ਤਾਜਾ ਖ਼ਬਰਾਂ


ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  1 minute ago
ਨਵੀਂ ਦਿੱਲੀ, 21 ਅਪ੍ਰੈਲ - ਹਾਲ ਹੀ ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸ਼ਤਰੂਘਣ ਸਿਨਹਾ ਨੇ ਪਿਛਲੇ ਸਾਲ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਸਨਿੱਚਰਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਸਵਾਲ ਕੀਤਾ ਕਿ ਕ੍ਰਿਪਾ ਕਰਕੇ...
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  34 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  43 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਚੇਤ ਸੰਮਤ 551
ਵਿਚਾਰ ਪ੍ਰਵਾਹ: ਲੋਕਾਂ ਦਾ ਕਲਿਆਣ ਹੀ ਸਭ ਤੋਂ ਚੰਗਾ ਕਾਨੂੰਨ ਹੈ। -ਸੀਰੋ

ਤੁਹਾਡੇ ਖ਼ਤ

21-03-2019

 ਸ਼ਹੀਦਾਂ ਦੀ ਸੋਚ ਅਪਣਾਓ
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ 23 ਮਾਰਚ ਨੂੰ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾਏਗਾ। ਮੰਚਾਂ 'ਤੇ ਵੱਡੇ-ਵੱਡੇ ਨੇਤਾਵਾਂ ਦੇ ਭਾਸ਼ਣ ਹੋਣਗੇ, ਜੋ ਸ਼ਾਇਦ ਉਨ੍ਹਾਂ ਦੇ ਹੇਠਾਂ ਕੰਮ ਕਰ ਰਹੇ ਉਨ੍ਹਾਂ ਤੋਂ ਵੱਧ ਪੜ੍ਹੇ-ਲਿਖੇ ਨੌਜਵਾਨਾਂ ਦੇ ਲਿਖੇ ਹੋਣਗੇ। ਉੱਚੀ ਆਵਾਜ਼ ਵਿਚ ਨਾਅਰੇਬਾਜ਼ੀ ਹੋਵੇਗੀ... ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ...। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਗਤ ਸਿੰਘ ਨੇ ਏਨੀ ਛੋਟੀ ਉਮਰ ਵਿਚ ਕਿੰਨੀਆਂ ਕਿਤਾਬਾਂ ਪੜ੍ਹੀਆਂ ਸਨ ਅਤੇ ਅਧਿਐਨ ਕੀਤਾ ਸੀ। ਉਹ ਚੰਗੀਆਂ ਕਿਤਾਬਾਂ ਆਪ ਪੜ੍ਹਦੇ, ਸਾਥੀਆਂ ਨੂੰ ਪੜ੍ਹਾਉਂਦੇ ਅਤੇ ਵਿਚਾਰ-ਵਟਾਂਦਰਾ ਵੀ ਕਰਦੇ ਸਨ ਅਤੇ ਅੱਜਕਲ੍ਹ ਕਿਤਾਬਾਂ ਨਾਲ ਸਾਂਝ ਬੜੀ ਘੱਟ ਚੁੱਕੀ ਹੈ। ਉਨ੍ਹਾਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਾਨੂੰ ਆਜ਼ਾਦ ਕਰਵਾਉਣ ਲਈ। ਨਾਅਰੇਬਾਜ਼ੀ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਗਤ ਸਿੰਘ ਦੀ ਸੋਚ ਕੀ ਸੀ। ਅਸੀਂ ਉਸ 'ਤੇ ਪਹਿਰਾ ਦੇਣ ਲਈ ਕਿਹੜੇ ਕੰਮ ਕਰ ਰਹੇ ਹਾਂ। ਭਗਤ ਸਿੰਘ ਹੁਰਾਂ ਨੇ ਇਹੋ ਜਿਹਾ ਆਜ਼ਾਦ ਭਾਰਤ ਤਾਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਜਿਹੋ ਜਿਹਾ ਅਸੀਂ ਬਣਾ ਦਿੱਤਾ ਹੈ। ਜੇਕਰ ਅਸੀਂ ਉਨ੍ਹਾਂ ਦੇ ਗੁਣਾਂ ਨੂੰ ਨਹੀਂ ਅਪਣਾਉਣਾ ਤਾਂ ਅਸੀਂ ਸਿਰਫ ਉਨ੍ਹਾਂ ਦੇ ਦਿਹਾੜਿਆਂ 'ਤੇ ਸ਼ੋਰ ਹੀ ਮਚਾਉਂਦੇ ਹਾਂ ਅਤੇ ਸ਼ੋਰ ਮਚਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਸਗੋਂ ਪ੍ਰਦੂਸ਼ਣ ਵਧਦਾ ਹੈ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਬਾਲ ਮਜ਼ਦੂਰੀ
ਡਾ: ਸ.ਸ. ਛੀਨਾ ਦਾ ਬਾਲ ਮਜ਼ਦੂਰੀ ਬਾਰੇ ਵਿਸਥਾਰ ਨਾਲ ਲਿਖਿਆ ਲੇਖ ਪੜ੍ਹਿਆ ਜਿਹੜੇ ਅੰਕੜੇ ਉਨ੍ਹਾਂ ਦਿੱਤੇ, ਦੁਖਦਾਈ ਹਨ। ਸਾਡੇ ਲੋਕਤੰਤਰ 'ਤੇ ਇਕ ਕਾਲਾ ਧੱਬਾ ਹੈ ਬਾਲ ਮਜ਼ਦੂਰੀ। ਆਰਥਿਕ ਨਾਬਰਾਬਰੀ ਇਸ ਦਾ ਮੁੱਖ ਕਾਰਨ ਹੈ। ਜਿਥੇ ਬਾਲਗ ਕਿਰਤ ਦੀ ਲੁੱਟ-ਖਸੁੱਟ ਹੋਵੇ, ਘਰਾਂ ਦੇ ਚੁੱਲ੍ਹੇ ਨਾ ਬਲਦੇ ਹੋਣ, ਚੰਗੇ ਇਲਾਜ ਲਈ ਪੈਸਾ ਨਾ ਹੋਵੇ, ਉਥੇ ਬਾਲ ਮਜ਼ਦੂਰੀ ਵਰਗੀ ਲਾਹਨਤ ਬੱਚਿਆਂ ਦੀ ਕਿਰਤ 'ਤੇ ਨਿਰਭਰ ਹੋਣਾ ਦੁਖਦਾਈ ਗੱਲ ਹੈ। ਮਾਪਿਆਂ ਦੀ ਗ਼ਰੀਬੀ ਵਿਚ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ ਕਿਉਂਕਿ ਬੱਚੇ ਮਜ਼ਦੂਰੀ ਕਾਰਨ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਬੁਰਾਈ ਨੂੰ ਖ਼ਤਮ ਕਰਨ ਜਾਂ ਘੱਟ ਕਰਨ ਲਈ ਕੁਝ ਸੰਸਥਾਵਾਂ ਤਾਂ ਅੱਗੇ ਆਉਂਦੀਆਂ ਹਨ ਪਰ ਸਰਕਾਰਾਂ ਚੁੱਪ ਹਨ। ਬਾਲ ਕਿਰਤ ਦੀਆਂ ਬੁਰਾਈਆਂ ਦੇ ਕਾਰਨਾਂ ਨੂੰ ਸਮਝੇ ਬਿਨਾਂ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ। ਸਮਾਜਿਕ ਚੇਤੰਨਤਾ ਦੀ ਵੀ ਜ਼ਰੂਰਤ ਹੈ। ਇਸ ਬੁਰਾਈ ਨਾਲ ਸਮਾਜਿਕ ਵਿਗਾੜ ਤਾਂ ਪੈਦਾ ਹੁੰਦੇ ਹੀ ਹਨ, ਸਮਾਜਿਕ ਵਿਗਾੜਾਂ ਕਾਰਨ ਦੇਸ਼ ਕਮਜ਼ੋਰ ਹੁੰਦਾ ਹੈ। ਸਰਕਾਰਾਂ ਤੇ ਸਮਾਜ ਗੰਭੀਰ ਹੋਵੇ।


-ਜਗਤਾਰ ਗਿੱਲ, ਅੰਮ੍ਰਿਤਸਰ।


ਬੇਦਾਗ਼ ਨੇਤਾ ਪਾਰੀਕਰ
ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਜਹਾਨੋਂ ਰੁਖ਼ਸਤ ਹੋਣ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਆਪਣੀ ਜ਼ਿੰਮੇਵਾਰੀ ਪ੍ਰਤੀ ਵਫ਼ਾਦਾਰੀ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਮਨੋਹਰ ਪਾਰੀਕਰ ਸੱਚਮੁੱਚ ਬੇਦਾਗ਼ ਨੇਤਾ ਸਾਬਤ ਹੋਏ। ਸਾਦਾ ਜੀਵਨ ਉੱਚ ਵਿਚਾਰ ਵਾਲੀ ਸ਼ਖ਼ਸੀਅਤ ਦੇ ਮਾਲਕ ਸਨ। ਜਿਸ ਸ਼ਿੱਦਤ ਅਤੇ ਮਿਹਨਤ ਨਾਲ ਉਨ੍ਹਾਂ ਨੇ ਆਪਣੇ ਸੂਬੇ ਗੋਆ ਅਤੇ ਦੇਸ਼ ਲਈ ਕੰਮ ਕੀਤਾ, ਉਹ ਸਲਾਹੁਣਯੋਗ ਹੈ।


-ਨਵਦੀਪ ਸਿੰਘ ਭਾਟੀਆ।


ਸਫਲਤਾ ਦੀ ਪੌੜੀ ਸਖ਼ਤ ਮਿਹਨਤ
ਜੀ ਹਾਂ, ਅਸੀਂ ਕਈ ਵਾਰ ਐਸੇ ਸੁਪਨੇ ਦੇਖਦੇੇੇ ਹਾਂ ਜਿਹੜੇ ਸਾਨੂੰ ਨੀਂਦ ਦੇ ਨੇੜੇ ਢੁੱਕਣ ਹੀ ਨਹੀਂ ਦਿੰਦੇ। ਪਰ ਜਿਹੜੇ ਇਨਸਾਨਾਂ ਵਿਚ ਸਖ਼ਤ ਮਿਹਨਤ, ਆਤਮ-ਵਿਸ਼ਵਾਸ ਅਤੇ ਟੀਚੇ ਨੂੰ ਮਿੱਥ ਕੇ ਚੱਲਣ ਦੀ ਕਲਾ ਨਹੀਂ ਹੁੰਦੀ ਉਹ ਕਦੇ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਸੋ ਹਰ ਇਨਸਾਨ ਨੂੰ ਲੋੜ ਹੈ ਸਖ਼ਤ ਮਿਹਨਤ ਕਰਨ ਦੀ, ਆਤਮ-ਵਿਸ਼ਵਾਸ ਪੈਦਾ ਕਰਨ ਦੀ ਅਤੇ ਟੀਚਾ ਮਿੱਥ ਕੇ ਅੱਗੇ ਵਧਣ ਦੀ ਤਾਂ ਕਿ ਸਾਨੂੰ ਸਹੀ ਸਮੇਂ ਸਹੀ ਮੰਜ਼ਿਲ ਮਿਲ ਸਕੇ। ਸੋ ਦੋਸਤੋ, ਆਪਣੇ ਸੁਪਨਿਆਂ ਪਿੱਛੇ ਦੌੜੋ, ਲੋਕਾਂ ਪਿੱਛੇ ਨਹੀਂ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਨਕਲ 'ਤੇ ਆਸ ਕਿਉਂ?
ਇਨ੍ਹਾਂ ਦਿਨਾਂ ਵਿਚ ਬੋਰਡ ਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸ਼ੁਰੂ ਹੀ ਹਨ। ਬਹੁਤੇ ਵਿਦਿਆਰਥੀ ਅਜਿਹੇ ਵੀ ਹਨ ਜੋ ਪੇਪਰਾਂ ਦੀ ਤਿਆਰੀ ਲਈ ਮਿਹਨਤ ਕਰਨ ਦੀ ਬਜਾਏ ਨਕਲ 'ਤੇ ਹੀ ਆਸ ਰੱਖ ਕੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਨਕਲ ਕਰ ਕੇ ਪੇਪਰ ਤਾਂ ਪਾਸ ਕੀਤੇ ਜਾ ਸਕਦੇ ਹਨ ਪਰ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਨਕਲ ਕਰਨਾ ਆਪਣੇ-ਆਪ ਨੂੰ ਹੀ ਧੋਖਾ ਦੇਣਾ ਹੈ। ਨਕਲ ਕਰ ਕੇ ਪਾਸ ਹੋਇਆ ਵਿਦਿਆਰਥੀ ਜ਼ਿੰਦਗੀ ਦੇ ਔਖੇ ਰਾਹਾਂ 'ਤੇ ਅਸਫ਼ਲ ਹੋ ਜਾਂਦਾ ਹੈ ਕਿਉਂਕਿ ਨਕਲ ਦੀ ਆਦਤ ਸਾਨੂੰ ਮਿਹਨਤ ਤੋਂ ਦੂਰ ਕਰਦੀ ਹੈ ਤੇ ਮਿਹਨਤ ਤੋਂ ਬਿਨਾਂ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਜ਼ਰੂਰੀ ਹੈ ਕਿ ਨਕਲ ਦੀ ਆਸ ਰੱਖਣ ਦੀ ਬਜਾਏ ਵਿਦਿਆਰਥੀ ਮਿਹਨਤ 'ਤੇ ਜ਼ੋਰ ਦੇਣ। ਕਿਉਂਕਿ ਜੋ ਖ਼ੁਸ਼ੀ ਆਪਣੀ ਮਿਹਨਤ ਨਾਲ ਪਾਸ ਹੋਣ ਵਿਚ ਹੈ, ਉਹ ਖ਼ੁਸ਼ੀ ਨਕਲ ਨਾਲ ਪਾਸ ਹੋਣ ਵਿਚ ਨਹੀਂ। ਜੇਕਰ ਉੱਚੀਆਂ ਮੰਜ਼ਿਲਾਂ ਨੂੰ ਛੂਹਣਾ ਹੈ ਤਾਂ ਮਿਹਨਤ ਜ਼ਰੂਰੀ ਹੈ। ਨਕਲ ਤਾਂ ਕਾਇਰਾਂ ਦਾ ਹਥਿਆਰ ਹੈ। ਬਹਾਦਰ ਤਾਂ ਆਪਣੀ ਮੰਜ਼ਿਲ ਦਾ ਰਸਤਾ ਆਪਣੀ ਮਿਹਨਤ ਨਾਲ ਬਣਾਉਂਦੇ ਹਨ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।

20-03-2019

 ਸੰਜੀਦਾ ਕਦਮ ਚੁੱਕੇ ਜਾਣ
ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨ-ਬਦਿਨ ਸਮਾਜ ਅੰਦਰ ਵਧਦੀ ਜਾ ਰਹੀ ਹੈ। ਸ਼ਾਇਦ ਹੀ ਕੋਈ ਦਿਨ ਖਾਲੀ ਹੋਵੇਗਾ ਜਦ ਅਵਾਰਾ ਕੁੱਤਿਆਂ ਵਲੋਂ ਕਿਸੇ ਅਣਮਨੁੱਖੀ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਹੋਵੇ। ਬੀਤੇ ਦਿਨ ਅਖ਼ਬਾਰ ਦੇ ਪਹਿਲੇ ਸਫ਼ੇ 'ਤੇ ਖ਼ਬਰ ਛਪੀ ਕਿ ਅਬੋਹਰ ਦੇ ਇਕ ਪਿੰਡ 'ਚ ਤਿੰਨ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਇਸੇ ਤਰ੍ਹਾਂ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੌੜਾ ਛੱਤਰਾਂ ਨੇੜੇ ਇਕ ਔਰਤ ਨੂੰ ਰਸਤੇ 'ਚ ਘਰ ਜਾਂਦਿਆਂ ਮੌਤ ਦੇ ਘਾਟ ਉਤਾਰ ਦਿੱਤਾ।
ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਹੁੰਦੀਆਂ ਹਨ। ਕਹਿਣ ਦਾ ਮਤਲਬ ਕਿ ਸਰਕਾਰਾਂ ਕਿੰਨਾ ਚਿਰ ਹੋਰ ਅਜਿਹੀਆਂ ਅਣਮਨੁੱਖੀ ਘਟਨਾਵਾਂ ਦਾ ਇੰਤਜ਼ਾਰ ਕਰੇਗੀ। ਸਮੇਂ-ਸਮੇਂ ਕਾਨੂੰਨਾਂ 'ਚ ਸੋਧ ਅਕਸਰ ਸਰਕਾਰਾਂ ਕਰਦੀਆਂ ਹਨ, ਜਦ ਜਾਨਵਰਾਂ ਦੀ ਸੁਰੱਖਿਆ ਜਾਂ ਨਾ ਮਾਰਨ ਦੇ ਸਖ਼ਤ ਕਾਨੂੰਨ ਬਣੇ ਸਨ, ਉਦੋਂ ਸ਼ਾਇਦ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਸੀ ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਰੱਖਣੀ ਹੈ ਤਾਂ ਕੋਈ ਬਦਲਵਾਂ ਤਰੀਕਾ ਵੀ ਲੱਭਣਾ ਅਤਿ ਜ਼ਰੂਰੀ ਹੈ। ਸਰਕਾਰਾਂ ਨੂੰ ਸੰਜੀਦਾ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਅਤੇ ਜਲਦੀ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ।


-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸ਼ੋਰ ਪ੍ਰਦੂਸ਼ਣ
ਸਵੇਰ ਸਮੇਂ ਤੋਂ ਹੀ ਸੜਕਾਂ ਉੱਪਰ ਚੱਲਣ ਵਾਲੇ ਟਰੈਕਟਰ-ਟਰਾਲੀਆਂ 'ਤੇ ਵੱਜਦੇ ਉੱਚੀ ਆਵਾਜ਼ ਵਿਚ ਗਾਣੇ ਹਰ ਵਿਅਕਤੀ ਨੂੰ ਪ੍ਰੇਸ਼ਾਨ ਕਰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ 3 ਲੱਖ ਤੋਂ ਵੱਧ ਪ੍ਰੀਖਿਆਰਥੀ ਬੈਠ ਰਹੇ ਹਨ ਪਰ ਵੱਡੇ-ਛੋਟੇ ਸ਼ਹਿਰਾਂ ਤੇ ਮੰਡੀਆਂ ਅੰਦਰ ਸਪੀਕਰਾਂ ਤੇ ਡੀ.ਜੇ. ਦੀਆਂ ਕੰਨ ਪਾੜਵੀਆਂ ਆਵਾਜ਼ਾਂ ਨੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕੀਤਾ ਹੋਇਆ ਹੈ। ਪੇਂਡੂ ਖੇਤਰਾਂ ਅੰਦਰ ਸਥਿਤੀ ਇਸ ਤੋਂ ਵੀ ਮਾੜੀ ਹੈ। ਇਸ ਨਾਲ ਪੜ੍ਹਾਈ ਦੇ ਨਾਲ-ਨਾਲ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਕੋਆਰਡੀਨੇਟਰ ਡਾ: ਰੋਹਿਤ ਸਿੰਗਲ ਨੇ ਦੱਸਿਆ ਕਿ ਉੱਚੀ ਆਵਾਜ਼ 'ਚ ਵੱਜਦੇ ਹਾਰਨ, ਧਾਰਮਿਕ ਸਥਾਨਾਂ 'ਚ ਵਜਦੇ ਸਪੀਕਰ, ਡੀ.ਜੇ., ਫੈਕਟਰੀਆਂ ਦਾ ਸ਼ੋਰ ਤੇ ਨਿਰਮਾਣ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਆਦਿ ਦਾ ਸ਼ੋਰ ਮਨੁੱਖੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਲਈ ਸ਼ੋਰ ਪ੍ਰਦੂਸ਼ਣ ਵਿਰੁੱਧ ਲੋਕਾਂ ਨੂੰ ਜਾਗਰੂਕ ਹੋਣ ਦੀ ਵਧੇਰੇ ਲੋੜ ਹੈ।


-ਗੁਰਮੀਤ ਸਿੰਘ ਖਾਈ
ਪਿੰਡ ਤੇ ਡਾਕ: ਖਾਈ (ਮੋਗਾ)।


ਮੰਡੀਆਂ ਵਿਚ ਰੁਲਦੇ ਆਲੂ
ਹੁਣ ਆਲੂ ਦੀ ਪਟਾਈ ਜ਼ੋਰਾਂ 'ਤੇ ਹੈ। ਪਰ ਇਸ ਦਾ ਗਾਹਕ ਕੋਈ ਦਿਸਦਾ ਹੀ ਨਹੀਂ। ਕਿਸਾਨ ਵਿਚਾਰਾ ਕੌਡੀਆਂ ਦੇ ਭਾਅ ਫ਼ਸਲ ਵੇਚਣ ਲਈ ਮਜਬੂਰ ਹੈ। ਆਲੂ ਪੰਜਾਬ ਵਿਚ ਥੋੜ੍ਹੇ ਰਕਬੇ ਵਿਚ ਲਗਾਏ ਜਾਂਦੇ ਹਨ ਜਦੋਂ ਕਿ ਝੋਨਾ ਤੇ ਕਣਕ ਬਹੁਤ ਵੱਡੀ ਮਾਤਰਾ ਵਿਚ ਬੀਜੀ ਜਾਂਦੀ ਹੈ। ਇਕ ਦਿਨ ਰੈਲੀ ਵਿਚ ਕੈਪਟਨ ਸਾਹਿਬ ਨੇ ਕਿਹਾ ਕਿ, 'ਪੰਜਾਬ ਵਿਚੋਂ ਕਿਸਾਨਾਂ ਦੀ ਫ਼ਸਲ ਜੇ ਕੇਂਦਰ ਸਰਕਾਰ ਨਹੀਂ ਖਰੀਦਦੀ ਤਾਂ ਪੰਜਾਬ ਸਰਕਾਰ ਆਪ ਵਿਦੇਸ਼ਾਂ ਨਾਲ ਗੱਲ ਕਰਕੇ ਕਣਕ ਤੇ ਚੌਲ ਕੌਮਾਂਤਰੀ ਮੰਡੀ ਵਿਚ ਵੇਜੇਗੀ। ਮੇਰੀ ਕੈਪਟਨ ਸਰਕਾਰ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕੌਮਾਂਤਰੀ ਮੰਡੀ ਵਿਚ ਪੰਜਾਬ ਦੇ ਕਿਸਾਨਾਂ ਦੇ ਆਲੂ ਹੀ ਵੇਚ ਦੇਣ ਤਾਂ ਕਿ ਇਹ ਆਲੂ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲ ਸਕੇ। ਕਰਜ਼ੇ ਵਿਚ ਡੁੱਬੇ ਕਿਸਾਨਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ। ਦੂਜਾ ਮੰਡੀਕਰਨ ਤੋਂ ਬਗੈਰ ਕਿਸੇ ਵੀ ਫ਼ਸਲ ਨੂੰ ਕਿਸਾਨ ਬੀਜਣ ਤੋਂ ਟਾਲਾ ਵੱਟ ਰਿਹਾ ਹੈ। ਚੰਗਾ ਤਾਂ ਇਹ ਹੋਵੇਗਾ ਕਿ ਸਰਕਾਰ ਇਥੇ ਆਲੂ ਤੋਂ ਚਿਪਸ ਆਦਿ ਬਣਾਉਣ ਦੀ ਫੈਕਟਰੀ ਲਾਵੇ ਇਸ ਤਰ੍ਹਾਂ ਕਰਨ ਨਾਲ ਇਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਜਾਵੇਗਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਰਾਜਨੀਤਕ ਪਾਰਟੀਆਂ ਦੀ ਵੋਟ ਨੀਤੀ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਸਤਨਾਮ ਸਿੰਘ ਮਾਣਕ ਦਾ ਲੇਖ 'ਕੀ ਕਾਂਗਰਸ ਭਾਜਪਾ ਨੂੰ ਟੱਕਰ ਦੇ ਸਕੇਗੀ?' ਨੂੰ ਪੜ੍ਹ ਕੇ ਅਗਾਮੀ ਲੋਕ ਸਭਾ ਚੋਣਾਂ ਲਈ ਰਾਜਨੀਤਕ ਪਾਰਟੀਆਂ ਵਲੋਂ ਕੀਤੀ ਜਾ ਰਹੀ ਰੂਪ-ਰੇਖਾ ਬਾਰੇ ਪਤਾ ਲੱਗਾ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਕੇ ਆਪਣੀ 56 ਇੰਚ ਦੀ ਛਾਤੀ ਦਾ ਸਬੂਤ ਦੇਣ ਤੋਂ ਇਲਾਵਾ ਭਾਰਤੀ ਲੋਕਾਂ ਦੀਆਂ ਫ਼ਿਰਕੂ ਭਾਵਨਾਵਾਂ ਨੂੰ ਲਾਲ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਨੇ ਆਪਣੀਆਂ ਵਿਰੋਧੀ ਪਾਰਟੀਆਂ ਦੇ ਰਾਜਨੀਤਕ ਨੁਮਾਇੰਦਿਆਂ ਨੂੰ ਪਾਕਿਸਤਾਨ ਦਾ ਨਾਂਅ ਲੈਣ ਤੱਕ ਦੇ ਦੋਸ਼ ਵਿਚ ਦੇਸ਼ ਧ੍ਰੋਹੀ ਦਾ ਖਿਤਾਬ ਬਖ਼ਸ਼ ਦਿੱਤਾ।
ਅਗਾਮੀ ਲੋਕ ਸਭਾ ਚੋਣਾਂ ਵਿਚ ਲੋਕਾਂ ਦਾ ਧਿਆਨ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਹਟਾਉਣ ਦਾ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੂੰ ਵਿਰਸੇ ਵਿਚ ਮਿਲੀ ਰਾਜਨੀਤਕ ਤਾਜਪੋਸ਼ੀ ਦੇ ਰੰਗ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਕਿਵੇਂ ਬਿਖਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।


-ਇਕਬਾਲ ਸਿੰਘ ਸਿੱਧੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਪੰਜਾਬ ਦੀਆਂ ਸਿਆਸੀ ਪਾਰਟੀਆਂ
ਪੰਜਾਬ ਵਿਚ ਕਿਸੇ ਸਮੇਂ ਦੋ ਰਵਾਇਤੀ ਪਾਰਟੀਆਂ ਹੁੰਦੀਆਂ ਸਨ, ਜਿਸ ਕਰਕੇ ਲੋਕਾਂ ਲਈ ਕੋਈ ਬਦਲ ਨਹੀਂ ਹੁੰਦਾ ਸੀ ਪਰ ਵਰਤਮਾਨ ਸਮੇਂ ਪੰਜਾਬ ਦੀ ਸਥਿਤੀ ਕੁਝ ਹੋਰ ਹੈ। ਪੰਜਾਬ ਵਿਚ ਇਸ ਸਮੇਂ ਕਈ ਪਾਰਟੀਆਂ ਤੇ ਸਾਂਝੇ ਦਲ ਬਣ ਰਹੇ ਹਨ।
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਚੋਣਾਂ ਦੌਰਾਨ ਬਹੁਤ ਸਾਰੇ ਸਿਆਸੀ ਦਲ ਹੋਂਦ ਵਿਚ ਆਉਂਦੇ ਹਨ ਪਰ ਚੋਣਾਂ ਵਿਚ ਕੁਝ ਹਿੱਸਾ ਵੋਟ ਲੈ ਕੇ ਚੋਣਾਂ ਤੋਂ ਬਾਅਦ ਅਲੋਪ ਹੋ ਜਾਂਦੇ ਹਨ ਤੇ ਉਨ੍ਹਾਂ ਦੁਆਰਾ ਲਈਆਂ ਵੋਟਾਂ ਕਈ ਵਾਰ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਫਾਇਦਾ ਦੇ ਜਾਂਦੀਆਂ ਹਨ ਜਿਨ੍ਹਾਂ ਨੂੰ ਲੋਕਾਂ ਦਾ ਜ਼ਿਆਦਾ ਬਹੁਗਿਣਤੀ ਨਹੀਂ ਚਾਹੁੰਦੀ। ਅਜਿਹੇ ਸਿਆਸੀ ਦਲ ਦੁਆਰਾ ਲੋਕ ਹਿਤਾਂ ਨੂੰ ਛਿੱਕੇ ਟੰਗ ਕੇ ਸੀਟਾਂ ਦੇ ਸਮਝੌਤੇ ਵੀ ਕੀਤੇ ਜਾਂਦੇ ਹਨ। ਆਮ ਲੋਕ ਇਨ੍ਹਾਂ ਰਾਜਨੀਤਕ ਦਲਾਂ ਦੇ ਅੰਦਰ ਖਾਤੇ ਹੋ ਰਹੇ ਸਮਝੌਤਿਆਂ ਤੋਂ ਅਣਜਾਣ ਹੁੰਦੇ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਮੌਕਾਪ੍ਰਸਤ ਰਾਜਨੀਤਕ ਦਲਾਂ ਦਾ ਕੋਈ ਸਿਧਾਂਤ ਜਾਂ ਚੋਣ ਮਨੋਰਥ ਪੱਤਰ ਨਹੀਂ ਹੁੰਦਾ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਰਕਾਰ ਚੁਣਨੀ ਹੈ ਇਸ ਲਈ ਉਹ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਨਿਰਪੱਖ ਹੋ ਕੇ ਬਿਨਾਂ ਕਿਸੇ ਲਾਲਚ ਡਰ ਤੋਂ ਇਕ ਵਧੀਆ ਸਰਕਾਰ ਦੀ ਚੋਣ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

19-03-2019

 ਔਰਤ ਦੀ ਤ੍ਰਾਸਦੀ
ਪਿਛਲੇ ਦਿਨੀਂ ਕੌਮਾਂਤਰੀ ਮਹਿਲਾ ਦਿਵਸ 'ਤੇ ਕਿਰਨਪ੍ਰੀਤ ਕੌਰ ਧਾਮੀ ਮੈਂਬਰ ਰਾਜ ਮਹਿਲਾ ਕਮਿਸ਼ਨ ਦੁਆਰਾ ਲਿਖਿਆ ਲੇਖ 'ਤਾਂ ਕਿ ਆਸਿਫਾ ਵਰਗੀਆਂ ਬਾਲੜੀਆਂ ਨੂੰ ਵਹਿਸ਼ਤ ਦਾ ਸਾਹਮਣਾ ਨਾ ਕਰਨਾ ਪਵੇ' ਔਰਤ ਦੀ ਤ੍ਰਾਸਦੀ ਬਿਆਨ ਕਰਦਾ ਲੇਖ ਸੀ। ਮੈਂਬਰ ਮਹਿਲਾ ਕਮਿਸ਼ਨ ਨੇ ਹਰ ਖੇਤਰ ਵਿਚ ਕੰਮ ਕਰਦੀਆਂ ਔਰਤਾਂ ਦੀਆਂ ਸਮੱਸਿਆਵਾਂ ਦਾ ਯਥਾਰਥਕ ਚਿੱਤਰ ਬਾਖੂਬੀ ਬਿਆਨ ਕੀਤਾ ਹੈ। ਔਰਤ ਕਿਸੇ ਦੀ ਮਾਂ ਹੈ, ਭੈਣ ਹੈ, ਪਤਨੀ ਹੈ, ਧੀ ਹੈ। ਹਰ ਘਰ ਵਿਚ ਇਨ੍ਹਾਂ ਰਿਸ਼ਤਿਆਂ ਨੂੰ ਨਿੱਘ ਮਿਲਦਾ ਹੈ ਪਰ ਸਮਾਜ ਵਿਚ ਇਨ੍ਹਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਵੀ ਔਰਤ ਨੂੰ ਇਕ ਵਸਤੂ ਸਾਮਾਨ ਸਮਝਿਆ ਜਾਂਦਾ ਹੈ।
ਅਜੋਕੇ ਆਧੁਨਿਕ ਸਮਾਜ ਵਿਚ ਹਰ ਇਨਸਾਨ ਦੀ ਇਹ ਮੌਲਿਕ ਜ਼ਿੰਮੇਵਾਰੀ ਬਣਦੀ ਹੈ ਕਿ ਘਰ ਵਾਂਗ ਹੀ ਔਰਤ ਨੂੰ ਘਰ ਤੋਂ ਬਾਹਰ ਵੀ ਸੁਰੱਖਿਅਤ ਮਾਹੌਲ ਦਿੱਤਾ ਜਾਏ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਔਰਤ ਤੇ ਮਰਦ ਦੇ ਵਿਤਕਰੇ ਨੂੰ ਖ਼ਤਮ ਕਰੇ। ਖ਼ਾਸ ਕਰਕੇ ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੀ ਮਾਂ ਨੂੰ ਘਰ ਵਿਚ ਬੇਹੱਦ ਸਤਿਕਾਰ ਦਿੰਦੇ ਹਨ। ਉਸ ਦੇ ਤਰ੍ਹਾਂ ਹੀ ਸਮਾਜ ਵਿਚ ਔਰਤ ਦੇ ਬਾਕੀ ਰੂਪਾਂ ਨੂੰ ਸਤਿਕਾਰ ਦਿੱਤਾ ਜਾਵੇ।

-ਕਾਜਲ
ਵਿਦਿਆਰਥੀ, ਪੱਤਰਕਾਰੀ ਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਬਰ ਚੈਨਲਾਂ ਦੇ ਭੜਕਾਊ ਪ੍ਰੋਗਰਾਮ
ਪਿਛਲੇ ਦਿਨੀਂ ਪਾਕਿਸਤਾਨ ਵਿਚ ਹਾਦਸਾਗ੍ਰਸਤ ਹੋਏ ਮਿੱਗ 21 ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਵਲੋਂ ਭਾਰਤ ਨੂੰ ਸੌਂਪਿਆ ਗਿਆ, ਜਿਸ 'ਤੇ ਸਾਰੇ ਭਾਰਤੀ ਖ਼ਬਰ ਚੈਨਲਾਂ ਨੇ ਅਭਿਨੰਦਨ ਦਾ ਸਵਾਗਤ ਤਾਂ ਕੀਤਾ ਪਰ ਨਾਲ ਹੀ ਪਾਕਿਸਤਾਨ ਖਿਲਾਫ਼ ਭਾਰਤੀ ਲੋਕਾਂ ਨੂੰ ਭੜਕਾਉਣ 'ਚ ਵੀ ਕੋਈ ਕਸਰ ਨਹੀਂ ਛੱਡੀ। ਇਸ ਤੋਂ ਪਹਿਲਾਂ ਵੀ ਪੁਲਵਾਮਾ ਹਮਲੇ ਤੋਂ ਬਾਅਦ ਹਰ ਰੋਜ਼ ਇਹੋ ਜਿਹਾ ਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਿੰਗ ਕਮਾਂਡਰ ਅਭਿਨੰਦਨ ਦੇ ਬਿਆਨ ਨੇ, ਜਿਸ ਵਿਚ ਉਸ ਨੇ ਪਾਕਿਸਤਾਨ ਵਿਚ ਆਪਣੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਸੀ, ਖ਼ਬਰ ਚੈਨਲਾਂ ਦੀ ਇਸ ਭੜਕਾਊ ਕਾਰਵਾਈ ਦੀ ਪੋਲ ਖੋਲ੍ਹ ਦਿੱਤੀ। ਅਸਲ ਵਿਚ ਇਨ੍ਹਾਂ ਚੈਨਲਾਂ ਨੂੰ ਸਿਰਫ ਆਪਣੀ ਕਮਾਈ ਤੇ ਨਾਂਅ ਵਧਾਉਣ ਤੱਕ ਹੀ ਮਤਲਬ ਹੁੰਦਾ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ। ਸੋ ਭਾਰਤੀ ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਚੈਨਲਾਂ ਦੇ ਕੂੜ ਪ੍ਰਚਾਰ ਤੋਂ ਬਚਣ ਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਹਾਲੀ ਲਈ ਇਕਜੁੱਟ ਹੋ ਕੇ ਸੱਚੇ ਭਾਰਤੀ ਹੋਣ ਦਾ ਸਬੂਤ ਪੇਸ਼ ਕਰਨ।

-ਹਰਪ੍ਰੀਤ ਸਿੰਘ
ਬਸਤੀ ਦਾਨਿਸ਼ਮੰਦਾਂ, ਜਲੰਧਰ।

ਵੋਟਰ ਸੁਚੇਤ ਹੋਣ
ਵੋਟ ਮੌਸਮ ਹੋਣ ਕਰਕੇ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਿੱਲੀ ਦੀ ਗੱਦੀ 'ਤੇ ਬਿਰਾਜਮਾਨ ਹੋਣ ਦੀਆਂ ਚਾਹਵਾਨ ਹਨ। ਇਸ ਲਈ ਕਿਤੇ ਰੈਲੀ ਅਤੇ ਕਿਤੇ ਮਹਾਂਰੈਲੀ ਹੋ ਰਹੀ ਹੈ। ਕਈ ਤਰ੍ਹਾਂ ਦੇ ਗੱਠਜੋੜ ਅਤੇ ਸਮਝੌਤੇ ਹੋ ਰਹੇ ਹਨ। ਇਸ ਦੇ ਨਾਲ-ਨਾਲ ਅਜਿਹੀਆਂ ਸਾਜਿਸ਼ਾਂ ਵੀ ਹੋ ਰਹੀਆਂ ਹਨ ਜਿਸ ਕਰਕੇ ਦੇਸ਼ ਵਿਚ ਅਫਰਾ-ਤਫ਼ਰੀ ਫੈਲ ਜਾਵੇ ਅਤੇ ਥੋਕ ਰੂਪ ਵਿਚ ਵੋਟਾਂ ਦਾ ਧਰੁਵੀਕਰਨ ਹੋ ਜਾਵੇ। ਸੱਤਾ ਦੀ ਕੁਰਸੀ ਹਾਸਲ ਕਰਨ ਲਈ ਅੰਦਰਖਾਤੇ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਇਸ ਤਰ੍ਹਾਂ ਦੇ ਵਾਤਾਵਰਨ ਵਿਚ ਆਮ ਜਨਤਾ ਹਾਸ਼ੀਏ 'ਤੇ ਹੈ। ਭੁੱਖ, ਗ਼ਰੀਬੀ ਅਤੇ ਬੇਰੁਜ਼ਗਾਰੀ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਗ਼ਰੀਬ, ਕਿਸਾਨ ਅਤੇ ਮਜ਼ਦੂਰ ਲਈ ਅਜਿਹੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਚੋਣ ਜ਼ਾਬਤੇ ਦੀ ਭੇਟ ਚੜ੍ਹ ਜਾਣਗੀਆਂ। ਇਸ ਲਈ ਦੇਸ਼ ਦੀ ਜਨਤਾ ਸਾਵਧਾਨ ਰਹੇ। ਉਹ ਇਨ੍ਹਾਂ ਚਾਲਬਾਜ਼ੀਆਂ ਵਿਚ ਨਾ ਆਵੇ। ਸਾਰੇ ਹੀ ਦਲ ਫ਼ਿਰਕੂ ਅਤੇ ਜਾਤੀਵਾਦ ਦਾ ਪੱਤਾ ਸੁੱਟ ਕੇ ਚੋਣਬਾਜ਼ੀ ਜਿੱਤਣਾ ਚਾਹੁੰਦੇ ਹਨ। ਇਸ ਲਈ ਜਨਤਾ ਅਜਿਹੇ ਸਮੇਂ ਹੋਰ ਵੀ ਸੁਚੇਤ ਰਹੇ ਕਿਉਂਕਿ ਜਨਤਾ ਹੀ ਦੇਸ਼ ਵਿਚ ਲੋਕਤੰਤਰ ਦੀ ਅਸਲ ਰੱਖਿਅਕ ਹੈ।

-ਵਿਵੇਕ, ਕੋਟ ਈਸੇ ਖਾਂ (ਮੋਗਾ)।

ਮਾਨਸਿਕ ਤਣਾਅ
ਹਰ ਰੋਜ਼ ਅਖ਼ਬਾਰ ਵਿਚ ਕੋਈ ਨਾ ਕੋਈ ਮੌਤ ਦੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ, ਜਿਸ ਦਾ ਕਾਰਨ ਬਹੁਤੀ ਵਾਰ ਮਾਨਸਿਕ ਤਣਾਅ ਹੁੰਦਾ ਹੈ। ਅੱਜ ਦੇ ਯੁੱਗ ਵਿਚ ਹਰ ਇਕ ਬੰਦਾ ਕਿਸੇ ਨਾ ਕਿਸੇ ਕਾਰਨ ਕਰਕੇ ਭਾਰੀ ਮਾਨਸਿਕ ਦਬਾਅ ਹੇਠ ਹੈ। ਇਨਸਾਨ ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਕਰਕੇ ਉਹ ਕਈ ਵਾਰ ਆਪਣੀ ਆਮਦਨ ਤੋਂ ਵੱਧ ਖਰਚ ਕਰਦਾ ਹੈ ਭਾਵੇਂ ਇਸ ਲਈ ਉਸ ਨੂੰ ਕਰਜ਼ਾ ਹੀ ਕਿਉਂ ਨਾ ਲੈਣਾ ਪਵੇ। ਇਹ ਲਿਆ ਗਿਆ ਕਰਜ਼ਾ ਵਿਆਜ ਪੈਣ ਕਾਰਨ ਦੁੱਗਣਾ-ਚੌਗੁਣਾ ਹੋ ਜਾਂਦਾ ਹੈ ਅਤੇ ਵਾਪਸ ਨਾ ਕਰਨ ਦੀ ਸੂਰਤ ਵਿਚ ਇਨਸਾਨ ਭਾਰੀ ਮਾਨਸਿਕ ਦਬਾਅ ਹੇਠ ਆ ਜਾਂਦਾ ਹੈ, ਜਿਸ ਕਰਕੇ ਕਈ ਵਾਰ ਘਰ ਵਿਚ ਲੜਾਈ ਝਗੜਾ ਤੱਕ ਹੋ ਜਾਂਦਾ ਹੈ। ਇਨਸਾਨ ਮਾਨਸਿਕ ਦਬਾਅ ਕਾਰਨ ਕਈ ਵਾਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਕਈ ਵਾਰ ਦਬਾਅ ਏਨਾ ਵਧ ਜਾਂਦਾ ਹੈ ਕਿ ਇਨਸਾਨ ਖ਼ੁਦਕੁਸ਼ੀ ਤੱਕ ਕਰ ਲੈਂਦਾ ਹੈ। ਇਸ ਲਈ ਇਨਸਾਨ ਨੂੰ ਆਪਣੀ ਵਿੱਤੀ ਹਾਲਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ ਤਾਂ ਜੋ ਮਾਨਸਿਕ ਤਣਾਅ ਤੋਂ ਬਚਿਆ ਜਾ ਸਕੇ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

ਨਕਲੀ ਦੁੱਧ
ਚਿੱਟੀ ਕ੍ਰਾਂਤੀ ਵਜੋਂ ਜਾਣੇ ਜਾਂਦੇ ਦੁੱਧ ਨੂੰ ਸਿਆਣਿਆਂ ਦੀ ਸ਼ਬਦਾਵਲੀ ਵਿਚ ਰਤਨ ਵੀ ਕਿਹਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਦੁੱਧ ਵਿਚ ਪਾਣੀ ਦੀ ਮਿਲਾਵਟ ਆਮ ਸੁਣਨ ਨੂੰ ਮਿਲਦੀ ਸੀ ਤੇ ਕਿਸੇ ਦਾ ਜ਼ਿਆਦਾ ਧਿਆਨ ਉਸ ਪਾਸੇ ਵੱਲ ਨਹੀਂ ਸੀ ਜਾਂਦਾ ਕਿਉਂਕਿ ਦੁੱਧ ਵਿਚ ਪਾਣੀ ਦੀ ਮਿਲਾਵਟ ਕੇਵਲ ਦੁੱਧ ਦੀ ਸ਼ੁੱਧਤਾ 'ਤੇ ਹੀ ਅਸਰ ਪਾਉਂਦੀ ਸੀ ਨਾ ਕਿ ਮਨੁੱਖੀ ਸਰੀਰ 'ਤੇ, ਪਰ ਮੌਜੂਦਾ ਸਮੇਂ ਅੰਦਰ ਟੀ.ਵੀ. ਅਤੇ ਅਖ਼ਬਾਰਾਂ ਵਿਚ ਨਕਲੀ ਦੁੱਧ ਦਾ ਜ਼ਿਕਰ ਆਮ ਸੁਣਿਆ ਜਾ ਰਿਹਾ ਹੈ, ਜੋ ਕਿ ਵੱਖ-ਵੱਖ ਤਰ੍ਹਾਂ ਨਾਲ ਜ਼ਹਿਰੀਲੇ ਰਸਾਇਣਾਂ ਤੋਂ ਤਿਆਰ ਕਰਕੇ ਆਮ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ, ਜਿਸ ਨਾਲ ਬਹੁਤ ਸਾਰੀਆਂ ਮਨੁੱਖੀ ਜਾਨਾਂ ਖ਼ਤਰੇ ਵਿਚ ਹਨ। ਪਸ਼ੂ ਪਾਲਕਾਂ ਅੰਦਰ ਪਹਿਲਾਂ ਨਾਲੋਂ ਪਸ਼ੂ ਪਾਲਣ ਦੇ ਰੁਝਾਨ ਪ੍ਰਤੀ ਕਾਫੀ ਨਜ਼ਰਅੰਦਾਜ਼ਗੀ ਸਾਹਮਣੇ ਆਈ ਹੈ ਜਿਸ ਦੇ ਸਿੱਟੇ ਵਜੋਂ ਪਾਲਕਾਂ ਕੋਲ ਮੱਝਾਂ ਤੇ ਗਾਵਾਂ ਦੀ ਗਿਣਤੀ ਕਾਫੀ ਘਟ ਚੁੱਕੀ ਹੈ। ਇਥੇ ਸਵਾਲ ਇਹ ਉੱਠਦਾ ਹੈ ਕਿ ਲੋਕਾਂ ਦੇ ਪੀਣ ਲਈ ਭਰਪੂਰ ਮਾਤਰਾ ਵਿਚ ਦੁੱਧ ਕਿੱਥੋਂ ਆ ਰਿਹਾ ਹੈ? ਅੱਜ ਪਸ਼ੂ ਪਾਲਣ ਵਿਭਾਗ ਨੂੰ ਲੋੜ ਹੈ ਕਿ ਮਨੁੱਖੀ ਜੀਵਨ ਨੂੰ ਤੰਦਰੁਸਤ ਤੇ ਨਿਰੋਗ ਰੱਖਣ ਲਈ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਕੀਮਤੀ ਜੀਵਨ ਨੂੰ ਬਚਾਇਆ ਜਾ ਸਕੇ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂਮਾਜਰਾ), ਸੰਗਰੂਰ।

18-03-2019

 ਨਿੱਜੀ ਸਕੂਲਾਂ ਦੀ ਲੁੱਟ ਬਰਕਰਾਰ
ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਨਿੱਜੀ ਸਕੂਲਾਂ ਵਿਚ ਹੋ ਚੁੱਕੀ ਹੈ ਤੇ ਇਨ੍ਹਾਂ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਪਰ ਇਹ ਲੁੱਟ ਅਜੇ ਵੀ ਬਰਕਰਾਰ ਹੈ। ਇਨ੍ਹਾਂ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਕੇ ਨਿੱਜੀ ਸਕੂਲਾਂ ਵਲੋਂ ਮਾਪਿਆਂ ਦੀ ਜੇਬ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਬੱਚਿਆਂ ਲਈ ਨਵੀਆਂ ਵਰਦੀਆਂ, ਕਿਤਾਬਾਂ, ਕਾਪੀਆਂ, ਸਕੂਲ ਬੈਗ ਆਦਿ ਸਕੂਲ ਵਲੋਂ ਵੇਚਣ 'ਤੇ ਰੋਕ ਲਗਾ ਦਿੱਤੀ ਗਈ ਹੈ ਪਰ ਅਨੇਕਾਂ ਹੀ ਸਕੂਲਾਂ ਵਲੋਂ ਅਜੇ ਵੀ ਇਹ ਸਾਮਾਨ ਮਾਪਿਆਂ ਨੂੰ ਮਹਿੰਗੇ ਮੁੱਲ 'ਤੇ ਜਬਰੀ ਮੜ੍ਹਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਈ ਸਕੂਲਾਂ ਵਲੋਂ ਇਹ ਸਾਮਾਨ ਸਕੂਲ ਵਲੋਂ ਤੈਅ ਦੁਕਾਨਾਂ ਤੋਂ ਖਰੀਦਣ ਲਈ ਮਾਪਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਸਤੂਆਂ ਦੀ ਕੀਮਤ ਆਮ ਬਾਜ਼ਾਰਾਂ ਵਿਚ ਕਾਫ਼ੀ ਘੱਟ ਹੈ ਪਰ ਸਕੂਲਾਂ ਵਲੋਂ ਤੈਅ ਦੁਕਾਨਾਂ ਦਾ ਮੁੱਲ ਬਹੁਤ ਜ਼ਿਆਦਾ ਹੈ। ਇਸ ਪ੍ਰਤੀ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਬੱਚਿਆਂ ਦੇ ਮਾਪੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਠੱਗੇ ਮਹਿਸੂਸ ਕਰ ਰਹੇ ਹਨ।
ਸਬੰਧਿਤ ਬੋਰਡ ਨੂੰ ਹਰ ਸਾਲ ਕਿਤਾਬਾਂ ਦੇ ਨਾਂਅ, ਮੁੱਲ, ਪ੍ਰਕਾਸ਼ਕ ਆਦਿ ਦੀ ਇਕਸਾਰ ਸੂਚੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਮਾਪੇ ਕਿਤੋਂ ਵੀ ਇਨ੍ਹਾਂ ਦੀ ਖਰੀਦ ਕਰ ਸਕਣ। ਇਸ ਲੁੱਟ ਨੂੰ ਪਹਿਲ ਦੇ ਆਧਾਰ 'ਤੇ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।


-ਮੀਤਕ ਸ਼ਰਮਾ 'ਮੀਤ ਬਰਾਰੀ'
ਨੰਗਲ ਡੈਮ, ਰੂਪਨਗਰ।


ਭਾਰਤ-ਪਾਕਿ ਸਬੰਧ
ਸਾਡੇ ਦੇਸ਼ ਲਈ ਇਹ ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਵਾਲੇ ਦਿਨ ਤੋਂ ਹੀ ਦੋਵਾਂ ਦੇਸ਼ਾਂ ਵਿਚ ਹੋਈ ਲੁੱਟ-ਮਾਰ ਅਤੇ ਕਤਲੋਗਾਰਤ ਕਰਕੇ ਦੋਵਾਂ ਦੇਸ਼ਾਂ ਵਿਚ ਇਕ-ਦੂਜੇ ਲਈ ਨਫ਼ਰਤ ਦੇ ਬੀਜ ਬੀਜੇ ਗਏ ਸਨ, ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਪਾਕਿਸਤਾਨ ਅੱਜ ਭਾਰਤ ਨਾਲੋਂ ਕਿਤੇ ਪਿੱਛੇ ਹੈ।
ਪਾਕਿਸਤਾਨ ਵਿਚ ਵੱਡੀ ਪੱਧਰ 'ਤੇ ਫੈਲੇ ਅੱਤਵਾਦ ਨੂੰ ਪਾਕਿਸਤਾਨੀ ਫ਼ੌਜ ਦੀ ਹਮਾਇਤ ਪ੍ਰਾਪਤ ਹੈ ਤੇ ਹਮੇਸ਼ਾ ਹੀ ਪਾਕਿਸਤਾਨ ਵਿਚ ਬਣਨ ਵਾਲੀ ਹਰ ਸਰਕਾਰ ਇਨ੍ਹਾਂ ਦੋਵਾਂ ਦੀ ਕਠਪੁਤਲੀ ਬਣ ਕੇ ਰਾਜ ਕਰਦੀ ਆਈ ਹੈ। ਅੱਜ ਭਾਰਤੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਾਕਿ ਵਿਚ ਬੈਠੇ ਅੱਤਵਾਦੀ ਸੰਗਠਨਾਂ ਨੇ ਇਹ ਠਾਣ ਰੱਖਿਆ ਹੈ ਕਿ ਆਪਣਾ ਕੁਝ ਬਣਾਉਣਾ ਨਹੀਂ ਤੇ ਗੁਆਂਢੀ ਦੇਸ਼ ਭਾਰਤ ਦਾ ਕੁਝ ਬਣਨ ਨਹੀਂ ਦੇਣਾ। ਸੋ, ਭਾਰਤੀ ਲੋਕਾਂ ਨੂੰ ਪਾਕਿਸਤਾਨ ਖ਼ਿਲਾਫ਼ ਨਹੀਂ ਸਗੋਂ ਸਮੁੱਚੇ ਅੱਤਵਾਦ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ। ਭਾਰਤ ਦੇ ਰਾਜਸੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਮਲੀਆਮੇਟ ਕਰਨ ਦੀਆਂ ਟਾਹਰਾਂ ਮਾਰਨ ਦੀ ਬਜਾਏ ਆਪਣੀ ਸੁਰੱਖਿਆ ਵੱਲ ਹੋਰ ਜ਼ਿਆਦਾ ਧਿਆਨ ਕੇਂਦਰਤ ਕਰੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਜਬਰ ਜਨਾਹ ਤੇ ਹਤਿਆਰੇ
ਜਬਰ ਜਨਾਹ ਵਰਗੇ ਘਿਨੌਣੇ ਮਾਮਲੇ ਸੁਣ ਕੇ ਹਰ ਇਕ ਦਾ ਮਨ ਦੁਖੀ ਹੋ ਜਾਂਦਾ ਹੈ। ਪਰ ਮਾਮਲੇ ਵਧਦੇ ਜਾਂਦੇ ਹਨ। ਸਮਾਜ ਅਤੇ ਦੇਸ਼ ਵਿਚ ਇਸਤਰੀ ਵਰਗ ਦਾ ਸਤਿਕਾਰ ਘਟ ਰਿਹਾ ਹੈ। ਦੋਸ਼ੀਆਂ ਨੂੰ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਦੇ ਉਪਦੇਸ਼ ਤੇ ਪ੍ਰਵਚਨ ਵੀ ਭੁੱਲ ਗਏ ਹਨ। ਪਰ ਛੋਟੀਆਂ ਬਾਲੜੀਆਂ, ਕੰਨਿਆ, ਦੇਵੀਆਂ ਜਿਨ੍ਹਾਂ ਨੂੰ ਕੰਜਕ (ਦੇਵੀ ਦਾ ਰੂਪ) ਮੰਨ ਕੇ ਪੂਜਿਆ ਜਾਂਦਾ ਹੈ। ਉਨ੍ਹਾਂ ਨਾਲ ਅਜਿਹਾ ਵਰਤਾਅ ਕਰਨਾ ਕਿੰਨਾ ਪਾਪ, ਜ਼ੁਲਮ ਹੋ ਰਿਹਾ ਹੈ। ਅਜਿਹੇ ਦਰਿੰਦਿਆਂ ਨੂੰ ਸ਼ਰਮ, ਹਿਆ ਦਾ ਡਰ, ਭੈਅ ਨਹੀਂ ਰਿਹਾ। ਸੋ ਸਮਾਜ ਵਿਚ ਇਨ੍ਹਾਂ ਦੀ ਰੋਕਥਾਮ ਜ਼ਰੂਰੀ ਹੈ। ਸਮਾਜ ਅਤੇ ਸਮਾਜ ਸੁਧਾਰਕਾਂ ਨੂੰ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਨ੍ਹਾਂ ਦੋਸ਼ੀਆਂ ਦੇ ਮਨਾਂ ਵਿਚ ਧਾਰਮਿਕ ਬਿਰਤੀ ਪੈਦਾ ਕਰਨੀ ਚਾਹੀਦੀ ਹੈ ਅਤੇ ਸਖਤ ਤੋਂ ਸਖ਼ਤ ਸਜ਼ਾ ਵੀ ਦੇਣੀ ਚਾਹੀਦੀ ਹੈ।


-ਰਘੁਵੀਰ ਸਿੰਘ ਬੈਂਸ
ਸੇਵਾਮੁਕਤ ਸੁਪਰਡੈਂਟ।


ਉਮਰ ਤੋਂ ਪਹਿਲਾਂ
ਵਰਤਮਾਨ ਸਮੇਂ ਲਗਪਗ ਹਰ ਮਾਤਾ-ਪਿਤਾ ਲਈ ਬੱਚੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਦਾ ਮੁੱਖ ਕਾਰਨ ਬੱਚਿਆਂ ਨਾਲ ਲੋੜ ਤੋਂ ਵੱਧ ਮੋਹ ਅਤੇ ਖੁੱਲ੍ਹ ਹੈ ਜਿਸ ਦੇ ਨਤੀਜੇ ਵਜੋਂ ਬੱਚੇ ਅੰਦਰ ਮਾਪਿਆਂ ਦਾ ਡਰ ਅਤੇ ਝਿਜਕ ਬਿਲਕੁਲ ਖਤਮ ਹੋ ਜਾਂਦੀ ਹੈ, ਵਰਤਮਾਨ ਸਮੇਂ ਦੇ ਮੁਕਾਬਲੇ ਅਤੀਤ 'ਚ ਝਾਤ ਮਾਰੀਏ ਤਾਂ ਬੱਚਿਆਂ ਅੰਦਰ ਸਤਿਕਾਰ ਅਤੇ ਲਿਆਕਤ ਉਚਾਈਆਂ 'ਤੇ ਸੀ ਪ੍ਰੰਤੂ ਅੱਜ ਸਤਿਕਾਰ ਕਰਨ ਦੀ ਬਜਾਇ ਸਤਿਕਾਰ ਸ਼ਬਦ ਦੀ ਵਿਆਖਿਆ ਕਰਨ ਲਈ ਬੱਚੇ ਨੂੰ ਕਿਹਾ ਜਾਵੇ ਤਾਂ ਸ਼ਾਇਦ ਉਹ ਨਾ ਕਰ ਪਾਵੇ।
ਸਮਾਜ ਅੰਦਰ ਬੱਚਿਆਂ ਨੂੰ ਲੋੜ ਤੋਂ ਵੱਡੇ ਦਾਇਰੇ ਵਿਚ ਰੱਖਣਾ, ਕੁਰਾਹੇ ਪੈਣ ਦੇ ਨਤੀਜੇ ਤੋਂ ਵਧ ਕੇ ਹੋਰ ਕੁਝ ਵੀ ਨਹੀਂ ਹੈ। ਛੋਟੇ ਬੱਚਿਆਂ ਦੇ ਹੱਥ ਵਿਚ ਮੋਟਰਸਾਈਕਲ ਤੇ ਮੋਬਾਈਲ ਉਨ੍ਹਾਂ ਦੇ ਭਵਿੱਖ ਬਾਰੇ ਕੁਝ ਕਹਿ ਰਹੇ ਜਾਪਦੇ ਹਨ, ਇਸ ਲਈ ਅੱਜ ਲੋੜ ਹੈ ਕਿ ਅਸੀਂ ਸਾਰੇ ਆਪਣੇ ਬੱਚਿਆਂ ਪ੍ਰਤੀ ਸੁਚੇ ਹੋਈਏ ਜਿਸ ਨਾਲ ਸਾਡਾ ਘਰ ਤੇ ਸਮਾਜ ਦੋਵੇਂ ਸੁੰਦਰ ਬਣ ਸਕਣ।


-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਦਰਿਆਵਾਂ ਦੇ ਪਾਣੀ
ਪੰਜਾਬ 'ਚ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰਨ ਦਾ ਮਾਮਲਾ ਕੌਮੀ ਗਰੀਨ ਟ੍ਰਿਬਿਊਨਲ ਅਤੇ ਕੇਂਦਰ ਸਰਕਾਰ ਦੇ ਧਿਆਨ ਵਿਚ ਹੈ ਅਤੇ ਉਹ ਇਸ ਬਾਰੇ ਕਾਫ਼ੀ ਸਖ਼ਤ ਹਨ, ਪ੍ਰੰਤੂ ਬਿਆਸ ਦਰਿਆ 'ਚ ਪੰਜਾਬ ਵਾਲੇ ਪਾਸੇ ਤੋਂ ਕਈ ਥਾਵਾਂ 'ਤੇ ਦੂਸ਼ਿਤ ਪਾਣੀ ਪੈਣ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਕੁਝ ਕੁ ਜਗ੍ਹਾ ਤੋਂ ਕਈ ਫੈਕਟਰੀਆਂ ਦਾ ਪਾਣੀ ਪੈਣ ਨਾਲ ਬਿਆਸ ਦਰਿਆ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਕਈ ਵਾਰ ਪਾਣੀ 'ਚ ਰਹਿਣ ਵਾਲੇ ਜੀਵ ਮਰ ਜਾਂਦੇ ਹਨ ਅਤੇ ਪਸ਼ੂਆਂ ਤੇ ਇਨਸਾਨਾਂ ਲਈ ਇਹ ਪਾਣੀ ਬਹੁਤ ਘਾਤਕ ਸਾਬਤ ਹੋ ਰਿਹਾ ਹੈ। ਜਿਥੋਂ ਕਿਤੋਂ ਵੀ ਪ੍ਰਦੂਸ਼ਿਤ ਪਾਣੀ ਦਰਿਆਵਾਂ ਵਿਚ ਪੈ ਰਿਹਾ ਹੈ, ਉਥੇ-ਉਥੇ ਵਾਟਰ ਟਰੀਟਮੈਂਟ ਪਲਾਂਟ, ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣੇ ਚਾਹੀਦੇ ਹਨ। ਬਿਆਸ, ਸਤਲੁਜ ਅਤੇ ਘੱਗਰ ਦਰਿਆਵਾਂ ਵਿਚ ਪੈਂਦੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਬਕਾਇਦਾ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਕਰਨੇ ਚਾਹੀਦੇ ਹਨ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਕੁਤਾਬੀ ਨਾ ਕਰੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪੁਰਾਣੇ ਹਲਕਿਆਂ ਤੋਂ ਭੱਜ ਰਹੇ ਨੇ ਉਮੀਦਵਾਰ
ਪਿਛਲੇ ਦਿਨੀਂ 'ਅਜੀਤ' 'ਚ ਹਰਜਿੰਦਰ ਸਿੰਘ ਲਾਲ ਦੇ ਲੇਖ ਸਿਆਸੀ ਦਲਾਂ ਦੇ ਉਮੀਦਵਾਰਾਂ 'ਤੇ ਆਧਾਰਿਤ ਪੜ੍ਹ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਜਾਣਕਾਰੀ ਹਾਸਲ ਹੋਈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਦਿਲਚਸਪ ਗੱਲ ਇਹ ਦਿਸ ਰਹੀ ਹੈ ਕਿ ਸਾਰੀਆਂ ਪਾਰਟੀਆਂ ਵਲੋਂ ਆਪਣੇ ਕੁਝ ਕੁ ਦਿੱਗਜ਼ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਸੀਟਾਂ ਬਦਲੀਆਂ ਜਾ ਰਹੀਆਂ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤੇ ਜਾਂ ਹਾਰੇ ਉਮੀਦਵਾਰਾਂ ਦਾ ਆਪਣੇ-ਆਪਣੇ ਹਲਕਿਆਂ ਵਿਚ ਰਾਜਨੀਤਕ ਆਧਾਰ ਹੇਠਾਂ ਆਇਆ ਹੈ। ਸਾਰੇ ਰਾਜਨੀਤਕ ਪਾਰਟੀਆਂ ਦੇ ਦਿੱਗਜ਼ ਉਮੀਦਵਾਰਾਂ ਵਲੋਂ ਆਪਣੀ ਸੁਰੱਖਿਅਤ ਸੀਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਚੋਣਾਂ ਦੇ ਨਤੀਜੇ ਹੀ ਹਰੇਕ ਰਾਜਨੀਤਕ ਪਾਰਟੀ ਦੇ ਉਮੀਦਵਾਰਾਂ ਦੀ ਰਾਜਨੀਤਕ ਸਾਖ਼ ਅਤੇ ਆਧਾਰ ਨੂੰ ਸਪੱਸ਼ਟ ਕਰਨਗੇ।


-ਇਕਬਾਲ ਸਿੰਘ, ਰਾਏਪੁਰੀ।

15-03-2019

 ਪਰਗਟ ਸਿੰਘ ਦਾ ਵਿਛੋੜਾ
ਪਿਛਲੇ ਦਿਨੀਂ 'ਅਜੀਤ' ਵਿਚ ਪਹਿਲੇ ਸਫ਼ੇ ਦੀ ਖ਼ਬਰ 'ਮਿੱਤਰਾਂ ਦਾ ਨਾਂਅ ਚਲਦਾ' ਦੇ ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾਂ ਨਹੀਂ ਰਹੇ। ਇਸ ਗੀਤਕਾਰ ਦੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਦੇਣ ਸੀ। ਉਨ੍ਹਾਂ ਦੇ ਜਿੰਨੇ ਵੀ ਹੁਣ ਤੱਕ ਗੀਤ ਕਲਾਕਾਰਾਂ ਨੇ ਗਾਏ ਹਨ, ਉਹ ਸਾਰੇ ਗੀਤ ਪਰਿਵਾਰ ਵਿਚ ਬੈਠ ਕੇ ਸੁਣਨ ਵਾਲੇ ਹਨ। ਸਾਨੂੰ ਪਰਗਟ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਨ੍ਹਾਂ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਹੋ ਜਿਹੇ ਪੰਜਾਬੀ ਸੱਭਿਆਚਾਰਕ ਗੀਤ ਲਿਖਣ ਵਾਲੇ ਸਾਡੇ ਗੀਤਕਾਰ ਬਹੁਤ ਘੱਟ ਹਨ। ਇਸ ਗੀਤਕਾਰ ਦੇ ਜ਼ਿਆਦਾ ਗੀਤ ਕਲਾਕਾਰ ਹਰਜੀਤ ਹਰਮਨ ਨੇ ਗਾਏ ਹਨ। ਇਸ ਗੀਤਕਾਰ ਦਾ ਕੁਝ ਸਾਲ ਪਹਿਲਾਂ ਲਿਖਿਆ ਗੀਤ ਜੋ ਹਰਜੀਤ ਹਰਮਨ ਨੇ ਗਾਇਆ ਸੀ 'ਅਸੀਂ ਕਿਉਂ ਪਰਦੇਸੀ ਹੋਏ' ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਦਿਲਾਂ ਨੂੰ ਇਸ ਗੀਤ ਨੇ ਬੜਾ ਹਲੂਣਾ ਦਿੱਤਾ ਸੀ। ਉਂਜ ਪਰਗਟ ਸਿੰਘ ਦੇ ਸਾਰੇ ਗੀਤ ਹੀ ਬਹੁਤ ਵਧੀਆ ਹਨ। ਅੱਜ ਸਾਡੇ ਪੰਜਾਬ ਦੇ ਗੀਤਕਾਰਾਂ ਨੂੰ ਪਰਗਟ ਸਿੰਘ ਲਿੱਦੜਾਂ ਦੀ ਕਲਮ ਵਾਂਗ ਪੰਜਾਬੀ ਸੱਭਿਆਚਾਰਕ ਗੀਤ ਲਿਖਣ ਦੀ ਲੋੜ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਹਥਿਆਰ ਵਾਲੇ ਲਿਖੇ ਗੀਤ ਸੁਣ ਕੇ ਗ਼ਲਤ ਰਸਤੇ ਨਾ ਪਵੇ। ਚੰਗੇ ਲਿਖੇ ਗੀਤ ਸਾਡੇ ਨੌਜਵਾਨਾਂ ਨੂੰ ਗ਼ਲਤ ਰਾਹ ਤੋਂ ਮੋੜਦੇ ਹਨ ਇਸ ਲਈ ਗੀਤਕਾਰਾਂ ਨੂੰ ਅੱਜ ਚੰਗੇ ਗੀਤ ਲਿਖਣ ਦੀ ਲੋੜ ਹੈ। ਪਰਮਾਤਮਾ ਗੀਤਕਾਰ ਪਰਗਟ ਸਿੰਘ ਲਿੱਦੜਾਂ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ ਤੇ ਇਸ ਪਰਿਵਾਰ ਨੂੰ ਪਰਗਟ ਸਿੰਘ ਦੇ ਚਲਾਣੇ 'ਤੇ ਭਾਣਾ ਮੰਨਣ ਦਾ ਬਲ ਬਖਸ਼ੇ।


-ਸੁਖਦੇਵ ਸਿੱਧੂ
ਸਰਦੂਲਗੜ੍ਹ।


ਚੋਣਾਂ ਅਤੇ ਨੌਜਵਾਨ
ਪੰਜਾਬ ਵਿਚ 50 ਫ਼ੀਸਦੀ ਨੌਜਵਾਨ ਅਜਿਹਾ ਹੈ, ਜਿਸ ਨੂੰ ਚੋਣਾਂ ਦੌਰਾਨ ਆਪਣੇ ਪੱਖ ਵਿਚ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਦੁਆਰਾ ਪੂਰੀ ਜ਼ੋਰ ਅਜਮਾਈ ਕੀਤੀ ਜਾਂਦੀ ਹੈ। ਵਰਤਮਾਨ ਸਮੇਂ ਵਿਚ ਵੀ ਆਗਾਮੀ ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਰਕੇ ਨੌਜਵਾਨਾਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਧੜਾਧੜ ਅਹੁਦੇ ਦਿੱਤੇ ਜਾ ਰਹੇ ਹਨ, ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਰੈਲੀਆਂ ਦੀ ਵਾਗਡੋਰ ਵੀ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ। ਇਨ੍ਹਾਂ ਸਿਆਸੀ ਪਾਰਟੀਆਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੀ ਦਿੱਤਾ ਹੈ? ਕੀ ਉਹ ਸਿਆਸੀ ਪਾਰਟੀਆਂ ਤੋਂ ਆਪਣੇ ਹੱਕ ਲੈਣ ਲਈ ਇਕੱਤਰ ਹੋਣ, ਉਨ੍ਹਾਂ ਤੋਂ ਪਿਛਲੇ ਸਮੇਂ ਦਾ ਲੇਖਾ ਮੰਗਣ ਕਿ ਉਨ੍ਹਾਂ ਨੇ ਨੌਜਵਾਨੀ ਲਈ ਕੀ ਯੋਜਨਾਵਾਂ ਬਣਾਈਆਂ ਹਨ। ਕੀ ਇਨ੍ਹਾਂ ਸਿਆਸੀ ਪਾਰਟੀਆਂ ਨੇ ਨਸ਼ਿਆਂ ਵਿਚ ਡੁੱਬ ਰਹੀ ਨੌਜਵਾਨੀ ਨੂੰ ਬਚਾਇਆ ਹੈ? ਇਹੋ ਜਿਹੇ ਬਹੁਤ ਸਵਾਲ ਹਨ, ਜਿਹੜੇ ਇਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਪੁੱਛਣੇ ਬਣਦੇ ਹਨ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੀ ਭੀੜ ਦਾ ਹਿੱਸਾ ਬਣਨ ਦੀ ਥਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨ।


-ਕਮਲ ਬਰਾੜ, ਪਿੰਡ ਕੋਟਰੀ ਅਬਲੂ।


ਇੰਟਰਨੈੱਟ ਦਾ ਬੁਰਾ ਹਾਲ
ਅੱਜ ਦਾ ਜ਼ਮਾਨਾ ਇੰਟਰਨੈੱਟ ਦਾ ਹੈ। ਘਰ ਵਿਚ ਜਿੰਨੇ ਵੀ ਪਰਿਵਾਰਕ ਮੈਂਬਰ ਹਨ, ਓਨੇ ਹੀ ਮੋਬਾਈਲ ਹਨ ਅਤੇ ਬਹੁਗਿਣਤੀ ਮੋਬਾਈਲ 'ਤੇ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਕੰਪਨੀਆਂ ਵਲੋਂ ਇਹ ਸਹੂਲਤ ਤਿੰਨ ਮਹੀਨੇ ਲਈ ਲਗਪਗ ਚਾਰ ਸੌ ਰੁਪਏ ਵਿਚ ਦਿੱਤੀ ਜਾਂਦੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕਿਸੇ ਵੀ ਕੰਪਨੀ ਦਾ ਇੰਟਰਨੈੱਟ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਆਮ ਲੋਕ ਇਕ ਕੰਪਨੀ ਤੋਂ ਦੂਜੇ ਕੰਪਨੀ ਵਿਚ ਆਪਣਾ ਨੰਬਰ ਬਦਲ ਕੇ ਇਸ ਮੁਸ਼ਕਿਲ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕੋਈ ਲਾਭ ਨਹੀਂ ਹੁੰਦਾ।
ਕੰਪਨੀਆਂ ਦੇ ਕਸਟਮਰ ਕੇਅਰ 'ਤੇ ਪਹਿਲੀ ਗੱਲ ਤਾਂ ਕੋਈ ਫੋਨ ਨਹੀਂ ਚੁੱਕਦਾ, ਜੇਕਰ ਭੁੱਲ ਭੁਲੇਖੇ ਫੋਨ ਚੁੱਕ ਵੀ ਲਵੇ ਤਾਂ ਉਸ ਵਲੋਂ ਲਾਰੇ ਲੱਪੇ ਵਾਲੇ ਜਵਾਬ ਦਿੱਤੇ ਜਾਂਦੇ ਹਨ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਅੱਜ ਸਰਕਾਰੀ ਦਫ਼ਤਰਾਂ ਦੇ ਬਹੁਤੇ ਡਾਟੇ, ਪੈਸਿਆਂ ਦਾ ਲੈਣ-ਦੇਣ, ਆਮ ਜਾਣਕਾਰੀ ਅਤੇ ਮਨੋਰੰਜਨ ਲਈ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪੂਰੇ ਪੈਸੇ ਲੈ ਕੇ ਵੀ ਕੰਪਨੀਆਂ ਵਲੋਂ ਗਾਹਕਾਂ ਨੂੰ ਪੂਰੀ ਸਹੂਲਤ ਨਾ ਦੇ ਕੇ ਉਨ੍ਹਾਂ ਦੀ ਵੱਡੇ ਪੱਧਰ 'ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਕੰਪਨੀਆਂ ਨੂੰ ਚਾਹੀਦਾ ਹੈ ਕਿ ਆਪਣੇ ਗਾਹਕਾਂ ਨੂੰ ਘੱਟੋ-ਘੱਟ ਉਹ ਸਹੂਲਤਾਂ ਤਾਂ ਪ੍ਰਦਾਨ ਕਰਨ ਜਿੰਨੇ ਉਨ੍ਹਾਂ ਨੇ ਆਮ ਜਨਤਾ ਤੋਂ ਪੈਸੇ ਲਏ ਹਨ। ਸਰਕਾਰ ਨੂੰ ਇਸ ਲਈ ਕੋਈ ਨੀਤੀ ਅਮਲ ਵਿਚ ਲਿਆ ਕੇ ਜਨਤਾ ਨੂੰ ਵਧੀਆ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਖ਼ਤ ਕਦਮਾਂ ਦੀ ਲੋੜ
ਧਰਮ, ਜਾਤ ਦਾ ਰਾਜਨੀਤੀ ਵਿਚ ਪ੍ਰਯੋਗ ਅੱਜਕਲ੍ਹ ਰਿਵਾਜ ਬਣ ਚੁੱਕਿਆ ਹੈ ਅਤੇ ਜ਼ਿਆਦਾਤਰ ਰਾਜਨੀਤਕ ਪਾਰਟੀਆਂ ਧਰਮ ਤੇ ਜਾਤ ਦੇ ਨਾਂਅ 'ਤੇ ਆਸਾਨੀ ਨਾਲ ਸੱਤਾ ਦੀ ਚਾਬੀ ਹਾਸਲ ਕਰਨ ਵਿਚ ਸਫਲ ਹੋ ਰਹੀਆਂ ਹਨ। ਕਈ ਰਾਜਨੀਤਕ ਪਾਰਟੀਆਂ ਆਪਣੇ-ਆਪ ਨੂੰ ਇਕ ਖਾਸ ਧਰਮ ਜਾਂ ਜਾਤ ਨਾਲ ਜੋੜ ਕੇ ਲੋਕਾਂ ਸਾਹਮਣੇ ਦਿਖਾਉਂਦੀਆਂ ਹਨ। ਅੱਜ ਸਥਿਤੀ ਇਹ ਹੈ ਕਿ ਦੋ ਵੱਖ-ਵੱਖ ਧਰਮਾਂ, ਜਾਤਾਂ ਦੇ ਲੋਕਾਂ ਨੂੰ ਇਕ-ਦੂਸਰੇ ਵਿਰੁੱਧ ਭੜਕਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੇ ਵੱਡੇ ਛੋਟੇ ਨੇਤਾ ਵਲੋਂ ਜੇਕਰ ਸਾਰਵਜਨਕ ਸਥਾਨਾਂ ਉੱਪਰ ਕਿਸੇ ਵੀ ਧਰਮ ਜਾਂ ਜਾਤ ਦਾ ਨਾਂਅ ਲਿਆ ਜਾਂਦਾ ਹੈ ਜਾਂ ਉਨ੍ਹਾਂ ਦਾ ਧਰਮ, ਜਾਤ ਦੇ ਨਾਂਅ 'ਤੇ ਵਿਕਾਸ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਪਰੋਕਤ ਪਾਰਟੀ ਵਿਰੁੱਧ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ ਜਾਂ ਅਜਿਹੇ ਨੇਤਾਵਾਂ ਦੇ ਭਵਿੱਖ ਵਿਚ ਚੋਣ ਲੜ੍ਹਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਜੇਕਰ ਚੋਣ ਕਮਿਸ਼ਨ ਸਖਤੀ ਕਰੇ ਤਾਂ ਸ਼ਾਇਦ ਧਰਮ ਅਤੇ ਜਾਤ ਨੂੰ ਰਾਜਨੀਤੀ ਤੋਂ ਵੱਖ ਕੀਤੇ ਜਾਣ ਬਾਰੇ ਸੋਚਿਆ ਜਾ ਸਕਦਾ ਹੈ, ਨਹੀਂ ਤਾ ਜਿਸ ਤੇਜ਼ੀ ਨਾਲ ਧਰਮ, ਜਾਤ ਦਾ ਪ੍ਰਯੋਗ ਰਾਜਨੀਤੀ ਵਿਚ ਵਧ ਰਿਹਾ ਹੈ, ਉਹ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਏਕਤਾ, ਅਖੰਡਤਾ ਲਈ ਘਾਤਕ ਸਾਬਤ ਹੋਵੇਗਾ।


-ਪਰਦੀਪ ਸਿੰਘ
ਸ਼ੇਰਪੁਰ (ਸੰਗਰੂਰ)। ਕੋਟ ਈਸੇ ਖਾਂ।

14-03-2019

 ਰਿਸ਼ਤੇ ਤੇ ਸੋਸ਼ਲ ਮੀਡੀਆ
ਅੱਜ ਵਿਗਿਆਨ ਨੇ ਤਰੱਕੀ ਕਰ ਲਈ ਹੈ ਤੇ ਸੰਚਾਰ ਦੇ ਸਾਧਨਾਂ ਵਿਚ ਏਨਾ ਵਾਧਾ ਹੋ ਗਿਆ ਹੈ ਕਿ ਦੁਨੀਆ ਸਾਡੀ ਮੁੱਠੀ ਵਿਚ ਹੋ ਗਈ ਜਾਪਦੀ ਹੈ। ਸੋਸ਼ਲ ਮੀਡੀਆ ਦਾ ਪ੍ਰਭਾਵ ਸਾਡੇ 'ਤੇ, ਸਾਡੀ ਜ਼ਿੰਦਗੀ 'ਤੇ ਤੇ ਸਾਡੇ ਆਪਣਿਆਂ 'ਤੇ ਏਨਾ ਵਧ ਗਿਆ ਹੈ ਕਿ ਅਸੀਂ ਸਭ ਮਨ ਦੇ ਭਾਵਾਂ ਨੂੰ ਅਤੇ ਖੁੱਲ੍ਹੇ ਸੁਭਾਅ ਰਾਹੀਂ ਹਾਸੇ-ਠੱਠੇ ਕਰਨ ਨੂੰ ਪਹਿਲ ਦੇਣ ਤੋਂ ਗੁਰੇਜ਼ ਕਰਨ ਲੱਗ ਪਏ ਹਾਂ ਤੇ ਕੇਵਲ ਤੇ ਕੇਵਲ ਸੋਸ਼ਲ ਮੀਡੀਆ 'ਤੇ ਹੀ ਪੂਰਨ ਕੇਂਦਰਿਤ ਹੋ ਕੇ ਸੀਮਤ ਹੋ ਗਏ ਹਾਂ। ਹਾਂ, ਕੁਝ ਪਲ ਕੁਝ ਸਮੇਂ ਲਈ ਸੋਸ਼ਲ ਮੀਡੀਆ ਨਾਲ ਜੁੜਨਾ ਸਹੀ ਹੈ ਪਰ ਘੰਟਿਆਂਬੱਧੀ ਆਪਣੀ, ਆਪਣੇ ਪਰਿਵਾਰ ਦੀ ਅਤੇ ਭਾਈਚਾਰਕ ਹੋਂਦ ਨੂੰ ਵਿਸਾਰ ਕੇ ਇਸ ਵਿਚ ਹੀ ਰੁਝ ਜਾਣਾ ਬਹੁਤ ਨੁਕਸਾਨਦਾਇਕ ਅਤੇ ਪਰਿਵਾਰਕ ਅਤੇ ਭਾਈਚਾਰਕ ਸਾਂਝਾਂ ਦੇ ਤਿੜਕਣ ਦਾ ਯੋਗ ਕਾਰਨ ਬਣ ਨਿੱਬੜਦਾ ਹੈ। ਨਵੀਂ ਤਕਨੀਕ ਨੂੰ ਜ਼ਰੂਰ ਅਪਣਾਓ, ਉਸ ਦੇ ਲਾਭਾਂ ਨੂੰ ਜ਼ਰੂਰ ਪ੍ਰਾਪਤ ਕਰੋ, ਉਸ ਨਾਲ ਜੁੜੋ, ਪਰ ਇਕ ਹੱਦ ਵਿਚ ਰਹਿ ਕੇ। ਸਾਡੇ ਵਿਚ ਭਾਵ ਹਨ, ਸਾਡੇ ਵਿਚ ਅਹਿਸਾਸ ਹਨ। ਇਹ ਨਾ ਹੋਵੇ ਕਿ ਇਹ ਸਾਡੇ ਪਰਿਵਾਰਕ ਜਾਂ ਸਮਾਜਿਕ ਤੇ ਭਾਈਚਾਰਕ ਤੰਦਾਂ, ਪਿਆਰ ਅਤੇ ਸਾਂਝੀਵਾਲਤਾ ਨੂੰ ਹੀ ਖ਼ਤਮ ਕਰਕੇ ਰੱਖ ਦੇਵੇ।


-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਪੰਜਾਬ ਦੀ ਸਿਆਸਤ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਹਰਜਿੰਦਰ ਸਿੰਘ ਲਾਲ ਦੇ ਛਪੇ ਲੇਖ ਨੂੰ ਪੜ੍ਹ ਕੇ ਪੰਜਾਬ ਦੇ ਰਾਜਨੀਤਕ ਮੁਹਾਂਦਰੇ ਬਾਰੇ ਜਾਣਕਾਰੀ ਹਾਸਲ ਹੋਈ। ਪੰਜਾਬ 'ਚ ਛੋਟੀਆਂ ਪਾਰਟੀਆਂ ਵਲੋਂ ਆਗਾਮੀ ਲੋਕ ਸਭਾ ਚੋਣਾਂ ਵਿਚ ਆਪਸੀ ਗੱਠਜੋੜ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੀ ਮਜ਼ਬੂਤੀ ਵਾਲੇ ਖੇਤਰ ਵਿਚ ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਵਿਚ ਮੁਕਾਬਲਾ ਕਰ ਸਕਣ। ਰਾਜਨੀਤਕ ਪਾਰਟੀਆਂ ਵਲੋਂ ਬਰਗਾੜੀ ਮੋਰਚਾ, ਡੇਰਾ ਮੁਖੀ ਮੁਆਫ਼ੀਨਾਮਾ, ਸ਼੍ਰੋਮਣੀ ਕਮੇਟੀ ਦੇ ਲਾਹੇ ਗਏ ਜਥੇਦਾਰਾਂ ਵਲੋਂ ਕੀਤੇ ਗਏ ਖੁਲਾਸਿਆਂ ਨੂੰ ਚੋਣ ਮੁੱਦੇ ਦੇ ਸੰਦਰਭ ਵਿਚ ਖੂਬ ਵਰਤਿਆ ਜਾ ਰਿਹਾ ਹੈ। ਅਜਿਹਾ ਕਰਕੇ ਇਹ ਰਾਜਨੀਤਕ ਲੋਕ ਧਰਮ ਦੀ ਆੜ ਹੇਠ ਲੋਕਾਂ ਨੂੰ ਵੋਟਾਂ ਲਈ ਭਰਮਾ ਕੇ ਆਪਣਾ ਫਾਇਦਾ ਚੁੱਕ ਰਹੇ ਹਨ। ਸੂਝਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਧਰਮ ਨੂੰ ਇਕ ਪਾਸੇ ਕਰਕੇ ਹੀ ਉਮੀਦਵਾਰ ਦੀ ਚੋਣ ਕਰਨ।


-ਇਕਬਾਲ ਸਿੰਘ ਸਿੱਧੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਪਲਾਸਟਿਕ ਲਿਫਾਫ਼ਿਆਂ 'ਤੇ ਪਾਬੰਦੀ
ਨਗਰ ਨਿਗਮ ਜਲੰਧਰ ਵਿਭਾਗ ਦੀ ਤਹਿਬਾਜ਼ਾਰੀ ਵਿਭਾਗ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਜਲੰਧਰ ਵਿਖੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਹੋਰ ਵੀ ਚੰਗਾ ਹੋਵੇ ਜੇਕਰ ਇਹ ਅਧਿਕਾਰੀ ਸ਼ਹਿਰ ਵਿਚਲੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ, ਖਾਣ-ਪੀਣ ਦੀਆਂ ਅਣਗਿਣਤ ਰੇਹੜੀਆਂ, ਜਿਨ੍ਹਾਂ ਵਲੋਂ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਹੈ, ਵੱਲ ਵੀ ਧਿਆਨ ਦੇਣ, ਜਿਸ ਦੇ ਨਾਲ ਸ਼ਹਿਰ ਵਾਸੀਆਂ ਦੇ ਜੀਵਨ ਵਿਚ ਕੁਝ ਸੁਧਾਰ ਹੁੰਦਾ ਦਿਖਾਈ ਦੇਵੇ।


-ਪ੍ਰੇਮ ਕੁਮਾਰ
ਮਕਸੂਦਾਂ, ਜਲੰਧਰ।


ਜੰਗ ਜਾਂ ਅਮਨ
ਧਰਤੀ ਗ੍ਰਹਿ ਉੱਪਰ ਵਸਦਾ ਹਰ ਮਨੁੱਖ ਇਹ ਜਾਣਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਇਹ ਤਾਂ ਬਰਬਾਦੀ ਦਾ ਉਹ ਰਾਹ ਹੈ, ਜੋ ਭੈਣਾਂ ਤੋਂ ਵੀਰ, ਪਤਨੀਆਂ ਤੋਂ ਪਤੀ, ਮਾਂ ਤੋਂ ਪੁੱਤ ਅਤੇ ਬੱਚਿਆਂ ਤੋਂ ਬਾਪ ਖੋਹ ਲੈਂਦਾ ਹੈ, ਜਿਸ ਦੀ ਕਦੀ ਵੀ ਪੂਰਤੀ ਨਹੀਂ ਹੁੰਦੀ। ਫ਼ੌਜੀ ਜੰਗ ਵਿਚ ਸ਼ਹੀਦ ਹੋ ਜਾਂਦੇ ਹਨ। ਜੰਗ ਖ਼ਤਮ ਹੋ ਜਾਂਦੀ ਹੈ ਪਰ ਅਸਲੀ ਜੰਗ ਉਨ੍ਹਾਂ ਘਰਾਂ ਵਿਚ ਛਿੜ ਜਾਂਦੀ ਹੈ, ਜਿਨ੍ਹਾਂ ਘਰਾਂ ਦੇ ਦੀਵੇ ਬੁਝ ਜਾਂਦੇ ਹਨ। ਅਸੀਂ ਇਹ ਭਲੀ-ਭਾਂਤ ਜਾਣਦੇ ਹਾਂ ਕਿ ਪਿਛਲੇ ਯੁੱਧਾਂ ਤੋਂ ਅਸੀਂ ਕੀ ਕੁਝ ਖੱਟਿਆ ਹੈ। ਪਹਿਲੇ ਸੰਸਾਰ ਯੁੱਧ ਵਿਚ 3 ਕਰੋੜ ਅਤੇ ਦੂਜੇ ਮਹਾਂਯੁੱਧ ਵਿਚ 6 ਕਰੋੜ ਲੋਕ ਮਾਰੇ ਗਏ ਸਨ। ਅਸੀਂ ਅੱਜ ਆਧੁਨਿਕ ਵਿਗਿਆਨਕ ਯੁੱਗ ਵਿਚ ਰਹਿ ਰਹੇ ਹਾਂ। ਪ੍ਰਮਾਣੂ ਬੰਬਾਂ ਨਾਲ ਲੈਸ ਹਾਂ। ਛੋਟੀ ਜਿਹੀ ਮੂਰਖਤਾ ਵੱਡੀ ਪੱਧਰ 'ਤੇ ਵਿਨਾਸ਼ ਕਰ ਸਕਦੀ ਹੈ। ਅਮਨ ਅਤੇ ਸ਼ਾਂਤੀ ਖੁਸ਼ਹਾਲੀ ਦਾ ਪ੍ਰਤੀਕ ਹੈ। ਯੁੱਧ ਬਰਬਾਦੀ ਦਾ ਸੁਨੇਹਾ ਦਿੰਦਾ ਹੈ। ਫ਼ੈਸਲਾ ਸਾਡੇ ਹੱਥ ਹੈ 'ਜੰਗ' ਚਾਹੀਦੀ ਹੈ ਜਾਂ 'ਅਮਨ'।


-ਕਾਜਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਉਸਾਰੂ ਗੀਤ ਲਿਖੇ ਜਾਣ
ਆਮ ਕਰਕੇ ਚੜ੍ਹਦੀ ਉਮਰ ਵਾਲੇ ਬੱਚੇ ਗਾਇਕਾਂ ਦਾ ਅਸਰ ਬੜੀ ਛੇਤੀ ਕਬੂਲਦੇ ਹਨ। ਮਾਪਿਆਂ ਨਾਲ ਲੜਾਈ ਕਰਕੇ ਵੀ ਉਨ੍ਹਾਂ ਚੀਜ਼ਾਂ ਦੀ ਮੰਗ ਕਰਦੇ ਹਨ, ਜੋ ਗੀਤਕਾਰਾਂ ਨੇ ਆਪਣੇ ਗੀਤਾਂ ਵਿਚ ਲਿਖੀਆਂ ਹੁੰਦੀਆਂ ਹਨ। ਜਿਹੜਾ ਬਾਪੂ ਆਪਣੀ ਫ਼ਸਲ ਨਾਲ ਘਰ ਦੀਆਂ ਮੁਢਲੀਆਂ ਲੋੜਾਂ ਵੀ ਚੰਗੀ ਤਰ੍ਹਾਂ ਪੂਰੀਆਂ ਨਹੀਂ ਕਰ ਸਕਦਾ, ਉਸ ਦਾ ਪੁੱਤਰ ਵੱਡੇ ਮੋਟਰਸਾਈਕਲ ਦੀ ਮੰਗ ਕਰਦਾ ਹੈ। ਪਰ ਇਹੋ ਜਿਹੀਆਂ ਮੰਗਾਂ ਆਮ ਕਰਕੇ ਘਰਾਂ ਦੀ ਬਰਬਾਦੀ ਦਾ ਕਾਰਨ ਵੀ ਬਣਦੀਆਂ।
ਸਾਡੇ ਗੀਤਕਾਰ ਅਤੇ ਗਾਇਕ ਵੀ ਇਨ੍ਹਾਂ ਗੱਲਾਂ ਤੋਂ ਭਲੀਭਾਂਤ ਜਾਣੂ ਹਨ। ਜੇ ਉਹ ਸਹੀ ਸੋਚ ਅਪਣਾਉਣ ਤਾਂ ਸਮਾਜ ਦੀ ਭਲਾਈ ਲਈ ਬੜਾ ਵੱਡਾ ਯੋਗਦਾਨ ਪਾ ਸਕਦੇ ਹਨ। ਚੰਗੀਆਂ ਗੱਲਾਂ ਵੀ ਬੱਚੇ ਅਪਣਾ ਸਕਦੇ ਹਨ। ਕਈ ਗੀਤਕਾਰ ਅਤੇ ਗਾਇਕ ਇਸ ਗੱਲ ਦਾ ਬਹਾਨਾ ਲਾਉਂਦੇ ਹਨ ਕਿ ਚੰਗੀ ਚੀਜ਼ ਕੋਈ ਸੁਣਦਾ ਨਹੀਂ। ਇਹ ਗੱਲ ਬੇਤੁਕੀ ਹੈ। ਜਿਹੜੇ ਪੰਜਾਬ ਵਿਚ ਨਿੱਤ ਗੁਰਬਾਣੀ ਪੜ੍ਹੀ ਤੇ ਸੁਣੀ ਜਾਂਦੀ ਹੇਵੋ, ਉਥੇ ਚੰਗੇ ਗੀਤ ਸੁਣਨ ਵਾਲਿਆਂ ਦੀ ਵੀ ਘਾਟ ਨਹੀਂ। ਫਿਰ ਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੀਤਾਂ ਰਾਹੀਂ ਨਸ਼ਿਆਂ ਦੀ, ਹਥਿਆਰਾਂ ਦੀ ਅਤੇ ਫੋਕੇ ਦਿਖਾਵੇ ਦੀ ਗੱਲ ਕਰਕੇ ਬੱਚਿਆਂ ਦੀ ਪੂਰੀ ਜ਼ਿੰਦਗੀ ਵਿਚ ਜ਼ਹਿਰ ਨਾ ਘੋਲਣ।


-ਅੰਮ੍ਰਿਤ ਕੌਰ
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ।


ਸਵਾਗਤਯੋਗ ਹਦਾਇਤ
ਪਿਛਲੇ ਦਿਨੀਂ 'ਅਜੀਤ' 'ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਪ੍ਰੀਖਿਆਵਾਂ ਦੇ ਦਿਨਾਂ ਵਿਚ ਗੁਰਦੁਆਰਾ ਕਮੇਟੀਆਂ ਨੂੰ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਰੱਖਣ ਬਾਰੇ ਜੋ ਹਦਾਇਤ ਕੀਤੀ ਹੈ, ਸਵਾਗਤਯੋਗ ਹੈ। ਸਵੇਰ ਵੇਲੇ ਜਾਂ ਸ਼ਾਮ ਨੂੰ ਗੁਰੂ ਘਰਾਂ ਵਿਚ ਉੱਚੀ ਆਵਾਜ਼ ਵਿਚ ਸਪੀਕਰ ਵਿਦਿਆਰਥੀਆਂ ਨੂੰ ਤੰਗ ਤਾਂ ਕਰਦੇ ਹੀ ਹਨ, ਨਾਲ ਹੀ ਬਿਮਾਰ ਲੋਕਾਂ ਦੀ ਤਕਲੀਫ਼ ਵਿਚ ਵੀ ਵਾਧਾ ਹੁੰਦਾ ਹੈ। ਸਾਰੀ ਰਾਤ ਪੀੜ ਨਾਲ ਘੁਲਦੇ ਵਿਅਕਤੀ ਦੀ ਜਦੋਂ ਅੱਖ ਲਗਦੀ ਹੈ ਉਦੋਂ ਹੀ ਗੁਰੂ ਘਰਾਂ 'ਚ ਉੱਚੀ ਸਪੀਕਰ ਤਕਲੀਫ਼ ਵਿਚ ਵਾਧਾ ਕਰਦੇ ਹਨ। ਗੁਰੂ ਘਰਾਂ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਗੁਰਬਾਣੀ ਦੀ ਆਵਾਜ਼ ਗੁਰੂ ਘਰ ਤੋਂ ਬਾਹਰ ਨਾ ਜਾਵੇ। ਸਾਰੇ ਉੱਚੀ ਤੇ ਸੁੱਚੀ ਸੋਚ ਦੇ ਧਾਰਨੀ ਬਣੀਏ। ਗੁਰਬਾਣੀ ਨਾਲ ਪ੍ਰੇਮ ਵੀ ਕਰੀਏ ਤੇ ਗੁਰਬਾਣੀ ਨੂੰ ਕਿਸੇ ਵੀ ਰੂਪ ਵਿਚ ਨਾ ਬਣਨ ਦੇਈਏ। ਪ੍ਰੀਖਿਆਵਾਂ ਦੌਰਾਨ ਹੀ ਕਿਉਂ ਸਗੋਂ ਸਦਾ ਹੀ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਗੁਰੂ ਘਰਾਂ ਤੋਂ ਬਾਹਰ ਨਾ ਜਾਵੇ। ਉਮੀਦ ਹੈ, ਸਾਰੇ ਜ਼ਿੰਮੇਵਾਰ ਲੋਕ ਇਸ ਹਦਾਇਤ 'ਤੇ ਅਮਲ ਕਰਨਗੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

13-03-2019

 ਪੁਲਿਸ ਤੇ ਮਨੁੱਖੀ ਅਧਿਕਾਰ
ਪੰਜਾਬ ਪੁਲਿਸ ਹਮੇਸ਼ਾ ਹੀ ਆਪਣੀ ਕਾਰਗੁਜ਼ਾਰੀ ਕਰਕੇ ਵਿਵਾਦਾਂ 'ਚ ਰਹੀ ਹੈ। ਸਾਰੀ ਪੁਲਿਸ ਨੂੰ ਵੀ ਇਕ ਸ਼੍ਰੇਣੀ 'ਚ ਖੜ੍ਹਾ ਨਹੀਂ ਕੀਤਾ ਜਾ ਸਕਦਾ। ਕੁਝ ਚੰਗੇ ਪੁਲਿਸ ਅਫ਼ਸਰ ਵੀ ਹਨ ਜੋ ਨਿਰਪੱਖ ਹੋ ਕੇ ਕੰਮ ਕਰਦੇ ਹਨ ਪਰ ਮਨੁੱਖੀ ਅਧਿਕਾਰਾਂ ਸਬੰਧੀ ਪਿਛਲੇ ਦਿਨੀਂ ਜੋ ਸਰਵੇਖਣ ਹੋਇਆ, ਉਸ ਨੇ ਇਕ ਵਾਰ ਫਿਰ ਪੰਜਾਬ ਪੁਲਿਸ ਦੇ ਅਕਸ ਨੂੰ ਢਾਹ ਲਾਈ ਹੈ। 19ਵੀਂ ਸਾਲਾਨਾ ਰਿਪੋਰਟ ਮੁਤਾਬਿਕ ਕਮਿਸ਼ਨ ਨੂੰ 2016-17 ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ 10,820 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਚੋਂ 55 ਫ਼ੀਸਦੀ ਸ਼ਿਕਾਇਤਾਂ ਹਿਰਾਸਤੀ ਮੌਤਾਂ, ਤਸ਼ੱਦਦ, ਪੁਲਿਸ ਤੇ ਜੇਲ੍ਹ ਅਧਿਕਾਰੀਆਂ ਵਲੋਂ ਝੂਠੇ ਕੇਸਾਂ ਵਿਚ ਫਸਾਉਣ ਦੇ ਸੰਗੀਨ ਮਾਮਲੇ ਸ਼ਾਮਿਲ ਹਨ। ਵਧੀਕੀਆਂ ਨਾਲ ਸਬੰਧਿਤ 52 ਫ਼ੀਸਦੀ ਸ਼ਿਕਾਇਤਾਂ (5647) ਇਕੱਲੀਆਂ ਪੰਜਾਬ ਪੁਲਿਸ ਨਾਲ ਸਬੰਧਿਤ ਹਨ। ਕਮਿਸ਼ਨ ਨੂੰ 28 ਫ਼ੀਸਦੀ (3015) ਸ਼ਿਕਾਇਤਾਂ ਮਿਲੀਆਂ ਕਿ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਇਨ੍ਹਾਂ ਤੋਂ ਇਲਾਵਾ ਪੁਲਿਸ ਦੀ ਧੱਕੇਸ਼ਾਹੀ ਦੀਆਂ 1282 ਸ਼ਿਕਾਇਤਾਂ ਤੇ ਪੁਲਿਸ ਵਲੋਂ ਝੂਠੇ ਕੇਸਾਂ ਵਿਚ ਫਸਾਉਣ ਬਾਰੇ 741 ਸ਼ਿਕਾਇਤਾਂ ਵੀ ਮਿਲੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਿਭਾਗ ਵਿਚ ਸਿਆਸੀ ਦਖ਼ਲਅੰਦਾਜ਼ੀ ਲੋੜ ਤੋਂ ਵੱਧ ਹੈ ਜਿਸ ਕਰਕੇ ਪੰਜਾਬ ਪੁਲਿਸ ਨੂੰ ਨਿਰਪੱਖਤਾ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ। ਇਸ ਲਈ ਜੇਕਰ ਪੰਜਾਬ ਪੁਲਿਸ ਨੇ ਆਪਣਾ ਅਕਸ ਸੁਧਾਰਨਾ ਹੈ ਤਾਂ ਉਸ ਨੂੰ ਸਿਆਸਤ ਤੋਂ ਨਿਰਲੇਪ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਆਮ ਲੋਕਾਂ ਨੂੰ ਵੀ ਆਪਣੀ ਸੁਰੱਖਿਆ ਪ੍ਰਤੀ ਪੂਰਨ ਵਿਸ਼ਵਾਸ ਬਹਾਲ ਹੋ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਅਜੋਕੇ ਨੇਤਾ ਅਤੇ ਖ਼ੁਦਗਰਜ਼ੀ
ਵੋਟਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਸਿਆਸੀ ਗਲਿਆਰਿਆਂ 'ਚ ਜੋੜ-ਤੋੜ ਦੇ ਸਮੀਕਰਨ ਬਣਨੇ ਸ਼ੁਰੂ ਹੋ ਜਾਂਦੇ ਹਨ। ਪਾਰਟੀਆਂ ਪ੍ਰਤੀ ਨਾਰਾਜ਼ਗੀਆਂ ਜ਼ਾਹਰ ਕੀਤੀਆਂ ਜਾਂਦੀਆਂ ਹਨ ਪਰ ਸੱਤਾ 'ਚ ਹੁੰਦਿਆਂ ਸੱਤਾ ਦੇ ਨਸ਼ੇ 'ਚ ਆਮ ਜਨਤਾ ਦੇ ਮੁੱਦੇ ਅਤੇ ਨਾਰਾਜ਼ਗੀਆਂ ਕਦੇ ਵੀ ਜ਼ਾਹਰ ਨਹੀਂ ਹੁੰਦੀਆਂ। ਸਾਡੇ ਦੇਸ਼ ਵਿਚ ਰਾਜਨੀਤਕ ਪੈਂਤੜਿਆਂ ਦੀ ਸਿਆਸਤ ਭਾਰੂ ਹੈ। ਹਰ ਨੇਤਾ ਅਜਿਹੇ ਸਮੇਂ ਪੈਂਤੜਾ ਖੇਡਦਾ ਹੈ। ਅਜਿਹੇ ਲੋਕ ਪੀੜ੍ਹੀ ਦਰ ਪੀੜ੍ਹੀ ਸਿਆਸੀ ਨਸ਼ੇ ਦਾ ਅਨੰਦ ਮਾਨਣਾ ਚਾਹੁੰਦੇ ਹਨ। ਨੇਤਾ ਆਪਣੀ ਅਗਲੀ ਪੀੜ੍ਹੀ ਨੂੰ ਨੇਤਾ ਹੀ ਬਣਾਉਣਾ ਚਾਹੁੰਦਾ ਹੈ, ਸਰਕਾਰੀ ਨੌਕਰ ਨਹੀਂ। ਇਹ ਲੋਕ ਸਿਆਸਤ ਨੂੰ ਨਿੱਜੀ ਜਾਇਦਾਦ ਸਮਝਦੇ ਹਨ। ਆਮ ਲੋਕਾਂ 'ਚੋਂ ਵਧੀਆ, ਸਾਕਾਰਾਤਮਕ, ਉਸਾਰੂ ਅਤੇ ਸਮਾਜਵਾਦੀ ਸੋਚ ਰੱਖਣ ਵਾਲਿਆਂ ਨੂੰ ਸਿਆਸਤ 'ਚ ਅੱਗੇ ਨਹੀਂ ਆਉਣ ਦਿੱਤਾ ਜਾਂਦਾ, ਕਿਉਂਕਿ ਸਿਆਸਤ 'ਤੇ ਭਾਰੂ ਖ਼ੁਦਗਰਜ਼ੀ ਕਿਸਮ ਲੋਕਾਂ ਦਾ ਸਿਆਸੀ ਰੋਟੀਆਂ ਦਾ ਸੇਕਣ ਦਾ ਧੰਦਾ ਖ਼ਤਮ ਹੁੰਦਾ ਨਜ਼ਰ ਆਉਂਦਾ ਹੈ। ਸੋ, ਜਨਤਾ ਨੂੰ ਵੋਟਾਂ ਵੇਲੇ ਨੇਤਾ ਤੋਂ ਅਜਿਹੇ ਸਵਾਲ ਪੁੱਛਣੇ ਚਾਹੀਦੇ ਹਨ, ਪੜ੍ਹੇ-ਲਿਖੇ, ਸਾਫ਼-ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਜਿਹੇ ਦਲ ਬਦਲੂਆਂ ਨੂੰ ਖ਼ੁਦਗਰਜ਼ ਨੇਤਾਵਾਂ ਨੂੰ ਤਿਲਾਂਜ਼ਲੀ ਦੇਣੀ ਚਾਹੀਦੀ ਹੌੈ।


-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।


ਮਾਂ-ਬੋਲੀ ਤੇ ਅਸੀਂ
ਸਦੀਆਂ ਪਹਿਲਾਂ ਉਹ ਦਿਨ ਕਿੰਨਾ ਸੁਭਾਗਾ ਹੋਵੇਗਾ ਜਦੋਂ ਮਨੁੱਖ ਨੇ 'ਮਾਂ' ਲਫ਼ਜ਼ ਬੋਲਿਆ ਹੋਵੇਗਾ। ਮਾਂ ਜਨਮ ਤੋਂ ਲੈ ਕੇ ਅਤੇ ਮਾਂ ਬੋਲੀ ਜ਼ਿੰਦਗੀ ਵਿਚ ਜਿਊਣ ਦੇ ਅਰਥ ਦੱਸਦੀ ਹੈ। ਵਿਗਿਆਨੀ ਸੰਸਾਰ ਵੀ ਇਹ ਗੱਲ ਮੰਨਦਾ ਹੈ ਕਿ ਮਾਤਾ ਦੇ ਗਰਭ ਵਿਚ ਹੀ ਜਿਵੇਂ-ਜਿਵੇਂ ਬੱਚਾ ਵਿਕਾਸ ਕਰਦਾ ਹੈ, ਉਹ ਮਾਂ ਦੀ ਬੋਲੀ ਗ੍ਰਹਿਣ ਕਰਨ ਲੱਗ ਜਾਂਦਾ ਹੈ। ਬੱਚਿਆਂ ਨੂੰ ਮਾਂ ਬੋਲੀ ਤੋਂ ਤੋੜਣਾ ਪਾਪ ਤੋਂ ਘੱਟ ਨਹੀਂ ਹੈ। ਮਾਂ ਬੋਲੀ ਮਾਂ ਦੇ ਦੁੱਧ ਤੇ ਖੂਨ ਤੋਂ ਸਿੱਖੀ ਹੋਈ ਜ਼ਬਾਨ ਹੈ। ਇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਮਾਂ ਬੋਲੀ ਮਨੁੱਖ ਦੀ ਬੁਨਿਆਦੀ ਪਛਾਣ ਹੈ। ਦੁਨੀਆ ਵਿਚ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਹੈ ਚੰਗੀ ਗੱਲ ਹੈ ਕਿ ਹੋਰ ਭਾਸ਼ਾਵਾਂ ਨੂੰ ਵੀ ਸਿੱਖਿਆ ਜਾਵੇ ਪਰ ਨਾਲ ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾ ਭੁਲਾਇਆ ਜਾਵੇ। ਮਨੁੱਖ ਦੀਆਂ ਤਿੰਨ ਮਾਵਾਂ ਹਨ, ਜਨਮ ਦੇਣ ਵਾਲੀ ਮਾਂ, ਮਾਂ-ਬੋਲੀ ਤੇ ਧਰਤੀ ਮਾਂ ਇਨ੍ਹਾਂ ਨੂੰ ਨਾ ਭੁਲਾਇਆ ਜਾਵੇ। ਇਸ ਵਿਚ ਸਭ ਦਾ ਭਲਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਸੁਚੇਤ ਹੋਣ ਦੀ ਲੋੜ
ਅੱਜਕਲ੍ਹ ਵੱਖ-ਵੱਖ ਕਾਰਨਾਂ ਕਰਕੇ ਮਨੁੱਖ ਕਈ ਕਿਸਮ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਕਿਸਮ ਦੀਆਂ ਪੈਥੀਆਂ ਹੋਂਦ ਵਿਚ ਆਈਆਂ। ਆਯੁਰਵੈਦਿਕ ਦਵਾਈਆਂ ਦੀ ਵਰਤੋਂ ਪੁਰਾਤਨ ਸਮੇਂ ਤੋਂ ਕੀਤੀ ਜਾ ਰਹੀ ਹੈ। ਅਜੋਕੇ ਸਮੇਂ ਇਕ ਖ਼ਾਸ ਵਰਤਾਰਾ ਵਾਪਰ ਰਿਹਾ ਹੈ। ਮੋਢੇ 'ਤੇ ਕਿੱਟ ਪਾਈ ਕੋਈ ਨੌਜਵਾਨ ਮਿਲਦਾ ਹੈ ਜੋ ਤੁਹਾਡੇ ਨਾਲ ਸਰੀਰਕ ਬਿਮਾਰੀਆਂ ਬਾਰੇ ਗੱਲ ਕਰਦਾ ਹੈ। ਫਿਰ ਉਹ ਤੁਹਾਨੂੰ ਕਿੱਟ ਵਿਚੋਂ ਖਾਣ-ਪੀਣ ਦੇ ਕੁਝ ਉਤਪਾਦ ਕੱਢ ਕੇ ਉਨ੍ਹਾਂ ਦੇ ਫਾਇਦੇ ਦੱਸਦਾ ਹੈ, ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਉਹ ਤੁਹਾਨੂੰ ਕੰਪਨੀ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਾ ਹੈ ਤੇ ਦੱਸਦਾ ਹੈ ਕਿ ਕਿਵੇਂ ਕੰਪਨੀ 'ਚ ਆਉਣ ਤੋਂ ਬਾਅਦ ਬੰਦਾ ਕਾਫੀ ਤੇਜ਼ੀ ਨਾਲ ਅਮੀਰ ਹੋ ਸਕਦਾ ਹੈ। ਉਹ ਕੁਝ ਤਸਵੀਰਾਂ ਵੀ ਦਿਖਾਉਂਦੇ ਹਨ। ਜੇਕਰ ਤੁਸੀਂ ਕੁਝ ਦਿਲਚਸਪੀ ਦਿਖਾਉਗੇ ਤਾਂ ਅਗਲੀ ਵਾਰ ਕੁਝ ਖਾਸ ਆਦਮੀਆਂ ਨਾਲ ਉਹ ਲੜਕਾ ਕਾਰ ਲੈ ਕੇ ਆਉਂਦਾ ਹੈ ਤੇ ਉਨ੍ਹਾਂ ਨੂੰ ਉਹ ਡਾਕਟਰ ਸਾਬ੍ਹ ਕਹਿ ਕੇ ਤੁਹਾਡੀ ਉਨ੍ਹਾਂ ਨਾਲ ਜਾਣ-ਪਚਾਣ ਕਰਵਾਉਂਦਾ ਹੈ। ਉਹ ਤੁਹਾਡੇ 'ਤੇ ਕਲਾਸ ਲਾਉਂਦੇ ਹਨ। ਕਈ ਤਾਂ ਉਨ੍ਹਾਂ ਦੇ ਜਾਲ ਵਿਚ ਫਸ ਕੇ ਠੱਗੇ ਵੀ ਜਾਂਦੇ ਹਨ। ਸਾਨੂੰ ਇਸ ਵਰਤਾਰੇ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਜਿਹੇ ਉਤਪਾਦ ਬਹੁਤ ਮਹਿੰਗੇ ਹੁੰਦੇ ਹਨ ਜੋ ਮੈਡੀਕਲ ਵਿਗਿਆਨ ਦੀ ਕਸਵੱਟੀ 'ਤੇ ਖਰੇ ਨਹੀਂ ਉਤਰਦੇ।


-ਸੀਰਾ ਗਰੇਵਾਲ
ਰੌਂਤਾ, ਜ਼ਿਲ੍ਹਾ ਮੋਗਾ।


ਪੱਛਮੀ ਦੇਸ਼ਾਂ ਦੀ ਧੱਕੇਸ਼ਾਹੀ
ਇਕ ਵਾਰ ਫਿਰ ਪੱਛਮੀ ਦੇਸ਼ਾਂ ਨੇ ਮਨੁੱਖਤਾ ਦੇ ਭਲੇ ਵਾਲਾ ਕੌਮਾਂਤਰੀ ਕਾਨੂੰਨ ਛਿੱਕੇ ਟੰਗ ਕੇ ਖੁੱਲ੍ਹਮ-ਖੁੱਲ੍ਹਾ, ਇਕ ਹੋਰ ਦੇਸ਼ ਵੈਨਜ਼ੂਏਲਾ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ ਹੈ। ਲੋਕਤੰਤਰਿਕ ਢੰਗ ਨਾਲ ਹੋਈਆਂ ਚੋਣਾਂ ਵਿਚ ਮੈਦੇਰੋ ਦੀ ਜਿੱਤ ਹੋਣ 'ਤੇ ਉਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਪਰ ਧੱਕੇਸ਼ਾਹੀ ਕਰਦਿਆਂ ਵਿਰੋਧੀ ਨੇਤਾ ਗੁਏਡੋ ਨੇ ਆਪਣੇ-ਆਪ ਨੂੰ ਅੰਤ੍ਰਿਮ ਪ੍ਰਧਾਨ ਹੋਣ ਦਾ ਐਲਾਨ ਕਰ ਦਿੱਤਾ। ਸਿਰਫ ਦੋ ਘੰਟਿਆਂ ਵਿਚ ਹੀ ਅਮਰੀਕਾ ਦੀਆਂ ਕਠਪੁਤਲੀਆਂ ਕੈਨੇਡਾ, ਫਰਾਂਸ ਤੇ ਇੰਗਲੈਂਡ ਆਦਿ ਤਾਕਤਾਂ ਨੇ ਗੁਏਡੋ ਨੂੰ ਮਾਨਤਾ ਦੇ ਦਿੱਤੀ। ਇਸ ਘਟਨਾਕ੍ਰਮ ਦੇ ਚਲਦਿਆਂ ਰੂਸ, ਚੀਨ, ਤੁਰਕੀ, ਈਰਾਨ, ਮੈਕਸੀਕੋ ਤੇ ਹੋਰ ਮਿੱਤਰ ਦੇਸ਼ਾਂ ਵਲੋਂ ਚੋਣਾਂ ਵਿਚ ਜਿੱਤੇ ਹੋਏ ਮੈਦੇਰੋ ਦੇ ਹੱਕ ਵਿਚ ਨਿਤਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅਮਰੀਕਾ ਦੇ ਭਾਈਵਾਲ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਵੈਨਜ਼ੂਏਲਾ ਦੇ ਘਰੇਲੂ ਮਸਲਿਆਂ ਵਿਚ ਦਖ਼ਲਅੰਦਾਜ਼ੀ ਕੀਤੀ ਤਾਂ ਇਹ ਦੇਸ਼ 'ਅੱਗ ਦੀਆਂ ਲਪਟਾਂ' ਵਿਚ ਘਿਰ ਕੇ ਇਕ ਹੋਰ ਸੀਰੀਆ ਬਣ ਜਾਏਗਾ। ਪੂਰਬੀ ਸ਼ਕਤੀਆਂ ਭਾਰਤ, ਰੂਸ ਤੇ ਚੀਨ ਨੂੰ ਵਿਸ਼ਵ ਯੁੱਧ ਬਣਨ ਜਾ ਰਹੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਆਪਣੇ-ਆਪਣੇ ਤੌਰ 'ਤੇ ਆਪਣੀਆਂ ਸਾਰਥਿਕ ਸ਼ਕਤੀਆਂ ਰਾਹੀਂ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਬੇਦੋਸ਼ੀ ਮਨੁੱਖਤਾ ਦਾ ਕਤਲੇਆਮ ਨਾ ਹੋਵੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ,
ਭੱਟੀਵਾਲ, ਗੁਰਦਾਸਪੁਰ।

12-03-2019

 ਵਿਦੇਸ਼ਾਂ ਵੱਲ ਰੁਝਾਨ

ਬੀਤੇ ਦਿਨ ਲੋਕ ਮੰਚ ਸਫ਼ੇ 'ਤੇ 'ਨੌਜਵਾਨਾਂ ਦਾ ਵਧ ਰਿਹਾ ਵਿਦੇਸ਼ਾਂ ਵੱਲ ਰੁਝਾਨ' ਲੇਖ ਪੜ੍ਹਿਆ, ਲੇਖਕ ਨੇ ਵਧੀਆ ਢੰਗ ਨਾਲ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਾਡਾ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਹੈ। ਇਥੇ ਬਰਕਤਾਂ ਹੀ ਬਰਕਤਾਂ ਹਨ, ਕਿਸੇ ਕਿਸਮ ਦੀ ਕੋਈ ਘਾਟ ਨਹੀਂ। ਮੌਜੂਦਾ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਹੁਣ ਵੀ ਦੇਸ਼ ਨੂੰ ਮੁੱਠੀ ਭਰ ਲੋਕ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਇਸ ਦੇਸ਼ ਨੂੰ ਘੁਟਾਲਿਆਂ ਦਾ ਦੇਸ਼ ਵੀ ਕਿਹਾ ਜਾ ਸਕਦਾ ਹੈ, ਕੋਈ ਅਤਿਕਥਨੀ ਨਹੀਂ। ਕੁੱਲ ਮਿਲਾ ਕੇ ਇਥੇ ਰਾਜਨੀਤਕ ਸਿਸਟਮ 'ਚ ਦੋਸ਼ ਹੈ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵੋਟਾਂ ਦੀ ਰਾਜਨੀਤੀ, ਅਨੇਕਾਂ ਚੋਣਾਵੀ ਜੁਮਲੇ ਆਦਿ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਦੇਸ਼ ਦਾ ਰੌਸ਼ਨ ਦਿਮਾਗ ਨੌਜਵਾਨ ਵਿਦੇਸ਼ ਜਾਣ ਨੂੰ ਤਰਜੀਹ ਦੇ ਰਿਹਾ ਹੈ। ਇਥੇ ਮਿਹਨਤ ਦੀ ਕੋਈ ਕਦਰ ਨਹੀਂ, ਕੋਈ ਬਣਦਾ ਮੁੱਲ ਨਾ ਪੈਂਦਾ ਵੇਖ ਉਹ ਵਿਦੇਸ਼ਾਂ ਵਿਚ ਮਿਹਨਤ ਕਰਨਾ ਸੁਰੱਖਿਅਤ ਸਮਝਦਾ ਹੈ। ਇਸ ਰੁਝਾਨ ਨੂੰ ਰੋਕਣਾ ਹੋਵੇਗਾ। ਸਰਕਾਰਾਂ ਵਲੋਂ ਸਮੇਂ-ਸਮੇਂ ਨੌਜਵਾਨਾਂ ਨੂੰ ਢੁਕਵੇਂ ਰੁਜ਼ਗਾਰ ਦੇਣੇ ਬਣਦੇ ਹਨ। ਦੇਸ਼ ਦਾ ਬਹੁਤ ਜ਼ਿਆਦਾ ਧਨ ਵਿਦੇਸ਼ਾਂ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ। ਵਿਦੇਸ਼ ਜਾਣ ਦੀ ਵੱਡੀ-ਵੱਡੀ ਇਸ਼ਤਿਹਾਰਬਾਜ਼ੀ ਦੇ ਕਾਰਨ ਵੀ ਨੌਜਵਾਨ ਪੀੜ੍ਹੀ ਸ਼ਿਕਾਰ ਹੋ ਰਹੀ ਹੈ। ਇਸ ਗੰਭੀਰ ਮੁੱਦੇ 'ਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਬਣਦਾ ਹੈ।

-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਟੋਲ ਪਲਾਜ਼ੇ

ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਹਰ ਭਾਰਤੀ ਰੋਡ ਟੈਕਸ ਅਦਾ ਕਰਦਾ ਹੈ ਪਰ ਨਵੀਂ ਗੱਡੀ ਲੈ ਕੇ ਵਿਅਕਤੀ 50 ਕਿਲੋਮੀਟਰ ਦੂਰ ਨਹੀਂ ਜਾ ਸਕਦਾ ਕਿਉਂਕਿ ਸਰਕਾਰਾਂ ਦੇ ਮਨਜ਼ੂਰ ਸ਼ੁਦਾ ਟੋਲ ਪਲਾਜ਼ੇ ਮੂੰਹ ਅੱਡੀ ਖੜ੍ਹੇ ਹਨ। ਉਥੇ ਫਿਰ ਟੋਲ ਫੀਸ ਦੇ ਰੂਪ 'ਚ ਰੋਡ ਟੈਕਸ ਦੀ ਦੋਹਰੀ ਮਾਰ। ਵਾਹਨ ਮਾਲਕ ਨੂੰ ਓਨਾ ਵਾਧੂ ਤੇਲ ਖਪਤ ਅਤੇ ਵਾਹਨ ਦੇ ਰੱਖ-ਰਖਾਅ ਦਾ ਖਰਚਾ ਨਹੀਂ ਪੈਦਾ, ਜਿੰਨਾ ਟੋਲ ਪਲਾਜ਼ਿਆਂ 'ਤੇ ਅਦਾ ਕਰਨਾ ਪੈਂਦਾ ਹੈ। ਬਠਿੰਡਾ ਤੋਂ ਚੰਡੀਗੜ੍ਹ ਤੱਕ 5 ਟੋਲ ਪਲਾਜ਼ੇ ਪੈਂਦੇ ਹਨ, ਜਿਨ੍ਹਾਂ ਲਈ ਇਕ ਪਾਸੇ ਦੇ ਲਗਪਗ 250 ਰੁਪਏ ਅਦਾ ਕਰਨੇ ਪੈਂਦੇ ਹਨ। ਗੱਲ ਕੀ ਪੰਜਾਬ ਦੀ ਹਰ ਨਵੀਂ ਬਣ ਰਹੀ ਸੜਕ ਟੋਲ ਪਲਾਜ਼ਾ ਦੀ ਉੱਤਪਤੀ ਹੈ ਅਤੇ ਆਮ ਲੋਕਾਂ ਦੀ ਜੇਬ 'ਤੇ ਭਾਰੂ ਹੈ। ਸਿਆਸੀ ਗਲਿਆਰੇ ਵਿਕਾਸ ਦੀਆਂ ਟਾਹਰਾਂ ਮਾਰ ਕੇ ਸੜਕਾਂ ਅਤੇ ਸੜਕਾਂ 'ਤੇ ਉਸਾਰੇ ਪੁਲਾਂ ਵਿਕਾਸ ਦੱਸਦੇ ਹਨ ਪਰ ਇਸ ਵਿਕਾਸ ਦੀ ਆੜੇ ਆਮ ਲੋਕਾਂ ਦੀ ਜੇਬ ਨੂੰ ਕਿੰਨਾ ਖੋਰ ਲੱਗ ਰਿਹਾ ਹੈ, ਕੋਈ ਨਹੀਂ ਜਾਣਦਾ। ਇਸ ਪ੍ਰਤੀ ਮੇਜਰ ਸਿੰਘ ਨਾਭਾ ਦਾ ਲੇਖ ਵੀ ਜਾਣਕਾਰੀ ਭਰਪੂਰ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਟੋਲ ਬੈਰੀਅਰ ਲਗਾਉਣ ਲਈ ਕੋਈ ਸਰਕਾਰੀ ਮਾਪਦੰਡ ਤੈਅ ਨਹੀਂ। ਸੋ ਸਰਕਾਰਾਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣ ਦੀ ਲੋੜ ਹੈ।

-ਸਤਨਾਮ ਸਿੰਘ ਮੱਟੂ, ਬੀਂਬੜ੍ਹ, ਸੰਗਰੂਰ।

ਗੰਭੀਰ ਹੋਣ ਦੀ ਲੋੜ

ਹਵਾ ਦੀ ਗੁਣਵੱਤਾ 'ਚ ਆ ਰਿਹਾ ਨਿਘਾਰ ਤੇ ਪਾਣੀ ਦਾ ਲਗਾਤਾਰ ਥੱਲੇ ਵੱਲ ਜਾਣਾ ਪੰਜਾਬ ਲਈ ਬੇਹੱਦ ਗੰਭੀਰ ਮਸਲਾ ਹੈ। ਹਵਾ ਦੀ ਗੁਣਵੱਤਾ 'ਚ ਨਿਘਾਰ ਇਸ ਕਦਰ ਵਧ ਗਿਆ ਹੈ ਕਿ ਦੁਨੀਆ 'ਚ ਹਰ ਸਾਲ 60 ਲੱਖ ਲੋਕ ਮੌਤ ਦੇ ਮੂੰਹ ਚਲੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ 90 ਫ਼ੀਸਦੀ ਲੋਕ ਪ੍ਰਦੂਸ਼ਿਤ ਹਵਾ ਦਾ ਸ਼ਿਕਾਰ ਹੋ ਚੁੱਕੇ ਹਨ। ਹਵਾ ਦੀ ਗੁਣਵੱਤਾ 'ਤੇ ਉੱਠੇ ਸਵਾਲਾਂ ਦੇ ਨਾਲ-ਨਾਲ ਪੰਜਾਬ ਵਿਚਲੇ ਪਾਣੀ ਦਾ ਲਗਾਤਾਰ ਥੱਲੇ ਜਾਣਾ ਪੰਜਾਬ ਵਾਸੀਆਂ ਲਈ ਇਕ ਦਿਨ ਵੱਡੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਪਾਣੀ ਸਬੰਧੀ ਪਿਛਲੇ ਅੰਕੜੇ ਤੇ ਤਜਰਬੇ ਸਪੱਸ਼ਟ ਕਰਦੇ ਹਨ ਕਿ ਮਈ ਮਹੀਨੇ 'ਚ ਲਗਾਏ ਝੋਨੇ ਕਾਰਨ ਪਾਣੀ ਦਾ ਪੱਧਰ 60 ਸੈਂਟੀਮੀਟਰ ਹੇਠਾਂ ਚਲਾ ਜਾਂਦਾ ਹੈ। ਇਸ ਦੇ ਉਲਟ ਜੂਨ ਮਹੀਨੇ 'ਚ ਲਗਾਏ ਝੋਨੇ ਕਾਰਨ ਪਾਣੀ ਦੀ ਗਿਰਾਵਟ ਜ਼ੀਰੋ ਰਹਿ ਜਾਂਦੀ ਹੈ। ਭਾਵ ਇਸ ਮਹੀਨੇ ਬਰਸਾਤ ਸ਼ੁਰੂ ਹੋ ਜਾਂਦੀ ਹੈ। ਉਪਰੋਕਤ 'ਤੇ ਅਮਲ ਕਰਨ ਨਾਲ ਪਾਣੀ ਨੂੰ ਵੱਡੀ ਪੱਧਰ 'ਤੇ ਬਚਾਇਆ ਜਾ ਸਕਦਾ ਹੈ। ਅੱਜ ਸਰਕਾਰ ਤੇ ਸਮੂਹ ਪੰਜਾਬੀ ਪਾਣੀ ਦੀ ਖਪਤ ਸਬੰਧੀ ਤੇ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਗੰਭੀਰ ਹੋਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਰਾਬ ਦੀ ਖਪਤ

ਅਕਸਰ ਹੀ ਕਿਸੇ ਨਾ ਕਿਸੇ ਅਦਾਰੇ ਜਾਂ ਸੰਸਥਾਵਾਂ ਵਲੋਂ ਨਸ਼ੇ ਦੇ ਸਬੰਧ ਵਿਚ ਅੰਕੜੇ ਪੇਸ਼ ਕੀਤੇ ਜਾਂਦੇ ਹਨ ਤਾਂ ਉਹ ਅੰਕੜੇ ਕਈ ਵਾਰ ਹੈਰਾਨੀਜਨਕ ਤਾਂ ਹੁੰਦੇ ਹੀ ਹਨ, ਨਾਲ ਹੀ ਸ਼ਰਮਸਾਰ ਕਰਨ ਵਾਲੇ ਵੀ ਹੁੰਦੇ ਹਨ ਕਿ ਸਾਡਾ ਚੰਗਾ ਤੇ ਸਿੱਖਿਅਤ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਇਸ ਵਾਰ ਵੀ ਅੰਕੜੇ ਪੜ੍ਹਨ-ਸੁਣਨ ਨੂੰ ਮਿਲੇ ਹਨ। ਪੰਜਾਬ 'ਚ ਹੋਰਾਂ ਨਸ਼ਿਆਂ ਤੋਂ ਬਗੈਰ ਸ਼ਰਾਬ ਭਾਵ ਦਾਰੂ ਦਾ ਦਰਿਆ ਵੀ ਬੜੀ ਤੇਜ਼ੀ ਨਾਲ ਵਗ ਰਿਹਾ ਹੈ ਤੇ ਪਤਾ ਨਹੀਂ ਕਿੰਨੀਆਂ ਕੁ ਮਨੁੱਖੀ ਜਾਨਾਂ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਚੁੱਕੀਆਂ ਹਨ ਤੇ ਚੜ੍ਹ ਰਹੀਆਂ ਹਨ। ਜੇ ਹੋਰ ਨਸ਼ਿਆਂ ਨੂੰ ਛੱਡ ਇਕੱਲੀ ਸ਼ਰਾਬ ਵੱਲ ਹੀ ਝਾਤੀ ਮਾਰੀਏ ਤਾਂ ਇਹ ਪੰਜਾਬ ਦੀ ਕੁੱਲ ਵਸੋਂ ਦੇ ਉਲਟ ਵੱਡੀ ਮਾਤਰਾ 'ਚ ਵਰਤੀ ਜਾ ਰਹੀ ਹੈ। ਪਰ ਪੰਜਾਬ ਵਾਸੀਆਂ ਨੂੰ ਬਹੁਤੀ ਪਰਵਾਹ ਹੀ ਨਹੀਂ ਹੈ ਜਾਂ ਫਿਰ ਬਹੁਤੇ ਸ਼ਰਾਬੀ ਕਹਾ ਕੇ ਹੀ ਖੁਸ਼ ਹਨ। ਬੜੀ ਹੈਰਾਨੀ ਹੁੰਦੀ ਹੈ ਜਦੋਂ ਅੱਜ ਦੇ ਵਿਆਹਾਂ ਜਾਂ ਹੋਰ ਸਮਾਗਮਾਂ 'ਤੇ ਪਾਣੀ ਵਾਂਗ ਸ਼ਰਾਬ ਵਰਤਾਈ ਜਾ ਰਹੀ ਹੁੰਦੀ ਹੈ। ਕੋਈ ਰੋਕ-ਟੋਕ ਨਹੀਂ। ਏਨੀ ਖੁੱਲ੍ਹ ਨਾਲ ਹੀ ਪੰਜਾਬ ਵਿਚ ਦਿਨੋ-ਦਿਨ ਸ਼ਰਾਬ ਦੀ ਖਪਤ ਵਧ ਰਹੀ ਹੈ ਤੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਪਕੜੀ ਜਾ ਰਹੀ ਹੈ। ਪੰਜਾਬ ਵਾਸੀਓ ਸਮਝੋ।

-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।

ਵਿਗਿਆਨਕ ਖੇਤੀ

ਇਕ ਪਾਸੇ ਜਿਥੇ ਕਿਸਾਨਾਂ ਵਲੋਂ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਅਤੇ ਕਿਸਾਨਾਂ ਦੇ ਮਿੱਤਰ ਕੀੜੇ ਮਰ ਰਹੇ ਹਨ, ਉਥੇ ਹੀ ਪੰਜਾਬ ਦੇ ਕਈ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਹੀ ਜੈਵਿਕ ਤਰੀਕਾ ਵਰਤ ਕੇ ਖੇਤੀ ਕਰ ਰਹੇ ਹਨ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ ਵੀ ਵੱਧ ਮੁਨਾਫ਼ਾ ਵੀ ਕਮਾ ਰਹੇ ਹਨ।
ਪੰਜਾਬ ਦੇ ਬਾਕੀ ਕਿਸਾਨਾਂ ਨੂੰ ਵੀ ਅਜਿਹੇ ਅਗਾਂਹਵਧੂ ਕਿਸਾਨਾਂ ਦੇ ਤਜਰਬਿਆਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਜਿਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ, ਉਥੇ ਖੇਤੀ ਮਾਹਿਰਾਂ ਤੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਜ਼ਮੀਨੀ ਪੱਧਰ 'ਤੇ ਆ ਰਹੀਆਂ ਮੁਸ਼ਕਿਲਾਂ ਸਮਝਣ ਤੇ ਇਨ੍ਹਾਂ ਦੇ ਹੱਲ ਲਈ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਧੂੰਏਂ ਨਾਲ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਂਝੇ ਤੌਰ 'ਤੇ ਹੱਲ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

11-03-2019

 ਸੜਕਾਂ ਤੇ ਪੰਜਾਬ
ਅੱਜ ਹਰ ਤਰ੍ਹਾਂ ਦਾ ਮੁਲਾਜ਼ਮ ਵਰਗ, ਕਿਸਾਨ ਵਰਗ, ਮਜ਼ਦੂਰ ਵਰਗ ਅਤੇ ਸਨਅਤਕਾਰ ਪ੍ਰੇਸ਼ਾਨ ਹੈ। ਵੱਖ-ਵੱਖ ਵਰਗ ਆਪੋ-ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ 'ਤੇ ਫਿਰ ਰਹੇ ਅਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਧਰਨੇ, ਮੁਜ਼ਾਹਰੇ ਕਰ ਰਹੇ ਹਨ। ਜਿਸ ਨਾਲ ਆਮ ਲੋਕ ਅਤੇ ਆਮ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਭਰਮਾਉਣ ਲਈ ਅਨੇਕਾਂ ਹੀ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਜੋ ਕਿ ਬਾਅਦ ਵਿਚ ਪੂਰੇ ਨਹੀਂ ਹੁੰਦੇ, ਜਿਸ ਨਾਲ ਅਜਿਹਾ ਕੁਝ ਵਾਪਰ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਹੀ ਪੰਜਾਬ ਦਾ ਖਜ਼ਾਨਾ ਅਕਸਰ ਖਾਲੀ ਨਜ਼ਰ ਆਉਂਦਾ ਹੈ। ਜੇਕਰ ਸਰਕਾਰ ਵਲੋਂ ਆਮਦਨ ਦੇ ਕੁਝ ਸਾਧਨ ਜੁਟਾਏ ਵੀ ਜਾਂਦੇ ਹਨ ਅਤੇ ਇਸ ਦਾ ਵੱਡਾ ਹਿੱਸਾ ਵਿਆਜ ਅਤੇ ਕਰਜ਼ਿਆਂ ਅਤੇ ਰਹਿੰਦ-ਖੂੰਹਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਚਲਾ ਜਾਂਦਾ ਹੈ। ਸਰਕਾਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੀ ਤਰੱਕੀ ਲਈ ਆਮਦਨ ਜੁਟਾਉਣ ਵਿਚ ਪ੍ਰਵੀਨਤਾ ਲਿਆਵੇ ਅਤੇ ਫਜ਼ੂਲ ਖਰਚਿਆਂ ਨੂੰ ਵੀ ਘੱਟ ਕਰੇ ਤਾਂ ਜੋ ਲੋਕਾਂ ਦੇ ਮਨਾਂ ਵਿਚ ਨਿਰਾਸ਼ਾ ਉਤਪੰਨ ਨਾ ਹੋਵੇ ਅਤੇ ਪੰਜਾਬ ਖ਼ੁਸ਼ਹਾਲੀ ਵੱਲ ਵਧ ਸਕੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਵਹਿਮਾਂ-ਭਰਮਾਂ 'ਤੇ ਚਰਚਾ
ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਇਕ ਹਿੱਸੇ ਵਲੋਂ ਵਹਿਮਾਂ-ਭਰਮਾਂ ਨੂੰ ਬੜਾਵਾ ਦੇਣ ਦੀ ਚਰਚਾ ਚੱਲੀ, ਜੋ ਚੰਗੀ ਗੱਲ ਹੈ। ਕਾਰਵਾਈ ਦੌਰਾਨ ਇਹ ਚਰਚਾ ਵੀ ਚੱਲੀ ਕਿ ਸਭ ਤੋਂ ਪਹਿਲਾਂ ਸਾਰੇ ਵਿਧਾਇਕ ਆਪੋ-ਆਪਣੇ ਹੱਥਾਂ 'ਚ ਪਾਈਆਂ ਵੱਖ-ਵੱਖ ਰਾਸ਼ੀਆਂ ਦੇ ਨਗਾਂ ਵਾਲੀਆਂ ਮੁੰਦੀਆਂ ਲਾਹ ਕੇ ਸੁੱਟਣ।
ਹੁਣ ਇਥੇ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਹੋਰਾਂ ਨੂੰ ਨਸੀਹਤ ਖੁਦ ਨੂੰ ਵਸੀਅਤ। ਕਿੰਨੇ ਦੁੱਖ ਦੀ ਤੇ ਹੈਰਾਨੀ ਦੀ ਗੱਲ ਹੈ ਕਿ ਵਿਧਾਇਕ ਵੀ ਵਹਿਮਾਂ-ਭਰਮਾਂ 'ਚ ਫਸੇ ਹੋਏ ਵੱਖ-ਵੱਖ ਰਾਸ਼ੀਆਂ ਦੇ ਨਗਾਂ ਵਾਲੀਆਂ ਮੁੰਦੀਆਂ ਪਾਈ ਫਿਰਦੇ ਹਨ। ਇਹ ਪੰਜਾਬ ਵਾਸੀਆਂ ਨੂੰ ਕਿਹੜੇ ਮੂੰਹ ਨਾਲ ਵਹਿਮਾਂ=-ਭਰਮਾਂ 'ਚੋਂ ਨਿਕਲ ਜਾਣ ਦੀਆਂ ਗੱਲਾਂ ਕਰ ਰਹੇ ਹਨ। ਦੁਨੀਆ ਜਾਣਦੀ ਹੈ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਭਗਤਾਂ ਤੇ ਸੂਰਬੀਰ ਯੋਧਿਆਂ ਦੀ ਧਰਤੀ ਹੈ। ਇਸ ਧਰਤੀ 'ਤੇ ਵਹਿਮਾਂ-ਭਰਮਾਂ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਵਹਿਮ-ਭਰਮ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਜੇਕਰ ਕੇਂਦਰ ਕੋਲ ਹੈ ਤਾਂ ਘੱਟੋ-ਘੱਟ ਸਦਨ ਮਤਾ ਪਾਸ ਕਰਕੇ ਕੇਂਦਰ ਨੂੰ ਕਾਰਵਾਈ ਕਰਨ ਲਈ ਭੇਜਦਾ ਪਰ ਅਜਿਹਾ ਨਹੀਂ ਹੋਇਆ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਲਾਪ੍ਰਵਾਹ ਲੋਕ...
ਰੇਲਵੇ ਫਾਟਕਾਂ ਨੂੰ ਕਰਾਸ ਕਰਦੀਆਂ ਸੜਕਾਂ ਤੇ ਕੇਂਦਰ ਦੇ ਰੇਲਵੇ ਵਿਭਾਗ ਵਲੋਂ ਜਾਨੀ ਮਾਲੀ ਨੁਕਸਾਨ ਤੋਂ ਬਚਣ ਲਈ ਰੇਲਵੇ ਫਾਟਕਾਂ ਨੂੰ ਲਗਾਇਆ ਜਾਂਦਾ ਹੈ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਪਤਾ ਹੋਣ ਦੇ ਬਾਵਜੂਦ ਵੀ ਕੁਝ ਲੋਕ ਬੰਦ ਫਾਟਕਾਂ ਦੇ ਹੇਠੋਂ ਦੀ ਨਿਕਲਦੇ ਨਜ਼ਰ ਆਉਂਦੇ ਹਨ, ਜਿਸ ਨੂੰ ਮੌਤ ਨਾਲ ਖੇਡਣ ਤੋਂ ਸਿਵਾਏ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਉਸ ਸਥਿਤੀ ਵਿਚ ਸਟਾਰਟ ਖੜ੍ਹੇ ਵਾਹਨਾਂ ਦੇ ਚਾਲਕਾਂ ਦੇ ਚਿਹਰੇ ਤੋਂ ਦੇਖਣ 'ਤੇ ਲਗਦਾ ਹੈ ਕਿ ਇਨ੍ਹਾਂ ਤੋਂ ਵੱਧ ਤੇਜ਼ੀ ਦੁਨੀਆ ਦੇ ਕਿਸੇ ਵੀ ਬੰਦੇ ਨੂੰ ਨਹੀਂ। ਬੰਦ ਰੇਲਵੇ ਫਾਟਕਾਂ ਤੋਂ ਅਣਗਹਿਲੀ ਵਰਤ ਕੇ ਲੰਘਦੇ ਲੋਕਾਂ ਦੀਆਂ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਦੁਨੀਆ ਨੂੰ ਅਲਵਿਦਾ ਕਹਿ ਗਈਆਂ, ਜਿਸ ਤੋਂ ਸਾਨੂੰ ਸਾਰਿਆਂ ਕੁਝ ਸਿੱਖਣ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਮੇਂ ਦੌਰਾਨ ਅਨੁਸ਼ਾਸਨਹੀਣਤਾ ਦੇ ਦਾਇਰੇ ਵਿਚ ਆਉਂਦੇ ਲੋਕਾਂ ਪ੍ਰਤੀ ਸਖ਼ਤ ਤੋਂ ਸਖ਼ਤ ਕਦਮ ਪੁੱਟੇ ਜਾਣ ਤੇ ਰੇਲਵੇ ਵਿਭਾਗ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਸਰਜੀਕਲ ਸਟ੍ਰਾਈਕ...
ਦੋ ਮਾਰਚ ਦੀ ਖ਼ਬਰ ਪੜ੍ਹੀ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, ਸਰਜੀਕਲ ਸਟ੍ਰਾਈਕ 'ਚ ਕਿੰਨੇ ਮਾਰੇ, ਇਹ ਪੜ੍ਹ ਕੇ ਠੀਕ ਲੱਗਿਆ ਕਿਉਂਕਿ ਜਿਹੜੇ ਤਿੰਨ ਸੌ ਅੱਤਵਾਦੀ ਮਰੇ ਹਨ, ਉਨ੍ਹਾਂ ਬਾਰੇ ਸਭ ਜਾਨਣਾ ਚਾਹੁੰਦੇ ਹਨ ਜੇ ਨਹੀਂ ਮਰੇ ਤਾਂ ਇਨ੍ਹਾਂ ਅਫਵਾਹਾਂ ਦਾ ਕੀ ਮਤਲਬ ਹੈ।
ਸਾਡੇ ਫ਼ੌਜੀ ਵੀਰ ਸ਼ਹੀਦ ਹੋਏ ਹਨ। ਦੇਸ਼ ਲਈ ਇਹ ਸਭ ਤੋਂ ਵੱਡੀ ਮੰਦਭਾਗੀ ਦੁੱਖ ਵਾਲੀ ਗੱਲ ਹੈ। ਪਰ ਸਰਜੀਕਲ ਸਟ੍ਰਾਈਕ ਨੂੰ ਇਕ ਪਾਰਟੀ ਦੀ ਕਾਰਵਾਈ ਕਹਿਣਾ ਜਾਂ ਪਾਰਟੀ ਵਲੋਂ ਇਸ ਦਾ ਲਾਭ ਲੈਣ ਦੀ ਕੋਸ਼ਿਸ਼ ਕਰਨਾ ਵੀ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।


-ਨਵਜੋਤ ਬਜਾਜ (ਗੱਗੂ)
ਭਗਤਾ ਭਾਈ ਕਾ।


ਦੋਹਰੀ ਮਾਰ
ਪੁਲਵਾਮਾ ਹਮਲੇ ਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜੋ ਗ਼ਲਤ ਹੈ। ਸੁਰੱਖਿਆ ਬਲਾਂ ਦਾ ਨੁਕਸਾਨ ਕਰਨਾ ਕਿਤੇ ਵੀ ਠੀਕ ਨਹੀਂ ਪਰ ਇਸ ਹਮਲੇ ਤੋਂ ਬਾਅਦ ਸਮੁੱਚੇ ਭਾਰਤ ਵਿਚ ਕਸ਼ਮੀਰੀਆਂ ਨਾਲ ਜੋ ਧੱਕਾ ਹੋ ਰਿਹਾ ਹੈ, ਠੀਕ ਨਹੀਂ ਹੈ। ਕੁਝ ਲੋਕਾਂ ਦੀ ਸੋਚ ਨੂੰ ਧੱਕੇ ਨਾਲ ਸਭ 'ਤੇ ਠੋਸਣਾ ਜਾਇਜ਼ ਨਹੀਂ ਹੈ। ਜਿਹੜੇ ਵਿਦਿਆਰਥੀ ਕਸ਼ਮੀਰ ਤੋਂ ਦੂਰ ਬੈਠੇ ਆਪਣੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਦਾ ਇਥੇ ਕੀ ਕਸੂਰ? ਕੁਝ ਕੱਟੜ ਲੋਕ ਉਨ੍ਹਾਂ ਨੂੰ ਬੁਰੇ ਤਰੀਕੇ ਨਾਲ ਜ਼ਲੀਲ ਕਰ ਰਹੇ ਹਨ। ਕਸ਼ਮੀਰ ਵਾਪਸ ਜਾਣ ਲਈ ਮਜਬੂਰ ਕਰ ਰਹੇ ਹਨ। ਵਿਦਿਆਰਥੀਆਂ 'ਤੇ ਦੋਹਰੀ ਮਾਰ ਪੈ ਰਹੀ ਹੈ।
ਇਕ ਤਾਂ ਪੜ੍ਹਾਈ ਵਿਚ ਹੀ ਛੱਡਣ ਦਾ ਨੁਕਸਾਨ ਤੇ ਦੂਸਰਾ ਕਸ਼ਮੀਰ ਦੇ ਹਾਲਾਤ ਖਰਾਬ ਹਨ, ਵਿਦਿਆਰਥੀ ਜਾਣ ਤਾਂ ਕਿਧਰ ਜਾਣ, ਏਨਾ ਧੱਕਾ ਠੀਕ ਨਹੀਂ ਹੁੰਦਾ। ਸਾਰੇ ਕਸ਼ਮੀਰੀ ਲੋਕ ਵੀ ਗ਼ਲਤ ਨਹੀਂ ਹਨ ਤੇ ਕੁਝ ਕੁ ਪਿਛੇ ਸਭ ਨੂੰ ਇਕੋ ਨਜ਼ਰ ਨਾਲ ਵੀ ਵੇਖਣਾ ਨਹੀਂ ਚਾਹੀਦਾ। ਪੰਜਾਬ ਦੀਆਂ ਕੁਝ ਸੰਸਥਾਵਾਂ ਨੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ, ਵੱਡਾ ਹੌਸਲਾ ਤੇ ਹਮਦਰਦੀ ਹੈ। ਵਿਦਿਆਰਥੀਆਂ ਦਾ ਭਵਿੱਖ ਵੀ ਦਾਅ 'ਤੇ ਲੱਗ ਚੁੱਕਾ ਹੈ, ਉਹ ਗ਼ਲਤ ਪਾਸੇ ਜਾਣ ਲਈ ਮਜਬੂਰ ਨਾ ਹੋਣ।


-ਬਲਬੀਰ ਸਿੰਘ ਬੱਬੀ
ਤੱਖਰਾਂ ਲੁਧਿਆਣਾ।

08-03-2019

 ਕਸ਼ਮੀਰ ਸਮੱਸਿਆ
ਕਹਿੰਦੇ ਨੇ ਹਰੇਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਪਰ ਕਸ਼ਮੀਰ ਸਮੱਸਿਆ ਦਾ ਵੀ ਕੋਈ ਹੱਲ ਤਾਂ ਜ਼ਰੂਰ ਹੋਵੇਗਾ। ਪੁਲਵਾਮਾ ਦੇ ਹਮਲੇ ਤੋਂ ਬਾਅਦ ਜਨਤਾ ਦਾ ਰੋਹ ਵਿਚ ਆਉਣਾ ਕੁਦਰਤੀ ਗੱਲ ਹੈ। ਪਰ ਗੁੱਸੇ ਵਿਚ ਆ ਕੇ ਆਪਣਾ ਹੀ ਨੁਕਸਾਨ ਕਰਨਾ ਸਿਆਣਪ ਨਹੀਂ ਹੈ।
ਹਮਲੇ ਤੋਂ ਬਾਅਦ ਰੋਹ ਵੀ ਹੈ ਅਤੇ ਹਰ ਅੱਖ ਰੋਈ ਵੀ। ਪਰ ਕਈ ਗੱਲਾਂ ਇਹੋ ਜਿਹੀਆਂ ਆਮ ਜਨਤਾ ਦੇ ਸਾਹਮਣੇ ਆਈਆਂ ਹਨ, ਜਿਨ੍ਹਾਂ ਬਾਰੇ ਹਰ ਦੇਸ਼ ਵਾਸੀ ਜਾਣਨਾ ਚਾਹੁੰਦਾ ਹੈ ਜਿਵੇਂ ਧਾਰਾ 370 ਬਾਰੇ। ਕਹਿੰਦੇ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਇਸ ਨੂੰ ਹਟਾਉਣਾ ਜ਼ਰੂਰੀ ਹੈ ਤਾਂ ਕਿ ਵੱਡੀਆਂ ਕੰਪਨੀਆਂ ਵਾਲੇ ਉਥੇ ਜ਼ਮੀਨਾਂ ਖ਼ਰੀਦ ਕੇ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਉਥੋਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਦੀ ਜਵਾਨੀ ਗ਼ਲਤ ਹੱਥਾਂ ਵਿਚ ਨਾ ਵਿਕੇ।
ਇਹ ਗੱਲ ਸਹੀ ਹੈ ਬੇਰੁਜ਼ਗਾਰੀ ਨੌਜਵਾਨਾਂ ਨੂੰ ਗ਼ਲਤ ਰਸਤਿਆਂ 'ਤੇ ਧੱਕ ਦਿੰਦੀ ਹੈ। ਪਰ ਜੇ ਇਸ ਤਰ੍ਹਾਂ ਕੋਈ ਹੱਲ ਹੋ ਸਕਦਾ ਹੈ ਤਾਂ ਸਾਡੀਆਂ ਸਰਕਾਰਾਂ ਇਸ ਗੱਲ ਤੋਂ ਅਣਜਾਣ ਤਾਂ ਨਹੀਂ ਹੋਣਗੀਆਂ। ਮੁੱਕਦੀ ਗੱਲ ਕੋਈ ਤਾਂ ਹੱਲ ਹੋਵੇਗਾ ਪਿੰਡਾਂ ਵਾਲੇ ਅਨਪੜ੍ਹ ਲੋਕ ਦੋ ਪੈਰ ਅੱਗੇ ਪਿੱਛੇ ਕਰ ਕੇ ਵੀ ਆਪਣੇ ਮਸਲੇ ਨਿਪਟਾ ਲੈਂਦੇ ਹਨ। ਫਿਰ ਸਾਡੀਆਂ ਸਰਕਾਰਾਂ ਵੀ ਤਾਂ ਕੁਝ ਨਾ ਕੁਝ ਕਰ ਸਕਦੀਆਂ ਹੋਣਗੀਆਂ। ਵਿਚਾਰ ਕਰਨ ਦੀ ਜ਼ਰੂਰਤ ਹੈ।


-ਅੰਮ੍ਰਿਤ ਕੌਰ,
ਬਡਰੁੱਖਾਂ (ਸੰਗਰੂਰ)।


ਤਣਾਅ ਅਤੇ ਨਿਰਾਸ਼ਾ
ਅਜੋਕੇ ਦੌਰ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਅਤੇ ਵਿਦੇਸ਼ੀ ਚਕਾਚੌਂਧ ਦੀ ਦੌੜ 'ਚ ਫਸੀ ਤਣਾਅ ਅਤੇ ਨਿਰਾਸ਼ਾ ਦੇ ਆਲਮ 'ਚ ਡੁੱਬੀ ਮਹਿਸੂਸ ਹੋ ਰਹੀ ਹੈ। ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਰੁਜ਼ਗਾਰ ਤੋਂ ਵਿਰਵੇ ਅਤੇ ਬੇਉਮੀਦ ਹੋਏ ਆਈਲਟਸ ਕੇਂਦਰਾਂ 'ਚ ਬੈਂਡਜ ਦੀ ਘੁੰਮਣਘੇਰੀ 'ਚ ਫਸੇ ਸਰਕਾਰਾਂ ਦੀ ਬੇਹੁਰਮਤੀ ਦਾ ਸ਼ਿਕਾਰ ਤਣਾਅ ਮੁਕਤ ਹੋਣ ਲਈ ਲਗਾਤਾਰ ਕੋਸ਼ਿਸ਼ਾਂ 'ਚ ਹਨ। ਨੌਜਵਾਨਾਂ ਦੀ ਇਸੇ ਚਿੰਤਾਜਨਕ ਸਥਿਤੀ ਨੂੰ ਲੇਖਕ ਪੂਰਨ ਚੰਦ ਸਰੀਨ ਨੇ ਆਪਣੇ ਲੇਖ 'ਤਣਾਅ ਅਤੇ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਨੌਜਵਾਨ' ਵਿਚ ਬਿਲਕੁਲ ਸਹੀ ਜ਼ਿਕਰ ਕੀਤਾ ਹੈ। ਦੇਸ਼ 'ਚ ਵੋਟ ਬੈਂਕ ਨੀਤੀ ਆਧਾਰਿਤ ਸਹੂਲਤਾਂ ਨੂੰ ਪਰਮ ਨੂੰ ਪਰ ਅਗੇਤ ਦਿੱਤੀ ਜਾਂਦੀ ਹੈ ਜਦ ਕਿ ਸਿਆਸੀ ਗਲਿਆਰਿਆਂ ਦੇ ਲੱਛੇਦਾਰ ਭਾਸ਼ਣਾਂ ਦਾ ਸ਼ਿਕਾਰ ਰੁਜ਼ਗਾਰ ਵਿਹੂਣੀ ਨੌਜਵਾਨੀ ਵਿਦੇਸ਼ੀ ਉਡਾਰੀ ਮਾਰਨ ਤੱਤਪਰ ਹੈ। ਦੇਸ਼ ਦੀ ਪੂੰਜੀ ਅਤੇ ਨੌਜਵਾਨੀ ਵਿਦੇਸ਼ਾਂ 'ਚ ਉੱਨਤੀ ਲਈ ਸਿਰਤੋੜ ਮਿਹਨਤ ਕਰ ਰਹੀ ਹੈ। ਇਸ ਕੋਸ਼ਿਸ਼ 'ਚ ਜਿਹੜੇ ਸਫ਼ਲ ਹੋ ਜਾਂਦੇ ਹਨ, ਉਹ ਖੁਸ਼ ਅਤੇ ਅਸਫ਼ਲ ਰਹਿ ਗਏ ਤਣਾਅ ਅਤੇ ਨਿਰਾਸ਼ਤਾ ਭਰਪੂਰ ਜੀਵਨ ਜਿਊਣ ਲਈ ਮਜਬੂਰ ਹਨ। ਨੌਜਵਾਨਾਂ ਲਈ ਪਰਿਵਾਰਕ, ਸਮਾਜਿਕ, ਧਾਰਮਿਕ, ਸਮੁਦਾਇਕ ਆਦਿ ਕਾਰਨ ਬੇਰੁਜ਼ਗਾਰੀ ਅੱਗੇ ਫਿੱਕੇ ਜਾਪਦੇ ਹਨ। ਸਰਕਾਰਾਂ ਇਸ ਪ੍ਰਤੀ ਖ਼ੁਦਗਰਜ਼ੀ ਅਤੇ ਅਵੇਸਲਾਪਣ ਦਿਖਾ ਰਹੀਆਂ ਹਨ, ਜੋ ਬੇਹੱਦ ਮਾੜਾ ਰੁਝਾਨ ਹੈ। ਲੇਖਕ ਨੇ ਇਸ ਦੇ ਮੂਲ ਅਤੇ ਅਸਲੀ ਕਾਰਨਾਂ 'ਤੇ ਚਾਨਣਾ ਪਾ ਕੇ ਸਰਕਾਰਾਂ ਨੂੰ ਇਸ ਪ੍ਰਤੀ ਸੁਹਿਰਦ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।


-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

07-03-2019

 ਕਸ਼ਮੀਰੀਆਂ ਦਾ ਸੰਤਾਪ
ਸੰਪਾਦਕੀ ਲੇਖ 'ਕਸ਼ਮੀਰੀਆਂ ਦਾ ਸੰਤਾਪ' ਵਿਚ ਕਸ਼ਮੀਰੀ ਲੋਕਾਂ ਅਤੇ ਸੁਰੱਖਿਆ ਵਲੋਂ ਹੰਢਾਏ ਜਾਣ ਵਾਲੇ ਦੁੱਖਾਂ ਦੇ ਸੰਤਾਪ ਦਾ ਦ੍ਰਿਸ਼ਾਂਤ ਇਸ ਤਰ੍ਹਾਂ ਪੇਸ਼ ਕੀਤਾ ਹੈ ਜਿਵੇਂ ਇਹ ਸਾਰਾ ਕੁਝ ਅਖ਼ਬਾਰ ਪੜ੍ਹਦਿਆਂ ਨਾਟਕ ਦੇ ਰੂਪ ਵਿਚ ਅੱਖਾਂ ਸਾਹਮਣੇ ਵਾਪਰ ਰਿਹਾ ਹੋਵੇ। ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਖੂਬਸੂਰਤ ਧਰਤੀ ਕਸ਼ਮੀਰ ਦੇ ਸੁੰਦਰ ਕੁਦਰਤੀ ਨਜ਼ਾਰਿਆਂ ਅਤੇ ਖੁਸ਼ਗਵਾਰ ਵਾਤਾਵਰਨ ਨੂੰ ਪੇਸ਼ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਦੀਆਂ ਹੁਸੀਨ ਵਾਦੀਆਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਲਈ ਸੈਲਾਨੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਪਰ ਵੱਡਾ ਦੁਖਾਂਤ ਇਹ ਹੈ ਕਿ ਅੱਤਵਾਦੀ ਸੰਗਠਨਾਂ ਵਲੋਂ ਇਸ ਧਰਤੀ ਤੇ ਹੈਵਾਨੀਅਤ, ਸ਼ੈਤਾਨੀਅਤ ਦਾ ਬੋਲਬਾਲਾ ਫੈਲਾ ਕੇ ਮਾਹੌਲ ਖਰਾਬ ਕੀਤਾ ਜਾਂਦਾ ਹੈ। ਕਸ਼ਮੀਰ ਅਤੇ ਇਸ ਦੇ ਵਾਸ਼ਿੰਦੇ ਭਾਰਤ ਦਾ ਅਟੁੱਟ ਹਿੱਸਾ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਭਾਰਤ ਨਾਲੋਂ ਅਲੱਗ ਕਰਨਾ ਸੰਭਵ ਨਹੀਂ ਹੈ ਅਤੇ ਨਾ ਹੀ ਇਸ ਦੀ ਸੁਰੱਖਿਆ ਨਾਲ ਸਬੰਧਿਤ ਪਹਿਲੂਆਂ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਹੈ। ਕਸ਼ਮੀਰ ਭਾਰਤ ਦੇ ਦਿਲ ਵਜੋਂ ਜਾਣਿਆ ਜਾਂਦਾ ਹੈ। ਇਹ ਭਾਰਤੀ ਫ਼ੌਜ ਦੀ ਆਨ, ਬਾਨ ਤੇ ਸ਼ਾਨ ਹੈ।


-ਗੁਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ।


ਖ਼ੂਨਦਾਨ ਕੈਂਪ
ਖੂਨਦਾਨ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ 'ਖੂਨਦਾਨ ਮਹਾਂਦਾਨ'। ਵਰਤਮਾਨ ਸਮੇਂ ਵਿਚ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਖੂਨਦਾਨ ਕੈਂਪ ਲਗਾ ਕੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਸਦਕਾ ਲੱਖਾਂ ਹੀ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਕ ਇਨਸਾਨ ਜਿਥੇ ਦੂਸਰੇ ਇਨਸਾਨ ਨੂੰ ਬਚਾਉਣ ਲਈ ਆਪਣਾ ਖੂਨਦਾਨ ਕਰਦਾ ਹੈ, ਉਥੇ ਹੀ ਉਹ ਆਪਣੇ ਨਿਰੋਗ ਸਰੀਰ ਨੂੰ ਜਨਮ ਦਿੰਦਾ ਹੈ।
ਜੇਕਰ ਅਸੀਂ ਸਾਰੇ ਹੀ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠੀਏ ਤਾਂ ਸਾਲ ਵਿਚ ਘੱਟੋ-ਘੱਟ ਦੋ ਵਾਰ ਆਪਣਾ ਖੂਨਦਾਨ ਕਰਕੇ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਦੀ ਲੰਮੀ ਉਮਰ ਕਰ ਸਕਦੇ ਹਾਂ। ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੂਨਦਾਨ ਕਰਨ ਵਿਚ ਸਾਡੀ ਨਜ਼ਰਅੰਦਾਜ਼ਦਗੀ ਬਹੁਤ ਹੀ ਅਣਮੁੁੱਲੀਆਂ ਜਾਨਾਂ ਨੂੰ ਬੇਵਕਤੀ ਮੌਤ ਦੇ ਘਾਟ ਉਤਾਰ ਦੇਵੇਗੀ ਤੇ ਅਸੀਂ ਆਪਣੇ ਫ਼ਰਜ਼ਾਂ ਤੋਂ ਅਪਾਹਜ ਕਹਿਲਾਵਾਂਗੇ। ਇਸ ਲਈ ਸਾਰੇ ਰਲ-ਮਿਲ ਕੇ ਪ੍ਰਣ ਕਰੀਏ ਕਿ ਸਾਡਾ ਮਨੁੱਖੀ ਜੀਵਨ ਦੂਸਰਿਆਂ ਲਈ ਵਰਦਾਨ ਸਾਬਤ ਹੋਵੇ। ਕਿਸੇ ਨੇ ਸਹੀ ਹੀ ਕਿਹਾ ਹੈ ਕਿ 'ਖੂਨ ਨਾਲੀਆਂ ਵਿਚ ਨਹੀਂ ਸਗੋਂ ਨਾੜੀਆਂ ਵਿਚ ਰਹਿਣਾ ਚਾਹੀਦਾ ਹੈ।'


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਾਪੁਰ (ਨੱਥੂਮਾਜਰਾ) ਸੰਗਰੂਰ।


ਸਮਾਜ ਉਦਾਸ ਹੈ
ਵਧਦੀ ਬੇਰੁਜ਼ਗਾਰੀ, ਵਧਦੀਆਂ ਇੱਛਾਵਾਂ, ਮਾਨਸਿਕ ਅਸ਼ਾਂਤੀ ਕਰਕੇ ਸ਼ਾਂਤੀ ਦੀ ਭਾਲ ਵਿਚ ਆਪਾ ਖੋਹ ਕੇ ਡੇਰਾਵਾਦ ਦੀ ਦਲਦਲ ਵਿਚ ਦਰ-ਦਰ ਭਟਕਣ ਦੀ ਰਾਹ ਤੁਰ ਪਿਆ ਹੈ ਅਜੋਕਾ ਮਨੁੱਖ। ਕਿਰਤ ਨਾਲੋਂ ਟੁੱਟ ਕੇ ਬਾਈਪਾਸ ਅਮੀਰੀ ਭਾਲਦੇ ਮਨੁੱਖ ਨੂੰ ਇਹ ਭਾਗਾਂ ਭਰੀ ਧਰਤੀ ਬਿਗਾਨੀ ਮਹਿਸੂਸ ਹੁੰਦੀ ਜਾ ਰਹੀ ਹੈ। ਰਹਿੰਦੀ ਕਸਰ ਸਾਡੇ ਰਾਜਸੀ ਨੇਤਾਵਾਂ ਨੇ ਅਖੌਤੀ ਰੁਜ਼ਗਾਰੀ ਸੰਤਾਂ ਕੋਲੋਂ ਵੋਟਾਂ ਲਈ ਅਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਚਮਕਾਉਣ ਵਿਚ ਆਪਣਾ ਹਿੱਸਾ ਪਾ ਕੇ ਪੂਰੀ ਕਰ ਦਿੱਤੀ ਹੈ। ਅਤਿ ਦੀ ਮਹਿੰਗਾਈ ਵਿਚ ਕਿਸਾਨ ਆਪਣਾ ਅਤੇ ਆਪਣੀ ਔਲਾਦ ਦਾ ਭਵਿੱਖ ਖ਼ਤਰੇ ਵਿਚ ਵੇਖ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਸਮਾਜ ਦੇ ਸੁਚੇਤ ਵਰਗ ਵਲੋਂ ਇਨ੍ਹਾਂ ਰਾਜਸੀ ਲੋਕਾਂ ਦੀਆਂ 'ਪੂਛਾਂ' ਬਣਨ ਨਾਲੋਂ ਸਮਾਜਿਕ ਸੁਧਾਰ ਲਹਿਰਾਂ ਚਲਾਉਣੀਆਂ ਅੱਜ ਹੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਪੰਜਾਬੀ ਸਮਾਜ ਵਿਚ ਕਿਰਤ ਸੱਭਿਆਚਾਰ ਪੈਦਾ ਕਰਕੇ ਸਾਦਾ ਜੀਵਨ ਦੇ ਨਿਰਬਾਹ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਅਸੀਂ ਅਮੀਰ ਸੱਭਿਆਚਾਰ ਦੇ ਵਾਰਸ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਹਨ। ਸੋ, ਲੋੜ ਹੈ ਸਮਾਜ ਦੇ ਸੁਚੇਤ ਵਰਗ ਵਲੋਂ ਮਨੁੱਖਤਾ ਦੀ ਸਹੀ ਅਗਵਾਈ ਕਰਨ ਦੀ।


-ਮਾ: ਜਸਵੰਤ ਸਿੰਘ
ਭੱਟੀਵਾਲ, ਗੁਰਦਾਸਪੁਰ।


ਅਧਿਆਪਕ ਦਾ ਸਤਿਕਾਰ ਜਾਂ ਅਪਮਾਨ?
'ਗੁਰੂ' ਉਹ ਜੋ ਹਨੇਰੇ ਵਿਚੋਂ ਕੱਢ ਕੇ ਗਿਆਨ ਦੇ ਚਾਨਣ ਵਿਚ ਲੈ ਕੇ ਜਾਂਦਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਇਸ 'ਗੁਰੂ' ਦਾ ਆਪਣਾ ਭਵਿੱਖ ਕਿੰਨੀ ਕੁ ਰੌਸ਼ਨੀ ਵਿਚ ਹੈ। ਇਹ ਸਮਾਜ ਦਾ ਸਭ ਤੋਂ ਮਜ਼ਬੂਤ ਹਿੱਸਾ ਹੈ ਜੋ ਦੂਸਰਿਆਂ ਨੂੰ ਉਨ੍ਹਾਂ ਦੇ ਹਿਤਾਂ ਤੋਂ ਜਾਣੂ ਕਰਵਾਉਂਦਾ ਹੈ। ਸਹੀ ਜਾਂ ਗ਼ਲਤ ਦੀ ਪਛਾਣ ਕਰਾਉਣ ਦੇ ਨਾਲ-ਨਾਲ ਸੱਚ-ਝੂਠ ਵਿਚਲਾ ਫ਼ਰਕ ਵੀ ਦੱਸਦਾ ਹੈ। ਆਪਣੇ ਅਧਿਕਾਰਾਂ ਲਈ ਲੜਨਾ ਤੇ ਕਰਤੱਵਾਂ ਦੀ ਪਾਲਣਾ ਕਰਨਾ ਸਿਖਾਉਂਦਾ ਹੈ। ਪਰ ਅਫ਼ਸੋਸ ਅੱਜ ਇਸ ਗੱਲ ਦਾ ਹੈ ਕਿ ਇਸ ਅਧਿਆਪਕ ਵਰਗ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਤਾਂ ਸੁਚੇਤਤਾ, ਗਿਆਨ ਦੇ ਦਿੱਤਾ ਪਰ ਜੇ ਉਹ ਆਪ ਆਪਣੇ ਹਿਤਾਂ ਲਈ ਬੋਲ ਰਿਹਾ ਹੈ ਤਾਂ ਉਸ ਨੂੰ ਲਾਠੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੇਅਦਬੀ ਦਾ ਸਾਹਮਣਾ। ਲੋਕਤੰਤਰ ਵਿਚ ਇਸ ਵਰਗ ਦਾ ਅਜਿਹਾ ਅਪਮਾਨ ਸ਼ਾਇਦ ਦੇਸ਼ ਦੀ ਤਰੱਕੀ ਵੱਲ ਨਹੀਂ ਸਗੋਂ ਮਾੜੀ ਸਥਿਤੀ ਵੱਲ ਇਸ਼ਾਰਾ ਹੈ।


-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)।


ਬਜਟ
ਪਿਛਲੇ ਦਿਨੀਂ ਪੰਜਾਬ ਦਾ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿਚ ਸਭ ਵਰਗਾਂ ਲਈ ਕੁਝ ਹੱਦ ਤੱਕ ਰਾਹਤ ਦਿੱਤੀ ਗਈ। ਸਿੱਖਿਆ, ਸਿਹਤ, ਕੇਡਾਂ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਸਭ ਤੋਂ ਵੱਡੀ ਇਸ ਬਜਟ ਵਿਚ ਗੱਲ ਇਹ ਰਹੀ ਹੈ ਕਿ ਲੋਕਾਂ ਉੱਪਰ ਕਿਸੇ ਪ੍ਰਕਾਰ ਦਾ ਟੈਕਸ ਨਹੀਂ ਲਾਇਆ ਗਿਆ ਤੇ ਪੈਟਰੋਲ ਡੀਜ਼ਲ ਉੱਪਰ ਲੱਗ ਰਹੇ ਵੈਟ ਨੂੰ ਘਟਾ ਦਿੱਤਾ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਘਟ ਜਾਣ ਕਰਕੇ ਕੁਝ ਹੱਦ ਤੱਕ ਰਾਹਤ ਦਿੱਤੀ ਗਈ ਹੈ। ਕਿਸਾਨਾਂ ਨੂੰ ਬਿਜਲੀ ਪਹਿਲਾਂ ਦੀ ਤਰ੍ਹਾਂ ਮੁਹੱਈਆ ਕਰਵਾਉਣ ਲਈ 8,969 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸਨਅਤਕਾਰਾਂ ਨੂੰ ਵੀ 1,513 ਕਰੋੜ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਉਦਯੋਗੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪੰਜਾਬ ਵਿਚ ਗਿਰ ਰਹੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਤਿੰਨ ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਤੇ 15 ਨਵੀਆਂ ਆਈ.ਟੀ.ਆਈ. ਤੇ ਯੂਨੀਵਰਸਿਟੀਆਂ ਦੇ ਫੰਡਾਂ ਵਿਚ ਵੀ ਛੇ ਗੁਣਾਂ ਵਾਧਾ ਕੀਤਾ ਗਿਆ ਹੈ। ਦਲਿਤਾਂ ਨੂੰ ਵਜ਼ੀਫ਼ਾ ਸਹੂਲਤਾਂ, ਗ਼ਰੀਬਾਂ ਨੂੰ ਮਕਾਨ ਬਣਾਉਣ, ਮਨਰੇਗਾ ਸਕੀਮ ਨੂੰ ਵੀ ਬਜਟ ਵਿਚ ਵਿਸ਼ੇਸ਼ ਤੌਰ 'ਤੇ ਸਥਾਨ ਦਿੱਤਾ ਗਿਆ ਹੈ। ਖੇਡ ਸਟੇਡੀਅਮ ਤੇ ਤਗਮਾ ਜੇਤੂ ਖਿਡਾਰੀਆਂ ਨੂੰ ਇਨਾਮ ਰਾਸ਼ੀਆਂ ਦੇਣ ਦੀ ਤਜਵੀਜ਼ ਰੱਖੀ ਗਈ ਹੈ। ਪੰਜਾਬ ਸਰਕਾਰ ਦਾ ਇਹ ਬਜਟ ਕੀ ਸੱਚਮੁੱਚ ਲੋਕਾਂ ਨੂੰ ਰਾਹਤ ਦਿੰਦਾ ਹੈ ਇਹ ਤਾਂ ਹੀ ਪਤਾ ਲੱਗੇਗਾ ਜੇਕਰ ਸੱਚਮੁੱਚ ਸਰਕਾਰ ਇਸ ਨੂੰ ਲਾਗੂ ਕਰੇਗੀ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

06-03-2019

 ਕਿਸਾਨ ਅੰਦੋਲਨ ਤੇ ਨਵੀਂ ਦਿਸ਼ਾ
ਸਾਰੇ ਭਾਰਤ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਰਲ ਕੇ ਦੇਸ਼ ਵਿਆਪੀ 'ਕਿਸਾਨ ਅੰਦੋਲਨ' ਕਰ ਰਹੀਆਂ ਹਨ। ਦੇਸ਼ ਵਿਆਪੀ ਕਿਸਾਨ ਅੰਦੋਲਨਾਂ ਪਿੱਛੇ ਪ੍ਰਮੁੱਖ ਕਾਰਨ ਫ਼ਸਲਾਂ ਦਾ ਸਹੀ ਤੇ ਢੁਕਵਾਂ ਮੁੱਲ ਨਾ ਮਿਲਣਾ ਤੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨਾ ਹੈ। ਜਿਥੇ ਬਹੁਤੇ ਕਿਸਾਨ ਇਨ੍ਹਾਂ ਦੇਸ਼ ਵਿਆਪੀ ਅੰਦੋਲਨਾਂ ਵਿਚ ਹਿੱਸਾ ਲੈ ਰਹੇ ਹਨ, ਉਥੇ ਕਈ ਕਿਸਾਨ ਨਵੀਂ ਤੇ ਚੰਗੀ ਸੋਚ ਨਾਲ ਉਸਾਰੂ ਕੰਮ ਕਰ ਰਹੇ ਹਨ। ਕਈ ਕਿਸਾਨਾਂ ਨੇ ਰਲ ਕੇ 'ਕਿਸਾਨ ਹੱਟ' ਚਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਵਿਚ ਗਾਹਕਾਂ ਨੂੰ ਘੱਟ ਕੀਮਤ 'ਤੇ ਵਧੀਆ ਤੇ ਤਾਜ਼ੀਆਂ ਸਬਜ਼ੀਆਂ ਵੇਚੀਆਂ ਜਾ ਰਹੀਆਂ ਹਨ। ਦੁੱਧ ਨੂੰ ਇਕੱਠਾ ਕਰਕੇ ਪਿੰਡ ਪੱਧਰ 'ਤੇ ਦੇਸੀ ਘਿਉ ਬਣਾਉਣ ਦੇ ਕੰਮ ਸ਼ੁਰੂ ਹੋ ਰਹੇ ਹਨ।
ਕੁਝ ਕਿਸਾਨਾਂ ਨੇ ਆਟਾ ਚੱਕੀਆਂ ਲਗਾ ਕੇ ਆਪਣੀ ਬੀਜੀ ਕਣਕ, ਮੱਕੀ ਤੇ ਹੋਰ ਵਸਤਾਂ ਪੀਸਣ ਦਾ ਪ੍ਰਣ ਲਿਆ ਹੈ। ਹਲਦੀ, ਮਿਰਚਾਂ, ਛੋਟੇ ਆਪ ਪੀਸ ਕੇ ਵੇਚਣ ਦੇ ਕੰਮ ਆਮ ਆਰੰਭ ਹੋ ਰਹੇ ਹਨ। ਕੋਹਲੂ ਲਾ ਕੇ ਤੇਲ ਕੱਢਣ ਦੇ ਉਪਰਾਲੇ ਜਾਰੀ ਕੀਤੇ ਗਏ। ਕਿਸਾਨਾਂ ਵਲੋਂ ਪਿੰਡ ਪੱਧਰ 'ਤੇ ਕਿਸਾਨ ਸੰਗਠਨਾਂ ਦਾ ਨਿਰਮਾਣ ਕਰਕੇ ਆਪਣੀਆਂ ਜਿਣਸਾਂ ਆਪ ਸ਼ਹਿਰ ਜਾ ਕੇ ਵੇਚਣ ਅਤੇ ਲੋੜ ਅਨੁਸਾਰ ਜਿਣਸਾਂ ਬੀਜਣ 'ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਹ ਖੇਤੀਬਾੜੀ ਲਈ ਚੰਗੀ ਗੱਲ ਹੈ।


-ਕੁਲਵਿੰਦਰ ਸਿੰਘ
ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਸੰਭਲਣ ਦੀ ਲੋੜ
ਜ਼ਿੰਦਗੀ ਕਈ ਪੜਾਵਾਂ ਵਿਚੋਂ ਗੁਜ਼ਰਦੀ ਹੈ। ਇਸ ਵਿਚ ਤਬਦੀਲੀਆਂ ਦਾ ਆਉਣਾ ਕੁਦਰਤੀ ਹੈ। ਉਂਜ ਜੇ ਜ਼ਿੰਦਗੀ ਦੇ 50ਵੇਂ ਵਰ੍ਹੇ ਦੀ ਗੱਲ ਕਰੀਏ ਇਹ ਬਹੁਤ ਹੀ ਸੰਭਲ ਕੇ ਚੱਲਣ ਦਾ ਸਮਾਂ ਹੁੰਦਾ ਹੈ। ਕਿਉਂਕਿ ਇਥੇ ਆ ਕੇ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਸਾਲ ਦੇ ਤੌਰ 'ਤੇ ਇਸ ਉਮਰ 'ਚ ਆਦਮੀ ਦੇ ਬੱਚੇ ਜਵਾਨ ਹੋ ਜਾਂਦੇ ਹਨ, ਉਨ੍ਹਾਂ ਦੀ ਪੜ੍ਹਾਈ, ਰੁਜ਼ਗਾਰ ਤੇ ਵਿਆਹ ਦੀ ਚਿੰਤਾ, ਘਰਾਂ ਵਿਚ ਵੰਡਾਂ ਦਾ ਸਿਲਸਿਲਾ ਅਤੇ ਸਿਹਤ ਵੀ ਇਸ ਉਮਰੇ ਕੁਝ ਵੱਧ ਗੌਰ ਮੰਗਦੀ ਹੈ। ਤਕਰੀਬਨ ਕਮਾਈ ਕਰਨ ਦਾ ਵੀ ਅੰਤ ਹੀ ਹੁੰਦਾ ਹੈ। ਸਕਿਆਂ ਨਾਲ ਗਿਲੇ-ਸ਼ਿਕਵੇ, ਸ਼ੱਕ, ਵਹਿਮ, ਭਰਮ ਆਦਿ ਦਾ ਦੌਰ ਵੀ ਇਸੇ ਉਮਰੇ ਸੁਰੂ ਹੁੰਦਾ ਹੈ। ਰੱਬ ਨਾਲ ਨਰਾਜ਼ਗੀਆਂ ਵੀ ਇਸੇ ਉਮਰੇ ਹੀ ਹੁੰਦੀਆਂ ਹਨ। ਸੋ, ਸਾਨੂੰ ਪਹਿਲਾਂ ਹੀ ਯੋਗ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਰੱਬ ਦੇ ਆਸਰੇ ਨਾਲ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਅਸੀਂ ਆਪਣੀ ਜ਼ਿੰਦਗੀ ਆਨੰਦ ਨਾਲ ਗੁਜ਼ਾਰ ਸਕਦੇ ਹਾਂ।


-ਗੁਰਚਰਨ ਸਿੰਘ, ਪਿੰਡ ਮਜਾਰਾ (ਨਵਾਂਸ਼ਹਿਰ)


ਸਹੀ ਸੇਧ ਦੀ ਜ਼ਰੂਰਤ
ਕਿਸਾਨਾਂ ਦੀਆਂ ਕਰਜ਼ੇ ਕਾਰਨ ਹੁੰਦੀਆਂ ਖ਼ੁਦਕੁਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਨਾ ਹੀ ਸਰਕਾਰਾਂ ਵਲੋਂ ਕਿਸਾਨਾਂ ਦੇ ਹਿਤ ਵਿਚ ਕੋਈ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਕੋਈ ਵੱਡੀ ਰਾਹਤ ਮਿਲੇ। ਕਿਸਾਨਾਂ ਨੂੰ ਸਭ ਤੋਂ ਵੱਧ ਲੋੜ ਚੰਗੀ ਸਲਾਹਕਾਰੀ ਦੀ ਹੈ ਤਾਂ ਜੋ ਉਨ੍ਹਾਂ ਦੀ ਯੋਗ ਅਗਵਾਈ ਕਰਕੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ। ਥੋੜ੍ਹੀਆਂ ਜ਼ਮੀਨਾਂ ਵਾਲੇ ਕਿਸਾਨ ਆਪਣੇ ਖ਼ੁਦ ਦੇ ਟਰੈਕਟਰ, ਟਰਾਲੀਆਂ ਅਤੇ ਹੋਰ ਖੇਤੀਬਾੜੀ ਨਾਲ ਸਬੰਧਿਤ ਸੰਦ ਖਰੀਦਣ ਵੇਲੇ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣ ਕਿਉਂਕਿ ਕਰਜ਼ਾ ਲੈ ਕੇ ਖਰੀਦੇ ਗਏ ਸੰਦ ਸਾਰੀ ਉਮਰ ਲਈ ਛੋਟੇ ਕਿਸਾਨਾਂ ਨੂੰ ਕਰਜ਼ਾਈ ਕਰ ਦਿੰਦੇ ਹਨ। ਭਾਵੇਂ ਕਰਜ਼ਾ ਲੈਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਪਰ ਇਹ ਵੀ ਇਕ ਵੱਡਾ ਕਾਰਨ ਹੈ ਕਿ ਸੰਦ ਵਿਕ ਜਾਂਦੇ ਹਨ ਪਰ ਕਿਸ਼ਤਾਂ ਨਹੀਂ ਚੁਕਾਈਆਂ ਜਾਂਦੀਆਂ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਤਾਂ ਲੋਹਾ ਹੀ ਖਾ ਜਾਂਦਾ ਹੈ।


-ਅੰਮ੍ਰਿਤ ਕੌਰ, ਬਡਰੁੱਖਾਂ, ਸੰਗਰੂਰ।


ਵਿਗਿਆਨਕ ਸੋਚ
ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਤਰਕਸ਼ੀਲ ਸੋਚ ਨੂੰ ਖ਼ਤਮ ਕਰ ਕੇ ਕਿਵੇਂ ਹੋਣਗੀਆਂ ਵਿਗਿਆਨਕ ਖੋਜਾਂ?' ਵਿਚਾਰਨਯੋਗ ਹੈ। ਅੱਜ ਵਿਗਿਆਨੀਆਂ ਦੀਆਂ ਕਾਢਾਂ ਨੂੰ ਪਿੱਛੇ ਕਰ ਕੇ ਵਿਗਿਆਨਕ ਜਾਂ ਮਿਥਿਹਾਸਕ ਪਾਤਰਾਂ ਨੂੰ ਕਲਪਿਤ ਤਸਵੀਰਾਂ ਰਾਹੀਂ ਵੇਖ ਸੁਣ ਕੇ ਪਿਛਾਂਹ ਖਿੱਚੂ ਸੋਚਾਂ ਦੇ ਧਾਰਨੀ ਬਣਦੇ ਜਾ ਰਹੇ ਹਾਂ। ਅੱਜ ਸਾਡਾ ਮੀਡੀਆ ਵੀ ਜੋ ਕੁਝ ਸਾਨੂੰ ਪਰੋਸ ਰਿਹਾ ਹੈ, ਉਹ ਵੀ ਪਿਛਾਂਹ ਖਿਚੂ ਹੈ। ਅੱਜ ਵਿਗਿਆਨੀਆਂ ਦੀਆਂ ਖੋਜਾਂ ਨੂੰ ਭੁੱਲ ਕੇ ਤੰਤਰਾਂ-ਮੰਤਰਾਂ ਦੇ ਜਾਲ ਵਿਚ ਫਸ ਰਹੇ ਹਾਂ। ਮਿਹਨਤ ਕਰਨ ਦੀ ਬਜਾਏ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ। ਸਵੇਰੇ-ਸਵੇਰੇ ਉੱਠਦਿਆਂ ਹੀ ਜੋ ਕੁਝ ਸਾਨੂੰ ਟੀ.ਵੀ. ਚੈਨਲਾਂ 'ਤੇ ਵੇਖਣ ਨੂੰ ਮਿਲਦਾ ਹੈ, ਉਹ ਸਾਡੀ ਨਵੀਂ ਪੀੜ੍ਹੀ ਦੀ ਸੋਚ ਨੂੰ ਖੁੰਢਿਆਂ ਕਰਨ ਵਾਲਾ ਹੈ। ਮਨੁੱਖੀ ਜਾਤੀ ਦੀਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਣ ਦਿੰਦੇ ਸਾਡੀ ਮਿਹਨਤ 'ਤੇ ਪਲਦੇ ਵਿਹਲੜ ਲੋਕ। ਅੱਜ ਸਾਨੂੰ ਵਿਗਿਆਨਕ ਸੋਚ ਦੇ ਧਾਰਨੀ ਹੋਣਾ ਪਵੇਗਾ। ਬੁੱਧੀਮਾਨ ਤੇ ਜਾਗਰੂਕ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਤਰਕਸ਼ੀਲ ਹੋਏ ਬਿਨਾਂ ਸਮਾਜਿਕ ਕਲਿਆਣ ਅਸੰਭਵ ਹੈ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਰਾਜਨੀਤਕ ਪੈਂਤੜਾ
ਇਕ ਮਾਰਚ ਨੂੰ ਹਰਜਿੰਦਰ ਸਿੰਘ ਲਾਲ ਦਾ ਲੇਖ 'ਕੀ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋ ਸਕਦੀ ਹੈ' ਪੜ੍ਹਿਆ, ਲੇਖ ਜੰਗ ਹੋਣ ਤੇ ਨਾ ਹੋਣ ਤੱਕ ਹੀ ਸੀਮਤ ਰਿਹਾ। ਲੇਖਕ ਨੇ ਭਾਜਪਾ ਦੁਆਰਾ ਚੱਲੀ ਜਾ ਰਹੀ ਚਾਲ ਦਾ ਜ਼ਿਕਰ ਵੀ ਨਹੀਂ ਕੀਤਾ। ਭਾਜਪਾ ਕੋਲ ਵੋਟਾਂ ਮੰਗਣ ਦਾ ਕੋਈ ਹੀਲਾ ਨਹੀਂ ਸੀ। ਲੋਕ ਮੋਦੀ ਸਰਕਾਰ ਦੇ ਚੋਣ ਵਾਅਦਿਆਂ ਬਾਰੇ ਸਵਾਲ ਖੜ੍ਹੇ ਕਰ ਰਹੇ ਸੀ ਤੇ ਭਾਜਪਾ ਨੂੰ ਵੀ ਆਪਣੀ ਕੁਰਸੀ ਖਿਸਕਣ ਦਾ ਪੂਰਾ ਡਰ ਸੀ। ਇਸ ਲਈ ਭਾਜਪਾ ਨੇ ਜੰਗ ਦਾ ਮਾਹੌਲ ਬਣਾ ਕੇ ਦੇਸ਼ ਵਿਚ ਰੌਲਾ ਪਵਾ ਦਿੱਤਾ ਤੇ ਲੋਕ ਅਸਲੀ ਮੁੱਦਿਆਂ ਨੂੰ ਭੁੱਲ ਕੇ ਪਾਕਿਸਤਾਨ ਤੋਂ ਬਦਲਾ ਲੈਣ ਦਾ ਆਖ ਰਹੇ ਹਨ। ਇਹ ਰੌਲਾ ਤਾਂ ਸਿਰਫ ਵੋਟਾਂ ਦਾ ਹੈ ਜੋ ਵੋਟਾਂ ਤੋਂ ਬਾਅਦ ਸ਼ਾਂਤ ਹੋ ਜਾਵੇਗਾ। ਇਤਿਹਾਸ ਵੀ ਗਵਾਹ ਹੈ ਜਿੰਨੇ ਵੀ ਹਮਲੇ ਹੋਏ ਹਨ, ਸਭ ਚੋਣਾਂ ਤੋਂ ਪਹਿਲਾਂ ਹੋਏ ਹਨ। ਲੇਖ ਇਨ੍ਹਾਂ ਗੱਲਾਂ ਬਾਰੇ ਪੂਰਾ ਸ਼ਾਂਤ ਹੈ।


-ਗੁਰਪ੍ਰੀਤ ਜੱਸਲ
ਪਿੰਡ ਚੌਗਾਲੀਵਾਲਾ (ਸੰਗਰੂਰ)।


ਦੋਸਤੀ ਜ਼ਿੰਦਾਬਾਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਡੇ ਪਾਇਲਟ ਅਭਿਨੰਦਨ ਨੂੰ ਰਿਹਾਅ ਕਰ ਕੇ ਸਾਰੇ ਹਿੰਦੁਸਤਾਨੀਆਂ ਦਾ ਦਿਲ ਜਿੱਤ ਲਿਆ ਹੈ ਤੇ ਆਪਣਾ ਕੱਦ ਇਕ ਸੂਝਵਾਨ ਨੇਤਾ ਵਜੋਂ ਉੱਚਾ ਕਰ ਲਿਆ ਹੈ। ਦੋਸਤੀ ਦੀ ਇਹ ਪੌਣ ਦੀ ਸ਼ੁਰੂਆਤ ਕਰ ਕੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ। ਰੱਬ ਕਰਕੇ ਹਿੰਦੁਸਤਾਨ ਦੇ ਮੀਡੀਆ ਨੂੰ ਅਕਲ ਆਵੇ ਤੇ ਆਪਣਾ ਸਹੀ ਕੰਮ ਕਰੇ ਕਿਉਂਕਿ ਮੀਡੀਆ ਦਾ ਕੰਮ ਹੁੰਦਾ ਹੈ ਸਚਾਈ ਨੂੰ ਸਾਹਮਣੇ ਲਿਆਉਣਾ ਨਾ ਕਿ ਬਲਦੀ 'ਤੇ ਤੇਲ ਪਾਉਣਾ। ਹਿੰਦੁਸਤਾਨ ਪਾਕਿਸਤਾਨ ਦੋਸਤੀ ਜ਼ਿੰਦਾਬਾਦ।


-ਆਕਾਸ਼ਦੀਪ ਸਿੰਘ ਔਲਖ, ਜਮਾਤ ਦਸਵੀਂ।

05-03-2019

 ਧੋਖਾ
ਕਿਸਾਨ ਨਾਲ ਹਰ ਥਾਂ ਧੋਖਾ ਹੋ ਰਿਹਾ ਹੈ। ਚਾਹੇ ਉਹ ਕੀਟਨਾਸ਼ਕ, ਨਦੀਨ ਨਾਸ਼ਕ ਦਵਾਈਆਂ ਹਨ ਜਾਂ ਬੀਜ ਆਦਿ ਪਰ ਸਰਕਾਰ ਕੋਈ ਇੰਤਜ਼ਾਮ ਨਹੀਂ ਕਰਦੀ। ਸਰਕਾਰ ਤਾਂ ਇਥੋਂ ਤੱਕ ਕਿ ਪਲਾਸਟਿਕ ਦੇ ਲਿਫ਼ਾਫ਼ੇ ਵੀ ਬੰਦ ਨਹੀਂ ਕਰਾ ਸਕੀ। ਇਹ ਦੱਸੇ ਕਿ ਕਿਹੜੀ ਦੁਕਾਨ 'ਤੇ ਅੱਜ ਦੀ ਘੜੀ ਇਹ ਲਿਫ਼ਾਫ਼ੇ ਨਹੀਂ ਮਿਲ ਰਹੇ। ਪਰ ਸਰਕਾਰ ਕੀ ਕਰੇ, ਉਹ ਤਾਂ ਆਮ ਲੋਕਾਂ ਨੂੰ ਲਾਰੇ ਲੱਪੇ ਸ਼ਰੇਆਮ ਲਾ ਰਹੀ ਹੈ। ਜਿਵੇਂ ਕਿ 24 ਜਨਵਰੀ ਨੂੰ ਸਾਰੇ ਪੰਜਾਬ ਵਿਚ ਐਲਾਨ ਕਰਾ ਦਿੱਤਾ ਕਿ ਅੱਜ ਮੁਆਫ਼ੀ ਦੇ ਚੈੱਕ ਵੰਡੇ ਜਾਣਗੇ। ਵਿਚਾਰੇ ਕਿਸਾਨ ਏਨੀ ਠੰਢ 'ਚ ਜਿਥੇ ਬੁਲਾਏ ਪੁੱਜੇ। ਪਰ ਪੱਲੇ ਇਕ ਮੱਠੀ, ਇਕ ਪਲਾਸਟਿਕ ਦਾ ਚਾਹ ਦਾ ਕੱਪ ਵੀ ਸਾਰਿਆਂ ਦੇ ਨਹੀਂ ਪਿਆ। ਸਰਕਾਰ ਨੂੰ ਕਿਸਾਨਾਂ ਨਾਲ ਏਨਾ ਧੋਖਾ ਨਹੀਂ ਕਰਨਾ ਚਾਹੀਦਾ। ਘੱਟੋ-ਘੱਟ ਮਿਲਾਵਟਖੋਰ ਕੰਪਨੀ ਨੂੰ ਤਾਂ ਫੜ ਕੇ ਬੰਦ ਕਰਨਾ ਸਰਕਾਰ ਦਾ ਫ਼ਰਜ਼ ਬਣਦਾ ਹੈ ਪਰ ਸਾਰੀਆਂ ਫੈਕਟਰੀਆਂ ਤੇ ਸਾਰੇ ਜ਼ਿੰਮੇਵਾਰ ਲੋਕ ਇਕੋ-ਜਿਹੇ ਨਹੀਂ ਹੁੰਦੇ। ਪਰ ਮਿਲਾਵਟ ਅੱਜ ਦਵਾਈਆਂ 'ਚ ਹੀ ਨਹੀਂ ਸਗੋਂ ਦੁੱਧ, ਦਹੀਂ, ਖੋਆ ਆਦਿ, ਹਰੇਕ ਚੀਜ਼ 'ਚ ਹੋ ਰਹੀ ਹੈ। ਸਰਕਾਰ ਨੂੰ ਬੇਨਤੀ ਹੈ ਕਿ ਜ਼ਰਾ ਗ਼ੌਰ ਕਰੇ। ਗ਼ਰੀਬ ਲੋਕ ਬਹੁਤ ਦੁਖੀ ਹਨ। ਅਣਆਈ ਮੌਤ ਮਰ ਰਹੇ ਹਨ। ਧੋਖੇਬਾਜ਼ਾਂ ਨੂੰ ਛੇਤੀ ਕਾਬੂ ਕਰੋ।

-ਮੱਘਰ ਸਿੰਘ
ਪਿੰਡ ਦਦਰਾਲਾ ਖਰੋਡ, ਪਟਿਆਲਾ।

ਵਿਧਾਨ ਸਭਾ ਦੀ ਕਾਰਵਾਈ
ਭਾਰਤ ਦੇ ਰਾਜ ਸਭਾ ਅਤੇ ਲੋਕ ਸਭਾ ਇਜਲਾਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ ਅਤੇ ਆਪਣੇ ਦੇਸ਼ ਦੇ ਲੋਕ ਉਨ੍ਹਾਂ ਦੇ ਸਾਰੇ ਕੰਮਕਾਜ ਨੂੰ ਆਪਣੇ ਅੱਖੀਂ ਦੇਖਦੇ ਹਨ। ਦੇਖਿਆ ਜਾਵੇ ਭਾਰਤ ਦੇ 7 ਸੂਬੇ ਗੋਆ, ਮਹਾਰਾਸ਼ਟਰ, ਕੇਰਲਾ, ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਦੀਆਂ ਵਿਧਾਨ ਸਭਾਵਾਂ ਵਲੋਂ ਵੀ ਆਪਣੇ ਇਜਲਾਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਪਿਛਲੇ ਦਿਨਾਂ ਵਿਚ ਹਰਿਆਣਾ ਵਿਧਾਨ ਸਭਾ ਵਲੋਂ ਇਕ ਦਿਨ ਦਾ ਸੈਸ਼ਨ ਰੱਖਿਆ ਗਿਆ ਸੀ, ਜਿਸ ਦਾ ਉਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ ਤਾਂ ਪੰਜਾਬ ਦੇ ਪੂਰੇ ਸੈਸ਼ਨ ਦਾ ਸਿੱਧਾ ਪ੍ਰਸਾਰਨ ਕਿਉਂ ਨਹੀਂ ਹੋ ਰਿਹਾ। ਕੁਝ ਦਿਨ ਪਹਿਲਾਂ ਵਿਧਾਨ ਸਭਾ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਵੀ (ਮੇਰੀ ਵਿਧਾਨ ਸਭਾ, ਮੇਰਾ ਹੱਕ) ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦੀ ਸ਼ੁਰੂਆਤ ਵਧੀਆ ਹੈ ਅਤੇ ਇਸ ਲਈ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਸੈਸ਼ਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਮਾਣਯੋਗ ਸਪੀਕਰ ਅਤੇ ਪੰਜਾਬ ਸਰਕਾਰ ਨੂੰ ਜ਼ੋਰ ਪਾਉਣ ਤਾਂ ਜੋ ਆਪਣੇ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਦੇਖ ਸਕਣ। ਸੈਸ਼ਨ ਦੇ ਸਿੱਧੇ ਪ੍ਰਸਾਰਨ ਨਾਲ ਵਿਧਾਇਕ ਆਪਣੇ ਇਲਾਕੇ ਦੇ ਮਸਲਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਉਣਗੇ। ਇਸ ਨਾਲ ਵਿਧਾਨ ਸਭਾ ਦੀ ਕਾਰਵਾਈ ਵੀ ਵਧੀਆ ਢੰਗ ਨਾਲ ਚੱਲ ਸਕੇਗੀ। ਇਸ ਲਈ ਸਾਰਿਆਂ ਨੂੰ ਇਕ ਸੁਰ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਵਿਧਾਨ ਸਭਾ ਵਿਚ ਜੋ ਕੰਮਕਾਜ ਹੋ ਰਿਹਾ ਹੈ, ਉਸ ਬਾਰੇ ਪਤਾ ਲੱਗੇ।

-ਅਮਨਜੋਤ ਸਿੰਘ ਮਾਵੀ
ਸਰਹਿੰਦ (ਫਤਹਿਗੜ੍ਹ ਸਾਹਿਬ)।

ਹੱਕ ਮੰਗਣ 'ਤੇ ਮਿਲਦੀਆਂ ਲਾਠੀਆਂ
30 ਸਾਲ ਪਹਿਲਾਂ ਸਰਕਾਰ ਵਲੋਂ ਸ਼ੁਰੂ ਕੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ ਜਨਤਾ ਅਤੇ ਮੁਲਾਜ਼ਮਾਂ ਦਾ ਰੱਜ ਕੇ ਨੁਕਸਾਨ ਕੀਤਾ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਪਾਰਟੀ ਮੁਲਾਜ਼ਮਾਂ ਦੇ ਵੋਟ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਫਿਰ ਮੁੱਕਰ ਜਾਂਦੀ ਹੈ। ਵੱਖ-ਵੱਖ ਵਿਭਾਗਾਂ ਵਿਚ ਠੇਕਾ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਨ ਲਈ ਮਜਬੂਰ ਹਨ। ਪਰ ਜਦੋਂ ਮੁਲਾਜ਼ਮ ਜਥੇਬੰਦੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਹਨ ਤਾਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਅੰਨ੍ਹੇਵਾਹ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਮਹਿਲਾ ਮੁਲਾਜ਼ਮਾਂ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ, ਜੋ ਕਿ ਸੰਵਿਧਾਨ ਦੇ ਉਲਟ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ 22 ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ 4 ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕੀ ਬੈਠੀ ਹੈ। ਉਲਟਾ ਹਰ ਮੁਲਾਜ਼ਮ ਨੂੰ 2400 ਰੁਪਏ ਸਾਲਾਨਾ ਟੈਕਸ ਲਾ ਦਿੱਤਾ ਹੈ। ਖਜ਼ਾਨਾ ਖਾਲੀ ਕਹਿਣ ਵਾਲੀ ਸਰਕਾਰ ਨੇ ਹਾਲ ਹੀ ਵਿਚ ਆਪਣੇ ਵਿਧਾਇਕਾਂ ਲਈ ਤਕਰੀਬਨ 80 ਕਰੋੜ ਦੀਆਂ ਲਗਜ਼ਰੀ ਗੱਡੀਆਂ ਖਰੀਦੀਆਂ ਹਨ।

-ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ ਧੂਰੀ (ਸੰਗਰੂਰ)।


ਨੇਤਾਵਾਂ ਦੀ ਬਿਆਨਬਾਜ਼ੀ
ਹਰ ਰੋਜ਼ ਅਖ਼ਬਾਰਾਂ ਵਿਚ ਨੇਤਾਵਾਂ ਦੇ ਬਿਆਨ ਪੜ੍ਹ ਕੇ ਜੋ ਕਿ ਇਕ-ਦੂਜੇ ਦੇਸ਼ ਦੇ ਵਿਰੁੱਧ ਦਿੱਤੇ ਜਾਂਦੇ ਹਨ। ਇਸੇ ਕਾਰਨ ਹੀ ਇਹ ਮਾੜੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਉਨ੍ਹਾਂ ਨੇ ਏਨੇ ਮਾਰੇ ਅਤੇ ਅਸੀਂ ਹੁਣ ਏਨੇ ਮਾਰ ਕੇ ਬਦਲਾ ਲਵਾਂਗੇ, ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਹੈ। ਸਹੀ ਬਿਆਨਬਾਜ਼ੀ ਜਾਂ ਤਰਕ ਵਾਲੀ ਸੂਝ-ਬੂਝ ਬਿਆਨਬਾਜ਼ੀ ਕਰਨ ਵਿਚ ਹੀ ਸਮਝਦਾਰੀ ਹੈ। ਪਤਾ ਤਾਂ ਉਨ੍ਹਾਂ ਨੂੰ ਹੀ ਹੈ ਜਿਨ੍ਹਾਂ ਮਾਵਾਂ ਦੇ ਲਾਲ ਅਤੇ ਬੱਚਿਆਂ ਦੇ ਸਿਰ ਤੋਂ ਪਿਉ ਦਾ ਆਸਰਾ ਚਲਾ ਜਾਂਦਾ ਹੈ। ਬਾਅਦ ਦੀ ਹਮਦਰਦੀ ਹੀ ਰਹਿ ਜਾਂਦੀ ਹੈ ਅਤੇ ਨਵੀਆਂ ਘਟਨਾਵਾਂ ਚਲਦੀਆਂ ਹੀ ਰਹਿੰਦੀਆਂ ਹਨ।

-ਕਿਸ਼ਨ ਖੇੜਾ, ਲੋਹੀਆਂ ਖਾਸ।

04-03-2019

 ਔਰਤਾਂ ਨੂੰ ਹੱਕ ਵਰਤਣ ਦਿਓ
ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿਚ ਲਗਪਗ 50 ਫ਼ੀਸਦੀ ਔਰਤਾਂ ਪੰਚ-ਸਰਪੰਚ ਚੁਣ ਕੇ ਆਈਆਂ ਹਨ, ਜਿਨ੍ਹਾਂ ਵਿਚੋਂ ਕਿੰਨੀਆਂ ਕੁ ਔਰਤਾਂ ਪੰਚੀ-ਸਰਪੰਚੀ ਕਰਦੀਆਂ ਹਨ? ਮੇਰੇ ਇਕ ਦੋਸਤ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਕਿਸੇ ਫਾਰਮ 'ਤੇ ਪੰਚ ਦੀ ਗਵਾਹੀ ਪਾਉਣ ਗਿਆ ਜਦੋਂ ਮੈਂ ਪੰਚ ਦਾ ਬੂਹਾ ਖੜਕਾਇਆ ਤਾਂ ਅੱਗੋਂ ਜਿਸ ਨੇ ਬੂਹਾ ਖੋਲ੍ਹਿਆ ਮੈਂ ਉਸ ਨੂੰ ਪੰਚ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ਪੰਚ ਤਾਂ ਘਰੇ ਹੈ ਪਰ ਸ: ਹਰਦੀਪ ਸਿੰਘ ਘਰ ਨਹੀਂ ਹੈ। ਉਸ ਸਮੇਂ ਪਤਾ ਲੱਗਾ ਕਿ ਅਸਲ ਵਿਚ ਹਰਦੀਪ ਸਿੰਘ ਦੇ ਘਰਵਾਲੀ ਪੰਚ ਹੈ ਪਰ ਮੇਰੇ ਸਮੇਤ ਸਾਰਾ ਪਿੰਡ ਕਹਿੰਦਾ ਹਰਦੀਪ ਨੂੰ ਹੀ ਪੰਚ ਸੀ। ਸੋ, ਪਿੰਡਾਂ ਵਿਚ ਔਰਤ ਪੰਚਾਂ-ਸਰਪੰਚਾਂ ਦੀ ਬਹੁਤ ਘੱਟ ਪਹਿਚਾਣ ਹੈ। ਔਰਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਹਰੇਕ ਪਿੰਡ ਕੈਂਪ ਲਗਾਉਣੇ ਚਾਹੀਦੇ ਹਨ। ਔਰਤਾਂ ਦੀ ਥਾਂ ਸਰਪੰਚੀ ਪੰਚੀ ਕਰਨ ਵਾਲੇ ਮਰਦਾਂ 'ਤੇ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਕਿ ਸੰਵਿਧਾਨਕ ਤੌਰ 'ਤੇ ਮਿਲੀ ਪੰਚੀ-ਸਰਪੰਚੀ ਨੂੰ ਔਰਤਾਂ ਮਾਣ ਸਕਣ।

-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸਵਾਈਨ ਫਲੂ
ਪਿਛਲੇ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ 'ਸਵਾਈਨ ਫਲੂ ਦਾ ਵਧਦਾ ਪ੍ਰਕੋਪ' ਦਿਲ ਨੂੰ ਝੰਜੋੜ ਗਿਆ। ਰਾਜਸਥਾਨ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਕਰਨਾਟਕ, ਹਰਿਆਣਾ, ਹਿਮਾਚਲ ਅਤੇ ਪੰਜਾਬ ਇਸ ਦੀ ਲਪੇਟ ਵਿਚ ਹਨ। ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦੀ ਮਿਲਣ ਦੇ 71 ਸਾਲਾਂ ਬਾਅਦ ਵੀ ਅਸੀਂ ਅਜਿਹੀਆਂ ਭਿਅੰਕਰ ਅਲਾਮਤਾਂ ਨਾਲ ਜੂਝ ਰਹੇ ਹਾਂ। ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਅਸੀਂ ਇਨ੍ਹਾਂ ਭਿਅੰਕਰ ਬਿਮਾਰੀਆਂ ਤੋਂ ਖਹਿੜਾ ਨਹੀਂ ਛੁਡਾ ਸਕੇ ਹਾਂ। ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗੇ ਕੂੜੇ ਕਰਕਟ ਦੇ ਅੰਬਾਰ ਅਤੇ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੀ ਵਰਤੋਂ ਅਤੇ ਵਧ ਰਿਹਾ ਕੂੜਾ ਕਰਕਟ ਇਸ ਦੇ ਕਾਰਨ ਹੋ ਸਕਦੇ ਹਨ। ਇਸ ਧਰਤੀ ਗ੍ਰਹਿ ਉੱਪਰ ਰਹਿੰਦੇ ਮਨੁੱਖ ਨੇ ਜੇਕਰ ਆਪਣੀ ਰੂੜੀਵਾਦੀ ਸੋਚ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਾਰੂ ਅਤੇ ਭਿਅੰਕਰ ਬਿਮਾਰੀਆਂ ਇਥੇ ਦਸਤਕ ਦਿੰਦੀਆਂ ਰਹਿਣਗੀਆਂ।

-ਕਾਜਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ੁੱਧਤਾ ਜੀਵਨ ਲਈ ਖਤਰਾ
ਪਿਛਲੇ ਦਿਨੀਂ ਛਪੀ ਰਿਪੋਰਟ ਮੁਤਾਬਿਕ ਕਿਸੇ ਵੱਡੇ ਸ਼ਹਿਰ ਦੀ ਸਨਅਤੀ ਇਕਾਈ ਵਲੋਂ ਤੇਜ਼ਾਬ ਅਤੇ ਵਿਅਰਥ ਖਤਰਨਾਕ ਤਰਲ ਰਸਾਇਣ ਬੰਦ ਪਏ ਬੋਰ ਵੈੱਲਾਂ ਵਿਚ ਸੁੱਟ ਕੇ ਧਰਤੀ ਹੇਠਲੇ 'ਪੀਣਯੋਗ ਪਾਣੀ' ਨੂੰ ਮਹਾਂਪਲੀਤ ਕੀਤਾ ਜਾ ਰਿਹਾ ਹੈ।
ਸਤਲੁਜ ਜੋ ਸ੍ਰੀ ਅਨੰਦਪੁਰ ਸਾਹਿਬ (ਪੰਜਾਬ) ਵਿਚ ਦਾਖਲ ਹੋ ਕੇ ਹਰੀਕੇ ਪੱਤਣ ਤੱਕ ਜਾਂਦੀ ਹੈ, ਦੋਵੇਂ ਪਾਸੇ 22 ਅਸੰਬਲੀ ਹਲਕਿਆਂ ਨਾਲ ਜੁੜ ਕੇ ਗੁਜ਼ਰਦੀ ਹੈ। ਇਨ੍ਹਾਂ ਹਲਕਿਆਂ ਦੇ ਵਾਰਿਸਾਂ ਵਲੋਂ ਕਦੀ ਵੀ ਇਹ ਯਕੀਨੀ ਨਹੀਂ ਬਣਾਇਆ ਗਿਆ ਕਿ ਮੇਰੇ ਇਲਾਕੇ ਦੀਆਂ ਸਨਅਤਾਂ ਵਲੋਂ ਗੰਦਾ ਪਾਣੀ ਜਾਂ ਖੰਡ ਮਿੱਲਾਂ ਦਾ ਸੀਰਾ ਵਿਚ ਨਾ ਮਿਲਾਇਆ ਜਾਂਦਾ ਹੋਵੇਗਾ। ਅਜਿਹਾ 'ਮਹਾਂਪਲੀਤ' ਪਾਣੀ ਜਦੋਂ ਫਸਲਾਂ ਅਤੇ ਸਬਜ਼ੀਆਂ ਲਈ ਵਰਤਿਆ ਜਾਂਦਾ ਹੈ ਤਾਂ ਪਾਣੀ ਵਿਚਲੇ ਜ਼ਹਿਰੀਲੇ ਤੱਤ ਫਸਲਾਂ ਅਤੇ ਸਬਜ਼ੀਆਂ ਵਿਚ ਸਮਾ ਜਾਂਦੇ ਹਨ। ਜੋ ਸਿੱਧੇ ਤੌਰ 'ਤੇ ਮਨੁੱਖ, ਜੀਵ-ਜੰਤੂਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਜ਼ਿਆਦਾ ਕਰਕੇ ਪ੍ਰਸ਼ਾਸਨ ਅਤੇ ਰਾਜਸੀ ਲੋਕਾਂ ਨੂੰ ਛੇਤੀ ਤੋਂ ਛੇਤੀ 'ਗੂੜ੍ਹੀ ਨੀਂਦ' ਤੋਂ ਜਾਗਣਾ ਚਾਹੀਦਾ ਹੈ, ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਪਾਣੀ ਦੀ ਪਵਿੱਤਰਤਾ ਬਣੀ ਰਹਿ ਸਕੇ।

-ਮਾ: ਜਸਵੰਤ ਸਿੰਘ
ਬਾ.ਨਾ.ਦੇ.ਪ. ਸਕੂਲ ਭੱਟੀਵਾਲ, ਗੁਰਦਾਸਪੁਰ।

ਸ਼ਰਮਨਾਕ ਘਟਨਾ
ਲੁਧਿਆਣਾ ਸਮੂਹਕ ਜਬਰ ਜਨਾਹ ਦੀ ਘਟਨਾ ਨੇ ਹਰ ਪੰਜਾਬੀ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇਸ ਬੇਹੱਦ ਸ਼ਰਮਨਾਕ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਇਹ ਜਬਰ ਜਨਾਹ ਕਰਨ ਵਾਲੇ ਸਧਾਰਨ ਲੋਕ ਨਹੀਂ ਹੁੰਦੇ ਬਲਕਿ ਇਹ ਉਹ ਦਾਨਵ ਬਿਰਤੀ ਦੇ ਲੋਕ ਹਨ ਜੋ ਆਪਣੀ ਮਾਂ ਦੀ ਵੀ ਇੱਜ਼ਤ ਨਹੀਂ ਕਰਦੇ, ਇਨ੍ਹਾਂ ਦੇ ਘਰਾਂ ਵਿਚ ਭੈਣਾਂ ਨਹੀਂ ਹਨ। ਕਿਸੇ ਔਰਤ ਨਾਲ ਇਨ੍ਹਾਂ ਦਾ ਖੂਨ ਦਾ ਰਿਸ਼ਤਾ ਨਹੀਂ। ਇਹ ਸ਼ਾਇਦ ਬਿਨਾਂ ਮਾਂ ਤੋਂ ਦੁਨੀਆ 'ਤੇ ਆਏ ਹਨ ਤਾਂ ਹੀ ਕਿਸੇ ਦੀ ਧੀ ਦੀ ਇੱਜ਼ਤ ਕੀ ਹੁੰਦੀ ਇਹ ਨਹੀਂ ਜਾਣਦੇ। ਤਾਂ ਫਿਰ ਪ੍ਰਸ਼ਾਸਨ ਨੂੰ ਵੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸਰਕਾਰ ਨੂੰ ਬੇਨਤੀ ਹੈ ਕਿ ਮੁਜਰਮਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਸਖਤ ਸਜ਼ਾ ਦੇਵੇ। ਬਦਲਦੇ ਜ਼ਮਾਨੇ ਵਿਚ ਮਾਪੇ ਵੀ ਆਪਣਾ ਫਰਜ਼ ਪਛਾਣਨ। ਆਪਣੇ ਪੁੱਤਰਾਂ ਨੂੰ ਹਰ ਔਰਤ ਦੀ ਇੱਜ਼ਤ ਕਰਨੀ ਸਿਖਾਓ। ਜੇ ਹਰ ਪਰਿਵਾਰ ਆਪਣੇ ਪੁੱਤਰ ਨੂੰ ਹਰੇਕ ਦੀ ਧੀ ਦੀ ਇੱਜ਼ਤ ਕਰਨੀ ਸਿਖਾ ਦੇਵੇ ਤਾਂ ਇਹ ਗੁਨਾਹ ਰੁਕ ਜਾਵੇਗਾ। ਚੰਗੇ ਪਰਿਵਾਰ ਚੰਗੇ ਸਮਾਜ ਦੀ ਨੀਂਹ ਰੱਖਣਗੇ।

-ਮਨਿੰਦਰ ਕੌਰ ਬੱਸੀ
ਜ਼ਿਲ੍ਹਾ ਫਤਹਿਗੜ੍ਹ ਸਾਹਿਬ।

ਪਾਣੀ ਬਚਾਓ ਪੈਸਾ ਕਮਾਓ
ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਵਿਚ 'ਪਾਣੀ ਬਚਾਓ ਪੈਸਾ ਕਮਾਓ' ਮੁਹਿੰਮ ਤਹਿਤ ਇਕ ਕਿਸਾਨ ਦੀ 1200 ਯੂਨਿਟ ਬਿਜਲੀ ਵਰਤਣ ਦੀ ਹੱਦ ਰੱਖੀ ਗਈ ਹੈ। ਜੇਕਰ ਕਿਸਾਨ 1000 ਯੂਨਿਟ ਬਿਜਲੀ ਵਰਤਦਾ ਹੈ ਤਾਂ ਬਾਕੀ ਬਚਦੇ 200 ਯੂਨਿਟਾਂ ਦੇ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 800 ਰੁਪਏ ਉਸ ਦੇ ਖਾਤੇ ਵਿਚ ਪਾ ਦਿੱਤੇ ਜਾਂਦੇ ਹਨ। ਜਿਨ੍ਹਾਂ ਕਿਸਾਨਾਂ ਨੇ ਇਹ ਸਕੀਮ ਅਪਣਾ ਕੇ ਟਿਊਬਵੈੱਲਾਂ 'ਤੇ ਮੀਟਰ ਲਗਵਾਏ ਹਨ, ਇਹ ਲਾਭ ਉਨ੍ਹਾਂ ਨੂੰ ਹੀ ਮਿਲਦਾ ਹੈ ਅਤੇ ਸਬਸਿਡੀ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਇਹ ਸਕੀਮ ਪੂਰੇ ਪੰਜਾਬ ਵਿਚ ਚਲਾਈ ਜਾਣੀ ਚਾਹੀਦੀ ਹੈ। ਜਿਸ ਨਾਲ ਜਿਥੇ ਚਾਹਵਾਨ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ, ਉਥੇ ਪਾਣੀ ਬਰਬਾਦ ਹੋਣ ਤੋਂ ਬਚਾਉਣ ਦੇ ਨਾਲ-ਨਾਲ ਧਰਤੀ ਹੇਠਲਾ ਵਡਮੁੱਲਾ ਪਾਣੀ ਵੀ ਬਚਾਇਆ ਜਾ ਸਕੇਗਾ?

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

01-03-2019

ਸਿਹਤ ਵਿਭਾਗ ਦਾ ਅਵੇਸਲਾਪਨ

ਅੱਜ ਮਨੁੱਖ ਦੀ ਜ਼ਿੰਦਗੀ ਕਿੰਨੀ ਮੁਸ਼ਕਿਲਾਂ 'ਚੋਂ ਗੁਜ਼ਰ ਰਹੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਮਨੁੱਖੀ ਜ਼ਿੰਦਗੀ ਜੂਝ ਰਹੀ ਹੈ। ਅੱਜਕਲ੍ਹ ਸਵਾਈਨ ਫਲੂ ਦਾ ਪ੍ਰਕੋਪ ਕਹਿਰ ਕਮਾ ਰਿਹਾ ਹੈ। ਬਿਮਾਰੀਆਂ ਦੀਆਂ ਕਿਸਮਾਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਹੈ, ਨਵੀਆਂ-ਨਵੀਆਂ ਬਿਮਾਰੀਆਂ ਦੇ ਨਾਂਅ ਸੁਣ-ਸੁਣ ਕੇ ਮਨੁੱਖ ਇਕ ਤਰ੍ਹਾਂ ਦਹਿਸ਼ਤ ਵਿਚ ਜੀਵਨ ਗੁਜ਼ਾਰ ਰਿਹਾ ਹੈ। ਬਹੁਤ ਸਾਰੀਆਂ ਬਿਮਾਰੀਆਂ ਦੂਸ਼ਿਤ ਹਵਾ-ਪਾਣੀ ਭਾਵ ਦੂਸ਼ਿਤ ਵਾਤਾਵਰਨ ਕਾਰਨ ਪੈਦਾ ਹੋਈਆਂ ਹਨ। ਕੁਝ ਖ਼ਤਰਨਾਕ ਬਿਮਾਰੀਆਂ ਅਵਾਰਾ ਪਸ਼ੂਆਂ ਦੇ ਧੜਾਧੜ ਵਾਧੇ ਕਾਰਨ ਪੈਦਾ ਹੋ ਰਹੀਆਂ ਹਨ। ਸਵਾਈਨ ਫਲੂ ਸੂਰਾਂ ਤੋਂ ਪੈਦਾ ਹੋਈ ਬਿਮਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤੇ ਸੂਬਿਆਂ ਅੰਦਰ ਸਵਾਈਨ ਫਲੂ ਨੇ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੂੰ ਮੌਤ ਦੇ ਮੂੰਹ 'ਚ ਧਕੇਲ ਦਿੱਤਾ ਹੈ ਅਤੇ ਦੇਸ਼ 'ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬਿਮਾਰ ਹਨ। ਏਨੇ ਵੱਡੇ ਪੱਧਰ 'ਤੇ ਮਨੁੱਖੀ ਮੌਤਾਂ ਕਿਤੇ ਨਾ ਕਿਤੇ ਸਿਹਤ ਵਿਭਾਗ ਦੀ ਅਣਦੇਖੀ ਤੇ ਅਵੇਸਲਾਪਨ ਕਾਰਨ ਹੋਈਆਂ ਹਨ। ਇਸੇ ਤਰ੍ਹਾਂ ਲੋਕਾਂ ਨੂੰ ਵੀ ਖ਼ੁਦ ਆਪਣੀ ਸਿਹਤ ਦਾ ਸਮੇਂ-ਸਮੇਂ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।

-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਮੀ, ਗੁਰਦਾਸਪੁਰ।

ਸਾਂਝੇ ਯਤਨਾਂ ਦੀ ਲੋੜ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਅਨੇਕਾਂ ਬੁਰਾਈਆਂ/ਕੁਰੀਤੀਆਂ, ਜਿਵੇਂ ਦਾਜ, ਭਰੂਣ ਹੱਤਿਆ, ਅਸ਼ਲੀਲਤਾ, ਰਿਸ਼ਵਤ ਆਦਿ ਹਨ। ਇਨ੍ਹਾਂ ਵਿਚੋਂ ਹੀ ਇਕ ਬੁਰਾਈ ਹੈ ਨਸ਼ੇ, ਜਿਸ ਨੇ ਸਾਡੇ ਸਮਾਜ ਉੱਪਰ ਬਹੁਤ ਮਾੜਾ ਪ੍ਰਭਾਵ ਪਾਇਆ ਹੈ। ਸਮਾਜ ਦਾ ਲਗਪਗ ਹਰ ਵਰਗ ਅਤੇ ਖੇਤਰ ਇਸ ਸਮਾਜਿਕ ਕੋਹੜ ਦੀ ਗ੍ਰਿਫ਼ਤ ਵਿਚ ਆ ਚੁੱਕਾ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਪਤਾ ਨਹੀਂ ਕਿੰਨੀਆਂ ਕੁ ਕੀਮਤੀ ਜਾਨਾਂ ਹੁਣ ਤੱਕ ਨਸ਼ਿਆਂ ਦੀ ਭੇਟ ਚੜ੍ਹ ਚੁੱਕੀਆਂ ਹਨ ਅਤੇ ਹੋਰ ਪਤਾ ਨਹੀਂ ਕਿੰਨੀਆਂ ਚਲਦੀਆਂ ਫਿਰਦੀਆਂ ਲਾਸ਼ਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਅਨਪੜ੍ਹਤਾ ਅਤੇ ਬੇਰੁਜ਼ਗਾਰੀ ਨਸ਼ਿਆਂ ਦੇ ਮੂਲ ਕਾਰਨ ਹਨ। ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਬੁਰਾਈ ਨੂੰ ਰੋਕਣ ਲਈ ਠੋਸ ਕਦਮ ਨਹੀਂ ਉਠਾਏ। ਸਿੱਟੇ ਵਜੋਂ ਇਹ ਬੁਰਾਈ ਇਸ ਸਮੇਂ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ। ਸੋ, ਸਮੇਂ ਦੀ ਸਰਕਾਰ ਅਤੇ ਸਮਾਜ ਦੇ ਜਾਗਰੂਕ ਲੋਕਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਰਲ ਕੇ ਸਾਂਝੇ ਯਤਨ ਇਸ ਬੁਰਾਈ ਨੂੰ ਰੋਕਣ ਲਈ ਕਰਨੇ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਹੈ। ਅਜਿਹਾ ਕਰਕੇ ਹੀ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਪੰਜਾਬੀ ਕਿਰਦਾਰ

ਦੇਸ਼ ਲਈ ਬੇਮਿਸਾਲ ਕੁਰਬਾਨੀਆਂ, ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਅਤੇ ਅੱਲ੍ਹੜ ਉਮਰ ਵਿਚ ਦੇਸ਼ ਖਾਤਰ ਬਲਿਦਾਨ ਦੇਣ ਵਾਲੇ ਪੰਜਾਬੀ ਅੱਜ ਆਪਣੇ ਨੈਤਿਕ ਫਰਜ਼ ਭੁੱਲ ਕੇ ਜਬਰ-ਜਨਾਹ ਕਰਨ ਵਾਲੇ, ਗੈਂਗਸਟਰ ਅਤੇ ਨਸ਼ੇੜੀ ਬਣਦੇ ਜਾ ਰਹੇ ਹਨ। ਅਖ਼ਬਾਰਾਂ ਵਿਚ ਨਿੱਤ ਅਜਿਹੀਆਂ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸੰਤਾਂ ਦੀ ਇਸ ਪਵਿੱਤਰ ਧਰਤੀ ਨੂੰ ਅੱਜ ਗ੍ਰਹਿਣ ਲੱਗ ਗਿਆ ਹੈ। ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਅੱਜ ਸ਼ਰਮਸਾਰ ਹੋ ਰਹੀ ਹੈ।
ਰਾਜਨੀਤਕ ਲੋਕਾਂ ਦੀ ਰਹਿਨੁਮਾਈ ਤੇ ਕਿਰਦਾਰ ਵੀ ਅੱਜ ਸ਼ੱਕੀ ਹੈ। ਉਹ ਲੋਕ ਸੇਵਕ ਨਹੀਂ ਰਹੇ ਸਗੋਂ ਰਾਜਨੀਤੀ ਉਨ੍ਹਾਂ ਲਈ ਧੰਦਾ ਬਣਦੀ ਜਾ ਰਹੀ ਹੈ। ਪੰਜਾਬ ਅੱਜ ਬੇਰੁਜ਼ਗਾਰੀ, ਮਹਿੰਗਾਈ ਅਤੇ ਗੁੰਡਾਗਰਦੀ ਦਾ ਅਖਾੜਾ ਬਣਦਾ ਜਾ ਰਿਹਾ ਹੈ। ਸਮਾਜ ਦਾ ਨਿਰਮਾਤਾ ਅਧਿਆਪਕ ਰੋਲਿਆ ਜਾ ਰਿਹਾ ਹੈ। ਦੇਸ਼ ਨੂੰ ਅਤੇ ਰਾਜ ਨੂੰ ਅਗਵਾਈ ਦੇਣ ਵਾਲੇ ਅੱਜ ਡਾਂਗਾਂ ਦਾ ਸ਼ਿਕਾਰ ਹੋ ਰਹੇ ਹਨ। ਸੰਭਲੋ ਪੰਜਾਬੀਓ ਆਪਣੇ ਕਰਮ ਤੇ ਕਿਰਦਾਰ ਨੂੰ ਪਛਾਣੋ। ਦੇਸ਼ ਛੱਡ ਕੇ ਨਾ ਜਾਓ।

-ਕਾਜਲ
ਵਿਦਿਆਰਥਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਕਾਰੀ ਬੱਸਾਂ ਨੂੰ ਤਰਸੇ ਪਿੰਡਾਂ ਦੇ ਲੋਕ

ਅੱਜ ਦੇਸ਼ ਦੀ ਆਜ਼ਾਦੀ ਦੇ 71 ਸਾਲ ਬਾਅਦ ਵੀ ਦੇਸ਼ ਦੇ ਅੱਧੇ ਤੋਂ ਵੱਧ ਪਿੰਡਾਂ ਵਿਚ ਸਰਕਾਰੀ ਬੱਸਾਂ ਨਹੀਂ ਜਾਂਦੀਆਂ। ਇਹ ਹਾਲ ਦੇਸ਼ ਦੇ ਖੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਦਾ ਹੈ। ਪੰਜਾਬ ਦੇ ਕਈ ਪਿੰਡ ਤਾਂ ਅਜਿਹੇ ਹਨ ਜਿਥੇ ਪ੍ਰਾਈਵੇਟ ਬੱਸਾਂ ਵੀ ਨਹੀਂ ਜਾਂਦੀਆਂ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮਜਬੂਰਨ ਤਿੰਨ ਪਹੀਆ ਵਹੀਕਲ ਟੈਂਪੂਆਂ 'ਤੇ ਸਫ਼ਰ ਕਰਨਾ ਪੈਂਦਾ ਹੈ। ਇਨ੍ਹਾਂ 'ਤੇ ਸਫ਼ਰ ਕਰਨਾ ਜਾਨ ਨੂੰ ਜੋਖ਼ਮ ਵਿਚ ਪਾਉਣ ਬਰਾਬਰ ਹੈ। ਇਸ ਲਈ ਕੁਝ ਲੋਕ ਆਪਣੇ ਸਾਧਨਾਂ 'ਤੇ ਜਾਣ ਲਈ ਮਜਬੂਰ ਹਨ। ਜਿਹੜੇ ਟੈਂਪੂ ਹਨ, ਉਹ ਵੀ ਕਈ ਥਾਈਂ ਤਾਂ ਬਹੁਤ ਘੱਟ ਹਨ ਜਿਸ ਦੀ ਉਡੀਕ ਵੀ ਲੰਮਾ ਸਮਾਂ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਟੈਂਪੂ ਮਾਲਕ ਸਫ਼ਰ ਦਾ ਰੇਟ ਵੀ ਆਪਣੀ ਮਰਜ਼ੀ ਨਾਲ ਹੀ ਲੈਂਦੇ ਹਨ ਜੋ ਕਈ ਵਾਰ ਤਾਂ ਦੁੱਗਣਾ ਤਿੱਗਣਾ ਵੀ ਲਾ ਜਾਂਦੇ ਹਨ। ਸੋ, ਲੋਕਾਂ ਦੀ ਹੁੰਦੀ ਇਸ ਲੁੱਟ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਪਿੰਡ ਵਿਚ ਸਰਕਾਰੀ ਬੱਸ ਦਾ ਰੂਟ ਲਗਾਵੇ। ਇਸ ਨਾਲ ਜਿਥੇ ਸਫ਼ਰ ਤੈਅ ਕਰਨਾ ਸੌਖਾ ਹੋਵੇਗਾ, ਉਥੇ ਲੋਕਾਂ ਨੂੰ ਅਸਲ ਮੁੱਲ ਦਾ ਵੀ ਪਤਾ ਲੱਗੇਗਾ ਤੇ ਲੋਕਾਂ ਦਾ ਆਰਥਿਕ ਲੁੱਟ ਤੋਂ ਬਚਾਅ ਹੋਵੇਗਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

28-02-2019

 ਸਿੱਖਣਾ ਤੇ ਪਰਿਪੱਕਤਾ
ਸਿੱਖਣਾ ਜ਼ਿੰਦਗੀ ਭਰ ਚੱਲਣ ਵਾਲੀ ਨਿਰੰਤਰ ਅਤੇ ਸੰਸਾਰ ਵਿਆਪੀ ਕਿਰਿਆ ਹੈ। ਸਿੱਖਣਾ ਉਦੇਸ਼ਪੂਰਨ ਹੁੰਦਾ ਹੈ ਅਤੇ ਮਿਥੇ ਨਿਸ਼ਾਨੇ ਵੱਲ ਵਧਾਇਆ ਜਾਂਦਾ ਹੈ। ਸਿੱਖਣਾ ਅਭਿਆਸ ਤੇ ਸਿਖਲਾਈ ਦੁਆਰਾ ਵਿਹਾਰ ਵਿਚ ਹੋਣ ਵਾਲੀਆਂ ਤਬਦੀਲੀਆਂ ਹਨ ਅਤੇ ਇਸ ਕਿਰਿਆ ਵਿਚ ਅਨੁਭਵ ਤੇ ਤਜਰਬੇ ਦਾ ਵੀ ਖ਼ਾਸ ਪ੍ਰਭਾਵ ਹੁੰਦਾ ਹੈ। ਸਿੱਖਣਾ ਵਾਤਾਵਰਨ, ਹਾਲਾਤ ਤੇ ਮੌਕੇ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਮਾਯੋਜਨ ਜਾਂ ਅਨੁਕੂਲਣ, ਤਰੱਕੀ ਤੇ ਵਿਕਾਸ ਹੈ। ਹੁਣ ਪਰਿਪੱਕਤਾ ਬਾਰੇ ਗੱਲ ਕਰਾਂਗੇ। ਮਨੋਵਿਗਿਆਨੀਆਂ ਅਨੁਸਾਰ ਪਰਿਪੱਕਤਾ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਲਈ ਬਾਹਰੀ ਯਤਨਾਂ ਦੀ ਲੋੜ ਨਹੀਂ ਹੁੰਦੀ। ਪਰਿਪੱਕਤਾ ਵਿਚ ਮਨੁੱਖ ਦੀਆਂ ਅੰਦਰਲੀਆਂ ਸ਼ਕਤੀਆਂ ਵਿਚ ਵਿਕਾਸ, ਜਮਾਂਦਰੂ ਯੋਗਤਾਵਾਂ ਅਤੇ ਸ਼ਕਤੀਆਂ ਵਿਚ ਹੋਣ ਵਾਲਾ ਵਾਧਾ ਹੈ ਜਿਨ੍ਹਾਂ ਕਾਰਨ ਜੀਵ ਵਿਚ ਲੋੜੀਂਦੀਆਂ ਤਬਦੀਲੀਆਂ ਆ ਜਾਂਦੀਆਂ ਹਨ ਜਦੋਂ ਕਿ ਸਿੱਖਣ ਕਿਰਿਆ ਵਿਚ ਵਿਹਾਰ ਵਿਚ ਤਬਦੀਲੀ ਸਿਖਲਾਈ ਜਾਂ ਤਜਰਬੇ ਦੇ ਨਤੀਜੇ ਵਜੋਂ ਹੁੰਦੀ ਹੈ। ਸਿੱਖਣ ਕਿਰਿਆ ਲਈ ਜ਼ਰੂਰੀ ਹੁੰਦਾ ਹੈ ਕਿ ਮਨ ਵਿਚ ਸਿੱਖਣ ਦੀ ਜ਼ੋਰਦਾਰ ਇੱਛਾ ਹੋਵੇ ਅਤੇ ਸਿੱਖਣ ਨਾਲ ਖੁਸ਼ੀ ਪ੍ਰਾਪਤ ਹੋਵੇ। ਸਿੱਖਣ ਦੀ ਕਿਰਿਆ ਨੂੰ ਵਾਰ-ਵਾਰ ਦੁਹਰਾਉਣ ਜਾਂ ਅਭਿਆਸ ਕਰਨ ਨਾਲ ਉਹ ਵਧੇਰੇ ਸਥਿਰ ਤੇ ਟਿਕਵੀਂ ਬਣ ਜਾਂਦੀ ਹੈ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਸ਼ੋਰ ਪ੍ਰਦੂਸ਼ਣ ਬਨਾਮ ਇਮਤਿਹਾਨ
ਬੱਚਿਆਂ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਹਨ। ਪੜ੍ਹਾਈ ਲਈ ਅੱਜਕਲ੍ਹ ਦੇ ਬੇਸ਼ਕੀਮਤੀ ਦਿਨ ਅਤਿ ਮਹੱਤਵਪੂਰਨ ਹਨ। ਮਨ ਲਾ ਕੇ ਪੜ੍ਹਨ ਲਈ ਬੱਚਿਆਂ ਨੂੰ ਇਕਾਗਰਤਾ ਦੀ ਲੋੜ ਹੈ। ਆਪਣੇ ਬੱਚਿਆਂ ਲਈ ਇਹੋ ਜਿਹਾ ਮਾਹੌਲ ਸਿਰਜ ਕੇ ਦੇਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਵੀ ਆਪਣਾ ਫਰਜ਼ ਸਮਝ ਕੇ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਹਦੂਦ ਅੰਦਰ ਤੱਕ ਸੀਮਤ ਕਰ ਦੇਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਦੇਰ ਰਾਤ ਤੱਕ ਵੱਜਦੇ ਕੰਨ ਪਾੜਵੇਂ ਡੀ.ਜੇ. ਨੂੰ ਵੀ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਸਾਲ ਭਰ ਦੀ ਮਿਹਨਤ ਸ਼ੋਰ ਪ੍ਰਦੂਸ਼ਣ ਦੀ ਭੇਟ ਨਾ ਚੜ੍ਹੇ।


-ਗੁਰਦੀਪ ਲੋਪੋਂ, ਪਿੰਡ ਤੇ ਡਾਕ: ਲੋਪੋਂ, ਮੋਗਾ।


ਸੱਚੀ ਮਿਹਨਤ ਸਫ਼ਲਤਾ ਦੇ ਕਦਮ
ਜਿਵੇਂ-ਜਿਵੇਂ ਸਕੂਲਾਂ ਦੀਆਂ ਪ੍ਰੀਖਿਆਵਾਂ ਨਜ਼ਦੀਕ ਆ ਰਹੀਆਂ ਹਨ ਤਿਵੇਂ-ਤਿਵੇਂ ਵਿਦਿਆਰਥੀ ਵਰਗ ਘਬਰਾਹਟ ਵੱਲ ਵਧਦਾ ਹੈ। ਪਰ ਇਹ ਪ੍ਰੱਤਖ ਸਚਾਈ ਹੈ ਕਿ ਸੱਚੇ ਦਿਲੋਂ ਕੀਤੀ ਮਿਹਨਤ, ਲਗਨ ਸਹਿਤ ਕੀਤੀ ਪੜ੍ਹਾਈ ਸਫ਼ਲਤਾ ਦੇ ਮੁਕਾਮ ਵੱਲ ਜ਼ਰੂਰ ਲੈ ਜਾਂਦੀ ਹੈ। ਜੇਕਰ ਅਸੀਂ ਪਿਛਲੇ ਸਮੇਂ ਵੱਲ ਝਾਤੀ ਮਰੀਏ ਤਾਂ ਸਾਨੂੰ ਇਤਿਹਾਸ ਵਿਚੋਂ ਅਜਿਹੀਆਂ ਆਮ ਉਦਾਹਰਨਾਂ ਪੜ੍ਹਨ ਨੂੰ ਮਿਲਣਗੀਆਂ ਕਿ ਕਿਸੇ ਮਹਾਨ ਵਿਅਕਤੀ ਨੇ ਸੜਕ ਦੇ ਫੁਟਪਾਥ ਉਤੇ ਰਾਤਾਂ ਭਰ ਬੈਠ ਕੇ ਸਟਰੀਟ ਲਾਈਟਾਂ ਦੀ ਰੌਸ਼ਨੀ ਵਿਚ ਪੜ੍ਹਾਈ ਕੀਤੀ। ਕਿਉਂਕਿ ਗਰੀਬੀ ਭਰੇ ਹਾਲਾਤ ਕਾਰਨ ਘਰ ਬਿਜਲੀ ਦਾ ਵੀ ਪ੍ਰਬੰਧ ਨਹੀਂ ਸੀ ਤੇ ਉਸ ਨੇ ਅਜਿਹੇ ਮੁਕਾਮ ਹਾਸਲ ਕੀਤੇ ਕਿ ਦੁਨੀਆ ਦੇ ਇਤਿਹਾਸ ਵਿਚ ਸਫਲਤਾ ਦੇ ਝੰਡੇ ਗੰਡ ਦਿੱਤੇ। ਸੋ ਅੱਜ ਸਾਡੇ ਕੋਲ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਆਮ ਇਹ ਵੇਖਿਆ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਸੱਚੀ ਮਿਹਨਤ ਕਰਨ ਦੀ ਭਾਵਨਾ ਵਿਚ ਕਮੀ ਆਈ ਹੈ। ਅੱਜ ਲੋੜ ਹੈ ਕਿ ਦਿਲੋਂ ਮਿਹਨਤ ਕੀਤੀ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ।


-ਮਾਸਟਰ ਹਰਿੰਦਰ ਸਿੰਘ
ਹਰਨਾਮ ਨਗਰ, ਫਤਹਿਗੜ੍ਹ ਸਾਹਿਬ।


ਭੜਕਾਊ ਬਿਆਨ
ਪੁਲਵਾਮਾ ਦੇ ਦੁਖਦਾਈ ਘਟਨਾਕ੍ਰਮ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਮਦਰਦੀ ਦੇ ਨਾਲ-ਨਾਲ ਭੜਕਾਊ ਸੰਦੇਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਹਰ ਕੋਈ ਫੋਟੋ ਵੀਡੀਓ ਆਦਿ ਸੰਦੇਸ਼ ਲਿਖ ਕੇ ਭੇਜਣ ਨੂੰ ਪਹਿਲ ਦੇ ਰਿਹਾ ਸੀ। ਕੁਝ ਕੁ ਨੇਤਾ ਆਪਣੇ-ਆਪ ਨੂੰ ਚਮਕਾਉਣ ਲਈ ਬਿਆਨਬਾਜ਼ੀ ਕਰ ਰਹੇ ਸਨ। ਨੇਤਾ ਪ੍ਰੈੱਸ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਭੜਕਾਊ ਬਿਆਨ ਦੇ ਕੇ ਆਪਣੀ ਮਹਿੰਗੀ ਗੱਡੀ ਵਿਚ ਬੈਠ ਕੇ ਚਲੇ ਜਾਂਦੇ ਹਨ। ਇਹ ਕੁਝ ਗੁਆਂਢੀ ਮੁਲਕ ਦੇ ਨੇਤਾ ਕਰਦੇ ਹਨ ਤੇ ਇਹੀ ਕੁਝ ਅਸੀਂ ਲੋਕ ਕਰਦੇ ਹਾਂ। ਏਦਾਂ ਦੀਆਂ ਵੀਡੀਓ ਆਦਿ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਖ਼ੁਦ ਰਜਾਈਆਂ ਵਿਚ ਵੜ ਕੇ ਸੌ ਜਾਂਦੇ ਹਾਂ। ਪਰ ਏਦਾਂ ਦੇ ਨਾਸਮਝੀ ਵਿਚ ਦਿੱਤੇ ਜੋਸ਼ੀਲੇ ਅਤੇ ਭੜਕਾਊ ਬਿਆਨ ਸਰਹੱਦਾਂ 'ਤੇ ਤਣਾਅ ਵਧਾ ਦਿੰਦੇ ਹਨ।


-ਬਲਤੇਜ ਸੰਧੂ,
ਬੁਰਜ ਲੱਧਾ (ਬਠਿੰਡਾ)।


ਨਸ਼ਾ ਤਸਕਰੀ
ਪਿਛਲੇ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ ਪੜ੍ਹ ਕੇ ਪਤਾ ਲੱਗਾ ਕਿ ਕਈ ਪੁਲਿਸ ਕਰਮੀ ਅਤੇ ਸਿਆਸਤਦਾਨ ਨਸ਼ੇ ਦੇ ਘਿਨਾਉਣੇ ਕਾਰੋਬਾਰ ਵਿਚ ਇਸ ਲਈ ਜੁੜਦੇ ਹਨ ਕਿਉਂਕਿ ਇਸ ਵਿਚ ਮੋਟੀ ਕਮਾਈ ਹੈ। ਸਹੀ ਅਰਥਾਂ ਵਿਚ ਉਹ ਜਿੰਨਾ ਮਰਜ਼ੀ ਕਮਾ ਲੈਣ, ਉਹ ਇਕ ਦਿਹਾੜੀਦਾਰ ਨਾਲੋਂ ਵੀ ਗ਼ਰੀਬ ਹਨ। ਕਿਉਂਕਿ ਉਸ ਦੀ ਕਿਰਤ ਸੁੱਚੀ ਹੁੰਦੀ ਹੈ ਅਤੇ ਜ਼ਮੀਰ ਜਿਊਂਦੀ ਜਾਗਦੀ ਅਤੇ ਅਣਵਿਕੀ। ਨਸ਼ੇ ਦੇ ਵਪਾਰੀਆਂ ਦੀ ਕਮਾਈ ਵਿਚ ਨਸ਼ੇ ਕਾਰਨ ਤਬਾਹ ਘਰਾਂ ਦੇ ਜੀਆਂ ਤੋਂ ਇਲਾਵਾ ਕੰਧਾਂ ਤੱਕ ਦੇ ਵੈਣ ਸ਼ਾਮਿਲ ਹੋਣਗੇ। ਇਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਿ ਬਹੁਤੀ ਕਮਾਈ ਕਰਕੇ ਕਿਹੜਾ ਸੋਨੇ ਦੀ ਰੋਟੀ ਖਾ ਲੈਣੀ ਹੈ। ਅਨਾਜ ਦਾ ਮੁੱਲ ਇਹ ਮੋੜਿਆ ਜਾਂਦਾ ਹੈ ਕਿ ਕਿਸਾਨ ਦੇ ਬੱਚਿਆਂ ਨੂੰ ਨਸ਼ੇ 'ਤੇ ਲਾਓ। ਇਸ ਤੋਂ ਵੱਡੀ ਤੇ ਘਿਨਾਉਣੀ ਗਿਰਾਵਟ ਕੀ ਹੋਵੇਗੀ।


-ਅੰਮ੍ਰਿਤ ਕੌਰ,
ਬਡਰੁੱਖਾਂ, ਸੰਗਰੂਰ।

26-02-2019

 ਇਸਾਈ ਮੱਤ ਦੇ ਡੇਰੇ

ਪਿਛਲੇ ਦਿਨੀਂ 'ਅਜੀਤ' ਵਿਚ ਸ: ਮੇਜਰ ਸਿੰਘ ਦੀ ਇਸਾਈ ਮੱਤ ਬਾਰੇ ਦੁਆਬੇ ਤੇ ਮਾਝੇ ਇਲਾਕੇ ਵਿਚ ਫੈਲ ਰਹੇ ਵੱਡੇ ਡੇਰਿਆਂ ਬਾਰੇ ਵਿਸ਼ੇਸ਼ ਰਿਪੋਰਟ ਦਲੇਰਾਨਾ, ਸ਼ਲਾਘਾਯੋਗ ਅਤੇ ਪੰਜਾਬੀ ਸਮਾਜ ਲਈ ਕਈ ਸਵਾਲ ਖੜ੍ਹੇ ਕਰਨ ਵਾਲੀ ਸੀ। ਇਸ ਡੇਰਾਵਾਦ ਲਈ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸਾਡੇ ਸਮਾਜ ਦਾ ਮਾਨਸਿਕ ਰੋਗੀ ਹੋ ਚੁੱਕਾ ਵੱਡਾ ਹਿੱਸਾ ਵੀ ਜ਼ਿੰਮੇਵਾਰ ਹੈ। ਪਿਛਲੇ ਸਮੇਂ ਦੌਰਾਨ ਮੀਡੀਏ ਵਲੋਂ ਇਨ੍ਹਾਂ ਡੇਰਿਆਂ ਦੀ ਘਿਨਾਉਣੀ ਅਸਲੀਅਤ ਨੂੰ ਬੜੀ ਵੱਡੀ ਪੱਧਰ 'ਤੇ ਉਜਾਗਰ ਕੀਤਾ ਗਿਆ ਹੈ, ਜਿਸ ਨੂੰ ਪੜ੍ਹ-ਸੁਣ ਕੇ ਇਕ ਆਮ ਆਦਮੀ ਦੀ ਰੂਹ ਕੰਬ ਜਾਂਦੀ ਹੈ। ਸੋ, ਹੁਣ ਫਿਰ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਕ ਇਹ ਵੀ ਖ਼ਾਸ ਗੱਲ ਹੈ ਕਿ ਲੱਖਾਂ ਤੋਂ ਕਰੋੜਾਂ ਰੁਪਿਆਂ ਨਾਲ ਤਿਆਰ ਹੋ ਰਹੇ ਇਨ੍ਹਾਂ ਇਸਾਈ ਮੱਤ ਦੇ ਡੇਰਿਆਂ ਦੇ ਸੰਚਾਲਕਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ। ਇਨ੍ਹਾਂ ਡੇਰਿਆਂ ਦੇ ਬਹੁਤੇ ਸੰਚਾਲਕ ਲੋਕਾਂ ਨੂੰ ਚੰਗੀ ਜੀਵਨ-ਜਾਚ ਦੱਸਣ ਵਾਲੇ ਖ਼ੁਦ ਨੈਤਿਕਤਾ ਤੋਂ ਗਿਰੇ ਹੋਏ ਕੰਮ ਕਰ ਰਹੇ ਹਨ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ : ਪੱਟੀ, ਜ਼ਿਲ੍ਹਾ ਤਰਨ ਤਾਰਨ।

ਸ਼ੋਰ ਸ਼ਰਾਬਾ ਤੇ ਹੁੱਲੜ੍ਹਬਾਜ਼ੀ

ਹੋਲਾ ਮਹੱਲਾ, ਸ਼ਹੀਦੀ ਦਿਹਾੜੇ, ਨਗਰ ਕੀਰਤਨ, ਵਿਸਾਖੀ ਆਦਿ ਨਾਲ ਸਾਡੀ ਧਾਰਮਿਕ ਆਸਥਾ ਜੁੜੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਪੂਰਨ ਸ਼ਰਧਾਵਾਨ ਹੋ ਕੇ ਮਨਾਉਂਦੇ ਹਾਂ। ਨਵੀਂ ਪੀੜ੍ਹੀ ਨੂੰ ਇਨ੍ਹਾਂ ਜ਼ਰੀਏ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਫਲਸਫ਼ੇ, ਧਰਮ, ਪਹਿਰਾਵੇ ਅਤੇ ਰਹਿਤ ਮਰਿਆਦਾ ਤੋਂ ਨਾ ਭਟਕਣ। ਪਰ ਹੁਣ ਇਨ੍ਹਾਂ ਧਾਰਮਿਕ ਤਿਉਹਾਰਾਂ ਵਿਚ ਸ਼ਾਂਤ ਚਿੱਤ ਮਨ ਨਾਮ ਦਾ ਸਿਮਰਨ ਕਰਦੀ ਸੰਗਤ ਕਿਤੇ ਗੁਆਚ ਹੀ ਗਈ ਹੈ। ਇਨ੍ਹਾਂ ਦੀ ਜਗ੍ਹਾ ਟਰੈਕਟਰਾਂ ਟਰਾਲੀਆਂ, ਖੁੱਲ੍ਹੀਆਂ ਜੀਪਾਂ ਉੱਤੇ ਰੱਖੇ ਆਦਮ ਕੱਦ ਬੂਫਰਾਂ, ਸਪੀਕਰਾਂ ਦੀਆਂ ਕੰਨਪਾੜਵੀਆਂ ਆਵਾਜ਼ਾਂ ਤੇ ਕੱਚੇ ਰਾਗਾਂ ਵਿਚ ਬਣੇ ਨੇ ਲੈ ਲਈ ਹੈ। ਜਿਹੜੇ ਕਿਸੇ ਵੀ ਹਿਸਾਬ ਨਾਲ ਰੂਹ ਨੂੰ ਬਾਣੀ ਨਾਲ ਜੋੜਨ ਵਾਲੇ ਨਹੀਂ ਹੁੰਦੇ। ਤੁਹਾਨੂੰ ਟਰੈਕਟਰਾਂ ਜੀਪਾਂ ਦੇ ਬੋਨਟਾਂ 'ਤੇ ਬੈਠੀ ਮੰਡੀਰ ਇਨ੍ਹਾਂ ਸਮਾਗਮਾਂ ਵਿਚ ਹੁੱਲ੍ਹੜਬਾਜ਼ੀ ਕਰਦੀ ਆਮ ਮਿਲ ਜਾਵੇਗੀ ਜੋ ਇਕ ਮੰਦਭਾਗਾ ਵਰਤਾਰਾ ਹੈ, ਇਹੋ ਜਿਹੀਆਂ ਹਰਕਤਾਂ ਕਰਕੇ ਅਸੀਂ ਆਪਣੇ ਗੁਰੂਆਂ ਦੇ ਸ਼ਾਨਮੱਤੇ ਇਤਿਹਾਸ ਨੂੰ ਦੁਨੀਆ ਸਾਹਮਣੇ ਖ਼ਰਾਬ ਕਰ ਰਹੇ ਹਾਂ।

-ਜੱਗਾ ਨਿੱਕੂਵਾਲ
ਪਿੰਡ ਨਿੱਕੂਵਾਲ, ਰੋਪੜ।

ਬਿਜਲੀ ਸਬਸਿਡੀ

ਪਿੱਛੇ ਜਿਹੇ ਧਨਾਢ ਜ਼ਿਮੀਂਦਾਰਾਂ ਨੂੰ ਬਿਜਲੀ ਸਬਸਿਡੀ ਛੱਡਣ ਦੀ ਅਪੀਲ ਸਰਕਾਰ ਵਲੋਂ ਕੀਤੀ ਗਈ ਸੀ ਪਰ ਮੁੱਖ ਮੰਤਰੀ ਅਤੇ ਕੁਝ ਕੁ ਮੌਜੂਦਾ ਮੰਤਰੀਆਂ ਵਲੋਂ ਹੀ ਇਹ ਸਬਸਿਡੀ ਦੀ ਦਿੱਤੀ ਗਈ ਸਹੂਲਤ ਛੱਡੀ ਗਈ ਸੀ ਜਦੋਂ ਕਿ ਕੋਈ ਵੀ ਮੌਜੂਦਾ ਜਾਂ ਸਾਬਕਾ ਵਿਧਾਇਕ ਜਾਂ ਧਨਾਢ ਜ਼ਿਮੀਂਦਾਰ ਬਿਜਲੀ ਸਬਸਿਡੀ ਦੀ ਸਹੂਲਤ ਛੱਡਣ ਵਿਚ ਅੱਗੇ ਨਹੀਂ ਆਇਆ। ਇਕ ਸੂਚਨਾ ਅਨੁਸਾਰ ਜੇਕਰ ਖਪਤਕਾਰ ਆਪਣੀ ਇੱਛਾ ਨਾਲ ਸਬਸਿਡੀ ਛੱਡਦਾ ਹੈ ਤਾਂ ਉਸ ਨੂੰ ਬਿਨਾਂ ਸਿਬਸਿਡੀ ਖਰਚ ਲਾਗੂ ਕੀਤਾ ਜਾ ਸਕਦਾ ਹੈ। ਜਿਥੇ ਮੁੱਖ ਮੰਤਰੀ ਵਲੋਂ ਕੀਤੀ ਗਈ ਇਹ ਅਪੀਲ ਸ਼ਲਾਘਾਯੋਗ ਹੈ, ਉਥੇ ਧਨਾਢ ਮੌਜੂਦਾ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਧਨਾਢ ਜ਼ਿਮੀਂਦਾਰਾਂ ਨੂੰ ਬਿਜਲੀ ਸਬਸਿਡੀ ਛੱਡਣ ਵਿਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਸਬਸਿਡੀ ਦਾ ਪੈਸਾ ਪੰਜਾਬ ਦੇ ਵਿਕਾਸ ਅਤੇ ਸਰਕਾਰ ਵਲੋਂ ਗ਼ਰੀਬਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ 'ਤੇ ਖ਼ਰਚ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਹਰ ਮਨੁੱਖ ਲਾਵੇ ਇਕ ਰੁੱਖ

ਗੁਰੂਆਂ, ਰਿਸ਼ੀਆਂ-ਮੁਨੀਆਂ ਅਤੇ ਵਿਦਵਾਨਾਂ ਨੇ ਰੁੱਖਾਂ ਤੋਂ ਮਿਲਣ ਵਾਲੇ ਸਿੱਧੇ ਅਤੇ ਅਸਿੱਧੇ ਲਾਭਾਂ ਦਾ ਵਰਨਣ ਕਰਕੇ ਰੁੱਖਾਂ ਦੀ ਮਹੱਤਤਾ ਵਧਾਈ ਹੈ। ਉਦਯੋਗਿਕ ਮਨੁੱਖ ਨੇ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਿਆ ਹੈ, ਜਿਸ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ। ਰੁੱਖਾਂ 'ਤੇ ਹਮਲਾ ਆਪਣੇ-ਆਪ 'ਤੇ ਹਮਲਾ ਹੈ। ਕੁਦਰਤੀ ਅਮਲ ਵੀ ਰੁੱਖਾਂ 'ਤੇ ਨਿਰਭਰ ਹੈ ਕਿਉਂਕਿ ਜਿੰਨੇ ਵੀ ਪੰਛੀ-ਪੰਖੇਰੂ ਹਨ, ਉਨ੍ਹਾਂ ਦਾ ਰੈਣ-ਬਸੇਰਾ ਵੀ ਰੁੱਖਾਂ ਉੱਪਰ ਹੈ। ਕੁਦਰਤੀ ਬਨਸਪਤੀ ਦੇ ਵਿਕਾਸ ਵਿਚ ਰੁੱਖਾਂ ਦਾ ਵੱਡਮੁੱਲਾ ਯੋਗਦਾਨ ਹੈ। 'ਹਰ ਮਨੁੱਖ ਲਾਵੇ ਇਕ ਰੁਖ' ਦੇ ਨਾਅਰੇ ਨੂੰ ਜੇਕਰ ਅਸੀਂ ਆਪਣੇ ਜ਼ਿਹਨ ਵਿਚ ਵਸਾ ਕੇ ਚੱਲੀਏ ਤਾਂ ਹਰੇ-ਭਰੇ ਚੌਗਿਰਦੇ ਦੀ ਨੀਂਹ ਰੱਖੀ ਜਾ ਸਕਦੀ ਹੈ।

-ਮਨਿੰਦਰ ਸਿੰਘ ਰਾਜੂ, ਬਰਨਾਲਾ।

ਅਵਾਰਾ ਕੁੱਤਿਆਂ ਦਾ ਕਹਿਰ

ਦੇਸ਼ ਵਿਚ ਅੱਜ ਅਸੀਂ ਕਿਧਰੇ ਵੀ ਜਾਈਏ, ਸਾਨੂੰ ਥਾਂ-ਥਾਂ ਅਵਾਰਾ ਕੁੱਤਿਆਂ ਦੇ ਝੁੰਡ ਫਿਰਦੇ ਆਮ ਹੀ ਦਿਖਾਈ ਜ਼ਰੂਰ ਦਿੰਦੇ ਹਨ। ਇਹ ਅਵਾਰਾ ਕੁੱਤੇ ਜਿਥੇ ਅਨੇਕਾਂ ਵਾਹਾਨਾਂ ਨਾਲ ਟਕਰਾ ਕੇ ਦੁਰਘਟਨਾ ਦਾ ਕਾਰਨ ਬਣਦੇ ਹਨ, ਉਥੇ ਇਹ ਛੋਟੇ-ਛੋਟੇ ਬੱਚਿਆਂ ਉੱਪਰ ਮਾਰੂ ਹਮਲੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਿਛਲੇ ਦਿਨੀਂ ਨੇੜਲੇ ਹਲਕੇ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਰਣਸੀਂਹ ਵਿਖੇ ਇਕ 7 ਸਾਲਾ ਬੱਚੇ ਉੱਪਰ ਅਵਾਰਾ ਕੁੱਤਿਆਂ ਨੇ ਹਮਲਾ ਕਰਕੇ ਉਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਸੀਂ ਦੇਖ ਹੀ ਰਹੇ ਹਾਂ ਕਿ ਹਰ ਸਾਲ ਇਨ੍ਹਾਂ ਅਵਾਰਾ ਕੁੱਤਿਆਂ ਕਾਰਨ ਹੁੰਦੀਆਂ ਇਸ ਤਰ੍ਹਾਂ ਦੀਆਂ ਦਿਲ ਕੰਬਾਊ ਘਟਨਾਵਾਂ ਦੇ ਆਧਾਰ ਇਨ੍ਹਾਂ ਅਵਾਰਾ ਫਿਰ ਰਹੇ ਕੁੱਤਿਆਂ ਦੀ ਦਿਨ-ਬਦਿਨ ਵਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਨੀਤੀ ਜ਼ਰੂਰ ਘੜਨੀ ਚਾਹੀਦੀ ਹੈ ਤਾਂ ਜੋ ਹਰ ਕੋਈ ਛੋਟਾ-ਵੱਡਾ ਬੇਖੌਫ਼ ਹੋ ਕੇ ਆਪਣੇ ਕੰਮ ਧੰਦੇ ਨੇਪਰੇ ਚਾੜ੍ਹ ਸਕੇ।

-ਰਾਜਾ ਗਿੱਲ (ਚੜਿੱਕ), ਮੋਗਾ।

ਸਰਕਾਰ ਦੀ ਬੇਰੁਖ਼ੀ

ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੇ ਜੋ ਕਿਸਾਨਾਂ ਨਾਲ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ, ਉਹ ਸਿਰਫ ਮੰਚਾਂ ਤੱਕ ਹੀ ਰਹਿ ਗਏ ਹਨ। ਅੱਜ ਪੰਜਾਬ ਦਾ ਹਰੇਕ ਵਰਗ ਆਪਣੇ-ਆਪ ਨੂੰ ਠਗਿਆ ਮਹਿਸੂਸ ਕਰ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨਾਲ ਜੋ ਸਾਰਾ ਕਰਜ਼ਾ ਮੋੜਨ ਦਾ ਵਾਅਦਾ ਕੀਤਾ ਸੀ, ਉਸ 'ਤੇ ਮੌਜੂਦਾ ਸਰਕਾਰ ਖ਼ਰੀ ਨਹੀਂ ਉੱਤਰੀ। ਪੰਜਾਬ ਦੇ ਬੇਰੁਜ਼ਗਾਰ ਆਪਣੀਆਂ ਨੌਕਰੀਆਂ ਲਈ ਸਰਕਾਰ ਤੋਂ ਹੱਕ ਮੰਗ ਰਹੇ ਹਨ, ਜੋ ਉਨ੍ਹਾਂ ਨੂੰ ਹੱਕ ਮੰਗਣ 'ਤੇ ਡਾਂਗਾਂ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿਚ ਹਰ ਦਿਨ ਕਿਸੇ ਸ਼ਹਿਰ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਇੰਜ ਲਗਦਾ ਜਿਵੇਂ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਹੁੰਦੀ ਹੀ ਨਹੀਂ। ਪੰਜਾਬ ਵਿਚ ਦਿਨ-ਦਿਹਾੜੇ ਜਬਰ ਜਨਾਹ ਦੀਆਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਵੀ ਪੁਲਿਸ ਅਧਿਕਾਰੀ ਤੇ ਕੈਪਟਨ ਸਰਕਾਰ ਕੋਈ ਬਹੁਤਾ ਗੰਭੀਰ ਨਹੀਂ ਦਿਸ ਰਹੀ। ਵੱਡੇ ਲੋਕਾਂ ਨੂੰ ਇਨਸਾਫ਼ ਮਿਲ ਰਿਹਾ ਹੈ। ਆਮ ਲੋਕ ਸਰਕਾਰੀ ਦਫ਼ਤਰਾਂ ਵਿਚ ਖੱਜਲ-ਖੁਆਰ ਹੋ ਰਹੇ ਹਨ। ਜਿਥੇ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਮੌਜੂਦਾ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਵੱਲ ਝਾਤ ਮਾਰਨ ਦੀ ਲੋੜ ਹੈ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

25-02-2019

 ਰਾਜਨੀਤੀ ਅਤੇ ਨੌਜਵਾਨ
ਭਾਰਤ ਵਿਚ ਵੱਡਾ ਲੋਕਤੰਤਰ ਹੁੰਦਾ ਹੈ। ਦਿਨੋ-ਦਿਨ ਇਸ ਦੀ ਰਾਜਨੀਤੀ ਦਾ ਗਿਰਾਫ਼ ਡਿਗਦਾ ਜਾ ਰਿਹਾ ਹੈ। ਇਥੇ ਪੰਜਾਬ ਬਾਰੇ ਗੱਲ ਕਰੀਏ ਤਾਂ ਇਥੋਂ ਦੀ ਨੌਜਵਾਨੀ ਦਾ ਵੱਡਾ ਹਿੱਸਾ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਹੈ। ਆਪਣੀ ਵੋਟ ਦੀ ਉਮਰ ਪੂਰੀ ਹੋਣ 'ਤੇ ਉਹ ਵੋਟ ਬਣਾਉਣ ਦੀ ਥਾਂ ਉਹ ਪਾਸਪੋਰਟ ਬਣਾਉਣ ਵੱਲ ਵਹੀਰਾਂ ਘੱਤ ਕੇ ਜਾ ਰਹੇ ਹਨ। ਉਨ੍ਹਾਂ ਨੂੰ ਦਿਸ ਰਿਹਾ ਹੈ ਕਿ ਰਾਜਨੀਤੀ ਤੇ ਦਿਨੋ-ਦਿਨ ਝੂਠ ਅਤੇ ਫਰੇਬ ਦਾ ਮਲੰਮਾ ਚੜ੍ਹ ਰਿਹਾ ਹੈ। ਵੋਟਾਂ ਦੌਰਾਨ ਹਰ ਪਾਰਟੀ ਅਤੇ ਉਸ ਦਾ ਹਰ ਨੇਤਾ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕਰਦਾ ਹੈ ਅਤੇ ਫਿਰ ਉਹ ਉਹੀ ਕੰਮ ਕਰਦਾ ਹੈ, ਜਿਹੜਾ ਕੰਮ ਉਸ ਤੋਂ ਪਹਿਲਾਂ ਵਾਲੀ ਸਰਕਾਰ ਅਤੇ ਉਸ ਦੇ ਨੇਤਾ ਆਦਿ ਕਰਦੇ ਆ ਰਹੇ ਸਨ। ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਸੇਵਾ ਕਰਨ ਦੇ ਨਾਂਅ 'ਤੇ ਦੁਹਾਈ ਦਿੱਤੀ ਜਾਂਦੀ ਹੈ। ਅਜੋਕੀ ਰਾਜਨੀਤੀ ਵਿਚ ਜੇਕਰ ਕੁਝ ਨੌਜਵਾਨ ਆ ਰਹੇ ਹਨ ਤਾਂ ਉਹ ਸਿਰਫ਼ ਰਾਜਸੀ ਪਿਛੋਕੜ ਅਤੇ ਵੱਡੇ ਸਰਮਾਏ ਵਾਲੇ ਹੀ ਗਿਣੇ ਚੁਣੇ ਹਨ। ਇਸ ਤੋਂ ਇਲਾਵਾ ਕੁਝ ਵੱਡੇ ਸਰਮਾਏ ਵਾਲੇ ਲੋਕ ਕਿਸੇ ਨੇਤਾ ਨੂੰ ਮੰਤਰੀ ਦੇ ਅਹੁਦੇ ਤੱਕ ਪਹੁੰਚਾਉਣ ਲਈ ਵੱਡਾ ਪੈਸਾ ਖਰਚ ਕਰਦੇ ਹਨ ਅਤੇ ਫਿਰ ਉਹ ਲੋਕ ਉਸ ਮੰਤਰੀ ਦੀ ਛਤਰ-ਛਾਇਆ ਹੇਠ ਇਥੋਂ ਦੇ ਕੁਦਰਤੀ ਸਰੋਤਾਂ ਦੀ ਲੁੱਟ ਅਤੇ ਹੋਰ ਵੱਡੇ-ਵੱਡੇ ਘੁਟਾਲੇ ਕਰਨ ਤੋਂ ਗੁਰੇਜ਼ ਨਹੀਂ ਕਰਦੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਜ਼ਿਲ੍ਹਾ ਤਰਨ ਤਾਰਨ।


ਉਲਝਦਾ ਤਾਣਾ-ਬਾਣਾ
ਅੱਜ ਤੱਕ ਮੈਂ ਬਹੁਤ ਕੁਝ ਆਪਣੇ ਅੱਖੀਂ ਵੇਖਿਆ, ਸੋਸ਼ਲ ਮੀਡੀਆ 'ਤੇ ਵੇਖਿਆ, ਅਖ਼ਬਾਰਾਂ ਵਿਚ ਪੜ੍ਹਿਆ ਕਿ ਜੋ ਹਾਲ ਆਪਣੇ ਦੇਸ਼ ਵਿਚ ਬਜ਼ੁਰਗਾਂ ਦਾ ਹੋ ਰਿਹਾ ਹੈ, ਉਹ ਬਹੁਤ ਹੀ ਅਸਿਹ ਦਰਦ ਹੈ ਕਿਉਂ ਬੱਚੇ ਆਪਣੇ ਮਾਤਾ-ਪਿਤਾ ਦੇ ਕੀਤੇ ਕੰਮਾਂ ਨੂੰ ਭੁੱਲ ਰਹੇ ਹਨ। ਬੱਚੇ ਆਪਣੇ ਹੀ ਜਨਮਦਾਤਾ ਨਾਲ ਇੰਨੀ ਬਦਸਲੂਕੀ ਕਰਦੇ ਹਨ ਤੇ ਮਾਪੇ ਫਿਰ ਵੀ ਵਿਚਾਰੇ ਬਣ ਇਨ੍ਹਾਂ ਦੀ ਆਪਹੁਦਰੀ ਝੱਲਦੇ ਹਨ। ਜਿਹੜੇ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀਪੁੱਤ ਨੂੰ ਪਾਲਣ, ਪੜ੍ਹਾਉਣ, ਪੈਰਾਂ 'ਤੇ ਖੜ੍ਹਾਉਣ ਤੇ ਹਰ ਤਰ੍ਹਾਂ ਦੇ ਸ਼ੌਕ ਪੁਗਾਉਣ, ਮਹਿਲਾਂ ਵਰਗੇ ਘਰ ਬਣਾਉਣ 'ਤੇ ਲਗਾ ਦਿੱਤੀ, ਅੱਜ ਉਹੀ ਮਾਪੇ ਪੁੱਤ ਲਈ ਬੋਝ ਬਣ ਗਏ। ਬੱਚਿਓ ਇਹ ਉਹੀ ਮਾਪੇ ਹਨ ਜਿਹੜੇ ਤੁਹਾਡੀ ਇਕ ਆਵਾਜ਼ 'ਤੇ ਹਰ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਚੀਜ਼ ਹਾਜ਼ਰ ਕਰਦੇ ਸਨ। ਅੱਜ ਵਾਰੀ ਤੁਹਾਡੀ ਹੈ, ਮਾਪਿਆਂ ਨੂੰ ਸਾਂਭਣ ਦੀ ਤੇ ਤੁਸੀਂ ਰੱਬ ਵਰਗੇ ਮਾਪਿਆਂ ਨੂੰ ਅਣਦੇਖਾ ਕਰਕੇ ਸਮਾਜਿਕ ਤਾਣੇ-ਬਾਣੇ ਨੂੰ ਕਿਉਂ ਉਲਝਾਅ ਰਹੇ ਹੋ। ਜੇਕਰ ਇਸੇ ਤਰ੍ਹਾਂ ਹੀ ਸਮਾਜ ਦਾ ਤਾਣਾ-ਬਾਣਾ ਉਲਝਦਾ ਰਿਹਾ ਤਾਂ ਮਾਪਿਆਂ ਤੇ ਬੱਚਿਆਂ ਵਿਚ ਪੈ ਰਿਹਾ ਪਾੜਾ ਹੋਰ ਵੀ ਵਧ ਜਾਵੇਗਾ।


-ਪਰਮਜੀਤ ਕੌਰ ਸੋਢੀ
ਭਗਤਾ ਭਾਈਕਾ।


ਧਿਆਨ ਮੰਗਦੇ ਅਹਿਮ ਮੁੱਦੇ
ਪਿਛਲੇ ਦਿਨੀਂ ਸੁਰਿੰਦਰ ਸਿੰਘ ਵਿਰਦੀ ਲੇਖ 'ਪੰਜਾਬੀਆਂ ਦਾ ਧਿਆਨ ਮੰਗਦੇ ਕੁਝ ਅਹਿਮ ਮੁੱਦੇ' ਸੋਚਣ ਲਈ ਮਜਬੂਰ ਕਰਦਾ ਹੈ। ਇਨ੍ਹਾਂ ਅਹਿਮ ਮੁੱਦਿਆਂ 'ਤੇ ਅੱਜ ਕਿਸ ਨੇ ਵਿਚਾਰ ਕਰਨੀ ਹੈ? ਪੰਜਾਬ ਦੀ ਜਵਾਨੀ ਤੇ ਕਿਸਾਨੀ ਤਬਾਹੀ ਕੰਢੇ ਖੜ੍ਹੀ ਨਜ਼ਰ ਆ ਰਹੀ ਹੈ, ਸਰਕਾਰਾਂ ਵੀ ਸੋਚਣੋਂ ਹਟ ਗਈਆਂ ਹਨ। ਮੰਨਿਆ ਕਿ ਪ੍ਰਵਾਸ ਨਵਾਂ ਵਰਤਾਰਾ ਨਹੀਂ ਹੈ। ਰੁਜ਼ਗਾਰ ਦੀ ਭਾਲ ਵਿਚ ਪ੍ਰਵਾਸ ਕਰਨਾ ਗੁਨਾਹ ਨਹੀਂ ਪਰ ਬਾਹਰ ਜਾਣ ਲੱਗਿਆਂ ਕੋਈ ਹੁਨਰ ਹੱਥ ਵਿਚ ਹੈ ਜਾਂ ਨਹੀਂ, ਕੀ ਉਥੇ ਰੁਜ਼ਗਾਰ ਮਿਲੇਗਾ ਜਾਂ ਨਹੀਂ, ਸੋਚਣ ਦੀ ਲੋੜ ਹੈ। ਇਸ ਲੇਖ ਵਿਚ ਦਿੱਤੇ ਚਾਰੇ ਮੁੱਦਿਆਂ 'ਤੇ ਸੋਚਣ ਦੀ ਲੋੜ ਹੈ। ਗ਼ਲਤ ਢੰਗ ਨਾਲ ਬਾਹਰ ਜਾਣਾ, ਵਿਹਲੇ ਰਹਿਕੇ ਨਸ਼ਿਆਂ ਦੀ ਦਲਦਲ ਵਿਚ ਧਸਣਾ, ਵਿਦਿਆ ਦਾ ਡਿਗਦਾ ਮਿਆਰ, ਕਰਜ਼ੇ ਦੇ ਜਾਲ ਵਿਚ ਫਸ ਰਿਹਾ ਪੰਜਾਬ, ਇਨ੍ਹਾਂ ਸਭ ਵਿਸ਼ਿਆਂ 'ਤੇ ਸਾਰਾ ਭਾਂਡਾ ਸਰਕਾਰ 'ਤੇ ਹੀ ਨਾ ਭੰਨੀਏ, ਔਕੜਾਂ ਦਾ ਸਾਹਮਣਾ ਕਰਨ ਲਈ ਸਾਰੇ ਯਤਨਸ਼ੀਲ ਹੋਈਏ। ਪੰਜਾਬੀਆਂ ਦੀ ਹੋਂਦ ਨੂੰ ਖਤਰਾ ਹੈ, ਕਿਸੇ ਬਾਹਰੋਂ ਆ ਕੇ ਨਹੀਂ ਸਾਡੀਆਂ ਮੁਸੀਬਤਾਂ ਦਾ ਹੱਲ ਕਰਨਾ। ਬੁੱਧੀਜੀਵੀ ਵਰਗ ਇਨ੍ਹਾਂ ਅਹਿਮ ਮੁੱਦਿਆਂ ਦੇ ਹੱਲ ਲਈ ਅੱਗੇ ਆਵੇ। ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕ ਵਰਗ ਨੂੰ ਗੰਭੀਰ ਹੋਣਾ ਪਵੇਗਾ। ਕਿਉਂ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜੀ ਖੜ੍ਹੇ ਹਾਂ। ਦੁਨੀਆ 'ਤੇ ਕਿਹੜਾ ਮਸਲਾ ਹੈ ਜਿਸ ਦਾ ਹੱਲ ਨਹੀਂ। ਹਰੇਕ ਪੱਖੋਂ ਅੱਗੇ ਰਹਿਣ ਵਾਲੇ ਮੇਰੇ ਪੰਜਾਬ ਨੂੰ ਕੀ ਹੋ ਗਿਆ ਹੈ। ਆਓ ਸਾਰੇ ਰਲ ਕੇ ਸੋਚੀਏ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਉਮੀਦ
ਜਿੱਥੇ ਕੈਂਸਰ ਦਾ ਰੋਗ ਹੁਣ ਲਾ-ਇਲਾਜ ਨਹੀਂ ਰਿਹਾ ਅਤੇ ਇਸ ਬਿਮਾਰੀ ਦੇ ਇਲਾਜ ਲਈ ਕਈ ਹਸਪਤਾਲ ਖੋਲ੍ਹੇ ਗਏ ਹਨ, ਪਰ ਫਿਰ ਵੀ ਅਗਿਆਨਤਾ ਵਸ ਕਈ ਲੋਕ ਇਸ ਜਾਨ ਲੇਵਾ ਬਿਮਾਰੀ ਨਾਲ ਮਰ ਜਾਂਦੇ ਹਨ, ਉਥੇ ਹੀ ਹੁਣ ਕਿਸੇ ਕਿਸਮ ਦੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਔਰਤਾਂ ਨੂੰ ਬਿਮਾਰੀ ਨਾਲ ਲੜਨ ਲਈ ਪਟੇਲ ਹਸਪਤਾਲ ਜਲੰਧਰ ਵਿਖੇ 'ਉਮੀਦ' ਨਾਂਅ ਦੀ ਸੰਸਥਾ ਖੋਲ੍ਹੀ ਗਈ ਹੈ, ਇਸ ਸੰਸਥਾ ਦੀ ਵਿਲੱਖਣ ਗੱਲ ਇਹ ਹੈ ਕਿ ਇਸ ਸੰਸਥਾ ਦੀ ਮੈਂਬਰ ਉਸ ਔਰਤ ਨੂੰ ਬਣਾਇਆ ਗਿਆ ਹੈ, ਜੋ ਇਲਾਜ ਦੌਰਾਨ ਕੈਂਸਰ ਤੋਂ ਮੁਕਤ ਹੋਈ ਹੈ।
ਇਸ ਸੰਸਥਾ ਦੇ ਉਹੀ ਮੈਂਬਰ ਔਰਤਾਂ ਬਣਾਈਆਂ ਜਾਂਦੀਆਂ ਹਨ, ਜੋ ਕਿ ਕੈਂਸਰ ਤੋਂ ਪੀੜਤ ਹਨ। ਮਾਹਿਰ ਡਾਕਟਰਾਂ ਰਾਹੀਂ ਔਰਤਾਂ ਦੀਆਂ ਕੈਂਸਰ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਹਸਪਤਾਲ ਵਲੋਂ ਕੀਤਾ ਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਜਿਥੇ ਔਰਤਾਂ ਨੂੰ ਇਸ 'ਉਮੀਦ' ਸੰਸਥਾ ਤੋਂ ਲਾਭ ਉਠਾਉਣਾ ਚਾਹੀਦਾ ਹੈ, ਉਥੇ ਹੀ ਮਰਦਾਂ ਵਾਸਤੇ ਵੀ ਅਜਿਹੀ ਸੰਸਥਾ ਖੋਲ੍ਹੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਦਾ ਜੜ੍ਹੋਂ ਖਾਤਮਾ ਕੀਤਾ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਆਪਣੇ ਫ਼ਰਜ਼ ਪਛਾਣੋ
ਬੇਸ਼ੱਕ ਅਜੋਕੇ ਯੁੱਗ ਵਿਚ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਦਿਨ-ਪ੍ਰਤੀਦਿਨ ਵਧਦੀ ਜਾਂਦੀ ਹੈ ਅਤੇ ਉਹ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋ ਰਹੇ ਹਨ। ਇਹ ਗੱਲ ਹੈ ਵੀ ਠੀਕ ਕਿ ਹਰ ਇਨਸਾਨ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਪਰ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਨੂੰ ਵੀ ਪਛਾਣੇ ਜਾਣ ਦੀ ਲੋੜ ਹੈ ਤਾਂ ਹੀ ਅਸੀਂ ਇਕ ਨਰੋਏ ਸੱਭਿਅਕ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਵੇਖਣ ਵਿਚ ਆਇਆ ਹੈ ਕਿ ਪੜ੍ਹੇ-ਲਿਖੇ ਲੋਕ ਆਪਣੇ ਹੱਕਾਂ ਪ੍ਰਤੀ ਤਾਂ ਜਾਗਰੂਕ ਹੋ ਰਹੇ ਹਨ ਪਰ ਆਪਣੇ ਫ਼ਰਜ਼ਾਂ ਤੋਂ ਕੰਨੀ ਕਤਰਾਉਂਦੇ ਹਨ। ਜਿਸ ਕਰਕੇ ਚੰਗੇ ਸਮਾਜ ਦੀ ਕਲਪਨਾ ਕਰਨੀ ਮੁਸ਼ਕਿਲ ਹੋ ਰਹੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਆਲੇ-ਦੁਆਲੇ ਨੂੰ ਖੁਦ ਸਾਫ਼ ਰੱਖੀਏ ਤੇ ਦੂਜਿਆਂ ਨੂੰ ਸਫਾਈ ਰੱਖਣ ਦਾ ਸੁਝਾਅ ਦਈਏ। ਇਸ ਨਾਲ ਜਿਥੇ ਸਾਡਾ ਆਲਾ-ਦੁਆਲਾ ਸਾਫ਼ ਰਹੇਗਾ, ਉਥੇ ਨਾਲ ਹੀ ਅਸੀਂ ਗੰਦਗੀ ਕਾਰਨ ਫੈਲਣ ਵਾਲੀਆਂ ਕਈ ਬਿਮਾਰੀਆਂ ਤੋਂ ਵੀ ਬਚ ਸਕਾਂਗੇ। ਇਸੇ ਤਰ੍ਹਾਂ ਸੜਕਾਂ ਉਤੇ ਚਲਦੇ ਵਕਤ ਅਸੀਂ ਸੜਕਾਂ ਦੇ ਨਿਯਮਾਂ ਦੀ ਜਾਣ-ਬੁੱਝ ਕੇ ਪਾਲਣਾ ਨਹੀਂ ਕਰਦੇ। ਲਾਲ ਬੱਤੀ ਨੂੰ ਪਾਰ ਕਰਨਾ, ਸੜਕ ਦੇ ਗ਼ਲਤ ਪਾਸੇ ਚੱਲਣਾ, ਡਿੱਪਰ ਦੀ ਵਰਤੋਂ ਨਾ ਕਰਨਾ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਨੂੰ ਆਪਣੀ ਵਡਿਆਈ ਸਮਝਦੇ ਹਾਂ। ਇੰਜ ਸੜਕੀ ਨਿਯਮਾਂ ਨੂੰ ਤੋੜ ਕੇ ਅਸੀਂ ਕਈ ਵਾਰ ਆਪਣੀ ਜਾਨ ਨੂੰ ਖੁਦ ਜੋਖ਼ਮ ਵਿਚ ਪਾ ਦਿੰਦੇ ਹਾਂ। ਸੋ, ਲੋੜ ਹੈ ਆਪਣੇ ਹੱਕਾਂ ਦੇ ਨਾਲ-ਨਾਲਆਪਣੇ ਫ਼ਰਜ਼ਾਂ ਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ ਤਾਂ ਸਾਡਾ ਸਮਾਜ ਇਕ ਸੱਭਿਅਕ ਸਮਾਜ ਦੇ ਤੌਰ 'ਤੇ ਬੜੀ ਜਲਦੀ ਵਿਕਸਤ ਹੋ ਸਕਦਾ ਹੈ।


-ਅਜੀਤ ਸਿੰਘ ਖੰਨਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਖੰਨਾ।

22-02-2019

 ਕਿਹੜੇ ਪਾਸੇ ਜਾ ਰਹੀ ਹੈ ਕਿਸਾਨੀ?
ਪੰਜਾਬ ਵਿਚ ਕਿਸਾਨ ਇਕ ਬੱਸ ਜ਼ਹਿਰ ਦੇ ਪਿਆਲੇ ਪੀ ਰਿਹਾ ਹੈ ਤੇ ਦੂਜੇ ਪਾਸੇ ਆਪਣੀ ਹੀ ਧਰਤੀ ਮਾਂ ਨੂੰ ਜ਼ਹਿਰ ਦੇ ਪਿਆਲੇ ਪਿਆ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਵਲੋਂ ਵੱਧ ਝਾੜ ਲੈਣ ਲਈ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸਿਰਫ ਧਰਤੀ 'ਤੇ ਹੀ ਨਹੀਂ ਸਗੋਂ ਹਵਾ ਪਾਣੀ ਤੇ ਮਨੁੱਖੀ ਸਿਹਤ 'ਤੇ ਵੀ ਮਾਰੂ ਅਸਰ ਪਾ ਰਹੇ ਹਨ। ਪੰਜਾਬ ਵਿਚ ਜੋ ਕੀੜੇ ਮਾਰ ਦਵਾਈਆਂ ਦੇ ਅੰਕੜੇ ਸਾਹਮਣੇ ਆਏ ਹਨ, ਤੁਹਾਨੂੰ ਰੋਟੀ ਦੀ ਬੁਰਕੀ ਖਾਣ ਵਕਤ ਸੋਚਣ ਲਈ ਮਜਬੂਰ ਕਰ ਸਕਦੇ ਹਨ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਇਸ ਦਾ ਸਿੱਧਾ ਫਾਇਦਾ ਇਨ੍ਹਾਂ ਕੰਪਨੀਆਂ ਨੂੰ ਹੈ ਜਦ ਕਿ ਇਸ ਦਾ ਖਮਿਆਜ਼ਾ ਆਮ ਲੋਕਾਂ ਦੀ ਜਿਹੇ ਮਨੁੱਖੀ ਸਰੀਰ, ਹਵਾ, ਪਾਣੀ ਨੂੰ ਝੱਲਣਾ ਪਵੇਗਾ।
ਲੋੜ ਹੈ ਸਰਕਾਰ, ਖੇਤੀਬਾੜੀ ਵਿਭਾਗ ਆਪਸੀ ਤਾਲਮੇਲ ਬਣਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਜਾਗਰੂਕ ਕਰਨ ਤਾਂ ਜੋ ਆਵਾਮ ਨੂੰ ਜ਼ਹਿਰ ਤੋਂ ਬਚਾਇਆ ਜਾ ਸਕੇ। ਜੇਕਰ ਪੰਜਾਬ ਜੈਵਿਕ ਖੇਤੀ ਦੀ ਗੱਲ ਕਰੀਏ ਪੰਜਾਬ ਵਿਚ ਸਿਰਫ 87 ਹਜ਼ਾਰ ਹੈਕਟੇਅਰ 'ਚ ਹੀ ਖੇਤੀ ਕੀਤੀ ਜਾਂਦੀ ਹੈ। ਇਸ ਵਿਚ ਸਰਕਾਰ ਹੀ ਨਹੀਂ ਸਗੋਂ ਕਿਸਾਨ ਅਤੇ ਜੋ ਪੰਜਾਬ ਵਿਚ ਖੁੰਭਾਂ ਵਾਂਗ ਕਿਸਾਨ ਯੂਨੀਅਨਾਂ ਹਨ, ਉਨ੍ਹਾਂ ਦਾ ਹੀ ਹੱਕ ਬਣਦਾ ਹੈ ਕਿ ਕਿਸਾਨਾਂ ਨੂੰ ਜ਼ਹਿਰ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ ਜਾਵੇ।


-ਜਗਵੰਤ ਬਰਾੜ
ਦਾਨ ਸਿੰਘ ਵਾਲਾ, ਬਠਿੰਡਾ।


ਆਬਾਦੀ ਨੂੰ ਕੰਟਰੋਲ ਕਰਨਾ ਜ਼ਰੂਰੀ
ਹੁਣ ਸਾਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਕਿ ਕਿਉਂ ਅਸੀਂ ਆਪਣੀ ਆਬਾਦੀ ਬੇਤਹਾਸ਼ਾ ਵਧਾ ਰਹੇ ਹਾਂ। ਸਾਨੂੰ ਇਸ ਮਾਮਲੇ ਵਿਚ ਧਾਰਮਿਕ ਵਿਤਕਰੇਬਾਜ਼ੀ ਬੰਦ ਕਰਨੀ ਪਵੇਗੀ। ਸਾਡੇ ਦੇਸ਼ ਵਿਚ ਧਾਰਮਿਕ ਆਬਾਦੀ ਦਾ ਹਵਾਲਾ ਦੇ ਕੇ ਜਾਣਬੁੱਝ ਕੇ ਪਿਛਲੇ ਸੱਤ ਦਹਾਕਿਆਂ ਤੋਂ ਕੋਈ ਆਬਾਦੀ ਕੰਟਰੋਲ ਕਾਨੂੰਨ ਨਹੀਂ ਬਣਾਇਆ ਗਿਆ।
ਜੇ ਕੋਈ ਨੇਤਾ ਜਾਂ ਸਮਾਜਿਕ ਸੰਗਠਨ ਦੇਸ਼ ਦੀ ਵਿਗੜਦੀ ਹਾਲਤ ਦਾ ਹਵਾਲਾ ਦੇ ਕੇ ਆਬਾਦੀ ਨੂੰ ਰੋਕਣ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਧਰਮ ਵਿਚ ਦਖ਼ਲਅੰਦਾਜ਼ੀ ਕਹਿ ਕੇ ਬੁਰਾ-ਭਲਾ ਕਿਹਾ ਜਾਂਦਾ ਹੈ, ਜੋ ਕਿ ਗ਼ਲਤ ਹੈ। ਸਾਡੇ ਧਰਮ ਦੇ ਠੇਕੇਦਾਰ ਸਗੋਂ ਜਜ਼ਬਾਤੀ ਭਾਸ਼ਣ ਦੇ ਕੇ ਆਪਣੇ ਚੇਲਿਆਂ ਨੂੰ ਹੋਰ ਆਬਾਦੀ ਵਧਾਉਣ ਲਈ ਧਰਮ ਦਾ ਹਵਾਲਾ ਦੇ ਕੇ ਉਤਸ਼ਾਹਿਤ ਕਰਦੇ ਹਨ। ਜੇ ਦੇਸ਼ ਦੀ ਆਬਾਦੀ ਕੰਟਰੋਲ ਹੇਠ ਰਹੇਗੀ ਤਾਂ ਇਸ ਦਾ ਸਭ ਨੂੰ ਫਾਇਦਾ ਹੈ। ਅਨਪੜ੍ਹਤਾ ਤੇ ਲਾਚਾਰੀ ਘਟਦੀ ਹੈ। ਦੇਸ਼ ਵਿਚ ਸਾਧਨ ਵਧਦੇ ਹਨ। ਦੇਸ਼ ਤੇ ਸਮਾਜ ਖੁਸ਼ਹਾਲ ਰਹਿੰਦਾ ਹੈ। ਵੱਧ ਗਿਣਤੀ ਧਰਮ ਦੀ ਨਿਸ਼ਾਨੀ ਨਹੀਂ, ਸਾਧਨ ਸੰਪੰਨ ਪੜ੍ਹੇ-ਲਿਖੇ ਲੋਕ ਖੁਸ਼ਹਾਲੀ ਦੀ ਅਸਲ ਪਛਾਣ ਹੈ। ਪਤਾ ਨਹੀਂ ਕਦੋਂ ਸਾਡੇ ਧਾਰਮਿਕ ਨੇਤਾ ਇਹ ਗੱਲ ਸਮਝਣਗੇ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


ਵਿਚਾਰਨਯੋਗ ਮੁੱਦਾ
ਅੱਜਕਲ੍ਹ ਹਰ ਖੁਸ਼ੀ ਦੇ ਮੌਕਿਆਂ ਸਮੇਂ ਆਤਿਸ਼ਬਾਜ਼ੀ ਚਲਾਉਣਾ ਆਮ ਗੱਲ ਹੋ ਗਈ ਹੈ। ਹੁਣ ਤਾਂ ਕੀ ਲੋਹੜੀ, ਕੀ ਬਸੰਤ, ਕੀ ਨਵੇਂ ਵਰ੍ਹੇ ਦੀ ਆਮਦ, ਵਿਆਹ-ਸ਼ਾਦੀ ਆਦਿ ਗੱਲ ਕੀ ਜਿਵੇਂ ਆਤਿਸ਼ਬਾਜ਼ੀ ਤੋਂ ਬਿਨਾਂ ਹਰ ਖੁਸ਼ੀ ਅਧੂਰੀ ਹੀ ਰਹਿ ਜਾਣੀ ਹੈ। ਆਤਿਸ਼ ਦਾ ਅਰਥ ਅੱਗ ਹੈ। ਸੋ, ਅੱਗ ਨਾਲ ਖੇਡਣਾ ਚੰਗੀ ਆਦਤ ਨਹੀਂ ਹੈ। ਭਾਵੇਂ ਅੱਗ ਬਿਨਾਂ ਸਾਡਾ ਜੀਵਨ ਅਧੂਰਾ ਹੈ। ਜੇ ਆਤਿਸ਼ਬਾਜ਼ੀ ਦੀ ਖੇਡ ਸਾਡੇ 'ਤੇ ਭਾਰੂ ਹੋ ਗਈ ਤਾਂ ਸਾਡਾ ਭਵਿੱਖ ਸੁਖਾਵਾਂ ਨਹੀਂ ਹੈ। ਇਕ ਸਕਿੰਟ ਦੇ ਖੜਾਕ ਭਰੇ ਅਨੰਦ ਲਈ ਮਾਪਿਆਂ ਦੇ ਲਾਡਲੇ ਕਈ ਘੰਟਿਆਂ ਲਈ ਆਲੇ-ਦੁਆਲੇ ਨੂੰ ਧੂੰਏਂ ਨਾਲ ਭਰ ਦਿੰਦੇ ਹਨ। ਆਤਿਸ਼ਬਾਜ਼ੀ ਦੇ ਵਧੇਰੇ ਮਾਤਰਾ ਵਿਚ ਚੱਲਣ ਦੇ ਰੁਝਾਨ ਨੂੰ ਹੱਲਾਸ਼ੇਰੀ ਦੇਣ ਵਿਚ ਮਾਪਿਆਂ ਦਾ ਕਸੂਰ ਹੈ। ਇਹ ਅਣਜਾਣਪੁਣੇ ਦੇ ਮੋਹ-ਵੱਸ ਹੋ ਕੇ ਲਾਡਲਿਆਂ ਦੀ ਮੂੰਹ-ਮੰਗੀ ਮੁਰਾਦ ਪੂਰੀ ਕਰਦੇ ਹਨ। ਸੋ, ਖੁਸ਼ੀਆਂ ਰਲ-ਮਿਲ ਕੇ ਚੰਗਾ ਖਾ-ਪੀ ਕੇ, ਨੱਚ-ਟੱਪ ਕੇ ਗਾ ਕੇ ਮਨਾਈਆਂ ਜਾਣ ਜਿਸ ਦਾ ਵੱਖਰਾ ਹੀ ਅਨੰਦ ਹੋਵੇਗਾ। ਸੋ, ਆਤਿਸ਼ਬਾਜ਼ੀ 'ਤੇ ਖਰਚੇ ਪੈਸੇ ਵੀ ਬਚਣਗੇ।


-ਐਸ. ਮੀਲੂ ਫਰੌਰ, ਖੰਨਾ।


ਮਨੁੱਖ ਦਾ ਫ਼ਰਜ਼
ਮਨੁੱਖ ਆਪਣੇ ਕੰਮਾਂ ਕਾਰਾਂ ਵਿਚ ਏਨਾ ਰੁੱਝਦਾ ਜਾ ਰਿਹਾ ਹੈ ਕਿ ਉਸ ਕੋਲ ਆਪਣਿਆਂ ਲਈ ਵਕਤ ਨਹੀਂ ਰਿਹਾ। ਜੇ ਕਿਸੇ ਕੋਲ ਵਿਹਲਾ ਸਮਾਂ ਹੁੰਦਾ ਵੀ ਹੈ ਤਾਂ ਉਹ ਉਸ ਨੂੰ ਸੋਸ਼ਲ ਮੀਡੀਆ 'ਤੇ ਬਤਾਉਂਦਾ ਹੈ, ਜਿਸ ਕਾਰਨ ਰਿਸ਼ਤਿਆਂ ਵਿਚ ਆਪਸੀ ਤਾਲਮੇਲ ਅਤੇ ਸਮਝ ਘਟ ਰਹੀ ਹੈ। ਹਰ ਰਿਸ਼ਤਾ ਵਿਸ਼ਵਾਸ ਨਾਲ ਨਿੱਭਦਾ ਅਤੇ ਵਿਸ਼ਵਾਸ ਮਿਲਵਰਤਣ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਨਾਲ ਉਪਜਦਾ ਹੈ ਜਿਸ ਲਈ ਬਹੁਗਿਣਤੀ ਲੋਕਾਂ ਕੋਲ ਸਮਾਂ ਹੀ ਨਹੀਂ। ਮਨੁੱਖ ਦੇ ਆਪਣਿਆਂ ਪ੍ਰਤੀ ਥੋੜ੍ਹਾ ਅਵੇਸਲਾ ਹੋਣ ਦੀ ਦੇਰ ਹੈ ਕਿ ਅਵਿਸ਼ਵਾਸ ਅਤੇ ਸ਼ੱਕ ਨੂੰ ਪਨਪਦਿਆਂ ਦੇਰ ਨਹੀਂ ਲਗਦੀ। ਮਨ ਵਿਚ ਸ਼ੱਕ ਫ਼ਸਲ ਵਿਚ ਨਦੀਨ ਵਾਂਗ ਹੁੰਦਾ ਹੈ ਜੇਕਰ ਉਸ ਨੂੰ ਨਾ ਪੁੱਟਿਆ ਤਾਂ ਉਹ ਵਧਦੇ ਹੀ ਜਾਣਗੇ ਅਤੇ ਬਹੁਤ ਜਲਦ ਫ਼ਸਲ ਉੱਪਰ ਭਾਰੀ ਪੈ ਕੇ ਉਸ ਨੂੰ ਖ਼ਤਮ ਕਰ ਦੇਣਗੇ। ਭਰਪੂਰ ਫ਼ਸਲ ਲੈਣ ਲਈ ਉਸ ਦੀ ਸਾਂਭ-ਸੰਭਾਲ ਕਰਨਾ ਵੀ ਜ਼ਰੂਰੀ ਹੈ। ਰਿਸ਼ਤਾ ਕੋਈ ਵੀ ਹੋਵੇ ਖੂਨ ਦਾ, ਸਮਾਜਿਕ ਜਾਂ ਫਿਰ ਮਨੁੱਖਤਾ ਦਾ ਇਨ੍ਹਾਂ ਨੂੰ ਵੀ ਅਣਗੌਲਿਆ ਕਰਕੇ ਜੀਵਨ ਨੂੰ ਹੱਸ-ਖੇਡ ਕੇ ਜਿਊਣ ਦਾ ਲੁਤਫ਼ ਅਧੂਰਾ ਹੀ ਰਹਿ ਜਾਵੇਗਾ।


-ਗੁਰਦੀਪ ਬਰਾੜ
ਕੋਟਲੀ ਅਬਲੂ।

21-02-2019

 ਸਵਾਈਨ ਫਲੂ ਦਾ ਕਹਿਰ
ਦੇਸ਼ ਭਰ 'ਚ ਅੱਜ ਤੱਕ ਸਵਾਈਨ ਫਲੂ ਦੇ ਕਹਿਰ ਨਾਲ ਦੋ ਸੌ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਭ ਤੋਂ ਵੱਧ ਕਰੀਬ ਸੌ ਮੌਤਾਂ ਇਕੱਲੇ ਰਾਜਸਥਾਨ 'ਚ ਹੋ ਚੁੱਕੀਆਂ ਹਨ। ਬਿਮਾਰੀ ਤੋਂ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਵੀ ਦਿਨੋ-ਦਿਨ ਵਧ ਰਹੀ ਹੈ। ਇਸ ਆਫ਼ਤ ਨਾਲ ਨਜਿੱਠਣ ਲਈ ਸਰਕਾਰੀ ਤੌਰ 'ਤੇ ਕੋਈ ਬਿਆਨ ਪੜ੍ਹਨ ਨੂੰ ਨਹੀਂ ਮਿਲ ਰਿਹਾ। ਨਾ ਹੀ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣ ਤੇ ਰੋਕਥਾਮ ਕਰਨ ਲਈ ਜਾਗਰੂਕ ਕੀਤਾ ਗਿਆ। ਸੋ, ਜੇਕਰ ਕਿਸੇ ਮਰੀਜ਼ ਨੂੰ ਤੇਜ਼ ਬੁਖਾਰ, ਸਿਰ ਦਰਦ, ਖਾਂਸੀ, ਗਲਾ ਤੇ ਸਰੀਰ ਦਰਦ ਅਤੇ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦਾ ਵਾਇਰਸ ਪੀੜਤ ਤੋਂ ਤੰਦਰੁਸਤ ਵਿਅਕਤੀ ਨੂੰ ਆਪਣੀ ਲਪੇਟ 'ਚ ਜਲਦੀ ਨਾਲ ਲੈ ਲੈਂਦਾ ਹੈ। ਰੋਕਥਾਮ ਤੇ ਬਚਾਅ ਲਈ ਪੀੜਤ ਮਰੀਜ਼ ਮੂੰਹ, ਨੱਕ ਢਕ ਕੇ ਰੱਖੇ। ਜਨਤਕ ਬੱਸ, ਰੇਲਵੇ 'ਚ ਯਾਤਰਾ ਨਾ ਕਰੇ। ਸਕੂਲ ਦਫ਼ਤਰ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਆਸ-ਪਾਸ ਦੀ ਸਫ਼ਾਈ ਰੱਖੀ ਜਾਵੇ। ਜਾਗਰੂਕਤਾ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਸਰਕਾਰ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਤੇ ਰੋਕਥਾਮ ਲਈ ਠੋਸ ਉਪਰਾਲੇ ਕਰੇ।


-ਪਰਮ ਪਿਆਰ ਸਿੰਘ, ਨਕੋਦਰ।


ਮੰਦਭਾਗੀ ਘਟਨਾ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਪੂਰਾ ਦੇਸ਼ ਇਸ ਹਮਲੇ ਦੀ ਸਖ਼ਤ ਨਿੰਦਾ ਕਰ ਰਿਹਾ ਹੈ। 8 ਫ਼ਰਵਰੀ ਨੂੰ ਸੁਰੱਖਿਆ ਏਜੰਸੀਆਂ ਨੇ ਇਕ ਅਲਰਟ ਜਾਰੀ ਕਰਕੇ ਕਿਹਾ ਸੀ ਕਿ ਅੱਤਵਾਦੀ ਜੰਮੂ-ਕਸ਼ਮੀਰ ਵਿਚ ਕੋਈ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਹਨ, ਪਰ ਇਸ ਦੇ ਬਾਵਜੂਦ, ਅੱਤਵਾਦੀ ਇਹ ਭਿਆਨਕ ਹਮਲਾ ਕਰਨ ਵਿਚ ਕਾਮਯਾਬ ਰਹੇ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਅਸੀਂ ਆਪਣੀਆਂ ਫ਼ੌਜਾਂ ਦੀ ਹੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਆਮ ਲੋਕਾਂ ਦੀ ਸੁਰੱਖਿਆ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਭਾਰਤ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ।


-ਵਰਸ਼ਾ ਵਰਮਾ, ਪਟਿਆਲਾ।


ਗਊ ਧਨ
ਇਕ ਪਾਸੇ ਜਿਥੇ ਗਊ ਤਸਕਰੀ 'ਤੇ ਪੂਰੀ ਪਾਬੰਦੀ ਹੈ ਅਤੇ ਜੇਕਰ ਕੋਈ ਨਾਜਾਇਜ਼ ਤਰੀਕੇ ਨਾਲ ਗਊ ਤਸਕਰੀ ਕਰਦਾ ਹੈ ਤਾਂ ਗਊ ਭਗਤਾਂ ਵਲੋਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਜਾਂਦਾ ਹੈ। ਇਥੋਂ ਤੱਕ ਕਿ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ। ਪਰ ਦੂਜੇ ਪਾਸੇ ਪੰਜਾਬ ਦੀਆਂ ਕੁਝ ਕੁ ਗਊਸ਼ਾਲਾਂ ਵਿਚ ਰੱਖੀਆਂ ਗਊਆਂ ਗੋਬਰ, ਪਿਸ਼ਾਬ ਤੇ ਚਿੱਕੜ ਵਿਚ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ। ਇਨ੍ਹਾਂ ਗਊਆਂ ਦੀ ਤਰਸਯੋਗ ਹਾਲਤ ਵੇਖ ਕੇ ਹਰੇਕ ਹੀ ਕਹੇਗਾ ਕਿ ਇਸ ਨਾਲੋਂ ਤਾਂ ਸੜਕਾਂ 'ਤੇ ਘੁੰਮਦੀਆਂ ਫਿਰਦੀਆਂ ਗਊਆਂ ਜ਼ਿਆਦਾ ਸੁਰੱਖਿਅਤ ਹਨ। ਸੋ, ਲੋੜ ਹੈ ਇਸ ਗਊ ਧਨ ਨੂੰ ਬਚਾਉਣ ਲਈ ਗਊ ਭਗਤਾਂ ਤੇ ਪ੍ਰਬੰਧਕ ਕਮੇਟੀਆਂ ਨੂੰ ਇਸ ਕੰਮ ਵੱਲ ਬਿਆਨ ਦੇਣ ਦੀ।


-ਅਮਰੀਕ ਸਿੰਘ ਚੀਮਾ, ਜਲੰਧਰ।


ਸਿੱਖਿਆ ਦੀ ਬਰਬਾਦੀ
ਪੰਜਾਬ ਦੀ ਸਿੱਖਿਆ ਇਸ ਵੇਲੇ ਬਹੁਤ ਮਾੜੇ ਦੌਰ ਵਿਚੋਂ ਲੰਘ ਰਹੀ ਹੈ। ਪੰਜਾਬ ਸਿੱਖਿਆ ਪੱਖੋਂ ਦੇਸ਼ ਦੇ ਸਾਰੇ ਸੂਬਿਆਂ ਤੋਂ ਪਿੱਛੇ ਚਲਾ ਗਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਗ਼ਲਤ ਤੇ ਮਾਰੂ ਨੀਤੀਆਂ ਕਾਰਨ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਦੀ ਬਰਬਾਦੀ ਕੀਤੀ ਜਾ ਰਹੀ ਹੈ ਪਰ ਅਫ਼ਸੋਸ ਪੰਜਾਬ ਦੀ ਜਨਤਾ ਦੀ ਚੁਣੀ ਹੋਈ ਸਰਕਾਰ ਦੇ ਸਾਰੇ ਨੁਮਾਇੰਦੇ ਚੁੱਪ ਹਨ ਜਾਂ ਕਹਿ ਲਿਆ ਜਾਵੇ ਕਿ ਪੰਜਾਬ ਵਿਚ ਵਿਧਾਇਕਾਂ ਨਾਲੋਂ ਅਫਸਰਸ਼ਾਹੀ ਦਾ ਪ੍ਰਭਾਵ ਵੱਧ ਹੈ। 'ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ' ਜਿਹੇ ਸਿੱਖਿਆ ਮਾਰੂ ਪ੍ਰੋਗਰਾਮਾਂ ਜ਼ਰੀਏ ਪੰਜਾਬ ਦੇ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਗ਼ਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਪੰਜਾਬ ਦੀ ਜਨਤਾ ਦੀ ਇਹ ਪੁਰਜ਼ੋਰ ਮੰਗ ਹੈ ਕਿ ਇਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਸਿੱਖਿਆ ਮਹਿਕਮੇ ਵਿਚ ਚਲਦਾ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਗ਼ਰੀਬ ਬੱਚਿਆਂ ਤੇ ਅਧਿਆਪਕਾਂ ਨੂੰ ਅਜਿਹੇ ਧੱਕੇਸ਼ਾਹੀ ਤੇ ਆਪ-ਹੁਦਰੀਆਂ ਕਰਨ ਵਾਲੇ ਅਧਿਕਾਰੀ ਤੋਂ ਰਾਹਤ ਮਿਲ ਸਕੇ।


-ਜਸਦੀਪ ਸਿੰਘ ਖ਼ਾਲਸਾ


ਓਪਨ ਯੂਨੀਵਰਸਿਟੀ
ਪਟਿਆਲਾ ਨਿਵਾਸੀਆਂ ਨੂੰ ਇਕ ਹੋਰ ਯੂਨੀਵਰਸਿਟੀ ਦਾ ਸੁਖ ਮਿਲਣ ਲੱਗਾ ਹੈ ਜੋ ਬਹੁਤ ਵਧੀਆ ਹੈ ਪਰ ਇਥੇ ਇਕ ਸੁਝਾਅ ਹੈ ਜਿਸ ਨਾਲ ਪੰਜਾਬੀ ਯੂਨੀਵਰਸਿਟੀ ਨੂੰ ਆਏ ਹੋਏ ਆਰਥਿਕ ਸੰਕਟ ਤੋਂ ਛੁਟਕਾਰਾ ਮਿਲ ਸਕਦਾ ਹੈ ਉਹ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਹੀ ਆਪਣੀ ਓਪਨ ਸਿੱਖਿਆ ਨੀਤੀ ਵਿਚ ਬਦਲਾਅ ਕਰਦੇ ਹੋਏ ਵੱਖ-ਵੱਖ ਵਿਸ਼ਿਆਂ 'ਚ ਦਾਖ਼ਲ ਵਧਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਨਵੀਂ ਯੂਨੀਵਰਸਿਟੀ ਦੇ ਹੋਣ ਵਾਲੇ ਖਰਚੇ ਦੀ ਰਕਮ ਪੰਜਾਬੀ ਯੂਨੀਵਰਸਿਟੀ ਨੂੰ ਦਿੰਦਿਆਂ ਵਿੱਤੀ ਸੰਕਟ ਵਿਚੋਂ ਰਾਹਤ ਦਿਵਾਈ ਜਾ ਸਕਦੀ ਹੈ। ਇਸ ਸਬੰਧੀ ਇਕ ਕਮੇਟੀ ਦੀ ਸਥਾਪਨਾ ਕਰਦਿਆਂ ਹੋਇਆਂ ਮਾਮਲਾ ਵਿਚਾਰਨ ਦੀ ਖੇਚਲ ਕੀਤੀ ਜਾਵੇ। ਇਕ ਪੰਥ ਦੋ ਕਾਜ... ਯੂਨੀਵਰਸਿਟੀ ਵਿੱਤੀ ਸੰਕਟ ਤੋਂ ਰਾਹਤ ਪਾ ਲਵੇਗੀ ਤੇ ਪੜ੍ਹਾਈ ਕਰਨ ਦੇ ਸ਼ੌਕੀਨ ਵੀ ਲਾਭ ਉਠਾ ਲੈਣਗੇ।


-ਸ਼ਾਮ ਸਿੰਘ ਪ੍ਰਧਾਨ

20-02-2019

 ਕੀ ਫਾਇਦਾ ਅਜਿਹੀਆਂ ਯੋਜਨਾਵਾਂ ਦਾ
ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਬੜਾ ਹੀ ਦੁੱਖ ਹੁੰਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਮਿੱਡ ਡੇ ਮੀਲ ਬਣਾਉਣ 'ਤੇ ਲੱਖਾਂ ਰੁਪਏ ਖਰਚ ਕੇ ਅਤੇ ਸਟਾਫ ਦਾ ਸਮਾਂ ਖਰਾਬ ਕਰਕੇ ਬੱਚਿਆਂ ਦੀ ਗਿਣਤੀ ਨਹੀਂ ਵਧ ਰਹੀ, ਇਸ ਦਾ ਕੋਈ ਨਤੀਜਾ ਨਹੀਂ ਨਿਕਲਦਾ ਨਜ਼ਰ ਆਉਂਦਾ ਅਤੇ ਇਸ ਦੇ ਨਾਲ ਹੀ ਜੋ ਸਾਈਕਲ ਮਾਈ ਭਾਗੋ ਸਕਮ ਦੇ ਅਧੀਨ ਵੰਡੇ ਜਾਣੇ ਹਨ। ਉਹੀ ਸਾਈਕਲ ਬਾਜ਼ਾਰ ਵਿਚ ਕਿਤੇ-ਕਿਤੇ ਵਿਕਦੇ ਅਤੇ ਉਨ੍ਹਾਂ ਦੀ ਦੁਰਵਰਤੋਂ ਹੁੰਦੀ ਦਿਸਦੀ ਹੈ ਤਾਂ ਬੜਾ ਹੀ ਦੁੱਖ ਹੁੰਦਾ ਹੈ। ਇਹੀ ਰਕਮ ਜੇ ਸਿੱਖਿਆ ਦਾ ਪੱਧਰ ਵਧਾਉਣ ਵਾਸਤੇ ਲਗਾਈ ਜਾਵੇ ਤਾਂ ਕਈ ਚੰਗੇ ਨਤੀਜੇ ਨਿਕਲ ਸਕਦੇ ਹਨ। ਸਰਕਾਰ ਗ਼ੌਰ ਕਰੇ ਅਤੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਿੱਖਿਆ ਦਾ ਮਿਆਰ ਵਧਾਉਣ ਲਈ ਉਪਰਾਲੇ ਕਰੇ ਤਾਂ ਜੋ ਸਕੂਲਾਂ ਵਿਚ ਬੱਚਿਆਂ ਅਤੇ ਮਾਪਿਆਂ ਨੂੰ ਮਲੋ-ਮੱਲੀ ਖਿੱਚ ਪੈਦਾ ਹੋਵੇ।


-ਕ੍ਰਿਸ਼ਨ ਖੇੜਾ, ਲੋਹੀਆਂ।


ਅਸੁਰੱਖਿਅਤ ਕੁੜੀਆਂ
ਪਿਛਲੇ ਇਕ ਸਾਲ ਦੇ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਪੰਜਾਬ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਘਟਨਾਵਾਂ ਜ਼ਿਆਦਾਤਰ ਦਿਨ ਸਮੇਂ ਤੇ ਭੀੜ ਵਾਲੀ ਜਗ੍ਹਾ 'ਤੇ ਵਾਪਰੀਆਂ ਹਨ। ਪਿਛਲੇ ਦਿਨੀਂ ਲੁਧਿਆਣਾ ਵਿਚ ਹੋਏ ਸਮੂਹਿਕ ਜਬਰ ਜਨਾਹ ਨੇ ਪੂਰੀ ਤਰ੍ਹਾਂ ਸੁਰੱਖਿਆ ਵਿਵਸਥਾ ਨੂੰ ਹਾਸ਼ੀਏ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਕਿਉਂ ਨਹੀਂ ਸਰਕਾਰਾਂ ਵੱਡੇ ਸ਼ਹਿਰਾਂ ਵਿਚ ਵੱਖਰੀਆਂ ਪੁਲਿਸ ਟੀਮਾਂ ਬਣਾਉਂਦੀਆਂ ਤੇ ਕੁੜੀਆਂ ਦੀ ਸਹਾਇਤਾ ਲਈ ਹੈਲਪਲਾਓਈਨ ਨੰਬਰ ਜਾਰੀ ਕਰਦੀਆਂ। ਜ਼ਿਆਦਾਤਰ ਕੁੜੀਆਂ ਆਪਣੇ ਘਰਾਂ ਤੋਂ ਦੂਰ ਵੱਡੇ ਸ਼ਹਿਰਾਂ ਵਿਚ ਪੜ੍ਹਾਈ ਕਰਦੀਆਂ ਹਨ ਤੇ ਰਾਤ ਦੇ ਸਮੇਂ ਉਨ੍ਹਾਂ ਨੂੰ ਇਕੱਲਿਆਂ ਬਾਹਰ ਨਿਕਲਣ ਤੋਂ ਪਹਿਲਾਂ ਉਨ੍ਹਾਂ ਦੇ ਸਾਹਮਣੇ ਆਪਣੀ ਸੁਰੱਖਿਆ ਆ ਜਾਂਦੀ ਹੈ। ਸਭ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਗ਼ੈਰ-ਸਮਾਜਿਕ ਅਨਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾ ਕਰਨ ਤੇ ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਤੇ ਅਜਿਹੇ ਲੋਕਾਂ ਦਾ ਡਟ ਕੇ ਮੁਕਾਬਲਾ ਕਰਨ ਤਾਂ ਜੋ ਉਹ ਆਪਣੀ ਆਤਮ-ਸੁਰੱਖਿਆ ਕਰ ਸਕਣ।


-ਕਮਲ ਬਰਾੜ, ਪਿੰਡ ਕੋਟਲੀ ਅਬਲੂ।


ਪੁਲਵਾਮਾ ਦਰਦਨਾਕ ਘਟਨਾ
ਪਿਛਲੇ ਦਿਨੀਂ ਦਹਿਸ਼ਤਗਰਦਾਂ ਵਲੋਂ ਸੁਰੱਖਿਆ ਨੌਜਵਾਨਾਂ ਦੀ ਬੱਸ 'ਤੇ ਫਿਦਾਈਨ ਹਮਲੇ ਦੀ ਦਰਦਨਾਕ ਖ਼ਬਰ ਨੇ ਜਿਥੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਧਰੇ ਹਨ, ਉਥੇ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਦੀ ਕਾਰਗੁਜ਼ਾਰੀ ਉੱਪਰ ਵੀ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ। ਸੁਰੱਖਿਆ ਜਵਾਨਾਂ ਦੀ ਬੱਸ 'ਚ ਸਾਢੇ ਤਿੰਨ ਕੁਇੰਟਲ ਬਾਰੂਦ ਨਾਲ ਭਰਿਆ ਵਾਹਨ ਮਾਰਨਾ ਅਤੇ ਗ਼ੈਰ-ਮਨੁੱਖੀ ਕਾਰਾ ਕਰਨਾ ਇਕ ਅਤਿਅੰਤ ਨਿੰਦਣਯੋਗ ਅਤੇ ਘਟੀਆ ਕਾਰਵਾਈ ਹੈ। ਏਨੀ ਮਾਤਰਾ 'ਚ ਬਾਰੂਦ ਇਕੱਠਾ ਕਰਨਾ ਅਤੇ ਅਜਿਹੀਆਂ ਘਟਨਾਵਾਂ ਨੂੰ ਦੇਸ਼ ਦੇ ਅੰਦਰ ਰਹਿ ਕੇ ਅੰਜਾਮ ਦੇਣਾ ਸਾਡੀਆਂ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਚੁਣੌਤੀ ਹੈ। ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੇ ਸੁਰੱਖਿਆ ਜਵਾਨਾਂ ਨਾਲ ਅਜਿਹੀ ਘਿਨਾਉਣੀ ਅਤੇ ਅਣਹੋਣੀ ਹੋ ਸਕਦੀ ਹੈ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਕੀ ਗਾਰੰਟੀ ਹੋ ਸਕਦੀ ਹੈ। ਇਸ ਵਿਚ ਸੁਰੱਖਿਆ ਏਜੰਸੀਆਂ ਦੇ ਵਿਸ਼ੇਸ਼ ਦੀ ਸ਼ਮੂਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕੁਝ ਵੀ ਹੋਵੇ, ਇਹ ਗ਼ੈਰ-ਮਨੁੱਖੀ ਕਾਰਾ ਅਤਿਅੰਤ ਨਿੰਦਣਯੋਗ ਹੈ।


-ਸਤਨਾਮ ਸਿੰਘ ਮੱਟੂ, ਬੀਂਬੜ੍ਹ, ਸੰਗਰੂਰ।


ਡੂੰਘੇ ਸੰਕਟ 'ਚ ਕਿਸਾਨ
ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਕਿਸਾਨੀ ਇਸ ਵੇਲੇ ਸੰਕਟਗ੍ਰਸਤ ਹੋਣ ਕਰਕੇ ਇਸ ਦੀ ਬਾਂਹ ਫੜਨ ਦੀ ਲੋੜ ਹੈ ਤਾਂ ਕਿ ਸਾਡਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਨਾ ਤੁਰੇ। ਕਿਸਾਨਾਂ ਨੂੰ ਮੁਸੀਬਤ ਵਿਚੋਂ ਕੱਢਣ ਲਈ ਇਸ ਨੂੰ ਇਕ ਵੱਡੀ ਬਿਮਾਰੀ ਸਮਝ ਕੇ ਇਸ ਦਾ ਸਥਾਈ ਤੇ ਬਿਹਤਰ ਇਲਾਜ ਕਰਨ ਦੀ ਬਜਾਏ ਸਿਆਸੀ ਦਲ ਨੀਮ ਹਕਮ ਦੇ ਟੋਟਕੇ ਵਰਤ ਕੇ ਡੰਗ ਟਪਾ ਰਹੇ ਹਨ, ਜਿਸ ਵਿਚ ਅਸੀਂ ਕਰਜ਼ ਮੁਆਫ਼ੀ ਦੇ ਢੰਗ ਨੂੰ ਵੀ ਰੱਖ ਸਕਦੇ ਹਾਂ। ਕਿਸਾਨ ਕਰਜ਼ ਮੁਆਫ਼ ਕਰਨ ਦੀ ਬਜਾਏ ਅਜਿਹੀ ਨੀਤੀ ਕਿਉਂ ਨਹੀਂ ਕੱਢੀ ਜਾਂਦੀ ਕਿ ਕਿਸਾਨ ਕਰਜ਼ਦਾਰ ਹੀ ਨਾ ਹੋਵੇ। ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਆਪ ਵੀ ਰੱਜ ਕੇ ਖਾਵੇ ਤੇ ਦੇਸ਼ ਦੀ ਜਨਤਾ ਵੀ ਭੁੱਖੀ ਨਾ ਰਹੇ। ਸਮੇਂ ਦੀ ਵੀ ਮੰਗ ਹੈ ਕਿ ਹੁਣ ਕਿਸਾਨ ਬੇਹਿਸਾਬ ਕਰਜ਼ ਨਾ ਲਵੇ। ਕੇਂਦਰ ਸਰਕਾਰ ਆਪਣੀ ਨਵੀਂ ਯੋਜਨਾ ਅਨੁਸਾਰ ਜੇ ਕਿਸਾਨਾਂ ਦੇ ਖਾਤੇ ਸਰਕਾਰ ਪੈਸਾ ਪਾਉਂਦੀ ਹੈ ਤੇ ਉਹ ਆਪਣੇ ਖੇਤੀ ਦੇ ਕੰਮ ਧੰਦੇ ਨਿਪਟਾ ਕੇ ਖਾਤੇ ਦਾ ਹਿਸਾਬ-ਕਿਤਾਬ ਸਹੀ ਕਰਕੇ ਚਿੰਤਾ ਮੁਕਤ ਰਹੇਗਾ ਤਾਂ ਕਿ ਸਾਡਾ ਕਿਸਾਨ ਵੀ ਖੁਸ਼ਹਾਲ ਤੇ ਸਾਡਾ ਦੇਸ਼ ਵੀ ਖੁਸ਼ਹਾਲ ਰਹੇਗਾ।


-ਵਿਵੇਕ, ਕੋਟ ਈਸੇ ਖਾਂ (ਮੋਗਾ)।


ਬੈਂਕ ਖਾਤੇਦਾਰਾਂ ਨਾਲ ਹੁੰਦੀ ਠੱਗੀ
ਪਿਛਲੇ ਕੁਝ ਸਮੇਂ ਤੋਂ ਜਾਅਲਸਾਜ਼ਾਂ ਦੁਆਰਾ ਬੈਂਕਾਂ ਵਿਚੋਂ ਲੋਕਾਂ ਦੇ ਖਾਤਿਆਂ 'ਚੋਂ ਲਗਾਤਾਰ ਤਕਨੀਕ ਦੀ ਗ਼ਲਤ ਵਰਤੋਂ ਕਰ ਕੇ ਲੱਖਾਂ ਰੁਪਏ ਹਥਿਆਏ ਜਾ ਰਹੇ ਹਨ। ਇਸ ਗ਼ਲਤ ਕਾਰੇ ਨਾਲ ਜਿਤੇ ਖਾਤੇਦਾਰਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਉਥੇ ਉਨ੍ਹਾਂ ਨੂੰ ਪ੍ਰੇਸ਼ਾਨੀ ਕਾਰਨ ਮਾਨਸਿਕ ਤਣਾਅ ਵੀ ਸਹਿਣਾ ਪੈਂਦਾ ਹੈ। ਲੋਕਾਂ ਦਾ ਧਨ ਬੈਂਕ ਕੋਲ ਅਮਾਨਤ ਵਜੋਂ ਪਿਆ ਹੁੰਦਾ ਹੈ। ਜੇਕਰ ਬੈਂਕਾਂ ਖਾਤੇਦਾਰਾਂ ਦੇ ਧਨ ਨੂੰ ਸੁਰੱਖਿਅਤ ਨਹੀਂ ਰੱਖ ਸਕਦੀਆਂ ਤਾਂ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਦੀ ਜ਼ਿੰਮੇਵਾਰੀ ਵੀ ਬੈਂਕਾਂ ਦੀ ਹੀ ਬਣਦੀ ਹੈ। ਇਸ ਸਬੰਧ ਵਿਚ ਪਿਛਲੇ ਦਿਨੀਂ ਕੇਰਲਾ ਸੂਬੇ ਦੀ ਹਾਈ ਕੋਰਟ ਨੇ ਪ੍ਰਭਾਵਿਤ ਖਾਤੇਦਾਰ ਦੇ ਹੱਕ ਵਿਚ ਸਪੱਸ਼ਟ ਫ਼ੈਸਲਾ ਦਿੰਦੇ ਹੋਏ ਕਿਹਾ ਹੈ ਕਿ ਖਾਤੇਦਾਰ ਦੇ ਨੁਕਸਾਨ ਦੀ ਪੂਰਤੀ ਕਰਨ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਬੈਂਕ ਦੀ ਬਣਦੀ ਹੈ। ਇਸ ਹੇਰਾਫੇਰੀ ਜਾਂ ਠੱਗੀ ਨੂੰ ਰੋਕਣ ਵਾਸਤੇ ਬੈਂਕਾਂ ਨੂੰ ਮੁਸਤੈਦ ਹੋਣ ਦੀ ਅਤਿਅੰਤ ਲੋੜ ਹੈ। ਏ.ਟੀ.ਐਮ. ਕਾਰਡ ਵਰਤਣ ਵੇਲੇ ਫਿੰਗਰ ਪ੍ਰਿੰਟ ਨਾਲ ਚੱਲਣ ਵਾਲੀਆਂ ਏ.ਟੀ.ਐਮ. ਮਸ਼ੀਨਾਂ ਦੀ ਸਹੂਲਤ ਹੋਣੀ ਚਾਹੀਦੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਹ ਠੱਗੀ ਰੋਕਣ ਦੇ ਸਬੰਧ ਵਿਚ ਸਮੂਹ ਬੈਂਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੀ ਪੁਲਿਸ ਵਿਸ਼ੇਸ਼ ਤੌਰ 'ਤੇ ਸਾਈਬਰ ਕ੍ਰਾਈਮ ਵਿੰਗ ਨੂੰ ਮੁਸਤੈਦ ਕਰੇ ਤਾਂ ਜੋ ਇਹ ਧੋਖਾ-ਧੜੀ ਦੀਆਂ ਘਟਨਾਵਾਂ ਬੰਦ ਹੋ ਸਕਣ। ਅਜਿਹੇ ਜਾਅਲਸਾਜ਼ਾਂ ਨੂੰ ਨੱਥ ਪਾਉਣ ਵਾਸਤੇ ਕਰੜੀ ਤੋਂ ਕਰੜੀ ਸਜ਼ਾ ਦੇਣ ਦਾ ਕਾਨੂੰਨ ਹੋਰ ਵੀ ਸਖ਼ਤ ਹੋਣਾ ਚਾਹੀਦਾ ਹੈ।


-ਅਮਲ 'ਸੂਫ਼ੀ', #ਏ-1, ਜੁਝਾਰ ਨਗਰ, ਮੋਗਾ।

19-02-2019

 ਪੰਜਾਬੀ ਬੋਲੀ ਦਾ ਨਿੱਘ
ਕੈਨੇਡਾ ਤੋਂ ਅੰਮ੍ਰਿਤਸਰ ਲਈ ਵਾਪਸੀ ਦੌਰਾਨ ਮੈਂ ਹੋਰ ਸਵਾਰੀਆਂ ਦੇ ਨਾਲ 'ਦੋਹਾ ਏਅਰਪੋਰਟ' ਦੀ ਖੂਬਸੂਰਤ ਇਮਾਰਤ ਵਿਚ ਬੈਟਰੀ ਨਾਲ ਚੱਲਣ ਵਾਲੀ ਛੋਟੀ 'ਸਵਾਰੀ ਵੈਨ' ਦੀ ਉਡੀਕ ਕਰ ਰਿਹਾ ਸਾਂ। ਅਚਾਨਕ ਇਕ ਵੈਨ ਰੁਕੀ ਤੇ ਵੇਖਦਿਆਂ ਹੀ ਭਰ ਵੀ ਗਈ। ਮੈਨੂੰ ਖੜ੍ਹਾ ਵੇਖ ਕੇ ਵੈਨ ਦਾ ਡਰਾਈਵਰ ਕਹਿਣ ਲੱਗਾ, 'ਸਰਦਾਰ ਜੀ, ਤੁਸੀਂ ਮੇਰੀ ਸੀਟ 'ਤੇ ਮੇਰੇ ਨਾਲ ਹੀ ਬੈਠ ਜਾਓ, ਲਾਗੇ ਤਾਂ ਜਾਣਾ ਹੈ।' ਡਰਾਈਵਰ ਨੇ ਪੰਜਾਬੀ ਬੋਲ ਕੇ ਮੇਰਾ ਧਿਆਨ ਖਿੱਚ ਲਿਆ ਸੀ। ਮੈਂ ਬੈਠ ਕੇ ਸ਼ੁਕਰੀਆ ਅਦਾ ਕੀਤਾ। 'ਹਾਂ, ਸੱਚ ਸਰਦਾਰ ਜੀ, ਤੁਸੀਂ ਭਾਰਤ ਵਿਚ ਕਿਸ ਸ਼ਹਿਰ ਦੇ ਬਾਸ਼ਿੰਦੇ ਹੋ। 'ਅੰਮ੍ਰਿਤਸਰ', ਮੈਂ ਕਿਹਾ। 'ਫਿਰ ਤਾਂ ਤੁਸੀਂ ਮੇਰੇ ਹਮਸਾਏ ਨਿਕਲੇ, ਮੈਂ ਲਾਹੌਰੀਆ ਤੇ ਤੁਸੀਂ ਅੰਬਰਸਰੀਏ।' 'ਭਲਾ ਇਹ ਦੱਸੋ, ਤੁਸੀਂ ਕਦੇ ਲਾਹੌਰ ਤੇ ਲਾਹੌਰ ਦਾ ਅਨਾਰਕਲੀ ਬਾਜ਼ਾਰ ਵੇਖਿਆ ਹੈ?
ਬਈ ਨਹੀਂ ਰੀਸਾਂ ਲਾਹੌਰ ਦੀਆਂ ਤੇ ਅਨਾਰਕਲੀ ਬਾਜ਼ਾਰ ਵਿਚਲੀਆਂ ਖਾਣ-ਪੀਣ ਦੀਆਂ ਵਸਤਾਂ ਦੀਆਂ। ਬੰਦਾ ਸਾਰੀ ਉਮਰ ਨਹੀਂ ਭੁੱਲਦਾ।' 'ਤੁਸੀਂ ਕਦੇ ਅੰਮ੍ਰਿਤਸਰ ਤਸ਼ਰੀਫ਼ ਲਿਆਓ', ਮੈਂ ਕਿਹਾ। 'ਰੋਜ਼ੀ ਰੋਟੀ ਦੀ ਘੁੰਮਣਘੇਰੀ 'ਚੋਂ ਕਿਥੇ ਨਿਕਲਿਆ ਜਾਂਦਾ ਹੈ। ਮੈਂ ਪਿਛਲੇ ਤਿੰਨਾਂ ਸਾਲਾਂ ਤੋਂ ਆਪਣੇ ਅੱਬਾ ਜਾਨ ਤੇ ਬੱਚਿਆਂ ਨੂੰ ਵੇਖਣ ਲਈ ਤਰਸ ਰਿਹਾ ਹਾਂ', ਉਸ ਨੇ ਕੁਝ ਉਦਾਸੀ ਨਾਲ ਕਿਹਾ। ਇਸੇ ਦੌਰਾਨ ਅਗਲੇ ਹਵਾਈ ਜਹਾਜ਼ ਦੀ ਥਾਂ ਆ ਗਈ ਤੇ ਅਸਾਂ ਦੋਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਏ ਤੇ ਵਿਦਾਇਗੀ ਲਈ। ਇਹ ਸਾਂਝੀ ਪੰਜਾਬੀ ਬੋਲੀ ਦਾ ਹੀ ਨਿੱਘ ਸੀ, ਜਿਸ ਨੇ ਦਸਾਂ ਮਿੰਟਾਂ ਦੇ ਸਫ਼ਰ ਦੌਰਾਨ ਦੋ ਅਜਨਬੀਆਂ ਨੂੰ ਇਕ ਦਿਲ ਇਕ ਜਾਨ ਬਣਾ ਦਿੱਤਾ ਸੀ। ਸੋ, ਮੇਰੇ ਹਮ ਵਤਨ ਪੰਜਾਬੀਓ, ਆਪਣੇ ਘਰਾਂ, ਦਫ਼ਤਰਾਂ ਤੇ ਮਹਿਫ਼ਲਾਂ ਵਿਚ ਰੱਜ ਕੇ ਠੇਠ ਪੰਜਾਬੀ ਬੋਲੋ ਤੇ ਰਸ ਘੋਲੋ।

-ਇੰਜੀ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

ਕੰਢੀ ਇਲਾਕੇ ਦੇ ਦੁੱਖ
ਪਿਛਲੇ ਦਿਨੀਂ ਦੀਪਕ ਅਗਨੀਹੋਤਰੀ ਦੁਆਰਾ ਲਿਖਿਆ 'ਕੰਢੀ ਇਲਾਕੇ 'ਚ ਰੁੱਖ ਪਾਲ ਕੇ ਲੋਕਾਂ ਨੇ ਆਪਣੇ ਦੁੱਖ ਵਧਾਏ' ਸਿਰਲੇਖ ਹੇਠ ਇਕ ਬਹੁਤ ਹੀ ਕਾਬਿਲ-ਏ-ਤਾਰੀਫ਼ ਲੇਖ ਸੀ। ਇੱਥੋਂ ਦੇ ਲੋਕਾਂ ਲਈ ਇਹ ਐਕਟ ਕਾਲਾ ਐਕਟ ਸਾਬਤ ਹੋ ਰਿਹਾ ਹੈ। ਇਸ ਇਲਾਕੇ ਦੇ ਪਛੜੇਪਨ ਦਾ ਮੁੱਢਲਾ ਕਾਰਨ ਹੀ ਇਹ ਐਕਟ ਹੈ। ਲੇਖਕ ਨੇ ਆਪਣੀ ਕਲਮ ਰਾਹੀਂ ਕੰਢੀ ਖੇਤਰ ਦੇ ਲੋਕਾਂ ਦੀ ਪੀੜ ਦੀ ਸੱਚਾਈ ਨੂੰ ਵਿਸਥਾਰਪੂਰਵਕ ਢੰਗ ਨਾਲ ਪੇਸ਼ ਕੀਤਾ ਹੈ। ਸਾਰੀਆਂ ਸ਼ਰਤਾਂ ਦਾ ਬੜੇ ਸਪੱਸ਼ਟ ਸ਼ਬਦਾਂ ਵਿਚ ਜ਼ਿਕਰ ਕੀਤਾ ਹੈ, ਆਪਣੀ ਜ਼ਮੀਨ ਵਿਚ ਖ਼ੁਦ ਲਗਾਏ ਰੁੱਖ ਆਪਣੀ ਮਰਜ਼ੀ ਨਾਲ ਨਹੀਂ ਵੱਢੇ ਜਾ ਸਕਦੇ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ। ਅੰਤਾਂ ਦੀ ਮਿਹਨਤ ਤੋਂ ਬਾਅਦ ਦਰੱਖਤ ਵੱਢਣ ਲਈ ਲੰਬੀ ਕਾਗਜ਼ੀ ਕਾਰਵਾਈ, ਕੁਦਰਤੀ ਆਫ਼ਤਾਂ ਅਤੇ ਵਣ ਵਿਭਾਗ ਦੀ ਚੌਧਰ ਕਰਕੇ ਦਰੱਖਤਾਂ ਦੇ ਅਸਲ ਮਾਲਕਾਂ ਦੇ ਹਿੱਸੇ ਕੇਵਲ ਪੱਤੇ ਹੀ ਝੋਲੀ ਪੈਂਦੇ ਹਨ। ਇਨ੍ਹਾਂ ਖੇਤਰਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੋਂ ਦੀ ਜ਼ਮੀਨ ਦੀ ਧਾਰਾ ਡੀਮਡ ਟੂ ਬੀ ਪੰਚਾਇਤ ਲੈਂਡ ਨੂੰ ਖ਼ਤਮ ਕਰਨ ਉਪਰੰਤ ਹੀ ਕੰਢੀ ਖੇਤਰ ਦੀ ਨੁਹਾਰ ਵਿਚ ਕੋਈ ਬਦਲਾਅ ਸੰਭਵ ਹੋ ਸਕਦਾ ਹੈ।

-ਗੁਰਜੀਤ ਸਿੰਘ,
ਐਮ.ਏ.ਭਾਗ-2, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈ-ਸਿਗਰਟ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਦੇ ਪੰਜਾਬ ਸਫ਼ੇ 'ਤੇ ਖ਼ਬਰ ਲੱਗੀ ਕਿ 'ਪੰਜਾਬ 'ਚ ਹੈਰੋਇਨ ਅਤੇ ਚਿੱਟੇ ਤੋਂ ਬਾਅਦ ਹੁਣ ਈ-ਸਿਗਰਟ ਦੇ ਨਸ਼ੇ ਦਾ ਵਧਣ ਲੱਗਾ ਰੁਝਾਨ' ਪੜ੍ਹ ਕੇ ਮਨ ਨੂੰ ਬਹੁਤ ਠੇਸ ਪਹੁੰਚੀ।
ਇਕ ਗੱਲ ਜੋ ਮੈਂ ਵਾਰ-ਵਾਰ ਸੋਚ ਰਿਹਾ ਸੀ ਕਿ 2014 ਤੋਂ ਹੁਣ ਤੱਕ ਇਸ ਦੀ ਮੰਗ 10 ਫ਼ੀਸਦੀ ਵਧੀ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਪੰਜਾਬੀ ਹੁਣ ਇਸ ਨਸ਼ੇ ਵਿਚ ਡੁੱਬਣ ਜਾ ਰਹੇ ਹਨ। ਸਾਡੇ ਪੰਜਾਬ ਦੇ ਨੌਜਵਾਨ ਇਸ ਪਾਸੇ ਕਿਉਂ ਜਾ ਰਹੇ ਹਨ? ਕੈਪਟਨ ਸਰਕਾਰ ਲੋਕਾਂ ਨੇ ਬਣਾਈ ਹੀ ਇਸ ਕਰਕੇ ਸੀ ਕਿ ਇਹ ਸਰਕਾਰ ਨਸ਼ੇ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਦੋ ਸਾਲ ਦਾ ਸਮਾਂ ਮੁੱਕਣ ਵਾਲਾ ਹੈ, ਹਾਲੇ ਤੱਕ ਸਰਕਾਰ ਦੀ ਨਸ਼ੇ ਵਿਰੁੱਧ ਕਾਰਵਾਈ ਤਸੱਲੀਬਖ਼ਸ਼ ਨਹੀਂ ਹੈ, ਜਿਸ ਤੋਂ ਆਮ ਲੋਕ ਦੁਖੀ ਹਨ।
ਸੋ, ਹੁਣ ਸਰਕਾਰ ਕੋਲ ਸਮਾਂ ਹੈ ਕਿ ਇਹ ਹਰ ਤਰ੍ਹਾਂ ਦੇ ਨਸ਼ੇ ਤੋਂ ਪੰਜਾਬ ਨੂੰ ਮੁਕਤ ਕਰਵਾਏ। ਉਥੇ ਸਾਡਾ ਸਭ ਦਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਸਭ ਰਲ ਮਿਲ ਕੇ ਪੰਜਾਬ ਦੇ ਮੱਥੇ 'ਤੇ ਨਸ਼ੇ ਦਾ ਲੱਗਾ ਕਲੰਕ ਧੋਣ ਵਿਚ ਆਪਣ ਯੋਗਦਾਨ ਜ਼ਰੂਰ ਪਾਈਏ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਵਿਚਾਰਨਯੋਗ ਘਟਨਾਵਾਂ
ਪਿਛਲੇ ਦਿਨੀਂ ਇਕ ਜੰਗਲੀ ਤੇਂਦੂਏ ਨੇ ਲਗਪਗ ਦੁਪਹਿਰ ਦੇ 1 ਵਜੇ ਤੋਂ ਲੈ ਕੇ ਲੰਮਾ ਪਿੰਡ ਚੌਕ ਦੇ ਆਸ-ਪਾਸ ਦੇ ਲੋਕਾਂ ਨੂੰ ਜ਼ਖ਼ਮੀ ਕੀਤਾ ਅਤੇ ਜਿਸ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਚੰਡੀਗੜ੍ਹ ਤੋਂ ਬੁਲਾਈ ਟੀਮ ਦੁਆਰਾ ਲਗਪਗ ਰਾਤ 11 ਵਜੇ ਕਾਬੂ ਕੀਤਾ ਗਿਆ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਇਕ ਸਾਂਬਰ ਇਸੇ ਖੇਤਰ ਤੋਂ ਪਾਇਆ ਗਿਆ।
ਇਸ ਤੋਂ ਇਲਾਵਾ ਲਗਪਗ 5 ਨਵੰਬਰ 2018 ਦੇ ਆਸ-ਪਾਸ ਇਕ ਬਾਂਦਰ ਨੇ ਹਰਦਿਆਲ ਨਗਰ ਦੇ ਆਸ-ਪਾਸ ਦੇ ਲੋਕਾਂ ਨੂੰ ਜ਼ਖਮੀ ਕੀਤਾ। ਇਹ ਤਿੰਨੇ ਘਟਨਾਵਾਂ ਇਕੋ ਖੇਤਰ ਵਿਚ ਵਾਪਰੀਆਂ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਸਵਾਲ ਖੜ੍ਹਾ ਕਰਦੀਆਂ ਹਨ ਕਿ ਕੀ ਇਹ ਖੇਤਰ ਕਿਸੇ ਜੰਗਲ ਦੇ ਨਾਲ ਲਗਦਾ ਖੇਤਰ ਹੈ, ਜਿਥੇ ਜੰਗਲੀ ਜਾਨਵਰ ਬੜੀ ਆਸਾਨੀ ਨਾਲ ਆ ਜਾ ਸਕਦੇ ਹਨ ਜਾਂ ਇਸ ਖੇਤਰ ਵਿਚ ਕੋਈ ਅਜਿਹਾ ਗਰੋਹ ਹੈ ਜੋ ਜੰਗਲੀ ਜਾਨਵਰਾਂ ਦੀ ਤਸਕਰੀ ਕਰਦਾ ਹੈ ਜਾਂ ਗ਼ਲਤ ਢੰਗ ਨਾਲ ਉਨ੍ਹਾਂ ਨੂੰ ਪਕੜ ਕੇ ਕਿਤੇ ਹੋਰ ਵੇਚਦਾ ਹੈ, ਇਹ ਗੱਲ ਬੜੀ ਵਿਚਾਰਨਯੋਗ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਗੇ ਇਕ ਸਵਾਲ ਖੜ੍ਹਾ ਕਰਦੀ ਹੈ। ਜਲੰਧਰ ਨਿਵਾਸੀ ਆਸ ਕਰਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਪ੍ਰਤੀ ਸੰਵੇਦਨਸ਼ੀਲ ਹੋਵੇ।

-ਹਰਜੀਤ ਸਿੰਘ।

ਟ੍ਰੈਫਿਕ ਸੈਮੀਨਾਰ
ਕੁਝ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਹੀ ਮੋਟਰਸਾਈਕਲ ਜਾਂ ਮੋਪੇਡ ਚਲਾਉਣ ਦੀ ਖੁੱਲ੍ਹ ਦੇ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਆਮ ਜ਼ਿੰਦਗੀ ਵਿਚ ਰੋਜ਼ਾਨਾ ਕਾਰ, ਮੋਟਰਸਾਈਕਲ ਜਾਂ ਹੋਰ ਵਾਹਨ ਚਲਾਉਣ ਵਾਲੇ ਵਿਅਕਤੀ ਵੀ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੁੰਦੇ ਹੋਏ ਸੜਕਾਂ ਤੇ ਇਕ ਵੱਡੇ ਖ਼ਤਰੇ ਨਾਲ ਡਰਾਇਵਰੀ ਕਰਦੇ ਹਨ। ਛੋਟੀ ਸੜਕ ਤੋਂ ਵੱਡੇ ਮਾਰਗ 'ਤੇ ਚੜ੍ਹਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਸੇ ਵਾਹਨ ਨੂੰ ਪਾਸ ਕਰਦੇ ਸਮੇਂ ਕਿਹੜੀ ਚੀਜ਼ ਜ਼ਰੂਰੀ ਹੈ, ਮੋੜ ਮੁੜਦੇ ਸਮੇਂ ਇਸ਼ਾਰਾ ਕਿੰਨੀ ਦੂਰੀ ਤੋਂ ਜਗਾਉਣਾ ਚਾਹੀਦਾ ਹੈ। ਸਾਹਮਣੇ ਤੋਂ ਆ ਰਹੇ ਭਾਰੀ ਵਾਹਨ ਨੂੰ ਰਸਤਾ ਦੇਣ ਦਾ ਕਿਸ ਦਾ ਫਰਜ਼ ਹੈ, ਕਿਹੜੇ-ਕਿਹੜੇ ਸੰਕੇਤ ਦਾ ਕੀ-ਕੀ ਮਤਲਬ ਹੈ ਆਦਿ ਅਜਿਹੀਆਂ ਬਹੁਤ ਧਿਆਨ ਦੇਣ ਯੋਗ ਗੱਲਾਂ ਹਨ ਜਿਨ੍ਹਾਂ ਦੀ ਜਾਣਕਾਰੀ ਨਾ ਹੋਣ ਕਾਰਨ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੜਕੀ ਦੁਰਘਟਨਾਵਾਂ ਵਾਪਰਦੀਆਂ ਹਨ। ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਆਪਣੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਵਲੋਂ ਨਿਯਮਾਂ ਸਬੰਧੀ ਸੈਮੀਨਾਰ ਲਗਾਏ ਜਾਣ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਨੂੰ ਇਕ ਅਤੀ ਜ਼ਰੂਰੀ ਵਿਸ਼ੇ ਵਜੋਂ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਵਿਚ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਨਾ ਜਾਣ।

-ਕੁਲਵੰਤ ਲੋਹਗੜ੍ਹ, ਜ਼ਿਲ੍ਹਾ ਬਰਨਾਲਾ।

18-02-2019

 ਦੁਖਦਾਇਕ ਘਟਨਾ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਫ਼ੌਜੀ ਵੀਰਾਂ 'ਤੇ ਹੋਇਆ ਹਮਲਾ ਬਹੁਤ ਹੀ ਦੁਖਦਾਈ ਹੈ, ਘਟਨਾ ਦੀ ਖ਼ਬਰ ਸੁਣਦਿਆਂ ਹੀ ਪੂਰਾ ਦੇਸ਼ ਸੋਗ ਵਿਚ ਡੁੱਬ ਗਿਆ। ਇਹ ਹਮਲਾ ਪੂਰੀ ਤਰ੍ਹਾਂ ਨਾਲ ਨਿੰਦਣਯੋਗ ਹੈ। ਹੁਣ ਭਾਰਤ ਸਰਕਾਰ ਅਤੇ ਭਾਰਤ ਵਾਸੀਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਸਾਨੂੰ ਪੂਰੀ ਤਰ੍ਹਾਂ ਨਾਲ ਸਹਾਇਤਾ ਕਰਨੀ ਚਾਹੀਦੀ ਹੈ, ਕਿਧਰੇ ਸਾਡਾ ਸਨਮਾਨ ਅਖ਼ਬਾਰਾਂ ਦੀਆਂ ਸੁਰਖੀਆਂ ਅਤੇ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਤੱਕ ਹੀ ਸੀਮਤ ਨਾ ਰਹਿ ਜਾਵੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ 'ਤੇ ਦਫ਼ਤਰ ਖੋਲ੍ਹੇ ਜਾਣ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਰਹਿੰਦੇ ਹਾਂ ਕਿ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਨੂੰ ਬਾਅਦ ਵਿਚ ਕੋਈ ਵੀ ਨਹੀਂ ਪੁੱਛਦਾ। ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਦੀ, ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੇ ਪਰਿਵਾਰਾਂ ਦੀ ਪੂਰੀ ਦੇਖ-ਭਾਲ ਸਰਕਾਰ ਨੂੰ ਲੈਣੀ ਚਾਹੀਦੀ ਹੈ। ਸਰਕਾਰ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਸ਼ਹੀਦ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ, ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਹੀ ਸ਼ਹੀਦਾਂ ਦਾ ਅਸਲ ਸਨਮਾਨ ਹੈ।


-ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।


(2)
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਵਲੋਂ ਕਦੇ ਵੀ ਕਿਸੇ ਵੀ ਦੇਸ਼ 'ਤੇ ਪਹਿਲਾ ਹਮਲਾ ਨਹੀਂ ਕੀਤਾ ਜਾਂਦਾ ਸਗੋਂ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦਾ ਯਤਨ ਕੀਤਾ ਜਾਂਦਾ ਹੈ ਪਰ ਪੁਲਵਾਮਾ ਅੱਤਵਾਦੀ ਹਮਲੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੁਆਂਢੀ ਦੇਸ਼ ਗੱਲਬਾਤ ਦੀ ਨਹੀਂ ਸਿਰਫ ਗੋਲੀ ਦਾ ਭਾਸ਼ਾ ਸਮਝਦਾ ਹੈ। ਰਾਜਨੀਤਕ ਦਲਾਂ ਨੂੰ ਚਾਹੀਦਾ ਹੈ ਅਜਿਹੇ ਵੇਲੇ ਆਪਣੀਆਂ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਨਾਲੋਂ ਇਕਜੁਟ ਹੋ ਕੇ ਅਜਿਹੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ ਤਾਂ ਜੋ ਪਾਕਿਸਤਾਨ ਅਜਿਹੀ ਕਾਇਰਤਾ ਪੂਰਨ ਕਾਰਵਾਈ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ


ਔਰਤਾਂ ਨੂੰ ਬਰਾਬਰੀ ਦਾ ਹੱਕ
ਕਈ ਸਦੀਆਂ ਪਹਿਲਾਂ ਹੀ ਸਰਬ ਸਾਂਝੀ ਵਾਲਤਾ ਅਤੇ ਇਸਤਰੀ ਨੂੰ ਬਰਾਬਰੀ ਦੇ ਹੱਕ ਦੀ ਗੱਲ ਕਰਨ ਵਾਲੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਇਸਤਰੀ ਨੂੰ ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ, ਪੈਗ਼ੰਬਰਾਂ ਅਤੇ ਰਾਜੇ-ਰਾਣਿਆਂ ਦੀ ਜਨਮ ਦਾਤੀ ਆਖ ਕੇ ਔਰਤ ਨੂੰ ਸਲਾਹਿਆ ਹੈ, ਉਥੇ ਹੀ ਅਜੋਕੇ ਦੌਰ ਵਿਚ ਸਬਰੀਮਾਲਾ ਮੰਦਰ ਵਿਚ ਕਿਸੇ ਖਾਸ ਵਿਸ਼ੇਸ਼ ਉਮਰ ਦੀਆਂ ਔਰਤਾਂ ਦੇ ਦਾਖਲੇ 'ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ ਸਰਬਉੱਚ ਅਦਾਲਤ ਨੇ ਔਰਤਾਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਔਰਤਾਂ ਨੂੰ ਇਸ ਮੰਦਰ ਵਿਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ। ਪ੍ਰੰਤੂ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਬਹੁਗਿਣਤੀ ਲੋਕਾਂ ਦੀ ਮਾਨਸਿਕਤਾ ਨੂੰ ਦੇਖਦਿਆਂ ਇਸ ਫ਼ੈਸਲੇ ਦਾ ਲਗਾਤਾਰ ਵਿਰੋਧ ਕੀਤਾ ਗਿਆ। ਹੁਣ ਸਮਾਂ ਬਦਲ ਗਿਆ ਹੈ ਔਰਤਾਂ ਆਪਣੇ ਹੱਕ ਲਈ ਜਾਗਰੂਕ ਹਨ। ਉਨ੍ਹਾਂ ਨੇ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਅਤੇ ਦ੍ਰਿੜ੍ਹਤਾ ਦਾ ਸਿੱਕਾ ਮਨਵਾਇਆ ਹੈ। ਜਿਥੇ ਸਰਬਉੱਚ ਅਦਾਲਤ ਦਾ ਇਹ ਫ਼ੈਸਲਾ ਉਚਿਤ ਹੈ ਅਤੇ ਕੇਰਲ ਸਰਕਾਰ ਪ੍ਰਸੰਸਾ ਦੀ ਹੱਕਦਾਰ ਹੈ, ਉਥੇ ਹੀ ਆਪਣੀ ਬਰਾਬਰੀ ਦੇ ਹੱਕ ਲਈ ਸੰਘਰਸ਼ ਕਰਦੀਆਂ ਔਰਤਾਂ ਵੀ ਸਲਾਹੁਣਯੋਗ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਕਰੋਪੀ ਦਾ ਸ਼ਿਕਾਰ

ਕਦੇ ਅੰਨਦਾਤਾ ਅਤੇ ਕਦੇ ਰਾਸ਼ਟਰ ਨਿਰਮਾਤਾ ਸਰਕਾਰੀ ਕਰੋਪੀ ਦਾ ਸ਼ਿਕਾਰ। ਕਦੇ-ਕਦੇ ਇਉਂ ਜਾਪਦੈ ਕਿ ਅੰਧੇਰ ਨਗਰੀ ਚੌਪਟ ਰਾਜਾ, ਵਾਲੀ ਗੱਲ ਬਿਲਕੁਲ ਵਰਤਮਾਨ ਸਮੇਂ ਵਿਚ ਸਹੀ ਢੁਕਦੀ ਹੈ। ਲੋਕਤੰਤਰ ਵਿਚ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਜਦੋਂ ਗੱਲ ਸਰਕਾਰ ਤੱਕ ਪਹੁੰਚਾਉਣੀ ਹੋਵੇ ਤਾਂ ਆਵਾਜ਼ ਉੱਚੀ ਕਰਨੀ ਪੈਂਦੀ ਹੈ। ਪਰ ਅਫਸੋਸ ਸਰਕਾਰਾਂ ਫੇਰ ਵੀ ਗੱਲ ਨਹੀਂ ਸੁਣਦੀਆਂ ਸਗੋਂ ਤਾਕਤ ਨਾਲ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰ ਨਿਰਮਾਤਾ ਨੂੰ ਸੜਕਾਂ ਤੋਂ ਘੜੀਸ ਕੇ ਸ਼ਰੇਆਮ ਡੰਗਰਾਂ ਵਾਂਗ ਡੰਡੇ ਮਾਰੇ ਜਾ ਰਹੇ ਹਨ। ਜੇ ਘੱਟ ਪੜ੍ਹੇ-ਲਿਖੇ ਮੰਤਰੀਆਂ ਨੂੰ ਦੂਹਰੀਆਂ ਤੀਹਰੀਆਂ ਪੈਨਸ਼ਨਾਂ ਤਨਖਾਹਾਂ ਲੈਂਦਿਆਂ ਖਜ਼ਾਨਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਅਧਿਆਪਕਾਂ ਦੀਆਂ ਤਨਖਾਹਾਂ ਦੇਣ ਨਾਲ ਹੀ ਖਜ਼ਾਨੇ ਖਾਲੀ ਕਿਉਂ ਹੁੰਦੇ ਹਨ। ਇਹ ਕਾਰਪੋਰੇਟ ਘਰਾਣਿਆਂ ਦੀ ਕੋਝੀ ਚਾਲ ਹੈ ਤਾਂ ਕਿ ਆਮ ਆਦਮੀ ਦੇ ਬੱਚੇ ਪੜ੍ਹ-ਲਿਖ ਕੇ ਆਪਣੇ ਹੱਕਾਂ ਪ੍ਰਤੀ ਸੁਚੇਤ ਨਾ ਹੋ ਜਾਣ, ਕਿਉਂਕਿ ਹੱਕਾਂ ਪ੍ਰਤੀ ਸੁਚੇਤ ਲੋਕਾਂ ਨੂੰ ਲੁੱਟਿਆ ਅਤੇ ਮੂਰਖ ਨਹੀਂ ਬਣਾਇਆ ਜਾ ਸਕਦਾ।


-ਅੰਮ੍ਰਿਤ ਕੌਰ
ਬਡਰੁੱਖਾਂ, ਸੰਗਰੂਰ।


ਇਹ ਕੈਸੀ ਰੁੱਤ ਆਈ
ਮੇਰੇ ਦੇਸ਼ ਦੀ ਜਵਾਨੀ ਵਿਦੇਸ਼ਾਂ ਵੱਲ ਦੜਾਦੜ ਭੱਜੀ ਜਾ ਰਹੀ ਹੈ ਪਰ ਸਾਡੀ ਸਰਕਾਰ ਇੰਨੀ ਕੁ ਗੂੜ੍ਹੀ ਨੀਂਦੇ ਸੁੱਤੀ ਹੋਈ ਹੈ ਕਿ ਜੋ ਹੋ ਰਿਹਾ ਹੈ ਉਹ ਕਿਸੇ ਬੇਗਾਨੇ ਦੇਸ਼ ਵਿਚ ਹੀ ਹੋ ਰਿਹਾ ਹੋਵੇ। ਆਪਣੇ ਦੇਸ਼ ਦੀ ਜਵਾਨੀ, ਦੇਸ਼ ਦੇ ਮਿਹਨਤਕਸ਼ ਨੌਜਵਾਨ ਮੁੰਡੇ, ਕੁੜੀਆਂ ਆਪਣੀਆਂ ਥੱਬੇ ਡਿਗਰੀਆਂ ਚੁੱਕੀ ਰੁਲਦੇ-ਫਿਰਦੇ ਬੇਗਾਨੇ ਮੁਲਕਾਂ ਵਿਚ ਦਿਹਾੜੀਆਂ ਕਰ ਕੇ ਪੇਟ ਪਾਲ ਰਹੇ ਹਨ ਅਤੇ ਮਾਪਿਆਂ ਦੇ ਪਿਆਰ ਤੋਂ ਵਿਹੂਣੇ ਬੱਚੇ ਔਖੇ ਹੋ ਕੇ ਵੀ ਕਿਵੇਂ ਨਾ ਕਿਵੇਂ ਵਿਦੇਸ਼ਾਂ ਵਿਚ ਹੀ ਪੈਰ ਜਮਾਉਣ ਨੂੰ ਠੀਕ ਸਮਝਦੇ ਹਨ। ਸੋ ਮੇਰੀ ਸਮੇਂ ਦੀ ਸਰਕਾਰ ਨੂੰ ਬੇਨਤੀ ਹੈ ਕਿ ਹਰ ਬੱਚੇ ਦੀ ਯੋਗਤਾ ਅਨੁਸਾਰ ਬੱਚਿਆਂ ਨੂੰ ਕਾਰੋਬਾਰ, ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਆਪਣੇ ਦੇਸ਼ ਦੀ ਜਵਾਨੀ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰਕੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ 'ਤੇ ਲੈ ਜਾਵੇ । ਜਿਸ ਨਾਲ ਬੱਚੇ, ਮਾਪੇ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਗੀ


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

15-02-2019

 ਪੰਜਾਬੀ ਗਾਇਕੀ 'ਚ ਗਾਲ਼ਾਂ
ਅੱਜ ਦੀ ਬਹੁਤੀ ਪੰਜਾਬੀ ਗਾਇਕੀ ਆਪਣੇ ਵਿਸ਼ਾਲ ਦਾਇਰੇ ਨੂੰ ਛੱਡ ਕੇ ਹੋਰ ਹੀ ਪਾਸੇ ਭਾਵ ਨਿਘਾਰ ਵੱਲ ਨੂੰ ਤੁਰ ਕੇ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕਰਨ ਦੇ ਨਾਲ-ਨਾਲ ਗ਼ਲਤ ਚੀਜ਼ਾਂ ਪੀ ਪੇਸ਼ ਕਰ ਰਹੀ ਹੈ ਜੋ ਕਿ ਸਮਾਜ ਵਿਚ ਪ੍ਰਵਾਨ ਨਹੀਂ ਤੇ ਨੌਜਵਾਨੀ ਨੂੰ ਵੀ ਗ਼ਲਤ ਪਾਸੇ ਤੋਰ ਕੇ ਪੰਜਾਬ ਦਾ ਮਾਹੌਲ ਵੀ ਖ਼ਰਾਬ ਕਰ ਰਹੀ ਹੈ। ਜਿਥੇ ਪੰਜਾਬੀ ਦੇ ਸੰਗੀਤਕ ਚੈਨਲ ਧੜਾਧੜ ਭੜਕਾਊ ਗਾਇਕੀ ਨੂੰ ਪੇਸ਼ ਕਰਨ ਲਈ ਇਕ-ਦੂਜੇ ਤੋਂ ਅੱਗੇ ਭੱਜ ਰਹੇ ਹਨ, ਉਥੇ ਅੱਜ ਸੋਸ਼ਲ ਮੀਡੀਏ 'ਤੇ ਵੀ ਪੰਜਾਬੀ ਗਾਇਕੀ ਦੀ ਮੱਤ ਮਾਰ ਕੇ ਇਸ ਦੇ ਆਪਣੇ ਹੀ ਇਸ ਨਾਲ ਧ੍ਰੋਹ ਕਮਾ ਰਹੇ ਹਨ। ਨਾ ਤਾਂ ਇਨ੍ਹਾਂ ਨੂੰ ਕੋਈ ਰੋਕਣ ਵਾਲਾ ਹੈ ਤੇ ਨਾ ਹੀ ਇਹ ਕਿਸੇ ਦੇ ਆਖੇ ਰੁਕਦੇ ਹਨ। ਥੋੜ੍ਹੇ ਜਿਹੇ ਚਿਰ ਬਾਅਦ ਸੋਸ਼ਲ ਮੀਡੀਆ ਰਾਹੀਂ ਕੋਈ ਨਾ ਕੋਈ ਗਾਇਕ ਬੇਹੂਦਾ ਮਾਰਕਾ ਮਾਰ ਕੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦਾ ਹੈ। ਹੋਰ ਤਾਂ ਹੋਰ ਸਭ ਚੀਜ਼ਾਂ ਨੂੰ ਪਿੱਛੇ ਛੱਡ ਕੇ ਇਕ ਗੀਤ 'ਚ ਸ਼ਰੇਆਮ ਹੀ ਗੰਦੀਆਂ ਗਾਲ਼ਾਂ ਕੱਢੀਆਂ ਜਾ ਰਹੀਆਂ ਹਨ ਤੇ ਸਾਡੀ ਮੁੰਡੀਰ ਇਹੋ ਜਿਹੇ ਗੀਤਾਂ 'ਤੇ ਫਿਦਾ ਹੋ ਰਹੀ ਹੈ ਜੋ ਕਿ ਗ਼ਲਤ ਹੈ ਅਤੇ ਸਰਕਾਰ ਵੀ ਕੁਝ ਨਹੀਂ ਕਰ ਰਹੀ।


-ਬਲਬੀਰ ਸਿੰਘ ਬੱਬੀ
ਤੱਖਰਾ (ਲੁਧਿਆਣਾ)।


ਬੂਟੇ ਲਗਾਓ ਵਾਤਾਵਰਨ ਬਚਾਓ
ਮੌਸਮ 'ਚ ਆ ਰਹੀਆਂ ਗ਼ੈਰ-ਕੁਦਰਤੀ ਤਬਦੀਲੀਆਂ ਇਨਸਾਨ ਵਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਹੀ ਨਤੀਜਾ ਹਨ, ਜਿਸ ਕਾਰਨ ਕੁਦਰਤ ਅਤੇ ਮੌਸਮ ਵਿਚ ਉਥਲ-ਪੁਥਲ ਹੋ ਰਹੀ ਹੈ। ਵਾਤਾਵਰਨ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਘੱਟੋ-ਘੱਟ ਹਰ ਇਨਸਾਨ ਨੂੰ ਇਕ ਬੂਟਾ ਜ਼ਰੂਰ ਲਗਾਉਣ ਦੇ ਨਾਲ-ਨਾਲ ਉਸ ਦੀ ਦੇਖਭਾਲ ਦਾ ਵੀ ਜਿੰਮਾ ਲੈਣਾ ਚਾਹੀਦਾ ਹੈ। ਜਿਥੇ ਨੌਜਵਾਨ, ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣੇ ਚਾਹੀਦੇ ਹਨ, ਉਥੇ ਹੀ ਔਰਤਾਂ ਅਤੇ ਬੱਚਿਆਂ ਨੂੰ ਵੀ ਇਸ ਕੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਲੋੜ ਹੈ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ, ਸਿੱਖਿਆ ਸੰਸਥਾਵਾਂ ਅਤੇ ਖਾਲੀ ਪਈਆਂ ਥਾਵਾਂ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ। ਅਜਿਹਾ ਨੇਕ ਕਾਰਜ ਕਰਨ ਨਾਲ ਜਿਥੇ ਅਸੀਂ ਕੁਦਰਤੀ ਸੰਤੁਲਨ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾ ਸਕਾਂਗੇ, ਉਥੇ ਹੀ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਵਾਤਾਵਰਨ ਵੀ ਪ੍ਰਦੂਸ਼ਣ ਮੁਕਤ ਕਰ ਸਕਾਂਗੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਮੁਲਾਜ਼ਮ ਪੈਨਸ਼ਨ
ਪੰਜਾਬ ਸਰਕਾਰ ਨੇ ਸਾਲ 2004 ਤੋਂ ਬਾਅਦ ਸਰਕਾਰੀ ਨੌਕਰੀ ਵਿਚ ਸ਼ਾਮਿਲ ਹੋਣ ਵਾਲੇ ਕਰਮਚਾਰੀਆਂ ਨੂੰ ਸੇਵਾ-ਮੁਕਤੀ ਸਮੇਂ ਪੈਨਸ਼ਨ ਨਾ ਦੇਣ ਦਾ ਫ਼ੈਸਲਾ ਕੀਤਾ ਸੀ ਜਦ ਕਿ ਸਿਰਫ ਪੰਜਾਂ ਸਾਲਾਂ ਵਾਸਤੇ ਚੁਣੇ ਜਾਂਦੇ ਵਿਧਾਨ ਸਭਾ ਮੈਂਬਰਾਂ ਦੀਆਂ ਉਮਰ ਭਰ ਲਈ ਪੈਨਸ਼ਨਾਂ ਲਗਾ ਰੱਖੀਆਂ ਹਨ।
ਇੰਜ ਪ੍ਰਤੀਤ ਹੁੰਦਾ ਹੈ ਕਿ ਦੇਸ਼ ਦੇ ਚੁਣੇ ਹੋਏ ਨੇਤਾਵਾਂ ਦੀ ਸੋਚ ਪੁਰਾਣੀ ਰਜਵਾੜਾਸ਼ਾਹੀ ਵਾਲੀ ਬਣਦੀ ਜਾ ਰਹੀ ਹੈ ਅਤੇ ਉਹ ਹਰ ਸਰਕਾਰੀ ਸਹੂਲਤ ਉੱਤੇ ਕਬਜ਼ਾ ਜਮਾਈ ਜਾਂਦੇ ਹਨ। ਸੰਨ 1947 ਤੋਂ ਪਹਿਲਾਂ ਹਿੰਦੁਸਤਾਨ ਦੀ ਅੰਗਰੇਜ਼ੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਲਗਾ ਕੇ ਉਨ੍ਹਾਂ ਦਾ ਬੁਢਾਪਾ ਸੁਰੱਖਿਅਤ ਬਣਾਇਆ ਸੀ। ਸਰਕਾਰੀ ਪੈਨਸ਼ਨ ਬੁਢੇਪੇ ਦੀ ਡੰਗੋਰੀ ਦੇ ਨਾਲ ਇਕ ਸੇਵਾ-ਮੁਕਤ ਸਰਕਾਰੀ ਮੁਲਾਜ਼ਮ ਨੂੰ ਸਮਾਜ ਤੇ ਆਪਣੇ ਪਰਿਵਾਰ ਵਿਚ ਇਕ ਸਨਮਾਨਯੋਗ ਸਥਾਨ ਵੀ ਦਿਵਾਉਂਦੀ ਹੈ। ਹੁਣ ਤਾਂ ਦੁਨੀਆ ਦੇ ਸਾਰੇ ਅਗਾਂਹਵਧੂ ਦੇਸ਼ਾਂ ਵਿਚ ਸਰਕਾਰੀ ਮੁਲਾਜ਼ਮਾਂ ਦੇ ਨਾਲ ਪ੍ਰਾਈਵੇਟ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ। ਕਿਰਪਾ ਕਰਕੇ ਤੁਸੀਂ ਬੰਦ ਕੀਤੀ ਪੈਨਸ਼ਨ ਮੁੜ ਬਹਾਲ ਕਰ ਕੇ ਸੱਚੇ ਲੋਕ ਸੇਵਕ ਹੋਣ ਦਾ ਸਬੂਤ ਪੇਸ਼ ਕਰੋ।


-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਪਤੰਗਬਾਜ਼ੀ ਦੇ ਖ਼ਤਰੇ
ਬਸੰਤ ਦੇ ਦਿਨਾਂ ਵਿਚ ਖੂਬ ਪਤੰਗ ਉਡਾਏ ਜਾਂਦੇ ਹਨ। ਪਹਿਲਾਂ ਪਹਿਲ ਪਤੰਗ ਉਡਾਉਣ ਲਈ ਸੂਤੀ ਧਾਗੇ ਦਾ ਇਸਤੇਮਾਲ ਕੀਤਾ ਜਾਂਦਾ ਸੀ। ਫਿਰ ਸਿੰਥੈਟਿਕ ਧਾਗਾ ਵਰਤਿਆ ਜਾਣ ਲੱਗਿਆ।
ਅੱਜਕਲ੍ਹ ਵਰਤੀਆਂ ਜਾਣ ਵਾਲੀਆਂ ਡੋਰਾਂ ਕੱਚ ਦੇ ਪਾਊਡਰ ਦੀ ਪਰਤ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਡੋਰਾਂ ਨਾਲ ਦੂਜਿਆਂ ਦੇ ਪਤੰਗ ਕੱਟਣ ਦੀ ਥੋੜ੍ਹਚਿਰੀ ਖੁਸ਼ੀ ਪਾਉਣ ਲਈ ਵੱਡੇ ਨੁਕਸਾਨਾਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਹ ਖੇਡ ਖੁਸ਼ੀ ਦੀ ਥਾਂ ਗਮੀ ਵਿਚ ਬਦਲ ਜਾਂਦੀ ਹੈ। ਭਾਵੇਂ ਇਨ੍ਹਾਂ ਡੋਰਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਫਿਰ ਵੀ ਇਹ ਡੋਰਾਂ ਬਾਜ਼ਾਰ ਵਿਚ ਚੋਰੀ ਛਿਪੇ ਵੇਚੀਆਂ ਜਾਂਦੀਆਂ ਹਨ।
ਇਹ ਡੋਰਾਂ ਦੋ ਪਹੀਆ ਵਾਹਨ ਚਾਲਕਾਂ ਲਈ ਕਈ ਵਾਰੀ ਕਾਫੀ ਘਾਤਕ ਅਤੇ ਜਾਨ ਲੇਵਾ ਸਿੱਧ ਹੁੰਦੀਆਂ ਹਨ। ਪੰਛੀਆਂ ਦੇ ਖੰਭ ਕੱਟੇ ਜਾਂਦੇ ਹਨ ਅਤੇ ਪੰਛੀ ਇਨ੍ਹਾਂ ਵਿਚ ਫਸ ਕੇ ਮਰ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਡੋਰਾਂ ਖਰੀਦਣ ਤੋਂ ਰੋਕਣ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਦੁਕਾਨਦਾਰ ਕੁਝ ਰੁਪਿਆਂ ਦੇ ਲਾਲਚ ਵਿਚ ਇਹ ਡੋਰਾਂ ਵੇਚਦੇ ਹਨ। ਉਨ੍ਹਾਂ ਲਈ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।


-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।

13-02-2019

 'ਪੱਬਜੀ' ਤੋਂ ਬਚਾਓ
ਖੇਡਾਂ ਨੂੰ ਲੈ ਕੇ ਬੱਚਿਆਂ ਵਿਚ ਕਾਫੀ ਰੁਝਾਨ ਹੁੰਦਾ ਹੈ। ਅੱਜਕਲ੍ਹ ਪੱਬਜੀ ਇਕ ਅਜਿਹੀ ਖੇਡ ਹੈ ਜਿਹੜੀ ਬੱਚਿਆਂ ਦੇ ਨਾਲ-ਨਾਲ ਵੱਡਿਆਂ ਵਿਚ ਵੀ ਛਾਈ ਹੋਈ ਹੈ। ਇਸ ਖੇਡ ਨੂੰ ਖੇਡ ਕੇ ਬੱਚਿਆਂ ਨੂੰ ਇਸ ਦੀ ਲਤ ਲੱਗ ਚੁੱਕੀ ਹੈ ਤੇ ਬੱਚੇ ਆਪਣੀ ਪੜ੍ਹਾਈ ਦੀ ਚਿੰਤਾ ਨਾ ਕਰਕੇ ਦਿਨ-ਰਾਤ ਇਸ ਨੂੰ ਖੇਡਣ ਵਿਚ ਲੱਗੇ ਰਹਿੰਦੇ ਹਨ। ਕਈ ਬੱਚੇ ਇਸ ਨਾਲ ਦਿਮਾਗੀ ਰੋਗੀ ਵੀ ਬਣ ਰਹੇ ਹਨ। ਇਹ ਪੱਬਜੀ ਕਈ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੀ ਹੈ, ਜਿਸ ਨੂੰ ਦੇਖਦਿਆਂ ਜੰਮੂ-ਕਸ਼ਮੀਰ ਤੇ ਗੁਜਰਾਤ ਸਰਕਾਰ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ। ਜ਼ਿੰਦਗੀ ਬਰਬਾਦ ਕਰਨ ਵਾਲੀ ਇਸ ਖੇਡ ਤੋਂ ਬੱਚਿਆਂ ਨੂੰ ਦੂਰ ਰਹਿਣਾ ਚਾਹੀਦਾ ਹੈ। ਜੇ ਇਕ ਵਾਰ ਇਹ ਖੇਡ ਉਨ੍ਹਾਂ ਦੀ ਕਮਜ਼ੋਰੀ ਬਣ ਗਈ ਤਾਂ ਉਸ ਦਾ ਭਵਿੱਖ ਖਰਾਬ ਕਰ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪਿਆਰ ਨਾਲ ਇਸ ਖੇਡ ਦੇ ਨੁਕਸਾਨ ਬਾਰੇ ਦੱਸਣ ਤੇ ਉਸ ਨੂੰ ਆਨਲਾਈਨ ਖੇਡਾਂ ਨਾਲੋਂ ਮੈਦਾਨ ਵਿਚ ਖੇਡਣ ਵਾਲੀਆਂ ਖੇਡਾਂ ਲਈ ਪ੍ਰੇਰਿਤ ਕਰਨ।


-ਸੰਗੀਤਾ ਭੰਡਾਰੀ, ਲੁਧਿਆਣਾ।


550 ਰੁੱਖ ਲਗਾਉਣਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀ ਖੁਸ਼ੀ ਵਿਚ ਪੰਜਾਬ ਦਾ ਹਰੇਕ ਪਿੰਡ ਆਪਣੇ ਪਿੰਡ ਦੇ ਆਲੇ-ਦੁਆਲੇ 550 ਰੁੱਖ ਲਗਾ ਕੇ ਪਾਲੇਗਾ ਤੇ ਪਿੰਡ ਨੂੰ ਹਰਾ-ਭਰਾ ਬਣਾਏਗਾ। ਪਿੰਡਾਂ ਵਿਚ ਰੁੱਖ ਲਗਾਉਣ ਦਾ ਇਹ ਫ਼ੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ, ਜਿਸ ਦੀ ਰਹਿਨੁਮਾਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਧੀਨ ਹੈ। ਰੁੱਖ ਲਗਾਉਣ ਦੇ ਫ਼ੈਸਲੇ ਦੀ ਸਾਰੇ ਪੰਜਾਬੀ ਪ੍ਰਸੰਸਾ ਕਰ ਰਹੇ ਹਨ। ਫ਼ੈਸਲੇ ਮੁਤਾਬਿਕ ਪੰਜਾਬ ਸਰਕਾਰ ਦੇ ਕਰਮਚਾਰੀ ਹਰੇਕ ਪਿੰਡ ਵਿਚ ਜਾ ਕੇ ਰੁੱਖ ਲਗਾਉਣ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਨਗੇ ਅਤੇ ਰੁੱਖਾਂ ਦੀ ਲੋੜੀਂਦੀ ਪਨੀਰੀ ਦਾ ਪ੍ਰਬੰਧ ਕਰਨਗੇ। ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਕਿ ਆਪਣੇ ਪਿੰਡਾਂ ਨੂੰ ਹਰਾ-ਭਰਾ ਬਣਾ ਕੇ ਪ੍ਰਦੂਸ਼ਣ ਮੁਕਤ ਕਰਨ ਅਤੇ ਮੁੜ ਮੋਹਲੇਧਾਰ ਬਾਰਿਸ਼ਾਂ ਦੇ ਸੁੱਖ ਮਾਣਨ ਲਈ ਪੰਜਾਬ ਦੇ ਸਾਰੇ ਪਿੰਡ ਵਾਸੀ ਰੁੱਖ ਲਗਾਉਣ ਦੀ ਮੁਹਿੰਮ ਵਿਚ ਆਪਣਾ-ਆਪਣਾ ਹਿੱਸਾ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰਨ।


-ਇੰਜ: ਕੁਲਦੀਪ ਸਿੰਘ ਲੁੱਧਰ
ਗੁਰੂ ਨਾਨਕ ਵਾੜਾ, ਅੰਮ੍ਰਿਤਸਰ।


ਗ਼ਲਤੀਆਂ ਤੋਂ ਸਿੱਖਣ ਦੀ ਲੋੜ
ਸਿੱਖਣਾ ਤੁਸੀਂ ਉਦੋਂ ਹੀ ਸ਼ੁਰੂ ਕਰੋਗੇ ਜਦੋਂ ਆਪਣੀ ਗ਼ਲਤੀ ਨੂੰ ਮੰਨੋਗੇ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਭੁੱਲ ਨੂੰ ਸਵੀਕਾਰ ਕਰਨ ਦਾ ਜਿਗਰਾ ਰੱਖਣਾ ਪਵੇਗਾ ਜੋ ਕਿ ਅੱਜਕਲ੍ਹ ਬਹੁਤ ਹੀ ਘੱਟ ਦਿਖਾਈ ਦਿੰਦਾ ਹੈ। ਅਸੀਂ ਲੋਕ ਆਪਣੀ ਗ਼ਲਤੀ ਮੰਨਣ ਦੀ ਥਾਂ ਦੂਸਰੇ ਦੀਆਂ ਕਮੀਆਂ ਕੱਢਣ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਾਂ। ਇਹ ਆਮ ਜਿਹੀ ਗੱਲ ਹੈ ਕਿ ਆਪਣੀ ਗ਼ਲਤੀ ਉਹੀ ਇਨਸਾਨ ਮੰਨ ਸਕਦਾ ਹੈ, ਜਿਸ ਵਿਚ ਹਉਮੈ ਨਹੀਂ।
ਜਦੋਂ ਤੱਕ ਤੁਹਾਡੇ ਅੰਦਰ ਹੰਕਾਰ ਬੋਲੇਗਾ, ਤੁਸੀਂ ਨਾ ਹੀ ਤਾਂ ਕਦੀ ਆਪਣੀ ਗ਼ਲਤੀ ਮੰਨ ਸਕਦੇ ਹੋ ਅਤੇ ਨਾ ਹੀ ਕਦੇ ਕਿਸੇ ਤੋਂ ਵੀ ਸਿੱਖ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਪੜਾਅ ਹੈ ਆਪਣੇ ਅੰਦਰ ਦੀ ਹਉਮੈ ਨੂੰ ਮਾਰਨਾ ਫਿਰ ਆਪਣੀ ਗ਼ਲਤੀ ਨੂੰ ਸਵੀਕਾਰ ਕਰਨਾ ਅਤੇ ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨਾ। ਜੇਕਰ ਸਾਨੂੰ ਸਾਡੀ ਸਹੀ ਗ਼ਲਤੀ ਸਮਝ ਆ ਜਾਵੇ ਅਤੇ ਉਸ ਦਾ ਹੱਲ ਕਿਵੇਂ ਕਰਨਾ ਹੈ, ਇਸ ਗੱਲ ਦੀ ਵੀ ਸਮਝ ਆ ਜਾਵੇ ਤਾਂ ਕੋਈ ਵੀ ਮਨੁੱਖ ਆਪਣੀ ਉਸ ਗ਼ਲਤੀ ਨੂੰ ਦੁਬਾਰਾ ਨਹੀਂ ਦੁਹਰਾਏਗਾ। ਜਿਸ ਇਨਸਾਨ ਅੰਦਰ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ, ਉਹ ਜ਼ਿੰਦਗੀ ਦੇ ਹਰ ਪਲ ਤੋਂ ਹੀ ਕੁਝ ਨਵਾਂ ਸਿੱਖ ਸਕਦਾ ਹੈ।


-ਕਿਰਨਪ੍ਰੀਤ ਕੌਰ


ਸੀ.ਬੀ.ਆਈ. ਦੀ ਸ੍ਰੇਸ਼ਟਤਾ
ਸੀ.ਬੀ.ਆਈ. ਨੂੰ ਸਾਡੇ ਦੇਸ਼ ਦੀ ਸਰਬਉੱਚ ਏਜੰਸੀ ਮੰਨਿਆ ਜਾਂਦਾ ਹੈ। ਇਹ ਨਿਰਪੱਖ ਹੋ ਕੇ ਸਾਰੇ ਮਾਮਲਿਆਂ ਦੀ ਜਾਂਚ ਕਰਦੀ ਹੈ ਤੇ ਇਸ ਉੱਪਰ ਕਿਸੇ ਰਾਜਸੀ ਪਾਰਟੀ ਦਾ ਪ੍ਰਭਾਵ ਨਹੀਂ ਮੰਨਿਆ ਜਾਂਦਾ। ਹੁਣ ਤੱਕ ਇਹ ਅਨੇਕਾਂ ਮਾਮਲਿਆਂ ਜਿਵੇਂ ਭ੍ਰਿਸ਼ਟਾਚਾਰ, ਰਿਸ਼ਵਤ, ਕਤਲ, ਵਰਗੇ ਵੱਡੇ-ਵੱਡੇ ਕੇਸਾਂ ਦਾ ਨਿਪਟਾਰਾ ਕਰ ਚੁੱਕੀ ਹੈ ਤੇ ਇਸ ਦੇ ਦੋਸ਼ੀ ਜੇਲ੍ਹਾਂ ਵਿਚ ਡੱਕੇ ਗਏ ਹਨ।
ਇਸ ਲਈ ਇਸ ਏਜੰਸੀ ਦੀ ਨਿਰਪੱਖਤਾ ਉੱਪਰ ਕੋਈ ਕਿੰਤੂ-ਪ੍ਰੰਤੂ ਨਹੀਂ ਉਠਾਇਆ ਜਾ ਸਕਦਾ ਪਰ ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਇਸ ਏਜੰਸੀ ਨੂੰ ਵੀ ਜਾਂਚ ਦੇ ਘੇਰੇ ਵਿਚ ਲੈ ਖੜ੍ਹਾ ਕੀਤਾ ਹੈ। ਇਸ ਤਰ੍ਹਾਂ ਲਗਦਾ ਹੈ ਕਿ ਸੀ.ਬੀ.ਆਈ. ਵੀ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਇਸ ਨੂੰ ਨਿਰਪੱਖ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਹ ਇਲਜ਼ਾਮ ਸਹੀ ਹਨ ਜਾਂ ਗ਼ਲਤ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਨਾਲ ਲੋਕਾਂ ਦਾ ਕਾਨੂੰਨ ਨਿਆਂ ਪ੍ਰਣਾਲੀ ਉੱਪਰੋਂ ਵਿਸ਼ਵਾਸ ਉੱਠਣਾ ਲਾਜ਼ਮੀ ਹੈ। ਇਸ ਲਈ ਇਸ ਏਜੰਸੀ ਨੂੰ ਸੰਵਿਧਾਨਕ ਪ੍ਰਕਿਰਿਆ ਅਧੀਨ ਕੰਮ ਕਰਨ ਦੀ ਲੋੜ ਹੈ ਤੇ ਕਿਸੇ ਸਿਆਸੀ ਪਾਰਟੀ ਦੇ ਦਬਾਅ ਅਧੀਨ ਕੰਮ ਨਹੀਂ ਕਰਨਾ ਚਾਹੀਦਾ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਕੇਂਦਰੀ ਬਜਟ-ਕਿਸਾਨ ਅਤੇ ਸਹੂਲਤਾਂ
ਕੇਂਦਰੀ ਬਜਟ ਵਿਚ ਕਿਸਾਨਾਂ ਲਈ 6 ਹਜ਼ਾਰ ਰੁਪਏ ਪ੍ਰਤੀ ਸਾਲ ਵਿੱਤੀ ਸਹਾਇਤਾ ਕਿਸਾਨਾਂ ਨਾਲ ਕੋਝਾ ਮਜ਼ਾਕ ਜਾਂ ਵੋਟ ਸਟੰਟ ਨਹੀਂ ਤਾਂ ਹੋਰ ਕੀ ਹੈ। ਪੰਜਾਬ ਸਰਕਾਰ ਵੀ ਕਰਜ਼ਾ ਮੁਆਫ਼ੀ ਦੇ ਨਾਂਅ 'ਤੇ ਵੋਟ ਬੈਂਕ ਬਣਾਉਣ 'ਚ ਮਸਰੂਫ਼ ਹੈ। ਇਸ ਸਭ ਕੁਝ ਦੇ ਬਾਵਜੂਦ ਆਰਥਿਕ ਮੰਦਹਾਲੀ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਕਿਸਾਨਾਂ ਦਾ ਗੰਨੇ ਦਾ ਬਕਾਇਆ ਇਕ ਅੰਦਾਜ਼ੇ ਮੁਤਾਬਿਕ ਖੰਡ ਮਿੱਲਾਂ ਵੱਲ 20 ਹਜ਼ਾਰ ਕਰੋੜ ਖੜ੍ਹਾ ਹੈ। ਸਰਕਾਰਾਂ ਉਸ ਦੀ ਅਦਾਇਗੀ ਕਰਵਾਉਣ ਵੱਲ ਕਿਉਂ ਆਨਾਕਾਨੀ ਕਰ ਰਹੀਆਂ ਹਨ। ਗੰਨੇ ਦੀ ਬਕਾਇਆ ਅਦਾਇਗੀ ਅਤੇ ਫ਼ਸਲਾਂ ਦੇ ਜਾਇਜ਼ ਭਾਅ ਮੁਕਰੱਰ ਹੋਣ ਨਾਲ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਲੋੜ ਮਹਿਸੂਸ ਹੀ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਗ਼ੈਰ-ਜ਼ਮੀਨੇ ਗ਼ਰੀਬ ਲੋਕਾਂ ਲਈ ਵੀ ਕੰਮ ਦੀ ਉਪਲਬਧੀ ਦੇ ਮੌਕੇ ਵਧਣਗੇ। ਸਰਕਾਰਾਂ ਵੋਟਰਾਂ ਨੂੰ ਅਜਿਹੇ ਫਾਰਮੂਲਿਆਂ ਨਾਲ ਲੁਭਾਉਣ ਦੀ ਬਜਾਏ ਉਨ੍ਹਾਂ ਦੀਆਂ ਬੇਸਿਕ ਜ਼ਰੂਰਤਾਂ ਵੱਲ ਧਿਆਨ ਦੇਵੇ। ਦੇਸ਼ ਵਾਸੀ ਆਰਥਿਕ ਮੰਦਹਾਲੀ 'ਚੋਂ ਕੁਝ ਰਾਹਤ ਮਹਿਸੂਸ ਕਰਨ।


-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

12-02-2019

 ਜਾਣਬੁੱਝ ਕੇ ਅੱਖਾਂ ਮੀਟੀ ਬੈਠੇ
ਅੱਜ ਦੇ ਜ਼ਮਾਨੇ ਵਿਚ ਤਕਰੀਬਨ ਹਰ ਵਰਗ ਦੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਗਾਉਣੇ ਹੀ ਪੈਂਦੇ ਹਨ, ਕਿਉਂਕਿ ਮਜਬੂਰੀਵੱਸ ਕੋਈ ਨਾ ਕੋਈ ਕੰਮ ਕਰਵਾਉਣ ਵਾਸਤੇ ਦਫ਼ਤਰਾਂ ਦੇ ਬਾਬੂਆਂ ਨਾਲ ਵਾਹ ਤਾਂ ਪੈਣਾ ਹੀ ਹੁੰਦਾ ਹੈ। ਪਿੰਡਾਂ ਦੇ ਡਾਕਖਾਨਿਆਂ ਦਾ ਹਾਲ ਦੇਖ ਕੇ ਬੜਾ ਹੀ ਦੁੱਖ ਆਉਂਦਾ ਹੈ ਕਿ ਇਕ ਤਾਂ ਜ਼ਰੂਰੀ ਅਮਲੇ ਦੀ ਕਮੀ, ਦੂਸਰਾ ਕੋਈ ਬਾਬੂ ਛੁੱਟੀ 'ਤੇ ਜਾਂਦਾ ਹੈ ਤਾਂ ਕੋਈ ਵੀ ਉਸ ਦੀ ਜਗ੍ਹਾ ਆਉਂਦਾ ਹੀ ਨਹੀਂ। ਜੇ ਆਉਂਦਾ ਹੈ ਤਾਂ ਉਹ ਇਹ ਕਹਿ ਕੇ ਟਾਲ ਦਿੰਦਾ ਹੈ ਕਿ ਮੈਨੂੰ ਪਾਸਵਰਡ ਹੀ ਨਹੀਂ ਮਿਲਿਆ। ਬਾਕੀ ਬਿਜਲੀ ਬੰਦ ਹੋਣ 'ਤੇ ਨਾਲ ਹੀ ਸਰਵਰ ਡਾਊਨ ਹੋ ਜਾਂਦੇ ਹਨ ਤੇ ਵਿਹਲੇ ਬੈਠ ਕੇ ਮੱਖੀਆਂ ਮਾਰਦੇ ਰਹਿੰਦੇ ਹਨ। ਕੋਈ ਬੈਟਰੀ ਦਾ ਇੰਤਜ਼ਾਮ ਵੀ ਨਹੀਂ ਹੁੰਦਾ। ਖਿਆਲ ਕਰੇ ਸਰਕਾਰ, ਉੱਚ ਅਧਿਕਾਰੀਆਂ ਨੂੰ ਪਤਾ ਹੁੰਦੇ ਹੋਏ ਵੀ ਅੱਖਾਂ ਮੀਟੀ ਬੈਠੇ ਰਹਿੰਦੇ ਹਨ। ਨਾ ਹੀ ਕੋਈ ਸੁਣਵਾਈ ਹੈ।

-ਕ੍ਰਿਸ਼ਨ ਖੇੜਾ
ਲੋਹੀਆਂ ਖਾਸ।

ਰਿਸ਼ਤਿਆਂ ਦਾ ਨਿੱਘ
ਬੀਤੇ ਦਿਨ 'ਅਜੀਤ' ਦੇ ਨਾਰੀ ਸੰਸਾਰ ਅੰਕ ਵਿਚ ਪ੍ਰਵੀਨ ਕੁਮਾਰੀ ਦਾ ਲੇਖ 'ਜ਼ਿੰਦਗੀ ਜਿਊਣ ਲਈ ਰਿਸ਼ਤਿਆਂ ਵਿਚ ਪਿਆਰ ਜ਼ਰੂਰੀ ਹੈ' ਪੜ੍ਹਿਆ, ਵਧੀਆ ਸੀ। ਸਮਾਜ ਨੂੰ ਸੇਧ ਦੇਣ ਵਾਲਾ ਸੀ। ਵਾਕਿਆ ਅੱਜ ਅਸੀਂ ਭੌਤਿਕ ਪਦਾਰਥਾਂ ਦੀ ਲੋੜ ਨੂੰ ਬੇਹੱਦ ਵਧਾ ਲਿਆ ਹੈ ਅਤੇ ਉਨ੍ਹਾਂ ਦੀ ਪੂਰਤੀ ਲਈ ਰਾਤ-ਦਿਨ ਦੌੜ ਵਿਚ ਲੱਗੇ ਹੋਏ ਹਾਂ ਜਿਸ ਕਾਰਨ ਜ਼ਿੰਦਗੀ ਵਿਚ ਭਾਰੀ ਉਥਲ-ਪੁਥਲ ਹੋ ਚੁੱਕੀ ਹੈ। ਪਦਾਰਥਵਾਦੀ ਸੋਚ ਸਾਡੇ 'ਤੇ ਭਾਰੂ ਹੋ ਚੁੱਕੀ ਹੈ, ਜਿਸ ਕਾਰਨ ਆਪਣੇ ਨਜ਼ਦੀਕੀ ਰਿਸ਼ਤਿਆਂ ਵੱਲ ਵੀ ਪੂਰਾ ਧਿਆਨ ਨਹੀਂ ਦੇ ਰਹੇ। ਸੋ ਅਜਿਹੇ ਨਾਲ ਸਾਡੀ ਰਿਸ਼ਤਿਆਂ ਦੀ ਸਾਂਝ ਅਤੇ ਪਿਆਰ ਵਿਚ ਭਾਰੀ ਫ਼ਰਕ ਪੈਂਦਾ ਜਾ ਰਿਹਾ ਹੈ। ਅਜਿਹਾ ਰੁਝਾਨ ਬਹੁਤ ਹੀ ਖ਼ਤਰਨਾਕ ਹੈ ਪਰ ਆਪਾਂ ਪਦਾਰਥਾਂ ਦੇ ਮੋਹ ਨੂੰ ਘਟਾਉਣਾ ਵੀ ਨਹੀਂ ਚਾਹੁੰਦੇ। ਅਜਿਹੇ ਮਾਹੌਲ ਵਿਚ ਆਪਾਂ ਆਪਣੀ ਸੰਤਾਨ ਨੂੰ ਚੰਗੇ ਸੰਸਕਾਰ ਦੇਣ ਵੱਲ ਵੀ ਪੂਰਾ ਧਿਆਨ ਨਹੀਂ ਦੇ ਪਾ ਰਹੇ।
ਸੋ, ਸਾਨੂੰ ਪਿਛਲੇ ਸਮਿਆਂ ਅੰਦਰ ਪਰਿਵਾਰਾਂ ਅੰਦਰ ਨਿੱਘੇ ਪਿਆਰ-ਰਿਸ਼ਤਿਆਂ ਅੰਦਰ ਪਕਿਆਈ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਸ ਸਮੇਂ ਨੂੰ ਯਾਦ ਰੱਖ ਕੇ ਰਿਸ਼ਤਿਆਂ ਅੰਦਰ ਪਿਆਰ ਦੀ ਸਾਂਝ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਆਪਣੀ ਸੰਤਾਨ ਨੂੰ ਸੰਸਕਾਰੀ ਗੁਣਾਂ ਤੋਂ ਵਾਂਝਿਆ ਰੱਖ ਕੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁੱਲ ਮਿਲਾ ਕੇ ਸਾਨੂੰ ਪਦਾਰਥਵਾਦੀ ਯੁੱਗ ਅੰਦਰ ਰਹਿ ਕੇ ਵੀ ਆਪਣੇ ਨਿੱਘੇ ਤੇ ਕਰੀਬੀ ਰਿਸ਼ਤਿਆਂ 'ਚ ਪਿਆਰ ਦੀ ਸਾਂਝ ਨੂੰ ਮਜ਼ਬੂਤ ਰੱਖਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

-ਮਾਸਟਰ ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਗ਼ਲਤ ਵਰਤਾਰਾ
ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਬਜ਼ੁਰਗ ਦੀ ਨੌਜਵਾਨ ਕੁੜੀ ਨਾਲ ਵਿਆਹ ਕਰਵਾਉਣ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵੀਡੀਓ 'ਤੇ ਲੋਕ ਬਹੁਤ ਹੀ ਗ਼ਲਤ ਟਿੱਪਣੀਆਂ ਕਰ ਰਹੇ ਹਨ। ਇਸ ਬਜ਼ੁਰਗ ਦੀ ਉਮਰ ਦੀ ਲਿਹਾਜ਼ ਨਾਲ ਉਂਜ ਭਾਵੇਂ ਜਵਾਨ ਕੁੜੀ ਨਾਲ ਵਿਆਹ ਕਰਵਾਉਣਾ ਗ਼ਲਤ ਲਗਦਾ ਹੈ ਪਰ ਹਰੇਕ ਇਨਸਾਨ ਦੀ ਆਪੋ-ਆਪਣੀ ਨਿੱਜੀ ਜ਼ਿੰਦਗੀ ਹੈ, ਜਿਸ 'ਤੇ ਗਲਤ ਟਿੱਪਣੀ ਕਰਨਾ ਸਾਡਾ ਹੱਕ ਨਹੀਂ ਹੈ। ਪਰ ਸਾਡੇ ਲੋਕ ਇਸ ਵਿਆਹ ਦੀ ਵੀਡੀਓ ਨੂੰ ਵਟਸਐਪ, ਫੇਸਬੁੱਕ 'ਤੇ ਪਾ-ਪਾ ਕੇ ਪਤਾ ਨਹੀਂ ਆਪਣੀ ਕੀ ਪ੍ਰਾਪਤੀ ਦੱਸਣਾ ਚਾਹੁੰਦੇ ਹਨ, ਜੋ ਗ਼ਲਤ ਗੱਲ ਹੈ। ਉਸ ਕੁੜੀ ਤੇ ਬਜ਼ੁਰਗ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ। ਕੀ ਪਤਾ ਕਿਸੇ ਵਿਅਕਤੀ ਨੇ ਆਪਣੀ ਮਜਬੂਰੀ ਨੂੰ ਵੇਖ ਕੇ ਫ਼ੈਸਲਾ ਲਿਆ ਹੋਵੇ, ਜਿਸ ਨੂੰ ਲੋਕ ਮਜ਼ਾਕ ਬਣਾ ਕੇ ਬਦਨਾਮ ਕਰ ਰਹੇ ਹਨ।

-ਸੁਖਦੇਵ ਸਿੰਘ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਬੁਢਾਪਾ ਪੈਨਸ਼ਨ ਜ਼ਰੂਰੀ
ਪਿਛਲੇ ਦਿਨੀਂ ਅਖ਼ਬਾਰ ਰਾਹੀਂ ਜੋ ਬੀਬੀ ਮਨਜਿੰਦਰ ਕੌਰ ਬੱਸੀ ਵਲੋਂ ਬੁਢਾਪਾ ਪੈਨਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਬਹੁਤ ਹੀ ਚੰਗੇ ਵਿਚਾਰ ਹਨ। ਇਸ ਦੇ ਨਾਲ ਹੀ ਮੈਂ ਇਹ ਵੀ ਜੋੜਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਨ ਉਪਰੰਤ ਸੇਵਾ ਮੁਕਤੀ 'ਤੇ ਪੈਨਸ਼ਨ ਨਹੀਂ ਲਗਦੀ ਅਤੇ ਨਾ ਹੀ ਕੋਈ ਹੋਰ ਸਹੂਲਤ ਮਿਲਦੀ ਹੈ, ਨੂੰ ਵੀ ਬੁਢਾਪਾ ਪੈਨਸ਼ਨ ਮਿਲਣੀ ਚਾਹੀਦੀ ਹੈ।
ਅਜਿਹੇ ਮਹਿਕਮਿਆਂ ਵਿਚ ਆਮਦਨ ਕਰ ਵੀ ਕੱਟਿਆ ਜਾਂਦਾ ਹੈ। ਮੱਧ ਵਰਗ ਦੇ ਪਰਿਵਾਰ ਵਾਲੇ ਖਰਚੇ ਪੂਰੇ ਕਰਨ ਹਿਤ ਬਚਤ ਦੀ ਬਜਾਏ ਵਧੇਰੇ ਆਮਦਨ ਕਰ ਅਦਾ ਕਰਦੇ ਹਨ। ਸਰਕਾਰ ਨੂੰ ਮਨੁੱਖੀ ਜੀਵਨ ਦੇ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਬੁਢਾਪਾ ਪੈਨਸ਼ਨ ਦੇ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ। ਨਵੇਂ ਬਜਟ ਮੁਤਾਬਿਕ ਜੇਕਰ ਸਭ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਮਿਲੇ ਤਾਂ ਬਹੁਤ ਹੀ ਚੰਗਾ ਹੋਵੇਗਾ।

-ਰਘਬੀਰ ਸਿੰਘ ਬੈਂਸ।

ਸਕੂਲ ਮਨਫ਼ੀ ਕਿਉਂ?
ਹਰੇਕ ਮਨੁੱਖ ਦੀ ਜ਼ਿੰਦਗੀ ਵਿਚ ਸਕੂਲ ਇਕ ਅਹਿਮ ਸਥਾਨ ਰੱਖਦਾ ਹੈ ਅਤੇ ਉਸ ਦੇ ਹਰ ਪੱਖ ਨੂੰ ਉਭਾਰਨ ਵਿਚ ਪੂਰਾ ਯੋਗਦਾਨ ਪਾਉਂਦਾ ਹੈ। ਸਕੂਲ ਇਕ ਅਜਿਹੀ ਵਰਕਸ਼ਾਪ ਹੈ, ਜਿਥੇ ਜ਼ਿੰਦਗੀ ਨੂੰ ਸਜਾਉਣ ਅਤੇ ਸੰਵਾਰਨ ਲਈ ਉੱਤਮ ਕਾਰਜ ਕੀਤੇ ਜਾਂਦੇ ਹਨ। ਆਪਣੀ ਕਾਮਯਾਬੀ ਅਤੇ ਰੁਤਬੇ ਦੀਆਂ ਜਿਥੇ ਫੜ੍ਹਾਂ ਮਾਰੀਆਂ ਜਾਂਦੀਆਂ ਹਨ, ਉਥੇ ਇਹ ਕਿਉਂ ਭੁਲਾ ਦਿੱਤਾ ਜਾਂਦਾ ਹੈ ਕਿ ਇਸ ਕਾਮਯਾਬੀ ਪਿੱਛੇ ਸਾਡੇ ਸਕੂਲ ਦਾ ਵਡਮੁੱਲਾ ਯੋਗਦਾਨ ਹੈ। ਇਸ ਕਰਕੇ ਸਕੂਲ ਇਸ ਗੱਲ ਦਾ ਹੱਕ ਅਤੇ ਮਾਣ ਰੱਖਦਾ ਹੈ ਕਿ ਉਹ ਸਾਡੇ ਤੋਂ ਕੁਝ ਆਸ ਕਰੇ। ਆਓ ਸਾਰੇ ਰਲ ਕੇ ਸਕੂਲਾਂ ਪ੍ਰਤੀ ਬਣਦੇ ਸਤਿਕਾਰ ਲਈ ਵਚਨਬੱਧ ਹੋਈਏ ਅਤੇ ਹੁਣ ਅਸੀਂ ਵੀ ਆਪਣਾ ਬਣਦਾ ਫ਼ਰਜ਼ ਅਦਾ ਕਰੀਏ।

-ਵਰਿੰਦਰ ਕੁਮਾਰ ਮੁੱਦਕੀ
ਗਣਿਤ ਅਧਿਆਪਕ, ਸਰਕਾਰੀ ਹਾਈ ਸਕੂਲ, ਵਾੜਾ ਭਾਈ (ਫ਼ਿਰੋਜ਼ਪੁਰ)।

11-02-2019

 ਸਿਵਲ ਹਸਪਤਾਲਾਂ 'ਚ ਮੁਫ਼ਤ ਖਾਣਾ
ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਜਿਥੇ ਸੜਕਾਂ ਕਿਨਾਰੇ ਲੰਗਰ ਲਗਾ ਕੇ ਤੇ ਗ਼ੈਰ ਲੋੜਵੰਦਾਂ ਨੂੰ ਰੋਕ-ਰੋਕ ਕੇ ਲੰਗਰ ਛਕਾਇਆ ਜਾਂਦਾ ਹੈ, ਸੜਕਾਂ ਦੇ ਕਿਨਾਰੇ ਗੰਦਗੀ ਫੈਲਾ ਕੇ ਵਾਤਾਵਰਨ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ, ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਟ੍ਰੈਫਿਕ ਵਿਚ ਵਿਘਨ ਪਾਇਆ ਜਾਂਦਾ ਹੈ, ਉਥੇ ਹੀ ਕੁਝ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਵੱਖ-ਵੱਖ ਸਿਵਲ ਹਸਪਤਾਲਾਂ ਵਿਚ ਮਰੀਜ਼ਾਂ ਅਤੇ ਲੋੜਵੰਦਾਂ ਨੂੰ ਸਵੇਰ, ਦੁਪਹਿਰ ਅਤੇ ਸ਼ਾਮ ਦਾ ਖਾਣਾ ਬਿਨਾਂ ਕਿਸੇ ਕੀਮਤ 'ਤੇ ਮੁਹੱਈਆ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਜਿਥੇ ਅਜਿਹੀਆਂ ਸੰਸਥਾਵਾਂ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ, ਉਥੇ ਹੀ ਵੱਖ-ਵੱਖ ਧਰਮਾਂ ਨਾਲ ਸਬੰਧਿਤ ਧਾਰਮਿਕ ਸੇਵਾ ਸੁਸਾਇਟੀਆਂ ਆਦਿ ਨੂੰ ਸੜਕਾਂ ਦੇ ਕਿਨਾਰੇ ਲੰਗਰ ਲਗਾਉਣ ਦੀ ਬਜਾਏ ਹਸਪਤਾਲਾਂ ਜਾਂ ਲੋੜਵੰਦ ਸੰਸਥਾਵਾਂ ਵਿਚ ਲੰਗਰ ਲਗਾਉਣੇ ਚਾਹੀਦੇ ਹਨ ਤਾਂ ਜੋ ਸਹੀ ਅਰਥਾਂ ਵਿਚ ਮਨੁੱਖਤਾ ਦੀ ਸੇਵਾ ਹੋ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਮੁਰਦੇ ਦੀ ਹਿੱਕ 'ਤੇ ਘਿਓ ਲਾਉਣਾ
ਪ੍ਰੋ: ਅਭੈ ਕੁਮਾਰ ਦੂਬੇ ਦਾ ਲਿਖਿਆ ਲੇਖ 'ਕੀ ਬਜਟ ਦੀਆਂ ਰਿਆਇਤਾਂ ਲੋਕਾਂ ਨੂੰ ਲੁਭਾਉਣ 'ਚ ਸਫਲ ਹੋ ਸਕਣਗੀਆਂ?' ਪੜ੍ਹ ਕੇ ਬਹੁਤ ਵਧੀਆ ਲੱਗਿਆ। ਮੋਦੀ ਅਧੀਨ ਬਣੀ ਸਰਕਾਰ ਨੂੰ ਕਰੀਬ 4 ਸਾਲ 8 ਮਹੀਨੇ ਬੀਤਣ ਦੇ ਬਾਅਦ ਲੋਕਾਂ ਨੂੰ ਡਿਜੀਟਲ ਇੰਡੀਆ ਦੇ ਸੁਪਨੇ ਤੇ ਨੋਟਬੰਦੀ ਦੁਆਰਾ ਤੋੜੇ ਗਏ ਆਰਥਿਕ ਲੱਕ ਤੋਂ ਇਲਾਵਾ ਕੁਝ ਨਹੀਂ ਮਿਲਿਆ। ਹੁਣ ਲੋਕ ਸਭਾ ਵਿਚ ਜਿੱਤ ਪ੍ਰਾਪਤ ਕਰਨ ਲਈ ਸਰਕਾਰ ਵਲੋਂ ਪੇਸ਼ ਕੀਤਾ ਗਿਆ ਆਖਰੀ ਬਜਟ 'ਮੁਰਦੇ ਦੀ ਹਿੱਕ 'ਤੇ ਘਿਓ ਲਾਉਣ' ਵਾਲਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਬੇਰੁਜ਼ਗਾਰ ਤੱਕਲੇ ਦੇ ਗਲੋਟੇ ਵਾਂਗ ਵਧ ਰਹੇ ਹਨ। ਸਰਕਾਰ ਦੇ ਬਜਟ 'ਚ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਆਮਦਨ, 5 ਲੱਖ ਤੱਕ ਦੀ ਆਮਦਨ ਵਿਚ ਕਰ ਛੋਟ ਆਦਿ ਸਿਰਫ਼ ਆਪਣੀ ਰਾਜਨੀਤਕ ਗੱਡੀ ਨੂੰ ਟੇਸ਼ਨ ਤੱਕ ਪਹੁੰਚਾਉਣ ਦਾ ਹੀ ਜ਼ਰੀਆ ਹੈ।


-ਇਕਬਾਲ ਸਿੰਘ ਸਿੱਧੂ
ਐਮ.ਏ.-1, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਲੁਭਾਵਣੀ ਪੇਸ਼ਕਸ਼
ਜਨਵਰੀ ਮਹੀਨਾ ਖਤਮ ਹੁੰਦੇ ਹੀ ਖੁੰਭਾਂ ਵਾਂਗ ਉੱਗੇ ਨਿੱਜੀ ਸਕੂਲ ਨਵੇਂ ਸੈਸ਼ਨ ਦੇ ਦਾਖਲੇ ਲਈ ਕੰਧਾਂ 'ਤੇ ਰੰਗਦਾਰ ਇਸ਼ਤਿਹਾਰ, ਫਲੈਕਸੀਆਂ ਆਦਿ ਲਾ ਆਪਣੇ-ਆਪਣੇ ਸਕੂਲਾਂ ਵੱਲ ਖਿੱਚਣ ਦਾ ਯਤਨ ਕਰਦੇ ਨੇ। ਮੁਕਾਬਲੇਬਾਜ਼ੀ ਦੇ ਇਸ ਦੌਰ ਵਿਚ ਸਰਕਾਰੀ ਸਕੂਲ ਦਮ ਤੋੜਦੇ ਨਜ਼ਰੀਂ ਪੈਂਦੇ ਨੇ। ਸਰਕਾਰੀ ਸਕੂਲਾਂ ਦੇ ਬੱਚੇ ਹਾਲੇ ਵਰਦੀਆਂ ਉਡੀਕ ਰਹੇ ਹੁੰਦੇ ਹਨ ਨਿੱਜੀ ਸਕੂਲ ਆਪਣੇ ਸੈਸ਼ਨ ਖਤਮ ਕਰ ਨਵੇਂ ਦਾਖਲੇ ਲੈਣ ਨੂੰ ਤਿਆਰ ਬੈਠੇ ਨੇ। ਸਰਕਾਰੀ ਸਕੂਲਾਂ ਵਿਚ ਘਟਦੀ ਬੱਚਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਆਉਣ ਵਾਲੇ ਬੱਚਿਆਂ ਦੇ ਭਵਿੱਖ ਦਾ ਰਾਹ ਤਾਂ ਬੰਦ ਹੋਵੇਗਾ ਹੀ ਅਨਪੜ੍ਹਤਾ ਵਧਣ ਦਾ ਵੀ ਖਦਸ਼ਾ ਹੈ ਕਿਉਂਕਿ ਮਹਿੰਗੀ ਸਿੱਖਿਆ ਜਦ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਫਿਰ ਸਿਰਫ਼ ਸਰਦੇ-ਪੁੱਜਦੇ ਘਰਾਂ ਦੇ ਬੱਚੇ ਹੀ ਸਿੱਖਿਆ ਗ੍ਰਹਿਣ ਕਰਨਗੇ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।


ਚਿੰਤਾਜਨਕ ਸਥਿਤੀ
ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਦੀ ਵੱਡੀ ਚਰਚਾ ਹੋ ਰਹੀ ਹੈ ਅਤੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਵੀ ਆਪਣੇ ਬਜਟ ਪੇਸ਼ ਕੀਤੇ ਜਾਣੇ ਹਨ। ਕੇਂਦਰ ਸਰਕਾਰ ਦੇ ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (ਨੈਸ਼ਨਲ ਸੈਂਪਲ ਸਰਵੇ) ਦੀ ਬੇਰੁਜ਼ਗਾਰੀ ਸਬੰਧੀ ਰਿਪੋਰਟ ਬੇਹੱਦ ਚਿੰਤਾਜਨਕ ਹੈ। ਦੇਸ਼ ਦੀ ਤੇਜ਼ੀ ਨਾਲ ਵਧਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਕਰੋੜਾਂ ਹੀ ਲੋਕ, ਬੇਰੁਜ਼ਗਾਰ ਨੌਜਵਾਨਾਂ ਦਾ ਪੜ੍ਹ-ਲਿਖ ਕੇ ਬੇਰੁਜ਼ਗਾਰੀ ਵਧਣਾ ਬੇਹੱਦ ਚਿੰਤਾਜਨਕ ਵਿਸ਼ੇ ਹਨ। ਇਨ੍ਹਾਂ ਪ੍ਰਤੀ ਹਾਕਮ ਰਾਜਨੀਤਕ ਪਾਰਟੀਆਂ ਕਿੰਨਾ ਸੰਜੀਦਗੀ ਵਿਚ ਹਨ, ਆਪਾਂ ਸਭ ਭਲੀ-ਭਾਂਤ ਜਾਣੂ ਹਾਂ? ਦੇਸ਼ ਦਾ ਨੌਜਵਾਨ ਵਰਗ ਵਿਦੇਸ਼ ਪ੍ਰਵਾਸ ਕਰ ਰਿਹਾ ਅਤੇ ਦੇਸ਼ ਦਾ ਸਰਮਾਇਆ ਕਿੰਨਾ ਖਰਚ ਹੋ ਰਿਹਾ ਹੈ? ਕਿਸੇ ਰਾਜਨੀਤਕ ਪਾਰਟੀ ਨੂੰ ਕੋਈ ਚਿੰਤਾ ਨਹੀਂ ਹੈ ਸਭ ਆਪਣੀਆਂ ਰੋਟੀਆਂ ਸੇਕਣ ਵਿਚ ਲੱਗੇ ਹਨ। ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਭਾਸ਼ਣਾਂ, ਲਾਰਿਆਂ ਵਿਚ ਹੀ ਨਹੀਂ, ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ।


-ਪ੍ਰਗਟ ਸਿੰਘ
ਪਿੰਡ ਤੇ ਡਾਕ: ਵਜੀਦਪੁਰ, ਤਹਿ:+ਜ਼ਿਲ੍ਹਾ ਪਟਿਆਲਾ।


ਖਸਤਾ ਹਾਲਤ ਵਿਚ ਸਕੂਲੀ ਬੱਸਾਂ
ਪਿਛਲੇ ਲੰਮੇ ਸਮੇਂ ਤੋਂ ਅਸੀਂ ਸਕੂਲਾਂ ਦੀਆਂ ਬੱਸਾਂ ਦੇ ਹਾਦਸੇ ਦੀਆਂ ਖ਼ਬਰਾਂ ਆਮ ਹੀ ਸੁਣਦੇ ਹਾਂ। ਅੱਜਕਲ੍ਹ ਪ੍ਰਾਈਵੇਟ ਸਕੂਲਾਂ ਖਿਲਾਫ਼ ਬੜਾ ਰੌਲਾ ਪਿਆ ਹੋਇਆ ਹੈ ਕਿ ਸਕੂਲ ਫੀਸਾਂ ਵੱਧ ਲੈ ਰਹੇ ਹਨ। ਸਹੀ ਸਹੂਲਤਾਂ ਨਹੀਂ ਦੇ ਰਹੇ। ਵਰਦੀ ਕਿਤਾਬਾਂ ਆਦਿ 'ਚ ਕਮਿਸ਼ਨ ਲੈਂਦੇ ਹਨ। ਭਾਵ ਸਾਡੀ ਆਰਥਿਕ ਲੁੱਟ ਕਰ ਰਹੇ ਹਨ। ਪਰ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਬੱਚਿਆਂ ਦੀ ਜਾਨ। ਜੋ ਇਨ੍ਹਾਂ ਸਕੂਲਾਂ ਦੀਆਂ ਖਟਾਰਾ ਬੱਸਾਂ ਦਾ ਮਸਲਾ ਹੈ। ਜਿਨ੍ਹਾਂ ਵੱਲ ਅਸੀਂ ਲੋੜੀਂਦਾ ਧਿਆਨ ਨਹੀਂ ਦੇ ਰਹੇ। ਇਨ੍ਹਾਂ ਤੋਂ ਵੀ ਅਗਾਂਹ ਕਈ ਸਕੂਲਾਂ ਵਿਚ ਤਾਂ ਜਗਾੜੂ ਸਾਧਨ ਬਣਾਕੇ ਉਨ੍ਹਾਂ ਵਿਚ ਬੱਚਿਆਂ ਨੂੰ ਸਕੂਲ ਲਿਜਾਇਆ ਜਾਂਦਾ ਹੈ। ਜਿਨ੍ਹਾਂ ਦਾ ਕਿਰਾਇਆਂ ਕੁਝ ਘੱਟ ਹੋਣ ਕਰਕੇ ਮਾਪੇ ਵੀ ਕੋਈ ਪ੍ਰਵਾਹ ਨਹੀਂ ਕਰਦੇ। ਕੋਈ ਹਾਦਸਾ ਵਾਪਰਨ 'ਤੇ ਸਰਕਾਰ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੀ ਹੈ। ਕੁਝ ਚਿਰ ਬਾਅਦ ਫਿਰ ਉਹੀ ਸਭ ਕੁਝ ਚਲਦਾ ਰਹਿੰਦਾ ਹੈ। ਇਸ ਗੱਲ ਵੱਲ ਮਾਪਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਸਕੂਲਾਂ 'ਤੇ ਸਖਤੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।


-ਜਸਕਰਨ ਸਿੰਘ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

08-02-2019

 ਸ਼ੋਰ ਬਨਾਮ ਸਾਲਾਨਾ ਪ੍ਰੀਖਿਆਵਾਂ
ਆਗਾਮੀ ਮਹੀਨੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਹੁਤ ਅਹਿਮ ਹਨ ਕਿਉਂਕਿ ਹੁਣ ਸਮੂਹ ਵਿਦਿਆਰਥੀ ਵਰਗ ਦੀਆਂ ਸਾਲਾਨਾ ਪ੍ਰੀਖਿਆਵਾਂ ਹੋਣੀਆਂ ਹਨ। ਇਸ ਸਮੇਂ ਬੱਚੇ ਖੂਬ ਮਿਹਨਤ ਕਰ ਰਹੇ ਹਨ ਤਾਂ ਜੋ ਉਹ ਵਧੀਆ ਨਤੀਜੇ ਹਾਸਲ ਕਰ ਸਕਣ। ਪ੍ਰੀਖਿਆਵਾਂ ਦੀ ਤਿਆਰੀ ਲਈ ਬੱਚਿਆਂ ਨੂੰ ਸ਼ਾਂਤ ਮਾਹੌਲ ਦੀ ਅਹਿਮ ਲੋੜ ਹੁੰਦੀ ਹੈ ਤਾਂ ਜੋ ਉਹ ਆਪਣਾ ਧਿਆਨ ਕੇਂਦਰਿਤ ਕਰ ਸਕਣ ਪਰ ਵੇਖਣ ਵਿਚ ਆਇਆ ਹੈ ਕਿ ਕਈ ਧਾਰਮਿਕ ਸਥਾਨਾਂ 'ਤੇ ਸਵੇਰ ਅਤੇ ਸ਼ਾਮ ਵੇਲੇ ਬਹੁਤ ਉੱਚੀ ਆਵਾਜ਼ ਵਿਚ ਸਪੀਕਰ ਲਗਾਏ ਜਾਂਦੇ ਹਨ ਜੋ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ ਅਤੇ ਇਸ ਸ਼ੋਰ ਕਾਰਨ ਬੱਚਿਆਂ ਨੂੰ ਪੜ੍ਹਾਈ ਵਿਚ ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਪ੍ਰਸ਼ਾਸਨ ਵਲੋਂ ਸਖ਼ਤ ਹਦਾਇਤਾਂ ਹੋਣ ਦੇ ਬਾਵਜੂਦ ਉੱਚੀ ਆਵਾਜ਼ ਵਿਚ ਸਪੀਕਰ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ਿਕਰਯੋਗ ਹੈ ਕਿ ਸ਼ੋਰ ਪ੍ਰਦੂਸ਼ਣ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਜਿਸ ਦੇ ਕਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਤੇ ਉੱਚੀ ਆਵਾਜ਼ ਵਿਚ ਸਪੀਕਰਾਂ ਦੀ ਵਰਤੋਂ 'ਤੇ ਮੁਕੰਮਲ ਰੋਕ ਲਗਾਉਣ ਤਾਂ ਜੋ ਇਸ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।


-ਮੀਤਕ ਸ਼ਰਮਾ ਬਰਾਰੀ 'ਮੀਤ'
ਪਿੰਡ ਬਰਾਰੀ, ਨੰਗਲ ਡੈਮ, ਰੂਪਨਗਰ।


ਵਿਸ਼ਵਾਸ
ਰਿਸ਼ਤਿਆਂ ਦਾ ਅਸਲੀ ਆਧਾਰ ਵਿਸ਼ਵਾਸ ਹੁੰਦਾ ਹੈ। ਅਜੋਕੇ ਸਮੇਂ ਵਿਚ ਰਿਸ਼ਤਿਆਂ ਦੇ ਜਲਦੀ ਟੁੱਟਣ ਦਾ ਕਾਰਨ ਵੀ ਵਿਸ਼ਵਾਸ ਦੀ ਤੰਦ ਦਾ ਕਮਜ਼ੋਰ ਹੋਣਾ ਹੈ। ਰਿਸ਼ਤਾ ਚਾਹੇ ਕੋਈ ਵੀ ਹੋਵੇ, ਹਰ ਰਿਸ਼ਤੇ ਵਿਚ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੁੰਦਾ ਹੈ। ਰਿਸ਼ਤਿਆਂ ਵਿਚ ਵਿਸ਼ਵਾਸ ਬਣਾਈ ਰੱਖਣ ਲਈ ਇਨਸਾਨ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਪਰ ਕਈ ਵਾਰ ਸਾਡੀ ਇਕ ਗ਼ਲਤੀ ਨਾਲ ਹੀ ਵਿਸ਼ਵਾਸ ਦੀ ਤੰਦ ਟੁੱਟ ਜਾਂਦੀ ਹੈ। ਇਨਸਾਨ ਜ਼ਿੰਦਗੀ ਵਿਚ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਪਰ ਟੁੱਟਿਆ ਹੋਇਆ ਵਿਸ਼ਵਾਸ ਵਾਪਸ ਜੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਰਿਸ਼ਤਿਆਂ ਦੀ ਡੋਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਵਿਸ਼ਵਾਸ ਦੀ ਤੰਦ ਨੂੰ ਬਿਖਰਨ ਤੋਂ ਬਚਾਇਆ ਜਾਵੇ। ਹਰ ਰਿਸ਼ਤੇ ਨੂੰ ਇਮਾਨਦਾਰੀ, ਸਚਾਈ, ਵਫ਼ਾਦਾਰੀ ਨਾਲ ਨਿਭਾਇਆ ਜਾਵੇ ਤਾਂ ਕਿ ਰਿਸ਼ਤਿਆਂ ਦਾ ਬਾਗ ਹਮੇਸ਼ਾ ਮਹਿਕਦਾ ਰਹੇ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।


ਸਖੀ-ਵਨ ਸਟਾਪ ਸੈਂਟਰ
ਮਹਿਲਾਵਾਂ 'ਤੇ ਵਧ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਅਤੇ ਸਮੱਸਿਆਵਾਂ 'ਚ ਘਿਰੀਆਂ ਮਹਿਲਾਵਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਵਲ ਸਰਜਨ ਜਲੰਧਰ ਵਲੋਂ 'ਸਖੀ-ਵਨ ਸਟਾਪ ਸੈਂਟਰ' ਖੋਲ੍ਹਿਆ ਗਿਆ ਹੈ। ਇਸ ਸੈਂਟਰ ਵਿਚ ਡਾਕਟਰੀ, ਪੁਲਿਸ ਸਹਾਇਤਾ, ਕਾਨੂੰਨੀ ਕੇਸਾਂ ਦੇ ਪ੍ਰਬੰਧਨ, ਮਨੋਰੋਗੀ ਕਾਊਂਸਲਿੰਗ ਅਤੇ ਆਰਜ਼ੀ ਸੇਵਾਵਾਂ ਦੀ ਸਹੂਲਤ ਦਿੱਤੀ ਗਈ ਹੈ। ਅੱਜਕਲ੍ਹ ਮਹਿਲਾਵਾਂ 'ਤੇ ਜ਼ੁਲਮ ਵਧ ਰਹੇ ਹਨ ਅਤੇ ਉਹ ਕਈ ਕਿਸਮ ਦੀਆਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ, ਬੱਚਿਆਂ ਦੇ ਸਰੀਰਕ ਸ਼ੋਸ਼ਣ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਮਾਰਨੇ ਪੈਂਦੇ ਹਨ ਅਤੇ ਖੱਜਲ-ਖੁਆਰੀ ਵਧ ਰਹੀ ਹੈ। ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਜਿਥੇ ਖੋਲ੍ਹੇ ਗਏ ਇਸ ਸੈਂਟਰ ਦਾ ਮਹਿਲਾਵਾਂ, ਛੋਟੇ ਬੱਚਿਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ, ਉਥੇ ਹੀ ਅਜਿਹੇ ਸੈਂਟਰ ਪੰਜਾਬ ਦੇ ਬਾਕੀ ਸ਼ਹਿਰਾਂ/ਕਸਬਿਆਂ ਵਿਚ ਖੋਲ੍ਹੇ ਜਾਣੇ ਚਾਹੀਦੇ ਹਨ ਤਾਂ ਜੋ ਹਿੰਸਾ ਤੋਂ ਪ੍ਰਭਾਵਿਤ ਔਰਤਾਂ, ਬੱਚਿਆਂ ਨੂੰ ਇਨ੍ਹਾਂ ਸੈਂਟਰਾਂ ਵਿਚ ਸੰਗਠਿਤ ਸੇਵਾਵਾਂ ਇਕ ਹੀ ਜਗ੍ਹਾ ਮਿਲ ਸਕਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਈ-ਸਿਗਰਟ
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇਥੇ ਸਮੇਂ-ਸਮੇਂ 'ਤੇ ਅਲੱਗ-ਅਲੱਗ ਪ੍ਰਕਾਰ ਦੇ ਨਸ਼ੇ ਦਸਤਕ ਦਿੰਦੇ ਰਹੇ ਹਨ। ਕਦੇ ਅਫ਼ੀਮ ਭੁੱਕੀ ਪੰਜਾਬ ਵਿਚ ਆਮ ਸੀ। ਫਿਰ ਸਮੈਕ ਦਾ ਦੌਰ ਚੱਲਿਆ ਜਿਸ ਨੇ ਜ਼ਿਆਦਾਤਰ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੀ ਪਕੜ ਵਿਚ ਲਿਆ। ਚਿੱਟੇ ਨੇ ਪੰਜਾਬ ਦੀ ਨੌਜਵਾਨੀ ਨੂੰ ਪੂਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। ਪੰਜਾਬ ਵਿਚ ਹੈਰੋਇਨ ਤੇ ਚਿੱਟੇ ਤੋਂ ਬਾਅਦ ਈ-ਸਿਗਰਟ ਨਾਂਅ ਦਾ ਅਨੋਖਾ ਨਸ਼ਾ ਚੱਲ ਪਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਭਿਆਨਕ ਸਿੱਟੇ ਨਿਕਲਣ ਜਾ ਰਹੇ ਹਨ। ਵਿਦੇਸ਼ੀ ਕੰਪਨੀਆਂ ਦੁਆਰਾ ਇਸ ਨੂੰ ਚਾਕਲੇਟ ਦੇ ਰੂਪ ਵਿਚ ਵੇਚਿਆ ਜਾ ਰਿਹਾ ਹੈ। ਪੈਨ ਡਰਾਈਵ ਦੀ ਤਰ੍ਹਾਂ ਦਿਸਣ ਵਾਲੇ ਇਸ ਨਸ਼ੇ ਨੂੰ ਮੋਬਾਈਲ ਵਾਂਗ ਚਾਰਜ ਵੀ ਕੀਤਾ ਜਾ ਸਕਦਾ ਹੈ। ਇਸ ਵਿਚ ਨਿਕੋਟੀਨ ਪਦਾਰਥ ਹੁੰਦਾ ਹੈ ਜਿਸ ਕਰਕੇ ਇਸ ਦੇ ਸੇਵਨ ਨਾਲ ਦਿਲ ਫੇਫੜਿਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਵਧੇਰੇ ਹੈ। ਚਿੱਟੇ ਵਾਂਗ ਇਸ ਦੀ ਓਵਰਡੋਜ਼ ਕਰਕੇ ਵੀ ਮੌਤ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਤੋਂ ਹੀ ਇਸ ਨਸ਼ੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਇਸ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

07-02-2019

 ਸੈਨਿਕਾਂ ਦਾ ਸਤਿਕਾਰ ਜ਼ਰੂਰੀ
ਦੇਸ਼ ਦੀ ਰਾਖੀ ਲਈ ਸਾਡੇ ਜਵਾਨ ਸਰਹੱਦਾਂ 'ਤੇ ਸਖ਼ਤ ਡਿਊਟੀ ਨਿਭਾਅ ਰਹੇ ਹਨ। ਜਿਸ ਜਗ੍ਹਾ 'ਤੇ ਜਾ ਕੇ ਆਮ ਇਨਸਾਨ ਕੁਝ ਕੁ ਘੰਟੇ ਰੁਕ ਨਹੀਂ ਸਕਦਾ, ਉਥੇ ਇਹ ਸੈਨਿਕ ਦਿਨ-ਰਾਤ ਬਿਨਾਂ ਅੱਕੇ ਅਤੇ ਥੱਕੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ। ਦੇਸ਼ ਵਿਚ ਕਿਸੇ ਵੀ ਕਿਸਮ ਦੀ ਕੋਈ ਆਫ਼ਤ ਆਉਣ 'ਤੇ ਫ਼ੌਜ ਦੀ ਮਦਦ ਜ਼ਰੂਰ ਲਈ ਜਾਂਦੀ ਹੈ ਫਿਰ ਭਾਵੇਂ ਉਹ ਹੜ੍ਹ ਹੋਣ ਜਾਂ ਭੁਚਾਲ। ਪਰ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਆਮ ਨਾਗਰਿਕਾਂ ਵਲੋਂ ਇਨ੍ਹਾਂ ਸੈਨਿਕਾਂ ਨਾਲ ਵਧੀਆ ਵਿਵਹਾਰ ਨਹੀਂ ਕੀਤਾ ਜਾਂਦਾ ਜਾਂ ਇਨ੍ਹਾਂ ਪ੍ਰਤੀ ਅਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਸ ਨਾਲ ਸੈਨਿਕਾਂ ਦੇ ਮਨੋਬਲ ਨੂੰ ਠੇਸ ਪੁੱਜਦੀ ਹੈ। ਸਾਡੀ ਰੱਖਿਆ ਕਰਨ ਲਈ ਹਰ ਵੇਲੇ ਇਹ ਜਵਾਨ ਖ਼ੁਦ ਲਈ ਖ਼ਤਰਾ ਲੈ ਰਹੇ ਹਨ। ਇਸ ਲਈ ਦੇਸ਼ ਦੇ ਨਾਗਰਿਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਸੈਨਿਕਾਂ ਦਾ ਹਮੇਸ਼ਾ ਸਨਮਾਨ ਕਰਨ ਅਤੇ ਕੋਈ ਵੀ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਨਾ ਕਰਨ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਿਹਤ ਸਹੂਲਤਾਂ ਦੀ ਘਾਟ
ਸਮਾਜ ਵਿਚ ਸਿਹਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ। ਦੂਰ-ਦੁਰੇਡੇ ਮਹਿੰਗੇ ਹਸਪਤਾਲ, ਦਵਾਈਆਂ, ਟੈਸਟ, ਡਾਕਟਰਾਂ ਦੀਆਂ ਫੀਸਾਂ ਬੇਰੁਜ਼ਗਾਰੀ ਦੇ ਮਾਰੇ ਲੋਕਾਂ ਲਈ ਮੁਸੀਬਤਾਂ ਤੋਂ ਘੱਟ ਨਹੀਂ। ਸਰਕਾਰਾਂ ਨੂੰ ਘੱਟ-ਵਿਕਸਤ ਦੇਸ਼ ਕਿਊਬਾ ਦਾ ਮਾਡਲ ਅਪਣਾਉਣਾ ਚਾਹੀਦਾ ਹੈ ਜਿਸ ਦੀ ਬੱਚਿਆਂ ਦੀ ਮੌਤ ਦਰ ਸਿਰਫ 4 ਫ਼ੀਸਦੀ ਹੈ ਜੋ ਕਿ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਤੋਂ ਵੀ ਘੱਟ ਹੈ। ਮਾਡਲ ਮੁਤਾਬਿਕ 'ਘੱਟ ਤੋਂ ਘੱਟ ਇਲਾਜ ਅਤੇ ਵੱਧ ਤੋਂ ਵੱਧ ਸਿਹਤ ਸਿੱਖਿਆ' ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਪਹਿਲਾਂ ਸਕੂਲਾਂ ਵਿਚ ਸਫ਼ਾਈ ਅਤੇ ਸਰੀਰਕ ਬਣਤਰ ਵਿਸ਼ਾ ਪੜ੍ਹਾਇਆ ਜਾਂਦਾ ਸੀ, ਜਿਸ ਨੂੰ ਦੁਬਾਰਾ ਚਾਲੂ ਕਰਨ ਦੀ ਲੋੜ ਹੈ। ਸਰੀਰਕ ਸਿੱਖਿਆ ਦੀ ਲੋੜ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ। ਸਿਹਤ ਸਬੰਧੀ ਸਿੱਖਿਆ ਹੀ ਇਕ ਅਜਿਹਾ ਢੰਗ-ਤਰੀਕਾ ਹੈ ਜਿਸ ਨਾਲ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬੱਚਿਆ ਜਾ ਸਕਦਾ ਹੈ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਘੁਮਾਣ, ਗੁਰਦਾਸਪੁਰ।


ਗ਼ਲਤੀਆਂ ਤੋਂ ਸਿੱਖੋ
ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਬਿਨਾਂ ਸ਼ੱਕ ਇਸ ਦੁਨੀਆ 'ਤੇ ਕੋਈ ਅਜਿਹਾ ਇਨਸਾਨ ਨਹੀਂ ਹੋਵੇਗਾ, ਜਿਸ ਨੇ ਕਦੇ ਕੋਈ ਗ਼ਲਤੀ ਨਾ ਕੀਤੀ ਹੋਵੇ। ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ 'ਤੇ ਹਰ ਇਨਸਾਨ ਗ਼ਲਤੀ ਕਰਦਾ ਹੈ ਪਰ ਜਦੋਂ ਅਸੀਂ ਆਪਣੀਆਂ ਗ਼ਲਤੀਆਂ ਨੂੰ ਕਬੂਲ ਨਹੀਂ ਕਰਦੇ ਤੇ ਉਨ੍ਹਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹ ਗ਼ਲਤ ਹੈ। ਕਿਉਂਕਿ ਗ਼ਲਤੀ ਸਿਰਫ ਇਕ ਵਾਰ ਹੁੰਦੀ ਹੈ ਪਰ ਉਸ ਗ਼ਲਤੀ ਨੂੰ ਵਾਰ-ਵਾਰ ਦੁਹਰਾਉਣਾ ਸਾਡੀ ਬੇਵਕੂਫੀ ਹੁੰਦੀ ਹੈ। ਜੇਕਰ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦੇਈਏ ਤਾਂ ਸਾਡੀਆਂ ਗ਼ਲਤੀਆਂ ਹੀ ਸਾਨੂੰ ਸਫ਼ਲ ਬਣਾ ਦਿੰਦੀਆਂ ਹਨ। ਇਨਸਾਨ ਕਦੇ ਗ਼ਲਤੀ ਨਾ ਕਰੇ, ਇਹ ਸੰਭਵ ਨਹੀਂ ਪਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨਾ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਇਸ ਲਈ ਜਦੋਂ ਵੀ ਗ਼ਲਤੀ ਕਰੋ, ਉਸ ਨੂੰ ਕਬੂਲ ਕਰਨ ਅਤੇ ਸੁਧਾਰਨ ਦੀ ਹਿੰਮਤ ਰੱਖੋ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।


ਪੰਚਾਇਤਾਂ ਦਾ ਸਿਆਸੀਕਰਨ
ਪੁਰਾਣੇ ਸਮੇਂ ਤੇ ਅੱਜ ਦੇ ਪੰਜਾਬ ਦੀਆਂ ਪੰਚਾਇਤਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਪੈ ਚੁੱਕਾ ਹੈ, ਅੱਜ ਦੇ ਪੰਜਾਬ ਦੀਆਂ ਪੰਚਾਇਤਾਂ 'ਤੇ ਸਿਆਸੀਕਰਨ ਪੂਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ। ਪੁਰਾਣੇ ਸਮਿਆਂ ਵਿਚ ਬਿਨਾਂ ਸ਼ੱਕ ਵਰਤਮਾਨ ਸਮੇਂ ਨਾਲੋਂ ਵਿਕਾਸ ਕਾਰਜ ਘੱਟ ਹੁੰਦੇ ਸਨ ਪਰ ਜੇਕਰ ਪਿੰਡ ਵਿਚ ਕੋਈ ਝਗੜਾ ਹੁੰਦਾ ਸੀ ਤਾਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਪਿੰਡ ਵਿਚ ਹੀ ਨਿਬੇੜ ਲਿਆ ਜਾਂਦਾ ਸੀ। ਉਸ ਸਮੇਂ ਚੰਗਾ ਵਿਅਕਤੀ ਤੇ ਉਸ ਦੀਆਂ ਕਈ ਪੀੜ੍ਹੀਆਂ ਨੁਮਾਇੰਦਗੀ ਕਰ ਜਾਂਦੀਆਂ ਸਨ ਕਿਉਂਕਿ ਉਸ ਸਮੇਂ ਲੋਕ ਪਾਰਟੀਬਾਜ਼ੀ ਵਿਚ ਨਹੀਂ ਵੰਡੇ ਹੋਏ ਸੀ।
ਵਰਤਮਾਨ ਸਮੇਂ ਵਿਚ ਪੰਚਾਇਤਾਂ ਸਿਆਸੀ ਪਾਰਟੀਆਂ ਦਾ ਮੋਹਰਾ ਬਣ ਕੇ ਰਹਿ ਗਈਆਂ। ਪਿੰਡਾਂ ਦੇ ਹਿਤ, ਭਾਈਚਾਰਕ ਸਾਂਝ, ਆਪਸੀ ਏਕਤਾ ਸਭ ਖ਼ਤਮ ਹੋ ਗਿਆ ਹੈ। ਪਿੰਡਾਂ ਦੀਆਂ ਸੱਥਾਂ ਵਿਚ ਨਿਬੇੜੇ ਜਾਣ ਵਾਲੇ ਮਸਲੇ ਕੋਰਟ ਕਚਹਿਰੀਆਂ ਅਤੇ ਥਾਣਿਆਂ ਤੱਕ ਪਹੁੰਚ ਗਏ ਹਨ। ਜਿਸ ਧਿਰ ਨੂੰ ਸਿਆਸੀ ਸ਼ੈਅ ਪ੍ਰਾਪਤ ਹੁੰਦੀ ਹੈ, ਉਹ ਦੂਸਰੇ ਦਾ ਜਿੱਥੋਂ ਤੱਕ ਹੋ ਸਕਦਾ ਹੈ, ਨੁਕਸਾਨ ਕਰਦਾ ਹੈ। ਲੋਕਾਂ ਦੁਆਰਾ ਸਿਆਸੀ ਲੜਾਈ ਨੂੰ ਨਿੱਜੀ ਲੜਾਈ ਸਮਝਿਆ ਜਾ ਰਿਹਾ ਹੈ। ਵਰਤਮਾਨ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਦੀਆਂ ਪੰਚਾਇਤਾਂ ਬਣ ਕੇ ਨਹੀਂ ਸਗੋਂ ਪਿੰਡਾਂ ਦੇ ਲੋਕਾਂ ਦੀਆਂ ਪੰਚਾਇਤਾਂ ਬਣ ਕੇ ਫ਼ੈਸਲਿਆਂ ਦਾ ਨਿਪਟਾਰਾ ਕਰਨ ਤਾਂ ਪੰਚਾਇਤਾਂ ਦੀ ਪਹਿਲਾਂ ਵਾਲੀ ਪਵਿੱਤਰਤਾ ਬਹਾਲ ਕੀਤੀ ਜਾ ਸਕੇ।


-ਕਮਲ ਬਰਾੜ
ਪਿੰਡ ਕੋਟਲੀ।


ਖੇਤੀ, ਉਦਯੋਗ, ਰੁਜ਼ਗਾਰ ਲਈ ਕੁਝ ਨਹੀਂ
ਉਤਪਾਦਨ, ਆਮਦਨ ਅਤੇ ਖ਼ਰੀਦ ਮੁਕਤੀ ਵਿਚ ਵਾਧਾ, ਆਰਥਿਕਤਾ ਦਾ ਆਧਾਰ ਬਣਦਾ ਹੈ ਪਰ ਇਸ ਬਜਟ ਵਿਚ ਇਸ ਸਬੰਧੀ ਕੁਝ ਨਹੀਂ। ਪਿੰਡਾਂ ਦੇ ਵਿਕਾਸ, ਖੇਤੀ ਆਧਾਰਿਤ ਉਦਯੋਗਾਂ ਲਈ ਕੁਝ ਨਹੀਂ ਰੱਖਿਆ ਗਿਆ। 5 ਏਕੜ ਤੋਂ ਘੱਟ ਜੋਤ ਵਾਲੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਜਾਂ ਮਹੀਨੇ ਵਿਚ 500 ਰੁਪਏ ਕੁਝ ਵੀ ਨਹੀਂ ਜਦੋਂ ਕਿ ਪਹਿਲਾਂ ਹੀ ਬਿਜਲੀ ਅਤੇ ਹੋਰ ਸਬਸਿਡੀਆਂ ਦੀ ਮਾਤਰਾ ਇਸ ਤੋਂ ਜ਼ਿਆਦਾ ਹੈ। ਅਸੰਗਠਿਤ ਖੇਤਰ ਦੇ 10 ਕਰੋੜ ਲੋਕਾਂ ਲਈ ਪੈਨਸ਼ਨ ਦੀ ਵਿਵਸਥਾ ਕਰਨੀ ਚੰਗੀ ਗੱਲ ਹੈ, ਫਿਰ ਮੱਧ ਦਰਜੇ ਨੂੰ 5 ਲੱਖ ਤੱਕ ਦੀ ਆਮਦਨ ਤੋਂ ਟੈਕਸ ਮੁਕਤ ਕਰਨਾ ਸ਼ਲਾਘਾਯੋਗ ਹੈ, ਮਨਰੇਗਾ ਲਈ 60,000 ਕਰੋੜ ਰੱਖਣੇ ਸਲਾਹੁਣਯੋਗ ਹੈ। ਕੁੱਲ ਮਿਲਾ ਕੇ ਇਹ ਬਜਟ ਚੋਣਾਂ ਨੂੰ ਸਾਹਮਣੇ ਰੱਖ ਕੇ ਪੇਸ਼ ਕੀਤਾ ਗਿਆ ਹੈ।


-ਡਾ: ਸ.ਸ. ਛੀਨਾ।


ਵਿਚਾਰਨਯੋਗ ਮੁੱਦਾ
ਇਸ ਸਮੇਂ ਜੋ ਮੁੱਖ ਸੰਕਟ ਹੈ, ਉਹ ਇਹ ਹੈ ਕਿ ਅਜੋਕੀ ਪੀੜ੍ਹੀ ਵੱਡਿਆਂ ਦਾ ਆਦਰ ਨਹੀਂ ਕਰਦੀ। ਸਭ ਵਿਚ ਨਿੱਜਵਾਦ ਭਾਰੂ ਹੈ। ਕਿਸੇ ਨੂੰ ਵੀ ਆਪਣੇ ਵੱਡੇ ਜਾਂ ਰਿਸ਼ਤੇਦਾਰ, ਆਂਢ-ਗੁਆਂਢ ਰਹਿੰਦੇ ਪਰਿਵਾਰ ਨਾਲ ਮੋਹ-ਪਿਆਰ ਨਹੀਂ। ਸਗੋਂ ਉਨ੍ਹਾਂ ਨੂੰ ਇਕ ਪਾਸੇ ਕਰ ਖ਼ੁਦ ਨੂੰ ਸਿਆਣਾ ਦੱਸਣ ਦੀ ਬਿਰਤੀ ਕਿਸ਼ੋਰ ਬੱਚਿਆਂ ਵਿਚ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ। ਟੀ.ਵੀ. ਇਸ ਦਾ ਮੁੱਖ ਦੋਸ਼ੀ ਹੈ ਕਿਉਂ ਜੋ ਪ੍ਰੋਗਰਾਮ ਮਨੋਰੰਜਨ ਦੇ ਨਾਂਅ ਇਸ ਵੇਲੇ ਟੀ.ਵੀ. 'ਤੇ ਵਿਖਾਏ ਜਾਂਦੇ ਹਨ, ਉਹ ਕਹਿਣ ਨੂੰ ਤਾਂ ਪਰਿਵਾਰਕ ਹੁੰਦੇ ਹਨ ਪਰ ਉਨ੍ਹਾਂ 'ਚ ਸਿਰਫ ਇਕ-ਦੂਜੇ ਨੂੰ ਪਿਛਾਂਹ ਸੁੱਟਣ ਲਈ ਸਾਜਿਸ਼ ਧੋਖਾਧੜੀ ਅਤੇ ਕਤਲ ਤੱਕ ਕਰਦੇ ਵਿਖਾਏ ਜਾਂਦੇ ਹਨ। ਜਦੋਂ ਇਹੀ ਸਭ ਬੱਚੇ ਵੇਖਣਗੇ ਤਦ ਕਿੰਜ ਉਨ੍ਹਾਂ 'ਚ ਚੰਗੇ ਗੁਣ, ਚੰਗੇ ਵਿਚਾਰ ਪ੍ਰਸਾਰਿਤ ਹੋਣਗੇ। ਇਸ ਲਈ ਜ਼ਰੂਰੀ ਹੈ ਟੀ.ਵੀ. ਜੋ ਕਿ ਹਰ ਪਰਿਵਾਰ 'ਚ ਜ਼ਰੂਰੀ ਹੈ, ਉਸ 'ਚ ਸੁਧਾਰ ਕੀਤਾ ਜਾਵੇ। ਪਹਿਲਾਂ ਹੀ ਸਾਡੇ ਪ੍ਰੇਰਨਾ ਸਰੋਤ ਖ਼ਤਮ ਹੋ ਰਹੇ ਹਨ। ਇਸ ਲਈ ਜੇ ਕਿਸ਼ੋਰ ਬੱਚਿਆਂ ਦੀ ਸੋਚ ਉਸਾਰੂ ਬਣਾਉਣੀ ਹੈ ਤਾਂ ਅਜਿਹੇ ਪ੍ਰੋਗਰਾਮ ਬੰਦ ਹੋਣੇ ਚਾਹੀਦੇ ਹਨ।


-ਵਿਵੇਕ
ਕੋਟ ਈਸੇ ਖਾਂ।

06-02-2019

 ਨਾਗਰਿਕਤਾ ਦੇਣ ਦਾ ਮਸਲਾ
ਜਨਵਰੀ ਦੇ ਸ਼ੁਰੂ ਵਿਚ ਭਾਰਤ ਸਰਕਾਰ ਵਲੋਂ ਨਾਗਰਿਕਤਾ ਸੋਧ ਬਿੱਲ ਪਾਸ ਕਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਰਹੱਦਾਂ ਕਮਜ਼ੋਰ ਰਹਿਣ ਕਰਕੇ ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਤੋਂ ਸ਼ਰਨਾਰਥੀ ਭਾਰਤ ਦੀਆਂ ਪੂਰਬੀ ਸਰਹੱਦਾਂ ਨਾਲ ਵਸ ਗਏ ਸਨ। ਨਵੀਂ ਆਜ਼ਾਦੀ ਮਿਲਣ ਕਰਕੇ ਇਨ੍ਹਾਂ ਦਾ ਰਿਕਾਰਡ ਨਾ ਬਣ ਸਕਿਆ। ਇਕ ਸਰਵੇਖਣ ਮੁਤਾਬਿਕ ਇਕੱਲੇ ਨੇਫਾ (ਉੱਤਰੀ ਪੂਰਬੀ) ਵਿਚ 40 ਲੱਖ ਲੋਕ ਭਾਰਤ ਵਿਚ ਵਸ ਗਏ ਪਰ ਰਜਿਸਟਰ ਨਾ ਹੋ ਸਕੇ। ਭਾਰਤ ਸਰਕਾਰ ਨੇ ਇਨਸਾਨੀਅਤ ਨੂੰ ਮੰਨਦਿਆਂ 8 ਲੱਖ ਇਸਾਈ, ਜੈਨੀ, ਬੋਧੀ ਤੇ ਪਾਰਸੀਆਂ ਨੂੰ ਰਜਿਸਟਰ ਕਰਨ ਦਾ ਵਚਨ ਦੁਹਰਾਇਆ ਪਰ 32 ਲੱਖ ਮੁਸਲਮਾਨਾਂ ਨੂੰ ਇਸ ਕਾਰਵਾਈ ਤੋਂ ਬਾਹਰ ਰੱਖਿਆ ਗਿਆ। ਕੀ ਇਹ ਮੁਸਲਮਾਨ ਮਨੁੱਖਤਾ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ? 'ਧਰਮ-ਨਿਰਪੱਖਤਾ' ਦਾ ਹੋਕਾ ਦੇਣ ਵਾਲਾ ਭਾਰਤ ਆਪਣੇ ਦੇਸ਼ ਅੰਦਰ ਸਾਰੀਆਂ ਕੌਮਾਂ ਨੂੰ ਇਕ ਲੜੀ ਵਿਚ ਪਰੋ ਕੇ ਆਪਣਾ ਮਾਣ ਵਧਾ ਰਿਹਾ ਹੈ ਪਰ ਮੁਸਲਮਾਨਾਂ ਨੂੰ ਇਸ ਵਰਤਾਰੇ ਤੋਂ ਬਾਹਰ ਰੱਖ ਕੇ 'ਧਰਮ-ਨਿਰਪੱਖਤਾ' ਨੂੰ ਅੰਗੂਠਾ ਦਿਖਾਉਂਦਾ ਜਾਪ ਰਿਹਾ ਹੈ। ਕਈ ਗੁਆਂਢੀ ਦੇਸ਼ਾਂ ਵਿਚੋਂ ਰਾਜਸੀ ਦਬਾਅ ਕਰਕੇ ਇਨ੍ਹਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਧਰਤੀ ਦੇ ਜਾਏ ਹੋਣ ਕਰਕੇ ਉਨ੍ਹਾਂ ਨੂੰ ਕੋਈ ਰਹਿਣ ਲਈ ਧਰਤੀ ਨਹੀਂ ਦੇ ਰਿਹਾ। ਇਹ ਕੈਸੀ ਮਨੁੱਖਤਾ ਹੈ? ਕਹਿੰਦੇ ਹਨ ਭਾਰਤ ਦੇ ਪਿੰਡਾਂ ਵਿਚ ਰੱਬ ਵਸਦਾ ਹੈ ਤਾਂ ਕਿਉਂ ਇਨ੍ਹਾਂ ਨੂੰ ਰਹਿਣ ਲਈ ਥਾਂ ਨਸੀਬ ਨਾ ਹੋਵੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ। ਭੱਟੀਵਾਲ, ਗੁਰਦਾਸਪੁਰ।


ਹਥਿਆਰਾਂ ਦਾ ਸ਼ੌਕ
ਪੰਜਾਬੀਆਂ ਨੇ ਸਮੇਂ-ਸਮੇਂ ਬੜੇ ਵੱਖ-ਵੱਖ ਤਰ੍ਹਾਂ ਦੇ ਸ਼ੌਕ ਪਾਲ ਰੱਖੇ ਸਨ। ਜਿਹੜੇ ਪੰਜਾਬੀ ਕਦੇ ਭਾਰ ਚੁੱਕਣ, ਘੋਲ ਕਰਨ, ਕਬੱਡੀ ਖੇਡਣ, ਬਲਦ ਪਾਲਣ, ਘੋੜੇ ਪਾਲਣ ਦੇ ਨਾਲ-ਨਾਲ ਸੁਚੱਜਾ ਕੰਮ ਕਰਨ ਦਾ ਸ਼ੌਕ ਰੱਖਦੇ ਸਨ, ਹੁਣ ਪੰਜਾਬੀਆਂ ਨੇ ਆਪਣੇ ਇਨ੍ਹਾਂ ਸ਼ੌਕਾਂ ਨੂੰ ਤਿਲਾਂਜਲੀ ਦੇ ਕੇ ਖ਼ਤਰਨਾਕ ਸ਼ੌਕ ਪਾਲ ਲਏ ਹਨ। ਸਭ ਤੋਂ ਮਾੜਾ ਸ਼ੌਕ ਹਥਿਆਰਾਂ ਨਾਲ ਵਿਆਹਾਂ ਸ਼ਾਦੀਆਂ ਵਿਚ ਗੋਲੀ ਚਲਾਉਣ ਦਾ। ਇਸ ਸ਼ੌਕ ਨੇ ਹਰ ਵਾਰ ਵਿਆਹਾਂ ਸ਼ਾਦੀਆਂ 'ਚ ਕਈ ਲੋਕਾਂ ਦੀ ਜਾਨ ਲਈ ਹੈ ਤੇ ਇਹ ਵਤੀਰਾ ਲਗਾਤਾਰ ਜਾਰੀ ਹੈ। ਪਤਾ ਨਹੀਂ ਸਾਡੇ ਲੋਕਾਂ ਨੂੰ ਇਹ ਮਰਨ ਮਿੱਟੀ ਕਿਉਂ ਚੜ੍ਹਗੀ, ਹਰ ਰੋਜ਼ ਮੌਤ ਨੂੰ ਸੱਦਾ ਦੇਣ ਵਾਲੇ ਸ਼ੌਕ ਪਾਲ ਰਹੇ ਹਨ। ਖੁਸ਼ੀ ਦੇ ਸਮਾਗਮ ਵਿਚ ਭਲਾ ਹਥਿਆਰਾਂ ਦਾ ਕੀ ਕੰਮ? ਸਾਡੇ ਸਮਾਜ ਨੂੰ ਇਸ ਪਾਸੇ ਪਤਾ ਨਹੀਂ ਕਿਉਂ ਮੋੜਿਆ ਜਾ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਵੀ ਅਜਿਹੀਆਂ ਖੇਡਾਂ ਖੇਡਣ ਲਈ ਪਰੋਸੀਆਂ ਜਾਂਦੀਆਂ ਹਨ, ਜਿਸ ਵਿਚ ਉਹ ਜਾਂ ਤਾਂ ਗੋਲੀਆਂ ਮਾਰ ਕੇ ਬੰਦੇ ਮਾਰ ਰਹੇ ਹਨ ਜਾਂ ਕਾਰ ਭਜਾ ਕੇ ਬੰਦੇ ਮਾਰ ਰਹੇ ਹਨ। ਪਤਾ ਨਹੀਂ ਕਿਉਂ ਬੱਚਿਆਂ ਨੂੰ ਅਜਿਹੀਆਂ ਗੇਮਾਂ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ? ਰਹਿੰਦੀ ਕਸਰ ਸਾਡੇ ਅੱਜਕਲ੍ਹ ਦੇ ਗਾਇਕਾਂ ਨੇ ਪੂਰੀ ਕਰਤੀ ਜੋ ਗੀਤਾਂ ਵਿਚ ਹਥਿਆਰਾਂ ਦੀ ਹੀ ਗੱਲ ਕਰਦੇ ਹਨ। ਨੌਜਵਾਨ ਪੀੜ੍ਹੀ ਇਨ੍ਹਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਹਰ ਤੀਜਾ ਚੌਥਾ ਗੀਤ ਹਥਿਆਰਾਂ 'ਤੇ ਹੀ ਆ ਰਿਹਾ ਹੈ। ਅਜਿਹੇ ਕਾਰਨ ਕਰਕੇ ਜਿਨ੍ਹਾਂ ਨੌਜਵਾਨਾਂ ਦੇ ਹੱਥ ਕਿਤਾਬ ਹੋਣੀ ਚਾਹੀਦੀ ਸੀ, ਅੱਜ ਉਨ੍ਹਾਂ ਦੇ ਹੱਥ ਹਥਿਆਰ ਆ ਰਹੇ ਹਨ ਜੋ ਬਹੁਤ ਮਾੜੀ ਗੱਲ ਹੈ। ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਂ ਮੋੜਨ ਦੀ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਕੀ ਬਣ ਗਿਆ ਇਹ ਦੇਸ਼

ਪਿਛਲੇ ਦਿਨੀਂ ਸਵਰਨ ਸਿੰਘ ਟਹਿਣਾ ਦਾ ਖਰੀਆਂ-ਖਰੀਆਂ ਸਿਰਲੇਖ ਹੇਠ 'ਕੀ ਤੋਂ ਕੀ ਬਣ ਗਿਆ ਦੇਸ਼!' ਪੜ੍ਹ ਕੇ ਦੇਸ਼ ਦੇ ਹਾਲਾਤ ਬਾਰੇ ਕਾਫੀ ਕੁਝ ਜਾਣਦੇ ਹੋਏ ਵੀ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਬੁਢਾਪਾ ਭਾਰਤ ਵਿਚ ਸ਼ਰਾਪ ਬਣ ਗਿਆ ਹੈ ਪਰ ਇੰਡੀਆ 'ਚ ਨਹੀਂ। ਇੰਡੀਆ ਕੋਲ ਉਹ ਸਭ ਕੁਝ ਹੈ ਜੋ ਭਾਰਤ ਕੋਲ ਨਹੀਂ। ਸਾਰੀ ਉਮਰ ਕਮਾਈ ਕਰਕੇ ਆਖਰੀ ਸਮੇਂ ਤੱਕ ਸੁੱਖ ਸ਼ਾਂਤੀ ਨਾਲ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਸੰਗ ਹੱਸਦੇ ਖੇਡਦੇ ਰੀਝ ਦੀ ਜ਼ਿੰਦਗੀ ਹਰ ਕੋਈ ਭਾਰਤੀ ਚਾਹੁੰਦਾ ਹੈ, ਪਰ ਅੱਜ ਇਹ ਸਾਰੀ ਖੇਡ ਇੰਡੀਆ ਦੇ ਹਿੱਸੇ ਆ ਗਈ ਜਾਪਦੀ ਹੈ। ਭਾਰਤ ਤਾਂ ਤਿਲ-ਤਿਲ ਕਰਕੇ ਮਰ ਰਿਹਾ ਹੈ। ਕਦੇ ਸ਼ੁੱਧ ਹਵਾ, ਪਾਣੀ ਤੇ ਰੋਟੀ ਖੁਣੋਂ, ਕਿਧਰੇ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਤੇ ਕਰਜ਼ੇ ਦੇ ਬੋਝ 'ਚ ਫਸੀ ਕਿਸਾਨੀ ਵਜੋਂ, ਕਿਧਰੇ ਖੋਹੀ ਜਾ ਰਹੀ ਮੁਢਲੀ ਸਿੱਖਿਆ ਤੇ ਸਰਕਾਰੀ ਨੌਕਰੀਆਂ ਤੋਂ ਹੱਥ ਪਿੱਛੇ ਖਿੱਚਣ ਖੁਣੋਂ ਦੇਸ਼ ਤਾਂ ਤਿਲ ਤਿਲ ਮਰ ਰਿਹਾ ਹੈ। ਵੋਟ ਰਾਜਨੀਤੀ ਦਾ ਸ਼ਿਕਾਰ ਹੋਏ ਗ਼ਰੀਬ ਭਾਰਤੀ ਲੋਕ ਵੱਡੀਆਂ ਮਜਬੂਰੀਆਂ ਤਹਿਤ ਚੰਦ ਛਿੱਲੜਾਂ ਖਾਤਰ ਇਹ ਛੁਣਛੁਣੇ/ਵਾਜੇ ਲੈਂਦੇ ਹਨ। ਇੰਡੀਆ ਤਕੜਾ ਹੋ ਰਿਹਾ ਹੈ, ਭਾਰਤ ਤਿਲ-ਤਿਲ ਕਰਕੇ ਮਰ ਰਿਹਾ ਹੈ। ਕੀ ਬਣੂ.....?


-ਬਲਵੀਰ ਸਿੰਘ ਬਾਸੀਆਂ।


ਇਕ ਚੰਗੀ ਕਵਾਇਦ
ਪਿਛਲੇ ਦਿਨੀਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 'ੳ ਅ' ਨਾਂਅ ਦੀ ਪੰਜਾਬੀ ਫ਼ਿਲਮ ਨੇ ਦਸਤਕ ਦਿੱਤੀ। ਸਭ ਤੋਂ ਪਹਿਲਾਂ ਇਸ ਫ਼ਿਲਮ ਦਾ ਨਿਰਦੇਸ਼ਕ ਤੇ ਇਸ ਵਿਚ ਕੰਮ ਕਰਨ ਵਾਲੇ ਕਲਾਕਾਰ ਪ੍ਰਸੰਸਾ ਦੇ ਪਾਤਰ ਹਨ। ਇਸ ਫ਼ਿਲਮ ਦਾ ਵਿਸ਼ਾ ਕੁਝ ਹਟਵਾਂ ਹੈ ਤੇ ਇਸ ਵਿਚ ਅਲੋਪ ਹੋ ਰਹੇ ਠੇਠ ਪੰਜਾਬੀ ਸ਼ਬਦਾਂ ਤੇ ਭਾਸ਼ਾ ਨੂੰ ਦੁਬਾਰਾ ਜੀਵਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਹੀ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੀਆਂ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਵੀ ਵੱਧ ਤੋਂ ਵੱਧ ਦੇਖਣ ਤਾਂ ਜੋ ਫ਼ਿਲਮ ਬਣਾਉਣ ਵਾਲਿਆਂ ਦਾ ਹੌਸਲਾ ਵਧੇ ਤੇ ਉਹ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਸੱਭਿਆਚਾਰਕ ਫ਼ਿਲਮਾਂ 'ਤੇ ਟੈਕਸ ਘਟਾਵੇ ਤਾਂ ਜੋ ਫ਼ਿਲਮ ਦੇਖਣ ਵਾਲਿਆਂ ਤੇ ਬਣਾਉਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕੇ। ਬੁੱਧੀਜੀਵੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਪ੍ਰਚਾਰ ਕਰਨ ਤੇ ਫ਼ਿਲਮ ਦੀ ਸਾਰੀ ਟੀਮ ਨੂੰ ਸਾਂਝੇ ਮੰਚ 'ਤੇ ਸਨਮਾਨਿਤ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX