ਤਾਜਾ ਖ਼ਬਰਾਂ


ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  3 minutes ago
ਨਵੀਂ ਦਿੱਲੀ ,11 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮੈ ਛੱਤੀਸਗੜ੍ਹ , ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਜਨਤਾ ਦਾ ਧੰਨਵਾਦ ...
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  13 minutes ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  20 minutes ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  27 minutes ago
ਨਵੀਂ ਦਿੱਲੀ ,11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਬਾਅਦ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਸੌਂਪ ਦਿਤਾ ।ਅਸਤੀਫ਼ਾ ਦੇਣ ...
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  about 2 hours ago
ਨਵੀਂ ਦਿੱਲੀ, ੧੧ ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਾਜਪਾ ਤੋਂ ਖ਼ੁਸ਼ ਨਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਸਕੇ ਹਨ। ਉਨ੍ਹਾਂ ਕਿਹਾ ...
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  about 2 hours ago
ਚੇਨਈ, ੧੧ ਦਸੰਬਰ - ਡੀ.ਐਮ.ਕੇ ਪ੍ਰਮੁੱਖ ਐਮ.ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਫ਼ੋਨ ਕਰ ਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ...
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  about 2 hours ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  about 3 hours ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਜਿਨ੍ਹਾਂ...
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  about 3 hours ago
ਨਵੀਂ ਦਿੱਲੀ, 11 ਦਸੰਬਰ - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਕਹਿਣਾ ਹੈ ਕਿ ਸੰਸਦ ਦੀਆਂ ਸਾਰੀਆਂ ਚਰਚਾਵਾਂ ਡਿਜੀਟਲ ਕੀਤੀਆਂ ਗਈਆਂ ਹਨ, ਜੋ ਕਿ ਸਾਰਿਆ ਲਈ...
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  about 3 hours ago
ਭੁਵਨੇਸ਼ਵਰ, 11 ਦਸੰਬਰ - ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਾਂਗਰਸ ਅਤੇ ਮਿਜ਼ੋਰਮ ਵਿਚ ਜਿੱਤ ਲਈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਕਿਤਾਬਾਂ

01-12-2018

 ਆਖਰੀ ਕਿਤਾਬ
ਲੇਖਕ : ਪ੍ਰਦੀਪ ਥਿੰਦ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ (ਫ਼ਰੀਦਕੋਟ)
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 86991-57303.

ਪ੍ਰਦੀਪ ਥਿੰਦ ਖੂਬਸੂਰਤ ਦਿੱਖ ਵਾਲਾ ਆਸ਼ਾਵਾਦੀ ਆਦਰਸ਼ਵਾਦੀ ਨੌਜਵਾਨ ਹੈ ਜੋ ਲੰਮੇ ਸਮੇਂ ਤੋਂ ਮਿੰਨੀ/ਨਿੱਕੀ ਕਹਾਣੀ ਲਿਖ ਰਿਹਾ ਹੈ। ਕਾਵਿਕ ਸੰਵੇਦਨਸ਼ੀਲ। ਨਵੇਂ ਯੁੱਗ ਦੇ ਵਿਗਿਆਨ ਤੇ ਤਕਨਾਲੋਜੀ ਵਿਚ ਘਿਰਿਆ ਉਹ ਪਰੰਪਰਾ ਤੋਂ ਪ੍ਰਾਪਤ ਉਸਾਰੂ ਤੇ ਸਵੱਛ ਨੈਤਿਕ ਕਦਰਾਂ-ਕੀਮਤਾਂ ਉੱਤੇ ਪਹਿਰਾ ਦਿੰਦਾ ਹੈ। ਮਨੁੱਖ ਉਸ ਲਈ ਮੁੱਲਵਾਨ ਹੈ। ਔਰਤ, ਮਰਦ, ਗ਼ਰੀਬ, ਅਮੀਰ, ਕਿਰਤੀ, ਹਿੰਦੂ, ਸਿੱਖ, ਮੁਸਲਮਾਨ ਇਸ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੂਲ ਮਨੁੱਖੀ ਜਜ਼ਬਿਆਂ, ਆਕਾਂਖਿਆਵਾਂ, ਸੁਪਨਿਆਂ ਪੱਖੋਂ ਸਾਰੇ ਇਕੋ ਜਿਹੇ ਹਨ। ਉਸ ਦਾ ਕੋਮਲ ਮਨ ਹਰ ਕਿਸੇ ਦੀ ਪੀੜ ਅਤੇ ਦਰਦ ਨੂੰ ਸਮਝ ਕੇ ਸਿਰਜਨਾਤਮਕ ਕਲਾ ਨਾਲ ਸਾਹਿਤਕ ਰੂਪ ਢਾਲਣ ਲਈ ਤੜਪਦਾ ਹੈ। ਆਖਰੀ ਕਿਤਾਬ ਵਿਚ ਪ੍ਰਦੀਪ ਥਿੰਦ ਦੀਆਂ ਪਿਛਲੇ ਢਾਈ-ਤਿੰਨ ਦਹਾਕਿਆਂ ਵਿਚ ਲਿਖੀਆਂ ਚੋਣਵੀਆਂ ਕਹਾਣੀਆਂ ਹਨ।
ਆਖਰੀ ਕਿਤਾਬ ਵਿਚ ਪਿਤਰੀ ਪ੍ਰਧਾਨ ਮਾਹੌਲ ਅਤੇ ਪਰੰਪਰਾਵਾਂ ਦੀ ਕੈਦ ਵਿਚ ਬੱਝੀ ਔਰਤ ਦੀਆਂ ਮਜਬੂਰੀਆਂ ਤੇ ਦਮ ਤੋੜ ਰਹੇ ਸੁਪਨੇ ਹਨ। ਉਸ ਨਾਲ ਹੋ ਰਹੇ ਅਨਿਆਂ ਹਨ। ਉਸ ਨੂੰ ਇਕ ਵਸਤੂ ਵਾਂਗ ਵਰਤਣ ਵਾਲੇ ਪੂੰਜੀਪਤੀ ਲੋਕਾਂ ਦਾ ਕਰੂਪ ਚਿਹਰਾ ਹੈ। ਔਰਤ ਦੇ ਕੁਰਬਾਨੀ ਦੇ ਜਜ਼ਬੇ, ਸੁੱਚੇ ਪਿਆਰ, ਕੁਰਬਾਨੀ ਤੇ ਇਨਸਾਨੀ ਦੋਸਤੀ ਦੇ ਬਿਰਤਾਂਤ ਹਨ। ਗਰੀਬ, ਮੱਧ ਵਰਗ, ਨਿਮਨ ਵਰਗ ਦੇ ਬਾਲਾਂ, ਜਵਾਨਾਂ ਤੇ ਬਜ਼ੁਰਗਾਂ ਦੀਆਂ ਆਰਥਿਕ, ਸਮਾਜਿਕ, ਪ੍ਰੇਸ਼ਾਨੀਆਂ ਵਿਚ ਪਿਸ ਰਹੀ ਜ਼ਿੰਦਗੀ ਹੈ। ਨਗਰਾਂ, ਮਹਾਂਨਗਰਾਂ ਵਿਚ ਹੋ ਰਹੀ ਰਿਸ਼ਤਿਆਂ ਦੀ ਟੁੱਟ-ਭੱਜ ਕਾਰਨ ਜ਼ਿੰਦਗੀ ਵਿਚੋਂ ਬਹੁਤ ਕੁਝ ਗੁਆਚਣ ਦੀ ਚਿੰਤਾ ਹੈ। ਪ੍ਰਦੀਪ ਥਿੰਦ ਦੀਆਂ ਕਹਾਣੀਆਂ ਕਾਵਿਕ ਸੁਭਾਅ ਦੀਆਂ ਹਨ। ਇਹ ਸਾਰਾ ਕੁਝ ਸਥੂਲ ਲਕੀਰੀ ਬਿਰਤਾਂਤ ਵਿਚ ਸਪੱਸ਼ਟ ਪ੍ਰੋਸਣ ਦੀ ਥਾਂ ਕਾਵਿਕ ਚਿੱਤਰਾਂ, ਬਿੰਬਾਂ, ਪ੍ਰਤੀਕਾਂ ਰਾਹੀਂ ਇੰਜ ਪੇਸ਼ ਕਰਦੀਆਂ ਹਨ ਕਿ ਪਾਠਕ ਇਨ੍ਹਾਂ ਵਿਚ ਛੱਡੇ ਖੱਪਿਆਂ ਬਾਰੇ ਸੋਚੇ। ਅਰਥਾਂ ਦੀ ਅਨਿਸਚਿਤਤਾ, ਬਹੁ-ਅਰਥਕਤਾ, ਖੁੱਲ੍ਹੇ ਅਰਥ, ਖੁੱਲ੍ਹਾ ਅੰਤ ਅਤੇ ਇਕ ਤੋਂ ਵਧੇਰੇ ਤਹਿਆਂ ਇਨ੍ਹਾਂ ਕਹਾਣੀਆਂ ਨੂੰ ਮਹੱਤਵਪੂਰਨ ਵੀ ਬਣਾਉਂਦੀਆਂ ਹਨ ਅਤੇ ਵਿਲੱਖਣ ਵੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਕਨੇਡੀਅਨ ਕੂੰਜਾਂ
ਲੇਖਕ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 166
ਸੰਪਰਕ : 98152-98459.

ਪ੍ਰਵਾਸੀ ਸਾਹਿਤਕਾਰਾ ਸ੍ਰੀਮਤੀ ਗੁਰਚਰਨ ਕੌਰ ਥਿੰਦ ਪੰਜਾਬੀ ਗਲਪ ਦੇ ਖੇਤਰ ਵਿਚ ਇਕ ਵਿਸ਼ੇਸ਼ ਮੁਕਾਮ ਰੱਖਦੀ ਹੈ। ਇਸ ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਪਰਵਾਸੀ ਲੋਕਾਂ ਦੀ ਸ਼ਨਾਖ਼ਤ ਨਾਲ ਸਬੰਧਿਤ ਹੈ। ਸ਼ਨਾਖਤ ਨੂੰ ਪ੍ਰਮਾਣਿਤ ਕਰਨ ਲਈ ਪਰਵਾਸੀ ਪੰਜਾਬੀ ਹਰ ਵਰ੍ਹੇ ਆਪਣੇ ਵਤਨ ਗੇੜਾ ਮਾਰਦੇ ਹਨ। 'ਇਕ ਹਉਕਾ' ਸੱਚੀ ਕਹਾਣੀ ਹੈ। ਇਕ ਪੰਜਾਬੀ ਪਿਤਾ ਆਪਣੀ ਰਵਾਇਤੀ ਅਣਖ ਨੂੰ ਬਰਕਰਾਰ ਰੱਖਣ ਵਾਸਤੇ ਫੁੱਲਾਂ ਵਰਗੀ ਧੀ ਦੀ ਨਿਰਮਮ ਹੱਤਿਆ ਕਰ ਦਿੰਦਾ ਹੈ। 'ਅੱਜ ਦੀ ਸ਼ਕੁੰਤਲਾ' ਇਤਿਹਾਸਕ ਸ਼ਕੁੰਤਲਾ ਵਾਂਗ ਰਵਾਇਤੀ ਨਾਰੀ ਨਹੀਂ ਹੈ। ਇਕ ਵਾਰ ਪਤੀ ਵਲੋਂ ਦੁਰਕਾਰੀ ਜਾਣ ਉਪਰੰਤ ਉਹ ਉਸ ਦੇ ਮਹਿਲੀਂ ਜਾਣ ਵਾਸਤੇ ਤਿਆਰ ਨਹੀਂ ਹੈ। ਪਤੀ-ਪਤਨੀ ਦੇ ਨੀਰਸ ਰਿਸ਼ਤੇ ਨੂੰ ਬਿਆਨ ਕਰਨ ਵਾਲੀ ਕਹਾਣੀ 'ਅੱਕ ਦਾ ਬੂਟਾ' ਵਿਚ ਗ਼ੈਰ-ਇਸਤਰੀਆਂ ਪ੍ਰਤੀ ਮਰਦਾਂ ਦੀ ਹਵਸ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ। 'ਨਾਰੀ ਦਿਵਸ' ਇਕ ਵਿਅੰਗਾਤਮਕ ਕਥਾ ਹੈ। ਸਭਾ-ਸੁਸਾਇਟੀਆਂ ਵਾਲੇ ਆਪਣਾ ਨਾਂਅ ਬਣਾਉਣ ਵਾਸਤੇ ਜ਼ਰੂਰ ਨਾਰੀ-ਦਿਵਸ ਮਨਾ ਲੈਂਦੇ ਹਨ ਪਰ ਅਸਲ ਵਿਚ ਉਹ ਨਾਰੀ ਦੇ ਦੁੱਖਾਂ ਪ੍ਰਤੀ ਹੱਸਾਸ ਨਹੀਂ ਹਨ। ਇਕ ਹੋਰ ਕਹਾਣੀ ਵਿਚ ਤਿੰਨ 'ਧੀਆਂ ਦੀ ਮਾਂ' ਰਣਜੀਤ ਕੌਰ ਦੀ ਮਨੋਸਥਿਤੀ ਦਾ ਨਿਰੂਪਣ ਕੀਤਾ ਗਿਆ ਹੈ। 'ਇਤਨਾ ਸੱਚ ਨਾ ਬੋਲ' ਵਿਚ ਵਿਅਕਤੀ ਦੇ ਸੁਚੇਤ ਅਤੇ ਅਚੇਤ ਮਨ ਵਿਚਲੇ ਦਵੰਦ ਦੀ ਪੇਸ਼ਕਾਰੀ ਹੋਈ ਹੈ। 'ਮੋਈ ਮਰ ਜਾਣੀ ਦੇ ਖ਼ਾਬ' ਵਿਚ ਪਰਸਨੈਲਿਟੀ-ਡਿਸਆਰਡਰ ਦੀ ਗ੍ਰੰਥੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸ੍ਰੀਮਤੀ ਥਿੰਦ ਆਪਣੀ ਹਰ ਕਹਾਣੀ ਨੂੰ ਚਲਦੇ ਜੀਵਨ ਵਿਚੋਂ ਨਾਟਕੀ ਅੰਦਾਜ਼ ਨਾਲ ਸ਼ੁਰੂ ਕਰ ਲੈਂਦੀ ਹੈ। ਉਸ ਦੀਆਂ ਕਹਾਣੀਆਂ ਦੇ ਅੰਤ ਬੜੇ ਸੁਝਾਊ ਹੁੰਦੇ ਹਨ। ਉਹ ਪਿਛਲ-ਝਾਤ ਦੀ ਵਿਧੀ ਨਾਲ ਖੰਡ-ਖੰਡ ਕਰਕੇ ਆਪਣੀ ਕਹਾਣੀ ਨੂੰ ਉਸਾਰਦੀ ਹੈ। ਕਈ ਵਾਰ ਕਥਾ-ਬਿਰਤਾਂਤ ਵਿਚ ਕੋਈ ਇਕ-ਅੱਧ ਸ਼ਬਦ ਸੁਭਾਵਿਕ ਹੀ ਆ ਜਾਂਦਾ ਹੈ; ਉਸ ਨੂੰ ਮੈਟਾਫ਼ਰ ਬਣਾ ਕੇ ਉਹ ਕਹਾਣੀ ਵਿਚ ਡੂੰਘਾ ਉੱਤਰ ਜਾਂਦੀ ਹੈ ਅਤੇ ਇਸ ਨਾਲ ਨਵੇਂ ਪਾਸਾਰ ਜੋੜ ਦਿੰਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪੰਜਾਬੀ ਸੂਬਾ ਮੋਰਚਾ 1960

ਕਥਾਕਾਰ : ਹਰਬੰਸ ਸਿੰਘ 'ਅਖਾੜਾ'
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 99555-15937.

ਇਹ ਪੁਸਤਕ ਪੰਜਾਬੀ ਸੂਬਾ ਮੋਰਚੇ ਸਮੇਂ ਲੇਖਕ ਦੀ ਜੇਲ੍ਹ ਯਾਤਰਾ ਦੀ ਕਹਾਣੀ ਪੇਸ਼ ਕਰਦੀ ਹੈ। ਲਿਖਾਰੀ ਨੇ ਬੜੀ ਮਾਸੂਮੀਅਤ, ਸਹਿਜਤਾ, ਸਰਲਤਾ ਅਤੇ ਬੇਬਾਕੀ ਨਾਲ ਪੰਜਾਬ, ਪੰਜਾਬੀਆਂ ਅਤੇ ਪੰਜਾਬੀ ਭਾਸ਼ਾ ਦਾ ਦਰਦ ਬਿਆਨ ਕੀਤਾ ਹੈ। ਚੜ੍ਹਦੀ ਉਮਰ ਵਿਚ ਹੀ ਉਸ ਨੂੰ ਜੇਲ੍ਹ ਜਾਣਾ ਪੈ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਆਜ਼ਾਦੀ ਤੋਂ ਬਾਅਦ ਇਨ੍ਹਾਂ ਕੁਰਬਾਨੀਆਂ ਦਾ ਕੋਈ ਮੁੱਲ ਨਾ ਮਿਲਿਆ। ਕੇਂਦਰ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ। ਪੰਜਾਬੀ ਬੋਲੀ ਦੇ ਆਧਾਰ 'ਤੇ ਸੂਬਾ ਬਣਾਉਣ ਦੀ ਮੰਗ ਰੱਖਣ ਕਾਰਨ ਸਿੱਖਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ। ਇਤਿਹਾਸਕ ਅਤੇ ਅਣਖੀਲੀਆਂ ਮੱਲਾਂ ਮਾਰਨ ਵਾਲੀ ਕੌਮ ਨੂੰ ਮਿੱਟੀ ਵਿਚ ਮਿਲਾਉਣ ਦੀਆਂ ਸਾਜਿਸ਼ਾਂ ਸ਼ੁਰੂ ਹੋ ਗਈਆਂ। ਅਕਾਲੀ ਦਲ ਨੇ ਮੋਰਚਾ ਲਗਾ ਦਿੱਤਾ ਤਾਂ ਸਰਕਾਰ ਨੇ ਸਿੱਖ ਲੀਡਰਾਂ ਅਤੇ ਹਮਦਰਦ ਲੋਕਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ। ਲੇਖਕ 19 ਸਾਲ ਦੀ ਉਮਰ ਵਿਚ ਗ੍ਰਿਫ਼ਤਾਰ ਹੋ ਗਿਆ। ਸਾਲ ਭਰ ਉਸ ਨੇ ਜੇਲ੍ਹ ਦੇ ਤਸੀਹੇ ਝੱਲੇ। ਜੇਲ੍ਹਾਂ ਅੰਦਰ ਸਿੰਘ ਚੜ੍ਹਦੀ ਕਲਾ ਵਿਚ ਰਹੇ, ਬਾਣੀ ਪੜ੍ਹਦੇ ਰਹੇ ਅਤੇ ਬੀਰ ਰਸੀ ਕਵਿਤਾਵਾਂ ਗਾਉਂਦੇ ਰਹੇ। ਲੇਖਕ ਨੇ ਵੀ ਉਸ ਸਮੇਂ ਕੁਝ ਕਵਿਤਾਵਾਂ ਰਚੀਆਂ ਜਿਵੇਂ
ਖ਼ਾਤਰ ਪੰਥ ਦੀ ਮੌਤ ਪਰਵਾਨ ਸਾਨੂੰ
ਬਹਿ ਕੇ ਤਵੀ ਦੇ ਉੱਤੇ ਹਾਂ ਗਾ ਸਕਦੇ
ਆਰੇ ਨਾਲ ਪਿਆਰ ਹਾਂ ਪਾ ਸਕਦੇ
ਚੜ੍ਹ ਕੇ ਚਰਖੜੀ ਸ਼ੁਕਰ ਮਨਾ ਸਕਦੇ।
ਪੰਜਾਬੀ ਮਾਂ ਬੋਲੀ, ਪੰਜਾਬੀ ਸੂਬੇ ਲਈ ਲੜੇ ਗਏ ਅਹਿਮ ਸੰਗਰਾਮ ਵਿਚ ਲੇਖਕ ਨੇ ਭਰਪੂਰ ਯੋਗਦਾਨ ਦਿੱਤਾ। ਇਸ ਜੇਲ੍ਹ ਯਾਤਰਾ ਨੇ ਉਸ ਦੇ ਅੰਦਰ ਮਨੁੱਖੀ ਹੱਕਾਂ ਲਈ ਜਾਗਰੂਕਤਾ ਦੀ ਚੰਗਿਆੜੀ ਪੈਦਾ ਕੀਤੀ ਅਤੇ ਉਹ ਸਾਰੀ ਉਮਰ ਮਨੁੱਖੀ ਅਧਿਕਾਰਾਂ ਲਈ ਲੜਦਾ ਰਿਹਾ। ਇਹ ਪੁਸਤਕ ਪੜ੍ਹਨਯੋਗ, ਸਾਂਭਣਯੋਗ ਅਤੇ ਸਤਿਕਾਰਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਘੋਰਕੰੰਡੇ
ਲੇਖਕ : ਸਿਮਰਨ ਧਾਲੀਵਾਲ
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ, ਭੀਖੀ, ਮਾਨਸਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 94632-15168.

20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਵਿਕਸਤ ਹੋਣ ਵਾਲੀ ਪੰਜਾਬੀ ਕਹਾਣੀ ਕਈ ਪੜਾਵਾਂ ਵਿਚੋਂ ਗੁਜ਼ਰਦੀ ਹੋਈ ਨਿਰੰਤਰ ਵਿਕਾਸ ਕਰਦੀ ਰਹੀ ਹੈ। ਪੰਜਾਬੀ ਕਹਾਣੀ ਦੇ ਰੂਪ ਅਤੇ ਵਿਸ਼ੇ ਪੱਖੋਂ ਹੋਏ ਪਰਿਵਰਤਨਾਂ ਦੇ ਮੁੱਖ ਕਾਰਨ 20ਵੀਂ ਸਦੀ ਵਿਚ ਵਾਪਰੀਆਂ ਆਰਥਿਕ, ਸਮਾਜਿਕ, ਸਿਆਸੀ, ਧਾਰਮਿਕ ਅਤੇ ਸਾਹਿਤਕ ਤਬਦੀਲੀਆਂ ਹਨ। ਅਜੋਕੇ ਦੌਰ ਦੇ ਨਵੇਂ ਕਹਾਣੀਕਾਰ ਆਧੁਨਿਕ ਜੀਵਨ ਦੇ ਨਵੇਂ ਯਥਾਰਥ ਨੂੰ ਸਮਝਣ ਅਤੇ ਪ੍ਰਗਟਾਉਣ ਦਾ ਪ੍ਰਯਤਨ ਕਰਦੇ ਹਨ। ਇਨ੍ਹਾਂ ਕਹਾਣੀਕਾਰਾਂ ਵਿਚ ਆਪਣੀ ਪਛਾਣ ਬਣਾ ਰਿਹਾ ਸਿਮਰਨ ਧਾਲੀਵਾਲ ਆਪਣੇ ਨਵੇਂ ਕਹਾਣੀ ਸੰਗ੍ਰਹਿ ਨਾਲ ਪਾਠਕਾਂ ਸਨਮੁੱਖ ਹੁੰਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਉਹ ਅੱਠ ਕਹਾਣੀਆਂ ਪੇਸ਼ ਕਰਕੇ ਆਪਣੇ ਕਹਾਣੀ ਪੰਧ ਨੂੰ ਹੋਰ ਗੂੜ੍ਹਾ ਕਰਦਾ ਹੈ। ਇਹ ਕਹਾਣੀਆਂ ਮਨੁੱਖੀ ਮਨ ਦੀਆਂ ਸੂਖਮ ਤੰਦਾਂ ਨੂੰ ਪਕੜਦੀਆਂ ਹੋਈਆਂ ਬੜੀ ਸੂਝ-ਬੂਝ ਨਾਲ ਜ਼ਿੰਦਗੀ ਦੀ ਵਿਆਖਿਆ ਕਰਦੀਆਂ ਹਨ। ਇਨ੍ਹਾਂ ਦੇ ਵਿਸ਼ੇ ਪੰਜਾਬ ਨਾਲ ਸਬੰਧਿਤ ਹਨ। ਕਹਾਣੀਕਾਰ ਆਪਣੇ ਆਲੇ-ਦੁਆਲੇ ਵਿਚਰਦੇ ਪਾਤਰਾਂ ਦੇ ਮਨ ਦੀਆਂ ਦਿਸਦੀਆਂ-ਅਣਦਿਸਦੀਆਂ ਪਰਤਾਂ ਨੂੰ ਆਪਣੀਆਂ ਕਹਾਣੀਆਂ ਵਿਚ ਚਿੱਤਰਦਾ ਹੈ। ਕਹਾਣੀ ਸੰਗ੍ਰਹਿ ਵਿਚ ਛਾਪਣ ਤੋਂ ਪਹਿਲਾਂ ਇਹ ਸਾਰੀਆਂ ਕਹਾਣੀਆਂ ਵੱਖ-ਵੱਖ ਰਿਸਾਲਿਆਂ ਵਿਚ ਛਪ ਚੁੱਕੀਆਂ ਸਨ, ਜਿਸ ਕਾਰਨ ਇਸ ਨਵੇਂ ਕਹਾਣੀਕਾਰ ਨੇ ਪੰਜਾਬੀ ਕਹਾਣੀ ਖੇਤਰ ਵਿਚ ਆਪਣੀ ਅਲੱਗ ਪਛਾਣ ਬਣਾਈ ਹੈ। ਉਹ ਸਰਲ ਭਾਸ਼ਾ ਤੇ ਛੋਟੇ-ਛੋਟੇ ਵਾਕਾਂ ਰਾਹੀਂ ਆਪਣਾ ਨਿਵੇਕਲਾ ਤੇ ਮੌਲਿਕ ਰਸਤਾ ਚੁਣਦਾ ਹੋਇਆ ਆਪਣੀ ਗੰਭੀਰਤਾ ਦਾ ਸਬੂਤ ਦਿੰਦਾ ਹੈ। ਇਸ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਇੰਗਲੈਂਡ ਤੇ ਸਕਾਟਲੈਂਡ
(ਸਫ਼ਰਨਾਮਾ)
ਲੇਖਕ : ਮੋਹਨ ਸਿੰਘ ਰਤਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 425
ਸੰਪਰਕ : 011-23280657.

ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਦੋ ਪ੍ਰਮੁੱਖ ਰਾਜ ਇੰਗਲੈਂਡ ਅਤੇ ਸਕਾਟਲੈਂਡ ਦੀ ਯਾਤਰਾ ਕਰਨ ਤੋਂ ਬਾਅਦ ਸਮਰੱਥ ਲੇਖਕ ਮੋਹਨ ਸਿੰਘ ਰਤਨ ਵਲੋਂ ਪੂਰੇ ਠਰ੍ਹੰਮੇ ਅਤੇ ਸਹਿਜਤਾ ਨਾਲ ਲਿਖਿਆ ਗਿਆ ਇਹ ਵੱਡ ਆਕਾਰੀ ਸਫ਼ਰਨਾਮਾ ਪੰਜਾਬੀ ਸਾਹਿਤ ਦੀ ਇਸ ਹਰਮਨ-ਪਿਆਰੀ ਵੰਨਗੀ ਦੀ ਪਰਿਭਾਸ਼ਾ 'ਤੇ ਖਰਾ ਉਤਰਦਾ ਹੈ। ਪਹਿਲੇ ਅਧਿਆਇ 'ਇੰਗਲੈਂਡ ਜਾਣ ਦਾ ਸੁਪਨਾ' ਵਿਚ ਲੇਖਕ ਨੇ ਬਚਪਨ ਤੋਂ ਇੰਗਲੈਂਡ ਜਾਣ ਦਾ ਸੁਪਨਾ ਕਿਵੇਂ ਉਸ ਦੀ ਆਤਮਾ ਦਾ ਸੁਪਨਾ ਬਣਿਆ ਸਪੱਸ਼ਟ ਸ਼ਬਦਾਂ ਵਿਚ ਦੱਸਿਆ ਹੈ। ਦੂਜੇ ਅਧਿਆਇ 'ਸੁਪਨਾ ਸਾਕਾਰ ਹੋਇਆ' ਵਿਚ ਯੂ.ਕੇ. ਜਾਣ ਲਈ ਵੀਜ਼ਾ ਪ੍ਰਾਪਤ ਕਰਨ ਅਤੇ ਫਿਰ ਜਹਾਜ਼ 'ਚ ਬੈਠ ਕੇ ਯੂ.ਕੇ. ਪਹੁੰਚਣ ਤੱਕ ਦਾ ਅਨੁਭਵ ਬਹੁਤ ਬਾਰੀਕੀ ਨਾਲ ਦਰਜ ਕੀਤਾ ਗਿਆ ਹੈ। ਪੂਰੀ ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਲੇਖਕ ਨੇ ਇਸ ਬਾਰੀਕੀ ਵਾਲੇ ਤੱਤ ਦਾ ਪੱਲਾ ਇਸ ਕਦਰ ਘੁੱਟ ਕੇ ਫੜੀ ਰੱਖਿਆ ਹੈ ਕਿ ਪਾਠਕ ਉਸ ਦੇ ਇਨ੍ਹਾਂ ਤਜਰਬਿਆਂ ਨੂੰ ਆਪਣੇ ਅਹਿਸਾਸ ਵਿਚ ਡੂੰਘਾ ਵਸਿਆ ਮਹਿਸੂਸ ਕਰਦਾ ਹੈ। ਬਿਰਤਾਂਤਿਕ ਸ਼ੈਲੀ ਵਿਚ ਲਿਖਿਆ ਇਹ ਸਫ਼ਰਨਾਮਾ ਪੰਜਾਬੀ ਦੀ ਦੋਆਬੀ ਉੱਪ ਬੋਲੀ ਦੇ ਨਾਲ-ਨਾਲ ਕੇਂਦਰੀ ਪੰਜਾਬੀ ਬੋਲੀ ਦੀ ਸਫ਼ਲ ਵਰਤੋਂ ਨਾਲ ਭਰਪੂਰ ਹੈ। ਯੂ.ਕੇ. ਦੇ ਇਤਿਹਾਸਕ ਸਥਾਨਾਂ, ਭੂਗੋਲਿਕ ਸਥਿਤੀਆਂ, ਅਯੂਬਿਆਂ ਅਤੇ ਕੀਮਤੀ ਜਾਣਕਾਰੀ ਦੇਣ ਵਾਲਾ ਇਹ ਸਫ਼ਰਨਾਮਾ ਪੰਜਾਬੀ ਦੇ ਸਫ਼ਰਨਾਮਾ ਸਾਹਿਤ ਦਾ ਮਾਣਮੱਤਾ ਹਿੱਸਾ ਬਣਨ ਦੀ ਕਾਬਲੀਅਤ ਰੱਖਦਾ ਹੈ। ਇਸ ਦਾ ਸਭਨਾਂ ਨੂੰ ਦਿਲੋਂ ਸਵਾਗਤ ਕਰਨਾ ਚਾਹੀਦਾ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

 

 


ਇਨਕਲਾਬ ਜ਼ਿੰਦਾਬਾਦ
ਨਾਵਲਕਾਰ : ਇੰਦਰ ਸਿੰਘ ਖਾਮੋਸ਼
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 296
ਸੰਪਰਕ : 99150-48005.

ਇਹ ਨਾਵਲ ਫਰਾਂਸ ਵਿਚ 1789 ਈ. ਤੋਂ 1799 ਈ. ਤਕ ਹੋਏ ਇਨਕਲਾਬ ਦਾ ਤੱਥ-ਮੂਲਕ ਇਤਿਹਾਸਕ ਗਲਪੀ ਬਿਰਤਾਂਤ ਪੇਸ਼ ਕਰਦਾ ਹੈ। ਅਜਿਹਾ ਇਨਕਲਾਬ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਅਤੇ ਇਹ ਇਸ ਇਨਕਲਾਬ ਦੀ ਵਿਸ਼ੇਸ਼ਤਾ ਰਹੀ ਹੈ ਕਿ ਇਸ ਤੋਂ ਅਗਲੇਰੇ ਕਾਲ-ਖੰਡਾਂ ਵਿਚ ਵਾਪਰੇ ਵਿਸ਼ਵ ਵਿਆਪੀ ਇਨਕਲਾਬਾਂ ਨੂੰ ਇਸ ਨੇ ਸਰੋਤ ਰੂਪ ਵਜੋਂ ਪ੍ਰਭਾਵਿਤ ਕੀਤਾ। ਪੰਜਾਬੀ ਪਾਠਕਾਂ ਲਈ ਤਾਂ ਇਸ ਦਾ ਮਹੱਤਵ ਜਿਥੇ ਰਾਜਸੀ, ਸਮਾਜਿਕ, ਧਾਰਮਿਕ ਕੱਟੜਤਾ, ਨੈਤਿਕਤਾ ਅਤੇ ਮੰਦਹਾਲੀ ਦੇ ਹਾਲਾਤ ਸਬੰਧੀ ਜਾਣਕਾਰੀ ਭਰਪੂਰ ਹੈ, ਉਥੇ ਬਹੁਤ ਸਾਰੀਆਂ ਸੱਭਿਆਚਾਰਕ-ਇਤਿਹਾਸਕ ਸਰੋਕਾਰਾਂ ਦੀ ਜਾਣਕਾਰੀ ਨਾਲ ਵੀ ਭਰਿਆ ਪਿਆ ਹੈ। ਨਾਵਲ ਦੇ ਪੰਜਾਹ ਕਾਂਡ ਹਨ ਅਤੇ ਫਰਾਂਸ ਹੀ ਨਹੀਂ, ਸਗੋਂ ਵਿਸ਼ਵ ਦੀਆਂ ਤਾਨਾਸ਼ਾਹੀ ਸ਼ਕਤੀਆਂ ਦੇ ਉਸਾਰ ਅਤੇ ਨਿਘਾਰ ਦਾ ਵਰਣਨ ਬੜੀ ਸੰਕੋਚਵੀਂ ਸ਼ਬਦਾਵਲੀ ਜ਼ਰੀਏ ਪਾਠਕਾਂ ਦੇ ਸਨਮੁੱਖ ਹੈ। ਨਿੱਕੇ-ਨਿੱਕੇ ਵੇਰਵੇ ਵੱਡੇ ਅਰਥ-ਸੰਚਾਰ ਦਾ ਬੋਧ ਹਨ, ਰਜਵਾੜਿਆਂ ਦੀਆਂ ਨੀਤਾਂ, ਬਰਤਾਨਵੀ ਹਕੂਮਤ ਦੇ ਕਾਰੇ, ਅਮਰੀਕਨ ਕਾਲੋਨੀਆਂ ਨੂੰ ਆਜ਼ਾਦ ਕਰਵਾਉਣ 'ਚ ਮਦਦ ਕਰਨੀ ਅਤੇ ਆਪ ਹੋਰ ਕਰਜ਼ਾਈ ਹੋ ਜਾਣਾ, ਲੋਕ ਚੇਤਨਾ ਨੂੰ ਜਗਾਉਣ ਵਿਚ ਪੜ੍ਹਾਈ ਦਾ ਉੱਤਮ ਯੋਗਦਾਨ, ਪ੍ਰੋਟੈਸਟੈਂਟ ਅਤੇ ਕੈਥੋਲਿਕ ਧਰਮ ਵਿਚਾਲੇ ਸੰਘਰਸ਼, ਬਾਦਸ਼ਾਹਾਂ ਦਾ ਆਪਣੇ ਵਿਦੇਸ਼-ਮੰਤਰੀਆਂ ਅਤੇ ਵਿੱਤ-ਮੰਤਰੀਆਂ ਤੋਂ ਵਿਸ਼ਵਾਸ ਉੱਠ ਜਾਣਾ ਜਾਂ ਉਨ੍ਹਾਂ ਦਾ ਹੀਲਾ-ਵਸੀਲਾ ਫੇਲ੍ਹ ਹੋ ਜਾਣਾ, ਯੂਰਪੀ ਅਤੇ ਪੱਛਮੀ ਦੇਸ਼ਾਂ ਵਿਚ ਗੁੱਟਬੰਦੀ ਬਣ ਜਾਣੀ ਆਦਿ ਅਨੇਕਾਂ ਘਟਨਾਵਾਂ, ਇਨ੍ਹਾਂ ਦੇ ਵਾਪਰਨ ਦੇ ਕਾਰਨਾਂ ਅਤੇ ਪ੍ਰਭਾਵਾਂ ਨੇ ਜਿਸ 'ਕ੍ਰਾਂਤੀਕਾਰੀ ਮਨੁੱਖ' ਨੂੰ ਜਨਮ ਦਿੱਤਾ, ਉਸ ਸਭ ਕਾਸੇ ਦਾ ਉਲੇਖ ਨਾਵਲ ਵਿਚ ਦਰਜ ਹੈ। ਮਾਰਕਸ, ਲੈਨਿਨ, ਟਰਾਟਸਕੀ ਆਦਿ ਅਨੇਕਾਂ ਵਿਦਵਾਨਾਂ ਨੇ ਇਸ ਇਨਕਲਾਬ ਦੀ ਘੋਖਵੀਂ ਪੜਚੋਲ ਕੀਤੀ ਸੀ, ਜਿਸ ਤੋਂ ਸਪੱਸ਼ਟ ਹੈ ਕਿ ਇਸ ਇਨਕਲਾਬ ਨੇ ਵਿਸ਼ਵ ਦੀ ਰਾਜਨੀਤੀ ਦੀ ਬਹੁਤ ਸਾਰੀ ਸ਼ਬਦਾਵਲੀ ਵਿਚ ਵੀ ਵਾਧਾ ਕੀਤਾ ਸੀ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਅੱਖਰ ਆਖਦੇ ਹਨ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 167
ਸੰਪਰਕ : 94635-61123.

ਇਹ ਇਕ ਦਾਰਸ਼ਨਿਕ ਨਾਵਲ ਹੈ, ਜੋ ਅਸਤਿਤਵਵਾਦੀ ਅਧਿਐਨ ਦੀ ਮੰਗ ਕਰਦਾ ਹੈ। ਨਾਵਲ ਦੀ ਨਾਇਕਾ ਚੇਤ ਸਿੰਘ ਦੀ ਧੀ ਸੁਤੰਤਰ ਕੌਰ ਪੀ.ਐਚ.ਡੀ. ਕਰਕੇ ਜ਼ਿਲ੍ਹਾ ਸਿੱਖਿਆ ਵਜੋਂ ਆਪਣੇ ਅਸਤਿਤਵ ਦਾ ਵਿਕਾਸ ਕਰਕੇ ਸੇਵਾ-ਮੁਕਤ ਹੁੰਦੀ ਹੈ। ਬਹੁਤ ਸੁੰਦਰ ਹੋਣ ਕਾਰਨ ਉਸ ਦੀ ਸ਼ਾਦੀ ਐਸ.ਐਸ.ਪੀ. ਨਾਲ ਹੋ ਜਾਂਦੀ ਹੈ। ਉਸ ਦਾ ਪੁੱਤਰ ਵੀ ਜੱਜ ਬਣ ਜਾਂਦਾ ਹੈ ਪਰ ਉਹ ਰਿਸ਼ਵਤ ਲੈ ਕੇ ਫ਼ੈਸਲੇ ਕਰਨ ਲਗਦਾ ਹੈ, ਜਿਸ ਦਾ ਨਾਇਕਾ ਬੁਰਾ ਮਨਾਉਂਦੀ ਹੈ। ਨਾਇਕਾ ਆਪਣਾ ਸਹੁਰਾ ਪਰਿਵਾਰ ਛੱਡ ਕੇ ਪੇਕੇ ਘਰ ਆ ਜਾਂਦੀ ਹੈ। ਏਨੇ ਨੂੰ ਇਕ ਮੁਟਿਆਰ ਔਰਤ ਦੀ ਵਿਆਹ ਵਾਲੇ ਦਿਨ ਦੁਰਘਟਨਾ 'ਚ ਮੌਤ ਹੋ ਜਾਂਦੀ ਹੈ, ਜਿਸ ਕਾਰਨ ਉਸ ਨੂੰ ਸਮਾਜ 'ਕਚੀਲ' ਸਮਝਦਾ ਹੈ। ਲੋਕ ਮਨ 'ਚੋਂ ਇਸ ਵਹਿਮ ਨੂੰ ਕੱਢਣ ਲਈ ਨਾਇਕਾ ਉਸ ਥਾਂ 'ਭਾਈ ਜੈਤਾ ਆਸ਼ਰਮ' ਦਾ ਨਿਰਮਾਣ ਕਰਦੀ ਹੈ, ਜਿਥੇ 'ਈਨ-ਹੀਣ' ਵਾਲੀ ਸੋਚ ਨੂੰ ਕੋਈ ਥਾਂ ਨਹੀਂ ਸੀ। ਉਥੇ ਸਭ ਬਰਾਬਰ ਸਨ। ਸੁਤੰਤਰ ਕੌਰ ਹੁਣ ਸੰਤੀ ਭੂਆ ਵਜੋਂ ਪ੍ਰਸਿੱਧ ਹੋ ਜਾਂਦੀ ਹੈ। ਨਾਵਲ ਉਪਦੇਸ਼ਾਤਮਕ ਅਤੇ ਸੁਧਾਰਵਾਦੀ ਹੈ। ਨਾਵਲਕਾਰ ਵਲੋਂ ਪ੍ਰਸਤੁਤ ਅਨੇਕਾਂ ਵਿਚਾਰ ਅਸਤਿਤਵਾਦੀ ਚਿੰਤਕਾਂ ਮਾਰਟਿਨ ਹਾਈਡਿਗਰ ਅਤੇ ਜਾਂ ਪਾਲ ਸਾਰਤਰ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ। ਲੇਖਕ ਨੇ ਅਨੇਕਾਂ ਨਵੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ, ਜੋ 'ਕਿਹਾ ਜਾ ਸਕਦਾ ਹੈ' ਦੇ ਵਾਕੰਸ਼ ਨਾਲ ਸਮਾਪਤ ਹੁੰਦੀਆਂ ਹਨ। ਵਿਰੋਧੀ ਜੁੱਟਾਂ ਦੀ ਪੇਸ਼ਕਾਰੀ ਕਮਾਲ ਦੀ ਹੈ। 'ਸਵੈ' (ਅਸਤਿਤਵ) ਦੇ ਵਿਕਾਸ ਦੀ ਪ੍ਰਕਿਰਿਆ ਨੂੰ ਹੀ 'ਧਰਮ' ਕਿਹਾ ਗਿਆ ਹੈ। ਇੰਜ ਇਹ ਰਚਨਾ ਮਨੁੱਖੀ ਅਸਤਿਤਵ ਦੇ ਵਿਕਾਸ ਦਾ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ, ਜੋ ਅਨੇਕਾਂ ਬਿਰਤਾਂਤਕ ਜੁਗਤਾਂ ਦੇ ਅਧਿਐਨ ਦੇ ਬੂਹੇ ਖੋਲ੍ਹਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

 

25-11-2018

 ਵਿਚੋਂ ਵਿਚ ਦੀ
ਲੇਖਕ : ਐੱਸ. ਅਸ਼ੋਕ ਭੌਰਾ
ਪ੍ਰਕਾਸਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 395 ਰੁਪਏ, ਸਫ਼ੇ : 432
ਸੰਪਰਕ : 99151-03490

ਐੱਸ. ਅਸ਼ੋਕ ਭੌਰਾ ਉਨ੍ਹਾਂ ਪੰਜਾਬੀ ਲੇਖਕਾਂ ਵਿਚੋਂ ਹੈ, ਜਿਹੜੇ ਕਾਲਮ ਨਵੀਸੀ ਤੋਂ ਸ਼ੁਰੂ ਹੋਏ, ਟੈਲੀਵੀਜ਼ਨ ਦੇ ਐਂਕਰ ਬਣੇ, ਵਿਦੇਸ਼ਾਂ ਵਿਚ ਚਲੇ ਗਏ ਪਰ ਪੰਜਾਬੀ ਸੱਭਿਆਚਾਰ, ਜਨਜੀਵਨ ਅਤੇ ਸਾਹਿਕਾਰੀ ਨਾਲ ਉਸੇ ਤਰ੍ਹਾਂ ਜੁੜੇ ਰਹੇ ਜਿਵੇਂ ਜੀਵਨ ਦੇ ਮੁੱਢਲੇ ਸਾਲਾਂ ਵਿਚ ਜੁੜੇ ਹੋਏ ਸਨ। 'ਵਿਚੋਂ ਵਿਚ ਦੀ' ਉਸ ਦੀ ਉਹ 'ਸੰਗੀਤਕ ਪੈੜ' ਹੈ, ਜਿਹੜੀ ਉਨ੍ਹਾਂ ਪਲਾਂ ਅਤੇ ਘਟਨਾਵਾਂ ਨੂੰ ਸ਼ਬਦ ਪ੍ਰਦਾਨ ਕਰਦੀ ਹੈ, ਜਿਹੜੇ ਲੇਖਕ ਨੇ ਵੱਖ-ਵੱਖ ਗਾਇਕਾਂ, ਗੀਤਕਾਰਾਂ, ਸਾਜ਼ੀਆਂ ਅਤੇ ਕਲਾ ਪ੍ਰੇਮੀਆਂ ਨਾਲ ਗੁਜ਼ਾਰੇ ਹਨ। ਸਵਾ ਚਾਰ ਸੌ ਸਫ਼ਿਆਂ ਤੱਕ ਫੈਲੀਆਂ ਹੋਈਆਂ ਅਸ਼ੋਕ ਭੌਰਾ ਦੀਆਂ ਇਹ ਸੰਗੀਤ-ਯਾਦਾਂ ਚਾਰ ਦਰਜਨ ਤੋਂ ਵਧ ਉਨ੍ਹਾਂ ਗਾਇਕ-ਕਲਾਕਾਰਾਂ ਦੀਆਂ ਚੜ੍ਹਾਈਆਂ ਅਤੇ ਉਤਰਾਈਆਂ ਦੀ ਬਾਤ ਪਾਉਂਦੀਆਂ ਹਨ, ਜਿਨ੍ਹਾਂ ਨੇ ਕਈ ਸਾਲਾਂ ਤੱਕ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਗੀਤ-ਸੰਗੀਤ ਨਾਲ ਸਬੰਧਿਤ ਸ਼ਖ਼ਸੀਅਤਾਂ ਦੇ ਸੁਭਾਅ ਦੀਆਂ ਗਹਿਰੀਆਂ ਪਰਤਾਂ, ਉਨ੍ਹਾਂ ਦੇ ਕਿੱਤੇ ਦੀ ਸਫ਼ਲਤਾ ਦੀਆਂ ਗਹਿਰੀਆਂ ਰਮਜ਼ਾਂ ਦੇ ਨਾਲ-ਨਾਲ ਅਸ਼ੋਕ ਭੌਰਾ ਨਾਲ ਉਨ੍ਹਾਂ ਦੇ ਸਬੰਧਾਂ ਦੀ ਇਹ ਦਾਸਤਾਨ ਨਿਵੇਕਲੀ ਹੈ। ਅਸ਼ੋਕ ਭੌਰਾ ਨੇ ਆਪਣੇ ਜੀਵਨ-ਪੰਧ ਨੂੰ ਸੰਗੀਤ-ਹਸਤੀਆਂ ਨਾਲ ਆਪਣੇ ਰਿਸ਼ਤੇ ਦੇ ਨਜ਼ਰੀਏ ਤੋਂ ਚਿਤਰ ਕੇ ਸਾਹਿਤਕਾਰੀ ਦੀਆਂ ਨਵੀਆਂ ਪੈੜਾਂ ਪਾਈਆਂ ਹਨ। ਅਜਿਹਾ ਰੌਚਕ ਵਿਸਥਾਰ ਪੰਜਾਬੀ ਲੇਖਣੀ ਵਿਚ ਬਹੁਤ ਘੱਟ ਆਇਆ ਹੈ। 'ਅਜੀਤ' ਦੇ ਮੈਨੇਜਿੰਗ ਐਡੀਟਰ ਡਾ: ਬਰਜਿੰਦਰ ਸਿੰਘ ਹਮਦਰਦ ਦੇ ਅਸ਼ੋਕ ਭੌਰਾ ਦੀ ਜ਼ਿੰਦਗੀ, ਪੰਜਾਬੀ ਪੱਤਰਕਾਰੀ, ਪੰਜਾਬੀ ਗਾਇਕੀ, ਪੰਜਾਬੀ ਜਨਜੀਵਨ ਅਤੇ ਪੰਜਾਬੀ ਸੱਭਿਆਚਾਰ ਨੂੰ ਵਡਮੁੱਲੀ ਦੇਣ ਦੇ ਵਿਸਥਾਰ ਤੋਂ ਸ਼ੁਰੂ ਹੁੰਦੀ ਇਹ ਕਿਤਾਬ ਢਾਡੀ ਅਮਰ ਸਿੰਘ ਸ਼ੌਕੀ, ਸੁਰਿੰਦਰ ਕੌਰ, ਪੂਰਨ ਚੰਦ ਵਡਾਲੀ, ਕੁਲਦੀਪ ਮਾਣਕ, ਯਮਲਾ ਜੱਟ, ਮੁਹੰਮਦ ਸਦੀਕ, ਰਣਜੀਤ ਕੌਰ, ਅਮਰ ਚਮਕੀਲਾ, ਨਰਿੰਦਰ ਬੀਬਾ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਮਨਮੋਹਨ ਵਾਰਿਸ, ਸੁਰਜੀਤ ਬਿੰਦਰਖੀਆ, ਮਲਕੀਤ ਸਿੰਘ, ਪਰਮਿੰਦਰ ਸੰਧੂ ਆਦਿ ਦੀ ਗਾਇਕੀ ਅਤੇ ਜੀਵਨ ਦੀਆਂ ਗੱਲਾਂ ਕਰਦੀ ਹੋਈ, ਸ਼ਬਦਾਂ ਅਤੇ ਘਟਨਾਵਾਂ ਦੇ ਸੁਮੇਲ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਗੁੱਝੀਆਂ ਪਰਤਾਂ ਨੂੰ ਪੰਨਿਆਂ ਉੱਤੇ ਪਰੋਸ ਕੇ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਰਹੀ ਹੈ।
ਹੱਟੀਆਂ, ਭੱਠੀਆਂ ਅਤੇ ਸੱਥਾਂ ਵਾਲੇ ਪੰਜਾਬੀ ਲੋਕ ਜੀਵਨ ਨੇ ਕਿਵੇਂ ਕੁਝ ਹੀ ਸਾਲਾਂ ਵਿਚ ਲੋਕ-ਮੇਲਿਆਂ ਦਾ ਨਵਾਂ ਸੱਭਿਆਚਾਰ ਵਿਸਥਾਰਿਆ, ਇਸ ਦਾ ਚਿਤਰਨ ਵੀ ਅਸ਼ੋਕ ਭੌਰਾ ਨੇ ਖ਼ੂਬ ਕੀਤਾ ਹੈ ਅਤੇ ਜਗਦੇਵ ਸਿੰਘ ਜੱਸੋਵਾਲ ਦੀ ਕਾਰਜਸ਼ੈਲੀ ਦਾ ਉਲੇਖ ਕਰਦਿਆਂ ਮਾਹਿਲਪੁਰ ਦੇ ਅਮਰ ਸਿੰਘ ਸ਼ੌਕੀ ਮੇਲੇ ਦਾ ਇਤਿਹਾਸਕ ਦਸਤਾਵੇਜ਼ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉੱਘੇ ਗੀਤਕਾਰਾਂ ਦੇਵ ਥਰੀਕੇਵਾਲੇ, ਬਾਬੂ ਸਿੰਘ ਮਾਨ ਅਤੇ ਜਸਬੀਰ ਗੁਣਾਚੌਰੀਆ ਦਾ ਜ਼ਿਕਰ ਹੋਣ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬੀ ਗਾਇਕਾਂ ਨੁਸਰਤ ਫ਼ਤਹਿ ਅਲੀ ਖਾਨ, ਅਕਰਮ ਰਾਹੀ ਆਦਿ ਬਾਰੇ ਵੀ ਵਿਲੱਖਣ ਜਾਣਕਾਰੀ ਮਿਲਦੀ ਹੈ।
ਸਵੈ-ਜੀਵਨੀ ਦੇ ਅੰਦਾਜ਼ ਵਿਚ ਲਿਖੀ ਗਈ ਇਹ ਘਟਨਾਵਲੀ ਆਪਣੀ ਹੀ ਕਿਸਮ ਦੀ ਕਿਤਾਬ ਹੈ, ਜਿਸ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ।

ਂਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812
ਫ ਫ ਫ

ਲਹੂ ਰੰਗੀ ਮਹਿੰਦੀ
ਲੇਖਿਕਾ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 150 ਰੁਪਏ, ਸਫ਼ੇ : 112.
ਸੰਪਰਕ : 95010-73600

ਇਸ ਸੰਗ੍ਰਹਿ ਨਾਲ ਲੇਖਿਕਾ ਕਹਾਣੀਕਾਰਾਂ ਦੇ ਕਾਫ਼ਲੇ ਨਾਲ ਜੁੜ ਗਈ ਹੈ। ਪੁਸਤਕ ਦੀਆਂ 16 ਕਹਾਣੀਆਂ ਵਿਚ ਔਰਤ ਦੇ ਦੁੱਖਾਂ ਦੀ ਦਾਸਤਾਨ ਹੈ। ਖ਼ਾਸ ਕਰਕੇ ਵਿਧਵਾ ਹੋਣ ਦਾ ਦਰਦ ਕਹਾਣੀਆਂ ਦੀ ਮੁੱਖ ਸੁਰ ਹੈ। ਕਹਾਣੀ ਨਵੀਂ ਸਵੇਰ ਦੀ ਭਿੰਦੋ ਤੇ ਉਸ ਦਾ ਪਤੀ ਚੰਨੀ ਬੱਚਿਆਂ ਨਾਲ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਹਨ। ਕਿਸੇ ਦੁਰਘਟਨਾ ਵਿਚ ਚੰਨੀ ਅਣਿਆਈ ਮੌਤੇ ਦੁਨੀਆ ਤੋਂ ਤੁਰ ਜਾਂਦਾ ਹੈ। ਕਹਾਣੀ ਵਿਚ ਉਨ੍ਹਾਂ ਦੇ ਪਿਆਰ ਦੀ ਬਣਦੀ ਤੇ ਟੁੱਟਦੀ ਗੂੜ੍ਹੀ ਤਸਵੀਰ ਉੱਭਰਦੀ ਹੈ। ਪੁਸਤਕ ਟਾਈਟਲ ਵਾਲੀ ਕਹਾਣੀ ਵਿਚ ਇਸ ਕਹਾਣੀ ਦਾ ਸਾਰਾ ਪ੍ਰਸੰਗ ਹੈ ਕਿ ਇਹ ਤਾਂ ਲੇਖਿਕਾ ਦਾ ਆਪਣਾ ਹੱਡੀਂ ਹੰਢਾਇਆ ਦਰਦ ਹੈ। ਸੰਗ੍ਰਹਿ ਦੀ ਕਹਾਣੀ ਭੂਆ ਤਾਰੋ ਤਲਾਕਸ਼ੁਦਾ ਹੈ। ਇਕ ਪੁੱਤਰ ਹੈ। ਰੀਝਾਂ ਨਾਲ ਪਾਲਦੀ ਹੈ। ਕਾਲਜ ਅਧਿਆਪਕ ਬਣਦਾ ਹੈ। ਪਰ ਵਿਆਹ ਕਰਵਾ ਕੇ ਦੂਰ ਚਲਾ ਜਾਂਦਾ ਹੈ। ਤਾਰੋ ਵਿਚਾਰੀ ਸੰਤਾਪ ਭੋਗਦੀ ਮਰ ਜਾਂਦੀ ਹੈ। ਪਛਤਾਵਾ ਕਹਾਣੀ ਦੀ ਸਿਮਰਨ ਫ਼ੌਜੀ ਪਤੀ ਤੋਂ ਪ੍ਰੇਸ਼ਾਨ ਹੈ। ਅੰਦਰਲੀ ਕੁੜੀ ਦੀ ਪ੍ਰੀਤੀ ਯਤੀਮ ਹੋ ਕੇ ਆਪਣੀ ਛੋਟੀ ਭੈਣ ਨੂੰ ਪਾਲਦੀ ਹੈ ਤੇ ਨਿੱਕੀ ਉਮਰੇ ਮਾਂ ਵਾਂਗ ਵਿਚਰਦੀ ਹੈ। ਕਹਾਣੀ ਵਲਾਇਤ ਦੀ ਸਰਬਜੀਤ ਨੂੰ ਉਸ ਦਾ ਵਿਦੇਸ਼ ਗਿਆ ਪਤੀ ਧੋਖਾ ਦਿੰਦਾ ਹੈ। ਰੂਹਾਂ ਦੇ ਸੌਦੇ ਦੀ ਕਿਰਨ ਤੇ ਕਰਨੈਲ ਦਾ ਵੀ ਇਹੀ ਦਰਦ ਹੈ। ਰੱਖੋ ਦਾਈ ਨੂੰ ਵਿਧਵਾ ਧੀ ਰੇਸ਼ਮਾ ਦਾ ਦੁੱਖ ਹੈ। ਨਾਨੀ ਦੋਹਤਿਆਂ ਨੂੰ ਪਾਲਦੀ ਹੈ। ਇੰਤਜ਼ਾਰ ਦੀ ਕਾਂਤਾ ਨੂੰ ਆਪਣੇ ਮੁਹੱਬਤੀ ਸੁਨੀਲ ਨੂੰ ਸਭ ਕੁਝ ਸੌਂਪ ਕੇ ਉਸ ਦੀ ਉਡੀਕ ਕਰਨੀ ਪੈਂਦੀ ਹੈ। ਕਹਾਣੀਆਂ ਰੂਹਾਂ ਦੇ ਫੇਰੇ, ਕਰਮਜਲੀ, ਦਿਲਾਂ ਦੀ ਸਾਂਝ, ਮਿਡ ਡੇ ਮੀਲ ਔਰਤਾਂ ਦੇ ਦੁੱਖਾਂ ਦੀ ਭਾਵਕ ਪੇਸ਼ਕਾਰੀ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਦਿਲਬਰੀਆਂ
ਲੇਖਕ : ਹਰੀ ਸਿੰਘ ਦਿਲਬਰ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ (ਹਰਿਆਣਾ)
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-2777798.

ਹਰੀ ਸਿੰਘ ਦਿਲਬਰ ਪੰਜਾਬੀ ਦਾ ਹਰਮਨ-ਪਿਆਰਾ ਤੇ ਸਟੇਜ ਦਾ ਧਨੀ ਸ਼ਾਇਰ ਸੀ, ਜਿਸ ਨੇ ਅਨੇਕਾਂ ਸਥਾਨਕ ਤੇ ਰਾਸ਼ਟਰੀ ਕਵੀ ਦਰਬਾਰਾਂ ਵਿਚ ਭਾਗ ਲੈ ਕੇ ਆਪਣੀ ਕਲਾ ਦਾ ਜੌਹਰ ਦਿਖਾਇਆ ਸੀ। ਦਿਲਬਰ ਨੂੰ ਚੌਕਿਆਂ ਛਿੱਕਿਆਂ ਵਾਲੇ ਕਾਵਿ-ਰੂਪ ਦਾ ਉਸਤਾਦ ਮੰਨਿਆ ਜਾਂਦਾ ਹੈ। ਉਸ ਨੇ ਇਸ ਕਾਵਿ ਸਿਨਫ਼/ਵਿਧਾ ਨੂੰ ਹਰਮਨ-ਪਿਆਰਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਪੁਸਤਕ ਵਿਚ ਉਸ ਦੇ ਦੁੱਕੇ (ਦੋ ਦੋ ਸਤਰਾਂ ਦੀ ਕਵਿਤਾ), ਚੌਕੇ, ਛਿੱਕੇ ਤੇ ਕੁਝ ਹਾਸ-ਰਸੀ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਦਿਲਬਰ ਪੇਸ਼ੇ ਵਜੋਂ ਭਾਵੇਂ ਹਲਵਾਈ ਸੀ ਪਰ ਉਸ ਦਾ ਅਨੁਭਵ ਬਹੁਤ ਵਿਸ਼ਾਲ ਅਤੇ ਸੰਘਣਾ ਸੀ। ਉਸ ਦੀ ਦ੍ਰਿਸ਼ਟੀ ਅਤੇ ਨੀਝ ਏਨੀ ਤਿੱਖੀ ਸੀ ਕਿ ਉਹ ਸਮੇਂ ਅਤੇ ਸਥਿਤੀ ਵਿਚ ਪੈਦਾ ਹੋਈ ਵਿਸੰਗਤੀ ਨੂੰ ਝੱਟ ਤਾੜ ਜਾਂਦਾ ਸੀ। ਉਸ ਨੇ ਜੀਵਨ ਦੇ ਹਰ ਖੇਤਰ ਤੇ ਹਰ ਰੰਗ ਦੇ ਮਨੁੱਖਾਂ ਦੇ ਕਿਰਦਾਰ, ਗੁਫ਼ਤਾਰ ਅਤੇ ਹੀਲ-ਪਿਆਜ਼ ਨੂੰ ਆਪਣੇ ਵਿਅੰਗ ਰਾਹੀਂ ਨੰਗਿਆਂ ਕੀਤਾ ਹੈ।
ਇਨ੍ਹਾਂ ਛੋਟੇ-ਛੋਟੇ ਕਾਵਿ-ਰੂਪਾਂ ਰਾਹੀਂ ਉਹ ਆਪਣੀ ਗੱਲ ਕਹਿੰਦਾ-ਕਹਿੰਦਾ ਆਖ਼ਰੀ ਸਤਰ ਜਾਂ ਵਾਕ ਵਿਚ ਵਿਅੰਗ-ਵਿਸਫੋਟ ਕਰਦਾ ਹੈ। ਸਾਧਾਰਨ ਗੱਲ ਅਸਾਧਾਰਨ ਪ੍ਰਭਾਵ ਪਾਉਂਦੀ ਹੋਈ ਸ੍ਰੋਤੇ 'ਤੇ ਆਪਣਾ ਡੂੰਘਾ ਪ੍ਰਭਾਵ ਪਾਉਂਦੀ ਹੈ। ਉਹ ਜਾਂ ਤਾਂ ਹੱਸਦਾ ਹੈ ਤੇ ਜਾਂ ਫਿਰ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਸਟੇਜੀ ਕਵੀ ਵਿਚ ਇਹ ਗੁਣ ਬਹੁਤ ਲਾਹੇਵੰਦਾ ਹੁੰਦਾ ਹੈ ਕਿਉਂਕਿ ਉਸ ਨੇ ਆਪਣੀ ਕਵਿਤਾ ਰਾਹੀਂ ਨਿਵੇਕਲਾ ਪ੍ਰਭਾਵ ਪਾ ਕੇ ਵਾਹ-ਵਾਹ ਲੁੱਟਣੀ ਹੁੰਦੀ ਹੈ ਤੇ ਸ੍ਰੋਤਿਆਂ ਦਾ ਮਨੋਰੰਜਨ ਵੀ ਕਰਨਾ ਹੁੰਦਾ ਹੈ ਤੇ ਉਨ੍ਹਾਂ ਨੂੰ ਸਮਾਜਿਕ ਵਿਸੰਗਤੀਆਂ ਪ੍ਰਤੀ ਚੇਤਨ ਵੀ ਕਰਨਾ ਹੁੰਦਾ ਹੈ ਤੇ ਇਹੋ ਕੰਮ ਦਿਲਬਰ ਹੁਰੀਂ ਕਰਦੇ ਰਹੇ ਨੇ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਮਾਨਵ ਭਾਸ਼ਾ ਵਿਗਿਆਨ :
ਸੰਕਟ ਗ੍ਰਸਤ ਭਾਸ਼ਾਵਾਂ ਦਾ ਮਸਲਾ

ਸਰਪ੍ਰਸਤ : ਡਾ: ਰੇਖਾ ਸੂਦ ਹਾਂਡਾ,
ਮੁੱਖ ਸੰਪਾਦਕ: ਡਾ: ਇੰਦਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 154.
ਸੰਪਰਕ : 94630-88272.

ਹਥਲੀ ਪੁਸਤਕ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੇ ਭਵਿੱਖਮੁਖੀ ਕਥਿਤ ਸੰਕਟ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਸਬੰਧੀ ਜਾਣਕਾਰੀ ਦਿੰਦੀ ਹੈ। ਯੂਨੀਵਰਸਿਟੀ ਗ੍ਰਾਂਟ-ਕਮਿਸ਼ਨ ਦੇ ਅੰਤਰਗਤ ਦਿੱਤੀਆਂ ਜਾਂਦੀਆਂ ਵਿਭਿੰਨ ਪ੍ਰਕਾਰ ਦੀਆਂ ਗ੍ਰਾਂਟਾਂ ਵਿਚੋਂ ਆਯੋਜਿਤ ਕਰਵਾਏ ਗਏ ਸੰਵਾਦ ਸੈਮੀਨਾਰ ਦੀ ਉਪਜ, ਇਹ ਪੁਸਤਕ ਬਹੁਤ ਸਾਰੇ ਤੌਖਲਿਆਂ ਨੂੰ ਅਤੇ ਬਹੁਤ ਸਾਰੀਆਂ ਸ਼ੁੱਭ-ਆਸ਼ਾਵਾਂ ਨੂੰ ਸਾਡੇ ਸਨਮੁੱਖ ਕਰਦੀ ਹੈ। ਪੁਸਤਕ ਵਿਚ ਅੰਕਿਤ 31 ਲਘੂ-ਖੋਜ ਨਿਬੰਧ ਭਾਵੇਂ ਪੰਜਾਬੀ ਭਾਸ਼ਾ ਦੇ ਵਿਭਿੰਨ ਪਹਿਲੂਆਂ ਦੀ ਪਛਾਣ ਤੋਂ ਵਿਰਵੇ ਹਨ ਅਤੇ ਇਕ ਪੱਖੀ, ਸੀਮਤ ਸੋਚ-ਦ੍ਰਿਸ਼ਟੀ ਦੇ ਧਾਰਿਕ ਹਨ, ਪਰੰਤੂ ਫਿਰ ਵੀ ਇਨ੍ਹਾਂ ਵਿਚੋਂ ਮਾਂ-ਬੋਲੀ ਪੰਜਾਬੀ ਅਤੇ ਗੁਰਮੁਖੀ ਲਿਪੀ ਦੇ ਵਿਕਾਸ-ਪ੍ਰਸੰਗਾਂ, ਅਜੋਕੇ ਸਮੇਂ 'ਚ ਪੰਜਾਬੀ ਭਾਸ਼ਾ ਪ੍ਰਤੀ ਆ ਰਹੇ ਅਵੇਸਲੇਪਣ ਅਤੇ ਵਿਸ਼ਵ ਪੱਧਰ 'ਤੇ ਇਸ ਦੀ ਹੋਂਦ-ਸਥਿਤੀ ਦੇ ਪ੍ਰਤਿਮਾਨਾਂ ਨੂੰ ਬਾਖੂਬੀ ਪ੍ਰਗਟ ਕਰਦੇ ਹੋਏ ਪ੍ਰਤੀਤ ਹੁੰਦੇ ਹਨ। ਸਭਨਾਂ ਖੋਜਾਰਥੀਆਂ ਵਲੋਂ, ਭਾਵੇਂ ਇਨ੍ਹਾਂ ਵਿਚ ਵਧੇਰੇ ਨਾਰੀ-ਜਾਤੀ ਖੋਜਕਾਰਾਂ ਹੀ ਹਨ, ਦਾ ਸਾਂਝਾ ਪੈਗ਼ਾਮ ਹੈ ਕਿ, 'ਮਾਂ ਬੋਲੀ, ਮਾਂ ਜਣਨੀ, ਧਰਤੀ ਮਾਤਾ ਕੋਲੋਂ, ਟੁੱਟ ਕੇ ਬੰਦਾ, ਮਰਦਾ ਮਰਦਾ ਮਰ ਜਾਂਦਾ ਹੈ'। ਇਹ ਸੰਕਲਪ ਇਸ ਕਰਕੇ ਹੈ, ਕਿਉਂ ਜੋ ਸਮਾਜਿਕ-ਸੱਭਿਆਚਾਰਕ ਵਰਤਾਰਾ ਆਪਣੇ ਖਿੱਤੇ ਅਤੇ ਕੌਮੀਅਤ ਦੀ ਬੋਲੀ ਦੇ ਪ੍ਰਚਾਰ-ਪ੍ਰਸਾਰ ਸਦਕਾ ਹੀ ਜੀਵੰਤ ਰਹਿ ਸਕਦਾ ਹੈ। ਪੰਜਾਬ ਹੀ ਨਹੀਂ, ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਹੀ ਨਹੀਂ, ਸਗੋਂ ਵਿਭਿੰਨ ਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੀ, ਨਵੀਂ ਅਤੇ ਪੁਰਾਤਨ ਪੀੜ੍ਹੀ ਦੀ ਸੋਚ-ਦ੍ਰਿਸ਼ਟੀ ਨੂੰ ਵੀ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰਦੀ ਹੈ, ਕਈ ਸ਼ੰਕੇ ਵੀ ਪੈਦਾ ਕਰਦੀ ਹੈ ਅਤੇ ਕਈ ਸ਼ੰਕਿਆਂ ਦਾ ਨਿਵਾਰਨ ਵੀ ਕਰਦੀ ਹੈ।

ਫ ਫ ਫ

ਅਸੀਂ ਜਿੱਤਾਂਗੇ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 94170-76735.

ਉਸਾਰੂ ਵਿਚਾਰਧਾਰਿਕ ਚਿੰਤਕ ਕਾਰਲ ਮਾਰਕਸ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਕ ਸੋਚ ਦ੍ਰਿਸ਼ਟੀ ਨਾਲ ਜੁੜੇ ਮਰਜੀਵੜਿਆਂ ਦੇ ਜੀਵਨ ਬ੍ਰਿਤਾਂਤ ਦੀ ਜਾਣਕਾਰੀ ਦਿੰਦੀ ਇਹ ਹੱਥਲੀ ਪੁਸਤਕ ਸੱਚਮੁੱਚ ਅਜੋਕੀ ਸਾਇਕੀ ਵਾਲੇ ਚਿੰਤਕਾਂ ਲਈ ਵਿਸ਼ੇਸ਼ ਭਾਂਤ ਤੱਥ-ਮੂਲਕ ਸਬੂਤਾਂ ਸਹਿਤ ਪਾਠਕਾਂ ਦੇ ਸਨਮੁੱਖ ਹੈ।
ਸੰਪਾਦਕ ਅਮੋਲਕ ਸਿੰਘ ਲੰਮੇ ਅਰਸੇ ਤੋਂ ਪ੍ਰਗਤੀਸ਼ੀਲ, ਇਨਕਲਾਬੀ ਅਤੇ ਚੇਤੰਨ ਧਾਰਾ ਨਾਲ ਜੁੜਿਆ ਲੇਖਕ ਹੈ। ਉਸ ਨੇ ਡੂੰਘੇ ਖੇਤਰੀ ਖੋਜ-ਪੱਧਤੀ ਮਾਧਿਅਮ ਜ਼ਰੀਏ ਵਿਭਿੰਨ ਉਨ੍ਹਾਂ ਮਰਜੀਵੜਿਆਂ ਦੇ ਟੱਬਰਾਂ ਦੇ ਜੀਵੰਤ ਲੋਕਾਂ ਨਾਲ ਸਮੇਂ-ਸਮੇਂ ਮੁਲਾਕਾਤਾਂ ਕਰਕੇ ਉਸਾਰੂ ਅਤੇ ਲੋਕ ਹਿੱਤਾਂ ਦੇ ਕਾਰਜਸ਼ੀਲ ਵਿਅਕਤੀਤਵ ਦੇ ਧਾਰਕਾਂ ਨੂੰ, ਚਾਹੇ ਉਹ ਨੌਜਵਾਨੀ ਦੀ ਦਹਿਲੀਜ਼ 'ਚ ਹਨ ਜਾਂ ਜਵਾਨੀ ਮਾਣ ਰਹੇ ਹਨ ਜਾਂ ਬੁਢੇਪੇ ਦੀ ਅਵਸਥਾ 'ਚ ਹਨ, ਆਦਿ ਸਭਨਾਂ ਦੇ ਜੀਵਨ ਬ੍ਰਿਤਾਂਤ ਨੂੰ ਇਸ ਪੁਸਤਕ ਵਿਚ ਅੰਕਿਤ ਕੀਤਾ ਹੈ। ਪੁਸਤਕ ਵਿਚ ਦਰਸਾਈ ਜਾਣਕਾਰੀ ਵਧੇਰੇਤਰ ਸਵਾਲ-ਜਵਾਬ ਦੀ ਜੁਗਤ ਰਾਹੀਂ ਪ੍ਰਗਟ ਹੈ। ਇਹ ਸਵਾਲ ਜਵਾਬ ਘਰ-ਘਰ ਜਾ ਕੇ, ਕਸਬੇ-ਕਸਬੇ ਜਾ ਕੇ ਅਮੋਲਕ ਸਿੰਘ ਨੇ ਬਹੁਤ ਸਾਰੀਆਂ ਸੰਵੇਦਨਸ਼ੀਲ ਅਥਵਾ ਸੋਗੀ ਅਵਸਥਾਵਾਂ ਵਿਚ ਵਿਚਰਦਿਆਂ ਹੋਇਆਂ ਪ੍ਰਾਪਤ ਕੀਤੇ ਹਨ। ਲੋਕ ਹਿੱਤਾਂ ਲਈ ਜੂਝਦੇ ਨੌਜਵਾਨਾਂ ਨੂੰ ਨਕਸਲਬਾੜੀਏ ਕਹਿ ਕੇ ਜਾਂ ਦੇਸ਼ ਹਿੱਤਾਂ ਦੇ ਵਿਰੋਧੀ ਕਹਿ ਕੇ, ਜਿਸ ਕਦਰ ਵਕਤੀ ਹਕੂਮਤ ਦੁਆਰਾ ਗੋਲੀਆਂ ਮਾਰ ਕੇ, ਸਦਾ ਦੀ ਨੀਂਦੇ ਸੁਆ ਦਿੱਤਾ ਜਾਂਦਾ ਰਿਹਾ ਅਤੇ ਉਨ੍ਹਾਂ ਦੀਆਂ ਮਾਵਾਂ, ਭੈਣਾਂ ਦੇ ਘਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਜਾਂਦਾ ਰਿਹਾ, ਉਨ੍ਹਾਂ ਸਭਨਾਂ ਘਟਨਾਵਾਂ, ਸਥਾਨਾਂ, ਪਿੰਡਾਂ, ਘਰਾਂ ਦਾ ਬਾਰੀਕੀ ਨਾਲ ਪੁਸਤਕ ਵਿਚ ਜ਼ਿਕਰ ਹੈ।
ਗੱਲ ਭਾਵੇਂ ਸੁਰਜੀਤ ਬਾਗੜੀਆਂ, ਮਾਸਟਰ ਰਣਜੀਤ ਸਿੰਘ, ਰਾਜ ਕਿਸ਼ੋਰ ਮਹਿਲ, ਤੇਜਾ ਸਿੰਘ ਗੋਬਿੰਦਪੁਰਾ, ਅਜੈਬ ਸਿੰਘ 'ਮਲਕੋਂ', ਮਿੰਦਰ ਰਾਮਗੜ੍ਹ, ਇਕਬਾਲ ਮੰਗੂਵਾਲ, ਬਲਬੀਰ ਸਿੰਘ ਮਿੱਠੇਵਾਲ, ਉਂਕਾਰ ਸਿੰਘ ਕਲੋਆ, ਸ਼ਿਵ ਲਾਲ ਬਾਂਸਲ, ਟਹਿਲ ਸਿੰਘ 'ਲਹਿਰਾ', ਅਜੀਤ ਰਾਮ, ਤਰਲੋਚਨ ਸਿੰਘ ਬਾਬਕ, ਉਜਾਗਰ ਸਿੰਘ ਬਡਵਾਲੀ, ਅਜੀਤ ਸਿੰਘ ਸੀਕਰੀ ਅਤੇ ਸੋਹਣ ਲਾਲ ਆਦਿ ਦੇ ਪਰਿਵਾਰਾਂ ਦੇ ਬਾਕੀ ਰਹਿੰਦੇ ਜੀਆਂ ਨਾਲ ਮੁਲਾਕਾਤੀ ਰੂਪ ਵਿਚ ਹੈ ਪਰ ਇਹ ਸਭ ਕੁਝ ਸੱਚਾਈ ਦੇ ਕਥਨਾਂ ਦਾ ਪ੍ਰਗਟਾਵਾ ਹੈ। ਪੁਸਤਕ ਦੇ ਅੰਤਿਮ ਅਧਿਆਇਆਂ ਵਿਚ ਪੰਜਾਬ ਵਿਚਲੀ ਸਥਿਤੀ ਦਾ ਜ਼ਿਕਰ ਅਤੇ ਬਹੁਤ ਸਾਰੇ ਪੜਤਾਲੀਆ ਵਿਵਰਣਾਂ ਦਾ ਵੀ ਜ਼ਿਕਰ ਹੈ ਅਤੇ ਨਾਲ ਦੀ ਨਾਲ ਬਜ਼ੁਰਗ ਅਤੇ ਨੌਜਵਾਨ ਮਾਨਵੀ ਮਾਨਸਿਤਕਾ ਨੂੰ ਜੀਵੰਤ ਰੱਖਣ ਵਾਲੇ ਮਰਜੀਵੜਿਆਂ ਦਾ ਵੀ ਤਸਵੀਰਾਂ ਸਮੇਤ ਵਰਣਨ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਆਓ ਘੁੰਮਣ ਚੱਲੀਏ...
ਲੇਖਕ : ਹਰਦੀਪ ਕੁਲਾਮ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94172-27229.

ਇਹ ਪੁਸਤਕ ਇਕ ਸਫ਼ਰਨਾਮਾ ਹੈ, ਜਿਸ ਵਿਚ ਹਿਮਾਚਲ ਪ੍ਰਦੇਸ਼ ਅਤੇ ਨਿਪਾਲ ਦੇ ਕੁਝ ਚੋਣਵੇਂ ਸਥਾਨਾਂ ਦਾ ਜ਼ਿਕਰ ਹੈ। ਕੁਝ ਧਾਰਮਿਕ ਅਤੇ ਇਤਿਹਾਸਕ ਥਾਵਾਂ ਦੀ ਜਾਣਕਾਰੀ ਬੜੇ ਸਰਲ ਅਤੇ ਰੌਚਿਕ ਢੰਗ ਨਾਲ ਦਿੱਤੀ ਗਈ ਹੈ। ਕੁਝ ਰੰਗਦਾਰ ਫੋਟੋਆਂ ਵੀ ਹਨ। ਦੇਵ ਭੂਮੀ ਕਹਾਉਣ ਵਾਲੇ ਹਿਮਾਚਲ ਵਿਚ ਮੰਡੀ, ਮਨੀਕਰਨ, ਕੁੱਲੂ, ਮਨਾਲੀ, ਰਿਵਾਲਸਰ ਸਾਹਿਬ ਦਾ ਵਰਣਨ ਦਿੱਤਾ ਗਿਆ ਹੈ। ਕੁਝ ਦਿਲਚਸਪ ਨੁਕਤੇ ਸਾਂਝੇ ਕੀਤੇ ਗਏ ਹਨ। ਜਿਵੇਂ ਮੰਡੀ ਨੂੰ ਹਿਮਾਚਲ ਦੀ ਕਾਸ਼ੀ ਕਿਹਾ ਜਾਂਦਾ ਹੈ, ਕਿਉਂਕਿ ਇਥੇ ਕਾਸ਼ੀ (ਬਨਾਰਸ) ਤੋਂ ਵੀ ਵੱਧ ਮੰਦਰ ਹਨ। ਮੰਡੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਨਿਸ਼ਾਨੀਆਂ ਪਲੰਘ, ਤਲਾਈ, ਬੰਦੂਕ, ਬਾਰੂਦ ਦੀ ਕੁੱਪੀ ਅਤੇ ਰਬਾਬ ਸੁਸ਼ੋਭਿਤ ਹਨ, ਜੋ ਆਪ ਜੀ ਨੇ ਰਾਜੇ ਸਿੱਧ ਸੈਣ ਨੂੰ ਬਖ਼ਸ਼ੀਆਂ ਸਨ। ਨਿਪਾਲ ਦੇਸ਼ ਅੱਜ ਤੱਕ ਕਦੇ ਕਿਸੇ ਦਾ ਗੁਲਾਮ ਨਹੀਂ ਹੋਇਆ। ਜਿਥੇ ਨਿਪਾਲ ਦਾ ਮਹਾਤਮਾ ਬੁੱਧ ਨਾਲ ਨਾਤਾ ਹੈ, ਉਥੇ ਮਾਤਾ ਸੀਤਾ ਜੀ ਦਾ ਪੇਕਾ ਘਰ ਵੀ ਹੈ (ਜਨਕਪੁਰ)। ਇਥੇ ਕੌਲੀ ਤੋਂ ਲੈ ਕੇ ਕੜਾਹੀ ਤੱਕ ਇਹੋ ਜਿਹੇ ਭਾਂਡੇ ਮਿਲਦੇ ਹਨ, ਜਿਨ੍ਹਾਂ ਨੂੰ ਵਜਾਉਣ 'ਤੇ 'ਓਮ' ਵਰਗੀ ਆਵਾਜ਼ ਨਿਕਲਦੀ ਹੈ, ਜੋ ਕਿ ਥੈਰੇਪੀ ਦਾ ਕੰਮ ਕਰਦੀ ਹੈ। ਇਨ੍ਹਾਂ 'ਸਿੰਗਿੰਗ ਬਾਊਲਜ਼' ਦੀ ਕੀਮਤ ਹਜ਼ਾਰਾਂ ਲੱਖਾਂ ਤੱਕ ਹੁੰਦੀ ਹੈ। ਕਾਠਮੰਡੂ ਵਿਖੇ ਸਾਰਕ ਦੇਸ਼ਾਂ ਦਾ ਮੁੱਖ ਦਫ਼ਤਰ ਹੈ। ਪਸ਼ੂਪਤੀਨਾਥ ਮੰਦਰ ਜਿਥੇ ਨਿਪਾਲ ਦਾ ਸਭ ਤੋਂ ਪੁਰਾਣੇ ਤੇ ਵਿਸ਼ਾਲ ਮੰਦਰ ਹੈ, ਉਥੇ ਇਸ ਨੂੰ ਯੂਨੈਸਕੋ ਵਲੋਂ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਥੇ ਭੈਂਸੇ ਦੇ ਸਿਰ ਦੀ ਪੂਜਾ ਹੁੰਦੀ ਹੈ। ਮਹਾਤਮਾ ਬੁੱਧ ਦੇ ਜਨਮ ਸਥਾਨ ਸਮਾਰਕ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਦਾ ਰੁਤਬਾ ਮਿਲਿਆ ਹੋਇਆ ਹੈ। ਫੇਵ ਲੇਕ, ਡੇਵੀਜ਼ ਫਾਲ, ਗੁਪਤੇਸ਼ਵਰ ਮਹਾਂਗੁਫ਼ਾ, ਮਹਿੰਦਰ ਗੁਫ਼ਾ, ਬੈਟ ਗੁਫ਼ਾ, ਨੀਲਕੰਠ ਮੰਦਰ, ਬੁੱਧ ਅਮੀਦੇਵਾ ਪਾਰਕ ਅਤੇ ਸਵੈਮਬੂਨਾਥ ਸਤੂਪ ਇਥੋਂ ਦੀਆਂ ਅਦਭੁੱਤ ਥਾਵਾਂ ਹਨ। ਇਹ ਪੁਸਤਕ ਪੜ੍ਹਨਯੋਗ ਤੇ ਮਾਣਨਯੋਗ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਮੇਂ ਦੀ ਪੈੜ
ਲੇਖਕ : ਡਾ: ਲੇਖ ਰਾਜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ (ਸਜਿਲਦ), ਸਫ਼ੇ : 88
ਸੰਪਰਕ : 94644-25912.

ਇਸ ਪੁਸਤਕ ਵਿਚ ਲੇਖਕ ਨੇ ਛੰਦ-ਬੱਧ ਕਵਿਤਾਵਾਂ ਦੇ ਨਾਲ-ਨਾਲ ਗੀਤਾਂ ਨੂੰ ਵੀ ਸ਼ਾਮਿਲ ਕੀਤਾ ਹੈ। ਹਰ ਜਾਗਦੀ ਅਤੇ ਜੀਵੰਤ ਆਤਮਾ ਜ਼ਿੰਦਗੀ 'ਚ ਇਕ ਸੁਪਨਾ ਬੁਣਦੀ ਹੈ ਅਤੇ ਉਸ ਦੀ ਤਾਮੀਰ 'ਚ ਤਾ-ਉਮਰ ਸੰਘਰਸ਼ ਕਰਦੀ ਹੈ, ਜੇ ਉਸ ਦਾ ਸੁਪਨਾ ਅਧਵਾਟੇ ਹੀ ਮਰ ਜਾਵੇ ਤਾਂ ਉਹ ਆਤਮਾ ਵਜੂਦ 'ਚ ਰਹਿੰਦਿਆਂ ਵੀ ਮਰ ਜਾਂਦੀ ਹੈ। ਇਹ ਵਿਅਕਤੀ ਦੀ ਆਤਮਿਕ ਮੌਤ ਹੈ। ਮਨੁੱਖ ਦਾ ਸੁਪਨਾ ਨਹੀਂ ਮਰਨਾ ਚਾਹੀਦਾ, ਸੁਪਨੇ ਦੀ ਤਾਮੀਰ ਲਈ ਤਾ-ਉਮਰ ਸੰਘਰਸ਼ ਅਤੇ ਸਿਰੜਤਾ ਅਤਿਅੰਤ ਲਾਜ਼ਮੀ ਹੈ। ਸੁਪਨੇ ਦਾ ਸਬੰਧ ਵਿਅਕਤੀਗਤ ਅਤੇ ਸਮੂਹਿਕ ਹੈ। ਅਜਿਹੀਆਂ ਭਾਵਨਾਵਾਂ ਡਾ: ਲੇਖ ਰਾਜ ਦੇ ਇਸ ਕਾਵਿ-ਸੰਗ੍ਰਹਿ 'ਚ ਥਾਂ-ਪੁਰ-ਥਾਂ ਦੇਖੀਆਂ ਜਾ ਸਕਦੀਆਂ ਹਨ।
ਚਲ ਆ ਮਿਲ ਕੇ
ਦੁਆ ਕਰੀਏ
ਕਿਸੇ ਮਨੁੱਖ ਦੇ
ਸੁਪਨੇ ਮਰਨ ਨਾ
ਕਿਉਂਕਿ
ਸੁਪਨਿਆਂ ਦੇ ਮਰਨ ਨਾਲ
ਮਨੁੱਖ ਖ਼ੁਦ ਵੀ
ਮਰ ਜਾਂਦਾ ਹੈ।
ਸ਼ਿਵ ਕੁਮਾਰ ਬਟਾਲਵੀ ਦੀਆਂ ਕਪੂਰਥਲਾ ਵਿਖੇ ਤਰੰਨਮ ਨਾਲ ਸੁਣੀਆਂ ਕਵਿਤਾਵਾਂ ਦਾ ਹੀ ਅਸਰ ਸੀ ਕਿ ਡਾ: ਲੇਖ ਰਾਜ ਪੜ੍ਹਨ, ਗੁੜ੍ਹਨ ਤੇ ਲਿਖਣਯੋਗ ਹੋਏ। ਉਨ੍ਹਾਂ ਦੇ ਇਸ ਸੰਘਰਸ਼ ਦੀਆਂ ਇਹ ਕਵਿਤਾਵਾਂ ਜ਼ਾਮਨ ਹਨ। ਸੁਚੱਜਾ ਸਾਹਿਤ ਜ਼ਿੰਦਗੀ ਨੂੰ ਸੇਧਿਤ ਹੀ ਨਹੀਂ ਕਰਦਾ, ਸਗੋਂ ਵਿਗਸਣ-ਯੋਗ ਵੀ ਬਣਾਉਂਦਾ ਹੈ। ਇਹ ਪ੍ਰੇਰਨਾ ਵੀ ਦਿੰਦਾ ਹੈ ਕਿ ਚੰਗੇ ਸਾਹਿਤ ਨਾਲ ਡੂੰਘੀ ਦੋਸਤੀ ਪਾਈ ਜਾਵੇ। 'ਗੀਤ' ਪੰਜਾਬੀ ਕਾਵਿ-ਜਗਤ ਦਾ ਅਹਿਮ ਹਿੱਸਾ ਹੈ, ਪਰ ਇਸ ਪਾਸੇ ਕਵੀਆਂ ਨੇ ਘੱਟ ਧਿਆਨ ਦਿੱਤਾ ਹੈ। ਪਰ ਡਾ: ਸਾਹਿਬ ਨੇ ਇਸ ਪਾਸੇ ਆਪਣੀਆਂ ਲਿਖਤਾਂ ਦੇ ਕੇ ਪੰਜਾਬੀ ਜੀਵਨ 'ਚ 'ਹੁਲਾਸ' ਭਰਨ ਦਾ ਪ੍ਰਪੱਕ ਯਤਨ ਕੀਤਾ ਹੈ। ਸਮੁੱਚੀਆਂ ਕਵਿਤਾਵਾਂ ਪੜ੍ਹਨਯੋਗ ਵੀ ਹਨ ਅਤੇ ਗੌਲਣਯੋਗ ਵੀ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
ਫ ਫ ਫ

ਕਵਿਤਾ ਮੇਰੇ ਜਿਹੀ
ਕਵੀ : ਡਾ: ਮੋਨੋਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 92
ਸੰਪਰਕ : 094191-39906.

ਹਥਲੀ ਪੁਸਤਕ ਵਿਚ ਕਵੀ ਮੋਨੋਜੀਤ ਨੇ ਕੁੱਲ 48 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਟਾਖਸ਼ ਉਸ ਦੇ ਲਹੂ ਵਿਚ ਘੁਲਿਆ ਹੋਇਆ ਤੱਤ ਹੈ, ਇਸੇ ਲਈ ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਵੀ ਕਾਵਿ ਬਿਰਤਾਂਤ ਦਾ ਰੰਗ ਕਟਾਖਸ਼ੀ ਹੋ ਕੇ ਉੱਘੜਦਾ ਹੈ। ਉਹ ਆਪਣੇ ਆਸੇ-ਪਾਸੇ ਫੈਲੇ ਸਮਾਜਿਕ ਵਰਤਾਰੇ ਵਿਚੋਂ ਹੰਸ ਬੁੱਧ ਨਾਲ ਮਨੁੱਖ ਵਿਰੋਧੀ ਵਰਤਾਰਿਆਂ ਨੂੰ ਵੱਖ ਕਰਦਾ ਹੈ ਅਤੇ ਅਵਚੇਤਨ ਵਿਚ ਢਾਲ ਕੇ ਪੇਸ਼ ਕਰਦਾ ਹੈ। ਉਹ ਚਿੰਨ੍ਹਾਂ, ਬਿੰਬਾਂ ਅਤੇ ਅਲੰਕਾਰਾਂ ਰਾਹੀਂ ਪਾਠਕ ਦੀ ਦਿਲਚਸਪੀ ਨੂੰ ਜਗਾ ਕੇ ਆਪਣੇ ਨਾਲ ਲੈ ਤੁਰਦਾ ਹੈ। ਕਸ਼ਮੀਰ ਵਿਚਲੇ ਵਾਪਰਦੇ ਹਾਲਾਤ ਉਸ ਦੀਆਂ ਕਵਿਤਾਵਾਂ ਦੀ ਚਾਸ਼ਨੀ ਬਣਦੇ ਹਨ। ਕਵੀ ਜੇਕਰ ਅਧਿਆਤਮਿਕ ਗੱਲ ਵੀ ਕਵਿਤਾ ਵਿਚ ਕਰਦਾ ਹੈ ਤਾਂ ਉਸ ਵਿਚੋਂ ਯਥਾਰਥ ਹਾਜ਼ਰ ਰਹਿੰਦਾ ਹੈ। ਹਰ ਕਵਿਤਾ ਭਰਪੂਰ ਸੰਵਾਦ ਰਚਾਉਂਦੀ ਅਤੇ ਪਾਠਕ ਦੀ ਮਨੋਬਿਰਤੀ ਨੂੰ ਹਲੂਣਦੀ ਹੈ। ਭ੍ਰਿਸ਼ਟਾਚਾਰ ਅਤੇ ਭਰੂਣ ਹੱਤਿਆ ਪ੍ਰਤੀ ਲਿਖੀਆਂ ਉਸ ਦੀਆਂ ਕਵਿਤਾਵਾਂ ਆਮ ਬਿਆਨ ਤੋਂ ਅਗਾਂਹ ਦੀਆਂ ਹਨ। ਉਸ ਦੀ ਸ਼ਬਦਾਵਲੀ ਆਧੁਨਿਕ ਮਨੁੱਖ ਦੀ ਜ਼ਬਾਨ ਹੈ :
-'ਅਵਚੇਤਨ ਵੱਲ ਯਾਤਰਾ ਦੇ ਆਰੰਭ ਤੋਂ ਪਹਿਲਾਂ/ਮੈਂ ਆਪਣੀ ਸਮੁੱਚੀ ਚੇਤਨਾ ਨੂੰ/ਸਮੇਟ ਕੇ ਇਕ ਪੋਲੀਥੀਨ ਦੇ/ਲਿਫ਼ਾਫ਼ੇ ਵਿਚ ਪਾਇਆ ਤੇ/ਰੈਫਰੀਜਰੇਟਰ ਵਿਚ ਲਗਾ ਦਿੱਤਾ/'ਂ
ਉਸ ਦੇ ਕਟਾਖਸ਼ ਕਾਵਿ ਦਾ ਇਕ ਨਮੂਨਾ ਵੇਖੋ :
ਂ'ਕੌਣ ਕਹਿੰਦਾ ਹੈ/ਸਾਡੀ ਸਰਕਾਰ ਕੁਝ ਨਹੀਂ ਕਰਦੀ?/ਸਾਡੀ ਸਰਕਾਰ ਬਹੁਤ ਕੁਝ ਕਰਦੀ ਹੈ/ਰੇਲ ਹਾਦਸੇ ਵਿਚ ਮਰਨ ਵਾਲਿਆਂ ਦੇ/ਪੈਸੇ ਦਿੰਦੀ ਹੈ/... ਮਿਲੀਟੈਂਟਾਂ ਦੀਆਂ ਗੋਲੀਆਂ ਨਾਲ/ਮਰਨ ਵਾਲਿਆਂ ਦੀ ਕੀਮਤ ਅਦਾ ਕਰਨ ਵਿਚ/ਸਰਕਾਰ ਬਿਲਕੁਲ ਕੰਜੂਸੀ ਨਹੀਂ ਕਰਦੀ/ਉਨ੍ਹਾਂ ਦੇ ਚੈੱਕ ਤਾਂ ਪਹਿਲਾਂ ਤੋਂ ਹੀ/ਬਣੇ ਪਏ ਹੁੰਦੇ ਨੇ...'
ਡਾ: ਮੋਨੋਜੀਤ ਦੀ ਇਸ ਪੁਸਤਕ ਦੀ ਕਵਿਤਾ ਅਜੋਕੇ ਸੰਦਰਭਾਂ ਦੇ ਪ੍ਰਥਾਇ ਗੰਭੀਰ ਤੇ ਚੇਤੰਨ ਪਾਠਕਾਂ ਦੀ ਸੁਰਤ ਨੂੰ ਹਲੂਣਾ ਦੇਣ ਵਾਲੀ ਹੈ।

ਫ ਫ ਫ

ਧੁਨ ਦੀ ਖੁਸ਼ਬੋ
ਸ਼ਾਇਰ : ਦਵਿੰਦਰ ਪੂਨੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98152-98459.

ਹਥਲੀ ਪੁਸਤਕ ਵਿਚ ਦਵਿੰਦਰ ਪੂਨੀਆ ਨੇ ਆਪਣੀਆਂ 74 ਗ਼ਜ਼ਲਾਂ, 30 ਦੇ ਲਗਪਗ ਦੋਹੇ ਅਤੇ 73 ਤ੍ਰਿਵੈਣੀਆਂ ਸ਼ਾਮਿਲ ਕੀਤੀਆਂ ਹਨ। 'ਧੁਨ ਦੀ ਖੁਸ਼ਬੋ' ਵਿਚਲੀਆਂ ਗ਼ਜ਼ਲਾਂ ਦਾ ਵਿਸ਼ਾ ਪੱਖ ਸਲਾਹੁਣਯੋਗ ਹੈ। ਉਹ ਸ਼ਿਅਰਾਂ ਵਿਚ ਜਿਥੇ ਆਧੁਨਿਕ ਮਨੁੱਖ ਦੀ ਅੰਦਰੂਨੀ ਟੁੱਟ-ਭੱਜ ਨੂੰ ਸਫ਼ਲਤਾ ਸਹਿਤ ਪੇਸ਼ ਕਰਦਾ ਹੈ, ਉਥੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਹਿੰਦਾ ਹੈ ਕਿ ਤੁਸੀਂ ਸਮੇਂ ਅਤੇ ਰਾਜਨੀਤਕ ਅਵਸਥਾ-ਵਿਵਸਥਾ ਨੂੰ ਸੇਧ ਦਿਓ :
ਉਲਝਦਾ ਜਾਪ ਰਿਹਾ ਹੈ ਸੂਰਜ
ਜਾਗ ਕੇ ਉਸ ਦੀ ਦਿਸ਼ਾ ਹੋ ਜਾਉ
ਸ਼ਾਇਰ ਵਿਅੰਗ ਕਰਨ ਵਿਚ ਵੀ ਮਾਹਿਰ ਹੈ। ਉਸ ਅਨੁਸਾਰ ਅਜੋਕੀ ਸ਼ਾਇਰੀ ਕੇਵਲ ਆਤਮ ਵਡਿਆਈ ਹੀ ਹੈ :
ਜ਼ਿੰਦਗੀ ਦਾ ਨਾ ਪਤਾ ਲੈਂਦੇ ਹਾਂ
ਸ਼ਾਇਰੀ ਤੋਂ ਤਾਂ ਮਜ਼ਾ ਲੈਂਦੇ ਹਾਂ
ਹਰ ਮਹਾਂਵਾਕ ਨਿਰਾਸ਼ਾ ਵਿਚ ਹੈ
ਸੌਣ ਖਾਤਿਰ ਇਹ ਦਵਾ ਲੈਂਦੇ ਹਾਂ।
ਉਸ ਦੇ ਕਈ ਸ਼ਿਅਰ ਉਲਟ ਭਾਵੀ ਹਨ। ਉਹ ਮਸਲਿਆਂ ਪ੍ਰਤੀ ਇਕੱਤਰਤਾਵਾਂ ਵਿਚ ਸ਼ਾਮਿਲ ਲੋਕਾਂ ਨੂੰ ਵਿਹਲੇ ਵੀ ਕਹਿ ਜਾਂਦਾ ਹੈ :
ਹਰ ਥਾਂ ਪਹੁੰਚੇ ਹੁੰਦੇ ਹੋ ਲਗਦੈ ਬਹੁਤੇ ਵਿਹਲੇ ਹੋ
ਹੁਣ ਕੀ ਨਾਅਰੇਬਾਜ਼ੀ ਦਾ ਚੱਕੀ ਵਿਚਲੇ ਦਾਣੇ ਹੋ।
ਦਵਿੰਦਰ ਪੂਨੀਆ ਦੀਆਂ ਗ਼ਜ਼ਲਾਂ ਅਤੇ ਦੋਹੇ ਆਪਣੇ ਰੂਪ ਸਰੂਪ ਵਿਚ ਪਰਿਪੂਰਨ ਹਨ ਪਰ ਉਸ ਦੀਆਂ 'ਤ੍ਰਿਵੈਣੀਆਂ' ਦਾ ਬੱਝਵਾਂ ਸਰੂਪ ਨਹੀਂ। ਇਹ ਨਾ ਤਾਂ ਹਾਇਕੂ ਹਨ ਅਤੇ ਨਾ ਹੀ ਕਿਸੇ ਹੋਰ ਵਿਧਾ ਵਿਚ ਹਨ। ਇਹ 'ਤ੍ਰਿਵੈਣੀਆਂ' ਤਿੰਨਾਂ ਸਤਰਾਂ ਦੀ ਸਿੱਧੜ ਵਾਰਤਿਕ ਹੀ ਹੈ। ਕਈ ਤਾਂ 33 ਸ਼ਬਦਾਂ ਦੀਆਂ ਹਨ ਪਰ ਕਈ 17 ਸ਼ਬਦਾਂ ਦੀਆਂ। ਕੁੱਲ ਮਿਲਾ ਕੇ ਹਥਲੀ ਪੁਸਤਕ ਦਿਲ ਦੀ ਗੱਲ ਕਰਦੀ ਹੈ ਅਤੇ ਪਾਠਕਾਂ ਦੇ ਵਿਚਾਰਾਂ ਨੂੰ ਹਲੂਣਾ ਦੇਣ ਵਿਚ ਸਫ਼ਲ ਹੋਵੇਗੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਮਾਂ! ਮੈਨੂੰ ਥੋੜ੍ਹਾ ਜਿਹਾ ਤਾਂ ਉਡੀਕ ਲੈਂਦੀ
ਲੇਖਕ : ਗੁਰਦੇਵ ਸਿੰਘ ਜੌਹਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 95012-64465.

ਵਿਗਿਆਨ ਦਾ ਵਿਸ਼ਾ ਪੜ੍ਹਾਉਣ ਵਾਲਾ ਪ੍ਰੋ: ਗੁਰਦੇਵ ਸਿੰਘ ਜੌਹਲ ਸਮਾਜ ਤੇ ਸਵੈ ਦੋਹਾਂ ਨੂੰ ਬਾਰੀਕੀ ਨਾਲ ਸਮਝ ਕੇ ਸਰਲ ਪ੍ਰੇਰਨਾਤਮਕ ਵਾਰਤਕ ਲਿਖਣ ਦਾ ਹੁਨਰ ਜਾਣਦਾ ਹੈ। ਉਸ ਨੇ ਪੰਜਾਬ ਦੇ ਸਾਧਾਰਨ ਸਾਧਨਾਂ ਵੱਲ ਨਿੱਕੇ ਜਿਹੇ ਕਿਰਸਾਨੀ ਪਰਿਵਾਰ ਵਿਚੋਂ ਉੱਠ ਕੇ ਆਪਣੀ ਮਿਹਨਤ ਨਾਲ ਆਪਣੇ ਤੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਲੀਹਾਂ 'ਤੇ ਖੜ੍ਹਾ ਕੀਤਾ ਹੈ। ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾ ਕੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਦੇ ਸਮਰੱਥ ਬਣਾਇਆ ਹੈ। ਦਲੇਰ, ਨਿਰੰਤਰ ਤੇ ਇਮਾਨਦਾਰੀ ਨਾਲ ਕੀਤਾ ਉਸ ਦਾ ਜੀਵਨ ਸੰਘਰਸ਼ ਉਸ ਨੂੰ ਜ਼ਿੰਦਗੀ ਜੀਣੀ ਸਿਖਾ ਗਿਆ ਹੈ। ਮਾੜੇ ਚੰਗੇ ਲੋਕ, ਸਥਿਤੀਆਂ, ਸੰਸਥਾਵਾਂ, ਰਿਸ਼ਤੇਦਾਰ, ਅਧਿਆਪਕ, ਸਹਿਕਰਮੀ, ਵਿਦਿਆਰਥੀ ਤੇ ਅਫ਼ਸਰ ਉਸ ਨੂੰ ਕਦਮ-ਕਦਮ 'ਤੇ ਮਿਲੇ ਹਨ। ਇਨ੍ਹਾਂ ਨਾਲ ਮਿਲਦੇ ਵਰਤਦੇ ਹੋਏ ਉਸ ਦੇ ਅਨੁਭਵ ਤਲਖ, ਤੁਰਸ਼, ਸ਼ੀਰੀਂ ਤਿੰਨੇ ਪ੍ਰਕਾਰ ਦੇ ਰਹੇ ਹਨ। ਇਸ ਪੁਸਤਕ ਵਿਚ ਉਸ ਨੇ ਆਪਣੇ ਇਨ੍ਹਾਂ ਅਨੁਭਵਾਂ/ਯਾਦਾਂ ਨੂੰ ਅੰਕਿਤ ਕੀਤਾ ਹੈ।
ਜੌਹਲ ਦੀਆਂ ਯਾਦਾਂ ਵਿਚ ਪਿੰਡ ਬੋਲਦਾ ਹੈ। ਪੰਜਾਬ ਬੋਲਦਾ ਹੈ। ਟੁੱਟ ਖੁਰ ਰਹੇ ਰਿਸ਼ਤੇ, ਤੂੜੀ ਦੀ ਪੰਡ ਵਾਂਗ ਖਿੱਲਰ ਰਿਹਾ ਭਾਈਚਾਰਾ, ਨਗਰਾਂ/ਮਹਾਂਨਗਰਾਂ ਦੀ ਆਪਾ ਧਾਪੀ ਵਿਚ ਘਿਰਿਆ ਪਰੰਪਰਾਗਤ ਉਸਾਰੂ ਕਦਰਾਂ-ਕੀਮਤਾਂ ਤੇ ਜੀਵਨ ਜਾਚ ਨੂੰ ਪ੍ਰਣਾਇਆ ਮਨੁੱਖ ਬੋਲਦਾ ਹੈ। ਇਨ੍ਹਾਂ ਬਿਰਤਾਂਤਾਂ ਵਿਚ ਜਾਤ ਵੀ ਹੈ ਤੇ ਕਾਇਨਾਤ ਵੀ। ਹਮਾਰੀ ਬਾਤ ਭੀ ਹੈ ਔਰ ਤੁਮਹਾਰੀ ਬਾਤ ਭੀ। ਇਨ੍ਹਾਂ ਦਾ ਮੁੱਲ ਇਨ੍ਹਾਂ ਦੇ ਸੁਹਜ ਸੁਆਦ ਤੇ ਪ੍ਰੇਰਨਾਤਮਕਤਾ ਦੋਵਾਂ ਪੱਖਾਂ ਤੋਂ ਹੈ। ਇਹ ਨਿੱਕੀਆਂ-ਨਿੱਕੀਆਂ ਵਾਰਤਕ ਟੁਕੜੀਆਂ ਪੜ੍ਹਨ ਨੂੰ ਰੌਚਕ ਵੀ ਹਨ ਅਤੇ ਸੋਚਣ ਵਿਚਾਰਨ ਲਈ ਮਜਬੂਰ ਵੀ ਕਰਦੀਆਂ ਹਨ।
ਬਨਾਵਟ ਤੋਂ ਮੁਕਤ, ਸਰਲ ਸ਼ੈਲੀ ਵਾਲੀ ਵਾਰਤਕ ਵਿਚ ਲੇਖਕ ਨੇ ਇਨ੍ਹਾਂ ਵਿਚ ਆਪਣੇ ਜੀਵਨ ਸੰਘਰਸ਼ ਦੇ ਕੁਝ ਵੇਰਵੇ ਦੱਸੇ ਹਨ। ਕਾਲਜ/ਹੋਸਟਲ ਦੇ ਦਿਨ। ਸਕੂਲ ਦਾ ਜੀਵਨ/ਬੇਮਤਲਬ ਖਾਰ ਖਾਂਦੇ ਰਿਸ਼ਤੇਦਾਰ, ਆਦਰਸ਼ ਅਧਿਆਪਕ, ਪ੍ਰਾਈਵੇਟ ਕਾਲਜਾਂ ਦੇ ਪ੍ਰਿੰਸੀਪਲਾਂ, ਕਮੇਟੀਆਂ, ਸਾਥੀਆਂ ਦਾ ਕਿਰਦਾਰ, ਚੰਗੇ, ਮਾੜੇ ਦੋਸਤ, ਸਵਾਰਥੀ ਰਿਸ਼ਤੇਦਾਰੀਆਂ। ਮੋਦੀ ਸਰਕਾਰ ਦੇ ਹੁਸੀਨ ਸੁਪਨੇ ਤੇ ਪਾਏ ਪੁਆੜੇ। ਬੜਾ ਕੁਝ ਹੈ ਇਸ ਨਿੱਕੀ ਜਿਹੀ ਕਿਤਾਬ ਵਿਚ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ
ਲੇਖਕ : ਗਿਆਨੀ ਹੀਰਾ ਸਿੰਘ 'ਦਰਦ'
ਸੰਪਾਦਕ : ਡਾ: ਹਰਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 94170-33153.

ਮਨੁੱਖ ਦੀ ਅਣਦੇਖੀਆਂ ਧਰਤੀਆਂ ਨੂੰ ਦੇਖਣ ਦੀ ਚਾਹਤ ਵਿਚੋਂ ਹੀ ਸਫ਼ਰਨਾਮਾ ਸਾਹਿਤ ਨੇ ਜਨਮ ਲਿਆ। ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਵੱਖ-ਵੱਖ ਸਥਾਨਾਂ ਦੀ ਯਾਤਰਾ ਦੇ ਅਨੁਭਵ ਨੂੰ ਸਫ਼ਰਨਾਮੇ ਦੇ ਰੂਪ ਵਿਚ ਆਪਣੀਆਂ ਲਿਖਤਾਂ ਤਹਿਤ ਦਰਜ ਕੀਤਾ ਹੈ। ਵਿਚਾਰਾਧੀਨ ਪੁਸਤਕ 'ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ' ਸਫ਼ਰਨਾਮੇ ਦੇ ਰੂਪ ਵਿਚ ਗਿਆਨੀ ਹੀਰਾ ਸਿੰਘ 'ਦਰਦ' ਦੁਆਰਾ ਲਿਖੀ ਅਤੇ ਡਾ: ਹਰਜੀਤ ਸਿੰਘ ਦੁਆਰਾ ਸੰਪਾਦਿਤ ਕੀਤੀ ਪੁਸਤਕ ਹੈ। ਇਸ ਪੁਸਤਕ ਵਿਚ ਹੀਰਾ ਸਿੰਘ ਦਰਦ ਨੇ ਆਪਣੀ ਮਲਾਇਆ ਯਾਤਰਾ 'ਤੇ ਜਾਣ ਅਤੇ ਬ੍ਰਿਜ ਭੂਮੀ ਵਿਖੇ ਕੁਝ ਦਿਨ ਰੁਕ ਕੇ ਉਥੋਂ ਦੀ ਰੰਗ-ਰੰਗੀਲੀ ਦੁਨੀਆ ਨੂੰ ਦੇਖਣ ਅਤੇ ਮਾਣਨ ਦੀ ਗਾਥਾ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਲੇਖਕ ਨੇ ਬ੍ਰਿਜ ਭੂਮੀ ਦੀ ਯਾਤਰਾ ਦੌਰਾਨ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਨਾਲ ਓਤ-ਪੋਤ ਇਸ ਭੂਮੀ ਦਾ ਵਰਨਣ ਬੜੇ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਹੈ, ਵਿਸ਼ੇਸ਼ ਕਰਕੇ ਇਸ ਧਰਤੀ 'ਤੇ ਮਨਾਈ ਜਾਂਦੀ ਹੋਲੀ ਦੇ ਦਿਲਖਿੱਚਵੇਂ ਚਿੱਤਰ ਪਾਠਕ ਨੂੰ ਮਾਣਨ ਨੂੰ ਮਿਲਦੇ ਹਨ। ਇਥੇ ਦੇ ਮੰਦਰਾਂ ਬਾਰੇ ਅਤੇ ਬਰਸਾਨੇ ਦੀ ਹੋਲੀ ਬਾਰੇ ਲੇਖਕ ਨੇ ਵਿਸਥਾਰ ਸਹਿਤ ਵਰਨਣ ਕੀਤਾ ਹੈ। ਇਥੋਂ ਕਲਕੱਤੇ ਹੁੰਦਾ ਹੋਇਆ ਲੇਖਕ ਮਲਾਇਆ ਦੀ ਧਰਤੀ 'ਤੇ ਪਹੁੰਚਦਾ ਹੈ। ਕਲਕੱਤੇ ਤੋਂ ਪੀਨਾਂਗ ਦਾ ਸਮੁੰਦਰੀ ਜਹਾਜ਼ ਦਾ ਸਫ਼ਰ ਅਤੇ ਇਸੇ ਦੌਰਾਨ ਰੰਗੂਨ ਤੋਂ ਹੁੰਦਾ ਹੋਇਆ ਜਹਾਜ਼ ਪੀਨਾਂਗ ਪਹੁੰਚਦਾ ਹੈ। ਪੀਨਾਂਗ ਦੀ ਸੁੰਦਰਤਾ ਅਤੇ ਦੇਖਣਯੋਗ ਥਾਵਾਂ ਬੁੱਧ ਮੰਦਰ, ਨਾਗ ਮੰਦਰ ਬਾਰੇ ਚਰਚਾ ਕਰਦਿਆਂ ਇਥੇ ਵਸਦੇ ਸਿੱਖਾਂ ਦੇ ਜਨ-ਜੀਵਨ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਹੈ। ਮਲਾਇਆ ਦੇਸ਼ ਦੇ ਭੂਗੋਲ ਅਤੇ ਇਤਿਹਾਸ ਬਾਰੇ ਅਤੇ ਇਸ ਮਲਾਇਆ ਦੇਸ਼ ਦੇ ਇਸ ਨਾਮਕਰਨ ਬਾਰੇ ਵੀ ਲੇਖਕ ਨੇ ਦਿਲਚਸਪ ਵੇਰਵਾ ਦਰਜ ਕੀਤਾ ਹੈ। ਮਲਾਇਆ ਵਿਚ ਵੱਖ-ਵੱਖ ਸਥਾਨਾਂ ਈਪੂ, ਕੁਆਲਾਲੰਪੁਰ ਅਤੇ ਕੁਆਲਾਲੰਪੁਰ ਦੇ ਆਲੇ-ਦੁਆਲੇ ਵੇਖਣਯੋਗ ਥਾਵਾਂ ਦਾ ਬੜਾ ਭਾਵਪੂਰਤ ਅਤੇ ਪ੍ਰਮਾਣਿਕ ਵਰਨਣ ਇਸ ਪੁਸਤਕ ਵਿਚ ਦਰਜ ਹੈ। ਮਲਾਇਆ ਦੀਆਂ ਫ਼ਸਲਾਂ, ਰਹਿਣ-ਸਹਿਣ, ਆਰਥਿਕਤਾ ਅਤੇ ਲੇਖਕ ਨੂੰ ਮਿਲੇ ਵਿਅਕਤੀਆਂ ਦੇ ਨਾਲ-ਨਾਲ ਲੇਖਕ ਨੇ ਆਪਣੀ ਵਾਪਸੀ ਦਾ ਜ਼ਿਕਰ ਵੀ ਸੁਚੱਜੇ ਢੰਗ ਨਾਲ ਕੀਤਾ ਹੈ।

ਫ ਫ ਫ

ਵਰਦੀ ਦਾ ਮੁੱਲ
ਕਹਾਣੀਕਾਰ : ਜਸਵਿੰਦਰ ਸਿੰਘ ਮਾਣੋਚਾਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94636-13035.

'ਵਰਦੀ ਦਾ ਮੁੱਲ' ਕਹਾਣੀ-ਸੰਗ੍ਰਹਿ ਵਿਚ ਜਸਵਿੰਦਰ ਸਿੰਘ ਮਾਣੋਚਾਹਲ ਨੇ ਆਪਣੀਆਂ 14 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਅਤੇ 'ਕੁਝ ਹੱਡ ਬੀਤੀ, ਕੁਝ ਜੱਗ ਬੀਤੀ' ਸਿਰਲੇਖ ਤਹਿਤ 'ਬਾਪੂ ਕਹਿੰਦਾ ਹੁੰਦਾ ਸੀ', 'ਉਹ ਵੀ ਦਿਨ ਸਨ' ਦੋ ਨਿੱਜੀ ਜੀਵਨ ਅਨੁਭਵ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਨ੍ਹਾਂ ਵਿਚ ਉਹ ਪਹਿਲੇ ਵਿਚ ਆਪਣੇ ਬਾਪੂ ਦੇ ਜੀਵਨ ਤਜਰਬੇ, ਮੁਸ਼ੱਕਤ ਅਤੇ ਜ਼ਿੰਦਾਦਿਲੀ ਦੀ ਗੱਲ ਕਰਦਾ ਹੈ ਅਤੇ ਦੂਜੇ ਵਿਚ ਪੰਜਾਬ ਦੇ ਖਾੜਕੂਵਾਦ ਦੇ ਦਿਨਾਂ ਦੀਆਂ ਭੈ-ਯੁਕਤ ਸਥਿਤੀਆਂ ਦਾ ਵਰਨਣ ਕਰਦਾ ਹੈ। ਜਦੋਂ ਉਸ ਦੀਆਂ ਕਹਾਣੀਆਂ ਬਾਰੇ ਅਸੀਂ ਚਰਚਾ ਛੇੜਦੇ ਹਾਂ ਤਾਂ ਇਨ੍ਹਾਂ ਕਹਾਣੀਆਂ ਵਿਚ ਸਮਾਜ, ਪ੍ਰਸ਼ਾਸਨ ਅਤੇ ਰਿਸ਼ਤਿਆਂ ਵਿਚ ਫੈਲਿਆ ਭ੍ਰਿਸ਼ਟ ਕਿਸਮ ਦਾ ਵਾਤਾਵਰਨ ਨਜ਼ਰੀਂ ਆਉਂਦਾ ਹੈ ਕਿਉਂਕਿ ਲੇਖਕ ਖ਼ੁਦ ਇਕ ਅਧਿਆਪਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਉਸ ਨੂੰ ਯੂਨੀਅਨਾਂ ਵਿਚ ਵਿਚਰਨ ਦਾ ਮੌਕਾ ਵੀ ਮਿਲਿਆ ਹੈ ਪਰ ਉਸ ਦੀਆਂ ਕਹਾਣੀਆਂ ਵਿਚ ਇਹ ਵਿਸ਼ਾ ਪ੍ਰਮੁੱਖਤਾ ਨਾਲ ਪੇਸ਼ ਹੋਇਆ ਹੈ ਕਿ ਭ੍ਰਿਸ਼ਟ ਤੰਤਰ ਇਸ ਕਦਰ ਫੈਲਿਆ ਹੋਇਆ ਹੈ ਕਿ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੋ ਸਕਦੀ। 'ਜ਼ਮੀਰ ਦੀ ਮੌਤ', 'ਉਹ ਸੋਚਦਾ ਰਿਹਾ', 'ਸੂਲੀ ਟੰਗਿਆ ਇਨਸਾਫ਼' 'ਵਰਦੀ ਦਾ ਮੁੱਲ', 'ਸਾਹਬ ਦਾ ਹੁਕਮ' ਆਦਿ ਕਹਾਣੀਆਂ ਪੁਲਿਸ ਤੰਤਰ ਵਿਚ ਪੈਦਾ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਇਲਾਵਾ, 'ਅੱਖਾਂ ਝਮਕਣ ਵਾਲੀ ਗੁੱਡੀ' ਜਿਥੇ ਪੰਜਾਬ ਦੇ ਦਹਿਸ਼ਤੀ ਦਿਨਾਂ ਨੂੰ ਪੇਸ਼ ਕਰਦੀ ਹੈ, ਉਤੇ 'ਅਸਲੀ ਹੱਕਦਾਰ', 'ਆਪਣੇ ਪਰਾਏ', ਉਹ ਸੋਚਦਾ ਰਿਹਾ' ਆਦਿ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿਚ ਪੈਦਾ ਹੋਏ ਨਿਘਾਰ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। ਸਕੂਲੀ ਵਿੱਦਿਆ ਵਿਚ ਵਿਸ਼ੇਸ਼ ਕਰਕੇ ਪੇਂਡੂ ਵਿੱਦਿਆ ਵਿਚ ਆਏ ਨਿਘਾਰ ਅਤੇ ਨਿਘਰਦੀ ਹਾਲਤ ਨੂੰ ਕਹਾਣੀਕਾਰ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਕਹਾਣੀਆਂ ਦੇ ਬਿਰਤਾਂਤ ਵਿਚ ਪਰੋਇਆ ਹੈ। ਸਮਾਜ ਵਿਚ ਧਾਰਮਿਕਤਾ ਦੇ ਨਾਂਅ 'ਤੇ ਪੈਦਾ ਹੋਏ ਪਖੰਡ ਦਾ ਵੀ ਕਹਾਣੀਕਾਰ ਨੇ ਪਰਦਾ ਫਾਸ਼ ਕੀਤਾ ਹੈ। ਆਮ ਜ਼ਿੰਦਗੀ ਵਿਚ ਵਿਚਰਦੇ ਪਾਤਰਾਂ ਦੇ ਸੁੱਖਾਂ-ਦੁੱਖਾਂ ਦੀ ਬਾਤ ਪਾਉਂਦੀਆਂ ਇਹ ਕਹਾਣੀਆਂ ਪੜ੍ਹਨਯੋਗ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਅਰਧ ਨਾਰੀ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 094183-92845.

'ਅਰਧ ਨਾਰੀ' ਸਵਰਨ ਸਿੰਘ ਦਾ ਅਜਿਹਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਛੰਦ-ਮੁਕਤ ਰਚਨਾਵਾਂ ਸ਼ਾਮਿਲ ਹਨ ਪਰ ਫਿਰ ਵੀ ਇਕ ਸ਼ਬਦਾਂ ਦੀ ਲੈਅ ਬਣਦੀ ਹੈ ਜੋ ਪਾਠਕ ਨੂੰ ਸ਼ੁਰੂ ਤੋਂ ਅੰਤ ਤੱਕ ਆਪਣੇ ਨਾਲ ਤੋਰੀ ਰੱਖਦੀ ਹੈ। ਸਵਰਨ ਸਿੰਘ ਦਾ ਇਹ ਕਾਵਿ ਸੰਗ੍ਰਹਿ ਸਮਾਜਿਕ ਸਰੋਕਾਰਾਂ, ਚੁਣੌਤੀਆਂ ਅਤੇ ਜ਼ਿੰਦਗੀ ਦੇ ਵੰਨ-ਸੁਵੰਨੇ ਰੰਗਾਂ ਦਾ ਸੁਮੇਲ ਹੈ। ਉਸ ਕੋਲ ਬਿੰਬਾਂ ਅਤੇ ਪ੍ਰਤੀਕਾਂ ਦਾ ਵਿਸ਼ਾਲ ਅਨੁਭਵ ਹੈ। ਉਹ ਕਵਿਤਾ ਰਚਦਾ ਹੋਇਆ ਪਾਠਕਾਂ ਨੂੰ ਕਾਵਿ ਦ੍ਰਿਸ਼ਾਂ ਨਾਲ ਤੋਰਨ ਦੀ ਸਮਰੱਥਾ ਰੱਖਣ ਵਾਲਾ ਕਵੀ ਹੈ। ਆਹਟ, ਸੱਜਰੀ ਇਬਾਰਤ, ਬੇਹੋਸ਼ੀ ਨੀਂਦ, ਗੁੰਝਲਦਾਰ ਗੰਢਾਂ, ਬਰਫ਼ ਦੀ ਗੋਦ, ਮਾਚਿਸ ਫੋਨ, ਚੰਦਰੀ ਹਥੇਲੀ ਵਿਸ਼ੇਸ਼ ਧਿਆਨ ਮੰਗਣ ਵਾਲੀਆਂ ਰਚਨਾਵਾਂ ਹਨ।
ਕਵੀ ਨੇ ਆਧੁਨਿਕ ਮਨੁੱਖ ਦੀ ਸੰਚਾਰ ਤਕਨਾਲੋਜੀ ਦੀ ਅਨੋਖੀ ਦੁਨੀਆ ਵਿਚ ਬਿੰਬ ਚੁਣ ਕੇ ਮਨੁੱਖ ਦੇ ਅੰਦਰਲੇ ਖਲਾਅ ਬਾਰੇ ਚਿੰਤਨ ਭਰਪੂਰ ਕਵਿਤਾਵਾਂ ਰਚੀਆਂ ਹਨ। ਵਟਸ ਐਪ, ਫੇਸ ਬੁੱਕ, ਨੈੱਟ ਆਦਿ ਆਧੁਨਿਕ ਤਕਨਾਲੋਜੀ ਦੇ ਅਨੇਕਾਂ ਸ਼ਬਦ ਕਵੀ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਪ੍ਰਯੋਗ ਕੀਤੇ ਹਨ।
ਕਵੀ ਨੇ ਯਾਦਾਂ, ਉਡੀਕਾਂ, ਸੁਪਨਿਆਂ ਵਰਗੇ ਸੰਵੇਦਨਸ਼ੀਲ ਭਾਵ ਨੂੰ ਕਾਵਿ ਵਿਸ਼ਾ ਬਣਾਇਆ ਹੈ। ਰਿਸ਼ਤਿਆਂ ਦੀ ਬੁਨਿਆਦ ਕਵਿਤਾ ਲੇਖਕ ਦੀ ਰਿਸ਼ਤਿਆਂ ਪ੍ਰਤੀ ਸੋਚ ਦਾ ਸਹਿਜ ਸੁਭਾਅ ਪ੍ਰਗਟਾਵਾ ਹੈ।
ਗ਼ਲਤ-ਫਹਿਮੀਆਂ ਦੀਆਂ ਗੂੰਗੀਆਂ ਗਲੀਆਂ ਤੇ ਗੁੰਮ-ਸੁੰਮ ਗਲਿਆਰਿਆਂ 'ਚ ਗੁਆਚੇ ਗੁਮਰਾਹ ਰਿਸ਼ਤਿਆਂ ਦੇ ਗੁੰਬਦ ਗਿਰ ਹੀ ਜਾਂਦੇ ਹਨ। ਗੁਮਨਾਮ ਗਹਿਰਾਈਆਂ ਅੰਦਰ ਆਸ਼ਾਵਾਦੀ ਨਜ਼ਰੀਆ ਵੀ ਕਵੀ ਦੀ ਕਵਿਤਾ ਦੀ ਮੁੱਖ ਸੁਰ ਬਣਿਆ ਹੈ। ਬਨਾਉਟੀ ਖੰਭ ਲਾ ਕੇ ਉੱਡਣ ਬਾਰੇ ਕਵੀ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੋਇਆ ਆਪਣੀ ਸੋਚ ਅਤੇ ਚਿੰਤਨ ਦਾ ਕੱਦ ਉੱਚਾ ਕਰਨ ਲਈ ਪ੍ਰੇਰਦਾ ਹੈ। ਲੰਮੀ ਪੀਂਘ ਕਵਿਤਾ ਹਰ ਪੀੜ੍ਹੀ ਦਾ ਸੱਚ ਹੈ।
ਸਮੁੱਚੇ ਤੌਰ 'ਤੇ ਅਰਧ ਨਾਰੀ ਕਾਵਿ ਸੰਗ੍ਰਹਿ ਦੀ ਹਰ ਰਚਨਾ ਪਾਠਕ ਨੂੰ ਪ੍ਰਭਾਵਿਤ ਕਰਦੀ. ਮੈਂ ਪਾਤਰ ਨਾਲ ਸੰਵਾਦ ਰਚਾਉਂਦੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਸਥਿਤੀਆਂ ਪ੍ਰਤੀ ਪਾਠਕ ਨੂੰ ਸੁਚੇਤ ਕਰਦੀ ਤੇ ਭਾਵਪੂਰਤ ਰੰਗ ਵਿਚ ਰੰਗੀ ਹੋਈ ਪਾਠਕ ਦੀਆਂ ਭਾਵਨਾਵਾਂ ਨੂੰ ਵੀ ਝੰਜੋੜਦੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ
ਫ ਫ ਫ

ਲਕੀਰਾਂ ਤੋਂ ਅਲਵਿਦਾ ਤੱਕ
(ਸੰਧੂ ਵਰਿਆਣਵੀ ਦਾ ਕਾਵਿ-ਸੰਸਾਰ)
ਸੰਪਾਦਕ : ਭੁਪਿੰਦਰ, ਅਰਵਿੰਦਰ ਕੌਰ ਕਾਕੜਾ (ਡਾ:)
ਪ੍ਰਕਾਸ਼ਕ : ਸਮਕਾਲ ਪ੍ਰਕਾਸ਼ਨ ਜਗਰਾਉਂ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 94171-91152.

ਇਸ ਪੁਸਤਕ ਵਿਚ ਸੰਧੂ ਵਰਿਆਣਵੀ ਦੇ ਕਾਵਿ-ਸੰਸਾਰ ਬਾਰੇ ਲਗਪਗ 16 ਆਲੋਚਨਾਤਮਕ ਨਿਬੰਧ ਹਨ। ਵੱਖ-ਵੱਖ ਆਲੋਚਕਾਂ/ਵਿਦਵਾਨਾਂ ਨੇ ਉਸ ਦੇ ਕਾਵਿ-ਜਗਤ ਬਾਰੇ ਆਪੋ-ਆਪਣੀ ਦ੍ਰਿਸ਼ਟੀ ਤੋਂ ਮੁੱਲਵਾਨ ਵਿਚਾਰ ਪੇਸ਼ ਕੀਤੇ ਹਨ। ਮਸਲਨ : ਸੰਧੂ ਨੇ ਸਾਰੀਆਂ ਰਚਨਾਵਾਂ ਮਨੁੱਖ ਅਤੇ ਮਾਨਵੀ ਜ਼ਿੰਦਗੀ ਨੂੰ ਕੇਂਦਰ ਵਿਚ ਰੱਖ ਕੇ ਹੀ ਰਚੀਆਂ ਹਨ (ਪ੍ਰੋ: ਸੁਰਜੀਤ ਬਰਾੜ); ਕਵੀ ਮਨੋਵਿਗਿਆਨ ਦੇ ਵਿਦਿਆਰਥੀ ਵਾਂਗ ਮਾਨਵੀ ਤੇ ਸਮਾਜਿਕ ਮਨੋਬਿਰਤੀ ਦਾ ਜਗਿਆਸੂ ਹੈ (ਪ੍ਰੋ: ਅਵਤਾਰ ਜਗਰਾਉਂ); ਸੰਧੂ ਦੀ ਸੋਚ ਵੀ ਪਾਸ਼ ਦੀ ਲੋਕ-ਪੱਖੀ ਸੋਚ ਵਾਂਗ ਹੈ (ਪਵਨ ਹਰਚੰਦਪੁਰੀ); ਕਵੀ ਦੀ ਮਾਨਸਿਕਤਾ ਨੂੰ ਪੰਜਾਬ ਸੰਤਾਪ 1984 ਨੇ ਵੀ ਬੁਰੀ ਤਰ੍ਹਾਂ ਝੰਜੋੜਿਆ ਹੈ (ਡਾ: ਗੁਰਜੰਟ ਸਿੰਘ); ਸੰਧੀ ਦੀ ਕਵਿਤਾ ਵਿਚ ਸਾਪੇਖੀ, ਪ੍ਰਵੇਸ਼ੀ, ਕਾਰਕੀ ਪਛਾਣ, ਹਾਕਾਂ ਮਾਰਦਾ ਕਾਵਿ, ਮੁਕਤੀ-ਜੁਗਤ ਅਤੇ ਇੱਛਤ-ਯਥਾਰਥ ਦੀ ਪ੍ਰਾਪਤੀ ਆਦਿ ਗੁਣ ਉਜਾਗਰ ਹੁੰਦੇ ਹਨ (ਤੇਜਵੰਤ ਮਾਨ); ਸੰਧੂ ਦੀ ਮੂਲ ਭਾਵਨਾ ਮਾਨਵਵਾਦੀ ਸੁਰ ਹੇਠ ਇਨਸਾਨੀਅਤ ਦੇ ਭਲੇ ਵਾਲੀ ਹੈ (ਗੁਰਨਾਮ ਸਿੰਘ); ਸੰਧੂ ਸੰਵੇਦਨਸ਼ੀਲ ਸ਼ਾਇਰ ਹੈ (ਅਰਵਿੰਦਰ ਕੌਰ ਕਾਕੜਾ); ਉਸ ਦੀ ਕਵਿਤਾ ਪ੍ਰਗਤੀਵਾਦੀ ਸੁਰ ਦੀ ਕਵਿਤਾ ਹੈ (ਸਰਬਜੀਤ ਸਿੰਘ); ਕਵਿਤਾ ਵਿਚ ਸੰਬੋਧਨੀ ਸ਼ੈਲੀ ਦੀ ਭਰਮਾਰ ਹੈ (ਡਾ: ਅਨੂਪ ਸਿੰਘ); ਸੰਧੂ ਦੀ ਕਵਿਤਾ ਨਫ਼ਰਤ ਦੀਆਂ ਦੀਵਾਰਾਂ ਦਾ ਕ੍ਰਾਂਤੀਕਾਰੀ ਅਹਿਸਾਸ ਕਰਵਾਉਂਦੀ ਹੈ (ਸ਼ਿੰਗਾਰਾ ਸਿੰਘ ਢਿੱਲੋਂ); ਉਸ ਦੀ ਕਵਿਤਾ ਦੀ ਮੁੱਖ ਸੁਰ ਸਮਾਜਿਕ ਪਰਿਵਰਤਨ ਵਿਚ ਦ੍ਰਿੜ੍ਹ ਪ੍ਰਤੀਬੱਧਤਾ ਹੈ (ਗੁਰਬਖਸ਼ ਜੱਸ); ਸੰਧੂ ਦੀ ਕਵਿਤਾ ਦਾ ਅਹਿਮ ਥੀਮ ਸਮਾਜਿਕ-ਰਾਜਸੀ ਪ੍ਰਸੰਗ ਹੈ (ਜੇ.ਬੀ. ਸੇਖੋਂ)। ਇਨ੍ਹਾਂ ਵਿਭਿੰਨ ਕੀਮਤੀ ਵਿਚਾਰਾਂ ਤੋਂ ਬਿਨਾਂ ਸੰਧੂ ਨਾਲ ਕਰਵਾਈ ਗਈ ਮੁਲਾਕਾਤ ਪੁਸਤਕ ਦਾ ਹਾਸਲ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸੰਧੂ ਵਰਿਆਣਵੀ ਦੇ ਕਾਵਿ-ਕਫ਼ਰ ਦੀ ਮੂੰਹ ਬੋਲਦੀ ਦਾਸਤਾਂ ਹੋ ਨਿਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

24-11-2018

 ਪੰਜਾਬੀ ਦੋਗਾਣਾ ਗੀਤਕਾਰੀ
ਲੇਖਕ : ਹਰਮਨ ਸਿੰਘ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 241
ਸੰਪਰਕ : 85910-10636.

ਪੰਜਾਬੀ ਜਨਜੀਵਨ ਵਿਚ ਗੀਤ ਸੰਗੀਤ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਦੋਗਾਣਾ ਗੀਤਕਾਰੀ ਇਸੇ ਕੜੀ ਦੀ ਹਰਮਨ-ਪਿਆਰੀ ਰਵਾਇਤ ਰਹੀ ਹੈ। ਹਥਲੀ ਪੁਸਤਕ ਇਸੇ ਸੰਕਲਪ ਨੂੰ ਲੈ ਕੇ ਖੋਜ-ਪਰਕ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਆਈ ਹੈ।
ਲੇਖਕ ਨੇ ਡੂੰਘੀ ਖੇਤਰੀ ਅਤੇ ਦਸਤਾਵੇਜ਼ੀ ਖੋਜ-ਪੱਧਤੀ ਜ਼ਰੀਏ ਮਹੱਤਵਪੂਰਨ ਕਾਰਜ ਕਰ ਵਿਖਾਇਆ ਹੈ। ਪੁਸਤਕ ਨੂੰ ਵਿਧੀਵੱਤ ਰੂਪ ਦੇਣ ਲਈ ਸਭ ਤੋਂ ਪਹਿਲਾਂ ਦੋਗਾਣਾ ਗੀਤਕਾਰੀ ਦੇ ਸਿਧਾਂਤਕ ਪੱਖਾਂ ਨੂੰ ਦਰਸਾਇਆ ਹੈ, ਜਿਸ ਵਿਚ ਗੀਤ ਦੀ ਪਰਿਭਾਸ਼ਾ, ਵੱਖਰੇ-ਵੱਖਰੇ ਰੂਪ ਤਰਕ ਸੰਗਤ ਤਰੀਕੇ ਨਾਲ ਪੇਸ਼ ਕੀਤੇ ਹਨ। ਦੋਗਾਣਾ ਗੀਤਕਾਰੀ ਦਾ ਇਤਿਹਾਸ ਅਤੇ ਇਨ੍ਹਾਂ ਦੀਆਂ ਵਿਭਿੰਨ ਬਣਤਰਾਂ ਨੂੰ ਵੀ ਸਾਹਮਣੇ ਲਿਆਂਦਾ ਹੈ ਅਤੇ ਨਾਲ ਦੀ ਨਾਲ ਗੀਤ, ਗੀਤਕਾਰ ਅਤੇ ਗਾਇਕੀ ਦੇ ਵਿਭਿੰਨ ਪਹਿਲੂਆਂ ਨੂੰ ਉਭਾਰਿਆ ਹੈ। ਵੱਖਰੇ-ਵੱਖਰੇ ਪੜਾਵਾਂ ਵਿਚ ਵੰਡ ਕੇ ਇਨ੍ਹਾਂ ਦੀਆਂ ਵਿਭਿੰਨ ਸ਼ੈਲੀਆਂ ਅਤੇ ਵੱਖ-ਵੱਖ ਪ੍ਰਸਿੱਧ ਗੀਤਕਾਰਾਂ ਦੀ ਦੇਣ ਆਦਿ ਨੂੰ ਵੀ ਦਰਸਾਇਆ ਹੈ। ਦੋਗਾਣਾ ਗੀਤਕਾਰੀ ਦੀ ਸਾਹਿਤਕਤਾ, ਮਿਆਰ, ਇਸ ਦੇ ਵੱਖਰੇ-ਵੱਖਰੇ ਵਿਸ਼ੇ, ਇਨ੍ਹਾਂ ਵਿਚੋਂ ਝਲਕਦਾ ਰਿਸ਼ਤਾ-ਨਾਤਾ ਪ੍ਰਬੰਧ, ਪੰਜਾਬੀ ਲੋਕਾਂ ਦੀ ਆਰਥਿਕਤਾ, ਪਿਆਰ-ਮੁਹੱਬਤ, ਪਿੰਡਾਂ-ਸ਼ਹਿਰਾਂ ਦਾ ਵਰਨਣ, ਮਰਦ-ਔਰਤ ਦੇ ਸੁਖਾਵੇਂ-ਅਣਸੁਖਾਵੇਂ ਸਬੰਧਾਂ ਆਦਿ ਨੂੰ ਵੀ ਉਭਾਰਿਆ ਹੈ। ਕਈ ਦਰਜਨਾਂ ਤੋਂ ਵੱਧ ਗੀਤ ਸਿਰਜਕਾਂ ਅਤੇ ਗਾਇਕਾਂ ਦੀ ਵੱਖਰੀ-ਵੱਖਰੀ ਪਛਾਣ ਵੀ ਕਰਾਈ ਹੈ। ਦੋਗਾਣਾ ਗੀਤਕਾਰੀ ਦੀਆਂ ਉੱਘੀਆਂ ਵਿਸ਼ੇਸ਼ਤਾਵਾਂ ਵਿਅੰਗ, ਹਾਸ-ਰਸ, ਪ੍ਰੀਤ ਗਾਥਾਵਾਂ ਦੇ ਨਾਇਕ ਆਦਿ ਸਰੋਕਾਰਾਂ ਨੂੰ ਵੀ ਛੋਹਿਆ ਹੈ ਅਤੇ ਸਮੁੱਚੀ ਦੋਗਾਣਾ ਗੀਤਕਾਰੀ ਦੇ ਕਾਵਿ-ਸ਼ਾਸਤਰ ਨੂੰ ਰਸ, ਅਲੰਕਾਰ, ਬਿੰਬ, ਭਾਸ਼ਾਈ ਇਕਾਈਆਂ ਆਦਿ ਸੰਕਲਪਾਂ ਨੂੰ ਵੀ ਉਦਾਹਰਨਾਂ ਸਹਿਤ ਪੇਸ਼ ਕੀਤਾ ਹੈ। ਇਸ ਤਰ੍ਹਾਂ ਇਹ ਪੁਸਤਕ ਰਵਾਇਤੀ ਦੋਗਾਣਾ ਗੀਤਕਾਰੀ ਅਤੇ ਅਜੋਕੀ ਦੋਗਾਣਾ ਗੀਤਕਾਰੀ ਦੇ ਅੰਤਰ ਸਬੰਧਾਂ ਅਤੇ ਨਿਖੇੜ ਨੂੰ ਤੱਥ-ਮੂਲਕ, ਵਿਗਿਆਨਕ ਸਿੱਟਿਆਂ ਦੀ ਸਥਾਪਨਾ ਕਰਦੀ ਹੋਈ ਪ੍ਰਤੀਤ ਹੋਈ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732.


ਸ਼ਰ੍ਹੇਆਮ
ਕਹਾਣੀਕਾਰ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98726-44428.

'ਸ਼ਰ੍ਹੇਆਮ' ਵਿਚ ਕਜ਼ਾਕ ਦੀਆਂ ਕੁੱਲ 8 ਕਹਾਣੀਆਂ ਸੰਗ੍ਰਹਿਤ ਹਨ। ਹਰ ਕਹਾਣੀ ਮਨੁੱਖੀ ਜੀਵਨ ਦਾ ਕੋਈ ਵੱਖਰਾ ਅਤੇ ਦਿਲਚਸਪ ਅਧਿਆਇ ਪੇਸ਼ ਕਰਦੀ ਹੈ।
'ਮਿੱਟੀ ਦਾ ਮਾਧੋ' ਇਸ ਸੰਗ੍ਰਹਿ ਦੀ ਇਕ ਬਹੁਤ ਡੂੰਘੀ ਅਤੇ ਪ੍ਰਭਾਵਸ਼ਾਲੀ ਰਚਨਾ ਹੈ। 'ਮਾਧੋ' ਨਾਂਅ ਦੇ ਕਿਰਦਾਰ ਰਾਹੀਂ ਲੇਖਕ ਦਰਸਾਉਂਦਾ ਹੈ ਕਿ ਕਥਿਤ ਨਿਮਨ ਵਰਗਾਂ ਦੇ ਲੋਕ ਜੀਵਨ ਬਾਰੇ ਬਹੁਤ ਡੂੰਘੀ ਸਮਝ ਰੱਖਦੇ ਹੁੰਦੇ ਹਨ। ਇਹ ਲੋਕ ਰਸਮੀ ਆਚਾਰ-ਵਿਹਾਰ ਦੀ ਬਜਾਇ ਸੱਚੇ-ਸੁੱਚੇ ਕਿਰਦਾਰ ਦੇ ਧਾਰਨੀ ਹੁੰਦੇ ਹਨ। ਅਗਲੀਆਂ ਕੁਝ ਕਹਾਣੀਆਂ ਵਿਚ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੇ ਕੁਝ ਹੋਰ ਨਿਵੇਕਲੇ ਦ੍ਰਿਸ਼ ਅਤੇ ਕਿਰਦਾਰ ਉਲੀਕੇ ਗਏ ਹਨ। 'ਉਡੀਕ' ਕਹਾਣੀ ਵਿਚ ਮਨੁੱਖੀ ਵਿਹਾਰ ਦਾ ਇਕ ਲੁਪਤ ਪੱਖ ਪੇਸ਼ ਕਰਦਾ ਹੋਇਆ ਉਹ ਦਰਸਾਉਂਦਾ ਹੈ ਕਿ ਕਈ ਵਾਰ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਨਹੀਂ ਬਲਕਿ ਜ਼ਿੰਦਗੀ ਖਿਝ ਅਤੇ ਸੰਤਾਪ ਦਾ ਕਾਰਨ ਬਣਦੀ ਹੈ। 'ਹਾਰ ਜਿੱਤ' ਵਿਚ ਪਾਸ਼ੋ ਨਾਂਅ ਦੀ ਇਕ ਔਰਤ ਜ਼ਿੰਦਗੀ ਨੂੰ ਆਪਣੇ ਅਨੁਕੂਲ ਬਣਾਉਣ ਲਈ ਵਾਰ-ਵਾਰ ਪੈਂਤੜੇ ਬਦਲਦੀ ਹੈ। ਇਹੀ ਸੱਚ ਹੈ, ਇਵੇਂ ਕਰਨਾ ਪੈਂਦਾ ਹੈ। ਕਿਰਪਾਲ ਕਜ਼ਾਕ ਦੀਆਂ ਇਨ੍ਹਾਂ ਕਹਾਣੀਆਂ ਦਾ ਇਕ ਹੋਰ ਉਲੇਖਯੋਗ ਪਹਿਲੂ ਇਸਤਰੀ-ਮਨ ਦਾ ਵਿਸ਼ਲੇਸ਼ਣ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਦੀ ਸ਼ਕਤੀ ਅਤੇ ਸੰਭਾਵਨਾਵਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਮਰਦਾਂ ਦਾ ਨਜ਼ਰੀਆ ਹੈ ਕਿ ਔਰਤ ਦਾ ਕੀ ਹੈ, ਉਸ ਨਾਲ ਜਦੋਂ ਮਰਜ਼ੀ/ਜਿਵੇਂ ਮਰਜ਼ੀ ਖੇਡ-ਖਿਲਵਾੜ ਕਰ ਲਵੋ। ਪਰ ਕਜ਼ਾਕ ਵਰਗੇ ਦਿੱਬ-ਦ੍ਰਿਸ਼ਟੀ ਵਾਲੇ ਲੋਕ ਜਾਣਦੇ ਹਨ ਕਿ ਇਸਤਰੀ ਜਾਣ-ਬੁੱਝ ਕੇ ਧੋਖਾ ਖਾਂਦੀ ਹੈ। ਉਹ ਤਿਆਗ, ਕੁਰਬਾਨੀ ਅਤੇ ਸ਼ੌਰਯ ਦੀ ਮੂਰਤ ਹੈ। ਉਹ ਜਾਣਦੀ ਹੈ ਕਿ ਜੇ ਪੁਰਸ਼ ਠੱਗੀ-ਠੋਰੀ ਨਾ ਕਰੇ ਤਾਂ ਜਿਊਂਦਾ ਹੀ ਨਾ ਰਹਿ ਸਕੇ, ਮਰ ਜਾਵੇ। 'ਚਿਤਰ ਗੁਪਤ' ਅਤੇ 'ਲਾਜ਼ਮਾ' ਕਹਾਣੀਆਂ ਇਸਤਰੀ ਦੇ ਅੰਦਰਲੀ ਲੁਪਤ-ਸ਼ਕਤੀ ਨੂੰ ਰੂਪਮਾਨ ਕਰਦੀਆਂ ਹਨ। ਇਹ ਕਹਾਣੀਆਂ ਪੜ੍ਹ ਕੇ ਸਹਿਵਨ ਹੀ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਯਾਦ ਆ ਜਾਂਦੀਆਂ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136


ਇਉਂ ਵੀ ਦੇਖਣਾ ਹੈ
ਲੇਖਕ : ਜਗਦੀਪ ਸਿੱਧੂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ (ਪੇਪਰ ਬੈਕ), ਸਫ਼ੇ : 80
ਸੰਪਰਕ : 8283826876.

ਇਸ ਸੰਗ੍ਰਹਿ ਵਿਚਲੀਆਂ 54 ਕਵਿਤਾਵਾਂ ਆਪਣੇ ਸਿਰਲੇਖਾਂ ਸਦਕਾ ਹੀ ਪਾਠਕ ਨੂੰ ਆਚੰਭਿਤ ਅਤੇ ਆਕਰਸ਼ਿਤ ਕਰਦੀਆਂ ਹਨ। ਮਸਲਨ 'ਹਾਸੇ ਦੀ ਕੀਮਤ', 'ਰਾਣੀ ਬੇਟੀ', 'ਬੱਚੇ-ਅਸੀਂ', 'ਸ਼ੀਸ਼ਾ', 'ਬਦਲ', 'ਜਾਦੂ', 'ਘਰ', 'ਦੋ ਘਰ', 'ਨਵਾਂ ਸਾਲ', 'ਸੰਸਦ', 'ਸਚਾਈ', 'ਕੁਰਸੀ', 'ਭਵਿੱਖ', 'ਸਿਫ਼ਰ', 'ਬਿਰਖ' ਅਤੇ ਅਨੇਕਾਂ ਹੋਰ ਨਾਂਅ..., ਇਨ੍ਹਾਂ ਸ਼ਬਦਾਂ ਦੇ ਅਰਥ ਅਜੋਕੇ ਸਮੇਂ 'ਚ ਗੁੰਮ-ਗੁਆਚ ਹੀ ਨਹੀਂ ਗਏ, ਸਗੋਂ ਸੰਵੇਦਨਸ਼ੀਲਤਾ ਤੋਂ ਵੀ ਵਿਹੀਨ ਹੋ ਗਏ ਹਨ। ਜਗਦੀਪ ਕੋਲ ਕਵਿਤਾ ਦੀ ਬਾਰੀਕ ਸੂਝ ਹੈ ਤਾਂ ਹੀ ਉਸ ਆਪਣੀਆਂ ਕਵਿਤਾਵਾਂ 'ਚ ਵਰਤੀਂਦੇ ਸ਼ਬਦਾਂ ਦੇ ਅਰਥ ਅਜੋਕੇ ਖਪਤੀ ਸੱਭਿਆਚਾਰ ਦੀ ਮੰਗ ਅਨੁਸਾਰ ਕਰਦਾ ਹੋਇਆ, ਅਲੋਪ ਹੋ ਰਹੇ ਅਰਥਾਂ ਦੀ ਨਿਸ਼ਾਨਦੇਹੀ ਕਰਦਿਆਂ, ਵਿਅੰਗਾਤਮਕ ਵਿਧੀ ਅਪਣਾਉਂਦਿਆਂ 'ਅੰਤਰ-ਵਿਰੋਧ' ਨੂੰ ਕਾਵਿਕ-ਜੁਗਤ ਵਜੋਂ ਵਰਤਿਆ ਹੈ। ਇਹ ਪੈਰਾਡਾਕਸ ਦੀ ਜੁਗਤ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਵਿਦਮਾਨ ਹੈ। ਲਾਲ ਬੱਤੀ ਉਂਝ ਖ਼ਤਰੇ ਦਾ ਪ੍ਰਤੀਕ ਹੈ ਪਰ ਭੀਖ ਮੰਗਣ ਵਾਲੇ ਬੱਚਿਆਂ ਲਈ ਇਹ ਵਰਦਾਨ ਹੈ। 'ਲਾਲ ਬੱਤੀ', ਨਵਾਂ ਸਾਲ ਕਵਿਤਾਵਾਂ ਵਿਚ ਵਿਅੰਗ ਅਤੇ ਵਿਰੋਧਾਭਾਸ ਦਾ ਮਿਸ਼ਰਣ, ਉਸ ਦੀਆਂ ਕਵਿਤਾਵਾਂ ਨੂੰ ਸਲਾਹੁਣਯੋਗ ਬਣਾਉਂਦਾ ਹੈ। ਸਮੁੱਚੀ ਕਵਿਤਾ 'ਚ 'ਮੈ' ਭਾਰੂ ਹੈ, ਸੰਬੋਧਨੀ ਵਿਧੀ ਦੀ ਵਰਤੋਂ ਕਰਦਾ ਹੈ। ਇਹ 'ਮੈਂ'-'ਮੈਂ' ਨਹੀਂ, ਸਗੋਂ ਸਮੁੱਚੀ ਲੋਕਾਈ ਦੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਬਣਦੀ ਹੈ। 'ਇਉਂ ਵੀ ਦੇਖਣਾ ਹੈ' ਸਮੁੱਚੇ ਕਾਵਿ ਦਾ ਕੇਂਦਰੀ ਧੁਰਾ ਹੈ। ਇਸ ਲਈ ਕਾਵਿ-ਸੰਗ੍ਰਹਿ ਦਾ ਸਿਰਲੇਖ ਵੀ ਸਾਰਥਿਕ ਹੋ ਨਿਬੜਦਾ ਹੈ :
ਸੱਚ ਨੂੰ ਸੱਚ ਲਿਖਣਾ
ਆਪਣਾ ਨਹੀਂ ਤੱਕਣਾ
ਇਉਂ ਵੀ ਦੇਖਣਾ ਹੈ।
ਜਗਦੀਪ ਸਿੱਧੂ ਦੀ ਸ਼ਾਇਰੀ 'ਚ ਅਹਿਸਾਸ ਵੀ ਹਨ ਅਤੇ ਸਮਾਜਿਕ ਸਰੋਕਾਰ ਵੀ। ਇਸ ਦੇ ਨਾਲ ਹੀ ਆਪਣੀ ਗੱਲ ਕਹਿਣ ਦੀ ਕਾਵਿਕ-ਜੁਗਤ ਵੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਖੁਸ਼-ਆਮਦੀਦ ਕਹਿਣਾ ਚਾਹੀਦਾ ਹੈ।

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਦਿਨ ਢਲੇ
ਲੇਖਕ : ਮੁਖਤਾਰ ਗਿੱਲ
ਪ੍ਰਕਾਸ਼ਕ : ਮੇਘਲਾ ਪ੍ਰਕਾਸ਼ਨ, ਚੋਗਾਵਾਂ, ਅੰਮ੍ਰਿਤਸਰ
ਸਫ਼ੇ : 96
ਸੰਪਰਕ : 98140-82217.

ਪ੍ਰੀਤ ਨਗਰ ਵਿਚ ਰਹਿ ਰਿਹਾ ਮੁਖਤਾਰ ਗਿੱਲ ਪਿਛਲੇ ਲੰਮੇ ਸਮੇਂ ਤੋਂ ਕਹਾਣੀ ਖੇਤਰ ਵਿਚ ਵਿਲੱਖਣ ਸਥਾਨ ਰੱਖਦਾ ਹੋਇਆ ਨਿਰੰਤਰ ਲਿਖ ਰਿਹਾ ਹੈ। ਉਹ ਜ਼ਿੰਦਗੀ ਦੀਆਂ ਸੰਗਤੀਆਂ, ਵਿਸੰਗਤੀਆਂ ਨੂੰ ਬੜੇ ਯਥਾਰਥਕ ਢੰਗ ਨਾਲ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਜੁਗਾੜਬੰਦੀ ਤੋਂ ਨਿਰਲੇਪ ਸਰਹੱਦੀ ਪੇਂਡੂ ਇਲਾਕੇ ਨੂੰ ਆਪਣੀ ਕਰਮ ਭੂਮੀ ਬਣਾ ਆਪਣੇ ਕਾਰਜ ਖੇਤਰ ਨੂੰ ਸਮਰਪਿਤ ਹੈ। ਆਪਣੇ ਨਵੇਂ ਕਹਾਣੀ ਸੰਗ੍ਰਹਿ ਵਿਚ 12 ਨਵੀਆਂ ਕਹਾਣੀਆਂ ਲੈ ਕੇ ਇਕ ਵੱਖਰੀ ਤਰ੍ਹਾਂ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਮੁਖ਼ਾਤਿਬ ਹੁੰਦਾ ਹੈ। ਪੰਜਾਬੀ ਕਹਾਣੀ ਨੇ ਆਪਣੇ-ਆਪ ਨੂੰ ਉਸ ਸਮੇਂ ਦੀ ਹਾਣੀ ਬਣਾ ਕੇ ਰੱਖਿਆ ਹੋਇਆ ਹੈ, ਜਿਸ ਸਮੇਂ ਨੂੰ ਉਹ ਪੇਸ਼ ਕਰਦੀ ਹੈ। ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਹੱਕ-ਸੱਚ ਲਈ ਲੜਨ ਵਾਲੀਆਂ ਧਿਰਾਂ, ਮਿਹਨਤ ਮੁਸ਼ੱਕਤ ਕਰਨ ਵਾਲੇ ਲੋਕਾਂ, ਮੁਲਾਜ਼ਮਾਂ, ਕਿਸਾਨਾਂ ਆਦਿ ਦੇ ਦੁੱਖ ਦਰਦ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਹਰ ਕਹਾਣੀ ਪਾਠਕ ਨੂੰ ਕੋਈ ਸੁਨੇਹਾ ਦਿੰਦੀ ਹੈ। ਕਹਾਣੀਕਾਰ ਇਸ ਇਲਾਕੇ ਦਾ ਇਕ ਅੰਗ ਬਣ ਕੇ ਵਿਚਰਦਾ ਰਿਹਾ ਹੈ, ਉਸ ਅੱਤਵਾਦ ਦੇ ਭਿਆਨਕ ਸਮੇਂ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਉਸ ਸਮੇਂ ਦੀ ਚੀਸ ਅਜੇ ਵੀ ਇਨ੍ਹਾਂ ਕਹਾਣੀਆਂ ਵਿਚੋਂ ਪ੍ਰਗਟ ਹੁੰਦੀ ਹੈ। ਉਹ ਇਨ੍ਹਾਂ ਪਾਤਰਾਂ ਵਰਗਾ ਹੋ ਕੇ ਜੀਵਿਆ ਹੈ। ਹਰੇਕ ਕਹਾਣੀਕਾਰ ਦੀ ਆਪਣੀ ਸੀਮਾ ਅਤੇ ਸਮਰੱਥਾ ਹੁੰਦੀ ਹੈ। ਪਰ ਉਸ ਦੇ ਇਤਿਹਾਸਕ ਰੋਲ ਨੂੰ ਘਟਾ ਕੇ ਨਹੀਂ ਦੇਖਿਆ ਜਾਂਦਾ। ਇਹ ਕਹਾਣੀਆਂ ਇਕ ਵੱਖਰੀ ਤਰ੍ਹਾਂ ਦੀ ਮਾਨਸਿਕਤਾ ਨੂੰ ਬਿਆਨ ਕਰਦੀਆਂ ਹਨ, ਜੋ ਅਣਡਿੱਠ ਨਹੀਂ ਕੀਤੀ ਜਾ ਸਕਦੀ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਦੀਵਾਨਗੀ ਦੇ ਰੰਗ
ਗ਼ਜ਼ਲਕਾਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਸੁਭਾਸ਼ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 116
ਸੰਪਰਕ : 98888-29666.

ਇਸ ਪੁਸਤਕ ਵਿਚ 103 ਸ਼ਾਨਦਾਰ ਗ਼ਜ਼ਲਾਂ ਹਨ। ਗ਼ਜ਼ਲਕਾਰ ਕੋਲ ਜਿਥੇ ਵਿਅੰਗ ਦੀ ਬਾਦਸ਼ਾਹੀ ਹੈ, ਉਥੇ ਗ਼ਜ਼ਲ ਦੀ ਤਕਨੀਕੀ ਅਮੀਰੀ ਵੀ ਹੈ। ਉਸ ਨੇ ਗ਼ਜ਼ਲ ਤਕਨੀਕ ਉੱਤੇ ਨਿੱਠ ਕੇ ਅਧਿਐਨ ਕੀਤਾ ਹੈ। ਇਸੇ ਲਈ ਉਸ ਦੇ ਇਕ ਵੀ ਸ਼ਿਅਰ ਉੱਤੇ ਰੂਪਕ ਪੱਖੋਂ ਉਂਗਲ ਧਰਨਾ ਵੀ ਕਠਿਨ ਹੈ। ਦੀਵਾਨਾ ਕੋਲ ਭਾਵੇਂ ਛੰਦਾਂ ਤੇ ਬਹਿਰਾਂ ਦਾ ਵੱਡਾ ਗਿਆਨ ਹੈ ਪਰ ਉਹ ਇਨ੍ਹਾਂ ਦਾ ਵਾਫਰ ਵਿਖਾਵਾ ਨਹੀਂ ਕਰਦਾ ਤੇ ਉਹੀ ਛੰਦ ਅਥਵਾ ਬਹਿਰ ਲੈਂਦਾ ਹੈ, ਜਿਨ੍ਹਾਂ ਦੀ ਸੁਰ ਪੰਜਾਬੀਆਂ ਦੀ ਸੁਰ ਲਹਿਰ ਵਿਚ ਵਿਲੀਨ ਹੋ ਚੁੱਕੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਸਰਲਤਾ, ਸਾਦਗੀ, ਸਹਿਜ, ਸੁਹੱਪਣ ਅਤੇ ਸਮੂਹਿਕ ਬਿਰਤੀ ਦੀ ਹੇਕ ਹੈ। ਉਸ ਦੇ ਸ਼ਿਅਰਾਂ ਵਿਚ ਲੋਕਾਂ ਦੇ ਦਰਦਾਂ ਦੀ ਵਿਅੰਗਮਈ ਗਾਥਾ ਬਹੁਤ ਪ੍ਰਬਲ ਹੈ। ਉਸ ਵਾਸਤੇ ਗ਼ਜ਼ਲ ਸਿਰਫ ਖ਼ੁਦ ਦੀ ਮਸ਼ਹੂਰੀ ਨਹੀਂ, ਸਗੋਂ ਸ਼ਬਦ ਹਥਿਆਰ ਹੈ। ਉਹ ਆਪਣੇ ਸ਼ਿਅਰਾਂ ਵਿਚ ਨੀਰਸਤਾ ਨਹੀਂ ਆਉਣ ਦਿੰਦਾ ਅਤੇ ਪ੍ਰੇਮ ਦੀ ਪੁੱਠ ਦੇ ਕੇ ਗ਼ਜ਼ਲ ਨੂੰ ਸੁਆਦੀ ਬਣਾ ਦਿੰਦਾ ਹੈ। ਕੁਝ ਸ਼ਿਅਰ :
-ਕਿਰਤੀ ਝੋਨਾ ਲਾ ਰਿਹਾ ਕਿੰਜ ਆਫਤ ਵਿਚਕਾਰ...
-ਏ.ਸੀ. ਦੇ ਵਿਚ ਬੈਠ ਕੇ ਸੋਚੇ ਇੰਜ ਸਰਕਾਰ
ਖੇਤੀ 'ਚੋਂ ਕਿਰਸਾਨ ਨੂੰ ਚੁੱਕ ਕੇ ਸੁੱਟੋ ਬਾਹਰ
-ਇਹ ਜੋ ਦੇਸ਼ ਭਗਤੀ ਦਾ ਰਾਗ ਹੈ ਉਹਦੇ ਹੱਕ ਹੋ ਗਏ ਰਾਖਵੇਂ
ਕਿ ਵਿਸ਼ੈਲੇ ਮਜ਼੍ਹਬੀ ਜਨੂੰਨ ਨੇ ਮੁਲਕ ਆਪਣੇ ਨਾਂਅ ਕਰਾ ਲਿਆ।

ਸੁਲੱਖਣ ਸਰਹੱਦੀ
ਮੋ: 94174-84337.

 

 


ਸੰਘਰਸ਼ ਦਾ ਪ੍ਰਤੀਕ ਕਿਊਬਾ
ਲੇਖਕ : ਅਵਤਾਰ ਸਿੰਘ ਸਾਦਿਕ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 98729-89313.

ਇਹ ਪੁਸਤਕ ਇਕ ਸਫ਼ਰਨਾਮਾ ਹੈ, ਜਿਸ ਵਿਚ ਕਿਊਬਾ ਦੇਸ਼ ਪ੍ਰਤੀ ਬੜੀ ਦਿਲਚਸਪ ਅਤੇ ਦਿਲ-ਹਿਲਾਊ ਜਾਣਕਾਰੀ ਦਿੱਤੀ ਗਈ ਹੈ। ਜਦੋਂ ਕੋਲੰਬਸ ਨੇ ਚਾਰੇ ਪਾਸਿਓਂ ਸਮੁੰਦਰ ਨਾਲ ਘਿਰੇ ਟਾਪੂ ਕਿਊਬਾ ਨੂੰ ਲੱਭਿਆ, ਉਦੋਂ ਇਥੇ ਇੰਡੀਅਨ ਮੂਲ ਦੇ ਲੋਕ ਵਸਦੇ ਸਨ। ਇਹ ਸਿੱਧੇ-ਸਾਦੇ ਲੋਕ ਖੇਤੀ ਕਰਨ, ਸ਼ਿਕਾਰ ਕਰਨ ਅਤੇ ਹਥਿਆਰ ਬਣਾਉਣ ਦੇ ਮਾਹਿਰ ਸਨ। ਇਨ੍ਹਾਂ ਅਮਨ ਪਸੰਦ ਲੋਕਾਂ ਉੱਤੇ ਸਪੇਨ ਨੇ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਕਤਲੇਆਮ ਕੀਤਾ। ਬੇਹੱਦ ਜ਼ੁਲਮ ਸਹਿੰਦੇ ਹੋਏ ਇੰਡੀਅਨ ਲੋਕ ਸੰਘਰਸ਼ ਕਰਦੇ ਰਹੇ ਅਤੇ 1899 ਈ: ਵਿਚ ਕਿਊਬਾ ਸਪੇਨ ਤੋਂ ਆਜ਼ਾਦ ਹੋ ਗਿਆ। ਫਿਰ ਇਸ ਉੱਤੇ ਅਮਰੀਕਾ ਨੇ ਗਲਬਾ ਪਾ ਲਿਆ। ਕਿਊਬਾ ਦੀ ਆਰਥਿਕਤਾ ਤਬਾਹ ਹੋ ਗਈ। ਅਖੀਰ ਇਨ੍ਹਾਂ ਸਤਾਏ ਹੋਏ ਲੋਕਾਂ ਨੇ ਸੰਘਰਸ਼ ਅਤੇ ਕ੍ਰਾਂਤੀ ਦਾ ਰਾਹ ਫੜਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਨਵੀਂ ਸੇਧ, ਭਰੋਸਾ ਅਤੇ ਆਤਮ ਬਲ ਮਿਲਿਆ। ਸ਼ਹਾਦਤ ਅਤੇ ਮੁਸ਼ੱਕਤ ਨਾਲ ਜ਼ਰਖ਼ੇਜ਼ ਹੋਈ ਕਿਊਬਾ ਦੀ ਸਰਜ਼ਮੀਨ 'ਤੇ ਸਿਜਦਾ ਕਰਦਿਆਂ ਲੇਖਕ ਨੇ ਮਹੱਤਵਪੂਰਨ ਬਿਰਤਾਂਤ ਪੇਸ਼ ਕੀਤੇ ਹਨ। ਇਸ ਯਾਤਰਾ ਬਿਰਤਾਂਤ ਵਿਚ ਉਸ ਨੇ ਕਿਊਬਾ ਦੇ ਭੂਗੋਲਿਕ ਚੌਗਿਰਦੇ, ਕੁਦਰਤੀ ਸੁਹੱਪਣ, ਸੱਭਿਆਚਾਰ, ਵਪਾਰ ਅਤੇ ਸਮਾਜਿਕ ਢਾਂਚੇ ਦਾ ਵਰਨਣ ਕੀਤਾ ਹੈ। ਕਿਊਬਾ ਉੱਤੇ ਹੁੰਦੇ ਰਹੇ ਜ਼ੁਲਮ ਦੀ ਲੰਮੀ ਦਰਦਨਾਕ ਕਹਾਣੀ ਪੇਸ਼ ਕੀਤੀ ਗਈ ਹੈ। ਅਮਰੀਕਾ ਦੇ ਸਮੁੰਦਰੀ ਤੱਟ ਉੱਤੇ ਵਸਿਆ ਟਾਪੂ ਕਿਊਬਾ ਮਗਰਮੱਛ ਦੀ ਸ਼ਕਲ ਵਰਗਾ ਹੈ।
ਇਸ ਦੀ ਲੰਬਾਈ 1200 ਕਿਲੋਮੀਟਰ ਅਤੇ ਚੌੜਾਈ 32 ਕਿਲੋਮੀਟਰ ਹੈ। ਇਥੇ ਸਭ ਲਈ ਸਿੱਖਿਆ ਲਾਜ਼ਮੀ ਅਤੇ ਮੁਫ਼ਤ ਹੈ। ਸਮਾਜਵਾਦੀ ਇਨਕਲਾਬ ਉਪਰੰਤ ਕਿਊਬਾ ਨੇ ਵੱਡੀ ਗਿਣਤੀ ਵਿਚ ਅਧਿਆਪਕ, ਤਕਨੀਸ਼ੀਅਨ, ਨਰਸਾਂ, ਫਾਰਮਾਸਿਸਟ, ਡਾਕਟਰ ਤੇ ਇੰਜੀਨੀਅਰ ਤਿਆਰ ਕੀਤੇ ਹਨ, ਜੋ ਗ਼ਰੀਬ ਮੁਲਕਾਂ ਵਿਚ ਜਾ ਕੇ ਸੇਵਾ ਕਰ ਰਹੇ ਹਨ। ਅੱਜ ਇਸ ਦੇਸ਼ ਦਾ ਵਪਾਰ 97 ਮੁਲਕਾਂ ਨਾਲ ਹੋ ਰਿਹਾ ਹੈ। ਅੰਤ ਵਿਚ ਲੇਖਕ ਨੇ ਕਿਊਬਾ ਦੇ ਲੋਕਾਂ ਪ੍ਰਤੀ ਪਿਆਰ ਸਤਿਕਾਰ ਭੇਟ ਕਰਦਿਆਂ ਕੁਝ ਕਵਿਤਾਵਾਂ ਵੀ ਲਿਖੀਆਂ ਹਨ। ਇਹ ਪੁਸਤਕ ਪੜ੍ਹਨਯੋਗ ਤੇ ਵਿਚਾਰਨਯੋਗ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਕਰਮਯੋਗੀ
ਲੇਖਕ : ਡਾ: ਹਰੀ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 98159-50590.

 

ਡਾ: ਹਰੀ ਸਿੰਘ ਦਾ ਕਿੱਤਾ ਤਾਂ ਭਾਵੇਂ ਡਾਕਟਰੀ ਰਿਹਾ ਹੈ ਪਰ ਸਾਹਿਤ ਪ੍ਰਤੀ ਚੇਟਕ ਗਾਹੇ-ਬਗਾਹੇ ਉਨ੍ਹਾਂ ਦੇ ਸੰਵੇਦਨਸ਼ੀਲ ਮਨ ਨੂੰ ਸਾਹਿਤ ਰਚਨਾ ਲਈ ਪ੍ਰੇਰਦੀ ਰਹੀ ਹੈ। ਇਸੇ ਸਦਕਾ ਹੀ ਅੱਧੀ ਦਰਜਨ ਪੁਸਤਕਾਂ ਦੀ ਰਚਨਾ ਤੋਂ ਬਾਅਦ ਸੱਤਵੀਂ ਪੁਸਤਕ ਦੇ ਰੂਪ ਵਿਚ ਉਨ੍ਹਾਂ ਦੀ ਸਵੈ-ਜੀਵਨੀ 'ਕਰਮਯੋਗੀ' ਪਾਠਕਾਂ ਦੇ ਰੂ-ਬਰੂ ਹੋਈ ਹੈ। ਇਸ ਸਵੈ-ਜੀਵਨੀ ਵਿਚ ਡਾ: ਹਰੀ ਸਿੰਘ ਨੇ ਜਿਥੇ ਪਾਕਿਸਤਾਨ ਵਿਚ ਬਿਤਾਏ ਆਪਣੇ ਬਚਪਨ ਦੇ ਦਿਨਾਂ ਨੂੰ ਪਾਠਕਾਂ ਸਾਹਮਣੇ ਬੜੀ ਰੌਚਿਕਤਾ ਨਾਲ ਪੇਸ਼ ਕੀਤਾ ਹੈ, ਉਥੇ ਡਾਕਟਰੀ ਦੀ ਪੜ੍ਹਾਈ ਸਮੇਂ ਆਈਆਂ ਤੰਗੀਆਂ-ਤੁਰਸ਼ੀਆਂ ਅਤੇ ਨਾਲ ਦੀ ਨਾਲ ਇਸ ਕਿੱਤੇ ਪ੍ਰਤੀ ਆਪਣੇ ਮੋਹ ਅਤੇ ਲਗਨ ਬਾਰੇ ਵੀ ਵਿਸਥਾਰ ਪੂਰਵਕ ਵਰਨਣ ਕੀਤਾ ਹੈ। ਇਸ ਸਵੈ-ਜੀਵਨੀ ਨੂੰ ਪੜ੍ਹਦਿਆਂ ਪਾਠਕ ਦਾ ਇਸ ਕਿਤੇ ਪ੍ਰਤੀ ਰੁਖਾ ਹੋਣ ਦਾ ਭਰਮ ਵੀ ਟੁੱਟ ਜਾਂਦਾ ਹੈ, ਕਿਉਂਕਿ ਡਾ: ਹਰੀ ਸਿੰਘ ਦੀ ਕਿੱਤੇ ਪ੍ਰਤੀ ਸਮਰਪਣ ਭਾਵਨਾ ਤੇ ਮਰੀਜ਼ ਦੀ ਜਾਨ ਬਚਾਉਣ ਲਈ ਕੀਤੇ ਯਤਨਾਂ ਦੀਆਂ ਉਦਾਹਰਨਾਂ ਪਾਠਕ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਦੀਆਂ ਹਨ। ਜਿਵੇਂ ਇਕ ਥਾਂ 'ਤੇ ਮਰੀਜ਼ ਦੇ ਆਪ੍ਰੇਸ਼ਨ ਲਈ ਉਹ ਰੋਟੀ ਵਿਚੇ ਹੀ ਛੱਡ ਕੇ ਚਲਾ ਜਾਂਦਾ ਹੈ ਤੇ ਆਪ੍ਰੇਸ਼ਨ ਕਰਨ ਤੋਂ ਬਾਅਦ ਆ ਕੇ ਰੋਟੀ ਖਾਂਦਾ ਹੈ। ਇਸੇ ਤਰ੍ਹਾਂ ਬਿਆਨ ਨੂੰ ਰੌਚਿਕ ਬਣਾਉਣ ਲਈ ਸਵੈ-ਜੀਵਨੀਕਾਰ ਨੇ ਕਿਤੇ-ਕਿਤੇ ਰੁਮਾਂਟਿਕ ਵਾਤਾਵਰਨ ਵੀ ਪੈਦਾ ਕੀਤਾ ਹੈ। ਡਾ: ਹਰੀ ਸਿੰਘ ਦੀ ਇਸ ਸਵੈ-ਜੀਵਨੀ ਵਿਚ ਬਹੁਤੇ ਵੇਰਵੇ ਉਨ੍ਹਾਂ ਦੇ ਕਿੱਤੇ ਨਾਲ ਹੀ ਸਬੰਧਿਤ ਘਟਨਾਵਾਂ ਨੂੰ ਪੇਸ਼ ਕਰਦੇ ਹਨ ਪਰ ਕੋਈ ਵਿਅਕਤੀ ਆਪਣੀ ਮਿਹਨਤ ਅਤੇ ਸਿਰੜ ਨਾਲ ਕਿਸੇ ਮੁਕਾਮ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ, ਇਹ ਵਰਨਣ ਪਾਠਕ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

17-11-2018

 ਜਗਤੁ ਜਲੰਦਾ ਰਖਿ ਲੈ...
(ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਤੇ ਭਗਵਾਂ ਰਾਸ਼ਟਰਵਾਦ)
ਸੰਪਾਦਕ : ਪ੍ਰੋ: ਬਲਵਿੰਦਰਪਾਲ ਸਿੰਘ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਸਾ.ਸ. ਜਲੰਧਰ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 98157-00916.

ਇਸ ਪੁਸਤਕ ਵਿਚਲੇ ਸੰਕਲਿਤ 17 ਲੇਖਾਂ ਵਿਚ ਇਹ ਸਮਝਣ-ਸਮਝਾਉਣ ਦੀ ਚੇਸ਼ਟਾ ਕੀਤੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਭਾਰਤ ਦੇ ਪ੍ਰਚਲਿਤ ਰਵਾਇਤੀ ਅਧਿਆਤਮਕ ਚੌਖਟੇ ਵਿਚ ਫਿਟ ਨਹੀਂ ਕੀਤੀ ਜਾ ਸਕਦੀ। ਭਾਰਤ ਦੀ ਪੁਰਾਤਨ ਵਿਚਾਰਧਾਰਾ ਸਮਾਜ ਵਿਚ ਨਫ਼ਰਤ, ਹਿੰਸਾ, ਘੱਟ-ਗਿਣਤੀਆਂ ਪ੍ਰਤੀ ਈਰਖਾ ਫੈਲਾਉਣਾ, ਜਾਤੀਵਾਦ ਦੇ ਆਧਾਰ 'ਤੇ ਮਨੁੱਖਤਾ ਨੂੰ ਵੰਡਣ ਅਤੇ ਫਾਸ਼ੀਵਾਦੀ ਸੋਚ ਨੂੰ ਸਥਾਪਿਤ ਕਰਨ ਵਾਲੀ ਸੀ।
ਦੂਜੇ ਪਾਸੇ ਗੁਰੂ ਨਾਨਕ ਦਾ ਫ਼ਲਸਫ਼ਾ ਸਾਂਝੀਵਾਲਤਾ, ਸਰਬੱਤ ਦੇ ਭਲੇ ਅਤੇ ਸਰਬੱਤ ਦੀ ਸੁਤੰਤਰਤਾ ਨਾਲ ਭਰਪੂਰ ਹੈ। ਇਹ ਫ਼ਲਸਫ਼ਾ ਕਿਰਤੀਆਂ, ਪਛੜਿਆਂ ਤੇ ਮਨੁੱਖੀ ਅਧਿਕਾਰਾਂ ਦੇ ਹਿਤ ਵਿਚ ਤੇ ਜ਼ਾਲਮ ਸ਼ਾਸਕਾਂ ਦੇ ਵਿਰੁੱਧ ਹੈ। ਇਹ ਫ਼ਲਸਫ਼ਾ ਭਾਰਤ ਦੀ ਰਵਾਇਤੀ ਵਿਚਾਰਧਾਰਾ ਦਾ ਪੂਰਨ ਰੂਪ ਵਿਚ ਖੰਡਨ ਕਰਦਾ ਹੈ। ਸ: ਅਜਮੇਰ ਸਿੰਘ ਲਿਖਦਾ ਹੈ ਕਿ ਬਹੁਗਿਣਤੀ ਫ਼ਿਰਕੇ ਨਾਲ ਸਬੰਧਿਤ ਰਾਸ਼ਟਰਵਾਦੀਆਂ ਨੇ ਸਿੱਖ ਭਾਈਚਾਰੇ ਨੂੰ ਆਪਣੇ ਸਮਾਜ ਦਾ ਅਨਿੱਖੜ ਅੰਗ ਦਰਸਾਉਣ ਦੇ ਯਤਨ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੇ ਸਨ। ਇੰਦੂ ਭੂਸ਼ਣ ਬੈਨਰਜੀ, ਗੋਕਲ ਚੰਦ ਨਾਰੰਗ ਅਤੇ ਹਰੀ ਰਾਮ ਗੁਪਤਾ ਦੁਆਰਾ ਲਿਖੇ ਸਿੱਖ ਧਰਮ ਦੇ ਇਤਿਹਾਸ ਵਿਚ ਅਜਿਹੀ ਕੋਸ਼ਿਸ਼ ਦੇਖੀ ਜਾ ਸਕਦੀ ਹੈ।
ਪਰਮਿੰਦਰ ਸਿੰਘ ਖ਼ਾਲਸਾ ਅਨੁਸਾਰ ਡਾ: ਅੰਬੇਡਕਰ ਹਿੰਦੂ ਰਾਸ਼ਟਰ ਦੇ ਵਿਰੋਧੀ ਸਨ। ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਇਹ ਅੰਕਿਤ ਕਰ ਦਿੱਤਾ ਸੀ ਕਿ ਇਹ ਸੰਕਲਪ ਲੋਕਤੰਤਰ ਨਾਲ ਮੇਲ ਨਹੀਂ ਖਾਂਦਾ। (ਪਾਰਟੀਸ਼ਨ ਆਫ ਇੰਡੀਆ, ਪੰਨਾ 358)
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਪ੍ਰੋਫੈਸਰ ਰਾਮ ਪੁਨਿਆਣੀ ਲਿਖਦਾ ਹੈ ਕਿ ਜੇ ਅਸੀਂ ਭਾਰਤ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਫਾਸ਼ੀਵਾਦੀ ਜਥੇਬੰਦੀਆਂ ਦੇ ਵਿਚਾਰਾਂ ਦਾ ਜਨਤਕ ਅਤੇ ਵਿਚਾਰਧਾਰਕ ਤੌਰ 'ਤੇ ਵਿਰੋਧ ਕਰਨਾ ਹੋਵੇਗਾ ਅਤੇ ਇਕ ਵੱਡਾ ਅੰਦੋਲਨ ਖੜ੍ਹਾ ਕਰਨਾ ਹੋਵੇਗਾ। ਇਹ ਪੁਸਤਕ ਮੌਜੂਦਾ ਦੌਰ ਵਿਚ ਫੈਲਾਈ ਜਾ ਰਹੀ ਸੌੜੀ ਵਿਚਾਰਧਾਰਾ ਦਾ ਡਟ ਕੇ ਵਿਰੋਧ ਕਰਦੀ ਹੈ। ਜੇ ਭਾਰਤ ਨੇ ਵਿਕਾਸ ਕਰਨਾ ਹੈ ਤਾਂ ਘੱਟ-ਗਿਣਤੀ ਸਮੂਹਾਂ, ਦਲਿਤਾਂ, ਇਸਤਰੀਆਂ ਅਤੇ ਸਿੱਖਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਧਰਮੀਆਂ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਇਨ੍ਹਾਂ ਨੂੰ ਆਪਣੀ ਵੱਖਰੀ ਸ਼ਨਾਖ਼ਤ ਬਰਕਰਾਰ ਰੱਖਣ ਲਈ ਅੱਗੇ ਆਉਣਾ ਪਵੇਗਾ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੰਜ ਸੱਤ ਪੰਜ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 112
ਸੰਪਰਕ : 94640-76257.

ਬਿਕਰਮਜੀਤ 'ਨੂਰ' ਪੰਜਾਬੀ ਸਾਹਿਤ ਦਾ ਸਰਬਾਂਗੀ ਲੇਖਕ ਹੈ, ਜੋ ਕਿ ਪੰਜਾਬੀ ਸਾਹਿਤ 'ਚ ਇਕ ਜਾਣਿਆ-ਪਛਾਣਿਆ ਨਾਂਅ ਹੈ। 'ਪੰਜ ਸੱਤ ਪੰਜ' ਉਸ ਦਾ ਹਾਇਕੂ ਕਵਿਤਾ ਦਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 1000 ਦੇ ਕਰੀਬ 'ਹਾਇਕੂ' ਸ਼ਾਮਿਲ ਕੀਤੇ ਹਨ। ਇਹ ਕਾਵਿ-ਪਰੰਪਰਾ ਜਾਪਾਨ ਤੋਂ ਪਰਮਿੰਦਰ ਸੋਢੀ ਰਾਹੀਂ ਪੰਜਾਬੀ ਕਾਵਿ 'ਚ ਪ੍ਰਵੇਸ਼ ਕਰਦੀ ਹੈ, ਜਿਸ ਵਿਚ ਕਸ਼ਮੀਰੀ ਲਾਲ ਚਾਵਲਾ, ਜਨਮੇਜਾ ਸਿੰਘ ਜੌਹਲ, ਪ੍ਰੋ: ਮਲਕੀਤ ਸਿੰਘ 'ਸੰਧੂ', ਜਰਨੈਲ ਸਿੰਘ ਭੁੱਲਰ, ਡਾ: ਨਿਤਨੇਮ ਸਿੰਘ, ਬਲਮਜੀਤ ਕੌਰ ਮਾਨ, ਬੁੱਧ ਸਿੰਘ ਚਿੱਤਰਕਾਰ ਤੇ ਹਰਦੀਪ ਕੌਰ ਸੰਧੂ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਬਿਕਰਮਜੀਤ ਨੂਰ ਅਨੁਸਾਰ ਕਸ਼ਮੀਰੀ ਲਾਲ ਚਾਵਲਾ ਪੰਜਾਬੀ ਕਾਵਿ 'ਚ ਮੋਢੀ ਹਾਇਕੂਕਾਰ ਹੈ, ਇਸ ਲਈ ਉਸ ਨੇ ਇਹ ਕਾਵਿ-ਸੰਗ੍ਰਹਿ, ਉਸ ਨੂੰ ਹੀ ਸਮਰਪਤ ਕੀਤਾ ਹੈ। ਪੰਜ ਸੱਤ ਪੰਜ ਤੋਂ ਭਾਵ 17 ਵਰਣਾਂ ਵਾਲੀ ਕਵਿਤਾ ਹੈ। ਇਹ ਕਾਵਿ-ਛੰਦ ਤਿੰਨ ਸਤਰਾਂ ਦਾ ਹੁੰਦਾ ਹੈ, ਜਿਸ ਵਿਚ ਪਹਿਲੀ ਅਤੇ ਤੀਸਰੀ ਸਤਰ 5-5 ਵਰਣਾਂ ਦੀ ਅਤੇ ਦੂਸਰੀ ਸੱਤ ਵਰਣਾਂ ਦੀ ਹੁੰਦੀ ਹੈ। ਇਸ ਲਈ ਇਸ ਪੁਸਤਕ ਦਾ ਸਿਰਲੇਖ ਵੀ ਹਾਇਕੂ ਦੀ ਰੂਪਕ ਪ੍ਰਵਿਰਤੀ ਨੂੰ ਪਰਿਭਾਸ਼ਤ ਕਰਦਾ ਹੈ। ਹਾਇਕੂ ਸ਼ਬਦ ਦੀ ਘਾੜਤ ਨੌਜਵਾਨ ਹਾਇਕੂ ਸ਼ਾਇਰ ਹਾਇਜਨ ਸਿੱਕੀ ਨੇ 20ਵੀਂ ਸਦੀ ਵਿਚ ਕੀਤੀ, ਜੋ ਦੋ ਸ਼ਬਦਾਂ 819 (ਅਲੌਕਿਕ) ਾਂ" (ਕਵਿਤਾ) ਦਾ ਸੁਮੇਲ ਹੈ, ਜਿਸ ਦਾ ਅਰਥ ਅਲੌਕਿਕ ਕਵਿਤਾ ਹੈ। ਇਸ ਕਵਿਤਾ ਵਿਚ ਜੀਵਨ ਛਿਣ-ਭੰਗਰ ਹੁੰਦਾ ਹੈ, ਸਭ ਕੁਝ ਪ੍ਰਕਿਰਤਿਕ ਤੌਰ 'ਤੇ ਬਦਲਣਸ਼ੀਲ ਹੈ। ਇਸ ਲਈ ਇਸ ਕਵਿਤਾ 'ਚ ਛਿਣ-ਭੰਗਰਤਾ ਵਾਲੇ ਦ੍ਰਿਸ਼, ਰੁੱਤਾਂ ਅਤੇ ਵਰਤਮਾਨ 'ਚ ਜੀਣ ਦੀ ਮਨੁੱਖ ਦੀ ਲਾਲਸਾ ਆਦਿ ਵਿਸ਼ੇ ਹੀ ਨਿਭਾਏ ਜਾਂਦੇ ਹਨ। ਬਿਕਰਮਜੀਤ ਨੂਰ ਦੇ ਇਨ੍ਹਾਂ ਹਾਇਕੂਆਂ 'ਚ ਸੰਚਾਰ ਦੀ ਕਿਧਰੇ ਵੀ ਕੋਈ ਸਮੱਸਿਆ ਨਹੀਂ ਹੈ। ਇਸ ਕਵਿਤਾ ਦਾ ਮੁੱਖ ਮੰਤਵ ਸੁੰਦਰਤਾ ਦਾ ਸੰਚਾਰ ਕਰਨਾ ਹੈ। ਸੰਖੇਪਤਾ, ਸੰਜਮਤਾ, ਸਰਲਤਾ, ਸਪੱਸ਼ਟਤਾ, ਭਾਵਾਂ ਦਾ ਸੰਚਾਰ ਇਸ ਕਾਵਿ ਦੇ ਮੀਰੀ ਗੁਣ ਹਨ :
ਸਮਝੀ ਜ਼ਰਾ
ਸ਼ਬਦਾਂ ਦੇ ਅਰਥ
ਡੂੰਘਾਈ ਨਾਲ
ਬਿਕਰਮਜੀਤ ਨੂਰ ਨੇ ਹਾਇਕੂਆਂ ਦੀ ਮੰਗ ਅਨੁਸਾਰ ਆਪਣੀ ਹਾਇਕੂ ਕਵਿਤਾ 'ਚ 'ਹਾਇਕੂ' ਕਾਵਿ ਦੇ ਮੀਰੀ ਗੁਣਾਂ ਨੂੰ ਖੂਬ ਨਿਭਾਉਂਦਿਆਂ ਕਾਵਿਕ-ਦ੍ਰਿਸ਼ਾਂ ਰਾਹੀਂ ਸਥਿਤੀਆਂ/ਪ੍ਰਸਥਿਤੀਆਂ ਪਾਠਕਾਂ ਸਾਹਵੇਂ ਪ੍ਰਕਾਸ਼ਮਾਨ ਕਰ ਦਿੱਤੀਆਂ ਹਨ। ਪੁਸਤਕ ਨੂੰ ਖੁਸ਼ਆਮਦੀਦ ਕਹਿੰਦਿਆਂ ਖੁਸ਼ੀ ਅਨੁਭਵ ਕਰ ਰਿਹਾ ਹਾਂ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ
ਲੇਖਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 94170-76735.

ਉਪਰੋਕਤ ਪੁਸਤਕ ਮੁਲਾਕਾਤ, ਬਿਆਨ, ਸੁਨੇਹੜੇ ਅਤੇ ਵਸੀਅਤਨਾਮਾ ਅਮੋਲਕ ਸਿੰਘ ਦੁਆਰਾ ਲਿਖੀ ਇਕ ਅਜਿਹੀ ਪੁਸਤਕ ਹੈ, ਜਿਸ ਵਿਚ ਬੀਬੀ ਅਮਰ ਕੌਰ ਦੀ ਸ਼ਖ਼ਸੀਅਤ ਅਤੇ ਆਜ਼ਾਦੀ ਦੇ ਘੋਲ ਦੌਰਾਨ ਕੀਤੇ ਕਾਰਜਾਂ ਦਾ ਵੇਰਵਾ ਤਾਂ ਦਰਜ ਕੀਤਾ ਹੀ ਗਿਆ ਹੈ, ਨਾਲ ਦੀ ਨਾਲ ਉਸ ਨਾਲ ਕੀਤੀ ਇਕ ਲੰਮੀ ਮੁਲਾਕਾਤ ਵਿਚੋਂ ਸ਼ਹੀਦ ਭਗਤ ਸਿੰਘ ਦੇ ਖਾਨਦਾਨੀ ਪਿਛੋਕੜ ਅਤੇ ਭਗਤ ਸਿੰਘ ਦੀ ਸਿਰੜੀ, ਸਿਰਲੱਥ ਅਤੇ ਦ੍ਰਿੜ੍ਹ ਇਰਾਦੇ ਵਾਲੀ ਸ਼ਖ਼ਸੀਅਤ ਦੇ ਵੀ ਬਹੁਤ ਸਾਰੇ ਪੱਖ ਉਭਾਰੇ ਗਏ ਹਨ।
ਜੇਕਰ ਅਸਲ ਵਿਚ ਦੇਖਿਆ ਜਾਵੇ ਤਾਂ ਇਹ ਪੁਸਤਕ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਹੀ ਬੀਬੀ ਅਮਰ ਕੌਰ ਦੀ ਜ਼ਬਾਨੀ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਬੀਬੀ ਅਮਰ ਕੌਰ ਅਤੇ ਭਾਣਜੇ ਜਗਮੋਹਨ ਸਿੰਘ ਨਾਲ ਲੰਮੀ ਮੁਲਾਕਾਤ ਪੇਸ਼ ਕੀਤੀ ਗਈ ਹੈ, ਜਿਸ ਵਿਚ ਤਤਕਾਲੀ ਸਮੇਂ ਦੇ ਇਤਿਹਾਸਕ ਪਰੀਦ੍ਰਿਸ਼ ਨੂੰ ਘੋਖਵੀਂ ਤੇ ਪੜਚੋਲਵੀਂ ਦ੍ਰਿਸ਼ਟੀ ਤੋਂ ਵਿਚਾਰਨ ਦਾ ਯਤਨ ਕੀਤਾ ਗਿਆ ਹੈ, ਕਿਉਂਕਿ ਬੀਬੀ ਅਮਰ ਕੌਰ ਉਸ ਸਮੇਂ ਦੀ ਚਸ਼ਮਦੀਦ ਗਵਾਹ ਸੀ। ਅੰਗਰੇਜ਼ਾਂ ਦੀਆਂ ਨੀਤੀਆਂ ਦੇ ਨਾਲ-ਨਾਲ ਕਾਂਗਰਸ ਪਾਰਟੀ ਅਤੇ ਭਾਰਤੀ ਆਗੂਆਂ ਦੇ ਰਵੱਈਏ ਬਾਰੇ ਵੀ ਬੀਬੀ ਅਮਰ ਕੌਰ ਨੇ ਬੇਬਾਕ ਟਿੱਪਣੀਆਂ ਕੀਤੀਆਂ ਹਨ ਅਤੇ ਭਗਤ ਸਿੰਘ ਦੀ ਆਜ਼ਾਦੀ ਦੇ ਸੰਘਰਸ਼ ਪ੍ਰਤੀ ਵਿਚਾਰਧਾਰਕ ਪਹੁੰਚ ਦਾ ਵਿਸ਼ਲੇਸ਼ਣ ਵੀ ਪੇਸ਼ ਕੀਤਾ ਹੈ।
ਪਰਿਵਾਰਕ ਪਿਛੋਕੜ ਬਾਰੇ ਵੀ ਭਗਤ ਸਿੰਘ ਦੇ ਪੜਦਾਦਾ ਜੀ, ਪਿਤਾ ਜੀ ਅਤੇ ਚਾਚਾ ਜੀ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਵੀ ਤੱਥ ਭਰਪੂਰ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਵਿਚ ਅਸੈਂਬਲੀ ਹਾਲ ਵਿਚ ਬੰਬ ਧਮਾਕੇ ਤੋਂ ਬਾਅਦ ਸੁੱਟੇ ਪਰਚੇ ਬਾਰੇ ਵੀ ਬੀਬੀ ਅਮਰ ਕੌਰ ਦਾ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਸੰਦੇਸ਼, ਜੋ ਸਮੇਂ-ਸਮੇਂ ਬੀਬੀ ਅਮਰ ਕੌਰ ਦੁਆਰਾ ਦਿੱਤੇ ਗਏ, ਉਨ੍ਹਾਂ ਦਾ ਵੇਰਵਾ ਪੁਸਤਕ ਵਿਚ ਦਰਜ ਹੈ। ਉਨ੍ਹਾਂ ਨੇ ਆਪਣੀ ਵਸੀਅਤ ਵਿਚ ਜਿਥੇ ਅਨਿਆਂ ਅਤੇ ਨਾਬਰਾਬਰੀ ਪੈਦਾ ਕਰਨ ਵਾਲੀਆਂ ਤਾਕਤਾਂ ਦੇ ਵਿਰੋਧ ਵਿਚ ਖੜ੍ਹੇ ਹੋਣ ਲਈ ਕਿਹਾ, ਉਥੇ ਆਪਣੇ ਸਸਕਾਰ ਤੋਂ ਬਾਅਦ ਰਾਖ ਨੂੰ ਹੁਸੈਨੀਵਾਲੇ ਹੀ ਪ੍ਰਵਾਹ ਕਰਨ ਲਈ ਵੀ ਕਿਹਾ। ਪੁਸਤਕ ਵਿਚ ਭਗਤ ਸਿੰਘ ਦੇ ਵਿਚਾਰਾਂ ਤੋਂ ਇਲਾਵਾ ਇਕ ਲੇਖ 'ਅਛੂਤ ਦਾ ਸਵਾਲ' ਵੀ ਸ਼ਾਮਿਲ ਹੈ। ਪੁਸਤਕ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਵੀਰ ਸ਼ਮੀਰ
ਕਿੱਸਾਕਾਰ : ਮਨਦੀਪ ਸੰਧੂ
ਪ੍ਰਕਾਸ਼ਕ : ਰੁਖਾਲਾ ਪਬਲਿਸ਼ਿੰਗ ਹਾਊਸ, ਰੁਖਾਲਾ, ਮੁਕਤਸਰ ਸਾਹਿਬ
ਮੁੱਲ : 70 ਰੁਪਏ, ਸਫ਼ੇ : 48
ਸੰਪਰਕ : 99153-52001.

ਪੰਜਾਬ ਦੀਆਂ ਪ੍ਰੀਤ ਕਹਾਣੀਆਂ ਵਿਚੋਂ ਮਿਰਜ਼ਾ ਸਾਹਿਬਾਂ ਦਾ ਕਿੱਸਾ ਬਹੁਤ ਮਸ਼ਹੂਰ ਹੈ। ਸਿਆਲ ਦੇ ਚੌਧਰੀ ਦੀ ਧੀ ਸਾਹਿਬਾਂ ਨੂੰ ਵਿਆਹੁਣ ਲਈ ਚੰਦੜ੍ਹਾਂ ਦਾ ਤਾਹਿਰ ਖਾਨ ਬਰਾਤ ਲੈ ਕੇ ਆਇਆ ਹੁੰਦਾ ਹੈ। ਨਿਕਾਹ ਤੋਂ ਕੁਝ ਸਮਾਂ ਪਹਿਲਾਂ ਦਾਨਾਬਾਦ ਦਾ ਮਿਰਜ਼ਾ ਜੱਟ ਆਪਣੀ ਪ੍ਰੇਮਿਕਾ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਹੈ। ਜਦੋਂ ਸਾਹਿਬਾਂ ਦੇ ਭਰਾ ਸ਼ਮੀਰ ਨੂੰ ਪਤਾ ਲਗਦਾ ਹੈ ਤਾਂ ਉਸ ਦੀ ਅਣਖ ਜਾਗ ਪੈਂਦੀ ਹੈ। ਉਹ ਆਪਣੇ ਸਾਥੀਆਂ ਅਤੇ ਚੰਦੜ੍ਹਾਂ ਸਮੇਤ ਹਥਿਆਰਬੰਦ ਹੋ ਕੇ ਮਿਰਜ਼ੇ ਦਾ ਪਿੱਛਾ ਕਰਦਾ ਹੈ ਅਤੇ ਦਾਨਾਬਾਦ ਦੀ ਜੂਹ ਵਿਚ ਜਾ ਕੇ ਮਿਰਜ਼ੇ ਨੂੰ ਮਾਰ ਦਿੰਦਾ ਹੈ। ਇਸ ਸਾਰੇ ਸਮੇਂ ਜੋ ਵਿਚਾਰਧਾਰਾ ਸ਼ਮੀਰ ਦੇ ਮਨ ਵਿਚ ਚਲਦੀ ਹੈ, ਜਿਵੇਂ ਉਸ ਦਾ ਖੂਨ ਖੌਲਦਾ ਹੈ, ਜਿਵੇਂ ਉਹ ਬਦਨਾਮੀ ਦੀ ਪੀੜ ਨਾ ਸਹਾਰਦਿਆਂ ਮਿਰਜ਼ੇ ਨੂੰ ਕੋਹ ਕੋਹ ਕੇ ਖ਼ਤਮ ਕਰਦਾ ਹੈ, ਇਸ ਦਾ ਬ੍ਰਿਤਾਂਤ ਇਸ ਪੁਸਤਕ ਵਿਚ ਬਾਕਮਾਲ ਢੰਗ ਨਾਲ ਦਿੱਤਾ ਗਿਆ ਹੈ। ਮਿਰਜ਼ਾ ਸਾਹਿਬਾਂ ਬਾਰੇ ਭਾਵੇਂ ਬਹੁਤ ਕਿੱਸੇ ਲਿਖੇ ਗਏ ਪਰ ਇਸ ਦੇ ਸਰਗਰਮ ਪਾਤਰ ਸ਼ਮੀਰ ਬਾਰੇ ਲਿਖਿਆ ਗਿਆ ਇਹ ਪਹਿਲਾ ਕਿੱਸਾ ਹੈ। ਪੰਜਾਬੀ ਗੱਭਰੂ ਦੀ ਅਸਲੀ ਤਸਵੀਰ ਨੂੰ ਪੇਸ਼ ਕਰਦੀਆਂ ਕੁਝ ਸਤਰਾਂ ਦੇ ਦਰਸ਼ਨ ਕਰੋਂ
-ਆਹ ਹਿੱਕ ਮੇਰੀ ਵਿਚ ਚੱਲਦੈ,
ਇਕ ਵੱਖਰਾ ਹੀ ਘਮਸਾਨ
ਜੋ ਭੈਣ ਭਰਾ ਦਾ ਕਰ ਜਾਏ,
ਓਏ ਖੜ੍ਹੇ ਪੈਰ ਨੁਕਸਾਨ
ਓਹ ਝੱਲੇ ਕਿੰਜ ਜੱਗਹਾਸੀਆਂ,
ਰੁਮਕੇ ਕਿੰਜ ਸੀਨੇ ਤਾਣ
ਉਸ ਲਈ ਤਾਂ ਨਰਕ ਜਹਾਨ ਹੈ,
ਘਰ ਉਹਦੇ ਲਈ ਸ਼ਮਸ਼ਾਨ
-ਮੈਨੂੰ ਮਾਂ ਦੇ ਦੀਦੇ ਚੁੱਭਦੇ,
ਤੇ ਦੀਂਹਦਾ ਬਾਪ ਉਦਾਸ
ਘਰ ਦੀ ਦਾਗੀ ਰੌਣਖ ਵੇਖ ਕੇ,
ਲਟ ਲਟ ਬਲਦਾ ਏ ਮਾਸ
ਮੈਨੂੰ ਖੇਤ ਵੀ ਤਾਹਨੇ ਕੱਸਦੇ,
ਜਾਇਦਾਦਾਂ ਮਾਰਨ ਡੰਗ
ਮੈਨੂੰ ਸੱਥ ਨਿਹੋਰੇ ਮਾਰਦੀ,
ਤੇ ਖਾਣ ਨੂੰ ਆਵੇ ਪਿੰਡ।
ਇਹ ਕਿੱਸਾ ਇਕ ਭਰਾ ਦੇ ਜਜ਼ਬਾਤ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਜਦੋਂ ਕੋਈ ਮੁਟਿਆਰ ਸ਼ਰਮ ਹਯਾ, ਲੋਕਲਾਜ, ਸੰਸਕਾਰ, ਮਰਿਆਦਾ ਛੱਡ ਕੇ ਆਪਣੇ ਆਸ਼ਕ ਨਾਲ ਉੱਧਲ ਜਾਂਦੀ ਹੈ ਤਾਂ ਮਾਂ, ਬਾਪ, ਭਰਾਵਾਂ 'ਤੇ ਕੀ ਗੁਜ਼ਰਦੀ ਹੈ ਤੇ ਇਸ ਦੇ ਕਿੰਨੇ ਭਿਆਨਕ ਸਿੱਟੇ ਨਿਕਲਦੇ ਹਨ, ਉਸ ਦਾ ਮਨੋਵਿਗਿਆਨਕ ਯਥਾਰਥਕ ਚਿੱਤਰ ਪੇਸ਼ ਕਰਦਾ ਇਹ ਕਿੱਸਾ ਨਿਵੇਕਲਾ ਅਤੇ ਟੁੰਬਣ ਵਾਲਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਗੁਲਬੀਨ
ਲੇਖਕ : ਰਾਜਪਾਲ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 98767-10809.

ਪ੍ਰਸਿੱਧ ਪੰਜਾਬੀ ਲੇਖਕ ਰਾਜਪਾਲ ਸਿੰਘ ਨੇ ਆਪਣੇ ਲੇਖਾਂ ਦੀ ਕਿਤਾਬ ਦਾ ਨਾਂਅ 'ਗੁਲਬੀਨ' (ਦ ਕਲਾਈਡੋਸਕੋਪ) ਰੱਖਿਆ ਹੈ। ਭਾਵ ਰੰਗਾਂ ਦੇ ਅਜਿਹੇ ਡਿਜ਼ਾਇਨ ਜੋ ਸਹਿਜ ਸੋਹਣੇ ਅਤੇ ਆਕਰਸ਼ਕ ਦਿਸਦੇ/ਲਗਦੇ ਹਨ। ਇਸ ਪੁਸਤਕ ਵਿਚ ਅਜਿਹੇ ਲੇਖ ਸ਼ਾਮਿਲ ਕੀਤੇ ਗਏ ਸਨ, ਜੋ ਆਧੁਨਿਕ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹੋਏ, ਉਨ੍ਹਾਂ ਬਾਰੇ ਲਗਾਤਾਰ ਸੰਵਾਦ ਛੇੜਦੇ ਰਹਿੰਦੇ ਹਨ। ਉਸ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਜੀਵਨ ਦੇ ਮਸਲਿਆਂ ਬਾਰੇ ਆਮ ਪ੍ਰਚੱਲਿਤ ਸਮਝ ਵਿਚਲੀ ਕਾਵਿ ਨੂੰ ਦੂਰ ਕਰਨ ਅਤੇ ਫੈਲਾਈਆਂ ਜਾ ਰਹੀਆਂ ਭ੍ਰਾਂਤੀਆਂ ਨੂੰ ਖ਼ਤਮ ਕਰਨ ਦਾ ਕਾਰਜ ਆਰੰਭਿਆ ਹੋਇਆ ਹੈ। ਇਨ੍ਹਾਂ ਮਸਲਿਆਂ ਵਿਚ ਔਰਤ-ਮਰਦ ਦੇ ਆਪਸੀ ਸਬੰਧ, ਵਿਆਹ ਦੀ ਸੰਸਥਾ, ਬੱਚਿਆਂ ਦੀ ਮੁੰਡਾ-ਕੁੜੀ ਦੇ ਰੂਪ ਵਿਚ ਸ਼ਨਾਖ਼ਤ, ਸੱਭਿਆਚਾਰ ਦੇ ਬਦਲਦੇ ਰੂਪ ਅਤੇ ਪਾਈਆਂ ਜਾਣ ਵਾਲੀਆਂ ਭ੍ਰਾਂਤੀਆਂ, ਮਨੁੱਖ ਦੇ ਜੀਵਨ ਵਿਚ ਕਿਤਾਬਾਂ ਦਾ ਰੋਲ, ਕੁਦਰਤ, ਵਿਗਿਆਨ ਅਤੇ ਮਨੁੱਖ ਦੇ ਆਪਸੀ ਸਬੰਧ, ਪੰਜਾਬੀ ਨਾਲ ਮੋਹ ਅਤੇ ਅੰਗਰੇਜ਼ੀ ਨਾਲ ਘ੍ਰਿਣਾ, ਡੇਰਿਆਂ ਦਾ ਸਾਡੇ ਜੀਵਨ ਵਿਚ ਰੋਲ, ਧਰਮ ਅਤੇ ਮਨੁੱਖ ਦਾ ਰਿਸ਼ਤਾ, ਮੀਟ ਖਾਣ ਦਾ ਤਰਕਸ਼ੀਲ ਨਜ਼ਰੀਆ, ਸੋਸ਼ਲ ਮੀਡੀਆ ਬਾਰੇ ਵਿਵਾਦ ਅਤੇ ਆਖਰ ਵਿਚ ਤਿੰਨ ਅਪਾਹਜ ਸੂਰਮਿਆਂ ਦੀ ਗਾਥਾ ਜਿਨ੍ਹਾਂ ਨੇ ਕੁਦਰਤ ਸਾਹਵੇਂ/ਦੁੱਖ ਤਕਲੀਫਾਂ ਦੇ ਰੂਬਰੂ ਹਥਿਆਰ ਨਹੀਂ ਸੁੱਟੇ ਅਤੇ ਵੱਡੇ ਕਾਰਨਾਮੇ ਕਰ ਦਿਖਾਏ ਆਦਿ ਲੇਖ ਇਸ ਪੁਸਤਕ ਵਿਚ ਸ਼ਾਮਿਲ ਹਨ।
ਲੇਖਕ ਇਨ੍ਹਾਂ ਮਸਲਿਆਂ ਬਾਰੇ ਹਾਂ-ਪੱਖੀ ਪਹੁੰਚ ਰੱਖਦਾ ਹੋਇਆ, ਵਿਗਿਆਨਕ ਅਤੇ ਤਰਕ ਦਾ ਸਹਾਰਾ ਲੈਂਦਾ ਹੈ। ਇਸ ਸਬੰਧ ਵਿਚ ਉਹ ਬਣੀਆਂ ਗ਼ਲਤ ਧਾਰਨਾਵਾਂ ਨੂੰ ਰੱਦ ਕਰਕੇ ਨਵੇਂ ਸੁਨੇਹੇ ਅਤੇ ਵਿਚਾਰ ਪੇਸ਼ ਕਰਦਾ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਗਿਆਨ ਦੀ ਅਜਿਹੀ ਥਾਹ ਮਿਲਦੀ ਹੈ ਕਿ ਵਿਅਕਤੀ ਨੂੰ ਸਮਝ ਸਤਾਉਣ ਲਗਦੀ ਹੈ। ਖੁੱਲ੍ਹੀ ਸੋਚ ਅਤੇ ਵਿਗਿਆਨਕ ਪੁਸ਼ਟੀ ਇਨ੍ਹਾਂ ਲੇਖਾਂ ਦਾ ਸੁਭਾਅ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

11-11-2018

 ਮੈਂ ਭਗਤਾਂ ਦੀਆਂ ਪਾਵਾਂ ਬੋਲੀਆਂ
ਸੰਪਾਦਕ : ਡਾ: ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 94171-40380.

ਪੰਜਾਬੀ ਲੋਕ ਜੀਵਨ-ਸ਼ੈਲੀ ਵਿਚ ਆਦਿ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ-ਖੰਡਾਂ ਵਿਚ ਪੈਦਾ ਹੋਏ ਭਗਤਾਂ, ਸੰਤਾਂ, ਗੁਰੂ-ਪੀਰਾਂ, ਫ਼ਕੀਰਾਂ ਨੇ ਉੱਘਾ ਯੋਗਦਾਨ ਪਾਇਆ ਹੈ। ਇਨ੍ਹਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਵਿਚੋਂ ਸਾਡੇ ਸਮਕਾਲੀਨ ਕਵੀਆਂ ਨੇ ਜੋ ਭਾਵਬੋਧ ਗ੍ਰਹਿਣ ਕੀਤਾ, ਉਸ ਨੂੰ ਕਾਵਿ-ਜੁਗਤਾਂ ਜ਼ਰੀਏ ਪੇਸ਼ ਕੀਤਾ, ਉਸ ਨੂੰ ਹੀ ਆਂਸ਼ਿਕ ਪੱਧਰ 'ਤੇ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰਨ ਦੇ ਸਮਰੱਥ ਹੋਈ ਜਾਪਦੀ ਹੈ। ਇਸ ਪੁਸਤਕ ਵਿਚ 'ਧਰੂ ਭਗਤ' ਸਬੰਧੀ ਮੂਲ ਬੋਲੀਕਾਰ ਛੱਜੂ ਸਿੰਘ ਹੈ, ਭਗਤ ਪ੍ਰਹਿਲਾਦ ਸਬੰਧੀ ਬੋਲੀਆਂ ਦਾ ਸਿਰਜਕ ਦੇਵ ਖੇੜੀਵਾਲਾ ਹੈ, ਭਗਤ ਰਵਿਦਾਸ ਜੀ ਬਾਬਤ ਬੋਲੀਆਂ ਦਾ ਸਿਰਜਣਹਾਰਾ ਮੰਗੂ ਖੇੜੀਵਾਲਾ ਹੈ। ਇਸੇ ਪ੍ਰਸੰਗਕਿਤਾ 'ਚ ਲੋਕ ਜਗਤ ਨੂੰ ਸੱਚ-ਕੱਥ ਅਤੇ ਜੀਵਨ-ਜੁਗਤ ਅਪਣਾਉਣ ਦੀਆਂ ਰਮਜ਼ਾਂ ਨੂੰ ਸਮਝਾਉਣ ਹਿੱਤ ਮੰਗੂ ਖੇੜੀਵਾਲਾ ਨੇ 'ਧੰਨਾ ਭਗਤ', ਪਾਲ ਭੁੱਲਰ ਨੇ 'ਪੂਰਨ ਭਗਤ' ਅਤੇ ਲਛਮਣ ਸਿੰਘ ਧੂੜਕੋਟ ਨੇ 'ਬੀਬੀ ਰਜਨੀ' ਦੇ ਜੀਵਨ ਬਿਰਤਾਂਤ ਵਿਚੋਂ ਮਿਲਦੀਆਂ ਸਿੱਖਿਆਵਾਂ ਨੂੰ ਕਾਵਿ-ਪ੍ਰਤਿਭਾ ਦੀ ਮਹੱਤਵਪੂਰਨ ਸ਼ੈਲੀ ਵਿਚ ਪੇਸ਼ ਕੀਤਾ ਹੈ। ਪੁਸਤਕ ਦੀ ਅਹਿਮ ਵਿਸ਼ੇਸ਼ਤਾ ਬੋਲੀਕਾਰਾਂ ਦੀ ਸ਼ਬਦਾਵਲੀ ਵਿਚੋਂ ਉੱਭਰੇ ਸੰਕੇਤਾਂ, ਗੰਭੀਰ ਅਰਥਾਂ ਅਤੇ ਧਾਰਮਿਕ, ਨੈਤਿਕ ਅਤੇ ਸਮਾਜਿਕ ਮੁੱਲਾਂ ਨੂੰ ਧਾਰਨ ਕਰਕੇ ਜੀਵਨ ਨੂੰ ਸੁਖਾਲਾ ਬਣਾਉਣ ਵਿਚੋਂ ਵੀ ਪ੍ਰਗਟ ਹੁੰਦਾ ਹੈ ਅਤੇ ਮਿਆਰੀ ਕਾਵਿ-ਸਿਰਜਣਾ ਦੇ ਪ੍ਰਗਟਾਵੇ ਵਿਚੋਂ ਵੀ ਸਾਹਮਣੇ ਆਉਂਦੀ ਹੈ। 'ਦੁਰਗਾ ਮਾਈ', 'ਕੁੱਲ ਦੁਨੀਆ ਦੇ ਸਿਰਜਣਹਾਰ', 'ਜਗਤ ਜਲੰਦਾ ਰੱਖਣਹਾਰੇ', ਨੈਤਿਕਤਾ 'ਚੋਂ ਗਿਰੇ ਰਾਜਿਆਂ, ਮਾਂ-ਬਾਪ ਦੀ ਅਣਖ ਗ਼ੈਰਤ ਦੀਆਂ ਪੂਜਕ ਧੀਆਂ, ਵਿਸ਼ਵ ਵਿਆਪੀ ਪੱਧਰ ਉੱਤੇ ਸਮਕਾਲੀਨ ਸਮਾਜਿਕ, ਵਿਗਿਆਨਿਕ ਅਤੇ ਸਿੱਖਿਆ ਦੇ ਸਰਬਾਂਗੀ ਗਿਆਨ ਸਾਗਰ ਦੇ ਸਰੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਵੀ ਇਹ ਪੁਸਤਕ ਸਾਹਮਣੇ ਲਿਆਉਂਦੀ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਸੱਚੀ-ਸੁੱਚੀ ਭਗਤੀ, ਰੂਹਾਨੀ-ਸ਼ਕਤੀ ਅਤੇ ਰਹੱਸਾਤਮਿਕ ਅਨੁਭਵਾਂ ਤੋਂ ਪੈਦਾ ਹੋਈ ਭਾਵ ਚੇਤਨਾ ਨੂੰ ਪ੍ਰਗਟਾਉਂਦੀ ਹੋਈ ਇਹ ਪੁਸਤਕ ਵਿਚਾਰਨਯੋਗ, ਸਮਝਣਯੋਗ, ਪੜ੍ਹਨਯੋਗ ਅਤੇ ਪ੍ਰਚਾਰਨਯੋਗ ਪ੍ਰਤੀਤ ਹੁੰਦੀ ਜਾਪਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਆਪਨੜੇ ਗਿਰੀਵਾਨ ਮਹਿ
ਸ਼ਾਇਰ : ਗੁਰਦਿਆਲ ਦਲਾਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98141-85363

ਦਲਾਲ ਦੀ ਪੁਸਤਕ 'ਆਪਨੜੇ ਗਿਰੀਵਾਨ ਮਹਿ' ਪੂਰਨ ਰੂਪ ਵਿਚ ਦੋਹਾ ਸੰਗ੍ਰਹਿ ਹੈ। ਇਸ ਦੇ ਸ਼ੁਰੂਆਤੀ ਪੰਨਿਆਂ 'ਤੇ ਸ਼ਾਇਰ ਵਲੋਂ 'ਦੋਹਾ' ਦੀ ਬਣਤਰ ਤੇ ਸੁਭਾਅ ਸਬੰਧੀ ਭਾਵਪੂਰਤ ਲੇਖ ਸ਼ਾਮਿਲ ਕੀਤਾ ਗਿਆ ਹੈ ਜਿਸ ਨੂੰ ਪੜ੍ਹ ਕੇ ਪਾਠਕ ਦੀਆਂ ਕਈ ਗੁੰਝਲਾਂ ਸੁਲਝ ਸਕਦੀਆਂ ਹਨ।
ਪੁਸਤਕ ਵਿਚ ਸ਼ਾਮਿਲ ਤਮਾਮ ਦੋਹਿਆਂ ਨੂੰ ਗੁਰਮੁਖੀ ਦੇ ਅੱਖਰਾਂ ਮੁਤਾਬਿਕ ਕ੍ਰਮ ਦਿੱਤਾ ਗਿਆ ਹੈ ਤੇ ਹਰੇਕ ਦੋਹੇ ਦਾ ਆਗਾਜ਼ ਸਬੰਧਿਤ ਅੱਖਰ ਤੋਂ ਹੀ ਹੁੰਦਾ ਹੈ। ਦੋਹਾ ਗ਼ਜ਼ਲ ਦੇ ਮਤਲੇ ਵਾਂਗ ਸੁਤੰਤਰ ਹੁੰਦਾ ਹੈ ਸਿਰਫ਼ ਬਣਤਰ ਦਾ ਹੀ ਫ਼ਰਕ ਹੈ ਇਸ ਲਈ ਇਸ ਪੁਸਤਕ ਦੇ ਦੋਹੇ ਸ਼ਿਅਰਾਂ ਵਰਗਾ ਹੀ ਪ੍ਰਭਾਵ ਸਿਰਜਦੇ ਹਨ। ਊੜੇ ਨਾਲ ਜੁੜੇ ਪਹਿਲੇ ਦੋਹੇ ਵਿਚ ਉਹ ਸੰਸਾਰ ਦੀ ਅਜੋਕੀ ਸਥਿਤੀ 'ਤੇ ਬਹੁਤ ਗੰਭੀਰ ਤਨਜ਼ ਕਰਦਾ ਹੈ। ਇਨ੍ਹਾਂ ਦੋਹਿਆਂ ਵਿਚ ਸ਼ਾਇਰ ਨੇ ਅਜੋਕੇ ਸਮੇਂ ਦੀਆਂ ਪ੍ਰਸਥਿਤੀਆਂ ਅਨੁਸਾਰ ਕੁਝ ਕਰ ਗੁਜ਼ਰਨ ਦੀ ਲਗਨ ਨੂੰ ਵੀ ਉਤਸ਼ਾਹਿਤ ਕੀਤਾ ਹੈ। ਦਲਾਲ ਆਪਣੇ ਪਾਠਕ ਨੂੰ ਵਹਿਮਾਂ ਭਰਮਾਂ ਦੇ ਜਾਲ 'ਚੋਂ ਆਜ਼ਾਦ ਕਰਨਾ ਚਾਹੁੰਦਾ ਹੈ ਤੇ ਸੰਘਰਸ਼ ਉਸ ਦਾ ਵੱਡਾ ਹਥਿਆਰ ਹੈ।
ਸ਼ਾਇਰ ਸਮੱਸਿਆਵਾਂ ਦੇ ਨਾਲ-ਨਾਲ ਉਨ੍ਹਾਂ ਦੇ ਹੱਲ ਲਈ ਰਸਤੇ ਵੀ ਬਣਾਉਂਦਾ ਹੈ। ਉਂਝ ਪੁਸਤਕ ਦੇ ਸਾਰੇ ਦੋਹੇ ਹੀ ਪਾਠਕ ਦੇ ਮਸਤਕ ਵਿਚ ਤੀਲੀ ਬਾਲਦੇ ਹਨ। ਐੜਾ ਭਾਗ ਵਿਚ ਉਸ ਨੇ ਮਨੁੱਖ ਨੂੰ ਐਸ਼ ਆਰਾਮ ਵਿਚ ਨੂੜਿਆ ਦਰਸਾਇਆ ਹੈ ਤੇ ਇਸ ਦਾ ਕਾਰਕ ਧਨ, ਦੌਲਤ ਦੇ ਕੂੜ ਨੂੰ ਦੱਸਿਆ ਹੈ। ਦੋਹਿਆਂ ਵਿਚ ਸ਼ਾਇਰ ਦੀ ਜ਼ਬਾਨ ਸਿਧ ਪਧਰੀ, ਪ੍ਰਭਾਵੀ ਤੇ ਰੋਜ਼ਮਰਾ ਵਰਤੀ ਜਾਣ ਵਾਲੀ ਹੈ।
ਕਿਤੇ ਕਿਤੇ ਉਹ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਵੀ ਕਰਦਾ ਹੈ ਪਰ ਉਹ ਓਪਰਾ ਲੱਗਣ ਦੀ ਥਾਂ ਦੋਹੇ ਵਿਚ ਹੋਰ ਅਕਰਸ਼ਣ ਪੈਦਾ ਕਰਦੇ ਹਨ ਪੁਸਤਕ ਵਿਚ ਪੈਂਤੀ ਦੇ ਹਰ ਅੱਖਰ ਨੂੰ ਤਿੰਨ ਤੋਂ ਚਾਰ ਸਫ਼ੇ ਦਿੱਤੇ ਗਏ ਹਨ। ਇਹ ਦਲਾਲ ਦਾ ਵੱਖਰਾ ਤਜਰਬਾ ਤੇ ਅੰਦਾਜ਼ ਹੈ। ਇਸ ਪੁਸਤਕ ਰਾਹੀਂ ਉਸ ਨੇ ਆਪਣੀ ਸਮਰੱਥਾ ਨੂੰ ਮੁੜ ਸਾਬਿਤ ਕੀਤਾ ਹੈ। 'ਆਪਨੜੇ ਗਿਰੀਵਾਨ ਮਹਿ' ਪੁਸਤਕ ਦੋਹਿਆਂ ਦੀ ਖ਼ੁਸ਼ਨੁਮਾ ਰਿਮਝਿਮ ਹੈ ਜਿਸ ਵਿਚ ਤਾਜ਼ਾਤਰੀਨ ਫੁੱਲਾਂ ਦੀ ਮਹਿਕ ਵੀ ਹੈ ਤੇ ਕੁਝ ਉਦਾਸ ਰੰਗ ਵੀ ਹਨ।

ਂਗੁਰਦਿਆਲ ਰੌਸ਼ਨ
ਮੋ:"9988444002
ਫ ਫ ਫ

ਸ੍ਰੀਮਦ ਭਗਵਦ ਗੀਤਾ ਅਤੇ ਅਸੀਂ ਤੁਸੀਂ
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 199 ਰੁਪਏ, ਸਫ਼ੇ : 176
ਸੰਪਰਕ : 98722-60550.

ਡਾ: ਕੁਲਦੀਪ ਸਿੰਘ ਧੀਰ ਨੇ ਇਸ ਗੌਰਵਮਈ ਗ੍ਰੰਥ ਦਾ ਵਿਸ਼ੇ-ਮੂਲਕ ਅਧਿਐਨ ਸਰਲ ਪੰਜਾਬੀ ਵਿਚ ਬਾਖੂਬੀ ਪ੍ਰਸਤੁਤ ਕੀਤਾ ਹੈ। ਗੀਤਾ ਦਾ ਉਚਾਰਨ-ਸਥਾਨ ਹੈਂਕੁਰੂਕਸ਼ੇਤਰ ਜਿਥੇ ਮਹਾਂਭਾਰਤ ਦੇ ਯੁੱਧ ਸਮੇਂ ਕੌਰਵਾਂ ਅਤੇ ਪਾਂਡਵਾਂ ਦੋਵਾਂ ਦੀਆਂ ਸੈਨਾਵਾਂ ਡਟੀਆਂ ਹੋਈਆਂ ਹਨ। ਅਰਜਨ ਵਿਰੋਧ ਵਿਚ ਡਟੇ ਸਾਰੇ ਸਕੇ ਸੰਬੰਧੀਆਂ ਨੂੰ ਵੇਖ ਕੇ ਮੋਹ-ਵੱਸ ਲੜਨ ਤੋਂ ਇਨਕਾਰੀ ਹੋ ਜਾਂਦਾ ਹੈ। ਉਸ ਸਮੇਂ ਸਾਰਥੀ ਵਜੋਂ ਤਾਇਨਾਤ ਕ੍ਰਿਸ਼ਨ ਭਗਵਾਨ ਉਸ ਨੂੰ ਗੂੜ੍ਹ-ਗਿਆਨ ਦੇ ਕੇ ਹਥਿਆਰ ਚੁੱਕਣ ਲਈ ਪ੍ਰੇਰਿਤ ਕਰਨ ਵਿਚ ਸਫ਼ਲ ਹੋ ਜਾਂਦੇ ਹਨ। ਪਵਿੱਤਰ ਗ੍ਰੰਥ ਗੀਤਾ ਦਾ ਉਚਾਰਨ ਰਿਸ਼ੀ ਵੇਦ ਵਿਆਸ ਦਾ ਸ਼ਗਿਰਦ ਸੰਜੇ ਕਰਦਾ ਹੈ। ਸੰਜੇ ਵਲੋਂ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਬਿਰਤਾਂਤ ਨੂੰ ਸ਼ਾਬਦਿਕ ਜਾਮਾ ਰਿਸ਼ੀ ਵੇਦ ਵਿਆਸ ਨੇ ਪੁਆਇਆ। ਸੰਜੇ ਦੀ ਦਿਵ-ਦ੍ਰਿਸ਼ਟੀ ਦਾ ਇਹੋ ਕਮਾਲ ਹੈ। ਰਾਜਾ ਧ੍ਰਿਤਰਾਸ਼ਟਰ ਦੇ ਕਹਿਣ 'ਤੇ ਸੰਜੇ ਨੇ ਇਹ ਬਿਰਤਾਂਤ ਅਰਜਨ ਅਤੇ ਸ੍ਰੀ ਕ੍ਰਿਸ਼ਨ ਦੇ ਸੰਵਾਦ ਰਾਹੀਂ ਪ੍ਰਸਤੁਤ ਕੀਤਾ ਹੈ। ਮਹਾਂਰਿਸ਼ੀ ਵਿਆਸ ਦੇ ਰਚੇ ਮਹਾਂਭਾਰਤ ਦੇ ਭੀਸ਼ਮ ਪਿਤਾਮਾ ਪਰਵ ਦੇ 23ਵੇਂ ਕਾਂਡ ਤੋਂ ਲੈ ਕੇ 40ਵੇਂ ਕਾਂਡ ਤੱਕ 18 ਅਧਿਆਵਾਂ ਨੂੰ ਹੀ ਗੀਤਾ ਕਿਹਾ ਜਾਂਦਾ ਹੈ। ਵਿਦਵਾਨ ਡਾ: ਧੀਰ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ ਵਿਭਿੰਨ ਪਰਿਪੇਖ ਨਾਲ ਸਬੰਧਿਤ ਹੈ। ਇਸ ਪਰਿਪੇਖ ਵਿਚ 'ਭਗਵਦ ਗੀਤਾਂਅਸੀਂ ਅਤੇ ਤੁਸੀਂ' ਰਚਨਾ ਤੇ ਰਚਨਾਕਾਰ ਨੇ ਗੀਤਾ ਤੇ ਵਿਗਿਆਨ, ਮਨੋਵਿਗਿਆਨ, ਆਧੁਨਿਕ ਯੁੱਗ ਵਿਚ ਸਾਰਥਕਤਾ' ਆਦਿ ਵਿਸ਼ਿਆਂ 'ਤੇ ਨਿੱਠ ਕੇ ਚਰਚਾ ਕੀਤੀ ਗਈ ਹੈ। ਦੂਜੇ ਭਾਗ ਵਿਚ ਗੀਤਾ ਦਾ ਸਾਰ, ਮੂਲ-ਪਾਠ ਤੇ ਵਿਆਖਿਆ ਸ਼ਾਮਿਲ ਹੈ। ਅਠਾਰਾਂ ਅਧਿਆਵਾਂ ਨੂੰ ਅਧਿਐਨ ਦੀ ਸੌਖ ਲਈ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਕਰਮਯੋਗ (1-6), ਦੂਜਾ ਭਾਗ ਭਗਤੀ ਯੋਗ (7-12), ਅਤੇ ਤੀਜਾ ਭਾਗ ਭਗਤੀ ਯੋਗ (13-18), ਹਰ ਅਧਿਆਇ ਵਿਚ ਸ਼ਾਮਿਲ ਸਲੋਕਾਂ ਦੀ ਗਿਣਤੀ ਦੱਸੀ ਗਈ ਹੈ। ਲਗਪਗ ਹਰ ਅਧਿਆਇ ਦਾ ਨਾਮਕਰਨ ਕੀਤਾ ਗਿਆ ਹੈ। ਲੇਖਕ ਨੇ ਸਲੋਕਾਂ ਦੇ ਜੁੱਟ ਬਣਾ ਕੇ ਵਿਆਖਿਆ ਦੀ ਜੁਗਤ ਅਪਣਾਈ ਹੈ। ਪ੍ਰਤੀਨਿਧੀ ਸਲੋਕਾਂ ਦੀ ਵਿਆਖਿਆ ਕੀਤੀ ਗਈ ਹੈ। ਕਦੀ ਅਧਿਆਇ ਅਰਜਨ ਦੇ ਪ੍ਰਸ਼ਨਾਂ ਨਾਲ ਆਰੰਭ ਹੁੰਦਾ ਤੇ ਕਦੀ ਸ੍ਰੀ ਕ੍ਰਿਸ਼ਨ ਦੇ ਬੋਲਾਂ ਨਾਲ। ਬਿਰਤਾਂਤਕ ਦ੍ਰਿਸ਼ਟੀ ਤੋਂ ਬਦਲਵਾਂ ਫੋਕਸੀਕਰਨ ਹੈ। ਭਾਰਤੀ ਅਤੇ ਪੱਛਮੀ ਚਿੰਤਕਾਂ/ਵਿਗਿਆਨੀਆਂ/ ਗੁਰਬਾਣੀ ਨਾਲ ਗੀਤਾ ਵਿਚਲੇ ਸੰਕਲਪਾਂ ਦੀ ਪੁਸ਼ਟੀ ਕੀਤੀ ਗਈ ਹੈ। ਅਨੇਕਾਂ ਧਾਰਮਿਕ ਅਤੇ ਦਾਰਸ਼ਨਿਕ ਪ੍ਰਸ਼ਨਾਂ ਦੇ ਉੱਤਰ ਉਪਲਬਧ ਹਨ। ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਗੀਤਾ ਮਨੁੱਖ ਅੱਗੇ ਅਨੇਕਾਂ ਵਿਕਲਪ (ਸੰਭਾਵਨਾਵਾਂ) ਪੇਸ਼ ਕਰਦੀ ਹੈ, ਚੋਣ ਕਰਨੀ ਵਿਅਕਤੀ ਦਾ ਕੰਮ ਹੈ। ਤ੍ਰੈਗੁਣ ਅਤੀਤ ਹੋ ਕੇ ਮਾਨਵ ਦਾ ਅਸਤਿਤਵ ਪ੍ਰਮਾਣਿਕ ਹੋ ਸਕਦਾ ਹੈ। ਸੰਖੇਪ ਇਹ ਕਿ ਗੀਤਾ 'ਧਰਮ' ਸ਼ਬਦ ਨਾਲ ਆਰੰਭ ਹੁੰਦੀ ਹੈ ਅਤੇ 'ਮਮ' ਸ਼ਬਦ ਨਾਲ ਸਮਾਪਤ ਹੁੰਦੀ ਹੈ। ਫ਼ਰਜ਼, ਹੱਕ, ਜ਼ਿੰਮੇਵਾਰੀ, ਨੈਤਿਕਤਾ ਸਭ ਗਤੀਵਿਧੀਆਂ 'ਮਮ ਧਰਮ' ਦਾ ਭਾਗ ਹਨ। 'ਮੇਰਾ ਧਰਮ' ਹੀ ਗੀਤਾ ਦਾ ਪ੍ਰਮੁੱਖ ਮੁੱਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪੌੜੀ
ਲੇਖਕ : ਸੰਤੋਖ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 0161-2413613.

'ਪੌੜੀ' ਕਹਾਣੀ ਸੰਗ੍ਰਹਿ ਦੀਆਂ ਰਚਨਾਵਾਂ ਦਾ ਧਰਾਤਲ ਵਿਦੇਸ਼ੀ ਹੈ। ਕਹਾਣੀਆਂ ਦੇ ਕੁਝ ਪਾਤਰਾਂ ਦੇ ਸੁਭਾਅ ਪੰਜਾਬੀ ਹਨ। ਚਿਰਾਂ ਤੋਂ ਵਿਦੇਸ਼ ਜਾ ਕੇ ਵਸੇ ਪੰਜਾਬੀ ਪਰਿਵਾਰਾਂ 'ਚ ਜੰਮੇ-ਪਲ਼ੇ ਬੱਚਿਆਂ ਨੂੰ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੀਆਂ ਕਦਰਾਂ-ਕੀਮਤਾਂ ਦੀ ਕੋਈ ਸੋਝੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਪੁਰਖ਼ਿਆਂ ਦੀ ਜਨਮ ਭੂਮੀ ਨਾਲ ਕੋਈ ਖ਼ਾਸ ਲਗਾਅ ਹੈ। ਇੱਥੋਂ ਜਾ ਕੇ ਵਿਦੇਸ਼ ਵਸੇ ਪੰਜਾਬੀਆਂ ਦੇ ਬੱਚੇ ਜਦ ਰਿਸ਼ਤੇ-ਨਾਤੇ ਜੋੜਦੇ ਸਮੇਂ ਆਪਣੇ ਮਾਪਿਆਂ ਦੀ ਰੌਂਸ ਦਾ ਉਲੰਘਣ ਕਰਦੇ ਹਨ ਤਾਂ ਮਾਪਿਆਂ ਨੂੰ ਦੁੱਖ ਹੁੰਦਾ ਹੈ, ਪਰ ਉਹ ਚਾਹ ਕੇ ਵੀ ਹਾਲਾਤ ਅੱਗੇ ਲਾਚਾਰ ਅਤੇ ਬੇਵੱਸ ਬਣੇ ਨਜ਼ਰ ਆਉਂਦੇ ਹਨ। ਕੁਝ ਪੰਜਾਬਣ ਕੁੜੀਆਂ ਵਿਦੇਸ਼ 'ਚ ਜਾ ਕੇ ਸਾਰੇ ਬੰਧਨਾਂ ਨੂੰ ਤੋੜ ਸੁਟਦੀਆਂ ਹਨ। ਜਿਹੋ ਜਿਹਾ ਕੰਟਰੋਲ ਅਸੀਂ ਇੱਧਰ ਆਪਣੇ ਬੱਚਿਆਂ 'ਤੇ ਰੱਖਦੇ ਹਾਂ, ਉਧਰ ਅਜਿਹਾ ਨਹੀਂ ਰੱਖ ਸਕਦੇ। ਸਾਰੀਆਂ ਕਹਾਣੀਆਂ ਦੇ ਵਿਸ਼ੇ ਨਿਵੇਕਲੇ ਅਤੇ ਯਥਾਰਥਵਾਦ ਨਾਲ ਜੁੜੇ ਹੋਏ ਹਨ। ਕਹਾਣੀ ਪਾਠ ਕਰਦਿਆਂ ਪਾਠਕ ਵਿਦੇਸ਼ ਦੇ ਕਲਚਰ, ਸੈਕਸ ਅਤੇ ਖੁੱਲ੍ਹੇ-ਡੁੱਲ੍ਹੇ ਮਾਹੌਲ ਦੀ ਜਾਣਕਾਰੀ ਹਾਸਲ ਕਰਦਾ ਹੈ। ਅਜੋਕੇ ਸਮੇਂ 'ਚ ਹਰ ਕੋਈ ਮਨੁੱਖੀ ਰਿਸ਼ਤਿਆਂ ਨੂੰ ਪੌੜੀ ਬਣਾ ਕੇ ਆਪਣੇ ਜੀਵਨ 'ਚ ਅੱਗੇ ਵਧਣ ਲਈ ਯਤਨਸ਼ੀਲ ਹੈ। ਕਹਾਣੀ 'ਬੁੱਢੀ ਮਾਈ ਦੀ ਪੀਂਘ' ਮਨੋਵਿਗਿਆਨਕ ਹੈ। 'ਸਾਈਬਰ ਸੈਕਸ' 'ਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਅਤੇ ਸੈਕਸ ਹਰ ਮਨੁੱਖ ਦੀ ਕੁਦਰਤੀ ਲੋੜ ਹੈ, 'ਤੇ ਆਧਾਰਿਤ ਹੈ। 'ਜ਼ਖ਼ਮ ਰਿਸਦਾ ਰਹੇਗਾ', 'ਰੂਬੀ', 'ਦੋ ਕਿਨਾਰੇ' ਕਹਾਣੀਆਂ ਵਿਸ਼ੇ ਤੇ ਨਿਭਾਅ ਪੱਖੋਂ ਵਧੀਆ ਹਨ। 'ਤਲਾਸ਼' ਉਨ੍ਹਾਂ ਬੱਚਿਆਂ ਦੀ ਮਾਨਸਿਕ ਪੀੜਾ ਹੈ, ਜਿਨ੍ਹਾਂ ਦਾ ਜਨਮ ਬਲਾਤਕਾਰ 'ਚੋਂ ਹੁੰਦਾ ਹੈ। 'ਅਡਪਸ਼ਨ' ਨਵੇਂ ਵਿਸ਼ੇ ਫ਼ਿਰਕੂਵਾਦ 'ਤੇ ਹੈ। ਰਚਨਾਵਾਂ 'ਚ ਕਈ ਥਾਈਂ ਅੰਗਰੇਜ਼ੀ ਦੇ ਔਖੇ ਸ਼ਬਦ ਵਰਤੇ ਗਏ ਹਨ, ਚੰਗਾ ਹੁੰਦਾ ਜੇਕਰ ਬਰੈਕਟ 'ਚ ਉਨ੍ਹਾਂ ਦੇ ਪੰਜਾਬੀ ਅਰਥ ਵੀ ਲਿਖ ਦਿੱਤੇ ਜਾਂਦੇ ਤਾਂ। ਨਵੇਂ ਵਿਸ਼ਿਆਂ 'ਤੇ ਰਚਨਾ ਲਿਖਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਦੋ ਮਨਾਂ ਦਾ ਯੁੱਧ
ਲੇਖਕ : ਗੁਰਪ੍ਰੀਤ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 100
ਸੰਪਰਕ : 0172-5027427.

ਪੁਸਤਕ ਟਾਈਟਲ ਅਸਲ ਵਿਚ ਮਨੁੱਖੀ ਮਨ ਅੰਦਰ ਚਲਦੀਆਂ ਚੰਗਿਆਈਆਂ, ਬੁਰਿਆਈਆਂ, ਪਾਪ ਪੁੰਨ, ਦੇਵਤੇ ਤੇ ਰਾਕਸ਼ੀ ਬਿਰਤੀਆਂ ਦੇ ਚੱਲ ਰਹੇ ਯੁੱਧ ਦਾ ਪ੍ਰਤੀਕ ਹੈ। ਇਹ ਯੁੱਧ ਬੰਦੇ ਅੰਦਰ ਸਾਰੀ ਉਮਰ ਚਲਦਾ ਹੈ। ਇਹ ਅੰਦਰਲੀ ਚੇਤਨਾ ਦਾ ਯੁੱਧ ਹੈ। ਇਨ੍ਹਾਂ ਦੇ ਇਸ ਘੋਲ ਵਿਚ ਮਨੁੱਖ ਦਾ ਆਲਾ-ਦੁਆਲਾ ਪੂਰਾ ਹਿੱਸੇਦਾਰ ਹੈ। ਜਿਸ ਤੋਂ ਲੇਖਕ ਦੀ ਸ਼ੰਵੇਦਨਸੀਲਤਾ ਟੁੰਭੀ ਜਾਂਦੀ ਹੈ। ਲੇਖਕ ਨੂੰ ਸੰਨ ਸੰਤਾਲੀ ਦੀ ਵੰਡ ਦਾ ਦਰਦ ਬਚਪਨ ਤੋਂ ਦਾਦੇ ਤੋਂ ਸੁਣੀਆਂ ਕਹਾਣੀਆਂ ਤੋਂ ਮਿਲਿਆ। ਬਾਅਦ ਵਿਚ ਮਹਿਸੂਸ ਹੋਇਆ ਕਿ ਇਹ ਕਾਲਾ ਦੌਰ ਤਾਂ ਕਿਸੇ ਨਾ ਕਿਸੇ ਰੂਪ ਵਿਚ ਆਜ਼ਾਦੀ ਪਿੱਛੋਂ ਅਜੇ ਵੀ ਚੱਲ ਰਿਹਾ ਹੈ। ਹੁਣ ਰਾਕਸ਼ੀ ਬਿਰਤੀਆਂ ਭਾਰੂ ਹੋ ਰਹੀਆਂ ਹਨ। ਰਿਸ਼ਵਤਖੋਰੀ ਆਮ ਹੈ। ਜਾਤ ਪਾਤ, ਉਚ ਨੀਚ ਬੇਰੁਜ਼ਗਾਰੀ, ਯੋਗਤਾਵਾਂ ਦਾ ਘਾਣ ਹੋਈ ਜਾ ਰਿਹਾ ਹੈ। ਮਨੁੱਖੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ। ਮਨੁੱਖ ਕਈ ਸੰਕਟਾਂ ਨਾਲ ਜੂਝ ਰਿਹਾ ਹੈ। ਰਿਸ਼ਤੇ ਤਿੜਕ ਰਹੇ ਹਨ। ਪੁਸਤਕ ਦੀਆਂ ਕਵਿਤਾਵਾਂ ਵਿਚ ਇਹ ਸਭ ਕੁਝ ਹੈ। ਲੇਖਕ ਦਾ ਸਵੈ ਕਥਨ ਹੈਂ
ਬੱਸ ਜਦੋਂ ਵੀ ਜ਼ਿੰਦਗੀ ਆਪਣੀ ਨਾਲ ਮੈਂ ਆਪੇ ਖਿੱਝ ਜਾਂਦਾ ਹਾਂ/ਕਾਗਜ਼ ਕਲਮ ਸਿਆਹੀ ਚੁੱਕ ਕੇ ਕੁਝ ਨਾ ਕੁਝ ਮੈਂ ਲਿਖ ਜਾਂਦਾ ਹਾਂ
ਕਿਤੇ ਖੂਨ ਤੇ ਕਿਤੇ ਪਸੀਨਾ ਮਿੱਟੀ ਵਿਚ ਰਲਦਾ ਰਹਿੰਦਾ ਏ/ਦੋ ਮਨ ਲੜਦੇ ਰਹਿੰਦੇ ਨੇ ਯੁੱਧ ਇਕ ਚਲਦਾ ਰਹਿੰਦਾ ਏ (ਕਵਿਤਾ ਦੋ ਮਨਾਂ ਦਾ ਯੁੱਧ) ਜ਼ੋਰਾਵਰਾਂ ਦੀਆਂ ਮਨਮਰਜ਼ੀਆਂ, ਅਧੂਰੇ ਸੁਪਨੇ, ਇਨਕਲਾਬ ਦੀ ਗੱਲ, ਸ਼ਹੀਦ ਭਗਤ ਸਿੰਘ ਦਾ ਮਿਸ਼ਨ, ਸਮਾਜਿਕ ਬੇਇਨਸਾਫ਼ੀਆਂ ਲਈ ਰੱਬ ਨੂੰ ਤਾਹਨੇ ਕਵਿਤਾਵਾਂ ਵਿਚ ਪੜ੍ਹੇ ਜਾ ਸਕਦੇ ਹਨ। ਸ਼ਾਇਰ ਅਜੋਕੀ ਸਿਆਸਤ ਤੋਂ ਖਫ਼ਾ ਹੈ। ਨਾਲ ਹੀ ਧਰਮ ਦੇ ਨਾਂਅ 'ਤੇ ਚਲਦੇ ਪਖੰਡ ਉਸ ਦੀ ਚੇਤਨਾ ਨੂੰ ਦਰੜਦੇ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਤੱਤੀ ਰੇਤ
ਨਾਵਲਕਾਰ : ਡਾ: ਰਾਜ ਕੁਮਾਰ ਗਰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 99152-64598.

ਇਹ ਨਾਵਲ ਲੇਖਕ ਦੀ ਆਤਮ ਕਥਾ ਦਾ ਬਿਆਨ ਹੈ। ਕਿਸੇ ਫ਼ੌਜਦਾਰੀ ਕੇਸ ਵਿਚ ਕਾਫੀ ਸਮਾਂ ਭਗੌੜਾ ਰਹਿਣ ਤੋਂ ਬਾਅਦ ਕਚਹਿਰੀ ਵਿਚ ਆਤਮ-ਸਮਰਪਣ ਕਰ ਕੇ ਲੇਖਕ ਜੇਲ੍ਹ ਚਲਾ ਜਾਂਦਾ ਹੈ। ਜੇਲ੍ਹ ਦੀ ਲਾਇਬ੍ਰੇਰੀ ਵਿਚ ਲੇਖਕ ਦੀਆਂ ਕਈ ਪੁਸਤਕਾਂ ਹਨ, ਜਿਨ੍ਹਾਂ ਨੂੰ ਕਈ ਕੈਦੀ ਪੜ੍ਹ ਚੁੱਕੇ ਹਨ। ਇਹੋ ਜਿਹੇ ਵਿਅਕਤੀ ਦਾ ਕਿਸੇ ਜੁਰਮ ਅਧੀਨ ਕੈਦ ਕੱਟਣਾ ਇਕ ਬੁਝਾਰਤ ਜਿਹੀ ਬਣ ਜਾਂਦੀ ਹੈ। ਪੁਲਿਸ ਦੀਆਂ ਵਧੀਕੀਆਂ, ਨਮੋਸ਼ੀਆਂ, ਡਰਾਵਿਆਂ ਨਾਲ ਉਹ ਟੁੱਟ ਹੀ ਚੱਲਿਆ ਸੀ ਕਿ ਕੁਝ ਰਾਜਨੀਤਕ, ਸਮਾਜਿਕ, ਸਾਹਿਤਕ ਸ਼ਖ਼ਸੀਅਤਾਂ ਦੀ ਮਦਦ ਨਾਲ ਉਹ ਬਰੀ ਹੋ ਗਿਆ। ਡਾਵਾਂਡੋਲ ਹੋਈ ਗ੍ਰਹਿਸਥੀ ਨੂੰ ਸੰਭਾਲਣ ਲਈ ਉਸ ਨੇ ਸਿਰ-ਤੋੜ ਮਿਹਨਤ ਕੀਤੀ ਪਰ ਏਨੇ ਨੂੰ ਉਸ ਦੀ ਪਤਨੀ ਨੂੰ ਕੈਂਸਰ ਨੇ ਘੇਰ ਲਿਆ। ਦੋਸਤਾਂ ਦੀ ਮਦਦ ਮਿਲੀ, ਬੇਟੀ ਨੂੰ ਨੌਕਰੀ ਮਿਲੀ ਅਤੇ ਬਿਮਾਰ ਪਤਨੀ ਦੀ ਦੇਖਭਾਲ ਲਈ ਇਕ ਕੇਅਰ ਟੇਕਰ ਰੱਖ ਲਈ ਗਈ, ਜੋ ਸੱਚਾ ਸੌਦਾ ਡੇਰੇ ਦੀ ਸ਼ਰਧਾਲੂ ਸੀ। ਏਨੇ ਨੂੰ ਗਰਗ ਉੱਤੇ ਕੁਝ ਹੋਰ ਕੇਸ ਪੈ ਗਏ ਅਤੇ ਉਸ ਦੀ ਨੌਕਰੀ ਚਲੀ ਗਈ। ਉਹ ਪਰਿਵਾਰ ਸਮੇਤ ਸਿਰਸਾ ਡੇਰੇ ਚਲਾ ਗਿਆ ਪਰ ਉਥੇ ਸਭ ਕੁਝ ਸੁਖਾਵਾਂ ਨਾ ਹੋਣ ਕਰਕੇ ਵਾਪਸ ਆ ਗਿਆ। ਮਾਨਸਿਕ ਪ੍ਰੇਸ਼ਾਨੀਆਂ, ਆਰਥਿਕ ਮੰਦਹਾਲੀਆਂ, ਬੇਇਨਸਾਫ਼ੀਆਂ ਨਾਲ ਨਜਿੱਠਦਿਆਂ ਉਹ ਨਿਢਾਲ ਹੋ ਗਿਆ ਪਰ ਕਲਮ ਉਸ ਦੀ ਸ਼ਕਤੀ ਬਣੀ ਰਹੀ। ਉਸ ਨੇ ਆਪਣੇ ਦੋਵੇਂ ਬੇਟੇ ਕਾਰੋਬਾਰ 'ਤੇ ਲਗਾ ਦਿੱਤੇ ਅਤੇ ਆਪ ਲਾਜਪਤ ਆਰੀਆ ਸਕੂਲ ਦਾ ਪ੍ਰਿੰਸੀਪਲ ਲੱਗ ਗਿਆ। ਹੁਣ ਉਹ ਮਹਿਸੂਸ ਕਰਦਾ ਹੈ ਕਿ ਸੰਘਰਸ਼ ਹੀ ਜੀਵਨ ਹੈ, ਹਰ ਕੰਮ ਲਾਭ ਲਈ ਨਹੀਂ ਕੀਤਾ ਜਾਂਦਾ। ਸਮਾਜ ਵਿਚ ਹੋ ਰਹੇ ਗ਼ਲਤ ਵਰਤਾਰਿਆਂ ਪ੍ਰਤੀ ਲਿਖਣਾ ਉਸ ਦੀ ਕਲਮ ਦਾ ਧਰਮ ਬਣ ਗਿਆ ਹੈ। ਭਾਵੇਂ ਉਸ ਦਾ ਜੀਵਨ ਮਾਰੂਥਲ ਦੀ ਤੱਤੀ ਰੇਤ ਵਿਚਲਾ ਸਫ਼ਰ ਬਣਿਆ ਰਿਹਾ ਪਰ ਸਵੈ-ਵਿਸ਼ਵਾਸ, ਆਤਮ ਬਲ ਅਤੇ ਚੜ੍ਹਦੀ ਕਲਾ ਨੇ ਉਸ ਦੇ ਪੈਰਾਂ ਥੱਲੇ ਵਿਛੇ ਰੇਤ ਕਣਾਂ ਨੂੰ ਵੀ ਸੂਰਜ ਵਾਂਗ ਚਮਕਾਈ ਰੱਖਿਆ ਹੈ। ਇਹ ਨਾਵਲ ਭਰਪੂਰ ਪ੍ਰੇਰਨਾ ਅਤੇ ਹੌਸਲਾ ਦੇਣ ਵਾਲਾ ਹੈ। ਆਖ਼ਰ ਜ਼ਿੰਦਾਦਿਲੀ ਹੀ ਜ਼ਿੰਦਗੀ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ : ਮੂਲ ਸਰੋਕਾਰ
ਮੁੱਖ ਸੰਪਾਦਕ : ਡਾ: ਸੁਖਵਿੰਦਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 215
ਸੰਪਰਕ : 99151-03490.

ਕਾਲਜਾਂ, ਯੂਨੀਵਰਸਿਟੀਆਂ ਵਿਚ ਵੱਖ-ਵੱਖ ਵਿਸ਼ਿਆਂ, ਮਸਲਿਆਂ ਉੱਪਰ ਸੈਮੀਨਾਰ, ਕਾਨਫ਼ਰੰਸਾਂ, ਗੋਸ਼ਟੀਆਂ ਆਦਿ ਦੀਆਂ ਇਕੱਤਰਤਾਵਾਂ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਸੰਜੀਦਾ ਅਤੇ ਮਿਆਰੀ ਸੰਵਾਦ ਰਚਾਉਣ ਦੀ ਰਵਾਇਤ ਹੈ। ਇਹ ਪੁਸਤਕ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਜ਼ਿਲ੍ਹਾ ਮੋਗਾ ਵਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਇਕ ਰੋਜ਼ਾ ਕਰਵਾਏ ਸੈਮੀਨਾਰ ਵਿਚ ਪੜ੍ਹੇ ਗਏ ਖੋਜ ਪੇਪਰ ਹਨ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਮੁਢਲੇ ਸਰੋਕਾਰਾਂ ਉੱਪਰ ਇਕ ਗੰਭੀਰ ਚਰਚਾ ਕੀਤੀ ਗਈ ਹੈ। ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਵਾਨ ਅਧਿਆਪਕਾਂ ਵਲੋਂ ਵੰਨ-ਸੁਵੰਨੇ ਵਿਸ਼ਿਆਂ ਉੱਪਰ ਲਿਖਿਆ ਗਿਆ ਹੈ। ਇਸ ਸੈਮੀਨਾਰ ਦਾ ਉਦੇਸ਼ ਉਪਰੋਕਤ ਵਿਸ਼ੇਸ਼ ਉੱਪਰ ਸੰਵਾਦ ਕਰਨਾ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੀਆਂ ਤਬਦੀਲੀਆਂ ਨੂੰ ਸਵੀਕਾਰ ਕਰਨਾ, ਨੌਜਵਾਨ ਵਰਗ ਨੂੰ ਉਚਿਤ ਦਿਸ਼ਾ ਦੇਣ ਲਈ ਪ੍ਰੇਰਿਤ ਕਰਨਾ, ਸਮੇਂ ਦੇ ਹਾਣੀ ਬਣਾਉਣਾ। ਇਸ ਸੈਮੀਨਾਰ ਦੀ ਵਿਲੱਖਣਤਾ ਇਹ ਹੈ ਕਿ ਇਕ ਰੋਜ਼ਾ ਸੈਮੀਨਾਰ ਵਿਚ ਨਾਮਵਰ ਵਿਦਵਾਨ ਸ਼ਾਮਿਲ ਹੋਏਂਡਾ: ਜਗਬੀਰ ਸਿੰਘ, ਡਾ: ਤੇਜਵੰਤ ਸਿੰਘ ਗਿੱਲ, ਡਾ: ਸੁਖਦੇਵ ਸਿੰਘ ਖਾਹਰਾ, ਡਾ: ਦਰਿਆ, ਡਾ: ਜਲੋਰ ਸਿੰਘ ਖੀਵਾ, ਡਾ: ਨਛੱਤਰ ਸਿੰਘ ਤੇ ਡਾ: ਸੁਰਜੀਤ ਬਰਾੜ ਆਦਿ। ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਚਰ ਨੂੰ ਦਰਪੇਸ਼ ਨਵੀਆਂ ਵੰਗਾਰਾਂ/ਚੁਣੌਤੀਆਂ ਉਪਜ ਰਹੀਆਂ ਹਨ। ਭਾਵੇਂ ਕਿ ਪੰਜਾਬੀ ਸਾਹਿਤ ਦੀ ਇਕ ਅਮੀਰ ਪਰੰਪਰਾ ਹੈ, ਜਿਹੜੀ ਇਨ੍ਹਾਂ ਵਕਤੀ ਚੁਣੌਤੀਆਂ ਸੰਗ ਬੜੀ ਦ੍ਰਿੜ੍ਹਤਾ ਨਾਲ ਵਿਚਰਦੀ ਹੈ। ਇਹ ਸੈਮੀਨਾਰ ਕਾਲਜ ਵਿਦਿਆਰਥੀਆਂ ਦੇ ਮਨਾਂ ਵਿਚ ਹੋਰ ਜਾਣਨ ਦੀ ਰੁਚੀ ਪੈਦਾ ਕਰਦੇ ਹੋਏ ਸਾਹਿਤ ਦਾ ਪਾਸਾਰ ਕਰਦੇ ਹਨ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਚੰਗੇਰ
(ਪਹਾੜੀ ਪੰਜਾਬੀ ਕਾਵਿ ਦੀ ਅਨਮੋਲ ਪੁਸਤਕ)
ਸੰਪਾਦਕਾ : ਰਣਧੀਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 172
ਸੰਪਰਕ : 094191-25425.

ਰਣਧੀਰ ਕੌਰ ਦੁਆਰਾ ਸੰਪਾਦਿਤ ਪੁਸਤਕ ਇਕ ਪਹਾੜੀ ਪੰਜਾਬੀ ਦੀ ਪਹਿਲੀ ਪੁਸਤਕ ਹੈ। ਇਸ ਤਰ੍ਹਾਂ ਦੀ ਪੁਸਤਕ ਪੰਜਾਬੀ (ਗੁਰਮੁਖੀ) ਵਿਚ ਪਹਿਲਾਂ ਨਹੀਂ ਛਪੀ। ਪਹਾੜੀ ਪੰਜਾਬੀ ਜੰਮੂ-ਕਸ਼ਮੀਰ ਦੇ ਵਿਆਪਕ ਖੇਤਰਾਂ ਵਿਚ ਬੋਲੀ ਜਾਂਦੀ ਹੈ ਪਰ ਨਾ ਤਾਂ ਇਸ ਬੋਲੀ ਦੀ ਕੋਈ ਲਿੱਪੀ ਹੈ ਅਤੇ ਨਾ ਹੀ ਸਕੂਲਾਂ ਵਿਚ ਇਸ ਨੂੰ ਪੜ੍ਹਾਇਆ ਜਾਂਦਾ ਹੈ। ਆਦਿ ਕਾਲ ਤੋਂ ਇਹ ਪੰਜਾਬੀ ਪਹਾੜੀ ਬੋਲੀ ਕਰੋੜਾਂ ਲੋਕ ਹਿਕ ਦਰ ਹਿਕ ਬੋਲਦੇ ਸੁਣਦੇ ਸੁਣਾਉਂਦੇ ਆ ਰਹੇ ਹਨ। ਜੰਮੂ-ਕਸ਼ਮੀਰ ਸੂਬੇ ਦੇ ਸਾਰੇ ਧਰਮਾਂ, ਮਜ਼੍ਹਬਾਂ ਦੇ ਲੋਕ ਪਹਾੜੀ ਪੰਜਾਬੀ ਨੂੰ ਬਿਨਾਂ ਵਿਤਕਰੇ ਬੋਲਦੇ ਰਹੇ ਹਨ।
ਜੰਮੂ-ਕਸ਼ਮੀਰ ਦੇ ਭਾਸ਼ਾਈ ਚਿਤਰਪਟ ਤੋਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪੂਰਾ ਜੰਮੂ ਸੂਬਾ ਪੰਜਾਬੀ ਬੋਲਦਾ ਇਲਾਕਾ ਹੈ। ਜ਼ਿਲ੍ਹਾ ਜੰਮੂ, ਜ਼ਿਲ੍ਹਾ ਊਧਮਪੁਰ, ਜ਼ਿਲ੍ਹਾ ਕਠੂਆ, ਜ਼ਿਲ੍ਹਾ ਰਿਆਸੀ, ਜ਼ਿਲ੍ਹਾ ਰਾਜੌਰੀ, ਜ਼ਿਲ੍ਹਾ ਪੁਣਛ ਅਤੇ ਜ਼ਿਲ੍ਹਾ ਮੀਰਪੁਰ ਵਿਚ ਟਕਸਾਲੀ ਪੰਜਾਬੀ ਬੋਲੀ ਜਾਂਦੀ ਹੈ। ਮਾਝੇ, ਮਾਲਵੇ ਜਾਂ ਦੁਆਬੇ ਆਦਿ ਦੇ ਲੋਕਾਂ ਨੂੰ ਇਨ੍ਹਾਂ ਖੇਤਰਾਂ ਵਿਚ ਪੰਜਾਬੀ ਬੋਲਦਿਆਂ ਜਾਂ ਸੁਣਦਿਆਂ ਕੋਈ ਦਿੱਤਕ ਨਹੀਂ ਆਉਂਦੀ। ਭਾਵੇਂ ਡੋਗਰੀ ਵੀ ਕਠੂਆ ਆਦਿ ਇਲਾਕਿਆਂ ਵਿਚ ਬੋਲੀ ਜਾਂਦੀ ਹੈ ਪਰ ਰਾਜੌਰੀ, ਪੁਣਛ, ਮੀਰਪੁਰ ਅਤੇ ਮੁਜੱਫਰਾਬਾਦ ਵਿਚ ਪੰਜਾਬੀ ਦੀਆਂ ਉਪ ਭਾਸ਼ਾਵਾਂ, ਪਹਾੜੀ, ਪੁਣਛੀ ਅਤੇ ਚਿਭਾਲੀ ਹਨ। ਬਹੁਤ ਸਾਰੇ ਜੰਮੂ-ਕਸ਼ਮੀਰ ਦੇ ਵਿਦਵਾਨ ਪਹਾੜੀ ਭਾਸ਼ਾ ਨੂੰ ਪੰਜਾਬੀ ਦੀ ਉਪ ਭਾਸ਼ਾ ਹੀ ਮੰਨਦੇ ਹਨ। ਜੰਮੂ ਅਤੇ ਕਸ਼ਮੀਰ ਨੂੰ ਵਿਸ਼ਾਲ ਪੀਰ ਪੰਚਾਲ ਪਰਬਤ ਲੜੀ ਵੱਖ-ਵੱਖ ਕਰਦੀ ਹੈ। ਪੀਰ ਪੰਚਾਲ ਤੋਂ ਜੰਮੂ ਵਾਲੇ ਪਾਸੇ ਭਾਵ ਮੇਂਡਰ, ਪੁਣਛ, ਬੁੱਧਲ, ਨੁਸ਼ਹਿਰਾ, ਝੰਗੜ, ਰਾਜੌਰੀ, ਰਾਮਬਨ, ਕਿਸ਼ਤਵਾੜ, ਭਦਰਵਾਹ, ਡੋਡਾ, ਗੂਲ, ਗੁਲਾਬਗੜ੍ਹ, ਰਿਆਸੀ, ਸੁਰਨ ਕੋਟ, ਕਾਲਾ ਕੋਟ, ਰਾਮ ਨਗਰ, ਊਧਮਪੁਰ ਬਸੌਲੀ-ਬਲਾਵਰ, ਹੀਰਾ ਨਗਰ, ਸਾਂਬਾ, ਅਖਨੂਰ, ਆਰ.ਐਸ.ਪੁਰਾ ਅਤੇ ਜੰਮੂ ਸ਼ਹਿਰ ਵਿਚ ਸ਼ੁੱਧ ਪੰਜਾਬੀ ਬੋਲੀ ਜਾਂਦੀ ਹੈ। ਪਰ ਸਰਕਾਰਾਂ ਨੇ ਪੰਜਾਬੀ ਭਾਸ਼ਾ ਨੂੰ ਭਾਵੇਂ ਸੰਖੇਪ ਇਲਾਕੇ ਵਿਚ ਸੀਮਤ ਕਰਨ ਦੇ ਯਤਨ ਕੀਤੇ ਹਨ ਪਰ ਦਰਹਕੀਕਤ ਇਹ ਪੰਜਾਬੀ 18 ਕਰੋੜ ਲੋਕਾਂ ਦੀ ਮਾਂ ਬੋਲੀ ਹੈ।
ਹਥਲੀ ਪੁਸਤਕ ਇਸ ਕਰਕੇ ਬਹੁਤ ਸਲਾਹੁਣਯੋਗ ਹੈ ਕਿ ਇਸ ਵਿਚ ਪੁਣਛ-ਰਾਜੌਰੀ ਅਤੇ ਪੀਰ ਪੰਚਾਲ ਪਰਬਤ ਤੋਂ ਜੰਮੂ ਵੱਲ ਦੇ ਕਰੀਬ 40 ਕਵੀ, ਗ਼ਜ਼ਲਕਾਰ ਅਤੇ ਵਾਰਤਾਕਾਰ ਸ਼ਾਮਿਲ ਕੀਤੇ ਗਏ ਹਨ। ਬੋਲੀ ਪਹਾੜੀ ਹੈ ਪਰ ਗੁਰਮੁਖੀ ਪੰਜਾਬੀ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਪੁਸਤਕ ਸਾਂਭਣਯੋਗ ਅਤੇ ਪਰਚਾਰਨਯੋਗ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਮੇਰੀਆਂ ਸਾਰੀਆਂ ਕਹਾਣੀਆਂ
ਕਹਾਣੀਕਾਰ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ
ਮੁੱਲ : 950 ਰੁਪਏ, ਸਫ਼ੇ : 688
ਸੰਪਰਕ : 011-23264342.

ਪ੍ਰਵਾਸੀ ਕਹਾਣੀਕਾਰ-ਲੇਖਕ ਰਵਿੰਦਰ ਰਵੀ ਦੇ ਰਚੇ ਸਮੁੱਚੇ ਸਾਹਿਤ ਨੂੰ ਇਸ ਵੱਡ ਆਕਾਰੀ ਪੁਸਤਕ ਵਿਚ ਦਰਜ ਕੀਤਾ ਗਿਆ ਹੈ। ਦੋ ਭਾਗਾਂ ਵਿਚ ਵੰਡੀ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਉਸ ਵਲੋਂ ਰਚੇ ਕੁੱਲ ਕਹਾਣੀ ਸੰਗ੍ਰਹਿਆਂ ਦੀਆਂ 96 ਕਹਾਣੀਆਂ ਅੰਕਿਤ ਹਨ। ਉਸ ਦੀ ਕਹਾਣੀ ਕਹਿਣ ਦੀ ਕਮਾਲ ਦੀ ਕਲਾ ਨੇ ਉਸ ਦੇ ਸਮਕਾਲੀ ਕਹਾਣੀਕਾਰਾਂ, ਸਾਹਿਤਕਾਰਾਂ ਨੂੰ ਬਾਖੂਬੀ ਹਲੂਣਿਆਂ ਹੈ।
ਉਸ ਦੀਆਂ ਕਹਾਣੀਆਂ ਦੀ ਪਹਿਲੀ ਅਤੇ ਵਿਸ਼ੇਸ਼ ਨਿਸ਼ਾਨੀ ਇਹ ਹੈ ਕਿ ਉਸ ਨੇ ਦੂਜੇ ਪ੍ਰਵਾਸੀ ਕਹਾਣੀਕਾਰਾਂ ਜਾਂ ਸਾਹਿਤਕਾਰਾਂ ਵਾਂਗ ਪੰਜਾਬ ਦੀ ਧਰਤੀ ਤੋਂ ਦੂਰੀ ਪੈਣ ਦਾ ਹੇਰਵਾ ਜਾਂ ਦੁੱਖ ਨਹੀਂ ਪ੍ਰਗਟਾਇਆ। ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਵਾਦੀ, ਪ੍ਰਕਿਰਤੀਵਾਦੀ, ਅਸਤਿਤਵਾਦੀ ਕਹਾਣੀਕਾਰ ਰਵਿੰਦਰ ਰਵੀ ਦੀ ਕਹਾਣੀ ਕਲਾ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਵਿਦਵਾਨ ਸਾਹਿਤਕਾਰ ਡਾ: ਹਰਿਭਜਨ ਸਿੰਘ ਕਹਿੰਦੇ ਹਨ, 'ਰਵਿੰਦਰ ਰਵੀ ਲੀਕ ਤੋਂ ਹਟਵੀਂ ਅਤੇ ਨਿਸੰਗ ਹੋ ਕੇ ਕਹਾਣੀ ਰਚਦਾ ਹੈ।' ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਤੇ ਡਾ: ਰਘਵੀਰ ਸਿੰਘ ਨੇ ਉਸ ਦੀਆਂ ਕਹਾਣੀਆਂ ਨੂੰ ਸੁਡੌਲ ਜੁੱਸੇ ਵਾਲੀਆਂ ਅਤੇ ਪ੍ਰਭਾਵਸ਼ਾਲੀ ਪਛਾਣ ਵਾਲੀਆਂ ਕਹਾਣੀਆਂ ਕਿਹਾ ਹੈ। ਇਸ ਪੁਸਤਕ ਦੇ ਦੂਜੇ ਭਾਗ ਵਿਚ ਉਸ ਦੀਆਂ ਰਚੀਆਂ ਕਾਵਿ-ਕਹਾਣੀਆਂ ਅਤੇ ਗੱਦ-ਕਾਵਿ ਕਥਾਵਾਂ ਇਸ ਪੁਸਤਕ ਨੂੰ ਖੂਬ ਸ਼ਿੰਗਾਰਦੀਆਂ ਹਨ। ਇਸ ਭਾਗ ਬਾਰੇ ਵੀ ਵੱਖ-ਵੱਖ ਵਿਦਵਾਨਾਂ ਨੇ ਸਲਾਹੁਤਾ ਭਰੇ ਅੰਦਾਜ਼ ਵਿਚ ਖੂਬ ਲਿਖਿਆ ਹੈ। ਇਹ ਪੁਸਤਕ ਪੰਜਾਬੀ ਸਾਹਿਤ ਜਗਤ ਦਾ ਚਮਤਕਾਰੀ ਹਾਸਲ ਹੈ, ਜਿਸ ਨੂੰ ਸਾਂਭਣਾ ਸਭ ਦਾ ਫ਼ਰਜ਼ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਆਏ ਸਫਲੁ ਸੇ
ਕਵਿੱਤਰੀ : ਸੁਖਦੇਵ ਕੌਰ ਚਮਕ
ਪ੍ਰਕਾਸ਼ਕ : ਨਿਸ਼ਕਾਮ ਸੇਵਾ ਸੁਸਾਇਟੀ ਦਸੂਹਾ (ਰਜਿ:)
ਮੁੱਲ : 185 ਰੁਪਏ, ਸਫ਼ੇ : 216
ਸੰਪਰਕ : 94640-65934.

ਕਵਿੱਤਰੀ ਸੁਖਦੇਵ ਕੌਰ ਚਮਕ ਨੂੰ ਸਿੱਖ ਧਰਮ ਦੇ ਗੌਰਵਮਈ ਅਤੇ ਸ਼ਾਨਾਮੱਤੇ ਵਿਰਸੇ ਦੀ ਪਛਾਣ ਹੈ। ਬਹੁਤੀਆਂ ਕਵਿਤਾਵਾਂ ਵਿਚ ਮਜ਼ਲੂਮਾਂ, ਨਿਤਾਣਿਆਂ, ਗ਼ਰੀਬਾਂ ਤੇ ਲਤਾੜਿਆਂ ਵਲੋਂ ਜਬਰ-ਜ਼ੁਲਮ ਦਾ ਟਾਕਰਾ ਕਰਦਿਆਂ ਧੱਕੇਸ਼ਾਹੀ ਦੇ ਵਿਰੋਧ ਵਿਚ ਪਰਬਤਾਂ ਵਾਂਗ ਅਹਿਲ ਖਲੋ ਕੇ ਦੁਸ਼ਟ ਬਿਰਤੀ ਵਾਲੇ ਲੋਕਾਂ ਦਾ ਨਾਸ਼ ਕਰਕੇ ਧਾਰਮਿਕ, ਸਮਾਜਿਕ ਅਤੇ ਆਰਥਿਕ ਆਜ਼ਾਦੀ ਲਈ ਦਿੱਤੀ ਕੁਰਬਾਨੀ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਵਲੋਂ ਦਿੱਤੀਆਂ ਬੇਸ਼ਕੀਮਤੀ ਸਿੱਖਿਆਵਾਂ, ਸਿੱਖ ਫਿਲਾਸਫੀ ਅਤੇ ਆਦਰਸ਼ਿਕ ਜੀਵਨ ਜਿਊਣ ਵਾਲੇ ਮਰਜੀਵੜਿਆਂ ਨੂੰ ਵੀ ਯਾਦ ਕੀਤਾ ਹੈ।
ਅਜਿਹੀਆਂ ਕਵਿਤਾਵਾਂ ਨੂੰ ਵੀ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤਾ ਹੈ, ਜਿਨ੍ਹਾਂ ਵਿਚ ਸਮਾਜਿਕ ਤੇ ਆਰਥਿਕ ਮਸਲਿਆਂ 'ਤੇ ਵੀ ਕਲਮ ਚਲਾਈ ਹੈ। ਔਰਤ ਦੀ ਸਮਾਜਿਕ ਨਾਬਰਾਬਰੀ ਵੀ ਉਸ ਨੂੰ ਪ੍ਰੇਸ਼ਾਨ ਕਰਦੀ ਹੈ। ਸਮਾਜ ਵਿਚ ਵਿਚਰਦਿਆਂ ਬੇਰੁਜ਼ਗਾਰੀ, ਔਰਤ ਦਾ ਸ਼ੋਸ਼ਣ, ਲੁੱਟਾਂ-ਖੋਹਾਂ, ਰਿਸ਼ਵਤਖੋਰੀ, ਮਾਦਾ ਭਰੂਣ ਹੱਤਿਆ, ਚੋਰ ਬਾਜ਼ਾਰੀ, ਢੌਂਗੀ ਬਾਬਿਆਂ ਦੀਆਂ ਕਰਤੂਤਾਂ, ਵਾਤਾਵਰਨ ਦਾ ਹੋ ਰਿਹਾ ਗੰਧਲਾਪਣ ਵਰਗੀਆਂ ਸਮੱਸਿਆਵਾਂ ਨੂੰ ਵੱਖ-ਵੱਖ ਕਵਿਤਾਵਾਂ ਵਿਚ ਛੂਹਿਆ ਗਿਆ ਹੈ। ਨੈਤਿਕ ਕਦਰਾਂ-ਕੀਮਤਾਂ ਆ ਰਹੇ ਨਿਘਾਰ, ਪੰਜਾਬ ਦੇ ਵਾਰਿਸਾਂ ਦਾ ਵਿਦੇਸ਼ਾਂ ਵਿਚ ਜਾ ਕੇ ਵਸਣਾ, ਕੂੜ-ਕੁਸਤ ਦੇ ਹੋ ਰਹੇ ਬੋਲਬਾਲੇ, ਬਦਲ ਰਹੇ ਰਿਸ਼ਤਿਆਂ ਦਾ ਜ਼ਿਕਰ ਵੀ ਉਸ ਨੇ ਬਾਖੂਬੀ ਕੀਤਾ ਹੈ। ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਪ੍ਰਕਾਸ਼ ਕਲਗੀਧਰ ਦਾ, ਭਾਈ ਨੰਦ ਲਾਲ ਗੋਆ, ਬਾਬਾ ਬੰਦਾ ਸਿੰਘ ਬਹਾਦਰ, ਗੁਰਦਾਸ ਨੰਗਲ ਦੀ ਕੱਚੀਗੜ੍ਹੀ, ਚੱਪੜਚਿੜੀ, ਸ: ਬਘੇਲ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਨਵਾਬ ਕਪੂਰ ਸਿੰਘ, ਭਗਤ ਪੂਰਨ ਸਿੰਘ ਵਰਗੀਆਂ ਹਸਤੀਆਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਸੁਚੱਜੇ ਢੰਗ ਪੇਸ਼ ਕੀਤਾ ਹੈ।
ਸਮੁੱਚੇ ਰੂਪ ਵਿਚ ਸ਼ਾਮਿਲ ਕਵਿਤਾਵਾਂ ਵਿਚ ਪੰਜਾਬ ਦੇ ਤਿੱਥ-ਤਿਉਹਾਰਾਂ ਦਾ ਜ਼ਿਕਰ ਕਰਦਿਆਂ ਕਵਿੱਤਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਸਾਨੂੰ ਧਰਮ ਅਤੇ ਜਾਤ-ਪਾਤ ਦੇ ਵਿਤਕਰਿਆਂ ਨੂੰ ਛੱਡ ਕੇ ਸਰਬੱਤ ਦੇ ਭਲੇ ਦੇ ਸੰਦੇਸ਼ ਮੁਤਾਬਿਕ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

ਂਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਅਹਿਸਾਸ-ਦਰ-ਅਹਿਸਾਸ
ਲੇਖਿਕਾ : ਸੁਖਵਿੰਦਰ ਕੌਰ 'ਆਹੀ'
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 78
ਸੰਪਰਕ : 98768-22694.

ਨਾਰੀ ਮਨ ਦੀ ਬਾਤ ਪਾਉਂਦੇ ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਕਵਿੱਤਰੀ ਦੀ ਨਿੱਜੀ ਜ਼ਿੰਦਗੀ ਉੱਪਰ ਵੀ ਝਾਤ ਪਵਾਉਂਦੀਆਂ ਹਨ। ਕਵਿੱਤਰੀ ਆਪਣੇ ਨਿੱਜੀ ਦੁੱਖ ਨੂੰ ਕਾਵਿ ਰਚਨਾਵਾਂ ਵਿਚ ਢਾਲ ਕੇ ਜਿਥੇ ਆਪਣੇ ਦੁੱਖ ਦਾ ਕਥਾਰਸਿਸ ਕਰਦੀ ਹੈ, ਉਥੇ ਉਹ ਪਾਠਕਾਂ ਨੂੰ ਵੀ ਜ਼ਿੰਦਗੀ ਦੀਆਂ ਕੌੜੀਆਂ ਅਤੇ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਉਂਦੀ ਹੈ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਕਵਿੱਤਰੀ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ : ਕਵਿਤਾ, ਗੀਤ ਅਤੇ ਗ਼ਜ਼ਲ। ਇਨ੍ਹਾਂ ਤਿੰਨਾਂ ਰਾਹੀਂ ਉਸ ਨੇ ਭਾਵਨਾਵਾਂ ਅਤੇ ਕਥਾਰਸ ਦਾ ਸੁੰਦਰ ਸੁਮੇਲ ਪ੍ਰਗਟ ਕੀਤਾ ਹੈ। ਪਹਿਲੀ ਕਵਿਤਾ ਨੌਜਵਾਨਾਂ ਨੂੰ ਸੇਧ ਦਿੰਦੀ ਸਥਿਤੀਆਂ ਨੂੰ ਆਪਣੇ ਮੂਜਬ ਢਾਲਣ ਲਈ ਪ੍ਰੇਰਿਤ ਕਰਦੀ ਹੈ। ਕਵਿੱਤਰੀ ਟਾਹਲੀ ਕਵਿਤਾ ਰਾਹੀਂ ਟਾਹਲੀ ਦੇ ਕੱਟੇ ਜਾਣ ਦਾ ਅਤੇ ਮਾਂ ਦੇ ਵਿਛੜ ਜਾਣ ਦਾ ਦੁੱਖ ਮਨਾਉਂਦੀ ਹੋਈ ਆਪਣੇ-ਆਪ ਨੂੰ ਉਦਾਸ ਮਹਿਸੂਸ ਕਰਦੀ ਹੈ। ਕਵਿੱਤਰੀ ਦਾ ਇਹ ਕਵਿਤਾ ਭਾਗ ਪਿਆਰ ਦੇ ਅਹਿਸਾਸਾਂ ਨਾਲ ਓਤਪੋਤ ਹੈ। ਉਹ ਔਰਤ ਮਰਦ ਦੀ ਮੁਹੱਬਤ ਦਾ ਜ਼ਿਕਰ ਛੋਂਹਦੀ ਔਰਤ ਦੀ ਹੋਂਦ ਨੂੰ ਨਦੀ ਮੰਨ ਕੇ ਸਮੁੰਦਰ ਵਾਂਗ ਵਿਸ਼ਾਲ ਹਿਰਦਾ ਰੱਖਣ ਵਾਲੀ ਸਮਝਦੀ ਹੈ।
ਕਵਿੱਤਰੀ ਨੇ ਸਮਾਜਿਕ ਵਿਸ਼ਿਆਂ ਨੂੰ ਵੀ ਛੋਹਿਆ ਹੈ। ਦੇਸ਼ ਅੰਦਰ ਫੈਲੀਆਂ ਸਮੱਸਿਆਵਾਂ ਨੂੰ ਕੇਂਦਰ ਬਿੰਦੂ ਬਣਾ ਕੇ ਉਹ 'ਸੱਤਰ ਵਰ੍ਹੇ ਆਜ਼ਾਦ' ਕਵਿਤਾ ਰਾਹੀਂ ਨਾਰੀ ਆਜ਼ਾਦੀ ਤੇ ਕਈ ਪ੍ਰਸ਼ਨ ਉਠਾਉਂਦੀ ਹੈ।
ਗੀਤ ਵਾਲੇ ਭਾਗ ਵਿਚ ਕਵਿੱਤਰੀ ਦੀ 'ਕੁਝ ਗੀਤ' ਸਿਰਲੇਖ ਹੇਠ ਲਿਖੀ ਗਈ ਰਚਨਾ ਸਮਾਜ ਦੇ ਕੁਝ ਪੱਖਾਂ ਉੱਪਰ ਦਾਅਵਾ ਜਤਾਉਂਦੀ ਹੈ ਜਿਥੇ ਕਿਸਾਨੀ ਜੀਵਨ ਦੇ ਦੁੱਖ, ਆਰਥਿਕ ਨਾਬਰਾਬਰੀ, ਕਿਰਤੀ ਕਾਮਿਆਂ ਦੀ ਬੇਵਸੀ ਵਰਗੇ ਕਈ ਸਵਾਲ ਸਾਡੇ ਸਨਮੁੱਖ ਖੜ੍ਹੇ ਹਨ। ਕਵਿੱਤਰੀ ਦੇ ਗੀਤ ਪਰਿਵਾਰਕ ਲੋਕ ਗੀਤਾਂ ਵਾਂਗ ਰੁਮਾਂਟਿਕ, ਗਿਲੇ ਸ਼ਿਕਵੇ ਭਰਪੂਰ ਅਤੇ ਨਾਇਕਾ ਦੀਆਂ ਮਜਬੂਰੀਆਂ ਨਾਲ ਜੁੜੇ ਹੋਏ ਹਨ।
ਗ਼ਜ਼ਲਾਂ ਵਾਲੇ ਭਾਗ ਵਿਚ ਕਵਿੱਤਰੀ ਨੇ ਬਿਰਹਾ ਭਿੱਜੇ ਮਨ ਦੀ ਦਾਸਤਾਨ ਸੁਣਾਈ ਹੈ।
ਆਧੁਨਿਕ ਮਨੁੱਖ ਦੀ ਪਦਾਰਥਕ ਸੁੱਖਾਂ ਪਿੱਛੇ ਦੌੜਨ ਦੀ ਲਾਲਸਾ ਨੂੰ ਵੇਖ ਕੇ ਕਵਿੱਤਰੀ ਹੈਰਾਨ ਹੁੰਦੀ ਹੈ ਕਿ ਅਜੋਕਾ ਮਨੁੱਖ ਪੈਸੇ ਦੀ ਚਕਾਚੌਂਧ ਵਿਚ ਗੁਆਚਿਆ ਰਿਸ਼ਤਿਆਂ ਤੋਂ ਮੁਨਕਰ ਹੋ ਰਿਹਾ ਹੈ।
ਇਸ ਪ੍ਰਕਾਰ ਇਹ ਕਾਵਿ ਪੁਸਤਕ ਪਾਠਕਾਂ ਦਾ ਧਿਆਨ ਮੰਗਦੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਕਿਤਾਬ
(ਵਾਰਤਕ)

ਲੇਖਕ : ਬਲਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 98723-39022.

ਬਲਜੀਤ ਸਿੰਘ ਦੁਆਰਾ ਲਿਖੀ ਵਾਰਤਕ ਪੁਸਤਕ ਵਿਚ ਦੋ ਵਿਦਵਾਨ ਮਿੱਤਰਾਂ ਬਲਜੀਤ ਸਿੰਘ ਅਤੇ ਡਾ: ਸਤੀਸ਼ ਕੁਮਾਰ ਵਰਮਾ ਦਰਮਿਆਨ ਹੋਈ ਖ਼ਤੋ-ਕਿਤਾਬਤ ਨੂੰ 'ਕਿਤਾਬ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਚਾਰਧੀਨ ਪੁਸਤਕ ਵਿਚ ਇਨ੍ਹਾਂ ਵਿਦਵਾਨਾਂ ਦੇ ਜਿਹੜੇ ਖ਼ਤ ਸ਼ਾਮਿਲ ਹੋਏ ਹਨ, ਉਨ੍ਹਾਂ ਵਿਚ ਜੀਵਨ ਯਥਾਰਥ ਨਾਲ ਜੁੜੇ ਮਸਲਿਆਂ ਬਾਰੇ ਦਾਰਸ਼ਨਿਕ ਨਜ਼ਰੀਆ ਪੂਰੇ ਵੇਗ ਅਤੇ ਵਿਸਥਾਰ ਨਾਲ ਪ੍ਰਗਟ ਹੋਇਆ ਹੈ।
ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਕ ਵਿਦਵਾਨ ਕੋਈ ਬੁਝਾਰਤ ਪਾ ਰਿਹਾ ਹੋਵੇ ਅਤੇ ਦੂਜਾ ਉਸ ਬਾਰੇ ਆਪਣਾ ਵਿਆਖਿਆਤਮਕ ਨਜ਼ਰੀਆ ਪੇਸ਼ ਕਰ ਰਿਹਾ ਹੋਵੇ। ਮਿਸਾਲ ਵਜੋਂ ਡਾ: ਸਤੀਸ਼ ਵਰਮਾ ਆਪਣੀ ਗੱਲ ਨੂੰ ਕਾਵਿਕ ਅੰਦਾਜ਼ ਵਿਚ ਪੇਸ਼ ਕਰਦਾ ਹੈ ਅਤੇ ਫਿਰ ਬਲਜੀਤ ਸਿੰਘ ਵਾਰਤਕ ਰੂਪ ਵਿਚ ਉਸੇ ਕਾਵਿਕ ਅੰਦਾਜ਼ ਦੀ ਬਹੁਪਸਾਰੀ ਵਿਆਖਿਆ ਕਰਦਾ ਹੈ। ਜ਼ਿੰਦਗੀ ਨੂੰ ਜਿਊਣ ਜੋਗੀ ਕਰਨ ਦੀ ਜੱਦੋ-ਜਹਿਦ ਵੀ ਇਨ੍ਹਾਂ ਖ਼ਤਾਂ ਵਿਚ ਸ਼ਾਮਿਲ ਹੈ, ਵਿੱਦਿਆ ਦੇ ਖੇਤਰ ਵਿਚ ਪੈਦਾ ਹੋਈ ਵਪਾਰਕ ਸੋਚ ਉਤੇ ਵੀ ਇਹ ਵਿਦਵਾਨ ਲੇਖਕ ਉਂਗਲ ਰੱਖਦੇ ਹਨ, ਯੂਨੀਵਰਸਿਟੀਆਂ ਵਿਚ ਪੈਦਾ ਹੋਇਆ ਭ੍ਰਿਸ਼ਟਾਚਾਰੀ ਵਾਤਾਵਰਨ, ਸਮਾਜਿਕ ਨਿਘਾਰ, ਜਾਤਾਂ ਗੋਤਾਂ ਵਿਚ ਵੰਡੀ ਜਾ ਰਹੀ ਮਨੁੱਖਤਾ, ਮਨੁੱਖੀ ਪਛਾਣ ਦੀ ਗੁੰਮਸ਼ੁਦਗੀ, ਕੁਦਰਤ ਦੀ ਬੇਅੰਤਤਾ, ਆਜ਼ਾਦੀ ਦੇ ਅਹਿਸਾਸ, ਗਿਆਨ ਦਾ ਚਾਨਣ ਆਦਿ ਹੋਰ ਬਹੁਤ ਸਾਰੇ ਵਰਤਾਰਿਆਂ ਨੂੰ ਇਨ੍ਹਾਂ ਖ਼ਤਾਂ ਵਿਚ ਪਰਤ-ਦਰ-ਪਰਤ ਪੇਸ਼ ਕਰਦਿਆਂ ਫਰੋਲਦਿਆਂ ਦੋਵੇਂ ਦੋਸਤ ਇਕ-ਦੂਜੇ ਪ੍ਰਤੀ ਨਿੱਜੀ ਸਨੇਹ ਦਾ ਇਜ਼ਹਾਰ ਕਰਦੇ ਹਨ। ਪਰ ਅਸਲੀਅਤ ਇਹ ਹੈ ਕਿ ਖ਼ਤਾਂ ਦੇ ਜ਼ਰੀਏ ਦੋਵਾਂ ਨੇ ਹੀ ਫਲਸਫਾਨਾ ਅੰਦਾਜ਼ ਵਿਚ ਸਾਡੀ ਸੋਚ ਨੂੰ ਇਕ ਸੰਵੇਦਨਸ਼ੀਲ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਹਿਤ ਦੇ ਪਾਠਕਾਂ ਲਈ ਇਹ ਨਿਵੇਕਲੀ ਸ਼ੈਲੀ ਵਿਚ ਲਿਖੀ ਪੁਸਤਕ ਸਾਂਭਣਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਕਿਰਨਾਂ ਦੀ ਕਾਸ਼ਤ
ਗ਼ਜ਼ਲਕਾਰ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਕੈਲੀਬਰ ਪਬਲਿਸ਼ਰਜ਼, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98768-73735.

ਹਰਮਿੰਦਰ ਸਿੰਘ ਕੋਹਾਰਵਾਲਾ ਅਜੋਕੇ ਦੌਰ ਦਾ ਸਮਰੱਥ ਪੰਜਾਬੀ ਗ਼ਜ਼ਲਕਾਰ ਹੈ ਜਿਸ ਦੀ ਗ਼ਜ਼ਲ ਕੱਚੇ ਕੋਠਿਆਂ, ਖ਼ੁਦਕੁਸ਼ੀ ਕਰਦੇ ਖੇਤਾਂ, ਧੀਆਂ ਧਿਆਣੀਆਂ ਤੇ ਰਾਜਨੀਤੀ ਦੇ ਦਲਾਲਾਂ ਦੀ ਹਕੀਕਤ ਬੇਬਾਕੀ ਨਾਲ ਪਾਠਕ ਅੱਗੇ ਰੱਖਦੀ ਹੈ। ਕੋਹਾਰਵਾਲਾ ਪੰਜਾਬੀ ਦਾ ਅਜਿਹਾ ਗ਼ਜ਼ਲਕਾਰ ਹੈ ਜਿਸ ਦੀ ਗ਼ਜ਼ਲ ਸਿਰਜਣਾ ਵਿਚ ਤੁਸੀਂ ਪੰਜਾਬੀ ਦੇ ਸ਼ੁੱਧ ਸ਼ਬਦਾਂ ਦੀ ਫੁਲਕਾਰੀ ਦੇਖ ਸਕਦੇ ਹੋ। ਇਸ ਵਿਚ ਉਸ ਦੀਆਂ 76 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਹਨ।
ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਗ਼ਰਕ ਚੁੱਕੀ ਭਾਰਤੀ ਰਾਜਨੀਤੀ ਬਾਰੇ ਹੈ ਜੋ ਲੋਕਾਂ ਨਾਲ ਵਾਅਦੇ ਤਾਂ ਕਰਦੀ ਹੈ ਪਰ ਨਿਭਾਉਣਾ ਉਸ ਦੀ ਫ਼ਿਤਰਤ ਨਹੀਂ ਹੁੰਦੀ। ਆਪਣੀ ਦੂਸਰੀ ਗ਼ਜ਼ਲ ਵਿਚ ਉਹ ਤ੍ਰਿਹਾਏ ਖੇਤ ਛੱਡ ਕੇ ਹੋਰ ਥਾਂ ਵਰ੍ਹੀਆਂ ਬਦਲੀਆਂ 'ਤੇ ਰੰਜ ਜ਼ਾਹਿਰ ਕਰਦਾ ਹੈ ਤੇ ਉਸ ਅਨੁਸਾਰ ਦਹਿਸ਼ਤ ਭਰੇ ਮਾਹੌਲ ਵਿਚ ਬਾਪ ਲਈ ਧੀਆਂ ਦੀ ਹਿਫ਼ਾਜ਼ਤ ਕਰਨਾ ਮੁਸ਼ਕਿਲ ਹੋ ਗਿਆ ਹੈ। ਆਪਣੀ ਤੀਸਰੀ ਗ਼ਜ਼ਲ ਵਿਚ ਉਹ ਆਪਣੀਆਂ ਗ਼ਜ਼ਲਾਂ ਦੇ ਨਾਇਕ ਉਨ੍ਹਾਂ ਲੋਕਾਂ ਨੂੰ ਮੰਨਦਾ ਹੈ ਜੋ ਰੋਟੀ ਦੇ ਸੰਘਰਸ਼ ਵਿਚ ਇਕ ਅੱਖਰ ਤਕ ਨਹੀਂ ਜਾਣ ਸਕੇ।
ਮੌਜੂਦਾ ਦੌਰ ਵਿਚ ਟੁੱਟ ਰਹੇ ਘਰ ਉਸ ਲਈ ਤਕਲੀਫ਼ਦੇਹ ਹਨ ਉਸ ਅਨੁਸਾਰ ਹੁਣ ਪਹਿਲਾਂ ਵਰਗੇ ਘਰ ਨਹੀਂ ਰਹੇ ਸਗੋਂ ਇਹ ਹੁਣ ਕਮਰਾ-ਕਮਰਾ ਹੋ ਗਏ ਹਨ। ਉਸ ਨੂੰ ਮੁਹੱਬਤ ਦਾ ਸਮੁੰਦਰ ਰੇਤਾ-ਰੇਤਾ ਹੋਇਆ ਜਾਪਦਾ ਹੈ ਤੇ ਸਾਂਝ ਤਾਰ ਤਾਰ ਹੋਈ ਨਜ਼ਰ ਆਉਂਦੀ ਹੈ। ਉਸ ਨੂੰ ਦੁੱਖ ਹੈ ਕਿ ਜੱਟ ਦੇ ਖੇਤ ਮਰਲਾ-ਮਰਲਾ ਹੋ ਗਏ ਹਨ ਤੇ ਦੁੱਲਾ ਜੱਟ ਹੁਣ ਸ਼ਹਿਰ ਦਿਹਾੜੀ ਲਾਉਣ ਜਾਂਦਾ ਹੈ। ਕੋਹਾਰਵਾਲਾ ਤਨਜ਼ ਦਾ ਮਾਹਿਰ ਹੈ ਪਰ ਉਸ ਦੀ ਤਨਜ਼ ਵਿਚ ਵੀ ਸੰਜੀਦਗੀ ਤੇ ਗੰਭੀਰਤਾ ਹੁੰਦੀ ਹੈ।
ਕੋਹਾਰਵਾਲਾ ਨੇ ਆਪਣੀਆਂ ਗ਼ਜ਼ਲਾਂ ਵਿਚ ਪੁਰਾਣੇ ਵਿਸਰ ਰਹੇ ਪਰੋਲ਼ੇ, ਛਾਬੇ, ਲਗਾੜੇ, ਧਮੱਚੜ, ਨੱਕੜਨਾਨੀ ਵਰਗੇ ਸ਼ਬਦਾਂ ਨੂੰ ਵੀ ਸਾਂਭਿਆ ਹੈ। ਇਨ੍ਹਾਂ ਗ਼ਜ਼ਲਾਂ ਵਿਚ ਕੁਝ ਅੰਗਰੇਜ਼ੀ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ ਪਰ ਉਹ ਬਿਲਕੁਲ ਵੀ ਓਪਰਾ ਨਹੀਂ ਲਗਦਾ। ਇਹ ਗ਼ਜ਼ਲ ਸੰਗ੍ਰਹਿ ਰੋਲ ਘਚੋਲੇ ਤੋਂ ਦੂਰ ਹੈ ਤੇ ਇਸ ਦੀਆਂ ਗ਼ਜ਼ਲਾਂ ਸਿੱਧੀਆਂ ਪਾਠਕ ਦੇ ਦਿਲ ਵਿਚ ਉਤਰਦੀਆਂ ਹਨ। 'ਕਿਰਨਾਂ ਦੀ ਕਾਸ਼ਤ' ਗ਼ਜ਼ਲ ਨੂੰ ਪਿਆਰ ਕਰਨ ਵਾਲੇ ਹਰ ਪਾਠਕ ਨੂੰ ਪੜ੍ਹਨਾ ਚਾਹੀਦਾ ਹੈ।

ਂਗੁਰਦਿਆਲ ਰੌਸ਼ਨ
ਮੋ:"9988444002
ਫ ਫ ਫ

ਮੱਥੇ ਸੂਰਜ ਧਰ ਰੱਖਿਆ ਏ
ਲੇਖਕ : ਸੁਰਜੀਤ ਸਿੰਘ ਸਿਰੜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 108
ਸੰਪਰਕ : 093154-86601.

ਸੁਰਜੀਤ ਸਿੰਘ ਸਿਰੜੀ ਦੀਆਂ ਕਵਿਤਾਵਾਂ ਦਾ ਪਠਨ ਕਰਦਿਆਂ ਇਹ ਗੱਲ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ ਕਿ ਇਹ ਕਵੀ ਮਾਨਵਵਾਦੀ ਕਦਰਾਂ-ਕੀਮਤਾਂ ਦਾ ਧਾਰਨੀ ਹੈ ਅਤੇ ਉਹ ਆਪਣੀ ਕਵਿਤਾ ਨੂੰ ਆਮ ਸਾਧਾਰਨ ਮਨੁੱਖ ਦੇ ਦੁੱਖਾ-ਸੁੱਖਾਂ ਨਾਲ ਜੋੜ ਕੇ ਆਪਣਾ ਕਾਵਿ ਸੰਸਾਰ ਸਿਰਜਦਾ ਹੈ। ਉਹ ਧਰਮ, ਜਾਤ, ਬੋਲੀ, ਭਾਸ਼ਾ ਦੀਆਂ ਹੱਦਾਂ ਸਰਹੱਦਾਂ ਤੋੜ ਕੇ ਸਮੁੱਚੀ ਮਾਨਵ ਜਾਤੀ ਲਈ ਧਰਤੀ ਨੂੰ ਸਵਰਗ ਬਣਾਉਣ ਦੀ ਲੋਚਾ ਰੱਖਦਾ ਹੈ, ਜਿਥੇ ਸਾਰੀ ਮਨੁੱਖਤਾ ਬਿਨਾਂ ਕਿਸੇ ਭੇਦਭਾਵ ਤੋਂ ਰਹਿ ਸਕੇ।
ਇਸ ਸੰਗ੍ਰਹਿ ਵਿਚ ਕਵੀ ਆਧੁਨਿਕ ਜੀਵਨ ਯਥਾਰਥ ਵਿਚ ਪਸਰੀਆਂ ਅਨੇਕ ਵਿਸੰਗਤੀਆਂ 'ਤੇ ਵੀ ਆਪਣੀ ਉਂਗਲ ਧਰਦਾ ਹੈ। ਉਹ ਕੁਦਰਤੀ ਸੋਮਿਆਂ ਦੇ ਹੋ ਰਹੇ ਘਾਣ ਬਾਰੇ ਵੀ ਆਪਣੀ ਚਿੰਤਾ ਵਿਅਕਤ ਕਰਦਾ ਹੈ।
ਉਸ ਦੀਆਂ ਕਵਿਤਾਵਾਂ ਸਮਾਜ ਵਿਚ ਫੈਲੀ ਸੰਪਰਦਾਇਕਤਾ, ਜਾਤੀਵਾਦ, ਆਰਥਿਕ ਨਾਬਰਾਬਰੀ, ਲੁੱਟ-ਖਸੁੱਟ ਦੇ ਖਿਲਾਫ਼ ਆਪਣਾ ਕਾਵਿ ਪ੍ਰਵਚਨ ਉਸਾਰਦੀਆਂ ਹਨ। ਆਮ ਸਾਧਾਰਨ ਭਾਸ਼ਾ ਵਿਚ ਲਿਖੀਆਂ ਇਹ ਕਵਿਤਾਵਾਂ ਪਾਠਕਾਂ ਨਾਲ ਆਪਣਾ ਸਿੱਧਾ ਰਿਸ਼ਤਾ ਕਾਇਮ ਕਰ ਲੈਂਦੀਆਂ ਹਨ।
ਵਿਸਾਖੀ ਦੇ ਮੇਲੇ ਵਾਲੇ
ਕੁੰਢੀਆਂ ਮੁੱਛਾਂ ਵਾਲੇ
ਤੁਰਲੇ ਵਾਲੀ ਪੱਗ ਵਾਲੇ
ਹੱਥ ਵਿਚ ਡਾਂਗ ਵਾਲੇ
ਜੱਟ ਨੂੰ ਮੈਂ ਭਾਲਣ ਤੁਰਿਆ ਹਾਂ....।
ਲੇਖਕ ਤੋਂ ਆਉਂਦੇ ਸਮਿਆਂ ਵਿਚ ਹੋਰ ਸਮਰੱਥ ਸ਼ਾਇਰੀ ਦੀ ਉਮੀਦ ਕੀਤੀ ਜਾ ਸਕਦੀ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

10-11-2018

 ਵਿਵਹਾਰਿਕ ਸਮਾਜ ਭਾਸ਼ਾ ਵਿਗਿਆਨ
ਲੇਖਕ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 98152-18545.

ਡਾ: ਹਰਬੰਸ ਸਿੰਘ ਧੀਮਾਨ ਇਕ ਬਹੁਵਿਧਾਈ ਲੇਖਕ ਹੈ। ਸਿਰਜਣਾ ਅਤੇ ਸਮੀਖਿਆ ਦੋਵੇਂ ਮੋਰਚਿਆਂ ਉੱਪਰ ਉਹ ਬੜੀ ਦ੍ਰਿੜ੍ਹਤਾ ਨਾਲ ਜੂਝ ਰਿਹਾ ਹੈ। ਹਥਲੀ ਪੁਸਤਕ ਉਸ ਦੁਆਰਾ ਲਿਖੀ 'ਸਮਾਜ ਭਾਸ਼ਾ ਵਿਗਿਆਨ' ਦਾ ਦੂਜਾ ਭਾਗ ਹੈ। ਇਸ ਪੁਸਤਕ ਵਿਚ ਉਸ ਨੇ ਸਮਾਜ ਭਾਸ਼ਾ ਵਿਗਿਆਨ ਦੇ ਵਿਵਹਾਰਿਕ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਲੇਖਕ ਨੇ ਇਸ ਪੁਸਤਕ ਦੀ ਵਸਤੂ-ਸਮੱਗਰੀ ਨੂੰ 13 ਉਪਭਾਗਾਂ (ਅਧਿਆਵਾਂ) ਵਿਚ ਵੰਡਿਆ ਹੈ। ਗੱਲਬਾਤ ਦੀਆਂ ਕਿਸਮਾਂ, ਬੋਲਣ ਦੀ ਕਲਾ, ਸਮਾਜਿਕ ਇਕਮੁੱਠਤਾ ਅਤੇ ਹਲੀਮੀ, ਗੱਲਬਾਤ ਅਤੇ ਕਾਰਜ, ਸਹਿਯੋਗ, ਲਿੰਗ ਅਤੇ ਨਸਲੀ ਵਿਭਿੰਨਤਾ, ਕੁਝ ਅਜਿਹੇ ਮਜ਼ਮੂਨ ਹਨ, ਜਿਨ੍ਹਾਂ ਬਾਰੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਵਿਚ ਬਹੁਤ ਘੱਟ ਲਿਖਿਆ ਗਿਆ ਹੈ। ਇਸ ਪੁਸਤਕ ਵਿਚ ਸਮਾਜ ਭਾਸ਼ਾ ਵਿਗਿਆਨ ਬਾਰੇ ਲਿਖਣ ਵਾਲੇ ਬਹੁਤ ਸਾਰੇ ਪੱਛਮੀ ਲੇਖਕਾਂ ਦਾ ਵਰਨਣ ਪੇਸ਼ ਹੋਇਆ ਹੈ। ਕਿਸੇ ਵੀ ਇਕ ਸੰਕਲਪ ਬਾਰੇ ਉਹ ਅੱਗੇ-ਪਿੱਛੇ ਕਈ ਵਿਦਵਾਨਾਂ ਦੀਆਂ ਉਕਤੀਆਂ ਨੂੰ ਉਧਰਿਤ ਕਰੀ ਜਾਂਦਾ ਹੈ। ਬਹੁਤੀ ਵਾਰ ਉਸ ਨੂੰ ਬਿਰਤਾਂਤ ਦੀਆਂ ਅੰਗਲੀਆਂ-ਸੰਗਲੀਆਂ ਜੋੜਨ ਦਾ ਵੀ ਵਕਤ ਨਹੀਂ ਮਿਲਦਾ। ਇਸ ਕਾਰਨ ਇਸ ਪੁਸਤਕ ਵਿਚਲੀ ਟੈਕਸਟ ਨੂੰ ਉਠਾਉਣਾ (ਸਮਝਣਾ-ਬੁਝਣਾ) ਕਾਫੀ ਚੁਣੌਤੀ ਭਰਪੂਰ ਕਰਮ ਬਣ ਗਿਆ ਹੈ। ਪਰ ਇਸ ਔਕੜ ਦੇ ਬਾਵਜੂਦ ਪੁਸਤਕ ਵਿਚਲੀ ਸਮਗਰੀ ਦੀ ਪ੍ਰਮਾਣਿਕਤਾ ਉੱਪਰ ਉਂਗਲੀ ਨਹੀਂ ਧਰੀ ਜਾ ਸਕਦੀ। ਪੁਸਤਕ ਵਿਚ ਬਹੁਤ ਸਾਰੀ ਨਵੀਂ ਸੰਕਲਪਗਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਪੰਜਾਬੀ ਵਿਚ ਕੰਮ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਲਈ ਇਹ ਸ਼ਬਦਾਵਲੀ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ। ਪੁਸਤਕ ਦੇ ਅੰਤ ਵਿਚ ਭਾਸ਼ਾ ਨੀਤੀ ਉੱਪਰ ਇਕ ਵਿਸ਼ਲੇਸ਼ਣਾਤਮਕ ਲੇਖ ਦਿੱਤਾ ਗਿਆ ਹੈ। ਇਸ ਲੇਖ ਦੇ ਅੰਤ ਵਿਚ ਉਹ ਇਹ ਸਿੱਟਾ ਕੱਢਦਾ ਹੈ ਕਿ ਭਾਰਤੀ ਸੰਵਿਧਾਨ ਬਹੁਭਾਸ਼ਾਵਾਦ ਦੀ ਹਮਾਇਤ ਕਰਦਾ ਹੈ। ਭਾਵੇਂ ਕੁਝ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਤਾਂ ਵੀ ਸੰਵਿਧਾਨ ਨੇ ਹਮੇਸ਼ਾ ਹੀ ਸਹੀ ਭਾਸ਼ਾ ਦੇ ਕੰਮ ਅਤੇ ਵਿਕਾਸ ਲਈ ਵਿਵਸਥਾਵਾਂ ਕਾਇਮ ਕੀਤੀਆਂ ਹੋਈਆਂ ਹਨ... ਅਤੇ ਦੇਸ਼ ਦੇ ਵਿਉਂਤ-ਭੇਦ ਅਤੇ ਬਹੁਭਾਸ਼ੀ ਤੱਤ ਨੂੰ ਕਾਇਮ ਰੱਖਣ ਲਈ ਭਾਰਤ ਦਾ ਸੰਵਿਧਾਨ ਲਚਕਦਾਰ ਹੈ (ਪੰਨਾ 200) ਅਕਾਦਮਿਕ ਦ੍ਰਿਸ਼ਟੀ ਤੋਂ ਲਿਖੀ ਹੋਈ ਇਹ ਪੁਸਤਕ ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਲਈ ਕਾਫੀ ਮੁਫ਼ੀਦ ਸਿੱਧ ਹੋਵੇਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸੰਤਾਲੀਨਾਮਾ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 270 ਰੁਪਏ, ਸਫ਼ੇ : 80
ਸੰਪਰਕ : 99150-42242.

ਪਿਛਲਾ ਪਿੰਡ (1997), ਸੰਨ ਸੰਤਾਲੀ ਦੇ ਦਿਨ (2007) ਤੇ ਦੁਖਾਂਤ ਸੰਨ ਸੰਤਾਲੀ (2010) ਤੋਂ ਬਾਅਦ ਸੰਤਾਲੀ ਨਾਮਾ 1947 ਦੇ ਪੰਜਾਬ ਦੇ ਉਜਾੜੇ ਬਾਰੇ ਹਰਭਜਨ ਸਿੰਘ ਹੁੰਦਲ ਦੀ ਚੌਥੀ ਕਿਤਾਬ ਹੈ। ਇਨ੍ਹਾਂ ਮਾੜੇ ਸਮਿਆਂ ਵੇਲੇ ਹੁੰਦਲ ਸੱਤਵੀਂ 'ਚ ਪੜ੍ਹਦਾ ਸੰਵੇਦਨਸ਼ੀਲ ਬਾਲ ਸੀ। ਪਾਕਿਸਤਾਨ ਉਸ ਦੀ ਜਨਮ ਭੂਮੀ ਰਹੀ ਹੈ। ਉਥੇ ਵਸਦੇ ਰਸਦੇ ਘਰ, ਮਾਲ ਡੰਗਰ, ਦੋਸਤ-ਮਿੱਤਰ ਛੱਡੇ। ਅਚਾਨਕ ਮਾਤ ਭੂਮੀ ਛੱਡਣ ਦਾ ਦਰਦ ਜਦੋਂ ਵੀ ਚੀਸਾਂ ਮਾਰਦਾ ਹੈ ਤਾਂ ਹੁੰਦਲ ਉਸ ਨੂੰ ਕਵਿਤਾ, ਵਾਰਤਕ, ਸੰਸਮਰਣ ਦਾ ਰੂਪ ਦੇ ਦਿੰਦਾ ਹੈ। ਵੇਦਨਾ, ਪਰੇਮ ਤੇ ਮੋਹ ਵਿਚ ਨਵਾਂ ਕੁਝ ਨਹੀਂ ਹੁੰਦਾ ਪਰ ਇਹ ਫਿਰ ਵੀ ਹਰ ਸਮੇਂ ਦਿਲ ਨੂੰ ਧੂਹ ਪਾਉਂਦੇ ਹਨ। ਇਹੀ ਹਾਲ ਸੰਤਾਲੀ ਨਾਮਾ ਦਾ ਹੈ, ਜਿਸ ਵਿਚ ਅੱਧੀਆਂ ਕੁ ਯਾਦਾਂ ਵਾਰਤਕ ਰੂਪ ਵਿਚ ਅੰਕਿਤ ਹਨ ਅਤੇ ਅੱਧੀਆਂ ਕੁ ਕਵਿਤਾਵਾਂ ਵਿਚੋਂ ਕੁਝ ਨਵੀਆਂ ਹਨ ਤੇ ਕੁਝ ਪੁਰਾਣੀਆਂ। ਵਾਰਤਕ ਵਾਲਾ ਭਾਗ ਤਾਂ ਉਸ ਦੀਆਂ ਕਈ ਪੁਸਤਕਾਂ ਵਿਚ ਅੰਕਿਤ ਹੈ। ਪੰਜਾਬ ਦੀ ਵੰਡ ਬਾਰੇ ਉੱਚ ਪਾਏ ਦਾ ਸਾਹਿਤ ਘੱਟ ਰਚਿਆ ਗਿਆ ਹੈ। ਕਵਿਤਾ, ਨਾਵਲ, ਨਾਟਕ, ਸੰਸਮਰਣ ਲਿਖਿਆ ਕਾਫੀ ਕੁਝ ਗਿਆ ਹੈ, ਪਰ ਇਸ ਤ੍ਰਾਸਦੀ ਦਾ ਵਿਸ਼ਲੇਸ਼ਣ ਨਹੀਂ, ਹੇਰਵਾ ਹੈ। ਭੋਗੇ ਦੁੱਖਾਂ ਦੀ ਗੱਲ ਹੈ। ਕਿਸੇ ਨੇ ਨਹੀਂ ਕਿਹਾ ਕਿ ਵੰਡ ਲਈ ਜ਼ਿੰਮੇਵਾਰ ਕੇਵਲ ਜਨਾਹ ਨਹੀਂ, ਸਗੋਂ ਭਾਰਤੀ ਨੇਤਾ ਵੀ ਸਨ। ਸੰਤਾਲੀ ਦੀ ਸਵੇਰ ਦੇ ਦਾਗੀ ਉਜਾਲੇ ਦੀ ਗੱਲ ਫ਼ੈਜ਼ ਨੇ ਵੀ ਤਾਂ ਕੀਤੀ ਹੈ। ਟੋਭਾ ਟੇਕ ਸਿੰਘ ਤੇ ਖੋਲ੍ਹ ਦਿਓ ਵਰਗੀਆਂ ਰਚਨਾਵਾਂ ਮੰਟੋ ਨੇ ਵੀ ਕੀਤੀਆਂ ਹਨ। ਦੋਵਾਂ ਪੰਜਾਬਾਂ ਨੂੰ, ਦੋਵਾਂ ਦੇਸ਼ਾਂ ਨੂੰ ਜੋੜਣਾ ਤਾਂ ਸੰਭਵ ਨਹੀਂ, ਪਰ ਦੋਵਾਂ ਵਿਚ ਦੋਸਤਾਨਾ ਰਿਸ਼ਤੇ, ਮਿਲਵਰਤਣ, ਆਪਣੇ ਛੱਡੇ ਘਰਾਂ ਤੱਕ ਆਣ-ਜਾਣ ਦੀ ਆਗਿਆ ਵੀ ਪੰਜਾਬੀਆਂ ਨੂੰ ਨਹੀਂ। ਜਦੋਂ ਕਿਤੇ ਵੀ ਪਿਆਰ ਦੀ ਗੱਲ ਤੁਰਦੀ ਹੈ, ਸਿਆਸਤਦਾਨਾਂ ਨੂੰ ਪਸੀਨੇ ਆ ਜਾਂਦੇ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਿੱਤਲੀਆਂ ਦੀ ਤਲਾਸ਼ ਵਿਚ
ਸੰਪਾਦਕ : ਗੁਰਦੀਪ ਸਿੰਘ ਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98152-98459.

ਇਸ ਕਿਤਾਬ ਵਿਚ ਇਕ ਦਰਜਨ ਪਰਵਾਸੀ ਲੇਖਕਾਂ ਦੀਆਂ ਕਹਾਣੀਆਂ ਹਨ। ਸੰਪਾਦਕ ਤੋਂ ਪ੍ਰੇਰਿਤ ਬੀਬੀ ਸਰਬਰਿੰਦਰ ਕੌਰ ਸੰਘੇੜਾ (ਯੂ.ਕੇ.) ਦੇ ਨਿੱਜੀ ਵਿਚਾਰ ਤੇ ਉਨ੍ਹਾਂ ਦੀ ਇਕ ਕਹਾਣੀ ਮਰਦ ਔਰਤ ਦੀ ਸਮਾਨਤਾ ਬਾਰੇ ਹੈ। ਸੰਪਾਦਕ ਦੀ ਪੁਰਾਣੀ ਲਿਖਤ ਕੀ ਜਾਣਾ ਮੈਂ ਕੌਣ? ਸ਼ਾਮਿਲ ਕੀਤੀ ਗਈ ਹੈ, ਜਿਸ ਵਿਚ ਸਰਦਾਰ ਪੁਰੀ ਨੇ ਆਪਣੀ ਜੀਵਨ ਗਾਥਾ ਤੇ ਸੰਘਰਸ਼ ਦਾ ਜ਼ਿਕਰ ਕੀਤਾ ਹੈ। ਕਹਾਣੀ ਮੁੰਡਾ ਠੀਕ ਕਹਿੰਦਾ ਸੀ (ਸ਼ਿਵਚਰਨ ਗਿੱਲ) ਦੀ ਵਿਧਵਾ ਪਾਤਰ ਬਜ਼ੁਰਗ ਅਵਸਥਾ ਵੇਲੇ ਇਕੱਲਤਾ ਮਹਿਸੂਸ ਕਰਦੀ ਪੁੱਤਰ ਦੀ ਕਹੀ ਗੱਲ ਯਾਦ ਕਰਦੀ ਹੈ। ਬਿਰਤਾਂਤ ਔਰਤ ਮਰਦ ਰਿਸ਼ਤੇ ਦਾ ਹੈ। ਪੁਸਤਕ ਦੀਆਂ ਵਧੇਰੇ ਰਚਨਾਵਾਂ ਵਿਚ ਇਹ ਵਿਸ਼ਾ ਕਿਸੇ ਨਾ ਕਿਸੇ ਰੂਪ ਵਿਚ ਫੈਲਿਆ ਹੋਇਆ ਹੈ। ਕੁਝ ਰਚਨਾਵਾਂ ਵਿਚ ਭਾਰਤੀ ਔਰਤ ਦੇ ਦੁੱਖਾਂ ਦੀ ਦਾਸਤਾਨ ਹੈ (ਕਹਾਣੀ ਰਾਜੀਂਡਾ: ਹਰੀਸ਼ ਮਲਹੋਤਰਾ) ਕਾਲਾ ਧੱਬਾ (ਡਾ: ਗੁਰਦਿਆਲ ਸਿੰਘ ਰਾਏ) ਵਿਚ ਗੁਲਾਮਾਂ ਤੇ ਔਰਤਾਂ ਦੀ ਬੋਲੀ ਲਗਦੀ ਹੈ। ਹੁਸਨ ਤੇ ਸੁੰਦਰਤਾ ਵਿਕਦੇ ਹਨ। ਕਹਾਣੀ ਬੰਦੇ ਦਾ ਪੁੱਤ (ਸੰਪਾਦਕ ਪੁਰੀ) ਵਿਚ ਔਰਤ ਮਰਦ ਸਰੀਰਕ ਖਿੱਚ ਦਾ ਬਿਰਤਾਂਤ ਹੈ। ਪਰ ਔਰਤ ਦੀ ਪਹਿਲ ਕਦਮੀ ਕਹਾਣੀ ਦਾ ਹਾਸਲ ਹੈ। ਕਹਾਣੀਆਂ ਮਾਜ਼ੀ (ਗੁਰਪਾਲ ਸਿੰਘ ਲੰਡਨ) ਨਾ ਮੰਮੀ ਨਾ (ਸੁਰਜੀਤ ਸਿੰਘ ਕਾਲੜਾ), ਕੁਦਰਤ ਦਾ ਕ੍ਰਿਸ਼ਮਾ (ਚੂਹੜ ਸਿੰਘ ਮੰਡੇਰ), ਕਾਲੀ ਰਾਤ (ਓਮ ਪ੍ਰਕਾਸ਼) ਵਿਚ ਦੇਸੀ ਵਿਦੇਸ਼ੀ ਸੱਭਿਆਚਾਰ ਦੀ ਸੁਚੱਜੀ ਪੇਸ਼ਕਾਰੀ ਹੈ। ਸਿਰਲੇਖ ਵਾਲੀ ਕੋਈ ਕਹਾਣੀ ਨਹੀਂ ਹੈ। ਪਰ ਕੁਝ ਕਹਾਣੀਆਂ ਵਿਚ ਔਰਤ ਮਰਦ ਦੀ ਉਲਾਰ ਮਾਨਸਿਕਤਾ ਦੀ ਝਲਕ ਹੈ, ਜਿਸ ਨੂੰ ਸੰਪਾਦਕ ਨੇ ਪ੍ਰਤੀਕ ਵਜੋਂ ਲਿਆ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਮਾਵਾਂ ਬੋਹੜ ਦੀਆਂ ਛਾਵਾਂ
ਗੀਤਕਾਰ : ਬਹਾਦਰ ਡਾਲਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 108
ਸੰਪਰਕ : 94172-35502.

ਹਥਲੀ ਪੁਸਤਕ ਜਾਣੇ-ਪਛਾਣੇ ਗੀਤਕਾਰ ਬਹਾਦਰ ਡਾਲਵੀ ਦਾ ਤਰੋਤਾਜ਼ਾ ਗੀਤ ਸੰਗ੍ਰਹਿ ਹੈ। ਉਸ ਦੇ ਗੀਤ ਕਈ ਪੰਜਾਬੀ ਗੀਤਕਾਰਾਂ ਨੇ ਰਿਕਾਰਡ ਵੀ ਕਰਵਾਏ ਹਨ। ਬਹਾਦਰ ਡਾਲਵੀ ਦੇ ਗੀਤ ਜਿਥੇ ਲੋਕ ਗੀਤ ਪੱਧਤੀ ਨੂੰ ਕਾਇਮ ਰੱਖਦੇ ਹਨ, ਉਥੇ ਉਸ ਨੇ ਇਨ੍ਹਾਂ ਵਿਚ ਸਾਹਿਤਕ ਚਾਸ਼ਣੀ ਦੀ ਮਿਠਾਸ ਵੀ ਭਰੀ ਹੈ। ਜਿਵੇਂ ਕਿ ਪੁਸਤਕ ਦਾ ਟਾਈਟਲ ਹੈ ਉਸ ਅਨੁਸਾਰ ਗੀਤਕਾਰ ਨੇ ਔਰਤ ਜਾਤੀ ਦੇ ਮਨੁੱਖ ਉੱਤੇ ਪ੍ਰੋਉਪਕਾਰਾਂ ਨੂੰ ਗੀਤਾਂ ਵਿਚ ਨਿਸ਼ਠਾ ਨਾਲ ਪ੍ਰੋਇਆ ਹੈ। ਉਸ ਦਾ ਗੀਤ ਗੁਰਦਾਸ ਮਾਨ ਨੇ ਉਦੋਂ ਗਾਇਆ ਜਦੋਂ ਮਾਨ ਦੀ ਮਾਂ ਸਵਰਗ ਸਿਧਾਰ ਗਈ :
ਤੁਰ ਗਈ ਛੱਡ ਕੇ ਦੁਨੀਆ ਮਾਂ ਨੇ ਮੁੜ ਕੇ ਆਉਣਾ ਨਹੀਂ
ਮਰ ਜਾਣਾ ਤੈਨੂੰ ਕਹਿ ਕੇ ਮਾਨਾਂ ਕਿਸੇ ਬੁਲਾਉਣਾ ਨਹੀਂ।
ਬਹਾਦਰ ਡਾਲਵੀ ਦੇ ਗੀਤਾਂ ਦੇ ਵਿਸ਼ੇ ਵੰਨ-ਵੰਨ ਦੇ ਸੱਭਿਆਚਾਰ ਅਤੇ ਪ੍ਰੇਮ ਗੀਤਾਂ ਤੋਂ ਅਗਾਂਹ ਉਸ ਨੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਆਤਮ-ਹੱਤਿਆ, ਧੀਆਂ ਦੀ ਭਰੂਣ ਹੱਤਿਆ, ਪੰਜਾਬ ਵਿਚ ਫੈਲ ਰਿਹਾ ਮਾਰੂ ਨਸ਼ਿਆਂ ਦਾ ਕੈਂਸਰ, ਮਾਂ ਬੋਲੀ ਦੀ ਆਰਤੀ, ਧਾਰਮਿਕਤਾ, ਬੇਰੁਜ਼ਗਾਰੀ, ਦੇਸ਼ ਪਿਆਰ, ਪਿੰਡਾਂ ਪ੍ਰਤੀ ਆਦਰ ਅਤੇ ਵਾਤਾਵਰਨ ਦੀ ਸੰਭਾਲ ਵਰਗੇ ਭਖਦੇ ਮਸਲੇ ਆਪਣੇ ਗੀਤਾਂ ਵਿਚ ਲਏ ਹਨ। ਹੇਠਾਂ ਉਸ ਦੇ ਦੋ ਗੀਤਾਂ ਦੇ ਮੁਖੜੇ ਦੇ ਅਲਵਿਦਾ :
-ਲਗ ਗਈ ਨਜ਼ਰ ਰੰਗਲੇ ਪੰਜਾਬ ਨੂੰ
ਮਿੱਟੀ ਵਿਚ ਰੋਲਤਾ ਸ਼ਹੀਦਾਂ ਦੇ ਖਾਬ ਨੂੰ
ਹਾਕਿਮਾਂ ਨੇ ਮਹਿਲ ਮੁਨਾਰੇ ਪਾ ਲਏ,
ਗੱਭਰੂ ਜਵਾਨ ਨਸ਼ਿਆਂ ਨੇ ਖਾ ਲਏ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਸ਼ਗੂਫ਼ੇ
ਲੇਖਿਕਾ : ਡਾ: ਸੁਲਤਾਨਾ ਬੇਗਮ
ਪ੍ਰਕਾਸ਼ਕ : ਸ਼ਹੀਦ-ਏ-ਆਜ਼ਮ, ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 97800-44557.

ਡਾ: ਸੁਲਤਾਨਾ ਬੇਗਮ ਮੂਲ ਰੂਪ ਵਿਚ ਸ਼ਾਇਰਾ ਹੈ, ਜਿਸ ਨੇ ਆਪਣੀਆਂ ਪੰਜਾਬੀ/ਉਰਦੂ, ਗ਼ਜ਼ਲਾਂ ਰਾਹੀਂ ਆਪਣੀ ਪਛਾਣ ਬਣਾ ਲਈ ਹੋਈ ਹੈ। ਹਥਲੀ ਪੁਸਤਕ ਸ਼ਗੂਫ਼ੇ ਵਿਚ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਘਟਨਾਵਾਂ ਅਤੇ ਲੇਖਕਾਂ ਬਾਰੇ ਲਿਖੇ ਦ੍ਰਿਸ਼ਟਾਂਤ ਸ਼ਾਮਿਲ ਕੀਤੇ ਹਨ।ਆਪਣੇ ਜੀਵਨ ਕਾਲ ਵਿਚ ਲੇਖਕ ਅਜੀਬ-ਅਜੀਬ ਗੱਲਾਂ ਕਰਦੇ ਹਨ, ਤਰ੍ਹਾਂ-ਤਰ੍ਹਾਂ ਦੇ ਅਨੁਭਵ ਥਾਣੀਂ ਲੰਘਦੇ ਹਨ। ਲੇਖਿਕਾ ਆਪਣੀ ਤਿੱਖੀ ਤੇ ਤੇਜ਼ ਨਜ਼ਰ ਰਾਹੀਂ ਉਨ੍ਹਾਂ ਘਟਨਾਵਾਂ ਨੂੰ ਫੜ ਕੇ ਆਮ ਪਾਠਕਾਂ ਨਾਲ ਸਾਂਝੇ ਕਰਦੀ ਹੈ। ਆਪਣੀ ਬੌਧਿਕ ਵਿਰਾਸਤ ਥਾਣੀਂ ਲੰਘਦਿਆਂ ਲੇਖਕ ਸਹਿਜ ਸੁਭਾਅ ਹੀ ਇਹੋ ਜਿਹੀਆਂ ਵਿਕੋਲਿਤਰੀਆਂ ਗੱਲਾਂ ਜਾਂ ਐਕਸ਼ਨ ਕਰ ਜਾਂਦੇ ਹਨ ਕਿ ਦੇਖਣ, ਸੁਣਨ ਵਾਲੇ ਨੂੰ ਹਾਸਾ ਆ ਜਾਂਦਾ ਹੈ। 'ਸ਼ਗੂਫ਼ੇ' ਪੁਸਤਕ ਵਿਚ ਮੁੱਖ ਪਾਤਰ ਲੇਖਕ ਹੀ ਹਨ, ਇੱਕਾ-ਦੁੱਕਾ ਘਟਨਾਵਾਂ ਵਿਚ ਹੋਰ ਲੋਕ ਵੀ ਸ਼ਾਮਿਲ ਹੋਏ ਹਨ। ਇਨ੍ਹਾਂ ਹਾਸ-ਰਸੀ ਘਟਨਾਵਾਂ, ਕਹਾਣੀਆਂ ਵਿਚ ਅਜਿਹੇ ਲੇਖਕ ਪਾਤਰ ਪੇਸ਼ ਹੋਏ ਹਨ, ਜਿਨ੍ਹਾਂ ਦੀ ਜ਼ਬਾਨ 'ਚੋਂ ਨਿਕਲੇ ਸ਼ਬਦ ਹੀ ਸਥਿਤੀਆਂ ਵਜੋਂ ਲੇਖਿਕਾ ਨੇ ਸਾਂਭ ਲਏ ਹੋਏ ਹਨ। ਲੇਖਿਕਾ ਦਾ ਦੂਸਰੇ ਲੇਖਕਾਂ ਨਾਲ ਭਾਈਚਾਰਾ ਹੈ ਤੇ ਉਨ੍ਹਾਂ ਨਾਲ ਸੰਪਰਕ 'ਚ ਆ ਕੇ ਲੇਖਿਕਾ ਉਨ੍ਹਾਂ ਨਾਲ ਸੰਵਾਦ ਰਚਾਉਂਦੀ ਪ੍ਰਤੀਤ ਹੁੰਦੀ ਹੈ। ਲੇਖਿਕਾ ਦਾ ਨਿੱਜ ਵੀ ਇਨ੍ਹਾਂ ਵਾਰਤਾਵਾਂ 'ਚ ਸ਼ਾਮਿਲ ਹੋਇਆ ਹੈ। ਉਹ ਦੂਸਰੇ ਲੇਖਕਾਂ 'ਤੇ ਤਾਂ ਵਿਅੰਗ ਕੱਸਦੀ ਹੀ ਹੈ ਪਰ ਆਪ ਖ਼ੁਦ 'ਤੇ ਵੀ ਵਿਅੰਗ ਕਰਨੋਂ ਬਾਜ਼ ਨਹੀਂ ਆਉਂਦੀ। ਪੁਸਤਕ ਵਿਚ ਦਰਜ ਸ਼ਗੂਫ਼ਿਆਂ ਵਿਚ ਕਹਾਣੀਆਂ ਹਨ, ਚੁਟਕਲੇ ਹਨ, ਸ਼ਬਦਾਂ ਦੀ ਕਰਾਮਾਤ ਹੈ ਤੇ ਇਨ੍ਹਾਂ ਦੀ ਤਾਸੀਰ ਮਿੰਨੀ ਕਹਾਣੀ ਜਿਹੀ ਵੀ ਪ੍ਰਤੀਤ ਹੁੰਦੀ ਹੈ। ਕਈ ਘਟਨਾਵਾਂ ਵਿਚ ਲੇਖਿਕਾ ਖ਼ੁਦ ਵੀ ਹਾਸ-ਵਿਅੰਗ ਦੀ ਪਾਤਰ ਬਣਦੀ ਦਿਖਾਈ ਦਿੰਦੀ ਹੈ। ਹਾਜ਼ਰ ਜਵਾਬੀ ਇਨ੍ਹਾਂ ਸ਼ਗੂਫ਼ਿਆਂ ਦੀ ਇਕ ਹੋਰ ਖਸਲਤ ਹੈ। ਕਿਤੇ-ਕਿਤੇ ਤਿੱਖੇ ਵਿਅੰਗ ਦੇ ਵੀ ਦਰਸ਼ਨ ਹੋ ਜਾਂਦੇ ਹਨ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਯੂਨਾਨ ਦੀ ਲੂਣਾ
ਲੇਖਕ : ਸੁਰਜੀਤ ਪਾਤਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 63

ਸੁਰਜੀਤ ਪਾਤਰ ਦਾ ਵਿਚਾਰਾਧੀਨ ਨਾਟਕ ਯੂਨਾਨ ਦੀ ਮਿਥਿਹਾਸਕ ਕਥਾ 'ਤੇ ਆਧਾਰਿਤ ਹੈ। ਹਥਲਾ ਰੂਪਾਂਤਰਨ ਸੁਰਜੀਤ ਪਾਤਰ ਨੇ ਰੇਸੀਨ ਦੀ ਫ਼ੀਦਰਾ ਤੋਂ ਹੀ ਕੀਤਾ ਹੈ। ਇਸ ਨਾਟਕ ਦੀ ਫੇਬੁਲਾ ਤਾਂ ਕੇਵਲ ਏਨੀ ਹੈ ਕਿ ਰਾਜਾ ਦੇਸ਼ਜ ਦੇ ਦੂਜੇ ਵਿਆਹ ਦੀ ਪਤਨੀ 'ਫ਼ਿਦਾ' ਆਪਣੀ ਮਰ ਚੁੱਕੀ ਸੌਂਕਣ 'ਵੀਰਾਂਗਣਾ' ਦੇ ਜਵਾਨ ਬੇਟੇ 'ਹਰਮਨ' ਉੱਤੇ ਪਹਿਲੇ ਨਜ਼ਰੇ ਮੋਹਿਤ ਹੋ ਜਾਂਦੀ ਹੈ। ਹਰਮਨ ਨੇ ਮਰਿਯਾਦਾ ਅਨੁਸਾਰ ਫ਼ਿਦਾ ਦਾ ਪਿਆਰ ਠੁਕਰਾ ਦਿੱਤਾ। ਫ਼ਿਦਾ ਨੇ ਗੁਨਾਹ ਦਾ ਬੋਝ ਨਾ ਸਹਾਰਦਿਆਂ ਜ਼ਹਿਰ ਪੀ ਲਈ ਅਤੇ ਆਪਣੇ ਪਿੱਛੇ ਝੂਠੀ ਤੋਹਮਤ ਦੀ ਲਿਖਤ ਛੱਡ ਗਈ ਕਿ ਹਰਮਨ ਨੇ ਮੇਰੀ ਸੇਜ ਅਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ। ਦੇਸ਼ਜ ਨੇ ਕ੍ਰੋਧ ਵਿਚ ਆ ਕੇ ਹਰਮਨ ਨੂੰ ਮਾਰਨਾ ਚਾਹਿਆ। ਪੰਜਾਬੀ ਲੂਣਾ ਦੀ ਕਥਾ ਨਾਲੋਂ ਫ਼ਿਦਾ ਦੀ ਕਥਾ ਵਿਚ ਅੰਤਰ ਹੈ। ਫ਼ਿਦਾ ਮਤਰੇਏ ਪੁੱਤਰ ਦੀ ਮੌਤ ਤੋਂ ਪਹਿਲਾਂ ਆਤਮ-ਹੱਤਿਆ ਕਰ ਜਾਂਦੀ ਹੈ।
ਆਓ ਚਿੰਤਨ ਕਰੀਏ। ਸ਼ਿਵ ਦੀ ਲੂਣਾ ਨਾਲੋਂ ਰੇਸੀਨ ਦੀ ਫ਼ੀਦਰਾ ਅਤੇ 'ਪਾਤਰ' ਦੀ ਯੂਨਾਨ ਦੀ ਲੂਣਾ ਵਿਚ ਗਹਿਰਾਈ ਕਿਵੇਂ ਹੈ? ਫ਼ਿਦਾ ਨਾ ਤਾਂ ਪੂਰੀ ਗੁਨਾਹਗਾਰ ਹੈ, ਨਾ ਹੀ ਪੂਰੀ ਨਿਰਦੋਸ਼। ਉਸ ਦੀ ਹਾਲਤ ਵਿਚ ਹੋਣੀ ਹੀ ਕਿਰਦਾਰ ਹੈ, ਕਿਰਦਾਰ ਹੀ ਹੋਣੀ। ਪ੍ਰਕਿਰਤ ਨਿਯਮ ਭੰਗ ਹੋਣ ਕਾਰਨ ਇਸ ਦੁਖਾਂਤ ਦੀ ਘਟਨਾ ਲਈ ਕਈ ਕਿਰਦਾਰ ਜ਼ਿੰਮੇਵਾਰ ਹਨ। ਖਾਹਿਸ਼ ਦੀ ਪ੍ਰਕਿਰਤੀ, ਜ਼ਾਲਮਾਨਾ ਹਾਲਾਤ, ਭਰਮਾਂ ਵਾਲੀ ਮਾਨਸਿਕਤਾ ਵਿਸਫੋਟਕ ਸਥਿਤੀ ਪੈਦਾ ਕਰਦੇ ਹਨ। ਕਿਸਮਤ ਦੇ ਖੇਲ ਨੇ ਰਚਿਆ ਪ੍ਰਤੀਬੱਧ ਜੋਸ਼ ਅਤੇ ਇੱਜ਼ਤ-ਬਚਾਅ ਦੇ ਜਾਲ ਵਿਚ ਫਸੇ ਦੋਵਾਂ ਮੁੱਖ ਕਿਰਦਾਰਾਂ (ਫ਼ਿਦਾ ਅਤੇ ਹਰਮਨ) ਲਈ ਹਾਲਾਤ ਮਾਰੂ ਸਾਬਤ ਹੁੰਦੇ ਹਨ। ਅਜਿਹੀ ਪ੍ਰਸਤੁਤੀ ਨਾਲ ਅਰਸਤੂ ਦਾ ਕਥਾਰਸਿਸ ਸਿਧਾਂਤ (ਕਰੁਣਾ ਤੇ ਭੈਅ) ਉੱਭਰ ਕੇ ਸਾਹਮਣੇ ਆਉਂਦਾ ਹੈ। ਸੁਰਜੀਤ ਦੀ ਕਾਵਿ-ਪੰਕਤੀ ਧਿਆਨ ਦੀ ਮੰਗ ਕਰਦੀ ਹੈ : 'ਬੰਦਾ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ/ਪਰ ਕੀ ਉਸ ਦੀ ਮਰਜ਼ੀ ਉਸ ਦੀ ਮਰਜ਼ੀ ਹੈ? ਸੰਖੇਪ ਇਹ ਕਿ ਇਹ ਨਾਟਕ ਰੀਵੀਊ ਦੇ ਆਕਾਰ ਦੀ ਲਛਮਣ ਰੇਖਾ ਨੂੰ ਉਲੰਘ ਕੇ ਪਾਠਕਾਂ ਨੂੰ ਅਨੇਕਾਂ ਪ੍ਰਸ਼ਨਾਂ ਦੇ ਸਨਮੁੱਖ ਖੜ੍ਹਾ ਕਰਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਛੱਜੂ ਦਾ ਟਾਂਗਾ
ਕਹਾਣੀਕਾਰ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਸੁਭਾਸ਼ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 94656-56214.

'ਛੱਜੂ ਦਾ ਟਾਂਗਾ' ਤਰਸੇਮ ਸਿੰਘ ਭੰਗੂ ਦਾ ਅਜਿਹਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਉਨ੍ਹਾਂ ਕਿਰਤੀ ਅਤੇ ਮਿਹਨਤਕਸ਼ ਲੋਕਾਂ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਹੈ ਜੋ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਤਾਂ ਜ਼ਰੂਰ ਕਰਦੇ ਹਨ ਪਰ ਕਿਤੇ ਵੀ ਜ਼ਮੀਰ ਨੂੰ ਮਰਨ ਨਹੀਂ ਦਿੰਦੇ ਸਗੋਂ ਇਨਸਾਨੀ ਕਦਰਾਂ-ਕਮਤਾਂ ਉੱਤੇ ਹਮੇਸ਼ਾ ਹੀ ਪਹਿਰਾ ਦਿੰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਚਾਹੇ 'ਜਦੋਂ ਜ਼ਮੀਰ ਜਾਗਦੀ ਹੈ' ਕਹਾਣੀ ਵਿਚਲਾ ਭਾਵੇਂ ਸ਼ੰਕਰ ਹੋਵੇ, 'ਕਿਰਤ ਦੀ ਮਹਿਮਾ' ਵਿਚਲਾ ਠੇਕੇਦਾਰ ਪਰਵਾਸੀ ਰਾਮ ਵਿਲਾਸ ਹੋਵੇ ਜਾਂ 'ਲਛਮਣ ਸਿੰਘ ਬਨਾਮ ਲੱਛੂ ਮਿਸਤਰੀ' ਵਿਚਲਾ ਗੁਰਦਿੱਤ ਹੋਵੇ ਜਾਂ ਫਿਰ 'ਛੱਜੂ ਦਾ ਟਾਂਗਾ' ਕਹਾਣੀ ਵਿਚਲਾ ਛੱਜੂ ਹੀ ਕਿਉਂ ਨਾ ਹੋਵੇ, ਇਹ ਸਾਰੇ ਹੀ ਪਾਤਰ ਵਿਰੋਧੀ ਪ੍ਰਸਥਿਤੀਆਂ ਵਿਚ ਵੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹਨ ਅਤੇ ਕਦੇ ਵੀ ਇਨਸਾਨੀ ਅਤੇ ਇਖ਼ਲਾਕੀ ਕਦਰਾਂ-ਕੀਮਤਾਂ ਦਾ ਪੱਲਾ ਨਹੀਂ ਛੱਡਦੇ।
ਇਥੋਂ ਤੱਕ ਕਿ ਜਿਥੇ ਇਨ੍ਹਾਂ ਨੂੰ ਆਪਣਾ ਫਾਇਦਾ ਵੀ ਦਿੱਸਦਾ ਹੋਵੇ, ਉਥੇ ਵੀ ਇਹ ਕਿਸੇ ਦਾ ਹੱਕ ਮਾਰ ਕੇ ਖਾਣ ਦੀ ਬਜਾਏ ਆਪਣੀ ਕਿਰਤ ਦੀ ਰੋਟੀ ਨੂੰ ਖਾਣ ਵਿਚ ਮਾਣ ਮਹਿਸੂਸ ਕਰਦੇ ਹਨ। ਅਜੋਕੀ ਜ਼ਿੰਦਗੀ ਵਿਚੋਂ ਖ਼ਤਮ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿਚਲੇ ਤੇਹ-ਮੋਹ ਨੂੰ ਪੇਸ਼ ਕਰਨ ਦੇ ਨਾਲ-ਨਾਲ ਇਹ ਕਹਾਣੀਆਂ ਉਨ੍ਹਾਂ ਲੋਕਾਂ ਦੀ ਗੱਲ ਕਰਦੀਆਂ ਹਨ ਜੋ ਅਜੇ ਵੀ ਕਿਤੇ ਨਾ ਕਿਤੇ ਇਸ ਸਵਾਰਥੀ ਯੁੱਗ ਵਿਚ ਮੋਹ ਦੀਆਂ ਤੰਦਾਂ ਨੂੰ ਆਪਣੀ ਹਿੱਕ ਵਿਚ ਸਮੋਈ ਬੈਠੇ ਹਨ ਜਿਵੇਂ 'ਤੂੰ ਨਹੀਂ ਸਮਝੇਂਗਾ' ਵਿਚਲਾ ਕੈਪਟਨ ਸਿਮਰਨ ਆਪਣੇ ਦਾਦੇ ਨੂੰ ਬਹੁਤ ਮੋਹ ਕਰਦਾ ਹੈ ਅਤੇ ਉਸ ਦੀਆਂ ਅੰਤਿਮ ਰਸਮਾਂ ਸਮੇਂ ਭਾਵੁਕ ਮਾਹੌਲ ਨੂੰ ਸਿਰਜ ਦਿੰਦਾ ਹੈ। ਇਸ ਤੋਂ ਇਲਾਵਾ 1947 ਦੀ ਦੇਸ਼ ਵੰਡ ਅਤੇ ਪੰਜਾਬ ਵਿਚ ਚੱਲੀ ਖਾੜਕੂ ਲਹਿਰ ਦੇ ਬਿਰਤਾਂਤ ਨੂੰ ਪੇਸ਼ ਕਰਦੀਆਂ ਕਹਾਣੀਆਂ ਸਮੇਤ 13 ਕਹਾਣੀਆਂ ਇਸ ਕਹਾਣੀ-ਸੰਗ੍ਰਹਿ ਵਿਚ ਸ਼ਾਮਿਲ ਹਨ। ਸਰਲ ਬਿਰਤਾਂਤਕ ਤੋਰ ਵਾਲੀਆਂ ਇਹ ਕਹਾਣੀਆਂ ਪਾਠਕ ਦੇ ਮਨ ਵਿਚ ਨਿਰਸਵਾਰਥੀ ਅਤੇ ਇਨਸਾਨੀ ਹਮਦਰਦੀ ਦੀ ਜਾਗ ਲਾਉਂਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

03-11-2018

 ਪਾਸ਼ੋ ਦਾ ਮੁੰਡਾ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 99153-35032.

ਹਥਲੀ ਪੁਸਤਕ ਵਿਚ ਲੇਖਕ ਨੇ ਆਪਣੇ ਬਚਪਨ ਤੋਂ ਲੈ ਕੇ ਜੀਵਨ ਵਿਚ ਸਥਾਪਿਤ ਹੋ ਜਾਣ ਤੱਕ ਦੇ ਵੇਰਵਿਆਂ ਨੂੰ ਵਾਰਤਕ ਦੇ ਵਿਭਿੰਨ ਰੂਪਾਂ ਦੇ ਮਿਸ਼ਰਨ ਜ਼ਰੀਏ ਪੇਸ਼ ਕੀਤਾ ਹੈ। ਵਾਰਤਕ ਦੀ ਇਸ ਵਿਧਾ ਨੂੰ ਯਾਦਾਂ ਦਾ ਬਿਆਨ ਕਿਹਾ ਜਾ ਸਕਦਾ ਹੈ ਪਰ ਇਸ ਵਿਚ ਕਹਾਣੀ ਵਰਗੀ ਗਲਪੀ ਰੰਗਤ ਵੀ ਵਿਦਮਾਨ ਹੈ। ਪੁਸਤਕ ਦਾ ਪਹਿਲਾ ਕਾਂਡ ਪਿੰਡ ਚੱਕ ਕੱਚੇ ਖਾਂ ਦੇ ਸਮੁੱਚੇ ਵਰਤਾਰੇ ਦਾ ਦਰਪਣ ਹੈ ਜਿਸ ਵਿਚ ਲੇਖਕ ਦਾ ਪਿੰਡ ਵਿਚ ਸ਼ਰਾਰਤੀ ਵਜੋਂ ਵਿਚਰਨਾ, ਉਲ੍ਹਾਮੇ ਮਿਲਣੇ ਅਤੇ ਕੁੱਟ ਵੀ ਪੈਣੀ, ਸੋਝੀ ਆਉਣ 'ਤੇ ਪਤਾ ਲਗਣਾ ਕਿ ਕਥਿਤ ਨੀਵੀਆਂ ਜਾਤਾਂ ਪ੍ਰਤੀ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਵਲੋਂ ਕਈ ਪ੍ਰਕਾਰ ਦੇ ਵਿਤਕਰੇ, ਭਿੰਨ-ਭੇਦ ਅਤੇ ਘ੍ਰਿਣਤ ਵਤੀਰੇ ਕੀਤੇ ਜਾਂਦੇ ਹਨ ਅਤੇ ਕਾਮਾ ਸ਼੍ਰੇਣੀ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦਿਹਾੜੀ (ਮਜ਼ਦੂਰੀ) ਵਧਾਉਣ ਲਈ ਜੋ ਸੰਘਰਸ਼ ਕੀਤਾ ਜਾਂਦਾ ਹੈ, ਉਸ ਵਿਚ ਵੀ ਕਈ ਪ੍ਰਕਾਰ ਦੀਆਂ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਗ਼ਰੀਬ ਸ਼੍ਰੇਣੀ ਦੇ ਲੋਕਾਂ ਨੂੰ ਕਰਨਾ ਪੈਂਦਾ ਹੈ।
ਜ਼ਰਾ ਕੁ ਉਚੇਰੀ ਸ਼੍ਰੇਣੀ ਦੇ ਲੋਕ ਜਦੋਂ ਨਿਮਨ ਸ਼੍ਰੇਣੀ ਦੇ ਲੋਕਾਂ ਦਾ ਕੰਮ ਕਰਦੇ ਹਨ ਤਾਂ ਉਹ ਪੱਕੀ ਰਸਦ ਦੀ ਥਾਵੇਂ ਕੱਚੀ ਰਸਦ ਪ੍ਰਾਪਤ ਕਰਨ ਨੂੰ ਤਰਜੀਹ ਦੇਂਦੇ ਹਨ ਕਿਉਂਕਿ ਉਨ੍ਹਾਂ ਨੂੰ ਵਹਿਮ ਹੈ ਕਿ ਕਿਤੇ ਭਿੱਟੇ ਹੀ ਨਾ ਜਾਣ। ਇਸੇ ਤਰ੍ਹਾਂ ਗ਼ਰੀਬ ਅਥਵਾ ਨਿਮਨ ਜਾਤੀ ਦੀਆਂ ਧੀਆਂ-ਭੈਣਾਂ, ਬਜ਼ੁਰਗਾਂ ਅਤੇ ਵਿਸ਼ੇਸ਼ਤਰ ਇਨ੍ਹਾਂ 'ਚੋਂ ਚੰਗੇ ਪੜ੍ਹਿਆਂ ਲਿਖਿਆਂ ਨੂੰ ਵੀ ਬਣਦਾ ਸਥਾਨ ਦੰਭੀ ਸਮਾਜ ਅਤੇ ਅਖੌਤੀ ਧਾਰਮਿਕ ਅਲੰਬਰਦਾਰਾਂ ਵਲੋਂ ਨਹੀਂ ਦਿੱਤਾ ਜਾਂਦਾ, ਸਿੱਟੇ ਵਜੋਂ ਕਾਮਾ ਸ਼੍ਰੇਣੀ ਦੀ ਚੜ੍ਹਤ ਨੂੰ ਵੀ ਨਕਾਰਿਆ ਜਾਂ ਘ੍ਰਿਣਤ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਕਈ ਹੱਥ-ਕੰਡੇ ਵਰਤ ਕੇ ਉਨ੍ਹਾਂ ਪਾਸੋਂ ਵਗਾਰਾਂ ਲਈਆਂ ਜਾਂਦੀਆਂ ਹਨ, ਪਰ ਜਦੋਂ ਇਸ ਕਾਮਾ ਸ਼੍ਰੇਣੀ ਦੇ ਕੁਝ ਨੌਜਵਾਨ ਪੜ੍ਹ ਲਿਖ ਕੇ ਸਥਾਪਿਤ ਹੋ ਜਾਂਦੇ ਹਨ ਤਾਂ ਇਨ੍ਹਾਂ ਦੀ ਜੀਵਨ-ਸ਼ੈਲੀ ਸੁਰਖਰੂ ਹੋ ਜਾਂਦੀ ਹੈ। ਪੁਸਤਕ ਲਿਖਣ ਸਬੰਧੀ ਲੇਖਕ ਦਾ ਇਹ ਪ੍ਰਬਲ ਮੰਤਵ ਜਾਪਿਆ ਹੈ ਕਿ ਜੇਕਰ ਨਿਮਨ ਵਰਗ ਦੇ ਲੋਕ ਭਰਮ ਜਾਲ ਤੋਂ ਮੁਕਤ ਹੋ ਜਾਣ, ਵਿੱਦਿਆ ਪ੍ਰਾਪਤ ਕਰ ਲੈਣ, ਹੱਕਾਂ ਦੀ ਪ੍ਰਾਪਤੀ ਲਈ ਸੁਚੇਤ ਹੋ ਜਾਣ ਤਾਂ ਇਨ੍ਹਾਂ ਦੀ ਸਮਾਜਿਕ-ਸੱਭਿਆਚਾਰਕ ਗੁਲਾਮੀ ਖ਼ਤਮ ਹੋ ਸਕਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਸੱਭਿਆਚਾਰਕ ਪੰਜਾਬੀ ਵਿਆਕਰਨ
ਲੇਖਕ : ਡਾ: ਜਲੌਰ ਸਿੰਘ ਖੀਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 250
ਸੰਪਰਕ : 98723-83236.

ਡਾ: ਜਲੌਰ ਸਿੰਘ ਖੀਵਾ ਇਕ ਸਿਰਜਣਾਤਮਕ ਲੇਖਕ ਹੋਣ ਦੇ ਨਾਲ-ਨਾਲ ਇਕ ਸਮਰਪਿਤ ਲੋਕਯਾਨੀ ਵੀ ਹੈ। ਉਸ ਦੇ ਵਿਚਾਰ ਨਿਰੇਪੁਰੇ ਅਕਾਦਮਿਕ ਹੀ ਨਹੀਂ ਹੁੰਦੇ ਬਲਕਿ ਵਿਹਾਰਕ ਹੁੰਦੇ ਹਨ। ਸੱਭਿਆਚਾਰਕ ਪੰਜਾਬੀ ਵਿਆਕਰਨ ਵਿਚ ਪੰਜਾਬੀ ਭਾਸ਼ਾ ਦਾ ਵਿਆਕਰਨ ਤਿਆਰ ਕਰਨ ਲਈ ਲੇਖਕ ਨੇ ਮੂਰਤ ਭਾਸ਼ਾਈ ਸਿਸਟਮ ਨੂੰ ਆਧਾਰ ਨਹੀਂ ਬਣਾਇਆ ਬਲਕਿ ਕੰਕਰੀਟ-ਉਚਾਰ ਨੂੰ ਆਪਣਾ ਆਧਾਰ ਬਣਾਇਆ ਹੈ। ਇਸੇ ਵਿਧੀ ਦੇ ਕਾਰਨ ਇਹ ਪੁਸਤਕ ਪੰਜਾਬੀ ਵਿਆਕਰਨਾਂ ਦੀ ਸੂਚੀ ਵਿਚ ਆਪਣਾ ਵਿਲੱਖਣ ਸਥਾਨ ਰੱਖਦੀ ਹੈ।
ਵਿਦਵਾਨ ਲੇਖਕ ਨੇ ਇਸ ਪੁਸਤਕ ਵਿਚਲੀ ਸਮੱਗਰੀ ਨੂੰ 12 ਅਧਿਆਵਾਂ ਵਿਚ ਸੂਤਰਬੱਧ ਕੀਤਾ ਹੈ : 1. ਭਾਸ਼ਾ, ਸੱਭਿਆਚਾਰ ਤੇ ਵਿਆਕਰਨ, 2. ਸ਼ਬਦ ਸਿਰਜਣ ਪ੍ਰਕਿਰਿਆ, 3. ਸ਼ਬਦ ਦੀ ਮਹਿਮਾ, 4. ਸ਼ਬਦ-ਅਰਥ ਪਰਿਵਰਤਨ, 5. ਵਿਆਕਰਨ ਸ਼ਬਦ ਸ਼੍ਰੇਣੀਆਂ (ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ, ਵਿਸਮਿਕ ਅਤੇ ਨਿਪਾਤ), 6. ਵਿਆਕਰਨ ਸੰਕਲਪ (ਕਾਰਕ, ਵਾਚ ਵਿਧਾਨ, ਲਿੰਗ ਵਿਧਾਨ, ਵਚਨ ਵਿਧਾਨ), 7. ਵਾਕ ਵਿਗਿਆਨ, 8. ਅਲੰਕਾਰ 9. ਅਖਾਣ-ਮੁਹਾਵਰੇ, 10. ਪੰਜਾਬੀ ਧੁਨੀ-ਵਿਉਂਤ, 11. ਗੁਰਮੁਖੀ ਲਿਖਣ ਵਿਧੀ, 12. ਪੰਜਾਬੀ ਸ਼ਬਦ ਜੋੜ। ਸਿਧਾਂਤਿਕ ਸੇਧ ਦੀ ਪ੍ਰਾਪਤੀ ਲਈ ਉਸ ਨੇ ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ, ਡਾ: ਹਰਕੀਰਤ ਸਿੰਘ, ਡਾ: ਜੋਗਿੰਦਰ ਸਿੰਘ ਪੁਆਰ, ਡਾ: ਐਸ. ਐਸ. ਜੋਸ਼ੀ ਅਤੇ ਡਾ: ਪਰਮਜੀਤ ਸਿੰਘ ਸਿੱਧੂ ਦੀਆਂ ਭਾਸ਼ਾ ਵਿਗਿਆਨਕ ਪੁਸਤਕਾਂ ਦਾ ਅਧਿਐਨ ਕੀਤਾ ਹੈ ਪਰ ਕਈ ਅਧਿਆਵਾਂ ਵਿਚ ਉਹ ਆਪਣੇ ਮੌਲਿਕ ਸਿੱਟਿਆਂ ਦੀ ਸਥਾਪਨਾ ਵੀ ਕਰਦਾ ਹੈ। ਕਿਸੇ ਵੀ ਸੰਕਲਪ ਦੀ ਸਮਾਜਿਕ ਜੀਵਨ ਵਿਚੋਂ ਉਦਾਹਰਨ ਦੇਣ ਲਈ ਉਹ ਲੋਕਯਾਨਿਕ ਹਵਾਲੇ ਪੇਸ਼ ਕਰਨ ਤੋਂ ਨਹੀਂ ਖੁੰਝਦਾ। ਉਸ ਨੇ ਆਧੁਨਿਕ ਭਾਸ਼ਾ ਵਿਗਿਆਨੀ ਸੋਸਿਉਰ ਵੱਲ ਸੰਕੇਤ ਤਾਂ ਕੀਤਾ ਹੈ ਪਰ ਰੋਲਾਂ ਬਾਰਤ, ਦੈਰਿੱਦਾ ਅਤੇ ਯਾਕੋਬਸਨ ਵਰਗੇ ਸੱਭਿਆਚਾਰਕ ਭਾਸ਼ਾ ਵਿਗਿਆਨੀ ਅਤੇ ਉਨ੍ਹਾਂ ਦੀਆਂ ਅੰਤਰ-ਦ੍ਰਿਸ਼ਟੀਆਂ ਇਸ ਪੁਸਤਕ ਦਾ ਅੰਗ ਨਹੀਂ ਬਣ ਸਕੀਆਂ। ਮੇਰੀ ਇੱਛਾ ਹੈ ਕਿ ਉਹ ਆਪਣੀ ਅਗਲੀ ਪੁਸਤਕ ਵਿਚ ਇਨ੍ਹਾਂ ਚਿੰਤਕਾਂ ਦਾ ਵੀ ਜ਼ਿਕਰੇ-ਖ਼ੈਰ ਕਰੇ। ਆਮੀਨ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕਵਿਤਾ ਦੇ ਰੰਗ
ਅਜਨਬੀ ਦਾ ਸਿਰਨਾਵਾਂ
ਸ਼ਬਦਾਂ ਦੀ ਮਹਿਕ

ਸ਼ਾਇਰ : ਪ੍ਰਿੰ: ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ-200 ਰੁ. ਹਰੇਕ, ਸਫ਼ੇ : 112 ਹਰੇਕ
ਸੰਪਰਕ : 94192-12801.

ਪ੍ਰਿੰ. ਹਜ਼ੂਰਾ ਸਿੰਘ ਪੁਰਾਣਾ ਕਲਮਕਾਰ ਹੈ ਤੇ ਇਨ੍ਹਾਂ ਪੁਸਤਕਾਂ ਤੋਂ ਪਹਿਲਾਂ ਉਸ ਦੀਆਂ ਦਰਜਨ ਤੋਂ ਉੱਤੇ ਪੁਸਤਕਾਂ ਛਪ ਚੁੱਕੀਆਂ ਹਨ। ਉਪਰੋਕਤ ਤਿੰਨ ਪੁਸਤਕਾਂ 'ਕਵਿਤਾ ਦੇ ਰੰਗ', 'ਅਜਨਬੀ ਦਾ ਸਿਰਨਾਵਾਂ' ਤੇ 'ਸ਼ਬਦਾਂ ਦੀ ਮਹਿਕ' ਪੰਜਾਬੀ ਸ਼ਾਇਰੀ ਨਾਲ ਸਬੰਧਿਤ ਹਨ ਤੇ ਇਨ੍ਹਾਂ ਵਿਚ ਗ਼ਜ਼ਲ, ਗੀਤ ਤੇ ਪਿੰਗਲਈ ਛੰਦ ਸ਼ਾਮਿਲ ਕੀਤੇ ਗਏ ਹਨ। ਤਿੰਨਾਂ ਹੀ ਪੁਸਤਕਾਂ ਨੂੰ ਗੁਰਚਰਨ ਬੱਧਣ ਨੇ ਸੰਪਾਦਿਤ ਕੀਤਾ ਹੈ। ਤਿੰਨਾਂ ਹੀ ਪੁਸਤਕਾਂ ਵਿਚ ਇਕ ਵੱਡਾ ਭਾਗ ਧਾਰਮਿਕ ਕਵਿਤਾ ਦਾ ਹੈ ਤੇ ਸਮਾਜਿਕ ਤੇ ਸਮਾਜ ਸੁਧਾਰ ਦੇ ਵਿਸ਼ਿਆਂ ਦੀ ਗਿਣਤੀ ਵੀ ਚੋਖੀ ਹੈ। 'ਕਵਿਤਾ ਦੇ ਰੰਗ' ਪੁਸਤਕ ਦੀ ਪਹਿਲੀ ਕਵਿਤਾ ਕੁੱਖ ਵਿਚ ਮਾਰੀਆਂ ਜਾ ਰਹੀਆਂ ਧੀਆਂ ਬਾਰੇ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਅਸੀਂ ਧਾਰਮਿਕ ਸਥਾਨਾਂ 'ਤੇ ਜਾ ਕੇ ਪੁੱਤਰਾਂ ਲਈ ਅਰਜੋਈ ਕਰਦੇ ਹਾਂ ਪਰ ਘਰ ਆਈ ਲਛਮੀ ਨੂੰ ਸਵੀਕਾਰ ਨਹੀਂ ਕਰਦੇ। ਉਸ ਦੀ ਕਵਿਤਾ 'ਸਿੱਖੀ ਦੀ ਅੱਜ ਹਾਲਤ' ਵਿਚ ਉਹ ਸਿੱਖ ਧਰਮ ਵਿਚ ਆ ਰਹੇ ਨਿਘਾਰ ਸਬੰਧੀ ਖੁੱਲ੍ਹ ਕੇ ਲਿਖਦਾ ਹੈ। ਇਸ ਤੋਂ ਅਗਲੀ ਕਵਿਤਾ ਉਸ ਦੇ ਨਿੱਜ ਨਾਲ ਸਬੰਧਤ ਹੈ। ਏਸੇ ਤਰ੍ਹਾਂ ਇਸ ਪੁਸਤਕ ਦੀਆਂ ਬਾਕੀ ਰਚਨਾਵਾਂ ਵਿਚ ਵਿਵਧ ਰੰਗ ਹਨ। ਪੁਸਤਕ 'ਅਜਨਬੀ ਦਾ ਸਿਰਨਾਵਾਂ' ਦੀ ਪਹਿਲੀ ਕਵਿਤਾ ਕਿਸੇ ਅਜਨਬੀ ਦੀਆਂ ਪੈੜਾਂ ਦੀ ਇਬਾਰਤ ਨਾਲ ਸਬੰਧਿਤ ਹੈ ਜਿਸ ਵਿਚ ਸ਼ਾਇਰ ਦੀ ਕਾਵਿਕ ਸਮਰੱਥਾ ਦਾ ਅਹਿਸਾਸ ਹੁੰਦਾ ਹੈ। ਅਗਲੀਆਂ ਦੋ ਰਚਨਾਵਾਂ ਨਿੱਜੀ ਹੋ ਕੇ ਆਖਿਰ ਵਿਚ ਸਮਾਜ ਦੀਆਂ ਤਲਖ਼ ਹਕੀਕਤਾਂ ਨਾਲ ਜੁੜਦੀਆਂ ਹਨ। ਇਸ ਪੁਸਤਕ ਦੀਆਂ ਬਾਕੀ ਰਚਨਾਵਾਂ ਵਿਚ ਵੀ ਅਜਿਹੇ ਵਿਸ਼ਿਆਂ ਨੂੰ ਤਰਜੀਹੀ ਤੌਰ 'ਤੇ ਲਿਆ ਗਿਆ ਹੈ। 'ਅਜਨਬੀ ਦਾ ਸਿਰਨਾਵਾਂ' ਇਕ ਅਜਿਹਾ ਗੁਲਦਸਤਾ ਹੈ ਜਿਸ ਵਿਚ ਖ਼ੁਸ਼ਬੂ ਦੇ ਅਲੱਗ ਅਲੱਗ ਰੰਗ ਹਨ। 'ਸ਼ਬਦਾਂ ਦੀ ਮਹਿਕ' ਦੀ ਪਹਿਲੀ ਕਵਿਤਾ ਚੁਰਾਸੀ ਦੇ ਘੱਲੂਘਾਰੇ 'ਤੇ ਆਧਾਰਿਤ ਹੈ ਜਿਸ ਵਿਚ ਦਰਦਨਾਕ ਮੰਜ਼ਰ ਸਿਰਜੇ ਗਏ ਹਨ। 'ਦਸਮੇਸ਼ ਪਿਤਾ ਦੀ ਪੁਕਾਰ' ਇਸ ਪੁਸਤਕ ਦੀ ਦੂਜੀ ਕਵਿਤਾ ਹੈ, ਇਸ ਵਿਚ ਸ਼ਾਇਰ ਸਿੱਖੀ ਭੇਸ ਵਿਚ ਭਟਕੇ ਨੌਜਵਾਨਾਂ ਦਾ ਜ਼ਿਕਰ ਕਰਦਾ ਹੈ ਤੇ ਸਮਾਜ ਵਿਚ ਨਸ਼ੇ, ਲਾਲਚ ਤੇ ਕੁਰਹਿਤਾਂ 'ਤੇ ਫ਼ਿਕਰ ਜ਼ਾਹਿਰ ਕਰਦਾ ਹੈ। ਇਸ ਪੁਸਤਕ ਦਾ ਵੱਡਾ ਹਿੱਸਾ ਧਾਰਮਿਕ ਹੈ। ਪ੍ਰਿੰ: ਹਜ਼ੂਰਾ ਸਿੰਘ ਦੀਆਂ ਇਨ੍ਹਾਂ ਤਿੰਨਾਂ ਪੁਸਤਕਾਂ ਦੀ ਕਵਿਤਾ ਆਮ ਤੌਰ 'ਤੇ ਉਪਦੇਸ਼ਕ ਹੈ। ਉਸ ਨੇ ਗ਼ਜ਼ਲ 'ਤੇ ਵੀ ਹੱਥ ਅਜ਼ਮਾਇਆ ਹੈ ਪਰ ਇਸ ਸਬੰਧੀ ਸ਼ਾਇਰ ਨੂੰ ਗੰਭੀਰ ਹੋਣ ਦੀ ਲੋੜ ਹੈ ਤੇ ਉਸ ਨੂੰ ਤੇਜ਼ੀ ਨਾਲ ਲਿਖਣ ਦੇ ਨਾਲ-ਨਾਲ ਕਵਿਤਾ ਦੀਆਂ ਬਾਰੀਕੀਆਂ ਦੀ ਹੋਰ ਤਹਿ ਤਕ ਉਤਰਨਾ ਚਾਹੀਦਾ ਹੈ। ਪ੍ਰਿੰ: ਹਜ਼ੂਰਾ ਸਿੰਘ ਦੀਆਂ ਇਹ ਤਿੰਨ ਪੁਸਤਕਾਂ ਸਿਹਤਮੰਦ ਸਾਹਿਤ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ ਤੇ ਸੰਤੁਲਤ ਤੇ ਸਾਫ਼ ਸੁਥਰੇ ਸਮਾਜ ਦੀ ਸਥਾਪਤੀ ਲਈ ਸੰਘਰਸ਼ਸ਼ੀਲ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮਰਨ ਰੁੱਤ
(ਕਿਸਾਨੀ ਸੰਕਟ ਨਾਲ ਸਬੰਧਿਤ ਕਹਾਣੀਆਂ)
ਸੰਪਾਦਕ : ਡਾ: ਅਮਨਪਾਲ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 207
ਸੰਪਰਕ : 78376-83322.

ਪੰਜਾਬ ਪਿਛਲੇ ਲੰਮੇ ਸਮੇਂ ਤੋਂ ਅਨੇਕਾਂ ਸੰਕਟਾਂ ਅਤੇ ਸਮੱਸਿਆਵਾਂ ਸੰਗ ਵਿਚਰਦਾ ਆ ਰਿਹਾ ਹੈ। ਪ੍ਰਸਿੱਧ ਉਕਤੀ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਂਗ ਹਰ ਪਲ ਇਨ੍ਹਾਂ ਲਈ ਸੰਕਟ ਗ੍ਰਸਿਤ ਹੁੰਦਾ ਹੈ, ਭਾਵੇਂ ਪੰਜਾਬ ਸੰਕਟ ਦਾ ਦੌਰ ਹੋਵੇ, ਕਿਸਾਨੀ ਦਾ ਸੰਕਟ ਜਾਂ ਨਸ਼ਿਆਂ ਦਾ ਪ੍ਰਕੋਪ। ਇਹ ਪੁਸਤਕ ਲੰਮੇ ਸਮੇਂ ਤੋਂ ਪੰਜਾਬ ਦੀ ਕਿਸਾਨੀ ਦੀਆਂ ਸਮੱਸਿਆਵਾਂ ਬਾਰੇ ਖੋਜ ਕਾਰਜਾਂ ਨਾਲ ਜੁੜੀ ਹੋਈ ਹੈ। ਕਿਸਾਨੀ ਦੇ ਸੰਕਟ ਦੀਆਂ ਪਰਤਾਂ ਬਹੁਤ ਹੀ ਡੂੰਘੀਆਂ ਤੇ ਬਹੁਦਿਸ਼ਾਵੀ ਹਨ। ਭਿਆਨਕ ਰੂਪ ਧਾਰਨ ਕਰ ਚੁੱਕਾ ਇਹ ਸੰਕਟ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਕਰਦਾ ਹੈ।
ਇਸ ਪੁਸਤਕ ਵਿਚ ਛਪੀਆਂ ਕਹਾਣੀਆਂ ਵੱਖ-ਵੱਖ ਸਮੇਂ ਲਿਖੀਆਂ ਗਈਆਂ ਹਨ, ਜੋ ਕਿਸਾਨੀ ਸੰਕਟ ਨਾਲ ਸਬੰਧਿਤ ਹਨ। ਇਹ ਕਹਾਣੀਆਂ ਪੰਜਾਬੀ ਕਿਸਾਨੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਕਲਾਤਮਿਕ ਅਤੇ ਸੁਹਜਾਤਮਿਕ ਬਿੰਬਾਂ ਰਾਹੀਂ ਪ੍ਰਗਟ ਕਰਦੀਆਂ ਹਨ। ਪੰਜਾਬੀ ਕਹਾਣੀ ਨੇ ਕਿਸਾਨੀ ਸੱਭਿਆਚਾਰ ਅਤੇ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਲਈ ਲੰਮਾ ਕਾਰਜ ਤੈਅ ਕੀਤਾ ਹੈ। ਇਸ ਪੁਸਤਕ ਵਿਚ ਸੁਖਵੰਤ ਕੌਰ ਮਾਨ, ਅਤਰਜੀਤ, ਕਿਰਪਾਲ ਕਜ਼ਾਕ, ਵਰਿਆਮ ਸਿੰਘ ਸੰਧੂ, ਮਿੱਤਰ ਸੈਨ ਮੀਤ, ਬਲਬੀਰ ਪਰਵਾਨਾ, ਜਸਪਾਲ ਸਿੰਘ ਖੇੜਾ, ਬਲਦੇਵ ਸਿੰਘ ਧਾਲੀਵਾਲ, ਭੋਲਾ ਸਿੰਘ ਸੰਘੇੜਾ, ਕੇਸਰਾ ਰਾਮ, ਜਸਵੀਰ ਸਿੰਘ ਰਾਣਾ, ਬਲਜਿੰਦਰ ਨਸਰਾਲੀ ਅਤੇ ਭਗਵੰਤ ਰਸੂਲਪੁਰੀ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੰਪਾਦਕਾ ਨੇ ਬੜੀ ਮਿਹਨਤ ਨਾਲ ਇਹ ਕਹਾਣੀਆਂ ਲੱਭੀਆਂ ਹਨ, ਜੋ ਪੰਜਾਬ ਦੇ ਅਜੋਕੇ ਦੌਰ ਦੇ ਜੀਵਨ ਅਨੁਭਵ ਅਤੇ ਪਸਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਕਾਰਜ ਸ਼ਲਾਘਾਯੋਗ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਪਾਤੀ ਤੋਰੇ ਮਾਲਿਨੀ
ਲੇਖਕ : ਹਰਬਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 190
ਸੰਪਰਕ : 90416-69714.

ਇਸ ਨਾਵਲ ਦੀ ਕਹਾਣੀ ਇਕ ਬੈਂਕ ਮੈਨੇਜਰ ਕਾਂਤੀ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਉਸ ਦੇ ਪਿਛਲੇ ਜਨਮ ਦਾ ਗਿਆਨ ਉਸ ਦੀ ਭੈਣ ਸਤਵੰਤ ਦੀ ਭਟਕਦੀ ਆਤਮਾ ਕਰਵਾਉਂਦੀ ਹੈ ਕਿ ਉਹ ਪਿਛਲੇ ਜਨਮ ਵਿਚ ਇਕ ਸਿੱਖ ਜਗੀਰਦਾਰ (ਵੱਡੇ ਸਰਦਾਰ) ਦਾ ਇਕ ਆਗਿਆਕਾਰ ਪੁੱਤਰ ਹੁੰਦਾ ਹੈ। ਵੱਡੇ ਸਰਦਾਰ ਦਾ ਹੁਕਮ ਉਸ ਪਰਿਵਾਰ ਤੇ ਇਲਾਕੇ ਲਈ ਇਕ ਰੱਬੀ ਹੁਕਮ ਹੁੰਦਾ ਸੀ। ਭਾਵੇਂ ਕਿ ਵੱਡੇ ਸਰਦਾਰ ਨੇ ਗੁਰੂ ਘਰ ਦੇ ਅਨਿੰਨ ਸੇਵਕ ਹੋਣ ਦਾ ਇਕ ਵੱਡਾ ਭਰਮ ਪਾਲ ਰੱਖਿਆ ਸੀ ਪਰ ਵਿਰੋਧੀਆਂ ਨੂੰ ਭਾਂਜ ਤੇ ਪਰਾਏ ਮਾਲ ਹੜੱਪਣ ਦੇ ਸਭ ਦਾਅ ਪੇਚ ਚਲਦੇ ਸਨ।
ਉਧਰ ਅੰਗਰੇਜ਼ਾਂ ਨੇ ਆਪਣੇ ਕੁਲੈਕਟਰ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਤਾਂ ਵੱਡੇ ਸਰਦਾਰ ਦੇ ਇਲਾਕੇ ਵਿਚ ਇਕ ਨੌਜਵਾਨ ਦਲਜੀਤ ਸਿੰਘ ਕੁਲੈਕਟਰ ਬਣ ਕੇ ਆਇਆ ਤੇ ਦੋਸਤਾਨੇ ਲਹਿਜ਼ੇ ਵਿਚ ਅੰਗਰੇਜ਼ਾਂ ਦੀ ਮਨਸ਼ਾ ਵੱਡੇ ਸਰਦਾਰ ਨੂੰ ਦੱਸੀ ਤਾਂ ਵੱਡੇ ਸਰਦਾਰ ਨੂੰ ਅੰਗਰੇਜ਼ਾਂ ਦੀ ਵਫ਼ਾਦਾਰੀ ਕਰਨਾ ਉੱਕਾ ਹੀ ਪ੍ਰਵਾਨ ਨਹੀਂ ਸੀ। ਜਿਸ ਬਦਲੇ ਉਸ ਨੂੰ ਜਗੀਰ ਤੇ ਹੋਰ ਸੁੱਖ ਸਹੂਲਤਾਂ ਵੀ ਗੁਆਉਣੀਆਂ ਪਈਆਂ।
ਦਲਜੀਤ ਤੇ ਸਤਵੰਤ ਦੇ ਜਵਾਨ ਜਹਾਨ ਮਨਾਂ ਵਿਚ ਇਕ-ਦੂਜੇ ਲਈ ਸੁਤੇ ਸਿੱਧ ਕੁਝ ਖਿੱਚ ਵੀ ਪੈਦਾ ਜ਼ਰੂਰ ਹੋਈ ਪਰ ਦਲਜੀਤ-ਸਤਵੰਤ ਨੇ ਕੋਈ ਅਜਿਹਾ ਕਦਮ ਵੀ ਨਾ ਚੁੱਕਿਆ ਜਿਸ ਨਾਲ ਬਾਪ ਦੀ ਪੱਗ ਨੂੰ ਕੋਈ ਆਂਚ ਆਵੇ ਪਰ ਹੰਕਾਰ ਵਿਚ ਅੰਨ੍ਹਾ ਹੋਇਆ ਵੱਡਾ ਸਰਦਾਰ ਫਿਰ ਵੀ ਅਖੌਤੀ ਅਣਖ ਖਾਤਰ ਸਤਵੰਤ ਨੂੰ ਮਰਵਾ ਦਿੰਦੈ। ਇਹ ਗੁੰਮਨਾਮ ਕਤਲ ਉਸ ਹਵੇਲੀ ਦੀ ਤਬਾਹੀ ਦਾ ਕਾਰਨ ਹੋ ਨਿਬੜਦਾ ਹੈ।
ਬੈਂਕ ਮੈਨੇਜਰ ਕਾਂਤੀ ਆਪਣੇ ਪਿਛਲੇ ਜਨਮ ਦੇ ਵਡੇਰਿਆਂ ਦੇ ਪਾਪ ਕਰਮਾਂ ਨੂੰ ਜਪ-ਤਪ ਨਾਲ ਸਾਫ਼ ਕਰ ਕੇ ਸਤਵੰਤ ਦੀ ਪ੍ਰੇਤ ਆਤਮਾ ਨੂੰ ਮੁਕਤੀ ਦਿਵਾਉਣ ਵਿਚ ਸਫਲ ਹੋ ਜਾਂਦਾ ਹੈ। ਇਸ ਨਾਵਲ ਦਾ ਬਹੁਤ ਸਾਰਾ ਬਿਰਤਾਂਤ ਤਰਕਸ਼ੀਲ ਵਿਚਾਰਧਾਰਾ ਤੋਂ ਕਾਫੀ ਦੂਰ ਹੈ। ਨਾਵਲਕਾਰ ਦੇ ਆਪਣੇ ਸੁਤੰਤਰ ਵਿਚਾਰ ਹਨ। ਇਨ੍ਹਾਂ ਵਿਚਾਰਾਂ ਨਾਲ ਪਾਠਕਾਂ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਇਕ ਵੱਖਰਾ ਵਿਸ਼ਾ ਹੈ। ਉਂਜ ਬਹੁਤ ਹੀ ਰੌਚਿਕ ਸ਼ੈਲੀ ਵਾਲਾ ਇਹ ਨਾਵਲ ਅੱਗੇ ਕੀ ਹੋਵੇਗਾ, ਲੱਭਣ ਲਈ ਪਾਠਕ ਨੂੰ ਆਦਿ ਤੋਂ ਅੰਤ ਤੱਕ ਆਪਣੇ ਨਾਲ ਜੋੜਨ ਵਿਚ ਸਮਰੱਥ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
ਫ ਫ ਫ

ਵਾਰਤਕ ਵੰਨਗੀ
ਲੇਖਿਕਾ : ਡਾ: ਕਮਲੇਸ਼ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 98149-02564.

ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ। ਪੁਸਤਕ ਵਿਚਲੇ 27 ਨਿਬੰਧਾਂ ਵਿਚੋਂ ਬੌਧਿਕਤਾ, ਸੁਹਿਰਦਤਾ ਅਤੇ ਭਾਵੁਕਤਾ ਝਲਕਦੀ ਹੈ। ਇਹ ਲੇਖਿਕਾ ਦੇ ਲੰਮੇ ਤਜਰਬੇ ਅਤੇ ਅਨੁਭਵ ਵਿਚੋਂ ਨਿਕਲੇ ਹੋਏ ਹਨ। ਇਨ੍ਹਾਂ ਦਾ ਦਾਇਰਾ ਜ਼ਿੰਦਗੀ ਵਾਂਗ ਵਿਸ਼ਾਲ ਹੈ। ਬੇਬਾਕੀ, ਦਿਆਨਤਦਾਰੀ ਅਤੇ ਸਾਫ਼ਗੋਈ ਕਾਰਨ ਇਹ ਸਿੱਧਾ ਦਿਲਾਂ 'ਤੇ ਅਸਰ ਕਰਦੇ ਹਨ। ਜਿਥੇ ਗਹਿਰ ਗੰਭੀਰ ਸਮੱਸਿਆਵਾਂ ਨੂੰ ਵਿਚਾਰਿਆ ਗਿਆ ਹੈ, ਉਤੇ ਹਾਸਰਸ ਦੀ ਚਾਸ਼ਨੀ ਨਾਲ ਮਿਠਾਸ ਵੀ ਭਰ ਦਿੱਤੀ ਗਈ ਹੈ। ਲਿਖਣ ਸ਼ੈਲੀ ਸਰਲ, ਸਪੱਸ਼ਟ, ਮੁਹਾਵਰੇਦਾਰ ਅਤੇ ਪ੍ਰਭਾਵਸ਼ਾਲੀ ਹੈ। ਲੇਖਾਂ ਵਿਚ ਬਹੁਤ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ, ਜਿਵੇਂ ਔਰਤ ਦੀ ਅਜ਼ਮਤ, ਲੋਕਰਾਜ ਅਤੇ ਭ੍ਰਿਸ਼ਟਾਚਾਰ, ਟੀ.ਵੀ. ਉੱਤੇ ਸ਼ੋਰ ਅਤੇ ਹਿੰਸਾ, ਅਸੀਂ ਅਤੇ ਅੰਗਰੇਜ਼, ਲਿਫ਼ਾਫ਼ਿਆਂ ਦੀ ਸਰਦਾਰੀ, ਅਜੋਕੀ ਅਖੌਤੀ ਗਾਇਕੀ, ਸੈਮੀਨਾਰੀ ਸੱਭਿਆਚਾਰ ਆਦਿ। ਇਹ ਨਿਬੰਧ ਸਾਡੇ ਚਿੰਤਨ, ਚੇਤਨਾ ਅਤੇ ਸੰਵੇਦਨਾ ਨੂੰ ਟੁੰਬਦੇ ਹਨ। ਇਨ੍ਹਾਂ ਵਿਚੋਂ ਡੂੰਘੀ ਸਿਆਣਪ, ਵੇਦਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਝਲਕਦੀ ਹੈ। ਪੌਣ ਪਾਣੀ ਦਾ ਗੰਧਲਾਪਣ, ਮਨੁੱਖੀ ਮਨਾਂ ਵਿਚ ਪਨਪਦੇ ਵਿਕਾਰ, ਸਬੰਧਾਂ ਦਾ ਵਿਸ਼ੈਲਾਪਣ, ਔਰਤਾਂ ਪ੍ਰਤੀ ਵਧਦੀ ਦਰਿੰਦਗੀ ਚਿੰਤਾ ਦੇ ਵਿਸ਼ੇ ਹਨ। ਇਨ੍ਹਾਂ ਪ੍ਰਤੀ ਜਾਗਰੂਕ ਕਰ ਕੇ ਲੇਖਿਕਾ ਨੇ ਆਪਣਾ ਫ਼ਰਜ਼ ਨਿਭਾਇਆ ਹੈ। ਪਾਠਕਾਂ ਨੇ ਆਪਣਾ ਫ਼ਰਜ਼ ਨਿਭਾਉਣਾ ਹੈ। ਇਸ ਮੌਤ ਵਰਗੀ ਹਨੇਰੀ ਜ਼ਿੰਦਗੀ ਨੂੰ ਚਾਨਣ ਚਿਰਾਗਾਂ ਨਾਲ ਜਗਮਗਾਉਣਾ ਹੈ। ਆਪਣੇ ਵਿਰਸੇ, ਸੱਭਿਆਚਾਰ, ਨੈਤਿਕਤਾ ਅਤੇ ਮਾਤ ਭਾਸ਼ਾ ਨੂੰ ਬਚਾਉਣਾ ਹੈ। ਵਿਸ਼ਵੀਕਰਨ ਦੇ ਦੌਰ ਵਿਚ ਸਾਡੀਆਂ ਕਦਰਾਂ-ਕੀਮਤਾਂ, ਧਰਮ-ਕਰਮ, ਸਦਾਚਾਰ ਡੁੱਬ ਰਹੇ ਹਨ। ਪੌਪ ਗਾਇਕੀ ਨੇ ਪੰਜਾਬੀ ਨੂੰ ਰੂਹ ਵਿਹੂਣੀ ਕਰ ਦਿੱਤਾ ਹੈ। ਮੰਡੀਕਰਨ ਦੀ ਹਨੇਰੀ ਨੇ ਸਾਡੇ ਮਹਾਨ ਗੌਰਵਸ਼ਾਲੀ ਜੀਵਨ ਮੁੱਲਾਂ ਨੂੰ ਵੀ ਮੰਡੀ ਦੀ ਵਸਤੂ ਬਣਾ ਦਿੱਤਾ ਹੈ। ਇਹ ਪੁਸਤਕ ਸਾਨੂੰ ਇਨ੍ਹਾਂ ਵਾਵਰੋਲਿਆਂ ਤੋਂ ਸੁਚੇਤ ਕਰਦੀ ਹੈ। ਇਹ ਪੜ੍ਹਨਯੋਗ, ਸਾਂਭਣਯੋਗ ਅਤੇ ਵਿਚਾਰਨਯੋਗ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

27-10-2018

 ਕਰਾਂਤੀਕਾਰੀ ਯੋਧਾ
ਰਾਮ ਪ੍ਰਸਾਦ ਬਿਸਮਿਲ

ਲੇਖਕ : ਪ੍ਰੇਮ ਗੋਰਖੀ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 0172-2577798.

ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਇਹ ਜੀਵਨੀ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰੇਮ ਗੋਰਖੀ ਦੀ ਰਚਨਾ ਹੈ। ਇਹ ਪੁਸਤਕ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ 'ਰਿਸ਼ੀ ਪਰੰਪਰਾ ਦੇ ਵਾਹਕ' ਪੁਸਤਕ ਲੜੀ ਅਧੀਨ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਲੜੀ ਦਾ ਮਨੋਰਥ ਨਵੀਂ ਪੀੜ੍ਹੀ ਵਿਚ 'ਰਾਸ਼ਟਰੀ ਚਰਿੱਤਰ' ਦਾ ਸੰਚਾਰ ਕਰਨਾ ਹੈ। ਇਸ ਪੁਸਤਕ ਦਾ ਦੀਰਘ ਅਧਿਐਨ ਕਰਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਪੁਸਤਕ ਦੀ ਜ਼ਿਆਦਾਤਰ ਸਮੱਗਰੀ ਦਾ ਆਧਾਰ ਸ਼ਹੀਦ ਬਿਸਮਿਲ ਦੀ 'ਸਵੈ-ਜੀਵਨੀ' ਹੈ। ਇਹ ਸਵੈ-ਜੀਵਨੀ ਬਿਸਮਿਲ ਨੇ ਕਾਲ ਕੋਠੜੀ ਵਿਚ ਬੈਠਿਆਂ ਜੇਲ੍ਹ ਅਧਿਕਾਰੀਆਂ ਤੋਂ ਨਜ਼ਰ ਬਚਾ ਕੇ ਰਜਿਸਟਰ ਦੇ ਆਕਾਰ ਦੇ ਕਾਗਜ਼ਾਂ ਉੱਪਰ ਫਿੱਕੀ ਪੈਂਸਲ ਨਾਲ ਲਿਖੀ ਸੀ। ਹਥੋ-ਹੱਥੀਂ ਚਲਦੀ ਇਹ ਹੱਥ ਲਿਖਤ ਪ੍ਰਤਾਪ ਪ੍ਰੈੱਸ ਕਾਹਨਪੁਰ ਵਲੋਂ 'ਕਾਕੋਰੀ ਕੇ ਸ਼ਹੀਦ' ਨਾਂਅ ਹੇਠ ਛਾਪੀ ਗਈ। ਪ੍ਰੇਮ ਗੋਰਖੀ ਵਲੋਂ ਰਚਿਤ ਜੀਵਨੀ ਉਸੇ ਸਵੈ-ਜੀਵਨੀ ਦਾ ਰੂਪਾਂਤਰਣ ਜਾਪਦੀ ਹੈ ਕਿਉਂ ਜੋ ਥਾਂ ਪੁਰ ਥਾਂ ਬਿਸਮਿਲ ਦੇ ਜੀਵਨ ਵਿਚ ਵਾਪਰੀਆਂ ਅਧਿਕਤਰ ਘਟਨਾਵਾਂ ਦਾ ਬਿਰਤਾਂਤ ਅਨ੍ਰਯ ਪੁਰਖੀ ਸ਼ੈਲੀ ਦੇ ਨਾਲ-ਨਾਲ ਬਿਸਮਿਲ ਦੇ ਸ਼ਬਦਾਂ ਨੂੰ ਪੁੱਠੇ ਕਾਮਿਆਂ ਵਿਚ ਉੱਤਮ ਪੁਰਖੀ ਸ਼ੈਲੀ ਵਿਚ ਵੀ ਪ੍ਰਸਤੁਤ ਕੀਤਾ ਗਿਆ ਹੈ।
ਇਸ ਪੁਸਤਕ ਦੇ 24 ਕਾਂਡਾਂ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਬਿਸਮਿਲ ਦਾ ਜਨਮ 1897 ਵਿਚ ਹੋਇਆ ਹੈ ਅਤੇ 1927 ਵਿਚ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਉਹ ਕੱਟੜ ਆਰੀਆ ਸਮਾਜੀ ਸੀ। ਅੰਗਰੇਜ਼ ਸਰਕਾਰ ਨੇ ਉਸ ਨੂੰ ਖ਼ਤਰਨਾਕ ਕ੍ਰਾਂਤੀਕਾਰ ਸਮਝਦਿਆਂ ਕਿਸੇ ਵੀ ਨਿਆਇਕ ਅਦਾਲਤ ਦੀ ਪੱਧਰ 'ਤੇ ਮੁਆਫ਼ ਕਰਨਾ ਜਾਂ ਸਜ਼ਾ ਘੱਟ ਕਰਨ ਦੀਆਂ ਸਭ ਅਪੀਲਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਉਸ ਨੂੰ ਦੁੱਖ ਸੀ ਕਿ ਉਸ ਦੇ ਕਈ ਕ੍ਰਾਂਤੀਕਾਰੀ ਸਾਥੀ ਉਸ ਵਿਰੁੱਧ ਵਾਅਦਾ ਮੁਆਫ਼ ਗਵਾਹ ਵਜੋਂ ਭੁਗਤੇ। ਕਾਕੋਰੀ ਰੇਲਵੇ ਡਾਕੇ ਸਮੇਂ ਸਰਕਾਰੀ ਖਜ਼ਾਨੇ ਦੀ ਲੁੱਟ ਉਸ ਦਾ ਸਭ ਤੋਂ ਵੱਡਾ ਗੁਨਾਹ ਹੋ ਨਿਬੜਿਆ। ਰਚਨਾ ਵਿਚੋਂ ਬਿਸਮਿਲ ਦੀ ਸ਼ਖ਼ਸੀਅਤ ਦੇ ਅਨੇਕਾਂ ਪੱਖ ਉਘੜਦੇ ਹਨ। ਮਸਲਨ : ਸਿਹਤ ਦਾ ਗਠੀਲਾ, ਦ੍ਰਿੜ੍ਹ ਇਰਾਦੇ ਵਾਲਾ, ਰੱਬ ਦਾ ਭਾਣਾ ਮੰਨਣ ਵਾਲਾ, ਪੁਨਰ ਜਨਮ ਵਿਚ ਵਿਸ਼ਵਾਸ ਕਰਨ ਵਾਲਾ, ਅਨੇਕਾਂ ਪੁਸਤਕਾਂ ਦਾ ਲੇਖਕ, ਇਨਕਲਾਬੀ ਸ਼ਾਇਰ, ਹਿੰਦੂ-ਮੁਸਲਿਮ ਇਤਿਹਾਸ ਦਾ ਪ੍ਰਤੀਕ, ਸੁਤੰਤਰਤਾ ਸੰਗਰਾਮੀ, ਵਿਰੋਧੀ ਦਾ ਵੀ ਜਾਨੀ ਨੁਕਸਾਨ ਨਾ ਕਰਨ ਵਾਲਾ, ਇਤਿਹਾਸਕ ਪ੍ਰਸਥਿਤੀ ਦਾ ਸ਼ਿਕਾਰ, ਖਿੜੇ ਮੱਥੇ ਔਕੜਾਂ ਜਰਨ ਵਾਲਾ ਆਦਿ। ਲੇਖਕ ਨੇ ਪੁਸਤਕ ਦੇ ਅੰਤ 'ਤੇ ਬਿਸਮਿਲ ਦੀ ਸ਼ਾਇਰੀ ਦਾ ਸੰਪਾਦਨ ਕੀਤਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਗੋਸ਼ਟਿ ਪੰਜਾਬ
ਕਰਤਾ : ਰਾਜਿੰਦਰਪਾਲ ਸਿੰਘ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295, ਸਫ਼ੇ : 162
ਸੰਪਰਕ : 98150-50617.

ਡਾ: ਰਾਜਿੰਦਰਪਾਲ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਇਕ ਪ੍ਰਬੁੱਧ ਅਤੇ ਜਾਗਰੂਕ ਪ੍ਰੋਫੈਸਰ ਹੈ। 'ਗੋਸ਼ਟਿ ਪੰਜਾਬ' ਵਿਚ ਪ੍ਰੋ: ਬਰਾੜ ਦੀਆਂ 13 ਗੋਸ਼ਟਾਂ ਸੰਕਲਿਤ ਹਨ, ਜਿਨ੍ਹਾਂ ਨੂੰ ਵਿਸ਼ੇ ਮੁਤਾਬਿਕ ਤਰਤੀਬ ਉਸ ਦੇ ਇਕ ਵਿਦਿਆਰਥੀ ਸਟਾਲਿਨਜੀਤ ਸਿੰਘ ਨੇ ਦਿੱਤੀ ਹੈ। ਇਨ੍ਹਾਂ ਗੋਸ਼ਟਾਂ ਵਿਚ ਲੇਖਕ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ, ਸਿਆਸਤ, ਪਰਵਾਸ, ਸੋਸ਼ਲ ਮੀਡੀਆ ਅਤੇ ਨੈਤਿਕਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ।
ਲੇਖਕ ਦੀ ਵਿਚਾਰਧਾਰਾ ਦਾ ਆਧਾਰ ਮਾਰਕਸਵਾਦੀ ਚਿੰਤਨ ਹੈ। ਅਸੀਂ ਸਾਰੇ ਮਾਰਕਸਵਾਦੀ ਅੰਦਾਜ਼ ਵਿਚ ਸੋਚਦੇ-ਵਿਚਾਰਦੇ ਹਾਂ ਪਰ ਡਾ: ਬਰਾੜ ਮਾਰਕਸਵਾਦ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਦੇ ਮਾਧਿਅਮ ਦੁਆਰਾ ਆਪਣੇ ਸਮਕਾਲੀ ਜਗਤ ਨੂੰ ਵੇਖਦਾ-ਵਿਚਾਰਦਾ ਹੈ। ਵਿਗਿਆਨ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਉਹ 'ਫਿਨਾਮੇਨਾ' ਨੂੰ ਗਹੁ ਨਾਲ ਵੇਖਣ ਤੋਂ ਬਾਅਦ ਹੀ ਆਪਣੇ ਸਿੱਟਿਆਂ ਦੀ ਸਥਾਪਨਾ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਫਿਲਹਾਲ ਪੰਜਾਬੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਜੇ ਇਹ ਬੋਲੀ ਰੁਜ਼ਗਾਰ ਦੀ ਭਾਸ਼ਾ ਨਾ ਬਣ ਸਕੀ ਤਾਂ ਹੌਲੀ-ਹੌਲੀ ਇਹ ਪਛੜਦੀ ਜਾਵੇਗੀ। ਉਸ ਨੂੰ ਪੰਜਾਬ ਦੀ ਅਜੋਕੀ ਸਿੱਖਿਆ ਪ੍ਰਣਾਲੀ ਉੱਪਰ ਗਿਲਾ ਹੈ ਕਿ ਇਹ ਸਭ ਬੱਚਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਨਹੀਂ ਕਰਦੀ। ਸਾਧਨ-ਸੰਪੰਨ ਅਤੇ ਅਮੀਰ ਲੋਕਾਂ ਦੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹ ਕੇ ਅੱਗੇ ਲੰਘ ਜਾਂਦੇ ਹਨ, ਜਦੋਂ ਕਿ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਕਿਸਾਨੀ ਦੇ ਭਵਿੱਖ ਬਾਰੇ ਗੱਲ ਕਰਦਾ ਹੋਇਆ ਉਹ ਕਹਿੰਦਾ ਹੈ ਕਿ ਅੱਜ ਦੇ ਦੌਰ ਵਿਚ ਕਿਸਾਨੀ ਨੇ ਮਰ ਜਾਣਾ ਹੈ ਅਤੇ ਮਰ ਵੀ ਜਾਣੀ ਚਾਹੀਦੀ ਹੈ। ਸਾਨੂੰ ਫ਼ਿਕਰ 'ਕਿਸਾਨ' ਲੋਕਾਂ ਨੂੰ ਬਚਾਉਣ ਦਾ ਕਰਨਾ ਚਾਹੀਦਾ ਹੈ। (ਪੰਨਾ 46)
ਇਸ ਗੋਸ਼ਟਿ ਵਿਚ ਬਹੁਤੇ ਪ੍ਰਸ਼ਨ ਸਟਾਲਿਨਜੀਤ ਸਿੰਘ ਨੇ ਹੀ ਪੁੱਛੇ ਹਨ ਪਰ ਕਈ ਕੁਝ ਹੋਰ ਜਗਿਆਸੂਆਂ ਨੇ ਵੀ ਪੁੱਛੇ ਸਨ। ਹਰ ਪ੍ਰਸ਼ਨ ਬੜਾ ਤਿੱਖਾ ਅਤੇ ਪ੍ਰਸੰਗਿਕ ਹੈ। ਕਈ ਪ੍ਰਸ਼ਨਾਂ ਦੇ ਉੱਤਰ ਪ੍ਰੋ: ਬਰਾੜ ਪਾਸ ਸਨ ਪਰ ਕਈਆਂ ਦੇ ਉੱਤਰ ਨਹੀਂ ਵੀ ਸਨ ਤਾਂ ਵੀ ਇਸ ਪੁਸਤਕ ਵਿਚੋਂ ਸਮਕਾਲੀ ਪੰਜਾਬ ਬਾਰੇ ਬੜੀਆਂ ਅਰਥਪੂਰਨ ਅੰਤਰਦ੍ਰਿਸ਼ਟੀਆਂ ਹਾਸਲ ਹੁੰਦੀਆਂ ਹਨ। ਇਸ ਦ੍ਰਿਸ਼ਟੀ ਤੋਂ ਇਹ ਪੁਸਤਕ ਗੋਸ਼ਟਿ-ਪਰੰਪਰਾ ਦਾ ਇਕ ਮਹੱਤਵਪੂਰਨ ਅੰਗ ਸਿੱਧ ਹੁੰਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਝਰੀਟਾਂ
ਲੇਖਕ : ਦਲਜੀਤ ਸਿੰਘ ਸ਼ਾਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 91
ਸੰਪਰਕ : 98141-29511.

ਹਥਲੇ ਕਹਾਣੀ ਸੰਗ੍ਰਹਿ ਵਿਚ ਲੇਖਕ ਦੀਆਂ 10 ਕਹਾਣੀਆਂ ਹਨ। ਸਮਰਾਲੇ ਦਾ ਵਸਨੀਕ ਹੋਣ ਕਰਕੇ ਉਸ ਦੀ ਕਹਾਣੀ 'ਤੇ ਮੰਟੋ ਦਾ ਪ੍ਰਭਾਵ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਲੇਖਕ ਦੇ ਆਪਣੇ ਕਿੱਤੇ ਦਾ ਪ੍ਰਭਾਵ ਵੀ ਕੁਝ ਕਹਾਣੀਆਂ ਵਿਚ ਹੈ ।
ਕਹਾਣੀ 'ਫੇਰ ਦੇਖ ਕਿਦਾਂ ਫਿਰਦਾ ਰੇਲਾ' ਵਿਚ ਇਹ ਸ਼ਬਦ ਇਕ ਪਾਤਰ ਦਾ ਤਕੀਆ ਕਲਾਮ ਹੈ। ਪਾਤਰ ਝੰਡਾ ਸਿੰਘ ਅਦਾਲਤੀ ਘੁੰਮਣਘੇਰੀ ਵਿਚ ਹੈ। ਉਸ ਨੂੰ ਕਈ ਥਾਵਾਂ 'ਤੇ ਪੈਸੇ ਦੇ ਕੇ ਕੰਮ ਕਰਾਉਣਾ ਪੈਂਦਾ ਹੈ। ਉਹ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹੈ। ਅਦਾਲਤੀ ਗੇੜ ਵਿਚ ਫਸਿਆ ਉਹ ਆਪਣੀ ਮੱਝ ਵੀ ਘੱਟ ਮੁੱਲ 'ਤੇ ਵੇਚ ਦਿੰਦਾ ਹੈ। 20-25 ਹਜ਼ਾਰ ਦੀ ਥਾਂ ਸਿਰਫ 10 ਹਜ਼ਾਰ ਵਿਚ। ਕਹਾਣੀ ਦਾ ਇਹ ਮਜਬੂਰ ਪਾਤਰ ਇਸ ਮੌਕੇ ਦਸਵੇਂ ਗੁਰੂ ਜੀ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਾ ਹੈ।
'ਉਸ ਦੇ ਬੋਲ ਆਪਣੀ ਹੋਂਦ ਬਚਾਉਣ ਲਈ ਦੁਨੀਆ ਵਿਚ ਲੜਨਾ ਪੈਂਦਾ ਝੰਡਾ ਸਿੰਹਾਂ', ਜ਼ਿੰਦਗੀ ਦੇ ਸੰਘਰਸ਼ ਵੱਲ ਸੇਧਿਤ ਹਨ। ਝਰੀਟਾਂ ਦਾ ਭਾਗ ਸਿੰਘ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਾ ਹੈ। ਉਸ ਦਾ ਕਿਰਤੀ ਕਾਮਾ ਉਸ ਤੋਂ ਟੁੱਟਾ ਜਿਹਾ ਸਾਈਕਲ ਲੈ ਕੇ ਹੀ ਖੁਸ਼ ਹੈ। ਸੌ ਰੁਪਏ ਵਿਚ ਉਹ ਚੱਲਣ ਜੋਗਾ ਬਣਾ ਲੈਂਦਾ ਹੈ ਪਰ ਦਿਲ ਵਿਚ ਉਹ ਆਪਣੀ ਗ਼ਰੀਬੀ ਤੇ ਭਾਗ ਸਿੰਘ ਦੀ ਅਮੀਰੀ ਬਾਰੇ ਸੋਚਦਾ ਹੈ।
ਕਹਾਣੀ 'ਮੈਰਾ ਖੇਰਿਆ ਵਾਲਾ' ਵਿਚ ਸਾਰਾ ਦ੍ਰਿਸ਼ ਅੱਤਵਾਦ ਸਮੇਂ ਦਾ ਹੈ। ਡਿਗੋ ਦਾ ਆਰੰਭ ਕਲਾਤਮਿਕ ਹੈ। ਉਤੇਜਨਾ ਵਾਲੇ ਸੰਵਾਦ ਤੋਂ ਸ਼ੁਰੂ ਹੋ ਕੇ ਕਹਾਣੀ ਮਨੁੱਖ ਦੀ ਇਕੱਲਤਾ ਨਾਲ ਜੁੜਦੀ ਹੈ। ਇਹ ਇਕੱਲਤਾ ਹੀ ਮਰਦ ਪਾਤਰ ਨੂੰ ਔਰਤ ਵੱਲ ਖਿੱਚਦੀ ਹੈ। ਇਸ ਲਈ ਉਸ ਨੂੰ ਬਚਪਨ ਤੋਂ ਮਿਲੇ ਮਾਂ ਬਾਪ ਦੇ ਕੁਰਖਤ ਬੋਲ ਕਹਾਣੀ ਵਿਚ ਇਸ ਲਿੰਗੀ ਝੁਕਾਅ ਦਾ ਕਾਰਨ ਵੀ ਬਣਦੇ ਹਨ। ਕਰੈਕਟਰਲੈੱਸ ਬਹੁਤ ਅੱਛੀ ਰਚਨਾ ਹੈ। ਨਵਾਂ ਨਜ਼ਰੀਆ ਇਹ ਹੈ ਕਿ ਦੋ ਪਾਤਰਾਂ ਦੀ ਲਿੰਗੀ ਖਿੱਚ ਤੋਂ ਪਾਰ ਭ੍ਰਿਸ਼ਟਾਚਾਰ ਵੀ ਕਰੈਕਟਰਲੈੱਸ ਹੋਣਾ ਹੈ। ਕਹਾਣੀਆਂ ਦੇ ਨਾਟਕੀ ਤੇ ਦਿਲਚਸਪ ਸੰਵਾਦ ਮੀਰੀ ਗੁਣ ਹਨ। ਬਾਬੂ, ਪੰਜ ਨਮਾਜ਼ੀ, ਗੁਆਚੀਆਂ ਚੀਜ਼ਾਂ, ਰੌਸ਼ਨਦਾਨ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਵਗਦੇ ਵਹਿਣ
ਕਵੀ : ਗੁਰਦੀਪ
ਪ੍ਰਕਾਸ਼ਕ : ਲੇਖਕ ਆਪ
ਸਫ਼ੇ : 80
ਸੰਪਰਕ : 098157-66442.

ਹਥਲੀ ਪੁਸਤਕ ਵਿਚ ਗੁਰਦੀਪ ਨੇ ਆਪਣੀਆਂ ਵਾਰਤਕ ਕਵਿਤਾਵਾਂ ਦਰਜ ਕੀਤੀਆਂ ਹਨ। ਉਸ ਦੀਆਂ ਕਵਿਤਾਵਾਂ ਦਾ ਰੰਗ ਅੰਤਰੀਵ ਆਤਮਾ ਦੇ ਭਾਵਾਂ ਨਾਲ ਸਬੰਧਿਤ ਹੈ। ਹਿਰਦੇ ਦੀ ਵੇਦਨਾ, ਖੁਸ਼ੀ ਗ਼ਮੀ ਤੋਂ ਬਿਨਾਂ ਸਮਾਜਿਕ ਵਿਡੰਬਨਾਵਾਂ, ਮਾਨਤਾਵਾਂ ਦੀ ਭੰਗਤਾ ਨੂੰ ਉਹ ਤੀਬਰਤਾ ਨਾਲ ਮਹਿਸੂਸ ਕਰਦਾ ਹੈ। ਕਵੀ ਗੁਰਦੀਪ ਦੀ ਕਵਿਤਾ ਵਿਚ ਪਰਸਾਦੀ ਤੱਤ ਬਹੁਲਤਾ ਨਾਲ ਮਿਲਦੇ ਹਨ। ਪਰਸਾਦੀ ਤੱਤ ਅਜਿਹੀ ਕਵਿਤਾ ਨੂੰ ਜਨਮ ਦਿੰਦੇ ਹਨ ਜੋ ਆਮ ਪਾਠਕ/ਸਰੋਤੇ ਦੀ ਸਮਝ ਦੇ ਮੇਚ ਦੇ ਹੁੰਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਖਿਆਲ (ਕਲਪਨਾ) ਦੀ ਪਵਿੱਤਰਤਾ, ਅਰਥਾਂ ਵਿਚ ਸਰਲਤਾ ਅਤੇ ਬਚਨਾਂ ਵਿਚ ਕੋਮਲਤਾ ਦਾ ਪ੍ਰਗਟਾਵਾ ਹੈ। ਇਹ ਕਵਿਤਾਵਾਂ ਕੋਈ ਪ੍ਰਸ਼ਨ ਖੜ੍ਹਾ ਨਹੀਂ ਕਰਦੀਆਂ ਸਗੋਂ ਸਥਿਤੀ ਦਾ ਸਹਿਜ ਵਰਨਣ ਕਰਦੀਆਂ, ਪਾਠਕ/ਸਰੋਤੇ ਨੂੰ ਮਨਨ ਕਰਨ ਵਾਸਤੇ ਉਤਸ਼ਾਹਤ ਕਰਦੀਆਂ ਹਨ ਅਤੇ ਮਨ ਨੂੰ ਤ੍ਰੇਲ ਵਾਂਗ ਤਾਜ਼ਗੀ ਬਖਸ਼ਦੀਆਂ ਹਨ। ਕਵਿਤਾ ਪੜ੍ਹਦਿਆਂ ਪਾਠਕ ਉਪਦੇਸ਼ ਦਾ ਤੱਤ ਵੀ ਮਹਿਸੂਸ ਕਰਦਾ ਹੈ। ਕਵੀ ਗੁਰਦੀਪ ਨੇ ਇਸ ਪੁਸਤਕ ਤੋਂ ਪਹਿਲਾਂ ਕੁਝ ਪੁਸਤਕਾਂ ਗ਼ਜ਼ਲਾਂ ਦੀਆਂ ਵੀ ਦਿੱਤੀਆਂ। ਇਸ ਲਈ ਉਸ ਦੀ ਕਵਿਤਾ ਵਿਚ ਭਾਵੇਂ ਬੰਦਿਸ਼ ਤਾਂ ਨਹੀਂ ਪਰ ਰਵਾਨੀ ਦਾ ਗੁਣ ਹੈ। ਹਥਲੀ ਪੁਸਤਕ ਦੇ ਮੁੱਖ ਬੰਦ ਵਿਚ ਕਵੀ ਨੇ ਗ਼ਜ਼ਲ ਨਾਲੋਂ ਖੁੱਲ੍ਹੀ ਕਵਿਤਾ ਨੂੰ ਵਿਸ਼ਾ-ਨਿਭਾਅ ਵਾਸਤੇ ਦਰੁਸਤ ਕਿਹਾ ਹੈ। ਉਹ ਕਹਿੰਦਾ ਹੈ, 'ਸ਼ਾਇਰੀ ਦੀ ਕਿਤਾਬ ਛਪਵਾਉਣਾ ਹੀ ਵੱਡਾ ਜੁਰਮ ਹੈਂਪੜ੍ਹਨ ਲਈ ਕੌਣ ਕਹੇ? ਉਸ ਦੀ ਕਵਿਤਾ ਦੇ ਕੁਝ ਨਮੂਨੇ ਹਾਜ਼ਰ ਹਨ
-ਨਵਾਂ ਸਾਲ/ਇਸ ਤਰਫ਼ ਨਹੀਂ ਆਇਆ/ਉਹ ਔਂਦਾ ਤੇ/ਨਵੇਂ ਕੱਪੜੇ ਪਾ ਕੇ ਆਉਂਦਾ/ਪਰ ਨਵੇਂ ਕੱਪੜੇ ਕਿੱਥੇ ਸੀ?/ਉਹ ਔਂਦਾ ਤਾਂ ਕੁਝ ਲੈ ਕੇ ਆਉਂਦਾ/ਖਾਲੀ ਹੱਥ ਕੀ ਮੂੰਹ ਵਿਖਾਉਂਦਾ/....' (ਨਵਾਂ ਸਾਲ)
-ਇਹ ਉਦਾਸੀ ਬਹੁਤ ਨਿੱਜੀ ਚੀਜ਼ ਹੈ/ਜੇ ਖੁਸ਼ੀ ਹੋਵੇ ਤਾਂ ਸਾਂਝੀ ਕਰ ਲਵਾਂ/ਇਹ ਉਦਾਸੀ ਰੁੱਸੀਆਂ ਰੁੱਤਾਂ ਦਾ ਪ੍ਰਛਾਵਾਂ ਨਹੀਂ/ਨਾ ਹੀ ਲੰਘੇ ਕਾਰਵਾਨਾਂ ਦੀ ਗਵਾਚੀ ਪੈੜ....'
ਪੁਸਤਕ ਦੀ ਬਣਤਰ ਵਿਚ ਕਈ ਉਕਾਈਆਂ ਹਨ। ਟਾਈਟਲ ਉੱਤੇ ਜਾਂ ਪੁਸਤਕ-ਪਿੱਠ ਉੱਤੇ ਕਵੀ ਦਾ ਨਾਂਅ ਨਹੀਂ। ਤਤਕਰਾ ਨਹੀਂ। ਪੁਸਤਕ ਬਾਰੇ ਕੋਈ ਜਾਣਕਾਰੀ ਨਹੀਂ। ਸੰਮਤ ਨਹੀਂ। ਅਨੇਕਾਂ ਗ਼ਲਤੀਆਂ (ਛਪਾਈ ਦੀਆਂ) ਹਨ। ਬਹੁਤ ਸਾਰੀਆਂ ਕਵਿਤਾਵਾਂ ਦੇ ਸਿਰਲੇਖ ਨਹੀਂ। ਕਵਿਤਾਂ ਰਲਗਡ ਹਨ। ਪ੍ਰਕਾਸ਼ਕ ਦਾ ਪਤਾ ਨਹੀਂ। ਕੀਮਤ ਵੀ ਨਹੀਂ ਲਿਖੀ ਗਈ।

ਂਸੁਲੱਖਣ ਸਰਹੱਦੀ
ਮੋ: 94174-84337
ਫ ਫ ਫ

ਵਾਅਦਿਆਂ ਤੋਂ ਵੈਤਰਨੀ ਤੱਕ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 094183-92845.

ਇਸ ਕਾਵਿ ਸੰਗ੍ਰਹਿ ਵਿਚ 40 ਕਵਿਤਾਵਾਂ ਹਨ, ਜਿਨ੍ਹਾਂ ਵਿਚੋਂ ਜੀਵਨ ਦੇ ਅਨੇਕਾਂ ਰੰਗ ਪ੍ਰਗਟ ਹੁੰਦੇ ਹਨ। ਕਵੀ ਨੇ ਜੀਵਨ ਵਿਚ ਜਿਨ੍ਹਾਂ ਤਲਖ ਹਕੀਕਤਾਂ, ਸੰਘਰਸ਼ ਅਤੇ ਮਿਹਨਤ, ਲਗਨ ਦਾ ਸਾਹਮਣਾ ਕੀਤਾ ਹੈ, ਉਸ ਦੇ ਕਾਵਿ ਸੰਗ੍ਰਹਿ ਵਿਚ ਇਹ ਸਭ ਅਨੁਭਵ ਸਾਹਮਣੇ ਆਏ ਹਨ।
ਆਧੁਨਿਕ ਜੀਵਨ ਜਾਚ ਵਿਚ ਮਨੁੱਖ ਦੇ ਅੰਦਰ ਪਸਰੀ ਬੇਚੈਨੀ ਅਤੇ ਦੂਜਿਆਂ ਲਈ ਸਮਾਂ ਨਾ ਹੋਣ ਦੀ ਭਾਵਨਾ ਕਵੀ ਦੀ ਕਲਮ ਰਾਹੀਂ ਜ਼ਾਹਿਰ ਹੋਈ ਹੈ। ਪਦਾਰਥਾਂ ਨਾਲ ਪਿਆਰ ਅਤੇ ਰਿਸ਼ਤਿਆਂ ਪ੍ਰਤੀ ਅਣਗਹਿਲੀ ਅਜੋਕੇ ਮਨੁੱਖ ਦਾ ਸੁਭਾਅ ਬਣ ਚੁੱਕਾ ਹੈ। ਲੇਖਕ ਨੇ ਇਸ ਚੀਜ਼ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ। ਫੇਸਬੁੱਕ, ਵਟਸਐਪ ਨੇ ਸਾਡੀ ਗੱਲਬਾਤ ਕਰਨ ਦੀ ਆਦਤ ਨੂੰ ਨਿਗਲ ਲਿਆ ਹੈ :
ਦੋਸਤ ਤਾਂ ਹੁੰਦੇ ਨੇ ਸੈਂਕੜੇ/ਫੇਸਬੁੱਕ ਉੱਤੇ
ਪਰ ਸੁੰਗੜ ਰਿਹਾ ਹੈ ਦੋਸਤੀ ਦਾ ਦਾਇਰਾ
ਦਿਨ ਪ੍ਰਤੀ ਦਿਨ ਵਕਤ ਦੀ ਚਾਲ
ਜਮਦੇ ਰਿਸ਼ਤਿਆਂ ਦੀ ਤਰ੍ਹਾਂ ਬਰਫ਼ ਦੇ ਤੋਦਿਆਂ ਵਾਂਗ!
ਕਵੀ ਨੇ ਸਮਾਜਿਕ ਵਿਸ਼ੇ ਜਿਵੇਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨਾਰੀ ਦਾ ਸ਼ੋਸ਼ਣ, ਪ੍ਰਦੂਸ਼ਣ ਦੀ ਸਮੱਸਿਆ, ਨਸ਼ੇ ਦੀ ਸਮੱਸਿਆ ਤੇ ਮਨੁੱਖ ਦਾ ਇਕੱਲਾਪਣ ਰਿਸ਼ਤਿਆਂ ਵਿਚ ਘਟਦੀ ਨੇੜਤਾ ਤੇ ਵਧ ਰਹੇ ਤਣਾਅ ਨੂੰ ਵੀ ਪ੍ਰਗਟਾਇਆ ਹੈ। ਅਜੋਕੇ ਦੌਰ ਵਿਚ ਮਾਨਵੀ ਕਦਰਾਂ ਕੀਮਤਾਂ ਦੇ ਪਤਨ ਨਾਲ ਤਕਨਾਲੋਜੀ 'ਚ ਘਿਰੇ ਮਨੁੱਖ ਦੀ ਹੋਂਦ ਕਵੀ ਨੂੰ ਬੜੀ ਓਪਰੀ ਅਤੇ ਵਿਖਾਵੇ ਭਰਪੂਰ ਜਾਪਦੀ ਹੈ। ਹਾਥੀ ਦੀ ਚਾਲ, ਵਾਅਦਿਆਂ ਤੋਂ ਵੈਤਰਨੀ ਤੱਕ, ਗੁਆਚੀ ਖੁਸ਼ਬੋ, ਇਕ ਹੋਰ ਵਰਦਾਨ, ਮਨੋਰੋਗ, ਸ਼ਾਹੀ ਸਵਾਰੀ, ਅਜਗਰ ਨਦੀਨ ਨਾਸ਼, ਬਾਜ਼ ਦੀ ਅੱਖ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਆਪਣੀ ਸ਼ਾਇਰੀ ਵਿਚ ਬੜੇ ਵਿਕੋਲੋਤਰੇ ਬਿੰਬ ਅਤੇ ਅਲੰਕਾਰ ਪ੍ਰਯੋਗ ਵਿਚ ਲਿਆਂਦੇ ਹਨ। ਨਵੇਂ ਯੁੱਗ ਦੇ ਨਵੇਂ ਵਿਸ਼ੇ ਹਨ ਪਰ ਪ੍ਰਾਕਿਰਤੀ ਨਾਲ ਕਵੀ ਦੀ ਸਾਂਝ ਬੜੀ ਅਟੁੱਟ ਹੈ। ਕਵੀ ਨੇ ਦੁੱਖ ਸੁੱਖ, ਵਿਛੋੜਾ ਮਿਲਾਪ, ਹਾਸੇ ਦੁੱਖ ਸਭ ਰੰਗ ਆਪਣੇ ਇਸ ਕਾਵਿ ਸੰਗ੍ਰਹਿ ਰਾਹੀਂ ਪ੍ਰਗਟਾਏ ਹਨ। ਰੁੱਖ, ਸਾਗਰ, ਜੰਗਲਾਂ, ਪੱਤੇ, ਲਹਿਰਾਂ, ਨਦੀਆਂ, ਤਾਰੇ ਚੰਨ ਆਦਿ ਪ੍ਰਤੀਕ ਬਿੰਬ ਆਪਮੁਹਾਰੇ ਹੀ ਕਵੀ ਦੀਆਂ ਰਚਨਾਵਾਂ ਵਿਚ ਆ ਗਏ ਹਨ। ਕਵੀ ਨੇ ਦਾਰਸ਼ਨਿਕ ਅਤੇ ਗਹਿਰ ਗੰਭੀਰ ਵਿਸ਼ਿਆਂ ਨੂੰ ਬੜੀ ਭਾਵੁਕਤਾ ਨਾਲ ਪ੍ਰਗਟਾਇਆ ਹੈ। ਮਨੁੱਖ ਦੇ ਲਾਲਸਾਵਾਂ ਭਰਪੂਰ ਆਪੇ ਦਾ ਪ੍ਰਗਟਾਵਾ ਕਰਦਿਆਂ ਕਵੀ ਅਚੇਤ ਤੌਰ 'ਤੇ ਹੀ ਪਾਠਕਾਂ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਚਾਹ ਪੀਉ ਜੀ!
ਲੇਖਕ : ਪਿਆਰਾ ਸਿੰਘ ਦਾਤਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 495 ਰੁਪਏ, ਸਫ਼ੇ : 254
ਸੰਪਰਕ : 098113-37763.

ਮਰਹੂਮ ਲੇਖਕ ਪਿਆਰਾ ਸਿੰਘ ਦਾਤਾ ਕਲਾਸੀਕਲ ਹਾਸ-ਵਿਅੰਗ ਧਾਰਾ ਵਿਚ ਸ਼ਾਮਿਲ ਸਨ। ਪੰਜਾਬੀ ਹਾਸ-ਵਿਅੰਗ ਪ੍ਰਤੀ ਉਨ੍ਹਾਂ ਵਲੋਂ ਦਿੱਤੀਆਂ ਸੇਵਾਵਾਂ ਕਾਰਨ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਸਪੁੱਤਰ ਦਾਤਾ ਜੀ ਦੀ ਹਰ ਨਵੀਂ ਪੀੜ੍ਹੀ ਦੇ ਪਾਠਕਾਂ ਨਾਲ ਸਾਂਝ ਪਵਾਉਣ ਹਿਤ ਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਛਾਪਦੇ ਆ ਰਹੇ ਹਨ। 'ਚਾਹ ਪੀਉ ਜੀ' ਉਨ੍ਹਾਂ ਵਲੋਂ ਰਚੇ ਲੇਖਾਂ ਦਾ ਸੰਪਾਦਨ ਕੀਤਾ ਗਿਆ ਹੈ। ਇਸ ਪੁਸਤਕ ਵਿਚ ਉਨ੍ਹਾਂ ਦੀਆਂ ਚਾਰ ਪੁਸਤਕਾਂ 'ਆਕਾਸ਼ਬਾਣੀ', 'ਜ਼ਿੰਦਾ ਸ਼ਹੀਦ', 'ਨਵਾਂ ਰੇਡੀਓ' ਅਤੇ 'ਮਿੱਠੀਆਂ ਟਕੋਰਾਂ' ਸ਼ਾਮਿਲ ਕੀਤੀਆਂ ਗਈਆਂ ਹਨ। ਦਾਤਾ ਜੀ ਆਪਣੇ ਲੇਖਾਂ ਵਿਚ ਇਹੋ ਜਿਹੀਆਂ ਸਥਿਤੀਆਂ ਜਾਂ ਘਟਨਾਵਾਂ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਹਾਸੇ ਦਾ ਦੌਰਾ ਪੈਣ ਲਗਦਾ ਹੈ। ਉਨ੍ਹਾਂ ਦੇ ਲੇਖਾਂ ਵਿਚ ਵਿਅੰਗ ਨਾਲੋਂ ਹਾਸੇ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ। ਇਨ੍ਹਾਂ ਲੇਖਾਂ ਵਿਚੋਂ 'ਲੂਣ ਦਾ ਪਹਾੜ', 'ਜ਼ਿੰਦਾ ਸ਼ਹੀਦ', 'ਆਜ਼ਾਦ ਹਿੰਦ ਡੇਅਰੀ ਫਾਰਮ', 'ਨਵਾਂ ਰੇਡੀਓ', 'ਮੈਂਡਾ ਵੋਟ ਕਮਲੀ ਆਲੇ ਆਂ' ਤੇ 'ਗੱਪਬਾਜ਼' ਅਜਿਹੇ ਲੇਖ ਹਨ ਜੋ ਆਪਣੇ ਸਮੇਂ ਵਿਚ ਬਹੁਤ ਜ਼ਿਆਦਾ ਪੜ੍ਹੇ ਤੇ ਸਲਾਹੇ ਗਏ ਸਨ। ਕਈ ਲੇਖਾਂ ਵਿਚ ਪਾਤਰਾਂ ਵਲੋਂ ਬੋਲੀ ਗਈ ਭਾਸ਼ਾ ਰਾਹੀਂ ਵੀ ਹਾਸ-ਰਸ ਦੀ ਉਤਪੱਤੀ ਕੀਤੀ ਗਈ ਹੈ। ਨਿਰੋਲ ਹਾਸ-ਰਸੀ ਰਚਨਾਵਾਂ ਤੋਂ ਇਲਾਵਾ ਉਨ੍ਹਾਂ ਦੀਆਂ ਰਚਨਾਵਾਂ ਵਿਚ ਵਿਅੰਗ ਦੀ ਟੇਢ ਵੀ ਸ਼ਾਮਿਲ ਹੋਈ ਮਿਲਦੀ ਹੈ। 'ਧਰਮਰਾਜ ਦੇ ਦਰਬਾਰ ਵਿਚ ਹਨੇਰਗਰਦੀ', 'ਆਜ਼ਾਦ ਹਿੰਦ ਡੇਅਰੀ ਫਾਰਮ', 'ਜ਼ਿੰਦਾ ਸ਼ਹੀਦ', 'ਨਵਾਂ ਬਿਜ਼ਨਸ' ਆਦਿ ਅਜਿਹੇ ਲੇਖ ਹਨ ਜਿਨ੍ਹਾਂ ਵਿਚ ਡੂੰਘੇ ਕਟਾਖਸ਼ ਅਤੇ ਵਿਅੰਗ ਦੀ ਵਰਤੋਂ ਕੀਤੀ ਗਈ ਹੈ। ਦਾਤਾ ਜੀ ਦੂਸਰਿਆਂ 'ਤੇ ਤਾਂ ਵਿਅੰਗ ਕੱਸਦੇ ਹੀ ਸਨ, ਖ਼ੁਦ ਆਪ 'ਤੇ ਵੀ ਵਿਅੰਗ ਚੋਟਾਂ ਕਰਦੇ ਰਹਿੰਦੇ ਸਨ। ਆਪਣੇ ਆਪ 'ਤੇ ਵਿਅੰਗ ਕਰਨਾ ਸਭ ਤੋਂ ਔਖਾ ਕਾਰਜ ਹੁੰਦਾ ਹੈ। ਦਾਤਾ ਜੀ ਨੇ ਇਹ ਵੀ ਕਰ ਵਿਖਾਇਆ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

20-10-2018

 ਸੰਸਾਰ ਪ੍ਰਸਿੱਧ ਖੇਡ ਕਹਾਣੀਆਂ
ਅਨੁਵਾਦਕ ਤੇ ਸੰਪਾਦਕ : ਗੁਰਮੇਲ ਮਡਾਹੜ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125, ਸਫੇ : 120
ਸੰਪਰਕ : 94630-67405.

ਇਸ ਹਥੱਲੀ ਪੁਸਤਕ ਵਿਚਲੀਆਂ ਕਹਾਣੀਆਂ ਖੇਡਾਂ ਪ੍ਰਤੀ ਜਨੂੰਨ, ਖੇਡਾਂ ਵਿਚ ਬਣੇ ਵਕਾਰ ਨੂੰ ਜਿਊਂਦਾ ਰੱਖਣ ਲਈ 'ਕਰੋ ਜਾਂ ਮਰੋ' ਨੀਤੀ ਅਮਲ ਵਿਚ ਲਿਆਉਣੀ, ਵਪਾਰੀਆਂ/ਜੁਆਰੀਆਂ ਵਲੋਂ ਖਿਡਾਰੀਆਂ ਨੂੰ ਖਰੀਦਣ ਦੇ ਕੋਝੇ ਯਤਨ ਅਤੇ ਸਰਵੋਤਮ ਖਿਡਾਰੀਆਂ ਵਲੋਂ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਖੇਡ ਪ੍ਰਤੀ ਸਮਰਪਿਤ ਭਾਵਨਾ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਆਪਣੇ ਦੇਸ਼/ਕੌਮ ਦੀ ਇੱਜ਼ਤ ਆਬਰੂ ਦੀ ਆਨ-ਸ਼ਾਨ ਕਾਇਮ ਰੱਖਣੀ ਆਦਿ ਭਾਵ ਪੂਰਤ ਵਿਸ਼ਿਆਂ ਪ੍ਰਤੀ ਬੜੀ ਸ਼ਿੱਦਤ ਨਾਲ ਬਾਤ ਪਾਉਂਦੀਆਂ ਹਨ।
ਕਹਾਣੀ 'ਖੂਨੀ ਮੈਚ' ਵਿਚ ਫੁੱਟਬਾਲ ਦੇ ਰੂਸੀ ਖਿਡਾਰੀਆਂ ਦਾ ਜੋਸ਼ ਮੱਠਾ ਕਰਨ ਲਈ ਧਮਕੀਆਂ ਤੇ ਪਰ ਜਿੱਤ 'ਤੇ ਜਿੱਤ ਦਰਜ ਕਰਨ ਬਦਲੇ ਜਰਮਨਾਂ ਵਲੋਂ ਰੂਸੀ ਜੇਤੂ ਖਿਡਾਰੀਆਂ ਦਾ ਸਮੂਹਿਕ ਰੂਪ ਵਿਚ ਕਤਲ ਕਰ ਦੇਣ ਦਾ ਹੌਲਨਾਕ ਬਿਰਤਾਂਤ, 'ਮਾਸ ਦਾ ਟੁਕੜਾ' ਵਿਚ ਮੁੱਕੇਬਾਜ਼ ਟਾਮਕਿੰਗ ਵਲੋਂ ਬੁਢਾਪੇ ਵਿਚ ਵੀ ਨੌਜਵਾਨ ਮੁੱਕੇਬਾਜ਼ ਸੈਂਡਲ ਨਾਲ ਜ਼ਬਰਦਸਤ ਟੱਕਰ ਲੈਣ ਦੇ ਬਾਵਜੂਦ ਹਾਰ ਜਾਣ ਕਾਰਨ ਰੋਟੀ ਜੋਗੀ ਰਾਸ਼ੀ ਵੀ ਨਸੀਬ ਨਾ ਹੋਣ ਦੀ ਤਰਾਸਦੀ, 'ਖਿਡਾਰੀ ਦਾ ਦਿਲ' ਵਿਚ ਡੈਨੀ ਜਿਸ ਨੂੰ ਵਿਰੋਧੀਆਂ ਵਲੋਂ ਬਾਸਟਿਕ ਬਾਲ ਮੈਚ ਫਿਕਸਿੰਗ ਕਰਨ ਦਾ ਲਾਲਚ ਦਿੱਤਾ ਜਾਂਦਾ ਹੈ ਪਰ ਸਖ਼ਤ ਬਿਮਾਰ ਹੋਣ ਦੇ ਬਾਵਜੂਦ ਉਹ ਬੜੇ ਉਤਸ਼ਾਹ ਨਾਲ ਖੇਡ ਕੇ ਮਾਣ ਮਤੇ ਖਿਡਾਰੀ ਵਜੋਂ ਜਿੱਤ ਆਪਣੀ ਟੀਮ ਦੀ ਝੋਲੀ 'ਚ ਪਵਾਉਂਦਾ ਹੈ ਅਤੇ 'ਏਕਲਵਯ' ਵਿਚ ਜੰਗ ਬਹਾਦਰ ਨੇ ਆਪਣੇ ਗੁਰੂ/ਉਸਤਾਦ ਵਲੋਂ ਮੰਗੀ ਗੁਰੂ ਦਕਸ਼ਣਾ ਨੂੰ ਅਸਵੀਕਾਰ ਕਰਕੇ ਗੁਰੂ-ਚੇਲੇ ਦੀ ਅਸਲ ਮਾਣ ਮਰਿਯਾਦਾ ਦਾ ਪ੍ਰਗਟਾਵਾ ਕਰਦਾ ਹੈ ਆਦਿ ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਇਸ ਪੁਸਤਕ ਦੀਆਂ ਸਿਖਰ ਹੋ ਨਿਬੜਦੀਆਂ ਹਨ।
ਆਸ ਹੈ ਕਿ ਇਹ ਪੁਸਤਕ ਖਿਡਾਰੀਆਂ ਨੂੰ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ, ਲਾਲਚ ਤੇ ਡਰਾਵਿਆਂ ਤੋਂ ਉਪਰ ਉਠਦਿਆਂ ਖੇਡ ਪ੍ਰਤੀ ਸਮਰਪਿਤ ਹੋ ਕੇ ਜੂਝਣ ਅਤੇ ਸਰਕਾਰਾਂ/ਖੇਡ ਪ੍ਰਸ਼ਾਸਕਾਂ ਨੂੰ ਖਿਡਾਰੀਆਂ ਪ੍ਰਤੀ ਉਨਾਂ ਦੀ ਬਣਦੀ ਜ਼ਿੰਮੇਵਾਰੀ (ਖ਼ਾਸ ਕਰਕੇ ਬੁਢਾਪੇ ਜਾਂ ਹੋਰ ਕਿਸੇ ਸੰਕਟ ਸਮੇਂ ਬਾਂਹ ਫੜਨੀ) ਬਾਰੇ ਸਾਰਥਿਕ ਸੁਨੇਹਾ ਦੇਣ ਵਿਚ ਜ਼ਰੂਰ ਸਫ਼ਲ ਹੋਵੇਗੀ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਪੰਜਾਬੀ ਬੋਲੀ ਦੇ ਵਿੱਸਰ ਗਏ ਤੇ ਵਿੱਸਰ ਰਹੇ ਸ਼ਬਦ
ਕੋਸ਼ਕਾਰ : ਜਤਿੰਦਰ ਪਨੂੰ
ਪ੍ਰਕਾਸ਼ਕ : ਨਿਊ ਬੁੱਕ ਕੰਪਨੀ, ਜਲੰਧਰ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98140-68455.

ਸ੍ਰੀ ਜਤਿੰਦਰ ਪਨੂੰ ਮੀਡੀਆ ਦੀ ਇਕ ਮਸ਼ਹੂਰੋ-ਮੌਰੂਫ਼ ਹਸਤੀ ਹੈ। ਹਥਲੀ ਪੁਸਤਕ ਵਿਚ ਉਸ ਨੇ ਪੰਜਾਬੀ ਬੋਲੀ ਦੇ ਕੁਝ ਉਨ੍ਹਾਂ ਸ਼ਬਦਾਂ ਨੂੰ ਇਕੱਤਰ ਕੀਤਾ ਹੈ, ਜੋ ਨਵੇਂ ਜ਼ਮਾਨੇ ਦੇ ਦਬਾਵਾਂ ਹੇਠ ਅਲੋਪ ਹੋ ਰਹੇ ਹਨ। ਨਵੀਂ ਸ਼ਬਦਾਵਲੀ ਹਾਸਲ ਕਰਨ ਦੀ ਕੋਸ਼ਿਸ਼ ਵਿਚ ਸਾਡੇ ਲੇਖਕਾਂ ਨੇ ਵੀ ਵਿਰਸੇ ਨੂੰ ਹੰਘਾਲਣ ਦੀ ਬਜਾਇ ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਸ਼ਬਦਾਂ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਬੋਲੀ ਦਾ ਟਕਸਾਲੀ ਅਤੇ ਆਂਚਲਿਕ ਮੁਹਾਵਰਾ ਕਾਫੀ ਬਦਲ ਗਿਆ ਹੈ। ਪਬਲਿਕ ਸਕੂਲਾਂ ਦੀ ਪੜ੍ਹੀ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ ਦੀ ਅਮੀਰ ਵਿਰਾਸਤ ਨਾਲ ਜੋੜੀ ਰੱਖਣ ਲਈ ਸ੍ਰੀ ਜਤਿੰਦਰ ਜੀ ਨੇ ਇਸ ਕੋਸ਼ ਨੂੰ ਪ੍ਰਕਾਸ਼ਿਤ ਕਰਵਾਇਆ ਹੈ।
ਪੁਸਤਕ ਦੀ ਸੰਖੇਪ ਜਿਹੀ ਭੂਮਿਕਾ ਵਿਚ ਲੇਖਕ ਨੇ ਸਾਫ਼ਗੋਈ ਤੋਂ ਕੰਮ ਲੈਂਦਿਆਂ ਇਹ ਲਿਖ ਦਿੱਤਾ ਹੈ ਕਿ ਉਹ ਕੋਈ ਭਾਸ਼ਾ ਵਿਗਿਆਨੀ ਨਹੀਂ ਹੈ ਅਤੇ (ਸ਼ਾਇਦ) ਇਸੇ ਕਾਰਨ ਇਹ ਕੋਸ਼ ਕੁਝ ਪਾਠਕਾਂ ਨੂੰ ਅਧੂਰਾ ਵੀ ਪ੍ਰਤੀਤ ਹੋ ਸਕਦਾ ਹੈ। ਉਸ ਨੇ ਸ਼ਬਦਾਂ ਦੀ ਵਿਉਂਤਪੱਤੀ ਬਾਰੇ ਲਿਖਣ ਤੋਂ ਸੰਕੋਚ ਕੀਤਾ ਹੈ। ਭਾਵੇਂ ਕਿਧਰੇ-ਕਿਧਰੇ ਕਿਸੇ ਸ਼ਬਦ-ਵਿਸ਼ੇਸ਼ ਨਾਲ ਸਬੰਧਿਤ ਮੁਹਾਵਰੇ-ਅਖਾਣ ਲਿਖ ਦਿੱਤੇ ਹਨ ਤਾਂ ਜੋ ਅਰਥ ਸਪੱਸ਼ਟ ਹੋ ਜਾਣ ਪਰ ਇਸ ਵਿਧੀ ਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕੀਤਾ ਗਿਆ। ਬਹੁਤ ਸਾਰੇ ਸ਼ਬਦ ਅਨੇਕ-ਅਰਥੀ ਹੁੰਦੇ ਹਨ, ਉਨ੍ਹਾਂ ਦੇ ਅਰਥ ਦੇਣ ਸਮੇਂ ਵੀ ਸਾਵਧਾਨੀ ਨਹੀਂ ਵਰਤੀ ਜਾ ਸਕੀ ਪਰ ਇਨ੍ਹਾਂ ਜਾਣ-ਬੁੱਝ ਕੇ ਛੱਡੇ ਖੱਪਿਆਂ ਦੇ ਬਾਵਜੂਦ ਇਹ ਕੋਸ਼ ਇਕ ਮਿਆਰੀ ਰਚਨਾ ਹੈ।
ਕੋਸ਼ ਦੀ ਵਿਉਂਤ ਅੱਖਰ-ਕ੍ਰਮ (ੳ, ਅ, ੲ) ਅਨੁਸਾਰ ਰੱਖੀ ਗਈ ਹੈ। ਬੋਲ-ਚਾਲ ਦੇ ਕਾਰਨ ਜਿਨ੍ਹਾਂ ਸ਼ਬਦਾਂ ਵਿਚ ਵਿਕਾਰ ਆ ਗਿਆ ਹੈ, ਉਨ੍ਹਾਂ ਦੀ ਤਫ਼ਸੀਲ ਅਤੇ ਇਤਿਹਾਸ ਬਿਆਨ ਕੀਤਾ ਗਿਆ ਹੈ। ਸ਼ਬਦਾਵਲੀ ਇਕੱਤਰ ਕਰਨ ਸਮੇਂ ਬੋਲਚਾਲ ਦੀ ਭਾਸ਼ਾ (ਪੈਰੋਲ) ਨੂੰ ਅਗਰਭੂਮੀ ਵਿਚ ਰੱਖਿਆ ਗਿਆ ਹੈ। ਇਸ ਕੋਸ਼ ਵਿਚ 2500 ਤੋਂ ਵੀ ਵੱਧ ਸ਼ਬਦਾਂ ਦੀਆਂ ਐਂਟਰੀਆਂ (ਇੰਦਰਾਜ), ਅਰਥਾਂ ਅਤੇ ਸੰਖੇਪ ਵਿਆਖਿਆ ਸਮੇਤ ਅੰਕਿਤ ਕੀਤੀਆਂ ਗਈਆਂ ਹਨ। ਅੱਜਕਲ੍ਹ ਦੇ ਹਰ ਪੰਜਾਬੀ ਲੇਖਕ ਅਤੇ ਪਾਠਕ ਲਈ ਇਹ ਪੁਸਤਕ ਇਕ ਸ੍ਰੋਤ-ਗ੍ਰੰਥ ਦੀ ਭੂਮਿਕਾ ਨਿਭਾਉਣ ਵਾਲੀ ਰਚਨਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਆਈ. ਸੀ. ਨੰਦਾ ਦੀ ਇਕਾਂਗੀ ਕਲਾ
ਇਕ ਅਧਿਐਨ
ਲੇਖਿਕਾ : ਪ੍ਰੋ: ਜੀਤ ਦੇਵਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ ਚ 95922-47956

ਨਿਰਸੰਦੇਹ ਹੋਰ ਵਿਧਾਵਾਂ ਦੀ ਤੁਲਨਾ ਵਿਚ ਪੰਜਾਬੀ ਵਿਚ ਨਾਟਕ/ਇਕਾਂਗੀ ਸਿਰਜਣਾ ਘਟ ਹੋ ਰਹੀ ਹੈ। ਮੰਚ ਦੇ ਵੀ ਵਿਕਾਸ ਦੀ ਸੰਭਾਵਨਾ ਵੀ ਹੈ। ਫਿਰ ਵੀ ਪੰਜਾਬੀ ਇਕਾਂਗੀ/ਨਾਟਕ ਦਾ ਅਧਿਐਨ ਕਾਲਜ ਦੇ ਵਿਦਿਆਰਥੀਆਂ ਲਈ ਅਨਿਵਾਰੀ ਹੈ। ਇਸੇ ਲੋੜ ਨੂੰ ਪੂਰਾ ਕਰਨ ਲਈ ਲੇਖਿਕਾ ਨੇ ਹੱਥਲੀ ਪੁਸਤਕ ਦੀ ਸਿਰਜਣਾ ਕੀਤੀ ਹੈ। ਇਸ ਕਿਤਾਬ ਨੂੰ ਲੇਖਿਕਾ ਦੀ ਐਮ. ਫਿਲ ਦੀ ਉਪਾਧੀ ਲਈ ਕੀਤੀ ਖੋਜ ਦਾ ਆਧਾਰ ਪ੍ਰਾਪਤ ਹੈ। ਇਹ ਪੁਸਤਕ ਪੰਜ ਕਾਂਡਾਂ ਵਿਚ ਵੰਡੀ ਗਈ ਹੈ। ਪਹਿਲੇ ਕਾਂਡ ਵਿਚ ਨੰਦਾ ਦੀ ਜੀਵਨੀ, ਨਾਟਕੀ ਪ੍ਰਤਿਭਾ ਦੇ ਵਿਕਾਸ 'ਤੇ ਪਏ ਕੁਝ ਪ੍ਰਭਾਵਾਂ ਦੀ ਚਰਚਾ ਕੀਤੀ ਗਈ ਹੈ। ਇਨ੍ਹਾਂ ਪ੍ਰਭਾਵਾਂ ਵਿਚ ਅਮਿੱਟ ਪ੍ਰਭਾਵ ਸ੍ਰੀਮਤੀ ਨੌਰਾ ਰਿਚਰਡਜ਼ ਦਾ ਹੈ। ਹੋਰ ਗੌਣ ਪ੍ਰਭਾਵਾਂ ਵਿਚ ਨੰਦਾ ਵਲੋਂ ਬਚਪਨ ਵਿਚ ਵੇਖੀਆਂ ਗਈਆਂ ਭੰਡਾਂ ਦੀਆਂ ਨਕਲਾਂ, ਰਾਸਧਾਰੀਆਂ ਦੀ ਰਾਸਾਂ ਅਤੇ ਪਾਰਸੀ ਥੀਏਟਰੀਕਲ ਕੰਪਨੀਆਂ ਦਾ ਪ੍ਰਭਾਵ ਹੈ। ਦੂਜੇ ਕਾਂਡ ਵਿਚ ਨੰਦਾ ਤੋਂ ਪਹਿਲਾਂ ਸਿਰਜੇ ਗਏ ਨਾਟਕਾਂ ਦਾ ਸਰਵੇਖਣ ਕੀਤਾ ਗਿਆ ਹੈ। ਆਧੁਨਿਕ ਸਮੇਂ ਦੀ ਨਾਟਕੀ-ਦ੍ਰਿਸ਼ਟੀ ਅਨੁਸਾਰ ਅਜਿਹੇ ਨਾਟਕਾਂ ਨੂੰ ਨਾਟਕ ਕਹਿਣਾ ਉਚਿਤ ਨਹੀਂ। ਤੀਜੇ ਕਾਂਡ ਵਿਚ ਨੰਦਾ ਦੇ ਸਿਰਜੇ ਨਾਟਕਾਂ/ਇਕਾਂਗੀਆਂ ਦੇ ਰਚਨਾ-ਕਾਲ ਅਤੇ ਵਿਸ਼ੇਗਤ ਅਧਿਐਨ ਪ੍ਰਸਤੁਤ ਹੈ। ਇਸ ਭਾਗ ਵਿਚ ਨੰਦਾ ਦੇ ਤਿੰਨ ਇਕਾਂਗੀ ਸੰਗ੍ਰਹਿਆਂ (ਲਿਸ਼ਕਾਰੇ, ਝਲਕਾਰੇ, ਚਮਕਾਰੇ) ਵਿਚ ਸ਼ਾਮਿਲ ਇਕਾਂਗੀਆਂ ਦਾ ਸਰਵਪੱਖੀ ਵਿਸਤ੍ਰਿਤ ਅਧਿਐਨ ਕੀਤਾ ਗਿਆ ਹੈ। ਸਿੱਧ ਕੀਤਾ ਗਿਆ ਹੈ ਕਿ ਵਿਸ਼ੇ ਸੁਧਾਰਵਾਦੀ ਅਤੇ ਯਥਾਰਥਵਾਦੀ ਹਨ ਜੋ ਸਮਕਾਲੀ ਜੀਵਨ ਦਾ ਪ੍ਰਤੀਬਿੰਬ ਭਰਵੇਂ ਰੂਪ ਵਿਚ ਉਜਾਗਰ ਕਰਦੇ ਹਨ। ਚੌਥਾ ਕਾਂਡ ਇਕਾਂਗੀਆਂ ਦੀ ਸਾਹਿਤਕ ਪਰਖ ਨਾਲ ਸਬੰਧਿਤ ਹੈ। ਇਸ ਵਿਚ ਇਕਾਂਗੀ ਦੇ ਪ੍ਰਮੁੱਖ ਤੱਤਾਂ (ਗੋਂਦ, ਪਾਤਰ ਉਸਾਰੀ, ਭਾਸ਼ਾ ਤੇ ਬੋਲੀ, ਵਾਤਾਵਰਨ, ਉਦੇਸ਼, ਵਾਰਤਾਲਾਪ ਅਤੇ ਰੰਗ ਮੰਚ) ਬਾਰੇ ਸਿਧਾਂਤਕ ਅਤੇ ਵਿਵਹਾਰਕ ਅਧਿਐਨ ਕੀਤਾ ਗਿਆ ਹੈ। ਇਕੱਲੇ ਇਕੱਲੇ ਇਕਾਂਗੀ ਦੇ ਗੁਣਾਂ/ਔਗੁਣਾਂ ਦੀ ਪਰਖ ਪ੍ਰਸਿੱਧ ਵਿਦਵਾਨਾਂ ਦੀਆਂ ਰਾਵਾਂ ਸਹਿਤ ਕੀਤੀ ਗਈ ਹੈ। ਆਖਰੀ ਕਾਂਡ ਵਿਚ ਨੰਦਾ ਦੇ ਰੰਗ-ਮੰਚ 'ਤੇ ਪਾਏ ਯੋਗਦਾਨ ਬਾਰੇ ਵਿਸ਼ੇਸ਼ ਤੌਰ 'ਤੇ ਫੋਕਸੀਕਰਨ ਕੀਤਾ ਗਿਆ ਹੈ। ਇਸ ਕਾਂਡ ਵਿਚ ਨੰਦਾ ਦੇ ਰੰਗਮੰਚ ਦੀਆਂ ਵਿਸ਼ੇਸ਼ਤਾਵਾਂ ਵਿਚਂਮੰਚ ਤੇ ਸਾਦਾ ਪਹਿਰਾਵਾ, ਸਾਦੀ ਅਤੇ ਘੱਟ ਸਮੱਗਰੀ, ਸਾਦੇ ਮੇਕ-ਅੱਪ, ਸੁਭਾਵਿਕ ਤੇ ਯਥਾਰਥਕ ਅਭਿਨਯ, ਰੋਜ਼ਾਨਾ ਬੋਲਚਾਲ ਦੇ ਸੰਵਾਦ ਬਾਰੇ ਨਿਸ਼ਾਨਦੇਹੀ ਕੀਤੀ ਗਈ ਹੈ। ਕੁੱੱਲ੍ਹ ਮਿਲਾ ਕੇ ਆਈ.ਸੀ. ਨੰਦਾ ਨੂੰ ਪੰਜਾਬੀ ਰੰਗ-ਮੰਚ ਅਤੇ ਇਕਾਂਗੀ ਕਲਾ ਦਾ ਬਾਨੀ ਪ੍ਰਵਾਨ ਕੀਤਾ ਗਿਆ ਹੈ। ਪੁਸਤਕ ਇਕਾਂਗੀ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਜ਼ਿੰਦਗੀ ਦਾ ਸਫ਼ਰ
ਗ਼ਜ਼ਲਕਾਰ : ਕਿਦਾਰ ਨਾਥ ਕਿਦਾਰ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-2577798.

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਨੇ 'ਹਰਿਆਣੇ ਦੇ ਹਾਸਲ' ਲੜੀ ਤਹਿਤ ਹਰਿਆਣੇ ਵਿਚ ਵਸਦੇ ਪੰਜਾਬੀ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਵਿਚ ਛਾਪਣ ਦੀ ਲੜੀ ਸ਼ੁਰੂ ਕੀਤੀ ਹੈ। ਕਿਦਾਰ ਨਾਥ ਕਿਦਾਰ ਦਾ ਗ਼ਜ਼ਲ ਸੰਗ੍ਰਹਿ 'ਜ਼ਿੰਦਗੀ ਦਾ ਸਫ਼ਰ' ਵੀ ਇਸੇ ਲੜੀ ਦਾ ਹਿੱਸਾ ਹੈ। ਕਿਦਾਰ ਪੰਜਾਬੀ ਦਾ ਪੁਰਾਣਾ ਗ਼ਜ਼ਲਕਾਰ ਹੈ ਜਿਸ ਨੇ ਜ਼ਿੰਦਗੀ ਵਿਚ ਲੰਬਾ ਸੰਘਰਸ਼ ਕੀਤਾ ਹੈ ਤੇ ਉਸ ਨੇ ਸਾਹਿਤ ਸਿਰਜਣ ਵਿਚ ਲਗਾਤਾਰਤਾ ਬਣਾਈ ਰੱਖੀ ਹੈ। ਆਪਣੀਆਂ ਗ਼ਜ਼ਲਾਂ ਦੀ ਸਿਰਜਣਾ ਕਰਦਿਆਂ ਕਿਦਾਰ ਨੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਸਥਾਨ ਦਿੱਤਾ ਹੈ, ਪਰ ਉਸ ਦਾ ਤਰਜੀਹੀ ਵਿਸ਼ਾ ਮੁਹੱਬਤ ਹੈ ਜਿਸ ਦੀ ਕਿਸੇ ਵੀ ਸੱਭਿਅਤਾ ਨੂੰ ਭੋਜਨ ਵਾਂਗ ਜ਼ਰੂਰਤ ਹੁੰਦੀ ਹੈ ਪਰ ਇਸ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਕਿਦਾਰ ਆਪਣੇ ਪਿਆਰੇ ਨੂੰ ਸੰਬੋਧਨੀ ਸੁਰ ਵਿਚ ਆਖਦਾ ਹੈ ਕਿ ਜੇ ਇਕ ਦੂਸਰੇ ਨੂੰ ਤਹਿ ਤੱਕ ਸਮਝਿਆ ਹੁੰਦਾ ਤਾਂ ਲੜਾਈ ਜਾਂ ਝਗੜਾ ਹੁੰਦਾ ਹੀ ਨਾ। ਉਹ ਕਹਿੰਦਾ ਹੈ ਕਿ ਕਿਸੇ ਬੱਚੇ ਨੂੰ ਹਸਾ ਦੇਣਾ ਪੂਜਾ ਨਾਲੋਂ ਬਿਹਤਰ ਹੈ। ਉਸ ਮੁਤਾਬਿਕ ਬਨੇਰਿਆਂ 'ਤੇ ਜਗਾਉਣ ਦੀ ਥਾਂ ਮਨ ਦਾ ਦੀਪਕ ਜਗਾਉਣ ਨਾਲ ਹੀ ਨਫ਼ਰਤ ਦਾ ਹਨ੍ਹੇਰਾ ਦੂਰ ਹੋ ਸਕਦਾ ਹੈ। ਗ਼ਜ਼ਲਕਾਰ ਆਪਣੀ ਦੂਸਰੀ ਗ਼ਜ਼ਲ ਵਿਚ ਆਖਦਾ ਹੈ ਕਿ ਜੇ ਮੇਰੇ ਖ਼ੂਨ ਨਾਲ ਈਰਖਾ ਦੀ ਅੱਗ ਬੁਝਦੀ ਹੈ ਤਾਂ ਮੈਂ ਇਨਕਾਰ ਨਹੀਂ ਕਰਦਾ। ਇੰਜ ਕਿਦਾਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਨਿਰਾਸ਼ਾ ਦੀ ਥਾਂ ਉਤਸ਼ਾਹੀ ਤੇ ਮੁਹੱਬਤ ਦੇ ਕਾਸਿਦ ਨਜ਼ਰ ਆਉਂਦੇ ਹਨ। ਕਿਦਾਰ ਨਾਥ ਕਿਦਾਰ ਪੰਜਾਬੀ ਦਾ ਮਾਣਮੱਤਾ ਗ਼ਜ਼ਲਕਾਰ ਹੈ। ਪਰ ਹਰ ਸਿਨਫ਼ ਸਮੇਂ-ਸਮੇਂ 'ਤੇ ਆਪਣਾ ਸਰੂਪ ਬਦਲਦੀ ਰਹਿੰਦੀ ਹੈ ਤੇ ਵਿਕਾਸ ਕਰਦੀ ਹੈ। ਕਲਮਕਾਰ ਨੂੰ ਆਪਣੀਆਂ ਕਿਰਤਾਂ ਦਾ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ ਤੇ ਲੋੜੀਂਦੀਆਂ ਸੋਧਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਸ ਪੁਸਤਕ ਵਿਚ ਕਿਦਾਰ ਦੀਆਂ ਬਹੁਤੀਆਂ ਪੁਰਾਣੀਆਂ ਗ਼ਜ਼ਲਾਂ ਹਨ ਜਿਨ੍ਹਾਂ 'ਤੇ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਸੀ। ਫਿਰ ਵੀ ਇਹ ਗ਼ਜ਼ਲ ਸੰਗ੍ਰਹਿ ਇਸ ਗੱਲ ਦੀ ਤਸੱਲੀ ਕਰਵਾਉਂਦਾ ਹੈ ਕਿ ਕਿਤੇ ਕੁਝ ਤਾਂ ਬਿਹਤਰ ਹੋ ਰਿਹਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮੈਂ ਲਕਸ਼ਮੀ ਮੈਂ ਹੀਜੜਾ
ਲੇਖਕ : ਲਕਸ਼ਮੀ ਨਰਾਇਣ ਤ੍ਰਿਪਾਠੀ
ਅਨੁਵਾਦਕ : ਕੁਲਵਿੰਦਰ ਸਿੰਘ ਮਲੋਟ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 98760-64576.

ਸਾਡੇ ਸਮਾਜ ਵਿਚ ਬਹੁਤ ਸਾਰੇ ਵਿਅਕਤੀ ਜਾਂ ਸਮੂਹ ਅਜਿਹੇ ਹਨ ਜਿਨ੍ਹਾਂ ਦੀ ਅਸਲੀਅਤ ਜਾਣਨ ਜਾਂ ਉਨ੍ਹਾਂ ਦੀ ਸਮਰਥਾ ਪਛਾਣਨ ਤੋਂ ਬਿਨਾਂ ਹੀ ਸਮਾਜ ਉਨ੍ਹਾਂ ਨੂੰ ਹਾਸ਼ੀਏ 'ਤੇ ਧੱਕ ਦਿੰਦਾ ਹੈ। ਉਨ੍ਹਾਂ ਨਾਲ ਮੁਕਾਬਲਤਨ ਵਿਵਹਾਰ ਵੀ ਮਾੜਾ ਕੀਤਾ ਜਾਂਦਾ ਹੈ। 'ਮੈਂ ਲਕਸ਼ਮੀ ਮੈਂ ਹੀਜੜਾ' 'ਲਕਸ਼ਮੀ ਨਰਾਇਣ ਤ੍ਰਿਪਾਠੀ' ਦੀ ਸਵੈ-ਜੀਵਨੀ ਹੈ, ਜਿਸ ਦਾ ਮਰਾਠੀ ਤੋਂ ਪੰਜਾਬੀ ਵਿਚ ਅਨੁਵਾਦ ਕੁਲਵਿੰਦਰ ਸਿੰਘ ਮਲੋਟ ਦੁਆਰਾ ਕੀਤਾ ਗਿਆ ਹੈ। ਲਕਸ਼ਮੀ ਦਾ ਜਨਮ ਦਾ ਨਾਂਅ ਲਕਸ਼ਮੀ ਨਰਾਇਣ ਉਰਫ਼ ਰਾਜੂ ਸੀ। ਭਾਵੇਂ ਕਿ ਪਰਿਵਾਰਕ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਹ ਬੜੇ ਸਾਬਤ ਕਦਮੀਂ ਆਪਣੇ ਕਿਸੇ ਮਿਸ਼ਨ ਦੀ ਪ੍ਰਾਪਤੀ ਲਈ ਆਪਣੇ ਫ਼ੈਸਲੇ 'ਤੇ ਅਡਿੱਗ ਰਹੀ। ਇਸ ਸਵੈ-ਜੀਵਨੀ ਵਿਚ ਲਕਸ਼ਮੀ ਨੇ ਇਸ ਗੱਲ ਨੂੰ ਬੜੀ ਦ੍ਰਿੜ੍ਹਤਾ ਨਾਲ ਸਵੀਕਾਰਿਆ ਹੈ ਕਿ ਸਾਡੇ ਸੱਭਿਅਕ ਸਮਾਜ ਲਈ 'ਹੀਜੜਾ' ਸ਼ਬਦ ਬੜੀ ਹੀਣ ਭਾਵਨਾ ਵਾਲਾ ਮੰਨਿਆ ਜਾਂਦਾ ਹੈ ਪਰ ਸਵੈ-ਮਾਣ ਵਾਲੀ ਜ਼ਿੰਦਗੀ ਜਿਊਂਦਿਆਂ ਮਨੁੱਖ ਆਪਣੇ ਬਲਬੂਤੇ ਜ਼ਿੰਦਗੀ ਦੀਆਂ ਉਚੇਰੀਆਂ ਮੰਜ਼ਿਲਾਂ ਵੀ ਸਰ ਕਰ ਸਕਦਾ ਹੈ। ਲਕਸ਼ਮੀ ਦੁਆਰਾ ਹੀਜੜਿਆਂ ਦੀ ਜ਼ਿੰਦਗੀ ਦੇ ਉਹ ਸੱਚ ਇਸ ਸਵੈ-ਜੀਵਨੀ ਦੁਆਰਾ ਸਾਹਮਣੇ ਲਿਆਂਦੇ ਗਏ ਹਨ ਜਿਹੜੇ ਕਿ ਸਾਡੇ ਲਈ ਕੇਵਲ ਮਿੱਥਾਂ ਹੀ ਸਨ। ਲਕਸ਼ਮੀ ਨੇ ਆਪਣੀ ਜ਼ਿੰਦਗੀ ਵਿਚ ਜਿਥੇ ਖ਼ੁਦ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੋਹਿਆ, ਉਥੇ ਵਿਦੇਸ਼ਾਂ ਵਿਚ ਜਾ ਕੇ ਵੀ ਆਪਣੀ ਸ਼ਖ਼ਸੀਅਤ ਦੀ ਛਾਪ ਛੱਡੀ। ਉਸ ਦੀਆਂ ਵਿਦੇਸ਼ੀ ਯਾਤਰਾਵਾਂ ਵਿਚ ਅਮਰੀਕਾ, ਹਾਲੈਂਡ, ਕੈਨੇਡਾ, ਸਪੇਨ ਅਤੇ ਹੋਰ ਬਹੁਤ ਸਾਰੇ ਮੁਲਕ ਆਉਂਦੇ ਹਨ, ਜਿਥੇ ਉਹ ਬਾਕਾਇਦਾ ਇਕ ਬੁਲਾਰੇ ਵਜੋਂ ਮਾਣ-ਸਨਮਾਨ ਵਾਲੀ ਸ਼ਖ਼ਸੀਅਤ ਦੇ ਰੂਪ ਵਿਚ ਸ਼ਿਰਕਤ ਕਰਦੀ ਹੈ। ਉਸ ਨੇ ਇਨ੍ਹਾਂ ਦੇ ਭਲਾਈ ਕਾਰਜਾਂ ਬਾਰੇ ਵੀ ਇਸ ਸਵੈ-ਜੀਵਨੀ ਵਿਚ ਜ਼ਿਕਰ ਕੀਤਾ ਹੈ ਵਿਸ਼ੇਸ਼ ਕਰਕੇ ਉਹ ਉਨ੍ਹਾਂ ਨੂੰ ਉਹ ਸਾਰੇ ਹੱਕ ਹੀ ਦਿਵਾਉਣਾ ਚਾਹੁੰਦੀ ਹੈ ਜੋ ਆਮ ਸ਼ਹਿਰੀ ਮਾਣਦਾ ਹੈ। ਵੱਖ-ਵੱਖ ਫ਼ਿਲਮਾਂ ਵਿਚ ਕੰਮ ਕਰਨ ਦਾ ਜ਼ਿਕਰ ਅਤੇ ਤਸਵੀਰਾਂ ਨਾਲ ਭਰਪੂਰ ਇਹ ਸਵੈ-ਜੀਵਨੀ ਕੁਲਵਿੰਦਰ ਮਲੋਟ ਦੀ ਮਿਹਨਤ ਦਾ ਨਤੀਜਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਫੱਕਰ ਦੀਆਂ ਰਮਜ਼ਾਂ
ਲੇਖਕ : ਟਹਿਲ ਸਿੰਘ ਚਾਹਲ
ਸੰਪਾਦਕ : ਪ੍ਰੋ: ਤਰਸੇਮ ਰਾਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94170-87544.

ਇਸ ਕਾਵਿ-ਸੰਗ੍ਰਹਿ ਵਿਚ ਲਗਪਗ 76 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਲੇਖਕ ਵਿਗਿਆਨੀ ਵਾਂਗ ਲੋਕ-ਮਨ ਦੀਆਂ ਸੁਭਾਵਿਕ ਰਮਜ਼ਾਂ ਤੇ ਸਰਲ ਸਾਧਾਰਨ ਵਿਹਾਰਾਂ ਪਿੱਛੇ ਲੁਪਤ ਗੁੱਝੇ ਕਾਰਕਾਂ ਦੇ ਕਾਰਨਾਂ, ਤੱਥਾਂ ਤੇ ਪ੍ਰਮਾਣਾਂ ਦੀ ਤਹਿ ਤੱਕ ਜਾਂਦਾ ਹੈ।' ਪਹਿਲੀ ਖੂਬੀ ਤਾਂ ਇਸ ਸੰਗ੍ਰਹਿ ਦੀ ਇਹ ਹੈ ਕਿ ਸਾਰੀਆਂ ਕਵਿਤਾਵਾਂ ਛੰਦ-ਬੱਧ ਹਨ ਅਤੇ ਲੋਕ ਸੱਚਾਈਆਂ ਨਾਲ ਸੰਜੋਈਆਂ ਪਈਆਂ ਹਨ। ਰੁੱਖ ਅਤੇ ਮਨੁੱਖ ਦੀ ਸਾਂਝ ਅਜ਼ਲੀ ਹੈ। ਪਰ ਅਜੋਕਾ ਮਨੁੱਖ ਰੁੱਖਾਂ ਦੀਆਂ ਨਿਆਮਤਾਂ ਤੋਂ ਬੇਨਿਆਜ਼ ਹੋ ਕੇ ਲਗਾਤਾਰ ਆਪਣੀ ਦੂਰੀ ਰੁੱਖਾਂ ਨਾਲ ਬਣਾਈ ਜਾ ਰਿਹਾ ਹੈ :
ਪੁਰਖਿਆਂ ਤਾਂ ਰੁੱਖ ਪਾਲੇ ਸੀ, ਵਾਂਗ ਪੁੱਤਾਂ ਦੇ...।
ਲੇਖਕ ਨੇ ਆਪਣੇ ਕਾਵਿਕ ਮੁਹਾਵਰੇ ਰਾਹੀਂ ਅਮਾਨਵੀ ਵਰਤਾਰਿਆਂ ਵਿਰੁੱਧ ਡੱਟਣ ਦਾ ਹੋਕਾ ਦਿੱਤਾ ਹੈ। ਉਹ ਵਰਤਾਰਾ ਬੇਸ਼ੱਕ ਵਰਨ-ਵਿਵਸਥਾ ਤਹਿਤ ਊਚ-ਨੀਚ ਦਾ ਹੋਵੇ, ਭਾਵੇਂ ਉਹ ਵਰਤਾਰਾ ਜਾਤ ਆਧਾਰਿਤ ਹੋਵੇ, ਬੇਸ਼ੱਕ ਉਹ ਵਰਤਾਰਾ 'ਗਲੋਬਲੀ', ਨਾਅਰੇ ਅਧੀਨ ਵਿਦੇਸ਼ੀ ਧਰਤੀ 'ਤੇ ਨਸਲਵਾਦ ਦੀ ਧਾਰਨਾ 'ਤੇ ਆਧਾਰਿਤ ਹੋਵੇ। ਉਹ ਜਿਥੇ ਮਨੁੱਖ ਦੀ ਰੁੱਖ ਨਾਲ ਸਾਂਝ ਦਾ ਪ੍ਰਗਟਾਵਾ ਕਰੇ ਭਾਵੇਂ ਉਹ ਮਨੁੱਖ ਦੀ ਮਨੁੱਖ ਨਾਲ ਸਾਂਝ ਦੀ ਬਾਤ ਪਾਵੇ, ਉਹ ਮਾਨਵੀ ਸੰਵੇਦਨਾ ਤਹਿਤ ਭਾਵੁਕਤਾ, ਸੂਖ਼ਮਤਾ, ਸਰਲਤਾ ਅਤੇ ਸਹਿਜਤਾ ਨਾਲ ਆਪਣੀ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ। ਅਖੌਤੀ ਬੌਧਿਕਤਾ ਦਾ ਉਹ ਹਾਮੀ ਨਹੀਂ ਹੈ, ਸਗੋਂ ਉਹ ਅਜੋਕੇ ਦੌਰ 'ਚ ਅਖੌਤੀ ਆਧੁਨਿਕਤਾ ਤਹਿਤ ਰਚੀ ਜਾ ਰਹੀ ਸਾਜਿਸ਼ ਦੇ ਖ਼ਿਲਾਫ਼ ਹੈ, ਸਗੋਂ ਉਹ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਦਾ ਸਮਰਥਕ ਬਣ ਇਨ੍ਹਾਂ ਨੂੰ ਸੰਭਾਲਣ 'ਤੇ ਬਲ ਦਿੰਦਾ ਹੈ। ਇਹ ਰਮਜ਼ਾਂ ਫੱਕਰਾਂ ਦੀਆਂ ਰਮਜ਼ਾਂ ਵਰਗੀਆਂ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

13-10-2018

 ਲਾਹੌਲ-ਸਪਿਤੀ ਦੀਆਂ ਕਹਾਣੀਆਂ
ਮੂਲ ਲੇਖਕ : ਮਨੋਹਰ ਸਿੰਘ ਗਿੱਲ
ਅਨੁਵਾਦਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 216.
ਸੰਪਰਕ : 98152-98459.

ਹਥਲੀ ਪੁਸਤਕ ਲਾਹੌਲ ਸਪਿਤੀ ਦੇ ਇਲਾਕੇ ਵਿਚ ਪ੍ਰਚਲਿਤ ਰਹੀਆਂ ਗਾਥਾਵਾਂ ਦਾ ਕਥਾਵਾਂ ਦੇ ਰੂਪਾਕਾਰ ਵਿਚ ਵਰਨਣ ਹੈ। ਮਨੋਹਰ ਸਿੰਘ ਗਿੱਲ 1960 ਈ. ਵਿਚ ਜਦੋਂ ਕਿ ਲਾਹੌਲ ਸਪਿਤੀ ਖੇਤਰ ਪੰਜਾਬ ਦਾ ਹਿੱਸਾ ਹੀ ਸੀ, ਜੋ 1966 'ਚ ਹਿਮਾਚਲ ਪ੍ਰਦੇਸ਼ ਦਾ ਹਿੱਸਾ ਹੋ ਗਿਆ, ਵਿਚ ਬਤੌਰ ਡਿਪਟੀ ਕਮਿਸ਼ਨਰ ਬਣ ਕੇ ਗਿਆ ਤਾਂ ਉਸ ਨੂੰ ਇਸ ਪਹਾੜੀ ਵਾਦੀ ਜੋ ਕਿ ਮੱਠਾਂ ਤੇ ਲਾਮਿਆਂ ਦੇ ਜਨਜੀਵਨ ਤੇ ਵਿਰਾਸਤੀ ਮਣਤ-ਮਨੌਤਾਂ ਨਾਲ ਭਰਪੂਰ ਸੀ, ਨੇ ਖੂਬ ਪ੍ਰਭਾਵਿਤ ਕੀਤਾ, ਜਿਸ ਦੇ ਸਿੱਟੇ ਵਜੋਂ ਇਸ ਲੇਖਕ ਨੇ ਸ਼ੇਰਿੰਗ ਦੋਰਜੇ ਅਤੇ ਇਸ ਇਲਾਕੇ ਦੇ ਕੁਝ ਅਧਿਆਪਕਾਂ ਜਾਂ ਹੋਰਨਾਂ ਸਬੰਧਿਤ ਲੋਕਾਂ ਤੋਂ ਉਥੋਂ ਦੀ ਰਹਿਣੀ-ਬਹਿਣੀ ਬਾਬਤ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਅਨੁਭਵਾਂ ਨੂੰ 'ਹਿਮਾਲੀਅਨ ਵੰਡਰਲੈਂਡ-ਟ੍ਰੈਵਲਜ਼ ਇਨ ਲਾਹੌਲ ਸਪਿਤੀ' ਨਾਮਕ ਪੁਸਤਕ ਵਿਚ ਅੰਕਿਤ ਕੀਤਾ। ਕੁਝ ਪੂਰਨ ਰੂਪ 'ਚ ਸੁਣੀਆਂ-ਪੜ੍ਹੀਆਂ ਗਾਥਾਵਾਂ ਅਤੇ ਕੁਝ ਅੰਸ਼ਕ ਮਾਤਰ ਯਾਦ ਹੋਈਆਂ ਨੂੰ ਆਪਣੀ ਕਲਪਨਾ ਸ਼ਕਤੀ ਜ਼ਰੀਏ ਮੁੜ ਚੇਤਿਆਂ ਵਿਚੋਂ ਉਭਾਰਿਆ ਤੇ ਪ੍ਰਕਾਸ਼ਿਤ ਕੀਤਾ। ਇਸ ਸਾਰੇ ਕਾਰਜ ਨੂੰ ਜਗਵਿੰਦਰ ਜੋਧਾ ਨੇ ਪੰਜਾਬੀ ਅਨੁਵਾਦ ਜ਼ਰੀਏ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪੁਸਤਕ ਵਿਚ ਅੰਕਿਤ ਬੱਤੀ ਕਹਾਣੀਆਂ ਮਹਿਜ਼ ਕਹਾਣੀਆਂ ਹੀ ਨਹੀਂ ਹਨ, ਲਾਹੌਲ ਅਤੇ ਸਪਿਤੀ ਦੀਆਂ ਪਹਾੜੀਆਂ, ਢਲਾਨਾਂ, ਵਾਦੀਆਂ, ਉਥੋਂ ਦੇ ਲੋਕਾਂ ਦਾ ਚੱਜ-ਆਚਾਰ, ਧਰਮ 'ਤੇ ਵਿਸ਼ਵਾਸ, ਅਨੁਸ਼ਠਾਨ, ਭੂਤਾਂ, ਪ੍ਰੇਤਾਂ, ਰਾਖਸ਼ਾਂ, ਰਾਖਸ਼ਣੀਆਂ, ਪਿੰਡਾਂ ਦੇ ਠਾਕਰਾਂ, ਧਾਰਮਿਕ, ਸਮਾਜਿਕ ਲੋਕਾਂ ਦੇ ਵਰਤਾਰਿਆਂ ਆਦਿ ਨੂੰ ਜਿਥੇ ਭੂਗੋਲਿਕ ਵਰਣਨ ਰਾਹੀਂ ਉਭਾਰਿਆ ਹੈ ਉਥੇ ਸੱਭਿਆਚਾਰਕ ਪੱਖਾਂ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਗਲ ਭਾਵੇਂ ਮਲਕਿਲਾਂ ਡੈਣ, ਬਰਸੀ ਨਾਲੇ ਦਾ ਭੂਤ, ਜ਼ਿੰਦਾ ਹੋਈ ਲਾਸ਼ ਜਾਂ ਓਨਪੂ ਤੇ ਭੂਤ ਦੀ ਹੋ ਰਹੀ ਹੋਵੇ, ਸਥਾਨਕ ਰੰਗਣ ਅਤੇ ਮਿਥਿਹਾਸਕ ਮਿੱਥਾਂ ਦਾ ਵਰਣਨ ਬਹੁਤ ਹੈ। ਇਸੇ ਤਰ੍ਹਾਂ ਜੋਗਣੀਆਂ ਦੀ ਦਾਅਵਤ, ਤਿੰਨ ਮਿੱਤਰ, ਰੋਹਤਾਂਗ ਦੱਰਾ, ਖਰਗੋਸ਼ ਤੇ ਸ਼ੇਰ, ਤਾਂਤ੍ਰਿਕ ਲਾਮਾ, ਤਿੰਨ ਚਿੜੀਆਂ, ਅਹਿਸਾਨਮੰਦ ਲੰਗੂਰ ਆਦਿ ਕਹਾਣੀਆਂ ਅਤਿ ਰੋਚਕ ਅਤੇ ਸਿੱਖਿਆਦਾਇਕ ਵੀ ਹਨ। ਸੱਚਮੁੱਚ ਇਹ ਪੁਸਤਕ ਭਾਰਤ ਦੇ ਇਕ ਗੌਲਣਯੋਗ ਖੇਤਰ ਦੀ ਅਣਮੋਲ ਸੱਭਿਆਚਾਰਕ ਵਿਰਾਸਤ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਸ੍ਰੀ ਰਾਮ ਗੀਤਾ
ਟੀਕਾਕਾਰ : ਸੁਆਮੀ ਗੰਗੇਸ਼ਵਰਾਨੰਦ ਗਿਰੀ
ਪ੍ਰਕਾਸ਼ਕ : ਸ਼ਿਵ ਬਾਣੀ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 99150-48001.

ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਸੁਆਮੀ ਜੀ ਭਾਰਤ ਦੇ ਪੌਰਾਣਿਕ ਵਿਰਸੇ ਨੂੰ ਗੁਰਮਤਿ ਦੇ ਪਰਿਪੇਖ ਵਿਚ ਰੱਖ ਕੇ ਵਿਸ਼ਲੇਸ਼ਿਤ ਕਰਦੇ ਹਨ। ਬੇਸ਼ੱਕ ਭਾਰਤ ਦਾ ਪ੍ਰਾਚੀਨ ਪੌਰਾਣਿਕ ਵਿਰਸਾ ਵਰਨ-ਆਸ਼ਰਮ ਵਿਵਸਥਾ ਵਿਚ ਵਿਸ਼ਵਾਸ ਰੱਖਦਾ ਹੈ ਪਰ ਸੁਆਮੀ ਜੀ ਇਸ ਵਿਚੋਂ ਸਰਬ-ਸਾਂਝੇ ਸੂਤਰਾਂ ਦੀ ਤਲਾਸ਼ ਕਰ ਲੈਂਦੇ ਹਨ। ਜੀਵਨ ਦੇ ਬੁਨਿਆਦੀ ਸੂਤਰਾਂ ਬਾਰੇ ਮਹਾਰਿਸ਼ੀ ਵੇਦ ਵਿਆਸ, ਸ੍ਰੀ ਤੁਲਸੀ ਦਾਸ ਅਤੇ ਹੋਰ ਪ੍ਰਾਚੀਨ ਆਚਾਰੀਆ ਕਿਵੇਂ ਸੋਚਦੇ ਸਨ, ਉਨ੍ਹਾਂ ਦੀ ਸੋਚ ਨੂੰ ਗੁਰਬਾਣੀ ਦੇ ਸਮਵਿੱਥ ਰੱਖ ਕੇ ਪ੍ਰਕਾਸ਼ਮਾਨ ਕੀਤਾ ਗਿਆ ਹੈ। ਇਹ ਤੁਲਨਾਤਮਕ ਟੀਕਾਕਾਰੀ ਦੀ ਇਕ ਪ੍ਰਾਚੀਨ ਪਧਤੀ ਹੈ। ਇਕ ਸਲੋਕ ਦਾ ਟੀਕਾ ਕਰਦੇ ਹੋਏ ਆਪ ਫੁਰਮਾਉਂਦੇ ਹਨ ਕਿ ਪੁਰਾਤਨ ਨੀਤੀ-ਸ਼ਾਸਤਰਕਾਰਾਂ ਨੇ ਮਨੁੱਖ ਜਾਤੀ ਨੂੰ 'ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ' (ਗੋਂਡ ਮਹਲਾ ੪, ਅੰਗ ੮੯੧) ਵਿਚ ਵੰਡਿਆ ਹੈ ਅਤੇ ਜੀਵਨ ਕਾਲ ਦੇ ਚਾਰ ਆਸ਼ਰਮ (ਬ੍ਰਹਮਚਰਜ, ਗ੍ਰਿਹਸਤ, ਬਾਨਪ੍ਰਸਥ ਅਤੇ ਸੰਨਿਆਸ) ਦੱਸੇ ਹਨ। ਸ੍ਰੀਰਾਮ ਜੀ ਦਾ ਕਹਿਣਾ ਹੈ ਕਿ ਮੁਕਤੀ ਦਾ ਇੱਛੁਕ ਸਾਧਕ ਆਪਣੇ ਵਰਨ ਅਤੇ ਆਸ਼ਰਮ ਅਨੁਸਾਰ ਆਪਣੇ ਸਾਰੇ ਕਰਤੱਵ ਨਿਭਾਏ। ਇਹ ਕਰਮ ਨਿਭਾਉਂਦਾ ਹੋਇਆ ਉਹ ਕਿਸੇ ਫਲ ਦੀ ਇੱਛਾ ਨਾ ਰੱਖੇ, ਕੇਵਲ ਭਗਤੀ ਅਤੇ ਪ੍ਰਭੂ-ਕੀਰਤਨ ਵਿਚ ਰੁਚੀ ਰੱਖੇ (ਕਾਹੂ ਫਲ ਕੀ ਇੱਛਾ ਨਹੀ ਬਾਛੈ॥... ਗਉੜੀ ਮਹਲਾ 5, ਅੰਗ 274) ਪੰਨਾ 11.
ਸੁਆਮੀ ਜੀ ਇਕ ਸਨਾਤਨੀ ਚਿੰਤਕ/ਸਾਧਕ ਹਨ। ਸਪੱਸ਼ਟ ਹੈ ਕਿ ਉਨ੍ਹਾਂ ਦੇ ਮੰਤਕ ਨਾਲ ਰੈਡੀਕਲ ਗੁਰਸਿੱਖ ਸਹਿਮਤ ਨਹੀਂ ਹੋ ਸਕਣਗੇ। ਅਜੋਕਾ ਦੌਰ ਵੱਖਰੇਵਿਆਂ ਦੁਆਰਾ ਸੱਚ ਤੱਕ ਪਹੁੰਚਣ ਦੀ ਗੱਲ ਕਰਦਾ ਹੈ, ਸਮਾਨਤਾਵਾਂ ਦੁਆਰਾ ਨਹੀਂ ਕਿਉਂਕਿ ਸਮਾਨਤਾਵਾਂ ਸੱਤਾਧਾਰੀ ਅਤੇ ਕੁਲੀਨਵਰਗੀ ਲੋਕਾਂ ਦੇ ਹਿਤਾਂ ਦੀ ਪੂਰਤੀ ਕਰਦੀਆਂ ਹਨ। ਪਰ ਮੈਂ ਏਨਾ ਜ਼ਰੂਰ ਕਹਾਂਗਾ ਕਿ ਸੁਆਮੀ ਜੀ ਇਕ ਨਿਰਛਲ ਅਤੇ ਸਰਬਸਾਂਝੀ ਪਹੁੰਚ-ਵਿਧੀ ਦੁਆਰਾ ਭਾਰਤ ਦੇ ਸਾਂਸਕ੍ਰਿਤਿਕ ਵਿਰਸੇ ਦਾ ਵਿਸ਼ਲੇਸ਼ਣ ਕਰਨ ਲਈ ਯਤਨਸ਼ੀਲ ਹਨ ਅਤੇ ਇਹ ਪੋਥੀ ਉਨ੍ਹਾਂ ਦੀ ਇਸੇ ਸੋਚ ਦਾ ਪਰਿਣਾਮ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਬਲਜੀਤ ਕੌਰ ਬੱਲੀ ਦੀ ਬਿਰਤਾਂਤ ਸੰਵੇਦਨਾ
ਸੰਪਾਦਕ : ਡਾ: ਪਰਮੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 198
ਸੰਪਰਕ : 94630-88272.

ਇਹ ਪੁਸਤਕ ਬੱਲੀ ਦੀਆਂ ਰਚਨਾਵਾਂ ਦਾ ਡੂੰਘਾ ਅਧਿਐਨ ਕਰਦੀ ਹੋਈ ਇਨ੍ਹਾਂ ਵਿਚਲੀ ਸੰਵੇਦਨਾ, ਦ੍ਰਿਸ਼ਟੀ, ਸ਼ਿਲਪੀ ਜੁਗਤਾਂ ਅਤੇ ਪਾਸਾਰਾਂ ਨੂੰ ਖੋਲ੍ਹਦੀ/ਪੇਸ਼ ਕਰਦੀ ਹੈ। ਪੁਸਤਕ ਨੂੰ ਚਾਰ ਹਿੱਸਿਆਂ ਵਿਚ ਵੰਡਦੇ ਹੋਏ ਲੇਖਕਾ ਦੇ ਨਾਵਲਾਂ, ਕਹਾਣੀ ਸੰਗ੍ਰਹਿ, ਸਵੈ-ਜੀਵਨੀ ਅਤੇ ਸਿਰਜਣ ਪ੍ਰਕਿਰਿਆ ਸਬੰਧੀ ਇਕ ਸੰਵਾਦ ਸਿਰਜਿਆ ਗਿਆ ਹੈ। ਪੰਜ ਨਾਵਲ, ਪੰਜ ਕਹਾਣੀ ਸੰਗ੍ਰਹਿ, ਇਕ ਸਵੈ-ਜੀਵਨੀ ਰਾਹੀਂ ਬਲਜੀਤ ਕੌਰ ਬੱਲੀ ਨੇ ਨਾਰੀ ਸੰਵੇਦਨਾ ਅਤੇ ਵੇਦਨਾ ਦੇ ਵਿਭਿੰਨ ਪੱਖਾਂ ਨੂੰ ਪ੍ਰਸਤੁਤ ਕੀਤਾ ਹੈ। ਪ੍ਰੋ: ਕਿਰਪਾਲ ਸਿੰਘ ਕਸੇਲ, ਗੁਰਬਚਨ ਸਿੰਘ ਭੁੱਲਰ, ਡਾ: ਗੁਰਨਾਇਬ ਸਿੰਘ, ਡਾ: ਸੁਰਿੰਦਰ ਕੁਮਾਰ ਦਵੇਸ਼ਵਰ, ਡਾ: ਜਗਬੀਰ ਸਿੰਘ, ਅਤੈ ਸਿੰਘ, ਡਾ: ਸੁਖਵਿੰਦਰ ਸਿੰਘ ਰੰਧਾਵਾ, ਡਾ: ਪਰਮਜੀਤ ਕੌਰ ਸਿੱਧੂ, ਡਾ: ਗੁਰਮੀਤ ਸਿੰਘ ਹੁੰਦਲ, ਡਾ: ਗੁਰਮੀਤ ਕੌਰ ਸੰਧੂ, ਡਾ: ਰਾਜਵਿੰਦਰ ਕੌਰ ਹੁੰਦਲ ਆਦਿ ਚਿੰਤਕਾਂ ਦੇ ਲੇਖ ਇਸ ਪੁਸਤਕ ਵਿਚ ਹਨ। ਸੰਪਾਦਕਾ ਪਰਮੀਤ ਕੌਰ ਅਨੁਸਾਰ, 'ਬਲਜੀਤ ਕੌਰ ਬੱਲੀ ਅਜਿਹੀ ਸੰਵੇਦਨਸ਼ੀਲ ਤੇ ਸੂਝਵਾਨ ਕਥਾਕਾਰ ਹੈ, ਜਿਹੜੀ ਨਾਰੀ ਦੇ ਅਸਤਿਤਵੀ ਪ੍ਰਸ਼ਨਾਂ ਬਾਰੇ ਨਾ ਤਾਂ ਉਲਾਰ ਦ੍ਰਿਸ਼ਟੀ ਰੱਖਦੀ ਤੇ ਨਾ ਹੀ ਉਹ ਸਾਡੇ ਪੇਂਡੂ ਸਮਾਜਿਕ ਸੱਭਿਆਚਾਰਕ ਬਣਤਰ ਵਿਚ ਮੰਗਵੇਂ ਸਿਧਾਂਤਾਂ ਜਾਂ ਵਿਚਾਰਾਂ ਦਾ ਅਨੁਕਰਨ ਕਰਦੀ ਹੋਈ ਕਲਾ ਹੀਣ ਜੁਗਤਾਂ ਦਾ ਪ੍ਰਪੰਚ ਰਚਦੀ ਹੈ।'
ਬੱਲੀ ਬਾਰੇ ਬੜੇ ਵਿਸਥਾਰ ਵਿਚ ਲਿਖੇ ਇਹ ਲੇਖ ਉਸ ਦੀਆਂ ਰਚਨਾਵਾਂ ਦੀ ਬਿਰਤਾਂਤਕ ਸੰਵੇਦਨਾ ਅਤੇ ਪਾਸਾਰਾਂ ਨੂੰ ਬੜੀ ਵਿਦਵਤਾ ਨਾਲ ਖੋਲ੍ਹਦੇ ਹਨ। ਬਲਜੀਤ ਕੌਰ ਬੱਲੀ ਬਾਰੇ ਸਾਰੇ ਲੇਖ ਇਕੱਠੇ ਕਰ ਕੇ ਸੰਪਾਦਕਾ ਨੇ ਵਧੀਆ ਕਾਰਜ ਕੀਤਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਬੁਝਦੇ ਦੀਵੇ ਦੀ ਲੋਅ
ਕਹਾਣੀਕਾਰਾ : ਵਰਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 96468-52416.

ਬੁਝਦੇ ਦੀਵੇ ਦੀ ਲੋਅ ਪੁਸਤਕ ਵਿਚ 51 ਕਹਾਣੀਆਂ ਹਨ। ਹਰ ਕਹਾਣੀ ਵਿਲੱਖਣ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਖਦੇ ਮਸਲੇ ਜਿਵੇਂ ਨਸ਼ੇ ਦੇ ਦੁਖਾਂਤ, ਧੀਆਂ ਦਾ ਜੰਮਣਾ ਇਕ ਸਰਾਪ, ਧੀਆਂ ਵਲੋਂ ਬਾਪ ਦੀ ਵੇਦਨਾ ਭਰੀ ਉਡੀਕ, ਮਾਂ ਦੀ ਮਮਤਾ, ਭਰਾ ਮਾਰੂ ਨੀਤੀ, ਪਰਾਏ ਹੱਕ 'ਤੇ ਕਾਂ ਅੱਖ ਰੱਖਣੀ, ਅਬਲਾ ਵਲੋਂ ਚੰਡੀ ਦਾ ਰੂਪ ਧਾਰਨਾ, ਜਾਣ ਬੁਝ ਕੇ ਕੰਮ ਵਿਚ ਰੁਕਾਵਟ ਪਾਉਣ ਦਾ ਪਾਗਲਪਨ/ਹੜਬੰਗਪੁਣਾ, ਬੇਗਾਨੇ ਲਈ ਖੱਡਾ ਖੋਦਣ ਦੀ ਕੋਸ਼ਿਸ਼ ਪਰ ਆਪਣੇ ਲਈ ਖੂਹ ਤਿਆਰ ਹੋ ਜਾਣਾ, ਚਾਪਲੂਸੀ ਤੇ ਅੰਧ-ਵਿਸ਼ਵਾਸ ਦੀ ਭਟਕਣਾ ਆਦਿ ਵਿਸ਼ਿਆਂ ਨੂੰ ਬੜੀ ਹੀ ਭਾਵਪੂਰਤ ਵਿਧਾ ਨਾਲ ਕਹਾਣੀਆਂ ਦੀ ਮਾਲਾ ਨੂੰ ਪਰੋਣ ਦੀ ਕਹਾਣੀਕਾਰਾ ਨੇ ਕੋਸ਼ਿਸ਼ ਕੀਤੀ ਹੈ।
ਭਾਵੇਂ ਇਹ ਪੁਸਤਕ ਮਿੰਨੀ ਕਹਾਣੀਆਂ ਨੂੰ ਸਮੇਟੀ ਬੈਠੀ ਹੈ ਪਰ ਮੇਰੀ ਜਾਚੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਦਾ ਨਿਵੇਕਲਾ ਉਪਰਾਲਾ ਹੈ। ਜਵਾਨ ਜਹਾਨ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ ਦੀ ਇਸ ਕਲਮ ਤੋਂ ਅਜੇ ਵੀ ਬਹੁਤ ਸਾਰੀਆਂ ਆਸਾਂ ਹਨ ਕਿ ਸਾਹਿਤ ਜਗਤ ਨੂੰ ਕੁਝ ਨਾ ਕੁਝ ਨਵਾਂ, ਨਿਵੇਕਲਾ ਤੇ ਕਦਰਾਂ-ਕੀਮਤਾਂ ਉਸਾਰੂ ਸਾਹਿਤ ਜ਼ਰੂਰ ਮਿਲਦਾ ਰਹੇਗਾ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858


ਚੁੱਪ ਮਹਾਂਭਾਰਤ
ਲੇਖਕ : ਪਰਮਜੀਤ ਢੀਂਗਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 143
ਸੰਪਰਕ : 94173-58120.

16 ਕਹਾਣੀਆਂ ਵਾਲੀ ਇਹ ਪੁਸਤਕ 'ਚੁੱਪ ਮਹਾਂਭਾਰਤ' ਕਾਵਿਕ ਸ਼ੈਲੀ ਵਿਚ ਹੈ। ਇਨ੍ਹਾਂ ਕਹਾਣੀਆਂ ਵਿਚ ਅਨੇਕਾਂ ਸਮਕਾਲੀ ਵਿਸ਼ਿਆਂ ਦਾ ਪ੍ਰਗਟਾਵਾ ਹੋਇਆ ਹੈ। ਇਨ੍ਹਾਂ ਕਹਾਣੀਆਂ ਦਾ ਗਹਿਨ ਅਧਿਐਨ ਕਰਦਿਆਂ ਕਥਾ-ਸੰਸਾਰ ਦੇ ਕਈ ਮਹੱਤਵਪੂਰਨ ਨੁਕਤੇ ਉਜਾਗਰ ਹੁੰਦੇ ਹਨ। ਲਗਪਗ ਸਾਰੀਆਂ ਕਹਾਣੀਆਂ ਦਾ ਆਰੰਭ ਪ੍ਰਕ੍ਰਿਤਕ ਦ੍ਰਿਸ਼ਾਂ ਦੀ ਫੈਕਟੀਸਿਟੀ ਨਾਲ ਹੁੰਦਾ ਹੈ। ਉਸ ਤਥਾਤਮਕਤਾ 'ਚੋਂ ਲਗਪਗ ਹਰ ਕਹਾਣੀ ਦਾ ਨਾਇਕ ਹੋਂਦ ਗ੍ਰਹਿਣ ਕਰਦਾ ਹੈ। ਕਹਾਣੀਆਂ 'ਚ ਦੋਵਾਂ ਕਿਸਮਾਂ ਮੋਹਿਨੀ ਮੰਤਰ ਦੇ ਪਾਤਰ (ਖ਼ੁਦਮੁਖਤਿਆਰ ਅਤੇ ਕਠਪੁਤਲੀ) ਪੇਸ਼ ਹੋਏ ਹਨ। ਸ਼ਬਦਾਂ ਅਤੇ ਵਾਕੰਸ਼ਾਂ ਵਿਚ ਕਹਾਣੀਆਂ ਦੇ ਅੰਤ 'ਤੇ ਡੂੰਘੇ ਅਰਥ ਉਜਾਗਰ ਹੋ ਜਾਂਦੇ ਹਨ ਜਿਵੇਂ ਵਿਚਲਾ ਰਾਹ, ਬੰਦ ਮੁੱਠੀ, ਸਰਾਭਾ ਨਗਰ ਵਾਲੀ ਸੜਕ ਇਤਿਆਦਿ। ਕਈ ਕਹਾਣੀਆਂ ਵਿਚ ਬੁਢਾਪੇ ਦੇ ਕਰੁਣਾਮਈ ਦ੍ਰਿਸ਼ ਪ੍ਰਸਤੁਤ ਕੀਤੇ ਗਏ ਹਨ। ਕਹਾਣੀਕਾਰ ਨੇ ਜਾਰਜ ਆਰਵੈਲ ਦੇ ਨਾਵਲ 'ਐਨੀਮਲ ਫਾਰਮ' ਦਾ ਪ੍ਰਭਾਵ ਕਬੂਲਿਆ ਪ੍ਰਤੀਤ ਹੁੰਦਾ ਹੈ ਜਿਸ ਦੇ ਫਲਸਰੂਪ ਵਿਅੰਗਾਤਮਕ/ਅਲੈਗਰੀਕਲ (ਮੋਹਿਨੀ ਮੰਤਰ) ਕਹਾਣੀ, ਜੋ ਸਮਕਾਲੀ ਰਾਜਨੀਤੀ 'ਤੇ ਭਰਵਾਂ ਵਿਅੰਗ ਕੱਸਦੀ ਹੈ, ਹੋਂਦ ਵਿਚ ਆਈ ਪ੍ਰਤੀਤ ਹੁੰਦੀ ਹੈ। ਇਸ ਦੇ ਨਾਇਕ/ਨਾਇਕਾ ਪੰਛੀ ਅਤੇ ਹੋਰ ਜਾਨਵਰ ਹਨ। ਲਾਲ ਮੁਨੀਆ, ਸੋਨਮ, ਤੇਜ਼ ਰਫ਼ਤਾਰ ਗੱਡੀਆਂ, ਬੈਂਕਾਂ 'ਚ ਖਾਤੇ, ਨਵੇਂ ਜੁਮਲੇ ਘੜਨੇ ਆਦਿ ਸ਼ਬਦਾਵਲੀ ਇਸ ਸੰਗ੍ਰਹਿ ਦੇ ਸਿਰਜਣ ਸਮੇਂ ਨੂੰ ਨਿਰਧਾਤ ਕਰਨ ਦੀ ਸਾਖੀ ਭਰਦੀ ਹੈ। ਕੁੱਲ ਮਿਲਾ ਕੇ ਵਿਸ਼ਿਆਂ ਪੱਖੋਂ ਅਤੇ ਕਲਾਤਮਕ ਸੰਕੇਤਾਂ ਪੱਖੋਂ ਇਹ ਕਹਾਣੀ ਸੰਗ੍ਰਹਿ ਸਮਕਾਲੀ ਸਮੇਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦਸਤਾਵੇਜ਼ ਹੋ ਨਿਬੜਿਆ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

 

 

 


ਬ੍ਰਾਹਮਣਵਾਦ ਤੋਂ ਹਿੰਦੂਵਾਦ
ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ
ਲੇਖਕ : ਗੁਰਮੀਤ ਸਿੰਘ ਸਿੱਧੂ
ਪ੍ਰਕਾਸ਼ਕ : ਗੁਰ ਗਿਆਨ ਬੁਕਸ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 203
ਸੰਪਰਕ : 98145-90699.

ਵਿਚਾਰ-ਹੇਠਲੀ ਪੁਸਤਕ ਦੇ ਅੰਤਿਕਾ ਸਮੇਤ 11 ਭਾਗ ਹਨ। ਹਰੇਕ ਅਧਿਆਇ ਦੇ ਅਗੋਂ ਕਈ-ਕਈ ਉਪਭਾਗ ਹਨ। 'ਵਰਣ ਧਰਮ ਅਤੇ ਸਮਾਜ ਦੀ ਵੰਡ' ਪਹਿਲਾ ਅਧਿਆਇ ਹੈ। ਇਸ ਵਿਚ ਵਰਣ ਦੇ ਸੰਕਲਪ ਨੂੰ ਚਾਰ ਲੇਖਾਂ ਰਾਹੀਂ ਬਾਖੂਬੀ ਬਿਆਨਿਆ ਗਿਆ ਹੈ। 'ਜਾਤ ਪਾਤ ਤੇ ਹਿੰਦੂ ਸਮਾਜ' ਸਿਰਲੇਖ ਹੇਠਲੇ ਅਧਿਆਇ ਵਿਚ 10 ਲੇਖਾਂ ਰਾਹੀਂ ਜਾਤੀ ਪ੍ਰਥਾ ਬਾਰੇ ਬਿਹਤਰੀਨ ਜਾਣਕਾਰੀ ਦਿੱਤੀ ਗਈ ਹੈ। 'ਪੁਰਸ਼ਾਰਥ ਅਤੇ ਮਨੁੱਖੀ ਜੀਵਨ' ਅਧਿਆਇ ਵਿਚਲੇ ਤਿੰਨ ਲੇਖ ਪੁਰਸ਼ਾਰਥ ਸਬੰਧੀ ਤਫ਼ਸੀਲੀ ਜਾਣਕਾਰੀ ਨਾਲ ਭਰਪੂਰ ਹਨ। 'ਆਸ਼ਰਮ ਧਰਮ ਅਤੇ ਸਮਾਜਿਕ ਪ੍ਰਬੰਧ' ਅਧਿਆਇ 4 ਲੇਖਾਂ ਉੱਤੇ ਮੱਬਨੀ ਹੈ। ਹਰੇਕ ਦੀ ਇਹ ਖੂਬੀ ਹੈ ਕਿ ਪਹਿਲੇ ਲੇਖ ਰਾਹੀਂ ਵਿਚਾਰ-ਗੋਚਰੇ ਨੁਕਤੇ ਨੂੰ ਪੂਰਨ ਤੌਰ 'ਤੇ ਪਰਿਭਾਸ਼ਤ ਕੀਤਾ ਗਿਆ ਹੈ। 'ਕਰਮ ਦਾ ਸਿਧਾਂਤ : ਹਿੰਦੂਵਾਦ ਦੀ ਨੀਂਹ' ਅਧਿਆਇ ਵਿਚ ਦੋ ਤੇ 'ਸੰਸਕਾਰ ਅਤੇ ਸਮਾਜ' ਵਿਚ ਪੰਜ ਲੇਖ ਸ਼ਾਮਿਲ ਹਨ। ਸਤਵੇਂ, ਅੱਠਵੇਂ ਅਤੇ ਨੌਵੇਂ ਇਨ੍ਹਾਂ ਤਿੰਨਾਂ ਅਧਿਆਇਆਂ ਰਾਹੀਂ ਮਹਾਨ ਚਿੰਤਕਾਂ ਜੀ.ਐਸ. ਗੁਰੀਏ, ਡਾ: ਭੀਮ ਰਾਓ ਅੰਬੇਡਕਰ ਅਤੇ ਮਾਰਕਸਵਾਦੀ ਚਿੰਤਕ ਏ.ਆਰ. ਦੇਸਾਈ ਦੇ ਸਿਧਾਂਤਕ ਨਜ਼ਰੀਏ ਦੀ (ਸਮੇਤ ਉਨ੍ਹਾਂ ਦੇ ਜੀਵਨ, ਸੰਘਰਸ਼ ਅਤੇ ਦੇਣ) ਦੇ ਬਹੁਤ ਵਡਮੁੱਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਗਈ ਹੈ। 'ਬ੍ਰਾਹਮਣਵਾਦ ਤੋਂ ਹਿੰਦੂਵਾਦ' ਉਨਵਾਨ ਹੇਠਲੇ ਅੰਤਿਮ ਅਧਿਆਇ ਵਿਚ ਹਿੰਦੂਵਾਦ ਦੀ ਏਕਤਾ, ਭਾਰਤ ਦੀ ਇਕਜੁਟਤਾ, ਬ੍ਰਾਹਮਣਵਾਦ ਦਾ ਪਿਛੋਕੜ ਤੇ ਹਿੰਦੂਵਾਦ ਅਤੇ ਰਾਸ਼ਟਰੀਆ' ਨੁਕਤਿਆਂ 'ਤੇ ਚਾਨਣਾ ਪਾਇਆ ਗਿਆ ਹੈ। ਜਟਿਲ ਵਿਸ਼ੇ ਨੂੰ ਸਰਲ ਭਾਸ਼ਾ, ਸਪੱਸ਼ਟਤਾ, ਬੇਬਾਕੀ ਤੇ ਤਰਕਪੂਰਨ ਢੰਗ ਨਾਲ ਬਿਆਨ ਕੀਤਾ ਗਿਆ ਹੈ।
'ਹਿੰਦੂਵਾਦ ਅਤੇ ਭਾਰਤੀ ਰਾਸ਼ਟਰ, ਇਕ ਦੂਜੇ ਨੂੰ ਬਲ ਦਿੰਦੇ ਹਨ। ਇਸ ਦੌਰ ਵਿਚ ਬ੍ਰਾਹਮਣਵਾਦ ਬੇਸ਼ਕ ਪਿੱਛੇ ਰਹਿ ਗਿਆ ਜਾਪਦਾ ਹੈ ਪਰ ਬ੍ਰਾਹਮਣਵਾਦ ਗੁੱਝੇ ਰੂਪ ਵਿਚ ਹਿੰਦੂਵਾਦ ਦਾ ਆਧਾਰ ਹੈ।' (ਪੰਨਾ 196)। ਲੇਖ 'ਰਾਸ਼ਟਰਵਾਦ ਦੇ ਰੰਗ' ਤਲਖ਼ ਹਕੀਕਤਾਂ ਨੂੰ ਉਜਾਗਰ ਕਰਦਾ ਹੈ। ਪੁਸਤਕ ਬੜਾ ਅਹਿਮ ਦਸਤਾਵੇਜ਼ ਹੈ।

-ਤੀਰਥ ਸਿੰਘ ਢਿੱਲੋਂ
ਮੋ: 98154-61710.


ਇਹ ਪੰਜਾਬ ਵੀ ਮੇਰਾ ਹੈ?
ਲੇਖਕ : ਅਮਨਦੀਪ ਹਾਂਸ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 94641-95272.

ਹੱਥਲੀ ਪੁਸਤਕ ਵਿਚ ਲੇਖਿਕਾ ਅਮਨਦੀਪ ਹਾਂਸ ਨੇ ਪੰਜਾਬ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਤੇ ਪਿੰਡ-ਪਿੰਡ ਜਾ ਕੇ ਉੱਥੋਂ ਦੇ ਉੱਜੜੇ ਘਰਾਂ ਦਾ ਜਾਇਜ਼ਾ ਲਿਆ ਹੈ ਕਿ ਨੌਜਵਾਨ ਪੁੱਤ ਕਿਵੇਂ ਨਸ਼ੇ ਵਿਚ ਗ੍ਰਸੇ ਗਏ ਹਨ। ਸਾਰੇ ਪੰਜਾਬ ਦਾ ਹੀ ਇਹ ਹਾਲ ਹੈ। ਲੇਖਿਕਾ ਪੰਜਾਬ ਪ੍ਰਤੀ ਸੰਜੀਦਾ ਹੋ ਕੇ ਲਿਖ ਰਹੀ ਹੈ ਕਿ ਸਾਡੀਆਂ ਮੌਜੂਦਾ ਸਰਕਾਰਾਂ ਕੁਝ ਨਹੀਂ ਕਰਦੀਆਂ ਅਤੇ ਸਾਡੇ ਰੰਗਲੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ, ਜਿਵੇਂ ਕੋਈ ਟਪਾਰ ਹੀ ਗਿਆ ਹੈ। ਪੰਜਾਬ ਦੇ ਹਾਲਾਤ ਨਿੱਘਰ ਚੁੱਕੇ ਹਨ। ਨਸ਼ਾ, ਗ਼ਰੀਬੀ, ਬੇਰੁਜ਼ਗਾਰੀ ਦਾ ਜਿਵੇਂ ਕੋਈ ਮੁਕਾਬਲਾ ਹੋਵੇ, ਇਸ ਤਰ੍ਹਾਂ ਜਾਪਦਾ ਹੈ। ਇਸ ਤਰ੍ਹਾਂ ਵੱਖ-ਵੱਖ ਲੇਖ ਲਿਖ ਕੇ ਸਮੁੱਚੀ ਪੁਸਤਕ 'ਇਹ ਪੰਜਾਬ ਵੀ ਮੇਰਾ ਹੈ?' ਵਿਚ ਸਾਨੂੰ ਦੱਸਿਆ ਗਿਆ ਹੈ ਜੋ ਪੰਜਾਬ ਦੇ ਅੱਜ ਹਾਲਾਤ ਹਨ, ਉਨ੍ਹਾਂ ਦੀ ਕਿਸੇ ਨੂੰ ਵੀ ਗੁੱਝ ਨਹੀਂ ਹੈ। ਲੇਖਿਕਾ ਨੇ ਨਸ਼ਿਆਂ ਵਿਚ ਮਰੇ ਮਾਵਾਂ ਦੇ ਪੁੱਤ, ਬੇਰੁਜ਼ਗਾਰੀ, ਕਿਸਾਨ ਖ਼ੁਦਕੁਸ਼ੀ ਅਤੇ ਮਾਂ-ਬਾਪ ਦਾ ਰੁਲ ਰਿਹਾ ਬੁਢਾਪਾ ਦਰਸਾ ਕੇ ਇਉਂ ਲੱਗਦਾ ਹੈ ਕਿ ਸਾਰੇ ਪੰਜਾਬ ਦੀ ਤਸਵੀਰ ਹੀ ਖਿੱਚ ਕੇ ਇਸ ਪੁਸਤਕ ਵਿਚ ਪਾ ਦਿੱਤੀ ਹੋਵੇ। ਸਚਮੁੱਚ ਹੀ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਪੰਜਾਬ ਨਿੱਘਰਦਾ ਜਾ ਰਿਹਾ ਹੈ। ਜਿਵੇਂ ਕਿ ਲੇਖਿਕਾ ਨੇ ਪਿੰਡਾਂ ਵਿਚ ਬਿਜਲੀ ਦੇ ਬਿੱਲ, ਨਾਕਾਮ ਸੀਵਰੇਜ ਦੇ ਪਾਣੀ ਦਾ ਨਿਕਾਸ ਤੇ ਦਲਿਤਾਂ ਦੀ ਬਦਤਰ ਹਾਲਤ ਨੂੰ ਪੇਸ਼ ਕੀਤਾ ਹੈ ਅਤੇ ਜੋ 'ਸਵੱਛ ਭਾਰਤ ਅਭਿਆਨ' ਤਹਿਤ ਹਰੇਕ ਘਰ ਲਈ ਟਾਇਲਟ ਬਣਾਉਣ ਵਾਸਤੇ ਜੋ ਫੰਡ ਆਉਂਦਾ ਹੈ, ਉਹ ਵੀ ਪੰਚਾਇਤਾਂ ਹੀ ਖਾ ਜਾਂਦੀਆਂ ਹਨ। ਗੱਲ ਕੇ ਇਸ ਪੁਸਤਕ ਵਿਚ ਅਮਨਦੀਪ ਹਾਂਸ ਨੇ ਸਾਰੇ ਪੰਜਾਬ ਦੀ ਵਿਵਸਥਾ ਦੀ ਮਾੜੀ ਕਾਰਗੁਜ਼ਾਰੀ ਦੀ ਗੱਲ ਕੀਤੀ ਹੈ। ਉਸ ਨੇ ਮੀਡੀਆ ਨੂੰ ਵੀ ਇਸ਼ਤਿਹਾਰਬਾਜ਼ੀ ਦੇ ਲਾਲਚ ਪਿੱਛੇ ਗ਼ਲਤ ਕੰਮਾਂ ਦਾ ਗੁਣਗਾਣ ਕਰਦੇ ਦਿਖਾਇਆ ਹੈ ਅਤੇ ਅੰਧਵਿਸ਼ਵਾਸਾਂ ਵਿਚ ਡੁੱਬੇ ਸਮਾਜ ਦੀ ਗੱਲ ਕੀਤੀ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

06-10-2018

 ਮੁਹੱਬਤਨਾਮਾ
ਲੇਖਕ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 248
ਸੰਪਰਕ : 98551-23499.

ਹਥਲੀ ਪੁਸਤਕ ਵਿਚ ਲੇਖਕ ਨੇ ਵਿਸ਼ਵ ਦੇ ਕੁਝ ਪ੍ਰਸਿੱਧ ਲੇਖਕਾਂ ਅਤੇ ਕਲਾਕਾਰਾਂ ਦੇ ਪ੍ਰੇਮ ਪ੍ਰਸੰਗਾਂ ਦਾ ਨਿਰੂਪਣ ਕੀਤਾ ਹੈ। ਸੰਵੇਦਨਸ਼ੀਲ ਅਤੇ ਕਰੁਣਾਮਈ ਕਲਾਕਾਰ ਵਧੇਰੇ ਸ਼ਿੱਦਤ ਨਾਲ ਪ੍ਰੇਮ ਕਰਦੇ ਹਨ। ਇਸ ਪੁਸਤਕ ਵਿਚ ਲੇਖਕ ਨੇ ਇਸ ਭਰਮ ਨੂੰ ਵੀ ਤੋੜਿਆ ਹੈ (ਇਰਾਦਤਨ ਨਹੀਂ ਬਲਕਿ ਇਤਫ਼ਾਕਨ) ਕਿ ਸੱਚਾ ਪ੍ਰੇਮ ਸਿਰਫ ਇਕ ਵਾਰ ਹੀ ਕੀਤਾ ਜਾ ਸਕਦਾ ਹੈ। ਇਸ ਪੁਸਤਕ ਵਿਚ ਨੌਂ ਪ੍ਰੇਮ-ਪ੍ਰਸੰਗ ਅੰਕਿਤ ਹੋਏ ਹਨ : 1. ਟੈਗੋਰ ਅਤੇ ਕਾਦੰਬਰੀ, 2. ਬਾਲਜ਼ਾਕ ਅਤੇ ਇਵਾਲਿਨਾ ਹੰਸਕਾ, 3. ਤੁਰਗਨੇਵ ਅਤੇ ਪੌਲੀਨ ਵਿਰਾਡੌਟ, 4. ਦੋਸਤੋਵਸਕੀ ਅਤੇ ਏਨਾ ਸਨੀਤੀਕਿਨਾ, 5. ਲਿਓਲਾ (ਲਾਓਜ਼ੇ) ਸਾਲੋਮੇ ਅਤੇ ਨਿਤਸ਼ੇ, 6. ਖ਼ਲੀਲ ਜਿਬਰਾਨ ਅਤੇ ਮੈਰੀ ਹੈਸਕਲ, 7. ਸਾਰਤਰ ਅਤੇ ਸੀਮੋਨ ਬੋਵਾਅਰ (ਬੋਇਆ), 8. ਮਿਰਚਾ ਇਲਆਡਾ ਅਤੇ ਮੈਤ੍ਰੇਯੀ ਗੁਪਤਾ, 9. ਮੈਂ ਤੈਨੂੰ ਫੇਰ ਮਿਲਾਂਗੀ (ਅੰਮ੍ਰਿਤਾ ਅਤੇ ਇਮਰੋਜ਼)।
ਲੇਖਕਾਂ ਅਤੇ ਕਲਾਕਾਰਾਂ ਦੇ ਪ੍ਰੇਮ ਪ੍ਰਸੰਗਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਸ੍ਰੀ ਗੋਇਲ ਨੇ ਨਾ ਕੇਵਲ ਉਨ੍ਹਾਂ ਦੀ ਜੀਵਨ-ਯਾਤਰਾ ਦਾ ਹੀ ਡੂੰਘਾ ਅਧਿਐਨ ਕੀਤਾ ਬਲਕਿ ਉਸ ਸਾਹਿਤਕ-ਸੱਭਿਆਚਾਰਕ ਪਰਿਵੇਸ਼ ਨੂੰ ਵੀ ਖੂਬ ਹੰਘਾਲਿਆ ਹੈ, ਜਿਸ ਵਿਚੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਨਿਰਮਾਣ ਹੋਇਆ ਸੀ। ਇਨ੍ਹਾਂ ਲੇਖਾਂ ਵਿਚ ਵਸਤੂਮੁਖ ਸ਼ੈਲੀ ਦੇ ਨਾਲ-ਨਾਲ ਵਾਰਤਾਲਾਪ ਵਿਧੀ ਅਤੇ ਕਾਵਿਕ ਟੁਕੜੀਆਂ ਦਾ ਵੀ ਬੜਾ ਪ੍ਰਭਾਵਸ਼ਾਲੀ ਪ੍ਰਯੋਗ ਹੋਇਆ ਹੈ। ਉਹ ਆਪਣੀ ਕਲਪਨਾ ਦੇ ਮਾਧਿਅਮ ਨਾਲ ਮਹੱਤਵਪੂਰਨ ਪ੍ਰਸੰਗਾਂ ਨੂੰ ਕਲੋਜ਼-ਅੱਪ ਵਿਧੀ ਨਾਲ ਫੈਲਾ ਕੇ ਪਾਠਕਾਂ ਦੇ ਸਨਮੁੱਖ ਕਰ ਦਿੰਦਾ ਹੈ ਤਾਂ ਜੋ ਪਾਠਕ ਇਨ੍ਹਾਂ ਨੂੰ ਪੂਰੀ ਸ਼ਿੱਦਤ ਨਾਲ ਮਹਿਸੂਸ ਕਰ ਸਕਣ। ਨਿਤਸ਼ੇ ਜਦੋਂ ਲਾਓਜ਼ੇ ਦੇ ਸਨਮੁੱਖ ਸ਼ਾਦੀ ਦਾ ਪ੍ਰਸਤਾਵ ਰੱਖਦਾ ਹੈ ਤਾਂ ਉਹ ਕਹਿੰਦੀ ਹੈ, ਜੋ ਕਾਰਨ ਤੁਹਾਨੂੰ ਸ਼ਾਦੀ ਕਰਵਾਉਣ ਲਈ ਮਜਬੂਰ ਕਰ ਰਹੇ ਹਨ, ਉਹੋ ਮੈਨੂੰ ਇਨਕਾਰ ਕਰਨ ਲਈ ਮਜਬੂਰ ਕਰ ਰਹੇ ਹਨ। ਜੋ ਇਸ ਸਮੇਂ ਆਕਰਸ਼ਕ ਲੱਗਦਾ ਹੈ, ਵਿਆਹ ਤੋਂ ਬਾਅਦ ਉਹੀ ਸਭ ਕੁਝ ਨਫ਼ਰਤਯੋਗ ਬਣ ਜਾਂਦਾ ਹੈ। (ਪੰਨਾ 129)
ਇਹ ਪੁਸਤਕ ਪੜ੍ਹਨ ਦੌਰਾਨ ਇਹ ਬੋਧ ਹੁੰਦਾ ਹੈ ਕਿ ਲੇਖਕ, ਕਲਾਕਾਰ ਅਤੇ ਫ਼ਕੀਰ (ਦਰਵੇਸ਼) ਲੋਕ ਹੀ ਪ੍ਰੇਮ ਦੀਆਂ ਗਹਿਰਾਈਆਂ ਤੱਕ ਪਹੁੰਚ ਸਕਦੇ ਹਨ। ਆਮ ਦੁਨੀਆਦਾਰਾਂ ਲਈ ਪ੍ਰੇਮ-ਪ੍ਰਦਰਸ਼ਨ ਸੈਕਸ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਜਦੋਂ ਕਿ ਪ੍ਰੇਮ ਵਿਅਕਤੀ ਨੂੰ ਆਤਮ-ਮੰਥਨ ਦੇ ਮਾਰਗ ਉੱਪਰ ਤੋਰ ਕੇ ਰੱਬ (ਵਰਗਾ) ਬਣਾ ਦਿੰਦਾ ਹੈ। 'ਮੁਹੱਬਤਨਾਮਾ' ਇਕ ਅਜਿਹੀ ਬੇਮਿਸਾਲ ਪੁਸਤਕ ਹੈ, ਜਿਸ ਨੂੰ ਤੁਸੀਂ ਕਦੇ ਵੀ, ਕਿਤੋਂ ਵੀ ਖੋਲ੍ਹ ਕੇ ਪੜ੍ਹ ਸਕਦੇ ਹੋ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਨੰਗੀਆਂ ਲੱਤਾਂ ਵਾਲਾ ਮੁੰਡਾ ਤੇ ਹੋਰ ਕਹਾਣੀਆਂ
ਲੇਖਕ : ਐਸ. ਸਾਕੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 695 ਰੁਪਏ, ਸਫ਼ੇ : 584
ਸੰਪਰਕ : 011-23264342.

ਹਥਲੀ ਪੁਸਤਕ ਵਿਚ 60 ਕਹਾਣੀਆਂ ਹਨ, ਜਿਨ੍ਹਾਂ ਦੀ ਚੋਣ 1995 ਤੋਂ 2016 ਤੱਕ ਛੱਪ ਚੁੱਕੇ 9 ਕਹਾਣੀ ਸੰਗ੍ਰਹਿ ਤੇ 159 ਕਹਾਣੀਆਂ ਵਿਚੋਂ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਕਹਾਣੀਆਂ ਵਿਚਲੇ ਵਿਸ਼ੇ ਭਿੰਨ-ਭਿੰਨ ਹਨ ਤੇ ਸਮਾਜ ਦੀ ਆਰਥਿਕ, ਰਾਜਸੀ, ਧਾਰਮਿਕ ਦਸ਼ਾ ਨੂੰ ਦਰਸਾਉਂਦੇ ਹਨ। 'ਨੰਗੀਆਂ ਲੱਤਾਂ ਵਾਲਾ ਮੁੰਡਾ' ਕਹਾਣੀ ਵਿਚ ਗ਼ਰੀਬੀ ਤੇ ਬੱਚੇ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਹੈ। ਬੇਰੁਜ਼ਗਾਰੀ ਕਾਰਨ ਮੰਗਤੇ ਦਾ ਧੰਦਾ ਲਾਹੇਵੰਦ (ਮੰਗਤਾ), ਪੀੜ੍ਹੀ ਪਾੜਾ, ਨਿਕਾਹ ਦਾ ਸੌਦਾ, ਅੰਮ੍ਰਿਤ ਦੀ ਦਾਤ, ਪੈਸੇ ਦੀ ਖੇਡ ਨਿਆਰੀ, ਵਿਦੇਸ਼ ਪੱਕੇ ਹੋਣ ਵਾਲੀ ਅਪੰਗ ਨਾਲ ਸ਼ਾਦੀ, ਔਰਤ ਦੀ ਕਦਰ ਧੇਲੇ ਦੀ ਨਹੀਂ, ਧਰਮ ਦੀ ਆੜ ਹੇਠ ਅੰਨ੍ਹੀ ਕਮਾਈ, ਬਜ਼ੁਰਗ ਮਰਦ ਦੀ ਗੰਦੀ ਮਾਨਸਿਕਤਾ, ਅਮੀਰ ਗ਼ਰੀਬ ਦੇ ਮਰਨੇ ਵਿਚ ਅੰਤਰ, ਇਕੱਲਤਾ, ਬੱਚੇ ਵੱਡੇ ਹੋ ਕੇ ਉਡਾਰੂ ਹੋ ਜਾਂਦੇ ਮਾਪਿਆਂ ਤੋਂ ਬੇਪਰਵਾਹ ਆਦਿ ਵਿਸ਼ਿਆਂ ਨੂੰ ਅੱਡ-ਅੱਡ ਕਹਾਣੀਆਂ ਵਿਚ ਪੇਸ਼ ਕੀਤਾ ਹੈ। ਏਨਾ ਹੀ ਨਹੀਂ ਲੇਖਕ ਨੇ ਹੋਰ ਵੀ ਅਜਿਹੇ ਵਿਸ਼ੇ ਛੋਹੇ ਹਨ ਜੋ ਸਮਾਜਿਕ ਦੁਰਦਸ਼ਾ ਨਾਲ ਸਬੰਧਿਤ ਹਨ। ਜਿਵੇਂ ਕਿ ਬਜ਼ੁਰਗ ਔਰਤ ਦਾ ਘਰੋਂ ਤਿਰਸਕਾਰ ਤੇ ਗੁਰੂ ਘਰ ਨਾਲ ਮੋਹ ਤਾਂ ਕਿ ਪਾਪ ਧੁਲ ਜਾਣ, ਹਵੇਲੀਆਂ ਬਜ਼ੁਰਗਾਂ ਹਵਾਲੇ ਤੇ ਪੁੱਤਰ ਵਿਦੇਸ਼ਾਂ 'ਚ ਵਸਦੇ ਐਸ਼ ਆਰਾਮ ਨਾਲ, ਸੇਵਾ ਤੇ ਤਪੱਸਿਆ ਲਾਲਚ ਰਹਿਤ ਹੋਵੇ, ਮਤਲਬਪ੍ਰਸਤੀ ਦੀ ਰਾਜਨੀਤੀ, ਮਾਂ ਧੀ ਦਾ ਰਿਸ਼ਤਾ ਦਰਦ ਦਾ ਰਿਸ਼ਤਾ, ਪੈਸੇ ਨਾਲ ਔਰਤ ਦੀ ਖ਼ਰੀਦੋ-ਫਰੋਖ਼ਤ, ਅਗਾਂਹਵਧੂ ਸੁਸਾਇਟੀ ਬਰਬਾਦੀ ਦਾ ਘਰ, ਔਰਤ ਵਿਚ ਮੁਆਫ਼ ਕਰਨ ਦੀ ਸਮਰੱਥਾ ਵਧੇਰੇ, ਮਿੱਟੀ ਦਾ ਮੋਹ, ਮਤਰੇਏ ਬਾਪ ਦੀ ਹਵਸ ਦਾ ਸ਼ਿਕਾਰ ਧੀ, ਧੀ ਪੁੱਤਰ ਵਿਚ ਅੰਤਰ, ਫਰੀਡਮ ਫਾਈਟਰ ਦੀ ਕੋਈ ਕੀਮਤ ਨਹੀਂ ਦੇਸ਼ ਵਿਚ, ਔਰਤ-ਮਰਦ ਦਾ ਸਾਥ ਜ਼ਰੂਰੀ, ਜਿਹੇ ਵਿਸ਼ਿਆਂ ਨੂੰ ਲੈ ਕੇ ਕਹਾਣੀਆਂ ਰਚੀਆਂ ਹਨ ਤੇ ਸਮਾਜ ਦੀ ਗੰਦੀ ਸੋਚ ਨੂੰ ਬਦਲਣ ਲਈ ਸੁਨੇਹਾ ਵੀ ਦਿੱਤਾ ਹੈ। ਅਜੋਕੇ ਯੁਗ ਵਿਚ ਬਜ਼ੁਰਗਾਂ ਦੀ ਸੇਵਾ ਨਾ ਹੋਣ ਕਾਰਨ ਮੰਦੀ ਹਾਲਤ ਹੈ, ਸਾਹਿਤਕਾਰਾਂ ਦੇ ਇਨਾਮ ਸਿਫ਼ਾਰਸ਼ੀ ਤੇ ਰਿਸ਼ਵਤ ਦੇ ਸਹਾਰੇ, ਔਰਤ ਤੇ ਮੱਝ ਦੀ ਇਕੋ ਜਿਹੀ ਕੀਮਤ ਭਾਵ ਵਿਕਾਊ ਹੈ, ਪਰਾਏ ਮਰਦ ਦੀ ਖਾਤਰ ਧੀ ਦਾ ਤਿਰਸਕਾਰ ਔਰਤ ਦੇ ਨਾਂਅ 'ਤੇ ਧੱਬਾ ਹੈ, (ਪਰਾਏ ਮਰਦ) ਗ਼ਰੀਬ ਦੀ ਧੀ ਲਈ ਯੋਗ ਵਰ ਨਹੀਂ ਮਿਲਦਾ ਆਰਥਿਕਤਾ 'ਤੇ ਤਕੜਾ ਵਿਅੰਗ ਹੈ। ਲੇਖਕ ਨੇ ਧਾਰਮਿਕ ਆਗੂਆਂ ਦੀ ਹਕੀਕਤ ਨੂੰ ਵੀ ਖੁੱਲ੍ਹ ਕੇ ਪੇਸ਼ ਕੀਤਾ ਹੈ (ਵਾਪਸੀ)। ਬਾਪ ਜਿਹਾ ਕੋਈ ਹੋਰ ਰਿਸ਼ਤਾ ਨਹੀਂ ਹੋ ਸਕਦਾ।
ਇਸ ਪੁਸਤਕ ਦੀ ਹਰ ਕਹਾਣੀ ਵਿਅੰਗ ਹੈ ਸਮਾਜ ਦੀ ਗੰਦੀ ਸੋਚ ਉੱਤੇ, ਗੰਦੀ ਸਿਆਸਤ ਤੇ ਧਰਮ ਦੇ ਠੇਕੇਦਾਰਾਂ ਉੱਤੇ। ਲੇਖਕ ਨੇ ਕਹਾਣੀ ਰਸ ਨੂੰ ਬਾਖੂਬੀ ਕਾਇਮ ਰੱਖਿਆ ਹੈ। ਭਾਸ਼ਾ ਸਰਲ, ਸਹਿਜ ਤੇ ਸੰਖੇਪ ਹੈ। ਪਾਠਕਾਂ ਲਈ ਮਾਰਗ ਦਰਸ਼ਕ ਹੈ ਇਹ ਪੁਸਤਕ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਸੁਪਨੇ ਤੇ ਹਕੀਕਤ
ਲੇਖਕ : ਰਘਬੀਰ ਸਿੰਘ
ਪ੍ਰਕਾਸ਼ਕ : ਵੈਸਟਰਨ ਪ੍ਰਿੰਟਰਜ਼, ਪਟਿਆਲਾ।
ਸਫ਼ੇ : 204
ਸੰਪਰਕ : 95927-38262.

ਹਥਲੇ ਸੰਗ੍ਰਹਿ ਵਿਚ ਰਘਬੀਰ ਸਿੰਘ ਦੀ ਸ਼ਾਇਰੀ ਮਨੁੱਖੀ ਜਗਤ ਦੇ ਮੂਲ ਮਸਲਿਆਂ, ਹੋਂਦ, ਮੁਹੱਬਤ, ਪਿਆਰ, ਮੌਤ, ਰਹੱਸਾਂ ਨਾਲ ਸਬੰਧਿਤ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕਵਿਤਾ ਦੇ ਇਨ੍ਹਾਂ ਚਮਤਕਾਰੀ ਰਹੱਸਾਂ ਬਾਰੇ ਹਨ।
ਉਹ ਕਦੇ ਕਵਿਤਾ ਨੂੰ
ਆਪਣੇ ਪਾਸ ਬੁਲਾਂਦਾ
ਕਦੇ ਕਵਿਤਾ ਕੋਲ ਜਾਂਦਾ
ਉਸ ਦੇ ਇਕੱਲੇਪਣ ਨੇ ਉਸ ਨੂੰ
ਕਵਿਤਾ ਵੱਲ ਮੋੜਿਆ ਤੇ ਉਹ
ਚੰਨ ਤਾਰਿਆਂ ਨਾਲ ਖੇਡਣ ਲੱਗਾ...
ਇਸੇ ਤਰ੍ਹਾਂ ਹੀ ਇਸ ਸੰਗ੍ਰਹਿ ਵਿਚ ਮੌਤ, ਤ੍ਰਿਸ਼ਨਾ, ਕਲਪਨਾ, ਜੀਵਨ, ਮੁਹੱਬਤ, ਸ਼ਬਦ, ਰਾਗਾਂ ਨਾਲ ਸਬੰਧਿਤ ਨਿੱਕੇ-ਨਿੱਕੇ ਪਰ ਸੰਵੇਦਨਸ਼ੀਲ ਅਹਿਸਾਸਾਂ ਦੀਆਂ ਕਵਿਤਾਵਾਂ ਸ਼ਾਮਿਲ ਹਨ। ਰਘਬੀਰ ਸਿੰਘ ਕੋਲ ਕਵਿਤਾ ਨੂੰ ਕਲਾਤਾਮਿਕ ਵਿਉਂਤਬੱਧਤਾ ਨਾਲ ਵਿਊਂਤਣ ਤੇ ਪੇਸ਼ ਕਰਨ ਦਾ ਹੁਨਰ ਹੈ। ਉਸ ਦੀ ਕਵਿਤਾ ਦਾ ਇਕ ਵੀ ਸ਼ਬਦ ਝੋਲ ਨਹੀਂ ਮਾਰਦਾ ਹੈ। ਉਹ ਸ਼ਬਦਾਂ ਦਾ ਨਿਪੁੰਨ ਕਾਰੀਗਰ ਹੈ ਜੋ ਕਿਸੇ ਵੀ ਵਿਸ਼ੇ ਨੂੰ ਬੇਹੱਦ ਖੂਬਸੂਰਤੀ ਨਾਲ ਸ਼ਬਦਾਂ ਵਿਚ ਢਾਲਣ ਦਾ ਹੁਨਰ ਰੱਖਦਾ ਹੈ :
ਮੈਂ ਸ਼ਾਂਤ ਤੇ ਡੂੰਘੀ ਰਾਤ ਵਿਚ
ਉਦਾਸ ਮਨ ਨਾਲ ਰਾਗ ਭੈਰਵੀ ਗਾਉਂਦਾ ਹਾਂ
ਚੁੱਪ ਦੇ ਵਾਤਾਵਰਨ ਨੂੰ ਤੋੜਦਾ ਹਾਂ
ਸਮੇਂ ਨੂੰ ਮਰੋੜਦਾ ਹਾਂ....
ਸਮੁੱਚੇ ਰੂਪ ਵਿਚ ਰਘਬੀਰ ਸਿੰਘ ਸ਼ਬਦਾਂ ਦਾ ਜਾਦੂਗਰ ਸ਼ਾਇਰ ਹੈ। ਉਸ ਨੂੰ ਸ਼ਬਦਾਂ ਦੀ ਸਮਰੱਥਾ ਦਾ ਗਿਆਨ ਹੈ ਤੇ ਉਸ ਦੇ ਦਿਲ ਅੰਦਰ ਉਹ ਅਗਨ ਹੈ ਜੋ ਸਾਧਾਰਨ ਸ਼ਬਦਾਂ ਨੂੰ ਵੀ ਅਲੋਕਾਰ ਕਵਿਤਾ ਵਿਚ ਪ੍ਰਵਰਤਿਤ ਕਰ ਦਿੰਦੀ ਹੈ। ਨਿਰਸੰਦੇਹ ਇਹ ਪੁਸਤਕ ਪੰਜਾਬੀ ਸ਼ਾਇਰੀ ਵਿਚ ਇਕ ਖੁਸ਼ੀ ਭਰੀ ਆਮਦ ਦਾ ਸੁਨੇਹਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਪੰਜਾਬ ਦੇ ਕੋਹਿਨੂਰ
(ਭਾਗ ਤੀਜਾ)

ਲੇਖਕ : ਪ੍ਰਿੰ: ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 272
ਸੰਪਰਕ : 99151-03490.

ਪੰਜਾਬੀ ਵਿਚ ਵਧੀਆ, ਸੁਹਜ ਭਰਪੂਰ, ਸਰਲ ਵਾਰਤਕ ਲਿਖਣ ਵਾਲੇ ਉਂਗਲਾਂ 'ਤੇ ਗਿਣੇ ਜਾਣ ਜੋਗੇ ਲੋਕਾਂ ਵਿਚੋਂ ਇਕ ਹੈ ਪ੍ਰਿੰ: ਸਰਵਣ ਸਿੰਘ। ਉਸ ਨੇ ਪਹਿਲਾਂ ਖਿਡਾਰੀਆਂ (ਵਿਸ਼ੇਸ਼ ਕਰ ਪੰਜਾਬੀ ਖਿਡਾਰੀਆਂ) ਤੇ ਫਿਰ ਪੰਜਾਬ ਦੀ ਧਰਤੀ ਦੇ ਮਹਾਨ ਸਪੁੱਤਰਾਂ ਬਾਰੇ ਪ੍ਰਭਾਵਸ਼ਾਲੀ ਸ਼ਬਦ ਚਿੱਤਰ ਲਿਖਣ ਦਾ ਕਾਰਜ ਵਿੱਢ ਰੱਖਿਆ ਹੈ। ਪੰਜਾਬ ਦੇ ਕੋਹਿਨੂਰ ਜਿਹੇ ਹੀਰੇ ਪੁੱਤਰਾਂ ਦੇ ਸ਼ਬਦ ਚਿੱਤਰਾਂ ਦਾ ਉਸ ਦਾ ਇਹ ਤੀਜਾ ਸੰਗ੍ਰਹਿ ਹੈ। ਉਹ ਮਜ਼ੇਦਾਰ ਚਟਖਾਰੇਦਾਰ ਚੁਸਤ ਵਾਰਤਕ ਦਾ ਬਾਦਸ਼ਾਹ ਹੈ। ਉਸ ਦੀ ਇਸ ਪੁਸਤਕ ਵਿਚ ਛੇ ਲੰਮੇ ਸ਼ਬਦ ਚਿੱਤਰ ਹਨ।
ਇਨ੍ਹਾਂ ਵਿਚੋਂ ਪਹਿਲਾ ਹੈ ਤਿੰਨ ਦਰਜਨ ਦੇ ਕਰੀਬ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਕਰਕੇ ਨਿਮਨ/ਮੱਧ ਵਰਗੀ ਕਿਸਾਨਾਂ/ਮਜ਼ਦੂਰਾਂ ਦੀਆਂ ਲੋੜਾਂ/ਥੁੜਾਂ/ਸੁਪਨਿਆਂ ਦੀ ਗੱਲ ਕਰਨ ਵਾਲਾ ਅਜਮੇਰ ਔਲਖ। ਦੇਸ਼-ਵਿਦੇਸ਼ ਵਿਚ ਖੂਬ ਮਾਣ-ਸਨਮਾਨ ਲਏ। ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਕੇ ਉਹ ਲੋਕਾਂ ਨਾਲ ਖਲੋਤਾ। ਉਸ ਦੇ ਭੋਲੇ ਸੁਭਾਅ, ਸਾਦਗੀ, ਢੇਰ ਸਾਰੇ ਉਪਨਾਮਾਂ, ਸਿਰੜ, ਖ਼ੁਲੂਸ ਨੂੰ ਲੇਖਕ ਨੇ ਖੂਬ ਉਜਾਗਰ ਕੀਤਾ ਹੈ। ਲੰਮੀ ਕਹਾਣੀ ਦੇ ਲੰਮੇ ਕਦ ਵਾਲੇ ਕਹਾਣੀਕਾਰ ਵਰਿਆਮ ਸੰਧੂ ਨਾਲ ਅੱਧੀ ਸਦੀ ਦੀ ਸਾਂਝ ਹੈ ਲੇਖਕ ਦੀ। ਮਾਂ-ਬਾਪ ਦੀ ਛੋਟੀ ਉਮਰੇ ਮੌਤ, ਮੋਗਾ ਐਜੀਟੇਸ਼ਨ ਵੇਲੇ ਦੀ ਗ੍ਰਿਫ਼ਤਾਰੀ, ਕਵਿਤਾ ਕਹਾਣੀ ਤੇ ਵਾਰਤਕ ਦੇ ਲੇਖਕ ਸੰਧੂ ਦਾ ਬਹੁਪੱਖੀ ਚਿੱਤਰ ਹੈ ਸਰਵਣ ਸਿੰਘ ਦੀ ਲਿਖਤ ਵਿਚ। ਤੀਜਾ ਸ਼ਬਦ ਚਿੱਤਰ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦਾ ਹੈ, ਜਿਸ ਨੇ 35 ਸਾਲ ਕਰਨੈਲ ਸਿੰਘ ਪਾਰਸ ਨਾਲ ਉੱਚੀ ਗਰਜਵੀਂ ਆਵਾਜ਼ ਨਾਲ ਕਵੀਸ਼ਰੀ ਕੀਤੀ। ਹਸਮੁੱਖ ਸੁਭਾਅ ਤੇ ਗੱਲਬਾਤ ਦਾ ਧਨੀ ਬਣ ਕੇ ਉੱਭਰਦਾ ਹੈ ਰਣਜੀਤ ਸਿੰਘ ਲਿਖਤ ਵਿਚੋਂ। ਚੌਥੀ ਲਿਖਤ ਹਰਫਨ ਮੌਲਾ ਇਕਬਾਲ ਰਾਮੂਵਾਲੀਏ ਬਾਰੇ ਹੈ। ਨਿੱਘਾ, ਮਿਲਣਸਾਰ, ਰੌਣਕੀ ਯਾਰ, ਕਵੀ, ਨਾਵਲਕਾਰ, ਸਵੈ-ਜੀਵਨੀ ਲੇਖਕ ਤੇ ਗਾਇਕ। ਪੰਜਵਾਂ ਸ਼ਬਦ ਚਿੱਤਰ ਸਟੇਜ ਦੇ ਧਨੀ, ਰੇਡੀਓ/ਟੀ.ਵੀ. ਬਰਾਡਕਾਸਟਿੰਗ ਦੇ ਬਹੁਚਰਚਿਤ ਤੇ ਸਫਲ ਹੋਸਟ ਤੇ ਪ੍ਰੋਮੋਟਰ ਇਕਬਾਲ ਮਾਹਲ ਬਾਰੇ ਹੈ। ਅੰਤਿਮ ਲਿਖਤ ਸ਼ਮਸ਼ੇਰ ਸੰਧੂ ਬਾਰੇ ਹੈ, ਜਿਸ ਨੂੰ ਲੇਖਕ ਪੰਜਾਬੀ ਗੀਤਕਾਰੀ ਦਾ ਦਾਰਾ ਭਲਵਾਨ ਕਹਿੰਦਾ ਹੈ। ਉਸ ਨੇ ਪੰਜਾਬੀ ਗਾਇਕੀ ਨੂੰ ਅੰਤਰਰਾਸ਼ਟਰੀ ਸਵੀਕ੍ਰਿਤੀ ਵਾਲੇ ਗੀਤ ਦਿੱਤੇ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਧੁਰ ਅੰਦਰੋਂ
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 101
ਸੰਪਰਕ : 98557-11380.

ਇਹ ਪੁਸਤਕ 101 ਲਘੂ ਲੇਖਾਂ ਦਾ ਸੰਗ੍ਰਹਿ ਹੈ। ਹਰ ਰੋਜ਼ ਸਵੇਰ ਵੇਲੇ ਲੇਖਕ ਦੇ ਧੁਰ ਅੰਦਰੋਂ ਨਿਕਲੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਇਹ ਸੰਖੇਪ ਲੇਖ ਬਹੁਤ ਪ੍ਰਭਾਵਸ਼ਾਲੀ, ਪ੍ਰੇਰਨਾਤਮਕ ਅਤੇ ਕੀਮਤੀ ਹਨ। ਜਦੋਂ ਦ੍ਰਵੇ ਹੋਏ ਮਨ ਦੀਆਂ ਡੂੰਘੀਆਂ ਤਹਿਆਂ ਵਿਚੋਂ ਅੰਮ੍ਰਿਤ ਵੇਲੇ ਕੁਝ ਫੁੱਟਦਾ ਹੈ ਤਾਂ ਉਹ ਸੱਚ, ਪਿਆਰ, ਹਮਦਰਦੀ ਅਤੇ ਸਹਿਜ ਦੀ ਖੁਸ਼ਬੂ ਨਾਲ ਮੁਅੱਤਰ ਹੋਇਆ ਹੁੰਦਾ ਹੈ। ਇਨ੍ਹਾਂ ਬੋਲਾਂ ਵਿਚ ਸੁਹਜ ਅਤੇ ਸੁਚੱਜ ਨਾਲ ਜੀਵਨ ਜਿਊਣ ਦੇ ਭੇਤ ਹਨ। ਇਹ ਗਿਆਨਮਈ, ਅਹਿਸਾਸਮਈ, ਕਾਵਿਮਈ ਲੇਖ ਪੀਂਘ ਦੇ ਹੁਲਾਰਿਆਂ ਵਾਂਗ ਸੁਖਮਈ ਹਨ। ਇਨ੍ਹਾਂ ਵਿਚ ਨਿੱਘ, ਹੁਲਾਸ, ਉਤਸ਼ਾਹ, ਚੜ੍ਹਦੀ ਕਲਾ, ਸੁਹਿਰਦਤਾ ਅਤੇ ਮੁਹੱਬਤ ਸਮੋਈ ਹੋਈ ਹੈ। ਅਜੋਕੇ ਨਿਰਾਸਤਾ, ਢਹਿੰਦੀ ਕਲਾ ਅਤੇ ਦਿਸ਼ਾਹੀਣਤਾ ਦੇ ਸਮੇਂ ਇਹੋ ਜਿਹੀਆਂ ਰਚਨਾਵਾਂ ਜ਼ਿੰਦਗੀ ਨੂੰ ਘੁੱਟ-ਘੁੱਟ ਕਰਕੇ ਪੀਣ ਤੇ ਖੀਵੇ ਥੀਣ ਦਾ ਵੱਲ ਸਿਖਾਉਂਦੀਆਂ ਹਨ। ਇਨ੍ਹਾਂ ਵਿਚ ਰੂਹਾਨੀਅਤ ਦੀ ਲੋਅ ਹੈ, ਗੁਰਬਾਣੀ ਦਾ ਚਾਨਣ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੈ। ਇਨ੍ਹਾਂ ਵਿਚ ਪਿਆਰ ਦੀ ਖੁਮਾਰੀ, ਦਿਲ ਦੀ ਸਰਸ਼ਾਰੀ ਅਤੇ ਰੂਹ ਦੀ ਉਡਾਰੀ ਹੈ। ਆਓ ਕੁਝ ਬੋਲਾਂ ਦੇ ਦਰਸ਼ਨ ਕਰੀਏਂ
-ਰੱਜ ਰੱਜ ਕੇ ਪਿਆਰ ਕਰਨ ਵਾਲਾ, ਜਿਊਣ ਵਾਲਾ, ਹੱਸਣ ਵਾਲਾ ਤੇ ਕੰਮ ਕਰਨ ਵਾਲਾ ਸੌਖਾ ਤੇ ਹੌਲਾ ਰਹਿੰਦਾ ਹੈ.... ਫੁੱਲ ਦੀਆਂ ਪੱਤੀਆਂ ਵਾਂਗ ਹਰ ਸਥਿਤੀ ਵਿਚ ਸੌਖਾ ਤਰ ਜਾਂਦਾ ਹੈ।
-ਹਾਸੇ ਦੀ ਅਹਿਮੀਅਤ ਤਾਂ ਹੀ ਹੈ, ਜੇ ਹੰਝੂ ਹਨ। ਸੂਰਜ ਨੇ ਚੜ੍ਹਨਾ ਵੀ ਹੈ ਤੇ ਛਿਪਣਾ ਵੀ। ਜਿਊਣ ਵਾਲੇ ਤਾਰਿਆਂ ਦੀ ਲੋਅ ਵੀ ਮਾਣ ਲੈਂਦੇ ਹਨ ਤੇ ਜੁਗਨੂੰ ਦੀ ਰੌਸ਼ਨੀ ਨਾਲ ਵੀ ਹਨੇਰਾ ਚੀਰਨ ਦੀ ਸਮੱਰਥਾ ਰੱਖਦੇ ਹਨ।
-ਆਓ ਘਰਾਂ ਨੂੰ ਘਰ ਬਣਾਈਏ ਜਿੱਥੇ ਪਿਆਰ, ਸਹਿਚਾਰ, ਸਦਾਚਾਰ, ਸਤਿਕਾਰ, ਖੁਸ਼ੀਆਂ ਅਤੇ ਅਪਣੱਤ ਦੇ ਲੰਗਰ ਚਲਦੇ ਹੋਣ।
-ਜ਼ਰਾ ਸੋਚੀਏ ਕਿ ਰੱਬ ਦੀ ਕਿਰਪਾ ਦਾ ਘੇਰਾ ਕਿੰਨਾ ਵਿਸ਼ਾਲ ਹੈ? ਆਓ! ਸੰਤੋਖ ਤੇ ਸ਼ੁਕਰਾਨੇ ਭਰਪੂਰ ਸ਼ਬਦਾਂ ਨਾਲ ਵਜਦ ਵਿਚ ਆ ਕੇ ਕਾਦਰ ਦੀ ਕਿਰਪਾ ਤੇ ਮਹਿਮਾ ਦੇ ਗੀਤ ਗਾਈਏ....।
-ਅਸੀਸ... ਪਿਤਾ ਦੀ, ਭੈਣਾਂ ਭਰਾਵਾਂ ਦੀ, ਮਾਂ ਦੀ, ਅਧਿਆਪਕਾਂ ਦੀ, ਬੱਚਿਆਂ ਦੀ, ਵੱਛਿਆਂ ਦੀ... ਜਿਸ ਤੋਂ ਵੀ ਮਿਲ ਜਾਵੇ, ਬੱਸ ਨਿਰੀ ਅਕਸੀਰ ਹੁੰਦੀ ਹੈ।
ਸੁੱਚੇ ਮਾਣਕ ਮੋਤੀਆਂ ਜਿਹੇ ਵਿਚਾਰਾਂ ਨਾਲ ਟਹਿਕਦੀ ਮਹਿਕਦੀ ਇਹ ਪੁਸਤਕ ਅਨਮੋਲ ਦਸਤਾਵੇਜ਼ ਹੈ। ਇਸ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਹਿਕਦੀਆਂ ਪੌਣਾਂ
ਗ਼ਜ਼ਲਕਾਰ : ਅਵਤਾਰ ਸਿੰਘ ਪੁਆਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 175 ਰੁਪਏ, ਸਫ਼ੇ : 95
ਸੰਪਰਕ : 94173-72986.

ਅਵਤਾਰ ਸਿੰਘ ਪੁਆਰ ਪੰਜਾਬੀ ਗ਼ਜ਼ਲ ਦਾ ਨਵਾਂ ਹਸਤਾਖ਼ਰ ਹੈ ਤੇ 'ਸਹਿਕਦੀਆਂ ਪੌਣਾਂ' ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 74 ਗ਼ਜ਼ਲਾਂ ਦਰਜ ਹਨ। ਇਸ ਪੁਸਤਕ ਦਾ ਚੰਗਾ ਪੱਖ ਇਹ ਹੈ ਕਿ ਗ਼ਜ਼ਲਕਾਰ ਤੰਗਦਸਤ ਤੇ ਲੁੱਟੇ-ਪੁੱਟੇ ਜਾ ਰਹੇ ਲੋਕਾਂ ਦੀ ਧਿਰ ਬਣਦਾ ਹੈ। ਉਹ ਧਾਰਮਿਕ ਪਾਖੰਡਵਾਦ ਤੇ ਧਰਮ ਦੇ ਨਾਂ 'ਤੇ ਵੰਡਾਂ ਪਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਹੈ। ਉਸ ਨੂੰ ਕਿਰਤੀਆਂ ਦੇ ਬੱਚਿਆਂ ਦੇ ਸਕੂਲ ਨਾ ਜਾ ਸਕਣ ਦਾ ਮਲਾਲ ਹੈ ਤੇ ਮਜ਼ਦੂਰ-ਕਿਰਸਾਨ ਨੂੰ ਮਿਹਨਤ ਕਰਨ ਦੇ ਬਾਵਜੂਦ ਵੀ ਰੱਜਵੀਂ ਰੋਟੀ ਨਾ ਮਿਲਣ ਦਾ ਰੰਜ ਹੈ। ਔਰਤਾਂ 'ਤੇ ਹੋ ਰਹੇ ਜ਼ੁਰਮ ਉਸ ਲਈ ਤਕਲੀਫ਼ਦੇਹ ਹਨ। ਉਸ ਮੁਤਾਬਿਕ ਮਾਰੂਥਲ ਹਮੇਸ਼ਾ ਪਿਆਸੇ ਰਹੇ ਹਨ ਤੇ ਬਾਰਿਸ਼ ਸਾਗਰਾਂ 'ਤੇ ਹੀ ਵਰ੍ਹਦੀ ਰਹੀ ਹੈ। ਦੁਨੀਆ ਵਿਚ ਹਰ ਸ਼ੈਅ ਮਹਿੰਗੀ ਹੈ ਪਰ ਇਨਸਾਨ ਸਸਤਾ ਹੈ ਤੇ ਉਸ ਦੀ ਕਿਧਰੇ ਸੁਣਵਾਈ ਨਹੀਂ ਹੈ। ਗ਼ਜ਼ਲਕਾਰ ਅੰਤਰਰਾਸ਼ਟਰੀ ਘਟਨਾਵਾਂ 'ਤੇ ਵੀ ਨਜ਼ਰ ਬਣਾਈ ਰੱਖਦਾ ਹੈ। ਉਹ ਲਿਖਦਾ ਹੈ-'ਕੁਚਲ ਕੇ ਬਗ਼ਦਾਦ ਨੂੰ ਜੋ ਹੈ ਤਮਾਸ਼ੇ ਦੇਖਦਾ, ਤੜਫ਼ਿਆ ਸੀ ਆਪਣੇ 'ਤੇ ਵਾਰ ਹੁੰਦਾ ਦੇਖ ਕੇ' ਤੇ 'ਜੇਕਰ ਬੁਸ਼, ਸੱਦਾਮ ਨਾ ਹੁੰਦੇ, ਦਿਨ ਨਾ ਆਉਂਦੇ ਜੰਗਾਂ ਵਰਗੇ'। ਆਪਣੇ ਸ਼ਿਅਰਾਂ ਵਿਚ ਉਹ ਮੌਜੂਦਾ ਪ੍ਰਬੰਧ ਤੋਂ ਨਿਰਾਸ਼ ਤਾਂ ਹੈ ਪਰ ਆਸ ਨਹੀਂ ਛੱਡਦਾ। ਪੁਆਰ ਨੇ ਆਪਣੇ ਸ਼ਿਅਰਾਂ ਵਿਚ ਜਿੱਥੇ ਲੋਕ ਹਿਤਾਂ ਦੀ ਗੱਲ ਕੀਤੀ ਹੈ, ਉਥੇ ਆਪਣੀ ਮੁਹੱਬਤ ਸਬੰਧੀ ਵੀ ਕਈ ਖ਼ੂਬਸੂਰਤ ਸ਼ਿਅਰ ਲਿਖੇ ਹਨ। ਉਸ ਅੰਦਰ ਮਿਲਣ ਦੀ ਤਾਂਘ ਕੂੰਜ ਵਾਂਗ ਕੁਰਲਾਉਂਦੀ ਹੈ ਪਰ ਉਸ ਤੋਂ ਆਪਣੀਆਂ ਸੀਮਾਵਾਂ ਤੋਂ ਬਾਹਰ ਨਹੀਂ ਜਾ ਹੁੰਦਾ। ਉਹ ਜ਼ਿੰਦਗੀ ਵਿਚ ਪਿਆਰ ਦੀ ਅਹਿਮੀਅਤ ਨੂੰ ਸਮਝਦਾ ਹੈ ਤੇ ਜਾਣਦਾ ਹੈ ਕਿ ਸੰਸਾਰ ਵਿਚ ਮੁਹੱਬਤ ਦਾ ਕੋਈ ਬਦਲ ਨਹੀਂ ਹੈ। ਇੰਝ ਅਵਤਾਰ ਸਿੰਘ ਪੁਆਰ ਦੀਆਂ ਗ਼ਜ਼ਲਾਂ ਦੇ ਵਿਸ਼ਿਆਂ ਦੀ ਕੈਨਵਸ ਬਹੁਤ ਵੱਡੀ ਹੈ। ਪੁਆਰ ਬਹੁਤ ਵਧੀਆ ਗ਼ਜ਼ਲ ਲਿਖ ਸਕਦਾ ਹੈ ਪਰ ਉਸ ਨੂੰ ਇਸ ਸਬੰਧੀ ਅਧਿਐਨ ਕਰਨਾ ਪਵੇਗਾ ਤੇ ਇਸ ਦੀਆਂ ਬਾਰੀਕੀਆਂ ਨੂੰ ਜਾਣਨਾ ਹੋਵੇਗਾ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

30-09-2018

 ਦਰ-ਦਰਵਾਜ਼ੇ
ਲੇਖਕ : ਕੀਰਤ ਸਿੰਘ ਤਪੀਆ
ਪ੍ਰਕਾਸ਼ਕ : ਲਕਸ਼ੈ ਪਬਲੀਕੇਸ਼ਨਜ਼, ਦਿੱਲੀ।
ਮੁੱਲ : 150 ਰੁਪਏ, ਸਫ਼ੇ : 126
ਸੰਪਰਕ : 98728-17873.

ਇਹ ਕਾਵਿ-ਸੰਗ੍ਰਹਿ ਲੇਖਕ ਨੇ ਦਿਲੀ ਆਸਾਂ ਤੇ ਉਮੀਦਾਂ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਸਦਕਾ ਮਨੁੱਖ ਸੰਭਾਵੀ ਦੁਸ਼ਵਾਰੀਆਂ, ਰੋਕਾਂ ਨੂੰ ਪਾਰ ਕਰਦਿਆਂ, ਜੀਵਨ-ਪੰਧ 'ਤੇ ਤੁਰਦਿਆਂ, ਮੰਜ਼ਿਲ 'ਤੇ ਪਹੁੰਚਣ ਦਾ ਸਿਦਕ ਦਿਲ 'ਚ ਉਮਰ ਭਰ ਸੰਜੋਈ ਰੱਖਦਾ ਹੈ। ਇਸ ਸੰਗ੍ਰਹਿ ਦੀਆਂ ਛੰਦ-ਬੱਧ ਰਚਨਾਵਾਂ ਆਸ, ਉਮੀਦ, ਕੁਦਰਤ ਦੇ ਵਰਤਾਰੇ ਦੇ ਸਨਮੁੱਖ ਹਉਕੇ-ਹਾਵੇ, ਗਿਲੇ-ਸ਼ਿਕਵੇ, ਵਿਛੋੜਾ-ਮਿਲਾਪ, ਹੰਝੂ-ਖੇੜੇ, ਆਸ਼ਾ-ਨਿਰਾਸ਼ਾ, ਨੇਰ੍ਹੇ-ਚਾਨਣ, ਆਜ਼ਾਦੀ-ਗੁਲਾਮੀ, ਗੱਲ ਕੀ ਜੀਵਨ ਦੇ ਹਰੇਕ ਰੰਗਾਂ ਦੇ ਸ਼ੇਡ ਦੇ ਝਲਕਾਰਿਆਂ ਦੇ ਦਰਸ਼ਨ-ਦੀਦਾਰੇ ਕਰਵਾਉਂਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿਚ ਪੰਜਾਬੀ ਮਾਂ-ਬੋਲੀ ਦੇ ਨਾਲ-ਨਾਲ ਹਿੰਦੁਸਤਾਨੀ ਭਾਸ਼ਾ ਰਾਹੀਂ ਕਾਵਿਕ-ਰਚਨਾ ਕੀਤੀ ਮਿਲਦੀ ਹੈ। ਇਸ ਪ੍ਰਕਾਰ ਇਹ ਦੋ ਭਾਸ਼ਾਵਾਂ ਵਿਚ ਕੀਤੀ ਕਾਵਿਕ-ਸਿਰਜਣਾ ਹੈ। ਕਵੀ ਦੀ ਨਿਮਰਤਾ ਅਤੇ ਨਿਰਛੱਲਤਾ ਦਾ ਝਲਕਾਰਾ ਹੇਠ ਲਿਖੀਆਂ ਸਤਰਾਂ ਵਿਚ ਦੇਖਿਆ ਜਾ ਸਕਦਾ ਹੈ :
ਤਪੀਆ ਸ਼ੁਕਰ ਮਨਾਓ ਬਖਸ਼ੇ ਅਣਮੋਲਕ ਜੀਵਨ ਪਲਾਂ ਦਾ
ਪੂਰੀ ਕਾਇਨਾਤ ਦੇ ਉਤੇ ਚੱਲੇ ਸਿੱਕਾ ਉਸ ਦੀ ਸਰਦਾਰੀ ਦਾ।
ਹਿੰਦੁਸਤਾਨੀ ਭਾਸ਼ਾ 'ਚ ਲਿਖੀ 'ਪਰਵਾਸੀ ਪੰਛੀ' ਕਵਿਤਾ 'ਚ ਫਲਸਫਾਜ਼ ਤਬੀਅਤ ਦੀ ਪੇਸ਼ਕਾਰੀ :
ਤਪੀਆ ਚਲ ਘਰ ਅਬ ਬਹੁਤ ਦੇਰ ਹੋ ਗਈ
ਪਰਵਾਸੀ ਪੰਛੀ ਹੈਂ ਕਬ ਤਕ ਟਿਕ ਪਾਏਂਗੇ ਹਮ?
ਕੀਰਤ ਸਿੰਘ ਤਪੀਆ ਦੀ ਕਾਵਿਕ-ਦ੍ਰਿਸ਼ਟੀ 'ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮੁੱਖ ਸੁਰ 'ਭਾਣਾ ਮਿੱਠਾ ਕਰਕੇ ਮੰਨਣ' ਦੀ ਬਿਰਤੀ ਨੂੰ ਦ੍ਰਿੜ੍ਹ ਕਰਵਾਉਣ 'ਤੇ ਹੈ।
ਮਾਦਾ-ਭਰੂਣ ਹੱਤਿਆ, ਜੀਵਨ ਦੀਆਂ ਕਰੂਰ ਸਚਾਈਆਂ ਵੀ ਉਸ ਦੇ ਕਾਵਿਕ-ਵਿਸ਼ਿਆਂ 'ਚ ਸਮੋਈਆਂ ਪਈਆਂ ਹਨ। ਇਨ੍ਹਾਂ ਵਿਸ਼ਿਆਂ 'ਤੇ ਲਿਖੀਆਂ ਕਵਿਤਾਵਾਂ 'ਦੀਦਾਰ', 'ਮਸਤਕ ਦੀਆਂ ਲਕੀਰਾਂ', 'ਸੰਸਕਾਰ', 'ਗੁਰੂ ਦਾ ਮਾਰਗ', 'ਸੰਸਾਰ' ਆਦਿ ਦੇਖੀਆਂ ਜਾ ਸਕਦੀਆਂ ਹਨ। ਗੂੜ੍ਹ ਭਾਵਾਂ ਨੂੰ ਕਵੀ ਨੇ ਸਹਿਜ ਭਾਅ ਹੀ ਆਪਣੇ ਅਨੁਭਵ ਦਾ ਹਿੱਸਾ ਬਣਾ ਸਰਲ ਅਤੇ ਸਪੱਸ਼ਟ ਭਾਸ਼ਾ ਰਾਹੀਂ ਸੰਚਾਰਿਤ ਕਰਨ ਦਾ ਸਾਰਥਕ ਉਪਰਾਲਾ ਕੀਤਾ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਕੁਝ ਪਲ ਅਸਾਵੇਂ
ਲੇਖਕ : ਭੁਪਿੰਦਰ ਸਿੰਘ
ਪ੍ਰਕਾਸ਼ਨ : ਸੁੰਦਰ ਬੁੱਕ ਡਿਪੋ, ਜਲੰਧਰ।
ਮੁੱਲ : 180 ਰੁਪਏ, ਸਫ਼ੇ : 127
ਸੰਪਰਕ : 0181-2623184

ਲੇਖਕ ਚਾਹੁੰਦਾ ਹੈ ਕਿ ਸਮਾਜ 'ਚੋਂ ਅਗਿਆਨਤਾ ਦਾ ਹਨੇਰਾ ਸਦਾ ਲਈ ਖ਼ਤਮ ਹੋ ਜਾਵੇ। ਆਪਣੀ ਰਚਨਾ 'ਅਜੋਕੀ ਗਾਇਕੀ' 'ਚ ਉਹ ਗਾਇਕੀ ਦੇ ਖੇਤਰ 'ਚ ਆਏ ਨਿਘਾਰ ਨੂੰ ਪੇਸ਼ ਕਰਦਾ ਹੈ ਅਤੇ ਰਾਤੋ-ਰਾਤ ਗਾਇਕੀ ਦੇ ਖੇਤਰ 'ਚ ਅਮੀਰ ਹੋਣ ਦੀ ਸੋਚ ਰੱਖਣ ਵਾਲੇ ਗਾਇਕਾਂ 'ਤੇ ਕਟਾਕਸ਼ ਕਰਦਾ ਹੈ। 'ਵਹਿਮਾਂ-ਭਰਮਾਂ ਦਾ ਫ਼ਲਸਫ਼ਾ ਅਤੇ ਗੁਰਮਤਿ' ਉਹ ਤਾਂਤਰਿਕਾਂ ਦੁਆਰਾ ਲੋਕਾਂ ਦੀ ਕਮਜ਼ੋਰ ਮਾਨਸਿਕਤਾ ਦਾ ਲਾਭ ਲੈਂਦਿਆਂ ਆਪਣੀ ਆਰਥਿਕ ਲੁੱਟ ਕਰਾਉਣ ਤੋਂ ਸੁਚੇਤ ਕਰਦਿਆਂ ਉਹ ਦੱਸਦਾ ਹੈ ਕਿ ਇਹ ਸਾਡੀਆਂ ਸਮੱਸਿਆਵਾਂ ਦਾ ਅਸਲ ਹੱਲ ਨਹੀਂ ਹੈ।
ਸਾਨੂੰ ਉਨ੍ਹਾਂ ਕਾਰਨਾਂ, ਤੱਥਾਂ ਦਾ ਵਿਗਿਆਨਕ ਨਜ਼ਰੀਏ ਤੋਂ ਅਧਿਐਨ ਕਰਨਾ ਚਾਹੀਦਾ ਹੈ, ਜਿਸ ਕਰਕੇ ਇਹ ਸਮੱਸਿਆਵਾਂ ਪੈਦਾ ਹੋਈਆਂ ਹਨ। 'ਚੌਦਾਂ ਫ਼ਰਵਰੀ' 'ਚ ਉਹ ਅਜੋਕੀ ਨੌਜਵਾਨ ਪੀੜ੍ਹੀ ਦੁਆਰਾ ਮਨਮਰਜ਼ੀ ਕਰਨ ਅਤੇ ਔਲਾਦ ਦਾ ਮਾਪਿਆਂ ਦੇ ਕਹਿਣੇ 'ਚ ਨਾ ਰਹਿਣ ਨੂੰ ਦਰਸਾਉਂਦਾ ਹੈ। 'ਚੱਲ ਬਾਹਰ ਚੱਲ', 'ਨਰਕਾਈ' ਵਿਚ ਉਹ ਵਿਦੇਸ਼ ਦੇ ਕੰਮ-ਕਾਜ਼ੀ ਜੀਵਨ 'ਤੇ ਚਾਨਣਾ ਪਾਉਂਦਾ ਹੈ ਅਤੇ ਲੋਕਾਂ ਦੇ ਹਰ ਹੀਲੇ ਵਿਦੇਸ਼ ਜਾਣ ਦੀ ਖਿੱਚ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। 'ਪੰਜਾਬੀ ਬੋਲੀ ਅਤੇ ਇਸ ਦੇ ਵਾਰਸ' ਵਿਚ ਪੰਜਾਬੀ ਭਾਸ਼ਾ ਨੂੰ ਲਿਖਦੇ ਸਮੇਂ ਥਾਂ ਪੁਰ ਥਾਂ ਕੀਤੀਆਂ ਜਾਂਦੀਆਂ ਗ਼ਲਤੀਆਂ, ਪੰਜਾਬੀ ਭਾਸ਼ਾ 'ਚ ਆ ਰਹੇ ਬਾਹਰੀ ਭਾਸ਼ਾਵਾਂ ਦੇ ਰਲਾਅ ਅਤੇ ਅਜੋਕੀ ਨੌਜਵਾਨ ਪੀੜ੍ਹੀ ਵਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਘਟ ਰਿਹਾ ਮੋਹ ਇਸ ਦਾ ਵਧੀਆ ਵਿਸ਼ਾ ਵਸਤੂ ਹੈ।
'ਸੇਹ ਦਾ ਤੱਕਲਾ' ਉਨ੍ਹਾਂ ਗ਼ਰੀਬ ਪਰਿਵਾਰਾਂ ਦੇ ਜੀਵਨ 'ਤੇ ਆਧਾਰਿਤ ਹੈ, ਜੋ ਆਰਥਿਕ ਅਸਾਵੇਂਪਣ ਕਾਰਨ, ਕਿਸੇ ਸਬੱਬ ਨਾਲ਼ ਹਾਸਲ ਹੋਏ ਰਾਜਸੀ ਅਹੁਦਿਆਂ ਦਾ ਸਹੀ ਇਸਤੇਮਾਲ ਕਰਨ 'ਚ ਅਸਮਰੱਥ ਰਹਿੰਦੇ ਹਨ। ਇਸ ਤੋਂ ਇਲਾਵਾ ਲੇਖਕ ਵਹਿਮਾਂ-ਭਰਮਾਂ ਦਾ ਖੰਡਨ ਕਰਦਿਆਂ ਨਸ਼ੇ ਦੇ ਲਾਲਚੀਆਂ 'ਤੇ ਟਕੋਰ ਕਰਦਾ ਹੋਇਆ ਵਾਤਾਵਰਨ ਦੀ ਸ਼ੁੱਧਤਾ ਲੋਚਦਾ ਹੈ। ਉਹ ਚਾਹੁੰਦਾ ਹੈ ਕਿ ਕੁਦਰਤ ਨਾਲ ਮਨੁੱਖ ਦਾ ਰਿਸ਼ਤਾ ਮੋਹ, ਅਪਣੱਤ ਭਰਿਆ ਹੋਣਾ ਚਾਹੀਦਾ ਹੈ ਤਾਂ ਹੀ ਉਹ ਸਾਡੇ 'ਤੇ ਮਿਹਰਬਾਨ ਹੋ ਸਕਦੀ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਅੱਲ੍ਹੜ ਉਮਰਾਂ ਤਲਖ ਸੁਨੇਹੇ
ਲੇਖਕ : ਗੁਰਪ੍ਰੀਤ ਸਿੰਘ ਤੂਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 135
ਸੰਪਰਕ : 9815800405.

ਹੱਥਲੀ ਪੁਸਤਕ ਗੁਰਪ੍ਰੀਤ ਸਿੰਘ ਤੂਰ ਦੀ ਪੰਜਵੀਂ ਕਿਤਾਬ ਹੈ, ਜਿਸ ਨੂੰ ਉਸ ਨੇ ਤਿੰਨ ਭਾਗਾਂ ਵਿਚ ਤਕਸੀਮ ਕੀਤਾ ਹੈ। ਭਾਗ ਪਹਿਲੇ ਵਿਚ 14 ਨਿਬੰਧ ਹਨ ਜਿਨ੍ਹਾਂ ਵਿਚ ਨੌਜਵਾਨਾ ਦੀਆਂ ਤਲਖ ਮੁਸੀਬਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਦੂਜੇ ਭਾਗ ਵਿਚ 21 ਨਿਬੰਧ ਹਨ, ਜਿਨ੍ਹਾਂ ਵਿਚ ਵਾਰਤਕਕਾਰ ਨੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਹਨ ਤੇ ਵਿਰਸੇ ਨਾਲ ਜੁੜਨ ਦੀ ਨਸੀਹਤ ਵੀ ਦਿੱਤੀ ਹੈ। ਤੂਰ ਦੀ ਵਾਰਤਕ ਰਚਨਾ ਵਿਚ ਸਰਲਤਾ ਅਤੇ ਸੁਹਜ ਭਰਿਆ ਹੋਇਆ ਹੈ। ਸਮੁੱਚੀ ਪੁਸਤਕ ਦਾ ਕੇਂਦਰੀ ਧੁਰਾ ਨਸ਼ਾ ਹੀ ਹੈ। ਸਾਰੀਆਂ ਹੀ ਘਟਨਾਵਾਂ ਅਤੇ ਉਪ ਵਿਸ਼ੇ ਨਸ਼ਿਆਂ ਨਾਲ ਹੀ ਜੁੜੇ ਹੋਏ ਹਨ। ਤੂਰ ਨੇ ਪਹਿਲੇ ਪਾਠ 'ਬੇੜਾ ਬੰਧਿ ਨਾ ਸਕਿਓ ਬੰਧਨ ਕੀ ਵੇਲਾ' ਵਿਚ ਚੋਣਾਂ ਸਮੇਂ ਹੁੰਦੀ ਸ਼ਰਾਬ ਦੀ ਅੰਨ੍ਹੇਵਾਹ ਵਰਤੋਂ ਬਾਰੇ ਦੱਸਿਆ ਹੈ, ਜਿਸ ਕਾਰਨ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ, ਜੋ ਘਰਾਂ ਵਿਚ ਕਲੇਸ਼ ਕਰਦੇ ਹਨ ਅਤੇ ਕੁਦਰਤ ਵੀ ਉਲਟ ਹੁੰਦੀ ਪ੍ਰਤੀਤ ਹੋਣ ਲਗਦੀ ਹੈ। ਅਗਲੇ ਪਾਠ 'ਹਥੁ ਨਾ ਲਾਇ ਕਸੁੰਭੜੈ ਜਲਿ ਜਾਸੀ ਢੋਲਾ' ਵਿਚ ਚੰਗੀ ਸੇਧ ਦੇਣ ਵਾਲੀਆਂ ਵਿੱਦਿਅਕ ਸੰਸਥਾਵਾਂ ਵਿਚ ਵੀ ਜਦੋਂ ਗਿਰਾਵਟ ਆ ਜਾਂਦੀ ਹੈ ਤੇ ਨੌਜਵਾਨ ਪੁੱਠੇ ਰਸਤੇ ਤੇ ਲੱਗ ਪੈਂਦੇ ਹਨ। 'ਮਾੜੇ ਕੰਮ ਦਾ ਮਾੜਾ ਨਤੀਜਾ' ਵਾਂਗ ਲੇਖਕ ਨੇ ਨਸੀਹਤ ਦਿੱਤੀ ਹੈ ਕਿ ਨੌਜਵਾਨਾਂ ਵਿਚ ਕਸੁੰਭੜੇ ਦੀ ਥਾਂ ਮਜੀਠ ਦੇ ਰੰਗ ਭਰੇ ਜਾਣ।
ਇਸੇ ਪ੍ਰਕਾਰ ਤੂਰ ਨੇ ਆਪਣੇ ਹਕੀਕਤ ਅਨੁਭਵ ਸਾਡੇ ਨਾਲ ਸਾਂਝੇ ਕੀਤੇ ਹਨ ਕਿ ਇਕ ਪਿੰਡ ਵਿਚ ਪੰਜ ਹਜ਼ਾਰ ਰੁਪਏ ਪਿੱਛੇ ਡਰਾਈਵਰ, ਮਾਸਟਰ ਦੀ ਘਰਵਾਲੀ ਦਾ ਕਤਲ ਕਰ ਦਿੰਦਾ ਹੈ। ਸੋ, ਸਾਡਾ ਸਾਰਾ ਸਮਾਜ ਨਿੱਘਰਦਾ ਜਾ ਰਿਹਾ ਹੈ, ਪਰ ਇਕ ਬਹੁਤ ਸੋਹਣੀ ਗੱਲ ਵੀ ਹੈ ਕਿ ਜਦੋਂ ਇਕ ਪੀ. ਐੱਚ. ਡੀ. ਕਰਨ ਵਾਲੀ ਕੁੜੀ ਜਿਸ ਨੇ ਮਰਦਾਂ ਦੇ ਸਿਰ ਦੀ ਪੱਗ ਉੱਤੇ ਖੋਜ ਨਿਬੰਧ ਲਿਖਿਆ ਹੁੰਦਾ ਹੈ, ਉਹ ਕੁੜੀ ਹਰ ਪੱਗ ਵਾਲੇ ਬੰਦੇ ਅੱਗੇ ਆਪਣਾ ਸਿਰ ਝੁਕਾਉਂਦੀ ਹੈ। ਲੇਖਕ ਨੇ ਨਿੱਕੇ-ਨਿੱਕੇ ਨਿਬੰਧਾਂ ਜਿਵੇਂ ਗ਼ਲਤੀਆਂ, ਲੇਖਾ-ਜੋਖਾ, ਘੁੰਮਣ-ਫਿਰਨ ਪਾਠਾਂ ਵਿਚ ਵੀ ਨਸੀਹਤਾਂ ਹੀ ਦਿੱਤੀਆਂ ਹਨ। ਅਗਲੇ ਪਾਠ 'ਗ਼ੈਰ-ਰਸਮੀ ਸਿੱਖਿਆ' ਵਿਚ ਵੱਡਿਆਂ ਦਾ ਆਦਰ-ਮਾਣ ਕਰਨ ਬਾਰੇ ਦੱਸਿਆ ਹੈ ਕਿ ਸਾਨੂੰ ਉਨ੍ਹਾਂ ਤੋਂ ਕੁਝ ਸਿੱਖਣਾ ਅਤੇ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਗੱਲ ਕੀ ਲੇਖਕ ਅਗਾਂਹਵਧੂ ਸੋਚ ਦਾ ਧਾਰਨੀ ਹੈ। ਇਸੇ ਤਰ੍ਹਾਂ ਹੀ 'ਲੋਕਧਾਰਾ' ਪਾਠ ਵਿਚ ਵੀ ਨੌਜਵਾਨਾਂ ਦੀਆਂ ਸੂਝ-ਸਿਆਣਪਾਂ ਤੋਂ ਬਗੈਰ ਆਉਣ ਵਾਲੀਆਂ ਕਠਿਨਾਈਆਂ ਬਾਰੇ ਦੱਸਿਆ ਹੈ ਅਤੇ ਸਾਡੇ ਇਸ ਅਮੀਰ ਖਜ਼ਾਨੇ ਨਾਲ ਜੁੜਨ ਲਈ ਕਿਹਾ ਹੈ। ਅਖੀਰਲੇ ਪਾਠ 'ਅੱਲੜ ਉਮਰਾਂ ਤਲਖ ਸੁਨੇਹੇ' ਵਿਚ ਨੌਜਵਾਨਾਂ ਦੇ ਫਿਟਨੈਸ ਟੈਸਟ ਵਿਚ ਬੇਵਸੀ ਅਤੇ ਅਸਫਲਤਾ ਵਰਗੇ ਸ਼ਬਦ ਕਿੰਨੇ ਘਾਤਕ ਹਨ, ਬਾਰੇ ਦੱਸਿਆ ਹੈ। ਹਰਿਆਣੇ ਦੇ ਮੁੰਡੇ ਪੰਜਾਬ ਦੇ ਮੁੰਡਿਆਂ ਤੋਂ ਚੰਗੇ ਜਾਪਦੇ ਹਨ ਜੋ ਕਿ ਫਿਟਨੈਸ ਦਾ ਟੈਸਟ ਪਾਸ ਕਰ ਜਾਂਦੇ ਹਨ। ਇਸ ਤਰ੍ਹਾਂ ਤੂਰ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਹਨ। ਲੇਖਕ ਨੂੰ ਮੁਬਾਰਕਬਾਦ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਇਹ ਇਕ ਕੁੜੀ
ਲੇਖਕ : ਐਸ. ਸਾਕੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ-6
ਮੁੱਲ : 350 ਰੁਪਏ, ਸਫ਼ੇ : 144
ਸੰਪਰਕ : 098113-37763.

'ਇਹ ਇਕ ਕੁੜੀ' ਐਸ. ਸਾਕੀ ਦਾ ਨਵ-ਪ੍ਰਕਾਸ਼ਿਤ ਨਾਵਲ ਹੈ, ਜਿਸ ਦੀ ਰਚਨਾ ਕਈ ਵਰ੍ਹੇ ਪਹਿਲਾਂ ਹੋਈ ਸੀ ਪਰ ਪ੍ਰਕਾਸ਼ਿਤ ਇਹ ਇਸ ਵਰ੍ਹੇ ਹੋਇਆ ਹੈ। ਇਸ ਨਾਵਲ ਵਿਚ ਐਸ. ਸਾਕੀ ਨੇ ਕਈ ਸਮੱਸਿਆਵਾਂ ਨੂੰ ਇਕੋ ਵੇਲੇ ਨਜਿੱਠਣ ਦਾ ਯਤਨ ਕੀਤਾ ਹੈ। ਇਹ ਨਾਵਲ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਕੇ ਆਧੁਨਿਕ ਕਾਲ ਨੂੰ ਆਪਣੀ ਰਚਨਾ ਵਿਚ ਸਮੇਟਦਾ ਪ੍ਰਤੀਤ ਹੁੰਦਾ ਹੈ। ਹਿਮਾਚਲ ਦੇ ਪਿੰਡਾਂ ਵਿਚ ਅੱਤ ਦੀ ਗ਼ਰੀਬੀ ਹੈ। ਥੋੜ-ਜ਼ਮੀਨੇ ਦਨੀਆ ਜਿਹੇ ਕਿਸਾਨ ਮਜਬੂਰੀਵੱਸ ਸ਼ਿਮਲੇ ਆ ਕੇ ਰਿਕਸ਼ਾ ਵਾਹੁਣ ਤੇ ਹੋਰ ਤਰ੍ਹਾਂ ਦੀਆਂ ਮਜ਼ਦੂਰੀਆਂ ਕਰਨ ਲਈ ਮਜਬੂਰ ਹਨ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਭਾਵੇਂ ਉਨ੍ਹਾਂ ਨੂੰ ਚੰਗੀ ਮਜ਼ਦੂਰੀ ਮਿਲ ਜਾਂਦੀ ਸੀ ਪਰ ਆਜ਼ਾਦੀ ਤੋਂ ਬਾਅਦ ਵਾਲੀ ਸਾਡੀ ਧਨਾਢ ਜਮਾਤ ਜ਼ਿਆਦਾ ਕੋਰੀ ਤੇ ਜ਼ਾਲਮ ਹੋ ਗਈ ਹੈ, ਜਿਸ ਕਾਰਨ ਕਈ ਤਰ੍ਹਾਂ ਦੇ ਅੱਕੀਂ ਪਲਾਹੀਂ ਹੱਥ ਮਾਰਨ ਦੇ ਬਾਵਜੂਦ ਉਨ੍ਹਾਂ ਮਜ਼ਦੂਰਾਂ ਦੀ ਗ਼ਰੀਬੀ ਧੋਤੀ ਨਹੀਂ ਜਾ ਸਕੀ। ਸ਼ੋਸ਼ਣ ਇਸ ਨਾਵਲ ਦਾ ਦੂਸਰਾ ਮੁੱਦਾ ਹੈ, ਜੋ ਇਸ ਨਾਵਲ ਦੀ ਬੁਣਤੀ ਵਿਚ ਸਮੋਇਆ ਹੋਇਆ ਹੈ। ਮਜਬੂਰੀ ਵੀ ਇਸ ਵਿਚ ਵਾਰ-ਵਾਰ ਈਕੋ ਕਰਦੀ, ਗੂੰਜਦੀ ਮਹਿਸੂਸ ਹੁੰਦੀ ਹੈ। ਦਨੀਆ ਦੇ ਪੁੱਤਰ ਤਾਰੂ ਨੂੰ ਮਜਬੂਰੀਵੱਸ ਸੇਠਾਨੀ ਸ਼ੀਲਾ ਦੀ ਕਾਮਪੂਰਤੀ ਲਈ ਆਪਣੇ ਹੱਡ ਗਹਿਣੇ ਧਰਨੇ ਪੈਂਦੇ ਹਨ। ਉਸ ਦੀ ਪ੍ਰੇਮਿਕਾ ਕਾਰਦੀ ਮਜਬੂਰੀਵੱਸ, ਗ਼ਰੀਬੀ ਕਾਰਨ ਵੇਸਵਾ ਬਣਨ ਲਈ ਮਜਬੂਰ ਹੈ। ਉਸ ਦਾ ਬਚਪਨ ਤੇ ਜਵਾਨੀ ਗ਼ਰੀਬੀ ਦੀ ਭੇਟ ਚੜ੍ਹ ਜਾਂਦਾ ਹੈ। ਡਾਕਟਰ ਰਾਜ ਜਿਹਾ ਆਦਰਸ਼ ਪਾਤਰ ਵੀ ਆਪਣੀ ਪ੍ਰੇਮਿਕਾ ਦੇ ਛੱਡ ਜਾਣ ਕਾਰਨ ਮਾਯੂਸ ਹੈ ਪਰ ਲੋਕ ਭਲਾਈ ਦੇ ਕਾਰਜਾਂ ਵਿਚ ਵਧ-ਚੜ੍ਹ ਕੇ ਭਾਗ ਲੈਂਦਾ ਹੈ। ਸੇਠ ਸ਼ਾਮ ਲਾਲ ਤੇ ਉਸ ਦੇ ਬੱਚਿਆਂ ਦਾ ਜੀਵਨ ਵੀ ਵੱਖਰੀਆਂ ਝਲਕੀਆਂ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ।
ਐਸ. ਸਾਕੀ ਨੇ ਆਪਣੀ ਕੁਸ਼ਲਤਾ ਨਾਲ ਗ਼ਰੀਬੀ, ਸ਼ੋਸ਼ਣ ਤੇ ਮਜਬੂਰੀ ਦੇ ਅਜਿਹੇ ਦਰਦਨਾਕ ਦ੍ਰਿਸ਼ ਉਲੀਕੇ ਹਨ ਕਿ ਮਾਨਵੀ ਤ੍ਰਾਸਦੀ ਦੇ ਅਨੇਕਾਂ ਰੂਪ ਸਾਡੇ ਸਾਹਮਣੇ ਸਾਕਾਰ ਹੋ ਜਾਂਦੇ ਹਨ।

ਫ ਫ ਫ

ਐਮ.ਐਲ.ਏ. ਨਹੀਂ, ਡਾਕੀਆ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 106
ਸੰਪਰਕ : 0172-5027427.

ਮਿਡਲ ਲੇਖਾਂ ਵਿਚ ਬਹੁਤ ਵੰਨ-ਸੁਵੰਨਤਾ ਹੁੰਦੀ ਹੈ। ਇਨ੍ਹਾਂ ਵਿਚ ਰੌਚਿਕ ਘਟਨਾਵਾਂ ਹੁੰਦੀਆਂ ਹਨ। ਜੀਵਨ-ਯਾਦਾਂ ਦੇ ਗੁਲਦਸਤੇ ਪਰੋਏ ਹੁੰਦੇ ਹਨ। ਸਵੈ-ਜੀਵਨੀਮੂਲਕ ਅੰਸ਼ ਹੁੰਦੇ ਹਨ। ਇਤਿਹਾਸਕ ਵਾਰਤਾਵਾਂ ਹੁੰਦੀਆਂ ਹਨ ਤੇ ਸਮੇਂ ਦਾ ਯਥਾਰਥ ਅਤੇ ਕੌੜੇ ਕੁਸੈਲੇ ਅਨੁਭਵਾਂ ਦਾ ਸੰਚਾਰ ਹੁੰਦਾ ਹੈ। ਇਨ੍ਹਾਂ ਰਾਹੀਂ ਲੇਖਕ ਸਮਾਜਿਕ ਨੈਤਿਕਤਾਵਾਂ, ਵਿਸੰਗਤੀਆਂ ਅਤੇ ਆਲੇ-ਦੁਆਲੇ ਫੈਲੇ ਕੂੜ-ਪਸਾਰ ਦੇ ਵੀ ਵੇਰਵੇ ਦਿੰਦਾ ਰਹਿੰਦਾ ਹੈ। ਮਿਡਲ ਲੇਖਨ ਨੂੰ ਸਾਹਿਤ ਦੇ ਕਿਸੇ ਇਕ ਰੂਪ ਜਾਂ ਵੰਨਗੀ ਦੀ ਵਲਗਣ ਵਿਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਹੈ। ਇਸ ਦਾ ਵਰਤ ਵਰਤਾਉ ਖੁੱਲ੍ਹੇ ਖੁਲਾਸੇ ਰੂਪ ਵਿਚ ਪ੍ਰਗਟ ਹੁੰਦਾ ਹੈ।
ਇਸ ਪੁਸਤਕ ਵਿਚ ਲੇਖਕ ਨੇ ਇਨ੍ਹਾਂ ਲਘੂ ਲੇਖਾਂ ਰਾਹੀਂ ਆਪਣੇ ਜੀਵਨ ਦੀ ਗੁਰਬਤ, ਮੁਸ਼ੱਕਤ ਅਤੇ ਘੋਲਾਂ ਦਾ ਥਾਂ-ਕੁਥਾਂ ਜ਼ਿਕਰ ਕੀਤਾ ਹੈ। ਆਪਣੇ ਪਿਤਾ ਦੀ ਨੈਤਿਕ ਧਰਮ ਹੱਠਤਾ ਦਾ ਬਿਰਤਾਂਤ ਪੇਸ਼ ਕੀਤਾ ਹੈ। ਆਪਣੀਆਂ ਪ੍ਰਾਪਤੀਆਂ, ਸਫ਼ਲਤਾਵਾਂ ਦੀਆਂ ਬਾਤਾਂ ਪਾਈਆਂ ਹਨ। ਡਾ: ਸੰਦੀਪ ਜਿਹੇ ਦਰਜਨਾਂ ਪਾਤਰ ਉਸਾਰੇ ਹਨ ਜੋ ਆਪਣੇ ਬਲਬੂਤੇ ਸਿਸਟਮ ਵਿਚ ਤਬਦੀਲੀ ਲਿਆਉਣ ਦਾ ਜ਼ੇਰਾ ਰੱਖਦੇ ਹਨ। ਉੱਖੜ ਰਹੇ ਰਿਸ਼ਤਿਆਂ ਦੇ ਦ੍ਰਿਸ਼ਟਾਂਤ ਪੇਸ਼ ਕੀਤੇ ਹਨ, ਜਿਥੇ ਲਾਲਚ ਰਿਸ਼ਤਿਆਂ ਨੂੰ ਘੁਣ ਵਾਂਗ ਲੱਗਿਆ ਪ੍ਰਤੀਤ ਹੁੰਦਾ ਹੈ। ਆਦਰਸ਼ਾਂ ਦੇ ਕਈ ਨਮੂਨੇ ਇਨ੍ਹਾਂ ਲੇਖਾਂ ਰਾਹੀਂ ਉਜਾਗਰ ਕੀਤੇ ਗਏ ਹਨ। ਕੁੱਲ ਮਿਲਾ ਕੇ ਬਹੁਤ ਸੋਹਣੀ ਤੇ ਰੌਚਿਕ ਵਾਰਤਕ ਦੀ ਰਚਨਾ ਕੀਤੀ ਗਈ ਹੈ, ਜੋ ਪੜ੍ਹਨਯੋਗ ਵੀ ਤੇ ਸਲਾਹੁਣਯੋਗ ਵੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਲੰਘ ਗਏ ਦਰਿਆ
ਲੇਖਿਕਾ : ਡਾ: ਹਰਜਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98767-92123.

ਇਹ ਪੁਸਤਕ ਨਾਵਲਕਾਰਾ ਡਾ: ਦਲੀਪ ਕੌਰ ਟਿਵਾਣਾ ਦੇ ਨਾਵਲ 'ਲੰਘ ਗਏ ਦਰਿਆ' (1990) ਦਾ ਬਹੁਪੱਖੀ ਅਧਿਐਨ ਹੈ। ਚਾਰ ਅਧਿਆਇ ਹਨ। ਪਹਿਲੇ ਕਾਂਡ ਵਿਚ ਦਲੀਪ ਕੌਰ ਟਿਵਾਣਾ ਦੇ ਸਾਰੇ ਨਾਵਲਾਂ ਦੀ ਲੰਮੀ ਸੂਚੀ ਹੈ। (1967-2007) ਤੱਕ ਦੇ ਲਿਖੇ ਤੀਹ ਨਾਵਲਾਂ ਬਾਰੇ ਡਾ: ਟਿਵਾਣਾ ਦੀ ਨਾਵਲ ਕਲਾ ਦੇ ਸੰਦਰਭ ਵਿਚ ਸੰਖੇਪ ਚਰਚਾ ਹੈ। ਖ਼ਾਸ ਕਰਕੇ ਡਾਕਟਰ ਟਿਵਾਣਾ ਦੀ ਨਾਰੀ ਸੰਵੇਦਨਸ਼ੀਲਤਾ ਨੂੰ ਪ੍ਰਮੁੱਖਤਾ ਦਿੱਤੀ ਹੈ। ਇਹ ਅਧਿਆਇ ਨਾਵਲਾਂ ਦੀਆਂ ਨਾਇਕਾਵਾਂ 'ਤੇ ਕੇਂਦਰਿਤ ਹੈ। ਨਾਵਲ ਦੀ ਪਰਿਭਾਸ਼ਾ ਤੇ ਜ਼ਰੂਰੀ ਤੱਤਾਂ ਦੀ ਜਾਣਕਾਰੀ ਹੈ। ਨਾਵਲ ਦੀ ਉਤਪਤੀ, ਪੰਜਾਬੀ ਦੇ ਮੁਢਲੇ ਨਾਵਲ ਪੱਛਮੀ ਚਿੰਤਕਾਂ ਦੇ ਹਵਾਲੇ, ਪ੍ਰਮੁੱਖ ਨਾਵਲਕਾਰ ਭਾਈ ਵੀਰ ਸਿੰਘ, ਸਰਦਾਰ ਨਾਨਕ ਸਿੰਘ, ਕਰਨਲ ਨਰਿੰਦਰਪਾਲ ਸਿੰਘ, ਹਰਨਾਮ ਦਾਸ ਸਹਿਰਾਈ ਸਮੇਤ ਪ੍ਰਮੁੱਖ ਨਾਵਲਕਾਰ ਤੇ ਨਾਵਲਾਂ ਬਾਰੇ ਵਿਸਥਾਰ ਹੈ। ਇਤਿਹਾਸਕ ਨਾਵਲਕਾਰ ਲਈ ਜ਼ਰੂਰੀ ਸ਼ਰਤਾਂ ਬਾਰੇ ਗੰਭੀਰ ਵਿਚਾਰ ਹਨ। ਪੰਜਾਬੀ ਨਾਵਲ ਵਿਚ 1700-1947 ਤੱਕ ਦੇ ਸਮੇਂ ਦਾ ਇਤਿਹਾਸਕ ਹਵਾਲਾ ਹੈ। ਕਿਉਂਕਿ ਲੰਘ ਗਏ ਦਰਿਆ ਨਾਵਲ ਪੰਜਾਬ ਦੀ ਪਟਿਆਲਾ ਰਿਆਸਤ ਦੇ ਸਮੁੱਚੇ ਇਤਿਹਾਸ ਦਾ ਜ਼ਿਕਰ ਕਰਦਾ ਹੈ, ਇਸ ਲਈ ਖੋਜਕਰਤਾ ਨੇ ਇਤਿਹਾਸਕ ਨਾਵਲ ਦੀ ਚਰਚਾ ਨੂੰ ਪੁਸਤਕ ਦਾ ਆਧਾਰ ਬਣਾਇਆ ਹੈ। ਤੀਸਰੇ ਅਧਿਆਇ ਵਿਚ ਨਾਵਲ ਵਿਚਲੇ ਮਾਨਵੀ ਰਿਸ਼ਤਿਆਂ ਦੀ ਖੋਜਮਈ ਪੇਸ਼ਕਾਰੀ ਹੈ। ਮਹਾਰਾਜਾ ਪਟਿਆਲਾ ਦੀ ਸਮੁੱਚੀ ਜੀਵਨ-ਸ਼ੈਲੀ ਬਾਰੇ ਚਰਚਾ ਹੈ। ਨਾਵਲ ਦੇ ਮੁੱਖ ਪਾਤਰ ਬਖ਼ਸੀਸ਼ ਸਿੰਘ, ਗੁਰਬਖਸ਼ੀਸ਼ ਸਿੰਘ, ਇਸਤਰੀ ਪਾਤਰ, ਮਹਿਲਾਂ ਦੇ ਕਾਮੇ ਪਾਤਰ, ਪਟਿਆਲੇ ਦਾ ਕਾਲੀ ਮੰਦਰ, ਮਹਾਰਾਜਿਆਂ ਦੀ ਧਾਰਮਿਕ ਉਦਾਰਤਾ, ਸ਼ਿਕਾਰ ਕਲਾ, ਔਰਤ ਦੀ ਮਾਨਸਿਕਤਾ, ਮਹਿਲਾਂ ਦੇ ਅਹਿਲਕਾਰਾਂ ਦਾ ਜੀਵਨ, ਪਟਿਆਲਾ ਰਿਆਸਤ ਦਾ ਸਮਕਾਲੀ ਇਤਿਹਾਸ ਇਸ ਖੋਜ ਪ੍ਰਬੰਧ ਦਾ ਸਮੁੱਚਾ ਵਿਸ਼ਾ ਵਸਤੂ ਬਣਦਾ ਹੈ। ਚੌਥੇ ਅਧਿਆਇ ਵਿਚ ਨਾਵਲ ਵਿਚ ਦਰਸਾਏ ਇਤਿਹਾਸ ਦੇ ਗਲਪੀਕਰਨ ਦੀਆਂ ਜੁਗਤਾਂ ਦੀ ਚਰਚਾ ਹੈ। ਖੋਜਕਰਤਾ ਨੇ ਸਿਰਲੇਖ ਵਿਚੋਂ ਦਰਿਆ ਸ਼ਬਦ ਦਾ ਤੇ ਲੰਘ ਜਾਣ ਦਾ (ਅਤੀਤ) ਵਿਸ਼ਲੇਸ਼ਣ ਪੇਸ਼ ਕੀਤਾ ਹੈ। (ਸਫ਼ਾ 108) ਵਿਦਵਾਨ ਲੇਖਕਾਂ ਦੀਆਂ ਪੁਸਤਕਾਂ ਦੇ ਹਵਾਲੇ ਹਨ। ਪੁਸਤਕ ਵਿਚ ਪ੍ਰਕਾਸ਼ਕ ਨੇ ਨਾਵਲ ਦੇ ਵਿਸ਼ੇਸ਼ ਹਵਾਲਿਆਂ ਨੂੰ ਪ੍ਰਮੁੱਖਤਾ ਨਾਲ ਛਾਪ ਕੇ ਪੁਸਤਕ ਨੂੰ ਆਕਰਸ਼ਕ ਬਣਾਇਆ ਹੈ। ਪੁਸਤਕ ਸਾਹਿਤ ਦੇ ਵਿਦਿਆਰਥੀਆਂ ਲਈ ਵਡਮੁੱਲੀ ਸੌਗਾਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਨਸ਼ਾ ਖੋਰੀ
ਚਿੰਤਾ, ਚਿੰਤਨ ਅਤੇ ਚੇਤਨਾ

ਲੇਖਕ : ਮੋਹਨ ਸ਼ਰਮਾ
ਪ੍ਰਕਾਸ਼ਕ : ਨਸ਼ਾ ਛੁਡਾਊ ਕੇਂਦਰ, ਸੰਗਰੂਰ (ਪੰਜਾਬ)।
ਮੁੱਲ : 125 ਰੁਪਏ, ਸਫ਼ੇ : 114
ਸੰਪਰਕ : 94171-48866.

ਅਜੋਕੇ ਦੌਰ ਵਿਚ ਪੰਜਾਬ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਨਵੀਂ ਪੀੜ੍ਹੀ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਪ੍ਰਾਪਤੀ ਲਈ ਜ਼ਲੀਲ ਹੋਣਾ ਪੈ ਰਿਹਾ ਹੈ। ਵਿਦੇਸ਼ ਵਿਚ ਲੱਖਾਂ ਰੁਪਏ ਖਰਚ ਕੇ ਜਾਣਾ ਹਰ ਕਿਸੇ ਦੇ ਵੱਸ ਵਿਚ ਨਹੀਂ। ਰਾਜਨੀਤੀ ਦਾ ਗੰਧਲਾਪਨ ਨਿਰੰਤਰ ਨਮੋਸ਼ੀ ਭਰੀ ਅਵਸਥਾ ਦੀ ਪੇਸ਼ਕਾਰੀ ਕਰਦਾ ਹੈ। ਵਧ ਰਿਹਾ ਗੈਂਗਸਟਰ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਾਲ-ਨਾਲ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦਾ ਖ਼ਤਰਨਾਕ ਰੁਝਾਨ, ਹਰ ਸੰਵੇਦਨਸ਼ੀਲ ਪੰਜਾਬੀ ਨੂੰ ਝੰਜੋੜ ਕੇ ਰੱਖ ਰਿਹਾ ਹੈ। ਸਿਆਸੀ ਰਸੂਖ ਹੇਠ ਪ੍ਰਫੁੱਲਿਤ ਹੋਇਆ ਇਹ ਰੋਗ ਹੁਣ ਇਕ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਿਆ ਹੈ, ਜਿਥੇ ਰੋਜ਼ਾਨਾ ਤਿੰਨ-ਚਾਰ ਨੌਜਵਾਨ ਇਸ ਦੀ ਭੇਟਾ ਚੜ੍ਹ ਰਹੇ ਹਨ। ਪੰਜਾਬ ਦੇ ਬੁੱਧੀਜੀਵੀ ਵਰਗ/ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਵਲੋਂ ਇਸ ਬਿਮਾਰੀ ਵਿਰੁੱਧ ਇਕ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਤੰਤਰ ਆਪਣੇ ਪੱਧਰ 'ਤੇ ਕਾਰਜਸ਼ੀਲ ਹੈ।
ਪੰਜਾਬ ਵਿਚ ਨਸ਼ਾ-ਮੁਕਤ ਸਮਾਜ ਸਿਰਜਣ ਲਈ ਕਈ ਸੰਸਥਾਵਾਂ ਸਰਗਰਮ ਹਨ। ਸੰਗਰੂਰ ਦੇ ਨਸ਼ਾ ਛੁਡਾਊ ਕੇਂਦਰ ਵਲੋਂ ਮੋਹਨ ਸ਼ਰਮਾ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਲਿਖਤਾਂ ਰਾਹੀਂ ਇਕ ਜੇਹਾਦ ਛੇੜਿਆ ਹੋਇਆ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਖ਼ਤਰਨਾਕ ਨਸ਼ਿਆਂ ਤੋਂ ਬਚਾਉਣਾ ਹੈ। ਇਸ ਪੁਸਤਕ ਵਿਚ ਦੋ ਦਰਜਨ ਦੇ ਕਰੀਬ ਲੇਖਾਂ ਰਾਹੀਂ ਉਹ ਆਪਣੀ ਫ਼ਿਕਰਮੰਦੀ ਜ਼ਾਹਰ ਕਰਦਾ ਹੈ। ਅਜਿਹੇ ਲੋਕਾਂ ਦੇ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ, ਜੋ ਆਪਣੇ ਸੀਮਤ ਸਾਧਨਾਂ ਰਾਹੀਂ ਚੰਗਾ ਤੰਦਰੁਸਤ ਪੰਜਾਬ ਸਿਰਜਣ ਦੇ ਚਾਹਵਾਨ ਹਨ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਪੰਜਾਬ ਜ਼ਿੰਦਾਬਾਦ
ਗੀਤਕਾਰ : ਭੱਟੀ ਭੜੀਵਾਲਾ
ਪ੍ਰਕਾਸ਼ਨਾ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ: 195 ਰੁਪਏ, ਸਫੇ: 83
ਸੰਪਰਕ : 0172-5027427.

'ਪੰਜਾਬ ਜ਼ਿੰਦਾਬਾਦ' ਨਾਂਅ ਦੀ ਗੀਤਾਂ ਭਰੀ ਇਸ ਅਲਬੇਲੀ ਚੰਗੇਰ ਵਿਚ ਕਰੀਬ ਡਬਲ ਸੈਵਨ ਗੀਤ ਰੂਪੀ ਫੁੱਲ ਆਪਣੀ ਖੁਸ਼ਬੋਈ ਬਿਖੇਰ ਰਹੇ ਹਨ। ਕਿਸੇ ਵੀ ਫੁੱਲ ਨੂੰ ਪਰਖਿਆ ਜਾਵੇ ਤਾਂ ਹਰ ਕਸੌਟੀ 'ਤੇ ਪੂਰਾ ਉੱਤਰਦਾ ਹੋਇਆ ਮਹਿਕਾਂ ਵੰਡ ਰਿਹਾ ਹੈ। ਲੈਅ, ਛੰਦਬੰਦੀ ਤੇ ਢੁੱਕਵੀਂ ਸ਼ਬਦਾਵਲੀ ਆਪ-ਮੁਹਾਰੇ ਬੋਲ ਉੱਠਦੀ ਹੈ। ਪੰਜਾਬ ਦਾ ਗੁਆਚਿਆ ਮੂੰਹ ਮੁੰਹਾਂਦਰਾ, ਖੁੱਸਿਆ ਵਿਰਸਾ, ਨਸ਼ਿਆਂ ਦਾ ਗ੍ਰਹਿਣ, ਪ੍ਰੇਮੀ-ਪ੍ਰੇਮਿਕਾ ਦੀ ਆਪਸੀ ਖਿਚ, ਵਿਛੋੜਾ-ਮਿਲਾਪ, ਪਿਆਰ-ਵਪਾਰ 'ਚ ਧੋਖਾਧੜੀ, ਪਰਦੇਸੀ ਵੱਸਦਿਆਂ ਦੇ ਆਪਣੀ ਜਨਮ ਭੂਮੀ ਨਾਲ ਮੋਹ ਪਿਆਰ ਤੇ ਮੁਟਿਆਰ ਤੇ ਗੱਭਰੂ ਦੀ ਅਣਖ ਆਦਿ ਨੂੰ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ:
'ਕੋਮਲ ਹਾਂ ਕੰਮਜ਼ੋਰ ਨਹੀਂ, ਇਕ ਕੁੜੀ ਪੰਜਾਬਣ ਮੈਂ,
ਪੰਜਾਹ ਦੇ ਇਕਵੰਜਾ ਮੋੜਾਂ, ਬੜੀ ਹਿਸਾਬਣ ਮੈਂ।'
                       -0-
ਜ਼ਿੰਦਗੀ ਜਿਊਣਾ ਸਿੱਖਦੇ ਜੋ ਸਿੰਘਾਂ ਸਰਦਾਰਾਂ ਤੋਂ,
ਅਣਖੀ ਬੰਦੇ ਡਰਦੇ ਨਾ ਜ਼ਾਲਿਮ ਸਰਕਾਰਾਂ ਤੋਂ।'
ਇਕ ਖੂਬਸੂਰਤ ਅੰਲਕਾਰ ਦਾ ਇਹ ਨਮੂਨਾ ਵੀ ਆਤਮਸਾਤ ਕਰੋ :
'ਗੱਲ ਛਿੜਦੀ ਕਦੇ ਵੀ ਫੁੱਲ਼ ਦੀ ਨਾ,
ਜੇ ਫੁੱਲ਼ਾਂ ਵਿਚ ਫੁੱਲ ਗੁਲਾਬ ਨਾ ਹੁੰਦਾ।
ਕਿਸੇ ਅੱਲ੍ਹੜ ਲਈ ਮਰਦਾ ਨਾ ਕੋਈ ਆਸ਼ਕ,
ਡੁੱਲ੍ਹ-ਡੁੱਲ੍ਹ ਪੈਂਦਾ ਓਹਦਾ ਸ਼ਬਾਬ ਨਾ ਹੁੰਦਾ।'
ਆਸ ਹੈ ਕਿ ਇਸ ਆਸ਼ਾਵਾਦੀ ਗੀਤਕਾਰ ਦੀ ਕਲਮ ਹੋਰ ਵੀ ਉੱਚਪਾਏ ਦੀ ਗੀਤਕਾਰੀ ਦੇ ਰੰਗ ਬਿਖੇਰਦੀ ਰਹੇਗੀ ਅਤੇ ਜਵਾਨੀ, ਕਿਸਾਨੀ ਤੇ ਪੰਜਾਬੀਅਤ ਦਾ ਬੇੜਾ ਗਰਕ ਕਰਨ ਵਾਲੀ ਅਸੱਭਿਅਕ (ਬੰਦੂਕਾਂ/ਹਥਿਆਰਾਂ, ਨਸ਼ਿਆਂ ਨੂੰ ਹਵਾ ਦੇਣ ਤੇ ਸਕੂਲਾਂ-ਕਾਲਜਾਂ ਨੂੰ ਆਸ਼ਕੀ ਦੇ ਅੱਡੇ ਦਰਸਾਉਣ ਵਾਲੀ) ਗੀਤਕਾਰੀ ਤੋਂ ਨਿਜਾਤ ਦਿਵਾਉਣ 'ਚ ਮਦਦਗਾਰ ਹੋਵੇਗੀ। ਫਿਰ ਹਰ ਕੋਈ ਮਾਣ ਨਾਲ ਆਖ ਉੱਠੇਗਾ----'ਪੰਜਾਬ ਜ਼ਿੰਦਾਬਾਦ।'

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਸੁਨਹਿਰੀ ਕਿਣਕੇ
ਲੇਖਕ : ਮੀਤ ਮਨਦੀਪ
ਪ੍ਰਕਾਸ਼ਕ : ਕੁੰਭ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 94174-12445.

ਸੁਨਹਿਰੀ ਕਿਣਕੇ ਵਿਚਲੀਆਂ ਕਵਿਤਾਵਾਂ ਵਿਚ ਮੀਤ ਮਨਦੀਪ ਨੇ ਆਪਣੇ ਦਿਲ ਦੇ ਅਹਿਸਾਸ ਤੇ ਵਲਵਲਿਆਂ ਨੂੰ ਕਵਿਤਾਵਾਂ ਰਾਹੀਂ ਪੇਸ਼ ਕਰਨ ਦਾ ਸੁਚੱਜਾ ਯਤਨ ਕੀਤਾ ਹੈ।
ਮੀਤ ਮਨਦੀਪ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਮੀਤ ਇਕ ਸੁਚੇਤ ਅਤੇ ਪ੍ਰਤੀਬੱਧ ਸ਼ਾਇਰ ਹੈ ਜੋ ਆਪਣੇ ਆਲੇ-ਦੁਆਲੇ ਵਿਚ ਵਾਪਰਦੇ ਵਰਤਾਰਿਆਂ ਨੂੰ ਪੈਨੀ ਤੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਵਾਚਦਾ ਹੈ। ਉਹ ਸਮਾਜੀ ਅਤੇ ਜੀਵਨ ਯਥਾਰਥ ਵਿਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕਰਦਾ ਅਨੇਕ ਸਵਾਲਾਂ ਦੀ ਸਿਰਜਣਾ ਕਰਦਾ ਹੈ।
ਬੜਾ ਫ਼ਰਕ ਹੁੰਦਾ
ਗੋਲੀ ਖਾ ਕੇ ਗੱਦਿਆਂ 'ਤੇ ਆਈ
ਕਿਰਾਏ ਦੀ ਨੀਂਦਰ ਅਤੇ
ਗੋਡੀ ਕਰਕੇ ਖਾਲ 'ਚ ਮੂਧੇ ਪਏ
ਜੱਟ ਦੀ ਨੀਂਦਰ ਵਿਚ....।
ਮੀਤ ਮਨਦੀਪ ਚੇਤਨ ਸ਼ਾਇਰ ਹੈ। ਉਹ ਹਰ ਵਸਤੂ ਵਰਤਾਰੇ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਵਾਚਦਾ/ਪੜਚੋਲਦਾ ਹੈ। ਆਮ ਸਹਿਜ ਭਾਸ਼ਾ ਵਿਚ ਸਿਰਜੀ ਉਸ ਦੀ ਕਵਿਤਾ ਆਮ ਆਦਮੀ ਦੇ ਦੁੱਖ ਦਰਦ ਦੀ ਬਾਤ ਪਾਉਂਦੀ ਹੈ। ਇਸ ਪੁਸਤਕ ਨੂੰ ਜੀ ਆਇਆਂ ਕਹਿਣਾ ਬਣਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਸਾਜਿਸ਼ੀ ਮੌਸਮ
ਕਵੀ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 78377-18723.

ਸੁਖਿੰਦਰ ਸਮਾਜਿਕ ਸਰੋਕਾਰਾਂ ਪ੍ਰਤੀ ਸਜੱਗ ਅਤੇ ਲੋਕ ਹਿਤਾਂ ਦੀ ਪੈਰਵੀ ਕਰਦਾ ਇਕ ਬੌਧਿਕ ਅਤੇ ਉਚੇਰੇ ਚਿੰਤਨ ਵਾਲੀ ਕਵਿਤਾ ਦਾ ਕਵੀ ਹੈ। ਉਹ ਬਿੰਬਾਂ, ਚਿੰਨ੍ਹਾਂ, ਪ੍ਰਤੀਕਾਂ ਅਤੇ ਸੰਕੇਤਾਂ ਵਿਚ ਕਾਵਿ ਸਿਰਜਣਾ ਕਰਨ ਵਿਚ ਯਕੀਨ ਰੱਖਦਾ ਹੈ। ਸੰਸਾਰ ਭਰ ਵਿਚ ਫੈਲ ਰਹੇ ਗਲੋਬਲੀ ਮਸਲੇ ਉਸ ਦੀ ਕਲਮ ਦੀ ਨੋਕ ਤੋਂ ਹੀ ਹੁੰਦੇ ਹੋਏ ਕਾਗਜ਼ ਉੱਤੇ ਉਨ੍ਹਾਂ ਦੇ ਹੱਕ ਜਾਂ ਵਿਰੋਧ ਵਿਚ ਮੋਰਚਾਬੰਦੀ ਕਰਦੇ ਨਜ਼ਰ ਆਉਂਦੇ ਹਨ। ਸਮਾਜਿਕ ਬੇਇਨਸਾਫ਼ੀ, ਧੱਕੇਸ਼ਾਹੀ, ਆਰਥਿਕ ਨਾਬਰਾਬਰੀ, ਰਾਜਨੀਤਕ ਬੇਇਮਾਨੀ ਅਤੇ ਹਾਕਮਾਂ ਦੀ ਔਰੰਗੇਸ਼ਾਹੀ ਨੂੰ ਉਹ ਸਹਿਜ ਨਾਲ ਆਪਣੀਆਂ ਕਵਿਤਾਵਾਂ ਵਿਚ ਢਾਲਦਾ ਹੈ। ਭਾਵੇਂ ਇਹ ਕਾਵਿ ਸੰਕਲਪ ਕਾਵਿ ਦੀ ਜੂਨੇ ਪਿਆ ਨਜ਼ਰੀਂ ਆਉਂਦਾ ਹੈ ਪਰ ਉਸ ਦੀ ਕਵਿਤਾ ਦੇ ਅਰਥ ਜੀਵਨ ਦੇ ਵਿਹਾਰਕ ਪੱਖ ਦੇ ਐਨ ਨੇੜੇ ਹਨ। ਉਸ ਦੇ ਕਾਵਿ ਚਿੰਨ੍ਹ ਤੇ ਬਿੰਬ ਸਾਰ ਉਸ ਦੀ ਕਵਿਤਾ ਨੂੰ ਸਾਗਰੀ ਵਿਸਥਾਰ ਦੇ ਕੇ ਡੂੰਘਾਈ-ਯੁਕਤ ਬਣਾਉਂਦੇ ਹਨ।
ਸੁਖਿੰਦਰ ਦੀਆਂ ਹਥਲੀਆਂ ਸਾਰੀਆਂ ਕਵਿਤਾਵਾਂ ਵਾਰਤਕ ਦੇ ਨੇੜੇ ਹਨ, ਜਿਸ ਨੂੰ ਖੁੱਲ੍ਹੀ ਕਵਿਤਾ ਕਿਹਾ ਜਾਂਦਾ ਹੈ। ਪਰ ਉਸ ਦੇ ਕਾਵਿ ਬਿਆਨਾਂ ਵਿਚ ਪਾਠਕਾਂ ਨਾਲ ਏਨੀ ਮੁਖਾਤਿਬ ਵਿਧੀ ਅਪਣਾਈ ਹੈ ਕਿ ਪਾਠਕ/ਸਰੋਤਾ ਕਵਿਤਾ ਦੀ ਧਾਰਾ ਵਿਚ ਪ੍ਰਵਾਹਿਤ ਹੋਣੋਂ ਨਹੀਂ ਰਹਿ ਸਕਦਾ। ਹਥਲੇ ਸੰਗ੍ਰਹਿ ਵਿਚ ਲੰਮੇਰੀਆਂ ਕਵਿਤਾਵਾਂ ਵੀ ਹਨ ਪਰ ਮਿੰਨੀ ਆਕਾਰ ਦੀਆਂ ਵੀ। ਉਹ ਚਾਰ ਸਤਰਾਂ ਵਿਚ ਹੀ ਵਿਸਤ੍ਰਿਤ ਗੱਲ ਕਹਿ ਜਾਂਦਾ ਹੈ :
'ਦਿੱਲੀਏ! ਤੂੰ ਖੁਸ਼ ਰਹਿ/ਪਰ ਲਾਹੌਰ ਨੂੰ ਵੀ ਵਸਣ ਦੇਹ/
ਏਸੇ ਗੱਲ ਨਾਲ ਹੀ/ਇਸ ਖਿੱਤੇ ਦੀਆਂ ਖੁਸ਼ੀਆਂ/ਬੱਝੀਆਂ ਹੋਈਆਂ ਨੇ...।
ਕਵੀ ਬਹੁਤ ਬੇਬਾਕੀ ਨਾਲ ਦਲੇਰ ਸੱਚ ਕਹਿੰਦਾ ਹੈ : 'ਪਹਿਲਾਂ ਉਹ ਕਿਤਾਬ ਘਰਾਂ ਉੱਤੇ/ਹੱਲਾ ਬੋਲਦੇ ਹਨ/ਫਿਰ ਕਿਤਾਬਾਂ ਲਿਖਣ ਵਾਲਿਆਂ ਉੱਤੇ... ਕਾਤਲਾਂ ਨੇ ਪਹਿਲਾਂ ਕਿਤਾਬਾਂ ਨੂੰ ਫੂਕਿਆ/ਫਿਰ ਕਿਤਾਬਾਂ ਲਿਖਣ ਵਾਲਿਆਂ ਨੂੰ...' ਗੰਭੀਰ ਵਿਵੇਚਨਾ ਵਾਲੀ ਕਵਿਤਾ ਨੂੰ ਜੀ ਆਇਆਂ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਦੁਰਗਾਂ ਅਤੇ ਰਾਜ-ਮਹਿਲਾਂ ਦੀ ਧਰਤੀ (ਰਾਜਸਥਾਨ)
ਲੇਖਕ : ਗੁਰਮੇਲ ਸਿੰਘ ਚੰਦ ਨਵਾਂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 106
ਸੰਪਰਕ : 98555-25366.

ਇਹ ਪੁਸਤਕ ਲੇਖਕ ਵਲੋਂ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ/ਇਲਾਕਿਆਂ ਦੀ ਕੀਤੀ ਯਾਤਰਾ ਦਾ ਰੌਚਿਕ ਬਿਰਤਾਂਤ ਹੈ। ਪੁਸਤਕ ਵਿਚ ਲੇਖਕ ਨੇ ਅਜਮੇਰ, ਪੁਸ਼ਕਰ, ਮਾਊਂਟ ਆਬੂ ਚਿਤੌੜਗੜ੍ਹ, ਜੈਪੁਰ, ਜੋਧਪੁਰ, ਉਦੈਪੁਰ, ਜੈਸਲਮੇਰ ਅਤੇ ਦਿਲਾਵਾੜਾ ਦੇ ਜੈਨ ਮੰਦਰ ਦਾ ਜ਼ਿਕਰ ਕੀਤਾ ਹੈ। ਲੇਖਕ ਨੇ ਜਿਥੇ ਇਨ੍ਹਾਂ ਥਾਵਾਂ ਦੀ ਯਾਤਰਾ ਦੌਰਾਨ ਆਪਣੇ ਅਨੁਭਵ ਬਿਆਨ ਕਰਦਿਆਂ ਇਥੋਂ ਦੇ ਇਤਿਹਾਸ/ਮਿਥਿਹਾਸ ਦਾ ਜ਼ਿਕਰ ਛੇੜਿਆ ਹੈ, ਉਥੇ ਇਨ੍ਹਾਂ ਦੇਖਣਯੋਗ ਥਾਵਾਂ ਨਾਲ ਆਪਣੇ ਵਲੋਂ ਲਗਾਏ ਵਿਸ਼ੇਸ਼ਣ ਪਾਠਕ ਦੇ ਮਨ ਵਿਚ ਇਨ੍ਹਾਂ ਥਾਵਾਂ ਪ੍ਰਤੀ ਖਿੱਚ ਪੈਦਾ ਕਰਦੇ ਹਨ। ਜਿਵੇਂ ਤੀਰਥ ਨਗਰੀ ਪੁਸ਼ਕਰ, ਰਾਜਸਥਾਨ ਦਾ ਕਸ਼ਮੀਰ ਮਾਊਂਟ ਆਬੂ, ਖੰਡਰ ਬਣਿਆ ਇਤਿਹਾਸ : ਚਿਤੌੜਗੜ੍ਹ ਕਿਲ੍ਹਾ, ਰਾਜਸਥਾਨ ਦੇ ਮੱਥੇ ਦੀ ਕਲਗੀ ਜੈਪੁਰ, ਝੀਲਾਂ ਵਜੋਂ ਪ੍ਰਸਿੱਧ ਰਾਜਸਥਾਨ ਦਾ ਸ਼ਹਿਰ : ਉਦੈਪੁਰ, ਪ੍ਰਿਥਵੀ ਰਾਜ ਚੌਹਾਨ ਦੀ ਨਗਰੀ ਅਜਮੇਰ ਆਦਿ। ਰਾਜਸਥਾਨ ਦੇ ਸਾਰੇ ਹੀ ਸ਼ਹਿਰ ਸ਼ਿਲਪ ਅਤੇ ਕਾਰੀਗਰੀ ਦਾ ਸੁੰਦਰ ਨਮੂਨਾ ਪੇਸ਼ ਕਰਦੇ ਹਨ ਅਤੇ ਲੇਖਕ ਨੇ ਇਨ੍ਹਾਂ ਸ਼ਹਿਰਾਂ ਦੀ ਸੁੰਦਰਤਾ ਨੂੰ ਬਿਆਨ ਕਰਦਿਆਂ ਗਲਪੀ ਛੋਹਾਂ ਦਿੱਤੀਆਂ ਹਨ। ਇਸੇ ਕਰਕੇ ਹੀ ਵਰਨਣ ਕੇਵਲ ਤੱਥਾਂ ਦਾ ਸੰਗ੍ਰਹਿ ਬਣ ਕੇ ਹੀ ਨਹੀਂ ਰਹਿ ਜਾਂਦਾ ਸਗੋਂ ਬਿਰਤਾਂਤ ਵਿਚਲੀ ਖਿੱਚ ਭਰਪੂਰ ਅਤੇ ਦਿਲਕਸ਼ ਸ਼ੈਲੀ ਪਾਠਕ ਨੂੰ ਆਪਣੇ ਨਾਲ ਹੀ ਤੋਰ ਲੈਂਦੀ ਹੈ ਪਰ ਜਿਥੇ ਕਿਤੇ ਤਥਾਤਮਿਕ ਜਾਣਕਾਰੀ ਹੈ, ਉਹ ਪੂਰੀ ਸ਼ਿੱਦਤ ਨਾਲ ਪੇਸ਼ ਕੀਤੀ ਗਈ ਹੈ। ਜਿਵੇਂ ਪੰਨਾ 84 'ਤੇ ਜੈਸਲਮੇਰ ਬਾਰੇ ਭਰਪੂਰ ਤਥਾਤਮਿਕ ਜਾਣਕਾਰੀ ਹੈ। 'ਚੋਖੀ ਢਾਣੀ' ਜੈਪੁਰ ਬਾਰੇ ਵੀ ਰੌਚਿਕ ਜਾਣਕਾਰੀ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ। ਸੁੰਦਰ ਤਸਵੀਰਾਂ ਨਾਲ ਸਜੀ ਇਹ ਪੁਸਤਕ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਰੂਹ ਦਾ ਦਰਦ
ਲੇਖਿਕਾ : ਅਵਿਨਾਸ਼ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98159-92664.

ਰੂਹ ਦਾ ਦਰਦ ਰਾਹੀਂ ਲੇਖਿਕਾ ਨੇ ਕਵਿਤਾ ਅਤੇ ਵਾਰਤਕ ਦੇ ਰਾਹੀਂ ਬਦਲਦੀਆਂ ਕਦਰਾਂ ਕੀਮਤਾਂ, ਨਸ਼ੇ ਦੀ ਝੁੱਲ ਰਹੀ ਹਨੇਰੀ, ਭਰੂਣ ਹੱਤਿਆ, ਬਜ਼ੁਰਗਾਂ ਦਾ ਘਟ ਰਿਹਾ ਸਤਿਕਾਰ, ਘਟ ਰਹੀ ਸੰਵੇਦਨਸ਼ੀਲਤਾ, ਵਧ ਰਿਹਾ ਲਾਲਚ ਆਦਿ ਸਮਾਜਿਕ ਕੁਰੀਤੀਆਂ ਨੂੰ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ। ਪੁਸਤਕ ਵਿਚ 85 ਦੇ ਕਰੀਬ ਰੁਬਾਈਆਂ, 3 ਕਹਾਣੀਆਂ, 16 ਲੇਖ ਅਤੇ 150 ਦੇ ਕਰੀਬ ਪ੍ਰੇਰਨਾਦਾਇਕ ਵਿਚਾਰ ਹਨ। ਰੁਬਾਈਆਂ ਗਜ਼ਲਾਂ ਦੇ ਕੁਝ ਅੰਸ਼ ਸੁਨੇਹਿਆਂ ਦੇ ਰੂਪ ਵਿਚ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚੋਂ ਕੁਝ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਗਜ਼ਲਾਂ ਵਿਚ, ਰੁਬਾਈਆਂ ਵਿਚ ਪਿਆਰ ਦੀ ਪਵਿੱਤਰਤਾ, ਇਕੱਲਤਾ, ਪੀੜਾ, ਸੁੰਦਰਤਾ, ਮਨੁੱਖ ਦੀ ਬੇਦਰਦੀ, ਬੇਰੁਖੀ, ਮਿਲਣ ਦੀ ਤਾਂਘ, ਉਦਰੇਵੇਂ ਦੀ ਝਲਕ ਆਦਿ ਵਿਸ਼ਿਆਂ ਦੀ ਝਲਕ ਮਿਲਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਚ ਵਿਚਾਰਾਂ ਦੀ ਦ੍ਰਿੜ੍ਹਤਾ, ਨਰੋਏ ਸਮਾਜ ਦੀ ਝਲਕ ਅਤੇ ਆਸ਼ਾਵਾਦੀ ਨਜ਼ਰੀਆ ਵੀ ਦਿਖਾਈ ਦਿੰਦਾ ਹੈ। ਸਰਲ, ਸੌਖੀ ਸ਼ਬਦਾਵਲੀ ਵਿਚ ਸਾਧਾਰਨ ਵਿਸ਼ਿਆਂ ਨਾਲ ਜੁੜੇ ਇਨ੍ਹਾਂ ਲੇਖਾਂ ਵਿਚ ਮਾਪਿਆਂ ਦੀ ਸੰਭਾਲ, ਨੌਜਵਾਨਾਂ 'ਤੇ ਨਸ਼ਿਆਂ ਦਾ ਪ੍ਰਭਾਵ, ਪੰਜਾਬ ਦੀ ਸਮਾਜਿਕ ਸਥਿਤੀ, ਰਿਸ਼ਤਿਆਂ ਦੀ ਅਹਿਮੀਅਤ, ਰੁੱਖਾਂ ਦੀ ਸੰਭਾਲ, ਸਾਹਿਤ ਦਾ ਸਮਾਜ ਵਿਚ ਸਥਾਨ ਅਤੇ ਧੀਆਂ ਧਿਆਣੀਆਂ ਦੀ ਪੁਕਾਰ ਨੂੰ ਦਰਸਾਇਆ ਹੈ। ਅੱਜ ਦੀ ਵਿਚਾਰਧਾਰਾ ਸਿਰਲੇਖ ਹੇਠ ਸੰਕਲਿਤ ਵਿਚਾਰਾਂ ਦਾ ਸੰਗ੍ਰਹਿ ਲੇਖਿਕਾ ਦੇ ਚੜ੍ਹਦੀ ਕਲਾ ਵਿਚ ਰਹਿਣ ਦਾ ਪ੍ਰਤੀਕ ਹੈ। ਸੁਲਘਦੀ ਅੱਗ, ਅਧੂਰਾਪਣ ਅਤੇ ਉਹ ਸੋਚਦੀ ਕਹਾਣੀਆਂ ਵਿਚ ਨਿਰਸੁਆਰਥ ਪਿਆਰ ਦੀ ਝਲਕ ਮਿਲਦੀ ਹੈ। ਆਪਣੀ ਪੀੜ ਤੋਂ ਪਰ੍ਹੇ ਹੋ ਲੇਖਿਕਾ ਨੇ ਆਪਣੇ ਮਾਨਸਿਕ ਤਣਾਅ ਨੂੰ ਭੁਲਾ ਕੇ ਦੋਸਤਾਂ ਦੇ ਸਹਿਯੋਗ ਨਾਲ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਕਰਨ ਦਾ ਜਜ਼ਬਾ ਅਪਣਾਇਆ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਜੀਵਨ ਸੱਚ
ਲੇਖਕ : ਚੌ: ਅਮੀ ਚੰਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 96
ਸੰਪਰਕ : 94640-19540.

ਇਸ ਪੁਸਤਕ ਵਿਚ ਲੇਖਕ ਦੀਆਂ 47 ਕਵਿਤਾਵਾਂ ਸ਼ਾਮਿਲ ਹਨ। ਪੁਸਤਕ ਵਿਚਲੀਆਂ ਕਾਵਿ-ਕਿਰਤਾਂ, ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀਆਂ ਹਨ। ਪੁਸਤਕ ਦੀ ਪਲੇਠੀ ਕਵਿਤਾ 'ਮੇਰੀ ਮਾਂ' ਹੈ।
ਲੇਖਕ ਕਲਮ ਦਾ ਮੁੱਖ ਮਕਸਦ ਸ਼ਬਦਾਂ ਰਾਹੀਂ ਸਮਾਜਿਕ ਚਿਤਰਨ ਕਰਨਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਦੇ ਹੋਰ ਵਿਸ਼ੇ ਹਨਂਧੀਆਂ, ਜ਼ਮਾਨੇ ਦੀ ਹਵਾ, ਘਰ, ਕੀ ਹੈ ਜ਼ਿੰਦਗੀ, ਧਰਮੋਂ ਸਿਆਸੀ ਹੋਇਆ ਬੰਦਾ, ਊਚ-ਨੀਚ ਦਾ ਵਿਤਕਰਾ, ਗ਼ਦਰ ਦੀ ਲੜਾਈ, ਜੀਵਨ ਸੋਚ ਆਦਿ। 'ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਕਵਿਤਾ ਰਾਹੀਂ ਕੁਦਰਤੀ ਨੇਮਤਾਂ ਦੀ ਸੰਭਾਲ ਦਾ ਹੋਕਾ ਇੰਜ ਕੀਤਾ ਹੈ:
ਇਹੋ ਤਿੰਨੇ ਸ਼ਕਤੀਆਂ ਮਨੁੱਖੀ ਜੀਵਨ ਆਧਾਰ
ਪੜ੍ਹਦੇ ਸੁਣਦੇ ਹਾਂ ਪਰ, ਅਮਲ ਤੋਂ ਇਨਕਾਰ
ਇਨ੍ਹਾਂ ਤਿੰਨਾਂ ਸ਼ਕਤੀਆਂ ਨੂੰ, ਜ਼ਹਿਰੀਲਾ ਬਣਾ ਰਹੇ ਹਾਂ॥ (ਪੰਨਾ 65)
71 ਨੰਬਰ ਪੰਨੇ 'ਤੇ ਪ੍ਰਕਾਸ਼ਿਤ ਕਵਿਤਾ 'ਅਬਲਾ ਤੋਂ ਚੰਡੀ ਬਣੇ' ਨਾਰੀ ਸ਼ਕਤੀਕਰਨ ਦਾ ਸੁਨੇਹਾ ਹੈ।
'ਧਰਤਿ ਤੇ ਸੂਰਜ ਤਾਂ ਚੜੇਗਾ ਪਰ ਹਨੇਰ ਹੱਸਦੇ ਰਹਿਣਗੇ।
ਅਬਲਾ ਹੀ ਚੰਡੀ ਬਣੇ, ਪਤ ਦੀ ਰਾਖੀ ਕਰੇ।
ਊਚ ਨੀਚ ਦੇ ਕੋਝੇ ਸਮਾਜੀ ਵਰਤਾਰੇ ਵਿਰੁੱਧ ਵੀ ਸ਼ਾਇਰ ਨੇ ਆਵਾਜ਼ ਬੁਲੰਦ ਕੀਤੀ ਹੈ।
ਪੰਨਾ 95-96 'ਤੇ 'ਅਲਵਿਦਾ' ਕਵਿਤਾ ਨਾਲ ਪੁਸਤਕ ਸੰਪੂਰਨ ਹੁੰਦੀ ਹੈ।
ਪੰਜਾਬੀ ਸਾਹਿਤ ਜਗਤ ਵਿਚ ਪੁਸਤਕ ਨੂੰ ਖੁਸ਼-ਆਮਦੀਦ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਸਰਪੋਸ
ਲੇਖਿਕਾ : ਅਮਰਜੀਤ ਕੌਰ
ਪ੍ਰਕਾਸ਼ਕ : ਸ਼ਬਦ ਸੰਚਾਰ ਸਾਹਿਤਕ ਸੁਸਾਇਟੀ, ਮੋਰਿੰਡਾ।
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 98550-57313.

ਇਸ ਕਾਵਿ-ਸੰਗ੍ਰਹਿ ਵਿਚ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਸ਼ਾਮਿਲ ਹਨ, ਜਿਨ੍ਹਾਂ ਦੇ ਵਿਸ਼ੇ ਸਮਾਜ ਦੀਆਂ ਉਨ੍ਹਾਂ ਸਥਿਤੀਆਂ ਵੱਲ ਸਾਡਾ ਧਿਆਨ ਕੇਂਦਰਿਤ ਕਰਦੇ ਹਨ, ਜਿਨ੍ਹਾਂ ਨਾਲ ਸਮਾਜਿਕ ਅਸਥਿਰਤਾ ਫੈਲੀ ਹੈ। ਰਿਸ਼ਤਿਆਂ ਵਿਚ ਘਟ ਰਿਹਾ ਨਿੱਘ, ਨਵੀਂ ਪੀੜ੍ਹੀ ਦੁਆਰਾ ਪੁਰਾਣੀ ਪੀੜ੍ਹੀ ਦਾ ਤ੍ਰਿਸਕਾਰ, ਪਰਵਾਸ ਹੰਢਾਉਣ ਦੀ ਮਜਬੂਰੀ, ਔਰਤ ਦੀ ਮੰਦਭਾਗੀ ਸਥਿਤੀ, ਸ਼ਹੀਦਾਂ ਦੇ ਸੁਪਨਿਆਂ ਦਾ ਟੁੱਟਣਾ ਆਦਿ ਨਿਰਾਸ਼ ਪ੍ਰਸਥਿਤੀਆਂ ਕਵਿੱਤਰੀ ਦੀ ਕਾਵਿ-ਕਿਆਰੀ ਦਾ ਹਿੱਸਾ ਬਣੀਆਂ ਹਨ।
ਧਾਰਮਿਕ ਤੇ ਇਤਿਹਾਸਕ ਪ੍ਰਸਥਿਤੀਆਂ ਨੂੰ ਵੀ ਕਵਿੱਤਰੀ ਨੇ ਬਾਖੂਬੀ ਪੇਸ਼ ਕੀਤਾ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਦਾਦੀ ਦੀ ਸਿੱਖਿਆ, ਸਿਦਕ ਨਿੱਕੀਆਂ ਜਿੰਦਾਂ ਦਾ, ਕਾਹਨਾ ਜਦ ਤੂੰ ਕਿਉਂ ਨਾ ਆਇਆ, ਆਦਿ ਕਾਵਿ ਰਚਨਾਵਾਂ ਜ਼ਿਕਰਯੋਗ ਹਨ। 'ਸ਼ਿਲਤ' ਕਵਿਤਾ ਮਾਨਵੀ ਰਿਸ਼ਤਿਆਂ ਦੀ ਆਪਸੀ ਕੁੜੱਤਣ ਨਾਲ ਉਲਝੇ ਰਿਸ਼ਤਿਆਂ ਦੀ ਬਹੁਤ ਪ੍ਰਭਾਵਸ਼ਾਲੀ ਦਾਸਤਾਨ ਹੈ। ਹੱਥ, ਬਰੂ ਦਾ ਬੂਟਾ, ਡੂੰਘੀਆਂ ਸੋਚਾਂ, ਚਕੋਰ ਕਵਿਤਾਵਾਂ ਮਨੁੱਖੀ ਜੀਵਨ ਅਤੇ ਜਜ਼ਬਿਆਂ ਨਾਲ ਜੁੜੀਆਂ ਖੂਬਸੂਰਤ ਕਵਿਤਾਵਾਂ ਹਨ। ਵਿਸਾਖੀ ਦੇ ਪਰੰਪਰਾਗਤ ਖੁਸ਼ੀਆਂ ਭਰੇ ਮਾਹੌਲ ਤੋਂ ਅਲੱਗ ਲੇਖਿਕਾ ਨੇ ਲਿਖਿਆ ਹੈ :
ਬੱਦਲਾਂ ਨੂੰ ਵੇਖ ਆਈ ਮੁੱਠੀ ਵਿਚ ਜਾਨ ਐ
ਐਤਕੀਂ ਵਿਸਾਖੀ ਦੀ ਕਿਹੋ ਜਿਹੀ ਸ਼ਾਨ ਐ।
ਪ੍ਰਦੂਸ਼ਣ ਪ੍ਰਤੀ ਕਵਿੱਤਰੀ ਖ਼ੁਦ ਵੀ ਸੁਚੇਤ ਹੈ ਤੇ ਬਾਕੀਆਂ ਨੂੰ ਵੀ ਸੁਚੇਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਹਵਾ, ਪਾਣੀ, ਮਿੱਟੀ ਦੇ ਦੂਸ਼ਿਤ ਹੋਣ ਤੇ ਅੱਗੇ ਤੋਂ ਵਾਤਾਵਰਨ ਬਚਾਉਣ ਲਈ ਕਵਿੱਤਰੀ ਸਾਨੂੰ ਸੁਚੇਤ ਕਰਦੀ ਨਜ਼ਰ ਆਉਂਦੀ ਹੈ। ਨਸ਼ਾ, ਸੰਸਕਾਰਾਂ ਵਿਚ ਆ ਰਿਹਾ ਨਿਘਾਰ, ਧੀਆਂ ਦਾ ਸਤਿਕਾਰ, ਮਾਂ ਨੂੰ ਧੀ ਤੇ ਰਿਸ਼ਤੇ ਦਾ ਨਿੱਘ, ਸ਼ਹੀਦ ਦਾ ਕਿਰਦਾਰ ਆਦਿ ਵਿਸ਼ਿਆਂ ਬਾਰੇ ਕਵਿੱਤਰੀ ਨੇ ਬੜਾ ਖੁੱਲ੍ਹ ਕੇ ਲਿਖਿਆ ਹੈ। 'ਰਾਵਣ' ਕਵਿਤਾ ਰਾਹੀਂ ਕਵਿੱਤਰੀ ਅਜੋਕੇ ਦੌਰ ਦੇ ਮਰਦਾਂ ਦੀ ਸੋਚ ਉੱਪਰ ਵਿਅੰਗ ਕਰਦੀ ਹੈ। ਅਜੋਕੇ ਦੌਰ ਵਿਚ ਬੁੱਢੇ ਮਾਪਿਆਂ ਦੀ ਬੇਕਦਰੀ ਬਾਰੇ ਕਵਿੱਤਰੀ ਨੇ ਬੜੀਆਂ ਭਾਵਪੂਰਤ ਰਚਨਾਵਾਂ ਲਿਖੀਆਂ ਹਨ। ਗੀਤ ਵੀ ਕਵਿੱਤਰੀ ਨੇ ਬਹੁਤ ਕਮਾਲ ਢੰਗ ਨਾਲ ਲਿਖੇ ਹਨ। ਪ੍ਰਕਿਰਤੀ ਨੂੰ ਆਪਣੀ ਬੁੱਕਲ ਵਿਚ ਸਮੇਟ ਕੇ ਲਿਖੇ ਗੀਤ ਪ੍ਰਭਾਵਿਤ ਕਰਦੇ ਹਨ। ਬੱਦਲ, ਚੰਨ, ਅਸਮਾਨ,ਤਾਰੇ ਤੇ ਹੋਰ ਕਈ ਕੁਦਰਤੀ ਨਜ਼ਾਰਿਆਂ ਬਾਰੇ ਲਿਖੇ ਗੀਤ ਪੰਜਾਬੀ ਸੱਭਿਆਚਾਰ ਦਾ ਵੀ ਪ੍ਰਗਟਾਵਾ ਕਰਦੇ ਹਨ। ਛਣ-ਛਣ ਝਾਂਜਰ ਛਣਕੇ, ਮੇਲ, ਚੂੜੀਆਂ ਵਰਨਣਯੋਗ ਗੀਤ ਹਨ।

ਫ ਫ ਫ

ਜੀਵਨ-ਪੰਧ
ਲੇਖਿਕਾ : ਹਰਸ਼ਰਨ ਕੌਰ
ਪ੍ਰਕਾਸ਼ਕ : ਪ੍ਰਤੀਕ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 98882-92825.

58 ਕਵਿਤਾਵਾਂ ਦਾ ਇਹ ਸੰਗ੍ਰਹਿ ਅੰਤਰਮਨ ਦੀ ਵੇਦਨਾ ਅਤੇ ਸੰਵੇਦਨਸ਼ੀਲ ਆਪੇ ਦਾ ਪ੍ਰਗਟਾਵਾ ਕਰਦਾ ਹੈ। ਕਵਿਤਰੀ ਅੰਦਰ ਚੌਗਿਰਦੇ ਦੀ ਸਮਝ ਹੈ ਤੇ ਮਨ ਦੇ ਮੌਸਮਾਂ ਦਾ ਵੀ ਉਸ ਨੂੰ ਅਨੁਮਾਨ ਹੈ। ਬਹੁਤੀ ਥਾਈਂ ਉਹ ਬਿਰਹਾ ਦੀ ਪੀੜਾ ਦਾ ਪ੍ਰਗਟਾਵਾ ਕਰਦੀ ਨਜ਼ਰ ਆਉਂਦੀ ਹੈ। ਸ਼ਾਇਰਾ ਨੇ ਪ੍ਰਕਿਰਤੀ ਨੂੰ ਨੇੜਿਉਂ ਵੇਖਿਆ ਅਤੇ ਮਾਣਿਆ ਹੈ ਸੂਰਜ ਦਾ ਨਿੱਘ ਅਤੇ ਚੰਦਰਮਾ ਦੀ ਠੰਢਕ ਨੂੰ ਮਹਿਸੂਸ ਕਰਦੀ ਕਵਿਤਰੀ 'ਸ਼ਾਮ ਦਾ ਰੰਗ' ਵਿਸਮਾਦ ਮੌਸਮ ਦੀ ਪਹਿਲੀ ਬਰਫ਼ ਕਵਿਤਾ ਪ੍ਰਕਿਰਤੀ ਪ੍ਰੇਮ ਦੀਆਂ ਸੁੰਦਰ ਉਦਾਹਰਨਾਂ ਹਨ।
ਤਨਹਾਈ ਅਤੇ ਬਿਰਹਾ ਦੇ ਭਾਵਾਂ ਦੀ ਡੂੰਘੀ ਸੰਵੇਦਨਾ ਨੂੰ ਪ੍ਰਗਟਾਉਂਦਿਆਂ ਕਵਿਤਰੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਉਸ ਦੇ ਅੰਤਰਮਨ ਦੀ ਹੂਕ ਹਨ। ਤਨਹਾਈ, ਘੁੱਟ ਮਿਲਣੀ ਕਵਿਤਾਵਾਂ ਇਸ ਦੀ ਵਿਸ਼ੇਸ਼ ਉਦਾਹਰਨ ਹੈ।
ਧੀਆਂ ਦੀ ਤਕਦੀਰ ਤੇ ਔਰਤ ਦੇ ਸਮਾਜਿਕ ਸਥਾਨ ਨੂੰ ਚਿਤਰਦੀਆਂ ਕਵਿਤਾਵਾਂ ਕਵਿੱਤਰੀ ਦੀ ਨਾਰੀ ਪ੍ਰਤੀ ਵਿਚਾਰਧਾਰਾ ਨੂੰ ਪ੍ਰਗਟ ਕਰਦੀਆਂ ਹਨ। ਨਿੱਤ ਦਿਨ ਹੁੰਦੇ ਔਰਤਾਂ ਨਾਲ ਜਬਰ ਜਨਾਹ ਨਾਲ ਲੀਰੋ-ਲੀਰ ਹੋਈ ਔਰਤ ਦੀ ਮਾਨਸਿਕਤਾ ਦਾ ਚਿਤਰਣ ਕੀਤਾ ਗਿਆ ਹੈ।
ਹਿਜਰਾਂ ਦੀ ਬਰਸੀ ਕਵਿਤਾ ਕਵਿੱਤਰੀ ਦੇ ਬਿਰਹਾ ਦੀ ਚਰਮ ਸੀਮਾ ਹੈ। ਆਪਣੀ ਮਾਂ ਨੂੰ ਸੰਬੋਧਨ ਕਰਦੀ ਕਾਵਿ ਨਾਇਕਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਸਾਹਵੇਂ ਆਪਣੇ ਆਪ ਨੂੰ ਨਿਰਾਸ਼ ਮਹਿਸੂਸ ਕਰਦੀ ਹੈ। ਸਮੁੱਚੇ ਤੌਰ 'ਤੇ ਜੀਵਨ ਪੰਧ ਕਾਵਿ ਪੁਸਤਕ ਰਾਹੀਂ ਕਵਿੱਤਰੀ ਨੇ ਸੁਨੇਹਾ, ਜਿਸਮ, ਇਸ ਤਰ੍ਹਾਂ, ਵਿਸਮਾਦ, ਸ਼ਾਮ ਦਾਰੰਗ, ਕਾਗਜ਼ ਆਦਿ ਕਵਿਤਾਵਾਂ ਰਾਹੀਂ ਮਨ ਦੇ ਬੜੇ ਹੀ ਸੂਖਮ ਪਲਾਂ ਨੂੰ ਸੁਹਜਤਾ ਨਾਲ ਪੇਸ਼ ਕੀਤਾ ਹੈ। ਹਿੰਮਤ ਹਾਰੇ ਨੂੰ ਕਵਿਤਾ ਅਜੋਕੀ ਨੌਜਵਾਨ ਪੀੜ੍ਹੀ ਨੂੰ ਮੁਖ਼ਾਤਿਬ ਹੋ ਕੇ ਲਿਖੀ ਹੈ, ਜੋ ਉਨ੍ਹਾਂ ਅੰਦਰ ਨਵੀਂ ਚੇਤਨਾ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਪਰੰਪਰਾ ਪ੍ਰਤੀ ਕਵਿੱਤਰੀ ਦਾ ਮੋਹ ਵੀ ਕੁਝ ਕਵਿਤਾਵਾਂ ਰਾਹੀਂ ਝਲਕਦਾ ਹੈ। ਉਹ ਭਵਿੱਖ ਪ੍ਰਤੀ ਆਸ਼ਾਵਾਦੀ ਹੈ। ਵਰਤਮਾਨ ਚੁਣੌਤੀਆਂ ਅਤੇ ਨਿੱਜੀ ਜੀਵਨ ਦੀ ਬਿਰਹਾ ਸੰਵੇਦਨਾ ਇਸ ਪੁਸਤਕ ਦਾ ਵਿਸ਼ੇਸ਼ ਵਿਸ਼ਾ ਬਣੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

29-09-2018

 ਕ੍ਰਾਂਤੀ ਲਈ ਬਲਦਾ ਕਣ ਕਣ
ਸੰਤ ਰਾਮ ਉਦਾਸੀ
ਸੰਪਾ: ਅਜਮੇਰ ਸਿੱਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 496
ਸੰਪਰਕ : 94630-63990.

ਆਦਰਸ਼ ਤੇ ਸ਼ੋਸ਼ਣ ਮੁਕਤ ਸਮਾਜ ਦੀ ਸਥਾਪਤੀ ਲਈ ਕ੍ਰਾਂਤੀ ਦਾ ਸੁਪਨਾ ਲੈ ਕੇ ਜੀਣ ਮਰਨ ਵਾਲੇ ਪੰਜਾਬ ਦੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਪੰਜ ਸੌ ਪੰਨੇ ਦਾ ਇਹ ਅਭਿਨੰਦਨ ਗ੍ਰੰਥ ਤਿੰਨ ਸੌ ਰੁਪਏ ਵਿਚ ਪ੍ਰਕਾਸ਼ਿਤ ਕਰ ਕੇ ਛਾਪਣਾ/ਵੰਡਣਾ ਉਦਾਸੀ ਪ੍ਰਤੀ ਉਨ੍ਹਾਂ ਲੋਕਾਂ ਦੇ ਮੋਹ-ਮੁਹੱਬਤ ਦਾ ਸੁੱਚਾ ਪ੍ਰਮਾਣ ਹੈ ਜਿਨ੍ਹਾਂ ਨੇ ਇਹ ਕਾਰਜ ਕੀਤਾ ਹੈ। ਕਿਰਤੀ ਪਰਿਵਾਰ ਵਿਚੋਂ ਉੱਠੇ ਇਸ ਕਵੀ ਦੀ ਕਵਿਤਾ ਵਿਚ ਲੁਟੇਰੇ ਅਨਿਆਈ ਹਾਕਮਾਂ ਹੱਥੋਂ ਸੱਤਾ ਖੋਹਣ ਦੀ ਵੰਗਾਰ ਸੀ। ਦੱਬੇ-ਕੁਚਲੇ ਹੇਠਲੇ ਵਰਗ ਦੇ ਦੁੱਖਾਂ-ਭੁੱਖਾਂ ਤੇ ਲੋੜਾਂ-ਥੁੜ੍ਹਾਂ ਦੇ ਕਰੁਣਾਮਈ ਚਿੱਤਰ ਸਨ। ਮਾਵਾਂ, ਧੀਆਂ, ਭੈਣਾਂ, ਭਰਾਵਾਂ ਨਾਲ ਹੁੰਦੀਆਂ ਵਧੀਕੀਆਂ ਦਾ ਦਰਦ ਸੀ। ਕਾਮਿਆਂ ਨੂੰ ਹੱਕਾਂ ਲਈ ਜੂਝਣ, ਲੜਨ, ਮਰਨ ਦਾ ਸੱਦਾ ਸੀ। ਗਲੇ-ਸੜੇ ਨਿਜ਼ਾਮ ਨੂੰ ਬਦਲਣ ਦਾ ਹੋਕਾ। ਇਸ ਦਾ ਮੁੱਲ ਵੀ ਉਸ ਨੇ ਪੂਰਾ ਤਾਰਿਆ। ਜੇਲ੍ਹ, ਸਖ਼ਤ ਮਾਰ-ਕੁੱਟ ਤੇ ਤਸੀਹੇ। ਮਰਦੇ ਦਮ ਤੱਕ ਉਹ ਆਪਣੇ ਲੋਕਾਂ ਨਾਲ ਲੋਕ-ਪੱਖੀ ਗੀਤਾਂ-ਕਵਿਤਾਵਾਂ ਸਮੇਤ ਖਲੋਤਾ। ਕਿਤੇ ਆਪ, ਕਿਤੇ ਉਸ ਦੀ ਆਵਾਜ਼/ਗੀਤ/ਕੈਸੇਟਾਂ/ਪ੍ਰਕਾਸ਼ਿਤ ਪੁਸਤਕਾਂ। ਉਸ ਦੀ ਵਿਲੱਖਣ ਪਛਾਣ ਉਸ ਦਾ ਆਪਣੀਆਂ ਜੜ੍ਹਾਂ/ਇਤਿਹਾਸ/ਨਿਮਨ ਵਰਗ ਤੇ ਕੁਰਬਾਨੀਆਂ ਭਰੇ ਲਹੂ ਰੰਗੇ ਸਿੱਖ ਇਤਿਹਾਸ ਨਾਲ ਡੂੰਘਾ ਰਿਸ਼ਤਾ ਸੀ। ਉਸ ਦੀ ਕਵਿਤਾ ਕ੍ਰਾਂਤੀ ਲਈ ਮਰ-ਮਿਟਣ ਲਈ ਪ੍ਰੇਰਦੀ ਹੈ। ਇਸ ਵੱਡ-ਆਕਾਰੀ ਪੁਸਤਕ ਦਾ ਆਰੰਭ ਉਦਾਸੀ ਦੇ ਜੀਵਨ ਬਿਰਤਾਂਤ ਦੀਆਂ ਝਲਕਾਂ ਨਾਲ ਹੁੰਦਾ ਹੈ। ਇਨ੍ਹਾਂ ਦਾ ਚਿੱਤਰਣ ਉਦਾਸੀ ਦੇ ਪਰਿਵਾਰਕ ਮੈਂਬਰਾਂ ਤੇ ਨਿਕਟੀ ਮਿੱਤਰਾਂ ਨੇ ਕੀਤਾ ਹੈ। ਅਗਲੇ ਡੇਢ ਸੌ ਪੰਨੇ ਵਿਚ ਉਸ ਦੀ ਕਵਿਤਾ ਬਾਰੇ ਪਾਤਰ, ਔਲਖ, ਐਸ. ਤਰਸੇਮ, ਗੁਰਭਜਨ ਗਿੱਲ, ਅਜੀਤ ਰਾਹੀ, ਸ਼ਮਸ਼ੇਰ ਸੰਧੂ, ਅਜਮੇਰ ਕੋਵੈਂਟਰੀ ਸਮੇਤ 23 ਸਾਹਿਤਕਾਰਾਂ ਦੇ ਨਿਬੰਧ ਹਨ। ਉਦਾਸੀ ਦੁਆਰਾ ਸਹੇ ਤਸੀਹਿਆਂ, ਕੱਟੀਆਂ ਕੈਦਾਂ ਤੇ ਹੱਡੀਂ ਹੰਢਾਈ ਪੀੜਾ ਦਾ ਉਲੇਖ ਪੁਸਤਕ ਦੇ ਤੀਜੇ ਹਿੱਸੇ ਵਿਚ ਅੰਕਿਤ ਹੈ। ਚੌਥਾ ਭਾਗ ਉਦਾਸੀ ਦੀ ਸ਼ਖ਼ਸੀਅਤ ਤੇ ਦੇਣ ਨੂੰ ਵਿਭਿੰਨ ਮੁਲਾਕਾਤਾਂ ਦੇ ਜ਼ਰੀਏ ਉਜਾਗਰ ਕਰਦਾ ਹੈ। ਪੰਜਵੇਂ ਭਾਗ ਵਿਚ ਪੰਜਾਬੀ ਆਲੋਚਕਾਂ ਦੇ ਉਸ ਬਾਰੇ ਵਿਚਾਰ/ਟਿੱਪਣੀਆਂ ਅੰਕਿਤ ਹਨ। ਛੇਵੇਂ ਭਾਗ ਵਿਚ ਉਸ ਦੇ ਰਚਨਾ ਸੰਸਾਰ, ਗੀਤਾਂ, ਕੈਸੇਟਾਂ ਤੇ ਉਸ ਬਾਰੇ ਹੋਏ ਖੋਜ ਕਾਰਜ ਦਾ ਜ਼ਿਕਰ ਹੈ ਅਤੇ ਸੱਤਵੇਂ ਭਾਗ ਵਿਚ ਉਸ ਪ੍ਰਤੀ ਕਾਵਿ ਸ਼ਰਧਾਂਜਲੀਆਂ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਜੇ ਰੱਬ ਜਿਊਂਦਾ ਹੁੰਦਾ
ਲੇਖਕ : ਵਰਿੰਦਰ ਸਿੰਘ ਪਰਹਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 134
ਸੰਪਰਕ : 94174-34352.

ਸ: ਵਰਿੰਦਰ ਸਿੰਘ ਪਰਿਹਾਰ ਹਥਲੇ ਨਾਵਲ ਦੇ ਮਾਧਿਅਮ ਦੁਆਰਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਭਾਰਤ ਦੀ ਗ਼ਰੀਬੀ, ਦੁਰਦਸ਼ਾ ਅਤੇ ਮੰਦਹਾਲੀ ਦਾ ਕਾਰਨ ਇਥੋਂ ਦੇ ਆਮ ਲੋਕ ਹੀ ਹਨ ਜੋ ਬਹੁਸੰਖਿਆ ਵਿਚ ਹੋਣ ਦੇ ਬਾਵਜੂਦ ਅਲਪਸੰਖਿਅਕ ਰਾਜਨੇਤਾਵਾਂ, ਪੂੰਜੀਪਤੀਆਂ ਅਤੇ ਅਫ਼ਸਰਸ਼ਾਹੀ ਦੇ ਜਬਰ-ਦਮਨ ਦੇ ਵਿਰੁੱਧ ਸੰਘਰਸ਼ ਨਹੀਂ ਕਰਦੇ ਅਤੇ ਆਪਣੀ ਤ੍ਰਾਸਦਕ ਹੋਣੀ ਨੂੰ ਦੈਵੀ ਭਾਣਾ ਮੰਨ ਕੇ ਢੋਈ ਜਾ ਰਹੇ ਹਨ। ਉਸ ਨੇ ਆਪਣੇ ਨਾਵਲ ਦੀ ਕਥਾ ਨੂੰ ਬੇਬੀਂਬੰਟੀ, ਅਯੁੱਧਿਆ ਪ੍ਰਸਾਦਂਗੀਤਾ, ਕਾਲੀਦਾਸਂਅਨੀਤਾ ਅਤੇ ਕੁਝ ਛੋਟੇ ਨੇਤਾਵਾਂ ਦੀ ਜੀਵਨਸ਼ੈਲੀ ਦੇ ਆਲੇ-ਦੁਆਲੇ ਬੁਣਿਆ ਹੈ। ਬੇਬੀ ਪਿੰਡ ਵਿਚ ਰਹਿਣ ਵਾਲੀ ਇਕ ਸਾਧਾਰਨ ਮੁਟਿਆਰ ਸੀ। ਉਸ ਦੀ ਮਾਂ ਪਿੰਡ ਦੇ ਜ਼ਿਮੀਂਦਾਰਾਂ ਦੇ ਘਰੇ ਸਾਫ਼-ਸਫ਼ਾਈ ਦਾ ਕੰਮ ਕਰਦੀ ਸੀ। ਬੰਟੀ ਇਕ ਦਲਿਤ ਨੌਜਵਾਨ ਸੀ ਜੋ ਸਥਾਨਕ ਨੇਤਾਵਾਂ ਦਾ ਮਨਜ਼ੂਰਿ-ਨਜ਼ਰ ਬਣਨ ਲਈ ਆਪਣੀ ਇਕ ਦਲਿਤ ਪਾਰਟੀ ਬਣਾ ਲੈਂਦਾ ਹੈ ਅਤੇ ਇਸ ਦੇ ਮਾਧਿਅਮ ਨਾਲ ਆਪਣੀ ਆਈ-ਚਲਾਈ ਰੇੜ੍ਹੀ ਜਾਂਦਾ ਹੈ। ਅਯੁੱਧਿਆ ਪ੍ਰਸਾਦ ਇਕ ਪੁਜਾਰੀ ਹੈ ਤੇ ਚਰਿੱਤਰ ਪੱਖੋਂ ਠੀਕ ਨਹੀਂ। ਇਹ ਦੋਵੇਂ ਕਤਲ ਕਰ ਦਿੱਤੇ ਜਾਂਦੇ ਹਨ। ਕਾਲੀਦਾਸ ਅਤੇ ਅਨੀਤਾ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਕਾਲੀਦਾਸ ਅਵਾਮ ਨੂੰ ਭ੍ਰਿਸ਼ਟ ਵਿਵਸਥਾ ਦੇ ਵਿਰੁੱਧ ਅੰਦੋਲਿਤ ਕਰਦਾ ਹੈ ਪਰ ਵਿਵਸਥਾ ਉਸ ਦੀ ਹੱਤਿਆ ਕਰਵਾ ਦਿੰਦੀ ਹੈ। ਬੰਟੀ ਵੀ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਹੈ। ਸਥਾਨਕ ਨੇਤਾਵਾਂ ਵਿਚ ਮੋਹਨ ਦਾਸ ਅਤੇ ਬੂਟਾ ਸਿੰਘ ਦਾ ਜ਼ਿਕਰ ਆਇਆ ਹੈ। ਬੂਟਾ ਸਿੰਘ, ਮੋਹਨ ਦਾਸ ਨੂੰ ਦੋ ਵਾਰ ਹਰਾ ਦਿੰਦਾ ਹੈ, ਜਿਸ ਕਾਰਨ ਮੋਹਨ ਦਾਸ ਤਬਾਹ ਹੋ ਜਾਂਦਾ ਹੈ। ਨਾਵਲ ਦੀ ਕਹਾਣੀ ਵਿਚ ਕੁਝ ਹੋਰ ਪਾਤਰ ਵੀ ਆਏ ਹਨ ਜੋ ਇਸ ਦੀ ਬੁਣਤਰ ਨੂੰ ਸੰਘਣਾ ਬਣਾਉਂਦੇ ਹਨ।
ਲੇਖਕ ਇਸ ਨਾਵਲ ਦੇ ਮਾਧਿਅਮ ਦੁਆਰਾ ਸਾਡੇ ਰਾਜਨੀਤਕ ਸਿਸਟਮ ਉੱਪਰ ਚੋਟ ਕਰਦਾ ਹੈ। ਉਹ ਉੱਤਰੀ ਭਾਰਤ ਦੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਕਿਰਦਾਰ ਉੱਪਰ ਬੜੀ ਬੇਦਰੇਗ਼ੀ ਅਤੇ ਦ੍ਰਿੜ੍ਹਤਾ ਨਾਲ ਉਂਗਲ ਰੱਖਦਾ ਹੈ। ਉਹ ਕਿਸੇ ਪਾਰਟੀ ਵਿਸ਼ੇਸ਼ ਦਾ ਨਾਂਅ ਲੈਣ ਦੀ ਬਜਾਏ ਉਸ ਦੇ ਲੱਛਣਾਂ ਦੁਆਰਾ ਪਛਾਣ ਕਰਵਾਉਂਦਾ ਹੈ। ਲੇਖਕ ਨੇ ਇਹ ਦਰਸਾਇਆ ਹੈ ਕਿ ਇਹ ਸਾਰੀਆਂ ਪਾਰਟੀਆਂ ਅਵਾਮ ਨੂੰ ਮੂਰਖ ਬਣਾ ਕੇ ਆਪਣੀ-ਆਪਣੀ ਸਿਆਸਤ ਚਮਕਾ ਰਹੀਆਂ ਹਨ।
ਇਸ ਨਾਵਲ ਦੇ ਮਾਧਿਅਮ ਦੁਆਰਾ ਲੇਖਕ ਇਹ ਦਰਸਾਉਂਦਾ ਹੈ ਕਿ ਭਾਰਤ ਵਿਚ ਸਿਆਸਤ, ਸਿੱਖਿਆ (ਨਿੱਜੀ ਯੂਨੀਵਰਸਿਟੀ ਬਨਾਮ ਸਰਕਾਰੀ ਯੂਨੀਵਰਸਿਟੀਆਂ), ਧਰਮ ਅਤੇ ਪ੍ਰੇਮ ਆਦਿ ਸਭ ਕੁਝ ਇਕ ਵਪਾਰ ਬਣ ਚੁੱਕਾ ਹੈ। ਪੂੰਜੀਵਾਦ ਨੇ ਲੋਕਾਂ ਦੀ ਜ਼ਹਿਨੀਅਤ ਨੂੰ ਵਿਕ੍ਰਿਤ/ਪ੍ਰਦੂਸ਼ਿਤ ਕਰ ਦਿੱਤਾ ਹੈ। ਆਓ! ਇਸ ਨਵੇਂ ਭਾਰਤ ਨੂੰ ਦੇਖੋ ਅਤੇ ਇਸ ਦੇ ਰੋਗਾਂ ਨੂੰ ਦੂਰ ਕਰਨ ਲਈ ਖ਼ੁਦ ਹੀ ਕੋਈ ਰਸਤਾ ਲੱਭੋ। ਘੱਟੋ-ਘੱਟ ਜਾਗਰੂਕ ਜ਼ਰੂਰ ਹੋ ਜਾਵੋ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਨਾ ਜਾਹ ਬਰਮਾ ਨੂੰ
ਲੇਖਕ : ਬਲਦੇਵ ਸਿੰਘ 'ਬੁੱਧ ਸਿੰਘ ਵਾਲਾ' (ਹਾਂਗਕਾਂਗ)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 176
ਸੰਪਰਕ : 99151-03490.

ਇਸ ਨਾਇਕਾ ਪ੍ਰਧਾਨ ਨਾਵਲ ਦੀ ਫੇਬੁਲਾ ਵਿਚ ਅਨੇਕਾਂ ਪੰਜਾਬੀ/ਪ੍ਰਵਾਸੀ ਪ੍ਰਮੁੱਖ ਘਟਨਾਵਾਂ ਸ਼ਾਮਿਲ ਹਨ। ਮਸਲਨ : ਘਰ ਦੀ ਗ਼ਰੀਬੀ ਦੂਰ ਕਰਨ ਲਈ ਪੰਜਾਬ ਦੀ ਕਿਸੇ ਫਰਮ ਵਿਚ ਕੰਮ ਕਰਦੀ ਮੁਟਿਆਰ ਅਤੇ ਨੌਜਵਾਨ ਲੜਕੇ ਵਲੋਂ ਫਰੈਂਡ ਬਣ ਕੇ ਪ੍ਰਵਾਸ (ਵਿਸ਼ੇਸ਼ ਸਿੰਗਾਪੁਰ-ਹਾਲੈਂਡ) ਅਖ਼ਤਿਆਰ ਕਰਨਾ; ਪੱਕਾ ਆਈ. ਕਾਰਡ ਪ੍ਰਾਪਤ ਕਰਨ ਲਈ ਯਤਨ ਕਰਨੇ; ਪੱਕਾ ਆਈ. ਕਾਰਡ ਹਾਸਲ ਕਰਨ ਲਈ ਕਿਸੇ ਹੋਰ ਲੜਕੀ ਨਾਲ ਚੋਰੀਓਂ ਵਿਆਹ ਕਰ ਕੇ ਨਾਇਕਾ ਨਾਲ ਵਿਸ਼ਵਾਸਘਾਤ ਕਰਨਾ; ਨਾਇਕਾ 'ਤੇ ਨਸ਼ਾ (ਹੈਰੋਇਨ) ਰੱਖਣ ਦਾ ਝੂਠਾ ਦੋਸ਼ ਲਗਣਾ; ਦੋਸ਼ ਬਦਲੇ ਹਾਂਗਕਾਂਗ 'ਚ ਕੈਦ; ਨਾਇਕਾ ਦੀ ਸਹਾਇਤਾ ਲਈ ਨਿਸ਼ਕਾਮ ਸੇਵਕ ਦਾ ਪ੍ਰਗਟ ਹੋਣਾ; ਵਿਸ਼ਵਾਸਘਾਤੀ ਨੌਜਵਾਨ ਦੀ ਸਿੰਗਾਪੁਰ ਬੈਠੇ ਦੀ ਜ਼ਮੀਰ 'ਤੇ ਬੋਝ ਪੈਣਾ; ਨੌਜਵਾਨ ਵਲੋਂ ਸੁਸਾਇਡ ਨੋਟ ਵਿਚ ਦੋਸ਼ ਕਬੂਲ ਕਰਨਾ; ਹਾਲੈਂਡ ਅਦਾਲਤ ਵਲੋਂ ਪੂਰੀ ਛਾਣਬੀਣ ਕਰ ਕੇ ਨਾਇਕਾ ਨੂੰ ਬਰੀ ਕਰਨਾ; ਕਿਸੇ ਹੋਰ 'ਬੱਚਾ-ਚੋਰ' ਦੀ ਚੁੰਗਲ ਵਿਚ ਨਾਇਕਾ ਦਾ ਫਸਣਾ; ਗਰਭਵਤੀ ਹੋਣਾ; ਨਿਪਾਲ ਭੱਜਣਾ, ਨਿਪਾਲ 'ਚ ਤੂਫ਼ਾਨ ਆਉਣਾ; ਗਰਭ ਵਿਚ ਪਲਦੇ ਬੱਚੇ ਨੂੰ ਕਿਸੇ ਹੋਰ ਲੋੜਵੰਦ ਦੇ ਸਪੁਰਦ ਕਰਨਾ; ਵਾਪਸ ਪੰਜਾਬ ਪਰਤਣਾ; ਪਹਿਲੀ ਹੀ ਫਰਮ ਵਿਚ ਨਾਇਕਾ ਦਾ ਮੁੜ ਨੌਕਰੀ ਕਰਨਾ। ਫਰਮ ਦੇ ਮਾਲਕ ਦੇ ਪੁੱਤਰ ਨਾਲ ਸ਼ਾਦੀ ਕਰਨਾ। ਇੰਜ ਨਾਵਲੀ ਘਟਨਾਵਾਂ ਦਾ ਬਿਰਤਾਂਤਕ ਚੱਕਰ ਪੂਰਾ ਹੁੰਦਾ ਹੈ। ਇਨ੍ਹਾਂ ਘਟਨਾਵਾਂ ਤੋਂ ਬਿਨਾਂ ਪੰਜਾਬ ਦੇ ਕਿਸਾਨ ਦੀ ਮੰਦੀ ਹਾਲਤ, ਪਾਣੀ ਦਾ ਪੱਧਰ ਗਿਰਨਾ, ਡੂੰਘੇ ਮਹਿੰਗੇ ਬੋਰ ਕਰਨੇ, ਕਰਜ਼ਾਈ ਹੋਣਾ, ਕਰਜ਼ੇ ਨਾ ਮੁੜਨੇ, ਆਤਮਘਾਤ ਜਾਂ ਦਿਲ ਫੇਲ੍ਹ ਹੋਣ ਕਾਰਨ ਕਿਸਾਨਾਂ ਦੀਆਂ ਮੌਤਾਂ ਆਦਿ। ਇਸ ਫੇਬੁਲਾ ਨੂੰ ਸੁਜੇਤ (ਕਥਾਨਕ) ਵਿਚ ਬਦਲਣ ਲਈ ਅਨੇਕਾਂ ਪਾਤਰਾਂ ਦੀ ਸਿਰਜਣਾ ਕੀਤੀ ਗਈ ਹੈ। ਮਸਲਨ : ਪਿਆਰਾ ਸਿੰਘ, ਦਿਲਰਾਜ ਕੌਰ (ਨਾਇਕਾ), ਅਮਨਦੀਪ (ਧੋਖੇਬਾਜ਼ ਫਰੈਂਡ), ਕਮਲਦੀਪ, ਕਿਰਨ, ਕੇ.ਐਸ. ਬਰਾੜ, ਵਕੀਲ ਢਿੱਲੋਂ, ਲਵਲੀ ਸ਼ਰਮਾ, ਸ਼ਾਮ ਸਿੰਘ (ਬੱਚਾ ਚੋਰ), ਗੁਰਪ੍ਰੀਤ (ਨਾਇਕਾ ਦਾ ਹੁਣ ਵਾਲਾ ਜੀਵਨ ਸਾਥੀ) ਆਦਿ। ਘਟਨਾਵਾਂ ਦਾ ਗਹੁ ਨਾਲ ਅਧਿਐਨ ਕੀਤਿਆਂ ਪਤਾ ਚਲਦਾ ਹੈ ਕਿ ਨਾਵਲ ਦਾ ਗਲਪਨਿਕ ਕੋਡ ਪ੍ਰਵਾਸ ਜਾ ਕੇ 'ਪੱਕਾ ਹੋਣਾ' ਹੀ ਸਾਰੀਆਂ ਬੁਰੀਆਂ ਵਾਰਦਾਤਾਂ ਦਾ ਮੂਲ ਕਾਰਨ ਹੈ। ਨਾਇਕਾ ਅਨੇਕਾਂ ਵਾਰ ਦੁਚਿੱਤੀ (ਟੂ ਬੀ ਔਰ ਨਾਟ ਟੂ ਬੀ) ਦੀ ਸਥਿਤੀ ਵਿਚ ਸੋਚਣ ਲੱਗ ਪੈਂਦੀ ਹੈ। ਅਖਾਣਾਂ ਦੀ ਢੁੱਕਵੀਂ ਵਰਤੋਂ ਹੈ। ਹਾਲੈਂਡ 'ਚ ਬੋਲੀ ਜਾਣ ਵਾਲੀ ਭਾਸ਼ਾ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਨਿਪਾਲੀ 'ਸ' ਨੂੰ 'ਭ' ਉਚਾਰਦੇ ਹਨ। ਕੁੱਲ ਮਿਲਾ ਕੇ ਪ੍ਰਵਾਸ ਨਾਲ ਕਿਸਮਤ ਦੇ ਜਾਣ ਨੂੰ ਸਿੱਧ ਕਰਦਾ ਹੈ ਕਿ ਨਾਵਲ 'ਨਾ ਜਾਹ ਬਰਮਾ ਨੂੰ' ਲੇਖ ਜਾਣਗੇ ਨਾਲੇ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਬੇਤਰਤੀਬੀਆਂ
ਗ਼ਜ਼ਲਕਾਰ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94654-64502.

ਪੰਜਾਬੀ ਗ਼ਜ਼ਲ ਨੂੰ ਜਿਨ੍ਹਾਂ ਸ਼ਾਇਰਾਂ ਨੇ ਆਧੁਨਿਕ ਭਾਵ ਬੋਧ ਦੀ ਧਰਾਤਲ ਅਤੇ ਗਹਿਨ ਗੰਭੀਰ ਦਿੱਖ ਪ੍ਰਦਾਨ ਕੀਤੀ, ਉਨ੍ਹਾਂ ਵਿਚ ਜਗਵਿੰਦਰ ਜੋਧਾ ਦਾ ਸਰੇ ਫਰਿਸ਼ਤਾ ਹੈ। ਉਸ ਨੂੰ ਗ਼ਜ਼ਲ ਦੇ ਰੂਪ ਵਿਧਾਨ ਅਤੇ ਵਿਸ਼ਾਕਾਰੀ ਉੱਤੇ ਮਜ਼ਬੂਤ ਪਕੜ ਹੈ। ਉਸ ਦੇ ਸ਼ਿਅਰਾਂ ਵਿਚ ਸਿਧਾਂਤ, ਇਤਿਹਾਸ-ਮਿਥਿਹਾਸ ਅਤੇ ਲੋਕਾਂ ਪ੍ਰਤੀ ਸਰੋਕਾਰੀ ਚੇਤਨਤਾ ਕਾਇਮ ਰਹਿੰਦੀ ਹੈ। ਨਵੇਂ ਨਵੇਲੇ ਬਿੰਬ ਪ੍ਰਤੀਕ ਅਤੇ ਨਿਰਮਲ ਚਿਹਨਕਾਰੀ ਉਸ ਦੀ ਸ਼ਿਅਰਕਾਰੀ ਨੂੰ ਉੱਚਾ ਮਿਆਰ ਦਿਵਾਉਂਦੇ ਹਨ। ਸ਼ਾਇਰ ਜੋਧਾ ਦੀ ਕਾਵਿ ਦ੍ਰਿਸ਼ਟੀ ਸਥਾਨਿਕਤਾ ਤੋਂ ਲੈ ਕੇ ਗਲੋਬਲੀ ਵਿਸਤਾਰਾਂ ਵਾਲੀ ਤੇ ਪਾਠਕ/ਸਰੋਤੇ ਦੇ ਦਿਲ ਦਿਮਾਗ ਉੱਤੇ ਅਸਰ ਕਰਨ ਵਾਲੀ ਹੈ। ਉਸ ਦੇ ਸ਼ਿਅਰੀ ਅਭਿਆਸ ਨੇ ਅਤੇ ਉਸ ਦੀ ਅਜੀਮ ਪ੍ਰਤਿਭਾ ਨੇ ਉਸ ਨੂੰ ਸਫਲ ਸ਼ਿਅਰਕਾਰ ਵਜੋਂ ਸਥਾਪਿਤ ਕੀਤਾ ਹੈ। ਉਹ ਅੱਖਾਂ, ਕੰਨ ਅਤੇ ਦਿਮਾਗ ਨੂੰ ਹਮੇਸ਼ਾ ਕਾਰਾਮਦ ਸਥਿਤੀ ਵਿਚ ਰੱਖ ਕੇ ਸ਼ਿਅਰਾਂ ਦੀ ਭਾਲ ਕਰਦਾ ਹੈ। ਉਸ ਨੂੰ ਪਤਾ ਹੈ ਕਿ ਸ਼ਿਅਰ ਕਿਸੇ ਇਲਹਾਮ ਦੀ ਦੇਣ ਨਹੀਂ ਸਗੋਂ ਇਸ ਦੀ ਲੋਕਾਂ ਅਤੇ ਵਕਤ-ਵਰਤਾਰਿਆਂ ਵਿਚੋਂ ਭਾਲ ਕਰਨੀ ਹੁੰਦੀ ਹੈ। ਸ਼ਾਇਰ ਜਗਵਿੰਦਰ ਨੇ ਇਸ ਪੁਸਤਕ ਵਿਚ ਆਪਣੀਆਂ ਮੌਲਿਕ 60 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਪ੍ਰਸਿੱਧ ਆਲੋਚਕ ਡਾ: ਸੁਰਜੀਤ ਸਿੰਘ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ 'ਜਗਵਿੰਦਰ ਦੀ ਸ਼ਾਇਰੀ ਬਾਹਰਮੁਖੀ ਇਤਿਹਾਸਕ ਪ੍ਰਸਥਿਤੀਆਂ ਅਤੇ ਸ਼ਾਇਰ ਦੀ ਸੰਵੇਦਨਾ ਵਿਚ ਸਮਾਏ ਹੋਏ ਇਤਿਹਾਸ ਦੇ ਆਪਸੀ ਭੇੜ ਦਾ ਸਥਲ ਹੈ...'
ਜਗਵਿੰਦਰ ਦੇ ਦੋ ਸ਼ਿਅਰ ਦੇ ਕੇ ਪੁਸਤਕ ਨੂੰ ਜੀ ਆਇਆਂ
-ਗੁਜ਼ਾਰੀ ਉਮਰ ਏਸੇ ਕਸ਼ਮਕਸ਼ ਵਿਚ, ਰਹਾਂ ਏਧਰ ਕਿ ਪਰਲੇ ਪਾਰ ਜਾਵਾਂ
ਇਕੱਲਾ ਦੌੜਦਾਂ ਹਰ ਦੌੜ ਫਿਰ ਵੀ, ਮੈਂ ਆਪਣੇ ਆਪ ਤੋਂ ਹੀ ਹਾਰ ਜਾਵਾਂ।
-ਨਾ ਉਸ ਨੇ ਹਾਰਨਾ ਹੈ ਨਾ ਮੈਂ ਮਾਤ ਖਾਣੀ ਹੈ
ਮੇਰੀ ਤੇ ਜ਼ਿੰਦਗੀ ਦੀ ਦੁਸ਼ਮਣੀ ਪੁਰਾਣੀ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਵਿਚਾਰਾਂ ਦੀ ਪਰਵਾਜ਼
ਸੰਪਾਦਕ : ਹਰੀ ਚੰਦ ਮੌੜ
ਪ੍ਰਕਾਸ਼ਨ : ਬਾਗਪੁਰ ਪ੍ਰਕਾਸ਼ਨ
ਮੁੱਲ 120 ਰੁਪਏ, ਸਫ਼ੇ : 175
ਸੰਪਰਕ : 94174-27538.

ਵਿਚਾਰ ਮਨ ਦੇ ਉਹ ਫੁੱਲ ਹੁੰਦੇ ਹਨ, ਜਿਨ੍ਹਾਂ ਚੁਫੇਰੇ ਖੇੜਾ-ਹੁਲਾਸ ਦੇਣਾ ਹੁੰਦਾ ਹੈ। ਤਪਦਿਆਂ ਨੂੰ ਠਾਰਨਾ ਹੁੰਦਾ ਹੈ ਤੇ ਬੇਹਿੰਮਤਿਆਂ ਨੂੰ ਹਿੰਮਤ ਦੇਣੀ ਹੁੰਦੀ ਹੈ। ਇਸੇ ਉਦੇਸ਼ ਨੂੰ ਲੈ ਕੇ ਹਰੀ ਚੰਦ ਮੌੜ ਨੇ 'ਵਿਚਾਰਾਂ ਦੀ ਪਰਵਾਜ਼' ਪੁਸਤਕ ਸੰਪਾਦਤ ਕਰ ਕੇ ਬਹੁਤ ਸਾਰੇ ਮਾਣਿਕ ਮੋਤੀਆਂ ਦਾ ਖਜ਼ਾਨਾ ਸਾਹਿਤ ਜਗਤ ਨੂੰ ਦੇਣ ਦਾ ਉਪਰਾਲਾ ਕੀਤਾ ਹੈ।
ਮਾਣਿਕ ਮੋਤੀਆਂ ਦੇ ਇਸ ਖਜ਼ਾਨੇ ਵਿਚ ਬਹੁਤ ਸਾਰੇ ਵਿਦਵਾਨ ਲੇਖਕਾਂ ਦੇ ਸਾਰਥਿਕ ਨਿਬੰਧਾਂ ਦੀ ਚੋਣ ਕਰ ਕੇ ਆਪਣੀ ਪੁਸਤਕ ਨੂੰ ਸ਼ਿੰਗਾਰਿਆ ਹੈ। ਸਫਲ ਜ਼ਿੰਦਗੀ ਲਈ ਸ਼ਾਇਦ ਹੀ ਕੋਈ ਵਿਸ਼ਾ ਰਹਿ ਗਿਆ ਹੋਵੇਗਾ ਜੋ ਇਸ ਅਨਮੋਲ ਖਜ਼ਾਨੇ ਦਾ ਮਾਣਿਕ ਮੋਤੀ ਬਣਨੋਂ ਰਹਿ ਗਿਆ ਹੋਵੇ। ਸ਼ੁਰੂ ਤੋਂ ਲੈ ਕੇ ਅੰਤ ਤੱਕ ਜੀਵਨ ਦੀ ਸਚਾਈ ਦੇ ਵੱਖ-ਵੱਖ ਰੰਗਾਂ ਦੇ ਸੁਮੇਲ ਦਾ ਇਹ ਪ੍ਰਕਾਸ਼ ਹਰ ਪਹਿਲੂ ਨੂੰ ਰੋਸ਼ਨ ਕਰਨ ਦੇ ਸਮਰੱਥ ਹੈ। 'ਜੀਓ ਤੇ ਜੀਣ ਦਿਓ' ਸਿਧਾਂਤ ਜੋ ਪਰ-ਉਪਕਾਰੀ 'ਤੇ ਆਧਾਰਿਤ ਹੁੰਦਾ ਹੈ, ਦੀ ਇਕ ਪੂਰਨ ਵਿਆਖਿਆ ਹੈ। ਸਿਰਫ ਨਿੱਜੀ ਮਤਲਬ ਲਈ ਜੀਣ ਨਾਲੋਂ ਮਰਨਾ ਕਈ ਹਜ਼ਾਰ ਗੁਣਾ ਚੰਗਾ ਹੈ। ਬਹੁਤ ਸਾਰੇ ਦਾਰਸ਼ਨਿਕਾਂ ਦੀਆਂ ਉਦਾਹਰਣਾਂ ਇਸ ਖਜ਼ਾਨੇ ਦਾ ਖ਼ਾਸ ਹਾਸਲ ਹਨ। ਮਨ ਨੂੰ ਜਿੱਤ ਲਿਆ ਤਾਂ ਹੋਰ ਜਿੱਤਾਂ-ਹਾਰਾਂ ਕੋਈ ਖਾਸ ਮਾਅਨੇ ਨਹੀਂ ਰੱਖਦੀਆਂ।
ਹਾਰ ਕੇ ਵੀ ਨਿਰਾਸ਼ ਨਾ ਹੋਣਾ ਹੀ ਇਕ ਵੱਡੀ ਸੂਰਮਗਤੀ ਹੋ ਨਿਬੜਦੀ ਹੈ। ਦੋਹਰੇ ਮਾਪਦੰਡ ਆਤਮਿਕ ਹੁਲਾਸ ਨੂੰ ਇਕ ਵੱਡਾ ਖੋਰਾ ਲਾਉਂਦੇ ਹਨ ਅਤੇ ਬਾਦਸ਼ਾਹ ਉਹ ਨਹੀਂ ਹੁੰਦਾ ਜਿਸ ਦਾ ਸਿਰਫ ਧਿੰਙੋਜ਼ੋਰੀ ਹੁਕਮ ਹੀ ਚੱਲੇ ਸਗੋਂ ਬਾਦਸ਼ਾਹ ਤਾਂ ਉਹ ਹੁੰਦਾ ਜਿਸ ਦੀਆਂ ਚੰਗਿਆਈਆਂ ਪੀੜ੍ਹੀ-ਦਰ-ਪੀੜ੍ਹੀ ਪਰਵਾਜ਼ ਕਰਦੀਆਂ ਅਮਰ ਹੋ ਜਾਣ ਆਦਿ ਅਜਿਹੇ ਉਚ ਪਾਏ ਦੇ ਵਿਚਾਰਾਂ ਤੋਂ ਇਲਾਵਾ ਜ਼ਿੰਦਗੀ ਨੂੰ ਨਿਖਾਰਨ/ਸੰਵਾਰਨ ਵਾਲੇ ਵਿਚਾਰ ਵੀ ਇਸ ਪੁਸਤਕ ਵਿਚੋਂ ਪੜ੍ਹਨ ਦੇ ਲਖਾਇਕ ਹਨ।
ਸੋ 'ਵਿਚਾਰਾਂ ਦੀ ਪਰਵਾਜ਼' ਦਾ ਇਹ ਅਨਮੋਲ ਖਜ਼ਾਨਾ ਉਸ ਹਰ ਮਨੁੱਖ ਨੂੰ ਫਰੋਲ/ਪੜ੍ਹ ਕੇ ਮੰਥਨ ਜ਼ਰੂਰ ਕਰਨਾ ਚਾਹੀਦਾ ਹੈ ਜੋ ਸੱਚੀ-ਮੁੱਚੀਂ ਇਕ ਇਨਸਾਨ ਬਣਨਾ ਲੋਚਦਾ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858
ਫ ਫ ਫ

ਰਮਜ਼ਾਂ
ਲੇਖਕ : ਨਰਿੰਦਰ ਸਿੰਘ 'ਨਾਹਰ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 (ਸਜਿਲਦ),
ਸਫ਼ੇ : 120
ਸੰਪਰਕ : 95017-66550.

'ਬਿਰਹਾ ਦੀ ਰਮਜ਼' ਨੂੰ ਸਮਝਣ ਦਾ ਸੰਕੇਤ ਇਸ ਸਮਰਪਣ ਵਿਚ 'ਕੇਂਦਰੀ ਬਿੰਦੂ' ਦੇ ਤੌਰ ਸਾਰੇ ਕਾਵਿ-ਸੰਗ੍ਰਹਿ 'ਚ ਸੰਜੋਇਆ ਗਿਆ ਹੈ। ਇਸ ਸੰਗ੍ਰਹਿ ਵਿਚਲੀਆਂ 60 ਨਜ਼ਮਾਂ ਅਤੇ ਗੀਤਾਂ ਵਿਚ ਪੰਜਾਬੀ ਮਾਂ-ਬੋਲੀ ਦੇ ਵੱਖ-ਵੱਖ ਪਸਾਰਾਂ 'ਤੇ ਝਾਤ ਮਾਰੀ ਹੋਈ ਪ੍ਰਤੀਤ ਹੁੰਦੀ ਹੈ। ਮਸਲਨ : ਪੰਜਾਬੀ ਸੱਭਿਆਚਾਰਕ ਸਾਂਝ, ਵਿਰਸਾ, ਇਤਿਹਾਸ, ਮਿਥਿਹਾਸ ਦੇ ਨਾਲ ਪੰਜਾਬੀ ਲੋਕਾਂ ਦੀਆਂ ਲੋਕ-ਖੇਡਾਂ, ਲੋਕ ਗੀਤ, ਲੋਕ ਸੰਗੀਤ, ਪੰਜਾਬੀਆਂ ਦੇ ਰਵਾਇਤੀ ਕਿੱਤੇ, ਪੰਜਾਬੀਆਂ ਦੇ ਜੀਵਨ ਦੇ ਤਿੰਨ ਰੰਗਾਂ (ਜਨਮ-ਵਿਆਹ-ਮੌਤ) ਨਾਲ ਸਬੰਧਿਤ ਰੀਤੀ-ਰਿਵਾਜ਼ ਦਾ ਥਾਂ-ਪੁਰ-ਥਾਂ ਵਰਨਣ ਆਇਆ ਹੈ। ਬਿਰਹਾ ਦੇ ਅਹਿਸਾਸ ਸਦਕਾ ਹੀ ਇਨ੍ਹਾਂ ਕਵਿਤਾਵਾਂ 'ਚ ਦੁਨੀਆਵੀ ਪਿਆਰ ਦੇ ਨਾਲ-ਨਾਲ ਪਰਮਾਤਮਾ ਦੇ ਪਿਆਰ ਦੀ ਝਲਕ ਵਧੇਰੇ ਵਿਦਮਾਨ ਹੈ। ਅਜੋਕੀ ਪੀੜ੍ਹੀ ਸਾਡੇ ਇਸ ਪੁਰਾਤਨ ਵਿਰਸੇ ਤੋਂ ਅਣਭਿੱਜ ਹੋ ਰਹੀ ਹੈ, ਇਸ ਲਈ ਕਵੀ ਦਾ ਉਚੇਚਾ ਯਤਨ ਹੈ ਕਿ ਅਜੋਕੀ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਜੋੜਿਆ ਜਾਵੇ। ਪੰਜਾਬੀ ਸੰਸਾਰ ਰਿਸ਼ਤਿਆਂ ਦੇ ਸੰਸਾਰ 'ਚ ਬੱਝਾ ਹੋਣ ਕਰਕੇ ਰਿਸ਼ਤਿਆਂ ਦੀ ਲੱਜਤ, ਵਿਵਹਾਰ ਅਤੇ ਮਹੱਤਵ ਨੂੰ ਖੂਬ ਥਾਂ ਦਿੰਦਾ ਹੈ। ਮਾਂ, ਭੈਣ-ਭਰਾ, ਪਤੀ-ਪਤਨੀ, ਦਿਉਰ, ਭਾਬੀ, ਧੀਆਂ-ਪੁੱਤਰ, ਆਸ਼ਿਕ-ਮਸ਼ੂਕ ਦੇ ਰਿਸ਼ਤੇ ਅਹਿਮ ਹਨ, ਪਰ ਉਹ 'ਮਾਂ' ਦੇ ਰਿਸ਼ਤੇ ਨੂੰ ਵਧ ਅਹਿਮ ਥਾਂ ਦਿੰਦਾ ਹੈ। ਲੇਖਕ ਨੇ ਗੁਰੂਆਂ, ਪੀਰਾਂ, ਸੁਤੰਤਰਤਾ ਸੰਗਰਾਮੀ ਯੋਧਿਆਂ ਨੂੰ ਵੀ ਵਿਸ਼ਿਆਂ ਦੇ ਤੌਰ 'ਤੇ ਲਿਆ ਹੈ। ਦੋ-ਗਾਣਿਆਂ 'ਚ ਇਨ੍ਹਾਂ ਭਾਵਾਂ ਦਾ ਪ੍ਰਗਟਾਵਾ ਠੇਠ ਪੰਜਾਬੀ ਭਾਸ਼ਾ 'ਚ ਕਰਨ ਦਾ ਸਾਰਥਿਕ ਉਪਰਾਲਾ ਕੀਤਾ ਗਿਆ ਹੈ। ਸਮਾਜਿਕ ਕੁਰੀਤੀਆਂ 'ਤੇ ਵੀ ਉਸ ਨੇ 'ਤਨਜ਼' ਕੱਸਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਹੈ। ਕਵਿਤਾਵਾਂ-ਗੀਤਾਂ 'ਚ ਦੋਹਿਰਾ ਅਤੇ ਬੈਂਤ ਛੰਦ ਦੀ ਵਰਤੋਂ ਕਰਦਿਆਂ ਸ਼ਾਂਤ-ਰਸ, ਬੀਰ-ਰਸ, ਹਾਸ ਅਤੇ ਭਿਆਨਕ ਰਸ ਦੇ ਰੰਗ ਵੀ ਭਰੇ ਗਏ ਹਨ। ਕੁਝ ਊਣਤਾਈਆਂ ਦੇ ਬਾਵਜੂਦ ਪਲੇਠਾ ਯਤਨ ਸਲਾਹੁਣਯੋਗ ਹੈ। ਆਮੀਨ

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096
ਫ ਫ ਫ

22-09-2018

 ਇਤਿਹਾਸ ਨਾਲ ਗੁਫ਼ਤਗੂ
(ਓਰੀਆਨਾ ਫਲਾਸੀ ਦੇ ਇੰਟਰਵਿਊ)
ਅਨੁ: ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ.ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 240 ਰੁਪਏ, ਸਫ਼ੇ : 98
ਸੰਪਰਕ : 99150-42242.

ਇਹ ਪੁਸਤਕ ਇਟਾਲੀਅਨ ਲੇਖਿਕਾ ਓਰੀਆਨਾ ਫਲਾਸੀ ਦੀ ਕਿਤਾਬ 'ਇੰਟਰਵਿਊ ਵਿਦ ਹਿਸਟਰੀ' ਦਾ 'ਇਤਿਹਾਸ ਨਾਲ ਗੁਫ਼ਤਗੂ' ਸਿਰਲੇਖ ਅਧੀਨ ਸਰਲ ਪੰਜਾਬੀ ਵਿਚ ਕੀਤਾ ਅਨੁਵਾਦ ਹੈ ਤੇ ਹਰਭਜਨ ਸਿੰਘ ਹੁੰਦਲ ਦੀ ਮਿਹਨਤ ਅਤੇ ਲਗਨ ਦਾ ਪ੍ਰਤੀਫਲ ਹੈ। ਇਹ ਇੰਟਰਵਿਊ ਟੇਪ-ਰਿਕਾਰਡ ਹੁੰਦੀ ਸੀ। ਇਕ ਵਾਰੀ ਕੀਤੀ ਗਈ ਮੁਲਾਕਾਤ ਵਿਚ ਕੋਈ ਵੱਡਾ ਨੇਤਾ ਵੀ ਲੇਖਿਕਾ ਪਾਸੋਂ ਤਬਦੀਲੀ ਨਹੀਂ ਕਰਵਾ ਸਕਦਾ ਸੀ। ਹਥਲੀ ਪੁਸਤਕ ਵਿਚ ਮੁੱਖ ਤੌਰ 'ਤੇ ਦੋ ਇੰਟਰਵਿਊਆਂ ਸ਼ਾਮਿਲ ਹਨ। ਪਹਿਲੀ ਇੰਟਰਵਿਊ 'ਬੁੱਢਾ ਆਦਮੀ ਤੇ ਸਮੁੰਦਰ' (ਓਲਡ ਮੈਨ ਐਂਡ ਦੀ ਸੀਅ) ਦੇ ਲੇਖਕ ਦੀ ਪਤਨੀ 'ਮੇਰੀ ਹੈਮਿੰਗਵੇ' ਨਾਲ ਹੈ ਜਿਸ ਵਿਚ ਅਰਨੈਸਟ ਹੈਮਿੰਗਵੇ ਦੀ ਸ਼ਖ਼ਸੀਅਤ ਦੇ ਹੋਰਨਾਂ ਪੱਖਾਂ ਤੋਂ ਇਲਾਵਾ ਅਰਨੈਸਟ ਵਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੇ ਰਹੱਸ ਸਬੰਧੀ ਸਪੱਸ਼ਟ ਜਾਣਕਾਰੀ ਉਪਲਬੱਧ ਕਰਵਾਈ ਗਈ ਹੈ। ਇਸ ਮੁਲਾਕਾਤ ਵਿਚ ਪਤੀ-ਪਤਨੀ ਦੇ ਵਿਵਹਾਰ ਦੇ ਅਨੇਕਾਂ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ। ਦੂਜੀ ਵਡਆਕਾਰੀ ਇੰਟਰਵਿਊ 'ਸੁਕਰਾਤ ਦੀ ਧਰਤੀ-ਫ਼ੌਜੀ ਖੁਰੀਆਂ ਹੇਠ' ਸਿਰਲੇਖ ਅਧੀਨ ਯੂਨਾਨੀ ਸੁਤੰਤਰਤਾ ਦੇ ਨਾਇਕ ਅਲੈਂਗਜ਼ਾਦਰੋਸ ਪਾਨਾਗਾਊਲੀਸ (ਐਲੀ ਕੋਸ) ਨਾਲ ਅਗਸਤ 1973 ਵਿਚ 'ਬੋਆਤੀ' ਦੀ ਸੀਮੈਂਟ ਦੀ ਮਕਬਰੇ-ਨੁਮਾ ਜੇਲ੍ਹ ਤੋਂ ਨਾਇਕ ਦੇ ਰਿਹਾਅ ਹੋਣ ਬਾਅਦ ਕੀਤੀ ਗਈ। ਯੂਨਾਨ ਦੇ ਜ਼ਾਲਮ ਡਿਕਟੇਟਰ ਪਾਪਾਡੋਪਾਊਲੋਸ ਨੇ ਨਾਇਕ ਨੂੰ ਪੰਜ ਸਾਲ ਦੀ ਕੈਦ ਵਿਚ ਰੱਖਿਆ ਹੋਇਆ ਸੀ। ਉਸ ਨੂੰ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਮੁਆਫ਼ੀ ਮੰਗ ਕੇ ਬਾਹਰ ਆਉਣਾ ਉਸ ਦੇ ਸੁਭਾਅ ਦਾ ਅੰਗ ਨਹੀਂ ਸੀ। ਉਸ ਦਾ ਉਦੇਸ਼ ਯੂਨਾਨ ਵਿਚ ਲੋਕਰਾਜ ਦੀ ਸਥਾਪਨਾ ਸੀ। ਆਖਰੀ ਕਾਂਡ ਵਿਚ ਫਲਾਸੀ ਨੇ ਇਸ ਨਾਇਕ ਦਾ ਬੜਾ ਹੀ ਭਾਵਪੂਰਤ ਰੇਖਾ ਚਿੱਤਰ ਉਲੀਕਿਆ ਹੈ। ਪਹਿਲੀ ਨਵੰਬਰ 1973 ਨੂੰ ਜ਼ਾਲਮ ਡਿਕਟੇਟਰ ਦੇ ਰਾਜ ਦਾ ਅੰਤ ਹੋਇਆ। 17 ਨਵੰਬਰ ਨੂੰ ਨਾਇਕ ਯੂਨਾਨ ਦੀ ਪਾਰਲੀਮੈਂਟ ਦਾ ਡਿਪਟੀ ਚੁਣਿਆ ਗਿਆ। ਉਸ ਨੂੰ ਕਵੀ ਵਜੋਂ ਵੀ ਸਤਿਕਾਰਿਆ ਗਿਆ। ਉਸ ਦਾ ਵਿਚਾਰ ਰਾਜਨੀਤੀ ਇਕ ਫ਼ਰਜ਼ ਹੈ, ਕਵਿਤਾ ਇਕ ਲੋੜ ਹੈ। ਉਸ ਦੀ ਸ਼ਖ਼ਸੀਅਤ ਹੌਸਲੇ ਤੇ ਆਜ਼ਾਦੀ ਲਈ ਪਿਆਰ ਦਾ ਚਿੰਨ੍ਹ ਹੋ ਨਿੱਬੜੀ। ਪੁਸਤਕ ਪੜ੍ਹਨਯੋਗ ਅਤੇ ਸੰਭਾਲਣਯੋਗ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

 ਸੰਧੂਰਦਾਨੀ
ਸ਼ਾਇਰ : ਗੁਰਭਜਨ ਗਿੱਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 100
ਸੰਪਰਕ : 98726-31199.

'ਸੰਧੂਰਦਾਨੀ' ਵਿਚ ਲੇਖਕ ਦੀਆਂ 250 ਰੁਬਾਈਆਂ ਸੰਗ੍ਰਹਿਤ ਹਨ। ਪੰਜਾਬੀ ਵਿਚ ਰੁਬਾਈ-ਕਾਵਿ ਦਾ ਮੁਢਲਾ ਪ੍ਰਚਲਨ ਭਾਈ ਵੀਰ ਸਿੰਘ ਨੇ ਕੀਤਾ ਸੀ। ਉਨ੍ਹਾਂ ਤੋਂ ਬਾਅਦ ਧਨੀਰਾਮ ਚਾਤ੍ਰਿਕ, ਮੋਹਨ ਸਿੰਘ ਦੀਵਾਨਾ, ਪ੍ਰੋ: ਮੋਹਨ ਸਿੰਘ ਆਦਿ ਨੇ ਇਸ ਕਾਵਿ ਰੂਪ ਨੂੰ ਸਿਖ਼ਰ ਉੱਤੇ ਪਹੁੰਚਾ ਦਿੱਤਾ। ਫ਼ਰੀਦਕੋਟ ਦੇ ਕੁਝ ਸ਼ਾਇਰ ਬਿਸਮਿਲ ਫ਼ਰੀਦਕੋਟੀ, ਨਵਰਾਹੀ ਘੁਗਿਆਣਵੀ ਅਤੇ ਦਰਬਾਰਾ ਸਿੰਘ ਪੰਛੀ ਆਦਿ ਨੇ ਵੀ ਬੇਸ਼ੁਮਾਰ ਰੁਬਾਈਆਂ ਕਹੀਆਂ ਹਨ। ਗੁਰਭਜਨ ਗਿੱਲ ਦੀਆਂ ਬਹੁਤੀਆਂ ਰੁਬਾਈਆਂ ਅੰਤ ਵਿਚ ਦੋ ਜਾਂ ਤਿੰਨ ਗੁਰੂਆਂ ਦਾ ਪ੍ਰਯੋਗ ਕਰਦੀਆਂ ਹਨ। ਇਸ ਤਰ੍ਹਾਂ ਸਰੋਦੀਪਣ ਵਿਚ ਵਾਧਾ ਹੋ ਜਾਂਦਾ ਹੈ। ਦੇਖੋ :
ਦਸਮ ਪਿਤਾ ਹੁਣ ਸੀਸ ਤਲੀ ਤੇ ਧਰਿਆ ਨਹੀਂ ਜਾਂਦਾ
ਹੱਕ, ਸੱਚ, ਇਨਸਾਫ਼ ਦੀ ਖਾਤਰ ਮਰਿਆ ਨਹੀਂ ਜਾਂਦਾ
ਕੁਰਸੀ-ਯੁੱਧ ਨੂੰ ਲੜਦੇ ਲੜਦੇ ਧਰਮਗੁਆਚ ਗਿਆ
ਸ਼ੁਭ ਕਰਮਨ ਵੀ ਅੱਜਕਲ੍ਹ ਸਾਥੋਂ ਕਰਿਆ ਨਹੀਂ ਜਾਂਦਾ।
(27 ਮਾਤ੍ਰਾਵਾਂ, ਤਿੰਨ ਗੁਰੂ)
ਗੁਰਭਜਨ ਗਿੱਲ ਨਿੱਜੀ ਭੁੱਲਾਂ ਜਾਂ ਅਵੇਸਲੇਪਣ ਨੂੰ ਸਵੀਕਾਰ ਕਰਨ ਵਾਲੀਆਂ ਉਕਤੀਆਂ ਲਿਖ ਕੇ ਆਪਣੀ ਸੁਹਿਰਦਤਾ ਦੇ ਪ੍ਰਮਾਣ ਪੇਸ਼ ਕਰਦਾ ਰਹਿੰਦਾ ਹੈ। ਉਹ ਹੱਕ, ਸੱਚ ਅਤੇ ਇਨਸਾਫ਼ ਦੇ ਮੁੱਲ-ਮਹੱਤਵ ਨੂੰ ਜਾਣਦਾ ਹੈ ਪਰ ਸਾਡੇ ਤੁਹਾਡੇ ਵਾਂਗ ਉਹ ਵੀ ਆਧੁਨਿਕ ਯੁੱਗ ਦਾ ਇਕ ਵਿਅਕਤੀ ਹੈ, ਜਿਸ ਵਿਚ ਰਹਿਣ ਵਾਲੇ ਬੰਦੇ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਵਿਵਸਥਾ ਕਿਵੇਂ ਅਤੇ ਕਦੋਂ ਉਸ ਤੋਂ ਕੋਤਾਹੀ ਕਰਵਾ ਜਾਂਦੀ ਹੈ। ਲੇਖਕ ਸਮਕਾਲੀ ਸਮਾਜ ਦੀਆਂ ਵਿਸੰਗਤੀਆਂ ਅਤੇ ਦੁਸ਼ਵਾਰੀਆਂ ਦਾ ਚਿਤੇਰਾ ਹੈ। ਉਸ ਦੀਆਂ ਇਹ ਰੁਬਾਈਆਂ ਉਸ ਦੇ ਮਨੋ-ਦਾਰਸ਼ਨਿਕ ਸਵੈਜੀਵਨੀ ਵਾਂਗ ਪ੍ਰਤੀਤ ਹੁੰਦੀਆਂ ਹਨ। ਆਪਣੇ ਘਰ-ਪਰਿਵਾਰ ਤੋਂ ਸ਼ੁਰੂ ਕਰਕੇ ਉਹ ਆਪਣੇ ਸਮਾਜ ਦੇ ਨਾਲ-ਨਾਲ ਪੂਰੇ ਵਿਸ਼ਵ ਨੂੰ ਕਲਾਵੇ ਵਿਚ ਲੈ ਲੈਂਦਾ ਹੈ। ਉਹ ਰਸਮੀ ਅੰਦਾਜ਼ ਵਾਲਾ ਕਲਾਮ ਨਹੀਂ ਰਚਦਾ ਬਲਕਿ ਬਹੁਤੀ ਵਾਰ ਗ਼ੈਰ-ਰਸਮੀ ਹੋ ਜਾਂਦਾ ਹੈ। ਇਸ ਅੰਦਾਜ਼ ਦੇ ਕਾਰਨ ਇਹ ਰੁਬਾਈਆਂ ਬਹੁਤ ਸੱਚੀਆਂ-ਸੁੱਚੀਆਂ ਪ੍ਰਤੀਤ ਹੁੰਦੀਆਂ ਹਨ। ਇਹ ਰੁਬਾਈਆਂ ਪੰਜਾਬੀ ਸ਼ਾਇਰੀ ਵਿਚ ਇਕ ਮਾਣਮੱਤਾ ਵਾਧਾ ਕਰਦੀਆਂ ਹਨ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੀਲ੍ਹਾਂ
ਕਵੀ : ਸਤਪਾਲ ਭੀਖੀ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 104
ਸੰਪਰਕ : 84270-44011.

ਇਸ ਸੰਗ੍ਰਹਿ ਵਿਚ ਲੇਖਕ ਪੰਜਾਬੀ ਬੰਦੇ ਦੀ ਮਾਨਸਿਕਤਾ ਤੇ ਸਮਕਾਲੀ ਸਮਾਜਿਕ ਵਰਤਾਰੇ ਦੀਆਂ ਵਿਭਿੰਨ ਪਰਤਾਂ ਨੂੰ ਆਪਣੀ ਸ਼ਾਇਰੀ ਵਿਚ ਸਿਰਜਣ ਦਾ ਯਤਨ ਕਰਦਾ ਹੈ। ਸਤਪਾਲ ਭੀਖੀ ਦੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਜੀਵਨ ਦੇ ਵਿਭਿੰਨ ਸਰੋਕਾਰਾਂ ਨੂੰ ਆਪਣੇ ਸ਼ਬਦਾਂ ਰਾਹੀਂ ਅਭਿਵਿਅਕਤ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਉਹ ਮਨੁੱਖ ਦੀ ਮਾਨਸਿਕਤਾ ਨਾਲ ਨੇੜੇ ਜੁੜੇ ਰਿਸ਼ਤਿਆਂ ਮਾਂ, ਦਾਦੀ, ਦਾਦਾ ਤੇ ਅਨੇਕ ਦੋਸਤਾਂ ਦੀ ਯਾਦ ਨਾਲ ਸਬੰਧਿਤ ਅਹਿਸਾਸਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਚਿਤਰਦਾ ਹੈ। 'ਮਾਂ' ਬਾਰੇ ਲਿਖੀਆਂ ਉਸ ਦੀਆਂ ਕਵਿਤਾਵਾਂ ਮਾਂ ਨੂੰ ਇਕ ਉਸ ਆਦਿ ਜੁਗਾਦਿ ਔਰਤ ਵਜੋਂ ਚਿਤਰਦੀਆਂ ਹਨ ਜੋ ਸਿਰਜਣਹਾਰੀ ਹੈ, ਉਹ ਫੁੱਲ ਸਾਂਭਦੀ, ਬੱਚੇ ਸਾਂਭਦੀ ਮਹਾਂਨਾਇਕਾ ਹੋ ਕੇ ਉੱਭਰਦੀ ਹੈ
ਮਾਂ ਮਾਲਣ ਸੀ ਫੁੱਲ ਉਗਾਉਂਦੀ....
ਪਰ ਆਪ ਉਗਾਏ ਫੁੱਲਾਂ ਨੂੰ
ਉਸ ਨੇ ਮੁਰਝਾਉਣ ਨਾ ਦਿੱਤਾ....
ਇਸੇ ਤਰ੍ਹਾਂ ਪਿਤਾ ਇਨ੍ਹਾਂ ਕਵਿਤਾਵਾਂ ਵਿਚ ਮਹਾਂਨਾਇਕ ਵਜੋਂ ਪੇਸ਼ ਹੁੰਦਾ ਹੈ। ਇਸੇ ਪ੍ਰਸੰਗ ਵਿਚ ਚਿੱਤਰ ਵਿਧੀ ਰਾਹੀਂ ਲਿਖੀਆਂ ਉਸ ਦੀਆਂ ਕਵਿਤਾਵਾਂ ਵੀ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ। ਸਤਪਾਲ ਭੀਖੀ ਪੰਜਾਬੀ ਕਵਿਤਾ ਦਾ ਹੋਣਹਾਰ ਸ਼ਾਇਰ ਹੈ। ਉਸ ਦੀ ਕਵਿਤਾ ਸਾਡੇ ਆਲੇ-ਦੁਆਲੇ ਫੈਲੀਆਂ ਵਿਸੰਗਤੀਆਂ ਤੇ ਜਟਿਲਤਾਵਾਂ ਨੂੰ ਖੂਬਸੂਰਤ ਕਾਵਿਕ ਪ੍ਰਸਤੁਤੀ ਦੇਣ ਵਿਚ ਸਫ਼ਲ ਹੁੰਦੀ ਹੈ। ਇਨ੍ਹਾਂ ਕਵਿਤਾਵਾਂ ਦਾ ਪੰਜਾਬੀ ਸਾਹਿਤ ਵਿਚ ਸਵਾਗਤ ਕਰਨਾ ਬਣਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਬੰਦਾ ਸਿੰਘ ਬਹਾਦਰ
ਲੇਖਕ : ਡਾ: ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 272
ਸੰਪਰਕ : 98158-80539.

ਬੰਦਾ ਸਿੰਘ ਬਹਾਦਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਸਥਾਪਿਤ ਆਦਰਸ਼ਾਂ, ਉਦੇਸ਼ਾਂ ਤੇ ਸਿਧਾਂਤਾਂ ਉੱਤੇ ਉਸਰੀ ਪਹਿਲੀ ਸਿੱਖ ਬਾਦਸ਼ਾਹਤ ਦਾ ਉਸਰੱਈਆ ਹੈ। ਗੁਰੂ ਦੇ ਇਸ ਬੰਦੇ ਨੂੰ ਸਿੱਖ ਪਰੰਪਰਾ ਨੇ ਉਸ ਦੇ ਅੰਮ੍ਰਿਤ ਛਕਣ ਉਪਰੰਤ ਮਿਲੇ ਨਾਮ ਗੁਰਬਖਸ਼ ਸਿੰਘ ਨਾਲੋਂ ਵੱਧ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ ਨਤਮਸਤਕ ਹੋਣ ਸਮੇਂ ਗੁਰੂ ਕਾ ਬੰਦਾ ਵਜੋਂ ਦੱਸੀ ਪਛਾਣ ਨਾਲ ਹੀ ਚੇਤਿਆਂ ਵਿਚ ਵਸਾ ਰੱਖਿਆ ਹੈ। ਜੀਵਨ, ਜਿੱਤਾਂ, ਪ੍ਰਾਪਤੀਆਂ ਤੇ ਸ਼ਹਾਦਤ ਤੱਕ ਉਸ ਦਾ ਹਰ ਪਲ ਸ਼ਾਨਾਮੱਤਾ ਹੈ, ਜਿਸ ਉੱਤੇ ਸਿੱਖ ਕੌਮ ਸਚਮੁੱਚ ਨਾਜ਼ ਕਰ ਸਕਦੀ ਹੈ। ਸਰਹਿੰਦ ਤੇ ਪੰਜਾਬ ਦੇ ਮੁਗਲ ਸੂਬੇਦਾਰ ਹੀ ਨਹੀਂ, ਉਸ ਨੇ ਦਿੱਲੀ ਦੇ ਸ਼ਹਿਨਸ਼ਾਹਾਂ ਨੂੰ ਵੀ ਨਾਨੀ ਚੇਤੇ ਕਰਵਾ ਦਿੱਤੀ। ਉਹ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਰੱਜ ਕੇ ਨਿੰਦਦੇ, ਗਾਲ੍ਹਾਂ ਕੱਢਦੇ ਤੇ ਉਸ ਤੋਂ ਭੈਭੀਤ ਹੋ ਕੇ ਉਸ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤਦੇ ਰਹੇ। ਉਸ ਨੂੰ ਬਦਨਾਮ ਕਰਨ ਵਿਚ ਉਨ੍ਹਾਂ ਕੋਈ ਕਸਰ ਨਾ ਛੱਡੀ। ਉਸ ਦੇ ਚਰਿੱਤਰ ਹਣਨ ਦਾ ਹਰ ਯਤਨ ਉਨ੍ਹਾਂ ਕੀਤਾ। ਇਹ ਡਾ: ਸੁਖਦਿਆਲ ਸਿੰਘ ਦੀ ਇਸ ਸਿੱਖ ਨਾਇਕ ਬਾਰੇ ਗੰਭੀਰ ਖੋਜ ਨਾਲ ਲਿਖੀ ਪੁਸਤਕ ਹੈ ਜੋ ਆਪਣਿਆਂ ਤੇ ਬੇਗਾਨਿਆਂ ਦੋਵਾਂ ਵਲੋਂ ਹੀ ਬੰਦਾ ਬਹਾਦਰ ਬਾਰੇ ਪੈਦਾ ਕੀਤੇ ਭੁਲੇਖਿਆਂ ਤੇ ਕੁਪ੍ਰਚਾਰ ਦਾ ਦਲੀਲਾਂ ਤੇ ਸਬੂਤਾਂ ਨਾਲ ਭਾਂਡਾ ਭੰਨਦੀ ਹੈ। ਡਾ: ਸੁਖਦਿਆਲ ਸਿੰਘ ਨਵੀਂ ਪੀੜ੍ਹੀ ਦਾ ਸਿੱਖ ਇਤਿਹਾਸਕਾਰ ਹੈ। ਉਸ ਕੋਲ ਗੁਰਬਾਣੀ ਤੇ ਸਿੱਖ ਸਿਧਾਂਤਾਂ ਦੀ ਸਟੀਕ ਸੋਝੀ ਹੈ। ਉਹ ਜੋਸ਼, ਸਿਰੜ ਤੇ ਮਿਹਨਤ ਨਾਲ ਸਿੱਖ ਇਤਿਹਾਸ ਦੇ ਪੁਨਰ ਲੇਖਣ ਵਿਚ ਨਿਰੰਤਰ ਲੱਗਾ ਹੋਇਆ ਹੈ। ਉਸ ਦੀ ਸਿਧਾਂਤਕ ਸਪੱਸ਼ਟਤਾ, ਸਾਫ਼ਗੋਈ ਤੇ ਬੇਬਾਕੀ ਦੀ ਛਾਪ ਉਸ ਦੀਆਂ ਹੋਰ ਲਿਖਤਾਂ ਵਾਂਗ ਇਸ ਲਿਖਤ ਉੱਤੇ ਵੀ ਹੈ। ਇਸ ਵਿਚ ਵੀ ਉਹ ਨਿਰਭੈ ਹੋ ਕੇ ਵਿਵੇਕ ਨਾਲ ਵੱਡੇ-ਵੱਡੇ ਇਤਿਹਾਸਕਾਰਾਂ ਦੀਆਂ ਸਥਾਪਨਾਵਾਂ ਨੂੰ ਕਟਦਾ, ਸੋਧਦਾ ਤੇ ਵੰਗਾਰਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਹਿੰਮਤ
ਲੇਖਕ : ਸਰਵਨ ਸਿੰਘ ਪਤੰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98783-28501.

'ਹਿੰਮਤ' ਮਿੰਨੀ ਕਹਾਣੀ-ਸੰਗ੍ਰਹਿ ਹੈ, ਵਿਚ ਲੇਖਕ ਨੇ ਕੁੱਲ 62 ਕਹਾਣੀਆਂ ਦੀ ਰਚਨਾ ਕੀਤੀ ਹੈ। ਸਾਰੀਆਂ ਕਹਾਣੀਆਂ ਹੀ ਈਰਖਾ, ਸਾੜੇ ਅਤੇ ਖ਼ੁਦਪ੍ਰਸਤੀ ਦੇ ਵਾਤਾਵਰਨ ਨੂੰ ਤਿਆਗ ਕੇ ਮੋਹ, ਮੁਹੱਬਤ ਵਾਲਾ ਮਨੁੱਖੀ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀਆਂ ਹਨ। ਜਿਵੇਂ 'ਇੱਜ਼ਤ' ਕਹਾਣੀ ਵਿਚਲਾ ਮਾਸਟਰ ਕੁਲਵੰਤ ਦਾ ਲੜਕਾ ਹਰਮੀਤ ਆਪਣੇ ਖੇਤ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਇੱਜ਼ਤ ਕਰਦਾ ਹੈ। 'ਨਸੀਹਤ' ਕਹਾਣੀ ਵਿਚਲਾ ਦਰਸ਼ਨ ਸਿੰਘ ਪਟਵਾਰੀ ਨਸ਼ੇ ਵਿਚੋਂ ਨੌਜਵਾਨਾਂ ਨੂੰ ਕੱਢਦਾ ਹੈ ਅਤੇ ਚੰਗੇ ਪਾਸੇ ਲਾਉਂਦਾ ਹੈ। ਅਗਲੀ ਕਹਾਣੀ 'ਖੂਨ' ਵਿਚਲਾ ਧਨਾਢ ਬਜ਼ੁਰਗ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਵਿਆਹ ਕਰਵਾ ਕੇ ਵਿਆਹ ਪ੍ਰਬੰਧ ਦੀ ਹਾਣ-ਪ੍ਰਵਾਨ ਹੋਣ ਦੀ ਮਰਿਆਦਾ ਨੂੰ ਭੰਗ ਕਰਦਾ ਹੈ। ਸਰਵਨ ਸਿੰਘ ਪਤੰਗ ਨੇ ਆਪਣੀਆਂ ਕਹਾਣੀਆਂ ਵਿਚ ਨਿਰਾਸ਼ ਹੋਈ ਮਨੁੱਖਤਾ ਨੂੰ ਸਕਾਰਾਤਮਕ ਸੋਚ ਵੱਲ ਲਿਜਾਣ ਦਾ ਉਪਰਾਲਾ ਕੀਤਾ ਹੈ ਜਿਵੇਂ ਕਹਾਣੀ 'ਹਮਜਮਾਤਣਾਂ' ਵਿਚਲੀ ਸੁਰਜੀਤ ਆਪਣੀ ਸਹੇਲੀ ਨੂੰ ਆਪਣੀ ਭਰਜਾਈ ਬਣਾਉਣ ਲਈ ਆਪਣੇ ਮਾਂ-ਪਿਓ ਵਲੋਂ ਰੱਖੀ ਕਾਰ ਤੇ ਦਹੇਜ ਲੈਣ ਦੀ ਮੰਗ ਨੂੰ ਤਿਆਗ ਦਿੰਦੀ ਹੈ। ਇਸੇ ਤਰ੍ਹਾਂ ਹੀ ਕਹਾਣੀ 'ਠੇਠਰ', 'ਸ਼ੇਰ ਬੱਚੇ' ਅਤੇ 'ਸੁਨਹਿਰੀ ਫ਼ੈਸਲਾ' ਦੇ ਪਾਤਰ ਵੀ ਅਗਾਂਹਵਧੂ ਸੋਚ ਦੇ ਧਾਰਨੀ ਹਨ। ਕਿਤੇ-ਕਿਤੇ ਲੇਖਕ ਨੇ ਆਪਣੇ ਗਲਪੀ ਬਿੰਬਾਂ ਨੂੰ ਉਭਾਰਨ ਲਈ ਵਿਅੰਗ ਤੇ ਕਟਾਕਸ਼ ਦੀ ਜੁਗਤ ਵੀ ਵਰਤੀ ਹੈ ਅਤੇ ਸੰਕੇਤਕ ਕਹਾਣੀਆਂ ਵੀ ਲਿਖੀਆਂ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਉਸ ਦੀਆਂ ਕਹਾਣੀਆਂ ਦੇ ਪਾਤਰਾਂ ਦੀ ਆਪਸੀ ਵਾਰਤਲਾਪ, ਮਾਨਸਿਕ ਉਧੇੜ-ਬੁਣ ਦੀਆਂ ਪਰਤਾਂ ਨੂੰ ਫਰੋਲਦੀ ਹੈ ਅਤੇ ਉਸ ਦੀਆਂ ਕਹਾਣੀਆਂ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਹਨ ਅਤੇ ਪੇਂਡੂ ਜੀਵਨ ਦੀ ਤਸਵੀਰਕਸ਼ੀ ਕਰਦੀਆਂ ਨਜ਼ਰ ਆਉਂਦੀਆਂ ਹਨ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਆਪੋ-ਆਪਣਾ ਅੰਬਰ
ਲੇਖਕ : ਗੁਰਚਰਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 098117-40300.

ਖੁੱਲ੍ਹੀ ਕਵਿਤਾ ਦੀ ਸਿਨਫ਼ ਵਿਚ ਲਿਖੀਆਂ ਇਹ ਰਚਨਾਵਾਂ ਕਵੀ ਦੇ ਸਮਾਜਿਕ ਤੌਰ 'ਤੇ ਜਾਗ੍ਰਿਤ ਹੋਣ ਦੀ ਮਿਸਾਲ ਹਨ। ਕਵੀ ਨੇ ਵਰਤਮਾਨ ਦੀਆਂ ਚੁਣੌਤੀਆਂ ਮਨੁੱਖ ਦੀ ਦੁਬਿਧਾ, ਚੁਫੇਰੇ ਫੈਲੀ ਅਸਥਿਰਤਾ ਰਾਜਨੀਤਕ ਅਤੇ ਸਮਾਜਿਕ ਨਿਘਾਰ ਦੇ ਕਈ ਪਹਿਲੂ ਆਪਣੀ ਇਸ ਕਾਵਿ ਰਚਨਾ ਰਾਹੀਂ ਸਾਹਮਣੇ ਲਿਆਂਦੇ ਹਨ। ਉਸ ਨੇ ਵਿਅੰਗਮਈ ਜੁਗਤ ਨਾਲ ਤੇ ਸਹਿਜ ਸੁਭਾਵਿਕ ਢੰਗ ਨਾਲ ਖੇਰੂੰ-ਖੇਰੂੰ ਹੋ ਰਹੀ ਮਾਨਸਿਕਤਾ ਦੇ ਸੰਤਾਪ ਨੂੰ ਪ੍ਰਗਟਾਇਆ ਹੈ। ਵਰਤਮਾਨ ਸਮੇਂ ਮੀਡੀਆ ਦੀ ਗ਼ੈਰ-ਜ਼ਿੰਮੇਵਾਰਾਨਾ ਭੂਮਿਕਾ ਵੀ ਕਵੀ ਨੂੰ ਉਦਾਸ ਕਰਦੀ ਹੈ :
ਟੀ.ਵੀ. ਕੀ ਕਰਦਾ ਏ?/ਗਰਮ ਗਰਮ ਪਰੋਸਦਾ ਏ...।
ਕਵੀ ਨੇ ਆਮ ਆਦਮੀ ਦੇ ਸਨਮੁੱਖ ਸਮਾਜਿਕ ਰਾਜਨੀਤਕ ਅਤੇ ਆਰਥਿਕ ਘੁੰਮਣਘੇਰੀਆਂ ਦੀ ਕਲਪਨਾ ਨੂੰ ਪ੍ਰਗਟ ਕੀਤਾ ਹੈ। 'ਉਸ ਨੂੰ ਪਤਾ ਨਹੀਂ ਲਗਦਾ' ਕਵਿਤਾ ਇਸ ਵਿਸ਼ੇ ਨਾਲ ਜੁੜੀ ਵਿਸ਼ੇਸ਼ ਧਿਆਨ ਮੰਗਦੀ ਹੈ।
ਇਸ ਸੰਗ੍ਰਹਿ ਦੀ ਹਰ ਰਚਨਾ ਪਾਠਕ ਦਾ ਧਿਆਨ ਮੰਗਦੀ ਹੈ। ਵਿਸ਼ੇਸ਼ ਕਰਕੇ ਕੰਮ ਕਾਜੀ ਮੁਟਿਆਰਾਂ, ਗਿਰਗਟ, ਕਿੰਨਾ ਕੁਝ ਬਦਲ ਰਿਹਾ ਹੈ, ਬੇਬਸੀ, ਵਿਸਰਜਨ, ਭਟਕਣ, ਰੇਲ ਦੀ ਪਟੜੀ ਲਾਗੇ ਰਿਸ਼ਤੇ ਤੇ ਰਸਤੇ ਮੱਧਵਰਗੀ ਮਾਨਸਿਕਤਾ ਅਤੇ ਹੇਠਲੇ ਵਰਗ ਦੀ ਬੇਬਸੀ ਨੂੰ ਉਭਾਰਨ ਵਾਲੀਆਂ ਪ੍ਰਭਾਵਸ਼ਾਲੀ ਰਚਨਾਵਾਂ ਹਨ।
ਰਾਜਨੀਤਕ ਖੇਤਰ ਦੀ ਭਟਕਣ ਤੇ ਸਿਆਸੀ ਚਾਲਬਾਜ਼ੀਆਂ ਦੀ ਬੁਝਾਰਤ ਨੂੰ ਕਵੀ ਨੇ ਕਲਮਬੱਧ ਕੀਤਾ ਹੈ। 'ਦੰਗਿਆਂ ਤੋਂ ਪਿੱਛੋਂ' ਕਵਿਤਾ ਸਾਧਾਰਨ ਮਨੁੱਖ ਦੀ ਹੋਣੀ ਨਾਲ ਜੋੜੀ ਹੈ ਜੋ ਬੇਕਸੂਰ ਹੁੰਦਿਆਂ ਵੀ ਸਖ਼ਤ ਸਜ਼ਾ ਭੋਗਦਾ ਹੈ। ਦਰੋਪਦੀ ਇਕ ਲੰਮੀ ਨਜ਼ਮ ਹੈ ਜਿਸ ਰਾਹੀਂ ਕਵੀ ਨੇ ਨਾਰੀ ਮਨ ਦੇ ਕਈ ਕੋਨਿਆਂ ਉੱਪਰ ਝਾਤ ਪਵਾਈ ਹੈ। ਦਰੋਪਦੀ ਦੇ ਹੇਠ ਲਿਖੇ ਲਫ਼ਜ਼ :
ਮੈਂ ਮੁੜ ਜਨਮਾਂਗੀ/ਹੋਣੀਆਂ ਸੰਗ ਲੜਾਂਗੀ
ਮੈਂ ਧਰ ਦੀ ਜਾਈ ਮੈਂ ਧਰਤ ਨੂੰ ਪ੍ਰਣਾਈ।
ਕਿਰਤੀਆਂ ਦੀ ਹੋਣੀ ਤੇ ਕਿਰਤੀਆਂ ਦਾ ਮਹੱਤਵ ਕਵੀ ਨੇ ਕੁਝ ਕਵਿਤਾਵਾਂ ਰਾਹੀਂ ਉਜਾਗਰ ਕੀਤਾ ਹੈ। 'ਕੋਹਿਨੂਰ ਹੀਰਾ' ਕਵਿਤਾ ਰਾਹੀਂ ਕਵੀ ਨੇ ਕਿਰਤੀ ਦੇ ਗੁਣ ਗਾਏ ਹਨ। ਸ਼ੀਸ਼ਾ ਝੂਠ ਨਹੀਂ ਬੋਲਦਾ, ਉ ਹੌਲੀ-ਹੌਲੀ ਖੁਰ ਰਿਹਾ ਹੈ, ਯਾਤਰੀ, ਨਫ਼ਰਤ, ਮਤਦਾਤਾ, ਅੰਬਰ ਕਵਿਤਾ ਰਾਹੀਂ ਕਵੀ ਨੇ ਮਾਨਵੀ ਸੁਭਾਅ ਦੀਆਂ ਕਈ ਪਰਤਾਂ ਨੂੰ ਉਜਾਗਰ ਕੀਤਾ ਹੈ। ਸਮੁੱਚੇ ਤੌਰ 'ਤੇ ਕਵੀ ਗੁਰਚਰਨ ਨੇ ਵਿਚਾਰਧਾਰਕ ਤੇ ਭਾਵਨਾਤਮਿਕ ਵਿਸ਼ਿਆਂ ਨੂੰ ਬਾਖੂਬੀ ਨਿਭਾਇਆ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਬਹੁਰੰਗ
(ਸਾਂਝਾ ਕਾਵਿ ਸੰਗ੍ਰਹਿ)
ਸੰਪਾਦਕ : ਭਗਤ ਰਾਮ ਰੰਗਾੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਮੁੱਲ : 151 ਰੁਪਏ, ਸਫ਼ੇ : 295
ਸੰਪਰਕ : 99887-47330

ਹਥਲੀ ਪੁਸਤਕ ਵੱਖ-ਵੱਖ 43 ਕਵੀਆਂ ਦੀਆਂ ਰਚਨਾਵਾਂ ਉੱਤੇ ਆਧਾਰਿਤ ਸਾਂਝਾ ਕਾਵਿ ਸੰਗ੍ਰਹਿ ਹੈ। ਸਮਿੱਲਤ ਕਾਵਿ ਸੰਗ੍ਰਹਿਆਂ ਦੀ ਆਪਣੀ ਇਕ ਮਹੱਤਤਾ ਹੁੰਦੀ ਹੈ। ਇਨ੍ਹਾਂ ਸਮਿੱਲਤ ਪੁਸਤਕਾਂ ਵਿਚ ਕਈ ਸਾਰੇ ਕਵੀਆਂ ਦੀਆਂ ਪ੍ਰਤੀਨਿੱਧ ਕਵਿਤਾਵਾਂ ਪਾਠਕਾਂ ਨੂੰ ਇਕ ਹੀ ਪੁਸਤਕ ਵਿਚ ਹਾਸਲ ਹੋ ਜਾਂਦੀਆਂ ਹਨ।
ਹਥਲੀ ਪੁਸਤਕ ਵਿਚ ਕਈ ਸ਼ਾਇਰ ਕਾਵਿ-ਖੇਤਰ ਵਿਚ ਸਥਾਪਤ ਹੋ ਚੁੱਕੇ ਹਨ। ਪਰ ਕੁਝ ਅਜਿਹੇ ਵੀ ਕਵੀ ਹਨ ਜਿਨ੍ਹਾਂ ਨੂੰ ਨਵੀਆਂ ਕਲਮਾਂ ਕਹਿਣਾ ਵਾਜਬ ਹੈ। ਵਿਦਵਾਨ ਸੰਪਾਦਕ ਨੇ ਸ਼ਾਮਿਲ ਕਵੀਆਂ ਦੇ ਵੱਖ-ਵੱਖ ਤਰ੍ਹਾਂ ਦੇ ਕਲਾਮ ਚੁਣੇ ਹਨ। ਇਹ ਵਿਸ਼ੇ ਨਿੱਜੀ ਵਲਵਲਿਆਂ ਤੋਂ ਲੈ ਕੇ ਵਿਸ਼ਵੀ ਸਮੱਸਿਆਵਾਂ ਉੱਤੇ ਕੇਂਦਰਿਤ ਹਨ ਜੋ ਕਵੀ ਸੰਪਾਦਕ ਨੇ ਸ਼ਾਮਿਲ ਕੀਤੇ ਹਨ, ਉਨ੍ਹਾਂ ਦੇ ਕੁਝ ਨਾਂਅ ਇਵੇਂ ਹਨ : ਸ੍ਰੀ ਰਾਮ ਅਰਸ਼, ਦੇਸ ਰਾਜ ਦਾਨਿਸ਼, ਜਗਜੀਤ ਸਿੰਘ ਨੂਰ, ਭਗਤ ਸਿੰਘ ਰੰਗਾੜਾ, ਰਾਜ ਜ਼ਖ਼ਮੀ, ਰਾਜਿੰਦਰ ਸਿੰਘ ਚੰਡੀਗੜ੍ਹ, ਬਲਦੇਵ ਸਿੰਘ ਪ੍ਰਦੇਸੀ, ਬਲਵਿੰਦਰ ਵਾਲੀਆ, ਦਲਜੀਤ ਕੌਰ ਦਾਊਂ, ਜਸਵੰਤ ਸਿੰਘ ਸੇਖਵਾਂ, ਪਰਸ ਰਾਮ ਬੱਧਣ, ਬਲਬੀਰ ਸਿੰਘ ਸੈਣੀ, ਅਮਰਜੀਤ ਸਿੰਘ ਸੰਧੂ, ਮਨਜੀਤ ਸਿੰਘ ਗਿੱਲ, ਗੁਰਦਰਸ਼ਨ ਬੱਲ, ਪ੍ਰਿੰ: ਬਹਾਦਰ ਸਿੰਘ ਗੋਸਲ, ਹਰਭਜਨ ਸਿੰਘ ਉਪਾਸ਼ਕ, ਅਹੀਰ ਹੁਸ਼ਿਆਰਪੁਰੀ, ਵਿਮਲਾ ਗੁਗਲਾਨੀ, ਗੁਰਦਰਸ਼ਨ ਮਾਵੀ, ਰਣਜੋਧ ਸਿੰਘ ਰਾਣਾ, ਪ੍ਰੀਤਮ ਲੁਧਿਆਣਵੀ, ਬੀਬੀ ਸੁਰਜੀਤ ਕੌਰ ਸੈਕਰਮੈਂਟੋ, ਸੂਰਜ ਸਿੰਘ ਸੂਰਜ, ਗੁਰਮੀਤ ਸਿੰਘ ਪਾਹੜਾ, ਡਾ: ਰਾਜਵੰਤ ਕੌਰ ਪੰਜਾਬੀ ਆਦਿ...। ਸੰਪਾਦਕ ਨੇ ਸਥਾਪਿਤ ਅਤੇ ਪ੍ਰਸਿੱਧ ਕਵੀਆਂ ਨੂੰ ਅਤੇ ਨਵੇਂ ਕਵੀਆਂ ਨੂੰ ਰਲਾ-ਮਿਲਾ ਕੇ ਪੇਸ਼ ਕੀਤਾ ਹੈ। ਉਸ ਨੇ ਕੋਈ ਤਰਤੀਬ ਨਹੀਂ ਰੱਖੀ। ਚੰਗਾ ਹੁੰਦਾ ਜੇਕਰ ਕੋਈ ਨਾ ਕੋਈ ਅਸੂਲ ਤੇ ਨਿਯਮ ਰੱਖਿਆ ਜਾਂਦਾ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

15-09-2018

 ਬ੍ਰਿਗੇਡੀਅਰ ਲਾਭ ਸਿੰਘ ਉਲੰਪੀਅਨ
ਲੇਖਕ : ਪ੍ਰੋ: ਗੁਰਦੇਵ ਸਿੰਘ, ਬ੍ਰਿਗੇਡੀਅਰ ਲਾਭ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 350 ਰੁਪਏ, ਸਫ਼ੇ : 264
ਸੰਪਰਕ : 99144-19113.

ਬ੍ਰਿਗੇਡੀਅਰ ਲਾਭ ਸਿੰਘ (ਜਨਮ 1940) ਪਿੰਡ ਸੰਦੌੜ (ਜ਼ਿਲ੍ਹਾ ਸੰਗਰੂਰ) ਦਾ ਜੰਮਪਲ ਹੈ। ਲਕਸ਼ਮੀ ਬਾਈ ਕਾਲਜ ਗਵਾਲੀਅਰ ਵਿਚ ਦਾਖ਼ਲ ਹੋਇਆ ਤਾਂ ਉਸ ਨੂੰ ਲੰਮੀ ਛਾਲ ਅਤੇ ਟ੍ਰਿਪਲ ਜੰਪ (ਹੌਪ ਸਟਾਪ ਜੰਪ) ਲਾਉਣ ਵਿਚ ਦਿਲਚਸਪੀ ਹੋ ਗਈ ਸੀ ਅਤੇ ਇਨ੍ਹਾਂ ਦਿਨਾਂ ਵਿਚ ਉਸ ਨੇ ਯੂਨੀਵਰਸਿਟੀ ਪੱਧਰ 'ਤੇ ਨਵੇਂ ਰਿਕਾਰਡ ਕਾਇਮ ਕਰ ਲਏ ਸਨ। ਕਾਲਜ ਵਿਚ ਪੜ੍ਹਦਿਆਂ ਉਸ ਨੇ ਇਹ ਸੁਪਨਾ ਲਿਆ ਕਿ ਉਹ 1964 ਦੀਆਂ ਟੋਕੀਓ ਉਲੰਪਿਕ ਖੇਡਾਂ ਵਿਚ ਜ਼ਰੂਰ ਭਾਗ ਲਵੇਗਾ ਅਤੇ ਆਖਰ ਉਸ ਨੇ ਇਸ ਸੁਪਨੇ ਨੂੰ ਸੱਚ ਕਰ ਦਿਖਾਇਆ।
ਉਨ੍ਹਾਂ ਦਿਨਾਂ ਵਿਚ ਸਾਡੇ ਦੇਸ਼ ਅੰਦਰ ਵਿਗਿਆਨਕ ਢੰਗ ਨਾਲ ਟ੍ਰੇਨਿੰਗ ਦੇਣ ਦੀ ਕੋਈ ਵਿਵਸਥਾ ਨਹੀਂ ਸੀ ਹੁੰਦੀ। ਸਾਡੇ ਸਾਰੇ ਐਥਲੀਟ ਨੰਗੇ ਪੈਰੀਂ ਖੇਡਦੇ ਸਨ। ਹਾਕੀ, ਫੁੱਟਬਾਲ ਆਦਿ ਦਾ ਵੀ ਇਹੀ ਹਾਲ ਸੀ ਜਦੋਂ ਕਿ ਅਮਰੀਕਾ, ਰੂਸ ਅਤੇ ਇੰਗਲੈਂਡ ਦੇ ਖਿਡਾਰੀ ਉੱਤਮ ਕਿਸਮ ਦੇ ਟਰੈਕ-ਸੂਟ ਅਤੇ ਸਪੋਰਟਸ ਸ਼ੂਜ਼ ਪਾ ਕੇ ਮੈਦਾਨ ਵਿਚ ਉੱਤਰਦੇ ਸਨ। ਉਥੇ ਹਰ ਖੇਡ ਜਾਂ ਈਵੈਂਟ ਦਾ ਇਕ ਵੱਖਰਾ ਕੋਚ ਹੁੰਦਾ ਸੀ ਜੋ ਖਿਡਾਰੀ ਦੀ ਸਮਰੱਥਾ ਅਨੁਸਾਰ ਤਕਨੀਕ ਵਿਚ ਤਬਦੀਲੀ ਕਰਦਾ ਰਹਿੰਦਾ ਸੀ ਪਰ ਭਾਰਤ ਵਿਚ ਇਸ ਕਿਸਮ ਦਾ ਕੋਈ ਪ੍ਰਬੰਧ ਨਹੀਂ ਸੀ। ਉਲੰਪਿਕ ਦਲ ਨਾਲ ਕੇਵਲ ਇਕ-ਦੋ ਕੋਚ ਭੇਜੇ ਜਾਂਦੇ ਸਨ। ਇਹੋ ਜਿਹੇ ਕਾਰਨਾਂ ਕਰਕੇ ਸ: ਲਾਭ ਸਿੰਘ ਉਲੰਪਿਕਸ ਵਿਚ ਕੋਈ ਮੈਡਲ ਪ੍ਰਾਪਤ ਨਾ ਕਰ ਸਕਿਆ। ਪਰ ਏਸ਼ਿਆਈ/ਭਾਰਤੀ ਖੇਡ ਜਗਤ ਵਿਚ ਉਸ ਨੇ ਕਾਫੀ ਮੈਡਲ ਹਾਸਲ ਕਰ ਲਏ ਸਨ।
ਲਾਭ ਸਿੰਘ ਨੇ ਸ: ਕਰਨ ਸਿੰਘ ਅਤੇ ਚਿੰਮੂ ਵਰਗੇ ਸੁਹਿਰਦ ਕੋਚਾਂ ਦੀ ਅਗਵਾਈ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਸਨ। ਟੋਕੀਓ ਉਲੰਪਿਕਸ ਵਿਚ ਉਸ ਨੇ 51 ਫੁੱਟ 3 ਇੰਚ ਲੰਮੀ ਛਾਲ ਲਗਾਈ ਸੀ ਪਰ ਇਹ ਇਕ ਸਾਧਾਰਨ ਦੂਰੀ ਸੀ। ਬਾਅਦ ਵਿਚ ਭਾਵੇਂ ਉਸ ਨੇ 15.20 ਮੀਟਰ ਅਤੇ 1968 ਈ: ਵਿਚ 16.04 ਮੀਟਰ ਛਾਲ ਮਾਰ ਕੇ ਆਪਣੀ ਈਵੈਂਟ ਵਿਚ ਕਾਫੀ ਸੁਧਾਰ ਕਰ ਲਿਆ ਸੀ ਪਰ ਉਸ ਨੂੰ ਮੈਕਸੀਕੋ ਉਲੰਪਿਕ ਅਤੇ ਕਾਮਨਵੈਲਥ ਖੇਡਾਂ ਲਈ ਸਿਲੈਕਟ ਨਾ ਕੀਤਾ ਗਿਆ। ਅਧਿਕਾਰੀਆਂ ਦੀ ਸਿਫ਼ਾਰਿਸ਼ ਨਾਲ ਕੁਝ ਹੋਰ ਚਹੇਤੇ ਖਿਡਾਰੀ ਅੱਗੇ ਆ ਗਏ ਅਤੇ ਇੰਜ ਲਾਭ ਸਿੰਘ ਦੇ ਖੇਡ ਕਰੀਅਰ ਨੂੰ ਪੂਰਨ ਵਿਰਾਮ ਲੱਗ ਗਿਆ। ਇਸ ਦੌਰਾਨ ਉਸ ਨੇ ਏਸ਼ਿਆਈ ਖੇਡਾਂ (1966 ਅਤੇ 1970) ਵਿਚ ਇਕ ਚਾਂਦੀ ਅਤੇ ਦੋ ਕਾਂਸੇ ਦੇ ਤਗਮੇ ਜ਼ਰੂਰ ਹਾਸਲ ਕਰ ਲਏ ਸਨ। ਬਾਅਦ ਵਿਚ ਉਹ ਆਪਣੇ ਖੇਡ ਕਰੀਅਰ ਉੱਪਰ ਪੁਨਰ-ਚਿੰਤਨ ਕਰਦਾ ਹੋਇਆ ਲਿਖਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਪਰ ਉਸ ਦੀ ਅਸਫਲਤਾ ਦੇ ਕਈ ਕਾਰਨ ਸਨ। ਵੱਡੀ ਉਮਰ (20 ਸਾਲ) ਦਾ ਹੋ ਕੇ ਖੇਡ ਸ਼ੁਰੂ ਕਰਨਾ, ਸਰੀਰਕ ਮਾਪ-ਦੰਡਾਂ ਦੇ ਪੱਖੋਂ ਵਿਦੇਸ਼ੀ ਖਿਡਾਰੀਆਂ ਤੋਂ ਪਛੜਿਆ ਹੋਣਾ, ਚੰਗਾ ਕੋਚ ਨਾ ਮਿਲਣਾ, ਸਿਫ਼ਾਰਸ਼ਾਂ ਅਤੇ ਮੂੰਹ ਮੁਲਾਹਜ਼ੇ, ਟ੍ਰਿਪਲ ਜੰਪ (ਹੌਪ ਸਟਾਪ ਐਂਡ ਜੰਪ) ਵਿਚ ਹੌਪ (ਪਹਿਲੀ ਛਲਾਂਗ) ਦਾ ਲੋੜੋਂ ਵੱਧ ਲੰਮਾ ਹੋਣਾ ਅਤੇ ਪਿਛਲੇ ਦੋਵੇਂ ਜੰਪ ਛੋਟੇ ਰਹਿੰਦੇ ਜਾਣੇ... ਆਦਿ। ਇਸ ਪੁਸਤਕ ਵਿਚ ਲਾਭ ਸਿੰਘ ਦੇ ਪਿੰਡ, ਘਰ-ਪਰਿਵਾਰ, ਖੇਡ ਜੀਵਨ, ਫ਼ੌਜੀ ਜੀਵਨ ਅਤੇ ਭਾਰਤੀ ਖੇਡ ਦ੍ਰਿਸ਼ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪੁੰਗਰਦੇ ਖਿਡਾਰੀਆਂ ਲਈ ਇਹ ਪੁਸਤਕ ਇਕ ਮਾਰਗ-ਦਰਸ਼ਕ ਦਾ ਕੰਮ ਕਰੇਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਾਥੀ ਸਫ਼ਰ ਦੇ
ਨਾਵਲਕਾਰ : ਵੇਰਾ ਪਨੋਵਾ
ਅਨੁਵਾਦਕ : ਡਾ: ਕਰਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 475 ਰੁਪਏ, ਸਫ਼ੇ : 406
ਸੰਪਰਕ : 098711-89446.

ਇਸ ਵਡਆਕਾਰੀ ਨਾਵਲ ਦੇ ਤਿੰਨ ਭਾਗ ਹਨਂਰਾਤ, ਪ੍ਰਭਾਤ ਅਤੇ ਦਿਨ। ਇਹ ਸੋਵੀਅਤ ਲੇਖਿਕਾ ਵੇਰਾ ਪਨੋਵਾ ਦੁਆਰਾ ਲਿਖਿਆ ਹੋਇਆ ਹੈ। ਸੰਨ 1941 ਤੋਂ 1945 ਤੱਕ ਸੋਵੀਅਤ ਯੂਨੀਅਨ ਵਿਚ ਜੰਗ ਛਿੜੇ ਰਹੇ। 22 ਜੂਨ, 1941 ਨੂੰ ਹਿਟਲਰ ਦੀਆਂ ਫ਼ੌਜਾਂ ਨੇ ਰੂਸ 'ਤੇ ਵਿਸਾਹਘਾਤੀ ਹਮਲਾ ਕੀਤਾ ਸੀ। ਸੋਵੀਅਤ ਜਨਤਾ ਨੇ ਇਨ੍ਹਾਂ ਵਰ੍ਹਿਆਂ ਵਿਚ ਸੰਘਰਸ਼ਮਈ ਜੰਗ ਕੀਤੀ ਅਤੇ ਅੰਤ ਜਰਮਨੀ ਨੂੰ ਹਰਾ ਦਿੱਤਾ। ਇਸ ਸਮੇਂ ਦੌਰਾਨ ਲੈਨਿਨਗ੍ਰਾਦ 29 ਮਹੀਨੇ ਜਰਮਨ ਫਾਸਿਸਟਾਂ ਦੇ ਘੇਰੇ ਵਿਚ ਰਿਹਾ ਸੀ। ਜਨਵਰੀ 1943 ਵਿਚ ਇਹ ਘੇਰਾ ਤੋੜ ਕੇ ਲਾਦੋਗਾ ਝੀਲ ਦੇ ਦੱਖਣੀ ਕੰਢੇ ਦੇ ਨਾਲ-ਨਾਲ ਇਕ ਰਾਹ ਬਣਾਇਆ ਗਿਆ ਸੀ। ਜੰਗ, ਸੰਘਰਸ਼, ਬਿਮਾਰੀ, ਗ਼ਰੀਬੀ, ਬਰਬਾਦੀ ਨਾਲ ਜੂਝਦੀ ਹੋਈ ਸੋਵੀਅਤ ਜਨਤਾ ਆਖਰ ਆਜ਼ਾਦ ਹੋਈ। ਇਸ ਸਮੇਂ ਦੌਰਾਨ ਸੋਵੀਅਤ ਲਿਖਾਰੀ ਸਭਾ ਨੇ ਇਸ ਨਾਵਲ ਦੀ ਲੇਖਿਕਾ ਨੂੰ ਹਸਪਤਾਲ ਵਾਲੀ ਫ਼ੌਜੀ ਗੱਡੀ ਵਿਚ ਕੰਮ ਕਰਨ ਲਈ ਪ੍ਰੇਰਿਆ। ਲੋਕ ਉਸ ਗੱਡੀ ਵਿਚ ਸਾਢੇ ਤਿੰਨ ਸਾਲ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਤਜਰਬਿਆਂ, ਕਾਰਜ ਵਿਧੀ, ਸਮਰਪਣ, ਦੇਸ਼ ਭਗਤੀ ਦੀ ਭਾਵਨਾ ਅਤੇ ਬਹਾਦਰੀ ਤੋਂ ਉਤਸ਼ਾਹਿਤ ਹੋ ਕੇ ਲੇਖਿਕਾ ਨੇ ਇਹ ਨਾਵਲ ਲਿਖਿਆ। ਦੇਸ਼ ਅਤੇ ਸਥਾਨ ਭਾਵੇਂ ਕੋਈ ਵੀ ਹੋਵੇ, ਦੁੱਖ-ਸੁੱਖ, ਮਿਲਾਪ ਵਿਛੋੜਾ, ਲਾਭ ਹਾਣ, ਹਨੇਰਾ ਤੇ ਚਾਨਣਾ ਸਰਬ ਸਾਂਝੇ ਤਜਰਬੇ ਹਨ। ਇਥੇ ਜੰਗ ਦੇ ਕਾਲੇ ਦਿਨਾਂ ਨੂੰ ਰਾਤ, ਸੰਘਰਸ਼ ਉਪਰੰਤ ਜਿੱਤ ਨੂੰ ਪ੍ਰਭਾਤ ਅਤੇ ਆਜ਼ਾਦੀ ਨੂੰ ਦਿਨ ਨਾਲ ਤੁਲਨਾ ਦਿੱਤੀ ਗਈ ਹੈ। ਅਨੁਵਾਦਕ ਨੇ ਵੀ ਬਹੁਤ ਮਿਹਨਤ ਅਤੇ ਦਿਆਨਤਦਾਰੀ ਨਾਲ ਤਰਜਮਾ ਕਰਕੇ ਮੌਲਿਕਤਾ ਦੇ ਨੇੜੇ ਰੱਖਿਆ ਹੈ। ਠੇਠ ਪੰਜਾਬੀ ਬੋਲੀ ਅਤੇ ਮੁਹਾਵਰੇ ਦੀ ਵਰਤੋਂ ਕੀਤੀ ਗਈ ਹੈ। ਮਨੁੱਖੀ ਭਾਵਨਾਵਾਂ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸਮੁੱਚੇ ਤੌਰ 'ਤੇ ਇਹ ਇਕ ਦਿਲਚਸਪ, ਜੋਸ਼ੀਲੀ, ਮਾਰਮਿਕ ਰਚਨਾ ਹੈ, ਜੋ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪੰਜਾਬੀ ਲੋਕ ਗੀਤਾਂ ਵਿਚ ਪੱਗ, ਪਗੜੀ, ਦਸਤਾਰ
ਲੇਖਕ : ਡਾ: ਆਸਾ ਸਿੰਘ ਘੁੰਮਣ
ਡਿਸਟਰੀਬਿਊਟਰਜ਼ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ : 192
ਸੰਪਰਕ : 98152-53245.

ਆਸਾ ਸਿੰਘ ਘੁੰਮਣ ਨੇ ਇਹ ਪੁਸਤਕ ਆਪ ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਉਸ ਨੇ ਪੰਜਾਬੀ ਲੋਕ ਗੀਤਾਂ ਦੀ ਖਾਸੀ ਫਰੋਲਾ-ਫਰਾਲੀ ਕਰਕੇ ਪੱਗ, ਪਗੜੀ, ਚੀਰਾ, ਦਸਤਾਰ, ਸਾਫਾ ਦੇ ਹਵਾਲੇ ਲੱਭ ਕੇ ਪੰਜਾਬੀ ਪਾਠਕਾਂ ਅੱਗੇ ਪਰੋਸੇ ਹਨ। ਉਸ ਦੀ ਇਸ ਮਿਹਨਤ ਲਈ ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਆਪਣੀ ਪਹਿਲੀ ਪੁਸਤਕ 'ਦਾਸਤਾਨਿ ਦਸਤਾਰ' ਵਿਚ ਪਗੜੀ/ਦਸਤਾਰ ਦੇ ਇਤਿਹਾਸ, ਮੂਲ, ਮਹੱਤਵ, ਵੱਖ-ਵੱਖ ਦੇਸ਼ਾਂ/ਸੱਭਿਆਚਾਰਾਂ ਵਿਚ ਰੂਪ ਅਤੇ ਸਿੱਖ ਧਰਮ ਵਿਚ ਇਸ ਦੇ ਵਿਸ਼ੇਸ਼ ਸਥਾਨ ਦਾ ਜ਼ਿਕਰ ਇਸ ਪੁਸਤਕ ਦੀ ਪਿੱਠ ਭੂਮੀ ਹੈ। ਇਸ ਪਿਛੋਕੜ ਵਿਚ ਪੰਜਾਬੀ ਲੋਕ ਗੀਤਾਂ ਵਿਚ ਸਾਫ਼ੇ ਦੇ ਜ਼ਿਕਰ ਨਾਲ ਸ਼ੁਰੂ ਹੁੰਦੀ ਹੈ ਕਿਤਾਬ। ਸਾਫੇ ਦੇ ਰੰਗ, ਕੱਪੜੇ ਤੇ ਉਸ ਨਾਲ ਜੁੜੀਆਂ ਉਮੰਗਾਂ/ਮਿਹਣੇ/ਨਿਹੋਰੇ ਇਨ੍ਹਾਂ ਲੋਕ ਗੀਤਾਂ ਵਿਚ ਦਿਸਣ ਲਗਦੇ ਹਨ। ਪੱਗ/ਪਗੜੀ ਦੀ ਗੱਲ ਲੇਖਕ ਨੇ ਬਾਬਾ ਫ਼ਰੀਦ ਤੇ ਭਗਤ ਨਾਮਦੇਵ ਤੋਂ ਸ਼ੁਰੂ ਕੀਤੀ ਹੈ। ਬੋਲੀਆਂ, ਸਿੱਠਣੀਆਂ, ਟੱਪੇ ਤੇ ਨਿੱਕੇ/ਲੰਮੇ ਲੋਕ ਗੀਤਾਂ ਵਿਚ ਪੱਗ ਨਾਲ ਜੁੜੇ ਨਿਹੋਰੇ/ਮਿਹਣੇ/ਸੁਪਨੇ/ ਛੇੜਛਾੜ/ਅਣਖ/ ਵੰਗਾਰਾਂ ਤੇ ਮਾਣ ਇਨ੍ਹਾਂ ਲੋਕ ਗੀਤਾਂ ਵਿਚ ਹਨ। ਚੀਰੇ ਨਾਲ ਸਬੰਧਿਤ ਲੋਕ ਗੀਤਾਂ ਵਿਚ ਜਵਾਨ ਤੇ ਮਘਦੇ ਜਜ਼ਬਿਆਂ ਦਾ ਜ਼ਿਕਰ ਪ੍ਰਮੁੱਖ ਹੈ ਅਤੇ ਸਭ ਤੋਂ ਵੱਧ ਲੋਕ ਗੀਤ ਵੀ ਚੀਰੇ ਬਾਰੇ ਹਨ। ਦਸਤਾਰ ਦਾ ਸੰਕੇਤ ਲੋਕ ਗੀਤਾਂ ਵਿਚ ਬਹੁਤਾ ਨਹੀਂ ਮਿਲਦਾ। ਇਸ ਸ਼ਬਦ ਦੇ ਧਾਰਮਿਕ/ਸੰਪਰਦਾਇਕ ਪਾਸਾਰ ਇਸ ਨੂੰ ਲੋਕ ਗੀਤਾਂ ਦੇ ਖੁੱਲ੍ਹੇ-ਡੁੱਲ੍ਹੇ ਵਰਤਾਰੇ ਤੋਂ ਰੋਕਦੇ ਪ੍ਰਤੀਤ ਹੁੰਦੇ ਹਨ। ਲੇਖਕ ਨੇ ਪੁਸਤਕ ਵਿਚ ਵੱਡੀ ਗਿਣਤੀ ਵਿਚ ਰੰਗੀਨ ਤਸਵੀਰਾਂ ਦੇ ਕੇ ਇਸ ਨੂੰ ਕਾਫ਼ੀ-ਟੇਬਲ ਬੁੱਕ ਦਾ ਰੂਪ ਦੇ ਦਿੱਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਟਿਮ ਟਿਮਾਉਂਦੀ ਲੋਅ
ਲੇਖਕ : ਬਲਵੰਤ ਸਿੰਘ ਮੁਸਾਫ਼ਿਰ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98149-17679.

ਟਿਮ ਟਿਮਾਉਂਦੀ ਲੋਅ ਕਾਵਿ ਸੰਗ੍ਰਹਿ ਰਾਹੀਂ ਬਲਵੰਤ ਸਿੰਘ ਮੁਸਾਫ਼ਿਰ ਨੇ ਸਿੱਖ ਮਹਾਨ ਪੁਰਸ਼ਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਅਤੇ ਸਮਾਜਿਕ ਵਿਸ਼ਿਆਂ ਉੱਪਰ ਝਾਤ ਪਾਉਂਦੀ ਕਾਵਿ ਰਚਨਾ ਕੀਤੀ ਹੈ। ਪੁਸਤਕ ਦਾ ਪਹਿਲਾ ਭਾਗ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਅਤੇ ਸਿੱਖ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਪ੍ਰਗਟ ਕਰਦਾ ਹੈ।
ਇਸ ਲੜੀ ਵਿਚ ਆਪ ਕਰਤਾਰ ਆਇਆ, ਵੇਈਂ ਦੇ ਪਾਣੀ ਨੂੰ, ਇਤਿਹਾਸ ਦੇ ਪੰਨਿਆਂ 'ਤੇ, ਪੋਹ ਸੱਤਵੀਂ, ਨੂਰੀ ਨੂਰ ਪਿਆਰਾ ਡਿੱਠਾ, ਖੂਨੀ ਦੀਵਾਰੇ, ਖਿਦਰਾਣੇ ਦੀ ਜੰਗ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਭਾਗ ਦੂਜੇ ਵਿਚ ਗ਼ਜ਼ਲਾਂ, ਨਜ਼ਮਾਂ ਅਤੇ ਰੁਬਾਈਆਂ ਹਨ, ਜਿਹੜੀਆਂ ਸਮਾਜਿਕ ਭਾਵਨਾਤਮਕ ਤੇ ਰਾਜਨੀਤਕ ਸਰੋਕਾਰਾਂ ਨਾਲ ਸਬੰਧਿਤ ਹਨ। ਅਜੋਕੀ ਵਿਖਾਵੇ ਭਰਪੂਰ ਜ਼ਿੰਦਗੀ ਤੋਂ ਵੀ ਕਵੀ ਪ੍ਰੇਸ਼ਾਨ ਹੈ ਤੇ ਉਹ ਸਮਾਜ ਦੇ ਬਦਲ ਰਹੇ ਰੂਪ ਉੱਪਰ ਝਾਤ ਪਾਉਂਦਾ ਹੈ। ਕਵੀ ਨੇ ਪਰੰਪਰਕ ਛੰਦਾਂ ਅਤੇ ਕਾਵਿ ਰੂਪਾਂ ਦੀ ਸਹਾਇਤਾ ਨਾਲ ਆਧੁਨਿਕ ਵਿਸ਼ਿਆਂ 'ਤੇ ਕਾਵਿ ਰਚਨਾ ਕੀਤੀ ਹੈ। ਉਹ ਪੰਨਾ 36 ਉੱਪਰ ਸ਼ਾਮਿਲ ਰਚਨਾ ਵਿਚ ਸਮਾਜ ਦੇ ਸਮੁੱਚੇ ਵਰਤਾਰੇ ਬਾਰੇ ਪ੍ਰਸ਼ਨ ਉਠਾਉਂਦਾ ਹੈ। ਵੇ ਲੋਕਾ, ਮਨ ਧਾਰ ਕੇ, ਪੀੜਾ, ਰੱਖ ਹੌਸਲਾ, ਚਲਦਾ ਰਹਾਂਗਾ, ਮਤਲਬੀ ਯਾਰ, ਸੱਖਣੇ ਨੇ ਫੁੱਲ ਇਹ ਕਵਿਤਾਵਾਂ ਵਰਤਮਾਨ ਦੀ ਵਿਡੰਬਨਾ ਨੂੰ ਪ੍ਰਗਟ ਕਰਦੀਆਂ ਹਨ।
ਕਵੀ ਬਚਪਨ ਦੀਆਂ ਯਾਦਾਂ ਵਿਚ ਗੁਆਚਦਾ ਪਰੰਪਰਾ ਦੇ ਮੋਹ ਵਿਚ ਬੱਝਾ ਅਜੋਕੇ ਸਮੇਂ ਇਨਸਾਨ ਦੇ ਸਵਾਰਥੀਪਣ ਅਤੇ ਘਟ ਰਹੇ ਆਪਸੀ ਪ੍ਰੇਮ ਭਾਈਚਾਰੇ ਉੱਪਰ ਚਿੰਤਾ ਪ੍ਰਗਟ ਕਰਦਾ ਹੈ ਪੰਨਾ (51) ਦੀ ਨਜ਼ਮ ਬਾਰੇ ਹੈ। ਕਵੀ ਨੇ ਜੀਵਨ ਦੇ ਦਾਰਸ਼ਨਿਕ ਪੱਖਾਂ ਨੂੰ ਗਹਿਰ ਗੰਭੀਰਤਾ ਨਾਲ ਵੇਖਿਆ ਤੇ ਮਹਿਸੂਸ ਕੀਤਾ ਹੈ। ਕਵੀ ਨੇ ਬਿਰਹੋਂ ਵਿਗੁੱਚੇ ਨਾਰੀ ਮਨ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਹੋਲੀ ਕਵਿਤਾ ਇਸ ਦਾ ਉੱਤਮ ਨਮੂਨਾ ਹੈ। ਵੇ ਮਾਹੀ, ਕੀ ਏ ਸਾਡਾ ਕਸੂਰ, ਨੀ ਮਾਏ ਕਵਿਤਾਵਾਂ ਨਾਰੀ ਸੰਵੇਦਨਾ ਨਾਲ ਜੁੜੀਆਂ ਹਨ। ਮਾਨਵਤਾ ਦਾ ਸੁਨੇਹਾ ਦਿੰਦੀਆਂ ਬਹੁਤ ਸਾਰੀਆਂ ਕਵਿਤਾਵਾਂ ਕਵੀ ਦੀ ਨਿੱਗਰ ਸੋਚ ਦਾ ਪ੍ਰਮਾਣ ਹਨ।
ਰੁਬਾਈਆਂ ਰਾਹੀਂ ਵੀ ਕਵੀ ਨੇ ਬਹੁਤ ਸਾਰੇ ਮਨੋਭਾਵਾਂ ਨੂੰ ਜ਼ਬਾਨ ਦਿੱਤੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਕੀ ਕਰੀਏ ਕਿ ਗੱਲ ਬਣ ਜਾਵੇ
ਮੂਲ ਲੇਖਕ : ਡਾ: ਵਿਜੈ ਅਗਰਵਾਲ
ਅਨੁਵਾਦਕ : ਕਮਲਜੀਤ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 78377-18723.

ਇਸ ਪੁਸਤਕ ਨੂੰ ਡਾ: ਸਾਹਿਬ ਨੇ 'ਵਿਲੱਖਣ ਹੋ ਤੁਸੀਂ', 'ਸੁਪਨੇ ਦੇਖੋ ਪਰ ਦਿਨ ਵਿਚ', 'ਉੱਠੋ, ਜਾਗੋ ਅਤੇ ਫਿਰ ਚੱਲੋ', 'ਬਿਨਾਂ ਹਿੰਮਤ ਸਭ ਸੁੰਨਾ', 'ਚੇਤਨਾ ਦੀ ਅਖੰਡਤਾ', 'ਵਿਚਾਰਾਂ ਦੀ ਤਾਕਤ', 'ਭਾਵਨਾ ਦੀ ਸਚਾਈ', ਆਸਥਾ ਦੀ ਸਮਰੱਥਾ', 'ਆਤਮਾ ਦੀ ਅਲੌਕਿਕਤਾ', 'ਸਬੰਧਾਂ ਦੀ ਭੇਦਭਰੀ ਦੇਣ', 'ਨਿਰੰਤਰਤਾ ਦੀ ਸ਼ਕਤੀ' ਅਤੇ 'ਗੱਲਾਂ ਦੇ ਬਣਨ ਦਾ ਵਿਗਿਆਨ' ਕਾਂਡਾਂ 'ਚ ਵੰਡ ਕੇ ਲਗਾਤਾਰ ਸਖ਼ਤ ਮਿਹਨਤ, ਔਖਿਆਈ ਦਾ ਸਾਹਮਣਾ ਕਰਦਿਆਂ ਹੀ ਮੰਜ਼ਿਲਾਂ 'ਤੇ ਪਹੁੰਚਿਆ ਜਾ ਸਕਦਾ ਹੈ, ਦਰਸਾਇਆ ਹੈ।
ਉਨ੍ਹਾਂ ਦਾ ਮੱਤ ਹੈ ਕਿ ਮਨੁੱਖ ਸੰਭਾਵਨਾਵਾਂ ਭਰਪੂਰ ਪ੍ਰਾਣੀ ਹੈ। ਉਸ ਨੂੰ ਆਪਣੀ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਅਧਿਆਤਮਕ ਸਮਰੱਥਾ ਦੀ ਪਹਿਚਾਣ ਕਰਦਿਆਂ ਇਹ ਮਹਿਸੂਸ ਕਰਨਾ ਪਵੇਗਾ ਕਿ ਉਹ ਅਦਭੁੱਤ ਅਤੇ ਵਿਲੱਖਣ ਪ੍ਰਾਣੀ ਹੈ। ਇਸ ਲਈ ਉਹ ਕਿਸੇ ਹੋਰ ਵਰਗਾ ਹੋ ਹੀ ਨਹੀਂ ਸਕਦਾ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਉਹ ਵੱਖਰਾ ਅਤੇ ਨਿਆਰਾ ਹੈ, ਤਾਂ ਉਹ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਦੇ ਸਮਰੱਥ ਹੋ ਜਾਵੇਗਾ। ਉਨ੍ਹਾਂ ਦਾ ਇਹ ਕਥਨ ਜੋ ਉਨ੍ਹਾਂ ਜ਼ਿੰਦਗੀ ਭਰ ਦੇ ਤਜਰਬੇ ਅਤੇ ਅਨੁਭਵਾਂ 'ਚੋਂ ਪ੍ਰਾਪਤ ਕੀਤਾ ਹੈ, ਗੱਲ ਬਣਨ 'ਚ ਵਧੇਰੇ ਸਹਾਇਕ ਹੋਵੇਗਾ :
'ਔਖਿਆਈਆਂ ਅਤੇ ਰੁਕਾਵਟਾਂ ਹੀ ਸਫ਼ਲਤਾ ਦਾ ਪੱਧਰ ਤੈਅ ਕਰਦੀਆਂ ਹਨ। ਜੋ ਸਫ਼ਲਤਾ ਜਿੰਨੀ ਆਸਾਨੀ ਨਾਲ ਮਿਲਦੀ ਹੈ, ਉਹ ਓਨੀ ਹੀ ਛੋਟੀ ਹੁੰਦੀ ਹੈ ਅਤੇ ਜੋ ਸਫ਼ਲਤਾ ਜਿੰਨੀਆਂ ਤਕਲੀਫ਼ਾਂ ਨਾਲ ਮਿਲਦੀ ਹੈ, ਉਹ ਓਨੀ ਹੀ ਵੱਡੀ ਹੁੰਦੀ ਹੈ।'
ਗੱਲ ਬਣਨ ਦਾ ਸਬੰਧ ਤੁਹਾਡੇ ਨਿੱਜੀ ਸਬੰਧਾਂ, ਸਥਿਤੀਆਂ-ਪ੍ਰਸਥਿਤੀਆਂ ਦਾ ਨਿਰੀਖਣ, ਸਹੀ ਸੋਚ ਅਪਣਾਉਂਦਿਆਂ ਸਮੇਂ ਸਿਰ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਦੇ ਨਾਲ-ਨਾਲ, ਮਨੁੱਖ ਦੇ ਆਪਣੇ ਆਪੇ ਦੀ ਪਛਾਣ ਕਰਦਿਆਂ ਲਗਾਤਾਰ ਸੰਘਰਸ਼ ਅਤੇ ਯਤਨ 'ਤੇ ਹੀ ਨਿਰਭਰ ਕਰਦਾ ਹੈ। ਯੋਗ ਤਸ਼ਬੀਹਾਂ ਰਾਹੀਂ ਡਾ: ਸਾਹਿਬ ਨੇ ਆਪਣੇ ਵਿਚਾਰਾਂ ਦਾ ਸੰਚਾਰ ਪਾਠਕ ਤੱਕ ਪਹੁੰਚਾਉਣ ਲਈ ਸਰਲ ਅਤੇ ਸਪੱਸ਼ਟ ਭਾਸ਼ਾ ਦਾ ਉਪਯੋਗ ਕੀਤਾ ਹੈ। ਕਮਲਜੀਤ ਨੇ ਵੀ ਖੂਬ ਮਿਹਨਤ ਕਰਦਿਆਂ ਇਸ ਪੁਸਤਕ ਦਾ ਪੰਜਾਬੀ ਰੂਪ ਘੜਿਆ ਹੈ। ਪੁਸਤਕ ਦਿਲਚਸਪ ਹੈ ਅਤੇ ਪਾਠਕ ਨੂੰ ਲਗਾਤਾਰ ਕੁਝ ਜਾਨਣ ਦੀ ਭੁੱਖ ਪੈਦਾ ਕਰਦੀ ਹੈ। ਜਗਿਆਸੂ ਬਿਰਤੀ ਵਾਲੇ ਪਾਠਕਾਂ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋਵੇਗੀ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਪੰ: ਦੀਨ ਦਿਆਲ ਉਪਾਧਿਆਇ : ਵਿਅਕਤੀਤਵ ਤੇ ਵਿਚਾਰ ਦਰਸ਼ਨ
ਲੇਖਿਕਾ : ਡਾ: ਲਖਵੀਰ ਕੌਰ ਲੈਜ਼ੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 90
ਸੰਪਰਕ : 75890-88435.

ਡਾ: ਲਖਵੀਰ ਕੌਰ ਨੇ ਇਸ ਮਹਾਨ ਹਸਤੀ ਦੇ ਜੀਵਨ ਤੇ ਵਿਅਕਤੀਤਵ ਨੂੰ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਵਧੀਆ ਉਪਰਾਲਾ ਕੀਤਾ ਹੈ। ਉਹ ਇਕ ਸੰਵੇਦਨਸ਼ੀਲ ਤੇ ਕਰਮਸ਼ੀਲ ਵਿਅਕਤੀ ਸਨ ਤੇ ਉਨ੍ਹਾਂ ਦਾ ਸਮੁੱਚਾ ਜੀਵਨ ਹੀ ਦੇਸ਼ ਨੂੰ ਸਮਰਪਿਤ ਰਿਹਾ। ਬਚਪਨ ਤੋਂ ਹੀ ਉਨ੍ਹਾਂ ਮਾਂ-ਬਾਪ ਦੇ ਪਿਆਰ ਤੋਂ ਵਾਂਝੇ ਹੋਣ ਕਰਕੇ ਜੀਵਨ ਵਿਚ ਸੰਘਰਸ਼ ਕਰਨਾ ਸਿੱਖ ਲਿਆ ਸੀ। ਇਸ ਪੁਸਤਕ ਨੂੰ 9 ਕਾਂਡਾਂ ਵਿਚ ਵੰਡ ਕੇ ਲੇਖਿਕਾ ਨੇ ਉਨ੍ਹਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਜੀਵਨ ਤੇ ਵਿਅਕਤੀਤਵ, ਰਾਸ਼ਟਰੀ ਅੰਦੋਲਨ ਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਅੰਦੋਲਨ ਦੀ ਸ਼ੁਰੂਆਤ, ਪੰ. ਜੀ ਦਾ ਇਸ ਵਿਚ ਪ੍ਰਵੇਸ਼, ਜਨਸੰਘ ਦੀ ਸਥਾਪਨਾ, ਛੋਟੀਆਂ, ਛੋਟੀਆਂ ਘਟਨਾਵਾਂ ਵਿਚੋਂ ਉਸ ਸੰਭਾਵੀ ਮਹਾਨ ਨਾਇਕ ਦੇ ਦਰਸ਼ਨ, ਮਹਾਂਪੁਰਸ਼ਾਂ ਤੇ ਸੋਇਮ ਸੇਵਕ ਸੰਘ ਦੇ ਸੰਚਾਲਕ, ਨੇਤਾਗਣ ਆਦਿ ਵਲੋਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਉਭਾਰ ਕੇ ਪੇਸ਼ ਕਰਦੀਆਂ ਹਨ। ਇਕ ਕਾਂਡ ਵਿਚ ਉਨ੍ਹਾਂ ਵਲੋਂ ਲਿਖੇ ਦੋ ਮਹੱਤਵਪੂਰਨ ਖ਼ਤਾਂ ਦਾ ਜ਼ਿਕਰ ਹੈ। ਇਕ ਆਪਣੇ ਮਾਮਾ ਜੀ ਤੇ ਦੂਸਰਾ ਉਨ੍ਹਾਂ ਦੇ ਬੇਟੇ ਬਨਵਾਰੀ ਨੂੰ ਲਿਖਿਆ ਗਿਆ ਸੀ, ਜਿਨ੍ਹਾਂ ਵਿਚੋਂ ਨਿੱਜੀ ਰਿਸ਼ਤਿਆਂ ਦੇ ਮੋਹ ਨਾਲੋਂ ਜ਼ਿਆਦਾ ਸਮਾਜ ਪ੍ਰਤੀ ਕਰਤੱਵ ਦੇ ਮੋਹ ਨਾਲ ਜੁੜੀਆਂ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ। ਲੇਖਿਕਾ ਨੇ ਉਨ੍ਹਾਂ ਦੇ ਵਿਚਾਰ ਦਰਸ਼ਨ ਬਾਰੇ ਵਿਸਥਾਰ ਨਾਲ ਵਰਨਣ ਕਰਦੇ ਹੋਏ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਵੀ ਉਭਾਰਿਆ ਹੈ ਕਿ ਉਹ ਇਕ ਉੱਚ ਪੱਧਰ ਦੇ ਲੇਖਕ ਵੀ ਸਨ, ਜਿਨ੍ਹਾਂ ਨੇ ਦੋ ਉੱਚ ਪਾਏ ਦੀਆਂ ਰਚਨਾਵਾਂ ਰਚੀਆਂਂਦੋ ਨਾਵਲ ਸਮਰਾਟ ਚੰਦਰ ਗੁਪਤ ਅਤੇ ਜਗਦ ਗੁਰੂ ਸ਼ੰਕਰ ਆਚਾਰਿਆ। ਲੇਖਿਕਾ ਦੀ ਸ਼ਬਦਾਵਲੀ ਸਰਲ, ਸਹਿਜ ਤੇ ਸੰਖੇਪ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

08-09-2018

 ਪੰਜਾਬੀ ਸਾਹਿਤ ਚਿੰਤਨ
ਬਹੁ ਵਿਧਾਵੀ ਅਧਿਐਨ
ਲੇਖਕ : ਡਾ: ਸੁਰਜੀਤ ਸਿੰਘ ਖ਼ੁਰਮਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 95010-09832.

ਵਿਦਵਾਨ ਸਮੀਖਿਆਕਾਰ ਨੇ ਵੱਖ-ਵੱਖ ਸਮਿਆਂ 'ਤੇ, ਵੱਖਰੇ-ਵੱਖਰੇ ਵਿਸ਼ਿਆਂ 'ਤੇ, ਵਿਭਿੰਨ ਵਿਧਾਵਾਂ ਵਿਚ ਲਿਖੇ, ਅਨੇਕਾਂ ਲੇਖਕਾਂ ਦੇ ਕੀਤੇ ਆਪਣੇ ਅਧਿਐਨ ਨੂੰ ਕੁੱਲ 17 ਨਿਬੰਧਾਂ ਵਿਚ ਸੰਕਲਿਤ ਕੀਤਾ ਹੈ। ਕਾਵਿ-ਖੇਤਰ ਦੇ ਅਧਿਐਨ ਵਿਚ ਗੁਰਪਾਲ ਸਿੰਘ ਨੂਰ ਰਚਿਤ 'ਨੂਰੀ ਜੋਤ', ਧਰਮ ਕੰਮੇਆਣਾ ਦਾ ਕਾਵਿ-ਸੰਗ੍ਰਹਿ 'ਉਪਰਾਮ ਮੌਸਮ', ਗੁਰਭਜਨ ਗਿੱਲ ਦੀ ਸ਼ਾਇਰੀ 'ਮਨ ਦੇ ਬੂਹੇ ਬਾਰੀਆਂ', ਗੁਰਤੇਜ ਸੰਧੂ ਦੀ ਨਿੱਜ ਦੀ ਸ਼ਾਇਰੀ 'ਦਰਦ ਦਹਿਲੀਜ਼ ਤੇ ਮੈਂ' ਤੋਂ ਬਿਨਾਂ ਕੰਵਰ ਚੌਹਾਨ ਦੀ ਮ੍ਰਿਤੂ ਉਪਰੰਤ ਛਪੇ ਗ਼ਜ਼ਲ ਸੰਗ੍ਰਹਿ 'ਜੰਗਲ ਵਿਚ ਸ਼ਾਮ' ਆਦਿ ਸ਼ਾਮਿਲ ਕੀਤੇ ਗਏ ਹਨ। ਗੁਰਦਿਆਲ ਸਿੰਘ ਫੁੱਲ ਨਾਲ ਸਬੰਧਿਤ ਚਾਰ ਖੋਜ ਨਿਬੰਧਾਂ ਵਿਚ ਉਸ ਦੀ ਕਵਿਤਾ, ਕਹਾਣੀ, ਨਾਵਲ ਅਤੇ ਨਾਟ-ਸੰਸਾਰ ਸਬੰਧੀ ਨਿੱਠ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਟਕ-ਜਗਤ ਨਾਲ ਸਰੋਕਾਰ ਰੱਖਦੇ ਅਜਮੇਰ ਔਲਖ ਦੇ ਨਾਟਕ 'ਸਲਵਾਨ' ਤੋਂ ਇਲਾਵਾ ਪ੍ਰਗਤੀਵਾਦੀ ਤਕਨੀਕਾਂ ਦੇ ਵਿਸ਼ਵ ਮਾਡਲਾਂ (ਮੈਕਸਿਮ ਗੋਰਕੀ ਅਤੇ ਬ੍ਰਤੋਲਤ ਬ੍ਰੈਖ਼ਤ) ਦਾ ਤੁਲਨਾਤਮਕ ਅਧਿਐਨ ਪ੍ਰਸਤੁਤ ਹੈ। ਬੰਦਾ ਬਹਾਦਰ ਦੇ ਜੀਵਨ ਬਾਰੇ (ਡਾ: ਫੁੱਲ, ਡਾ: ਹਰਚਰਨ ਸਿੰਘ, ਰਾਜਿੰਦਰ ਭੋਗਲ) ਆਦਿ ਦੇ ਨਾਟਕਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਗਈ ਹੈ। 'ਏਡਜ਼' ਦੀ ਸਮੱਸਿਆ ਬਾਰੇ ਵੱਖ-ਵੱਖ ਵਿਧਾਵਾਂ (ਬਲਦੇਵ ਕੋਰੇ ਦਾ ਨਾਟਕ 'ਏਡਜ਼', ਨਦੀਮ ਪਰਮਾਰ ਦਾ ਨਾਵਲ 'ਚਿੱਟੀ ਮੌਤ', ਨਰਿੰਦਰਪਾਲ ਦਾ ਨਾਵਲ 'ਬਾਮੁਲਾਹਿਜ਼ਾ ਹੋਸ਼ਿਆਰ', ਸਤਿੰਦਰ ਨੰਦਾ ਦਾ ਨਾਟਕ 'ਥਿੜਕਦੇ ਕਦਮ', ਸੁਰਜੀਤ ਸਿੰਘ ਸੇਠੀ ਦੀ ਇਸੇ ਵਿਸ਼ੇ 'ਤੇ ਕਹਾਣੀ) ਦਾ ਮੁਲਾਂਕਣ ਪ੍ਰਸਤੁਤ ਕੀਤਾ ਗਿਆ ਹੈ। ਅਨੰਤ ਸਿੰਘ ਕਾਬਲੀ ਦੇ ਵਿਅੰਗ ਬਾਰੇ ਦੋ ਨਿਬੰਧਾਂ ਵਿਚ ਭਰਪੂਰ ਚਰਚਾ ਕੀਤੀ ਗਈ ਹੈ। ਸੁਲੱਖਣ ਮੀਤ ਦੀ ਕਿਤਾਬ 'ਲੋੜ ਕਾਢ ਦੀ ਮਾਂ' ਦੀ ਦਾਰਸ਼ਨਿਕਤਾ ਬਾਰੇ ਨਵਾਂ ਦ੍ਰਿਸ਼ਟੀਕੋਣ ਉਜਾਗਰ ਕੀਤਾ ਗਿਆ ਹੈ। ਡਾ: ਗੁਰਬਚਨ ਸਿੰਘ ਰਾਹੀ ਦੇ ਖੋਜ ਨਿਬੰਧ 'ਧਾਰਮਿਕ ਨਾਟਕ ਅਤੇ ਰੰਗ-ਮੰਚ ਦਾ ਮੈਟਾ-ਅਧਿਐਨ ਇਸ ਪੁਸਤਕ ਦਾ ਹਾਸਲ ਹੈ। ਇੰਜ ਇਹ ਪੁਸਤਕ ਬਹੁਵਿਧਾਵੀ ਨਿਬੰਧਾਂ ਦਾ ਕੋਲਾਜ ਹੋ ਨਿਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪੰਜਾਬੀ
ਲੋਕ ਗਾਇਕੀ ਦਾ ਸਫ਼ਰ

ਲੇਖਕ : ਹਰਦਿਆਲ ਥੂਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 376
ਸੰਪਰਕ : 98761-29341.

ਹਥਲੀ ਵੱਡਾਕਾਰੀ ਰਚਨਾ ਪੰਜਾਬੀ ਲੋਕ-ਗਾਇਕੀ ਦਾ ਸਰਵੇਖਣ ਕਰਦੀ ਹੈ ਤੇ ਇਹ ਸਰਵੇਖਣ ਪੂਰੀ 20ਵੀਂ ਸਦੀ ਦੀ ਪਰਿਕਰਮਾ ਕਰ ਜਾਂਦਾ ਹੈ। ਇਸ ਪੁਸਤਕ ਵਿਚਲੀ ਸਮੱਗਰੀ ਤਿੰਨ ਭਾਗਾਂ ਵਿਚ ਵਿਭਾਜਿਤ ਕੀਤੀ ਗਈ ਹੈ। ਪਹਿਲੇ ਭਾਗ ਵਿਚ ਪੰਜਾਬੀ ਲੋਕ-ਗਾਇਕੀ ਦੇ ਰੂਪਾਂ ਬਾਰੇ ਚਰਚਾ ਕੀਤੀ ਗਈ ਹੈ। ਸਾਜ਼-ਮੁਕਤ ਗਾਇਕੀ ਦੇ ਅੰਤਰਗਤ ਕਿੱਸਾ ਕਾਵਿ ਅਤੇ ਕਵੀਸ਼ਰੀ ਬਾਰੇ ਜਾਣਕਾਰੀ ਉਪਲਬਧ ਹੈ ਅਤੇ ਸਾਜ਼-ਯੁਕਤ ਗਾਇਕੀ ਵਿਚ ਢੱਡ-ਸਾਰੰਗੀ, ਤੂੰਬਾ-ਅਲਗੋਜ਼ਾ, ਢੋਲਕ ਅਤੇ ਹਾਰਮੋਨੀਅਨ ਨਾਲ ਗਾਈ ਜਾਣ ਵਾਲੀ ਗਾਇਕੀ ਦਾ ਵਰਨਣ ਹੋਇਆ ਹੈ। ਦੂਜੇ ਭਾਗ ਵਿਚ ਰਿਕਾਰਡਿੰਗ-ਗਾਇਕੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਜਾਣਕਾਰੀ 1907 ਈ: ਤੋਂ ਲੈ ਕੇ 2010 ਤੱਕ ਦੇ ਕਾਲ ਨਾਲ ਸਬੰਧਿਤ ਹੈ। ਲੇਖਕ ਅਨੁਸਾਰ 1907 ਈ: ਵਿਚ ਭਾਈ ਸਾਈਂ ਦਿੱਤਾ ਦੇ ਚਾਰ ਰਿਕਾਰਡ ਅਤੇ ਭਾਈ ਲੱਭੂ ਦੇ ਦੋ ਰਿਕਾਰਡ ਭਰੇ ਗਏ ਸਨ। (ਹਵਾਲਾ : ਬਲਬੀਰ ਸਿੰਘ ਕੰਵਲ, ਪੰਜਾਬ ਦੇ ਰਾਗੀ-ਰਬਾਬੀ) ਇਸ ਕਾਲ ਦੇ ਕੁਝ ਹੋਰ ਪ੍ਰਮੁੱਖ ਗਾਇਕ ਇਹ ਸਨ : ਮਿਸ ਗੌਹਰ ਜਾਨ, ਭਾਈ ਘਸੀਟਾ, ਭਾਈ ਭਾਬਾ, ਭਾਈ ਚੈਲਾ, ਮਾਸਟਰ ਮੇਹਰ, ਅੱਛਰ ਸਿੰਘ, ਮਿਸ ਦੁਲਾਰੀ, ਮਿਸ ਤਮਾਚਾ ਜਾਨ ਅਤੇ ਢਾਡੀ ਦੀਦਾਰ ਸਿੰਘ ਰਟੈਂਡਾ। ਤੀਜੇ ਭਾਗ ਵਿਚ ਲੋਕ ਗਾਇਕੀ ਨਾਲ ਸਬੰਧਿਤ ਢਾਡੀਆਂ ਅਤੇ ਗਵੰਤਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੋਕ-ਢਾਡੀਆਂ ਵਿਚ ਦੀਦਾਰ ਸਿੰਘ ਰਟੈਂਡਾ, ਨਿਰੰਜਨ ਸਿੰਘ, ਅਮਰ ਸਿੰਘ ਸ਼ੌਂਕੀ, ਪਾਲ ਸਿੰਘ ਪੰਛੀ, ਨਾਜ਼ਰ ਸਿੰਘ ਦੁਆਬੀਆ ਅਤੇ ਮੋਹਣ ਸਿੰਘ ਬਾਰੇ ਚਰਚਾ ਕੀਤੀ ਗਈ ਹੈ। ਤੂੰਬੇ-ਅਲਗੋਜ਼ੇ ਨਾਲ ਗਾਉਣ ਵਾਲੇ ਗਵੰਤਰੀਆਂ ਵਿਚੋਂ ਸਦੀਕ ਮੁਹੰਮਦ ਔੜ, ਫ਼ਜ਼ਲ ਮੁਹੰਮਦ ਟੁੰਡਾ, ਨਵਾਬ ਘੁਮਾਰ ਅਨਾਇਤਕੋਟੀਆ ਅਤੇ ਮੁਹੰਮਦ ਆਲਮ ਲੁਹਾਰ ਬਾਰੇ ਕਾਫੀ ਵਿਸਤਾਰ ਨਾਲ ਲਿਖਿਆ ਗਿਆ ਹੈ। ਹਾਰਮੋਨੀਅਨ, ਤੂੰਬੀ ਅਤੇ ਢੋਲਕ ਨਾਲ ਗਾਉਣ ਵਾਲੇ ਗਾਇਕਾਂ ਦੀ ਸੂਚੀ ਬਹੁਤ ਲੰਮੀ ਹੈ। ਵਿਦਵਾਨ ਲੇਖਕ ਨੇ 41 ਗਾਇਕਾਂ ਦੀ ਗਾਇਨ-ਸ਼ੈਲੀ ਅਤੇ ਗੀਤਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਹੈ। ਇਨ੍ਹਾਂ ਵਿਚੋਂ ਕੁਝ ਪ੍ਰਮੁੱਖ ਗਾਇਕ ਇਸ ਪ੍ਰਕਾਰ ਹਨ : ਭਾਈ ਛੈਲਾ, ਸਾਈਂ ਦੀਵਾਨਾ, ਉਸਤਾਦ ਯਮਲਾ ਜੱਟ ਆਦਿ।
ਇਸੇ ਭਾਗ ਦੇ ਅੰਤ ਵਿਚ ਪ੍ਰਮੁੱਖ ਗਾਇਕਾਵਾਂ ਦੀ ਗਾਇਨ-ਸ਼ੈਲੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਲੇਖਕ ਨੇ 22 ਗਾਇਕਾਵਾਂ ਦਾ ਵਰਨਣ ਕੀਤਾ ਹੈ ਜਿਨ੍ਹਾਂ ਵਿਚੋਂ ਗੌਹਰ ਜਾਨ, ਜ਼ਨੀਤ ਬੇਗ਼ਮ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਜਗਜੀਤ ਕੌਰ, ਨੂਰਾਂ, ਸਵਰਨ ਲਤਾ, ਨਰਿੰਦਰ ਬੀਬਾ, ਮੋਹਣੀ ਨਰੂਲਾ, ਗੁਰਮੀਤ ਬਾਵਾ, ਜਗਮੋਹਨ ਕੌਰ ਅਤੇ ਰਣਜੀਤ ਕੌਰ ਆਦਿਕ ਪ੍ਰਮੁੱਖ ਹਨ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤਸਵੀਰਾਂ
ਲੇਖਕ : ਸਵਰਾਜਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 115
ਸੰਪਰਕ : 98152-98459.

ਸਵਰਾਜਬੀਰ ਦਾ ਇਹ ਨਵਾਂ ਨਾਟਕ 'ਤਸਵੀਰਾਂ' ਨਾਟਕਕਾਰ ਦੀ ਨਾਟਕੀ ਸੂਝ ਦਾ ਪ੍ਰਗਟਾਵਾ ਕਰਦਾ ਹੈ। ਉਹ ਪੰਜਾਬੀ ਸਾਹਿਤ ਵਿਚ ਇਕ ਅਜਿਹੀ ਪ੍ਰਤਿਭਾ ਦਾ ਪ੍ਰਮਾਣ ਹੈ ਜੋ ਆਪਣੀ ਵੱਖਰੀ ਪਛਾਣ ਸਥਾਪਤ ਕਰਦਾ ਹੈ। ਉਸ ਦਾ ਇਹ ਨਾਟਕ ਪੰਜਾਬੀ ਔਰਤ ਦੀ ਸਵੈ-ਪਛਾਣ, ਔਰਤ ਦੀ ਆਜ਼ਾਦੀ ਨਾਲ ਫ਼ੈਸਲੇ ਲੈਣ ਦੀ ਚਾਹਤ ਅਤੇ ਸ਼ੰਕਿਆਂ ਭਰਪੂਰ ਜੀਵਨ ਦੀ ਪੇਸ਼ਕਾਰੀ ਹੈ। ਨਾਟਕ ਦੀ ਮੁੱਖ ਪਾਤਰ ਡਾ: ਈਸ਼ਵਰ ਕੌਰ ਜੀਵਨ ਦੇ ਕੌੜੇ ਕੁਸੈਲੇ ਤਜਰਬਿਆਂ, ਜਜ਼ਬਾਤ, ਅਧੂਰੇ ਸੁਪਨਿਆਂ ਸੰਗ ਵਿਚਰਦੀ ਹੋਈ ਆਜ਼ਾਦੀ ਚਾਹੁੰਦੀ ਹੈ, ਪਰ ਇਸ ਆਜ਼ਾਦੀ ਵਿਚੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਤੋਂ ਪੈਦਾ ਹੋਏ ਸ਼ੰਕੇ ਉਸ ਦਾ ਰਸਤਾ ਰੋਕਦੇ ਹਨ। ਇਸ ਨਾਟਕ ਦੇ ਤਿੰਨੇ ਮੁੱਖ ਕਿਰਦਾਰ ਆਧੁਨਿਕਤਾ ਅਤੇ ਪਰੰਪਰਾ ਦੀਆਂ ਬੰਦਸ਼ਾਂ ਵਿਚ ਉਲਝੇ ਹੋਏ ਹਨ। ਸਵਰਾਜਬੀਰ ਇਸ ਨਾਟਕ ਵਿਚ ਔਰਤ ਦੀ ਸਥਿਤੀ ਨੂੰ ਦਰਪੇਸ਼ ਵਾਤਾਵਰਨ ਸਿਰਜਦਾ ਹੋਇਆ ਜ਼ਿੰਦਗੀ ਲਈ 'ਤਸਵੀਰ' ਨੂੰ ਇਕ ਮੈਟਾਫ਼ਰ ਵਜੋਂ ਵਰਤਦਾ ਹੈ। ਬੜੇ ਸੂਖਮ ਅੰਦਾਜ਼ ਵਿਚ ਇਸ ਨਾਟਕ ਦੀ ਭਾਸ਼ਾ ਤਰਾਸ਼ੀ ਗਈ ਹੈ ਕਿ ਬੇਲੋੜੀ ਵਾਰਤਾਲਾਪ ਦੀ ਇਸ ਨਾਟਕ ਵਿਚ ਕਿਤੇ ਥਾਂ ਨਹੀਂ ਹੈ। ਉਸ ਦੀ ਨਾਟਕੀ ਸ਼ੈਲੀ, ਉਸ ਦੀ ਸ਼ਿਲਪ ਵਿਚ ਇਕ ਸੱਜਰਾਪਨ ਹੈ। ਇਹ ਨਾਟਕ ਪੰਜਾਬੀ ਨਾਟਕ ਖੇਤਰ ਦੇ ਵਿਕਾਸ ਵਿਚ ਵਾਧਾ ਕਰਦਾ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511
ਫ ਫ ਫ

ਵੇ ਚੰਨ ਤਾਰਿਓ
ਕਵੀ : ਅਵਤਾਰ ਲੰਗੇਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 85
ਸੰਪਰਕ : 94632-60181.

ਬਾਲ ਸਾਹਿਤ ਸਿਰਜਣਾ ਇਕ ਅਤਿ ਜਟਿਲ ਵਰਤਾਰਾ ਹੈ। ਬੱਚਿਆਂ ਦੀ ਮਾਨਸਿਕਤਾ ਨੂੰ ਪ੍ਰਮੁੱਖ ਰੱਖਦੇ ਹੋਏ ਆਪਣੀ ਭਾਸ਼ਾ, ਸ਼ੈਲੀ ਨੂੰ ਉਨ੍ਹਾਂ ਦੇ ਹਾਣ ਦਾ ਬਣਾ ਕੇ ਸਾਹਿਤ ਸਿਰਜਣਾ ਕੁਝ ਕੁ ਲੇਖਕਾਂ ਦੇ ਹਿੱਸੇ ਹੀ ਆਉਂਦਾ ਹੈ। ਅਵਤਾਰ ਸਿੰਘ ਲੰਗੇਰੀ ਕਿੱਤੇ ਵਜੋਂ ਅਧਿਆਪਕ ਹੈ। ਇਸ ਲਈ ਉਸ ਕੋਲ ਬੱਚਿਆਂ ਨਾਲ ਵਿਚਰਨ ਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣ ਦਾ ਲੰਮਾ ਤਜਰਬਾ ਹੈ। ਇਸੇ ਤਜਰਬੇ ਨੂੰ ਲੇਖਕ ਨੇ ਆਪਣੀ ਬਾਲ-ਕਾਵਿ ਪੁਸਤਕ 'ਵੇ ਚੰਨ ਤਾਰਿਓ' ਵਿਚ ਢਾਲ ਕੇ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨਰਸਰੀ ਦੇ ਬੱਚੇ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੇ ਮਾਨਸਿਕ ਸੁਹਜ ਸੁਆਦ ਨੂੰ ਤ੍ਰਿਪਤ ਕਰਨ ਦੇ ਸਮਰੱਥ ਹਨ। ਇਨ੍ਹਾਂ ਕਵਿਤਾਵਾਂ ਵਿਚ ਲੇਖਕ ਨੇ ਬਾਲ-ਮਨ ਦੇ ਨਿੱਕੇ-ਨਿੱਕੇ ਜਜ਼ਬਿਆਂ, ਖੁਸ਼ੀਆਂ, ਉਮੰਗਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਚਿਤਰਿਆ ਹੈ। ਇਨ੍ਹਾਂ ਦੇ ਨਾਲ ਉਹ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕਰਨ ਦਾ ਯਤਨ ਕਰਦਾ ਹੈ :
ਆਪਾਂ ਰੇਲ ਬਣਾਈਏ
ਏਕਤਾ ਮੇਲ ਬਣਾ ਕੇ ਆਪਾਂ
ਗੀਤ ਖੁਸ਼ੀ ਦੇ ਗਾਈਏ....
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਕਵੀ, ਸਾਡੇ ਤਿਉਹਾਰਾਂ, ਸੱਭਿਆਚਾਰ, ਵਾਤਾਵਰਨ, ਕੁਦਰਤ ਦੇ ਵਰਤਾਰੇ ਸਬੰਧੀ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੰਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਸਿਆਸੀ ਪਖੰਡ
ਲੇਖਕ : ਜਗਤਾਰ ਬੈਂਸ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 81461-12311.

ਇਸ ਮਿੰਨੀ ਕਹਾਣੀ-ਸੰਗ੍ਰਹਿ ਵਿਚ ਦਰਜ 66 ਕਹਾਣੀਆਂ ਦੁਆਰਾ ਲੇਖਕ ਨੇ ਸਮਾਜ ਵਿਚ ਵਾਪਰ ਰਹੀਆਂ ਕੌੜੀਆਂ ਸੱਚੀਆਂ ਨੂੰ ਬੜੀ ਸਰਲ ਤੇ ਰੌਚਕ ਸ਼ੈਲੀ ਵਿਚ ਪੇਸ਼ ਕੀਤਾ ਹੈ। ਦੁਨੀਆ ਭਰ ਨੂੰ ਰਜਾਉਣ ਵਾਲਾ ਕਿਸਾਨ ਅੱਜ ਭੁੱਖਾ ਮਰ ਰਿਹਾ ਹੈ, ਦਲਿਤਾਂ ਉੱਪਰ ਅੱਤਿਆਚਾਰ ਹੋ ਰਹੇ ਹਨ ਅਤੇ ਸਮਾਜਿਕ ਤੇ ਰਾਜਨੀਤਕ ਢਾਂਚਾ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ। ਇਹ ਲੋਕਤੰਤਰ ਨਹੀਂ, ਲੁੱਟਤੰਤਰ ਹੈ, ਜਿਹੜਾ ਨਾ ਤਾਂ ਲੋਕਾਂ ਦੁਆਰਾ ਹੈ, ਨਾ ਲੋਕਾਂ ਲਈ ਹੈ ਅਤੇ ਨਾ ਹੀ ਲੋਕਾਂ ਦਾ ਹੈ। ਕੁਝ ਲੋਟੂ ਗਰੁੱਪਾਂ ਵਲੋਂ ਇਹ ਲੋਕਾਂ ਨਾਲ ਇਕ ਧੋਖਾ ਹੈ। ਸਰਮਾਏਦਾਰ ਘੁਣ ਵਾਂਗ ਦੇਸ਼ ਨੂੰ ਖਾ ਰਹੇ ਹਨ। ਇਸ ਰਾਜਨੀਤਕ ਢਾਂਚੇ ਨੂੰ ਬਦਲਣ ਦੀ ਲੋੜ ਹੈ। ਅਜੋਕੀ ਰਾਜਨੀਤਕ ਵਿਵਸਥਾ ਅਤੇ ਰਾਜਨੀਤਕਾਂ ਦੇ ਕਿਰਦਾਰ ਨੂੰ ਲੇਖਕ ਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਲੇਖਕ ਅਨੁਸਾਰ ਪੂੰਜੀਵਾਦ ਦਾ ਪੱਖ ਪੂਰਦੀ ਰਾਜਨੀਤੀ ਅਤੇ ਪਖੰਡਵਾਦ ਇਕੋ ਤਸਵੀਰ ਦੇ ਦੋ ਪਾਸੇ ਹਨ। ਕਹਾਣੀਕਾਰ ਇਨ੍ਹਾਂ ਕਹਾਣੀਆਂ ਦੁਆਰਾ ਅਜਿਹੇ ਰਾਜਨੀਤਕ ਢਾਂਚੇ ਨੂੰ ਲੋਕ ਪੱਖੀ ਦਿਸ਼ਾ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕਰਦਾ ਹੈ। ਇਸ ਸੰਗ੍ਰਹਿ ਵਿਚਲੀ ਕਹਾਣੀ 'ਸਿਆਸੀ ਪਖੰਡ' ਦੇ ਆਧਾਰ 'ਤੇ ਹੀ ਪੁਸਤਕ ਦਾ ਨਾਂਅ ਰੱਖਿਆ ਗਿਆ ਹੈ। ਪੁਸਤਕ ਦੀਆਂ ਕੁਝ ਕੁ ਹੋਰ ਮਿੰਨੀ ਕਹਾਣੀਆਂ ਨੂੰ ਸੰਗ੍ਰਹਿ ਦੀਆਂ ਪ੍ਰਤੀਨਿਧ ਕਹਾਣੀਆਂ ਆਖਿਆ ਜਾ ਸਕਦਾ ਹੈ, ਜਿਵੇਂ ਲੋਕਤੰਤਰ, ਅਣਜੰਮੀ ਧੀ ਦਾ ਰੁਦਨ, ਮਿਡ ਡੇ ਮੀਲ, ਦੇਸ਼-ਧ੍ਰੋਹੀ, ਸਿਆਸੀ ਬੇਬਸੀ, ਦੋਸ਼ੀ ਕੌਣ ਆਦਿ। ਇਸ ਪੁਸਤਕ ਵਿਚ ਦਰਜ ਕਹਾਣੀਆਂ, ਮਿੰਨੀ ਹੁੰਦੀਆਂ ਹੋਈਆਂ ਵੀ ਇਕ ਵੱਡਾ ਤੇ ਉਸਾਰੂ ਸੰਦੇਸ਼ ਦਿੰਦੀਆਂ ਹਨ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਸ਼ਾਹ ਰਗ ਤੋਂ ਵੀ ਨੇੜੇ
ਲੇਖਿਕਾ : ਪਵਿੱਤਰ ਕੌਰ ਮਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 99142-10315.

ਇਹ ਪੁਸਤਕ ਕਹਾਣੀਆਂ ਦੀ ਹੈ, ਜਿਸ ਵਿਚ ਬਿਹਤਰੀਨ ਸੱਤ ਕਹਾਣੀਆਂ ਹਨ। ਇਨ੍ਹਾਂ ਵਿਚੋਂ ਇਕ ਕਹਾਣੀ ਤੜਪ ਅਜੇ ਬਰਕਰਾਰ ਸਾਡੇ ਬਿਰਧ ਆਸ਼ਰਮਾਂ ਵਿਚ ਜ਼ਿਦਗੀ ਦੇ ਆਖਰੀ ਵਰ੍ਹੇ ਗੁਜ਼ਾਰਦੇ ਉਨ੍ਹਾਂ ਬਜ਼ੁਰਗਾਂ ਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਘਰਾਂ ਵਿਚੋਂ ਕੱਢ ਕੇ ਆਸ਼ਰਮਾਂ ਵਿਚ ਭੇਜ ਦਿੱਤਾ ਹੈ। ਬਹੁਤ ਸੰਵੇਦਨਸ਼ੀਲ ਕਹਾਣੀ ਹੈ। ਆਪਸ ਵਿਚ ਬਜ਼ੁਰਗ ਮਿਲ ਬੈਠ ਕੇ ਦੁੱਖ-ਸੁੱਖ ਸਾਂਝਾ ਕਰਦੇ ਹਨ। ਇਨ੍ਹਾਂ ਵਿਚੋਂ ਇਕ ਬਜ਼ੁਰਗ ਲੱਖਾ ਸਿੰਘ ਪੋਤਰੇ ਦੇ ਜਨਮ ਦਿਨ 'ਤੇ ਇਕੱਲਾ ਹੋਣ ਕਰਕੇ ਬਹੁਤ ਉਦਾਸ ਹੈ। ਬਾਕੀ ਸਾਰੇ ਬਜ਼ੁਰਗ ਤੇ ਆਸ਼ਰਮ ਦਾ ਮਾਲਕ ਮਿਲ ਕੇ ਉਸ ਦੀ ਉਦਾਸੀ ਦੂਰ ਕਰਨ ਲਈ ਜਨਮ ਦਿਨ ਮਨਾਉਂਦੇ ਹਨ। ਜਦੋਂ ਵਿਦੇਸ਼ ਬੈਠੈ ਪੋਤਰੇ ਨਾਲ ਫੋਨ ਮਿਲਾਇਆ ਜਾਂਦਾ ਹੈ ਤਾਂ ਅਗੋਂ ਫੋਨ ਕੱਟਿਆ ਜਾਂਦਾ ਹੈ। ਉਹ ਵਿਚਾਰਾ ਫਿਰ ਉਦਾਸ ਹੋ ਜਾਂਦਾ ਹੈ। ਕਹਾਣੀ ਪਰਵਾਸ ਕਾਰਨ ਪੈਦਾ ਹੋਈ ਪਰਿਵਾਰਾਂ ਵਿਚ ਇਕੱਲਤਾ ਦੀ ਸਹੀ ਤਸਵੀਰ ਪੇਸ਼ ਕਰਦੀ ਹੈ। ਬਾਕੀ ਕਹਾਣੀਆਂ ਔਰਤ-ਮਰਦ ਦੇ ਟੁੱਟਦੇ-ਬਣਦੇ ਰਿਸ਼ਤਿਆਂ ਦੀਆਂ ਹਨ। 'ਸ਼ਾਇਦ ਦਿਨ ਚੜ੍ਹ ਜਾਂਦਾ', ਵਿਚ ਪਾਤਰ, ਪਿਆਰ-ਵਿਆਹ ਕਰਾਉਂਦੇ ਹਨ। ਤੇਜ਼ੀ ਪੜ੍ਹਿਆ ਲਿਖਿਆ ਬੇਰੁਜ਼ਗਾਰ ਹੈ। ਘਰ ਦਾ ਗੁਜ਼ਾਰਾ ਵੱਡੇ ਮੁੰਡੇ ਦੇ ਖੇਤੀ ਕੰਮਾਂ ਤੋਂ ਹੁੰਦਾ ਹੈ।
ਬੁੱਢੀ ਮਾਂ ਹੈ ਜਿਸ ਨੂੰ ਛੋਟੇ ਪੁੱਤਰ ਤੋਂ ਕਈ ਆਸਾਂ ਹਨ ਪਰ ਨੌਕਰੀ ਨਹੀਂ ਮਿਲਦੀ। ਹਨੀ ਉਸ ਦੀ ਪਤਨੀ ਨਿੱਜੀ ਸਕੂਲ ਵਿਚ ਨੌਕਰੀ ਕਰਨ ਲੱਗਦੀ ਹੈ ਪਰ ਉਸ ਦੀ ਸਕੂਲ ਵਿਚ ਕਿਸੇ ਨਾਲ ਨੇੜਤਾ ਹੋ ਜਾਂਦੀ ਹੈ। ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਵਿਆਹ ਤੋਂ ਪਹਿਲਾਂ ਦੇ ਸਾਰੇ ਇਕਰਾਰ ਖ਼ਤਮ ਹੋ ਜਾਂਦੇ ਹਨ। ਤੇਜ਼ੀ ਖ਼ੁਦਕੁਸ਼ੀ ਕਰ ਲੈਂਦਾ ਹੈ। ਕਹਾਣੀਆਂ ਦੇ ਪਾਤਰ ਜਿਊਂਦੇ ਜਾਗਦੇ ਤੇ ਜੀਵਨ ਵਿਚ ਸੰਘਰਸ਼ ਕਰਦੇ ਹਨ। ਪਰ ਉਨ੍ਹਾਂ ਦਾ ਇਹ ਸੰਘਰਸ਼ ਰਿਸ਼ਤਿਆਂ ਨੂੰ ਕਾਇਮ ਕਰਨ ਤੱਕ ਹੈ। ਮੈਰਾਥਨ ਵਿਚ ਵਿਦੇਸ਼ ਗਿਆ ਨੌਜਵਾਨ ਜੋੜਾ ਉਥੇ ਜਾ ਕੇ ਬਿਲਕੁਲ ਬਦਲ ਜਾਂਦਾ ਹੈ। ਰਾਹ ਵੱਖੋ-ਵੱਖਰੇ ਹੋ ਜਾਂਦੇ ਹਨ। ਅੱਧੇ-ਅਧੂਰੇ ਦੀ ਪੂਨਮ ਤਲਾਕਸ਼ੁਦਾ ਹੈ ਇਕ ਪੁੱਤਰ ਦੀ ਮਾਂ ਹੈ ਪਰ ਇਕ ਡਾਕਟਰ ਦੇ ਜਾਲ ਵਿਚ ਫਸ ਕੇ ਪਛਤਾਉਂਦੀ ਹੈ ਜਿਸ ਦਾ ਆਪਣੀ ਬੀਵੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਪੂਨਮ ਨੂੰ ਆਸ ਹੈ ਕਿ ਤਲਾਕ ਪਿੱਛੋਂ ਉਹ ਉਸ ਨਾਲ ਵਿਆਹ ਕਰਵਾ ਲਵੇਗਾ ਪਰ ਫ਼ੈਸਲੇ ਵਾਲੀ ਤਰੀਕ 'ਤੇ ਰਾਜ਼ੀਨਾਵਾਂ ਹੋ ਜਾਂਦਾ ਹੈ। ਪੂਨਮ ਸੋਚਦੀ ਰਹਿ ਜਾਂਦੀ ਹੈ। ਕਹਾਣੀਆਂ ਸਰਦਲੋਂ ਪਿਆਰ, ਸੈਕੰਡ ਲਵ, ਧੁਆਂਖੀ ਕਿਰਨ ਵਿਚ ਵੀ ਇਹੋ ਸਮੱਸਿਆਵਾਂ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਨਵੀਂ ਦਿੱਲੀ ਤੋਂ ਕੰਨਿਆ ਕੁਮਾਰੀ
ਲੇਖਕ : ਡਾ: ਮੋਹਨ ਸਿੰਘ ਰਤਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 350 ਰੁਪਏ, ਸਫ਼ੇ : 247
ਸੰਪਰਕ : 011-23280657.

ਲੇਖਕ ਦਾ ਇਹ ਸਫ਼ਰਨਾਮਾ ਸਾਹਿਤਕ ਗੁਣਾਂ ਅਤੇ ਉਸ ਦੀ ਵਿਲੱਖਣ ਮਨੁੱਖੀ ਸਮਾਜਿਕ, ਸੱਭਿਆਚਾਰਕ, ਭੂਗੋਲਿਕ ਸੂਝ-ਬੂਝ ਦਾ ਲਖਾਇਕ ਹੈ। ਸਫ਼ਰਨਾਮਾ ਭਾਰਤ ਦੇ ਤਿੰਨ ਦੱਖਣੀ ਸੂਬਿਆਂ ਕਰਨਾਟਕ, ਤਾਮਿਲਮਾਡੂ ਅਤੇ ਕੇਰਲਾ ਦੀ ਸਮੁੱਚੀ ਰਹਿਣੀ-ਬਹਿਣੀ, ਸਮਾਜਿਕ, ਰਾਜਨੀਤਕ ਅਤੇ ਹੋਰ ਵਿਭਿੰਨ ਸੱਭਿਆਚਾਰਕ ਜਾਣਕਾਰੀਆਂ ਤੋਂ ਇਲਾਵਾ ਉਥੋਂ ਦੀ ਪ੍ਰਕਿਰਤਕ ਝਲਕ ਜੋ ਰੱਬੀ ਦੇਣ ਹੈ, ਦਾ ਦ੍ਰਿਸ਼ ਵੀ ਸਾਕਾਰ ਕਰਦਾ ਹੈ ਅਤੇ ਨਾਲ ਦੀ ਨਾਲ ਜੋ ਮਨੁੱਖ ਨੇ ਸਿਰਜਿਆ ਹੈ, ਉਨ੍ਹਾਂ ਸਾਰਿਆਂ ਪੱਖਾਂ ਨੂੰ ਵੀ ਇਸ ਤਰ੍ਹਾਂ ਉਭਾਰਦਾ ਹੈ ਕਿ ਪਾਠਕ ਰਸਨੀਤ ਹੋਇਆ ਅਧਿਆਇ ਨੂੰ ਪੜ੍ਹਨ ਤੋਂ ਨਹੀਂ ਉੱਕਦਾ। ਨਵੀਂ ਦਿੱਲੀ ਤੋਂ ਮਦਰਾਸ ਜਾਂਦਿਆਂ ਗਲ ਭਾਵੇਂ ਜੀ. ਟੀ. ਐਕਸਪ੍ਰੈੱਸ ਗੱਡੀ 'ਚ ਮਿਲੇ ਵੱਖ-ਵੱਖ ਸੱਜਣਾਂ ਦੀ ਹੈ, ਮਦਰਾਸ (ਚੈਨਈ) ਦਾ ਵਿਸ਼ਾਲ ਚਿਤਰਣ ਹੈ, ਤਿਰੂਪਤੀ-ਤਿਰੂਮਲਾ ਦੀ ਅਨੂਠੀ ਝਲਕ ਹੈ, ਬੰਗਲੌਰ ਅਤੇ ਮੈਸੂਰ ਦੀ ਵਿਲੱਖਣ ਆਭਾ ਹੈ, ਸਭਨਾਂ ਖੇਤਰਾਂ ਦੀ ਸਰਬਾਂਗੀ ਜਾਣਕਾਰੀ ਪਾਠਕ ਨੂੰ ਕੀਲ ਕੇ ਰੱਖ ਲੈਂਦੀ ਹੈ। ਇਸੇ ਤਰ੍ਹਾਂ ਚਮੁੰਡਾ ਅਤੇ ਕਾਵੇਰੀ ਦਾ ਗੀਤ ਅਤੇ ਨੀਲਗਿਰੀ ਦੀਆਂ ਪਹਾੜੀਆਂ ਆਦਿ ਕਾਂਡਾਂ 'ਚੋਂ ਸੱਚਮੁੱਚ ਨਵੀਂ ਜਾਣਕਾਰੀ ਉਪਲਬਧ ਹੁੰਦੀ ਹੈ। ਇਸੇ ਤਰ੍ਹਾਂ ਕੋਚੀਨ ਅਤੇ ਤ੍ਰਿਵੇਂਦਰਮ ਦਾ ਹੂ-ਬ-ਹੂ ਦ੍ਰਿਸ਼ ਦਿੱਤਾ ਗਿਆ ਹੈ। ਰਾਮੇਸ਼ਵਰਮ ਅਤੇ ਕੰਨਿਆਕੁਮਾਰੀ ਦੇ ਦਿਲ ਲੁਭਾਉਣੇ ਧਾਰਮਿਕ ਸਥਾਨ, ਬਾਗ-ਬਗੀਚੇ, ਲੋਕਾਂ ਦੀ ਜੀਵਨ ਸ਼ੈਲੀ, ਉਥੋਂ ਦਾ ਖਾਣ-ਪੀਣ ਅਤੇ ਮਨੁੱਖੀ-ਵਰਤਾਰਾ ਦਿਲ-ਟੁੰਬਵਾਂ ਹੈ। ਵਾਪਸੀ ਸਮੇਂ ਲੇਖਕ ਬਾਗੋ-ਬਾਗ ਹੈ ਅਤੇ ਆਪਣੇ ਉਸ ਮੰਤਵ ਕਿ ਉਹ ਜਿਥੇ ਜਾਵੇ ਹੋਰਨਾਂ ਨੂੰ ਵੀ ਜਾਣਕਾਰੀ ਦੇਵੇ, ਵਿਚ ਸਫਲ ਹੈ। ਵਰਣਾਤਮਕ ਸ਼ੈਲੀ 'ਚ ਲਿਖਿਆ ਇਹ ਸਫ਼ਰਨਾਮਾ ਸਰਲਤਾ, ਸਾਦਗੀ ਅਤੇ ਸੁਹਿਰਦਤਾ ਜਿਹੇ ਗੁਣਾਂ ਨਾਲ ਭਰਪੂਰ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

01-09-2018

 ਹੋਕਾ
ਲੇਖਕ : ਗੁਰਚਰਨ ਸਿੰਘ ਜ਼ਿਲ੍ਹੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 170 ਰੁਪਏ (ਪੇਪਰ ਬੈਕ), ਸਫ਼ੇ : 112
ਸੰਪਰਕ : 85588-50143.

'ਹੋਕਾ' ਕਾਵਿ ਸੰਗ੍ਰਹਿ ਦੀਆਂ 61 ਕਵਿਤਾਵਾਂ ਛੰਦ-ਬੱਧ ਅਤੇ ਲੈਅ-ਬੱਧ ਹਨ ਜੋ ਅਤਿ ਸਰਲ ਭਾਸ਼ਾ ਵਿਚ ਲਿਖੀਆਂ ਗਈਆਂ ਹਨ। ਕਵਿਤਾਵਾਂ ਦੇ ਸਿਰਲੇਖ : 'ਸਿਮਰਨ ਦਾ ਫਲ', 'ਤੈਂ ਕੀ ਦਰਦ ਨਾ ਆਇਆ', 'ਸਿਆਸੀ ਚਾਲਾਂ', 'ਹੱਕ ਮੰਗਿਆ ਨਹੀਂ ਮਿਲਦੇ', 'ਫ਼ੋਕੀ ਸ਼ੋਹਰਤ ਛੱਡੋ', 'ਓੜਕ ਸੱਚ ਸਹੀ' ਅਤੇ ਹੋਰ ਅਨੇਕਾਂ ਕਵਿਤਾਵਾਂ ਆਦਿ ਤੋਂ ਗੁਰਬਾਣੀ ਦੇ ਫ਼ਲਸਫ਼ੇ ਦੇ ਆਸ਼ੇ ਅਨੁਸਾਰ ਚੱਲਣ ਦੀ ਮਨੁੱਖ ਨੂੰ ਪ੍ਰੇਰਨਾ ਕਰਨਾ, ਉਤਸ਼ਾਹਿਤ ਕਰਨਾ ਸਾਧਾਰਨ ਭਾਸ਼ਾ 'ਚ 'ਹੋਕਾ' ਦੇ ਮਨੁੱਖ ਦੇ ਇਸ ਸੰਸਾਰ 'ਚ ਆ ਕੇ ਕੁਝ ਕਰਨ ਦੀ ਨਸੀਹਤ ਦਿੰਦਾ ਹੈ। ਸਮਾਜਿਕ ਬੁਰਾਈਆਂ : ਮਾਦਾ-ਭਰੂਣ ਹੱਤਿਆ, ਨਸ਼ਾ-ਖੋਰੀ, ਅਸਲੀਅਤ ਦਾ ਸਾਹਮਣਾ ਕਰਨਾ, ਵਹਿਮਾਂ-ਭਰਮਾਂ 'ਚੋਂ ਨਿਕਲਣਾ ਆਦਿ ਵੱਲ ਇਹ ਕਵਿਤਾਵਾਂ ਉਚੇਚਾ ਯਤਨ ਕਰਨ ਲਈ ਪ੍ਰੇਰਦੀਆਂ ਹਨ। ਖ਼ੁਦਕੁਸ਼ੀਆਂ ਦਾ ਰਾਹ ਤਿਆਗਣ ਲਈ ਫ਼ੋਕੀ-ਸ਼ੋਹਰਤ ਅਤੇ ਵਾਹ-ਵਾਈ ਛੱਡ ਸਾਦਾ ਜੀਵਨ ਜਿਊਣ ਦੀ ਤਾਕੀਦ ਵੀ ਅਜੋਕੇ ਮਨੁੱਖ ਲਈ ਆਪਣਾ ਅਹਿਮ ਕਿਰਦਾਰ ਨਿਭਾਉਂਦੀ ਹੈ :
ਕਰਜ਼ ਹੇਠ ਇਹ ਫੌਕੀ ਸ਼ੋਹਰਤ ਲੈਂਦੇ ਪਾ
ਕਰਜ਼ਾ ਨਾ ਜਦ ਉਤਰਦਾ, ਸਲਫਾਸ ਲੈਂਦੇ ਨੇ ਖਾ।
ਸਮਾਜਿਕ ਸਰੋਕਾਰਾਂ ਨਾਲ ਜੁੜੇ ਰਿਸ਼ਤੇ : ਮਾਂ, ਧੀ, ਭੈਣ, ਭਰਾ, ਮਾਪੇ, ਗੰਧਲਿਆ ਵਾਤਾਵਰਨ, ਸਮਾਜਿਕ ਕੁਰੀਤੀਆਂ, ਸਿਆਸੀ ਲੋਕ, ਰਾਜਨੀਤੀ ਅਤੇ ਵਿਰਾਸਤ ਨਾਲ ਜੁੜੇ ਸੱਭਿਆਚਾਰਕ ਵੇਰਵੇ ਵੀ ਇਸ ਕਾਵਿ-ਸੰਗ੍ਰਹਿ ਵਿਚ ਥਾਂ ਪੁਰ ਥਾਂ ਮਿਲਦੇ ਹਨ। ਮਾਪਿਆਂ ਦੀ ਕਦਰ-ਦਾਨੀ ਦੀ ਮਿਸਾਲ :
ਨਾਲ ਭੈਣੇ ਨਾਲ ਨੀ, ਜੁਆਕ ਲਈਏ ਪਾਲ ਨੀ।
ਸਾਰਿਆਂ ਉੱਤੇ ਰੋਹਬ ਹੈ, ਬੁੜਾ ਬੁੜੀ ਨਾਲ ਨੀ।
ਵਿਅੰਗ ਜਾਂ ਮਸ਼ਕਰੀ ਦੀਆਂ ਅਨੇਕਾਂ ਝਲਕਾਂ ਵੀ ਇਸ ਕਾਵਿ ਸੰਗ੍ਰਹਿ ਵਿਚ ਆਮ ਹਨ। ਕਾਵਿ ਪਾਤਰ ਸਾਦ-ਮੁਰਾਦੀ ਅਤੇ ਘਰੇਲੂ ਭਾਸ਼ਾ ਦਾ ਇਸਤੇਮਾਲ ਕਰਦੇ ਹਨ ਤਾਂ ਲਗਦਾ ਹੈ ਜਿਵੇਂ ਘਰੇਲੂ ਮਾਹੌਲ ਹੀ ਬਣ ਗਿਆ ਹੈ। ਮੁਹਾਵਰੇ ਅਤੇ ਅਖਾਉਂਤਾਂ ਕਾਵਿ-ਸੰਗ੍ਰਹਿ ਦਾ ਸ਼ਿੰਗਾਰ ਹਨ। ਪੇਂਡੂ ਲਹਿਜ਼ੇ ਵਾਲੀ ਬੋਲੀ ਆਪਣਾ ਨਿਵੇਕਲਾ ਅੰਦਾਜ਼ ਪੇਸ਼ ਕਰਦੀ ਹੈ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096
ਫ ਫ ਫ

ਪਹਿਲਾ ਨਕਸਲੀ
ਕਾਨੂ ਸਾਨਿਆਲ ਦੀ ਜੀਵਨੀ

ਲੇਖਕ : ਬੱਪਾਦਿਤਯਾ ਪਾਲ
ਅਨੁਵਾਦਕ : ਨਿਰਮਲਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 282
ਸੰਪਰਕ : 98787-64729.

ਬੱਪਾਦਿਤਯਾ ਪਾਲ ਨੇ ਜਿਨ੍ਹਾਂ ਦਿਨਾਂ ਵਿਚ ਕਾਨੂ ਸਾਨਿਆਲ ਦੇ ਜੀਵਨ-ਬ੍ਰਿਤਾਂਤ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ, ਉਸ ਸਮੇਂ ਉਹ ਸਿਲੀਗੁੜੀ ਵਿਚ 'ਦ ਸਟੇਟਸਮੈਨ' ਅਖ਼ਬਾਰ ਦਾ ਇਕ ਸੀਨੀਅਰ ਪੱਤਰਕਾਰ ਸੀ। ਉਸ ਨੇ ਕਾਨੂ ਸਾਨਿਆਲ ਦੀ ਮ੍ਰਿਤੂ ਉਪਰੰਤ 2014 ਵਿਚ ਇਹ ਜੀਵਨੀ ਪ੍ਰਕਾਸ਼ਿਤ ਕਰਵਾਈ ਸੀ। ਇਸ ਵਿਚ ਲੇਖਕ ਨੇ ਨਕਸਲੀ ਲਹਿਰ ਦੇ ਸੰਚਾਲਕ ਕਾਨੂ ਸਾਨਿਆਲ ਦਾ ਜੀਵਨ-ਬ੍ਰਿਤਾਂਤ ਪੂਰੇ ਵਿਸਥਾਰ ਨਾਲ ਬਿਆਨ ਕੀਤਾ ਹੈ ਅਤੇ ਉਸ ਦੇ ਜੀਵਨ ਨਾਲ ਸਬੰਧਿਤ ਕੁਝ ਮਿਥਾਂ ਦਾ ਭੰਜਨ ਵੀ ਕੀਤਾ ਹੈ। ਸਭ ਤੋਂ ਪ੍ਰਮੁੱਖ ਮਿਥ ਇਹ ਹੈ ਕਿ ਕਾਨੂ ਸਾਨਿਆਲ, ਚਾਰੂ ਮਾਜੂਮਦਾਰ ਦਾ ਸ਼ਿਸ਼ ਸੀ ਅਤੇ ਉਹ ਚਾਰੂ ਦੀ ਮੌਤ ਤੋਂ ਪਿੱਛੋਂ ਇਸ ਲਹਿਰ ਦਾ ਸੰਚਾਲਕ ਬਣਿਆ। ਜੀਵਨੀਕਾਰ ਅਨੁਸਾਰ ਚਾਰੂ ਅਤੇ ਸਾਨਿਆਲ ਦੇ ਮਾਰਗ ਵੱਖੋ-ਵੱਖਰੇ ਸਨ। ਚਾਰੂ, ਵਿਅਕਤੀਗਤ ਮਾਅਰਕੇਬਾਜ਼ੀ ਦੁਆਰਾ ਇਨਕਲਾਬ ਲਿਆਉਣਾ ਚਾਹੁੰਦਾ ਸੀ ਜਦੋਂ ਕਿ ਸਾਨਿਆਲ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਸਮਾਜਵਾਦੀ ਨਿਜ਼ਾਮ ਦੀ ਸਥਾਪਨਾ ਕਰਨ ਦੀ ਇੱਛਾ ਰੱਖਦਾ ਸੀ। ਕਾਨੂ (ਕ੍ਰਿਸ਼ਨ ਕੁਮਾਰ) ਸਾਨਿਆਲ ਦਾ ਜਨਮ 1929 ਈ: ਵਿਚ ਕੁਰਸਿਆਂਗ (ਦਾਰਜੀਲਿੰਗ) ਵਿਚ ਹੋਇਆ ਸੀ। ਉਹ ਅਨੰਦਾ ਗੋਵਿੰਦ ਸਾਨਿਆਲ ਅਤੇ ਨਿਰਮਲਾ ਦੇਵੀ ਦਾ ਪੁੱਤਰ ਸੀ। ਬਚਪਨ ਤੋਂ ਹੀ ਉਹ ਬੇਇਨਸਾਫ਼ੀ ਅਤੇ ਵਧੀਕੀ ਦੇ ਵਿਰੁੱਧ ਡਟ ਜਾਂਦਾ ਸੀ। 1951 ਈ: ਵਿਚ ਉਹ ਸੀ.ਪੀ.ਆਈ. ਦਾ ਮੈਂਬਰ ਬਣ ਗਿਆ ਅਤੇ ਨਕਸਲਬਾੜੀ ਨਗਰ ਵਿਚ ਜਾ ਕੇ ਚਾਹ ਦੇ ਬਾਗਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸੰਗਠਿਤ ਕਰਨ ਲੱਗ ਪਿਆ। ਇਨ੍ਹਾਂ ਦਿਨਾਂ ਵਿਚ ਹੀ ਉਸ ਦੀ ਮੁਲਾਕਾਤ ਚਾਰੂ ਮਾਜੂਮਦਾਰ ਨਾਲ ਹੋਈ ਜੋ ਸੀ.ਪੀ.ਆਈ. ਦਾ ਇਕ ਸੀਨੀਅਰ ਲੀਡਰ ਸੀ। ਕਿਸਾਨਾਂ ਨੂੰ ਸੰਗਠਿਤ ਕਰਨ ਦੌਰਾਨ ਉਸ ਨੇ ਵੇਖਿਆ ਕਿ ਇਹ ਲੋਕ ਇਕ-ਦੂਜੇ ਨਾਲ ਜਾਤੀ ਪੱਖੋਂ ਵਿਤਕਰਾ ਕਰਦੇ ਸਨ। ਸਭ ਤੋਂ ਪਹਿਲਾਂ ਉਸ ਨੇ ਇਸ ਮਾਨਸਿਕਤਾ ਨੂੰ ਬਦਲਿਆ ਅਤੇ ਫਿਰ ਉਨ੍ਹਾਂ ਨੂੰ ਜਮਾਤੀ ਘੋਲ ਲਈ ਤਿਆਰ ਕੀਤਾ। ਉਸ ਨੇ ਕਿਸਾਨਾਂ ਨੂੰ ਇਸ ਕੰਮ ਲਈ ਵੀ ਤਿਆਰ ਕੀਤਾ ਕਿ ਉਹ ਵੱਡੇ ਜ਼ਿਮੀਂਦਾਰਾਂ ਨੂੰ ਅਨਾਜ-ਕਰ (ਟੈਕਸ) ਨਾ ਦੇਣ। ਉਸ ਨੇ ਕਰਜ਼ੇ ਉੱਪਰ ਵਿਆਜ ਦਰਾਂ ਨੂੰ ਘਟਾਉਣ ਵਾਸਤੇ ਸਰਕਾਰ ਵਿਰੁੱਧ ਸੰਘਰਸ਼ ਕੀਤਾ ਅਤੇ ਕਾਫੀ ਸਫਲਤਾ ਪ੍ਰਾਪਤ ਕੀਤੀ। ਉਸ ਦੁਆਰਾ 1953-54 ਵਿਚ ਕੀਤੇ ਸੰਘਰਸ਼ ਨੇ ਨਕਸਲੀ ਵਿਦਰੋਹ ਦੀ ਨੀਂਹ ਰੱਖ ਦਿੱਤੀ।
ਕਾਨੂ ਸਾਨਿਆਲ ਜ਼ਿਮੀਂਦਾਰੀ ਦੇ ਵਿਰੁੱਧ ਇਕ ਲੋਕ ਲਹਿਰ ਖੜ੍ਹੀ ਕਰਨਾ ਚਾਹੁੰਦਾ ਸੀ। ਇਸ ਮੰਤਵ ਲਈ ਸਾਨਿਆਲ 1967 ਈ: ਵਿਚ ਚੀਨ ਵੀ ਗਿਆ ਅਤੇ ਉਥੇ ਜਾ ਕੇ ਮਾਓ-ਜ਼ੇ-ਤੁੰਗ ਅਤੇ ਚਾਊ-ਐਨ-ਲਾਈ ਨਾਲ ਮੁਲਾਕਾਤ ਕੀਤੀ। 1977 ਵਿਚ ਬੰਗਾਲ ਵਿਚ ਮਾਰਕਸਵਾਦੀ ਪਾਰਟੀ ਦੀ ਸਰਕਾਰ ਬਣ ਗਈ, ਜਿਸ ਨੇ ਕਾਨੂ ਸਾਨਿਆਲ ਦੀਆਂ ਕਈ ਮੰਗਾਂ ਨੂੰ ਮੰਨਣ ਦਾ ਵਿਸ਼ਵਾਸ ਦਿਵਾਇਆ ਪਰ ਸਰਕਾਰਾਂ ਪੂੰਜੀਪਤੀਆਂ ਦੀ ਸਹਾਇਤਾ ਨਾਲ ਰਾਜ ਚਲਾਉਂਦੀਆਂ ਹਨ। ਇਸ ਲਈ ਕਾਨੂੰ ਆਪਣੇ ਅੰਤਿਮ ਦਿਨਾਂ ਵਿਚ ਕਾਫੀ ਕੁੰਠਿਤ ਹੋ ਗਿਆ ਸੀ। 23 ਮਾਰਚ, 2010 ਨੂੰ ਉਹ ਆਪਣੇ ਦਫ਼ਤਰ ਵਿਚ ਫਾਂਸੀ ਉੱਤੇ ਲਟਕਦਾ ਪਾਇਆ ਗਿਆ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤਿੰਨ ਤੀਏ ਸੱਤ
ਲੇਖਕ : ਗੋਵਰਧਨ ਗੱਬੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 164
ਸੰਪਰਕ : 94171-73700.

'ਤਿੰਨ ਤੀਏ ਸੱਤ' ਕਹਾਣੀ ਸੰਗ੍ਰਹਿ ਦਾ ਅਧਿਐਨ ਕਰਦਿਆਂ ਸਾਹਿਤ ਬਾਰੇ ਅਨੇਕ ਵਿਦਵਾਨਾਂ ਦਾ ਕਥਨ ਸੱਚ ਜਾਪਦਾ ਹੈ 'ਸਾਹਿਤ ਵਿਚ ਦੋ ਅਰ ਦੋ ਪੰਜ ਹੁੰਦੇ ਨੇ'। ਇਹ ਜੀਵਨ ਬੇਤਰਤੀਬਾ ਹੈ। ਇਸ ਦੀ ਸਹੀ ਪੇਸ਼ਕਾਰੀ ਬੇਤਰਤੀਬੀਆਂ ਕਥਾਵਾਂ ਹੀ ਪੇਸ਼ ਕਰ ਸਕਦੀਆਂ ਹਨ। ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਅਚਾਨਕ ਆਰੰਭ ਹੁੰਦੀਆਂ, ਅਚਨਚੇਤ ਮੋੜ ਕੱਟਦੀਆਂ, ਅਚਾਨਕ ਹੀ ਸਮਾਪਤ ਹੋ ਕੇ ਪਾਠਕ ਨੂੰ ਪ੍ਰਸ਼ਨ ਚਿੰਨ੍ਹ ਤੇ ਸੂਲੀ 'ਤੇ ਟੰਗ ਜਾਂਦੀਆਂ ਹਨ। ਇਹੋ ਤਾਂ ਜੀਵਨ ਦੀ ਅਬਸਰਡਿਟੀ ਹੈ।
'ਤਿੰਨ ਤੀਏ ਸੱਤ' ਸੰਗ੍ਰਹਿ ਵਿਚ ਅੱਠ ਕਹਾਣੀਆਂ ਹਨ ਜਿਨ੍ਹਾਂ ਦੇ ਕ੍ਰਮਵਾਰ ਵਿਸ਼ੇ ਇਸ ਪ੍ਰਕਾਰ ਹਨ : ਬੀਤੇ ਸਮੇਂ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਹਨ, ਸਮਾਂ ਵਾਪਸ ਨਹੀਂ ਆ ਸਕਦਾ (ਸਾਈਕਲ); ਸ਼ੂਦਰਾਂ ਦਾ ਇਤਿਹਾਸਂਪੰਜਾਬ ਵਿਚ ਯੋਗਦਾਨ ਅਤੇ ਸੱਚੇ ਯਥਾਰਥਕ ਦ੍ਰਿਸ਼ (ਬਰਾਦਰੀ); ਬੀਤੀਆਂ ਗ਼ਲਤੀਆਂ ਸਵੀਕਾਰ ਕਰਕੇ ਮਨ ਤੋਂ ਬੋਝ ਲਾਹੁਣਾ (ਭਾਰ-ਮੁਕਤ); ਸ਼ਾਦੀ ਨੂੰ ਬੰਧਨ ਸਮਝ ਕੇ, ਲਿਵ ਇਨ ਰਿਲੇਸ਼ਨ ਨੂੰ ਪਹਿਲ ਦੇਣਾ (ਮੰਦਾਕਿਨੀ); ਪਰਿਵਾਰਿਕ ਮੁਖੀ ਦਾ ਬੁਢਾਪੇ ਵਿਚ ਬਿਨਾਂ ਕਿਸੇ ਸਹਾਰੇ ਜਿਊਣ ਲਈ ਹਠ ਕਰਨਾ (ਮਹਾਂ-ਨਾਇਕ); ਬੇਟੇ ਦਾ ਮਾਂ-ਬਾਪ ਨਾਲ ਬਲੱਡ ਗਰੁੱਪ ਨਾ ਮਿਲਣ ਕਾਰਨ ਘਰੇਲੂ ਕਲੇਸ਼ (ਏ-ਨੈਗੇਟਿਵ); ਨਾਇਕ ਦਾ ਗਿਰਗਟ ਵਾਂਗ ਰੰਗ ਬਦਲਣਾ; ਟਿਕ-ਕੇ ਨਾ ਬੈਠਣਾ, ਧਿਆਨ ਦਾ ਭਟਕਣਾਂਅਚਾਨਕ ਇਧਰੋਂ ਉੱਧਰ, ਉੱਪਰ-ਹੇਠਾਂ-ਸਾਹਮਣੇ, ਗਲੀ ਵਿਚ, ਪਾਰਕ ਵਿਚ, ਕੰਪਿਊਟਰ 'ਤੇ, ਕਿਤਾਬਾਂ 'ਤੇ, ਐਸ.ਐਮ.ਐਸ., ਫੋਨ ਕਾਲਾਂ, ਵੱਟਸਐਪ, ਫੇਸ ਬੁੱਕ) ਆਦਿ ਸਭ ਸਥਿਤੀਆਂ ਦਾ ਕੋਲਾਜ (ਤਿੰਨ ਤੀਏ ਸੱਤ); ਸਿੱਖਿਆ ਦਾ ਨਿੱਘਰਦਾ ਮਿਆਰ, ਲਾ-ਇਲਾਜ ਬਿਮਾਰੀਆਂ, ਕਿਸਾਨਾਂ ਦੇ ਕਰਜ਼ੇ, ਆਤਮ-ਹੱਤਿਆਵਾਂ, ਕਤਲ ਆਦਿ ਸਭ ਸਮਕਾਲੀ ਸਮੱਸਿਆਵਾਂ (ਰੁਲਦਾ) ਦੀ ਪ੍ਰਸਤੁਤੀ ਵੇਖੀ ਜਾ ਸਕਦੀ ਹੈ।
ਕਹਾਣੀਆਂ ਵਿਚੋਂ ਪਾਤਰਾਂ ਨਾਲ ਸਬੰਧਿਤ ਸਵੈ-ਜੀਵਨਾਤਮਕ ਅੰਸ਼ (ਪਾਪਾ, ਰੱਜੀਂ'ਰਾਜ ਕੁਮਾਰੀ', ਬੱਚੇ ਪਿੰਕਾ, ਪਿੰਕੀ, ਮੋਹਨ-'ਕਹਾਣੀਕਾਰ' ਆਦਿ), ਕਹਾਣੀ ਦੀਆਂ ਘਟਨਾਵਾਂ ਵਿਚ ਤਿਲਕਣ ਹੈ। ਪਤਾ ਨਹੀਂ ਕਿਹੜੀ ਘਟਨਾ ਤੋਂ ਬਾਅਦ ਕਿਹੜੀ ਵਾਪਰ ਜਾਏ। ਇਕੋ ਘਟਨਾ 'ਤੇ ਵੱਖ-ਵੱਖ ਪ੍ਰਤੀਕਰਮ ਨੋਟ ਕੀਤੇ ਜਾ ਸਕਦੇ ਹਨ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਸਾਈਕਲ ਯੁੱਗ ਤੋਂ ਲੈ ਕੇ ਉੱਤਰ ਆਧੁਨਿਕ ਸਮੇਂ ਤੱਕ ਨੂੰ ਕਲਾਵੇ ਵਿਚ ਲੈਂਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਜੋਗੀ ਰਾਵੀ ਕਿਨਾਰੇ ਰਹਿੰਦਾ
ਕਵੀ : ਬਖ਼ਤਾਵਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 99141-36814.

ਇਸ ਸੰਗ੍ਰਹਿ ਦੀਆਂ ਕਵਿਤਾਵਾਂ ਗੀਤਾਂ ਵਿਚ ਸੂਫ਼ੀ-ਕਾਵਿ ਰੰਗਤ ਅਤੇ ਸੂਫ਼ੀ-ਕਾਵਿ ਸ਼ਬਦਾਵਲੀ ਦੇ ਝਾਉਲੇ ਪਾਠਕ ਨੂੰ ਸੂਫ਼ੀ ਕਵਿਤਾ ਵਿਚਲੀ ਰੰਗਤ ਤੇ ਸੁਹਜ ਸੁਆਦ ਦਾ ਆਭਾਸ ਕਰਵਾਉਂਦੇ ਹਨ।
ਮਾਏ ਨੀ
ਅਸੀਂ ਦਿਲ ਮੌਲਾ ਦੀ ਗੱਲ ਮੰਨੀ
ਸਾਕ ਸਬੰਧੀ ਹੋਏ ਪਰਾਏ
ਸਭ ਖਿਸਕਾ ਗਏ ਕੰਨੀ.....
ਇਹ ਸਤਰਾਂ ਸੂਫ਼ੀ ਕਾਵਿ ਵਿਚੋਂ 'ਮਾਏ ਨੀ ਅਸੀਂ ਨੈਣਾਂ ਦੇ ਆਖੇ ਲੱਗੇ...' ਦੀ ਯਾਦ ਤਾਜ਼ਾ ਕਰਵਾਉਂਦੀਆਂ ਪ੍ਰਤੀਤ ਹੁੰਦੀਆਂ ਹਨ।
ਬਖ਼ਤਾਵਰ ਦੀ ਇਹ ਸ਼ਾਇਰੀ ਮਨੁੱਖ ਨੂੰ ਆਪਣੇ ਅੰਦਰਲੇ ਮਨੁੱਖ ਦੀ ਪਛਾਣ ਕਰਨ 'ਤੇ ਜ਼ੋਰ ਦਿੰਦੀ ਹੈ। ਆਪਣੇ ਆਪੇ ਦੀ ਇਹ ਪਛਾਣ ਮਨੁੱਖ ਨੂੰ ਜਾਤ-ਪਾਤ, ਧਰਮ, ਰੰਗ ਭੇਦ ਨਾਲੋਂ ਉੱਪਰ ਉੱਠ ਕੇ ਰੂਹਾਨੀ ਮੰਡਲਾਂ ਵਿਚ ਰੂਹ ਦੇ ਆਤਮਿਕ ਆਨੰਦ ਨਾਲ ਜਾ ਜੋੜਦੀ ਹੈ :
ਮੈਂ ਨਾ ਚਿਸ਼ਤੀ ਨਾ ਕਾਦਰੀ
ਦੇਵਾਂ ਦਰ 'ਤੇ ਹਰ ਦਮ ਹਾਜ਼ਰੀ
ਪਲ ਵੀ ਰਹੇ ਜੋ ਗ਼ੈਰ-ਹਾਜ਼ਰ
ਉਹ ਨਾ ਚਿਸ਼ਤੀ ਨਾ ਕਾਦਰੀ....।
ਇਹ ਸ਼ਾਇਰੀ ਮਾਨਵੀ ਅਸਤਿਤਵ ਨਾਲ ਜੁੜੇ ਅਨੇਕ ਮਸਲਿਆਂ ਨਾਲ ਦਸਤਪੰਜਾ ਲੈਂਦੀ ਹੈ। ਇਸ ਕਾਵਿ ਵਿਚਲੇ ਚਿੰਨ੍ਹ ਤੇ ਸਰੋਦ ਇਸ ਨੂੰ ਮਨੁੱਖੀ ਮਨ ਦੇ ਵਧੇਰੇ ਨੇੜੇ ਲੈ ਜਾਣ ਦੇ ਸਮਰੱਥ ਹੈ। ਰੂਹ ਨੂੰ ਸਕੂਨ ਦੇਣ ਵਾਲੀ ਇਸ ਸ਼ਾਇਰੀ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਰੱਜੀ ਰੂਹ ਵਾਲੇ ਸਰਦਾਰ ਜੀ
ਨਾਵਲਕਾਰ : ਬਲਬੀਰ ਸਿੰਘ ਸੇਖੋਂ ਪਮਾਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 183
ਸੰਪਰਕ : 0161-2740738.

'ਰੱਜੀ ਰੂਹ ਵਾਲੇ ਸਰਦਾਰ ਜੀ' ਬਲਬੀਰ ਸਿੰਘ ਸੇਖੋਂ ਪਮਾਲ ਦੁਆਰਾ ਲਿਖਿਆ ਇਕ ਅਜਿਹਾ ਨਾਵਲ ਹੈ ਜੋ ਪਾਠਕਾਂ ਨੂੰ ਕਿਰਤ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸਰਬੱਤ ਦੇ ਭਲੇ ਲਈ ਕੰਮ ਕਰਨ ਦੇ ਦਿੱਤੇ ਅਨਮੋਲ ਸੰਕਲਪ ਨੂੰ ਦ੍ਰਿੜ੍ਹ ਕਰਵਾਉਣ ਵਾਲਾ ਹੈ। ਨਾਵਲ ਵਿਚ ਜਿੰਨੇ ਵੀ ਪਾਤਰ ਆਏ ਹਨ, ਉਹ ਤਕਰੀਬਨ ਇਸੇ ਹੀ ਸੋਚ ਨੂੰ ਪੱਲੇ ਬੰਨ੍ਹ ਕੇ ਦੂਜਿਆਂ ਦੀ ਸਹਾਇਤਾ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ ਭਾਵੇਂ ਕਿ ਕਿਸੇ ਪਾਤਰ ਕੋਲ ਸਾਧਨ ਵੀ ਸੀਮਤ ਹੋਣ ਪਰ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਪੱਲੇ ਵਿਚ ਬੰਨ੍ਹ ਕੇ ਰੱਖਣ ਵਾਲੇ ਇਸ ਨਾਵਲ ਵਿਚਲੇ ਆਦਰਸ਼ਵਾਦੀ ਪਾਤਰ ਅਜੋਕੇ ਦੌਰ ਵਿਚ ਜਿਥੇ ਕਿ ਭ੍ਰਿਸ਼ਟਾਚਾਰੀ ਤਾਕਤਾਂ ਦਾ ਬੋਲਬਾਲਾ ਹੈ, ਉਥੇ ਵੀ ਆਪਣੇ ਆਦਰਸ਼ਾਂ ਉੱਤੇ ਟਿਕੇ ਸੱਚ ਦੇ ਪ੍ਰਚਾਰ ਲਈ ਅਤੇ ਲੋੜਵੰਦਾਂ ਦੀ ਤਨ ਮਨ ਧਨ ਦੁਆਰਾ ਹਰੇਕ ਪ੍ਰਕਾਰ ਦੀ ਸਹਾਇਤਾ ਕਰਦੇ ਹਨ। ਨਾਵਲ ਵਿਚਲੇ ਮੁੱਖ ਪਾਤਰ ਪ੍ਰੋ: ਕਰਮਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨੀਲਮ ਜਿਥੇ ਆਦਰਸ਼ਕ ਪਤੀ-ਪਤਨੀ ਵਜੋਂ ਵਿਚਰਦੇ ਹਨ, ਉਥੇ ਉਨ੍ਹਾਂ ਦੀ ਅਗਲੀ ਪੀੜ੍ਹੀ ਬੇਟਾ ਅਨੂਪ ਅਤੇ ਨੂੰਹ ਸਰੂਪ ਕੌਰ ਵੀ ਸੰਸਕਾਰੀ ਭੂਮਿਕਾ ਨਿਭਾਉਂਦੇ ਹੋਏ ਹਸਪਤਾਲ ਚਲਾਉਂਦੇ ਹਨ ਅਤੇ ਗ਼ਰੀਬਾਂ ਦੀ ਸਹਾਇਤਾ ਵੀ ਕਰਦੇ ਹਨ। ਇਸ ਪਰਿਵਾਰ ਦੁਆਰਾ ਗ਼ਰੀਬ ਰਾਮ ਸਿੰਘ ਦੀ ਮਦਦ ਹੀ ਨਹੀਂ ਕੀਤੀ ਜਾਂਦੀ ਸਗੋਂ ਉਸ ਨਾਲ ਕੁੜਮਾਚਾਰੀ ਵਾਲਾ ਨਾਤਾ ਵੀ ਉਸ ਦੀ ਧੀ ਸ਼ਬਨਮ ਨੂੰ ਆਪਣੇ ਪਰਿਵਾਰ ਨੂੰ ਨੂੰਹ ਬਣਾ ਕੇ ਜੋੜਿਆ ਜਾਂਦਾ ਹੈ। ਨਾਵਲ ਵਿਚਲਾ ਪਾਤਰ ਕਿਰਪਾ ਸਿੰਘ ਵੀ ਲੋੜਵੰਦਾਂ ਨੂੰ ਭੋਜਨ ਛਕਾ ਕੇ, ਮਦਦ ਕਰਕੇ ਦਿਲੀ ਖੁਸ਼ੀ ਮਹਿਸੂਸ ਕਰਦਾ ਹੈ। ਨਾਵਲ ਵਿਚਲੇ ਗ਼ਰੀਬ ਲੜਕੇ ਬੁੱਧ ਸਿੰਘ ਅਤੇ ਜੀਤੋ ਦੀ ਮਦਦ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੈਰਾਂ ਉੱਤੇ ਖੜ੍ਹੇ ਕਰਕੇ ਵੀ ਇਹ 'ਰੱਜੀ ਰੂਹ ਵਾਲੇ ਪਾਤਰ' ਮਾਣ ਮਹਿਸੂਸ ਕਰਦੇ ਹਨ। ਨਾਵਲ ਵਿਚ ਕਾਇਆ ਕਲਪ ਅਤੇ ਮੌਕਾ ਮੇਲ ਵਰਗੀਆਂ ਜੁਗਤਾਂ ਵਰਤ ਕੇ ਨਾਵਲਕਾਰ ਨੇ ਬਿਰਤਾਂਤਕ ਤੋਰ ਨੂੰ ਕਲਾਤਮਕ ਛੋਹਾਂ ਪ੍ਰਦਾਨ ਕੀਤੀਆਂ ਹਨ। ਪਾਠਕਾਂ ਦੇ ਦਿਲਾਂ ਵਿਚ ਦੂਜਿਆਂ ਪ੍ਰਤੀ ਸਨੇਹ ਅਤੇ ਮਦਦ ਦੀ ਭਾਵਨਾ ਰੱਖਣ ਅਤੇ ਸੁਚੱਜੀ ਜੀਵਨ ਜਾਚ ਪ੍ਰਦਾਨ ਕਰਨਾ ਨਾਵਲ ਦਾ ਕੇਂਦਰੀ ਥੀਮ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸੁਹਾਗਣ ਵਿਧਵਾ
ਲੇਖਕ : ਸੰਤੋਖ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 275 ਰੁਪਏ, ਸਫ਼ੇ : 142
ਸੰਪਰਕ : 95018-17773.

ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਪਰਵਾਸੀ ਪੰਜਾਬੀਆਂ ਦੇ ਜੀਵਨ ਦੀ ਝਲਕ ਹੈ। ਲੇਖਕ ਪਰਵਾਸੀ ਪੰਜਾਬੀਆਂ ਦੀਆਂ ਪਰਿਵਾਰਕ ਮੁਸ਼ਕਿਲਾਂ ਤੇ ਕਾਰੋਬਾਰੀ ਗੁੰਝਲਾਂ ਤੋਂ ਭਲੀ ਭਾਂਤ ਜਾਣੂ ਹੈ। ਇਨ੍ਹਾਂ ਕਹਾਣੀਆਂ ਵਿਚ ਇਹ ਸਭ ਕੁਝ ਕਲਾਮਈ ਸ਼ੈਲੀ ਵਿਚ ਸਿਰਜਿਆ ਗਿਆ ਹੈ। ਲੇਖਕ ਨੇ ਕਹਾਣੀਆਂ ਅੰਦਰਲੇ ਅਨੁਭਵ ਨੂੰ ਹਵਾਲੇ ਦੇ ਕੇ ਵਿਸ਼ਲੇਸ਼ਤ ਕੀਤਾ ਹੈ। ਪੁਸਤਕ ਦੀ ਪਹਿਲੀ ਕਹਾਣੀ ਦਾ ਮਰਦ ਪਾਤਰ ਸ਼ਰਾਬ ਦਾ ਆਦੀ ਹੈ। ਉਹ ਇਧਰੋਂ ਪੰਜਾਬ ਤੋਂ ਗਿਆ ਹੈ ਤੇ ਪਤਨੀ ਉਧਰਲੀ ਜੰਮਪਲ ਹੈ। ਉਹ ਸ਼ਰਾਬ ਤੋਂ ਰੋਕਦੀ ਹੈ। ਪਰ ਉਸ ਨੂੰ ਆਪਣੀ ਇਧਰਲੀ ਮੁਹੱਬਤ ਦਾ ਰਹਿ-ਰਹਿ ਕੇ ਖਿਆਲ ਆਉਂਦਾ ਹੈ। ਕਹਾਣੀਆਂ ਵਿਚ ਪਾਤਰਾਂ ਦੀ ਮਾਨਸਿਕਤਾ ਨੂੰ ਲੇਖਕ ਨੇ ਸੰਵਾਦ, ਮੌਕਾ ਮੇਲ, ਬਿਆਨੀਆ ਸ਼ੈਲੀ, ਹਾਸਰਸ ਤੇ ਖ਼ਤ ਪੱਤਰ ਰਾਹੀਂ ਸਿਰਜਿਆ ਹੈ। ਉਨ੍ਹਾਂ ਦੀ ਬੇਵਫ਼ਾਈ, ਇਕ-ਦੂਸਰੇ ਦਾ ਸਹਾਰਾ ਲੈਣ ਦੀ ਲੋਚਾ, ਜੀਵਨ ਦੀ ਅਸੰਤੁਸ਼ਟੀ, ਰੋਸੇ, ਮਿਲਾਪ ਤੇ ਹੋਰ ਬਹੁਤ ਕੁਝ ਹੈ। ਲੈਸਬੀਅਨ ਕਹਾਣੀ ਵਿਚ ਦੋ ਔਰਤ ਪਾਤਰਾਂ ਦਾ ਸੰਵਾਦ ਮੁੱਖ ਤੌਰ 'ਤੇ ਸਮਲਿੰਗੀ ਰਿਸ਼ਤੇ ਨਾਲ ਜੁੜਿਆ ਹੈ, ਜਿਸ ਕਰਕੇ ਉਹ ਮਾਨਸਿਕ ਗੁੰਝਲ ਤੇ ਮਰਦ ਨੇੜਤਾ ਤੋਂ ਦੂਰ ਹੈ। ਪਰ ਜਦੋਂ ਉਸ ਦਾ ਭਰਮ ਟੁੱਟ ਜਾਂਦਾ ਹੈ ਤਾਂ ਉਹ ਇਕ ਬੱਚੇ ਦੀ ਮਾਂ ਬਣ ਜਾਂਦੀ ਹੈ। ਪੱਛਮੀ ਦੇਸ਼ਾਂ ਦੀ ਮਸ਼ੀਨੀ ਜ਼ਿੰਦਗੀ, ਦੌੜ ਭੱਜ ਨੇ ਰਿਸ਼ਤਿਆਂ ਵਿਚ ਵੱਡੀ ਦਰਾੜ ਪੈਦਾ ਕਰ ਦਿੱਤੀ ਹੈ। ਵਲੈਤੀਆ ਕਹਾਣੀ ਵਿਚ ਦੂਰੋਂ-ਨੇੜਿਓਂ ਦਾ ਰਿਸ਼ਤੇਦਾਰ ਹੀ ਕਿਸ਼ੋਰ ਉਮਰ ਦੀ ਲੜਕੀ ਦਾ ਸ਼ੋਸ਼ਣ ਕਰਦਾ ਹੈ। ਕਹਾਣੀਆਂ ਵਿਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਪਾਤਰਾਂ ਦੀ ਰਹਿਣੀ-ਬਹਿਣੀ ਅਨੁਸਾਰ ਹੈ। ਮਾਨਸ ਕੀ ਜਾਤ, ਉਸ ਨੇ ਕਿਹਾ ਸੀ, ਇਕ ਲੱਤ ਵਾਲੀ ਘੁੱਗੀ, ਜ਼ਿੰਦਗੀ ਖੂਬਸੂਰਤ ਹੈ, ਸੰਗ੍ਰਹਿ ਦੀਆਂ ਮਿਆਰੀ ਕਹਾਣੀਆਂ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

25-08-2018

 ਰੌਣਕੀ ਪਿੱਪਲ
ਕਹਾਣੀਕਾਰਾ : ਕੁਲਵਿੰਦਰ ਕੌਰ ਮਹਿਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98141-25477.

'ਰੌਣਕੀ ਪਿੱਪਲ' ਵਿਚ ਕੁਲਵਿੰਦਰ ਕੌਰ ਮਹਿਕ ਦੀਆਂ 28 ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਭਾਵੇਂ ਸਰਲ ਬਿਰਤਾਂਤ ਵਿਚ ਲਿਖੀਆਂ ਹੋਈਆਂ ਹਨ ਪਰ ਕਹਾਣੀਕਾਰਾ ਨੇ ਸਾਡੇ ਆਲੇ-ਦੁਆਲੇ ਦੀਆਂ ਉਨ੍ਹਾਂ ਵਿਸੰਗਤੀਆਂ ਨੂੰ ਇਨ੍ਹਾਂ ਵਿਚ ਪੇਸ਼ ਕੀਤਾ ਹੈ, ਜਿਨ੍ਹਾਂ ਸਦਕਾ ਸਾਡਾ ਸਮਾਜਿਕ ਢਾਂਚਾ ਨਿਘਾਰ ਵੱਲ ਜਾ ਰਿਹਾ ਹੈ, ਰਿਸ਼ਤੇ ਟੁੱਟ ਰਹੇ ਹਨ, ਘਰ ਉਜੜ ਰਹੇ ਹਨ, ਲੋਭ ਲਾਲਚ ਵੱਧ ਰਿਹਾ ਹੈ, ਸੱਭਿਆਚਾਰਕ ਅਤੇ ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ।
ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ਹੀ 'ਰੌਣਕੀ ਪਿੱਪਲ' ਸਾਡੇ ਉਸ ਸੱਭਿਆਚਾਰਕ ਪੇਂਡੂ ਭਾਈਚਾਰੇ ਦੀ ਤਸਵੀਰ ਪੇਸ਼ ਕਰਦੀ ਹੈ ਜਿਸ ਵਿਚ ਸਾਰੇ ਇਕੱਠੇ ਬੈਠ ਕੇ ਜਿਥੇ ਰੁੱਖਾਂ ਦੀ ਛਾਂ ਦਾ ਆਨੰਦ ਮਾਣਦੇ ਸਨ, ਉਥੇ ਆਪਸੀ ਦੁੱਖ-ਸੁੱਖ ਵੀ ਸਾਂਝਾ ਕਰਦੇ ਸਨ ਪਰ ਪਿੱਪਲ ਦੇ ਕੱਟੇ ਜਾਣ ਨਾਲ ਇਹ ਸਾਂਝਾਂ ਵੀ ਖ਼ਤਮ ਹੋ ਗਈਆਂ। ਕਮਾਈਆਂ ਕਰਨ ਵਾਲੇ ਬਜ਼ੁਰਗ ਕੇਵਲ ਘਰਾਂ ਵਿਚ ਰਖਵਾਲੇ ਬਣ ਕੇ ਹੀ ਰਹਿ ਗਏ ਹਨ 'ਘਰ ਦਾ ਰਖਵਾਲਾ' ਅਜਿਹੀ ਹੀ ਕਹਾਣੀ ਹੈ। ਇਸੇ ਤਰ੍ਹਾਂ 'ਬਾਬਾ ਬੋਹੜ' ਕਹਾਣੀ ਵਿਚਲੇ ਮਾਨ ਸਿੰਘ ਬਜ਼ੁਰਗ ਸਿਆਣੇ ਵੀ ਪਿੰਡਾਂ ਵਿਚੋਂ ਰੁੱਖਾਂ ਬਰੋਟਿਆਂ ਦੀ ਤਰ੍ਹਾਂ ਮੁਕਦੇ ਜਾ ਰਹੇ ਹਨ। ਧੀਆਂ ਨੂੰ ਜੇਕਰ ਪੜ੍ਹਨ ਲਿਖਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਵੀ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਸਕਦੀਆਂ ਹਨ ਅਤੇ 'ਸੋਚ ਨੂੰ ਗ੍ਰਹਿਣ' ਵਰਗੀਆਂ ਕਹਾਣੀਆਂ ਮਨੁੱਖ ਨੂੰ ਸੋਚਣ ਸਮਝਣ ਲਈ ਮਜਬੂਰ ਕਰਦੀਆਂ ਹਨ। 'ਭੰਬੀਰੀ' ਕਹਾਣੀ ਵਿਚ ਇਹ ਸੱਚ ਪੇਸ਼ ਹੋਇਆ ਹੈ ਕਿ ਔਰਤ ਘਰ ਦੇ ਕੰਮ ਕਾਰ ਕਰਦੀ ਆਪਣੀ ਸੁੱਧ-ਬੁੱਧ ਹੀ ਭੁਲਾ ਬੈਠਦੀ ਹੈ ਪਰ ਉਸ ਦੀ ਕੀਮਤ ਕੋਈ ਵੀ ਜੀਅ ਅਦਾ ਨਹੀਂ ਕਰਦਾ। ਦਾਜ-ਦਹੇਜ ਦੀ ਲਾਹਨਤ, ਦੇਸ਼ ਪ੍ਰਤੀ ਪਿਆਰ, ਬਜ਼ੁਰਗਾਂ ਪ੍ਰਤੀ ਅਵੇਸਲਾਪਨ (ਜਿਊਂਦਾ ਰਹੁ ਪੁੱਤ!) ਆਦਿ ਵਿਸ਼ਿਆਂ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ ਕਹਾਣੀਕਾਰਾ ਦੀ ਮਿਹਨਤ ਦਾ ਨਤੀਜਾ ਹਨ। ਕੁਝ ਕਹਾਣੀਆਂ ਮਿੰਨੀ ਕਹਾਣੀ ਵੀ ਜਾਪਦੀਆਂ ਹਨ, ਕਿਉਂਕਿ ਕਹਾਣੀ ਦੀ ਵਿਧਾ ਮੁਤਾਬਿਕ ਇਨ੍ਹਾਂ ਦੀ ਬਿਰਤਾਂਤਕ ਤੋਰ ਮਿੰਨੀ ਕਹਾਣੀ ਵਾਲੀ ਹੈ। ਸਮਾਜਿਕ ਨਿਘਾਰ ਦੀ ਤਸਵੀਰਕਸ਼ੀ ਕਰਦੀਆਂ ਇਹ ਕਹਾਣੀਆਂ ਪਾਠਕ ਪਸੰਦ ਕਰਨਗੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਪੰਜਾਬ ਦੇ ਇਤਿਹਾਸਕਾਰ
ਲੇਖਕ : ਡਾ: ਮੁਹੰਮਦ ਸ਼ਫ਼ੀਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98149-75686.

ਡਾ: ਮੁਹੰਮਦ ਸ਼ਫ਼ੀਕ ਦੀ ਇਹ ਪੁਸਤਕ ਉਪਾਧੀ-ਸਾਪੇਖ ਖੋਜ ਕਾਰਜ ਹੈ। ਪੰਜਾਬ ਦੇ ਵਿਭਿੰਨ ਇਤਿਹਾਸਕਾਰਾਂ ਬਾਰੇ ਆਪਣੇ ਵਿਸ਼ੇ 'ਤੇ ਕੇਂਦਰਿਤ ਹੋਣ ਤੋਂ ਪਹਿਲਾਂ ਵਿਦਵਾਨ ਖੋਜਕਰਤਾ ਨੇ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਵੱਖ-ਵੱਖ, ਅਨੇਕਾਂ ਵਿਦਵਾਨਾਂ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਪ੍ਰਭਾਸ਼ਿਤ ਕਰਦਿਆਂ ਇਤਿਹਾਸਕ ਪਰਿਪੇਖ ਸਬੰਧੀ ਸਿਧਾਂਤਕ ਚਰਚਾ ਕੀਤੀ ਹੈ। ਇਸ ਚਰਚਾ ਵਿਚ ਇਤਿਹਾਸਕਾਰੀ ਲਈ ਤੱਥਾਂ ਦਾ ਮਹੱਤਵ; ਮੁਢਲੇ ਅਤੇ ਦੂਜੈਲੇ ਸੋਮਿਆਂ; ਇਤਿਹਾਸਕਾਰਾਂ ਦਾ ਮਨੋਰਥ ਅਤੇ ਦ੍ਰਿਸ਼ਟੀਕੋਣ ਬਾਰੇ ਬੜੀ ਗਹਿਰਾਈ ਨਾਲ ਤਪਸਰਾ ਪ੍ਰਸਤੁਤ ਕੀਤਾ ਗਿਆ ਹੈ। ਇਤਿਹਾਸਕਾਰ ਦਾ ਮੁੱਖ ਕੰਮ ਇਹ ਹੈ ਕਿ ਉਹ ਬੀਤੇ ਸਮੇਂ ਦਾ ਮੁਲਾਂਕਣ ਕਰਦਿਆਂ ਸਪੱਸ਼ਟ, ਤਰਕਪੂਰਨ ਨਤੀਜੇ ਪੇਸ਼ ਕਰਨ ਵਿਚ ਸਫ਼ਲ ਹੋਵੇ। ਅਜਿਹੀ ਵਡਮੁੱਲੀ ਸਿਧਾਂਤਕ ਸੂਝ ਦੀ ਦ੍ਰਿਸ਼ਟੀ ਦੁਆਰਾ ਜਿਨ੍ਹਾਂ ਪੰਜਾਬ ਦੇ ਇਤਿਹਾਸਕਾਰਾਂ ਦੇ ਸਮੁੱਚੇ ਯੋਗਦਾਨ ਨੂੰ ਵਾਚਿਆ ਗਿਆ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਗਿਆਨੀ ਗਿਆਨ ਸਿੰਘ ਜਿਸ ਨੇ ਸਿੱਖ ਇਤਿਹਾਸ ਨੂੰ ਧਾਰਮਿਕ ਦ੍ਰਿਸ਼ਟੀਕੋਣ ਤੋਂ 100 ਵਰ੍ਹੇ ਪਹਿਲਾਂ ਦੀ ਪੁਰਾਤਨ ਪਰੰਪਰਾ ਅਤੇ ਆਧੁਨਿਕ ਵਿਚਾਰ ਧਾਰਾ ਅਨੁਸਾਰ ਲਿਖਿਆ ਹੈ; ਸਈਅਦ ਮੁਹੰਮਦ ਲਤੀਫ਼ ਜਿਸ ਨੇ ਅੰਗਰੇਜ਼ੀ ਸੋਮਿਆਂ ਨੂੰ ਆਪਣੀ ਇਤਿਹਾਸਕਾਰੀ ਲਈ ਪ੍ਰਯੋਗ ਕੀਤਾ; ਸੀਤਾ ਰਾਮ ਕੋਹਲੀ ਜਿਸ ਦੀ ਖੋਜੀ ਬਿਰਤੀ ਵਿਚ ਪਰੰਪਰਾਗਤ, ਸਮਕਾਲੀ ਅਤੇ ਆਧੁਨਿਕ ਨਿਯਮਾਂ ਦਾ ਸੁਮੇਲ ਵਿਖਾਈ ਦਿੰਦਾ ਹੈ; ਡਾ: ਗੰਡਾ ਸਿੰਘ ਜਿਸ ਨੇ ਪ੍ਰਾਚੀਨ ਇਤਿਹਾਸਕਾਰੀ ਤੋਂ ਲੈ ਕੇ ਅਜੋਕੇ ਸਮੇਂ ਤੱਕ ਨੂੰ ਆਪਣੀ ਸਿਰਜਣਾ ਦੇ ਕਲਾਵੇ ਵਿਚ ਲਿਆ ਹੈ; ਉਹ ਹਰੀ ਰਾਮ ਗੁਪਤਾ ਜੋ ਇਤਿਹਾਸਕਾਰੀ ਵਿਚ ਵਿਗਿਆਨਕ ਵਿਧੀ, ਤਰਕਸ਼ੀਲ ਸੁਭਾਅ ਅਤੇ ਪ੍ਰਾਇਮਰੀ ਸੋਮਿਆਂ ਦਾ ਪ੍ਰਯੋਗ ਕਰਨ ਵਿਚ ਸਾਰੀ ਉਮਰ ਯਤਨਸ਼ੀਲ ਰਿਹਾ; ਸ਼ਮਸ਼ੇਰ ਸਿੰਘ ਅਸ਼ੋਕ ਜਿਸ ਦਾ ਸਵੈ-ਅਧਿਐਨ ਹੀ ਉਸ ਦੀ ਇਤਿਹਾਸਕਾਰੀ ਦਾ ਮਾਰਗ-ਦਰਸ਼ਕ ਰਿਹਾ; ਅਤੇ ਉਹ ਡਾ: ਫ਼ੌਜਾ ਸਿੰਘ ਜੋ ਇਤਿਹਾਸਕ ਲੇਖਕਾਂ ਨੂੰ ਹਮੇਸ਼ਾ ਹੀ ਨਿਵੇਕਲੇ ਰਾਹ ਦਰਸਾਉਂਦਾ ਰਿਹਾ ਆਦਿ। ਲੇਖਕ ਨੇ ਇਨ੍ਹਾਂ ਇਤਿਹਾਸਕਾਰਾਂ ਨੂੰ ਆਪਣੀ ਖੋਜ ਵਿਚ ਜਨਮ ਅਨੁਸਾਰ ਤਰਤੀਬ ਦਿੱਤੀ ਹੈ। ਉਨ੍ਹਾਂ ਦੇ ਜਨਮ, ਮਾਪੇ, ਜਨਮ-ਸਥਾਨ, ਸਿੱਖਿਆ, ਇਤਿਹਾਸ ਵਿਚ ਰੁਚੀ ਦੇ ਕਾਰਨ, ਤੱਥਾਂ ਲਈ ਸੋਮਿਆਂ ਤੱਕ ਅਣਥੱਕ ਪਹੁੰਚ, ਉਨ੍ਹਾਂ ਦੀਆਂ ਪ੍ਰਾਪਤ ਪੁਸਤਕਾਂ, ਸ਼ੋਧ ਪ੍ਰਬੰਧ, ਖੋਜ ਪੱਤਰ, ਨਵੀਆਂ ਪਾਈਆਂ ਪੈੜਾਂ, ਕਿਤੇ-ਕਿਤੇ ਰਹਿ ਗਈਆਂ ਊਣਤਾਈਆਂ, ਇਤਿਹਾਸਕ ਖੇਤਰ ਵਿਚ ਛੋਹੀਆਂ ਸਿਖ਼ਰਾਂ, ਪ੍ਰਾਪਤ ਮਾਨਾਂ-ਸਨਮਾਨਾਂ ਆਦਿ ਸਾਰੀਆਂ ਗੱਲਾਂ ਦੀ ਭਰਪੂਰ ਚਰਚਾ ਕੀਤੀ ਗਈ ਹੈ। ਇੰਜ ਇਹ ਪੁਸਤਕ ਆਕਾਰ ਵਿਚ ਭਾਵੇਂ ਛੋਟੀ ਹੈ ਪਰ ਮਿਆਰ ਵਿਚ ਮੀਲ-ਪੱਥਰ ਵਿਖਾਈ ਦਿੰਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਕੂਕ ਪੰਜਾਬ ਦੀ
ਸ਼ਾਇਰ : ਕਮਲ ਕਲੰਦਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 275 ਰੁਪਏ, ਸਫ਼ੇ : 124
ਸੰਪਰਕ : 98117-39928.

ਕਮਲ ਕਲੰਦਰ ਦੀ ਪੁਸਤਕ 'ਕੂਕ ਪੰਜਾਬ ਦੀ' ਦੇ ਪਹਿਲੇ ਭਾਗ ਵਿਚ 46 ਗ਼ਜ਼ਲਾਂ ਹਨ ਤੇ ਅਗਲੇ ਭਾਗ ਵਿਚ ਲੰਬੀਆਂ ਕਵਿਤਾਵਾਂ ਹਨ ਜਿਨ੍ਹਾਂ ਦਾ ਬਹੁਤਾ ਸਬੰਧ ਪੰਜਾਬ ਨਾਲ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਸ਼ਾਇਰ ਜੀਵਨ ਤੇ ਬਨਸਪਤੀ ਦੀ ਉਪਜ ਦਾ ਕਾਰਕ ਜਲ, ਮਿੱਟੀ ਤੇ ਤਪਸ਼ ਨੂੰ ਮੰਨਦਾ ਹੈ ਜਿਸ ਦਾ ਵਿਗਿਆਨਕ ਆਧਾਰ ਪਹਿਲਾਂ ਹੀ ਮੌਜੂਦ ਹੈ। ਉਸ ਅਨੁਸਾਰ ਪਤਝੜ ਦਾ ਮਤਲਬ ਨਵੇਂ ਅੰਕੁਰ ਫੁੱਟਣ ਤੋਂ ਬਾਅਦ ਪਤਾ ਚਲਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕੋਈ ਨਹੀਂ ਜਾਣਦਾ ਕਿ ਕੁਦਰਤ ਥਲ ਤੋਂ ਜਲ ਤੇ ਪਹਾੜ ਤੋਂ ਧੂੜ ਕਦੋਂ ਬਣਾ ਦਏ। ਦੂਸਰੀ ਗ਼ਜ਼ਲ ਦਾ ਮਤਲਾ ਬਹੁਤ ਖ਼ੂਬ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਮੈਂ ਜਦੋਂ ਗ਼ੁਨਾਹਾਂ ਦਾ ਰੰਗੀਨ ਕਿੱਸਾ ਬਣਿਆ ਤਾਂ ਰਾਜ ਦਰਬਾਰ ਵਿਚ ਮੇਰੀ ਹਿੱਸੇਦਾਰੀ ਵਧ ਗਈ। ਇਹ ਮਹਿਜ਼ ਇਕ ਸ਼ਿਅਰ ਨਹੀਂ ਹੈ ਬਲਕਿ ਭ੍ਰਿਸ਼ਟ ਰਾਜਨੀਤੀ ਦਾ ਸੱਚ ਹੈ। ਇਕ ਤਿੰਨ ਸ਼ਿਅਰਾਂ ਵਾਲੀ ਗ਼ਜ਼ਲ ਦੇ ਮਤਲੇ ਵਿਚ ਕਮਲ ਆਖਦਾ ਹੈ ਕਿ ਮੈਂ ਵਿਰਾਸਤ ਪ੍ਰਤੀ ਫ਼ਰਜ਼ਾਂ ਦੇ ਦਰਿਆ ਨੂੰ ਕਾਗਜ਼ ਦੀ ਕਿਸ਼ਤੀ ਤੇ ਕਲਮ ਨੂੰ ਪਤਵਾਰ ਬਣਾ ਕੇ ਪਾਰ ਕਰ ਲਿਆ ਹੈ। ਸ਼ਾਇਰ ਦੇ ਕਈ ਸ਼ਿਅਰ ਕਮਾਲ ਦੇ ਹਨ। ਉਸ ਦੀ ਇਕ ਗ਼ਜ਼ਲ ਦਾ ਮਤਲਾ 'ਨਾ ਤੇਰਾ ਚਿਹਰਾ ਪੰਖੁੜੀ ਨਾ ਮੇਰੀ ਅੱਖ ਤਿਤਲੀ ਹੈ, ਇਹ ਕਿਸ ਤਰ੍ਹਾਂ ਦੀ ਹਵਾ ਗੁਲਸ਼ਨ 'ਚ ਨਿਕਲੀ ਹੈ।' ਉਸ ਦੀ ਖ਼ੂਬਸੂਰਤ ਕਲਪਨਾ ਤੇ ਕੋਮਲ ਅਹਿਸਾਸਾਤ ਦਾ ਗਵਾਹ ਹੈ। ਉਸ ਨੂੰ ਬੱਦਲੀਆਂ ਸਿਰਫ਼ ਧੋਖਾ ਮਹਿਸੂਸ ਹੁੰਦੀਆਂ ਹਨ ਕਿਉਂ ਸ਼ਾਇਰ ਨੂੰ ਨਾ ਤਾਂ ਹਵਾ ਵਿਚ ਕੋਈ ਮਹਿਕ ਮਹਿਸੂਸ ਹੁੰਦੀ ਹੈ ਨਾ ਰਿਸਝਿਮ ਦੀ ਆਹਟ। ਇੰਝ ਉਹ ਛਲ ਕਰ ਰਹੀਆਂ ਮਿਰਗਤ੍ਰਿਸ਼ਨਾਵਾਂ 'ਤੇ ਕਰਾਰੀ ਚੋਟ ਕਰਦਾ ਹੈ। ਕਲੰਦਰ ਦੀਆਂ ਗ਼ਜ਼ਲਾਂ ਵਿਚ ਖ਼ਿਆਲ ਖ਼ੂਬਸੂਰਤ ਹਨ ਪਰ ਬਹੁਤੀ ਥਾਈਂ ਗ਼ਜ਼ਲ ਦੀਆਂ ਜ਼ਰੂਰਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੰਬੀਆਂ ਕਵਿਤਾਵਾਂ ਹਨ ਇਨ੍ਹਾਂ ਕਵਿਤਾਵਾਂ 'ਚੋਂ ਕਵਿਤਾ 'ਤਪਸ਼' ਬਹੁਤ ਮਹੱਤਵਪੂਰਨ ਹੈ। ਇਸ ਵਿਚ ਉਸ ਨੇ ਤਪਸ਼ ਦਾ ਵੱਖ-ਵੱਖ ਖ਼ੇਤਰਾਂ ਵਿਚ ਮਹੱਤਵ ਦਰਸਾਇਆ ਹੈ ਤੇ ਇਸ ਸਮੁੱਚੇ ਆਵਾਗਵਨ ਦਾ ਧੁਰਾ ਦੱਸਿਆ ਹੈ। ਨਸ਼ਿਆਂ 'ਤੇ ਅਧਾਰਤ ਕਵਿਤਾ ਵਿਚ ਸ਼ਾਇਰ ਪੰਜਾਬ ਵਿਚ ਨਸ਼ੇ ਦੇ ਪ੍ਰਚਲਨ ਤੋਂ ਇਨਕਾਰੀ ਹੈ। ਸ਼ਾਇਦ ਕਮਲ ਨੂੰ ਪੰਜਾਬ ਦੇ ਸੱਚ ਦਾ ਨਹੀਂ ਪਤਾ, ਨਸ਼ੇ ਤੋਂ ਇਨਕਾਰ ਕਰਨ ਵਾਲੀ ਇਹ ਕਵਿਤਾ ਉਸ ਦੀ ਪੁਸਤਕ ਦੇ ਸਮੁੱਚੇ ਪ੍ਰਭਾਵ ਦਾ ਪੱਧਰ ਹੇਠਾਂ ਲੈ ਆਉਂਦੀ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਚਲੋ ਰੱਬ ਭਾਲੀਏ
ਗੀਤਕਾਰ : ਹਰਦਿਆਲ ਸਿੰਘ ਚੀਮਾ
ਪ੍ਰਕਾਸ਼ਨਾ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 98152-98459.

ਮਨੁੱਖ ਦਾ ਅਸਲ ਧਰਮ ਹੈ ਕਿ ਇਕ ਇਨਸਾਨ/ਬੰਦੇ ਵਜੋਂ ਵਿਚਰਨਾ। ਹਰਦਿਆਲ ਸਿੰਘ ਚੀਮਾਂ ਨੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਆਪਣੀ ਗੀਤਕਾਰੀ ਦਾ ਵਿਸ਼ਾ ਬਣਾ ਕੇ 'ਚਲੋ ਰੱਬ ਭਾਲੀਏ' ਪੁਸਤਕ ਨਾਲ ਸਾਹਿਤ ਜਗਤ 'ਚ ਦਸਤਕ ਦਿੱਤੀ ਹੈ। 'ਚਲੋ ਰੱਬ ਭਾਲੀਏ' ਪੁਸਤਕ ਵਿਚ ਜਿਥੇ ਮਨੁੱਖ ਦੀ ਨੈਤਿਕ ਕਮਜ਼ੋਰੀ ਜਿਵੇਂ ਹਾਉਮੈ, ਲੋਭ-ਲਾਲਚ, ਜਾਤ-ਪਾਤ ਦਾ ਗੁਮਾਨ, ਕਰਮ ਕਾਂਡ, ਵਹਿਮ-ਭਰਮ, ਸ਼ੋਸ਼ੇਬਾਜ਼ੀ, ਆਪ ਹੁਦਰੀਆਂ, ਅੜਬਪੁਣਾ, ਧਿੰਙੋਜ਼ੋਰੀ, ਧੱਕਾ ਕਰਨਾ, ਮਲਕ ਭਾਗੋ ਬਿਰਤੀ ਤੇ ਹੱਕ ਹੜੱਪਣ ਨੂੰ ਗੀਤਕਾਰੀ ਰਾਹੀਂ ਆੜੇ ਹੱਥੀਂ ਲਿਆ ਗਿਆ ਹੈ, ਉਥੇ ਕਿਰਤ ਕਰਨੀ, ਵੰਡ ਛਕਣਾ, ਦੀਨ ਦੁੱਖੀਆਂ ਦਾ ਦਰਦ ਵੰਡਾਉਣਾ, ਪਰਉਪਕਾਰਤਾ, ਸੇਵਾ, ਧਾਰਮਿਕ ਵਿਚਾਰਾਂ ਨੂੰ ਅਮਲ ਵਿਚ ਲਿਆਉਣਾ, ਭਾਈ ਲਾਲੋ ਵਰਗਿਆਂ ਦੀ ਬਹੁੜੀ ਕਰਨੀ, ਬਾਣੀ ਤੇ ਬਾਣੇ ਵਿਚ ਪਰਪੱਕਤਾ, ਗਊ ਗ਼ਰੀਬ ਰੱਖਿਆ ਲਈ ਤੇ ਬੁਰਾਈਆਂ ਵਿਰੁੱਧ ਜੂਝਣਾ ਆਦਿ ਨੂੰ ਬੜੇ ਹੀ ਭਾਵ ਪੂਰਤ ਢੰਗ ਨਾਲ ਗੀਤਕਾਰੀ 'ਚ ਚਿਤਰਨ ਦਾ ਉਪਰਾਲਾ ਕੀਤਾ ਹੈ।
ਭਾਵੇਂ ਇਸ ਪੁਸਤਕ ਵਿਚਲੀ ਗੀਤਕਾਰੀ ਕਿਤੇ-ਕਿਤੇ ਪਾਠਕ ਨੂੰ ਭਾਵਕ ਮੁਦਰਾ ਵਿਚ ਵੀ ਲੈ ਜਾਂਦੀ ਹੈ ਪਰ ਫਿਰ ਵੀ ਅੰਨਦਾਇਕ ਅਵਸਥਾ ਵੀ ਕਾਇਮ-ਦਾਇਮ ਰਹਿੰਦੀ ਹੈ :
'ਭੁੱਲਿਆ ਜਹਾਨ ਬਸ ਇੱਕੋ ਗੱਲ ਜਾਣਦਾ,
ਮਾਣ ਤੇਰੇ ਦਰੋਂ ਕੂਕਰ ਕਹਾਣਦਾ।
ਆਣ-ਜਾਣ ਵਾਲਾ ਸਾਰਾ ਚੱਕਰ ਮੁਕਾ ਗਿਆ,
ਨੰਦ ਲਾਲ ਜੀ ਸੀ- ਜੋ ਆਨੰਦ ਵਿਚ ਆ ਗਿਆ।'
ਇਸ ਪ੍ਰੌੜ੍ਹ ਗੀਤਕਾਰ ਦੀ ਬਹੁਤ ਸਾਰੀ ਪਹਿਲੀ ਗੀਤਕਾਰੀ ਬਹੁਤ ਸਾਰੇ ਨਾਮਵਾਰ ਗਾਇਕਾਂ/ਢਾਡੀਆਂ ਵਲੋਂ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਦੇ ਕੇ ਨਿਵਾਜੀ ਜਾ ਚੁੱਕੀ ਹੈ। ਇਸ ਪੁਸਤਕ 'ਚਲੋ ਰੱਬ ਭਾਲੀਏ' ਵਿਚਲੀ ਗੀਤਕਾਰੀ ਨੂੰ ਵੀ ਵੱਡਾ ਹੁੰਗਾਰਾ ਮਿਲਣ ਦੀ ਪੂਰੀ ਆਸ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858
ਫ ਫ ਫ

ਗੰਗਾ ਕਿਨਾਰਿਆਂ ਤੋਂ ਬੰਗਾਲ ਦੀ ਖਾੜੀ ਤੱਕ
(ਸਫ਼ਰਨਾਮਾ)

ਲੇਖਕ : ਡਾ: ਮੋਹਨ ਸਿੰਘ 'ਰਤਨ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 0172-5027427.

ਇਸ ਸਫ਼ਰਨਾਮੇ ਦੇ 12 ਅਧਿਆਇ ਹਨ। 'ਚੰਡੀਗੜ੍ਹ ਤੋਂ ਲਖਨਊ' ਪਹਿਲਾ ਅਧਿਆਇ ਹੈ। ਸਫ਼ਰ ਦਾ ਰੂਟ ਤਿਆਰ ਕਰਕੇ ਉਨ੍ਹਾਂ 23 ਫਰਵਰੀ, 1983 ਨੂੰ ਚੰਡੀਗੜ੍ਹੋਂ ਚਾਲੇ ਪਾਏ। ਇਸ ਸਫ਼ਰ ਦੌਰਾਨ ਉਨ੍ਹਾਂ ਨੇ ਹਮਸਫ਼ਰ ਮੁਸਾਫ਼ਿਰਾਂ ਨਾਲ ਹੋਏ ਵਾਰਤਾਲਾਪ ਨੂੰ ਬਾਖੂਬੀ ਬਿਆਨ ਕੀਤਾ ਹੈਂ
'ਆਪ ਕਾ ਸ਼ੁੱਭ ਨਾਮ, ਪੰਡਿਤ ਜੀ?'
'ਸ਼ੁੱਭ ਤੋਂ ਭਗਵਾਨ ਕਾ ਨਾਮ ਹੀ ਹੈਂਹਮੇਂ ਲੋਗ, ਗੰਗਾ ਪ੍ਰਸਾਦ ਕੇ ਨਾਮ ਸੇ ਪੁਕਾਰਤੇ ਹੈਂ। ਗੰਗਾ ਮਈਆ ਕੀ ਜੈ।' (ਪੰਨਾ 7) ਦੂਜੇ ਅਧਿਆਇ ਵਿਚ ਨਵਾਬਾਂ ਦੇ ਸ਼ਹਿਰ ਲਖਨਊ ਬਾਰੇ ਵਡਮੁੱਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਗਈ ਹੈ। ਤਹਿਜ਼ੀਬ ਲਈ ਜਾਣੇ ਜਾਂਦੇ ਇਸ ਸ਼ਹਿਰ ਦੀਆਂ ਛੇ ਦਰਸ਼ਨੀ ਥਾਵਾਂ ਦਾ ਜ਼ਿਕਰ ਵੀ ਪੜ੍ਹਨ ਨੂੰ ਮਿਲਦਾ ਹੈ। 'ਅਯੁੱਧਿਆਂਰਾਮ ਭੂਮੀ', ਸਫ਼ਰਨਾਮੇ ਦਾ ਤੀਜਾ ਅਧਿਆਇ ਹੈ। ਰਾਮ ਜਨਮ ਭੂਮੀ ਦੇ ਵੇਖਣਯੋਗ ਅਸਥਾਨਾਂ ਦੇ ਵਿਵਰਣ ਨੂੰ ਤੁਲਸੀ ਦਾਸ, ਭਾਈ ਕਾਨ੍ਹ ਸਿੰਘ ਨਾਭਾ ਦੇ ਹਵਾਲਿਆਂ ਰਾਹੀਂ ਕਲਮਬਧ ਕੀਤਾ ਗਿਆ ਹੈ।
ਅਗਲਾ ਅਧਿਆਇ ਪਾਵਨ ਨਗਰੀ ਵਾਰਾਨਸੀ ਦੀ ਯਾਤਰਾ ਬਾਰੇ ਹੈ। ਸ਼ਹਿਰ ਦੇ 25 ਘਾਟਾਂ ਅਤੇ 6 ਇਤਿਹਾਸਕ ਮੰਦਰਾਂ ਬਾਰੇ ਕੀਮਤੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਅਗਲੇ ਅਧਿਆਇ 'ਸਾਰਨਾਥ' ਵਿਚ ਬੋਧੀਆਂ ਦੀ ਇਸ ਪਾਵਨ ਨਗਰੀ ਦੀ ਯਾਤਰਾ ਦਾ ਭਾਵ-ਪੂਰਤ ਚਿਤਰਣ ਹੈ। ਸਾਰਨਾਥ ਦੇ 12 ਇਤਿਹਾਸਕ ਅਵਸ਼ੇਸ਼ਾਂ ਬਾਰੇ ਜਾਣਕਾਰੀ ਹੈ। 'ਪਟਨਾ ਸਾਹਿਬ' ਅਧਿਆਇ ਵਿਚ ਦਸਵੇਂ ਪਾਤਸ਼ਾਹ ਨਾਲ ਸਬੰਧਿਤ ਗੁਰਧਾਮਾਂ, ਉਥੇ ਵਸਦੇ ਸਿੱਖਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਵੇਖਣਯੋਗ 4 ਸਥਾਨਾਂ ਦਾ ਜ਼ਿਕਰ ਹੈ। 'ਪਟਨਾ ਤੋਂ ਭੁਬਨੇਸ਼ਵਰ' ਸਤਵਾਂ 'ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ' ਅੱਠਵਾਂ 'ਜਗਨਨਾਥ ਪੁਰੀ' ਨੌਵਾਂ ਅਧਿਆਇ ਹੈ।
ਭਾਰਤ ਦੀ ਮੰਦਰ ਨਿਰਮਾਣ ਕਲਾ ਦੇ ਪ੍ਰਤੀਕ 'ਕੋਨਾਰਕ' ਦਾ ਵੇਰਵਾ, 10ਵੇਂ, ਭੁਬਨੇਸ਼ਵਰ ਦੇ ਮੰਦਰਾਂ ਦਾ 11ਵੇਂ ਅਤੇ 'ਗਯਾਂਬੋਧ ਗਯਾ' ਦਾ ਅੰਤਿਮ 12ਵੇਂ ਅਧਿਆਇ ਵਿਚ ਸੁੰਦਰ ਬਿਰਤਾਂਤ ਹੈ। ਸਾਰੀ ਜਾਣਕਾਰੀ ਸਰਲ ਤੇ ਰੌਚਕ ਵਾਰਤਾਲਾਪੀ ਬੋਲੀ, ਸਪੱਸ਼ਟਤਾ ਤੇ ਅਹਿਮ ਗ੍ਰੰਥਾਂ ਤੇ ਵਿਦਵਾਨਾਂ ਦੇ ਹਵਾਲੇ, ਪੁਸਤਕ ਨੂੰ ਹੋਰ ਪੁਖਤਗੀ ਪ੍ਰਦਾਨ ਕਰਦੇ ਹਨ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਲੂਣਾ ਪੂਰਨ ਮੰਗਦੀ
ਕਵੀ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 98146-73236.

ਇਸ ਸੰਗ੍ਰਹਿ ਵਿਚ ਕੁੱਲ 36 ਦੋਹੇ ਹਨ। ਹਰ ਸਫ਼ੇ ਉੱਤੇ ਸੁਹਜ ਨਾਲ ਪਹਿਲਾਂ ਪੰਜਾਬੀ ਵਿਚ ਦੋਹਾ ਅੰਕਿਤ ਕੀਤਾ ਗਿਆ ਹੈ ਅਤੇ ਇਸੇ ਹੀ ਸਫ਼ੇ ਉੱਤੇ ਇਸ ਦੋਹੇ ਨੂੰ ਦੇਵਨਾਗਰੀ ਲਿਪੀ ਵਿਚ ਲਿਖਿਆ ਗਿਆ ਹੈ। ਸਾਹਮਣੇ ਸਫ਼ੇ ਉੱਤੇ ਇਸ ਦੋਹੇ ਦਾ ਅੰਗਰੇਜ਼ੀ ਵਿਚ ਤਰਜਮਾ ਕੀਤਾ ਗਿਆ ਹੈ। ਇਸ ਦੇ ਹੇਠ ਉਸੇ ਦੋਹੇ ਨੂੰ ਸ਼ਾਹਮੁਖੀ ਵਿਚ ਲਿਪੀਅੰਤਰ ਕਰਕੇ ਲਿਖਿਆ ਗਿਆ ਹੈ। ਇਸ ਤਰ੍ਹਾਂ ਇਹ ਪੁਸਤਕ ਵਿਲੱਖਣ ਰੂਪ ਅਖ਼ਤਿਆਰ ਕਰ ਗਈ ਹੈ। ਹਿੰਦੀ, ਅੰਗਰੇਜ਼ੀ ਅਤੇ ਉਰਦੂ ਪੜ੍ਹੇ-ਲਿਖੇ ਪਾਠਕ ਇਨ੍ਹਾਂ ਦੋਹਿਆਂ ਨੂੰ ਸਹਿਜ ਨਾਲ ਜ਼ਿਹਨ-ਨਸ਼ੀਨ ਕਰ ਸਕਦੇ ਹਨ।
ਭਾਵੇਂ ਦੋਹਿਆਂ ਦੀ ਗਿਣਤੀ ਸੰਖੇਪ ਹੈ ਪਰ ਇਨ੍ਹਾਂ ਦਾ ਦ੍ਰਿਸ਼ਟਾਂਤ-ਸੰਸਾਰ ਫੈਲਿਆ ਹੋਇਆ ਹੈ। ਇਕ-ਇਕ ਦੋਹਾ ਪੂਰੇ ਕਾਂਡ ਦੇ ਅਰਥ ਸਮੇਟੀ ਵਿਚਰਦਾ ਹੈ। ਅਸਲ ਵਿਚ ਹਥਲੀ ਪੁਸਤਕ ਗਿੱਲ ਮੋਰਾਂਵਾਲੀ ਨੇ ਆਪਣੇ ਦੋਸਤ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਰਚਨਾ ਲੂਣਾ ਦੀ ਪ੍ਰਥਾਇ ਦੋਹਿਆਂ ਵਿਚ ਸਿਰਜੀ ਹੈ। ਉਸ ਦੇ ਦੋਹੇ ਸ਼ਿਵ ਦੀ ਲੂਣਾ ਨੂੰ ਸੰਖੇਪ ਵਿਚ ਬਾਖੂਬੀ ਭਿਆਨਦੇ ਹਨ। ਜਿਵੇਂ :
- ਬਾਪੂ ਦੀ ਸੀ ਉਮਰ ਦਾ, ਹਰ ਕੋਈ ਹੈਰਾਨ
ਬਾਬਲ ਦਾ ਜੋ ਫ਼ੈਸਲਾ, ਲੂਣਾ ਨੂੰ ਪ੍ਰਵਾਨ
- ਨਾ ਹੀ ਲੂਣਾ ਖੁਸ਼ ਦਿਸੇ, ਨਾ ਹੀ ਖੁਸ਼ ਪਰਿਵਾਰ
ਟੁਕੜੇ ਟੁਕੜੇ ਹੋ ਗਿਆ ਲੂਣਾ ਦਾ ਸੰਸਾਰ।
- ਪੁੱਤਰ ਮੈਂ ਸਲਵਾਨ ਦਾ ਪੂਰਨ ਮੇਰਾ ਨਾਂਅ
ਤੇਰੇ ਚਰਨਾਂ ਵਿਚ ਨੀ ਮਾਂ, ਮੈਨੂੰ ਦਿਸਦਾ ਸ਼ਾਮ
- ਲੂਣਾ ਆਖੇ ਝੂਠ ਹੈ, ਝੂਠੇ ਤੇਰੇ ਬੋਲ,
ਤੂੰ ਹੈਂ ਮੇਰੇ ਹਾਣਦਾ, ਆ ਬਹਿ ਮੇਰੇ ਕੋਲ
- ਤੂੰ ਮੇਰਾ ਬਣ ਪੂਰਨਾ ਲੂਣਾ ਨੂੰ ਕਰ ਮਾਫ਼
ਲੂਣਾ ਸੰਗ ਸਮਾਜ ਨੇ ਕੀਤਾ ਨਾ ਇਨਸਾਫ਼।
ਇਸ ਤਰ੍ਹਾਂ ਦੋਹਿਆਂ ਵਿਚ ਵੀ ਪੂਰਨ ਦਾ ਕਿੱਸਾ ਪੂਰਨ ਕੀਤਾ ਗਿਆ ਹੈ। ਇਹ ਇਕ ਆਪਣੀ ਹੀ ਕਿਸਮ ਦੀ ਪੁਸਤਕ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

18-07-2018

 ਗਦ ਕਾਵਿ ਦੀਆਂ ਸੱਤ ਖਾਰੀਆਂ
ਕਵੀ : ਪ੍ਰੋ: ਪੂਰਨ ਸਿੰਘ
ਕਾਵਿ ਅਨੁਵਾਦ : ਕਿਰਪਾਲ ਸਿੰਘ ਕਸੇਲ
ਪ੍ਰਕਾਸ਼ਕ : ਪੂਰਨ ਸਿੰਘ ਯਾਦਗਾਰੀ ਸੰਸਥਾਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 0175-2321532.

ਇਹ ਪੁਸਤਕ ਪੂਰਨ ਸਿੰਘ ਦੀ 'ਸੈਵਨ ਬਾਸਕਿਟਸ ਆਫ ਪਰੋਜ਼ਂਪੋਇਮਜ਼' ਦਾ ਕਾਵਿ ਅਨੁਵਾਦ ਹੈ। ਪਹਿਲੀ ਖਾਰੀ (ਬਾਸਕਿਟ) ਇਕ ਪ੍ਰਕਾਰ ਦਾ ਮੰਗਲ-ਗੀਤ (ਉਥਾਨਕਾ) ਹੈ, ਜਿਸ ਵਿਚ ਕਵੀ ਆਪਣੇ ਪ੍ਰੀਤਮ ਨੂੰ ਆਵਾਜ਼ਾਂ ਦੇ ਰਿਹਾ ਹੈ। ਉਹ ਪਰਮਾਤਮਾ ਨੂੰ 'ਸ਼ੁੱਧ ਆਨੰਦ ਸਰੂਪ' ਕਹਿੰਦਾ ਹੈ। ਜਿਨ੍ਹਾਂ ਮਹਾਨ ਤੇ ਮਿਹਰਬਾਨ ਲੋਕਾਂ ਨੇ ਅਧਿਆਤਮਕ ਕਮਾਈ ਕਰ ਲਈ ਹੈ, ਉਹ ਇਸ ਨੂੰ ਆਪਣੇ ਨਾਲ ਹੀ ਪਾਰਲੇ ਲੋਕ ਵਿਚ ਲੈ ਜਾਣਗੇ। ਉਹ ਇਕ ਮੰਗਤੇ ਵਾਂਗ ਪ੍ਰਭੂ-ਦਰ 'ਤੇ ਖੜੋਤਾ ਯਾਚਨਾ ਕਰ ਰਿਹਾ ਹੈ।
ਦੂਜੀ ਖਾਰੀ ਵਿਚ ਬਿਹਾਰੀ ਮਜ਼ਦੂਰਾਂ ਦੇ ਗੀਤਾਂ ਦਾ ਵਰਨਣ ਹੈ। ਕਵੀ ਅਨੁਸਾਰ ਆਨੰਦ-ਮੰਗਲ ਹੀ ਗ਼ਰੀਬਾਂ ਦਾ ਧਰਮ ਹੁੰਦਾ ਹੈ। ਤੀਜੀ ਖਾਰੀ ਵਿਚ ਪੋਠੋਹਾਰ ਦੇ ਗੀਤਾਂ ਦੀ ਮਹਿਮਾ ਦਾ ਬਖਾਣ ਹੋਇਆ ਹੈ। ਚੌਥੀ ਖਾਰੀ, ਬਿਲਵਾ ਮੰਗਲ (ਇਕ ਭਾਰਤੀ ਭਗਤ) ਦਾ ਜਸ-ਗਾਇਨ ਕਰਦੀ ਹੈ।
ਪੰਜਵੀਂ ਖਾਰੀ ਵਿਚ ਉਸ਼ਾ (ਪ੍ਰਭਾਤ) ਦੇ ਸੋਹਲੇ ਗਾਏ ਗਏ ਹਨ। ਇਹ ਇਕ ਸੰਬੋਧਨੀ ਗੀਤ ਹੈ। ਰਿਗਵੇਦ ਦੀ ਰਿਚਾਵਾਂ ਵਾਂਗ ਇਸ ਕਵਿਤਾ ਵਿਚ 'ਸਤਿ-ਚਿਤ-ਆਨੰਦ' ਦੀ ਅਰਾਧਨਾ ਕੀਤੀ ਗਈ ਹੈ। ਛੇਵੀਂ ਖਾਰੀ 'ਹਵਾ ਵਿਚ ਉੱਡਦੇ ਬੱਦਲਾਂ' ਦਾ ਨਿਰੂਪਣ ਕਰਦੀ ਹੈ। ਇਸ ਕਵਿਤਾ ਵਿਚ ਕਵੀ ਆਹਵਾਨ ਕਰਦਾ ਹੈ : 'ਆਓ! ਸਭ ਝੇੜੇ ਛੱਡ ਸ਼ਾਂਤ ਚਿੱਤ ਹੋ ਜਾਈਏ। ਸਾਡੇ ਲਈ ਇਹੋ ਕੁਝ ਕਾਫੀ। ਉਹ ਜਿਹੜੇ ਬੜੇ ਫੁੱਲੇ ਤੇ ਆਫਰੇ ਹੋਏ ਗਰਜਦੇ ਤੇ ਕੂਕਾਂ ਮਾਰਦੇ, ਬੜੀਆਂ ਵੱਡੀਆਂ ਮੌਤਾਂ ਨੂੰ ਵਿਹਾਜਦੇ'। (ਪੰਨਾ 101) ਸਤਵੀਂ ਖਾਰੀ ਵਿਚ ਭਾਰਤ ਅਤੇ ਕੁਝ ਹੋਰ ਦੇਸ਼ਾਂ ਦੇ ਪ੍ਰਸਿੱਧ ਭਗਤਾਂ, ਲੇਖਕਾਂ ਅਤੇ ਗੁਰਸਿੱਖਾਂ ਦਾ ਕਾਵਿਕ ਨਿਰੂਪਣ ਕੀਤਾ ਗਿਆ ਹੈ। ਇਕ ਪ੍ਰਮਾਣ ਦੇਖੋ :
ਹੇ ਬ੍ਰਹਮਵੇਤਾ!
ਤੂੰ ਆਪ ਹੀ ਇਕੱਲਾ ਪ੍ਰੇਮ-ਗੀਤ ਗਾਂਦਾ
ਆਪਣੇ ਆਪ ਨੂੰ ਸੁਣਾਉਂਦਾ
ਕਦੀ ਕੋਈ ਉਪਦੇਸ਼ ਨਾ ਕਰਦਾ
ਪ੍ਰਚਾਰ ਕਰਨਾ ਤਾਂ ਵਿਹਲੜਾਂ ਦਾ ਕੰਮ।
(ਸਿੱਖ ਪ੍ਰਚਾਰਕ ਝੰਡਾਬਾਢੀ, ਪੰਨਾ 156)

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਿਖਨ ਕੋ ਦਿਊਂ ਪਾਤਸ਼ਾਹੀ
ਲੇਖਕ : ਹਰ ਜਗਮੰਦਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 308
ਸੰਪਰਕ : 99150-48005.

ਸਿੱਖਾਂ ਨੂੰ ਪਾਤਸ਼ਾਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ੀ ਹੋਈ ਹੈ, ਪਹਿਲੇ ਦਿਨ ਤੋਂ ਹੀ। ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿਚ ਇਸ ਬਾਰੇ ਵਿਸਤ੍ਰਿਤ ਚਰਚਾ ਹੈ। ਰਾਜ ਕਰੇਗਾ ਖ਼ਾਲਸਾ ਦਾ ਸਦੀਆਂ ਤੋਂ ਪੜ੍ਹਿਆ ਜਾ ਰਿਹਾ ਦੋਹਰਾ ਇਸ ਦਾ ਪ੍ਰਮਾਣ ਹੈ ਕਿ ਸਿੱਖ ਸੱਚੇ ਪਾਤਸ਼ਾਹ ਬਿਨਾਂ ਕਿਸੇ ਦੀ ਈਨ/ਕਾਨ ਨਹੀਂ ਮੰਨਦੇ। ਗੁਰੂ/ਗੁਰੂਧਾਮਾਂ/ਸਿੱਖ ਸਿਧਾਂਤਾਂ ਲਈ ਜਾਨਾਂ ਵਾਰਨ ਲਈ ਤਿਆਰ ਰਹੇ ਹਨ, ਅਤੀਤ ਵਿਚ ਨਹੀਂ, ਨਿਕਟ ਵਰਤਮਾਨ ਵਿਚ ਵੀ। ਅਬਦਾਲੀ/ਨਾਦਰ ਤੇ ਉਸ ਦੇ ਏਲਚੀਆਂ ਦੀਆਂ ਨਵਾਬੀਆਂ ਦੀਆਂ ਪੇਸ਼ਕਸ਼ਾਂ ਉਨ੍ਹਾਂ ਇਹ ਕਹਿ ਕੇ ਠੁਕਰਾਈਆਂ ਕਿ ਤੁਸੀਂ ਸਾਨੂੰ ਕੀ ਦੇਣਾ ਹੈ। ਪਾਤਸ਼ਾਹੀ ਸਿੰਘਨ ਕੋ ਸਚੇ ਪਾਤਸ਼ਾਹ ਦੇਈ। ਦਿੱਲੀ ਦੇ ਲਾਲ ਕਿਲ੍ਹੇ ਉੱਤੇ ਉਨ੍ਹਾਂ ਇਕ ਵਾਰ ਨਹੀਂ 20 ਵਾਰ ਝੰਡੇ ਝੁਲਾਏ। ਇਸੇ ਕਾਰਨ ਉਹ ਹਰ ਵੇਲੇ ਤਖ਼ਤਾਂ ਵਾਲਿਆਂ ਨੂੰ ਰੜਕੇ ਹਨ। ਗੁਰੂ ਪਾਤਸ਼ਾਹਾਂ ਦੀਆਂ ਸ਼ਹੀਦੀਆਂ, ਦਸਮ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਦੀਆਂ ਜੰਗਾਂ, ਬੰਦਾ ਬਹਾਦਰ, ਜੱਸਾ ਸਿੰਘ ਆਹਲੂਵਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਾਦਸ਼ਾਹੀਆਂ, ਨਿੱਕਾ ਘੱਲੂਘਾਰਾ, ਵੱਡਾ ਘੱਲੂਘਾਰਾ, 1947 ਦਾ ਉਜਾੜਾ, ਪੰਜਾਬੀ ਸੂਬੇ ਦਾ ਸੰਘਰਸ਼, ਆਪ੍ਰੇਸ਼ਨ ਬਲੂ ਸਟਾਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਨਰਲ ਵੈਦਿਯਾ, ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ, ਦਿੱਲੀ ਤੇ ਦੇਸ਼ ਵਿਆਪੀ ਸਿੱਖ ਕਤਲੇਆਮ, ਕਿਹਰ ਸਿੰਘ, ਸਤਵੰਤ ਸਿੰਘ ਤੇ ਸੁਖੇ ਜਿੰਦੇ ਦੀਆਂ ਸ਼ਹਾਦਤਾਂ। ਪੰਜਾਬ ਦੇ 'ਮੈਸੋਪੋਟੇਮੀਅਨ ਮੂਲ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਦੇ ਵੇਰਵੇ ਪ੍ਰੋ: ਹਰ ਜਗਮੰਦਰ ਸਿੰਘ ਦੀ ਇਸ ਕਿਤਾਬ ਵਿਚ ਹਨ। ਪਰੰਪਰਾਗਤ ਹਿੰਦੂ ਧਰਮ ਦੀ ਜੀਵਨ/ਔਰਤ/ਗ਼ੈਰ-ਧਰਮਾਂ ਪ੍ਰਤੀ ਸੋਚ ਦੀ ਮੂਲ ਕਾਣ ਨੂੰ ਲੇਖਕ ਨੇ ਬੇਬਾਕੀ ਨਾਲ ਉਜਾਗਰ ਕੀਤਾ ਹੈ। ਮੂਰਤੀ ਪੂਜਾ, ਸਦੀਆਂ ਦੀ ਗੁਲਾਮੀ ਨਾਲ ਪੈਦਾ ਹੋਈ ਵੈਰ ਭਾਵੀ ਈਰਖਾਲੂ ਸੋਚ, ਮੁਸਲਮਾਨ, ਸਿੱਖ, ਈਸਾਈ, ਘੱਟ-ਗਿਣਤੀਆਂ ਵਿਰੋਧੀ ਸੋਚ/ਸਿਆਸਤ ਸਭ ਕੁਝ ਬਾਰੇ ਚਰਚਾ ਉਸ ਨੇ ਸੰਤੁਲਿਤ ਤਰੀਕੇ ਨਾਲ ਕੀਤੀ ਹੈ। ਸਿੱਖਾਂ ਦੀ ਹੋਣੀ ਬਾਰੇ ਉਹ ਫ਼ਿਕਰਮੰਦ ਹੈ ਪਰ ਨਿਰਾਸ਼ ਨਹੀਂ। ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ ਇਹ ਕਿਤਾਬ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਕੋਸੀਆਂ ਕਿਰਨਾਂ ਦੀ ਲੋਅ
ਲੇਖਕ : ਸੰਤੋਖ ਸਿੰਘ ਭੁੱਲਰ
ਪ੍ਰਕਾਸ਼ਕ : ਸ਼ਹੀਦ-ਏ-ਆਜ਼ਮ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 97814-14118.

ਲੇਖਕ ਦੀ ਇਹ ਪੁਸਤਕ ਅਜਿਹੀ ਬਿਰਤਾਂਤਕ ਰਚਨਾ ਹੈ, ਜੋ ਸੁਚੇਤ ਜਾਂ ਅਚੇਤ ਸਵੈ-ਜੀਵਨਾਤਮਿਕ ਨਾਵਲ ਵਰਗਾ ਰੂਪ ਗ੍ਰਹਿਣ ਕਰਦੀ ਪ੍ਰਤੀਤ ਹੁੰਦੀ ਹੈ। ਇਸ ਵਿਚ ਚਾਰ-ਪੰਜ ਦਹਾਕੇ ਪਹਿਲਾਂ ਦੇ ਪੰਜਾਬ ਅਤੇ ਇੰਗਲੈਂਡ ਦਾ ਸੱਭਿਆਚਾਰ ਰੂਪਮਾਨ ਹੋਇਆ ਹੈ। ਉੱਤਮ-ਪੁਰਖੀ ਸ਼ੈਲੀ ਵਿਚ ਸਿਰਜੀ ਗਈ ਇਸ ਪੁਸਤਕ ਦਾ ਨਾਇਕ 'ਸੈਮ' ਹੈ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਘਰ ਦੀ ਗ਼ਰੀਬੀ ਤੋਂ ਤੰਗ ਆ ਕੇ ਲੰਡਨ ਰਵਾਨਾ ਹੋ ਜਾਂਦਾ ਹੈ। ਪਰ ਲੰਡਨ ਪੁੱਜਣ ਦਾ ਪ੍ਰਬੰਧ ਕਿਵੇਂ, ਕਿਉਂ ਤੇ ਕਿਸ ਨੇ ਕੀਤਾ, 'ਇਸ ਗੱਲ ਦਾ ਜ਼ਿਕਰ ਇਥੇ ਠੀਕ ਨਹੀਂ।' ਲਿਖਦਾ ਹੈ : ਪੰਨਾ 82. ਇਨ੍ਹਾਂ ਦੋ ਹਵਾਲਿਆਂ ਨਾਲ ਇਹ ਰਚਨਾ ਸਵੈ-ਜੀਵਨਾਤਮਿਕ ਨਾਵਲ ਵਜੋਂ ਵਿਚਾਰੀ ਜਾ ਸਕਦੀ ਹੈ। ਕਿਰਸਾਨੀ ਤੋਂ ਨਾਇਕ ਕੁਲੀ ਬਣਦਾ ਹੈ, ਫਿਰ ਕੱਪੜੇ ਦੇ ਬੈਗ ਤਿਆਰ ਕਰਨ ਵਾਲੀ ਫੈਕਟਰੀ ਵਿਚ 'ਕਟਰ' ਵਜੋਂ ਨਿਯੁਕਤ ਹੋ ਜਾਂਦਾ ਹੈ। ਇੰਜ ਉਸ ਦੇ ਅਸਤਿਤਵ ਦਾ ਵਿਕਾਸ ਆਰੰਭ ਹੋ ਜਾਂਦਾ ਹੈ। ਨਾਇਕ ਕੁਝ ਕੁ ਮਰਦਾਂ ਪਰ ਜ਼ਿਆਦਾਤਰ ਮੁਟਿਆਰਾਂ/ਇਸਤਰੀਆਂ ਦੇ ਘੇਰੇ ਵਿਚ ਵਿਚਰਦਾ ਹੈ। ਇੰਗਲੈਂਡ ਵਿਚ ਪੱਕਾ ਹੋਣਾ ਚਾਹੁੰਦਾ ਹੈ ਪਰ ਬਿਰਤਾਂਤ ਦੇ ਅੰਤ ਤੱਕ ਉਡੀਕ ਵਿਚ ਹੀ ਹੈ। ਵਿਆਹ ਵੀ ਨਹੀਂ ਕਰਵਾਉਂਦਾ। ਇਸ ਰਚਨਾ ਵਿਚੋਂ ਉਜਾਗਰ ਹੁੰਦਾ ਹੈ ਕਿ ਇੰਗਲੈਂਡ ਵਿਚ ਵਿਆਹ ਦਾ ਪਵਿੱਤਰ ਬੰਧਨ ਦਾਗ਼ੀ ਹੈ। ਧੋਖੇ ਹੀ ਧੋਖੇ ਨੇ, ਪੈਸੇ ਦੇ ਜ਼ੋਰ ਨਾਲ ਝੂਠ ਬੋਲ ਕੇ ਗਲਨੈੜ ਨੇ; ਬੁੱਢੇ ਵੀ ਪੰਜਾਬਣ ਮੁਟਿਆਰਾਂ ਲੈ ਜਾਂਦੇ ਨੇ; ਅਬਨਾਰਮਲ ਮੁੰਡੇ ਵੀ; ਵਫ਼ਾਦਾਰ ਗੋਰੀਆਂ ਨਾਲ ਵੀ ਧੋਖੇ ਨੇ। ਉਥੋਂ ਦੇ ਸੱਭਿਆਚਾਰ ਵਿਚ ਹਵਸ ਭਾਰੂ ਹੈ। ਲੋਕ ਪੱਬਾਂ, ਨਾਈਟ ਕਲੱਬਾਂ ਦੇ ਸ਼ੌਕੀਨ ਨੇ। ਉਥੇ ਵੀ ਔਰਤਾਂ ਨੂੰ ਚੁਗਲੀਆਂ ਦੀ ਆਦਤ ਹੈ। ਸੱਚ ਇਹ ਵੀ ਹੈ ਕਿ ਉਹੀ ਸਮਾਜਿਕ ਘਟਨਾਵਾਂ ਨੂੰ ਨਸ਼ਰ ਕਰਦੀਆਂ ਨੇ। ਨਾਇਕ ਕਦੇ-ਕਦੇ ਮਾਨਸਿਕ ਤੌਰ 'ਤੇ ਡੋਲ ਜਾਂਦਾ ਹੈ ਪਰ ਅਖੀਰ ਤੱਕ ਆਪਣੇ ਕਿਰਦਾਰ ਨੂੰ ਸੁੱਚਾ ਰੱਖਣ ਵਿਚ ਸਫ਼ਲ ਹੈ। ਬਿਰਤਾਂਤਕਾਰ ਪ੍ਰਕਿਰਤੀ ਦੇ ਮਨਮੋਹਕ ਚਿਤਰਨ ਦੁਆਰਾ ਅਜਿਹਾ ਵਾਤਾਵਰਨ ਸਿਰਜਦਾ ਹੈ ਜੋ ਪਾਤਰਾਂ ਦੀ ਭਾਵੁਕ ਸਥਿਤੀ ਨੂੰ ਜੁੰਬਸ਼ ਪ੍ਰਦਾਨ ਕਰਦਾ ਹੈ। ਲੇਖਕ ਲੰਡਨ ਦੀਆਂ ਵੇਖਣਯੋਗ ਥਾਵਾਂ ਟਰੈਫਲਗਾਰ ਸਕੂਏਅਰ, ਟਾਵਰ ਬ੍ਰਿਜ, ਟਾਵਰ ਆਫ ਲੰਡਨ, ਥੇਮਸ ਦਰਿਆ ਆਦਿ ਦੀ ਸੁੰਦਰਤਾ ਦੇ ਦ੍ਰਿਸ ਪ੍ਰਸਤੁਤ ਕਰਦਾ ਹੈ। ਤੁਰਦਾ-ਤੁਰਦਾ ਪੰਜਾਬ ਦੀਆਂ ਯਾਦਾਂ ਵਿਚ ਡੁੱਬ ਜਾਂਦਾ ਹੈ। ਸਟਾਈਲ ਡਾਇਗਰੈਸਿਵ ਹੈ। ਭਾਸ਼ਾ ਸੰਗ-ਸੰਕੋਚ ਦੀ ਦਹਿਲੀਜ਼ ਤੋਂ ਪਾਰ ਹੈ, ਬੇਬਾਕ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007
ਫ ਫ ਫ

ਹਰਫ਼ ਬੋਲਦੇ ਨੇ
ਸ਼ਾਇਰ : ਰਛਪਾਲ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 95924-93660

'ਹਰਫ਼ ਬੋਲਦੇ ਨੇ' ਰਛਪਾਲ ਸਿੰਘ ਸੰਧੂ ਦਾ ਦੂਸਰਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਅਕਤਾਲੀ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ। ਕਵਿਤਾਵਾਂ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਸੰਧੂ ਕੋਲ ਜੀਵਨ ਦਾ ਚੋਖਾ ਅਨੁਭਵ ਹੈ ਤੇ ਇਸ ਅਨੁਭਵ ਦਾ ਉਸ ਨੇ ਆਪਣੀਆਂ ਕਵਿਤਾਵਾਂ ਵਿਚ ਸੁੰਦਰ ਪ੍ਰਯੋਗ ਕੀਤਾ ਹੈ। ਬਹੁਤੀਆਂ ਕਵਿਤਾਵਾਂ ਸਟੇਜੀ ਰੰਗ ਦੀਆਂ ਹਨ, ਜਿਨ੍ਹਾਂ ਦਾ ਪ੍ਰਭਾਵ ਸਿੱਧਾ ਸਰੋਤੇ 'ਤੇ ਪੈਂਦਾ ਹੈ। ਇਹ ਕਵਿਤਾ ਅਲੋਪ ਹੁੰਦੀ ਜਾ ਰਹੀ ਹੈ ਜਿਸ ਨੂੰ ਸੰਧੂ ਵਰਗੇ ਸ਼ਾਇਰ ਵਿੱਤ ਮੁਤਾਬਿਕ ਜੀਵਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਾਇਰ ਦੀ ਪਹਿਲੀ ਕਵਿਤਾ 'ਅਰਦਾਸ' ਹੈ ਜਿਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਉਹ ਰਬ ਦੀ ਹੋਂਦ ਨੂੰ ਮੰਨਣ ਵਾਲਾ ਸ਼ਾਇਰ ਹੈ। ਇਸ ਵਿਚ ਉਹ ਸੰਸਾਰ ਦੀ ਉਤਪਤੀ ਦਾ ਕਾਰਕ ਰੱਬ ਨੂੰ ਮੰਨਦਾ ਹੈ ਤੇ ਉਸ ਨੂੰ ਹੀ ਸਰਬਸ਼ਕਤੀਮਾਨ ਆਖਦਾ ਹੈ। ਉਹ ਮਿਹਣਾ ਵੀ ਦਿੰਦਾ ਹੈ ਕਿ ਉਸ ਦੇ ਹੁੰਦਿਆਂ ਸੰਸਾਰ ਵਿਚ ਆਪਾ ਧਾਪੀ, ਚੋਰ ਬਾਜ਼ਾਰੀ, ਸੀਨਾਜ਼ੋਰੀ, ਦਹਿਸ਼ਤਗਰਦੀ, ਮਤਲਬਪ੍ਰਸਤੀ, ਗੁੰਡਾਗਰਦੀ ਆਦਿ ਕਿਉਂ ਵਧੇ ਹੋਏ ਹਨ। ਦੂਸਰੀ ਕਵਿਤਾ 'ਰੱਬ ਨੂੰ' ਵਿਚ ਉਹ ਇਸ ਅਦਿੱਖ ਸ਼ਕਤੀ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਕੇ ਉਸ ਦੀ ਸ਼ਕਲ, ਰਿਹਾਇਸ਼, ਕਾਰਜ ਪ੍ਰਣਾਲੀ ਤੇ ਪੂਰੇ ਵਿਧੀ ਵਿਧਾਨ ਸਬੰਧੀ ਜਵਾਬ ਮੰਗਦਾ ਹੈ। 'ਕਸ਼ਮੀਰ ਨੂੰ' ਕਵਿਤਾ ਵਿਚ ਉਹ ਕਸ਼ਮੀਰ ਨਾਲ ਸੰਵਾਦ ਰਚਾਉਂਦਾ ਹੈ ਤੇ ਉਸ ਦੀ ਬਰਬਾਦੀ 'ਤੇ ਦੁੱਖ ਪ੍ਰਗਟ ਕਰਦਾ ਹੈ। ਸੰਧੂ ਚੁਫ਼ੇਰੇ ਸ਼ਾਂਤੀ ਦੇਖਣ ਦਾ ਚਾਹਵਾਨ ਹੈ ਤੇ 'ਜੰਗ ਬੰਦ ਕਰੋ' ਕਵਿਤਾ ਵਿਚ ਉਹ ਦੁਨੀਆ ਭਰ ਦੇ ਹੁਕਮਰਾਨਾਂ ਨੂੰ ਜੰਗ ਬੰਦ ਕਰਨ ਦੀ ਅਪੀਲ ਕਰਦਾ ਹੈ।
'ਜਨੂੰਨ' ਕਵਿਤਾ ਵਿਚ ਵੀ ਸ਼ਾਇਰ ਕੁਝ ਇਹੋ ਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ। 'ਇਕਬਾਲ ਨੂੰ' ਇਕ ਸੁੰਦਰ ਕਵਿਤਾ ਜਿਸ ਵਿਚ ਕਵੀ ਸ਼ਾਇਰ ਇਕਬਾਲ ਨੂੰ ਉਲਾਂਭਾ ਦਿੰਦਾ ਹੈ ਕਿ ਉਹ 'ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ' ਲਿਖ ਕੇ ਪਾਕਿਸਤਾਨ ਕਿਉਂ ਚਲਿਆ ਗਿਆ। 'ਕਿੰਨਾ ਕੁ ਸਫ਼ਰ ਬਾਕੀ ਹੈ' ਇਕ ਸਾਹਿਤਕ ਪੱਧਰ ਦੀ ਕਵਿਤਾ ਹੈ ਜਿਸ ਵਿਚ ਰਛਪਾਲ ਸਿੰਘ ਸੰਧੂ ਜ਼ਿੰਦਗੀ ਦੇ ਸਫ਼ਰ ਦਾ ਆਦਿ ਤੋਂ ਅੰਤ ਤਕ ਸੁੰਦਰ ਢੰਗ ਨਾਲ ਵਖਿਆਨ ਕਰਦਾ ਹੈ। ਇੰਝ ਵੰਨ ਸੁਵੰਨੇ ਵਿਸ਼ਿਆਂ 'ਤੇ ਲਿਖੀਆਂ ਉਸ ਦੀਆਂ ਕਵਿਤਾਵਾਂ ਪ੍ਰਭਾਵਿਤ ਕਰਦੀਆਂ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਦੇਬੋ
ਲੇਖਕ : ਪ੍ਰਭਜੋਤ ਸਿੰਘ ਘਨੋਲੀ
ਪ੍ਰਕਾਸ਼ਕ : ਸਾਂਝੀ-ਸੁਰ ਪਬਲੀਕੇਸ਼ਨਜ਼, ਰਾਜਪੁਰਾ
ਮੁੱਲ : 130 ਰੁਪਏ, ਸਫ਼ੇ : 112
ਸੰਪਰਕ : 88807-01313.

'ਦੇਬੋ' ਕਰੂਰ ਸਮਾਜਿਕ ਯਥਾਰਥਵਾਦੀ ਨਾਵਲ ਹੈ। ਇਸ ਦਾ ਕਥਾਨਕ ਮਹਿਜ਼ ਪ੍ਰੇਮ ਵਿਚ ਗੜੁੱਚੇ ਨੌਜਵਾਨਾਂ ਦੇ ਜਜ਼ਬਾਤ ਜਾਂ ਛਲਕਾਂ ਮਾਰਦੇ ਮਨੋਵੇਗਾਂ ਅਤੇ ਵਲਵਲਿਆਂ ਦਾ ਹੀ ਪ੍ਰਗਟਾਵਾ ਨਹੀਂ, ਸਗੋਂ ਸਾਡੇ ਅਜੋਕੇ ਸਮੇਂ ਵਿਚ ਜਦ ਅਸੀਂ ਵਿਸ਼ਵੀਕਰਨ ਦੀ ਸੰਗਤ ਮਾਣ ਰਹੇ ਹਾਂ ਪਰੰਤੂ ਗੁਰੂਆਂ, ਪੀਰਾਂ, ਸੰਤਾਂ ਵਲੋਂ ਸਰਬ ਸਾਂਝੀਵਾਲਤਾ ਦੇ ਦਿੱਤੇ ਗਏ ਉਸ ਪੈਗ਼ਾਮ ਕਿ 'ਸਰਬੱਤ ਦਾ ਭਲਾ ਹੋਵੇ' ਜਾਂ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਜਿਹੇ ਪਵਿੱਤਰ ਸੰਦੇਸ਼ ਨੂੰ ਭੁੱਲ ਚੁੱਕੇ ਹਾਂ ਅਤੇ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇ, ਅਜਿਹੀ ਤ੍ਰਾਸਦਿਕ ਸੰਵੇਦਨਾ ਨੂੰ ਪ੍ਰਭਜੋਤ ਸਿੰਘ ਘਨੋਲੀ ਨੇ ਰਸ ਭਰਪੂਰ ਕਹਾਣੀ ਜ਼ਰੀਏ ਸਰਲ ਵਿਚਾਰਾਂ ਵਿਚ ਦਾਰਸ਼ਨਿਕਤਾ ਦੇ ਅੰਸ਼ ਭਰ ਕੇ ਇਸ ਨਾਵਲ ਜ਼ਰੀਏ ਪ੍ਰਗਟਾਇਆ ਹੈ।
ਪਾਤਰ ਪ੍ਰਭ ਅਤੇ ਦੇਬੋ, ਸਕੂਲੀ ਸਮੇਂ ਤੋਂ ਇਕ ਦੂਜੇ ਨੂੰ ਦਿਲੋਂ ਮੁਹੱਬਤ ਕਰਦੇ ਆ ਰਹੇ ਹਨ, ਇਸ ਮੁਹੱਬਤ ਵਿਚ ਵਾਸ਼ਨਾ ਜਾਂ ਉਲਾਰ ਪੱਖੀ ਸੁਆਦ ਨਹੀਂ ਹਨ, ਉਚੇਰੀ ਪੜ੍ਹਾਈ ਕਰਨ ਸਮੇਂ ਵੀ ਇਹ ਪਿਆਰ ਨਿਰੰਤਰ ਰਹਿੰਦਾ ਹੈ। ਦੇਬੋ ਜਿਥੇ ਪੜ੍ਹਦੀ ਸੀ ਉਥੇ ਹੀ ਹਸਪਤਾਲ ਵਿਚ ਨੌਕਰੀ ਮਿਲਣ ਤਕ ਵੀ ਇਹ ਪਿਆਰ ਹੋਸ਼-ਹਵਾਸ ਨਾਲ ਭਰਪੂਰ ਹੈ ਪਰੰਤੂ ਧਰਮ ਦੇ ਅਤੇ ਸਮਾਜ ਦੇ ਦੰਭੀ ਪਹਿਰੇਦਾਰ ਇਸ ਮੁਹੱਬਤ ਨੂੰ ਜਾਤੀਵਾਦੀ ਬੰਧਨਾਂ 'ਚ ਵੇਖਦੇ ਹੋਏ ਅਤਿ ਘਿਣਾਉਣੀਆਂ ਚਾਲਾਂ ਚਲਦੇ ਹੋਏ ਪਿਆਰ ਨੂੰ ਬਲੀ ਦਾ ਬੱਕਰਾ ਬਣਾ ਕੇ ਇਨ੍ਹਾਂ ਨੂੰ ਨਿਖੇੜ ਦਿੰਦੇ ਹਨ। ਨਾਵਲ ਵਿਚ ਕੁਝ ਪਾਤਰ ਦੇਬੋ ਅਤੇ ਪ੍ਰਭ ਵੱਲ ਵੀ ਭੁਗਤਦੇ ਹੋਏ ਦਰਸਾਏ ਹਨ ਪਰੰਤੂ ਦਾਮਾਂ ਦੇ ਲੋਭੀ, ਪਦਾਰਥਵਾਦੀ ਰੁਚੀਆਂ ਦੇ ਧਾਰਕ, ਵਿਦੇਸ਼ਾਂ ਵਿਚ ਧੀਆਂ ਵਿਆਹੇ ਜਾਣ ਦੇ ਲੋਭੀ ਮਾਪੇ, ਹੋਰ ਦਲਾਲ ਲੋਕ ਜੋ ਵਿਦੇਸ਼ਾਂ 'ਚ ਬੁੱਢੇ-ਠੇਰੇ ਵਰ ਲੱਭਣ ਵਿਚ ਤਾਂ ਸਹਾਈ ਹੁੰਦੇ ਹਨ ਪਰ ਹਾਣ-ਮੰਗਲ ਨੂੰ ਭੁੱਲ ਜਾਂਦੇ ਹਨ ਆਦਿ ਆਲੋਚਨਾਤਮਕ ਯਥਾਰਥਕ ਵਰਨਣ ਇਸ ਨਾਵਲ ਵਿਚ ਅੰਕਿਤ ਹੈ। ਤੇੲ੍ਹੀਵੇਂ ਵਰ੍ਹੇ ਵਿਚ ਪ੍ਰਭਜੋਤ ਸਿੰਘ ਨੇ ਤੇਈ ਹੀ ਕਾਂਡਾਂ ਵਿਚ ਇਸ ਨਾਵਲ ਨੂੰ ਪ੍ਰਵਾਨ ਚਾੜ੍ਹਿਆ ਹੈ ਅਤੇ ਪਿਆਰ-ਮੁਹੱਬਤ ਤਾਂ ਇਕ ਪਾਸੇ ਅਖੌਤੀ ਡੇਰਿਆਂ ਦੇ ਬਾਬੇ, ਕਿਸ ਤਰ੍ਹਾਂ ਗਰੀਬਾਂ ਦੇ ਮੂੰਹਾਂ 'ਚ ਪੈਣ ਵਾਲੀਆਂ ਰਸਦੀ-ਵਸਤਾਂ ਅਤੇ ਪੈਸੇ ਠੱਗ ਰਹੇ ਹਨ ਅਤੇ ਮਨੁੱਖੀ ਵਰਤਾਰਾ ਨੈਤਿਕ ਪੱਖੋਂ ਕਿੰਨਾਂ ਡਿੱਗ ਚੁੱਕਾ ਹੈ, ਆਦਿ ਦਾ ਜ਼ਿਕਰ ਵੀ ਬਾ-ਖੂਬੀ ਕੀਤਾ ਹੈ। ਸੱਚਮੁੱਚ ਇਹ ਨਾਵਲ ਨਵੀਆਂ ਉਸਾਰੂ ਨਾਵਲੀ-ਸੰਭਾਵਨਾਵਾਂ ਨਾਲ ਸਿਰਜਿਆ ਹੋਇਆ ਪ੍ਰਤੀਤ ਹੋਇਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਮੁੜ ਵੀ ਆ ਬਾਨੋ
ਨਾਵਲਕਾਰ : ਸਿਮਰਤ ਸੁਮੈਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 140
ਸੰਪਰਕ : 98550-04485.

ਇਹ ਨਾਵਲ ਮੁਸਲਮਾਨ ਗੁੱਜਰਾਂ ਦੇ ਜੀਵਨ 'ਤੇ ਆਧਾਰਿਤ ਹੈ। ਇਸ ਦੀ ਨਾਇਕਾ ਬਾਨੋ ਇਕ ਖੂਬਸੂਰਤ, ਚੁਲਬੁਲੀ, ਪਿਆਰ ਕਰਨ ਵਾਲੀ ਰੂਹ ਹੈ। ਗੁੱਜਰ ਲੋਕ ਕਿਸੇ ਇਕ ਟਿਕਾਣੇ 'ਤੇ ਨਹੀਂ ਰਹਿੰਦੇ। ਉਹ ਆਪਣੇ ਪਸ਼ੂਆਂ ਸਮੇਤ ਚਲਦੀ-ਫਿਰਦੀ ਵਹੀਰ ਦੇ ਰੂਪ ਵਿਚ ਫਿਰਦੇ ਰਹਿੰਦੇ ਹਨ। ਉਨ੍ਹਾਂ ਕੋਲ ਨਾ ਕੋਈ ਘਰ ਹਨ, ਨਾ ਨੌਕਰੀਆਂ, ਨਾ ਵਪਾਰ ਅਤੇ ਨਾ ਹੀ ਖੇਤੀ। ਇਨ੍ਹਾਂ ਦਾ ਜੀਵਨ ਬਹੁਤ ਔਖਾ ਅਤੇ ਦੁਸ਼ਵਾਰ ਹੈ।
ਇਹ ਪਿੰਡਾਂ ਵਿਚ ਜਾ ਕੇ ਦੁੱਧ ਵੇਚਦੇ ਹਨ। ਬਾਨੋ ਦੇ ਹੁਸਨ ਦਾ ਜਾਦੂ ਇਕ ਜੱਟ ਮੁੰਡੇ ਰਾਜੇ 'ਤੇ ਚੱਲ ਜਾਂਦਾ ਹੈ। ਬਾਨੋ ਵੀ ਉਸ ਨੂੰ ਪਿਆਰ ਕਰਨ ਲੱਗਦੀ ਹੈ। ਪਰ ਇਕ ਗੁਜਰੀ ਅਤੇ ਜੱਟ ਦਾ ਵਿਆਹ ਅਸੰਭਵ ਹੈ। ਪਤਾ ਲੱਗਣ 'ਤੇ ਮਾਪੇ ਬਾਨੋ 'ਤੇ ਤਸ਼ੱਦਦ ਕਰਦੇ ਹਨ। ਉਸ ਦਾ ਵਿਆਹ ਮੁਰਾਦ ਨਾਂਅ ਦੇ ਇਕ ਰਿਸ਼ਤੇਦਾਰ ਮੁੰਡੇ ਨਾਲ ਕਰ ਦਿੱਤਾ ਗਿਆ। ਉਹ ਬਹੁਤ ਸ਼ੱਕੀ ਅਤੇ ਜ਼ਾਲਮ ਬਿਰਤੀ ਵਾਲਾ ਸੀ। ਉਹ ਬਾਨੋ ਨਾਲ ਮਾੜਾ ਸਲੂਕ ਕਰਦਾ ਸੀ। ਭਾਵੇਂ ਬਾਨੋ ਤਿੰਨ ਬੱਚਿਆਂ ਦੀ ਮਾਂ ਬਣ ਗਈ ਸੀ ਪਰ ਰਾਜੂ ਦੀ ਮੁਹੱਬਤ ਹਾਲੇ ਵੀ ਉਸ ਦੇ ਦਿਲ ਵਿਚ ਤਾਜ਼ਾ ਸੀ। ਰਾਜੇ ਦੇ ਪਿੰਡ ਵਿਚ ਬਿਤਾਏ ਛੇ-ਸੱਤ ਮਹੀਨੇ ਉਸ ਦਾ ਕੀਮਤੀ ਖਜ਼ਾਨਾ ਬਣ ਗਏ ਸਨ। ਰਾਜਾ ਉਹਦੇ ਸੁਪਨਿਆਂ ਦਾ ਸੁਲਤਾਨ ਸੀ। ਉਸ ਨੂੰ ਮਹਿਸੂਸ ਹੋਇਆ ਕਿ ਰਾਜਾ ਬਿਮਾਰ ਹੈ। ਪੀਰਾਂ ਦੀਆਂ ਸੁੱਖਣਾਂ ਸੁਖਦੀ ਆਖਰ ਵਰ੍ਹਿਆਂ ਬਾਅਦ ਉਹ ਰਾਜੇ ਦੇ ਪਿੰਡ ਪਹੁੰਚ ਕੇ ਉਸ ਨੂੰ ਮਿਲੀ ਅਤੇ ਦੋਵਾਂ ਦੀਆਂ ਜ਼ਿੰਦਗੀਆਂ ਪਿਆਰ ਨਾਲ ਲਹਿਰਾ ਉੱਠੀਆਂ। ਸੱਚਾ ਪਿਆਰ ਜਿਸਮਾਂ ਤੋਂ ਉੱਠ ਕੇ ਰੂਹਾਂ ਦਾ ਰਿਸ਼ਤਾ ਬਣ ਗਿਆ। ਲੇਖਿਕਾ ਨੇ ਇਹ ਕਹਾਣੀ ਬਹੁਤ ਭਿੱਜ ਕੇ, ਡੂੰਘੇ ਅਹਿਸਾਸ ਨਾਲ ਲਿਖੀ ਹੈ। ਇਸ ਦੀ ਬੋਲੀ, ਸ਼ੈਲੀ, ਮੁਹਾਵਰਾ, ਗੀਤ, ਸਭ ਕੁਝ ਜਾਦੂਮਈ ਹੈ। ਇਸ ਪਲੇਠੇ ਤੇ ਨਿਵੇਕਲੇ ਨਾਵਲ ਦਾ ਤਹਿ ਦਿਲੋਂ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

11-08-2018

 ਸਿੱਖ ਸੁਰਤਿ ਦੀ ਪਰਵਾਜ਼
ਲੇਖਕ : ਹਰਿੰਦਰ ਸਿੰਘ ਮਹਿਬੂਬ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 496
ਸੰਪਰਕ : 0183-2545787.

'ਸਿੱਖ ਸੁਰਤਿ ਦੀ ਪਰਵਾਜ਼' ਮਹਿਬੂਬ ਮੈਮੋਰੀਅਲ ਲਿਟਰੇਰੀ ਸੁਸਾਇਟੀ ਗੜ੍ਹਦੀਵਾਲਾ ਦੁਆਰਾ ਲੇਖਕ ਦੀ ਮ੍ਰਿਤੂ ਉਪਰੰਤ ਛਾਪੇ ਗਏ ਲੇਖਾਂ ਅਤੇ ਮੁਲਾਕਾਤਾਂ ਦਾ ਇਕ ਵਡਮੁੱਲਾ ਸੰਗ੍ਰਹਿ ਹੈ। ਇਸ ਵਿਚਲੇ ਲੇਖਾਂ ਨੂੰ ਸੰਪਾਦਕਾਂ ਨੇ ਚਾਰ ਭਾਗਾਂ ਵਿਚ ਵਿਭਾਜਿਤ ਕੀਤਾ ਹੈ : 1. ਗੁਰਮਤਿ, 2. ਸਾਹਿਤਿਕ, 3. ਸਮਕਾਲੀ ਲੇਖਕਾਂ ਬਾਰੇ, ਅਤੇ 4. ਮੁਲਾਕਾਤਾਂ। ਪਹਿਲੇ ਭਾਗ ਵਿਚ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਬਾ ਤੇਜਾ ਸਿੰਘ ਭਸੌੜ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਗਿਆਨੀ ਦਿੱਤ ਸਿੰਘ, ਭਾਈ ਰਣਧੀਰ ਸਿੰਘ ਅਤੇ ਕੁਝ ਹੋਰ ਵਿਸ਼ਿਆਂ ਬਾਰੇ ਲਿਖੇ ਲੇਖ ਸੰਕਲਿਤ ਹਨ। ਦੂਜੇ ਭਾਗ ਵਿਚ ਰਿਗਵੇਦ, ਟੈਗੋਰ, ਡਾ: ਗੁਰਚਰਨ ਸਿੰਘ, ਟਾਲਸਟਾਇ, ਮਲਕਾ-ਇ-ਤਰੰਨੁਮ ਨੂਰ ਜਹਾਂ, ਪ੍ਰੋ: ਪੂਰਨ ਸਿੰਘ ਅਤੇ ਪ੍ਰੋ: ਮੋਹਨ ਸਿੰਘ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਤੀਜੇ ਭਾਗ ਵਿਚ ਲੇਖਕ ਨੇ ਆਪਣੇ ਸਮਕਾਲੀ ਲੇਖਕਾਂ ਦਾ ਜਾਇਜ਼ਾ ਲਿਆ ਹੈ ਅਤੇ ਚੌਥੇ ਭਾਗ ਵਿਚ ਉਸ ਨਾਲ ਕੀਤੀਆਂ ਕੁਝ ਮੁਲਾਕਾਤਾਂ ਸੰਕਲਿਤ ਹਨ।
ਪ੍ਰੋ: ਹਰਿੰਦਰ ਸਿੰਘ ਮਹਿਬੂਬ ਰਹੱਸਵਾਦੀ ਅਨੁਭਵ ਦਾ ਧਾਰਨੀ ਸੀ। ਉਹ ਪਵਿੱਤਰ ਅਤੇ ਲੌਕਿਕ ਨੂੰ ਆਧਾਰ ਬਣਾ ਕੇ ਆਪਣੇ ਵਿਚਾਰ ਪ੍ਰਗਟ ਕਰਦਾ ਸੀ। ਇਕ ਤਰ੍ਹਾਂ ਨਾਲ ਉਹ ਲੰਜਾਈਨਸ ਦੇ ਕੰਮ ਨੂੰ ਹੋਰ ਅੱਗੇ ਵਧਾਉਣ ਦਾ ਪ੍ਰਯਾਸ ਕਰਦਾ ਰਿਹਾ। ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਪੂੰਜੀਵਾਦੀ ਦੌਰ ਵਿਚ ਉਸ ਦੀਆਂ ਧਾਰਨਾਵਾਂ ਨੂੰ ਪੜ੍ਹਨ, ਸਮਝਣ ਵਾਲੇ ਬੰਦੇ, ਗਿਣਤੀ ਦੇ ਹੀ ਰਹਿ ਗਏ ਹਨ। ਉਹ ਹੋਮਰ, ਦਾਂਤੇ, ਮਿਲਟਨ, ਸ਼ੈਕਸਪੀਅਰ, ਟਾਲਸਟਾਇ ਅਤੇ ਦੋਸਤੋਇਵਸਕੀ ਵਰਗੇ ਲੇਖਕਾਂ ਨਾਲ ਬਰ ਮੇਚਣ ਲਈ ਤਾਂਘਦਾ ਰਿਹਾ, ਇਹ ਜਾਣੇ ਬਗੈਰ ਕਿ ਹਰ ਵੱਡਾ/ਮਹਾਨ ਲੇਖਕ ਆਪਣੇ-ਆਪਣੇ ਯੁੱਗ ਦੀਆਂ ਸਥਿਤੀਆਂ ਦੀ ਉਪਜ ਹੁੰਦਾ ਹੈ ਅਤੇ ਹਰ ਇਕ ਨੂੰ ਆਪਣੇ ਯੁੱਗ ਦੀਆਂ ਸਥਿਤੀਆਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ। ਪਰ ਆਪਣੀ ਅਣਥੱਕ ਮਿਹਨਤ ਨਾਲ ਉਹ ਆਪਣੇ ਪ੍ਰਾਜੈਕਟ ਵਿਚ ਸਫ਼ਲ ਵੀ ਹੋ ਗਿਆ। ਇਹੋ ਜਿਹੇ ਸਿਦਕੀ, ਸਿਰੜੀ ਅਤੇ ਸੁਪਨੇਸਾਜ਼ ਵਿਅਕਤੀ ਹੀ ਸਾਹਿਤ ਵਿਚ ਨਵੀਂ ਊਰਜਾ ਫੂਕ ਸਕਦੇ ਹਨ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਿੱਖ ਫ਼ਲਸਫ਼ੇ ਦੀ ਭੂਮਿਕਾ
ਲੇਖਕ : ਡਾ: ਜਸਬੀਰ ਸਿੰਘ ਆਹਲੂਵਾਲੀਆ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 98156-55224.

ਡਾ: ਆਹਲੂਵਾਲੀਆ ਕੋਲ ਫਲਸਫ਼ੇ, ਧਰਮ, ਤੁਲਨਾਤਮਿਕ ਅਧਿਐਨ ਦੀ ਬਾਰੀਕ ਨਿਖੇੜਿਆਂ ਦੀ ਕਮਾਲ ਦੀ ਸੂਝ ਹੈ। ਇਹ ਛੋਟੀ ਜਿਹੀ ਪੁਸਤਕ ਵਿਚ ਉਸ ਨੇ ਪੰਜਾਹ ਵਰ੍ਹੇ ਪਹਿਲਾਂ ਲਿਖੀ ਸੀ ਅਤੇ ਅੱਜ ਵੀ ਇੰਜ ਲਗਦਾ ਹੈ ਕਿ ਇਸ ਵਿਚ ਕਿਸੇ ਸੋਧ/ਵਾਧੇ ਦੀ ਗੁੰਜਾਇਸ਼ ਨਹੀਂ। ਇਸੇ ਲਈ ਬਿਨਾਂ ਕਿਸੇ ਭੂਮਿਕਾ/ਸੋਧ ਦੇ ਹੀ ਇਹ ਦੂਜੀ ਵਾਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ।
ਸਿੱਖ ਚਿੰਤਨ ਦੀ ਵਿਲੱਖਣਤਾ, ਨਰੋਏਪਣ, ਵਿਸ਼ਵ ਵਿਆਪੀ ਸਾਰਥਕਤਾ ਅਤੇ ਅਜੋਕੇ ਯੁੱਗ ਵਿਚ ਇਸ ਦੇ ਮਹੱਤਵ ਨੂੰ ਸਮਝਣ ਸਮਝਾਉਣ ਦਾ ਉੱਦਮ ਹੈ ਇਹ। ਨਹਿਰੂਵਾਦੀ-ਬਹੁਵਾਦੀ ਸਿਆਸਤ ਦੀ ਥਾਂ ਅੱਜ ਆਰ.ਐਸ.ਐਸ. ਦੀ ਨੰਗੀ ਚਿੱਟੀ ਨਫ਼ਰਤ, ਜ਼ਹਿਰ, ਵੰਡੀਆਂ ਵਾਲੀ ਸਿਆਸਤ, ਰਾਸ਼ਟਰੀ ਸੋਇਮ ਸੇਵਕ ਸੰਘ ਦੀ ਰਾਸ਼ਟਰੀ ਸਿੱਖ ਸੰਗਤ ਵਜੋਂ ਸਿੱਖੀ ਵਿਚ ਘੁਸਪੈਠ, ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਯਤਨ, ਸਿੱਖ ਸਿਧਾਂਤ, ਇਤਿਹਾਸ, ਵਿਹਾਰ, ਪਰੰਪਰਾਵਾਂ ਨਾਲ ਛੇੜਛਾੜ ਦੇ ਗੰਧਲੇ ਵਾਤਾਵਰਨ ਵਿਚ ਆਹਲੂਵਾਲੀਆ ਦੀ ਇਹ ਕਿਤਾਬ ਨੌਜਵਾਨ ਸਿੱਖ ਚਿੰਤਕਾਂ ਨੂੰ ਗੰਭੀਰਤਾ ਨਾਲ ਪੜ੍ਹਨੀ ਵਿਚਾਰਨੀ ਚਾਹੀਦੀ ਹੈ। ਸਿੱਖ ਚਿੰਤਨ ਦੀਆਂ ਸਮੱਸਿਆਵਾਂ, ਵਿਲੱਖਣਤਾ, ਇਸ ਦੇ ਵੇਦਾਂਤੀਕਰਨ ਦੇ ਯਤਨ, ਮੀਰੀ, ਪੀਰੀ ਦੇ ਪ੍ਰਸੰਗ ਵਿਚ ਧਰਮ ਸਿਆਸਤ ਦੀ ਸਮਾਨਾਂਤਰਤਾ ਮੇਲ ਤੇ ਨਿਖੇੜ, ਭਾਰਤੀ, ਪੱਛਮੀ ਧਰਮ ਚਿੰਤਨ ਨਾਲੋਂ ਸਿੱਖ ਦਰਸ਼ਨ ਦੇ ਮੂਲ ਨਿਖੇੜੇ ਤੇ ਉਨ੍ਹਾਂ ਦਾ ਮਹੱਤਵ ਸਭ ਕੁਝ ਹੀ ਵਿਚਾਰਿਆ ਹੈ ਲੇਖਕ ਨੇ।
ਆਹਲੂਵਾਲੀਆ ਧਰਮ ਨੂੰ ਸਮਾਜਿਕ ਸੁਪਰਸਟਰਕਚਰ ਦਾ ਨਿਸ਼ਕ੍ਰਿਆ ਅੰਗ ਨਹੀਂ ਮੰਨਦਾ। ਇਸ ਪੱਖੋਂ ਉਹ ਧਰਮ ਤੇ ਸਿੱਖ ਧਰਮ ਦੋਵਾਂ ਦੀ ਅਜੋਕੇ ਯੁੱਗ ਵਿਚ ਸਾਰਥਕਤਾ ਸਥਾਪਤ ਕਰਦਾ ਹੈ। ਸਿੱਖੀ ਨੂੰ ਉਹ ਰਿਲੀਜਨ ਆਫ ਸਪਿਰਿਟ ਕਹਿੰਦਾ ਹੈ। ਸਿੱਖ ਧਰਮ ਨੂੰ ਜੋੜ-ਤੋੜ ਵਾਲਾ ਸਿੰਕਰੈਟਿਕ ਧਰਮ ਜਾਂ ਹਿੰਦੂ ਧਰਮ ਦੀ ਸਾਖ ਮੰਨਣ ਦੇ ਦਾਅਵੇ ਰੱਦ ਕਰਕੇ ਹਰ ਪੱਖੋਂ ਸਿੱਖੀ ਦੀ ਹਲਤ/ਪਲਤ ਮੁਖੀ ਵਿਆਖਿਆ ਕਰਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਗੀਤ ਗੋਵਿੰਦ
ਮੂਲ ਅੰਗਰੇਜ਼ੀ ਰੂਪਾਂਤਰ : ਪ੍ਰੋ: ਪੂਰਨ ਸਿੰਘ
ਪੰਜਾਬੀ ਅਨੁਵਾਦ : ਕਿਰਪਾਲ ਸਿੰਘ ਕਸੇਲ
ਪ੍ਰਕਾਸ਼ਕ : ਪੂਰਨ ਸਿੰਘ ਯਾਦਗਾਰੀ ਸਾਹਿਤ ਸੰਸਥਾਨ, ਪਟਿਆਲਾ
ਮੁੱਲ : 125 ਰੁਪਏ, ਸਫ਼ੇ : 95
ਸੰਪਰਕ : 0175-2321532.

ਪ੍ਰੋ: ਪੂਰਨ ਸਿੰਘ ਦੀ ਸਾਹਿਤਕ ਪ੍ਰਤਿਭਾ ਵਿਲੱਖਣ ਹੈ। ਸੰਸਕ੍ਰਿਤ ਭਾਸ਼ਾ ਦੇ ਮਹਾਨ ਕਵੀ ਜੈ ਦੇਵ ਨੇ ਸਲੋਕਾਂ ਰਾਹੀਂ 'ਗੀਤ ਗੋਵਿੰਦ' ਨਾਮਕ ਕਾਵਿ-ਨਾਟਕ ਲਿਖਿਆ, ਜਿਸ ਨੂੰ ਰਾਸ-ਲੀਲ੍ਹਾ ਜਾਂ ਕ੍ਰਿਸ਼ਨ-ਲੀਲ੍ਹਾ ਨਾਵਾਂ ਨਾਲ ਵੀ ਖੇਡਿਆ ਗਿਆ। ਪ੍ਰੋ: ਪੂਰਨ ਸਿੰਘ ਨੇ ਇਸ ਵੈਸ਼ਨਵ-ਮੱਤ ਦੀ ਅਮਰ ਰਚਨਾ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਪੇਸ਼ ਕੀਤਾ। ਇਸੇ ਵਿਲੱਖਣ ਰਚਨਾ ਨੂੰ ਕਿਰਪਾਲ ਸਿੰਘ ਕਸੇਲ ਨੇ ਕਾਵਿਕ ਪੰਜਾਬੀ ਭਾਸ਼ਾ ਵਿਚ ਸਾਡੇ ਸਾਹਮਣੇ ਲਿਆਂਦਾ ਹੈ। ਮੂਲ ਰੂਪ ਵਿਚ ਇਹ ਰਚਨਾ ਭਾਵੇਂ ਮਾਨਵੀ ਪਿਆਰ ਦਾ ਝੌਲਾ ਪਾਉਂਦੀ ਹੈ ਪਰੰਤੂ ਇਹ ਸੱਚ-ਸੁੱਚ ਅਤੇ ਰੂਹਾਨੀਅਤ ਪਿਆਰ ਦਾ ਮੁਜੱਸਮਾ ਹੈ ਅਤੇ ਰਹੱਸਵਾਦੀ ਅਨੁਭਵ ਅਤੇ ਇਸ ਦੇ ਪ੍ਰਗਟਾਵੇ ਦੀ ਬੋਧ-ਮੂਲਕ ਰਚਨਾ ਹੈ। ਇਸ ਕਾਵਿ-ਨਾਟਕ ਨੂੰ 'ਮੰਗਲਾਚਰਨ ਤੋਂ ਅਗਾਂਹ ਦਸ ਕਾਂਡਾਂ ਅਥਵਾ ਦ੍ਰਿਸ਼ਾਂ ਵਿਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਸਾਰਿਆਂ ਦ੍ਰਿਸ਼ਾਂ ਵਿਚ ਮੂਲ ਰੂਪ ਵਿਚ ਤਿੰਨ ਪਾਤਰ ਸਖੀ, ਰਾਧਾ ਅਤੇ ਕ੍ਰਿਸ਼ਨ ਹਨ। 'ਸਖੀ' ਨਾਮਕ ਪਾਤਰ ਉਹ ਮੌਕੇ (ਸਿਚੂਏਸ਼ਨਜ਼) ਸਿਰਜਦਾ ਹੈ, ਜਿਸ ਨੇ ਸਾਧਕ ਅਤੇ ਉਸ ਦੇ ਪ੍ਰੀਤਮ ਦੇ ਮਾਨਸਿਕ ਭਾਵਾਂ, ਵਿਭਾਵਾਂ, ਸੰਵੇਦਨਾ, ਮਿਲਣ ਦੀ ਤਾਂਘ, ਰੂਹਾਨੀ ਮਿਲਾਪ, ਰੂਹਾਨੀ ਅਭੇਦਤਾ ਦੇ ਇਹ ਲੌਕਿਕ ਅਤੇ ਪਾਰਲੌਕਿਕ ਨਜ਼ਾਰੇ ਜਾਂ ਦ੍ਰਿਸ਼ ਉਦੇਮਾਨ ਹੁੰਦੇ ਹਨ। ਪਹਿਲੇ ਤਿੰਨ ਕਾਂਡਾਂ 'ਚ ਰਾਧਾ ਪ੍ਰੀਤਮ ਪਿਆਰ ਦੀ ਸਾਧਨਾ 'ਚ ਜੁੜੀ ਹੋਈ ਹੈ। ਸਖੀ ਉਸ ਵਿਚ ਮਿਲਾਪ ਲਈ ਉਤੇਜਨਾ ਭਰਦੀ ਹੈ। ਕ੍ਰਿਸ਼ਨ ਸੈਂਕੜੇ ਗੋਪੀਆਂ ਨਾਲ ਨੱਚਣ ਅਤੇ ਚੁਹਲ-ਮੁਹਲ ਕਰਨ 'ਚ ਰੁੱਝਾ ਹੋਇਆ ਹੈ, ਜੋ ਕਿ ਰਾਧਾ ਨੂੰ ਚੰਗਾ ਨਹੀਂ ਲਗਦਾ। ਚੌਥੇ ਕਾਂਡ 'ਚ ਸਖੀ ਰਾਧਾ ਨੂੰ ਕ੍ਰਿਸ਼ਨ ਪਾਸ ਜਾਣ ਲਈ ਆਖਦੀ ਹੈ ਪਰ ਰਾਧਾ ਭਗਤੀ 'ਚ ਮਘਨ ਰਹਿੰਦੀ ਹੈ। ਪੰਜਵੇਂ ਕਾਂਡ 'ਚ ਕ੍ਰਿਸ਼ਨ 'ਚੰਬੇਲੀ-ਕੁੰਜ' ਵਿਚ ਬਿਰਾਜਮਾਨ ਹੈ, ਜਿਥੇ ਸਖੀ ਜਾ ਸੰਬੋਧਨ ਹੁੰਦੀ ਹੈ। ਛੇਵੇਂ ਕਾਂਡ ਵਿਚ ਰਾਧਾ ਪ੍ਰੀਤਮ ਪਿਆਰੇ ਦਾ ਚਿਤਵਣ ਕਰਦੀ ਹੋਈ, ਸਖੀ ਨੂੰ ਵੀ ਸੰਬੋਧਨ ਹੁੰਦੀ ਹੋਈ ਲਟਬੌਰੀ, ਮਿਲਣ ਦੀ ਤਾਂਘ ਜਿਹੇ ਭਾਵ ਪ੍ਰਗਟ ਕਰਦੀ ਹੈ ਅਤੇ ਸਤਵੇਂ ਕਾਂਡ 'ਚ ਕ੍ਰਿਸ਼ਨ ਮਿਲਾਪ ਹੋ ਜਾਂਦਾ ਹੈ। ਅਠਵੇਂ ਕਾਂਡ 'ਚ ਕ੍ਰਿਸ਼ਨ ਹੂ-ਬ-ਹੂ ਪ੍ਰਗਟ ਹੁੰਦਾ ਹੈ ਅਤੇ ਆਪਣੇ ਭਾਵਾਂ-ਉਦਗਾਰਾਂ ਦਾ ਜ਼ਿਕਰ ਕਰਦਾ ਹੈ।
ਨੌਵਾਂ ਦ੍ਰਿਸ਼ ਸਖੀ ਅਤੇ ਰਾਧਾ ਦੇ ਆਪਸੀ ਵਾਰਤਾਲਾਪਾਂ ਤੋਂ ਅਗਾਂਹ ਜਾ ਕੇ ਕ੍ਰਿਸ਼ਨ ਅਤੇ ਰਾਧਾ ਦੇ ਰੂਹਾਨੀਅਤ ਭਰੇ ਮਿਲਾਪ ਵਿਚ ਅਭੇਦ ਹੋ ਜਾਣ ਦਾ ਹੈ। ਅੰਤਿਮ ਦ੍ਰਿਸ਼ ਵਿਚ ਰਾਧਾ ਦੁਆਰਾ ਰੂਹਾਨੀ ਤੌਰ 'ਤੇ ਕ੍ਰਿਸ਼ਨ ਮੁਰਾਰੀ ਨੂੰ ਸੰਬੋਧਿਤ ਜਿਸ ਵਿਚ ਰਾਧਾ ਨੇ ਕ੍ਰਿਸ਼ਨ ਨੂੰ ਕਿਹਾ ਹੈ ਕਿ ਉਹ ਉਸ ਨੂੰ ਸੋਲਾਂ ਸ਼ਿੰਗਾਰਾਂ ਨਾਲ ਸ਼ਿੰਗਾਰੇ। ਇਸ ਤਰ੍ਹਾਂ ਇਹ ਰਚਨਾ ਰਹੱਸਾਤਮਕ-ਤੱਥ-ਸੱਚ ਦਾ ਪ੍ਰਗਟਾਵਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਬਲੌਰੀ
ਲੇਖਕ : ਦਲਜੀਤ ਕੌਰ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 93
ਸੰਪਰਕ : 99155-60280.

ਬਲੌਰੀ ਕਹਾਣੀ ਸੰਗ੍ਰਹਿ ਵਿਚ ਮੂਲ ਰੂਪ ਵਿਚ ਸ਼ਾਇਰਾ ਦਲਜੀਤ ਕੌਰ ਦਾਊਂ ਨੇ ਸਮਕਾਲੀ ਸਮਾਜ ਦੀਆਂ ਗੁੰਝਲਾਂ, ਵਿਸ਼ਵੀਕਰਨ ਦੇ ਪ੍ਰਭਾਵਾਂ, ਵਧ ਰਿਹਾ ਪਦਾਰਥਵਾਦੀ ਨਜ਼ਰੀਆ, ਗੰਧਲੇ ਹੋ ਰਹੇ ਰਿਸ਼ਤਿਆਂ ਨੂੰ ਆਧਾਰ ਬਣਾ ਕਹਾਣੀ ਰਚਨਾ ਕਰਨ ਦਾ ਯਤਨ ਕੀਤਾ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਉਸ ਦੇ ਸਮਾਜਿਕ ਵਰਤਾਰੇ ਨਾਲ ਜੁੜੇ ਨਜ਼ਰੀ ਪੈਂਦੇ ਹਨ, ਜਿਨ੍ਹਾਂ ਨੂੰ ਉਸ ਦੇ ਸੰਵੇਦਨਸ਼ੀਲ ਮਨ ਨੂੰ ਝੰਜੋੜਿਆਂ ਅਤੇ ਉਹ ਕਹਾਣੀਆਂ ਦੇ ਰੂਪ ਵਿਚ ਪਾਠਕਾਂ ਅੱਗੇ ਪੇਸ਼ ਹੋਏ। ਭਾਵੇਂ ਕਿ ਕਹਾਣੀਆਂ ਦੀ ਬਣਤਰ ਜ਼ਿਆਦਾ ਗੁੰਦਵੀਂ ਨਹੀ ਅਤੇ ਕਿਤੇ-ਕਿਤੇ ਕਹਾਣੀਆਂ ਵਿਚ ਇਕ ਖੱਪਾ ਜਿਹਾ ਮਹਿਸੂਸ ਹੁੰਦਾ ਹੈ। ਕਈ ਕਹਾਣੀਆਂ ਦੀ ਪੇਸ਼ਕਾਰੀ ਇਕ ਨਿੰਬਧ ਵਰਗੀ ਹੈ ਪਰ ਫਿਰ ਵੀ ਲੇਖਿਕਾ ਨੇ ਆਪਣੀਆਂ ਕਹਾਣੀਆਂ ਰਾਹੀਂ ਇਕ ਸੰਤੁਲਿਤ ਸੋਚ ਨੂੰ ਪ੍ਰਗਟਾਇਆ ਹੈ। ਉਸ ਵਿਚ ਕਿਤੇ ਬਹੁਤੀ ਉਲਾਰਤਾ ਨਹੀਂ ਦਿਸਦੀ। ਨਾ ਹੀ ਨਾਰੀਵਾਦ ਦੇ ਕੋਈ ਜ਼ਿਆਦਾ ਮਸਲੇ ਹਨ ਅਤੇ ਨਾ ਹੀ ਮਰਦ ਪ੍ਰਧਾਨਤਾ ਦਾ ਕੋਈ ਜ਼ਿਆਦਾ ਰੌਲਾ। ਮਨੁੱਖੀ ਕਰਮਾਂ ਦੇ ਦੁੱਖ ਸੁੱਖ, ਮਾਇਆ ਨਗਰੀ ਦੀ ਚਕਾਚੌਂਧ ਵਿਚ ਗਵਾਚਦੀ ਜਵਾਨੀ ਨੂੰ ਉਸ ਨੇ 'ਚਕਾਚੋਂਧ' ਅਤੇ 'ਬਲੌਰੀ' ਕਹਾਣੀਆਂ ਵਿਚ ਬਾਖੂਬੀ ਪ੍ਰਗਟਾਇਆ ਹੈ। ਇਕਹਿਰੇ ਬਿਰਤਾਂਤ ਵਾਲੀਆਂ ਉਸ ਦੀਆਂ ਕਹਾਣੀਆਂ ਵਿਚ 'ਪਾਗਲ ਹੋਈ ਹਵਾ' ਇਕ ਖੂਬਸੂਰਤ ਕਹਾਣੀ ਹੈ ਜਿਸ ਵਿਚ ਮਾਨਵੀ ਸੰਵੇਦਨਾ ਦਾ ਪ੍ਰਗਟਾਵਾ ਹੈ। 'ਨੂਰੀ' ਨਿਰਛਲ ਪਿਆਰ ਦੀ ਬੇਕਦਰੀ ਦੀ ਕਹਾਣੀ ਹੈ। ਲੇਖਿਕਾ ਦੇ ਜੀਵਨ ਦੀਆਂ ਕੁਝ ਯਾਦਾਂ ਵੀ ਇਸ ਸੰਗ੍ਰਹਿ ਵਿਚ ਕਹਾਣੀਆਂ ਦੇ ਰੂਪ ਵਿਚ ਸ਼ਾਮਿਲ ਹਨ। ਔਰਤ ਸ਼ਕਤੀ ਦਾ ਪ੍ਰਤੀਕ 'ਸੀਮਾ ਵਣਜਾਰਨ' ਉਸ ਦੀ ਮਾਨਵੀ ਹੋਂਦ ਦਾ ਪ੍ਰਗਟਾਵਾ ਹੈ ਅਤੇ 'ਬੇਕਦਰੀ' ਅੱਜ ਦੇ ਸਮਾਜ ਵਿਚ ਮਾਪਿਆਂ ਦੀ ਹੋ ਰਹੀ ਬੇਕਦਰੀ ਦੀ ਝਲਕ ਪੇਸ਼ ਕਰਦੀ ਹੈ। ਹੁੰਮਸ, ਰੁੰਡ-ਮੁੰਡ, ਕਹਾਣੀਆਂ ਜਿੱਥੇ ਵਾਤਾਵਰਨ ਦੀ ਵਿਸ਼ਵ ਵਿਆਪੀ ਸਮੱਸਿਆ ਦੀ ਬਾਤ ਪਾਉਂਦੀਆਂ ਹਨ, ਉਥੇ ਇਹ ਇਸ ਸਬੰਧੀ ਸਮਾਜਿਕ ਜਾਗ੍ਰਿਤੀ ਵੱਲ ਵੀ ਇਸ਼ਾਰਾ ਕਰਦੀਆਂ ਹਨ। ਬਦਲਦੀਆਂ ਸਮਾਜਿਕ ਪ੍ਰਸਥਿਤੀਆਂ ਅਨੁਸਾਰ ਕੁੜੀਆਂ ਦੀ ਬਦਲਦੀ ਸਮਾਜਿਕ ਸਥਿਤੀ ਨੂੰ 'ਆਈਲਟਸ'ਕਹਾਣੀ ਵਿਚ ਬਾਖੂਬੀ ਪੇਸ਼ ਕੀਤਾ ਹੈ। ਸੰਖੇਪ ਰੂਪ ਵਾਲੀਆਂ ਕਹਾਣੀਆਂ ਸਮਾਜਕ ਯਥਾਰਥ ਦਾ ਪ੍ਰਗਟਾਵਾ ਕਰਦੀਆਂ ਨਜ਼ਰੀ ਪੈਂਦੀਆਂ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਕਸਤੂਰੀ
ਕਵੀ : ਐਸ ਖੁਸ਼ਹਾਲ ਗਲੋਟੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 97790-21297.

ਐਸ ਖੁਸ਼ਹਾਲ ਗਲੋਟੀ ਨੇ ਇਸ ਪੁਸਤਕ ਵਿਚ 201 ਕਾਵਿ ਟੁਕੜੀਆਂ ਅਤੇ 6 ਗੀਤ ਸ਼ਾਮਿਲ ਕੀਤੇ ਹਨ। ਇਹ ਕਾਵਿ ਟੁਕੜੀਆਂ ਰੁਬਾਈਆਂ ਜਾਂ ਚੌਬਰਗਿਆਂ ਦਾ ਭੁਲੇਖਾ ਪਾਉਂਦੀਆਂ ਹਨ ਪਰ ਇਹ ਬਹੁਤ ਥਾਈਂ ਆਪਣਾ ਰੂਪਕ ਪੱਖ ਵਿਕਲੋਤਰਾ ਧਾਰਨ ਕਰ ਲੈਂਦੀਆਂ ਹਨ। ਇਨ੍ਹਾਂ ਕਾਵਿ ਟੁਕੜੀਆਂ ਦਾ ਬਹਿਰ/ਛੰਦ ਵੀ ਵੱਖੋ-ਵੱਖਰਾ ਹੈ ਅਤੇ ਕਈ ਟੁਕੜੀਆਂ ਦਾ ਆਕਾਰ ਵੀ ਮੇਲ ਨਹੀਂ ਖਾਂਦਾ। ਜਿਵੇਂ 20 ਨੰਬਰ ਕਾਵਿ ਟੁਕੜੀ 12 ਸਤਰਾਂ ਦੀ ਅਤੇ ਬੇ-ਬਹਿਰੀ ਹੈ ਪਰ 40 ਨੰਬਰ ਟੁਕੜੀ ਕੇਵਲ ਦੋ ਸਤਰਾਂ ਦੀ ਹੈ। ਇਸੇ ਤਰ੍ਹਾਂ ਕਈ ਕਾਵਿ ਟੁਕੜੀਆਂ 10-10 ਸਤਰਾਂ ਜਾਂ ਤਿੰਨ-ਤਿੰਨ ਸਤਰਾਂ ਦੀਆਂ ਵੀ ਹਨ। ਇਨ੍ਹਾਂ ਵਿਚ ਛੰਦ ਅਥਵਾ ਬਹਿਰ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸਾਰੀਆਂ ਕਾਵਿ ਟੁਕੜੀਆਂ ਵਿਚ ਕਾਫੀਆ ਸਾਂਝਾ ਹੈ ਪਰ ਕਈਆਂ ਦਾ ਦੋ-ਦੋ ਸਤਰਾਂ ਦਾ ਹੈ। ਕਈਆਂ ਦਾ ਸਿਧਾਂਤ ਅਨੁਰੂਪ ਨਹੀਂ।
ਅਸਲ ਵਿਚ ਗਲੋਟੀ ਇਕ ਗੀਤਕਾਰ ਹੈ, ਜਿਸ ਦੇ ਬਹੁਤ ਸਾਰੇ ਗੀਤ ਗਾਇਕਾਂ ਨੇ ਗਾਏ ਹਨ। ਇਸ ਪੁਸਤਕ ਦੀਆਂ ਟੁਕੜੀਆਂ ਸਟੇਜ ਉੱਤੇ ਬੋਲਣ ਵਾਲੇ ਟੋਟਕੇ ਹਨ ਜੋ ਕਿ ਇਕਾਈ ਵਿਚ ਸਚਾਈ ਪੇਸ਼ ਕਰਦੀਆਂ ਹਨ। ਜਿਵੇਂ :
ਂ ਭੁੱਖ ਕਿਸੇ ਨੇ ਵੇਖੀ ਨਾ
ਪਿਆਸ ਕਿਸੇ ਨੇ ਵੇਖੀ ਨਾ
ਨੀਂਦ ਕਿਸੇ ਨੇ ਵੇਖੀ ਨਾ
ਪੀੜ ਕਿਸੇ ਨੇ ਵੇਖੀ ਨਾ/ਫਿਰ ਵੀ ਮੰਨੀ ਜਾਈਏ
ਪਰ ਰੱਬ ਤਾਂ ਸਾਡੇ ਅੰਦਰ ਬੈਠਾ
ਉਹਨੂੰ ਕਿਉਂ ਭੁਲਾਈਏ
ਂਰਿਸ਼ੀ ਲਈ ਹੁੰਦਾ ਸਦਾ ਸਵੇਰਾ/ਰਵੀ ਲਈ ਕਦੀ ਕਦੀ ਸਵੇਰਾ
ਜਿਵੇਂ ਬਦਲਾਂ ਵਿਚ ਬਿਜਲੀ ਚਮਕੇ/ਹੋਜੇ ਫੇਰ ਖੁਸ਼ਹਾਲ ਹਨੇਰਾ।
ਇਨ੍ਹਾਂ ਕਾਵਿ ਟੁਕੜੀਆਂ ਵਿਚ ਜੀਵਨ ਦੀਆਂ ਸਚਾਈਆਂ ਪੇਸ਼ ਕੀਤੀਆਂ ਗਈਆਂ ਹਨ। ਇਹ ਸਿੱਖਿਆਦਾਇਕ ਵੀ ਹਨ ਅਤੇ ਨੈਤਿਕਤਾ ਦੀ ਵਡਿਆਈ ਕਰਦੀਆਂ ਹਨ। ਭਾਵੇਂ ਇਹ ਕਾਵਿ ਟੁਕੜੀਆਂ ਕਿਸੇ ਇਕਸਾਰ ਰੂਪ ਵਿਧਾਨ ਵਿਚ ਖਰੀਆਂ ਨਹੀਂ ਉੱਤਰਦੀਆਂ ਪਰ ਕੁਝ ਇਕ ਪੜ੍ਹਨ/ਮਾਣਨਯੋਗ ਹਨ। ਚੰਗਾ ਹੁੰਦਾ ਜੇਕਰ ਕਵੀ ਇਨ੍ਹਾਂ ਕਾਵਿ ਟੁਕੜੀਆਂ ਨੂੰ ਕਿਸੇ ਨਿਰਧਾਰਤ ਵਿਧਾਨ ਵਿਚ ਪੇਸ਼ ਕਰਦਾ। ਇਨ੍ਹਾਂ ਨੂੰ ਰੁਬਾਈਆਂ ਵਿਚ ਦੋਹੜਿਆਂ ਵਿਚ ਅਤੇ ਜਾਂ ਫਿਰ ਚੌਬਰਗਿਆਂ ਵਿਚ ਢਾਲਿਆ ਜਾ ਸਕਦਾ ਸੀ। ਇਸ ਪੁਸਤਕ ਵਿਚ ਪੇਸ਼ 6 ਗੀਤ ਸੁੰਦਰ ਅਤੇ ਜਜ਼ਬਾਤ ਪਰੁਚੇ ਹਨ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਗਾਥਾ ਆਨੰਦਪੁਰ ਦੀ
ਲੇਖਕ : ਅਸ਼ਵਨੀ ਕੁਮਾਰ ਸਾਵਣ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 72
ਸੰਪਰਕ : 98780-31512.

'ਗਾਥਾ ਆਨੰਦਪੁਰ ਦੀ' ਸਿੱਖ ਇਤਿਹਾਸ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲਾ ਨਾਟਕ ਹੈ, ਜਿਸ ਰਾਹੀਂ ਨਾਟਕਕਾਰ ਨੇ ਰੰਗਮੰਚੀ ਵਿਧੀ ਰਾਹੀਂ ਆਨੰਦਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਦਾ ਵਰਨਣ ਕੀਤਾ ਹੈ। ਨਾਟਕੀ ਜੜਤ ਲਈ ਦੋ ਅਹਿਮ ਪਾਤਰਾਂ ਦੀ ਸਿਰਜਣਾ ਕੀਤੀ ਗਈ ਹੈ, ਜੋ ਨੌਜਵਾਨ ਮੁੰਡਾ ਅਤੇ ਕੁੜੀ, ਵਿਦੇਸ਼ ਤੋਂ ਆਏ ਹਨ, ਪੰਜਾਬੀ ਹਨ, ਸਿੱਖ ਹਨ ਪਰ ਜੰਮੇ ਪਲੇ ਕੈਨੇਡਾ ਵਿਚ ਹਨ। ਪਿਛੋਕੜ ਨਾਲ ਜੁੜਨ, ਆਪਣੀਆਂ ਜੜ੍ਹਾਂ ਬਾਰੇ ਜਾਨਣ ਦੀ ਤੀਬਰਤਾ ਕਰਕੇ ਉਹ ਆਨੰਦਪੁਰ ਸਾਹਿਬ ਬਾਰੇ ਵੀ ਜਾਨਣਾ ਚਾਹੁੰਦੇ ਹਨ, ਜਿਥੋਂ ਨਾਟਕ ਦੀ ਕਹਾਣੀ ਸ਼ੁਰੂ ਹੁੰਦੀ ਹੈ।
ਨਾਟਕਕਾਰ ਦਾ ਸੂਤਰਧਾਰ ਪ੍ਰੋਫੈਸਰ ਜਿਉਂ ਹੀ ਉਹ ਕਿਸੇ ਮਹੱਤਵਪੂਰਨ ਘਟਨਾ ਜਾਂ ਦ੍ਰਿਸ਼ ਦਾ ਵਰਨਣ ਕਰਦਾ ਹੈ ਤਾਂ ਨਾਲ ਦੀ ਨਾਲ ਨਾਟਕੀ ਦ੍ਰਿਸ਼ ਉੱਭਰਦੇ ਹਨ। ਇਸ ਤਰ੍ਹਾਂ ਨਾਲ ਇਹ ਨਾਟਕ ਵਰਤਮਾਨ ਸਮੇਂ ਦੇ ਨਾਲ-ਨਾਲ ਅਤੀਤ ਨਾਲ ਜਾ ਜੁੜਦਾ ਹੈ। ਇਤਿਹਾਸਕ ਪਾਤਰਾਂ ਰਾਹੀਂ ਪੇਸ਼ ਹੁੰਦੀ ਕਹਾਣੀ ਦਰਸ਼ਕਾਂ ਦੇ ਮਨਾਂ 'ਤੇ ਚੰਗਾ ਅਸਰ ਕਰਦੀ ਹੈ ਅਤੇ ਇਤਿਹਾਸਕ ਪਹਿਲੂਆਂ ਨੂੰ ਵੀ ਉਭਾਰ ਕੇ ਪੇਸ਼ ਕੀਤਾ ਗਿਆ ਹੈ। 'ਗੁਰੂ ਬਸੈ ਗ੍ਰਾਮ ਬਕਾਲੇ' ਵਾਲੇ ਮੱਖਣ ਸ਼ਾਹ ਲੁਬਾਣਾ ਦੇ ਵਰਤਾਰੇ ਤੋਂ ਸ਼ੁਰੂ ਹੋ ਕੇ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਸਿੱਖ ਕੌਮ ਦੀ ਸਾਜਨਾ ਤੱਕ ਬਹੁਤ ਹੀ ਪ੍ਰਭਾਵਸ਼ਾਲੀ ਦ੍ਰਿਸ਼ ਨਾਟਕ ਵਿਚ ਆਉਂਦੇ ਹਨ ਜੋ ਸਿੱਖ ਇਤਿਹਾਸ ਦੀ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਸਿੱਖ ਪੰਥ ਦੀ ਇਸ ਜੱਗ ਚਾਨਣ ਵਾਲੀ ਚਾਨਣੀ ਵਿਚ ਕੈਨੇਡਾ ਤੋਂ ਆਏ ਨੌਜਵਾਨ ਮੁੰਡਾ ਕੁੜੀ ਰੌਸ਼ਨ ਰੌਸ਼ਨ ਹੋਏ ਪ੍ਰਤੀਤ ਹੁੰਦੇ ਹਨ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉਂਦੇ ਹਨ। ਲਗਪਗ ਪੰਜਾਹ ਪਾਤਰਾਂ ਰਾਹੀਂ ਚੌਵੀ ਦ੍ਰਿਸ਼ ਲਿਖੇ ਗਏ ਹਨ। ਧਾਰਮਿਕ ਅਤੇ ਇਤਿਹਾਸਕ ਨਾਟਕ ਹੋਣ ਕਰਕੇ ਬਹੁਤ ਸਾਰੀਆਂ ਬੰਦਿਸ਼ਾਂ ਦੇ ਹੁੰਦਿਆਂ ਵੀ ਨਾਟਕਕਾਰ ਨੇ ਆਪਣੀਆਂ ਸੀਮਾਵਾਂ ਅਤੇ ਮਰਿਯਾਦਾ ਵਿਚ ਰਹਿੰਦਿਆਂ ਇਕ ਸਫਲ ਯਤਨ ਕੀਤਾ ਹੈ।

ਂਡਾ: ਨਿਰਮਲ ਜੌੜਾ
ਮੋ: 98140-78799
ਫ ਫ ਫ

05-08-2018

 ਵੈਟਰਨ ਅਥਲੈਟਿਕਸ ਰਾਹੀਂ ਦੱਖਣ ਯਾਤਰਾ
ਲੇਖਕ : ਮੁਖ਼ਤਿਆਰ ਸਿੰਘ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ-ਪੰਜਾਬ
ਮੁੱਲ : 425 ਰੁਪਏ, ਸਫ਼ੇ : 216
ਸੰਪਰਕ : 98728-23511.

ਆਮ ਕਰਕੇ ਅਥਲੀਟ ਜਵਾਨ ਹੀ ਹੁੰਦੇ ਹਨ ਪਰ ਸੱਠਾਂ ਨੂੰ ਟੱਪ ਕੇ ਵੀ ਜੇ ਬੰਦਾ ਅਥਲੈਟਿਕਸ ਦਾ ਸ਼ੌਕ ਅਪਣਾ ਲਏ ਤਾਂ ਮਾੜਾ ਨਹੀਂ। ਵਡੇਰੀ ਉਮਰ ਵਧੇਰੀ ਆਸਾਨੀ, ਸੁੱਖ ਤੇ ਅਰੋਗਤਾ ਨਾਲ ਕਟੀ ਜਾ ਸਕਦੀ ਹੈ। ਜਦ ਜਾਗੋ ਉਦੋਂ ਹੀ ਸਵੇਰਾ। 1966 ਵਿਚ ਪੱਛਮ ਵਿਚ ਪੈਂਤੀ ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪੰਜ-ਪੰਜ ਸਾਲ ਦੇ ਫ਼ਰਕ ਨਾਲ ਗਰੁੱਪ ਬਣਾ ਕੇ ਉਨ੍ਹਾਂ ਨੂੰ ਲੰਮੀ ਵਾਕ/ਦੌੜ ਵਾਸਤੇ ਉਤਸ਼ਾਹਿਤ ਕਰਨ ਦੇ ਯਤਨ ਸ਼ੁਰੂ ਹੋਏ। ਵੈਟਰਨ ਅਥਲੀਟਾਂ ਲਈ ਚੈਂਪੀਅਨਸ਼ਿਪ ਮੁਕਾਬਲੇ ਉਧਰ 1968 ਵਿਚ ਸ਼ੁਰੂ ਕਰਵਾ ਦਿੱਤੇ ਗਏ। ਭਾਰਤ ਵਿਚ ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਪੰਜਾਬੀ ਦੌੜਾਕ ਸ: ਮਿਲਖਾ ਸਿੰਘ ਨੇ 1979 ਵਿਚ ਵੈਟਰਨ ਅਥਲੈਟਿਕਸ ਦਾ ਆਰੰਭ ਕਰਵਾਇਆ। ਸਮੇਂ ਦੇ ਬੀਤਣ ਨਾਲ ਪੰਜਾਬ ਹੀ ਨਹੀਂ, ਦੇਸ਼ ਭਰ ਵਿਚ ਵਡੇਰੀ ਉਮਰ ਦੇ ਲੋਕਾਂ ਵਿਚ ਵੈਟਰਨ ਅਥਲੈਟਿਕਸ ਦਾ ਸ਼ੌਕ ਖੂਬ ਵਧਿਆ ਫੁਲਿਆ ਹੈ। ਖੰਨੇ ਦੇ ਕਹਾਣੀਕਾਰ/ਨਾਵਲਕਾਰ ਮੁਖਤਿਆਰ ਸਿੰਘ ਨੂੰ ਸਾਧਾਰਨ ਸੈਰ ਕਰਦੇ-ਕਰਦੇ ਨੂੰ ਮਿੱਤਰ ਸ: ਆਤਮਾ ਸਿੰਘ ਨੇ ਤੇਜ਼ ਤੋਰ ਕੇ ਵੈਟਰਨ ਮੁਕਾਬਲਿਆਂ ਦਾ ਸ਼ੌਕ ਲਗਾ ਦਿੱਤਾ। ਇਸ ਕਿਤਾਬ ਵਿਚ ਉਸ ਨੇ ਇਸ ਸ਼ੌਕ ਦੀਆਂ ਰੌਚਕ ਯਾਦਾਂ ਸਾਂਝੀਆਂ ਕੀਤੀਆਂ ਹਨ।
ਮੁਖਤਿਆਰ ਸਿੰਘ ਨੇ 2003 ਤੋਂ ਸ਼ੁਰੂ ਕਰਕੇ 14 ਸਾਲਾਂ ਵਿਚ ਵੈਟਰਨ ਅਥਲੀਟ ਦੇ ਰੂਪ ਵਿਚ ਚੰਗਾ ਨਾਮਣਾ ਖਟਿਆ ਹੈ। 2007 ਤੇ 2012 ਵਿਚ ਉਹ ਇਨ੍ਹਾਂ ਮੁਕਾਬਲਿਆਂ ਲਈ ਦੋ ਵਾਰ ਬੰਗਲੌਰ ਗਿਆ। ਮੁੰਬਈ, ਲਖਨਊ ਤੇ ਮੈਸੂਰ, ਪੂਨਾ ਤੇ ਪੁਡੂਚੇਰੀ, ਮਦਰਾਸ, ਕੰਨਿਆਕੁਮਾਰੀ, ਤ੍ਰਿਵੇਂਦਰਮ, ਮੰਗਲੌਰ, ਗੋਆ ਦੂਰ-ਦੂਰ ਤੱਕ ਜਾ ਕੇ ਤਗਮੇ ਲਏ। ਵੈਟਰਨ ਅਥਲੀਟਾਂ ਲਈ 75 ਫ਼ੀਸਦੀ ਕਨਸੈਸ਼ਨ, ਰਹਿਣ-ਬਹਿਣ ਦੇ ਇੰਤਜ਼ਾਮ, ਹੱਸਦੇ ਖੇਡਦੇ ਮਿੱਤਰਾਂ ਦਾ ਸਾਥ, ਇਸੇ ਮੌਜ ਮਸਤੀ ਵਿਚ ਮੁਖਤਿਆਰ ਸਿੰਘ ਨੇ ਲਗਪਗ ਸਾਰੇ ਭਾਰਤ ਦੀ ਯਾਤਰਾ ਕੀਤੀ ਹੈ, ਖ਼ਾਸ ਕਰਕੇ ਦੱਖਣੀ ਭਾਰਤ ਦੀ। ਉੱਤਰ, ਪੂਰਬ ਤੇ ਪੱਛਮ ਦੇ ਕੁਝ ਹਿੱਸੇ ਹੀ ਰਹਿ ਗਏ ਹਨ। ਦੱਖਣੀ ਭਾਰਤ ਦੀ ਵੈਟਰਨ ਅਥਲੀਟ ਵਜੋਂ ਕੀਤੀ ਯਾਤਰਾ ਦਾ ਇਹ ਦਿਲਚਸਪ ਸਫ਼ਰਨਾਮਾ ਉਤਸ਼ਾਹ ਤੇ ਪ੍ਰੇਰਨਾ ਜਗਾਉਂਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਇਨਕਲਾਬੀ ਲਹਿਰ ਦੇ ਥੰਮ੍ਹ
ਲੇਖਕ : ਪ੍ਰਿਥੀਪਾਲ ਸਿੰਘ ਮਾੜੀਮੇਘਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 60 ਰੁਪਏ, ਸਫ਼ੇ : 112
ਸੰਪਰਕ : 98760-78731.

ਇਸ ਪੁਸਤਕ ਵਿਚ ਉਨ੍ਹਾਂ ਮਹਾਨ ਲੋਕ ਨਾਇਕਾਂ ਅਤੇ ਲੋਕ ਸੰਘਰਸ਼ਾਂ ਉੱਤੇ ਚਾਨਣਾ ਪਾਇਆ ਗਿਆ ਹੈ, ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਵਿਚ ਖੁਸ਼ੀਆਂ ਦੇ ਰੰਗ ਭਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਪਰ ਉਨ੍ਹਾਂ ਦੇ ਨਾਂਅ ਸਮੇਂ ਦੀ ਧੂੜ ਵਿਚ ਗੁਆਚ ਜਾਣ ਦਾ ਖ਼ਦਸ਼ਾ ਸੀ। ਇਹ ਨਾਂਅ ਹਨਂਕਾਮਰੇਡ ਤਾਰਾ ਸਿੰਘ ਬੰਗਲਾ ਰਾਏ, ਕਾਮਰੇਡ ਚਮਨ ਲਾਲ ਸ਼ਰਮਾ, ਡਾ: ਮੋਹਨ ਸਿੰਘ ਰਾਜੇਵਾਲ, ਕਾਮਰੇਡ ਸੁਰਜੀਤ ਸਿੰਘ ਝਬਾਲ, ਕਾ: ਮੋਤਾ ਸਿੰਘ ਝਬਾਲ, ਕਾ: ਤੇਜਾ ਸਿੰਘ ਬਾਬਾ ਬਕਾਲਾ, ਕਾ: ਬਹਾਦਰ ਸਿੰਘ, ਕਾ: ਕੁਲਵਿੰਦਰ ਸਿੰਘ ਵਲਟੋਹਾ, ਕਾ: ਬਚਿੰਤ ਸਿੰਘ ਢੋਟੀਆਂ, ਕਾ: ਸੁਰਜੀਤ ਸਿੰਘ ਸਰਪੰਚ, ਜੁਝਾਰੂ ਬੀਬੀ ਅਮਰੋ ਹੀਰਾਪੁਰਾ, ਕਾ: ਰਾਜਰਾਣੀ ਅਤੇ ਕਾ: ਕੁੰਦਨ ਲਾਲ ਸੋਹਲ। ਇਨ੍ਹਾਂ ਲੋਕ ਨਾਇਕਾਂ ਬਾਰੇ ਜਾਣਕਾਰੀ ਦੇਣ ਲਈ ਲੇਖਕ ਨੂੰ ਹਰ ਇਕ ਹਸਤੀ ਨਾਲ ਮੁਲਾਕਾਤ ਕਰਨੀ ਪਈ ਤੇ ਸੱਚੀਆਂ ਜੀਵਨ ਗਾਥਾਵਾਂ ਨੂੰ ਪੁਸਤਕ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਆਜ਼ਾਦੀ ਸੰਗਰਾਮੀਆਂ ਨੇ 1947 ਦੀ ਵੰਡ ਅੱਖੀਂ ਵੇਖੀ ਸੀ, ਫ਼ਿਰਕੂ ਫਸਾਦ ਪਿੰਡੇ 'ਤੇ ਹੰਢਾਏ ਤੇ ਵਸਦੇ-ਰਸਦੇ ਘਰ ਉਜਾੜੇ ਦਾ ਸ਼ਿਕਾਰ ਹੁੰਦੇ ਵੇਖੇ ਸਨ। ਇਨ੍ਹਾਂ ਵਿਚੋਂ ਬਹੁਤਿਆਂ ਨੇ ਲੋਕ ਮੋਰਚਿਆਂ ਵਿਚ ਜਾਨਾਂ ਵਾਰੀਆਂ, ਜੇਲ੍ਹਾਂ ਕੱਟੀਆਂ, ਅਫ਼ਸਰਸ਼ਾਹੀ ਨਾਲ ਟੱਕਰ ਲਈ ਸੀ। ਇਨ੍ਹਾਂ ਦੀ ਹੱਡਬੀਤੀ ਸੁਣ ਕੇ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤੇ ਬਜ਼ੁਰਗ ਕਮਿਊਨਿਸਟ ਤਾਂ ਪਿੰਡਾਂ ਵਿਚ ਅਗਾਂਹਵਧੂ ਸਾਹਿਤ ਤੇ ਵਿਚਾਰਾਂ ਦਾ ਪ੍ਰਚਾਰ ਕਰਕੇ ਲੋਕ ਲਹਿਰ ਨੂੰ ਇਕਮੁੱਠ ਕਰਕੇ ਜੋਸ਼ ਨੂੰ ਹੁਲਾਰਾ ਦਿੰਦੇ ਸਨ। ਇਨ੍ਹਾਂ ਵਿਚ ਤਿੰਨ ਬੀਬੀਆਂ ਦਾ ਵੀ ਵਰਨਣ/ਮੁਲਾਕਾਤ ਹੈ, ਜਿਨ੍ਹਾਂ ਨੇ ਲਹਿਰ ਨੂੰ ਮਜ਼ਬੂਤ ਕਰਨ ਹਿਤ ਭਰਪੂਰ ਯੋਗਦਾਨ ਪਾਇਆ ਤੇ ਜਾਨਾਂ ਤੱਕ ਵਾਰ ਦਿੱਤੀਆਂ ਸਨ। ਲੇਖਕ ਨੇ ਇਸ ਮੁਲਾਕਾਤ ਦੌਰਾਨ ਉਨ੍ਹਾਂ ਸੰਗਰਾਮੀ ਘੁਲਾਟੀਆਂ ਦੇ ਪਿਛੋਕੜ, ਜੀਵਨ, ਸੰਘਰਸ਼ ਤੇ ਆਉਣ ਵਾਲੀ ਪੀੜ੍ਹੀ 'ਤੇ ਪਏ ਪ੍ਰਭਾਵਾਂ ਨੂੰ ਵੀ ਬਾਖੂਬੀ ਚਿਤਰਨ ਦਾ ਯਤਨ ਕੀਤਾ ਹੈ। ਉਨ੍ਹਾਂ ਨੂੰ ਦੇਸ਼ ਭਗਤੀ ਦੀ ਚੇਟਕ ਕਿਵੇਂ ਲੱਗੀ ਤੇ ਪ੍ਰੋਤਸਾਹਨ ਕਿਵੇਂ ਮਿਲਿਆ, ਜਿਸ ਖਾਤਰ ਉਨ੍ਹਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ ਆਦਿ ਬਾਰੇ ਵੇਰਵਾ ਵਿਸਥਾਰ ਨਾਲ ਦਿੱਤਾ ਹੈ। ਲੇਖਕ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਪ੍ਰਸਿੱਧ ਪੈਗੰਬਰ ਅਤੇ ਸੂਫ਼ੀ ਦਰਵੇਸ਼
ਜੀਵਨ ਤੇ ਫ਼ਲਸਫ਼ਾ

ਲੇਖਕ : ਪ੍ਰੋ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ: 350 ਰੁਪਏ, ਸਫ਼ੇ : 288
ਸੰਪਰਕ : 94634-63193.

ਇਸਲਾਮਿਕ ਪੈਗੰਬਰਾਂ, ਸੂਫ਼ੀ ਸਾਧਕਾਂ ਅਤੇ ਉਨ੍ਹਾਂ ਦੇ ਜੀਵਨ-ਦਰਸ਼ਨ ਸਬੰਧੀ ਵਿਸ਼ਵਕੋਸ਼ੀ ਗਿਆਨ ਨਾਲ ਲਬਰੇਜ਼ ਪ੍ਰੋ: ਗੁਰਚਰਨ ਸਿੰਘ ਤਲਵਾੜਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਵਿਚਾਰਾਧੀਨ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਪਾਠਕ ਨੂੰ ਅਥਾਹ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕੁਝ ਵਿਸ਼ੇਸ਼ ਗੱਲਾਂ ਨੋਟ ਕਰਨ ਯੋਗ ਹਨ। ਰੱਬ ਸਰਵਸ਼ਕਤੀਮਾਨ, ਸਿਰਜਣਹਾਰ ਅਤੇ ਪ੍ਰਤਿਪਾਲਕ ਹੈ। ਪੈਗੰਬਰਾਂ ਅਤੇ ਸੂਫ਼ੀਆਂ ਦਾ ਯੋਗਦਾਨ ਉਸ ਦੀ ਸਿਰਜਣਾ ਨੂੰ 'ਈਮਾਨ' ਅਤੇ 'ਰਾਹੇ-ਰਾਸਤ' ਨਾਲ ਜੋੜਨ ਵਿਚ ਨਿਹਿਤ ਹੈ।
ਅਨੇਕਾਂ ਵਿਰੋਧਾਂ ਦੇ ਬਾਵਜੂਦ ਤੌਹੀਦ ਦਾ ਪ੍ਰਚਾਰ ਅਤੇ ਬੁੱਤ-ਪੂਜਾ ਦਾ ਖੰਡਨ ਕਰਨਾ ਹੈ। ਨਾਜ਼ਲ ਹੋਈਆਂ ਪਵਿੱਤਰ ਕਿਤਾਬਾਂ ਵਿਚ ਤੌਰੇਤ (ਮੂਸਾ ਤੇ), ਅੰਜ਼ੀਲ (ਈਸਾ ਤੇ), ਜ਼ਬੂਰ (ਦਾਊਦ ਤੇ) ਅਤੇ ਕੁਰਆਨ ਮਜੀਦ (ਹਜ਼ਰਤ ਮੁਹੰਮਦ ਸਾਹਿਬ ਤੇ) ਸ਼ਾਮਿਲ ਹਨ। ਅਨੇਕਾਂ ਪਰਿਭਾਸ਼ਾਵਾਂ ਪ੍ਰਸਤੁਤ ਹਨ ਜਿਵੇਂ ਪੈਗੰਬਰ, ਔਲੀਆ, ਆਰਿਫ਼, ਸੂਫ਼ੀ, ਤਸੱਵੁਫ਼, ਮਾਰਿਫ਼ਤ, ਫ਼ਤੂਹ, ਦੁਨੀਆ, ਸਰਾਂ ਆਦਿ। ਜ਼ਿਬਰਾਈਲ ਫ਼ਰਿਸ਼ਤਾ, ਗ਼ੈਬ ਦੀਆਂ ਆਵਾਜ਼ਾਂ, ਸੁਪਨੇ, ਰੱਬੀ ਸੰਦੇਸ਼-ਵਾਹਕ ਵਜੋਂ ਕਾਰਜਸ਼ੀਲ ਹਨ। ਕਰਾਮਾਤਾਂ, ਮੁਅਜਿਜ਼ਿਆਂ, ਪਰਾਸਰੀਰਕ ਅੰਸ਼ਾਂ ਦੀ ਭਰਮਾਰ ਹੈ। ਜਾਣਕਾਰੀ ਉਪਲਬਧ ਹੈ ਕਿ ਪੈਗੰਬਰਾਂ ਅਤੇ ਸੂਫ਼ੀਆਂ ਨੂੰ ਕਿਹੜੇ-ਕਿਹੜੇ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ? ਕਿਹੜੇ-ਕਿਹੜੇ ਸੂਫ਼ੀ ਕਿਹੜੇ-ਕਿਹੜੇ ਸਿਲਸਿਲੇ ਨਾਲ ਸਬੰਧਿਤ ਹਨ? ਕਿਸ ਸਿਲਸਿਲੇ ਦਾ ਬਾਨੀ ਕੌਣ ਸੀ? ਕਿਸ ਨੇ ਕਿਸ ਦੀ ਸੁਹਬਤ ਦਾ ਪ੍ਰਭਾਵ ਕਬੂਲਿਆ? ਪ੍ਰਮਾਣਿਕ ਖੋਜ ਦੀ ਦ੍ਰਿਸ਼ਟੀ ਤੋਂ ਹੋਰਨਾਂ ਹਵਾਲਿਆਂ ਤੋਂ ਬਿਨਾਂ ਬਾਈਬਲ, ਕੁਰਆਨ ਮਜੀਦ, ਤਜਕਿਰਾਤ-ਉਲ-ਔਲੀਆ, ਕਸ਼ਫੁਲ ਮਹਿਜ਼ੂਬ, ਕਸਸ਼ੁਲ ਅੰਬੀਆ, ਕਸ਼ਕੋਲ ਰੂਹਾਨੀ ਆਦਿ ਪੁਸਤਕਾਂ ਉਦਿਤ ਕੀਤੀਆਂ ਗਈਆਂ ਹਨ।
ਕਰਾਮਾਤੀ ਨਿੱਕੀਆਂ ਘਟਨਾਵਾਂ ਦਾ ਜ਼ਿਕਰ ਮਿੰਨੀ ਕਹਾਣੀਆਂ ਵਰਗਾ ਹੈ। ਰਵਾਇਤ ਹੈ, ਐਸੀ ਮਾਨਤਾ ਹੈ, ਕਿਹਾ ਜਾਂਦਾ ਹੈ, ਹੋ ਸਕਦਾ ਹੈ ਆਦਿ 'ਵਾਕੰਸ਼' ਬਿਰਤਾਂਤ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੇ ਹਨ, ਬਿਰਤਾਂਤ ਇਟਰੇਟਿਵ ਹੈ। ਦਾਰਸ਼ਨਿਕ ਵਿਆਖਿਆਵਾਂ ਦੇ ਨਾਲ-ਨਾਲ ਸਬੰਧਿਤ ਪੈਗੰਬਰ-ਸੂਫ਼ੀ ਦਾ ਜਨਮ, ਪਰਿਵਾਰ, ਸਿੱਖਿਆ, ਘਟਨਾਵਾਂ ਅਤੇ ਮੁਬਾਰਕ ਰੂਹ ਦੇ ਬਾਰਿਗਾਹਿ-ਇਲਾਹੀ ਵੱਲ ਕਦੋਂ, ਕਿਵੇਂ ਕੂਚ ਕਰਨ ਦਾ ਜ਼ਿਕਰ ਪ੍ਰਾਪਤ ਹੈ। ਕੁੱਲ ਮਿਲਾ ਕੇ ਇਹ ਪੁਸਤਕ ਪੈਗੰਬਰਾਂ ਅਤੇ ਸੂਫ਼ੀਆਂ ਦੇ ਜਿਗਿਆਸੂਆਂ ਨੂੰ ਤ੍ਰਿਪਤ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪਹਿਲਾ ਖ਼ਤ ਆਖ਼ਰੀ
ਲੇਖਕ : ਬਲਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 098723-39022.

ਬਲਜੀਤ ਸਿੰਘ ਦੀ ਵਾਰਤਕ ਪੁਸਤਕ 'ਪਹਿਲਾ ਖ਼ਤ ਆਖ਼ਰੀ' ਅਜਿਹੀ ਪੁਸਤਕ ਹੈ, ਜਿਸ ਵਿਚ ਉਸ ਨੇ ਇਕ ਲੰਮਾ ਸੰਵਾਦ ਆਪਣੇ ਮਹਿਬੂਬ ਨਾਲ ਰਚਾਇਆ ਹੈ। ਬਕੌਲ ਡਾ: ਸਤੀਸ਼ ਵਰਮਾ ਇਸ ਪੁਸਤਕ ਨੂੰ ਭਾਵੇਂ ਵਾਰਤਕ ਦੀ ਕਿਸੇ ਵੀ ਰੂਪ ਵਿਧਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ ਪਰ ਆਪਣੀ ਕਿਸਮ ਦੀ ਵਾਰਤਕ ਦਾ ਇਹ ਇਕ ਨਵੀਨ ਅਤੇ ਨਮੂਨਾ ਹੈ। ਖ਼ਤ ਦੇ ਜ਼ਰੀਏ ਬਲਜੀਤ ਸਿੰਘ ਨੇ ਜਿਥੇ ਮੁਹੱਬਤੀ ਪਲਾਂ ਦੀ ਦਾਸਤਾਨ ਬਿਆਨ ਕੀਤੀ ਹੈ, ਉਥੇ ਸਮਾਜ, ਰਾਜਨੀਤੀ, ਰਿਸ਼ਤਿਆਂ, ਪੂੰਜੀਵਾਦੀ ਨਿਜ਼ਾਮ ਅਤੇ ਰਾਜਨੀਤਕ ਪਰਪੰਚ ਬਾਰੇ ਵੀ ਵਿਸਤ੍ਰਿਤ ਵੇਰਵੇ ਦਰਜ ਕੀਤੇ ਹਨ ਪਰ ਇਹ ਸਾਰੇ ਵੇਰਵੇ ਮੁੱਖ ਵਿਸ਼ੇ ਦੇ ਪੂਰਕ ਵਜੋਂ ਹੀ ਵਿਚਰਦੇ ਹਨ। ਲੇਖਕ ਦੁਆਰਾ ਲਿਖੇ ਇਸ ਖ਼ਤ ਵਿਚ ਜ਼ਿਆਦਾਤਰ ਭੂਤਕਾਲ ਵਿਚ ਬੀਤੇ ਆਪਣੇ ਪਿਆਰੇ ਦੇ ਸੰਯੋਗੀ ਸੰਗ ਦਾ ਹੀ ਬਿਰਤਾਂਤ ਪੇਸ਼ ਕੀਤਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਲੇਖਕ ਖ਼ਤ ਲਿਖ ਨਹੀਂ ਰਿਹਾ ਸਗੋਂ ਸਾਹਮਣੇ ਬੈਠ ਕੇ ਆਪਣੇ ਮਹਿਬੂਬ ਨਾਲ ਸੰਵਾਦੀ ਵਾਤਾਵਰਨ ਉਸਾਰ ਰਿਹਾ ਹੋਵੇ। ਪਰ ਕਈ ਥਾਵਾਂ 'ਤੇ ਆਪਣੇ ਪਿਆਰੇ ਦੇ ਬੋਲਾਂ ਨੂੰ ਵੀ ਵਾਰਤਾਲਾਪੀ ਸ਼ੈਲੀ ਵਿਚ ਦਰਜ ਕੀਤਾ ਹੈ, ਜਿਥੇ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਖ਼ਤ ਵਿਚ ਕੋਈ ਦੂਜਾ ਵੀ ਸੰਵਾਦ ਰਚਾ ਰਿਹਾ ਹੋਵੇ। ਪਿਆਰ, ਅਨੰਦ, ਵਿਛੋੜਾ, ਮਿਲਾਪ ਆਦਿ ਭਾਵੁਕ ਸੰਕਲਪਾਂ ਨੂੰ ਵੀ ਲੇਖਕ ਨੇ ਆਪਣੇ ਨਜ਼ਰੀਏ ਤੋਂ ਪੇਸ਼ ਕਰਦਿਆਂ ਵਾਰਤਕ ਨੂੰ ਦਾਰਸ਼ਨਿਕ ਸ਼ੈਲੀ ਵਿਚ ਢਾਲਿਆ ਹੈ, ਕਿਉਂਕਿ ਲੇਖਕ ਕੋਲ ਸ਼ਬਦਾਵਲੀ ਦਾ ਭੰਡਾਰ ਹੈ। ਇਸ ਕਰਕੇ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵੀ ਇਸ ਕਿਰਤ ਦਾ ਸ਼ਿੰਗਾਰ ਬਣੇ ਹਨ। ਲੇਖਕ ਦਾ ਮੱਤ ਹੈ ਕਿ ਦੁਨੀਆ ਨੂੰ ਜਗਾਉਣ ਲਈ ਪਿਆਰ ਉੱਤਮ ਵਸੀਲਾ ਹੈ ਤੇ ਪਿਆਰੇ ਦੀ ਯਾਦ ਨੂੰ ਤਾਜ਼ਾ ਕਰਦੀ ਇਹ ਪੁਸਤਕ ਪੜ੍ਹਨਯੋਗ ਹੈ।

ਫ ਫ ਫ

ਮੈਂ ਜੈਸਾ ਹੂੰ... ਮੈਂ ਵੈਸਾ ਕਿਉਂ ਹੂੰ...
ਲੇਖਕ : ਸੁਖਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 99887-30005.

ਪੁਸਤਕ ਵਿਚ ਸਵੈ-ਜੀਵਨੀ ਮੂਲਕ ਰੂਪ ਵਿਚ ਸੁਖਜੀਤ ਨੇ ਆਪਣੀ ਜ਼ਿੰਦਗੀ ਦੇ ਵਿਸ਼ੇਸ਼ ਪੜਾਅ ਨੂੰ ਸਵੈ-ਬਿਰਤਾਂਤ ਦਾ ਨਾਂਅ ਦੇ ਕੇ ਪੇਸ਼ ਕੀਤਾ ਹੈ। ਅਸਲ ਵਿਚ ਇਹ ਪੁਸਤਕ ਸੁਖਜੀਤ ਦੀ ਨਿੱਜੀ ਜ਼ਿੰਦਗੀ 'ਤੇ ਵੀ ਝਾਤ ਪੁਆਉਂਦੀ ਹੈ ਅਤੇ ਤਤਕਾਲੀ ਪ੍ਰਸਥਿਤੀਆਂ ਦਾ ਵੀ ਲੇਖਾ-ਜੋਖਾ ਕਰਦੀ ਹੈ, ਜੋ ਪੰਜਾਬ ਅਤੇ ਵਿਸ਼ੇਸ਼ ਕਰਕੇ ਸੁਖਜੀਤ ਦੇ ਭੈਣੀ ਸਾਹਿਬ ਨਾਲ ਜੁੜਨ ਸਮੇਂ ਦੇ ਪ੍ਰਸੰਗ ਵਿਚ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ। ਜੇਕਰ ਦੇਖਿਆ ਜਾਵੇ ਤਾਂ ਪੁਸਤਕ ਦੀ ਸ਼ੁਰੂਆਤ ਆਮ ਪੁਸਤਕਾਂ ਦੀ ਤਰ੍ਹਾਂ ਹੀ ਲੇਖਕ ਦੀ ਪਰਿਵਾਰਕ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ। ਲੇਖਕ ਦੀ ਘਰੇਲੂ ਜ਼ਿੰਦਗੀ ਦਾ ਵਿਸਤ੍ਰਿਤ ਵੇਰਵਾ ਇਸ ਪੁਸਤਕ ਵਿਚ ਮਿਲਦਾ ਹੈ, ਖ਼ਾਸ ਕਰਕੇ ਜਦੋਂ 1963 ਵਿਚ ਪਿੰਡ ਮਾਣੇਵਾਲ ਦੀ ਉਜਾੜ ਬੀਆਬਾਨ ਜ਼ਮੀਨ ਵਿਚ ਆ ਕੇ ਵਸਣਾ ਅਤੇ ਜ਼ਹਿਰੀਲੇ ਸੱਪਾਂ ਨਾਲ ਵਾਹ ਪੈਣਾ ਕਾਫੀ ਕਸ਼ਟ ਭਰੀ ਜ਼ਿੰਦਗੀ ਦੇ ਚਿੱਤਰ ਇਸ ਪੁਸਤਕ ਵਿਚੋਂ ਉੱਭਰਦੇ ਹਨ। ਲੇਖਕ ਦੀ ਮਾਂ ਹਮੇਸ਼ਾ ਹੀ ਭੈਣੀ ਸਾਹਿਬ ਜਾਇਆ ਕਰਦੀ ਸੀ ਅਤੇ ਲੇਖਕ ਦਾ ਪਿਤਾ ਡਰਾਈਵਰ ਹੋਣ ਦੇ ਨਾਤੇ ਹੀ ਭੈਣੀ ਸਾਹਿਬ ਨਾਲ ਜੁੜਿਆ ਸੀ। ਮਾਛੀਵਾੜਾ ਸਾਹਿਤ ਸਭਾ ਅਤੇ ਸੁਰਜੀਤ ਖੁਰਸ਼ੀਦੀ ਦਾ ਮੇਲ ਵੀ ਲੇਖਕ ਨੇ ਜ਼ਿੰਦਗੀ ਵਿਚ ਅਹਿਮੀਅਤ ਵਾਲਾ ਦਰਸਾਇਆ ਹੈ। ਇਸ ਤੋਂ ਬਾਅਦ ਲੇਖਕ ਨੇ ਆਪਣੀ ਇਸ ਪੁਸਤਕ ਵਿਚ ਭੈਣੀ ਸਾਹਿਬ ਵਿਚ ਬਿਤਾਏ ਆਪਣੇ ਪਲਾਂ ਦੀ ਦਾਸਤਾਨ ਬਹੁਤ ਹੀ ਬਾਰੀਕਬੀਨੀ ਨਾਲ ਪੂਰੀ ਪੁਸਤਕ ਵਿਚ ਬਿਆਨ ਕੀਤੀ ਹੈ ਅਤੇ ਡੇਰੇ ਦੀਆਂ ਗਤੀਵਿਧੀਆਂ ਅਤੇ ਕਾਰਵਾਈਆਂ ਵਿਚ ਨਿਭਾਈ ਆਪਣੀ ਭੂਮਿਕਾ ਦੀ ਪਰਖ ਪੜਚੋਲ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ। ਪੰਜਾਬ ਦੀ ਧਰਤੀ ਨੇ ਖਾੜਕੂ ਲਹਿਰ ਸਮੇਂ ਜੋ ਹਨੇਰ-ਚਾਨਣ ਦੇਖਿਆ, ਉਸ ਬਾਰੇ ਵੀ ਇਸ ਸਵੈ-ਬਿਰਤਾਂਤ ਵਿਚ ਵੇਰਵੇ ਦਰਜ ਹਨ। ਲੇਖਕ ਦੀ ਸੰਵੇਦਨਾ ਅਤੇ ਲੇਖਣੀ ਦੀ ਦਿਲਕਸ਼ ਸ਼ੈਲੀ ਦੇ ਇਸ ਪੁਸਤਕ ਵਿਚੋਂ ਭਰਪੂਰ ਦਰਸ਼ਨ ਹੁੰਦੇ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਅਣਖੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ
ਸੰਪਾਦਕ : ਪ੍ਰਿੰ: ਪਾਖਰ ਸਿੰਘ 'ਡਰੋਲੀ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 0181-2623184.

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ਮਈ ਜੀਵਨ ਬਾਰੇ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਨੂੰ ਇਸ ਪੁਸਤਕ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਲੇਖਕਾਂ ਦੇ ਨਾਂਅ ਇਸ ਪ੍ਰਕਾਰ ਹਨਂਪ੍ਰਿੰ: ਪਾਖਰ ਸਿੰਘ, ਡਾ: ਜਗਤਾਰ, ਪ੍ਰੋ: ਕਮਲਜੀਤ ਸਿੰਘ, ਡਾ: ਵਰਿੰਦਰ ਕੌਰ ਭਾਟੀਆ, ਗਿ: ਅਜੀਤ ਸਿੰਘ ਫ਼ਤਹਿਪੁਰੀ, ਕਿਰਪਾਲ ਸਿੰਘ ਦਰਦੀ, ਹਰਜੀਤ ਸਿੰਘ ਬੇਦੀ, ਬਲਬੀਰ ਸਿੰਘ ਮੋਮੀ, ਜਸਦੇਵ ਸਿੰਘ ਲਲਤੋਂ, ਸੁਖਿੰਦਰ ਅਤੇ ਮਨਜੀਤ ਸਿੰਘ ਝਮਟ।
ਨੌਜਵਾਨ ਸ਼ਹੀਦ ਬਾਰੇ ਦੱਸਿਆ ਗਿਆ ਹੈ ਕਿ ਦਸਵੀਂ ਜਮਾਤ ਪਾਸ ਕਰਨ ਮਗਰੋਂ ਉਹ ਅਮਰੀਕਾ ਚਲਾ ਗਿਆ, ਜਿਥੇ ਪੜ੍ਹਾਈ ਦੇ ਦੌਰਾਨ ਉਸ ਨੇ ਦੇਖਿਆ ਕਿ ਗੋਰਿਆਂ ਵਲੋਂ ਭਾਰਤੀਆਂ ਨੂੰ ਕਾਲੇ ਕੁਲੀ ਕਹਿ ਕੇ ਦੁਰਕਾਰਿਆ ਜਾਂਦਾ ਸੀ। ਉਸ ਨੇ ਕ੍ਰਾਂਤੀ ਦੁਆਰਾ ਭਾਰਤ ਵਿਚੋਂ ਗੋਰਿਆਂ ਨੂੰ ਕੱਢਣ ਦਾ ਫ਼ੈਸਲਾ ਕਰ ਲਿਆ। ਉਹ ਕਹਿੰਦਾ ਸੀਂਦੇਸ਼ ਪੈਣ ਧੱਕੇ, ਬਾਹਰ ਢੋਈ ਕੋਈ ਨਾ।
ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ।
ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਦੀ ਅਗਵਾਈ ਹੇਠ ਉਹ 'ਗ਼ਦਰ' ਅਖ਼ਬਾਰ ਦੀ ਦੇਖ-ਰੇਖ ਦਾ ਕੰਮ ਕਰਦਾ ਰਿਹਾ। ਉਹ ਅਕਸਰ ਇਹ ਗੀਤ ਗਾਇਆ ਕਰਦਾ ਸੀਂ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਕਰਤਾਰ ਸਿੰਘ ਸਰਾਭਾ ਨੇ ਭਾਰਤ ਆ ਕੇ ਅੰਗਰੇਜ਼ਾਂ ਨੂੰ ਦੇਸ਼ ਨਿਕਾਲਾ ਦੇਣ ਲਈ ਫ਼ੌਜੀਆਂ ਨਾਲ ਸੰਪਰਕ ਕੀਤਾ। ਅੰਗਰੇਜ਼ੀ ਰਾਜ ਦਾ ਤਖ਼ਤਾ ਪਲਟਾਉਣ ਦੇ ਜੁਰਮ ਬਦਲੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 16 ਨਵੰਬਰ, 1915 ਨੂੰ ਫਾਂਸੀ ਦੇ ਦਿੱਤੀ ਗਈ।
19 ਸਾਲਾਂ ਦੀ ਉਮਰ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਇਸ ਗੱਭਰੂ ਦੇ ਸੁਪਨਿਆਂ ਨੂੰ ਅੱਜ ਸਾਕਾਰ ਕਰਨ ਅਤੇ ਉਸ ਦੀ ਉਸਾਰੂ ਸੋਚ 'ਤੇ ਪਹਿਰਾ ਦੇਣ ਦੀ ਇਹ ਪੁਸਤਕ ਪ੍ਰੇਰਨਾ ਦਿੰਦੀ ਹੈ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਵਿਪਰੀਤ ਕਹਾਣੀਆਂ
ਲੇਖਕ : ਡਾ: ਪੂਰਨ ਚੰਦ ਜੋਸ਼ੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98141-47405.

ਇਸ ਪੁਸਤਕ ਵਿਚ ਕੁੱਲ 36 ਕਹਾਣੀਆਂ ਸ਼ਾਮਿਲ ਹਨ। ਡਾ: ਜੋਸ਼ੀ ਪੇਂਡੂ ਜੀਵਨ ਅਤੇ ਅਰਥਚਾਰੇ ਦੀ ਡੂੰਘੀ ਸਮਝ ਰੱਖਦੇ ਹਨ। ਪੰਚਾਇਤੀ ਚੋਣਾਂ, ਮੈਂਬਰਾਂ ਦੀ ਮਨੋਬਿਰਤੀ ਅਤੇ ਸਰਕਾਰੀ ਤੰਤਰ ਦੀ ਦਖ਼ਲਅੰਦਾਜ਼ੀ ਆਦਿ ਬਾਰੇ ਉਸ ਨੂੰ ਭਰਪੂਰ ਜਾਣਕਾਰੀ ਹੈ। 'ਨਵਾਂ ਮੈਂਬਰ', 'ਇਕ ਵੋਟ', 'ਨੌਵਾਂ ਮੈਂਬਰ' ਆਦਿ ਕਹਾਣੀਆਂ ਪੰਚਾਇਤ ਚੋਣ ਪ੍ਰਣਾਲੀ ਨਾਲ ਜੁੜੀਆਂ ਕਹਾਣੀਆਂ ਹਨ, ਜੋ ਪੇਂਡੂ ਲੋਕਾਂ ਦੀ ਯਥਾਰਥੀ ਤਸਵੀਰ ਪੇਸ਼ ਕਰਦੀਆਂ ਹਨ। 'ਚੁੜੇਲ' ਕਹਾਣੀ ਪਿੰਡਾਂ ਵਿਚ ਪਸਰੇ ਅੰਧ-ਵਿਸ਼ਵਾਸ ਨੂੰ ਉਜਾਗਰ ਕਰਨ ਵਾਲੀ ਕਹਾਣੀ ਹੈ। 'ਪਟੋਲਾ' ਕਹਾਣੀ ਪੇਂਡੂ ਲੋਕਾਂ ਦੀ ਸਾਦਗੀ ਨੂੰ ਦਰਸਾਉਂਦੀ ਹੈ, ਜਿਸ ਤੋਂ ਉਨ੍ਹਾਂ ਦੇ ਬੋਲ ਭੜਾਕ ਹੋਣ ਦਾ ਆਭਾਸ ਹੁੰਦਾ ਹੈ। 'ਇਸ਼ਕ ਦਾ ਗਿੱਧਾ' ਪੇਂਡੂ ਲੋਕਾਂ ਦੀ ਅਪੂਰਤ ਰਹਿ ਗਈ ਕਾਮ-ਵਾਸਨਾ ਦੀ ਹਾਸੋਹੀਣੀ ਤਸਵੀਰ ਪੇਸ਼ ਕਰਨ ਵਾਲੀ ਕਹਾਣੀ ਹੈ। ਡਾ: ਜੋਸ਼ੀ ਦੀਆਂ ਬਹੁਤੀਆਂ ਕਹਾਣੀਆਂ ਵਿਚ ਸਥਿਤੀ ਅਤੇ ਵਿਸੰਗਤੀ ਦਾ ਵਿਅੰਗ ਉੱਭਰਵੇਂ ਰੂਪ ਵਿਚ ਪੇਸ਼ ਹੋਇਆ ਹੈ। ਉਹ ਅਜਿਹੇ ਸੰਵਾਦ ਦੀ ਸਿਰਜਣਾ ਕਰਦਾ ਹੈ, ਜਿਸ ਤੋਂ ਮੱਲੋਮੱਲੀ ਹਾਸਰਸ ਪੈਦਾ ਹੋ ਜਾਂਦਾ ਹੈ। 'ਸੱਥ', ਉਂਗਲ ਲਾਉਣੀ, ਝੁੱਡੂ, ਜੱਗਰ, ਇਸ਼ਕ ਦਾ ਗਿੱਧਾ, ਅਜਿਹੀਆਂ ਹੀ ਕਹਾਣੀਆਂ ਹਨ, ਜੋ ਸਥਿਤੀ ਦਾ ਵਿਅੰਗ ਪੇਸ਼ ਕਰਦੀਆਂ ਹਨ। 'ਡੰਡੀਆਂ' ਵੀ ਇਸੇ ਸੰਦਰਭ ਵਿਚ ਵੇਖੀ ਜਾ ਸਕਦੀ ਹੈ। 'ਸਾਹਿਤ ਸਭਾ' ਲੇਖਨੁਮਾ ਕਹਾਣੀ ਹੈ ਜਿਸ ਵਿਚ ਲੇਖਕਾਂ ਦੇ ਛਿਛੋਰੇਪਨ ਦੀ ਗਾਥਾ ਸੁਣਾਈ ਗਈ ਹੈ। ਇਕ ਦੋ ਕਹਾਣੀਆਂ ਜਿਵੇਂ 'ਵਿਪਰੀਤ ਰੀਤ' ਕਈ-ਕਈ ਮਸਲਿਆਂ ਤੇ ਰੁਝਾਨਾਂ ਵੱਲ ਸੰਕੇਤ ਕਰਦੀਆਂ ਹਨ। ਇਸ ਕਹਾਣੀ ਵਿਚ ਨਵੇਂ ਤੇ ਪੁਰਾਣੇ ਇਸ਼ਕ ਜਾਂ ਪ੍ਰੇਮ ਦੀ ਤੁਲਨਾ ਕੀਤੀ ਗਈ ਹੈ। 'ਸ਼ਰਧਾ ਦੇ ਫੁੱਲ' ਵੀ ਅਜਿਹਾ ਬਿਰਤਾਂਤ ਸਿਰਜਦੀ ਕਹਾਣੀ ਹੈ, ਜਿਸ ਦੀ ਤ੍ਰਾਸਦੀ ਵੇਲੇ ਹਾਸਿਆਂ ਦੀ ਫੁਹਾਰ ਪੈਂਦੀ ਪ੍ਰਤੀਤ ਹੁੰਦੀ ਹੈ। ਡਾ: ਜੋਸ਼ੀ ਦੀ ਬੋਲੀ ਠੇਠ ਮਲਵਈ ਹੈ ਜੋ ਕਈ ਰੰਗਾਂ ਵਿਚ ਉੱਘੜਦੀ ਹੈ। ਕਹਾਣੀ ਬਿਰਤਾਂਤ ਵਿਚ ਗਰਾਮਰ ਦੀ ਸੁਚੱਜੀ ਵਰਤੋਂ ਦਰਕਾਰ ਹੈ। ਵਿਰਾਮ ਚਿੰਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਫੇਸਬੁੱਕ ਕਵਿਤਾ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 098919-96919.

ਰਵਿੰਦਰ ਰਵੀ ਪੰਜਾਬੀ ਸਾਹਿਤ ਦਾ ਸਰਬਾਂਗੀ ਲੇਖਕ ਹੈ, ਜਿਸ ਨੇ ਕੁਲਵਕਤੀ ਲੇਖਕ ਬਣ ਕੇ ਪ੍ਰਯੋਗਸ਼ੀਲ ਲਹਿਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਵਿਤਾ, ਕਾਵਿ-ਨਾਟਕ, ਸਮੁੱਚਾ ਨਾਟਕ, ਕਹਾਣੀ, ਸਫ਼ਰਨਾਮਾ, ਸਮੀਖਿਆ ਅਤੇ ਸੰਪਾਦਨ ਰਾਹੀਂ ਪੰਜਾਬੀ ਸਾਹਿਤ ਦੀ ਝੋਲੀ ਖੂਬ ਭਰੀ ਹੈ। ਫੇਸਬੁੱਕ ਕਵਿਤਾ ਉਸ ਦਾ 22ਵਾਂ ਕਾਵਿ-ਸੰਗ੍ਰਹਿ 2018 'ਚ ਪ੍ਰਕਾਸ਼ਿਤ ਹੋਇਆ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਫੇਸਬੁੱਕ 'ਤੇ ਬਣੇ ਦੋਸਤਾਂ ਦੇ ਨਾਂਅ ਸਮਰਪਿਤ ਕੀਤਾ ਹੈ। ਫੇਸਬੁੱਕ ਸੋਸ਼ਲ ਮੀਡੀਆ 'ਚ ਇਕ ਅਹਿਮ ਸਥਾਨ ਰੱਖਦੀ ਹੈ, ਜਿਸ ਸਬੰਧੀ ਉਨ੍ਹਾਂ ਦੇ ਵਿਚਾਰ, 'ਸੋਸ਼ਲ ਮੀਡੀਆ ਨੇ ਸਾਡੀ ਬੋਲੀ 'ਚ ਸੰਜਮ, ਪ੍ਰਗਟਾਅ 'ਚ ਅਨੁਸ਼ਾਸਨ, ਸ਼ਬਦਾਂ 'ਚ ਆਕਾਸ਼, ਕਲਪਨਾ 'ਚ ਖੰਭ, ਪਰਬਤ, ਆਬਸ਼ਾਰ ਤੇ ਅਰਥਾਂ 'ਚ ਸਾਗਰ ਦੀ ਗਹਿਰਾਈ ਭਰ ਦਿੱਤੀ ਹੈ!!!' ਵਿਚਾਰਨਯੋਗ ਹਨ। ਫੇਸਬੁੱਕ ਰਾਹੀਂ ਕਵਿਤਾ ਦੇ ਸੰਚਾਰ 'ਚ ਢੇਰ ਵਾਧਾ ਹੋਇਆ ਹੈ। ਜ਼ਿੰਦਗੀ ਦੇ ਸਮਕਾਲੀ ਯਥਾਰਥ 'ਚ ਵਾਪਰਦੀਆਂ ਘਟਨਾਵਾਂ, ਦੁਰਘਟਨਾਵਾਂ, ਮਨੋਗੁੰਝਲਾਂ, ਖੁਸ਼ੀਆਂ, ਗ਼ਮੀਆਂ, ਜੀਵਨ ਦੀਆਂ ਵਿਭਿੰਨ ਪਰਤਾਂ ਦਾ ਵਿਸ਼ਲੇਸ਼ਣਾਤਮਿਕ ਪ੍ਰਗਟਾਵਾ ਇਸ ਕਾਵਿ-ਸੰਗ੍ਰਹਿ 'ਚ ਸ਼ਾਮਿਲ ਕਵਿਤਾਵਾਂ 'ਚ ਕੀਤਾ ਗਿਆ ਹੈ। ਫੇਸਬੁੱਕ ਕਵਿਤਾ ਭਾਗ ਵਿਚ ਦੋ-ਤਿੰਨ ਕਵਿਤਾਵਾਂ ਨੂੰ ਛੱਡ ਬਾਕੀ ਕਵਿਤਾਵਾਂ ਆਕਾਰ ਵਿਚ ਬਹੁਤ ਛੋਟੀਆਂ ਹੋਣ ਦੇ ਬਾਵਜੂਦ ਵੱਡੇ-ਵੱਡੇ ਭਾਵਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। 'ਸਿਰਜਣਾ' ਕਵਿਤਾ ਦੀਆਂ ਸਤਰਾਂ ਵਿਚਾਰਨਯੋਗ ਹਨ :
ਸ਼ੋਰ ਦੀ ਭਾਸ਼ਾ ਵਿਚੋਂ ਲੰਘੇ,
ਚੁੱਪ ਦੀ ਭਾਸ਼ਾ ਸਹਿ ਗਏ।
ਆਪਣੀ ਜੇਡੀ ਕਥਦੇ ਕਥਦੇ,
ਬ੍ਰਹਮੰਡ ਜੇਡੀ ਕਹਿ ਗਏ!!! (ਪੰਨਾ : 23)
ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਜ਼ਿੰਦਗੀ ਹੈ, ਸ਼ਬਦ ਹੀ ਸੰਗੀਤ ਹੈ, ਸ਼ਬਦ ਦੀ ਮੌਤ, ਜ਼ਿੰਦਗੀ ਦੀ ਮੌਤ ਹੈ। ਸ਼ਬਦ ਅਤੇ ਜ਼ਿੰਦਗੀ ਦਾ ਆਪਸ ਵਿਚ ਦਵੰਦਾਤਮਿਕ ਰਿਸ਼ਤਾ ਹੈ, ਜਿਥੇ ਇਹ ਨਿਖੜ ਜਾਂਦੇ ਹਨ, ਉਥੋਂ ਹੀ ਮੌਤ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਚਿੰਤਨ ਦੇ ਪੱਧਰ 'ਤੇ ਦਾਰਸ਼ਨਿਕ ਮਸਲਿਆਂ ਨੂੰ ਉਠਾਉਣ ਦੀ ਪ੍ਰਕਿਰਿਆ 'ਚ ਸੰਵਾਦ ਰਚਾਉਂਦੀ ਕਵਿਤਾ ਹੈ। ਅਜਿਹੇ ਅਹਿਸਾਸ 'ਸ਼ਬਦ ਦੀ ਵਾਪਸੀ', 'ਐਨਕਾਂ ਨਾਲੋਂ ਟੁੱਟੀ ਨਜ਼ਰ', 'ਰੁਸ਼ਨਾਈ', 'ਸੂਰਜ ਤੇ ਸ਼ਬਦ', 'ਪੱਤਰ ਤੇ ਦਰਿਆ', 'ਚਿੰਤਨ' ਅਤੇ ਹੋਰ ਕਵਿਤਾਵਾਂ 'ਚ ਦੇਖੇ ਜਾ ਸਕਦੇ ਹਨ। ਪ੍ਰਤੀਕ, ਬਿੰਬ ਚਿੰਤਨ ਦੀ ਪੱਧਰ 'ਤੇ ਵਿਚਰਦੇ ਜਾਪਦੇ ਹਨ। ਸੂਖ਼ਮਭਾਵੀ ਭਾਵਾਂ ਦੇ ਪ੍ਰਗਟਾਅ ਲਈ ਯੋਗ ਸ਼ਬਦਾਂ ਦੀ ਚੋਣ ਵੀ ਸੁਚੱਜੀ ਹੈ। ਇਸ ਕਾਵਿ-ਸੰਗ੍ਰਹਿ 'ਚ ਰਵਿੰਦਰ ਰਵੀ ਨੇ ਆਪਣੇ ਜੀਵਨ ਦੇ ਅਹਿਮ ਨੁਕਤਿਆਂ ਦੇ ਨਾਲ-ਨਾਲ ਆਪਣੀ ਸਾਹਿਤਕ ਘਾਲਣਾ 'ਚ ਵੀ ਵਿਸ਼ੇਸ਼ ਤੌਰ 'ਤੇ ਉਲੇਖ ਕੀਤਾ ਹੈ। ਇਸ ਦਾ ਲਾਭ ਅਜੋਕੇ ਖੋਜਾਰਥੀਆਂ ਨੂੰ ਵੀ ਹੋ ਸਕਦਾ ਹੈ। ਡਾ: ਜਗੀਰ ਸਿੰਘ ਨੂਰ ਹੁਰਾਂ ਦੇ ਦੋ ਲੇਖ ਵੀ ਵਿਚਾਰਨਯੋਗ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਧਰਤੀ ਉੱਤੇ ਸਵਰਗ
ਲੇਖਕ : ਮਹਿੰਦਰ ਸਿੰਘ ਜੱਗੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94633-69411.

'ਧਰਤੀ ਉੱਤੇ ਸਵਰਗ' ਉਨਵਾਨ ਹੇਠਲੇ ਜੱਗੀ ਦੇ ਸੱਜਰੇ ਕਾਵਿ-ਸੰਗ੍ਰਹਿ ਵਿਚ ਕੁੱਲ 41 ਕਾਵਿ-ਰਚਨਾਵਾਂ ਹਨ। ਮੂਲ ਰੂਪ ਵਿਚ ਲੇਖਕ ਦਾ ਆਤਮਿਕ ਤੇ ਬੌਧਿਕ ਲਗਾਓ ਗੁਰਬਾਣੀ ਨਾਲ ਹੈ। ਉਸ ਦੀ ਹਰੇਕ ਰਚਨਾ ਵਿਚ ਗੁਰਬਾਣੀ ਦਾ ਪ੍ਰਤੱਖ ਪ੍ਰਭਾਵ ਹੈ। 'ਜਦੋਂ ਹੋ ਜਾਣ ਹੱਦੋਂ ਬਾਹਰ' ਇਸ ਪੁਸਤਕ ਦੀ ਪਲੇਠੀ ਕਵਿਤਾ ਹੈ। ਵੰਨਗੀ ਵੇਖੋ :
ਮਾਨਸਿਕ ਅਵਸਥਾ ਹੋਵੇ ਐਸੀ॥ ਮੇਰੀ ਤੇ ਸਾਰੇ ਮਨੁੱਖਾਂ ਦੀ॥
'ਧਰਤੀ ਉੱਤੇ ਸਵਰਗ' ਆ ਜਾਵੇ। ਕੋਈ ਘਾਟ ਨਾ ਰਹੇ ਸੁੱਖਾਂ ਦੀ।
ਅਸਲ ਵਿਚ ਧਰਤੀ ਉੱਤੇ ਸਵਰਗ, ਮਨੁੱਖ ਦੀ ਸਾਕਾਰਾਤਮਿਕ, ਸੰਤੁਲਿਤ ਤੇ ਉਸਾਰੂ ਸੋਚ ਹੀ ਸਿਰਜ ਸਕਦੀ ਹੈ। ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ, ਪਾਠਕ ਨੂੰ ਕੋਈ ਨਾ ਕੋਈ ਵਿਸ਼ੇਸ਼ ਸੁਨੇਹੜਾ ਦਿੰਦੀਆਂ ਹਨ। ਮੌਤ, ਜੀਵਨ ਦਾ ਅਟੱਲ ਸੱਚ ਹੈ। 'ਸਾਹਾ' ਕਵਿਤਾ, ਇਸ ਸੱਚ ਦੀ ਅੱਕਾਸੀ ਇਉਂ ਕਰਦੀ ਹੈ :
ਟਾਲਿਆ ਨਹੀਓਂ ਜਾਣਾ ਬੰਦਿਆ
ਟਾਲਿਆ ਨਹੀਓਂ ਜਾਣਾ॥
ਲਿਖਿਆ ਜੋ ਸਾਹਾ ਧੁਰ ਤੋਂ
ਟਾਲਿਆ ਨਹੀਓਂ ਜਾਣਾ। (ਪੰਨਾ 41)
'ਤ੍ਰੈ ਗੁਣ', 'ਕੰਧ', 'ਤੋੜ ਦੇ ਕੰਧ', 'ਪੱਕੀ ਪਾ ਲੈ ਗੰਢ', 'ਗਾਵਾਂ ਮੈਂ ਤੇਰੇ ਗੀਤ', 'ਆਪਾ ਸੁਆਰਦਾ', 'ਸਰਨ ਤੇਰੀ ਜੋ ਆਵੰਦਾ', 'ਕਿੰਜ ਮੈਂ ਬਣਾ ਸੋਹਾਗਣ' ਇਹ ਤੇ ਹੋਰ ਕਵਿਤਾਵਾਂ, ਗੁਰਮਤਿ ਗਿਆਨ ਦੀ ਸੋਝੀ ਕਰਵਾ ਕੇ ਪਾਠਕ ਨੂੰ ਸਹੀ ਜੀਵਨ ਜਾਚ ਸਮਝਾਉਣ/ਦ੍ਰਿੜ੍ਹ ਕਰਾਉਣ ਦੇ ਸਮਰੱਥ ਹਨ। ਇਸਤਰੀ ਜਾਤੀ ਦੀ ਮਹਾਨਤਾ ਨੂੰ ਉਜਾਗਰ ਕਰਦੀ ਨਜ਼ਮ 'ਔਰਤ ਨੂੰ ਇਨਸਾਨ ਸਮਝੇਂ' ਵਿਸ਼ੇਸ਼ ਧਿਆਨ ਮੰਗਦੀ ਹੈ
ਬੇਸ਼ੱਕ ਨਾ ਭਗਵਾਨ ਸਮਝੇਂ। ਔਰਤ ਨੂੰ 'ਜੱਗੀ' ਸ਼ਾਨ ਸਮਝੇਂ॥
ਹੋਏਗੀ ਜ਼ਿੰਦਗੀ ਅਨੰਦ ਭਰਪੂਰ। ਜੇ ਔਰਤ ਨੂੰ ਇਨਸਾਨ ਸਮਝੇਂ॥ (ਪੰਨਾ 57)
ਅੰਤਲੀ ਕਵਿਤਾ 'ਅੱਖਰੀ ਕਾਵਿ', ਓ ਤੋਂ ਵ ਤੱਕ ਦੀ ਵਰਣਮਾਲਾ ਅਨੁਸਾਰ, ਕਾਵਿਕ ਸੁਨੇਹੇ ਹਨ। ਜੱਗੀ ਦੀ ਬੋਲੀ ਸਰਲ, ਸਪੱਸ਼ਟ ਤੇ ਰੌਚਕ ਹੈ। ਉਸ ਦੀ ਕਵਿਤਾ ਵਿਚ, ਰਵਾਨਗੀ, ਰਹਸ ਤੇ ਰੰਗ ਹੈ। ਖ਼ੁਮਾਰੀ ਚਾੜ੍ਹ ਦੇਣ ਵਾਲਾ ਰੰਗ। ਮਹਿੰਦਰ ਸਿੰਘ ਜੱਗੀ ਦੀ ਇਹ ਸੱਜਰੀ ਪੁਸਤਕ, ਉਤਕ੍ਰਿਸ਼ਟ ਤਖ਼ਲੀਕ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਮਹਿਕਦੇ ਫੁੱਲ
ਲੇਖਿਕਾ : ਮਨਜੀਤ ਬਟਾਲਵੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 256
ਸੰਪਰਕ : 81988-55170.

ਮਹਿਕਦੇ ਫੁੱਲ ਸ਼ਾਇਰਾ ਮਨਜੀਤ ਬਟਾਲਵੀ ਦਾ ਹਲਕੇ-ਫੁਲਕੇ ਗੀਤਾਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਖਿਸਕਦੇ ਪਲ ਨਾਂਅ ਦਾ ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਹਥਲੇ ਗੀਤ ਸੰਗ੍ਰਹਿ ਨੂੰ ਲੇਖਿਕਾ ਨੇ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਰੁਮਾਂਟਿਕ ਗੀਤ ਹਨ ਅਤੇ ਦੂਜੇ ਭਾਗ ਵਿਚ ਧਾਰਮਿਕ ਗੀਤ ਹਨ। ਰੁਮਾਂਟਿਕ ਗੀਤਾਂ ਦੀਆਂ ਵੰਨਗੀਆਂ ਵਿਚ ਨਾਇਕਾ ਦੀ ਸਿਫ਼ਤ ਤੇ ਗੀਤ ਨਾਇਕਾ ਦੇ ਆਪਣੇ ਮੂੰਹੋਂ ਅਤੇ ਨਾਇਕ ਦੇ ਮੂੰਹੋਂ ਵੀ ਸੁਣਵਾਏ ਗਏ ਹਨ :
ਜਦੋਂ ਸਾਗ ਲਈ ਸਰ੍ਹੋਂ 'ਚ ਪੈਰ ਧਰਿਆ ਤਾਂ ਸੋਨੇ ਰੰਗੇ ਫੁੱਲ ਖਿੜ ਪਏ
ਬੋਲ ਮਿਸ਼ਰੀ ਜਿਹੇ ਜਾਂ ਸੁਣੇ ਤੇਰੇ, ਤਾਂ ਕੰਨਾਂ ਵਿਚ ਰਾਗ ਛਿੜ ਪਏ।
ਨਾਇਕਾ ਦਾ ਹਾਰ ਸ਼ਿੰਗਾਰ, ਪਹਿਰਾਵਾ ਵੀ ਗੀਤਾਂ ਦਾ ਵਿਸ਼ਾ ਬਣਿਆ ਹੈ। ਚੁੰਨੀ ਦੇ ਤਾਰੇ, ਲੌਂਗ ਦਾ ਲਿਸ਼ਕਾਰਾ, ਲੋਕਟ ਚੰਨ ਨਾ ਸੂਰਜ ਦਾ ਟਿੱਕਾ, ਕਲੀਆਂ ਦੇ ਕਾਂਟੇ ਆਦਿ ਗਹਿਣਿਆਂ ਦਾ ਜ਼ਿਕਰ ਕਵਿੱਤਰੀ ਦੇ ਗੀਤਾਂ ਦਾ ਸ਼ਿੰਗਾਰ ਬਣਿਆ ਹੈ। ਨਾਇਕ ਦੁਆਰਾ ਨਾਇਕਾ ਦੀ ਪ੍ਰਸੰਸਾ ਸ਼ੁਰੂ ਤੋਂ ਹੀ ਪੰਜਾਬੀ ਗੀਤਾਂ ਦਾ ਕੇਂਦਰ ਬਿੰਦੂ ਰਹੀ ਹੈ। ਇਸ ਸੰਗ੍ਰਹਿ ਦੇ ਬਹੁਤੇ ਗੀਤ ਵੀ ਅਜਿਹੀ ਤਾਰੀਫ਼ ਨਾਲ ਭਰੇ ਪਏ ਹਨ। ਨਾਇਕ ਨਾਇਕਾ ਦੇ ਆਪਸੀ ਪਿਆਰ, ਮਿਲ ਕੇ ਬੈਠਣ ਦੀ ਇੱਛਾ ਦਾ ਦੁੱਖ ਤੇ ਉਡੀਕ ਦੀਆਂ ਘੜੀਆਂ ਦਾ ਵੀ ਇਸ ਸੰਗ੍ਰਹਿ ਵਿਚ ਖੁੱਲ੍ਹ ਕੇ ਵਰਨਣ ਕੀਤਾ ਗਿਆ ਹੈ। ਵੱਖ-ਵੱਖ ਰਿਸ਼ਤਿਆਂ ਨਾਲ ਸਬੰਧਿਤ ਗੀਤ ਵੀ ਇਸ ਪੁਸਤਕ ਵਿਚ ਸ਼ਾਮਿਲ ਹਨ, ਜਿਨ੍ਹਾਂ ਵਿਚ ਭੈਣ ਭਰਾ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਨੂੰਹ ਸੱਸ ਦਾ ਰਿਸ਼ਤਾ, ਜੇਠਾਣੀ ਦਰਾਣੀ ਦੇ ਰਿਸ਼ਤੇ ਦਾ ਵੀ ਕਿਤੇ-ਕਿਤੇ ਜ਼ਿਕਰ ਮਿਲਦਾ ਹੈਂ
ਮੇਰੇ ਵੀਰ ਦੀ ਰੀਸ ਨਾ ਕੋਈ ਨੀ ਵੀਰ ਮੇਰਾ ਸਾਹਿਬ ਕੁੜੀਓ
ਉਡੀਕ ਦੇ ਗੀਤਾਂ ਵਿਚ ਪਤਨੀ ਵਲੋਂ ਪਤੀ ਦੇ ਖਤਾਂ ਅਤੇ ਚਿੱਠੀਆਂ ਦੀ ਇੱਛਾ ਦਾ ਪ੍ਰਗਟਾਅ ਮਿਲਦਾ ਹੈਂ
ਚਿੱਠੀ ਮਾਹੀ ਦੀ ਏ ਆਈ/ਮੈਨੂੰ ਡਾਕੀਏ ਫੜਾਈ
ਨੀ ਮੈਂ ਸਾਰਿਆਂ ਨੂੰ ਦੱਸਦੀ ਫਿਰਾਂ/ਤੇ ਚਾਅਵਾਂ ਨਾਲ ਨੱਚਦੀ ਫਿਰਾਂ।
ਦੋਗਾਣੇ ਵੀ ਲੇਖਿਕਾ ਨੇ ਕਾਫੀ ਗਿਣਤੀ ਵਿਚ ਲਿਖੇ ਹਨ, ਜਿਥੇ ਨਾਇਕਾ ਦੀ ਭਾਵਨਾਤਮਿਕਤਾ ਅਤੇ ਨਾਇਕ ਦੇ ਫਰਜ਼ਾਂ ਦਾ ਭਾਰ ਪ੍ਰਗਟ ਕੀਤਾ ਹੈ। ਭਰੂਣ ਹੱਤਿਆ, ਦਾਜ, ਨਸ਼ਾ ਤੇ ਹੋਰ ਸਮਾਜਿਕ ਅਲਾਮਤਾਂ ਸਬੰਧੀ ਵੀ ਗੀਤ ਇਸ ਪੁਸਤਕ ਵਿਚ ਸ਼ਾਮਿਲ ਹਨ। ਨਵੀਂ ਪੀੜ੍ਹੀ ਵਿਚ ਅਵੇਸਲਾਪਣ, ਮਿਹਨਤ ਤੋਂ ਕੰਨੀ ਕਤਰਾਉਣਾ ਵੀ ਕੁਝ ਗੀਤਾਂ ਵਿਚ ਪ੍ਰਗਟ ਹੋਇਆ ਹੈ। ਪੰਨਾ 224 ਤੋਂ 256 ਤੱਕ ਧਾਰਮਿਕ ਗੀਤ ਹਨ। ਭਵਿੱਖ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਹੋਰ ਨਿੱਗਰ ਪੇਸ਼ਕਾਰੀ ਦੀ ਅਸੀਂ ਕਵਿੱਤਰੀ ਤੋਂ ਆਸ ਕਰਦੇ ਹਾਂ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਲਸਾੜਾਂ ਮੇਰਾ ਪਿੰਡ ਮੇਰੇ ਲੋਕ
ਲੇਖਿਕਾ : ਡਾ: ਜਸਵੰਤ ਕੌਰ
ਪ੍ਰਕਾਸ਼ਕ : ਵਿਸ਼ਵਾਸ ਪਬਲੀਕੇਸ਼ਨਜ਼, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 94178-02835.

ਪੰਜਾਬ ਦੇ ਦੋਆਬਾ ਖਿੱਤੇ ਦੇ ਜ਼ਿਲ੍ਹਾ ਜਲੰਧਰ ਦੇ ਨਾਮੀ ਪਿੰਡ ਲਸਾੜਾ ਬਾਰੇ ਇਹ ਵਿਲੱਖਣ ਪੁਸਤਕ ਰਚ ਕੇ ਲੇਖਿਕਾ ਡਾ: ਜਸਵੰਤ ਕੌਰ ਨੇ ਜਿਥੇ ਇਸ ਪਿੰਡ ਦੇ ਜੰਮਪਲ ਹੋਣ ਦੇ ਨਾਤੇ ਪਿੰਡ ਨਾਲ ਆਪਣੀ ਆਤਮਿਕ ਸਾਂਝ ਦਾ ਸੱਚਾ-ਸੁੱਚਾ ਪ੍ਰਗਟਾਵਾ ਕੀਤਾ ਹੈ, ਉਥੇ ਸਾਹਿਤ ਵਿਚ ਆਪਣੀ ਧਰਤੀ ਆਪਣੇ ਲੋਕਾਂ ਬਾਰੇ ਪ੍ਰਸਿੱਧ ਕਲਮਕਾਰਾਂ ਜਾਂ ਹੋਰ ਖੇਤਰਾਂ ਦੀਆਂ ਨਾਮੀ ਅਤੇ ਚਰਚਿਤ ਹਸਤੀਆਂ ਵਲੋਂ ਜੋ ਲਿਖਣ ਦੀ ਪਰੰਪਰਾ ਹੈ, ਉਸ ਨੂੰ ਡਾ: ਜਸਵੰਤ ਕੌਰ ਨੇ ਇਸ ਪੁਸਤਕ ਨਾਲ ਬਾਖੂਬੀ ਨਿਭਾਇਆ ਹੈ। ਪੁਸਤਕ ਦੇ ਆਰੰਭ ਵਿਚ ਉਨ੍ਹਾਂ ਵਲੋਂ ਲਿਖੇ ਇਹ ਸ਼ਬਦ ਧਿਆਨ ਖਿੱਚਦੇ ਹਨ, 'ਇਹ ਪੁਸਤਕ ਪਿੰਡ ਦੇ ਹੋ ਚੁੱਕੇ ਸਨਮਾਨਯੋਗ ਬਜ਼ੁਰਗ ਵਿਅਕਤੀਆਂ, ਵੇਲਾ ਵਿਹਾ ਚੁੱਕੇ ਤੇ ਖ਼ਤਮ ਹੋ ਚੁੱਕੇ ਸਥਾਨਾਂ ਅਤੇ ਵਿਰਲੇ ਸਾਹ ਲੈਂਦੀਆਂ ਯਾਦਗਾਰਾਂ ਨੂੰ ਸਮਰਪਿਤ ਹੈ।' ਇਸੇ ਤਰ੍ਹਾਂ 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਜੋ ਖ਼ੁਦ ਇਸ ਨਗਰ ਦੇ ਜੰਮਪਲ ਹਨ, ਵੀ ਪੁਸਤਕ ਦੇ ਮੁੱਖ ਬੰਦ 'ਚ ਲਿਖਦੇ ਹਨ, 'ਪਿੰਡ ਲਸਾੜਾ ਦੋਆਬੇ ਦਾ ਉੱਘਾ ਪਿੰਡ ਹੈ। ਪ੍ਰਸਿੱਧ ਆਜ਼ਾਦੀ ਘੁਲਾਟੀਏ ਸ਼ਹੀਦ ਬਾਬੂ ਲਾਭ ਸਿੰਘ, ਮਾ: ਭਗਤ ਰਾਮ ਸ਼ੁਕਲਾ ਅਤੇ ਟੇਕ ਚੰਦ ਸਿਆਲ ਆਦਿ ਇਸੇ ਪਿੰਡ ਨਾਲ ਸਬੰਧਿਤ ਸਨ।' ਪਿੰਡ ਲਸਾੜਾ ਦੇ ਇਤਿਹਾਸ ਦੀ ਇਹ ਦਸਤਾਵੇਜ਼ੀ ਪੁਸਤਕ ਪੰਜਾਬੀ ਵਾਰਤਕ ਦੇ ਭੰਡਾਰ ਵਿਚ ਇਕ ਅਹਿਮ ਵਾਧਾ ਹੈ। ਸਾਹਿਤ ਦੀ ਵਾਰਤਕ ਵਿਧਾ ਦੀਆਂ ਸਫਲ ਤਕਨੀਕਾਂ ਦੀ ਵਰਤੋਂ ਕਰਦਿਆਂ ਲੇਖਿਕਾ ਨੇ ਪੁਸਤਕ ਨੂੰ ਕੁੱਲ ਨੌ ਅਧਿਆਏ ਵਿਚ ਤਕਸੀਮ ਕਰਕੇ ਪ੍ਰਭਾਵਸ਼ਾਲੀ ਤਰਤੀਬ ਦਿੱਤੀ ਹੈ। ਦੋਆਬੇ ਦੀ ਬੋਲੀ ਦੀ ਝਲਕ ਦਿਖਾਉਂਦੀ ਇਸ ਪੁਸਤਕ ਵਿਚ ਪ੍ਰਕਾਸ਼ਿਤ ਢੁਕਵੀਆਂ ਤਸਵੀਰਾਂ ਸੋਨੇ 'ਤੇ ਸੁਹਾਗਾ ਹਨ। ਜਿਹੜੀਆਂ ਪਾਠਕਾਂ ਦੇ ਮਨਾਂ 'ਚ ਲਿਖਤ ਦੇ ਅਸਰ ਨੂੰ ਹੋਰ ਗਹਿਰਾਈ ਨਾਲ ਸੰਚਾਰਦੀਆਂ ਹਨ। ਮੁਕਦੀ ਗੱਲ ਪਾਠਕਾਂ ਲਈ ਕਈ ਪ੍ਰੇਰਨਾਵਾਂ ਦਾ ਖਜ਼ਾਨਾ ਹੈ ਇਹ ਇਤਿਹਾਸਕ ਪੁਸਤਕ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਪਿੰਡ ਦੀਆਂ ਗਲੀਆਂ
ਲੇਖਕ : ਰਣਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਮੀਕਸ਼ਾ ਪ੍ਰੈਸ, ਖੰਨਾ
ਮੁੱਲ : 60 ਰੁਪਏ, ਸਫ਼ੇ : 39
ਸੰਪਰਕ : 98145-28023.

ਰਣਜੀਤ ਸਿੰਘ ਸੰਧੂ ਬੱਚਿਆਂ ਬਾਰੇ ਲਿਖਣ ਵਾਲਾ ਲੇਖਕ ਹੈ। ਇਸ ਤੋਂ ਪਹਿਲਾਂ ਉਸ ਦੀਆਂ ਚਾਰ ਪੁਸਤਕਾਂ ਆ ਚੁੱਕੀਆਂ ਹਨ। ਕਈ ਪੁਸਤਕਾਂ ਵਿਚ ਉਸ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸੰਧੂ ਬੱਚਿਆਂ ਦੇ ਪੱਧਰ 'ਤੇ ਸੋਚਣ ਦੇ ਸਮਰੱਥ ਹੈ। ਉਸ ਦੀਆਂ ਕਵਿਤਾਵਾਂ ਵਿਚ ਬੱਚਿਆਂ ਦੇ ਕੋਮਲ ਮਨਾਂ 'ਤੇ ਚੰਗਾ ਅਸਰ ਪਾਉਣ ਦੀ ਜੁਗਤ ਹੈ। ਉਹ ਬੱਚਿਆਂ ਅੰਦਰ ਚੰਗੀਆਂ ਆਦਤਾਂ ਦਾ ਪ੍ਰਵੇਸ਼ ਦੇਖਣ ਦਾ ਚਾਹਵਾਨ ਹੈ। ਉਹ ਬੱਚਿਆਂ ਨੂੰ ਆਗਿਆਕਾਰੀ ਹੋਣ ਵਾਸਤੇ ਪ੍ਰੇਰਦਾ ਹੈ। ਮਾਪਿਆਂ ਦਾ ਸਤਿਕਾਰ ਕਰਨ, ਖੂਬ ਪੜ੍ਹਨ, ਚੰਗੇ ਇਨਸਾਨ ਬਣਨ, ਚੋਰੀ ਤੋਂ ਦੂਰ ਰਹਿਣ, ਮਾੜੀਆਂ ਆਦਤਾਂ ਨਾ ਸਹੇੜਨ ਦੀ ਪ੍ਰੇਰਣਾ ਕਵਿਤਾਵਾਂ ਰਾਹੀਂ ਦਿੰਦਾ ਹੈ। 'ਪਿੰਡ ਦੀਆਂ ਗਲੀਆਂ' ਨਾਮੀ ਛੋਟੀ ਜਹੀ ਕਿਤਾਬ ਵਿਚ ਉਸ ਨੇ ਦੋ ਦਰਜਨ ਤੋਂ ਵੱਧ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਿਹਾ ਜਾਂਦਾ ਹੈ ਕਿ ਤੁਸੀਂ ਪਿੰਡ ਵਿਚੋਂ ਇਨਸਾਨ ਨੂੰ ਕੱਢ ਸਕਦੇ ਹੋ, ਪਰ ਇਨਸਾਨ ਵਿਚੋਂ ਪਿੰਡ ਨੂੰ ਨਹੀਂ। ਸੰਧੂ ਨੇ ਲਿਖਿਆ ਹੈ :
ਬਚਪਨ ਦੇ ਵਿਚ ਰੱਜ ਕੇ ਖੇਡੇ,
ਆਪਣੇ ਪਿੰਡ ਦੀਆਂ ਗਲੀਆਂ ਵਿਚ।
ਰਣਜੀਤ ਸਿੰਘ ਸੰਧੂ ਦੀਆਂ ਕਵਿਤਾਵਾਂ ਵਿਚ ਸਮੇਂ ਦਾ ਸੱਚ ਹੈ। ਉਹ ਸੱਚ ਜਿਹੜਾ ਬੱਚਿਆਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਇਹੋ ਜਿਹੀਆਂ ਕਿਤਾਬਾਂ ਸਮੇਂ ਦੀ ਲੋੜ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਬਸ ਏਦਾਂ ਹੀ...
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 60 ਰੁਪਏ, ਸਫ਼ੇ : 61
ਸੰਪਰਕ : 98724-55994.

ਇਸ ਨਾਵਲ ਦਾ ਵਿਸ਼ਾ ਸਮਾਜ ਵਿਚ ਵਿਚਰਦਿਆਂ ਨੌਜਵਾਨ ਮੁੰਡਿਆਂ ਤੇ ਕੁੜੀਆਂ ਵਿਚਕਾਰ ਵਿਆਹ ਤੋਂ ਬਾਹਰ ਸਥਾਪਿਤ ਰਿਸ਼ਤਿਆਂ ਤੋਂ ਪੈਦਾ ਹੋਈਆਂ ਸਮੱਸਿਆਵਾਂ, ਉਲਝਣਾਂ ਅਤੇ ਦੁਖਾਂਤਕ ਘਟਨਾਵਾਂ ਦਾ ਯਥਾਰਥ ਹੈ। ਸਾਡੇ ਸਮਾਜ ਵਿਚ ਵਿਆਹ ਤੋਂ ਬਾਹਰ ਮੱਲੋ-ਮੱਲੀ ਬਣਾਏ ਵਰਜਿਤ ਰਿਸ਼ਤੇ ਵਧੇਰੇ ਕੁੜੀਆਂ ਵਲੋਂ ਕੀਤੀਆਂ ਗ਼ਲਤੀਆਂ ਕਾਰਨ ਉਨ੍ਹਾਂ ਦੇ ਮੁਢਲੇ ਜੀਵਨ ਵਿਚ ਨਿਰਾਸ਼ਾ, ਉਦਾਸੀ ਅਤੇ ਹੀਣਭਾਵਨਾ ਉਪਜਾਉਣ ਦਾ ਕਾਰਨ ਬਣਦੇ ਹਨ। ਅੰਨ੍ਹੀ ਉਲਾਰ ਅਵਸਥਾ ਤੋਂ ਕੀਤੀ ਗ਼ਲਤੀ ਦੇ ਸਿੱਟੇ ਮੁੰਡਿਆਂ ਦੇ ਜੀਵਨ ਵਿਚ ਸੰਤੁਸ਼ਟੀ, ਪਿਆਰ, ਤਸੱਲੀ ਅਤੇ ਸਿਰਜਣਾਤਮਕ ਵਲਵਲੇ ਨਹੀਂ ਭਰ ਸਕਦੇ ਹਨ। ਅਜਿਹੇ ਰਿਸ਼ਤਿਆਂ ਦਾ ਹਸ਼ਰ ਵਧੇਰੇ ਮੁੰਡਿਆਂ-ਕੁੜੀਆਂ ਦੀਆਂ ਕੀਤੀਆਂ ਭਾਵੇਂ ਗ਼ਲਤੀਆਂ ਹੁੰਦੀਆਂ ਹਨ ਪਰ ਇਨ੍ਹਾਂ ਤੋਂ ਪੈਦਾ ਹੋਇਆ ਦੁਖਾਂਤ ਸਾਰੇ ਪਰਿਵਾਰ ਨੂੰ ਬਦਨਾਮੀ ਆਰਥਿਕ ਹਾਨੀ ਅਤੇ ਬਰਬਾਦੀ ਦੇ ਰੂਪ ਵਿਚ ਭੁਗਤਣਾ ਪੈਂਦਾ ਹੈ, ਜੋ ਸਮਾਜਿਕ ਦੁਖਾਂਤ ਹੈ। ਨਾਵਲਿਟ ਵਿਚ ਮੁੱਖ ਪਾਤਰ ਪਾਲੀ ਨੂੰ ਮੁੱਖ ਪਾਤਰ 'ਨਿੰਮੋ' ਨਾਲ ਵਿਆਹ ਤੋਂ ਬਾਹਰੀ ਸਰੀਰਕ ਸਬੰਧ ਬਣਾਉਣ ਦੀ ਕਹਾਣੀ ਹੈ। ਲੇਖਕ ਇਸ ਕਹਾਣੀ ਦੇ ਨਾਲ-ਨਾਲ ਹੋਰ ਅਨੇਕਾਂ ਨੌਜਵਾਨ ਮੁੰਡੇ-ਕੁੜੀਆਂ ਦੇ ਨਾਜਾਇਜ਼ ਰਿਸ਼ਤਿਆਂ ਦਾ ਜ਼ਿਕਰ ਵੀ ਕਰਦਾ ਹੈ। ਇਹ ਬਿਗੜੇ ਮੁੰਡੇ-ਕੁੜੀਆਂ ਦਾ ਦੁਖਾਂਤ ਹੈ।
ਮਰਦ ਪ੍ਰਧਾਨ ਸਮਾਜ ਵਿਚ ਉਪਭਾਵੁਕ ਉਤੇਜਿਤ ਮੁੰਡੇ ਕੁੜੀ, ਇੰਜ ਕਰਨ ਤੋਂ ਪਹਿਲਾਂ ਇਸ ਦੇ ਅੰਜਾਮ ਬਾਰੇ ਨਹੀਂ ਸੋਚਦੇ। ਭਾਵੁਕ ਹੋਏ ਮੁੰਡੇ-ਕੁੜੀ ਨਾ ਆਤਮਾ ਦੀ ਆਵਾਜ਼ ਸੁਣਦੇ ਹਨ। ਕਦੇ ਚੰਗਿਆਈ ਬੁਰਾਈ 'ਤੇ ਭਾਰੂ ਹੋ ਜਾਂਦੀ ਹੈ, ਕਦੇ ਬੁਰਾਈ ਚੰਗਿਆਈ 'ਤੇ ਭਾਰੂ ਹੋ ਜਾਂਦੀ ਹੈ। ਉਤੇਜਿਤ ਮਨ ਦੀ ਲਾਲਸਾ ਅੰਨ੍ਹੀ ਹੁੰਦੀ ਹੈ। ਇਕ ਗ਼ਲਤੀ ਪਿੱਛੋਂ ਹਰ ਵਾਰ ਗ਼ਲਤੀ ਦੁਹਰਾਈ ਜਾਂਦੀ ਹੈ।
ਭਾਵੇਂ ਇਹ ਨਾਵਲਿਟ ਹੈ, ਨਾਵਲਕਾਰ ਨੇ ਸਮਾਜ ਦੀ ਭਖਦੀ ਸਮੱਸਿਆ ਲਈ ਹੈ। ਇਹ ਵੀ ਸਹੀ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤ ਜਾਗ੍ਰਿਤ ਨਹੀਂ। ਅੱਜ ਵੀ ਜਬਰ ਜਨਾਹ ਧੱਕੇ ਕੀਤੇ ਜਾ ਰਹੇ ਹਨ। ਸਾਡੇ ਸਮਾਜ ਵਿਚ ਗਿਆਨ ਹੈ, ਵਿਗਿਆਨ ਹੈ। ਕਾਨੂੰਨ ਹਨ। ਥਾਣੇ ਕਚਹਿਰੀਆਂ ਹਨ। ਔਰਤ ਜਾਗ੍ਰਿਤ ਹੋ ਰਹੀ ਹੈ। ਹੱਕ ਬਰਾਬਰ ਹਨ ਪਰ ਮਰਦ-ਜ਼ਨਾਨੀ ਦੇ ਨਾਜਾਇਜ਼ ਰਿਸ਼ਤਿਆਂ ਦੀਆਂ ਦੁਖਾਂਤਕ ਘਟਨਾਵਾਂ ਬਰਕਰਾਰ ਹਨ। ਜ਼ਿੰਦਗੀ ਸਿਆਸਤ, ਧਰਮ, ਕਾਨੂੰਨ, ਮਰਯਾਦਾਵਾਂ ਦੀ ਘਾਟ ਨਹੀਂ, ਪਰ ਮੁੰਡਿਆਂ ਕੁੜੀਆਂ (ਮਰਦ-ਔਰਤਾਂ) ਦੇ ਆਪਸੀ ਸਬੰਧਾਂ ਤੋਂ ਪੈਦਾ ਹੁੰਦੇ ਮਾਨਸਿਕ ਸਮਾਜਿਕ ਦੁਖਾਂਤ ਘਟਦੇ ਨਹੀਂ। ਜ਼ਿੰਦਗੀ ਆਪਣੀ ਰਫ਼ਤਾਰ ਚਲਦੀ ਰਹਿੰਦੀ ਹੈ 'ਬਸ ਏਦਾਂ ਹੀ'।

ਫ ਫ ਫ

ਲਫ਼ਜ਼ਾਂ ਦੀ ਲੋਅ
ਲੇਖਕ : ਸੁਰਜੀਤ ਸਿੰਘ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 97814-14118.

ਲਫ਼ਜ਼ਾਂ ਦੀ ਲੋਅ, ਸੁਰਜੀਤ ਸਿੰਘ ਕੈਨੇਡਾ ਦੇ ਛੋਟੇ-ਛੋਟੇ ਵਿਚਾਰਾਂ ਦਾ ਸੰਗ੍ਰਹਿ ਹੈ, ਇਹ ਵਿਚਾਰ ਲੇਖਕ ਦੇ ਜੀਵਨ ਤਜਰਬਿਆਂ ਉੱਪਰ ਆਧਾਰਿਤ ਹਨ, ਜਿਨ੍ਹਾਂ ਨੂੰ ਉਸ ਨੇ ਸਮੇਂ-ਸਮੇਂ ਸਵੈਚਿੰਤਨ ਰਾਹੀਂ, ਆਪਣੇ ਪਾਠਕਾਂ ਲਈ ਇਕੱਤਰ ਕੀਤਾ ਹੈ। ਲੇਖਕ ਨੇ ਆਪਣੀ ਜ਼ਿੰਦਗੀ ਵਿਚ ਤਲਖ਼ੀਆਂ ਦੁਸ਼ਵਾਰੀਆਂ ਮਾਯੂਸੀਆਂ ਅਤੇ ਮੁਸ਼ਕਿਲਾਂ ਨੂੰ ਹੱਡੀਂ ਹੰਢਾਉਂਦਿਆਂ ਹੈ। ਨਵੇਂ-ਨਵੇਂ ਵਿਚਾਰਾਂ ਨੂੰ ਆਪਣੀ ਵਿਚਾਰਧਾਰਾ ਵਿਚ ਸ਼ਾਮਿਲ ਕੀਤਾ ਹੈ, ਜੋ ਉਸ ਦੇ ਚਿੰਤਨ ਦਾ ਹਾਸਲ ਬਣਦੇ ਰਹੇ ਹਨ, ਇਹ ਜੱਗਬੀਤੀਆਂ ਹਨ ਜਾਂ ਆਪਬੀਤੀਆਂ, ਪਰ ਇਸ ਨੇ ਹੱਡੀਂ ਹੰਢਾਏ ਅਤੇ ਅਨੁਭਵ ਕੀਤੇ ਪਲਾਂ ਨੂੰ ਫੜਨ ਦਾ ਜੋ ਯਤਨ ਕੀਤਾ ਹੈ, ਉਹ ਉਹਦੇ 'ਲਫ਼ਜ਼ਾਂ ਦੀ ਲੋਅ' ਪੁਸਤਕ ਰੂਪ ਵਿਚ ਪੇਸ਼ ਹੈ।
ਇਹ ਖਿਆਲ ਨਿਰਸੰਦੇਹ 'ਜ਼ਿੰਦਗੀ' ਸਮਾਜ ਅਤੇ ਸੰਸਾਰ' ਤੋਂ ਪ੍ਰਾਪਤ ਕਰਕੇ ਲੇਖਕ ਨੇ ਆਪਣੇ ਸੰਸਾਰ ਨੂੰ ਲੁਟਾ ਦਿੱਤੇ ਹਨ, ਇਸ ਉਦੇਸ਼ ਲਈ ਕਿ ਉਹਦੇ ਪਾਠਕ ਸਾਥੀ ਅਤੇ ਆਮ ਖ਼ਾਸ ਵਿਅਕਤੀ ਇਨ੍ਹਾਂ ਤੋਂ ਪਰੇਰਨਾ ਲੈ ਸਕਣ। ਹਰ ਖਿਆਲ ਜਗਬੀਤੀ ਜਾਂ ਹੱਡਬੀਤੀ ਤੋਂ ਉਪਜਿਆ ਹੈ। ਉੱਤਮ ਖਿਆਲ, ਮਾਨਵ ਦੀ ਅਮੁੱਲ ਪੂੰਜੀ ਹੈ। ਮਨੁੱਖ ਹੋਣ ਦੇ ਨਾਤੇ, ਅਸੀਂ ਜੇਕਰ ਆਪਣੀ ਨਵੀਂ ਉਸਾਰੂ ਸੋਚ ਉੱਪਰ ਆਧਾਰਿਤ ਖਿਆਲ ਦਾ ਅਧਿਐਨ ਕਰਕੇ ਉਸ ਉੱਪਰ ਅਮਲ ਕਰਨ ਦਾ ਹੌਸਲਾ ਕਰਦੇ ਹਾਂ ਤਾਂ ਇਹ ਹਨੇਰਿਆਂ ਦਾ ਅੰਤ ਕਰਕੇ ਨਵੇਂ ਸਵੇਰਿਆਂ ਨੂੰ ਜਨਮ ਦਿੰਦਾ ਹੈ। ਉੱਤਮ ਨਵੇਂ ਨਰੋਏ ਅਤੇ ਸਿਰਜਣਾਤਮਿਕ ਖਿਆਲ ਹੀ ਨਵੇਂ ਚਾਨਣੇਂ ਰਾਹਾਂ ਨੂੰ ਜਨਮ ਦਿੰਦੇ ਹਨ। ਧਰਮ, ਸਿਧਾਂਤ, ਵਿਚਾਰਧਾਰਾ, ਵਿਗਿਆਨਕ ਦ੍ਰਿਸ਼ਟੀ ਤਾਂ ਹੀ ਸਰਬੋਤਮ ਅਕਸੀਰੀ ਦਵਾਈ ਹੈ ਜੇਕਰ ਅੰਤਰਆਤਮਾ ਨਾਲ ਇਨ੍ਹਾਂ ਵਿਚਾਰਾਂ ਨੂੰ ਅਮਲੀ ਜੀਵਨ ਦਾ ਅੰਗ ਰੱਖਿਅਕ ਬਣਾਇਆ ਜਾਵੇ। ਲੇਖਕ ਉੱਤਮ ਖਿਆਲਾਂ ਨੂੰ ਹੀ ਬ੍ਰਹਮ ਗਿਆਨ ਦਾ ਦਰਜਾ ਦਿੰਦਾ ਹੈ।
ਪੁਸਤਕ ਵਿਚ ਜਿੰਨੇ ਵੀ ਛੋਟੇ-ਵੱਡੇ ਨਿੱਕੇ-ਨਿੱਕੇ ਖਿਆਲ ਹਨ, ਉਹ ਲੇਖਕ ਦੇ ਅਜਿਹੇ ਤਜਰਬੇ ਹਨ, ਜਿਨ੍ਹਾਂ ਤੋਂ ਉਸ ਨੇ ਕੁਝ ਸਿੱਖਿਆ ਹੈ ਤੇ ਇਸ ਸਿੱਖਿਆ ਨੂੰ ਉਹ ਲੋਕ ਕਲਿਆਣ ਲਈ ਦੁਨਿਆਵੀ ਲੋਕਾਂ ਦੇ ਕਲਿਆਣ ਦਾ ਅੰਗ ਬਣਾ ਕੇ, ਉਨ੍ਹਾਂ ਦੇ ਦੁੱਖ ਅਤੇ ਸਮੱਸਿਆਵਾਂ ਘਟਾਉਣਾ ਚਾਹੁੰਦਾ ਹੈ। ਲੇਖਕ ਦਾ ਦ੍ਰਿਸ਼ਟੀਕੋਣ ਸਾਫ਼, ਸਪੱਸ਼ਟ ਅਤੇ ਵਿਗਿਆਨਕ ਹੈ। ਲੇਖਕ ਸਪੱਸ਼ਟ ਪਰ ਲਲਕਾਰ ਕੇ ਆਪਣੇ ਪਾਠਕਾਂ ਨੂੰ ਜੋ ਖਿਆਲਾਂ ਦੀ ਸੀਰਨੀ ਵੰਡਦਾ ਹੈ, ਉਹ ਹਕੀਕਤ ਵਿਚ ਨਵੇਂ ਨਰੋਏ ਨਿਰਪੱਖ ਸੂਰਮੇ ਪੁਰਖ ਇਨਸਾਨ ਲਈ ਸ਼ੁੱਭ ਚਿੰਤਕ ਹੈ। ਪੁਸਤਕ ਵਿਚ ਅਜਿਹੇ ਸੈਂਕੜੇ ਖਿਆਲਾਂ ਦੇ ਸੁਨੇਹੜੇ ਸੰਚਾਰੇ ਗਏ ਹਨ, ਜਿਨ੍ਹਾਂ ਤੋਂ ਭੁੱਲੇ ਭਟਕੇ ਵਿਅਕਤੀ ਇਸ ਪੁਸਤਕ ਨੂੰ ਮੁਕਤੀ ਦਾ ਸਰੋਤ ਬਣਾ ਕੇ ਅਮਲ ਕਰਕੇ ਲਾਭ ਉੱਠਾ ਸਕਦੇ ਹਨ। ਇਸ ਲਈ ਹਰ ਵਿਅਕਤੀ ਨੂੰ ਪਹਿਲਾਂ ਖ਼ੁਦ ਨੂੰ ਬਦਲਣਾ ਪਵੇਗਾ ਤੇ ਆਪਣੇ-ਆਪਣੇ ਨਵੇਂ ਨਰੋਏ ਸ਼ੁੱਧ ਖਿਆਲਾਂ ਉੱਪਰ ਅਮਲ ਵੀ ਕਰਨਾ ਪਏਗਾ।

ਂਡਾ: ਅਮਰ ਕੋਮਲ
ਮੋ: 08437873565.
ਫ ਫ ਫ

04-08-2018

 ਪੰਜਾਬੀ ਕਹਾਣੀ
ਲੇਖਕ : ਡਾ: ਰਜਨੀਸ਼ ਬਹਾਦੁਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98152-98459.

ਵਿਚਾਰਾਧੀਨ ਪੁਸਤਕ ਪੰਜਾਬੀ ਕਹਾਣੀ ਆਲੋਚਨਾ ਦੀ ਇਕ ਜ਼ਿਕਰਯੋਗ ਪ੍ਰਾਪਤੀ ਹੈ। ਇਸ ਕਿਤਾਬ ਦੇ ਆਰੰਭਕ ਅੱਠ ਕਾਂਡ ਕ੍ਰਮਵਾਰ ਕਹਾਣੀ-ਵਿਧਾ ਦੇ ਪ੍ਰਤਿਮਾਨ, ਮਾਡਲ ਆਕ੍ਰਿਤੀ, ਮਿਥਿਹਾਸਕ ਵਿਧੀ, ਗਲੋਬਲੀ ਮੁਹਾਂਦਰਾ, ਹਾਸ਼ੀਆਗਤ ਸਮੂਹਿਕ ਚੇਤਨਾ, ਦਲਿਤ ਸਰੋਕਾਰ, ਪੰਜਾਬੀ ਕਹਾਣੀ ਸਰਵੇਖਣ (1961-2000) ਅਤੇ ਉਗਮ ਰਹੀਆਂ ਨਵੀਨ ਪ੍ਰਵਿਰਤੀਆਂ ਦੀ ਗਹਿਰ ਗੰਭੀਰ ਚਰਚਾ ਪੇਸ਼ ਕਰਦੇ ਹਨ। ਇਹ ਪਹਿਲੇ ਅੱਠ ਕਾਂਡ ਗਿਆਨ-ਵਰਧਕ ਹਨ ਪਰ ਅਗਲੇਰੇ ਅੱਠ ਕਾਂਡ ਪਾਠਕਾਂ ਅਤੇ ਖੋਜਾਰਥੀਆਂ ਲਈ ਵਧੇਰੇ ਆਕਰਸ਼ਣ ਵਾਲੇ ਹਨ। ਇਨ੍ਹਾਂ ਵਿਚ ਕਹਾਣੀਕਾਰਾਂ ਦੀ ਵਰਗ ਵੰਡ ਕਰਕੇ, ਉਨ੍ਹਾਂ ਦੀਆਂ ਕਹਾਣੀਆਂ ਚੁਣ ਕੇ, ਕਹਾਣੀਆਂ ਵਿਚੋਂ ਪਾਤਰ ਚੁਣ ਕੇ, ਉਨ੍ਹਾਂ ਦੀ ਖ਼ੁਦਮੁਖ਼ਤਿਆਰੀ/ਕੁਠਪੁਤਲੀ ਸਥਿਤੀ ਬਾਰੇ ਤਰਕਪੂਰਨ ਢੰਗ ਨਾਲ ਨਿਰਣੇ ਪੇਸ਼ ਕੀਤੇ ਗਏ ਹਨ। ਇਸ ਦ੍ਰਿਸ਼ਟੀ ਤੋਂ ਇਨ੍ਹਾਂ ਅੱਠ ਕਾਂਡਾਂ ਦਾ ਅਤੀ ਸੰਖੇਪ, ਸਾਰ ਗਰਭਿਤ ਪਰ ਭਾਵਪੂਰਤ ਮੈਟਾ-ਅਧਿਐਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਵਿਦਵਾਨ ਆਲੋਚਕ ਪਹਿਲਾਂ ਉਸ ਇਤਿਹਾਸਕ ਪਰਿਪੇਖ ਨੂੰ ਪੇਸ਼ ਕਰਦਾ ਹੈ, ਜਿਸ ਫੈਕਟੀਸਿਟੀ ਵਿਚੋਂ ਉਨ੍ਹਾਂ ਪਾਤਰਾਂ ਨੇ ਰੂਪ ਗ੍ਰਹਿਣ ਕੀਤਾ ਹੈ। ਫਿਰ ਆਪਣੇ ਉਦੇਸ਼-ਪ੍ਰਕਿਰਿਆ ਵਿਚ ਪੈਂਦਾ ਹੈ। ਇਸ ਪ੍ਰਕਿਰਿਆ ਨੂੰ ਇੰਜ ਵੀ ਦਰਸਾਇਆ ਜਾ ਸਕਦਾ ਹੈ": ਦਿੱਤਾ ਹੈ (ਗਿਵਨ)-ਪਾਤਰ; ਸਿੱਧ ਕਰਨਾ ਹੈ (ਟੂ ਪਰੂਵ)ਂਖ਼ੁਦਮੁਖਤਿਆਰ ਜਾਂ ਕਠਪੁਤਲੀ। ਖ਼ੁਦਮੁਖਤਿਆਰ ਸਿੱਧ ਕਰਨ ਲਈ ਉਹ ਜਿਹੜੇ ਨੁਕਤਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਪਾਤਰ ਦਾ ਪ੍ਰਸਥਿਤੀਆਂ ਵਿਚੋਂ ਹੋਂਦ ਗ੍ਰਹਿਣ ਕਰਨਾ; ਪਾਤਰ ਦਾ ਲੇਖਕ ਤੋਂ ਬਾਗੀ ਹੋਣਾ। ਇੱਛੁਤ ਯਥਾਰਥ ਤੋਂ ਭਿੰਨ ਹੋਣਾ; ਦ੍ਰਿਸ਼ਟੀਗਤ ਅਵਚੇਤਨ ਤੋਂ ਨਾਬਰ ਹੋਣਾ; ਵਿਚਾਰਧਾਰਾ ਆਰੋਪਿਤ ਨਾ ਕਰਨਾ, ਅਭੁੱਲ ਪਾਤਰ ਸਿਰਜਣਾ, ਨਿਵੇਕਲਾਪਣ, ਸ਼ਕਤੀਸ਼ਾਲੀ ਜੀਵੰਤ (ਅਲਾਇਵ) ਹੋਂਦ ਆਦਿ। ਵਿਦਵਾਨ ਆਲੋਚਕ ਕਠਪੁਤਲੀ/ਅਧੀਨ ਪਾਤਰਾਂ ਨੂੰ ਵੀ ਵਿਸ਼ੇਸ਼ ਕਸਵੱਟੀ 'ਤੇ ਪਰਖਦਾ ਹੈ। ਸਵੈ-ਸਿੱਧ ਹੈ ਕਿ ਵਿਦਵਾਨ ਆਲੋਚਕ ਪਾਸ ਸਿਧਾਂਤਕ ਪ੍ਰੌੜ੍ਹਤਾ ਵੀ ਹੈ ਅਤੇ ਨਵੀਆਂ ਸਿਰਜਣਾਵਾਂ ਪੜ੍ਹਨ ਦੀ ਨਿਰੰਤਰ ਲਗਨ ਵੀ। ਕੇਂਦਰੀ ਮੋਟਿਫ਼ਾਂ ਨੂੰ ਸਮਝਣ ਵੱਲ ਰੁਚਿਤ ਹੈ। ਕੁੱਲ ਮਿਲਾ ਕੇ ਇਹ ਪੁਸਤਕ ਖੋਜ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੀ ਅਤੇ ਚਿੰਤਨ ਨੂੰ ਟੁੰਬਣ ਵਾਲੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007..
ਫ ਫ ਫ

ਇੱਕੀਵੀਂ ਸਦੀ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 184
ਸੰਪਰਕ : 98147-83069.

'ਇੱਕੀਵੀਂ ਸਦੀ' ਨਾਵਲ ਵਿਚ ਬਲਦੇਵ ਸਿੰਘ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜੋਕੇ ਪੂੰਜੀਵਾਦੀ ਸਮਾਜ ਵਿਚ ਸੰਯੁਕਤ ਪਰਿਵਾਰ ਪ੍ਰਥਾ ਟੁੱਟਦੀ ਜਾ ਰਹੀ ਹੈ। ਜਿਵੇਂ ਹੀ ਪਰਿਵਾਰ ਦਾ ਇਕ ਮੈਂਬਰ ਦਾਦਾ-ਦਾਦੀ ਦੇ ਮਰਤਬੇ ਤੱਕ ਪਹੁੰਚ ਜਾਂਦਾ ਹੈ, ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵਾਫ਼ਰ ਪ੍ਰਤੀਤ ਹੋਣ ਲੱਗਦਾ ਹੈ ਅਤੇ ਆਖ਼ਰ ਇਹ ਮੈਂਬਰ ਉਸ ਨਾਲ ਦੁਰਵਿਹਾਰ ਕਰਕੇ ਉਸ ਨੂੰ ਬਿਰਧ-ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਇਹੀ ਕਾਰਨ ਹੈ ਕਿ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿਚ ਬਿਰਧ-ਆਸ਼ਰਮ ਵਧਦੇ ਜਾ ਰਹੇ ਹਨ। ਇਸ ਨਾਵਲ ਦੀ ਭੂਮਿਕਾ ਵਿਚ ਨਾਵਲਕਾਰ ਸਵਾਲ ਕਰਦਾ ਹੈ, 'ਵਿਡੰਬਨਾ ਇਹ ਹੈ ਦੋਸਤੋ! ਇਕ ਮਾਂ-ਬਾਪ ਪਾਲਦੇ ਨੇ ਚਾਰ ਜਾਂ ਛੇ ਬੱਚੇ, ਸਾਰੇ ਬੱਚੇ ਰਲ ਕੇ ਨਹੀਂ ਪਾਲ ਸਕਦੇ ਇਕ ਮਾਂ-ਬਾਪ'? ਜਦੋਂ ਅਸੀਂ ਇਸ ਨਾਵਲ ਦੀ ਟੈਕਸਟ ਪੜ੍ਹਦੇ ਹਾਂ ਤਾਂ ਉੱਤਰ 'ਨਹੀਂ' ਵਿਚ ਮਿਲਦਾ ਹੈ। ਇਸ ਟੈਕਸਟ ਵਿਚ ਮੁੱਖ ਪਾਤਰ ਤੋਂ ਬਿਨਾਂ ਸੁਰਿੰਦਰ ਕੌਰ, ਮਹਿੰਗਾ ਰਾਮ, ਸੁਖਬੀਰ ਸਿੰਘ, ਮਾਸਟਰ ਜੀ, ਸਰਦਾਰ ਸਾਹਿਬ, ਪ੍ਰੋ: ਚੋਪੜਾ, ਭਜਨਾ, ਪ੍ਰੀਤਮ, ਬਨਾਰਸੀ ਦਾਸ ਅਤੇ ਕੇਹਰ ਸਿੰਘ ਫ਼ੌਜੀ ਆਦਿ ਬਹੁਤ ਸਾਰੇ ਪਾਤਰ ਆਏ ਹਨ। ਇਹ ਸਾਰੇ ਹੀ ਬਿਰਧ-ਆਸ਼ਰਮਾਂ ਵਿਚ ਰਹਿੰਦੇ ਹਨ। ਲੇਖਕ ਨੇ ਹਰ ਇਕ ਬਜ਼ੁਰਗ ਦੀ ਕਹਾਣੀ ਨੂੰ ਉੱਤਮ-ਪੁਰਖ ਵਿਚ ਸੁਣਾਇਆ ਹੈ।
ਪੂੰਜੀਵਾਦੀ ਸਮਾਜ ਨੇ ਸਾਡੀਆਂ ਬਹੁਤ ਸਾਰੀਆਂ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਉੱਪਰ ਹਮਲਾ ਕਰ ਦਿੱਤਾ ਹੈ। ਅਸਲ ਵਿਚ ਇਹ ਸੰਸਥਾਵਾਂ ਸੰਯੁਕਤ ਯੁੱਗ ਦੀ ਦੇਣ ਸਨ। ਉਸ ਦੌਰ ਵਿਚ ਇਹ ਕਾਫੀ ਮੁਫ਼ੀਦ ਸਿੱਧ ਹੋਈਆਂ ਪਰ ਪੂੰਜੀਵਾਦ, ਨਿਊਕਲੀਅਰ ਪਰਿਵਾਰਾਂ ਦਾ ਦੌਰ ਹੈ। ਇਸ ਵਿਚ ਸੰਯੁਕਤ ਰਿਸ਼ਤੇ ਨਹੀਂ ਨਿਭ ਸਕਦੇ। ਪੱਛਮ ਦੇ ਵਿਕਸਿਤ ਦੇਸ਼ਾਂ ਨੇ ਇਸ ਤੱਥ ਨੂੰ ਸਮਝ ਲਿਆ ਹੈ, ਵਿਆਹ ਅਤੇ ਪਰਿਵਾਰ-ਸੰਸਥਾ ਵਿਚ ਲੋੜੀਂਦੀਆਂ ਤਬਦੀਲੀਆਂ ਕਰ ਲਈਆਂ ਹਨ ਪਰ ਅਸੀਂ ਸੰਯੁਕਤ ਯੁੱਗ ਦੀਆਂ ਕਦਰਾਂ-ਕੀਮਤਾਂ ਨਿਭਾਉਣ ਦੀ ਹਠਧਰਮੀ ਕਰ ਰਹੇ ਹਾਂ। ਇਸੇ ਲਈ ਪਰਿਵਾਰਾਂ ਵਿਚ ਕਲੇਸ਼ ਪੈਦਾ ਹੋ ਰਹੇ ਹਨ।
ਆਧੁਨਿਕ ਦੌਰ ਵਿਚ ਲੋਕਾਂ ਦੀ ਉਮਰ ਬਹੁਤ ਲੰਮੀ ਹੋ ਚੁੱਕੀ ਹੈ। ਨੱਬੇ ਵਰ੍ਹਿਆਂ ਤੱਕ ਦੇ ਇਸਤਰੀ ਪੁਰਖ ਆਮ ਦੇਖੇ ਜਾ ਸਕਦੇ ਹਨ। ਇਸ ਸੂਰਤ ਵਿਚ ਔਲਾਦ ਨੂੰ ਘਰ ਵਿਚ ਪੂਰੀ ਸਪੇਸ ਨਹੀਂ ਮਿਲਦੀ। ਇੱਟ-ਖੜਿਕਾ ਸ਼ੁਰੂ ਹੋ ਜਾਂਦਾ ਹੈ। ਸੰਯੁਕਤ ਯੁੱਗ ਵਿਚ ਆਦਮੀ 60-65 ਵਰ੍ਹਿਆਂ ਦੀ ਉਮਰ ਵਿਚ ਚਲਾਣਾ ਕਰ ਜਾਂਦੇ ਸਨ। ਇਸ ਕਾਰਨ ਉਹ ਆਪਣੀ ਔਲਾਦ ਨੂੰ ਬੋਝਲ ਪ੍ਰਤੀਤ ਨਹੀਂ ਸਨ ਹੁੰਦੇ। ਸਨਾਤਨ ਭਾਰਤੀ ਪ੍ਰਣਾਲੀ ਵਿਚ ਲੋਕ 50 ਵਰ੍ਹਿਆਂ ਦੇ ਹੋਣ ਉਪਰੰਤ ਵਾਣਪ੍ਰਸਥੀ ਅਤੇ ਸੰਨਿਆਸੀ ਬਣ ਜਾਂਦੇ ਸਨ ਪਰ ਹੁਣ ਕੋਈ ਇੰਜ ਵੀ ਨਹੀਂ ਕਰਦਾ। ਇਹੀ ਕਾਰਨ ਹੈ ਕਿ ਪਰਿਵਾਰ ਸੰਸਥਾ ਉੱਪਰ ਦਬਾਅ ਬਹੁਤ ਵਧਦਾ ਜਾ ਰਿਹਾ ਹੈ। ਸ: ਬਲਦੇਵ ਸਿੰਘ ਨੇ ਬੜੇ ਦਿਲਚਸਪ ਢੰਗ ਨਾਲ ਇਸ ਦਬਾਅ ਅਤੇ ਕਲੇਸ਼ ਨੂੰ ਵਰਨਣ ਕੀਤਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਾਡਾ ਚਿੜੀਆਂ ਦਾ ਚੰਬਾ ਵੇ...
ਸੰਗ੍ਰਹਿ ਕਰਤਾ : ਪਰਮਜੀਤ ਕੌਰ 'ਪੰਮੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 375 ਰੁਪਏ, ਸਫ਼ੇ : 290
ਸੰਪਰਕ : 98152-98459.

ਹਥਲੀ ਪੁਸਤਕ ਪਰਮਜੀਤ ਕੌਰ 'ਪੰਮੀ' ਦੁਆਰਾ ਖੇਤਰੀ ਖੋਜ ਅਤੇ ਦਸਤਾਵੇਜ਼ੀ ਸਰੋਤਾਂ ਤੋਂ ਪ੍ਰਾਪਤ ਕੀਤੇ ਵਿਭਿੰਨ ਲੋਕ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਸੁਹਾਗ, ਘੋੜੀਆਂ, ਸਾਂਝੇ ਗਾਏ ਜਾਂਦੇ ਗੀਤ, ਦੋਹੇ, ਸਿੱਠਣੀਆਂ, ਟੱਪੇ ਅਤੇ ਨਿੱਕੀਆਂ ਵੱਡੀਆਂ ਬੋਲੀਆਂ ਦਾ ਜੋ ਸਾਗਰ ਹੈ, ਉਸ ਵਿਚੋਂ ਪੰਜਾਬੀਅਤ ਦੀ ਆਭਾ ਹੂ-ਬ-ਹੂ ਪ੍ਰਗਟ ਹੁੰਦੀ ਹੈ। ਇਹ ਆਭਾ 'ਚੋਂ ਜਿਥੇ ਪੁਰਾਤਨ ਮਿਥਿਹਾਸਕ ਅਤੇ ਇਤਿਹਾਸਕ ਕਾਲ-ਖੰਡਾਂ ਵਿਚੋਂ ਉਪਜੇ ਲੋਕ-ਬੋਲਾਂ ਦਾ ਪ੍ਰਵਾਹ ਵਹਿੰਦਾ ਹੋਇਆ ਦਿਸਦਾ ਹੈ, ਉਥੇ ਨਾਲ ਦੀ ਨਾਲ ਪੰਜਾਬੀ ਲੋਕ ਜੀਵਨ ਸ਼ੈਲੀ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵੰਤ ਜੀਵਨ ਵਰਤਾਰੇ ਦਾ ਵੀ ਪ੍ਰਗਟਾਵਾ ਹੈ। ਸੁਹਾਗਾਂ ਵਿਚ ਜਿਥੇ ਗੰਭੀਰ ਸੰਵੇਦਨਾ ਦਾ ਪ੍ਰਗਟਾਵਾ ਹੈ ਉਥੇ ਘੋੜੀਆਂ ਵਿਚ ਜਿੱਤ ਅਤੇ ਪ੍ਰਾਪਤੀ ਜਿਹੇ ਸ਼੍ਰੋਮਣੀ ਜਜ਼ਬਿਆਂ ਦਾ ਮੁਹਾਂਦਰਾ ਉੱਘੜਦਾ ਪ੍ਰਤੀਤ ਹੁੰਦਾ ਹੈ। ਸਾਂਝੇ ਲੋਕ ਗੀਤਾਂ ਵਿਚ ਮਾਨਵੀ ਜ਼ਿੰਦਗੀ ਦੇ ਸੁਰਖਰੂ ਅਤੇ ਕੁਝ ਇਕ ਸੰਤਾਪੀ ਅਨੁਭਵਾਂ ਦਾ ਬੋਧ ਵੀ ਇਹ ਗੀਤ ਕਰਾਉਂਦੇ ਹਨ ਜਦ ਕਿ ਦੋਹੇ ਅਤੇ ਸਿੱਠਣੀਆਂ ਰੁਮਾਂਚਕ, ਮੁਹੱਬਤੀ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਪਿਛੋਕੜ ਵਿਚ ਛਿਪੇ ਹੋਏ ਅਰਥਾਂ ਨੂੰ ਵੀ ਪ੍ਰਗਟ ਕਰਦੇ ਹਨ। ਇਸੇ ਤਰ੍ਹਾਂ ਟੱਪੇ ਸੰਬੋਧਨੀ ਸ਼ੈਲੀ ਵਿਚ ਪ੍ਰਗਟ ਹੁੰਦੇ ਹੋਏ ਮੁਹੱਬਤ ਦੀ ਤਾਂਘ, ਪਿਆਰ ਦੀ ਦੂਰੀ ਵਿਚੋਂ ਮਿਲੇ ਵਿਛੋੜੇ ਦਾ ਪ੍ਰਗਟਾਵਾ ਬਾ-ਖੂਬੀ ਕਰਦੇ ਹਨ। ਪੁਸਤਕ ਦੇ ਮਹੱਤਵਪੂਰਨ ਹਿੱਸੇ ਵਿਚ ਪਰਮਜੀਤ ਕੌਰ ਪੰਮੀ ਨੇ ਨਿੱਕੇ ਆਕਾਰ, ਮੱਧ ਆਕਾਰ ਅਤੇ ਵੱਡੇ ਆਕਾਰ ਦੀਆਂ ਜੋ 699 ਬੋਲੀਆਂ ਅੰਕਿਤ ਕੀਤੀਆਂ ਹਨ, ਉਹ ਆਪਣੇ ਆਪ ਵਿਚ ਇਸ ਪੁਸਤਕ ਦੀ ਵਿਲੱਖਣਤਾ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਪੁਸਤਕ ਦੇ ਅੰਤਿਮ ਪੰਨੇ 'ਤੇ ਲੋਕ ਕਾਵਿ ਸਾਂਗ ਨੂੰ ਪੇਸ਼ ਕਰਕੇ ਪੁਸਤਕ ਦੀ ਆਭਾ ਨੂੰ ਹੋਰ ਦਿਲਕਸ਼ ਬਣਾ ਲਿਆ ਹੈ। ਨਿਰਸੰਦੇਹ, ਇਹ ਪੁਸਤਕ ਪੰਜਾਬੀ ਵਿਰਾਸਤੀ ਰੰਗ ਨੂੰ ਲੋਕ ਮਨਾਂ ਵਿਚ ਸਥਾਪਤ ਕਰਨ ਦੇ ਸਮਰੱਥ ਪ੍ਰਤੀਤ ਹੋਵੇਗੀ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸਾਦਾ ਦਿਲੀ ਉਮੀਦ ਦੀ
ਗ਼ਜ਼ਲਕਾਰ : ਗੁਰਦੀਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 81264-90298.

'ਸਾਦਾ ਦਿਲੀ ਉਮੀਦ ਦੀ' ਉਸ ਦੀ ਗਿਆਰਵੀਂ ਪੁਸਤਕ ਹੈ ਤੇ ਇਸ ਤੋਂ ਹੀ ਉਸ ਦੇ ਗ਼ਜ਼ਲ ਲੇਖਣ ਦੇ ਭਰਵੇਂ ਸਫ਼ਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਗੁਰਦੀਪ ਦੀ ਗ਼ਜ਼ਲਕਾਰੀ ਸੋਨੇ ਵਰਗੀ ਖ਼ਰੀ, ਨਿਰਛਲ, ਜੋੜ ਤੋੜ ਤੋਂ ਪਰ੍ਹੇ ਤੇ ਇਮਾਨਦਰਾਨਾ ਹੈ ਤੇ ਗ਼ਜ਼ਲ ਲਿਖਦਾ ਹੋਇਆ ਉਹ ਸੱਚ ਤੇ ਝੂਠ ਵਿਚਕਾਰ ਗੂੜ੍ਹੀਆਂ ਲਕੀਰਾਂ ਖਿੱਚਦਾ ਮਹਿਸੂਸ ਹੁੰਦਾ ਹੈ। ਇਸ ਪੁਸਤਕ ਦੀਆਂ ਨਵੇਂ ਭਾਵ ਬੋਧ ਵਾਲੀਆਂ 94 ਗ਼ਜ਼ਲਾਂ ਨਾ ਸਿਰਫ਼ ਪੜ੍ਹਨ ਨਾਲ ਤੁਅਲਕ ਰੱਖਦੀਆਂ ਹਨ ਬਲਕਿ ਨਵੇਂ ਗ਼ਜ਼ਲਕਾਰ ਇਨ੍ਹਾਂ ਤੋਂ ਗ਼ਜ਼ਲ ਲੇਖਣ ਲਈ ਅਗਵਾਈ ਵੀ ਲੈ ਸਕਦੇ ਹਨ। 'ਸਾਦਾ ਦਿਲੀ ਉਮੀਦ ਦੀ' ਪੁਸਤਕ ਦੀ ਪਹਿਲੀ ਗ਼ਜ਼ਲ ਬਿਨਾਂ ਰਦੀਫ਼ ਤੋਂ ਹੈ ਜੋ ਰਾਜਨੀਤਕ ਦੰਭ 'ਤੇ ਆਧਾਰਿਤ ਹੈ ਤੇ ਇਹ ਸੁਚੇਤ ਪਾਠਕ ਦੇ ਨਾਲ ਨਾਲ ਸਧਾਰਨ ਪਾਠਕ ਨੂੰ ਵੀ ਪ੍ਰਭਾਵਿਤ ਕਰਦੀ ਹੈ। ਦੂਜੀ ਗ਼ਜ਼ਲ ਮਨੁੱਖ ਦੇ ਬਾਜ਼ਾਰ ਦਾ ਹਿੱਸਾ ਬਣ ਜਾਣ ਨਾਲ ਉਸ ਦੇ ਕਿਰਦਾਰ ਵਿਚ ਹੋਈਆਂ ਮੋਰੀਆਂ ਨਾਲ ਸਬੰਧਿਤ ਹੈ।
ਤੀਸਰੀ ਗ਼ਜ਼ਲ ਇਨਸਾਫ਼ ਨੂੰ ਸਜ਼ਾ ਦਿੱਤੇ ਜਾਣ ਦੇ ਵਿਰੋਧ ਵਿਚ ਖੜ੍ਹਨ ਲਈ ਵਸੀਲੇ ਘੜਨ ਬਾਰੇ ਹੈ। ਇੰਝ ਗੁਰਦੀਪ ਆਪਣੀ ਗ਼ਜ਼ਲ ਰਾਹੀਂ ਛੋਟੇ ਛੋਟੇ ਯੁੱਧ ਲੜਦਾ ਹੈ ਤੇ ਆਪਣੀ ਗ਼ਜ਼ਲਕਾਰੀ ਨੂੰ ਤਿੱਖੀ ਧਾਰ ਦਿੰਦਾ ਹੈ। ਦਰਅਸਲ ਗ਼ਜ਼ਲਕਾਰ ਮੌਜੂਦਾ ਰਾਜਸੀ ਤੇ ਸਮਾਜਿਕ ਵਾਤਾਵਰਨ ਤੋਂ ਮਾਯੂਸ ਹੈ ਤੇ ਉਸ ਦੀਆਂ ਗ਼ਜ਼ਲਾਂ ਉਦਾਸੀ ਮਾਣਦੇ ਹੋਏ ਵੀ ਚੜ੍ਹਦੀ ਕਲਾ ਵਿਚ ਰਹਿਣ ਤੇ ਜੰਗ ਜਾਰੀ ਰੱਖਣ ਦੇ ਨੁਕਤੇ ਸਮਝਾਉਂਦੀਆਂ ਹਨ। ਗ਼ਜ਼ਲਕਾਰ ਗ਼ਜ਼ਲ ਸ਼ਿਲਪ ਦਾ ਮਾਹਿਰ ਹੈ ਤੇ ਹਰ ਵਿਸ਼ੇ ਨੂੰ ਨਿਭਾਉਣ ਦਾ ਉਸ ਕੋਲ ਆਪਣੀ ਭਾਂਤ ਦਾ ਹੁਨਰ ਹੈ। ਇਹ ਗ਼ਜ਼ਲਾਂ ਡਿੱਗੇ ਹੋਏ ਹੌਸਲੇ ਨੂੰ ਬੁਲੰਦੀ ਦਿੰਦੀਆਂ ਹਨ ਤੇ ਇਕ ਸ਼ਾਇਰ ਦਾ ਇਹੀ ਕਰਤੱਵ ਹੋਣਾ ਚਾਹੀਦਾ ਹੈ ਤੇ ਫ਼ਰਜ਼ ਵੀ। ਗੁਰਦੀਪ ਗ਼ਜ਼ਲ ਦੇ ਅਨੁਸ਼ਾਸਨ ਵਿਚ ਰਹਿ ਕੇ ਗ਼ਜ਼ਲ ਸਿਰਜਣ ਵਾਲਾ ਗ਼ਜ਼ਲਕਾਰ ਹੈ ਤੇ ਉਸ ਤੋਂ ਅਜਿਹੇ ਨਵੇਂ ਗ਼ਜ਼ਲਕਾਰਾਂ ਨੂੰ ਸਿੱਖਣ ਦੀ ਲੋੜ ਹੈ। ਇੰਝ 'ਸਾਦਾ ਦਿਲੀ ਉਮੀਦ ਦੀ' ਦੀਆਂ ਤਮਾਮ ਗ਼ਜ਼ਲਾਂ ਅਰੂਜ਼ ਦਾ ਪਾਲਣ ਕਰਦੀਆਂ ਹੋਈਆਂ ਨਵੇਂ ਦਿਸਹੱਦੇ ਤੈਅ ਕਰਦੀਆਂ ਹਨ ਤੇ ਗੁਰਦੀਪ ਦਾ ਇਹ ਗ਼ਜ਼ਲ ਸੰਗ੍ਰਹਿ ਸਹੀ ਮਾਅਨਿਆਂ ਵਿਚ ਗ਼ਜ਼ਲ ਸਾਹਿਤ ਦੀ ਪ੍ਰਾਪਤੀ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤ੍ਰਿਵੈਣੀ
ਡਾ: ਈਸ਼ਰ ਸਿੰਘ ਸੋਬਤੀ
ਲੇਖਕ : ਪ੍ਰਿੰ: ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਲਾਲ ਸਿੰਘ ਪ੍ਰਕਾਸ਼ਨ, ਸੰਗਰੂਰ
ਮੁੱਲ : 250 ਰੁਪਏ, ਸਫ਼ੇ : 236
ਸੰਪਰਕ : 94639-89639.

1921 ਵਿਚ ਅਣਵੰਡੇ ਪੰਜਾਬ ਦੇ ਪਾਕਿਸਤਾਨ ਕਹੇ ਜਾਂਦੇ ਧਰਤ-ਟੋਬੇ ਵਿਚ ਜੰਮਿਆ ਡਾ: ਈਸ਼ਰ ਸਿੰਘ ਸੰਘਰਸ਼, ਸਵੱਛ ਚਿੰਤਨ ਤੇ ਸੰਵੇਦਨਾ ਦੀ ਸਾਕਾਰ ਮੂਰਤ ਹੈ। ਪੂਰਨ ਗੁਰਸਿੱਖ, ਵਿਸ਼ਾਲ ਅਧਿਐਨ/ਅਨੁਭਵ ਤੇ ਆਪਣੇ ਸਮੇਂ ਦੇ ਵੱਡੇ ਸਿਆਸਦਾਨਾਂ ਨਾਲ ਮਿਲਣ ਵਰਤਨ ਦੇ ਅਵਸਰਾਂ ਕਾਰਨ ਉਸ ਕੋਲ ਪੰਜਾਬੀਆਂ ਹੀ ਨਹੀਂ, ਭਾਰਤੀਆਂ ਨੂੰ ਵੀ ਦੱਸਣ ਲਈ ਬੜਾ ਕੁਝ ਹੈ ਅਤੇ ਉਸ ਨੇ ਇਸ ਵਿਚੋਂ ਕੁਝ ਕੁ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ। ਸਮੇਂ-ਸਮੇਂ ਉਹ ਰਸਾਲਿਆਂ ਅਖ਼ਬਾਰਾਂ ਵਿਚ ਵੀ ਆਪਣੇ ਅਨੁਭਵ/ਵਿਚਾਰ ਸਾਂਝੇ ਕਰਦਾ ਰਹਿੰਦਾ ਹੈ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੇ ਆਧਾਰ ਉੱਤੇ ਸੋਬਤੀ ਸਾਹਿਬ ਦੀ ਰਚਨਾ ਤੇ ਚਿੰਤਨ ਬਾਰੇ ਇਹ ਅਧਿਐਨ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕੀਤਾ ਹੈ। ਉਸ ਨੇ ਇਸ ਲਈ ਉਸ ਦੀਆਂ ਨੌਂ ਪੁਸਤਕਾਂ ਨੂੰ ਘੋਖਿਆ ਹੈ। ਕਵਿਤਾ, ਕਹਾਣੀ, ਲੇਖ, ਸੰਸਮਰਣ, ਸਵੈਜੀਵਨੀ ਦੇ ਵੱਖ-ਵੱਖ ਰੂਪਾਕਾਰਾਂ ਨਾਲ ਸਬੰਧਿਤ ਰਿਹਾ ਹੈ ਸੋਬਤੀ। ਕ੍ਰਿਸ਼ਨ ਸਿੰਘ ਨੇ ਇਸ ਦੇ ਚਿੰਤਨ/ਅਨੁਭਵ/ਵਿਚਾਰ ਨੂੰ ਸਮੇਂ ਦੀ ਧੂੜ ਵਿਚ ਅਣਗੌਲੇ ਹੀ ਗਵਾਚਣ ਤੋਂ ਬਚਾ ਕੇ ਚੰਗਾ ਕੰਮ ਕੀਤਾ ਹੈ।
ਸੋਬਤੀ ਦੀਆਂ ਬਟਵਾਰੇ, ਭਾਰਤੀ ਸਿਆਸਤ ਤੇ ਸਿਆਸਤਦਾਨਾਂ ਬਾਰੇ ਯਾਦਾਂ/ਟਿੱਪਣੀਆਂ, ਜ਼ਿੰਦਗੀ, ਮੌਤ/ਜੀਣ ਦੀ ਕਲਾ ਅਤੇ ਸਿੱਖਾਂ ਦੀ ਹੋਣੀ ਬਾਰੇ ਫ਼ਿਕਰਮੰਦੀ ਪਾਠਕਾਂ ਦੇ ਉਚੇਚੇ ਧਿਆਨ ਦੀ ਮੰਗ ਕਰਦੇ ਹਨ। ਜ਼ਹਿਰ ਦੇ ਵਪਾਰੀਆਂ ਦੀ ਨਫ਼ਰਤ/ਵੰਡ ਦੀ ਰਾਜਨੀਤੀ ਗੋਡਸੇ ਵਲੋਂ ਗਾਂਧੀ ਦਾ ਕਤਲ, ਸਾਵਰਕਰ ਦੀ ਘਟੀਆ ਸੋਚ/ਵਿਹਾਰ/ਰੋਲ, ਜਿਨਾਹ ਨੂੰ ਪਾਕਿਸਤਾਨ ਦੀ ਮੰਗ ਤੱਕ ਧਕਣ ਵਾਲੇ ਤਥਾ ਕਥਿਤ ਦੇਸ਼ ਪ੍ਰੇਮੀਆਂ ਦਾ ਅਸਲ ਚਿਹਰਾ, ਸਿੱਖਾਂ ਵਲੋਂ ਦੇਸ਼ ਆਜ਼ਾਦੀ ਲਈ ਕੀਤੇ ਸੰਘਰਸ਼, ਵੰਡ ਸਮੇਂ ਕੀਤੇ ਤਿਆਗ, ਘਰ ਘਾਟ ਦੇ ਉਜਾੜੇ, ਆਪਣੇ ਹੀ ਦੇਸ਼ ਵਾਸੀਆਂ ਵਲੋਂ ਉਨ੍ਹਾਂ ਨਾਲ ਹੋਏ ਵਿਸਾਹਘਾਤ ਦੀ ਪੀੜਾ ਦੇ ਅਨੇਕਾਂ ਵੇਰਵੇ ਇਸ ਵਿਸ਼ਲੇਸ਼ਣ ਵਿਚ ਸਾਹ ਲੈ ਰਹੇ ਹਨ। ਉਨ੍ਹਾਂ ਦੇ ਵਿਸਤਾਰ ਲਈ ਸੋਬਤੀ ਦੀਆਂ ਮੂਲ ਪੁਸਤਕਾਂ (ਖ਼ਾਸ ਕਰਕੇ ਬਟਵਾਰੇ ਬਾਰੇ ਅਤੇ ਉਨ੍ਹਾਂ ਦੀ ਸਵੈਜੀਵਨੀ) ਹਰ ਗੰਭੀਰ ਦੇਸ਼ ਵਾਸੀ ਨੂੰ ਪੜ੍ਹਨੀਆਂ ਚਾਹੀਦੀਆਂ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਖ਼ੂਨੀ ਆਜ਼ਾਦੀ
ਨਾਵਲਕਾਰ : ਹਰ ਜਗਮੰਦਰ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99150-48005.

ਇਸ ਨਾਵਲ ਵਿਚ ਲੇਖਕ ਨੇ 1947 ਵਿਚ ਹੋਈ ਪੰਜਾਬ ਦੀ ਵੰਡ ਦੇ ਦੁਖਾਂਤ ਦੀ ਪੀੜ ਸਾਂਝੀ ਕੀਤੀ ਹੈ। ਆਜ਼ਾਦੀ ਤੋਂ ਪਹਿਲਾਂ ਹਿੰਦੂ, ਸਿੱਖ ਅਤੇ ਮੁਸਲਮਾਨ ਰਲ ਮਿਲ ਕੇ ਰਹਿੰਦੇ ਸਨ। ਉਨ੍ਹਾਂ ਵਿਚ ਮਿਲਵਰਤਨ ਅਤੇ ਆਪਸੀ ਸਾਂਝ ਸੀ। ਰਾਜਨੀਤਕ ਲੋਕਾਂ ਦੀਆਂ ਫ਼ਿਰਕੂ ਚਾਲਾਂ ਕਾਰਨ ਦੇਸ਼ ਦੀ ਵੰਡ ਹੋਈ ਜਿਸ ਦਾ ਸਭ ਤੋਂ ਬਹੁਤਾ ਸੰਤਾਪ ਪੰਜਾਬ ਨੂੰ ਝੱਲਣਾ ਪਿਆ। ਫ਼ਸਾਦਾਂ ਵਿਚ ਦੋ ਕਰੋੜ ਲੋਕ ਆਪਣੇ ਘਰਾਂ ਤੋਂ ਉੱਜੜੇ, 10 ਲੱਖ ਕਤਲ ਹੋਏ, ਲੱਖਾਂ ਔਰਤਾਂ ਦੀ ਇੱਜ਼ਤ ਖ਼ਰਾਬ ਹੋਈ ਅਤੇ ਅਰਬਾਂ ਦਾ ਸਾਮਾਨ ਲੁੱਟਿਆ ਗਿਆ। ਲੇਖਕ ਦੇ ਕਹਿਣ ਅਨੁਸਾਰ ਇਸ ਨਾਵਲ ਵਿਚ ਵਾਪਰੀਆਂ ਸਾਰੀਆਂ ਘਟਨਾਵਾਂ ਸੱਚੀਆਂ ਹਨ। ਇਸ ਵਿਚ ਮਜ਼ਲੂਮਾਂ, ਬੇਕਸੂਰਾਂ ਅਤੇ ਨਿਹੱਥੇ ਲੋਕਾਂ 'ਤੇ ਹੋਏ ਜ਼ੁਲਮ ਦੀ ਕਹਾਣੀ ਹੈ। ਨਾਲੋ-ਨਾਲ ਲੋਕਾਂ ਦੇ ਸੁਭਾਅ ਅਤੇ ਸੱਭਿਆਚਾਰ ਦੀਆਂ ਝਲਕਾਂ ਵੀ ਮਿਲਦੀਆਂ ਹਨ। ਆਮ ਲੋਕ ਹਮੇਸ਼ਾ ਪਿਆਰ ਅਤੇ ਸਾਂਝ ਚਾਹੁੰਦੇ ਹੁੰਦੇ ਹਨ। ਕੁਝ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਦੋਂ ਠੇਸ ਲਗਦੀ ਹੈ ਤਾਂ ਉਹ ਹਿੰਸਕ ਹੋ ਕੇ ਬਰਬਾਦੀ ਕਰਨ ਲਗਦੇ ਹਨ। ਨਫ਼ਰਤ ਦਾ ਜ਼ਹਿਰ ਜੰਗਲ ਦੀ ਅੱਗ ਵਾਂਗ ਫੈਲ ਜਾਂਦਾ ਹੈ। ਕੁਝ ਸੁਹਿਰਦ ਲੋਕਾਂ ਵਿਚ ਹਮਦਰਦੀ, ਤਰਸ, ਦਇਆ ਅਤੇ ਪਿਆਰ ਦੀਆਂ ਭਾਵਨਾਵਾਂ ਪ੍ਰਬਲ ਹੁੰਦੀਆਂ ਹਨ। ਇਹੋ ਜਿਹੇ ਲੋਕ ਮਨੁੱਖਤਾ ਦੇ ਜ਼ਖ਼ਮਾਂ 'ਤੇ ਪਿਆਰ ਦੇ ਫੇਹੇ ਧਰਦੇ ਹਨ। ਹਿੰਦੁਸਤਾਨ ਨੂੰ ਆਜ਼ਾਦੀ ਜ਼ਰੂਰ ਮਿਲੀ ਪਰ ਪੰਜਾਬ ਨੇ ਇਕ ਭਿਆਨਕ ਘੱਲੂਘਾਰੇ ਦਾ ਦਰਦ ਝੱਲਿਆ ਜਿਸ ਦੇ ਜ਼ਖ਼ਮ ਹਾਲੇ ਵੀ ਤਾਜ਼ੇ ਹਨ। ਅੱਜ ਵੀ ਫ਼ਿਰਕੂਪੁਣਾ ਅਤੇ ਕੱਟੜਵਾਦ ਕਾਇਮ ਹੈ। ਨਫ਼ਰਤ ਦੇ ਭਾਂਬੜ ਕਦੇ ਵੀ ਮਨੁੱਖਤਾ ਨੂੰ ਤਬਾਹ ਕਰ ਸਕਦੇ ਹਨ। ਲੇਖਕ ਨੇ ਬੜੇ ਮਾਰਮਿਕ ਢੰਗ ਨਾਲ ਇਹ ਦਰਦ ਕਹਾਣੀ ਬਿਆਨ ਕੀਤੀ ਹੈ। ਬੋਲੀ ਸਰਲ, ਸਪੱਸ਼ਟ ਅਤੇ ਲਿਖਣ ਢੰਗ ਰੌਚਕ ਹੈ। ਇਸ ਨਾਵਲ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

28-07-2018

 ਮੇਰੀ ਸੋਚ ਦੀ ਤੇਈਵੀਂ ਮੰਜ਼ਿਲ
ਲੇਖਕ : ਨਿਰਮਲ ਸਿੰਘ ਲਾਲੀ
ਪ੍ਰਕਾਸ਼ਕ : ਖਤਗ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112

ਪ੍ਰੌੜ ਲੇਖਕ, ਸ਼ਾਇਰ ਵਾਰਤਕਾਰ ਤੇ ਨਿਬੰਧਕਾਰ, ਮਾਸਟਰ ਨਿਰਮਲ ਸਿੰਘ ਲਾਲੀ ਕੋਲ ਜੀਵਨ ਅਨੁਭਵ ਦਾ ਵਡਮੁੱਲਾ ਖਜ਼ਾਨਾ ਹੈ। ਵਿਚਾਰ-ਕੋਚਰੀ ਪੁਸਤਕ ਵਾਰਤਕ ਤੇ ਕਵਿਤਾਵਾਂ ਦਾ ਵਿਲੱਖਣ ਤੇ ਖੂਬਸੂਰਤ ਸੁਮੇਲ ਹੈ। ਪੁਸਤਕ ਵਿਚਲੇ ਉਸ ਦੇ ਸਾਰੇ ਲੇਖ ਤੇ ਵਾਰਤਕ ਰਚਨਾਵਾਂ ਕੋਈ ਨਾ ਕੋਈ ਠੋਸ ਤੇ ਸਾਰਥਕ ਸੁਨੇਹੜਾ ਦੇਣ ਵਾਲੀਆਂ ਹਨ। ਪੁਸਤਕ ਦਾ ਪ੍ਰਥਮ ਲੇਖ ਹੈ 'ਕਹਿਣੀ ਤੇ ਕਰਨੀ'। ਸੱਚ ਕਹਿਣੀ ਉਸ ਦੀ ਦਲੇਰੀ, ਇਸ ਲੇਖ ਵਿਚਲੀ ਇਸ ਸਤਰ ਤੋਂ ਵੇਖੀ ਜਾ ਸਕਦੀ ਹੈ-'ਨਾਸਤਕ ਲੋਕਾਂ ਨੇ ਮਨੁੱਖਾਂ ਦਾ ਏਨਾ ਘਾਣ ਨਹੀਂ ਕੀਤਾ, ਜਿੰਨਾ ਆਸਤਕ ਲੋਕਾਂ ਨੇ ਕੀਤਾ।' ਛੋਟੇ-ਛੋਟੇ ਵਾਕ ਵੱਡਾ ਸੁਨੇਹਾ ਦਿੰਦੇ ਹਨ-'ਮਨੁੱਖ ਨਾਲ ਮਨੁੱਖ ਦਾ ਇਕ ਨਿੱਘਾ ਜਿਹਾ ਰਿਸ਼ਤਾ, ਮਨੁੱਖਤਾ ਦਾ ਵੀ ਹੁੰਦਾ ਹੈ। (ਪੰਨਾ 19)। 'ਜ਼ਿੰਦਗੀ ਦਾ ਮਨੋਰਥ', 'ਈਰਖਾ ਤੇ ਨਫ਼ਰਤ', 'ਗੁਰੂ ਘਰਾਂ ਦਾ ਪ੍ਰਵਾਹ', 'ਜ਼ਿੰਮੇਵਾਰੀ ਤੇ ਫ਼ਰਜ਼', 'ਗੁਰੂ ਸਾਹਿਬਾਨ ਦੇ ਦਿਵਸ ਕਿਵੇਂ ਮਨਾਈਏ?' ਹੋਰ ਅਹਿਮ ਲੇਖ ਹਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਬਾਰੇ ਲੇਖ ਵਿਚ ਉਠਾਏ ਤਿੰਨੇ ਅਹਿਮ ਨੁਕਤਿਆਂ ਉੱਤੇ ਅਮਲ ਕਰਕੇ ਕੌਮ ਦੀ ਹੋਣੀ ਸੰਵਾਰੀ ਜਾ ਸਕਦੀ ਹੈ। ਲੋੜ ਹੈ-ਨੇਕ ਨੀਅਤੀ ਦੀ। 44, 45, 46, 47 ਪੰਨਿਆਂ 'ਤੇ ਦਰਜ ਜ਼ਿੰਦਗੀ ਦੇ ਅਨਮੋਲ ਬਚਨ, ਸ਼ਾਹਕਾਰ ਰਚਨਾ ਹੈ। ਗੁਰਬਾਣੀ ਦੇ ਪ੍ਰਮਾਣਾਂ ਉਰਦੂ ਸ਼ਿਅਰਾਂ ਦੇ ਨਾਲ-ਨਾਲ ਪੰਜਾਬੀ ਵਿਚ 6 ਤੇ ਅੰਗਰੇਜ਼ੀ ਵਿਚ ਤਿੰਨ ਵਿਚਾਰ ਤੇ ਇਕ ਪੈਰਾਗ੍ਰਾਫ਼ ਵਧੀਆ ਹਨ।
ਪੁਸਤਕ ਦੇ ਕਾਵਿਕ-ਭਾਗ ਵਿਚ ਦੋ ਗ਼ਜ਼ਲਾਂ ਸਮੇਤ 47 ਰਚਨਾਵਾਂ ਹਨ, ਜਿਹੜੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਨ, ਜਿਵੇਂ ਮਨੁੱਖ, ਮਾਵਾਂ ਪ੍ਰਤੀ ਬੇਗਾਨਗੀ, ਜ਼ਿੰਦਗੀ, ਅਜੋਕੇ ਜ਼ਮਾਨੇ ਦੇ ਰੰਗ, ਅਕ੍ਰਿਤਘਣਤਾ, ਅਨਿਆਂ, ਪਰਉਪਕਾਰ, ਭਾਰਤੀ ਲੋਕਤੰਤਰ ਦੀ ਦੁਰਦਸ਼ਾ ਤੇ ਪੰਜਾਬੀ ਸੱਭਿਆਚਾਰ। ਕਵਿਤਾ ਕੀ ਹੈ? ਵਿਚੋਂ ਇਕ ਟੂਕ ਪੇਸ਼ ਹੈ :
ਕਵਿਤਾ ਸਿਰਫ ਛੰਦਾਬੰਦੀ ਵਿਚ
ਉੱਕਰੇ ਸ਼ਬਦ ਹੀ ਨਹੀਂ ਹੁੰਦੀ।
ਕਵਿਤਾ, ਮਨ ਵਿਚੋਂ ਉਪਜੇ, ਹਾਵਾਂ, ਭਾਵਾਂ, ਜਜ਼ਬਾਤ, ਅਰਮਾਨਾਂ ਸੱਧਰਾਂ, ਉਮੰਗਾਂ, ਚਾਵਾਂ,
ਮਲ੍ਹਾਰਾਂ ਤੇ ਇੱਛਾਵਾਂ ਦਾ ਨਾਂਅ ਹੈ-ਕੋਮਲਤਾ ਕਵਿਤਾ ਦਾ ਸਬੰਧ ਬੌਧਿਕਤਾ ਨਾਲ ਨਹੀਂ ਹੁੰਦਾ। (ਪੰਨਾ 100)
ਮਾਸਟਰ ਨਿਰਮਲ ਸਿੰਘ ਲਾਲੀ ਦੀ ਇਹ ਪੁਸਤਕ ਪੜ੍ਹਨ ਤੇ ਵਿਚਾਰਨਯੋਗ ਹੈ।

-ਤੀਰਥ ਸਿੰਘ ਢਿੱਲੋਂ
ਮੋ: 98154-61710.


ਕੋਹਿਨੂਰ
(ਸੰਸਾਰ ਪ੍ਰਸਿੱਧ ਹੀਰੇ ਦੀ ਕਹਾਣੀ)
ਲੇਖਕ : ਵਿਲੀਅਮ ਡਾਲਰਿੰਪਲ, ਅਨੀਤਾ ਆਨੰਦ
ਅਨੁਵਾਦ : ਦੇਬਾਸ਼ੀਸ਼ ਭੱਟਾਚਾਰੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 218
ਸੰਪਰਕ : 0172-5027427.

ਇਹ ਪੁਸਤਕ ਸੰਸਾਰ ਦੇ ਸਭ ਤੋਂ ਵੱਧ ਪ੍ਰਸਿੱਧ (ਅੰਦਰਲੇ ਟਾਈਟਲ ਅਨੁਸਾਰ ਬਦਨਾਮ) ਹੀਰੇ ਦੀ ਕਹਾਣੀ ਬਿਆਨ ਕਰਦੀ ਹੈ। ਇਸ ਪ੍ਰਕਾਰ ਦੀਆਂ ਪੁਸਤਕਾਂ ਲਿਖਣੀਆਂ ਆਸਾਨ ਨਹੀਂ ਹੁੰਦੀਆਂ, ਖ਼ਾਸ ਕਰ ਉਸ ਵਕਤ ਜਦੋਂ ਇਸ ਹੀਰੇ ਦੀ ਦਾਸਤਾਨ ਪੰਜ ਹਜ਼ਾਰ ਵਰ੍ਹਿਆਂ ਵਿਚ ਫੈਲੀ ਹੋਵੇ ਅਤੇ ਇਸ ਦੌਰਾਨ ਇਹ ਹੀਰਾ ਕਾਫੀ ਸਮਾਂ ਅੱਖੋਂ ਓਝਲ ਵੀ ਰਿਹਾ ਹੋਵੇ, ਜਿਸ ਕਾਰਨ ਖੱਪੇ ਪੂਰਨੇ ਔਖੇ ਹੋਣ। ਇਸ ਹੀਰੇ ਦੀ ਇਤਿਹਾਸਕਾਰੀ ਦਾ ਕੰਮ ਲਾਰਡ ਡਲਹੌਜ਼ੀ ਦੇ ਵਕਤ ਸ਼ੁਰੂ ਹੋਇਆ ਜਦੋਂ ਇਹ ਹੀਰਾ ਨਾਬਾਲਗ਼ ਰਾਜੇ ਦਲੀਪ ਸਿੰਘ ਵਲੋਂ ਮਹਾਰਾਣੀ ਵਿਕਟੋਰੀਆ ਨੂੰ (ਧੱਕੇ ਨਾਲ) ਭੇਟ ਕਰਵਾਇਆ ਜਾਣਾ ਸੀ। ਅੰਗਰੇਜ਼ ਲੋਕ ਜਦੋਂ ਆਪਣੇ ਰਾਜੇ/ਰਾਣੀਆਂ ਨੂੰ ਕੋਈ ਭੇਟ ਦਿੰਦੇ ਹਨ ਤਾਂ ਉਸ ਵਸਤੂ ਦੇ ਮੁੱਲ ਅਤੇ ਮਹੱਤਵ ਦੀ ਸ਼ੀਟ ਵੀ ਤਿਆਰ ਕਰਦੇ ਹਨ। ਇਸ ਪੁਸਤਕ ਦਾ ਪਰਿਚਯ ਦਿੰਦਾ ਹੋਇਆ ਵਿਲੀਅਮ ਡਾਲਰਿੰਪਲ ਲਿਖਦਾ ਹੈ ਕਿ ਇਹ ਰਚਨਾ ਕੋਹਿਨੂਰ ਦੇ ਇਤਿਹਾਸ ਦੇ ਭੁੱਲੇ-ਵਿਸਰੇ ਘੁਮੇਟਿਆਂ ਨੂੰ ਉਘਾੜਨ ਦੀ ਕੁੰਜੀ ਹੈ। ਪੁਸਤਕ ਦੀ ਸਹਿ-ਲੇਖਕਾ ਅਨੀਤਾ ਆਨੰਦ ਨੇ ਇਹ ਹੀਰਾ ਆਪਣੇ ਪਿਤਾ ਦੀ ਉਂਗਲ ਫੜ ਕੇ ਦੇਖਿਆ ਸੀ। ਉਸ ਵਕਤ ਉਹ ਛੇ ਕੁ ਵਰ੍ਹਿਆਂ ਦੀ ਬਾਲੜੀ ਸੀ ਪਰ ਇਹ ਹੀਰਾ ਉਸ ਦੀ ਕਲਪਨਾ ਵਿਚ ਹਮੇਸ਼ਾ ਜਾਗ੍ਰਿਤ ਰਿਹਾ। ਸੰਜੋਗਵੱਸ ਉਸ ਨੂੰ ਡਾਲਰਿੰਪਲ ਨਾਲ ਇਸ ਹੀਰੇ ਦੀ ਇਤਿਹਾਸਕਾਰੀ ਬਾਰੇ ਕੰਮ ਕਰਨ ਦਾ ਮੌਕਾ ਮਿਲ ਗਿਆ। ਇਸ ਪੁਸਤਕ ਦਾ ਨੈਰੇਟਿਵ, ਇਤਿਹਾਸ ਵਾਂਗ ਨਹੀਂ ਚਲਦਾ ਬਲਕਿ ਇਕ ਨਾਵਲ ਵਾਂਗ ਚਲਦਾ ਹੈ। 29 ਮਾਰਚ, 1849 ਨੂੰ ਖਾਲਸਾ ਫ਼ੌਜ ਦੀ ਹਾਰ ਤੋਂ ਬਾਅਦ ਲਾਹੌਰ ਸੰਧੀ ਦਾ ਦਸਤਾਵੇਜ਼ ਤਿਆਰ ਕੀਤਾ ਗਿਆ। ਇਸੇ ਸਮੇਂ ਦਲੀਪ ਸਿੰਘ ਨੂੰ ਰਾਜ਼ੀ ਕੀਤਾ ਗਿਆ ਕਿ ਉਹ ਕੋਹਿਨੂਰ ਹੀਰਾ ਮਹਾਰਾਣੀ ਨੂੰ ਭੇਟ ਕਰ ਦੇਵੇ। ਇਸ ਮੌਕੇ ਲਾਰਡ ਡਲਹੌਜ਼ੀ ਨੇ ਲਿਖਿਆ ਕਿ ਸਮੇਂ ਦੇ ਵਕਫ਼ੇ ਵਿਚ 'ਕੋਹਿਨੂਰ' ਭਾਰਤ ਦੀ ਜਿੱਤ ਦਾ ਇਕ ਇਤਿਹਾਸਕ ਪ੍ਰਤੀਕ ਬਣ ਚੁੱਕਾ ਹੈ ਅਤੇ ਹੁਣ ਇਸ ਹੀਰੇ ਨੇ ਆਪਣਾ ਸਹੀ ਟਿਕਾਣਾ ਲੱਭ ਲਿਆ ਹੈ। ਡਲਹੌਜ਼ੀ ਨੇ ਦਿੱਲੀ ਦੇ ਇਕ ਸਹਾਇਕ ਮੈਜਿਸਟ੍ਰੇਟ ਥਿਓ ਨੂੰ ਇਸ ਹੀਰੇ ਦੇ ਇਤਿਹਾਸ ਬਾਰੇ ਖੋਜ ਕਰਨ ਦਾ ਹੁਕਮ ਦਿੱਤਾ। ਥਿਓ ਮੈਟਕਾਫ਼ ਦੀ ਹੀਰਿਆਂ ਵਿਚ ਕਾਫੀ ਦਿਲਚਸਪੀ ਸੀ। ਉਸ ਨੇ ਦਿੱਲੀ ਦੇ ਪਲੇਠੇ ਜੌਹਰੀਆਂ ਨਾਲ ਮੁਲਾਕਾਤਾਂ ਤੋਂ ਆਪਣਾ ਕੰਮ ਸ਼ੁਰੂ ਕੀਤਾ, ਜਿਨ੍ਹਾਂ ਨੇ ਇਹ ਦੱਸਿਆ ਕਿ ਇਹ ਹੀਰਾ ਗੋਦਾਵਰੀ ਦਰਿਆ ਦੇ ਉੱਤਰ-ਪੱਛਮ ਵਿਚ ਸਥਿਤ ਕੋਹਿਨੂਰ ਦੀ ਖਾਣ ਵਿਚੋਂ ਪ੍ਰਾਪਤ ਹੋਇਆ ਸੀ। ਇਹ ਹੀਰਾ ਲਗਪਗ ਪੰਜ ਹਜ਼ਾਰ ਵਰ੍ਹੇ ਪੁਰਾਣਾ ਹੈ। ਇਸ ਦਾ ਮੁਢਲਾ ਭਾਰਤੀ ਨਾਂਅ ਸਿਆਮਤਿਕ ਸੀ। ਅਨੀਤਾ ਆਨੰਦ ਦੀ ਖੋਜ ਅਨਸਾਰ ਕੋਹਿਨੂਰ ਹੀਰਾ ਹਮਾਯੂੰ ਤੋਂ ਗਵਾਚ ਗਿਆ ਸੀ। ਬਾਅਦ ਵਿਚ ਇਹ ਹੀਰਾ ਸ਼ਾਹਜਹਾਨ ਨੂੰ ਪ੍ਰਾਪਤ ਹੋਇਆ। ਉਸ ਨੇ ਇਸ ਨੂੰ ਆਪਣੇ ਮੋਰ ਸਿੰਘਾਸਨ (ਤਖ਼ਤਿ ਤਾਊਸ) ਵਿਚ, ਮੋਰ ਦੀ ਕਲਗੀ ਵਜੋਂ ਜੜਾ ਲਿਆ। ਆਖਰੀ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਤੋਂ ਇਹ ਹੀਰਾ ਨਾਦਰ ਸ਼ਾਹ ਨੇ ਕਾਬੂ ਕਰ ਲਿਆ ਅਤੇ ਇਹ ਹੀਰਾ ਅਫ਼ਗਾਨਿਸਤਾਨ ਵਿਚ ਚਲਾ ਗਿਆ। ਅਹਿਮਦ ਸ਼ਾਹ ਅਬਦਾਲੀ ਦੇ ਇਕ ਵੰਸ਼ਜ਼ ਸ਼ਾਹ ਸ਼ੁਜਾਹ ਤੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਪਾਸ ਪਹੁੰਚ ਗਿਆ। ਅੱਗੇ ਦੀ ਕਹਾਣੀ ਤੋਂ ਸਾਰੇ ਪਾਠਕ ਜਾਣੂ ਹੀ ਹਨ। ਇਹ ਬਹੁਤ ਮਿਹਨਤ ਨਾਲ ਤਿਆਰ ਕੀਤੀ ਪੁਸਤਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਿਫ਼ਤਾਂ ਖ਼ਾਲਸਾ ਰਾਜ ਦੀਆਂ
ਲੇਖਕ : ਹਰਭਜਨ ਸਿੰਘ ਚੀਮਾ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 99150-48005.

ਇਤਿਹਾਸ ਇਸ ਪੁਸਤਕ ਦਾ ਵਿਸ਼ਾ ਹੈ। ਪੁਸਤਕ ਪੰਜਾਬੀ ਵਿਚ ਹੈ। ਇਸ ਕਿਤਾਬ ਦਾ ਮਹੱਤਵ ਇਸ ਦੇ ਵਿਸ਼ੇ/ਵਿਉਂਤ ਦੀ ਤਾਜ਼ਗੀ, ਮਹੱਤਵ ਅਤੇ ਵਿਲੱਖਣਤਾ ਕਰਕੇ ਹੈ। ਪਰ ਹੁਸਨ ਉਹ ਜਿਸ ਦੀ ਤਾਰੀਫ਼ ਸੌਂਕਣ ਵੀ ਕਰੇ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਅਤੇ ਉਸ ਦੇ ਖਾਲਸਾ ਰਾਜ ਦਾ ਗੁਣ ਗਾਇਨ ਉਸ ਦੇ ਰਾਜ ਸਮੇਂ ਭਾਰਤ/ਪੰਜਾਬ ਆਏ ਪੰਜਾਹ ਦੇ ਕਰੀਬ ਭਾਂਤ-ਭਾਂਤ ਦੇ ਵਿਦੇਸ਼ੀ ਯਾਤਰੀਆਂ/ਸਫ਼ਰਨਾਮਾ ਲੇਖਕਾਂ ਨੇ ਕੀਤਾ। ਚੀਮਾ ਸਾਹਿਬ ਨੇ ਉਨ੍ਹਾਂ ਵਿਚੋਂ ਕੁਝ ਇਕ ਦੀ ਝਲਕ ਇਸ ਕਿਤਾਬ ਵਿਚ ਬਾਖੂਬੀ ਪੇਸ਼ ਕੀਤੀ ਹੈ। ਲੇਖਕ ਨੇ ਜਿਨ੍ਹਾਂ ਨੌਂ ਯਾਤਰੀਆਂ ਤੇ ਉਨ੍ਹਾਂ ਦੀਆਂ ਲਿਖਤਾਂ/ਵਿਚਾਰਾਂ ਨਾਲ ਜਾਣ-ਪਛਾਣ ਇਸ ਪੁਸਤਕ ਵਿਚ ਕਰਵਾਈ ਹੈ, ਉਹ ਹਨ : ਵਿਲੀਅਮ ਮੂਰਕ੍ਰਾਫ਼ਟ, ਵਿਕਟਰ ਯਕਮੋ, ਅਲੈਗਜ਼ੈਂਡਰ ਬਰਨਜ਼, ਮੋਹਨ ਲਾਲ, ਅਲੈਗਜ਼ੈਂਡਰ ਗਾਰਡਨਰ, ਚਾਲਰਸ ਹੁਗਲ ਬੈਰਨ, ਵਿਲੀਅਮ ਬਾਰ, ਹੈਨਰੀ ਐਡਵਰਡ ਫੈਨਡੇਪ੍ਰਿੰਸ ਅਲੈਕਸੀਜ ਸੋਲਟੀਕੋਫ਼। ਮਹਾਰਾਜਾ ਵਿਦੇਸ਼ ਯਾਤਰੀਆਂ ਨੂੰ ਸਾਵਧਾਨੀ ਤੇ ਸਤਿਕਾਰ ਨਾਲ ਮਿਲਦਾ। ਉਨ੍ਹਾਂ ਦੀਆਂ ਸੁਖ-ਸੁਵਿਧਾਵਾਂ, ਆਦਰ ਮਾਣ ਵੱਲ ਧਿਆਨ ਦਿੰਦਾ ਪਰ ਉਨ੍ਹਾਂ ਦੇ ਉਦੇਸ਼ਾਂ, ਆਸ਼ਿਆਂ, ਮਨਸ਼ਿਆਂ, ਗਤੀਵਿਧੀਆਂ ਬਾਰੇ ਮਿਲਣ ਤੋਂ ਪਹਿਲਾਂ ਤੇ ਮਿਲਣੀਆਂ ਦੌਰਾਨ ਨਿਰੰਤਰ ਸੁਚੇਤ ਰਹਿੰਦਾ। ਉਸ ਦੀ ਤਿੱਖੀ ਨੀਝ, ਪੁੱਛਗਿੱਛ ਬੰਦੇ ਨੂੰ ਅੰਦਰੋਂ ਬਾਹਰੋਂ ਵੇਖ ਲੈਂਦੀ। ਅਦੁੱਤੀ ਜਰਨੈਲ, ਕੁਸ਼ਲ ਪ੍ਰਬੰਧਕ, ਦੂਰਅੰਦੇਸ਼, ਹਰ ਸਮੇਂ ਨਵਾਂ ਜਾਣਨ ਸਮਝਣ ਦੀ ਜਗਿਆਸਾ ਸ਼ਹਿਨਸ਼ਾਹ ਵਜੋਂ ਆਪਣੇ ਰਾਜ ਦੀ ਸੁਰੱਖਿਆ/ਵਿਸਤਾਰ/ਵਿਕਾਸ ਲਈ ਫ਼ਿਕਰਮੰਦੀ, ਨਿਆਂਸ਼ੀਲਤਾ, ਬਹਾਦਰੀ, ਡੋਗਰਿਆਂ/ਮਿਸ਼ਰਾਂ ਦੀ ਵਧੀ ਹੋਈ ਤਾਕਤ, ਮਹਾਰਾਜੇ ਦੀ ਸਭ ਨੂੰ ਸਹਿਜੇ ਹੀ ਕਾਬੂ ਰੱਖਣ ਦੀ ਸਮਰੱਥਾ, ਸਿੱਖੀ ਪ੍ਰੇਮ ਜਿਹੇ ਕਈ ਪੱਖਾਂ ਉੱਤੇ ਨਵੀਂ ਰੌਸ਼ਨੀ ਪਾਉਂਦੀ ਹੈ ਇਹ ਕਿਤਾਬ। ਇਹ ਕਿਤਾਬ ਪੜ੍ਹਨਯੋਗ ਤੇ ਸਾਂਭਣਯੋਗ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਰੂਹ ਦੀ ਗਾਨੀ
ਗ਼ਜ਼ਲਕਾਰਾ : ਸੁਰਿੰਦਰ ਸਿਦਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 77
ਸੰਪਰਕ : 0172-5027427.

ਸੁਰਿੰਦਰ ਸਿਦਕ ਪੰਜਾਬੀ ਇਸਤਰੀ ਗ਼ਜ਼ਲਕਾਰਾਂ ਵਿਚ ਬਿਲਕੁਲ ਨਵੀਂ ਫ਼ਸਲ ਹੈ ਜੋ ਬੜੀ ਰਫ਼ਤਾਰ ਨਾਲ ਵਧੀ ਤੇ ਖ਼ੂਬਸੂਰਤ ਸਿੱਟਿਆਂ ਤਕ ਪਹੁੰਚੀ। 'ਰੂਹ ਦੀ ਗਾਨੀ' ਉਸ ਦਾ ਪਹਿਲਾ ਸ਼ਾਨਦਾਰ ਗ਼ਜ਼ਲ ਸੰਗ੍ਰਹਿ ਹੈ ਜਿਸ ਦੀ ਭਰਪੂਰ ਚਰਚਾ ਹੋਈ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਹ ਪਰਵਾਸ ਵਿਚ ਹੁੰਦੇ ਹੋਏ ਆਪਣੀ ਮਾਤ ਭਾਸ਼ਾ ਨੂੰ ਯਾਦ ਹੀ ਨਹੀਂ ਰੱਖ ਰਹੀ ਬਲਕਿ ਕਲਮ ਵੀ ਵਾਹ ਰਹੀ ਹੈ ਤੇ ਉਹ ਵੀ ਗ਼ਜ਼ਲ ਵਰਗੀ ਵਿਧਾ 'ਤੇ।
ਉਸ ਦੀ ਗ਼ਜ਼ਲ ਦੀ ਵੱਡੀ ਖ਼ੂਬੀ ਮਨੁੱਖੀ ਮਨ ਦੀਆਂ ਪਰਤਾਂ ਦੀ ਆਪਣੇ ਸ਼ਿਅਰਾਂ ਵਿਚ ਇਮਾਨਦਰਾਨਾ ਪੇਸ਼ਕਾਰੀ ਹੈ। ਸਿਦਕ ਦੀਆਂ ਗ਼ਜ਼ਲਾਂ ਦੇ ਸ਼ਿਅਰ ਕਲਪਨਾਵਾਂ 'ਤੇ ਆਧਾਰਿਤ ਨਹੀਂ ਹਨ ਬਲਕਿ ਹੰਢਾਇਆ, ਦੇਖਿਆ ਤੇ ਪਰਖਿਆ ਪੇਸ਼ ਕਰਦੇ ਹਨ। ਪੁਸਤਕ ਦੀਆਂ ਗ਼ਜ਼ਲਾਂ ਪੜ੍ਹਦਿਆਂ ਪਾਠਕ ਨੂੰ ਇਹ ਏਸੇ ਲਈ ਆਪਣੀ ਜ਼ਿੰਦਗੀ 'ਤੇ ਆਧਾਰਿਤ ਲਗਦੀਆਂ ਹਨ। ਉਸ ਨੂੰ ਗ਼ਜ਼ਲ ਦੇ ਅਸੂਲਾਂ ਦੀ ਚੰਗੀ ਜਾਣਕਾਰੀ ਹੈ ਤੇ ਇਨ੍ਹਾਂ ਵਿਚਲੇ ਸੰਗੀਤਕ ਅੰਸ਼ ਸਿਦਕ ਦੀ ਗ਼ਜ਼ਲ ਦੇ ਕੱਦ ਨੂੰ ਵੱਡਾ ਕਰਦੇ ਹਨ। ਆਪਣੇ ਸ਼ਿਅਰਾਂ ਵਿਚ ਗ਼ਜ਼ਲਕਾਰਾ ਨੇ ਕੁਝ ਅਸਲੋਂ ਨਵੇਂ ਤੇ ਸੱਜਰੇ ਮੰਜ਼ਰ ਸਿਰਜੇ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਸਾਰ ਪਾਠਕ ਮੰਤਰ ਮੁਗਧ ਹੋ ਜਾਂਦਾ ਹੈ। ਸ਼ਬਦਾਂ ਨਾਲ ਖੇਡਣ ਦੀ ਜਾਦੂਗਰੀ ਹੀ ਸ਼ਾਇਰੀ ਹੁੰਦੀ ਹੈ। ਉਹ ਕਹਿੰਦੀ ਹੈ 'ਝਾੜ ਕੇ ਇਸ ਧਰਤ ਨੂੰ ਫਿਰ ਤੋਂ ਵਿਛਾਈਏ ਲੋੜ ਹੈ, ਗਗਨਾਂ ਦੀ ਚਾਦਰ 'ਤੇ ਸੁਪਨੇ ਮੋਰ ਪਾਈਏ ਲੋੜ ਹੈ।' ਉਸ ਮੁਤਾਬਿਕ ਚਾਨਣ ਦੇ ਕਦਰਦਾਨ ਉਹੀ ਹੁੰਦੇ ਹਨ ਜਿਹੜੇ ਦੀਵਿਆਂ ਵਿਚ ਆਪਣਾ ਖ਼ੂਨ ਬਾਲ ਸਕਦੇ ਹਨ। ਉਸ ਨੂੰ ਪਿਆਰ ਮੁਹੱਬਤ, ਸਦਭਾਵਨਾ ਦਾ ਖੇਤ ਬੰਜਰ ਹੋਇਆ ਮਹਿਸੂਸ ਹੁੰਦਾ ਹੈ ਤੇ ਆਦਮੀ ਗੀਟੇ ਤੇ ਪੱਥਰ ਤੋਂ ਵੱਧ ਕੁਝ ਨਹੀਂ ਲਗਦਾ। ਉਹ ਕਦੀ ਆਪਣੇ ਆਪ ਨੂੰ ਨਦੀ ਮਹਿਸੂਸਦੀ ਹੈ ਤੇ ਕਦੀ ਨਿਰੀ ਪਿਆਸ, ਕਦੀ ਚੰਦ ਤੇ ਕਦੀ ਸੂਰਜ।
ਇਹ ਪੁਸਤਕ ਨਵੇਂ ਅੰਦਾਜ਼ ਨਾਲ ਛਪੀ ਹੈ। ਕਈ ਜਗ੍ਹਾ ਗ਼ਜ਼ਲਕਾਰਾ ਅਵੇਸਲੀ ਹੋਈ ਹੈ ਤੇ ਗ਼ਜ਼ਲ ਬਹੁਤ ਸੁਚੇਤ ਹੋ ਕੇ ਲਿਖੀ ਜਾਣ ਵਾਲੀ ਸਿਨਫ਼ ਹੈ। ਸਿਦਕ ਨੂੰ ਲਗਾਤਾਰ ਸਾਧਨਾ ਕਰਦੇ ਰਹਿਣਾ ਚਾਹੀਦਾ ਹੈ ਤੇ ਤਾਰੀਫ਼ੀ ਮੁੱਖ ਬੰਦ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਮੈਨੂੰ ਯਕੀਨ ਹੈ ਕਿ ਭਵਿੱਖ ਵਿਚ ਉਸ ਦੀ ਸਥਾਪਤੀ ਨਿਸਚਿਤ ਹੈ।

-ਗੁਰਦਿਆਲ ਰੌਸ਼ਨ
ਮੋ: 9988444002

 

 

 


ਸ਼ਾਇਰਾ : ਸੁਖਵਿੰਦਰ ਅੰਮ੍ਰਿਤ ਦੀਆਂ ਦੋ ਪੁਸਤਕਾਂ 'ਕਣੀਆਂ' ਤੇ 'ਨੀਲਿਆ ਮੋਰਾ ਵੇ...'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125, 125 ਰੁਪਏ, ਸਫ਼ੇ : 84, 88
ਸੰਪਰਕ : 98152-98459.

'ਕਣੀਆਂ' ਅਤੇ 'ਨੀਲਿਆ ਮੋਰਾ ਵੇ' ਲੇਖਿਕਾ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਹਨ, ਜਿਨ੍ਹਾਂ ਵਿਚ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਮਨ ਦੀਆਂ ਵੇਦਨਾਵਾਂ/ਸੰਵੇਦਨਾਵਾਂ ਨੂੰ ਕਵਿਤਾਵਾਂ/ਗੀਤਾਂ ਰਾਹੀਂ ਪੇਸ਼ ਕੀਤਾ ਹੈ।
'ਕਣੀਆਂ' ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਮੂਲ ਸੁਰ ਨਾਰੀ ਵੇਦਨਾ ਨਾਲ ਸਬੰਧਿਤ ਹੈ। ਇਨ੍ਹਾਂ ਕਵਿਤਾਵਾਂ ਵਿਚ ਨਾਰੀ ਵੇਦਨਾ ਦੀਆਂ ਅਨੇਕ ਪਰਤਾਂ ਨੂੰ ਵੱਖੋ-ਵੱਖਰੇ ਕੋਣਾਂ ਤੋਂ ਚਿਤਰਦੀ ਤੇ ਵਿਕੋਲਿਤਰੇ ਰੰਗਾਂ ਵਿਚ ਪੇਸ਼ ਕਰਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਔਰਤ ਸਾਰੇ ਸਮਾਜ ਵਿਚਲੀ ਉਹ ਦਮਿਤ ਔਰਤ ਹੈ, ਜਿਸ ਨੂੰ ਘਰ, ਸਮਾਜ, ਪਰਿਵਾਰ, ਹਰ ਥਾਂ ਉੱਤੇ ਮਰਦਾਵੀਂ ਵਹਿਸ਼ਤ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਿਕਾਰ ਹੋਣਾ ਪੈਂਦਾ ਹੈ। ਮਰਦਾਵੀਂ ਹਉਂ ਦੀਆਂ ਨਹੁੰਦਰਾਂ ਇਨ੍ਹਾਂ ਕਵਿਤਾਵਾਂ ਦੇ ਸ਼ਬਦਾਂ ਵਿਚ ਝਰੀਟਾਂ ਬਣ ਕੇ ਥਾਂ-ਥਾਂ ਇਸ ਸ਼ਾਇਰੀ ਦੇ ਪਿੰਡੇ ਦਾ ਨੀਲ ਬਣਦੀਆਂ ਹਨ,
ਕੌਣ ਕਹਿੰਦਾ ਹੈ
ਮੈਂ ਮਨਚਾਹੇ ਗਰਭ ਨੂੰ
ਜਨਮ ਨਹੀਂ ਦੇ ਸਕੀ
ਮੇਰੀ ਕਵਿਤਾ ਦੇ ਨਕਸ਼ ਮਿਲਦੇ ਹਨ
ਉਸ ਦੇ ਪਿਆਰ ਭਿੱਜੇ ਬੋਲਾਂ ਨਾਲ
ਜਿਸ ਦੇ ਸੰਜੋਗ 'ਚੋਂ ਜਨਮੀ ਹੈ
ਮੇਰੀ ਕਵਿਤਾ...।
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਔਰਤ ਦੇ ਸੰਘ ਅੰਦਰ ਸਦੀਆਂ ਤੋਂ ਨੱਪਿਆ ਘੁੱਟਿਆ ਦਰਦ ਇਨ੍ਹਾਂ ਕਵਿਤਾਵਾਂ ਵਿਚ ਅਦਭੁੱਤ ਆਕਾਰ ਧਾਰਦਾ ਹੈ
ਉਹ ਬੁਲਾਉਂਦਾ ਹੈ ਮੈਨੂੰ
ਏਨੇ ਨਾਵਾਂ ਨਾਲ
ਭੁੱਲ ਜਾਂਦਾ ਮੈਨੂੰ ਆਪਣਾ ਨਾਂਅ
ਆਪਣਾ ਵਜੂਦ
ਮਿਟ ਜਾਂਦੀ ਹੈ ਮੇਰੀ ਹਸਤੀ...।
'ਨੀਲਿਆ ਮੋਰਾ ਵੇ' ਪੁਸਤਕ ਵਿਚ ਸੁਖਵਿੰਦਰ ਅੰਮ੍ਰਿਤ ਦੇ ਗੀਤ ਸੰਕਲਿਤ ਹਨ। ਇਨ੍ਹਾਂ ਗੀਤਾਂ ਵਿਚ ਸ਼ਾਇਰਾ ਨੇ ਜਿਥੇ ਮਨੁੱਖੀ ਮਨ ਦੇ ਵਲਵਲਿਆਂ ਨੂੰ ਸੰਗੀਤਬੱਧ ਉਚਾਰ ਦਿੱਤਾ ਹੈ, ਉਥੇ ਉਸ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਕੁਦਰਤ ਦੇ ਬਿੰਬਾਂ ਇਤਿਹਾਸਕ/ਮਿਥਿਹਾਸਕ ਪ੍ਰਸੰਗਾਂ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਗੀਤਾਂ ਵਿਚ ਸੁਖਵਿੰਦਰ ਅੰਮ੍ਰਿਤ ਪੰਜਾਬੀ ਸੱਭਿਆਚਾਰਕ ਚਿੰਨ੍ਹਾਂ ਦੀ ਵਰਤੋਂ ਜਿਸ ਖੂਬਸੂਰਤੀ ਨਾਲ ਕਰਦੀ ਹੈ, ਉਹ ਵੇਖਣਯੋਗ ਹੈ।
ਤੋਰ ਅੰਮੜੀਏ ਤੋਰ
ਭਰ ਨਾ ਹਾਉਕੇ, ਕੇਰ ਨਾ ਅੱਥਰੂ
ਨਹੀਂ ਚੱਲਣਾ ਤੇਰਾ ਜ਼ੋਰ....
ਮੈਨੂੰ ਨਾਲ ਸ਼ਗਨ ਦੇ ਤੋਰ...।
ਸੁਖਵਿੰਦਰ ਅੰਮ੍ਰਿਤ ਦੀਆਂ ਇਹ ਦੋਵੇਂ ਪੁਸਤਕਾਂ ਨਿਰਸੰਦੇਹ ਪੰਜਾਬੀ ਕਾਵਿ ਖੇਤਰ ਵਿਚ ਗੁਣਾਤਮਿਕ ਵਾਧੇ ਦੀ ਤਸਦੀਕ ਕਰਦੀਆਂ ਹਨ।

-ਡਾ: ਅਮਰਜੀਤ ਕੌਂਕੇ


ਹਉਕਿਆਂ ਦੇ ਹਾਰ
ਕਵਿਤਰੀ : ਗਰਬਚਨ ਕੌਰ ਢਿਲੋਂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ: 150 ਰੁਪਏ, ਸਫੇ : 112
ਸੰਪਰਕ : 78370-08519.

'ਹਉਕਿਆਂ ਦੇ ਹਾਰ' ਕਾਵਿ ਗੁਲਦਸਤੇ ਦੀ ਸਿਰਜਣਾ ਕਵਿਤਰੀ ਗਰਬਚਨ ਕੌਰ ਢਿਲੋਂ ਨੇ ਆਪਣੇ ਸਵਰਗੀ ਪਤੀ ਸੂਬੇਦਾਰ ਅਜਾਇਬ ਸਿੰਘ ਦੀ ਯਾਦ ਨੂੰ ਸਮਰਪਿਤ ਕੀਤੀ ਹੈ। ਇਸੇ ਕਰਕੇ ਹੀ ਇਸ ਕਾਵਿ ਗੁਲਦਸਤੇ ਵਿਚ ਕਿਤੇ-ਕਿਤੇ ਵਿਛੋੜੇ ਦੀ ਉਦਾਸੀਨਤਾ ਦਾ ਰੰਗ ਵੀ ਰੂਪਮਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਕਾਵਿ ਗੁਲਦਸਤੇ ਵਿਚ ਕਰੀਬ ਛੇ ਕੁ ਦਰਜਨਾਂ ਕਾਵਿ ਪੰਖੜੀਆਂ ਹਰ ਕਾਵਿ ਰੰਗ ਨੂੰ ਬਿਖੇੜਨ ਵਿਚ ਯਤਨ ਕਰਨ ਦੀ ਕੋਸ਼ਿਸ਼ ਪ੍ਰਤੀਤ ਹੋ ਰਹੀਆਂ ਹਨ। ਚਾਨਣ ਦਾ ਜਲਾਲ ਨੰਗੀ-ਚਿੱਟੀ ਧੁੱਪ ਦੇ ਰੂਪ ਵਿਚ ਹੋ ਸਕਦਾ ਹੈ ਤੇ ਮਾਂ ਦੀ ਮਮਤਾ ਰੂਪ ਵਿਚ ਵੀ ਹੋ ਸਕਦਾ ਹੈ, ਜੰਮਣ ਭੋਇੰ ਨੂੰ ਨਸ਼ਿਆਂ ਤੇ ਹੋਰ ਬੁਰੇ ਕਰਮਾਂ ਦੇ ਦੈਂਤਾਂ ਤੋਂ ਬਚਾਉਣ ਦੀ ਕਾਮਨਾ, ਫੈਸ਼ਨ ਵਿਚ ਰੁੜ੍ਹਨ ਦੀ ਬਜਾਏ ਸਾਦਾ ਜੀਵਨ ਬਿਤਾਉਣਾ, ਸਵੇਰ ਦੀ ਮਨਮੋਹਕ ਆਮਦ, ਪੇਂਡੂ ਦ੍ਰਿਸ਼, ਆਜ਼ਾਦੀ ਹੀਰ ਜਿਸ ਨੂੰ ਕਈ ਰਾਝਿਆਂ (ਯੋਧੇ-ਸੂਰਬੀਰਾਂ/ਆਜ਼ਾਦੀ ਪਰਵਾਨਿਆਂ) ਦੀ ਕੁਰਬਾਨੀਆਂ ਦੇ ਮੁੱਲ ਵੱਟੇ ਵਿਆਹ ਕੇ ਲਿਆਉਣਾ ਪਰ ਸਰਮਾਏਦਾਰੀ ਤੇ ਬੇਈਮਾਨੀ ਨੇ ਇਸ 'ਤੇ ਕਾਬਜ਼ ਹੋਣਾ ਅਤੇ ਸਾਧਾਂ ਦੇ ਵੱਗ ਦੇ ਜਾਲ ਵਿਚ ਫਸਣਾ ਆਦਿ ਵਿਸ਼ਿਆਂ ਨੂੰ ਕਵਿੱਤਰੀ ਨੇ ਬੜੀ ਸਰਲ ਤੇ ਭਾਵਪੂਰਤ ਕਾਵਿ ਸ਼ੈਲੀ ਰਾਹੀਂ ਇਨਾਂ ਕਾਵਿ ਪੰਖੜੀਆਂ ਵਿਚ ਸਜਾਉਣ ਦਾ ਸਫਲ ਯਤਨ ਕੀਤਾ ਹੈ।
ਇਹ ਕਾਵਿ ਸੰਗ੍ਰਿਹ ਪਾਠਕ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਵੀ ਸਮਰੱਥ ਹੈ ਕਿਉਂਕਿ ਇਨ੍ਹਾਂ ਪੰਖੜੀਆਂ ਦੀ ਖੁਸ਼ਬੋਈ ਮਾਨਣ ਲਈ ਪਾਠਕ ਦਾ ਉਤਾਵਲੇਪਨ ਦਾ ਗ੍ਰਾਫ ਨੀਵਾਂ ਹੋਣ ਦੀ ਥਾਂ ਹੋਰ ਉੱਚਾ ਹੋਣ ਦੀ ਪੂਰੀ ਸੰਭਾਵਨਾ ਵੀ ਇਸ ਪੁਸਤਕ ਵਿਚ ਮਿਲਦੀ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

22-07-2018

 ਲੱਦਾਖ ਅਤੇ ਗੁਫ਼ਾਵਾਂ ਦਾ ਦੇਸ਼
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ 224
ਸੰਪਰਕ : 08130782551.

ਮਾਰਕ ਟਵੇਨ ਨੇ ਕਦੇ ਕਿਹਾ ਸੀ ਕਿ ਅਣਜਾਣੇ ਰਾਹਾਂ ਥਾਵਾਂ ਦੀ ਯਾਤਰਾ ਪੂਰਵਆਗ੍ਰਹਿਆਂ ਵਾਲੀ ਸੰਕੀਰਨ ਸੋਚ ਨੂੰ ਖ਼ਤਮ ਕਰਦੀ ਹੈ। ਉਸ ਦੇ ਇਸ ਸੁਝਾਅ ਉੱਤੇ ਅਮਲ ਕਰਕੇ ਕੀ ਅਜੋਕਾ ਭਾਰਤ ਨਫ਼ਰਤ ਤੇ ਜ਼ਹਿਰ ਨਾਲ ਭਰੇ ਸੰਕੀਰਨ ਸਿਆਸੀ ਮਾਹੌਲ ਤੋਂ ਛੁਟਕਾਰਾ ਪਾ ਸਕਦਾ ਹੈ? ਇਸ ਦਾ ਤਾਂ ਪਤਾ ਨਹੀਂ ਪਰ ਮਨਮੋਹਨ ਬਾਵਾ ਦਾ ਜੀਵਨ ਲਿਖਤਾਂ ਤੇ ਸਫ਼ਰਨਾਮੇ ਇਸ ਦਾ ਪ੍ਰਮਾਣ ਹਨ। ਉਹ ਸੰਵੇਦਨਸ਼ੀਲ ਆਰਟਿਸਟ, ਪ੍ਰਤਿਭਾਵਾਨ ਲੇਖਕ ਤੇ ਅਡਵੈਂਚਰ ਪ੍ਰੇਮੀ ਜਗਿਆਸੂ ਯਾਤਰੀ ਹੈ ਜੋ ਉਮਰ ਦੇ ਬੰਧਨਾਂ/ਸੀਮਾਵਾਂ ਨੂੰ ਵੰਗਾਰ ਕੇ ਵੀ ਯਾਤਰਾਵਾਂ 'ਤੇ ਤੁਰਿਆ ਰਹਿੰਦਾ ਹੈ। ਹਜ਼ਾਰਾਂ ਕਿਲੋਮੀਟਰ ਲੰਮੀਆਂ ਯਾਤਰਾਵਾਂ ਕਰਕੇ ਵੀ ਉਹ ਨਹੀਂ ਰੱਜਿਆ। ਯਾਤਰਾਵਾਂ ਉਪਰੰਤ ਉਹ ਆਪਣੇ ਅਨੁਭਵ ਗਲਪੀ ਵਾਰਤਕ ਦਾ ਸੁਆਦ ਦੇਣ ਵਾਲੇ ਸਫ਼ਰਨਾਮਿਆਂ ਵਿਚ ਪਾਠਕਾਂ ਨਾਲ ਸਾਂਝੇ ਵੀ ਕਰਦਾ ਹੈ। ਵਿਚਾਰ ਅਧੀਨ ਕਿਤਾਬ ਇਸ ਦਿਸ਼ਾ ਵਿਚ ਉਸ ਦਾ ਤਾਜ਼ਾ ਉੱਦਮ ਹੈ।
ਲੇਹ/ਲੱਦਾਖ, ਮਨਾਲੀ, ਨੁਬਰਾ ਵੈਲੀ, ਖਾਰਦੁੰਗ-ਲਾ, ਪੈਂਗੋਗ ਝੀਲ ਬੋਧੀ ਲਾਮਿਆਂ/ਗੌਂਫਿਆ ਦੇ ਦੂਰ-ਦਰਾਜ਼ ਖੇਤਰਾਂ ਵਿਚ ਉਸ ਦੀ ਯਾਤਰਾ ਨਾਲ ਸ਼ੁਰੂ ਹੁੰਦੀ ਹੈ ਇਹ ਕਿਤਾਬ। ਅਜੰਤਾ, ਐਲੋਰਾ, ਐਲੀਫੈਂਟਾ, ਕਾਰਲਾ ਦੀਆਂ ਗੁਫ਼ਾਵਾਂ ਇਸ ਦੀ ਅਗਲੀ ਕੜੀ ਹਨ। ਗਵਾਲੀਆਰ, ਝਾਂਸੀ, ਖੁਜਰਾਹੋ, ਜਬਲਪੁਰ, ਭਰਤਪੁਰ, ਉਜੈਨ, ਔਰਛਾ, ਮਾਂਡੂ, ਅਮਰਕੰਟਕ, ਪੰਚਮੜ੍ਹੀ, ਭੁਪਾਲ, ਸਾਂਚੀ ਵਿਦਿਸ਼ਾ ਆਦਿ ਦੇ ਅਣਡਿੱਠੇ ਰਾਹਾਂ ਦੀ ਗੱਲ ਕਰਕੇ ਸਮਾਪਤ ਹੁੰਦੀ ਹੈ। ਲੇਖਕ ਪੁਰਾਤਨ ਭਾਰਤੀ ਕਲਾ/ਸੱਭਿਆਚਾਰ/ਜੀਵਨ, ਕਬਾਇਲੀ ਰੀਤੀ ਰਿਵਾਜ, ਇਤਿਹਾਸ, ਮਿਥਿਹਾਸ, ਧਰਮ ਵਰਤਮਾਨ ਜੀਵਨ ਦੇ ਨਿੱਕੇ-ਨਿੱਕੇ ਵੇਰਵੇ ਆਪਣੇ ਬਿਰਤਾਂਤ ਵਿਚ ਜੋੜਦਾ ਜਾਂਦਾ ਹੈ। ਰਾਹ ਵਿਚ ਮਿਲੇ/ਬਣੇ ਨਵੇਂ ਪੁਰਾਣੇ ਮਿੱਤਰਾਂ/ਸੁਵਿਧਾਵਾਂ/ਦੁਵਿਧਾਵਾਂ/ਰੁਕਾਵਟਾਂ ਦੀ ਬਾਤ ਪਾਉਂਦਾ ਹੈ।
ਬਾਵਾ ਕੰਡਕਟਿਡ ਟੂਰ ਤੇ ਮਿਥ ਕੇ ਨਿਸਚਿਤ ਟਿਕਾਣਿਆਂ ਸੁਵਿਧਾਵਾਂ ਵਾਲੀਆਂ ਯਾਤਰਾਵਾਂ ਨਾ ਕਰਕੇ ਲੋਕਾਂ/ਥਾਵਾਂ/ਸਥਿਤੀਆਂ ਨਾਲ ਸਿੱਧਾ ਟਕਰਾਅ ਕੇ ਆਪਣੇ ਬਿਗਾਨੇ ਲੋਕਾਂ ਨੂੰ ਵੇਖਦਾ ਸਮਝਦਾ ਸਾਨੂੰ ਆਪਣੇ ਨਾਲ ਤੁਰਨ ਲਈ ਪ੍ਰੇਰਦਾ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਪੂਣੀਆਂ ਭਰੀ ਪਟਾਰੀ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 136.
ਸੰਪਰਕ :099873-08283.

ਡਾ: ਜਗਜੀਤ ਸਿੰਘ ਗੰਭੀਰ ਚਿੰਤਕ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਦਾ ਮਾਹਿਰ ਹੋਣ ਨਾਤੇ ਵਿਭਿੰਨ ਸਾਹਿਤਕ ਵਿਧਾਵਾਂ ਜ਼ਰੀਏ ਸਥਾਪਿਤ ਹੋ ਚੁੱਕਾ ਸਾਹਿਤਕਾਰ ਹੈ। ਆਤਮ ਕਥਾਵਾਂ ਲਿਖਣ ਵਿਚ ਤਾਂ ਉਸ ਦੀ ਨਿਵੇਕਲੀ ਪਛਾਣ ਹੈ, ਹੀ ਹੈ, ਪਰ ਰਚੇ ਲੇਖ ਇਸ ਲੇਖਕ ਦੀ ਉਸਾਰੂ ਸੋਚ-ਦ੍ਰਿਸ਼ਟੀ ਦੇ ਪ੍ਰਤਿਮਾਨਾਂ ਦਾ ਪ੍ਰਗਟਾਵਾ ਬਣਦੇ ਹਨ। ਪੁਸਤਕ ਵਿਚ ਅੰਕਿਤ 31 ਲੇਖ ਉਕਤ ਕਥਨ ਦੀ ਸਾਰਥਿਕਤਾ ਦਾ ਪਾਠਕਾਂ ਲਈ ਪ੍ਰਮਾਣਿਕ ਸਰੂਪ ਹੋ ਸਕਦੇ ਹਨ ਕਿਉਂਕਿ ਡਾ: ਕੇ. ਜਗਜੀਤ ਸਿੰਘ ਮਾਨਵੀ ਜੀਵਨ ਦੇ ਯਥਾਰਥ ਦੀਆਂ ਤਹਿ-ਦਰ-ਤਹਿ ਪਰਤਾਂ ਦਾ ਗਿਆਤਾ ਹੈ।
'ਰੱਬ ਨਾਲ ਮੇਰੀ ਆਡੀਓ ਕਾਨਫ਼ਰੰਸ' ਵਿਚ ਕੀਤੀ ਮੁਲਾਕਾਤ ਨਾਟਕੀ ਅੰਦਾਜ਼ ਵਿਚ ਜੀਵਨ ਦੇ ਰਹੱਸ ਨੂੰ ਉਭਾਰਦੀ ਹੈ ਅਤੇ ਇਸ ਤੋਂ ਅਗਾਂਹ ਆਸਤਕਤਾ ਤੇ ਨਾਸਤਕਤਾ ਦੇ ਚਿੰਤਨ ਨੂੰ ਅਗਾਂਹ ਤੋਰਦੀ ਹੋਈ ਵਿਸ਼ਵ ਵਿਆਪੀ ਪੱਧਰ ਤੱਕ ਦੀ ਚਿੰਤਨ-ਧਾਰਾ ਨੂੰ ਪ੍ਰਗਟਾਉਂਦੀ ਹੋਈ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਦੀ ਹੋਈ ਮਾਨਵੀ ਜ਼ਿੰਦਗੀ ਨੂੰ ਅਤਿ-ਆਧੁਨਿਕਤਾ ਦੇ ਸੰਦਰਭ ਵਿਚ ਪੇਸ਼ ਕਰਦੀ ਹੋਈ ਸਮਕਾਲੀਨ ਪੰਜਾਬੀ ਜੀਵਨ ਸ਼ੈਲੀ ਦੇ ਵਿਭਿੰਨ ਪ੍ਰਸੰਗਾਂ ਨੂੰ ਪੇਸ਼ ਕਰਦੀ ਹੈ। ਇਹ ਪ੍ਰਤਿਮਾਨ ਸਾਨੂੰ ਇਸ ਲੇਖਕ ਦੀ ਗੰਭੀਰ ਚਿੰਤਨ ਦ੍ਰਿਸ਼ਟੀ ਤੋਂ ਉਦੋਂ ਪ੍ਰਾਪਤ ਹੋ ਸਕਦੇ ਹਨ ਜਦੋਂ ਅਸੀਂ ਸੋਚਦੇ ਹਾਂ ਕਿ ਅਜੋਕਾ ਨਿਬੰਧਕਾਰ ਜੀਵਨ ਦੇ ਤਜਰਬੇ ਹੰਢਾਅ ਕੇ ਇਹ ਕਹਿ ਰਿਹਾ ਹੁੰਦਾ ਹੈ ਕਿ?ਮਾਨਵੀ ਜ਼ਿੰਦਗੀ ਕਿੱਥੇ ਹੈ?, ਕਿੱਥੇ ਸੁੱਖ ਚੈਨ ਹੋ ਸਕਦਾ ਹੈ? ਕਿਥੋਂ ਸੁੱਖ ਸਹੂਲਤਾਂ ਮਿਲ ਸਕਦੀਆਂ ਹਨ? ਕਿਥੋਂ ਮਾਨਵ ਨੂੰ ਆਪਣੀਆਂ ਪਾਲੀਆਂ ਹੋਈਆਂ ਤ੍ਰਿਸ਼ਨਾਵਾਂ ਦੀ ਸੰਤੁਸ਼ਟੀ ਹੋ ਸਕਦੀ ਹੈ ਅਤੇ ਕਿਵੇਂ ਜਨਜੀਵਨ ਸੁਖਾਵਾਂ ਹੋ ਸਕਦਾ ਹੈ ਆਦਿ ਇਨ੍ਹਾਂ ਸਭਨਾਂ ਪ੍ਰਸ਼ਨਾਂ ਦੇ ਉੱਤਰ, ਇਨ੍ਹਾਂ ਸਾਰੇ ਨਿਬੰਧਾਂ ਵਿਚ ਅੰਕਿਤ ਹਨ। ਨਿਰਸੰਦੇਹ, ਉਸਾਰੂ ਸੋਚ-ਦ੍ਰਿਸ਼ਟੀ, ਹਾਂ-ਵਾਚੀ ਜੀਵਨ ਸ਼ੈਲੀ ਨੂੰ ਸਰਲਤਾ, ਸਪੱਸ਼ਟਤਾ ਅਤੇ ਸਹਿਜਤਾ ਵਿਚ ਪ੍ਰਗਟਾਇਆ ਹੈ। ਸੱਚਮੁੱਚ ਇਹ ਉਹ ਪੂਣੀਆਂ ਭਰੀ ਪਟਾਰੀ ਹੈ ਜਿਨ੍ਹਾਂ ਤੋਂ ਬਣੀਆਂ ਤੰਦਾਂ ਨੇ ਜੀਵਨ ਰੂਪੀ ਪੁਸ਼ਾਕ ਬਣ ਕੇ ਮਾਨਵੀ ਜੀਵਨ ਨੂੰ ਰੁਸ਼ਨਾਉਣਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਇਹ ਜੋ ਨਦੀਆਂ
ਕਵੀ : ਅਮਨ ਸੀ. ਸਿੰਘ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 196
ਸੰਪਰਕ : 94179-75711.

ਅਮਨ ਸੀ. ਸਿੰਘ ਨੇ ਆਪਣੀਆਂ ਕਈ ਕਵਿਤਾਵਾਂ ਵਿਚ 'ਨਦੀ' ਦੇ ਹਵਾਲੇ ਨਾਲ ਨਾਰੀ ਜੀਵਨ ਦੀ ਮਹਿਮਾ ਅਤੇ ਗੌਰਵ ਨੂੰ ਵਿਅਕਤ ਕੀਤਾ ਹੈ। ਉਸ ਅਨੁਸਾਰ ਨਦੀਆਂ ਖਿੰਗ੍ਹਰਾਂ ਸੰਗ ਟਕਰਾਉਂਦੀਆਂ ਹੋਈਆਂ ਅੱਗੇ ਵਧਣ ਦੀ ਸ਼ਕਤੀ ਰੱਖਦੀਆਂ ਹਨ ਪਰ ਇਹ ਕਾਫੀ ਭਾਵੁਕ ਵੀ ਹੁੰਦੀਆਂ ਹਨ (ਪੰਨਾ 34)। ਕੁਝ ਨਦੀਆਂ ਸਾਰੀ ਉਮਰ ਚਲਦੀਆਂ (ਵਗਦੀਆਂ) ਰਹਿਣ ਦੇ ਬਾਵਜੂਦ ਕਿਧਰੇ ਨਹੀਂ ਅੱਪੜਦੀਆਂ। ਆਪਣੀ ਅਜਿਹੀ ਨਿਯਤੀ ਦੇ ਵਿਰੁੱਧ ਉਹ ਬਗ਼ਾਵਤ ਵੀ ਕਰ ਦਿੰਦੀਆਂ ਹਨ (ਪੰਨਾ 35)। ਪਰ ਇਨ੍ਹਾਂ ਸਾਰੀਆਂ ਨਦੀਆਂ ਦੀ ਹੋਣੀ (ਸ਼ਕਤੀ) ਇਹ ਹੁੰਦੀ ਹੈ ਕਿ ਇਹ ਜਿਥੋਂ ਉਗਮਦੀਆਂ ਹਨ, ਉਤੇ ਅਸਤਦੀਆਂ ਨਹੀਂ। ਇਹ ਦੂਰ-ਦੁਰਾਡੇ ਦੀਆਂ ਜ਼ਮੀਨਾਂ ਨੂੰ ਭਾਗ ਲਾ ਕੇ ਉਨ੍ਹਾਂ ਨੂੰ ਹਰਾ-ਭਰਾ ਕਰ ਦਿੰਦੀਆਂ ਹਨ। ਇਕੋ ਜੂਨ ਵਿਚ ਕਈ-ਕਈ ਜੂਨਾਂ ਹੰਢਾ ਲੈਂਦੀਆਂ ਹਨ (ਪੰਨਾ 38)। ਨਦੀਆਂ ਸਮੁੰਦਰ ਦਾ ਦਰਦ ਵੰਡਾਉਂਦੀਆਂ ਹਨ। ਸਮੁੰਦਰ, ਨਦੀ ਦੇ ਨੈਣਾਂ ਵਿਚ ਅਣਮੁਕ ਪਿਆਸ ਦੇਖ ਕੇ ਠੰਠਬਰ ਜਾਂਦਾ ਹੈ। ਇਸ ਤਰ੍ਹਾਂ ਨਦੀ ਦੇ ਚਿਹਨਕ ਦੁਆਰਾ ਕਵੀ ਨੇ ਨਾਰੀ ਦੀ ਵੇਦਨਾ, ਸੰਵੇਦਨਾ, ਊਰਜਾ ਅਤੇ ਸਮਰੱਥਾ ਨੂੰ ਰੂਪਮਾਨ ਕਰਨ ਦਾ ਪ੍ਰਭਾਵਸ਼ਾਲੀ ਪ੍ਰਯਾਸ ਕੀਤਾ ਹੈ।
ਅਮਨ ਸੀ. ਸਿੰਘ ਦੀ ਇਕ ਹੋਰ ਆਰਜ਼ੂ 'ਨਾਦ ਤੋਂ ਵਿਸਮਾਦ ਤੱਕ' ਪਹੁੰਚਣ ਨਾਲ ਸਬੰਧਿਤ ਹੈ। ਉਸ ਦਾ ਵਿਚਾਰ ਹੈ ਕਿ ਕਵਿਤਾ, ਆਪਣੇ ਅੰਦਰਲੀ ਅਸੀਮਤਾ ਦੇ ਕੁਝ ਅੰਸ਼ ਸਾਂਭਣ ਦੀ ਪ੍ਰਕਿਰਿਆ ਹੈ। ਉਹੀ ਵਿਅਕਤੀ ਕਵੀ ਬਣ ਸਕਦਾ ਹੈ, ਜੋ ਆਪਣੇ ਅੰਦਰਲੀ ਅਸੀਮਤਾ ਨੂੰ ਪਛਾਣ ਲੈਂਦਾ ਹੈ। ਜੋ ਆਪਣੇ ਅਸੀਮ ਆਤਮ ਦੀ ਥਾ ਨਹੀਂ ਪਾ ਸਕਦੇ, ਇਹੋ ਜਿਹੇ ਲੋਕ ਨਾ ਕਾਵਿ ਸਿਰਜਣਾ ਕਰ ਸਕਦੇ ਹਨ ਅਤੇ ਨਾ ਹੀ ਕਾਵਿ-ਪਾਠਕ ਬਣ ਸਕਦੇ ਹਨ। ਅਮਨ ਦੀਆਂ ਕਵਿਤਾਵਾਂ 'ਅਸੀਮ ਆਤਮ ਦੀ ਥਾਹ ਪਾ ਲੈਣ ਵਾਲੇ ਪਾਠਕਾਂ' ਲਈ ਰਚੀਆਂ ਗਈਆਂ ਹਨ।
ਉਹ ਬੜੇ ਸਹਿਜ ਅਤੇ ਸੁਭਾਵਿਕ ਅੰਦਾਜ਼ ਵਿਚ ਕਾਵਿ ਰਚਨਾ ਕਰਦੀ ਹੈ। ਬਹੁਤ ਹੀ ਡੂੰਘੇ ਸਰੋਕਾਰਾਂ ਨਾਲ ਸਬੰਧਿਤ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਸੰਚਾਰ ਦੀ ਸਮੱਸਿਆ ਆੜੇ ਨਹੀਂ ਆਉਂਦੀ। ਉਸ ਦੀ ਇਕ ਕਵਿਤਾ ਦੇਖੋ :
ਇਹ ਕੇਹੀ ਟੋਰ ਭਲਾ
ਕਿ ਜਦ ਵੀ ਟੁਰਾਂ
ਸਿਰ ਤੇ ਪੈਰ ਰੱਖ ਹੀ ਟੁਰਾਂ।
ਅੱਗੇ ਵਧਦੀ ਹਾਂ ਤਾਂ ਗੁਆਚ ਜਾਂਦੀ ਹਾਂ
ਕੋਈ ਤਾਂ ਰਾਹ ਹੋਵੇ
ਸੁਪਨਿਆਂ ਤੀਕ ਅਪੜਣ ਦਾ!
(ਤਲਾਸ਼, 147)
ਪੁਸਤਕ ਦੀ ਛਪਾਈ ਸੁੰਦਰ ਹੈ। ਕਵਿਤਾਵਾਂ ਅਤੇ ਪੁਸਤਕ ਵਿਚਲੇ ਚਿੱਤਰ, ਦੋਵੇਂ ਇਕ ਦੂਜੇ ਨੂੰ ਸਹਿਯੋਗ ਦੇ ਕੇ ਵਧੇਰੇ ਸੁੰਦਰ ਅਤੇ ਆਕ੍ਰਸ਼ਕ ਬਣਾਉਂਦੇ ਹਨ।

?ਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮੇਰੀ ਪਹਿਲੀ ਵਿਦੇਸ਼ ਯਾਤਰਾ
ਲੇਖਕ : ਡਾ: ਮੋਹਨ ਸਿੰਘ 'ਰਤਨ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 165
ਸੰਪਰਕ : 0172-5027427.

ਇਹ ਪੁਸਤਕ ਲੇਖਕ ਦਾ ਸਫ਼ਰਨਾਮਾ ਹੈ। ਇਸ ਵਿਚ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ ਅਤੇ ਮੈਕਾਊ ਦੀ ਯਾਤਰਾ ਦਾ ਵਰਨਣ ਬੜੇ ਰੌਚਕ ਢੰਗ ਨਾਲ ਕੀਤਾ ਗਿਆ ਹੈ। ਲੇਖਕ ਦੀ ਇਹ ਪਹਿਲੀ ਵਿਦੇਸ਼ ਯਾਤਰਾ ਅਤੇ ਹਵਾਈ ਯਾਤਰਾ ਹੋਣ ਕਰਕੇ ਕੁਝ ਭੈਅ, ਪ੍ਰੇਸ਼ਾਨੀ, ਚਿੰਤਾ ਆਦਿ ਦਾ ਹੋਣਾ ਸੁਭਾਵਿਕ ਸੀ। ਲੇਖਕ ਨੇ ਆਪਣੇ ਡਰ, ਤੌਖਲੇ ਅਤੇ ਕਮਜ਼ੋਰੀਆਂ ਨੂੰ ਬੜੀ ਦਿਆਨਤਦਾਰੀ ਨਾਲ ਪ੍ਰਗਟ ਕੀਤਾ ਹੈ। ਇਸ ਪੁਸਤਕ ਵਿਚ ਵਿਦੇਸ਼ੀ ਧਰਤੀਆਂ ਦੀ ਖੂਬਸੂਰਤੀ, ਉਥੋਂ ਦੇ ਵਸਨੀਕਾਂ, ਕੁਦਰਤੀ ਦ੍ਰਿਸ਼ਾਂ ਅਤੇ ਭੂਗੋਲਿਕ ਪ੍ਰਸਥਿਤੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਥਾਈਲੈਂਡ ਤੇ ਇਸ ਦੀ ਰਾਜਧਾਨੀ ਬੈਂਕਾਕ, ਇਥੋਂ ਦਾ ਅਮੀਰ ਸ਼ਹਿਰ ਹਡਯਾਈ ਅਤੇ ਪਤੀਆ ਦੇ ਸਮੁੰਦਰੀ ਕਿਨਾਰੇ ਦਾ ਵਰਨਣ ਬਹੁਤ ਦਿਲਚਸਪ ਹੈ। ਲੇਖਕ ਨੂੰ ਇਕ ਜੂਸ ਪਿਆਇਆ ਗਿਆ ਜੋ ਬਹੁਤ ਸੁਆਦੀ ਸੀ। ਪੁੱਛਣ 'ਤੇ ਦੱਸਿਆ ਗਿਆ ਕਿ ਇਹ ਥਾਈਲੈਂਡ ਦੇ ਨੈਸ਼ਨਲ ਪੰਛੀ ਦਾ ਥੁੱਕ ਹੈ ਜੋ ਵਧੀਆ ਸੁਆਦ ਵਾਲਾ ਅਤੇ ਤਾਕਤਵਰ ਹੁੰਦਾ ਹੈ। ਪੀਨਾਂਗ ਦੇ ਅਦਭੁੱਤ ਟਾਪੂ ਦੀ ਸੈਰ ਕਰਵਾਈ ਗਈ ਹੈ। ਹਾਂਗਕਾਂਗ ਨੂੰ ਸੈਲਾਨੀਆਂ ਦਾ ਸਵਰਗ ਕਿਹਾ ਜਾਂਦਾ ਹੈ। ਇਥੋਂ ਦੇ ਕੁਦਰਤੀ ਨਜ਼ਾਰੇ ਮਨ ਮੋਹ ਲੈਂਦੇ ਹਨ। ਤਲਾਬਾਂ ਦੇ ਰੂਪ ਵਿਚ ਛੋਟੇ-ਛੋਟੇ ਨਕਲੀ ਸਮੁੰਦਰ ਬਣਾਏ ਗਏ ਹਨ ਜਿਨ੍ਹਾਂ ਵਿਚ ਸਮੁੰਦਰੀ ਜੀਵ ਰੱਖੇ ਹੋਏ ਹਨ। ਹਾਂਗਕਾਂਗ ਵਿਚ ਸਾਈਕਲ ਚਲਾਉਣ ਦੀ ਮਨਾਹੀ ਹੈ। ਆਪਣਾ ਇਹ ਸ਼ੌਕ ਪੂਰਾ ਕਰਨ ਲਈ ਲੋਕ ਪਿੰਡਾਂ ਵਿਚ ਕਿਰਾਏ ਦੇ ਸਾਈਕਲ ਲੈ ਕੇ ਚਲਾਉਂਦੇ ਹਨ।
ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਆਪਣੇ ਧਰਮ ਅਤੇ ਵਿਰਸੇ ਲਈ ਪਿਆਰ ਹੈ। ਪਾਕਿਸਤਾਨੀ ਅਤੇ ਭਾਰਤੀ ਪੰਜਾਬੀ ਮਿੱਤਰਤਾ ਨਾਲ ਰਹਿੰਦੇ ਹਨ। ਗੁਰਦੁਆਰਿਆਂ ਵਿਚ ਵਿਦਵਾਨਾਂ, ਰਾਗੀਆਂ ਅਤੇ ਕਥਾਕਾਰਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਾਰੇ ਪੰਜਾਬੀ ਗੁਰਦੁਆਰਿਆਂ ਵਿਚ ਇਕੱਠੇ ਹੁੰਦੇ ਹਨ ਅਤੇ ਉਥੇ ਹੀ ਵਿਆਹ ਸ਼ਾਦੀਆਂ ਕੀਤੇ ਜਾਂਦੇ ਹਨ। ਸਮੁੱਚੇ ਤੌਰ 'ਤੇ ਇਹ ਇਕ ਦਿਲਚਸਪ ਅਤੇ ਗਿਆਨ ਵਿਚ ਵਾਧਾ ਕਰਨ ਵਾਲੀ ਪੁਸਤਕ ਹੈ।

?ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਫਲਤਾ ਦਾ ਰਾਜ
ਲੇਖਕ : ਰਾਮ ਨਾਥ ਸੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 94643-91902.

ਪੰਜ ਦਰਜਨ ਤੋਂ ਵੱਧ ਵਾਰਤਕ ਦੀਆਂ ਪੁਸਤਕਾਂ ਰਚ ਕੇ ਅਜੋਕੇ ਸਿਰਕੱਢ ਵਾਰਤਕਾਰਾਂ ਨਾਲ ਮੋਢਾ ਮੇਚਣ ਵਾਲੇ ਵਾਰਤਕਕਾਰ ਪਟਿਆਲਾ ਨਿਵਾਸੀ ਰਾਮ ਨਾਥ ਸ਼ੁਕਲਾ ਦੀ ਹਥਲੀ ਵਾਰਤਕ ਪੁਸਤਕ 'ਸਫਲਤਾ ਦਾ ਰਾਜ਼' ਆਪਣੇ ਵਿਲੱਖਣ ਲੇਖਾਂ ਦੀ ਬਦੌਲਤ ਪਾਠਕ ਨੂੰ ਗਹਿਰਾਈ ਨਾਲ ਸੋਚਣ ਲਈ ਪਾਬੰਦ ਕਰਦੀ ਹੈ। ਸਰਲ ਅਤੇ ਸੌਖੀ ਭਾਸ਼ਾ ਵਿਚ ਅਤੇ ਸਾਧਾਰਨ ਸ਼ੈਲੀ ਦੁਆਰਾ ਲੇਖਕ ਆਪਣੀ ਗੱਲ ਕਹਿਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਹ ਕਿਸੇ ਵੀ ਖਿਆਲ ਨੂੰ ਹਲਕੇ-ਫੁਲਕੇ ਢੰਗ ਨਾਲ ਲੇਖ ਦਾ ਜਾਮਾ ਪਹਿਨਾਉਣ ਦੀ ਪ੍ਰਭਾਵਸ਼ਾਲੀ ਕਲਾ ਦਾ ਵੱਡਾ ਲੇਖਕ ਸਿੱਧ ਹੁੰਦਾ ਹੈ। ਲੇਖਕ ਰਾਮ ਨਾਥ ਸੁਕਲਾ ਦੀ ਸ਼ੈਲੀ ਦਾ ਇਕ ਕਮਾਲ ਇਹ ਵੀ ਕਿ ਸਭ ਤੋਂ ਪਹਿਲਾਂ ਉਹ ਪੁਸਤਕ ਦਾ ਸਿਰਲੇਖ ਅਜਿਹਾ ਚੁਣਦਾ ਹੈ ਕਿ ਉਸ ਸਿਰਲੇਖ ਦੇ ਅਰਥਾਂ ਨੂੰ ਉਘਾੜਦਾ ਹੋਇਆ ਦਾਰਸ਼ਨਿਕ ਅੱਖ ਦੁਆਰਾ ਉਸ ਦੇ ਵੱਖ-ਵੱਖ ਪੱਖਾਂ ਨੂੰ ਲੇਖਾਂ ਦੇ ਵਿਸ਼ੇ ਬਣਾਉਂਦਾ ਹੈ। ਮਿਸਾਲ ਦੇ ਤੌਰ 'ਤੇ ਲੇਖਕ ਸ਼ੁਕਲਾ ਨੇ ਇਸ ਪੁਸਤਕ ਦਾ ਟਾਈਟਲ 'ਸਫਲਤਾ ਦਾ ਰਾਜ਼' ਰੱਖਿਆ ਹੈ। ਇਸ ਪੁਸਤਕ ਦੇ ਬਾਕੀ ਤਮਾਮ ਲੇਖ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੇ ਹਨ। ਪੁਸਤਕ ਦਾ ਪਹਿਲਾ ਲੇਖ 'ਸੰਭਾਵਨਾਵਾਂ' ਤੋਂ ਲੈ ਕੇ 'ਵੰਸ਼ ਪਰੰਪਰਾ', 'ਤੁਹਾਡੀ ਆਪਣੀ ਸ਼ਖ਼ਸੀਅਤ', 'ਦ੍ਰਿੜ੍ਹ ਇਰਾਦਾ', 'ਬੁੱਧੀ ਪੱਧਰ', 'ਤੰਤੂ ਪ੍ਰਬੰਧ ਦਾ ਸਮਤੋਲ', 'ਮਾਨਸਿਕ ਅਤੇ ਭੌਤਿਕ' ਆਦਿ ਲੇਖ 'ਸਫਲਤਾ ਦਾ ਰਾਜ਼' ਵਿਸ਼ੇ ਦੁਆਲੇ ਘੁੰਮਦੇ ਹਨ। ਇਹੋ ਹੀ ਇਸ ਪੁਸਤਕ ਦੀ ਵਿਲੱਖਣਤਾ ਹੈ।

?ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਤੇਤੀ ਦਿਨਾਂ ਦੀ ਲੰਡਨ ਡਾਇਰੀ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 78
ਸੰਪਰਕ : 98151-23900.

ਲੇਖਕ ਦਾ ਇਹ ਪਹਿਲਾ ਸਫ਼ਰਨਾਮਾ ਹੈ ਲੰਡਨ ਦੀ ਸੈਰ ਬਾਰੇ। ਪਹਿਲੇ ਭਾਗ ਵਿਚ ਲੇਖਕ ਨੇ ਆਪਣੀ ਸਫ਼ਰ ਡਾਇਰੀ ਲਿਖਦੇ ਹੋਏ ਲੰਡਨ ਜਾਣ ਦਾ ਸਬੱਬ ਤੇ ਕਾਰਨ ਸੰਖੇਪ ਵਿਚ ਦੱਸਿਆ ਹੈ ਅਤੇ 33 ਦਿਨਾਂ ਦੀ ਲੰਡਨ ਯਾਤਰਾ ਦਾ ਹਾਲ (ਮਿਤੀ 9.9.15 ਤੋਂ 11.10.15) ਵਿਸਥਾਰ ਨਾਲ ਮਿਤੀਵਾਰ ਲਿਖਿਆ ਹੈ ਕਿ ਉਹ ਕਿਵੇਂ ਮੁਹਾਲੀ ਤੋਂ ਲੰਡਨ ਪੁੱਜੇ ਅਤੇ ਇਨ੍ਹਾਂ ਦਿਨਾਂ ਦੌਰਾਨ ਕਿਸ-ਕਿਸ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਕੋਲ ਠਹਿਰੇ ਅਤੇ ਕਿਹੜੀਆਂ ਥਾਵਾਂ ਦੇ ਨਜ਼ਾਰਿਆਂ ਦਾ ਅਨੰਦ ਮਾਣਿਆ। ਉਥੋਂ ਦੇ ਆਲੇ-ਦੁਆਲੇ, ਪ੍ਰਕਿਰਤੀ ਵਰਨਣ, ਸੂਰਜ ਦੀਆਂ ਨਿੱਘੀਆਂ ਕਿਰਨਾਂ, ਧੁੱਪ-ਛਾਂ ਦਾ ਅਨੰਦ ਮਾਨਣਾ, ਮੋਮ ਦੇ ਬੁੱਤਾਂ ਦਾ ਅਜਾਇਬ ਘਰ ਦੇਖਣਾ, ਦਰਿਆ ਥੇਮਸ ਦਾ ਵਹਿੰਦਾ ਸਾਫ਼ ਪਾਣੀ ਤੇ ਆਲੇ-ਦੁਆਲੇ ਉਸਰੀਆਂ ਇਮਾਰਤਾਂ ਦਾ ਅਦਭੁੱਤ ਦ੍ਰਿਸ਼, ਮੋਤਾ ਸਿੰਘ ਸਰਾਏ ਨੂੰ ਮਿਲਣਾ ਤੇ ਨਿੱਘਾ ਸਵਾਗਤ, ਅੰਬਰ ਰੇਡੀਓ 'ਤੇ ਦਿੱਤਾ ਪ੍ਰੋਗਰਾਮ, ਵਿੰਡਸਰ ਕੈਸਲ ਦਾ ਦ੍ਰਿਸ਼, ਨੈਸ਼ਨਲ ਆਰਟ ਗੈਲਰੀ ਵਿਖੇ ਪਈਆਂ ਪੁਰਾਣੀਆਂ ਕਲਾ ਕਿਰਤਾਂ ਤੇ ਕਲਾਕਾਰੀ, ਉਥੋਂ ਦੀ ਮਹਿਮਾਨ ਨਿਵਾਜ਼ੀ ਤੇ ਪਿਆਰ, ਸੱਭਿਆਚਾਰ ਆਦਿ ਦਾ ਵਰਨਣ ਬਾਖੂਬੀ ਕੀਤਾ ਹੈ ਜਿਵੇਂ ਪਾਠਕ ਵੀ ਨਾਲ-ਨਾਲ ਅਨੰਦ ਮਾਣ ਰਹੇ ਹੋਣ।
ਪੁਸਤਕ ਦੇ ਦੂਜੇ ਭਾਗ ਵਿਚ ਲੰਡਨ ਦੇ ਠਹਿਰਾਓ ਦੌਰਾਨ ਲਿਖੀਆਂ ਰਚਨਾਵਾਂ ਦਾ ਵਰਨਣ ਹੈ ਜਿਵੇਂ ਲੰਡਨ ਦੀ ਧੁੱਪ ਦਾ ਹੁਸਨ, ਇਕੱਲਾ ਖੜੋਤਾ ਰੁੱਖ, ਸੁਪਨੇ ਵਿਚ ਕਵਿਤਾ ਦੀਆਂ ਗੱਲਾਂ, ਵਾਲਸਾਲ ਸ਼ਹਿਰ ਦੀਆਂ ਤਿੰਨ ਰਾਤਾਂ ਤਿੰਨ ਪ੍ਰਭਾਤਾਂ ਤੇ ਛੱਲੀ ਚਬਦਿਆਂ ਦੰਦ ਟੁੱਟਿਆ ਆਦਿ।
ਕਵਿਤਾ ਭਾਗ ਵਿਚ ਜਹਾਜ਼ ਦੀ ਉਡਾਨ, ਸਾਗਰ ਕੰਢੇ ਬਲਦਾ ਦੀਵਾ, ਬੰਦਾ, ਧੁੱਪ ਦੀ ਚੋਰੀ ਵਾਲਾ ਸ਼ਹਿਰ, ਗਜ਼ਬ, ਜੜ੍ਹਾਂ ਤਾਂ ਮਾਵਾਂ ਹੁੰਦੀਆਂ, ਕਵਿਤਾ ਰਾਹੀਂ ਦ੍ਰਿਸ਼ ਪੇਸ਼ ਕੀਤੇ ਹਨ। ਪੁਸਤਕ ਦੇ ਅੰਤ ਵਿਚ ਉਥੇ ਖਿੱਚੀਆਂ ਤਸਵੀਰਾਂ-ਮੋਮ ਦੇ ਬੁੱਤ ਨਾਲ, ਸਾਇੰਸ ਮਿਊਜ਼ੀਅਮ ਵਿਖੇ ਨੈਸ਼ਨਲ ਗੈਲਰੀ, ਥੇਮਜ਼ ਦਰਿਆ ਕੰਢੇ, ਆਰਟ ਗੈਲਰੀ, ਦੇਸੀ ਰੇਡੀਓ ਸਾਊਥਾਲ ਵਿਖੇ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਖਿੱਚੀਆਂ ਯਾਦਗਾਰੀ ਤਸਵੀਰਾਂ ਦਿੱਤੀਆਂ ਹਨ। ਲੇਖਕ ਦੀ ਵਾਰਤਕ ਸ਼ੈਲੀ ਤੇ ਕਾਵਿ ਰੰਗ ਦੋਵੇਂ ਬਾਖੂਬੀ ਉੱਭਰ ਕੇ ਸਾਹਮਣੇ ਆਉਂਦੇ ਹਨ। ਸੰਖੇਪ, ਸਰਲ ਤੇ ਸਹਿਜ ਭਾਸ਼ਾ ਅਮੀਰੀ ਗੁਣ ਹਨ।

?ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਵਣਜਾਰਾ ਗੀਤਾਂ ਦਾ
ਗੀਤਕਾਰ : ਨਿੰਮਾ ਡੱਲੇਵਾਲੀਆ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ 150 ਰੁਪਏ, ਸਫ਼ੇ : 143
ਸੰਪਰਕ : 99151-03490.

'ਵਣਜਾਰਾ ਗੀਤਾਂ ਦਾ' ਕਿਤਾਬ ਨਿੰਮਾ ਡੱਲੇਵਾਲੀਆ ਦੇ ਗੀਤਾਂ ਦਾ ਸੰਗ੍ਰਹਿ ਹੈ। ਇਸ ਵਿਚ ਉਸ ਦੇ ਲਿਖੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਗੀਤ ਦਰਜ ਹਨ। ਕਦੇ ਉਹ ਆਪਣੀ ਦਰਦ ਕਹਾਣੀ ਲਿਖਦਾ ਹੈ ਤੇ ਕਦੇ ਹੋਰਾਂ ਦੀ। ਕਦੇ ਮੁਹੱਬਤੀ ਗੀਤ ਸਿਰਜਦਾ ਹੈ, ਕਦੇ ਪਰਿਵਾਰਕ। ਕਦੇ ਤਲਖ ਹਕੀਕਤਾਂ ਬਿਆਨਦਾ ਹੈ ਤੇ ਕਦੇ ਚੋਭਾਂ ਲਾਉਣ ਵਾਲੇ। ਜ਼ਿੰਦਗੀ ਦਾ ਕੌੜਾ ਸੱਚ ਉਸ ਦੇ ਕਈ ਗੀਤਾਂ ਵਿਚੋਂ ਝਲਕਦਾ ਹੈ। ਉਹ ਪੀੜ ਦੇਣ ਵਾਲਿਆਂ ਨੂੰ ਆਪਣਾ ਜਾਣਦਾ ਹੈ। ਪਰ ਅੰਦਰੋਂ ਇਸ ਗੱਲ 'ਤੇ ਦੁਖੀ ਵੀ ਹੈ ਕਿ ਅੱਜ ਦੇ ਸਮੇਂ ਵਿਚ ਕੋਈ ਕਿਸੇ ਦਾ ਨਹੀਂ। ਇਕ ਥਾਂ ਉਹ ਲਿਖਦਾ ਹੈ :
ਬੀਜੇ ਫੁੱਲ ਤਾਂ ਉੱਗੇ ਕੰਡੇ,
ਸਭ ਸੁਪਨੇ ਹੋਏ ਰੰਡੇ।
ਹਰ ਸੱਧਰ ਲਗਦਾ ਸੀੜ ਹੋਈ,
ਕੋਈ ਕੀ ਜਾਣੇ ਕਿੰਨੀ ਪੀੜ ਹੋਈ।
ਨਿੰਮਾ ਮਾਂ ਬੋਲੀ ਪੰਜਾਬੀ ਦਾ ਕਦਰਦਾਨ ਹੈ। ਉਸ ਦੇ ਕਈ ਗੀਤ ਪੜ੍ਹ ਜਾਪਦਾ ਹੈ ਕਿ ਉਸ ਨੂੰ ਮਾਂ ਬੋਲੀ ਵਿਚ ਹੋਰ ਬੋਲੀਆਂ ਦੇ ਹੋ ਰਹੇ ਰਲੇਵੇਂ ਅਤੇ ਅੰਗਰੇਜ਼ੀ, ਹਿੰਦੀ ਦੀ ਪੈ ਰਹੀ ਮਾਰ ਦਾ ਦੁੱਖ ਹੈ। ਉਹ ਲੋਕਾਂ ਨੂੰ ਮਾਂ ਬੋਲੀ ਨਾਲ ਜੁੜੇ ਦੇਖਣਾ ਲੋਚਦਾ ਹੈ।
ਮਾਂ ਬੋਲੀ ਦੀ ਅੱਖ ਵਿਚ ਨੀਰ,
ਕਰੋ ਫ਼ਿਕਰ ਵੇਖ ਮੇਰੇ ਵੀਰ।
ਹਾੜਾ ਕੋਈ ਤਾਂ ਪੂੰਝ ਦਿਓ,
ਇਹ ਚੰਗੇ ਨਾ ਲਗਦੇ ਨੇ,
ਮਾਂ ਬੋਲੀ ਪੰਜਾਬੀ ਦੇ,
ਅੱਜ ਅੱਥਰੂ ਵਗਦੇ ਨੇ।
ਭਾਵੇਂ ਨਿੰਮਾ ਡੱਲੇਵਾਲੀਆ ਵਪਾਰਕ ਧਾਰਨਾ ਵਾਲੇ ਗੀਤ ਲਿਖਣ ਦਾ ਸ਼ੌਕੀਨ ਹੈ, ਪਰ ਉਸ ਦਾ ਕੋਈ ਗੀਤ ਦੋ ਅਰਥਾਂ ਵਾਲਾ ਨਹੀਂ। ਇਸ ਕਿਤਾਬ ਵਿਚਲੇ ਗੀਤ ਉਸ ਦੀ ਸੋਚ ਦੇ ਜ਼ਾਮਨ ਹਨ।

?ਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਪਤਝੜ ਦਾ ਗੁਲਾਬ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 0172-5027427.

ਪਤਝੜ ਦਾ ਗੁਲਾਬ ਪੁਸਤਕ ਵਿਚ ਕਾਵਿ ਰਚਨਾਵਾਂ ਦੀਆਂ ਭਿੰਨ-ਭਿੰਨ ਵੰਨਗੀਆਂ ਹਨ, ਵਿਸ਼ੇ ਪੱਖੋਂ ਵੰਨ-ਸੁਵੰਨਤਾ ਹੈ। ਭਾਵਾਂ ਵਿਚ ਪਕਿਆਈ ਹੈ। ਜ਼ਿੰਦਗੀ ਦਾ ਡੂੰਘਾ ਅਨੁਭਵ ਇਸ ਕਵਿਤਾ ਪੁਸਤਕ ਵਿਚੋਂ ਝਲਕਦਾ ਹੈ। ਲੇਖਕ ਡਾ: ਗੁਰਬਚਨ ਸਿੰਘ ਔਲਖ ਨੇ ਤਕਰੀਬਨ 75 ਪੁਸਤਕਾਂ ਦੀ ਰਚਨਾ ਕੀਤੀ ਹੈ। ਇਸ ਲਈ ਉਨ੍ਹਾਂ ਦੇ ਵਿਚਾਰਾਂ ਦੀ ਪਕਿਆਈ, ਜੀਵਨ ਸੰਘਰਸ਼ ਦੀ ਸੰਵੇਦਨਾ ਦਾ ਖੁੱਲ੍ਹ ਕੇ ਪ੍ਰਗਟਾਵਾ, ਇਸ ਪੁਸਤਕ ਵਿਚੋਂ ਮਿਲਦਾ ਹੈ। ਕਵੀ ਨੇ ਕਵਿਤਾ ਦੀ ਪਰਿਭਾਸ਼ਾ ਸਿਰਜਣ ਦਾ ਯਤਨ ਵੀ ਕੀਤਾ ਹੈ :
ਕਵਿਤਾ ਮਨ ਸਾਗਰ ਦੀ ਲਹਿਰ ਹੈ, ਦਿਲ ਦੇ ਮੋਤੀਆਂ ਦਾ ਥਾਲ ਹੈ। ਕਵੀ ਦੀਆਂ ਇਹ ਰਚਨਾਵਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਵੀ ਜੁੜੀਆਂ ਹੋਈਆਂ ਹਨ। ਪੰਜਾਬ ਦੇ ਅਜੋਕੇ ਬਦਲ ਚੁੱਕੇ ਰੂਪ ਪ੍ਰਤੀ ਕਵੀ ਸੰਵੇਦਨਸ਼ੀਲ ਹੁੰਦਾ ਹੋਇਆ ਪੁਰਾਣੇ ਪੰਜਾਬ ਨੂੰ ਯਾਦ ਕਰਦਾ ਹੈ। ਕਵੀ ਨੇ ਪਰਵਾਸ ਦੇ ਨਵੇਂ ਅਰਥਾਂ ਦਾ ਪ੍ਰਗਟਾਵਾ ਕੀਤਾ ਹੈ :
ਪਰਵਾਸ ਹੁੰਦਾ ਏ ਘਰ ਵਿਚ ਹੀ।
ਜਦ ਧੀਆਂ ਪੁੱਤਰ ਤੇ ਮਾਂ ਪਿਓ ਬਹਿ ਜਾਣ
ਫੇਸਬੁੱਕਾਂ ਗੂਗਲਾਂ ਲੈ ਕੇ।
ਇਸ ਪਰਵਾਸ ਤੋਂ ਵੱਡਾ ਦੁੱਖ ਕਿਹੜਾ ਏ।
ਕਿਧਰ ਗਿਆ ਸੱਭਿਆਚਾਰ, ਉਦੋਂ ਤੁਸੀਂ ਕਿੱਥੇ ਸੀ, ਕਿਧਰ ਗਈ ਉਹ ਖਲਕਤ ਦੇਸ਼ ਮੇਰਾ, ਜੀਵਨ ਦੀ ਬੱਤੀ, ਕਿਉਂ ਛੱਡਿਆ ਗਿਆ, ਜ਼ਿੰਦਗੀ ਦੀ ਸੀਮਾ ਧਰਮ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਪੰਜਾਬੀ ਲੋਕ ਸਾਹਿਤ ਨੂੰ ਉਭਾਰਦੇ ਕੁਝ ਲੋਕ ਗੀਤਾਂ ਵਰਗੇ ਗੀਤ ਵੀ ਲਿਖੇ ਹਨ, ਜਿਨ੍ਹਾਂ ਵਿਚ ਕਹੇ ਬਾਪੂ ਨੂੰ ਧੀ ਪਰਦੇਸਣ, ਸੁਣ ਨੀ ਸੱਸੜੀਏ, ਮੁੱਕ ਜਾਣੇ ਨੀ ਮੁੱਕ ਜਾਣੇ, ਪੁੱਤਰ ਮਿੱਠੜੇ ਮੇਵੇ, ਆਦਿ ਵਿਸ਼ੇਸ਼ ਸਲਾਹੁਣਯੋਗ ਹਨ।
ਇਸ ਪੁਸਤਕ ਦੀ ਸਰਵੋਤਮ ਅਤੇ ਲੰਮੇਰੀ ਰਚਨਾ 'ਗਾਥਾ ਪੰਜਾਬੀ ਕਾਵਿ ਦੀ' ਵਿਸ਼ੇਸ਼ ਧਿਆਨ ਮੰਗਦੀ ਲੰਮੇਰੀ ਰਚਨਾ ਹੈ। ਇਸ ਰਚਨਾ ਵਿਚ ਲੇਖਕ ਨੇ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਾਵਿ ਤੱਕ ਦੇ ਸਮੁੱਚੇ ਇਤਿਹਾਸ ਨੂੰ ਕਲਮਬੱਧ ਕੀਤਾ ਹੈ। ਲੇਖਕ ਨੇ ਸੂਫ਼ੀ, ਕਿੱਸਾ, ਗੁਰਮਤਿ, ਵਾਰ ਕਾਵਿ ਦੇ ਰਚਨਾਕਾਰਾਂ ਤੋਂ ਲੈ ਕੇ, ਬਾਲ ਕਵਿਤਾਵਾਂ ਦੇ ਰਚਨਾਕਾਰ, ਨਾਰੀ ਕਵਿੱਤਰੀਆਂ, ਹਰੇਕ ਧਾਰਾ ਨਾਲ ਜੁੜੇ ਵੱਖ-ਵੱਖ ਕਵੀਆਂ ਬਾਰੇ ਬੜੀ ਵਡਮੁੱਲੀ ਪੰਛੀ ਝਾਤ ਪਾਈ ਹੈ। ਪੰਜਾਬੀ ਬੋਲੀ ਦੀ ਅਮੀਰੀ ਦੀ ਸਿਫ਼ਤ ਨਾਲ ਸ਼ੁਰੂ ਹੋਈ ਇਹ ਰਚਨਾ ਨਵੀਂ ਪੰਜਾਬੀ ਕਵਿਤਾ ਦੇ ਕਵੀਆਂ ਦੇ ਨਾਵਾਂ ਨਾਲ ਪੂਰਨ ਹੁੰਦੀ ਹੈ ਤੇ ਭਵਿੱਖ ਲਈ ਅਜੇ ਚੰਗੇ ਕਵੀਆਂ ਲਈ ਆਸਵੰਦ ਹੈ।
ਸਮੁੱਚੇ ਤੌਰ 'ਤੇ 'ਪਤਝੜ ਦਾ ਗੁਲਾਬ' ਕਾਵਿ ਸੰਗ੍ਰਹਿ ਜੀਵਨ ਦੇ ਕਈ ਰੰਗ ਆਪਣੇ ਵਿਚ ਸਮੋਈ ਬੈਠਾ ਹੈ।

ਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਕਹਾਣੀਕਾਰ ਨਵਤੇਜ-ਪੁਆਧੀ
(ਜੀਵਨ ਤੇ ਰਚਨਾ)
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98151-23900.

ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਪਤਾ ਲਗਦਾ ਹੈ ਕਿ ਇਹ ਪੁਸਤਕ ਜਿੱਥੇ ਪੰਜਾਬੀ ਦੇ ਸਫ਼ਲ ਕਹਾਣੀਕਾਰ ਨਵਤੇਜ ਸਿੰਘ ਦੇ ਜੀਵਨ ਸਮਾਚਾਰਾਂ, ਯਾਦਾਂ, ਪ੍ਰਾਪਤੀਆਂ ਦਾ ਉਲੇਖ ਕਰਦੀ ਹੈ ਅਤੇ ਉਥੇ ਉਸ ਦੀਆਂ ਸਮੁੱਚੀਆਂ ਕਹਾਣੀਆਂ ਉੱਪਰ ਆਲੋਚਨਾਤਮਿਕ-ਵਿਵੇਚਣਾ ਦਾ ਅਧਿਐਨ ਪੇਸ਼ ਕਰਦੀ ਹੈ। ਸੰਪਾਦਕ ਨੇ ਬਹੁਤ ਹੀ ਸਿਰਜਣਾਤਮਿਕ ਵਲਵਲੇ ਨਾਲ ਆਪਣੇ ਕਹਾਣੀਕਾਰ ਦੇ ਜੀਵਨ ਅਤੇ ਸਮਾਚਾਰਾਂ ਨੂੰ ਸੰਗਠਨ ਕਰਕੇ ਵਿਵੇਚਿਆ ਹੈ ਕਿ ਅਸੀਂ ਉਸ ਦੀਆਂ ਜੀਵਨ ਤੇ ਸਾਹਿਤਕ ਪ੍ਰਾਪਤੀਆਂ ਸਹਿਜੇ ਹੀ ਜਾਣ ਲੈਂਦੇ ਹਾਂ।
ਪੁਸਤਕ ਦੇ ਚਾਰ ਖੰਡ ਹਨ। ਪਹਿਲੇ ਖੰਡ ਵਿਚ ਉਸ ਦੇ ਪਲੇਠੇ ਕਹਾਣੀ-ਸੰਗ੍ਰਹਿ 'ਗਊ ਤੇ ਸ਼ਰਾਬ', ਦੂਜੇ ਖੰਡ ਵਿਚ ਪੂਰਾ ਮਰਦ, ਤੀਜੇ ਖੰਡ ਵਿਚ ਉੱਚਾ ਬੁਰਜ ਲਾਹੌਰ ਦਾ, ਚੌਥੇ ਖੰਡ ਵਿਚ ਪੁਆਧੀ ਜੀ ਦੀ ਸ਼ਖ਼ਸੀਅਤ ਤੇ ਰਚਨਾਵਾਂ ਸਬੰਧੀ ਆਲੋਚਨਾਤਮਿਕ ਖੋਜ ਭਰਪੂਰ ਪੱਤਰ ਪ੍ਰਕਾਸ਼ਿਤ ਹਨ। ਇਹ ਖੋਜ ਪੱਤਰ ਪੰਜਾਬੀ ਦੇ ਪ੍ਰਸਿੱਧ ਖੋਜਾਰਥੀਆਂ ਵਲੋਂ ਲਿਖੇ ਗਏ ਹਨ, ਜਿਵੇਂ (ਸਰਬਸ੍ਰੀ ਅਤੇ ਸ੍ਰੀਮਤੀ) ਪੱਲਵੀ ਜੋਸ਼ੀ, ਰਾਜਵੀਰ ਕੌਰ, ਡਾ: ਵੀਰਪਾਲ ਕੌਰ ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸਤਬੀਰ ਕੌਰ, ਡਾ: ਮਿਨਾਕਸ਼ੀ ਰਠੌਰ, ਰਾਜਵਿੰਦਰ ਕੌਰ, ਵਨੀਤਾ ਸ਼ਰਮਾ, ਗੁਰਪ੍ਰੀਤ ਸਿੰਘ (ਡਾ:), ਡਾ: ਬਲਵਿੰਦਰ ਸਿੰਘ (ਅਲੈਕਸੀ), ਮਨਮੋਹਨ ਸਿੰਘ ਦਾਊਂ, ਡਾ: ਮਨਪ੍ਰੀਤ ਕੌਰ, ਨਵੀਨ ਕੁਮਾਰ, ਡਾ: ਕਰਨੈਲ ਸਿੰਘ ਸੋਮਲ ਹਨ। ਜੀਵਨ ਪ੍ਰਾਪਤੀਆਂ ਅਤੇ ਸ਼ਖ਼ਸੀਅਤ-ਚਿੱਤਰਨ ਕਰਨ ਵਾਲੇ ਲੇਖਕ ਸਰਬਸ੍ਰੀ ਸੰਪਾਦਕ ਸੈਣੀ ਦੁਨੀਆ, ਸ਼ਾਮ ਸਿੰਘ ਅੰਗ-ਸੰਗ, ਸੰਪਾਦਕ ਖ਼ੁਦ ਹਨ। ਇੰਜ ਇਸ ਪੁਸਤਕ ਪ੍ਰਕਾਸ਼ਨ ਦਾ ਜੋ ਪ੍ਰਯੋਜਨ/ਮੰਤਵ ਸੀ, ਸੰਪਾਦਕ ਨੇ ਆਪਣੀ ਬੌਧਿਕ ਕਲਾਤਮਿਕ ਯੋਗਤਾ ਅਤੇ ਮਿਹਨਤ ਸਦਕੇ ਸੰਪੰਨ ਕੀਤਾ ਹੈ।
ਨਿਰਸੰਦੇਹ ਨਵਤੇਜ ਪੁਆਧੀ ਨੇ ਪੰਜਾਬੀ ਕਹਾਣੀ ਵਿਚ ਪੁਆਧੀ ਦੀ ਆਂਚਲਿਕਤਾ ਦੇ ਸੱਭਿਆਚਾਰਕ, ਭੂਗੋਲਿਕ, ਇਤਿਹਾਸਕ ਪੱਖਾਂ ਨੂੰ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ। ਇਸ ਆਂਚਲਿਕ ਖਿੱਤੇ ਦੇ ਲੋਕ-ਭਾਈਚਾਰੇ ਦੇ ਸਮਾਜ ਵਿਚ ਜੋ ਸਮੱਸਿਆਵਾਂ, ਉਲਝਣਾਂ, ਆਰਥਿਕ ਮਜਬੂਰੀਆਂ, ਮਰਦ ਔਰਤ ਵਿਚਕਾਰ ਉਲਝਣਾਂ ਅਤੇ ਜਾਤੀ ਵਰਗ ਦੇ ਵਿਤਕਰਿਆਂ ਦੀ ਕਰੋਪੀ ਦੀ ਮਾਨਸਿਕਤਾ ਹੈ, ਉਹ ਨਿਰਸੰਦੇਹ ਪੁਆਧੀ ਦੀਆਂ ਕਹਾਣੀਆਂ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਜਿਨ੍ਹਾਂ ਨੂੰ ਵਿਦਵਾਨਾਂ ਤੇ ਸੰਪਾਦਕ ਨੇ ਸਾਰਥਿਕ ਵਿਧੀ ਨਾਲ ਮੁਲਾਂਕਣ ਕਰਵਾ ਕੇ ਪ੍ਰਕਾਸ਼ਿਤ ਕੀਤਾ ਹੈ।
ਸੰਪਾਦਕ ਨੇ ਨਵਤੇਜ ਸਿੰਘ ਪੁਆਧੀ ਦੀਆਂ ਜੀਵਨ ਸਰਗਰਮੀਆਂ ਅਤੇ ਸਾਹਿਤਕ ਖੇਤਰ ਵਿਚ ਪੰਜਾਬੀ ਕਥਾਕਾਰ ਵਜੋਂ ਉਸ ਦਾ ਸਹੀ ਸਥਾਨ ਨਿਸਚਿਤ ਕਰਵਾ ਕੇ, ਇਸ ਪੁਸਤਕ ਦੇ ਪ੍ਰਕਾਸ਼ਨ ਰਾਹੀਂ ਉਸ ਦੀ ਯਾਦ ਨੂੰ ਸਦੀਵੀ ਯਾਦ ਵਿਚ ਬਦਲਣ ਦਾ ਯਤਨ ਕੀਤਾ ਹੈ। ਸੰਪਾਦਕ ਵਧਾਈ ਦਾ ਹੱਕਦਾਰ ਹੈ।

?ਡਾ: ਅਮਰ ਕੋਮਲ
ਮੋ: 08437873565.
ਫ ਫ ਫ

ਤਲਖ਼ ਹਕੀਕਤ
ਲੇਖਕ : ਕੇਵਲ ਸਿੰਘ ਰਾਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98155-40482.

ਤਲਖ਼ ਹਕੀਕਤ (ਕਾਵਿ-ਸੰਗ੍ਰਹਿ) ਕੇਵਲ ਸਿੰਘ ਰਾਣਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਂਜ ਉਹ ਇਕ ਪੱਤਰਕਾਰ ਹੈ, ਜਿਸ ਦੀ ਇਸ ਸਮਾਜ 'ਤੇ ਤਿੱਖੀ ਨਜ਼ਰ ਹੋਣ ਕਰਕੇ ਸਮਾਜ ਵਿਚ ਨਿੱਤ ਵਾਪਰਦੇ ਵਰਤਾਰਿਆਂ ਪ੍ਰਤੀ ਸੁਚੇਤ ਹੈ। ਇਸ ਤੋਂ ਪਹਿਲਾਂ ਉਸ ਨੇ ਹਲਫ਼ਨਾਮਾ (ਮਿੰਨੀ ਕਹਾਣੀ-ਸੰਗ੍ਰਹਿ) ਵੀ 2016 ਵਿਚ ਪੰਜਾਬੀ ਪਾਠਕਾਂ ਦੀ ਝੋਲੀ 'ਚ ਪਾਇਆ ਹੈ।
ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਸਵਰਗਵਾਸੀ ਪਿਤਾ ਮਾਸਟਰ ਭਜਨ ਸਿੰਘ ਨੂੰ ਅਕੀਦਤ ਵਜੋਂ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ 'ਚ ਲਗਪਗ 85 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਪੁਸਤਕ ਦੀ ਜਾਣ-ਪਚਾਣ ਪ੍ਰਸਿੱਧ ਗ਼ਜ਼ਲਗੋਅ ਸਿਰੀ ਰਾਮ ਅਰਸ਼ ਨੇ ਕਰਵਾਈ ਹੈ। ਉਸ ਦੀਆਂ ਕਵਿਤਾਵਾਂ 'ਚ ਸਮਕਾਲੀ ਵਰਤਾਰੇ 'ਚ ਵਾਪਰ ਰਹੇ ਸੰਤਾਪ, ਮਸਲਨ : ਮਾਨਵਤਾ ਨੂੰ ਖੋਰਾ ਲਾ ਰਹੀ ਨਸ਼ਿਆਂ ਦੀ ਲਾਹਨਤ, ਆਰਥਿਕ ਨਾ-ਬਰਾਬਰੀ, ਮਾਦਾ-ਭਰੂਣ ਹੱਤਿਆ, ਔਰਤ ਦੀ ਤ੍ਰਿਸਕਾਰਿਤ ਹਾਲਤ, ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਲੋਕਾਂ 'ਚ ਵੰਡੀਆਂ ਪਾਉਂਦੀ ਸਿਆਸਤ, ਵੱਡਿਆਂ ਵਲੋਂ ਛੋਟਿਆਂ 'ਤੇ ਸਿਤਮ, ਊਚ-ਨੀਚ ਦਾ ਪਾੜਾ, ਰਿਸ਼ਤਿਆਂ 'ਚ ਕੜਵਾਹਟ ਆਦਿ ਵਿਸ਼ੇ ਸਮੋਏ ਹੋਏ ਹਨ।
ਆਰਥਿਕ ਨਾ-ਬਰਾਬਰੀ ਦੀ ਗੱਲ ਛੂੰਹਦਿਆਂ ਪੰਜਾਬ ਦੀ ਨੌਜਵਾਨ ਪੀੜ੍ਹੀ ਆਰਥਿਕ ਪੱਖੋਂ ਖੁਸ਼ਹਾਲ ਹੋਣ ਲਈ ਜਾਇਜ਼-ਨਾਜਾਇਜ਼ ਢੰਗ ਨਾਲ ਵਿਦੇਸ਼ੀਂ ਵਸਣ ਦੀ ਖਾਹਿਸ਼ ਦਿਲ 'ਚ ਪਾਲੀ ਬੈਠੀ ਹੈ। ਨੌਜਵਾਨ ਦੂਸਰੇ ਦੇਸ਼ਾਂ ਵੱਲ ਪਲਾਇਨ ਕਰਦਾ ਜਾ ਰਿਹਾ। ਇਸ ਦੁਖਾਂਤਕ ਸਥਿਤੀ ਦਾ ਉਹ ਇੰਜ ਪ੍ਰਗਟਾਵਾ ਕਰਦਾ ਹੈ :
ਆਰਥਿਕ ਆਜ਼ਾਦੀ ਦੀ ਭਾਲ ਵਿਚ,
ਸੱਤ ਸਮੁੰਦਰੋਂ ਪਾਰ ਉਹ ਤੁਰ ਗਿਆ।
ਜਾ ਕੇ ਵਿਦੇਸ਼ ਯਾਰ, ਕੰਮੀਂ-ਕਾਰੀ ਪੈ ਗਿਆ,
ਭੁੱਲ ਗਿਆ ਦੇਸ਼, ਪੇਸ਼ ਡਾਲਰਾਂ ਦੇ ਪੈ ਗਿਆ।
ਇਸ 'ਡਾਲਰਾਂ' ਰੂਪੀ ਮਾਇਆ ਦੇ ਫੇਰ 'ਚ ਮਨੁੱਖ ਫਿਰ ਮਾਨਵੀ ਰਿਸ਼ਤਿਆਂ ਤੋਂ ਵੀ ਮੁੱਖ ਮੋੜ ਲੈਂਦਾ ਹੈ। ਸਮਾਜਿਕ ਸਰੋਕਾਰਾਂ ਦੇ ਨਾਲ-ਨਾਲ ਮਮਤਾ ਭਰੇ ਰਿਸ਼ਤੇ 'ਮਾਂ' ਦਾ ਕਾਵਿ-ਚਿੱਤਰ, ਉਸ ਨੇ 'ਮਾਂ' ਕਵਿਤਾ ਰਾਹੀਂ ਪੇਸ਼ ਕੀਤਾ ਹੈ, ਜੋ ਆਪਣੇ ਬੱਚਿਆਂ ਲਈ ਨਿੱਕੇ-ਨਿੱਕੇ ਕੰਮ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ।
ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਛੰਦ ਮੁਕਤ ਅਤੇ ਛੰਦ-ਬੱਧ ਹਨ, ਜਿਨ੍ਹਾਂ ਦੀ ਭਾਸ਼ਾ ਵਿਸ਼ੇ ਅਨੁਸਾਰ ਭਾਵਪੂਰਤ, ਸਾਦ-ਮੁਰਾਦੀ ਹੈ। ਭਾਵਾਂ ਦੀ ਪੇਸ਼ਕਾਰੀ ਸਰਲ ਅਤੇ ਸਪੱਸ਼ਟ ਕਰਦੀ ਹੈ। ਵਿਸ਼ਿਆਂ ਦੇ ਅਨੁਸਾਰ ਪੁਸਤਕ ਦਾ ਸਿਰਲੇਖ 'ਤਲਖ਼ ਹਕੀਕਤ' ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਕ ਵਿਵਸਥਾ ਦੇ ਕਰੂਰ ਯਥਾਰਥ ਦਾ ਬੋਧ ਪਾਠਕ ਨੂੰ ਕਰਵਾਉਂਦਾ ਹੈ। ਆਸ ਹੈ ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਆਪਣਾ ਭਰਵਾਂ ਹੁੰਗਾਰਾ ਦੇਣਗੇ।

?ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਪੰਜਾਬੀ ਨਾਟਕ
ਸੰਦਰਭ ਅਤੇ ਸਮੀਖਿਆ
ਸੰਪਾਦਕ : ਸੁਨੀਲ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94172-78501.

ਪੁਸਤਕ ਵਿਚ ਡਾ: ਉਮਾ ਸੇਠੀ ਵਲੋਂ '21ਵੀਂ ਸਦੀ ਦੇ ਪੰਜਾਬੀ ਨਾਟਕ ਦੀ ਤਕਨੀਕ' ਲੇਖ ਰਾਹੀਂ ਰਿਸ਼ਤਿਆਂ ਦੀ ਟੁੱਟ ਭੱਜ ਦੇ ਨਾਲ-ਨਾਲ ਨਵੇਂ ਨਾਟਕਾਂ ਵਿਚ ਸਟੇਜੀ ਅਤੇ ਭਾਸ਼ਾਈ ਤਕਨੀਕ ਦੀ ਹੁਨਰੀ ਪ੍ਰਤਿਭਾ ਦੀ ਗੱਲ ਕੀਤੀ ਹੈ। ਡਾ: ਜਸਪ੍ਰੀਤ ਕੌਰ ਨੇ ਅਜਮੇਰ ਔਲਖ ਦੇ ਨਾਟਕ 'ਝਨਾਂ ਦੇ ਪਾਣੀ' ਰਾਹੀਂ ਆਰਥਿਕਤਾ ਅਤੇ ਮਰਦ ਪ੍ਰਧਾਨਗੀ ਵਰਗੇ ਅਹਿਮ ਪਹਿਲੂਆਂ 'ਤੇ ਚਰਚਾ ਕੀਤੀ ਹੈ। ਡਾ: ਮਨਪ੍ਰੀਤ ਕੌਰ ਦੇ ਗੁਰਸ਼ਰਨ ਸਿੰਘ ਜਸੂਜਾ ਦੇ ਦੋ ਨਾਟਕਾਂ 'ਉਮਰਾਂ ਲੰਮੀ ਦੌੜ' ਅਤੇ 'ਪਰੀਆਂ' ਰਾਹੀਂ ਔਰਤ ਬਿੰਬ ਨੂੰ ਪੜਚੋਲਿਆ ਹੈ। ਔਲਖ ਦੇ ਨਾਟਕ 'ਸਲਵਾਨ' ਰਾਹੀਂ ਡਾ: ਗੁਰਪ੍ਰੀਤ ਕੌਰ ਨੇ ਰਿਸ਼ਤਿਆਂ ਦੀ ਪਕੜ ਨੂੰ ਲੋਕਧਾਰਾਈ ਪੱਧਰ 'ਤੇ ਪੜਚੋਲਣ ਦਾ ਯਤਨ ਕੀਤਾ ਹੈ। ਗੁਰਪ੍ਰੀਤ ਸਿੰਘ ਨੇ ਬਲਵੰਤ ਗਾਰਗੀ ਦੇ ਨਾਟਕ 'ਕਣਕ ਦੀ ਬੱਲੀ' ਦੇ ਸੂਖਮ ਅਤੇ ਸੰਕੇਤਕ ਅਰਥਾਂ ਨੂੰ ਰੂਪਮਾਨ ਕੀਤਾ ਹੈ। ਚਰਨ ਦਾਸ ਸਿੱਧੂ ਦੇ ਨਾਟਕ 'ਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ' ਦੀ ਇਤਿਹਾਸਕ ਚੇਤਨਾ ਬਾਰੇ ਹਰਪ੍ਰੀਤ ਸਿੰਘ ਅਤੇ 'ਬਾਬਾ ਬੰਤੂ' ਦਾ ਆਲੋਚਨਾਤਮਿਕ ਅਧਿਐਨ ਪ੍ਰੋ: ਜਗਪਾਲ ਸਿੰਘ ਨੇ ਕੀਤਾ ਹੈ।
ਅਜਮੇਰ ਔਲਖ ਦੇ ਨਾਟਕ 'ਸੱਤ ਬੇਗਾਨੇ' ਦੇ ਥੀਮਿਕ ਪਾਸਾਰ ਸੁਖਵਿੰਦਰ ਸਿੰਘ ਅਤੇ ਐਂ ਕਿਵੇਂ ਖੋਹਲੋਗੇ ਜ਼ਮੀਨਾਂ ਸਾਡੀਆਂ?' ਦਾ ਵਿਸ਼ੇਗਤ ਅਧਿਐਨ ਪੁਸਤਕ ਦੇ ਸੰਪਾਦਕ ਸੁਨੀਲ ਕੁਮਾਰ ਵਲੋਂ ਕੀਤਾ ਗਿਆ ਹੈ। ਆਤਮਜੀਤ ਵਲੋਂ ਸਆਦਤ ਹਸਨ ਮੰਟੋ ਦੀ ਕਹਾਣੀ 'ਟੋਭਾ ਟੇਕ ਸਿੰਘ' ਦੇ ਆਧਾਰ 'ਤੇ ਨਾਟਕ 'ਰਿਸ਼ਤਿਆਂ ਦਾ ਕੀ ਰੱਖੀਏ ਨਾਂਅ' ਉੱਪਰ ਵੀਰਪਾਲ ਕੌਰ ਨੇ ਅਧਿਐਨ ਕੀਤਾ ਹੈ। ਸਵਰਾਜਬੀਰ ਦੇ ਨਾਟਕ 'ਧਰਮ ਗੁਰੂ' ਰਾਹੀਂ ਹਾਸ਼ੀਆਗਤ ਧਿਰਾਂ ਦੇ ਨਾਟ ਪ੍ਰਵਚਨ ਨੂੰ ਜਗਤਾਰ ਸਿੰਘ ਵਲੋਂ ਸਮਝਣ ਅਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਹਰਚਰਨ ਸਿੰਘ ਦੇ ਨਾਟਕ 'ਕੱਲ੍ਹ, ਅੱਜ ਤੇ ਭਲਕ' ਰਾਹੀਂ ਰਾਜਨੀਤੀ ਅਤੇ ਪਾਖੰਡਵਾਦ ਦੇ ਦੰਭ ਨੂੰ ਡਾ: ਚੰਦਰ ਪ੍ਰਕਾਸ਼ ਨੇ ਉਭਾਰਿਆ ਹੈ।
ਸੁਰਿੰਦਰ ਪਾਲ ਦਾ ਮੰਨਣਾ ਹੈ ਕਿ ਬਲਵੰਤ ਗਾਰਗੀ ਦੇ ਨਾਟਕ 'ਸੁਲਤਾਨ ਰਜ਼ੀਆ' ਨੂੰ ਬੇਸ਼ੱਕ ਹੁਣ ਤੱਕ ਇਤਿਹਾਸਕ ਰਚਨਾ ਦੇ ਤੌਰ 'ਤੇ ਪੜਚੋਲਿਆ ਗਿਆ ਹੈ ਪਰ ਅਸਲ ਵਿਚ ਇਹ ਮਨੁੱਖੀ ਹਉਮੈ ਦੀ ਸਥਾਪਤੀ ਲਈ ਸੱਤਾ ਪ੍ਰਾਪਤੀ ਦੇ ਸੰਘਰਸ਼ ਦੀ ਦਾਸਤਾਨ ਹੈ। ਗਾਰਗੀ ਦੇ ਨਾਟਕ 'ਲੋਹਾ ਕੁੱਟ' ਰਾਹੀਂ ਦੀਪਕ ਕੁਮਾਰ ਵਲੋਂ ਔਰਤ ਮਨ ਦੀ ਬਗਾਵਤੀ ਸੁਰ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ, ਜਿਸ ਨੂੰ ਸਮਾਜ ਨੇ ਮੰਡੀ ਦਾ ਮਾਲ ਬਣਾ ਕੇ ਰੱਖ ਦਿੱਤਾ ਹੈ। ਪੰਜਾਬੀ ਨਾਟਕਾਂ ਵਿਚ ਨਾਰੀਵਾਦੀ ਮਸਲਿਆਂ ਨੂੰ ਉਭਾਰਨ ਲਈ ਡਾ: ਸ਼ਾਲੂ ਕੌਰ ਵਲੋਂ ਵੱਖ-ਵੱਖ ਨਾਟਕਾਂ ਦਾ ਅਧਿਐਨ ਕੀਤਾ ਗਿਆ ਹੈ। ਸਵਰਾਜਬੀਰ ਦੇ ਨਾਟਕ 'ਸ਼ਾਇਰੀ' ਦਾ ਅਧਿਐਨ ਕਰਦਿਆਂ ਸੁਨੀਲ ਕੁਮਾਰ ਸਮਝਦਾ ਹੈ ਕਿ ਇਹ ਪ੍ਰਤੀਕਾਤਮਿਕ ਨਾਟਕ ਮਨੁੱਖੀ ਸੋਚ ਨੂੰ ਪਰੰਪਰਾ ਦੇ ਵਿਰੋਧੀ ਰੰਗ ਵਿਚ ਰੰਗਣ ਦੇ ਸਮੱਰਥ ਹੈ।

?ਡਾ: ਨਿਰਮਲ ਜੌੜਾ
ਮੋ: 98140-78799.
ਫ ਫ ਫ

ਜੀਵਨ ਦੇ ਅੰਗ ਸੰਗ
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 111
ਸੰਪਰਕ : 98557-11380.

ਇਹ ਪੁਸਤਕ ਇਕ ਨਿਬੰਧ ਸੰਗ੍ਰਹਿ ਹੈ ਜਿਸ ਵਿਚ ਜੀਵਨ ਜਾਚ ਨਾਲ ਸਬੰਧਿਤ ਵਿਸ਼ਿਆਂ ਨੂੰ ਚੁਣਿਆ ਗਿਆ ਹੈ। ਪੁਸਤਕ ਦੇ ਤਕਰੀਬਨ ਸਾਰੇ ਹੀ ਨਿਬੰਧ ਆਸ਼ਾਵਾਦੀ ਜੀਵਨ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਆਪਣੇ ਨਿੱਜੀ ਜੀਵਨ ਦੀਆਂ ਘਟਨਾਵਾਂ ਅਤੇ ਆਪਣੇ ਜੀਵਨ ਤਜਰਬਿਆਂ ਦੀ ਰੋਸ਼ਨੀ ਵਿੱਚ ਗ੍ਰਹਿਣ ਕੀਤਾ ਗਿਆਨ ਲੇਖਕ ਦੇ ਇਨ੍ਹਾਂ ਨਿਬੰਧਾਂ ਦਾ ਆਧਾਰ ਬਣਦਾ ਹੈ। ਘਰ ਦੀ ਪਰਿਭਾਸ਼ਾ ਅਤੇ ਅਜੋਕੀ ਜੀਵਨ ਜਾਚ ਵਿਚ ਘਟ ਰਹੀ ਘਰ ਦੀ ਅਹਿਮੀਅਤ, ਮਾਪਿਆਂ ਨੂੰ ਸਤਿਕਾਰ ਦੇਣ ਅਤੇ ਇਸ ਮੇਵੇ ਨੂੰ ਮਾਨਣ ਦੀ ਪ੍ਰੇਰਨਾ, ਜੀਵਨ ਵਿਚ ਧਰਮ ਅਤੇ ਸੱਚ ਦੀ ਰਾਹ 'ਤੇ ਚੱਲਣ ਦਾ ਪ੍ਰਣ, ਨਿਮਰਤਾ ਨਾਲ ਪ੍ਰਾਪਤ ਉੱਚਾਈਆਂ ਦਾ ਮਾਣ, ਦੋਸਤੀ ਦੀ ਮਹੱਤਤਾ, ਆਪਣੇ ਪਿੰਡ ਨਾਲ ਮੋਹ,ਭਾਰਤੀ ਸਮਾਜ ਦੀਆਂ ਕੁਰੀਤੀਆਂ, ਬਚਪਨ ਦੀਆਂ ਯਾਦਾਂ, ਆਪਣੇ ਅਧਿਆਪਕ ਦੀ ਯਾਦ ਅਤੇ ਉਸ ਦੀ ਸ਼ਖ਼ਸੀਅਤ ਦਾ ਬਾਕਮਾਲ ਵਰਣਨ, ਆਪਣੇ ਪਿਤਾ ਲਈ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ, ਆਤਮਿਕ ਤੌਰ 'ਤੇ ਰੱਜੇ ਹੋਏ ਵਿਅਕਤੀਆਂ ਦੀ ਦਾਸਤਾਨ, ਸਮੇਂ ਦੇ ਸਦਉਪਯੋਗ ਦੀ ਗੱਲ ਕਰਦਿਆਂ ਹਰ ਘੜੀ, ਪਲ, ਦਿਨ, ਹਫ਼ਤੇ, ਮਹੀਨੇ ਅਤੇ ਸਾਲ ਦੀ ਸੁਚੱਜੀ ਵਰਤੋਂ ਆਦਿ ਵਿਸ਼ਿਆਂ ਨੂੰ ਆਪਣੇ ਨਿਬੰਧਾਂ ਵਿਚ ਬਾਖੂਬੀ ਪੇਸ਼ ਕੀਤਾ ਹੈ। ਮੇਰੀ ਓਸਾਕਾ ਫੇਰੀ' ਵਿਚ ਲੇਖਕ ਆਪਣੇ ਦੋਸਤ ਪਰਮਿੰਦਰ ਸੋਢੀ ਨਾਲ ਆਪਣੀ ਮੁਲਾਕਾਤ ਅਤੇ ਉਸ ਨਾਲ ਬਿਤਾਏ ਦਿਨਾਂ ਨੂੰ ਪੇਸ਼ ਕਰਦਿਆਂ ਓਸਾਕਾ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਏਸ਼ੀਅਨ ਬਿਜ਼ਨਸ ਕਾਨਫਰੰਸ ਦੌਰਾਨ ਘੁੰਮਣ ਦੇ ਬਣੇ ਇਸ ਸਬੱਬ ਨੂੰ ਲੇਖਕ ਨੇ ਬੜੀ ਖੂਬਸੂਰਤੀ ਨਾਲ ਬਿਆਨ ਕਰਦਿਆਂ ਓਸਾਕਾ, ਜਾਪਾਨ ਦੀ ਪ੍ਰਾਚੀਨ ਰਾਜਧਾਨੀ ਨਾਰਾ ਵਿਚ ਗੁਜ਼ਾਰੇ ਦਿਨਾਂ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਲੇਖਕ ਦਾ ਜਾਪਾਨ ਯਾਤਰਾ ਦੇ ਇਸ ਬਿਰਤਾਂਤ ਵਿਚ ਉੱਥੇ ਦੇ ਕੰਮ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਕੁੱਜੇ ਵਿਚ ਸਮੁੰਦਰ ਬੰਦ ਕਰਨ ਸਮਾਨ ਹੈ। ਜੀਵਨ ਦੇ ਅੰਗ ਸੰਗ ਵਿਚਰਦਿਆਂ ਵਾਪਰਨ ਵਾਲੀਆਂ ਘਟਨਾਵਾਂ, ਆਪਣੇ ਵਿਚਾਰਾਂ ਨੂੰ ਲੇਖਕ ਨੇ ਸ਼ਬਦਾਂ ਦਾ ਖ਼ੂਬਸੂਰਤ ਜਾਮਾ ਪਹਿਨਾ ਕੇ ਪਾਠਕਾਂ ਨੂੰ ਵੀ ਆਪਣੇ ਅੰਗ ਸੰਗ ਤੋਰਿਆ ਹੈ।

?ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਆਓ ਪਰਮਸੁੱਖ ਪਾਈਏ
ਲੇਖਕ : ਡਾ: ਗਿਆਨ ਸਿੰਘ ਮਾਨ
ਅਨੁਵਾਦਕ : ਡਾ: ਕੁਲਵਿੰਦਰ ਕੌਰ ਮਾਨ
ਪ੍ਰਕਾਸ਼ਕ : ਲਾਹੌਰ ਬੁੱਕਸ਼ਾਪ-ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 108
ਸੰਪਰਕ : 98141-45047.

ਪਰਮਸੁੱਖ ਪਾਉਣ ਅਤੇ ਪਰਮ ਮਨੁੱਖ ਬਣਨ ਲਈ ਮਨੁੱਖ ਕੋਲ ਉੱਚੇ-ਸੁੱਚੇ ਵਿਚਾਰਾਂ ਦਾ ਹੋਣਾ, ਜ਼ਿੰਦਗੀ ਦੀਆਂ ਤਖ਼ਲ-ਹਕੀਕਤਾਂ ਨੂੰ ਜਾਨਣਾ ਜ਼ਰੂਰੀ ਹੁੰਦਾ ਹੈ ਅਤੇ ਖ਼ੁਦ ਨੂੰ ਆਦਰਸ਼ਵਾਦੀ ਜੀਵਨ ਬਤੀਤ ਕਰਨ ਦੇ ਸਮਰੱਥ ਬਣਾਉਣਾ ਹੁੰਦਾ ਹੈ। ਇਸ ਤਰ੍ਹਾਂ ਦਾ ਵਧੀਆ ਜੀਵਨ ਨਿਆਸਰਿਆਂ ਨੂੰ ਆਸਰਾ ਦਿੰਦਾ ਹੈ, ਲੋੜਵੰਦਾਂ ਦੀ ਮਦਦ ਕਰਨਾ ਸਿਖਾਉਂਦਾ ਹੈ। ਕਿਸੇ ਦਾ ਦਿਲ ਨਾ ਦੁਖਾਉਣਾ ਅਤੇ ਸਾਦਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦਿਆਂ ਮਨੁੱਖ ਦੀ ਅਗਵਾਈ ਕਰਦਾ ਹੈ। ਪੁਸਤਕ 'ਚ ਮਹਾਨ ਵਿਅਕਤੀਆਂ ਦੀ ਫ਼ਿਲਾਸਫ਼ੀ, ਉੱਚੇ-ਸੁੱਚੇ ਵਿਚਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਬਹੁਤ ਸਾਰੇ ਵਿਚਾਰ ਜ਼ਿੰਦਗੀ ਦੀਆਂ ਸਰਵ-ਵਿਆਪਕ ਸੱਚਾਈਆਂ 'ਤੇ ਆਧਾਰਿਤ ਹਨ ਅਤੇ ਉਨ੍ਹਾਂ ਵਿਚਲੀ ਸੱਚਾਈ ਨੂੰ ਕਿਸੇ ਕਸਵੱਟੀ 'ਤੇ ਵੀ ਰੱਦ ਨਹੀਂ ਕੀਤਾ ਜਾ ਸਕਦਾ ਹੈ। ਇਵੇਂ ਹੀ ਪੁਸਤਕ 'ਚ ਛੋਟੀਆਂ-ਛੋਟੀਆਂ ਕਹਾਣੀਆਂ ਦੁਆਰਾ ਮਨੁੱਖ ਨੂੰ ਜੀਵਨ ਦੀ ਅਸਲ ਸੱਚਾਈ ਅਤੇ ਉਨ੍ਹਾਂ ਵਿਚਲਾ ਰਹੱਸਵਾਦੀ ਪੱਖ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਵਧੀਆ ਜ਼ਿੰਦਗੀ ਬਤੀਤ ਕਰਦਿਆਂ ਹੀ ਪਰਮਾਤਮਾ ਦੀ ਰਜ਼ਾ 'ਚ ਰਹਿਣ ਅਤੇ ਉਸ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਇਨਸਾਨ ਨੂੰ ਆਪਣੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੇ ਨਾਲ-ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਨ ਲਈ ਪ੍ਰੇਰਤ ਕੀਤਾ ਗਿਆ ਹੈ। ਮਨੁੱਖ ਨੂੰ ਚੰਗਾ ਜੀਵਨ ਬਤੀਤ ਕਰਨ ਅਤੇ ਪਰਮ ਸੁੱਖ ਦੀ ਪ੍ਰਾਪਤੀ ਲਈ ਕੇਵਲ ਬਾਹਰੋਂ ਹੀ ਨਹੀਂ, ਸਗੋਂ ਅੰਦਰੂਨੀ ਤੌਰ 'ਤੇ ਸ਼ੁੱਧ ਬਣਨ ਲਈ ਕਿਹਾ ਗਿਆ ਹੈ। ਮਨੁੱਖੀ ਜੀਵਨ ਵਿਸ਼ਾਲ ਹੈ। ਇਸ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਅਤੇ ਆਤਮਿਕ ਤੌਰ 'ਤੇ ਆਨੰਦਿਤ ਹੋਣ ਲਈ ਬੜੇ ਕੁਝ ਦੀ ਜ਼ਰੂਰਤ ਹੈ। ਅਜੋਕੇ ਦੌਰ 'ਚ ਪਦਾਰਥਵਾਦੀ ਰੁਝਾਨ, ਭੱਜ-ਨੱਠ, ਰਿਸ਼ਤਿਆਂ ਵਿਚਲਾ ਨਿਘਾਰ, ਮਾਨਸਿਕ ਪ੍ਰੇਸ਼ਾਨੀਆਂ 'ਚੋਂ ਅੱਜ ਹਰ ਬੰਦਾ ਕਿਵੇਂ ਨਾ ਕਿਵੇਂ ਨਿਕਲਣਾ ਚਾਹੁੰਦਾ ਹੈ, ਪਰ ਉਹ ਚਾਹ ਕੇ ਵੀ ਨਿਕਲਣ 'ਚ ਅਸਫ਼ਲ ਰਹਿੰਦਾ ਹੈ। ਇਸ ਤਰ੍ਹਾਂ ਦੀਆਂ ਪੁਸਤਕਾਂ ਪੜਨ੍ਹਾ ਸਾਨੂੰ ਕਾਫੀ ਹੱਦ ਤੱਕ ਮਾਨਸਿਕ, ਆਤਮਿਕ ਸਕੂਨ ਲਾਜ਼ਮੀ ਦਿੰਦਾ ਹੈ।

?ਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ?

21-07-2018

 ਕਿੱਸਾ ਪੂਰਨ ਭਗਤ ਕ੍ਰਿਤ ਕਾਦਰ ਯਾਰ
ਲੇਖਕ : ਡਾ: ਅਮਰ ਕੋਮਲ ਤੇ ਡਾ: ਸਤਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 176
ਸੰਪਰਕ : 84378-73565.

ਪੂਰਨ ਭਗਤ ਪੰਜਾਬੀਆਂ ਦੇ ਪਿਆਰੇ ਸਤਿਕਾਰੇ ਨਾਇਕਾਂ ਵਿਚੋਂ ਇਕ ਹੈ। ਸ਼ਹਿਜ਼ਾਦਾ, ਭਗਤ, ਜੋਗੀ, ਉੱਚ ਆਚਰਣ, ਵਿਆਗ ਤਿਆਗ ਜਿਹੇ ਚਿਹਨਕ ਉਸ ਦੇ ਨਾਂਅ ਨਾਲ ਸਹਿਜੇ ਹੀ ਮਨ ਵਿਚ ਤੈਰਨ ਲਗਦੇ ਹਨ। ਇਸ ਕਿੱਸੇ ਦੇ ਮੂਲ ਪਾਠ ਨੂੰ ਔਖੇ ਸ਼ਬਦਾਂ ਦੇ ਅਰਥਾਂ ਸਹਿਤ ਇਸ ਪੁਸਤਕ ਵਿਚ ਪੜ੍ਹਿਆ ਜਾ ਸਕਦਾ ਹੈ। ਕਾਦਰਯਾਰ ਦੇ 53 ਪੰਨਿਆਂ ਵਿਚ ਅੰਕਿਤ ਮੂਲ ਪਾਠ ਤੋਂ ਪਹਿਲਾਂ 123 ਪੰਨੇ ਦੀ ਆਲੋਚਨਾਤਮਿਕ ਸਮੱਗਰੀ ਇਸ ਨੂੰ ਵਿਦਿਆਰਥੀਆਂ ਲਈ ਉਪਯੋਗੀ ਬਣਾਉਂਦੀ ਹੈ।
ਪੁਸਤਕ ਦੀ ਪਰਿਚਯਾਤਮਿਕ ਆਲੋਚਨਾਤਮਿਕ ਸਮੱਗਰੀ ਦਾ ਆਰੰਭ ਪੂਰਨ ਭਗਤ ਕਾਵਿ-ਪਰੰਪਰਾ ਨਾਲ ਜਾਣ-ਪਛਾਣ ਕਰਵਾ ਕੇ ਕੀਤਾ ਗਿਆ ਹੈ। ਕਾਦਰਯਾਰ ਵਰਗੀ ਕਲਾ ਤੇ ਰਸ ਭਾਵੇਂ ਨਾ ਪੈਦਾ ਕਰ ਸਕੇ ਹੋਣ ਪਰ ਦਰਜਨਾਂ ਕਵੀਆਂ ਨੇ ਪੂਰਨ ਦੀ ਕਥਾ ਨੂੰ ਕਿੱਸਿਆਂ ਵਿਚ ਪੇਸ਼ ਕੀਤਾ ਹੈ। ਛੰਦ, ਵਿਸ਼ੇ, ਬਣਤਰ, ਉਦੇਸ਼, ਕਲਾਤਮਿਕ ਪ੍ਰਾਪਤੀ ਦੀ ਭਿੰਨਤਾ ਹੈ ਇਨ੍ਹਾਂ ਵਿਚ। ਦੂਜਾ ਅਧਿਆਇ ਕਿੱਸੇ ਦੀ ਮੂਲ ਕਥਾ ਦੀ ਇਤਿਹਾਸਕਤਾ ਨੂੰ ਫਰੋਲਦਾ ਹੈ ਅਤੇ ਇਸ ਵਿਚ ਲਗਪਗ ਸੱਤ ਦਰਜਨ ਕਵੀਆਂ ਵਲੋਂ ਜੋੜੇ ਮਿਥਿਹਾਸ ਤੇ ਕਲਪਨਾ ਦੀ ਚਰਚਾ ਕਰਦਾ ਹੈ। ਤੀਜਾ ਅਧਿਆਇ ਭਾਰਤੀ ਲੋਕ ਕਥਾਵਾਂ, ਲੋਕ ਸਾਹਿਤ ਵਿਚ ਪੂਰਨ ਭਗਤ ਤੇ ਉਸ ਨਾਲ ਮਿਲਦੀਆਂ ਜੁਲਦੀਆਂ ਹੋਰ ਕਥਾਵਾਂ ਦੇ ਵੇਰਵੇ ਦਿੰਦਾ ਹੈ। ਚੌਥੇ ਅਧਿਆਇ ਵਿਚ ਪੂਰਨ ਦੀ ਕਥਾ ਦੇ ਬੀਜ ਤੋਂ ਬਿਰਖ ਬਣਨ ਦਾ ਬਿਰਤਾਂਤ ਹੈ। ਪੰਜਵੇਂ ਅਧਿਆਇ ਵਿਚ ਪੂਰਨ ਦੀ ਕਥਾ ਦੇ ਮੂਲ ਸੋਮਿਆਂ, ਕਾਦਰਯਾਰ ਦੇ ਇਸ ਕਿੱਸੇ ਦੇ ਰਚਨਾ ਕਾਲ ਤੇ ਉਸ ਕਾਲ ਦੀਆਂ ਪ੍ਰਸਥਿਤੀਆਂ ਤੇ ਕਦਰਾਂ-ਕੀਮਤਾਂ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਛੇਵੇਂ ਅਧਿਆਇ ਵਿਚ ਕਾਦਰਯਾਰ ਦੇ ਜੀਵਨ ਤੇ ਰਚਨਾ ਉੱਪਰ ਵਿਸਤ੍ਰਿਤ ਚਰਚਾ ਹੈ। ਸੱਤਵੇਂ ਅਧਿਆਇ ਵਿਚ ਕਾਦਰਯਾਰ ਰਚਿਤ ਪੂਰਨ ਭਗਤ ਕਿੱਸੇ ਦਾ ਸਾਹਿਤਕ ਵਿਸ਼ਲੇਸ਼ਣ ਹੈ। ਮੰਗਲਾਚਰਨ, ਸੀਹਰਫ਼ੀ ਕਾਵਿ ਰੂਪ, ਬੋਲੀ/ਸ਼ੈਲੀ, ਮਾਹੌਲ, ਸ਼ਬਦਾਵਲੀ, ਗੋਂਦ, ਅਲੰਕਾਰ, ਮੁਹਾਵਰੇ, ਰਸ ਵਰਨਣ ਆਦਿ ਨੁਕਤਿਆਂ ਬਾਰੇ ਵਿਸ਼ਲੇਸ਼ਣ ਸੰਪਾਦਕਾਂ ਨੇ ਕੀਤਾ ਹੈ। ਇਸ ਪ੍ਰਕਾਰ ਕਾਦਰ ਯਾਰ ਦੇ ਇਸ ਸ਼ਾਹਕਾਰ ਨੂੰ ਪੜ੍ਹਨ ਤੇ ਮਾਣਨ ਵਾਸਤੇ ਇਹ ਕਿਤਾਬ ਵਿਸ਼ੇਸ਼ ਰੂਪ ਵਿਚ ਉਪਯੋਗੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਫ਼ਿਓਦੋਰ ਦੋਸਤੋਵਸਕੀ ਦੀ ਸੰਪੂਰਨ ਕਹਾਣੀਆਂ
ਅਨੁਵਾਦ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 296
ਸੰਪਰਕ : 99151-03490.

ਫਿਓਦੋਰ ਦੋਸਤੋਵਸਕੀ (1821-1881) ਵਿਸ਼ਵ ਦਾ ਸੁਪ੍ਰਸਿੱਧ ਗਲਪਕਾਰ ਸੀ। ਬਾਖ਼ਤਿਨ ਅਤੇ ਕੁਝ ਹੋਰ ਚਿੰਤਕ ਉਸ ਨੂੰ ਦੁਨੀਆ ਦਾ ਸਰਵ ਸ਼ਿਰੋਮਣੀ ਗਲਪਕਾਰ ਮੰਨਦੇ ਹਨ। 'ਜੁਰਮ ਤੇ ਸਜ਼ਾ', 'ਕਰਾਮਾਜ਼ੋਵ ਭਰਾ' ਅਤੇ 'ਗ਼ਰੀਬ ਲੋਕ' ਉਸ ਦੇ ਕੁਝ ਪ੍ਰਸਿੱਧ ਨਾਵਲ ਹਨ। ਨਾਵਲਾਂ ਦੇ ਨਾਲ-ਨਾਲ ਉਸ ਨੇ 20 ਕਹਾਣੀਆਂ ਦੀ ਵੀ ਰਚਨਾ ਕੀਤੀ।
ਦੋਸਤੋਵਸਕੀ 19ਵੀਂ ਸਦੀ ਦੇ ਰੂਸ ਦੀ ਸਮਾਜਿਕ-ਆਰਥਿਕ ਜ਼ਿੰਦਗੀ ਦਾ ਚਿਤਰਣ ਕਰਦਾ ਹੈ। ਇਸ ਸਦੀ ਵਿਚ ਰੂਸ ਜਾਗੀਰਦਾਰੀ ਪ੍ਰਬੰਧ ਵਿਚੋਂ ਗੁਜ਼ਰ ਰਿਹਾ ਸੀ। ਆਮ ਲੋਕ ਬਹੁਤ ਕਸ਼ਟਦਾਇਕ ਜੀਵਨ ਜੀਅ ਰਹੇ ਸਨ। ਇਸ ਦੌਰ ਵਿਚ ਰੂਸ ਦੇ ਬਹੁਤੇ ਲੋਕ ਕਿਰਾਏ ਦੇ ਘਰਾਂ ਵਿਚ ਗੁਜ਼ਰ-ਬਸਰ ਕਰਦੇ ਸਨ। ਗ਼ਰੀਬ ਹੋਣ ਦੇ ਬਾਵਜੂਦ ਮਕਾਨ ਮਾਲਕ, ਗ਼ਰੀਬ ਲੋਕਾਂ ਨੂੰ ਦੋ ਵਕਤ ਦਾ ਖਾਣਾ ਵੀ ਮੁਹੱਈਆ ਕਰਵਾ ਦਿੰਦੇ ਸਨ। ਭਾਵੇਂ ਇਸ ਮੰਤਵ ਲਈ ਉਹ ਆਪਣੇ ਕਿਰਾਏਦਾਰਾਂ ਤੋਂ ਥੋੜ੍ਹੇ ਬਹੁਤ ਪੈਸੇ ਵੀ ਲੈਂਦੇ ਸਨ। ਮਕਾਨ ਮਾਲਕ ਇਨ੍ਹਾਂ ਕਿਰਾਏਦਾਰਾਂ ਨਾਲ ਹਮਦਰਦੀ ਰੱਖਦੇ ਸਨ ਕਿਉਂਕਿ ਉਨ੍ਹਾਂ ਦੀ ਆਪਣੀ ਆਰਥਿਕ ਸਥਿਤੀ ਵੀ ਬਹੁਤੀ ਚੰਗੀ ਨਹੀਂ ਸੀ ਹੁੰਦੀ। ਦੋਸਤੋਵਸਕੀ ਨੂੰ ਬਿਰਤਾਂਤ ਦਾ ਸ਼ਾਹ-ਸਵਾਰ ਮੰਨਿਆ ਜਾਂਦਾ ਹੈ। ਉਸ ਦੀਆਂ ਇਨ੍ਹਾਂ ਕਹਾਣੀਆਂ ਦਾ ਬਿਰਤਾਂਤ ਆਪਣੇ ਪਾਤਰਾਂ ਬਾਰੇ 'ਸਭ ਕੁਝ' ਨਹੀਂ ਜਾਣਦਾ ਹੁੰਦਾ। ਉਸ ਦੇ ਬਿਰਤਾਂਤ ਨੂੰ ਪੜ੍ਹ ਕੇ ਪਾਠਕ ਜਿੰਨੀ ਕੁ ਜਾਣਕਾਰੀ ਪਾਤਰਾਂ ਬਾਰੇ ਹਾਸਲ ਕਰਦੇ ਹਨ, ਬਿਰਤਾਂਤਕਾਰ ਵੀ ਓਨਾ ਹੀ ਜਾਣਦਾ ਹੁੰਦਾ ਹੈ। ਇਸ ਵਿਧੀ ਨਾਲ ਬਿਰਤਾਂਤ ਉਤਸੁਕਤਾ ਭਰਪੂਰ ਅਤੇ ਰੌਚਕ ਬਣ ਜਾਂਦਾ ਹੈ। ਉਸ ਦੀ ਕਿਸੇ ਵੀ ਕਹਾਣੀ ਨੂੰ ਪੜ੍ਹਨ ਸਮੇਂ ਪਾਠਕ ਅੱਗੇ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਕੋਈ ਪੇਸ਼ੀਨਗੋਈ ਨਹੀਂ ਕਰ ਸਕਦਾ। ਇਹ ਤੱਥ ਉਸ ਦੀ ਰਚਨਾ-ਪ੍ਰਕਿਰਿਆ ਦਾ ਮੂਲ ਲੱਛਣ ਹੈ। ਲੇਖਕ ਆਪਣੀਆਂ ਕਹਾਣੀਆਂ ਦੇ ਅੰਤ ਤੱਕ ਉਤਸੁਕਤਾ ਨੂੰ ਬਣਾਈ ਰੱਖਦਾ ਹੈ ਅਤੇ ਜਦੋਂ ਕਹਾਣੀ ਖ਼ਤਮ ਹੋ ਜਾਂਦੀ ਹੈ ਤਾਂ ਵੀ ਇਹ ਪਾਠਕ ਦੇ ਜ਼ਿਹਨ ਵਿਚ ਚਲਦੀ ਰਹਿੰਦੀ ਹੈ। ਇਹ ਪਾਠਕ ਨੂੰ ਬੇਆਰਾਮ ਕਰ ਦਿੰਦੀ ਹੈ ਕਿਉਂਕਿ ਉਹ ਪਾਤਰਾਂ ਬਾਰੇ ਸੋਚਦਾ ਰਹਿ ਜਾਂਦਾ ਹੈ।
ਹੋਰ ਰੂਸੀ ਕਥਾਕਾਰਾਂ ਵਾਂਗ ਦੋਸਤੋਵਸਕੀ ਦੀਆਂ ਕਹਾਣੀਆਂ ਵਿਚ ਵੀ ਪਾਤਰਾਂ ਦੇ ਨਾਂਅ, ਆਮ ਪਾਠਕਾਂ ਨੂੰ ਮੁਸ਼ਕਿਲ ਪ੍ਰਤੀਤ ਹੁੰਦੇ ਹਨ। ਜਦੋਂ ਕਿਸੇ ਕਹਾਣੀ ਵਿਚ ਬਹੁਤੇ ਪਾਤਰ ਆ ਜਾਣ ਤਾਂ ਪਾਠਕ ਨੂੰ ਪੰਨੇ ਪਰਤ-ਪਰਤ ਕੇ ਇਨ੍ਹਾਂ ਦੀ ਨਿਸ਼ਾਨਦੇਹੀ ਜਾਂ ਪਛਾਣ ਕਰਨੀ ਪੈਂਦੀ ਹੈ। ਇਹੀ ਕਾਰਨ ਹੈ ਕਿ ਕੋਈ ਵਚਨਬੱਧ ਪਾਠਕ ਹੀ ਰੂਸੀ ਗਲਪ ਦਾ ਅਧਿਐਨ ਕਰ ਸਕਦਾ ਹੈ। ਆਮ ਪਾਠਕ ਦੀ ਇਕ ਦੋ ਕਹਾਣੀਆਂ ਪੜ੍ਹ ਕੇ ਹੀ ਬੱਸ ਹੋ ਜਾਂਦੀ ਹੈ। ਇਸ ਸਮੱਸਿਆ ਦਾ ਇਕ ਹੀ ਇਲਾਜ ਹੈ : ਪਾਠ ਉੱਪਰ ਸੁਕੇਂਦ੍ਰਿਤ ਹੋ ਜਾਣਾ। ਦੋਸਤੋਵਸਕੀ ਦਾ ਰਚਨਾ-ਸੰਸਾਰ ਬਹੁਤ ਅਦਭੁਤ ਅਤੇ ਵਚਿੱਤਰ ਹੈ। ਇਸ ਦੀ ਥਾਹ ਪਾਉਣ ਲਈ ਥੋੜ੍ਹੀ-ਬਹੁਤ ਮਿਹਨਤ ਤਾਂ ਕਰਨੀ ਹੀ ਪਵੇਗੀ। ਮੈਂ ਜਸਪ੍ਰੀਤ ਜਗਰਾਓਂ ਦੇ ਉੱਦਮ ਦੀ ਦਾਦ ਦਿੰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਅਕਸ ਕੰਬਦਾ
ਗ਼ਜ਼ਲਕਾਰ : ਪਾਲ ਗੁਰਦਾਸਪੁਰੀ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ : 99882-64707

ਪਾਲ ਗੁਰਦਾਸਪੁਰੀ ਉਦੋਂ ਤੋਂ ਗ਼ਜ਼ਲ ਲਿਖ ਰਿਹਾ ਹੈ ਜਦੋਂ ਪੰਜਾਬੀ ਦੀ ਨਵੀਂ ਗ਼ਜ਼ਲ ਅਜੇ ਮੌਲਣ ਲੱਗੀ ਸੀ। 'ਅਕਸ ਕੰਬਦਾ' ਉਸ ਦੀ ਛੇਵੀਂ ਤੇ ਪੰਜਾਬੀ ਗ਼ਜ਼ਲਾਂ ਦੀ ਚੌਥੀ ਪੁਸਤਕ ਹੈ। ਇਸ ਪੁਸਤਕ ਵਿਚ ਪਾਲ ਦੀਆਂ 51 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ, ਜਿਨ੍ਹਾਂ ਦੇ ਸ਼ਿਅਰਾਂ ਵਿਚ ਨਵੇਂ ਭਾਵ ਬੋਧ ਦੇ ਨਾਲ ਸਰਲਤਾ, ਤਰਲਤਾ ਤੇ ਵਿਸ਼ਾਲਤਾ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਹੀ ਉਹ ਰੁਦਨ ਦੀ ਥਾਂ ਇਕ ਤਾਰੇ ਵਾਂਗ ਟੁੱਟ ਕੇ ਚਾਨਣ ਖਿਲਾਰਨ ਦੀ ਗੱਲ ਕਰਦਾ ਹੈ। ਉਹ ਤੂਫ਼ਾਨ 'ਤੇ ਇਲਜ਼ਾਮ ਲਾਉਣ ਦੀ ਥਾਂ ਮਲਾਹ ਦੀ ਨੀਅਤ 'ਤੇ ਸਵਾਲ ਉਠਾਉਂਦਾ ਹੈ। ਇਸ ਪੁਸਤਕ ਦੀ ਦੂਸਰੀ ਗ਼ਜ਼ਲ ਪਾਲ ਦੀ ਗ਼ਜ਼ਲ ਲੇਖਣ ਸਮਰਥਾ ਦੀ ਸੁੰਦਰ ਉਦਾਹਰਨ ਹੈ ਤੇ ਇਸ ਨੂੰ ਪੜ੍ਹਦਿਆਂ ਗ਼ਜ਼ਲਕਾਰ ਦੀ ਗ਼ਜ਼ਲਗੋਈ ਦੂਸਰਿਆਂ ਤੋਂ ਅਲੱਗ ਖੜ੍ਹੀ ਨਜ਼ਰ ਆਉਂਦੀ ਹੈ। ਮਨੁੱਖੀ ਜ਼ਿੰਦਗੀ ਵਿਚ ਮਚੀ ਆਪਾ-ਧਾਪੀ, ਸਵਾਰਥ, ਲਾਲਚ, ਬੇਈਮਾਨੀ ਦੇ ਨਾਲ-ਨਾਲ ਉਹ ਭ੍ਰਿਸ਼ਟ ਰਾਜਨੀਤੀ ਤੇ ਸੰਸਾਰ ਪੱਧਰੀ ਸਮੱਸਿਆਵਾਂ ਨੂੰ ਵੀ ਆਪਣੇ ਸ਼ਿਅਰਾਂ ਰਾਹੀਂ ਪੇਸ਼ ਕਰਦਾ ਹੈ। ਗ਼ਜ਼ਲਕਾਰ ਹਰ ਸਮੱਸਿਆ 'ਤੇ ਆਪਣਾ ਅਲਹਿਦਾ ਨਜ਼ਰੀਆ ਰੱਖਦਾ ਹੈ ਤੇ ਹਰ ਘਟਨਾ ਨੂੰ ਇਕ ਵੱਖਰੇ ਕੋਣ ਤੋਂ ਦੇਖਦਾ ਹੈ। ਉਸ ਮੁਤਾਬਿਕ ਮਨੁੱਖ ਨੂੰ ਨਿਰਬਾਹ ਲਈ ਸਿਰਫ਼ ਰੋਟੀ ਹੀ ਨਹੀਂ ਚਾਹੀਦੀ ਉਸ ਦੀਆਂ ਹੋਰ ਜ਼ਰੂਰਤਾਂ ਨੂੰ ਵੀ ਮਹੱਤਵ ਦੇਣ ਦੀ ਜ਼ਰੂਰਤ ਹੈ। ਮੁਹੱਬਤ ਬਿਨਾਂ ਜ਼ਿੰਦਗੀ ਬਿਨਾਂ ਗਜ਼ ਤੋਂ ਸਾਰੰਗੀ ਹੈ। ਇਸ ਦੀ ਲੋੜ ਪਾਲ ਦੀਆਂ ਗ਼ਜ਼ਲਾਂ ਵਿਚ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਪਾਲ ਦੀਆਂ ਗ਼ਜ਼ਲਾਂ ਵਿਚ ਤਨਹਾ ਪਲਾਂ ਦੇ ਉਦਾਸ ਮੰਜ਼ਰ ਦੇਖੇ ਜਾ ਸਕਦੇ ਹਨ। ਉਹ ਆਖਦਾ ਹੈ 'ਮੈਂ ਸਦਾ ਆਸ-ਪਾਸ ਹੀ ਹੁੰਦਾਂ, ਫੇਰ ਕੀ ਹੈ ਜੇ ਤੇਰੇ ਨਾਲ ਨਹੀਂ'। ਉਹ ਕਿਸੇ ਨੂੰ ਸੰਬੋਧਤ ਹੁੰਦਾ ਹੋਇਆ ਲਿਖਦਾ ਹੈ 'ਤੇਰੇ ਸਾਹ ਜੇ ਹੋਰ ਕਿਸੇ ਦੇ ਅੰਦਰ ਨੇ, ਏਨ੍ਹਾਂ ਉੱਤੇ ਮੇਰੇ ਵੀ ਹਸਤਾਖ਼ਰ ਨੇ।' ਸ਼ਿਅਰਾਂ ਵਿਚ ਉਸ ਦੀ ਮੁਹੱਬਤ ਬਾਜ਼ਾਰੂ ਨਾ ਹੋ ਕੇ ਪਹਾੜੀ ਨਦੀ ਦੇ ਪਾਣੀ ਵਾਂਗ ਪਵਿੱਤਰ ਹੈ ਤੇ ਕਲ-ਕਲ ਕਰਕੇ ਸੰਗੀਤਕ ਧੁਨਾਂ ਪੈਦਾ ਕਰਦੀ ਹੈ। ਇਸ ਪੁਸਤਕ ਵਿਚ ਸ਼ਾਮਿਲ ਪਾਲ ਗੁਰਦਾਸਪੁਰੀ ਦੀਆਂ ਗ਼ਜ਼ਲਾਂ ਗ਼ਜ਼ਲ ਦੇ ਤੈਅ ਅਸੂਲਾਂ 'ਤੇ ਪਹਿਰਾ ਦਿੰਦੀਆਂ ਹਨ। 'ਅਕਸ ਕੰਬਦਾ' ਨੂੰ ਪੜ੍ਹ ਕੇ ਕਿਸੇ ਅਗੰਮੀ ਯਾਤਰਾ ਕਰਕੇ ਪਰਤਣ ਦਾ ਅਨੁਭਵ ਪ੍ਰਾਪਤ ਹੁੰਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਅਟਾਰੀ ਬਜ਼ਾਰ
ਲੇਖਿਕਾ : ਤਾਰਨ ਗੁਜਰਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 98557-19660.

ਤਾਰਨ ਗੁਜਰਾਲ ਉਸਾਰੂ ਜੀਵਨ ਸ਼ੈਲੀ ਦੀ ਹਮਾਇਤੀ ਹੋਣ ਸਦਕਾ ਕਲਿਆਣਕਾਰੀ ਸ਼ਬਦ-ਸਿਰਜਕ ਰਹੀ ਹੈ। ਉਹ ਪੰਜਾਬੀ ਰਹਿਤਲ ਦੀ ਗੰਭੀਰ ਅਨੁਭਵੀ ਅਤੇ ਇਸ ਦੇ ਪ੍ਰਚਾਰ-ਪਾਸਾਰ ਹਿੱਤ ਨਵੀਆਂ ਸੰਭਾਵਨਾਵਾਂ ਨੂੰ ਵੀ ਸਿਰਜਦੀ ਰਹੀ ਹੈ। ਇਸ ਸਭ ਕਾਸੇ ਦਾ ਪ੍ਰਮਾਣ ਪੁਸਤਕ 'ਅਟਾਰੀ ਬਾਜ਼ਾਰ' ਹੈ, ਜੋ ਕੁਝ ਲੋਕਾਂ ਅਨੁਸਾਰ ਕਹਾਣੀ-ਸੰਗ੍ਰਹਿ ਜਾਂ ਗਲਪ ਜਾਪਦਾ ਹੈ ਪਰ ਅਸਲ ਵਿਚ ਇਹ ਅਤੀਤ ਅਤੇ ਵਰਤਮਾਨ ਦੀਆਂ ਅਭੁੱਲ ਯਾਦਾਂ ਹਨ ਜੋ ਜਨਮ ਭੂਮੀ ਤੋਂ ਵਿਛੜਨ ਉਪਰੰਤ ਪੈਦਾ ਹੋਏ ਹੇਰਵੇ ਦੇ ਪ੍ਰਤਿਮਾਨਾਂ ਦਾ ਵੀ ਦਰਪਣ ਹਨ ਅਤੇ ਝੂਠ, ਕਪਟ, ਧੋਖਾਧੜੀ, ਸਾੜੇ ਤੇ ਕੀਰਨਿਆਂ ਭਰੀ ਜ਼ਿੰਦਗੀ ਵਿਚੋਂ ਬਾਹਰ ਆ ਕੇ ਮਨੁੱਖ ਨੂੰ ਮੁਹੱਬਤੀ ਬੋਲਾਂ ਦਾ ਸੰਚਾਰ ਕਰਨਾ ਅਤੇ ਦੇਸ਼, ਕੌਮ ਅਤੇ ਖਾਸ ਕਰਕੇ ਪੰਜਾਬੀਅਤ ਪ੍ਰਤੀ ਮੋਹ ਦੀਆਂ ਤੰਦਾਂ ਨੂੰ ਹੋਰ ਪਕੇਰਿਆਂ ਕਰਨ ਵਿਚ ਨਿਹਿਤ ਹੈ। ਮੈਡਮ ਰਮਾ ਰਤਨ ਦੀ ਪ੍ਰੇਰਨਾ ਤੋਂ ਛੁੱਟ ਉਸ ਤੋਂ ਪਹਿਲਾਂ ਹੋ ਚੁੱਕੇ ਸਾਹਿਤਕਾਰਾਂ ਦੀ ਪ੍ਰੇਰਕ ਸ਼ਕਤੀ ਅਤੇ ਅਗਲੀ ਹੁਣ ਵਾਲੀ ਪੀੜ੍ਹੀ ਦੇ ਲੇਖਕਾਂ ਦਾ ਜ਼ਿਕਰ ਸਾਬਤ ਕਰਦਾ ਹੈ ਕਿ ਤਾਰਨ ਗੁਜਰਾਲ ਅਤੀਤ, ਵਰਤਮਾਨ ਅਤੇ ਭਵਿੱਖ ਮੁਖੀ ਚੜ੍ਹਦੀ ਕਲਾ ਦੇ ਸਾਹਿਤ ਦੀ ਸਿਰਜਕ ਹੈ। ਪੁਸਤਕ ਦੇ ਬਾਈ ਕਾਂਡ ਕਹਾਣੀ ਰਸ ਨਾਲ ਭਰਪੂਰ ਹੈ ਹੀ ਹਨ, ਅਟਾਰੀ ਦੀਆਂ ਗਲੀਆਂ, ਮਹਿਲਾਂ, ਚੁਬਾਰਿਆਂ, ਕੱਚੇ ਅਤੇ ਵੱਡੇ ਕਿਲਿਆਂ ਦਾ ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਵਰਣਨ ਦਿਲਾਂ-ਦਿਮਾਗਾਂ 'ਚ ਘਰ ਕਰ ਜਾਂਦਾ ਹੈ। ਇਸੇ ਤਰ੍ਹਾਂ ਮਹੰਤਾਂ ਦਾ ਘਰ, ਅਟਾਰੀ ਦੀਆਂ ਹਵੇਲੀਆਂ, ਯਾਦਾਂ ਅਟਾਰੀ ਦੀਆਂ, ਕੋਇਟੇ ਦਾ ਭੁਚਾਲ, ਦੌਲੇ ਸ਼ਾਹ ਦੀਆਂ ਚੂਹੀਆਂ, ਮਾਈ ਖੇਮੀ, ਰਾਮ ਸਿੰਘ ਜੀ, ਸ: ਰਘਬੀਰ ਸਿੰਘ ਬਨਾਮ ਕਮਲਾ ਸਰਦਾਰ ਆਦਿ ਅਜਿਹੇ ਕਾਂਡ ਹਨ ਜੋ ਪੂਰੇ ਦੇ ਪੂਰੇ ਪੜ੍ਹਨ ਤੋਂ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ। ਬਸੰਤ ਪੰਚਮੀ, ਆਈ ਲਵ ਯੂ ਅਤੇ ਹਾਈ ਸਕੂਲ ਦਾ ਜ਼ਿਕਰ ਤਾਂ ਕਮਾਲ ਦਾ ਹੈ ਪਰ ਗੁਜਰਖਾਨ, ਰਾਂਚੀ ਅਤੇ ਚੰਡੀਗੜ੍ਹ ਦੀ ਜੀਵਨ ਸ਼ੈਲੀ ਪਾਠਕ ਨੂੰ ਰਸ-ਮੁਗਧ ਕਰ ਦਿੰਦੀ ਹੈ।

ਂਡਾ. ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸ਼ਾਨੋ ਤੇ ਹੋਰ ਨਾਟਕ
ਲੇਖਿਕਾ : ਡਾ: ਬੇਅੰਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 94657-14398.

ਲੇਖਿਕਾ ਨੇ ਪੂਰੇ ਨਾਟਕ 'ਸ਼ਾਨੋ' ਅਤੇ 'ਮੋਹ ਦੀਆਂ ਤੰਦਾਂ' ਇਸ ਵਿਚ ਸ਼ਾਮਿਲ ਕੀਤੇ ਹਨ। ਦੋਵੇਂ ਨਾਟਕ ਦ੍ਰਿਸ਼ਾਂ 'ਚ ਵੰਡੇ ਗਏ ਹਨ। ਹਰੇਕ ਦ੍ਰਿਸ਼ ਕਹਾਣੀ ਨੂੰ ਅੱਗੇ ਤੋਰਦਾ ਹੈ ਤੇ ਆਪਣੇ ਅੰਤ ਵੱਲ ਵਧਦਾ ਹੈ। ਡਾ: ਬੇਅੰਤ ਕੌਰ ਆਪਣੇ ਨਾਟਕਾਂ ਵਿਚ ਆਧੁਨਿਕ ਯੁੱਗ ਦੀਆਂ ਦੋ ਔਰਤਾਂ ਦੀ ਸਥਿਤੀ ਪੇਸ਼ ਕਰਦੀ ਹੈ। ਪਹਿਲੇ ਨਾਟਕ ਦੀ ਨਾਇਕਾ ਸ਼ਾਨੋ ਹੈ ਜੋ ਗ਼ਰੀਬ ਘਰ ਨਾਲ ਤਾਅਲੁਕ ਰੱਖਦੀ ਹੈ। ਉਹ ਦਹੇਜ ਦੇ ਕੇ ਚੰਗਾ ਵਰ ਘਰ ਨਹੀਂ ਲੱਭ ਸਕਦੇ। ਨਾਟਕਕਾਰਾ ਅਨੁਸਾਰ ਲੋਕਾਂ ਨੇ ਦਹੇਜ ਲਈ ਮੂੰਹ ਟੱਡੇ ਹੋਏ ਹਨ। ਕੁੜੀ ਦੀ ਮਾਂ ਵੱਡਾ ਦਹੇਜ ਦੇਣੋਂ ਅਸਮਰੱਥ ਹੋਣ ਕਾਰਨ ਵਿਚੋਲੇ ਰਾਹੀਂ ਵੱਡੀ ਉਮਰ ਦੇ ਫ਼ੌਜੀ ਮੱਘਰ ਨਾਲ ਧੀ ਦਾ ਰਿਸ਼ਤਾ ਕਰਨ ਲਈ ਮੰਨ ਜਾਂਦੀ ਹੈ। ਸ਼ਾਨੋ ਆਪਣੇ ਹਾਣ ਦਾ ਵਰ ਨਾ ਹੋਣ ਕਾਰਨ ਉਹਦੇ ਸੀਰੀ ਬੀਰ੍ਹੇ ਵੱਲ ਰਚਿਤ ਹੋ ਜਾਂਦੀ ਹੈ। ਪਰ ਬੀਰ੍ਹਾ ਵੀ ਉਹਦੇ ਨਾਲ ਧੋਖਾ ਕਰਕੇ ਉਸ ਨੂੰ ਆਪਣੇ ਲੈਣਦਾਰ ਜ਼ੋਰੇ ਨਾਲ ਤੋਰਨ ਲਈ ਸੌਦੇਬਾਜ਼ੀ ਕਰ ਲੈਂਦਾ ਹੈ। ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਣ 'ਤੇ ਉਹ ਮੁੜ ਮੱਘਰ ਵੱਲ ਪਰਤਦੀ ਹੈ। ਬੀਰ੍ਹੇ ਦਾ ਕਤਲ ਮੱਘਰ ਤੋਂ ਹੋ ਜਾਂਦਾ ਹੈ। ਸ਼ਾਨੋ ਆਪਣੀ ਭੁੱਲ ਬਖ਼ਸ਼ਾ ਕੇ ਮੱਘਰ ਦੀ ਰਿਹਾਈ ਲਈ ਕੋਸ਼ਿਸ਼ ਕਰਨ ਲੱਗਦੀ ਹੈ। ਇਹ ਨਾਟਕ ਜਿਥੇ ਮਜਬੂਰੀ ਦੀ ਬਾਤ ਪਾਉਂਦਾ ਹੈ, ਉਥੇ ਇਹ ਨਿਆਂ, ਅਨਿਆਂ ਅਤੇ ਵਫ਼ਾਈ, ਬੇਵਫ਼ਾਈ ਦੀਆਂ ਵੀ ਪਰਤਾਂ ਖੋਲ੍ਹਦਾ ਹੈ।
'ਮੋਹ ਦੀਆਂ ਤੰਦਾਂ' ਦੀ ਨਾਇਕਾ ਵੀ ਇਕ ਕੁੜੀ ਨੂਰ ਹੈ। ਉਸ ਦੀ ਮਾਂ ਸੀਤੋ ਘਰੇਲੂ ਨੌਕਰਾਣੀ ਦਾ ਕੰਮ ਕਰਕੇ ਵੀ ਆਪਣੀ ਧੀ ਨੂੰ ਚੰਗਾ ਪੜ੍ਹਾਉਂਦੀ ਲਿਖਾਉਂਦੀ ਤੇ ਪਾਲਣ ਪੋਸ਼ਣ ਕਰਦੀ ਹੈ। ਪੜ੍ਹ ਲਿਖ ਕੇ ਨੂਰ ਨੂੰ ਚੰਗੀ ਕੰਪਨੀ 'ਚ ਉੱਚੇ ਅਹੁਦੇ ਦੀ ਨੌਕਰੀ ਮਿਲ ਜਾਂਦੀ ਹੈ। ਪਰ ਉਹ ਆਪਣੀ ਕਮਤਰੀ ਦੇ ਅਹਿਸਾਸ 'ਚ ਬੁਰੀ ਤਰ੍ਹਾਂ ਘਿਰੀ ਹੋਈ ਹੈ। ਆਪਣੇ ਕੰਪਲੈਕਸ ਦੇ ਅਹਿਸਾਸ ਕਾਰਨ ਹੀ ਉਹ ਆਪਣੀ ਮਾਂ ਬਾਰੇ ਦੱਸਣਾ ਨਹੀਂ ਚਾਹੁੰਦੀ। ਉਸ ਦਾ ਵਿਆਹ ਵੱਡੇ ਅਮੀਰ ਘਰ ਦੇ ਮੁੰਡੇ ਨਾਲ ਹੋ ਜਾਣ 'ਤੇ ਵੀ ਉਹ ਆਪਣੀ ਮਾਂ ਦੀ ਹੈਸੀਅਤ ਛੁਪਾਈ ਰੱਖਦੀ ਹੈ। ਇਸ ਕਾਰਨ ਹੀ ਨਾਟਕ ਵਿਚ ਤ੍ਰਾਸਦੀ ਵਾਪਰਦੀ ਹੈ, ਜਿਸ ਕਾਰਨ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਇਸ ਨਾਟਕ ਦੀ ਮੁੱਖ ਸਮੱਸਿਆ ਇਹ ਹੈ ਕਿ ਨਾਇਕਾ ਆਪਣੇ ਛੋਟੇਪਨ ਦੇ ਭਾਵਾਂ 'ਚੋਂ ਉੱਭਰ ਨਹੀਂ ਸਕੀ, ਜਿਸ ਕਾਰਨ ਉਸ ਨੂੰ ਤ੍ਰਾਸਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਲਵਈ ਬੋਲੀ 'ਚ ਲਿਖੇ ਸੰਵਾਦ ਪਾਤਰਾਂ ਦੇ ਅਨੁਰੂਪ ਜਾਪਦੇ ਹਨ। ਆਧੁਨਿਕ ਔਰਤ ਦੀ ਦਸ਼ਾ ਅਤੇ ਦਿਸ਼ਾ ਲੱਭਦੇ ਇਹ ਨਾਟਕ ਤ੍ਰਾਸਦਿਕ ਅੰਤ ਵਾਲੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਸ਼ੇਖ ਚਿੱਲੀ ਦੇ ਕਾਰਨਾਮੇ
ਸੰ: ਅਮਿੱਤ ਮਿੱਤਰ
ਸੰਗ੍ਰਹਿ ਕਰਤਾ : ਸਰਜੀਤ ਤਲਵਾਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 78377-18723.

ਇਨ੍ਹਾਂ ਚਪਟਪੇ ਕਾਰਨਾਮਿਆਂ ਦਾ ਨਾਇਕ ਇਕ ਛੋਟੇ ਜਿਹੇ ਮੁਲਕ ਦੇ ਪਿੰਡ ਸ਼ੇਖਪੁਰੇ ਦਾ ਜੰਮਪਲ ਹੈ ਜਿਸ ਦਾ ਬਚਪਨ ਦਾ ਨਾਂਅ ਨੂਰਾ ਸ਼ੇਖ ਹੈ। ਉਸ ਦੇ ਨਾਂਅ ਨਾਲ 'ਚਿੱਲੀ' ਲੋਕਾਂ ਵਲੋਂ ਪਾਈ ਹੋਈ 'ਅੱਲ' ਹੈ। ਉਸ ਦੇ ਨਾਇਕਤਵ ਦੀ ਵਿਸ਼ੇਸ਼ਤਾ ਹੈ ਕਿ ਉਸ ਦੇ ਨਾਂਅ ਨਾਲ ਅੱਜ ਤੱਕ ਵੀ ਨਵੇਂ ਬਿਰਤਾਂਤ ਜੁੜਦੇ ਆ ਰਹੇ ਹਨ। ਉਸ ਦੀ ਸ਼ਖ਼ਸੀਅਤ ਚੰਚਲ ਹੈ। ਪਾਠਕ ਜਿਉਂ-ਜਿਉਂ ਇਸ ਪੁਸਤਕ ਦਾ ਅਧਿਐਨ ਕਰਦਾ ਜਾਂਦਾ ਹੈ, ਉਸ ਦੀ ਸ਼ਖ਼ਸੀਅਤ ਦੀਆਂ ਅਨੇਕਾਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ। ਉਹ ਚੁਟਕਲੇ ਸੁਣਾਉਣ ਵਾਲਾ, ਗੱਪੀ, ਮਜ਼ਾਕੀਆ, ਹਵਾਈ ਕਿਲੇ ਬਣਾਉਣ ਵਾਲਾ, ਊਟ-ਪਟਾਂਗ ਹਰਕਤਾਂ ਕਰਨ ਵਾਲਾ, ਸ਼ੇਖੀ-ਖੋਰ, ਮਹਾਂ-ਮੂਰਖ, ਹਾਜ਼ਰ ਜਵਾਬ ਹੋਣ ਦੇ ਨਾਲ-ਨਾਲ ਬਹਾਦਰ ਅਤੇ ਬੁੱਧੀਜੀਵੀ ਜਾਪਣ ਲੱਗ ਪੈਂਦਾ ਹੈ।
ਇਸ ਬਿਰਤਾਂਤ ਦੀ ਸਭ ਤੋਂ ਵੱਡੀ ਕਥਾ 'ਸ਼ੇਖ ਚਿੱਲੀ ਬੁਖਾਰਾ ਦੀਆਂ ਸੜਕਾਂ 'ਤੇ' ਸਿਰਲੇਖ ਅਧੀਨ ਪੇਸ਼ ਕੀਤੀ ਗਈ ਹੈ। ਇਸ ਯਾਤਰਾ ਵਿਚ ਉਹ ਆਪਣੇ ਵਫ਼ਾਦਾਰ 'ਗਧੇ' ਦੀ ਸਵਾਰੀ ਕਰਦਾ ਹੈ। ਬੁਖਾਰੇ ਵਿਚ ਉਹ ਆਪਣੇ ਅਮੀਰਾਂ, ਸੂਦਖੋਰਾਂ, ਦੌਲਤਮੰਦਾਂ, ਸੇਠਾਂ, ਸ਼ਾਹੂਕਾਰਾਂ, ਫਰੇਬੀਆਂ ਅਤੇ ਲੋਕਾਂ ਦਾ ਖੂਨ ਚੂਸ ਕੇ ਤਜੋਰੀਆਂ ਭਰਨ ਵਾਲਿਆਂ ਦਾ ਪਾਜ ਉਘੇੜਦਾ ਉਨ੍ਹਾਂ ਦਾ ਦੁਸ਼ਮਣ ਹੋ ਨਿਬੜਦਾ ਹੈ। ਇੰਜ ਉਹ ਰਹਿਮਦਿਲ, ਦਾਨੀ, ਪਰਉਪਕਾਰੀ ਅਤੇ ਮਾਨਵਵਾਦੀ ਸਿੱਧ ਹੁੰਦਾ ਹੈ। ਕਥਾ ਵਿਚ ਪਰਾ-ਸਰੀਰਕ ਅੰਸ਼ ਵੀ ਉਪਲਬਧ ਹੈ। ਹਰ ਕਥਾ ਵਿਚ ਫੋਕਸੀਕਰਨ ਬਦਲਦਾ ਚਲਿਆ ਜਾਂਦਾ ਹੈ। ਸ਼ੈਲੀ ਅਨ੍ਰਯ-ਪੁਰਖੀ ਅਤੇ ਸੰਵਾਦਕ ਹੈ। ਨਾਇਕ ਭਾਸ਼ਾ ਦੇ ਗਤੀਸ਼ੀਲ ਅਰਥ-ਦਰ-ਅਰਥ ਕਰਕੇ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ : ਮਸਲਨ : 'ਚੱਲੀ', 'ਖਾਚਿੜੀ' ਆਦਿ। ਕੁੱਲ ਮਿਲਾ ਕੇ ਇਹ ਪੁਸਤਕ ਸਿੱਖਿਆਦਾਇਕ ਰੌਚਿਕ ਕਥਾਵਾਂ ਦਾ ਸੰਗ੍ਰਹਿ ਹੋ ਨਿਬੜਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007
ਫ ਫ ਫ

14-07-2018

 ਘੁੰਗਰੂ
ਗ਼ਜ਼ਲਕਾਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 270 ਰੁਪਏ, ਸਫ਼ੇ : 96
ਸੰਪਰਕ : 99884-44002.

ਗੁਰਦਿਆਲ ਰੌਸ਼ਨ ਸਾਡੇ ਸਮਿਆਂ ਦਾ ਪਹਿਲੀ ਕਤਾਰ ਦਾ ਪੰਜਾਬੀ ਗ਼ਜ਼ਲਕਾਰ ਹੈ। ਉਹ ਪਿਛਲੀ ਅੱਧੀ ਸਦੀ ਤੋਂ ਜਿਥੇ ਰੌਸ਼ਨ ਗ਼ਜ਼ਲਕਾਰੀ ਕਰ ਰਿਹਾ ਹੈ, ਉਥੇ ਉਹ ਸੁਹਿਰਦਤਾ ਨਾਲ ਪੰਜਾਬੀ ਗ਼ਜ਼ਲ ਨੂੰ ਪੰਜਾਬੀਅਤ ਦਾ ਜਾਮਾ ਪਹਿਨਾਉਣ ਵਾਸਤੇ ਸਮਾਲੋਚਨਾ ਵੀ ਕਰ ਰਿਹਾ ਹੈ। ਰੌਸ਼ਨ ਨੇ ਆਪਣੀ ਕਲਮ ਦੀ ਸਿਆਹੀ ਨੂੰ ਕਦੇ ਖੁਸ਼ਕ ਨਹੀਂ ਹੋਣ ਦਿੱਤਾ। ਮਾਨਵੀ ਦਰਦ ਦਾ ਰਚੇਤਾ ਸ਼ਾਇਰ ਰੌਸ਼ਨ ਗ਼ਜ਼ਲ ਸਿਰਜਨ ਵਿਚ ਸਦਾ ਹੀ ਵਿਲੱਖਣ ਅੰਦਾਜ਼ ਅਤੇ ਲੋਕ ਮਸਲਿਆਂ ਨੂੰ ਗ਼ਜ਼ਲੀਅਤ ਵਿਚ ਢਾਲ ਕੇ ਪੇਸ਼ ਕਰਦਾ ਆ ਰਿਹਾ ਹੈ। ਉਸ ਦੇ ਸ਼ਿਅਰ ਸਹਿਜੇ ਹੀ ਪਾਠਕ ਸਰੋਤੇ ਦੇ ਦਿਲ 'ਚੋਂ ਹੁੰਦੇ ਹੋਏ ਜ਼ਿਹਨ-ਨਸ਼ੀਨ ਹੋ ਜਾਂਦੇ ਹਨ।
ਦਰਜਨਾਂ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣ ਵਾਲੇ ਸ਼ਾਇਰ ਰੌਸ਼ਨ ਨੇ ਗ਼ਜ਼ਲ ਪੁਸਤਕਾਂ ਨੂੰ ਪਾਠਕਾਂ ਦੀ ਰੁਚੀ ਜਗਾਉਣ ਵੱਲ ਅਤੇ ਸੁਹਜ-ਪਰੋਸਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਗ਼ਜ਼ਲ ਨੂੰ ਵਿਆਪਕਤਾ ਵਿਚ ਅਤੇ ਹੋਰ ਵਿਧਾਵਾਂ ਦੇ ਬਰਅਕਸ ਅਮੀਰੀ ਬਖ਼ਸ਼ਣ ਵਾਸਤੇ ਸ਼ਾਇਰ ਨੇ ਆਪਣੀਆਂ ਨਵੀਆਂ ਗ਼ਜ਼ਲ ਪੁਸਤਕਾਂ ਨੂੰ ਰੰਗੀਨ ਚਿੱਤਰਾਂ ਨਾਲ ਸ਼ਿੰਗਾਰਨਾ ਅਰੰਭਿਆ। ਉਸ ਦੀ ਗ਼ਜ਼ਲ ਪੁਸਤਕ 'ਮਹਿਫ਼ਲ' ਵਿਚ ਪ੍ਰਸਿੱਧ ਚਿੱਤਰਕਾਰ ਅਲੀ ਅੱਬਾਸ ਦੇ ਚਿੱਤਰਾਂ ਦਾ ਸ਼ਾਮਿਲ ਹੋਣਾ ਇਸ ਦੀ ਮਿਸਾਲ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ ਵੀ ਉਸ ਨੇ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰਾਂ ਨੂੰ ਸਫ਼ਿਆਂ ਦਾ ਸ਼ਿੰਗਾਰ ਬਣਾਇਆ ਹੈ। ਇਹੀ ਨਹੀਂ ਉਸ ਨੇ ਸੁਹਜ-ਪਰੋਸਣ ਦੀ ਸਫ਼ਲਤਾ ਵਾਸਤੇ ਆਪਣੇ ਅੱਧੀ ਦਰਜਨ ਗ਼ਜ਼ਲ ਸੰਗ੍ਰਹਿਆਂ ਨੂੰ ਰੰਗੀਨ ਸ਼ਬਦਾਂ ਤੇ ਵਿਲੱਖਣ ਅੰਦਾਜ਼ ਵਿਚ ਵੀ ਪ੍ਰਕਾਸ਼ਿਤ ਕੀਤਾ ਹੈ, ਜੋ ਕਠਿਨ ਕਾਰਜ ਸੀ। ਹਥਲੀ ਪੁਸਤਕ ਵਿਚ ਸ਼ਾਨਦਾਰ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਸ਼ਾਇਰ ਨੇ ਕੁੱਲ 50 ਸ਼ਾਨਦਾਰ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿਚ ਉਹ ਆਪਣੇ ਬੇਬਾਕ ਸ਼ਿਅਰੀ ਅੰਦਾਜ਼ ਨੂੰ ਕਾਇਮ ਰੱਖਦਾ ਹੋਇਆ ਸਮਾਜ ਨੂੰ ਸਮਾਜ ਵਿਚ ਫੈਲ ਰਹੀਆਂ ਅਨੈਤਿਕਤਾਵਾਂ ਪ੍ਰਤੀ ਜਾਗਰੂਕ ਕਰਦਾ ਹੈ। 'ਘੁੰਗਰੂ' ਗ਼ਜ਼ਲ ਸੰਗ੍ਰਹਿ ਲੋਕਾਈ ਵਿਚ ਹੋਕੇ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ। ਰੌਸ਼ਨ ਲੋਕਾਂ ਦਾ ਸ਼ਾਇਰ ਹੈ। ਲੀਹੋਂ ਲੱਥੀ ਰਾਜਨੀਤੀ, ਕਾਨੂੰਨੀ ਮਾਨਤਾ ਪ੍ਰਾਪਤ ਕਰ ਗਈ ਲੁੱਟ-ਘਸੁੱਟ, ਸਮਾਜਿਕ ਲੁੱਟ ਖੋਹ, ਧਰਮੰਧਤਾ ਅਤੇ ਸਮਾਜਿਕ ਵਿਡੰਬਨਾਵਾਂ ਪ੍ਰਤੀ ਸ਼ਿਅਰੀ ਜ਼ਬਾਨ ਵਿਚ ਬੁਲੰਦ ਤੇ ਊਰਜਾ ਭਰੇ ਬਿਆਨਾਂ ਨੂੰ ਮੈਂ ਦਿਲੋਂ ਜੀ ਆਇਆਂ ਕਹਿੰਦਾ ਹਾਂ। ਗ਼ਜ਼ਲ ਪੁਸਤਕ ਦਾ ਹਰ ਸ਼ਿਅਰ ਲੋਕ ਚੇਤਨਾ ਦਾ ਵਾਹਕ ਲਗਦਾ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਜਲਾਵਤਨੀ ਤੇ ਜੇਲ੍ਹ ਯਾਦਾਂ
ਲੇਖਕ : ਮੁਈਨ ਬਸੀਸੋ
ਅਨੁਵਾਦਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਚ.ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 290 ਰੁਪਏ, ਸਫ਼ੇ : 112
ਸੰਪਰਕ : 99150-42242.

ਸ: ਹਰਭਜਨ ਸਿੰਘ ਹੁੰਦਲ ਇਕ ਪ੍ਰਗਤੀਵਾਦੀ ਕਵੀ ਅਤੇ ਇਨਕਲਾਬੀ ਚਿੰਤਕ ਹੈ। ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਰਿਹਾ ਹੈ। ਉਸ ਨੇ ਵਿਸ਼ਵ ਦੇ ਪ੍ਰਸਿੱਧ ਮਾਰਕਸਵਾਦੀ ਲੇਖਕਾਂ ਅਤੇ ਚਿੰਤਕਾਂ ਬਾਰੇ ਲਿਖਣਾ ਸ਼ੁਰੂ ਕਰ ਰੱਖਿਆ ਹੈ। ਮਾਇਆਕੋਵਸਕੀ, ਪਾਬਲੋ ਨੇਰੂਦਾ, ਨਾਜ਼ਿਮ ਹਿਕਮਤ, ਮਹਿਮੂਦ ਦਰਵੇਸ਼, ਬਰੈਖ਼ਤ, ਗ੍ਰਾਮਸਕੀ, ਫੀਦਲ ਕਾਸਤਰੋ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਵਰਗੇ ਅਨੇਕ ਕ੍ਰਾਂਤੀਕਾਰੀ ਚਿੰਤਕਾਂ/ਕਵੀਆਂ ਦੇ ਬਾਰੇ ਉਸ ਦੇ ਮੋਨੋਗ੍ਰਾਫ਼ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਉਹ ਅਤਿਅੰਤ ਪ੍ਰਮਾਣਿਕ ਸਰੋਤ ਪੁਸਤਕਾਂ ਦੇ ਆਧਾਰ 'ਤੇ ਕਾਫੀ ਮੌਲਿਕ ਅਤੇ ਮੁੱਲਵਾਨ ਸਮੱਗਰੀ ਪ੍ਰਕਾਸ਼ਿਤ ਕਰ ਚੁੱਕਾ ਹੈ।
ਮੁਈਨ ਬਸੀਸੋ, ਫਲਸਤੀਨ ਕ੍ਰਾਂਤੀਕਾਰੀ ਸੰਘਰਸ਼ ਦਾ ਯੋਧਾ ਸੀ। ਉਸ ਦੀ ਪੁਸਤਕ 'ਡੂੰਘੇ ਪਾਣੀਆਂ ਵਿਚ ਉੱਤਰਨਾ' ਜੇਲ੍ਹ ਜੀਵਨ ਦੀਆਂ ਕਠਿਨਾਈਆਂ ਅਤੇ ਤਸੀਹਿਆਂ ਦਾ ਮਾਰਮਿਕ ਵਰਨਣ ਹੈ। ਲੇਖਕ ਹਰਭਜਨ ਹੁੰਦਲ ਨੇ ਇਸ ਪੁਸਤਕ ਦੇ 12 ਕਾਂਡਾਂ ਦਾ ਬੜਾ ਸੁਚੱਜਾ ਅਨੁਵਾਦ ਕੀਤਾ ਹੈ। ਬਸੀਸੋ ਦਾ ਜਨਮ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਹੋਇਆ ਸੀ। 1946 ਈ: ਵਿਚ ਉਹ ਗਾਜ਼ਾ ਦੇ ਸਪੋਰਟਸ ਕਲੱਬ ਨਾਲ ਜੁੜ ਗਿਆ। ਫੂ-ਅਦ-ਨਾਗਰ ਨੇ ਉਸ ਨੂੰ ਫਲਸਤੀਨੀ ਰਾਸ਼ਟਰੀ ਲਹਿਰ ਦੇ ਕਵੀਆਂ ਨਾਲ ਪਿਆਰ ਕਰਨਾ ਸਿਖਾਇਆ। 1952 ਈ: ਵਿਚ ਉਸ ਦਾ ਪਹਿਲਾ ਕਾਵਿ ਸੰਗ੍ਰਹਿ 'ਅਲ-ਮਾ-ਰਾਕਾ' ਪ੍ਰਕਾਸ਼ਿਤ ਹੋਇਆ। ਇਸ ਸੰਗ੍ਰਹਿ ਦੀ ਇਕ ਪ੍ਰਸਿੱਧ ਕਵਿਤਾ ਵਿਚ ਉਹ ਲਿਖਦਾ ਹੈ :
ਇਨ੍ਹਾਂ ਗਲੀਆਂ ਦਾ ਕੌਣ ਵਾਲੀ ਹੈ
ਅਸੀਂ ਜਾਂ ਸਿਪਾਹੀ। ...
ਇਸ ਗਲੀ ਦਾ ਕੌਣ ਮਾਲਕ ਹੈ
ਕੋਈ ਆਵਾਜ਼ ਨਹੀਂ ਸੁਣਦੀ
ਸਿਵਾਇ ਸੈਨਿਕਾਂ ਤੇ ਸਿਪਾਹੀਆਂ ਦੇ
ਪਰ ਸੁਣੋ, ਉਸ ਆਵਾਜ਼ ਨੂੰ ਸੁਣੋ
ਪੁਲਿਸ ਤੇ ਬੈਰਕਾਂ ਦੇ ਬਾਵਜੂਦ
ਇਹ ਗਲੀਆਂ ਸਾਡੀਆਂ ਹਨ।
ਜੇਲ੍ਹ ਯਾਦਾਂ ਨਾਲ ਸਬੰਧਿਤ ਇਹ ਪੁਸਤਕ ਇਕ ਕ੍ਰਾਂਤੀਕਾਰੀ ਕਮਿਊਨਿਸਟ ਕਵੀ ਦੇ ਜੀਵਨ ਦਾ ਇਕ ਪ੍ਰੇਰਨਾਭਰਪੂਰ ਇਤਿਹਾਸ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਉਮਰੋਂ ਲੰਮੀ ਉਡੀਕ
ਲੇਖਕ : ਨਿਸ਼ਾਨ ਸਿੰਘ ਰਾਠੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 075892-33437.

ਨਿਸ਼ਾਨ ਸਿੰਘ ਰਾਠੌਰ ਮੂਲ-ਰੂਪ ਵਿਚ ਕਵੀ ਅਤੇ ਆਲੋਚਕ ਹੈ। ਆਪਣੇ ਸੀਮਤ ਅਨੁਭਵ ਨੂੰ ਉਸ ਨੇ ਕਹਾਣੀਆਂ ਵਿਚ ਢਾਲਣ ਦਾ ਯਤਨ ਕੀਤਾ ਹੈ। ਉਹ ਖ਼ੁਦ ਮੰਨਦਾ ਹੈ ਕਿ ਇਸ ਸੰਗ੍ਰਹਿ ਵਿਚ ਉਸ ਨੇ ਉਹ ਕਹਾਣੀਆਂ ਹੀ ਸ਼ਾਮਿਲ ਕੀਤੀਆਂ ਹਨ ਜੋ ਕਿਸੇ ਤੋਂ ਕੰਨੀਂ ਸੁਣੀਆਂ ਜਾਂ ਹੱਡੀਂ-ਹੰਢਾਈਆਂ ਹਨ। ਇਸ ਸੰਗ੍ਰਹਿ ਵਿਚ ਕੁੱਲ 12 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਉਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ।
ਨਿਸ਼ਾਨ ਸਿੰਘ ਰਾਠੌਰ ਕੋਲ ਫ਼ੌਜੀ ਜੀਵਨ ਦਾ ਅਨੁਭਵ ਹੈ ਤੇ ਕੁਝ ਖੋਜ ਕਾਰਜ ਵਿਚ ਹੰਢਾਏ ਸੱਚ ਦਾ ਤਜਰਬਾ ਹੈ। ਕੁਝ ਪੇਂਡੂ ਜੀਵਨ ਦੀਆਂ ਝਲਕੀਆਂ ਹਨ। 'ਸ਼ਹੀਦ', 'ਉਮਰੋਂ ਲੰਮੀ ਉਡੀਕ', 'ਮੇਮ ਸਾਹਬ', 'ਅਧੂਰੇ ਸੁਪਨੇ', 'ਬੇਨਾਮ ਰਿਸ਼ਤਾ', 'ਕਉਣੁ ਜਾਣੈ ਪੀਰ ਪਰਾਈ' ਕਹਾਣੀਆਂ ਫ਼ੌਜੀ ਜੀਵਨ ਦੀਆਂ ਅੱਡ-ਅੱਡ ਕੋਣਾਂ ਤੋਂ ਜਾਣੀਆਂ-ਪਛਾਣੀਆਂ ਤੇ ਮਹਿਸੂਸ ਕੀਤੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਰੰਗ ਤੇ ਜਜ਼ਬੇ ਉੱਘੜਦੇ ਪ੍ਰਤੀਤ ਹੁੰਦੇ ਹਨ।
'ਸਰਪੰਚ' ਕਹਾਣੀ ਪਿੰਡ ਵਿਚ ਰਹਿੰਦੇ ਜੱਟਾਂ ਦੀ ਹੌਂਅ ਦੀ ਕਹਾਣੀ ਹੈ ਜੋ ਦਲਿਤਾਂ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸਮਝਦੇ। ਦਲਿਤ ਦੇ ਸਰਪੰਚ ਬਣ ਜਾਣ 'ਤੇ ਵੀ ਉਹ ਉਨ੍ਹਾਂ ਲਈ ਨਿੱਕੀ-ਸੁੱਕੀ ਜਾਤ ਹੀ ਰਹਿੰਦਾ ਹੈ। 'ਅਦਾਕਾਰਾ' ਇਕ ਮੰਗਤੀ ਦੀ ਕਹਾਣੀ ਹੈ ਜੋ ਆਪਣੀਆਂ ਚਲਾਕੀਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੀ ਹੈ। 'ਸੌਦਾ' ਕਹਾਣੀ ਪੀ.ਐਚ.ਡੀ. ਕਰਵਾ ਰਹੇ ਗਾਈਡਾਂ ਦੀ ਲਾਲਚੀ ਮਨੋਬਿਰਤੀ ਤੋਂ ਪਰਦਾ ਚੁੱਕਦੀ ਹੈ ਜੋ ਪੀ.ਐਚ.ਡੀ. ਦੇ ਬਹਾਨੇ ਸੌਦਾ ਕਰਦੇ ਹਨ। 'ਗੁਡੀਆ' ਅਜਿਹੇ ਲੋਕਾਂ ਦੀ ਨੀਅਤ ਤੋਂ ਪਰਦਾ ਚੁੱਕਦੀ ਹੈ ਜੋ ਔਰਤ ਦੀ ਥਾਂ ਉਸ ਦੇ ਜਿਸਮ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ। 'ਕੰਨਿਆ ਪੂਜਨ' ਕਹਾਣੀ ਦੀ ਪਾਤਰ ਇਕ ਪਾਸੇ ਤਾਂ ਭਰੂਣ-ਹੱਤਿਆ ਦਾ ਘਿਨੌਣਾ ਕਾਰਜ ਕਰਦੀ ਹੈ ਪਰ ਦੂਜੇ ਪਾਸੇ ਅਸ਼ਟਮੀ ਵਾਲੇ ਦਿਨ ਛੋਟੀਆਂ-ਛੋਟੀਆਂ ਬਾਲੜੀਆਂ ਨੂੰ ਪੂਜਣ ਦਾ ਢੋਂਗ ਰਚਾਉਂਦੀ ਹੈ।
ਨਿਸ਼ਾਨ ਸਿੰਘ ਰਾਠੌਰ ਦੀਆਂ ਕਹਾਣੀਆਂ ਆਪਣੀ ਪਕੜ ਵਿਚ ਆਏ ਯਥਾਰਥ ਨੂੰ ਹੀ ਪੇਸ਼ ਕਰਨ ਦਾ ਯਤਨ ਕਰਦੀਆਂ ਹਨ। ਪਰ ਕਿਸੇ-ਕਿਸੇ ਕਹਾਣੀ ਜਿਵੇਂ 'ਸਰਪੰਚ', 'ਸੌਦਾ', 'ਕਾਉਣੁ ਜਾਣੈ ਪੀਰ ਪਰਾਈ' ਤੇ 'ਕੰਨਿਆ ਪੂਜਨ' ਵਿਚ ਉਹ ਵਿਅੰਗ ਵਿਧਾ ਦੀ ਵਰਤੋਂ ਕਰਕੇ ਕਹਾਣੀ ਦੀ ਸ਼ਿੱਦਤ ਨੂੰ ਵਧਾ ਦਿੰਦਾ ਹੈ। ਸਰਪੰਚ, ਪੀਰ ਪਰਾਈ ਤੇ ਕੰਨਿਆ ਪੂਜਨ ਜਿਹੀਆਂ ਕਹਾਣੀਆਂ ਉਸ ਦੀ ਸ਼ਨਾਖ਼ਤ ਬਣਾਉਣ ਵਿਚ ਸਹਾਈ ਹੋ ਸਕਦੀਆਂ ਹਨ।

ਂਕੇ.ਐਲ. ਗਰਗ
ਮੋ: 94635-37050
ਫ ਫ ਫ

ਖਿਸਕਦੇ ਪਲ
ਲੇਖਿਕਾ : ਮਨਜੀਤ ਬਟਾਲਵੀ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 81988-55170.

ਮਨਜੀਤ ਬਟਾਲਵੀ ਸਾਹਿਤ ਰਸੀਆ ਹੋਣ ਕਾਰਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉੱਪਰ ਨਿਰੰਤਰ ਲਿਖਣ ਦਾ ਅਭਿਆਸ ਕਰ ਰਹੀ ਅਜਿਹੀ ਸਿਰਜਨਾਤਮਿਕ ਵਲਵਲਿਆਂ ਵਾਲੀ ਲੇਖਿਕਾ ਹੈ, ਜਿਸ ਨੇ ਸਿਸਕਦੇ ਅੱਖਰ ਤੇ ਮਹਿਕਦੇ ਫੁੱਲ, ਕਾਵਿ ਤੇ ਗੀਤ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਸਿਆਣਿਆਂ ਦਾ ਕਥਨ ਹੈ, 'ਲਿਖਣਾ ਇਕ ਕਲਾ ਹੈ, ਇਹ ਕਲਾਤਮਿਕ ਸੂਝ ਦੀ ਪ੍ਰਾਪਤੀ ਸਾਹਿਤ ਪੜ੍ਹਨ ਤੇ ਲਿਖਣ ਦੇ ਅਭਿਆਸ ਪਿੱਛੋਂ ਹੁੰਦੀ ਹੈ।' ਮਨਜੀਤ ਸ਼ਾਇਦ, ਸਾਹਿਤ ਅਧਿਐਨ ਤੇ ਲਿਖਣ ਦੇ ਮੁਢਲੇ ਦੌਰ ਦੀ ਵਿਦਿਆਰਥਣ ਹੈ। ਇਸ ਪੁਸਤਕ ਦੇ ਚਾਰ ਭਾਗ, ਕਵਿਤਾਵਾਂ, ਬੋਲੀਆਂ, ਸ਼ਿਅਰ ਅਤੇ ਮਿੰਨੀ ਕਹਾਣੀਆਂ ਹਨ। ਪਹਿਲੇ ਤਿੰਨ ਭਾਗ ਕਵਿਤਾਵਾਂ ਨਾਲ ਸਬੰਧਿਤ ਹਨ, ਭਾਵੇਂ ਕਵਿਤਾਵਾਂ ਬੋਲੀਆਂ ਤੇ ਸ਼ਿਅਰਾਂ ਦੇ ਕੋਈ ਬੱਝਵੇਂ ਪ੍ਰਚਲਿਤ ਰੂਪ ਨਹੀਂ। ਪਹਿਲੇ ਤਿੰਨਾਂ ਭਾਗਾਂ ਵਿਚ ਕਵਿੱਤਰੀ ਦੇ ਉਤੇਜਿਤ ਵਲਵਲੇ ਬਿਹਬਲ ਭਾਵਨਾਵਾਂ ਅਤੇ ਭਾਵਨਾਵਾਂ ਦੇ ਝੱਖੜ ਝੁਲਦੇ ਜਾਪਦੇ ਹਨ। ਕਿਸੇ ਵੀ ਕਵਿਤਾ ਰਾਹੀਂ ਕਵਿੱਤਰੀ ਜ਼ਿੰਦਗੀ ਸਮਾਜ ਸੰਸਾਰ ਨਾਲ ਸਬੰਧ ਰੱਖਦੀ ਹੋਈ ਸੰਸਾਰ ਸਮਾਜ ਅਤੇ ਮਨੁੱਖ ਦੀ ਭਖਦੀ ਸਮੱਸਿਆ ਪ੍ਰਤੀ ਜਾਗਰੂਕ ਸੁਨੇਹਾ ਨਹੀਂ ਸੰਚਾਰਦੀ। ਆਤਮ-ਸੰਵੇਦਨਾ ਵਿਚ ਰੰਗੀਆਂ ਕਵਿਤਾਵਾਂ, ਬੋਲੀਆਂ ਜਾਂ ਸ਼ਿਅਰ ਸੀਮਤ ਨਿੱਜੀ ਦਾਇਰੇ ਦੇ ਸੱਭਿਆਚਾਰ, ਮਾਨਸਿਕ ਦਵੰਦ ਅਤੇ ਪਰੰਪਰਾਗਤ ਰਵਾਇਤੀ ਸੁਨੇਹਿਆਂ ਤੋਂ ਵੱਧ ਕੁਝ ਪ੍ਰਾਪਤ ਨਹੀਂ ਕਰਵਾਉਂਦੇ। ਕਵਿੱਤਰੀ ਨੂੰ ਅਧਿਐਨ ਅਤੇ ਅਭਿਆਸ ਦੇ ਪੈਂਤੜੇ ਪਿੱਛੋਂ ਜਿਥੇ ਨਵੀਂ ਸੋਚ ਤੋਂ ਪੈਦਾ ਹੋਏ ਅਜੋਕੇ ਮਨੁੱਖ ਤੇ ਸਮਾਜ ਤੋਂ ਪ੍ਰਾਪਤ ਨਵੇਂ ਵਿਸ਼ਿਆਂ ਦੀ ਚੋਣ ਕਰਨ ਦੀ ਲੋੜ ਹੈ, ਉਥੇ ਕਵਿਤਾ, ਕਹਾਣੀ ਤੇ ਗਲਪ ਦੀ ਕਲਾਤਮਿਕ ਸੋਝੀ ਪ੍ਰਾਪਤ ਕਰਨ ਦੇ ਯਤਨ ਤੇਜ਼ ਕਰਨ ਦੀ ਵੀ ਲੋੜ ਹੈ। ਮਨਜੀਤ ਅੰਦਰ ਭਾਵਨਾਵਾਂ ਦੇ ਸਰਚਸ਼ਮੇ ਹਨ, ਭਾਵਨਾਵਾਂ ਕਲਪਨਾਵਾਂ ਅਤੇ ਵਲਵਲਿਆਂ ਦਾ ਹੜ੍ਹ ਹੈ। ਜਾਗ੍ਰਿਤ ਚੇਤਨ ਅਤੇ ਸੰਵੇਦਨ ਦ੍ਰਿਸ਼ਟੀ ਤੋਂ ਸਾਹਿਤ ਅਧਿਐਨ ਦੀ ਅਭਿਆਸੀ ਮਿਹਨਤ ਦੀ ਲੋੜ ਹੈ। ਛੇਤੀ ਹੀ ਉਹ ਆਪਣੇ ਅੰਦਰਲੇ ਸਾਹਿਤਕ ਜਜ਼ਬੇ ਨਾਲ ਇਸ ਦੌਰ ਦੀ ਪ੍ਰੀਖਿਆ ਪਾਸ ਕਰ ਸਕਦੀ ਹੈ। ਕਵਿਤਾਵਾਂ ਬੋਲੀਆਂ ਸ਼ਿਅਰਾਂ ਅਤੇ ਮਿੰਨੀ ਕਹਾਣੀਆਂ ਦੇ ਜੇਕਰ ਕਲਾਤਮਿਕ ਪੱਖ ਪ੍ਰਤੀ ਸੁਚੇਤ ਹੋ ਕੇ ਮਨਜੀਤ ਲਿਖਣ ਲਈ ਨਵੀਂ ਸੋਚ ਤੋਂ ਵਿਸ਼ਿਆਂ ਦੀ ਚੋਣ ਕਰੇਗੀ ਤਾਂ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਉਸ ਲਈ 'ਆਸਮਾਨ ਸੇ ਆਗੇ ਜਹਾਨ ਔਰ ਵੀ ਹੈ' ਜਿਨ੍ਹਾਂ ਨੂੰ ਪ੍ਰਾਪਤ ਕਰਕੇ ਉਹ ਅੰਬਰੀ ਉੱਡਣ ਵਿਚ ਸਫ਼ਲ ਜ਼ਰੂਰ ਹੋਵੇਗੀ। ਸ਼ੁੱਭ ਇੱਛਾਵਾਂ!

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਪੰਜਾਬੀ ਸਾਹਿਤ :
ਸੰਵੇਦਨਾ ਅਤੇ ਸਰੋਕਾਰ

ਲੇਖਕ : ਡਾ: ਮਨਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ (ਪੇਪਰ ਬੈਕ), ਸਫ਼ੇ : 127
ਸੰਪਰਕ : 98130-58836.

ਪੰਜਾਬੀ ਸਾਹਿਤ ਦੇ ਵਿਭਿੰਨ ਕਾਲ-ਖੰਡਾਂ ਵਿਚ ਰਚੇ ਗਏ ਸਾਹਿਤ ਨੂੰ ਉਸਾਰੂ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਪਰਖਣ ਵਿਚ ਨਾਰੀ ਵਿਦਵਾਨਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਸੇ ਪ੍ਰਸੰਗਤਾ ਵਿਚ ਡਾ: ਮਨਜੀਤ ਕੌਰ ਰਚਿਤ ਇਸ ਪੁਸਤਕ ਵਿਚ 12 ਖੋਜ ਨਿਬੰਧ ਦਰਜ ਕੀਤੇ ਗਏ ਹਨ ਜੋ ਆਦਿ-ਕਾਲ ਤੋਂ ਆਧੁਨਿਕ ਕਾਲ ਤੱਕ ਦੀਆਂ ਪ੍ਰਮੁੱਖ ਰਚਨਾਵਾਂ ਦਾ ਆਲੋਚਨਾਤਮਿਕ ਅਧਿਐਨ ਪੇਸ਼ ਕਰਦੇ ਹਨ। ਪੰਜਾਬੀ ਨਾਰੀ-ਕਾਵਿ ਵਿਚੋਂ ਪ੍ਰਗਟ ਹੁੰਦੀ ਨਾਰੀਵਾਦੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਆਦਿ-ਕਾਲ ਵਿਚ ਹੋਏ ਸਰੋਤਾਂ ਨੂੰ ਆਧਾਰ ਬਣਾ ਕੇ ਅਜੋਕੇ ਸਮੇਂ ਤੱਕ ਦੀਆਂ ਕਵਿੱਤਰੀਆਂ ਦੀਆਂ ਕਾਵਿ-ਰਚਨਾਵਾਂ ਨੂੰ ਆਧਾਰ-ਭੂਮੀ ਮੰਨ ਕੇ ਗੰਭੀਰ ਸੰਗਤੀਆਂ ਵਿਸੰਗਤੀਆਂ ਦਾ ਨਿਰੂਪਣ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬੀ ਸਾਹਿਤ ਵਿਚ ਨਾਵਲ ਬ੍ਰਿਤਾਂਤ ਦੇ ਬਹੁ-ਪਾਸਾਰਾਂ ਨੂੰ ਪ੍ਰਗਟ ਕਰਦਿਆਂ ਹਰਿਆਣਾ ਵਿਚ ਰਚੀ ਜਾ ਰਹੀ ਪੰਜਾਬੀ ਕਹਾਣੀ ਦੇ ਮੂਲ ਸਰੋਕਾਰਾਂ ਨੂੰ ਵੀ ਉਭਾਰਿਆ ਹੈ ਅਤੇ ਨਾਲ ਦੀ ਨਾਲ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਿਚਲੇ ਪ੍ਰਗਤੀਵਾਦੀ ਯਥਾਰਥਬੋਧ ਦਾ ਪ੍ਰਗਟਾਵਾ ਵੀ ਕੀਤਾ ਹੈ। ਆਧੁਨਿਕ ਪੰਜਾਬੀ ਕਹਾਣੀ ਵਿਚ ਦਲਿਤ ਚਿੰਤਨਧਾਰਾ ਨੂੰ ਵਿਸ਼ਲੇਸ਼ਣਾਤਮਿਕ ਵਿਧੀ ਰਾਹੀਂ ਪ੍ਰਗਟਾਉਂਦਿਆਂ ਹੋਇਆਂ ਇਨ੍ਹਾਂ ਸਭਨਾਂ ਸੰਕਲਪਾਂ ਦੇ ਸਰੋਕਾਰਾਂ ਨੂੰ ਸਿਧਾਂਤਕ ਅਤੇ ਵਿਵਹਾਰਕ ਪੱਖਾਂ ਤੋਂ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਪਰਵਾਸ ਅਤੇ ਪਰਵਾਸੀ ਚਿੰਤਨ ਅਨੁਭਵ ਵਿਚੋਂ ਪੈਦਾ ਹੋਏ ਗੂਹੜ ਸੰਕਲਪਾਂ ਅਤੇ ਭੇਦਾਂ ਨੂੰ ਵੀ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ।
ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ ਜਿਸ ਵਿਚ ਡਾ: ਮਨਜੀਤ ਕੌਰ ਨੇ ਗੁਰਬਾਣੀ ਅਤੇ ਗੁਰਮਤਿ ਧਾਰਾ ਦੇ ਸਿਧਾਂਤਕ ਅਤੇ ਵਿਚਾਰਧਾਰਾਈ ਸਰੋਕਾਰਾਂ ਨੂੰ ਗੁਰਬਾਣੀ ਵਿਚ 'ਬ੍ਰਹਮ ਦਾ ਸੰਕਲਪ', 'ਗੁਰੂ ਦੀ ਮਹੱਤਤਾ', 'ਧਰਮ ਚੇਤਨਾ' ਅਤੇ ਫ਼ਰੀਦ ਬਾਣੀ ਦੇ ਨੈਤਿਕ ਸੰਕਲਪ ਨੂੰ ਬੜੀ ਬਾਰੀਕੀ ਨਾਲ ਅਜੋਕੀ ਸੋਚ ਦ੍ਰਿਸ਼ਟੀ ਦੇ ਅੰਤਰਗਤ ਵਿਚਾਰਿਆ ਹੈ। ਲੇਖਿਕਾ ਦੀ ਪ੍ਰਾਪਤੀ ਹੈ ਕਿ ਉਸ ਨੇ ਪੰਜਾਬੀ ਸੱਭਿਆਚਾਰ ਦੇ ਸਿਧਾਂਤਕ ਦ੍ਰਿਸ਼ਟੀ ਬਿੰਦੂ ਦੀ ਭਾਵ ਪੂਰਤ ਜਾਣਕਾਰੀ ਦਿੱਤੀ ਹੈ ਅਤੇ ਹਰਮਨ-ਪਿਆਰੇ ਕਵੀ ਸ਼ਿਵ ਕੁਮਾਰ ਰਚਿਤ 'ਲੂਣਾ' ਵਿਚੋਂ ਨਾਰੀ ਜਾਤੀ ਦੀਆਂ ਸੰਵੇਦਨਸ਼ੀਲ ਭਾਵਨਾਵਾਂ ਨੂੰ ਸਾਰਥਕ ਦ੍ਰਿਸ਼ਟੀਕੋਣ ਤੋਂ ਪਛਾਣ ਕੇ ਪ੍ਰਗਟਾਇਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਨੇਰੂਦਾ ਦੇ ਅੰਗ ਸੰਗ
ਅਨੁ: ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 360 ਰੁਪਏ, ਸਫ਼ੇ : 159
ਸੰਪਰਕ : 99150-42242.

ਕ੍ਰਾਂਤੀ ਨੇਰੂਦਾ ਅਤੇ ਹੁੰਦਲ ਦਾ ਸਾਂਝਾ ਉਦੇਸ਼ ਹੈ। ਦੋਵੇਂ ਕਵੀ ਤੇ ਚਿੰਤਕ ਵੀ ਹਨ। 1971 ਦਾ ਨੋਬਲ ਪੁਰਸਕਾਰ ਵਿਜੇਤਾ ਨੇਰੂਦਾ। ਚਿੱਲੀ ਦਾ ਨਾਂਅ ਦੁਨੀਆ ਵਿਚ ਰੌਸ਼ਨ ਕਰਨ ਵਾਲਾ। ਜੰਮਦੇ ਹੀ ਕੁਝ ਸਮੇਂ ਪਿੱਛੋਂ ਮਾਂ ਮਰ ਗਈ। ਮਤਰੇਈ ਮਾਂ ਨਰਮ ਸੁਭਾਅ ਦੀ ਨਿਕਲੀ ਪਰ ਪਿਤਾ ਅੱਖੜ ਤੇ ਸਖ਼ਤ ਸੁਭਾਅ। ਰੂਸ ਦੀ ਅਕਤੂਬਰ 1917 ਦੀ ਕ੍ਰਾਂਤੀ ਸਮੇਂ 13 ਸਾਲ ਦਾ ਸੀ ਨੇਰੂਦਾ। ਵਿਚਾਰਧਾਰਕ ਪ੍ਰਤੀਬੱਧਤਾ ਤੇ ਲੋਕ ਹਿਤਾਂ ਲਈ ਸੰਘਰਸ਼ ਵਾਲਾ ਜੀਵਨ ਜੀਵਿਆ ਉਸ ਨੇ।
ਹੁੰਦਲ ਨੇ ਨੇਰੂਦਾ ਨਾਲ ਪਰਿਚਯ ਉਸ ਦੀਆਂ ਸਮੇਂ-ਸਮੇਂ ਲਿਖੀਆਂ ਸਵੈਲਿਖਤਾਂ ਦੇ ਜ਼ਰੀਏ ਕਰਵਾਉਂਦੇ ਹੋਏ ਉਸ ਦੀਆਂ ਕੁਝ ਨਜ਼ਮਾਂ ਦੇ ਅਨੁਵਾਦ ਵੀ ਦਿੱਤੇ ਹਨ। ਹੁੰਦਲ ਨੇ ਨੇਰੂਦਾ ਦੇ ਕਾਵਿ ਚਿੰਤਨ ਬਾਰੇ ਵਿਚਾਰਾਂ ਨੂੰ ਇਸ ਪੁਸਤਕ ਵਿਚ ਉਚੇਚ ਨਾਲ ਸੰਕਲਿਤ ਕੀਤਾ ਹੈ। ਨੇਰੂਦਾ ਦੇ ਅੰਤਿਮ ਦਿਨਾਂ, ਉਸ ਦੀ ਮੌਤ ਤੇ ਮੌਤ ਉਪਰੰਤ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਲਈ ਹੁੰਦਲ ਨੇ ਉਸ ਦੀ ਪਤਨੀ ਦੀਆਂ ਲਿਖਤਾਂ ਨੂੰ ਆਧਾਰ ਬਣਾਇਆ ਹੈ। ਉਸ ਨੇ 1904 ਤੋਂ 1973 ਤੱਕ ਦੀ ਨੇਰੂਦਾ ਦੀ ਸ਼ਿੱਦਤ ਨਾਲ ਜੀਵੀ ਘਟਨਾ ਭਰਪੂਰ ਜ਼ਿੰਦਗੀ ਦਾ ਪ੍ਰਭਾਵਸ਼ਾਲੀ ਬਿਰਤਾਂਤ ਪੰਜਾਬੀ ਪਾਠਕਾਂ ਅੱਗੇ ਰੱਖਿਆ ਹੈ। ਉਸ ਦੇ ਜੀਵਨ ਦੀ ਘਟਨਾਵਲੀ ਦਾ ਸੰਖੇਪ ਤੇ ਵਰ੍ਹੇ ਵਾਰ ਬਿਰਤਾਂਤ ਵੀ ਉਸ ਦੀ ਮਿਹਨਤ ਦਾ ਗਵਾਹ ਹੈ। ਖੋਜ, ਮਿਹਨਤ, ਪ੍ਰਤੀਬੱਧਤਾ, ਕਵਿਤਾ, ਅਧਿਐਨ ਤੇ ਅੱਖਰਾਂ ਦੀ ਜਨ-ਸਾਧਾਰਨ ਨਾਲ ਸਾਰਥਿਕ ਸਾਂਝ ਹਰਭਜਨ ਹੁੰਦਲ ਦੀ ਪਛਾਣ ਹੈ। ਉਮਰ ਦੇ ਵਧਣ ਤੇ ਸਰੀਰਕ ਬਲ ਦੇ ਘਟਣ ਦੇ ਬਾਵਜੂਦ ਉਸ ਦੇ ਉੱਦਮ ਤੇ ਉਦੇਸ਼ਾਂ ਵਿਚ ਕੋਈ ਪੇਤਲਾਪਣ ਜਾਂ ਅਵੇਸਲਾਪਣ ਨਹੀਂ ਆਇਆ। ਅਜੋਕੀ ਸਿਆਸਤ, ਚਿੰਤਨ, ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਯਤਨ, ਫ਼ਿਰਕੂ ਜ਼ਹਿਰ ਤੇ ਨਫ਼ਰਤ ਵੰਡਣ ਤੇ ਪੂੰਜੀਪਤੀਆਂ ਨਾਲ ਯਾਰੀ ਪਾਲਣ ਤੇ ਆਮ ਆਦਮੀ ਨੂੰ ਹਾਸ਼ੀਏ 'ਤੇ ਧੱਕਣ ਦੇ ਇਨ੍ਹਾਂ ਸਮਿਆਂ ਵਿਚ ਹੁੰਦਲ ਤੇ ਨੇਰੂਦਾ ਦੋਵਾਂ ਦੀ ਗੱਲ ਸਾਰਥਿਕ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

08-07-2018

 ਨਾਚਫ਼ਰੋਸ਼
ਲੇਖਕ : ਪਰਗਟ ਸਿੰਘ ਸਤੌਜ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 192
ਸੰਪਰਕ : 94172-41787.

ਨਾਚ ਫ਼ਰੋਸ਼ ਨਾਵਲ ਵਿਆਹਾਂ, ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਵਿਚ ਡੀ.ਜੇ., ਆਰਕੈਸਟਰਾ ਗਰੁੱਪਾਂ ਨਾਲ ਨੱਚਦੀਆਂ ਕੁੜੀਆਂ ਦੇ ਜੀਵਨ ਦੇ ਅਣਕਿਆਸੇ ਯਥਾਰਥ ਦਾ ਗਲਪੀ ਚਿੱਤਰ ਹੈ। ਉੱਤੋਂ ਦੇਖਣ ਨੂੰ ਸਹਿਜ, ਸਾਫ਼, ਸੱਭਿਆਚਾਰਕ ਮਨੋਰੰਜਨ ਦਾ ਭੁਲੇਖਾ ਪਾਉਂਦਾ ਇਹ ਧੰਦਾ ਇਸ ਨਾਵਲ ਵਿਚ ਅਤਿ ਘਿਣਾਉਣੇ ਰੂਪ ਵਿਚ ਸਾਹਮਣੇ ਆਉਂਦਾ ਹੈ। ਸੈਕਸ, ਸ਼ਰਾਬ, ਸਿਗਰਟ, ਨਾਜਾਇਜ਼ ਸਬੰਧ, ਦਗੇ, ਮਜਬੂਰੀਆਂ, ਨਸ਼ੇ, ਗਾਲਾਂ। ਇਸ ਧੰਦੇ ਵਿਚ ਕੋਈ ਸ਼ੌਕ ਨਾਲ ਸ਼ਾਮਿਲ ਹੋਏ ਜਾਂ ਮਜਬੂਰੀ ਨਾਲ ਪਰ ਹਰ ਕਿਸੇ ਦੀ ਹੋਣੀ ਇਕੋ ਹੈ। ਮੁਟਿਆਰਾਂ ਇਸ ਵਿਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਵਧੇਰੇ ਹੁੰਦੀਆਂ ਹਨ।
ਸਤੌਜ ਦੇ ਇਸ ਨਾਵਲ ਵਿਚ ਕੇਂਦਰੀ ਪਾਤਰ ਸੰਦੀਪ ਹੈ ਜੋ ਕਰਨੈਲ ਕੌਰ ਤੇ ਜੈਲੇ ਦੀ ਧੀ ਹੈ। ਜੈਲੇ ਦੀ ਮੌਤ ਉਪਰੰਤ ਕਰਨੈਲ ਨੇ ਸੁੱਖੇ ਡਰਾਈਵਰ ਨਾਲ ਨਾਜਾਇਜ਼ ਸਬੰਧ ਜੋੜ ਲਏ। ਉਸ ਦੀ ਜਵਾਨ ਹੋ ਰਹੀ ਧੀ ਇਸ ਗੰਧਲੇ ਮਾਹੌਲ ਕਾਰਨ ਉਸੇ ਰਾਹ ਤੁਰ ਪੈਂਦੀ ਹੈ। ਸ਼ਰਾਬ ਤੇ ਪਿੰਡ ਦੇ ਸਰਬ ਤੇ ਬੂਟੇ ਨਾਲ ਜਿਨਸੀ ਖੇਡ। ਸਮਾਂ ਪਾ ਕੇ ਉਹ ਸੈਂਡੀ ਬਣ ਕੇ ਆਰਕੈਸਟਰਾ ਗਰੁੱਪ ਵਿਚ ਜਾ ਵੜਦੀ ਹੈ। ਪੈਸਾ, ਸਰੀਰਕ ਸ਼ੋਸ਼ਣ, ਸ਼ਰਾਬ। ਉਸੇ ਵਰਗਾ ਜੀਵਨ ਜੀਣ ਲਈ ਸਰਾਪੀਆਂ ਹੋਈਆਂ ਹਨ, ਬਿੰਦੀਆ (ਬਲਵਿੰਦਰ), ਸੋਨਮ, ਪਰੀ, ਪਾਇਲ ਤੇ ਉਨ੍ਹਾਂ ਦੀਆਂ ਸਾਥਣਾਂ। ਆਰਥਿਕ ਮਜਬੂਰੀਆਂ/ਐਸ਼ ਅੱਯਾਸ਼ੀ ਦੇ ਫ਼ਿਲਮੀ ਸੁਪਨੇ ਇਨ੍ਹਾਂ ਨੂੰ ਗ਼ਲਤ ਰਾਹਾਂ ਉੱਤੇ ਤੋਰਦੇ ਹਨ।
ਸੀਜ਼ਨ, ਜਵਾਨੀ, ਮੌਕਾ, ਹਰ ਕੋਈ ਇਸ ਧੰਦੇ ਵਿਚੋਂ ਸਿੱਧੇ-ਅਸਿੱਧੇ ਹੱਥ ਰੰਗਣ ਵੱਲ ਰੁਚਿਤ ਹੈ। ਸ਼ਰਾਬ/ਨਸ਼ੇ ਦੇ ਲੋਰ ਵਿਚ ਆਪਣਾ ਆਪਾ ਭੁੱਲ ਕੇ ਇਹ ਕੁੜੀਆਂ ਸਟੇਜਾਂ ਉੱਤੇ ਉਤਰ ਕੇ ਹਰ ਜ਼ਿਆਦਤੀ ਤੇ ਵਾਹਿਯਾਤੀ ਬਰਦਾਸ਼ਤ ਕਰਨ ਲਈ ਮਜਬੂਰ ਹੁੰਦੀਆਂ ਹਨ। ਮਾਹੌਲ ਇਨ੍ਹਾਂ ਨੂੰ ਆਪਣੇ ਰੰਗ ਵਿਚ ਰੰਗ ਕੇ ਵਾਹਿਯਾਤ, ਨਸ਼ਈ ਤੇ ਮਰਦਾਂ ਵਾਂਗ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਵਾਲਾ ਵੀ ਬਣਾ ਦਿੰਦਾ ਹੈ। ਵਿਆਹਾਂ ਸ਼ਾਦੀਆਂ ਉੱਤੇ ਹੋਏ ਫ਼ਾਇਰ, ਝਗੜੇ, ਲੜਾਈਆਂ ਕਈਆਂ ਦੀ ਜਾਨ ਵੀ ਲੈ ਜਾਂਦੇ ਹਨ। ਇਸ ਧੰਦੇ ਵਿਚ ਆਈਆਂ ਕੁੜੀਆਂ ਦਾ ਅੰਤ ਇਸ ਨਾਵਲ ਵਿਚ ਦੁਖਾਂਤਕ ਹੁੰਦਾ ਹੈ। ਇਹ ਅੰਤ ਬਹੁਤ ਸਾਰੇ ਪ੍ਰਸ਼ਨ ਖੜ੍ਹੇ ਕਰਨ ਕਰਕੇ ਸਾਰਥਿਕ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸੁਖਪਾਲਵੀਰ ਸਿੰਘ ਹਸਰਤ ਦੇ ਕਾਵਿ-ਸੰਗ੍ਰਹਿ
'ਬੀਤੇ ਦੀ ਬੁੱਕਲ 'ਚੋਂ'
ਦਾ ਵਿਚਾਰਧਾਰਾਈ ਅਧਿਐਨ

ਸੰਪਾਦਕ : ਡਾ: ਹਰਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.
ਸੰਪਰਕ : 99150-18566.

20ਵੀਂ ਸਦੀ ਦੇ ਦੂਸਰੇ ਅੱਧ ਵਿਚ ਜਿਨ੍ਹਾਂ ਕਵੀਆਂ ਨੇ ਪ੍ਰਯੋਗਵਾਦੀ ਅਤੇ ਸ਼ਕਤੀਵਾਦੀ ਕਾਵਿ-ਸਿਧਾਂਤ ਨੂੰ ਸਥਾਪਿਤ ਕੀਤਾ ਉਨ੍ਹਾਂ ਵਿਚੋਂ ਸੁਖਪਾਲਵੀਰ ਸਿੰਘ ਹਸਰਤ ਇਕ ਉੱਘਾ ਕਵੀ ਹੈ। ਉਸ ਨੇ ਭਾਵੇਂ ਆਪਣੇ ਕਾਵਿ ਪੈਰਾਡਾਈਮ ਰਾਹੀਂ ਨਵੇਂ ਮਾਡਲ ਉਭਾਰੇ ਪਰ ਕੁਝ ਕਾਰਨਾਂ ਕਰਕੇ ਉਹ ਅਜੇ ਵੀ ਅਣਗੌਲਿਆ ਰਿਹਾ ਹੈ। ਸੰਪਾਦਕ ਡਾ: ਹਰਮਨਦੀਪ ਕੌਰ ਨੇ ਹਸਰਤ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਦੁਆਰਾ ਪ੍ਰਕਾਸ਼ਿਤ ਪੁਸਤਕ 'ਬੀਤੇ ਦੀ ਬੁੱਕਲ 'ਚੋਂ' ਦਾ ਜੋ ਆਲੋਚਨਾਤਮਿਕ ਅਧਿਐਨ ਦੋ ਦਰਜਨ ਤੋਂ ਉੱਪਰ ਵਿਦਵਾਨਾਂ ਜ਼ਰੀਏ ਕੀਤੇ ਗਏ ਗੰਭੀਰ ਅਧਿਐਨ ਰਾਹੀਂ ਪੇਸ਼ ਕੀਤਾ ਹੈ, ਉਹ ਸੱਚਮੁੱਚ ਅਜੋਕੇ ਕਾਵਿ-ਪਾਠਕਾਂ ਦੇ ਚਿੰਤਕ ਦਾ ਅਧਿਐਨ ਕੇਂਦਰ ਬਿੰਦੂ ਬਣਦਾ ਹੈ।
ਹਸਰਤ ਦੀ ਕਾਵਿ-ਪਰੰਪਰਾ ਉਸ ਦੇ ਧਰਤੀ, ਆਕਾਸ਼, ਪਤਾਲ ਨਾਲ ਸਬੰਧਿਤ ਸਮਾਜਿਕ, ਧਾਰਮਿਕ, ਅਧਿਆਤਮਿਕ, ਸ਼ਕਤੀਵਾਦੀ ਜਾਂ ਪਿਆਰ ਸੰਕਲਪਾਂ ਦੇ ਨਾਲ ਸਬੰਧਿਤ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦੀ ਪ੍ਰਗਟਾਈ ਗਈ ਹੈ। ਉਹ ਦੁਨੀਆ ਨੂੰ, ਮਨੁੱਖੀ ਜੀਵ ਨੂੰ, ਘਰ ਪਰਿਵਾਰ ਨੂੰ ਜਾਂ ਟੁੱਟਦਿਆਂ ਰਿਸ਼ਤਿਆਂ ਅਤੇ ਜੁੜਦੀ ਪਰਿਕਰਮਾ ਨੂੰ ਕੀ ਸਮਝਦਾ ਸੀ ਆਦਿ ਵਿਸ਼ਿਆਂ ਬਾਬਤ ਵੀ ਇਸ ਪੁਸਤਕ ਵਿਚ ਖੋਜ-ਪੱਤਰ ਅੰਕਿਤ ਹਨ। ਉਸ ਦੀ ਕਾਵਿ-ਭਾਸ਼ਿਕ ਸਿਰਜਣ ਪ੍ਰਕਿਰਿਆਵਾਂ ਅਤੇ ਲੋਕਧਾਰਾਈ ਸਰੋਕਾਰਾਂ ਦਾ ਵੀ ਇਸ ਪੁਸਤਕ ਵਿਚ ਬਿਆਨ ਹੈ। ਭਾਵੇਂ ਵਧੇਰੇਤਰ ਖੋਜ-ਪੱਤਰ ਵਿਸ਼ੇ-ਮੂਲਕ ਸਰੋਕਾਰਾਂ ਦਾ ਦਰਪਣ ਹਨ ਪਰੰਤੂ ਕੁਦਰਤ ਦੇ ਵਰਤਾਰੇ ਅਤੇ ਮਾਨਵੀ ਜੀਵਨ ਸ਼ੈਲੀ ਦੇ ਬਦਲਦੇ ਮੁੱਲਾਂ ਦਾ ਵੀ ਪੁਸਤਕ ਵਿਵਰਨ ਪੇਸ਼ ਕਰਦੀ ਹੈ। ਡਾ: ਗੁਰਪ੍ਰੀਤ ਕੌਰ, ਡਾ: ਪਲਵਿੰਦਰ ਕੌਰ, ਡਾ: ਮਨਪ੍ਰੀਤ ਕੌਰ, ਡਾ: ਮਨਦੀਪ ਕੌਰ, ਡਾ: ਰਾਜਵਿੰਦਰ ਕੌਰ, ਡਾ: ਤਰਨਜੀਤ ਕੌਰ, ਡਾ: ਸਰਬਜੀਤ ਕੌਰ, ਡਾ: ਬਲਜੀਤ ਰੰਧਾਵਾ, ਡਾ: ਸਤਿੰਦਰ ਕੌਰ, ਹਰਜੀਤ ਕੌਰ ਕਲਸੀ, ਸੁਖਜਿੰਦਰ ਕੌਰ, ਗੁਰਬਿੰਦਰ ਬਰਾੜ, ਰਮਨਪ੍ਰੀਤ ਕੌਰ ਚੌਹਾਨ, ਦਲਬੀਰ ਕੌਰ, ਪੁਨੀਤ, ਸ਼ਿਲਪਾ ਅਤੇ ਦਰਸ਼ਨ ਕੌਰ ਦੁਆਰਾ ਰਚਿਤ ਇਹ ਸਾਰੇ ਖੋਜ ਪਰਚੇ ਸੱਚਮੁੱਚ ਸਲਾਹੁਣਯੋਗ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਲੋਕ ਨਾਇਕ
ਸਰਦਾਰ ਕਿਰਪਾਲ ਸਿੰਘ
ਸੰਪਾਦਕ : ਸਰਬਜੀਤ ਸਿੰਘ, ਸਵਿੰਦਰ ਸਿੰਘ ਚਾਹਲ
ਪ੍ਰਕਾਸ਼ਕ : ਸੰਪਾਦਕ ਆਪ
ਮੁੱਲ : 200 ਰੁਪਏ, ਸਫ਼ੇ : 168

ਸਰਦਾਰ ਕਿਰਪਾਲ ਸਿੰਘ ਦੀ ਲੋਕ-ਹਿਤੈਸ਼ੀ ਅਤੇ ਬਹੁਪਾਸਾਰੀ ਸ਼ਖ਼ਸੀਅਤ ਬਾਰੇ ਲਿਖਣ ਦਾ ਸੰਕਲਪ ਉਨ੍ਹਾਂ ਦੇ ਸਪੁੱਤਰ ਸ: ਸਰਬਜੀਤ ਸਿੰਘ ਨੇ ਲਿਆ। ਇਕ ਸਪੁੱਤਰ ਦੀ ਆਪਣੇ ਮਾਣਯੋਗ ਪਿਤਾ ਨੂੰ ਇਸ ਤੋਂ ਵੱਡੀ ਹੋਰ ਸ਼ਰਧਾਂਜਲੀ ਕੀ ਹੋ ਸਕਦੀ ਹੈ? ਉਹ ਆਪਣੇ ਪਿਤਾ ਨੂੰ 'ਲੋਕ ਨਾਇਕ' ਅਤੇ 'ਆਪਣੇ ਸਮੇਂ ਦਾ ਯੋਧਾ' ਕਹਿ ਕੇ ਯਾਦ ਕਰਦਾ ਹੈ। ਸਰਦਾਰ ਸਾਹਿਬ ਦਾ ਜਨਮ 17 ਜਨਵਰੀ, 1917 ਨੂੰ ਪਿੰਡ ਸਨਖ਼ਤਰਾ, ਜ਼ਿਲ੍ਹਾ ਸਿਆਲਕੋਟ (ਪੱਛਮੀ ਪੰਜਾਬ) ਵਿਚ ਹੋਇਆ। 13 ਸਾਲ ਦੀ ਬਾਲ ਅਵਸਥਾ ਵਿਚ ਉਹ ਯਤੀਨ ਹੋ ਗਏ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਛੋਟੇ ਭੈਣ-ਭਰਾਵਾਂ ਨੂੰ ਬੜੀ ਚੰਗੀ ਤਰ੍ਹਾਂ ਪਾਲਿਆ। ਪਿੰਡ ਸਨਖ਼ਤਰੇ ਵਿਚ ਉਨ੍ਹਾਂ ਨੇ ਇਕ ਦੁਕਾਨ ਚਲਾ ਕੇ ਰੋਜ਼ੀ-ਰੋਟੀ ਦੀ ਵਿਵਸਥਾ ਕੀਤੀ। ਬੇਸ਼ੱਕ ਉਹ ਬਹੁਤੀ ਵਿੱਦਿਆ ਪ੍ਰਾਪਤ ਨਹੀਂ ਸਨ ਕਰ ਸਕੇ ਪਰ ਉਨ੍ਹਾਂ ਨੂੰ ਸਾਹਿਤ ਅਧਿਐਨ ਦਾ ਬਹੁਤ ਸ਼ੌਕ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਡਾ: ਮੁਹੰਮਦ ਇਕਬਾਲ (ਦੋਵੇਂ ਸਿਆਲਕੋਟੀ) ਉਨ੍ਹਾਂ ਦੇ ਪਸੰਦੀਦਾ ਲੇਖਕ ਸਨ। ਇਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਉਨ੍ਹਾਂ ਦਾ ਅਨੁਭਵ ਬਹੁਤ ਵਿਸ਼ਾਲ ਹੋ ਗਿਆ। 1938 ਈ: ਤੱਕ ਉਹ ਅਕਾਲੀ ਵਿਚਾਰਧਾਰਾ ਨਾਲ ਜੁੜੇ ਰਹੇ। ਬਾਅਦ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਬਣ ਗਏ। ਦੇਸ਼ ਆਜ਼ਾਦ ਹੋਣ ਉਪਰੰਤ ਉਹ ਅੰਮ੍ਰਿਤਸਰ ਪਹੁੰਚ ਗਏ। ਸਮਾਜਿਕ-ਰਾਜਨੀਤਕ ਜੀਵਨ ਵਿਚ ਉਨ੍ਹਾਂ ਦੀ ਕਾਫੀ ਪੁੱਛ-ਪ੍ਰਤੀਤ ਸੀ। ਕੁਝ ਸਮਾਂ ਉਹ ਨਗਰ ਨਿਗਮ ਅੰਮ੍ਰਿਤਸਰ ਦੇ ਵਿਭਿੰਨ ਅਹੁਦਿਆਂ ਲਈ ਚੁਣੇ ਜਾਂਦੇ ਰਹੇ। ਬਹੁਤੀ ਵਾਰ ਉਹ ਬਿਨਾਂ ਮੁਕਾਬਲਾ ਜਿੱਤ ਜਾਂਦੇ ਸਨ। 1989 ਈ: ਉਹ ਐਮ.ਪੀ. ਦੀ ਚੋਣ ਜਿੱਤ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਵਾਰ ਅਸੰਬਲੀ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ ਸੀ। ਚੋਣਾਂ ਦੌਰਾਨ ਨਾ ਤਾਂ ਉਨ੍ਹਾਂ ਨੇ ਕਦੇ ਦੌਲਤ ਦਾ ਸਹਾਰਾ ਲਿਆ ਅਤੇ ਨਾ ਸ਼ਰਾਬ ਦਾ। 1969 ਅਤੇ 1977 ਦੀਆਂ ਅਸੰਬਲੀ ਚੋਣਾਂ ਜਿੱਤ ਕੇ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਬਹੁਤ ਵਿਕਾਸ ਕੀਤਾ, ਜਿਸ ਕਾਰਨ ਅੱਜ ਤੱਕ ਲੋਕਾਂ ਦੀ ਜ਼ਬਾਨ ਉੱਪਰ ਉਨ੍ਹਾਂ ਦਾ ਨਾਂਅ ਚੜ੍ਹਿਆ ਹੋਇਆ ਹੈ। ਉਨ੍ਹਾਂ ਦੇ ਉੱਚੇ-ਸੁੱਚੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਰਿਹਾ। ਉਹ 1980 ਈ: ਵਿਚ ਦੀਵਾਨ ਦੇ ਪ੍ਰਧਾਨ ਬਣੇ ਸਨ ਅਤੇ ਆਪਣੇ ਅੰਤਿਮ ਸਮੇਂ 2002 ਤੱਕ ਇਸ ਗੌਰਵਮਈ ਸੰਸਥਾ ਦੇ ਪ੍ਰਧਾਨ ਬਣੇ ਰਹੇ। ਇਸ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਭਾਈ ਵੀਰ ਸਿੰਘ ਗੁਰਮਤਿ ਕਾਲਜ, ਕਲਗੀਧਰ ਸਕੂਲ ਅਤੇ ਬਹੁਤ ਸਾਰੇ ਹਸਪਤਾਲ ਆਦਿ ਖੋਲ੍ਹੇ ਗਏ। ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈਆਂ ਜਾਣ ਵਾਲੀਆਂ ਵਿੱਦਿਅਕ ਕਾਨਫ਼ਰੰਸਾਂ ਨੂੰ ਉਹ ਪ੍ਰਾਸੰਗਿਕ ਅਤੇ ਸਮੇਂ ਦੀਆਂ ਹਾਣੀ ਬਣਾਉਂਦੇ ਰਹੇ। ਇਸ ਪੁਸਤਕ ਦੇ ਵਿਭਿੰਨ ਲੇਖਾਂ ਵਿਚ ਸੰਪਾਦਕਾਂ ਤੋਂ ਬਿਨਾਂ ਡਾ: ਇਕਬਾਲ ਕੌਰ ਸੌਂਧ, ਸ: ਸੰਤੋਖ ਸਿੰਘ ਸੇਠੀ, ਡਾ: ਧਰਮਵੀਰ ਸਿੰਘ, ਡਾ: ਸਰਬਜੀਤ ਸਿੰਘ ਛੀਨਾ, ਸ: ਪ੍ਰੀਤਮ ਸਿੰਘ, ਸ: ਜਗਦੀਸ਼ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਜਸਵਿੰਦਰ ਕੌਰ ਮਾਹਲ, ਸ: ਅਜੀਤ ਸਿੰਘ ਅਤੇ ਪ੍ਰੋ: ਰਵਿੰਦਰ ਸਿੰਘ ਦੁਆਰਾ ਲਿਖੇ ਵਿਦਵਤਾਪੂਰਨ ਲੇਖ ਸ਼ਾਮਿਲ ਹਨ। ਪੁਸਤਕ ਵਿਚ ਬਹੁਤ ਸਾਰੀਆਂ ਦੁਰਲੱਭ ਤਸਵੀਰਾਂ (ਫੋਟੋਗ੍ਰਾਫ਼) ਵੀ ਸੰਕਲਿਤ ਹਨ। ਸਰਦਾਰ ਕਿਰਪਾਲ ਸਿੰਘ ਦੇ ਜੀਵਨ-ਬਿਰਤਾਂਤ ਨੂੰ ਰੂਪਮਾਨ ਕਰਨ ਵਾਲੀ ਇਹ ਇਕ ਮਹੱਤਵਪੂਰਨ ਪੁਸਤਕ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਆਖੇਟ ਮਹੱਲ
ਲੇਖਕ : ਪ੍ਰਬੋਧ ਕੁਮਾਰ ਗੋਵਿਲ
ਅਨੁ: ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਪੁਸਤਕ ਮਾਲਾ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 98555-84298.

ਵਿਚਾਰਾਧੀਨ ਨਾਵਲ ਦੀ ਜਟਿਲ ਫੇਬੁਲਾ ਨੂੰ ਰੂਪ-ਰੇਖਾ (ਆਉਟ-ਲਾਈਨ) ਰਾਹੀਂ ਸੌਖਿਆਂ ਸਮਝਿਆ ਜਾ ਸਕਦਾ ਹੈ। ਇਕ ਰਾਜਸਥਾਨੀ ਰਾਜ-ਘਰਾਣੇ ਨਾਲ ਪੀੜ੍ਹੀਆਂ ਤੋਂ ਜੁੜਿਆ ਸ਼ਖ਼ਸ ਦੋ ਵਿਆਹ ਕਰਵਾਉਂਦਾ ਹੈ। ਦੋਵਾਂ ਪਤਨੀਆਂ ਤੋਂ ਦੋ ਪੁੱਤਰ ਪੈਦਾ ਹੁੰਦੇ ਹਨ ਪਰ ਉਨ੍ਹਾਂ ਦੀ ਕਿਸਮਤ ਜੁਦਾ ਜੁਦਾ ਹੈ। ਇਕ ਪਦਾਰਥਵਾਦੀ ਹੈ, ਦੂਜਾ ਸਰਕਾਰੀ ਮੁਲਾਜ਼ਮ, ਚੰਗਾ ਇਨਸਾਨ ਜਾਪਦਾ ਹੈ। ਉਨ੍ਹਾਂ ਦੋਵਾਂ ਮੁੰਡਿਆਂ ਵਿਚੋਂ ਵੱਡੇ ਦਾ ਆਖੇਟ ਮਹੱਲ ਦੇ ਪਰਿਵਾਰ ਦੀ ਇਕਲੌਤੀ ਲੜਕੀ ਨਾਲ ਵਿਆਹ ਹੋ ਜਾਂਦਾ ਹੈ। ਇੰਜ ਉਹ ਘਰ-ਜਵਾਈ ਰਹਿੰਦਾ ਹੈ। ਇਸ ਪ੍ਰਕਾਰ ਘਰ ਜਵਾਈ ਰਹਿਣ ਨੂੰ ਉਸ ਦਾ ਪਿਤਾ ਚੰਗਾ ਨਹੀਂ ਸਮਝਦਾ। ਨਤੀਜੇ ਵਜੋਂ ਉਹ ਵੱਡੇ ਪੁੱਤਰ ਨਾਲ ਵਰਤ-ਵਰਤਾਵਾ ਤਿਆਗ ਦਿੰਦਾ ਹੈ। ਵੱਡਾ ਮੁੰਡਾ ਸ਼ਰੀਕੇਬਾਜ਼ੀ ਨੂੰ ਇੰਤਹਾ ਦੀ ਹੱਦ ਤੱਕ ਲੈ ਜਾਂਦਾ ਹੈ। ਅਜਿਹਾ ਨਾ ਹੋਵੇ ਕਿਤੇ ਛੋਟੇ ਦਾ ਮੁੰਡਾ ਵੱਡੇ ਦੇ ਵਿਸ਼ਾਲ ਕਾਰੋਬਾਰ ਵਿਚ ਅਹਿਮ ਸਥਾਨ ਪ੍ਰਾਪਤ ਕਰ ਜਾਵੇ। ਉਹ ਈਰਖਾ-ਵਸ ਵੱਡੇ ਮੁੰਡੇ 'ਤੇ ਸਰੀਰਕ ਹਮਲਾ ਕਰਵਾ ਕੇ ਅਪਾਹਜ ਕਰਵਾ ਦਿੰਦਾ ਹੈ। ਇਸੇ ਤਰ੍ਹਾਂ ਕਈ ਘਿਨਾਉਣੇ ਪੱਖ ਸਾਹਮਣੇ ਆਉਂਦੇ ਹਨ।
ਇਸ ਫੇਬੁਲਾ ਨੂੰ 'ਸੁਜੇਤ' ਵਿਚ ਰੂਪਾਂਤਰਿਤ ਕਰਨ ਲਈ ਨਾਵਲਕਾਰ ਨੇ ਰਾਇ ਸਾਹਿਬ ਮਨੋਹਰ ਸਿੰਘ, ਸ਼ੰਭੂ ਸਿੰਘ, ਨਾਇਕ ਗੌਰਾਂਬਰ, ਖ਼ਲਨਾਇਕ ਨਰੇਸ਼ ਭਾਨ, ਮਜ਼ਦੂਰ ਸਰਸਵਤੀ; ਰੇਸ਼ਮ ਦੇਵੀ ਆਦਿ ਅਨੇਕਾਂ ਪਾਤਰਾਂ ਦੀ ਸਿਰਜਣਾ ਕੀਤੀ ਹੈ। ਨਾਵਲ ਵਿਚ ਹੋਰ ਅਨੇਕਾਂ ਵਿਸ਼ਿਆਂ ਦੇ ਸੰਕੇਤ ਮਿਲਦੇ ਹਨ। ਮਸਲਨ: ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕਾਲੇ ਅੰਗਰੇਜ਼ਾਂ ਦਾ ਰਾਜ, ਬਾਹਰਲੀਆਂ ਕੰਪਨੀਆਂ ਦੀ ਵਧਦੀ ਦਖ਼ਲ-ਅੰਦਾਜ਼ੀ, ਆਖੇਟ ਮਹੱਲ ਨਾਲ ਸਬੰਧਿਤ ਅਨੇਕਾਂ ਪ੍ਰਾਜੈਕਟਾਂ ਦਾ ਆਰੰਭ, ਬੇਸ਼ੁਮਾਰ ਮਜ਼ਦੂਰਾਂ ਦੀ ਭਰਤੀ, ਮਜ਼ਦੂਰ ਠੇਕੇਦਾਰਾਂ ਦੇ ਹੱਥਾਂ ਵਿਚ ਖਿਡੌਣੇ, ਜਿਸਮ ਫਰੋਸ਼ੀਆਂ, ਕਾਲੋਨੀਆਂ ਨੇਤਾਵਾਂ ਦੇ ਨਾਂਅ 'ਤੇ ਅਖ਼ਬਾਰਾਂ 'ਚ ਤ੍ਰੋੜ-ਮਰੋੜ ਕੇ ਖ਼ਬਰਾਂ ਦਾ ਛਪਣਾ, ਇਕ ਸੰਤ ਦੀ ਪਤਨੀ ਨਾਲ ਰਾਏ ਸਾਹਿਬ ਦੇ ਨਾਜਾਇਜ਼ ਸਬੰਧ ਆਦਿ ਅਨੇਕ ਘਟਨਾਵਾਂ ਇਸ ਬਿਰਤਾਂਤ ਦਾ ਭਾਗ ਹਨ। ਨਾਵਲ ਵਿਚ ਅਨੇਕਾਂ ਦਾਰਸ਼ਨਿਕ ਨੁਕਤੇ ਪ੍ਰਸਤੁਤ ਹਨ। ਉਦਾਹਰਨ ਵਜੋਂ : 'ਕਾਸ਼! ਰਾਜਨੀਤੀ ਹਕੀਕਤ ਵਿਚ ਧਾਰਮਿਕ ਹੁੰਦੀ। ਕਾਸ਼! ਧਰਮ ਨੈਤਿਕ ਹੀ ਨਹੀਂ ਸਗੋਂ ਰਾਜਨੀਤਕ ਵੀ ਹੁੰਦਾ।' (ਪੰ: 143)
ਨਾਵਲ ਦੇ ਅੰਤ 'ਤੇ ਸਕੇ ਪਰਵਾਸੀ ਵਿਛੜੇ ਪੁੱਤਰ (ਅਭਿਮਨਯੂ) ਦੀ ਥਾਂ ਮਾਂ (ਰੇਸ਼ਮ ਦੇਵੀ) ਗੌਰਾਂਬਰ (ਨਾਇਕਾ) ਪ੍ਰਤੀ ਸੱਚੇ ਮੋਹ ਨਾਲ ਪ੍ਰਗਟਾਵਾ ਕਰਦੀ ਹੋਈ ਇੰਜ ਆਪਣੀ ਮਮਤਾ ਦਾ ਕਥਾਰਸਿਸ ਕਰਦੀ ਵੇਖੀ ਜਾ ਸਕਦੀ ਹੈ : 'ਅਭਿਮਨਯੂ... ਬੇਟਾ ਅਭਿਮਨਯੂ, ਘਰ ਚੱਲ, ਹੁਣ ਤੂੰ ਫਿਰ ਕਿਸੇ ਚੱਕਰਵਿਊ ਵਿਚ ਨਹੀਂ ਫਸਣਾ ਹੈ... ਤੂੰ ਘਰ ਚੱਲ, ਮੈਂ ਤੈਨੂੰ ਲੈਣ ਆਈ ਹਾਂ। ਪੰ: 168 ਇੰਜ ਮਾਂ ਵਰਗੀ ਉਹ ਔਰਤ ਗੌਰਾਂਬਰ ਨੂੰ ਬਲੀ ਦਾ ਬੱਕਰਾ ਬਣਨੋਂ ਬਚਾ ਲੈਂਦੀ ਹੈ। ਨਾਵਲ ਦਾ ਅੰਤ ਖੁੱਲ੍ਹਾ ਪਾਠ ਸਿਰਜਦਾ ਹੈ।
ਕੁੱਲ ਮਿਲਾ ਕੇ ਇਹ ਨਾਵਲ ਸਮਕਾਲੀ ਜੀਵਨ ਦੀ ਯਥਾਰਥਕ ਝਾਕੀ ਪੇਸ਼ ਕਰਦਾ ਦਸਤਾਵੇਜ਼ ਹੋ ਨਿੱਬੜਿਆ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਉਹ ਜਿਊਣਾ ਚਾਹੁੰਦੀ ਸੀ
ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 135
ਸੰਪਰਕ : 99151-03490.

ਇਹ ਨਾਵਲ ਪੰਜਾਬ ਦੀਆਂ ਬਹਪੁੱਖੀ ਸਮੱਸਿਆਵਾਂ ਦੀ ਸੁਚੱਜੀ ਪੇਸ਼ਕਾਰੀ ਹੈ। ਨਾਵਲਕਾਰ ਜ਼ਿੰਦਗੀ ਦੇ ਸਮੁੱਚੇ ਯਥਾਰਥ ਨੂੰ ਬਹੁਤ ਬਾਰੀਕੀ ਨਾਲ ਲਿਖਦਾ ਹੈ। ਸਿਰਲੇਖ ਤੋਂ ਸੰਕੇਤ ਮਿਲਦਾ ਹੈ ਕਿ ਨਾਵਲ ਦੀ ਮੁੱਖ ਪਾਤਰ ਨੌਜਵਾਨ ਲੜਕੀ ਜੀਵਨ ਜੋਤ ਹੈ। ਉਹ ਕਾਲਜ ਦੀ ਹੋਣਹਾਰ ਵਿਦਿਆਰਥਣ ਹੈ। ਕਾਲਜ ਅਧਿਆਪਕਾਂ ਦੀ ਚਹੇਤੀ ਜੀਵਨ ਜੋਤ ਦਾ ਪਿਤਾ ਸਕੂਲ ਅਧਿਆਪਕ ਹੈ ਤੇ ਪੜ੍ਹਨ ਲਿਖਣ ਵਿਚ ਉਸ ਦੀ ਰੁਚੀ ਹੈ। ਲੇਖਕ ਹੈ। ਪਿਤਾ ਦੀ ਵਿਰਾਸਤ ਨੂੰ ਲਾਡਲੀ ਧੀ ਅੱਗੇ ਤੋਰ ਰਹੀ ਹੈ। ਸੱਭਿਆਚਾਰਕ ਸਮਾਗਮਾਂ ਦੀ ਸ਼ਾਨ ਹੈ। ਸਟੇਜੀ ਕਵਿਤਾਵਾਂ ਦੀ ਉਸ ਨੂੰ ਚੰਗੀ ਮੁਹਾਰਤ ਹੈ। ਪਰ ਬਦਕਿਸਮਤੀ ਨੂੰ ਇਕ ਦਿਨ ਕਾਲਜ ਤੋਂ ਘਰ ਪਰਤਦੀ ਨੂੰ ਰਸਤੇ ਵਿਚ ਗੁੰਡੇ ਘੇਰ ਲੈਂਦੇ ਹਨ ਤੇ ਦੂਰ ਖੇਤਾਂ ਵਿਚ ਲਿਜਾ ਕੇ ਮਾਰ ਕੇ ਸੁੱਟ ਦਿੰਦੇ ਹਨ। ਮਾਪੇ ਪ੍ਰੇਸ਼ਾਨ ਹਨ। ਬਾਪ ਆਪਣੇ ਸਾਥੀਆਂ ਨਾਲ ਪੁਲਿਸ ਕੋਲ ਪਰਚਾ ਦਰਜ ਕਰਵਾਉਣ ਜਾਂਦਾ ਹੈ ਤਾਂ ਪੁਲਿਸ ਸੌ ਨਖਰੇ ਕਰਦੀ ਹੈ। ਕਈ ਬੇਹੂਦਾ ਸਵਾਲ ਕਰਦੀ ਹੈ। ਸਾਰਾ ਇਲਾਕਾ ਥਾਣੇ ਜੁੜਦਾ ਹੈ। ਮਸਾਂ ਕਾਰਵਾਈ ਤੁਰਦੀ ਹੈ ਕਿਉਂਕਿ ਸਮਾਜ ਦੇ ਬੁਰੇ ਪਾਤਰ ਪੁਲਿਸ ਤੇ ਸਿਆਸਤਦਾਨਾਂ ਤੱਕ ਚੰਗੀ ਰਸਾਈ ਰੱਖਦੇ ਹਨ। ਨਾਵਲ ਬੁਰੇ ਚੰਗੇ ਪਾਤਰਾਂ ਵਿਚ ਟਕਰਾਅ ਦਾ ਸਿਖਰ ਪੇਸ਼ ਕਰਦਾ ਹੈ। ਅਦਾਲਤੀ ਕਾਰਵਾਈ ਲੰਮਾ ਸਮਾਂ ਚਲਦੀ ਹੈ। ਲੰਮੀਆਂ ਤਰੀਕਾਂ ਪਾ ਕੇ ਕਤਲ ਕੇਸ ਨੂੰ ਉਲਝਾਇਆ ਜਾਂਦਾ ਹੈ। ਵਕੀਲਾਂ ਦੀ ਚੁੰਝ ਚੋਭ ਨਾਵਲ ਦਾ ਹਿੱਸਾ ਹੈ। ਤਿੱਖੇ ਸੰਵਾਦ, ਬਦਲਦੀਆਂ ਸਰਕਾਰਾਂ, ਲੀਡਰਾਂ ਦੇ ਫੋਕੇ ਦਿਲਾਸੇ, ਪੂਰੇ ਰਾਜ ਵਿਚ ਫੈਲੀ ਅਰਾਜਕਤਾ, ਧੀਆਂ ਦੀ ਫ਼ਿਕਰਮੰਦੀ, ਲੋਕ ਰੋਹ ਦਾ ਪ੍ਰਚੰਡ ਰੂਪ ਦੋਸ਼ੀਆਂ ਨੂੰ ਵੱਡੇ ਦੋਸ਼ ਦੇ ਬਾਵਜੂਦ ਮਾਮੂਲੀ ਸਜ਼ਾਵਾਂ। ਜੇਲ੍ਹ ਤੋਂ ਬਾਹਰ ਆ ਕੇ ਫਿਰ ਉਹੀ ਗੁੰਡਾ ਗਰਦੀ ਦਾ ਰਾਜ, ਅਖੀਰ ਵਿਚ ਗੈਂਗਸਟਰੀ ਵਰਤਾਰਾ ਤੇ ਦੋਸ਼ੀਆਂ ਦਾ ਗੋਲੀਆਂ ਮਾਰ ਕੇ ਕਤਲ। ਇਹ ਸਭ ਕੁਝ ਨਾਵਲ ਦੇ ਪਾਠਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦਾ ਹੈ। ਨਾਵਲਕਾਰ ਨੇ ਕਈ ਦ੍ਰਿਸ਼ ਨਾਟਕੀ ਜੁਗਤ ਰਾਹੀਂ ਸਿਰਜੇ ਹਨ। ਨਿੱਕੇ-ਨਿੱਕੇ ਵੇਰਵੇ ਦੇ ਕੇ ਰੌਚਿਕਤਾ ਭਰੀ ਹੈ। ਦਿਲਚਸਪ ਸ਼ੈਲੀ ਵਿਚ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਸਿਰਲੇਖ ਆਪਣੇ-ਆਪ ਵਿਚ ਦੁੱਖਾਂ ਭਰੀ ਦਾਸਤਾਨ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਦਿਓਲ ਦੀਆਂ ਕਵਿਤਾਵਾਂ
ਸੰਪਾਦਕ : ਮਨਧੀਰ ਸਿੰਘ ਦਿਓਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 400 ਰੁਪਏ, ਸਫ਼ੇ : 254
ਸੰਪਰਕ : 098119-86433.

ਲੇਖਕ ਦੇ ਅਕਾਲ ਚਲਾਣੇ ਪਿੱਛੋਂ, 'ਦਿਓਲ ਦੀਆਂ ਕਵਿਤਾਵਾਂ' ਨਾਂਅ ਦਾ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ; ਉਸ ਦੇ ਬੇਟੇ ਮਨਧੀਰ ਸਿੰਘ ਦਿਓਲ ਨੇ ਪ੍ਰਕਾਸ਼ਿਤ ਕਰਵਾਇਆ ਹੈ, ਜਿਸ ਵਿਚ ਉਸ ਦੀਆਂ ਲਗਪਗ 441 ਕਵਿਤਾਵਾਂ ਹਨ। ਦਿਓਲ ਦੀ ਕਵਿਤਾ ਦੇ ਅਨੇਕਾਂ ਰੰਗ ਹਨ, ਜਿਥੇ ਉਹ ਆਪਣੀ ਆਤਮ-ਪਛਾਣ ਦੀ ਕਾਵਿ ਅਭਿਵਿਅਕਤੀ ਦੇ ਚਿੰਤਨ ਨੂੰ ਪੇਸ਼ ਕਰਦਾ ਹੈ, ਉਥੇ ਉਸ ਦੀ ਚਿੰਤਨ ਚੇਤਨਾ ਦੇ ਅਨਾਤਮ-ਅਨੁਭਵ ਦੇ ਕਾਵਿ ਵਿਚ ਉਸ ਵਲੋਂ ਸੰਚਾਰੇ ਸੁਨੇਹੇ ਪ੍ਰਭਾਵਸ਼ਾਲੀ ਹੀ ਨਹੀਂ; ਬਲਕਿ ਵਿਸ਼ੇਸ਼ ਸੁਨੇਹੇ ਦੇ ਰੂਪ ਵਿਚ ਆਪਣੀ ਨਿਸ਼ਾਨਦੇਹੀ ਕਰਦੇ ਹਨ। ਆਪਣੇ ਲਗਪਗ 60 ਕੁ ਸਾਲ ਦੇ ਜੀਵਨ ਕਾਲ ਵਿਚ ਉਸ ਨੇ 441 ਲਗਪਗ ਲੰਮੀਆਂ ਛੋਟੀਆਂ ਕਵਿਤਾਵਾਂ, ਗੀਤ, ਪ੍ਰਸੰਗਕ ਕਵਿਤਾਵਾਂ ਲਿਖੀਆਂ, ਪਰ ਉਸ ਦੀ ਸਮੁੱਚੀ ਪ੍ਰਤਿਭਾ ਇਸ ਤੱਥ ਉੱਪਰ ਨਿਰਭਰ ਹੈ ਕਿ ਜਿਥੇ ਆਪਣੇ ਆਤਮ ਸੰਸਾਰ ਨੂੰ ਜਾਣਨ, ਸਮਝਣ, ਅਧਿਐਨ ਅਤੇ ਮੰਥਨ ਸਮੇਂ ਮਾਨਵੀ ਸੰਵੇਦਨਾ-ਵੇਦਨਾ ਨੂੰ ਅਨੁਭਵ ਕੀਤਾ ਹੈ, ਉਥੇ ਉਸ ਨੇ ਅਨਾਤਮਿਕ ਜਗਤ ਦੇ ਯਥਾਰਥ ਨੂੰ ਤਲਾਸ਼ਣ ਸਮੇਂ ਮਾਨਵ, ਸਮਾਜ ਵਿਚਲੀਆਂ ਮੁਸ਼ਕਿਲਾਂ ਸਮੱਸਿਆਵਾਂ, ਭੁੱਖਾਂ, ਤੋਟਾਂ ਤੇ ਤ੍ਰਿਪਤੀਆਂ, ਨੂੰ ਸਮਝ ਕੇ ਕਵਿਤਾਉਣ ਦਾ ਕਾਰਜ ਕੀਤਾ ਹੈ। ਦਿਓਲ ਦੀ ਕਾਵਿ ਫਿਲਾਸਫ਼ੀ ਆਪਣੇ ਅੰਦਰ ਸੰਸਾਰ ਨੂੰ ਅਭਿਵਿਅਕਤ ਕਰਕੇ ਬਾਹਰਲੇ ਸੰਸਾਰ ਦਾ ਯਥਾਰਥ ਤਲਾਸ਼ਣਾ ਹੈ। ਇੰਜ ਕਰਦਿਆਂ ਉਸ ਨੇ ਸਰਲ, ਸਾਦਾ, ਛੰਦਬੱਧ, ਸਾਫ਼ ਸਵੱਛ ਕਵਿਤਾ ਦੀ ਰਚਨਾ ਕਰਦਿਆਂ ਅੰਤਿਮ ਜੀਵਨ-ਯਾਤਰਾ ਕੀਤੀ। ਦਿਓਲ, ਕਿੱਤੇ ਵਜੋਂ ਸੈਨਿਕ ਰਿਹਾ ਤੇ ਇਸੇ ਲਈ ਸਾਹਿਤ ਰਚਣ ਦਾ ਅਨੁਸ਼ਾਸਨ ਪਾਲਦਾ ਰਿਹਾ। ਉਸ ਆਪਣੇ ਅਧੂਰੇ ਸੁਪਨਿਆਂ, ਖਾਲੀਪਣ ਨੂੰ ਭਰਨ ਲਈ ਕਵਿਤਾਵਾਂ ਲਿਖੀਆਂ। ਆਪਣੇ ਸੰਵੇਦਨ, ਲੋਕ ਪੀੜਾ ਨੂੰ ਅਨੁਭਵ ਕੀਤਾ ਤੇ ਕਵਿਤਾ ਲਿਖੀ। ਅਜਿਹੇ ਪੂਰਨ ਅਪੂਰਨ ਨਿਰੰਤਰ ਚੱਲਣ ਵਾਲੇ ਰੀਝਵਾਨ ਮਨੁੱਖ ਕਵੀ ਦੀ ਸਮੁੱਚੀ ਕਵਿਤਾ ਪੰਜਾਬੀਆਂ ਲਈ ਸੁਗਾਤ ਹੈ।

ਂਡਾ: ਅਮਰ ਕੋਮਲ
ਮੋ : 084378-73565.
ਫ ਫ ਫ

ਪੰਜਾਬੀ ਰੰਗਮੰਚ ਦਾ ਮੁਢਲਾ ਸਫ਼ਰ
ਸੰਪਾਦਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਕ, ਲੁਧਿਆਣਾ
ਮੁੱਲ : 650 ਰੁਪਏ, ਸਫ਼ੇ : 568
ਸੰਪਰਕ : 98142-99422.

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬੀ ਨਾਟਕ ਦੀ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਦੇ ਨਾਟਕ ਇਸ ਪੁਸਤਕ ਵਿਚ ਦਰਜ ਹਨ। ਨੋਰਾ ਰਿਚਰਡਜ਼ ਤੋਂ ਲੈ ਕੇ ਬਲਵੰਤ ਗਾਰਗੀ ਤੱਕ ਦੇ ਪੰਜਾਬੀ ਰੰਗਮੰਚ ਦੇ ਮੁਢਲੇ ਸਫ਼ਰ ਨੂੰ ਸੰਪਾਦਕ ਨੇ 'ਇਹ ਕਿਤਾਬ' ਅਧਿਐਨ ਵਿਚ ਸੰਖੇਪ ਰੂਪ ਵਿਚ ਪਾਠਕਾਂ ਨਾਲ ਸਾਂਝਾ ਕਰਦਿਆਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਬਾਰੇ ਹੋਏ ਖੋਜ ਕਾਰਜਾਂ ਅਤੇ ਵੱਖ-ਵੱਖ ਨਾਟ ਚਿੰਤਕਾਂ ਵਲੋਂ ਦਿੱਤੇ ਤੱਥ ਅਤੇ ਹਵਾਲੇ ਸਾਂਝੇ ਕੀਤੇ ਹਨ ਜਿਸ ਨਾਲ ਪੰਜਾਬੀ ਨਾਟਕ ਦੇ ਮੁਢਲੇ ਦੌਰ ਬਾਰੇ ਕਈ ਸ਼ੰਕੇ ਦੂਰ ਹੁੰਦੇ ਹਨ। ਪੁਸਤਕ ਵਿਚ ਇਹ ਮੁਢਲੇ ਦੌਰ ਦੇ 11 ਨਾਟਕ ਸ਼ਾਮਿਲ ਕੀਤੇ ਗਏ ਹਨ। 1909 ਵਿਚ ਬਾਵਾ ਬੁੱਧ ਸਿੰਘ ਵਲੋਂ ਪੰਜਾਬੀ ਬੋਲੀ ਵਿਚ ਲਿਖਿਆ ਗਿਆ ਪਹਿਲਾ ਨਾਟਕ 'ਚੰਦਰ ਹਰੀ' ਪੁਸਤਕ ਦਾ ਵੀ ਪਹਿਲਾ ਨਾਟਕ ਹੈ। ਇਹ ਇਕ ਯਥਾਰਥਵਾਦੀ ਨਾਟਕ ਹੈ ਜਿਸ ਨੂੰ ਤਿੰਨ ਛੋਟੇ ਨਾਟਾਂ ਦੇ ਰੂਪ ਵਿਚ ਲਿਖਿਆ ਗਿਆ ਹੈ। ਦੂਸਰਾ ਨਾਟਕ ਭਾਈ ਵੀਰ ਸਿੰਘ ਵਲੋਂ 1910 ਵਿਚ ਲਿਖਿਆ ਗਿਆ ਹੈ 'ਰਾਜਾ ਲਖਦਾਤਾ ਸਿੰਘ'। ਇਹ ਨਾਟਕ ਪਰਚਾਰਵਾਦੀ ਅਤੇ ਆਦਰਸ਼ਵਾਦੀ ਸ਼੍ਰੇਣੀ ਦਾ ਨਾਟਕ ਹੈ। ਯਥਾਰਥਵਾਦ ਦੀ ਚੰਗੀ ਪੇਸ਼ਕਾਰੀ ਵਜੋਂ ਸਥਾਪਤ ਹੋਇਆ ਈਸ਼ਵਰ ਚੰਦਰ ਨੰਦਾ ਦਾ 1913 ਵਿਚ ਲਿਖਿਆ ਨਾਟਕ 'ਸੁਹਾਗ' ਪੇਂਡੂ ਜਨਜੀਵਨ ਦੀ ਤਸਵੀਰ ਪੇਸ਼ ਕਰਦਾ ਹੈ। ਪੁਸਤਕ ਵਿਚ ਸ਼ਾਮਿਲ ਚੌਥਾ ਨਾਟਕ ਹੈ 'ਰਾਜ ਕੁਮਾਰੀ ਲਤਿਕਾ' ਜਿਸ ਦੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਹਨ। ਇਸ ਨਾਟਕ ਰਾਹੀਂ ਰੰਗਮੰਚ ਉੱਪਰ ਪਹਿਲੀ ਵਾਰ ਔਰਤ ਅਦਾਕਾਰ ਦਾ ਪ੍ਰਵੇਸ਼ ਹੋਇਆ। ਇਸ ਪੁਸਤਕ ਵਿਚ ਬ੍ਰਿਜ ਲਾਲ ਸ਼ਾਸਤਰੀ ਦਾ 'ਸੁਕੰਨਿਆ', ਡਾ: ਗੁਰਦਿਆਲ ਸਿੰਘ ਫੁਲ ਦਾ 'ਪਿਤਾ ਪਿਆਰ', ਸ.ਸ. ਅਮੋਲ ਦਾ 'ਸਮੇਂ ਦੇ ਤਿੰਨ ਰੰਗ', ਡਾ: ਹਰਚਰਨ ਸਿੰਘ ਦਾ 'ਮਨ ਦੀਆਂ ਮਨ ਵਿਚ', ਨਾਨਕ ਸਿੰਘ ਦਾ 'ਬੀ.ਏ. ਪਾਸ' ਜਿਸ ਵਿਚ ਉਨ੍ਹਾਂ ਖ਼ੁਦ ਅਭਿਨੈ ਕੀਤਾ ਸੀ, ਪ੍ਰਿੰ: ਸੰਤ ਸਿੰਘ ਸੇਖੋਂ ਦਾ 'ਭਾਵੀ' ਅਤੇ ਬਲਵੰਤ ਗਾਰਗੀ ਦਾ 'ਲੋਹਾ ਕੁਟ' ਨਾਟਕ ਸ਼ਾਮਿਲ ਹਨ। ਸੰਪਾਦਕ ਨੇ ਕੁਝ ਹੋਰ ਮਹੱਤਵਪੂਰਨ ਨਾਟਕਾਂ ਦਾ ਜ਼ਿਕਰ ਕੀਤਾ ਹੈ ਜੋ ਕਿਸੇ ਨਾ ਕਿਸੇ ਮਜਬੂਰੀਵੱਸ ਇਸ ਪੁਸਤਕ ਵਿਚ ਸ਼ਾਮਿਲ ਨਹੀਂ ਹੋ ਸਕੇ ਪਰ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਅਤੇ ਸਥਾਨ ਹੈ।

ਂਡਾ: ਨਿਰਮਲ ਜੌੜਾ
ਮੋ: 98140-78799.
ਫ ਫ ਫ

ਪੰਜਾਬਣਾਂ ਦੇ ਗੀਤ
ਲੇਖਕ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 296
ਸੰਪਰਕ : 98728-98599.

'ਪੰਜਾਬਣਾਂ ਦੇ ਗੀਤ' (ਵਾਰਤਕ ਪੁਸਤਕ) ਲੇਖਿਕਾ ਦੀ 10ਵੀਂ ਕਿਰਤ ਹੈ। ਇਸ ਪੁਸਤਕ 'ਚ ਉਸ ਨੇ ਪੰਜਾਬਣਾਂ ਦੇ ਗੀਤਾਂ ਨੂੰ ਬਾਬਲ-ਧੀ (ਗੌਣ, ਸੁਹਾਗ ਤੇ ਵਿਢੜੇ), ਬਾਬਲ-ਧੀ (ਬੋਲੀਆਂ), ਬਾਬਲ ਧੀ (ਹੇਅਰੇ), ਮਾਂ-ਧੀ (ਗੌਣ ਤੇ ਵਿਢੜੇ), ਮਾਂ-ਧੀ (ਬੋਲੀਆਂ) ਪਤੀ-ਪਤਨੀ, ਮਾਹੀ-ਗੋਰੀ (ਗੌਣ ਤੇ ਵਿਢੜੇ), ਮਾਹੀ-ਗੋਰੀ, ਪਤੀ-ਪਤਨੀ (ਬੋਲੀਆਂ) ਭੈਣ-ਭਰਾ, ਨਣਦ-ਭਰਜਾਈ, ਭੂਆ-ਭਤੀਜਾ (ਗੌਣ ਤੇ ਵਿਢੜੇ), ਘੋੜੀਆਂ, ਭੈਣ-ਭਰਾ, ਨਣਦ ਭਰਜਾਈ, ਭੂਆ-ਭਤੀਜਾ (ਬੋਲੀਆਂ), ਨੂੰਹ-ਸੱਸ, ਨੂੰਹ-ਸਹੁਰਾ (ਗੌਣ ਵਿਢੜੇ), ਨੂੰਹ-ਸੱਸ, ਨੂੰਹ-ਸਹੁਰਾ (ਬੋਲੀਆਂ, ਹੇਅਰੇ, ਛੰਦ-ਪਰਾਗੇ) ਜੇਠ-ਜਠਾਣੀ, ਜੇਠ-ਭਰਜਾਈ (ਗੌਣ, ਬੋਲੀਆਂ) ਦਿਓਰ-ਦਰਾਣੀ, ਦਿਓਰ-ਭਰਜਾਈ (ਗੌਣ, ਬੋਲੀਆਂ ਹੇਅਰੇ), ਸਿੱਠਣੀਆਂ, ਵਧਾਈਆਂ, ਵਧਾਵੇ ਵਿਧਾਵਾਂ 'ਚ ਵੰਡ ਕੇ ਪੁਸਤਕ ਨੂੰ ਨਿਵੇਕਲਾ ਰੂਪ ਦਿੱਤਾ ਹੈ। ਪੰਜਾਬੀ-ਸੰਸਾਰ 'ਚ ਰਿਸ਼ਤੇ-ਨਾਤੇ ਅਹਿਮ ਸਥਾਨ ਰੱਖਦੇ ਹਨ। ਲੋਕ-ਗੀਤਾਂ ਨੂੰ ਸੰਗ੍ਰਹਿਤ ਕਰਨ ਦਾ ਕਾਰਜ ਦਵਿੰਦਰ ਸਤਿਆਰਥੀ ਅਤੇ ਮਹਿੰਦਰ ਸਿੰਘ ਰੰਧਾਵਾ (ਡਾ:) ਤੋਂ ਸ਼ੁਰੂ ਹੋ ਕੇ ਅੱਜ ਤੱਕ ਨਿਰੰਤਰ ਜਾਰੀ ਹੈ। ਇਹ ਗੀਤ ਮਨੁੱਖੀ ਜੀਵਨ ਦੇ ਤਿੰਨ ਪੱਖ ਜਨਮ, ਵਿਆਹ ਅਤੇ ਮੌਤ ਨਾਲ ਸਬੰਧਿਤ ਹਨ। ਆਮ ਕਹਾਵਤ ਹੈ ਕਿ ਪੰਜਾਬੀ ਮਰਦ ਇਕ ਤਾਂ ਜੰਮਦਾ ਹੀ ਲਾੜਾ ਹੈ ਅਤੇ ਮੌਤ ਤੱਕ ਉਹ ਗੀਤਾਂ 'ਚ ਹੀ ਜੰਮਦਾ ਅਤੇ ਮਰਦਾ ਹੈ। ਇਨ੍ਹਾਂ ਲੋਕ-ਗੀਤਾਂ 'ਚ ਜਿਥੇ ਸਮਾਜਿਕ ਦੁਸ਼ਵਾਰੀਆਂ ਦਾ ਵਰਨਣ ਹੈ, ਉਥੇ ਹੀ ਜ਼ਿੰਦਗੀ ਨੂੰ ਭਰਪੂਰ ਰੂਪ 'ਚ ਮਾਣਨ ਦਾ ਇਕ ਸੁਪਨਾ ਵੀ ਹੈ। ਖ਼ਾਸ ਤੌਰ 'ਤੇ ਜਦੋਂ ਵੀ 'ਸੁਹਾਗ' ਲੋਕ-ਗੀਤ ਦੀ ਚਰਚਾ ਹੁੰਦੀ ਹੈ ਤਾਂ ਉਸ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਸੰਭਾਵੀ ਜੀਵਨ ਦੇ ਸੁਪਨਿਆਂ ਦੀ ਝਲਕ ਹੀ ਤਾਂ ਹੈ। ਮਨੁੱਖੀ ਜ਼ਿੰਦਗੀ ਦੇ ਰਿਸ਼ਤੇ ਨਾਤੇ ਵੀ ਦਵੰਦਾਤਮਿਕ ਪ੍ਰਸਥਿਤੀ ਦੀ ਸਿਰਜਣਾ ਕਰਦੇ ਹਨ। ਇਸ ਪੁਸਤਕ ਵਿਚ ਪਰਮਜੀਤ ਕੌਰ ਸਰਹਿੰਦ ਨੇ ਖੋਜ ਭਰਪੂਰ ਕਾਰਜ ਕਰਦਿਆਂ ਘੋੜੀਆਂ ਅਤੇ ਸੁਹਾਗ ਸਮੇਤ ਕੁੱਲ 161 ਲੰਮੇ ਗੌਣ, 683 ਬੋਲੀਆਂ, 61 ਹੇਅਰੇ, 14 ਛੰਦ-ਪਰਾਗੇ, 10 ਵਧਾਵੇ, 10 ਵਧਾਈਆਂ ਅਤੇ ਕੁੱਲ 65 ਸਿੱਠਣੀਆਂ ਨੂੰ ਸੰਗ੍ਰਹਿਤ ਕੀਤਾ ਹੈ। ਘੋੜੀਆਂ ਵਿਚ ਜਿਥੇ ਮਰਦਾਂ ਦੀ ਮਹੱਤਤਾ ਦਰਸਾਈ ਗਈ ਹੈ, ਉਥੇ ਔਰਤਾਂ ਦੀ ਮਹੱਤਤਾ ਨੂੰ ਵੀ ਉਚੇਚਾ ਮਾਣ-ਸਤਿਕਾਰ ਦਿੱਤਾ ਗਿਆ ਹੈ। ਇਹ ਰਿਸ਼ਤੇ ਹਨ : ਮਾਂ-ਦਾਦੀ, ਤਾਈ-ਚਾਚੀ, ਭੈਣ-ਭਾਬੀ, ਭੂਆ-ਮਾਸੀ ਆਦਿ। ਇਨ੍ਹਾਂ ਲੋਕ ਗੀਤਾਂ ਨੂੰ ਸੰਗ੍ਰਹਿਤ ਕਰਨ ਦੇ ਨਾਲ 'ਸਰਹਿੰਦ' ਨੇ 'ਲੋਕ-ਕਾਵਿ : ਨਾਰੀ ਮਨ ਦੀ ਵੇਦਨਾ-ਸੰਵੇਦਨਾ' ਭਾਵਪੂਰਤ ਲੇਖ ਵੀ ਇਸ ਪੁਸਤਕ 'ਚ ਸ਼ਾਮਿਲ ਕੀਤਾ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 94630-14096.
ਫ ਫ ਫ

ਬੁੱਲ੍ਹੇ ਸ਼ਾਹ ਅਤੇ ਅਲੀ ਹੈਦਰ ਦੇ ਕਾਵਿ ਦਾ ਤੁਲਨਾਤਮਿਕ ਅਧਿਐਨ
ਆਲੋਚਕਾ : ਡਾ: ਅਮਰਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98764-79789.

ਹਥਲੀ ਪੁਸਤਕ ਪੰਜਾਬੀ ਸੂਫ਼ੀ ਕਾਵਿ ਦੇ ਉੱਘੇ ਸੂਫ਼ੀ ਕਵੀ ਬੁੱਲ੍ਹੇ ਸ਼ਾਹ ਅਤੇ ਅਲੀ ਹੈਦਰ ਦੇ ਕਲਾਮ ਦਾ ਵਿਸਥਾਰ ਸਹਿਤ ਤੁਲਨਾਤਮਿਕ ਅਧਿਐਨ ਹੈ ਜੋ ਕਿ ਨਿਵੇਕਲਾ ਤੇ ਕੀਮਤੀ ਅਕਾਦਮਿਕ ਕਾਰਜ ਹੈ। ਲੇਖਿਕਾ ਖ਼ੁਦ ਵੀ ਕਾਲਜ ਵਿਚ ਇਸ ਵਿਸ਼ੇ ਦੀ ਪ੍ਰੋਫ਼ੈਸਰ ਹੈ। ਅਸਲ ਵਿਚ ਇਹ ਪੁਸਤਕ ਇਕ ਖੋਜ ਪ੍ਰਬੰਧ ਹੈ, ਜਿਸ ਨੂੰ ਵਿਦਵਾਨ ਲੇਖਿਕਾ ਨੇ ਹੇਠ ਲਿਖੇ ਚਾਰ ਅਧਿਆਇਆਂ ਵਿਚ ਸੰਪੰਨ ਕੀਤਾ ਹੈ : ਅਧਿਆਇ ਪਹਿਲਾ : ਸੂਫ਼ੀਮਤ, ਸੂਫੀਵਾਦ, ਸੂਫੀਆਂ ਦਾ ਰਹੱਸ-ਅਨੁਭਵ ਤੇ ਚਿੰਤਨ। ਅਧਿਆਇ ਦੂਜਾ : ਬੁੱਲ੍ਹੇਸ਼ਾਹ ਕਾਵਿ ਅਤੇ ਅਲੀ ਹੈਦਰ ਦਾ ਰਹੱਸ ਅਨੁਭਵ। ਅਧਿਆਇ ਤੀਜਾ : ਬੁੱਲ੍ਹੇਸ਼ਾਹ ਅਤੇ ਅਲੀ ਹੈਦਰ ਕਾਵਿ ਦਾ ਸਮਾਜਿਕ ਚਿੱਤਰਣ। ਅਧਿਆਇ ਚੌਥਾ : ਬੁੱਲ੍ਹੇਸ਼ਾਹ ਅਤੇ ਅਲੀ ਹੈਦਰ ਕਾਵਿ ਦੇ ਅਨੁਭਵ ਤੇ ਚਿੰਤਨ ਦਾ ਕਾਵਿ ਰੁਪਾਂਤਰਣ।ਅੰਤ ਵਿਚ ਉਪਰੋਕਤ ਵਿਸਥਾਰ ਦਾ ਨਿਸ਼ਕਰਸ਼ ਦਿੱਤਾ ਗਿਆ ਹੈ।
ਉਪਰੋਕਤ ਦੋਵਾਂ ਸੂਫ਼ੀ ਕਵੀਆਂ ਦੀ ਕਵਿਤਾ ਦਾ ਆਪਣਾ-ਆਪਣਾ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਹ ਦੋਵੇਂ ਕਵੀ ਸਮਕਾਲੀ ਹੋਣ ਦੇ ਬਾਵਜੂਦ ਕਾਵਿ ਪੇਸ਼ਕਾਰੀ ਵਿਚ ਕਲਾ-ਵੱਖਰਤਾ ਰੱਖਦੇ ਹਨ, ਜਿਸ ਨੂੰ ਸਮਾਲੋਚਨਾ ਵਿਚ ਪ੍ਰਤੱਖਤਾ ਪ੍ਰਦਾਨ ਕੀਤੀ ਗਈ ਹੈ। ਭਾਵੇਂ ਬੁੱਲ੍ਹੇਸ਼ਾਹ ਨੂੰ ਪੰਜਾਬੀ ਸੂਫ਼ੀ ਕਾਵਿ ਵਿਚ ਵੱਡੀ ਪ੍ਰਸਿੱਧੀ ਮਿਲੀ ਅਤੇ ਉਸ ਦੀ ਬੇਬਾਕ ਸ਼ੈਲੀ ਨੂੰ ਪੰਜਾਬੀਆਂ ਬਹੁਤ ਪਸੰਦ ਕੀਤਾ ਪਰ ਅਲੀ ਹੈਦਰ ਦੀ ਕਵਿਤਾ ਦਾ ਜੇਕਰ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਉਹ ਵੀ ਆਪਣੇ ਸਮੇਂ ਦਾ ਵੱਡਾ ਸੂਫ਼ੀ ਕਵੀ ਪ੍ਰਤੀਤ ਹੁੰਦਾ ਹੈ। 12ਵੀਂ ਸਦੀ ਤੋਂ 19ਵੀਂ ਸਦੀ ਤੱਕ ਦੇ ਪੰਜਾਬੀ ਕਾਵਿ ਦੇ ਅਸਮਾਨਾਂ ਉੱਤੇ ਸੂਫ਼ੀ ਕਾਵਿ ਦੇ ਕਈ ਉੱਘੇ ਸਿਤਾਰਿਆਂ ਨੇ ਪੰਜਾਬੀ ਸਮਾਜ ਨੂੰ ਨੈਤਿਕਤਾ ਦੀ ਜੀਵਨ-ਸ਼ੈਲੀ ਅਤੇ ਨਵੀਨ ਧਾਰਮਿਕ ਦਿਸਹੱਦੇ ਪ੍ਰਦਾਨ ਕੀਤੇ। ਅਮਰਜੀਤ ਕੌਰ ਨੇ ਜਿਥੇ ਉਕਤ ਦੋਵਾਂ ਸੂਫ਼ੀ ਕਵੀਆਂ ਦੇ ਕਲਾਮ ਦੇ ਤੁਲਨਾਤਮਿਕ ਅਧਿਐਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੈ, ਉਥੇ ਉਸ ਨੇ ਸੂਫ਼ੀ ਕਾਵਿ ਦੀ ਸਮਾਜਿਕਤਾ, ਧਾਰਮਿਕਤਾ, ਸੱਭਿਆਚਾਰਕਤਾ ਦਾ ਵੀ ਖੁੱਲ੍ਹ ਕੇ ਬਿਆਨ ਦਿੱਤਾ ਹੈ। ਇਹ ਪੁਸਤਕ ਇਸ ਖੇਤਰ ਦੇ ਖੋਜਾਰਥੀਆਂ ਵਾਸਤੇ ਸਹਾਇਕ ਸਿੱਧ ਹੋਵੇਗੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਰੀਤਾਂ ਵਾਲੇ ਗੀਤ ਵਿਭਿੰਨ ਸਰੋਕਾਰ
ਸੰਪਾਦਕ : ਡਾ: ਅਮਰਜੀਤ ਕੌਰ ਕਾਲਕਟ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98764-79789.

ਡਾ: ਸੁਖਵੀਰ ਕੌਰ ਲੋਕਧਾਰਾ ਦੇ ਖੇਤਰ ਵਿਚ ਕਾਰਜ ਕਰਨ ਵਾਲਾ ਇਕ ਸਰਗਰਮ ਨਾਂਅ ਹੈ ਜਿਸ ਨੇ ਆਪਣੀ ਨਵੀਂ ਪੁਸਤਕ 'ਰੀਤਾਂ ਵਾਲੇ ਗੀਤ' ਵਿਚ ਪੰਜਾਬੀ ਲੋਕਧਾਰਾਈ ਕਾਵਿ ਰੂਪਾਂ ਦੇ ਇਕੱਤਰੀਕਰਨ ਕਰਨ ਦੇ ਨਾਲ-ਨਾਲ ਉਨ੍ਹਾਂ ਬਾਰੇ ਵਿਸ਼ਲੇਸ਼ਣੀ ਝਾਤ ਵੀ ਪੁਆਈ ਹੈ। 'ਹੀਤਾਂ ਵਾਲੇ ਗੀਤ' ਪੁਸਤਕ ਨੇ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਅਤੇ ਵਿਦਵਾਨਾਂ ਦਾ ਉਚੇਚਾ ਧਿਆਨ ਖਿੱਚਿਆ ਹੈ। ਇਸੇ ਹੀ ਉਚੇਚ ਵਿਚੋਂ ਇਸ ਪੁਸਤਕ ਬਾਰੇ ਅਧਿਐਨ ਵਿਸ਼ਲੇਸ਼ਣ ਪੇਸ਼ ਕਰਦੀ ਆਲੋਚਨਾ ਪੁਸਤਕ 'ਰੀਤਾਂ ਵਾਲੇ ਗੀਤ ਵਿਭਿੰਨ ਸਰੋਕਾਰ' ਸਾਹਮਣੇ ਆਈ ਹੈ, ਜਿਸ ਨੂੰ ਡਾ: ਅਮਰਜੀਤ ਕੌਰ ਕਾਲਕਟ ਨੇ ਸੰਪਾਦਿਤ ਕੀਤਾ ਹੈ। ਪੁਸਤਕ ਵਿਚੋਂ ਸੰਪਾਦਕ ਨੇ ਪੰਜਾਬੀ ਲੋਕਧਾਰਾ ਨਾਲ ਸਬੰਧਿਤ ਇਸ ਪੁਸਤਕ ਦੀ ਵੱਖ-ਵੱਖ ਕੋਣਾਂ ਤੋਂ ਪੜਚੋਲ ਕਰਕੇ 24 ਖੋਜ-ਪੱਤਰ ਸ਼ਾਮਿਲ ਕੀਤੇ ਹਨ। ਕਈ ਵਿਦਵਾਨਾਂ ਦੁਆਰਾ ਇਸ ਪੁਸਤਕ ਵਿਚ ਆਪਣੇ ਖੋਜ-ਪੱਤਰਾਂ ਦੁਆਰਾ ਪੁਸਤਕ ਦਾ ਸਮੁੱਚੇ ਰੂਪ ਵਿਚ ਅਧਿਐਨ ਕੀਤਾ ਗਿਆ ਹੈ ਅਤੇ ਕੁਝ ਇਕ ਦੁਆਰਾ ਇਸ ਪੁਸਤਕ ਵਿਚ ਪੇਸ਼ ਹੋਏ ਕਿਸੇ ਵਿਸ਼ੇਸ਼ ਕਾਵਿ-ਰੂਪ ਨੂੰ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਗਿਆ ਹੈ। ਮਿਸਾਲ ਵਜੋਂ ਮਨਿੰਦਰਜੀਤ ਕੌਰ ਦੁਆਰਾ ਵਿਆਹ ਸਬੰਧੀ ਗੀਤਾਂ, ਡਾ: ਸੁਖਵਿੰਦਰ ਕੌਰ ਦੁਆਰਾ ਜਨਮ ਸਬੰਧੀ ਰੀਤਾਂ ਵਾਲੇ ਗੀਤਾਂ, ਹਰਪ੍ਰੀਤ ਕੌਰ ਦੁਆਰਾ ਸੁਹਾਗ ਅਤੇ ਘੋੜੀਆਂ ਸਬੰਧੀ ਰਹੁ-ਰੀਤਕ ਗੀਤਾਂ ਬਾਰੇ ਆਲੋਚਨਾਤਮਿਕ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਇਕ ਤੋਂ ਵਧੇਰੇ ਵਿਦਵਾਨਾਂ ਨੇ ਵੀ ਕਿਸੇ ਰੀਤ ਬਾਰੇ ਪੁਸਤਕ ਵਿਚ ਪੇਸ਼ ਗੀਤਾਂ ਦੀ ਆਲੋਚਨਾਤਮਿਕ ਨਿਰਖ-ਪੁਰਖ ਕੀਤੀ ਹੈ। ਵਿਸ਼ੇਸ਼ ਕਰਕੇ ਵਿਆਹ ਵਾਲੇ ਗੀਤਾਂ ਦੇ ਸਬੰਧ ਵਿਚ ਪੁਸਤਕ ਪੜ੍ਹਦਿਆਂ ਦੇਖਿਆ ਜਾ ਸਕਦਾ ਹੈ। ਅਸਲ ਵਿਚ ਡਾ: ਸੁਖਵੀਰ ਕੌਰ ਦੁਆਰਾ ਗੁਆਚਦੀ ਜਾ ਰਹੀ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਵਿਰਸੇ ਦੀ ਲੋਕ ਗੀਤਾਂ ਰੂਪੀ ਜਿਸ ਸੌਗਾਤ ਨੂੰ ਸਾਂਭਣ ਦਾ ਉਪਰਾਲਾ ਕੀਤਾ ਗਿਆ ਸੀ, ਉਸ ਬਾਰੇ ਇਹ ਪੁਸਤਕ ਸਮੁੱਚੇ ਰੂਪ ਵਿਚ ਇਸ ਗੱਲ ਦੀ ਤਾਈਦ ਕਰਦੀ ਹੈ ਕਿ ਇਹ ਪੁਸਤਕ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਇਕ ਵਡਮੁੱਲਾ ਯਤਨ ਹੈ ਜੋ ਸਾਂਭਣਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਇਕ ਫ਼ੌਜੀ ਦੀ ਆਤਮ-ਕਥਾ
ਲੇਖਕ : ਭੂਪਿੰਦਰ ਸਿੰਘ ਚੌਕੀਮਾਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 82849-89502.

ਵਿਚਾਰ ਗੋਚਰੀ ਪੁਸਤਕ ਸੀਮਾ ਸੁਰੱਖਿਆ ਬਲ ਦੇ ਸਾਬਕਾ ਡਿਪਟੀ ਕਮਾਂਡੈਂਟ ਸ: ਚੌਕੀਮਾਨ ਦੀ ਹੱਡਬੀਤੀ ਹੈ। ਇਸ ਸਵੈ-ਜੀਵਨੀ ਦੇ 15 ਅਧਿਆਇ ਹਨ। ਪਹਿਲਾ ਅਧਿਆਏ ਲੇਖਕ ਦੇ ਜੀਵਨ ਤੇ ਮੁਢਲੇ ਜੀਵਨ ਨਾਲ ਸਬੰਧਿਤ ਹੈ। ਇਸ ਵਿਚ ਲੇਖਕ ਨੇ ਉਸ ਸਮੇਂ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਕੀਤਾ ਹੈ। 'ਕਾਲਜ ਤੇ ਬੀ.ਐਸ.ਐਫ.' ਦੂਜਾ ਭਾਗ ਹੈ। ਇਸ ਵਿਚ ਜ਼ਿਕਰ ਹੈ ਕਿ ਕਿਵੇਂ ਆਪਣੀ ਲਿਆਕਤ ਸਦਕਾ, 6000 ਪ੍ਰੀਖਿਆਰਥੀਆਂ ਵਿਚੋਂ, ਬੀ.ਐਸ.ਐਫ. ਲਈ ਚੁਣਿਆ ਗਿਆ। ਕੁੱਲ 136 ਚੁਣੇ ਸਨ। 10 ਅਕਤੂਬਰ, 1973 ਨੂੰ ਪਹਿਲੀ ਪੋਸਟਿੰਗ, ਸੰਗਲੀ (ਮੱਧ ਪ੍ਰਦੇਸ਼) ਵਿਚ ਟ੍ਰੇਨਿੰਗ ਹਿਤ ਹੋਈ। 'ਗਵਾਲੀਅਰ ਅਤੇ ਸਿਲੀਗੁੜੀ', 'ਖੁਸ਼ਬੂਆਂ ਦੀ ਧਰਤੀ', 'ਸਖ਼ਤ ਰੁਝਾਨ ਤੇ ਵਿੱਦਿਆ ਪ੍ਰਾਪਤੀ' ਇਸ ਚੈਪਟਰ ਵਿਚ ਕਸ਼ਮੀਰ ਪੜਾਅ ਦੌਰਾਨ, ਐਲ.ਐਲ.ਬੀ. ਦੀ ਪੜ੍ਹਾਈ ਤੇ ਇਸੇ ਦੌਰਾਨ ਇਕ ਮੁਸਲਿਮ ਕੁੜੀ ਪਰਵੇਜ਼ ਨਾਲ ਬਿਤਾਏ ਦੋਸਤਾਨਾ ਪਲਾਂ ਦੀ ਬਿਆਨਗੀ ਬੜੀ ਭਾਵਪੂਰਤ ਹੈ। 'ਦਿੱਲੀ ਫੋਰਸ ਹੈੱਡਕੁਆਰਟਰ' ਉਮਦਾ ਲੇਖ ਹੈ। 'ਸਵਰਗ ਵਿਚ ਮੌਤ ਦਾ ਖੇਲ' ਸਰਹੱਦ ਪਾਰੋਂ ਅੱਤਵਾਦੀਆਂ ਤੇ ਦੇਸ਼ ਵਿਰੋਧੀ ਅਨਸਰਾਂ ਨਾਲ ਜਾਨ ਹੂਲਕੇ ਟੱਕਰ ਲੈਣ ਦਾ ਵਲਵਲਾ ਆਮੇਜ਼ ਵਰਨਣ ਹੈ।
ਅੱਤਵਾਦ ਕਾਰਨ ਧਰਤੀ ਦਾ ਸਵਰਗ ਵਿਚ ਮੌਤ ਦਾ ਖੇਲ ਖੇਡਿਆ ਜਾ ਰਿਹੈ। 'ਧਾਗਿਆਂ ਦੀ ਗੁੰਝਲ' ਲੇਖ ਵਿਚ ਨੌਕਰੀ ਤੋਂ ਸੇਵਾ-ਮੁਕਤੀ ਵੇਲੇ ਬਟਾਲੀਅਨ ਵਲੋਂ ਦਿੱਤੇ ਸਨੇਹ, ਆਦਰ ਤੇ ਨਿੱਘੀ ਅਦਾਇਗੀ ਦਾ ਖੂਬਸੂਰਤ ਚਿਤਰਨ ਹੈ। ਇਸ ਉਪਰੰਤ ਓਸਵਾਲ ਮਿੱਲ ਵਿਚ ਧਾਗਿਆਂ ਦੀ ਦੁਨੀਆ ਵਿਚ ਬਤੌਰ ਅਫਸਰ ਨੌਕਰੀ ਕੀਤੀ। ਆਸਟ੍ਰੇਲੀਆ ਤੇ ਕੈਨੇਡਾ ਦੀਆਂ ਫੇਰੀਆਂ ਦਾ ਵੀ ਜ਼ਿਕਰ ਹੈ। 'ਆਂਦਰਾਂ ਦੇ ਸੇਕ ਤੇ ਮਿੱਟੀ ਦਾ ਮੋਹ' ਲੇਖ ਅਨੁਸਾਰ ਮਿੱਟੀ ਦਾ ਮੋਹ ਉਸ ਨੂੰ ਵਾਪਸ ਦੇਸ਼ ਵਿਚ ਖਿੱਚ ਲਿਆਇਆ। 'ਵਿਦੇਸ਼ਾਂ ਵਿਚ ਰਹਿ ਕੇ ਫਿਰ ਮਿੱਟੀ ਨਾਲ ਮਿੱਟੀ ਹੋਣ ਦਾ ਕੋਈ ਫਾਇਦਾ ਨਹੀਂ ਸੀ। ਆਸਟ੍ਰੇਲੀਆ ਵਿਚ ਵੀ ਖੇਤੀਬਾੜੀ ਕਰਨ ਵਾਲੇ ਨੂੰ ਪੰਜਾਬ ਵਾਂਗ ਜੱਟ ਬੂਟ ਹੀ ਸਮਝਿਆ ਜਾਂਦਾ ਸੀ।' (ਪੰਨਾ 151) 'ਨਜ਼ਰੀਆ' ਇਸ ਪੁਸਤਕ ਦਾ ਅੰਤਿਮ ਲੇਖ ਹੈ। 'ਆਪਣੇ ਆਪ ਨੂੰ ਹਮੇਸ਼ਾ ਸਫ਼ਲਤਾ ਵੱਲ ਲੈ ਜਾਣ ਵਾਸਤੇ ਸਾਨੂੰ ਹਮੇਸ਼ਾ ਸਾਰਥਕ ਸੋਚ ਪੈਦਾ ਕਰਕੇ ਰੱਖਣੀ ਚਾਹੀਦੀ ਹੈ।' (ਪੰਨਾ 159)। 'ਇਕ ਫ਼ੌਜੀ ਦੀ ਆਤਮ ਕਥਾ' ਹਰੇਕ ਨੂੰ ਪੜ੍ਹਨੀ ਚਾਹੀਦੀ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਚੇਤਨਾ ਪਰਵਾਜ਼ ਵਿਚ
ਗ਼ਜ਼ਲਕਾਰ : ਆਰ. ਬੀ. ਸੋਹਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 90863-19527.

ਆਰ. ਬੀ. ਸੋਹਲ ਪੰਜਾਬੀ ਗ਼ਜ਼ਲ ਦਾ ਨਵਾਂ ਤੇ ਚਰਚਿਤ ਚਿਹਰਾ ਹੈ। 'ਚੇਤਨਾ ਪਰਵਾਜ਼ ਵਿਚ' ਗ਼ਜ਼ਲਕਾਰ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 107 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ। ਇਸ ਪੁਸਤਕ ਦੀ ਪਹਿਲੀ ਗ਼ਜ਼ਲ ਵਿਚ ਸੋਹਲ ਵਲੋਂ ਆਪਣੀ ਗ਼ਜ਼ਲ ਲੇਖਣ ਪ੍ਰਕਿਰਿਆ ਦਾ ਸਵੈ-ਵਿਸ਼ਲੇਸ਼ਣ ਕੀਤਾ ਗਿਆ ਹੈ ਤੇ ਉਸ ਦੇ ਕਥਨ ਮੁਤਾਬਿਕ ਉਸ ਦੀ ਗ਼ਜ਼ਲ ਭਟਕਿਆਂ ਰਾਹੀਆਂ ਲਈ ਦਿਸ਼ਾ ਸੂਚਕ ਹੈ ਤੇ ਭਾਵਨਾਵਾਂ ਦੇ ਪਰਿੰਦਿਆਂ ਨੂੰ ਅਸਮਾਨ ਵਿਚ ਉਡਣ ਲਈ ਹੌਸਲਾ ਦਿੰਦੀ ਹੈ। ਪੁਸਤਕ ਦੀ ਦੂਸਰੀ ਗ਼ਜ਼ਲ 'ਤਮੰਨਾ ਹੈ ਦਿਲੋਂ ਮੇਰੀ' ਲੰਬੀ ਤਾਰੀਫ਼ ਵਾਲੀ ਹੈ। ਅਜਿਹੀ ਗ਼ਜ਼ਲ ਦਾ ਨਿਭਾਅ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਸੋਹਲ ਕੋਲ ਅਜਿਹੀ ਯੋਗਤਾ ਹੈ ਕਿ ਉਹ ਹਰ ਪ੍ਰਕਾਰ ਦੀ ਗ਼ਜ਼ਲ ਲਿਖ ਸਕਦਾ ਹੈ। ਪੁਸਤਕ ਵਿਚ ਸੋਹਲ ਨੇ ਅਜਿਹੇ ਤਜਰਬਿਆਂ ਨੂੰ ਸਫ਼ਲਤਾ ਨਾਲ ਨਿਭਾਇਆ ਹੈ। ਗ਼ਜ਼ਲਕਾਰ ਦੀਆਂ ਬਹੁਤੀਆਂ ਗ਼ਜ਼ਲਾਂ ਭਾਵੇਂ ਪਿਆਰ ਮੁਹੱਬਤ 'ਤੇ ਆਧਾਰਿਤ ਹਨ ਪਰ ਅਜਿਹਾ ਵੀ ਨਹੀਂ ਹੈ ਕਿ ਉਹ ਚੁਫ਼ੇਰੇ ਵਾਪਰ ਰਹੀਆਂ ਘਟਨਾਵਾਂ ਤੋਂ ਅਭਿੱਜ ਹੈ। ਉਹ ਮੌਜੂਦਾ ਸਮੇਂ ਦੀ ਨਬਜ਼ ਨੂੰ ਜਾਣਦਾ ਹੈ ਤੇ ਆਉਣ ਵਾਲੇ ਤੂਫ਼ਾਨ ਦੀ ਭਵਿੱਖਬਾਣੀ ਵੀ ਕਰਦਾ ਹੈ। ਗ਼ਜ਼ਲਕਾਰ ਸਮਾਜ ਦੀ ਦੁਰਦਸ਼ਾ ਤੋਂ ਆਹਤ ਹੈ ਤੇ ਜਾਣਦਾ ਹੈ ਕਿ ਸੰਘਰਸ਼ ਬਿਨਾਂ ਹੁਣ ਕੋਈ ਚਾਰਾ ਨਹੀਂ ਹੈ ਤੇ ਇਹੀ ਚੇਤਨਾ 'ਚੇਤਨਾ ਪਰਵਾਜ਼ ਵਿਚ' ਕਿਤਾਬ ਦਾ ਆਧਾਰ ਹੈ। ਉਹ ਮੁਹੱਬਤ ਦੀ ਗੱਲ ਕਰਦਾ ਹੋਇਆ ਵੀ ਗ਼ਜ਼ਲ ਦੇ ਸ਼ਿਅਰਾਂ ਨੂੰ ਸੱਚ ਦੀ ਸ਼ਨਾਖ਼ਤ ਦੀ ਪੁੱਠ ਚਾੜ੍ਹਦਾ ਹੈ। ਪੰਜਾਬੀ ਗ਼ਜ਼ਲ ਭਾਵੇਂ ਇਸ ਸਮੇਂ ਸੰਤੁਸ਼ਟੀਜਨਕ ਮੁਕਾਮ 'ਤੇ ਹੈ ਪਰ ਕੁਝ ਨਵੇਂ ਗ਼ਜ਼ਲਕਾਰ ਰੀਸੋ ਰੀਸ ਗ਼ਜ਼ਲ ਦੇ ਅਸੂਲਾਂ 'ਤੇ ਵਿਅੰਗਮਈ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਜਿਹੜਾ ਗ਼ਜ਼ਲ ਦੇ ਮਜ਼ੀਦ ਵਿਕਾਸ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਪਰ ਸੋਹਲ ਦੀਆਂ ਗ਼ਜ਼ਲਾਂ ਅਰੂਜ਼ ਦੇ ਨਿਯਮਾਂ ਤਹਿਤ ਸੁਚੇਤ ਹੋ ਕੇ ਲਿਖੀਆਂ ਗਈਆਂ ਹਨ ਤੇ ਇਨ੍ਹਾਂ ਵਿਚ ਗ਼ਜ਼ਲੀਅਤ ਸਜੀਵ ਹੈ। ਸੋਹਲ ਦੀ ਗ਼ਜ਼ਲ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮਹਿਜ਼ ਮਾਧਿਅਮ ਨਹੀਂ ਹੈ। ਇਹ ਦੰਭੀ ਰੁੱਤ ਵਿਚ ਪ੍ਰਭਾਵਤ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਵੀ ਦੱਸਦੀ ਹੈ ਤੇ ਦਿਸ਼ਾ ਵੀ ਦਿੰਦੀ ਹੈ। ਸੋਹਲ ਦੀ ਗ਼ਜ਼ਲ ਦਾ ਸਫ਼ਰ ਅਜੇ ਬੜਾ ਲੰਬਾ ਹੈ ਤੇ ਉਸ ਨੇ ਜ਼ਿੰਦਗੀ ਵਿਚ ਅਜੇ ਹੋਰ ਅਨੁਭਵ ਪ੍ਰਾਪਤ ਕਰਨੇ ਹਨ। ਅਨੁਭਵ ਨਾਲ ਉਸ ਦੀ ਗ਼ਜ਼ਲ ਦੇ ਵੇਗ ਤੇ ਖ਼ੂਬਸੂਰਤੀ ਵਿਚ ਯਕੀਨਨ ਵਾਧਾ ਹੋਵੇਗਾ ਤੇ ਇਹ ਪੁਸਤਕ ਉਸ ਦੇ ਸ਼ਾਨਦਾਰ ਭਵਿੱਖ ਦੀ ਬੁਨਿਆਦ ਹੈ।

ਫ ਫ ਫ

ਵਕਤ ਦੇ ਵਰਕੇ
ਗ਼ਜ਼ਲਕਾਰ : ਰਣਬੀਰ ਰਾਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 80.
ਸੰਪਰਕ : 97800-42157.

ਰਣਬੀਰ ਰਾਣਾ 'ਦੀਪਕ ਗ਼ਜ਼ਲ ਸਕੂਲ' ਦਾ ਪ੍ਰਬੁਧ ਤੇ ਸੰਜੀਦਾ ਗ਼ਜ਼ਲਕਾਰ ਹੈ। ਉਨ੍ਹਾਂ ਗ਼ਜ਼ਲਕਾਰਾਂ ਵਿਚ ਰਣਬੀਰ ਰਾਣਾ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਗ਼ਜ਼ਲ ਦੇ ਨਿਯਮਾਂ ਪ੍ਰਤੀ ਵਫ਼ਾ ਨਿਭਾਉਂਦਿਆਂ ਹੋਇਆਂ ਖ਼ੂਬਸੂਰਤ ਗ਼ਜ਼ਲਾਂ ਕਹੀਆਂ ਹਨ। ਰਣਬੀਰ ਰਾਣਾ ਦੇ ਨਵੇਂ ਸੰਗ੍ਰਹਿ ਵਿਚ ਕੁਲ ਸੱਠ ਗ਼ਜ਼ਲਾਂ ਛਪੀਆਂ ਹਨ। ਪਹਿਲੀ ਗ਼ਜ਼ਲ ਵਿਚ ਰਾਣਾ ਜ਼ਿੰਦਗੀ ਦੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਵਿਚ ਹੈ ਤੇ ਜਦੋਂ ਉਹ ਸਾਵੇਂ ਦ੍ਰਿਸ਼ਟੀਕੋਣ ਨਾਲ ਇਸ ਬਾਰੇ ਵਿਸ਼ਲੇਸ਼ਣ ਕਰਦਾ ਹੈ ਤਾਂ ਸੱਚ ਤੇ ਝੂਠ ਦੇ ਫ਼ਰਕ ਦਾ ਅਹਿਸਾਸ ਹੋ ਜਾਂਦਾ ਹੈ। ਉਹ ਸਮੁੱਚੀ ਧਰਤੀ ਤੇ ਅਸਮਾਨ ਨੂੰ ਆਪਣਾ ਆਖਦਾ ਹੈ ਤੇ ਹਰ ਬਸਤੀ 'ਤੇ ਆਪਣਾ ਦਾਅਵਾ ਜਤਾਉਂਦਾ ਹੈ। ਇੰਜ ਗ਼ਜ਼ਲਕਾਰ ਇਕਸਾਰਤਾ ਦਾ ਸੰਦੇਸ਼ ਦਿੰਦਾ ਹੋਇਆ ਕਾਬਜ਼ ਲੋਕਾਂ ਨੂੰ ਵੀ ਲਲਕਾਰਦਾ ਹੈ। ਰਾਣਾ ਆਪਣੀਆਂ ਗ਼ਜ਼ਲਾਂ ਵਿਚ ਕਈ ਜਗ੍ਹਾ ਬਹੁਤ ਸੁੰਦਰ ਦ੍ਰਿਸ਼ ਉਲੀਕਦਾ ਹੈ ਤੇ ਆਪਣੇ ਲਹਿਜ਼ੇ ਨਾਲ ਉਨ੍ਹਾਂ 'ਤੇ ਰੰਗਾਂ ਦੀਆਂ ਪਰਤਾਂ ਚਾੜ੍ਹਦਾ ਹੈ। ਉਹ ਕਹਿੰਦਾ ਹੈ-'ਕਦੇ ਪੱਥਰ ਕਦੇ ਸ਼ੀਸ਼ਾ ਬਣੇਂ ਉਹ ਜ਼ਿਹਨ ਵਿਚ ਮੇਰੇ, ਕਦੇ ਉਹ ਓਪਰਾ ਲਗਦੈ ਕਦੇ ਉਹ ਖ਼ਾਸ ਹੁੰਦਾ ਹੈ।' ਗ਼ਜ਼ਲਕਾਰ ਥੱਕ ਹਾਰ ਚੁੱਕੇ ਲੋਕਾਂ 'ਤੇ ਤਨਜ਼ ਕਰਦਾ ਹੈ ਕਿ ਇਹ ਬੜੀ ਮਾਯੂਸ ਕਰਨ ਵਾਲੀ ਸਥਿਤੀ ਹੈ ਕਿ ਜਿਹੜੇ ਲੋਕ ਨਵੇਂ ਸੂਰਜ ਚੜ੍ਹਾਉਣ ਦੀ ਗੱਲ ਕਰਦੇ ਸਨ, ਉਹ ਧੁੱਪ ਤੋਂ ਡਰਦਿਆਂ ਹੋਇਆਂ ਘਰਾਂ ਵਿਚ ਦੁਬ ਕੇ ਬੈਠੇ ਹਨ। ਉਸ ਮੁਤਾਬਿਕ ਜ਼ਿੰਦਗੀ ਵਿਚ ਇਸ ਤਰ੍ਹਾਂ ਦੇ ਮੁਕਾਮ ਵੀ ਆ ਜਾਂਦੇ ਹਨ ਜਦੋਂ ਛਾਂਵਾਂ ਲਈ ਹੱਥੀਂ ਲਾਏ ਬੂਟਿਆਂ ਦੀ ਭਾਲ ਕਰਨੀ ਪੈਂਦੀ ਹੈ। ਗ਼ਜ਼ਲਕਾਰ ਅਨੁਸਾਰ ਪਿੰਡੇ 'ਤੇ ਹਜ਼ਾਰਾਂ ਜ਼ਖ਼ਮ ਖਾ ਕੇ ਮੁੜ ਉੱਭਰਨ ਵਾਲਾ ਮਨੁੱਖ ਹੀ ਸਫ਼ਲਤਾਵਾਂ ਪ੍ਰਾਪਤ ਕਰਦਾ ਹੈ। ਉਹ ਨਦੀ ਦਾ ਪਾਣੀ ਹੋ ਕੇ ਹਰ ਪਿਆਸੇ ਦੀ ਪਿਆਸ ਬੁਝਾਉਣੀ ਲੋਚਦਾ ਹੈ ਤੇ ਕਾਣੀ ਵੰਡ ਉਸ ਨੂੰ ਰਾਸ ਨਹੀਂ ਹੈ। ਇੰਜ ਰਣਬੀਰ ਰਾਣਾ ਦੀ ਗ਼ਜ਼ਲਕਾਰੀ ਜਦੋਂ ਮੁਹੱਬਤ ਦੀ ਗੱਲ ਕਰਦੀ ਹੈ ਤਾਂ ਸਾਰੀ ਦੀ ਸਾਰੀ ਮੁਹੱਬਤ ਹੋ ਜਾਂਦੀ ਤੇ ਜਦੋਂ ਲੋਕ ਹਿਤੈਸ਼ੀ ਗੱਲ ਕਹਿੰਦਾ ਹੈ ਤਾਂ ਸਾਰੇ ਦਾ ਸਾਰਾ ਲੋਕਾਂ ਦਾ ਹੋ ਜਾਂਦਾ ਹੈ। 'ਵਕਤ ਦੇ ਵਰਕੇ' ਰਾਣਾ ਦਾ ਵਧੀਆ ਗ਼ਜ਼ਲ ਸੰਗ੍ਰਹਿ ਹੈ ਪਰ ਸ਼ਾਇਰੀ ਕਦੀ ਮੁਕੰਮਲ ਨਹੀਂ ਹੁੰਦੀ, ਇਹ ਗੱਲ ਗ਼ਜ਼ਲਕਾਰ ਨੂੰ ਦਿਲ ਵਿਚ ਵਸਾ ਕੇ ਰੱਖਣ ਦੀ ਜ਼ਰੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

07-07-2018

 ਸਿੱਖ ਇਤਿਹਾਸ ਵਿਚ ਬ੍ਰਾਹਮਣ ਸਮਾਜ ਦਾ ਯੋਗਦਾਨ
ਲੇਖਕ : ਸੁਰਿੰਦਰ ਸਿੰਘ ਰਾਜਪੂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 256
ਸੰਪਰਕ : 98558-47938.

ਸੁਰਿੰਦਰ ਸਿੰਘ ਰਾਜਪੂਤ ਜਨ ਸਾਧਾਰਨ ਵਿਚੋਂ ਉੱਠ ਕੇ ਫੀਲਡ ਵਰਕ, ਅਧਿਐਨ ਤੇ ਵਿਚਾਰ-ਵਟਾਂਦਰੇ ਨਾਲ ਭਾਰਤੀ ਸਮਾਜ ਦੇ ਜਾਤਾਂ, ਜਮਾਤਾਂ, ਕਬੀਲਿਆਂ ਦੀ ਇਤਿਹਾਸਕਾਰੀ ਵੱਲ ਰੁਚਿਤ ਹੋਇਆ ਸੁਹਿਰਦ ਵਿਅਕਤੀ ਹੈ। ਗੁਰਬਾਣੀ ਸਿੱਖੀ ਤੇ ਸਾਹਿਤ ਉਸ ਦੀ ਜੀਵਨ ਵਿਧੀ ਦੇ ਸਹਿਜ ਅੰਗ ਰਹੇ ਹਨ। ਉਸ ਦੇ ਖੋਜ ਕਾਰਜ ਦੀ ਸੇਧ ਸਾਰਥਕਤਾ ਅਤੇ ਸ਼ੈਲੀ ਉੱਪਰ ਵੀ ਇਨ੍ਹਾਂ ਦੀ ਛਾਪ ਹੈ। ਰਾਜਪੂਤਾਂ ਤੇ ਭਾਟਾਂ ਬਾਰੇ ਉਸ ਦਾ ਖੋਜ ਕਾਰਜ ਸਿੱਖ ਸਮਾਜ ਲਈ ਵਿਸ਼ੇਸ਼ ਰੂਪ ਵਿਚ ਮਹੱਤਵਪੂਰਨ ਹੈ। ਰੋਜ਼ ਤੇ ਟਾਡ ਦੇ ਕਾਰਜ ਨੂੰ ਪੰਜਾਬੀਆਂ ਵਿਚ ਨਵੇਂ ਪ੍ਰਸੰਗ ਵਿਚ ਤੋਰਨ ਦਾ ਕਾਰਜ ਉਹ ਕਰ ਰਿਹਾ ਹੈ। ਇਸ ਪੁਸਤਕ ਵਿਚ ਉਸ ਨੇ ਬ੍ਰਾਹਮਣ ਜਾਤੀ ਦੇ ਸਿੱਖ ਸਮਾਜ ਨਾਲ ਰਿਸ਼ਤੇ ਦੇ ਕਈ ਪੱਖਾਂ ਉੱਤੇ ਨਿੱਠ ਕੇ ਗੱਲ ਕੀਤੀ ਹੈ। ਸ: ਰਾਜਪੂਤ ਵੰਡੀਆਂ ਤੇ ਨਫ਼ਰਤ ਵਾਲੀ ਸਿਆਸਤ ਦੀ ਥਾਂ ਗੁਰਬਾਣੀ ਤੇ ਸਿੱਖੀ ਦੇ ਸਭੇ ਸਾਂਝੀਵਾਲ ਸਨ। ਇਹ ਏਕ ਪਿਤਾ ਏਕਸ ਕੇ ਹਮ ਬਾਰਕ ਦੇ ਸਿਧਾਂਤ/ਸੇਧ ਦਾ ਅਨੁਸਾਰੀ ਹੈ। ਉਸ ਦਾ ਕਾਰਜ ਬ੍ਰਾਹਮਣ/ਹਿੰਦੂ ਸਮਾਜ ਨੂੰ ਸਿੱਖ ਜਨ ਸਾਧਾਰਨ ਦੇ ਨੇੜੇ ਲਿਆਵੇਗਾ। ਦੋਵਾਂ ਦੇ ਰਿਸ਼ਤੇ ਵਿਚ ਮਿਠਾਸ ਤੇ ਮੁਹੱਬਤ ਭਰੇਗਾ ਜੋ ਸਮੇਂ ਦੀ ਲੋੜ ਹੈ। ਜਾਤਾਂ ਵਰਣਾਂ ਵਿਚ ਵੱਡੇ ਭਾਰਤੀ ਸਮਾਜ ਨੂੰ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਕਰਨ ਦੀ ਸਿੱਖ ਗੁਰੂ ਸਾਹਿਬਾਨ ਦੀ ਸੋਚ ਤੇ ਗੁਰਬਾਣੀ ਵਿਚ ਉਸ ਦੇ ਪ੍ਰਮਾਣਾਂ ਨਾਲ ਹੀ ਲੇਖਕ ਨੇ ਇਸ ਪੁਸਤਕ ਦੀ ਸ਼ੁਰੂਆਤ ਕੀਤੀ ਹੈ। ਅਗਲੇ ਪੰਜਾਹ ਕੁ ਪੰਨੇ ਉਸ ਨੇ ਬ੍ਰਾਹਮਣਾਂ ਦੀਆਂ ਜਾਤਾਂ, ਗੋਤਾਂ, ਭਾਟਾਂ, ਪ੍ਰੋਹਤਾਂ ਆਦਿ ਦੇ ਵੇਰਵਿਆਂ ਨੂੰ ਅਰਪਿਤ ਕੀਤੇ ਹਨ ਅਤੇ ਫਿਰ ਭੱਟ ਬਾਣੀ ਵਾਲੇ ਭੱਟਾਂ ਤੇ ਉਨ੍ਹਾਂ ਦੇ ਵੰਸ਼ ਵਿਚ ਹੋਏ ਸ਼ਹੀਦਾਂ ਦੀ ਗੱਲ ਕੀਤੀ ਹੈ। ਪੁਸਤਕ ਦੇ ਤੀਜੇ ਭਾਗ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਅਤੇ ਫਿਰ ਉਸ ਉਪਰੰਤ ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹੀਵੀਂ-ਵੀਹਵੀਂ ਸਦੀ ਦੇ ਬਦਲਦੇ ਪ੍ਰਸੰਗਾਂ ਵਿਚ ਸਿੱਖ/ਬ੍ਰਾਹਮਣ ਸਬੰਧਾਂ ਨੂੰ ਵਿਸ਼ਲੇਸ਼ਣ ਦਾ ਬਿੰਦੂ ਬਣਾਇਆ ਹੈ। ਕੁਰਬਾਨੀ ਤੇ ਗੁਰਬਾਣੀ ਦੀ ਵਿਆਖਿਆ ਦੋਵਾਂ ਖੇਤਰਾਂ ਵਿਚ ਉਸ ਨੇ ਬ੍ਰਾਹਮਣ ਵਰਗ ਦੀ ਸਿੱਖ ਸਮਾਜ ਨੂੰ ਦੇਣ ਉਜਾਗਰ ਕਰਕੇ ਦੋਵਾਂ ਨੂੰ ਨੇੜੇ ਲਿਆਉਣ ਦਾ ਉੱਦਮ ਕੀਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550.
ਫ ਫ ਫ

ਵਾਰਤਕ ਦੇ ਰੰਗ
ਲੇਖਿਕਾ : ਡਾ: ਕਮਲੇਸ਼ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98149-02564.

ਡਾ: ਕਮਲੇਸ਼ ਉੱਪਲ ਦਾ ਬਹੁਤਾ ਕੰਮ ਪੰਜਾਬੀ ਨਾਟਕ ਅਤੇ ਥੀਏਟਰ ਬਾਰੇ ਹੈ। ਨਾਟਕ ਅਤੇ ਥੀਏਟਰ ਦੇ ਨਾਲ-ਨਾਲ ਉਸ ਦੇ ਪੰਜਾਬੀ ਸੱਭਿਆਚਾਰ ਦੇ ਕੁਝ ਹੋਰ ਪੱਖਾਂ ਬਾਰੇ ਵੀ ਮੌਲਿਕ ਵਿਚਾਰ ਬਣ ਗਏ ਹਨ। 'ਵਾਰਤਕ ਦੇ ਰੰਗ' ਵਿਚ ਕੁਝ ਇਹੋ ਜਿਹੇ ਮੌਲਿਕ ਅਤੇ ਪ੍ਰਗਤੀਸ਼ੀਲ ਵਿਚਾਰ ਅੰਕਿਤ ਹੋਏ ਹਨ। ਪੁਸਤਕ ਵਿਚ ਸੰਕਲਿਤ ਲਗਪਗ 60 ਲਘੂ ਲੇਖਾਂ ਦੀ ਸਮੱਗਰੀ ਨੂੰ ਉਸ ਨੇ ਛੇ ਸ਼੍ਰੇਣੀਆਂ ਵਿਚ ਵਿਭਾਜਿਤ ਕੀਤਾ ਹੈ : 1. ਦੂਰ ਦੇ ਢੋਲ, 2. ਆਓ ਬਾਜ਼ਾਰ ਵਧਾਈਏ, ਗ਼ਰੀਬੀ ਹਟਾਈਏ, 3. ਨੇਕ ਦਿਲ ਨੇਤਾ ਨਹਿਰੂ, 4. ਕੋਠੀ ਦੇ ਦੇ, ਕਾਰ ਦੇ ਦੇ, 5. ਖ਼ਰਚੋ, ਖਾਓ, ਖਪਾਓ, 6. ਮਾਂ ਕਹਿੰਦੀ ਹੁੰਦੀ ਸੀ।
ਇਹ ਸਾਰੇ ਲੇਖ ਅਜੋਕੇ ਉੱਤਰ ਆਧੁਨਿਕਵਾਦ ਦੇ ਦਬਾਵਾਂ ਵਿਚੋਂ ਪੈਦਾ ਹੋਏ ਮਸਨੂਈ ਸੱਭਿਆਚਾਰ ਵੱਲ ਸੰਕੇਤ ਕਰਦੇ ਹਨ। ਇਸ ਦੌਰ ਦਾ ਮੰਤਰ ਇਹ ਬਣ ਗਿਆ ਹੈ : ਖਾਓ, ਖ਼ਰਚੋ ਅਤੇ ਹੰਢਾਓ। ਸ਼ਾਸਵਤ ਕਦਰਾਂ-ਕੀਮਤਾਂ ਉੱਡ-ਪੁੱਡ ਗਈਆਂ ਹਨ। ਲੇਖਿਕਾ ਵਕਤ ਦੇ ਬਦਲੇ ਹੋਏ ਮਿਜਾਜ਼ ਉੱਪਰ ਰੁਦਨ ਨਹੀਂ ਕਰਦੀ। ਨਾ ਹੀ ਗੁਜ਼ਰੇ ਵਕਤ ਉੱਪਰ ਹੇਰਵਾ ਕਰਦੀ ਹੈ, ਬਲਕਿ ਜੋ ਹੋ ਰਿਹਾ ਹੈ, ਜਿਵੇਂ ਹੋ ਰਿਹਾ ਹੈ, ਉਸ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਨਾਲ ਅੰਕਿਤ ਕਰੀ ਜਾਂਦੀ ਹੈ। ਆਪਣੇ ਇਕ ਲੇਖ ਵਿਚ ਉੱਤਰ ਆਧੁਨਿਕਤਾਵਾਦੀ ਜੀਵਨ-ਸ਼ੈਲੀ ਉੱਪਰ ਟਿੱਪਣੀ ਕਰਦੀ ਹੋਈ ਉਹ ਲਿਖਦੀ ਹੈ, 'ਅਜੋਕੇ ਖਪਤਵਾਦੀ ਯੁੱਗ ਵਿਚ ਜਸ਼ਨ-ਮਾਈਆਂ ਦੀ ਕੁਝ ਇਸ ਤਰ੍ਹਾਂ ਚੜ੍ਹਤ ਹੋ ਗਈ ਹੈ ਕਿ ਕੁਝ ਕਰ ਵਿਖਾਉਣ ਨਾਲੋਂ ਜ਼ਿੰਦਗੀ ਵਿਚ ਸਾਰੇ ਕੁਝ ਨੂੰ ਮਨਾਉਣਾ ਵੱਧ ਮਹੱਤਵਪੂਰਨ ਹੋ ਗਿਆ ਹੈ। ਬਹੁਤ ਸਾਰੇ ਨਵੇਂ ਤੋਂ ਨਵੇਂ ਖਪਤ-ਪਦਾਰਥਾਂ ਅਤੇ ਉਪਭੋਗ ਦੀਆਂ ਵਸਤਾਂ ਦੇ ਇਸ਼ਤਿਹਾਰ ਇਹੋ ਸਿਖਾਉਂਦੇ ਹਨ ਕਿ ਜ਼ਿੰਦਗੀ ਸਿਰਫ ਜਸ਼ਨ ਮਨਾਉਣ ਲਈ ਹੈ।' (ਚਿਰੰਜੀਵਤਾ, ਪੰਨਾ 20)
ਡਾ: ਉੱਪਲ ਨੇ ਅਜੋਕੇ ਦੌਰ ਵਿਚ ਪੈਦਾ ਹੋ ਰਹੀਆਂ ਹਿੰਸਾਤਮਿਕ/ਵਿਭਚਾਰਕ ਪ੍ਰਵਿਰਤੀਆਂ ਬਾਰੇ ਵੀ ਆਪਣੇ ਕਈ ਲੇਖਾਂ ਵਿਚ ਭਾਵਪੂਰਿਤ ਸੰਕੇਤ ਕੀਤੇ ਹਨ। ਪੰਜਾਬੀ ਸਾਹਿਤ, ਭਾਰਤੀ ਸਿਨੇਮਾ ਅਤੇ ਕੋਮਲ ਕਲਾਵਾਂ ਬਾਰੇ ਵੀ ਬਹੁਤ ਸਾਰੇ ਲੇਖ ਇਸ ਪੁਸਤਕ ਦੀ ਸ਼ੋਭਾ ਨੂੰ ਵਧਾਉਂਦੇ ਹਨ। ਇਸ ਪੁਸਤਕ ਵਿਚ ਸੁੰਦਰ, ਕਲਿਆਣਕਾਰੀ ਅਤੇ ਸਵਸਥ ਜੀਵਨ-ਸ਼ੈਲੀ ਬਾਰੇ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਮਿਲਦੀਆਂ ਹਨ। ਇਹ ਸਹਿਜ ਅਤੇ ਮੁਕਤ-ਮਨ ਨਾਲ ਪੜ੍ਹੀ ਜਾਣ ਵਾਲੀ ਟੈਕਸਟ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136.
ਫ ਫ ਫ

ਸ਼ਿਰੋਮਣੀ ਉਸਤਾਦ
ਦੀਪਕ ਜੈਤੋਈ ਜੀ ਦੀਆਂ ਗ਼ਜ਼ਲਾਂ
ਵਿਚ ਖ਼ੂਬੀਆਂ ਅਤੇ ਅਲੰਕਾਰ

ਲੇਖਕ : ਨਿਸ਼ਾਨ ਸਿੰਘ ਜੌਹਲ
ਪ੍ਰਕਾਸ਼ਕ : ਆਜ਼ਾਦ ਬੁਕ ਡੀਪੂ, ਅੰਮ੍ਰਿਤਸਰ।
ਮੁੱਲ : 300 ਰੁਪਏ, ਸਫ਼ੇ : 336
ਸੰਪਰਕ : 94179-66662.

ਪੰਜਾਬੀ ਗ਼ਜ਼ਲ ਅੱਜ ਜਿਸ ਮਾਣਮੱਤੇ ਮੁਕਾਮ 'ਤੇ ਹੈ ਇਸ ਵਿਚ ਉਸਤਾਦ ਦੀਪਕ ਜੈਤੋਈ ਜੀ ਦਾ ਬਹੁਤ ਵੱਡਾ ਯੋਗਦਾਨ ਹੈ। 'ਗ਼ਜ਼ਲ ਕੀ ਹੈ' ਪੁਸਤਕ ਰਾਹੀਂ ਉਨ੍ਹਾਂ ਪੰਜਾਬੀ ਗ਼ਜ਼ਲ ਲਈ ਉਹ ਕਾਰਜ ਕੀਤਾ ਹੈ ਜੋ ਇਸ ਖ਼ੇਤਰ ਵਿਚ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਤੇ ਅੱਜ ਵੀ ਅਰੂਜ਼ 'ਤੇ ਲਿਖੀਆਂ ਜਾ ਰਹੀਆਂ ਪੁਸਤਕਾਂ ਇਸੇ ਪੁਸਤਕ ਤੋਂ ਪ੍ਰਭਾਵਿਤ ਹੁੰਦੀਆਂ ਹਨ। ਵਿਚਾਰਨਯੋਗ ਪੁਸਤਕ 'ਸ਼ਿਰੋਮਣੀ ਉਸਤਾਦ ਦੀਪਕ ਜੈਤੋਈ ਜੀ ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਅਤੇ ਅਲੰਕਾਰ' ਉਨ੍ਹਾਂ ਨੂੰ ਸੱਚੀ ਤੇ ਇਮਾਨਦਾਰਾਨਾ ਸ਼ਰਧਾਂਜਲੀ ਹੈ। ਨਿਸ਼ਾਨ ਸਿੰਘ ਜੌਹਲ ਪੰਜਾਬੀ ਗ਼ਜ਼ਲ ਦੀ ਸਮੀਖਿਆ ਲਈ ਹਮੇਸ਼ਾ ਅਗਾੜੀ ਰਿਹਾ ਹੈ ਤੇ ਇਸ ਪੁਸਤਕ ਵਿਚ ਉਸ ਨੇ ਜਿੱਥੇ ਜਨਾਬ ਦੀਪਕ ਜੈਤੋਈ ਸਬੰਧੀ ਵੱਖ-ਵੱਖ ਸਾਹਿਤਕਾਰਾਂ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਛਾਪਿਆ ਹੈ, ਉਥੇ ਉਨ੍ਹਾਂ ਦੀਆਂ ਗ਼ਜ਼ਲਾਂ ਦੀਆਂ ਵੱਖ-ਵੱਖ ਖ਼ੂਬੀਆਂ ਦਾ ਵਿਸਤ੍ਰਿਤ ਉਲੇਖ ਵੀ ਕੀਤਾ ਹੈ।
ਇਸ ਵੱਡ ਆਕਾਰੀ ਪੁਸਤਕ ਵਿਚ ਸਤਿਗੁਰ ਜਗਜੀਤ ਸਿੰਘ, ਗੁਰਦਿਆਲ ਸਿੰਘ ਨਾਵਲਿਸਟ, ਤੇਜਵੰਤ ਮਾਨ, ਗੁਰਦਿਆਲ ਰੌਸ਼ਨ, ਜਸਪਾਲ ਮਾਨਖੇੜਾ, ਭਗਵਾਨ ਦਾਸ ਸੰਦਲ, ਸੁਬੇਗ ਸੱਧਰ ਆਦਿ ਦੇ ਲੇਖ ਤੇ ਮੁਲਾਕਾਤਾਂ ਨੂੰ ਛਾਪਿਆ ਗਿਆ ਹੈ। ਇਸ ਸਬੰਧੀ ਕੁਝ ਪਰਚਿਆਂ ਦਾ ਸਹਿਯੋਗ ਵੀ ਲਿਆ ਗਿਆ ਹੈ। ਪੁਸਤਕ ਦਾ ਵੱਡਾ ਹਿੱਸਾ ਦੀਪਕ ਸਾਹਿਬ ਦੀਆਂ ਗ਼ਜ਼ਲਾਂ ਦੀਆਂ ਖ਼ੂਬੀਆਂ 'ਤੇ ਆਧਾਰਿਤ ਹੈ। ਇਹ ਭਾਗ ਸਿਖਾਂਦਰੂਆਂ ਲਈ ਬਹੁਤ ਲਾਹੇਵੰਦਾ ਸਾਬਤ ਹੋ ਸਕਦਾ ਹੈ, ਕਿਉਂਕਿ ਇਕੱਲੇ-ਇਕੱਲੇ ਸਿਰਲੇਖ ਹੇਠਾਂ ਖ਼ੂਬੀਆਂ ਦਾ ਵਿਸਥਾਰ ਦਿੱਤਾ ਗਿਆ ਹੈ। ਕਿਤੇ-ਕਿਤੇ ਦੀਪਕ ਜੀ ਦੀਆਂ ਗ਼ਜ਼ਲਾਂ ਤੇ ਸ਼ਿਅਰ ਦੇ ਕੇ ਪੁਸਤਕ ਨੂੰ ਰੌਚਿਕਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 'ਸ਼੍ਰੋਮਣੀ ਉਸਤਾਦ ਦੀਪਕ ਜੈਤੋਈ ਜੀ ਦੀਆਂ ਗ਼ਜ਼ਲਾਂ ਵਿਚ ਖ਼ੂਬੀਆਂ ਅਤੇ ਅਲੰਕਾਰ' ਪੁਸਤਕ ਵਿਚ ਉਨ੍ਹਾਂ ਦੀਆਂ ਪੁਸਤਕਾਂ 'ਚੋਂ ਲੈ ਕੇ ਗ਼ਜ਼ਲ, ਪਿੰਗਲ ਤੇ ਅਰੂਜ਼ ਸਬੰਧੀ ਦੀਪਕ ਜੀ ਦਾ ਨਜ਼ਰੀਆਂ ਵੀ ਛਾਪਿਆ ਗਿਆ ਹੈ। ਉਸਤਾਦ ਜੀ ਸਬੰਧੀ ਕੁਝ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ ਪਰ ਦੀਪਕ ਜੀ ਦੀ ਗ਼ਜ਼ਲਕਾਰੀ ਦੇ ਏਨੇ ਵਿਸਥਾਰਤ ਲੇਖੇ ਜੋਖੇ ਸਬੰਧੀ ਇਹ ਇਕੋ-ਇਕ ਪੁਸਤਕ ਹੈ ਜਿਸ ਵਿਚ ਕੁਝ ਯਾਦਗਾਰੀ ਤਸਵੀਰਾਂ ਵੀ ਹਨ। 'ਦੀਪਕ ਗ਼ਜ਼ਲ ਸਕੂਲ' ਦੇ ਕਈ ਹੋਰ ਗੂੜ੍ਹੇ ਹਸਤਾਖ਼ਰਾਂ ਬਾਰੇ ਵੀ ਇਸ ਵਿਚ ਜਾਣਕਾਰੀ ਦਰਜ ਹੈ।

ਂਗੁਰਦਿਆਲ ਰੌਸ਼ਨ
ਮੋ: 9988444002.
ਫ ਫ ਫ

ਮਧੁਰਪ੍ਰੀਤ ਕਹਾਣੀਆਂ
ਲੇਖਕ : ਪੂਰਨ ਚੰਦ ਜੋਸ਼ੀ (ਡਾ:)
ਪ੍ਰਕਾਸ਼ਕ : ਸਵੈ-ਪ੍ਰਕਾਸ਼ਿਤ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98141-47405.

ਵਿਦਵਾਨ ਲੇਖਕ ਪੂਰਨ ਚੰਦ ਜੋਸ਼ੀ ਦੀਆਂ 31 ਸੱਜਰੀਆਂ ਕਹਾਣੀਆਂ ਇਸ ਪੁਸਤਕ ਵਿਚ ਸ਼ਾਮਿਲ ਹਨ। ਦਰ-ਹਕੀਕਤ ਇਹ ਕਹਾਣੀਆਂ ਇਕ ਤਰ੍ਹਾਂ ਨਾਲ ਡਾ: ਜੋਸ਼ੀ ਦੀ ਸਵਾਨੇ-ਉਮਰੀ (ਸਵੈ-ਜੀਵਨੀ) ਪ੍ਰਤੀਤ ਹੁੰਦੀ ਹੈ। ਪੁਸਤਕ ਦੀ ਪਲੇਠੀ ਕਹਾਣੀ 'ਸੱਠ ਸਾਲ ਪਹਿਲੋਂ' ਹੈ, ਜਿਸ ਵਿਚ ਪਿਛਲਝਾਤ ਵਿਧੀ ਰਾਹੀਂ, ਉਸ ਵੇਲੇ ਦੇ ਸਮੇਂ ਨੂੰ ਬਾਖੂਬੀ, ਬਿਆਨ ਕੀਤਾ ਗਿਆ ਹੈ। ਉਸ ਸਮੇਂ ਦਾ ਰਹਿਣ-ਸਹਿਣ, ਚੱਜ ਆਚਾਰ, ਵਿਹਾਰ, ਥੁੜ੍ਹਾਂ, ਤੰਗੀਆਂ-ਤੁਰਸ਼ੀਆਂ ਪਰ ਇਸ ਦੇ ਬਾਵਜੂਦ ਸਾਂਝ ਦੀ ਪਕੇਰੀ ਤੰਦ, ਸਭ ਨੂੰ ਭਾਈਚਾਰਕ ਭਰੱਪਣ ਦੇ ਸੂਤਰ ਵਿਚ ਬੰਨ੍ਹ ਕੇ ਰੱਖਦੀ ਸੀ। ਕਹਾਣੀ ਦੀ ਆਖਰੀ ਸਤਰ ਕੁੱਜੇ ਵਿਚ ਸਮੁੰਦਰ ਬੰਦ ਕਰ ਗਈ ਹੈ। 'ਸਮੇਂ ਦੇ ਨਾਲ ਲੋਕਾਂ ਦੇ ਸੁਭਾਅ ਦੀ ਤਰ੍ਹਾਂ ਰਸਤੇ ਹੀ ਨਹੀਂ, ਪੂਰੇ ਜ਼ਮਾਨੇ ਦੀ ਪੂਰੀ ਤਕਦੀਰ ਬਦਲ ਚੁੱਕੀ ਹੈ ਅੱਜ।' (ਪੰਨਾ 15) ਇਸ ਪੁਸਤਕ ਵਿਚਲੀਆਂ ਕਹਾਣੀਆਂ ਨੂੰ ਲੇਖਕ ਨੇ ਅਸਲੀਅਤ ਦੇ ਤਜਰਬੇ ਵਜੋਂ ਸਲੀਕੇ ਨਾਲ ਪਰੋਸਿਆ ਹੈ। 'ਮਾਪੇ' ਕਹਾਣੀ, ਮਾਪਿਆਂ ਦਾ ਉਚਿਤ ਸਨਮਾਨ ਕਰਨ ਦਾ ਸੁਨੇਹਾ ਦਿੰਦੀ ਹੈ। 'ਹਉਕਾ' ਕਹਾਣੀ ਸਮੇਂ ਤੇ ਹਾਲਾਤ ਸਾਹਵੇਂ, ਮਨੁੱਖ ਦੀ ਲਾਚਾਰਗੀ ਤੇ ਬੇਬਸੀ ਨੂੰ ਰੂਪਮਾਨ ਕਰਦੀ ਹੈ। 'ਪਿੰਡ ਦਾ ਟੂਣਾ' ਉਨ੍ਹਾਂ ਭਲੇ ਵੇਲਿਆਂ ਦੀ ਬਾਤ ਪਾਉਂਦੀ ਰਚਨਾ ਹੈ, ਜਦੋਂ 'ਸਭੇ ਸਾਂਜੀਵਾਲ ਸਦਾਇਨ' ਦੀ ਭਾਵਨਾ ਖ਼ਾਸਕਰ ਪਿੰਡਾਂ ਵਿਚ ਸੀ। ਕਿਵੇਂ ਪਿੰਡ ਦੀ ਸੁੱਖ ਸ਼ਾਂਤੀ ਲਈ ਪੂਜਾ ਪਾਠ ਹੁੰਦੇ, ਲੰਗਰ ਲਗਦੇ ਤੇ ਸਾਰੇ ਪੇਂਡੂ, ਇਕੱਠੇ ਲੰਗਰ ਛੱਕਦੇ। 'ਇਸ ਤਰ੍ਹਾਂ, ਪਿੰਡ ਵਿਚ ਟੂਣਾ, ਮੁਕੰਮਲ ਹੋ ਜਾਂਦਾ ਤੇ ਮਿਲਵਰਤਨ ਵਿਚ ਨੇੜੇ ਆ ਜਾਂਦੇ। ਆਪਸੀ ਮੇਲ ਮਿਲਾਪ ਤੇ ਪਿਆਰ ਵਧਦਾ।' (ਪੰਨਾ 38) 'ਰਾਮ ਲੀਲਾ' ਕਹਾਣੀ ਉਨ੍ਹਾਂ ਸਮਿਆਂ ਵਿਚ ਮਨੋਰੰਜਨ ਦੀ ਇਕ ਬਿਹਤਰੀਨ ਜੁਗਤ ਵਜੋਂ ਅਹਿਮੀਅਤ ਦਾ ਪ੍ਰਗਟਾਵਾ ਹੈ। 'ਸਰਪੰਚ ਪੂਰਨ ਸਿੰਘ ਜ਼ਿੰਦਾਬਾਦ' ਸਮੇਤ ਅਨੇਕ ਕਹਾਣੀਆਂ ਵਿਚਲੇ ਡਾਇਲਾਗ ਬੜੇ ਸਰਲ, ਰੌਚਕ ਤੇ ਭਾਵਪੂਰਤ ਹਨ। ਪੁਸਤਕ ਦੀਆਂ ਸਭੇ ਕਹਾਣੀਆਂ ਪੜ੍ਹਨਯੋਗ ਹਨ। ਪੁਸਤਕ ਦੇ ਆਰੰਭ ਵਿਚ ਲੇਖਕ ਵਲੋਂ ਮਧੁਰਪ੍ਰੀਤ ਉਨਵਾਨ ਹੇਠ ਇਕ ਸੁੰਦਰ ਕਵਿਤਾ ਦਰਜ ਹੈ ਅਤੇ ਇਸੇ ਤਰ੍ਹਾਂ ਅੰਤ ਵਿਚ 'ਕਾਗਜ਼ ਬੋਲਦਾ' ਨਾਂਅ ਦੀ 14 ਬੰਦਾਂ ਵਾਲੀ ਨਜ਼ਮ ਉਤਕ੍ਰਿਸ਼ਟ ਰਚਨਾ ਹੈ, ਜਿਸ ਰਾਹੀਂ ਡਾ: ਜੋਸ਼ੀ ਨੇ ਲਿਖਤ ਦੇ ਸਦੀਵੀਪਨ ਦਾ ਜ਼ਿਕਰ ਕੀਤਾ ਹੈ। 'ਜੋਸ਼ੀ ਕੌਣ ਲਿਖਾਰੀ, ਕਿੱਸਾਕਾਰ, ਕਹਾਣੀਕਾਰ, ਇਹ ਗੱਲ ਕਦੇ ਫਰੋਲਦਾਂਕਦਰ ਹਮੇਸ਼ਾ, ਪਰਦੇ ਤੇ ਪੈਕਿੰਗ ਦੀ ਹੈ, ਇਹੀ ਕਾਗਜ਼ ਬੋਲਦਾ।'

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਅਲਵਿਦਾ ਅਮੀਰਪੁਰ
ਲੇਖਕ : ਪਰਗਟ ਸਿੰਘ ਸਿੱਧੂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 395 ਰੁਪਏ, ਸਫ਼ੇ : 252
ਸੰਪਰਕ : 99885-10366.

ਗਲਪਕਾਰ ਸਿੱਧੂ ਦਾ ਇਹ ਤੀਜਾ ਨਾਵਲ ਹੈ। ਨਾਵਲ ਦੀ ਫੇਬੁਲਾ ਦਾ ਆਧਾਰ ਬੀਤੀ ਅੱਧੀ ਸਦੀ ਦੇ ਮਾਲਵੇ ਦਾ ਪੇਂਡੂ ਜੀਵਨ ਹੈ। ਇਸ ਦੇ ਆਂਚਲਿਕ ਦਾਇਰੇ ਵਿਚ ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਹਿੱਸੇ ਆਉਂਦੇ ਹਨ। ਪੇਂਡੂ ਜੀਵਨ ਦੇ ਅਨੇਕਾਂ ਵਿਸ਼ਿਆਂ 'ਤੇ ਫ਼ੋਕਸੀਕਰਨ ਉਪਲਬਧ ਹੈ। ਮਸਲਨ : ਇਲਾਕੇ ਦੇ ਵੈਲੀਆਂ ਵਲੋਂ ਜ਼ਮੀਨੀ ਝਗੜੇ ਨਿਪਟਾਉਣਾ, ਸਰਕਾਰ ਵਲੋਂ ਮਜ਼੍ਹਬੀ ਸਿੱਖਾਂ ਲਈ ਅਲਾਟ ਹੋਈ ਜ਼ਮੀਨ 'ਤੇ ਧੱਕੜਸ਼ਾਹਾਂ ਦਾ ਕਬਜ਼ਾ, ਪੇਂਡੂ ਵਲੋਂ ਰੂੜੀ-ਮਾਰਕਾ ਸ਼ਰਾਬ ਦੀ ਵਰਤੋਂ, ਔਰਤਾਂ ਦਾ ਸ਼ੋਸ਼ਣ ਅਤੇ ਮਰਦਾਂ ਵਲੋਂ ਬੇਰੁਖ਼ੀ ਦਾ ਸ਼ਿਕਾਰ ਹੋਣਾ, ਲੋਕਾਂ ਨੂੰ ਸ਼ਿਕਾਰ ਖੇਡਣ ਦਾ ਸ਼ੌਕ, ਸਰਪੰਚੀ ਦੀ ਚੋਣ ਲਈ ਸੰਘਰਸ਼, ਨਕਸਲਵਾੜੀ ਤੇ ਖਾੜਕੂ ਲਹਿਰ ਦਾ ਅਸਰ, ਅਚਾਨਕ ਮੌਤਾਂ, ਪਛੜਾਪਣ (ਬੈਠਣ ਲਈ ਕੇਵਲ ਮੰਜੇ-ਪੀੜ੍ਹੀਆਂ, ਸਫ਼ਰ ਲਈ ਗੱਡੇ-ਰੱਥ, ਰਸੋਈ ਲਈ ਚੁੱਲ੍ਹੇ, ਬਾਲਣ ਲਈ ਛਟੀਆਂ ਆਦਿ); ਕਿਸੇ ਕਿਸੇ ਕੋਲ ਜੀਪ; ਮੋਟਰਸਾਈਕਲਾਂ, ਕਾਰਾਂ ਸਕੂਟਰਾਂ ਦੀ ਅਣਹੋਂਦ ਪਰ ਬਿਜਲੀ ਦੇ ਬਲਬ ਜਗਦੇ ਹਨ। ਵਿਧਵਾ ਔਰਤਾਂ ਦਾ ਦੁਬਾਰਾ ਸ਼ਾਦੀ ਕਰਵਾਉਣਾ, ਨਵੀਂ ਪੀੜ੍ਹੀ ਦੀ ਇਸ ਰੁਝਾਨ ਨਾਲ ਨਫ਼ਰਤ, ਔਲਾਦ ਵਲੋਂ ਮਾਪਿਆਂ ਦਾ ਇਸੇ ਕਾਰਨ ਵਿਰੋਧ, ਮਾਪਿਆਂ ਦਾ ਅਣਗੌਲੇ ਹੋਣਾ, ਬੇਗਾਨਗੀ ਅਤੇ ਓਪਰੇਪਣ ਦਾ ਸ਼ਿਕਾਰ ਹੋਣਾ; ਫ਼ਲਸਰੂਪ ਮਾਪਿਆਂ ਦਾ ਆਪਣੀ ਪੱਕੀ ਰਿਹਾਇਸ਼ ਦੇ ਪਿੰਡ 'ਅਮੀਰਪੁਰਾ' ਨੂੰ 'ਅਲਵਿਦਾ' ਕਹਿ ਕੇ ਔਲਾਦ ਤੋਂ ਦੂਰ ਹੋ ਜਾਣਾ ਆਦਿ ਅਨੇਕਾਂ ਘਟਨਾਵਾਂ ਇਸ ਬਿਰਤਾਂਤ ਦਾ ਅੰਗ ਹਨ।
ਕਲਾਤਮਿਕ ਪੱਖੋਂ ਪ੍ਰਕਿਰਤੀ ਚਿਤਰਣ ਇਸ ਬਿਰਤਾਂਤ ਦਾ ਹਾਸਲ ਹਨ। ਬੱਦਲ, ਸੂਰਜ, ਚੰਨ, ਤਾਰੇ ਤੇ ਪੌਣ ਸਮੇਂ-ਸਮੇਂ ਸਰਕਦੇ ਵੇਖੇ ਜਾ ਸਕਦੇ ਹਨ। ਟਾਲ੍ਹੀ, ਤੂਤ, ਦੀ ਛਾਂ ਵੀ ਹੈ ਪਰ ਬਕਰੈਣ ਦੇ ਬਿਰਛਾਂ ਹੇਠ ਮੰਜੇ ਥਾਂ ਪੁਰ ਡਹਿੰਦੇ ਹਨ। ਮੁਹਾਂਦਰਾ ਸਿਰਜਦਿਆਂ ਲੇਖਕ ਪਾਤਰ ਨੂੰ ਹੂ-ਬਹੂ ਸਾਹਮਣੇ ਖੜ੍ਹਾ ਦਿੰਦਾ ਹੈ। ਵਾਰਤਕ ਵਾਕਾਂ ਵਿਚ ਉਪਮਾ ਅਲੰਕਾਰਾਂ ਦੀ ਭਰਮਾਰ ਹੈ। ਤੁਲਨਾਵਾਂ ਹੀ ਤੁਲਨਾਵਾਂ ਹਨ। ਸਿਰ 'ਤੇ ਬੰਨ੍ਹੇ ਪਰਨੇ ਵਿਚ ਦੀ ਲਟਕਦੀਆਂ ਵਾਲਾਂ ਦੀਆਂ ਲਿਟਾਂ (ਜਿਊਣਾ) ਅਤੇ ਬੋਲਣ ਲਈ ਮੰਚ 'ਤੇ ਦੋ ਮਿੰਟ ਦਿਉ (ਸੁਰਿੰਦਰ ਅਕਾਲੀ) ਦੇ ਬਿਰਤਾਂਤ ਵਿਚ ਬਾਰੰਬਾਰਤਾ ਹੈ। ਜੈ ਵੱਢੀ, ਜੈ ਵੱਢਿਆ, ਜੈ ਖਾਣੀ, ਜੈ ਖਾਣਿਆਂ ਆਦਿ ਗਾਲਾਂ ਪਾਤਰ ਆਮ ਹੀ ਇਕ-ਦੂਜੇ ਨੂੰ ਕੱਢਦੇ ਹਨ। ਸ਼ਬਦ 'ਆਪਾਂ' ਨੂੰ ਸਾਰੇ ਹੀ ਪਾਤਰ 'ਅੱਪਾਂ' ਉਚਾਰਦੇ ਹਨ। ਕੁੱਲ ਮਿਲਾ ਕੇ ਇਹ ਨਾਵਲ ਵਿਸ਼ੇ, ਪਾਤਰ ਅਤੇ ਭਾਸ਼ਾ ਪੱਖੋਂ ਮਾਲਵੇ ਦੀ ਆਂਚਲਿਕਤਾ ਨੂੰ ਪ੍ਰਸਤੁਤ ਕਰਨ ਵਿਚ ਸਫਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪੰਜਾਬੀ ਵਿਰਾਸਤ ਬਦਲਦੇ ਪਰਿਪੇਖ
ਲੇਖਿਕਾ : ਮਨਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 80545-24495.

ਹਥਲੀ ਪੁਸਤਕ ਪੰਜਾਬੀਅਤ ਦੀ ਪਛਾਣ ਦੇ ਮੂਲ ਗੁਆਚੇ ਸਰੋਕਾਰਾਂ ਨੂੰ ਉਭਾਰਨ ਦੇ ਨਾਲ-ਨਾਲ ਅਜੋਕੇ ਕਾਲ ਖੰਡ ਵਿਚ ਆਏ ਬਦਲਾਵ ਦੇ ਕਾਰਨਾਂ ਨੂੰ ਪਛਾਣਦੀ ਹੋਈ ਬਹੁਤ ਸਾਰੇ ਨਵੇਂ ਸੋਚ ਦ੍ਰਿਸ਼ਟੀ ਦੇ ਪ੍ਰਤਿਮਾਨਾਂ ਨੂੰ ਪ੍ਰਗਟਾਉਂਦੀ ਹੈ।
ਲੇਖਿਕਾ ਭਾਵੇਂ ਪੇਂਡੂ ਲੋਕ ਖੇਡਾਂ ਬਾਰੇ ਦੱਸ ਰਹੀ ਹੈ ਅਤੇ ਭੁੱਲੀਆਂ ਵਿੱਸਰੀਆਂ ਖੇਡਾਂ ਦੇ ਸੱਭਿਆਚਾਰਕ ਮਹੱਤਵ ਨੂੰ ਪ੍ਰਗਟਾਅ ਰਹੀ ਹੈ ਜਾਂ ਲੋਹੜੀ ਦੇ ਤਿਉਹਾਰ ਦੀ ਸਮਾਜਿਕ ਅਤੇ ਸੱਭਿਆਚਾਰਕ ਸਾਰਥਿਕਤਾ ਦਰਸਾਅ ਰਹੀ ਹੈ ਜਾਂ ਲੋਰੀ ਕਾਵਿ ਰੂਪ ਜਾਂ ਜੰਝ ਕਾਵਿ-ਰੂਪ ਨਾਲ ਸਬੰਧਿਤ ਲੋਕ ਗੀਤਾਂ ਦੇ ਅਰਥਾਂ ਦੇ ਭਾਵ-ਬੋਧ ਨੂੰ ਪ੍ਰਗਟਾਅ ਰਹੀ ਹੈ, ਪਾਠਕ ਨੂੰ ਇਨ੍ਹਾਂ ਸਭਨਾਂ ਪ੍ਰਸੰਗਾਂ ਵਿਚੋਂ ਅਮੀਰ ਲੋਕ ਜੀਵਨ-ਸ਼ੈਲੀ ਦਾ ਬੋਧ ਹੁੰਦਾ ਪ੍ਰਤੀਤ ਹੋ ਸਕਦਾ ਹੈ।
ਪੰਜਾਬੀ ਲੋਕ ਸੰਗੀਤ ਨੇ ਜਿਸ ਕਦਰ ਪੰਜਾਬੀਅਤ ਨੂੰ ਪ੍ਰਭਾਵਿਤ ਕੀਤਾ ਹੈ, ਉਸ ਸਬੰਧੀ ਵੀ ਇਹ ਪੁਸਤਕ ਜਾਣਕਾਰੀ ਦਿੰਦੀ ਹੈ ਅਤੇ ਵਿਸ਼ਵੀਕਰਨ ਅਥਵਾ ਖਪਤਕਾਰੀ ਯੁੱਗ ਵਿਚ ਵਿਚਰ ਰਹੇ ਪੰਜਾਬੀਆਂ ਨੂੰ ਆਪਣੀ ਸੱਭਿਆਚਾਰਕ ਹੋਂਦ-ਸਥਿਤੀ ਦੇ ਮੁੱਲਾਂ ਨਾਲ ਜੋੜਨ ਦਾ ਸੰਦੇਸ਼ ਵੀ ਇਹ ਪੁਸਤਕ ਦਿੰਦੀ ਹੈ। ਸਮਾਜਕ ਰੀਤਾਂ-ਰਸਮਾਂ ਵਿਚੋਂ ਮੁੱਕ ਚੁੱਕੀਆਂ ਰੀਤਾਂ ਅਤੇ ਉਨ੍ਹਾਂ ਦੇ ਨਿਭਾਓ ਪ੍ਰਸੰਗ ਖ਼ਾਸ ਕਰਕੇ ਜੰਞ ਆਉਣ, ਜੰਞ ਸੰਭਾਲਣ ਅਤੇ ਇਸ ਦੇ ਨਾਲ ਹੋਰ ਸਬੰਧਿਤ ਗੀਤਾਂ ਦੇ ਸ਼ਬਦ-ਸੰਚਾਰ ਦੇ ਅਰਥਾਂ ਨੂੰ ਵੀ ਇਹ ਪੁਸਤਕ ਪ੍ਰਗਟ ਕਰਦੀ ਹੈ।
ਮਨੋਰੰਜਨ ਦੇ ਪੁਰਾਤਨ ਸਰੋਤਾਂ ਤੋਂ ਵਰਤਮਾਨ ਕਾਲ-ਖੰਡ ਵਿਚ ਆਏ ਪਰਿਵਰਤਨਾਂ ਦਾ ਵੀ ਇਹ ਪੁਸਤਕ ਬੋਧ ਕਰਾਉਂਦੀ ਹੈ। ਨਿਰਸੰਦੇਹ, ਮਨਿੰਦਰ ਕੌਰ ਦਾ ਇਹ ਰਚਨਾਤਮਿਕ ਉਪਰਾਲਾ ਪੰਜਾਬੀਅਤ ਲਈ ਇਕ ਹਾਸਲ ਸਾਬਿਤ ਹੋ ਸਕਦਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

30-06-2018

 ਬੀ. ਐੱਸ. ਬੀਰ ਦਾ ਕਾਵਿ-ਜਗਤ
ਸੰਪਾਦਕ : ਡਾ: ਸਤੀਸ਼ ਕੁਮਾਰ ਵਰਮਾ,
ਡਾ: ਤਰਲੋਕ ਸਿੰਘ ਆਨੰਦ ਅਤੇ ਨਿਰੰਜਣ ਬੋਹਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 850 ਰੁਪਏ, ਸਫ਼ੇ : 827
ਸੰਪਰਕ : 99888-86364.

ਬੀ. ਐਸ. ਬੀਰ ਪੰਜਾਬੀ ਸਾਹਿਤ ਜਗਤ ਵਿਚ ਵਿਭਿੰਨ ਸਾਹਿਤ ਰੂਪਾਂ ਦੇ ਸਿਰਜਕ ਦੇ ਤੌਰ 'ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੋਇਆ ਹੈ। ਇਸ ਗ੍ਰੰਥ ਦੇ ਜ਼ਰੀਏ ਉਸ ਦੀ ਸ੍ਰੇਸ਼ਟ ਕਾਵਿ ਅਨੁਭੂਤੀ ਦਾ ਪ੍ਰਗਟਾਵਾ ਪਾਠਕਾਂ ਦੇ ਸਨਮੁੱਖ ਹੈ। ਸੰਪਾਦਕੀ ਮੰਡਲ ਦੁਆਰਾ ਜਿਥੇ ਇਸ ਸੰਗ੍ਰਹਿ ਵਿਚ ਉਸ ਦੇ ਵਿਭਿੰਨ ਕਾਵਿ-ਸੰਗ੍ਰਹਿਆਂ ਵਿਚ ਅੰਕਿਤ ਕਵਿਤਾਵਾਂ ਨੂੰ ਪਾਠਕਾਂ ਸਾਹਮਣੇ ਲਿਆਂਦਾ ਹੈ, ਉਥੇ ਨਾਲ ਦੀ ਨਾਲ ਬੀ. ਐਸ. ਬੀਰ ਦੁਆਰਾ ਅਨੁਵਾਦਿਤ ਵਿਸ਼ਵ ਪੱਧਰ ਦੇ ਸਿਰਮੌਰ ਕਵੀਆਂ ਦੀਆਂ ਅਨੁਵਾਦਿਤ ਕੀਤੀਆਂ ਰਚਨਾਵਾਂ ਨੂੰ ਵੀ ਪੇਸ਼ ਕੀਤਾ ਹੈ।
ਨਿਰਸੰਦੇਹ ਇਹ ਕਵੀ ਭਾਰਤੀ ਕਾਵਿ ਸਿਰਜਣ ਪ੍ਰਕਿਰਿਆ ਨੂੰ ਤਹਿ-ਦਰ-ਤਹਿ ਸਮਝਦਾ ਹੋਇਆ ਆਪਣੀ ਮੌਲਿਕਤਾ ਨੂੰ ਉਭਾਰ ਰਿਹਾ ਪ੍ਰਤੀਤ ਹੁੰਦਾ ਹੈ ਅਤੇ ਵਿਸ਼ਵੀਕਰਨ ਦੇ ਸਾਮਿਅਕ ਸੰਦਰਭਾਂ ਨੂੰ ਆਪਣੀ ਕਵਿਤਾ ਜ਼ਰੀਏ ਪ੍ਰਗਟ ਕਰਦਾ ਹੈ। ਉਸ ਦੇ ਇਸ ਦੁਆਰਾ ਰਚਿਤ ਛੇ ਕਾਵਿ ਪੁਸਤਕਾਂ ਦਾ ਸਮੁੱਚਾ ਪਾਠ ਇਸ ਗੱਲ ਦਾ ਬੋਧ ਕਰਾਉਂਦਾ ਹੈ ਕਿ ਬੀ. ਐਸ. ਬੀਰ ਦੀ ਕਾਵਿ ਸਿਰਜਣ ਪ੍ਰਕਿਰਿਆ ਅਜੋਕੇ ਕਾਲ ਖੰਡ ਦੀ ਕਵਿਤਾ ਵਿਚ ਅਹਿਮ ਸਥਾਨ ਦੀ ਧਾਰਿਕ ਹੈ। ਪਾਠਕ ਭਾਵੇਂ, 'ਸੱਜਰੇ ਫੁੱਲਾਂ ਦੀ ਮਹਿਕ, ਪ੍ਰਿਜ਼ਮ ਦੇ ਆਰ-ਪਾਰ, ਰੌਸ਼ਨੀਆਂ ਦੇ ਪਿਰਾਮੰਡ, ਏਹ ਜੈਕ ਪਾਟ ਮੇਰਾ ਹੈ, ਮਹਾਂ ਭਾਰਤ ਦੇ ਅਠਾਰਾਂ ਕੁੱਕਨੂਸ, ਚਹੁੰ ਕੂਟੀਂ ਗੁਟਰਗੂੰ, ਰਾਬ੍ਰਟ ਫ੍ਰਾਸਟ ਦੀਆਂ ਚੋਣਵੀਆਂ ਕਵਿਤਾਵਾਂ ਤੋਂ ਇਲਾਵਾ ਹੋਰ ਵਿਸ਼ਵ ਪ੍ਰਸਿੱਧ ਕਵੀਆਂ ਦੀਆਂ ਪੰਜਾਬੀ ਅਨੁਵਾਦਿਤ ਕਵਿਤਾਵਾਂ ਇਸ ਪੁਸਤਕ ਵਿਚ ਅੰਕਿਤ ਹਨ। ਪੁਸਤਕ ਦੀ ਵਿਲੱਖਣਤਾ ਇਸ ਗਲ ਵਿਚ ਵੀ ਨਿਹਿਤ ਹੈ ਕਿ ਹਰ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਅੰਕਿਤ ਕਰਨ ਤੋਂ ਪਹਿਲਾਂ ਵਿਭਿੰਨ ਵਿਦਵਾਨਾਂ ਵਲੋਂ ਆਲੋਚਨਾਤਮਿਕ ਖੋਜ-ਪੱਤਰ ਵੀ ਅੰਕਿਤ ਕੀਤੇ ਗਏ ਹਨ। ਡਾ: ਸਤੀਸ਼ ਵਰਮਾ, ਡਾ: ਤਰਲੋਕ ਸਿੰਘ ਆਨੰਦ, ਡਾ: ਜਗੀਰ ਸਿੰਘ ਨੂਰ, ਡਾ: ਕਰਮਜੀਤ ਸਿੰਘ, ਨਰਿੰਜਣ ਸਿੰਘ ਸਾਕੀ, ਸਰਬਜੀਤ ਸਿੰਘ, ਨਰਿੰਜਣ ਬੋਹਾ, ਗੁਰਭਜਨ ਗਿੱਲ, ਸਤਿੰਦਰ ਸਿੰਘ ਨੰਦਾ, ਪਰਮਿੰਦਰਜੀਤ ਆਦਿ ਵਿਦਵਾਨਾਂ ਦੁਆਰਾ ਲਿਖੇ ਖੋਜ-ਪੱਤਰ ਅਤੇ ਟਿੱਪਣੀਆਂ ਇਸ ਪੁਸਤਕ ਦੀ ਆਭਾ ਦਾ ਗੰਭੀਰ ਅਤੇ ਪੁਖ਼ਤਾ ਦਰਪਣ ਬਣਦੇ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਖੱਡੀ
ਲੇਖਕ : ਜਸਵੰਤ ਦੀਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 170
ਸੰਪਰਕ : 98145-40230.

'ਖੱਡੀ' ਵਿਚ ਲੇਖਕ ਦੇ 14 ਸੰਸਮਰਣ ਸੰਕਲਿਤ ਹਨ। ਦੋ-ਤਿੰਨ ਸ਼ਬਦ-ਚਿੱਤਰ ਹਨ ਅਤੇ ਬਾਕੀ 'ਈਵੈਂਟਸ' ਹਨ, ਜਿਨ੍ਹਾਂ ਨੂੰ ਕਵੀ ਮਨ ਨੇ ਬੜਾ ਸਾਂਭ-ਸਹੇਜ ਕੇ ਰੱਖਿਆ ਹੋਇਆ ਹੈ। 'ਖੱਡੀ' ਦਾ ਮੈਟਾਫ਼ਰ ਬਚਪਨ ਤੋਂ ਕਵੀ ਦੇ ਨਾਲ-ਨਾਲ ਚੱਲਿਆ ਹੈ। ਉਸ ਦੇ ਪਿੱਤਰੀ ਘਰ ਦੀ ਡਿਓਢੀ ਵਿਚ ਇਕ ਖੱਡੀ (ਅੱਡਾ) ਸਦਾ ਲੱਗੀ ਰਹਿੰਦੀ ਸੀ, ਜਿਸ ਉੱਪਰ ਉਸ ਦੀ ਦਾਦੀ ਅਤੇ ਆਂਢ-ਗੁਆਂਢ ਦੀਆਂ ਕੁਝ ਹੋਰ ਔਰਤਾਂ ਦਰੀਆਂ-ਖੇਸ ਆਦਿ ਬੁਣਦੀਆਂ ਰਹਿੰਦੀਆਂ ਸਨ। ਜਦੋਂ ਕਵੀ ਬਾਲਗ ਹੋਇਆ ਤਾਂ ਲੇਖਕ ਨੂੰ ਕਬੀਰ ਦੀ ਖੱਡੀ ਬਾਰੇ ਪਤਾ ਚੱਲਿਆ, ਜਿਸ ਉੱਪਰ ਉਹ ਆਪਣੇ ਅਧਿਆਤਮਿਕ ਸਰੋਕਾਰਾਂ ਨੂੰ ਬੁਣਦਾ-ਰਚਦਾ ਰਹਿੰਦਾ ਸੀ।
ਅੰਮ੍ਰਿਤਾ ਪ੍ਰੀਤਮ ਅਤੇ ਸ.ਸ. ਮੀਸ਼ਾ ਬਾਰੇ ਲਿਖੇ ਉਸ ਦੇ ਸ਼ਬਦ-ਚਿੱਤਰ ਸਾਡੇ ਅਹਿਦ ਦੇ ਦੋ ਵੱਡੇ ਕਵੀਆਂ ਬਾਰੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆਉਂਦੇ ਹਨ। ਦੋਵੇਂ ਮਰਯਾਦਾ ਭੰਜਕ ਵਿਅਕਤੀ ਸਨ। ਇਕ ਨੇ ਸੱਭਿਆਚਾਰਕ ਪੂਰਵਾਗ੍ਰਹਿਆਂ ਨੂੰ ਤੋੜਿਆ ਅਤੇ ਦੂਸਰਾ ਰਸਮੀ ਆਚਾਰ-ਵਿਹਾਰ ਦਾ ਭੰਜਨ ਕਰਦਾ ਰਿਹਾ। ਦੋਵੇਂ ਆਪ ਭਾਵੇਂ ਬੇਹੱਦ ਸੰਤਪਤ ਰਹੇ ਪਰ ਉਨ੍ਹਾਂ ਨੇ ਇਹ ਦਿਖਾ ਦਿੱਤਾ ਕਿ ਜੇ ਤੁਸੀਂ ਕੁਝ ਰਚਣਾ-ਸਿਰਜਣਾ ਹੈ ਤਾਂ ਪਹਿਲਾਂ ਬਹੁਤ ਕੁਝ ਭੰਨਣਾ-ਤੋੜਨਾ ਹੋਵੇਗਾ। ਇਹੋ ਜਿਹਾ ਮਰਯਾਦਾ ਭੰਜਕ ਕਹਾਣੀਕਾਰ ਪ੍ਰੇਮ ਪ੍ਰਕਾਸ਼ ਸੀ, ਉਸ ਦਾ ਵੀ ਇਸ ਪੁਸਤਕ ਵਿਚ ਕਾਫੀ ਜ਼ਿਕਰ ਆਇਆ ਹੈ। ਰਾਜਿੰਦਰ ਸੋਢੀ ਦੇ ਕਿਆ ਕਹਿਣੇ! ਉਹ ਕਿਵੇਂ ਜੀਵਿਆ ਅਤੇ ਕਿਵੇਂ ਮਰਿਆ? ਇਹੋ ਜਿਹੀਆਂ ਈਵੈਂਟਸ ਸਾਡੀ ਮੱਧਸ਼੍ਰੇਣਿਕ ਸੋਚ ਦੇ ਠਹਿਰੇ ਹੋਏ ਪਾਣੀਆਂ ਵਿਚ ਕਾਫੀ ਹਿਲਜੁਲ ਪੈਦਾ ਕਰਦੀਆਂ ਹਨ।
'ਅੰਬੀਆਂ ਨੂੰ ਤਰਸੇਂਗੀ' ਵਿਚ ਲੇਖਕ ਨੇ ਦੁਆਬੇ ਦੇ ਕਵੀਆਂ ਬਾਰੇ ਲਿਖਿਆ ਹੈ। ਦੁਆਬੇ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਬਹੁਤ ਸਾਰੇ ਮਹੱਤਵਪੂਰਨ/ਸ੍ਰੇਸ਼ਠ ਕਵੀਆਂ ਨੂੰ ਜਨਮ ਦਿੱਤਾ ਹੈ : ਮੀਸ਼ਾ, ਜਗਤਾਰ, ਚੰਦ, ਰਵੀ ਚੰਦਨ, ਪਾਤਰ, ਅਮਿਤੋਜ, ਪਾਸ਼, ਜਗਤਾਰ ਢਾਅ ਅਤੇ (ਬੇਸ਼ਕ) ਜਸਵੰਤ ਦੀਦ। ਦੁਆਬੇ ਦੀ ਧਰਤੀ ਉੱਪਰ ਪੈਦਾ ਹੋਣ ਵਾਲੇ ਏਨੇ ਪ੍ਰਤਿਭਾਸ਼ੀਲ ਕਵੀ ਪ੍ਰਾਕ੍ਰਮੀ, ਮਰਯਾਦਾਭੰਜਕ ਅਤੇ ਸਾਹਸੀ ਸਨ। ਇਸੇ ਕਾਰਨ ਉਹ ਦਿਸਹੱਦੇ ਤੋਂ ਪਰ੍ਹਾਂ ਵੀ ਝਾਤ ਮਾਰ ਸਕੇ। ਪ੍ਰਮਾਣਿਕ ਕਵੀਆਂ ਨੂੰ ਦਿਸਹੱਦੇ ਦੀ ਪਾਰਦਰਸ਼ੀ ਦੀਵਾਰ ਨੂੰ ਤੋੜਨਾ ਪੈਂਦਾ ਹੈ। 'ਖੱਡੀ' ਬਣਤਰ ਅਤੇ ਬੁਣਤਰ ਦੇ ਪੱਖੋਂ ਇਕ ਪ੍ਰਭਾਵਸ਼ਾਲੀ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਧੀਆਂ ਅਗਰਬੱਤੀਆਂ
ਲੇਖਕ : ਯੋਧ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 169
ਸੰਪਰਕ : 94632-55704.

ਧੀਆਂ ਅਗਰਬੱਤੀਆਂ ਪੁਸਤਕ ਵਿਚ ਕੁੱਲ 88 ਕਵਿਤਾਵਾਂ ਸ਼ਾਮਿਲ ਹਨ। ਪੁਸਤਕ ਦੀ ਆਰੰਭਲੀ ਕਵਿਤਾ ਮਹਿਕਾਂ ਰਾਹੀਂ ਕਵੀ ਧੀਆਂ ਦੀ ਅਨੋਖੀ ਸਾਂਝ ਨੂੰ ਪ੍ਰਗਟ ਕਰਦਾ ਹੈ। ਬਹੁਤ ਹੀ ਭਾਵ ਪੂਰਤ ਸ਼ਬਦਾਵਲੀ ਵਿਚ ਕਵੀ ਲਿਖਦਾ ਹੈ :
ਧੀਆਂ ਅਗਰਬੱਤੀਆਂ ਮਹਿਕਾਂ ਰੰਗ ਰੱਤੀਆਂ
ਹੋਂਦ ਦੇ ਬਨੇਰਿਆਂ 'ਤੇ ਜਗਣ ਮੋਮਬੱਤੀਆਂ
ਪੁੱਤਰਾਂ ਨੂੰ ਜੰਮਣ ਤਾਂ ਭਾਗਭਰੀਆਂ
ਆਪਣਾ ਆਪ ਜੰਮਣ ਅਖਵਾਉਣ ਨਿਖ਼ੱਤੀਆਂ।
ਆਧੁਨਿਕ ਸਮੇਂ ਮਨੁੱਖ ਦਾ ਗੁਆਚ ਰਿਹਾ ਕਿਰਦਾਰ, ਇਨਸਾਨੀਅਤ ਦੀ ਹੋ ਰਹੀ ਬੇਪੱਤੀ ਕਵੀ ਨੂੰ ਅਖਰਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਅੱਜ ਦੇ ਦੌਰ ਵਿਚ ਬਹੁਤ ਲੋਕ ਪੋਸ਼ਾਕਾਂ ਵਿਚ ਵੀ ਅਣਕੱਜੇ ਹਨ। ਉਨ੍ਹਾਂ ਦੇ ਅੰਦਰ ਦੂਸਰਿਆਂ ਲਈ ਹਮਦਰਦੀ ਅਤੇ ਨਿੱਘ ਦਾ ਜਜ਼ਬਾ ਕਿਧਰੇ ਗਵਾਚ ਰਿਹਾ ਹੈ। ਪੋਸ਼ਾਕਾਂ ਪਹਿਨੇ, ਤਲਾਸ਼, ਉਨ੍ਹਾਂ ਦੀ ਕਾਲ ਤੇ ਭੁੱਖ ਨੰਗ ਆਦਿ ਵੇਖੀਆਂ ਜਾ ਸਕਦੀਆਂ ਹਨ।
ਰਾਜਨੀਤੀ ਵਿਚ ਆ ਰਿਹਾ ਨਿਘਾਰ ਕਵੀ ਦੀ ਮਾਨਸਿਕਤਾ ਨੂੰ ਟੁੰਬਦਾ ਹੈ। ਕਵੀ ਦਾ ਆਪਾ ਇਸ ਸਵਾਰਥੀ ਸਿਆਸੀ ਚਾਲਾਂ ਤੋਂ ਨਿਰਾਸ਼ ਹੈ। ਸੰਸਦੀ ਖੇਡ, ਕਾਲ ਤੇ ਭੁੱਖ ਨੰਗ, ਪੂੰਜੀ ਦੀ, ਖਿਡਾਉਣਿਆਂ ਨੇ, ਧਰਮ ਤੇ ਰਾਜਨੀਤੀ, ਆਦਿ ਅਨੇਕਾਂ ਤਰ੍ਹਾਂ ਦੇ ਵਿਸ਼ਿਆਂ ਤੋਂ ਰਾਜਨੀਤੀ ਦੇ ਅਜੋਕੇ ਬਦਲਦੇ ਸਮੀਕਰਣਾਂ ਦਾ ਅੰਦਾਜ਼ਾ ਹੋ ਜਾਂਦਾ ਹੈ। ਕਵੀ ਨੇ ਅਨੇਕਾਂ ਹੋਰ ਸਮਾਜਿਕ ਵਿਸ਼ਿਆਂ ਨੂੰ ਵੀ ਛੂਹਿਆ ਹੈ। ਕਵੀ ਜ਼ਿੰਦਗੀ ਦੇ ਗੂੜ੍ਹੇ ਅਰਥਾਂ ਨੂੰ ਜਾਣਨ ਲਈ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦਿਆਂ ਨੂੰ ਮੁੱਖ ਮਹੱਤਵ ਦਿੰਦਾ ਹੈ। ਉਹ ਆਰਾਮਪ੍ਰਸਤ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਅੱਧੇ-ਅਧੂਰੇ ਮੰਨਦਾ ਹੋਇਆ ਮਿਹਨਤੀ ਅਤੇ ਕਾਮਿਆਂ ਦੇ ਸਿਰੜ ਅਤੇ ਲਗਨ ਨੂੰ ਵਧੇਰੇ ਮਹੱਤਵ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਉਨ੍ਹਾਂ ਦੀ, ਹਰ ਕਿਸਾਨ, ਕਿਵੇ ਤਰੇ, ਰਹਿਣ ਦੇ ਆਦਿ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਅਜੋਕੇ ਦੌਰ ਵਿਚ ਧਰਮ ਦੇ ਸੌੜੇ ਹੋ ਰਹੇ ਅਰਥਾਂ ਨੂੰ ਵੀ ਮਹਿਸੂਸ ਕੀਤਾ ਹੈ। ਉਹ ਆਪਣੇ-ਆਪ ਨੂੰ ਰੱਬ ਦਾ ਰੂਪ ਕਹਿਣ ਵਾਲੇ ਅਖੌਤੀ ਪਖੰਡੀਆਂ ਉੱਪਰ ਵੀ ਵਿਅੰਗ ਕਰਦਾ ਹੈ। 'ਰੱਬ ਨੂੰ' ਕਵਿਤਾ ਇਸ ਪ੍ਰਸੰਗ ਵਿਚ ਵੇਖੀ ਜਾ ਸਕਦੀ ਹੈ। ਸਮਾਜ ਵਿਚ ਆਰਥਿਕ ਸਾਧਨਾਂ ਦੀ ਅਸਾਵੀਂ ਵੰਡ ਵੀ ਕਵੀ ਨੂੰ ਪ੍ਰੇਸ਼ਾਨ ਕਰਦੀ ਹੈ।
ਇਸ ਪ੍ਰਕਾਰ ਕਵੀ ਨੇ ਇਸ ਕਾਵਿ ਸੰਗ੍ਰਹਿ ਰਾਹੀਂ ਬਹੁਤ ਸਾਧਾਰਨ ਤੇ ਸਰਲ ਸ਼ੈਲੀ ਦੀ ਚੋਣ ਕਰਕੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੁੜੇ ਹੋਏ ਵਿਸ਼ਿਆਂ ਦੀ ਪੇਸ਼ਕਾਰੀ ਕੀਤੀ ਹੈ। ਚਾਹਵਾਂ ਇੱਛਾਵਾਂ, ਝੁੱਗੀਆਂ ਦੇ ਨੈਣਾਂ ਦੇ, ਗੱਲ ਕਰੋ, ਉਸ ਚਾਹਿਆ, ਬੀਜ ਵਿਸਤਾਰ, ਅੰਦਰ ਬਾਹਰ, ਇਕ ਸੀਮਾ, ਇਕ ਅਧੂਰੇ, ਮੇਰਾ ਅੰਦਰਲਾ, ਕਿਉਂ ਤੱਤ ਨੂੰ, ਹਰ ਅਗਨ ਕਾਬਲੋਂ ਹੀ ਨਹੀਂ, ਅਮਰ ਹੋਣ ਆਦਿ ਸਿਰਲੇਖਾਂ ਵਾਲੀਆਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।

-ਪ੍ਰੋ: ਕੁਲਜੀਤ ਕੌਰ ਅਠਵਾਲ।

c c c

ਰਾਵਣ-ਲੀਲ੍ਹਾ
ਲੇਖਕ : ਡਾ: ਸੁਰਜੀਤ ਕੁੰਜਾਹੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 098105-80870.

ਇਹ ਪੁਸਤਕ ਜਿਗਰਪਾਰਿਆਂ ਦੀ ਹੈ। ਕੁੱਲ 27 ਰਚਨਾਵਾਂ ਹਨ ਜਿਨ੍ਹਾਂ ਨੂੰ ਲੇਖਕ ਕਹਾਣੀਆਂ ਵਿਚ ਜਿਗਰਪਾਰੇ ਕਹਿੰਦਾ ਹੈ। ਕਹਾਣੀ ਤੇ ਜਿਗਰਪਾਰੇ ਵਿਚਲਾ ਅੰਤਰ ਇਹ ਹੈ ਕਿ ਜਿਗਰਪਾਰਾ ਯਾਦਾਂ ਅਥਵਾ ਸਿਮਰਤੀਆਂ ਨੂੰ ਬਿਆਨੀਆ ਸ਼ੈਲੀ ਵਿਚ ਪੇਸ਼ ਕਰਦਾ ਹੈ, ਜਦੋਂ ਕਿ ਕਹਾਣੀ ਵਿਚ ਕਥਾ ਰਸ ਨੂੰ ਮੁੱਖ ਰਖਿਆ ਜਾਂਦਾ ਹੈ। ਜਿਗਰਪਾਰੇ ਦੀ ਸ਼ੁਰੂਆਤ ਗਗਨ ਪਾਕਿਸਤਾਨੀ ਨੇ ਕੀਤੀ ਸੀ। ਹਥਲੀ ਕਿਤਾਬ ਵਿਚ ਲੇਖਕ ਦੀਆਂ ਬਚਪਨ ਦੀਆਂ ਯਾਦਾਂ, ਦੇਸ਼ ਵੰਡ ਵੇਲੇ ਦੀਆਂ ਘਟਨਾਵਾਂ, ਕੁਝ ਅਣਗੌਲੇ ਪਰ ਸਮਾਜਿਕ ਤੌਰ 'ਤੇ ਚੇਤੰਨ ਪਾਤਰ ਲੇਖਕ ਨੇ ਸਿਰਜੇ ਹਨ। ਰਚਨਾਵਾਂ ਮੰਗਤੂ, ਜੋਹਰਾਂ ਝੱਲੀ, ਸੁਖਬੀਰ, ਨ੍ਹਾਤੀ ਧੋਤੀ ਲੱਛਮੀ, ਘੁਰਕੋ ਸ਼ਾਹ ਇਸ ਕਿਸਮ ਦੀਆਂ ਹਨ ਜਿਨ੍ਹਾਂ ਵਿਚ ਇਹ ਪਾਤਰ ਜ਼ਿੰਦਗੀ ਨਾਲ ਜੂਝਦੇ ਹਨ। ਲੇਖਕ ਦੀ ਇਨ੍ਹਾਂ ਨਾਲ ਸਾਂਝ ਦੀ ਕੋਈ ਤੰਦ ਜੁੜਦੀ ਹੈ। ਇਹ ਲੇਖਕ ਦੀਆਂ ਯਾਦਾਂ ਵਿਚ ਸਮੋਏ ਹੋਏ ਹਨ। ਗ਼ਰੀਬ ਹੋਣ ਦੇ ਬਾਵਜੂਦ ਇਹ ਪਾਤਰ ਮਨੁੱਖੀ ਕਦਰਾਂ-ਕੀਮਤਾਂ ਦੇ ਰਾਖੇ ਬਣ ਕੇ ਉੱਭਰਦੇ ਹਨ। ਇਕ ਲਿਖਤ ਵਿਚ ਪਾਤਰ ਦੇ ਬੋਲ ਵੇਖੋ-ਖੁਦਾ ਜਾਣਦਾ ਮੈਂ ਜੌਹਰਾਂ ਨਾਲ ਨਿਕਾਹ ਦੀ ਇੱਛਾ ਰੱਖਦਾ ਹਾਂ। ਦੂਸਰੀ ਪਾਤਰ ਦੇ ਬੋਲ ਹਨ-ਮੈਂ ਤੈਨੂੰ ਮੌਲਵੀ ਤੇ ਮਾਂ ਦੇ ਸਾਹਮਣੇ ਆਪਣਾ ਖਾਵੰਦ ਤਸਲੀਮ ਕਰਦੀ ਹਾਂ। (ਜੌਹਰਾਂ ਝੱਲੀ ਪੰਨਾ 26) ਇਹ ਮੁਹੱਬਤ ਦੀ ਪਾਕਿ ਪਵਿੱਤਰ ਦਾਸਤਾਨ ਹੈ। ਕੁਝ ਰਚਨਾਵਾਂ ਵਿਚ ਲਹਿੰਦੇ ਪੰਜਾਬ ਦੀ ਬੋਲੀ ਵਾਲਾ ਲਹਿਜ਼ਾ ਹੈ ਤੇ ਵਾਰਤਕ ਦਾ ਮੁਹਾਵਰਾ ਵੀ ਪੱਛਮੀ ਪੰਜਾਬ ਵਾਲਾ ਹੈ। ਪਿੱਪਲਾਂ, ਬਰੋਟਿਆਂ, ਟਿੰਡਾਂ, ਖੂਹਾਂ, ਵਰ੍ਹਦੀਆਂ ਬੱਦਲੀਆਂ, ਪੰਛੀਆਂ ਦੀਆਂ ਸੁਰਾਂ ਨਾਲ ਵਾਰਤਕ ਸੁਹਜਮਈ ਹੈ। ਜ਼ਮੀਰ ਦਾ ਪਾਤਰ ਗ਼ਰੀਬ ਪਰ ਇਮਾਨਦਾਰ ਰਿਕਸ਼ੇ ਵਾਲਾ ਹੈ ਜਿਸ ਤੋਂ ਖੁਸ਼ ਹੋ ਕੇ ਸਵਾਰੀ ਵੀਹ ਰੁਪਏ ਦੇ ਜਾਂਦੀ ਹੈ, ਜਦ ਕਿ ਉਸ ਨੂੰ ਸਿਰਫ ਪੰਜ ਰੁਪਏ ਦੀ ਆਸ ਸੀ। ਸਜਨ ਸਿੰਘ ਕੱਪੜਿਆਂ ਦੇ ਡਿਜ਼ਾਈਨ ਬਣਾਉਂਦਾ ਕੁਦਰਤ ਦੇ ਭਾਵੁਕ ਦ੍ਰਿਸ਼ਾਂ ਨੂੰ ਡਿਜ਼ਾਈਨ ਦੇਣ ਲੱਗ ਪੈਂਦਾ ਹੈ। ਜਾਗਰਤੀ ਵਿਚ ਦੋ ਵੱਖ-ਵੱਖ ਫ਼ਿਰਕਿਆਂ ਦੀ ਭਾਈਚਾਰਕ ਸਾਂਝ ਹੈ। ਅੰਤਿਮ ਸੰਸਕਾਰ ਵਿਚ ਪਾਂਡੇ ਗ਼ਰੀਬ ਬੱਚੇ ਤੋਂ ਇਹ ਕਹਿ ਕੇ ਪੈਸੇ ਬਟੋਰਦੇ ਹਨ ਕਿ ਉਸ ਦੇ ਬਾਪ ਦੀ ਗਤੀ ਹੋ ਜਾਵੇਗੀ। ਇਹ ਕੁਦਰਤ ਦੇ ਕਰੀਬ ਹਨ। ਆਧੁਨਿਕ ਤਕਨੀਕ ਕਾਰਨ ਧਰਮ ਵਿਚ ਆਈ ਤਬਦੀਲੀ ਦਾ ਜ਼ਿਕਰ ਹੈ। ਮਨ ਇੱਛਤ ਫਲ, ਸੰਗਮ, ਮੇਲਾ ਸੰਜੋਗੀ ਰਾਮ, ਪੀਰ ਦੀ ਕਬਰ, ਸੱਚ ਦੀ ਤਲਾਸ਼, ਰਾਵਣ ਲੀਲ੍ਹਾ ਆਦਿ ਸੰਵਾਦ ਪੈਦਾ ਕਰਦੀਆਂ ਸੰਗ੍ਰਹਿ ਦੀਆਂ ਬਿਹਤਰੀਨ ਲਿਖਤਾਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

c c c

ਪੰਜਾਬੀ ਗੀਤ ਫ਼ਿਲਮਾਂਕਣ
(ਨਾਰੀ ਬਿੰਬ ਦੀ ਪੇਸ਼ਕਾਰੀ)
ਲੇਖਿਕਾ : ਅਰਸ਼ਦੀਪ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 97810-80104.

ਇਸ ਉਪਾਧੀ-ਸਾਪੇਖ ਕਾਰਜ ਵਿਚ ਨਵ-ਖੋਜਾਰਥੀ ਅਰਸ਼ਦੀਪ ਕੌਰ ਨੇ ਸਮਕਾਲੀ ਪ੍ਰਚਲਿਤ ਗੀਤ ਵੀਡੀਓਜ਼ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਬੜੀ ਗਹਿਨ ਦ੍ਰਿਸ਼ਟੀ ਨਾਲ ਵਿਵੇਚਨ ਕਰਨ ਦਾ ਉਪਰਾਲਾ ਕੀਤਾ ਹੈ। ਇਸ ਅਧਿਐਨ ਨੂੰ ਉਸ ਨੇ ਮੁੱਖ ਤੌਰ 'ਤੇ ਚਾਰ ਭਾਗਾਂ ਵਿਚ ਵਿਭਾਜਤ ਕੀਤਾ ਹੈ। ਪਹਿਲੇ ਭਾਗ ਵਿਚ ਗੀਤ-ਵੀਡੀਓ ਦਾ ਸਿਧਾਂਤਕ ਪਰਿਪੇਖ, ਦੂਜੇ ਵਿਚ ਇਤਿਹਾਸਕ ਪਰਿਪੇਖ, ਤੀਜੇ ਵਿਚ ਨਾਰੀ ਬਿੰਬ ਨੂੰ ਦੋ ਪੱਧਰਾਂ (ਸ਼ਾਬਦਿਕ ਅਤੇ ਦ੍ਰਿਸ਼ ਪੱਧਰ) ਤੇ ਵਿਸ਼ਲੇਸ਼ਤ ਕੀਤਾ ਹੈ। ਚੌਥੇ ਭਾਗ ਵਿਚ ਪੇਸ਼ ਨਾਰੀ ਬਿੰਬ ਨੂੰ ਪ੍ਰੇਮਿਕਾ ਤੋਂ ਇਲਾਵਾ ਸੱਭਿਆਚਾਰਕ (ਮਾਂ, ਧੀ, ਭੈਣ, ਭਾਬੀ, ਸਾਲੀ ਆਦਿ) ਦੀ ਦ੍ਰਿਸ਼ਟੀ ਤੋਂ ਵਾਚਿਆ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਪ੍ਰਚਲਿਤ ਗੀਤਾਂ ਦੇ ਲੇਖਕਾਂ ਅਤੇ ਗੀਤਾਂ ਦੇ ਨਾਵਾਂ ਦੇ ਹਵਾਲੇ ਦਿੱਤੇ ਗਏ ਹਨ।
ਇਸ ਅਧਿਐਨ ਦੇ ਆਧਾਰ 'ਤੇ ਲੇਖਿਕਾ ਇਸ ਨਤੀਜੇ 'ਤੇ ਅੱਪੜਦੀ ਹੈ ਕਿ ਸ਼ਬਦ ਅਤੇ ਵੀਡੀਓ ਪੱਖੋਂ ਇਸ ਪ੍ਰਕਾਰ ਦੀ ਗਾਇਕੀ ਸਾਹਿਤਕ, ਸੱਭਿਆਚਾਰਕ ਅਤੇ ਸੰਗੀਤ ਦੇ ਉੱਚ-ਮਿਆਰਾਂ ਤੋਂ ਕੋਹਾਂ ਦੂਰ ਹੈ। ਅਜਿਹੇ ਅਸ਼ਲੀਲ ਗ਼ੈਰ-ਮਿਆਰੀ ਕਾਰਜ ਲਈ ਪੂੰਜੀਵਾਦੀ ਉਪ-ਭੋਗੀ-ਕਲਚਰ-ਮੰਡੀ ਜ਼ਿਆਦਾ ਜ਼ਿੰਮੇਵਾਰ ਹੈ। ਪਰ ਇਸ ਦਾ ਭਾਵ ਇਹ ਵੀ ਨਹੀਂ ਕਿ ਚੰਗੇ ਗੀਤਕਾਰਾਂ ਦਾ ਅਭਾਵ ਹੈ ਪਰ ਅਜਿਹੇ ਗੀਤਕਾਰਾਂ ਦੀ ਗਿਣਤੀ ਨਾਂਮਾਤਰ ਹੈ। ਫੋਕੀ ਸ਼ੋਹਰਤ ਅਤੇ ਮਾਇਆ ਨਾਰੀ-ਬਿੰਬ ਦੀ ਘਟੀਆ ਪ੍ਰਸਤੁਤੀ ਲਈ ਅੱਗੇ ਆਈ ਹੋਈ ਹੈ। ਲੇਖਿਕਾ ਦੇ ਬਾਰੰਬਾਰ ਪੇਸ਼ ਕੀਤੇ ਵਿਚਾਰ ਜ਼ਿਕਰਯੋਗ ਹਨ। 'ਸ਼ਬਦ ਅਤੇ ਵੀਡੀਓ ਪੱਧਰ 'ਤੇ ਅਜਿਹੀ ਔਰਤ ਨੂੰ ਨਾਇਕਾ ਬਣਾਇਆ ਗਿਆ ਹੈ ਜੋ ਪੱਬਾਂ 'ਚ ਜਾਂਦੀ, ਕਾਰਾਂ 'ਤੇ ਘੁੰਮਦੀ, ਫੈਸ਼ਨ ਵਿਚ ਗ੍ਰਸਤ, ਮੁੰਡਿਆਂ ਨੂੰ ਉਂਗਲਾਂ 'ਤੇ ਨਚਾਉਣ ਵਾਲੀ, ਆਪਣੀ ਜਿਸਮ ਦੀ ਨੁਮਾਇਸ਼ ਲਾਉਣ ਵਾਲੀ, ਨਸ਼ਿਆਂ ਦੀ ਆਦੀ ਅਤੇ ਆਪਣੇ ਅਸਤਿੱਤਵ ਤੋਂ ਵਿਯੋਗੀ ਹੋਈ ਹੈ।' ਚਾਹੀਦਾ ਤਾਂ ਇਹ ਹੈ ਕਿ ਫ਼ਿਲਮਾਂ ਵਾਂਗ ਹੀ ਵੀਡੀਓ ਉੱਪਰ ਵੀ ਸੈਂਸਰ ਦਾ ਕੁੰਡਾ ਹੋਵੇ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਦਿਲੀ ਵਲਵਲਿਆਂ ਦੀ ਦਾਸਤਾਂ
ਸ਼ਾਇਰ : ਰਾਠੇਸ਼ਵਰ ਸਿੰਘ 'ਰਾਠੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ :150 ਰੁਪਏ, ਸਫ਼ੇ : 93
ਸੰਪਰਕ : 98152-98459.

ਰਾਠੇਸ਼ਵਰ ਸਿੰਘ 'ਰਾਠੀ' ਪਰਵਾਸੀ ਪੰਜਾਬੀ ਲੇਖਕ ਹੈ। 'ਦਿਲੀ ਵਲਵਲਿਆਂ ਦੀ ਦਾਸਤਾਂ' ਉਸ ਦੀ ਤੀਸਰੀ ਪੁਸਤਕ ਹੈ ਤੇ ਦੂਜਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਕੁੱਲ 64 ਰਚਨਾਵਾਂ ਸ਼ਾਮਿਲ ਹਨ। ਉਸ ਦੀਆਂ ਬਹੁਤੀਆਂ ਰਚਨਾਵਾਂ ਗ਼ਜ਼ਲਨੁਮਾ ਹਨ। ਸ਼ਾਇਦ ਕਿਸੇ ਝਿਜਕ ਕਾਰਨ ਸ਼ਾਇਰ ਵਲੋਂ ਉਨ੍ਹਾਂ 'ਤੇ ਗ਼ਜ਼ਲ ਸਿਰਲੇਖ ਨਹੀਂ ਦਿੱਤੇ ਗਏ ਜਾਂ ਮੁਢਲੇ ਕਥਨ ਵਿਚ ਇਸ ਦਾ ਉਲੇਖ ਨਹੀਂ ਕੀਤਾ। ਉਂਝ ਉਸ ਲਈ ਖ਼ੁਸ਼ੀ ਦੇਣ ਵਾਲੀ ਤੇ ਆਤਮਵਿਸ਼ਵਾਸ ਪੈਦਾ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਰਚਨਾਵਾਂ ਜ਼ਿਆਦਾਤਰ ਗ਼ਜ਼ਲ ਦੀ ਕਸੌਟੀ 'ਤੇ ਖ਼ਰੀਆਂ ਉੱਤਰਦੀਆਂ ਹਨ। ਥੋੜ੍ਹਾ ਧਿਆਨ ਦੇਣ ਨਾਲ ਉਸ ਦੀ ਗ਼ਜ਼ਲਕਾਰੀ ਵਿਚ ਨਿਖ਼ਾਰ ਆ ਸਕਦਾ ਹੈ। ਸ਼ਾਇਰ ਦੀਆਂ ਰਚਨਾਵਾਂ ਵਿਚ ਪੰਜਾਬੀ ਜਨ-ਜੀਵਨ ਦਾ ਬਾਰੀਕਬੀਨੀ ਨਾਲ ਵਰਨਣ ਹੈ ਤੇ ਉਸ ਦੀ ਭਾਸ਼ਾ ਵਿਚ ਪੰਜਾਬ ਦੇ ਖੇਤਾਂ ਦੀ ਮਹਿਕ ਹੈ। 'ਰਾਠੀ' ਨੇ ਕੁਝ ਗੀਤ ਵੀ ਲਿਖੇ ਹਨ ਤੇ ਕੁਝ ਵਿਅੰਗਆਤਮਿਕ ਰਚਨਾਵਾਂ ਵੀ ਇਸ ਪੁਸਤਕ ਵਿਚ ਛਪਵਾਈਆਂ ਹਨ। ਪਹਿਲੀ ਰਚਨਾ ਵਿਚ ਸ਼ਾਇਰ ਦੁੱਖ ਪ੍ਰਗਟ ਕਰਦਾ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੇਗ਼ੁਨਾਹਾਂ ਦੀਆਂ ਕੂਕਾਂ ਤੇ ਫ਼ਰਿਆਦਾਂ ਹਵਾ ਵਿਚ ਹੀ ਰਲ ਜਾਂਦੀਆਂ ਹਨ ਤੇ ਬਹੁਤੀਆਂ ਮੁਟਿਆਰਾਂ ਅੱਜ ਵੀ ਦਰਦ ਭਰੀ ਜ਼ਿੰਦਗੀ ਬਤੀਤ ਕਰਦੀਆਂ ਹਨ। ਵਿਦੇਸ਼ ਵਿਚ ਰਹਿ ਕੇ ਉਹ ਆਪਣੀ ਮਾਂ ਬੋਲੀ ਨੂੰ ਬੇਹੱਦ ਮੁਹੱਬਤ ਕਰਦਾ ਹੈ, ਇਹ ਗੱਲ ਭਾਵੇਂ ਆਮ ਜਿਹੀ ਲਗਦੀ ਹੈ ਪਰ ਇਕ ਵੱਖਰੀ ਬੋਲੀ ਵਾਲੇ ਸਮਾਜ 'ਚ ਵਿਚਰਦਿਆਂ ਆਪਣੀ ਮਾਤ ਭਾਸ਼ਾ ਨੂੰ ਦਿਲ ਵਿਚ ਵਸਾਈ ਰੱਖਣਾ ਤੇ ਉਸ ਵਿਚ ਸਾਹਿਤ ਸਿਰਜਣਾ ਕਰਨਾ ਛੋਟਾ ਕਾਰਜ ਨਹੀਂ ਹੈ। ਇਸ ਸਬੰਧੀ ਸ਼ਾਇਰ ਦੀ ਤੀਸਰੀ ਰਚਨਾ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ। ਉਸ ਦੀ ਚੌਥੀ ਰਚਨਾ 'ਸ਼ਿਕਵਾ' ਬਿਹਤਰ ਰਚਨਾ ਹੈ ਜਿਸ ਵਿਚ 'ਰਾਠੀ' ਨੇ ਲਿਖਿਆ ਹੈ ਕਿ ਜੇ ਧਰਤੀ ਹੀ ਬੰਜਰ ਹੋ ਜਾਵੇ ਤਾਂ ਘਟਾਵਾਂ ਨਾਲ ਕਾਹਦਾ ਗਿਲਾ ਹੈ। 'ਘਰ' ਇਸ ਪੁਸਤਕ ਦੀ ਇਕ ਹੋਰ ਖ਼ੂਬਸੂਰਤ ਕਵਿਤਾ ਹੈ ਜੋ ਯਕੀਨਨ ਅਨੁਭਵ 'ਚੋਂ ਪੈਦਾ ਹੋਈ ਹੈ। ਇਸ ਵਿਚ ਸ਼ਾਇਰ ਆਪਣੇ ਹੁਣ ਵਾਲੇ ਘਰ ਤੇ ਮਾਂ ਬਾਪ ਦੇ ਪੁਰਾਣੇ ਘਰ ਨਾਲ ਤੁਲਨਾ ਕਰਦਾ ਹੈ ਤੇ ਉਹ ਦੱਸਦਾ ਹੈ ਕਿਵੇਂ ਉਸ ਜ਼ਮਾਨੇ ਵਿਚ ਸੱਤੇ ਖ਼ੈਰਾਂ ਸਨ। ਰਾਠੇਸ਼ਵਰ ਸਿੰਘ 'ਰਾਠੀ' ਦੀਆਂ ਕਈ ਕਵਿਤਾਵਾਂ ਪੜ੍ਹਨ ਸਾਰ ਇਕ ਮੰਜ਼ਰ ਸਿਰਜਦੀਆਂ ਹਨ, ਇਹੋ ਸੁੰਦਰ ਰਚਨਾਵਾਂ ਦੀ ਪਹਿਚਾਣ ਹੈ।

-ਗੁਰਦਿਆਲ ਰੌਸ਼ਨ
ਮੋ: 9988444002
c c c

24-06-2018

 ਜਿਸ ਕੇ ਸਿਰ ਊਪਰਿ ਤੂੰ ਸੁਆਮੀ...
ਲੇਖਕ : ਮਹਿੰਦਰ ਸਿੰਘ ਗਰੇਵਾਲ
ਪ੍ਰਕਾਸ਼ਕ : ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪ੍ਰਕਾਸ਼ਨ ਪਿੰਡ ਕੰਗਣਵਾਲ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 76
ਸੰਪਰਕ : 95924-59223.

ਇਸ ਪੁਸਤਕ ਦਾ ਲੇਖਕ ਅਸਲ ਵਿਚ ਨਵੀਂ ਵਿਗਿਆਨਕ ਸੋਚ ਦਾ ਮਾਲਕ, ਸਿਰਜਣਾਤਮਿਕ ਵਲਵਲਿਆਂ ਤੋਂ ਸ਼ਕਤੀ ਅਤੇ ਅਮਲ ਪ੍ਰਾਪਤ ਕਰਨ ਵਾਲਾ ਅਜਿਹਾ ਵਿਅਕਤੀ ਹੈ ਜੋ ਧਰਤੀ-ਪੁੱਤਰ ਵਾਂਗ ਖੇਤੀਬਾੜੀ ਦੇ ਧੰਦੇ ਨੂੰ ਗਿਆਨ-ਵਿਗਿਆਨ ਸਹਾਰੇ ਵਿਕਾਸਮਈ ਅਤੇ ਲਾਭਕਾਰੀ ਬਣਾਉਣ ਲਈ ਯਤਨਸ਼ੀਲ ਰਿਹਾ ਹੈ। ਹਥਲੀ ਰਚਨਾ ਉਸ ਦੀ ਆਪਬੀਤੀ ਅੱਖੀਂ ਡਿੱਠੀ ਅਨੁਭਵ ਕੀਤੀ ਸਵੈ-ਜੀਵਨ ਯਾਤਰਾ ਵਾਂਗ ਜਾਪਦੀ ਹੈ, ਜਿਸ ਨੂੰ ਉਸ ਨੇ ਜਗਬੀਤੀ, ਸਮਾਜਿਕ ਸੱਭਿਆਚਾਰਕ ਅਤੇ ਨੈਤਿਕ-ਅਨੈਤਿਕ ਹਾਲਾਤ ਵਿਚ ਦੁੱਖ-ਸੁੱਖ ਪਰਿਵਾਰਕ ਉਲਝਣਾਂ, ਮੀਆਂ ਬੀਵੀ ਦੇ ਵਿਤਕਰਿਆਂ ਤੋਂ ਪੈਦਾ ਹੋਈਆਂ ਪਰਿਵਾਰਕ ਉਲਝਣਾਂ ਬਣਾ ਕੇ ਚਿਤਰਿਆ ਹੈ। ਨਾਵਲ ਦੀ ਵਿਉਂਤ-ਬਣਤਰ, ਸੰਰਚਨਾ ਤੇ ਰਚਨਾ ਦ੍ਰਿਸ਼ਟੀ ਤੋਂ ਭਾਵੇਂ ਇਸ ਹੱਡਬੀਤੀ ਜਗਬੀਤੀ ਨੂੰ ਨਾਵਲ ਨਹੀਂ ਕਹਿ ਸਕਦੇ ਪਰ ਇਸੇ ਗਾਥਾ ਦੇ ਮਨ ਟੁੰਭਣ ਵਾਲੇ ਆਦਰਸ਼ ਪਾਤਰ ਰਾਮ ਸਿੰਘ, ਸਰਦਾਰਾ ਸਿੰਘ ਹਨ, ਜਿਨ੍ਹਾਂ ਨੇ ਆਦਰਸ਼ ਮਨੁੱਖ ਬਣਨ ਲਈ ਆਪ ਉਨ੍ਹਾਂ ਸਿੱਖਿਆਵਾਂ ਉੱਪਰ ਅਮਲ ਕੀਤਾ, ਜਿਹੜੀਆਂ ਉਨ੍ਹਾਂ ਨੇ ਗੁਰਮਤ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਪ੍ਰਾਪਤ ਕੀਤੀਆਂ ਸਨ।ਆਦਰਸ਼ ਵਿਅਕਤੀ ਜੋ ਵੀ ਸੁਪਨੇ ਲੈਂਦਾ ਹੈ, ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਨ੍ਹਾਂ ਸੁਪਨਿਆਂ ਦੀ ਪੂਰਤੀ ਕਰਨ, ਪਰ ਜ਼ਿੰਦਗੀ ਨਾ ਨਿਰਾ ਚਾਨਣ ਹੈ, ਨਾ ਹਨੇਰਾ, ਸੁੱਖ-ਦੁੱਖ ਆਸ਼ਾ-ਨਿਰਾਸ਼ਾ ਦੀ ਕਹਾਣੀ ਹੈ। ਰਾਮ ਸਿੰਘ, ਆਪਣੇ ਧਰਮ ਪਿਤਾ ਸਰਦਾਰਾ ਸਿੰਘ ਦੇ ਸੁਪਨੇ ਤਾਂ ਪੂਰੇ ਕਰ ਦਿੰਦਾ ਹੈ ਪਰ ਰਾਮ ਸਿੰਘ ਪਰਿਵਾਰ ਚਿਤਵੇ ਸਵਰਗ ਨੂੰ ਨਹੀਂ ਮਾਣ ਸਕਦਾ।
ਫਿਰ ਵੀ ਇਹ ਨਾਵਲੀ ਗਾਥਾ ਪਾਠਕ-ਮਨਾਂ ਉੱਪਰ ਇਕ ਅਜਿਹਾ ਪ੍ਰਭਾਵ ਛੱਡ ਜਾਂਦੀ ਹੈ, ਜਿਸ ਤੋਂ ਹਰ ਵਿਅਕਤੀ ਪ੍ਰੇਰਨਾ ਲੈ ਸਕਦਾ ਹੈ। ਆਦਰਸ਼ ਕਲਪਨਾ ਆਸਾਨ ਹੈ, ਅਮਲ ਜ਼ਰੂਰੀ ਹੈ। ਅੱਜ ਦੇ ਇੱਕੀਵੀਂ ਸਦੀ ਦੇ ਯੁੱਗ ਵਿਚ ਧਰਮ ਦਿਖਾਵੇ ਦੀ ਥਾਂ ਜੇ ਅਮਲ ਬਣਾ ਕੇ ਧਾਰਨ ਕੀਤਾ ਜਾਵੇ ਤਾਂ ਸਾਡਾ ਸਮਾਜ ਸੰਸਾਰ ਘੁੱਗ ਵਸ ਸਕਦਾ ਹੈ। ਲੇਖਕ ਨੇ ਇਸ ਪੁਸਤਕ ਰਾਹੀਂ ਜੋ ਸੁਨੇਹਾ ਦੇਣ ਦਾ ਯਤਨ ਕੀਤਾ ਹੈ, ਉਹ ਸਫਲ, ਸਾਰਥਕ ਅਤੇ ਸਿਰਜਣਾਤਮਿਕ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਪ੍ਰੀਤਮ ਹੁਲਾਰੇ
ਕਵੀ : ਪ੍ਰੀਤਮ ਸਿੰਘ ਭਰੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98140-36602.

'ਪ੍ਰੀਤਮ ਹੁਲਾਰੇ' ਵਿਚ ਪ੍ਰੀਤਮ ਭਰੋਵਾਲ ਨੇ ਆਪਣੀਆਂ 61 ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਕਵਿਤਾਵਾਂ ਨੂੰ ਸੰਗ੍ਰਹਿਤ ਕਰਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਅਜੋਕੀ ਤਕਨੀਕੀ ਅਤੇ ਆਪੋ-ਧਾਪੀ ਵਾਲੀ ਜ਼ਿੰਦਗੀ ਵਿਚ ਜਦੋਂ ਵਿਅਕਤੀ ਕੋਲ ਆਪਣੇ-ਆਪੇ ਨਾਲ ਸੰਵਾਦ ਰਚਾਉਣ ਦਾ ਵੀ ਵਿਹਲ ਨਹੀਂ, ਉਸ ਵੇਲੇ ਉਸ ਨੂੰ ਧਾਰਮਿਕ ਆਦਰਸ਼ਵਾਦੀ ਕਦਰਾਂ-ਕੀਮਤਾਂ ਨਾਲ ਜੋੜਨਾ ਬਹੁਤ ਬਹੁਮੁੱਲਾ ਅਤੇ ਕਠਿਨ ਕਾਰਜ ਹੈ। ਇਸ ਕਾਵਿ-ਸੰਗ੍ਰਹਿ ਵਿਚ ਜਿਥੇ ਕਵੀ ਨੇ ਸਿੱਖ ਗੁਰੂ ਸਾਹਿਬਾਨ ਦੀ ਉਸਤਤ ਅਤੇ ਉਨ੍ਹਾਂ ਦੁਆਰਾ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜਾਂ ਨੂੰ ਕਾਵਿਮਈ ਸ਼ੈਲੀ ਵਿਚ ਪੇਸ਼ ਕੀਤਾ ਹੈ, ਉਥੇ ਕਵੀ ਨੇ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਵੀ ਕੀਤੀ ਹੈ, ਜਿਨ੍ਹਾਂ ਨੇ ਮਨੁੱਖਤਾ ਨੂੰ ਸੱਚ ਅਤੇ ਧਰਮ ਦਾ ਉਪਦੇਸ਼ ਦਿੰਦਿਆਂ ਇਖਲਾਕੀ ਕਦਰਾਂ-ਕੀਮਤਾਂ ਸਿਖਾਉਣ ਦਾ ਯਤਨ ਕੀਤਾ। ਬਾਬਾ ਮੀਹਾਂ ਸਿੰਘ ਜੀ ਅਤੇ ਬਾਬਾ ਅਜਮੇਰ ਸਿੰਘ ਜੀ ਦੇ ਜੀਵਨ ਬਿਰਤਾਂਤ ਵੀ ਕਵਿਤਾ ਰੂਪ ਵਿਚ ਪੇਸ਼ ਕੀਤੇ ਗਏ ਹਨ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਜਿਥੇ ਧਾਰਮਿਕ ਰੰਗ ਚੋਖਾ ਉੱਘੜਦਾ ਹੈ, ਉਥੇ ਸਮਾਜਿਕ ਸਰੋਕਾਰਾਂ ਨੂੰ ਦਿੱਤੀ ਗਈ ਰਿਸ਼ਤਿਆਂ ਦੀ ਭਾਈਚਾਰਕ ਸਾਂਝ ਦਾ ਨਿੱਘ, ਨਿੱਤ ਵਧਦੀ ਗੁੰਡਾਗਰਦੀ, ਨਸ਼ਿਆਂ ਦੀ ਲਾਹਨਤ, ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ, ਧੀਆਂ ਦੀ ਹੋਂਦ ਦਾ ਪ੍ਰਸ਼ਨ, ਵਿਦੇਸ਼ਾਂ ਵੱਲ ਖਿੱਚ ਆਦਿ ਅਜਿਹੇ ਵਿਸ਼ੇ ਇਨ੍ਹਾਂ ਕਵਿਤਾਵਾਂ ਵਿਚ ਪੇਸ਼ ਹੋਏ ਹਨ, ਜਿਨ੍ਹਾਂ ਨਾਲ ਅਜੋਕੀ ਜ਼ਿੰਦਗੀ ਹਰ ਰੋਜ਼ ਦੋ-ਚਾਰ ਹੋ ਰਹੀ ਹੈ। ਗੰਧਲੀ ਹੋ ਰਹੀ ਸਿਆਸਤ, ਸਰਕਾਰਾਂ ਦੀ ਬੇਰੁਖ਼ੀ ਤੇ ਲੋਕਾਂ ਦੀ ਲੁੱਟ-ਖਸੁੱਟ ਦੇ ਕਾਵਿ ਚਿੱਤਰ ਵੀ ਇਸ ਕਾਵਿ-ਸੰਗ੍ਰਹਿ ਵਿਚੋਂ ਪੜ੍ਹਨ ਨੂੰ ਮਿਲਦੇ ਹਨ। ਭਾਵੇਂ ਕਿ ਇਨ੍ਹਾਂ ਕਵਿਤਾਵਾਂ ਵਿਚ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਦੀ ਸੁਰ ਨੂੰ ਹੀ ਕੇਂਦਰ ਵਿਚ ਰੱਖਿਆ ਗਿਆ ਹੈ ਪਰ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਕਵੀ ਲਹਿਜ਼ਾ ਕਈ ਵਾਰ ਰੋਹਮਈ ਵੀ ਹੋ ਜਾਂਦਾ ਹੈ, ਖ਼ਾਸ ਕਰਕੇ ਜਦੋਂ ਉਹ ਸਮਾਜਿਕ ਭ੍ਰਿਸ਼ਟਾਚਾਰ ਬਾਰੇ ਰਚਨਾ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਗਾਇਨਯੋਗਤਾ ਹੋਣ ਕਰਕੇ ਇਹ ਪਾਠਕ ਦੀ ਸਾਹਿਤਕ ਸੁਹਜ ਭੁੱਖ ਦੀ ਤ੍ਰਿਪਤੀ ਵੀ ਕਰਦੀਆਂ ਹਨ ਤੇ ਕਵੀ ਦਾ ਉਦੇਸ਼ ਵੀ ਸਪੱਸ਼ਟ ਕਰਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਇਕ ਅਮਰੀਕਣ : ਪ੍ਰੇਮ ਪੈਗ਼ੰਬਰ
ਲੇਖਕ : ਅਸ਼ੋਕ ਚਰਨ 'ਆਲਮਗੀਰ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 595 ਰੁਪਏ, ਸਫ਼ੇ : 411
ਸੰਪਰਕ : 94630-39667.

ਇਹ ਇਤਿਹਾਸਕ ਨਾਵਲ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਇਬਰਾਹਿਮ ਲਿੰਕਨ ਅਤੇ ਉਸ ਦੀ ਪਤਨੀ ਫਸਟ ਲੇਡੀ ਮੈਰੀ (ਮੌਲੀ) ਦੇ ਜੀਵਨ ਸੰਘਰਸ਼ ਦੀ ਗਾਥਾ ਹੈ। ਇਹ ਗਲਪ ਰਚਨਾ ਨਾਵਲਕਾਰ ਦੇ ਵਿਸ਼ਵਕੋਸ਼ੀ ਗਿਆਨ ਨਾਲ ਨੱਕੋ-ਨੱਕ ਭਰੀ ਹੋਈ ਹੈ। ਘਟਨਾਵਾਂ, ਮਿਤੀਆਂ, ਸਾਲਾਂ ਨਾਲ, ਪ੍ਰਮਾਣਿਤ ਹਨ। ਇਸ ਵਿਚ ਦੱਖਣੀ ਅਤੇ ਉੱਤਰੀ ਅਮਰੀਕਾ ਦਾ ਬੀਤਿਆ ਸਮਾਂ ਰੂਪਮਾਨ ਹੋਇਆ ਹੈ। ਇਸ ਲਈ ਇਸ ਦਾ ਇਕਾਲਕ ਅਧਿਐਨ ਜ਼ਰੂਰੀ ਹੈ। ਇਸ ਦੀ ਡਾਇਗ੍ਰੈਸਿੱਵ ਸ਼ੈਲੀ ਦੇ ਕਲਾਵੇ ਵਿਚ ਤਤਕਾਲੀਨ ਉੱਤਰੀ ਅਤੇ ਦੱਖਣੀ ਅਮਰੀਕਨ ਸੱਭਿਆਚਾਰ, ਸਾਹਿਤਕ ਸਮਾਜਿਕ, ਧਾਰਮਿਕ, ਰਾਜਨੀਤਕ ਆਰਥਿਕ (ਵਿਸ਼ੇਸ਼ ਕਰਕੇ ਗ਼ਰੀਬਾਂ, ਗ਼ੁਲਾਮਾਂ ਅਤੇ ਰੈੱਡ ਇੰਡੀਆਨਜ਼) ਨਾਲ ਹੋ ਰਹੀਆਂ ਵਧੀਕੀਆਂ, ਦਾਸਾਂ ਦੀ ਪਸ਼ੂਆਂ ਵਾਂਗ ਖਰੀਦੋ-ਫਰੋਖ਼ਤ ਦਾ ਹਿਰਦੇਵੇਧਕ ਦ੍ਰਿਸ਼ ਰੂਪਮਾਨ ਹੋਇਆ ਹੈ।
ਨਾਵਲ ਦੇ ਆਰੰਭਿਕ ਪੰਨਿਆਂ ਵਿਚ ਨਾਇਕਾ ਮੈਰੀ ਟੌਡ (ਜੋ ਜਾਗੀਰਦਾਰ ਅਤੇ ਬੈਂਕਾਂ ਦੇ ਮਾਲਕ ਦੀ ਧੀ ਹੈ) ਦੀ ਸ਼ਾਦੀ ਸਬੰਧੀ ਰਿਸ਼ਤੇਦਾਰ ਗੱਲਾਂ ਕਰਦੇ ਚਿੰਤਾ ਵਿਅਕਤ ਕਰਦੇ ਹਨ। ਪਰ ਮੈਰੀ ਸਾਰੇ ਸਬੰਧੀਆਂ (ਦਾਦੀ, ਪਿਤਾ, ਭੈਣਾਂ, ਜੀਜੇ) ਨੂੰ ਗੋਲ-ਮੋਲ ਗੱਲਾਂ ਕਰਕੇ ਟਾਲ-ਮਟੋਲ ਕਰੀ ਜਾਂਦੀ ਹੈ ਪਰ ਆਪਣੇ ਦਿਲੋਂ ਇਬਰਾਹਿਮ ਲਿੰਕਨ ਨੂੰ ਆਪਣਾ ਪਤੀ ਚੁਣ ਚੁੱਕੀ ਹੈ। ਉਸ ਦੀ ਦੂਰ-ਦੂਰ ਦੇ ਸੈਰ ਸਪਾਟੇ ਦੀ ਸ਼ੌਕੀਨ ਸਹੇਲੀ ਮਿਸ ਬ੍ਰਿਟੀ ਉਸ ਦੀ ਵਿਚੋਲਣ ਬਣ ਕੇ ਇਬਰਾਹਿਮ ਲਿੰਕਨ ਨਾਲ ਸ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਦੀ ਹੈ। ਨਾਵਲ ਦਾ ਨਾਇਕ ਇਬਰਾਹਿਮ ਲਿੰਕਨ ਵੇਖਣ ਨੂੰ ਲਮਢੀਂਗ, ਸੁਕੜੂ ਜਿਹਾ, ਨਿੱਕੇ-ਮੋਟੇ ਧੰਦੇ ਅਪਣਾਉਂਦਾ, ਗ਼ਰੀਬੀ 'ਚੋਂ ਉੱਠ ਕੇ ਵਕੀਲ ਬਣਦਾ ਹੈ; ਮਿਆਰੀ ਪੁਸਤਕਾਂ ਦਾ ਸ਼ੌਕੀਨ; ਰਹਿਮ ਦਿਲ, ਅਹਿੰਸਾਵਾਦੀ; ਗੱਲਬਾਤ ਵਿਚ ਸਲੀਕੇ ਵਾਲਾ, ਵਾਕ-ਜਾਦੂਗਿਰੀ, ਪ੍ਰਭਾਵਸ਼ਾਲੀ ਮਿੱਠੀ ਆਵਾਜ਼ ਵਾਲਾ ਵਕਤਾ; ਮੋਹ ਭਰਿਆ, ਸਹਿਣਸ਼ੀਲ ਵਿਅਕਤੀਤਵ ਦਾ ਸੁਆਮੀ; ਗ਼ਰੀਬਾਂ, ਗੁਲਾਮਾਂ, ਰੈੱਡ-ਇੰਡੀਅਨਜ਼ ਲਈ ਮਸੀਹਾ; ਸਿਵਲ-ਵਾਰ ਜਿੱਤਣ ਉਪਰੰਤ ਸਾਜਿਸ਼ ਅਧੀਨ ਵਿਰੋਧੀਆਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਨਾਇਕਾ ਡਾਢੀ ਖੂਬਸੂਰਤ; ਨਾਇਕ ਨਾਲੋਂ ਉਮਰ 'ਚ ਵਡੇਰੀ, ਕੁੜੀਆਂ ਦੇ ਕਾਲਜ ਵਿਚ ਪੜ੍ਹੀ; ਫਰਲ-ਫਰਲ ਫਰਾਂਸੀਸੀ ਬੋਲਦੀ; ਗੁਲਾਮੀ ਪ੍ਰਥਾ ਦੀ ਵਿਰੋਧੀ; ਬਾਗੀ ਰੁਚੀਆਂ ਵਾਲੀ; ਗੱਲਾਂ-ਬਾਤਾਂ ਦੀ ਮਾਹਿਰ; ਔਰਤ ਦੇ ਬਰਾਬਰ ਹੱਕਾਂ ਦੀ ਆਵਾਜ਼; ਸੁਭਾਅ ਦੀ ਖਰ੍ਹਵੀ; ਰਸੋਈ ਆਦਿ ਗ੍ਰਹਿਸਥ ਜ਼ਿੰਮੇਵਾਰੀਆਂ ਨਿਭਾਉਣ ਵਾਲੀ; ਲਿੰਕਨ ਦੇ ਵਿਛੋੜੇ 'ਚ ਪਾਗਲ ਹੁੰਦੀ ਵਿਖਾਈ ਗਈ ਹੈ। ਇੰਜ ਇਹ ਰਚਨਾ ਬਹੁਪਰਤੀ, ਬਹੁਦਿਸ਼ਾਵੀ, ਬਹੁਸੁਰੀ (ਪੌਲੀਫੋਨੀ) ਹੋ ਨਿਬੜੀ ਹੈ। ਇਸ ਵਿਚੋਂ ਨਾਟਕੀ (ਸੰਵਾਦੀ), ਕਹਾਣੀ, ਸਫ਼ਰਨਾਮਾ, ਜੀਵਨੀ, ਲੋਕ-ਧਾਰਾ, ਹੱਡ-ਬੀਤੀਆਂ, ਜੱਗ-ਬੀਤੀਆਂ, ਦਰਸ਼ਨ-ਸ਼ਾਸਤਰੀ ਆਦਿ ਵਿਧਾਵਾਂ ਕੋਲਾਜ-ਨੁਮਾ ਰੂਪ ਵਿਚ ਸਹਿਜੇ ਹੀ ਪਛਾਣੀਆਂ ਜਾ ਸਕਦੀਆਂ ਹਨ। ਰਾਸ਼ਟਰਪਤੀ ਚੋਣ ਸਮੇਂ ਜਿੱਤਣ ਉਪਰੰਤ ਇਬਰਾਹਿਮ ਲਿੰਕਨ ਕਹਿੰਦਾ ਹੈ, 'ਮੈਰੀ! ਇਹ ਜਿੱਤ ਤੇਰੀ ਹੀ ਜਿੱਤ ਹੈ, ਮੇਰੀ ਜਿੱਤ ਨਹੀਂ ਮੈਰੀ।' ਤਾਂ ਨਾਵਲਕਾਰ ਮੈਰੀ ਪਾਸੋਂ ਇਹ ਸ਼ਬਦ ਬੁਲਵਾ ਕੇ ਆਪਣੇ ਨਾਵਲ ਦੇ ਉਪ-ਸਿਰਲੇਖ ਦੀ ਪੁਸ਼ਟੀ ਕਰਦਾ ਹੈ :
'ਮੈਰੀ ਮੈਰੀ ਨਾ ਆਖੋ, ਮੈਨੂੰ ਮੈਰੀ ਬਿਲਕੁਲ ਨਾ ਆਖੋ ਕੋਈ।
ਲਿੰਕਨ ਲਿੰਕਨ ਕਰਦੀ ਨੀ ਮੈਂ ਆਪੇ ਲਿੰਕਨ ਹੋਈ।'
(ਪੰ 320)

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਅਰਜ਼ੋਈਆਂ
ਲੇਖਕ : ਸੁਰਿੰਦਰ ਸਿੰਘ ਸੋਹਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94175-44400.

ਸੁਰਿੰਦਰ ਸਿੰਘ ਸੋਹਣਾ ਨੇ ਧਾਰਮਿਕ, ਇਤਿਹਾਸਕ ਤੇ ਸਮਾਜਿਕ ਵਿਸ਼ਿਆਂ ਨੂੰ ਕਾਵਿਕ-ਰੂਪ ਦੇ ਕੇ ਪਾਠਕਾਂ ਨੂੰ ਨਿੱਗਰ ਸੋਚ ਦੇ ਧਾਰਨੀ ਬਣਾਉਣ ਦਾ ਉਪਰਾਲਾ ਵਿੱਢਿਆ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ, ਗੁਰਬਾਣੀ ਦੇ ਸੰਦੇਸ਼ ਨੂੰ ਰੂਪਮਾਨ ਕਰਦੀਆਂ, ਸੁੰਦਰ ਰਚਨਾਵਾਂ ਹਨ। ਮੁੱਖ ਬੰਦ ਵਿਚ ਠੀਕ ਹੀ ਇਸ ਪੁਸਤਕ ਨੂੰ ਸਿੱਖੀ ਇਬਾਦਤ ਤੇ ਸਿੱਖੀ ਚੇਤਨਾ ਦਾ ਇਕਰਾਰਨਾਮਾ ਲਿਖਿਆ ਗਿਆ ਹੈ। ਪੁਸਤਕ ਵਿਚ, ਵੱਖ-ਵੱਖ ਧਾਰਮਿਕ ਤੇ ਸਦਾਚਾਰਕ ਵਿਸ਼ਿਆਂ ਨਾਲ ਸਬੰਧਿਤ ਨਾਯਾਬ ਕਵਿਤਾਵਾਂ ਸ਼ਾਮਿਲ ਹਨ। ਸੁਚੇਤ ਸ਼ਾਇਰ 'ਸੋਹਣਾ' ਨੇ ਮਾਨਵਤਾ ਨੂੰ ਫੋਕਟ ਕਰਮ ਕਾਂਡਾਂ, ਜਾਤ-ਪਾਤ ਦੇ ਵਿਤਕਰੇ, ਭਰਮ ਜਾਲ ਤੇ ਅਗਿਆਨਤਾ ਤੋਂ ਮੁਕਤ ਹੋ ਕੇ, ਸਰਲ ਜੀਵਨ ਜਾਚ ਦਰਸਾਈ ਹੈ। ਇਹੋ ਗੁਰਮਤਿ ਹੈ, ਇਹੋ ਸਦੀਵੀ ਸੱਚ ਹੈ। ਉਸ ਦੀਆਂ ਕੁਝ ਨਜ਼ਮ ਦੇ ਨਮੂਨੇ ਪੇਸ਼ ਹਨ :
'ਮੇਰੀ ਰੰਨ ਬਸਰੇ ਨੂੰ ਜਾਵੇ। ਮੋੜ ਭਾਈ ਕੱਛ ਵਾਲਿਆ।
(ਪੰਨਾ 101)
ਸੱਚੀ ਗੱਲ ਲਿਖੀ ਏ, ਸੰਭਲ ਕੇ ਤੁਰਨਾ ਡੰਡੀ, ਸੂਈ ਤੇ ਨਿੱਕੀ ਏ।
ਸੌਖੀ ਨਹੀਂ ਸਿੱਖੀ, ਸਿੱਖੀ, ਖੰਡੇ ਤੋਂ ਤਿੱਖੀ ਏ। (ਪੰਨਾ 98)
ਪੁਸਤਕ ਵਿਚਲੀ ਕਵਿਤਾ 'ਨਸਲਕੁਸ਼ੀ ਨਹੀਂ ਦੰਗੇ ਸੀ', 1984 ਦੇ ਸਿੱਖ ਕਤਲੇਆਮ ਦੀ ਪੀੜਾ ਨੂੰ ਬਿਆਨਦੀ ਹੈ। 'ਬਵੰਜਾ ਕਵੀ', 'ਬਾਈ ਮੰਜੀਆਂ', 'ਖ਼ਾਲਸੇ ਦੇ ਬੋਲੇ' ਸਮੇਤ ਸਭੇ ਕਵਿਤਾਵਾਂ ਰਸ ਭਰਪੂਰ ਹਨ। 'ਸਿੱਖ ਆਪੋ ਵਿਚ' ਕਵਿਤਾ ਰਾਹੀਂ ਪੰਥਕ ਸਫ਼ਾਂ ਵਿਚ ਧੜੇਬੰਦੀਆਂ ਦੀ ਪੋਲ ਖੋਲ੍ਹਦੀ ਹੈ।
ਲੋਕੀਂ ਹਰ ਮੁਸ਼ਕਿਲ, ਹੱਲ ਕਰੀ ਜਾਂਦੇ ਨੇ।
ਸਿੱਖ ਆਪੋ ਵਿਚ, ਲੜ ਲੜ ਮਰੀ ਜਾਂਦੇ ਨੇ। (ਪੰਨਾ 66)
ਸਮੁੱਚੇ ਰੂਪ ਵਿਚ ਇਹ ਕਾਵਿ ਪੁਸਤਕ ਖੂਬਸੂਰਤ ਗੁਲਦਸਤਾ ਹੈ।

ਂਤੀਰਥ ਸਿੰਘ ਢਿੱਲੋਂ
ਫ ਫ ਫ

ਸਾਹਾਂ ਵਿਚ ਮੌਲਦੇ ਹਰਫ਼
ਲੇਖਕ : ਮਨਮੋਹਨ ਭਿੰਡਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 78377-18723.

ਹਰਫ਼ ਯਾਨੀ ਸ਼ਬਦ, ਬਹੁਤ ਹੀ ਮਹੱਤਵਪੂਰਨ ਵਰਤਾਰਾ ਹੈ ਜੋ ਜ਼ਿੰਦਗੀ ਦੇ ਧੜਕਦੇ ਹੋਣ ਦਾ ਸੰਕੇਤ ਕਰਦੇ ਹਨ। ਜਿਵੇਂ ਭਾਰਤ ਵਿਚ ਲੋਕ ਵਰਣਾਂ, ਨਸਲਾਂ, ਜਾਤਾਂ, ਉਪਜਾਤਾਂ 'ਚ ਵੰਡੇ ਹੋਏ ਹਨ, ਉਵੇਂ ਹੀ ਪਰਵਾਸ 'ਚ ਵਿਚਰਦੇ ਲੋਕਾਂ ਨੂੰ ਨਸਲਵਾਦ ਅਤੇ ਦਹਿਸ਼ਤਵਾਦ ਦੇ ਪੁੜਾਂ 'ਚ ਪਿਸਣਾ ਪੈਂਦਾ ਹੈ। ਇਹ ਜਿਊਂਦੇ-ਜਾਗਦੇ ਮਨੁੱਖਾਂ ਦੀ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੈ, ਵਰਨਾ ਪਸ਼ੂਆਂ ਵਾਂਗ ਜ਼ਿੰਦਗੀ ਜਿਊਂਦੇ ਲੋਕ ਡਾਲਰਾਂ-ਪੌਂਡਾਂ ਦੀ ਚਕਾਚੌਂਧ 'ਚ ਗੁਆਚ ਆਪਣਾ ਸਾਰਾ ਕੁਝ ਗੁਆ ਕੇ ਵੀ ਆਪਣੀ ਹੋਣੀ ਦਾ ਤਸੱਵਰ ਨਹੀਂ ਕਰਦੇ। 'ਸ਼ਬਦ' ਮਨੁੱਖੀ ਸਾਂਝ ਦਾ ਸਭ ਤੋਂ ਵੱਡਾ ਸਾਧਨ ਹੈ, ਸ਼ਬਦ ਵੀ ਉਹ ਜੋ ਉਸ ਨੂੰ ਉਸ ਦੀ ਮਾਂ-ਬੋਲੀ ਨਾਲ ਜੋੜਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸਮੁੱਚੇ ਸੰਸਾਰ 'ਚ ਤਤਕਾਲੀ ਭਖਦੇ ਮਸਲੇ ਜਿਨ੍ਹਾਂ ਵਿਚ ਸਰਕਾਰਾਂ ਦੇ ਛਲਾਵੇ, ਵਪਾਰਕ ਅਦਾਰੇ, ਸੋਸ਼ਲ ਮੀਡੀਆ ਤੇ ਟੀ.ਵੀ. ਰਾਹੀਂ ਲੋਕਾਂ ਨੂੰ ਖਪਤਕਾਰ ਸੱਭਿਆਚਾਰ ਵੱਲ ਧੱਕ ਰਹੇ ਹਨ, ਦਾ ਵਰਨਣ ਬਾਖੂਬੀ ਹੋਇਆ ਹੈ। ਮਨੁੱਖਾਂ ਦੇ ਬੁਨਿਆਦੀ ਅਤੇ ਅਜ਼ਲੀ-ਮਸਲਿਆਂ ਸਿਹਤ, ਸਿੱਖਿਆ, ਸੁਰੱਖਿਆ ਅਤੇ ਰੁਜ਼ਗਾਰ ਦੀ ਥਾਵੇਂ ਨਸਲੀ ਅਤੇ ਜਾਤੀ ਨਫ਼ਰਤ ਦੇ ਮੁੱਦਿਆਂ ਨੂੰ ਬੜੀ ਸ਼ਾਨ ਨਾਲ ਉਭਾਰਿਆ ਜਾ ਰਿਹਾ ਹੈ ਪਰ 'ਭਿੰਡਰ' ਉਹ ਕਵਿਤਾਵਾਂ 'ਚ ਇਨ੍ਹਾਂ ਸ਼ਬਦਾਂ ਰਾਹੀਂ ਜ਼ਿੰਦਗੀ 'ਚ ਧੜਕਣ ਪੈਦਾ ਕਰ, ਅਤੀਤ ਅਤੇ ਵਰਤਮਾਨ ਦੀ ਪੁਣਛਾਣ ਕਰਕੇ ਸਾਹਸ ਅਤੇ ਸੰਘਰਸ਼ ਦਾ ਸੁਨੇਹਾ ਦੇਣ ਦਾ ਯਤਨ ਕਰਦਾ ਹੈ। ਕਵੀ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਹੋਣ ਦਾ ਸੰਕੇਤ ਦਿੰਦਾ ਹੈ :
ਲਿਖੀ ਜਾਂਦੀ ਹੈ ਇਕ ਖੂਬਸੂਰਤ ਨਜ਼ਮ
ਜਾਂ ਇਕ ਅਰਥ ਭਰਪੂਰ ਗ਼ਜ਼ਲ।
ਇਸ ਕਾਵਿ ਸੰਗ੍ਰਹਿ ਦਾ ਸਰਵਰਕ ਅਤੇ ਸਿਰਲੇਖ, ਇਸ 'ਚ ਸਮੋਏ ਭਾਵਾਂ ਨੂੰ ਹੋਰ ਵੀ ਗੂੜ੍ਹਾ ਅਤੇ ਪਛਾਨਣਯੋਗ ਬਣਾਉਂਦਾ ਹੈ। ਆਮੀਨ!

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
ਫ ਫ ਫ

ਦੀਜੈ ਬੁਧਿ ਬਿਬੇਕਾ
ਲੇਖਕ : ਗੁਰਮੀਤ ਸਿੰਘ ਬਰਸਾਲ
ਪ੍ਰਕਾਸ਼ਨ : ਚੱਕ ਸਤਾਰਾਂ ਪ੍ਰਕਾਸ਼ਨ, ਪਟਿਆਲਾ
ਮੁੱਲ : 100 ਰੁਪਏ, ਸਫ਼ੇ : 148
ਸੰਪਰਕ : 9417034974.

ਤੀਹ ਲੇਖਾਂ ਵਾਲੀ ਇਸ ਪੁਸਤਕ ਦੇ ਪਹਿਲੇ ਲੇਖ 'ਕੁਦਰਤ ਵਿਗਿਆਨ ਅਤੇ ਗੁਰਮਤਿ' ਵਿਚ ਦੱਸਿਆ ਗਿਆ ਹੈ ਕਿ ਸੱਚ ਬੋਲਣ ਨਾਲ ਹੀ ਰੂਹ ਤੰਦਰੁਸਤ ਰਹਿੰਦੀ ਹੈ। ਇਸ ਤਰ੍ਹਾਂ ਗੁਰਬਾਣੀ ਦਾ ਆਸਰਾ ਲੈ ਕੇ ਪੇਸ਼ਕਾਰੀ ਕੀਤੀ ਗਈ ਹੈ। ਅਗਲੇ ਲੇਖ 'ਧਾਰਮਿਕ ਇਨਕਲਾਬ ਦਾ ਆਗਾਜ਼' ਵਿਚ ਦੱਸਿਆ ਹੈ ਕਿ ਫੋਕੇ ਕਰਮ-ਕਾਂਡਾਂ ਵਿਚ ਪੈਣਾ ਸਿੱਖੀ ਨਹੀਂ ਹੈ, ਇਸ ਤਰ੍ਹਾਂ ਲੇਖਕ ਨੇ ਆਪਣੇ ਲੇਖਾਂ ਵਿਚ ਗੁਰਬਾਣੀ ਰੂਪੀ ਖਜ਼ਾਨੇ ਦੀ ਭਰਪੂਰ ਵਰਤੋਂ ਕੀਤੀ ਹੈ ਜਿਵੇਂ ਕਿ
'ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟ ਨਾ ਆਵੈ ਵਧਦੇ ਜਾਈ॥'
ਗੁਰਬਾਣੀ ਦੀ ਓਟ ਲੈ ਕੇ ਸੱਚ ਤਾਂ ਸਦਾ ਸੱਚ ਹੀ ਰਹਿੰਦਾ ਹੈ, ਬਾਰੇ ਦੱਸਿਆ ਗਿਆ ਹੈ। ਜਿਵੇਂ ਗੁਰੂ ਸਾਹਿਬ ਫਰਮਾਉਂਦੇ ਹਨ, 'ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥''
29ਵਾਂ ਲੇਖ ਇਕ ਗੋਰੀ ਦੇ ਗੁਰਬਾਣੀ ਸਮਝਣ ਤੇ ਪੰਜਾਬੀ ਸਿੱਖਣ ਬਾਰੇ ਹੈ ਕਿ ਉਸ ਨੂੰ ਅਖ਼ਬਾਰੀ ਸ਼ਬਦ ਸਮਝ ਨਹੀਂ ਆਉਂਦੇ ਪਰ ਗੁਰਬਾਣੀ ਵਿਚ ਮੁਹਾਰਤ ਹਾਸਲ ਹੈ, ਜੋ ਮਾਤ ਭਾਸ਼ਾ ਵੱਲ ਪ੍ਰੇਰਨਾ ਦਿੰਦਾ ਲੇਖ ਹੈ। ਇਸ ਪ੍ਰਕਾਰ ਅਗਲੇ ਲੇਖ 'ਆਧੁਨਿਕ ਮੀਡੀਆ, ਪੱਤਰਕਾਰਤਾ ਅਤੇ ਲਿਖਾਰੀ' ਵਿਚ ਦੱਸਿਆ ਗਿਆ ਹੈ ਕਿ ਵੱਖਰੇਵੇਂ ਦਾ ਸੁਮੇਲ ਕਰਨ ਵਾਲਾ ਸੱਭਿਆਚਾਰ ਮਨੁੱਖਤਾ ਦੇ ਸਰਬ ਸਾਂਝ ਗੁਣਾਂ ਦੀ ਤਰਜਮਾਨੀ ਕਰੇਗਾ ਜੋ ਮੀਡੀਏ ਰਾਹੀਂ ਹੀ ਸੰਭਵ ਹੋ ਸਕੇਗਾ। ਲੇਖਕ ਨੇ ਸਮੁੱਚੇ ਲੇਖਾਂ ਵਿਚ ਚੰਗੀ ਸੋਚ ਅਤੇ ਆਧੁਨਿਕ ਪ੍ਰਗਟਾਵੇ ਦੇ ਲੇਖ ਲਿਖ ਕੇ ਇਨਸਾਨੀਅਤ ਨੂੰ ਪਹਿਲ ਦੇਣ ਦੀ ਸੋਚ ਰੱਖਣ ਬਾਰੇ ਤੇ ਕੱਟੜਤਾ ਨੂੰ ਤਿਆਗਣ ਦੀ ਗੱਲ ਕੀਤੀ ਹੈ। ਇਸ ਪ੍ਰਕਾਰ ਲੇਖਕ ਨੇ ਤੱਥਾਂ ਦੇ ਆਧਾਰ 'ਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਕੀਤੀ ਗਈ ਖੋਜ ਨੂੰ ਵੀ ਅਧਾਰ ਬਣਾਇਆ ਹੈ। ਉਸ ਦੀ ਅਗਾਂਹਵਧੂ ਸੋਚ ਨੂੰ ਸਲਾਮ।

ਫ ਫ ਫ

ਬਲੌਰਾ
ਲੇਖਕ : ਗੁਰਪ੍ਰੀਤ ਸਹਿਜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 105
ਸੰਪਰਕ : 99142-54374.

ਨਾਵਲ 'ਬਲੌਰਾ' ਵਿਚ ਲੇਖਕ ਨੇ ਇਕ ਧਾਕੜ ਕਿਸਮ ਦੇ ਪਾਤਰ ਬਲੌਰੇ ਦਾ ਬਿਰਤਾਂਤ ਸਿਰਜਿਆ ਹੈ। ਸਾਰੀ ਕਹਾਣੀ ਵਿਚ ਬਲੌਰਾ ਕੇਂਦਰੀ ਧੁਰਾ ਹੈ, ਜੋ ਸ਼ਰਾਬੀ ਪਿਓ ਦਾ ਤੇ ਸ਼ੇਰਨੀ ਮਾਂ ਦਾ ਪੁੱਤ ਹੈ।
ਬਲੌਰੇ ਦੀ ਮਾਂ ਭੋਲੀ-ਭਾਲੀ ਨਹੀਂ ਹੈ ਪਰ ਬਲੌਰੇ ਦਾ ਪਿਓ ਬਿਮਾਰ ਮਾਨਸਿਕਤਾ ਦਾ ਮਾਲਕ ਜ਼ਰੂਰ ਹੈ, ਜੋ ਆਪਣਾ ਉੱਲੂ ਸਿੱਧਾ ਕਰਨ ਵਾਲਾ ਪੁਰਾਣਾ ਬੰਦਾ ਹੈ। ਬਲੌਰਾ ਅਣਖੀਲਾ ਗੱਭਰੂ ਤੇ ਗ਼ੈਰਤ ਨਾਲ ਜਿਊਣ ਵਾਲਾ ਪਾਤਰ ਹੈ।
'ਉਹ ਜਾਣਦਾ ਹੈ, ਰੱਬ ਮਿਹਨਤੀਆਂ ਦੇ ਹੱਥਾਂ 'ਤੇ ਪਏ ਅੱਟਣ ਨਹੀਂ ਦੇਖ ਸਕਦਾ'।
'ਕੁਦਰਤ ਦੀ ਮਿੱਥ ਨੂੰ ਤੋੜਦਾ, ਆਪਣੀ ਹੋਣੀ ਦੀ ਥਾਂ ਅਤੇ ਸਮਾਂ ਖੁਦ ਚੁਣਦਾ ਹੈ'।
'ਉਹ ਭੈਣ ਦੇ ਪ੍ਰੇਮੀ ਨੂੰ ਸਿੱਧਾ ਪੁੱਛਦਾ ਹੈ। ਹੈ ਹਿੰਮਤ ਫੇਰੇ ਲੈਣ ਦੀ?'
ਉਪਰੋਕਤ ਦਿੱਤੇ ਹੋਏ ਸਾਰੇ ਤੱਥ ਲੇਖਕ ਨੇ ਆਪਣੇ ਨਾਵਲ ਦੇ ਅੰਤ ਵਿਚ ਦਿੱਤੇ ਹਨ। ਲੇਖਕ ਨੇ ਬਲੌਰਾ ਨਾਵਲ ਵਿਚ ਢੁਕਵੇਂ ਮੁਹਾਵਰੇ ਅਤੇ ਠੇਠ ਸ਼ਬਦਾਵਲੀ ਦੀ ਵਰਤੋਂ ਕਰਕੇ ਨਾਵਲ ਦੇ ਗਲਪੀ ਬਿਰਤਾਂਤ ਨੂੰ ਉਭਾਰਿਆ ਹੈ, ਜਿਸ ਵਿਚ ਉਸ ਦੀ ਭਾਸ਼ਾ ਦਾ ਲਹਿਜ਼ਾ ਅਤੇ ਗੱਲ ਕਰਨ ਦਾ ਪੂਰਾ ਪੈਰਾਡਾਈਮ ਰਵਾਇਤੀ ਨਾ ਹੋ ਕੇ ਯਥਾਰਥਕ ਵਰਣਨ ਕਰਦਾ ਹੋਇਆ ਸਮਾਜ ਨੂੰ ਸੇਧ ਦੇਣ ਵਾਲਾ ਹੈ। ਬਲੌਰੇ ਦੀ ਭੈਣ ਵੀ ਉਸ ਨੂੰ ਹੌਸਲਾ ਦਿੰਦੀ ਹੈ ਜੋ ਅਜੋਕੇ ਸਮੇਂ ਦੀ ਲੋੜ ਵੀ ਹੈ ਅਤੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਤੇ ਵਿਰਸੇ ਨਾਲ ਜੁੜਣ ਦੀ ਪ੍ਰੇਰਨਾ ਵੀ ਹੈ। ਇਸ ਨਾਵਲ ਵਿਚ ਲੇਖਕ ਨੇ ਅਜਿਹਾ ਗਲਪੀ ਬਿੰਬ ਸਿਰਜਿਆ ਹੈ ਜਿਸ ਨਾਲ ਪਾਤਰਾਂ ਦੀ ਭਾਸ਼ਾ ਅਤੇ ਵਿਚਾਰਧਾਰਾ ਨਾਲ ਨਾਵਲੀ ਬਿਰਤਾਂਤਕ ਰਸ ਨੂੰ ਪਰਪੱਕ ਕੀਤਾ ਹੈ।
ਬਲੌਰੇ ਦੇ ਅਸਲ ਮਕਸਦ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਜੋ ਰੱਬ ਨਾਲ ਆਢਾ ਲਾਉਣ ਦਾ ਜੇਰਾ ਰੱਖਦਾ ਹੈ ਅਤੇ ਉਸ ਦੀ ਭੈਣ ਦੀਸਾ ਵੀ ਆਪਣੀ ਜਵਾਨੀ ਅਤੇ ਦਲੇਰੀ ਨੂੰ ਉਭਾਰਦੀ ਹੈ। ਗੁਰਪ੍ਰੀਤ ਸਹਿਜੀ ਨੇ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਆਪਣਾ ਭਾਸ਼ਾ ਪ੍ਰਤੀ ਪਿਆਰ ਤਾਂ ਦਰਸਾਇਆ ਹੈ ਪਰ ਹਰੇਕ ਵਰਗ ਦੇ ਪਾਠਕ ਨੂੰ ਉਸ ਦੀ ਭਾਸ਼ਾ ਸਮਝਣੀ ਔਖੀ ਜਾਪਦੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 9855395161
ਫ ਫ ਫ

ਅਰਜ਼ ਤੋਂ ਐਲਾਨ ਤੱਕ
ਗ਼ਜ਼ਲਕਾਰ : ਹਰਦਿਆਲ ਸਾਗਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 94644-88811.

ਇਸ ਪੁਸਤਕ ਵਿਚ ਕੁੱਲ 67 ਕੁ ਗ਼ਜ਼ਲਾਂ ਹਨ, ਜੋ ਕਿ ਪੰਜਾਬੀ ਗ਼ਜ਼ਲਕਾਰੀ ਦਾ ਹਾਸਲ ਹਨ। ਸਾਗਰ ਪਿਛਲੇ ਦਹਾਕੇ ਤੋਂ ਗੰਭੀਰਤਾ ਨਾਲ ਗ਼ਜ਼ਲ ਸਿਰਜਣਾ ਨਾਲ ਧੁਰ ਅੰਦਰੋਂ ਜੁੜਿਆ ਹੋਇਆ ਹੈ। 'ਜੰਗਲ ਦਾ ਕੁਹਰਾਮ' ਪੁਸਤਕ ਵਿਚ ਵੀ ਸ਼ਾਇਰੀ ਨਾਲ ਉਹ ਕਟਾਖਸ਼ੀ ਸ਼ਿਅਰਕਾਰੀ ਦਾ ਅਹਿਮ ਹਸਤਾਖ਼ਰ ਬਣ ਗਿਆ ਸੀ, ਜਿਸ ਨੂੰ ਪੰਜਾਬੀਆਂ ਨੇ ਪਸੰਦ ਕੀਤਾ। ਇਸ ਗੰਭੀਰ ਵਿਅੰਗ ਵਿਧੀ ਨਾਲ ਉਹ ਦੂਜੇ ਸ਼ਾਇਰਾਂ ਨਾਲੋਂ ਵੱਖ ਤੇ ਵਿਲੱਖਣ ਦਿਸਦਾ ਹੈ। ਉਹ ਜੋ ਵੀ ਸ਼ਿਅਰ ਕਹਿੰਦਾ ਹੈ ਉਸ ਦੀ ਪ੍ਰਸੰਗਿਕਤਾ ਲੋਕਾਈ ਨਾਲ ਹੁੰਦੀ ਹੈ। ਉਹ ਆਮ ਆਦਮੀ ਦੀ ਥਾਂ ਪੇਸ਼ ਹੋ ਕੇ ਉਸ ਦੀ ਨਿਰਮੂਲ ਹੋਂਦ ਬਾਰੇ ਕਹਿੰਦਾ ਹੈ :
ਜੋ ਨਿੱਬ ਦੀ ਨੋਕ ਪਰਖਣ ਵਾਸਤੇ ਬਸ ਵਰਤਿਆ ਜਾਂਦੈ,
ਮੈਂ ਬੇਮਤਲਬ ਲਕੀਰਾਂ ਵਾਸਤੇ ਦਰਪੇਸ਼ ਵਰਕਾ ਹਾਂ।
ਉਸ ਦੇ ਸ਼ਿਅਰਾਂ ਵਿਚ ਮਿਥਿਹਾਸ ਦਾ ਨੁਮਾਇਆ ਰੋਲ ਹੈ :
ਮਹਾਂਭਾਰਤ ਤੋਂ ਭਾਰਤ ਤੱਕ ਇਹੀ ਇਤਿਹਾਸ ਦੱਸਦਾ ਹੈ,
ਕਿ ਇਸ ਦਾ ਤਖ਼ਤ ਅੰਨ੍ਹੇ ਹਾਕਮਾਂ ਦੀ ਹੀ ਅਮਾਨਤ ਹੈ।
ਉਕਤ ਸ਼ਿਅਰ ਵਿਚ ਇਕ ਤਾਂ ਗੰਭੀਰ ਵਿਅੰਗ ਵਿਧੀ ਦਾ ਉਦਭਵ ਹੈ ਪਰ ਦੂਜੇ ਪਾਸੇ ਸ਼ਾਇਰ ਨੇ ਮਿੱਥ ਰਾਹੀਂ ਇਕ ਡੂੰਘੀ ਗੱਲ ਕਹੀ ਹੈ।
ਸ਼ਾਇਰ ਦਾ ਮਨਭਾਉਂਦਾ ਵਿਸ਼ਾ ਲੀਹੋਂ ਲੱਥੀ ਭਾਰਤੀ ਰਾਜਨੀਤੀ ਹੈ। ਉਹ ਲੋਕਤੰਤਰੀ ਬੇ-ਮਰਿਆਦਗੀ ਨੂੰ ਆੜੇ ਹੱਥੀਂ ਲੈਂਦਾ ਹੈ :
ਤੂੰ ਸੰਸਦ ਹੈਂ, ਅਸੀਂ ਖਲਕਤ, ਅਸਾਡੇ ਦਿਲ 'ਚ ਰਹਿਣਾ ਸਿੱਖ,
ਜੇ ਸਾਡੇ ਸਿਰ 'ਤੇ ਬੈਠੇਂਗੀ ਤਾਂ ਫਿਰ ਅੰਜਾਮ ਚੇਤੇ ਰੱਖ।
ਪੁਸਤਕ ਦੀ ਕੁਲਜੀਤ ਕੌਰ ਮੰਡ, ਜਰਨੈਲ ਸਿੰਘ ਧੀਰ, ਮੁਕੇਸ਼ ਆਲਮ, ਰੂਪ ਸਿੱਧੂ ਆਦਿ ਨੇ ਰਾਹਦਾਰੀ ਵੀ ਲਿਖੀ ਹੈ। ਸਾਰੀਆਂ ਗ਼ਜ਼ਲਾਂ ਬਾ-ਬਹਿਰ ਅਤੇ ਛੰਦਾਂ ਵਿਚ ਹਨ। ਉਸ ਦੇ ਰਮਲ ਅਤੇ ਹਜ਼ਿਜ਼ ਬਹਿਰ ਰੂਹ ਵਿਚ ਸਮਾਏ ਹਨ। ਕਾਫੀਏ ਨਵੇਂ-ਨਵੇਂ ਤੇ ਸੰਰਚਨਾ ਦੀ ਮਹਿਕ ਵਾਲੇ ਹਨ। ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਦੀ ਆਧੁਨਿਕ ਗ਼ਜ਼ਲ ਦਾ ਪ੍ਰਤੱਖ ਹਾਸਲ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਹਜ਼ਾਰਾਂ ਧਰਤੀਆਂ ਨੇ ਹੋਰ
ਗ਼ਜ਼ਲਕਾਰ : ਕੁਲਬੀਰ ਸਿੰਘ ਕੰਵਲ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 98151-43028.

ਕੁਲਬੀਰ ਸਿੰਘ ਕੰਵਲ 'ਦੀਪਕ ਗ਼ਜ਼ਲ ਸਕੂਲ' ਦੀ ਅਧੁਨਿਕ ਪੀੜ੍ਹੀ ਦਾ ਜ਼ਿਕਰਯੋਗ ਨਾਇਕ ਹੈ ਜੋ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਨਵੇਂ ਭਾਵਬੋਧ ਲੈ ਕੇ ਤੇਜ਼ੀ ਨਾਲ ਸਾਹਮਣੇ ਆਇਆ ਹੈ। ਉਸ ਦਾ ਹਥਲਾ ਗ਼ਜ਼ਲ ਸੰਗ੍ਰਹਿ ਅਧੁਨਿਕ ਗ਼ਜ਼ਲ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਪੁਸਤਕ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਗ਼ਜ਼ਲਕਾਰ ਵਲੋਂ ਵਰਣਿਤ ਭਾਵ ਨਿਰੀ ਖ਼ਾਬਖ਼ਿਆਲੀ ਨਹੀਂ ਹਨ ਸਗੋਂ ਉਸ ਨੇ ਇਹ ਸਾਰਾ ਕੁਝ ਆਪਣੇ ਪਿੰਡੇ 'ਤੇ ਹੰਢਾਇਆ ਹੈ। ਪਹਿਲੀ ਗ਼ਜ਼ਲ ਵਿਚ ਉਸ ਨੇ 'ਚੇਤੇ' ਰਦੀਫ਼ ਦੀ ਵਰਤੋਂ ਕੀਤੀ ਹੈ ਤੇ ਉਹ ਇਸ ਗ਼ਜ਼ਲ ਦੇ ਸ਼ਿਅਰਾਂ ਵਿਚ ਧੂਣੀ ਤਪਾ ਕੇ ਬੈਠਾ ਅਜਿਹਾ ਰਿਸ਼ੀ ਮੁਨੀ ਜਾਪਦਾ ਹੈ ਜਿਸ ਨੂੰ ਦੁਨੀਆਂ ਦੀ ਕੋਈ ਖ਼ਬਰ ਨਹੀਂ ਹੈ। ਆਪਣੀ ਦੂਸਰੀ ਗ਼ਜ਼ਲ ਵਿਚ ਉਹ ਪੰਜਾਬ ਵੱਲ ਪਰਤਦਾ ਹੈ ਤੇ ਇਸ ਦੇ ਤਨ 'ਤੇ ਹੋਏ ਜ਼ਖ਼ਮਾਂ 'ਤੇ ਅਫ਼ਸੋਸ ਤਾਂ ਪ੍ਰਗਟ ਕਰਦਾ ਹੀ ਹੈ, ਇਸ ਦੇ ਨਾਲ-ਨਾਲ ਚਾਰਾਜੋਈ ਵੀ ਕਰਦਾ ਹੈ। ਅਗਲੇਰੀਆਂ ਗ਼ਜ਼ਲਾਂ ਵਿਚ ਉਹ ਮਚਦੇ ਅੰਗਿਆਰਿਆਂ 'ਤੇ ਮਚਣ, ਨਿਰੰਤਰ ਤੁਰਨ ਤੇ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਦਾ ਅਹਿਦ ਕਰਦਾ ਹੈ। ਕੰਵਲ ਹਨੇਰੇ ਵਿਚ ਸਾਂਝਾਂ ਦੇ ਦੀਵੇ ਬਾਲਣਾ ਚਾਹੁੰਦਾ ਹੈ ਤੇ ਮਸ਼ਾਲ ਦੀ ਲੋਅ ਨੂੰ ਬੁਲੰਦ ਰੱਖਣ ਦਾ ਹੋਕਾ ਦਿੰਦਾ ਹੈ। ਉਸ ਦੀਆਂ ਕਈ ਗ਼ਜ਼ਲਾਂ ਦੇ ਮਤਲੇ ਬਹੁਤ ਦਿਲਖਿੱਚਵੇਂ ਹਨ ਤੇ ਉਸ ਦੀ ਸੱਤਵੀਂ ਗ਼ਜ਼ਲ ਇਸ ਦੀ ਉਦਾਹਰਨ ਹੈ ਜਿਸ ਵਿਚ ਉਹ ਡੰਗੋਰੀ ਨੂੰ ਬਿਰਧ ਲੋਕਾਂ ਦਾ ਆਸਰਾ ਕਹਿੰਦਾ ਹੈ ਤੇ ਸ਼ਸਤਰਾਂ ਨੂੰ ਯੁੱਗ ਪਲਟਾਉਣ ਦਾ ਇਕੋ ਇਕ ਵਸੀਲਾ ਦੱਸਦਾ ਹੈ। ਗ਼ਜ਼ਲਕਾਰ ਨਵੀਆਂ ਤਸ਼ਬੀਹਾਂ ਤੇ ਬਿੰਬਾਂ ਨਾਲ ਤਾਨਾਸ਼ਾਹੀ ਪ੍ਰਵਿਰਤੀਆਂ ਵਾਲੇ ਤਾਜਦਾਰਾਂ ਦੇ ਵਿਰੁੱਧ ਖਲੋਂਦਾ ਹੈ ਤੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਤ ਕਰਦਾ ਹੈ। ਸਮੁੱਚੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਲੁੱਟੀ-ਪੁੱਟੀ ਜਾਂਦੀ ਧਿਰ ਵਿਚ ਹੌਸਲਾ ਭਰਨ ਦਾ ਕਾਰਜ ਕਰਦੇ ਹਨ ਤੇ ਇਉਂ ਕੰਵਲ ਆਪਣੀ ਗ਼ਜ਼ਲ ਨੂੰ ਇਕ ਹਥਿਆਰ ਦੇ ਤੌਰ 'ਤੇ ਵਰਤਦਾ ਹੈ ਜਿਸ ਦੀ ਮੌਜੂਦਾ ਸਥਿਤੀ ਨੂੰ ਜ਼ਰੂਰਤ ਹੈ। ਗ਼ਜ਼ਲਕਾਰ ਨੂੰ ਗ਼ਜ਼ਲ ਤਕਨੀਕ ਦੀ ਪੂਰੀ ਸੋਝੀ ਹੈ। ਇਹ ਗ਼ਜ਼ਲ ਸੰਗ੍ਰਹਿ ਗ਼ਜ਼ਲ ਦੇ ਅਨੁਸ਼ਾਸਨ ਵਿਚ ਰਹਿ ਕੇ ਖ਼ੂਬਸੂਰਤ ਗ਼ਜ਼ਲਾਂ ਸਿਰਜਣ ਦੇ ਮਹੱਤਵ ਤੇ ਸਮਰੱਥਾ ਨੂੰ ਦਰਸਾਉਂਦਾ ਹੈ। ਪੰਜਾਬੀ ਗ਼ਜ਼ਲ ਸਾਹਿਤ ਨੂੰ ਅਜਿਹੀਆਂ ਪੁਸਤਕਾਂ ਦੀ ਬੇਹੱਦ ਜ਼ਰੂਰਤ ਹੈ।

ਫ ਫ ਫ

ਇਰਸ਼ਾਦ
ਗ਼ਜ਼ਲਕਾਰ : ਰਾਮਿੰਦਰ ਬੇਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 70096-44670.

ਪੰਜਾਬੀ ਗ਼ਜ਼ਲ ਕਾਫ਼ਿਲੇ ਦਾ ਨਿੱਗਰ ਹਸਤਾਖ਼ਰ ਹੈ ਰਾਮਿੰਦਰ ਬੇਰੀ ਜਿਸ ਦਾ ਗ਼ਜ਼ਲ ਸੰਗ੍ਰਹਿ 'ਇਰਸ਼ਾਦ' ਹੁਣੇ ਹੀ ਪ੍ਰਕਾਸ਼ਤ ਹੋਇਆ ਹੈ। ਬੇਰੀ ਦੀ ਸ਼ਿਅਰਕਾਰੀ ਦਾ ਜਲੌਅ ਆਪਣੀ ਭਾਂਤ ਦਾ ਹੈ ਤੇ ਖ਼ਿਆਲਾਂ ਦੇ ਨਿੱਕੇ-ਨਿੱਕੇ ਟਿਮਟਿਮਾਉਂਦੇ ਜੁਗਨੂੰ ਮਨਮੋਹਕ ਲਗਦੇ ਹਨ। ਗ਼ਜ਼ਲਕਾਰ ਆਪਣੇ ਸਮਾਜ ਦੀ ਰਾਜਨੀਤਕ ਤੇ ਸਮਾਜਿਕ ਉਧੇੜ ਬੁਣ ਨੂੰ ਭਲੀ ਭਾਂਤ ਸਮਝਦਾ ਹੈ ਤੇ ਇਕ ਸੰਤੁਲਤ ਵਿਸ਼ਲੇਸ਼ਕ ਵਜੋਂ ਆਪਣੀ ਗ਼ਜ਼ਲ ਦੇ ਸ਼ਿਅਰਾਂ ਦੇ ਵਿਸ਼ੇ ਬਣਾਉਂਦਾ ਹੈ। ਬੇਰੀ ਦੀਆਂ ਗ਼ਜ਼ਲਾਂ ਵਿਚ ਅਕਰਸ਼ਨ ਦਾ ਹੋਰ ਵਡੇਰਾ ਕਾਰਨ ਉਨ੍ਹਾਂ ਦਾ ਨਿਵੇਕਲਾ ਭਾਵ ਬੋਧ ਹੈ। ਉਸ ਦੀ ਪਹਿਲੀ ਹੀ ਗ਼ਜ਼ਲ ਦਾ ਮਤਲਾ ਅਜੋਕੇ ਮਨੁੱਖ ਦੀ ਬਾਜ਼ਾਰੂ ਸੋਚ ਨਾਲ ਸਬੰਧਿਤ ਹੈ ਜਿਸ ਕਾਰਨ ਅਸੀਂ ਆਪਣੇ ਰਿਸ਼ਤਿਆਂ ਨਾਲ ਨਾ ਨਿਆਂ ਕਰ ਰਹੇ ਹਾਂ ਤੇ ਨਾ ਹੀ ਵਫ਼ਾ ਪਾਲ ਰਹੇ ਹਾਂ। ਦੂਸਰੀ ਗ਼ਜ਼ਲ ਵਿਚ ਗ਼ਜ਼ਲਕਾਰ ਉਲਟ ਹਵਾ ਦੇ ਦਬਾਅ ਵਿਚ ਵੀ ਆਪਣੀ ਰਵਾਨੀ ਕਾਇਮ ਰੱਖਣ ਦਾ ਅਹਿਦ ਕਰਦਾ ਹੈ। ਗ਼ਜ਼ਲਕਾਰ ਆਦਮੀ ਵਿਚੋਂ ਆਦਮੀਅਤ ਗ਼ੈਰ-ਹਾਜ਼ਰ ਮਹਿਸੂਸ ਕਰਦਾ ਹੈ। ਉਹ ਦੇਖਦਾ ਹੈ ਕਿ ਈਰਖਾ, ਹਉਮੈ ਤੇ ਸੱਖਣਾਪਨ ਹੀ ਮਨੁੱਖ ਦੀ ਪਹਿਚਾਣ ਰਹਿ ਗਏ ਹਨ ਤੇ ਸਾਡਾ ਤਰੱਕੀ ਯਾਫ਼ਤਾ ਹੋਣਾ ਸਰਾਪ ਬਣ ਗਿਆ ਹੈ। ਤਮਾਮ ਗ਼ਜ਼ਲਾਂ ਦੇ ਸ਼ਿਅਰ ਸੁਹਜ ਦੀ ਬਾਰੀਕ ਤੋਂ ਬਾਰੀਕ ਤੰਦ ਨੂੰ ਬੜੇ ਕਲਾਮਈ ਢੰਗ ਨਾਲ ਪਕੜਦੇ ਹਨ ਤੇ ਰੰਗ-ਬਰੰਗੇ ਫੁੱਲਾਂ ਦੀ ਰਲੀ-ਮਿਲੀ ਮਹਿਕ ਵਾਂਗ ਪਾਠਕ ਨੂੰ ਸਰਸ਼ਾਰ ਕਰਦੇ ਹਨ। ਗ਼ਜ਼ਲਕਾਰ ਨੂੰ ਗ਼ਜ਼ਲ ਕਲਾ ਦੀ ਸੋਝੀ ਹੈ ਤੇ ਉਹ ਇਸ ਦੇ ਸ਼ਿਲਪ ਨੂੰ ਸਮਝਦਾ ਹੈ। ਇਹ ਗ਼ਜ਼ਲਾਂ ਸੱਚਮੁਚ ਪ੍ਰਭਾਵਿਤ ਕਰਦੀਆਂ ਹਨ ਪਰ ਇਕ ਅਲੋਚਕ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਵਿਚ ਕਾਫ਼ੀ ਕੁਝ ਅਜਿਹਾ ਹੈ ਜਿਸ ਤੋਂ ਗ਼ਜ਼ਲਕਾਰ ਅਵੇਸਲਾ ਰਿਹਾ ਹੈ। ਕਿਸੇ ਵੀ ਵਿਧਾ ਨੂੰ ਅਪਣਾਉਣ ਸਮੇਂ ਉਸ ਦੇ ਅਨੁਸ਼ਾਸਨ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਤੇ ਬਗ਼ਾਵਤ ਤਾਂ ਉੱਕਾ ਹੀ ਨਹੀਂ। ਰਾਮਿੰਦਰ ਬੇਰੀ ਅਜਿਹਾ ਗ਼ਜ਼ਲਕਾਰ ਹੈ ਜਿਸ ਤੋਂ ਗ਼ਜ਼ਲ ਸਾਹਿਤ ਨੂੰ ਬਹੁਤ ਆਸਾਂ ਹਨ ਤੇ ਉਸ ਦਾ ਇਹ ਗ਼ਜ਼ਲ ਸੰਗ੍ਰਹਿ ਉੱਚਪਾਏ ਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਤਨਜ਼ਾਨੀਆ ਸਫ਼ਾਰੀ
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 93166-84202.

ਚਰਨਜੀਤ ਸਿੰਘ ਪੰਨੂ ਕਹਾਣੀਆਂ ਵੀ ਲਿਖਦਾ ਹੈ ਤੇ ਯਾਤਰਾਵਾਂ ਵੀ ਕਰਦਾ ਹੈ। ਹਾਲ ਹੀ ਵਿਚ ਉਸ ਨੇ ਕੀਨੀਆ ਅਤੇ ਤਨਜ਼ਾਨੀਆ ਦੀਆਂ ਯਾਤਰਾਵਾਂ ਕੀਤੀਆਂ ਹਨ, ਜਿਨ੍ਹਾਂ ਦੇ ਫਲਸਰੂਪ 'ਕੀਨੀਆ ਸਫ਼ਾਰੀ' ਅਤੇ 'ਤਨਜ਼ਾਨੀਆ ਸਫ਼ਾਰੀ' ਜਿਹੇ ਸਫ਼ਰਨਾਮੇ ਹੋਂਦ ਵਿਚ ਆਏ ਹਨ। ਦੋਵੇਂ ਸਫ਼ਰਨਾਮੇ ਇਕ-ਦੂਸਰੇ ਦੇ ਪੂਰਕ ਹਨ। ਇਕ ਬਗੈਰ ਦੂਸਰਾ ਅਧੂਰਾ ਹੈ। ਇਸ ਲਈ ਅਫ਼ਰੀਕੀ ਮਹਾਂਦੀਪ ਨੂੰ ਸਮਝਣ ਲਈ ਦੋਵਾਂ ਸਫ਼ਰਨਾਮਿਆਂ ਦਾ ਪਾਠ ਜ਼ਰੂਰੀ ਹੈ। ਲੇਖਕ ਇਸ ਸਫ਼ਰਨਾਮੇ ਵਿਚ ਕੁਝ ਕੁ ਰਵਾਇਤੀ ਸ਼ੈਲੀ ਦਾ ਇਸਤੇਮਾਲ ਕਰਦਾ ਹੈ। ਜਿਵੇਂ ਉਹ ਮੁੱਢ ਵਿਚ ਤਨਜ਼ਾਨੀਆ ਦੇ ਇਤਿਹਾਸ, ਭੂਗੋਲ, ਆਬਾਦੀ, ਪੈਦਾਵਾਰ ਅਤੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ ਬਾਰੇ ਦੱਸਦਾ ਹੈ। ਉਸ ਦੇਸ਼ ਦੀ ਲੰਬਾਈ, ਚੌੜਾਈ, ਝੀਲਾਂ, ਪਾਠਕਾਂ ਦੇ ਵੇਰਵੇ ਦਿੰਦਾ ਹੈ। ਪ੍ਰਮੁੱਖ ਫ਼ਸਲਾਂ ਅਤੇ ਆਮਦਨੀ ਦੇ ਵਸੀਲਿਆਂ 'ਤੇ ਪੰਛੀ ਝਾਤ ਪਾਉਂਦਾ ਹੈ। ਉਥੋਂ ਦੀ ਆਰਥਿਕ ਹਾਲਤ ਬਾਰੇ