾਂ ਨਿਰਦੋਸ਼ਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਕੇ ਇਨ੍ਹਾਂ ਨੂੰ ਦੋਸ਼ੀ ਬਣਨ ਲਈ ਮਜਬੂਰ ਕਰ ਦਿੰਦੇ ਹਨ।

-ਮਾ: ਉਪਕਾਰਜੀਤ ਸਿੰਘ ਮੰਡੇਰ
ਤੰਗਰਾਲੀ।

26-11-2018

 ਇਕ ਚੰਗਾ ਰੁਝਾਨ
ਪਿਛਲੇ ਦਿਨੀਂ ਸੰਪਾਦਕੀ 'ਇਕ ਚੰਗਾ ਰੁਝਾਨ' ਪੜ੍ਹਿਆ, ਬਹੁਤ ਵਧੀਆ ਲੱਗਿਆ। ਉਨ੍ਹਾਂ ਨੇ ਅੰਕੜਿਆਂ ਦੇ ਹਵਾਲੇ ਦੇ ਕੇ ਵਾਤਾਵਰਨ ਨੂੰ ਲੈ ਕੇ ਪੰਜਾਬ ਦੇ ਵਾਸੀਆਂ ਨੂੰ ਚੰਗੀ ਸੂਚਨਾ ਦਿੱਤੀ ਅਤਿ ਸਿਆਣੇ ਹੋਣ ਦਾ ਸਬੂਤ ਦੇਣ ਤੇ ਸਮੁੱਚੇ ਲੋਕਾਂ ਦਾ ਇਕ ਤਰੀਕੇ ਨਾਲ ਧੰਨਵਾਦ ਵੀ ਕੀਤਾ। ਇਸ ਵਾਰ ਦੀਵਾਲੀ 'ਤੇ ਆਤਿਸ਼ਬਾਜ਼ੀ ਕਾਫ਼ੀ ਘੱਟ ਚਲਾਈ ਗਈ, ਸਿੱਟੇ ਵਜੋਂ ਪ੍ਰਦੂਸ਼ਣ ਦੀ ਗੁਣਵੱਤਾ ਘਟੀ ਹੈ। ਲਗਪਗ 29 ਫ਼ੀਸਦੀ ਪ੍ਰਦੂਸ਼ਣ ਗੁਣਵੱਤਾ ਦਾ ਘਟਣਾ ਆਉਂਦੇ ਸਮਿਆਂ ਲਈ ਵਧੀਆ ਸੰਕੇਤ ਕਿਹਾ ਜਾ ਸਕਦਾ ਹੈ। ਵਾਤਾਵਰਨ ਨੂੰ ਲੈ ਕੇ ਸਮੁੱਚਾ ਸਮਾਜ ਸੁਚੇਤ ਸੀ।
ਭਾਵੇਂ ਕਿਸਾਨ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ, ਫਿਰ ਵੀ ਕਈ ਕਿਸਾਨਾਂ ਔਖੇ-ਸੌਖੇ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਖਪਤ ਕੀਤਾ ਹੈ, ਉਹ ਵਧਾਈ ਦੇ ਹੱਕਦਾਰ ਹਨ। ਅਜਿਹੇ 'ਚ ਜੇਕਰ ਕਿਸਾਨ ਨੇ ਉਸਾਰੂ ਸੋਚ ਦਾ ਸਬੂਤ ਦਿੱਤਾ, ਸਰਕਾਰ ਵੀ ਕਿਸਾਨਾਂ ਨੂੰ ਆਰਥਿਕ ਮਦਦ ਦੇਵੇ, ਤਾਂ ਜੋ ਕਿਸਾਨ ਪਰਾਲੀ ਨੂੰ ਨਾ ਸਾੜਨ।


-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਆਧਾਰ 'ਤੇ ਕਿੰਤੂ-ਪ੍ਰੰਤੂ

ਪਿਛਲੀ ਡਾ: ਮਨਮੋਹਨ ਸਿੰਘ ਸਰਕਾਰ ਵਲੋਂ ਆਧਾਰ ਕਾਰਡ ਦਾ ਵਿੱਢ ਵਿੱਢਿਆ ਗਿਆ ਸੀ, ਜਿਸ ਦੀ ਵਿਰੋਧੀ ਪਾਰਟੀ ਵਲੋਂ ਨਿੰਦਾ ਕੀਤੀ ਗਈ ਸੀ ਪਰ ਆਪਣੀ ਸਰਕਾਰ ਬਣਨ 'ਤੇ ਭਾਜਪਾ ਵਲੋਂ ਇਸ ਨੂੰ ਪ੍ਰਵਾਨ ਕਰਦਿਆਂ ਜ਼ੋਰ-ਸ਼ੋਰ ਨਾਲ ਬਣਾਉਣ ਤੇ ਲਾਗੂ ਕਰਨ ਦੀ ਕਾਰਵਾਈ ਕੀਤੀ ਗਈ। ਅਦਾਲਤਾਂ ਵਲੋਂ ਸਮੇਂ-ਸਮੇਂ 'ਤੇ ਫ਼ੈਸਲੇ ਦਿੱਤੇ ਗਏ। ਕਦੇ ਮਹੱਤਤਾ ਦੱਸੀ ਗਈ ਅਤੇ ਕਦੇ ਮਹੱਤਵਹੀਣ ਕਰਾਰ ਦਿੱਤਾ ਗਿਆ। ਅਸਲ ਵਿਚ ਆਧਾਰ ਕਾਰਡ ਇਕ ਬੇਜੋੜ ਪਛਾਣ ਪੱਤਰ ਹੈ। ਸੁਰੱਖਿਆ ਪੱਖ ਦੀਆਂ ਕਮੀਆਂ ਦੂਰ ਕਰਕੇ ਇਸ ਨੂੰ ਦ੍ਰਿੜ੍ਹਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਦਾ ਫ਼ਰਜ਼ ਹੈ ਕਿ ਕਾਨੂੰਨ 'ਚ ਸੋਧ ਕਰਕੇ ਦੇਸ਼ ਲਈ ਸਦਾ ਲਈ ਪਛਾਣ ਪੱਤਰ ਨੂੰ ਸਥਿਰਤਾ ਅਤੇ ਮਹਾਨਤਾ ਬਖ਼ਸ਼ ਕੇ ਜਾਵੇ।


-ਮੱਖਣ ਬਰਾੜ
ਪਿੰਡ : ਛੋਟਾ ਘਰ (ਮੋਗਾ)।


ਮਿਲਾਵਟ
ਮਿਲਾਵਟ ਬਾਰੇ ਰੋਜ਼ਾਨਾ ਹੀ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲ ਰਿਹਾ ਹੈ, ਕਿਵੇਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਖੋਆ, ਇਸੇ ਹਿਸਾਬ ਨਾਲ ਨਕਲੀ ਦੁੱਧ ਫੜਿਆ ਜਾ ਰਿਹਾ ਹੈ ਪਰ ਫਿਰ ਵੀ ਲੋਕ ਜਿਹੜੇ ਇਸ ਧੰਦੇ ਨਾਲ ਜੁੜੇ ਹੋਏ ਹਨ, ਮੁੜਨ ਦਾ ਨਾਂਅ ਨਹੀਂ ਲੈ ਰਹੇ। ਇਸੇ ਤੋਂ ਹੋਰ ਖਾਣ-ਪੀਣ ਵਾਲੀਆਂ ਬਾਜ਼ਾਰੂ ਚੀਜ਼ਾਂ ਵਿਚ ਧੜਾਧੜ ਮਿਲਾਵਟ ਹੋ ਰਹੀ ਹੈ। ਪਹਿਲੇ ਉਹ ਵਕਤ ਵੀ ਹੁੰਦੇ ਸਨ, ਕਿਧਰੇ ਕੋਈ ਮਿਲਾਵਟ ਨਹੀਂ ਸੀ ਲੋਕ ਵੀ ਚੰਗਾ ਖਾਂਦੇ ਸਨ, ਸਿਹਤ ਵੀ ਠੀਕ ਰਹਿੰਦੀ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ, ਦੁਕਾਨਦਾਰ ਨੂੰ ਫੜਨ ਦਾ ਕੋਈ ਫਾਇਦਾ ਨਹੀਂ, ਬਲਕਿ ਵੱਡਾ ਅਪਰਾਧੀ ਜਿਹੜਾ ਇਹ ਕੰਮ ਕਰਦਾ ਹੈ ਅਤੇ ਸਪਲਾਈ ਕਰਦਾ ਹੈ, ਉਸ ਨੂੰ ਫੜੋ, ਆਪੇ ਧੰਦਾ ਬੰਦ ਹੋ ਜਾਵੇਗਾ।


-ਹਰਜਿੰਦਰ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਰੁਜ਼ਗਾਰ ਮੇਲੇ
ਘਰ-ਘਰ ਰੋਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਪਿਛਲੇ ਮੇਲਿਆਂ ਦੌਰਾਨ ਵੀ ਕਾਫ਼ੀ ਬੇਰੁਜ਼ਗਾਰਾਂ ਨੂੰ ਨਿੱਜੀ ਕੰਪਨੀਆਂ ਆਦਿ ਵਿਚ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਏ ਹਨ। ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਸਬੰਧੀ ਨਿਰਪੱਖ ਤੇ ਪਾਰਦਰਸ਼ੀ ਪ੍ਰਣਾਲੀ ਅਪਣਾਈ ਜਾਣੀ ਚਾਹੀਦੀ ਹੈ। ਬੇਰੁਜ਼ਗਾਰੀ ਦੂਰ ਕਰਨ ਲਈ ਸਰਕਾਰ ਵਲੋਂ ਰੁਜ਼ਗਾਰ ਮੇਲੇ ਲਗਾ ਕੇ ਕੀਤਾ ਜਾ ਰਿਹਾ ਉਪਰਾਲਾ ਵਧੀਆ ਹੈ। ਜਿਥੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ ਦੇਣ ਦਾ ਵੀ ਕੋਈ ਅਜਿਹਾ ਹੀ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕਰ ਸਕਣ। ਅਜਿਹਾ ਕਰਨ ਨਾਲ ਜਿਥੇ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿਚ ਕਾਮਯਾਬ ਹੋਵੇਗੀ, ਉਥੇ ਨਸ਼ਿਆਂ, ਚੋਰੀਆਂ ਅਤੇ ਲੜਾਈਆਂ-ਝਗੜਿਆਂ ਆਦਿ ਦੀ ਗੰਭੀਰ ਬਣੀ ਸਮੱਸਿਆ ਦਾ ਵੀ ਹੱਲ ਹੋਵੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਉਲਝਣ 'ਚ ਅਧਿਆਪਕ ਅਤੇ ਬੱਚੇ
ਸਰਕਾਰੀ ਸਿੱਖਿਆ ਪ੍ਰਣਾਲੀ ਦੇ ਮਿਆਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ, ਬਿਨਾਂ ਸ਼ੱਕ ਵਿਭਾਗ ਨੇ ਇਸ ਗੱਲ ਦੇ ਮੱਦੇਨਜ਼ਰ ਕਈ ਕਾਰਜ ਉਲੀਕੇ ਅਤੇ ਮੁਹਿੰਮਾਂ ਵੀ ਆਰੰਭੀਆਂ ਹਨ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਅਧਿਆਪਕਾਂ ਦੇ ਸੈਮੀਨਾਰ ਲਗਾਏ ਜਾ ਰਹੇ ਹਨ। ਬੱਚਿਆਂ ਦੇ ਆਮ ਗਿਆਨ ਅਤੇ ਵਿਸ਼ਾ ਵਾਰ ਜਾਣਕਾਰੀ ਵਿਚ ਵਾਧਾ ਕਰਨ ਲਈ ਪ੍ਰੀਖਿਆ ਲਈ ਜਾਂਦੀ ਹੈ। ਇਨ੍ਹਾਂ ਸਭ ਨੂੰ ਲੈ ਕੇ ਅਧਿਆਪਕ ਅਤੇ ਬੱਚੇ ਉਲਝਣ ਵਿਚ ਹਨ।
ਅਧਿਆਪਕ ਇਸ ਗੱਲੋਂ ਉਲਝਣ ਵਿਚ ਹਨ ਕਿ ਪਾਠਕ੍ਰਮ ਕਰਾਇਆ ਜਾਵੇ, ਉਡਾਣ ਦੇ ਪ੍ਰਸ਼ਨ-ਉੱਤਰ ਕਰਵਾਏ ਜਾਣ, ਬੇਸ ਲਾਈਨ ਜਾਂ ਐਂਡ ਲਾਈਨ ਪ੍ਰੀਖਿਆ ਲਈ ਜਾਵੇ, ਵਰਕ ਬੁੱਕ ਕਰਵਾਈ ਜਾਵੇ ਜਾਂ ਹੋਰ ਸਹਿ-ਪਾਠ ਕਿਰਿਆਵਾਂ ਕਰਵਾਈਆਂ ਜਾਣ ਅਤੇ ਬੱਚੇ ਇਹ ਸਭ ਕਾਰਜ ਕਰਨ ਸਮੇਂ ਉਲਝਣ ਵਿਚ ਹਨ। ਵਿਭਾਗ ਨੂੰ ਚਾਹੀਦਾ ਹੈ ਕਿ ਬੱਚਿਆਂ ਅਤੇ ਅਧਿਆਪਕਾਂ ਵਿਚ ਪੈਦਾ ਹੋ ਰਹੀ ਉਲਝਣ ਨੂੰ ਧਿਆਨ ਵਿਚ ਰੱਖਿਆ ਜਾਵੇ।


-ਅੰਮ੍ਰਿਤਪਾਲ ਸਿੰਘ

23-11-2018

 ਵਾਅਦਾ ਨਿਭਾਏ ਸਰਕਾਰ
ਪੰਜਾਬ ਸੂਬੇ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਵਾਸੀਆਂ ਨਾਲ ਹਰੇਕ ਘਰ 'ਚ ਇਕ ਪੱਕੀ ਸਰਕਾਰੀ ਨੌਕਰੀ ਦੇਣ, ਨੌਕਰੀ ਨਾ ਮਿਲਣ ਤੱਕ 2500 ਰੁਪਏ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਕਾਂਗਰਸ ਪਾਰਟੀ ਦੇ 9 ਜਨਵਰੀ, 2017 ਨੂੰ ਜਾਰੀ ਕੀਤੇ ਚੋਣ ਮਨੋਰਥ ਪੱਤਰ 'ਚ ਵੀ ਸ਼ਾਮਿਲ ਹੈ। ਲੋਕਾਂ ਨੇ ਭਰਪੂਰ ਸਮਰਥਨ ਦੇ ਕੇ ਕਾਂਗਰਸ ਪਾਰਟੀ ਨੂੰ ਜਤਾਇਆ।
ਹੁਣ ਇਸ ਪਾਰਟੀ ਨੂੰ ਸੱਤਾ ਸੰਭਾਲਿਆਂ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਉਪਰੋਕਤ ਵਾਅਦੇ ਪ੍ਰਤੀ ਕੈਪਟਨ ਸਰਕਾਰ ਸੰਜੀਦਾ ਨਜ਼ਰ ਨਹੀਂ ਆ ਰਹੀ। ਸੱਥਾਂ 'ਚ ਗੱਲ ਕਰਦੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਲੋਕ ਤਾਂ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੇ ਸਮਰਥਨ ਬਾਰੇ ਵੀ ਕਈ ਕੁਝ ਸੋਚ ਰਹੇ ਹਨ। ਇਸ ਲਈ ਸਾਡੀ ਕੈਪਟਨ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਵਾਅਦੇ ਨੂੰ ਜਲਦ ਹੀ ਅਮਲੀ ਜਾਮਾ ਪਹਿਨਾਇਆ ਜਾਵੇ।


-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)


ਬੁਲੇਟ ਟਰੇਨ ਦੇ ਸੁਪਨੇ
ਪਿਛਲੇ ਦਿਨੀਂ ਪੰਜਾਬ ਦੇ ਫਿਰੋਜ਼ਪੁਰ ਨਜ਼ਦੀਕ ਜੰਮੂ-ਤਵੀ ਐਕਸਪ੍ਰੈੱਸ ਦੀ ਹੁੱਕ ਟੁੱਟਣ ਕਾਰਨ ਰੇਲ ਇੰਜਣ ਦੂਜੇ ਡੱਬਿਆਂ ਤੋਂ ਵੱਖ ਹੋ ਗਿਆ ਤੇ ਇਕ ਕਿਲੋਮੀਟਰ ਤੱਕ ਅੱਗੇ ਨਿਕਲ ਗਿਆ। ਇਹ ਨਿਵੇਕਲੀ ਘਟਨਾ ਨਹੀਂ ਹੈ। ਕਦੇ ਲਾਈਨ ਤੋਂ ਭੱਜੀ ਜਾਂਦੀ ਗੱਡੀ ਹੀ ਥੱਲੇ ਉੱਤਰ ਜਾਂਦੀ ਹੈ ਅਤੇ ਕਦੇ ਬਿਨਾਂ ਸਹੀ ਸਿਗਨਲ ਅਤੇ ਪ੍ਰਬੰਧ ਦੇ ਗੱਡੀਆਂ ਭਿੜ ਜਾਂਦੀਆਂ ਹਨ। ਸਿੱਟਾ ਬਹੁਤ ਵੱਡੇ ਨੁਕਸਾਨ ਦੇ ਰੂਪ ਵਿਚ ਨਿਕਲਦਾ ਹੈ।
ਬੜੀ ਹੈਰਾਨੀ ਹੁੰਦੀ ਹੈ ਜਦੋਂ ਮੁਲਕ ਦਾ ਮੁਖੀ ਬੁਲੇਟ ਟਰੇਨ ਦੀਆਂ ਗੱਲਾਂ ਕਰਦਾ ਹੈ। ਅੱਜ ਦੇਸ਼ ਨੂੰ ਬੁਲੇਟ ਟਰੇਨ ਲਈ ਅਤਿਅੰਤ ਮਹਿੰਗੇ ਤੇ ਨਾ ਝੱਲੇ ਜਾਣ ਵਾਲੇ ਨਿਵੇਸ਼ ਦੀ ਲੋੜ ਨਹੀਂ ਹੈ, ਲੋੜ ਤਾਂ ਵਰਤਮਾਨ ਪਟੜੀਆਂ, ਇੰਜਣਾਂ, ਡੱਬਿਆਂ, ਸਿਗਨਲ ਵਿਵਸਥਾ ਅਤੇ ਰੇਲਵੇ ਸਟਾਫ ਨੂੰ ਸੋਧਣ ਦੀ ਹੈ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਬੁਲੇਟ ਦਾ ਸੁਪਨਾ ਛੱਡ ਕੇ ਰੇਲਵੇ ਨੈੱਟਵਰਕ ਨੂੰ ਚੁਸਤ-ਦਰੁਸਤ ਤੇ ਤੰਦਰੁਸਤ ਕਰੇ।


-ਮੱਖਣ ਬਰਾੜ ਛੋਟਾਘਰ
ਪਿੰਡ ਛੋਟਾਘਰ (ਮੋਗਾ)


ਕਿਸਾਨੀ ਤੇ ਮਾਰ
ਅੰਨਦਾਤੇ ਨੂੰ ਚਾਰੇ ਪਾਸਿਓਂ ਮਾਰਾਂ ਪੈ ਰਹੀਆਂ ਹਨ। ਉਹ ਬੇਸ਼ੱਕ ਫ਼ਸਲਾਂ ਦਾ ਵਾਜਿਬ ਭਾਅ ਨਾ ਮਿਲਣਾ, ਕੀਟਨਾਸ਼ਕ ਦਵਾਈਆਂ ਦੇ ਵਧਦੇ ਭਾਅ, ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਕੁਦਰਤ ਦੀ ਮਾਰ ਹੋਵੇ ਸਾਰੇ ਪਾਸਿਓਂ ਕਿਸਾਨ ਪਿਸਦਾ ਜਾ ਰਿਹਾ ਹੈ। ਦੂਸਰੇ ਪਾਸੇ ਸਰਕਾਰਾਂ ਤੇ ਸੰਦਾਂ ਦੀਆਂ ਕੰਪਨੀਆਂ ਵਿਚ ਸੰਦਾਂ ਦੀਆਂ ਕੀਮਤਾਂ ਸਬੰਧੀ ਤਾਲਮੇਲ ਨਾ ਹੋਣ ਕਰਕੇ ਵੀ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਕਿਉਂਕਿ ਸਰਕਾਰ ਨੇ ਸਬਸਿਡੀ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਕੰਪਨੀਆਂ ਨੇ ਆਪਣੇ ਸੰਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ ਏਨੀ ਸਬਸਿਡੀ ਤੇ ਉਨ੍ਹਾਂ ਲਈ ਸੰਦ ਮੁਹੱਈਆ ਕਰਵਾਉਣਾ ਬਹੁਤ ਮੁਸ਼ਕਿਲ ਹੈ ਤੇ ਦੂਜੇ ਪਾਸੇ ਸਰਕਾਰ ਸੰਦਾਂ ਤੇ ਸਬਸਿਡੀਆਂ ਵਧਾ ਕੇ ਆਪਣੀ ਵਾਹੋ-ਵਾਹੀ ਖੱਟ ਰਹੀ ਹੈ।
ਸਰਕਾਰ ਦੁਆਰਾ ਸੰਦਾਂ 'ਤੇ ਲਾਈ ਜਾ ਰਹੀ 12 ਫ਼ੀਸਦੀ ਸਬਸਿਡੀ ਦਾ ਬੋਝ ਵੀ ਕਿਸਾਨਾਂ 'ਤੇ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਕੁਝ ਕੁ ਕੰਪਨੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਤੋਂ ਵੀ ਸੰਦ ਖਰੀਦਣ ਦੀ ਇਜਾਜ਼ਤ ਦੇਵੇ ਤਾਂ ਜੋ ਸੰਦਾਂ ਦੇ ਰੇਟ ਘਟ ਸਕਣ ਤੇ ਸਰਕਾਰ ਨੂੰ ਖੇਤੀ ਸੰਦਾਂ 'ਤੇ ਲੱਗ ਰਹੇ ਜੀ.ਐਸ.ਟੀ. 'ਤੇ ਛੋਟ ਦੇਵੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਸ਼ਾ ਛੱਡੋ, ਕੋਹੜ ਵੱਢੋ
ਅੱਜ ਨਸ਼ਾ ਸਾਡੇ ਪੰਜਾਬ ਨੂੰ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹ ਹੈ। ਜਿਥੇ ਪੰਜਾਬ 'ਚ ਪੰਜ ਦਰਿਆ ਵਹਿੰਦੇ ਸੀ, ਉਥੇ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਉਸ ਵਿਚ ਸਾਡੇ ਨੌਜਵਾਨ ਨਸ਼ਿਆਂ ਵਿਚ ਡੁੱਬ ਰਹੇ ਹਨ ਅਤੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਨਸ਼ਾ ਭਾਵੇਂ ਕੋਈ ਵੀ ਹੋਵੇ, ਭਾਵ ਸ਼ਰਾਬ, ਅਫੀਮ, ਪੋਸਤ ਜਾਂ ਸਮੈਕ ਸਿਹਤ ਲਈ ਹਾਨੀਕਾਰਕ ਹੀ ਹੈ। ਇਸ ਨਾਲ ਤਨ ਦਾ ਵੀ ਨੁਕਸਾਨ ਅਤੇ ਧਨ ਦਾ ਵੀ ਨੁਕਸਾਨ। ਇਸ ਲਈ ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਜਾਗੋ, ਨਸ਼ੇ ਤਿਆਗੋ। ਨਸ਼ਾ ਛੱਡੋ, ਕੋਹੜ ਵੱਢੋ, ਗੁਰੂ ਦੇ ਲੜ ਲੱਗੋ, ਅੰਮ੍ਰਿਤ ਛਕੋ, ਚੰਗੀ ਸੰਗਤ ਕਰੋ, ਬੁਰੀ ਸੰਗਤ ਤੋਂ ਦੂਰ ਰਹੋ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)

21-11-2018

 ਝੂਠੇ ਵਾਅਦੇ ਨਹੀਂ ਵਿਕਾਸ ਚਾਹੀਦੈ

ਸਰਕਾਰਾਂ ਦੁਆਰਾ ਚੋਣ ਮੈਨੀਫੈਸਟੋ ਵੀ ਤਿਆਰ ਕੀਤੇ ਜਾਂਦੇ ਹਨ। ਚੋਣਾਂ ਜਿੱਤਣ ਤੋਂ ਬਾਅਦ ਸੱਤਾਧਾਰੀ ਪਾਰਟੀਆਂ ਇਹ ਸਭ ਕੁਝ ਵਿਸਾਰ ਦਿੰਦੀਆਂ ਹਨ ਤੇ ਮੁੱਕਰ ਵੀ ਜਾਂਦੀਆਂ ਹਨ ਕਿ ਅਸੀਂ ਤਾਂ ਅਜਿਹਾ ਕੋਈ ਵਾਅਦਾ ਹੀ ਨਹੀਂ ਕੀਤਾ। ਇਹ ਤਾਂ ਨਿਰਪੱਖ ਮੀਡੀਆ ਹੀ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਹੈ। ਨਹੀਂ ਤਾਂ ਗਿਰਗਿਟ ਵਾਂਗੂ ਬਦਲਦੀਆਂ ਸਰਕਾਰਾਂ ਕਿੱਥੇ ਪੈਰਾਂ 'ਤੇ ਪਾਣੀ ਪੈਣ ਦਿੰਦੀਆਂ ਹਨ। ਸਰਕਾਰਾਂ ਦੇ ਵਿਸ਼ਵਾਸਘਾਤ ਕਾਰਨ ਹੀ ਇਨ੍ਹਾਂ ਦੇ ਵਾਅਦਿਆਂ ਤੇ ਚੋਣ ਮੈਨੀਫੈਸਟੋਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਲੋਕ ਵੀ ਇਹੀ ਸੋਚਦੇ ਹਨ ਕਿ ਸਰਕਾਰ ਅਜਿਹੀ ਬਣਾਈ ਜਾਵੇ ਜੋ ਕਹਿਣੀ ਕਥਨੀ 'ਤੇ ਖਰੀ ਉੱਤਰੇ। ਪਰ ਹੁਣ ਤੱਕ ਸਰਕਾਰਾਂ ਨੇ ਲੋਕਾਂ ਨੂੰ ਪਛਤਾਵੇ ਤੋਂ ਸਿਵਾ ਕੁਝ ਨਹੀਂ ਦਿੱਤਾ ਤਾਂ ਹੀ ਸਾਡਾ ਨੌਜਵਾਨ ਵਰਗ ਬਾਹਰਲੇ ਮੁਲਕਾਂ ਨੂੰ ਝੂਰਦਾ ਹੈ।

-ਤਰਸੇਮ ਲੰਡੇ
ਪਿੰਡ ਲੰਡੇ, ਮੋਗਾ।

ਗਊਸ਼ਾਲਾ ਤੇ ਗਊ ਟੈਕਸ

ਆਮ ਨਾਗਰਿਕਾਂ ਕੋਲੋਂ ਗਊ ਟੈਕਸ ਦੀ ਵਸੂਲੀ ਕਰਨ ਦਾ ਕੰਮ ਪਿਛਲੀ ਸਰਕਾਰ ਸਮੇਂ ਸ਼ੁਰੂ ਕੀਤਾ ਗਿਆ ਸੀ ਅਤੇ ਸਰਕਾਰੀ ਵਿਭਾਗ ਬਾਕਾਇਦਾ ਵਸੂਲੀ ਵੀ ਕਰ ਰਹੇ ਹਨ ਪਰ ਰਿਪੋਰਟ ਅਨੁਸਾਰ ਗਊ ਕਰ ਦਾ ਬਣਦਾ ਹਿੱਸਾ ਸਮੇਂ ਸਿਰ ਗਊਸ਼ਾਲਾਵਾਂ ਵਿਚ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਗਊਸ਼ਾਲਾਵਾਂ ਵਿਚ ਭੇਜੇ ਆਵਾਰਾ ਪਸ਼ੂਆਂ ਲਈ ਦਵਾਈਆਂ ਅਤੇ ਚਾਰੇ ਦਾ ਪ੍ਰਬੰਧ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਜੇ ਵੀ ਲੱਖਾਂ ਦੀ ਗਿਣਤੀ ਵਿਚ ਅਵਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਹਨ। ਲੋੜ ਹੈ ਗਊਸ਼ਾਲਾਵਾਂ ਦਾ ਬਣਦਾ ਗਊ ਕਰ ਸਮੇਂ ਸਿਰ ਜਮ੍ਹਾਂ ਕਰਾਉਣ ਦੀ ਤਾਂ ਜੋ ਗਊ ਸੇਵਾ ਕਮਿਸ਼ਨ ਗਊਸ਼ਾਲਾਵਾਂ ਵਿਚ ਭੇਜੇ ਆਵਾਰਾ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਨੂੰ ਵੀ ਗਊਸ਼ਾਲਾਵਾਂ ਵਿਚ ਭੇਜ ਸਕੇ। ਅਜਿਹਾ ਨਾ ਹੋਵੇ ਕਿ ਖ਼ਰਚਾ ਨਾ ਮਿਲਣ ਕਾਰਨ ਅਵਾਰਾ ਪਸ਼ੂ ਗਊਸ਼ਾਲਾਵਾਂ ਵਿਚੋਂ ਬਾਹਰ ਆ ਜਾਣ।

-ਅਮਰੀਕ ਸਿੰਘ ਚੀਮਾ
ਸ਼ਾਬਹਾਦੀਆ, ਜਲੰਧਰ।

ਕਸ਼ਮੀਰੀ ਵਿਦਿਆਰਥੀਆਂ ਦੀ ਪ੍ਰੇਸ਼ਾਨੀ

ਜਲੰਧਰ ਦੇ ਇਕ ਵਿਦਿਅਕ ਅਦਾਰੇ ਤੋਂ ਪਕੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੀ ਸਾਜਿਸ਼ ਦਾ ਭੰਡਾ ਭੱਜ ਜਾਣ ਤੋਂ ਬਾਅਦ ਰਾਜ ਦੇ ਬਾਕੀ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਵੀ ਸ਼ੱਕ ਦੇ ਘੇਰੇ 'ਚ ਆ ਗਏ ਹਨ। ਹਾਲਾਂ ਕਿ ਅੱਤਵਾਦ ਦੀ ਗੱਲ ਕਰਨ ਸਮੇਂ ਇਹੋ ਕਿਹਾ ਜਾਂਦਾ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਨਿਰਦੋਸ਼ੇ ਕਸ਼ਮੀਰੀ ਵਿਦਿਆਰਥੀਆਂ ਲਈ ਵੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਸਭ ਨੂੰ ਹੋਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਦਾਖ਼ਲੇ ਸਮੇਂ ਹੀ ਵਿਦਿਆਰਥੀਆਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਜੋ ਨਿਰਦੋਸ਼ ਵਿਦਿਆਰਥੀ ਬੇਵਜ੍ਹਾ ਕਿਸੇ ਪ੍ਰੇਸ਼ਾਨੀ 'ਚ ਨਾ ਫਸਣ।

-ਸੁਗਮ
ਲਾਇਲਪੁਰ ਖਾਲਸਾ ਕਾਲਜ, ਜਲੰਧਰ।

ਸਬਜ਼ੀਆਂ ਤੇ ਦੂਸ਼ਿਤ ਪਾਣੀ

ਬੀਤੇ ਦਿਨ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਸ: ਜਗਦੇਵ ਸਿੰਘ ਹੁਰਾਂ ਦਾ ਲੇਖ 'ਸਬਜ਼ੀਆਂ 'ਤੇ ਦੂਸ਼ਿਤ ਪਾਣੀ ਦੀ ਵਰਤੋਂ ਨੂੰ ਰੋਕਿਆ ਜਾਵੇ' ਪੜ੍ਹਿਆ, ਜੋ ਕਾਫੀ ਸੇਧ ਦੇਣ ਵਾਲਾ ਸੀ। ਸਿਹਤ ਨਾਲ ਜੁੜਿਆ ਮਸਲਾ ਸੀ ਜਿਸ 'ਤੇ ਉਨ੍ਹਾਂ ਨੇ ਲੋਕਾਂ ਨੂੰ ਕਾਫੀ ਸੁਚੇਤ ਕੀਤਾ। ਵੇਖਣ ਵਿਚ ਅਕਸਰ ਆਉਂਦਾ ਹੈ ਕਿ ਉਹ ਲੋਕ ਜੋ ਸਬਜ਼ੀਆਂ ਖ਼ਾਸ ਕਰ ਮੂਲੀਆਂ, ਗਾਜਰਾਂ, ਸ਼ਲਗਮ ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਸਾਫ਼-ਸਫ਼ਾਈ ਦੂਸ਼ਿਤ ਪਾਣੀ ਨਾਲ ਹੀ ਸਾਫ਼ ਕਰਕੇ ਮੰਡੀਆਂ ਵਿਚ ਲੈ ਜਾਂਦੇ ਹਨ ਜਾਂ ਸ਼ਾਮ ਨੂੰ ਬਾਜ਼ਾਰ 'ਚ ਰੇਹੜੀਆਂ ਆਦਿ 'ਤੇ ਵੇਚਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜੋ ਸਬਜ਼ੀਆਂ ਪਕਾ ਕੇ ਖਾਣ ਵਾਲੀਆਂ ਹੁੰਦੀਆਂ ਹਨ, ਉਹ ਤਾਂ ਪੱਕ ਕੇ ਸ਼ਾਇਦ ਹਾਨੀਕਾਰਕ ਘੱਟ ਰਹਿ ਜਾਣ ਦੀ ਸੰਭਾਵਨਾ ਹੈ ਪਰ ਜੋ ਆਪਾਂ ਸਲਾਦ ਦੇ ਰੂਪ ਵਿਚ ਛਿੱਲ ਕੇ ਖਾਂਦੇ ਹਾਂ ਜਾਂ ਕਈ ਵਾਰ ਅਕਸਰ ਮੂਲੀ ਜਾਂ ਗਾਜਰ ਸਿੱਧੀ ਖਾ ਜਾਂਦੇ ਹਾਂ, ਕਿੰਨੀ ਕੁ ਖ਼ਤਰਨਾਕ ਹੋ ਸਕਦੀ ਹੈ। ਅਜਿਹਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ। ਸੁਚੇਤ ਹੋਣ ਦੀ ਲੋੜ ਹੈ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਜਾਂ ਹੋਰ ਲੋਕਾਂ ਦਾ ਫ਼ਰਜ਼ ਹੈ ਕਿ ਉਹ ਸਾਫ਼ ਪਾਣੀ ਨਾਲ ਹੀ ਸਬਜ਼ੀਆਂ ਦੀ ਸਫ਼ਾਈ ਕਰਨ, ਤਾਂ ਜੋ ਸਿਹਤ ਨਾਲ ਕਿਸੇ ਕਿਸਮ ਦੀ ਗ਼ੈਰ-ਜ਼ਿੰਮੇਵਾਰੀ ਨਾ ਵਰਤੀ ਜਾਏ।

-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

20-11-2018

 ਅਸਮਰੱਥ ਅਜੋਕੀ ਗਾਇਕੀ
ਅੱਜ ਦੇ ਗੀਤਕਾਰ ਆਪਣੀ ਕਲਮ ਨਾਲ ਜੋ ਵੀ ਲਿਖਦੇ ਹਨ ਅਤੇ ਸੰਗੀਤਕਾਰ ਜਿਵੇਂ ਵੀ ਗਾਉਂਦੇ ਹਨ, ਉਸ ਨਾਲ ਲੋਕਾਂ ਨੂੰ ਸਿੱਖਿਆ ਤਾਂ ਘੱਟ ਪਰ ਅਸ਼ਲੀਲਤਾ ਵਧੇਰੇ ਸੁਣਨ ਜਾਂ ਵੇਖਣ ਨੂੰ ਮਿਲਦੀ ਹੈ। ਗੀਤਾਂ ਅੰਦਰ ਅਜਿਹੇ ਨਸ਼ੇ ਅਤੇ ਹਥਿਆਰ ਦਿਖਾਏ ਜਾਂਦੇ ਹਨ, ਜਿਨ੍ਹਾਂ ਦਾ ਕਿਸੇ ਆਮ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ। ਪੰਜਾਬ ਵਿਚ ਚਿੱਟੇ ਵਰਗੇ ਨਸ਼ੇ ਦਾ ਵਾਧਾ ਕੁਝ ਹੱਦ ਤੱਕ ਗੀਤਾਂ ਕਰਕੇ ਵੀ ਹੋਇਆ ਹੈ। ਅਜੋਕੇ ਗੀਤ ਜਾਂ ਫ਼ਿਲਮਾਂ ਵਿਚ ਜੋ ਅਸ਼ਲੀਲਤਾ ਅਤੇ ਲੱਚਰਤਾ ਵਿਖਾਈ ਜਾ ਰਹੀ ਹੈ, ਉਸ ਨਾਲ ਸੰਸਾਰ ਦਾ ਹਰ ਪ੍ਰਾਣੀ ਆਪਣੇ ਕਿਰਦਾਰ ਤੋਂ ਡਿਗਦਾ ਜਾ ਰਿਹਾ ਹੈ। ਗੀਤਕਾਰਾਂ ਨੂੰ ਅਜਿਹਾ ਲਿਖਣਾ ਚਾਹੀਦਾ ਹੈ, ਜਿਸ ਨਾਲ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ, ਇਖ਼ਲਾਕੀ ਗੁਣਾਂ ਦਾ ਪ੍ਰਸਾਰ ਹੋਵੇ ਅਤੇ ਜਿਸ ਦੇ ਫਲਸਰੂਪ ਨੌਜਵਾਨ ਪੀੜ੍ਹੀ ਆਪਣੇ ਕਿਰਦਾਰਾਂ ਨੂੰ ਉੱਚਿਆਂ ਕਰਕੇ ਜੀਵਨ ਨੂੰ ਸਫ਼ਲ ਬਣਾਉਣ ਲਈ ਯਤਨਸ਼ੀਲ ਹੋਵੇ।

-ਦੀਦਾਰ ਸਿੰਘ ਦਾਣਿਆਂਵਾਲੀ
ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼
ਨਿਸ਼ਾਨ-ਏ-ਸਿੱਖੀ (ਖਡੂਰ ਸਾਹਿਬ)।

ਸਵਾਰਥੀ ਸੋਚ ਤਿਆਗੋ
ਮਨੁੱਖ ਜਿਵੇਂ-ਜਿਵੇਂ ਆਧੁਨਿਕ ਯੁੱਗ ਵਿਚ ਪ੍ਰਵੇਸ਼ ਕਰਦਾ ਜਾ ਰਿਹਾ ਹੈ, ਉਸ ਦੀ ਸੋਚ ਵੀ ਪਦਾਰਥਵਾਦੀ ਬਣਦੀ ਜਾ ਰਹੀ ਹੈ। ਪਹਿਲਾਂ ਵਾਂਗ ਰਿਸ਼ਤਿਆਂ ਲਈ ਪਿਆਰ, ਸਤਿਕਾਰ ਹੁਣ ਇਨਸਾਨ ਅੰਦਰ ਦਿਖਾਈ ਨਹੀਂ ਦਿੰਦਾ। ਹੁਣ ਰਿਸ਼ਤੇ ਜ਼ਰੂਰਤਾਂ ਦੇ ਬਣ ਚੁੱਕੇ ਹਨ। ਸਵਾਰਥ ਇਨਸਾਨ 'ਤੇ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਪਿਆਰ, ਵਫ਼ਾ ਸਭ ਖ਼ਤਮ ਹੀ ਹੋ ਚੁੱਕੇ ਹਨ। ਸਵਾਰਥ ਵਿਚ ਫਸਿਆ ਇਨਸਾਨ ਚੰਗੇ-ਬੁਰੇ ਦੀ ਪਛਾਣ ਵੀ ਭੁਲਾ ਚੁੱਕਾ ਹੈ। ਇਮਾਨਦਾਰੀ, ਨੈਤਿਕਤਾ, ਸ਼ਿਸ਼ਟਾਚਾਰ ਜਿਹੇ ਗੁਣ ਤਾਂ ਹੁਣ ਕਿਤੇ ਖੰਭ ਲਗਾ ਕੇ ਉੱਡ ਗਏ ਹਨ। ਸਵਾਰਥੀ ਸੋਚ ਨਾਲ ਇਨਸਾਨ ਪੈਸੇ ਤਾਂ ਕਮਾ ਸਕਦਾ ਹੈ ਪਰ ਰਿਸ਼ਤੇ ਹਾਰ ਜਾਂਦਾ ਹੈ। ਸੋ, ਲੋੜ ਹੈ ਸਵਾਰਥੀ ਸੋਚ ਨੂੰ ਤਿਆਗ ਕੇ ਰਿਸ਼ਤਿਆਂ ਦੇ ਮਹੱਤਵ ਨੂੰ ਸਮਝਣ ਦੀ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਲੋਕਾਂ ਨਾਲ ਧੋਖਾ
ਪਿਛਲੇ ਦਿਨੀਂ ਜਨਤਕ ਵੰਡ ਪ੍ਰਣਾਲੀ ਅਧੀਨ ਗ਼ਰੀਬਾਂ ਨੂੰ ਮਿਲਣ ਵਾਲੇ ਚੌਲਾਂ ਵਿਚ ਵੱਡੇ ਪੱਧਰ 'ਤੇ ਹੋਈ ਗੜਬੜ ਭਾਰਤੀ ਭ੍ਰਿਸ਼ਟ ਅਫ਼ਸਰਸ਼ਾਹੀ ਦੀ ਛਤਰ ਛਾਇਆ ਹੇਠ, ਮਾਨਵੀ ਕਦਰਾਂ-ਕੀਮਤਾਂ ਦਾ ਰੱਜ ਕੇ ਕੀਤਾ ਗਿਆ ਸ਼ੋਸ਼ਣ ਪ੍ਰਤੀਤ ਹੋਇਆ। ਸਸਤੀਆਂ ਕੀਮਤਾਂ 'ਤੇ ਮਿਲਣ ਵਾਲੇ ਚੌਲ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਗ਼ਰੀਬਾਂ ਦੇ ਖਾਣ ਲਈ ਭੇਜੇ ਗਏ ਪਰ ਵੰਡਣ ਤੋਂ ਪਹਿਲਾਂ ਹੀ 'ਝੂਟੇ' ਦਿਵਾ ਕੇ ਵਾਪਸ ਸ਼ੈਲਰਾਂ ਵਿਚ ਲਿਆ ਕੇ ਨਵੇਂ ਚੌਲਾਂ ਵਿਚ ਮਿਲਾ ਕੇ ਵੱਧ ਕੀਮਤਾਂ 'ਤੇ ਫਿਰ ਸਰਕਾਰਾਂ ਨੂੰ ਵੇਚੇ ਗਏ ਤੇ ਕਰੋੜਾਂ ਰੁਪਿਆ ਮੁਨਾਫ਼ਾ ਕਮਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੰਡ ਪ੍ਰਣਾਲੀ ਅਧੀਨ ਜੰਮੂ ਕਸ਼ਮੀਰ ਤੇ ਲੇਹ ਲੱਦਾਖ ਨੂੰ ਵੀ ਚੌਲ (ਕਾਗਜ਼ਾਂ ਵਿਚ) ਭੇਜੇ ਗਏ। ਇਹ ਇਨਸਾਨੀਅਤ ਲਈ 'ਸ਼ਰਮਸਾਰ' ਹੋਣ ਵਾਲੀ ਗੱਲ ਹੈ। ਜਦੋਂ ਉੱਪਰ ਤੱਕ 'ਹਿੱਸਾ ਪੱਤੀ' ਜਾਂਦਾ ਹੋਵੇ ਤਾਂ ਕਿਹੜੀ ਏਜੰਸੀ, ਕਿਹੜੀ ਸਰਕਾਰ ਅਜਿਹੇ ਭ੍ਰਿਸ਼ਟ ਘੁਟਾਲੇ ਨੂੰ ਹੱਥ ਪਾਵੇਗੀ। ਢਿੱਡੋਂ ਭੁੱਖੇ ਸੌਂਦੇ ਤੇ ਅਨਾਜ ਲਈ ਤਰਸਦੇ ਗ਼ਰੀਬ ਵਰਗ ਲਈ ਇਹ ਖ਼ਬਰਾਂ ਅਸਹਿਣਯੋਗ ਹਨ। 'ਮਹਾਨ ਭਾਰਤ' ਦੇ ਮੱਥੇ 'ਤੇ ਇਹ ਕਲੰਕ ਹਨ। ਕੀ ਭਾਰਤੀ ਸਿਆਸਤਦਾਨ ਕਦੇ ਜਾਗਣਗੇ ਵੀ?

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਪਲਾਸਟਿਕ ਦੀ ਵਰਤੋਂ
ਅਸੀਂ ਰੋਜ਼ ਦੇਖਦੇ ਹਾਂ ਕਿ ਪਲਾਸਟਿਕ ਲਿਫ਼ਾਫ਼ਿਆਂ 'ਤੇ ਰੋਕ ਲਗਾਉਣ ਦੇ ਬਾਵਜੂਦ ਕਈ ਦੁਕਾਨਾਂ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਲਾਸਟਿਕ ਦੇ ਲਿਫ਼ਾਫ਼ੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਹ ਪਲਾਸਟਿਕ ਨਸ਼ਟ ਵੀ ਨਹੀਂ ਹੁੰਦੇ ਅਤੇ ਆਵਾਰਾ ਜਾਨਵਰ ਇਨ੍ਹਾਂ ਲਿਫ਼ਾਫ਼ਿਆਂ ਨੂੰ ਖਾ ਜਾਂਦੇ ਹਨ ਅਤੇ ਬਿਮਾਰ ਪੈ ਜਾਂਦੇ ਹਨ। ਸਾਨੂੰ ਅਤੇ ਸਰਕਾਰ ਨੂੰ ਮਿਲ ਕੇ ਇਸ ਦੀ ਵਰਤੋਂ ਰੋਕਣੀ ਚਾਹੀਦੀ ਹੈ। ਇਸ ਦੀ ਰੋਕ ਕੇਵਲ ਸਰਕਾਰ ਦੇ ਕਹਿਣ 'ਤੇ ਹੀ ਨਹੀਂ, ਬਲਕਿ ਸਾਨੂੰ ਖ਼ੁਦ ਨੂੰ ਵੀ ਇਸ ਦੀ ਵਰਤੋਂ ਰੋਕਣੀ ਚਾਹੀਦੀ ਹੈ।

-ਸਿਮਰਨਜੀਤ ਕੌਰ
ਡੀ.ਜੇ.ਐਮ.ਸੀ., ਐਚ.ਐਮ.ਵੀ., ਜਲੰਧਰ।

19-11-2018

 ਸਿੱਖ ਬੀਬੀਆਂ ਤੇ ਹੈਲਮੇਟ
ਸੁਪਰੀਮ ਕੋਰਟ ਦੁਆਰਾ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਔਰਤਾਂ ਲਈ ਹੈਲਮੇਟ ਜ਼ਰੂਰੀ ਕਰ ਦਿੱਤਾ ਹੈ। ਸਿੱਖ ਬੀਬੀਆਂ ਲਈ ਵੀ ਅਜਿਹਾ ਕਰਨਾ ਲਾਜ਼ਮੀ ਕਰ ਦਿੱਤਾ ਹੈ। ਦੂਸਰੇ ਪਾਸੇ ਕੁਝ ਰਾਜਸੀ ਤੇ ਧਾਰਮਿਕ ਸਿੱਖ ਆਗੂਆਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਦਾ ਤਰਕ ਹੈ ਕਿ ਇਹ ਫੈਸਲਾ ਸਿੱਖ ਮਰਿਯਾਦਾ ਦੇ ਖਿਲਾਫ਼ ਹੈ। ਜੇਕਰ ਉਨ੍ਹਾਂ ਦੀ ਸੁਰੱਖਿਆ ਲਈ ਇਹ ਫੈਸਲਾ ਕੀਤਾ ਗਿਆ ਹੈ ਤਾਂ ਇਸ ਵਿਚ ਕੁਝ ਗਲਤ ਨਹੀਂ ਹੈ ਕਿਉਂਕਿ ਜੇਕਰ ਔਰਤਾਂ ਸਿਰ 'ਤੇ ਦੁਮਾਲੇ ਸਜਾਉਂਦੀਆਂ ਹਨ, ਫਿਰ ਤਾਂ ਕਿਹਾ ਜਾ ਸਕਦਾ ਸੀ ਕਿ ਇਹ ਫੈਸਲਾ ਉਨ੍ਹਾਂ ਦੇ ਖਿਲਾਫ਼ ਕੀਤਾ ਗਿਆ ਹੈ ਪਰ ਜੇਕਰ ਔਰਤਾਂ ਇਕ ਪਾਸੇ ਸਿਰ 'ਤੇ ਦੁਪੱਟਾ ਵੀ ਨਹੀਂ ਲੈਂਦੀਆਂ, ਦੂਸਰੇ ਪਾਸੇ ਹੈਲਮੇਟ ਦਾ ਵਿਰੋਧ ਕਰਦੀਆਂ ਹਨ ਤਾਂ ਇਹ ਵੀ ਗ਼ਲਤ ਹੈ। ਜੋ ਵਿਅਕਤੀ ਦਸਤਾਰ ਸਜਾਉਂਦੇ ਹਨ, ਉਨ੍ਹਾਂ ਨੂੰ ਹੈਲਮੇਟ ਲਈ ਨਹੀਂ ਕਿਹਾ ਜਾਂਦਾ। ਆਵਾਜਾਈ ਤੇ ਸਫ਼ਰ ਦੌਰਾਨ ਹੈਲਮੇਟ ਦੀ ਵਰਤੋਂ ਕਰਨਾ ਕੁਝ ਗ਼ਲਤ ਨਹੀਂ ਹੈ, ਬਾਕੀ ਸਮੇਂ ਸਿੱਖ ਮਰਿਯਾਦਾ ਦੀ ਪਾਲਣਾ ਕੀਤੀ ਜਾ ਸਕਦੀ ਹੈ।


-ਕਮਲ ਬਰਾੜ
ਪਿੰਡ ਕੋਟਲੀ, ਅਬਲੂ।


ਟੋਲ ਪਲਾਜ਼ਾ
ਪੂਰੇ ਪੰਜਾਬ ਵਿਚ ਟੋਲ ਪਲਾਜ਼ਿਆਂ ਤੋਂ ਰੋਜ਼ਾਨਾ ਹੀ ਲੱਖਾਂ ਵਿਚ ਹੀ ਲੋਕਾਂ ਪਾਸੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ, ਪ੍ਰੰਤੂ ਮੁੱਖ ਮਾਰਗਾਂ ਦੀਆਂ ਸੜਕਾਂ ਕਈ ਥਾਵਾਂ ਤੋਂ ਟੁੱਟੀਆਂ ਹੋਣ ਦੇ ਨਾਲ-ਨਾਲ ਸੀਵਰੇਜ ਲੀਕ ਹੋਣ ਕਾਰਨ ਹਾਦਸਿਆਂ ਦਾ ਵੀ ਕਾਰਨ ਬਣ ਰਹੀਆਂ ਹਨ। ਇਸ ਦੇ ਬਾਵਜੂਦ ਵੀ ਹਾਈਵੇਅ ਅਥਾਰਟੀ ਵਲੋਂ ਸੜਕਾਂ ਦੀ ਮੁਰੰਮਤ ਕਰਨ ਵੱਲ ਕੋਈ ਰੁਚੀ ਨਹੀਂ ਦਿਖਾਈ ਜਾ ਰਹੀ। ਵੈਸੇ ਤਾਂ ਹਰੇਕ ਗੱਡੀ ਦੀ ਰਜਿਸਟ੍ਰੇਸ਼ਨ ਸਮੇਂ ਗੱਡੀ ਦੇ ਮਾਲਕ ਪਾਸੋਂ ਸੜਕੀ ਟੈਕਸ ਵਸੂਲ ਕੀਤਾ ਜਾਂਦਾ ਹੈ, ਪਰ ਫਿਰ ਵੀ ਸੜਕਾਂ 'ਤੇ ਚੱਲਣ ਲਈ ਟੋਲ ਟੈਕਸ ਵਸੂਲ ਕੀਤਾ ਜਾਂਦਾ ਹੈ। ਭਾਵੇਂ ਇਹ ਵਸੂਲ ਕੀਤਾ ਜਾਂਦਾ ਟੋਲ ਟੈਕਸ ਕੇਂਦਰ ਜਾਂ ਕਿਸੇ ਹੋਰ ਏਜੰਸੀ ਪਾਸ ਜਾਂਦਾ ਹੈ, ਪਰ ਲੋਕਾਂ 'ਤੇ ਤਾਂ ਦੋਹਰਾ ਆਰਥਿਕ ਬੋਝ ਪੈ ਰਿਹਾ ਹੈ। ਜਿਥੇ ਹਾਈਵੇਅ ਅਥਾਰਟੀ ਨੂੰ ਸੜਕਾਂ ਦੀ ਮੁਰੰਮਤ ਆਦਿ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਉਥੇ ਸਰਕਾਰ ਨੂੰ ਵੀ ਲੋਕਾਂ ਪਾਸੋਂ ਵਸੂਲ ਕੀਤੇ ਜਾਂਦੇ ਰੋਡ ਟੈਕਸ ਬਾਰੇ ਮੁੜ ਵਿਚਥਾਰ ਕਰਨ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਘੋਰ ਸੰਕਟ ਵਿਚ ਕਿਸਾਨੀ
ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਅੱਜ ਭਿਆਨਕ ਦੌਰ 'ਚੋਂ ਲੰਘ ਰਿਹਾ ਹੈ। ਜੇ ਮੱਧ ਵਰਗੀ ਕਿਸਾਨੀ ਸਾਹ-ਵਿਰੋਲ ਰਹੀ ਹੈ ਤਾਂ ਹੇਠਲੇ ਵਰਗ ਦਾ ਕਿਸਾਨ ਤਬਾਹੀ ਦੇ ਕੰਢੇ 'ਤੇ ਹੈ। ਖੇਤ ਛੋਟੇ-ਛੋਟੇ ਟੁਕੜਿਆਂ ਵਿਚ ਵੰਡੇ ਜਾ ਰਹੇ ਹਨ, ਟੁਕੜੇ ਹੌਲੀ-ਹੌਲੀ ਖਤਮ ਹੋ ਰਹੇ ਹਨ। ਕਿਸਾਨ ਦੀ ਫਸਲ ਦਾ ਭਾਅ ਸਰਕਾਰ ਵਲੋਂ ਮਿਥਿਆ ਜਾਂਦਾ ਹੈ। ਰੇਤ, ਤੇਲ ਅਤੇ ਦਵਾਈਆਂ ਦੇ ਭਾਅ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ। ਮਹਿੰਗੀ ਖੇਤੀ ਮਸ਼ੀਨਰੀ, ਸਰਕਾਰਾਂ ਦੀ ਬੇਰੁਖ਼ੀ, ਮੌਸਮ ਦੀ ਮਾਰ ਨਾਲ ਕਿਸਾਨਾਂ ਦੇ ਸੁਪਨੇ ਪਨਪਣ ਤੋਂ ਪਹਿਲਾਂ ਹੀ ਮਰ-ਮੁੱਕ ਜਾਂਦੇ ਹਨ। ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਨੂੰ ਭਾਣਾ ਵਾਪਰ ਜਾਣ ਤੋਂ ਬਾਅਦ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਜੇਕਰ ਪਹਿਲਾਂ ਹੀ ਕਰਜ਼ਾ ਮੁਆਫ਼ੀ ਦੇ ਰੂਪ ਵਿਚ ਦਿੱਤੀ ਜਾਵੇ ਤਾਂ ਇਹ ਨੌਬਤ ਬਣੇ ਹੀ ਨਾ। ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਉਣ ਵਾਲੇ ਕਿਸਾਨ ਦੀ ਅੱਜ ਬਾਂਹ ਫੜਨ ਦੀ ਲੋੜ ਹੈ।


-ਗੁਰਦੀਪ ਲੋਪੋਂ
ਪਿੰਡ ਤੇ ਡਾ: ਲੋਪੋਂ, ਜ਼ਿਲ੍ਹਾ ਮੋਗਾ।


ਨਸ਼ਾਮੁਕਤ ਪੰਚਾਇਤੀ ਚੋਣਾਂ
ਪਿਛਲੇ ਦਿਨੀਂ ਡਾ: ਰਣਜੀਤ ਸਿੰਘ ਦਾ ਲੇਖ 'ਨਸ਼ਾਮੁਕਤ ਪੰਚਾਇਤੀ ਚੋਣਾਂ ਲਈ ਸ਼ੁਰੂ ਕਰੋ ਅੰਦੋਲਨ' ਪੜ੍ਹਿਆ। ਜਿਸ ਵਿਚ ਲੇਖਕ ਨੇ ਪੰਜਾਬੀਆਂ ਨੂੰ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢਣ ਲਈ ਇਕਜੁੱਟ ਹੋਣ ਲਈ ਪ੍ਰੇਰਿਤ ਕੀਤਾ ਹੈ। ਨਸ਼ਿਆਂ ਦਾ ਘੁਣ ਹੀ ਨਹੀਂ, ਸਗੋਂ ਜ਼ਹਿਰੀਲਾ ਹੋ ਰਿਹਾ ਪਾਣੀ, ਕਿਸਾਨੀ ਦੀ ਆਰਥਿਕ ਮੰਦਹਾਲੀ, ਪ੍ਰਦੂਸ਼ਣ, ਭ੍ਰਿਸ਼ਟਾਚਾਰੀ ਆਦਿ ਸਾਡੀ ਗੁਰੂ-ਪੀਰਾਂ ਦੀ ਧਰਤੀ, ਰੰਗਲੇ ਪੰਜਾਬ ਦੇ ਭਵਿੱਖ ਨੂੰ ਧੁੰਦਲਾ ਕਰਦੀਆਂ ਜਾਪ ਰਹੀਆਂ ਹਨ। ਲੋੜ ਹੈ ਅੱਜ ਸਾਨੂੰ ਗੁਰੂਆਂ ਦੇ ਉਪਦੇਸ਼ ਤੋਂ ਸੇਧ ਲੈ ਕੇ ਜਾਗਰੂਕਤਾ ਵਧਾਉਣ ਦੀ, ਇਮਾਨਦਾਰੀ ਨੂੰ ਢਾਲ ਬਣਾਉਣ ਦੀ, ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣ ਦੀ, ਆਪਸੀ ਫੁੱਟ ਅਤੇ ਕਲੇਸ਼ ਤੋਂ ਉੱਪਰ ਉੱਠ, ਇਕਜੁਟ ਹੋ ਕੇ ਇਨ੍ਹਾਂ ਕੋਹੜਾਂ ਨੂੰ ਵੱਢਣ ਦੀ। ਜਿਸ ਦੀ ਸ਼ੁਰੂਆਤ ਪੰਚਾਇਤੀ ਚੋਣਾਂ ਦੌਰਾਨ ਇਹੋ ਜਿਹੇ ਸਾਰਥਿਕ ਤਰੀਕਿਆਂ ਨਾਲ ਕਰਨਾ ਇਕ ਸ਼ਲਾਘਾਯੋਗ ਕਦਮ ਹੋਵੇਗਾ।


-ਡਾ: ਹਰਜੋਤ ਕੌਰ
ਅਮਨ ਨਗਰ, ਮੋਗਾ, ਰੋਡ, ਕੋਟਕਪੂਰਾ, ਫਰੀਦਕੋਟ।


ਔਰਤਾਂ ਲਈ ਰਾਖਵਾਂਕਰਨ
ਸਰਕਾਰ ਦਾ ਇਹ ਚੰਗਾ ਕਦਮ ਹੈ ਕਿ ਪੰਚਾਇਤਾਂ ਵਰਗੇ ਅਦਾਰਿਆਂ ਵਿਚ ਔਰਤਾਂ ਦੀਆਂ ਸੀਟਾਂ ਦੇ ਰਾਖਵੇਂਕਰਨ 'ਤੇ ਗੰਭੀਰਤਾ ਦਿਖਾਈ ਹੈ। ਇਸ ਨਾਲ ਭਾਵੇਂ ਇਕਦਮ ਬਹੁਤ ਵੱਡੀ ਸਮਾਜਿਕ ਤਬਦੀਲੀ ਦੀ ਆਸ ਨਹੀਂ ਕੀਤੀ ਜਾਣੀ ਚਾਹੀਦੀ, ਪਰ ਉਹ ਪਿਛਾਂਹ ਖਿੱਚੂ ਸੋਚ ਤੋਂ ਇਹ ਫ਼ੈਸਲਾ ਚਾਰ ਕਦਮ ਜ਼ਰੂਰ ਅੱਗੇ ਸਮਝਿਆ ਜਾਣਾ ਚਾਹੀਦਾ ਹੈ, ਜਿਸ ਵਿਚ ਇਹ ਕਿਹਾ ਜਾਂਦਾ ਹੈ ਕਿ ਜੇ ਔਰਤਾਂ, ਬਾਹਰ ਦੇ ਕੰਮਾਂ ਖਾਸ ਕਰਕੇ ਸਮਾਜਿਕ, ਸਿਆਸੀ ਕੰਮਾਂ ਵਿਚ ਮਰਦਾਂ ਦੇ ਬਰਾਬਰ ਹਿੱਸਾ ਲੈਣਗੀਆਂ। ਪੰਚਾਇਤੀ ਰਾਜ ਹਕੀਕੀ ਜਮਹੂਰੀਅਤ ਦੀ ਮੁਢਲੀ ਕੜੀ ਹੈ ਅਤੇ ਭਾਰਤ ਵਿਚ ਹੈ ਵੀ ਇਹ ਸਭ ਤੋਂ ਵਿਸ਼ਾਲ। ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਚੁਣੀ ਹੋਈ ਔਰਤ ਪੰਚ ਜਾਂ ਸਰਪੰਚ ਦੀ ਥਾਂ 'ਤੇ ਉਸ ਦਾ ਪਤੀ ਜਾਂ ਪੁੱਤ ਨੂੰ ਕਿਸੇ ਵੀ ਮੀਟਿੰਗ ਵਿਚ ਬੈਠਣ ਦੀ ਮਨਾਹੀ ਕਰ ਦਿੱਤੀ ਜਾਵੇ। ਇਸ ਨਾਲ ਔਰਤਾਂ ਦਾ ਆਪਣੇ ਅਧਿਕਾਰਾਂ ਪ੍ਰਤੀ ਆਤਮ-ਵਿਸ਼ਵਾਸ ਵਧੇਗਾ। ਔਰਤਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਵੀ ਔਰਤਾਂ ਦੇ ਨਜ਼ਰੀਏ ਤੋਂ ਹੋਵੇਗਾ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

16-11-2018

 ਵੱਡਮੁੱਲੇ ਸੰਸਕਾਰ
ਬੀਤੇ ਦਿਨ ਲੋਕ ਮੰਚ ਪੰਨੇ 'ਤੇ ਸੁਖਵਿੰਦਰ ਕੌਰ ਪ੍ਰੀਤ ਹੁਰਾਂ ਦਾ ਲੇਖ 'ਪੈਰ ਛੂਹਣ ਤੋਂ ਮੂੰਹ ਮੋੜਦੀ ਅੱਜ ਦੀ ਪੀੜ੍ਹੀ' ਪੜ੍ਹਿਆ। ਸਮਾਜ ਖ਼ਾਸ ਕਰ ਨਵੀਂ ਪੀੜ੍ਹੀ ਨੂੰ ਕਾਫੀ ਸੇਧ ਦਿੰਦਾ ਲੇਖ ਸੀ। ਵਾਕਿਆ ਅੱਜ ਦੀ ਨਵੀਂ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਨੂੰ ਵੱਡਿਆਂ ਤੋਂ ਮਿਲੇ ਵਡਮੁੱਲੇ ਸੰਸਕਾਰ ਵੱਡਿਆਂ ਦੇ ਪੈਰਾਂ ਨੂੰ ਛੂਹ ਕੇ ਮਾਣ ਸਤਿਕਾਰ ਦੇਣ ਤੋਂ ਕਿਨਾਰਾ ਕਰਦੇ ਦੇਖੇ ਜਾਂਦੇ ਹਨ। ਸਾਡਾ ਸੱਭਿਆਚਾਰ ਪੱਛਮੀ ਸੱਭਿਅਤਾ ਦੇ ਮੁਕਾਬਲੇ ਬਹੁਤ ਅਮੀਰ ਹੈ ਪਰ ਨੌਜਵਾਨ ਪੀੜ੍ਹੀ ਇਸ ਨੂੰ ਨਜ਼ਰਅੰਦਾਜ਼ ਕਰਕੇ ਪੱਛਮੀ ਸੱਭਿਅਤਾ ਨੂੰ ਤਰਜੀਹ ਦੇਣਾ ਮੁਨਾਸਿਬ ਸਮਝਦੇ ਹਨ। ਸ਼ਾਇਦ ਪੈਰਾਂ ਤੱਕ ਝੁਕ ਕੇ ਪਿਆਰ ਸਤਿਕਾਰ ਵੱਡਿਆਂ ਨੂੰ ਦੇਣਾ ਜਾਂ ਉਨ੍ਹਾਂ ਤੋਂ ਝੁਕ ਕੇ ਅਸ਼ੀਰਵਾਦ ਦੇਣਾ-ਲੈਣਾ ਆਦਿ ਨੂੰ ਪੁਰਾਣੇ ਖਿਆਲਾਤਾਂ ਨਾਲ ਜੋੜ ਕੇ ਵੇਖਦੇ ਹਨ। ਕੁੱਲ ਮਿਲਾ ਕੇ ਨੌਜਵਾਨ ਪੀੜ੍ਹੀ ਵਲੋਂ ਆਪਣੇ ਪੁਰਾਣੇ ਰੀਤੀ-ਰਿਵਾਜ ਅਤੇ ਆਦਰ ਸਤਿਕਾਰ 'ਚ ਵਰਤੇ ਜਾਂਦੇ ਡੰਗ-ਤਰੀਕਿਆਂ-ਸੰਸਕਾਰਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤਾਂ ਬਿਹਤਰ ਹੋਏਗਾ। ਅਜਿਹੇ ਵਡਮੁੱਲੇ ਸੰਸਕਾਰ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਜਾਰੀ ਰੱਖਣੇ ਹੋਣਗੇ।


-ਮਾਸਟਰ ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਕੀਹਦੀ ਜ਼ਿੰਮੇਵਾਰੀ ਹੈ
ਸਾਉਣ ਦੀਆਂ ਝੜੀਆਂ ਵਿਚ ਮਸਤ ਹੋਈਆਂ ਸੜਕਾਂ ਕੰਢੇ ਖੜ੍ਹੇ ਦਰੱਖਤਾਂ ਦੀਆਂ ਟਹਿਣੀਆਂ ਹੱਦਾਂ ਟੱਪ ਸੜਕਾਂ 'ਤੇ ਕਬਜ਼ਾ ਕਰ ਰਾਹਗੀਰਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਤੇ ਕੁਝ ਕੁ ਬੁੱਢੇ ਦਰੱਖਤ ਤੇ ਮੁੱਢ ਵੀ ਅੜਿੱਕਾ ਹਨ। 28-28 ਫੁੱਟ ਚੌੜੇ ਰਸਤੇ ਲਗਪਗ 17-18 ਹੀ ਰਹਿ ਗਏ ਹਨ। ਸੜਕਾਂ ਦੀਆਂ ਬਰਮਾਂ ਖ਼ਤਮ ਹਨ, ਜੇ ਥੋੜ੍ਹੀਆਂ ਹਨ ਤਾਂ ਘਾਹ ਫੂਸ ਵਿਚ ਜ਼ਹਿਰੀਲੇ ਜਾਨਵਰ ਲੁਕੋਈ ਬੈਠੀਆਂ ਹਨ। ਜਿਸ ਦੀ ਜ਼ਿੰਮੇਵਾਰੀ ਹੈ, ਭਾਈ ਜਾਗੋ ਤਾਂ ਹੀ ਮਹਿਕਮਿਆਂ ਦੀ ਨਿੱਜੀਕਰਨ ਦੀ ਗੱਲ ਤੁਰਦੀ ਹੈ। ਫਿਰ ਪਿੱਟ ਸਿਆਪਾ, ਸਾਫ਼ ਤੇ ਸੁਰੱਖਿਅਤ ਰਸਤਾ ਵੀ ਜਨਤਾ ਦੇ ਮੁਢਲੇ ਅਧਿਕਾਰਾਂ ਵਿਚ ਹੈ। ਸੋ, ਦਰੱਖਤ ਉਗਾਓ, ਸੰਭਾਲੋ ਤੇ ਸੜਕਾਂ, ਬਰਮਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੋ।


-ਹਰਮਿੰਦਰ ਸਿੰਘ ਝਨੇੜੀ
ਝਨੇੜੀ (ਸੰਗਰੂਰ)।


ਸਿੱਖਣ ਦੀ ਕਲਾ
ਸਿੱਖਣਾ ਅਤੇ ਸਿਖਾਉਣਾ ਮਨੁੱਖ ਦਾ ਕੁਦਰਤੀ ਸੁਭਾਅ ਹੈ। ਮਾਂ ਦੇ ਗਰਭ ਤੋਂ ਹੀ ਉਸ ਵਿਚ ਸਿੱਖਣ ਦੀ ਕਲਾ ਵਿਕਸਿਤ ਹੋਣ ਲਗਦੀ ਹੈ। ਬਾਹਰੀ ਦੁਨੀਆ ਵਿਚ ਪ੍ਰਵੇਸ਼ ਕਰਦੇ ਹੀ ਉਹ ਸ਼ਬਦਾਂ ਦਾ ਉਚਾਰਨ ਅਤੇ ਪਛਾਣਨਾ ਸਿੱਖਦਾ ਹੈ। ਸਿੱਖਣਾ ਗਿਆਨ ਦਾ ਆਧਾਰ ਹੈ। ਸਿੱਖਣ ਤੋਂ ਭਾਵ ਗਿਆਨ ਦੇ ਅਦਾਨ-ਪ੍ਰਦਾਨ ਤੋਂ ਹੈ। ਇਸ ਨਾਲ ਸਾਡਾ ਮਨੋਬਲ ਵਧਦਾ ਹੈ। ਸਿੱਖਣਾ ਨਾ ਕੇਵਲ ਰੋਜ਼ੀ-ਰੋਟੀ ਮੁਹੱਈਆ ਕਰਵਾਉਂਦਾ ਹੈ, ਬਲਕਿ ਜ਼ਿੰਦਗੀ ਵਿਚ ਆਉਣ ਵਾਲੀਆਂ ਛੋਟੀਆਂ ਤੋਂ ਵੱਡੀਆਂ ਔਕੜਾਂ ਨਾਲ ਲੜਨਾ ਸਿਖਾਉਂਦਾ ਹੈ ਅਤੇ ਹਾਲਾਤ ਵਿਚ ਸੰਤੁਲਨ ਪੈਦਾ ਕਰਨਾ ਸਿਖਾਉਂਦਾ ਹੈ। ਜਿਸ ਵਿਅਕਤੀ ਕੋਲ ਸਿੱਖਣ ਦੀ ਕਲਾ ਹੁੰਦੀ ਹੈ, ਅਜਿਹਾ ਵਿਅਕਤੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦਾ ਹੈ। ਇਨਸਾਨ ਆਪਣੀਆਂ ਅਤੇ ਦੂਸਰਿਆਂ ਦੀਆਂ ਗ਼ਲਤੀਆਂ ਤੋਂ ਸਿੱਖਿਆ ਪ੍ਰਾਪਤ ਕਰਦਾ ਹੈ। ਪਰ ਹਊਮੈ ਵਰਗੀਆਂ ਭਾਵਨਾਵਾਂ ਮਨੁੱਖ ਨੂੰ ਸਿੱਖਣ ਤੋਂ ਵਾਂਝਿਆਂ ਕਰ ਦਿੰਦੀਆਂ ਹਨ। ਆਪਣੇ-ਆਪ ਨੂੰ ਬਹੁਤ ਗਿਆਨਵਾਨ ਸਮਝਣ ਵਾਲਾ ਵਿਅਕਤੀ ਮੂਰਖ ਹੁੰਦਾ ਹੈ, ਕਿਉਂਕਿ ਗਿਆਨ ਅਸੀਮਤ ਹੈ। ਸਿੱਖਣ ਲਈ ਨਿਮਰਤਾ ਭਾਵ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿੱਖਣਾ ਕੋਈ ਸੰਕੋਚ ਵਾਲੀ ਗੱਲ ਨਹੀਂ, ਬਲਕਿ ਮਾਣ ਵਾਲੀ ਗੱਲ ਹੈ। ਇਸ ਨਾਲ ਸਾਡੀ ਸ਼ਖ਼ਸੀਅਤ ਹੋਰ ਉੱਚੀ ਹੋ ਜਾਂਦੀ ਹੈ। ਸਿਖਦੇ ਰਹਿਣ ਨਾਲ ਸਾਡਾ ਮਾਨਸਿਕ ਵਿਕਾਸ ਹੁੰਦਾ ਰਹਿੰਦਾ ਹੈ। ਆਪਣੇ ਅੰਦਰ ਸਿੱਖਣ ਦੀ ਕਲਾ ਨੂੰ ਕਦੇ ਮਰਨ ਨਹੀਂ ਦੇਣਾ ਚਾਹੀਦਾ।


-ਇੰਦਰ ਸੰਧੂ।


ਕਥਾ-ਕੀਰਤਨ
ਸਾਡੇ ਦੇਸ਼ ਵਿਚ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦਿਆਂ ਵੱਖ-ਵੱਖ ਧਰਮਾਂ ਵਿਚ ਸ਼ਰਧਾ ਭਾਵਨਾ ਬਹੁਤ ਪ੍ਰਗਟਾਈ ਜਾਂਦੀ ਹੈ। ਇਸ ਸ਼ਰਧਾ ਭਾਵਨਾ ਨਾਲ ਹੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਭਟਕਦੇ ਮਨ ਨੂੰ ਸਥਿਰਤਾ ਵਿਚ ਲਿਆ ਕੇ ਸੱਚਾ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਵੱਖੋ-ਵੱਖਰੇ ਧਰਮ ਆਪੋ-ਆਪਣੇ ਢੰਗ ਮਰਿਆਦਾ ਨਾਲ ਪਾਠ, ਕਥਾ, ਕੀਰਤਨ, ਭੇਟਾਂ ਤੇ ਧਾਰਮਿਕ ਗੀਤਾਂ ਨਾਲ ਧਰਮ ਦਾ ਪ੍ਰਚਾਰ, ਪ੍ਰਸਾਰ ਤੇ ਧਰਮ ਵਿਚ ਦ੍ਰਿੜ੍ਹਤਾ ਪ੍ਰਗਟ ਕਰਦੇ ਹਨ। ਇਹ ਸਮਾਜ ਤੇ ਦੇਸ਼ ਕੌਮ ਲਈ ਚੰਗੀ ਗੱਲ ਹੈ ਪਰ ਇਕ ਗੱਲ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਹ ਗੱਲ ਇਹ ਹੈ ਕਿ ਅਜੋਕੇ ਸਮੇਂ ਦੀਆਂ ਬਦਲਦੀਆਂ ਲੋੜਾਂ ਤੇ ਸਥਿਤੀਆਂ ਅਨੁਸਾਰ ਧਾਰਮਿਕ ਪ੍ਰਚਾਰ ਨਹੀਂ ਹੋ ਰਿਹਾ। ਸਮੇਂ ਦੇ ਹਾਣੀ ਬਣਨ ਲਈ ਜ਼ਰੂਰੀ ਹੈ ਕਿ ਧਰਮ ਪ੍ਰਚਾਰਕ, ਕਥਾ, ਕੀਰਤਨੀਏ ਬਹੁਤ ਗਿਆਨਵਾਨ ਤੇ ਸੂਝਵਾਨ ਹੋਣ। ਅਧਿਆਤਮਕ ਗਿਆਨ ਦਾ ਖੇਤਰ ਆਪਣੇ ਧਰਮ ਤੱਕ ਸੀਮਤ ਨਾ ਰੱਖ ਕੇ ਹੋਰ ਧਰਮਾਂ ਦੀ ਪੜ੍ਹਾਈ ਪੜ੍ਹਨ ਦੇ ਨਾਲ-ਨਾਲ ਮਨੋਵਿਗਿਆਨ ਤੇ ਫਿਲਾਸਫ਼ੀ ਵਿਸ਼ੇ ਪੜ੍ਹ ਕੇ ਵਿਸ਼ਾਲ ਕਰਨਾ ਪਵੇਗਾ, ਤਾਂ ਜੋ ਲੋਕਾਂ ਨੂੰ ਸੰਤੁਲਿਤ ਵਿਚਾਰਾਂ ਤੇ ਕੰਮਾਂ ਨਾਲ ਨਿਹਾਲ ਕਰਕੇ ਸੱਚਾ ਸੁੱਖ ਪ੍ਰਦਾਨ ਕੀਤਾ ਜਾ ਸਕੇ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਚਿੰਤਾਤੁਰ ਭਵਿੱਖ
ਹਰ ਇਕ ਮਾਂ-ਬਾਪ ਆਪਣੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਪੜ੍ਹਨ ਸਮੇਂ ਹੀ ਆਪਣੀਆਂ ਚੇਤਨ ਅੱਖਾਂ ਵਿਚ ਬੱਚਿਆਂ ਦਾ ਭਵਿੱਖ ਆਪਣੇ ਬੁਢਾਪੇ ਦੀ ਡੰਗੋਰੀ ਫੜਨ ਦੇ ਰੰਗੀਨ ਸੁਪਨੇ ਸੰਜੋਅ ਬੈਠਦਾ ਹੈ। ਪਰ ਅੱਜ ਹਾਲਾਤ ਸਭ ਕਾਸੇ ਦੇ ਉਲਟ ਬਣ ਰਹੇ ਨੇ। ਰਾਜੇ-ਮਹਾਰਾਜਿਆਂ ਦੇ ਸ਼ਾਹੀ ਸ਼ਹਿਰ ਵਿਚ ਡਿਗਰੀਆਂ ਵਾਲੇ ਪੜ੍ਹੇ-ਲਿਖੇ ਅਧਿਆਪਕ ਆਪਣੇ ਹੱਕਾਂ ਖਾਤਰ ਭੁੱਖ ਹੜਤਾਲ, ਧਰਨਾ ਆਦਿ ਡਾਹੀ ਬੈਠੇ ਹਨ, ਜਿਨ੍ਹਾਂ ਦਾ ਹਾਲੇ ਤੱਕ ਕੋਈ ਸਾਰਥਿਕ ਹੱਲ ਨਹੀਂ ਹੋਇਆ। ਸਰਬ ਸਿੱਖਿਆ ਅਭਿਆਨ, ਰਮਸਾ ਤਹਿਤ ਭਰਤੀ ਹੋਏ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਤਬਾਹ ਕਰ ਦਿੱਤੀ। ਅਧਿਆਪਕ ਮਾਰੂ ਇਸ ਨੀਤੀ ਨਾਲ ਇਨ੍ਹਾਂ ਅਧਿਆਪਕਾਂ ਕੋਲ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਪਰ ਹੁਣ ਸਾਡੇ ਲੋਕਾਂ ਨੂੰ ਸਰਕਾਰਾਂ 'ਤੇ ਯਕੀਨ ਨਹੀਂ ਰਿਹਾ। ਬੱਚੇ ਆਈਟਲਸ ਕਰ ਕਾਹਲੇ ਕਦਮੀਂ ਬਾਹਰ ਜਾਣ ਲਈ ਹੱਥ-ਪੈਰ ਮਾਰ ਰਹੇ ਹਨ। ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਪ੍ਰਤੀ ਨਹੀਂ ਤਾਂ ਬੱਚਿਆਂ ਪ੍ਰਤੀ ਹਮਦਰਦੀ ਦਿਖਾ ਇਨ੍ਹਾਂ ਦਾ ਕੋਈ ਸਾਰਥਿਕ ਹੱਲ ਕੱਢ ਇਸ ਭੁੱਖ ਹੜਤਾਲ ਜਾਂ ਧਰਨੇ ਨੂੰ ਸਮਾਪਤ ਕਰਨਾ ਚਾਹੀਦਾ ਹੈ, ਇਸ ਵਿਚ ਹੀ ਸਭ ਦੀ ਭਲਾਈ ਹੈ।


-ਜਸਬੀਰ ਦੱਧਾਹੂਰ, ਜ਼ਿਲ੍ਹਾ ਲੁਧਿਆਣਾ।

15-11-2018

 ਦੇਸ਼ ਭਗਤੀ
ਭਾਰਤ ਦੇਸ਼ 15 ਅਗਸਤ, 1947 ਨੂੰ ਅੰਗਰੇਜ਼ਾਂ ਦੀ ਲੰਮੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਨੇਕਾਂ ਹੀ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਜ਼ਾਦੀ ਲਈ ਸੰਘਰਸ਼ ਕੀਤਾ। ਆਧੁਨਿਕ ਸਮੇਂ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਘਟ ਰਹੀ ਹੈ। ਅੱਜ ਦਾ ਨੌਜਵਾਨ ਵਰਗ ਭਾਰਤ ਦੇਸ਼ ਵਿਚ ਰਹਿਣਾ ਤੇ ਕੰਮ ਕਰਨਾ ਹੀ ਪਸੰਦ ਨਹੀਂ ਕਰਦਾ ਤੇ ਉਸ ਦਾ ਵਿਦੇਸ਼ਾਂ ਵੱਲ ਰੁਝਾਨ ਵਧ ਰਿਹਾ ਹੈ। ਆਖਿਰ ਨੌਜਵਾਨ ਵਰਗ ਵਿਚ ਦੇਸ਼ ਭਗਤੀ ਦੀ ਭਾਵਨਾ ਕਿਉਂ ਘਟ ਰਹੀ ਹੈ? ਦੇਸ਼ ਭਗਤੀ ਦਾ ਜਜ਼ਬਾ ਤਾਂ ਕੁਦਰਤੀ ਹੀ ਹੁੰਦਾ ਹੈ ਪਰ ਜ਼ਿੰਦਗੀ ਦੀ ਅਟੱਲ ਸੱਚਾਈਆਂ ਤੋਂ ਜ਼ਰੂਰਤਾਂ ਜ਼ਿੰਦਗੀ ਦਾ ਕੁਦਰਤੀ ਸੰਤੁਲਿਨ ਵਿਗਾੜ ਦਿੰਦੀਆਂ ਹਨ। ਸਾਡੇ ਦੇਸ਼ ਵਿਚ ਮਹਿੰਗੀ ਤੇ ਲੰਮੀ ਚੌੜੀ ਸਿੱਖਿਆ ਪ੍ਰਣਾਲੀ ਹੈ। ਕਈ ਸਾਲ ਵਿੱਦਿਆ ਪ੍ਰਾਪਤੀ ਤੋਂ ਬਾਅਦ ਵੀ ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ ਹੈ। ਜੇਕਰ ਕੰਮ ਮਿਲਦਾ ਹੈ ਤਾਂ ਮਿਹਨਤਾਨਾ ਘਟ ਹੋਣ ਕਾਰਨ ਨੌਜਵਾਨ ਵਰਗ ਨਿਰਾਸ਼ ਹੋ ਜਾਂਦਾ ਹੈ। ਸਰਕਾਰੀ ਸਹੂਲਤਾਂ, ਸਮਾਜ ਸੇਵੀ ਸੇਵਾਵਾਂ ਲੋੜਵੰਦਾਂ ਤੱਕ ਨਹੀਂ ਪਹੁੰਚ ਰਹੀਆਂ। ਊਚ-ਨੀਚ, ਜਾਤ-ਪਾਤ, ਆਰਥਿਕ ਤੇ ਸਮਾਜਿਕ ਸ਼ੋਸ਼ਣ ਤੇ ਕਾਣੀ ਵੰਡ ਵਰਗੀਆਂ ਸਮੱਸਿਆਵਾਂ ਦਾ ਦੇਸ਼ ਵਿਚ ਅਜੇ ਬੋਲਬਾਲਾ ਹੈ। ਦੇਸ਼ ਭਗਤੀ ਦੀ ਘਾਟ ਦੇ ਇਹੀ ਕਾਰਨ ਹਨ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਖੇਤੀ ਪ੍ਰਤੀ ਘਟਦਾ ਰੁਝਾਨ
ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਔਲਾਦ ਕਾਮਯਾਬ ਹੋਵੇ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਡਾਕਟਰ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦਾ ਹੈ, ਵਪਾਰੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਉਸ ਦੇ ਕਿੱਤੇ ਵਿਚ ਆਵੇ ਪਰ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਅੰਨਦਾਤਾ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਪਿਤਾ ਪੁਰਖੀ ਧੰਦਾ ਖੇਤੀ ਕਰੇ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਵਾਜਬ ਭਾਅ ਨਾ ਮਿਲਣਾ, ਲਾਗਤ ਤੋਂ ਜ਼ਿਆਦਾ ਖਰਚ, ਕੁਦਰਤੀ ਕਰੋਪੀ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿਤਾ ਪੁਰਖੀ ਧੰਦੇ ਖੇਤੀ ਨਾਲ ਜੁੜਨ ਕਿਉਂਕਿ ਅੱਜ ਦੇ ਸਮੇਂ ਕਰੋੜਾਂ ਦੀ ਗਿਣਤੀ ਵਿਚ ਨੌਜਵਾਨ ਡਿਗਰੀਆਂ ਕਰਕੇ ਬੇਰੁਜ਼ਗਾਰ ਹਨ। ਇਸ ਬੇਰੁਜ਼ਗਾਰੀ ਨੂੰ ਕਿਰਤ ਕਰ ਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ। ਅੱਜਕਲ੍ਹ ਦੇ ਨੌਜਵਾਨਾਂ ਵਿਚ ਹੱਥੀਂ ਕੰਮ ਨਾ ਕਰਨ ਦਾ ਰੁਝਾਨ ਤੇ ਰਾਤੋ-ਰਾਤ ਪੈਸੇ ਕਮਾਉਣ ਦੀ ਲਾਲਸਾ ਕਰਕੇ ਹੀ ਉਹ ਖੇਤੀ ਤੋਂ ਦੂਰ ਹੋ ਰਹੇ ਹਨ ਤੇ ਉਹ ਖੇਤੀ ਕਰਨ ਨੂੰ ਹੀਣ ਭਾਵਨਾ ਨਾਲ ਦੇਖਦੇ ਹਨ। ਇਸ ਤੋਂ ਇਲਾਵਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਫ਼ਸਲਾਂ ਦੇ ਠੀਕ ਭਾਅ ਦੇ ਕੇ ਖੇਤੀ ਨੂੰ ਫਿਰ ਉਤਸ਼ਾਹਿਤ ਕਰਨ ਤਾਂ ਜੋ ਨੌਜਵਾਨ ਪੀੜ੍ਹੀ ਦਾ ਖੇਤੀ ਪ੍ਰਤੀ ਰੁਝਾਨ ਵਧ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਕੀ ਹੋਵੇਗਾ ਅਧਿਆਪਕਾਂ ਦਾ ਭਵਿੱਖ?
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦਾ ਨਾਅਰਾ ਦੇਣ ਵਾਲੀ ਕਾਂਗਰਸ ਹੁਣ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਾਲੇ ਅਧਿਆਪਕਾਂ ਦੇ ਰੋਸ ਦਾ ਲਗਾਤਾਰ ਸਾਹਮਣਾ ਕਰ ਰਹੇ ਹਨ, ਜੋ ਕਿ ਸਿੱਖਿਆ ਦੇ ਮਿਆਰ ਨੂੰ ਢਾਹ ਲਾਉਣ ਵਾਲੀ ਇਕ ਸ਼ਰਮਨਾਕ ਸੋਚ ਪ੍ਰਤੀਤ ਹੁੰਦੀ ਹੈ। ਸੱਤਾ 'ਚ ਆਉਣ ਲੱਗਿਆਂ ਕੀਤੇ ਗਏ ਵਾਅਦੇ ਸੱਤਾ 'ਚ ਆਉਣ ਤੋਂ ਬਾਅਦ ਪੂਰੇ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਂਜ ਵੀ ਸਿੱਖਿਆ ਅਤੇ ਯੋਗਤਾ ਪ੍ਰੀਖਿਆਵਾਂ ਦੀਆਂ ਵੱਖ-ਵੱਖ ਕਸੌਟੀਆਂ 'ਤੇ ਖਰੇ ਉਤਰੇ ਕੁਝ ਕੁ ਲੋਕ ਹੀ ਅਧਿਆਪਕ ਬਣ ਪਾਉਂਦੇ ਹਨ। ਅਜਿਹੇ 'ਚ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਵਾਰ-ਵਾਰ ਕੀਤਾ ਜਾ ਰਿਹਾ ਖਿਲਵਾੜ ਨੌਜਵਾਨ ਪੀੜ੍ਹੀ ਲਈ ਇਕ ਮਾੜੀ ਮਿਸਾਲ ਪੇਸ਼ ਕਰਦਾ ਹੈ।


-ਸੁਗਮ
ਵਿਦਿਆਰਥੀ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ, ਲਾਇਲਪੁਰ ਖਾਲਸਾ ਕਾਲਜ, ਜਲੰਧ
ਰ।


ਸਿੱਖੀ ਲਿਬਾਸ ਵਿਚ ਲੁਟੇਰਾ ਗਰੋਹ
ਅੱਜਕਲ੍ਹ ਕਈ ਵਿਹਲੜ ਸਿੱਖੀ ਸਰੂਪ ਵਿਚ ਗੋਲ ਜਿਹੀ ਦਸਤਾਰ ਬੰਨ੍ਹ ਕੇ ਪਿੰਡਾਂ ਵਿਚ ਬਗਲੀਆਂ, ਬੋਰੀਆਂ ਚੁੱਕੀ ਫਿਰਦੇ ਆਮ ਵੇਖੀਦੇ ਐ। ਉਹ ਕੋਈ ਗੱਡੀ ਲੈ ਕੇ ਪਿੰਡਾਂ ਵਿਚ ਯਤੀਮ ਖਾਨਿਆਂ ਤੇ ਹੋਰ ਸੰਸਥਾਵਾਂ ਦਾ ਨਾਂਅ ਲੈ ਕੇ ਗੁਰਦੁਆਰਿਆਂ ਤੋਂ ਪੈਸੇ, ਰਾਸ਼ਨ, ਸਮੱਗਰੀ ਅਤੇ ਬਸਤਰਾਂ ਦਾ ਦਾਨ ਕਰਨ ਦੀ ਮੁਨਿਆਦੀ ਕਰਵਾ ਕੇ ਪਿੰਡ ਵਿਚ ਮੋਢਿਆਂ 'ਤੇ ਬੋਰੀਆਂ ਲਮਕਾ ਕੇ, ਹੱਥ ਵਿਚ ਕੋਈ ਕਿਤਾਬ ਜਿਹੀ ਫੜ ਕੇ ਦਰ-ਦਰ ਮੰਗਦੇ ਫਿਰਦੇ ਹਨ। ਜਦ ਬਾਹਰਲੇ ਸੂਬਿਆਂ ਨਾਲ ਸਬੰਧਿਤ ਲੋਕ ਆਮ ਹੀ ਆਖਦੇ ਹਨ ਕਿ ਅਸੀਂ ਜ਼ਿੰਦਗੀ ਵਿਚ ਕੋਈ ਪੰਜਾਬੀ ਸਿੱਖ ਮੰਗਦਾ ਨਹੀਂ ਵੇਖਿਆ ਤਾਂ ਸਾਡੇ ਸਿੱਖਾਂ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਪਿੰਡਾਂ ਦਾ ਹਰ ਬੰਦਾ ਜਾਣਦਾ ਹੈ ਕਿ ਪਿੰਗਲਵਾੜਿਆਂ, ਯਤੀਮਖਾਨਿਆਂ ਅਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਖੁੱਲ੍ਹਕੇ ਦਾਨ ਦਿੱਤਾ ਜਾਣਾ ਚਾਹੀਦਾ ਹੈ, ਫਿਰ ਜੇ ਕੋਈ ਐਸਾ ਮੰਗਣ ਵਾਲਾ (ਦਾਨ) ਆਉਂਦਾ ਹੈ ਤਾਂ ਪਿੰਡ ਦੇ ਸਰਪੰਚ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਉਸ ਦੀ ਪੂਰੀ ਤਰ੍ਹਾਂ ਪਰਖ ਪੜਤਾਲ ਕਰ ਕੇ ਹੀ ਦਾਨ ਮੰਗਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।


-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ, ਮੋਗਾ।

12-11-2018

 ਸੀ.ਬੀ.ਆਈ. ਦਾ ਕਲੇਸ਼
ਕਿਸੇ ਸਮੇਂ ਮਹੱਤਵਪੂਰਨ ਅਤੇ ਚਰਚਿਤ ਕੇਸਾਂ ਦੇ ਨਿਪਟਾਰੇ ਲਈ ਸੀ.ਬੀ.ਆਈ. ਦਾ ਰੁਖ਼ ਕੀਤਾ ਜਾਂਦਾ ਸੀ। ਹੌਲੀ-ਹੌਲੀ ਕੇਂਦਰ ਸਰਕਾਰ ਦੇ ਅਧੀਨ ਇਸ ਏਜੰਸੀ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ, ਇਥੋਂ ਤੱਕ ਕਿ ਸੀ.ਬੀ.ਆਈ. ਨੂੰ ਸਰਕਾਰੀ ਤੋਤਾ ਵੀ ਕਿਹਾ ਜਾਣ ਲੱਗਾ ਹੈ, ਸਮੇਂ ਦੀਆਂ ਸਰਕਾਰਾਂ ਨੇ ਆਪਣੇ ਹਿਤਾਂ ਲਈ ਇਸ ਦੀ ਖੂਬ ਦੁਰਵਰਤੋਂ ਕੀਤੀ, ਹੁਣ ਆਪਣੇ ਹੀ ਕਾਟੋ-ਕਲੇਸ਼ ਵਿਚ ਉਲਝੀ ਇਸ ਸਰਕਾਰੀ ਏਜੰਸੀ ਦੇ ਦੋ ਆਲ੍ਹਾ ਅਫਸਰਾਂ ਡਾਇਰੈਕਟਰ ਆਲੋਕ ਵਰਮਾ, ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾਂ ਨੂੰ ਜਬਰਨ ਛੁੱਟੀ 'ਤੇ ਭੇਜ ਦਿੱਤਾ ਹੈ। ਦੋਵਾਂ ਅਫਸਰਾਂ 'ਤੇ ਗੰਭੀਰ ਦੋਸ਼ ਲੱਗੇ ਹਨ। ਵਿਰੋਧੀ ਧਿਰਾਂ ਇਸ ਤਾਜੇ ਘਟਨਾਕ੍ਰਮ ਵਿਚ ਸਰਕਾਰ ਦੀ ਭੂਮਿਕਾ ਨੂੰ ਕੋਸ ਰਹੀਆਂ ਹਨ। ਨਵੇਂ ਅੰਤਿਮ ਮੁਖੀ ਵਲੋਂ ਥੋਕ 'ਚ ਕਰੇ ਤਬਾਦਲਿਆਂ ਨੇ ਇਸ ਸਰਕਾਰੀ ਏਜੰਸੀ ਦੀ ਸਥਿਤੀ ਨੂੰ ਹੋਰ ਵੀ ਹਾਸੋਹੀਣੀ ਬਣਾ ਦਿੱਤਾ ਹੈ।


-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।


ਕਿਰਤ ਕਰੋ...
ਬਚਪਨ ਤੋਂ ਪੜ੍ਹਦੇ ਆ ਰਹੇ ਨੇ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਜਿਨ੍ਹਾਂ ਵਿਚ ਇਕ ਹੈ ਕਿਰਤ ਕਰੋ। ਹਰੇਕ ਬੰਦਾ ਆਪਣੇ-ਆਪਣੇ ਢੰਗ ਨਾਲ ਕਿਰਤ ਕਰਦਾ ਹੈ। ਕੋਈ ਥੋੜ੍ਹੀ ਮਿਹਨਤ ਕਰ ਕੇ ਬਹੁਤੇ ਕਮਾ ਲੈਂਦਾ ਹੈ, ਕਈ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰ ਕੇ ਦੋ ਡੰਗ ਦੀ ਰੋਟੀ ਜਿੰਨਾ ਮਸਾਂ ਕਮਾਉਂਦਾ ਹੈ ਅਤੇ ਸਾਡਾ ਅੰਨਦਾਤਾ ਕਿਸਾਨ ਪੰਜ-ਛੇ ਮਹੀਨੇ ਮਿਹਨਤ ਕਰ ਕੇ ਅਨਾਜ ਉਗਾਉਂਦਾ ਹੈ, ਜਿਸ 'ਤੇ ਚਾਰ-ਪੰਜ ਮਹੀਨੇ ਖਰਚ ਹੀ ਖਰਚ ਹੁੰਦਾ ਹੈ। ਖਾਦਾਂ, ਸਪਰੇਆਂ, ਤੇਲ ਆਦਿ ਦਾ। ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਕਈ ਵਾਰੀ ਕੁਦਰਤ ਦੀ ਕਰੋਪੀ ਮਾਰ ਜਾਂਦੀ ਹੈ ਅਤੇ ਕਿਰਤ ਦੀ ਕਦਰ ਨਾ ਹੋਣ ਕਰ ਕੇ ਫਸਲਾਂ ਦੇ ਸਹੀ ਮੁੱਲ ਵੀ ਨਹੀਂ ਮਿਲਦੇ। ਅਸੀਂ ਕਰੋੜਾਂ ਅਰਬਾਂ ਰੁਪਏ ਖਰਚ ਕਰ ਕੇ ਰੱਬ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਹੋਕਾ ਦਿੰਦੇ ਹਾਂ। ਕੀ ਕਿਰਤ ਅਤੇ ਕਿਰਤੀ ਦੀ ਕਦਰ ਕਰਨ ਨਾਲ ਇਹ ਖ਼ੁਸ਼ੀਆਂ ਪ੍ਰਾਪਤ ਨਹੀਂ ਹੋ ਸਕਦੀਆਂ। ਅਸੀਂ ਅਸਲੋਂ ਹੀ ਰਾਹੋਂ ਭਟਕ ਚੁੱਕੇ ਹਾਂ ਅਤੇ ਬਾਹਰੀ ਦਿਖਾਵੇ 'ਤੇ ਅਟਕ ਗਏ ਹਾਂ। ਆਪਣੇ ਅੰਦਰੋਂ ਗੁਰੂ ਨਾਨਕ ਸਾਹਿਬ ਦੇ ਬਣੀਏ। ਇਹੀ ਸਮੇਂ ਦੀ ਲੋੜ ਹੈ।


-ਅੰਮ੍ਰਿਤ ਕੌਰ
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ।


ਨਸ਼ਾ ਮੁਕਤ ਪਿੰਡ
ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਨੇ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਮੁਹਿੰਮ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਨਸ਼ੇ ਦਾ ਕਾਰੋਬਾਰ ਕਰ ਰਹੇ ਸਮਗਲਰਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਜਾਇਦਾਦਾਂ ਜ਼ਬਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਜਿਹੜੇ ਪਿੰਡ ਨਸ਼ਾ ਮੁਕਤ ਐਲਾਨੇ ਜਾਣਗੇ, ਉਨ੍ਹਾਂ ਨੂੰ ਕਮਿਊਨਿਟੀ ਪੋਲਸਿੰਗ ਫੰਡ 'ਚੋਂ ਦੋ ਲੱਖ ਰੁਪਏ ਇਨਾਮ ਵੀ ਦਿੱਤਾ ਜਾਵੇਗਾ। ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਜਿਥੇ ਪਿੰਡਾਂ ਵਿਚੋਂ ਨਸ਼ਾ ਖ਼ਤਮ ਕਰਨ ਲਈ ਪੁਲਿਸ ਵਿਭਾਗ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ, ਉਥੇ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਪਿੰਡਾਂ ਵਿਚ ਪੜ੍ਹੇ-ਲਿਖੇ, ਮਾਪਿਆਂ ਲਈ ਸਿਰਦਰਦੀ ਬਣੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਪ੍ਰਬੰਧ ਕਰੇ ਕਿਉਂਕਿ ਨਸ਼ੇ ਦਾ ਮੁੱਖ ਕਾਰਨ ਹੀ ਬੇਰੁਜ਼ਗਾਰੀ ਹੈ। ਜੇਕਰ ਨੌਜਵਾਨ ਕੰਮ-ਧੰਦੇ 'ਤੇ ਲੱਗ ਜਾਣਗੇ ਤਾਂ ਨਸ਼ਿਆਂ ਦੀ ਕਾਫ਼ੀ ਹੱਦ ਤੱਕ ਰੋਕਥਾਮ ਹੋ ਸਕਦੀ ਹੈ। ਫਿਰ ਵੀ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਸ਼ਲਾਘਾਯੋਗ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅਧਿਆਪਕ ਆਪਣੇ ਫ਼ਰਜ਼ ਪਛਾਣਨ
ਪਹਿਲਾਂ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਦਿਲੋਂ ਇੱਜ਼ਤ ਕਰਦੇ ਸਨ ਕਿਉਂਕਿ ਅਧਿਆਪਕ ਪੂਰੀ ਸ਼ਿੱਦਤ ਨਾਲ ਵਿਦਿਆਰਥੀਆਂ ਨੂੰ ਗਿਆਨ ਦੇ ਕੇ ਉਨ੍ਹਾਂ ਦੀਆਂ ਜ਼ਿੰਦਗੀ ਰੁਸ਼ਨਾਉਂਦੇ ਸਨ। ਪਰ ਅੱਜ ਦਾ ਅਧਿਆਪਕ ਪੂੰਜੀਵਾਦ ਦੇ ਪ੍ਰਭਾਵ ਹੇਠ ਆ ਕੇ ਖਪਤਵਾਦ 'ਚ ਗਲਤਾਨ ਹੈ। ਸਾਰੇ ਅਧਿਆਪਕਾਂ ਨੂੰ ਆਪਣੇ ਦਿਲ 'ਤੇ ਹੱਥ ਰੱਖ ਕੇ ਪੁੱਛਣ ਕਿ ਕੀ ਉਹ ਪੰਜਾਹ ਹਜ਼ਾਰ ਤਨਖ਼ਾਹ ਲੈ ਕੇ ਬਦਲੇ ਵਿਚ ਓਨਾ ਕੰਮ ਕਰ ਰਹੇ ਹਨ। ਕੀ ਅੱਜ ਕਿਸੇ ਇਕ ਵੀ ਸਰਕਾਰੀ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ? ਜੇ ਜਵਾਬ 'ਹਾਂ' ਹੁੰਦਾ ਤਾਂ ਅਧਿਆਪਕਾਂ ਨੂੰ ਪੱਲੇਦਾਰਾਂ ਵਾਂਗੂੰ ਯੂਨੀਅਨਾਂ ਬਣਾਉਣ ਦੀ ਜ਼ਰੂਰਤ ਨਾ ਪੈਂਦੀ। ਜੇ ਸਾਡਾ ਅਧਿਆਪਕ ਵਰਗ, ਸਿਰਫ਼ 6 ਘੰਟੇ ਕੰਮ ਕਰ ਕੇ ਦੋ ਮਹੀਨਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਅੱਧੇ ਮਹੀਨੇ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੀ ਬਿਨਾਂ ਕੰਮ ਬਦਲੇ ਤਨਖਾਹ ਲੈ ਕੇ ਵੀ ਖੁਸ਼ ਨਹੀਂ ਫਿਰ ਤਾਂ ਰੱਬ ਹੀ...। ਹੋਰ ਵੀ ਮਹਿਕਮਿਆਂ 'ਚ ਸਰਕਾਰੀ ਮੁਲਾਜ਼ਮ ਹਨ ਕੀ ਗਰਮੀ ਤੇ ਸਰਦੀ ਸਿਰਫ਼ ਮਾਸਟਰਾਂ ਨੂੰ ਹੀ ਲਗਦੀ ਹੈ?


-ਧਨਵੰਤ ਸਿੰਘ
ਮਾਲੇਰਕੋਟਲਾ।


ਨਮਸਕਾਰ...

ਦੇਸ਼ ਵਿਚ ਸਾਰਾ ਹੀ ਵਿੱਦਿਅਕ ਢਾਂਚਾ ਪ੍ਰਾਇਮਰੀ ਤੋਂ ਲੈ ਕੇ ਹਾਇਰ ਸਿੱਖਿਆ ਅੰਤਿਮ ਸਾਹ 'ਤੇ ਹੈ। ਕਾਰਨ ਇਹ ਹੈ ਕਿ ਇਸ ਨੂੰ ਸਰਾਕਰੀ ਦਾਇਰੇ 'ਚੋਂ ਕੱਢ ਕੇ ਨਿੱਜੀ ਹੱਥਾਂ ਵਿਚ ਸੌਂਪ ਦਿੱਤਾ ਗਿਆ ਹੈ। ਜਿਸ ਕਰਕੇ ਇਹ ਸਿੱਖਣ ਦੀ ਨਹੀਂ ਮੁਨਾਫੇਵਾਲੀ ਵਸਤੂ ਬਣ ਗਈ ਹੈ। ਕਿਤਾਬ ਮਾਫੀਏ ਨੇ ਇਸ ਨੂੰ ਅੰਗਰੇਜ਼ੀ ਨਾਲ ਜੋੜ ਦਿੱਤਾ, ਜਿਸ ਕਰਕੇ ਸਾਡੀ ਨਵੀਂ ਜਨ-ਸੰਖਿਆ ਦੇਸ਼ ਦੇ ਸੱਭਿਆਚਾਰ ਤੋਂ ਦੂਰ ਹੋ ਗਈ। ਨਾਲ ਹੀ ਇਕ ਵੱਡੀ ਬੇਰੁਜ਼ਗਾਰ ਫ਼ੌਜ ਵੀ ਇਕੱਠੀ ਹੋ ਗਈ। ਇਸੇ ਕਰਕੇ ਇਕ ਉੱਚ ਸਿੱਖਿਆ ਸੰਸਥਾ ਵਿਚ ਬੋਲਦੇ ਹੋਏ ਦੇਸ਼ ਦੇ ਮਾਣਯੋਗ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਵਿੱਦਿਆ ਮਾਤ ਭਾਸ਼ਾ ਵਿਚ ਹੋਵੇ ਅਤੇ ਹੁਨਰਮੰਦ ਹੋਵੇ ਨਾ ਕਿ ਬੱਚੇ ਹੱਥ ਸਿਰਫ਼ ਡਿਗਰੀ ਹੀ ਨਾ ਦੇਵੋ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਵੱਡੇ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਦੇ ਸੁਝਾਅ ਨੂੰ ਮੰਨਦੀ ਹੈ ਕਿ ਨਹੀਂ।


-ਵਿਵੇਕ
ਕੋਟ ਈਸੇ ਖਾਂ ਜ਼ਿਲ੍ਹਾ ਮੋਗਾ।

 

09-11-2018

 ਸਿੱਖਿਆ ਦਾ ਮੰਦਾ ਹਾਲ

ਅਫ਼ਸਰਸ਼ਾਹੀ ਦੇ ਤੁਗਲਕੀ ਫ਼ੈਸਲਿਆਂ ਕਾਰਨ ਸਰਕਾਰ ਦੀ ਸ਼ਾਖ ਨੂੰ ਹੇਠਲੇ ਪੱਧਰ 'ਤੇ ਖ਼ਤਮ ਕੀਤਾ ਜਾ ਰਿਹਾ ਹੈ। ਅੰਕੜਿਆਂ ਦੇ ਅਧਾਰ 'ਤੇ ਚਲਾਏ ਜਾ ਰਹੇ ਗ਼ੈਰ-ਮਿਆਰੀ ਤੇ ਬੇਤਰਤੀਬੇ ਪ੍ਰੋਗਰਾਮ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਪੰਜਾਬ ਦੇ ਨਾਂਅ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਕੂਲਾਂ ਵਿਚ ਮਿਆਰੀ ਸਹੂਲਤਾਂ ਦੀ ਭਾਰੀ ਘਾਟ ਹੈ। ਸਿੱਖਿਆ ਸਕੱਤਰ ਇਕ ਬਹੁਤ ਅਹਿਮ ਅਹੁਦਾ ਹੈ। ਪੰਜਾਬ ਸਰਕਾਰ ਵਲੋਂ ਪੰਜਾਬ ਦਾ ਸਿੱਖਿਆ ਸਕੱਤਰ ਅਜਿਹੇ ਵਿਅਕਤੀ ਨੂੰ ਲਗਾਇਆ ਗਿਆ ਹੈ, ਜਿਸ ਨੂੰ ਪੰਜਾਬੀ ਬੋਲਣੀ ਤੱਕ ਨਹੀਂ ਆਉਂਦੀ ਦੂਜਾ ਧੱਕੇਸ਼ਾਹੀ, ਜੋ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਵੀ ਅਪਮਾਨ ਹੈ। ਅੱਜ ਪੰਜਾਬ ਦੇ ਬੁੱਧੀਜੀਵੀ ਵਰਗ ਦੀ ਇਹ ਮੰਗ ਹੈ ਕਿ ਪੰਜਾਬ ਦਾ ਸਿੱਖਿਆ ਸਕੱਤਰ ਕਿਸੇ ਪੰਜਾਬੀ ਨੂੰ ਹੀ ਲਗਾਇਆ ਜਾਵੇ, ਤਾਂ ਜੋ ਮਾਂ ਬੋਲੀ ਪੰਜਾਬੀ ਨੂੰ ਵਿਭਾਗ ਵਿਚ ਸਤਿਕਾਰ ਮਿਲ ਸਕੇ।

-ਜਸਦੀਪ ਸਿੰਘ ਖ਼ਾਲਸਾ।

ਛੁੱਟੀਆਂ ਤੇ ਸਕੂਲੀ ਪ੍ਰੋਗਰਾਮ

ਪੰਜਾਬ ਸਰਕਾਰ ਦੁਆਰਾ ਸਾਲ 2018 ਦੌਰਾਨ ਮੌਕੇ 'ਤੇ ਐਲਾਨੀਆਂ ਜਾਂਦੀਆਂ ਰਾਖਵੀਆਂ ਛੁੱਟੀਆਂ ਕਾਰਨ ਜਿੱਥੇ ਸਮੁੱਚਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ, ਉੱਥੇ ਸਿੱਖਿਆ ਵਿਭਾਗ ਦੁਆਰਾ ਉਲੀਕੀਆਂ ਜਾਂਦੀਆਂ ਅਗਾਮੀ ਗਤੀਵਿਧੀਆਂ ਦੀ ਬਦਲਦੀ ਸਮਾਂ ਸਾਰਨੀ ਕਾਰਨ ਸਮੂਹ ਅਧਿਆਪਕ ਤੇ ਵਿਦਿਆਰਥੀ ਵਰਗ ਬੇਹੱਦ ਪ੍ਰੇਸ਼ਾਨ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ 'ਚ ਮਹੱਤਵਪੂਰਨ ਦਿਨ-ਤਿਉਹਾਰਾਂ ਨੂੰ ਧਿਆਨ ਵਿਚ ਰੱਖ ਕੇੇ ਹੀ ਛੁੱਟੀਆਂ ਪ੍ਰਮਾਣਿਤ ਕੀਤੀਆਂ ਜਾਣ। ਦਰਅਸਲ ਚਾਹੀਦਾ ਤਾਂ ਇਹ ਹੈ ਕਿ ਦੇਸ਼ ਦੀਆਂ ਸਮੂਹ ਮਹਾਨ ਸ਼ਖ਼ਸੀਅਤਾਂ ਦੇ ਦਿਹਾੜਿਆਂ ਮੌਕੇ ਵਿਦਿਅਕ ਸੰਸਥਾਵਾਂ 'ਚ ਛੁੱਟੀਆਂ ਕਰਨ ਦੀ ਬਜਾਇ ਸਕੂਲਾਂ ਅੰਦਰ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣ, ਤਾਂ ਜੋ ਅਜੋਕੇ ਯੁੱਗ ਦੇ ਬੱਚੇ ਦੇਸ਼ ਦੇ ਮਾਣਮੱਤੇ ਇਤਿਹਾਸ ਤੋਂ ਸਹੀ ਅਰਥਾਂ 'ਚ ਜਾਗਰੂਕ ਹੋ ਸਕਣ।

-ਬਲਜਿੰਦਰ ਸਿੰਘ ਔਲਖ
ਐਸ.ਬੀ.ਐਸ.ਮਾਡਲ ਸਕੂਲ ਸੀਰਵਾਲੀ

(ਸ੍ਰੀ ਮੁਕਤਸਰ ਸਾਹਿਬ)।

ਪੰਜਾਬ ਦੇ ਬਦਲ ਰਹੇ ਹਾਲਾਤ

ਜੇਕਰ ਪੰਜਾਬ ਦੇ ਹਾਲਾਤ 'ਤੇ ਅੱਜ ਨਜ਼ਰ ਮਾਰੀਏ ਤਾਂ ਕਾਫੀ ਨਿਰਾਸ਼ਾ ਹੁੰਦੀ ਹੈ। ਨੌਜਵਾਨ ਰੁਜ਼ਗਾਰ ਲਈ ਤਰਸ ਰਹੇ ਹਨ, ਨਸ਼ਿਆਂ ਦਾ ਦਰਿਆ ਪੰਜਾਬ ਵਿਚ ਵਗ ਰਿਹਾ ਹੈ। ਇਸੇ ਕਾਰਨ ਜ਼ਿਆਦਾਤਰ ਪੰਜਾਬੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਪੰਜਾਬੀ ਸੱਭਿਆਚਾਰ, ਪੰਜਾਬੀ ਪਹਿਰਾਵਾ ਜਿਸ ਦੀ ਸਾਰੀ ਦੁਨੀਆ ਵਿਚ ਪਛਾਣ ਸੀ ਉਹ ਸੱਭਿਆਚਾਰ ਵੀ ਹੌਲੀ-ਹੌਲੀ ਅਲੋਪ ਹੀ ਹੋ ਚੁੱਕਾ ਹੈ। ਪੈਸੇ ਖਾਤਰ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ ਹੋ ਰਹੇ ਨੇ। ਸਚਾਈ ਇਹੀ ਹੈ ਕਿ ਪੰਜਾਬੀਆਂ ਦੀ ਭਾਈਚਾਰਕ ਸਾਂਝ ਹੌਲੀ-ਹੌਲੀ ਖ਼ਤਮ ਹੁੰਦੀ ਜਾ ਰਹੀ ਹੈ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਸੈਰ ਸਪਾਟਾ ਕੇਂਦਰ

ਪੰਜਾਬ ਸਰਕਾਰ ਵਲੋਂ ਧਾਰਮਿਕ ਤੇ ਵਿਰਾਸਤੀ ਸ਼ਹਿਰਾਂ ਨੂੰ ਸੈਰ ਸਪਾਟਾ ਕੇਂਦਰਾਂ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਰੋੜਾਂ ਰੁਪਏ ਵੀ ਰੱਖੇ ਗਏ ਹਨ। ਅੰਮ੍ਰਿਤਸਰ ਸ਼ਹਿਰ ਵਿਚ ਹੀ ਵੱਖ-ਵੱਖ ਧਾਰਮਿਕ ਅਸਥਾਨ ਹਨ ਅਤੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇਥੇ ਆਉਂਦੇ ਹਨ ਅਤੇ ਜ਼ਿਆਦਾਤਰ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਵਿਚ ਰਾਤ ਠਹਿਰਨ ਵਿਚ ਮੁਸ਼ਕਿਲ ਆਉਂਦੀ ਹੈ। ਜੇਕਰ ਇਨ੍ਹਾਂ ਸ਼ਰਧਾਲੂਆਂ ਦਾ ਰਾਤ ਠਹਿਰਨ, ਖਾਣ-ਪੀਣ ਆਦਿ ਦਾ ਪ੍ਰਬੰਧ ਕੀਤਾ ਜਾਵੇ ਤਾਂ ਸਰਕਾਰ ਨੂੰ ਇਸ ਤੋਂ ਕਾਫੀ ਆਮਦਨ ਵੀ ਹੋ ਸਕਦੀ ਹੈ। ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹਨ ਅਤੇ ਖ਼ਾਸ ਕਰਕੇ ਨੌਜਵਾਨ ਉਥੇ ਘੁੰਮ-ਫਿਰ ਕੇ ਪਿਕਨਿਕ ਮਨਾ ਕੇ ਚਲੇ ਜਾਂਦੇ ਹਨ। ਇਸ ਸਬੰਧੀ ਇਸ ਅਸਥਾਨ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਹਰੀਕੇ ਵੈਟਲੈਂਡ ਨੂੰ ਵੀ ਸੈਲਾਨੀਆਂ ਲਈ ਵਿਕਸਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

07-11-2018

 ਵੱਡੀਆਂ ਗੱਲਾਂ
18ਵੀਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਬੇਟੀਆਂ ਨੇ ਨਵੇਂ ਇਤਿਹਾਸ ਸਿਰਜੇ, ਪੜ੍ਹਿਆ ਮਨ ਨੂੰ ਖੁਸ਼ੀ ਹੋਈ। ਹਾਲ ਹੀ ਵਿਚ ਜਕਾਰਤਾ ਵਿਖੇ ਹੋਈਆਂ 18ਵੀਆਂ ਏਸ਼ੀਅਨ ਖੇਡਾਂ ਵਿਚ ਜਿਥੇ ਮਰਦਾਂ ਨੇ ਵਧੀਆ ਪ੍ਰਦਰਸ਼ਨ ਕੀਤਾ, ਉਥੇ ਭਾਰਤੀ ਬੇਟੀਆਂ ਵੀ ਖੂਬ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ 'ਚ ਸਫ਼ਲ ਰਹੀਆਂ। ਇਸ ਵਿਚ ਕੋਈ ਦੋ-ਰਾਵਾਂ ਨਹੀਂ, ਅੱਜ ਬੇਟੀਆਂ ਹਰ ਖੇਤਰ ਵਿਚ ਮਿਹਨਤ ਕਰਕੇ ਵਧੀਆ ਮੱਲਾਂ ਮਾਰ ਰਹੀਆਂ ਹਨ।
ਸਿੱਖਿਆ ਖੇਤਰ ਹੋਵੇ ਜਾਂ ਖੇਡਾਂ, ਰੱਖਿਆ ਖੇਤਰ ਹੋਵੇ ਜਾਂ ਰਾਜਨੀਤੀ ਦਾ ਖੇਤਰ ਹੋਵੇ, ਬਹੁਤ ਵਧੀਆ ਮਿਹਨਤ ਕਾਰਨ ਨਾਮਣਾ ਖੱਟ ਰਹੀਆਂ ਹਨ। ਅੱਜ ਭਾਰਤੀ ਬੇਟੀਆਂ ਕਮਜ਼ੋਰ ਨਹੀਂ, ਹਿੰਮਤ ਵਾਲੀਆਂ ਹਨ, ਜੋ ਪੁਲਾੜ ਵਿਚ ਵੀ ਜਾ ਕੇ ਪਰਤ ਚੁੱਕੀਆਂ ਹਨ। ਸਾਨੂੰ ਵੀ ਸਭ ਨੂੰ ਧੀਆਂ ਦੇ ਮਨੋਬਲ ਨੂੰ ਹੋਰ ਉਤਸ਼ਾਹ ਦੇਣ ਦੀ ਲੋੜ ਹੈ। ਦੂਜੇ ਪਾਸੇ ਸਮਾਜ 'ਚ ਕੁਝ ਮੁੱਠੀ ਭਰ ਗੰਦੇ ਅਨਸਰ ਬੇਟੀਆਂ ਦੇ ਮਨੋਬਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬੇਟੀਓ ਖੂਬ ਪੜ੍ਹੋ, ਮਿਹਨਤ ਕਰੋ, ਬੁਲੰਦੀਆਂ ਸਰ ਕਰੋ, ਦੇਸ਼ ਦਾ ਨਾਂਅ ਰੌਸ਼ਨ ਕਰੋ।


-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਪੋਸਤ ਦੀ ਖੇਤੀ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਖਸਖਸ ਪੋਸਤ ਦੀ ਖੇਤੀ ਕਰਨ ਦੀ ਗੱਲ ਕੀਤੀ ਜਾਂਦੀ ਹੈ। ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਪੰਜਾਬ ਦੇ ਖ਼ਾਸ ਕਰਕੇ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰ ਦੇਵੇਗੀ। ਪਰ ਹਕੀਕਤ ਇਹ ਹੈ ਕਿ ਜਿਹੜੇ ਸੂਬੇ ਵਿਚ ਇਹ ਖੇਤੀ ਹੁੰਦੀ ਹੈ ਕੀ ਉਥੇ ਦੇ ਕਿਸਾਨ ਖੁਸ਼ ਹਨ? ਉਥੇ ਕਿਸਾਨਾਂ ਦੀ ਖ਼ੁਦਕੁਸ਼ੀ ਨਹੀਂ ਹੁੰਦੀ? ਕੀ ਉੱਤਰ ਪ੍ਰਦੇਸ਼, ਰਾਜਸਥਾਨ ਵਿਚ ਕਿਸਾਨ ਖੁਸ਼ਹਾਲ ਹਨ? ਇਸ ਦਾ ਉੱਤਰ ਨਹੀਂ ਹੀ ਹੋਵੇਗਾ। ਕਾਰਨ ਇਹ ਕਿ ਇਸ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਹੀ ਧਨਾਢ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਇਥੇ 20-30 ਏਕੜ ਜ਼ਮੀਨ ਤੋਂ ਉੱਪਰ ਵਾਲੇ ਕਿਸਾਨ ਖੁਸ਼ਹਾਲ ਕਿਸਾਨ ਗਿਣੇ ਜਾਂਦੇ ਹਨ। ਜੇ ਪੰਜਾਬ ਵਿਚ ਪੋਸਤ ਦੀ ਖੇਤੀ ਹੁੰਦੀ ਵੀ ਹੈ ਤਾਂ ਵੀ ਛੋਟੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਣਾ ਇਸ ਲਈ ਇਸ ਭਰਮ-ਭੁਲੇਖੇ ਵਿਚ ਨਾ ਪਓ ਕਿ ਪੋਸਤ ਦੀ ਖੇਤੀ ਤੁਹਾਡੀ ਹਰ ਸਮੱਸਿਆ ਦਾ ਹੱਲ ਹੈ। ਅੱਜ ਲੋੜ ਹੈ ਪੰਜਾਬ ਵਿਚ ਵੱਧ ਤੋਂ ਵੱਧ ਸਨਅਤ ਲਾਉਣ ਦੀ ਜਿਥੇ ਸਾਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣਾ ਕੰਮ ਕਰਨ 'ਤੇ ਵਿਦੇਸ਼ਾਂ ਵਾਂਗ ਖੁਸ਼ਹਾਲ ਜ਼ਿੰਦਗੀ ਬਿਤਾ ਸਕਣ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਨੌਜਵਾਨ ਪੀੜ੍ਹੀ ਤੇ ਸਰਕਾਰਾਂ

ਪਿਛਲੇ ਦਿਨੀਂ ਲਕਸ਼ਮੀ ਕਾਂਤਾ ਚਾਵਲਾ ਦਾ ਲੇਖ 'ਭ੍ਰਿਸ਼ਟ ਅਵਸਥਾ ਸਾਹਮਣੇ ਹਾਰਦੀ ਨੌਜਵਾਨ ਪੀੜ੍ਹੀ' ਫ਼ਿਕਰਮੰਦੀ ਪੈਦਾ ਕਰਦਾ ਹੈ। ਜਿਸ ਤਰ੍ਹਾਂ ਅੱਜ ਸਰਕਾਰਾਂ ਜਵਾਨੀ ਸਾਂਭਣ ਪ੍ਰਤੀ ਅਵੇਸਲੀਆਂ ਹਨ। ਕੱਲ੍ਹ ਨੂੰ ਇਸ ਵਰਤਾਰੇ ਪ੍ਰਤੀ ਦੇਸ਼ ਦਾ ਵੱਡਾ ਨੁਕਸਾਨ ਹੈ। ਉੱਚ ਵਿੱਦਿਆ ਹਾਸਲ ਕਰਕੇ ਵੀ ਜਦੋਂ ਨੌਜਵਾਨੀ ਨੂੰ ਸਹੀ ਰੁਜ਼ਗਾਰ ਨਹੀਂ ਮਿਲਦਾ ਤਾਂ ਉਨ੍ਹਾਂ ਦਾ ਆਪਣੀ ਜ਼ਿੰਦਗੀ ਪ੍ਰਤੀ ਉਦਾਸ ਹੋਣਾ ਜਾਇਜ਼ ਹੈ। ਮਾਤਾ-ਪਿਤਾ ਵੀ ਅਸੰਤੋਸ਼ ਭਰਿਆ ਜੀਵਨ ਜਿਊਂਦੇ ਹਨ। ਦੇਸ਼ ਦੀ ਤਾਕਤ (ਜਵਾਨੀ) ਤੇ ਸਰਮਾਇਆ (ਪੈਸਾ) ਬਾਹਰ ਤੁਰਿਆ ਜਾ ਰਿਹਾ ਹੈ, ਨੇਤਾ ਲੋਕ ਇਸ ਬਾਰੇ ਸੋਚਣਾ ਵੀ ਹਟ ਗਏ ਹਨ। ਉਨ੍ਹਾਂ ਨੂੰ ਆਪਣੇ ਧੀਆਂ-ਪੁੱਤਾਂ ਦਾ ਤਾਂ ਫ਼ਿਕਰ ਹੈ, ਬਾਕੀ ਸਭ ਨੂੰ ਬਿਗਾਨੇ ਸਮਝਦੇ ਹੋਏ ਕੁਝ ਨਹੀਂ ਸੋਚ-ਵਿਚਾਰ ਰਹੇ। ਸਰਕਾਰਾਂ ਨੂੰ ਜਾਗਣਾ ਪਵੇਗਾ, ਜੇ ਇਸ ਮਸਲੇ ਦਾ ਸਾਰਥਿਕ ਹੱਲ ਨਾ ਹੋਇਆ ਤਾਂ ਕੱਲ੍ਹ ਨੂੰ ਦੇਰ ਹੋ ਜਾਵੇਗੀ। ਨੌਜਵਾਨ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕਿਸਾਨਾਂ ਦੀ ਅੰਨ੍ਹੇਵਾਹ ਲੁੱਟ
ਕਿਸਾਨ ਪਹਿਲਾਂ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦਾ ਹੈ, ਫਿਰ ਮੰਡੀ ਵਿਚ ਉਸ ਨੂੰ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਅਖੀਰ ਵਿਚ ਉਸ ਦੀ ਫ਼ਸਲ ਲੱਖਾਂ ਦੀ ਬਜਾਏ ਕੱਖਾਂ ਦੀ ਹੀ ਵਿਕਦੀ ਹੈ। ਇਥੇ ਹੀ ਬਸ ਨਹੀਂ, ਕਿਸਾਨ ਨੂੰ ਪੈਸਿਆਂ ਦਾ ਭੁਗਤਾਨ ਵੀ। 1-2 ਮਹੀਨੇ ਬਾਅਦ ਕੀਤਾ ਜਾਂਦਾ ਹੈ। 4000-5000 ਦੇ ਵਿਚ-ਵਿਚ ਮਿੱਲਾਂ ਦੇ ਮਾਲਕ ਨਰਮੇ ਨੂੰ ਖਰੀਦ ਰਹੇ ਹਨ, ਜਦੋਂ ਕਿ ਸਰਕਾਰੀ ਮੁੱਲ 5500 ਰੱਖਿਆ ਗਿਆ ਸੀ। ਕਿਸਾਨ ਨੂੰ ਸਬਜ਼ੀਆਂ ਦਾ ਕਾਰੋਬਾਰ ਲੈ ਕੇ ਬੈਠ ਜਾਂਦਾ ਹੈ ਪਿਛਲੇ ਸਾਲ ਤਾਂ ਆਲੂ 100 ਰੁਪਏ ਗੱਟਾ ਵਿਕੇ ਸਨ, ਜਿਸ ਨਾਲ ਕਿਸਾਨ ਨੂੰ ਬੱਚਤ ਤਾਂ ਕੀ ਖਰਚਾ ਵੀ ਨਹੀਂ ਮੁੜਿਆ। ਇਸ ਲਈ ਕਿਸਾਨ ਇਸ ਸਾਲ ਤਾਂ ਆਲੂ ਬੀਜਣ ਤੋਂ ਕੰਨੀ ਕਤਰਾ ਰਹੇ ਹਨ। ਇਕੱਲੇ ਆਲੂ ਕੀ ਹਰ ਸਬਜ਼ੀ ਦਾ ਉਸ ਨੂੰ ਖਰਚੇ ਦੇ ਹਿਸਾਬ ਨਾਲ ਸਹੀ ਮੁੱਲ ਨਹੀਂ ਮਿਲ ਰਿਹਾ। ਬੜਾ ਦੁੱਖ ਹੁੰਦਾ ਜਦੋਂ ਦੇਖਿਆ ਜਾਂਦਾ ਕਿ ਕਿਸਾਨ ਦਾ ਦੁੱਧ 40 ਰੁਪਏ ਲੀਟਰ ਹੀ ਵਿਕਦਾ ਹੈ, ਜਦੋਂ ਕਿ ਇਕ ਪਾਣੀ ਦੀ ਬੋਤਲ 30 ਰੁਪਏ ਦੀ ਲੀਟਰ ਵਿਕ ਰਹੀ ਹੈ। ਦੁੱਧ ਦਾ ਵੀ ਸਹੀ ਮੁੱਲ ਨਹੀਂ ਮਿਲ ਰਿਹਾ। ਪਤਾ ਨਹੀਂ ਕਿਸਾਨ ਦੀ ਇਹ ਹੁੰਦੀ ਲੁੱਟ ਕਦੋਂ ਖ਼ਤਮ ਹੋਵੇਗੀ ਜਾਂ ਜਾਰੀ ਹੀ ਰਹੇਗੀ।


-ਗੁਰਪ੍ਰੀਤ ਨੰਦਗੜ੍ਹ, ਬੀ.ਏ. ਭਾਗ ਤੀਜਾ, ਗੁਰੂ ਨਾਨਕ ਕਾਲਜ, ਬੁਢਲਾਡਾ।

06-11-2018

 ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਆਮਦ ਜਾਰੀ ਹੈ। ਬਿਨਾਂ ਸ਼ੱਕ ਮੰਡੀਆਂ 'ਚ ਸਰਕਾਰ ਵਲੋਂ ਇਸ ਸੀਜ਼ਨ ਫਸਲ ਦੀ ਖਰੀਦ ਦਾ ਐਲਾਨ ਇਕ ਅਕਤੂਬਰ ਤੋਂ ਕਰ ਦਿੱਤਾ ਗਿਆ ਸੀ। ਖਰੀਦ ਏਜੰਸੀਆਂ ਦੀ ਢਿੱਲਮੱਠ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਜਿਨ੍ਹਾਂ ਮੰਡੀਆਂ 'ਚ ਸਰਕਾਰੀ ਖਰੀਦ ਏਜੰਸੀਆਂ ਨੇ ਹਾਲੇ ਵੀ ਪਹੁੰਚ ਨਹੀਂ ਕੀਤੀ ਉੱਥੇ ਕਿਸਾਨਾਂ ਨੂੰ ਆਪਣੀ ਫਸਲ ਪ੍ਰਾਈਵੇਟ ਤੇ ਨਿੱਜੀ ਵਪਾਰੀਆਂ ਨੂੰ ਸਰਕਾਰੀ ਭਾਅ ਤੋਂ ਬਹੁਤ ਘੱਟ ਭਾਅ 'ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਖਰੀਦ ਏਜੰਸੀਆਂ ਸਰਕਾਰ ਵਲੋਂ ਝੋਨੇ ਦੀ ਨਿਰਧਾਰਿਤ 17 ਫ਼ੀਸਦੀ ਨਮੀ ਦੀ ਸ਼ਰਤ ਪੂਰੀ ਕਰਨ ਲਈ ਕਹਿ ਰਹੀਆਂ ਹਨ, ਪਰ ਇਹ ਮਾਤਰਾ ਪੂਰੀ ਕਰਨੀ ਔਖੀ ਹੈ। ਅਜਿਹੇ 'ਚ ਪੇਂਡੂ ਖੇਤਰ ਦੀਆਂ ਮੰਡੀਆਂ 'ਚ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਨਾਲ ਜ਼ਿਆਦਾ ਨਮੀ ਵਾਲੇ ਝੋਨੇ ਨੂੰ 100 ਤੋਂ 200 ਰੁਪਏ ਸਰਕਾਰੀ ਮੁੱਲ ਤੋਂ ਘੱਟ ਭਾਅ 'ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰੀ ਅਧਿਕਾਰੀਆਂ ਤੇ ਮੰਡੀਆਂ 'ਚ ਫ਼ਸਲ ਦਾ ਦਾਣਾ-ਦਾਣਾ ਚੁੱਕਣ ਦੇ ਅਖਬਾਰੀ ਵਾਅਦੇ ਕਰਨ ਵਾਲੇ ਵਿਧਾਇਕਾਂ ਵਲੋਂ ਇਨ੍ਹਾਂ ਮੰਡੀਆਂ 'ਚ ਖਰੀਦ ਪ੍ਰਬੰਧਾਂ ਦਾ ਕੋਈ ਜਾਇਜ਼ਾ ਨਹੀਂ ਲਿਆ ਜਾ ਰਿਹਾ। ਇੱਥੋਂ ਤੱਕ ਕਿ ਕਈ ਮੰਡੀਆਂ 'ਚ ਨਿਰਧਾਰਿਤ ਮਾਤਰਾ ਤੋਂ ਵੱਧ ਤੁਲਾਈ ਵੀ ਕੀਤੀ ਜਾਂਦੀ ਹੈ। ਸਰਕਾਰ ਨੂੰ ਮੰਡੀਆਂ 'ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਇਸ 'ਚ ਪਾਈਆਂ ਜਾਂਦੀਆਂ ਊਣਤਾਈਆਂ ਦੂਰ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਮੰਡੀਆਂ 'ਚ ਬਾਰਦਾਨੇ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਮਜ਼ਦੂਰਾਂ ਨੂੰ ਬੋਰੀਆਂ ਦੀ ਭਰਾਈ ਸਮੇਂ ਦੂਹਰੀ ਮਾਰ ਝੱਲਣੀ ਪੈਂਦੀ ਹੈ।

-ਗੁਰਮੁਖ ਸਿੰਘ ਮੱਲ੍ਹੀ
ਜ਼ਿਲ੍ਹਾ ਗੁਰਦਾਸਪੁਰ।

ਪਛੜੇਪਣ ਦਾ ਧੱਬਾ ਕਿਉਂ?
ਪੰਜਾਬ ਦੇ ਨਕਸ਼ੇ 'ਤੇ ਜਦੋਂ ਮਾਨਸਾ ਜ਼ਿਲ੍ਹੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਾਨਸਾ ਜ਼ਿਲ੍ਹੇ ਨੂੰ ਆਮ ਤੌਰ 'ਤੇ ਪਛੜਿਆ ਇਲਾਕਾ ਹੀ ਕਿਹਾ ਜਾਂਦਾ ਹੈ। ਦੱਸਣਾ ਬਣਦਾ ਹੈ ਕਿ ਉਲੰਪੀਅਨ ਸਰਵਨ ਸਿੰਘ ਵਿਰਕ ਦਾ ਜਨਮ ਆਮ ਕਿਸਾਨ ਪਰਿਵਾਰ ਵਿਚ ਗੁਰਮੁਖ ਸਿੰਘ ਦੇ ਘਰ, ਛੋਟੇ ਜਿਹੇ ਪਿੰਡ ਦਲੇਲਵਾਲਾ ਵਿਚ ਹੋਇਆ। 12ਵੀਂ ਦੀ ਪੜ੍ਹਾਈ ਅੱਕਾਂਵਾਲੀ ਤੋਂ ਕਰਨ ਤੋਂ ਬਾਅਦ ਉਹ ਫ਼ੌਜ ਵਿਚ ਸਿਪਾਹੀ ਭਰਤੀ ਹੋ ਗਿਆ। ਜਿਥੋਂ ਉਸ ਨੇ ਆਪਣੀ ਖੇਡ ਸ਼ੁਰੂ ਕੀਤੀ। 2012 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਲੈਣ ਤੋਂ ਬਾਅਦ ਸਵਰਨ ਉਲੰਪੀਅਨ ਸਵਰਨ ਸਿੰਘ ਵਿਰਕ ਕਿਸ਼ਤੀ ਚਾਲਕ ਬਣ ਗਿਆ। ਹੁਣੇ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਉਸ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਮਿਲ ਕੇ ਗੋਲਡ ਮੈਡਲ ਭਾਰਤ ਦੀ ਝੋਲੀ ਪਾਇਆ। ਇਸੇ ਪਿੰਡ ਦਾ ਇਕ ਹੋਰ ਖਿਡਾਰੀ ਸ਼ਗਨਦੀਪ ਸਿੰਘ ਜਿਸ ਨੇ ਪਿਛਲੇ ਦਿਨੀਂ ਸਟੇਟ ਰੋਇੰਗ ਖੇਡਾਂ ਵਿਚੋਂ ਸਿਲਵਰ ਮੈਡਲ ਜਿੱਤਿਆ, ਜ਼ਿਲ੍ਹੇ ਦਾ ਨਾਂਅ ਚਮਕਾ ਰਿਹਾ ਹੈ। ਸੁਖਮੀਤ ਸਿੰਘ ਦਾ ਜਨਮ ਕਿਸ਼ਨਗੜ੍ਹ ਫਰਮਾਹੀ ਦੇ ਵਿਚ ਇਕ ਆਮ ਜਿਹੇ ਘਰ ਵਿਚ ਹੋਇਆ। ਇਹ ਖਿਡਾਰੀ ਵੀ ਫ਼ੌਜ ਵਿਚ ਹੈ। ਜਕਾਰਤਾ ਦੀਆਂ ਏਸ਼ੀਅਨ ਖੇਡਾਂ ਵਿਚ ਇਸ ਨੇ ਵੀ ਗੋਲਡ ਮੈਡਲ ਜਿੱਤਿਆ। ਜੇਕਰ ਝਾਤ ਮਾਰੀਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਦੇ ਮੈਰਿਟ ਸਥਾਨਾਂ ਵਿਚ ਵੀ ਮਾਨਸਾ ਜ਼ਿਲ੍ਹਾ ਮੋਹਰੀ ਰਿਹਾ ਹੈ। ਪਰ ਫਿਰ ਵੀ ਮਾਨਸਾ ਜ਼ਿਲ੍ਹਾ ਪਛੜਿਆ ਕਿਉਂ ਹੈ, ਜਿਸ ਨੇ ਪੰਜਾਬ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਫਿਰ ਪਛੜੇ ਹੋਣ ਦਾ ਧੱਬਾ ਕਿਉਂ ਹੈ ਅਤੇ ਕਦੋਂ ਤੱਕ ਰਹੇਗਾ?

-ਗੁਰਪ੍ਰੀਤ ਸਿੰਘ।

ਅਵਾਰਾ ਕੁੱਤਿਆਂ ਦੀ ਸਮੱਸਿਆ
ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੂੰ ਲੈ ਕੇ ਸਮਾਜ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਅਖ਼ਬਾਰਾਂ ਅਤੇ ਮੀਡੀਏ ਵਿਚ ਲਗਪਗ ਰੋਜ਼ਾਨਾ ਹੀ ਅਵਾਰਾ ਕੁੱਤਿਆਂ ਜਾਂ ਅਵਾਰਾ ਪਸ਼ੂਆਂ ਵਲੋਂ ਲੋਕ ਦੁਰਘਟਨਾਵਾਂ ਦੀਆਂ ਖ਼ਬਰਾਂ ਪੜ੍ਹਨ, ਸੁਣਨ ਨੂੰ ਅਕਸਰ ਮਿਲਦੀਆਂ ਹਨ। ਅਵਾਰਾ ਕੁੱਤਿਆਂ ਨੂੰ ਜਨਤਕ ਸਥਾਨਾਂ, ਰਿਹਾਇਸ਼ੀ ਕਾਲੋਨੀਆਂ, ਪਾਰਕਾਂ ਵਿਚ ਝੁੰਡਾਂ ਦੇ ਝੁੰਡ ਘੁੰਮਦਿਆਂ ਸਭ ਦੇਖਦੇ ਹਾਂ ਪ੍ਰਸ਼ਾਸਨ ਅਤੇ ਸਰਕਾਰਾਂ ਵੀ ਵੇਖਦੀਆਂ ਹਨ ਪਰ ਕੋਈ ਕਾਰਵਾਈ ਨਹੀਂ। ਕਦੇ ਸਮਾਂ ਸੀ ਜਦੋਂ ਇਨ੍ਹਾਂ ਦੀ ਵਧਦੀ ਆਬਾਦੀ ਨੂੰ ਵੇਖਦਿਆਂ ਸਰਕਾਰ ਪ੍ਰਸ਼ਾਸਨ ਰੋਕਥਾਮ ਕਰਦੀ ਸੀ ਪਰ ਅੱਜਕਲ੍ਹ ਅਜਿਹਾ ਲੰਮੇ ਸਮੇਂ ਤੋਂ ਨਹੀਂ ਹੋ ਰਿਹਾ ਜੋ ਲੋਕਾਂ ਦੀ ਵੱਡੀ ਮੰਗ ਬਣ ਚੁੱਕੀ ਹੈ। ਆਏ ਦਿਨ ਨਿੱਕੇ ਬੱਚਿਆਂ ਤੇ ਔਰਤਾਂ 'ਤੇ ਅਵਾਰਾ ਕੁੱਤੇ ਹਮਲਾ ਕਰ ਕੇ ਨੁਕਸਾਨ ਪਹੁੰਚਾ ਰਹੇ ਹਨ। ਅਵਾਰਾ ਕੁੱਤਿਆਂ ਕਾਰਨ ਰਾਤ ਵੇਲੇ ਘਰੋਂ ਬਾਹਰ ਨਿਕਲਣਾ ਖ਼ਤਰਾ ਮੁੱਲ ਲੈਣ ਦੇ ਬਰਾਬਰ ਹੈ। ਸਰਕਾਰਾਂ ਨੂੰ ਇਸ ਸਮੱਸਿਆ ਵੱਲ ਧਿਆਨ ਦੇਣਾ ਬਣਦਾ ਹੈ।

-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਸਰਕਾਰਾਂ ਦੀ ਅਸਫਲਤਾ
ਪੰਜਾਬ ਦੇ ਡਿਗਰੀ ਅਤੇ ਬਹੁ-ਤਕਨੀਕੀ ਵਿਦਿਅਕ ਸੰਸਥਾਵਾਂ ਵਿਚ ਦਿਨੋ-ਦਿਨ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ, ਜਿਸ ਕਰਕੇ ਇਨ੍ਹਾਂ ਦੀ ਹੋਂਦ 'ਤੇ ਤਾਂ ਪ੍ਰਸ਼ਨ ਚਿੰਨ੍ਹ ਲੱਗ ਹੀ ਰਿਹਾ ਹੈ। ਨਾਲੋ-ਨਾਲ ਅਧਿਆਪਕ ਵਰਗ ਵੀ ਬੇਰੁਜ਼ਗਾਰ ਹੋਣ ਦੇ ਕੰਢੇ 'ਤੇ ਅੱਪੜ ਗਿਆ ਜਾਪਦਾ ਹੈ। ਜੇਕਰ ਏਨਾ ਪੜ੍ਹ ਕੇ ਵੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣਾ ਪਵੇ ਤਾਂ ਇਹ ਸਰਕਾਰੀ ਨੀਤੀਆਂ ਦੀ ਅਸਫਲਤਾ ਹੀ ਹੈ। ਕਿਉਂਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਸ ਵੇਲੇ ਪੰਜਾਬ ਵਿਚ ਨਹੀਂ ਰਹਿਣਾ ਚਾਹੁੰਦਾ। ਇਸ ਕਰਕੇ ਉਹ 12ਵੀਂ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਦੀ ਉਡਾਰੀ ਮਾਰਨ ਦੇ ਯਤਨ 'ਚ ਰਹਿੰਦਾ ਹੈ। ਇਸੇ ਰੁਝਾਨ ਨੂੰ ਵੇਖਦੇ ਹੋਏ ਕੁਝ ਵੱਡੀਆਂ ਵਿਦਿਅਕ ਸੰਸਥਾਵਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਸਾਡਾ ਹੁਣ ਵਿਦੇਸ਼ੀ ਸਿੱਖਿਆ ਸੰਸਥਾਵਾਂ ਨਾਲ ਸਮਝੌਤਾ ਹੈ। ਇਥੇ ਦਾਖ਼ਲ ਹੋਣ ਨਾਲ ਵਿਦਿਆਰਥੀ ਬਾਹਰਲੇ ਮੁਲਕ ਪੜ੍ਹਨ ਦਾ ਮੌਕਾ ਵੀ ਪ੍ਰਾਪਤ ਕਰ ਸਕਦੇ ਹਨ। ਇਹ ਸਿਰਫ ਬਾਹਰ ਜਾਣ ਦੀ ਲਾਲਸਾ ਨੂੰ ਕੈਸ਼ ਕਰਨ ਵਾਂਗ ਹੀ ਹੈ। ਦੂਜਾ ਇਹ ਕਿ ਸਾਡਾ ਸਰਕਾਰੀ ਤੰਤਰ ਹੁਣ ਨਾ ਰੁਜ਼ਗਾਰ ਦੇਣ ਵਾਲਾ ਨਾ ਚੰਗੀ ਸਿੱਖਿਆ ਦੇਣ ਵਾਲਾ ਰਹਿ ਗਿਆ ਹੈ। ਸਭ ਕੁਝ ਵਿਦੇਸ਼ੀ ਹੀ ਕਰਨਗੇ। ਇਹ ਗੁਲਾਮੀ ਨਹੀਂ ਤਾਂ ਹੋਰ ਕੀ ਹੈ।

-ਵਿਵੇਕ
ਕੋਟ ਈਸੇ ਖਾਂ, ਮੋਗਾ।

05-11-2018

 ਸ਼ਲਾਘਾਯੋਗ ਫ਼ੈਸਲਾ
ਹਾਈਕੋਰਟ ਨੇ ਆਪਣੀ ਹੀ ਔਲਾਦ ਦੇ ਬੇਰੁਖ਼ੀ ਦਾ ਸ਼ਿਕਾਰ ਹੋਣ ਵਾਲੇ ਮਾਪਿਆਂ ਦੇ ਹੱਕ ਵਿਚ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਿਸ ਔਲਾਦ ਲਈ ਮਾਪੇ ਦਿਨ-ਰਾਤ ਮਿਹਨਤ ਕਰਦੇ ਹਨ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਪਰ ਜਦੋਂ ਇਨ੍ਹਾਂ ਬੱਚਿਆਂ 'ਤੇ ਜ਼ਿੰਮੇਵਾਰੀ ਆਉਂਦੀ ਹੈ ਤਾਂ ਉਨ੍ਹਾਂ ਮਾਪਿਆਂ ਨੂੰ ਤ੍ਰਾਸਦੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਕਈ ਤਾਂ ਆਪਣੇ ਮਾਤਾ-ਪਿਤਾ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਇਸ ਲਈ ਹਾਈਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਔਲਾਦ ਆਪਣੇ ਮਾਪਿਆਂ ਨੂੰ ਘਰੋਂ ਕੱਢਦੀ ਹੈ ਤਾਂ ਕਾਨੂੰਨ ਅਨੁਸਾਰ ਉਸ 'ਤੇ ਜੁਰਮਾਨਾ ਲਗਾਇਆ ਜਾਵੇਗਾ ਤੇ ਉਸ ਨੂੰ ਕੈਦ ਵੀ ਕੀਤੀ ਜਾ ਸਕਦੀ ਹੈ ਤੇ ਔਲਾਦ ਨੂੰ ਕਾਨੂੰਨ ਅਨੁਸਾਰ ਜੋ ਜਾਇਦਾਦ ਮਿਲੀ ਹੁੰਦੀ ਹੈ, ਉਹ ਵੀ ਵਾਪਸ ਲਈ ਜਾ ਸਕਦੀ ਹੈ। ਬੇਸ਼ੱਕ ਮਾਪਿਆਂ ਦੇ ਹੱਕ ਵਿਚ ਇਹ ਫੈਸਲਾ ਸ਼ਲਾਘਾਯੋਗ ਹੈ ਪਰ ਇਥੇ ਉਸ ਔਲਾਦ 'ਤੇ ਪ੍ਰਸ਼ਨ ਉਠਣੇ ਵੀ ਵਾਜਬ ਹਨ, ਜੋ ਆਪਣੇ ਮਾਪਿਆਂ ਨਾਲ ਅਜਿਹਾ ਵਿਵਹਾਰ ਕਰਦੇ ਹਨ। ਕੀ ਅੱਜਕਲ੍ਹ ਦੇ ਬੱਚੇ ਜਾਇਦਾਦਾਂ ਤੱਕ ਸੀਮਤ ਰਹਿ ਗਏ ਹਨ?


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਪ੍ਰਦੂਸ਼ਣ 'ਚ ਸੁਧਾਰ
ਕੌਮੀ ਗਰੀਨ ਟ੍ਰਿਬਿਊਨਲ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕੀਤੀਆਂ ਜਾਂਦੀਆਂ ਅਪੀਲਾਂ ਅਤੇ ਕਿਸਾਨਾਂ ਦੀ ਸੂਝ-ਬੂਝ ਕਾਰਨ, ਕੁਝ ਕੁ ਕਿਸਾਨਾਂ ਨੂੰ ਛੱਡ ਕੇ ਪਰਾਲੀ ਸਾੜਨ ਦੇ ਰੁਝਾਨ ਵਿਚ ਕਾਫੀ ਕਮੀ ਆਈ ਹੈ। ਇਸ ਵਾਰ ਦੁਸਹਿਰੇ ਦੌਰਾਨ ਵੀ ਪੁਤਲਿਆਂ ਵਿਚ ਕਮੀ ਅਤੇ ਉਨ੍ਹਾਂ ਵਿਚ ਲਗਾਏ ਗਏ ਪਟਾਕੇ ਪਹਿਲਾਂ ਨਾਲੋਂ ਘੱਟ ਮਾਤਰਾ ਵਿਚ ਚਲਾਏ ਜਾਣ ਕਾਰਨ ਵੀ ਹਵਾ ਵਿਚ ਪ੍ਰਦੂਸ਼ਣ ਦਾ ਕਾਫੀ ਸੁਧਾਰ ਹੋਇਆ। ਜੇਕਰ ਅਸੀਂ ਸਾਰੇ ਇਸੇ ਤਰ੍ਹਾਂ ਆਉਣ ਵਾਲੇ ਤਿਉਹਾਰਾਂ, ਵਿਆਹਾਂ ਅਤੇ ਨਵੇਂ ਸਾਲ ਆਦਿ ਦੇ ਮੌਕਿਆਂ 'ਤੇ ਪਟਾਕਿਆਂ ਤੇ ਆਤਿਸ਼ਬਾਜ਼ੀ ਦੀ ਵਰਤੋਂ ਸੰਜਮਤਾ ਨਾਲ ਕਰੀਏ ਤਾਂ ਬੇਹੱਦ ਗੰਭੀਰ ਬਣੀ ਹੋਈ ਪ੍ਰਦੂਸ਼ਣ ਦੀ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਸਕਦਾ ਹੈ। ਅਜਿਹਾ ਕਰਨ ਨਾਲ ਜਿਥੇ ਵਾਤਾਵਰਨ ਸ਼ੁੱਧ ਹੋਵੇਗਾ, ਉਥੇ ਹੀ ਧੂੰਏਂ ਨਾਲ ਹੋਣ ਵਾਲੇ ਹਾਦਸਿਆਂ ਅਤੇ ਧੂੰਏਂ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਠੱਲ੍ਹ ਪੈ ਸਕਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅਧਿਆਪਕ, ਪੜ੍ਹਾਈ ਅਤੇ ਰੋਸ
ਬਹੁਤ ਸਾਰੇ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਉਨ੍ਹਾਂ ਅਨੁਸਾਰ ਰੋਸ ਦਾ ਕਾਰਨ ਤਨਖਾਹ ਘੱਟ ਕਰਨਾ ਹੈ। ਮੈਂ ਕਈ ਹੜਤਾਲਾਂ, ਧਰਨੇ ਵੇਖੇ ਹਨ, ਹਰ ਵਿਭਾਗ ਹੜਤਾਲ ਕਰਕੇ ਕੰਮ ਬੰਦ ਕਰ ਦਿੰਦਾ ਹੈ ਪਰ ਅਧਿਆਪਕ ਰੋਸ ਵੀ ਕਰ ਰਹੇ ਹਨ ਤੇ ਕੰਮ ਵੀ ਪੂਰਾ ਕਰ ਰਹੇ ਹਨ। ਉਹ ਸਿਰਫ਼ ਛੁੱਟੀ ਵਾਲੇ ਦਿਨ ਹੀ ਰੋਸ ਪ੍ਰਦਰਸ਼ਨ ਕਰਦੇ ਹਨ। ਕਈ ਅਧਿਆਪਕ ਤਾਂ ਧਰਨੇ ਦੌਰਾਨ ਵੀ ਪੇਪਰ ਚੈੱਕ ਕਰਦੇ ਵੇਖੇ ਗਏ ਹਨ। ਕਈ ਅਧਿਆਪਕਾਂ ਦਾ ਵਿਚਾਰ ਹੈ ਕਿ ਛੁੱਟੀ ਵਾਲੇ ਦਿਨ ਸਕੂਲ ਖੋਲ੍ਹ ਕੇ ਪੜ੍ਹਾਈ ਕਰਾ ਕੇ ਰੋਸ ਪ੍ਰਗਟ ਕੀਤਾ ਜਾਵੇ। ਅਜਿਹੇ ਅਧਿਆਪਕਾਂ ਦੀ ਸੋਚ ਨੂੰ ਸਲਾਮ ਹੈ ਜੋ ਰੋਸ ਪ੍ਰਦਰਸ਼ਨ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਦਾ ਬਿਲਕੁਲ ਨੁਕਸਾਨ ਨਹੀਂ ਹੋਣ ਦਿੰਦੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ।


-ਸ਼ਰਨਜੀਤ ਕੌਰ 'ਅੱਕੂਮਸਤੇ ਕੇ'
ਗੋਲਡਨ ਇਨਕਲੇਵ ਫਿਰੋਜ਼ਪੁਰ।


ਮਜ਼ਦੂਰਾਂ ਦੀ ਹਾਲਤ

ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਮਜ਼ਦੂਰਾਂ ਦੀ ਹਾਲਤ ਵਿਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਸ਼ਹਿਰ ਦੇ ਖਾਸ ਚੌਕਾਂ ਵਿਚ ਇਹ ਮਜ਼ਦੂਰ ਸਵੇਰੇ ਆ ਕੇ ਖੜ੍ਹ ਜਾਂਦੇ ਹਨ ਤਾਂ ਜੋ ਕੋਈ ਵਿਅਕਤੀ ਇਨ੍ਹਾਂ ਨੂੰ ਦਿਹਾੜੀ 'ਤੇ ਲਿਜਾ ਸਕੇ ਪਰ ਸਾਰੇ ਮਜ਼ਦੂਰ ਇਸ ਗੱਲ ਵਿਚ ਸਫਲ ਨਹੀਂ ਹੋ ਪਾਉਂਦੇ। ਵਡੇਰੀ ਉਮਰ ਦੇ ਲੋਕ ਜੋ ਘਰੇਲੂ ਮਜਬੂਰੀਆਂ ਕਾਰਨ ਕੰਮ ਦੀ ਭਾਲ ਵਿਚ ਆਉਂਦੇ ਹਨ, ਉਨ੍ਹਾਂ ਨੂੰ ਜ਼ਿਆਦਾਤਰ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ। ਮਜ਼ਦੂਰਾਂ ਦੀ ਵਧ ਗਿਣਤੀ ਹੋਣ ਕਾਰਨ ਲੋਕ ਮਿਹਨਤਾਨੇ ਸਬੰਧੀ ਵੀ ਮੋਲ ਭਾਵ ਕਰਦੇ ਹਨ। 21ਵੀਂ ਸਦੀ ਵਿਚ ਵੀ ਇਹ ਲੋਕ ਬੁਨਿਆਦੀ ਸਹੂਲਤਾਂ ਤੋਂ ਕੋਹਾਂ ਦੂਰ ਹਨ। ਮਜ਼ਦੂਰਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਨ ਦੀ ਲੋੜ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਚਿੰਤਤ ਭਵਿੱਖ
ਦੇਸ਼ ਵਿਚ ਫੈਲੀ ਵਿਆਪਕ ਬੇਰੁਜ਼ਗਾਰੀ ਦਾ ਅਰਥ ਇਹ ਨਹੀਂ ਕਿ ਸਾਡੇ ਨੌਜਵਾਨਾਂ ਦੇ ਹੱਥ ਖਾਲੀ ਹਨ। ਇਹ ਧਾਰਨਾ ਬਾਰੇ ਸੋਚਣਾ ਵੀ ਗ਼ਲਤ ਹੈ। ਕਿਉਂਕਿ ਸਰਕਾਰਾਂ ਦੇ ਬਣਾਏ ਸਖ਼ਤ ਤੋਂ ਸਖ਼ਤ ਨਿਯਮਾਂ ਵਿਚੋਂ ਦੀ ਲੰਘਦਿਆਂ ਹੋਇਆਂ ਇਨ੍ਹਾਂ ਨੇ ਥੱਬਿਆਂ ਦੇ ਧੱਬੇ ਡਿਗਰੀਆਂ ਵੀ ਹਾਸਲ ਕਰ ਲਈਆਂ ਹਨ। ਅੰਤ ਇਹੀ ਬੱਚੇ ਆਪਣਾ ਰੁਖ਼ ਵਿਦੇਸ਼ਾਂ ਵੱਲ ਨੂੰ ਕਰ ਲੈਂਦੇ ਹਨ। ਉਥੋਂ ਦੀ ਸਰਕਾਰਾਂ ਦੀਆਂ ਸਾਰੀਆਂ ਸ਼ਰਤਾਂ ਪੂਰੇ ਕਰਦੇ ਹੋਏ ਉਥੇ ਦੀ ਨਾਗਰਿਕਤਾ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਜਿਸ ਨਾਲ ਉਸ ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਵਾਧਾ ਹੁੰਦਾ ਹੈ। ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਅਸੀਂ ਅਜੇ ਵਿਕਾਸਸ਼ੀਲ ਹੀ ਹਾਂ। ਇਸੇ ਗੱਲ ਨੂੰ ਲੈ ਕੇ ਸਾਡੇ ਪ੍ਰਵਾਸੀ ਭਾਰਤੀ ਹਮੇਸ਼ਾ ਚਿੰਤਾ ਵਿਚ ਰਹਿੰਦੇ ਹਨ। ਇਸੇ ਕਾਰਨ ਹੀ ਜਦ ਵੀ ਚੋਣਾਂ ਦੇ ਦਿਨ ਆਉਂਦੇ ਹਨ ਤਾਂ ਉਹ ਆਪਣੇ ਭਾਈਚਾਰੇ ਨੂੰ ਨਵਾਂ ਬਦਲ ਲਿਆਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।


-ਤਰਸੇਮ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਨਕਲੀ ਦੁੱਧ ਦੀ ਵਿਕਰੀ
ਭਾਰਤ ਵਿਚ ਨਕਲੀ ਦੁੱਧ ਦੀ ਬਹੁਤ ਵਿਕਰੀ ਹੋ ਰਹੀ ਹੈ। ਸਭ ਤੋਂ ਵੱਧ ਦੁੱਧ ਦਾ ਵਪਾਰ ਮੱਧ ਪ੍ਰਦੇਸ਼ ਦੇ ਮੋਰਾਇਨਾ ਜ਼ਿਲ੍ਹੇ ਵਿਚ ਹੁੰਦਾ ਹੈ, ਪਰ ਹੁਣ ਇਥੇ ਨਕਲੀ ਦੁੱਧ ਦਾ ਵਪਾਰ ਕੀਤਾ ਜਾਂਦਾ ਹੈ। ਇਥੇ 11 ਲੱਖ ਲੀਟਰ ਦੁੱਧ ਹੁੰਦਾ ਹੈ। ਜਿਸ ਵਿਚੋਂ 6 ਲੱਖ ਲੀਟਰ ਦੁੱਧ ਬਾਹਰ ਭੇਜਿਆ ਜਾਂਦਾ ਹੈ ਅਤੇ ਬਾਕੀ ਦੁੱਧ ਇਥੋਂ ਦੇ ਵਸਨੀਕ ਵਰਤਦੇ ਹਨ। ਇਹ ਦੁੱਧ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਤੱਕ ਭੇਜਿਆ ਜਾਂਦਾ ਹੈ। ਇਸ ਨਕਲੀ ਦੁੱਧ ਦੀ ਵਿਕਰੀ ਜ਼ਿਆਦਾਤਰ ਬੰਦ ਪੈਕਟਾਂ ਵਿਚ ਕੀਤੀ ਜਾਂਦੀ ਹੈ। ਪੈਕਟਾਂ ਉੱਪਰ ਕਈ ਤਰ੍ਹਾਂ ਦੇ ਰਸਾਇਣ ਲੱਗੇ ਹੁੰਦੇ ਹਨ, ਜਿਸ ਕਾਰਨ ਦੁੱਧ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦਾ। ਭਾਰਤ ਵਿਚ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਕਾਫੀ ਉਤਸ਼ਾਹਿਤ ਹੁੰਦੇ ਹਨ। ਇਸ ਤਿਉਹਾਰ 'ਤੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕਈ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਜਦੋਂ ਦੁਕਾਨਦਾਰ ਨੂੰ ਵਧੀਆ ਦੁੱਧ ਨਹੀਂ ਮਿਲਦਾ ਤਾਂ ਉਹ ਨਕਲੀ ਦੁੱਧ ਨਾਲ ਮਠਿਆਈਆਂ ਤਿਆਰ ਕਰਕੇ ਵੇਚਦੇ ਹਨ। ਦੁਕਾਨਦਾਰ ਕੇਵਲ ਆਪਣਾ ਹੀ ਭਲਾ ਸੋਚਦੇ ਹਨ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਉਹ ਦੂਜਿਆਂ ਬਾਰੇ ਸੋਚਦੇ ਹੀ ਨਹੀਂ।


-ਨਿਖਿਲ (ਕਾਸਮ ਭੱਟੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ (ਫਰੀਦਕੋਟ)

01-11-2018

 ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਆਮਦ ਜਾਰੀ ਹੈ। ਬਿਨਾ ਸ਼ੱਕ ਮੰਡੀਆਂ 'ਚ ਸਰਕਾਰ ਵਲੋਂ ਇਸ ਸੀਜ਼ਨ ਫਸਲ ਦੀ ਖਰੀਦ ਦਾ ਐਲਾਨ ਇਕ ਅਕਤੂਬਰ ਤੋਂ ਕਰ ਦਿੱਤਾ ਗਿਆ ਸੀ। ਖਰੀਦ ਏਜੰਸੀਆਂ ਦੀ ਢਿੱਲਮੱਠ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਜਿਨ੍ਹਾਂ ਮੰਡੀਆਂ 'ਚ ਸਰਕਾਰੀ ਖਰੀਦ ਏਜੰਸੀਆਂ ਨੇ ਹਾਲੇ ਵੀ ਪਹੁੰਚ ਨਹੀਂ ਕੀਤੀ ਉੱਥੇ ਕਿਸਾਨਾਂ ਨੂੰ ਆਪਣੀ ਫਸਲ ਪ੍ਰਾਈਵੇਟ ਤੇ ਨਿੱਜੀ ਵਪਾਰੀਆਂ ਨੂੰ ਸਰਕਾਰੀ ਭਾਅ ਤੋਂ ਬਹੁਤ ਘੱਟ ਭਾਅ 'ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਖਰੀਦ ਏਜੰਸੀਆਂ ਸਰਕਾਰ ਵਲੋਂ ਝੋਨੇ ਦੀ ਨਿਰਧਾਰਿਤ 17 ਫ਼ੀਸਦੀ ਨਮੀ ਦੀ ਸ਼ਰਤ ਪੂਰੀ ਕਰਨ ਲਈ ਕਹਿ ਰਹੀਆਂ ਹਨ, ਪਰ ਇਹ ਮਾਤਰਾ ਪੂਰੀ ਕਰਨੀ ਔਖੀ ਹੈ। ਅਜਿਹੇ 'ਚ ਪੇਂਡੂ ਖੇਤਰ ਦੀਆਂ ਮੰਡੀਆਂ 'ਚ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਨਾਲ ਜ਼ਿਆਦਾ ਨਮੀ ਵਾਲੇ ਝੋਨੇ ਨੂੰ 100 ਤੋਂ 200 ਰੁਪਏ ਸਰਕਾਰੀ ਮੁੱਲ ਤੋਂ ਘੱਟ ਭਾਅ 'ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰੀ ਅਧਿਕਾਰੀਆਂ ਤੇ ਮੰਡੀਆਂ 'ਚ ਫ਼ਸਲ ਦਾ ਦਾਣਾ-ਦਾਣਾ ਚੁੱਕਣ ਦੇ ਅਖਬਾਰੀ ਵਾਅਦੇ ਕਰਨ ਵਾਲੇ ਵਿਧਾਇਕਾਂ ਵਲੋਂ ਇਨ੍ਹਾਂ ਮੰਡੀਆਂ 'ਚ ਖਰੀਦ ਪ੍ਰਬੰਧਾਂ ਦਾ ਕੋਈ ਜਾਇਜ਼ਾ ਨਹੀਂ ਲਿਆ ਜਾ ਰਿਹਾ। ਸਰਕਾਰ ਨੂੰ ਮੰਡੀਆਂ 'ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਇਸ 'ਚ ਪਾਈਆਂ ਜਾਂਦੀਆਂ ਊਣਤਾਈਆਂ ਦੂਰ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਮੰਡੀਆਂ 'ਚ ਬਾਰਦਾਨੇ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਮਜ਼ਦੂਰਾਂ ਨੂੰ ਬੋਰੀਆਂ ਦੀ ਭਰਾਈ ਸਮੇਂ ਦੂਹਰੀ ਮਾਰ ਝੱਲਣੀ ਪੈੈਂਦੀ ਹੈ।


-ਗੁਰਮੁਖ ਸਿੰਘ ਮੱਲ੍ਹੀ
ਜ਼ਿਲ੍ਹਾ ਗੁਰਦਾਸਪੁਰ।


ਸਰਕਾਰਾਂ ਦੀ ਅਸਫਲਤਾ
ਪੰਜਾਬ ਦੇ ਡਿਗਰੀ ਅਤੇ ਬਹੁ-ਤਕਨੀਕੀ ਵਿਦਿਅਕ ਸੰਸਥਾਵਾਂ ਵਿਚ ਦਿਨੋ-ਦਿਨ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ, ਜਿਸ ਕਰਕੇ ਇਨ੍ਹਾਂ ਦੀ ਹੋਂਦ 'ਤੇ ਤਾਂ ਪ੍ਰਸ਼ਨ ਚਿੰਨ੍ਹ ਲੱਗ ਹੀ ਰਿਹਾ ਹੈ। ਨਾਲੋ-ਨਾਲ ਅਧਿਆਪਕ ਵਰਗ ਵੀ ਬੇਰੁਜ਼ਗਾਰ ਹੋਣ ਦੇ ਕੰਢੇ 'ਤੇ ਅੱਪੜ ਗਿਆ ਜਾਪਦਾ ਹੈ। ਜੇਕਰ ਏਨਾ ਪੜ੍ਹ ਕੇ ਵੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣਾ ਪਵੇ ਤਾਂ ਇਹ ਸਰਕਾਰੀ ਨੀਤੀਆਂ ਦੀ ਅਸਫਲਤਾ ਹੀ ਹੈ। ਕਿਉਂਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਸ ਵੇਲੇ ਪੰਜਾਬ ਵਿਚ ਨਹੀਂ ਰਹਿਣਾ ਚਾਹੁੰਦਾ। ਇਸ ਕਰਕੇ ਉਹ 12ਵੀਂ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਦੀ ਉਡਾਰੀ ਮਾਰਨ ਦੇ ਯਤਨ 'ਚ ਰਹਿੰਦਾ ਹੈ। ਇਸੇ ਰੁਝਾਨ ਨੂੰ ਵੇਖਦੇ ਹੋਏ ਕੁਝ ਵੱਡੀਆਂ ਵਿਦਿਅਕ ਸੰਸਥਾਵਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਸਾਡਾ ਹੁਣ ਵਿਦੇਸ਼ੀ ਸਿੱਖਿਆ ਸੰਸਥਾਵਾਂ ਨਾਲ ਸਮਝੌਤਾ ਹੈ। ਇਥੇ ਦਾਖ਼ਲ ਹੋਣ ਨਾਲ ਵਿਦਿਆਰਥੀ ਬਾਹਰਲੇ ਮੁਲਕ ਪੜ੍ਹਨ ਦਾ ਮੌਕਾ ਵੀ ਪ੍ਰਾਪਤ ਕਰ ਸਕਦੇ ਹਨ। ਇਹ ਸਿਰਫ ਬਾਹਰ ਜਾਣ ਦੀ ਲਾਲਸਾ ਨੂੰ ਕੈਸ਼ ਕਰਨ ਵਾਂਗ ਹੀ ਹੈ। ਦੂਜਾ ਇਹ ਕਿ ਸਾਡਾ ਸਰਕਾਰੀ ਤੰਤਰ ਹੁਣ ਨਾ ਰੁਜ਼ਗਾਰ ਦੇਣ ਵਾਲਾ ਨਾ ਚੰਗੀ ਸਿੱਖਿਆ ਦੇਣ ਵਾਲਾ ਰਹਿ ਗਿਆ ਹੈ। ਸਭ ਕੁਝ ਵਿਦੇਸ਼ੀ ਹੀ ਕਰਨਗੇ। ਇਹ ਗੁਲਾਮੀ ਨਹੀਂ ਤਾਂ ਹੋਰ ਕੀ ਹੈ।


-ਵਿਵੇਕ, ਕੋਟ ਈਸੇ ਖਾਂ, ਮੋਗਾ।


ਪਛੜੇਪਣ ਦਾ ਧੱਬਾ ਕਿਉਂ?
ਪੰਜਾਬ ਦੇ ਨਕਸ਼ੇ 'ਤੇ ਜਦੋਂ ਮਾਨਸਾ ਜ਼ਿਲ੍ਹੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਾਨਸਾ ਜ਼ਿਲ੍ਹੇ ਨੂੰ ਆਮ ਤੌਰ 'ਤੇ ਪਛੜਿਆ ਇਲਾਕਾ ਹੀ ਕਿਹਾ ਜਾਂਦਾ ਹੈ। ਦੱਸਣਾ ਬਣਦਾ ਹੈ ਕਿ ਉਲੰਪੀਅਨ ਸਰਵਨ ਸਿੰਘ ਵਿਰਕ ਦਾ ਜਨਮ ਆਮ ਕਿਸਾਨ ਪਰਿਵਾਰ ਵਿਚ ਗੁਰਮੁਖ ਸਿੰਘ ਦੇ ਘਰ, ਛੋਟੇ ਜਿਹੇ ਪਿੰਡ ਦਲੇਲਵਾਲਾ ਵਿਚ ਹੋਇਆ। 12ਵੀਂ ਦੀ ਪੜ੍ਹਾਈ ਅੱਕਾਂਵਾਲੀ ਤੋਂ ਕਰਨ ਤੋਂ ਬਾਅਦ ਉਹ ਫ਼ੌਜ ਵਿਚ ਸਿਪਾਹੀ ਭਰਤੀ ਹੋ ਗਿਆ। ਜਿਥੋਂ ਉਸ ਨੇ ਆਪਣੀ ਖੇਡ ਸ਼ੁਰੂ ਕੀਤੀ। 2012 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਲੈਣ ਤੋਂ ਬਾਅਦ ਸਵਰਨ ਉਲੰਪੀਅਨ ਸਵਰਨ ਸਿੰਘ ਵਿਰਕ ਕਿਸ਼ਤੀ ਚਾਲਕ ਬਣ ਗਿਆ। ਹੁਣੇ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਉਸ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਮਿਲ ਕੇ ਗੋਲਡ ਮੈਡਲ ਭਾਰਤ ਦੀ ਝੋਲੀ ਪਾਇਆ। ਇਸੇ ਪਿੰਡ ਦਾ ਇਕ ਹੋਰ ਖਿਡਾਰੀ ਸ਼ਗਨਦੀਪ ਸਿੰਘ ਜਿਸ ਨੇ ਪਿਛਲੇ ਦਿਨੀਂ ਸਟੇਟ ਰੋਇੰਗ ਖੇਡਾਂ ਵਿਚੋਂ ਸਿਲਵਰ ਮੈਡਲ ਜਿੱਤਿਆ, ਜ਼ਿਲ੍ਹੇ ਦਾ ਨਾਂਅ ਚਮਕਾ ਰਿਹਾ ਹੈ। ਸੁਖਮੀਤ ਸਿੰਘ ਦਾ ਜਨਮ ਕਿਸ਼ਨਗੜ੍ਹ ਫਰਮਾਹੀ ਦੇ ਵਿਚ ਇਕ ਆਮ ਜਿਹੇ ਘਰ ਵਿਚ ਹੋਇਆ। ਇਹ ਖਿਡਾਰੀ ਵੀ ਫ਼ੌਜ ਵਿਚ ਹੈ। ਜਕਾਰਤਾ ਦੀਆਂ ਏਸ਼ੀਅਨ ਖੇਡਾਂ ਵਿਚ ਇਸ ਨੇ ਵੀ ਗੋਲਡ ਮੈਡਲ ਜਿੱਤਿਆ। ਜੇਕਰ ਝਾਤ ਮਾਰੀਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਦੇ ਮੈਰਿਟ ਸਥਾਨਾਂ ਵਿਚ ਵੀ ਮਾਨਸਾ ਜ਼ਿਲ੍ਹਾ ਮੋਹਰੀ ਰਿਹਾ ਹੈ। ਪਰ ਫਿਰ ਵੀ ਮਾਨਸਾ ਜ਼ਿਲ੍ਹਾ ਪਛੜਿਆ ਕਿਉਂ ਹੈ, ਜਿਸ ਨੇ ਪੰਜਾਬ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਫਿਰ ਪਛੜੇ ਹੋਣ ਦਾ ਧੱਬਾ ਕਿਉਂ ਹੈ ਅਤੇ ਕਦੋਂ ਤੱਕ ਰਹੇਗਾ?


-ਗੁਰਪ੍ਰੀਤ ਸਿੰਘ।

31-10-2018

 ਕੋਝਾ ਮਜ਼ਾਕ

ਸਰਕਾਰ ਦੇ ਕੀਤੇ ਹਰ ਕੰਮ ਦਾ ਅਸਰ ਲੋਕਾਂ ਉੱਪਰ ਪੈਂਦਾ ਹੈ। ਜਿਸ ਤਰ੍ਹਾਂ ਦੀ ਆਪੋਧਾਪੀ ਨਾਲ ਸਰਕਾਰਾਂ ਨੇ ਕੰਮ ਕੀਤਾ, ਸਰਕਾਰ ਦੇ ਬਣਾਏ ਵਿਭਾਗਾਂ ਦਾ ਢਾਂਚਾ ਬੁਰੀ ਤਰ੍ਹਾਂ ਵਿਗੜ ਗਿਆ। ਸਰਕਾਰ ਵੀ ਆਪਣੇ-ਆਪ ਵਿਚ ਇਕ ਵਪਾਰਕ ਅਦਾਰਾ ਬਣ ਗਈ। ਅੱਜਕਲ੍ਹ ਅਧਿਆਪਕਾਂ ਦੀ ਤਨਖਾਹ ਵਿਚ ਵੱਡੀ ਕਟੌਤੀ ਕਰਕੇ ਉਨ੍ਹਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਤਨਖਾਹ ਦਿਉ ਅਤੇ ਜਵਾਬਦੇਹੀ ਤਹਿ ਕਰੋ। ਇਹ ਅਧਿਆਪਕ ਪਿਛਲੇ ਪੰਜ ਮਹੀਨਿਆਂ ਤੋਂ ਬਿਨਾਂ ਤਨਖਾਹ ਦੇ ਕੰਮ 'ਤੇ ਆ ਰਹੇ ਹਨ। ਮੰਤਰੀ ਸਾਹਿਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਹ ਸਮਝਣ ਅਤੇ ਸੋਚਣ ਦੀ ਜ਼ਹਿਮੀਅਤ ਕੀਤੀ ਕਿ ਇਨ੍ਹਾਂ ਦੇ ਘਰ ਕਿਵੇਂ ਚੱਲ ਰਹੇ ਹਨ। ਇਹ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਜਾ ਰਿਹਾ ਹੈ ਕਿ ਪੜ੍ਹਨ ਤੋਂ ਬਾਅਦ ਇੰਜ ਦੇ ਹਾਲਾਤ ਨਾਲ ਤੁਹਾਨੂੰ ਜੂਝਣਾ ਪਵੇਗਾ। ਨੌਜਵਾਨ ਪੀੜ੍ਹੀ ਪਹਿਲਾਂ ਹੀ ਇਸ ਵਿਵਸਥਾ ਤੋਂ ਤੰਗ ਆਈ ਵਿਦੇਸ਼ਾਂ ਨੂੰ ਭੱਜ ਰਹੀ ਹੈ। ਇਥੇ ਚੋਣਾਂ ਵੇਲੇ ਲੋਕਾਂ ਨੂੰ ਜਾਤ ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਜਦੋਂ ਅਸੀਂ ਵਿਕਦੇ ਹਾਂ ਤਾਂ ਸਾਨੂੰ ਕੋਈ ਖਰੀਦਣ ਦੀ ਹਿੰਮਤ ਕਰਦਾ ਹੈ। ਅਸੀਂ ਆਪਣਾ ਤਾਂ ਨੁਕਸਾਨ ਕੀਤਾ ਹੀ ਹੈ ਅਗਲੀਆਂ ਪੀੜ੍ਹੀਆਂ ਲਈ ਵੀ ਟੋਏ ਪੁੱਟ ਰਹੇ ਹਾਂ।

-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।

ਜੀਵਨ ਸ਼ੈਲੀ

ਕਈ ਵਾਰ ਬਹੁਤ ਸਾਰੇ ਅਜਿਹੇ ਲੋਕ ਅਕਸਰ ਜੀਵਨ ਯਾਤਰਾ 'ਚ ਮਿਲ ਜਾਂਦੇ ਹਨ, ਜਿਹੜੇ ਕਹਿੰਦੇ ਸੁਣੀਦੇ ਹਨ ਕਿ ਬਹੁਤ ਔਖਾ ਜੀ, ਹੁਣ ਤਾਂ ਪਾਣੀ ਦੇਹਲੀਆਂ ਟੱਪਣ ਨੂੰ ਫਿਰਦਾ ਹੈ। ਕੀ ਕਰੀਏ ਗੱਲਾਂ ਵੱਸ ਤੋਂ ਬਾਹਰ ਦੀਆਂ ਹੋ ਰਹੀਆਂ ਹਨ। ਉਹ ਲੋਕ ਹਰ ਵੇਲੇ ਇਕ-ਦੂਜੇ ਦੇ ਸ਼ਿਕਵਿਆਂ ਨਾਲ ਭਰੀਆਂ ਸ਼ਿਕਾਇਤਾਂ ਹੀ ਲਾਉਂਦੇ ਰਹਿੰਦੇ ਹਨ। ਇਹੋ ਜਿਹੇ ਨਿਰਉਤਸ਼ਾਹਿਤ ਲੋਕ ਕਿਰਤ ਨਾਲੋਂ ਟੁੱਟੇ ਹੁੰਦੇ ਹਨ। ਵਧੀਆ ਜ਼ਿੰਦਗੀ ਦਾ ਮੰਚ ਮਿਲਣ 'ਤੇ ਵੀ ਇਹੋ ਜਿਹੇ ਲੋਕ ਆਪਣੇ-ਆਪ ਨੂੰ ਤੇ ਆਲੇ-ਦੁਆਲੇ ਕੋਸਦੇ ਰਹਿੰਦੇ ਹਨ। ਆਪਣੇ-ਆਪ ਨਾਲੋਂ ਟੁੱਟੇ ਹੋਏ ਲੋਕ ਕਿਸੇ ਨਾਲ ਨਾ ਜੁੜਦੇ ਹਨ, ਨਾ ਕਿਸੇ ਨੂੰ ਆਪਣੇ ਨਾਲ ਜੋੜਦੇ ਹਨ। ਅਜਿਹੇ ਲੋਕਾਂ ਨੂੰ ਹਵਾ ਵਿਚ ਉੱਡਦੇ ਪੰਛੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹ ਕਿਵੇਂ ਕੁਦਰਤ ਨਾਲ ਇਕ-ਮਿਕ ਹੋ ਕੇ ਜੀਵਨ ਜਿਊਂਦੇ ਹਨ। ਲੋੜ ਹੈ ਇਕੱਲਤਾ ਨਾਲੋਂ ਏਕਤਾ 'ਚ ਜਿਊਣ ਦੀ ਤੇ ਜੀਵਨ-ਸ਼ੈਲੀ ਨੂੰ ਬਦਲਣ ਦੀ ਤੇ ਸਮੇਂ ਦੀ ਕਦਰ ਕਰਨ ਦੀ। ਸੋ, ਲੋੜ ਹੈ ਮਿਲ-ਜੁਲ ਕੇ ਕਿਰਤ ਨਾਲ ਜੁੜਨ ਦੀ।

-ਐਸ. ਮੀਲੂ ਫਰੌਰ, ਖੰਨਾ।

ਕਿਸਾਨ ਵੀਰਾਂ ਲਈ ਸੁਝਾਅ

ਪੰਜਾਬ ਦੀਆਂ ਮੰਡੀਆਂ ਵਿਚ ਇਸ ਵੇਲੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਕਿਸਾਨ ਵੀਰ ਝੋਨੇ ਦੀ ਢੇਰੀ ਲਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਥੱਕ ਹਾਰ ਕੇ ਕਈ ਵਾਰ ਚਾਹ ਪੀਣ ਲਈ ਗ਼ੈਰ-ਹਾਜ਼ਰ ਹੋ ਜਾਂਦੇ ਹਨ। ਗ਼ੈਰ-ਹਾਜ਼ਰੀ ਵਿਚ ਕੋਈ ਦੂਸਰਾ ਮੰਡੀ 'ਚ ਕਾਮਿਆਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਆਪਣੀ ਢੇਰੀ ਛਾਨਣੇ 'ਤੇ ਲੁਆ ਦਿੰਦਾ ਹੈ। ਅਸੀਂ ਖ਼ੁਦ ਜ਼ਿੰਮੇਵਾਰ ਹੁੰਦੇ ਹਾਂ, ਆਪਣਾ ਕੰਮ ਜਲਦੀ ਕਰਵਾਉਣ ਦੀ ਖਾਤਰ, ਦੂਜਿਆਂ ਦੀਆਂ ਆਦਤਾਂ ਖ਼ਰਾਬ ਕਰਨ ਦੇ, ਕਿਸੇ ਕਿਸਮ ਦਾ ਲਾਲਚ ਵੀ ਇਕ ਭ੍ਰਿਸ਼ਟਾਚਾਰ ਹੈ। ਕਾਮੇ ਮੰਡੀ ਵਿਚ ਦੇਰ ਰਾਤ ਤੱਕ ਕੰਮ ਕਰਦੇ ਹਨ। ਸ਼ਰਾਬ ਜਾਂ ਹੋਰ ਕੋਈ ਨਸ਼ਾ ਕਰਕੇ ਵੱਧ ਘੱਟ ਤੋਲ ਕੇ ਕਿਸੇ ਵੀਰ ਭਾਈ ਦਾ ਨੁਕਸਾਨ ਹੋਣਾ ਵੀ ਸੁਭਾਵਿਕ ਹੈ। ਅਜਿਹਾ ਨਾ ਕਰੋ। ਬੇਸਬਰੀ ਨਾਲ ਆਪਣੀ ਵਾਰੀ ਦੀ ਉਡੀਕ ਕਰੋ। ਆੜ੍ਹਤੀਏ ਦੀ ਚੋਣ ਆਪਣੀ ਮਰਜ਼ੀ ਨਾਲ ਕਰੋ ਕਿਉਂਕਿ ਫ਼ਸਲ ਦੀ ਢੇਰੀ ਤੁਹਾਡਾ ਹੱਕ ਜਿਤਾਉਂਦੀ ਹੈ। ਝੋਨੇ ਦੀ ਰਕਮ ਨਕਦ ਮਿਲੇ ਤਾਂ ਚੰਗਾ ਹੈ ਨਹੀਂ ਤਾਂ ਪੱਕਾ ਬਿੱਲ ਜ਼ਰੂਰ ਲਵੋ। ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਖੁਸ਼ੀ-ਖੁਸ਼ੀ ਮੰਡੀ ਪਾਓ, ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਓ, ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਓ।

-ਅਵਤਾਰ ਸਿੰਘ ਭਮੋਤਾ
ਪਿੰਡ ਤੇ ਡਾਕ: ਦੇਪੁਰ, ਜ਼ਿਲ੍ਹਾ ਹੁਸ਼ਿਆਰਪੁਰ।

ਮੁਫ਼ਤ ਬਿਜਲੀ

ਖੇਤੀ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਸਮੇਂ ਦੀਆਂ ਸਰਕਾਰਾਂ ਵਲੋਂ ਸਿਰਫ ਵੋਟਾਂ ਬਟੋਰਨ ਦੇ ਹਥਿਆਰ ਵਜੋਂ ਵਰਤਿਆ ਫ਼ੈਸਲਾ ਹੈ, ਕਿਉਂਕਿ ਇਹ ਸਬਸਿਡੀ ਪੂਰੇ ਭਾਰਤ ਵਿਚ ਸਿਰਫ ਪੰਜਾਬ ਸਰਕਾਰ ਵਲੋਂ ਹੀ ਦਿੱਤੀ ਜਾ ਰਹੀ ਹੈ। ਮੁਫ਼ਤ ਬਿਜਲੀ ਮਿਲਣ ਕਾਰਨ ਇਸ ਦੀ ਯੋਗ ਵਰਤੋਂ ਨਾ ਕਰਦੇ ਹੋਏ ਝੋਨੇ ਨੂੰ ਵੀ ਵਾਧੂ ਦਾ ਪਾਣੀ ਲਗਾਇਆ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਘਟ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਵੱਡੇ ਜ਼ਿਮੀਂਦਾਰਾਂ ਨੂੰ ਬਿਜਲੀ ਸਬਸਿਡੀ ਛੱਡਣ ਲਈ ਅਪੀਲ ਕਰਨ ਦੀ ਬਜਾਏ ਸੱਤ-ਅੱਠ ਕਿੱਲੇ ਤੋਂ ਉੱਪਰ ਜ਼ਮੀਨ ਵਾਲੇ ਕਿਸਾਨਾਂ ਨੂੰ ਜਾਂ ਤਾਂ ਕੋਈ ਸਬਸਿਡੀ ਨਹੀਂ ਦੇਣੀ ਚਾਹੀਦੀ ਜਾਂ ਫਿਰ ਉਸ ਨੂੰ ਆਮਦਨ ਕਰ ਦੇ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ ਅਤੇ ਛੋਟੇ ਤੇ ਸੀਮਾਂਤ ਕਿਸਾਨ ਨੂੰ ਹੋਰ ਫਾਇਦੇ ਮੁਹੱਈਆ ਕਰਵਾਏ ਜਾਣ ਤਾਂ ਜੋ ਪੰਜਾਬ ਦੀ ਵਿੱਤੀ ਹਾਲਤ ਹੋਰ ਬਦਹਾਲ ਨਾ ਹੋਵੇ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਮੋਟਰਾਂ ਦੇ ਬਿੱਲ ਭਰ ਕੇ ਮੌਲਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
-ਡਾ: ਨਵਨੀਤ ਸੇਠ, ਧੂਰੀ।

30-10-2018

 ਅਧਿਆਪਕਾਂ ਦਾ ਮਸਲਾ
ਅੱਜ ਮਰਨ ਵਰਤ 'ਤੇ ਬੈਠੇ ਐਸ.ਐਸ.ਏ., ਰਮਸਾ ਅਧਿਆਪਕਾਂ ਦਾ ਮਸਲਾ ਪੰਜਾਬ ਵਿਚ ਅਹਿਮ ਬਣਿਆ ਹੋਇਆ ਹੈ। ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਨੇ ਅਧਿਆਪਕਾਂ ਦੀ ਪੋਲਿੰਗ ਕਰਵਾ ਕੇ ਇਕ ਅਡੰਬਰ ਜਿਹਾ ਹੀ ਰਚਿਆ ਹੈ। ਅਧਿਆਪਕਾਂ ਦੀਆਂ ਵੋਟਾਂ ਕਰਵਾ ਕੇ ਤਾਂ ਉਨ੍ਹਾਂ ਗੁੰਮਰਾਹ ਕੀਤਾ ਹੈ। ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਸਿੱਖਿਆ ਵਿਭਾਗ ਵਿਚ ਪੱਕੇ ਕਰਨ ਦਾ ਬਦਲ ਦੇ ਕੇ ਤਾਂ ਦੇਖੋ, ਸਾਰੇ ਅਧਿਆਪਕਾਂ ਦੀ 100 ਫ਼ੀਸਦੀ ਵੋਟ ਪਏਗੀ ਕਿ ਅਸੀਂ ਪੂਰੀ ਤਨਖਾਹ ਤੇ ਸਿੱਖਿਆ ਵਿਭਾਗ ਵਿਚ ਰੈਗੂਲਰ ਹੋਣਾ ਚਾਹੁੰਦੇ ਹਾਂ, ਨਾ ਕਿ 15,300 ਰੁਪਏ ਵਿਚ।

-ਕੁਸਮ ਸ਼ਰਮਾ
ਕਪੂਰਥਲਾ।

ਮਨੁੱਖ ਮਨੁੱਖ ਦਾ ਵੈਰੀ
ਹਰ ਰੋਜ਼ ਅਖ਼ਬਾਰਾਂ 'ਚ ਮਿਲਾਵਟੀ ਤੇ ਨਕਲੀ ਖਾਣ-ਪੀਣ ਵਾਲੀਆਂ ਵਸਤੂਆਂ ਦੇ ਫੜੇ ਜਾਣ ਦੀਆਂ ਖ਼ਬਰਾਂ ਛਪਦੀਆਂ ਹਨ। ਅੱਜ ਦਾ ਮਨੁੱਖ ਕਿੰਨਾ ਖ਼ੁਦਗਰਜ਼ ਹੋ ਗਿਆ ਹੈ ਕਿ ਪੈਸੇ ਦੇ ਲਾਲਾਚਵਸ ਹੋ ਆਪਣੇ ਲੋਕਾਂ ਨੂੰ ਜ਼ਹਿਰ ਵੰਡ ਰਿਹਾ ਹੈ। ਅਜਿਹੇ ਪਦਾਰਥ ਖਾਣ ਵਾਲੇ ਮਨੁੱਖ ਦੋਹਰੀ ਸਜ਼ਾ ਭੁਗਤ ਰਹੇ ਹਨ। ਇਕ ਪੈਸੇ ਖਰਚਣੇ ਤੇ ਦੂਜਾ ਅਜਿਹੇ ਮਿਲਾਵਟੀ ਪਦਾਰਥ ਖਾ ਕੇ ਡਾਕਟਰਾਂ ਵੱਸ ਪੈ ਕੇ ਪੈਸੇ ਦੀ ਬਰਬਾਦੀ। ਖ਼ਤਰਨਾਕ ਤਕਨੀਕਾਂ ਨਾਲ ਤਿਆਰ ਕੀਤੀ ਖਾਣ ਸਮੱਗਰੀ ਵਿਚੋਂ ਕੁਦਰਤੀ ਸਿਹਤਮੰਦ ਤੱਤ ਖ਼ਤਮ ਹੋ ਰਹੇ ਹਨ। ਅੱਜ ਬਾਜ਼ਾਰ ਵਿਚੋਂ ਮਿਲਦਾ ਦੁੱਧ, ਪਨੀਰ ਤੇ ਹੋਰ ਦੁੱਧ ਤੋਂ ਬਣੀਆਂ ਵਸਤੂਆਂ ਜ਼ਹਿਰ ਦਾ ਰੂਪ ਧਾਰਨ ਕਰ ਰਹੀਆਂ ਹਨ। ਅਜਿਹੇ ਪਦਾਰਥ ਵਰਤ ਕੇ ਜੇ ਮਨੁੱਖ ਦੀ ਸਰੀਰਕ ਤੇ ਮਾਨਸਿਕ ਸਿਹਤ ਹੀ ਵਿਗੜ ਗਈ ਤਾਂ ਨਰੋਆ ਸਮਾਜ ਕਿਥੋਂ ਪੈਦਾ ਹੋਏਗਾ? ਸਬੰਧਿਤ ਮਹਿਕਮਿਆਂ ਨੂੰ ਆਪਣੀ ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਜ਼ਹਿਰ ਪਰੋਸਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪੰਜਾਬ ਨਾਲ ਇਕ ਹੋਰ ਧੱਕਾ
ਉਕਤ ਵਿਸ਼ੇ ਸਬੰਧੀ ਆਪ ਜੀ ਦਾ ਲਿਖਿਆ ਸੰਪਾਦਕੀ ਲੇਖ ਪੜ੍ਹਨ ਨੂੰ ਮਿਲਿਆ। ਤੁਹਾਡੀ ਇਸ ਲਿਖਤ ਵਿਚ ਦਰਸਾਏ ਗਏ ਤੱਥ ਅਤੇ ਵੇਰਵੇ ਸਹੀ ਅਤੇ ਸੱਚੇ ਹਨ ਅਤੇ ਕਾਫੀ ਭਾਵਪੂਰਤ ਹਨ। ਲੇਖ ਵਿਚ ਪੰਜਾਬ ਹਿਤੈਸ਼ੀ ਧਿਰਾਂ ਨੂੰ ਵੰਗਾਰ ਪਾਉਂਦਿਆਂ ਜੋ ਆਖਿਆ ਗਿਆ ਹੈ ਕਿ ਸਬੰਧਿਤ ਧਿਰਾਂ ਨੂੰ ਉਕਤ ਕੇਂਦਰ ਸਰਕਾਰ ਦੇ ਧੱਕੇ ਵਿਰੁੱਧ ਆਵਾਜ਼ ਉਠਾਉਣ ਵਿਚ ਕਿਸੇ ਤਰ੍ਹਾਂ ਦੀ ਬੇਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਬਿਲਕੁਲ ਸਹੀ ਹੈ। ਅਜਿਹਾ ਕਰਨਾ ਸਬੰਧਿਤਾਂ ਦਾ ਨੈਤਿਕ ਫ਼ਰਜ਼ ਵੀ ਬਣਦਾ ਹੈ। ਕੀ ਸਬੰਧਿਤ ਧਿਰਾਂ ਇਸ ਸਬੰਧੀ ਕੋਈ ਸੰਜੀਦਾ ਯਤਨ ਕਰਨਗੀਆਂ?

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਕਿਸਾਨੀ ਦੀ ਸਾਰ ਲਵੇ ਸਰਕਾਰ
ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਠੀਕ ਕਰਨ ਦੀ ਬਜਾਏ ਵਧਾਇਆ ਜਾ ਰਿਹਾ ਹੈ। ਦੇਸ਼ ਦਾ ਕਿਸਾਨ ਖੇਤੀ ਨਾਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਸਰਕਾਰਾਂ ਵਲੋਂ ਬਿਆਨਬਾਜ਼ੀ ਦੇ ਸਹਾਰੇ ਡੰਗ ਟਪਾਇਆ ਜਾ ਰਿਹਾ ਹੈ। 'ਕਿਸਾਨ ਕ੍ਰਾਂਤੀ ਯਾਤਰਾ' ਦਿੱਲੀ ਦਾਖ਼ਲ ਹੋਣ 'ਤੇ ਲਾਈ ਗਈ ਪਾਬੰਦੀ ਇਹ ਦਰਸਾਉਂਦੀ ਹੈ ਕਿ ਕਿਸਾਨ ਦੀਆਂ ਸਮੱਸਿਆਵਾਂ ਵੱਲ ਸਰਕਾਰ ਸੁਹਿਰਦ ਨਹੀਂ ਹੈ। ਰਾਜਨੀਤਕ ਪਾਰਟੀਆਂ ਨੂੰ ਇਸ ਵਿਸ਼ੇ 'ਤੇ ਸਹਿਯੋਗ ਦੇਣਾ ਚਾਹੀਦਾ ਹੈ। ਦੇਸ਼ ਦਾ ਕਿਸਾਨ ਕਰਜ਼ੇ ਹੇਠ ਹੋਣ ਕਾਰਨ ਆਰਥਿਕ ਤੰਗੀਆਂ ਵਿਚ ਗੁਜ਼ਰ ਰਿਹਾ ਹੈ। ਸਰਕਾਰ ਕਰਜ਼ਿਆਂ ਦੇ ਮੁੱਦੇ 'ਤੇ ਆਪਣਾ ਹੱਥ ਪਿੱਛੇ ਘੁਟਦੀਆਂ ਹਨ। ਇਸ ਸਮੱਸਿਆ ਨੂੰ ਆਪਣਾ ਚੋਣ ਮੁੱਦਾ ਬਣਾ ਰਹੀਆਂ ਹਨ, ਜੋ ਬਹੁਤ ਮੰਦਭਾਗਾ ਹੈ। ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਕਿਸਾਨਾਂ ਨੂੰ ਸੰਕਟ 'ਚੋਂ ਉਭਾਰਨ ਲਈ ਵੱਡੀਆਂ ਰਿਆਇਤਾਂ ਦੇਣ ਦੀ ਲੋੜ ਹੈ ਨਾ ਕਿ ਬਿਆਨਬਾਜ਼ੀ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ,
ਜ਼ਿਲ੍ਹਾ ਤੇ ਤਹਿ: ਪਟਿਆਲਾ।

ਸਬਕ ਲੈਣ ਦੀ ਲੋੜ
ਅੰਮ੍ਰਿਤਸਰ ਰੇਲ ਹਾਦਸਾ ਸਭ ਦੇ ਹਿਰਦਿਆਂ ਨੂੰ ਵਲੂੰਧਰ ਗਿਆ। ਦੁਨੀਆ ਦੇ ਹਰ ਕੋਨੇ ਵਿਚ ਸਾਡੇ ਪ੍ਰਸ਼ਾਸਨ, ਸਾਡੇ ਪ੍ਰਬੰਧਾਂ ਅਤੇ ਖ਼ਾਸ ਕਰਕੇ ਸਾਡੇ ਲੋਕਾਂ ਦੀ ਅਣਗਹਿਲੀ ਦੀ ਚਰਚਾ ਹੋ ਰਹੀ ਹੈ। ਸਾਡੀਆਂ ਅਖ਼ਬਾਰਾਂ, ਸਾਡਾ ਮੀਡੀਆ, ਸਾਡਾ ਪ੍ਰਸ਼ਾਸਨ ਉਸ ਦਿਨ ਤੋਂ ਚੈਨ ਦੀ ਨੀਂਦ ਨਹੀਂ ਸੁੱਤਾ। ਕੋਈ ਸਰਕਾਰ ਨੂੰ ਕੋਸ ਰਿਹਾ, ਕੋਈ ਪ੍ਰਧਾਨ ਨੂੰ, ਕੋਈ ਰੇਲਵੇ ਵਿਭਾਗ ਨੂੰ ਤੇ ਕੋਈ ਡਰਾਈਵਰ ਨੂੰ ਲਾਹਨਤਾਂ ਪਾ ਰਿਹਾ ਹੈ। ਇਥੋਂ ਤੱਕ ਕਿ ਬੇਜਾਨ ਗੱਡੀ ਦਾ ਇੰਜਣ ਕਈ ਕਲੰਕ ਲਵਾ ਰਿਹਾ ਹੈ 'ਖੂਨੀ ਇੰਜਣ', 'ਰਾਵਣ ਇੰਜਣ' ਆਦਿ। ਅਜੇ ਤੱਕ ਮੈਂ ਕਿਸੇ ਦੇ ਮੂੰਹੋਂ ਇਹ ਸ਼ਬਦ ਨਹੀਂ ਸੁਣੇ ਕਿ ਜੋ ਜਨਤਾ ਉਥੇ ਦੁਸਹਿਰਾ ਦੇਖ ਰਹੀ ਸੀ ਕੀ ਉਨ੍ਹਾਂ ਨੂੰ ਟਰੈਕ ਦਿਸਿਆ ਨਹੀਂ ਸੀ? ਕੀ ਉਨ੍ਹਾਂ ਨੂੰ ਦੱਸਣ ਦੀ ਲੋੜ ਸੀ ਕਿ ਇਹ ਰੇਲਵੇ ਟਰੈਕ ਹੈ, ਇਥੇ ਗੱਡੀ ਆ ਸਕਦੀ ਹੈ? ਕੀ ਜਨਤਾ ਨੂੰ ਇਹ ਵੀ ਨਹੀਂ ਦਿਸਿਆ ਕਿ ਹਨੇਰਾ ਪਸਰ ਰਿਹਾ ਹੈ, ਗੱਡੀ ਦਿਸਣੀ ਨਹੀਂ? ਗੱਲ ਕੀ ਅਸੀਂ ਹਮੇਸ਼ਾ ਸਰਕਾਰਾਂ ਦੀ ਗ਼ਲਤੀ ਮੰਨਦੇ ਹਾਂ, ਪ੍ਰਸ਼ਾਸਨ ਦੀ ਗ਼ਲਤੀ ਮੰਨਦੇ ਹਾਂ ਪਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ? ਅਸੀਂ ਜ਼ਿੰਮੇਵਾਰ ਕਦੋਂ ਬਣਾਂਗੇ? ਸਾਨੂੰ ਅਜਿਹੇ ਹਾਦਸਿਆਂ ਤੋਂ ਸਬਕ ਲੈਣ ਦੀ ਲੋੜ ਹੈ। ਦੁਨੀਆ ਭਰ ਵਿਚ ਆਪਣੀ ਨਾਲਾਇਕੀ ਨਾ ਦਿਖਾ ਕੇ ਸਭ ਨੂੰ ਫਰਜ਼ ਪਛਾਣਨ ਦੀ ਲੋੜ ਹੈ।

-ਕੁਲਵਿੰਦਰਜੀਤ ਕੌਰ
ਕਿਸ਼ਨਪੁਰਾ, ਸ.ਐ.ਸ. ਚੱਬਾ, ਅੰਮ੍ਰਿਤਸਰ।

29-10-2018

 ਤਨਖਾਹਾਂ 'ਚ ਕਟੌਤੀ
ਪੰਜਾਬ ਦੀ ਕੈਬਨਿਟ ਦੁਆਰਾ ਹਾਲ ਹੀ ਵਿਚ ਸਰਵ ਸਿੱਖਿਆ ਅਭਿਆਨ ਤੇ ਰਮਸਾ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਬਸ਼ਰਤੇ ਉਹ ਮੌਜੂਦਾ ਤਨਖਾਹ ਦੀ ਥਾਂ 'ਤੇ ਹੁਣ ਤਿੰਨ ਸਾਲਾਂ ਤੱਕ ਸਿਰਫ਼ 15 ਹਜ਼ਾਰ 'ਤੇ ਕੰਮ ਕਰਨ ਦੀ ਹਾਮੀ ਭਰਨ। ਪਿਛਲੇ ਦੋ ਦਹਾਕਿਆਂ ਤੋਂ ਨਿੱਜੀਕਰਨ, ਉਦਾਰੀਕਰਨ ਦੀਆਂ ਨੀਤੀਆਂ 'ਤੇ ਚਲਦਿਆਂ ਸਮੇਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਹਨ, ਤਾਂ ਕੋਈ ਵੀ ਮਾਤਾ-ਪਿਤਾ ਆਪਣੇ ਪੁੱਤ-ਧੀ ਨੂੰ ਅਧਿਆਪਕ ਬਣਨ ਦੀ ਪ੍ਰੇਰਨਾ ਨਹੀਂ ਦੇਵੇਗਾ। ਲਗਪਗ ਚਾਲੀ ਹਜ਼ਾਰ ਤਨਖਾਹ ਲੈ ਰਹੇ ਇਨ੍ਹਾਂ ਅਧਿਆਪਕਾਂ ਨੇ ਸਰਕਾਰ ਨੂੰ ਬਣਦਾ ਟੈਕਸ ਦੇ ਕੇ ਆਪਣੇ ਘਰਾਂ ਦੇ ਖਰਚੇ ਉਸ ਹਿਸਾਬ ਨਾਲ ਨਿਰਧਾਰਤ ਕੀਤੇ ਹੋਏ ਹਨ। ਕੀ ਉਹ ਹੁਣ ਪੰਦਰਾਂ ਹਜ਼ਾਰ 'ਤੇ ਗੁਜ਼ਾਰਾ ਕਰ ਸਕਣਗੇ? ਬਿਨਾਂ ਸ਼ੱਕ ਮਜਬੂਰੀ ਵੱਸ ਕੁਝ ਕੁ ਅਧਿਆਪਕ ਇਸ ਫ਼ੈਸਲੇ ਲਈ ਰਾਜ਼ੀ ਹੋ ਜਾਣਗੇ ਪਰ ਮਾਨਸਿਕ ਤੌਰ 'ਤੇ ਫੱਟੜ ਹੋਏ ਹਜ਼ਾਰਾਂ ਬੱਚਿਆਂ ਨਾਲ ਇਨਸਾਫ਼ ਨਹੀਂ ਕਰ ਸਕਣਗੇ। ਕੀ ਹੁਣ ਸਿੱਖਿਆ ਸਰਕਾਰ ਦੇ ਏਜੰਡੇ ਤੋਂ ਬਾਹਰ ਹੋ ਗਈ ਹੈ? ਅਧਿਆਪਕ ਜਥੇਬੰਦੀਆਂ ਲਈ ਵੀ ਇਹ ਪਰਖ ਦੀ ਘੜੀ ਹੈ ਕਿ ਉਨ੍ਹਾਂ ਨੇ 1978 ਵਾਲੇ ਸੰਘਰਸ਼ ਨੂੰ ਮੁੜ ਦੁਹਰਾਉਣਾ ਹੈ ਜਾਂ ਫਿਰ ਫੈਸਲੇ ਨੂੰ ਮੰਨਣਾ ਹੈ।


-ਬਲਵੀਰ ਸਿੰਘ ਬਾਸੀਆਂ
balvirbassi26@gmail.com


ਵਧਦਾ ਪ੍ਰਦੂਸ਼ਣ
ਬੀਤੇ ਕੁਝ ਦਿਨਾਂ ਤੋਂ ਵਾਤਾਵਰਨ ਸਬੰਧੀ ਜਾਣਕਾਰੀਆਂ ਪੂਰੀ ਧਰਤੀ 'ਤੇ ਮਨੁੱਖੀ ਹੋਂਦ ਨੂੰ ਚੁਣੌਤੀ ਦਿੰਦੀਆਂ ਨਜ਼ਰ ਆ ਰਹੀਆਂ ਹਨ। ਇਕ ਪਾਸੇ ਜਿਥੇ ਧਰਤੀ 'ਤੇ ਪ੍ਰਦੂਸ਼ਣ ਕਾਰਨ ਹੋਇਆ ਤਾਪਮਾਨ 'ਚ ਵਾਧਾ ਵਾਤਾਵਰਨ 'ਚ ਜਾਨ ਲੇਵਾ ਅਸਰ ਛੱਡਦਾ ਜਾ ਰਿਹਾ ਹੈ, ਉਥੇ ਹੀ ਆਪਣੇ ਦੇਸ਼ ਭਾਰਤ ਵਿਚ ਵੀ ਵਾਤਾਵਰਨ ਸਬੰਧੀ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਪਰਾਲੀ ਦਾ ਧੂੰਆਂ ਅਤੇ ਸੜਕਾਂ ਕਿਨਾਰੇ ਲੱਗੀ ਅੱਗ ਸਾਡੇ ਵਾਤਾਵਰਨ ਦੀ ਹਵਾ ਵਿਚ ਜ਼ਹਿਰ ਘੋਲ ਰਿਹਾ ਹੈ। ਫੈਕਟਰੀਆਂ ਦੀ ਰਹਿੰਦ-ਖੂੰਹਦ ਦਾ ਪਾਣੀ ਵਿਚ ਸੁੱਟਣ ਕਾਰਨ ਸਾਡੇ ਦਰਿਆਵਾਂ ਦਾ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਧਰਤੀ 'ਤੇ ਰੋਗਮੁਕਤ ਜੀਵਨ ਜਿਊਣ ਦਾ ਸੰਘਰਸ਼ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਚੁਣੌਤੀ ਬਣ ਜਾਵੇਗਾ।


-ਕਰਨ ਧਾਲੀਵਾਲ
ਵਿਦਿਆਰਥੀ ਲਾਇਲਪੁਰ ਖਾਲਸਾ ਕਾਲਜ, ਜਲੰਧਰ।


ਸਾਡੀ ਜੀਵਨਸ਼ੈਲੀ
ਅਜੋਕੇ ਦੌਰ ਵਿਚ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਭਵਿੱਖ ਵਿਚ ਵੀ ਅਣਕਿਆਸੇ ਟੀਚਿਆਂ ਨੂੰ ਸਰ ਕਰਦਾ ਰਹੇਗਾ। ਇਸ ਤਰੱਕੀ ਨਾਲ ਸਾਰਾ ਵਿਸ਼ਵ ਨੇੜੇ ਹੋਇਆ ਹੈ। ਪਰ ਇਸ ਪਦਾਰਥਵਾਦੀ ਯੁੱਗ ਵਿਚ ਸਾਡੀ ਕਾਰਜਸ਼ੈਲੀ, ਜੀਵਨਸ਼ੈਲੀ 'ਤੇ ਜ਼ਰੂਰ ਭਾਰੂ ਰਹੀ ਹੈ। ਬੇਸ਼ੱਕ ਮੈਡੀਕਲ ਖੇਤਰ ਦੀ ਤਰੱਕੀ ਨਾਲ ਬਹੁਤ ਸਾਰੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਗਿਆ ਹੈ ਪਰ ਫਿਰ ਵੀ ਮਨੁੱਖ ਦੀ ਔਸਤ ਉਮਰ ਵਿਚ ਗਿਰਾਵਟ ਆਈ ਹੈ। ਇਸ ਸਭ ਕਾਸੇ ਦਾ ਜ਼ਿੰਮੇਵਾਰ ਸਾਡਾ ਜਿਊਣ ਦਾ ਢੰਗ ਹੈ। ਬਿਹਤਰ ਜ਼ਿੰਦਗੀ ਦੀ ਭੱਜ-ਦੌੜ ਵਿਚ ਅਸੀਂ ਸਭ ਕੁਝ ਗੁਆ ਰਹੇ ਹਾਂ। ਚੰਗੀ ਜ਼ਿੰਦਗੀ ਜਿਊਣ ਵਾਸਤੇ ਨਿਰੋਗ ਸਰੀਰ ਦਾ ਹੋਣਾ ਜ਼ਰੂਰੀ ਹੈ। ਸਾਡੀ ਜੀਵਨਸ਼ੈਲੀ ਵਿਚੋਂ ਸਕੂਨ, ਸਹਿਣਸ਼ੀਲਤਾ, ਅਨੁਸ਼ਾਸਨ ਤੇ ਖ਼ੁਸ਼ੀ ਖੰਭ ਲਾ ਕੇ ਉੱਡ ਗਈ ਹੈ। ਸਾਦਾ ਤੇ ਸੰਤੁਲਿਤ ਭੋਜਨ ਅਤੇ ਸਰੀਰਕ ਕਸਰਤ ਸਾਡੀ ਜੀਵਨਸ਼ੈਲੀ ਵਿਚੋਂ ਮਨਫ਼ੀ ਹੋ ਗਏ ਹਨ, ਜਿਸ ਕਾਰਨ ਸਾਡੇ ਸਰੀਰ ਵਿਚ ਭਿਆਨਕ ਬਿਮਾਰੀਆਂ ਪ੍ਰਵੇਸ਼ ਕਰ ਰਹੀਆਂ ਹਨ। ਲੋੜ ਹੈ ਸਾਨੂੰ ਆਪਣੀਆਂ ਆਦਤਾਂ ਵਿਚ ਸੁਧਾਰ ਕਰਦੇ ਹੋਏ ਵਿਗੜ ਰਹੀ ਜੀਵਨਸ਼ੈਲੀ ਵਿਚ ਬਦਲਾਅ ਲਿਆਉਣ ਦੀ।


-ਗੁਰਦੀਪ ਲੋਪੋਂ
ਪਿੰਡ ਤੇ ਡਾ: ਲੋਪੋਂ, ਜ਼ਿਲ੍ਹਾ ਮੋਗਾ।


ਪ੍ਰਸ਼ਾਸਨ ਤੇ ਲੋਕਾਂ ਦੀ ਜ਼ਿੰਮੇਵਾਰੀ

ਲੋਕਾਂ ਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਤੇ ਸਰਕਾਰ ਇਹ ਜ਼ਿੰਮਾ ਹਰ ਜ਼ਿਲ੍ਹੇ ਵਿਚ ਸਥਾਪਤ ਕੀਤੇ ਹੋਏ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੰਦੀ ਹੈ। ਕਿਸੇ ਵੀ ਅਚਾਨਕ ਆਈ ਬਿਮਾਰੀ ਨਾਲ ਨਿਪਟਣ ਲਈ ਇਨ੍ਹਾਂ ਅਧਿਕਾਰੀਆਂ ਦੁਆਰਾ ਟੀਮਾਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਮਰ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ। ਉਦਾਹਰਨ ਦੇ ਤੌਰ 'ਤੇ ਜੇ ਗੱਲ ਸੰਗਰੂਰ ਜ਼ਿਲ੍ਹੇ ਦੀ ਕਰੀਏ ਤਾਂ ਸ਼ਹਿਰ ਵਿਚ ਚਾਰ ਸੌ ਤੋਂ ਵੀ ਜ਼ਿਆਦਾ ਡੇਂਗੂ ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਕੁਝ ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਮੇਰਾ ਸੁਆਲ ਇਹ ਹੈ ਕਿ ਸਾਡਾ ਪ੍ਰਸ਼ਾਸਨ ਅਧਿਕਾਰੀ ਬਿਮਾਰੀ ਫੈਲਣ ਤੋਂ ਬਾਅਦ ਹੀ ਕਿਉਂ ਜਾਗਦਾ ਹੈ? ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸ਼ਹਿਰ ਨੂੰ ਗੰਦਾ ਨਾ ਹੋਣ ਦੇਈਏ ਤਾਂ ਜੋ ਬਿਮਾਰੀਆਂ ਤੋਂ ਬਚਾ ਹੋ ਸਕੇ। ਇਕ ਪਾਸੇ ਪ੍ਰਧਾਨ ਮੰਤਰੀ ਦੁਆਰਾ 'ਸਵੱਛਤਾ ਅਭਿਆਨ' ਚਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਆਪਣੀਆਂ ਗਲੀਆਂ-ਨਾਲੀਆਂ ਦੀ ਸਫਾਈ ਲਈ ਵੀ ਸਬੰਧਿਤ ਅਧਿਕਾਰੀਆਂ ਨਾਲ ਲੜਨਾ ਪੈ ਰਿਹਾ ਹੈ।


-ਜੀਤ ਹਰਜੀਤ
ਪ੍ਰੀਤ ਨਗਰ, ਸੰਗਰੂਰ।


ਸਰਕਾਰੀ ਬੱਸਾਂ...
ਅੱਜ ਦੇਸ਼ ਦੀ ਆਜ਼ਾਦੀ ਦੇ 71 ਸਾਲ ਬਾਅਦ ਵੀ ਦੇਸ਼ ਦੇ ਅੱਧੇ ਤੋਂ ਵੱਧ ਪਿੰਡਾਂ ਵਿਚ ਸਰਕਾਰੀ ਬੱਸਾਂ ਨਹੀਂ ਜਾਂਦੀਆਂ। ਇਹ ਹਾਲ ਦੇਸ਼ ਦੇ ਖੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਦਾ ਹੈ। ਪੰਜਾਬ ਦੇ ਕਈ ਪਿੰਡ ਤਾਂ ਅਜਿਹੇ ਹਨ ਜਿਥੇ ਨਿੱਜੀ ਬੱਸਾਂ ਵੀ ਨਹੀਂ ਜਾਂਦੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਪਿੰਡ ਵਿਚ ਸਰਕਾਰੀ ਬੱਸਾਂ ਦੀ ਆਵਾਜਾਈ ਲਾਜ਼ਮੀ ਬਣਾਵੇ ਅਤੇ ਬੰਦ ਪਏ ਸਮੇਂ ਨੂੰ ਬਹਾਲ ਕੀਤਾ ਕਰਵਾਏ। ਕਈ ਥਾਵਾਂ 'ਤੇ ਬੱਸਾਂ ਵਾਲੇ ਸਵਾਰੀਆਂ ਨੂੰ ਅੱਧ-ਵਾਟੇ ਹੀ ਦੂਜੀਆਂ ਬੱਸਾਂ ਵਿਚ ਚੜ੍ਹਾਉਂਦੇ ਹਨ ਤੇ ਆਪ ਅੱਧ-ਵਿਚਾਲਿਓਂ ਪਿਛੇ ਮੁੜ ਜਾਂਦੇ ਹਨ, ਇਨ੍ਹਾਂ 'ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਵਾਰੀਆਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਇਸ ਨਾਲ ਜਿਥੇ ਸਫਰ ਤੈਅ ਕਰਨਾ ਸੌਖਾ ਹੋਵੇਗਾ ਉਥੇ ਲੋਕਾਂ ਨੂੰ ਅਸਲ ਮੁੱਲ ਦਾ ਵੀ ਪਤਾ ਲੱਗੇਗਾ ਤੇ ਲੋਕਾਂ ਦੀ ਆਰਥਿਕ ਲੁੱਟ ਤੋਂ ਬੱਚਤ ਹੋਵੇਗੀ। ਹਰ ਪਿੰਡ, ਕਸਬੇ ਵਿਚ ਸਰਕਾਰੀ ਬੱਸਾਂ ਦਾ ਸਮਾਂ ਨਿਸ਼ਚਿਤ ਹੋਵੇ ਅਤੇ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਸਵਾਰੀਆਂ ਨੂੰ ਉਨ੍ਹਾਂ ਦੇ ਪਹੁੰਚ ਅਸਥਾਨ 'ਤੇ ਪਹੁੰਚਾਉਣ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

25-10-2018

 ਭਗਵਾਨ ਸ੍ਰੀ ਵਾਲਮੀਕਿ ਦੇ ਲੇਖ ਸਬੰਧੀ
ਬੇਨਤੀ ਹੈ ਕਿ 24 ਅਕਤੂਬਰ, 2018 ਨੂੰ ਮੇਰਾ ਇਕ ਲੇਖ 'ਭਗਵਾਨ ਵਾਲਮੀਕਿ ਦੀ ਸਾਹਿਤ ਤੇ ਸੱਭਿਆਚਾਰ ਨੂੰ ਦੇਣ' 'ਅਜੀਤ' ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਲੇਖ ਵਿਚ ਛਪੇ ਕੁਝ ਤੱਥਾਂ 'ਤੇ ਮੇਰੇ ਵਾਲਮੀਕਿ ਭਾਈਚਾਰੇ ਨੂੰ ਇਤਰਾਜ਼ ਹੈ। ਮੈਂ ਖ਼ੁਦ ਵੀ ਇਸ ਭਾਈਚਾਰੇ ਨਾਲ ਸਬੰਧਿਤ ਹਾਂ, ਜਿਸ ਕਾਰਨ ਮੈਨੂੰ ਵੀ ਅਫ਼ਸੋਸ ਹੈ। ਇਹ ਲੇਖ ਅੱਗੇ ਤੋਂ ਪ੍ਰਕਾਸ਼ਿਤ ਨਾ ਹੋਵੇ ਕਿਉਂਕਿ ਮੇਰੇ ਵਲੋਂ ਇਹ ਲੇਖ ਰੱਦ ਕਰ ਦਿੱਤਾ ਗਿਆ ਹੈ। ਲੇਖ ਪ੍ਰਕਾਸ਼ਿਤ ਹੋਣ ਕਾਰਨ ਮੈਂ ਖਿਮਾ ਦਾ ਜਾਚਕ ਹਾਂ।

-ਗਿਆਨ ਸਿੰਘ ਵਜੀਦਕੇ
ਲੱਖੀ ਕਾਲੋਨੀ, ਬਰਨਾਲਾ।

ਚਿੰਤਾਜਨਕ ਹਾਲਤ
ਪੰਜਾਬੀ ਦੀ ਸਿਰਮੌਰ ਅਖ਼ਬਾਰ 'ਅਜੀਤ' ਦੇ ਸੰਪਾਦਕੀ ਕਾਲਮ ਵਿਚ ਸੰਪਾਦਕੀ ਪੜ੍ਹੀ, ਜੋ ਅਜੋਕੇ ਸਮੇਂ ਵਿਚ ਸਭ ਤੋਂ ਚਿੰਤਾ ਵਾਲੀ ਗੱਲ ਹੈ। ਉਹ ਹੈ ਪੜ੍ਹੇ-ਲਿਖੇ ਕੁੜੀਆਂ-ਮੁੰਡਿਆਂ ਦਾ ਆਪ ਮੁਹਾਰਾ ਹੀ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਵਸਣਾ ਬਾਰੇ ਲਿਖਿਆ, ਪੜ੍ਹਿਆ। ਇਹ ਗੱਲ ਸੌ ਫ਼ੀਸਦੀ ਸੱਚ ਹੈ। ਇਸ ਸਭ ਲਈ ਸਭ ਤੋਂ ਵੱਧ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜੋ ਰੁਜ਼ਗਾਰ ਦੇ ਮੌਕੇ ਆਪਣੇ ਦੇਸ਼ ਵਿਚ ਹੋਵੇ ਤਾਂ ਫਿਰ ਵਿਦੇਸ਼ ਵਿਚ ਕੀ ਕਰਨ ਜਾਣ? ਦੂਸਰਾ ਅਜੋਕੇ ਸਮੇਂ ਵਿਚ ਕੁੜੀਆਂ, ਮੁੰਡਿਆਂ ਵਿਚ ਵੀ ਵਿਦੇਸ਼ ਦੀ ਧਰਤੀ 'ਤੇ ਜਾ ਕੇ ਵਸਣ ਦਾ ਰੁਝਾਨ ਬਹੁਤ ਬਣ ਗਿਆ ਹੈ। ਆਪਣੇ ਦੇਸ਼ ਵਿਚ ਰਹਿ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ। ਇਸ ਬਾਰੇ ਬੁੱਧੀਜੀਵੀਆਂ ਨੂੰ ਅਧਿਐਨ ਕਰਨ ਦੀ ਲੋੜ ਹੈ। ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਲਾ ਕੇ ਮੁੰਡੇ-ਕੁੜੀਆਂ ਨੂੰ ਸਮਝਾਉਣ ਦੀ ਲੋੜ ਹੈ। ਇਸ ਤਰ੍ਹਾਂ ਦਾ ਵਧ ਰਿਹਾ ਵਿਦੇਸ਼ੀ ਰੁਝਾਨ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ।

-ਮਨਜੀਤ ਸਿੰਘ ਭਾਮ
ਜ਼ਿਲ੍ਹਾ ਹੁਸ਼ਿਆਰਪੁਰ।

ਧਾਰਮਿਕ ਸਜ਼ਾ
ਬਹੁਤ ਸਾਰੇ ਰਾਜਨੀਤਕ ਲੋਕ ਆਪਣੇ ਆਕਾਵਾਂ ਜਾਂ ਵੱਡੇ ਨੇਤਾਵਾਂ ਦੀ ਖੁਸ਼ਾਮਦੀਦ ਕਰਦੇ ਹਨ। ਉਨ੍ਹਾਂ ਨੂੰ ਗੁਰੂਆਂ, ਪੀਰਾਂ ਦੇ ਬਰਾਬਰ ਹੀ ਦਰਜਾ ਦੇ ਦਿੰਦੇ ਹਨ ਜਾਂ ਫਿਰ ਗੁਰਬਾਣੀ ਦੀਆਂ ਗ਼ਲਤ ਤੁਕਾਂ ਪੜ੍ਹ ਦਿੰਦੇ ਹਨ ਜਾਂ ਫਿਰ ਕਿਸੇ ਡੇਰੇ 'ਤੇ ਜਾ ਕੇ ਵੋਟਾਂ ਮੰਗਦੇ ਹਨ, ਜਿਸ ਦਾ ਬਾਅਦ ਵਿਚ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਰਾਜਨੀਤਕ ਲੋਕ ਅਣਜਾਣੇ ਵਿਚ ਹੀ ਹੋਈ ਗ਼ਲਤੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਸਾਡੇ ਧਾਰਮਿਕ ਜਥੇਦਾਰ ਵੀ ਇਨ੍ਹਾਂ ਨੂੰ ਮੁਆਫ਼ੀ ਦੇਣ ਵਿਚ ਢਿੱਲ ਨਹੀਂ ਕਰਦੇ ਅਤੇ ਸਜ਼ਾ ਲਗਾ ਦਿੰਦੇ ਹਨ ਝਾੜੂ ਲਗਾਉਣਾ, ਜੋੜੇ ਸਾਫ਼ ਕਰਨਾ, ਜੂਠੇ ਭਾਂਡੇ ਮਾਂਜਣਾ ਵਗੈਰਾ-ਵਗੈਰਾ। ਅਜਿਹੇ ਰਾਜਨੀਤਕ ਲੋਕਾਂ ਨੂੰ ਅਜਿਹੀਆਂ ਗ਼ਲਤੀਆਂ ਕਰਨ 'ਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਫਿਰ ਘੱਟੋ-ਘੱਟ ਏਨੀ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਜਿੰਨੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਹਾਰਾਜ ਰਣਜੀਤ ਸਿੰਘ ਨੂੰ ਦਿੱਤੀ ਗਈ ਸੀ, ਤਾਂ ਜੋ ਦੁਬਾਰਾ ਅਜਿਹੀ ਗ਼ਲਤੀ ਕਰਨ ਵੇਲੇ ਇਹ ਲੋਕ ਸੌ ਵਾਰੀ ਸੋਚਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

 

ਕਰਜ਼ਿਆਂ ਸਬੰਧੀ ਦੋਗਲੀ ਨੀਤੀ
ਪਿਛਲੇ ਦਿਨੀਂ 'ਅਜੀਤ' ਵਿਚ ਸ੍ਰੀ ਦੇਵਿੰਦਰ ਸ਼ਰਮਾ ਦੇ ਲੇਖ 'ਕਰਜ਼ਾਈ ਸਨਅਤਕਾਰਾਂ ਨੂੰ ਗੱਫੇ ਤੇ ਕਿਸਾਨਾਂ ਨੂੰ ਧੱਕੇ' ਪੜ੍ਹਿਆ। ਅੰਕੜਿਆਂ ਤੇ ਵੇਰਵਿਆਂ ਸਹਿਤ ਲਿਖੇ ਲੇਖ ਵਿਚ ਲੇਖਕ ਨੇ ਬਿਲਕੁਲ ਸਹੀ ਕਿਹਾ ਹੈ ਕਿ ਬੈਂਕਾਂ ਦੀ ਕਰਜ਼ਾ ਦੇਣ ਦੀ ਨੀਤੀ ਅਮੀਰਾਂ ਲਈ ਹੋਰ ਤੇ ਗ਼ਰੀਬਾਂ ਲਈ ਹੋਰ ਹੈ। ਜਦੋਂ ਕੋਈ ਕੰਪਨੀ ਜਾਂ ਸਨਅਤ ਘਾਟੇ ਵਿਚ ਜਾਂਦੀ ਹੈ ਤਾਂ ਉਸ ਨੂੰ ਗਿਣੀ-ਮਿਥੀ ਨੀਤੀ ਤਹਿਤ ਦੀਵਾਲੀਆ ਐਲਾਨ ਕਰਕੇ ਉਸ ਨੂੰ ਕਈ ਰਿਆਇਤਾਂ ਅਤੇ ਇਥੋਂ ਤੱਕ ਕਿ ਉਸ ਦਾ ਪੂਰਾ ਕਰਜ਼ਾ ਤੱਕ ਮੁਆਫ਼ ਕਰ ਦਿੱਤਾ ਜਾਂਦਾ ਹੈ, ਜਿਹੜਾ ਕਿ ਕਈ ਵਾਰ ਕਰੋੜਾਂ ਅਰਬਾਂ ਰੁਪਿਆਂ ਵਿਚ ਹੁੰਦਾ ਹੈ, ਜਿਸ ਨੂੰ ਕਈ ਅਰਥ-ਸ਼ਾਸਤਰੀ ਆਰਥਿਕ ਵਿਕਾਸ ਦੀ ਮਜ਼ਬੂਤੀ ਲਈ ਇਸ ਨੂੰ ਜ਼ਰੂਰੀ ਦੱਸਦੇ ਹਨ। ਦੂਸਰੇ ਪਾਸੇ ਇਹੋ ਅਰਥ-ਸ਼ਾਸਤਰੀ ਕਿਸਾਨਾਂ ਦੀ ਕਰਜ਼ ਮੁਆਫ਼ੀ ਨੂੰ ਨੈਤਿਕਤਾ ਲਈ ਖ਼ਤਰਾ ਦੱਸਦੇ ਹਨ।

-ਮਾ: ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।

23-10-2018

 ਧਰਨੇ ਮੁਜ਼ਾਹਰੇ
ਸੱਤਾਧਾਰੀ ਪਾਰਟੀ ਹੋਵੇ ਜਾਂ ਵਿਰੋਧੀ ਦਲ, ਧਾਰਮਿਕ ਸੰਗਠਨ ਹੋਣ ਜਾਂ ਸਮਾਜਿਕ ਸੰਸਥਾਵਾਂ, ਅਕਸਰ ਕਿਸੇ ਨਾ ਕਿਸੇ ਮੁੱਦੇ 'ਤੇ ਕਿਤੇ ਨਾ ਕਿਤੇ ਧਰਨਾ, ਮੁਜ਼ਾਹਰਾ ਲੱਗਾ ਹੀ ਰਹਿੰਦਾ ਹੈ। ਸੜਕਾਂ, ਰੇਲਾਂ ਆਦਿ ਮਾਰਗ ਜਾਮ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਚੋਣਾਂ ਵਿਚ ਵੱਡੇ-ਵੱਡੇ ਇਕੱਠ ਮੀਲਾਂ ਲੰਮੇ ਰੋਡ ਸ਼ੋਅ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੰਦੇ ਹਨ। ਸਾਨੂੰ ਸੱਭਿਅਕ ਅਤੇ ਉੱਨਤ ਦੇਸ਼ਾਂ ਤੋਂ ਸਬਕ ਹਾਸਲ ਕਰਨਾ ਚਾਹੀਦਾ ਹੈ। ਚੋਣ ਪ੍ਰਚਾਰ ਟੀ.ਵੀ. ਜਾਂ ਅਖ਼ਬਾਰਾਂ ਵਿਚ ਹੀ ਕੀਤਾ ਜਾਵੇ। ਜਲਸੇ, ਜਲੂਸਾਂ 'ਤੇ ਮਾਣਯੋਗ ਅਦਾਲਤਾਂ ਵਲੋਂ ਸਖ਼ਤੀ ਨਾਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਲੱਖਾਂ ਰੁਪਏ ਦਾ ਪੈਟਰੋਲ ਡੀਜ਼ਲ ਖਰਚ ਹੁੰਦਾ ਹੈ ਤੇ ਨਾਲ ਹੀ ਪ੍ਰਦੂਸ਼ਣ ਵਿਚ ਵਾਧਾ ਵੀ। ਆਓ, ਕੁਝ ਸੋਚੀਏ ਕੁਝ ਸਮਝੀਏ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਕਿਸਾਨਾਂ ਦੀਆਂ ਵਧ ਰਹੀਆਂ ਮੁਸ਼ਕਿਲਾਂ
ਪੰਜਾਬ ਦੀ ਕਿਰਸਾਨੀ ਪਹਿਲਾਂ ਹੀ ਨਿਘਾਰ ਵੱਲ ਜਾ ਰਹੀ ਹੈ। ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਦੇਸ਼ ਦਾ ਅੰਨਦਾਤਾ ਅੱਜ ਖ਼ੁਦ ਲਾਚਾਰ ਹੋ ਚੁੱਕਾ ਹੈ। ਜਿੱਥੇ ਇਕ ਪਾਸੇ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦਾ ਨੁਕਸਾਨ ਕਿਸਾਨਾਂ ਨੂੰ ਹੋ ਰਿਹਾ ਹੈ, ਉਥੇ ਹੀ ਪਿਛਲੇ ਦਿਨੀਂ ਲਗਾਤਾਰ ਹੋਈ ਬਾਰਿਸ਼ ਨੇ ਕਿਸਾਨਾਂ ਦੀਆਂ ਰਹਿੰਦੀਆਂ ਉਮੀਦਾਂ 'ਤੇ ਵੀ ਪਾਣੀ ਫੇਰ ਦਿੱਤਾ। ਇਸ ਬਾਰਿਸ਼ ਨਾਲ ਝੋਨੇ ਦੀ ਪੱਕੀ ਫ਼ਸਲ ਦੇ ਨਾਲ-ਨਾਲ ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਵਾਰ ਬਾਰਿਸ਼ ਜ਼ਿਆਦਾ ਹੋਣ ਕਾਰਨ ਆਲੂਆਂ ਦੀ ਬਿਜਾਈ ਪਹਿਲਾਂ ਹੀ ਕਾਫੀ ਪੱਛੜ ਚੁੱਕੀ ਹੈ ਤੇ ਇਸ ਲਗਾਤਾਰ ਬਾਰਿਸ਼ ਨੇ ਬੀਜੀ ਫ਼ਸਲ ਖ਼ਰਾਬ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਬਣਦਾ ਸਹਿਯੋਗ ਜ਼ਰੂਰ ਦੇਵੇ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

ਪੰਜਾਬ ਨਾਲ ਇਕ ਹੋਰ ਧੱਕਾ
ਇਨ੍ਹੀਂ ਦਿਨੀਂ ਕੇਂਦਰ ਸਰਕਾਰ ਨੇ ਇਕ ਨੋਟੀਫਿਕੇਸ਼ਨ ਪਾਸ ਕਰਕੇ ਚੰਡੀਗੜ੍ਹ ਨੂੰ ਸਬੰਧਿਤ ਦੋਵਾਂ ਸੂਬਿਆਂ ਦੀ ਰਾਜਧਾਨੀ ਵਜੋਂ ਖੋਹ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ, ਜੋ ਕਿ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਪੰਜਾਬ ਦੇ ਰਾਜਸੀ ਲੋਕਾਂ ਨੂੰ ਅੰਗੂਠਾ ਦਿਖਾ ਕੇ, ਧੱਕੇ ਨਾਲ ਸੈਂਕੜੇ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਦੀ ਉਸਾਰੀ ਕੀਤੀ ਗਈ। 1966 ਵਿਚ ਮਹਾਂ ਪੰਜਾਬ ਦੇ ਟੁਕੜੇ ਕਰਕੇ ਹਰਿਆਣਾ ਅਤੇ ਹਿਮਾਚਲ ਦੋ ਰਾਜ ਹੋਂਦ ਵਿਚ ਲਿਆਂਦੇ ਗਏ। ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਬਜਾਏ, ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਕਰ ਦੇਣਾ, ਜਿਥੇ ਕੇਂਦਰ ਦੀ ਧੱਕੇਸ਼ਾਹੀ ਹੈ, ਉਥੇ ਪੰਜਾਬ ਦੇ ਰਾਜਸੀ ਲੋਕਾਂ ਦੀ 'ਲੋੜੋਂ ਵੱਧ ਢਿੱਲਮੱਠ' ਦੀ ਨੀਤੀ ਵੀ ਜ਼ਿੰਮੇਵਾਰ ਹੈ। ਅਸੀਂ ਕੇਂਦਰ ਦੇ ਇਸ ਫ਼ੈਸਲੇ ਦੀ ਨਿੰਦਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਹਰ ਪੰਜਾਬੀ ਪਾਰਟੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਇਸ ਅਮੀਰ ਖਿੱਤੇ ਦੇ ਹਿਤਾਂ ਲਈ ਅੱਗੇ ਆਉਣ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਪਰਾਲੀ ਦੀ ਸਮੱਸਿਆ
ਫ਼ਸਲਾਂ ਦੀ ਕਟਾਈ ਵੇਲੇ ਹਮੇਸ਼ਾ ਹੀ ਇਹ ਚਰਚਾ ਛਿੜੀ ਹੁੰਦੀ ਹੈ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਜਿਵੇਂ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਨਾ ਲਾਈ ਜਾਵੇ, ਕਿਉਂਕਿ ਇਸ ਨਾਲ ਜ਼ਮੀਨ ਦੀ ਤਾਕਤ ਘਟਦੀ ਹੈ। ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਖ਼ਾਸ ਕਰ ਸਾਹ ਦੇ ਮਰੀਜ਼ਾਂ ਦੀ ਤਕਲੀਫ਼ ਇਨ੍ਹਾਂ ਦਿਨਾਂ ਵਿਚ ਬਹੁਤ ਵਧ ਜਾਂਦੀ ਹੈ ਅਤੇ ਅੱਖਾਂ ਵਿਚ ਜਲਣ ਹੁੰਦੀ ਹੈ। ਬਹੁਤੇ ਕਿਸਾਨ ਪਰਾਲੀ ਜਾਂ ਨਾੜ ਨੂੰ ਅੱਗ ਲਾਉਣਾ ਆਪਣੀ ਮਜਬੂਰੀ ਦੱਸਦੇ ਹਨ। ਪਰ ਕਈ ਅਗਾਂਹਵਧੂ ਸੋਚ ਵਾਲੇ ਕਿਸਾਨ ਰਹਿੰਦ-ਖੂੰਹਦ ਨੂੰ ਵਾਹ ਕੇ ਜ਼ਮੀਨ ਵਿਚ ਹੀ ਰਲਾ ਦਿੰਦੇ ਹਨ। ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਸੋ, ਲੋੜ ਹੈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਅਤੇ ਸਮੇਂ ਸਿਰ ਸਾਧਨ ਮੁਹੱਈਆ ਕਰਵਾਉਣ ਦੀ।

-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।

ਠੋਸ ਨੀਤੀ ਦੀ ਲੋੜ
ਜਿਹੜੇ ਬੇਰੁਜ਼ਗਾਰ ਵਿਅਕਤੀ ਰਹਿ ਜਾਂਦੇ ਹਨ, ਉਹ ਆਪਣਾ ਰੁਜ਼ਗਾਰ ਚਲਾ ਨਹੀਂ ਸਕਦੇ। ਨੌਕਰੀ ਦੀਆਂ ਸਭ ਉਮੀਦਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਫਿਰ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਛੋਟੀਆਂ-ਮੋਟੀਆਂ ਫੈਕਟਰੀਆਂ, ਦੁਕਾਨਾਂ, ਹਸਪਤਾਲਾਂ ਵਿਚ ਮਜਬੂਰੀ ਦੇ ਮਾਰੇ ਨਾ ਚਾਹੁੰਦਿਆਂ ਵੀ 10 ਤੋਂ 12 ਘੰਟੇ ਕੰਮ ਕਰਦੇ ਹਨ। ਇਥੇ ਇਹ ਵੀ ਦੱਸ ਦੇਈਏ ਕਿ ਇਹ ਪ੍ਰਾਈਵੇਟ ਅਦਾਰੇ ਹਸਪਤਾਲ, ਦੁਕਾਨਾਂ, ਫੈਕਟਰੀਆਂ ਵਾਲੇ ਆਪਣੇ ਮੁਲਾਜ਼ਮਾਂ ਨੂੰ 5000 ਰੁਪਏ ਤੋਂ ਲੈ ਕੇ 10-12 ਹਜ਼ਾਰ ਰੁਪਏ ਤੱਕ ਮਸਾਂ ਹੀ ਮਾਸਿਕ ਤਨਖਾਹ ਦਿੰਦੇ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ, ਕੋਈ ਈ.ਪੀ.ਐਫ. ਫੰਡ, ਜੀ.ਪੀ.ਐਫ. ਫੰਡ, ਬੋਨਸ, ਮਹਿੰਗਾਈ ਭੱਤਾ। ਸਾਲ ਦੇ 365 ਦਿਨ ਹੀ 10-12 ਘੰਟੇ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨਾ ਪੈਂਦਾ ਹੈ। ਬੇਰੁਜ਼ਗਾਰੀ ਦੇ ਝੰਭੇ ਮਜ਼ਦੂਰਾਂ ਦਾ ਮਾਲਕ ਰੱਜ ਕੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਕਿਰਤ ਤੇ ਰੁਜ਼ਗਾਰ ਵਿਭਾਗ ਵੀ ਇਨ੍ਹਾਂ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲੈਂਦਾ। ਸੋ ਸਾਡੀ ਆਪ ਜੀ ਪਾਸ ਬੇਨਤੀ ਹੈ ਕਿ ਇਨ੍ਹਾਂ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੇ ਭਵਿੱਖ ਨੂੰ ਉਜਾਲਾ ਕਰਨ ਲਈ ਜੋ ਆਪ ਜੀ ਦੀ ਸਰਕਾਰ ਵਲੋਂ ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕ ਵਿਚ ਕਾਨੂੰਨ ਬਣਾਏ ਜਾਂਦੇ ਹਨ, ਨੇ ਉਸ ਨੂੰ ਸਖ਼ਤੀ ਨਾਲ ਲਾਗੂ ਕਰਵਾਏ ਜਾਣ।

-ਸਮੂਹ ਪ੍ਰਾਈਵੇਟ ਮੁਲਾਜ਼ਮ।

22-10-2018

 ਮਿਲਾਵਟ ਦਾ ਦੌਰ
ਤਿਉਹਾਰਾਂ ਦਾ ਮੌਸਮ ਸਿਰ 'ਤੇ ਹੈ। ਇਨ੍ਹਾਂ ਤਿਉਹਾਰਾਂ ਉੱਪਰ ਸਾਡੇ ਲੋਕ ਮਠਿਆਈਆਂ ਦੀ ਖੂਬ ਖਰੀਦੋ-ਫਰੋਖਤ ਕਰਦੇ ਨੇ ਜਿਉਂ ਹੀ ਮਠਿਆਈਆਂ ਦੀ ਮੰਗ ਵਧਦੀ ਹੈ, ਬਾਜ਼ਾਰ ਵਿਚ ਮਿਲਾਵਟੀ ਦੁੱਧ, ਪਨੀਰ, ਨਕਲੀ ਘਿਓ, ਘਟੀਆ ਤੇਲ ਇਨ੍ਹਾਂ ਮਠਿਆਈਆਂ ਨੂੰ ਬਣਾਉਣ ਹਿਤ ਵਰਤੇ ਜਾਂਦੇ ਨੇ ਜੋ ਸਾਡੀ ਸਿਹਤ 'ਤੇ ਅਸਰ ਪਾਉਂਦੇ ਨੇ, ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਸਾਡੇ ਲੋਕਾਂ ਦੀ ਸਿਹਤ ਨਾਸਾਜ਼ ਹੋ ਜਾਂਦੀ ਹੈ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਪੱਬਾਂ ਭਾਰ ਹੋਣ ਦੀ ਜ਼ਰੂਰਤ ਹੈ। ਹੁਣ ਸਰਕਾਰ ਨੇ ਵਾਤਾਵਰਨ ਪ੍ਰਤੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਉਪਰਾਲਾ ਕੀਤਾ ਹੈ। ਜ਼ਿਲ੍ਹਿਆਂ ਵਿਚ ਕਈ ਅਫਸਰ ਨਿਯੁਕਤ ਕੀਤੇ ਨੇ, ਇਸੇ ਤਰ੍ਹਾਂ ਹੀ ਮਿਲਾਵਟੀ ਚੀਜ਼ਾਂ ਨੂੰ ਰੋਕਣ ਲਈ ਵੀ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਉਪਰਾਲਿਆਂ ਦੀ ਜ਼ਰੂਰਤ ਹੈ ਤਾਂ ਕਿ ਮਿਲਾਵਟੀ ਵਸਤਾਂ ਨੂੰ ਠੱਲ੍ਹ ਪਾਈ ਜਾ ਸਕੇ। ਆਓ, ਵਾਤਾਵਰਨ ਪ੍ਰਦੂਸ਼ਣ ਮੁਕਤ ਸਮਾਜ ਸਹਿਤ ਮਿਲਾਵਟਖੋਰੀ ਨੂੰ ਜੜ੍ਹ ਤੋਂ ਮਿਟਾਉਣ ਲਈ ਮੁਹਿੰਮ ਵਿੱਢੀਏ ਤਾਂ ਕਿ ਨਰੋਏ ਸਮਾਜ ਦੀ ਕਾਮਨਾ ਕੀਤੀ ਜਾ ਸਕੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਥਾਣੇ ਵਿਚ ਵਿਆਹ

'ਸਾਰੇ ਪੁਲਸੀਏ ਮਾੜੇ ਨਹੀਂ ਹੁੰਦੇ', ਕਿਉਂਕਿ ਪਿਛਲੀ ਦਿਨੀਂ ਪੰਜਾਬ ਦੇ ਇਕ ਥਾਣੇ ਵਿਚ ਇਕ ਲੜਕੀ ਥਾਣੇ ਪਹੁੰਚੀ ਕਿ ਉਸ ਦੇ ਮਾਪੇ ਉਸ ਦੀ ਪਸੰਦ ਦੇ ਲੜਕੇ ਨਾਲ ਵਿਆਹ ਨਹੀਂ ਕਰਦੇ ਅਤੇ ਮਾਰਦੇ-ਕੁੱਟਦੇ ਹਨ। ਥਾਣੇ ਦੇ ਸੂਝਵਾਨ ਮੁਖੀ ਨੇ ਲੜਕੀ ਅਤੇ ਲੜਕੇ ਦੇ ਪਰਿਵਾਰਾਂ ਨੂੰ ਥਾਣੇ ਵਿਚ ਬੁਲਾ ਕੇ ਸਮਝਾਇਆ ਕਿ ਲੜਕੀ ਬਾਲਗ ਹੈ ਤੇ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੀ ਹੈ। ਥਾਣਾ ਮੁਖੀ ਦੀ ਅਰਥ-ਪੂਰਨ ਦਲੀਲ ਸੁਣ ਕੇ ਦੋਵੇਂ ਪਰਿਵਾਰ ਸਹਿਮਤ ਹੋ ਗਏ ਅਤੇ ਪੁਲਿਸ ਨੇ ਹਾਰ ਮੰਗਵਾਕੇ ਲੜਕਾ-ਲੜਕੀ ਦੇ ਗਲੇ ਵਿਚ ਹਾਰ ਪਵਾ ਦਿੱਤੇ, ਦੋਵਾਂ ਪਰਿਵਾਰਾਂ ਦੀ ਪ੍ਰੇਸ਼ਾਨੀ ਨੂੰ ਸਮੇਂ ਰਹਿੰਦੇ ਪਿਆਰ ਨਾਲ ਸੁਲਝਾ ਦਿੱਤਾ। ਥਾਣਾ ਮੁਖੀ ਵਲੋਂ ਜਿਥੇ ਸੂਝਬੂਝ ਨਾਲ ਮਸਲਾ ਸੁਲਝਾਇਆ ਗਿਆ, ਉਥੇ ਦੋਵਾਂ ਪਰਿਵਾਰਾਂ ਵਿਚ ਖ਼ੁਸ਼ੀ ਮਨਾਈ ਗਈ ਅਤੇ ਥਾਣੇ ਵਿਚ ਵਿਆਹ ਵਾਲਾ ਮਾਹੌਲ ਬਣ ਗਿਆ। ਲੋੜ ਹੈ ਹੋਰ ਵੀ ਪੁਲਿਸ ਅਧਿਕਾਰੀਆਂ ਨੂੰ ਸੂਝਬੂਝ ਨਾਲ ਮਸਲੇ ਸੁਲਝਾਉਣ ਦੀ ਤਾਂ ਜੋ ਟਰੈਕਟ ਕੋਰਟ ਕਚਹਿਰੀਆਂ ਅਤੇ ਮਾਰ-ਧਾੜ ਤੋਂ ਬਚ ਸਕਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ 2019 ਵਿਚ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਵਿਚ ਰੁੱਝੀਆਂ ਹੋਈਆਂ ਹਨ। ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲੇ ਵਿਖੇ ਵੱਡੇ ਪੱਧਰ 'ਤੇ ਤਿਆਰੀਆਂ ਹੋ ਰਹੀਆਂ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹੋ ਹੈ ਬਾਬਾ ਨਾਨਕ ਦੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਹੀ ਤਰੀਕਾ। ਇਹੋ ਹੈ ਬਾਬਾ ਨਾਨਕ ਪ੍ਰਤੀ ਸੱਚੀ ਸ਼ਰਧਾਂਜਲੀ, ਬਿਲਕੁਲ ਨਹੀਂ। ਕਿੰਨਾ ਚਿਰ ਬਾਬਾ ਨਾਨਕ ਦੇ ਜੀਵਨ ਪ੍ਰਤੀ ਖੋਜ ਨਹੀਂ ਕੀਤੀ ਜਾਂਦੀ, ਬਾਬਾ ਨਾਨਕ ਦੀਆਂ ਉਦਾਸੀਆਂ ਦੀ ਖੋਜ ਨਹੀਂ ਕੀਤੀ ਜਾਂਦੀ, ਉਦਾਸੀਆਂ ਸਮੇਂ ਬਾਬਾ ਨਾਨਕ ਕਿਥੇ-ਕਿਥੇ ਗਏ, ਉਥੇ ਵਾਪਰੀਆਂ ਘਟਨਾਵਾਂ, ਨਿਸ਼ਾਨੀਆਂ, ਅਸਥਾਨਾਂ ਦੀ ਖੋਜ ਨਹੀਂ ਕੀਤੀ ਜਾਂਦੀ, ਉਥੋਂ ਦੀ ਮੌਜੂਦਾ ਸਮੇਂ ਦੀ ਦਸ਼ਾ, ਮਰਿਆਦਾ ਨਹੀਂ ਜਾਣੀ ਜਾਂਦੀ, ਕਿਥੇ-ਕਿਥੇ ਬਾਬਾ ਨਾਨਕ ਦੇ ਸਮੇਂ ਤੋਂ ਬਾਬਾ ਨਾਨਕ ਦੇ ਸਿੱਖ ਹਨ, ਉਨ੍ਹਾਂ ਦੀ ਕੀ ਦਸ਼ਾ ਹੈ, ਜਾਣਿਆ ਨਹੀਂ ਜਾਂਦਾ ਅਤੇ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਉਤੇ ਸਮਾਗਮਾਂ ਸਮੇਂ ਉਨ੍ਹਾਂ ਨੂੰ ਬੁਲਾਕੇ ਉਨ੍ਹਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ। ਮੈਂ ਸਮਝਦਾ ਹਾਂ ਕਿ ਉਦੋਂ ਤੱਕ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਅਰਬਾਂ ਰੁਪਏ ਵਹਾਉਣ ਦਾ ਕੋਈ ਲਾਭ ਨਹੀਂ। ਅਤੀਤ ਨੂੰ ਭੁੱਲ ਕੇ ਵਰਤਮਾਨ ਵਿਚ ਜਿਊਣ ਦਾ ਕੋਈ ਲਾਭ ਨਹੀਂ।


-ਜਗਦੀਸ਼ ਸਿੰਘ ਢਿੱਲੋਂ
ਮਕਾਨ ਨੰਬਰ 483, ਸੈਕਟਰ 8 ਸੀ, ਮੋਹਾਲੀ।


ਵਿਦਿਆਰਥਣਾਂ ਦੀ ਆਵਾਜ਼
ਵਿਦਿਆਰਥੀ ਦੇਸ਼ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਨੇ ਪੜ੍ਹ-ਲਿਖ ਕੇ ਨਵੀਆਂ ਇਬਾਰਤਾਂ ਲਿਖਣੀਆਂ ਹੁੰਦੀਆਂ ਹਨ। ਅੰਬਰੀਂ ਉਡਾਰੀ ਭਰਨ ਲਈ ਵਿਦਿਆਰਥੀਆਂ ਨੂੰ ਲਿੰਗ ਭੇਦ ਤੋਂ ਮੁਕਤ ਪੂਰਨ ਆਜ਼ਾਦੀ ਮਿਲਣੀ ਲਾਜ਼ਮੀ ਹੈ। ਧਾਰਮਿਕ ਗ੍ਰੰਥਾਂ ਅਤੇ ਭਾਰਤੀ ਸੰਵਿਧਾਨ ਵਿਚ ਲਿੰਗ ਭੇਦ ਮੁਕਤ ਬਰਾਬਰਤਾ 'ਤੇ ਜ਼ੋਰ ਦਿੱਤਾ ਗਿਆ ਹੈ। ਸਿਹਤਮੰਦ ਜ਼ਿੰਦਗੀ ਲਈ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ਤੇ ਜਿਊਣ ਅਤੇ ਆਪਣੇ ਫੈਸਲੇ ਲੈਣ ਦਾ ਅਧਿਕਾਰ ਹੈ। ਵਿਦਿਅਕ ਅਦਾਰੇ ਨਵੀਂ ਸੋਚ ਨੂੰ ਜਨਮ ਦੇਣ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਤੋਂ ਸਮਾਜ ਲਈ ਸਿਹਤਮੰਦ ਨਵੀਆਂ ਪਿਰਤਾਂ ਦੀ ਆਸ ਰੱਖੀ ਜਾਂਦੀ ਹੈ। ਲਿੰਗ ਭੇਦ ਮੁਕਤ ਬਰਾਬਰਤਾ ਨੂੰ ਅਮਲੀ ਰੂਪ ਦੇਣ ਲਈ ਅਤੇ ਅਗਾਂਹਵਧੂ ਸਮਾਜ ਦੀ ਲੀਹ ਦਾ ਰਾਹੀ ਬਣਨ ਲਈ ਰਾਤ ਨੂੰ ਕੁੜੀ ਦੇ ਹੋਸਟਲ 'ਚੋਂ ਬਾਹਰ ਆਉਣ-ਜਾਣ 'ਤੇ ਪਾਬੰਦੀ ਰੂਪੀ ਸੌੜੀ ਮਾਨਸਿਕਤਾ ਨੂੰ ਤਲਾਂਜਲੀ ਦੇਣ ਦੀ ਲੋੜ ਹੈ। ਜੇਕਰ ਵਿਦਿਅਕ ਅਦਾਰੇ ਲਿੰਗ ਭੇਦ ਮੁਕਤ ਬਰਾਬਰਤਾ ਨਹੀਂ ਦੇ ਸਕਦੇ ਤਾਂ ਉਨ੍ਹਾਂ ਦੇ ਸਿਹਤਮੰਦ ਸਮਾਜ ਲਈ ਉੱਚ ਨੈਤਿਕ ਗੁਣਵੱਤਾ ਵਾਲੇ ਨਾਗਰਿਕਾਂ ਦੀ ਉਮੀਦ ਰੱਖਣਾ ਮੂਰਖਤਾ ਹੈ।


ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ: ਬਰੜਵਾਲ ਲੰਮਾ ਪੱਤੀ, ਧੂਰੀ (ਸੰਗਰੂਰ)


ਭੱਠੇ ਤੇ ਪ੍ਰਦੂਸ਼ਣ
ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਦੂਸ਼ਣ ਵਿਭਾਗ ਵਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ। ਇਸੇ ਪ੍ਰਕਾਰ ਪੰਜਾਬ ਵਿਚ ਇੱਟਾਂ ਦੇ ਭੱਠਿਆਂ ਰਾਹੀਂ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੇ ਭੱਠਿਆਂ ਲਈ ਜ਼ਿਗ ਜੈੱਗ ਪ੍ਰਣਾਲੀ ਈਜ਼ਾਦ ਕੀਤੀ ਹੈ। ਅੱਜ ਲਗਪਗ ਪੰਜਾਬ ਵਿਚ ਤਿੰਨ ਸੌ ਭੱਠੇ ਹਨ। ਹੁਣ ਸਰਕਾਰ ਨੇ ਇਕ ਨਵਾਂ ਹੁਕਮ ਜਾਰੀ ਕਰਕੇ ਇਕ ਅਕਤੂਬਰ ਤੋਂ 31 ਜਨਵਰੀ, 2019 ਤੱਕ ਭੱਠੇ ਬੰਦ ਕਰਨ ਲਈ ਕਿਹਾ ਹੈ। ਇਸ ਪ੍ਰਕਾਰ ਚਾਰ ਮਹੀਨੇ ਭੱਠੇ ਬੰਦ ਰਹਿਣ ਨਾਲ ਇਸ ਧੰਦੇ ਨਾਲ ਜੁੜੇ ਲਗਪਗ ਦਸ ਲੱਖ ਲੋਕ ਬੇਰੁਜ਼ਗਾਰ ਹੋ ਜਾਣਗੇ ਤੇ ਇੱਟਾਂ ਦੇ ਭਾਅ ਵੀ ਵਧ ਜਾਣਗੇ। ਖਪਤਕਾਰਾਂ 'ਚ ਨਿਰਾਸ਼ਤਾ ਫੈਲੇਗੀ। ਇਸ ਤਰ੍ਹਾਂ ਪ੍ਰਦੂਸ਼ਣ ਨੂੰ ਰੋਕਣਾ ਤਾਂ ਚੰਗਾ ਕਦਮ ਹੈ, ਪਰ ਦੂਸਰੇ ਪੱਖ ਲਈ ਵੀ ਸਰਕਾਰ ਨੂੰ ਸੁਚੱਜੀ ਯੋਜਨਾਬੰਦੀ ਬਣਾਉਣ ਦੀ ਲੋੜ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਵਧ ਰਹੀ ਬੇਰੁਜ਼ਗਾਰੀ
ਅੱਜ ਦੇ ਦੌਰ ਵਿਚ ਵਧਦੀ ਹੋਈ ਬੇਰੁਜ਼ਗਾਰੀ ਦੇਸ਼ ਦੇ ਲਈ ਹੀ ਨਹੀਂ ਬਲਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ, ਭਾਰਤ ਦੇਸ਼ ਵਿਚ ਬੇਰੁਜ਼ਗਾਰੀ ਦੀ ਲਾਈਨ ਲੰਬੀ ਹੁੰਦੀ ਜਾ ਰਹੀ ਹੈ। ਸਰਕਾਰਾਂ ਵਾਅਦੇ ਵੀ ਕਰਦੀਆਂ ਤੇ ਕੋਸ਼ਿਸ਼ਾਂ ਵੀ ਕਰਦੀਆਂ ਹਨ ਪਰ ਇਸ ਸਮੱਸਿਆ ਦਾ ਹੱਲ ਨਹੀਂ ਮਿਲ ਰਿਹਾ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕੰਮ ਨੂੰ ਛੋਟਾ ਨਾ ਸਮਝਣ ਸਗੋਂ ਜਿਹੜਾ ਵੀ ਰੁਜ਼ਗਾਰ ਮਿਲੇ, ਉਹੀ ਕੰਮ ਕਰ ਲੈਣਾ ਚਾਹੀਦਾ ਹੈ। ਸਵੈ-ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੈਂਪ ਵਗੈਰਾ ਲਾ ਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨ। ਜੇਕਰ ਅਜਿਹਾ ਕੁਝ ਕੀਤਾ ਜਾਵੇ ਤਾਂ ਮੈਨੂੰ ਲਗਦਾ ਹੈ ਕਿ ਇਸ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।


-ਸੇਵਾ ਰਾਮ ਸਿੰਗਲਾ
351, ਮਾਡਲ ਟਾਊਨ, ਫੇਜ਼-2, ਬਠਿੰਡਾ।

19-10-2018

 ਸਿਆਸੀ ਦਬਾਅ ਅਤੇ ਪ੍ਰਸ਼ਾਸਨ
ਅਜੋਕੇ ਸਮੇਂ ਵਿਚ ਇਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਸਨ ਉੱਪਰ ਸਿਆਸੀ ਦਬਾਅ ਜ਼ਿਆਦਾ ਹੋਣ ਕਰਕੇ ਛੋਟੇ ਦਰਜੇ ਦੇ ਅਧਿਕਾਰੀ ਤੋਂ ਲੈ ਕੇ ਵੱਡੇ ਪੱਧਰ ਦਾ ਅਧਿਕਾਰੀ ਆਪਣੇ ਫੈਸਲੇ ਲੈਣ ਲਈ ਸੁਤੰਤਰ ਨਹੀਂ ਹਨ। ਆਮ ਲੋਕਾਂ ਨੂੰ ਆਪਣੇ-ਆਪਣੇ ਕੰਮ ਕਰਵਾਉਣ ਲਈ ਸਬੰਧਿਤ ਇਲਾਕੇ ਦੇ ਸਿਆਸੀ ਨੇਤਾਵਾਂ ਦੀ ਸਹਾਇਤਾ ਲੈਣੀ ਪੈਂਦੀ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਕਿਸੇ ਨਿੱਜੀ ਕੰਮ ਲਈ ਸਰਕਾਰੀ ਵਿਭਾਗ ਵਿਚ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਹੈ ਕਿ ਉਹ ਕਿਸ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੈ।
ਇਹ ਕਿਸ ਤਰ੍ਹਾਂ ਦੀ ਵਿਵਸਥਾ ਹੈ? ਵੋਟ ਦੇਣ ਦਾ ਹਰੇਕ ਵਿਅਕਤੀ ਦਾ ਸੰਵਿਧਾਨਿਕ ਅਧਿਕਾਰ ਹੈ। ਆਮ ਤੌਰ 'ਤੇ ਇਹ ਚਲਦਾ ਆਇਆ ਹੈ ਕਿ ਸਿਆਸੀ ਆਗੂਆਂ ਦੁਆਰਾ ਆਪਣੀ ਵੋਟ ਬੈਂਕ ਪੱਕੀ ਕਰਨ ਲਈ ਪਹਿਲਾਂ ਵਿਅਕਤੀ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਤੇ ਫਿਰ ਉਸ ਦਾ ਕੰਮ ਕੀਤਾ ਜਾਂਦਾ ਹੈ। ਇਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਕੋਲ ਏਨੇ ਕੁ ਤਾਂ ਅਧਿਕਾਰ ਹੁੰਦੇ ਹਨ ਕਿ ਉਹ ਨਿਰਪੱਖ ਹੋ ਕੇ ਲੋਕਾਂ ਦੇ ਕੰਮ ਕਰਨ, ਕਿਉਂਕਿ ਉਹ ਬੇਸ਼ੱਕ ਸਰਕਾਰ ਦੇ ਅਧਿਕਾਰੀ ਹਨ ਪਰ ਉਹ ਆਮ ਲੋਕਾਂ ਦੇ ਕੰਮ ਕਰਵਾਉਣ ਲਈ ਹਨ। ਸਰਕਾਰੀ ਦਫਤਰਾਂ ਵਿਚ ਲੋਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਇਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਰੁਖ਼ੀ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਜੇਕਰ ਕਿਸੇ ਸੂਬੇ ਦੇ ਲੋਕ ਸੰਤੁਸ਼ਟ ਨਹੀਂ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਉਥੋਂ ਦੀ ਸਰਕਾਰ ਤੇ ਪ੍ਰਸ਼ਾਸਨਿਕ ਪ੍ਰਬੰਧ ਪੂਰੀ ਤਰ੍ਹਾਂ ਅਸਫਲ ਹੈ।


-ਕਮਲ ਬਰਾੜ,
ਪਿੰਡ ਕੋਟਲੀ ਅਬਲੂ।


ਕੁਦਰਤ ਨਾਲ ਖਿਲਵਾੜ ਨਾ ਕਰੋ
ਕੁਦਰਤ ਨੇ ਮਨੁੱਖ ਨੂੰ ਜ਼ਿੰਦਗੀ ਜਿਊਣ ਲਈ ਹਰ ਚੀਜ਼ ਮੁਹੱਈਆ ਕਰਵਾਈ ਹੈ, ਜਿਸ ਦਾ ਅਨੰਦ ਮਨੁੱਖ ਬਿਲਕੁਲ ਮੁਫ਼ਤ ਮਾਣ ਰਿਹਾ ਹੈ, ਜਿਵੇਂ ਕਿ ਸੂਰਜ ਦੀ ਰੌਸ਼ਨੀ, ਖਣਿਜ ਪਦਾਰਥ, ਪਾਣੀ, ਜੰਗਲ ਬੇਲੇ, ਪਹਾੜ ਆਦਿ। ਇਨਸਾਨ ਦੀ ਇਹ ਫ਼ਿਤਰਤ ਹੈ ਕਿ ਉਹ ਮੁਫ਼ਤ ਦੀਆਂ ਵਸਤਾਂ ਦੀ ਕਦਰ ਨਹੀਂ ਕਰਦਾ ਅਤੇ ਲਾਲਚ ਵੱਸ ਬਿਨਾਂ ਸੋਚੇ ਸਮਝੇ ਕੁਦਰਤ ਨਾਲ ਖਿਲਵਾੜ ਕਰਦਾ ਹੈ ਜਿਵੇਂ ਕਿ ਅੰਧਾਧੁੰਦ ਰੁੱਖਾਂ ਦੀ ਕਟਾਈ, ਖਣਿਜ ਪਦਾਰਥਾਂ ਦੀ ਬੇਲੋੜੀ ਵਰਤੋਂ, ਪਾਣੀ ਦੀ ਬਰਬਾਦੀ ਆਦਿ। ਸਾਨੂੰ ਕੁਦਰਤ ਦੇ ਦਿੱਤੇ ਅਨਮੋਲ ਤੋਹਫ਼ਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇਨਸਾਨ ਬਿਨਾਂ ਕਿਸੇ ਡਰ ਤੋਂ ਆਪਣਾ ਜੀਵਨ ਬਿਤਾ ਸਕੀਏ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਬੇਸ਼ਕੀਮਤੀ ਪੈਟਰੋਲੀਅਮ ਪਦਾਰਥ
ਪੈਟਰੋਲੀਅਮ ਪਦਾਰਥ ਬੇਸ਼ਕੀਮਤੀ ਹਨ। ਇਨ੍ਹਾਂ ਦਾ ਕੋਈ ਬਦਲ ਨਹੀਂ। ਵਰ੍ਹਿਆਂ ਤੋਂ ਅਸੀਂ ਲੋਕ ਪੈਟਰੋਲ, ਡੀਜ਼ਲ, ਗੈਸ, ਤੇਲ ਆਦਿ ਦੀ ਵਰਤੋਂ ਕਰਦੇ ਆ ਰਹੇ ਹਾਂ। ਪਰ ਇਨ੍ਹਾਂ ਦੇ ਭੰਡਾਰ ਸੀਮਤ ਹਨ। ਜੇਕਰ ਇਨ੍ਹਾਂ ਦੀ ਖਪਤ ਦਾ ਇਹੀ ਹਾਲ ਰਿਹਾ ਤਾਂ ਇਕ ਦਿਨ ਇਹ ਸਭ ਖ਼ਤਮ ਹੋ ਜਾਣਗੇ। ਸਾਨੂੰ ਇਨ੍ਹਾਂ ਦੀ ਬੱਚਤ ਕਰਨ ਬਾਰੇ ਸੋਚਣਾ ਚਾਹੀਦਾ ਹੈ। ਇਨ੍ਹਾਂ ਦੀ ਬੱਚਤ ਨੂੰ ਇਕ ਲਹਿਰ ਬਣਾਇਆ ਜਾਵੇ। ਇਸ ਨਾਲ ਹੀ ਸਾਡਾ ਆਉਣ ਵਾਲਾ ਕੱਲ੍ਹ ਸੁਰੱਖਿਅਤ ਹੋ ਸਕਦਾ ਹੈ। ਸੋ, ਪੈਟਰੋਲੀਅਮ ਪਦਾਰਥ ਬੇਸ਼ਕੀਮਤੀ ਹਨ। ਇਨ੍ਹਾਂ ਦੀ ਬੱਚਤ ਅੱਜ ਤੋਂ ਹੀ ਕਰਨੀ ਸ਼ੁਰੂ ਕੀਤੀ ਜਾਵੇ।


-ਸੇਵਾ ਰਾਮ ਸਿੰਗਲ
351 ਮਾਡਲ ਟਾਊਨ, ਫੇਸ-2, ਬਠਿੰਡਾ।


ਓਟ ਸੈਂਟਰ

ਸਰਕਾਰ ਨੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਇਸ ਸਾਲ ਦੇ ਸ਼ੁਰੂ ਵਿਚ ਓਟ ਸੈਂਟਰ ਖੋਲ੍ਹੇ ਸਨ। ਇਨ੍ਹਾਂ ਓਟ ਸੈਂਟਰਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ 'ਚ ਅਫ਼ੀਮ ਤੇ ਸਮੈਕ ਦੇ ਆਦੀ ਨਸ਼ੇੜੀਆਂ ਦਾ ਇਲਾਜ ਕੀਤਾ ਜਾਂਦਾ ਹੈ। ਸਰਕਾਰ ਵਲੋਂ ਨਸ਼ੇੜੀਆਂ ਦੇ ਇਲਾਜ ਲਈ ਇਕ ਵਿਸ਼ੇਸ਼ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਦਵਾਈ ਪੀੜਤ ਨੂੰ ਡਾਕਟਰ ਦੀ ਹਾਜ਼ਰੀ ਵਿਚ ਤੈਅਸ਼ੁਦਾ ਮਿਕਦਾਰ ਵਿਚ ਦਿੱਤੀ ਜਾਂਦੀ ਹੈ। ਦਵਾਈ ਦੀ ਇਕ ਗੋਲੀ ਵਿਚ ਕਾਫੀ ਨਸ਼ਾ ਹੁੰਦਾ ਦੱਸਿਆ ਜਾਂਦਾ ਹੈ।
ਪਾਬੰਦੀਸ਼ੁਦਾ ਹੋਣ ਕਾਰਨ ਇਹ ਦਵਾਈ ਮੈਡੀਕਲ ਸਟੋਰਾਂ ਜਾਂ ਨਿੱਜੀ ਹਸਪਤਾਲਾਂ ਤੋਂ ਨਹੀਂ ਮਿਲਦੀ, ਪਰ ਪਤਾ ਲੱਗਾ ਹੈ ਕਿ ਇਹ ਦਵਾਈ ਓਟ ਸੈਂਟਰਾਂ ਤੋਂ ਹੀ ਨਸ਼ੇ ਦੇ ਰੂਪ ਵਿਚ ਬਲੈਕ ਵੇਚੀ ਜਾ ਰਹੀ ਹੈ ਅਤੇ ਨਸ਼ੇੜੀ ਨਸ਼ਾ ਛੱਡਣ ਦੀ ਬਜਾਏ ਉਲਟਾ ਨਸ਼ੇ ਦੀ ਪੂਰਤੀ ਕਰ ਰਹੇ ਹਨ ਅਤੇ ਹੋਰ ਨਸ਼ੇ ਦੀ ਗ੍ਰਿਫ਼ਤ ਵਿਚ ਆ ਰਹੇ ਹਨ। ਲੋੜ ਹੈ ਸਿਹਤ ਵਿਭਾਗ ਅਤੇ ਸਰਕਾਰ ਨੂੰ ਇਨ੍ਹਾਂ ਓਟ ਸੈਂਟਰਾਂ ਦੀ ਸਖ਼ਤ ਨਿਗਰਾਨੀ ਰੱਖਣ ਦੀ ਤਾਂ ਜੋ ਜਿਸ ਮਕਸਦ ਲਈ ਇਹ ਸੈਂਟਰ ਖੋਲ੍ਹੇ ਗਏ ਹਨ, ਉਹ ਪੂਰਾ ਹੋ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

18-10-2018

 ਸਿਆਣੀ ਧੀ...
ਬੀਤੇ ਦਿਨੀਂ 'ਨਾਰੀ ਸੰਸਾਰ' ਅੰਕ ਵਿਚ ਸਤਿਕਾਰਯੋਗ ਪਰਮਜੀਤ ਕੌਰ ਸੋਢੀ ਹੁਰਾਂ ਦਾ ਲੇਖ 'ਮਾਪੇ ਧੀਆਂ ਵਿਚ ਇਕ ਸੁਘੜ ਸਿਆਣੀ ਗ੍ਰਹਿਣੀ ਵਾਲੇ ਗੁਣ ਪੈਦਾ ਕਰਨ' ਪੜ੍ਹਿਆ, ਜੋ ਬੇਹੱਦ ਸਿੱਖਿਆਦਾਇਕ ਸੀ, ਖਾਸ ਕਰਕੇ ਔਰਤਾਂ ਮਾਵਾਂ-ਭੈਣਾਂ-ਧੀਆਂ ਦੇ ਪੜ੍ਹਨ ਵਾਲਾ ਲੇਖ ਸੀ। ਜਿਸ ਕਿਸੇ ਨੇ ਉਹ ਕਾਲਮ ਪੜ੍ਹਿਆ ਹੋਵੇਗਾ, ਉਸ ਨੇ ਕੁਝ ਸਮਾਂ ਅੱਜਕਲ੍ਹ ਧੀਆਂ ਦੇ ਸੁਭਾਅ ਬਾਰੇ ਜ਼ਰੂਰ ਸੋਚਿਆ ਹੋਵੇਗਾ। ਹੌਲੀ-ਹੌਲੀ ਮਾਂ ਵਲੋਂ ਦਿੱਤੀ ਆਜ਼ਾਦੀ ਕਾਰਨ ਧੀ ਵਿਗੜ ਜਾਂਦੀ ਹੈ, ਮਾਂ ਦੇ ਆਖੇ ਤੋਂ ਬਾਹਰ ਵੀ ਹੋ ਜਾਂਦੀ ਹੈ। ਸੋ, ਧੀ ਨੂੰ ਸ਼ੁਰੂ ਤੋਂ ਹੀ ਉਸ ਅੰਦਰ ਘਰੇਲੂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਦੇ ਰਹਿਣਾ ਮਾਂ ਦਾ ਫਰਜ਼ ਹੈ ਤੇ ਅੱਗੇ ਜਾ ਕੇ ਦਿੱਤੀ ਸਿੱਖਿਆ ਕੰਮ ਆਉਂਦੀ ਹੈ। ਇਸ ਤਰ੍ਹਾਂ ਉਹ ਸੁਘੜ-ਸਿਆਣੀ ਧੀ ਦੀ ਭੂਮਿਕਾ ਅਦਾ ਕਰ ਸਕਦੀ ਹੈ। ਅੱਜ ਦੇ ਜ਼ਮਾਨੇ ਨਾਲ ਚੱਲਣਾ ਜ਼ਰੂਰੀ ਹੈ। ਹਰ ਇਨਸਾਨ ਮਾਣ-ਸਨਮਾਨ ਚਾਹੁੰਦਾ ਹੈ। ਜਿਹੜੀਆਂ ਮਾਵਾਂ ਆਪਣੀਆਂ ਧੀਆਂ ਅੰਦਰ ਬੇਟੀ ਤੋਂ ਨੂੰਹ ਬਣਨ ਦੇ ਗੁਣ ਭਰ ਦਿੰਦੀਆਂ ਹਨ, ਉਨ੍ਹਾਂ ਨੂੰ ਚਾਰੇ ਪਾਸਿਓਂ ਪ੍ਰਸੰਨਤਾ ਤੇ ਇੱਜ਼ਤ, ਮਾਣ-ਸਨਮਾਨ ਮਿਲਣਾ ਸੁਭਾਵਿਕ ਹੈ। ਜੇ ਆਪਣਾ ਕਿਰਦਾਰ ਚੰਗਾ, ਸਮਝੋ ਸਾਰਾ ਸੰਸਾਰ ਚੰਗਾ ਲੱਗੇਗਾ।


-ਮਾਸਟਰ ਦੇਵ ਰਾਜ ਖੁੰਡਾ,
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਮੰਦਭਾਗਾ ਬਿਆਨ
ਪੰਜਾਬ ਦੇ ਮਾਣਯੋਗ ਸਿੱਖਿਆ ਮੰਤਰੀ ਦਾ ਇਹ ਬਿਆਨ ਬਹੁਤ ਹੀ ਮੰਦਭਾਗਾ ਹੈ ਕਿ ਸਰਕਾਰ ਸਰਹੱਦੀ ਖੇਤਰ ਦੇ ਮਾਪਿਆਂ ਨੂੰ ਆਪਣੇ ਬੱਚੇ ਨਿੱਜੀ ਸਕੂਲਾਂ ਵਿਚ ਪੜ੍ਹਾਉਣ ਲਈ 3,000 ਰੁਪਏ ਪ੍ਰਤੀ ਮਹੀਨਾ ਮਦਦ ਕਰੇਗੀ ਪਰ ਮੰਤਰੀ ਸਾਹਿਬ ਨੇ ਇਹ ਨਹੀਂ ਦੱਸਿਆ ਕਿ ਸਰਹੱਦੀ ਖੇਤਰ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਕਿਉਂ ਨਾ ਪੜ੍ਹਾਉਣ? ਸਰਕਾਰੀ ਸਕੂਲਾਂ ਵਿਚ ਕੀ ਕਮੀ ਹੈ? ਤੇ ਇਸ ਕਮੀ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਹ ਬਿਆਨ ਸਿੱਧਾ-ਸਿੱਧਾ ਨਿੱਜੀ ਸਕੂਲਾਂ ਦੇ ਹੱਕ ਵਿਚ ਹੈ, ਕਿਉਂਕਿ ਸਾਨੂੰ ਆਪਣੇ ਫਰਜ਼ਾਂ ਨਾਲੋਂ ਯਾਰੀਆਂ ਜ਼ਿਆਦਾ ਪਿਆਰੀਆਂ ਹਨ। ਸਮਝ ਨਹੀਂ ਆਉਂਦੀ ਕਿ ਸਰਕਾਰ ਪੰਜਾਬੀਆਂ ਨੇ ਬਣਾਈ ਹੈ ਜਾਂ ਕਾਰਪੋਰੇਟ ਘਰਾਣਿਆਂ ਨੇ? ਆਪਣੇ ਨਾਗਰਿਕਾਂ ਨੂੰ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਦਾਨ ਕਰਵਾਉਣੀ ਸਰਕਾਰ ਦਾ ਮੁਢਲਾ ਫਰਜ਼ ਹੁੰਦਾ ਹੈ। ਸਰਕਾਰ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਕਰਕੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਹਰ ਹੀਲਾ ਵਰਤ ਕੇ ਸੁਧਾਰਨ ਦੀ ਬਜਾਏ ਨਿੱਜੀ ਸਿੱਖਿਆ ਨੂੰ ਉਤਸ਼ਾਹਿਤ ਕਰਨ 'ਤੇ ਲੱਗੀ ਹੋਈ ਹੈ। ਸਮਝ ਨਹੀਂ ਆ ਰਹੀ ਚਾਰੇ ਪਾਸਿਓਂ ਹੱਲੇ ਝੱਲ ਰਹੇ ਵਿਚਾਰੇ ਪੰਜਾਬ ਦਾ ਕੀ ਬਣੂ?


-ਪ੍ਰੀਤ ਸਿੰਘ ਸੰਦਲ (ਕਵੀਸ਼ਰ),
ਪਿੰਡ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)।


ਪੈਨਸ਼ਨਰਾਂ ਵਿਚ ਬੇਚੈਨੀ
ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨ ਕੇ ਉਨ੍ਹਾਂ ਨੂੰ ਨਾਰਾਜ਼ ਕਰ ਰਹੀ ਹੈ। ਇਸ ਨਾਲ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ। ਮੁਲਾਜ਼ਮ ਹੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।
ਜਿਵੇਂ ਹਿਮਾਚਲ, ਹਰਿਆਣਾ ਵਿਚ ਸਰਕਾਰਾਂ ਮੁਲਾਜ਼ਮਾਂ ਦਾ ਸਾਥ ਦੇ ਰਹੀਆਂ ਹਨ, ਉਸ ਨਾਲ ਮੁਲਾਜ਼ਮ ਵਰਗ ਸਾਰਾ ਹੀ ਕਰੀਬ-ਕਰੀਬ ਸੁਖੀ ਹੈ। ਉਨ੍ਹਾਂ ਨੇ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ, ਡੀ. ਏ. ਦੀਆਂ ਕਿਸ਼ਤਾਂ ਸਭ ਕੁਝ ਦੇ ਦਿੱਤਾ ਹੋਇਆ ਹੈ। ਪਰ ਇਕ ਇਧਰ ਕਾਂਗਰਸ ਸਰਕਾਰ ਡੇਢ ਸਾਲ ਤੋਂ ਲਾਰੇ-ਲੱਪੇ ਲਾ ਕੇ ਕੰਮ ਸਾਰ ਰਹੀ ਹੈ। ਮੁਲਾਜ਼ਮ ਕੋਈ ਅਨਪੜ੍ਹ ਨਹੀਂ ਹੈ, ਉਹ ਸਭ ਕੁਝ ਜਾਣਦਾ ਹੈ, ਸਮਝਦਾ ਹੈ। ਆਪਣੇ ਨੇਤਾਵਾਂ ਬਾਰੇ ਇਨ੍ਹਾਂ ਕੋਲ ਸਭ ਕੁਝ ਹੈ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਥੋੜ੍ਹਾ-ਥੋੜ੍ਹਾ ਕਰਕੇ ਦੇਈ ਜਾਵੇ, ਤਾਂ ਜੋ ਇਨ੍ਹਾਂ ਦੀ ਬੇਚੈਨੀ ਨਾ ਵਧੇ।


-ਹਰਜਿੰਦਰਪਾਲ ਸਿੰਘ ਬਾਜਵਾ,
ਵਿਜੈ ਨਗਰ, ਹੁਸ਼ਿਆਰਪੁਰ।


ਜਬਰ ਜਨਾਹ ਤੇ ਅਦਾਲਤਾਂ

ਦੇਸ਼ ਵਿਚ ਜਿਸ ਤਰ੍ਹਾਂ ਬੱਚਿਆਂ ਅਤੇ ਔਰਤਾਂ ਨਾਲ ਜਬਰ ਜਨਾਹ ਹੋਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਉਨ੍ਹਾਂ ਨਾਲ ਨਿਪਟਣ ਲਈ ਸਮੁੱਚੇ ਦੇਸ਼ ਵਿਚ ਇਕ ਹਜ਼ਾਰ ਤੋਂ ਵੱਧ ਵਿਸ਼ੇਸ਼ ਅਦਾਲਤਾਂ ਦਾ ਗਠਨ ਕਰਨ ਦੀ ਲੋੜ ਹੈ। ਇਨ੍ਹਾਂ ਅਦਾਲਤਾਂ ਦਾ ਗਠਨ ਕਰਨਾ ਅਜਿਹੇ ਮਾਮਲਿਆਂ ਦੀ ਸੁਚੱਜੀ ਜਾਂਚ ਅਤੇ ਤੇਜ਼ੀ ਨਾਲ ਸੁਣਵਾਈ ਕਰਨ ਲਈ ਵਰਤਮਾਨ ਢਾਂਚੇ ਨੂੰ ਮਜ਼ਬੂਤ ਕਰਨ ਦੀ ਇਕ ਵਿਸ਼ਾਲ ਯੋਜਨਾ ਦਾ ਹਿੱਸਾ ਹੈ। ਹਕੂਮਤਾਂ ਆ ਅਤੇ ਜਾ ਰਹੀਆਂ ਹਨ ਪਰ ਔਰਤਾਂ ਦੇ ਹਿਤਾਂ ਨੂੰ ਲੈ ਕੇ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ। ਮਹਿਲਾਵਾਂ ਪ੍ਰਤੀ ਸਮਾਜ ਦੇ ਮਰਦਵਾਦੀ ਵਤੀਰੇ ਤੇ ਉਨ੍ਹਾਂ ਵਿਰੁੱਧ ਅਪਰਾਧਾਂ ਦਾ ਗ੍ਰਾਫ ਹੇਠਾਂ ਆ ਜਾਂਦਾ। ਭਾਵੇਂ ਵਿਧਾਨ ਸਭਾ 'ਚ ਮੌਤ ਦੀ ਸਜ਼ਾ ਵਰਗੇ ਮਤੇ ਪਾਏ ਜਾਂਦੇ ਹਨ ਪਰ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆ ਰਹੇ, ਇਸ ਕਰਕੇ ਜਬਰ ਜਨਾਹ ਕਰਨ ਵਾਲੇ ਲੋਕ ਡਰਦੇ ਨਹੀਂ। ਟੀ. ਵੀ. ਚੈਨਲਾਂ 'ਤੇ ਬਹੁਤ ਜ਼ੋਰਦਾਰ ਬਹਿਸਾਂ ਹੋ ਰਹੀਆਂ ਹਨ, ਉਹ ਵੀ ਸਿਆਸਤ ਦੀ ਭੇਟ ਚੜ੍ਹ ਜਾਂਦੀਆਂ ਹਨ। ਲੋਕਾਂ ਨੂੰ ਇਨ੍ਹਾਂ ਕੇਸਾਂ ਦੇ ਵਿਰੁੱਧ 'ਕੱਠੇ ਹੋ ਨਿੱਗਰ ਲੜਾਈ ਲੜ ਕੇ ਅਦਾਲਤਾਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਿਚ ਦੇਰੀ ਨਾ ਹੋਵੇ।


-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

17-10-2018

 ਟਰੱਕਾਂ ਵਾਲਿਆਂ ਦੀਆਂ ਮੁਸ਼ਕਿਲਾਂ
ਤੇਲ ਕੀਮਤਾਂ ਦੇ ਵਧਣ ਨਾਲ ਹਰ ਖੇਤਰ ਵਿਚ ਹਾਹਾਕਾਰ ਮਚੀ ਪਈ ਹੈ। ਉਥੇ ਟਰੱਕ ਵਾਲਿਆਂ ਨੂੰ ਇਸ ਦੀ ਸਭ ਤੋਂ ਵੱਧ ਮਾਰ ਪਈ ਹੈ। ਅੱਜ ਹਾਲਾਤ ਇਹ ਹਨ ਕਿ 33 ਫ਼ੀਸਦੀ ਟਰੱਕ ਵਿਕਾਊ ਹਨ। ਸਰਕਾਰ ਨੇ ਟਰੱਕ ਯੂਨੀਅਨਾਂ ਖ਼ਤਮ ਕਰ ਦਿੱਤੀਆਂ ਹਨ। ਹੁਣ ਟਰੱਕ ਮਾਲਕ ਨੂੰ ਕੰਮ ਆਪ ਲੱਭਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਉਥੇ ਰੇਟ ਵੀ ਘੱਟ ਕਰਨ ਦੀ ਮਜਬੂਰੀ ਬਣ ਗਈ ਹੈ। ਦੂਜੀ ਵੱਡੀ ਮਾਰ ਇਨ੍ਹਾਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਚਲਦੇ ਟਰੈਕਟਰ ਟਰਾਲੀ ਹਨ ਜੋ ਆਪਣੀ ਸਮਰੱਥਾ ਤੋਂ ਵੱਧ ਮਾਲ ਘੱਟ ਰੇਟ 'ਤੇ ਢੋਅ ਰਹੇ ਹਨ। ਇਕ ਟਰੱਕ ਨਾਲ ਤਿੰਨ ਪਰਿਵਾਰ ਜੁੜੇ ਹੁੰਦੇ ਹਨ ਡਰਾਈਵਰ, ਕੰਡਕਟਰ, ਤੇ ਮਾਲ ਅੱਜ ਇਹ ਤਿੰਨੇ ਪਰਿਵਾਰ ਵੀ ਆਰਥਿਕ ਤੌਰ 'ਤੇ ਟੁੱਟੇ ਪਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੇਲ ਕੀਮਤਾਂ ਨੂੰ ਨੱਥ ਪਾਵੇ ਤੇ ਦੂਜਾ ਟਰੱਕ ਮਾਲਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਢੋਆ ਢੁਆਈ ਦਾ ਰੇਟ ਕੁਝ ਵੱਧ ਕਰੇ ਤਾਂ ਜੋ ਇਸ ਧੰਦੇ ਨਾਲ ਸਬੰਧਿਤ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਟਰਾਂਸਪੋਰਟ ਲਈ ਮਸ਼ਹੂਰ ਪੰਜਾਬੀ ਇਸ ਧੰਦੇ ਤੋਂ ਵਾਂਝੇ ਨਾ ਹੋ ਜਾਣ।


-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।


ਰੈਲੀਆਂ, ਰੋਸ ਮਾਰਚ, ਧਰਨੇ
ਪੰਜਾਬ ਇਸ ਸਮੇਂ ਹਾਸ਼ੀਏ 'ਤੇ ਖੜ੍ਹਾ ਹੋਇਆ ਹੈ। ਪੰਜਾਬ ਵਿਚ ਜਿਥੇ ਇਕ ਪਾਸੇ ਸਿਆਸੀ ਪਾਰਟੀਆਂ ਆਪਣਾ ਵਜੂਦ ਕਾਇਮ ਰੱਖਣ ਲਈ ਸਿਆਸੀ ਰੈਲੀਆਂ ਦਾ ਸਹਾਰਾ ਲੈ ਰਹੇ ਹਨ, ਉਥੇ ਅਧਿਆਪਕ ਤੇ ਕਿਸਾਨ ਵਰਗ ਵੀ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨੇ ਰੈਲੀਆਂ ਦਾ ਸਹਾਰਾ ਲੈ ਰਹੇ ਹਨ, ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਤੇ ਇਸ ਲਈ ਉਨ੍ਹਾਂ ਨੂੰ ਅਜਿਹਾ ਕਰਨ ਦਾ ਪੂਰਾ ਅਧਿਕਾਰ ਹੈ। ਇਸ ਲਈ ਮੌਜੂਦਾ ਸੱਤਾਧਾਰੀ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਰੈਲੀਆਂ ਕਰਨ ਦੀ ਬਜਾਏ ਇਨ੍ਹਾਂ ਵਰਗਾਂ ਦੇ ਲੋਕਾਂ ਦੇ ਹਿਤਾਂ ਨੂੰ ਪਹਿਲ ਦੇਵੇ। ਕਿਸਾਨਾਂ ਲਈ ਪਰਾਲੀ ਦੀ ਸਮੱਸਿਆ ਉਸੇ ਤਰ੍ਹਾਂ ਬਣੀ ਹੋਈ ਹੈ। ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਕਿਸਾਨ ਜੋ ਪਹਿਲਾਂ ਹੀ ਆਰਥਿਕ ਮੰਦਹਾਲੀ 'ਚੋਂ ਗੁਜ਼ਰ ਰਹੇ ਹਨ, ਉਨ੍ਹਾਂ ਕੋਲ ਏਨੇ ਸਾਧਨ ਮੁਹੱਈਆ ਨਹੀਂ ਹਨ ਕਿ ਉਹ ਪਰਾਲੀ ਦਾ ਹੱਲ ਕਰ ਸਕਣ। ਸਭ ਤੋਂ ਸੰਜੀਦਾ ਮਸਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਿਆਂ ਨਾ ਮਿਲਣ ਕਰਕੇ ਲੋਕਾਂ ਵਿਚ ਭਾਰੀ ਰੋਸ ਹੈ ਬਰਗਾੜੀ ਮੋਰਚੇ 'ਤੇ ਬੈਠਿਆਂ ਸੰਗਤਾਂ ਨੂੰ ਚਾਰ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ। ਇਸ ਲਈ ਸਰਕਾਰ ਨੂੰ ਇਸ ਵੱਲ ਵੀ ਗ਼ੌਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਨਸ਼ੇ, ਕਿਸਾਨ ਖ਼ੁਦਕੁਸ਼ੀਆਂ ਵਰਗੇ ਹੋਰ ਵੀ ਬਹੁਤ ਮੁੱਦੇ ਹਨ, ਜਿਸ 'ਤੇ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਹੀ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਰੈਲੀਆਂ ਕਰਨ ਦੀ ਬਜਾਏ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਮਿਲਾਵਟੀ ਪਦਾਰਥ
ਬੀਤੇ ਦਿਨ 'ਲੋਕ ਮੰਚ' ਪੰਨੇ 'ਤੇ ਸਾਡੀ ਸਿਹਤ ਨਾਲ ਜੁੜਿਆ ਲੇਖ 'ਮਨੁੱਖੀ ਬਿਮਾਰੀਆਂ ਦੀ ਜੜ੍ਹ ਰਸਾਇਣਾਂ ਤੋਂ ਤਿਆਰ ਦੁੱਧ, ਪਨੀਰ ਮਿਲਾਵਟੀ ਪਦਾਰਥ' ਬੇਹੱਦ ਸੁਚੇਤ ਕਰਨ ਵਾਲਾ ਲੇਖ ਸੀ। ਲੇਖਕ ਸ: ਅਮਰੀਕ ਸਿੰਘ ਵਧੀਆ ਲਿਖਤ ਲਈ ਵਧਾਈ ਦੇ ਹੱਕਦਾਰ ਹਨ। ਦੁੱਧ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਮੁੱਖ ਹਿੱਸਾ ਹੈ। ਇਸ ਚਿੱਟੀ ਕ੍ਰਾਂਤੀ ਨੂੰ ਕਾਲੇ ਧੰਦੇ ਵਾਲਿਆਂ ਅਨੁਸਾਰ ਕਾਲੀ ਕ੍ਰਾਂਤੀ ਵਿਚ ਤਬਦੀਲ ਕਰਨ ਦੀ ਸਾਜਿਸ਼ ਰਚ ਕੇ ਮਨੁੱਖਤਾ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਦੇ ਯਤਨ ਹੋ ਰਹੇ ਹਨ। ਇਸ ਕਾਲੇ ਧੰਦੇ ਨੂੰ 'ਤੰਦਰੁਸਤ ਪੰਜਾਬ' ਮੁਹਿੰਮ ਦੀ ਅਗਵਾਈ ਕਰਨ ਵਾਲੇ ਮਾਣਯੋਗ ਇਮਾਨਦਾਰ ਅਫਸਰ ਸ: ਕਾਹਨ ਸਿੰਘ ਪੰਨੂੰ ਕਾਫੀ ਹੱਦ ਤੱਕ ਠੱਲ੍ਹ ਪਾਉਣ 'ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਇਹ ਕਾਲਾ ਬਾਜ਼ਾਰੀ, ਦੁੱਧ ਦਾ ਮਿਲਾਵਟੀ ਧੰਦਾ ਵੱਡੇ ਪੱਧਰ 'ਤੇ ਅਫਸਰਸ਼ਾਹੀ ਦੀ ਮਿਲੀਭੁਗਤ ਵੱਲ ਵੀ ਇਸ਼ਾਰਾ ਕਰਦਾ ਹੈ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਪਲਾਸਟਿਕ ਦੇ ਲਿਫਾਫੇ ਅਤੇ ਤੰਬਾਕੂ
ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਪਲਾਸਿਟਕ ਦੇ ਲਿਫਾਫੇ ਅਤੇ ਤੰਬਾਕੂ, ਬੀੜੀ, ਸਿਗਰਟ ਆਦਿ 'ਤੇ ਰੋਕ ਲਗਾਈ ਹੋਈ ਹੈ ਜੋ ਸਿਰਫ ਹੁਕਮ ਦੇਣ ਤੋਂ ਬਾਅਦ ਅਖ਼ਬਾਰੀ ਖ਼ਬਰਾਂ ਤੱਕ ਹੀ ਸੀਮਤ ਹੁੰਦੀ ਹੈ, ਜਿਸ ਦਾ ਅਸਰ ਇਕ ਵਾਰ ਹੀ ਦੇਖਣ ਨੂੰ ਮਿਲਦਾ ਹੈ ਤੇ ਉਸੇ ਦਿਨ ਹੀ ਛਾਪੇ ਮਾਰੇ ਜਾਂਦੇ ਹਨ ਤੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਪੈਸੇ ਵਸੂਲ ਕੀਤੇ ਜਾਂਦੇ ਹਨ। ਇਸ ਦਾ ਕੋਈ ਠੋਸ ਹੱਲ ਨਹੀਂ ਹੋ ਰਿਹਾ। ਇਸ ਦਾ ਸਥਾਈ ਹੱਲ ਉਦੋਂ ਤੱਕ ਸੰਭਵ ਨਹੀਂ ਜਦ ਤੱਕ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ ਅਤੇ ਇਨ੍ਹਾਂ ਲਿਫਾਫਿਆਂ ਦੀ ਜਗ੍ਹਾ ਕੋਈ ਹੋਰ ਤਰ੍ਹਾਂ ਦੇ ਲਿਫਾਫੇ ਜੋ ਪਾਣੀ ਵਿਚ ਗਲਣਯੋਗ ਹੋਣ ਨੂੰ ਬਾਜ਼ਾਰਾਂ ਵਿਚ ਨਹੀਂ ਲਿਆਂਦਾ ਜਾਂਦਾ, ਜਿਸ ਨਾਲ ਸੀਵਰੇਜ ਬੰਦ ਹੋਣ ਦੀ ਨੌਬਤ ਨਾ ਆਵੇ। ਇਸੇ ਤਰ੍ਹਾਂ ਹੀ ਤੰਬਾਕੂ, ਬੀੜੀ, ਸਿਗਰਟ ਅਤੇ ਗੁਟਕਾ ਆਦਿ ਦਾ ਸੇਵਨ ਕਰਨ ਵਾਲਿਆਂ ਦੇ ਚਲਾਨ ਕਰ ਕੇ ਪੈਸਾ ਵਸੂਲ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਫੈਕਟਰੀਆਂ ਤੋਂ ਟੈਕਸ ਵਸੂਲੀ ਹੋ ਰਹੀ ਹੈ। ਇਸ ਦਾ ਠੋਸ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਇਨ੍ਹਾਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹੋਣ। ਇਸ ਤਰ੍ਹਾਂ ਲਗਦੈ ਕਿ ਸਰਕਾਰ ਦੋਵੇਂ ਤਰ੍ਹਾਂ ਨਾਲ ਕਮਾਈਆਂ ਕਰ ਕੇ ਖਜ਼ਾਨੇ ਭਰਨ ਦੇ ਲਾਲਚ ਵਿਚ ਥੋੜ੍ਹੇ ਸਮੇਂ ਦੇ ਵਕਫੇ ਬਾਅਦ ਹੁਕਮ ਸੁਣਾ ਕੇ ਆਪਣਾ ਉੱਲੂ ਸਿੱਧਾ ਕਰ ਰਹੀ ਹੈ।


-ਮਨਜੀਤ ਪਿਉਰੀ ਗਿੱਦੜਬਾਹਾ, ਨੇੜੇ ਭਾਰੂ ਗੇਟ ਗਿੱਦੜਬਾਹਾ।

16-10-2018

 ਸੋਚ
ਸਿਆਣਿਆਂ ਦਾ ਕਹਿਣਾ ਹੈ, 'ਪਹਿਲਾਂ ਸੋਚੋ ਫਿਰ ਬੋਲੋ।' ਮਨੁੱਖ ਨੂੰ ਕੋਈ ਵੀ ਵਿਚਾਰ ਜਾਂ ਕੰਮ ਕਰਨਾ ਹੋਵੇ ਤਾਂ ਪਹਿਲਾ ਉਸ ਵਿਚਾਰ ਜਾਂ ਕੰਮ ਦੇ ਘਾਟੇ-ਵਾਧੇ, ਲਾਭ-ਹਾਨੀਆਂ ਤੇ ਹੋਰ ਸਭ ਪੱਖਾਂ ਬਾਰੇ ਗਹਿਰੀ ਸੋਚ ਸੋਚਣੀ ਚਾਹੀਦੀ ਹੈ ਤਾਂ ਹੀ ਕਿਸੇ ਕੰਮ ਦੀ ਮਜ਼ਬੂਤ ਨੀਂਹ ਰੱਖੀ ਜਾ ਸਕਦੀ ਹੈ। ਫਿਰ ਬਿਨਾਂ ਫਲ ਦੀ ਇੱਛਾ ਕੀਤਿਆਂ ਕੰਮ ਜਾਂ ਮਿਸ਼ਨ ਵਿਚ ਜੁਟ ਜਾਣਾ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਹੈ। ਅੱਜ ਆਧੁਨਿਕ ਸਮਾਜ ਵਿਚ ਸਾਡੇ ਵਿਦਵਾਨਾਂ ਵਲੋਂ ਹਮੇਸ਼ਾ ਉੱਚੀ ਤੇ ਧਨਾਤਮਿਕ ਸੋਚ ਸੋਚਣ ਦਾ ਉਪਦੇਸ਼ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਨੀਵੀਂ ਤੇ ਰਿਣਾਤਮਿਕ ਸੋਚ ਤੋਂ ਬਚਣ ਦੀ ਸੇਧ ਦਿੱਤੀ ਜਾਂਦੀ ਹੈ, ਪਰ ਜੇਕਰ ਅਧਿਆਤਮਿਕ ਗਿਆਨ ਦੀ ਦੁਨੀਆ ਵਿਚ ਜਾ ਕੇ ਸੋਚ-ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕਿ ਕੁਦਰਤ ਨੇ ਸਭ ਪ੍ਰਕਾਰ ਦੀਆਂ ਸੋਚਾਂ ਨੂੰ ਬਰਾਬਰ ਮਾਨਤਾ ਦਿੱਤੀ ਹੋਈ ਹੈ। ਕੁਦਰਤ ਦੇ ਨਿਯਮਾਂ ਅਨੁਸਾਰ ਜਿਹੜੀ ਵੀ ਸੋਚ ਸੋਚੀਏ, ਉਹ ਚੰਗੀ ਤਰ੍ਹਾਂ ਸੋਚੀਏ ਤੇ ਉਸ ਸੋਚ ਨਾਲ ਸ੍ਰਿਸ਼ਟੀ, ਮਨੁੱਖ ਤੇ ਜੀਵ-ਜੰਤੂਆਂ ਨਾਲ ਸਬੰਧਿਤ ਹੋ ਕੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਸਮਾਜ ਦੇ ਨਿਯਮਾਂ ਅਨੁਸਾਰ ਚੱਲੀਏ, ਸਫ਼ਲਤਾ ਜ਼ਰੂਰ ਮਿਲੇਗੀ। ਇਹੀ ਕੁਦਰਤੀ ਸੋਚ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

ਆਸ
ਬਰਸਾਤ ਤੋਂ ਬਾਅਦ ਹੁਣ ਮੌਸਮ ਬਹੁਤ ਹੀ ਖੁਸ਼ਨੁਮਾ ਹੋ ਰਿਹਾ ਹੈ। ਮੀਂਹ ਦੀਆਂ ਕਣੀਆਂ ਨੇ ਮਨੁੱਖਤਾ ਦੇ ਨਾਲ ਸਾਰੀ ਬਨਸਪਤੀ ਨੂੰ ਨਹਾ ਦਿੱਤਾ ਹੈ। ਸੋ, ਦਸਤਕ ਦੇ ਰਹੀ ਇਸ ਠੰਢੀ-ਮਿੱਠੀ ਰੁੱਤ ਨੂੰ ਮਾਣੀਏ। ਸਿਹਤਮੰਦ ਜੀਵਨ ਲਈ ਇਕ-ਦੂਜੇ ਲਈ ਕਾਮਨਾ ਕਰੀਏ ਅਤੇ ਖੂਬਸੂਰਤ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਈਏ। ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰੀਏ। ਖ਼ਾਸ ਕਰਕੇ ਬਿਜਲੀ ਤੇ ਪਾਣੀ ਦੀ ਬੱਚਤ ਕਰ ਕੇ ਵਧੀਆ ਉਪਰਾਲਾ ਕਰੀਏ। ਹਵਾ ਦੀ ਸ਼ੁੱਧਤਾ ਹੀ ਅਸਲ 'ਚ ਸਾਡੀ ਜ਼ਿੰਦਗੀ ਹੈ। ਇਸ ਦੀ ਸਾਫ਼ ਸੁਥਰੀ ਆਵਾਜਾਈ ਨਾਲ ਸਾਡੇ ਨੈਣ-ਪ੍ਰਾਣ ਚਲਦੇ ਹਨ। ਪਾਣੀ ਅਤੇ ਹਵਾ ਨੂੰ ਗੰਧਲਾ ਕਰਨ ਤੋਂ ਸਾਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਪਣੀ ਅਤੇ ਲੋਕਾਈ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੀਏ। ਇਸ ਲਈ ਜਾਗਰੂਕ ਹੋ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਕੇ ਚੰਗੀਆਂ, ਉੱਚੀਆਂ-ਸੁੱਚੀਆਂ ਸੋਚਾਂ ਸੋਚ ਕੇ ਅੱਗੇ ਵਧੀਏ। ਕੁਦਰਤੀ ਸਾਧਨਾਂ ਦੀ ਸਾਡੇ ਜੀਵਨ 'ਚ ਬਹੁਤ ਵੱਡੀ ਭੂਮਿਕਾ ਹੈ, ਜਿਸ ਨੂੰ ਸਮਝਣ ਤੇ ਸਮਝਾਉਣ ਦੀ ਲੋੜ ਹੈ। ਆਲਾ-ਦੁਆਲਾ ਨਿਖਾਰਨ ਤੇ ਸੰਵਾਰਨ ਲਈ ਹਰੇਕ ਨਾਲ ਨੁਕਤੇ ਸਾਂਝੇ ਕਰਨੇ ਚਾਹੀਦੇ ਹਨ। ਆਓ, ਕੁਦਰਤ ਦੇ ਕਾਨੂੰਨ ਨੂੰ ਮੰਨੀਏ ਤੇ ਧਰਤੀ ਨੂੰ ਬੰਜਰ ਹੋਣ ਤੋਂ ਥੰਮੀਏ।

-ਐਸ. ਮੀਲੂ ਫਰੌਰ, ਖੰਨਾ।

ਤੇਲ ਕੀਮਤਾਂ
ਪਿਛਲੇ ਕੁਝ ਸਮੇਂ ਤੋਂ ਸਮੁੱਚੇ ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਤੇ ਅੱਜ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਵਧਦੀਆਂ ਤੇਲ ਕੀਮਤਾਂ ਕਾਰਨ ਬਿਨਾਂ ਸ਼ੱਕ ਹਰ ਚੀਜ਼ ਦਾ ਮਹਿੰਗਾ ਹੋਣਾ ਵੀ ਲਾਜ਼ਮੀ ਹੈ, ਕਿਉਂਕਿ ਮਾਲ ਦੀ ਢੋਆ-ਢੁਆਈ ਲਈ ਵੱਡੇ ਵਾਹਨਾਂ ਦੀ ਲੋੜ ਪੈਂਦੀ ਹੈ ਤੇ ਇਨ੍ਹਾਂ ਲਈ ਤੇਲ ਖਪਤ ਵੀ ਵਧ ਜਾਂਦੀ ਹੈ ਤੇ ਚੀਜ਼ਾਂ ਦਾ ਮੁੱਲ ਵਧਣਾ ਵੀ ਲਾਜ਼ਮੀ ਹੈ ਤੇ ਇਹ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ ਤੇ ਜਨਤਾ ਵਿਚ ਵੀ ਰੋਸ ਪੈਦਾ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਤੇ ਰਾਜ ਸਰਕਾਰਾਂ ਦੇ ਹਾਕਮ ਲੋਕ ਇਸ ਬਾਰੇ ਕੁਝ ਵੀ ਨਹੀਂ ਸੋਚ ਰਹੇ। ਸੋਚਣ ਵੀ ਕਿਉਂ ਉਨ੍ਹਾਂ ਲਈ ਤਾਂ ਵੱਡੀਆਂ ਗੱਡੀਆਂ ਤੇ ਤੇਲ ਆਦਿ ਸਭ ਮੁਫ਼ਤ ਹਨ, ਉਨ੍ਹਾਂ ਨੂੰ ਤਾਂ ਸ਼ਾਇਦ ਤੇਲ ਆਦਿ ਦੇ ਭਾਅ ਵੀ ਪਤਾ ਨਾ ਹੋਣ। ਅੱਜ ਦੀ ਕੇਂਦਰ ਸਰਕਾਰ ਨੇ ਮਹਿੰਗਾਈ ਦੇ ਮੁੱਦੇ 'ਤੇ ਕਈ ਗੱਲਾਂ ਕਰਕੇ ਕੁਰਸੀ ਸਾਂਭੀ ਸੀ। ਅਮੀਰ ਘਰਾਣਿਆਂ ਨਾਲ ਯਾਰੀ ਪੁਗਾ ਕੇ ਉਨ੍ਹਾਂ ਨੂੰ ਹੋਰ ਮੁਨਾਫ਼ਾ ਨਾ ਦਿੱਤਾ ਜਾਵੇ। ਆਮ ਜਨਤਾ ਦੀ ਭਲਾਈ ਲਈ ਸੋਚਣਾ ਸਰਕਾਰਾਂ ਦਾ ਕੰਮ ਹੈ।

-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।

ਆਪਣੇ ਫਰਜ਼ ਪਛਾਣੋ
ਬਿਨਾਂ ਸ਼ੱਕ ਅਜੋਕੇ ਯੁੱਗ ਵਿਚ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਦਿਨ-ਪ੍ਰਤੀਦਿਨ ਵਧਦੀ ਜਾਂਦੀ ਹੈ ਅਤੇ ਉਹ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋ ਰਹੇ ਹਨ, ਪਰ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਨੂੰ ਵੀ ਪਛਾਣੇ ਜਾਣ ਦੀ ਲੋੜ ਹੈ ਤਾਂ ਹੀ ਅਸੀਂ ਇਕ ਨਰੋਏ ਤੇ ਸੱਭਿਅਕ ਸਮਾਜ ਦਾ ਨਿਰਮਾਣ ਕਰ ਸਕਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਆਲੇ-ਦੁਆਲੇ ਨੂੰ ਖ਼ੁਦ ਸਾਫ਼ ਰੱਖੀਏ ਤੇ ਦੂਜਿਆਂ ਨੂੰ ਸਾਫ਼ ਕਰਨ ਦਾ ਸੁਝਾਅ ਦੇਈਏ। ਇਸ ਨਾਲ ਜਿਥੇ ਸਾਡਾ ਆਲਾ-ਦੁਆਲਾ ਸਾਫ਼ ਰਹੇਗਾ, ਉਥੇ ਨਾਲ ਹੀ ਅਸੀਂ ਗੰਦਗੀ ਕਾਰਨ ਫੈਲਣ ਵਾਲੀਆਂ ਕਈ ਬਿਮਾਰੀਆਂ ਤੋਂ ਵੀ ਬਚ ਸਕਾਂਗੇ। ਇਸੇ ਤਰ੍ਹਾਂ ਸੜਕਾਂ ਉੱਤੇ ਚਲਦੇ ਸਮੇਂ ਅਸੀਂ ਸੜਕਾਂ ਦੇ ਨਿਯਮਾਂ ਦੀ ਜਾਣਬੁੱਝ ਕੇ ਪਾਲਣਾ ਨਹੀਂ ਕਰਦੇ। ਲਾਲ ਬੱਤੀ ਦੀ ਉਲੰਘਣਾ, ਸੜਕ ਦੇ ਗ਼ਲਤ ਪਾਸੇ ਚੱਲਣਾ, ਡਿੱਪਰ ਦੀ ਵਰਤੋਂ ਨਾ ਕਰਨਾ ਅਤੇ ਤੇਜ਼ ਰਫ਼ਤਾਰ ਵਾਹਨ ਚਲਾਉਣਾ ਆਪਣੀ ਸ਼ੇਖੀ ਸਮਝਦੇ ਹਾਂ। ਇੰਜ ਸੜਕੀ ਨਿਯਮਾਂ ਨੂੰ ਤੋੜ ਕੇ ਅਸੀਂ ਕਈ ਵਾਰ ਆਪਣੀ ਮੌਤ ਦਾ ਜੋਖ਼ਮ ਖ਼ੁਦ ਸਹੇੜ ਲੈਂਦੇ ਹਾਂ। ਸਾਡੀ ਨਿੱਕੀ ਜਿਹੀ ਗ਼ਲਤੀ ਜਾਂ ਅਣਗਹਿਲੀ ਸਾਡੇ ਲਈ ਤਾਂ ਘਾਤਕ ਹੁੰਦੀ ਹੀ ਹੈ। ਜੇਕਰ ਅਸੀਂ ਛੋਟੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਤਾਂ ਸਾਡਾ ਸਮਾਜ ਇਕ ਸੱਭਿਅਕ ਸਮਾਜ ਦੇ ਤੌਰ 'ਤੇ ਬੜੀ ਛੇਤੀ ਵਿਕਸਤ ਹੋ ਸਕਦਾ ਹੈ।

-ਅਜੀਤ ਸਿੰਘ ਖੰਨਾ, ਲੁਧਿਆਣਾ।

15-10-2018

 ਲਾਂਘਾ ਕਰਤਾਰਪੁਰ ਸਾਹਿਬ ਦਾ
ਕਰਤਾਰਪੁਰ ਲਾਂਘੇ ਦੀ ਗੱਲ ਚੱਲੀ ਹੈ ਤਾਂ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਣ ਲੱਗ ਪਏ ਹਨ। ਸ਼ਾਇਦ ਇਨ੍ਹਾਂ ਨੇ ਆਟਾ ਪਹਿਲਾਂ ਹੀ ਗੁੰਨ੍ਹ ਕੇ ਰੱਖਿਆ ਹੁੰਦਾ ਹੈ। ਕਰਤਾਰਪੁਰ ਸਾਹਿਬ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜੇਕਰ ਇਹ ਲਾਂਘਾ ਬਣ ਜਾਂਦਾ ਹੈ ਤਾਂ ਸੰਭਾਵਨਾ ਹੈ ਕਿ ਲਾਂਘਾ ਭਾਰਤ-ਪਾਕਿ ਦੋਸਤੀ ਦਾ ਪਹਿਲਾ ਕਦਮ ਸਾਬਤ ਹੋਵੇ। ਆਪਸੀ ਮਤਭੇਦ ਭੁਲਾ ਕੇ ਸਾਨੂੰ ਇਸ ਭਲੇ ਕਾਰਜ ਲਈ ਇਕ-ਦੂਜੇ 'ਤੇ ਦੂਸ਼ਣਬਾਜ਼ੀ ਲਗਾਉਣ ਦੀ ਥਾਂ ਮਿਲ ਕੇ ਯਤਨ ਆਰੰਭ ਕਰਨੇ ਚਾਹੀਦੇ ਹਨ। ਸਿਰਫ਼ ਇਹੀ ਨਹੀਂ, ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਆਪਣੇ-ਆਪਣੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਲਈ ਵਿਸ਼ੇਸ਼ ਵੀਜ਼ਾ-ਪ੍ਰਣਾਲੀ ਦਾ ਆਗਾਜ਼ ਕਰਨਾ ਚਾਹੀਦਾ ਹੈ, ਤਾਂ ਜੋ ਦੋਵੇਂ ਦੇਸ਼ 70 ਸਾਲ ਦੀ ਦੁਸ਼ਮਣੀ ਨੂੰ ਭੁੱਲ ਕੇ ਸ਼ਾਂਤੀ ਦਾ ਵਾਤਾਵਰਨ ਪੈਦਾ ਕਰ ਸਕਣ।


-ਮਹਿੰਦਰ ਸਿੰਘ ਬਾਜਵਾ


ਸਰਕਾਰ ਤੇ ਸਿੱਖਿਆ

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਬੁਰੀ ਤਰ੍ਹਾਂ ਤਿਲਮਿਲਾ ਚੁੱਕੀ ਹੈ। ਨਿੱਜੀ ਸਕੂਲਾਂ ਨੂੰ ਸਰਕਾਰ ਤਰਜੀਹ ਦੇ ਰਹੀ ਹੈ। ਸਿੱਖਿਆ ਤੇ ਸਿਹਤ ਵਿਚ ਸੁਧਾਰ ਕਰਨ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਰਕਾਰੀ ਸਕੂਲਾਂ ਨੂੰ ਕੋਈ ਗਰਾਂਟ ਨਹੀਂ ਮਿਲ ਰਹੀ। ਸਿੱਖਿਆ ਸਕੱਤਰ ਵਿਭਾਗ ਦੇ ਅਫ਼ਸਰਾਂ ਤੇ ਅਧਿਆਪਕਾਂ ਨੂੰ ਮੁਹਾਲੀ ਬੁਲਾ ਜ਼ਲੀਲ ਕਰ ਰਿਹਾ ਹੈ। ਅਧਿਆਪਕਾਂ ਤੋਂ ਪੜ੍ਹਾਈ ਦਾ ਕਾਰਜ ਖੋਹ ਕੇ ਰੋਜ਼ਾਨਾ ਡਾਕਾਂ, ਮਿਡ-ਡੇ-ਮੀਲ, ਈ-ਪੰਜਾਬ, ਕੋਈ ਨਾ ਕੋਈ ਪੰਦਰਵਾੜਾ ਮਨਾਉਣਾ ਉਨ੍ਹਾਂ ਦੀਆਂ ਫੋਟੋਆਂ, ਸਕੂਲਾਂ ਦੀ ਚੈਕਿੰਗ ਕਰ ਸਿੱਖਿਆ ਦੇ ਪੱਧਰ ਵਿਚ ਭਾਰੀ ਗਿਰਾਵਟ ਆਈ ਹੈ। ਜੇ ਪ੍ਰਾਇਮਰੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। 'ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ' ਨਾਲ ਅੰਕੜਿਆਂ ਦਾ ਹੀ ਢਿੱਡ ਭਰਿਆ ਜਾ ਰਿਹਾ ਹੈ। ਸਕੂਲਾਂ ਦੀਆਂ ਕੰਧਾਂ ਟੀਚਿਆਂ ਨਾਲ ਖਰਾਬ ਕੀਤੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਕਿ ਅਧਿਆਪਕ ਨੂੰ ਸੁਤੰਤਰ ਰੂਪ ਵਿਚ ਪੜ੍ਹਾਉਣ ਦਿੱਤਾ ਜਾਵੇ। ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਪੂਰੀਆਂ ਕਰਵਾਈਆਂ ਜਾਣ। ਸੀ.ਐਮ.ਟੀ. ਬੀ.ਐਮ.ਟੀ ਤੇ ਹੋਰ ਦਫ਼ਤਰਾਂ ਵਿਚ ਤਾਇਨਾਤ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿਚ ਭੇਜਿਆ ਜਾਵੇ, ਤਾਂ ਜੋ ਸਿੱਖਿਆ ਵਿਚ ਸੁਧਾਰ ਹੋ ਸਕੇ।


-ਮਾ: ਰਘਬੀਰ ਸਿੰਘ
ਐਮ.ਐਸ.ਸੀ. ਮੈਂਬਰ, ਮਾਜਰੀ ਲੁਧਿਆਣਾ।


ਅੰਨਦਾਤੇ ਦੀ ਦੁਰਦਸ਼ਾ

ਅਜੋਕੇ ਸਮੇਂ ਅੰਨਦਾਤੇ ਵਜੋਂ ਜਾਣੇ ਜਾਂਦੇ ਕਿਸਾਨ ਦੀ ਹਾਲਤ ਬੜੀ ਹੀ ਤਰਸਯੋਗ ਬਣੀ ਹੋਈ ਹੈ। ਸਮੇਂ ਦੀਆਂ ਸਰਕਾਰਾਂ ਜਿਥੇ ਕਿਸਾਨ ਦੀ ਆਰਥਿਕ ਤੌਰ 'ਤੇ ਨਿਘਰ ਰਹੀ ਹਾਲਤ ਵਿਚ ਵੀ ਉਸ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੋ ਰਹੀਆਂ, ਉਥੇ ਦੇਸ਼ ਦਾ ਇਹ ਅੰਨਦਾਤਾ ਕੁਦਰਤੀ ਕਰੋਪੀ ਦਾ ਵੀ ਸ਼ਿਕਾਰ ਹੋ ਰਿਹਾ ਹੈ। ਮਹਿੰਗੇ ਭਾਅ ਦੀਆਂ ਖਾਦਾਂ, ਦਵਾਈਆਂ, ਖੇਤੀ ਸੰਦ, ਡੀਜ਼ਲ ਅਤੇ ਪੈਟਰੋਲ ਉਸ ਦੀ ਆਰਥਿਕਤਾ ਨੂੰ ਕਾਫ਼ੀ ਪ੍ਰਭਾਵਿਤ ਕਰ ਰਹੇ ਹਨ, ਸਿੱਟੇ ਵਜੋਂ ਉਸ ਦੀ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ।
ਪੁੱਤਾਂ ਵਾਂਗ ਪਾਲੀ ਹੋਈ ਫ਼ਸਲ/ਉਪਜ ਉੱਪਰ ਜਦੋਂ ਕਿਧਰੇ ਮੀਂਹ, ਗੜੇ ਪੈ ਜਾਣ ਜਾਂ ਫਿਰ ਮੰਡੀ ਵਿਚ ਉਸ ਦੀ ਉਪਜ ਦੀ ਵਾਜਬ ਕੀਮਤ ਨਾ ਮਿਲੇ ਤਾਂ ਜਿਹੜੀ ਮਾਨਸਿਕ ਪੀੜਾ ਵਿਚੋਂ ਦੀ ਕਿਸਾਨ ਨੂੰ ਗੁਜ਼ਰਨਾ ਪੈਂਦਾ ਹੈ, ਉਸ ਦਾ ਅੰਦਾਜ਼ਾ ਸ਼ਾਇਦ ਹਰ ਕੋਈ ਨਹੀਂ ਲਗਾ ਸਕਦਾ। ਕੀ ਸਮੇਂ ਦੀਆਂ ਸਰਕਾਰਾਂ ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨ ਵੱਲ ਕੋਈ ਠੋਸ ਕਦਮ ਉਠਾਉਣ ਦੀ ਖੇਚਲ ਕਰਨਗੀਆਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਰੁੱਖ ਜ਼ਰੂਰੀ ਨੇ
ਪਿਛਲੇ ਦਿਨੀਂ 'ਲੋਕ ਮੰਚ' ਪੰਨੇ 'ਤੇ 'ਜੀਵਨ ਦੀ ਹੋਂਦ ਲਈ ਰੁੱਖ ਜ਼ਰੂਰੀ' ਪੜ੍ਹਿਆ ਬਹੁਤ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲਾ ਲੇਖ ਸੀ। ਮੇਰੀ ਨਿੱਜੀ ਰਾਇ ਅਨੁਸਾਰ ਜਦ ਤੱਕ ਧਰਤੀ 'ਤੇ ਰੁੱਖ ਰਹਿਣਗੇ, ਉਦੋਂ ਤੱਕ ਮਨੁੱਖ ਰਹਿਣਗੇ। ਇਹ ਤਾਂ ਮਨੁੱਖ ਦੀ ਸਮਝ ਵਿਚ ਹੈ। ਬਾਕੀ ਅੱਜ ਮਨੁੱਖ ਸੁਚੇਤ ਹੈ, ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਲਗਾਏ ਗਏ ਹਨ। ਮਨੁੱਖ ਧੜਾਧੜ ਜੰਗਲ ਕੱਟ ਕੇ ਪਛਤਾਅ ਤਾਂ ਰਿਹਾ ਹੋਵੇਗਾ, ਸੜਕਾਂ ਦਾ ਜਾਲ ਵਿਛਣ ਕਰਕੇ ਵੱਡੀ ਗਿਣਤੀ 'ਚ ਰੁੱਖ ਜੋ ਬੇਹੱਦ ਪੁਰਾਣੇ ਤੇ ਆਕਸੀਜਨ ਦਾ ਭੰਡਾਰ ਸਨ, ਕੱਟੇ ਗਏ ਭਾਵੇਂ ਕਿ ਅਨੇਕਾਂ ਵੱਡੇ ਰੁੱਖ ਕੱਟਣ ਤੋਂ ਬਚਾਏ ਜਾ ਸਕਦੇ ਸਨ, ਪ੍ਰੰਤੂ ਲਾਲਚਵਸ ਕੱਟ ਦਿੱਤੇ ਗਏ। ਜੇਕਰ ਕੋਈ ਵਿਅਕਤੀ ਰੁੱਖ ਨਹੀਂ ਲਗਾ ਸਕਦਾ ਤਾਂ ਨਹੀਂ ਜਾਂ ਹੋਰ ਕਾਰਨ ਪ੍ਰੰਤੂ ਜੋ ਲੱਗੇ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਆਪਣਾ ਯੋਗਦਾਨ ਪਾਵੇ। ਵਾਤਾਵਰਨ ਦੀ ਸਾਂਭ-ਸੰਭਾਲ ਸਾਡਾ ਸਭ ਦਾ ਸਾਂਝਾ ਕਾਰਜ ਹੈ ਤੇ ਮਨੁੱਖਤਾ ਤੇ ਜੀਵਾਂ ਦੇ ਭਲੇ ਦੀ ਗੱਲ ਹੈ।


-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਖੂਹ ਤੇ ਖੂਹੀਆਂ
ਲਗਪਗ 50 ਸਾਲ ਪਹਿਲਾਂ ਖੇਤੀ ਦੀ ਸਿੰਜਾਈ ਲਈ ਅਤੇ ਘਰਾਂ ਵਿਚ ਵਰਤਿਆ ਜਾਣ ਵਾਲਾ ਪਾਣੀ ਖੂਹਾਂ ਅਤੇ ਖੂਹੀਆਂ ਤੋਂ ਹੀ ਲਿਆ ਜਾਂਦਾ ਸੀ। ਖੂਹਾਂ 'ਤੇ ਜਿਵੇਂ ਮੇਲੇ ਵਰਗਾ ਹੀ ਮਾਹੌਲ ਬਣਿਆ ਰਹਿੰਦਾ ਸੀ। ਬਲਦਾਂ ਦੀਆਂ ਟੱਲੀਆਂ ਦੀ ਆਵਾਜ਼ ਅਤੇ ਪਾਣੀ ਦੇ ਵਹਿਣ ਦੀ ਆਵਾਜ਼ ਹਵਾ ਵਿਚ ਅਜੀਬ ਜਿਹਾ ਸੰਗੀਤ ਭਰ ਦਿੰਦੀ ਸੀ। ਇਸ ਬਾਰੇ ਕਵੀ ਨੇ ਵੀ ਕਿਆ ਖੂਹ ਲਿਖਿਆ, 'ਟਿਕ ਟਿਕ ਰੀਂ ਰੀਂ ਖੂਹ ਕਰਦਾ, ਨੱਕੋ-ਨੱਕ ਨੱਕਿਆਂ ਨੂੰ ਜਾਵੇ ਭਰਦਾ' ਇਨ੍ਹਾਂ ਪੁਰਾਣੇ ਖੂਹਾਂ ਤੇ ਖੂਹੀਆਂ 'ਤੇ ਹੁਣ ਉਦਾਸੀ ਛਾਈ ਹੋਈ ਹੈ। ਹੁਣ ਕਿਸਾਨ ਵੀ ਇਨ੍ਹਾਂ ਵਿਚ ਖੇਤਾਂ ਦੀ ਰਹਿੰਦ-ਖੂੰਹਦ ਸੁੱਟ ਦਿੰਦੇ ਹਨ ਅਤੇ ਕਈਆਂ ਖੂਹਾਂ ਦੇ ਬਨੇਰੇ (ਮੌਣ) ਨਾ ਹੋਣ ਕਾਰਨ ਹਨੇਰੇ ਵਿਚ ਕਿਸੇ ਦੇ ਵੀ ਡਿੱਗਣ ਦਾ ਖ਼ਤਰਾ ਬਣੇ ਹੋਏ ਹਨ। ਕੁਝ ਮਾੜੇ ਅਨਸਰ ਵੀ ਕਾਨੂੰਨ ਤੋਂ ਬਚਣ ਲਈ ਇਨ੍ਹਾਂ ਅਧ-ਪੂਰੇ ਖੂਹਾਂ ਵਿਚ ਭਰੂਣ ਜਾਂ ਹੋਰ ਨਾਜਾਇਜ਼ ਵਸਤਾਂ ਸੁੱਟ ਦਿੰਦੇ ਹਨ। ਵਾਤਾਵਰਨ ਮਾਹਿਰਾਂ, ਖੇਤੀ ਅਤੇ ਭੂਮੀ ਸੰਭਾਲ ਮਹਿਕਮਿਆਂ ਨੂੰ ਇਨ੍ਹਾਂ ਪੁਰਾਣੇ ਖੂਹਾਂ ਦੀ ਸਾਫ਼-ਸਫ਼ਾਈ ਕਰਵਾ ਕੇ ਬਰਸਾਤੀ ਪਾਣੀ ਜਾਂ ਵਾਟਰ ਰਿਚਾਰਜਿੰਗ ਲਈ ਵਰਤਣ ਵੱਲ ਧਿਆਨ ਦੇਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਤੇਲ ਕੀਮਤਾਂ ਤੇ ਲੋਕ
ਅੱਜ ਹਾਲਾਤ ਏਨੇ ਗੰਭੀਰ ਹੋ ਗਏ ਹਨ ਕਿ ਹਰ ਆਦਮੀ ਨੂੰ ਆਪਣੀ ਜ਼ਿੰਦਗੀ ਦਾ ਇਕ-ਇਕ ਦਿਨ ਗੁਜ਼ਾਰਨਾ ਮੁਹਾਲ ਹੋਇਆ ਪਿਆ ਹੈ, ਆਏ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਬਾਕੀ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਜਦੋਂ ਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਰੋਜ਼ਾਨਾ ਕੀਮਤਾਂ ਵਧਾਉਣ ਦੀ ਖੁੱਲ੍ਹ ਦਿੱਤੀ ਹੈ, ਉਦੋਂ ਤੋਂ ਤੇਲ ਕੀਮਤਾਂ ਕੰਟਰੋਲ ਤੋਂ ਬਾਹਰ ਹੋ ਚੁੱਕੀਆਂ ਹਨ। ਆਖਰਕਾਰ ਸਰਕਾਰ ਮਜਬੂਰ ਕਿਉਂ ਹੈ? ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਪੈਟਰੋਲ ਉਤੇ 155 ਫੀਸਦੀ ਟੈਕਸ ਵਸੂਲਦੀਆਂ ਹਨ, ਤਾਂ ਹੀ ਸਰਕਾਰਾਂ ਲੋਕਾਂ ਨੂੰ ਲੁੱਟਦੀਆਂ ਹਨ। ਮੋਦੀ ਸਰਕਾਰ ਤੋਂ ਲੋਕਾਂ ਨੂੰ ਢੇਰ ਸਾਰੀਆਂ ਉਮੀਦਾਂ ਸਨ, ਪਰ ਚਾਰ ਸਾਲਾਂ 'ਚ ਆਮ ਆਦਮੀ ਅੱਛੇ ਦਿਨ ਦੀ ਬਜਾਏ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ, ਲੋਕਾਂ ਕੋਲ ਬਹੁਤ ਤਾਕਤ ਹੁੰਦੀ ਹੈ ਜੇ ਲੋਕ ਲੀਡਰਾਂ ਨੂੰ ਸੱਤਾ 'ਤੇ ਬਿਠਾ ਸਕਦੇ ਹਨ ਤਾਂ ਇਹ ਲੋਕ ਲੀਡਰਾਂ ਨੂੰ ਸੱਤਾ ਤੋਂ ਲਾਂਭੇ ਕਰ ਅਰਸ਼ ਤੋਂ ਫਰਸ਼ 'ਤੇ ਵੀ ਲਿਆ ਸਕਦੇ ਹਨ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ, ਜ਼ਿਲ੍ਹਾ ਮੋਗਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX