ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  5 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਵਲੋਂ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  23 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  52 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਚੇਤ ਸੰਮਤ 551
ਵਿਚਾਰ ਪ੍ਰਵਾਹ: ਲੋਕਾਂ ਦੀ ਸੰਤੁਸ਼ਟੀ ਹੀ ਮਹਾਨ ਸਮਾਜ ਦੀ ਨੀਂਹ ਬਣਦੀ ਹੈ। -ਵਰਡਜ਼ਵਰਥ

ਕਿਤਾਬਾਂ

23-03-2019

 ਚਿਹਰੇ ਵੰਨ-ਸੁਵੰਨੇ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਸ਼ਿਰਜ਼, ਨਵੀਂ ਦਿੱਲੀ
ਮੁੱਲ : 290 ਰੁਪਏ, ਸਫ਼ੇ : 142
ਸੰਪਰਕ : 099873-08283.

ਇਸ ਪੁਸਤਕ ਵਿਚ 26 ਕਹਾਣੀਆਂ ਹਨ ਜੋ ਲੇਖਕ ਦੇ ਆਪਣੇ ਜੀਵਨ ਅਤੇ ਚੁਗਿਰਦੇ ਦੁਆਲੇ ਘੁੰਮਦੀਆਂ ਹਨ। ਉਹ ਮੁੰਬਈ ਮਹਾਂਨਗਰ ਵਿਚ ਰਹਿੰਦਾ ਹੈ। ਉਸ ਦਾ ਵਾਹ ਉਥੋਂ ਦੇ ਲੋਕਾਂ ਨਾਲ ਪੈਂਦਾ ਹੈ ਜੋ ਵੱਖੋ-ਵੱਖਰੇ ਸੱਭਿਆਚਾਰ ਦੇ ਬਸ਼ਿੰਦੇ ਹਨ। ਸਾਰੇ ਪਾਤਰਾਂ ਦੇ ਮੁਹਾਂਦਰੇ ਵੱਖੋ-ਵੱਖਰੇ ਹਨ। ਮਹਾਂਨਗਰ ਦੀ ਜ਼ਿੰਦਗੀ ਭੀੜ ਵਿਚ ਵੀ ਇਕੱਲੀ ਹੈ। ਹਰ ਕੋਈ ਆਪਣੇ-ਆਪ ਵਿਚ ਏਨਾ ਰੁੱਝਿਆ ਹੋਇਆ ਹੈ ਕਿ ਕਿਸੇ ਦੇ ਦੁੱਖ-ਸੁੱਖ ਸਾਂਝੇ ਕਰਨ ਦੀ ਉਸ ਕੋਲ ਵਿਹਲ ਹੀ ਨਹੀਂ। ਕਈ ਲੋਕ ਦੋਹਰੀ ਜ਼ਿੰਦਗੀ ਜਿਊਂਦੇ ਹਨ। ਰਿਸ਼ਤੇ ਤਿੜਕ ਰਹੇ ਹਨ। ਹਰ ਪਾਸੇ ਮਾਇਆ ਦਾ ਮਕੜ ਜਾਲ ਫੈਲਿਆ ਹੋਇਆ ਹੈ। ਇਕ ਸੰਵੇਦਨਸ਼ੀਲ ਇਨਸਾਨ ਲਈ ਮਹਾਂਨਗਰ ਵਿਚ ਜਿਊਣਾ ਮੁਹਾਲ ਹੈ। ਲੇਖਕ ਨੇ ਇਹ ਪੁਸਤਕ ਆਪਣੀ ਅੰਤਰ-ਆਤਮਾ ਨੂੰ ਸਮਰਪਿਤ ਕੀਤੀ ਹੈ। 85 ਸਾਲ ਦੀ ਉਮਰ ਵਿਚ ਜਦੋਂ ਉਸ ਦੀ ਪਤਨੀ ਚਲਾਣਾ ਕਰ ਚੁੱਕੀ ਹੈ, ਉਹ ਸਵੈ ਵਿਸ਼ਲੇਸ਼ਣ ਕਰਦਾ ਹੈ। ਅਤੀਤ ਦੀਆਂ ਯਾਦਾਂ ਅਤੇ ਵਰਤਮਾਨ ਦੀ ਇਕੱਲਤਾ ਉਸ ਨੂੰ ਕੁਝ ਲਿਖਣ ਲਈ ਪ੍ਰੇਰਿਤ ਕਰਦੀ ਹੈ। ਇਹ ਕਹਾਣੀਆਂ ਉਸ ਦੇ ਅੰਤਰਮਨ ਦੀ ਵਿਥਿਆ ਹਨ। ਇਹ ਇਕ ਕੌੜੀ ਸਚਾਈ ਹੈ ਕਿ ਕੁਦਰਤ ਅਤੇ ਰੱਬ ਨਾਲੋਂ ਟੁੱਟ ਕੇ ਮਨੁੱਖ ਆਪਣੀ ਜਵਾਨੀ ਪੈਸਾ ਕਮਾਉਣ ਲੇਖੇ ਲਾ ਦਿੰਦਾ ਹੈ। ਅਖ਼ੀਰਲੀ ਉਮਰ ਵਿਚ ਉਸ ਦੇ ਆਪਣੇ ਵੀ ਸਾਥ ਛੱਡ ਜਾਂਦੇ ਹਨ, ਸਿਹਤ ਵੀ ਸਾਥ ਛੱਡ ਜਾਂਦੀ ਹੈ। ਸਾਰੀ ਉਮਰ ਦੀ ਕਮਾਈ ਹੁਣ ਕਿਸੇ ਕੰਮ ਨਹੀਂ ਆਉਂਦੀ। ਉਸ ਦੀਆਂ ਆਸਾਂ ਉਮੀਦਾਂ 'ਤੇ ਪਾਣੀ ਫਿਰ ਜਾਂਦਾ ਹੈ। ਸਾਰੇ ਰਿਸ਼ਤੇ-ਨਾਤਿਆਂ ਦੀ ਤਹਿ ਵਿਚ ਸੱਚਾ ਪਿਆਰ ਨਹੀਂ, ਸਗੋਂ ਪੈਸਾ ਅਤੇ ਸਵਾਰਥ ਹੀ ਪ੍ਰਧਾਨ ਹੁੰਦਾ ਹੈ। ਲੇਖਕ ਨੇ ਬਹੁਤ ਖੂਬਸੂਰਤੀ ਨਾਲ ਮਨੁੱਖੀ ਮਨ ਦੀਆਂ ਤਹਿਆਂ ਫਰੋਲੀਆਂ ਹਨ। ਇਹ ਪੁਸਤਕ ਹਰ ਇਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡਾ ਅਸਲ ਮੰਤਵ ਕੀ ਹੈ? ਕਿਉਂ ਏਨਾ ਕੀਮਤੀ ਜੀਵਨ ਅਸੀਂ ਫਜ਼ੂਲ ਦੇ ਕੰਮਾਂ ਵਿਚ ਬਰਬਾਦ ਕਰ ਦਿੰਦੇ ਹਾਂ? ਕਿਉਂ ਅੰਤ ਨੂੰ ਸਾਡੇ ਪੱਲੇ ਨਿਰਾਸ਼ਤਾ ਹੀ ਪੈਂਦੀ ਹੈ? ਸੇਵਾ-ਮੁਕਤੀ ਤੋਂ ਬਾਅਦ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਅੰਤ ਵਿਚ ਲੇਖਕ ਨੇ ਆਪਣੀ ਪਾਕਿਸਤਾਨ ਫੇਰੀ ਦੀਆਂ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ। ਸਾਡੇ ਚਿੰਤਨ ਅਤੇ ਚੇਤਨਾ, ਸੰਵੇਦਨਾ ਅਤੇ ਭਾਵਨਾ ਨੂੰ ਜਗਾਉਣ ਵਾਲੀ ਇਸ ਪੁਸਤਕ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਨਾਰੀ
ਨਾਵਲਕਾਰ : ਪਿਆਰਾ ਸਿੰਘ ਭੋਗਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 296
ਸੰਪਰਕ : 98720-42611.

ਸ: ਪਿਆਰਾ ਸਿੰਘ ਭੋਗਲ ਇਕ ਪ੍ਰਗਤੀਸ਼ੀਲ ਚਿੰਤਕ ਅਤੇ ਬਹੁਵਿਧਾਈ ਲੇਖਕ ਹੈ ਪਰ ਪਿਛਲੇ ਦੋ ਕੁ ਦਹਾਕਿਆਂ ਤੋਂ ਉਹ (ਵਧੇਰੇ ਕਰਕੇ) ਨਾਵਲ ਰਚਨਾ ਵੱਲ ਰੁਚਿਤ ਹੈ। ਹਰ ਨਾਵਲ ਵਿਚ ਉਹ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਕਰਨ ਵਾਲੇ ਵਿਭਿੰਨ ਮੁੱਦਿਆਂ ਨੂੰ ਉਠਾਉਂਦਾ ਹੈ। ਵਿਚਾਰਾਧੀਨ ਨਾਵਲ ਵਿਚ ਉਸ ਨੇ ਨਾਰੀ ਜਗਤ ਨਾਲ ਸਬੰਧਿਤ ਬਹੁਆਯਾਮਾਂ ਦਾ ਨਿਰੂਪਣ ਕਰਨ ਲਈ ਇਕ ਸੁਸਿੱਖਿਅਤ, ਸੰਵੇਦਨਸ਼ੀਲ ਅਤੇ ਸ਼ਿਸ਼ਟ ਨਾਰੀ 'ਸਰੋਜ' ਦੇ ਜੀਵਨ-ਸੰਘਰਸ਼ ਨੂੰ ਕੇਂਦਰ-ਬਿੰਦੂ ਵਿਚ ਰੱਖ ਕੇ ਇਕ ਸੁਗਠਿਤ ਬਿਰਤਾਂਤ ਦੀ ਸਿਰਜਣਾ ਕੀਤੀ ਹੈ। ਪੰਜਾਬੀ ਵਿਚ ਲਿਖੀ ਇਹ ਇਕ ਵਿਸ਼ਿਸ਼ਟ ਭਾਂਤ ਦੀ ਰਚਨਾ ਹੈ।
ਸਰੋਜ ਇਕ ਮੱਧਵਰਗੀ, ਬੁੱਧੀਮਾਨ ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਸੀ, ਜਿਸ ਦਾ ਪਿਤਾ ਇਕ ਕਾਲਜ ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਸੀ। ਉਸ ਦੀਆਂ ਦੋ ਹੋਰ ਛੋਟੀਆਂ ਭੈਣਾਂ ਵੀਨਾ, ਸੰਗੀਤਾ ਅਤੇ ਇਕ ਸਭ ਤੋਂ ਛੋਟਾ ਭਰਾ ਰਾਘਵ ਸੀ। ਸਾਰੇ ਬੱਚੇ ਬੁੱਧੀਮਾਨ, ਆਗਿਆਕਾਰ ਅਤੇ ਮੱਧਵਰਗੀ ਸੰਸਕਾਰਾਂ ਦੇ ਧਾਰਨੀ ਸਨ। ਸਭ ਨੇ ਉੱਚ ਵਿੱਦਿਆ ਹਾਸਲ ਕੀਤੀ। ਤਿੰਨੇ ਲੜਕੀਆਂ ਮੱਧਵਰਗੀ ਸੰਸਕਾਰਾਂ ਵਿਚ ਜੰਮੀਆਂ-ਪਲੀਆਂ ਹੋਣ ਕਾਰਨ ਇਨ੍ਹਾਂ ਦੇ ਜੀਵਨ ਵਿਚ ਪ੍ਰੇਮ ਵਰਗਾ ਪਰਾਕ੍ਰਮ ਨਾ ਵਾਪਰਿਆ। ਸਰੋਜ ਦੇ ਸੰਪਰਕ ਵਿਚ ਬਹੁਤ ਸਾਰੀਆਂ ਲੜਕੀਆਂ, ਸਹਿਪਾਠਣਾਂ-ਸਹਿਕਰਮਣਾਂ ਦੇ ਰੂਪ ਵਿਚ ਆਈਆਂ। ਲੇਖਕ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਜੀਵਨ-ਸ਼ੈਲੀ ਨੂੰ ਵੀ ਬੜੇ ਰੋਚਕ ਢੰਗ ਨਾਲ ਬਿਆਨ ਕਰਦਾ ਹੈ।
ਇਸ ਨਾਵਲ ਦੇ ਬਿਰਤਾਂਤ ਵਿਚ ਪੂੰਜੀਵਾਦ ਨਿਜ਼ਾਮ ਦੇ ਹਥਕੰਡੇ, ਭਾਰਤੀ ਸਿੱਖਿਆ ਪ੍ਰਣਾਲੀ, ਪੰਜਾਬੀ ਬਨਾਮ ਅੰਗਰੇਜ਼ੀ ਭਾਸ਼ਾ (ਸਾਹਿਤ) ਹਿੰਦੀ ਅਤੇ ਪੰਜਾਬੀ ਸਿਨਮਾ, ਸਰਮਾਏਦਾਰੀ ਅਰਥਚਾਰੇ ਦਾ ਵਿਕਾਸ, ਮੱਧਵਰਗੀ ਪੂਰਵਾਗ੍ਰਹਿ ਅਤੇ ਉਨ੍ਹਾਂ ਦੇ ਮਨੁੱਖੀ ਸ਼ਖ਼ਸੀਅਤ ਉੱਪਰ ਪੈਣ ਵਾਲੇ ਦਬਾਅ ਆਦਿਕ ਬਹੁਤ ਸਾਰੇ ਸਰੋਕਾਰ ਬੜੇ ਸਹਿਜੇ ਹੀ ਪ੍ਰਵੇਸ਼ ਕਰ ਗਏ ਹਨ। ਲੇਖਕ ਨੇ ਅੰਤ ਤੱਕ ਸਸਪੈਂਸ ਬਣਾਈ ਰੱਖਿਆ ਹੈ। ਸਰੋਜ ਦੇ ਜੀਵਨ ਨਾਲ ਸਬੰਧਿਤ ਹਰ ਆਖਰੀ ਘੁੰਡੀ ਅੰਤਿਮ ਅਧਿਆਵਾਂ ਵਿਚ ਖੁੱਲ੍ਹਦੀ ਹੈ, ਜਿਸ ਨਾਲ ਜਗਿਆਸਾ ਬਣੀ ਰਹਿੰਦੀ ਹੈ। ਪਿਆਰਾ ਸਿੰਘ ਭੋਗਲ ਨੇ ਪੰਜਾਬੀ ਨਾਵਲ ਪਰੰਪਰਾ ਵਿਚ ਮੁਲਪਰਕ ਯੋਗਦਾਨ ਪਾਇਆ ਹੈ, ਜਿਸ ਬਾਰੇ ਯੋਗ ਚਰਚਾ ਨਹੀਂ ਹੋ ਸਕੀ। ਕਾਰਨ ਅਨੇਕ ਹੋਣਗੇ... ਪਰ ਹੋਣਗੇ ਨਾਵਾਜਬ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਵਿਚਾਰਕੀ
ਲੇਖਕ : ਮਨਮੋਹਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 252
ਸੰਪਰਕ : 098682-52946.

ਜਨਾਬ ਮਨਮੋਹਨ ਬਹੁ-ਪੱਖੀ ਸਾਹਿਤਕ ਵਿਧਾਵਾਂ ਦਾ ਸਿਰਜਣਹਾਰਾ ਹੈ। ਹਥਲੀ ਪੁਸਤਕ ਵਿਚ ਉਸ ਨੇ ਸਮਕਾਲੀ ਸੋਚ ਤੇ ਸੱਚ ਦੀ ਮੀਮਾਂਸਾ ਨੂੰ ਮੌਲਿਕ ਦ੍ਰਿਸ਼ਟੀਕੋਣ ਤੋਂ ਪ੍ਰਗਟਾਉਂਦਿਆਂ ਹੋਇਆਂ ਵਿਸ਼ੇਸ਼ਤਰ ਪੰਜਾਬੀ ਭਾਸ਼ਾ ਦੇ ਵਿਭਿੰਨ ਸੰਦਰਭਾਂ, ਪੰਜਾਬੀ ਲੋਕ ਜੀਵਨ-ਸ਼ੈਲੀ ਦੇ ਸਰੋਕਾਰਾਂ ਅਤੇ ਖਪਤਕਾਰੀ ਯੁੱਗ ਚੇਤਨਾ ਦੇ ਬੰਧਨ ਵਿਚ ਬੱਝ ਚੁੱਕੀ ਮਾਨਵ-ਜਾਤੀ ਦੇ ਦਰਪੇਸ਼ ਸੁਖਦ-ਦੁਖਦ ਪੱਖਾਂ ਦਾ ਵਿਸ਼ਲੇਸ਼ਣ ਕੀਤਾ ਹੈ। ਮਨਮੋਹਨ ਨੇ ਪੁਸਤਕ ਦੇ ਬੱਤੀ ਕਾਂਡ ਬਣਾਏ ਹਨ। ਹਰੇਕ ਕਾਂਡ ਨਵੇਂ ਭਾਸ਼ਾਈ ਪਰਿਪੇਖ ਨੂੰ ਪਾਠਕਾਂ ਦੇ ਸਨਮੁੱਖ ਕਰਦਾ ਹੈ। ਆਪਣੀ ਮਾਂ ਭਾਸ਼ਾ ਤੋਂ ਬੇ-ਮੁਖੀ ਧਾਰਨ ਕਰਨਾ, ਭਾਸ਼ਾ ਦੀ ਤਾਨਾਸ਼ਾਹੀ ਜਾਂ ਚੁੱਪ ਦੀ ਭਾਸ਼ਾ ਧਾਰਨ ਕਰਨਾ, ਯਾਦਾਂ ਵਿਚ ਭਾਸ਼ਾ ਦਾ ਬੋਧ ਹੋਣਾ ਜਾਂ ਸਮਝਣਾ, ਜਾਂ ਭਾਸ਼ਾ ਦਾ ਲੋਕਤੰਤਰ ਅਤੇ ਭਾਸ਼ਾ ਪ੍ਰਤੀ ਮਾਨਸਿਕ ਝੁਕਾਵਾਂ ਦਾ ਪਰਤੌ ਆਦਿ ਸੰਕਲਪਾਂ ਨੂੰ ਬਾ-ਦਲੀਲ ਸਵੈਦੇਸ਼ੀ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਪੱਧਰ 'ਤੇ ਸਥਾਪਿਤ ਹੋ ਚੁੱਕੇ ਉੱਘੇ ਵਿਦਵਾਨਾਂ ਦੇ ਦ੍ਰਿਸ਼ਟੀਕੋਣ ਦੇ ਹਵਾਲਿਆਂ ਸਹਿਤ ਪੁਸਤਕ ਵਿਚ ਪੇਸ਼ ਕੀਤਾ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ ਜਿਥੇ ਮਨਮੋਹਨ ਜੀ ਨੇ ਕਾਨੂੰਨ, ਸਭਿਆਚਾਰ ਤੇ ਲਿੰਗਕਤਾ ਦੀ ਭਾਸ਼ਾ, ਉੱਤਰ ਆਧੁਨਿਕ ਪੱਛਮੀ ਚਿੰਤਨ ਅਤੇ ਸੰਵਾਦ, ਦੂਜਾਪਨ ਅਤੇ ਨੈਤਿਕਤਾ ਦੀ ਭਾਸ਼ਾ ਦੇ ਸਰੋਕਾਰਾਂ ਦੇ ਅੰਤਰ-ਸਬੰਧਾਂ ਅਤੇ ਨਿਖੇੜ ਨੂੰ ਬਾਖੂਬੀ ਪੇਸ਼ ਕੀਤਾ ਹੈ। ਲੇਖਕ ਦੀ ਪਰਪੱਕ ਧਾਰਨਾ ਹੈ ਕਿ ਕਵਿਤਾ ਦੀ ਭਾਸ਼ਾ, ਆਲੋਚਨਾ ਦੀ ਭਾਸ਼ਾ, ਮਿੱਥ ਦੀ ਭਾਸ਼ਾ, ਅਨੁਵਾਦ ਦੀ ਭਾਸ਼ਾ, ਅਰਥ-ਸੰਚਾਰ ਦੀ ਭਾਸ਼ਾ ਅਤੇ ਪਵਿੱਤਰ, ਦੈਵ ਤੇ ਸੁੰਦਰ ਦੀ ਭਾਸ਼ਾ ਵਿਚ ਅੰਤਰ ਹੁੰਦਾ ਹੈ। ਇਸ਼ਤਿਹਾਰਬਾਜ਼ੀ ਜਾਂ ਕਾਰਪੋਰੇਟ-ਜੁਗਤਾਂ, ਜੰਗਾਂ-ਯੁੱਧਾਂ 'ਚ ਪਨਪੇ ਨਵੇਂ ਸ਼ਬਦ, ਪਰਵਾਸ ਧਾਰਨ ਕਰਨ 'ਚ ਬਦਲੀ ਸ਼ਬਦਾਵਲੀ ਆਦਿ ਕਈ ਸੰਦਰਭਾਂ ਨੂੰ ਵੀ ਪੁਸਤਕ 'ਚ ਘੋਖਣ-ਵਿਧੀ ਜ਼ਰੀਏ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ, ਨਿਰਸੰਦੇਹ, ਭਾਸ਼ਾ-ਪ੍ਰੇਮੀਆਂ ਅਤੇ ਚਿੰਤਕਾਂ ਵਾਸਤੇ ਰੈਫਰੈਂਸ (ਹਵਾਲਾ) ਪੁਸਤਕ ਬਣ ਗਈ ਪ੍ਰਤੀਤ ਹੁੰਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਸੋਸ਼ਲ ਡੈਮੋਕਰੈਸੀ ਦੇ ਸਿਰਜਕ ਡਾ: ਅੰਬੇਡਕਰ
ਲੇਖਕ : ਮੁਖਤਾਰ ਸਿੰਘ ਅਰਸ਼ੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 160 ਰੁਪਏ, ਸਫ਼ੇ : 96
ਸੰਪਰਕ : 9417064350.

ਇਸ ਹੱਥਲੀ ਪੁਸਤਕ ਵਿਚ ਲੇਖਕ ਨੇ ਡਾ: ਅੰਬੇਡਕਰ ਜੀ ਦੇ ਜੀਵਨ ਬਾਰੇ ਹਰ ਪਹਿਲੂ ਨੂੰ ਫਰੋਲਣ ਦਾ ਉਪਰਾਲਾ ਕੀਤਾ ਹੈ। ਬਾਬਾ ਸਾਹਿਬ ਜੀ ਦਾ ਬਚਪਨ, ਜਾਤ ਪਾਤ ਦੇ ਗ੍ਰਹਿਣ ਕਾਰਨ ਕਾਫੀ ਦੁਸ਼ਾਵਰੀ ਭਰੀ ਸਿੱਖਿਆ ਪ੍ਰਾਪਤੀ ਦੀ ਸ਼ੁਰੂਆਤ, ਲਿਆਕਤ ਤੇ ਦਲੇਰੀ ਨਾਲ ਰਾਹ ਦੇ ਕੰਡਿਆਂ ਨੂੰ ਮਿੱਧ ਕੇ ਸਫਲਤਾ ਵੱਲ ਵਧਣਾ ਅਤੇ ਭਾਰਤੀ ਸੰਵਿਧਾਨ ਦੇ ਰਚੇਤੇ ਹੋਣ ਦਾ ਮਾਣ ਹਾਸਲ ਕਰਨਾ ਆਦਿ ਵਿਸ਼ੇ ਪਾਠਕਾਂ ਦੇ ਰੂਬਰੂ ਕਰਨਾ ਲੇਖਕ ਦਾ ਸਾਰਥਿਕ ਉਪਰਾਲਾ ਹੈ।
ਇਸ ਤੋਂ ਇਲਾਵਾ ਇਹ ਪੁਸਤਕ ਪ੍ਰਚੀਨ ਕਾਲ ਦੇ ਇਤਿਹਾਸ 'ਤੇ ਪੰਛੀ ਝਾਤ, ਪਹਿਲੀ ਦੂਸਰੀ ਤੇ ਤੀਸਰੀ ਗੋਲ ਮੇਜ ਕਾਨਫ਼ਰੰਸ ਦੀ ਮਹੱਤਤਾ ਅਤੇ ਆਜ਼ਾਦੀ ਤੇ ਹੱਕ-ਹਕੂਕਾਂ ਦੇ ਬਾਬਤ ਹੋਰ ਗਤੀ ਵਿਧੀਆਂ ਵਿਚ ਬਾਬਾ ਸਾਹਿਬ ਡਾ: ਅੰਬੇਡਕਰ ਤੇ ਹੋਰ ਨੇਤਾਵਾਂ ਦੀਆਂ ਭੂਮਿਕਾਵਾਂ ਦਾ ਸੱਚ-ਕੱਚ ਆਦਿ ਨੂੰ ਵੀ ਪਾਠਕਾਂ ਦੇ ਸਨਮੁਖ ਕਰਦੀ ਹੈ। ਲੇਖਕ ਮੁਖਤਾਰ ਸਿੰਘ ਅਰਸ਼ੀ ਨੇ ਇਸ ਪੁਸਤਕ ਨੂੰ ਵਿਚਾਰਕ ਸੋਹਜਮਈ ਬਣਾਉਣ ਲਈ ਕਈ ਮਹਾਨ ਦਾਰਸ਼ਨਿਕਾਂ ਦੇ ਵਿਚਾਰਾਂ ਨੂੰ ਆਪਣੀ ਲਿਖਤ ਦਾ ਸ਼ਿੰਗਾਰ ਵੀ ਬਣਾਉਂਦਿਆਂ ਢੁੱਕਵੀਂ ਜਗ੍ਹਾ ਦਿੱਤੀ ਹੈ। ਜੋ ਪਾਠਕਾਂ ਨੂੰ ਰੂੜੀਵਾਦ ਸੋਚ ਤਿਆਗਣ, ਫ਼ਰਜ਼ ਤੇ ਹੱਕ ਪਛਾਣਨ, ਵਹਿਮਾਂ-ਭਰਮਾਂ ਤੋਂ ਉੱਪਰ ਉਠਣਾ ਤੇ ਕਿਸਮਤਵਾਦੀ ਦੀ ਥਾਂ ਕਰਮਯੋਗੀ ਬਣਨਾ ਆਦਿ ਸਾਰਥਿਕ ਸੁਨੇਹ ਦੇਣ ਸਮਰੱਥ ਹਨ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਵਿਹੜਾ ਗੀਤਾਂ ਦਾ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98764-52223.

ਹਥਲੀ ਪੁਸਤਕ ਲੇਖਕ ਦੀ ਨਿਰੋਲ ਗੀਤਾਂ ਦੀ ਪੁਸਤਕ ਹੈ ਜਿਸ ਨੂੰ ਉਸ ਨੇ ਲੱਚਰ ਗੀਤਾਂ ਦੀ ਧੁੰਧ ਨੂੰ ਪੰਜਾਬ ਦੇ ਧੁਆਂਖੇ ਹੋਏ ਵਾਤਾਵਰਨ ਨੂੰ ਸਾਫ਼ ਤੇ ਸ਼ੁੱਧ ਕਰਨ ਦੇ ਮਨੋਰਥ ਨਾਲ ਸਿਹਤਮੰਦ ਅਤੇ ਉਸਾਰੂ ਗੀਤਾਂ ਦੀ ਸਿਰਜਣਾ ਕਰਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਇਹ ਇਕ ਸਲਾਹੁਣਯੋਗ ਕਾਰਜ ਹੈ ਜਿਸ ਦੇ ਲਈ ਲੇਖਕ ਸ਼ਲਾਘਾ ਦਾ ਪਾਤਰ ਹੈ। ਲੇਖਕ ਨੇ ਅਜੋਕੇ ਸਮਾਜਿਕ ਸਰੋਕਾਰਾਂ ਨੂੰ ਆਪਣੇ ਗੀਤਾਂ ਦਾ ਵਿਸ਼ਾ ਵਸਤੂ ਬਣਾਇਆ ਹੈ। ਮਨੁੱਖ ਹਿਤੈਸ਼ੀ ਅਤੇ ਲੋਕ ਹਿਤਾਂ ਦਾ ਅਲੰਬਰਦਾਰ ਹੋਣ ਕਰਕੇ ਲੇਖਕ ਸਮਾਜ ਸੁਧਾਰਕ ਮੁੱਦਿਆਂ ਬਾਰੇ ਅਨੇਕਾਂ ਗੀਤਾਂ ਦੀ ਸਿਰਜਣਾ ਕੀਤੀ ਹੈ। ਉਹ ਧੀਆਂ ਨੂੰ ਪੜ੍ਹਾਉਣ ਅਤੇ ਦਹੇਜ ਰਹਿਤ-ਬਿਨਾਂ ਕੋਈ ਕਰਜ਼ਾ ਲਏ ਧੀਆਂ ਦੇ ਵਿਆਹ ਕਰਨ ਦੀ ਪੈਰਵਾਈ ਕਰਦਾ ਹੈ। ਉਸ ਨੂੰ ਆਪਣੇ ਬਜ਼ੁਰਗ ਮਾਪਿਆਂ ਨੂੰ ਇਕੱਲਾ ਛੱਡ ਕੇ ਵਿਦੇਸ਼ਾਂ ਵਿਚ ਜਾ ਕੇ ਵਸਣ ਦੀ ਨੌਜਵਾਨਾਂ ਦੀ ਹੋੜ 'ਤੇ ਵੀ ਇਤਰਾਜ਼ ਹੈ। ਅਜੋਕੇ ਸਮਾਜ ਵਿਚ ਨਸ਼ਿਆਂ ਦੀ ਦੁਰਵਰਤੋਂ ਕਾਰਨ ਹੋਏ ਘਾਣ ਤੇ ਫ਼ਿਕਰਮੰਦੀ ਹੈ। ਕਾਰਖਾਨੇ ਬੰਦ ਹੋਣ ਕਰਕੇ ਮਜ਼ਦੂਰਾਂ ਦੀ ਬੇਰੁਜ਼ਗਾਰੀ, ਨੌਜਵਾਨਾਂ ਨੂੰ ਯੋਗ ਨੌਕਰੀਆਂ ਨਾ ਮਿਲਣ ਕਰਕੇ ਮਜ਼ਦੂਰਾਂ ਅਤੇ ਨੌਜਵਾਨਾਂ ਦੇ ਮਾਨਸਿਕ, ਆਰਥਿਕ ਅਤੇ ਸਮਾਜਿਕ ਸਰੋਕਾਰਾਂ ਨੂੰ ਵੀ ਉਸ ਨੂੰ ਵੀ ਆਪਣੇ ਗੀਤਾਂ ਵਿਚ ਪੇਸ਼ ਕੀਤਾ ਹੈ। ਗੀਤਕਾਰ ਸੱਚੇ ਦਿਲੋਂ ਸਮੁੱਚੀ ਮਾਨਵਤਾ ਦੇ ਉਜਲੇ ਭਵਿੱਖ ਲਈ ਯਤਨਸ਼ੀਲ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472
ਫ ਫ ਫ

ਨਬੀਆਂ ਦੇ ਕਿੱਸੇ
ਲੇਖਕ : ਨੂਰ ਮੁਹੰਮਦ ਮੂਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 308
ਸੰਪਰਕ : 98555-51359.

ਇਸਲਾਮ ਪੰਜਾਬ ਦੇ ਸੀਮਾ ਪਾਰ ਰਹਿ ਗਏ ਅੱਧੇ ਪੰਜਾਬ ਦਾ ਧਰਮ ਹੈ। ਭਾਰਤ ਤੇ ਦੁਨੀਆ ਦੇ ਪ੍ਰਮੁੱਖ ਧਰਮਾਂ ਵਿਚੋਂ ਇਕ। ਕੁਰਾਨ ਸ਼ਰੀਫ਼, ਹਦੀਸਾਂ ਤੇ ਸੂਫ਼ੀ ਸਾਹਿਤ ਸਾਡਾ ਮੁੱਲਵਾਨ ਵਿਰਸਾ ਹਨ। ਸਾਡੇ ਕਿੱਸਾ ਸਾਹਿਤ ਵਿਚ ਤੇ ਲੋਕ ਸਾਹਿਤ ਵਿਚ ਇਸ ਵਿਰਸੇ ਦੇ ਹਵਾਲੇ ਜਾਣੇ ਅਣਜਾਣੇ ਥਾਂ-ਥਾਂ ਦਿਸਦੇ ਹਨ। ਇਸ ਦੇ ਮੂਲ ਸ੍ਰੋਤ ਅਰਬੀ, ਫ਼ਾਰਸੀ ਤੇ ਉਰਦੂ ਵਿਚ ਹਨ ਜਿਨ੍ਹਾਂ ਨੂੰ ਗੰਭੀਰਤਾ ਨਾਲ ਪੜ੍ਹਨ, ਸਮਝਣ ਤੇ ਖੋਜਣ ਦੀ ਯੋਗਤਾ ਇਧਰਲੇ ਪੰਜਾਬ ਦੀ ਨਵੀਂ ਪੀੜ੍ਹੀ ਵਿਚ ਅਸਲੋਂ ਨਾਮਾਤਰ ਹੈ। ਜਿਵੇਂ ਅੰਗਰੇਜ਼ੀ ਸਾਹਿਤ ਵਿਚ ਬਾਈਬਲ ਤੇ ਰੋਮਨ/ਲੈਟਿਨ ਇਤਿਹਾਸ ਮਿਥਿਹਾਸ ਦੇ ਹਵਾਲੇ ਉਸ ਨੂੰ ਸਮੇਂ/ਸਥਾਨ ਤੋਂ ਪਾਰ ਸਨਾਤਨੀ ਛੋਹਾਂ ਦਿੰਦੇ ਹਨ, ਪੰਜਾਬੀ ਸਾਹਿਤ ਵਿਚ ਇਸਲਾਮੀ ਪੌਰਾਣਿਕ/ਧਾਰਮਿਕ/ਮਿਥਿਹਾਸਕ ਸਾਮੱਗਰੀ ਇਹੀ ਕੁਝ ਕੇਰਦੀ ਹੈ। ਨੂਰ ਮੁਹੰਮਦ ਨੂਰ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਪਾਠਕਾਂ ਨੂੰ ਇਸ ਮੁੱਲਵਾਨ ਖਜ਼ਾਨੇ ਨਾਲ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਮਾਧਿਅਮ ਰਾਹੀਂ ਪਰਿਚਿਤ ਕਰਵਾਉਣ ਦਾ ਕਾਰਜ ਕਰ ਰਿਹਾ ਹੈ। ਨਬੀਆਂ ਦੇ ਕਿਸੇ ਇਸੇ ਲੜੀ ਦਾ ਤਾਜ਼ਾ ਉੱਦਮ ਹੈ।
ਇਸ ਕਿਤਾਬ ਵਿਚ ਉਸ ਨੇ ਪਹਿਲੇ ਪੈਗੰਬਰ ਹਜ਼ਰਤ ਆਦਮ ਤੋਂ ਲੈ ਕੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਤੱਕ 26 ਪੈਗੰਬਰਾਂ ਦੇ ਜੀਵਨ, ਸੰਦੇਸ਼, ਦੇਸ਼, ਕਾਲ, ਸੰਘਰਸ਼ ਤੇ ਕੁਰਾਨੀ ਹਵਾਲਿਆਂ ਨੂੰ ਸੰਕਲਿਤ ਕੀਤਾ ਹੈ। ਹਜ਼ਰਤ ਮੂਸਾ, ਹਜ਼ਰਤ ਈਸਾ ਤੇ ਹਜ਼ਰਤ ਮੁਹੰਮਦ ਅੱਜ ਤਿੰਨ ਤਿੱਖੇ ਟਕਰਾਵਾਂ ਵਾਲੇ ਧਰਮਾਂ ਦੇ ਮੁਖੀ ਹਨ। ਪਰ ਉਹ ਇਕੋ ਲੜੀ ਦੇ ਮਣਕੇ ਹਨ। ਨੂਰ ਸਾਹਿਬ ਨੇ ਇਨ੍ਹਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਸ ਕਿਤਾਬ ਵਿਚ ਸ਼ਾਮਿਲ ਕੀਤੀ ਹੈ। ਹਜ਼ਰਤ ਇਬਰਾਹੀਮ/ਇਸਮਾਈਲ ਦੀ ਕੁਰਬਾਨੀ ਦਾ ਕਿੱਸਾ ਵੀ ਬਹੁਤੇ ਪਾਠਕਾਂ ਨੂੰ ਨਹੀਂ ਪਤਾ। ਫਿਰਔਨ ਕਿਸੇ ਇਕ ਬੰਦੇ ਦਾ ਨਾਂਅ ਨਹੀਂ। ਇਹ ਮਿਸਰ ਦੇ ਰਾਜਿਆਂ ਦਾ ਲਕਬ ਹੈ। ਨਾ ਮੈਂ ਮੂਸਾ ਨਾ ਫਿਰਔਨ ਜਹੇ ਹਵਾਲੇ ਇਸੇ ਆਧਾਰ 'ਤੇ ਖੁੱਲ੍ਹਦੇ ਹਨ। ਲੇਖਕ ਨੇ ਸਾਰੇ ਨਬੀਆਂ ਦਾ ਬਿਰਤਾਂਤ ਮੁੱਖ ਰੂਪ ਵਿਚ ਕੁਰਆਨ ਪਾਕ ਦੇ ਹਵਾਲੇ ਨਾਲ ਉਸਾਰਿਆ ਹੈ। ਜਿਥੇ ਕਿਤੇ ਬਾਹਰੀ ਹਵਾਲੇ ਲਏ ਹਨ, ਉਹ ਸਪੱਸ਼ਟ ਵੀ ਕੀਤੇ ਹਨ। ਪੈਗੰਬਰਾਂ ਦੀ ਉਮਰ, ਦੇਸ਼ ਕਾਲ, ਉਮਤ, ਸੰਦੇਸ਼, ਸੰਘਰਸ਼, ਵਿਰੋਧ ਤੇ ਹੋਰ ਪੌਰਾਣਿਕ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਦੀ ਹੈ ਇਹ ਕਿਤਾਬ। ਕੁੱਲ ਮਿਲਾ ਕੇ ਚੰਗੀ ਹਵਾਲਾ ਪੁਸਤਕ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਵਿਦੇਸ਼ ਦਾ ਤਰਕ
ਸਵਰਗ ਜਾਂ ਨਰਕ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 119
ਸੰਪਰਕ : 98143-04213.

ਬਹੁਪਰਤੀ ਲੇਖਕ ਗੁਰਮੇਲ ਸਿੰਘ ਬੌਡੇ ਦੇ ਨਿਬੰਧਾਂ ਦੀ ਇਹ ਪੁਸਤਕ ਮਨੁੱਖ ਦੀ ਸੋਚ ਨੂੰ ਟੁੰਬਣ ਅਤੇ ਹਕੀਕਤਾਂ ਦੇ ਰੂਬਰੂ ਕਰਨ ਵਾਲੀ ਹੈ। ਇਸ ਪੁਸਤਕ ਵਿਚ 15 ਲੇਖ ਸ਼ਾਮਿਲ ਹਨ। ਹਰ ਲੇਖ ਦਾ ਵਿਸ਼ਾ ਅਲੱਗ ਹੈ। 'ਪਰਵਾਸ, ਪੰਜਾਬ ਤੇ ਸਿਆਸੀ ਸਥਿਤੀ' ਸਿਰਲੇਖ ਹੇਠਲੇ ਪਹਿਲੇ ਲੇਖ ਰਾਹੀਂ ਪਰਵਾਸ ਦੀ ਸਥਿਤੀ ਲਈ ਮੌਜੂਦਾ ਰਾਜਸੀ, ਆਰਥਿਕ, ਧਾਰਮਿਕ ਤੇ ਸਮਾਜਿਕ ਵਰਤਾਰੇ ਦੇ ਸੰਦਰਭ ਵਿਚ ਵਿਚਾਰਿਆ ਗਿਆ। ਲੇਖਕ ਨੇ ਸਮੇਂ-ਸਮੇਂ 'ਤੇ ਹੁੰਦੇ ਰਹੇ ਜਨ ਅੰਦੋਲਨਾਂ, ਰਾਜਸੀ ਧਿਰਾਂ ਦੇ ਨਾਂਹ-ਪੱਖੀ ਰੋਲ, ਚੋਣ ਪ੍ਰਣਾਲੀ ਦੀਆਂ ਤਰੁਟੀਆਂ ਆਦਿ ਅਨੇਕਾਂ ਵਿਸ਼ਿਆਂ ਨੂੰ ਠੋਸ ਦਲੀਲਾਂ ਸਦਕਾ ਪਾਠਕਾਂ ਨਾਲ ਸਾਂਝਾ ਕੀਤਾ ਹੈ। 'ਪੰਜਾਬ ਚੋਣਾਂ, ਵਰਤਮਾਨ ਤੇ ਭਵਿੱਖ' ਮੌਜੂਦਾ ਚੋਣ ਪ੍ਰਣਾਲੀ ਦੀ ਪੋਲ ਖੋਲ੍ਹਦਾ ਹੈ ਪਰ ਭਵਿੱਖ ਲਈ ਜਨਤਾ ਨੂੰ ਸੁਚੇਤ ਹੋਣ ਦਾ ਹੋਕਾ ਵੀ ਦਿੰਦਾ ਹੈ। 'ਮੁਹੰਮਦ ਤੁਗਲਕ ਤੇ ਕਾਰੂ, ਕੀ ਅੱਜ ਦਾ ਹਾਕਮ ਵੀ ਉਵੇਂ ਸਾਰੂ?' ਦਾ ਤਤਸਾਰਂ'ਲੋਕਾਂ ਨੂੰ ਆਪਣੇ ਹਕੂਕ ਦੀ ਰਾਖੀ ਆਪ ਕਰਨੀ ਹੋਵੇਗੀ। ਨਹੀਂ ਤਾਂ ਹੁਕਮਰਾਨ ਆਮ ਲੋਕਾਂ ਨੂੰ ਆਪਣੀਆਂ ਨੀਤੀਆਂ ਦੀ ਚੱਕੀ ਵਿਚ ਪੀਸਦੇ ਰਹਿਣਗੇ। ਫ਼ੈਸਲਾ ਆਵਾਮ ਦੇ ਹੱਥ ਹੈ।' (ਪੰਨਾ 35) 'ਸਾਹਿਤ ਤੇ ਸਥਿਤੀ' ਰਾਹੀਂ ਚੰਗੇਰੇ ਮੁਸਤਕਬਿਲ ਲਈ ਕਿਤਾਬਾਂ ਨੂੰ ਮਾਰਗ ਦਰਸ਼ਕ ਬਣਾਉਣ ਦਾ ਹੋਕਾ ਦਿੱਤਾ ਗਿਆ ਹੈ। 'ਸ਼ਾਹਜਹਾਂ ਅਜੇ ਸਹਿਕਦਾ ਹੈ', 'ਜ਼ਖ਼ਮਾਂ ਦਾ ਰੁਦਨ', 'ਵਿੱਦਿਆ ਵਿਚਾਰੀ ਜਾਂ ਖ਼ੁਦਕੁਸ਼ੀਆਂ ਦੀ ਮਾਰੀ', 'ਭੰਡਾ ਬੰਡਾਰੀਆ ਕਿੰਨਾ ਕੁ ਭਾਰ', 'ਉਲਟੀ ਗੰਗਾ ਪਿਹੋਏ ਨੂੰ', 'ਅਧਿਆਪਕ ਮੋਮਬੱਤੀ ਬਣਦੈ, ਮਸ਼ਾਲ ਕਿਉਂ ਨਹੀਂ' ਸਮੇਤ ਸਾਰੇ ਨਿਬੰਧ ਲੇਖਕ ਦੀ ਲੋਕ ਹਿਤੂ, ਲੋਕਪੱਖੀ ਸੋਚਦੇ ਜਾਮਨ ਹਨ। 'ਵਿਦੇਸ਼ ਦਾ ਤਰਕ, ਸਵਰਗ ਜਾਂ ਨਰਕ' ਲੇਖ ਰਾਹੀਂ ਪ੍ਰਵਾਸ ਨੂੰ ਕਿਸੇ ਮਸਲੇ ਦਾ ਹੱਲ ਨਹੀਂ ਸਵੀਕਾਰਿਆ ਗਿਆ, ਸਗੋਂ ਇਹ ਤਾਂ 'ਟੂਟੀ ਲਟੈਣ ਹੇਠਾਂ ਦਿੱਤੀ ਥੰਮੀਂ ਵਾਂਗ ਆਰਜ਼ੀ ਸਹਾਰਾ ਹੈ। (ਪੰਨਾ 90)। ਲੇਖਕ ਜੁਝਾਰੂ ਲੋਕਾਂ ਦੇ ਨਾਲ ਡਟ ਕੇ ਖਲੋਤਾ ਹੈ। ਪੁਸਤਕ ਵਿਚ ਕੁਝ ਸ਼ਿਅਰ, ਇਸ ਨੂੰ ਹੋਰ ਰੌਚਕ ਬਣਾਉਂਦੇ ਹਨ।

ਂਤੀਰਥ ਸਿੰਘ ਢਿੱਲੋਂ
ਫ ਫ ਫ

17-03-2019

 ਰਾਸ਼ਟਰਵਾਦੀ ਚਿੰਤਕ
ਪੰ. ਦੀਨਦਿਆਲ ਉਪਾਧਿਆਇ
ਸੰਪਾਦਕ ਤੇ ਅਨੁਵਾਦਕ :
ਡਾ: ਲਖਵੀਰ ਕੌਰ ਲੈਜ਼ੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 75890-88435.

ਭਾਰਤ ਵਰਸ਼ ਦੇ ਸਵੈਮਾਨ ਨੂੰ ਉਭਾਰਨ ਵਿਚ ਇਥੋਂ ਦੇ ਚਿੰਤਕਾਂ, ਸਾਫ਼-ਸੁਥਰੀ ਰਾਜਨੀਤੀ ਕਰਨ ਵਾਲਿਆਂ, ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਸਰਬ-ਪੱਖੀ ਨਿਰਪੱਖ ਸੋਚ-ਦ੍ਰਿਸ਼ਟੀ ਨੂੰ ਉਸਾਰੂ ਰੂਪ ਪ੍ਰਦਾਨ ਕਰਨ ਵਾਲਿਆਂ ਵਿਚ ਪੰ. ਦੀਨਦਿਆਲ ਉਪਾਧਿਆਇ ਦਾ ਵਿਸ਼ੇਸ਼ ਯੋਗਦਾਨ ਹੈ। ਅਜਿਹੇ ਯੋਗਦਾਨ ਨੂੰ ਪੁਸਤਕ ਦੇ ਨੌਂ ਕਾਂਡਾਂ ਵਿਚ, ਬਾਖੂਬੀ, ਸਫਲ ਸੰਪਾਦਕਾ ਅਤੇ ਸਫਲ ਅਨੁਵਾਦਕਾ ਡਾ: ਲਖਵੀਰ ਕੌਰ ਲੈਜ਼ੀਆ ਨੇ ਅੰਕਿਤ ਕੀਤਾ ਹੈ।
ਇਨ੍ਹਾਂ ਨੌਂ ਕਾਂਡਾਂ ਤੋਂ ਪਹਿਲਾਂ ਡਾ: ਲੈਜ਼ੀਆ ਵਲੋਂ ਲਿਖੀ ਵਿਸਤ੍ਰਿਤ ਭੂਮਿਕਾ ਹੈ, ਜਿਸ ਵਿਚ ਪੰ. ਦੀਨਦਿਆਲ ਉਪਾਧਿਆਇ ਦੇ ਸੰਘਰਸ਼ਮਈ ਜੀਵਨ ਦਾ ਵੇਰਵਾ ਹੈ। ਛੋਟੀ ਉਮਰੇ ਮਾਪਿਆਂ ਦਾ ਅਕਾਲ ਚਲਾਣਾ ਕਰ ਜਾਣਾ, ਨਾਨਕਿਆਂ ਦੇ ਘਰੀਂ ਪਾਲਣ ਪੋਸ਼ਣ ਅਤੇ ਆਪਣੀ ਤਕਦੀਰ ਆਪ ਸਿਰਜਣ ਲਈ ਜੱਦੋਜਹਿਦ 'ਚ ਪਏ ਰਹਿਣਾ ਅਤੇ ਅੰਤ ਨੂੰ ਉੱਘੇ ਚਿੰਤਕਾਂ 'ਚ ਥਾਂ ਬਣਾਉਣ ਵਾਲੇ ਸਰੋਕਾਰਾਂ ਦਾ ਉਲੇਖ ਹੈ। ਸੰਪਾਦਕਾ ਨੇ ਪੰਡਤ ਜੀ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਵੀ ਵੱਖਰੇ ਕਾਂਡ 'ਚ ਪੇਸ਼ ਕੀਤਾ ਹੈ। 'ਵਿਗਿਆਨਕ ਹਿੰਦੂਤਵ' ਖੋਜ ਪਰਚਾ ਸ੍ਰੀ ਦੰਤੋਪੰਤ ਠੇਂਗੜੀ ਦਾ ਲਿਖਿਆ ਹੋਇਆ ਹੈ, ਜੋ ਹਿੰਦੂਤਵ ਦੇ ਇਤਿਹਾਸਕ ਪਰਿਪੇਖ ਵਿਚ ਉਪਾਧਿਆਇ ਜੀ ਦੇ ਪ੍ਰਵਚਨਾਂ ਨੂੰ ਉਭਾਰਦਾ ਹੈ। ਬਜਰੰਗ ਲਾਲ ਗੁਪਤਾ ਨੇ 'ਏਕਾਤਮ ਮਾਨਵਵਾਦ ਦੀ ਵਿਹਾਰਕ ਉਪਯੋਗਤਾ' ਵਿਚ ਉਪਾਧਿਆਇ ਦੀ ਰਚਨਾਤਮਕਤਾ ਨੂੰ ਨੇੜਿਉਂ ਤੱਕ ਕੇ ਪੇਸ਼ ਕੀਤਾ ਹੈ।
ਭਾਲਚੰਦ੍ਰ ਕ੍ਰਿਸ਼ਨਾ ਜੀ ਕੇਲਕਰ ਨੇ ਦੀਨ ਦਿਆਲ ਨੂੰ ਮੌਲਿਕ ਵਿਚਾਰਧਾਰਕ ਦੱਸਿਆ ਹੈ ਜਦ ਕਿ ਡਾ: ਕੁਲਦੀਪ ਚੰਦ ਅਗਨੀਹੋਤਰੀ ਨੇ ਪੰਡਤ ਜੀ ਨੂੰ ਚਿੰਤਨਧਾਰਾ ਦੀ ਪ੍ਰਸੰਗਿਕਤਾ ਜ਼ਰੀਏ ਉਭਾਰਿਆ ਹੈ। ਪੁਸਤਕ ਦੇ ਉਹ ਅਧਿਆਇ ਵੀ ਮਹੱਤਵਪੂਰਨ ਹਨ ਜਿਨ੍ਹਾਂ 'ਚ ਉਪਾਧਿਆਇ ਜੀ ਦੀ ਰਾਜਨੀਤਕ ਚੇਤਨਾ, ਵਿਚਾਰਧਾਰਕ ਦਰਸ਼ਨ, ਨਵ ਰਾਸ਼ਟਰਵਾਦ ਦੀ ਕਲਪਨਾ ਅਤੇ ਉਨ੍ਹਾਂ ਦੇ ਸ੍ਰੀ ਮਦਭਗਵਤਗੀਤਾ ਦੇ ਵਿਖਿਆਨ ਦੀ ਦ੍ਰਿਸ਼ਟੀ ਨੂੰ ਪੇਸ਼ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

1947 ਇਕ ਅਣਕਹੀ ਦਾਸਤਾਂ...
ਕਹਾਣੀਕਾਰ : ਜਸਬੀਰ ਸਿੰਘ 'ਕੰਗਣਵਾਲ'
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 130 ਰੁਪਏ, ਸਫ਼ੇ : 144
ਸੰਪਰਕ : 97813-77600.

1947 ਨੂੰ ਭਾਰਤ ਆਜ਼ਾਦ ਹੋਇਆ ਪਰ ਨਾਲ ਹੀ ਇਹ ਵਰ੍ਹਾ ਇਹੋ ਜਿਹੇ ਜ਼ਖ਼ਮ ਦੇ ਗਿਆ ਜੋ ਹਾਲੇ ਵੀ ਚੀਸਾਂ ਮਾਰਦੇ ਹਨ। ਪੰਜਾਬੀਆਂ ਨੇ ਆਜ਼ਾਦੀ ਸੰਗਰਾਮ ਵਿਚ ਅਣਗਿਣਤ ਸ਼ਹਾਦਤਾਂ ਦਿੱਤੀਆਂ ਪਰ ਸਭ ਤੋਂ ਵੱਡਾ ਨੁਕਸਾਨ ਵੀ ਉਨ੍ਹਾਂ ਦਾ ਹੀ ਹੋਇਆ। ਇਸ ਵੰਡ ਅਤੇ ਉਜਾੜੇ ਦਾ ਸਭ ਤੋਂ ਵੱਧ ਦੁਸ਼ਪ੍ਰਭਾਵ ਪੰਜਾਬ 'ਤੇ ਪਿਆ।
ਤਕਰੀਬਨ ਦਸ ਲੱਖ ਲੋਕ ਮਾਰੇ ਗਏ ਅਤੇ ਵੀਹ ਲੱਖ ਲੋਕਾਂ ਨੂੰ ਆਪਣੇ ਘਰ-ਬਾਰ, ਕਾਰੋਬਾਰ, ਮਾਲ ਡੰਗਰ ਅਤੇ ਖੜ੍ਹੀਆਂ ਫ਼ਸਲਾਂ ਨੂੰ ਛੱਡ ਕੇ ਉੱਜੜਨਾ ਪਿਆ। ਲੇਖਕ ਨੇ ਬਹੁਤ ਮਿਹਨਤ ਨਾਲ ਉਜਾੜੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਮਿਲ ਕੇ ਸੱਚੀਆਂ ਘਟਨਾਵਾਂ ਇਕੱਠੀਆਂ ਕੀਤੀਆਂ ਹਨ। ਪੀੜਤ ਬਜ਼ੁਰਗਾਂ ਦੇ ਜ਼ਖ਼ਮ ਅੱਜ ਵੀ ਹਰੇ ਹਨ। ਦੁੱਖਾਂ ਦੇ ਨਕਸ਼ ਲਗਪਗ ਇਕੋ ਜਿਹੇ ਹੀ ਹੁੰਦੇ ਹਨ। ਜਿਨ੍ਹਾਂ ਨੇ ਇਨ੍ਹਾਂ ਹੋਣੀਆਂ ਨੂੰ ਪਿੰਡੇ 'ਤੇ ਹੰਢਾਇਆ ਉਨ੍ਹਾਂ ਦੀ ਦਾਸਤਾਨ ਅੰਦਰ ਤੱਕ ਕੰਬਾ ਦਿੰਦੀ ਹੈ। ਇਸ ਔਖੇ ਸਮੇਂ ਕਿਵੇਂ ਇਨਸਾਨ ਦਰਿੰਦੇ ਬਣ ਗਏ, ਕਿਵੇਂ ਮਨੁੱਖਤਾ ਸ਼ਰਮਸਾਰ ਹੋਈ, ਕਿਵੇਂ ਆਲ੍ਹਣੇ ਤੀਲ੍ਹਾ ਤੀਲ੍ਹਾ ਹੋਏ। ਕਿਵੇਂ ਲਹੂ ਪਾਣੀ ਤੋਂ ਵੀ ਪਤਲਾ ਹੋ ਗਿਆ, ਕਿਵੇਂ ਵਾੜਾਂ ਹੀ ਖੇਤ ਖਾ ਗਈਆਂ,ਕਿਵੇਂ ਪਾਣੀ ਵੀ ਵੰਡੇ ਗਏ, ਇਹ ਸਭ ਬ੍ਰਿਤਾਂਤ ਬਾਖੂਬੀ ਪੇਸ਼ ਕੀਤੇ ਗਏ ਹਨ। ਖੂਹਾਂ ਵਿਚ ਜ਼ਹਿਰਾਂ ਮਿਲਾ ਦਿੱਤੀਆਂ ਗਈਆਂ, ਭਰੀਆਂ ਗੱਡੀਆਂ ਬੇਰਹਿਮੀ ਨਾਲ ਵੱਢ ਦਿੱਤੀਆਂ ਗਈਆਂ, ਧੀਆਂ ਭੈਣਾਂ ਦੀ ਇੱਜ਼ਤ ਆਬਰੂ ਮਿੱਟੀ ਵਿਚ ਰੁਲ ਗਈ, ਮਾਣ ਮਰਿਆਦਾ ਲੀਰੋ-ਲੀਰ ਹੋ ਗਈ।
ਫਿਰ ਵੀ ਦਸਮ ਪਾਤਸ਼ਾਹ ਜੀ ਦੇ ਬਚਨਾਂ 'ਤੇ ਪਹਿਰਾ ਦਿੰਦਿਆਂ ਕਿਸੇ ਨੇ ਮਲੇਰਕੋਟਲੇ 'ਤੇ ਹਮਲਾ ਨਾ ਕੀਤਾ ਅਤੇ ਬਹੁਤ ਸਾਰੇ ਮੁਸਲਮਾਨਾਂ ਨੇ ਇਥੇ ਪਨਾਹ ਲਈ। ਇਸ ਉਜਾੜੇ ਦੇ ਸ਼ਿਕਾਰ ਲੋਕਾਂ ਦੀ ਦਰਦਨਾਕ ਦਾਸਤਾਂ ਪੁਸਤਕ ਵਿਚ ਦਿੱਤੀ ਗਈ ਹੈ। ਇਨ੍ਹਾਂ ਦੇ ਨਾਂਅ ਹਨਂਸੂਬੇਦਾਰ ਜਸਵੰਤ ਸਿੰਘ, ਰਹਿਮਦੀਨ ਸ਼ੇਖ਼, ਜ਼ੋਰਾ ਸਿੰਘ, ਕਰਤਾਰ ਸਿੰਘ, ਗੁਰਬਚਨ ਕੌਰ, ਸੂਬੇਦਾਰ ਨਗਿੰਦਰ ਸਿੰਘ, ਚੰਨਣ ਸਿੰਘ, ਰਫੀਕਨ, ਪ੍ਰਿੰ: ਹਜ਼ੂਰ ਸਿੰਘ, ਸੁਰਜੀਤ ਕੌਰ, ਕਿਰਪਾਲ ਸਿੰਘ, ਅਮਰ ਸਿੰਘ, ਅਜੀਤ ਸਿੰਘ ਅਤੇ ਬਹਾਦਰ ਸਿੰਘ। ਇਹ ਸਭ ਲੋਕ ਆਪਣੀ ਜ਼ਿੰਦਗੀ ਦੇ ਅੰਤਿਮ ਪੜਾਅ 'ਤੇ ਹਨ। ਲੇਖਕ ਦਾ ਇਹ ਸ਼ਲਾਘਾਯੋਗ ਉੱਦਮ ਹੈ ਕਿ ਉਸ ਨੇ ਇਨ੍ਹਾਂ ਦੁਖਿਆਰਿਆਂ ਦੇ ਉਜਾੜੇ ਤੋਂ ਲੈ ਕੇ ਮੁੜ ਵਸੇਬੇ ਦੀ ਦਰਦਨਾਕ ਵਿਥਿਆ ਨੂੰ ਕਲਮਬੰਦ ਕੀਤਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਅਸੀਂ ਧੀਆਂ ਪੰਜਾਬ ਦੀਆਂ
ਕਵਿੱਤਰੀ : ਦਵਿੰਦਰ ਕੌਰ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98152-98459.

ਆਪਣੀ ਮਾਂ-ਬੋਲੀ ਨੂੰ ਆਪਣੀ ਮਾਂ ਵਾਂਗ ਪਿਆਰ ਕਰਨ ਵਾਲੀ ਦਵਿੰਦਰ ਕੌਰ ਜੌਹਲ ਨੂੰ ਪੰਜਾਬੀ ਕਵਿਤਾ ਨਾਲ ਵੀ ਅਥਾਹ ਪਿਆਰ ਹੈ। ਉਹ ਹਰ ਨਵੀਂ ਪ੍ਰਭਾਤ ਨੂੰ ਹਰ ਕਿਸੇ ਨਵੀਂ ਰਚਨਾ ਨਾਲ ਜੀ ਆਇਆਂ ਆਖਦੀ ਹੈ। ਉਸ ਦੀ ਹਰ ਕਵਿਤਾ ਵਿਚ ਨਵੇਂ ਸ਼ਬਦਾਂ ਦਾ ਆਵੇਸ਼ ਵੇਖ ਕੇ ਜਾਪਦਾ ਹੈ ਕਿ ਉਹ ਸਮਾਜ ਵਿਚ ਰਹਿੰਦਿਆਂ ਆਪਣੇ ਆਲੇ-ਦੁਆਲੇ ਵਿਚੋਂ ਹਰ ਸਮੇਂ ਕੁਝ ਨਵਾਂ ਸਿੱਖਦੀ ਹੈ। ਇਸ ਹਥਲੇ ਕਾਵਿ-ਸੰਗ੍ਰਹਿ ਵਿਚ 53 ਕਵਿਤਾਵਾਂ ਵਿਚੋਂ ਜ਼ਿਆਦਾ ਕਵਿਤਾਵਾਂ ਔਰਤ ਦੀ ਮਨੋਅਵਸਥਾ, ਔਰਤ ਦੀ ਅੰਦਰਲੀ ਟੁੱਟ-ਭੱਜ ਅਤੇ ਮਰਦ ਸਮਾਜ ਵਲੋਂ ਧੀਆਂ ਨਾਲ ਹੁੰਦੀ ਨਾਬਰਾਬਰੀ, ਜ਼ਿਆਦਤੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਪਿਛਲੇ 50-55 ਸਾਲਾਂ ਤੋਂ ਉਹ ਲਗਾਤਾਰ ਪ੍ਰਵਾਸੀ ਭਾਰਤੀ ਵਜੋਂ ਵਿਦੇਸ਼ ਵਿਚ ਰਹਿ ਰਹੀ ਹੈ ਪਰ ਕਵਿਤਾ ਵਰਗੀ ਕੋਮਲ ਕਲਾ ਉਸ ਦੇ ਸਾਹਾਂ ਵਿਚ ਘੁਲੀ ਹੋਈ ਹੈ। ਉਹ ਕੈਨੇਡਾ ਵਰਗੇ ਦੇਸ਼ ਵਿਚ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਦੀ ਭਰਪੂਰ ਪ੍ਰਸੰਸਾ ਕਰਦੀ ਹੈ।
ਕਵਿਤਾ 'ਸੋਹਣਾ ਉਹਨੂੰ ਜਾਣੀਏ' ਵਿਚ ਉਸ ਦੀ ਕਵਿਤਾ ਦਾ ਬੰਦ ਹੈ
ਦੌਲਤਾਂ ਦੇ ਨਾਲ ਬੰਦਾ ਹੁੰਦਾ ਨਹੀਂ ਅਮੀਰ
ਅਮੀਰ ਉਹਨੂੰ ਜਾਣੀਏ, ਜੀਹਦੇ ਕੋਲ ਮਿੱਠੇ ਬੋਲਾਂ ਦੀ ਤਸਵੀਰ।
ਇਕ ਹੋਰ ਰਚਨਾ 'ਗੁਰੂ ਨਾਨਕ ਬਖ਼ਸ਼ੀ ਵਡਿਆਈ' ਵਿਚ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਔਰਤ ਲਈ ਉਠਾਈ ਆਵਾਜ਼ ਨੂੰ ਇਕ ਵਿਲੱਖਣ ਵਿਚਾਰ ਦੱਸਦਿਆਂ ਉਸ ਦੀਆਂ ਕਾਵਿ-ਸਤਰਾਂ ਹਨ
ਨਾ ਪੰਡਤਾਂ ਨਾ ਮੁੱਲਾਂ ਮੁਲਾਣੇ ਦਿੱਤੀ ਨਾ ਵਡਿਆਈ ਔਰਤ ਨੂੰ
ਗੁਰੂ ਨਾਨਕ ਜੀ ਬਖ਼ਸ਼ ਗਏ ਵਡਿਆਈ ਔਰਤ ਨੂੰ.
ਇਕ ਹੋਰ ਭਾਵ-ਪੂਰਤ ਕਵਿਤਾ ਵਿਚ ਕਵਿੱਤਰੀ ਨੇ ਵਿਰਸਾ ਸੰਭਾਲਣ ਦਾ ਸੰਦੇਸ਼ ਦਿੱਤਾ ਹੈ। ਇਸ ਕਵਿਤਾ ਦਾ ਸਿਰਲੇਖ ਵੀ 'ਵਿਰਸਾ' ਹੀ ਹੈ। ਕਵਿਤਾ ਦੀਆਂ ਸਤਰਾਂ ਹਨ
ਚੰਨਾ, ਕੌਲੀ ਤੇ ਗਲਾਸ, ਡੋਹਣਾ, ਥਾਲੀ ਸਾਂਭ ਲੈ,
ਧੀਏ ਨੀ ਪੰਜਾਬ ਦੀਏ ਗਾਗਰ ਕਨਾਲੀ ਸਾਂਭ ਲੈ।
ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਹਰ ਕਵਿਤਾ ਇਕ ਨਵਾਂ ਸੁਨੇਹਾ ਲੈ ਕੇ ਪਾਠਕਾਂ ਨੂੰ ਦਸਤਕ ਦਿੰਦੀ ਹੈ। ਕਵਿਤਾ ਨਾਲ ਪਿਆਰ ਕਰਨ ਵਾਲੇ ਸਾਹਿਤ ਪ੍ਰੇਮੀ ਇਸ ਪੁਸਤਕ ਦਾ ਵੀ ਸਵਾਗਤ ਕਰਨਗੇ।

ਂਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਵਹਿਣ ਡੂੰਘੇ ਪਾਣੀਆਂ ਦੇ
ਕਵੀ : ਸੁਹਿੰਦਰ ਬੀਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 95
ਸੰਪਰਕ : 98552-04102.

ਸੁਹਿੰਦਰ ਬੀਰ ਦੀ ਲੰਮੇਰੀ ਕਵਿਤਾ ਨੂੰ ਦੋ ਪੜ੍ਹਤਾਂ ਅਨੁਸਾਰ ਸਮਝਣਾ ਬਣਦਾ ਹੈ। ਪਹਿਲੀ ਸਤਹੀ ਪੜ੍ਹਤ ਦੀ ਵਿਧੀ ਦੇ ਅੰਤਰਗਤ ਕਾਵਿ-ਨਾਇਕ ਦੇ ਵਿਚਾਰਾਂ ਨੂੰ ਵਾਰਤਕ ਰੂਪ ਵਿਚ ਰੂਪਾਂਤਰਿਤ ਕਰਕੇ ਉਸ ਦੇ ਉਨ੍ਹਾਂ ਹੀ ਵਿਚਾਰਾਂ ਦੀ ਕਾਵਿ-ਪੰਕਤੀਆਂ ਦੁਆਰਾ ਪੁਸ਼ਟੀ ਕੀਤੀ ਜਾਏ. ਇਸ ਸਤਹੀ ਪੜ੍ਹਤ ਦੇ ਫਲਸਰੂਪ ਜੋ ਸਮਝ ਪ੍ਰਾਪਤ ਹੁੰਦੀ ਹੈ, ਉਨ੍ਹਾਂ ਵਿਚ ਸ਼ਾਮਿਲ ਵਿਸ਼ਿਆਂ ਦੀ ਸਹਿਜੇ ਹੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮਸਲਨ: ਆਸ਼ਾਵਾਦੀ ਦ੍ਰਿਸ਼ਟੀ, ਮਾਨਵੀ-ਦਰਦ, ਜੀਵਨ ਸੰਘਰਸ਼, ਪ੍ਰਤੀ ਸੰਵੇਦਨਸ਼ੀਲਤਾ, ਮਨੁੱਖੀ ਲਾਲਸਾ, ਮਾਂ ਦੀ ਮਮਤਾ, ਅਯੋਗਤਾ ਬਨਾਮ ਰੁਤਬੇ, ਦਲਿਤਾਂ ਅਤੇ ਵਿਧਵਾ ਔਰਤਾਂ ਨਾਲ ਹਮਦਰਦੀ, ਜਾਤ-ਪਾਤ ਖੰਡਨ, ਭਾਵਨਾ ਦਾ ਮਹੱਤਵ, ਪਰਵਾਸੀ ਜੀਵਨ, ਸਮਾਜਿਕ ਬਦਲਾਅ, ਇਕੱਲਤਾ, ਸੁਪਨੇ, ਭਲੇ ਪੁਰਖਾਂ ਦੀ ਉਡੀਕ, ਵਿਸ਼ਵੀਕਰਨ, ਸਾਧਨਾ ਦੀ ਲੋੜ, ਗਤੀਸ਼ੀਲ ਜੀਵਨ, ਪੰਜਾਬ ਤ੍ਰਾਸਦੀ, ਮਾਨਵੀ ਜੋਤ ਆਦਿ ਅਨੇਕਾਂ ਹੋਰ।
ਪਰ ਡੂੰਘੇ ਪਾਣੀਆਂ ਦੇ ਵਹਿਣ ਵਿਚ ਡੂੰਘੀ ਟੁੱਭੀ ਮਾਰਿਆਂ ਜੋ ਡੂੰਘ-ਪੜ੍ਹਤ ਤੋਂ ਨਤੀਜਾ ਪ੍ਰਾਪਤ ਹੁੰਦਾ ਹੈ, ਉਹ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਕਾਵਿ-ਨਾਇਕ ਦਾ ਕਾਵਿ-ਕੋਡ 'ਨਿਜੀ ਦੁਖਾਂਤ' ਨਿਸਚਤ ਕੀਤਾ ਜਾ ਸਕਦਾ ਹੈ। ਮਸਲਨ : 'ਜਾਂਦੇ ਜਾਂਦੇ ਨਿਖੜਿਆ ਸਾਥੀ/ਦੇਹ ਦਾ ਫੁੱਲ ਕੁਮਲਾਇਆ/ਦੂਰ ਹੋਈ ਸੱਧਰਾਂ ਦੀ ਦੁਨੀਆ/ਮਨ ਹੌਲਾ ਭਰ ਆਇਆ।' ਪੰ. 38. ਸੰਗੀ ਜਿਹਦਾ ਤੁਰ ਜਾਏ/ਸ਼ੰਕਾ ਹੋਵੇ ਦੇਸ਼। ਪੰ. 47. 'ਘਰ ਵਿਚ ਨਾਰੀ ਤਾਂ ਹੈ/ਸਾਹ ਤੇ ਪ੍ਰਾਣ ਹੁੰਦੀ'। ਪੰ. 81. ਸਵੈ ਸਿੱਧ ਹੈ ਉਹ ਆਪਣੀ ਕਾਵਿ-ਸਿਰਜਣਾ ਦਾ ਕਾਰਨ ਇੰਜ ਸਪੱਸ਼ਟ ਕਰਦਾ ਹੈ : 'ਕਵਿਤਾ ਤਾਂ/ਦੁੱਖਾਂ ਦੇ ਆਹਾਰ ਵਿਚੋਂ ਜਨਮਦੀ'। ਪੰ. 74. ਕਾਵਿ ਨੂੰ ਪਰਿਭਾਸ਼ਤ ਵੀ ਇਵੇਂ ਕਰਦਾ ਹੈ : 'ਕਵਿਤਾ ਤਾਂ/ਦੇਹੀਆਂ ਦੇ ਦਰਦ ਦਾ ਅਲਾਪ ਹੈ'। ਪੰ. 71. ਕਵੀ ਦੇ ਵਿਚਾਰਾਂ ਵਿਚ ਪਾਣੀਆਂ ਦੇ ਵਹਿਣ ਵਰਗੀ ਤਰਲਤਾ ਹੈ। ਉਪਰੋਕਤ ਪਹਿਲੀ ਪੜ੍ਹਤ/ਸਤਹੀ ਪੜ੍ਹਤ ਉਸ ਦੀ ਡੂੰਘ ਪੜ੍ਹਤ ਨੂੰ ਆਪਣੀ ਬੁੱਕਲ ਦੇ ਨਿੱਘ ਵਿਚ ਸਮੋਈ ਬੈਠੀ ਹੈ। ਇਸੇ ਕਾਰਨ ਉਹ ਕਥਾਰਸਿਸ ਕਰਦਾ ਲਿਖਦਾ ਹੈ : 'ਕੌਣ ਹੈ ਮਨੁੱਖ ਜਿਹਦੀ ਦੇਹੀ ਵਿਚ ਦੁੱਖ ਨਾ'। ਪੰ. 69.
ਭਾਸ਼ਾਈ ਦ੍ਰਿਸ਼ਟੀ ਤੋਂ ਦੇਹੀ, ਭਾਵਨਾ, ਦੀਵਾ, ਜੋਤ, ਤਾਰੇ, ਸੂਰਜ ਧੁੱਪ-ਛਾਂ, ਪੱਤੇ, ਰੁੱਖ, ਟਾਹਣੀ, ਬਾਲ, ਬੋਲ, ਰੁਤਬੇ, ਲਾਲਸਾ, ਸਹਿਜ, ਪਿਆਰ, ਵਿਛੋੜਾ ਆਦਿ ਸ਼ਬਦਾਵਲੀ ਉਸ ਦੇ ਕਾਵਿ-ਬੋਲਾਂ ਦਾ ਤਾਣਾ-ਬਾਣਾ ਸਿਰਜਦੀ ਵੇਖੀ ਜਾ ਸਕਦੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਮੈਂ ਇਵੇਂ ਵੇਖਿਆ ਆਸਟ੍ਰੇਲੀਆ
(ਭਾਗ ਦੂਜਾ)
ਲੇਖਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 150 ਰੁਪਏ, ਸਫ਼ੇ : 164
ਸੰਪਰਕ : 94174-84337.

ਸੁਲੱਖਣ ਸਰਹੱਦੀ ਪੰਜਾਬੀ ਦਾ ਉਸਤਾਦ ਗ਼ਜ਼ਲਗੋ ਹੈ। ਪਿੱਛੇ ਜਿਹੇ ਆਪਣੀਆਂ ਧੀਆਂ ਪੁੱਤਰਾਂ ਦੇ ਆਸਟ੍ਰੇਲੀਆ ਵਸ ਜਾਣ ਕਾਰਨ ਉਸ ਦੇ ਵੀ ਉਥੇ ਗੇੜੇ ਲਗਦੇ ਰਹੇ ਹਨ। ਆਪਣੇ ਪਹਿਲੇ ਸਫ਼ਰਨਾਮੇ ਵਿਚ ਉਸ ਨੇ ਸਿਡਨੀ ਅਤੇ ਮੈਲਬੌਰਨ ਤੋਂ ਕੋਈ ਪੰਜ ਸੌ ਮੀਲ ਤੱਕ ਦੇ ਪਿੰਡਾਂ ਦੀ ਯਾਤਰਾ ਕਰਕੇ ਉਥੋਂ ਦੇ ਹਾਲਾਤ ਦੇ ਬਿਰਤਾਂਤ ਦੱਸੇ ਸਨ। ਇਸ ਸਫ਼ਰਨਾਮੇ ਵਿਚ ਉਹ ਕੋਈ ਦੋ ਹਜ਼ਾਰ ਜਾਂ ਪੰਝੀ ਸੌ ਕਿਲੋਮੀਟਰ ਤੱਕ ਫੈਲੇ ਪਿੰਡਾਂ ਦੇ ਜਨਜੀਵਨ ਅਤੇ ਭੂਗੋਲ ਨੂੰ ਆਪਣੇ ਅਨੁਭਵ ਤੇ ਬਿਰਤਾਂਤ ਦੀ ਜ਼ੱਦ ਵਿਚ ਲਿਆਉਂਦਾ ਹੈ। ਆਪਣੇ ਬਿਰਤਾਂਤ ਵਿਚ ਉਹ ਥਾਵਾਂ ਦੇ ਭੂਗੋਲ ਦੀ ਜਾਣਕਾਰੀ ਤਾਂ ਦਿੰਦਾ ਹੀ ਹੈ, ਜਿਵੇਂ ਮਸਲਨ ਖਿੱਤੇ ਦੀ ਲੰਮਾਈ, ਚੌੜਾਈ, ਖੇਤਰਫਲ, ਉਪਜੀਵਕਾ ਦੇ ਸਾਧਨ, ਵਿਕਾਸ ਦੀ ਦਰ, ਪਸ਼ੂ ਪੰਛੀ, ਵਾਤਾਵਰਨ, ਮੌਸਮ, ਆਦਿ ਆਦਿ। ਇਸ ਦੇ ਨਾਲ ਹੀ ਉਹ ਉਥੋਂ ਦੇ ਲੋਕਾਂ ਦਾ ਵਿਵਹਾਰ, ਸੁਭਾਅ ਤੇ ਆਦਤਾਂ ਫੜਨ ਦੀ ਵੀ ਕੋਸ਼ਿਸ਼ ਕਰਦਾ ਹੈ। 'ਬੜਾ' ਪਿੰਡ ਦੀ ਜਾਣਕਾਰੀ ਪਾਠਕਾਂ ਲਈ ਅਦਭੁੱਤ ਸੂਚਨਾ ਹੈ। ਇਹ ਪਿੰਡ ਕਿਸੇ ਪੰਜਾਬੀ ਪੁਰਖੇ ਨੇ ਵਸਾਇਆ ਸੀ ਤੇ ਇਸ ਨੂੰ ਧਰਤੀ ਦੇ ਆਖ਼ਰੀ ਪਿੰਡਾਂ ਵਿਚੋਂ ਇਕ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਜਾਣਕਾਰੀ ਪਹਿਲੀ ਵਾਰ ਕਿਸੇ ਸਫ਼ਰਨਾਮੇ ਵਿਚ ਪੜ੍ਹਨ-ਸੁਣਨ ਨੂੰ ਮਿਲੀ ਹੈ ਕਿ ਕੋਈ ਪਿੰਡ ਧਰਤੀ ਦਾ ਸਿਰਾ ਹੀ ਹੋਵੇ। ਉਸ ਪਿੰਡ ਵਿਚ ਦੋ ਕੁ ਮਹੀਨੇ ਗੁਜ਼ਾਰਨ ਦੌਰਾਨ ਪ੍ਰਾਪਤ ਹੋਈ ਜਾਣਕਾਰੀ ਉਹ ਸਾਡੇ ਨਾਲ ਸਾਂਝੀ ਕਰਦਾ ਹੈ। ਕੇਵਲ ਦੋ-ਢਾਈ ਸੌ ਸਾਲ ਦੇ ਇਤਿਹਾਸ ਵਿਚ ਆਸਟ੍ਰੇਲੀਆ ਵਲੋਂ ਕੀਤੀ ਤਰੱਕੀ ਹੈਰਾਨ ਕਰ ਦੇਣ ਵਾਲੀ ਹੈ। ਇਸ ਦਾ ਜ਼ਿਕਰ ਕਰਦਿਆਂ ਉਹ ਨਾਲੋਂ-ਨਾਲ ਇਸ ਦੀ ਤੁਲਨਾ ਆਪਣੇ ਪੰਜਾਬੀ ਜੀਵਨ ਨਾਲ ਵੀ ਕਰਦਾ ਜਾਂਦਾ ਹੈ। ਹੋਰਨਾਂ ਸਫ਼ਰਨਾਮਾਕਾਰਾਂ ਵਾਂਗ ਪ੍ਰਵਾਸੀ ਜੀਵਨ ਦੀ ਪ੍ਰਸੰਸਾ ਕਰਨੋਂ ਵੀ ਪਿੱਛੇ ਨਹੀਂ ਰਹਿੰਦਾ।
ਪੇਂਡੂ ਜੀਵਨ ਦਾ ਬਿਰਤਾਂਤ ਪੇਸ਼ ਕਰਨ ਦੇ ਨਾਲ-ਨਾਲ ਉਹ ਸਿਡਨੀ ਅਤੇ ਮੈਲਬੌਰਨ ਜਿਹੇ ਵੱਡੇ ਸ਼ਹਿਰਾਂ ਦੀਆਂ ਮਹੱਤਵਪੂਰਨ ਥਾਵਾਂ ਦੇ ਵੀ ਪਾਠਕਾਂ ਨੂੰ ਦਰਸ਼ਨ-ਦੀਦਾਰੇ ਕਰਵਾਉਂਦਾ ਹੈ।

ਂਕੇ.ਐਲ. ਗਰਗ
ਮੋ: 94635-37050.
ਫ ਫ ਫ

ਆਪਣੇ ਲੋਕ
ਲੇਖਕ : ਅਜ਼ੀਜ਼ ਸਰੋਏ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 144
ਸੰਪਰਕ : 89689-70888.

ਲੇਖਕ ਦੇ ਅਨੁਸਾਰ ਉਸ ਨੇ ਇਹ ਨਾਵਲ ਮੁਜਾਰਾ ਲਹਿਰ ਤੇ ਪੰਜਾਬ ਅੰਦਰ ਉੱਠੀਆਂ ਲੋਕ-ਪੱਖੀ ਲਹਿਰਾਂ ਬਾਰੇ ਲਿਖਣ ਦਾ ਮਨ ਬਣਾਇਆ ਸੀ ਪਰ ਇਸ ਨਾਵਲ ਨੇ 1947 ਦੀ ਦਰਦਨਾਕ ਵੰਡ ਦਾ ਰੂਪ ਅਖ਼ਤਿਆਰ ਕਰ ਲਿਆ ਜੋ ਧਰਮ ਦੇ ਆਧਾਰ 'ਤੇ ਫ਼ਿਰਕੂ ਵੰਡ ਸੀ। ਦੇਸ਼ ਦੀ ਵੰਡ ਇਕ ਅਜਿਹਾ ਨਾਸੂਰ ਸੀ ਜਿਸ ਨੇ ਹਰ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਤੇ ਜਿਨ੍ਹਾਂ ਨੇ ਇਸ ਦਰਦ ਨੂੰ ਪਿੰਡੇ 'ਤੇ ਹੰਢਾਇਆ। ਉਨ੍ਹਾਂ ਦਾ ਕੀ ਹਸ਼ਰ ਹੋਇਆ ਹੋਵੇਗਾ। ਲੇਖਕ ਨੇ ਇਸ ਨਾਵਲ ਨੂੰ ਲਿਖਦੇ ਹੋਏ ਉਨ੍ਹਾਂ ਪਾਤਰਾਂ ਨਾਲ ਜਾ-ਜਾ ਕੇ ਮੁਲਾਕਾਤਾਂ ਤਾਂ ਕੀਤੀਆਂ ਜੋ ਇਸ ਕਾਲੀ ਹਨੇਰੀ ਦਾ ਸ਼ਿਕਾਰ ਹੋਏ ਸਨ। ਉਨ੍ਹਾਂ ਸੱਚੀਆਂ ਤੇ ਦਿਲ ਕੰਬਾਊ ਘਟਨਾਵਾਂ ਨੂੰ ਉਸ ਨੇ ਓਨੇ ਹੀ ਦਰਦ ਭਰੇ ਢੰਗ ਨਾਲ ਉਲੀਕਣ ਦਾ ਉਪਰਾਲਾ ਕੀਤਾ। ਜਿਹੜੇ ਲੋਕ ਫ਼ਿਰਕੂ ਤਾਕਤਾਂ ਦੀ ਹਵਸ ਦਾ ਸ਼ਿਕਾਰ ਹੋਏ ਤੇ ਹੱਸਦੇ-ਵਸਦੇ ਘਰ ਉਜੜ ਗਏ। ਇਹ ਗਾਥਾ ਉਨ੍ਹਾਂ ਪਾਤਰਾਂ ਦੀ ਹੈ ਜੋ ਲੇਖਕ ਦੀ ਜਾਣ-ਪਛਾਣ ਦੇ ਹਨ।
ਕੁਝ ਵਿਅਕਤੀਆਂ ਨਾਲ ਮੁਲਾਕਾਤਾਂ ਦੌਰਾਨ ਜੋ ਵੀ ਲੇਖਕ ਨੂੰ ਸੁਣਨ ਲਈ ਮਿਲਿਆ, ਉਹ ਇਸ ਕਥਾਨਕ ਮੁੱਢ ਬੰਨ੍ਹਦਾ ਹੈ ਜਿਨ੍ਹਾਂ ਦੀ ਪੀੜ ਨੇ ਲੇਖਕ ਨੂੰ ਟੁੰਬਿਆ। ਆਪਣੇ ਪੁਰਾਣੇ ਮਿੱਤਰ ਦਲੀਪ ਸਿੰਘ ਨੂੰ ਮਿਲ ਕੇ ਦੋਵਾਂ ਦੀ ਮਾਨਸਿਕ ਸਥਿਤੀ ਕੀ ਹੋਈ ਹੋਵੇਗਾ, ਬਾਰੇ ਵੀ ਬਹੁਤ ਸੋਹਣੇ ਢੰਗ ਨਾਲ ਉਲੀਕਿਆ ਹੈ। ਇਸ ਫ਼ਿਰਕੂ ਜ਼ਹਿਨੀਅਤ ਬਾਰੇ ਆਮ ਜਨਤਾ ਨੂੰ ਇਲਮ ਵੀ ਨਹੀਂ ਸੀ, ਉਹ ਤਾਂ ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਰਹਿ ਰਹੇ ਸਨ ਪਰ ਜਦੋਂ ਇਸ ਵੰਡ ਦੀ ਅੱਗ ਦਾ ਧੂੰਆਂ ਉੱਠਿਆ ਤਾਂ ਉਹ ਵਿਲਕ ਪਏ ਤੇ ਇਕ-ਦੂਸਰੇ ਨੂੰ ਬਚਾਉਣ ਦੇ ਯਤਨਾਂ ਵਿਚ ਲੱਗ ਪਏ, ਕਿਸੇ ਨੂੰ ਆਪਣੇ ਘਰ ਰੱਖ ਕੇ, ਕਿਸੇ ਨੂੰ ਸਰਹੱਦ ਤੱਕ ਪਹੁੰਚਾ ਕੇ। ਪਰ ਅੱਗੋਂ ਸੁਰੱਖਿਆ ਕਰਮੀਆਂ ਦੀ ਫ਼ਿਰਕੂ ਸੋਚ ਨੇ ਵੱਢ-ਟੁੱਕ ਤੱਕ ਨੌਬਤ ਲਿਆ ਦਿੱਤੀ, ਜਿਸ ਨੇ ਮਨੁੱਖਤਾ ਦੇ ਦਿਲਾਂ 'ਤੇ ਡੂੰਘੇ ਜ਼ਖ਼ਮ ਛੱਡੇ ਜੋ ਅੱਜ ਤੱਕ ਨਾਸੂਰ ਬਣ ਕੇ ਰਿਸ ਰਹੇ ਹਨ ਤੇ ਲੇਖਕ ਉਨ੍ਹਾਂ ਯਾਦਾਂ ਨੂੰ ਹਿਰਦੇ ਵਿਚ ਸੰਜੋਈ ਬੈਠਾ ਹੈ।
ਇਸ ਨਾਵਲ ਵਿਚਲੇ ਪਾਤਰ ਲੇਖਕ ਦੇ ਜਾਣ-ਪਛਾਣ ਦੇ ਹਨ ਪਰ ਉਨ੍ਹਾਂ ਦੇ ਨਾਂਅ ਬਦਲੇ ਗਏ ਹਨ। ਲੇਖਕ ਨੇ ਸਮੁੱਚੀ ਮਾਨਵਤਾ ਦਾ ਦਰਦ ਉਲੀਕਿਆ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਮਿਹਣਾ
ਕਹਾਣੀਕਾਰ : ਗੁਰਸੇਵਕ ਸਿੰਘ ਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 94173-58073.

ਗੁਰਸੇਵਕ ਸਿੰਘ 'ਪ੍ਰੀਤ' ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਇਆ ਵਿਸ਼ੇਸ਼ ਨਾਂਅ ਹੈ, ਜੋ ਆਪਣੀ ਕਹਾਣੀਆਂ ਦੀ ਨਵੀਂ ਪੁਸਤਕ 'ਮਿਹਣਾ' ਲੈ ਕੇ ਪੰਜਾਬੀ ਸਾਹਿਤ ਦੇ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਗੁਰਸੇਵਕ ਸਿੰਘ ਪ੍ਰੀਤ, ਕਿਉਂਕਿ ਲੋਕ ਮਸਲਿਆਂ ਨਾਲ ਜੁੜਿਆ ਹੋਇਆ ਵਿਅਕਤੀ ਹੈ ਇਸ ਕਰਕੇ ਸਮਾਜਿਕ, ਪਰਿਵਾਰਕ ਅਤੇ ਰਾਜਨੀਤਕ ਮਸਲਿਆਂ ਬਾਰੇ ਪੂਰੀ ਸੋਝੀ ਰੱਖਦਾ ਹੈ। 'ਮਿਹਣਾ' ਕਹਾਣੀ-ਸੰਗ੍ਰਹਿ ਵਿਚ ਕਹਾਣੀ ਘੋੜ-ਦੌੜ ਜਾਰੀ ਹੈ (1) ਅਤੇ ਘੋੜ-ਦੌੜ ਜਾਰੀ ਹੈ (2) ਸਮੇਤ ਕੁੱਲ 12 ਕਹਾਣੀਆਂ ਸ਼ਾਮਿਲ ਹਨ। ਇਸ ਪੁਸਤਕ ਵਿਚ ਕਹਾਣੀਕਾਰ ਨੇ ਜਿਥੇ ਪਰਿਵਾਰਕ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਦੀ ਗੱਲ ਕੀਤੀ ਹੈ, ਉਥੇ ਸਿਆਸੀ ਖੇਤਰ ਵਿਚ ਆਪਣੇ ਸਵਾਰਥ ਲਈ ਆਈ ਗਿਰਾਵਟ ਬਾਰੇ ਵੀ ਵਿਆਪਕ ਰੂਪ ਵਿਚ ਪੇਸ਼ਕਾਰੀ ਹੋਈ ਮਿਲਦੀ ਹੈ। ਇਸ ਦੇ ਨਾਲ ਹੀ ਲੋਕ ਹਿਤਾਂ ਲਈ ਲੜਦੇ ਜੁਝਾਰੂ ਲੋਕਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀ ਜ਼ਿੰਦਾਦਿਲੀ ਨੂੰ ਵੀ ਵਿਵੇਕ ਸਹਿਤ ਚਿਤਰਿਆ ਗਿਆ ਹੈ। 'ਮਿਹਣਾ', 'ਸੰਜੀਵਨੀ', 'ਖੰਡ ਦਾ ਖੇਡਣਾ', 'ਸੌਰੀ ਲਾਈਫ ਲਤੀਫ਼ਾ ਨਹੀਂ' ਆਦਿ ਕਹਾਣੀਆਂ ਪਰਿਵਾਰਕ ਰਿਸ਼ਤਿਆਂ ਵਿਚ ਪੈਦਾ ਹੋਈ ਕੁੜੱਤਣ, ਇਨਸਾਨੀ ਕਦਰਾਂ-ਕੀਮਤਾਂ ਦੇ ਗੁਆਚਣ ਦੇ ਨਾਲ-ਨਾਲ 'ਸੰਜੀਵਨੀ' ਵਰਗਾ ਮਾਂ-ਪੁੱਤ ਦਾ ਪਿਆਰ ਅਤੇ ਮਾਂ ਦੀ ਕੁਰਬਾਨੀ ਨੂੰ ਵੀ ਪੇਸ਼ ਕਰਦੀਆਂ ਹਨ, ਜਿਥੇ ਮਾਂ ਪੁੱਤਰ ਦੀ ਭਾਵੁਕ ਲੋੜ ਨੂੰ ਪੂਰਿਆਂ ਕਰਨ ਲਈ ਕੁਝ ਵੀ ਕਰ ਸਕਦੀ ਹੈ। 'ਕੰਮਾ ਕੈਮ ਆ' ਇਨਸਾਨ ਦੀ ਜ਼ਿੰਦਾਦਿਲੀ ਨੂੰ ਪੇਸ਼ ਕਰਦੀ ਕਹਾਣੀ ਹੈ ਅਤੇ 'ਗੂਠਾ' ਕਹਾਣੀ ਕਾਲੂ ਵਰਗੇ ਜੁਝਾਰੂ ਦੀ ਸਰਮਾਏਦਾਰੀ ਦੇ ਖਿਲਾਫ਼ ਜੂਝਣ ਦੀ ਦਾਸਤਾਨ ਹੈ। 'ਬੀ ਪਾਜੇਟਿਵ' ਰਾਜਨੀਤਕ, ਪ੍ਰਸ਼ਾਸਨਿਕ, ਭ੍ਰਿਸ਼ਟਾਚਾਰ ਦੀ ਕਹਾਣੀ ਹੈ ਜਿਥੇ ਈਮਾਨਦਾਰ ਵਿਅਕਤੀ ਕਿਤੇ ਨਾ ਕਿਤੇ ਤ੍ਰਿਪਾਠੀ ਦੇ ਰੂਪ 'ਚ ਇਸ ਦੇ ਖਿਲਾਫ਼ ਹੋਰ ਵੀ ਪ੍ਰਚੰਡ ਰੂਪ ਵਿਚ ਪੇਸ਼ ਕਰਦਾ ਹੈ। 'ਘੋੜ ਦੌੜ ਜਾਰੀ ਹੈ' ਕਹਾਣੀਆਂ ਗੰਧਲੀ ਸਿਆਸਤ ਦੇ ਪਰੀਦ੍ਰਿਸ਼ ਨੂੰ ਪੇਸ਼ ਕਰਦੀਆਂ ਹਨ, ਜਿਥੇ ਆਮ ਵਿਅਕਤੀ ਬਲੀ ਦਾ ਬੱਕਰਾ ਬਣ ਰਿਹਾ ਹੈ। 'ਬੱਚਾ ਯੂਨੀਅਨ' ਬੱਚਿਆਂ ਦੀ ਮਾਨਸਿਕ ਸਥਿਤੀ 'ਤੇ 'ਠੁੱਸ' ਕਹਾਣੀ ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀ ਕਹਾਣੀ ਹੈ। ਪੁਸਤਕ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

16-03-2019

 ਪੈੜ ਜੋ ਕਾਫ਼ਲਾ ਬਣੀ
ਲੇਖਕ : ਮੇਘ ਰਾਜ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 344
ਸੰਪਰਕ : 01679-233244.


ਪੰਜਾਬੀਆਂ ਲਈ ਮੇਘ ਰਾਜ ਮਿੱਤਰ ਤੇ ਤਰਕਸ਼ੀਲ ਨੌਜਵਾਨਾਂ/ਮੁਟਿਆਰਾਂ ਦੀ ਸਰਗਰਮੀ ਓਪਰੀ ਨਹੀਂ। ਬੀਤੇ ਤਿੰਨ ਸਾਢੇ, ਤਿੰਨ ਦਹਾਕਿਆਂ ਵਿਚ ਇਕੋ ਬੰਦੇ ਨੇ ਉਦਮ ਕਰਕੇ ਹੌਲੀ-ਹੌਲੀ ਆਪਣੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਦੋਸਤਾਂ ਦਾ ਦਾਇਰਾ ਖੜ੍ਹਾ ਕੀਤਾ ਤੇ ਫਿਰ ਉਸ ਨੂੰ ਸੰਸਥਾ ਤੇ ਲਹਿਰ ਵਿਚ ਬਦਲਾਇਆ। ਪ੍ਰਕਾਸ਼ਨ ਅਦਾਰਾ ਮੈਗਜ਼ੀਨ, ਕਿਤਾਬਾਂ, ਪ੍ਰਦਰਸ਼ਨੀਆਂ, ਸੈਮੀਨਾਰ ਤੇ ਲੈਕਚਰਾਂ ਦੇ ਜ਼ਰੀਏ ਉਹ ਪੰਜਾਬ ਦੇ ਕੋਨੇ-ਕੋਨੇ ਵਿਚ ਪਹੁੰਚਿਆ। ਉਸ ਨੇ ਵਹਿਮਾਂ-ਭਰਮਾਂ, ਜਾਦੂ ਟੂਣਿਆਂ, ਜੋਤਿਸ਼ ਤੇ ਧਾਗੇ ਤਵੀਤਾਂ ਨਾਲ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਪਾਖੰਡੀਆਂ ਤੋਂ ਲੋਕਾਂ ਨੂੰ ਸੁਚੇਤ ਕੀਤਾ। ਉਸ ਦਾ ਤੇ ਉਸ ਦੇ ਸਾਥੀਆਂ ਦਾ ਇਹ ਕਾਰਜ ਅਜੇ ਵੀ ਜਾਰੀ ਹੈ। ਸਾਧਾਰਨ ਸਕੂਲੀ ਸਾਇੰਸ ਮਾਸਟਰ ਤੋਂ ਉੱਠ ਕੇ ਇਸ ਨੂੰ ਆਰਥਿਕ ਰੂਪ ਵਿਚ ਸਵੈ-ਨਿਰਭਰ ਸੰਸਥਾ/ਅਦਾਰੇ ਵਿਚ ਬਦਲ ਕੇ ਵੱਡੇ ਪੱਧਰ 'ਤੇ ਲੋਕਾਂ ਨੂੰ ਸੰਗਠਿਤ ਕਰਨਾ ਉਸ ਦੀ ਚਮਤਕਾਰੀ ਪ੍ਰਾਪਤੀ ਹੈ। ਇਸ ਕਿਤਾਬ ਵਿਚ ਉਸ ਨੇ ਆਪਣੇ ਖਾਨਦਾਨ, ਘਰ ਪਰਿਵਾਰ ਤੇ ਜੀਵਨ ਸੰਘਰਸ਼ ਨੂੰ ਇਸ ਪ੍ਰਾਪਤੀ ਨਾਲ ਜੋੜ ਕੇ ਪੇਸ਼ ਕੀਤਾ ਹੈ। ਉਸ ਦੀ ਸਵੈ-ਜੀਵਨੀ ਹੈ ਇਹ।
ਮੇਘ ਨਾਥ ਮਿੱਤਲ ਤੋਂ ਮੇਘ ਰਾਜ ਮਿੱਤਰ ਬਣਿਆ ਹੈ ਉਹ। ਬਰਨਾਲੇ ਦੀ ਤਹਿਸੀਲ ਦੇ ਪਿੰਡ ਸਹਿਜੜੇ ਦਾ ਜਨਮ। ਮਾਤਾ-ਪਿਤਾ ਲੰਬੀਆਂ ਉਮਰਾਂ ਭੋਗਣ ਵਾਲੇ ਨੇਕ ਪਰਉਪਕਾਰੀ ਤੇ ਸਾਊ ਪਰ ਪਰੰਪਰਾਗਤ ਵਹਿਮਾਂ ਭਰਮਾਂ ਵਿਚ ਬੱਝੇ। ਮੇਘ ਰਾਜ ਨੇ ਮਾਰਕਸਵਾਦ ਵੀ ਪੜ੍ਹਿਆ ਤੇ ਅਬਰਾਹਮ ਟੀ. ਕੋਵੂਰ ਦੀਆਂ ਅੰਧ-ਵਿਸ਼ਵਾਸ ਵਿਰੋਧੀ ਲਿਖਤਾਂ ਵੀ। ਸਮਾਜਿਕ ਸ਼ੋਸ਼ਣ ਤੇ ਅਨਿਆਂ ਵਿਰੁੱਧ ਉੱਠੀ ਨਕਸਲਬਾੜੀ ਲਹਿਰ ਦੇ ਨੇੜੇ-ਤੇੜੇ ਵੀ ਰਿਹਾ ਤੇ ਪੰਜਾਬੀਆਂ ਨੂੰ ਜਾਗ੍ਰਿਤ ਕਰਨ ਵਾਲੇ ਭਾ ਜੀ ਗੁਰਸ਼ਰਨ ਸਿੰਘ ਦੇ ਵੀ। ਅਧਿਆਪਕਾਂ ਦੇ ਹੱਕਾਂ ਲਈ ਲੜਿਆ ਅਤੇ ਮਨੋਵਿਗਿਆਨਕ ਗੁੰਝਲਾਂ ਦੇ ਸ਼ਿਕਾਰ ਮੁੰਡੇ ਕੁੜੀਆਂ ਤੇ ਪਿੰਡਾਂ ਸ਼ਹਿਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵੀ ਪਹੁੰਚਿਆ। ਚਮਤਕਾਰ ਦਿਖਾਉਣ ਵਾਲੇ ਬਾਬਿਆਂ/ਸਾਧਾਂ ਨਾਲ ਵੀ ਟਕਰਾਇਆ ਤੇ ਨਿੱਜੀ ਹਿਤਾਂ ਕਾਰਨ ਵਿਰੋਧ ਕਰਨ ਵਾਲੇ ਦੋਸਤਾਂ, ਦੁਸ਼ਮਣਾਂ ਨਾਲ ਵੀ। ਸੰਕਟ ਵੀ ਵੇਖੇ ਤੇ ਮਾਣ ਤਾਣ ਵੀ ਹਾਸਲ ਕੀਤੇ। ਇਸ ਸਾਰੇ ਕੁਝ ਦਾ ਦਿਲਚਸਪ ਬਿਰਤਾਂਤ ਹੈ ਇਹ ਜੀਵਨੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

 
ਮਾਲਗੁਡੀ ਡੇਜ਼
ਲੇਖਕ : ਆਰ. ਕੇ. ਨਾਰਾਇਣ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 232
ਸੰਪਰਕ : 01679-241744.

ਤਰਕ ਭਾਰਤੀ ਅਦਾਰੇ ਦੇ ਸ੍ਰੀ ਅਮਿਤ ਮਿੱਤਰ ਦੀ ਸੁਯੋਗ ਅਗਵਾਈ ਵਿਚ ਸ੍ਰੀ ਕਮਲਜੀਤ ਨੇ ਮਾਲਗੁਡੀ ਨਾਲ ਸਬੰਧਿਤ ਆਰ. ਕੇ. ਨਾਰਾਇਣ ਦੀਆਂ 25 ਕਹਾਣੀਆਂ ਦਾ ਬੜਾ ਸੁਚੱਜਾ ਅਨੁਵਾਦ ਹਥਲੀ ਰਚਨਾ ਵਿਚ ਕੀਤਾ ਹੈ।
ਸ੍ਰੀ ਆਰ. ਕੇ. ਨਾਰਾਇਣ ਨਿੱਕੀ ਕਹਾਣੀ ਦਾ ਬਾਦਸ਼ਾਹ ਹੈ। ਉਸ ਨੂੰ ਕਹਾਣੀ ਵਿਚ ਲਟਕਾਉ ਰੱਖਣਾ ਆਉਂਦਾ ਹੈ। ਕਈ ਵਾਰ ਕਹਾਣੀ ਦੇ ਅੰਤਿਮ ਪੈਰ੍ਹੇ ਤੱਕ ਲੇਖਕ ਦੀ ਮਨਸ਼ਾ ਬਾਰੇ ਪਤਾ ਨਹੀਂ ਚਲਦਾ। 'ਜੋਤਸ਼ੀ ਦਾ ਦਿਨ', 'ਇਕ ਰੁਕੀ ਹੋਈ ਚਿੱਠੀ' ਅਤੇ 'ਅੰਨ੍ਹਾ ਕੁੱਤਾ' ਇਹੋ ਜਿਹੀਆਂ ਸੁਗਠਿਤ ਅਤੇ ਸਸਪੈਂਸ ਕਥਾਵਾਂ ਹਨ। ਮਾਲਗੁਡੀ ਸੀਰੀਜ਼ ਦੀਆਂ ਕਹਾਣੀਆਂ ਦਾ ਭਾਰਤ, ਉਹ ਦੇਸ਼ ਹੈ ਜਦੋਂ ਇਹ ਪੂਰੀ ਤਰ੍ਹਾਂ ਨਾਲ ਆਧੁਨਿਕ ਨਹੀਂ ਸੀ ਹੋਇਆ। ਕਿਸਾਨਾਂ, ਮਜ਼ਦੂਰਾਂ ਅਤੇ ਕਾਮਗਾਰਾਂ ਨੂੰ ਆਪਣੀਆਂ ਬਾਹਾਂ ਉੱਪਰ ਭਰੋਸਾ ਸੀ। ਅਧਿਆਪਕ, ਡਾਕਟਰ ਅਤੇ ਡਾਕੀਏ ਪੈਸੇ ਦੇ ਪੁੱਤ ਨਹੀਂ ਸੀ ਬਣੇ। 'ਰੁਕੀ ਹੋਈ ਚਿੱਠੀ' ਦਾ ਡਾਕੀਆ ਆਪਣੇ ਡਾਕ ਖੇਤਰ ਦੇ ਪਰਿਵਾਰਾਂ ਦੇ ਦੁੱਖ-ਸੁੱਖ ਦਾ ਸਾਥੀ ਹੁੰਦਾ ਸੀ। 'ਡਾਕਟਰ ਦੇ ਲਫ਼ਜ਼' ਦਾ ਨਾਇਕ ਸੁਭਾ ਵਜੋਂ ਬੜਾ ਸਖ਼ਤ ਅਤੇ ਕੋਰਾ ਸੀ ਪਰ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਸੀ। ਉਹ ਹਮੇਸ਼ਾ ਆਪਣੇ ਮਰੀਜ਼ ਨੂੰ ਖਰੀ-ਖਰੀ ਗੱਲ ਕਹਿ ਦਿੰਦਾ ਸੀ ਪਰ ਇਕ ਵਾਰ ਉਹ ਦਿਲ ਦੇ ਮਰੀਜ਼ ਦੀ ਜਾਨ ਬਚਾਉਣ ਲਈ ਝੂਠ-ਮੂਠ ਕਹਿ ਦਿੰਦਾ ਹੈ ਕਿ ਉਹ ਨੱਬੇ ਸਾਲ ਤੱਕ ਜਿਊਂਦਾ ਰਹੇਗਾ। ਉਸ ਦਾ ਇਹ ਆਸ਼ਵਾਸਨ ਸੁਣ ਕੇ ਮਰੀਜ਼ ਦੀ ਇੱਛਾ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ, ਉਹ ਪੂਰੀ ਤਰ੍ਹਾਂ ਨਾਲ ਨੌ ਬਰ ਨੌ ਹੋ ਜਾਂਦਾ ਹੈ। ਆਰ. ਕੇ. ਨਾਰਾਇਣ ਦੀ ਧਾਰਨਾ ਹੈ ਕਿ ਭਾਰਤੀ ਪਰਿਵੇਸ਼ ਵਿਚ ਰਹਿਣ ਵਾਲੇ ਲੋਕਾਂ ਲਈ ਕਹਾਣੀ ਦੇ ਵਿਸ਼ਿਆਂ ਦੀ ਤਲਾਸ਼ ਕੋਈ ਔਖਾ ਕੰਮ ਨਹੀਂ ਹੈ। ਆਪਣੇ ਘਰ ਦੀ ਖਿੜਕੀ ਖੋਲ੍ਹ ਕੇ ਬਾਹਰ ਵੇਖਣ ਨਾਲ ਹੀ ਬਹੁਤ ਸਾਰੇ ਵਿਸ਼ੇ ਮਿਲ ਜਾਂਦੇ ਹਨ। ਪੱਛਮ ਵਿਚ ਇੰਜ ਨਹੀਂ ਹੈ। ਪੂੰਜੀਵਾਦ ਨੇ ਸਾਰੇ ਬੰਦਿਆਂ ਦਾ ਜੀਵਨ ਇਕ-ਜੈਸਾ ਬਣਾ ਦਿੱਤਾ ਹੈ। ਇਸ ਸੂਰਤ ਵਿਚ ਦਿਲਚਸਪ ਪਾਤਰ ਅਤੇ ਬਿਰਤਾਂਤ ਕਿੱਥੋਂ ਲੱਭਣ? 'ਮਾਲਗੁਡੀ' ਦੀਆਂ ਕਹਾਣੀਆਂ ਉਸ ਦੇ ਇਸ ਕਥਨ ਦੀ ਪੁਸ਼ਟੀ ਕਰਦੀਆਂ ਹਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਰੂਹ ਦੀ ਆਵਾਜ਼
ਕਵਿੱਤਰੀ : ਸੁਰਿੰਦਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 95010-22674.

'ਰੂਹ ਦੀ ਆਵਾਜ਼' ਸੁਰਿੰਦਰ ਸੰਧੂ ਦੀ ਨਵੀਂ ਕਾਵਿ-ਪੁਸਤਕ ਹੈ ਅਤੇ ਕਾਵਿ ਖੇਤਰ ਵਿਚ ਸ਼ਾਇਰਾ ਦਾ ਪਲੇਠਾ ਪ੍ਰਵੇਸ਼ ਹੈ। ਇਸ ਕਾਵਿ ਸੰਗ੍ਰਹਿ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਇਸ ਵਿਚ ਨਾਰੀ ਦੀ ਸ਼ਸ਼ਕਤ ਆਵਾਜ਼ ਨੂੰ ਬੁਲੰਦ ਕੀਤਾ ਗਿਆ ਹੈ, ਉਥੇ ਇਸ ਵਿਚ ਉਸ ਦੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਪ੍ਰਤੀ ਉਸ ਦੀ ਭਾਵੁਕ ਪਹੁੰਚ ਨੂੰ ਵੀ ਕਾਵਿਕ ਆਵਾਜ਼ ਦਿੱਤੀ ਗਈ ਹੈ। ਇਸ ਕਾਵਿ ਸੰਗ੍ਰਹਿ ਵਿਚ ਧੀ, ਪੁੱਤਰ, ਮਾਂ, ਪਤੀ ਅਤੇ ਪਿਆਰੇ ਦੀ ਅਕਸ ਨੂੰ ਚਿਤਰਦੀਆਂ ਵੱਖ-ਵੱਖ ਕਾਵਿ ਸੁਰਾਂ ਪੇਸ਼ ਹੋਈਆਂ ਮਿਲਦੀਆਂ ਹਨ। ਜਿਥੇ ਇਨ੍ਹਾਂ ਰਿਸ਼ਤਿਆਂ ਵਿਚਲਾ ਨਿੱਘ ਅਤੇ ਅਪਣੱਤ ਨੂੰ ਪੇਸ਼ ਕੀਤਾ ਗਿਆ ਹੈ, ਉਥੇ ਸਮਾਜ ਵਿਚ ਫੈਲੇ ਭਰੂਣ ਹੱਤਿਆ ਵਰਗੇ ਕੁਹਜ ਨੂੰ ਵੀ ਕਈ ਕਵਿਤਾਵਾਂ ਵਿਚ ਪੇਸ਼ ਕੀਤਾ ਗਿਆ ਹੈ, ਜਿਥੇ ਔਰਤ ਵੀ ਇਸ ਘਿਨੌਣੇ ਅਪਰਾਧ ਵਿਚ ਸ਼ਾਮਿਲ ਹੋ ਰਹੀ ਹੈ। ਇਥੇ ਸ਼ਾਇਰਾ ਨੇ ਧੀ ਦੇ ਹੱਕ ਪਰੰਪਰਕ ਕਵਿਤਾਵਾਂ ਨਾਲ ਨਾਅਰਾ ਵੀ ਬੁਲੰਦ ਕੀਤਾ ਹੈ ਅਤੇ ਸਮਾਜ ਨੂੰ ਵੀ ਧੀਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਹੋਣ ਦਾ ਹੋਕਾ ਦਿੱਤਾ ਹੈ ਜਿਵੇਂ :
ਅੰਮੀਏ ਤੂੰ ਮੈਨੂੰ ਕੁੱਖ ਵਿਚ ਨਾ ਮਾਰੀਂ
ਮੈਂ ਤੇਰੇ ਜਿਗਰ ਦਾ ਟੁਕੜਾ ਹਾਂ ਅੰਮੀਏ
ਸਾਰੀ ਉਮਰ ਤੇਰੀ ਸ਼ੁਕਰਗੁਜ਼ਾਰ ਰਹਾਂਗੀ
ਇਹ ਰਿਸ਼ਤੇ ਬੜੀ ਵਫ਼ਾ ਵਾਲੇ ਹੁੰਦੇ ਹਨ
ਮੇਰੇ ਆਉਣ 'ਤੇ ਮੱਥੇ ਵੱਟ ਨਾ ਪਾਈਂ।
ਆਪਣੀ ਬੁਲੰਦ ਆਵਾਜ਼ ਵਿਚ ਸ਼ਾਇਰਾ ਨੇ ਇਸ ਗੱਲ ਦੇ ਕਾਰਨਾਂ ਦੀ ਤਲਾਸ਼ ਕਰਦਿਆਂ ਆਪਣਾ ਕਾਵਿ-ਅਨੁਭਵ ਪੇਸ਼ ਕੀਤਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਅ ਰਹੇ ਇਸੇ ਕਰਕੇ ਹੀ ਨਾਰੀ ਜ਼ੁਲਮ ਦੀ ਸ਼ਿਕਾਰ ਹੋ ਰਹੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਦੇਸ਼ ਪਿਆਰ, ਪਿੰਡਾਂ ਵਿਚ ਵਿਸਰਦੇ ਜਾ ਰਹੇ ਪੇਂਡੂ ਵਿਰਸੇ, ਮਾੜੇ ਕੰਮਾਂ ਨੂੰ ਛੱਡਣ ਅਤੇ ਜ਼ਿੰਦਗੀ ਵਿਚ ਹਮੇਸ਼ਾ ਹੀ ਆਪਣੀ ਮੰਜ਼ਿਲ ਵੱਲ ਵਧਦੇ ਰਹਿਣ ਲਈ ਕਾਵਿਮਈ ਤਾਗੀਦ ਕੀਤੀ ਗਈ ਹੈ। ਕਿਉਂਕਿ ਸੁਰਿੰਦਰ ਸੰਧੂ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ ਇਸ ਕਰਕੇ ਉਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਸ ਦੁਆਰਾ ਅਗਲੀ ਪੁਲਾਂਘ ਹੋਰ ਵੀ ਵਧੀਆ ਹੋਵੇ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਪੰਜਾਬੀ ਲੋਕ ਸਾਹਿਤ ਵਿਚ ਗੁਰੂ ਗੋਰਖ ਨਾਥ
ਲੇਖਿਕਾ : ਡਾ: ਹਰਮਨਦੀਪ ਕੌਰ ਬਿੰਦਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 99149-45931.

ਵਿਦਵਾਨ ਲੇਖਿਕਾ ਨੇ ਪੁਸਤਕ ਨੂੰ ਪੰਜ ਅਧਿਆਵਾਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਉਸ ਨੇ ਸੱਭਿਆਚਾਰ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਦੇ ਕੇ ਸੱਭਿਆਚਾਰ ਦੀ ਪਰਿਭਾਸ਼ਾ ਅਤੇ ਸੰਕਲਪ ਨੂੰ ਬੜੀ ਬਾਰੀਕਬੀਨੀ ਨਾਲ ਉਜਾਗਰ ਕੀਤਾ ਹੈ। ਦੂਜੇ ਅਧਿਆਇ ਵਿਚ ਗੁਰੂ ਗੋਰਖ ਨਾਥ ਸੰਪਰਦਾ ਦਾ ਵਿਸਥਾਰਪੂਰਵਕ ਅਧਿਐਨ ਦਰਜ ਹੈ। ਤੀਜੇ ਅਧਿਆਇ ਵਿਚ ਉਸ ਨੇ ਗੁਰੂ ਗੋਰਥ ਨਾਥ ਸਬੰਧਿਤ ਦੰਤ ਕਥਾਵਾਂ ਬਾਰੇ ਰਚਨਾ ਕੀਤੀ ਹੈ ਅਤੇ ਦੰਤ ਕਥਾਵਾਂ ਦੇ ਭਿੰਨ-ਭਿੰਨ ਰੂਪਾਂ ਦਾ ਅਧਿਐਨ ਵੀ ਕੀਤਾ ਹੈ। ਚੌਥੇ ਅਧਿਆਇ ਵਿਚ ਰਿਚਰਡ ਟੈਂਪਲ ਦੁਆਰਾ ਸੰਪਾਦਿਤ ਪੁਸਤਕ 'ਪੰਜਾਬ ਦੀਆਂ ਲੋਕ ਗਾਥਾ' ਵਿਚ ਸ਼ਾਮਿਲ ਲੋਕ ਗਾਥਾਵਾਂ ਰਾਜਾ ਰਸਾਲੂ ਦੇ ਕਾਰਨਾਮੇ, ਗੁੱਗਾ, ਪੂਰਨ ਭਗਤ, ਰਾਜਾ ਗੋਪੀ ਚੰਦ ਅਤੇ ਹੀਰ ਰਾਂਝੇ ਦੇ ਵਿਆਹ ਨਾਲ ਸਬੰਧਿਤ ਗੁਰੂ ਗੋਰਖ ਨਾਥ ਦੀ ਸ਼ਮੂਲੀਅਤ, ਕਾਰਜ ਸ਼ੈਲੀ, ਸਹਾਨੁਭੂਤੀ ਅਤੇ ਪਰਉਪਕਾਰੀ ਬਿੰਬਾਂ ਦਾ ਵਰਨਣ ਕੀਤਾ ਗਿਆ ਹੈ ਜੋ ਗੋਰਖ ਨਾਥ ਦੀ ਸ਼ਖ਼ਸੀਅਤ ਦੇ ਭਿੰਨ-ਭਿੰਨ ਰੂਪਾਂ ਨੂੰ ਵਿਦਵਾਨ ਕਰਦਾ ਹੈ। ਪੰਜਵੇਂ ਅਧਿਆਇ ਵਿਚ ਰਿਚਰਡ ਟੈਂਪਲ ਦੇ ਜੀਵਨ ਵੇਰਵੇ ਦਰਜ ਹਨ। ਪੁਸਤਕ ਅਤਿ ਸਰਲ ਭਾਸ਼ਾ ਵਿਚ ਵੇਗਮਈ ਅੰਦਾਜ਼ ਵਿਚ ਲਿਖੀ ਗਈ ਹੈ ਜੋ ਦਿਲਚਸਪ ਵੀ ਹੈ ਅਤੇ ਗਿਆਨਵਰਧਕ ਵੀ ਹੈ। ਪੰਜਾਬ ਦੇ ਸੱਭਿਆਚਾਰ ਅਤੇ ਲੋਕਧਾਰਾ ਵਿਚ ਦਿਲਚਸਪੀ ਰੱਖਣ ਵਾਲੇ ਪਾਠਕ ਇਸ ਨੂੰ ਦਿਲਚਸਪੀ ਨਾਲ ਪੜ੍ਹਨਗੇ ਅਤੇ ਲੋਕਧਾਰਾ ਦੇ ਖੋਜਾਰਥੀ ਇਸ ਤੋਂ ਪ੍ਰੇਰਨਾ ਵੀ ਲੈਣਗੇ।

-ਸੁਖਦੇਵ ਮਾਦਪੁਰੀ
ਮੋ: 94630-34472

ਭੀਮ ਜਿਹਾ ਕੋਈ ਲਾਲ ਨਹੀਂ
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 350 ਰੁਪਏ, ਸਫ਼ੇ : 384
ਸੰਪਰਕ : 95014-77278
.

ਬਾਬਾ ਸਾਹਿਬ ਡਾ ਅੰਬੇਡਕਰ ਦੇ ਜੀਵਨ ਤੇ ਚਾਨਣਾ ਪਾਉਂਦੀ ਇਸ ਪੁਸਤਕ ਵਿਚ ਲੇਖਕ ਨੇ ਉਨ੍ਹਾਂ ਦੇ ਜੀਵਨ ਬਾਰੇ ਅਧਿਐਨ ਤੋਂ ਬਾਅਦ ਉਸ ਨੂੰ ਪੁਸਤਕ ਰੂਪ ਦਿੱਤਾ ਹੈ ਜਿਹੜਾ ਕਿ ਲੇਖਕ ਦੀ ਬਾਬਾ ਸਹਿਬ ਅਤੇ ਉਨ੍ਹਾਂ ਦੀ ਵਿਚਾਰਧਾਰਾ ਪ੍ਰਤੀ ਨਿਸ਼ਠਾ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਜਾਪਦਾ ਹੈ। ਬਹੁਤ ਵਿਸਥਾਰ ਸਹਿਤ ਲੇਖਕ ਨੇ ਬਾਬਾ ਸਾਹਿਬ ਦੇ ਜੀਵਨ ਨਾਲ ਜੁੜੀਆਂ ਅਨੇਕਾਂ ਘਟਨਾਵਾਂ ਅਤੇ ਪਹਿਲੂਆਂ ਨੂੰ ਪੇਸ਼ ਕਰਦਿਆਂ ਨਾਲ ਨਾਲ ਕਾਵਿਕ ਰੂਪ ਵਿਚ ਆਪਣੀਆਂ ਟਿੱਪਣੀਆਂ ਨੂੰ ਪੇਸ਼ ਕੀਤਾ ਹੈ। ਬਾਬਾ ਸਾਹਿਬ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਨੂੰ ਪ੍ਰਗਟਾਉਂਦਿਆਂ ਲੇਖਕ ਨੇ ਜਾਤ ਪਾਤ ਦਾ ਖਾਤਮਾ, ਮਹਾਨ ਕੌਣ, ਹਿੰਦੂ ਕੋਡ, ਨਾਰੀ ਮੁਕਤੀ ਦਾ ਕੋਡ, ਗ੍ਰੰਥਾਂ ਦਾ ਗ੍ਰੰਥ ਸੰਵਿਧਾਨ, ਜਾਤ-ਪਾਤ ਕਿਵੇਂ ਖ਼ਤਮ ਹੋਵੇ ਆਦਿ ਸਿਰਲੇਖਾਂ ਅਧੀਨ ਗੰਭੀਰ ਚਰਚਾ ਕੀਤੀ ਹੈ। ਭਾਰਤੀ ਇਤਿਹਾਸ ਵਿਚ ਦਲਿਤ ਜਾਗ੍ਰਿਤੀ ਦਾ ਮੁੱਢ ਬੰਨ੍ਹਣ ਵਾਲੇ ਡਾ: ਅੰਬੇਡਕਰ ਬਾਰੇ ਅਨੇਕਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਵੀ ਲੇਖਕ ਨੇ ਆਪਣੀ ਪੁਸਤਕ ਵਿਚ ਸਥਾਨ ਦਿੱਤਾ ਹੈ। 'ਵਾਧੇ' ਸਿਰਲੇਖ ਅਧੀਨ ਲੇਖਕ ਨੇ ਬਾਬਾ ਸਾਹਿਬ ਦੁਆਰਾ ਲਿਖੀਆਂ ਪੁਸਤਕਾਂ ਬਾਰੇ ਵੱਖ-ਵੱਖ ਰਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਭਾਗ ਵਿਚ ਹੀ ਕੁਝ ਸਵਾਲ ਜਵਾਬ ਵੀ ਸ਼ਾਮਿਲ ਕੀਤੇ ਗਏ ਹਨ। ਅਖੀਰ ਵਿਚ ਬਾਬਾ ਸਾਹਿਬ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਦਾ ਸੰਖੇਪ ਵੇਰਵਾ ਵੀ ਸ਼ਾਮਿਲ ਕੀਤਾ ਗਿਆ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

 

 

 

ਊਰੀ
ਲੇਖਕ : ਸਵਰਨਜੀਤ ਸਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98766-68999.


ਸਵਰਨਜੀਤ ਸਵੀ ਪੰਜਾਬੀ ਕਾਵਿ-ਜਗਤ ਦਾ ਸਮਰੱਥ ਸ਼ਾਇਰ ਹੈ। ਇਸ ਦੇ ਨਾਲ-ਨਾਲ ਉਹ ਵਧੀਆ ਚਿੱਤਰਕਾਰ ਵੀ ਹੈ। 'ਊਰੀ' ਉਸ ਦਾ ਦਸਵਾਂ ਕਾਵਿ-ਸੰਗ੍ਰਹਿ ਹੈ। ਉਸ ਦੀ ਕਵਿਤਾ ਪ੍ਰਮੁੱਖ ਤੌਰ 'ਤੇ ਵਿਵਰਿਜਤ ਵਿਸ਼ਿਆਂ 'ਤੇ ਲਿਖੀ ਮਿਲਦੀ ਹੈ। ਡਾ: ਯੋਗਰਾਜ ਦੀ ਧਾਰਨਾ ਹੈ ਕਿ ਇਸ ਵਾਰ ਉਸ ਨੇ ਬੌਧਿਕਸੰਵਾਦ ਦੇਹ ਜਸ਼ਨ, ਜੀਵਨ-ਮੌਤ ਦੀ ਅਮਰਤਾ ਤੋਂ ਅੱਗੇ ਜਾ ਕੇ, ਉਨ੍ਹਾਂ ਆਧੁਨਿਕ ਗਿਆਨ ਪ੍ਰਵਚਨਾਂ ਨੂੰ ਹੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ, ਜਿਹੜੇ ਪਰਿਵਰਤਨ, ਵਿਕਾਸ ਅਤੇ ਮਨੁੱਖੀ ਸੱਭਿਅਤਾ ਨੂੰ ਸਿਰਜਣ ਦੇ ਨਾਂਅ 'ਤੇ ਵਰਤਮਾਨ ਮਾਨਵੀ ਸੱਭਿਅਤਾ ਨੂੰ ਵਿਨਾਸ਼ ਵੱਲ ਧੱਕ ਰਹੇ ਹਨ। ਪੰਜਾਬ ਦੀ ਸੰਕਟਗ੍ਰਸਤ ਸਥਿਤੀ ਦਾ ਵਰਨਣ 'ਉਖੜੀ ਰਬਾਬ' ਵਰਗੀਆਂ ਕਵਿਤਾਵਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਧਰਮ ਸੰਵਾਦਹੀਣਤਾ ਦੀ ਸਥਿਤੀ ਸਿਰਜਦਿਆਂ 'ਹੱਠ ਧਰਮੀ' ਰਾਹੀਂ ਕੱਟੜਤਾ ਦਾ ਪ੍ਰਤੀਕ ਹੋ ਨਿਬੜਦੀ ਹੈ। ਇਸ ਸਥਿਤੀ 'ਚੋਂ ਨਿਕਲਣ ਲਈ 'ਸੰਵਾਦ' ਅਤਿਅੰਤ ਜ਼ਰੂਰੀ ਹੈ :
ਅੱਖ ਪੁੱਟੀਏ
ਸੁਰ ਕਰੀਏ ਉੱਖੜੀ ਰਬਾਬ
ਪਰਿਵਰਤਨ ਦੀ ਛੇੜੀਏ ਗੱਲਬਾਤ
ਸਿਰਜੀਏ ਗੋਸ਼ਟਿ
ਕਿ ਬਦਲੇ ਆਬੋ-ਹਵਾ
ਖਿੜ੍ਹਨ ਚਿਹਰੇ ਤੇ ਭਰੇ ਊਰਜਾ।
ਸਵਰਨਜੀਤ ਸਵੀ 'ਸ਼ਬਦ' ਦੀ ਜਾਦੂਈ ਮਿਕਨਾਤੀਸੀ ਤੋਂ ਭਲੀ-ਭਾਂਤ ਵਾਕਿਫ਼ ਹੋਣ ਕਰਕੇੇ ਸ਼ਬਦਾਂ ਦੀ ਸ਼ਕਤੀ ਦਾ ਕਾਇਲ ਹੋਇਆ ਪੁਜਾਰੀ ਹੈ। ਇਸ ਲਈ ਉਸ ਦੀ ਕਵਿਤਾ ਸ਼ਬਦਾਂ ਦੇ ਨਵੇਂ ਅਰਥ ਸਿਰਜਣ ਵਿਚ ਸਹਿਜ ਭਾ ਹੀ ਕਾਮਯਾਬ ਹੋ ਜਾਂਦੀ ਹੈ। ਸ਼ਬਦਾਂ ਰਾਹੀਂ ਸੁਨੇਹੇ ਦਾ ਸੰਚਾਰ ਉਸ ਦੀ ਕਵਿਤਾ ਦਾ ਮੀਰੀ ਗੁਣ ਹੈ। 'ਮੁਹੱਬਤ' ਮਾਨਵੀ ਸਿਰਜਣਾ ਦਾ ਮੂਲ ਹੈ। ਇਸ ਲਈ ਸ਼ਬਦਾਂ ਰਾਹੀਂ ਕਾਵਿ-ਚਿੱਤਰ ਉਲੀਕਣ 'ਚ ਮਾਹਿਰ ਹੈ :
ਗੁਰੂ ਦੇਹ ਹੁੰਦਾ ਹੈ
ਸ਼ਬਦ ਰੂਹ
'ਊਰੀ' ਲਗਾਤਾਰ ਚਲਦੇ ਰਹਿਣ ਦਾ ਨਾਂਅ ਹੈ। ਇਸ ਗਤੀਸ਼ੀਲਤਾ ਅਤੇ ਪਰਵਾਹਮਾਨਤਾ 'ਚ ਸਿਰਜਣਾਤਮਕ ਸਕਤੀ ਦਾ ਸੰਚਾਰ ਹੁੰਦਾ ਹੈ ਜੋ ਮਨੁੱਖੀ ਜ਼ਿੰਦਗੀ ਨੂੰ 'ਊਰਜਿਤ' ਕਰਦਾ ਹੈ। ਇਹ ਕਵਿਤਾਵਾਂ ਮਨੁੱਖ ਅੰਦਰ ਹਾਂ-ਪੱਖੀ ਹੁੰਗਾਰਾ ਸਿਰਜਦੀਆਂ ਮਨੁੱਖ ਦੇ ਭਵਿੱਖੀ ਜੀਵਨ ਦੀਆਂ ਲਖਾਇਕ ਬਣਦੀਆਂ ਪ੍ਰਤੀਤ ਹੁੰਦੀਆਂ ਹਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਬੇਰੰਗ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5-ਆਬ ਪ੍ਰਕਾਸ਼ਨ ਯਾਦਗਾਰ, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98724-55994.

ਹੀਰਾ ਸਿੰਘ ਤੂਤ ਦੀਆਂ ਇਸ ਸੰਗ੍ਰਹਿ ਦੀਆਂ ਕਵਿਤਾਵਾਂ, ਆਤਮ ਜਗਤ ਦੀਆਂ ਗੱਲਾਂ ਵਧੇਰੇ ਕਰਨ ਦੇ ਨਾਲ-ਨਾਲ ਅਨਾਤਮ ਜਗਤ ਦੇ ਪਸਾਰੇ ਵਿਚ ਪਸਰ ਰਹੇ ਹਨੇਰਿਆਂ, ਬੇਇਨਸਾਫ਼ੀਆਂ, ਵਧੀਕੀਆਂ ਊਚ-ਨੀਚ ਦੇ ਵਿਤਕਰਿਆਂ ਅਤੇ ਲੁੱਟ ਰਹੇ ਤੇ ਲੁਟੀਂਦੇ ਲੋਕਾਂ ਦੀਆਂ ਗੱਲਾਂ ਵਧੇਰੇ ਕਰਦਾ ਹੈ। ਕਵੀ ਇਸ ਸੰਕਾਰ ਨੂੰ ਸਵਰਗ ਬਣਾਉਣ ਅਤੇ ਮਨੁੱਖੀ ਸਮਾਜ ਵਿਚ ਸੁੱਖ ਸ਼ਾਂਤੀ, ਭਰਪੱਣ ਕਲਿਆਣ ਅਤੇ ਅਮਨ ਲਿਆਉਣ ਦਾ ਹਾਮੀ ਹੈ। ਉਸ ਦੇ ਕਾਵਿ ਦੀਆਂ ਕੁਝ ਵੰਨਗੀਆਂ ਪੇਸ਼ ਹਨ :
* ਕਬੀਰ ਤਾਂ ਉਹ ਸੀ, ਜੋ ਗੰਦੇ ਨਾਲੋਂ 'ਚੋਂ
ਬਿੱਛੂ ਨੂੰ ਕੱਢਦਾ ਰਿਹਾ, ਸੌ ਡੰਗ ਖਾਂਦਾ ਰਿਹਾ॥
* ਕੁਝ ਆਦਮੀ,
ਤੀਵੀਂ ਦਾ ਧੌਲ-ਧੱਫਾ ਕਰਨ ਨੂੰ ਹੀ
ਮਰਦਾਨਗੀ ਦੀ ਕਿਸਮ ਸਮਝਦੇ ਨੇ।
* ਸ਼ੁਕਰ! ਬੰਦੇ ਦਾ ਇਕੋ ਢਿੱਡ ਹੈ
ਸਾਰਾ ਉਹ ਵੀ ਨਾ ਭਰ ਪਾਵੇ।
ਇਹ ਖ਼ਰੀਆਂ ਖ਼ਰੀਆਂ ਪਰ ਬੇਤਕੱਲਫੀ ਗੱਲਾਂ ਜਾਪਦੀਆਂ ਹਨ, ਕਦੇ-ਕਦੇ ਔਰਤਾਂ ਦੇ ਮਿਹਣੇ, ਰੁੱਖੇ ਆਦਮੀਆਂ ਦੀਆਂ ਰੁਖੀਆਂ, ਕੌੜੀਆਂ ਗੱਲਾਂ, ਦੋ ਔਰਤਾਂ ਦੇ ਆਪਸੀ ਮਿਹਣੇ ਜਾਂ ਕੋਰੇ ਬੰਦਿਆਂ ਦੀ ਗੁਫ਼ਤਗੂ, ਜਿਸ ਨੂੰ ਹੀਰਾ ਸਿੰਘ ਤੂਤ ਆਪਣੀ ਕਵਿਤਾ ਵਿਚ ਢਾਲਦਾ ਹੈ। ਮੈਨੂੰ ਅਜਿਹੀ ਲਿਖਤ ਮਨ ਦੇ ਗੁੱਭਗ਼ੁਬਾਰ ਕੱਢਣ ਦਾ ਵਧੀਆ ਸਾਧਨ ਜਾਪਦੀ ਹੈ।
ਮੈਂ ਕੀ ਹਾਂ
ਮੈਂ ਹਾਂ ਇਕ ਕਮਜ਼ੋਰ-ਦਿਲ ਜੇਹਾ ਆਦਮੀ
ਜੋ ਕਿਸੇ ਦੀ ਅੱਖ 'ਚ ਅੱਖ ਪਾ ਕੇ
ਘੱਟ ਹੀ ਗੱਲ ਕਰਨੀ ਪਸੰਦ ਕਰਦਾਂ ਹਾਂ।
ਕਵੀ ਅਜਿਹੇ ਸਮਾਜ ਦੀਆਂ ਗੱਲਾਂ ਕਰਨ ਵਾਲੇ ਸ਼ਾਇਰਾਂ 'ਤੇ ਟਕੋਰ ਕਰਦਾ ਹੈ। ਮਨ ਦੀਆਂ ਬਾਤਾਂ ਲਿਖਣ ਵਾਲਾ, ਕਿੰਨਾ ਮਰਜ਼ੀ ਲਿਖ ਲਵੇ, ਅਜੇ ਤਾਂ ਉਹ ਕੁਝ ਨਹੀਂ, ਅਜੇ ਤਾਂ ਉਸ ਨੇ ਸ਼ਾਇਰ ਬਣਨਾ ਹੈ। ਉਸ ਦੀ ਬੇਰੰਗ ਕਵਿਤਾ, ਕਦੋਂ ਰੰਗ ਲਾਏਗੀ, ਉਡੀਕ ਹੈ, ਸੁੱਭ ਇੱਛਾਵਾਂ।

-ਡਾ: ਅਮਰ ਕੋਮਲ
ਮੋ: 087358-73565.

10-03-2019

 ਤਿੜਕੇ ਰਿਸ਼ਤੇ
ਲੇਖਿਕਾ : ਡਾ: ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 120
ਸੰਪਰਕ : 81958-05111.

ਤਿੜਕੇ ਰਿਸ਼ਤੇ ਕਵਿੱਤਰੀ ਸਤਿੰਦਰਜੀਤ ਕੌਰ ਦੀ ਦੂਸਰੀ ਕਾਵਿ ਪੁਸਤਕ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ 101 ਕਵਿਤਾਵਾਂ ਦਰਜ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵਿੱਤਰੀ ਨੇ ਜ਼ਿੰਦਗੀ ਦੇ ਕਈ ਰੰਗ ਚਿਤਰੇ ਹਨ। ਇਸ ਕਾਵਿ ਸੰਗ੍ਰਹਿ ਦੇ ਵਿਸ਼ੇ ਜ਼ਿੰਦਗੀ ਦੀ ਵੰਨ-ਸੁਵੰਨਤਾ ਅਤੇ ਭਾਵਨਾਵਾਂ ਦੇ ਪ੍ਰਗਟਾਵੇ ਨਾਲ ਜੁੜੇ ਹਨ। ਕਵਿੱਤਰੀ ਦੇ ਮਨ ਅੰਦਰ ਨਾਰੀ ਪ੍ਰਤੀ ਅਦਬ ਸਤਿਕਾਰ ਦੀ ਭਾਵਨਾ ਹੈ। ਪੁਸਤਕ ਦਾ ਆਰੰਭ ਕਵਿੱਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਵਿਤਾਵਾਂ ਤੋਂ ਕੀਤਾ ਹੈ। ਰਿਸ਼ਤਿਆਂ ਦੀ ਮਰਿਆਦਾ ਅਤੇ ਭਾਵੁਕਤਾ ਪ੍ਰਤੀ ਕਵਿੱਤਰੀ ਬਹੁਤ ਸੰਵੇਦਨਸ਼ੀਲ ਹੈ। ਕਵਿੱਤਰੀ ਨੇ ਇਸ ਪੁਸਤਕ ਦਾ ਸਮਰਪਣ ਵੀ ਹਰ ਉਸ ਮਨੁੱਖ ਨੂੰ ਕੀਤਾ ਹੈ, ਜੋ ਤਿੜਕੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਲਝਾ ਲੈਂਦਾ ਹੈ ਤੇ ਮੋਹ ਦੀਆਂ ਤੰਦਾਂ ਨਾਲ ਰਿਸ਼ਤੇ ਜੋੜ ਲੈਂਦਾ ਹੈ।
ਰਿਸ਼ਤੇ ਸਦਾ ਸਲਾਮਤ ਰੱਖਣ ਲਈ
ਰੁੱਸਿਆਂ ਨੂੰ ਮਨਾ ਲਈਏ
ਨਿੱਘ ਰਿਸ਼ਤਿਆਂ ਦਾ ਮਾਣਨ ਲਈ
'ਬੁੱਟਰ' ਕਰ ਆਪਾਂ ਦੁਆ ਲਈਏ!
ਕਵਿੱਤਰੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਦੂਆ ਕੀਤੀ ਹੈ ਤੇ ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਉਸ ਦੀ ਕਲਮ ਪੰਜਾਬੀਆਂ ਦੇ ਗੁਣ ਗਾਉਂਦੀ ਨਹੀਂ ਥੱਕਦੀ। ਪਰ ਅਜੋਕੇ ਸਮੇਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲੋਂ ਟੁੱਟ ਰਹੇ ਪੰਜਾਬੀਆਂ ਪ੍ਰਤੀ ਕਵਿੱਤਰੀ ਉਦਾਸੀਨ ਹੈ :
ਹਾਸ਼ਮ ਬੁੱਲ੍ਹੇ ਅਮ੍ਰਿਤਾ ਵਰਗਿਆਂ ਨੂੰ ਭੁੱਲ ਬੈਠੇ ਅਸੀਂ ਪੰਜਾਬੀ ਹਾਂ
ਕਿਵੇਂ ਆਖਾਂ ਮਾਂ ਬੋਲੀ ਦੇ ਅਸੀਂ ਪਹਿਰੇਦਾਰ ਪੰਜਾਬੀ ਹਾਂ!
ਬੇਸ਼ੱਕ ਕਵਿੱਤਰੀ ਦੇ ਮਨ ਅੰਦਰ ਨਿਰਾਸ਼ਾ ਦਾ ਹਨੇਰਾ ਹੈ ਪਰ ਉਹ ਆਸ ਦਾ ਪੱਲਾ ਨਹੀਂ ਛੱਡਦੀ।
ਚਾਰ ਚੁਫੇਰੇ ਹਨੇਰਾ ਹੈ ਪਰ ਦਿਲ ਨੂੰ ਥੋੜ੍ਹੀ ਆਸ ਵੀ ਹੈ
ਮੱਸਿਆ ਦੇ ਇਸ ਅੰਧਕਾਰ ਵਿਚ ਕੁਝ ਰੌਸ਼ਨੀ ਦੀ ਆਸ ਵੀ ਹੈ!
ਰਿਸ਼ਤਿਆਂ ਪ੍ਰਤੀ ਆਏ ਬਦਲਾਅ ਲੇਖਿਕਾ ਦੀ ਚੇਤਨਾ ਨੂੰ ਹਲੂਣਦੇ ਹਨ। ਬਿਰਧ ਮਾਪਿਆਂ ਪ੍ਰਤੀ ਔਲਾਦ ਦਾ ਬੇਰੁਖ਼ੀ ਵਾਲਾ ਰਵੱਈਆ ਉਸ ਨੂੰ ਦੁਖੀ ਕਰਦਾ ਹੈ। 'ਬੁੱਢੀ ਮਾਂ' ਕਵਿਤਾ ਵਿਚ ਲੇਖਿਕਾ ਅਜਿਹਾ ਪ੍ਰਗਟਾਵਾ ਕਰਦੀ ਹੈ। ਪਿਤਾ ਦੇ ਬਲਿਦਾਨ ਅਤੇ ਕੁਰਬਾਨੀਆਂ ਪ੍ਰਤੀ ਵੀ ਕਵਿੱਤਰੀ ਨੇ ਸ਼ਰਧਾ ਅਤੇ ਸਤਿਕਾਰ ਵਾਲਾ ਰਵੱਈਆ ਕਵਿਤਾ ਰਾਹੀਂ ਪ੍ਰਗਟ ਕੀਤਾ ਹੈ।
ਨਾਰੀ ਪ੍ਰਤੀ ਸਮਾਜ ਦੇ ਵਿਹਾਰ ਪ੍ਰਤੀ ਕਵਿੱਤਰੀ ਦੀ ਕਲਮ ਚਿੰਤਤ ਹੈ।
ਨਸ਼ਿਆਂ ਦੀ ਵਾਦੀ ਛੱਡ ਦੇ
ਘੱਤਿਆਂ ਤੇਰੇ ਵਜੂਦ ਨੂੰ ਇਨ੍ਹਾਂ ਘੇਰਾ
ਹੁਣ ਉਠ ਪੰਜਾਬੀ ਸ਼ੇਰਾ
ਨਾ ਛੱਡਦਾ ਜਾ ਤੂੰ ਜੇਰਾ।
ਪ੍ਰਦੂਸ਼ਣ ਦੀ ਸਮੱਸਿਆ, ਜ਼ਿੰਦਗੀ ਦੀ ਭੱਜ-ਨੱਠ, ਕਿਸਾਨਾਂ ਦੀਆਂ ਵਧਦੀਆਂ ਖ਼ੁਦਕੁਸ਼ੀਆਂ, ਅਜੋਕੀ ਨਵੀਂ ਪੀੜ੍ਹੀ ਅੰਦਰ ਵਧ ਰਹੀ ਬੇਚੈਨੀ ਨਿਰਾਸ਼ਾ, ਵਧਦਾ ਦਿਖਾਵਾ, ਵਿਦੇਸ਼ਾਂ ਵਿਚ ਜਾਣਾ ਪੰਜਾਬੀਆਂ ਦਾ ਵਧਦਾ ਰੁਝਾਨ ਪ੍ਰਦੇਸੀ ਪੁੱਤਰ ਨੂੰ ਮਾਂ ਵਲੋਂ ਖ਼ਤ, ਪ੍ਰੀਤ ਵਿਛੋੜਾ, ਸਮੇਂ ਦਾ ਮਹੱਤਵ ਆਦਿ ਵਿਸ਼ਿਆਂ ਨੂੰ ਵੀ ਕਵਿੱਤਰੀ ਨੇ ਇਸ ਕਾਵਿ ਪੁਸਤਕ ਵਿਚ ਸਮੇਟਿਆ ਹੈ।

ਂਪ੍ਰੋ: ਕੁਲਜੀਤ ਕੌਰ
ਫ ਫ ਫ

ਦੀਵਿਆਂ ਦੇ ਦੇਸ਼ ਵਿਚ
ਕਵੀ : ਅੋਦੋਲੇਨ ਸਮੇਕਲ
ਅਨੁਵਾਦਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 099588-31357.

ਬਹੁਤ ਸਾਰੇ ਅੱਨਯਦੇਸ਼ੀ ਲੇਖਕਾਂ ਨੇ ਭਾਰਤ ਦੇ ਸਾਂਸਕ੍ਰਿਤਕ ਗੌਰਵ ਬਾਰੇ ਬੜਾ ਆਸਥਾਵਾਨ ਹੋ ਕੇ ਲਿਖਿਆ ਹੈ। ਚੈੱਕ-ਵਾਸੀ ਓਦੋਲੇਨ ਸਮੇਕਲ ਇਨ੍ਹਾਂ ਵਿਚੋਂ ਇਕ ਉਲੇਖਯੋਗ ਕਵੀ ਹੈ। ਹਥਲੇ ਸੰਗ੍ਰਹਿ ਦੀ ਭੂਮਿਕਾ ਵਿਚ ਉਹ ਲਿਖਦਾ ਹੈ, 'ਇਸ ਸੰਗ੍ਰਹਿ ਦਾ ਕਾਵਿ-ਸੰਸਾਰ ਬੀਤੇ 40 ਵਰ੍ਹਿਆਂ ਦੇ ਮੇਰੇ ਭਾਰਤੀ ਸੰਸਕਾਰ ਸਨ। ਜਿਥੇ-ਜਿਥੇ ਗਿਆ, ਕੋਈ ਨਾ ਕੋਈ ਖੱਟੀ-ਮਿੱਠੀ ਛਾਪ ਜਾਂ ਸੰਸਮਰਣ! ਗੰਗਾ ਤਟ ਦਾ ਅਨੇਕ ਵਾਰ ਬਿਲਕੁਲ ਨਜ਼ਦੀਕ ਤੋਂ ਸੰਪਰਕ, ਮਿੱਟੀ ਦੀ ਮਹਿਕ ਨਾਲ ਬਣੀਆਂ ਝੌਂਪੜੀਆਂ, ਪੇਂਡੂ ਲੋਕ-ਕਿਸਾਨ, ਤੇਲੀ, ਘੁਮਿਆਰ, ਧੋਬੀ, ਖੇਤ-ਖਲਿਆਣ, ਖੂਹਾਂ ਤੋਂ ਪਾਣੀ ਭਰਦੀਆਂ ਮੁਟਿਆਰਾਂ, ਦਿਲਵਾੜਾ ਮੰਦਰ ਵਿਚ ਸੰਗਮਰਮਰ ਦੀਆਂ ਬਣੀਆਂ ਸੁੰਦਰੀਆਂ, ਛੇ ਰੁੱਤਾਂ ਦੀ ਬਹੁਰੰਗੀ ਪ੍ਰਕਿਰਤੀ, ਸ਼ਾਮ ਵੇਲੇ ਦੀਪ-ਮਾਲਾਵਾਂ, ਗੋਹੇ-ਮਿੱਟੀ ਵਿਚ ਵਸਿਆ ਠੇਠ ਲੋਕ ਮਾਨਸ ਅਤੇ ਉਸ ਦਾ ਰਾਮਂਇਹ ਹੈ ਭਾਰਤ ਦੀ ਸੰਸਕ੍ਰਿਤੀ। (ਪੰਨਾ 6) ਭਾਰਤ ਵਿਚ ਰਹਿਣ ਵਾਲੇ ਨਿਰਧਨ ਅਤੇ ਗ਼ਰੀਬ ਲੋਕਾਂ ਦਾ ਚਿਤਰਣ ਵਾਰ-ਵਾਰ ਉਸ ਦੀਆਂ ਕਵਿਤਾਵਾਂ ਵਿਚ ਆਉਂਦਾ ਹੈ, ਕਿਉਂਕਿ ਉਸ ਦੀ ਨਜ਼ਰ ਵਿਚ ਇਹੀ ਲੋਕ ਅਸਲ ਵਿਚ ਭਾਰਤੀ ਸੰਸਕ੍ਰਿਤੀ ਦੇ ਵਾਰਿਸ ਅਤੇ ਸੰਵਾਹਕ ਹਨ :
ਲੀਰੋ ਲੀਰ
ਪਾਟੀਆਂ-ਛਿੱਜੀਆਂ ਧੋਤੀਆਂ ਲੁੰਗੀਆਂ
ਮੈਲੀਆਂ-ਕੁਚੈਲੀਆਂ ਸਾੜ੍ਹੀਆਂ!
ਪਰਤ ਆਉਂਦੇ ਮਨ 'ਚ ਮੁੜ-ਮੁੜ
ਨਿੱਤ-ਦਿਹਾੜੀ, ਵਾਰ-ਵਾਰ
ਯੂ.ਪੀ., ਬਿਹਾਰ ਦੇ ਬੰਗਾਲ ਦੇ
ਘਾਹ-ਫੂਸ ਦੀਆਂ ਝੁੱਗੀਆਂ 'ਚ
ਰਹਿਣ ਵਾਲੇ ਲੋਕ!
ਨਿਰਧਨ, ਗ਼ਰੀਬ, ਮੰਦੇਹਾਲ... ਵਾਰ ਵਾਰ। (ਪੰਨਾ 51)
ਕਵੀ ਦੇ ਆਪਣੇ 'ਕਾਵਿ-ਸ਼ਾਸਤਰ' ਬਾਰੇ ਵੀ ਧੜੇ ਸੁਨਿਸ਼ਚਿਤ ਅਤੇ ਸਪੱਸ਼ਟ ਵਿਚਾਰ ਹਨ। ਉਹ ਜੋ ਕੁਝ ਲਿਖਦਾ ਹੈ ਤਾਂ ਕੇਵਲ ਕਵਿਤਾ ਅਤੇ ਉਹ ਵੀ ਸਿਰਫ ਹਿੰਦੀ ਵਿਚ। ਉਹ ਭਾਰਤ ਤੋਂ ਬਿਨਾਂ ਕਿਸੇ ਹੋਰ ਵਿਸ਼ੇ ਬਾਰੇ ਨਹੀਂ ਲਿਖਦਾ; ਉਸ ਦਾ ਪ੍ਰਯੋਜਨ ਹੈ ਭਾਰਤ ਨਾਲ ਸਬੰਧਿਤ ਸੰਸਕਾਰਾਂ ਨੂੰ ਵਿਅਕਤ ਕਰਨਾ। ਲਿਖਦਾ ਹੈ ਤਾਂ ਆਪਣੇ ਆਤਮਿਕ ਸੁੱਖ ਲਈ ਅਤੇ ਸੰਭਾਵਿਕ ਤੌਰ 'ਤੇ ਦੂਜਿਆਂ ਦੇ ਆਤਮਿਕ ਸੁੱਖ ਲਈ ਵੀ। ਜੇ ਕਿਸੈ ਲੇਖਣ-ਸ਼ੈਲੀ ਵਿਚ ਤਾਂ ਆਪਣੀ ਹੀ ਵਿਚ ਅਤੇ ਜਿਥੋਂ ਤੱਕ ਸੰਭਵ ਹੋ ਸਕੇ ਸਹਿਜ, ਸਰਲ, ਬਗੈਰ ਕਿਸੇ (ਉਚੇਚੇ) ਯਤਨ ਤੋਂ ਅਤੇ ਅੰਦਰੋਂ ਸਹਿਜਮਈ। ਭਾਰਤ ਅਤੇ ਭਾਰਤੀਯਤਾ ਪ੍ਰਤੀ ਅਜਿਹੇ ਸਮਰਪਿਤ ਚੈੱਕ ਕਵੀ ਨੂੰ ਕੌਣ ਕਾਫ਼ਰ ਪੜ੍ਹਨਾ-ਮਾਣਨਾ ਨਹੀਂ ਚਾਹੇਗਾ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਹੋਸ਼ਾਂ ਨਾਲੋਂ ਮਸਤੀ ਚੰਗੀ
ਲੇਖਕ : ਜੋਗਿੰਦਰ ਸਿੰਘ ਪ੍ਰਿੰਸੀਪਲ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 350 ਰੁਪਏ, ਸਫ਼ੇ : 271
ਸੰਪਰਕ : 090506-80370.

'ਹੋਸ਼ਾਂ ਨਾਲੋਂ ਮਸਤੀ ਚੰਗੀ' ਪੁਸਤਕ ਵਿਚ ਕਰੀਬ 81 ਲੇਖ ਹਨ, ਜਿਨ੍ਹਾਂ ਵਿਚ ਜੀਵਨ ਸੰਗਰਾਮ ਦੇ ਤਜਰਬੇ, ਖੱਟੇ-ਮਿੱਠੇ ਅਨੁਭਵ ਅਤੇ ਜੀਵਨ ਦਾ ਯਥਾਰਥ ਆਪ ਮੁਹਾਰੇ ਫੁੱਟਦਾ ਹੋਇਆ ਵਹਿ ਤੁਰਦਾ ਹੈ। ਮਨੁੱਖੀ ਜਨਮ, ਮਾਪਿਆਂ/ਔਲਾਦ ਦੇ ਫਰਜ਼/ਆਪਸੀ ਸਬੰਧ, ਮਮਤਾ, ਪਰਿਵਾਰਕ/ਸਮਾਜਿਕ ਜ਼ਿੰਮੇਵਾਰੀਆਂ, ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ, ਚੰਗੇ-ਮਾੜੇ ਵਤੀਰੇ ਦਾ ਫਲ, ਕਿਰਤ ਦੀ ਮਹਾਨਤਾ, ਸਬਰ, ਕਿਸੇ ਦੀ ਮਜਬੂਰੀ ਨੂੰ ਕੌਡੀਆਂ ਦੇ ਭਾਅ ਖਰੀਦਣ ਦੀ ਥਾਂ ਲੋੜਵੰਦ ਦੇ ਹੰਝੂਆਂ ਨੂੰ ਪੂੰਝਣ ਦੀ ਕੋਸ਼ਿਸ਼, ਕਿਸੇ ਨੂੰ ਜੀਵਨ ਦੇ ਅੰਨ੍ਹੇ ਖੂਹ ਵਿਚ ਡਿਗਣ ਤੋਂ ਬਚਾਉਣਾ, ਧਰਮ ਦਾ ਅਸਲ ਸਤਿਕਾਰ, ਫ਼ਿਰਕੂ ਵਿਚਾਰਾਂ ਤੋਂ ਉੱਪਰ ਉੱਠ ਕੇ ਸਦਭਾਵਨਾ ਕਾਇਮ ਰੱਖਣੀ, ਸਮੇਂ ਦੀ ਕਦਰ, ਅਸਲ ਹਾਰ ਦੇ ਅਰਥ ਅਤੇ ਦੂਹਰੇ ਕਿਰਦਾਰ ਤੋਂ ਬਚਣਾ ਆਦਿ ਜੀਵਨ ਦੇ ਭਾਵਪੂਰਤ ਵਿਸ਼ਿਆਂ ਨੂੰ ਬੜੀ ਹੀ ਸ਼ਿੱਦਤ ਨਾਲ ਇਸ ਸਾਹਿਤਕ ਪੁਸਤਕ ਦਾ ਸ਼ਿੰਗਾਰ ਬਣਾਇਆ ਹੋਇਆ ਹੈ।
ਜੀਵਨ ਦੇ ਰੰਗਲੇ ਸਫ਼ਰ (ਜਵਾਨੀ) ਦੌਰਾਨ ਕਿਸੇ ਪ੍ਰਤੀ ਆਪ ਮੁਹਾਰੇ ਫੁੱਟੀ ਪਿਆਰ ਦੀ ਚਿਣਗ ਏਨੀ ਹੱਡਾਂ ਵਿਚ ਰਚ ਜਾਂਦੀ ਹੈ ਕਿ ਵਿਛੋੜੇ ਦੌਰਾਨ ਜੀਵਨ ਦੇ ਹਰ ਮੋੜ 'ਤੇ ਬਿਰਹਾ ਦੇ ਪਰਾਗੇ ਭੁੰਨਦੀ ਹੋਈ ਜਾ ਪਈ ਹੈ। ਅੰਤਲੇ ਸਮੇਂ ਜੇ ਸਬੱਬੀ ਦਿਦਾਰੇ ਹੋ ਜਾਣ ਤਾਂ ਜੀਵਨ ਦੀ ਬੁਝਦੀ ਜੋਤ ਨੂੰ ਇਕ ਵਾਰ ਹੁਲਾਰਾ ਜ਼ਰੂਰ ਮਿਲਦਾ ਹੈ, ਜਿਸ ਦਾ ਯਥਾਰਥ ਭਰਿਆ ਬਿਰਤਾਂਤ, 'ਮਾਸਟਰਾਂ ਦਾ ਮੁੰਡਾ' ਨਾਂਅ ਦੀ ਰਚਨਾ ਵਿਚ ਪੜ੍ਹਨ ਨੂੰ ਮਿਲਦਾ ਹੈ। ਇਹ ਮਿਲਾਪ ਉਸ ਵੇਲੇ ਧੁਰ ਤੱਕ ਝੰਜੋੜ ਦਿੰਦਾ ਹੈ ਜਦੋਂ ਇਕ ਪਿਆਸੀ ਰੂਹ ਪਿਆਰੇ ਦੇ ਦਰਸ਼ਨਾਂ ਨਾਲ ਸਰਸ਼ਾਰ ਹੁੰਦੇ ਸਾਰ ਹੀ ਉਡਾਰੀ ਮਾਰ ਜਾਂਦੀ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
ਫ ਫ ਫ

ਏਦੂੰ ਤਾਂ...
ਲੇਖਕ : ਅਮਨ ਸੇਖਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 93905-70009.

ਅਮਨਦੀਪ ਸਿੰਘ ਸੇਖਾ ਦੀ ਇਸ ਪੁਸਤਕ ਵਿਚ ਅੱਠ ਵੱਡੇ ਆਕਾਰ ਦੀਆਂ ਕਹਾਣੀਆਂ ਹਨ। ਲੇਖਕ ਕੋਲ ਆਪਣੇ ਮੁਹੱਬਤੀ ਪਲਾਂ ਤੋਂ ਲੈ ਕੇ ਜੇਲ੍ਹ ਜਾਣ ਤੱਕ ਦਾ ਵਿਸ਼ਾਲ ਅਨੁਭਵ ਹੈ। ਸਿਰਲੇਖ ਵਾਲੀ ਕਹਾਣੀ ਵਿਚ ਬਿੰਦਰ, ਉਸ ਦੀ ਪਤਨੀ ਰਾਣੀ, ਇੰਦਰਜੀਤ ਤੇ ਉਸ ਦੀ ਮੁਲਾਜ਼ਮ ਪਤਨੀ ਹੈ। ਮਸਲਾ ਘਰ ਵਿਚ ਪਰਿਵਾਰ ਤੋਂ ਅੱਡ ਹੋਣ ਦਾ ਹੈ। ਇਸ ਗੁੱਸੇ ਵਿਚ ਬਿੰਦਰ ਦੀ ਪਤਨੀ ਘਰ ਵਿਚ ਰੱਖੀ ਕੀਟਨਾਸ਼ਕ ਦਵਾਈ ਪੀ ਲੈਂਦੀ ਹੈ। ਪੁਲਿਸ ਕੋਲ ਬਿਆਨ ਦਿੰਦੀ ਹੈ ਕਿ ਉਸ ਦੀ ਸੱਸ ਤੇ ਪਤੀ ਨੇ ਮਿਲ ਕੇ ਪਿਆਈ ਹੈ। ਦੋਵੇਂ ਮਾਂ-ਪੁੱਤ 20 ਸਾਲ ਲਈ ਜੇਲ੍ਹ ਚਲੇ ਜਾਂਦੇ ਹਨ। ਜੇਲ੍ਹ ਵਿਚ ਇਕ ਪਾਤਰ ਯੋਗੇਸ਼ ਬਿੰਦਰ ਨੂੰ ਮਿਲਦਾ ਹੈ। ਉਸ ਨੇ ਆਪਣੀ ਪਤਨੀ ਦਾ ਕਤਲ ਗ਼ੈਰ-ਮਰਦ ਨਾਲ ਸਬੰਧ ਅੱਖੀਂ ਵੇਖਣ 'ਤੇ ਕੀਤਾ ਹੁੰਦਾ ਹੈ। ਇਹੋ ਸਲਾਹ ਉਹ ਬਿੰਦਰ ਨੂੰ ਦਿੰਦਾ ਹੈ। ਉਸ ਦੀ ਗੱਲ ਸੁਣ ਕੇ ਬਿੰਦਰ ਕਹਿੰਦਾ ਹੈਂਏਦੂੰ ਤਾਂ ਯਾਰ ਕਿਸੇ ਨਾਲ ਭੱਜ ਹੀ ਜਾਂਦੀ। (ਪੰਨਾ 47) 'ਨਾਨਕ' ਕਹਾਣੀ ਵਿਚ ਤਿੰਨ ਪੀੜ੍ਹੀਆਂ ਦੀ ਲੰਮੀ ਦਾਸਤਾਨ ਹੈ। ਕਹਾਣੀ ਵਿਚ ਸਾਰੇ ਪਾਤਰ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਹਥਿਆਰਬੰਦ ਸੰਘਰਸ਼ ਕਰਦੇ ਹਨ ਤੇ ਜੇਲ੍ਹਾਂ ਵਿਚ ਕੈਦ ਭੁਗਤਦੇ ਹਨ।
'ਖੂਹ' ਕਹਾਣੀ ਦੇਸ਼ ਵੰਡ ਵੇਲੇ ਦੋ ਪ੍ਰੇਮੀਆਂ ਦੇ ਪਿਆਰ ਅਧਵਾਟੇ ਰਹਿਣ ਦੀ ਦਾਸਤਾਨ ਹੈ। ਬੈਸਟ ਕਪਲ ਦੀ ਨਰਿੰਦਰ ਆਪਣੇ ਡਰਾਈਵਰ ਪਤੀ ਨੂੰ ਟੀ.ਵੀ. ਸਕਰੀਨ 'ਤੇ ਕਤਲ ਹੁੰਦਾ ਵੇਖਦੀ ਹੈ। ਉਸ ਦੀ ਸ਼ੋਅ ਵੇਖਣ ਦੀ ਖੁਸ਼ੀ ਦੁਖਾਂਤ ਵਿਚ ਬਦਲ ਜਾਂਦੀ ਹੈ। ਚੁੱਲ੍ਹਿਆਂ ਵਿਚ ਉਗਿਆ ਘਾਹ ਲੰਮੀ ਕਹਾਣੀ ਹੈ। ਸਾਰੀ ਕਹਾਣੀ ਅਪਰਾਧ ਜਗਤ ਦੀ ਭਰਵੀਂ ਤਸਵੀਰ ਉਭਾਰਦੀ ਹੈ। ਕਹਾਣੀਆਂ ਵਿਚ ਅਣਖ ਲਈ ਭਿੜਦੇ ਪਾਤਰ, ਪੁਰਾਣਾ ਪੰਜਬੀ ਸੱਭਿਆਚਾਰ, ਦੇਸ਼ ਦੀ ਨਿਆਂ ਪ੍ਰਣਾਲੀ, ਭ੍ਰਿਸ਼ਟਾਚਾਰ, ਵਕੀਲਾਂ, ਜੱਜਾਂ ਦੇ ਵਤੀਰੇ, ਮਰਦ ਕੈਦਾਂ ਭੁਗਤਦੇ ਤੇ ਪਿੱਛੇ ਰਹਿੰਦੇ ਪਰਿਵਾਰ ਲੰਮਾ ਸਮਾਂ ਦੁੱਖ ਭੋਗਦੇ ਹਨ। ਕਹਾਣੀਆਂ ਦੀ ਢੁਕਵੀਂ ਸ਼ਬਦਾਵਲੀ ਜ਼ਮੀਨਾਂ ਦਾ ਮੋਹ, ਸੁਚੱਜਾ ਬਿਰਤਾਂਤ ਮੀਰੀ ਗੁਣ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਸੁਪਨਿਆਂ ਸੰਗ ਸੰਵਾਦ
ਗ਼ਜ਼ਲਕਾਰ : ਰਮਨ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 97799-11773.

ਰਮਨ ਸੰਧੂ ਪੰਜਾਬੀ ਦਾ ਪ੍ਰਬੁੱਧ ਤੇ ਦਾਨਾ ਗ਼ਜ਼ਲਕਾਰ ਹੈ ਤੇ ਉਹ ਆਪਣੀ ਭਾਂਤ ਦੀ ਸ਼ਬਦਾਬਲੀ ਨਾਲ ਮਖ਼ਮਲੀ ਗ਼ਜ਼ਲ ਕਹਿੰਦਾ ਹੈ। 'ਸੁਪਨਿਆਂ ਸੰਗ ਸੰਵਾਦ' ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਸੱਤਰ ਗ਼ਜ਼ਲਾਂ ਨੂੰ ਛਾਪਿਆ ਗਿਆ ਹੈ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਨੂੰ ਉਸ ਨੇ ਮਨੁੱਖੀ ਜ਼ਿੰਦਗੀ ਦੀਆਂ ਮਹੀਨ ਤੰਦਾਂ ਨਾਲ ਬੁਣਿਆਂ ਹੈ ਤੇ ਇਨ੍ਹਾਂ 'ਚੋਂ ਇੰਦਰਧਨੁਸ਼ੀ ਰੰਗਾਂ ਦਾ ਅਹਿਸਾਸ ਹੁੰਦਾ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਰਮਨ ਦੀਆਂ ਗ਼ਜ਼ਲਾਂ ਬੌਧਿਕ ਹੋਣ ਦੇ ਬਾਵਜੂਦ ਸਰਲ ਹਨ ਤੇ ਪਾਠਕਾਂ ਦੇ ਹਰੇਕ ਵਰਗ ਤੱਕ ਪਹੁੰਚ ਰੱਖਦੀਆਂ ਹਨ।
ਗ਼ਜ਼ਲਕਾਰ ਵਿਚ ਸਾਧਾਰਨ ਸ਼ਬਦਾਵਲੀ ਨਾਲ ਵੱਡੀ ਗੱਲ ਕਰਨ ਦੀ ਖ਼ੂਬੀ ਹੈ। ਉਸ ਨੂੰ ਰੁੱਖ ਵੱਢਣ ਨਾਲੋਂ ਉਸ ਉੱਤੇ ਵਸਣ ਵਾਲੇ ਪਰਿੰਦਿਆਂ ਦਾ ਵਧੇਰੇ ਦੁੱਖ ਹੈ ਤੇ ਉਹ ਪੰਛੀਆਂ ਦੇ ਆਲ੍ਹਣਾ ਬਣਾਉਣ ਦੇ ਹੁਨਰ ਨੂੰ ਸਿਖਣ ਦੀ ਤਾਕੀਦ ਕਰਦਾ ਹੈ। ਰਮਨ ਸਵਾਲ ਪੈਦਾ ਕਰਦਾ ਹੈ ਕਿ ਜੇ ਕਣ-ਕਣ ਵਿਚ ਭਗਵਾਨ ਹੈ ਤਾਂ ਜਗ੍ਹਾ-ਜਗ੍ਹਾ ਧਾਰਮਿਕ ਸਥਾਨ ਬਣਾਉਣ ਵਿਚ ਕੀ ਤਰਕ ਹੈ। ਉਸ ਨੂੰ ਹਰੇ ਪੱਤੇ ਚੰਗੇ ਤਾਂ ਲਗਦੇ ਹਨ ਪਰ ਉਸ ਦੇ ਮਨ 'ਤੇ ਜ਼ਰਦ ਹੋ ਕੇ ਡਿਗ ਚੁੱਕੇ ਪੱਤਿਆਂ ਦਾ ਭਾਰ ਵੀ ਹੈ। ਉਸ ਨੇ ਉੱਚਿਆਂ ਤੇ ਨੀਵਿਆਂ ਵਿਚਕਾਰਲੇ ਪਾੜੇ ਨੂੰ ਦਰਸਾਉਂਦੇ ਕੁਝ ਸ਼ਾਨਦਾਰ ਸ਼ਿਅਰ ਵੀ ਕਹੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਮੀਰ ਤੇ ਗ਼ਰੀਬ ਵਿਚਲੀਆਂ ਵਿੱਥਾਂ ਦਾ ਅਸਰ ਸੰਧੂ ਦੀ ਗ਼ਜ਼ਲਕਾਰੀ ਵੀ ਕਬੂਲਦੀ ਹੈ। ਰਮਨ ਨੇ ਕਈ ਮੁਹੱਬਤੀ ਸ਼ਿਅਰ ਵੀ ਕਮਾਲ ਦੇ ਲਿਖੇ ਹਨ ਜਿਵੇਂ-'ਜ੍ਹਿਦੇ ਤੋਂ ਦਿਲ ਮੇਰਾ ਸਭ ਧੜਕਣਾ ਕੁਰਬਾਨ ਕਰਦਾ ਹੈ, ਉਹ ਗੱਲ ਵੀ ਇਸ ਤਰ੍ਹਾਂ ਕਰਦੈ ਜਿਵੇਂ ਅਹਿਸਾਨ ਕਰਦਾ ਹੈ।' ਜਾਂ 'ਤੂੰ ਮੇਰੀ ਸੋਚ ਵਿਚ ਅੰਬਰ ਟਿਕਾ ਦੇ, ਆ ਮੈਨੂੰ ਬੂੰਦ ਤੋਂ ਸਾਗਰ ਬਣਾ ਦੇ।'
ਇੰਝ ਰਮਨ ਸੰਧੂ ਦੀ ਸ਼ਿਅਰ ਕਹਿਣ ਦੀ ਸ਼ੈਲੀ ਵਿਕੋਲੋਤਰੀ ਤੇ ਅਨੂਠੀ ਹੈ। ਕੁਝ ਤਕਨੀਕੀ ਘੌਲ਼ ਨੂੰ ਛੱਡ ਕੇ ਮੈਨੂੰ ਇਸ ਪੁਸਤਕ ਦੇ ਬਹੁਤੇ ਸ਼ਿਅਰਾਂ ਨੇ ਪ੍ਰਭਾਵਿਤ ਕੀਤਾ ਹੈ। ਅਜਿਹੀਆਂ ਗ਼ਜ਼ਲਾਂ ਨੂੰ ਪੜ੍ਹ ਕੇ ਪੰਜਾਬੀ ਗ਼ਜ਼ਲ ਦਾ ਭਵਿੱਖ ਹੋਰ ਵੀ ਸ਼ਾਨਦਾਰ ਤੇ ਬਿਹਤਰ ਨਜ਼ਰ ਆਉਂਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਸ਼ਾਇਰੀ ਦੇ ਸਤਰੰਗ
ਸੰਪਾਦਕ : ਮਨੋਜ ਫਗਵਾੜਵੀ
ਪ੍ਰਕਾਸ਼ਕ : ਬਸੰਤ ਸੁਹੇਲ ਪ੍ਰਕਾਸ਼ਨ, ਫਗਵਾੜਾ
ਮੁੱਲ : 145 ਰੁਪਏ, ਸਫ਼ੇ : 152
ਸੰਪਰਕ : 98885-56801.

ਹਥਲੀ ਪੁਸਤਕ ਸੱਤ ਸ਼ਾਇਰਾਂ/ਕਵੀਆਂ ਦੀਆਂ ਕਾਵਿ ਰਚਨਾਵਾਂ 'ਤੇ ਆਧਾਰਿਤ ਸਾਂਝੀ ਕਾਵਿ ਪੁਸਤਕ ਹੈ। ਇਸ ਪੁਸਤਕ ਵਿਚ ਜਿਨ੍ਹਾਂ ਕਵੀਆਂ ਦੇ ਕਲਾਮ ਪੇਸ਼ ਕੀਤੇ ਗਏ ਹਨ, ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ: ਕੰਵਰ ਇਕਬਾਲ, ਮਨੋਜ ਫਗਵਾੜਵੀ, ਸੋਹਣ ਸਹਿਜਲ, ਸਾਥੀ ਈਸਪੁਰੀ, ਮੇਹਰ ਚੰਦ ਸਿੱਧੂ, ਜਨਕ ਰਾਜ ਭਾਟੀਆ ਅਤੇ ਲਖਵੀਰ ਵਡਾਲੀ। ਇਹ ਸਾਰੇ ਸ਼ਾਇਰ/ਕਵੀ ਕਵਿਤਾ ਦੇ ਖੇਤਰ ਵਿਚ ਪਛਾਣ ਬਣਾ ਚੁੱਕੇ ਹਨ। ਸੰਪਾਦਕ ਅਨੁਸਾਰ ਇਨ੍ਹਾਂ ਸੱਤਾਂ ਰੰਗਾਂ ਵਿਚ ਪ੍ਰੇਮ ਮੁਹੱਬਤ ਇਸ਼ਕ, ਦੇਸ਼ ਪ੍ਰੇਮ, ਇਨਸਾਨੀਅਤ, ਕੁਰਬਾਨੀ ਦਾ ਜਜ਼ਬਾ, ਬ੍ਰਿਹਾ ਵੇਦਨਾ, ਕਰੁਣਾ ਅਤੇ ਭਰਮ ਅਭਰਮ ਨੁਮਾਇਆ ਹਨ।
ਪੁਸਤਕ ਦੇ ਸੰਪਾਦਕ ਨੇ ਲੇਖਕ ਦੀਆਂ ਕਾਵਿ ਰਚਨਾਵਾਂ ਤੋਂ ਪਹਿਲਾਂ ਇਕ ਸਫ਼ੇ 'ਤੇ ਉਸ ਲੇਖਕ ਦੀ ਤਸਵੀਰ ਅਤੇ ਬਾਇਓਡਾਟਾ ਦਿੱਤਾ ਹੈ। ਲੇਖਕ ਦਾ ਪਤਾ ਅਤੇ ਫੋਨ ਨੰਬਰ ਦੇ ਨਾਲ-ਨਾਲ ਈ.ਮੇਲ ਵੀ ਦਿੱਤੀ ਗਈ ਹੈ। ਇਹ ਸਭ ਕੁਝ ਸਾਹਿਤ ਸੰਸਾਰ ਦੇ ਇਕ ਪਰਿਵਾਰ ਬਣਨ ਦੀ ਪ੍ਰਕਿਰਿਆ ਵਿਚ ਸਹਾਇਕ ਸਮੱਗਰੀ ਹੈ। ਹਰ ਲੇਖਕ ਦੀਆਂ ਸਾਹਿਤਕ ਪ੍ਰਾਪਤੀਆਂ, ਸਨਮਾਨ ਅਤੇ ਪੁਸਤਕਾਂ ਦੇ ਨਾਂਅ ਹਨ। ਸਭ ਤੋਂ ਪਹਿਲਾਂ ਸ਼ਾਇਰ ਕੰਵਰ ਇਮਤਿਆਜ ਦਾ ਸ਼ਾਨਦਾਰ ਗੀਤ ਹੈ : ਕਾਹਦਾ ਨੇਹੁੰ ਚੰਨਾਂ ਤੇਰੇ ਨਾਲ ਲਾਇਆ, ਅੱਖੀਆਂ 'ਚੋਂ ਸਾਉਣ ਵਸਦਾ। ਦੂਜਾ ਸ਼ਾਇਰ ਮਨੋਜ ਫਗਵਾੜਵੀ ਹੈ ਜੋ ਕਿ ਇਕ ਵਧੀਆ ਗ਼ਜ਼ਲਕਾਰ ਹੈ। ਉਸ ਦੀਆਂ ਸਾਰੀਆਂ ਗ਼ਜ਼ਲਾਂ ਹੀ ਪੇਸ਼ ਕੀਤੀਆਂ ਗਈਆਂ ਹਨ। ਸੋਹਣ ਸਹਿਜਲ ਦੀਆਂ ਵੱਖ-ਵੱਖ ਵਿਸ਼ਿਆਂ 'ਤੇ ਨਜ਼ਮਾਂ ਹਨ ਜੋ ਉੱਚਪਾਏ ਦੀਆਂ ਹਨ। ਸਾਬੀ ਈਸਾਪੁਰੀ ਦੀਆਂ 20 ਗ਼ਜ਼ਲਾਂ ਹਨ ਜੋ ਨਿੱਕੇ ਬਹਿਰ ਵਿਚ ਵੱਡੀਆਂ ਗੱਲਾਂ ਹਨ। ਮੇਹਰ ਚੰਦ ਸਿੱਧੂ ਦੇ ਗੀਤ ਗ਼ਜ਼ਲਾਂ ਤੇ ਨਜ਼ਮਾਂ ਹਨ। ਇਸੇ ਤਰ੍ਹਾਂ ਸਾਰੇ ਉਕਤ ਕਵੀਆਂ ਦੀਆਂ ਚੋਣਵੀਆਂ ਰਚਨਾਵਾਂ ਬਹੁਤ ਉੱਚਪਾਏ ਦੀਆਂ ਹਨ। ਅੰਤ ਵਿਚ ਲਖਵੀਰ ਵਡਾਲੀ ਦੇ ਇਕ ਗੀਤ ਦੇ ਮੁਖੜੇ ਨਾਲ ਇਜਾਜ਼ਤ :
ਏਥੇ ਦਾਜ ਤੋਂ ਬਗੈਰ ਪੂਰਾ ਹੁੰਦਾ ਨਹੀਉਂ ਕਾਜ
ਖੁੱਲ ਵੱਟਦੇ ਪੁੱਤਾਂ ਦਾ ਲੋਭੀ ਆਉਂਦੇ ਨਹੀਓਂ ਬਾਜ....

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਦਿਮਾਗੀ ਗੁਲਾਮੀ
ਮੂਲ ਲੇਖਕ : ਰਾਹੁਲ ਸੰਕਰਤਿਆਇਨ
ਅਨੁਵਾਦਕ : ਗੁਰਬਖਸ਼ ਜੱਸ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 78377-18723.

ਰਾਹੁਲ ਸੰਕਰਤਿਆਇਨ 20ਵੀਂ ਸਦੀ ਦੇ ਮਹਾਨ ਚਿੰਤਕਾਂ ਵਿਚੋਂ ਇਕ ਅਜਿਹਾ ਨਾਂਅ ਹੈ, ਜਿਸ ਨੇ ਗਿਆਨ ਖੇਤਰ ਦੇ ਹਰੇਕ ਵਿਸ਼ੇ 'ਤੇ ਆਪਣਾ ਚਿੰਤਨ ਪੇਸ਼ ਕੀਤਾ ਅਤੇ ਆਪਣੀ ਵਿਚਾਰਧਾਰਕ ਪਹੁੰਚ ਸਦਕਾ ਮਨੁੱਖੀ ਹੋਂਦ ਅਤੇ ਹੋਣੀ ਨਾਲ ਜੁੜੇ ਸੰਕਲਪਾਂ ਬਾਰੇ ਨਵੀਨ ਅਤੇ ਮੌਲਿਕ ਚਿੰਤਨ ਪੇਸ਼ ਕੀਤਾ। 'ਦਿਮਾਗੀ ਗੁਲਾਮੀ' ਪੁਸਤਕ ਵੀ ਰਾਹੁਲ ਸੰਕਰਤਿਆਨ ਦੇ ਚੋਣਵੇਂ ਲੇਖਾਂ ਦਾ ਸੰਗ੍ਰਹਿ ਹੈ, ਜਿਸ ਦਾ ਅਨੁਵਾਦ ਪੰਜਾਬੀ ਵਿਚ ਗੁਰਬਖ਼ਸ਼ ਜੱਸ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਵਿਚ ਗੁਰਬਖਸ਼ ਸਿੰਘ ਜੱਸ ਦੁਆਰਾ ਰਾਹੁਲ ਸੰਕਰਤਿਆਇਨ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਭੂਮਿਕਾ ਦੇ ਰੂਪ ਵਿਚ ਲਿਖੇ ਲੇਖ ਤੋਂ ਇਲਾਵਾ ਕੁੱਲ 15 ਲੇਖ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਮਨੁੱਖ ਨੂੰ ਜਾਗਰੂਕ ਕਰਕੇ ਮਨੁੱਖੀ ਹੋਂਦ ਨਾਲ ਜੁੜੇ ਉਨ੍ਹਾਂ ਮਸਲਿਆਂ ਦੇ ਰੂਬਰੂ ਕਰਦੇ ਹਨ, ਜਿਨ੍ਹਾਂ ਤੋਂ ਕਈ ਵਾਰ ਅਸੀਂ ਅਗਿਆਨਤਾ ਵੱਸ ਮੂੰਹ ਹੀ ਮੋੜੀ ਰੱਖਦੇ ਹਾਂ। ਇਨ੍ਹਾਂ ਲੇਖਾਂ ਵਿਚ ਜਿਥੇ ਸਾਡੀ ਸੌੜੀ ਸੋਚ ਅਤੇ ਅਗਿਆਨਤਾ ਵੱਸ ਸਮਾਜ ਵਿਚ ਫੈਲੇ ਅੰਧਕਾਰ ਦੇ ਪਰੀਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਉਥੇ ਦਿਖਾਵੇ ਦਾ ਧਰਮ, ਸਦਾਚਾਰ, ਜਾਤ-ਪਾਤ ਦਾ ਕੋਹੜ, ਔਰਤਾਂ ਨਾਲ ਜੁੜੇ ਮਸਲਿਆਂ ਨੂੰ ਤਰਕ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ।
ਲੇਖਕ ਦਾ ਮੱਤ ਅਸਲ ਵਿਚ ਇਹ ਹੈ ਕਿ ਹਰੇਕ ਚਿੰਤਨ ਦੀ ਪਰਿਭਾਸ਼ਾ ਦੀ ਤਹਿ ਥੱਲੇ ਛੁਪੇ ਅਰਥਾਂ ਨੂੰ ਲੱਭਣ ਅਤੇ ਖੋਜਣ ਦੀ ਲੋੜ ਹੈ, ਅੰਧ ਵਿਸ਼ਵਾਸੀ ਬਿਰਤੀ ਮਨੁੱਖ ਨੂੰ ਗਿਆਨ ਤੋਂ ਦੂਰ ਲੈ ਜਾਂਦੀ ਹੈ। ਇਸ ਪੁਸਤਕ ਵਿਚ ਇਸ ਵਿਚਾਰ ਦੀ ਵੀ ਪ੍ਰੋੜ੍ਹਤਾ ਕੀਤੀ ਗਈ ਹੈ ਕਿ ਕਈ ਵਾਰੀ ਅੱਧ-ਕੱਚਾ ਗਿਆਨ ਵੀ ਮਨੁੱਖ ਨੂੰ ਅਸਲੀਅਤ ਤੋਂ ਦੂਰ ਲੈ ਜਾਂਦਾ ਹੈ। ਲੇਖਕ ਨੇ ਆਪਣੇ ਲੇਖਾਂ ਵਿਚ ਰੌਚਿਕਤਾ ਭਰਨ ਲਈ ਦੈਨਿਕ ਜੀਵਨ ਵਿਚੋਂ ਉਦਾਹਰਨਾਂ ਲੈ ਕੇ ਆਪਣੇ ਮੱਤ ਨੂੰ ਸਪੱਸ਼ਟ ਕੀਤਾ ਹੈ। ਇਸ ਪੁਸਤਕ ਵਿਚਲੇ ਸਾਰੇ ਹੀ ਲੇਖ ਦਿਲਚਸਪ ਅਤੇ ਗਿਆਨਵਰਧਕ ਹਨ, ਕਿਉਂਕਿ ਜਗਿਆਸੂ ਬਿਰਤੀ ਵਾਲੀ ਮਾਨਸਿਕਤਾ ਵਿਚ ਇਹ ਇਕ ਸੰਵਾਦੀ ਸੁਰ ਛੇੜਦੇ ਹਨ, ਅਨੁਵਾਦਕ ਦੀ ਮਿਹਨਤ ਇਸ ਪੁਸਤਕ ਵਿਚੋਂ ਸਾਫ਼ ਝਲਕਦੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

09-03-2019

 ਮਨਮੋਹਨ ਬਾਵਾ ਦਾ ਨਾਵਲ ਜਗਤ
ਇਤਿਹਾਸ ਦੀ ਪੁਨਰ-ਸਿਰਜਣਾ ਦਾ ਪ੍ਰਵਚਨ
ਲੇਖਕ : ਡਾ: ਹਰਿੰਦਰ ਸਿੰਘ ਤੁੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 176
ਸੰਪਰਕ : 81465-42810.

ਹਥਲੀ ਪੁਸਤਕ ਪੰਜਾਬੀ ਗਲਪ ਸਾਹਿਤ ਨੂੰ ਨਵੀਨ ਮੁਹਾਂਦਰਾ ਦੇਣ ਵਾਲੇ ਬਹੁਪੱਖੀ ਸਾਹਿਤਕ ਵਿਧਾਵਾਂ 'ਤੇ ਸਫ਼ਲਤਾਪੂਰਵਕ ਕਲਮ ਦੀ ਪੈਂਠ ਸਥਾਪਿਤ ਕਰਨ ਵਾਲੇ ਲੇਖਕ ਮਨਮੋਹਨ ਬਾਵਾ ਦੇ ਪੰਜ ਨਾਵਲਾਂ ਦਾ ਨੇੜਿਉਂ ਪੁਖਤਾ ਅਧਿਐਨ ਸਾਹਮਣੇ ਲਿਆਉਂਦੀ ਹੈ। ਇਕ-ਇਕ ਨਾਵਲ ਵਿਚੋਂ ਉੱਭਰਦੇ ਨਵੀਨ ਸਰੋਕਾਰਾਂ ਦਾ ਉਥਾਨ ਕੀਤਾ ਗਿਆ ਹੈ। 'ਯੁੱਧ ਨਾਦ' ਨੂੰ ਅਣਗੌਲੇ ਨਾਇਕਾਂ ਦੀ ਪਛਾਣ ਵਜੋਂ ਉਭਾਰੇ ਗਏ ਸਰੋਕਾਰਾਂ ਨੂੰ ਖੋਜੀ ਵਿਦਵਾਨ ਨੇ ਅਣਗੌਲੇ ਨਾਇਕਾਂ ਦੀ ਪਛਾਣ ਦਰਸਾਇਆ ਹੈ। ਇਸ ਵਿਚ ਸਿਕੰਦਰ ਮਹਾਨ ਨੂੰ ਮਹਾਨ ਨਹੀਂ ਸਗੋਂ ਜਾਬਰ, ਜ਼ਿੱਦੀ, ਹੈਵਾਨ, ਦਰਿੰਦਾ, ਐਸ਼ਪ੍ਰਸਤ, ਮਨੁੱਖਤਾ ਦਾ ਘਾਣ ਕਰਨ ਵਾਲਾ ਵਜੋਂ ਪਛਾਣਿਆ ਹੈ।
ਸਾਈਥੀਆਈ ਕਬੀਲੇ ਦੇ ਮੁੱਠੀ ਭਰ ਲੋਕਾਂ ਦੁਆਰਾ ਸਿਕੰਦਰ ਦੀ ਈਨ ਨਾ ਮੰਨਣਾ ਅਤੇ ਭਾਰਤੀ ਸੂਰਬੀਰਾਂ ਵਲੋਂ ਵੀ ਅਜਿਹਾ ਕਰਨਾ, ਜਿਹੇ ਜਿਨ੍ਹਾਂ ਪਹਿਲੂਆਂ ਨੂੰ ਮਨਮੋਹਨ ਬਾਵਾ ਨੇ ਪੇਸ਼ ਕੀਤਾ ਸੀ, ਉਨ੍ਹਾਂ ਦੀ ਚੰਗੀ ਪਛਾਣ ਇਸ ਪੁਸਤਕ 'ਚੋਂ ਮਿਲਦੀ ਹੈ। ਇਸੇ ਤਰ੍ਹਾਂ ਬਾਵਾ ਜੀ ਦੇ ਨਾਵਲ 'ਅਫ਼ਗਾਨਿਸਤਾਨ ਦੀ ਉਰਸੁਲਾ' ਵਿਚ ਜੋ ਨਵੀਨ ਇਤਿਹਾਸਕ ਤੱਥ ਉੱਭਰਦੇ ਹਨ, ਉਨ੍ਹਾਂ ਸਭਨਾਂ ਨੂੰ ਬਾਰੀਕੀ ਨਾਲ ਘੋਖਿਆ ਹੈ। ਨਾਵਲ 'ਯੁੱਗ ਅੰਤ' ਸਿੱਖ ਰਾਜ ਦੇ ਪਤਨ ਦੇ ਬਿਰਤਾਂਤ ਦਾ ਜਿਸ ਕਦਰ ਚਿਤਰਣ ਹੈ, ਸਭ ਘਟਨਾਵਾਂ, ਸਥਾਨਾਂ, ਪੁਰਸ਼ਾਂ ਦਿਆਂ ਮਾੜੇ ਕਾਰਨਾਮਿਆਂ ਦੇ ਅੰਤਰਗਤ ਪਛਾਣਿਆ ਹੈ। ਨਾਵਲ '1857 ਦਿੱਲੀ ਦਿੱਲੀ' ਸਿੱਖਾਂ ਦੇ ਸੰਘਰਸ਼ ਦੀ ਦਾਸਤਾਨ ਦੀ ਪਛਾਣ ਬਣਾ ਕੇ ਸੰਪੰਨ ਗਾਲਪਨਿਕ ਖੋਜ-ਵਿਧੀ ਦਾ ਪ੍ਰਗਟਾਵਾ ਜਾਪਦਾ ਹੈ।
ਪੁਸਤਕ ਦਾ ਪੰਜਵਾਂ ਕਾਂਡ 'ਕਾਲ ਕਥਾ ਹਿੰਦ' ਅਫ਼ਗਾਨਿਸਤਾਨ ਦੀ ਗਾਥਾ ਵਜੋਂ ਅਧਿਐਨ ਦਾ ਸਰੋਤ ਬਣਾਇਆ ਗਿਆ ਹੈ। ਲੇਖਕ ਦਾ ਕਥਨ ਸਹੀ ਹੈ ਕਿ ਨਾਵਲ ਦੀ ਗਲਪੀ ਵਿਸ਼ਾਲਤਾ ਮਨੁੱਖੀ ਜੀਵਨ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਦੀ ਪੂਰਤੀ ਨੂੰ ਇਤਿਹਾਸਕ ਰੂਪ 'ਚ ਸਮਝਣ ਦਾ ਸਫ਼ਲ ਯਤਨ ਹੈ। ਨਿਰਸੰਦੇਹ, ਇਹ ਪੁਸਤਕ ਮਨਮੋਹਨ ਬਾਵਾ ਦੇ ਨਾਵਲਾਂ ਨੂੰ ਨਵੇਂ ਅਧਿਐਨ ਮਾਡਲ ਤੋਂ ਪਰਖਦੀ ਹੋਈ ਪ੍ਰਤੀਤ ਹੋਈ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਮਾਰੇ ਜਾਣਗੇ
ਕਵੀ : ਰਾਜੇਸ਼ ਜੋਸ਼ੀ
ਅਨੁਵਾਦਕ : ਅਮਰਜੀਤ ਕੌਂਕੇ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 094245-79277.

ਰਾਜੇਸ਼ ਜੋਸ਼ੀ ਭੁਪਾਲ (ਮੱਧ ਪ੍ਰਦੇਸ਼) ਦਾ ਇਕ ਪ੍ਰਤੀਨਿਧ ਹਿੰਦੀ ਕਵੀ ਹੈ। ਪੰਜਾਬੀ ਦੇ ਪ੍ਰਮੁੱਖ ਯੁਵਾ ਸ਼ਾਇਰ ਅਮਰਜੀਤ ਕੌਂਕੇ ਨੇ ਉਸ ਦੀਆਂ ਕੁਝ ਕਵਿਤਾਵਾਂ ਨੂੰ 'ਮਾਰੇ ਜਾਣਗੇ' ਦੇ ਸਿਰਲੇਖ ਹੇਠ ਅਨੁਵਾਦਿਤ ਕੀਤਾ ਹੈ। ਰਾਜੇਸ਼ ਜੋਸ਼ੀ ਦੇਖ ਰਿਹਾ ਹੈ ਕਿ ਸਮਕਾਲੀ ਰਾਜਨੀਤੀ ਦੇ ਇਕ ਦੁਖਦ ਪ੍ਰਸੰਗ ਦੁਆਰਾ ਵਖਰੇਪਣ ਨੂੰ ਖ਼ਤਮ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਸੱਤਾਧਾਰੀ ਧਿਰ ਇਹ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਲੋਕ ਉਸ ਵਾਂਗ ਸੋਚਣ, ਖਾਣ, ਪੀਣ ਅਤੇ ਪਹਿਨਣ। ਵਿਰੋਧ ਕਰਨ ਵਾਲੇ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਰਾਜੇਸ਼ ਜੋਸ਼ੀ ਲਿਖਦਾ ਹੈ, 'ਜੋ ਇਸ ਪਾਗਲਪਣ ਵਿਚ ਸ਼ਾਮਿਲ ਨਹੀਂ ਹੋਣਗੇ, ਮਾਰੇ ਜਾਣਗੇ। ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕਿਸੇ ਦੀ ਕਮੀਜ਼ ਹੈ ਉਨ੍ਹਾਂ ਦੀ ਕਮੀਜ਼ ਤੋਂ ਵੱਧ ਸਫ਼ੈਦ/ਕਮੀਜ਼ 'ਤੇ ਜਿਨ੍ਹਾਂ ਦੇ ਦਾਗ਼ ਨਹੀਂ ਹੋਣਗੇ, ਮਾਰੇ ਜਾਣਗੇ। ਧੱਕ ਦਿੱਤੇ ਜਾਣਗੇ ਕਲਾ ਦੀ ਦੁਨੀਆ ਤੋਂ ਬਾਹਰ/ਜੋ ਚਾਪਲੂਸ ਨਹੀਂ ਹੋਣਗੇ, ਜੋ ਗੁਣ ਨਹੀਂ ਗਾਉਣਗੇ/ਮਾਰੇ ਜਾਣਗੇ। ਧਰਮ ਦਾ ਝੰਡਾ ਚੁੱਕੀ ਜੋ ਨਹੀਂ ਜਾਣਗੇ ਜਲੂਸ ਵਿਚ/ਗੋਲੀਆਂ ਭੁੰਨ ਦੇਣਗੀਆਂ।' (ਪੰਨਾ 9)
ਰਾਜੇਸ਼ ਜੋਸ਼ੀ ਭਾਰਤੀ ਜਨਜੀਵਨ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਬੜੀ ਗਹੁ ਨਾਲ ਦੇਖਦਾ ਹੈ। ਉਹ ਭਾਰਤ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਚਿਤਰਨ-ਨਿਰੂਪਣ ਬੜੀ ਹਮਦਰਦੀ ਨਾਲ ਕਰਦਾ ਹੈ। ਇਸ ਪ੍ਰਸੰਗ ਵਿਚ ਉਸ ਦੀ ਇਕ ਕਵਿਤਾ 'ਬਿਜਲੀ ਠੀਕ ਕਰਨ ਵਾਲੇ' ਬੜਾ ਮਾਰਮਿਕ ਪ੍ਰਭਾਵ ਛੱਡਦੀ ਹੈ। 'ਮੈਂ ਉੱਡ ਜਾਵਾਂਗਾ' ਵਿਚ ਕਵੀ ਅਜੋਕੀ ਦੁਨੀਆ ਤੋਂ ਆਪਣੀ ਬੇਜ਼ਾਰੀ ਪ੍ਰਗਟ ਕਰਦਾ ਹੈ।
ਇਸ ਕਵੀ ਦੀਆਂ ਬਹੁਤੀਆਂ ਕਵਿਤਾਵਾਂ ਪੈਰਾਫਰੇਜ਼ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸਮਝਾਇਆ ਨਹੀਂ ਜਾ ਸਕਦਾ। 'ਸ਼ਹਿਦ ਜਦੋਂ ਪੱਕੇਗਾ' ਉਸ ਦੀ ਇਕ ਹੋਰ ਬੜੀ ਖੂਬਸੂਰਤ ਨਜ਼ਮ ਹੈ, ਜਿਸ ਵਿਚ ਕਵੀ ਆਪਣੀ ਪ੍ਰੇਮਿਕਾ ਨਾਲ ਕੁਝ ਦਿਨ ਪ੍ਰਕਿਰਤੀ ਦੇ ਅੰਗ-ਸੰਗ ਜਿਊਣਾ ਚਾਹੁੰਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਪੈਰਾਡਾਕਸੀਕਲ ਵੀ ਹਨ। ਕਵੀ ਜੀਵਨ ਦੀਆਂ ਵਿਡੰਬਨਾਵਾਂ-ਵਿਸੰਗਤੀਆਂ ਨੂੰ ਬੜੇ ਸਹਿਜ ਅੰਦਾਜ਼ ਨਾਲ ਬਿਆਨ ਕਰਨ ਦੀ ਸਮਰੱਥਾ ਰੱਖਦਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਵਿਚਾਰੇ ਧੀਆਂ ਵਾਲੇ
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ : ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : ਭੇਟਾ ਰਹਿਤ, ਸਫ਼ੇ : 24
ਸੰਪਰਕ : 98159-26489.

ਇਸ ਵਿਚ ਲੇਖਿਕਾ ਅਮਰ ਕੌਰ ਬੇਦੀ ਵਲੋਂ ਰਚੇ ਗਏ ਦੋ ਛੋਟੇ ਨਾਟਕ ਸ਼ਾਮਿਲ ਕੀਤੇ ਗਏ ਹਨ। ਇਸ ਥੋੜ੍ਹੇ ਪੰਨਿਆਂ ਦੀ ਪੁਸਤਕ ਵਿਚ ਇਹੋ ਸੁਨੇਹਾ ਹੈ ਕਿ ਸਮਾਜ ਵਿਚ ਰਹਿੰਦਿਆਂ ਜਦੋਂ ਸਮਾਜ ਵਿਚੋਂ ਆਪਸੀ ਭਾਈਚਾਰਾ, ਦੁੱਖ-ਸੁੱਖ ਵੰਡਾਉਣ ਦੀ ਭਾਵਨਾ ਮੁੱਕ ਜਾਂਦੀ ਹੈ, ਤਾਂ ਮਨੁੱਖ ਹੈਵਾਨ ਬਣ ਜਾਂਦਾ ਹੈ। ਸਮਾਜ ਵਿਚ ਰਹਿਣ ਵਾਲੇ ਹਰ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਰਹੇ। ਸਮਾਜ ਦਾ ਇਕ ਮਹੱਤਵਪੂਰਨ ਪਹਿਲੂ ਔਰਤ-ਮਰਦ ਦਾ ਸੁਖਾਵਾਂ ਰਿਸ਼ਤਾ ਹੈ, ਇਸ ਰਿਸ਼ਤੇ ਵਿਚ ਲੋਭ, ਡਰ, ਲਾਲਸਾ ਤੇ ਵੈਰ ਵਰਗੇ ਸ਼ਬਦਾਂ ਦਾ ਮਨੁੱਖੀ ਦਿਮਾਗ ਵਿਚ ਆਉਣਾ ਹੀ ਘਰ ਅਤੇ ਸਮਾਜੀ ਜੀਵਨ ਨੂੰ ਖ਼ਤਮ ਕਰ ਦਿੰਦਾ ਹੈ।
ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਔਰਤ ਨੂੰ ਦੂਜੇ ਦਰਜੇ ਦਾ ਵਿਅਕਤੀ ਜਾਣਨਾ, ਪੈਰ ਦੀ ਜੁੱਤੀ ਜਾਂ ਬੇਅਕਲੀ ਕਹਿਣਾ, ਸਮਾਜ ਵਿਚ ਵਸਣ ਵਾਲੇ ਹਰ ਸ਼ਹਿਰੀ ਦੀ ਸੋਚ ਦਾ ਦਿਵਾਲੀਆ ਹੋਣਾ ਹੈ। ਇਸੇ ਮੁਢਲੀ ਬੁਰਾਈ ਨੂੰ ਲੈ ਕੇ ਦੋਵਾਂ ਨਾਟਕਾਂ 'ਵਿਚਾਰੇ ਧੀਆਂ ਵਾਲੇ' ਅਤੇ 'ਪੁਕਾਰ' ਦੇ ਭਾਵ-ਪੂਰਤ ਵਿਸ਼ੇ ਹਨ। ਦੋਵਾਂ ਨਾਟਕਾਂ ਵਿਚ ਔਰਤ ਦੀ ਬਦਹਾਲ ਜ਼ਿੰਦਗੀ ਦੀ ਤਸਵੀਰ ਹੈ। ਪੁਰਸ਼ ਦੀ ਮਾਨਸਿਕਤਾ, ਲਾਲਚੀ ਬਿਰਤੀ, ਦੋਗਲੀ ਸੋਚ ਦਾ ਪ੍ਰਗਟਾਵਾ ਹੈ ਲੇਖਿਕਾ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਦਰਦ ਨੂੰ ਕਲਮ ਰਾਹੀਂ ਲੋਕ ਕਚਹਿਰੀ ਵਿਚ ਪੇਸ਼ ਕਰਨਾ ਇਕ ਵਧੀਆ ਉਪਰਾਲਾ ਹੈ।

ਂਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਸ਼ੇਖ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ
ਜੀਵਨ ਤੇ ਰਚਨਾ

ਲੇਖਕ : ਡਾ: ਬਲਦੇਵ ਸਿੰਘ ਬੱਦਨ ਤੇ ਡਾ: ਧਰਮ ਪਾਲ ਸਿੰਗਲ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 500 ਰੁਪਏ, ਸਫ਼ੇ : 548

ਡਾ: ਬੱਦਨ ਨਿਰੰਤਰ ਨਿਠ ਕੇ ਚੁੱਪ-ਚਾਪ ਪੜ੍ਹਨ ਲਿਖਣ ਵਾਲਾ ਲੇਖਕ ਹੈ। ਵਿਚਾਰ ਅਧੀਨ ਪੁਸਤਕ ਦਾ ਬਹੁਤਾ ਕਾਰਜ ਡਾ: ਬੱਦਨ ਨੇ ਆਪ ਹੀ ਕੀਤਾ ਹੈ, ਪਰ ਆਪਣੇ ਵਿਛੜੇ ਸਨੇਹੀ ਡਾ: ਸਿੰਗਲ ਦੇ ਮਾਣ ਸਨੇਹ ਤੇ ਸ਼ਰਧਾ ਦੇ ਪ੍ਰਤੀਕ ਵਜੋਂ ਡਾ: ਸਿੰਗਲ ਦਾ ਨਾਂਅ ਸਹਿ ਲੇਖਕ ਵਜੋਂ ਸ਼ਾਮਿਲ ਕੀਤਾ ਹੈ। ਸੂਫ਼ੀ ਕਵੀਆਂ ਬਾਰੇ ਡਾ: ਸਿੰਗਲ ਕਾਫੀ ਕੁਝ ਸਾਂਝੇ ਰੂਪ ਵਿਚ ਸਮੇਂ-ਸਮੇਂ ਪਹਿਲਾਂ ਵੀ ਪ੍ਰਕਾਸ਼ਿਤ ਕਰਵਾਉਂਦੇ ਰਹੇ ਹਨ।
ਇਹ ਪੁਸਤਕ ਪੰਜਾਬੀ ਦੇ ਤਿੰਨ ਪ੍ਰਮੁੱਖ ਸੂਫ਼ੀਆਂ ਬਾਬਾ ਫ਼ਰੀਦ, ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਬਾਰੇ ਇਕ ਪ੍ਰਕਾਰ ਦਾ ਹਵਾਲਾ ਗ੍ਰੰਥ ਹੈ। ਇਨ੍ਹਾਂ ਦੇ ਜੀਵਨ ਤੇ ਰਚਨਾਵਾਂ ਬਾਰੇ ਹਰ ਕਿਸਮ ਦੇ ਵਿਵਾਦ/ਸੰਵਾਦ/ਮੁੱਦੇ ਦੀ ਗੱਲ ਇਸ ਵਿਚ ਤਫ਼ਸੀਲ ਨਾਲ ਪੇਸ਼ ਹੈ। ਹਵਾਲਿਆਂ ਸਹਿਤ ਆਲੋਚਨਾ ਤੇ ਮੈਟਾ ਆਲੋਚਨਾ ਉਪਰੰਤ ਨਿਰਣੇ ਹਨ ਤਿੰਨੇ ਹੀ ਸੂਫ਼ੀਆਂ ਬਾਰੇ। ਬਾਬਾ ਫ਼ਰੀਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਬਾਣੀ ਤੋਂ ਬਿਨਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਉਨ੍ਹਾਂ ਦੀ ਬਾਣੀ, ਉਨ੍ਹਾਂ ਦਾ ਪਧਤੀਨਾਮਾ ਪੇਸ਼ ਹੈ। ਮਸਲੇ ਸ਼ੇਖ ਫ਼ਰੀਦ ਕੇ ਦਾ ਇਕ ਮਸਲਾ ਵੀ ਨਮੂਨੇ ਵਜੋਂ ਦਿੱਤਾ ਗਿਆ ਹੈ। ਸ਼ਾਹ ਹੁਸੈਨ ਤੇ ਮਾਧੋ ਲਾਲ ਬਾਰੇ ਵਿਵਾਦ, ਕਾਫੀ ਤੇ ਕਾਵਿ ਰੂਪ/ਰਾਗ ਬਾਰੇ ਵਿਵਾਦ, ਹੁਸੈਨ ਦੀ ਮੁਲਾਮਤੀ ਜੀਵਨਸ਼ੈਲੀ ਤੇ ਉਸ ਦੀ ਸੂਫ਼ੀ ਸੰਪਰਦਾਇ/ ਵਿਚਾਰਧਾਰਾ/ ਕਿੱਤੇ/ਕਾਫ਼ੀਆਂ ਦੀ ਗਿਣਤੀ ਬਾਰੇ ਚਰਚਾ ਹੈ। ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ, ਸਮਕਾਲੀ ਹਾਲਾਤ ਤੇ ਉਨ੍ਹਾਂ ਬਾਰੇ ਉਸ ਦੀ ਸੋਚ ਨਾਲ ਜੁੜੇ ਨੁਕਤੇ ਵਿਸਤਾਰ ਨਾਲ ਫਰੋਲੇ ਗਏ ਹਨ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦਾ ਭਰੋਸੇਯੋਗ ਤੇ ਸੰਪੂਰਨ ਕਲਾਮ ਇਸ ਪੁਸਤਕ ਦਾ ਅੰਗ ਹੈ। ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦਾ ਸੰਗ੍ਰਹਿ ਹੀ ਨਹੀਂ, ਅਠਵਾਰਾ, ਗੰਢਾਂ, ਬਾਰਾਮਾਹ, ਦੋਹੜੇ ਤੇ ਸ਼ੀਹਰਫ਼ੀਆਂ ਵੀ ਪ੍ਰਾਪਤ ਹਨ। ਸੂਫ਼ੀ ਸਾਹਿਤ ਦੇ ਪ੍ਰਾਥਮਿਕ ਦੁਜੈਲੇ ਸ੍ਰੋਤਾਂ ਦੇ ਵੇਰਵੇ ਵੀ ਇਸ ਮੁੱਲਵਾਨ ਗ੍ਰੰਥ ਵਿਚ ਪ੍ਰਾਪਤ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸ਼ਿਕਵੇ ਸ਼ਿਕਾਇਤਾਂ
ਕਵੀ : ਸੁਰਿੰਦਰ ਸਿੰਘ ਸੋਹਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94175-44400.

ਇਸ ਕਾਵਿ-ਸੰਗ੍ਰਹਿ ਵਿਚ ਕਵੀ ਨੇ ਕੁੱਲ 46 ਨਜ਼ਮਾਂ-ਕਵਿਤਾਵਾਂ ਦਰਜ ਕੀਤੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਸਹਿਜੇ ਹੀ ਕਵੀ ਦੀ ਮਨੁੱਖਤਾ ਨੂੰ ਪ੍ਰਨਾਈ ਸੋਚ ਦੇ ਆਤਮਿਕ ਦਰਸ਼ਨ ਕਰਦਾ ਹੈ। ਕਵੀ ਇਨ੍ਹਾਂ ਰਚਨਾਵਾਂ ਵਿਚ ਨਿੱਜ ਦੇ ਘੇਰੇ 'ਚੋਂ ਨਿਕਲ ਕੇ ਸਮਾਜ 'ਚ ਵਸਦੇ ਲੋਕਾਂ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦਾ ਹੋਇਆ, ਇਨ੍ਹਾਂ ਦੁੱਖਾਂ-ਦਰਦਾਂ ਦੇ ਕਾਰਨਾਂ ਵੱਲ ਬੇਬਾਕ ਸ਼ਬਦਾਂ ਰਾਹੀਂ ਇਸ਼ਾਰਾ ਕਰਦਾ ਹੈ। ਇਸੇ ਤਰ੍ਹਾਂ ਮਨੁੱਖੀ ਕਮਜ਼ੋਰੀਆਂ 'ਤੇ ਵੀ ਤਿੱਖੇ ਸ਼ਬਦਾਂ ਨਾਲ ਉਸ ਨੇ ਵਾਰ ਕੀਤੇ ਹਨ। ਦੇਸ਼ ਦੇ ਮੌਜੂਦਾ ਰਾਜਨੀਤਕ ਪ੍ਰਬੰਧਾਂ ਦੇ ਪਾਜ ਉਘਾੜਦਾ ਹੋਇਆ ਕਵੀ ਰਾਜਨੀਤਕ ਲੋਕਾਂ ਦੇ ਕਿਰਦਾਰ 'ਤੇ ਉਂਗਲ ਧਰਦਾ ਹੈ। ਤਕਨੀਕੀ ਪੱਖੋਂ ਉਸ ਦੀਆਂ ਨਜ਼ਮਾਂ-ਕਵਿਤਾਵਾਂ ਦੇ ਸ਼ਬਦ ਸੁਰ-ਲੈਅ-ਤਾਲ 'ਚ ਬੱਝ ਕੇ ਪਾਠਕ ਮਨ 'ਚ ਸੰਗੀਤਕ ਤਰੰਗਾਂ ਛੇੜਨ ਦੇ ਸਮਰੱਥ ਨਜ਼ਰ ਆਉਂਦੇ ਹਨ। 'ਕੁਝ ਨਹੀਂ ਸਾਡੇ ਕੋਲ', 'ਦਾਜ ਨਹੀਂ ਰਕਾਨੇ', 'ਕਾਵਾਂ ਚੁੱਪ ਕਰ ਚੁੱਪ', 'ਦਲਾਲ ਹੀ ਦਲਾਲ', 'ਲੁੱਟਾਂਗੇ ਜਾਂ ਕੁੱਟਾਂਗੇ', 'ਘੱਟ ਨਹੀਂ ਗੁਜ਼ਾਰਦਾ ਜ਼ਮਾਨਾ', 'ਇਥੇ ਕੌਣ ਕਿਸੇ ਦਾ' ਆਦਿ ਕਵਿਤਾਵਾਂ ਸਮੇਂ ਦੇ ਕੌੜੇ ਸੱਚ ਦੇ ਅਨੇਕਾਂ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਜ਼ਮਾਨਾ ਮਾੜਾ, ਦਾਰੂ ਚੰਦਰੀ ਆਦਿ ਰਚਨਾਵਾਂ ਲੋਕਾਂ ਦੇ ਦੁੱਖਾਂ ਨੂੰ ਪੇਸ਼ ਕਰਦੀਆਂ ਹੋਈਆਂ ਪਾਠਕ-ਮਨ ਨੂੰ ਹਲੂਣਦੀਆਂ ਹਨ। ਕਵੀ ਦੀ ਕਾਵਿ ਕਲਾ ਵਿਲੱਖਣ ਅਤੇ ਲਾਜਵਾਬ ਹੈ। ਪੁਸਤਕ ਦੇ ਮੁੱਖ ਬੰਧ ਦੀ ਲੇਖਕਾ ਡਾ: ਸਰੋਜ ਰਾਣੀ ਸ਼ਰਮਾ ਨੇ ਕਿੰਨਾ ਸਹੀ ਲਿਖਿਆ ਹੈ ਕਿ 'ਕਵੀ ਸੁਰਿੰਦਰ ਸਿੰਘ ਸੋਹਣਾ ਸੁਚੇਤ ਹੋ ਕੇ ਸਮਾਜ ਨੂੰ ਸੁਧਾਰਨਾ ਚਾਹੁੰਦਾ ਹੈ। ਇਸੇ ਕਰਕੇ ਹਰੇਕ ਕਵਿਤਾ ਕਿਸੇ ਬੁਰਾਈ ਦੀ ਗੱਲ ਕਰਦੀ ਅਲੋਪ ਹੋ ਚੁੱਕੇ ਨੈਤਿਕ ਮੁੱਲਾਂ ਨੂੰ ਤਲਾਸ਼ਦੀ ਨਜ਼ਰੀਂ ਪੈਂਦੀ ਹੈ।'

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਵਿਸਰਿਆ ਵਿਰਸਾ
ਲੇਖਕ : ਗੁਰਚਰਨ ਸਿੰਘ ਜ਼ਿਲ੍ਹੇਦਾਰ
ਪ੍ਰਕਾਸ਼ਕ : ਓਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 85588-50143.

ਇਸ ਕਾਵਿ ਸੰਗ੍ਰਹਿ ਵਿਚ ਪੰਜਾਬੀ ਵਿਰਸੇ ਦੇ ਵਧੇਰੇ ਵਿਆਹਾਂ ਦੇ, ਬੰਬੀਹਾ, ਸਿੱਠਣੀਆਂ, ਜਾਗੋ, ਨਾਈ ਧੋਈ ਦੇ ਗੀਤਾਂ ਤੋਂ ਲੈ ਕੇ ਉਹ ਸਾਰੇ ਗੀਤ ਸੰਗ੍ਰਹਿ ਕੀਤੇ ਗਏ ਹਨ। ਕਵੀ ਗੁਰਚਰਨ ਸਿੰਘ ਜ਼ਿਲ੍ਹੇਦਾਰ ਪੰਜਾਬੀ ਸੱਭਿਆਚਾਰ ਦੇ ਹਰ ਖੇਤਰ ਦੇ ਨਿੱਕੇ-ਮੋਟੇ ਅੰਗ ਨੂੰ ਪਿਆਰ ਕਰਦਾ ਹੈ। ਇਹੋ ਸੱਭਿਆਚਾਰ ਹੈ, ਜੋ ਲੋਕ ਜੀਵਨ ਦੇ ਹਰ ਔਖੇ-ਸੌਖੇ ਸਮੇਂ ਨੂੰ ਰਮਣੀਕ, ਸੁਹਾਣਾ ਅਤੇ ਮਿਲਾਪੜਾ ਬਣਾਉਂਦਾ ਹੈ। ਉਸ ਦੀ ਪੰਜਾਬੀ ਹੋਣ ਦੇ ਨਾਤੇ, ਪ੍ਰਬਲ ਰੀਝ ਹੈ ਕਿ ਬਦਲਦੇ ਮਾਹੌਲ ਵਿਚ ਅਜੋਕੇ ਤੇ ਭਵਿੱਖ ਵਿਚ ਵੀ ਇਨ੍ਹਾਂ ਲੋਕ ਗੀਤਾਂ ਦੀਆਂ ਸਵਰ ਲਹਿਰੀ ਧੁਨੀਆਂ ਗੂੰਜਦੀਆਂ ਰਹਿਣ। ਇਸ ਪੁਸਤਕ ਵਿਚ ਇਨ੍ਹਾਂ ਵਿਰਸੇ ਦੇ ਅਲੋਪ ਹੋ ਰਹੇ ਗੀਤਾਂ ਤੋਂ ਇਲਾਵਾ, ਲਗਪਗ 40 ਹੋਰ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਵਿਅਕਤੀ ਦੀਆਂ ਪ੍ਰਚੰਡ ਭਾਵਨਾਵਾਂ ਦੀ ਅਭਿਵਿਅਕਤੀ ਹੈ। ਵਿਰਸੇ ਦੇ ਅਲੋਪ ਹੋਣ ਦਾ ਦਰਦ ਹੈ। ਸਮਾਜ ਵਿਚ ਜਾਤ-ਪਾਤ ਦੇ ਹਨੇਰਿਆਂ ਦੀ ਚਿੰਤਾ ਹੈ। ਗ਼ਰੀਬਾਂ ਦੀ ਦਾਸਤਾਨ ਹੈ, ਧਰਤੀ ਦੀ ਪੁਕਾਰ ਹੈ, ਹਉਕੇ ਹਨ, ਲੋਕਾਂ ਨੂੰ ਨਸੀਅਤਾਂ ਦਿੱਤੀਆਂ ਹਨ। ਕਵੀ ਦੀਆਂ ਕੁਝ ਕਵਿਤਾਵਾਂ ਦੇ ਕੁਝ ਨਮੂਨੇ ਪੇਸ਼ ਹਨ :
ੲ 'ਸਰਕਾਰੀ ਅਦਾਰਿਆਂ ਨੂੰ ਨੁੱਕਰੇ ਲਾਇਆ,
ਭਰਤੀ ਕੀਤੀ ਬੰਦ, ਸਟਾਫ ਘਟਾਇਆ,
ਦਸ ਬੰਦਿਆਂ ਦਾ ਕੰਮ ਇਕ ਤੋਂ ਕਰਾਇਆ
ਜਨਤਾ ਨੂੰ ਗਧੀ-ਗੇੜ 'ਚ ਪਾਇਆ।'
ੲ ਨਫ਼ਰਤ ਵਿਚੋਂ ਕੁਝ ਨਹੀਂ ਮਿਲਦਾ
ਕੇਵਲ ਮਿਲੇ ਬੁਰਿਆਈ।
ੲ ਜੱਟ ਖਾਇ ਮਜ਼ਦੂਰ ਨੂੰ, ਜੱਟ ਨੂੰ ਖਾਇ ਸ਼ਾਹ।
ਦੋਵੇਂ ਫਿਰਦੇ ਰੁਲਦੇ, ਅਕਲ ਵਿਹੂਣੇ ਆਹ।
ਕਵੀ ਦੇ ਮਨ ਅੰਦਰ ਬਦਲ ਰਹੇ ਪੰਜਾਬ ਅੰਦਰ 'ਵਿਸਰੇ ਵਿਰਸੇ' ਦਾ ਜਿਥੇ ਦਰਦ ਹੈ ਤੇ ਉਸ ਪ੍ਰਤੀ ਸਨੇਹੀ ਭਾਵਨਾ ਹੈ, ਉਥੇ ਪੰਜਾਬੀ ਸਮਾਜ ਦੇ ਲੋਕ ਜੀਵਨ ਵਿਚ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ, ਪ੍ਰਦੂਸ਼ਣਾਂ, ਅੱਤਵਾਦੀਆਂ, ਰਿਸ਼ਵਤਾਂ, ਬੇਇਮਾਨੀਆਂ ਅਤੇ ਤੇਜ਼-ਤਰਾਰ ਜੀਵਨ ਦੀਆਂ ਦੁਰਘਟਨਾਵਾਂ, ਮਹਿੰਗਾਈ ਆਦਿ ਪ੍ਰੇਸ਼ਾਨੀਆਂ ਤੋਂ ਕਵੀ ਚਿੰਤਤ ਹੈ। ਆਪਣੇ ਵਲੋਂ ਸਲਾਹਾਂ ਦੇਣ ਦੇ ਫਰਜ਼ ਨਿਭਾਅ ਰਿਹਾ ਹੈ।
ਵਿਸਰੇ ਵਿਰਸੇ ਪ੍ਰਤੀ ਲਿਖੇ ਇਨ੍ਹਾਂ ਲੋਕ ਗੀਤਾਂ ਦੇ ਇਹ ਨਮੂਨੇ ਭਾਵੇਂ ਖ਼ਤਮ ਹੋ ਰਹੇ ਹਨ ਪਰ ਪੰਜਾਬੀਆਂ ਦਾ ਫ਼ਰਜ਼ ਹੈ ਕਿ ਇਨ੍ਹਾਂ ਨੂੰ ਸੰਭਾਲਣ ਦੇ ਲਈ ਸਾਹਿਤ ਨੂੰ ਮਾਧਿਅਮ ਬਣਾ ਕੇ ਵਿਗਿਆਨਕ ਢੰਗ-ਤਰੀਕੇ ਵਰਤ ਕੇ ਚਿਰਕਾਲੀ ਸੰਭਾਲ ਕਰਨ ਦਾ ਯਤਨ ਕਰਨ।

ਂਡਾ: ਅਮਰ ਕੋਮਲ
ਮੋ: 084378-73565
ਫ ਫ ਫ

ਕੀਵੀਆਂ ਦੇ ਦੇਸ਼
ਲੇਖਕ : ਡਾ: ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 115
ਸੰਪਰਕ : 98158-08506.

ਵਿਚਾਰ ਅਧੀਨ ਪੁਸਤਕ ਡਾ: ਸ਼ਿਆਮ ਸੁੰਦਰ ਦੀਪਤੀ ਦਾ ਵੱਖਰੇ ਅੰਦਾਜ਼ ਵਿਚ ਲਿਖਿਆ ਸਫ਼ਰਨਾਮਾ ਹੈ। ਲੇਖਕ ਨੇ ਇਸ ਸਫ਼ਰਨਾਮੇ ਵਿਚ ਆਪਣੇ ਤਰਕਸ਼ੀਲ ਅਤੇ ਵਿਗਿਆਨਕ ਵਿਚਾਰਾਂ ਦਾ ਸੰਚਾਰ ਖੁੱਲ੍ਹ ਕੇ ਕੀਤਾ ਹੈ, ਜੋ ਗਿਆਨਵਰਧਕ ਵੀ ਹੈ ਅਤੇ ਦਿਲਚਸਪ ਵੀ ਹੈ।
ਇਸ ਸਫ਼ਰਨਾਮੇ ਦੇ 11 ਕਾਂਡ ਹਨਂ1. ਭਾਰਤ ਤੋਂ ਨਿਊਜ਼ੀਲੈਂਡ ਵਾਇਆ ਮਾਓ ਦੇ ਦੇਸ਼, 2. ਚਰਾਂਦਾ ਦਾ ਦੇਸ਼, 3. ਸ਼ੋਸ਼ਣ ਅਤੇ ਉਸ ਦੇ ਵਿਰੋਧ ਵਿਚ ਸਰਗਰਮੀਆਂ, 4. ਸੱਭਿਆਚਾਰ ਦੀਆਂ ਜੜ੍ਹਾਂ ਤੇ ਜਕੜ, 5. ਵਿੱਦਿਆ ਦੀ ਸਨਅਤ, 6. ਵਿਦੇਸ਼ ਦੀ ਧਰਤੀ 'ਤੇ ਦੇਸ਼ ਦੀ ਸਿਆਸਤ, 7. ਸੰਗੀਤਕ ਸੁਰਾਂ ਅਤੇ ਮਾਰਕਸ, 8. ਤਰਕਸ਼ੀਲ ਸਰਮਾਏਦਾਰ ਅਵਤਾਰ, 9. ਜੈ ਭੀ, ਲਾਲ ਸਲਾਮ ਵਿਚ ਝੂਲਦਾਨ ਧਰਮਪਾਲ, 10. ਕੁਝ ਮੇਲ ਮਿਲਾਪ, ਕੁਝ ਤਫਰੀਹ, 11. ਪਰਵਾਸ : ਸਰੀਰ ਅਤੇ ਮਨ ਦੀ ਉਡਾਰੀ ਦਾ ਫ਼ੈਸਲਾ। ਲੇਖਕ ਬਹੁਤੇ ਦਿਨ ਅਵਤਾਰ ਸਿੰਘ ਕੋਲ ਨਿਆਸ ਕਰਦਾ ਹੈ। ਅਵਤਾਰ ਨੇ ਸੰਘਰਸ਼ਸ਼ੀਲ ਜ਼ਿੰਦਗੀ ਜੀਵੀ ਹੈ। ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਪੰਜ ਕੰਪਨੀਆਂ ਦਾ ਸੰਚਾਲਕ ਹੈ। ਉਹ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਹੈ।
ਉਸ ਦਾ ਸਾਥੀ ਧਰਮਪਾਲ ਮਾਰਕਸੀ ਵਿਚਾਰਾਂ ਦਾ ਮਦਾਅ ਹੈ ਤੇ ਆਮ ਜਨਤਾ ਵਿਚ ਤਰਕਸ਼ੀਲ ਮੈਗਜ਼ੀਨ ਤੇ ਪੁਸਤਕਾਂ ਵੰਡ ਕੇ ਉਨ੍ਹਾਂ ਨੂੰ ਤਰਕਸ਼ੀਲ ਬਣਾਉਣ ਦਾ ਯਤਨ ਕਰਦਾ ਹੈ ਅਤੇ ਸੰਘਰਸ਼ਮਈ ਜ਼ਿੰਦਗੀ ਜੀਅ ਰਿਹਾ ਹੈ। ਲੇਖਕ ਹਮਿਲਟਨ ਅਤੇ ਆਕਲੈਂਡ 'ਚ ਹੋਈਆਂ ਕਾਨਫ਼ਰੰਸਾਂ ਵਿਚ ਆਪਣੇ ਭਾਸ਼ਣਾਂ ਰਾਹੀਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਦਾ ਹੋਕਾ ਦਿੰਦਾ ਹੈ। ਉਹ ਭਾਰਤ ਵਿਚੋਂ ਨਿਊਜ਼ੀਲੈਂਡ ਪੜ੍ਹਨ ਗਏ ਵਿਦਿਆਰਥੀਆਂ ਨਾਲ ਹੋ ਰਹੇ ਸ਼ੋਸ਼ਣ ਦਾ ਵੀ ਵਿਸਥਾਰ ਨਾਲ ਜ਼ਿਕਰ ਕਰਦਾ ਹੈ। ਇਹ ਇਕ ਵਿਚਾਰਸ਼ੀਲ, ਗਿਆਨਵਰਧਕ ਅਤੇ ਮਨੁੱਖ ਨੂੰ ਸੁਚੱਜਾ ਅਤੇ ਖੁਸ਼ੀਆਂ ਭਰਪੂਰ ਜੀਵਨ ਜਿਊਣ ਦੀ ਜਾਚ ਸਿਖਾਉਣ ਵਾਲਾ ਸਫ਼ਰਨਾਮਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472
ਫ ਫ ਫ

03-03-2019

 ਮਨੁੱਖੀ ਤੱਤ
ਵਿਗਿਆਨ ਅਤੇ ਕਲਾ ਦੇ ਸ੍ਰੋਤ

ਮੂਲ : ਜਾਰਜ ਥਾਮਸਨ
ਅਨੁਵਾਦ : ਵਿਨੋਦ ਕੁਮਾਰ
ਪ੍ਰਕਾਸ਼ਕ : ਆਬ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 94631-53296.

ਜਾਰਜ ਥਾਮਸਨ ਦੀ ਸਿਧਾਂਤਕ ਪੁਸਤਕ 'ਦ ਹਿਊਮਨ ਐਸੈਂਸ' ਦਾ ਪੰਜਾਬੀ ਅਨੁਵਾਦ ਹੈ ਇਹ ਕਿਤਾਬ। ਆਦਿ ਮਨੁੱਖ ਤੇ ਉਸ ਦੇ ਪੂਰਵਜ਼ ਓਰਾਂਗ ਊਟਾਨ/ਏਪ/ਚਿੰਪ ਆਦਿ ਤੋਂ ਲੈ ਕੇ ਅਜੋਕੇ ਸਮੇਂ ਦੇ ਵਿਕਸਿਤ ਮਨੁੱਖ ਵਿਚ ਸਮਝ, ਸੋਚ, ਬੋਲ, ਕਿਰਤ, ਕਲਾ ਦੇ ਸਿਧਾਂਤਕ ਆਧਾਰਾਂ ਨੂੰ ਪਦਾਰਥਵਾਦੀ ਲੀਹਾਂ ਉੱਤੇ ਵਿਕਸਿਤ ਹੋ ਕੇ ਸਪੱਸ਼ਟ ਦਵੰਦਵਾਦੀ ਵਿਰੋਧ ਵਿਕਾਸ ਵਾਲੇ ਵਿਗਿਆਨ ਵਿਚ ਪਲਟਦਾ ਵੇਖਦੀ ਵਿਖਾਉਂਦੀ ਹੈ ਇਹ। ਕਿਰਤ, ਲੋਕ ਕਾਵਿ, ਧਰਮ ਜਾਦੂ, ਗੀਤ, ਸੰਗੀਤ, ਨਾਟਕ, ਸਾਹਿਤ ਦੇ ਜਨਮ ਨੂੰ ਇਨ੍ਹਾਂ ਆਧਾਰਾਂ ਉੱਤੇ ਫਰੋਲਦੀ ਹੈ। ਅਧਿਆਤਮਵਾਦ, ਆਦਰਸ਼ਵਾਦ, ਪਦਾਰਥਵਾਦ ਦੇ ਰਿਸ਼ਤੇ ਦਾ ਵਿਸ਼ਲੇਸ਼ਣ ਕਰਦੀ ਹੈ। ਪਾਈਥਾਗੋਰਸ, ਪਲੈਟੋ ਹੀ ਨਹੀਂ ਥੇਲਜ਼ ਅਨੈਕਸੀਮੈਂਡਰ, ਹੇਰਾਕੁਲੀਟਸ, ਪਾਰਮੇਨਾਈਡਜ਼, ਅਰਸਤੂ ਦੇ ਚਿੰਤਨ ਨੂੰ ਲੋੜ ਅਨੁਸਾਰ ਘੋਖਦੀ ਹੋਈ ਕਿਰਤ, ਮਨੁੱਖ ਤੇ ਵਸਤੂ ਦਾ ਮੂਲ ਰਿਸ਼ਤਾ ਉਸਾਰਦੀ ਹੈ। ਇਸੇ ਆਧਾਰ 'ਤੇ ਗੀਤ/ਲੈਅ/ਕਾਵਿ ਦਾ ਉਦਮਮ ਦੇਖਦੀ ਹੈ। ਕਬੀਲਾਈ ਸਮਾਜ ਵਿਚ ਜਾਦੂ ਟੂਣੇ, ਧਰਮ, ਨਾਟਕ ਦਾ ਉਦੈ ਇਸੇ ਪਿਛੋਕੜ ਵਿਚੋਂ ਹੋਇਆ। ਕਿਰਤ ਤੇ ਮਨੁੱਖ ਦੇ ਵਿਜੋਗੇ ਜਾਣ ਨਾਲ ਵਾਧੂ ਮੁੱਲ ਉੱਤੇ ਕਬਜ਼ੇ ਦੀ ਭਾਵਨਾ ਸਿਲਸਿਲੇਵਾਰ ਟੱਕਰ ਨੂੰ ਅੱਗੇ ਤੋਰਦੀ ਹੈ। ਥੀਸਿਜ਼, ਐਂਟੀਥੀਸਿਜ਼, ਸਿੰਥੇਸਿਜ਼ ਦਾ, ਹੀਗਲ ਦਾ ਸਿਧਾਂਤ ਅੰਤ ਮਾਰਕਸ ਦੇ ਦਵੰਦਵਾਦੀ ਪਦਾਰਥਵਾਦ ਵਿਚ ਪਲਟ ਕੇ ਕਲਾ, ਸਾਹਿਤ ਤੇ ਸਮਾਜ ਦੀ ਸਮਝ/ਮੁਲਾਂਕਣ ਦਾ ਹਥਿਆਰ ਬਣਦਾ ਹੈ। ਨਿਸਚੇ ਹੀ ਬੜਾ ਲੰਬਾ ਤੇ ਗੁੰਝਲਦਾਰ ਬਿਰਤਾਂਤ ਹੈ ਇਹ। ਸਾਹਿਤ, ਕਲਾ, ਸਮਾਜ ਤੇ ਸਿਆਸਤ ਨਾਲ ਜੁੜੇ ਮਸਲਿਆਂ ਦੀ ਸਮਝ ਲਈ ਇਹ ਗੁੰਝਲਾਂ ਸਮਝੇ ਬਿਨਾਂ ਗੁਜ਼ਾਰਾ ਨਹੀਂ। ਆਮ ਆਦਮੀ ਦੇ ਸ਼ੋਸ਼ਣ ਦੇ ਜਾਲ ਨੂੰ ਇਹੋ ਜਿਹੀਆਂ ਕਿਤਾਬਾਂ ਹੀ ਸਪੱਸ਼ਟ ਕਰਦੀਆਂ ਹਨ, ਪਰ ਹੁੰਦੀਆਂ ਇਹ ਬੁੱਧੀਜੀਵੀਆਂ, ਪ੍ਰੋਫੈਸਰਾਂ ਲਈ ਹਨ, ਆਮ ਆਦਮੀ ਲਈ ਨਹੀਂ। ਵਿਨੋਦ ਕੁਮਾਰ ਦੇ ਅਨੁਵਾਦ ਨੇ ਇਸ ਨੂੰ ਆਮ ਆਦਮੀ ਦੇ ਨੇੜੇ ਲਿਆ ਦਿੱਤਾ ਹੈ। ਅਨੁਵਾਦ ਦੀ ਥਾਂ ਇਸ ਪੁਸਤਕ ਦੀ ਵਧੇਰੇ ਸਰਲ ਪੁਨਰ ਸਿਰਜਣਾ ਨਾਲ ਇਹ ਕਾਰਜ ਹੋਰ ਚੰਗੀ ਤਰ੍ਹਾਂ ਹੋਣਾ ਸੀ।
ਅਨੁਵਾਦਕ ਨੇ ਹਰ ਸੰਭਵ ਯਤਨ ਇਸ ਪੁਸਤਕ ਦੇ ਵਿਸ਼ੇ ਵਸਤੂ ਨੂੰ ਸਰਲ ਤੇ ਆਮ ਆਦਮੀ ਦੀ ਸਮਝ ਵਿਚ ਆਉਣ ਯੋਗ ਬਣਾਉਣ ਲਈ ਕੀਤਾ ਹੈ ਪਰ ਵਿਸ਼ਾ ਹੈ ਹੀ ਗੰਭੀਰ ਤੇ ਕਠਿਨ। ਕਿਤਾਬ ਮਾਰਕਸ, ਏਂਗਲਜ਼, ਲੈਨਿਨ, ਮਾਓ ਤੇ ਸਟਾਲਿਨ ਦੇ ਹਵਾਲਿਆਂ ਨਾਲ ਭਰਪੂਰ ਹੈ। ਉਹੀ ਇਸ ਚਿੰਤਨ ਦੀ ਮੂਲ ਸੇਧ ਦੇ ਜ਼ਿੰਮੇਵਾਰ ਹਨ। ਸਾਹਿਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਹ ਕਿਤਾਬ ਬਾਰੀਕੀ ਨਾਲ ਪੜ੍ਹਨੀ, ਸਮਝਣੀ ਚਾਹੀਦੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਅੰਧੇ ਕਾ ਨਾਉ ਪਾਰਖੂ
ਲੇਖਕ : ਹਮਦਰਦਵੀਰ ਨੌਸ਼ਹਿਰਵੀ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 94638-08697.

ਲੇਖਕ ਦੀ ਰਚਨਾ ਵਿਚਲੀਆਂ ਕਹਾਣੀਆਂ ਮੌਜੂਦਾ ਸਮਾਜਿਕ ਪ੍ਰਬੰਧ ਵਿਚ ਮਨੁੱਖ ਦੀ ਬਦਤਰ ਹਾਲਤ ਨੂੰ ਪੇਸ਼ ਕਰਦੀਆਂ ਹਨ ਜਿਸ ਵਿਚ ਲੁੱਟ-ਖਸੁੱਟ, ਭ੍ਰਿਸ਼ਟਾਚਾਰ, ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਉਜਾਗਰ ਕੀਤਾ ਗਿਆ ਹੈ। ਕਹਾਣੀਆਂ ਛੋਟੀਆਂ ਹਨ ਪਰ ਵਿਅੰਗ ਬੜਾ ਤਿੱਖਾ ਕੀਤਾ ਹੈ ਜਿਵੇਂ ਕਿ ਬਿਨਾਂ ਕਿਸੇ ਕਸੂਰ ਤੋਂ ਪੁਲਿਸ ਵਲੋਂ ਆਮ ਆਦਮੀ ਦੀ ਲੁੱਟ-ਖੋਹ ਤੇ ਰਿਸ਼ਵਤ ਲੈਣੀ, ਅੰਧ-ਵਿਸ਼ਵਾਸ (ਧਰਤੀ ਹੇਠਲੇ ਲੋਕ), ਨਸ਼ੇ ਵਿਚ ਗਲਤਾਨ ਆਗੂ ਨਸ਼ਾ ਰੋਕੂ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ, ਖੁੱਲ੍ਹੇਆਮ ਸ਼ਰਾਬ ਵੰਡ ਕੇ ਵੋਟਾਂ ਲੈਣੀਆਂ ਤੇ ਗ਼ਰੀਬ ਦੇ ਜੀਵਨ ਨਾਲ ਖਿਲਵਾੜ, ਮਾਪਿਆਂ ਦੀ ਸੇਵਾ ਤੋਂ ਅਵੇਸਲੇ ਪੁੱਤਰ-ਇਹ ਅਜੋਕੀਆਂ ਮਾਰੂ ਬਿਮਾਰੀਆਂ ਹਨ ਸਮਾਜ ਵਿਚ। ਕਹਾਣੀ 'ਕਾਜੂਆਂ ਵਾਲੇ ਸਾਧ' ਹੱਟੇ-ਕੱਟੇ ਸਾਧੂਆਂ ਉੱਤੇ ਵਿਅੰਗ ਹੈ ਤੇ ਦੂਸਰੇ ਪਾਸੇ ਗ਼ਰੀਬ ਦਾ ਬੱਚਾ ਰੋਟੀ ਤੋਂ ਤਰਸ ਰਿਹਾ ਹੁੰਦਾ ਹੈ। ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਪੈਸੇ ਰੂਪੀ ਪਹੀਏ ਦੀ ਜ਼ਰੂਰਤ ਹੁੰਦੀ ਹੈ ਨਹੀਂ ਤਾਂ ਕਰਮਚਾਰੀ ਵਿਹਲੀਆਂ ਖਾਂਦੇ ਹਨ, ਔਰਤਾਂ ਵਿਚ ਪੈਦਾ ਹੋ ਰਹੀ ਜਾਗਰੂਕਤਾ ਰਾਜਸੀ ਆਗੂਆਂ ਲਈ ਖ਼ਤਰਾ (ਯੋਗਾ ਤੇ ਕਰਾਟੇ), ਭ੍ਰਿਸ਼ਟਾਚਾਰੀ ਕਰਮਚਾਰੀ, ਦੇਸ਼ ਵਿਚ ਹਰ ਕੋਈ ਮੰਗਤਾ ਹੈ ਪਰ ਰੂਪ ਵੱਖੋ-ਵੱਖ, ਸਿੱਖਿਆ ਸੰਸਥਾਵਾਂ ਵਾਸਤੇ ਪੈਸੇ ਦੀ ਕਮੀ ਪਰ ਮੰਦਰਾਂ-ਗੁਰਦੁਆਰਿਆਂ ਤੇ ਗਊਸ਼ਾਲਾ ਲਈ ਮੰਤਰੀਆਂ ਕੋਲ ਵਾਧੂ ਪੈਸਾਂਇਹ ਸਾਰੀਆਂ ਬੁਰਾਈਆਂ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ ਜਿਸ ਨੂੰ ਲੇਖਕ ਨੇ ਖੁੱਲ੍ਹ ਕੇ ਪੇਸ਼ ਕੀਤਾ ਹੈ। ਬਹੁਤੀਆਂ ਕਹਾਣੀਆਂ ਵਿਚ ਸ਼ਰਾਬ ਤੇ ਨਸ਼ੇ ਬਾਰੇ ਲਿਖ ਕੇ ਲੇਖਕ ਨੇ ਤਕੜੇ ਵਿਅੰਗ ਕੀਤੇ ਹਨ ਨੇਤਾਵਾਂ, ਵਿਧਾਇਕਾਂ ਤੇ ਆਗੂਆਂ ਉੱਤੇ। ਬਿਰਧ ਆਸ਼ਰਮਾਂ ਵਿਚ ਜੀਵਨ ਬਸਰ ਕਰ ਰਹੇ ਬਜ਼ੁਰਗਾਂ ਦੀ ਮਾਨਸਿਕਤਾ ਤੇ ਬੱਚਿਆਂ ਨੂੰ ਮਿਲਣ ਦੀ ਤਾਂਘ ਨਵੀਂ ਪਨਪ ਰਹੀ ਬੁਰਾਈ ਹੈ ਜੋ ਦਿਨੋ-ਦਿਨ ਵਧ ਰਹੀ ਹੈ (ਖਲਾਅ ਦੀਆਂ ਆਵਾਜ਼ਾਂ), ਅੱਜ ਵਿਆਹ ਸ਼ਾਦੀ ਇਕ ਵਪਾਰ ਬਣਦਾ ਜਾ ਰਿਹਾ ਹੈ ਜਿਸ ਵਿਚ ਮੱਧ ਵਰਗ ਪਿਸ ਰਿਹਾ ਹੈ, ਲੋਕੀ ਐਡ ਦੇ ਕੇ ਵਪਾਰ ਕਰਦੇ ਹਨ, ਸਰਕਾਰੀ ਕਰਮਚਾਰੀ ਨਿਕੰਮੇ (ਘੱਟਾ), ਪੰਜਾਬ ਦੀ ਤੇ ਕਿਸਾਨ ਦੀ ਮਾੜੀ ਹਾਲਤ, ਮਾਪਿਆਂ ਨਾਲ ਰਿਸ਼ਤਾ ਕੇਵਲ ਪੈਸੇ ਦੀ ਖਾਤਰ ਆਦਿ ਅਜਿਹੇ ਵਿਸ਼ੇ ਹਨ, ਜਿਨ੍ਹਾਂ ਨੂੰ ਲੇਖਕ ਨੇ ਬੇਖੌਫ਼ ਹੋ ਕੇ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਸਾਜਨ ਕੀ ਬੇਟੀਆਂ
ਲੇਖਿਕਾ : ਜਸਬੀਰ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 150 ਰੁਪਏ, ਸਫ਼ੇ : 109
ਸੰਪਰਕ : 98152-98459.

ਸਾਜਨ ਕੀ ਬੇਟੀਆਂ ਪੁਸਤਕ ਜਸਬੀਰ ਮਾਨ ਦੀ ਪਲੇਠੀ ਪੁਸਤਕ ਹੈ। ਇਸ ਕਹਾਣੀ ਸੰਗ੍ਰਿਹ ਵਿਚ ਕੁੱਲ 15 ਕਹਾਣੀਆਂ ਹਨ। ਕਹਾਣੀਆਂ ਦਾ ਵਿਸ਼ਾ ਨਾਰੀ ਹੈ। ਸਾਰੀਆਂ ਕਹਾਣੀਆਂ ਔਰਤਾਂ ਦੇ ਇਰਦ-ਗਿਰਦ ਘੁੰਮਦੀਆਂ ਹਨ ਜਿਵੇਂ ਅਸ਼ੀਰਵਾਦ, ਧੋਖਾ, ਢਿੱਡ ਦਾ ਦਰਦ, ਧਰਮ ਦੀ ਧੀ, ਆਖਰੀ ਹਉਂਕਾ, ਫੇਸਬੁੱਕ, ਖੂਹ ਆਦਿ ਕਹਾਣੀਆਂ ਵਿਚ ਔਰਤ ਦੀ ਜ਼ਿੰਦਗੀ ਦੇ ਵੱਖ-ਵੱਖ ਰੂਪ ਦਰਸਾਏ ਹਨ, ਜਿਸ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਹਰ ਔਰਤ ਦੀ ਆਪਣੀ ਮਜਬੂਰੀ ਤੇ ਦਰਦ ਹੈ। ਇਨ੍ਹਾਂ ਕਹਾਣੀਆਂ ਵਿਚ ਜ਼ਿਆਦਾਤਰ ਔਰਤਾਂ ਕੈਨੇਡਾ ਵਿਚ ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਦੀਆਂ ਹਨ ਤੇ ਉਨ੍ਹਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦੀਆਂ ਹਨ। ਕਹਾਣੀਆਂ ਵਿਚਲੇ ਪਾਤਰ ਯਥਾਰਥਕਤਾ ਨੂੰ ਦਰਸਾਉਂਦੇ ਹਨ। ਲੇਖਿਕਾ ਨੇ ਹਰ ਕਹਾਣੀ ਵਿਚ ਬਹੁਤ ਵਧੀਆ ਲੈਅ ਤੇ ਗਤੀ ਨੂੰ ਪਰੋਇਆ ਹੈ। ਇਸ ਤੋਂ ਬਿਨਾਂ ਹੋਰ ਕਹਾਣੀਆਂ ਜਿਵੇਂ ਮੈ ਝੂਠ ਨਹੀ ਬੋਲਾਂਗਾ, ਨਵੀ ਪਨੀਰੀ, ਮਦਰਜ ਡੈਅ, ਵਿਚਾਰੀ ਹਲੀਨਾ ਆਦਿ ਵੀ ਬਹੁਤ ਦਿਲਚਸਪ ਕਹਾਣੀਆਂ ਹਨ। ਪੁਸਤਕ ਦੇ ਸਿਰਲੇਖ ਵਿਚਲੀ ਕਹਾਣੀ ਸਾਜਨ ਕੀ ਬੇਟੀਆਂ ਬਾ ਕਮਾਲ ਕਹਾਣੀ ਹੈ। ਇਸ ਕਹਾਣੀ ਵਿਚਲੀ ਮੈਂ ਪਾਤਰ ਕੇਅਰ ਏਡ ਦਾ ਕੰਮ ਕਰਦੀ ਹੈ। ਕਹਾਣੀ ਵਿਚਲੇ ਪਾਤਰ ਕਰਨਲ ਸਾਹਿਬ ਨੇ ਉਸ ਨੂੰ ਸਾਜਨ ਕੀ ਬੇਟੀਆਂ ਕਹਿ ਕੇ ਸਨਮਾਨਿਆ ਹੈ। ਪੰਨਾ 98 ਤੇ 102 ਇਸ ਕਹਾਣੀ ਵਿਚਲੀਆਂ ਸਤਰਾਂ ਵਿਚ ਹਿੰਦੀ ਤੇ ਪੰਜਾਬੀ ਦਾ ਮਿਸ਼ਰਨ ਹੈ ਲੇਖਕਾ ਦਾ ਲਿਖਣ ਢੰਗ ਨਿਵੇਕਲਾ ਹੈ। ਇਸ ਤਰ੍ਹਾਂ ਇਹ ਕਹਾਣੀਆਂ ਸਾਨੂੰ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ। ਪੁਸਤਕ ਦੀ ਦਿੱਖ ਵਧੀਆ ਹੈ। ਲੇਖਕਾ ਦੀ ਇਸ ਪਹਿਲੀ ਪੁਸਤਕ ਦਾ ਸਵਾਗਤ ਹੈ।

ਂਇੰਦਰਪ੍ਰੀਤ ਕੌਰ
ਮੋ: 98886-90280
ਫ ਫ ਫ

ਤਿੱਪ ਤੇ ਕਾਇਨਾਤ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98151-23900.

ਤਿੱਪ ਤੇ ਕਾਇਨਾਤ ਕਾਵਿ ਸੰਗ੍ਰਹਿ ਮਨਮੋਹਨ ਸਿੰਘ ਦਾਊਂ ਦਾ ਦਸਵਾਂ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਆਪ ਦੀਆਂ 49 ਕਵਿਤਾਵਾਂ ਤਿੰਨ ਭਾਗਾਂ ਵਿਚ ਵੰਡੀਆਂ ਹਨ। ਪਹਿਲਾ ਖੰਡ ਕਵੀ ਦੇ ਮਿਲੇ-ਜੁਲੇ ਭਾਵਾਂ ਦਾ ਪ੍ਰਗਟਾਵਾ ਕਰਦਾ ਹੈ, ਜਿਸ ਵਿਚ ਕਵੀ ਨੇ ਰਿਸ਼ਤਿਆਂ ਦੇ ਕਈ ਸਮੀਕਰਨ ਵੀ ਪ੍ਰਕਿਰਤੀ ਦੇ ਹਵਾਲੇ ਨਾਲ ਪੇਸ਼ ਕੀਤੇ ਹਨ।
ਕੁਦਰਤ, ਬਲਿਹਾਰੀ, ਵਿਸਮਾਦੀ ਰਾਤ ਦੇ ਪਲ, ਪ੍ਰਕਿਰਤੀ ਦੇ ਰੂਬਰੂ ਤਿੜਾਂ, ਧੁੱਪਾਂ ਨਾਲ ਦੋਸਤੀ ਕਵੀ ਦੀ ਪ੍ਰਕਿਰਤੀ ਪ੍ਰਤੀ ਨੇੜਤਾ ਦਾ ਸਹਿਜ ਸੁਭਾਵਿਕ ਪ੍ਰਗਟਾਵਾ ਕਰਨ ਵਾਲੀਆਂ ਕਵਿਤਾਵਾਂ ਹਨ। ਕਵੀ ਨੇ ਸਾਰੰਗੀ ਕਵਿਤਾ ਸਮਾਜ ਦੇ ਬਦਲ ਰਹੇ ਮੁਹਾਂਦਰੇ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ। ਇਹ ਕਵਿਤਾ ਸਮੁੱਚੇ ਸਮਾਜਿਕ ਵਰਤਾਰੇ ਪ੍ਰਤੀ ਕਵੀ ਦੀ ਨਿਰਾਸ਼ਾ ਦਾ ਪ੍ਰਗਟਾਵਾ ਕਰਦੀ ਹੈ ਅਤੇ ਨਾਲ ਹੀ ਇਕ ਆਸ ਵੀ ਪ੍ਰਗਟ ਕਰਦੀ ਹੈ। ਬੰਸਰੀ ਦਾ ਰੁਦਨ ਕਵਿਤਾ ਰਾਹੀਂ ਕਵੀ ਨੇ ਸਮਾਜਿਕ ਅਸਥਿਰਤਾ ਦਾ ਜ਼ਿਕਰ ਕੀਤਾ ਹੈ, ਜੋ ਪਾਠਕ ਨੂੰ ਹਲੂਣਦੀ ਹੈ। ਕਵੀ ਸੱਭਿਆਚਾਰਕ ਦ੍ਰਿਸ਼ਾਂ ਦੀ ਉਸਾਰੀ ਕਰਦਾ ਮਾਨਵੀ ਸੰਵੇਦਨਸ਼ੀਲਤਾ ਪ੍ਰਤੀ ਵੀ ਭਾਵੁਕਤਾ ਪ੍ਰਗਟ ਕਰਦਾ ਹੈ :
ਆਓ ਖੂਹਾਂ ਨੂੰ ਆਵਾਜ਼ਾਂ ਦੇਈਏ
ਧਰਤੀ-ਮਾਂ ਦੀ ਤ੍ਰੇਹ ਬੁਝਾਈਏ
ਫ਼ਸਲਾਂ ਰੁੱਖ ਬੂਟੇ ਪੰਛੀ ਜੀਵ
ਜਾਨਵਰ ਸਰਬੱਤ ਤੇ ਅਸੀਂ ਜਿਊਂਦੇ ਰਹੀਏ!
ਕਵੀ ਮਾਂ ਦੇ ਰਿਸ਼ਤੇ ਪ੍ਰਤੀ ਬਹੁਤ ਹੀ ਭਾਵੁਕ ਹੈ। ਉਸ ਦੇ ਚੇਤਿਆਂ ਵਿਚ ਬਚਪਨ ਵਿਚ ਮਾਂ ਦੀ ਉਕਰੀ ਤਸਵੀਰ ਅੱਜ ਨਿਵੇਕਲੇ ਅਰਥ ਬਿਆਨ ਕਰਦੀ ਜਾਪਦੀ ਹੈ।
ਮੈਨੂੰ ਕਵਿਤਾ ਲਿਖਦੇ ਨੂੰ ਕੰਮੀ ਰੁਝੀ ਮਾਂ ਚੇਤੇ ਆਉਂਦੀ
ਕਿਰਤ ਕਲਾ ਵਿਚ ਵੱਟਦੀ ਤੱਕਦਾ/ਛਾਣਨੀ ਵਾਗੂੰ ਸੱਚ ਛਾਣਦਾ
ਉਜਵਲ ਸੋਚਾਂ ਦੀਆਂ ਕਿਰਨਾਂ ਸ਼ਬਦਾਂ ਦੇ ਸੰਗ੍ਰਹਿ 'ਚੋਂ ਕਵਿਤਾ ਦੀਆਂ ਕਤਾਰਾਂ ਬਣਦੀਆਂ।
'ਕਵਿਤਾ ਦਾ ਤੀਰਥ' ਕਾਵਿ ਰਚਨਾ ਕਵੀ ਦੀਆਂ ਸਮਾਜਿਕ ਚਿੰਤਾਵਾਂ ਦਾ ਪ੍ਰਗਟਾਵਾ ਕਰਦੀ ਹੈ। ਧਰਮ ਦਾ ਬਦਲ ਰਿਹਾ ਸਰੂਪ, ਨਾਰੀ ਦੀ ਸਥਿਤੀ, ਧੀਆਂ ਦਾ ਸ਼ੋਸ਼ਣ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਵਧਦੀ ਮਹਿੰਗਾਈ ਵਿਚ ਮੱਧ ਸ਼੍ਰੇਣੀ ਦੀਆਂ ਸਮੱਸਿਆਵਾਂ ਬਾਰੇ ਵੀ ਕਵੀ ਨੇ ਭਾਵਪੂਰਤ ਨਜ਼ਮਾਂ ਲਿਖੀਆਂ ਹਨ। ਅੱਖਰਾਂ ਦੀ ਇਬਾਰਤ ਕਵਿਤਾ ਕਵੀ ਦੇ ਉਨ੍ਹਾਂ ਪਲਾਂ ਦਾ ਪ੍ਰਗਟਾਵਾ ਹੈ ਜਦ ਉਹ ਅੱਖਰਾਂ ਵਿਚ ਗੁਆਚ ਕੇ ਕਵਿਤਾ ਦੀ ਸਿਰਜਣ ਪ੍ਰਕਿਰਿਆ ਵਿਚ ਪੈ ਜਾਂਦਾ ਹੈ। ਇਸ ਕਾਵਿ ਸੰਗ੍ਰਹਿ ਦਾ ਤੀਜਾ ਭਾਗ ਸਵੇਰ ਵੇਲੇ ਦੇ ਪੰਜ ਦ੍ਰਿਸ਼ ਸ਼ਹਿਰ ਦੀ ਸਵੇਰ, ਸਾਗਰੀ ਸਵੇਰ, ਮਾਰੂਥਲ ਦੀ ਸਵੇਰ, ਪਹਾੜਾਂ ਦਾ ਸਵੇਰਾ, ਪਿੰਡ ਦਾ ਸਵੇਰਾ, ਪੇਂਡੂ, ਸ਼ਹਿਰੀ, ਪਹਾੜੀ, ਮਾਰੂਥਲੀ ਅਤੇ ਸਾਗਰੀ ਦੁਪਹਿਰ ਅਤੇ ਰਾਤ ਦਾ ਦ੍ਰਿਸ਼ ਪ੍ਰਗਟ ਕਰਦੀਆਂ ਪ੍ਰਕਿਰਤੀ ਅਤੇ ਸੱਭਿਆਚਾਰ ਨਾਲ ਜੁੜੀਆਂ ਰਚਨਾਵਾਂ ਹਨ। ਇਸੇ ਤਰ੍ਹਾਂ ਕਵੀ ਨੇ ਇਨ੍ਹਾਂ ਸਾਰੇ ਸਥਾਨਾਂ ਦੇ ਸਫ਼ਰ ਦੀ ਕਲਪਨਾ ਨੂੰ ਵੀ ਪਾਠਕਾਂ ਨਾਲ ਸਾਂਝਾ ਕੀਤਾ ਹੈ। ਸਮੁੱਚੇ ਤੌਰ 'ਤੇ ਇਹ ਕਾਵਿ ਪੁਸਤਕ ਪ੍ਰਕਿਰਤਕ, ਸਮਾਜਿਕ, ਰਾਜਨੀਤਕ ਆਦਿ ਸਰੋਕਾਰਾਂ ਭਰਪੂਰ ਪ੍ਰਭਾਵਸ਼ਾਲੀ ਪੁਸਤਕ ਹੈ।

ਂਪ੍ਰੋ: ਕੁਲਜੀਤ ਕੌਰ
ਫ ਫ ਫ

ਅੰਮ੍ਰਿਤ ਵੇਲਾ
ਕਵੀ : ਪ੍ਰਿੰ: ਹਜ਼ੂਰਾ ਸਿੰਘ
ਸੰਪਾਦਨਾ : ਗੁਰਚਰਨ ਬੱਧਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94192-12801.

ਇਸ ਪੁਸਤਕ ਵਿਚ ਵੱਖ-ਵੱਖ ਸਮਾਜਿਕ, ਆਰਥਿਕ ਅਤੇ ਧਾਰਮਿਕ ਵਿਸ਼ਿਆਂ ਉੱਤੇ ਆਧਾਰਿਤ 54 ਕਵਿਤਾਵਾਂ ਹਨ। ਇਹ ਸਾਰੀਆਂ ਕਵਿਤਾਵਾਂ ਕਵਿਤਾ ਦੀ ਤਕਨੀਕ ਭਾਵ ਨਿਜ਼ਾਮ ਵਿਚ ਹਨ, ਜਿਸ ਕਰਕੇ ਇਹ ਨਜ਼ਮਾਂ ਹਨ। ਪਹਿਲੀ ਕਵਿਤਾ ਚਰਨ ਵੰਦਨਾ ਦੇ ਲਹਿਜ਼ੇ ਵਿਚ ਹੈ :
... ਅਨੰਦ ਵਾਲੀ ਅਵਸਥਾ ਨੂੰ ਜਦੋਂ ਉਹ ਹੈ ਪਾਂਵਦਾ
ਉਹੀ ਵੇਲਾ ਸੁਹਣਾ ਅੰਮ੍ਰਿਤ ਵੇਲਾ ਕਹਾਂਵਦਾ।
ਇਸ ਨਜ਼ਮ ਵਿਚ ਅੰਮ੍ਰਿਤ ਵੇਲੇ ਦੀ ਮਹਿਮਾ ਹੈ ਕਿ ਬੱਚਿਆਂ ਸਮੇਤ ਸਾਰੇ ਲੋਕਾਂ ਨੂੰ ਤੜਕ ਸਾਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਰੱਬ ਦਾ ਨਾਂਅ ਲੈਣਾ ਚਾਹੀਦਾ ਹੈ ਤਾਂ ਕਿ ਸਾਰਾ ਦਿਨ ਚੰਗੇ ਖਿਆਲ ਆਉਣ।
ਅਸਲ ਵਿਚ ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਹੀ ਨਜ਼ਮਾਂ ਸਿੱਖਿਆਦਾਇਕ ਅਤੇ ਨੈਤਿਕਤਾ ਦੀ ਮਹਿਮਾ ਕਰਦੀਆਂ ਹਨ। 'ਇਹ ਸੰਸਾਰ' ਨਾਮੀ ਕਵਿਤਾ ਵਿਚ ਕਵੀ ਲਿਖਦਾ ਹੈ :
ਐ ਬੰਦੇ ਛਡ ਚਤੁਰਾਈਆਂ ਨੂੰ ਸੱਚ ਦਾ ਪੱਲਾ ਫੜ੍ਹ ਲੈ ਤੂੰ।
ਜਨਮ ਤੇਰਾ ਸਫਲ ਹੋ ਜਾਵੇ 'ਹਜ਼ੂਰ' ਤੂੰ ਹੋ ਜਾਵੇ ਰੰਗ ਰੰਗੀਲਾ।
ਪੁਸਤਕ ਵਿਚ ਗ਼ਜ਼ਲਾਂ ਵੀ ਹਨ ਅਤੇ ਉਨ੍ਹਾਂ ਦੇ ਸ਼ਿਅਰ ਉੱਚ ਪਾਏ ਦੇ ਹਨ :
ਧੋਖਾ ਕਰਨ ਜੋ ਆਪਣੇ ਹੀ ਆਖਾਂਗੇ ਕਿਸ ਨੂੰ ਕੀ?
ਹੈ ਦਿਲ ਦੀ ਦਿਲ ਰਹਿ ਗਈ, ਸਕਤੇ 'ਚ ਆ ਗਏ।
ਗਣਤੰਤਰ ਦਿਵਸ ਕਵਿਤਾ ਵਿਚ ਕਵੀ ਲਿਖਦਾ ਹੈ
ਅੱਜ ਦਾ ਦਿਨ ਪਾਵਣ ਲਈ ਸ਼ਹੀਦਾਂ ਖੂਨ ਵਹਾਇਆ ਭਾਰਾ।
ਜਾਨਾਂ ਵੀ ਗਵਾ ਲਈਆਂ ਸਭ ਕੁਝ ਸ਼ਹੀਦਾਂ ਲੁਟਾਇਆ ਸਾਰਾ।
ਇਨ੍ਹਾਂ ਕਵਿਤਾਵਾਂ ਵਿਚ ਵਿਸ਼ਵਾਸ ਦੀ ਜਿੱਤ, ਜੂਆ ਅਤੇ ਨਸ਼ੇ ਦਾ ਨਖੇਧ, ਪੰਜਾਬੀ ਭਾਸ਼ਾ ਦੀ ਉਸਤਤ, ਸੋਲਾਂ ਕਲਾਂ, ਚੌਂਹਠ ਕਲਾਂ, ਚੌਦਾਂ ਕਲਾਂ ਅਤੇ ਕਰਮ ਕਾਂਡਾਂ ਦੀ ਨਿਖੇਧੀ ਕੀਤੀ ਗਈ ਹੈ। ਇਹ ਸਭ ਕਵਿਤਾਵਾਂ ਸਮਾਜ ਨੂੰ ਸੁਧਾਰਨ ਅਤੇ ਆਦਮੀ ਨੂੰ ਇਨਸਾਨੀ ਕਦਰਾਂ-ਕੀਮਤਾਂ ਅਪਣਾਉਣ ਦੀ ਸਿੱਖਿਆ ਦਿੰਦੀਆਂ ਹਨ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਦਸ ਪਾਤਸ਼ਾਹੀਆਂ ਦੀ ਸਮਾਜ ਤੇ ਮਨੁੱਖਤਾ ਨੂੰ ਦੇਣ
ਸੰਪਾਦਕ : ਡਾ: ਸੁਖਜਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 94175-86667.

ਡਾ: ਸੁਖਜਿੰਦਰ ਕੌਰ ਦੁਆਰਾ ਸੰਪਾਦਿਤ ਕੀਤੀ ਪੁਸਤਕ 'ਦਸ ਪਾਤਸ਼ਾਹੀਆਂ ਦੀ ਸਮਾਜ ਤੇ ਮਨੁੱਖਤਾ ਨੂੰ ਦੇਣ' ਡਾ: ਤਰਲੋਚਨ ਸਿੰਘ ਦੁਆਰਾ ਲਿਖੀ ਪੁਸਤਕ 'ਦਸ ਪਾਤਸ਼ਾਹੀਆਂ (ਗੁਰ ਇਤਿਹਾਸ ਸੰਖੇਪ ਵਿਚ)' 'ਤੇ ਲਿਖੀ ਸਮੀਖਿਅਕ ਪੁਸਤਕ ਹੈ, ਜਿਸ ਵਿਚ ਡਾ: ਤਰਲੋਚਨ ਸਿੰਘ ਦੀ ਉਪਰੋਕਤ ਪੁਸਤਕ ਬਾਰੇ ਵੱਖ-ਵੱਖ ਵਿਦਵਾਨਾਂ ਦੇ ਖੋਜ-ਪੱਤਰ ਸ਼ਾਮਿਲ ਕੀਤੇ ਗਏ ਹਨ।
ਇਸ ਪੁਸਤਕ ਵਿਚ ਤਕਰੀਬਨ ਤਿੰਨ ਕੁ ਦਰਜਨ ਦੇ ਕਰੀਬ ਖੋਜ-ਪੱਤਰ ਸ਼ਾਮਿਲ ਹਨ, ਜਿਨ੍ਹਾਂ ਵਿਚ ਇਨ੍ਹਾਂ ਵਿਦਵਾਨਾਂ ਨੇ, ਜਿਨ੍ਹਾਂ ਵਿਚ ਸਾਰੀਆਂ ਇਸਤਰੀਆਂ ਹੀ ਸ਼ਾਮਿਲ ਹਨ, ਨੇ ਇਸ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨਾਂ ਦੀ ਇਤਿਹਾਸਕ ਦੇਣ, ਸਿੱਖ ਸਿਧਾਂਤ, ਸਿੱਖ ਵਿਰਸੇ ਅਤੇ ਗੁਰੂ ਸਾਹਿਬਾਨ ਦੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਦਿੱਤੀ ਅਦੁੱਤੀ ਦੇਣ ਦਾ ਵਰਨਣ ਵੱਖ-ਵੱਖ ਇਤਿਹਾਸਕ ਪੁਸਤਕਾਂ ਦੇ ਹਵਾਲੇ ਨਾਲ ਆਪਣਾ ਮੱਤ ਸਪੱਸ਼ਟ ਕਰਦਿਆਂ ਕੀਤੀ ਗਈ ਹੈ।
ਕਿਸੇ ਵਿਦਵਾਨ ਨੇ ਇਸ ਪੁਸਤਕ ਵਿਚੋਂ ਕਿਸੇ ਵੀ ਰੂਪ ਵਿਚ ਗੁਰੂ ਸਾਹਿਬਾਨ ਦੇ ਉੱਭਰਦੇ ਨਾਇਕ ਬਿੰਬ ਬਾਰੇ ਚਰਚਾ ਕੀਤੀ ਹੈ, ਕਿਸੇ ਵਿਦਵਾਨ ਨੇ ਸਿੱਖ ਇਤਿਹਾਸ ਦੇ ਸੰਖੇਪ ਪਰ ਭਾਵਪੂਰਤ ਸਫ਼ਰ ਦੀ ਗੱਲ ਕੀਤੀ ਹੈ, ਜੋ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਜਦੋਂ ਇਨ੍ਹਾਂ ਖੋਜ-ਪੱਤਰਾਂ ਬਾਰੇ ਅਸੀਂ ਸਮੁੱਚੇ ਰੂਪ ਵਿਚ ਦੇਖਦੇ ਹਾਂ ਤਾਂ ਇਕ ਗੱਲ ਇਨ੍ਹਾਂ ਵਿਚੋਂ ਸਾਂਝੇ ਰੂਪ ਵਿਚ ਇਹ ਵੀ ਉੱਭਰਦੀ ਹੈ ਕਿ ਹਰੇਕ ਵਿਦਵਾਨ ਇਸਤਰੀ ਨੇ ਇਸ ਪੁਸਤਕ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਅਧਿਐਨ ਦਾ ਕੇਂਦਰ ਬਣਾਇਆ ਹੈ, ਜਿਸ ਦਾ ਕੇਂਦਰ ਬਿੰਦੂ ਦਸ ਪਾਤਸ਼ਾਹੀਆਂ ਹਨ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਆਪਣੇ ਗੌਰਵਸ਼ਾਲੀ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਆਪਣੇ ਸਿੱਖ ਵਿਰਸੇ ਨਾਲ ਜੋੜਿਆ ਜਾਵੇ ਅਤੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਪ੍ਰਚਾਰਿਆ ਜਾਵੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਜਦੋਂ ਮੈਨੂੰ 'ਰੱਬ' ਮਿਲਿਆ
ਲੇਖਕ : ਪ੍ਰਿੰ: ਸ਼ਾਮ ਸੁੰਦਰ ਕਾਲੜਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 96
ਸੰਪਰਕ : 94633-50706.

ਪੰਜਾਬ ਸਿੱਖਿਆ ਵਿਭਾਗ ਤੋਂ ਸੇਵਾ-ਮੁਕਤ ਲੇਖਕ ਦੀ ਇਹ ਕਿਤਾਬ 16 ਕਹਾਣੀਆਂ ਦੀ ਹੈ। ਕਹਾਣੀਆਂ ਵਿਚ ਲੇਖਕ ਦਾ ਆਪਣਾ ਅਣਭੋਲ ਬਚਪਨ, ਵੱਡੀ ਭੈਣ ਤੋਂ ਮਿਲਿਆ ਉਤਸ਼ਾਹ ਤੇ ਸਰਕਾਰੀ ਅਧਿਆਪਨ ਸਮੇਂ ਦੌਰਾਨ ਦੀਆਂ ਕੁਝ ਯਾਦਾਂ ਤੇ ਉਨ੍ਹਾਂ ਸ਼ਖ਼ਸੀਅਤਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਲੇਖਕ ਨੂੰ ਗ਼ਰੀਬੀ ਭਰੇ ਬਚਪਨ ਵਿਚੋਂ ਕੱਢ ਕੇ ਅੰਗਰੇਜ਼ੀ ਤੇ ਹਿਸਾਬ ਜਿਹੇ ਔਖੇ ਵਿਸ਼ਿਆਂ ਵਿਚ ਪ੍ਰਵੀਨ ਕੀਤਾ ਤੇ ਮਿਹਨਤ ਆਸਰੇ ਪ੍ਰਾਈਵੇਟ ਸਕੂਲ ਵਿਚ ਮਿਲੀ ਨੌਕਰੀ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਸਰਕਾਰੀ ਸਕੂਲ ਪ੍ਰਿੰਸੀਪਲ ਦੇ ਅਹੁਦੇ ਤੱਕ ਪੁਚਾਇਆ।
ਪੁਸਤਕ ਸਿਰਲੇਖ ਵਾਲੀ ਕਹਾਣੀ ਦਾ ਪਾਤਰ ਸਰ ਜਗਦੀਸ਼ ਰਾਏ ਲੇਖਕ ਲਈ ਰੱਬ ਬਣਿਆ, ਜਿਸ ਨੇ ਪਿਆਰ ਨਾਲ ਸਿੱਖਿਆ ਦੇ ਕੇ ਅੰਗਰੇਜ਼ੀ ਦਾ ਭੂਤ ਦੂਰ ਕੀਤਾ। ਮਸੀਹਾ ਦਾ ਨਿੱਜੀ ਸਕੂਲ ਦਾ ਚੇਅਰਮੈਨ ਗੁਰਦਰਸ਼ਨ ਸਿੰਘ ਲੇਖਕ ਦੀ ਹਿਸਾਬ ਵਿਚੋਂ ਪ੍ਰਬੀਨਤਾ ਵੇਖ ਕੇ ਸਕੂਲ ਵਿਚ ਨੌਕਰੀ ਦੇ ਦਿੰਦਾ ਹੈ। ਉਸ ਤੋਂ ਅਧਿਆਪਨ ਸਬੰਧੀ ਚੰਗੀਆਂ ਸੇਧਾਂ ਮਿਲਦੀਆਂ ਹਨ ਕਿ ਉਹ ਵਿਸ਼ੇਸ਼ ਪਾਤਰ ਲੇਖਕ ਲਈ ਮਸੀਹਾ ਬਣ ਜਾਂਦਾ ਹੈ। ਕਹਾਣੀ ਵੱਡਾ ਕਵੀ ਦਾ ਹਿੰਦੀ ਅਧਿਆਪਕ, ਲੇਖਕ ਨੂੰ ਬਚਪਨ ਵਿਚ ਇਕ ਸ਼ਬਦ ਗ਼ਲਤ ਲਿਖਣ 'ਤੇ ਇੰਜ ਘੂਰਦਾ ਹੈ ਕਿ ਉਹ ਸਾਰੀ ਉਮਰ ਪ੍ਰਿੰਸੀਪਲ ਬਣ ਕੇ ਵੀ ਸਟੇਜ 'ਤੇ ਖੁੱਲ੍ਹ ਕੇ ਨਾ ਬੋਲ ਸਕਿਆ। ਵੱਡਾ ਗਾਂਧੀ ਵਿਚ ਮਾਸੀ ਦੀ ਪ੍ਰੀਖਿਆ ਕੇਂਦਰ ਵਿਚ ਡਿਊਟੀ ਹੋਣ ਦੇ ਬਾਵਜੂਦ ਨਕਲ ਨਹੀਂ ਕਰਦਾ ਨਾ ਹੀ ਮਾਸੀ ਤੋਂ ਕੁਝ ਪੁੱਛਦਾ ਹੈ।
ਘਰ ਆਉਣ 'ਤੇ ਮਾਸੀ ਤਾਨ੍ਹਾ ਮਾਰਦੀ ਹੈਂਆ ਗਿਆ ਵੱਡਾ ਗਾਂਧੀ। ਕਹਾਣੀਆਂ ਵਿਚ ਲੇਖਕ ਬਚਪਨ ਸਮੇਂ ਦੇ ਇਮਾਨਦਾਰੀ ਵਾਲੇ ਦ੍ਰਿਸ਼ ਪੇਸ਼ ਕਰਦਾ ਹੈ। ਕਦੇ ਦੁਕਾਨਦਾਰ ਨੂੰ ਜੇਬ੍ਹ ਖਰਚ ਵਿਚੋਂ ਅਠੱਨੀ ਵਾਪਸ ਕਰਦਾ ਹੈ (ਕਹਾਣੀ ਮਹਾਤਮਾ)। ਬੱਸ ਸਫ਼ਰ ਵਿਚ ਪੈਰਾਂ ਹੇਠ ਪਿਆ ਦਸ ਦਾ ਨੋਟ ਵਾਪਸ ਕਰਦਾ ਹੈ (ਨਹਿਲੇ ਤੇ ਦਹਿਲਾ)। ਬੱਤੀ ਦੰਦ, ਨਸੂਰ, ਮਲ੍ਹਮਾ, ਸਕੂਨ ਸੇਧਮਈ ਤੇ ਯਥਾਰਥਕ ਕਹਾਣੀਆਂ ਹਨ। ਸਰਕਾਰੀ ਸਕੂਲ ਸਿੱਖਿਆ ਦੇ ਪ੍ਰਬੰਧਕਾਂ, ਵਿਦਿਆਰਥੀਆਂ ਤੇ ਅਧਿਆਪਕਾਂ ਲਈ ਲੇਖਕ ਦੇ ਨਿੱਜੀ ਤਜਰਬੇ ਦੀਆਂ ਕਹਾਣੀਆਂ ਵਾਲੀ ਪੁਸਤਕ ਲਾਹੇਵੰਦ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

02-03-2019

 ਹਮ ਹੈਂ ਗਿਆਨਹੀਨ ਅਗਿਆਨੀ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 01636-222686.

ਬਲਦੇਵ ਸਿੰਘ ਨੇ ਇਹ ਸਵੈ-ਜੀਵਨੀ ਆਪਣੀਆਂ ਯਾਦਾਂ ਅਤੇ ਅਨੁਭਵ ਦੇ ਆਧਾਰ 'ਤੇ ਲਿਖੀ ਜਾਪਦੀ ਹੈ। ਕਾਲਕ੍ਰਮ ਅਨੁਸਾਰ ਘਟਨਾਵਾਂ ਨੂੰ ਵਿਉਂਤਦਿਆਂ ਲੇਖਕ ਨੇ ਇਸ ਦੀ ਵੰਡ 14 ਕਾਂਡਾਂ ਵਿਚ ਕੀਤੀ ਹੈ। ਇਸ ਵਿਉਂਤੀ ਸਮੱਗਰੀ ਵਿਚ ਬਚਪਨ ਸਮੇਂ ਸੁਣੀਆਂ ਬਾਤਾਂ, ਮੇਲਿਆਂ 'ਚੋਂ ਖ਼ਰੀਦ ਕੇ ਪੜ੍ਹੇ ਕਿੱਸੇ, ਸਿੱਖਿਆ ਪ੍ਰਾਪਤੀ, ਪੰਜਾਬ ਅਤੇ ਹਿਮਾਚਲ ਵਿਚ ਅਧਿਆਪਨ ਕਾਰਜ, ਕਲਕੱਤੇ ਵਿਖੇ ਟਰਾਂਸਪੋਰਟਰ ਵਜੋਂ ਅਨੁਭਵ, ਕਲਕੱਤੇ ਦੇ ਸਾਹਿਤਕ ਮਾਹੌਲ ਵਿਚੋਂ ਪ੍ਰਾਪਤ ਕੀਤੇ ਪ੍ਰਭਾਵ, ਬੰਗਾਲੀ ਸਾਹਿਤ ਦੇ ਪੰਜਾਬੀ ਅਨੁਵਾਦ ਦਾ ਅਧਿਐਨ, ਨਕਸਲ ਮੂਵਮੈਂਟ ਬਾਰੇ ਜਾਣਕਾਰੀ, ਮੁਢਲੀਆਂ ਰਚਨਾਵਾਂ, ਸਾਹਿਤਕ ਖੇਤਰ ਵਿਚ ਕੀਤੀਆਂ ਅਹਿਮ ਪ੍ਰਾਪਤੀਆਂ ਕਾਰਨ ਲੇਖਕ ਵਜੋਂ ਸਵੀਕਾਰੇ ਜਾਣ, ਵਿਦੇਸ਼ੀ ਲੇਖਕਾਂ (ਫਰਾਇਡ, ਸਾਰਤਰ, ਫਰਾਂਸਿਸ ਬੇਕਨ, ਮਾਰਕਸ) ਦਾ ਪ੍ਰਭਾਵ, ਰਚਨਾਵਾਂ ਦਾ ਵੱਖ-ਵੱਖ ਮੈਗਜ਼ੀਨਾਂ ਵਿਚ ਪ੍ਰਕਾਸ਼ਨ, ਕਹਾਣੀ, ਨਾਵਲ, ਨਾਟਕ-ਸਿਰਜਣ ਅਤੇ ਮੰਚਨ, ਕਿਸੇ ਹੱਦ ਤੱਕ ਕਵਿਤਾ ਵਿਚ ਵੀ ਕੀਤੀਆਂ ਪੈੜਾਂ, ਕਦੋਂ ਕਿਹੜੀਆਂ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ, ਰਚਨਾਵਾਂ 'ਤੇ ਹੋਇਆ ਖੋਜ ਕਾਰਜ, ਸਮੇਂ-ਸਮੇਂ ਹੋਈਆਂ ਮੁਲਾਕਾਤਾਂ, ਗੋਸ਼ਟੀਆਂ, ਮਾਣ-ਸਨਮਾਨ, ਪ੍ਰਸੰਸਕਾਂ ਦੇ ਖ਼ਤ, ਸਾਹਿਤ ਸਭਾਵਾਂ ਵਿਚ ਸ਼ਿਰਕਤ ਅਤੇ ਸਰੋਕਾਰ, ਵੱਡੇ ਲੇਖਕਾਂ ਨਾਲ ਨੇੜਤਾ, ਪੰਜਾਬ ਦੇ ਕਾਲੇ ਦਿਨ-ਗੱਲ ਕੀ ਆਪਣੇ ਸਾਹਿਤਕ ਅਸਤਿੱਤਵ ਦੇ ਵਿਕਾਸ ਦਾ ਭਰਵਾਂ ਚਿੱਤਰ ਉਜਾਗਰ ਕੀਤਾ ਹੈ। ਲੇਖਕ ਇਸ ਸਵੈ-ਜੀਵਨੀ ਨੂੰ ਲਿਖਣ ਸਮੇਂ ਪੂਰਾ ਚੌਕਸ ਹੈ ਕਿ ਕਿਤੇ ਇਹ ਜੀਵਨੀ ਦਾ ਰੂਪ ਹੀ ਨਾ ਧਾਰ ਲਵੇ ਫਿਰ ਵੀ ਇਕ ਅਤੀ ਦੁਖਦਾਈ ਕਾਂਡ (ਇਕ ਨਾ ਭੁੱਲਣ ਵਾਲਾ ਮਹਾਂਯੁੱਧ) ਸਾਹਿਤਕ ਸਵੈ-ਜੀਵਨੀ ਵਿਚ ਜੀਵਨੀ ਕਾਂਡ ਵਜੋਂ ਪੇਸ਼ ਹੋਣੋਂ ਰਹਿ ਸਕਣਾ ਸੰਭਵ ਨਹੀਂ ਹੋ ਸਕਿਆ। ਸਵੈ-ਜੀਵਨੀ ਵਿਚੋਂ ਲੇਖਕ ਦੇ ਨਿੱਜੀ ਸੁਭਾਅ ਬਾਰੇ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮਸਲਨ : ਸ਼ਰਾਬ ਤੋਂ ਪਰਹੇਜ਼, ਲੇਖਕਾਂ ਦੀ ਗੁੱਟਬੰਦੀ ਤੋਂ ਦੂਰ, ਪ੍ਰਗਤੀਵਾਦ ਵਿਚ ਵਿਸ਼ਵਾਸ ਰੱਖਦਾ ਹੋਇਆ ਵੀ 'ਵਾਦ ਮੁਕਤ' ਸਾਹਿਤਕ ਸ਼ਖ਼ਸੀਅਤ, ਇੰਜ ਇਸ ਸਵੈ-ਜੀਵਨੀ ਵਿਚ ਲੇਖਕ ਦੇ ਸਾਹਿਤਕ ਸਫ਼ਰ ਦੀਆਂ ਲਗਪਗ ਬੀਤੀ ਸਦੀ ਦੀਆਂ ਪ੍ਰਾਪਤੀਆਂ ਹੀ ਕਲਮਬੱਧ ਹੋ ਸਕੀਆਂ ਹਨ। 21ਵੀਂ ਸਦੀ ਦੇ ਇਨ੍ਹਾਂ ਦਹਾਕਿਆਂ ਦੀ ਆਤਮਕਥਾ ਦੀ ਪਾਠਕਾਂ ਨੂੰ ਉਮੀਦ ਰਹਿਣੀ ਸੁਭਾਵਿਕ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਕਿੱਸਾ ਹੀਰ ਸਲੇਟੀ
ਕਿੱਸਾਕਾਰ : ਹਰਦੇਵ ਦਿਲਗੀਰ ਦੇਵ ਥਰੀਕਿਆਂ ਵਾਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 144
ਸੰਪਰਕ : 94639-88660.

ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) ਪੰਜਾਬੀ ਦਾ ਇਕ ਮੁਮਤਾਜ਼ ਗੀਤਕਾਰ ਹੈ। ਉਸ ਦੇ ਲਗਪਗ 30 ਗੀਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਤੋਂ ਬਿਨਾਂ ਉਸ ਨੇ ਬਾਲ-ਸਾਹਿਤ ਅਤੇ ਕਹਾਣੀ-ਲੇਖਣ ਦੇ ਖੇਤਰ ਵਿਚ ਵੀ ਕਾਫੀ ਕੰਮ ਕੀਤਾ ਹੈ। ਪਰ ਜੋ ਸ਼ੋਭਾ ਅਤੇ ਪ੍ਰਤਿਸ਼ਠਾ ਉਸ ਨੂੰ ਕਿੱਸਾ ਹੀਰ ਸਲੇਟੀ (ਗੀਤਾਂ ਦੇ ਰੂਪ ਵਿਚ) ਲਿਖਣ ਉੱਪਰ ਹਾਸਲ ਹੋਈ, ਉਸ ਦਾ ਕੋਈ ਜਵਾਬ ਨਹੀਂ। 'ਹੀਰ ਸਲੇਟੀ' ਵਿਚਲੇ ਬਹੁਤੇ ਗੀਤਾਂ ਨੂੰ ਪਿੰਡ ਜਲਾਲ ਦੇ ਪ੍ਰਸਿੱਧ ਲੋਕ ਗਾਇਕ ਕੁਲਦੀਪ ਮਾਣਕ ਨੇ ਗਾਇਆ ਅਤੇ ਇਹ ਗੀਤ ਗਾਉਣ ਨਾਲ ਕੁਲਦੀਪ ਮਾਣਕ ਅਤੇ ਦੇਵ ਥਰੀਕਿਆਂ ਵਾਲੇ ਦੋਵਾਂ ਦੀ ਗੁੱਡੀ ਧੁਰ ਅਸਮਾਨੀਂ ਜਾ ਪਹੁੰਚੀ। ਇਨ੍ਹਾਂ ਗੀਤਾਂ ਦੀ ਟੈਕਸਟ ਸਿਰਜਣ ਵਾਸਤੇ ਦੇਵ ਨੇ ਹੀਰ ਵਾਰਿਸ ਦਾ ਸੁਚੱਜਾ ਪ੍ਰਯੋਗ ਕੀਤਾ ਹੈ ਅਤੇ ਹੀਰ ਵਾਰਿਸ ਦੇ ਚੋਣਵੇਂ ਬਿਰਤਾਂਤਾਂ ਨੂੰ ਉਸ ਨੇ ਗੀਤਾਂ ਦੀ ਫਾਰਮ ਵਿਚ ਬਾਖ਼ੂਬੀ ਵਰਤਿਆ ਹੈ।
ਕਿੱਸਾ ਕਾਵਿ ਪਰੰਪਰਾ ਮਰਦ ਪ੍ਰਧਾਨ ਸਮਾਜ ਦੀ ਸੋਚ ਅਤੇ ਅਨੁਭਵ ਨੂੰ ਬਿਆਨ ਕਰਦੀ ਹੈ। ਇਸੇ ਕਾਰਨ ਇਸ ਵਿਚ ਨਾਰੀ ਦੀ ਨਿੰਦਾ ਕਰਨ ਦੇ ਕਿਸੇ ਵੀ ਮੌਕੇ ਨੂੰ ਛੱਡਿਆ ਨਹੀਂ ਜਾਂਦਾ। ਹੀਰ, ਸੱਸੀ ਅਤੇ ਸੋਹਣੀ ਆਦਿਕ ਨੇ ਇਸ਼ਕ ਦੇ ਖੇਤਰ ਵਿਚ ਰਾਂਝੇ, ਪੁਨੂੰ ਅਤੇ ਮਹੀਂਵਾਲ ਆਦਿਕ ਨਾਲੋਂ ਕਿਤੇ ਵੱਧ ਦਲੇਰੀ ਅਤੇ ਬੀਰਤਾ ਦਿਖਾਈ ਸੀ। ਇਸ਼ਕ ਦੇ ਖੇਤਰ ਵਿਚ ਅੱਗੇ ਹੋ ਕੇ ਉਹ ਪਹਿਲਾਂ ਮਰੀਆਂ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਤਾਂ ਉਨ੍ਹਾਂ ਦਾ ਅਨੁਕਰਣ ਮਾਤਰ ਹੀ ਕੀਤਾ ਪਰ ਪੰਜਾਬੀ ਸਮਾਜ ਵਿਚ ਧੁੰਮ ਬਹੁਤੀ ਰਾਂਝੇ ਅਤੇ ਹੋਰ ਮਰਦ-ਪ੍ਰੇਮੀਆਂ ਦੀ ਹੈ। ਪੰਜਾਬੀ ਲੋਕ ਅਜੇ ਵੀ ਮਰਦ ਪ੍ਰਧਾਨ ਸੋਚ ਦੇ ਦਾਇਰੇ ਵਿਚ ਫਸੇ ਹੋਏ ਹਨ। ਇਸ ਕਿੱਸੇ ਵਿਚ ਰਾਂਝਾ ਜਦੋਂ ਹੀਰ ਨੂੰ ਮੰਦਾ-ਚੰਗਾ ਬੋਲਦਾ ਹੈ ਤਾਂ ਪਾਠਕਾਂ/ਸਰੋਤਿਆਂ ਦਾ ਦਿਲ ਬਾਗ਼-ਬਾਗ਼ ਹੋ ਜਾਂਦਾ ਹੈ। ਦੇਖੋ :
ਨੀ ਹੀਰੇ-ਨੀ ਹੀਰੇ!
ਖਚਰੀਏ ਰੰਨੇ, ਮੈਲੀਏ ਲੀਰੇ,
ਗੰਧਲੇ ਪਾਣੀ ਦੀਏ ਲਕੀਰੇ,
ਬੰਨ੍ਹ ਕੇ ਗੁੱਟਾਂ ਨਾਲ ਕਲੀਰੇ,
ਤੂੰ ਤਾਂ ਲੁੱਟਿਆ ਤਖ਼ਤ ਹਜ਼ਾਰਾ।
ਨੀ ਰਾਂਝਾ ਜੋਗੀ ਹੋਇਆ
ਤੇਰਿਆਂ ਦੁੱਖਾਂ ਦਾ ਮਾਰਾ। (ਪੰਨਾ 74)
'ਕਿੱਸਾ ਹੀਰ ਸਲੇਟੀ' ਦਾ ਪ੍ਰਕਾਸ਼ਨ ਪੰਜਾਬੀਆਂ ਲਈ ਇਕ ਅਦਭੁੱਤ ਸੌਗਾਤ ਸਿੱਧ ਹੋਵੇਗਾ। ਪਾਠਕ ਜਨ ਇਸ ਰਚਨਾ ਨੂੰ ਝੂਮ-ਝੂਮ ਕੇ ਪੜ੍ਹਨਗੇ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਇਹ ਦੁਨੀਆ ਖੇਲ ਤਮਾਸ਼ਾ
ਲੇਖਕ : ਡਾ: ਦਇਆ ਸਿੰਘ ਚਾਨਣਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੱਲ : 250 ਰੁਪਏ, ਸਫ਼ੇ : 93
ਸੰਪਰਕ : 098113-95159.

'ਇਹ ਦੁਨੀਆ ਖੇਲ ਤਮਾਸ਼ਾ' ਵਿਚ ਕਵੀ ਨੇ 60 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਸਾਰੀਆਂ ਕਵਿਤਾਵਾਂ ਅਤਿ ਸਰਲ ਭਾਸ਼ਾ ਸ਼ੈਲੀ ਵਿਚ ਲਿਖੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਕਵੀ ਮਾਨਵਤਾ ਦੇ ਭਲੇ ਲਈ ਆਪਣੀਆਂ ਕਵਿਤਾਵਾਂ ਦੀ ਰਚਨਾ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਉਸ ਨੇ ਜਿਥੇ ਪੰਜਾਬ ਦੇ ਜਨਜੀਵਨ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਉਥੇ ਉਸ ਨੇ ਕੁਝ ਗੀਤਾਂ ਦੀ ਰਚਨਾ ਕਰਕੇ ਪੰਜਾਬ ਦੇ ਗੱਭਰੂਆਂ ਅਤੇ ਮੁਟਿਆਰਾਂ ਦੇ ਸੁਹੱਪਣ ਅਤੇ ਬਾਂਕੇਪਣ ਨੂੰ ਵੀ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਕਵੀ ਦੀਆਂ ਕੁਝ ਕਵਿਤਾਵਾਂ ਵਿਚ ਹਾਸਰਸ ਦੀ ਝਲਕ ਵੀ ਦਿਸ ਆਉਂਦੀ ਹੈ ਜੋ ਹਲਕੇ ਫੁਲਕੇ ਢੰਗ ਨਾਲ ਹਾਸਰਸੀ ਵਿਅੰਗ ਵੀ ਸਿਰਜਦੀਆਂ ਹਨ। ਇਸ ਸੰਗ੍ਰਹਿ ਵਿਚ ਲੇਖਕ ਨੇ ਆਪਣੀਆਂ ਰਚੀਆਂ ਤਿੰਨ ਹਿੰਦੀ ਭਾਸ਼ਾ ਦੀਆਂ ਕਵਿਤਾਵਾਂ ਦੇਵਨਾਗਰੀ ਲਿਪੀ ਵਿਚ ਅਤੇ ਚਾਰ ਅੰਗਰੇਜ਼ੀ ਭਾਸ਼ਾ ਵਿਚ ਰਚੀਆਂ ਰੋਮਨ ਲਿਪੀ ਵਿਚ ਸ਼ਾਮਿਲ ਕੀਤੀਆਂ ਹਨ। ਇਹ ਕੋਈ ਵਧੀਆ ਪਿਰਤ ਨਹੀਂ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਵੱਡਾ ਰੁੱਖ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 174
ਸੰਪਰਕ : 98148-03254.

ਮਾਂ ਬਾਰੇ ਸਾਹਿਤਕ ਰਚਨਾਵਾਂ ਵਿਚ ਅਨੇਕਾਂ ਵੰਨਗੀਆਂ ਮਿਲਦੀਆਂ ਹਨ ਪਰ ਹਰ ਵਾਰ ਏਦਾਂ ਲੱਗਦਾ ਹੈ ਜਿਵੇਂ ਕੁਝ ਨਵਾਂ ਲਿਖਿਆਂ ਗਿਆ ਹੋਵੇ। ਇਨਸਾਨ ਦੇ ਅਵਚੇਤਨ ਵਿਚ ਉਸ ਦੀ ਮਾਂ ਹਮੇਸ਼ਾ ਵਸਦੀ ਰਹਿੰਦੀ ਹੈ ਅਤੇ ਉਸ ਦੀ ਸ਼ਖ਼ਸੀਅਤ ਉਤੇ ਮਾਂ ਦਾ ਪ੍ਰਭਾਵ ਉਮਰ ਭਰ ਰਹਿੰਦਾ ਹੈ। ਉਪਰੋਕਤ ਪੁਸਤਕ ਵੀ ਮਾਂ ਬਾਰੇ ਲਿਖੇ ਰੇਖਾ ਚਿੱਤਰਾਂ ਦਾ ਅਜਿਹਾ ਹੀ ਸੰਗ੍ਰਹਿ ਹੈ ਜਿਸ ਵਿਚ ਲੇਖਕਾਂ ਨੇ ਆਪਣੇ ਬਚਪਨ, ਜਵਾਨੀ ਦੀਆਂ ਘਟਨਾਵਾਂ ਅਤੇ ਜੀਵਨ ਵਿਚ ਮਾਂ ਦੀ ਅਨੂਠੀ ਸ਼ਖ਼ਸੀਅਤ ਤੋਂ ਗ੍ਰਹਿਣ ਕੀਤੇ ਗੁਣਾਂ/ਔਗੁਣਾਂ ਨੂੰ ਬਿਆਨਿਆ ਹੈ। ਪੰਜਾਬੀ ਸਾਹਿਤ ਦੇ ਪ੍ਰਸਿੱਧ ਲੇਖਕਾਂ ਦੁਆਰਾ ਲਿਖੇ ਇਨ੍ਹਾਂ ਬਾਰ੍ਹਾਂ ਰੇਖਾ ਚਿੱਤਰਾਂ ਵਿਚ ਮਾਂ ਇਕ ਅਜਿਹੇ ਵੱਡੇ ਰੁੱਖ ਦੀ ਤਰ੍ਹਾਂ ਨਜ਼ਰੀਂ ਆਉਂਦੀ ਹੈ ਜਿਸ ਦੀ ਛਾਂ ਹੇਠ ਜੀਵਨ ਦੀਆਂ ਤੇਜ਼ ਧੁੱਪਾਂ ਤੋਂ ਬਚਣ ਦੇ ਹੀਲੇ ਹਨ, ਵਿਰਾਸਤ ਦੇ ਬੀਜ ਹਨ, ਪੁਰਾਣੇ ਥੇਹਾਂ ਦਾ ਇਤਿਹਾਸ ਹੈ, ਰੁੱਖਾਂ ਦੀ ਜੀਰਾਂਦ ਵਰਗੀ ਖਾਮੋਸ਼ੀ ਹੈ ਅਤੇ ਕਿਤੇ ਇਹ ਰੇਤ ਫੱਕਣ ਦੇ ਅਹਿਸਾਸ ਵਰਗੀ ਵੀ ਹੈ। ਇਨ੍ਹਾਂ ਰੇਖਾ ਚਿੱਤਰਾਂ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਆਪਣੀ ਹੀ ਮਾਂ ਦੇ ਰੂਬਰੂ ਹੋ ਰਿਹਾ ਹੋਵੇ ਕਿਉਂਕਿ ਦੁਨੀਆ ਦੀ ਹਰ 'ਮਾਂ ਇਦਾਂ ਦੀ ਹੀ ਹੁੰਦੀ ਹੈ' ਜਿਸ ਲਈ ਆਪਣੇ ਬੱਚੇ ਅਤੇ ਉਨ੍ਹਾਂ ਦਾ ਭਵਿੱਖ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ। ਮਾਂ ਦੀ ਹੋਂਦ ਸਾਰੀ ਦੁਨੀਆ ਨੂੰ ਖੂਬਸੂਰਤ ਬਣਾ ਦਿੰਦੀ ਹੈ ਅਤੇ ਉਸ ਦੇ ਨਾ ਹੋਣ 'ਤੇ ਸਭ ਉਦਾਸ। ਔਕੜਾਂ ਝਲਦਿਆਂ, ਤੰਗੀਆਂ ਤੁਰਸ਼ੀਆਂ ਕਟਦਿਆਂ, ਆਪਣੇ ਜਿਗਰ ਦੇ ਟੁਕੜਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹਰ ਮਾਂ ਦੇ ਨੈਣਾਂ ਦੇ ਸੁਪਨੇ ਭਵਿੱਖ ਲਈ ਆਸਵੰਦ ਰਹਿੰਦੇ ਹਨ। ਕਮਾਲ ਦੀ ਭਾਸ਼ਾ ਅਤੇ ਬਿਆਨੀਆ ਸ਼ੈਲੀ ਵਾਲੀ ਇਹ ਪੁਸਤਕ ਮਾਂ ਦੇ ਅਨੇਕਾਂ ਰੂਪਾਂ ਨਾਲ ਰੂਬਰੂ ਕਰਵਾਉਂਦੀ ਹੈ ਜਿਸ ਵਿਚ ਹਰ ਪਾਠਕ ਆਪਣੀ ਮਾਂ ਦਾ ਝਲਕਾਰਾ ਮਹਿਸੂਸ ਕਰੇਗਾ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

c c c

ਚੁਭਵੇਂ ਹਰਫ਼
ਸ਼ਾਇਰ : ਡਾ: ਰਾਜੀਵ ਮਹਾਜਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ-195 ਰੁਪਏ, ਸਫ਼ੇ : 51
ਸੰਪਰਕ : 98142-18839.

'ਚੁਭਵੇਂ ਹਰਫ਼' ਡਾ: ਰਾਜੀਵ ਮਹਾਜਨ ਦਾ ਵੰਨ ਸੁਵੰਨਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 38 ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਮੁਹੱਬਤੀ ਫੁੱਲ ਵੀ ਹਨ ਤੇ ਜ਼ਿੰਦਗੀ ਦੀਆਂ ਕਰੂਰ ਸੱਚਾਈਆਂ ਦਾ ਵਰਨਣ ਵੀ ਹੈ। ਆਪਣੀ ਕਵਿਤਾ 'ਪੁਤਲਿਆਂ ਦੇ ਸ਼ਹਿਰ ਵਿਚ' ਵਿਚ ਉਹ ਆਪਣੇ ਆਪ ਨੂੰ ਅੱਤ ਮੂਹਰੇ ਖੜ੍ਹਨ ਦਾ ਅਹਿਦ ਭੁੱਲ ਜਾਣ ਦਾ ਦੋਸ਼ੀ ਕਰਾਰ ਦਿੰਦਾ ਹੈ ਤੇ ਅਨਿਆਂ, ਝੂਠ ਤੇ ਦੰਭ ਨੂੰ ਚੌਰਾਹੇ ਵਿਚ ਨੰਗਾ ਕਰਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਖ਼ੁਦ ਨੂੰ ਮੁਖ਼ਾਤਿਬ ਹਨ ਤੇ ਸ਼ਾਇਰ ਆਪਣੇ ਆਪ ਨਾਲ ਸੰਵਾਦ ਰਚਾ ਕੇ ਲੋਕਾਈ ਦੀ ਗੱਲ ਕਰਦਾ ਹੈ। ਰਾਜੀਵ ਦਾ ਇਹ ਅੰਦਾਜ਼ ਚੰਗਾ ਚੰਗਾ ਲਗਦਾ ਹੈ। ਉਸ ਦੀ ਹੋਰ ਖ਼ੂਬੀ ਅਸਿੱਧੀ ਗੱਲ ਕਰਨਾ ਹੈ ਉਸ ਦੀ ਸ਼ਾਇਰੀ ਇਸ਼ਾਰਿਆਂ ਨਾਲ ਚਲਦੀ ਹੈ। ਉਸ ਨੂੰ ਅੱਕ ਦੇ ਫੁੱਲਾਂ ਵਾਂਗ ਬਿਨਾਂ ਮਹਿਕ ਖਿੰਡਾਇਆਂ ਸੁਕ ਜਾਣ ਦਾ ਡਰ ਹੈ, ਉਸ ਨੂੰ ਖ਼ਾਬ ਊਣੇ ਊਣੇ ਤੇ ਹੰਝੂ ਪਿਘਲ ਰਹੇ ਮਹਿਸੂਸ ਹੁੰਦੇ ਹਨ। ਸ਼ਾਇਰ ਆਪਣੀਆਂ ਅੱਖਾਂ ਰਾਹੀਂ ਚਾਨਣੀ ਡੀਕ ਜਾਣਾ ਚਾਹੁੰਦਾ ਹੈ ਤੇ ਰਾਤ ਦੇ ਹਨ੍ਹੇਰੇ ਵਿਚ ਬਿਖਰ ਜਾਣਾ ਲੋਚਦਾ ਹੈ। 'ਗ਼ਮ ਦੇ ਚੱਕਰ' ਉਸ ਦੀ ਖ਼ੂਬਸੂਰਤ ਕਵਿਤਾ ਹੈ ਤੇ ਇਸ ਵਿਚ ਉਸ ਨੇ ਅਛੂਤੇ ਅਲੰਕਾਰ ਤੇ ਬਿੰਬ ਵਰਤੇ ਹਨ। ਇਸ ਕਵਿਤਾ ਵਿਚ ਤਸ਼ਬੀਹਾਂ ਸੱਜਰੀਆਂ ਹਨ। ਸ਼ਾਇਰ ਅੱਖੀਆਂ ਲਾ ਕੇ ਪਛਤਾਉਂਦਾ ਹੈ ਤੇ ਉਹ ਆਪਣੇ ਆਪ ਨੂੰ ਨਾ ਜਿਉਂਦਿਆਂ ਵਿਚ ਸਮਝਦਾ ਹੈ ਨਾ ਮਰ ਮੁੱਕਿਆਂ ਵਿਚ ਮਹਿਸੂਸ ਕਰਦਾ ਹੈ। ਸ਼ਾਇਰ ਕੋਲ ਸ਼ਬਦ ਹਨ ਤੇ ਉਨ੍ਹਾਂ ਨੂੰ ਵਰਤੋਂ ਵਿਚ ਲਿਆਉਣ ਦੀ ਸੂਝ ਵੀ ਹੈ ਪਰ ਅਜੇ ਕਵਿਤਾ ਦਾ ਸ਼ਿਲਪ ਸ਼ਾਮਿਲ ਕਰਨਾ ਬਾਕੀ ਹੈ। ਹਥਲੀ ਪੁਸਤਕ 'ਚੁਭਵੇਂ ਹਰਫ਼' ਨੂੰ ਗ਼ਜ਼ਲ ਸੰਗ੍ਰਹਿ ਦਰਸਾਇਆ ਗਿਆ ਹੈ ਪਰ ਇਸ ਵਿਚ ਵੱਡੀ ਗਿਣਤੀ ਵਿਚ ਕਵਿਤਾਵਾਂ ਤੇ ਗੀਤ ਹਨ। ਇਹ ਪੁਸਤਕ ਜੇ ਹੋਰ ਤਰਾਸ਼ ਕੇ ਛਾਪੀ ਜਾਂਦੀ ਤਾਂ ਇਸ ਦੀ ਅਹਿਮੀਅਤ ਹੋਰ ਹੋਣੀ ਸੀ, ਹੁਣ ਵੀ ਇਹ ਸੰਗ੍ਰਹਿ ਤਸੱਲੀਬਖ਼ਸ਼ ਹੈ ਤੇ ਇਹ ਭਵਿੱਖ ਵਿਚ ਸ਼ਾਇਰ ਲਈ ਨੀਂਹ ਦਾ ਪੱਥਰ ਸਾਬਤ ਹੋ ਸਕਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਜੰਗਲ ਦੇ ਦਾਵੇਦਾਰ
ਮੂਲ : ਮਹਾਸ਼ਵੇਤਾ ਦੇਵੀ
ਅਨੁਵਾਦ : ਡਾ: ਸੁਰਜੀਤ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 256
ਸੰਪਰਕ : 98553-71313.

ਵੀਰਵਾਰ ਨੂੰ ਮੁੰਡਾ ਕਬੀਲੇ ਦੇ ਬੱਚੇ ਦਾ ਨਾਂਅ ਵੀਰਸਾ/ਬੀਰਸਾ ਰੱਖਿਆ ਗਿਆ। ਇਸ ਬੀਰਸਾ ਮੁੰਡਾ ਨੇ 19ਵੀਂ ਸਦੀ ਦੀ ਅੰਤਿਮ ਚੌਥਾਈ ਦੇ ਆਸ-ਪਾਸ ਅੰਗਰੇਜ਼ ਹਕੂਮਤ ਸਮੇਂ ਆਦੀਵਾਸੀ ਕਬਾਇਲੀ ਲੋਕਾਂ ਨੂੰ ਸੰਗਠਿਤ ਕਰਕੇ ਆਪਣੇ ਹਕਾਂ ਦੀ ਲੜਾਈ ਲੜੀ। ਸਰਕਾਰ, ਸੇਠ, ਸੂਦਖੋਰ ਇਕ ਪਾਸੇ ਤੇ ਬੀਰਸਾ ਆਪਣੇ ਲੋਕਾਂ ਨਾਲ ਦੂਜੇ ਪਾਸੇ। ਮੁੰਡਾ ਕਬਾਇਲੀ ਉਸ ਨੂੰ ਭਗਵਾਨ ਓਸ਼ੋ ਵਾਂਗ ਭਗਵਾਨ ਕਹਿੰਦੇ। ਉਹ ਉਨ੍ਹਾਂ ਦਾ ਨਾਇਕ ਬਣਿਆ। ਕ੍ਰਾਂਤੀਕਾਰੀ ਲੋਕ ਨਾਇਕ। ਆਪਣੇ ਹਕਾਂ ਦੀ ਲੜਾਈ ਕਰਦੇ ਹੋਏ ਉਸ ਨੇ ਤੇ ਉਸ ਦੇ ਸਾਥੀਆਂ ਨੇ ਬੜੀਆਂ ਤਕਲੀਫ਼ਾਂ ਭੋਗੀਆਂ। ਜੇਲ੍ਹਾਂ ਦੇਖੀਆਂ। ਮੁਕੱਦਮੇ ਤਸੀਹੇ ਤੇ ਸ਼ਹਾਦਤਾਂ ਤੱਕ ਗੱਲਾਂ ਪਹੁੰਚੀਆਂ। ਸੰਨ 1900 ਦੀਆਂ ਗਰਮੀਆਂ ਦੀ ਰੁੱਤੇ ਰਾਂਚੀ ਜੇਲ੍ਹ ਵਿਚ ਬੀਰਸਾ ਮੁੰਡਾ ਦੀ ਜੀਵਨ ਲੀਲ੍ਹਾ ਸਮਾਪਤ ਹੋ ਗਈ। ਉਮਰ ਕੇਵਲ ਪੱਚੀ ਸਾਲ। ਸੱਤਾ ਤੇ ਸ਼ੋਸ਼ਕ ਜ਼ਿਮੀਂਦਾਰਾਂ/ਸੇਠਾਂ/ਸੂਦਖੋਰਾਂ ਵਿਰੁੱਧ ਲੜਾਈ ਅੱਜ ਸਵਾ ਸੌ ਸਾਲ ਬਾਅਦ ਪਹਿਲਾਂ ਨਾਲੋਂ ਵੀ ਵਧੇਰੇ ਲੋੜੀਂਦੀ ਹੈ। ਅੱਜ ਤਾਂ ਇਸ ਵਿਚ ਫ਼ਿਰਕੂ ਸਿਆਸਤ, ਮਜ਼੍ਹਬੀ ਜ਼ਹਿਰ, ਦੰਭੀ ਦੇਸ਼ ਭਗਤੀ, ਅਰਬਨ ਨਕਸਲਾਈਟ, ਦੇਸ਼ ਨੂੰ ਖ਼ਤਰਾ ਜਿਹੇ ਕਈ ਮਾਰੂ ਹਥਿਆਰ ਆ ਚੁੱਕੇ ਹਨ। ਜੁਡੀਸ਼ਰੀ ਤੇ ਪ੍ਰੈੱਸ ਦੀ ਨਿਰਪੱਖਤਾ ਕਾਂਟੇ ਹੇਠ ਹੈ। ਬੁੱਧੀਜੀਵੀ ਵਿਕ ਰਹੇ ਹਨ। ਆਮ ਆਦਮੀ ਖੌਫ਼ਜ਼ਦਾ ਹੈ। ਅਜਿਹੇ ਕਾਲੇ ਦੌਰ ਵਿਚ ਬੀਰਸਾ ਮੁੰਡਾ ਜਿਹੇ ਪ੍ਰੇਰਨਾਜਨਕ ਨਾਇਕ ਬਾਰੇ ਮਹਾ ਸ਼ਵੇਤਾ ਦੇਵੀ ਦਾ ਨਾਵਲ ਜੰਗਲ ਦੇ ਦਾਅਵੇਦਾਰ ਨਿਸਚੇ ਹੀ ਬੁੱਧੀਜੀਵੀਆਂ ਨੂੰ ਵੀ ਪੜ੍ਹਨਾ ਚਾਹੀਦਾ ਹੈ ਤੇ ਆਮ ਲੋਕਾਂ ਨੂੰ ਵੀ।
ਬੰਗਲਾ, ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਵਾਲਿਆਂ ਨੇ ਭਾਵੇਂ ਇਹ ਨਾਵਲ ਖੂਬ ਪੜ੍ਹਿਆ ਹੈ ਪਰ ਪੰਜਾਬੀਆਂ ਨੇ ਬਹੁਤ ਘੱਟ। ਪੰਜਾਬੀ ਭਾਸ਼ਾ ਵਿਚ ਇਸ ਨੂੰ ਅਨੁਵਾਦਿਤ ਕਰਨ ਦਾ ਪ੍ਰਸੰਸਾਯੋਗ ਉੱਦਮ ਸੁਹਿਰਦ ਮਾਰਕਸੀ ਚਿੰਤਕ ਡਾ: ਸੁਰਜੀਤ ਬਰਾੜ ਨੇ ਕੀਤਾ ਹੈ ਜੋ ਕੇਵਲ ਅਕਾਦਮਿਕ/ਕਿਤਾਬੀ ਗੱਲਾਂ ਤੱਕ ਸੀਮਤ ਨਹੀਂ, ਅਮਲੀ ਰੂਪ ਵਿਚ ਵੀ ਵੱਸ ਲੱਗੇ ਹਰ ਕਦਮ ਉੱਤੇ ਲੋਕ ਹਿਤਾਂ ਲਈ ਲੜਦਾ ਬੋਲਦਾ ਹੈ। ਉਸ ਨੇ ਕਲਮ ਤੇ ਕਰਮ ਨਾਲ ਸਾਰਾ ਜੀਵਨ, ਜੀਵਨ ਤੇ ਸਮਾਜ ਨੂੰ ਸਵੱਛ ਬਣਾਉਣ ਦੇ ਲੇਖੇ ਲਾਇਆ ਹੈ। ਉਸ ਨੇ ਇਹ ਅਨੁਵਾਦ ਮਿਹਨਤ ਤੇ ਸਿਰੜ ਨਾਲ ਕੀਤਾ ਹੈ। ਅਨੁਵਾਦ ਸਫ਼ਲ ਹੈ ਤੇ ਪੁਸਤਕ ਹੈ ਵੀ ਸਸਤੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਸੁੱਚੇ ਬੋਲ ਮੁਹੱਬਤ ਦੇ
ਕਵੀ : ਸੁਖਜੀਤ ਆਹਲੂਵਾਲੀਆ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਸਫ਼ੇ : 144
ਸੰਪਰਕ : 84377-36240.

ਸੁਖਜੀਤ ਆਹਲੂਵਾਲੀਆ ਸੋਸ਼ਲ ਮੀਡੀਆ ਤੇ ਫੇਸਬੁੱਕ 'ਤੇ ਨਿਰੰਤਰ ਸਰਗਰਮ ਰਹਿਣ ਵਾਲੀ ਸ਼ਾਇਰਾ ਹੈ। ਫੇਸਬੁੱਕ 'ਤੇ ਉਸ ਦੀਆਂ ਕਵਿਤਾਵਾਂ ਨੂੰ ਪਾਠਕਾਂ ਦਾ ਵੱਡਾ ਹੁੰਗਾਰਾ ਮਿਲਦਾ ਰਹਿੰਦਾ ਹੈ। ਕਿਤਾਬੀ ਰੂਪ ਵਿਚ ਸ਼ਾਇਰਾ ਦੀ ਪੁਸਤਕ ਉਸ ਦੀਆਂ ਕਵਿਤਾਵਾਂ ਨੂੰ ਸੰਯੁਕਤ ਰੂਪ ਵਿਚ ਪੜ੍ਹਨ ਦਾ ਸਬੱਬ ਲੈ ਕੇ ਆਈ ਹੈ। ਸੁਖਜੀਤ ਆਹਲੂਵਾਲੀਆ ਦੀ ਸ਼ਾਇਰੀ ਜੀਵਨ ਦੇ ਅਨੁਭਵ ਦੀ ਸ਼ਾਇਰੀ ਹੈ। ਸ਼ਾਇਰਾ ਕੋਲ ਜੀਵਨ ਦੇ ਕੌੜੇ ਮਿੱਠੇ ਤਜਰਬਿਆਂ ਦਾ ਚੋਖਾ ਭੰਡਾਰ ਹੈ, ਜਿਸ ਨੂੰ ਉਹ ਆਪਣੀਆਂ ਕਵਿਤਾਵਾਂ ਦੇ ਕੱਚੇ ਮਾਲ ਵਜੋਂ ਵਰਤਦੀ ਹੈ। ਆਪਣੀ ਕਾਵਿ ਸਿਰਜਣਾ ਬਾਰੇ ਉਹ ਖ਼ੁਦ ਹੀ ਲਿਖਦੀ ਹੈ।
ਇਕ ਸੱਚੀ ਸੁੱਚੀ ਕਵਿਤਾ ਕੀ ਹੈ?
ਦਿਲ ਦੀ ਤਖ਼ਤੀ
ਮੋਹ ਦੀ ਸਿਆਹੀ
ਨਿੱਘੇ ਹਰਫ਼ਾਂ ਨਾਲ ਲਿਖੀ ਜੋ
ਧੁਰ ਅੰਦਰ ਰੂਹ ਨੂੰ ਛੂਹ ਜਾਵੇ
ਕਵਿਤਾ ਹੀ ਤਾਂ ਹੈ।
ਇਨ੍ਹਾਂ ਕਵਿਤਾਵਾਂ ਵਿਚ ਬੀਤ ਗਏ ਵਰ੍ਹਿਆਂ ਦੀਆਂ, ਗੁਆਚ ਗਏ ਪਲਾਂ ਦੀਆਂ ਯਾਦਾਂ ਹਨ। ਟੁੱਟ ਗਏ ਖੁਆਬਾਂ ਦੇ ਮਹਿਲਾਂ ਦੀਆਂ ਕਿਰਚਾਂ ਹਨ। ਕਿਤੇ ਕਿਸੇ ਦੀ ਯਾਦ ਆਉਣ ਨਾਲ ਮਨ ਦੀ ਧਰਤੀ ਹਰੀ ਭਰੀ ਹੋ ਜਾਂਦੀ ਹੈ ਤੇ ਤਪਦੀ ਧਰਦੀ ਦਾ ਸੀਨਾ ਠਰ ਜਾਂਦਾ ਹੈ। ਮਾਂ ਦੀ ਬੁੱਕਲ, ਜਾਮਣ ਦਾ ਬੂਟਾ, ਰੰਗਲੀ ਰਾਤ, ਬਚਪਨ ਦੀ ਯਾਦ, ਬਾਬਲ ਵਿਹੜਾ ਅਜਿਹੀਆਂ ਹੀ ਕਵਿਤਾਵਾਂ ਹਨ ਜਿਥੇ ਕਵਿੱਤਰੀ ਆਪਣੇ ਅਤੀਤ ਦੀ ਬੁੱਕਲ ਮਾਰੀ ਆਤਮ-ਮੁਘਧ ਹੋਈ ਆਪਣੀ ਕਾਵਿ ਸਿਰਜਣਾ ਵਿਚ ਮਸਤ ਰਹਿੰਦੀ ਹੈ। ਇਸ ਸੰਗ੍ਰਹਿ ਵਿਚ ਕੁਝ ਕਵਿਤਾਵਾਂ ਦੋ ਦੋ, ਚਾਰ ਚਾਰ ਸਤਰਾਂ ਦੇ ਆਕਾਰ ਵਿਚ ਵੀ ਲਿਖੀਆਂ ਮਿਲਦੀਆਂ ਹਨ ਜਿਹੜੀਆਂ ਕਵਿੱਤਰੀ ਦੇ ਮਨ ਦੇ ਸਰਲ ਸਹਿਜ ਭਾਵਾਂ ਨੂੰ ਅਭਿਵਿਅਕਤੀ ਦਿੰਦੀਆਂ ਹਨ।

-ਡਾ: ਅਮਰਜੀਤ ਕੌਂਕੇ
c c c

24-02-2019

 ਅੱਖੀਂ ਡਿੱਠਾ ਆਪ੍ਰੇਸ਼ਨ ਬਲਿਊ ਸਟਾਰ
ਲੇਖਕ : ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 200
ਸੰਪਰਕ : 78377-18723.

ਜੂਨ 1984 ਵਿਚ ਆਜ਼ਾਦ ਭਾਰਤ ਦੀ ਫ਼ੌਜ ਵਲੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਨਾਲ ਸਿੱਖਾਂ ਦੇ ਸਰਬ ਉੱਚ ਧਰਮ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਉੱਤੇ ਆਪ੍ਰੇਸ਼ਨ ਬਲਿਊ ਸਟਾਰ ਨਾਂਅ ਨਾਲ ਫ਼ੌਜੀ ਹਮਲਾ ਕੀਤਾ ਗਿਆ। ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਜਿਊਂਦਾ/ਮੁਰਦਾ ਬਾਹਰ ਕੱਢਣਾ ਮਿਥਿਆ ਗਿਆ। ਆਪ੍ਰੇਸ਼ਨ ਦੌਰਾਨ ਅਨੇਕਾਂ ਬੇਕਸੂਰ ਮਾਰੇ ਗਏ। ਅਕਾਲ ਤਖ਼ਤ ਢਹਿ ਢੇਰੀ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਪਵਿੱਤਰ ਬੀੜ ਨੂੰ ਨੁਕਸਾਨ ਹੋਇਆ। ਸਰੋਵਰ, ਪ੍ਰਕਰਮਾਂ, ਤੋਸ਼ੇਖਾਨੇ, ਲਾਇਬ੍ਰੇਰੀ ਦੀ ਬੇਅਦਬੀ ਤੇ ਨਾ ਪੂਰਾ ਹੋਣ ਵਾਲਾ ਘਾਟਾ। ਦੁਨੀਆ ਭਰ ਦੇ ਸਿੱਖਾਂ ਦੇ ਦਿਲਾਂ 'ਤੇ ਕਦੇ ਨਾ ਭੁੱਲਣ ਵਾਲੇ ਜ਼ਖ਼ਮ। ਫ਼ੌਜੀ ਨੁਕਸਾਨ। ਬਾਅਦ ਵਿਚ ਪ੍ਰਧਾਨ ਮੰਤਰੀ ਤੇ ਸੈਨਾ ਮੁਖੀ ਦੀ ਹੱਤਿਆ। ਦੇਸ਼ ਭਰ ਦੇ ਸਿੱਖ ਵਿਰੋਧੀ ਦੰਗੇ ਸਾਰਾ ਕੁਝ। ਆਪ੍ਰੇਸ਼ਨ ਬਲਿਊ ਸਟਾਰ ਬਾਰੇ ਇਹ ਕਿਤਾਬ ਇਸ ਆਪ੍ਰੇਸ਼ਨ ਦੇ ਅੰਤਿਮ ਛਿਣਾਂ ਦੇ ਗਵਾਹ ਦੀ ਲਿਖਤ ਹੈ। ਪੰਜ ਤੇ ਛੇ ਜੂਨ ਵਿਚਲੀ ਰਾਤ ਤੋਂ ਲੈ ਕੇ ਵਾਪਰੇ ਬਿਰਤਾਂਤ ਵਿਚ ਉਹ ਸ਼ਾਮਿਲ ਰਿਹਾ ਹੈ। ਉਸ ਨੇ ਕੰਪਲੈਕਸ ਵਿਚ ਫਸੇ ਅਕਾਲੀ ਲੀਡਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਕੰਪਲੈਕਸ ਨੂੰ ਜ਼ਖ਼ਮੀਆਂ/ਲਾਸ਼ਾਂ/ਗੰਦਗੀ ਤੋਂ ਮੁਕਤ ਕੀਤਾ। ਉਥੇ ਦੀ ਪਾਠ/ਕੀਰਤਨ ਦੀ ਸੇਵਾ ਦੀ ਸ਼ੁਰੂਆਤ ਕਰਵਾਈ। ਤੋਸ਼ੇਖਾਨੇ/ਲਾਇਬ੍ਰੇਰੀ ਨੂੰ ਸੰਭਾਲਿਆ। ਕਈ ਮਾਸੂਮ ਜਾਨਾਂ ਨੂੰ ਬਚਾਇਆ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ। ਲਾਸ਼ਾਂ ਦੇ ਸਸਕਾਰ ਕਰਵਾਏ। ਸਿੱਖ ਪਰੰਪਰਾਵਾਂ ਤੋਂ ਅਣਜਾਣ ਫ਼ੌਜੀਆਂ ਨੂੰ ਬੇਦੋਸ਼ੇ ਸ਼ਰਧਾਲੂਆਂ ਨਾਲ ਮਾੜੇ ਵਿਹਾਰ ਤੋਂ ਰੋਕਿਆ। ਸਿਆਸੀ ਨੇਤਾਵਾਂ/ਬਿਊਰੋਕਰੇਟਾਂ/ਫ਼ੌਜੀ ਅਫ਼ਸਰਾਂ ਦੀ ਕੰਪਲੈਕਸ ਫੇਰੀ ਸਮੇਂ ਸਹਿਯੋਗ ਦਿੱਤਾ। ਗ੍ਰਿਫ਼ਤਾਰ ਸ਼ਰਧਾਲੂਆਂ/ਖਾੜਕੂਆਂ ਵਿਚੋਂ ਬੇਦੋਸ਼ੇ ਬੰਦੇ ਛੁਡਾਏ। ਫ਼ੌਜੀ ਕਾਰਵਾਈ ਤੇ ਜਾਣੇ ਅਣਜਾਣੇ ਹੋਈਆਂ ਜ਼ਿਆਦਤੀਆਂ ਦਾ ਇਹ ਬਿਰਤਾਂਤ ਸਾਰੇ ਕੁਝ ਨੂੰ ਵਰਦੀਧਾਰੀ ਫ਼ੌਜੀ ਅਫ਼ਸਰ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦੀ ਹੈ ਇਹ ਕਿਤਾਬ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਪੰਨੇ ਜ਼ਿੰਦਗੀ ਦੇ
ਲੇਖਿਕਾ : ਹਰਤੇਜ ਕੌਰ ਸਿੱਧੂ
ਪ੍ਰਕਾਸਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 98152-98459.

'ਪੰਨੇ ਜ਼ਿੰਦਗੀ ਦੇ' ਰਾਹੀਂ ਕਵਿੱਤਰੀ ਨੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਛੂਹਿਆ ਹੈ ਅਤੇ ਸਮਾਜ ਦੇ ਕਈ ਸਰੋਕਾਰਾਂ ਅਤੇ ਵਰਤਾਰਿਆਂ ਉੱਪਰ ਚਿੰਤਾ ਵੀ ਪ੍ਰਗਟਾਈ ਹੈ। ਲੇਖਿਕਾ ਨੇ ਸਮਾਜਿਕ ਕਦਰਾਂ-ਕੀਮਤਾਂ ਦੇ ਬਦਲਦੇ ਵਰਤਾਰੇ, ਰਿਸ਼ਤਿਆਂ ਦੀ ਬਦਲ ਰਹੀ ਨੁਹਾਰ, ਪ੍ਰਦੂਸ਼ਣ ਦੀ ਸਮੱਸਿਆ, ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਬਦਲ ਰਹੀ ਤਕਨਾਲੋਜੀ ਨਾਲ ਪ੍ਰਭਾਵਿਤ ਜੀਵਨ ਜਾਚ ਪ੍ਰਤੀ ਕਵਿੱਤਰੀ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਹੋਇਆ ਹੈ। ਪੰਨਾ 67 ਉੱਪਰ ਜਦੋਂ ਦੇ ਇਹ ਆਈਫੋਨ ਟੈਬ ਆ ਗਏ, ਵੇਖੀ ਜਾ ਸਕਦੀ ਹੈ। ਮਾਵਾਂ ਧੀਆਂ ਦੇ ਪਿਆਰੇ ਰਿਸ਼ਤੇ ਪ੍ਰਤੀ ਕਵਿੱਤਰੀ ਦੀ ਸੁਰ ਬੜੀ ਸੰਵੇਦਨਸ਼ੀਲ ਹੈ :
ਮਾਂ ਲਈ ਧੀਆਂ ਹੁੰਦੀਆਂ ਪਰੀਆਂ
ਪੁੱਤਰਾਂ ਨਾਲੋਂ ਵਾਧੂ ਖਰੀਆਂ
ਰੱਬ ਦਾ ਰੂਪ ਹੁੰਦੀਆਂ ਧੀਆਂ
ਧੀ ਬਿਨਾਂ ਨਾ ਹੁੰਦੀਆਂ ਤੀਆਂ।
ਦਾਜ ਵਰਗੀ ਬੁਰਾਈ ਬਾਰੇ ਵੀ ਕਵਿੱਤਰੀ ਦੀ ਕਲਮ ਚਿੰਤਤ ਹੈ। ਪੰਨਾ 21 ਦੀ ਕਵਿਤਾ ਵੇਖੀ ਜਾ ਸਕਦੀ ਹੈ। ਨਾਰੀ ਦੀ ਵਿਥਿਆ ਦੱਸਦੀ ਕਵਿੱਤਰੀ ਉਸ ਦੀ ਹੋਂਦ ਅਤੇ ਉਸ ਦੇ ਜੀਵਨ ਦੀਆਂ ਚੁਣੌਤੀਆਂ ਬਾਰੇ ਚਾਨਣਾ ਪਾਉਂਦੀ ਹੈ।
ਪੰਨਾ 25 ਦੀ ਕਵਿਤਾ :
ਆ ਕੇ ਦੱਸ ਦਿਓ ਕੋਈ ਮੈਨੂੰ।
ਔਰਤ ਦਾ ਘਰ ਕਿਹੜਾ।
ਉਹ ਹੈ ਮੇਰੇ ਬਾਪ ਦਾ ਵਿਹੜਾ।
ਉਹ ਹੈ ਮੇਰੇ ਭਾਈ ਦਾ ਵਿਹੜਾ।
ਹੁਣ ਹੈ ਮੇਰੇ ਪਤੀ ਦਾ ਵਿਹੜਾ।
ਇਹ ਹੈ ਪੁੱਤਰ ਦਾ ਵਿਹੜਾ।
ਕਵਿੱਤਰੀ ਨੇ ਆਪਣੇ ਜੀਵਨ ਦੇ ਕਈ ਪਲਾਂ ਨੂੰ ਕਵਿਤਾ ਦੇ ਰੂਪ ਵਿਚ ਉਤਾਰਿਆ ਹੈ। ਉਸ ਨੇ ਮਨ ਦੀ ਬਗੀਚੀ ਅੰਦਰ ਖਿੜੇ ਅਨੇਕਾਂ ਅਹਿਸਾਸਾਂ ਦੇ ਫੁੱਲਾਂ ਦੀ ਮਹਿਕ ਨੂੰ ਕਾਵਿ ਸਤਰਾਂ ਰਾਹੀਂ ਉਘਾੜਿਆ ਹੈ।
ਮਨ ਦੀ ਇਸ ਬਗੀਚੀ ਅੰਦਰ
ਰੰਗ ਜੀਵਨ ਦੇ ਕਈ ਹੰਢਾਏ
ਫੁੱਲ ਖਿਲੇ ਕਲੀਆਂ ਵੀ ਖਿਲੀਆਂ
ਦੁੱਖ ਸੁੱਖ ਦੇ ਬੂਟੇ ਵੀ ਲਾਏ।
ਬੀਤੇ ਸਮੇਂ ਦੇ ਅਹਿਸਾਸਾਂ ਨੂੰ ਵੀ ਕਵਿੱਤਰੀ ਨੇ ਆਪਣੀ ਕਾਵਿ ਰਚਨਾ ਰਾਹੀਂ ਉਭਾਰਿਆ ਹੈ। ਉਹ ਬਚਪਨ ਦੇ ਅਣਭੋਲ ਅਤੇ ਮਾਸੂਮ ਪਲਾਂ ਪ੍ਰਤੀ ਰੁਚਿਤ ਹੈ।
ਅੱਖ ਝਪਕਦੇ ਲੰਘ ਗਿਆ ਬਚਪਨ
ਫੇਰ ਨਹੀਂ ਆਉਣਾ ਅੱਖੀਆਂ ਤਰਸਣ
ਬੋਹੜਾਂ ਵਰਗੀ ਮਾਂ ਨਹੀਂ ਦਿੱਸਦੀ
ਮੇਰੀ ਪਿਆਰੀ ਮਾਂ ਨਹੀਂ ਦਿਸਦੀ।
ਕਵਿੱਤਰੀ ਨੇ ਇਸ ਕਾਵਿ ਸੰਗ੍ਰਹਿ ਵਿਚ ਅਧਿਆਤਮਕ, ਸਮਾਜਿਕ, ਦਾਰਸ਼ਨਿਕ ਅਤੇ ਸੱਭਿਆਚਾਰਕ ਹਰ ਤਰ੍ਹਾਂ ਦੇ ਮਸਲਿਆਂ ਬਾਰੇ ਕਾਵਿ ਰਚਨਾਵਾਂ ਕੀਤੀਆਂ ਹਨ। ਇਹ ਜਨਮ ਹੈ ਥੋੜ੍ਹਾ ਦਾਤਾ, ਖੈਰਾਤ ਵਿਚ ਖੁਸ਼ੀਆਂ ਮੈਂ ਨਾ ਚਾਹਵਾਂ, ਪਲ ਪਲ ਹਰ ਰੋਜ਼, ਬਾਪੂ ਦੀ ਸੋਚ ਨੇ, ਗੈਰਾਂ ਨੂੰ ਖੁਸ਼ ਵੇਖਣ ਲਈ, ਉਡਦੇ ਫਿਰਨ ਪਰਿੰਦੇ ਆਦਿ ਕਵਿਤਾਵਾਂ ਸਲਾਹੁਣਯੋਗ ਹਨ।

ਂਪ੍ਰੋ: ਕੁਲਜੀਤ ਕੌਰ
ਫ ਫ ਫ

ਤਰਕਸ਼ ਵਿਚਲੇ ਹਰਫ
ਵਿਦਰੋਹੀ ਸੁਰ ਦਾ ਪੁਨਰ-ਉਥਾਨ
ਸੰਪਾਦਕ : ਡਾ: ਅਨੂਪ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 175
ਸੰਪਰਕ : 87289-00142.

ਇਹ ਪੁਸਤਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਪ੍ਰਵਿਰਤੀ ਦੇ ਅਨੁਕਰਨੀ ਸਰਬਜੀਤ ਸੋਹੀ ਦੀ ਕਵਿਤਾ ਦਾ ਮੁਲਾਂਕਣ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ 24 ਵਿਦਵਾਨ ਲੇਖਕਾਂ ਦੇ ਪ੍ਰਵਚਨ ਵਿਅਕਤ ਹਨ। ਸੁਰਜੀਤ ਪਾਤਰ ਇਸ ਕਵਿਤਾ ਨੂੰ ਸੁਲਗਦੀ, ਜਗਦੀ ਅਤੇ ਰੌਸ਼ਨ ਆਵਾਜ਼ ਦਾ ਨਾਂਅ ਦਿੰਦਾ ਹੈ। ਸੰਪਾਦਕ ਅਨੂਪ ਸਿੰਘ ਸਰਬਜੀਤ ਸੋਹੀ ਦੀ ਕਵਿਤਾ ਨੂੰ ਸਮਕਾਲੀ ਜਨਜੀਵਨ ਦੇ ਸਰੋਕਾਰਾਂ ਨਾਲ ਜੁੜੀ ਕਵਿਤਾ ਦੱਸਦਾ ਹੈ। ਜਗਵਿੰਦਰ ਜੋਧਾ ਰਾਜਸੀ ਅਤੇ ਜਮਾਤੀ ਸੰਘਰਸ਼ ਦੀ ਦ੍ਰਿਸ਼ਟੀ ਤੋਂ ਪ੍ਰਗਟਾਉਂਦਾ ਹੈ ਜਦ ਕਿ ਭੀਮ ਇੰਦਰ ਸਿੰਘ ਸਰਬਜੀਤ ਦੀ ਕਵਿਤਾ ਦੇ ਬੁਨਿਆਦੀ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਮੁਖਬੈਨ ਸਿੰਘ ਨੂੰ ਜਾਪਦਾ ਹੈ ਕਿ ਸਰਬਜੀਤ ਦਾ ਕਾਵਿ ਵਿਸਰਜਣ ਪ੍ਰਕਿਰਿਆ ਤੋਂ ਪਾਰਲੇ ਅਰਥ-ਸੰਚਾਰ ਕਰਦਾ ਹੈ। ਇਸੇ ਤਰ੍ਹਾਂ ਸੁਖਵਿੰਦਰ ਕੰਬੋਜ ਜੁਝਾਰ ਵਿਦਰੋਹੀ ਕਵਿਤਾ ਦੀ ਚਾਨਣੀ ਪੈੜ ਦੱਸਦਾ ਹੈ ਅਤੇ ਸ਼ਮਸ਼ੇਰ ਮੋਹੀ, ਗੁਪਾਲ ਸਿੰਘ ਬੁੱਟਰ ਅਤੇ ਮੁਨੀਸ਼ ਕੁਮਾਰ ਸਰਬਜੀਤ ਸੋਹੀ ਦੀ ਕਵਿਤਾ ਵਿਚੋਂ ਉੱਭਰੇ ਮਾਨਵੀ ਹਿਤਾਂ ਦੀ ਪੂਰਤੀ ਦੇ ਸਰੋਕਾਰਾਂ ਨੂੰ ਪਛਾਣਦੇ ਹਨ। ਜੂਝਣਾ, ਅਣਖ ਗੈਰਤ ਲਈ ਅੜ ਖਲੋਣਾ ਅਤੇ ਸਾਧਨ ਵਿਹੂਣੇ ਲੋਕਾਂ ਤੋਂ ਖੁੱਸੇ ਹੋਏ ਹੱਕਾਂ ਨੂੰ ਪਛਾਣਦਿਆਂ ਹੋਇਆਂ ਅਮਨਦੀਪ ਸਿੰਘ, ਪਰਮਜੀਤ ਸਿੰਘ ਕਲਸੀ, ਹੀਰਾ ਸਿੰਘ, ਰਵਿੰਦਰ ਕੌਰ ਕਾਕੜਾ ਅਤੇ ਦੀਪ ਨਿਰਮੋਹੀ ਨੇ ਆਪਣੇ ਪੜਚੋਲਵੇਂ ਨਿਬੰਧਾਂ ਰਾਹੀਂ ਦੀਰਘ ਦ੍ਰਿਸ਼ਠੀ ਤੋਂ ਪਛਾਣਿਆ ਹੈ। ਲੋਕ ਹਿਤੈਸ਼ੀ ਸੁਰਾਂ ਨੂੰ ਅਤੇ ਸਮਕਾਲੀ ਜੁਝਾਰ ਵਿਦਰੋਹੀ ਚੇਤਨਾ ਨੂੰ ਜਿਸ ਕਦਰ ਸਰਬਜੀਤ ਸਿੰਘ ਸੋਹੀ ਨੇ ਆਪਣੀ ਕਵਿਤਾ ਵਿਚ ਵਿਅਕਤ ਕੀਤਾ ਹੈ, ਉਸ ਨੂੰ ਸਤਨਾਮ ਸਿੰਘ ਗਿੱਲ, ਸੁਨੀਤਾ ਵਰਮਾ, ਨਿਰਮਲ ਜੀਤ ਕੌਰ, ਹਰਸਿਮਰਨ ਕੌਰ, ਜਰਨੈਲ ਸੇਖਾ ਅਤੇ ਅਜ਼ਮੀਤ ਕੌਰ ਨੇ ਵੀ ਖੂਬ ਪਛਾਣਦਿਆਂ ਅਤੇ ਸੋਹੀ ਦੀ ਕਾਵਿ ਪ੍ਰਤਿਭਾ ਨੂੰ ਖੂਬ ਉਭਾਰਿਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਚੜ੍ਹਦੇ ਸੂਰਜ ਦੀ ਲਾਲੀ
ਲੇਖਕ : ਮੁਖਤਿਆਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 98728-23511.

ਇਸ ਕਹਾਣੀ-ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆਂ ਵਿਭਿੰਨ ਰੰਗਾਂ, ਜਜ਼ਬਿਆਂ ਅਤੇ ਸਰੋਕਾਰਾਂ ਨਾਲ ਲਬਰੇਜ਼ ਹਨ। 'ਚਿਹਰੇ' ਕਹਾਣੀ ਵਿਚਲੇ ਦੋ ਭਰਾ ਜ਼ਮੀਨ ਦੀ ਵੰਡ ਕਾਰਨ ਆਪਸੀ ਨਫ਼ਰਤ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਬਜ਼ੁਰਗ ਪਿਉ ਦੀ ਮੌਤ ਕਾਰਨ ਪੈਦਾ ਹੋਣ ਵਾਲੇ ਖੱਪੇ ਕਾਰਨ ਮੁੜ ਇਕ-ਦੂਸਰੇ ਨਾਲ ਮੁਹੱਬਤੀ ਬੰਧਨ ਵਿਚ ਬੰਨ੍ਹੇ ਜਾਂਦੇ ਹਨ। 'ਧੀਏ ਤੂੰ ਵੀ' ਵਿਚ ਕਰਮੀ ਨਾਂਅ ਦੀ ਔਰਤ ਦਾ ਪ੍ਰੇਮ ਅਸਫ਼ਲ ਹੋ ਜਾਂਦਾ ਹੈ ਜਿਸ ਕਾਰਨ ਉਹ ਸਾਰੀ ਉਮਰ ਲੁੱਛਦੀ ਰਹਿੰਦੀ ਹੈ ਪਰ ਆਪਣੀ ਧੀ ਵਲੋਂ ਕਿਸੇ ਮੁੰਡੇ ਨੂੰ ਪ੍ਰੇਮ ਕਰਦਾ ਦੇਖ ਕੇ ਉਹ ਆਪਣੇ ਗੁਆਚੇ ਪ੍ਰੇਮ ਦੀ ਪੂਰਤੀ ਹੁੰਦੀ ਦੇਖਦੀ ਹੈ। 'ਜਬਾੜੇ' ਸ਼ਹਿਰਾਂ 'ਚ ਫੈਲੇ ਭੂ-ਮਾਫ਼ੀਏ ਦੀ ਕਹਾਣੀ ਹੈ ਜੋ ਸ਼ਹਿਰਾਂ ਵਿਚ ਜ਼ਮੀਨ ਹਥਿਆਉਣ ਲਈ ਖੌਫ਼, ਭੈਅ ਅਤੇ ਭ੍ਰਿਸ਼ਟਾਚਾਰ ਫੈਲਾਉਂਦੇ ਦਿਖਾਈ ਦਿੰਦੇ ਹਨ। 'ਹੋਰ ਕਿੰਨਾ ਕੁ ਚਿਰ' ਦਾ ਪਾਤਰ ਰਾਜ ਜਦੋਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੈ ਤਾਂ ਉਸ ਦੀ ਪਤਨੀ ਨੂੰ ਅਜਿਹਾ ਸਦਮਾ ਲਗਦਾ ਹੈ ਕਿ ਉਹ ਮੰਜੇ ਨਾਲ ਮੰਜਾ ਹੋ ਕੇ ਰਹਿ ਜਾਂਦੀ ਹੈ। ਤਦ ਪਛਤਾਵੇ ਤੋਂ ਬਗੈਰ ਉਸ ਦੇ ਪੱਲੇ ਕੁਝ ਨਹੀਂ ਰਹਿੰਦਾ। 'ਬੋਲੀ ਜਾਣ ਦਿਉ' ਦਫ਼ਤਰੀ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਵਾਲੀ ਕਹਾਣੀ ਹੈ ਜਿਸ ਵਿਚ ਦਫ਼ਤਰੀ ਬਾਬੂ ਤੇ ਅਫ਼ਸਰ ਆਮ ਲੋਕਾਂ ਦੇ ਕਿੰਤੂ-ਪ੍ਰੰਤੂ ਦੀ ਬਿਲਕੁਲ ਪਰਵਾਹ ਨਹੀਂ ਕਰਦੇ। 'ਉਇ ਮੈਂ ਵਿਦ...ਵਾਨ' ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਝੂਠੀ ਹਉਮੈ ਤੇ ਹੰਕਾਰ ਦੀ ਕਹਾਣੀ ਹੈ ਤੇ ਉਹ ਅਜਿਹੀ ਥਾਂ ਟਿਕੀ ਹੁੰਦੀ ਹੈ, ਜਿਸ ਨੂੰ ਭੋਰਾ ਕੁ ਧੱਕਾ ਲੱਗਣ 'ਤੇ ਵੀ ਹਉਮੈ ਢਹਿ-ਢੇਰੀ ਹੋ ਜਾਂਦੀ ਹੈ। 'ਚੜ੍ਹਦੇ ਸੂਰਜ ਦੀ ਲਾਲੀ' ਅੱਤਵਾਦ ਦੇ ਫੈਲੇ ਭੈਅ ਦੀ ਕਹਾਣੀ ਹੈ ਜੋ ਅੱਤਵਾਦ ਖ਼ਤਮ ਹੋ ਜਾਣ 'ਤੇ ਵੀ ਲੋਕਾਂ ਦੇ ਮਨ ਵਿਚ ਖੰਜਰ ਵਾਂਗ ਗੱਡਿਆ ਰਹਿੰਦਾ ਹੈ। ਮੁਖਤਿਆਰ ਸਿੰਘ ਅਨੁਭਵੀ ਲੇਖਕ ਹੈ ਜੋ ਦੂਜਿਆਂ ਦੇ ਅਨੁਭਵ ਨੂੰ ਵੀ ਆਪਣਾ ਬਣਾ ਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਕਹਾਣੀਆਂ ਨਵੇਂ ਪਰਿਵੇਸ਼ ਜ਼ਾਹਰ ਕਰਦੀਆਂ ਹਨ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਕੱਚਾ ਮਾਸ
ਲੇਖਕ : ਮੋਹਨ ਲਾਲ ਫਿਲੌਰੀਆ
ਪ੍ਰਕਾਸ਼ਕ : ਐਵਿਸ ਪਵਲੀਕੇਸ਼ਨਜ਼, ਦਿੱਲੀ
ਮੁੱਲ : 275 ਰੁਪਏ, ਸਫ਼ੇ : 152
ਸੰਪਰਕ : 98884-05888.

ਐਡਵੋਕੇਟ ਮੋਹਨ ਲਾਲ ਫਿਲੌਰੀਆ ਸਮਾਜ ਦੇ ਨਿਮਨ ਵਰਗ ਦੀਆਂ ਮੁਸ਼ਕਿਲਾਂ ਤੇ ਘੋਰ ਗਰੀਬੀ ਵਾਲੇ ਜੀਵਨ ਜਿਊਂਦੇ ਲੋਕਾਂ ਦਾ ਚਿਤੇਰਾ ਹੈ। ਉਸ ਦੀ ਇਸ ਪੁਸਤਕ ਵਿਚ 21 ਕਹਾਣੀਆਂ ਹਨ। ਪੁਸਤਕ ਦੀ ਪਹਿਲੀ ਕਹਾਣੀ 'ਮਾਣ ਤਾਣ' ਵਿਚ ਬਜ਼ੁਰਗ ਜੋੜਾ ਤਿੱਖੀ ਚੁੰਝ ਚਰਚਾ ਕਰ ਰਿਹਾ ਹੈ। ਇਨ੍ਹਾਂ ਦੇ ਪੁੱਤਰ ਅਫਸਰ ਹਨ ਤੇ ਚੰਗੀ ਕਮਾਈ ਹੈ। ਇਕ ਪੁੱਤਰ ਵਲੋਂ ਆਪਣਾ ਉਤਾਰਿਆ ਕੋਟ ਦੇਣ ਨਾਲ ਗੱਲ ਉਲਝ ਜਾਂਦੀ ਹੈ। ਉਹ ਪੁੱਤਰਾਂ ਤੋਂ ਇਸ ਗੱਲ ਲਈ ਖਫ਼ਾ ਹੈ ਕਿ ਉਹ ਆਪਣੀ ਜਾਤ ਲੁਕਾਉਂਦੇ ਹਨ। ਆਪ ਬਜ਼ੁਰਗ ਸਾਰੀ ਉਮਰ ਸ਼ਹਿਰ ਦੇ ਚੌਂਕ ਵਿਚ ਬੈਠ ਕੇ ਜੁੱਤੀਆਂ ਗੰਢਦਾ ਰਿਹਾ ਸੀ। ਉਹ ਪੁੱਤਰਾਂ ਨੂੰ ਆਪਣਾ ਵਿਰਸਾ ਯਾਦ ਰੱਖਣ ਦੀਆਂ ਨਸੀਹਤਾਂ ਦਿੰਦਾ ਹੈ। 'ਬੇਦਾਵਾ' ਕਹਾਣੀ ਵਿਚ ਭੰਡਾਂ ਦਾ ਦਿਲਚਸਪ ਸੰਵਾਦ ਹੈ। ਕਿਸੇ ਵੱਡੇ ਘਰ ਵਿਚੋਂ ਉਨ੍ਹਾਂ ਨੂੰ ਕੁਝ ਨਾ ਮਿਲਣ ਤੇ ਨਾਲ ਦਾ ਭੰਡ ਕਹਿੰਦਾ ਹੈ...ਤੂੰ ਵੀ ਚੰਗਾ ਕਰਦਾ ਤਾਂ ਇਨ੍ਹਾਂ ਨੂੰ ਬੇਦਾਵਾ ਦੇ ਆ। ਮੁੰਡੇ ਇਨ੍ਹਾਂ ਦੇ ਜੰਮਦੇ ਹੀ ਨਹੀਂ ਕੁੜੀਆਂ ਇਹ ਜੰਮਣ ਨਹੀਂ ਦਿੰਦੇ। ਇਸ ਕਿਸਮ ਦੇ ਵਿਅੰਗਮਈ ਸੰਵਾਦ ਹਰੇਕ ਕਹਾਣੀ ਵਿਚ ਹਨ। ਕਹਾਣੀਆਂ ਦਾ ਕੈਨਵਸ ਸਰਕਾਰੀ ਸਕੂਲਾਂ ਦੀ ਦੁਰਦਸ਼ਾ, ਮਿਡ ਡੇਅ ਮੀਲ, ਸਿਆਸਤ, ਅਦਾਲਤਾਂ ਵਿਚ ਰੁਲਦੇ ਲੋਕ ਜਾਂ ਫਿਰ ਪਿੰਡ ਗੋਦ ਲੈਣ ਦੀ ਗੱਲ ਹੋਵੇ। ਕਹਾਣੀ ਸੱਤਾਂ ਗੰਨਿਆਂ ਦੀ ਸੁਆਹ ਵਿਚ ਢਾਡੀ ਕੁਰਪਸ਼ਨ ਦੀ ਵਾਰ ਗਾ ਕੇ ਲੋਕਾਂ ਨੂੰ ਨਿਹਾਲ ਕਰਦੇ ਹਨ। ਢੋਲੀ ਢੋਲ ਵਜਾ ਕੇ ਸਰਕਾਰੀ ਨੀਤੀਆਂ ਦੀ ਖੂਬ ਖਿੱਲੀ ਉਡਾਉਂਦਾ ਹੈ। ਪੁਲਿਸ ਭ੍ਰਿਸ਼ਟਾਚਾਰ 'ਤੇ ਤਿੱਖਾ ਵਿਅੰਗ ਸਿਰਲੇਖ ਵਾਲੀ ਕਹਾਣੀ ਵਿਚ ਹੈ। ਪੁਸਤਕ ਦੀਆਂ ਕਹਾਣੀਆਂ ਬਦਬੂ, ਥੈਂਕ ਯੂ ਮੋਦੀ ਅੰਕਲ, ਇਕ ਝਾੜੂ ਦੀ ਆਤਮ ਕਥਾ, ਕਿਸ਼ਤਾਂ ਵਿਚ ਆਤਮ ਹੱਤਿਆ, ਨਿੱਕੇ ਨਿੱਕੇ ਹੱਥ ਓ,ਅ, ੲ ਤੰਦੂਰੀ ਢਾਬਾ, ਪਿੰਡ ਦੀ ਗੋਦ, ਨੰਗਲ ਸ਼ਾਮਾ ਦੀ ਯਾਤਰਾ ਵਿਚ ਜਾਤ ਪਾਤ, ਗਰੀਬੀ, ਬਾਲ ਸ਼ੋਸ਼ਣ ਜਿਹੀਆਂ ਸਮਾਜਿਕ ਸਥਿਤੀਆਂ ਦਾ ਸੰਵਾਦਮਈ ਕਲਾਤਮਿਕ ਚਿਤਰਣ ਹੈ। ਬਿਨਾਂ ਭੂਮਿਕਾ ਵਾਲੀ ਪੁਸਤਕ ਰੀਝ ਨਾਲ ਪੜ੍ਹਨ ਵਾਲੀ ਹੈ। ਭਰਪੂਰ ਸਵਾਗਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਨਿੱਕ-ਸੁੱਕ
ਲੇਖਕ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98551-05665.

ਲੇਖਿਕਾ ਨੇ ਵਾਰਤਕ ਅਤੇ ਕਾਵਿ-ਸੰਗ੍ਰਹਿ ਦੀਆਂ ਲਗਪਗ 14 ਕਿਤਾਬਾਂ ਲਿਖਣ ਤੋਂ ਬਾਅਦ ਆਪਣਾ ਪਹਿਲਾ ਮਿੰਨੀ ਕਹਾਣੀ-ਸੰਗ੍ਰਹਿ 'ਨਿੱਕ-ਸੁੱਕ' ਲਿਖਿਆ ਹੈ, ਜਿਸ ਵਿਚ ਉਸ ਨੇ 44 ਕਹਾਣੀਆਂ ਦੀ ਸਿਰਜਣਾ ਕੀਤੀ ਹੈ, ਜਿਨ੍ਹਾਂ ਵਿਚ ਆਮ ਜ਼ਿੰਦਗੀ ਦੇ ਤੱਥਾਂ ਨੂੰ ਹੀ ਇਕੱਤਰ ਕੀਤਾ ਗਿਆ ਹੈ ਜਿਵੇਂ ਕਿ ਕਹਾਣੀ 'ਮਾਂ ਮੈਂ ਧੀ ਕਿਉਂ' ਵਿਚ ਇਕ ਧੀ ਵੱਲੋਂ ਮਾਂ ਨੂੰ ਸਵਾਲ ਕੀਤਾ ਗਿਆ ਹੈ ਕਿ ਧੀ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਪੁੱਤਰ ਨੂੰ ਪਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਅਗਲੀ ਕਹਾਣੀ 'ਜਿਸ ਕੋ ਰਾਖੈ ਸਾਈਆਂ' ਵਿਚ ਦੋ ਬੱਚੇ ਜਦੋਂ ਪਾਰਕ ਵਿਚ ਕਫਨ ਵਿਚ ਵਲੇਟੇ ਹੋਏ ਮਿਲਦੇ ਹਨ, ਜਿਨ੍ਹਾਂ ਨੂੰ ਮਰੇ ਹੋਏ ਸਮਝ ਕੇ ਉਨ੍ਹਾਂ ਦੇ ਮਾਂ-ਬਾਪ ਪਾਰਕ ਵਿਚ ਸੁੱਟ ਜਾਂਦੇ ਹਨ ਪਰ ਉਨ੍ਹਾਂ ਨਵ-ਜੰਮੇ ਬੱਚਿਆਂ ਨੂੰ ਲੋਕ ਚੱਕ ਕੇ ਲੈ ਆਉਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਚ ਜਾਂਦੀ ਹੈ। ਅਗਲੀ ਕਹਾਣੀ 'ਲਾਸ਼ ਇਨਸਾਨੀਅਤ ਦੀ' ਵਿਚ ਦੱਸਿਆ ਗਿਆ ਹੈ ਕਿ ਪੈਨਸ਼ਨ ਲੈਣ ਖਾਤਰ ਪੁੱਤ ਆਪਣੇ ਮਰੇ ਹੋਏ ਪਿਓ ਨੂੰ ਘਰ ਵਿਚ ਜਿਊਂਦਾ ਸਮਝ ਕੇ ਪਾਈ ਬੈਠਾ ਹੈ, ਜੋ ਕਿ ਇਨਸਾਨੀਅਤ ਦਾ ਘਾਣ ਕਰਦੀ ਕਹਾਣੀ ਹੈ।
'ਨਵਾਂ ਨੰਬਰ' ਕਹਾਣੀ ਸਹੇਲੀ ਨਾਲ ਗੱਲਬਾਤ ਕਰਨ ਬਾਰੇ ਹੈ ਅਤੇ 'ਨਵੀਂ ਸਵੇਰ' ਕਹਾਣੀ ਵਿਚ ਬੱਚਾ ਭੀਖ ਮੰਗਦਾ ਹੈ ਪਰ ਜਦੋਂ ਉਸ ਨੂੰ ਭੀਖ ਨਹੀਂ ਮਿਲਦੀ ਤਾਂ ਉਹ ਆਪਣੇ ਠੇਕੇਦਾਰ ਤੋਂ ਡਰਦਾ ਹੈ ਕਿ ਉਹ ਉਸ ਦੀ ਬਾਂਹ ਹੀ ਨਾ ਕੱਟ ਦੇਵੇ। ਅਗਲੀ ਕਹਾਣੀ 'ਲੜ ਚੁੰਨੀ ਦਾ' ਵਿਚ ਦੱਸਿਆ ਗਿਆ ਹੈ ਕਿ ਜਦੋਂ ਮੰਗਤੇ ਬੱਚਿਆਂ ਨੂੰ ਆਪਣੀ ਮਾਂ ਦੀ ਯਾਦ ਆ ਜਾਦੀ ਹੈ ਤਾਂ ਉਹ ਪੈਸੇ ਦਿੰਦੀ ਅੰਟੀ ਤੋਂ ਪੈਸੇ ਲੈਣੇ ਇਨਕਾਰ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਵੀ ਉਸੇ ਅੰਟੀ ਵਾਂਗ ਗੀ ਆਪਣੀ ਚੁੰਨੀ ਦੇ ਲੜ ਵਿਚ ਪੈਸੇ ਬੰਨ੍ਹਿਆ ਕਰਦੀ ਸੀ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਹਰਸਿਮਰਨ ਕੌਰ ਨੇ ਨਿੱਕ-ਸੁੱਕ ਕਹਾਣੀ ਸੰਗ੍ਰਹਿ ਵਿਚ ਨਿੱਕੇ-ਨਿੱਕੇ ਵਿਸ਼ੇ ਲੈ ਕੇ ਕਹਾਣੀਆਂ ਲਿਖੀਆਂ ਹਨ ਜੋ ਸਮਾਜ ਦੀ ਤਰਜਮਾਨੀ ਕਰਦੀਆਂ ਹਨ, ਪਰ ਸਾਰੀਆਂ ਕਹਾਣੀਆਂ ਹੀ ਏਨੀ ਸਧਾਰਨ ਭਾਸ਼ਾ ਵਿਚ ਲਿਖੀਆਂ ਗਈਆਂ ਹਨ ਜਿਨ੍ਹਾਂ ਵਿਚ ਕਲਾਤਮਕਤਾ ਦੀ ਘਾਟ ਰੜਕਦੀ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

23-02-2019

 ਮੇਰੇ ਪੰਧ ਪੈਂਡੇ
ਜੀਵਨ ਅਨੁਭਵ
ਲੇਖਕ : ਸੁਰਿੰਦਰ ਸਿੰਘ ਸੁੱਨੜ
ਪ੍ਰਕਾਸ਼ਕ : ਨਵੀਂ ਦੁਨੀਆ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 521
ਸੰਪਰਕ : 97804-70386.

ਵਿਦੇਸ਼ਾਂ ਵਿਚ ਵਸਦੇ ਭਾਰਤੀ ਮੂਲ ਦੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਸਮਰਪਿਤ ਇਹ ਕਿਤਾਬ ਉੱਘੇ ਪੰਜਾਬੀ ਕਵੀ ਸੁਰਿੰਦਰ ਸਿੰਘ ਸੁੰਨੜ ਦੀ ਵਾਰਤਕ ਪੁਸਤਕ ਹੈ। 133 ਕਾਂਡਾਂ ਤੱਕ ਫੈਲੀ ਹੋਈ ਇਹ ਵੱਡ ਅਕਾਰੀ ਪੁਸਤਕ ਸੁੱਨੜ ਦੇ ਵਿਸ਼ਾਲ ਜੀਵਨ ਅਨੁਭਵ ਦਾ ਦਿਲਕਸ਼ ਸ਼ਬਦ ਚਿੱਤਰ ਹੈ। ਜ਼ਿੰਦਗੀ ਦੀਆਂ ਕੌੜੀਆਂ ਕੁਸੈਲੀਆਂ ਯਾਦਾਂ ਦੇ ਨਾਲ-ਨਾਲ ਸੰਘਰਸ਼ ਅਤੇ ਸਫਲਤਾਵਾਂ ਦੀ ਇਹ ਗਾਥਾ ਆਪਣੇ ਸਹਿਜ ਪ੍ਰਗਟਾਵੇ ਰਾਹੀਂ ਜ਼ਿੰਦਗੀ ਦੇ ਕਈ ਅਜਿਹੇ ਰਾਜ਼ਾਂ ਦੀਆਂ ਪਰਤਾਂ ਫਰੋਲਦੀ ਹੈ ਜਿਹੜੇ ਪਾਠਕਾਂ ਲਈ ਇਕ ਅਨੂਠਾ ਸਬਕ ਹੋ ਸਕਦੇ ਹਨ। ਸੰਘਰਸ਼ਾਂ ਅਤੇ ਅਨੁਭਵਾਂ ਦੀ ਇਹ ਸਰਲ, ਸਾਦੀ ਸਾਰਨੀ ਹੋਣ ਦੇ ਨਾਲ-ਨਾਲ ਜੀਵਨ ਫਲਸਫ਼ੇ ਦੀਆਂ ਗਹਿਰਾਈਆਂ ਨੂੰ ਹੰਘਾਲਦੀ ਹੋਈ ਪਾਠਕ ਨੂੰ ਉਨ੍ਹਾਂ ਨੈਤਿਕ ਆਦਰਸ਼ਾਂ ਨਾਲ ਵੀ ਜੋੜਨ ਦਾ ਯਤਨ ਕਰਦੀ ਹੈ, ਜਿਹੜੇ ਇਕ ਚੰਗਾ ਮਨੁੱਖ ਅਤੇ ਇਕ ਸਫਲ ਕਾਰੋਬਾਰੀ ਬਣਨ ਲਈ ਜ਼ਰੂਰੀ ਹੋਣੇ ਚਾਹੀਦੇ ਹਨ। ਜਿਵੇਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮਨੁੱਖ ਦਾ ਚਰਿੱਤਰ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮਨੁੱਖ ਦੀ ਸ਼ਖ਼ਸੀਅਤ ਅਤੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮਨੁੱਖ ਦੀ ਤਰਤੀਬ, ਪਛਾਣ, ਯੋਗਤਾ, ਦ੍ਰਿਸ਼ਟੀ, ਹਿੰਮਤ, ਜ਼ਮੀਰ, ਰੂਹਾਨੀਅਤ, ਤਰਜੀਹ, ਭਾਵੁਕਤਾ, ਨੇੜਤਾ, ਸਮਝ, ਸਹਿਕਾਰਤਾ ਅਤੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਮਨੁੱਖ ਦੇ ਰਸਤੇ, ਫ਼ਰਜ਼, ਵਾਅਦੇ, ਅਸੂਲ ਅਤੇ ਇਰਾਦੇ.... ਇਨ੍ਹਾਂ ਸਾਰੇ ਸੰਕਲਪਾਂ ਨੂੰ ਵੱਖਰੇ-ਵੱਖਰੇ ਕਾਂਡਾਂ ਰਾਹੀਂ ਵਿਸਤਾਰ ਕੇ ਆਪਣੇ ਅਨੁਭਵਾਂ ਦੀ ਪੁੱਠ ਚਾੜ੍ਹ ਕੇ ਸੁਰਿੰਦਰ ਸੁੱਨੜ ਨੇ ਪਾਠਕ ਦੇ ਮਨ ਵਿਚ ਸੁੱਤੀਆਂ ਪਈਆਂ ਸੰਭਾਵਨਾਵਾਂ ਨੂੰ ਜਗਾਉਣ ਅਤੇ ਆਪਣੇ ਅੰਦਰ ਪਈ ਸਮਰੱਥਾ ਨੂੰ ਸਫਲਤਾਵਾਂ ਲਈ ਵਰਤਣ ਦਾ ਬਲ ਸਿਖਾਉਣ ਦਾ ਕਾਰਜ ਨਿਭਾਉਣ ਦਾ ਯਤਨ ਕੀਤਾ ਹੈ। ਜੀਵਨ ਦੇ ਵੱਖ-ਵੱਖ ਪਹਿਲੂਆਂ ਦੀਆਂ ਪਰਤਾਂ ਦੇ ਨਾਲ-ਨਾਲ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਪਰਵਾਸ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਵਿਚਕਾਰ ਲਟਕਦੀ ਪੰਜਾਬੀ ਮਾਨਸਿਕਤਾ ਨੂੰ ਪਕੜਨ ਅਤੇ ਚਿਤਰਨ ਬੇਹੱਦ ਜ਼ਰੂਰੀ ਹੈ ਜਿਹੜੇ ਉਨ੍ਹਾਂ ਕਠਿਨ ਪ੍ਰਸਥਿਤੀਆਂ ਨੂੰ ਸਮਝਣ ਦੀ ਤਮੰਨਾ ਰੱਖਦੇ ਹਨ ਜਿਹੜੀਆਂ ਕਿਸੇ ਸੰਘਰਸ਼ਸ਼ੀਲ ਵਿਅਕਤੀ ਨੂੰ ਲੋੜਾਂ ਅਤੇ ਥੁੜਾਂ ਦੀ ਕਸ਼ਮਕਸ਼ ਵਿਚ ਉਲਝਾਈ ਰੱਖਦੀਆਂ ਹਨ।
ਗੁੰਝਲਦਾਰ ਜੀਵਨ ਦਰਸ਼ਨ ਨੂੰ ਸਹਿਜ ਸਾਦਾ ਅਤੇ ਢੁਕਵੇਂ ਸ਼ਬਦਾਂ ਰਾਹੀਂ ਸਫ਼ਿਆਂ ਉੱਤੇ ਇਸ ਤਰ੍ਹਾਂ ਸਹੇਜ ਦੇਣਾ ਪੰਜਾਬੀ ਸਾਹਿਤ ਵਿਚ ਬਹੁਤ ਘੱਟ ਵੇਖਣ ਲਈ ਮਿਲਦਾ ਹੈ। ਇਸ ਕਰਕੇ ਇਸ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.
ਫ ਫ ਫ

ਯਾਤਰਾ 1947
ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 225 ਰੁਪਏ, ਸਫ਼ੇ : 152
ਸੰਪਰਕ : 98142-99422.

'ਯਾਤਰਾਂ1947' ਭਾਰਤੀ ਪੰਜਾਬ ਦੇ ਮੁਮਤਾਜ਼ ਨਾਟਕਕਾਰ ਅਤੇ ਰੰਗਕਰਮੀ ਸ੍ਰੀ ਕੇਵਲ ਧਾਲੀਵਾਲ ਦੇ 1947 ਈ: ਦੇ ਉਜਾੜੇ ਬਾਰੇ ਲਿਖੇ ਇਕ ਨਾਟਕ ਦਾ ਨਾਂਅ ਹੈ, ਜਿਸ ਵਿਚ ਇਧਰਲੇ ਅਤੇ ਵਾਘਿਓਂ ਪਾਰ ਦੇ ਕਵੀਆਂ ਵਲੋਂ ਲਿਖੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਸ਼ਿੰਗਾਰਿਆ ਹੋਇਆ ਹੈ। ਕੇਵਲ ਧਾਲੀਵਾਲ ਨੇ ਇਸ ਨਾਟਕ ਦੀਆਂ ਕਈਆਂ ਪੇਸ਼ਕਾਰੀਆਂ ਪੱਛਮੀ ਅਤੇ ਪੂਰਬੀ ਪੰਜਾਬ ਵਿਚ ਕੀਤੀਆਂ ਅਤੇ ਹਰ ਵਾਰ ਹੀ ਇਸ ਨਾਟਕ ਨੇ ਮਕਬੂਲੀਅਤ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇਸ ਪੁਸਤਕ ਵਿਚ ਸੰਕਲਿਤ ਦੂਸਰਾ ਨਾਟਕ 'ਰੁੱਤ ਮਲ੍ਹਮਾਂ ਦੀ ਆਈ ਵੇ' ਸ੍ਰੀ ਬਲਦੇਵ ਸਿੰਘ ਨਾਵਲਕਾਰ ਅਤੇ ਸ੍ਰੀ ਸਾਂਵਲ ਧਾਮੀ ਦੀਆਂ ਦੋ ਮੁਖ਼ਤਲਿਫ਼ ਕਹਾਣੀਆਂ (ਕੋਈ ਜਗਰਾਵਾਂ ਤੋਂ ਆਇਆ ਜੇ? ਅਤੇ ਮਲ੍ਹਮ) ਦਾ ਨਟਕੀ ਰੂਪਾਂਤਰ ਹੈ; ਜੋ ਕੇਵਲ ਧਾਲੀਵਾਲ ਦੀ ਨਾਟ-ਪ੍ਰਤਿਭਾ ਦਾ ਕਮਾਲ ਹੈ। ਇਸ ਨਾਟਕ ਲਈ ਲਿਖੇ ਗੀਤ ਡਾ: ਜਗਦੀਸ਼ ਸਚਦੇਵਾ ਦੀ ਰਚਨਾ ਹਨ। ਇਹ ਨਾਟਕ ਦੋਵਾਂ ਪੰਜਾਬਾਂ ਦੇ ਪ੍ਰਸਿੱਧ ਥੀਏਟਰਾਂ ਵਿਚ ਅਨੇਕ ਵਾਰ ਸਫ਼ਲਤਾ ਸਹਿਤ ਮੰਚਿਤ ਕੀਤਾ ਜਾ ਚੁੱਕਾ ਹੈ।
ਇਨ੍ਹਾਂ ਦੋਵਾਂ ਨਾਟਕਾਂ ਦੀ ਸਕ੍ਰਿਪਟ ਤੋਂ ਬਿਨਾਂ ਇਸ ਪੁਸਤਕ ਵਿਚ ਕੇਵਲ ਧਾਲੀਵਾਲ ਅਤੇ ਉਸ ਦੇ ਥੀਏਟਰ 'ਮੰਚ-ਰੰਗਮੰਚ' ਵਲੋਂ ਪਾਕਿਸਤਾਨ ਕੀਤੀਆਂ ਹੋਈਆਂ ਚਾਰ ਯਾਤਰਾਵਾਂ ਦਾ ਵੀ ਮਾਰਮਿਕ ਵਰਣਨ ਹੈ। ਸਾਡਾ ਨਾਟਕਕਾਰ, 'ਅਜੋਕਾ ਥੀਏਟਰ' ਦੀ ਬਾਨੀ ਅਤੇ ਸੰਚਾਲਕ ਮੋਹਤਰਿਮਾ ਮਦੀਹਾ ਗੌਹਰ ਦੇ ਸੱਦੇ ਉੱਪਰ ਕਈ ਵਾਰ ਪਾਕਿਸਤਾਨ ਗਿਆ ਅਤੇ ਉਥੇ ਜਾ ਕੇ ਆਪਣੇ ਅਤੇ ਸ਼ਾਹਿਦ ਨਦੀਮ ਸਾਹਿਬ (ਮਦੀਹਾ ਦੇ ਸ਼ੌਹਰ) ਦੇ ਕਈ ਨਾਟਕ (ਜਿਵੇਂ : ਝੱਲੀ ਕਿੱਥੇ ਜਾਵੇ?) ਆਦਿਕ ਨਾਟਕ ਖੇਡੇ। ਹੁਣ ਤਾਂ ਇਧਰਲੇ ਪੰਜਾਬ ਵਿਚ ਵੀ ਹਾਲਾਤ ਕੁਝ ਸਾਜ਼ਗਾਰ ਹੋ ਚੱਲੇ ਨੇ ਪਰ ਪਾਕਿਸਤਾਨੀ ਅਵਾਮ ਦੇ ਸ਼ੌਕ ਦਾ ਤਾਂ ਕੋਈ ਹਿਸਾਬ ਹੀ ਨਹੀਂ! ਕਈ ਵਾਰ ਉਥੇ 10-10 ਦਿਨ ਨਾਟਕ ਚਲਦਾ ਰਹਿੰਦਾ ਹੈ। ਇਨ੍ਹਾਂ ਯਾਤਰਾਵਾਂ ਅਤੇ ਕੁਝ ਹੋਰ ਲੇਖਾਂ ਵਿਚ ਉਸ ਨੇ ਮਦੀਹਾ ਗੌਹਰ, ਉਸ ਦੇ ਨਾਟਕਕਾਰ ਪਤੀ ਸ਼ਾਹਿਦ ਨਦੀਮ ਅਤੇ ਉਨ੍ਹਾਂ ਦੋਵਾਂ ਦੇ ਸਪੁੱਤਰਾਂ ਨਿਰਵਾਣ ਨਦੀਮ ਅਤੇ ਸਾਰੰਗ ਨਦੀਮ (ਸਾਰੇ ਕਲਾਕਾਰ) ਦੀ ਭਰਪੂਰ ਜਾਣ-ਪਛਾਣ ਕਰਵਾਈ ਹੈ। ਸ੍ਰੀ ਕੇਵਲ ਧਾਲੀਵਾਲ ਦੁਆਰਾ ਰਚਿਤ ਇਹ ਪੁਸਤਕ ਅਸਲ ਵਿਚ ਮੋਹਤਰਿਮਾ ਮਦੀਹਾ ਗੌਹਰ ਦੀਆਂ ਮਧੁਰ ਸਿਮ੍ਰਤੀਆਂ ਦਾ ਹੀ ਇਕ ਛੋਟਾ ਜਿਹਾ ਗ੍ਰੰਥ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤੁਹਾਡੇ ਵਾਸਤੇ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 62802-58057.

ਲੇਖਕ ਜੋਧ ਸਿੰਘ ਮੋਗਾ ਇਕ ਅਧਿਆਪਕ, ਚਿੱਤਰਕਾਰ ਤੇ ਬਹੁਵਿਧਾਵੀ ਸਾਹਿਤ ਰੂਪਾਂ ਦਾ ਲਿਖਾਰੀ ਵੀ ਹੈ। ਲੇਖਕ ਦੀ ਵਿਚਾਰਧਾਰਾ ਉਸ ਦੀ ਪੁਸਤਕ ਦੀ ਪਹਿਲੀ ਕਵਿਤਾ 'ਪਿਆਰ ਬੀਜੋ' ਤੋਂ ਸਪੱਸ਼ਟ ਹੋ ਜਾਂਦੀ ਹੈ। ਉਸ ਅਨੁਸਾਰ ਵਿਖਾਵੇ ਦੀ ਬਰਸੀ ਮਨਾਉਣ ਦੇ ਢੰਗ ਨੂੰ ਬਦਲਣਾ ਚਾਹੀਦਾ ਹੈ, ਜੀਵਨ ਵਿਚ ਕਈ ਪਲ ਦਸ਼ਾ ਤੇ ਦਿਸ਼ਾ ਬਦਲ ਦਿੰਦੇ ਹਨ, ਸਾਰੇ ਧਰਮ ਬਰਾਬਰ ਹਨ, ਕਿਸੇ ਦੀ ਪ੍ਰਸੰਸਾ ਕਰ ਕੇ ਵੇਖੋ ਉਸ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਲੇਖਕ ਨੇ ਬਹੁਤ ਸਾਰੇ ਉਪਦੇਸ਼ਾਤਮਿਕ ਲੇਖ ਲਿਖੇ ਹਨ ਜਿਵੇਂ ਕਿ ਮਨੁੱਖ ਦੇ ਅੰਦਰਲੀ ਖੁਸ਼ਬੂ, ਰੱਦੀ ਦੀ ਕਲਾਤਮਿਕ ਵਰਤੋਂ, ਹੱਥੀਂ ਕੰਮ ਕਰਨਾ, ਨੌਕਰਾਣੀਆਂ ਸਾਡੀਆਂ ਮਾਣਯੋਗ ਹਨ ਜੋ ਸਾਰਾ ਕੰਮ ਸੰਭਾਲਦੀਆਂ ਹਨ, ਅਖ਼ਬਾਰੀ ਤਸਵੀਰਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ, ਫੈਸ਼ਨ ਕਰੋ ਪਰ ਸੋਚ ਸਮਝ ਕੇ, ਸਕੂਲਾਂ ਵਿਚ ਸ਼ੀਸ਼ਾ ਕਿਉਂ ਜ਼ਰੂਰੀ, ਪੁਰਾਤਨ ਵਸਤਾਂ ਦੀਆਂ ਕੀਮਤਾਂ ਭਾਵ ਬੇਸ਼ਕੀਮਤੀ ਹੁੰਦੀਆਂ ਹਨ, ਸਕੂਲ ਜਾਂਦੇ ਬੱਚੇ ਦੇ ਬੂਟ ਕਿਹੋ ਜਿਹੇ ਹੋਣ, ਭਾਰੇ ਬਸਤੇ ਬੱਚੇ ਦੀ ਸਿਹਤ 'ਤੇ ਮਾੜਾ ਅਸਰ ਪਾਉਂਦੇ ਹਨ ਆਦਿ। ਜਿਉਂ-ਜਿਉਂ ਪੁਸਤਕ ਪੜ੍ਹਦੇ ਜਾਓ ਇਸ ਦੀਆਂ ਨਸੀਹਤ ਭਰਪੂਰ ਗੱਲਾਂ ਨਜ਼ਰੀਂ ਪੈਂਦੀਆਂ ਹਨ ਜਿਵੇਂ ਕਿ ਬਾਲ ਸਭਾ ਨਿਖਾਰਦੀ ਹੈ ਵਿਦਿਆਰਥੀਆਂ ਦੀ ਸ਼ਖ਼ਸੀਅਤ, ਫੈਂਸੀ ਡਰੈੱਸ ਮੁਕਾਬਲੇ, ਸੁੰਦਰ ਲਿਖਾਈ ਦਾ ਮਹੱਤਵ, ਸਿੱਖਿਆ ਦਾ ਉਦੇਸ਼ ਜੀਵਨ ਬਾਰੇ ਤਿਆਰੀ, ਘਰ ਦੀਆਂ ਚੀਜ਼ਾਂ ਥਾਂ ਸਿਰ ਰੱਖੋ, ਅਧਿਆਪਕ ਦਾ ਰੋਲ, ਕਦੇ ਕਦੇ ਘਰੇਲੂ ਸੁਆਣੀ ਨੂੰ ਵੀ ਚਾਹੀਦੀ ਹੈ ਛੁੱਟੀ, ਰੁਮਾਲ ਦਾ ਜੇਬ ਵਿਚ ਹੋਣਾ ਕਿਉਂ ਜ਼ਰੂਰੀ, ਸਾਈਕਲ ਚਲਾਉਂਦੇ ਹੋਏ ਜ਼ਰੂਰੀ ਗੱਲਾਂ ਧਿਆਨ ਦੇਣਯੋਗ, ਬਿਜਲੀ ਦੇ ਕਰੰਟ ਤੋਂ ਬਚ ਕੇ ਰਹੋ, ਰੁੱਖਾਂ ਦੀ ਮਹੱਤਤਾ, ਵਾਤਾਵਰਨ ਪ੍ਰਦੂਸ਼ਣ ਰਹਿਤ ਰੱਖੀਏ, ਬੱਚਿਆਂ ਵਿਚ ਆਟੋਗ੍ਰਾਫ਼ ਲੈਣ ਦੀ ਰੁਚੀ ਜ਼ਰੂਰੀ ਆਦਿ ਅਜਿਹੇ ਵਿਸ਼ੇ ਹਨ ਜੋ ਨਿੱਤ ਜੀਵਨ ਵਿਚ ਵਰਤੋਂ ਵਿਚ ਆਉਂਦੇ ਹਨ। ਇਹ ਲੇਖਕ ਦੇ ਜੀਵਨ ਅਨੁਭਵ ਦਾ ਸਾਰ ਹਨ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਸੱਥ ਸੱਭਿਆਚਾਰ
ਲੇਖਕ : ਸੁਖਮੰਦਰ ਸਿੰਘ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫੇ :104
ਸੰਪਰਕ : 94650-16000.

ਸੁਖਮੰਦਰ ਸਿੰਘ ਬਰਾੜ ਨੇ ਪੁਸਤਕ 'ਸੱਥ ਸੱਭਿਅਚਾਰ' ਰਾਹੀਂ ਵਿਅੰਗਾਂ ਦਾ ਗੁਲਦਸਤਾ ਸਾਹਿਤ ਜਗਤ ਨੂੰ ਭੇਟ ਕੀਤਾ ਹੈ। ਲੇਖਕ ਨੇ ਇਸ ਪੁਸਤਕ ਵਿਚ ਕਰੀਬ ਡੂਢ ਕੁ ਦਰਜਨ ਵਿਸ਼ਿਆਂ ਨੂੰ ਲੈ ਕੇ ਗੱਲਾਂ 'ਚੋਂ ਗੱਲਾਂ ਲੱਭਦਿਆਂ ਹਾਸਿਆਂ ਦੀਆਂ ਬੁਛਾੜਾਂ ਛੱਡਣ ਦਾ ਉਪਰਾਲਾ ਕੀਤਾ। ਬੜੀ ਬੇਬਾਕੀ ਨਾਲ ਕੁਰੀਤੀਆਂ/ਮਸਲਿਆਂ 'ਤੇ ਉਂਗਲ ਇਸ ਵਿਧਾ ਨਾਲ ਧਰੀ ਹੈ ਕਿ ਗੱਲ ਮੂੰਹ 'ਤੇ ਹੀ ਕਹਿ ਦੇਣੀ ਤੇ ਅਗਲੇ ਨੂੰ ਗੁੱਸਾ ਵੀ ਨਹੀਂ ਕਰਨ ਦੇਣਾ। 'ਕੁੱਟ ਖਾਣੀ ਜੰਨ' ਵਿਚ ਬਰਾਤੀਆਂ ਦੀ ਨਾ ਸਮਝੀ, 'ਆਸ਼ਕੀ ਦੀ ਨਿਗ੍ਹਾ' ਵਿਚ ਪਰਾਈਆਂ ਧੀਆਂ-ਭੈਣਾਂ ਦੀ ਆੜ ਵਿਚ ਆਪਣੀਆਂ ਹੀ ਧੀਆਂ ਭੈਣਾਂ ਦੀ ਬੇਇੱਜ਼ਤੀ ਦਾ ਸਬਬ ਬਣ ਜਾਣਾ, 'ਦੁੱਕੀ-ਤਿੱਕੀ ਵਲੋਂ ਵੱਡਿਆਂ ਨੂੰ ਵੀ ਸੀਪ/ਠਿੱਬੀ ਲਾ ਦੇਣੀ, 'ਰੋਡਵੇਜ਼ ਦਾ ਬੋਤਾ' ਵਿਚ ਘਪਲੇਬਾਜ਼ੀ, 'ਬਾਬਾ ਜੰਡ ਪ੍ਰਸ਼ਾਦ' ਵਿਚ ਬੇਥਵਾ ਅੰਧ-ਵਿਸ਼ਵਾਸ, 'ਮੁਗਲੈਲ ਫੋਨ' ਵਿਚ ਹੱਦੋਂ ਵੱਧ ਦੁਰਵਰਤੋਂ ਅਤੇ ਠਗ ਮੰਗਤਿਆਂ ਦੀ ਗਿੱਦੜ ਕੁੱਟ ਆਦਿ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ।
ਪੁਸਤਕ 'ਸੱਥ ਸੱਭਿਅਚਾਰ' ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਸੱਥ ਵਿਚ ਜੁੜੇ ਉਨ੍ਹਾਂ ਪਾਤਰ ਜੋ ਆਮ ਕਰਕੇ ਭੰਡ ਹੀ ਗਿਣੇ ਜਾਂਦੇ ਹਨ, ਰਾਹੀਂ ਵਾਰਤਾਲਾਪ ਦਾ ਗਲਪ ਰੂਪ ਹੈ। ਇਕ ਗੱਲ ਛਿੜਦੀ ਹੈ ਤੇ ਦੂਜੀ ਆਪਣੇ-ਆਪ ਹੀ ਮੂੰਹੋਂ ਨਿਕਲ ਜਾਂਦੀ ਹੈ ਤੇ ਸੱਥ ਵਿਚ ਜੁੜੇ ਲੋਕ ਨਵੀਂ ਗੱਲ ਸੁਣਨ ਉਤਾਵਲੇ ਹੋਈ ਜਾਂਦੇ ਹਨ। ਇਸ ਤਰ੍ਹਾਂ ਰੋਜ਼ਮਰਾ ਦੀ ਸੱਥ ਵਿਚ ਗੱਲਾਂ ਦੀ ਲੜੀ 'ਤੇ ਲੜੀ ਜੁੜਦੀ ਜਾਂਦੀ ਹੈ। ਹਲਕੀਆਂ-ਫੁਲਕੀਆਂ ਗੱਲਾਂ ਵਿਚ ਗਹਿਰ ਗੰਭੀਰ ਗੱਲਾਂ ਦੀ ਚੁੰਝ ਚਰਚਾ ਵੀ ਹੋ ਜਾਂਦੀ ਹੈ। ਜੋ ਪਾਠਕਾਂ ਨੂੰ ਹਸਾਉਣ ਦੇ ਨਾਲ-ਨਾਲ ਕੁਝ ਸਾਕਾਰਾਤਮਿਕ ਸੋਚਣ ਲਈ ਮਜਬੂਰ ਕਰਨ ਦੇ ਵੀ ਸਮਰੱਥ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਜ਼ਮਾਨੇ ਦੇ ਰੰਗ
ਲੇਖਕ : ਦਰਸ਼ਨ ਜੈਤੋਈ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 98146-11457.

'ਜ਼ਮਾਨੇ ਦੇ ਰੰਗ' ਚਰਚਿਤ ਲੋਕ ਕਵੀ ਦਰਸ਼ਨ ਜੈਤੋਈ ਦਾ ਪਰੰਪਰਾਗਤ ਕਵਿਤਾਵਾਂ ਦਾ ਦੂਜਾ ਕਾਵਿ ਸੰਗ੍ਰਹਿ ਹੈ। ਦਰਸ਼ਨ ਜੈਤੋਈ ਇਕ ਸੰਵੇਦਨਸ਼ੀਲ ਵਿਅਕਤੀ ਹੈ, ਉਸ ਨੇ ਆਪਣੇ ਆਲੇ-ਦੁਆਲੇ ਨੂੰ ਬੜੀ ਬਾਰੀਕਬੀਨੀ ਨਾਲ ਘੋਖਿਆ ਤੇ ਵੇਖਿਆ ਹੈ। ਅਜੋਕੇ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਹੋਏ ਘਾਣ ਕਾਰਨ ਜਿਹੜੀਆਂ ਵਿਸੰਗਤੀਆਂ ਪੈਦਾ ਹੋਈਆਂ ਹਨ, ਉਹ ਕੇਵਲ ਉਨ੍ਹਾਂ ਦੀ ਨਿਸ਼ਾਨਦੇਹੀ ਹੀ ਨਹੀਂ ਕਰਦਾ, ਬਲਕਿ ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਵਸਤੂ ਬਣਾ ਕੇ ਜਨ ਸਾਧਾਰਨ ਨੂੰ ਜਾਗਰੂਕ ਵੀ ਕਰਦਾ ਹੈ। ਅਜੋਕੇ ਮਨੁੱਖ ਦੀ ਪੈਸਾ ਕਮਾਉਣ ਦੀ ਲਾਲਸਾ ਤੋਂ ਉਹ ਚਿੰਤਤ ਹੈ। ਪੈਸੇ ਦੀ ਹੋੜ ਕਾਰਨ ਅਜੋਕੇ ਸਮਾਜ ਵਿਚ ਅਨੇਕਾਂ ਪ੍ਰਕਾਰ ਦੇ ਵਿਕਾਰ ਪੈਦਾ ਹੋਏ ਹਨ, ਜਿਨ੍ਹਾਂ ਬਾਰੇ ਉਹ ਸੁਚੇਤ ਰੂਪ ਵਿਚ ਕਲਮ ਚੁੱਕਦਾ ਹੈ। ਇਸ ਤੋਂ ਇਲਾਵਾ ਉਹ ਸਮਾਜਿਕ ਸਮੱਸਿਆਵਾਂ ਨੂੰ ਵੀ ਪਾਠਕਾਂ ਦੇ ਰੂਬਰੂ ਕਰਦਾ ਹੈ। ਉਸ ਨੇ ਨਸ਼ਾਖੋਰੀ, ਦਹੇਜ, ਕਾਲਾ ਧਨ, ਅਨਪੜ੍ਹਤਾ, ਏਡਜ਼, ਬੇਰੁਜ਼ਗਾਰੀ, ਮਿਲਾਵਟਖੋਰੀ, ਲੋਭ ਅਤੇ ਰਿਸ਼ਵਤਖੋਰੀ ਆਦਿ ਅਨੇਕਾਂ ਸਮਾਜਿਕ ਕੁਰੀਤੀਆਂ ਬਾਰੇ ਪਰੰਪਰਾਗਤ ਕਵਿਤਾਵਾਂ ਦੀ ਸਿਰਜਣਾ ਕਰਕੇ ਮਹੱਤਵਪੂਰਨ ਕਾਰਜ ਕੀਤਾ ਹੈ, ਜਿਸ ਦੇ ਲਈ ਉਹ ਵਧਾਈ ਦਾ ਪਾਤਰ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਨਾਗਮਣੀ ਦੀਆਂ ਕਣੀਆਂ
ਲੇਖਿਕਾ : ਚੰਦਨ ਨੇਗੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 375
ਸੰਪਰਕ : 99996-82767.

ਇਸ ਪੁਸਤਕ ਵਿਚ ਚੰਦਨ ਨੇਗੀ ਵਲੋਂ ਅੰਮ੍ਰਿਤਾ ਪ੍ਰੀਤਮ ਦੇ ਮੈਗਜ਼ੀਨ ਨਾਗਮਣੀ ਵਿਚ ਸਮੇਂ-ਸਮੇਂ 'ਤੇ ਛਪੀਆਂ ਰਚਨਾਵਾਂ (ਸਵੈਜੀਵਨਾਤਮਕ ਨਿਬੰਧ-24, ਸੁਪਨੇ-30, ਕਹਾਣੀਆਂ-21) ਤਿੰਨ ਵੱਖ-ਵੱਖ ਭਾਗਾਂ ਵਿਚ ਸੰਕਲਿਤ ਕੀਤੀਆਂ ਗਈਆਂ ਹਨ। ਲੇਖਿਕਾ ਨੇ ਅੰਮ੍ਰਿਤਾ ਪ੍ਰੀਤਮ ਨਾਲ ਆਪਣੇ ਮੋਹ-ਭਿੱਜੇ ਅਤੇ ਸਤਿਕਾਰ ਭਰੇ ਸਬੰਧਾਂ ਦੀ ਚਰਚਾ ਕੀਤੀ ਹੈ। ਨਿਬੰਧਾਂ ਵਿਚ ਲੇਖਿਕਾ ਨੇ ਆਪਣੀ ਸਾਹਿਤਕ ਅਸਤਿੱਤਵ ਦੀ ਬੁਲੰਦੀ ਦਾ ਜ਼ਿਕਰ ਕਰਦਿਆਂ ਆਪਣੀ ਕਲਮ 'ਤੇ ਪਏ ਅਮਿੱਟ ਪ੍ਰਭਾਵਾਂ ਅਤੇ ਇਸ ਨੂੰ ਜੁੰਬਸ਼ ਪ੍ਰਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ (ਮਸਲਨ : ਪ੍ਰਿੰ: ਤੇਜਾ ਸਿੰਘ, ਡਾ: ਅਤਰ ਸਿੰਘ, ਪਿਤਾ ਸ: ਹਰਨਾਮ ਸਿੰਘ ਤੇਗ਼ ਪਿਸ਼ਾਵਰੀ, ਵਣਜਾਰਾ ਬੇਦੀ, ਡਾ: ਹਰਿਭਜਨ ਸਿੰਘ, ਅਜੀਤ ਕੌਰ ਆਦਿ) ਦੇ ਯੋਗਦਾਨ ਬਾਰੇ ਕਾਫੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸਤਰੀ ਲੇਖਕਾਂ ਵਿਚ ਉਹ ਆਪਣੀ ਸਾਹਿਤਕ ਸ਼ਖ਼ਸੀਅਤ ਨੂੰ ਅੰਮ੍ਰਿਤਾ, ਅਜੀਤ ਤੋਂ ਬਾਅਦ ਤੀਸਰੇ ਸਥਾਨ 'ਤੇ ਸਮਝਦੀ ਹੈ। ਲੇਖਿਕਾ ਨੇ ਆਪਣੇ ਨਿਕਟ ਸੰਬੰਧੀਆਂ ਦੀ ਹਮੇਸ਼ਾ ਲਈ ਵਿਛੋੜੇ ਦੀ ਹਿਰਦੇਵੇਧਕ ਜਾਣਕਾਰੀ ਪ੍ਰਸਤੁਤ ਕੀਤੀ ਹੈ। ਨਿਬੰਧਾਂ ਵਿਚ ਪਰਾਸਰੀਰਕ, ਅਧਿਆਤਮਿਕ ਅਤੇ ਰਹੱਸਵਾਦੀ ਅੰਸ਼ ਉਪਲਬਧ ਹਨ। ਗੁਰਬਾਣੀ ਵਿਚ ਅਟੁੱਟ ਵਿਸ਼ਵਾਸ ਰੱਖਦਿਆਂ ਹੋਇਆਂ ਵੀ ਉਹ ਹੋਰ ਧਰਮਾਂ ਲਈ ਸਤਿਕਾਰ ਰੱਖਦੀ ਹੈ। ਉਸ ਨੇ 25 ਸਤੰਬਰ, 1980 ਤੋਂ ਸੁਪਨੇ ਲਿਖਣੇ ਆਰੰਭ ਕੀਤੇ। ਅਨੇਕ ਸੁਪਨੇ ਅਸਲੀ ਘਟਨਾਵਾਂ ਦੇ ਵਾਪਰਨ ਤੋਂ ਪਹਿਲਾਂ ਅਤੇ ਅਨੇਕ ਬਾਅਦ ਵਿਚ ਸਾਕਾਰ ਰੂਪ ਧਾਰਨ ਕਰਦੇ ਵਿਖਾਏ ਗਏ ਹਨ। ਇਨ੍ਹਾਂ ਸਭਨਾਂ ਦਾ ਆਧਾਰ ਲੇਖਿਕਾ ਦਾ ਅਚੇਤ ਮਨ ਹੈ। ਸੁਪਨਿਆਂ ਅਤੇ ਕਹਾਣੀਆਂ ਦਾ ਘੇਰਾ ਪਿਸ਼ਾਵਰ, ਜੰਮੂ, ਪਟਿਆਲਾ ਅਤੇ ਦਿੱਲੀ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਵਾਪਰਨ ਵਾਲੀਆਂ ਘਟਨਾਵਾਂ ਦੇ ਸਥਾਨ, ਮਾਰਗ, ਘਰਾਂ ਦੇ ਨਕਸ਼ੇ ਅਤੇ ਪਾਤਰਾਂ ਦਾ ਮੁਹਾਂਦਰਾ ਸਿਰਜਨ ਵਿਚ ਲੇਖਿਕਾ ਨੂੰ ਕਮਾਲ ਦਾ ਅਬੂਰ ਹਾਸਲ ਹੈ। ਇਸਤਰੀ ਪਾਤਰਾਂ ਦੇ ਦਰਦ ਉਲੀਕਦਿਆਂ ਉਨ੍ਹਾਂ ਦੀ ਮਾਨਸਿਕਤਾ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਸਤਰੀਆਂ ਅਨਜੋੜ ਵਿਆਹਾਂ ਕਾਰਨ ਸੰਤਾਪ ਭੋਗਦੀਆਂ ਹਨ। ਵਿਧਵਾ-ਪਾਤਰਾਂ ਦੀ ਤਰਸਯੋਗ ਹਾਲਤ ਰੂਪਮਾਨ ਕੀਤੀ ਗਈ ਹੈ। ਲੇਖਿਕਾ ਦੇ ਸਾਰੇ ਨਾਵਲਾਂ ਦੇ ਨਾਂਅ ਗੁਰਬਾਣੀ 'ਚੋਂ ਲਏ ਗਏ ਹਨ। ਕੁੱਲ ਮਿਲਾ ਕੇ ਪੁਸਤਕ ਸਵੈ-ਸੰਸਮਰਣ, ਪਰ-ਸੰਸਮਰਣ ਅਤੇ ਯਾਦਾਂ ਦੇ ਝਰੋਖਿਆਂ ਦੀ ਯਥਾਰਥਕ ਪ੍ਰਸਤੁਤੀ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਪੰਜਾਬੀ ਕਿੱਸਾ ਕਾਵਿ
ਇਕ ਅਧਿਐਨ

ਲੇਖਿਕਾ : ਡਾ: ਰੀਨਾ ਕੁਮਾਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 89687-30048.

ਹਥਲੀ ਪੁਸਤਕ ਮੱਧ-ਕਾਲੀਨ ਸਮੇਂ ਵਿਚ ਰਚੀ ਗਈ ਕਾਵਿ ਧਾਰਾ ਕਿੱਸਾ-ਕਾਵਿ ਦੇ ਆਲੋਚਨਾਤਮਕ ਅਧਿਐਨ ਨੂੰ ਪੇਸ਼ ਕਰਦੀ ਹੈ। 1850 ਤੋਂ ਬਾਅਦ ਜੋ ਕਿੱਸਾ-ਕਾਵਿ ਵਿਚ ਸਿਧਾਂਤਕ , ਪ੍ਰਸੰਗ-ਮੂਲਕ ਅਤੇ ਹੋਰ ਸੱਭਿਆਚਾਰਕ ਬਦਲਾਵਾਂ ਦਾ ਪ੍ਰਵੇਸ਼ ਹੁੰਦਾ ਹੈ ਉਸ ਨੂੰ ਵੀ ਇਹ ਪੁਸਤਕ ਸਮਾਜਿਕ, ਸੱਭਿਆਚਾਰਕ ਅਤੇ ਹੋਰ ਸਬੰਧਿਤ ਵਰਤਾਰਿਆਂ ਤੋਂ ਪੇਸ਼ ਕਰਦੀ ਪ੍ਰਤੀਤ ਹੋਈ ਹੈ। ਲੇਖਿਕਾ ਨੇ ਸਭ ਤੋਂ ਪਹਿਲਾਂ ਕਿੱਸੇ ਦੀ ਪਰਿਭਾਸ਼ਾ, ਕਿੱਸਾ ਸਾਹਿਤ ਦਾ ਪਿਛੋਕੜ, ਇਸ ਦਾ ਮਹਾਂ-ਕਾਵਿ ਨਾਲ ਅੰਤਰ ਨਿਖੇੜਾ, ਕਿੱਸਾ-ਕਾਵਿ ਉੱਤੇ ਯੂਨਾਨੀ ਪ੍ਰਭਾਵ ਅਤੇ ਇਸ ਦੇ ਵਿਕਾਸ ਨੂੰ ਬਾ-ਦਲੀਲ ਪ੍ਰਗਟਾਇਆ ਹੈ। ਇਸ ਤੋਂ ਅਗਾਂਹ ਕਿੱਸਾ-ਕਾਵਿ ਦੇ ਵਿਸ਼ਾ-ਖੇਤਰ ਅਤੇ ਆਧਾਰ ਸੋਮਿਆਂ ਨੂੰ ਹਵਾਲੇ-ਦਰ-ਹਵਾਲੇ ਸਹਿਤ ਪ੍ਰੀਤ, ਨੈਤਿਕ, ਪਰੰਪਰਾਇਕ, ਸਥਾਨਕ ਅਤੇ ਹੋਰ ਫੁਟਕਲ ਕਹਾਣੀਆਂ ਤੇ ਕੇਂਦਰ ਬਿੰਦੂ ਕਰਕੇ ਵਖਿਆਣ ਦਿੱਤਾ ਹੈ ਅਤੇ ਨਾਲ ਦੀ ਨਾਲ ਇਤਿਹਾਸਕ ਅਤੇ ਲੋਕ ਜੀਵਨ ਵਿਚ ਪ੍ਰਚਲਿਤ ਮਣਤ-ਮਣੌਤਾਂ , ਕਥਾਵਾਂ ਇਤਿਆਦਿ ਦਾ ਜ਼ਿਕਰ ਵੀ ਕੀਤਾ ਹੈ। ਕਿੱਸਿਆਂ ਵਿਚ ਵਰਣਿਤ ਅਖੁੱਟ ਸਚਾਈਆਂ, ਪਹਿਰਾਵਾ ਅਤੇ ਗਹਿਣੇ ਜਾਂ ਚਿਕਿਸਤਾ ਜਿਹੇ ਵਿਸ਼ਿਆਂ ਨੂੰ ਵੀ ਪ੍ਰਗਟਾਇਆ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਹੈ, ਜਿਸ ਵਿਚ ਲੇਖਿਕਾ ਨੇ ਪੰਜਾਬੀ ਕਿੱਸਿਆਂ ਵਿਚ ਸਮਾਜਿਕ ਜੀਵਨ ਵਿਚ ਬਦਲਦੇ ਪਰਿਪੇਖ ਨੂੰ ਉਦਾਹਰਨਾਂ ਸਹਿਤ ਪ੍ਰਗਟ ਕੀਤਾ ਹੈ। ਇਹ ਪੁਸਤਕ ਅਧਿਐਨ ਅਤੇ ਅਧਿਆਪਨ ਨਾਲ ਜੁੜੇ ਹੋਏ ਪਾਠਕਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

17-02-2019

  ਕਸ਼ਮੀਰ ਦੀ ਦਾਸਤਾਨ
ਮੂਲ : ਏ.ਐਸ. ਦੁੱਲਤ ਤੇ ਆਦਿਤਯ ਸਿਨਹਾ
ਅਨੁ: ਅਰਵਿੰਦਰ ਜੌਹਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 389
ਸੰਪਰਕ : 98554-20229.

ਦੇਸ਼ ਵੰਡ ਤੋਂ ਲੈ ਕੇ ਅੱਜ ਤੱਕ ਕਸ਼ਮੀਰ ਭਾਰਤ ਹੀ ਨਹੀਂ ਦੁਨੀਆ ਭਰ ਦੇ ਅਮਨ ਪਸੰਦ ਲੋਕਾਂ ਲਈ ਸਿਰਦਰਦ ਬਣਿਆ ਹੋਇਆ ਹੈ। ਦੋਵੇਂ ਦੇਸ਼ ਤਿੰਨ ਜੰਗਾਂ ਲੜ ਕੇ ਵੱਡੇ ਪੱਧਰ 'ਤੇ ਸਰਹੱਦਾਂ ਪਾਰ ਮਾਅਰਕੇਬਾਜ਼ੀ ਕਰਕੇ ਅਨੇਕਾਂ ਬੇਕਸੂਰ ਨਾਗਰਿਕਾਂ ਦੀ ਬਲੀ ਦੇ ਕੇ ਵੇਖ ਚੁੱਕੇ ਹਨ। ਇਹ ਮਸਲਾ ਗੱਲਬਾਤ ਰਾਹੀਂ ਹੀ ਹੱਲ ਹੋਣਾ ਹੈ, ਜ਼ਿੱਦਾਂ ਹੈਂਕੜ ਜਾਂ ਤਾਕਤ ਨਾਲ ਨਹੀਂ। ਇਹੀ ਨੁਕਤਾ ਅੰਤ੍ਰਿਮ ਸੱਚ ਵਜੋਂ ਉਭਾਰਦੀ ਹੈ ਸਾਬਕਾ ਰਾਅ ਮੁਖੀ, ਕਸ਼ਮੀਰ ਵਿਚ ਲੰਬੇ ਸਮੇਂ ਤੱਕ ਇੰਟੈਲੀਜੈਂਸ ਵਿਭਾਗ ਵਿਚ ਕੰਮ ਕਰਨ ਵਾਲੇ ਅਤੇ ਪ੍ਰਧਾਨ ਮੰਤਰੀ ਵਾਜਪਾਈ ਦੇ ਕਸ਼ਮੀਰ ਮਾਮਲਿਆਂ ਵਿਚ ਰਾਜਦਾਰ ਏ.ਐਸ. ਦੁੱਲਤ ਦੀ ਲਿਖੀ ਇਹ ਕਿਤਾਬ। ਇਕਦਮ ਰੌਚਕ ਤੇ ਪੜ੍ਹਨਯੋਗ।
ਕਸ਼ਮੀਰ ਦੀ ਉਲਝੀ ਤਾਣੀ, ਕਾਰਗਿਲ, ਕਸ਼ਮੀਰ ਦੇ ਪ੍ਰਮੁੱਖ ਸਿਆਸਤਦਾਨਾਂ, ਸਿਆਸੀ ਪਾਰਟੀਆਂ, ਕੱਟੜਪੰਥੀਆਂ, ਹੁਰੀਅਤ ਭਾੜੇ ਦੇ ਫ਼ੌਜੀਆਂ, ਠੰਢੀ ਜੰਗ ਤੇ ਸੱਤਾ ਦੇ ਜੋੜਾਂ-ਤੋੜਾਂ ਉੱਤੇ ਝਾਤੀ ਪੁਆਉਂਦੀ ਇਹ ਕਿਤਾਬ ਨਾਵਲ ਵਾਂਗ ਪੜ੍ਹੀ ਜਾ ਸਕਦੀ ਹੈ। ਦੁੱਲਤ ਦਾ ਸਹਿ ਲੇਖਕ ਆਦਿਤਯ ਸਿਨਹਾ ਤਜਰਬਾਕਾਰ ਪੱਤਰਕਾਰ ਹੈ। ਸਾਲ 1987 ਤੋਂ 2015 ਤੱਕ ਕਸ਼ਮੀਰ ਸਮੱਸਿਆ ਦਾ ਨਿਰੀਖਕ ਤੇ ਇਸ ਨੂੰ ਹੱਲ ਕਰਨ ਵਾਲਿਆਂ ਦਾ ਸਰਗਰਮ ਭਾਗੀਦਾਰ ਰਿਹਾ ਹੈ ਦੁੱਲਤ। ਉਸ ਦਾ ਕਹਿਣਾ ਹੈ ਕਿ ਮੀਆਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਵਾਜਪਾਈ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਬਹੁਤ ਹੱਦ ਤੱਕ ਰਾਜ਼ੀ ਕਰ ਲਿਆ ਸੀ। ਹੁਰੀਅਤ ਕੱਟੜ ਜਥੇਬੰਦੀਆਂ, ਫਾਰੂਕ, ਮੁਫ਼ਤੀ ਤੇ ਹੋਰ ਸਿਆਸਤਦਾਨਾਂ ਨੂੰ ਵੀ। ਮਸਲਾ ਹੱਲ ਹੁੰਦਾ-ਹੁੰਦਾ ਰਹਿ ਗਿਆ ਜਦੋਂ ਵਾਜਪਾਈ ਦਾ ਕਾਰਜਕਾਲ ਮੁੱਕ ਗਿਆ। ਅਗਲੇ 10 ਸਾਲ ਗੱਲ ਲਗਪਗ ਉਥੇ ਹੀ ਖੜ੍ਹੀ ਰਹੀ। ਅਫ਼ਜ਼ਲ ਗੁਰੂ ਦੀ ਫਾਂਸੀ ਤੇ ਮੋਦੀ ਸਰਕਾਰ ਨਾਲ ਸਥਿਤੀ ਵਿਗੜ ਕੇ ਬਦਤਰ ਹੋ ਗਈ ਅਤੇ ਕਸ਼ਮੀਰੀਆਂ ਦਾ ਵਿਸ਼ਵਾਸ ਹੀ ਸਰਕਾਰ ਗੁਆ ਬੈਠੀ। ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਨੀਤੀ ਤੇ ਫ਼ਿਰਕੂ ਪਹੁੰਚ ਨੇ ਸੱਤਿਆਨਾਸ ਕਰ ਦਿੱਤਾ। ਦੁੱਲਤ ਦੀ ਕਿਤਾਬ ਤੋਂ ਵਾਜਪਾਈ ਦੀ ਸੁਹਿਰਦਤਾ, ਮੀਰ ਵਾਇਜ਼ ਦੀ ਸਿਆਸੀ ਦਲੇਰੀ ਦੀ ਕਮੀ, ਫ਼ਾਰੂਕ ਦੀ ਦਿੱਲੀ ਤੇ ਕਸ਼ਮੀਰੀ ਲੋਕਾਂ ਦੋਵਾਂ ਨੂੰ ਖੁਸ਼ ਕਰਨ ਦੀ ਪਹੁੰਚ ਤੇ ਗਿਲਾਨੀ ਦੇ ਪਾਕਿਸਤਾਨ ਪੱਖੀ ਹੋਣ ਜਿਹੇ ਨੁਕਤੇ ਉੱਭਰਦੇ ਹਨ। ਅਰਵਿੰਦਰ ਜੌਹਲ ਦਾ ਅਨੁਵਾਦ ਕਮਾਲ ਦਾ ਹੈ। ਮੌਲਿਕਤਾ ਦਾ ਪ੍ਰਭਾਵ ਸਿਰਜਦੀ ਹੈ ਉਹ। ਅਨੁਵਾਦਕ ਹੋਵੇ ਤਾਂ ਅਜਿਹੀ ਹੀ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਾਂਡਵ
ਕਵਿੱਤਰੀ : ਮਨਜੀਤ ਇੰਦਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 56
ਸੰਪਰਕ : 98764-23934.

ਮਨਜੀਤ ਇੰਦਰਾ ਦਾ ਨਾਂਅ ਪੰਜਾਬੀ ਸਾਹਿਤ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਤਾਂਡਵ ਉਸ ਦਾ ਨਵਾਂ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ ਨਿੱਜ ਤੋਂ ਪਾਰ ਦੀ ਲੰਬੀ ਯਾਤਰਾ ਕਰਨ ਉਪਰੰਤ ਸਮਾਜ, ਧਰਤੀ, ਮਿੱਟੀ ਤੇ ਜੀਵਨ ਦਰਸ਼ਨ ਦੇ ਜ਼ਿਕਰ ਤੇ ਫ਼ਿਕਰ ਨਾਲ ਜਾ ਜੁੜਦੀਆਂ ਹਨ। ਔਰਤ ਦੀ ਅਸਮਤ ਦਾ ਫ਼ਿਕਰ ਇਨ੍ਹਾਂ ਕਵਿਤਾਵਾਂ ਵਿਚ ਥਾਂ-ਥਾਂ ਉੱਘੜ ਕੇ ਆਉਂਦਾ ਹੈ। ਇਥੇ ਉਹ ਨਾਰੀ ਨੂੰ ਇਕ ਨਵੀਂ ਚੇਤਨਾ ਪ੍ਰਦਾਨ ਕਰਨ ਦਾ ਯਤਨ ਕਰਦੀ ਪ੍ਰਤੀਤ ਹੁੰਦੀ ਹੈ
ਜਾਣਦੀ ਹੈ ਮਾਂ
ਕਾਲੀ-ਦੁਰਗਾ-ਵੈਸ਼ਨੋ
ਕਿੰਜ ਕਰਨਾ ਹੈ
ਸੰਘਾਰ ਰਾਕਸ਼ਾਂ ਦਾ.....
ਸਮਾਜ ਵਿਚ ਚਾਰੇ ਪਾਸੇ ਧਰਮ, ਹਿੰਸਾ, ਜਾਤ-ਪਾਤ, ਊਚ-ਨੀਚ ਦਾ ਤਾਂਡਵ ਹੈ। ਉਸ ਦੀਆਂ ਕਵਿਤਾਵਾਂ ਇਸੇ ਤਾਂਡਵ ਨੂੰ ਰੂਪਮਾਨ ਕਰਦੀਆਂ ਹਨ। ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਕਹਿਰ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ ਹੈ। ਪੰਜਾਬ ਦੀ ਇਸ ਜਵਾਨੀ ਦਾ ਘਾਣ ਪੰਜਾਬ ਵਿਚ ਵਸਦੇ ਸਮੁੱਚੇ ਪਰਿਵਾਰਾਂ ਲਈ ਸੰਤਾਪ ਬਣਦਾ ਜਾ ਰਿਹਾ ਹੈ।
ਚਿੱਟੇ ਨੇ ਪੁੱਤਰ ਪਾ ਲਿਆ
ਝੋਰੇ ਵਿਚ ਹੀ ਪਿਉ ਗਿਆ
ਮੈਂ ਨਖਸਮੀ
ਮੈਂ ਕਪੁੱਤੀ
ਸ਼ਰੀਕਾਂ ਦੇ ਵੱਸ ਪਈ...
ਮਨਜੀਤ ਇੰਦਰਾ ਦੀ ਕਵਿਤਾ ਧਰਤੀ 'ਤੇ ਪਈਆਂ ਵੰਡੀਆਂ ਅਤੇ ਵੰਡੀਆਂ ਕਾਰਨ ਪਏ ਉਜਾੜੇ ਦੇ ਦਰਦ ਨੂੰ ਵੀ ਆਪਣੀ ਕਵਿਤਾ ਵਿਚ ਸਿਰਜਦੀ ਹੈ ਪਰ ਇਨ੍ਹਾਂ ਕਵਿਤਾਵਾਂ ਦੀ ਮੂਲ ਸੁਰ ਇਸ ਚੌਪਾਸੇ ਹੋ ਰਹੇ ਤਾਂਡਵ ਵਿਚ ਨਾਰੀ ਮਨ ਦੀ ਵੇਦਨਾ ਤੇ ਦਰਦ ਨਾਲ ਜਾ ਜੁੜਦੀ ਹੈ।
ਬਾਬਲਾ ਮੈਂ ਕਿਹੜੇ ਦੇਸ
ਜਾ ਵਸਾਂ ਦੱਸ ਹੁਣ
ਕੀਹਤੋਂ ਕੀਹਤੋਂ ਬਚਦੀ ਫਿਰਾਂ....
ਸਮੁੱਚੇ ਰੂਪ ਵਿਚ ਮਨਜੀਤ ਇੰਦਰਾ ਦੀ ਕਵਿਤਾ ਮਾਨਵੀ ਅਤੇ ਸਮਾਜੀ ਚਿੰਤਾਵਾਂ ਨੂੰ ਆਪਣੇ ਕੇਂਦਰ ਬਿੰਦੂ ਵਿਚ ਰੱਖ ਕੇ ਆਪਣਾ ਫ਼ਿਕਰ ਦਰਜ ਕਰਦੀ ਹੈ। ਇਸ ਪੁਸਤਕ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਰੂਹਾਂ ਦੇ ਕਸੀਦੇ
ਸੰਪਾਦਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ, ਪੰਜਾਬ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 98728-98599.

'ਰੂਹਾਂ ਦੇ ਕਸੀਦੇ' 25 ਕਵੀਆਂ ਤੇ ਕਵਿੱਤਰੀਆਂ ਦੀਆਂ ਕਿਰਤਾਂ ਦੀ ਸੰਪਾਦਿਤ ਪੁਸਤਕ ਹੈ, ਜੋ ਸਮਾਜਿਕ ਉਸਾਰੂ ਸਰੋਕਾਰਾਂ ਦੀਆਂ ਧਾਰਨੀ ਹਨ। ਇਹ ਪੁਸਤਕ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਲਿਖਾਰੀ ਸਭਾ ਦੀ ਸਾਂਝੀ ਕਾਵਿ/ਗ਼ਜ਼ਲ ਪੁਸਤਕ ਹੈ, ਜਿਸ ਵਿਚ ਪਰਪੱਕ ਕਲਮਾਂ ਦੇ ਨਾਲ-ਨਾਲ ਨਵੀਆਂ ਪੁੰਗਰ ਰਹੀਆਂ ਕਲਮਾਂ ਨੂੰ ਵੀ ਸ਼ਾਮਿਲ ਕਰਕੇ ਵੱਡੀ ਪਿਰਤ ਪਾਈ ਗਈ ਹੈ। ਮੁੱਢ ਵਿਚ ਪ੍ਰੋੜ੍ਹ ਗ਼ਜ਼ਲਗੋ ਕੈਲਾਸ਼ ਅਮਲੋਹੀ ਦੀਆਂ ਗ਼ਜ਼ਲਾਂ ਹਨ, ਜਿਨ੍ਹਾਂ ਵਿਚੋਂ ਅਗਾਂਹਵਧੂ ਤੇ ਮਾਨਵਵਾਦੀ ਸੁਰ ਉੱਭਰ ਕੇ ਸਾਹਮਣੇ ਆਉਂਦੀ ਹੈਂ
ਕਿਹਦੀ ਹਿੰਮਤ ਹੈ 'ਅਮਲੋਹੀ' ਉਜਾਲਾ ਖੋਹ ਲਵੇ ਮੈਥੋਂ,
ਮੈਂ ਵਸਦੀ ਨ੍ਹੇਰੀਆਂ ਅੰਦਰ ਵੀ ਦੀਵੇ ਜਗਮਗਾ ਲੈਨਾ।
ਇਸੇ ਤਰ੍ਹਾਂ ਹੋਰ ਸ਼ਾਇਰਾਂ ਦੀਆਂ ਰਚਨਾਵਾਂ ਹਨ, ਜਿਨ੍ਹਾਂ ਵਿਚੋਂ ਸਮਾਜ ਪ੍ਰਤੀ ਵਿਦਰੋਹੀ ਸੁਰ, ਉਸਾਰੂ ਸੋਚ, ਗ਼ਲਤ ਕਦਰਾਂ-ਕੀਮਤਾਂ, ਲੋਟੂ ਨਿਜ਼ਾਮ ਪ੍ਰਤੀ ਬਗਾਵਤ, ਜੀਵਨ ਦੇ ਸਰੋਕਾਰਾਂ ਨਾਲ ਜੁੜੀਆਂ ਸਮੱਸਿਆਵਾਂ, ਵਾੜ ਹੀ ਖੇਤ ਨੂੰ ਖਾਵੇ ਆਦਿ ਵਿਸ਼ੇ ਬਾਖੂਬੀ ਪੇਸ਼ ਕੀਤੇ ਗਏ ਹਨ। ਲੇਖਕ ਤਾਂ ਸੋਹਣੇ ਵਧੀਆ ਸਮਾਜ ਦੀ ਕਾਮਨਾ ਕਰਦੇ ਹਨ, ਜਿਸ ਵਿਚ ਖੁਸ਼ੀ ਤੇ ਖੁਸ਼ਹਾਲੀ ਹੋਵੇ, ਔਰਤ ਨੂੰ ਸਮਾਜ ਵਿਚ ਸਨਮਾਨਯੋਗ ਸਥਾਨ ਮਿਲੇ, ਜਿਵੇਂ ਕਿ ਮਿਸਾਲ ਵਜੋਂ ਅੱਜ ਦੀ ਔਰਤ ਕਿੱਥੇ ਖੜ੍ਹੀ ਹੈਂ
ਮੈਂ ਗ਼ਲਮੇ 'ਚ ਉਗਿਆ ਲਾਜਵੰਤੀ ਦਾ ਬੂਟਾ ਨਹੀਂ
---------
ਮੈਂ ਤਾਂ ਤੀਰ ਹਾਂ
ਲੁਹਾਰ ਦੀ ਭੱਠੀ 'ਚ ਤਾਅ ਕੇ ਨਿਕਲਿਆ ਹੋਇਆ
ਪਰਮਜੀਤ ਕੌਰ ਸਰਹਿੰਦ ਦੀ ਕਵਿਤਾ ਔਰਤ ਦੀ ਉਸਾਰੂ ਸੋਚ ਦਾ ਪ੍ਰਮਾਣ ਹੈਂ
ਮੇਰੇ ਬੋਲਣ 'ਤੇ ਐਨਾ ਹੰਗਾਮਾ ਕਿਉਂ ਹੈ?
ਜਿਉਂਦੀ ਜਾਨ ਹਾਂ ਮੋਇਆ ਜਜ਼ਬਾਤ ਨਹੀਂ ਹਾਂ।
ਕੁਝ ਗ਼ਜ਼ਲਾਂ/ਕਵਿਤਾ ਵਿਚ ਨਿੱਜ ਤੇ ਪਰ ਦੀ ਸਾਂਝੀ ਪੀੜ ਵੀ ਉਲੀਕੀ ਗਈ ਹੈ, ਨਵੀਂ ਪੀੜ੍ਹੀ ਦੇ ਸ਼ਾਇਰਾਂ ਵਿਚੋਂ ਹੱਥੀਂ ਕਿਰਤ ਕਰਨ ਵਾਲੇ ਵੀ ਹਨ, ਜਿਨ੍ਹਾਂ ਦੇ ਮਨਾਂ ਵਿਚ ਅਜੋਕੇ ਨਿਜ਼ਾਮ ਪ੍ਰਤੀ ਰੋਹ ਵੀ ਹੈ ਤੇ ਖੁੱਲ੍ਹ ਕੇ ਲਿਖਿਆ ਵੀ ਹੈਂ
ਮਹਿਲਾਂ ਦੇ ਜਸ਼ਨ ਮਨਾਉਣ ਦਾ ਢੰਗ ਅਜੀਬ ਬੜਾ,
ਆਪਣੇ ਥੰਮ ਮਜ਼ਬੂਤ ਸਮਝਦਾ, ਜਦ ਕੋਈ ਕੱਚਾ ਢਾਰਾ ਢਹਿੰਦਾ।
ਇਹ ਸਾਂਝਾ ਕਾਵਿ/ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਣਾ ਬੜੇ ਮਾਣ ਦੀ ਗੱਲ ਹੈ ਤੇ ਸ਼ਲਾਘਾਯੋਗ ਉਪਰਾਲਾ ਵੀ, ਜਿਸ ਵਿਚ ਵੰਨ-ਸੁਵੰਨੇ ਫੁੱਲਾਂ ਦੀ ਮਹਿਕ ਸਮੋਈ ਹੋਈ ਹੈ। ਸੰਪਾਦਕਾ ਵਧਾਈ ਦੀ ਪਾਤਰ ਹੈ।

ਂਡਾ: ਜਗਦੀਸ਼ ਕੌਰ ਵਾਡੀਆਂ
ਮੋ: 98555-84298.
ਫ ਫ ਫ

ਰਾਜਨੀਤੀ ਦਾ ਗੰਨਾ
ਲੇਖਕ : ਕੇ. ਐਲ. ਗਰਗ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 375 ਰੁਪਏ, ਸਫ਼ੇ : 224
ਸੰਪਰਕ : 94635-37050.

ਕੇ. ਐਲ. ਗਰਗ ਪੰਜਾਬੀ ਕਹਾਣੀ; ਨਾਵਲ, ਵਿਅੰਗ ਲੇਖ, ਸੰਪਾਦਨਾ, ਸਫ਼ਰਨਾਮਾ, ਅਨੁਵਾਦ ਆਦਿ ਲਿਖਣ ਵਾਲਾ ਪ੍ਰਸਿੱਧ ਲੇਖਕ ਹੈ। 'ਰਾਜਨੀਤੀ ਦਾ ਗੰਨਾ' ਉਸ ਦਾ ਨਵਾਂ ਵਿਅੰਗ ਲੇਖ ਸੰਗ੍ਰਹਿ ਹੈ, ਜਿਸ ਵਿਚ ਉਸ ਦੇ 63 ਵਿਅੰਗ ਲੇਖ ਸ਼ਾਮਿਲ ਹਨ। ਕੇ.ਐਲ. ਗਰਗ ਲੋਕ ਸਮਾਜ, ਵਰਤਮਾਨ ਰਾਜਨੀਤਕ ਨੇਤਾਵਾਂ, ਅਫ਼ਸਰਾਂ, ਗੁੰਡਿਆਂ ਦੀਆਂ ਲੁੱਟਾਂ, ਰਿਸ਼ਵਤਾਂ, ਸੱਤਾ ਪ੍ਰਾਪਤ ਕਰਨ ਦੀਆਂ ਕੁਚਾਲਾਂ ਤੋਂ ਜਾਣੂ ਹੈ। ਲੋਕ ਹੇਤੂ ਨੀਤੀ ਅਥਵਾ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਉਹ ਲੋਕ ਸਮਾਜ ਦੇ ਹਰ ਵਿਅਕਤੀ ਨੂੰ ਜਾਗਣ ਨਵੀਂ ਸੋਚ ਗ੍ਰਹਿਣ ਕਰਨ, ਲੁੱਟ-ਖਸੁੱਟ ਤੋਂ ਬਚਣ ਲਈ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ। ਇਸ ਸੰਗ੍ਰਹਿ ਦੇ ਜਿੰਨੇ ਵੀ ਵਿਅੰਗ ਲੇਖ ਇਸੇ ਉਦੇਸ਼ ਦੀ ਪੂਰਤੀ ਕਰਨ ਵਾਸਤੇ ਲਿਖੇ ਗਏ ਹਨ, ਜਿਨ੍ਹਾਂ ਦੇ ਵਿਸ਼ੇ ਵਰਤਮਾਨ ਸਮਾਜਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਵਿਸੰਗਤੀਆਂ ਵਿਚੋਂ ਲਏ ਗਏ ਹਨ, ਸੰਗ੍ਰਹਿ ਦੀ ਕਲਾਤਮਿਕਤਾ ਇਸ ਵਿਚ ਹੈ ਕਿ ਉਸ ਦੇ ਜਿੰਨੇ ਵੀ ਇਸ ਪੁਸਤਕ ਦੇ ਨਿਬੰਧ ਹਨ, ਉਨ੍ਹਾਂ ਵਿਚ ਕਹਾਣੀ ਵਰਗਾ ਰਸ ਹੈ, ਵਾਰਤਕ ਵਰਗੀ ਸੋਚ ਚਿਤਵਣੀ ਹੈ। ਕਵਿਤਾ ਵਰਗੀਆਂ ਵਿਅੰਗੜੀਆਂ ਹਨ। ਤਿੱਖੀ ਆਲੋਚਨਾ ਦਾ ਪ੍ਰਭਾਵ ਹੈ। ਨਾਟਕੀ ਸ਼ੈਲੀ ਵਿਚ ਵਾਰਤਾਲਾਪ ਹੈ।
ਕੇ. ਐਲ. ਦੇ ਪਾਤਰ ਸਿਰਜਣ ਜਿਊਂਦੇ ਜਾਗਦੇ, ਆਲੇ-ਦੁਆਲੇ ਵਿਚਰਦੇ ਲੱਭੇ ਜਾ ਸਕਦੇ ਹਨ। ਉਸ ਦਾ ਵਿਅੰਗਾਤਮਿਕ ਵਿਧੀ ਅਤੇ ਰਸਿਕ ਸ਼ੈਲੀ ਦੇ ਵਾਰਤਾਲਾਪ ਲਿਖਣ ਦਾ ਉਦੇਸ਼, ਪ੍ਰਚਲਿਤ ਕਮਜ਼ੋਰੀਆਂ ਪ੍ਰਤੀ ਸੁਚੇਤ ਕਰਨਾ ਹੈ। ਕੇ.ਐਲ. ਗਰਗ ਦੀ ਇਸ ਪੁਸਤਕ ਦੇ ਵਿਅੰਗ ਲੇਖਾਂ ਦੇ ਸੁਨੇਹੇ ਗੁੱਝੇ ਪਰ ਪ੍ਰਭਾਵਸ਼ਾਲੀ ਹਨ ਜਿਵੇਂ ਕੇਵਲ ਇਕ ਵੱਲ ਧਿਆਨ ਦੇਵੋ, 'ਰਾਜਨੀਤੀ ਦੇ ਗੰਨੇ' ਦੇ ਵਕੋਕਤੀ ਦੇ ਅਸਿੱਧੇ ਅਰਥ ਕਰਕੇ, ਇਸ ਦੀਆਂ ਵਰਤਮਾਨ ਕਮਜ਼ੋਰੀਆਂ ਉੱਪਰ ਵਿਅੰਗ ਕੀਤਾ ਹੈ, 'ਭਾਰਤੀ ਰਾਜਨੀਤੀ ਵਿਚ ਗੰਨੇ ਦੀ ਫ਼ਸਲ, ਹਰ ਚੋਣਾਂ ਤੋਂ ਬਾਅਦ ਭਰਪੂਰ ਹੁੰਦੀ ਹੈ। ਇਸ ਵਿਚ ਵੋਟਰਾਂ ਦੀਆਂ ਇੱਛਾਵਾਂ, ਅਕਾਂਖਿਆਵਾਂ, ਲੋੜਾਂ ਅਤੇ ਭਾਵਨਾ ਦੀ ਖਾਦ ਪੈਂਦੀ ਹੈ। ਕਿਤੇ-ਕਿਤੇ ਵੋਟਰਾਂ ਦੇ ਲਹੂ ਦੀ ਦਵਾਈ ਵੀ ਛਿੜਕੀ ਜਾਂਦੀ ਹੈ। ਰਾਜਨੀਤੀ ਦੀ ਇਸ ਫ਼ਸਲ ਨੂੰ ਨੇਤਾ ਜੀ ਉਨ੍ਹਾਂ ਦੇ ਬੱਚੂਆਂ, ਬੱਚਿਆਂ, ਰਿਸ਼ਤੇਦਾਰ, ਯਾਰਾਂ-ਦੋਸਤਾਂ ਤੇ ਭੜੂਏ ਖੂਬ ਕੱਟਦੇ ਹਨ, ਸਵੇਰੇ ਮਿਲ ਕੇ ਉਸ ਰਸ ਨੂੰ 'ਚੀਅਰ੍ਹਜ' ਕਹਿ ਕੇ ਪੀਂਦੇ ਹਨ। ਉਸ ਤੋਂ ਜਾਇਦਾਦ ਦਾ ਗੁੜ, ਧਨ-ਦੌੜ ਦੀ ਸ਼ੱਕਰ ਅਤੇ ਸੱਤਾ ਦੀ ਚੀਨੀ ਬਣਾਉਂਦੇ ਹਨ। ਰਸ, ਖ਼ੁਦ ਪੀਂਦੇ ਹਨ ਤੇ ਫਿਰ ਵਿਚਾਰੀ ਜਨਤਾ ਲਈ ਛੱਡ ਦਿੰਦੇ ਹਨ। ਉਹ ਲੱਖ ਯਤਨ ਕਰਨ 'ਤੇ ਵੀ ਉਸ 'ਚੋਂ ਰਸ ਦੀ ਇਕ ਬੂੰਦ ਵੀ ਨਹੀਂ ਕੱਢ ਸਕਦੀ।
ਕੇ. ਐਲ. ਗਰਗ ਨੇ ਇਸੇ ਵਕ੍ਰੋਕਤੀ ਵਿਧੀ ਨਾਲ ਵਿਰੋਧੀ ਤਾਕਤਾਂ ਨੂੰ ਨੰਗਾ ਕਰਕੇ ਲੋਕ ਜਗਾਉਣ ਦੇ ਫਰਜ਼ ਨਿਭਾਏ ਹਨ।

ਂਡਾ: ਅਮਰ ਕੋਮਲ
ਮੋ: 084378-73565
ਫ ਫ ਫ

ਮਦਨ ਲਾਲ ਢੀਂਗਰਾ
ਲੇਖਕ : ਡਾ: ਬੀਰਬਲ ਸਿੰਘ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 0172-2577798.

ਵਿਚਾਰ ਅਧੀਨ ਪੁਸਤਕ 'ਮਦਨ ਲਾਲ ਢੀਂਗਰਾ' (ਗਾਥਾ ਆਜ਼ਾਦੀ ਘੁਲਾਟੀਏ ਦੀ) ਡਾ: ਬੀਰਬਲ ਸਿੰਘ ਦੀ ਖੋਜ ਭਰਪੂਰ ਤੇ ਮਹੱਤਵਪੂਰਨ ਪੁਸਤਕ ਹੈ, ਜਿਸ ਨੂੰ ਉਸ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ ਸ਼ੁਰੂ ਕੀਤੀ 'ਰਿਸ਼ੀ ਪਰੰਪਰਾ ਦੇ ਵਾਹਕ' ਨਾਂਅ ਦੀ ਪੁਸਤਕ ਲੜੀ ਦੇ ਅੰਤਰਗਤ ਪੰਜਾਬੀ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਹੈ।
ਡਾ: ਬੀਰਬਲ ਸਿੰਘ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਉਦੇਸ਼ਾਂ ਨੂੰ ਮੁੱਖ ਰੱਖਦਿਆਂ ਬੜੀ ਮਿਹਨਤ ਨਾਲ ਖੋਜ ਕਰਕੇ ਭਾਰਤ ਦੀ ਆਜ਼ਾਦੀ ਲਈ ਜੂਝਣ ਵਾਲੇ ਸੁਤੰਤਰਤਾ ਸੰਗ੍ਰਾਮੀ ਮਦਨ ਲਾਲ ਢੀਂਗਰਾ ਦੇ ਜੀਵਨ ਵੇਰਵਿਆਂ ਅਤੇ ਉਸ ਦੀ ਕਾਰਜਸ਼ੈਲੀ ਨੂੰ ਪੁਸਤਕ ਰੂਪ ਵਿਚ ਕਲਮਬੰਦ ਕਰਕੇ ਅਤਿ ਸ਼ਲਾਘਾਯੋਗ ਕਾਰਜ ਕੀਤਾ ਹੈ। ਉਸ ਨੇ ਪੁਸਤਕਾਂ ਨੂੰ ਚਾਰ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ 'ਮੁਢਲਾ ਜੀਵਨ ਅਤੇ ਦੇਸ਼-ਪ੍ਰੇਮ ਦੀ ਜਾਗ' ਵਿਚ ਉਸ ਨੇ ਢੀਂਗਰਾ ਦੇ ਪਰਿਵਾਰਕ ਪਿਛੋਕੜ ਅਤੇ ਉਸ ਦੇ ਅੰਗਰੇਜ਼ਪ੍ਰਸਤ ਪਰਿਵਾਰ ਦਾ ਵਿਸਥਾਰਪੂਰਵਕ ਵਰਨਣ ਕੀਤਾ ਹੈ ਅਤੇ ਪੜ੍ਹਾਈ ਸਮੇਂ ਉਸ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਦੀ ਭਾਵਨਾ ਦੇ ਸੰਚਾਰ ਦੇ ਸੋਮਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ। ਅਗਲੇ ਕਾਂਡ 'ਇਨਕਲਾਬੀ ਰਾਹਾਂ ਦੇ ਆਦਰਸ਼' ਵਿਚ ਉਸ ਦੇ ਲਾਹੌਰ ਪੜ੍ਹਨ ਸਮੇਂ ਆਜ਼ਾਦੀ ਅੰਦੋਲਨ ਵਿਚ ਜੂਝ ਰਹੇ ਕ੍ਰਾਂਤੀਕਾਰੀ ਸ਼ਖ਼ਸੀਅਤਾਂ ਦੇ ਸੰਪਰਕ ਵਿਚ ਆਉਣ ਦਾ ਵਰਨਣ ਹੈ। ਅਗਲੇ ਦੋ ਕਾਂਡਾਂ ਸੰਕਲਪ ਪੂਰਤੀ ਲਈ ਜੱਦੋ-ਜਹਿਦ ਅਤੇ ਕਤਲ ਤੋਂ ਸ਼ਹਾਦਤ ਤੱਕ ਵਿਚ ਲੇਖਕ ਨੇ ਮਦਨ ਲਾਲ ਦੇ ਇੰਗਲੈਂਡ ਵਿਚ ਜਾ ਕੇ ਪੜ੍ਹਨ ਸਮੇਂ ਭਾਰਤ ਦੀ ਆਜ਼ਾਦੀ ਲਈ ਜੱਦੋ-ਜਹਿਦ ਕਰ ਰਹੇ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆ ਕੇ ਜੱਦੋ-ਜਹਿਦ ਕਰਨ ਦਾ ਸੰਕਲਪ ਲਿਆ ਅਤੇ ਇਥੇ ਹੀ ਇਕ ਸਮਾਰੋਹ ਵਿਚ ਭਾਰਤ ਵਿਰੋਧੀ ਲਾਰਡ ਕਰਜ਼ਨ ਵਾਇਲੀ ਨੂੰ ਕਤਲ ਕਰਕੇ ਫਾਂਸੀ ਦੇ ਫੰਦੇ 'ਤੇ ਚੜ੍ਹ ਕੇ ਸ਼ਹਾਦਤ ਪ੍ਰਾਪਤ ਕੀਤੀ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਅਸ਼ਫਾਕ ਅਹਿਮਦ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦਕ : ਪਾਲ ਸਿੰਘ ਵੱਲਾ
ਪ੍ਰਕਾਸ਼ਕ :" ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 98148-03254.

ਹਥਲੀ ਪੁਸਤਕ ਉਰਦੂ ਦੇ ਪ੍ਰਸਿੱਧ ਗਲਪਕਾਰ ਅਸ਼ਫਾਕ ਅਹਿਮਦ ਦੁਆਰਾ ਵਿਭਿੰਨ ਪੁਸਤਕਾਂ ਵਿਚ ਅੰਕਿਤ ਕਹਾਣੀਆਂ ਵਿਚੋਂ 15 ਕਹਾਣੀਆਂ ਰੂਹ ਨਾਲ ਕੀਤੇ ਪੰਜਾਬੀ ਅਨੁਵਾਦ ਦੇ ਰੂਪ ਵਿਚ ਸਾਡੇ ਸਨਮੁੱਖ ਹਨ। ਮੰਟੋ ਦੀ ਕਹਾਣੀ ਟੋਭਾ ਟੇਕ ਸਿੰਘ ਵਾਂਗ ਅਸ਼ਫਾਕ ਅਹਿਮਦ ਦੀ ਕਹਾਣੀ 'ਗਡਰੀਆ' ਸਭ ਤੋਂ ਪਹਿਲਾਂ ਧਿਆਨ ਖਿੱਚਦੀ ਹੈ। ਕਹਾਣੀ 'ਕੋਟ ਵਦੂ ਪਾਵਰ ਹਾਊਸ' ਰੂਪਾਕਾਰ ਦੀ ਦ੍ਰਿਸ਼ਟੀ ਤੋਂ ਨਾਵਲਿਟ ਜਾਪਦੀ ਹੈ। ਇਹ ਦੋਵੇਂ ਕਹਾਣੀਆਂ ਅਸ਼ਫਾਕ ਅਹਿਮਦ ਦੀ ਸਿਰਜਣ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਦਾ ਬੋਧ ਕਰਾਉਂਦੀਆਂ ਹਨ। 'ਗਡਰੀਆ' 1947 ਦੀ ਦੇਸ਼ ਵੰਡ ਸਮੇਂ ਜਿਸ ਕਦਰ ਚਿਰਾਂ ਤੋਂ ਆਪਸੀ ਸਾਂਝਾਂ ਵਾਲਿਆਂ ਦਾ ਜਨੂੰਨੀ ਰੂਪ ਧਾਰ ਕੇ ਲਹੂ ਚਿੱਟਾ ਹੋ ਗਿਆ ਸੀ ਉਸੇ ਕਦਰ 'ਕੋਟ ਵਦੂ ਪਾਵਰ ਹਾਊਸ' ਕਹਾਣੀ ਵਿਚ ਸਾਡੇ ਅਜੋਕੇ ਕਾਲ-ਖੰਡ ਵਿਚ ਚਾਹੇ ਉਹ ਸਿੱਖਿਆ ਦਾ ਖੇਤਰ ਹੈ ਜਾਂ ਹੋਰ ਸਮਾਜਿਕ ਵਰਤਾਰਾ ਸਭਨੀਂ ਪਾਸੀਂ ਭ੍ਰਿਸ਼ਟ ਹੋ ਚੁੱਕੇ ਮਨੁੱਖ ਦੀਆਂ ਕਰਤੂਤਾਂ ਨੂੰ ਬਿਆਨਿਆ ਗਿਆ ਹੈ। ਪਾਤਰ ਭਾਵੇਂ ਮਾਸਟਰਾਂ ਦੇ ਰੂਪ ਵਿਚ ਹਨ, ਐੱਸ. ਡੀ. ਓ. ਸਾਹਿਬ ਹਨ, ਨੰਬਰਦਾਰ ਹੈ ਜਾਂ ਕੋਈ ਸਲੇਮਨ ਵਰਗਾ ਹੈ ਸੱਭੇ ਪਾਤਰ ਜੀਵਨ ਦੇ ਯਥਾਰਥ ਨੂੰ ਪੇਸ਼ ਕਰਦੇ ਪ੍ਰਤੀਤ ਹੁੰਦੇ ਹਨ। 'ਗਾਤੋ', 'ਅਸ਼ਰਫ ਸਟੀਲ ਮਾਰਟ', 'ਮਲਿਕ ਮਰੱਵਤ', 'ਸੋਨੀ', 'ਛੇ ਛੀਕਾ ਬੱਤੀ,' 'ਸਈਅਦ ਜੂਨੀਅਰ' ਆਦਿ ਕਹਾਣੀਆਂ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਵਿਚ ਆਈਆਂ ਤਰੇੜਾਂ ਦਾ ਦਰਪਣ ਪੇਸ਼ ਕਰਦੀਆਂ ਹਨ। 'ਖੂਨ ਦਾ ਬਦਲਾ ਖੂਨ' ਅਤੇ 'ਆਖਰੀ ਹਮਲਾ' ਕਹਾਣੀਆਂ ਮਨੁੱਖੀ ਭਾਵਾਂ ਵਿਚ ਵਸ ਚੁੱਕੀ ਨਫ਼ਰਤ, ਸਾੜਾ ਅਤੇ ਦਰਿੰਦਗੀ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਬੜੀ ਕਲਾਤਮਕਤਾ ਨਾਲ ਆਪਸੀ ਮਿਲਵਰਤਣ ਦਾ ਸਬਕ ਸਿਖਾਉਂਦੀਆਂ ਹਨ। ਇਸੇ ਤਰ੍ਹਾਂ 'ਤਨ ਦੀ ਲੋੜ', 'ਪੂਰੀ ਜਾਣਕਾਰੀ', 'ਆਕਾਸ਼ ਗੰਗਾ ਟੈਕਸੀ ਸਟੈਂਡ' ਅਤੇ 'ਬੋਲਦਾ ਬਾਂਦਰ' ਕਹਾਣੀਆਂ ਜਿਥੇ ਮਾਨਵੀ ਜੀਵਨ ਸ਼ੈਲੀ ਨੂੰ ਸੁਖੈਣ ਕਰਨ ਦਾ ਮਾਰਗ ਦੱਸਦੀਆਂ ਹਨ, ਉਥੇ ਪਾਠਕ ਦੀ ਪੜ੍ਹਣ ਦੀ ਉਤਸੁਕਤਾ ਵੀ ਬਰਕਰਾਰ ਰੱਖਦੀਆਂ ਹਨ। ਭਾਸ਼ਾ ਦੀ ਸਰਲਤਾ, ਕਹਾਣੀ ਰਸ ਦਾ ਤੀਬਰ ਵਹਾਅ, ਵਿਅੰਗ ਦੀ ਸਿਰਜਣਾ ਅਤੇ ਪ੍ਰਭਾਵ ਦੀ ਇਕਾਗਰਤਾ ਇਨ੍ਹਾਂ ਸਭਨਾਂ ਕਹਾਣੀਆਂ ਦੀ ਸਾਂਝੀ ਵਿਸ਼ੇਸ਼ਤਾ ਹੈ। ਜਿੰਦਰ ਦੀ ਸੰਪਾਦਨ ਕਲਾ ਅਤੇ ਪਾਲ ਸਿੰਘ ਵੱਲਾ ਦੀ ਅਨੁਵਾਦ ਕਲਾ ਦੀ ਵੀ ਦਾਦ ਦੇਣੀ ਬਣਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਇਸ਼ਕ ਵਿਸ਼ਕ ਨੂਡਲਜ਼
ਲੇਖਕ : ਗੁਰਪ੍ਰੀਤ ਗਰੇਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 92
ਸੰਪਰਕ : 98156-24927.

ਗੁਰਪ੍ਰੀਤ ਗਰੇਵਾਲ ਪੱਤਰਕਾਰੀ ਵੱਲ ਰੁਚਿਤ ਨਾਂਅ ਹੈ। ਹਾਸ-ਵਿਅੰਗ ਤੇ ਲੇਖ ਲਿਖਣਾ ਉਸ ਦਾ ਖ਼ਾਸ ਖੇਤਰ ਹੈ। ਉਹ 'ਪਾਤੀ ਅੜੀਏ ਬਾਜਰੇ ਦੀ ਮੁੱਠ' ਅਤੇ 'ਖੁਸ਼ੀਆਂ ਵੀ ਅੱਧੀਆਂ ਪੌਣੀਆਂ' ਪੁਸਤਕਾਂ ਰਾਹੀਂ ਪੰਜਾਬੀ ਪਾਠਕਾਂ ਨਾਲ ਆਪਣਾ ਚੰਗਾ ਰਾਬਤਾ ਬਣਾ ਚੁੱਕਿਆ ਹੈ। ਗੁਰਪ੍ਰੀਤ ਗਰੇਵਾਲ ਆਪਣੇ ਵਿਅੰਗ ਲੇਖਾਂ ਵਿਚ ਵਿਸੰਗਤੀ ਦੀ ਵਰਤੋਂ ਕਰਦਾ ਹੋਇਆ ਬਦਲ ਰਹੀਆਂ ਸਮਾਜਿਕ ਕਦਰਾਂ-ਕੀਮਤਾਂ, ਰਹੁ ਰੀਤਾਂ ਅਤੇ ਬਦਲ ਰਹੀ ਸੋਚ, ਬਦਲ ਰਹੇ ਸਮਾਜੀ ਪਰਿਵਰਤਨ ਨੂੰ ਆਪਣੇ ਕਟਾਖਸ਼ ਅਤੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ। ਉਹ ਸਭ ਤੋਂ ਵੱਧ ਚਿੰਤਤ ਹੈ ਖੋਖਲੇ ਹੋ ਰਹੇ ਵਿੱਦਿਅਕ ਮਾਹੌਲ ਦੇ ਜਿਸ ਰਾਹੀਂ ਪੜ੍ਹੀ-ਲਿਖੀ ਪੀੜ੍ਹੀ ਬੇਰੁਜ਼ਗਾਰੀ ਵੱਲ ਧੱਕੀ ਜਾ ਰਹੀ ਹੈ। ਬੀ.ਟੈੱਕ ਅਤੇ ਐਮ.ਟੈੱਕ ਜਿਹੀਆਂ ਡਿਗਰੀਆਂ ਲੈ ਕੇ ਵੀ ਨੌਜਵਾਨ ਛੋਟੀਆਂ-ਛੋਟੀਆਂ ਨੌਕਰੀਆਂ ਵਿਚ ਮਜਬੂਰੀਵੱਸ ਫਸੇ ਹੋਏ ਹਨ। ਉਹ ਉਨ੍ਹਾਂ ਦੋਗਲੇ ਕਿਰਦਾਰਾਂ ਦੀ ਵੀ ਭੰਡੀ ਕਰਦਾ ਹੈ ਜੋ ਦਾਨ ਦੇ ਬਹਾਨੇ ਆਪਣੀਆਂ ਫੋਟੋਆਂ ਨਸ਼ਰ ਕਰਨ ਵਿਚ ਵੀ ਗੁਰੇਜ਼ ਨਹੀਂ ਕਰਦੇ। ਥਾਂ-ਥਾਂ ਖੁੱਲ੍ਹੀਆਂ ਵਿੱਦਿਅਕ ਦੁਕਾਨਾਂ ਲੇਖਕ ਲਈ ਚਿੰਤਾ ਦਾ ਵਿਸ਼ਾ ਹੈ ਜੋ ਸਾਡੇ ਨੌਜਵਾਨਾਂ ਦੀ ਆਰਥਿਕ ਲੁੱਟ ਤੋਂ ਇਲਾਵਾ ਜ਼ਹਿਨੀ ਲੁੱਟ ਵੀ ਕਰ ਰਹੀਆਂ ਹਨ। ਇਸ ਸਭ ਕਾਸੇ ਦੀ ਚੱਲੀ ਉਹ ਕੇਵਲ ਇਕ ਹੀ ਫ਼ਿਕਰੇ ਵਿਚ ਖੋਲ੍ਹ ਕੇ ਰੱਖ ਦਿੰਦਾ ਹੈ :
'ਚਾਹ ਪਕੌੜਿਆਂ ਵਾਲੇ ਸੈਮੀਨਾਰ ਕਰਕੇ ਅਸੀਂ ਬਹੁਮੁੱਲਾਂ ਸਮਾਂ ਗਵਾ ਰਹੇ ਹਾਂ।'
ਖੁਰ ਰਹੇ ਰਿਸ਼ਤਿਆਂ ਬਾਰੇ ਵੀ ਲੇਖਕ ਦੇ ਵਿਚਾਰ ਚਿੰਤਾ ਭਰੇ ਹਨ। ਖੁਰ ਰਹੇ ਰਿਸ਼ਤਿਆਂ ਕਾਰਨ ਹੀ ਸਟਰੈੱਸ ਤੇ ਸਟਰੇਨ ਘਰ-ਘਰ ਵਿਚ ਆਲ੍ਹਣਾ ਪਾਈ ਬੈਠਾ ਹੈ। ਗੁਰਪ੍ਰੀਤ ਗਰੇਵਾਲ ਸ਼ਬਦਾਂ ਦੀ ਵਰਤੋਂ ਇਸ ਢੰਗ ਨਾਲ ਕਰਦਾ ਹੈ ਕਿ ਸ਼ਬਦ ਹੀ ਵਿਅੰਗ ਦਾ ਜ਼ਾਵੀਆ ਬਣ ਜਾਂਦੇ ਹਨ। ਨਾਵਾਂ ਨੂੰ ਕੁਨਾਵਾਂ ਵਿਚ ਬਦਲ ਕੇ ਤੇ ਵਿਅੰਗਮਈ ਸਿਰਲੇਖਾਂ ਰਾਹੀਂ ਵੀ ਉਹ ਹਾਸਾ ਪੈਦਾ ਕਰਨ ਦਾ ਯਤਨ ਕਰਦਾ ਹੈ। ਹਰ ਲੇਖ ਦੇ ਅੰਤ ਵਿਚ ਉਹ ਇਕ ਵਾਕ ਰਾਹੀਂ ਹੀ ਪੂਛ ਵਿਚ ਡੰਗ ਮਾਰ ਜਾਂਦਾ ਹੈ। ਸਮਾਜਿਕ ਤਬਦੀਲੀ ਲਈ ਅਜਿਹੀਆਂ ਰਚਨਾਵਾਂ ਬਹੁਤ ਜ਼ਰੂਰੀ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

16-02-2019

 ... ਤੇ ਜੀਨੀ ਜਿੱਤ ਗਈ
ਲੇਖਿਕਾ : ਸ਼ਰਨਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 109
ਸੰਪਰਕ : 98556-06432.

'... ਤੇ ਜੀਨੀ ਜਿੱਤ ਗਈ' ਡਾ: ਸ਼ਰਨਜੀਤ ਕੌਰ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ। ਇਸ ਵਿਚ ਸ਼ਾਮਿਲ ਕਹਾਣੀਆਂ ਮੁੱਖ ਤੌਰ 'ਤੇ ਹੋਰਨਾਂ ਵਿਸ਼ਿਆਂ ਦੇ ਨਾਲ-ਨਾਲ, ਔਰਤਾਂ ਦੀ ਮਾਨਸਿਕਤਾ ਦੀਆਂ ਵਿਭਿੰਨ ਪਰਤਾਂ ਨੂੰ ਉਧੇੜਦੀਆਂ ਹਨ। ਕੁੱਲ 9 ਕਹਾਣੀਆਂ ਦਾ ਦੀਰਘ ਅਧਿਐਨ ਕਰਦਿਆਂ ਅਨੇਕਾਂ ਵਿਸ਼ੇ ਪਾਠਕਾਂ ਦੇ ਚਿੰਤਨ ਦਾ ਅੰਗ ਬਣਦੇ ਹਨ। ਮਸਲਨ : ਹਉਮੈ ਵਾਲੀ ਔਰਤ, ਔਰਤ ਦੀ ਹੀ ਦੁਸ਼ਮਣ ਹੋ ਨਿਬੜਦੀ ਹੈ (... ਤੇ ਇਕ ਐਹਿ ਵੀ ਔਰਤ); ਜੀਵਨ ਵਿਚ ਜਾਣ-ਪਛਾਣ ਦੇ ਰਿਸ਼ਤੇ ਵੀ ਨਜ਼ਦੀਕੀ ਹੋ ਸਕਦੇ ਹਨ (ਸ਼ਨਾਖ਼ਤੀ ਰਿਸ਼ਤੇ); ਦੁਖੀ ਕੀਤੀ ਔਰਤ ਚੰਡੀ ਬਣ ਕੇ ਇੰਜ ਵੀ ਬਦਲੇ ਲੈ ਸਕਦੀ ਹੈ (ਦੋਸ਼ੀ ਕੌਣ-ਔਰਤ ਕਿ ਮਰਦ); ਪਤੀ ਦੀ ਮੌਤ ਤੋਂ ਬਾਅਦ ਵਿਧਵਾ ਔਰਤ ਪੁੱਤਾਂ ਵਾਂਗ ਪਾਲੇ ਦਿਉਰ ਨਾਲ ਵੀ ਸ਼ਾਦੀ ਕਰਨ ਲਈ ਮਜਬੂਰ ਕੀਤੀ ਜਾ ਸਕਦੀ ਹੈ (ਬਟੂ-ਦੇਰ); ਨਾਜਾਇਜ਼ ਬੱਚੀ ਨਾਲ ਹਵਸ ਦੀ ਇੱਛਾ ਰੱਖਣ ਵਾਲੇ ਪੂੰਜੀਪਤੀ ਵਲੋਂ ਉਸ ਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ (ਨਾਜਾਇਜ਼ ਮੌਤ); ਪੰਜਾਬੀ ਸਾਹਿਤ ਦੀ ਅਜੋਕੀ ਸਥਿਤੀ ਤੇ ਕੀਰਨਾ (... ਤੇ ਗੁੜ ਰੋ ਪਿਆ); ਸੁਹਾਗ ਰਾਤ ਅਣਗੌਲੀ ਰਹਿਣ ਦਾ ਦੁਖਾਂਤ (ਪੱਗ-ਫੇਰੇ); ਹਿੰਦ-ਪਾਕਿ ਦੀ ਸਾਂਝ ਦੀ ਪ੍ਰਤੀਕ ਨਾਇਕਾ (ਧੀ ਪਾਕਿਸਤਾਨ ਦੀ); ਮਹਾਂਭਾਰਤ ਦੀ ਨਾਇਕਾ ਦਰੋਪਦੀ ਅਤੇ ਵਾਰ ਆਫ ਟਰਾਏ ਦੀ ਨਾਇਕਾ ਹੈਲਨ ਦੀਆਂ ਮਿਥਕ ਕਥਾਵਾਂ ਰਾਹੀਂ ਔਰਤ ਦੇ ਦੁਖਾਂਤ ਦੀ ਪ੍ਰਸਤੁਤੀ (ਯਜਨਾਸੇਨੀ...) ਨਿਡਰ, ਬੇਬਾਕ ਕੁੜੀ ਦੀ ਕਹਾਣੀ (....ਤੇ ਜੀਨੀ ਜਿੱਤ ਗਈ) ਆਦਿ।
ਕਲਾਤਮਕ ਪੱਖੋਂ ਇਨ੍ਹਾਂ ਕਹਾਣੀਆਂ ਵਿਚ ਲਹਿੰਦੀ ਭਾਸ਼ਾ ਦਾ ਪ੍ਰਯੋਗ ਕਾਫੀ ਹੈ। ਇਸਤਰੀ ਪਾਤਰਾਂ ਦੇ ਹੁਸਨ ਦੀ ਤਾਰੀਫ਼ ਆਕਰਸ਼ਕ ਭਾਸ਼ਾ ਵਿਚ ਕੀਤੀ ਗਈ ਹੈ। ਅਸ਼ਲੀਲ ਦ੍ਰਿਸ਼ਾਂ ਦੀ ਪੇਸ਼ਕਾਰੀ ਇਉਂ ਕੀਤੀ ਗਈ ਹੈ ਕਿ ਸ਼ਬਦ ਢਕੇ ਰਹਿ ਜਾਣ ਪਰ ਅਰਥ ਨੰਗੇ ਹੋ ਜਾਣ। ਹਾਏ ਖ਼ਾਏ, ਸੱਤੀਂ ਕੱਪੜੀਂ ਅੱਗ..., ਸੋਲਾਂ ਆਨੇ ਸੱਚੀ ਗੱਲ ਆਦਿ ਵਾਕਾਂ/ਵਾਕੰਸ਼ਾਂ ਦੇ ਪ੍ਰਯੋਗ ਵਿਚ ਬਾਰੰਬਰਤਾ ਹੈ। ਪਾਤਰਾਂ ਦੀ ਮੌਤ ਆਮ ਕਰਕੇ ਬਲੱਡ ਕੈਂਸਰ ਨਾਲ ਕਰਵਾਈ ਗਈ ਹੈ। ਲੇਖਿਕਾ ਕਥਾਵਾਂ ਵਿਚ ਘੜੀ-ਮੁੜੀ ਪ੍ਰਵੇਸ਼ ਕਰਦੀ ਹੈ। ਕਈ ਪਾਤਰ ਦੁਬਿਧਾਮਈ ਸੋਚ (ਕਰਾਂ ਤੇ ਕੀ ਕਰਾਂ) ਦੀ ਸਥਿਤੀ ਵਿਚ ਪੇਸ਼ ਕੀਤੇ ਗਏ ਹਨ। ਇਸਲਾਮਕ ਪਾਤਰ ਲਈ (ਅਜੇ ਤਾਂ ਸ਼ਿਵੇ ਦੀ ਅੱਗ ਵੀ ਠੰਢੀ ਨਹੀਂ ਸੀ ਹੋਈ) ਅਜੀਬ ਲਗਦਾ ਹੈ। ਪੰ: 29. ਸੰਖੇਪ ਵਿਚ ਇਹ ਕਿ ਕਹਾਣੀ ਸੰਗ੍ਰਹਿ ਪਾਤਰਾਂ ਦੀ ਹੱਡਬੀਤੀ ਪੇਸ਼ ਕਰਨ ਵਾਲਾ ਦਸਤਾਵੇਜ਼ ਹੋ ਨਿਬੜਿਆ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਦੁੱਖ-ਸੁੱਖ ਤੋਂ ਨਿਜਾਤ-ਦੋ
ਲੇਖਕ : ਡਾ: ਜਸਬੀਰ ਦੁਸਾਂਝ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 450 ਰੁਪਏ, ਸਫ਼ੇ : 348
ਸੰਪਰਕ : 97799-89213.

ਡਾ: ਜਸਬੀਰ ਦੁਸਾਂਝ ਦੀ ਇਹ ਪੁਸਤਕ ਮਨੁੱਖੀ ਜੀਵਨ ਦੇ ਰਹੱਸ ਨੂੰ ਖੋਲ੍ਹਣ ਅਤੇ ਵਿਸਤਾਰਨ ਦਾ ਪ੍ਰਯਾਸ ਕਰਦੀ ਹੈ। ਮਨੁੱਖ ਆਪਣੇ ਜੀਵਨ ਦੀਆਂ ਸਮੱਸਿਆਵਾਂ, ਔਕੜਾਂ, ਉਲਝਣਾਂ ਅਤੇ ਦੁੱਖਾਂ ਤੋਂ ਬੇਹੱਦ ਪ੍ਰੇਸ਼ਾਨ ਰਹਿੰਦਾ ਹੈ। ਅਜੋਕੇ ਪੂੰਜੀਵਾਦੀ ਦੌਰ ਵਿਚ ਚੰਗੇ-ਭਲੇ ਅਤੇ ਸਰਦੇ-ਪੁੱਜਦੇ ਲੋਕ ਵੀ ਅਵਸਾਦ/ਵਿਸ਼ਾਦ (ਡਿਪ੍ਰੈਸ਼ਨ) ਦਾ ਸ਼ਿਕਾਰ ਰਹਿੰਦੇ ਹਨ। ਇਸ ਪ੍ਰਸੰਗ ਵਿਚ ਲੇਖਕ ਦਾ ਵਿਚਾਰ ਹੈ ਕਿ ਅਸੀਂ ਸਹਿਜ ਅਤੇ ਸਰਲ ਜੀਵਨ ਜਿਊਣ ਦੀ ਜਾਚ ਭੁੱਲ ਗਏ ਹਾਂ, ਇਹੀ ਕਾਰਨ ਹੈ ਕਿ ਸਾਨੂੰ ਆਪਣਾ ਜੀਵਨ ਬੜਾ ਡਰਾਉਣਾ ਅਤੇ ਭਿਆਨਕ ਪ੍ਰਤੀਤ ਹੁੰਦਾ ਹੈ। ਲੇਖਕ ਅਨੁਸਾਰ ਸੰਸਾਰ ਇਕ ਖੇਡ-ਤਮਾਸ਼ਾ ਹੈ। ਇਸ ਵਿਚਲੇ ਸਾਰੇ ਪ੍ਰਾਣੀ ਮਾਂ ਵਲੋਂ ਦਿੱਤੇ ਅਸਤਿਤਵ ਅਨੁਸਾਰ ਆਪੋ-ਆਪਣੀ ਭੂਮਿਕਾ ਨਿਭਾਅ ਰਹੇ ਹਨ। ਸਮੁੱਚਾ ਜੀਵਨ ਇਕ ਅਭਿਨੈ ਹੈ ਅਤੇ ਕੋਈ ਵੀ ਮਨੁੱਖ ਅਭਿਨੇਤਾ ਤੋਂ ਛੁੱਟ ਹੋਰ ਕੁਝ ਨਹੀਂ ਹੈ ਪਰ ਪ੍ਰਕਿਰਤੀ (ਮਾਇਆ) ਮਨੁੱਖ ਨੂੰ ਸੰਮੋਹਿਤ ਕਰ ਲੈਂਦੀ ਹੈ। ਇਸ ਸੰਮੋਹਨ ਦੇ ਅਧੀਨ ਪ੍ਰਾਣੀ ਜੀਵਨ ਦੇ ਖੇਡ-ਤਮਾਸ਼ੇ ਨੂੰ ਅਸਲ ਸਮਝ ਬੈਠਦਾ ਹੈ। ਉਹ ਕਰਤਾ ਬਣ ਬੈਠਦਾ ਹੈ, ਭੁੱਲ ਜਾਂਦਾ ਹੈ ਕਿ ਉਹ ਕੇਵਲ ਅਭਿਨੇਤਾ ਹੈ। ਆਪਣੀ ਵਿਚਾਰਧਾਰਾ ਨੂੰ ਪ੍ਰਮਾਣਿਤ ਕਰਨ ਲਈ ਉਹ ਇਤਿਹਾਸ ਅਤੇ ਆਪਣੇ ਜੀਵਨ ਵਿਚੋਂ ਅਨੇਕ ਉਦਾਹਰਨਾਂ ਦਿੰਦਾ ਹੈ। 'ਰੂਪਾਂਤਰ' (ਮੈਗਜ਼ੀਨ) ਵਿਚ ਸ: ਪੂਰਨ ਸਿੰਘ ਇੰਗਲੈਂਡ ਦੇ ਕੁਝ ਲੇਖ ਪੜ੍ਹ ਕੇ ਉਸ ਨੇ 'ਲਾਈਫ਼-ਸਟਾਈਲ' ਬਾਰੇ ਲਿਖਣ ਦਾ ਸੰਕਲਪ ਕੀਤਾ। ਇਸ ਪੁਸਤਕ ਵਿਚਲੇ ਸਾਰੇ ਲੇਖ 'ਝਰਾਰਾ ਏਕ ਨਿਬੇਰਹੁ ਰਾਮ' ਲੜੀ ਅਧੀਨ ਮਾਸਿਕ ਪੱਤਰ 'ਹਰਕਾਰਾ' ਵਿਚ ਦਸੰਬਰ 2008 ਤੋਂ ਲੈ ਕੇ ਅਕਤੂਬਰ 2013 ਤੱਕ ਪ੍ਰਕਾਸ਼ਿਤ ਹੁੰਦੇ ਰਹੇ ਹਨ। ਡਾ: ਜਸਬੀਰ ਦੁਸਾਂਝ ਨੇ ਜੀਵਨ-ਚੇਤਨਾ ਲਹਿਰ (ਲਾਈਫ ਅਵੇਅਰ ਮੂਵਮੈਂਟ) ਦੇ ਮਾਧਿਅਮ ਰਾਹੀਂ ਮਨੁੱਖੀ ਜੀਵਨ ਨੂੰ ਸੁੰਦਰ ਅਤੇ ਕਲਿਆਣਕਾਰੀ ਬਣਾਉਣ ਦਾ ਬੀੜਾ ਉਠਾ ਰੱਖਿਆ ਹੈ। ਉਸ ਅਨੁਸਾਰ ਕੋਈ ਸੰਪੂਰਨ ਮਨੁੱਖ ਹੀ ਇਹ ਕਾਰਜ ਕਰ ਸਕਦਾ ਹੈ, ਇਸ ਲਈ 'ਸੰਪੂਰਨ' ਮਨੁੱਖ ਦੀ ਸਿਰਜਣਾ ਉਸ ਦੀ ਮੂਵਮੈਂਟ ਦਾ ਧੁਰਾ ਹੈ। ਉਸ ਅਨੁਸਾਰ ਅੰਧ-ਸ਼ਰਧਾਲੂ ਅਤੇ ਅਨਪੜ੍ਹ/ਅਧਪੜ੍ਹ ਲੋਕ ਇਸ ਬਿਖੜੇ ਮਾਰਗ ਉੱਪਰ ਨਹੀਂ ਚੱਲ ਸਕਦੇ। ਉਹੀ ਮਨੁੱਖ ਸੰਪੂਰਨ ਬਣਨ ਦੀ ਕਾਮਨਾ ਕਰ ਸਕਦਾ ਹੈ, ਜਿਸ ਪਾਸ ਬੁੱਧੀ ਹੈ, ਵਿਚਾਰ ਹੈ, ਤਰਕ ਹੈ, ਕਾਮਨਾ ਅਤੇ ਈਗੋ ਹੈ। ਇਸ ਪੁਸਤਕ ਦੇ ਮਾਧਿਅਮ ਦੁਆਰਾ ਲੇਖਕ ਇਕ ਵੈਕਲਿਪਕ ਜੀਵਨ-ਯਾਤਰਾ ਉੱਪਰ ਨਿਕਲਣ ਦਾ ਸੱਦਾ ਦਿੰਦਾ ਹੈ, ਉਸ ਦੇ ਵਿਚਾਰ ਪੜ੍ਹਨਯੋਗ ਹਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਜੋ ਬੋਲੇ ਸੋ ਗ਼ੱਦਾਰ
ਲੇਖਕ : ਨ੍ਰਿਪਇੰਦਰ ਰਤਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 203

ਸੰਪਰਕ : 98148-30903.

ਹਥਲੀ ਪੁਸਤਕ ਨ੍ਰਿਪਇੰਦਰ ਰਤਨ ਦੁਆਰਾ ਸਵੈ-ਜੀਵਨੀ ਮੂਲਕ ਯਾਦਾਂ ਦਾ ਸਿਲਸਲੇਵਾਰ ਪ੍ਰਗਟਾਵਾ ਹੈ। ਇਸ ਪੁਸਤਕ ਜ਼ਰੀਏ ਇਸ ਲੇਖਕ ਨੇ ਜਿਥੇ ਮਾਨਵੀ ਜੀਵਨ ਦੇ ਨੇੜਲੇ ਸਰੋਕਾਰਾਂ ਨੂੰ ਸਮਝ ਕੇ, ਚਿੰਤਨਧਾਰਾ ਦੀ ਦ੍ਰਿਸ਼ਟੀ ਤੋਂ, ਸੱਚੋ-ਸੱਚ ਨੂੰ ਪ੍ਰਗਟਾਇਆ ਹੈ ਉਹ ਬੇਬਾਕ ਸ਼ਬਦਾਵਲੀ ਅਤੇ ਹੋਰ ਵਿਵਰਣ ਬਹੁਤ ਘੱਟ ਲੇਖਕਾਂ ਨੇ ਪ੍ਰਗਟਾਇਆ ਹੈ। ਨ੍ਰਿਪਇੰਦਰ ਰਤਨ ਭਾਵੇਂ ਬਚਪਨ ਦੀਆਂ ਯਾਦਾਂ ਨੂੰ ਸਾਂਝੀਆਂ ਕਰ ਰਿਹਾ ਹੋਵੇ ਜਾਂ ਚੜ੍ਹਦੀ ਉਮਰ-ਵਰੇਸ 'ਚ ਆਂਢੀਆਂ-ਗੁਆਂਢੀਆਂ ਜਾਂ ਮੁਹੱਲਿਆਂ ਦੀ ਗੱਲ ਕਰ ਰਿਹਾ ਹੋਵੇ ਉਹ ਸਭਨੀਂ ਥਾਈਂ ਸਪੱਸ਼ਟ ਹੈ। ਪੁਸਤਕ ਦੀ ਖਾਸੀਅਤ ਇਸ ਗੱਲ ਵਿਚ ਵੀ ਹੈ ਕਿ ਵਿੱਦਿਅਕ ਅਦਾਰਿਆਂ ਵਿਚ ਕੁਲਪਤੀ ਕਿਸ ਤਰ੍ਹਾਂ ਲੱਗ ਰਹੇ ਹਨ ਅਤੇ ਉਨ੍ਹਾਂ ਦੀ ਕਾਰਜਸ਼ੀਲਤਾ ਕੀ ਹੈ? ਆਦਿ ਬਾਰੇ ਵੀ ਗੰਭੀਰਤਾ ਸਹਿਤ ਪੁਖਤਾ ਵਿਸ਼ਲੇਸ਼ਣ ਦਿੱਤਾ ਹੈ। ਅਜੋਕੇ ਮਨੁੱਖ ਦੀਆਂ ਜ਼ਮੀਰਾਂ ਕਿਥੇ ਮਰਦੀਆਂ ਹਨ, ਵੋਟਿੰਗ ਮਸ਼ੀਨਾਂ ਵਿਚ ਰਾਮ ਰੌਲਾ ਕਦੋਂ ਪੈਂਦਾ ਹੈ, ਬਲਿਊ ਸਟਾਰ ਤੋਂ ਅਗਲੇ ਦਿਨ ਕੀ ਵਾਪਰਦਾ ਹੈ, ਮੌਤ ਦਾ ਮਖੌਲ ਕਿਉਂ ਉਡਾਇਆ ਜਾਂਦਾ ਹੈ ਅਤੇ ਝੂਠਾ ਕਾਮਰੇਡ ਕਿਹੜੀਆਂ ਜ਼ਰਬਾਂ ਖੇਡਦਾ ਹੈ ਆਦਿ ਨੂੰ ਵੀ ਇਸ ਪੁਸਤਕ ਵਿਚ ਤਹਿ-ਦਰ-ਤਹਿ ਉਘਾੜਿਆ ਗਿਆ ਹੈ। ਇਸੇ ਤਰ੍ਹਾਂ 'ਕਲਾ ਦੇ ਕੋਠੇ', 'ਕੋਲੇ ਦੀ ਦਲਾਲੀ', 'ਇਕ ਅਣਖੀਲਾ ਅਫ਼ਸਰ', 'ਮੇਰੀ ਇਕਲੌਤੀ ਟਿਊਸ਼ਨ', 'ਇੱਜ਼ਤਦਾਰ ਰਿਸ਼ਵਤ' ਸਿਰਲੇਖਾਂ ਤਹਿਤ ਲਿਖੀਆਂ ਯਾਦਾਂ ਵਿਚ ਸਮਾਜਿਕ, ਭਾਈਚਾਰਕ, ਰਾਜਸੀ ਅਤੇ ਖਪਤਕਾਰੀ ਰੁਚੀਆਂ ਦੇ ਵਰਤਾਰੇ ਦਾ ਜ਼ਿਕਰ ਕੀਤਾ ਗਿਆ ਹੈ। 'ਬਚਪਨ ਦੇ ਉਹ ਦਿਨ', 'ਕੌਣ ਚਲਾਵੇ ਲਾਰੀਆਂ', 'ਜੋ ਬੋਲੇ ਸੋ ਗ਼ੱਦਾਰ', 'ਲਿਖਤੋ-ਥੈਰੋਪੀ' ਅਤੇ 'ਫੁੱਲਾਂ ਦੇ ਬੁੱਚੜਖਾਨੇ' ਲੇਖ ਤਾਂ ਪਾਠਕਾਂ ਦੀ ਮਨੋ ਵਿਗਿਆਨਕ ਅਤੇ ਸਮਾਜਿਕ ਚੇਤਨਾ ਨੂੰ ਜਗਾਉਂਦੇ ਹੀ ਹਨ ਅਤੇ ਨਾਲ ਦੀ ਨਾਲ ਪਾਠਕਾਂ ਵਿਚ ਨਵੀਨ ਵਿਚਾਰਧਾਰਾ ਨੂੰ ਸਿਰਜਣ ਦੇ ਸਮਰੱਥ ਵੀ ਜਾਪਦੇ ਹਨ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਰੀਝਾਂ ਦਾ ਅੰਬਰ
ਕਵਿਤਰੀ : ਮਨਿੰਦਰ ਕੌਰ ਮਨ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94656-47120.

ਮਨਿੰਦਰ ਕੌਰ ਮਨ ਦਾ ਪਲੇਠਾ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਖੇਤਰ ਵਿਚ ਅਨੇਕ ਕਵੀਆਂ ਸੰਭਾਵਨਾਵਾਂ ਨਾਲ ਪੇਸ਼ ਹੁੰਦਾ ਹੈ। ਮਨਿੰਦਰ ਕੌਰ ਮਨ ਨੂੰ ਕਵਿਤਾ ਦੀ ਸਮਝ ਹੈ, ਉਸ ਨੂੰ ਜਾਚ ਹੈ ਕਿ ਕਿਵੇਂ ਨਿੱਜ ਤੇ ਨਿੱਜ ਤੋਂ ਪਾਰ ਦੇ ਮਸਲਿਆਂ ਨੂੰ ਕਵਿਤਾ ਦੀ ਕੁਠਾਲੀ ਵਿਚ ਢਾਲਣਾ ਹੈ। ਇਹ ਕਵਿਤਾਵਾਂ ਸਾਡੇ ਸਮਾਜ ਦੇ ਸਮੁੱਚ ਨੂੰ ਆਪਣੇ ਕਲੇਵਰ ਵਿਚ ਲੈਂਦੀਆਂ ਹਨ। ਚਾਰੋ ਪਾਸੇ ਅਨਿਸਚਿਤਤਾ, ਹਿੰਸਾ, ਭੈਅ ਦਾ ਮਾਹੌਲ ਕਵੀ ਮਨ ਨੂੰ ਵਾਰ-ਵਾਰ ਵਿਚਲਿਤ ਕਰਦਾ ਹੈ। ਸੰਵੇਦਨਸ਼ੀਲ ਮਨ ਅਜਿਹੀ ਹਾਲਤ ਵਿਚ ਆਪਣਾ ਦਮ ਘੁਟਦਾ ਮਹਿਸੂਸ ਕਰਦਾ ਹੈ। ਹਵਾ, ਪਾਣੀ, ਮਿੱਟੀ ਸਭ ਗੰਧਲਾਅ ਗਏ ਨੇ ਤੇ ਅਜਿਹੇ ਵਿਚ ਮਨੁੱਖ ਦਾ ਜਿਊਣਾ ਕਠਿਨ ਹੁੰਦਾ ਜਾ ਰਿਹਾ ਹੈ
ਪਾਣੀ ਵੀ ਗੰਧਲਾ ਹੋ ਗਿਆ
ਜੋ ਨਿਰਮਲ ਸੀ ਬਹੁਤ
ਰੂਹ ਤੇ ਵੀ ਮੈਲ ਚੜ੍ਹ ਗਈ
ਜੋ ਪਵਿੱਤਰ ਸੀ ਬਹੁਤ....
ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਮੁਹੱਬਤ ਦੇ ਸੰਜੋਗ ਵਿਯੋਗ ਦੀਆਂ ਕਵਿਤਾਵਾਂ। ਨਿੱਕੇ-ਨਿੱਕੇ ਗਿਲੇ-ਸ਼ਿਕਵੇ, ਮੁਹੱਬਤ ਦੇ ਕੁਝ ਅਣਛੂਹੇ ਅਹਿਸਾਸ ਇਨ੍ਹਾਂ ਕਵਿਤਾਵਾਂ ਨੂੰ ਆਪਣੀ ਕਿਸਮ ਦੀ ਨੁਹਾਰ ਬਖਸ਼ਦੇ ਹਨ।
ਹਾਏ ਵੇ ਇਕ ਤੂੰ
ਤੇਰਾ ਨਾਂਅ
ਤੇਰੇ ਨਾਂਅ ਦੇ ਅੱਖਰ
ਘੇਰੀ ਰੱਖਦੇ ਮੈਨੂੰ
ਛੱਡਦੇ ਨਾ ਇਕ ਪਲ....
ਮਨਿੰਦਰ ਦੀ ਕਵਿਤਾ ਉਸ ਦੇ ਮਨ ਦੇ ਜਜ਼ਬਿਆਂ ਦਾ ਕਾਵਿਕ ਬਿਰਤਾਂਤ ਹੈ। ਉਸ ਦੀ ਸ਼ਾਇਰੀ ਅਫਲਾਤੂਨੀ ਨਹੀਂ ਸਗੋਂ ਮਨ ਤੇ ਰੂਪ ਵਿਚ ਭਿੱਜ ਕੇ ਨਿੱਤਰੀ ਹੋਈ ਸ਼ਾਇਰੀ ਹੈ। ਸਮੁੱਚੇ ਰੂਪ ਵਿਚ ਮਨਿੰਦਰ ਮਨ ਦੀ ਸ਼ਾਇਰੀ ਇਕ ਸੰਵੇਦਨਸ਼ੀਲ ਮਨ ਦੇ ਸੱਚੇ-ਸੁੱਚੇ ਭਾਵਾਂ ਦਾ ਕਾਵਿਕ ਪ੍ਰਗਟਾਅ ਹੈ।

-ਡਾ: ਅਮਰਜੀਤ ਕੌਂਕੇ


ਕਿਆਮਤ
ਲੇਖਕ : ਹਰਮਹਿੰਦਰ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 99151-03490.

ਨਾਵਲ 'ਕਿਆਮਤ' ਅੱਤਵਾਦ ਹੱਥੋਂ ਦੁਖੀ ਅਤੇ ਸਤਾਏ ਲੋਕਾਂ ਦੀ ਕਹਾਣੀ ਬਿਆਨ ਕਰਦਾ ਹੈ। ਇਨ੍ਹਾਂ ਲੋਕਾਂ ਨੇ ਸੀਰੀਆ ਤੇ ਇਰਾਕ ਜਿਹੇ ਮੁਲਕਾਂ ਦੀ ਦੁਰਦਸ਼ਾਂ ਤਾਂ ਕੀਤੀ ਹੀ ਕੀਤੀ ਹੈ, ਖੌਫ਼, ਭੈਅ ਅਤੇ ਸੰਤਾਪ ਦਾ ਵੀ ਸਾਰੀ ਦੁਨੀਆ ਵਿਚ ਡੰਕਾ ਵਜਾ ਕੇ ਰੱਖ ਦਿੱਤਾ ਹੈ। ਇਹ ਲੋਕ ਪਿੰਡਾਂ ਦੇ ਪਿੰਡ ਤਬਾਹ ਕਰਦੇ ਹੋਏ, ਔਰਤਾਂ ਤੇ ਬੱਚਿਆਂ ਨੂੰ ਕੈਦੀ ਬਣਾਉਂਦੇ ਹਨ। ਔਰਤਾਂ ਦੀ ਪੁੱਜ ਕੇ ਬੇਹੁਰਮਤੀ ਕਰਦੇ ਹਨ। ਘੱਟ-ਗਿਣਤੀ ਲੋਕਾਂ ਦਾ ਘਾਣ ਕਰਦੇ ਹਨ। ਇਸ ਨਾਵਲ ਵਿਚ ਇਕ ਕੁੜੀ ਆਸਮਾ ਦੀ ਕਹਾਣੀ ਤੁਰਦੀ ਹੈ ਜੋ ਅੱਤਵਾਦੀਆਂ ਵਲੋਂ ਕੈਦੀ ਬਣਾ ਕੇ ਉਸ ਦੇ ਪਿੰਡੋਂ ਚੁੱਕ ਲਿਆਂਦੀ ਜਾਂਦੀ ਹੈ। ਆਸਮਾ ਇਸ ਨਾਵਲ ਵਿਚ ਖ਼ੁਦ ਆਪਣੀ ਹੱਡਬੀਤੀ ਬਿਆਨ ਕਰਦੀ ਹੋਈ ਕਹਾਣੀ ਨੂੰ ਅੱਗੇ ਤੋਰਦੀ ਹੈ। ਥਾਂ ਪੁਰ ਥਾਂ ਉਹ ਹਿੰਸਾ ਤੇ ਜਬਰ ਜਨਾਹ ਦਾ ਸ਼ਿਕਾਰ ਹੁੰਦੀ ਹੋਈ ਵੀ ਹਿੰਮਤ ਨਹੀਂ ਹਾਰਦੀ। ਆਪਣੀ ਦਲੇਰੀ ਅਤੇ ਹੌਸਲੇ ਨਾਲ ਉਹ ਅੱਤਵਾਦੀਆਂ ਹੱਥੋਂ ਬਚ ਨਿਕਲਣ ਵਿਚ ਕਾਮਯਾਬ ਹੋ ਜਾਂਦੀ ਹੈ। ਜਿਥੇ ਇਸ ਨਾਵਲ ਵਿਚ ਅਣਮਨੁੱਖੀ ਵਰਤਾਰੇ ਦੇ ਦਰਸ਼ਨ ਹੁੰਦੇ ਹਨ, ਉਥੇ ਇਨਸਾਨੀ ਰਹੁ-ਰੀਤਾਂ ਤੇ ਕਦਰਾਂ-ਕੀਮਤਾਂ ਵੀ ਆਸਮਾ ਦੀ ਮਦਦ ਕਰਦੀਆਂ ਹਨ। ਨਾਵਲ ਪੜ੍ਹਨਯੋਗ ਹੈ।

-ਕੇ. ਐਲ. ਗਰਗ
ਮੋ: 94635-37050.


 

 

ਬਦਲਦੇ ਰਿਸ਼ਤੇ
ਲੇਖਕ : ਡਾ: ਯਾਦਵਿੰਦਰ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 75891-02002.

ਇਹ ਪੁਸਤਕ 10 ਕਹਾਣੀਆਂ ਦੀ ਹੈ ਤੇ ਲੇਖਕ ਦੀ ਪਹਿਲੀ ਕਿਤਾਬ ਹੈ। ਮਨੁੱਖੀ ਰਿਸ਼ਤਿਆਂ ਨੂੰ ਆਧਾਰ ਬਣਾ ਕੇ ਕਹਾਣੀਆਂ ਦੀ ਸਿਰਜਣਾ ਸੁਚੇਤ ਰੂਪ ਵਿਚ ਕੀਤੀ ਗਈ ਹੈ। ਪੰਜਾਬੀ ਸਮਾਜ ਵਿਚ ਕਿਵੇਂ ਰਿਸ਼ਤੇ ਬਣਦੇ, ਟੁਟਦੇ ਜਾਂ ਤਿੜਕਦੇ ਹਨ। ਕਿਵੇਂ ਦਿਨੋ-ਦਿਨ ਰਿਸ਼ਤਿਆਂ ਦੀ ਪਾਕੀਜ਼ਗੀ ਖ਼ਤਮ ਹੁੰਦੀ ਜਾ ਰਹੀ ਹੈ। ਇਹ ਸਭ ਕੁਝ ਇਨ੍ਹਾਂ ਕਹਾਣੀਆਂ ਵਿਚ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਕਹਾਣੀ ਸ਼ਰੀਕ ਦਾ ਪਾਤਰ ਦੋ ਕੁੜੀਆਂ ਦਾ ਬਾਪ ਹੈ। ਪਰ ਆਪਣੇ ਸਕੇ ਭਰਾ ਦਾ ਪੁੱਤਰ ਗੋਦ ਲੈਂਦਾ ਹੈ। ਉਸ ਨੂੰ ਪਾਲਦਾ, ਪੜ੍ਹਾਉਂਦਾ ਹੈ। ਕੋਲੋਂ ਖ਼ਰਚ ਕਰਕੇ ਬਾਪ ਗੋਦ ਲਏ ਪੁੱਤ ਨੂੰ ਵਿਦੇਸ਼ ਭੇਜਦਾ ਹੈ। ਉਸ ਨਾਲ ਫੋਨ ਤੇ ਗੱਲਾਂ ਕਰਕੇ ਖੁਸ਼ ਹੁੰਦਾ ਹੈ। ਜਿਸ ਦਿਨ ਪੁੱਤ ਨੇ ਵਿਦੇਸ਼ ਤੋਂ ਆਉਣਾ ਹੈ। ਉਹ ਚਾਵਾਂ ਨਾਲ ਗੱਡੀ ਕਰਕੇ ਹਵਾਈ ਅੱਡੇ 'ਤੇ ਲੈਣ ਜਾਂਦਾ ਹੈ। ਉਸ ਦੇ ਦਿਲ ਵਿਚ ਕਈ ਸੁਪਨੇ ਹਨ। ਪਰ ਜਦੋਂ ਪੁੱਤ ਜਹਾਜ਼ ਤੋਂ ਉਤਰਦਾ ਹੈ ਉਸ ਨਾਲ ਉਸ ਦੀ ਪਤਨੀ ਤੇ ਸਹੁਰਾ ਹੈ। ਜਿਨ੍ਹਾਂ ਬਾਰੇ ਪੁੱਤਰ ਬੜੀ ਤਲਖੀ ਨਾਲ ਬਾਪ ਨੂੰ ਦੱਸਦਾ ਹੈ। ਬਾਪ ਹੈਰਾਨ ਰਹਿ ਜਾਂਦਾ ਹੈ। ਉਸ ਨੂੰ ਪੁੱਤਰ ਦੇ ਵਿਆਹ ਦੀ ਭਿਣਕ ਤੱਕ ਨਹੀਂ ਹੁੰਦੀ। ਪੁੱਤਰ ਉਸ ਦੀ ਪਤਨੀ ਤੇ ਸਹੁਰਾ ਚੰਡੀਗੜ੍ਹ ਨੂੰ ਚਾਲੇ ਪਾ ਦਿੰਦੇ ਹਨ। ਬਾਪ ਮਸੋਸਿਆ ਜਿਹਾ ਪਿੰਡ ਵਾਪਸ ਆ ਜਾਂਦਾ ਹੈ। ਬਾਪ ਬੇਟੇ ਦੇ ਰਿਸ਼ਤੇ ਦਾ ਘਾਣ ਹੁੰਦਾ ਹੈ। ਕਮਾਈ ਦਾ ਲਾਲਚੀ ਡਾਕਟਰ ਪਾਤਰ ਵੀ ਇਸ ਤਰ੍ਹਾਂ ਦੀ ਸਥਿਤੀ ਵਿਚੋਂ ਲੰਘਦਾ ਹੈ। ਗੁਲਾਮ ਦੀ ਸਿਮਰਨ ਮਾਂ-ਬਾਪ ਤੋਂ ਬਾਹਰ ਜਾ ਕੇ ਆਪਣੇ ਪ੍ਰੇਮੀ ਨੂੰ ਮਿਲਦੀ ਹੈ। ਰੋਕਣ 'ਤੇ ਨਹੀਂ ਰੁਕਦੀ। ਰਿਸ਼ਤਾ ਕਲੰਕਿਤ ਹੁੰਦਾ ਹੈ। ਗੁਨਾਹਗਾਰ ਕਹਾਣੀ ਵਿਚ ਸੱਸ ਸਹੁਰਾ, ਨੂੰਹ ਨੂੰ ਤੰਗ ਕਰਦੇ ਹਨ। ਪਰ ਜਦੋਂ ਉਨ੍ਹਾਂ ਦੀ ਧੀ ਇਸੇ ਦੁੱਖ ਵਿਚ ਮਰਦੀ ਹੈ ਤਾਂ ਅੱਖਾਂ ਖੁੱਲ੍ਹਦੀਆਂ ਹਨ। ਘਰ ਦਾ ਚਿਰਾਗ ਨਸ਼ਿਆਂ ਵਿਚ ਰੁੜ੍ਹਦੀ ਜਵਾਨੀ ਬਾਰੇ ਹੈ। ਕਹਾਣੀ ਸੋਨੇ ਦੀ ਛੱਤ ਵਿਚ ਬਜ਼ੁਰਗਾਂ ਦੀ ਬੱਚਿਆਂ ਵਲੋਂ ਅਣਦੇਖੀ ਹੈ। ਜ਼ਮੀਰ ਦੀ ਵਿਧਵਾ ਪਾਤਰ ਦੀ ਰੌਚਿਕ ਗਾਥਾ ਹੈ। ਪਛਤਾਵਾ ਵਿਚ ਕੁੜੀ ਦਾ ਸੱਚ ਉਸ ਦੇ ਰਿਸ਼ਤੇ ਦੀ ਰੁਕਾਵਟ ਬਣ ਜਾਂਦਾ ਹੈ। ਬਚਪਨ ਵਿਚ ਬੀਤਿਆ ਸਮਾਂ ਯਾਦ ਆਉਂਦਾ ਹੈ। ਯਥਾਰਥਕ ਕਹਾਣੀਆਂ ਸੁਹਜਮਈ, ਕਥਾ ਰਸ ਭਰਪੂਰ ਤਿਖੇ ਸੰਵਾਦ ਵਾਲੀਆਂ, ਸਰਲ ਸ਼ਬਦਾਵਲੀ ਵਿਚ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160


ਨੀ ਆਹ ਦਿਨ ਸ਼ਗਨਾਂ ਦਾ
ਲੇਖਿਕਾ : ਹਰਨਿੰਦਰ ਕੌਰ
ਪ੍ਰਕਾਸ਼ਕ : ਬੈਟਰ ਚੁਆਇਸ, ਐਜੂਕੇਸ਼ਨਲ ਪਬਲਿਸ਼ਰਜ਼, ਜਲੰਧਰ
ਮੁੱਲ : 320 ਰੁਪਏ, ਸਫ਼ੇ : 278
ਸੰਪਰਕ : 99146-18967.

'ਨੀ ਆਹ ਦਿਨ ਸ਼ਗਨਾਂ ਦਾ' ਹਰਨਿੰਦਰ ਕੌਰ ਦਾ ਵਿਆਹ ਦੀਆਂ ਰਸਮਾਂ ਸਮੇਂ ਗਾਏ ਜਾਂਦੇ ਲੋਕ ਗੀਤਾਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਲੋਕ ਗੀਤਾਂ ਦੇ ਭਿੰਨ-ਭਿੰਨ ਰੂਪ ਸ਼ਾਮਿਲ ਕੀਤੇ ਹਨ। ਪੰਜਾਬੀ ਸਮਾਜ ਵਿਚ ਵਿਆਹ ਦਾ ਬਹੁਤ ਵੱਡਾ ਮਹੱਤਵ ਹੈ। ਵਿਆਹ ਮੁੰਡੇ ਦਾ ਹੋਵੇ ਜਾਂ ਕੁੜੀ ਦਾ, ਸਾਰਾ ਭਾਈਚਾਰਾ ਇਸ ਸਮਾਗਮ ਨੂੰ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਉਂਦਾ ਹੈ। ਵਿਆਹ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਇਸ ਪੁਸਤਕ ਦੀ ਲੇਖਿਕਾ ਹਰਨਿੰਦਰ ਕੌਰ ਨੇ ਵਿਆਹ ਦੇ ਅਵਸਰ 'ਤੇ ਵੱਖ-ਵੱਖ ਸਮੇਂ ਨਿਭਾਈਆਂ ਜਾਂਦੀਆਂ ਰਸਮਾਂ ਸਮੇਂ ਗਾਏ ਜਾਂਦੇ ਲੋਕ ਗੀਤਾਂ ਦੀਆਂ ਵੱਖ-ਵੱਖ ਵੰਨਗੀਆਂ ਅਥਵਾ ਰੂਪਾਂ ਨੂੰ ਇਕੋ ਸੈਂਚੀ ਵਿਚ ਸਾਂਭ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਪੁਸਤਕ ਵਿਚ ਨਿਮਨ ਲਿਖਤ ਗੀਤ ਰੂਪ ਸ਼ਾਮਿਲ ਹਨ : (1) ਵਟਣਾ ਲਾਉਣ ਸਮੇਂ, (2) ਸਿੱਠਣੀਆਂ, (3) ਨਾਨਕੀ ਛੱਕ ਦਿਖਾਉਣ ਵੇਲੇ, (4) ਚੂੜਾ ਪਾਉਣ ਵੇਲੇ, (5) ਸੁਹਾਗ, (6) ਘੋੜੀਆਂ, (7) ਟੱਪੇ, (8) ਗੀਤ, (9) ਜਾਗੋ, (10) ਬੋਲੀਆਂ, (11) ਛੰਦ, (12) ਦੋਹੇ, (13) ਜੰਜ ਬੰਨ੍ਹਣੀ ਤੇ ਖੋਲ੍ਹਣੀ, (14) ਡੋਲੀ ਤੋਰਨ ਵੇਲੇ ਦਾ ਵਿਛੋੜਾ ਡੋਲੀ ਘਰ ਪਹੁੰਚਣ 'ਤੇ। ਲੇਖਿਕਾ ਨੇ ਆਪਣੀ ਬਾਦਸ਼ਾਹਤ ਅਤੇ ਰਿਸ਼ਤੇਦਾਰਾਂ ਪਾਸੋਂ ਇਹ ਗੀਤ ਸੰਗ੍ਰਹਿਤ ਕੀਤੇ ਹਨ। ਲੋਕਧਾਰਾਈ ਦ੍ਰਿਸ਼ਟੀ ਤੋਂ ਇਹ ਉਸ ਦਾ ਮਹੱਤਵਪੂਰਨ ਕਾਰਜ ਹੈ ਜਿਸ ਦੇ ਲਈ ਉਹ ਵਧਾਈ ਦੀ ਹੱਕਦਾਰ ਹੈ। ਮੈਨੂੰ ਭਰੋਸਾ ਹੈ ਪੰਜਾਬੀ ਭਾਈਚਾਰੇ ਵਿਚ ਇਸ ਪੁਸਤਕ ਦਾ ਸਵਾਗਤ ਹੋਵੇਗਾ।

-ਸੁਖਦੇਵ ਮਾਦਪੁਰੀ
ਮੋ: 94630-34472.

10-02-2019

 ਸ਼ਬਦ ਸੂਰਮੇ ਚਾਨਣ ਦੇ ਵਣਜਾਰੇ
ਸੰਪਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 174
ਸੰਪਰਕ : 099588-31357.

'ਸ਼ਬਦ ਸੂਰਮੇ : ਚਾਨਣ ਦੇ ਵਣਜਾਰੇ' ਪੁਸਤਕ ਵਿਚ ਡਾ: ਅਮਰ ਕੋਮਲ ਰਚਿਤ 37 ਸ਼ਬਦ-ਚਿੱਤਰ ਹਨ, ਜਿਨ੍ਹਾਂ ਨੂੰ ਡਾ: ਬਲਦੇਵ ਸਿੰਘ ਬੱਦਨ ਨੇ ਇਕ ਬੜੀ ਵਿਸ਼ਲੇਸ਼ਣਾਤਮਕ ਅਤੇ ਵਿਸਤ੍ਰਿਤ ਭੂਮਿਕਾ ਸਮੇਤ ਹਥਲੇ ਸੰਗ੍ਰਹਿ ਵਿਚ ਸੰਕਲਿਤ ਕੀਤਾ ਹੈ। ਸ਼ਬਦ-ਚਿੱਤਰਾਂ ਨਾਲ ਸਬੰਧਿਤ ਸਾਰੇ ਵਿਅਕਤੀ ਸਾਹਿਤਕਾਰ, ਪੱਤਰਕਾਰ ਜਾਂ ਅਨੁਵਾਦਕ-ਆਲੋਚਕ ਹਨ। ਅਮਰ ਕੋਮਲ ਰਚਿਤ ਹਰ ਸ਼ਬਦ-ਚਿੱਤਰ ਕੁਝ ਕੈਂਟੋਜ਼ (ਟੁਕੜੀਆਂ) ਵਿਚ ਵਿਭਾਜਿਤ ਹੈ ਅਤੇ ਹਰ ਟੁਕੜੀ ਲੇਖਕ ਨੂੰ ਸੰਬੋਧਨ ਕਰਦੀ ਹੋਈ ਆਰੰਭ ਹੁੰਦੀ ਹੈ। ਦੇਖੋ :
ਜਸਬੀਰ ਸਿੰਘ ਭੁੱਲਰ!
ਤੇਰਾ ਜੀਵਨ ਇਕ ਹਕੀਕਤ
ਤੇਰਾ ਸਾਹਿਤ ਸਿਰਜਣ ਇਕ ਅਜੂਬਾ
ਹੱਡੀਂ ਹੰਢਾਵੇਂ ਸਭ ਤਜਰਬੇ
ਤੈਂ ਜਦ ਅਨੁਭਵ ਕੀਤੇ
ਫਿਰ ਕਲਮ ਚਲਾਈ
ਜ਼ਿੰਦਗੀ ਤਸਵੀਰੀ ਤੂੰ ਆਪੇ
ਅੰਮ੍ਰਿਤਾ ਸਖੀ ਸਹੇਲੀ ਵਾਕੁਰ
ਤੇਰੀਆਂ ਰੀਝਾਂ ਨੂੰ ਉਤਸ਼ਾਹਿਤ ਕੀਤਾ।
(ਪੰਨਾ 107)
ਡਾ: ਅਮਰ ਕੋਮਲ ਦੀ ਸ਼ਬਦ-ਚਿੱਤਰ ਉਲੀਕਣ ਦੀ ਵਿਧੀ ਬੜੀ ਸੱਜਰੀ ਅਤੇ ਨਰੋਈ ਹੈ। ਉਹ ਕਿਸੇ ਸ਼ਬਦ-ਸਿਰਜਕ ਦੀ ਸ਼ਖ਼ਸੀਅਤ ਉਲੀਕਣ ਸਮੇਂ ਨਾ ਤਾਂ ਕੋਈ ਰਹੱਸ ਉਣਦਾ ਹੈ ਅਤੇ ਨਾ ਪ੍ਰਤੀਕਾਂ ਦਾ ਹਜ਼ੂਮ ਇਕੱਠਾ ਕਰਦਾ ਹੈ। ਉਹ ਸਿੱਧੀ ਅਤੇ ਸਰਲ ਸ਼ੈਲੀ ਦੁਆਰਾ ਆਪਣੇ ਭਾਵਾਂ ਦਾ ਅਭਿਵਿਅੰਜਨ ਕਰਦਾ ਹੈ। ਇਸ ਵਿਧੀ ਤੋਂ ਪਤਾ ਚਲਦਾ ਹੈ ਕਿ ਉਹ ਹਰ ਲੇਖਕ ਨਾਲ ਧੁਰ ਅੰਦਰੋਂ ਜੁੜਿਆ ਰਹਿੰਦਾ ਹੈ ਅਤੇ ਉਸ ਦੀਆਂ ਉਪਬਲਧੀਆਂ ਨੂੰ ਖੂਬ ਚੰਗੀ ਤਰ੍ਹਾਂ ਜਾਣਦਾ ਅਤੇ ਪਛਾਣਦਾ ਹੈ। ਇਕ ਮਿਸਾਲ ਦੇਖੋ :
ਪ੍ਰੋ: ਅਜਮੇਰ ਸਿੰਘ ਔਲਖ!
ਤੂੰ 'ਸੱਤ ਬਿਗਾਨੇ' ਲੋਕਾਂ ਦੀ ਪੀੜ ਪਹਿਚਾਣੀ
ਅਣਹੋਏ ਲੋਕਾਂ ਦੇ ਗੁੱਟਾਂ, ਤੈਂ ਬੰਨ੍ਹੀ ਗਾਨੀ
ਕਿਹਰ ਸਿੰਘ ਦੀ ਮੌਤ ਦਾ ਜਦ ਮੰਚਨ ਹੋਇਆ
ਤੂੰ ਆਪ ਹੀ ਲੋਕ ਮਨਾਂ ਦੀ ਪੀੜ ਪਹਿਚਾਣੀ
ਇਕ ਦਰਿਆ ਦੀ ਗਾਥਾ ਲਿਖ ਕੇ
ਤੂੰ ਗੱਲ ਸਮਝਾਈ ਲੋਕਾਂ, ਬਲੀਦਾਨ ਦੀ। (ਸਫ਼ਾ 111)
ਏਨੀ ਭਾਵਪੂਰਤ ਅਤੇ ਪ੍ਰਮਾਣਿਕ ਰਚਨਾ ਪੰਜਾਬੀ ਦੇ ਹਰ ਪਾਠਕ ਦਾ ਦਿਲ ਛੂਹ ਲਵੇਗੀ। ਮੈਂ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤਲਾਸ਼ ਜਾਰੀ ਹੈ
ਲੇਖਕ : ਪ੍ਰਿੰ: ਮਲੂਕ ਚੰਦ ਕਲੇਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 81
ਸੰਪਰਕ : 011-26802488.

ਇਹ ਪੁਸਤਕ ਸਵੈ-ਜੀਵਨੀਪਰਕ ਨਾਵਲ ਹੈ। ਇਸ ਗਾਥਾ ਦਾ ਆਰੰਭ ਆਤਮ ਤੋਂ ਆਰੰਭ ਹੋ ਕੇ ਕਦੇ ਅਨਾਤਮ ਵੱਲ; ਕਦੇ ਵਰਤਮਾਨ ਤੋਂ ਭੂਤਕਾਲ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਵੱਲ ਹੁੰਦਾ ਹੈ। 'ਮੈਂ' ਸੰਵੇਦਨਸ਼ੀਲ ਭਾਵਨ-ਸ਼ੀਲ ਹੈ। ਉਸ ਦੀ ਸੋਚ ਦੀਆਂ ਤਰੰਗੀ ਭਾਵਨਾਵਾਂ ਵਿਚ ਬੇਚੈਨੀ ਹੈ, ਯਾਦਾਂ ਉਸ ਦੇ ਅੰਗ-ਸੰਗ ਹਨ, ਉਹ ਯਾਦਾਂ ਦੇ ਝੂਟੇ ਲੈਂਦਾ, ਕਦੇ ਫਿਰ ਤੋਂ ਵਰਤਮਾਨ ਵਿਚ ਵਿਚਰਦਾ ਹੈ। ਆਪਣੇ ਅਤੇ ਆਪਣੇ ਪਰਿਵਾਰ ਨਾਲ ਜਾਣ-ਪਛਾਣ ਕਰਵਾਉਂਦਾ ਹੈ।
ਪੁਸਤਕ ਦੀ ਸਾਰੀ ਗਾਥਾ ਵਿਚ ਉਸ ਦੇ ਆਤਮ ਦੇ ਤਿੰਨ ਰੂਪ ਹਨ, 'ਮੈਂ, ਮੀਕਾ, ਮਲਕੀਅਤ, (ਜਿਵੇਂ ਮਾਇਆ ਕੇ ਤੀਨ ਨਾਮ; ਪਰਸੂ, ਪਰਸਾ, ਪਰਸ-ਰਾਮ) ਇੰਜ ਆਪ ਨਾਵਲਕਾਰ (ਬਕਲਮ ਖੁਦ) ਇਸ ਨਾਵਲ ਦੀ ਗਾਥਾ, ਸਿਰਜਦਾ ਵੀ ਹੈ; ਹੰਢਾਉਂਦਾ ਵੀ ਹੈ; ਅਤੇ ਸੁਣਾਉਂਦਾ ਵੀ ਹੈ। ਇੰਜ ਕਰਦਾ ਹੋਇਆ, ਉਹ ਆਪਣੀ ਆਤਮ ਕਥਾ ਦਾ ਨਾ ਕੇਵਲ ਪਾਠਕ ਕਰਦਾ ਹੈ; ਚੇਤਨ ਪ੍ਰਵਾਹ ਦੀ ਨਾਵਲੀ ਵਿਧੀ ਨਾਲ ਆਪਣੇ ਪਰਿਵਾਰ, ਰਿਸ਼ਤੇਦਾਰ, ਸਮਾਜ ਦੇ ਜਿਊਂਦੇ ਜਾਗਦੇ; ਨਾ ਭੁੱਲਣ ਵਾਲੇ ਲੋਕ, ਅਖਾਣ ਕਾਵਿ ਕਥਨ ਵੀ ਸੁਣਾਉਂਦਾ ਹੈ। ਨਾਵਲ ਵਿਚ ਪੁਰਾਣਾ ਪੰਜਾਬ ਬੋਲਦਾ ਹੈ; ਲੋਕ ਵਿਚਰਦੇ ਹਨ, ਰਿਸ਼ਤਿਆਂ ਦਾ ਦਰਦ ਹੈ। ਇਤਿਹਾਸ ਹੈ; ਮਿਥਿਹਾਸ ਹੈ। ਅਮਰ ਪਾਤਰਾਂ ਦੀਆਂ ਸਿੱਖਿਆਦਾਇਕ ਕਹਾਣੀਆਂ ਹਨ। ਨਾਵਲਕਾਰ, ਲੰਘੇ ਸੰਘਰਸ਼ ਦੀ ਲੜਾਈ ਲੜਦਿਆਂ ਆਪਣੀ ਵਿਚਾਰਧਾਰਾ ਨੂੰ ਉਸਾਰੂ ਸਿਰਜਣਾਤਮਿਕ ਅਤੇ ਪ੍ਰਗਤੀਵਾਦੀ ਬਣਾ ਕੇ ਵੰਡਣ ਦਾ ਕਾਰਜ ਕਰਦਾ ਹੈ। ਇਸ ਗਾਥਾ ਦੇ ਜਿੰਨੇ ਵੀ ਵਸਤੂ ਵੇਰਵੇ ਹਨ, ਦੁੱਖਾਂ ਦਰਦਾਂ ਦੀ ਸੰਵੇਦਨਾ ਹੈ; ਮਹਾਂਪੁਰਸ਼ਾਂ, ਲੇਖਕਾਂ ਦੇ ਪ੍ਰਵਚਨ ਹਨ, ਉਹ ਮਨੁੱਖ ਦੀ ਪੁਰਾਣੀ ਸੋਚ ਨੂੰ ਨਵੀਂ ਵਿਗਿਆਨਕ ਸੋਚ ਵਿਚ ਬਦਲਣ ਦੇ ਸੂਚਕ ਹਨ।
ਲੇਖਕ ਮਲੂਕ ਚੰਦ ਕਲੇਰ, ਸੰਵੇਦਨਸ਼ੀਲ ਭਾਵਨਾ ਨਾਲ ਮਾਨਵ ਜਗਤ ਦੀ ਉਸਾਰੀ ਦੀ ਸ਼ੁੱਭਚਿੰਤਕ; ਸੰਘਰਸ਼ਕਰਤਾ, ਹਿੰਮਤੀ ਦਲੇਰ ਵਿਅਕਤੀ ਹੈ; ਜਿਸ ਨੇ ਇਸ ਲਘੂ ਨਾਵਲ ਸਰੂਪ ਗਾਥਾ ਵਿਚ ਆਪਣੇ ਪਾਠਕਾਂ ਨੂੰ ਜੋ ਸੁਨੇਹੇ ਸੰਚਾਰੇ ਹਨ, ਉਹ ਸੱਚਮੁੱਚ ਪ੍ਰੇਰਨਾਦਾਇਕ ਹਨ। ਮੇਰੀਆਂ ਸ਼ੁੱਭਇਛਾਵਾਂ!! ਲੇਖਕ ਪ੍ਰਿੰ: ਮਲੂਕ ਚੰਦ ਕਲੇਰ ਇਸੇ ਤਰ੍ਹਾਂ ਆਪਣੀ ਸਾਹਿਤਕ ਖੁਸ਼ਬੂ ਖਲੇਰਦਾ ਰਹੇ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਹਾਸ਼ੀਏ
ਲੇਖਕ : ਦਰਸ਼ਨ ਸਿੰਘ ਧੀਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 382
ਸੰਪਰਕ : 011-23280657.

ਵਿਚਾਰਾਧੀਨ ਨਾਵਲ ਪਰਵਾਸੀ ਪੰਜਾਬੀ ਸਾਹਿਤਕਾਰ ਦਰਸ਼ਨ ਸਿੰਘ ਧੀਰ ਦੇ ਨਾਵਲ ਦਾ ਦੂਜਾ ਸੰਸਕਰਨ ਹੈ। ਨਾਵਲੀ ਘਟਨਾਵਾਂ ਦਾ ਕੇਂਦਰ ਬਰਤਾਨੀਆ ਹੈ, ਜੋ ਇਹ ਗੱਲ ਦਾਅਵੇ ਨਾਲ ਪਰਚਾਰਦਾ ਹੈ ਕਿ ਅਜਿਹੀ ਤੰਗ-ਸੋਚ ਤੋਂ ਉਥੋਂ ਦੀ ਇਸਟੈਬਲਿਸ਼ਮੈਂਟ ਬਹੁਤ ਉੱਚੀ ਉੱਠ ਚੁੱਕੀ ਹੈ ਅਤੇ ਅਜੋਕੇ ਇੰਗਲੈਂਡ ਵਿਚ ਹੁਣ ਇਸ ਪ੍ਰਕਾਰ ਦਾ ਵਿਤਕਰਾ ਉੱਕਾ ਹੀ ਨਹੀਂ ਹੁੰਦਾ। ਨਾਵਲਕਾਰ ਦਾ ਮਨੋਰਥ ਇੰਗਲੈਂਡ ਦੇ ਇਸ ਦਾਅਵੇ ਦਾ ਪਰਦਾਫਾਸ਼ ਕਰਨਾ ਹੈ। ਸ਼ਾਇਦ ਇਸੇ ਵਿਸ਼ੇ ਦੀ ਪ੍ਰਸਤੁਤੀਕਰਨ ਕਰਕੇ ਪੰਜਾਬੀ ਯੂਨੀਵਰਸਿਟੀ ਵਲੋਂ ਇਸ ਨਾਵਲ ਨੂੰ ਮਾਸਟਰ ਪੀਸ ਪ੍ਰਵਾਨ ਕੀਤਾ ਗਿਆ ਹੈ। ਇਸ ਨਾਵਲ ਦੀ ਫੇਬੁਲਾ ਇਸ ਪ੍ਰਕਾਰ ਹੈ : ਭਾਰਤੀ ਮੂਲ ਦੇ ਨਾਇਕ ਦੀ ਇਕ ਇਸਟੈਬਲਿਸ਼ਮੈਂਟ ਵਿਚ ਪਬਲਿਕ ਪਰੋਸੀਕਿਊਟਰ ਵਜੋਂ ਨਿਯੁਕਤੀ ਹੋ ਜਾਂਦੀ ਹੈ। ਉਸ ਅਦਾਰੇ ਦਾ ਓਫੀਸਰ ਉਸ ਪਾਸੋਂ ਚਾਪਲੂਸੀ/ਜੀ-ਹਜ਼ੂਰੀ ਕਰਵਾ ਕੇ ਉਸ ਨੂੰ ਸਪਾਈਨਲੈਸ (ਕਮਜ਼ੋਰ) ਅਤੇ ਅਸਤਿਤਵਹੀਣ ਕਰਨਾ ਚਾਹੁੰਦਾ ਹੈ। ਨਾਇਕ ਮਿਹਨਤ ਨਾਲ ਬੜਾ ਸਫ਼ਲ ਪਬਲਿਕ ਪਰੋਸੀਕਿਊਟਰ ਸਿੱਧ ਹੁੰਦਾ ਹੈ, ਜੋ ਲਗਪਗ ਔਖੇ ਤੋਂ ਔਖੇ ਹਰ ਕੇਸ ਵਿਚ ਜਿੱਤ ਪ੍ਰਾਪਤ ਕਰਦਾ ਹੈ। ਕੁਝ ਸਮੇਂ ਬਾਅਦ ਸੀਨੀਅਰ ਕਰਾਊਨ ਪਰੋਸੀਕਿਊਟਰ ਦੀ ਅਸਾਮੀ ਨਿਕਲਦੀ ਹੈ, ਜਿਸ 'ਤੇ ਉਸ ਦਾ ਹਰ ਪੱਖੋਂ ਪਰਮੋਸ਼ਨ ਦਾ ਹੱਕ ਬਣਦਾ ਹੈ ਪਰ ਉਸ ਨੂੰ 'ਬਿਗ ਹੈਡਿਡ ਬਲੈਕੀ' ਸਮਝ ਕੇ ਉਸ ਤੋਂ ਕਾਫੀ ਜੂਨੀਅਰ ਅਤੇ ਨਿਕੰਮੇ ਗੋਰੇ ਨੂੰ ਉਸ ਅਸਾਮੀ 'ਤੇ ਪ੍ਰਮੋਟ ਕਰ ਦਿੱਤਾ ਜਾਂਦਾ ਹੈ। ਕੋਈ ਵੀ ਉੱਚ ਅਧਿਕਾਰੀ ਉਸ ਨੂੰ ਨਿਆਂ ਨਹੀਂ ਦਿਵਾ ਸਕਿਆ। ਅਖੀਰ ਉਹ ਇੰਪਲਾਇਮੈਂਟ ਕੋਰਟ ਵਿਚ ਕੇਸ ਕਰ ਦਿੰਦਾ ਹੈ। ਕੇਸ ਮਜ਼ਬੂਤ ਹੋਣ ਦੇ ਬਾਵਜੂਦ ਉਸ ਦੇ ਆਪਣੇ ਹੀ ਵਕੀਲ ਨੂੰ ਇਸਟੈਬਲਿਸ਼ਮੈਂਟ ਖਰੀਦ ਲੈਂਦੀ ਹੈ। ਫਲਸਰੂਪ ਨਾਇਕ ਕੇਸ ਹਾਰ ਜਾਂਦਾ ਹੈ। ਨਾਇਕ ਆਪਣੇ ਅਸਤਿਤਵ ਨੂੰ ਬੁਲੰਦ ਕਰਦਾ ਹੋਇਆ ਉਦੋਂ ਤੱਕ ਸੰਘਰਸ਼ ਕਰਦੇ ਰਹਿਣ ਦਾ ਤਹੱਈਆ ਕਰਦਾ ਹੈ ਜਦ ਤੱਕ ਉਸ ਨੂੰ ਉਸ ਦਾ ਹੱਕ ਪ੍ਰਾਪਤ ਨਹੀਂ ਹੋ ਜਾਂਦਾ। ਹੋਰਨਾਂ ਪਾਤਰਾਂ ਨਾਲ ਵੀ ਵਿਤਕਰਾ ਕੀਤਾ ਜਾਂਦਾ ਹੈ। ਨਾਇਕਾ ਨੂੰ ਸੰਬੋਧਨ ਕਰਦਾ ਹੋਇਆ ਗੋਰਾ 'ਇੰਡੀਅਨ ਗੰਦ ਦੇ ਕੀੜੇ' ਕਹਿੰਦਾ ਹੈ। ਸਕੂਲ ਵਿਚ ਉਸ ਦੀ ਬੇਟੀ ਨੂੰ 'ਹਾਫ-ਕਾਸਟ' ਤਰੜੀ ਕਹਿ ਕੇ ਤੰਗ ਕੀਤਾ ਜਾਂਦਾ ਹੈ। ਨਾਵਲ ਵਿਚ ਬਾਲ-ਮਨੋਵਿਗਿਆਨ, ਪੀੜ੍ਹੀ-ਪਾੜਾ, ਵਤਨ ਲਈ ਹੇਰਵਾ, ਪਾਤਰਾਂ 'ਚ ਸ਼ੀਜ਼ੋਫਰੇਨੀਆ ਆਦਿ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਨਾਵਲ ਦੀਆਂ ਬਾਕੀ ਘਟਨਾਵਾਂ ਮੁੱਖ ਵਿਸ਼ੇ ਲਈ ਉਤਪ੍ਰੇਰਕ ਦਾ ਕਾਰਜ ਨਿਭਾਉਂਦੀਆਂ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਜ਼ਿੰਦਗੀ ਦੀ ਸਵੇਰ ਆਲੋਚਨਾਤਮਕ ਅਧਿਐਨ
ਸੰਪਾਦਕ : ਡਾ: ਪਲਵਿੰਦਰ ਕੌਰ ਲੋਧੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 93563-21426.

ਪੰਜਾਬੀ ਗਲਪ ਸਾਹਿਤ ਵਿਚ ਔਰਤ ਦੀ ਸਥਿਤੀ ਨੂੰ ਨੇੜਿਓਂ ਪ੍ਰਗਟਾਉਣ ਵਾਲਿਆਂ ਵਿਚ ਸੰਤਵੀਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਸ ਦੀ ਸਤਵੀਂ ਪੁਸਤਕ 'ਜ਼ਿੰਦਗੀ ਦੀ ਸਵੇਰ' ਨਾਵਲ ਨੂੰ ਆਧਾਰ ਬਣਾ ਕੇ ਪੰਦਰਾਂ ਖੋਜ ਨਿਬੰਧਾਂ ਰਾਹੀਂ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਸਾਰੇ ਖੋਜ-ਨਿਬੰਧ ਗੰਭੀਰ ਬੁੱਧੀ ਦੀਆਂ ਧਾਰਕ ਲੇਖਿਕਾਵਾਂ ਨੇ ਹੀ ਲਿਖੇ ਹਨ। ਇਨ੍ਹਾਂ ਲੇਖਿਕਾਵਾਂ ਨੇ ਭਾਵੇਂ ਵਿਸਤਾਰ ਰੂਪ ਵਿਚ ਲਿਖਿਆ ਹੈ ਜਾਂ ਟਿੱਪਣੀ ਮੂਲਕ ਲਿਖਿਆ ਹੈ ਔਰਤ ਜਾਤੀ ਦੀ ਸ਼ਕਤੀ ਅਤੇ ਉਸ ਦੇ ਨਿਘਾਰ ਦੇ ਕਾਰਨਾਂ ਨੂੰ ਨਾਵਲ ਦੇ ਮੂਲ ਪਾਠ ਵਿਚੋਂ ਪਛਾਣਿਆ ਹੈ। ਔਰਤ ਸ਼ਕਤੀਸ਼ਾਲੀ ਵੀ ਹੈ ਅਤੇ ਔਰਤ ਸ਼ਕਤੀਹੀਣ ਵੀ ਹੈ, ਨਾਵਲਕਾਰ ਦੀ ਸੋਚ-ਦ੍ਰਿਸ਼ਟੀ ਨੂੰ ਪਛਾਣਦਿਆਂ ਹੋਇਆਂ ਸਮੁੱਚੇ ਨਿਬੰਧਾਂ ਵਿਚੋਂ ਇਹ ਬਿੰਬ ਉੱਭਰਦਾ ਹੈ ਕਿ ਜੇ ਔਰਤ, ਔਰਤ ਦੀ ਖ਼ੁਦ ਵਿਰੋਧੀ ਨਾ ਹੋਵੇ ਤਾਂ ਔਰਤ ਸਮੁੱਚੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਗਿਆਨ, ਵਿਗਿਆਨ ਦੇ ਖੇਤਰ ਵਿਚ ਬਹੁਤ ਵੱਡੇ ਕੀਰਤੀਮਾਨ ਸਥਾਪਤ ਕਰ ਸਕਦੀ ਹੈ। ਸੰਪਾਦਕ ਡਾ: ਪਲਵਿੰਦਰ ਕੌਰ ਲੋਧੀ ਦਾ ਇਹ ਪ੍ਰਵਚਨ ਸਾਰਥਕ ਹੈ ਕਿ ਜਦੋਂ ਮਨ ਨਿਰਮਲ ਹੋ ਜਾਣ ਤਾਂ ਦੁੱਖਾਂ ਦੀ ਲੰਮੀ ਰਾਤ ਤੋਂ ਬਾਅਦ ਸਵੇਰ ਆਮ ਸਵੇਰ ਨਹੀਂ, ਸਗੋਂ ਜ਼ਿੰਦਗੀ ਦੀ ਸਵੇਰ ਹੋ ਜਾਂਦੀ ਹੈ। ਅਜਿਹੇ ਵਿਚਾਰਾਂ ਨੂੰ ਲਖਵੀਰ ਕੌਰ ਨੇ ਔਰਤ ਦੀ ਤ੍ਰਾਸਦੀ, ਡਾ: ਗੁਰਪ੍ਰੀਤ ਕੌਰ ਨੇ ਔਰਤ ਦੀ ਸੰਵੇਦਨਾ, ਤਰਨਜੀਤ ਕੌਰ ਨੇ ਸਬੰਧਿਤ ਮੂਲ ਸਰੋਕਾਰਾਂ, ਡਾ: ਬਲਜੀਤ ਰੰਧਾਵਾ ਨੇ ਨਾਰੀ ਬਿੰਬ, ਸਰਬਜੀਤ ਕੌਰ ਨੇ ਬ੍ਰਿਤਾਂਤਿਕ ਪਰਿਪੇਖ, ਸੁਖਜਿੰਦਰ ਕੌਰ ਨੇ ਆਲੋਚਨਾਤਮਕ ਯਥਾਰਥ ਅਤੇ ਪੁਨੀਤ ਨੇ ਮੂਲ ਪਾਠ ਦੇ ਵਿਸ਼ੇਗਤ ਸੰਦਰਭਾਂ ਤੋਂ ਘੋਖਵੀਂ ਪੜਚੋਲ ਕੀਤੀ ਹੈ। ਇਸੇ ਤਰ੍ਹਾਂ ਅਮਰਜੀਤ ਕਾਲਕੱਟ, ਗੁਰਬਿੰਦਰ ਬਰਾੜ, ਡਾ: ਲਖਵੀਰ ਨੇ ਨਾਰੀ-ਜਾਤੀ ਦੀ ਵਿਡੰਬਨਾ ਅਤੇ ਇਨ੍ਹਾਂ ਦੇ ਵਿਭਿੰਨ ਸਮਾਜਿਕ-ਸੱਭਿਆਚਾਰਕ ਵਰਤਾਰਿਆਂ ਨੂੰ ਪਛਾਣ ਕੇ ਆਪੋ ਆਪਣੇ ਖੋਜ ਪੱਤਰਾਂ ਵਿਚ ਪੇਸ਼ ਕੀਤਾ ਹੈ। ਅਜਿਹਾ ਖੋਜ ਕਾਰਜ ਸਲਾਹੁਣਯੋਗ ਹੈ।

ਫ ਫ ਫ

ਪੰਜਾਬੀ ਸਾਹਿਤਕ ਸਵੈ-ਜੀਵਨੀ ਦੀ ਇਤਿਹਾਸਿਕਤਾ ਅਤੇ ਸੰਚਾਰ-ਜੁਗਤਾਂ
ਲੇਖਕ : ਡਾ: ਗੁਰਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 79
ਸੰਪਰਕ : 98158-35560.

ਇਹ ਪੁਸਤਕ ਸੰਨ 2000 ਤਕ ਲਿਖੀਆਂ ਗਈਆਂ ਸਾਹਿਤਕ ਤੀਹ ਸਵੈ-ਜੀਵਨੀਆਂ ਦੀ ਪਰਖ-ਨਿਰਖ ਪੇਸ਼ ਕਰਦੀ ਹੈ। ਇਹ ਸਵੈ-ਜੀਵਨੀਕਾਰ ਸਾਹਿਤ ਦੇ ਵਿਭਿੰਨ ਰੂਪਾਂ ਵਿਚ ਆਪਣੀ ਪੁਖਤਾ ਦੇਣ ਸਦਕਾ ਪ੍ਰਵਾਨ ਹੋ ਚੁੱਕੇ ਹਨ, ਇਨ੍ਹਾਂ ਸਭਨਾਂ ਨੂੰ ਡਾ: ਗੁਰਜੀਤ ਸਿੰਘ ਨੇ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ ਅਤੇ ਪੁਸਤਕ ਦੇ ਪੰਜ ਅਧਿਆਇ ਬਣਾ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪਹਿਲੇ ਅਧਿਆਇ ਵਿਚ ਲੇਖਕ ਨੇ ਸਿਧਾਂਤਿਕ ਰੂਪ ਵਿਚ ਪੰਜਾਬੀ ਸਾਹਿਤਕ ਸਵੈ-ਜੀਵਨੀ ਦੀ ਇਤਿਹਾਸਕਤਾ ਨੂੰ ਬਿਆਨ ਕੀਤਾ ਹੈ। ਦੂਸਰੇ ਅਧਿਆਇ ਵਿਚ ਸਮੂਹ ਸਾਹਿਤਕ ਸਵੈ-ਜੀਵਨੀਆਂ ਦੇ ਵਿਚਲੇ ਵਿਭਿੰਨ ਪ੍ਰਸੰਗਾਂ ਨੂੰ ਲੇਖਕਾਂ ਦੀ ਵੱਖੋ-ਵੱਖਰੀ ਸੋਚ-ਦ੍ਰਿਸ਼ਟੀ ਅਤੇ ਉਨ੍ਹਾਂ ਦੁਆਰਾ ਪ੍ਰਗਟ ਹੁੰਦੀ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਤੀਸਰੇ ਅਧਿਆਇ ਵਿਚ ਦੋ ਦਰਜਨ ਤੋਂ ਉਪਰ ਸਾਹਿਤਕ ਸਵੈ-ਜੀਵਨੀਆਂ ਦੀ ਵਾਰਤਕ ਸ਼ੈਲੀ ਨੂੰ ਪਰਖਿਆ-ਨਿਰਖਿਆ ਗਿਆ ਹੈ। ਪੁਸਤਕ ਦਾ ਚੌਥਾ ਅਧਿਆਇ ਪੁਸਤਕ ਦਾ ਵਿਸ਼ੇਸ਼ ਹਾਸਲ ਜਾਪਦਾ ਹੈ, ਇਸਦੇ ਅੰਤਰਗਤ ਡਾ: ਗੁਰਜੀਤ ਸਿੰਘ ਨੇ ਤੁਲਨਾਤਮਕ, ਬ੍ਰਿਤਾਂਤਕ, ਪ੍ਰਸ਼ਨੋਤਰੀ, ਤਾਰਕਿਕ, ਪਿੱਛਲਝਾਤ, ਅਲੰਕਾਰਿਕ, ਪ੍ਰਸੰਸਾਨਾਤਮਕ, ਕਾਵਿਕ-ਰੰਗਣ, ਹਾਸ-ਵਿਅੰਗਾਤਮਕ, ਸੰਵਾਦ, ਤਨਜ਼ੀਆ, ਸਮਾਜਿਕ, ਰਾਜਸੀ, ਧਾਰਮਿਕ, ਇਤਿਹਾਸਕ, ਲੋਕਧਾਰਾਈ ਆਦਿ ਵਿਧੀਆਂ ਜ਼ਰੀਏ ਸਾਹਿਤਕ ਸਵੈ-ਜੀਵਨੀਆਂ ਦੀ ਪਰਖ ਕੀਤੀ ਹੈ। ਇਥੇ ਹੀ ਬਸ ਨਹੀਂ ਭਾਸ਼ਾ, ਸ਼ਬਦਾਵਲੀ, ਸ਼ਬਦ-ਰਚਨਾ, ਲਿੱਪੀ, ਮੁਹਾਵਰੇ, ਅਖਾਣਾਂ ਦੀ ਵਰਤੋਂ ਤੋਂ ਇਲਾਵਾ ਵਿਆਕਰਨ-ਪੱਧਰ ਅਤੇ ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਆਦਿ ਭਾਸ਼ਾਵਾਂ ਦੇ ਸ਼ਬਦਾਂ ਦਾ ਵੀ ਨਿਖੇੜਾ ਕੀਤਾ ਹੈ। ਲੇਖਕ ਦਾ ਨਿਰਣਾ ਹੈ ਕਿ ਸਾਹਿਤਕ ਸਵੈ-ਜੀਵਨੀ ਸੁਤੰਤਰ ਵਿਧਾ ਵਜੋਂ ਸਥਾਪਤੀ ਗ੍ਰਹਿਣ ਕਰ ਚੁੱਕੀ ਹੈ ਅਤੇ ਇਹ ਪੰਜਾਬੀ ਸਾਹਿਤ ਅਤੇ ਇਸ ਦੇ ਪਾਠਕ ਵਰਗ ਲਈ ਬਹੁਤ ਉਪਯੋਗੀ ਸਾਬਤ ਹੋ ਸਕਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ:" 9814209732
ਫ ਫ ਫ

ਕਿਰਦਾਰ
ਕਵੀ : ਗੁਰਦਰਸ਼ਨ ਸਿੰਘ ਗੁਸੀਲ
ਪ੍ਰਕਾਸ਼ਕ : ਜੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 70
ਸੰਪਰਕ : 99147-32030.

ਹਥਲੀ ਕਾਵਿ ਪੁਸਤਕ ਵਿਚ ਕਵੀ ਗੁਰਦਰਸ਼ਨ ਸਿੰਘ ਗੁਸੀਲ ਨੇ ਗ਼ਜ਼ਲਾਂ ਤੇ ਕਵਿਤਾਵਾਂ ਪੇਸ਼ ਕੀਤੀਆਂ ਹਨ। ਗ਼ਜ਼ਲ ਭਾਗ ਵਿਚ 18 ਗ਼ਜ਼ਲਾਂ ਹਨ, ਜਦੋਂ ਕਿ ਕਵਿਤਾਵਾਂ ਵਾਲੇ ਭਾਗ ਵਿਚ 5 ਕਵਿਤਾਵਾਂ, 6 ਕਬਿਤ ਛੰਦ, 9 ਚੌਬਰਗੇ, 3 ਬੰਦ, 2 ਪੌੜੀ ਛੰਦ ਅਤੇ 6 ਫੁਟਕਲ ਸਿਰਲੇਖਾਂ ਅਧੀਨ ਕਾਵਿ ਕਿਰਤਾਂ ਸ਼ਾਮਿਲ ਕੀਤੀਆਂ ਹਨ। ਕਵੀ ਦੀ ਇਹ ਪੁਸਤਕ ਪਹਿਲੀ ਕਾਵਿ ਕਿਰਤ ਹੈ ਅਤੇ ਇਹ ਉਸ ਨੇ ਪੁਲਿਸ ਵਿਭਾਗ ਵਿਚੋਂ ਸੇਵਾ ਨਵਿਰਤੀ ਤੋਂ ਬਾਅਦ ਖਿੰਡੀਆਂ-ਪੁੰਡੀਆਂ ਕਵਿਤਾਵਾਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਪੁਸਤਕੀ ਰੂਪ ਦਿੱਤਾ ਹੈ।
ਉਸ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਅਕੀਦਤ ਦੀਆਂ ਹਨ। ਕਵੀ ਦਾ ਜੀਵਨ ਆਦਰਸ਼ ਮੁਖੀ ਰਿਹਾ ਅਤੇ ਉਸ ਦੀਆਂ ਕਵਿਤਾਵਾਂ ਵਿਚ ਵੀ ਆਦਰਸ਼ ਦੇ ਦਰਸ਼ਨ ਹੁੰਦੇ ਹਨ। ਕਵੀ ਚਾਹੁੰਦਾ ਹੈ ਕਿ ਸਾਡੇ ਸਮਾਜ ਦਾ ਹਰ ਆਦਮੀ ਆਦਰਸ਼ ਜੀਵਨ ਬਤੀਤ ਕਰੇ ਤਾਂ ਸਮਾਜ ਆਪਣੇ-ਆਪ ਹੀ ਆਦਰਸ਼ਕ ਹੋ ਸਕਦਾ ਹੈ। ਪੁਸਤਕ ਭਾਵੇਂ 70 ਸਫ਼ੇ ਦੀ ਹੈ ਪਰ ਕਵਿਤਾਵਾਂ 40 ਸਫ਼ੇ ਵਿਚ ਹੀ ਹਨ। ਕਵੀ ਨੂੰ ਪ੍ਰਸਿੱਧ ਲੇਖਕਾਂ ਨੇ ਪ੍ਰਸੰਸਾ ਮੁਖੀ ਲੇਖ ਲਿਖ ਕੇ ਦਿੱਤੇ ਹਨ। ਇਸ ਤੋਂ ਬਿਨਾਂ ਕਵੀ ਨੇ ਆਪਣੀਆਂ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਹਨ। ਇਸ ਤਰ੍ਹਾਂ ਜਿਥੇ ਇਹ ਪੁਸਤਕ ਮਨੁੱਖਤਾ ਦਾ ਕਾਵਿ ਸੰਦੇਸ਼ ਦਿੰਦੀ ਹੈ, ਉਥੇ ਉਸ ਦੇ ਜੀਵਨ ਬਾਰੇ ਵੀ ਪਾਠਕ ਨੂੰ ਗਿਆਨ ਤੇ ਜਾਣਕਾਰੀ ਦਿੰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਵੀ ਨੈਤਿਕ ਸੰਦੇਸ਼ ਹੇ ਜਿਵੇਂ :
-ਸੱਚ ਨੂੰ ਸੱਚ ਆਖਣ ਤੋਂ ਡਰਦਾ ਹੈ ਬੰਦਾ
ਮੁਰਦੇ ਹਾਣੀ ਹੋਇਆ ਉਸ ਦਾ ਜੇਰਾ ਹੈ।
-ਸਮੇਂ ਦੀ ਨਬਜ਼ ਨੂੰ ਪਹਿਚਾਣ ਕੇ ਤੂੰ ਚਲ ਐ ਗੁਰਦਰਸ਼ਨ
ਛਿਣ ਦੇ ਹਾਣੀ ਬਣ ਕੇ ਖ਼ੁਦ ਨੂੰ ਚਮਕਾਣਾ ਹੀ ਪੈਂਦਾ ਹੈ।
ਉਸ ਦੇ ਕਬਿੱਤ ਛੰਦ ਵਿਚੋਂ ਕੁਝ ਸਤਰਾਂ ਦੇ ਕੇ ਅਲਵਿਦਾ :
ਬਾਹਰ ਭੇਸ ਦਾ ਪਾਖੰਡ, ਅੰਦਰ ਪਾਲਦੈ ਘੁਮੰਡ
ਦੇਵੇ ਰਿਸ਼ਤਿਆਂ ਨੂੰ ਵੰਡ ਅੱਜ ਓਹੀ ਕਾਮਯਾਬ ਜੀ
ਲੱਗੇ ਸਾਧਾਂ ਵਾਲੀ ਤੋਰ ਪਰ ਅੰਦਰੋਂ ਹੈ ਚੋਰ,
ਆਖੇ ਹੋਰ ਦੱਸੇ ਹੋਰ ਉਹਦੀ ਸ਼ੈਲੀ ਲਾਜਵਾਬ ਜੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਸੁੱਚੇ ਮੋਤੀ
ਲੇਖਕ : ਮਾਸਟਰ ਅਮਰੀਕ ਸਿੰਘ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 199 ਰੁਪਏ, ਸਫ਼ੇ : 184
ਸੰਪਰਕ : 093541-24515.

ਪੁਸਤਕ ਸਿੱਖਿਆਦਾਇਕ ਪ੍ਰੇਰਕ ਪ੍ਰਸੰਗਾਂ ਦਾ ਇਕ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਵੱਖ-ਵੱਖ ਦੇਸ਼ਾਂ, ਧਰਮਾਂ ਅਤੇ ਪੌਰਾਣਿਕ ਕਥਾਵਾਂ ਦੇ ਪ੍ਰਸੰਗ ਨੂੰ ਸ਼ਾਮਿਲ ਕੀਤਾ ਹੈ। ਕੁੱਲ 151 ਪ੍ਰੇਰਕ ਪ੍ਰਸੰਗ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੇ ਗਏ ਹਨ ਜੋ ਪਾਠਕਾਂ ਨੂੰ ਧਰਮ, ਨੀਤੀ ਸ਼ਾਸਤਰ, ਸੇਵਾ, ਗਿਆਨ, ਪਿਆਰ, ਰਾਜਨੀਤੀ, ਦੇਸ਼ ਭਗਤੀ, ਸੰਘਰਸ਼ ਅਤੇ ਸਫ਼ਲਤਾ ਆਦਿ ਵਿਸ਼ਿਆਂ ਨਾਲ ਸਾਂਝ ਪਵਾਉਂਦੇ ਹਨ। ਦੇਸ਼ ਭਗਤਾਂ ਦੇ ਨਾਲ ਜੁੜੇ ਪ੍ਰੇਰਨਾ ਉਨ੍ਹਾਂ ਦੀ ਆਪਣੇ ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਅਤੇ ਉਨ੍ਹਾਂ ਦੀ ਦ੍ਰਿੜ੍ਹਤਾ ਨੂੰ ਪੇਸ਼ ਕਰਦੇ ਹਨ ਜੋ ਪਾਠਕਾਂ ਨੂੰ ਦ੍ਰਿੜ੍ਹ ਇਰਾਦੇ ਨਾਲ ਡਟੇ ਰਹਿਣ ਦੀ ਸਿੱਖਿਆ ਪ੍ਰਦਾਨ ਕਰਦੇ ਹਨ। ਸੰਸਾਰ ਦੀਆਂ ਮਹਾਨ ਸ਼ਖ਼ਸੀਅਤਾਂ ਆਪਣੇ ਚਰਿੱਤਰ, ਆਚਾਰ, ਵਿਚਾਰ ਦੇ ਕਿਹੜੇ ਗੁਣਾਂ ਕਾਰਨ ਮਹਾਨ ਬਣੀਆਂ, ਉਹ ਇਸ ਪੁਸਤਕ ਵਿਚ ਸ਼ਾਮਿਲ ਪ੍ਰਸੰਗਾਂ ਨੂੰ ਪੜ੍ਹਨ ਤੋਂ ਬਾਅਦ ਸਹਿਜੇ ਹੀ ਜਾਣਿਆ ਜਾ ਸਕਦਾ ਹੈ। ਇਤਿਹਾਸ ਵਿਚ ਆਪਣੀ ਪਛਾਣ ਬਣਾਉਣ ਵਾਲੇ ਸ਼ਾਸਕਾਂ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਚਰਿੱਤਰ ਅਤੇ ਵਿਚਾਰਾਂ ਬਾਰੇ ਜਾਣਕਾਰੀ ਅਤੇ ਸਿੱਖਿਆ ਪ੍ਰਦਾਨ ਕਰਨ ਵਾਲੇ ਪ੍ਰਸੰਗ ਵੀ ਪ੍ਰਸੰਸਾ ਦੇ ਕਾਬਲ ਹਨ। ਪੂਰੇ ਵਿਸ਼ਵ ਵਿਚੋਂ ਲਈਆਂ ਗਈਆਂ ਸ਼ਖ਼ਸੀਅਤਾਂ ਅਤੇ ਭਾਰਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨਾਲ ਜੁੜੇ ਪ੍ਰਸੰਗ ਵੀ ਸ਼ਾਮਿਲ ਹਨ ਜੋ ਕਿਸੇ ਨਾ ਕਿਸੇ ਪ੍ਰੇਰਨਾ ਦਾ ਆਧਾਰ ਬਣਦਾ ਹੈ। ਸਰਲ ਅਤੇ ਵਰਣਾਤਮਿਕ ਸ਼ੈਲੀ ਵਿਚ ਲਿਖੇ ਇਹ ਪ੍ਰਸੰਗ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਸਾਬਤ ਹੋ ਸਕਦੇ ਹਨ। ਰਸਭਰੀਆਂ ਇਹ ਘਟਨਾਵਾਂ ਪਾਠਕਾਂ ਨੂੰ ਕਿਤੇ ਵੀ ਅਕੇਵੇਂ ਭਰੀਆਂ ਨਹੀਂ ਲਗਦੀਆਂ। ਕੁੱਲ ਮਿਲਾ ਕੇ ਪੁਸਤਕ ਮਾਨਣਯੋਗ ਹੈ।

ਂਸੁਖਪਾਲ ਕੌਰ ਸਮਰਾਲਾ
ਮੋ: 83606-83823.
ਫ ਫ ਫ

ਹਾਇਕੂ-ਏ-ਪੈਂਤੀ
ਕਵੀ : ਬਲਦੇਵ ਸਿੰਘ ਬੇਦੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 112
ਸੰਪਰਕ : 92561-85475.

ਹਾਇਕੂ ਇਕ ਜਪਾਨੀ ਕਾਵਿ ਸਿਨਫ਼ ਹੈ, ਜੋ ਪੰਜਾਬੀ ਵਿਚ ਵੀ ਅੱਜਕਲ੍ਹ ਕਾਫੀ ਮਕਬੂਲੀਅਤ ਹਾਸਲ ਕਰ ਚੁੱਕਾ ਹੈ ਅਤੇ ਬਹੁਤ ਸਾਰੇ ਪੰਜਾਬੀ ਕਵੀ ਇਸ ਸਿਨਫ਼ 'ਤੇ ਹੱਥ ਅਜਮਾਈ ਕਰਕੇ ਇਸ ਨੂੰ ਹੋਰ ਵੀ ਹਰਮਨ-ਪਿਆਰਾ ਬਣਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਹਾਇਕੂ ਇਕ ਛੋਟੀ ਤਿੰਨ ਪੰਕਤੀਆਂ ਦੀ ਕਵਿਤਾ ਹੁੰਦੀ ਹੈ, ਜਿਸ ਵਿਚੋਂ ਪ੍ਰਚੱਲਿਤ ਨੇਮ ਅਨੁਸਾਰ ਸ਼ਬਦਾਂ ਦੀ ਗਿਣਤੀ ਦਾ ਕ੍ਰਮ 5+7+5 ਮਿਲਦਾ ਹੈ। 'ਹਾਇਕੂ-ਏ-ਪੈਂਤੀ' ਵੀ ਬਲਦੇਵ ਸਿੰਘ ਬੇਦੀ ਦੀ ਅਜਿਹੀ ਹੀ ਕਾਵਿ-ਪੁਸਤਕ ਹੈ, ਜਿਸ ਵਿਚ ਪੈਂਤੀ ਅੱਖਰੀ ਨੂੰ ਆਧਾਰ ਬਣਾ ਕੇ ਅੱਖਰ ਕ੍ਰਮ ਅਨੁਸਾਰ ਹਾਇਕੂ ਦੀ ਰਚਨਾ ਕੀਤੀ ਗਈ ਹੈ। ਖਾਸੀਅਤ ਇਸ ਪੁਸਤਕ ਦੀ ਇਹ ਹੈ ਕਿ ਪਹਿਲਾਂ 'ਹਾਇਕੂ' ਲਿਖੀਆਂ ਪੁਸਤਕਾਂ ਜ਼ਰੂਰ ਮਿਲਦੀਆਂ ਹਨ ਪਰ ਪੰਜਾਬੀ ਵਰਣਮਾਲਾ ਅਨੁਸਾਰ ਲਿਖੀ ਇਹ ਪਹਿਲੀ ਪੁਸਤਕ ਹੈ, ਜੋ ਦਿਲਖਿਚਵੇਂ ਅਤੇ ਦਿਲਚਸਪ ਅੰਦਾਜ਼ ਵਿਚ ਇਸ ਕਾਵਿ-ਰੂਪ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਦੀ ਭੂਮਿਕਾ ਵਿਚ ਜਿਥੇ 'ਹਾਇਕੂ' ਦੀ ਲਿਖਣ ਸ਼ੈਲੀ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ, ਉਥੇ ਇਸ ਕਾਵਿ ਰੂਪ ਦੀ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਉਸ ਦੇ ਸਿਧਾਂਤਕ ਅਤੇ ਵਿਹਾਰਕ ਰੂਪ ਬਾਰੇ ਵੀ ਵਿਸਤ੍ਰਿਤ ਰੂਪ ਵਿਚ ਸੰਵਾਦ ਰਚਾਇਆ ਗਿਆ ਹੈ। ਪੁਸਤਕ ਦੀ ਅਖੀਰ ਵਿਚ ਹਾਇਕੂ ਦੀਆਂ ਕਿਸਮਾਂ 'ਹਾਇਕੂ-ਏ-ਖ਼ਬਰਾਂ', 'ਰੇਂਗਾ' ਅਤੇ 'ਹਾਇਗਾ' ਬਾਰੇ ਵੀ ਵਿਹਾਰਕ ਰੂਪ ਵਿਚ ਪੇਸ਼ਕਾਰੀ ਹੋਣੀ ਮਿਲਦੀ ਹੈ। ਕਵੀ ਨੇ ਇਸ ਸਿਨਫ਼ ਨੂੰ ਗ਼ਜ਼ਲ ਰੁਬਾਈ, ਦੋਹੇ ਵਿਅੰਗ ਕਵਿਤਾ ਅਤੇ ਗੁਰਬਾਣੀ ਦੇ ਸ਼ਬਦਾਂ 'ਤੇ ਆਧਾਰਿਤ ਰਚਨਾਕਾਰੀ ਨਾਲ ਵੀ ਜੋੜਿਆ ਹੈ। ਵਿਸ਼ੇਸ਼ਤਾ ਇਹ ਹੈ ਕਿ ਕਵੀ ਨੇ ਆਪਣੀ ਸਮਝ ਮੁਤਾਬਿਕ ਪਹਿਲਾਂ ਸਿਧਾਂਤਕ ਚਰਚਾ ਕਰਦਿਆਂ ਉਸ ਨੂੰ ਵਿਹਾਰਕ ਰੂਪ ਵਿਚ ਲਾਗੂ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੀ ਵਿਸ਼ੇਸ਼ਤਾ ਇਸ ਪੱਖੋਂ ਵੀ ਹੈ ਕਿ ਇਸ ਵਿਚ ਹਾਇਕੂ ਦੀ ਵੰਨ-ਸੁਵੰਨਤਾ ਅਤੇ ਇਸ ਨਾਲ ਮਿਲਦੇ-ਜੁਲਦੇ ਹੋਰ ਕਾਵਿ ਰੂਪਾਂ ਨੂੰ ਵੀ ਪਾਠਕਾਂ ਦੇ ਰੂ-ਬਰੂ ਕਰਦਿਆਂ ਕਵੀ ਨੇ ਖੂਬਸੂਰਤ ਹਾਇਕੂ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਪੁਸਤਕ ਦਿਲਚਸਪ ਤੇ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਪੌਣ ਦਾ ਸਿਮਰਨ
ਗ਼ਜ਼ਲਕਾਰ : ਅਮਨਦੀਪ ਸਿੰਘ ਅਮਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 117
ਸੰਪਰਕ : 0172-5027427.

ਪਿਛਲੇ ਵਰ੍ਹਿਆਂ ਵਿਚ ਪੰਜਾਬੀ ਗ਼ਜ਼ਲ ਵਿਚ ਕਾਫ਼ਿਲੇ ਦੀ ਭਰਪੂਰਤਾ ਤੇ ਗੁਣਾਤਮਿਕਤਾ ਦੇ ਪੱਖ ਤੋਂ ਵੱਡੇ ਵਾਧੇ ਹੋਏ ਹਨ। ਕਾਫ਼ਿਲੇ ਦੇ ਨਵੇਂ ਹਸਤਾਖ਼ਰਾਂ ਵਿਚ ਅਮਨਦੀਪ ਸਿੰਘ ਅਮਨ ਵੀ ਗੂੜ੍ਹਾ ਹਸਤਾਖ਼ਰ ਹੈ। 'ਪੌਣ ਦਾ ਸਿਮਰਨ' ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਸ ਨੂੰ ਪੜ੍ਹ ਕੇ ਮੈਂ ਤਸੱਲੀ ਮਹਿਸੂਸ ਕੀਤੀ ਹੈ। ਪੁਸਤਕ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਅਮਨ ਲਕੀਰ ਦਾ ਫ਼ਕੀਰ ਨਹੀਂ ਹੈ ਬਲਕਿ ਉਸ ਦੀ ਕਲਮ ਦਾ ਆਪਣਾ ਸੁਭਾਅ ਹੈ ਤੇ ਉਹ ਆਪਣੇ ਵੱਖਰੇ ਅੰਦਾਜ਼ ਵਿਚ ਵੱਖਰਾ ਰਸਤਾ ਅਖ਼ਤਿਆਰ ਕਰਨਾ ਲੋਚਦੀ ਹੈ। ਉਸ ਦੇ ਸ਼ਿਅਰਾਂ ਦੀ ਸ਼ਬਦਾਬਲੀ ਸੱਜਰੀ ਹੈ ਤੇ ਇਨ੍ਹਾਂ ਦੇ ਅਰਥ ਤ੍ਰੇਲ ਧੋਤੇ ਹਨ। ਇਕ ਸੌ ਸਤਾਰਾਂ ਗ਼ਜ਼ਲਾਂ ਵਾਲੀ ਪੁਸਤਕ 'ਪੌਣ ਦਾ ਸਿਮਰਨ' ਦੀਆਂ ਕਈ ਗ਼ਜ਼ਲਾਂ ਬਹੁਤ ਪੁਖ਼ਤਾ ਹਨ ਤੇ ਨਵੇਂ ਗ਼ਜ਼ਲਕਾਰ ਤੋਂ ਏਨੀ ਵੱਡੀ ਆਸ ਨਹੀਂ ਰੱਖੀ ਜਾਂਦੀ ਪਰ ਅਮਨ ਦੀ ਗ਼ਜ਼ਲਕਾਰੀ ਖੁੱਲ੍ਹ ਕੇ ਦਾਦ ਦੇਣ ਦੇ ਕਾਬਿਲ ਹੈ। ਪਰਵਾਸ 'ਤੇ ਹੁੰਦਿਆਂ ਹੋਇਆਂ ਵੀ ਉਹ ਦੇਸ਼ ਦੇ ਹਾਲਾਤ 'ਤੇ ਤਿੱਖੀ ਨਜ਼ਰ ਰੱਖਦਾ ਹੈ ਤੇ ਇਕ ਮਾਹਿਰ ਸਿਆਸੀ ਵਿਸ਼ਲੇਸ਼ਕ ਵਾਂਗ ਆਪਣੀ ਟਿੱਪਣੀ ਦਿੰਦਾ ਹੈ। ਉਸ ਅਨੁਸਾਰ ਵਤਨ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਦਿਖਾਈ ਦਿੰਦੀ ਹੈ ਕਿਉਂਕਿ ਬਾਂਦਰਾਂ ਹੱਥ ਵਿਚ ਤੀਲੀਆਂ ਬਲ਼ ਰਹੀਆਂ ਹਨ। ਪਰ ਇਸ ਦੇ ਨਾਲ ਨਾਲ ਉਹ ਆਸਵੰਦ ਵੀ ਹੁੰਦਾ ਹੈ ਕਿ ਜਦ ਚਿੜੀਆਂ ਬਾਜ਼ ਬਣ ਗਈਆਂ ਤੇ ਚਰਖੜੀਆਂ 'ਤੇ ਚੜ੍ਹਨ ਵਾਲਿਆਂ ਦੇ ਵਾਰਿਸ ਜਾਗ ਪਏ ਤਾਂ ਤਬਦੀਲੀ ਜ਼ਰੂਰ ਹੋਵੇਗੀ। ਅਮਨ ਅਨੁਸਾਰ ਕਲਪਨਾ ਮਾਤਰ ਨਾਲ ਕੁਝ ਨਹੀਂ ਹੋਣ ਵਾਲਾ ਤੇ ਮੰਜ਼ਿਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਜਦ ਤਕ ਦਗ਼ਦੇ ਰਾਹਾਂ 'ਤੇ ਤੁਰਨ ਦਾ ਹੌਸਲਾ ਨਹੀਂ ਕੀਤਾ ਜਾਂਦਾ। ਉਹ ਦੁਸ਼ਮਣ ਦੀਆਂ ਚਾਣਕੀਆ ਨੀਤੀਆਂ ਪ੍ਰਤੀ ਸੁਚੇਤ ਹੈ ਤੇ ਉਸ ਦੀਆਂ ਕੁਚਾਲਾਂ ਨੂੰ ਭਲੀਭਾਂਤ ਜਾਣਦਾ ਹੈ। ਪ੍ਰਵਾਸ ਹੰਢਾ ਰਿਹਾ ਗ਼ਜ਼ਲਕਾਰ ਆਪਣੀ ਮਿੱਟੀ ਨੂੰ ਸਜਦਾ ਕਰਦਾ ਹੋਇਆ ਆਪਣੇ ਪਿੰਡ ਨੂੰ ਵੀ ਯਾਦ ਕਰਦਾ ਹੈ ਤੇ ਉਸ ਅੰਦਰ ਕਿਤੇ ਨਾ ਕਿਤੇ ਆਪਣੀ ਜਨਮ ਭੂਮੀ ਥਾਂ ਬਣਾਈ ਬੈਠੀ ਹੈ। ਮੈਂ ਅਮਨ ਦੇ ਇਸ ਪਲੇਠੇ ਖ਼ੂਬਸੂਰਤ ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ 'ਤੇ ਵਧਾਈ ਦਿੰਦਾ ਹੋਇਆ ਕਹਿਣਾ ਚਾਹਵਾਂਗਾ ਕਿ ਉਸ ਨੂੰ ਗ਼ਜ਼ਲਾਂ ਵਿੱਚੋਂ ਹਲਕੇ ਸ਼ਿਅਰ ਖ਼ਾਰਜ ਕਰ ਦੇਣੇ ਚਾਹੀਦੇ ਸਨ। ਕਿਤੇ ਕਿਤੇ ਉਸ ਤੋਂ ਅਨੁਸ਼ਾਸਨੀ ਭੁੱਲਾਂ ਵੀ ਹੋਈਆਂ ਹਨ ਪਰ ਉਹ ਉਸ ਦੇ ਕਈ ਸੁੰਦਰ ਸ਼ਿਅਰਾਂ ਹੇਠ ਦੱਬ ਜਾਂਦੀਆਂ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਚੁੱਪ ਦਾ ਫਾਸਲਾ
ਕਵੀ : ਅਮਰਜੀਤ ਕੰਵਰ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 125 ਰੁਪਏ, ਸਫ਼ੇ : 104
ਸੰਪਰਕ : 94173-93883.

'ਚੁੱਪ ਦਾ ਫਾਸਲਾ' ਅਮਰਜੀਤ ਕੰਵਰ ਦੀ ਪਲੇਠੀ ਕਾਵਿ ਪੁਸਤਕ ਹੈ, ਜਿਸ ਵਿਚ ਵੱਖੋ-ਵੱਖ ਸਰੋਕਾਰਾਂ ਨਾਲ ਸੰਵਾਦ ਰਚਾਉਂਦੀਆਂ ਅਮਰਜੀਤ ਕੰਵਰ ਦੀਆਂ 45 ਦੇ ਕਰੀਬ ਕਵਿਤਾਵਾਂ ਸ਼ਾਮਿਲ ਹਨ। ਅਮਰਜੀਤ ਕੰਵਰ ਮੂਲ ਰੂਪ ਵਿਚ ਚੇਤੰਨ ਤੇ ਸਜਗ ਸ਼ਾਇਰ ਹੈ। ਉਸ ਦੀ ਸ਼ਾਇਰੀ ਇਕ ਪ੍ਰੋੜ੍ਹ ਸ਼ਾਇਰ ਦੀ ਸ਼ਾਇਰੀ ਵਜੋਂ ਪਾਠਕ ਦੇ ਸਾਹਮਣੇ ਪੇਸ਼ ਹੁੰਦੀ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ ਅਮਰਜੀਤ ਕੰਵਰ ਦੀਆਂ ਕਵਿਤਾਵਾਂ ਜਿਥੇ ਉਸ ਦੇ ਨਿੱਜੀ ਦਵੰਦਾਂ, ਮਾਨਸਿਕ ਤਣਾਵਾਂ, ਕੁੰਠਾਵਾਂ ਨਾਲ ਦਸਤਪੰਜਾ ਲੈਂਦੀਆਂ ਹਨ, ਉਥੇ ਅਨੇਕ ਕਵਿਤਾਵਾਂ ਵਿਚ ਕਵੀ ਸਮਾਜੀ ਚੌਗਿਰਦੇ ਦੇ ਸੰਕਟਾਂ, ਜਟਿਲਤਾਵਾਂ ਨੂੰ ਵੀ ਆਪਣੀ ਕਵਿਤਾ ਵਿਚ ਨਜਿੱਠਣ ਦੀ ਕੋਸ਼ਿਸ਼ ਕਰਦਾ ਹੈ। ਇਤਿਹਾਸਕ/ਮਿਥਿਹਾਸਕ ਹਵਾਲਿਆਂ ਤੇ ਬਿੰਬਾਂ ਰਾਹੀਂ ਉਹ ਆਪਣੇ ਕਾਵਿ ਕੈਨਵਸ ਵਿਚ ਅਨੇਕ ਤਰ੍ਹਾਂ ਦੇ ਰੰਗ ਭਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਇਤਿਹਾਸਕ/ਮਿਥਿਹਾਸਕ ਇਨ੍ਹਾਂ ਬਿੰਬਾਂ ਨੂੰ ਆਪਣੇ ਕਾਵਿ ਵਸਤੂ ਨੂੰ ਨਜਿੱਠਣ ਲਈ ਬਹੁਤ ਖੂਬਸੂਰਤੀ ਨਾਲ ਇਸਤੇਮਾਲ ਕਰਦਾ ਹੈ। ਕਿਤੇ ਪੁਰਾਣੇ ਨੂੰ ਤੋੜਦਾ ਹੈ, ਤੋੜ ਕੇ ਫਿਰ ਕੁਝ ਨਵੀਨ ਸਿਰਜਦਾ ਹੈ। ਅਮਰਜੀਤ ਕੰਵਰ ਦੀ ਸ਼ਾਇਰੀ, ਸ਼ਾਇਰ ਦੇ ਰਚਨਾਤਮਕ ਕਰਮ ਪ੍ਰਤੀ ਵੀ ਸੁਚੇਤ ਹੈ। ਕਈ ਕਵਿਤਾਵਾਂ ਵਿਚ ਅਜੋਕੀ ਸ਼ਾਇਰੀ 'ਤੇ ਤਿੱਖੇ ਕਟਾਖਸ਼ ਕਰਦਾ ਹੈ
ਕੀ ਕਹਿੰਦੇ ਹੋ
ਮੌਸਮਾਂ ਦੀ ਬੇਵਫ਼ਾਈ ਦੀ ਗੱਲ ਕਰੀਏ
ਜੀ ਨਹੀਂ
ਅਸੀਂ ਆਪਣੀ ਮੌਲਿਕਤਾ ਦੇ
ਘੁਰਨੇ 'ਚੋਂ ਬਾਹਰ ਨਹੀਂ ਆ ਸਕਦੇ....
ਅਮਰਜੀਤ ਕੰਵਰ ਨੂੰ ਇਸ ਗੱਲ ਦੀ ਸੋਝੀ ਹੈ ਕਿ ਸਮਾਜ ਵਿਚ ਕੀ ਹੈ ਤੇ ਕੀ ਹੋਣਾ ਚਾਹੀਦਾ ਹੈ। ਉਸ ਕੋਲ ਸਥਾਪਤੀ ਨੂੰ ਨਕਾਰਨ ਲਈ ਢੁਕਵੇਂ ਤਰਕ ਵੀ ਹਨ। ਅਮਰਜੀਤ ਦੀਆਂ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਸੱਜਰੀਆਂ ਤਸ਼ਬੀਹਾਂ, ਬਿੰਬਾਂ, ਅਲੰਕਾਰਾਂ ਵਿਚੋਂ ਗੁਜ਼ਰਨ ਦਾ ਸੁਖਦ ਅਹਿਸਾਸ ਹੁੰਦਾ ਹੈ। ਉਮੀਦ ਹੈ ਪੰਜਾਬੀ ਸਾਹਿਤ ਵਿਚ ਇਸ ਕਾਵਿ ਪੁਸਤਕ ਦਾ ਬਣਦਾ ਸਵਾਗਤ ਹੋਵੇਗਾ।

ਂਡਾ: ਅਮਰਜੀਤ ਕੌਂਕੇ
ਫ ਫ ਫ

ਵੀਰਾਂ
ਲੇਖਕ : ਹਰਨੇਕ ਸਿੰਘ ਬੱਧਨੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 87280-64138.

'ਵੀਰਾਂ ਕਹਾਣੀ ਸੰਗ੍ਰਹਿ ਵਿਚ ਲੇਖਕ ਨੇ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਹਰਨੇਕ ਸਿੰਘ ਬੱਧਨੀ ਦੀਆਂ ਕਹਾਣੀਆਂ ਸੰਘਣੀ ਬੁਣਤੀ ਵਾਲੀਆਂ ਕਹਾਣੀਆਂ ਹਨ, ਜਿਸ ਵਿਚ ਨਾਵਲ ਵਾਂਗ ਕਈ ਪਰਤਾਂ ਖੁੱਲ੍ਹਦੀਆਂ ਹਨ। ਕੜੀ ਨਾਲ ਕੜੀ ਜੋੜਦਾ ਹੋਇਆ ਉਹ ਆਪਣੇ ਆਖ਼ਰੀ ਟੀਚੇ 'ਤੇ ਪੁੱਜਦਾ ਹੈ। ਉਸ ਦੀਆਂ ਕਹਾਣੀਆਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਜੋ ਉਸ ਦੇ ਪਿੱਛੇ ਅਨੁਭਵ ਦੀਆਂ ਲਖਾਇਕ ਹਨ। ਲੰਮੇਰਾ ਬਿਰਤਾਂਤ ਉਸ ਦੀ ਨਿਵੇਕਲੀ ਸ਼ੈਲੀ ਹੈ, ਜੋ ਉਸ ਦੀ ਕਹਾਣੀ ਨੂੰ ਬਾਤ ਜਿਹਾ ਹੁੰਗਾਰਾ ਪ੍ਰਦਾਨ ਕਰਦੀ ਹੈ। 'ਵੀਰਾਂ' ਕਹਾਣੀ ਆਨਰ-ਕਿਲਿੰਗ ਜਿਹੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ ਜੋ ਜਾਤ-ਪਾਤ ਜਿਹੀਆਂ ਹੀਣ ਜਿੱਲ੍ਹਣ ਵਿਚ ਫਸੇ ਲੋਕਾਂ ਦੇ ਕਿਰਦਾਰ ਨੂੰ ਨੰਗਾ ਕਰਦੀ ਹੈ। 'ਬਦਲੇ ਦੀ ਅੱਗ' ਬਲਜੀਤ ਜਿਹੇ ਕਿਰਦਾਰ ਨੂੰ ਪੇਸ਼ ਕਰਦੀ ਹੈ ਜੋ ਉੱਪਰੋਂ ਚੰਗਾ ਭਲਾ ਦਿਸਦਾ ਹੈ ਪਰ ਅੰਦਰੋਂ ਪੂਰੀ ਤਰ੍ਹਾਂ ਸ਼ੈਤਾਨ ਹੈ। 'ਮਜਬੂਰੀ' ਕਹਾਣੀ ਨਸ਼ਿਆਂ ਦੀ ਦਲਦਲ ਵਿਚ ਫੇਸ ਪਾਤਰ ਰਾਜੇ ਦੀ ਕਹਾਣੀ ਹੈ ਜੋ ਨਸ਼ਿਆਂ ਦੀ ਗ੍ਰਿਫ਼ਤ ਵਿਚ ਏਨਾ ਜਕੜਿਆ ਹੋਇਆ ਕਿ ਉਸ ਨੂੰ ਆਪਣੇ ਵਿਵਾਹਕ ਜੀਵਨ ਦੀ ਵੀ ਪਰਵਾਹ ਨਹੀਂ ਰਹਿੰਦੀ। 'ਰੁਕਣਾ ਜ਼ਿੰਦਗੀ ਨਹੀਂ' ਕਹਾਣੀ ਮਨੁੱਖ ਦੇ ਮਨੋਵਿਗਿਆਨ ਨਾਲ ਸਬੰਧਿਤ ਹੈ ਜਿਥੇ ਹਰਪਾਲ ਸਿੰਘ ਜਿਹਾ ਪਾਤਰ ਆਪਣੀ ਪਹਿਲੀ ਪਤਨੀ ਦੇ ਮਰ ਜਾਣ 'ਤੇ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਸਿਆਣੇ ਡਾਕਟਰ ਦੇ ਸਮਝਾਉਣ 'ਤੇ ਸਹੀ ਰਾਹ ਫੜ ਲੈਂਦਾ ਹੈ। 'ਅਟੱਲ ਨਿਯਮ' ਇਸ ਸੰਗ੍ਰਹਿ ਦੀ ਮੇਰੀ ਜਾਚੇ, ਸਭ ਤੋਂ ਵਧੀਆ ਕਹਾਣੀ ਹੈ ਜੋ ਇਕ ਅਜਿਹੇ ਹਾਂ-ਪੱਖੀ ਇਨਸਾਨ ਕਰਤਾਰ ਸਿੰਘ ਦੀ ਵਾਰਤਾ ਪੇਸ਼ ਕਰਦੀ ਹੈ ਜੋ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਆਉਣ 'ਤੇ ਵੀ ਸਹਿਜ ਰਹਿੰਦਾ ਹੈ। 'ਤਰਸ' ਇਕ ਮਿੰਨੀ ਕਹਾਣੀ ਹੈ ਜੋ ਤਰਸ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। 'ਦਿਲ ਦਰਿਆ ਸਮੁੰਦਰੋਂ ਡੂੰਘੇ' ਪਿਆਰ ਦੇ ਵਿਸ਼ੇ ਨੂੰ ਲੈ ਕੇ ਲਿਖੀ ਕਹਾਣੀ ਹੈ ਜੋ ਔਰਤ ਮਨ ਵਿਚ ਛਿਪੇ ਮੁਹੱਬਤੀ ਅਹਿਸਾਸ ਨੂੰ ਪੇਸ਼ ਕਰਦੀ ਹੈ। 'ਕਾਂ ਅਤੇ ਜਲੇਬੀ' ਅਨਜੋੜ ਵਿਆਹੇ ਜੋੜਿਆਂ ਦੀ ਹਾਸੋਹੀਣੀ ਹਾਲਤ ਬਿਆਨ ਕਰਦੀ ਹੈ। 'ਰਿਸ਼ਤਿਆਂ ਦੀ ਮੌਤ' ਕਹਾਣੀ ਪੈਰੀ ਨਾਂਅ ਦੇ ਨੌਜਵਾਨ ਦੀ ਵਿੱਥਿਆ ਪੇਸ਼ ਕਰਦੀ ਹੈ ਜੋ ਆਪਣੀ ਪਤਨੀ ਦੇ ਅੜੀਅਲ ਵਤੀਰੇ ਕਾਰਨ ਆਪਣੀ ਮਾਂ ਦੀ ਸੇਵਾ ਨਹੀਂ ਕਰ ਪਾਉਂਦਾ। 'ਖੌਫ਼' ਭਾਵ ਡਰ ਬਹੁਤ ਵੱਡੀ ਐਂਟੀ ਸ਼ਕਤੀ ਹੁੰਦੀ ਹੈ ਜੋ ਮਨੁੱਖੀ ਮਨ 'ਤੇ ਬਹੁਤ ਭੈੜਾ ਪ੍ਰਭਾਵ ਪਾਉਂਦੀ ਹੈ। 'ਥੋਥਾ ਬੰਦ' ਕਹਾਣੀ ਮਲਾਹਾ ਸਿੰਘ ਦੇ ਪਾਤਰ ਨੂੰ ਪੇਸ਼ ਕਰਦੀ ਹੈ ਜੋ ਨਸ਼ਿਆਂ ਕਾਰਨ ਰਿਸ਼ਤਿਆਂ ਦੀ ਪਛਾਣ ਕਰਨੋਂ ਅਸਮਰੱਥ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਚਹੁੰ ਪੈਰਾਂ ਦਾ ਸਫ਼ਰ
ਲੇਖਕ : ਪ੍ਰਕਾਸ਼ ਸੋਹਲ, ਯੂ.ਕੇ.
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 300
ਸੰਪਰਕ : 0172-5027427.

ਇਸ ਨਾਵਲ ਦੀ ਨਾਇਕਾ, ਜੋ ਆਪਣੀ ਜੀਵਨ ਕਥਾ ਲੇਖਕ ਨੂੰ ਸੁਣਾਉਂਦੀ ਹੈ, ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਦੀ ਜੰਮਪਲ, ਖੁਸ਼ਪ੍ਰੀਤ, ਆਪਣੀ ਅੱਲ੍ਹੜ ਜਵਾਨੀ ਦੇ ਦਿਨਾਂ ਵਿਚ ਆਰੀਆ ਕਾਲਜ ਲੁਧਿਆਣਾ ਵਿਚ ਪੜ੍ਹਦੀ ਹੋਈ ਆਪਣੇ ਨੌਜਵਾਨ ਸਹਿਪਾਠੀ ਜਸਵਿੰਦਰ ਜੋ ਉਸ ਦਾ ਦੂਰ ਦੇ ਰਿਸ਼ਤੇ ਵਿਚੋਂ ਭਰਾ ਵੀ ਲਗਦਾ ਸੀ, 'ਤੇ ਅਜਿਹੀ ਮੋਹਿਤ ਹੋ ਜਾਂਦੀ ਹੈ ਕਿ ਉਹ ਆਪਣਾ-ਆਪ ਉਸ ਨੂੰ ਅਰਪਣ ਕਰ ਦਿੰਦੀ ਹੈ। ਖੁਸ਼ਪ੍ਰੀਤ ਆਪਣੀ ਸਹੇਲੀ ਸੱਤੀ ਦੇ ਸਹਿਯੋਗ ਤੇ ਸਲਾਹ ਨਾਲ ਯੂਥ ਫੈਸਟੀਬਲ 'ਤੇ ਗਈ, ਜਸਵਿੰਦਰ ਨੂੰ ਕੱਲਿਆਂ, ਇਕ ਐਨ.ਆਰ.ਆਈ. ਦੀ ਖੇਤਾਂ ਵਿਚ ਬਣਾਈ ਕੋਠੀ ਵਿਚ ਦੋ ਵਾਰ ਮਿਲਦੀ ਹੈ। ਜਸਵਿੰਦਰ ਉਸ ਨਾਲ ਸ਼ਾਦੀ ਕਰਵਾਉਣ ਦਾ ਇਕਰਾਰ ਕਰਕੇ ਉਸ ਦੇ ਜਿਸਮ ਨਾਲ ਸਾਂਝ ਪਾਉਂਦਾ ਹੈ ਪਰ ਉਹ ਆਪਣੇ ਵਾਅਦੇ 'ਤੇ ਪੂਰਾ ਨਹੀਂ ਉਤਰਦਾ। ਉਹਦੇ ਮਾਂ-ਬਾਪ ਵੀ ਖੁਸ਼ਪ੍ਰੀਤ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਜਸਵਿੰਦਰ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦਾ ਹੈ, ਜਿਸ ਕਰਕੇ ਖੁਸ਼ਪ੍ਰੀਤ ਦੇ ਮਨ 'ਤੇ ਡੂੰਘੀ ਸੱਟ ਵਜਦੀ ਹੈ। ਉਹ ਆਪਣੇ ਰਿਸ਼ਤੇ ਬਾਰੇ ਆਪਣੀ ਮਾਂ ਨਾਲ ਸਾਰੀ ਗੱਲ ਕਰਦੀ ਹੈ ਆਖਰ ਉਹ ਉਸ ਦਾ ਰਿਸ਼ਤਾ ਇੰਗਲੈਂਡ ਤੋਂ ਆਏ ਟੋਨੀ ਨਾਲ ਕਰ ਦਿੰਦੇ ਹਨ ਤੇ ਉਹ ਇੰਗਲੈਂਡ ਚਲੀ ਜਾਂਦੀ ਹੈ, ਜਿਥੇ ਟੋਨੀ ਉਸ ਨਾਲ ਦੁਰਵਿਹਾਰ ਕਰਦਾ ਹੈ। ਉਸ ਦੀ ਸੱਸ ਵੀ ਉਸ ਨਾਲ ਵਧੀਆ ਵਿਹਾਰ ਨਹੀਂ ਕਰਦੀ। ਉਸ ਨੂੰ ਨੌਕਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਘਰੋਂ ਪਿਆਰ ਸਤਿਕਾਰ ਨਾ ਮਿਲਣ ਕਰਕੇ ਉਹ ਬੇਚੈਨ ਹੋ ਜਾਂਦੀ ਹੈ ਤੇ ਨੌਕਰੀ ਸਮੇਂ ਡੀ.ਜੇ. ਨਾਂਅ ਦੇ ਵਿਅਕਤੀ ਦੇ ਸੰਪਰਕ ਵਿਚ ਆ ਜਾਂਦੀ ਹੈ, ਜੇ ਉਸ ਦੀ ਖੁੱਲ੍ਹ ਕੇ ਪ੍ਰਸੰਸਾ ਕਰਕੇ ਉਸ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ।
ਲੇਖਕ ਨੇ ਇਸ ਨਾਵਲ ਦੀ ਪਟਕਥਾ ਵਿਚ ਖੁਸ਼ਪ੍ਰੀਤ ਦੀ ਮਾਨਸਿਕ ਦਿਸ਼ਾ ਨੂੰ ਬੜੀ ਬਾਰੀਕੀ ਨਾਲ ਬਿਆਨ ਕੀਤਾ ਹੈ। ਇਸ ਤੋਂ ਬਿਨਾਂ ਮਰਦ ਪ੍ਰਧਾਨ ਸਮਾਜ ਦੇ ਕਿਰਦਾਰ ਨੂੰ ਵੀ ਨੰਗਿਆਂ ਕੀਤਾ ਹੈ। ਨਾਵਲ ਵਿਚ ਕਿਧਰੇ-ਕਿਧਰੇ ਬੇਲੋੜਾ ਵਿਸਥਾਰ ਹੈ, ਜੋ ਨਾਵਲ ਨੂੰ ਰੜਕਦਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਜੇ ਬਿਰਖ ਬੋਲਦੇ ਹੁੰਦੇ
ਕਵੀ : ਮਿੱਤਰ ਰਾਸ਼ਾ
ਪ੍ਰਕਾਸ਼ਕ : ਲਾਹੌਰ ਬੁੱਕ ਸਾਪ, ਲੁਧਿਆਣਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 0161-6540738.

ਮਿੱਤਰ ਰਾਸ਼ਾ ਨਿਰੰਤਰ ਲਿਖਣ ਵਾਲਾ ਕਵੀ ਹੈ। 60 ਕਵਿਤਾਵਾਂ ਵਾਲਾ ਇਹ ਕਾਵਿ ਸੰਗ੍ਰਹਿ ਕਵੀ ਦੀਆਂ ਸਮਾਜਿਕ, ਭਾਵਕ ਸਥਿਤੀਆਂ ਅਤੇ ਸਰੋਕਾਰਾਂ ਦਾ ਪ੍ਰਗਟਾਵਾ ਕਰਦੀਆਂ ਹਨ। ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ ਕੈਨੇਡਾ ਨਾਲ ਜੁੜੀ ਇਸ ਸ਼ਖ਼ਸੀਅਤ ਨੇ ਪਰਵਾਸ ਦੇ ਵਿਗੋਚੇ ਨੂੰ ਕੁਝ ਕਵਿਤਾਵਾਂ ਵਿਚ ਪ੍ਰਗਟ ਕੀਤਾ ਹੈ :
ਛੱਡੇ ਮੁਲਕ 'ਚ ਮੈਂ ਪਰਵਾਸੀ ਹਾਂ
ਅਪਣਾਏ ਮੁਲਕ 'ਚ ਆਵਾਸੀ ਹਾਂ
ਆਵਾਸ ਪਰਵਾਸ ਦੇ ਪੁੜਾਂ ਵਿਚ
ਬਸ ਖਿੰਗਰ ਖਿੰਗਰ ਲੰਘ ਜਾਂਦਾ ਹਾਂ।
ਕਵੀ ਵਾਤਾਵਰਨ ਵਿਚ ਵਧ ਰਹੇ ਪ੍ਰਦੂਸ਼ਣ 'ਤੇ ਚਿੰਤਾ ਪ੍ਰਗਟ ਕਰਦਾ ਹੈ। ਪੰਛੀਆਂ, ਰੁੱਤਾਂ, ਮੌਸਮਾਂ ਦੇ ਬਦਲਦੇ ਪ੍ਰਵਾਹ ਨਾਲ ਬਦਲ ਰਹੀ ਜ਼ਿੰਦਗੀ ਅਤੇ ਮਨੁੱਖ ਦੁਆਰਾ ਕੁਦਰਤ ਨਾਲ ਕੀਤੀ ਜਾਂਦੀ ਛੇੜਛਾੜ ਕਵੀ ਨੂੰ ਚਿੰਤਤ ਕਰਦੀ ਹੈ।
ਪ੍ਰਦੂਸ਼ਣ ਦੀ ਇੰਤਹਾ ਹੈ ਜਾਂ ਫਿਰ ਗਲਤਕਾਰੀ
ਫੈਲ ਰਹੀ ਹੈ ਕੈਂਸਰ ਫਲਾਂ ਅੰਦਰ ਫੁੱਲਾਂ ਅੰਦਰ
ਸੁਕਦੇ ਜਾ ਰਹੇ ਨੇ ਅੱਜਕਲ੍ਹ ਦਰਿਆਵਾਂ ਦੇ ਪਾਣੀ
ਕਿਵੇਂ ਡੁੱਬੇਗੀ ਸੋਹਣੀ ਦਰਿਆ ਦੀ ਛੱਲਾਂ ਅੰਦਰ।
ਦੇਸ਼ ਪਿਆਰ, ਨਾਰੀ ਮਨ ਦੀਆਂ ਭਾਵਨਾਵਾਂ, ਸਿਆਸਤ ਦੀਆਂ ਕੋਝੀਆਂ ਚਾਲਾਂ, ਗ਼ਰੀਬੀ ਦੀ ਸਮੱਸਿਆ ਆਦਿ ਵਿਸ਼ੇ ਬਹੁਤ ਸਾਰੀਆਂ ਰਚਨਾਵਾਂ ਵਿਚ ਪ੍ਰਗਟ ਹਨ। ਕਵੀ ਨੇ ਪੰਜਾਬੀਆਂ ਦੀ ਸਿਫ਼ਤ ਵੀ ਬਹੁਤ ਖੁੱਲ੍ਹ ਕੇ ਕੀਤੀ ਹੈ। ਪੰਜ ਆਬਾਂ ਦੇ ਲੋਕ ਕਵਿਤਾ ਵਿਸ਼ੇਸ਼ ਧਿਆਨ ਮੰਗਦੀ ਹੈ। ਇਸ ਸੰਗ੍ਰਹਿ ਵਿਚ ਕਵੀ ਦੀ ਬਤੌਰ ਮਨੁੱਖ ਜੀਵਨ ਤੋਂ ਸੰਪੂਰਨ ਸੰਤੁਸ਼ਟੀ ਝਲਕਦੀ ਹੈ। ਵਿਦੇਸ਼ਾਂ ਵਿਚ ਜਾ ਰਹੇ ਵਿਦਿਆਰਥੀਆਂ ਬਾਰੇ ਵੀ ਕਵੀ ਆਪਣੇ ਭਾਵ ਜ਼ਾਹਰ ਕਰਦਾ ਹੈ। ਪੰਜਾਬੀ ਸੱਭਿਆਚਾਰ ਪ੍ਰਤੀ ਕਵੀ ਦੀ ਉਪਭਾਵੁਕਤਾ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਆਪਣੇ ਚੇਤਿਆਂ ਵਿਚ ਆਪਣੇ ਪਿੰਡ ਪਹੁੰਚ ਜਾਂਦਾ ਹੈ। ਜਿਥੇ ਹਲ ਵਗਦੇ ਸਨ, ਚੁੱਲਾ ਚੌਂਕਾ ਸੀ, ਤ੍ਰਿੰਝਣ ਸਨ ਅਤੇ ਆਪਸੀ ਭਾਈਚਾਰਾ ਸੀ। ਚੌਂਕਾਂ ਚੁੱਲ੍ਹਾ ਕਵਿਤਾ ਦਾ ਪਾਠ ਵੇਖਿਆ ਜਾ ਸਕਦਾ ਹੈ। ਜ਼ਿੰਦਗੀ ਵਿਚ ਵਧ ਰਹੀ ਭੱਜ-ਨੱਸ ਨਾਲ ਇਨਸਾਨ ਦੇ ਤਣਾਅ ਅਤੇ ਵਿਹਾਰ ਵਿਚ ਆਏ ਬਦਲਾਅ ਬਾਰੇ ਵੀ ਕਵੀ ਚਿੰਤਾ ਪ੍ਰਗਟ ਕਰਦਾ ਹੈ :
ਅੱਜਕਲ੍ਹ ਆਪਣੇ ਹੀ ਢੰਗ ਤੇ ਰੰਗ ਰੰਗਾਈ ਫਿਰਦੇ ਨੇ ਲੋਕ
ਪਤਾ ਨਹੀਂ ਲਗਦਾ ਕੀ ਕੀ ਸਾਂਗ ਬਣਾਈ ਫਿਰਦੇ ਨੇ ਲੋਕ।
ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਸਲਾਹੁਣਯੋਗ ਅਤੇ ਪੜ੍ਹਨਯੋਗ ਹਨ।

ਂਪ੍ਰੋ: ਕੁਲਜੀਤ ਕੌਰ
ਫ ਫ ਫ

ਸਿਦਕ ਜਿਨ੍ਹਾਂ ਦੇ ਸਾਦਿਕ
ਲੇਖਕ : ਪਰਵਾਨਾ ਪੁੜੈਣ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 160 ਰੁਪਏ, ਸਫ਼ੇ : 112
ਸੰਪਰਕ : 98556-00398.

4 ਕਾਵਿ ਸੰਗ੍ਰਹਿ ਦੇ ਲੇਖਕ ਦੀ ਇਹ ਪੁਸਤਕ ਨਾਵਲ ਹੈ। ਲੇਖਕ ਦਾ ਸਵੈ ਕਥਨ ਹੈ ਕਿ ਨਾਵਲ ਦੇ ਪਾਤਰ ਬਹੁਤ ਸਮੇਂ ਤੋਂ ਜ਼ਿਹਨ ਵਿਚ ਬੈਠੇ ਹੇਏ ਸਨ। ਪਾਤਰਾਂ ਦੀ ਵੰਨ-ਸੁਵੰਨਤਾ ਵਾਰ-ਵਾਰ ਟੁੰਭਦੀ ਸੀ। ਇਨ੍ਹਾਂ ਵਿਚ ਲਾਲਚੀ ਸੁਭਾਅ ਵਾਲੇ ਵੀ ਹਨ ਤੇ ਚੰਗੇ ਸੁਭਾਅ ਵਾਲੇ ਵੀ। ਲੇਖਕ ਦਾ ਮੰਤਵ ਚੰਗੀਆਂ ਧਿਰਾਂ ਨੂੰ ਪੇਸ਼ ਕਰਨਾ ਹੈ। ਚੰਗਿਆਈ ਬੁਰਾਈ ਦੀ ਟੱਕਰ ਸਦੀਆਂ ਤੋਂ ਚਲਦੀ ਆ ਰਹੀ ਹੈ। ਮੁੱਖ ਪਾਤਰ ਮਨਮੀਤ ਦੇ ਮਾਪੇ ਪੰਜਾਬ ਦੇ ਕਾਲੇ ਦਿਨਾਂ ਵਿਚ ਮਾਰੇ ਜਾਂਦੇ ਹਨ। ਰਿਸ਼ਤੇਦਾਰ ਕੋਲ ਉਹ ਪਲਦਾ ਹੈ। ਹਰਦਿਲਜੀਤ ਉਸ ਦੀ ਪਾਲਣ ਵਾਲੀ ਮਾਂ ਹੈ। ਪੜ੍ਹੀ-ਲਿਖੀ ਅਧਿਆਪਕਾ ਹੈ। ਉਸ ਦਾ ਆਪਣਾ ਪੁੱਤਰ ਜ਼ੋਰਾ ਹੈ। ਦੋਵੇਂ ਮਤਰੇਏ ਭਰਾ ਹਨ। ਜ਼ੋਰਾ ਵੱਡਾ ਹੋ ਕੇ ਨਸ਼ੇ ਕਰਦਾ ਹੈ। ਸੁਭਾਅ ਦਾ ਬਾਪ ਮਲਕੀਤ ਵਾਂਗ ਅੱਖੜ ਹੈ। ਪਰ ਦੂਸਰਾ ਪਾਲਿਆ ਪੁੱਤਰ ਮਨਮੀਤ ਚੰਗਾ ਪੜ੍ਹ-ਲਿਖ ਕੇ ਪ੍ਰੋਫੈਸਰ ਬਣਦਾ ਹੈ। ਪੰਜਾਬੀ ਸਾਹਿਤ ਨਾਲ ਉਸ ਦਾ ਮੋਹ ਹੈ। ਉਸੇ ਕਾਲਜ ਵਿਚ ਅੰਗਰੇਜ਼ੀ ਦੀ ਪ੍ਰੋਫੈਸਰ ਹਰਮਨਦੀਪ ਹੈ ਜਿਸ ਨਾਲ ਉਸ ਦੀ ਸੁਰ ਰਲਦੀ ਹੈ। ਦੋਵੇਂ ਇਕ-ਦੂਸਰੇ ਨੂੰ ਚਾਹੁੰਦੇ ਹਨ ਤੇ ਵਿਆਹ ਕਰਾਉਣ ਦੇ ਦਿਲੀ ਇੱਛੁਕ ਹਨ। ਦੋਵਾਂ ਦੀਆਂ ਮਾਂਵਾਂ ਹਰਦਿਲਜੀਤ ਤੇ ਗੁਰਨਾਮ ਕੌਰ ਉਨ੍ਹਾਂ ਦੇ ਵਿਆਹ ਲਈ ਸਹਿਮਤ ਹਨ। ਇਸ ਦੌਰਾਨ ਹਰਿਦਲਜੀਤ ਬਿਮਾਰ ਹੋ ਜਾਂਦੀ ਹੈ। ਉਸ ਨੂੰ ਹਸਪਤਾਲ ਵਿਚ ਮਨਮੀਤ ਲਿਜਾਂਦਾ ਹੈ ਤੇ ਪੂਰੀ ਸੇਵਾ ਕਰਦਾ ਹੈ। ਜ਼ੋਰੇ ਦਾ ਵਿਆਹ ਹੁੰਦਾ ਹੈ। ਦਿਲਜੋਤ ਉਸ ਦੀ ਪਤਨੀ ਹੈ। ਚੰਗੇ ਸੁਭਾਅ ਦੀ ਸਚਿਆਰੀ ਔਰਤ ਹੈ। ਉਸ ਕੋਲ ਬੇਟੀ ਹੈ। ਪਰ ਜ਼ੋਰਾ ਆਪਣੀ ਹੀ ਬੇਟੀ ਨਾਲ ਨਫ਼ਰਤ ਕਰਦਾ ਹੈ। ਨਾਵਲ ਦੇ ਕੁਲ 38 ਕਾਂਡ ਹਨ ਪਰ ਵਧੇਰੇ ਭਾਗ ਮਨਮੀਤ ਤੇ ਹਰਮਨਦੀਪ ਬਾਰੇ ਹੈ। ਕਾਲਜ ਦੇ ਸਮਾਗਮਾਂ ਦਾ ਜ਼ਿਕਰ ਹੈ। ਪਿੰਡ ਵਿਚ ਜੁੜੀ ਸਥ ਵਿਚ ਦੋਵਾਂ ਦੇ ਚਰਚੇ ਹੁੰਦੇ ਹਨ। ਨਾਲ ਹੋਰ ਕਿਸਾਨੀ ਮਸਲੇ ਤੇ ਪਿੰਡਾਂ ਦੀਆਂ ਚੋਣਾਂ ਹਨ। ਹਰਮਨਦੀਪ ਦੇ ਨਾਨਕੇ ਉਸ ਦਾ ਵਿਆਹ ਕੈਨੇਡਾ ਦੇ ਕਿਸੇ ਮੁੰਡੇ ਨਾਲ ਕਰਨ ਲਈ ਜ਼ਿੱਦ ਕਰਦੇ ਹਨ। ਪਰ ਹਰਮਨਦੀਪ ਦਲੀਲਾਂ ਨਾਲ ਇਹ ਗੱਲ ਠੁਕਰਾ ਦਿੰਦੀ ਹੈ। ਨਾਵਲ ਸਮਾਜ ਨੂੰ ਢੁਕਵੇਂ ਤੇ ਆਦਰਸ਼ ਵਿਆਹ ਦੀ ਸੇਧ ਦੇਣ ਵਾਲਾ ਹੈ। ਟਾਈਟਲ ਚੰਗਾ ਹੈ। ਭਰਪੂਰ ਸਵਾਗਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

09-02-2019

 ਆਸਟਰੇਲੀਆ ਵਿਚ ਵੀਹ ਦਿਨ
ਲੇਖਕ : ਪ੍ਰੋ: ਕੁਲਬੀਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 895 ਰੁਪਏ, ਸਫ਼ੇ : 160
ਸੰਪਰਕ : 94171-53513.

'ਆਸਟਰੇਲੀਆ ਵਿਚ ਵੀਹ ਦਿਨ' ਪ੍ਰੋਫੈਸਰ ਕੁਲਬੀਰ ਸਿੰਘ ਵਲੋਂ ਲਿਖਿਆ ਗਿਆ ਆਸਟਰੇਲੀਆ ਦਾ ਸਫ਼ਰਨਾਮਾ ਹੈ। ਇਹ ਇਕ ਅਜਿਹੀ ਕੌਫ਼ੀ ਟੇਬਲ ਕਿਤਾਬ ਹੈ, ਜੋ ਮੋਟੇ ਆਰਟ ਪੇਪਰ ਉੱਪਰ ਰੰਗਦਾਰ ਤਸਵੀਰਾਂ ਨਾਲ ਇਸ ਤਰ੍ਹਾਂ ਸਜੀ ਫਬੀ ਹੈ ਕਿ ਨਜ਼ਰ ਦੇ ਸਾਹਮਣੇ ਆਉਂਦਿਆਂ ਹੀ ਪਾਠਕ ਨੂੰ ਆਪਣੇ ਅੰਦਰ ਪ੍ਰਵੇਸ਼ ਕਰਨ ਲਈ ਪ੍ਰੇਰਦੀ ਹੈ। ਕਿਤਾਬਾਂ ਪੜ੍ਹਨ ਦੀ ਰੁਚੀ ਵਿਚ ਆ ਰਹੀ ਲਗਾਤਾਰ ਗਿਰਾਵਟ ਦੇ ਦਿਨਾਂ ਵਿਚ ਅਜਿਹੀ ਦਿਲਕਸ਼ ਕਿਤਾਬ ਦੀ ਆਮਦ ਇਕ ਸ਼ੁੱਭ ਸ਼ਗਨ ਹੈ।
ਆਸਟਰੇਲੀਆ ਵਿਚ ਵਸਦੇ ਪੰਜਾਬੀਆਂ ਦੇ ਜੀਵਨ ਨੂੰ ਨੇੜੇ ਤੋਂ ਵੇਖਣਾ ਅਤੇ ਸਰਲ ਸਾਦੇ ਸ਼ਬਦਾਂ ਰਾਹੀਂ ਚਿਤਰਨਾ, ਇਸ ਕਿਤਾਬ ਦਾ ਹਾਸਲ ਹੈ। ਉਡਾਣ ਤੋਂ ਸ਼ੁਰੂ ਹੋਇਆ ਇਹ ਸਫ਼ਰਨਾਮਾ ਆਸਟਰੇਲੀਆ ਦੇ ਜਨਜੀਵਨ ਅਤੇ ਉਥੇ ਵਸਦੇ ਪੰਜਾਬੀਆਂ ਦੀਆਂ ਸਰਗਰਮੀਆਂ ਨੂੰ ਸ਼ਬਦ-ਚਿੱਤਰ ਪ੍ਰਦਾਨ ਕਰਦਾ ਹੋਇਆ ਪਾਠਕ ਨੂੰ ਨਵੇਂ ਦਿਸਹੱਦਿਆਂ ਦਾ ਸਹਿਜ ਬੋਧ ਕਰਾਉਂਦਾ ਹੈ। ਇਸ ਸਫ਼ਰ ਦਾ ਸਬਬ ਭਾਵੇਂ ਵਿਸਾਖੀ ਮੇਲੇ ਉੱਤੇ ਪ੍ਰੋਫੈਸਰ ਸਾਹਿਬ ਨੂੰ ਦਿੱਤਾ ਗਿਆ ਸਨਮਾਨ ਅਤੇ 'ਪਰਵਾਸੀ ਪੰਜਾਬੀ ਮੀਡੀਆ' ਕਿਤਾਬ ਨੂੰ ਰਿਲੀਜ਼ ਕੀਤੇ ਜਾਣਾ ਸੀ। ਪਰ ਇਹ ਸਬੱਬ ਕਿਤਾਬ ਦਾ ਕਾਰਨ ਵੀ ਬਣ ਗਿਆ। ਇਹ ਕਿਤਾਬ 'ਗੋਲਡ ਮਾਈਨ', ਮੈਲਬੌਰਨ ਮੇਲਾ, ਸਿਡਨੀ ਸ਼ਹਿਰ, ਆਸਟਰੇਲੀਅਨ ਪਾਰਲੀਮੈਂਟ ਹਾਊਸ, ਆਸਟਰੇਲੀਆ ਦੀਆਂ ਲਾਇਬਰੇਰੀਆਂ, ਆਸਟਰੇਲੀਆ ਦੇ ਪੰਜਾਬੀ ਮੀਡੀਆ, ਉਥੋਂ ਦੇ ਵਿਦਿਆਰਥੀਆਂ ਦੇ ਮਸਲੇ, ਉਥੋਂ ਦੇ ਲੋਕਾਂ ਦੇ ਜੀਵਨ ਪੱਧਰ, ਉਥੋਂ ਦੇ ਸਿੱਖਿਆ ਢਾਂਚੇ ਅਤੇ ਪੰਜਾਬੀਆਂ ਵਲੋਂ ਆਸਟਰੇਲੀਆ ਦੀ ਧਰਤੀ ਉੱਤੇ ਸ਼ੁਰੂ ਕੀਤੇ ਗਏ ਪੰਜਾਬੀ ਰੇਡੀਓ, ਅਖ਼ਬਾਰਾਂ ਅਤੇ ਹੋਰ ਮੀਡੀਆ ਇਕਾਈਆਂ ਬਾਰੇ ਦਿਲਕਸ਼ ਅਤੇ ਤੱਥ ਭਰਪੂਰ ਜਾਣਕਾਰੀ ਨਾਲ ਭਰੀ ਪਈ ਹੈ। ਖੂਬਸੂਰਤ ਤਸਵੀਰਾਂ ਅਤੇ ਰੰਗਦਾਰ ਛਪਾਈ ਨੇ ਇਸ ਸਫ਼ਰਨਾਮੇ ਨੂੰ ਹੁਣ ਤੱਕ ਲਿਖੇ ਗਏ ਪੰਜਾਬੀ ਸਫ਼ਰਨਾਮਿਆਂ ਨਾਲੋਂ ਨਿਖੇੜ ਲਿਆ ਹੈ। ਪਾਠਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਖ਼ਾਸ ਕਰਕੇ ਆਸਟਰੇਲੀਆ ਬਾਰੇ ਅਤੇ ਉਥੇ ਵਸਦੇ ਪੰਜਾਬੀਆਂ ਬਾਰੇ ਜਾਣਨ ਦੀ ਇੱਛਾ ਰੱਖਣ ਵਾਲਿਆਂ ਨੂੰ।

-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.


ਗੀਤਾ
ਅਨੁ: ਅਤੇ ਸੰਪਾ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 118
ਸੰਪਰਕ : 98152-98459.

ਪਰਮਿੰਦਰ ਸੋਢੀ ਆਧੁਨਿਕ ਪੰਜਾਬੀ ਕਾਵਿ ਦਾ ਇਕ ਸਤਿਕਾਰਯੋਗ ਹਸਤਾਖ਼ਰ ਹੈ। ਹਥਲੀ ਰਚਨਾ ਵਿਚ ਉਸ ਨੇ ਭਾਰਤ ਦੇ ਪ੍ਰਸਿੱਧ ਗ੍ਰੰਥ 'ਸ੍ਰੀਮਦ ਭਗਵਤ ਗੀਤਾ' ਦਾ ਸਰਲ ਪੰਜਾਬੀ ਵਿਚ ਅਨੁਵਾਦ ਸੁਲਭ ਕਰਵਾਇਆ ਹੈ। ਭਗਵਦ ਗੀਤਾ ਭਾਰਤੀ ਸਾਹਿਤ ਦੀ ਇਕ ਅਨਮੋਲ ਨਿਧੀ ਹੈ। ਇਸ ਵਿਚ ਸ੍ਰੀ ਕ੍ਰਿਸ਼ਨ, ਕੁਰੂਕਸ਼ੇਤਰ ਦੇ ਯੁੱਧ ਸਮੇਂ ਅਰਜਨ ਨੂੰ ਮਾਨਵੀ ਕਰਤੱਵ ਅਤੇ ਕਰਮ ਬਾਰੇ ਉਪਦੇਸ਼ ਦਿੰਦੇ ਹਨ। ਮਹਾਭਾਰਤ ਦਾ ਯੁੱਧ ਬਹੁਤ ਭਿਅੰਕਰ ਸੀ ਅਤੇ ਇਸ ਵਿਚ ਭਾਰਤ ਦੇ ਲਗਪਗ ਸਾਰੇ ਰਾਜੇ ਕੌਰਵਾਂ ਜਾਂ ਪਾਂਡਵਾਂ ਦੀ ਤਰਫ਼ੋਂ ਭਾਗ ਲੈ ਰਹੇ ਸਨ। ਕੌਰਵ ਰਾਜੇ ਗੱਦੀ ਆਸੀਨ ਸਨ, ਇਸ ਕਾਰਨ ਉਨ੍ਹਾਂ ਦਾ ਪੱਲੜਾ ਭਾਰੀ ਪ੍ਰਤੀਤ ਹੁੰਦਾ ਸੀ ਪਰ ਦੂਜੀ (ਪਾਂਡਵਾਂ ਦੀ) ਤਰਫ਼ ਸ੍ਰੀ ਕ੍ਰਿਸ਼ਨ ਜੀ ਮੌਦੂਦ ਸਨ, ਜੋ ਸਾਕਸ਼ਾਤ ਭਗਵਾਨ ਸਨ। ਸੋ ਜਿੱਤਣਾ ਤਾਂ ਭਗਵਾਨ ਦੀ ਧਿਰ ਨੇ ਹੀ ਸੀ ਅਤੇ ਇਵੇਂ ਹੋਇਆ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਅਰਜਨ, ਸ੍ਰੀ ਕ੍ਰਿਸ਼ਨ ਜੀ ਨੂੰ ਬੇਨਤੀ ਕਰਕੇ ਆਪਣਾ ਰੱਥ ਦੋਵਾਂ ਫ਼ੌਜਾਂ ਦੇ ਦਰਮਿਆਨ ਲੈ ਜਾਂਦਾ ਹੈ ਅਤੇ ਵੇਖਦਾ ਹੈ ਕਿ ਦੂਜੇ ਪਾਸੇ ਦੁਸ਼ਮਣਾਂ ਦੀ ਥਾਵੇਂ ਉਸ ਦੇ ਭਾਈ ਬੰਧੂ, ਸਨੇਹੀ, ਮਿੱਤਰ, ਅਧਿਆਪਕ ਅਤੇ ਗੁਰੂਜਨ ਖੜ੍ਹੇ ਸਨ। ਇਹ ਦੇਖ ਕੇ ਉਸ ਦੇ ਦਿਲ ਵਿਚ ਵੈਰਾਗ ਆ ਜਾਂਦਾ ਹੈ ਅਤੇ ਉਹ ਲੜਨ ਤੋਂ ਇਨਕਾਰੀ ਹੋ ਜਾਂਦਾ ਹੈ। ਉਸ ਦੇ ਸਾਰਥੀ ਸ੍ਰੀ ਕ੍ਰਿਸ਼ਨ ਸਮਝਾਉਂਦੇ ਹਨ ਕਿ ਪਰਮਾਤਮਾ ਨੇ ਹਰ ਵਿਅਕਤੀ ਦੇ ਜ਼ਿੰਮੇ ਕੋਈ ਨਾ ਕੋਈ ਕਰਮ/ਕਰਤੱਵ ਲਗਾ ਰੱਖਿਆ ਹੈ। ਯੋਧੇ ਦਾ ਕੰਮ ਯੁੱਧ ਕਰਨਾ ਹੈ। ਇਹ ਵੇਖਣਾ ਨਹੀਂ ਕਿ ਉਸ ਦੇ ਸਾਹਮਣੇ ਕੌਣ ਹੈ? ਜੇ ਅਰਜਨ ਯੁੱਧ ਕਰਨ ਤੋਂ ਇਨਕਾਰੀ ਹੋਵੇਗਾ ਤਾਂ ਉਹ ਆਪਣੇ ਕਰਤੱਵ ਤੋਂ ਬੇਮੁੱਖ ਹੋ ਜਾਵੇਗਾ। ਕ੍ਰਿਸ਼ਨ ਜੀ ਇਹ ਵੀ ਦੱਸਦੇ ਹਨ ਕਿ ਮਨੁੱਖ ਦਾ ਸਵੈਤਵ/ਆਤਮਾ ਅਮਰ ਹੈ। ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਉਸ ਦੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਬਾਅਦ ਵਿਚ ਵੀ ਮੌਜੂਦ ਰਹੇਗਾ। ਮਨੁੱਖ ਨੂੰ ਸੁੱਖ/ਦੁੱਖ, ਸਮਤਵ ਭਾਵ ਨਾਲ ਗ੍ਰਹਿਣ ਕਰਨੇ ਚਾਹੀਦੇ ਹਨ। ਸੁੱਖ ਵਿਚ ਖੁਸ਼ ਜਾਂ ਦੁੱਖ ਵਿਚ ਦੁਖੀ ਨਹੀਂ ਹੋਣਾ ਚਾਹੀਦਾ। ਮਨੁੱਖ ਨੂੰ ਕਰਮ ਤੋਂ ਪ੍ਰਾਪਤ ਹੋਣ ਵਾਲੇ ਫਲ ਦੀ ਆਸ਼ਾ ਜਾਂ ਝਾਕ ਨਹੀਂ ਰੱਖਣੀ ਚਾਹੀਦੀ ਬਲਕਿ ਨਿਰਸਵਾਰਥ ਭਾਵ ਨਾਲ ਆਪਣੇ ਕਰਮ ਦਾ ਨਿਰਵਾਹ ਕਰਨਾ ਚਾਹੀਦਾ ਹੈ।
ਭਗਵਦ ਗੀਤਾ ਆਰੀਆ ਸੰਸਕ੍ਰਿਤੀ ਦਾ ਇਕ ਮਹਾਨ ਦਸਤਾਵੇਜ਼ ਹੈ, ਜੋ ਮਨੁੱਖ ਨੂੰ ਕਰਮ ਕਰਨ ਲਈ ਉਤਸ਼ਾਹਿਤ ਕਰਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਇਸਪਾਤੀ ਮਨੁੱਖ :
ਉੱਜਲ ਦੁਸਾਂਝ
ਲੇਖਕ : ਡਗਲਸ ਪੀ. ਵੈਲਬੈਂਕਸ
ਅਨੁਵਾਦਕ : ਕੇ. ਐਲ. ਗਰਗ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 184
ਸੰਪਰਕ : 9463537050.

ਵਿਚਾਰ ਅਧੀਨ ਪੁਸਤਕ ਡਗਲਸ ਪੀ. ਵੈਲਬੈਂਕ ਦੀ ਅੰਗਰੇਜ਼ੀ ਭਾਸ਼ਾ ਵਿਚ ਰਚੀ ਖੋਜ ਭਰਪੂਰ ਅਤੇ ਦਿਲਚਸਪ ਜੀਵਨੀ ਹੈ ਜਿਸ ਦਾ ਪੰਜਾਬੀ ਵਿਚ ਅਨੁਵਾਦ ਕੇ. ਐਲ. ਗਰਗ ਨੇ ਕੀਤਾ ਹੈ। ਡਗਲਸ ਪੀ. ਵੈਲਬੈਂਕਸ 70ਵਿਆਂ ਵਿਚ ਵੈਨਕੂਵਰ ਦੇ ਇਕ ਕਾਲਜ ਦਾ ਵਿਦਿਆਰਥੀ ਸੀ। ਉਸੇ ਕਾਲਜ ਵਿਚ ਉਤਸ਼ਾਹ ਭਰਪੂਰ ਨੌਜਵਾਨ ਉੱਜਲ ਦੁਸਾਂਝ ਸੋਸ਼ਿਆਲੋਜੀ ਵਿਭਾਗ ਵਿਚ ਸਿੱਖਿਆ ਪ੍ਰਾਪਤ ਕਰ ਰਿਹਾ ਸੀ। ਕਾਲਜ ਦੀ ਲਾਇਬਰੇਰੀ ਵਿਚ ਉਨ੍ਹਾਂ ਦਾ ਅਜਿਹਾ ਮੇਲ ਹੋਇਆ ਕਿ ਦੋਵੇਂ ਸਦਾ-ਸਦਾ ਲਈ ਇਕ-ਦੂਜੇ ਦੇ ਮਿੱਤਰ ਬਣ ਗਏ। ਲੇਖਕ ਨੇ ਉੱਜਲ ਦੁਸਾਂਝ ਦੇ ਜੀਵਨ ਨੂੰ ਅਤਿ ਨੇੜਿਓਂ ਵੇਖਿਆ ਤੇ ਘੋਖਿਆ ਹੈ ਜਿਸ ਸਦਕਾ ਉਸ ਨੇ ਉਸ ਦੇ ਉਤਸ਼ਾਹ ਭਰਪੂਰ ਅਤੇ ਚੁਣੌਤੀਆਂ ਭਰੇ ਜੀਵਨ ਤੋਂ ਇਲਾਵਾ ਉਸ ਦੀ ਸਾਹਸ ਭਰਪੂਰ, ਖੁਸ਼ਗਬਾਰ, ਖੁਦਦਾਰ ਅਤੇ ਸੰਘਰਸ਼ਮਈ ਜੀਵਨ ਜਿਊਣ ਵਾਲੀ ਦਿਲਕਸ਼ ਪਤਨੀ ਰਮਿੰਦਰ ਦੇ ਜੀਵਨ ਵੇਰਵਿਆਂ ਨੂੰ ਆਪਣੀ ਜੀਵਨੀ ਦਾ ਵਿਸ਼ਾ ਵਸਤੂ ਬਣਾ ਕੇ ਮਹੱਤਵਪੂਰਨ ਕਾਰਜ ਕੀਤਾ ਹੈ। ਰਮਿੰਦਰ ਅਤੇ ਉੱਜਲ ਦੋਵੇਂ ਭਾਰਤ ਤੋਂ ਵੱਖਰੇ-ਵੱਖਰੇ ਕੈਨੇਡਾ ਦੀ ਧਰਤੀ 'ਤੇ ਗਏ ਸਨ। ਓਪਰੇ ਸੱਭਿਆਚਾਰ ਵਿਚ ਰਲਣ ਲਈ ਉਨ੍ਹਾਂ ਨੂੰ ਬੜੀ ਮਿਹਨਤ ਕਰਨੀ ਪਈ। ਉਹ ਇਕ ਕਲਪਨਾਸ਼ੀਲ ਔਰਤ ਹੈ-ਔਰਤ ਦੀ ਆਜ਼ਾਦੀ ਅਤੇ ਉਸ ਦੇ ਹੱਕਾਂ ਦੀ ਰਾਖੀ ਲਈ ਉਸ ਨੇ 'ਇੰਡੀਆ ਮਹਿਲਾ ਐਸੋਸੀਏਸ਼ਨ' ਬਣਾਈ ਜਿਸ ਰਾਹੀਂ ਉਸ ਨੇ ਨਸਲਵਾਦ, ਪਰਿਵਾਸੀ ਔਰਤਾਂ ਦੀ ਹੁਰਮਤੀ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ। ਉੱਜਲ ਨੇ ਪਹਿਲਾਂ ਇਕ ਮਿੱਲ ਵਿਚ ਕੰਮ ਕੀਤਾ ਤੇ ਮਗਰੋਂ ਆਪਣੇ ਇਰਾਦਿਆਂ ਨੂੰ ਅਮਲੀਜਾਮਾ ਪਹਿਨਾਉਣ ਲਈ ਲਾਅ ਦੀ ਡਿਗਰੀ ਹਾਸਲ ਕੀਤੀ ਤੇ ਵਕੀਲ ਬਣ ਕੇ ਸਮਾਜਿਕ ਨਿਆਂ, ਨਸਲਵਾਦ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਸਬੰਧੀ ਜੱਦੋਜਹਿਦ ਕੀਤੀ। ਉੱਜਲ ਨੇ ਆਪਣੇ ਰਾਜਨੀਤਕ ਇਰਾਦਿਆਂ ਨੂੰ ਸਨਮੁੱਖ ਰੱਖਦਿਆਂ ਐਨ.ਡੀ.ਪੀ. ਰਾਜਨੀਤਕ ਪਾਰਟੀ ਦਾ ਮੈਂਬਰ ਬਣ ਕੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ। ਕਈ ਵਾਰ ਉਹ ਆਪਣੇ ਹਲਕੇ ਦੀ ਵਿਧਾਨ ਸਭਾ ਲਈ ਚੋਣ ਲੜਿਆ ਤੇ ਜਿੱਤ ਪ੍ਰਾਪਤ ਕੀਤੀ। 24 ਫਰਵਰੀ, 2000 ਦਾ ਦਿਨ ਪ੍ਰਵਾਸੀਆਂ ਲਈ ਬਹੁਤ ਅਹਿਮੀਅਤ ਰੱਖਦਾ ਹੈ ਜਦੋਂ ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦਾ ਪਹਿਲਾ ਇੰਡੋ ਕੈਨੇਡੀਅਨ ਪ੍ਰਾਇਮਰ ਬਣਿਆ ਤੇ ਉਸ ਨੇ ਵਿਧਾਨ ਸਭਾ ਵਿਚ ਕਈ ਸੱਭਿਆਚਾਰਕ ਤਬਦੀਲੀਆਂ ਕੀਤੀਆਂ। ਅਸਲ ਵਿਚ ਇਹ ਪੁਸਤਕ ਉਤਸ਼ਾਹ ਭਰਪੂਰ ਅਤੇ ਕਲਪਨਾਸ਼ੀਲ ਦੰਪਤੀ ਰਮਿੰਦਰ ਅਤੇ ਉੱਜਲ ਦੁਸਾਂਝ ਦੀ ਸਾਂਝੀ ਜੀਵਨੀ ਹੈ ਜਿਸ ਨੂੰ ਪੜ੍ਹ ਕੇ ਪਾਠਕ ਉਤਸ਼ਾਹ ਪ੍ਰਾਪਤ ਕਰਨਗੇ ਅਤੇ ਪੁਸਤਕ ਨੂੰ ਦਿਲਚਸਪੀ ਨਾਲ ਪੜ੍ਹ ਕੇ ਕੈਨੇਡੀਅਨ ਜੀਵਨ ਬਾਰੇ ਦਿਲਚਸਪ ਜਾਣਕਾਰੀ ਹਾਸਲ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.


ਸਾਂਝੀਆਂ ਸੁਰਾਂ

ਸੰਪਾਦਕ : ਜਗਤਾਰ ਸਿੰਘ ਰਾਏਪੁਰੀਆ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ।
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 84377-36240.

ਪੰਜਾਬੀ ਵਿਚ ਮੌਲਿਕ ਪੁਸਤਕਾਂ ਦੀ ਪ੍ਰਕਾਸ਼ਨਾ ਦੇ ਨਾਲ-ਨਾਲ ਸਾਂਝੀਆਂ ਪੁਸਤਕਾਂ ਦਾ ਪ੍ਰਕਾਸ਼ਨ ਵੀ ਕਾਫ਼ੀ ਦੇਰ ਤੋਂ ਪ੍ਰਚਲਤ ਹੈ। ਅਜਿਹੀਆਂ ਪੁਸਤਕਾਂ ਦੀ ਖ਼ੂਬੀ ਇਹ ਹੁੰਦੀ ਹੈ ਕਿ ਇਨ੍ਹਾਂ ਵਿਚ ਸੀਮਤ ਸਾਧਨਾਂ ਵਾਲੇ ਲੇਖਕਾਂ ਨੂੰ ਸਥਾਪਤ ਲੇਖਕਾਂ ਨਾਲ ਛਪਣ ਦਾ ਮੌਕਾ ਮਿਲਦਾ ਹੈ ਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਮਿਲਦੇ ਹਨ। 'ਸਾਂਝੀਆਂ ਸੁਰਾਂ' ਅਜਿਹਾ ਹੀ ਸਰਾਹੁਣਯੋਗ ਯਤਨ ਹੈ ਜਿਸ ਵਿਚ ਪੰਜਾਬੀ ਕਵਿਤਾ ਦਾ ਤਕਰੀਬਨ ਹਰ ਰੰਗ ਮੌਜੂਦ ਹੈ। ਵਿਭਿੰਨ ਵਿਸ਼ਿਆਂ 'ਤੇ ਰਚੀਆਂ ਕਾਵਿ ਰਚਨਾਵਾਂ ਵਾਲੀ ਪੁਸਤਕ 'ਸਾਂਝੀਆਂ ਸੁਰਾਂ' ਵਿਚ ਸੁਖਵੰਤ ਕੌਰ ਸੁੱਖੀ, ਹਰਮਨ ਰੁਪਾਲ, ਹੈਰੀ ਰੰਧਾਵਾ, ਮਨਿੰਦਰ ਕੌਰ ਬਸੀ, ਗੁਰਮੀਤ ਕੌਰ ਜੱਸੀ, ਸ਼ਰਨਜੀਤ ਕੌਰ, ਮਨ ਮਾਨ, ਡਾ: ਰਾਜਿੰਦਰ ਰੇਨੂੰ, ਬਲਵਿੰਦਰ ਕੌਰ ਖੁਰਾਣਾ, ਨਿਰਮਲ ਕੋਟਲਾ, ਅੰਜੂ ਵੀ ਰੱਤੀ, ਸ਼ਰਨ, ਸੁੰਮੀ ਸਾਮਰੀਆ, ਸੁਲਤਾਨਾ ਬੇਗ਼ਮ, ਸ਼ਸ਼ੀ ਸ਼ਰਮਾ, ਸੁਰਿੰਦਰ ਸੈਣੀ, ਸਤਨਾਮ ਚੌਹਾਨ, ਵਰਜੀਤ ਖੁਰਮੀ, ਪ੍ਰੀਤ ਖੁਰਮੀ, ਰਣਜੀਤ ਕੌਰ ਸਵੀ, ਨਰਿੰਦਰ ਮੋਮੀ, ਅਕਵੀਰ ਕੌਰ, ਸਵਰਨ ਕਵਿਤਾ, ਜਸਵਿੰਦਰ ਕੌਰ ਸੇਮਾ, ਸੁਖ ਰਿਸਮ, ਰੁਪਿੰਦਰ ਸੰਧੂ, ਪ੍ਰਵੀਨ ਕੌਰ, ਮਨਿੰਦਰ ਭੈਣੀ, ਮਨਦੀਪ ਗਿੱਲ ਧੜਾਕ, ਜਗਤਾਰ ਭੌਰੀਆ, ਲੇਖਕ ਤੇਜ ਢਿੱਲੋਂ, ਤੇਜਿੰਦਰ ਅਨਜਾਣਾ, ਦਵਿੰਦਰ ਗਰੇਵਾਲ, ਧਨਵੰਤ ਸਿੰਘ ਗੁਰਾਇਆ, ਦਿਲਬਾਗ ਖਹਿਰਾ, ਸੁਰਜੀਤ ਸਿੰਘ ਸਿਰੜੀ, ਨੇਕ ਨਿਮਾਣਾ ਸ਼ੇਰਗਿੱਲ, ਸਵਾਮੀ ਖੈਰਾਵਾਦੀ, ਜਗਤਾਰ ਗਿੱਲ, ਸੇਵਕ ਵਿਧਾਤਾ, ਆਸ਼ ਕੁਮਾਰ ਸੈਣੀ, ਮਹਿੰਦਰ ਮਾਨ, ਸੁਲੱਖਣ ਸਰਹੱਦੀ, ਮਨਿੰਦਰ ਸਿੰਘ ਮਨੀ, ਬਿੰਦਰ ਕੌਲੀਆਂਵਾਲ, ਰਾਜਾ ਪੁਵਾਦੜਾ, ਰਾਜਿੰਦਰ ਸਿੰਘ, ਬਲਵਿੰਦਰ ਰਾਏ ਦੋਦਾ, ਰਮਿੰਦਰ ਫ਼ਰੀਦਕੋਟੀ, ਰਾਮ ਲਾਲ ਭਗਤ, ਦਿਲਬਾਗ ਐਸ. ਭੰਵਰਾ, ਗੁਰਪ੍ਰੀਤ ਸਿੰਘ, ਹਰਚਰਨ ਚੋਹਲਾ, ਹਰਕੀਰਤ ਸਿੰਘ ਕੀਰਤ, ਗੁਰਜਿੰਦਰ ਦੌਲਾ, ਗੁਰਜੰਟ ਪਟਿਆਲਾ, ਸੁਨੀਲ ਕੁਮਾਰ ਨੀਲ, ਚੰਨੀ ਖਿਜ਼ਰਾਬਾਦੀ, ਗੁਰਜੀਤ ਸਿੰਘ ਗੀਤੂ, ਹੇਮ ਰਾਜ, ਵਿਸ਼ਾਲ ਸੈਣੀ, ਦਲਜਿੰਦਰ ਚਹਿਲ, ਬਿੰਦਰ ਬਠਿੰਡਾ, ਜਗਦੀਪ ਸਿੰਘ ਢੋਲੇਵਾਲੀਆ, ਬਿੱਕਰ ਸਰਾਂ ਤੇ ਜਗਤਾਰ ਰਾਏਪੁਰੀਆ ਦੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਕਾਵਿ ਰਚਨਾਵਾਂ ਨੂੰ ਸਮਾਨ ਦ੍ਰਿਸ਼ਟੀ ਨਾਲ ਵਾਚਣਾ ਸੰਭਵ ਨਹੀਂ ਕਿਉਂਕਿ ਸਥਾਪਤ ਲੇਖਕਾਂ ਲਈ ਅਲੋਚਨਾ ਦਾ ਪੱਧਰ ਹੋਰ ਹੁੰਦਾ ਹੈ ਜਦ ਕਿ ਨਵੀਂਆਂ ਕਲਮਾਂ ਲਈ ਉਤਸ਼ਾਹੀ ਅਲੋਚਨਾ ਦਰਕਾਰ ਹੁੰਦੀ ਹੈ। ਇਸ ਪੁਸਤਕ ਵਿਚ ਖੁੱਲ੍ਹੀਆਂ ਨਜ਼ਮਾਂ ਵੀ ਹਨ ਤੇ ਛੰਦ ਬੰਦ ਵੀ ਤੇ ਅਜਿਹੀ ਪੁਸਤਕ ਇਹ ਵੀ ਸਥਾਪਤ ਕਰਦੀ ਹੈ ਕਿ ਪਾਠਕ ਦੀ ਤਰਜੀਹ ਕੀ ਹੈ। 'ਸਾਂਝੀਆਂ ਸੁਰਾਂ' ਦੀ ਇਕੱਲੀ ਇਕੱਲੀ ਰਚਨਾ ਦਾ ਅਲੋਚਨਾਤਮਿਕ ਵਿਸ਼ਲੇਸ਼ਣ ਸੰਭਵ ਨਹੀਂ ਹੈ।

-ਗੁਰਦਿਆਲ ਰੌਸ਼ਨ
ਮੋ: 9988444002


 

 

ਓ ਮੀਤ ਮੇਰੇ
ਮੂਲ ਲੇਖਕ : ਰਵੀ ਪੁਰੋਹਿਤ
ਪੰਜਾਬੀ ਅਨੁਵਾਦ : ਭੁਪਿੰਦਰ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 094131-90000.

ਓ ਮੀਤ ਮੇਰੇ ਹਿੰਦੀ ਅਤੇ ਰਾਜਸਥਾਨੀ ਵਿਚ ਲਿਖਣ ਵਾਲੇ ਰਵੀ ਪੁਰੋਹਿਤ ਜੀ ਦੁਆਰਾ ਮੂਲ ਰੂਪ ਵਿਚ ਲਿਖਿਆ ਗਿਆ ਕਾਵਿ ਸੰਗ੍ਰਹਿ ਹੈ, ਜਿਸ ਦਾ ਅਨੁਵਾਦ ਉੱਘੇ ਮੰਚਕਰਮੀ ਭੁਪਿੰਦਰ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਕਾਵਿ ਸੰਗ੍ਰਹਿ ਨੂੰ ਕਵੀ ਨੇ ਦੋ ਭਾਗਾਂ ਵਿਚ ਵੰਡਿਆ ਹੈ 'ਉੱਚੀਆਂ ਪੀਂਘਾਂ ਪ੍ਰੀਤ ਦੀਆਂ' ਅਤੇ 'ਯਾਦਾਂ ਦੇ ਪੱਜ'। ਕਵੀ ਨੇ ਪਹਿਲੀ ਮਿਲਣੀ ਸਮੇਂ ਪਿਆਰੇ ਦੀ ਤਾਂਘ, ਵਿਛੋੜੇ ਦੀ ਕਸਕ ਨੂੰ ਬਾਖੂਬੀ ਪੇਸ਼ ਕੀਤਾ ਹੈ।
ਤੂੰ ਹੱਸੇਂ ਤਾਂ ਖਿੜ ਜਾਂਦੀ ਹੈ, ਮੇਰੀ ਸਮੁੱਚੀ ਦੁਨੀਆ
ਤੇਰੀ ਮਿੱਠੀ ਕੋਇਲ ਕੂਕ, ਵਰਗੀ ਆਵਾਜ਼ ਸੁਣ ਕੇ
ਖਿਲ ਜਾਂਦੀ ਹੈ, ਧੁੱਪ ਮੇਰੇ ਅੰਦਰ ਬਾਹਰ।
ਇਸ ਕਵਿਤਾ ਦੀ ਭੂਮਿਕਾ ਵਿਚ ਡਾ: ਅਮਰਜੀਤ ਕੌਂਕੇ ਨੇ ਲਿਖਿਆ ਹੈ ਕਿ ਮੁਹੱਬਤ ਦੇ ਵਿਭਿੰਨ ਅਹਿਸਾਸਾਂ ਨੂੰ ਵਿਭਿੰਨ ਇਨ੍ਹਾਂ ਕਵਿਤਾਵਾਂ ਵਿਚ ਬਹੁਤ ਸ਼ਿੱਦਤ ਨਾਲ ਪਰੋਇਆ ਗਿਆ ਹੈ। ਇਹ ਪਿਆਰ ਵਿਚ ਭਿੱਜੇ ਮਨ ਦੀਆਂ ਕਵਿਤਾਵਾਂ ਹਨ ਜੋ ਅਲੱਗ-ਅਲੱਗ ਸਮੇਂ ਤੇ ਅੱਡ-ਅੱਡ ਸ਼ੇਡਜ਼ ਅਤੇ ਮੂਡਜ਼ ਵਿਚ ਆਪਣੇ ਭਾਵਾਂ ਨੂੰ ਪ੍ਰਗਟ ਕਰਦਾ ਹੈ। ਕਵੀ ਨੇ ਯਾਦਾਂ ਦੇ ਪੱਜ ਭਾਗ ਵਿਚ ਪਿਆਰ ਵਿਚ ਬਿਹਬਲ ਮਨ ਦੇ ਭਾਵ ਪ੍ਰਗਟਾਏ ਹਨ।
ਤੇਰੀ ਯਾਦ ਦੇ ਪੱਜ ਪੁੰਗਰ ਆਉਂਦੀ ਹੈ
ਅੱਖਾਂ 'ਚ ਸਾਵਣ ਦੀ ਹਰਿਆਲੀ
ਜੇਠ ਦੀ ਕਾਲੀ ਧੁੱਪ 'ਚ ਵੀ ਤੇਰੀ ਮਿੱਠੀ ਮੁਸਕਾਨ
ਪਾਵੇ ਮੇਰੇ ਕਾਲਜੇ ਠੰਢ।
ਕਵੀ ਨੇ ਵੱਡੀਆਂ ਅਤੇ ਛੋਟੀਆਂ ਦੋਵੇਂ ਆਕਾਰ ਦੀਆਂ ਕਵਿਤਾਵਾਂ ਲਿਖੀਆਂ ਹਨ। ਜੇਕਰ ਅਨੁਵਾਦਕ ਪੰਨੇ ਦੇ ਇਕ ਪਾਸੇ ਮੂਲ ਕਵਿਤਾ ਵੀ ਲਿਖ ਦਿੰਦਾ ਤਾਂ ਇਹ ਅਨੁਵਾਦ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਣਾ ਸੀ। ਛੋਟੀਆਂ ਕਵਿਤਾਵਾਂ ਮਨ ਦੇ ਸੂਖਮ ਭਾਵਾਂ ਦਾ ਸਹਿਜ ਪ੍ਰਗਟਾਵਾ ਹਨ :
ਮਨ ਮੇਰਾ ਡਾਢਾ ਡਰਦੈ
ਅੱਜਕਲ੍ਹ ਚੁੱਪ ਦੀ ਸਰਸਰਾਹਟ ਤੋਂ ਵੀ
ਕਿ ਕਿਧਰੇ ਸੁਣ ਨਾ ਲਵੇ ਜੱਗ
ਮੇਰੀਆਂ ਧੜਕਨਾਂ 'ਚ ਗੂੰਜਦਾ ਤੇਰਾ ਨਾਂਅ।
ਅਨੁਵਾਦਕ ਅਨੁਸਾਰ ਰਵੀ ਪੁਰੋਹਿਤ ਰਾਜਸਥਾਨੀ ਭਾਸ਼ਾ ਦੇ ਉੱਘੇ ਹਸਤਾਖਰ ਹਨ, ਜਿਨ੍ਹਾਂ ਦੀਆਂ ਹੁਣ ਤੱਕ ਇਕ ਦਰਜਨ ਕਿਤਾਬਾਂ ਆ ਚੁੱਕੀਆਂ ਹਨ। ਮੂਲ ਲੇਖਕ ਨੇ ਕਾਵਿ ਰਚਨਾਵਾਂ ਦੇ ਵਿਸ਼ਿਆਂ ਵਿਚ ਕੋਈ ਕਾਵਿਕ ਵਿਭਿੰਨਤਾਵਾਂ ਪ੍ਰਗਟ ਨਹੀਂ ਕੀਤੀਆਂ। ਕੇਵਲ ਇਸ ਕਾਵਿ ਸੰਗ੍ਰਹਿ ਦਾ ਮੂਲ ਵਿਸ਼ਾ ਪਿਆਰ ਹੈ। ਕਵੀ ਦੀ ਵਿਦਵਤਾ ਇਸ ਗੱਲ ਵਿਚ ਹੈ ਕਿ ਪਿਆਰ ਵਰਗੇ ਸੂਖਮ ਵਿਸ਼ੇ ਉੱਪਰ ਗਿਣਤੀ ਪੱਖੋਂ ਇਕ ਹੀ ਸੰਗ੍ਰਹਿ ਵਿਚ ਅਨੇਕਾਂ ਤਰ੍ਹਾਂ ਦੀਆਂ ਕਵਿਤਾਵਾਂ ਸ਼ਾਮਿਲ ਹਨ।

-ਪ੍ਰੋ: ਕੁਲਜੀਤ ਕੌਰ


ਦੀਵੇ 'ਚੋਂ ਉੱਗਦੇ ਸੂਰਜ
ਕਵੀ : ਕੇ. ਸਾਧੂ ਸਿੰਘ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97800-11475.

ਦੀਵੇ 'ਚੋਂ ਉੱਗ ਕੇ ਸੂਰਜ, ਕੇ. ਸਾਧੂ ਸਿੰਘ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਕੇ. ਸਾਧੂ ਸਿੰਘ ਜੀਵਨ ਦੀਆਂ ਮਾਨਵਵਾਦੀ ਕਰਦਾਂ-ਕੀਮਤਾਂ ਨਾਲ ਜੁੜ ਕੇ ਸ਼ਾਇਰੀ ਕਰਨ ਵਾਲਾ ਸ਼ਾਇਰ ਹੈ। ਜੀਵਨ ਦੀਆਂ ਵਿਸੰਗਤੀਆਂ, ਜਟਿਲਤਾਵਾਂ ਉਸ ਦੀ ਕਵਿਤਾ ਵਿਚ ਥਾਂ-ਥਾਂ 'ਤੇ ਅਤੇ ਵਿਸ਼ੇਸ਼ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਦੀਵਿਆਂ ਵਿਚੋਂ ਸੂਰਜਾਂ ਦੇ ਉੱਗਣ ਦਾ ਬਿੰਬ ਆਪਣੇ-ਆਪ ਵਿਚੋਂ ਹੀ ਸ਼ਾਇਰ ਦੇ ਕਾਵਿ ਦ੍ਰਿਸ਼ਟੀਕੋਣ ਸਬੰਧੀ ਸੰਕੇਤ ਦਿੰਦਾ ਹੈ। ਕੇ. ਸਾਧੂ ਸਿੰਘ ਜੀਵਨ ਵਿਚ ਮੁਹੱਬਤ, ਸੁਹਜ ਤੇ ਸੰਵੇਦਨਾ ਦੇ ਬੀਜ ਬੀਜਣ ਦਾ ਸ਼ੈਦਾਈ ਹੈ। ਉਸ ਦੀ ਪਹਿਲੀ ਕਵਿਤਾ ਵਿਚ ਲੇਖਕ ਦੀ ਇਹੋ ਦ੍ਰਿਸ਼ਟੀ ਉਜਾਗਰ ਹੁੰਦੀ ਹੈ। ਰਾਧਾ ਨੂੰ ਕ੍ਰਿਸ਼ਨ ਉਦੋਂ ਹੀ ਆਪਣਾ ਲਗਦਾ ਹੈ ਜਦੋਂ ਉਹ ਬੰਸਰੀ ਵਜਾਉਂਦਾ ਹੈ, ਸੰਗੀਤ ਦੀਆਂ ਧੁਨਾਂ ਨਾਲ ਇਸ ਬ੍ਰਹਿਮੰਡ ਨੂੰ ਤਰੰਗਿਤ ਕਰਦਾ ਹੈ ਪਰ ਜਦੋਂ ਉਹ ਆਪਣੀ ਉਂਗਲ 'ਤੇ ਚੱਕਰ ਚਲਾ ਕੇ ਜੀਵਨ ਦਾ ਨਾਸ਼ ਕਰਦਾ ਹੈ ਤਾਂ ਕਵੀ ਉਸ ਨੂੰ ਪ੍ਰਸ਼ਨਾਂ ਦੇ ਘੇਰੇ ਵਿਚ ਲੈ ਆਉਂਦਾ ਹੈ। ਰਾਧਾ ਹੀ ਉਸ ਨੂੰ ਆਪਣਾ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਦੀ ਸੁਰ ਇਨ੍ਹਾਂ ਸਾਰੀਆਂ ਕਵਿਤਾਵਾਂ ਵਿਚ ਵੇਖਣ ਨੂੰ ਮਿਲਦੀ ਹੈ। ਸੱਚ ਝੂਠ ਤੋਂ ਦੁਖੀ ਹੋਇਆ ਖ਼ੁਦਕੁਸ਼ੀ ਕਰ ਰਿਹਾ ਹੈ। ਜਵਾਹਰ ਕਵਿਤਾ ਰਾਹੀਂ ਉਹ ਬਾਲ ਦਿਵਸ ਦੇ ਨਾਲ ਸਾਡੇ ਸਮਾਜ ਵਿਚ ਬੱਚਿਆਂ ਦੀ ਦੁਰਦਸ਼ਾ ਦਾ ਬਿਆਨ ਕਰਦਿਆਂ ਸਰਕਾਰੀ ਦਾਅਵਿਆਂ 'ਤੇ ਤਿੱਖਾ ਕਟਾਕਸ਼ ਕਰਦਾ ਹੈ। ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਬਿਰਧਾਂ ਦੀ ਸਮੱਸਿਆ, ਭਰੂਣ ਹੱਤਿਆ, ਔਰਤ ਦੀ ਦੁਰਦਸ਼ਾ ਆਦਿ ਵਿਸ਼ਿਆਂ ਨੂੰ ਆਪਣੇ ਕਾਵਿ ਵਸਤੂ ਵਜੋਂ ਚਿਤਰਦਾ ਹੈ।

-ਡਾ: ਅਮਰਜੀਤ ਕੌਂਕੇ
 

02-02-2019

 ਸਿਧਾਰਥ
(ਮੂਲ ਅੰਗਰੇਜ਼ੀ : ਹਰਮਨ ਹੈਸ)
ਅਨੁ: ਡਾ: ਹਰੀ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98159-50590.

ਸਿਧਾਰਥ ਨੋਬਲ ਪੁਰਸਕਾਰ ਨਾਲ ਸਨਮਾਨਿਤ ਨਾਵਲ ਹੈ। ਨਾਂਅ ਤੋਂ ਲਗਦਾ ਹੈ ਕਿ ਇਹ ਮਹਾਤਮਾ ਬੁੱਧ ਬਾਰੇ ਹੋਵੇਗਾ ਪਰ ਇੰਜ ਨਹੀਂ। ਇਸ ਦਾ ਨਾਇਕ ਸਿਧਾਰਥ ਇਕ ਪ੍ਰਬੁੱਧ ਕਰਮ ਕਾਂਡੀ ਬ੍ਰਾਹਮਣ ਦਾ ਬੇਟਾ ਹੈ। ਆਤਮਾ, ਜਗਤ, ਜੀਵਨ, ਸ਼ਾਂਤੀ, ਸਦੀਵੀ ਸੱਚ, ਮਾਇਆ ਜਿਹੇ ਅਧਿਆਤਮਿਕ ਸਵਾਲਾਂ ਦਾ ਉੱਤਰ ਲੱਭਣ ਲਈ ਉਹ ਬੁੱਧ ਵਾਂਗ ਘਰ ਛੱਡ ਤੁਰਦਾ ਹੈ। ਨਾਲ ਹੀ ਉਸ ਦਾ ਦੋਸਤ ਗੋਬਿੰਦਾ। ਬੋਹੜ ਥੱਲੇ ਸਮਾਧੀ ਤੇ ਸਾਧੂਆਂ ਦੇ ਟੋਲੇ ਵਿਚ ਰਲ ਕੇ ਤਪੱਸਿਆ। ਲੰਮੇ-ਲੰਮੇ ਵਰਤ। ਕੜਕਦੀ ਧੁੱਪ ਵਿਚ ਧਿਆਨ ਸਾਧਨਾ ਕੋਈ ਸ਼ਾਂਤੀ ਨਹੀਂ ਮਿਲਦੀ। ਮਹਾਤਮਾ ਬੁੱਧ ਦਾ ਉਪਦੇਸ਼ ਸੁਣਦੇ ਹਨ। ਗੋਬਿੰਦਾ ਦੀ ਤਲਾਸ਼ ਦੁੱਖ/ਪੀੜਾ ਤੋਂ ਮੁਕਤੀ ਤੱਕ ਸੀਮਤ ਹੈ। ਸਿਧਾਰਥ ਨੂੰ ਗਿਆਨ ਦੀ ਭੁੱਖ ਹੈ। ਉਹ ਗੋਬਿੰਦਾ ਨੂੰ ਬੁੱਧ ਕੋਲ ਛੱਡ 'ਕੱਲਾ ਤੁਰ ਪੈਂਦਾ ਹੈ। ਅੰਦਰ ਦੀ ਅਣਪਛਾਤੀ ਖ਼ੁਦੀ ਨੂੰ ਲੱਭਣ। ਦਰਿਆ ਪਾਰ ਕਰ ਕੇ ਇਕ ਕੱਪੜੇ ਧੋਂਦੀ ਔਰਤ ਫਿਰ ਇਕ ਖੂਬਸੂਰਤ ਵੇਸਵਾ ਕਮਲਾ ਤੇ ਉਸ ਉਪਰੰਤ ਇਕ ਅਮੀਰ ਵਪਾਰੀ ਕਾਮਾਸਵਾਮੀ ਕੋਲ ਰਹਿੰਦਾ ਹੈ। ਕਮਲਾ ਨਾਲ ਸਰੀਰਕ ਸਬੰਧ ਵੀ ਉਸ ਦਾ ਰਾਹ ਨਹੀਂ ਰੋਕਦੇ। ਵਪਾਰੀ ਨਾਲ ਵੀ ਉਸ ਦਾ ਵਿਹਾਰ ਜਲ ਮਹਿ ਕਮਲ ਅਲੇਪ ਵਰਗਾ ਹੈ। ਦੋਵਾਂ ਨੂੰ ਛੱਡ ਕੇ ਤੁਰ ਪੈਂਦਾ ਹੈ। ਅਯਾਸ਼ੀ, ਦੌਲਤ, ਮੌਜ ਮਸਤੀ, ਨਸ਼ਾ, ਕੁਝ ਵੀ ਉਸ ਨੂੰ ਸ਼ਾਂਤੀ ਨਹੀਂ ਦਿੰਦਾ। ਦਰਿਆ ਕਿਨਾਰੇ ਦਰਿਆ ਦੇ ਪਾਣੀ ਦੀ ਆਵਾਜ਼ ਸੁਣਦੇ ਇਕੱਲੇ ਬੈਠੇ ਨੂੰ ਓਮ ਦੀ ਆਦਿ ਧੁਨੀ ਦਾ ਅਨੁਭਵ ਹੁੰਦਾ ਹੈ ਅਤੇ ਉਹ ਸ਼ਾਂਤ ਹੋ ਜਾਂਦਾ ਹੈ। ਦਰਿਆ ਪਾਰ ਕਰਵਾਉਣ ਵਾਲੇ ਮਲਾਹ ਕੋਲ ਸਰਲ ਗ਼ਰੀਬੀ ਦਾਵੇ ਵਾਲਾ ਜੀਵਨ ਜਿਊਣ ਲਗਦਾ ਹੈ। ਉਸ ਦਾ ਦੋਸਤ ਗੋਬਿੰਦ ਵੀ ਆ ਮਿਲਦਾ ਹੈ। ਉਸ ਨਾਲ ਵੀ ਇਹ ਅਨੁਭਵ ਸਾਂਝਾ ਕਰਦਾ ਹੈ ਸਿਧਾਰਥ। ਭੁੱਲੀ ਭਟਕੀ ਕਮਲਾ ਆਪਣੇ ਪੁੱਤਰ ਨਾਲ ਦਰਿਆ ਨੇੜੇ ਉਸ ਨੂੰ ਮਿਲਦੀ ਹੈ ਪਰ ਸੱਪ ਦੇ ਡਸਣ ਨਾਲ ਮਰ ਜਾਂਦੀ ਹੈ। ਆਪਣੇ ਬੇਟੇ ਨੂੰ ਉਹ ਅਨੁਸ਼ਾਸਨ ਤੇ ਪ੍ਰੇਮ ਨਾਲ ਪਾਲਣਾ ਚਾਹੁੰਦਾ ਹੈ ਪਰ ਉਹ ਉਸ ਨੂੰ ਛੱਡ ਕੇ ਆਪਣੀ ਮਨ ਇੱਛਾ ਨਾਲ ਜਿਉਣ ਲਈ ਚਲਾ ਜਾਂਦਾ ਹੈ। ਉਸ ਨੂੰ ਲੱਭਣ, ਵਾਪਸ ਲਿਆਉਣ ਦੇ ਯਤਨ ਕਰਕੇ ਅੰਤ ਸਿਧਾਰਥ ਇਹ ਸੋਚ ਕੇ ਸ਼ਾਂਤ ਹੁੰਦਾ ਹੈ ਕਿ ਹਰ ਇਕ ਵਿਚ ਬ੍ਰਹਮ ਹੈ। ਦੁੱਖ, ਸੁੱਖ, ਚੰਗਾ, ਮਾੜਾ, ਇਹ ਸੰਸਾਰ ਪਿਆਰ ਕਰਨ ਯੋਗ ਹੈ। ਉਂਜ ਦਾ ਉਂਜ ਮਾਣਦੇ ਹੋਏ ਅੰਤ ਸਵੈ ਨੂੰ ਪਛਾਣਨ ਦੇ ਮਾਰਗ ਉੱਤੇ ਤੁਰਨ ਲਈ ਹੈ। ਡਾ: ਹਰੀ ਸਿੰਘ ਨੇ ਅਨੁਵਾਦ ਨੂੰ ਮੌਲਿਕ ਨਾਵਲ ਬਣਾ ਦਿੱਤਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਕੁੜੀ ਦਾ ਮਤਲਬ ਇਹ ਤਾਂ ਨੀ
ਲੇਖਕ : ਨਰਿੰਦਰਪਾਲ ਸਿੰਘ ਕੋਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 196
ਸੰਪਰਕ : 97792-99166.

ਸ: ਨਰਿੰਦਰਪਾਲ ਸਿੰਘ ਕੋਮਲ ਨੇ ਗਲਪੀ-ਬਿਰਤਾਂਤ ਦੇ ਮਾਧਿਅਮ ਦੁਆਰਾ ਪੂੰਜੀਵਾਦੀ ਸਮਾਜ ਵਿਚ ਇਕ ਕੁੜੀ ਹੋਣ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਇਹ ਨਾਵਲ ਮੌਜੂਦਾ ਪ੍ਰਬੰਧ ਵਿਚ ਨਾਰੀ ਦੀ ਹੋਂਦ ਅਤੇ ਹੋਣੀ ਬਾਰੇ ਬੜੇ ਤਿੱਖੇ ਸਵਾਲ ਉਠਾਉਂਦਾ ਹੈ। ਇਸ ਨਾਵਲ ਦੀ ਮੁੱਖ ਕਿਰਦਾਰ ਜਤਿੰਦਰ ਕੌਰ ਹੈ। ਮਾਂ-ਬਾਪ ਦੀ ਮੌਤ ਪਿੱਛੋਂ ਉਹ ਆਪਣੇ ਮਾਮਿਆਂ ਦੇ ਘਰ ਪਲੀ-ਵਧੀ। ਮਾਮਾ ਬਚਪਨ ਵਿਚ ਹੀ ਉਸ ਦਾ ਸਰੀਰਕ ਸ਼ੋਸ਼ਣ ਕਰਨ ਲੱਗ ਪਿਆ ਸੀ। ਇਸ ਕਾਰਨ ਉਹ ਆਪਣੇ ਵੱਡੇ ਮਾਮੇ ਦੇ ਪਰਿਵਾਰ ਵਿਚ ਰਹਿਣ ਲੱਗੀ। ਵੱਡੇ ਮਾਮੇ ਦੀ ਮਿੰਨਤ-ਤਰਲੇ ਕਰਕੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਦਾਖ਼ਲ ਹੋ ਗਈ। ਸੋਚਦੀ ਸੀ ਕਿ ਉਹ ਟਿਊਸ਼ਨਾਂ ਵਗੈਰਾ ਪੜ੍ਹਾ ਕੇ ਆਪਣਾ ਖਰਚਾ ਚਲਾ ਲਵੇਗੀ ਪਰ ਲੋੜਵੰਦ ਮੁਟਿਆਰਾਂ ਨੂੰ ਟਿਊਸ਼ਨਾਂ ਵੀ ਕਿੱਥੇ ਮਿਲਦੀਆਂ ਹਨ।
ਇਕ ਵਾਰ ਉਸ ਦੇ ਸਹਿਪਾਠੀ ਕਪੂਰ ਨੇ ਜਤਿੰਦਰ ਦੀ ਫੀਸ ਭਰ ਦਿੱਤੀ ਪਰ ਇਵਜ਼ਾਨੇ ਵਜੋਂ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਫਿਰ ਉਸ ਦਾ ਸੰਪਰਕ ਰੂਬੀ, ਸਤਰੂਪਾ ਅਤੇ ਕੁਝ ਹੋਰ ਕੁੜੀਆਂ ਨਾਲ ਹੋ ਗਿਆ, ਜੋ ਮੌਜ-ਮਸਤੀ ਅਤੇ ਪੈਸਿਆਂ ਦੀ ਪ੍ਰਾਪਤੀ ਲਈ ਦੇਹ-ਵਪਾਰ ਕਰਦੀਆਂ ਸਨ। ਮਜਬੂਰੀ ਵਿਚ ਕੁਝ ਸਮਾਂ ਉਸ ਨੂੰ ਇਨ੍ਹਾਂ ਕੁੜੀਆਂ ਦੀ ਸੰਗਤ ਵੀ ਕਰਨੀ ਪਈ। ਆਖਰ ਮੁਹਾਲੀ ਵਿਚ ਰਹਿਣ ਵਾਲੇ ਇਕ ਲੇਖਕ ਨੇ ਜਤਿੰਦਰ ਨੂੰ ਬੈਂਕ ਵਿਚੋਂ ਲੋਨ ਦਿਵਾ ਦਿੱਤਾ, ਹੁਣ ਉਹ ਆਰਥਿਕ ਤੌਰ 'ਤੇ ਸਵੈ-ਨਿਰਭਰ ਹੋ ਗਈ ਸੀ। ਉਸ ਨੇ ਪੂਰੀ ਦਲੇਰੀ ਨਾਲ ਪ੍ਰਸਥਿਤੀਆਂ ਦਾ ਸਾਹਮਣਾ ਕੀਤਾ, ਐਮ.ਏ. ਫਾਈਨਲ ਵਿਚੋਂ ਗੋਲਡ ਮੈਡਲ ਜਿੱਤਿਆ ਅਤੇ ਕਾਲਜ ਲੈਕਚਰਾਰ ਬਣ ਗਈ। ਉਸ ਨੇ ਦੱਸ ਦਿੱਤਾ ਕੁੜੀ ਹੋਣ ਦਾ ਮਤਲਬ ਕੀ ਹੁੰਦਾ ਹੈ!
ਨਰਿੰਦਰਪਾਲ ਸਿੰਘ ਕੋਮਲ ਨੇ ਇਸ ਨਾਵਲ ਦਾ ਬਿਰਤਾਂਤ ਬੜੀ ਸਾਵਧਾਨੀ ਨਾਲ ਤਿਆਰ ਕੀਤਾ ਹੈ। ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਮੱਧ ਸ਼੍ਰੇਣਿਕ ਮੁੰਡੇ-ਕੁੜੀਆਂ ਦੀ ਜੀਵਨ-ਸ਼ੈਲੀ ਨੂੰ ਬੜੇ ਵਿਸਤਾਰ ਨਾਲ ਬਿਆਨ ਕੀਤਾ ਗਿਆ ਹੈ। ਪਾਤਰਾਂ ਦੇ ਵਾਰਤਾਲਾਪ ਨਾ ਕੇਵਲ ਇਸ ਨਾਵਲ ਦੀ ਕਹਾਣੀ ਨੂੰ ਅੱਗੇ ਵਧਾਉਂਦੇ ਹਨ ਬਲਕਿ ਪਾਤਰਾਂ ਦੇ ਚਰਿੱਤਰ ਨੂੰ ਵੀ ਨਵੇਂ ਆਯਾਮ ਪ੍ਰਦਾਨ ਕਰਦੇ ਹਨ। ਨਾਵਲਕਾਰ ਅਨੁਸਾਰ ਅਜੋਕੀ ਯੁਵਾ ਪੀੜ੍ਹੀ ਦਿਸ਼ਾਹੀਣ ਹੋ ਗਈ ਹੈ। ਲੇਖਕ ਅਨੁਸਾਰ ਨਰੋਆ ਸਾਹਿਤ ਹੀ ਇਸ ਪੀੜ੍ਹੀ ਨੂੰ ਸਵੱਸਥ ਕਦਰਾਂ-ਕੀਮਤਾਂ ਨਾਲ ਜੋੜ ਸਕਦਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕਾਗਜ਼ਾਂ ਦੇ ਫੁੱਲ
ਕਵੀ : ਦੀਦਾਰ ਖਾਨ ਧਬਲਾਨ
ਪ੍ਰਕਾਸ਼ਕ : ਜ਼ੋਹਰਾ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 99150-24849.

ਕਾਗਜ਼ਾਂ ਦੇ ਫੁੱਲ ਦੀ ਦੀਦਾਰ ਖਾਨ ਧਬਲਾਨ ਦੀ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ। ਇਸ ਸੰਗ੍ਰਹਿ ਵਿਚ ਦੀਦਾਰ ਖਾਨ ਦੇ ਗੀਤ ਸਾਡੇ ਸਮਾਜਿਕ, ਸੱਭਿਆਚਾਰਕ ਵਰਤਾਰਿਆਂ ਨੂੰ ਵਿਭਿੰਨ ਦ੍ਰਿਸ਼ਟੀ ਤੋਂ ਪੇਸ਼ ਕਰਦੇ ਹਨ। ਮੁਹੱਬਤ ਦੇ ਸੰਜੋਗ ਵਿਯੋਗ, ਪੰਜਾਬੀਅਤ, ਮਾਂ-ਬੋਲੀ, ਦੇਸ਼ ਭਗਤੀ, ਸਮਾਜਿਕ ਵਿਸੰਗਤੀਆਂ/ਕੁਰੀਤੀਆਂ ਨੂੰ ਪੇਸ਼ ਕਰਦੇ ਇਹ ਗੀਤ ਸਰਲ ਸਾਧਾਰਨ ਸ਼ਬਦਾਂ ਰਾਹੀਂ ਪਾਠਕ ਮਨ ਨਾਲ ਆਪਣੀ ਸਾਂਝ ਸਿਰਜਦੇ ਹਨ। ਦੀਦਾਰ ਖਾਨ ਨੂੰ ਪੰਜਾਬ ਵਿਚਲੀ ਸੱਭਿਆਚਾਰਕ ਸਾਂਝ ਤੇ ਭਾਈਚਾਰੇ 'ਤੇ ਮਾਣ ਹੈ। ਉਸ ਨੂੰ ਯਕੀਨ ਹੈ ਕਿ ਕੋਈ ਵੀ ਤਾਕਤ ਪੰਜਾਬ ਵਿਚ ਵੰਡੀਆਂ ਨਹੀਂ ਪਾ ਸਕਦੀ। ਇਨ੍ਹਾਂ ਕਵਿਤਾਵਾਂ ਵਿਚ ਸਾਡੇ ਜੀਵਨ ਦਾ ਹਰ ਪੱਖ ਉਜਾਗਰ ਹੁੰਦਾ ਦਿਸਦਾ ਹੈ। ਪੰਜਾਬ ਪੰਜਾਬੀਅਤ ਅਤੇ ਪੰਜਾਬੀ ਬੋਲੀ ਨਾਲ ਪਿਆਰ ਉਸ ਦੀ ਕਵਿਤਾ 'ਮਾਂ ਬੋਲੀ' ਵਿਚ ਬਾਖੂਬੀ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਸੰਗ੍ਰਹਿ ਵਿਚ ਦੀਦਾਰ ਖਾਨ ਪੰਜਾਬ ਦੀ ਧਰਤੀ ਨੂੰ ਫਿਰ ਇਕ ਵਾਰ ਪ੍ਰੋ: ਪੂਰਨ ਸਿੰਘ ਦੇ ਪੰਜਾਬ ਵਾਂਗ ਮੁਹੱਬਤ ਤੇ ਮਾਸੂਮੀਅਤ ਨਾਲ ਭਰਪੂਰ ਵੇਖਣ ਦਾ ਚਾਹਵਾਨ ਹੈ।

ਂਡਾ: ਅਮਰਜੀਤ ਕੌਂਕੇ
ਫ ਫ ਫ

ਇੰਤਜ਼ਾਰ ਹੁਸੈਨ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਜਿੰਦਰ
ਅਨੁਵਾਦਕ : ਸੁਖਪਾਲ ਸਿੰਘ ਹੁੰਦਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98148-03254.

ਹਥਲੇ ਕਹਾਣੀ ਸੰਗ੍ਰਹਿ ਵਿਚ 14 ਕਹਾਣੀਆਂ ਦਰਜ ਹਨ। ਇਹ ਕਹਾਣੀਆਂ ਉਰਦੂ ਜ਼ਬਾਨ ਦੇ ਮਹਾਂਰਥੀ ਇੰਤਜ਼ਾਰ ਹੁਸੈਨ ਦੀਆਂ ਸੈਂਕੜੇ ਕਹਾਣੀਆਂ ਵਿਚੋਂ, ਜੋ ਉਸ ਨੇ ਆਪਣੇ ਅਫ਼ਸਾਨਿਆਂ ਵਿਚ ਪ੍ਰਕਾਸ਼ਿਤ ਕਰਵਾਈਆਂ, ਉਨ੍ਹਾਂ ਵਿਚੋਂ ਵੀ ਚੋਣਵੀਆਂ ਹੀ ਹਨ। ਸੰਪਾਦਕ ਜਿੰਦਰ ਦੀ ਸਾਹਿਤ ਸਾਧਨਾ ਜ਼ਰੀਏ ਪੰਜਾਬੀ ਪਾਠਕਾਂ ਦੇ ਸਨਮੁੱਖ ਹੋਈਆਂ ਇਹ ਕਹਾਣੀਆਂ ਪੰਜਾਬੀ ਜਨਜੀਵਨ ਦੀ ਰਹਿਤਲ ਦਾ ਪ੍ਰਗਟਾਵਾ ਹਨ। ਇਨ੍ਹਾਂ ਸਭਨਾਂ ਕਹਾਣੀਆਂ ਵਿਚੋਂ ਝਲਕਦੀ ਪੰਜਾਬੀਅਤ ਦੀ ਪਛਾਣ ਕੇਵਲ ਹੁਣ ਤੱਕ ਦੇ ਸਮੇਂ ਤੱਕ ਹੀ ਸੀਮਤ ਨਹੀਂ ਕੀਤੀ ਜਾ ਸਕਦੀ। ਜਨਜੀਵਨ ਬਸਰ ਕਰ ਰਹੇ, ਗਰੀਬ ਗੁਰਬੇ ਦੇ ਟੱਬਰ, ਹੇਠਲੀ ਮੱਧ-ਸ਼੍ਰੇਣੀ ਦੇ ਉੱਭਰ ਰਹੇ ਟੱਬਰ ਅਤੇ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਕਲ, ਦਿਮਾਗ ਕਿਤੋਂ ਵੀ ਉੱਭਰ ਕੇ ਕੌਮੀਅਤ ਦਾ ਭਲਾ ਕਰ ਸਕਦਾ ਹੈ? ਆਦਿ ਪ੍ਰਸ਼ਨਾਂ ਦਾ ਉੱਤਰ ਇਹ ਕਹਾਣੀਆਂ ਹਨ। ਇੰਤਜ਼ਾਰ ਹੁਸੈਨ ਕੋਈ ਸਾਧਾਰਨ ਕਲਮਕਾਰ ਨਹੀਂ ਹੈ, ਸਗੋਂ ਉਹ ਤਾਂ ਵਿਸ਼ਵ ਵਿਆਪੀ ਮਾਨਵ ਹਿਰਦੇ ਨੂੰ, ਜੋ ਸਮਾਜ ਨੂੰ ਸਮਝਦਾ ਹੈ, ਰਿਸ਼ਤਿਆਂ ਦੀ ਪਰਿਕਰਮਾ ਨੂੰ ਸਮਝਦਾ ਹੈ ਅਤੇ ਮਾਨਵ ਨੂੰ ਜਿਊਣ ਜੋਗੀਆਂ ਹਸਰਤਾਂ ਹੀ ਨਹੀਂ, ਤਾਂਘਾਂ ਹੀ ਨਹੀਂ, ਸਗੋਂ ਸੰਭਾਵਨਾਵਾਂ ਦੀਆਂ ਸਿਰਜਣਾਵਾਂ ਨੂੰ ਵੀ ਬਾਖੂਬੀ ਪ੍ਰਗਟ ਕਰਦਾ ਹੈ। ਇਨ੍ਹਾਂ ਵਿਚਾਰਾਂ ਨੂੰ ਉਹ ਗ਼ਰੀਬੀ ਦੀ ਦਲਦਲ 'ਚ ਰਹਿ ਰਹੇ ਅਤੇ ਇਸ ਤੋਂ ਅਗਾਂਹ ਲੰਘ ਰਹੇ ਪਾਤਰਾਂ ਰਾਹੀਂ, ਦੀ ਜੀਵਨਸ਼ੈਲੀ ਨੂੰ ਨਰ-ਨਾਰੀ, ਸਮਝੌਤਾ, ਬੱਦਲ, ਕੈਦੀ, ਹਿੰਦੁਸਤਾਨ ਤੋਂ ਇਕ ਖਤ, ਬੇੜੀ, ਵਾਪਸੀ ਆਦਿ ਕਹਾਣੀਆਂ ਰਾਹੀਂ ਨੇੜਿਉਂ ਸਮਝ ਕੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਨੀਂਦ, ਪੱਤੇ ਕਹਾਣੀਆਂ ਵੀ ਤ੍ਰਾਸਦਿਕ ਵਾਤਾਵਰਨ 'ਚੋਂ ਉਪਜ ਕੇ ਸਾਰਥਿਕ-ਸੁਹਜ-ਅਨੁਭੂਤੀ ਵੱਲ ਪ੍ਰੇਰਦੀਆਂ ਹਨ। ਇਸ ਤਰ੍ਹਾਂ ਇੰਤਜ਼ਾਰ ਹੁਸੈਨ ਦੀਆਂ ਹੋਰ ਕਹਾਣੀਆਂ ਜੀਵਨ ਯਥਾਰਥ ਦਾ ਆਲੋਚਨਾਤਮਕ ਅਧਿਐਨ ਪੇਸ਼ ਕਰਦੀਆਂ ਹੋਈਆਂ ਸਾਡੇ ਸਨਮੁਖ ਹਨ। ਇਹ ਕਿਰਤ ਸੱਚਮੁੱਚ ਅਨੁਵਾਦਕ ਅਤੇ ਸੰਪਾਦਕ ਦੀ ਪੰਜਾਬੀ ਪਾਠਕਾਂ ਨੂੰ ਡੂੰਘੀ ਘਾਲਣਾ ਦੀ ਦੇਣ ਹੈ।

ਂਡਾ: ਜਗੀਰ ਸਿੰਘ ਨੂਰ
ਮੋ:" 9814209732
ਫ ਫ ਫ

ਰੂਹਾਂ ਦੀਆਂ ਪੈੜਾਂ
ਲੇਖਿਕਾ : ਸਤਵੰਤ ਕੌਰ ਪੰਧੇਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-73236.

ਕੈਨੇਡਾ ਨਿਵਾਸੀ ਲੇਖਿਕਾ ਦੀ ਇਹ ਪੁਸਤਕ ਉਨ੍ਹਾਂ ਸਾਰੇ ਪਾਲਤੂ ਜੀਵਾਂ ਬਾਰੇ ਹੈ ਜਿਨ੍ਹਾਂ ਦੀ ਪਾਲਣਾ ਲੇਖਿਕਾ ਨੇ ਘਰ ਦੇ ਜੀਆਂ ਵਾਂਗ ਕੀਤੀ। ਇਨ੍ਹਾਂ ਜੀਵਾਂ ਵਿਚ ਪੱਪੀ (ਕੁੱਤੇ ਦਾ ਬੱਚਾ), ਨੀਨਾ ਉਸ ਦਾ ਨਾਂਅ ਹੈ। ਵੱਡਾ ਹੋਇਆ। ਘਰ ਦੀ ਰਾਖੀ ਕਰਦਾ। ਜਿੰਜਰ (ਕੁੱਤੀ) ਨੂੰ ਪਾਲਿਆ। ਉਸ ਲਈ ਵੱਖਰੇ ਭਾਂਡੇ, ਰਹਿਣ ਨੂੰ ਵਿਸ਼ੇਸ਼ ਥਾਂ ਬਣਾਈ। ਉਸ ਨੂੰ ਸਿਖਲਾਈ ਦਿੱਤੀ। ਵੱਡੇ-ਵੱਡੇ ਕੁੱਤਿਆਂ ਨੂੰ ਉਹ ਭਜਾ ਦਿੰਦੀ। ਜਿੰਜਰ ਦਾ ਪੂਰਾ ਵੇਰਵਾ ਪੰਨਾ 34-56 ਤਕ ਕੀਤਾ ਹੈ। ਇਥੋਂ ਤੱਕ ਕਿ ਉਸ ਦੇ ਅੰਤ ਸਮੇਂ ਦਾ ਵਿਛੋੜਾ ਤੇ ਅੰਤਿਮ ਅਰਦਾਸ ਕਰਵਾਈ। ਜਿੱਥੇ ਉਸ ਦੀ ਕਬਰ ਬਣਾਈ ਉਸ ਕੋਲ ਇਕ ਬੂਟਾ ਉਸ ਦੀ ਯਾਦ ਵਿਚ ਲਾਇਆ। ਲੇਖਿਕਾ ਨੇ ਜਿੰਜਰ ਦੀਆਂ ਯਾਂਦਾਂ ਨੂੰ ਕਵਿਤਾ ਦੇ ਰੂਪ ਵਿਚ ਲਿਖਿਆ (ਪੰਨਾ 58) ਇਸ ਪਿੱਛੋਂ ਚੀਚੀ ਕੁੱਤਾ ਨਿੱਕਾ ਜਿਹਾ ਲਿਆ ਕੇ ਪਾਲਿਆ। ਉਸ ਦਾ ਸਨੇਹ ਮੁਹੱਬਤ ਸੰਖੇਪ (ਪੰਨਾ 61-79) ਵਿਚ ਹੈ। ਇਨ੍ਹਾਂ ਤੋਂ ਇਲਾਵਾ ਪਿਗਮੀ ਗੋਟ, ਖਰਗੋਸ਼ ਦੇ ਬੱਚਿਆਂ ਦਾ ਪਾਲਣ, ਬਿਲੀਆਂ ਦੇ ਬੱਚੇ, (ਰੌਕੀ ਰੈਬੋ, ਲੂਅ ਤੇ ਕੈਲੀ) ਚੀਚੀ ਦੇ ਬੱਚੇ ਪੋਰਸਾ ਤੇ ਮਰਸੂਡੀ, ਕਲੋਈ ਤੇ ਮੂਅ ਦੀ ਮੋਹ ਭਿੱਜੀ ਕਹਾਣੀ ਹੈ। ਇਕ ਥਾਂ ਲੇਖਿਕਾ ਨੇ ਬਹੁਤ ਭਾਵੁਕਤਾ ਨਾਲ ਉਸ ਡੱਡੂ ਵਿਚਾਰੇ ਪ੍ਰਤੀ ਸੰਵੇਦਨਾ ਵਿਖਾਈ ਹੈ ਜੋ ਸੱਪ ਦੇ ਮੂੰਹ ਵਿਚ ਉਸ ਦੇ ਸਾਹਮਣੇ ਤੜਪ ਰਿਹਾ ਸੀ। (ਪੰਨਾ 91) ਇਕ ਕਤੂਰਾ ਕਿੰਗ ਪਾਲ ਕੇ ਜਦੋਂ ਕਿਸੇ ਨੂੰ ਦਿੱਤਾ ਤਾਂ ਉਸ ਦੇ ਵਿਛੋੜੇ ਦੇ ਪਲ ਪੜ੍ਹਨ ਵਾਲੇ ਹਨ। ਇਕ ਗਾਥਾ ਬਿੱਲੀ ਦੇ ਬਚਿਆ ਨੂੰ ਖਾਸ ਕੈਟ ਮਿਲਕ ਪਿਆ ਕੇ ਪਾਲਣ ਦੀ ਹੈ ਜਿਸ ਦੀ ਮਾਂ ਬਿੱਲੀ ਬੱਚਿਆਂ ਨੂੰ ਛੱਡ ਕੇ ਚਲੀ ਗਈ। ਤਿਤਲੀਆਂ ਕਬੂਤਰਾਂ, ਹਿਰਨਾਂ, ਗਿਨੀ ਪਿਗ ਆਦਿ ਨਾਲ ਮੋਹ ਪਿਆਰ ਦੀਆਂ ਦਾਸਤਾਨਾਂ ਚੰਗਾ ਇਨਸਾਨੀ ਮੁਹੱਬਤ ਦਾ ਸੰਦੇਸ਼ ਦੇਣ ਵਾਲੀਆਂ ਹਨ। ਚਾਰ ਦਿਨ ਮੌਜਾਂ ਮਾਣ ਕੇ, ਦਾਣਾ ਪਾਣੀ ਖਿੱਚ ਕੇ ਲਿਆਉਂਦਾ ਆਦਿ ਸਿਰਲੇਖ ਸੁਹਜਮਈ ਹਨ। ਪਾਲਤੂ ਜੀਵਾਂ ਦੀਆਂ ਰੰਗਦਾਰ ਤਸਵੀਰਾਂ ਵੀ ਹਨ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਸਆਦਤ ਹਸਨ ਮੰਟੋ ਦੀਆਂ ਹਿੰਦੁਸਤਾਨ-ਪਾਕਿਸਤਾਨ ਵੰਡ ਦੀਆਂ ਕਹਾਣੀਆਂ
ਸੰਕ: ਅਤੇ ਅਨੁ: ਡਾ: ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ: 255
ਸੰਪਰਕ : 099588-31357.

ਇਸ ਪੁਸਤਕ ਵਿਚ ਮੰਟੋ ਦੀਆਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਨਾਲ ਸਬੰਧਿਤ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਵਿਚ 26 ਵੱਡੀਆਂ ਅਤੇ 32 ਛੋਟੇ ਆਕਾਰ ਦੀਆਂ ਕਹਾਣੀਆਂ ਉਪਲਬਧ ਹਨ। ਪੁਸਤਕ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਬਟਵਾਰੇ ਤੋਂ ਪਹਿਲਾਂ ਮੰਟੋ ਲਈ ਭਾਰਤ ਅਨੇਕਤਾ ਵਿਚ ਏਕਤਾ (ਕੰਪੋਜ਼ਿਟ ਕਲਚਰ) ਵਾਲਾ ਮੁਲਕ ਸੀ। ਪਰ 1947 ਦੇ ਦੰਗਿਆਂ ਵਿਚ ਘਿਨਾਉਣਾ ਰੂਪ ਸਾਹਮਣੇ ਆਇਆ। ਮੰਟੋ ਨੇ ਆਪਣੀਆਂ ਅੱਖਾਂ ਸਾਹਵੇਂ ਹੋ ਰਹੀ ਕੱਟ-ਵੱਢ, ਲੁੱਟ-ਮਾਰ, ਛੁਰੇਬਾਜ਼ੀ ਅਤੇ ਮੁਟਿਆਰਾਂ ਦੇ ਜਬਰ-ਜਨਾਹ ਹੁੰਦੇ ਵੇਖੇ। ਉਸ ਨੇ 'ਸਹਾਏ' ਕਹਾਣੀ ਦੇ ਸ਼ੁਰੂ ਵਿਚ ਹੀ ਲਿਖਿਆ ਹੈ : 'ਇਹ ਨਾ ਕਹੋ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਹਨ। ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਹਨ।' ਸੰਤਾਲੀ ਦਾ ਬਟਵਾਰਾ ਤਾਂ ਮੰਟੋ ਦੀ ਰੂਹ ਵਿਚ ਜ਼ਹਿਰੀਲੇ ਤੀਰ ਵਾਂਗ ਖੁੱਭਿਆ ਹੋਇਆ ਸੀ। ਇਹ ਗੱਲ ਉਸ ਦੀਆਂ ਛੋਟੀਆਂ ਕਹਾਣੀਆਂ ਤੋਂ ਬਿਨਾਂ ਉਸ ਦੀਆਂ ਬਹੁਚਰਚਿਤ ਕਹਾਣੀਆਂ (ਸ਼ਰੀਫ਼ਨ, ਖੋਲ੍ਹ ਦੋ, ਠੰਢਾ ਗੋਸ਼ਤ, ਟੋਭਾ ਟੇਕ ਸਿੰਘ, ਗੁਰਮੁਖ ਸਿੰਘ ਦੀ ਵਸੀਅਤ, ਖ਼ੁਦਾ ਦੀ ਕਸਮ, ਮੋਜ਼ੇਲ, ਰਾਮ ਖਿਲਾਵਨ, ਨੰਗੀਆਂ ਆਵਾਜ਼ਾਂ, ਯਜ਼ੀਦ, ਟੇਟਵਾਲ ਦਾ ਕੁੱਤਾ, ਬਿਸਮਿਲਾਹ, ਡਾਰਲਿੰਗ ਆਦਿ) ਦੇ ਅਧਿਐਨ ਨਾਲ ਸਵੈਸਿੱਧ ਹੋ ਜਾਂਦੀ ਹੈ। ਬਟਵਾਰੇ ਤੋਂ ਬਾਅਦ ਦੇ ਤਤਕਾਲੀਨ ਹਾਲਾਤ ਵੀ ਉਸ ਦੀਆਂ ਕਹਾਣੀਆਂ ਵਿਚੋਂ ਉਜਾਗਰ ਹੁੰਦੇ ਹਨ। ਕਹਾਣੀਆਂ ਦੇ ਗਹਿਨ ਅਧਿਐਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਮੂਲ-ਮਾਨਵਤਾ ਦਾ ਕਹਾਣੀਕਾਰ ਸੀ। ਇਤਿਹਾਸਕ ਤੱਥਾਂ ਦੀ ਥਾਂ ਉਸ ਦੀਆਂ ਕਹਾਣੀਆਂ ਪਾਤਰਾਂ ਦੀ ਮਾਨਸਿਕਤਾ ਦੀ ਬਾਤ ਪਾਉਂਦੀਆਂ ਹਨ। ਵਿਰੋਧੀ ਹਾਲਾਤ ਵਿਚ ਵੀ ਉਸ ਦੀ ਕਲਮ ਮਾਨਵੀ ਦ੍ਰਿਸ਼ਟੀਕੋਣ ਹੀ ਸਾਹਮਣੇ ਰੱਖਦੀ ਹੈ। ਕਹਾਣੀਆਂ ਵਿਚ ਧਾਰਮਿਕ ਆਡੰਬਰ ਅਤੇ ਰਸਮਾਂ ਛਿਣ-ਭੰਗਰ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ। ਵਿਸ਼ੇ ਪੱਖੋਂ, ਗੋਂਦ ਪੱਖੋਂ, ਪਾਤਰ ਉਸਾਰੀ ਪੱਖੋਂ ਅਤੇ ਭਾਸ਼ਾ ਦੇ ਪੱਖੋਂ ਉਹ ਲਾਸਾਨੀ ਕਹਾਣੀਕਾਰ ਹੈ। ਉਹ ਆਪ ਸੰਪਰਦਾਇਕ ਨਹੀਂ ਸੀ। ਉਹ ਤਾਂ ਇਨਸਾਨੀਅਤ ਵਿਰੁੱਧ ਹੋ ਰਹੇ ਦੋਗਲੇਪਨ ਦਾ ਪਰਦਾਫਾਸ਼ ਕਰਦਾ ਸੀ। ਸੰਖੇਪ ਇਹ ਕਿ ਮੰਟੋ ਕਿਸੇ ਪਾਰਟੀ ਅਤੇ ਵਿਚਾਰਧਾਰਾ ਤੋਂ ਮੁਕਤ ਬੇਬਾਕ ਕਹਾਣੀਕਾਰ ਸੀ। ਮੰਟੋ ਮੰਟੋ ਹੀ ਸੀ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਮੋਮ ਦੀ ਤਰ੍ਹਾਂ
ਗ਼ਜ਼ਲਕਾਰ : ਕੁਲਵਿੰਦਰ ਸਿੰਘ ਮੋਰਕਰੀਮਾਂ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 94644-22142.

ਇਸ ਪੁਸਤਕ ਵਿਚ 110 ਦੇ ਕਰੀਬ ਕਾਵਿ ਰਚਨਾਵਾਂ ਹਨ। ਸ਼ਾਇਰ ਮੋਰਕਰੀਮਾਂ ਨੇ ਆਪਣੇ ਸਮਾਜਿਕ ਅਹਿਸਾਸਾਂ ਅਤੇ ਸਰੋਕਾਰਾਂ ਨੂੰ ਸਹਿਜ ਅਤੇ ਮਾਸੂਮਤਾ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਜਿਥੇ ਲੇਖਕ ਦੇ ਨਿੱਜੀ ਹਾਵ-ਭਾਵ ਅਤੇ ਦੋਸਤੀ ਦੇ ਅਹਿਸਾਸ ਹਨ, ਉਥੇ ਸਮਾਜ ਵਿਚ ਫੈਲੇ ਅਨੈਤਿਕ ਵਿਹਾਰਾਂ ਨੂੰ ਵੀ ਬਾਖੂਬੀ ਛੋਹਿਆ ਗਿਆ ਹੈ। ਇਨ੍ਹਾਂ ਇਕ ਹਜ਼ਾਰ ਦੇ ਕਰੀਬ ਸ਼ਿਅਰਾਂ ਵਿਚ ਵੰਨ-ਸੁਵੰਨੇ ਵਿਸ਼ੇ ਹਨ। ਮੁੱਖ ਤੌਰ 'ਤੇ ਇਨ੍ਹਾਂ ਸ਼ਿਅਰਾਂ ਵਿਚ ਜੋ ਮੁੱਖ ਤੌਰ 'ਤੇ ਵਿਸ਼ੇ ਪ੍ਰਗਟਾਏ ਗਏ ਹਨ, ਉਨ੍ਹਾਂ ਵਿਚ ਸਿਆਸਤ ਅਤੇ ਧਰਮ-ਮਜ਼੍ਹਬ ਦਾ ਏਕੀਕਰਨ, ਲੀਡਰਾਂ ਵਲੋਂ ਝੂਠੇ ਲਾਰਿਆਂ ਦੀ ਵਰਖਾ, ਕਾਗਜ਼ੀ ਫੁੱਲਾਂ ਦੀ ਮਹਿਮਾ, ਪਿੰਡਾਂ ਦਾ ਹੋ ਰਿਹਾ ਸ਼ਹਿਰੀਕਰਨ, ਘਰਾਂ ਦੀ ਥਾਂ ਮਕਾਨਾਂ ਦੀ ਉਸਾਰੀ, ਬੇਰੁਜ਼ਗਾਰੀ ਵਿਚ ਭਟਕ ਰਹੀ ਜਵਾਨੀ, ਗ਼ਰੀਬੀ ਦੀ ਅੱਗ ਵਿਚ ਸੜ ਰਹੇ ਸੁਪਨੇ ਅਤੇ ਸੱਧਰਾਂ, ਸ਼ੁਹਰਤਾਂ ਵਾਸਤੇ ਭਟਕਣ, ਸੋਨੇ ਦੀ ਚਿੜੀ ਰੂਪ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਉਹ ਘੋਗੜ ਕਾਂ ਬਣ ਰਿਹਾ, ਚੋਰਾਂ ਤੇ ਬਦਮਾਸ਼ਾਂ ਦੀ ਹਰ ਪਾਸੇ ਸਰਦਾਰੀ, ਕੱਟੇ ਜਾ ਰਹੇ ਰੁੱਖ, ਪ੍ਰਦੂਸ਼ਿਤ ਹੋ ਰਿਹਾ ਪੌਣ ਪਾਣੀ ਅਤੇ ਫ਼ਸਲਾਂ ਅਤੇ ਪਿੰਜਰਿਆਂ ਵਿਚ ਫੜਕਦੀ ਅਸਮਾਨੀ ਰੀਝ ਆਦਿ ਪ੍ਰਮੁੱਖ ਹਨ। ਸ਼ਾਇਰ ਦੇ ਬਹੁਤ ਸਾਰੇ ਸ਼ਿਅਰ ਮੌਲਿਕ ਅਤੇ ਦਿਲ-ਦਿਮਾਗ ਉੱਤੇ ਅਸਰ ਕਰਨ ਵਾਲੇ ਹਨ। ਸ਼ਾਇਰ ਨੇ ਨੌਜਵਾਨਾਂ ਵਾਂਗ ਆਪਣੇ ਖਿਆਲ ਦਲੇਰੀ ਅਤੇ ਬੇਬਾਕੀ ਨਾਲ ਪੇਸ਼ ਕੀਤੇ ਹਨ :
-ਮਾੜੇ ਨੂੰ ਛੱਡ ਹਮੇਸ਼ਾ ਚੰਗੇ ਦੀ ਆਸ ਕਰੀਂ
ਬਹੁਤਾ ਪਉਣ ਲਈ ਐਵੇਂ ਨਾ ਦਿਲ ਉਦਾਸ ਕਰੀਂ
ਆਪਣੇ ਦੇਸ ਘਰ ਭਾਵੇਂ ਥੋੜ੍ਹਾ ਹੈ ਮਿਲਦਾ,
ਘਰ ਬਾਰ ਛੱਡ ਲੋਭ ਲਈ ਨਾ ਪਰਵਾਸ ਕਰੀਂ।
ਸ਼ਾਇਰ ਕੋਲ ਸੰਵੇਦਨਸ਼ੀਲਤਾ ਅਤੇ ਜਜ਼ਬਾਤਾਂ ਦਾ ਖਜ਼ਾਨਾ ਹੈ ਪਰ ਉਸ ਨੇ ਅਜੇ ਗ਼ਜ਼ਲ ਦੀ ਬਾਰੀਕ ਸਮਝ ਅਤੇ ਤਕਨੀਕ ਉੱਤੇ ਹੋਰ ਮਿਹਨਤ ਕਰਕੇ ਸਫ਼ਲ ਗ਼ਜ਼ਲਕਾਰ ਬਣਨਾ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

26-01-2019

 ਸੰਨ ਸੰਤਾਲੀ
ਸੰਪਾ: ਅਮਰਜੀਤ ਚੰਦਨ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 200
ਸੰਪਰਕ : 011-26802488.

ਅਮਰਜੀਤ ਚੰਦਨ ਚੜ੍ਹਦੀ-ਜਵਾਨੀ ਤੋਂ ਲੈ ਕੇ ਹੁਣ ਤੱਕ ਵੱਖਰੀ ਭਾਂਤ ਦਾ ਸ਼ਬਦ ਸਾਧਕ ਰਿਹਾ ਹੈ। ਪੰਜਾਬ ਦੀ ਮਿੱਟੀ ਦੀ ਨਾਬਰੀ ਦੀ ਸੁਰ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਮੋਹ ਉਸ ਦੇ ਸੰਗ ਸਾਥ ਦੇਸ਼ ਵਿਚ ਵੀ ਰਿਹਾ ਹੈ ਅਤੇ ਪ੍ਰਦੇਸ਼ ਵਿਚ ਵੀ। ਉਹ ਪੰਜਾਬੀਆਂ ਨੂੰ ਸਰਾਪੀ ਹੋਈ ਧਰਤੀ ਦੇ ਸਰਾਪੇ ਲੋਕ ਕਹਿੰਦਾ ਹੈ ਜਿਨ੍ਹਾਂ ਨੇ ਪਿਛਲੇ ਤਿੰਨ ਹਜ਼ਾਰ ਸਾਲ 'ਚ ਬਹੁਤ ਘੱਟ ਸਮੇਂ ਲਈ ਸੁਖ ਵੇਖਿਆ ਹੈ। ਸੰਤਾਲੀ ਪੰਜਾਬੀਆਂ ਲਈ ਸਭ ਤੋਂ ਵੱਡਾ ਸਦਮਾ ਸੀ, ਜਿਸ ਵਿਚ ਦਸ ਲੱਖ ਲੋਕ ਮਰ ਮੁੱਕ ਗਏ ਤੇ ਲਗਪਗ ਡੇਢ ਕਰੋੜ ਉਜੜੇ। ਵੰਡ ਬਾਰੇ ਨਾਵਲ, ਕਹਾਣੀ ਵਧ ਲਿਖੇ ਗਏ ਹਨ। ਕਵਿਤਾ ਘੱਟ। ਇਸ ਕਵਿਤਾ ਵਿਚ ਹੇਰਵਾ, ਸਦਭਾਵਨਾ, ਸੰਤਾਪ ਤੇ ਵਿਰਲਾਪ ਦੇ ਕਈ ਰੰਗ ਹਨ। ਸੰਤਾਲੀ ਬਾਰੇ ਪੰਜਾਬੀ ਵਿਚ ਪ੍ਰਾਪਤ ਕਿਤਾਬਾਂ ਵਿਚੋਂ ਇਹ ਪੁਸਤਕ ਆਪਣੀ ਗੰਭੀਰਤਾ ਤੇ ਰੰਗਾਂ ਦੀ ਅਨੇਕਤਾ ਕਾਰਨ ਵੱਖਰੀ ਹੈ। ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ ਤੇ ਪੋਠੋਹਾਰੀ ਦੀਆਂ ਨਜ਼ਮਾਂ ਤੇ ਗ਼ਜ਼ਲਾਂ ਹਨ ਇਸ ਵਿਚ। ਕਵੀਸ਼ਰੀ, ਕਿੱਸਿਆਂ ਦੇ ਅੰਸ਼, ਸਟੇਜੀ ਕਵਿਤਾ, ਖੁੱਲ੍ਹੀ ਕਵਿਤਾ, ਪਰੰਪਰਾਗਤ ਬੈਂਤ ਆਦਿ ਛੰਦ ਹਨ। ਬਿਰਤਾਂਤਕ ਕਾਵਿ ਹੈ। ਵਿਅੰਗ ਹੈ। ਸੰਸਮਰਣ ਹਨ। ਸਿਵਾਏ ਅੰਗਰੇਜ਼ੀ ਦੀਆਂ ਕਵਿਤਾਵਾਂ ਦੇ ਬਾਕੀ ਸਾਰੀਆਂ ਰਚਨਾਵਾਂ ਗੁਰਮੁਖੀ ਲਿਪੀ ਵਿਚ ਹਨ। ਮੈਨੂੰ ਪਹਿਲੀ ਵਾਰ ਪਤਾ ਲੱਗਾ ਹੈ ਕਿ ਅਗਯੇਯ (ਹਿੰਦੀ ਦਾ ਵਿਸ਼ਵ ਪ੍ਰਸਿੱਧ ਸਾਹਿਤਾਕਾਰ) ਕਰਤਾਰਪੁਰ (ਪੰਜਾਬ) ਦਾ ਸੀ। ਇਸ ਕਿਤਾਬ ਵਿਚ ਗੁਲਜ਼ਾਰ, ਸਾਹਿਰ, ਫੈਜ਼, ਬਾਬੂ ਰਜਬ ਅਲੀ, ਯੁਮਨ, ਰੂਪ, ਦਾਮਨ, ਮੁਸਾਫਿਰ, ਕੁੰਦਨ, ਸ਼ਰੀਫ਼ ਕੁੰਜਾਹੀ, ਸਹਿਰਾਈ, ਅਹਿਮਦ ਰਾਹੀ, ਕੁਮਾਰ ਵਿਕਲ, ਹਰਿੰਦਰ ਸਿੰਘ ਮਹਿਬੂਬ, ਸ਼ਿਵ, ਜੋਗਾ ਸਿੰਘ, ਨੇਕੀ, ਮੀਸ਼ਾ, ਹਰਿਭਜਨ, ਅੰਮ੍ਰਿਤਾ, ਅਮਿਤੋਜ, ਚੰਦਨ (ਸੰਪਾਦਕ), ਅਮਿਤੋਜ, ਭੂਸ਼ਣ, ਸੰਤ ਸੰਧੂ, ਨਿਰੂਪਮਾ, ਅਹਿਮਦ ਸਲੀਮ, ਅਹਿਮਦ ਨਦੀਮ ਕਾਸਮੀ, ਪਾਤਰ, ਨਿਰੂਪਮਾ ਦੱਤ, ਇਮਤਿਆਜ਼ ਧਾਰਕਰ, ਮੋਨਿਕਾ ਆਲਵੀ, ਕਵਿਤਾ ਜਿੰਦਲ, ਲੈਲਾ ਸੰਪਦਨ, ਸ਼ਾਨਵੀਰ ਰਹਿਲ, ਹਰਵਿੰਦਰ ਭੱਟੀ, ਮਨਮੋਹਨ ਸਿੰਘ, ਸ਼ਮਸ਼ੇਰ ਸਿੰਘ ਬਬਰਾ, ਅਹਿਮਦ ਰਾਹੀ, ਸਰਵਨ ਮਿਨਹਾਸ, ਸਵਾਮੀ ਅੰਤਰ ਕੀਰਵ ਜਿਹੇ ਕਿੰਨੇ ਹੀ ਨਵੇਂ ਪੁਰਾਣੇ ਨਾਂਅ ਹਨ। ਵੰਡ ਦੀ ਕਵਿਤਾ ਤੇ ਤ੍ਰਾਸਦੀ ਬਾਰੇ ਚੰਦਨ ਦਾ ਵਿਸ਼ਲੇਸ਼ਣ ਵੀ ਪੜ੍ਹਨ ਸਾਂਭਣਯੋਗ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਅੱਜ ਦੀ ਸੰਸਾਰ-ਕਥਾ
ਅਨੁਵਾਦਕ ਅਤੇ ਸੰਪਾਦਕ : ਇੰਦੇ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ (ਪੇ.ਬੈ. 350), ਸਫ਼ੇ : 428
ਸੰਪਰਕ : 093123-35078.

ਸ੍ਰੀ ਇੰਦੇ ਸਾਹਿਤ ਦੇ ਖੇਤਰ ਦਾ ਇਕ ਅਤਿ ਉਤਸ਼ਾਹੀ ਅਤੇ ਪਰਾਕ੍ਰਮੀ ਲੇਖਕ ਹੈ। ਹਥਲੀ ਪੁਸਤਕ ਵਿਚ ਉਸ ਨੇ ਕਹਾਣੀ ਵੱਲ ਰੁਖ਼ ਕੀਤਾ ਹੈ ਅਤੇ 35 ਦੇਸ਼ਾਂ ਦੇ ਕਹਾਣੀਕਾਰਾਂ ਦੀਆਂ 70 ਕਹਾਣੀਆਂ ਦਾ ਅਨੁਵਾਦ ਕਰ ਕੇ ਇਕ ਨਵੇਂ ਕੀਰਤੀਮਾਨ ਨੂੰ ਛੋਹ ਲਿਆ ਹੈ। ਇਸ ਪੁਸਤਕ ਵਿਚ ਪੰਜਾਬੀ ਅਤੇ ਹਿੰਦੀ ਕਹਾਣੀਕਾਰਾਂ ਨੂੰ ਬਹੁਤੀ ਸਪੇਸ ਨਹੀਂ ਮਿਲੀ। ਪੰਜਾਬੀ ਦਾ ਤਰਸੇਮ ਨੀਲਗਿਰੀ (ਕਾਲਾ ਕੇਸੂ) ਅਤੇ ਹਿੰਦੀ ਦਾ ਮਾਧਵ ਰਾਉ ਸਪਰੇ (ਇਕ ਟੋਕਰੀ ਮਿੱਟੀ ਦੀ) ਹੀ ਇਸ ਪੁਸਤਕ ਵਿਚ ਸ਼ੁਮਾਰ ਹੋ ਸਕੇ ਹਨ।
ਇਸ ਸੰਕਲਨ ਵਿਚ ਬਰਤਾਨੀਆ, ਕੈਨੇਡਾ, ਇਟਲੀ, ਅਮਰੀਕਾ, ਨਾਰਵੇ, ਆਸਟ੍ਰੇਲੀਆ, ਹੰਗਰੀ, ਜਰਮਨੀ, ਨਿਊਜ਼ੀਲੈਂਡ, ਪੋਲੈਂਡ, ਫਰਾਂਸ, ਸਪੇਨ, ਆਇਰਲੈਂਡ ਤੋਂ ਬਿਨਾਂ ਮਿਸਰ, ਫਲਸਤੀਨ, ਨਾਮੀਬੀਭੀਆ, ਅਫ਼ਰੀਕੀ-ਅਮਰੀਕੀ, ਜਾਰਡਨ, ਕੋਲੰਬੀਆ, ਦੱਖਣੀ ਅਫ਼ਰੀਕਾ, ਇਜ਼ਰਾਈਲ, ਸਾਊਦੀ ਅਰਬ, ਬਲਗਾਰੀਆ, ਸੰਯੁਕਤ ਅਰਬ ਅਮੀਰਾਤ, ਗਿਆਨਾ, ਓਮਾਨ, ਲਿਬੀਆ ਅਤੇ ਜਾਪਾਨ ਵਰਗੇ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਦੇ ਚੋਣਵੇਂ ਕਹਾਣੀਕਾਰ ਸ਼ਾਮਿਲ ਹਨ। ਪ੍ਰਮਾਣਿਕ ਕਹਾਣੀ ਦੀ ਪਰਿਭਾਸ਼ਾ ਕਰਦਾ ਹੋਇਆ ਪ੍ਰੋ: ਇੰਦੇ ਲਿਖਦਾ ਹੈ, 'ਕਹਾਣੀ ਰੌਚਕ ਹੋਵੇ, ਉਸ ਵਿਚ ਕੋਈ ਕਾਵਿਕ, ਵਿਸਮਾਦੀ ਕਣ ਪਿਆ ਹੋਵੇ। ਆਧਾਰ ਤਾਂ ਵਾਸਤਵਿਕ ਹੋਣਾ ਹੀ ਹੁੰਦਾ ਹੈ। ਹਾਸਾ ਹੋਵੇ, ਕਰੁਣਾ, ਸਨੇਹ, ਵਿਵਾਦ, ਅੰਤਰਵਿਵਾਦ ਕੁਝ ਵੀ ਹੋਵੇ ਪਰ ਮਨੁੱਖ ਦਾ ਅੰਤਸ਼ (ਅੰਤਹਕਰਣ) ਛੋਹੇ। ਲੋਅ ਜਗਾਏ, ਮਨ ਦੇ ਪਟ ਖੋਲ੍ਹੇ, ਸੋਚ ਦਾ ਵਿਹੜਾ ਮੋਕਲਾ ਕਰੇ।' (ਸਫ਼ਾ 11) ਘਰ-ਘਰ ਦੀ ਵਸਤ ਬਣ ਚੁੱਕੇ ਵਿਸ਼ਵ ਦੇ ਬਹੁਤ ਸਾਰੇ ਨਾਮੀ-ਗਰਾਮੀ ਕਹਾਣੀਕਾਰ ਲੇਖਕ ਨੇ ਜਾਣਬੁੱਝ ਕੇ ਛੱਡ ਦਿੱਤੇ ਹਨ। ਅਨੁਵਾਦ-ਕਰਮ ਦੌਰਾਨ ਉਸ ਨੂੰ ਇਹ ਵੀ ਅਨੁਭਵ ਹੋਇਆ ਕਿ ਅਰਬ-ਕਹਾਣੀਕਾਰਾਂ ਦੀ ਵਡੇਰੀ ਗਿਣਤੀ ਅਣਗਾਹੀ-ਅਣਵਾਚੀ ਪਈ ਹੈ; ਅਰਬ ਦਾ ਗਲਪ-ਸੰਸਾਰ ਉਸ ਨੂੰ ਪੱਛਮ ਦੇ ਵਿਕਸਿਤ ਗਲਪ-ਸੰਸਾਰ ਨਾਲੋਂ ਵੀ ਭਾਰਾ-ਗਉਰਾ ਮਹਿਸੂਸ ਹੋਇਆ। ਹਾਲਾਂਕਿ ਏਨੀਆਂ ਸਾਰੀਆਂ ਕਹਾਣੀਆਂ ਦਾ ਵਰਗੀਕਰਨ ਸੰਭਵ ਨਹੀਂ ਪਰ ਸ੍ਰੀ ਇੰਦੇ ਨੇ ਪੁਸਤਕ ਦੇ ਮੁੱਖ ਬੰਧ (ਮੇਰੀ ਆਪਣੀ ਪਛਾਣ) ਵਿਚ ਇਨ੍ਹਾਂ ਕਹਾਣੀਆਂ ਨੂੰ ਸੂਤਰਬੱਧ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚਲੇ ਅਨੁਭਵ ਅਤੇ ਰੂਪ ਵਿਧਾ ਦੀ ਵਚਿੱਤਰਤਾ ਪਹਿਲੀ ਕਹਾਣੀ 'ਤਨ ਦੀ ਰੱਜੀ, ਮਨ ਦੀ ਰੱਜੀ' (ਏਂਜਲਾ ਹੁਥ, 1938, ਬਰਤਾਨੀਆ) ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਮਾਰਗ੍ਰੇਟ ਐਟਵੁਡ, ਯੂਸਫ਼ ਇਦਰੀਸ, ਵਾਲੀਦ ਰਹਾਬ, ਅਲਬਰਤੋ ਮੋਰਾਵੀਆ, ਕੇਅ ਗਿਬਸਨ, ਫਰਾਜ਼ ਕਾਫਕਾ, ਹਾਇਨਰਿਖ਼ ਬਯਾਲ, ਗੈਬਰੀਅਲ ਗਾਰਸ਼ੀਆ ਮਾਰਖੇਜ਼, ਅਲ ਮੁਸ਼ਰੀ, ਅਬਦੁਲ ਹਮੀਦ ਅਹਿਮਦ, ਜੇਮਜ਼ ਜਾਇਸ ਅਤੇ ਕਾਵਾਬਾਤਾ ਦੁਆਰਾ ਆਪਣੇ ਸ਼ਾਨਦਾਰ ਸਰੰਜਾਮ ਤੱਕ ਪਹੁੰਚਦੀ ਹੈ। ਪੰਜਾਬੀ ਦੇ ਨਵੇਂ-ਪੁਰਾਣੇ ਕਹਾਣੀਕਾਰਾਂ ਲਈ ਇਹ ਪੁਸਤਕ ਇਕ ਸ੍ਰੋਤ-ਗ੍ਰੰਥ ਵਾਂਗ ਹਵਾਲਾ ਪੁਸਤਕ ਦਾ ਕੰਮ ਕਰੇਗੀ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਇਲਤਜ਼ਾ
ਸ਼ਾਇਰ : ਸੋਮ ਨਾਥ ਭੱਟੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 99151-40818

ਸੋਮ ਨਾਥ ਭੱਟੀ ਪੁਰਾਣਾ ਕਲਮਕਾਰ ਹੈ ਜਿਸ ਨੇ ਜ਼ਿੰਦਗੀ ਦੇ ਕੌੜੇ ਸੱਚ ਨੂੰ ਨਜ਼ਦੀਕ ਤੋਂ ਦੇਖਿਆ ਤੇ ਹੰਢਾਇਆ ਹੈ। ਉਸ ਦੇ ਪੁੱਤਰ ਵਿਜੈ ਭੱਟੀ ਵਲੋਂ ਆਪਣੇ ਪਿਤਾ ਦੀਆਂ ਰਚੀਆਂ ਕਾਵਿਕ ਰਚਨਾਵਾਂ ਨੂੰ ਇਕੱਤਰ ਕਰਕੇ 'ਇਲਤਜ਼ਾ' ਪੁਸਤਕ ਵਿਚ ਸਾਂਭਿਆ ਗਿਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਕੁਝ ਲੰਬੀਆਂ ਕਵਿਤਾਵਾਂ ਤੇ ਬਾਕੀ ਦੇ ਪੰਨਿਆਂ 'ਤੇ ਗ਼ਜ਼ਲਾਂ ਛਪੀਆਂ ਮਿਲਦੀਆਂ ਹਨ। ਸੋਮ ਨਾਥ ਭੱਟੀ ਦੀ ਪਹਿਲੀ ਕਵਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਹੈ। ਇਹ ਕਵਿਤਾ ਕੁਝ ਹੋਰ ਕਵਿਤਾਵਾਂ ਵਾਂਗ ਸਟੇਜੀ ਹੈ ਤੇ ਇਹ ਰੰਗ ਮੌਜੂਦਾ ਪੰਜਾਬੀ ਸ਼ਾਇਰੀ ਵਿਚੋਂ ਅਲੋਪ ਹੋ ਰਿਹਾ ਹੈ। ਇਸ ਕਵਿਤਾ ਦੇ ਬਹਾਨੇ ਸ਼ਾਇਰ ਨੇ ਦੁਨੀਆਂ ਦੇ ਅਜੋਕੇ ਨਾਂਹ ਪੱਖੀ ਵਰਤਾਰੇ 'ਤੇ ਵਿਸਥਾਰ ਨਾਲ ਰੌਸ਼ਨੀ ਪਾਈ ਹੈ। 'ਮੇਰੇ ਰਸਤੇ ਨੂੰ ਨਾ ਰੋਕੋ, ਅਜੇ ਮੈਂ ਦੂਰ ਜਾਣਾ ਏ' ਬਹੁਤ ਹੀ ਭਾਵਪੂਰਤ ਤੇ ਉਤਸ਼ਾਹੀ ਕਵਿਤਾ ਹੈ ਜਿਸ ਵਿਚ ਸ਼ਾਇਰ ਲੋਕਾਂ ਵਿਚਲੇ ਆਰਥਿਕ ਪਾੜੇ, ਦੰਭੀ ਸਿਆਸਤ ਤੇ ਗੂੜ੍ਹੇ ਹਨ੍ਹੇਰਿਆਂ ਖ਼ਿਲਾਫ਼ ਜੰਗ ਦਾ ਐਲਾਨ ਕਰਦਾ ਹੈ। ਇਸ ਵਿਚ ਉਹ ਫ਼ਿਰਕਾਪ੍ਰਸਤਾਂ, ਮਜ਼ਹਬ ਦੇ ਠੇਕੇਦਾਰਾਂ ਤੇ ਤਾਜਦਾਰਾਂ ਵਿਰੁੱਧ ਆਪਣੇ ਗੁੱਸੇ ਦਾ ਇਜ਼ਹਾਰ ਕਰਦਾ ਹੈ। ਇਹ ਕਵਿਤਾ ਇਸ ਪੁਸਤਕ ਦੀ ਬਿਹਤਰੀਨ ਕਵਿਤਾ ਹੈ। ਤੀਸਰੀ ਕਵਿਤਾ ਵਿਚ ਵੀ ਦੇਸ਼ ਦੀ ਨਿੱਘਰ ਰਹੀ ਹਾਲਤ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਤੇ ਉਸ ਨੂੰ ਨਿੱਘਰੀ ਹਾਲਤ ਆਪਣੇ ਦੇਸ਼ ਦਾ ਅਪਮਾਨ ਮਹਿਸੂਸ ਹੁੰਦੀ ਹੈ। 'ਇਲਤਜ਼ਾ' ਦੇ ਕੁਝ ਗੀਤ ਧਿਆਨ ਖਿੱਚਦੇ ਹਨ ਤੇ ਇਹ ਗਾਏ ਜਾਣ ਵਾਲੇ ਹਨ। 'ਵੇ ਮੈਂ ਜੀਆਂਗੀ ਮਰਾਂਗੀ ਤੇਰੇ ਨਾਲ ਸੋਹਣਿਆਂ' ਬਹੁਤ ਖ਼ੂਬਸੂਰਤ ਰਚਨਾ ਹੈ ਜਿਸ ਵਿਚ ਸ਼ਾਇਰ ਨੇ ਆਮ ਬੋਲਚਾਲ ਦੀ ਸ਼ਬਦਾਬਲੀ ਵਰਤ ਕੇ ਖ਼ੂਬਸੂਰਤ ਮੰਜ਼ਰ ਸਿਰਜੇ ਹਨ। ਗ਼ਜ਼ਲ ਕਾਵਿ ਦੀ ਸਭ ਤੋਂ ਮੁਸ਼ਕਿਲ ਸਿਨਫ਼ ਤਾਂ ਬੇਸ਼ਕ ਨਾ ਹੋਵੇ ਪਰ ਏਨੀ ਸਰਲ ਨਹੀਂ ਹੈ। ਭੱਟੀ ਨੇ ਵੀ ਇਸ ਪੁਸਤਕ ਵਿਚ ਕਾਫ਼ੀ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ ਪਰ ਇਨ੍ਹਾਂ ਵਿਚ ਕਈ ਅਜਿਹੀਆਂ ਗ਼ਲਤੀਆਂ ਹਨ ਜਿਨ੍ਹਾਂ ਨੂੰ ਗ਼ਜ਼ਲ ਦਾ ਅਨੁਸ਼ਾਸਨ ਸਵੀਕਾਰ ਨਹੀਂ ਕਰਦਾ।

-ਗੁਰਦਿਆਲ ਰੌਸ਼ਨ
ਮੋ: 99884-44002


ਹੱਦਾਂ ਟੱਪ ਆਏ ਜਰਵਾਣੇ
ਲੇਖਕ : ਰਮਨ
ਪ੍ਰਕਾਸ਼ਕ : ਨਵੀਂ ਦੁਨੀਆ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 60 ਰੁਪਏ, ਸਫ਼ੇ : 78
ਸੰਪਰਕ : 98785-31166.

ਰਮਨ ਪੰਜਾਬੀ ਕਾਵਿ-ਜਗਤ ਦਾ ਜਾਣਿਆ-ਪਛਾਣਿਆ ਹਸਤਾਖ਼ਰ ਹੈ। 'ਹੱਦਾਂ ਟੱਪ ਆਏ ਜਰਵਾਣੇ' ਉਸ ਦਾ ਛੇਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਬਿਨਾਂ ਉਸ ਨੇ ਸ਼ੈਰੀ ਕੌਰ ਦੀਆਂ ਅੰਗਰੇਜ਼ੀ ਕਵਿਤਾਵਾਂ ਨੂੰ 'ਦ ਮੂਨ' ਸਿਰਲੇਖ ਹੇਠ ਸੰਪਾਦਨ ਵੀ ਕੀਤਾ ਹੈ। ਨਾਟਕ ਵੀ ਲਿਖੇ ਹਨ। 'ਹੱਦਾਂ ਟੱਪ ਆਏ ਜਰਵਾਣੇ' ਕਾਵਿ-ਸੰਗ੍ਰਹਿ ਵਿਚ ਕਵਿਤਾਵਾਂ ਤੋਂ ਇਲਾਵਾ 13 ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਅਜੋਕੇ ਸਮੇਂ ਵਿਚ ਰਾਜ-ਸੱਤਾ 'ਤੇ ਕਾਬਜ਼ ਧਿਰਾਂ ਅਤੇ ਜਨੂੰਨੀ ਸੰਗਠਨਾਂ ਵਲੋਂ ਵਿਗਿਆਨਕ ਅਤੇ ਤਰਕਸ਼ੀਲ ਸੋਚ ਅਧੀਨ ਅਸਹਿਮਤੀ, ਵਿਰੋਧ ਦੀ ਪਨਪਦੀ ਅਤੇ ਵਿਕਸਤ ਹੁੰਦੀ ਸੁਰ ਨੂੰ ਜਬਰੀ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲਈ ਉਸ ਨੇ ਇਹ ਕਾਵਿ-ਸੰਗ੍ਰਹਿ ਸਵੈ-ਪ੍ਰਗਟਾਵੇ ਦੀ ਆਜ਼ਾਦੀ ਲਈ ਜੂਝਦੇ ਸੂਰਬੀਰ, ਸ਼ਹੀਦਾਂ ਨੂੰ ਸਮਰਪਿਤ ਕਰਦਿਆਂ ਆਪਣੀ ਪ੍ਰਤੀਰੋਧੀ ਸੁਰ ਦਾ ਪ੍ਰਗਟਾ ਕੀਤਾ ਹੈ। ਗ਼ਜ਼ਲਾਂ ਅਤੇ ਕਵਿਤਾਵਾਂ 'ਚ ਦਮ ਘੁੱਟਦੇ ਮਾਹੌਲ, ਅਰਾਜਕਤਾ ਭਰੀ ਬੇਚੈਨੀ, ਸ਼ਹਿਰੀ ਆਜ਼ਾਦੀਆਂ ਦਬਾਉਣ ਦੇ ਲਗਾਤਾਰ ਯਤਨ, ਇਨਸਾਨਾਂ ਦੇ ਬੁਨਿਆਦੀ ਹੱਕਾਂ ਨੂੰ ਕੁਚਲਣ, ਔਰਤਾਂ ਅਤੇ ਬੱਚੀਆਂ ਨਾਲ ਹੁੰਦਾ ਅਨਾਚਾਰ, ਨੀਰੋ ਵਲੋਂ ਬੰਸਰੀ ਵਜਾਉਣ ਦੀਆਂ ਅਲਾਮਤਾਂ ਦੇ ਵਿਰੋਧ 'ਚ ਚੁੱਪੀ ਧਾਰੀ ਬੈਠੀ ਆਮ ਲੋਕਾਈ ਦੇ ਨਾਲ-ਨਾਲ ਸੂਝਵਾਨ ਕਹਾਉਂਦੇ ਭੱਦਰ-ਪੁਰਸ਼ਾਂ ਦੀ ਸੋਚ ਦਾ ਵੀ ਖੁਲਾਸਾ ਕੀਤਾ ਗਿਆ ਹੈ। ਇਨਸਾਨੀਅਤ ਦੀ ਥਾਵੇਂ ਹੈਵਾਨੀਅਤ ਹਾਵੀ ਹੁੰਦੀ ਪ੍ਰਤੀਤ ਹੁੰਦੀ ਹੈ। ਅਜਿਹੀ ੱਭਿਅੰਕਰ ਸਥਿਤੀ ਦੇ ਹੁੰਦਿਆਂ ਵੀ ਪ੍ਰੋ: ਰਮਨ ਨੂੰ ਆਸ ਹੈ ਕਿ ਭਵਿੱਖ 'ਚ ਮਾਨਵੀ ਕਦਰਾਂ-ਕੀਮਤਾਂ ਨੂੰ ਪ੍ਰਣਾਏ ਲੋਕ/ਲੇਖਕ ਜ਼ਰੂਰ ਇਕ ਦਿਨ ਇਸ ਫ਼ਿਰਕੂ ਹਨੇਰੀ ਵਿਰੁੱਧ ਡਟਣਗੇ ਵੀ ਅਤੇ ਜੂਝਣਗੇ ਵੀ। ਸਿੱਟੇ ਵਜੋਂ ਜੁਗਾਂ ਪੁਰਾਣੀ ਤਹਿਜ਼ੀਬ ਨੂੰ ਕਾਇਮ ਰੱਖਣਗੇ। ਨੌਜਵਾਨਾਂ ਲਈ ਬਾ-ਰੁਜ਼ਗਾਰ ਹੋਣ ਦਾ ਇਕੋ-ਇਕ ਵਸੀਲਾ ਖ਼ੁਦਕੁਸ਼ੀ ਹੈ :
ਖ਼ੁਦਕੁਸ਼ੀ ਲਈ ਕਰਦਾ ਜੋ ਤਰੱਦਦ ਹੈ
ਰੋਜ਼ੀ ਦੇ ਲਈ ਉਹਦਾ ਦਾਵਾ ਨਿੱਗਰ ਹੈ।
ਉਹ ਹਾਲਾਤ ਤੋਂ ਚਿੰਤਤ ਤਾਂ ਹੈ, ਨਿਰਾਸ਼ ਨਹੀਂ ਹੈ, ਉਹ ਸਥਿਤੀ ਬਦਲਣ ਲਈ ਆਸਵੰਦ ਹੈ:
ਉਹਦੇ ਅੱਥਰੂਆਂ ਨੂੰ ਮੁਖਾਤਿਬ ਹੋ ਆਖਦਾ ਹਾਂ ਮੈਂ
ਮਲਬਾ ਸੰਭਾਲ ਲੈ ਜ਼ੀਆ!
ਅਕਸਰ ਮਲਬੇ 'ਚੋਂ ਵੀ ਉਸਰ ਆਉਂਦੀ ਹੈ
ਇਮਾਰਤ ਜ਼ੀਆ!
'ਇਕੱਲੇ ਜਾਂ ਇਕੱਠੇ' ਨਜ਼ਮ ਵਿਅਕਤੀਗਤ ਸੰਘਰਸ਼ ਦੀ ਥਾਵੇਂ ਸਮੂਹਕ ਸੰਘਰਸ਼ ਦੀ ਪ੍ਰੇਰਨਾ ਦਿੰਦੀ ਇਕੱਲੇ ਤੋਂ ਸਮੂਹ ਨੂੰ ਚੁੱਪ ਤੋੜਨ ਲਈ ਵਿਅੰਗਾਤਮਕ ਸੁਰਾਂ 'ਚ ਪ੍ਰੇਰਦੀ ਹੈ। 'ਹਾਕਮ ਹੁਕਮ ਕਰੇਂਦਾ', 'ਹਾਕਮ ਕਰਨ ਕਲੋਲਾਂ', 'ਚੀਖ਼', 'ਹਾਕਮ ਨੂੰ ਪੁੱਛੀਏ', 'ਮਨ ਕੀ ਬਾਤ', 'ਹਾਕਮ ਹਾਕਮ ਹਰ ਕੋਈ ਆਖੇ', 'ਹੱਦਾਂ ਟੱਪ ਆਏ ਜਰਵਾਣੇ' ਅਤੇ ਹੋਰ ਅਨੇਕਾਂ ਕਵਿਤਾਵਾਂ ਦੇ ਵਿਅੰਗਾਤਮਕ ਸਿਰਲੇਖ ਹਾਕਮ ਅਤੇ ਖ਼ਲਕਤ ਦੀ ਖ਼ਸਲਤ ਪੇਸ਼ ਕਰ ਜਾਂਦੇ ਹਨ। 'ਲੋਕਤੰਤਰ' 'ਚ 'ਲੋਕ ਸੇਵਕਾਂ' ਦਾ ਖਾਸਾ ਤਾਂ ਆਮ ਖ਼ਲਕਤ ਦੀ ਭਲਾਈ ਹੋਣਾ ਚਾਹੀਦਾ ਹੈ ਪਰ ਰਮਨ ਤੁਲਨਾਤਮਕ ਪ੍ਰਸਥਿਤੀਆਂ ਦਾ ਨਿਰੂਪਣ ਕਰ ਇਨ੍ਹਾਂ ਖੋਖਲੇ ਸ਼ਬਦਾਂ ਦਾ ਪਾਜ ਖੋਲ੍ਹ ਦਿੰਦਾ ਹੈ। ਕਵਿਤਾਵਾਂ ਦੀ ਭਾਸ਼ਾ ਭਾਵਾਂ ਅਨੁਸਾਰ ਸਰਲ, ਸਪੱਸ਼ਟ ਹੋਣ ਦੇ ਬਾਵਜੂਦ ਵੀ ਅੰਦਰੂਨੀ ਪਰਤਾਂ ਦੇ ਕਈ-ਕਈ ਰੰਗ ਪਾਠਕਾਂ ਸਾਹਵੇਂ ਪੇਸ਼ ਕਰ ਜਾਂਦੀ ਹੈ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

 

 


ਜੋ ਬ੍ਰਹਮੰਡੇ ਸੋਈ ਪਿੰਡੇ
(ਪੰਜ ਤੱਤਾਂ ਦੀ ਕਹਾਣੀ)
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 099873-08283.

ਹੱਥਲੀ ਪੁਸਤਕ 'ਜੋ ਬ੍ਰਹਮੰਡੇ ਸੋਈ ਪਿੰਡੇ' ਜੋ ਪੰਜ ਤੱਤਾਂ ਦੀ ਕਹਾਣੀ ਹੈ, ਉਨ੍ਹਾਂ ਤੋਂ ਭਿੰਨ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ। ਉਮਰ ਦੇ ਅੰਤਮ ਪੜਾਅ ਵਿਚ ਵਿਚਰ ਰਹੇ ਲੇਖਕ ਨੇ ਜੀਵ ਦੀ ਪੰਜ ਤੱਤਾਂ ਤੋਂ ਹੋਈ ਰਚਨਾ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਹੈ। ਰੱਬ ਤੋਂ ਸ੍ਰਿਸ਼ਟੀ, ਸ੍ਰਿਸ਼ਟੀ ਤੋਂ ਪੰਜਾਂ ਤੱਤਾਂ ਦੀ ਹੋਂਦ ਤੇ ਸਾਡੇ ਸਰੀਰ ਵਿਚ ਇਨ੍ਹਾਂ ਦੀ ਕੀ ਭੂਮਿਕਾ ਹੈ, ਇਸ ਵਿਸ਼ੇ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਹੈ। ਤੱਤਾਂ ਦਾ ਮੇਲ ਹੀ ਅਜਿਹੀ ਖੇਡ ਹੈ, ਜੋ ਮਨੁੱਖੀ ਹੋਂਦ ਨੂੰ ਕਾਇਮ ਰੱਖਦੀ ਹੈ ਤੇ ਮੌਤ ਉਪਰੰਤ ਇਹ ਤੱਤ ਮੂਲ ਤੱਤਾਂ ਆਪਣੀ-ਆਪਣੀ ਹੋਂਦ ਵਿਚ ਸਮਾ ਜਾਂਦੇ ਹਨ। ਉਨ੍ਹਾਂ ਨੇ ਭਗਤ ਪੀਪਾ ਜੀ ਦੀ ਤੁੱਕ ਤੋਂ ਪਹਿਲੇ ਕਾਂਡ ਦਾ ਆਰੰਭ ਕੀਤਾ ਹੈ-
ਜੋ ਬ੍ਰਹਮੰਡੇ ਸੋਈ ਪਿੰਡੇ
ਜੋ ਖੋਜਹਿ ਸੋ ਪਾਵਹਿ॥
ਇਹ ਪੰਜ ਤੱਤ ਹਨ-ਮਿੱਟੀ, ਹਵਾ, ਅੱਗ, ਪਾਣੀ ਤੇ ਆਕਾਸ਼, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿਚ ਆਉਂਦਾ ਹੈ-
'ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥
ਜਿਹ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥
ਲੇਖਕ ਨੇ ਪਹਿਲੇ ਕਾਂਡ ਵਿਚ 'ਧੁਧੂੰਕਾਰਾ' ਸ਼ਬਦ ਲੈ ਕੇ ਗੁਰਬਾਣੀ ਦੇ ਆਧਾਰ 'ਤੇ ਵਿਸਤ੍ਰਿਤ ਵਿਆਖਿਆ ਕੀਤੀ ਹੈ। ਦੂਸਰਾ ਕਾਂਡ ਹੈ 'ਆਪੇ ਆਪ ਉਪਾਇ ਨਿਰਾਲਾ' ਵਿਚ ਪੂਰੇ ਸ਼ਬਦ ਨੂੰ ਲੈ ਕੇ ਇਸ ਪੱਖ 'ਤੇ ਚਾਨਣਾ ਪਾਇਆ ਹੈ ਕਿ ਜੀਵ ਆਤਮਾ ਵਾਹਿਗੁਰੂ ਦੇ ਹੁਕਮ ਨਾਲ ਆਉਂਦੀ ਹੈ ਤੇ ਹੁਕਮ ਅਨੁਸਾਰ ਹੀ ਉਸ ਵਿਚ ਸਮਾ ਜਾਂਦੀ ਹੈ। ਅਗਲਾ ਕਾਂਡ ਹੈ-'ਸੁਨੰ ਕਲਾ ਅਪਰੰਪਰਿ ਧਾਰੀ' ਭਾਵ ਸੁਨੰਹੁ ਬ੍ਰਹਮਾ ਬਿਸਨ ਮਹੇਸ ਉਪਾਏ, ਸਾਰਾ ਸੰਸਾਰ ਸੁਨੰ ਤੋਂ ਹੀ ਉਪਜਿਆ ਹੈ। ਲੇਖਕ ਨੇ ਅਗਲੇ ਕਾਂਡਾਂ ਵਿਚ ਪੰਜ ਤੱਤਾਂ ਦੀ ਵਿਸ਼ੇਸ਼ਤਾ ਦਰਸਾ ਕੇ ਤੱਤਾਂ ਦੇ ਮੇਲ ਦੀ ਵਿਆਖਿਆ ਵਿਸਥਾਰ ਨਾਲ ਕੀਤੀ ਹੈ। ਧਰਤੀ, ਪਾਣੀ, ਪਵਨ, ਅਗਨੀ ਤੇ ਆਕਾਸ਼-ਇਨ੍ਹਾਂ ਪੰਜਾਂ ਤੱਤਾਂ ਦੀ ਮਨੁੱਖੀ ਹੋਂਦ ਲਈ ਕੀ ਮਹੱਤਤਾ ਹੈ ਤੇ ਇਕ-ਇਕ ਤੱਤ ਦਾ ਸਰੀਰ ਵਿਚ ਕੀ ਰੋਲ ਹੈ, ਇਕ ਦੀ ਅਣਹੋਂਦ ਕਿਵੇਂ ਮਨੁੱਖ ਨੂੰ ਮੌਤ ਦੇ ਨੇੜੇ ਪਹੁੰਚਾ ਦਿੰਦੀ ਹੈ-ਬਾਰੇ ਬਹੁਤ ਹੀ ਖੂਬਸੂਰਤੀ ਨਾਲ ਸਾਦੀ, ਸੰਜਮ ਤੇ ਰਸੀਲੀ ਭਾਸ਼ਾ ਵਿਚ ਵਰਨਣ ਕੀਤਾ ਹੈ। ਇਸ ਸਾਰੀ ਵਿਆਖਿਆ ਦਾ ਆਧਾਰ ਗੁਰਬਾਣੀ ਹੈ, ਜਿਸ ਤੋਂ ਉਨ੍ਹਾਂ ਦੀ ਗੁਰਬਾਣੀ ਬਾਰੇ ਡੂੰਘੀ ਸੂਝਬੂਝ ਸਪੱਸ਼ਟ ਹੁੰਦੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਪਰਵਾਸੀ ਪੰਜਾਬੀ ਮਰਦ ਤੇ ਨਾਰੀ ਕਾਵਿ
ਤੁਲਨਾਤਮਕ ਪਰਿਪੇਖ
ਲੇਖਿਕਾ : ਡਾ: ਰੁਪਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 0172-5027427.

ਹਥਲੀ ਪੁਸਤਕ ਲੇਖਿਕਾ ਦੀ ਉਪਾਧੀਜਨਕ ਖੋਜ-ਕਾਰਜ ਦਾ ਪੁਸਤਕ ਰੂਪ ਹੈ। ਇਸ ਵਿਚ ਲੇਖਿਕਾ ਨੇ ਪੁਸਤਕ ਦੇ ਚਾਰ ਅਧਿਆਇ ਬਣਾਏ ਹਨ। ਪਹਿਲੇ ਅਧਿਆਇ ਵਿਚ ਉਸ ਨੇ ਨਾਰੀ ਅਤੇ ਮਰਦ ਕਾਵਿ ਦੇ ਸਿਧਾਂਤਕ ਪਰਿਪੇਖ ਦਾ ਦੀਰਘ ਦ੍ਰਿਸ਼ਟੀ ਤੋਂ ਵਿਵੇਚਣ ਕੀਤਾ ਹੈ ਜਿਸ ਦੇ ਅੰਤਰਗਤ ਨਾਰੀ-ਸੋਚ ਅਤੇ ਮਰਦ-ਸੋਚ ਦੀਆਂ ਵਿਭਿੰਨ ਆਸ਼ਾਵਾਂ, ਪਰਿਵਿਰਤੀਆਂ, ਲੋੜਾਂ, ਥੁੜਾਂ ਵਿਚੋਂ ਉੱਭਰੇ ਸਰੋਕਾਰਾਂ ਦੇ ਆਂਤਰਿਕ ਅਤੇ ਬਾਹਰੀ ਇੱਛਤ ਸੰਕੇਤਾਂ ਨੂੰ ਉਭਾਰਿਆ ਹੈ। ਦੂਜੇ ਅਧਿਆਇ ਵਿਚ ਪਰਵਾਸੀ ਪੰਜਾਬੀ ਕਾਵਿ ਵਿਚ ਜੈਂਡਰ ਸਥਿਤੀ ਅਤੇ ਸੰਵੇਦਨਾ ਦੀਆਂ ਮੂਲ ਸਮੱਸਿਆਵਾਂ, ਸੰਭਾਵਨਾਵਾਂ, ਪ੍ਰਾਪਤੀਆਂ, ਸਮਕਾਲੀਨ ਚਰਿੱਤਰ ਦੇ ਯਥਾਰਥ ਦੀਆਂ ਅਧੋਗਤੀਆਂ ਜਾਂ ਉੱਚ-ਪ੍ਰਾਪਤੀਆਂ ਦਾ ਆਲੋਚਨਾਤਮਕ ਯਥਾਰਥ ਪੇਸ਼ ਕੀਤਾ ਹੈ। ਇਨ੍ਹਾਂ ਹੀ ਸੰਕਲਪਾਂ ਨੂੰ ਤੁਲਨਾਤਮਕ ਦ੍ਰਿਸ਼ਟੀ ਤੋਂ ਪੇਸ਼ ਕਰਦਿਆਂ ਹੋਇਆਂ ਤੀਜੇ ਅਧਿਆਇ ਵਿਚ ਕਈ ਉਹ ਪੱਖ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਪਾਠਕ ਸਮਝ ਕੇ ਨਵੇਂ ਜ਼ਾਵੀਆਂ ਬਾਰੇ ਸੋਚਣ ਲਈ ਮਜਬੂਰ ਹੋ ਸਕਦੇ ਹਨ। ਚੌਥੇ ਅਧਿਆਇ ਵਿਚ ਲੇਖਿਕਾ ਨੇ ਪਰਵਾਸੀ ਮਰਦ ਅਤੇ ਨਾਰੀ-ਕਾਵਿ ਦੇ ਕਾਵਿ-ਕਲਾ ਦੇ ਪ੍ਰਤਿਮਾਨਾਂ ਨੂੰ ਕਾਵਿਕ ਭਾਸ਼ਾ ਕਾਵਿ-ਸੰਰਚਣਾ ਦੀਆਂ ਵਿਭਿੰਨ ਜੁਗਤਾਂ, ਜਿਨ੍ਹਾਂ 'ਚ ਸ਼ਬਦ-ਜੜਤ, ਕਾਵਿ-ਭਾਸ਼ਾਈ ਯੋਜਨਾ, ਅਲੰਕਾਰਿਕ-ਜੁਗਤ, ਰਸਕਤਾ, ਵਿਰੋਕਤੀ ਅਤੇ ਹੋਰ ਕਾਵਿ-ਅਰਥਾਂ ਦੇ ਸਰੋਕਾਰਾਂ ਨਾਲ ਸੰਬੰਧਿਤ ਜੁਗਤਾਂ ਹਨ, ਆਦਿ ਨੂੰ ਬਾਖੂਬੀ, ਉਦਾਹਰਨਾਂ-ਦਰ-ਉਦਾਹਰਨਾਂ ਅਤੇ ਹਵਾਲਿਆਂ ਰਾਹੀਂ ਪ੍ਰਗਟ ਕੀਤਾ ਹੈ। ਇਹ ਸਮੁੱਚਾ ਕਾਰਜ ਪੰਜਾਬੀ ਕਵਿਤਾ ਦੇ ਖੋਜ-ਖੋਤਰ ਵਿਚ ਵੱਖਰਾਪਣ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

12-01-2019

 ਮੇਰਾ ਦਾਗ਼ਿਸਤਾਨ
ਲੇਖਕ : ਰਸੂਲ ਹਮਜ਼ਾਤੋਵ
ਪੰਜਾਬੀ ਅਨੁਵਾਦ : ਕਮਲਜੀਤ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਸਫ਼ੇ : 480 ਕੀਮਤ : 400 ਰੁਪਏ
ਸੰਪਰਕ : 78377-18723.

'ਮੇਰਾ ਦਾਗ਼ਿਸਤਾਨ' ਪ੍ਰਸਿੱਧ ਰੂਸੀ ਕਵੀ ਰਸੂਲ ਹਮਜ਼ਾਤੋਵ ਦੀ ਅਜਿਹੀ ਵਾਰਤਕ ਪੁਸਤਕ ਹੈ, ਜਿਸ ਨੇ ਸਾਹਿਤ ਰੂਪਾਂ ਦੇ ਪ੍ਰਚੱਲਿਤ ਚੌਖਟਿਆਂ ਨੂੰ ਨਵੀਆਂ ਵੰਗਾਰਾਂ ਪਾਈਆਂ ਹਨ ਅਤੇ ਦੁਨੀਆ ਭਰ ਦੇ ਸਾਹਿਤ ਪ੍ਰੇਮੀਆਂ ਦੇ ਮਨਾਂ ਵਿਚ ਆਪਣੀ ਨਿਵੇਕਲੀ ਥਾਂ ਬਣਾ ਲਈ ਹੈ। 'ਮੇਰਾ ਦਾਗ਼ਿਸਤਾਨ' ਦਾ ਪਹਿਲਾ ਭਾਗ 1975 ਵਿਚ ਪੰਜਾਬੀ ਵਿਚ ਅਨੁਵਾਦ ਹੋਇਆ ਸੀ, ਜਿਸ ਨੂੰ ਪ੍ਰਗਤੀ ਪ੍ਰਕਾਸ਼ਨ ਮਾਸਕੋ ਨੇ ਛਾਪਿਆ ਸੀ ਅਤੇ ਡਾ: ਗੁਰਬਖ਼ਸ਼ ਸਿੰਘ ਫਰੈਂਕ ਨੇ ਉਸ ਦਾ ਅਨੁਵਾਦ ਕੀਤਾ ਸੀ। ਉਸ ਵੇਲੇ ਇਸ ਕਿਤਾਬ ਦੀ ਆਮਦ ਨੇ ਪੰਜਾਬੀ ਸਾਹਿਤ ਵਿਚ ਇਕ ਹਲਚਲ ਪੈਦਾ ਕੀਤੀ ਸੀ। ਵਿਚਾਰਾਂ ਦੀਆਂ ਵਲਗਣਾਂ ਨੂੰ ਉਲੰਘ ਕੇ ਵੀ ਪੰਜਾਬੀ ਸਾਹਿਤਕਾਰਾਂ ਨੇ, ਇਸ ਰੂਸੀ ਕਿਤਾਬ ਨੂੰ ਸਿਰਾਂ ਉੱਤੇ ਚੁੱਕ ਲਿਆ ਸੀ। ਫੇਰ ਲਗਪਗ ਦੋ ਦਹਾਕਿਆਂ ਬਾਅਦ ਇਸ ਦਾ ਦੂਸਰਾ ਭਾਗ ਪੰਜਾਬੀ ਵਿਚ ਪ੍ਰਕਾਸ਼ਿਤ ਹੋਇਆ ਅਤੇ ਹੁਣ ਇਨ੍ਹਾਂ ਦੋਹਾਂ ਭਾਗਾਂ ਨੂੰ ਇਕੱਠੇ ਕਰਕੇ ਪੰਜਾਬੀ ਵਿਚ ਪਹਿਲਾ ਸੰਪੂਰਨ ਐਡੀਸ਼ਨ ਤਰਕ ਭਾਰਤੀ ਪ੍ਰਕਾਸ਼ਨ ਨੇ ਛਾਪਿਆ ਹੈ।
ਰਸੂਲ ਹਮਜ਼ਾਤੋਵ ਦੀ ਲੇਖਣੀ ਦਾ ਕਮਾਲ ਇਹ ਹੈ ਕਿ ਇਹ ਤੀਜੀ ਦੁਨੀਆ ਦੇ ਉਨ੍ਹਾਂ ਸਮਾਜਾਂ ਦੀ ਜ਼ੁਬਾਨ ਹੈ, ਜਿਹੜੇ ਆਪਣੀਆਂ ਸੱਭਿਆਚਾਰਕ ਪਛਾਣਾਂ ਨੂੰ ਸਥਾਪਤ ਰੱਖਣ ਲਈ ਸੰਘਰਸ਼ਸ਼ੀਲ ਹਨ ਅਤੇ ਖੇਤਰੀ ਭਾਸ਼ਾਵਾਂ ਨੂੰ ਜਿਊਂਦੀ ਰੱਖਣ ਲਈ ਜੂਝ ਰਹੇ ਹਨ। ਰੂਸ ਵਰਗੇ ਵੱਡੇ ਭੂਗੋਲਿਕ ਖੰਡ ਵਿਚ ਨਿੱਕੇ ਜਿਹੇ 'ਦਾਗ਼ਿਸਤਾਨ' ਦੀ ਬੋਲੀ 'ਅਵਾਰ' ਨੂੰ ਬਚਾਈ ਰੱਖਣ ਲਈ ਜੱਦੋ-ਜਹਿਦ ਕਰ ਰਹੀ ਦਾਗ਼ਿਸਤਾਨੀਆਂ ਦੀ ਮਾਨਸਿਕਤਾ ਨੂੰ ਪਰਿਵਾਰਕ ਪਾਤਰਾਂ ਦੇ ਸਹਿਜ ਵਾਰਤਾਲਾਪ ਰਾਹੀਂ ਉਜਾਗਰ ਕਰਨ ਦੀ ਕਲਾ ਦਾ ਅਜਿਹਾ ਝਲਕਾਰਾ ਸੰਸਾਰ ਸਾਹਿਤ ਦੀ ਕਿਸੇ ਹੋਰ ਲਿਖਤ ਵਿਚ ਨਹੀਂ ਮਿਲਦਾ। ਇਹ ਕਿਤਾਬ ਸਹੀ ਅਰਥਾਂ ਵਿਚ 'ਜ਼ਿੰਦਗੀ ਦੀ ਕਿਤਾਬ' ਕਹੀ ਜਾ ਸਕਦੀ ਹੈ। ਕਿਤਾਬ ਦਾ ਪਹਿਲਾ ਹੀ ਸਫ਼ਾ ਵਰਤਮਾਨ, ਭਵਿੱਖ ਅਤੇ ਅਤੀਤ ਬਾਰੇ ਦੋ ਸਤਰਾਂ ਦਾ ਸੱਚ ਪੇਸ਼ ਕਰ ਦਿੰਦਾ ਹੈ-ਅਬੂਤਾਲਿਬ ਦੇ ਕਥਨ ਅਨੁਸਾਰ 'ਜੇ ਅਤੀਤ ਉੱਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਉਡਾਵੇਗਾ'।
ਇਹ ਛੋਟੀਆਂ-ਛੋਟੀਆਂ ਅਟੱਲ ਸਚਾਈਆਂ ਦੀ ਸੰਗਲੀ ਪਰੋ ਕੇ ਇਕ ਵੱਡਾ ਸੰਦੇਸ਼ ਸਿਰਜਣ ਦਾ ਸਫ਼ਲ ਯਤਨ ਹੈ-ਪਹਿਲੇ ਭਾਗ ਦੇ ਅਖ਼ੀਰ ਵਿਚ ਰਸੂਲ ਨੇ ਲਿਖਿਆ ਹੈ-'ਹਰ ਮੰਜ਼ਿਲ ਖੁਸ਼ੀ ਬਣ ਕੇ ਨਹੀਂ ਆਉਂਦੀ, ਹਰ ਕਿਤਾਬ ਕਾਮਯਾਬ ਨਹੀਂ ਰਹਿੰਦੀ। ਨਵੀਂ ਸਵੇਰ ਹੋਣ 'ਤੇ ਨਵੀਂ ਕਿਤਾਬ ਸ਼ੁਰੂ ਕਰਾਂਗਾ-ਨਵੇਂ ਸਫ਼ਰ 'ਤੇ ਨਿਕਲਾਂਗਾ।' ਤੇ ਫੇਰ ਦੂਸਰੇ ਭਾਗ ਦੇ ਸ਼ੁਰੂ ਵਿਚ ਉਸ ਨੇ ਲਿਖਿਆ-'ਛੋਟੀ ਜਿਹੀ ਚਾਬੀ ਨਾਲ ਵੱਡਾ ਸੰਦੂਕ ਖੋਲ੍ਹਿਆ ਜਾ ਸਕਦੈ'। ਲੇਖਕ ਨੇ ਜ਼ਿੰਦਗੀ ਦੀਆਂ ਅਸੀਮ ਪਰਤਾਂ ਨੂੰ ਖੋਲ੍ਹ ਖੋਲ੍ਹ ਪਾਠਕਾਂ ਸਾਹਮਣੇ ਰੱਖਣ ਦਾ ਬਾਖ਼ੂਬੀ ਯਤਨ ਕੀਤਾ ਹੈ। ਸਾਡੇ ਦੇਸ਼ ਵਾਂਗ ਹੀ ਰੂਸ ਵਿਚ ਵੀ ਅਤੇ ਫੇਰ ਦਾਗ਼ਿਸਤਾਨ ਵਿਚ ਵੀ ਭਿੰਨ-ਭਿੰਨ ਭਾਸ਼ਾਵਾਂ ਹਨ। ਉਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਲੋਕਾਂ ਦੇ ਭਿੰਨ-ਭਿੰਨ ਧਰਮ ਹਨ, ਸੱਭਿਆਚਾਰ ਹਨ, ਰੀਤੀ ਰਿਵਾਜ ਹਨ, ਸਰੋਕਾਰ ਹਨ ਪਰ ਕੋਈ ਭਾਸ਼ਾ ਜਾਂ ਸੱਭਿਆਚਾਰ ਕਿਸੇ ਦੂਸਰੀ ਭਾਸ਼ਾ ਅਤੇ ਸੱਭਿਆਚਾਰ ਉੱਤੇ ਆਪਣੀ ਧੌਂਸ ਜਮਾਉਣ ਦਾ ਯਤਨ ਕਰੇ, ਇਹ ਠੀਕ ਨਹੀਂ ਹੈ। ਅਜਿਹੇ ਸੰਦੇਸ਼ ਨੂੰ ਸਹਿਜ ਰੂਪ ਵਿਚ ਹੀ ਪਰਨਾਈ ਹੋਈ ਇਹ ਪੁਸਤਕ ਆਪਣੇ ਸਮੇਂ ਦਾ ਸ਼ਾਹਕਾਰ ਹੈ, ਜਿਸ ਨੂੰ ਪੰਜਾਬੀ ਪਾਠਕਾਂ ਵਲੋਂ ਪੜ੍ਹਿਆ ਅਤੇ ਵਿਚਾਰਿਆ ਜਾਣਾ ਬੇਹੱਦ ਜ਼ਰੂਰੀ ਹੈ।

-ਡਾ: ਲਖਵਿੰਦਰ ਸਿੰਘ ਜੌਹਲ
ਮੋ: 98171-94812

c c c

ਜ਼ਿੰਦਗੀ ਦਾ ਸਫ਼ਰ
ਲੇਖਕ : ਪਿਆਰਾ ਸਿੰਘ ਧੰਜਲ
ਪ੍ਰਕਾਸ਼ਕ : ਧੰਜਲ ਪ੍ਰਕਾਸ਼ਨ, ਜੰਮੂ
ਮੁੱਲ : 300 ਰੁਪਏ, ਸਫ਼ੇ : 104
ਸੰਪਰਕ : 096976-79009.

ਪਿਆਰਾ ਸਿੰਘ ਧੰਜਲ, ਜੰਮੂ ਵਸਨੀਕ ਪੰਜਾਬੀ ਸ਼ਾਇਰ (ਚਾਰ ਪੁਸਤਕਾਂ ਇਸ ਤੋਂ ਪਹਿਲਾਂ ਰਚਣ ਵਾਲਾ) ਆਪਣਾ ਨਵਾਂ ਕਾਵਿ ਸੰਗ੍ਰਹਿ ਪੇਸ਼ ਕਰ ਰਿਹਾ ਹੈ। ਇਸ ਵਿਚ ਉਸ ਦੀਆਂ ਵਧੇਰੇ ਕਵਿਤਾਵਾਂ ਦਾ ਪਾਠ ਕਰਦਿਆਂ ਪੰਜਾਬੀ ਮੁਸ਼ਾਇਰਿਆਂ ਦੇ ਕਵੀ ਯਾਦ ਆ ਜਾਂਦੇ ਹਨ, ਜਿਹੜੇ ਆਪਣੇ ਸਮੇਂ ਮੁਸ਼ਾਇਰਿਆਂ ਵਿਚ ਆਪਣੀ ਕਵਿਤਾ ਰਾਹੀਂ ਸਰੋਤਿਆਂ ਨੂੰ ਕੀਲ ਲੈਂਦੇ ਸਨ। ਧੰਜਲ ਦੀ ਕਵਿਤਾ ਵਿਚ ਜੇ ਇਕ ਪਾਸੇ ਕਲਪਨਾ ਦੇ ਚਮਤਕਾਰੀ ਸੁਪਨੇ ਹਨ ਤਾਂ ਦੂਜੇ ਪਾਸੇ ਉਹ ਆਪਣੇ ਸੁਪਨਿਆਂ ਦੇ ਸੰਸਾਰ ਨੂੰ ਸਾਕਾਰ ਕਰਨ ਦੀ ਤੜਪ ਹੈ। ਉਹ ਕਲਪਨਕ-ਉਡਾਰੀਆਂ ਲਾਉਂਦਾ ਹੈ ਤੇ ਆਪਣੇ ਪਿਆਰੇ ਵਿਛੜੇ ਮਿੱਤਰ ਨੂੰ ਮਿਲਦਾ ਹੈ :
ਗੀਤ ਪਿਆਰ ਦੇ ਲਿਖਦੀ ਹਾਂ ਮੈਂ
ਪਾਵਾਂ ਕਦੇ ਵਿਛੋੜੇ।
ਬਹੁਤ ਚਿਰਾਂ ਦੇ ਵਿਛੜੇ ਸਾਥੀ
ਪਲ ਵਿਚ ਆਣ ਮਿਲਾਵਾਂ।
ਕਲਮ ਦੀ ਉਡਾਰੀ, ਕੇਵਲ ਕਵੀ ਹੀ ਅਨੁਭਵ ਕਰ ਸਕਦਾ ਹੈ
ਕਲਮ ਸ਼ਾਇਰ ਨੂੰ ਆਖਣ ਲੱਗੀ
ਆ ਤੈਨੂੰ ਸਮਝਾਵਾਂ।
ਜਿਥੋਂ ਤੱਕ ਕੋਈ ਨਾ ਪੁੱਜਾ
ਉਥੇ ਲੈ ਕੇ ਜਾਵਾਂ.....।
ਕਵੀ ਕਦੇ ਵਿਛੜੇ ਸਾਥੀਆਂ ਨੂੰ ਯਾਦ ਕਰਦਾ ਹੈ, ਕਦੇ ਆਪਣੀ ਮੁਹੱਬਤ ਦੇ ਗੀਤ ਗਾਉਂਦਾ ਹੈ। ਇੰਜ ਕਰਦਾ ਹੋਇਆ ਉਹ ਜਗਤ ਪਾਸਾਰੇ ਵੱਲ ਝਾਤ ਪਾਉਂਦਾ ਹੈ। ਸੱਚ ਦੇ ਨਾਲ ਝੂਠ ਖੜ੍ਹਾ ਨਜ਼ਰ ਆਉਂਦਾ ਹੈ। ਨਿਆਂ ਦੇ ਨਾਲ ਅਨਿਆਇ ਹੈ।
'ਇਕ ਪਾਸੇ ਬਗਲਾ ਬੈਠਾ, ਲੱਗੇ ਭਗਤ ਪਿਆਰਾ
ਦੂਜੇ ਪਾਸੇ ਮੋਤੀ ਚੁਗਦਾ, ਹੰਸ ਮੋਰ ਦੀ ਤੋਰ।'
ਧੰਜਲ, ਨਾਜ਼ਕ ਮਜ਼ਾਜੀ ਸ਼ਾਇਰ ਹੈ : ਉਸ ਅੰਦਰ ਦਰਦ ਹੈ, ਜੋ ਇੰਜ ਬੋਲਦਾ ਹੈ
'ਇਕ ਇਕ ਕਰਕੇ ਪੇਟ ਦੀ ਖਾਤਰ
ਤੁਰ ਗਏ ਦੇਸ਼ ਪਰਾਏ।' ਜਾਂ
ਦਿਨੇ ਰਾਤ ਮਜ਼ਦੂਰੀ ਕਰਕੇ
ਰੋਟੀ ਰੱਜਵੀਂ ਮਿਲਦੀ ਨਹੀਂ।
ਧੰਜਲ ਸੰਵੇਦਨਸ਼ੀਲ ਸ਼ਾਇਰ ਹੈ। ਉਸ ਲਈ ਦਿਲ ਦੇ ਦਰਦ ਛੁਪਾਉਣੇ ਔਖੇ ਹਨ। ਏਨਾ ਦਰਦਮੰਦ ਹੁੰਦਿਆਂ ਵੀ ਫਿਰ ਵੀ ਉਸ ਨੂੰ ਤਲਖ਼ ਤਜਰਬਾ ਹੈ, ਇਸ ਲਈ ਉਹ ਲਿਖਦਾ ਹੈ :
'ਜਿਹੜੇ ਪਾਸ ਹਮੇਸ਼ਾ ਰਹਿ ਕੇ, ਮਿੱਤਰ ਧੋਖਾ ਕਰਦੇ ਨੇ
ਦਾਨਸ਼ਵੰਦਾ ਦਾ ਕਹਿਣਾ ਮੰਨੀ, ਆਪਣੇ ਪਾਸ ਬਹਾਲੀਂ ਨਾ।' ਉਸ ਦੀ ਅਲਬੇਲੀ ਮਸਤ ਵਿਚਾਰਾਂ ਦੀ ਰੰਗੀਨ ਸੰਵੇਦਨਾ ਜਿਥੇ ਆਤਮ ਸੰਵੇਦਨਾ ਦੇ ਸੁਨੇਹੇ ਦਿੰਦੀ ਹੈ, ਉਥੇ ਅਨਾਤਮ ਜਗਤ ਦੇ ਟੁੱਟਦੇ ਸੁਪਨਿਆਂ ਦੇ ਦਰਦ ਨੂੰ ਵੀ ਬਿਆਨਦੀ ਹੈ।

-ਡਾ: ਅਮਰ ਕੋਮਲ
ਮੋ: 084378-73565.

c c c

ਮੇਰੀ ਮਾਂ ਕਿੱਥੇ ਐ?
ਅਨੁਵਾਦਕ ਤੇ ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 256
ਸੰਪਰਕ : 98148-03254.

ਹਥਲੀ ਪੁਸਤਕ ਵਿਚ ਜਿੰਦਰ ਦੁਆਰਾ ਅਨੁਵਾਦਿਤ ਪੰਦਰਾਂ ਹਿੰਦੀ ਦੇ ਪ੍ਰਸਿੱਧ ਲੇਖਕਾਂ ਦੀਆਂ ਚੌਵੀ ਕਹਾਣੀਆਂ ਦਰਜ ਹਨ। ਇਹ ਸਮੁੱਚੀਆਂ ਕਹਾਣੀਆਂ 1947 ਦੀ ਹਿੰਦੁਸਤਾਨ-ਪਾਕਿਸਤਾਨ ਵੰਡ ਸਮੇਂ ਵਾਪਰੇ ਸੰਤਾਪ ਦੀਆਂ ਪਰਤਾਂ ਨੂੰ ਖੋਲ੍ਹਦੀਆਂ ਹਨ।
ਜਿੰਦਰ ਨੇ ਲਗਨ ਅਤੇ ਮਿਹਨਤ ਨਾਲ ਕ੍ਰਿਸ਼ਨਾ ਸੋਬਤੀ, ਉਪੇਂਦਰ ਨਾਥ ਅਸ਼ਕ, ਮੋਹਨ ਰਾਕੇਸ਼, ਭੀਸ਼ਮ ਸਾਹਨੀ, ਅਗੇਯ, ਸਵਦੇਸ਼ ਦੀਪਕ, ਯਸ਼ਪਾਲ, ਜਗਦੀਸ਼ ਚੰਦਰ, ਸਰਵਣ ਕੁਮਾਰ, ਬਦੀਉੱਜਮਾ, ਕਮਲੇਸ਼ਵਰ, ਰਾਜੀ ਸੇਠ, ਗੌਤਮ ਸਚਦੇਵ, ਵਰੁਣ ਗਰੋਵਰ ਅਤੇ ਦੀਪਕ ਭੁੱਲਰ ਸ਼ਰਮਾ ਦੀਆਂ ਪ੍ਰਤਾਨਿਧ ਕਹਾਣੀਆਂ ਨੂੰ ਪੰਜਾਬੀ ਪਾਠਕਾਂ ਸਾਹਮਣੇ ਲਿਆਂਦਾ ਹੈ। ਇਹ ਸਾਰੀਆਂ ਕਹਾਣੀਆਂ ਅੰਨ੍ਹੇ ਜਨੂੰਨੀ, ਲੁਟੇਰੇ, ਮਾਨਵ ਵਿਰੋਧੀ ਅਤੇ ਧਰਮ ਅਤੇ ਰਾਜਨੀਤੀ ਦੇ ਸੌੜੇ ਹਿੱਤਾਂ ਦੀ ਗ੍ਰਿਫ਼ਤ ਵਿਚ ਫਸੇ ਉਨ੍ਹਾਂ ਲੋਕਾਂ ਦੀਆਂ ਕੋਝੀਆਂ ਚਾਲਾਂ ਦਾ ਦਰਪਣ ਹਨ ਜਿਨ੍ਹਾਂ ਨੇ ਸੁੱਖ-ਸ਼ਾਂਤੀ ਨਾਲ ਰਹਿੰਦੇ ਮਾਸੂਮ ਬੱਚਿਆਂ, ਭੈਣਾਂ-ਭਰਾਵਾਂ, ਮਾਤਾਵਾਂ, ਧੀਆਂ-ਪੁੱਤਾਂ ਆਦਿ ਨੂੰ ਤਰਸਯੋਗ ਜੀਵਨ ਵਿਚ ਹੀ ਨਹੀਂ ਧਕੇਲਿਆ, ਸਗੋਂ ਅੰਨ੍ਹੇ-ਵਾਹ ਦਹਿਸ਼ਤ ਫੈਲਾਅ ਕੇ, ਕਤਲੋ-ਗਾਰਤ ਕਰਕੇ ਸਦਾ ਦੀ ਨੀਂਦੇ ਸੁਆ ਦਿੱਤਾ। ਮਾਨਵਤਾ ਦਾ ਘਾਣ ਹੋ ਗਿਆ, ਵਸਦੇ-ਰਸਦੇ ਘਰ ਉੱਜੜ ਗਏ ਅਤੇ ਸਮਾਜਿਕ-ਸੱਭਿਆਚਾਰਕ ਭਾਈਚਾਰੇ ਖ਼ਤਮ ਹੋ ਗਏ।
ਅਜਿਹੇ ਦਰਦਨਾਕ ਵੇਰਵੇ ਇਨ੍ਹਾਂ ਸਭਨਾਂ ਕਹਾਣੀਆਂ ਵਿਚ ਸਰਲ ਭਾਸ਼ਾ ਜ਼ਰੀਏ ਸਾਡੇ ਸਾਹਮਣੇ ਹਨ। ਕਹਾਣੀ ਭਾਵੇਂ ਮੇਰੀ ਮਾਂ ਕਿੱਥੇ ਹੈ?, ਸਿੱਕਾ ਬਦਲ ਗਿਆ, ਪੱਠੇ ਕੁਤਰਣ ਵਾਲੀ ਮਸ਼ੀਨ, ਮਲਬੇ ਦਾ ਮਾਲਕ, ਅੰਮ੍ਰਿਤਸਰ ਆ ਗਿਆ, ਬਦਲਾ, ਖੁਦਾ ਤੇ ਖੁਦਾ ਦੀ ਲੜਾਈ, ਪੁਰਾਣੇ ਘਰ, ਮਾਮੂਲੀ ਲੋਕ, ਕਿੰਨੇ ਪਾਕਿਸਤਾਨ, ਆਜ਼ਾਦੀ ਮੁਬਾਰਕ, ਮੁਲਾਕਾਤ, ਹਰੀਹਰ ਵਚਿੱਤਰ, ਅਨੁਸ਼ਠਾਨ ਅਤੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਆਦਿ ਸਾਰੀਆਂ ਕਹਾਣੀਆਂ ਕਰੁਣਾ, ਸਾਧਾਰਣ ਲੋਕਾਂ ਵਲੋਂ ਹੰਢਾਏ ਦੁੱਖਾਂ-ਦਰਦਾਂ, ਵਿਛੋੜਿਆਂ ਆਦਿ ਦਾ ਬੋਧ ਵੀ ਕਰਾਉਂਦੀਆਂ ਹਨ ਅਤੇ ਲੋਕਾਂ ਦੀ ਮਾਨਸਿਕਤਾ ਵਿਚ ਆਈਆਂ ਦੁਸ਼ਵਾਰੀਆਂ ਦਾ ਚਿਤਰਣ ਵੀ ਕਰਦੀਆਂ ਹਨ। ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਵਜੋਂ ਵੀ ਜਾਣੀ ਜਾ ਸਕਦੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

c c c

ਧਰਤੀ ਪੁੱਤਰ
ਲੇਖਕ : ਦਰਸ਼ਨ ਸਿੰਘ ਢੋਲਣ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 126
ਸੰਪਰਕ : 97813-51613.

ਧਰਤੀ ਪੁੱਤਰ ਕਹਾਣੀ ਸੰਗ੍ਰਿਹ ਦਰਸ਼ਨ ਸਿੰਘ ਢੋਲਣ ਦੀ ਹੱਥ ਲਿਖਤ ਹੈ। ਇਸ ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਪੇਂਡੂ ਜੀਵਨ ਨਾਲ ਸਬੰਧਿਤ ਹਨ। ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਪਿੰਡਾਂ ਦੇ ਗ਼ਰੀਬ ਪਰਿਵਾਰਾਂ ਦੀ ਡੂੰਘੀ ਜਾਣਕਾਰੀ ਪ੍ਰਦਾਨ ਕੀਤੀ ਹੈ। ਵਾਕਿਆ ਹੀ ਕਹਾਣੀਆਂ ਪੜ੍ਹ ਕੇ ਮਨ ਵਿਚ ਇਨਾਂ੍ਹ ਲੋਕਾਂ ਪ੍ਰਤੀ ਹਮਦਰਦੀ ਦੀ ਭਾਵਨਾ ਜਾਗਦੀ ਹੈ । ਪੁਰਾਣੇ ਪਿੰਡਾਂ ਦੇ ਲੋਕਾਂ ਦਾ ਜ਼ਿੰਦਗੀ ਜਿਊਣ ਦਾ ਢੰਗ, ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੇ ਹਾਲਤਾਂ ਦਾ ਵਰਨਣ ਇਸ ਪ੍ਰਕਾਰ ਕੀਤਾ ਹੈ ਕਿ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪ ਉੱਥੇ ਬੈਠਾ ਹੋਵੇ ਉਨ੍ਹਾਂ ਦੇ ਵਿਚ ਵਿਚਰਦਾ ਹੋਵੇ। ਇਹ ਕਹਾਣੀ ਸੰਗ੍ਰਿਹ ਚੌਦਾਂ ਕਹਾਣੀਆਂ ਨਾਲ ਸੰਮਲਿਤ ਹੈ। ਕਹਾਣੀਆਂ ਦੀ ਵਿਡੰਬਨਾ ਨਵੇਕਲੀ ਤੇ ਵੱਖਰੀ ਹੈ। ਕਹਾਣੀਆਂ ਰੌਚਕ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਹਨ। ਕਹਾਣੀਆਂ ਵਿਚਲੀ ਗਤੀਸ਼ੀਲਤਾ ਆਪਣੀ ਤੋਰ ਤੁਰਦੀ ਹੈ। ਪੜ੍ਹਨ ਦੀ ਤੀਬਰਤਾ ਬਣੀ ਰਹਿੰਦੀ ਹੈ। ਲੇਖਕ ਦੀਆਂ ਕਹਾਣੀਆਂ ਦਾ ਵਿਸ਼ਾ ਪੇਂਡੂ ਲੋਕਾਂ ਦੇ ਜੀਵਨ ਦੀ ਯਥਾਰਥਤਾ ਤੇ ਸਮਾਜਿਕ ਹਾਲਾਤਾਂ ਦਾ ਸੁਮੇਲ ਹੈ। ਇਸ ਕਹਾਣੀ ਸੰਗ੍ਰਿਹ ਵਿਚਲੀਆਂ ਕਹਾਣੀਆਂ ਜੱਟ ਦੀ ਧੀ, ਪਿੰਡ ਵਸਣ ਦੀ ਜਾਚ, ਥੰਮ ਗਿਆ ਤੂਫ਼ਾਨ, ਕਰਜ਼ਈ, ਵਕਤ, ਠੋਕਰ, ਸਵੇਰ ਦਾ ਭੁੱਲਿਆ, ਨਾਨਕ ਸ਼ੱਕ, ਸੁਅੰਬਰ, ਧਰਤੀ ਪੁੱਤਰ, ਪਿੰਡ ਦਾ ਰਾਜਾ ਆਦਿ ਹਨ। ਲੇਖਕ ਦੀਆਂ ਸਾਰੀਆਂ ਕਹਾਣੀਆਂ ਹੀ ਬਾਕਮਾਲ ਹਨ। ਧਰਤੀ ਪੁੱਤਰ ਕਹਾਣੀ ਜੋ ਕਿਤਾਬ ਦਾ ਸਿਰਲੇਖ ਵੀ ਹੈ ਬਹੁਤ ਹੀ ਵਧੀਆ ਤੇ ਦਿਲ ਨੂੰ ਟੁੰਬਣ ਵਾਲੀ ਕਹਾਣੀ ਹੈ। ਇਸ ਕਹਾਣੀ ਵਿਚ ਹਿੰਦੂ, ਮੁਸਲਮਾਨ ਲੋਕਾਂ ਦੀ ਹਾਲਤ ਨੂੰ ਬਿਆਨ ਕੀਤਾ ਹੈ। ਇਸ ਕਹਾਣੀ ਵਿਚਲਾ ਮੁੱਖ ਪਾਤਰ ਜਿਊਣਾ ਜੋ ਕਿ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਆ ਕੇ ਰੋਕਦਾ ਹੈ ਤੇ ਉਸ ਦੇ ਇਸ ਤਰ੍ਹਾਂ ਜ਼ੁਲਮ ਖਿਲਾਫ਼ ਆਵਾਜ਼ ਉਠਾਉਣ ਤੇ ਸਾਰੇ ਪਿੰਡ ਦੇ ਲੋਕ ਖੁਸ਼ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਧਰਤੀ ਪੁੱਤਰ ਮੁੜ ਬਹੁੜ ਆਇਆ ਹੈ। ਇਸ ਤਰ੍ਹਾਂ ਲੇਖਕ ਦੀਆਂ ਕਹਾਣੀਆਂ ਪੇਂਡੂ ਜੀਵਨ ਨੂੰ ਚਿੱਤਰਦੀਆਂ ਹੋਈਆਂ ਆਪਣੇ ਮੁਕਾਮ 'ਤੇ ਪੁੱਜਦੀਆਂ ਹਨ। ਇਹ ਕਹਾਣੀਆਂ ਸਾਨੂੰ ਆਪਣੇ ਦੇਸ਼ ਨਾਲ ਤੇ ਸੱਭਿਆਚਾਰ ਨਾਲ ਜੋੜਦੀਆਂ ਹਨ।

-ਇੰਦਰਪ੍ਰੀਤ ਕੌਰ
ਮੋ: 98886-90280.

c c c

ਖ਼ਲੀਲ ਜਿਬਰਾਨ ਦੀਆਂ ਦਾਰਸ਼ਨਿਕ ਕਹਾਣੀਆਂ
ਸੰਕ: ਅਤੇ ਸੰਪਾ: ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 300 ਰੁਪਏ, ਸਫ਼ੇ : 202
ਸੰਪਰਕ : 99588-31357.

ਸੰਸਾਰ ਪ੍ਰਸਿੱਧ ਖ਼ਲੀਲ ਜਿਬਰਾਨ (1883-1930) ਨੇ ਕੇਵਲ 48 ਵਰ੍ਹਿਆਂ ਦੇ ਜੀਵਨ ਵਿਚ ਦਾਰਸ਼ਨਿਕ ਖੇਤਰ ਵਿਚ ਅਦਭੁੱਤ ਪੈੜਾਂ ਪਾਈਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚੋਂ ਵੀ ਡੂੰਘਾ ਅਧਿਐਨ ਕਰਕੇ ਅਨੇਕਾਂ ਦਾਰਸ਼ਨਿਕ/ਚਿੰਤਨ-ਯੋਗ ਦਾਰਸ਼ਨਿਕ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮਸਲਨ : ਬਾਹਰੀ ਸੁੰਦਰਤਾ ਅੰਦਰੂਨੀ ਬਰਬਾਦੀ ਅਤੇ ਡੂੰਘੇ ਦੁੱਖਾਂ ਦਾ ਕਾਰਨ ਬਣ ਸਕਦੀ ਹੈ; ਇਸਤਰੀ ਦਾ ਆਨੰਦ ਉਸ ਦੇ ਪਤੀ ਦੀ ਕੁਲੀਨਤਾ, ਸ੍ਰੇਸ਼ਟਤਾ ਤੇ ਕ੍ਰਿਪਾ ਦ੍ਰਿਸ਼ਟੀ ਵਿਚ ਨਹੀਂ ਹੁੰਦਾ ਸਗੋਂ ਪ੍ਰੇਮ ਵਿਚ ਹੁੰਦਾ ਹੈ; ਲੋਕ ਆਤਮਾ ਦਾ ਅਨੁਮਾਨ ਜੜ੍ਹ-ਵਸਤੂਆਂ ਦੇ ਪੈਮਾਨੇ ਨਾਲ ਕਰਦੇ ਹਨ; ਸ਼ੈਤਾਨ ਜੀਵਨ ਵਿਚ ਨਾਂਹ-ਮੁਖੀ ਕੀਮਤਾਂ ਪੈਦਾ ਕਰਦਾ ਹੈ, ਤਾਂ ਕਿ ਲੋਕ ਹਾਂ-ਪੱਖੀ ਕੀਮਤਾਂ ਲਈ ਰੱਬ ਦੀ ਪੂਜਾ ਕਰਨ; ਗੁਨਾਹ ਲਈ ਹੋਰ ਗੁਨਾਹ ਕੀਤੇ ਜਾਂਦੇ ਹਨ; ਕਵੀਆਂ ਦਾ ਜਿਊਂਦੇ ਦੀਆਂ ਨਿਰਾਦਰ ਅਤੇ ਮਰਨ-ਉਪਰੰਤ ਆਦਰ ਕੀਤਾ ਜਾਂਦਾ ਹੈ; ਸਵੈ-ਸ਼ਾਸਤ ਲੋਕ ਹੀ ਆਪਣਾ ਸ਼ਾਸਨ ਕਰਨ ਵਾਲੇ ਹਨ; ਪਰਮਾਤਮਾ ਦੇ ਧਿਆਨ ਵਿਚ ਸਭ ਕੁਝ ਹੈ; ਭਾਵਨਾਵਾਂ ਦਾ ਕਦੇ ਅੰਤ ਨਹੀਂ ਹੁੰਦਾ; ਭੌਤਿਕ ਨਜ਼ਰੀਏ ਤੋਂ ਅਸੀਂ ਪੇਂਡੂਆਂ ਤੋਂ ਚੰਗੇ ਹਾਂ ਪਰ ਆਤਮਿਕ ਨਜ਼ਰੀਏ ਤੋਂ ਸਾਡੀ ਤੁਲਨਾ ਵਿਚ ਪੇਂਡੂ ਕਿਤੇ ਚੰਗੇ ਹਨ; ਸਰੀਰ ਦੀ ਗੰਦਗੀ ਆਤਮਾ ਦੀ ਪਵਿੱਤਰਤਾ ਨੂੰ ਨਹੀਂ ਛੂਹ ਸਕਦੀ; ਦਿਲ ਤੇ ਦਿਮਾਗ, ਸੱਜਣਤਾ ਅਤੇ ਪਿਆਰ ਵਿਚ ਦੁਬਿਧਾ ਕਾਰਨ ਦੁਖਾਂਤ ਹੈ; ਇਸ ਦੁਨੀਆ ਤੇ ਉਸ ਦੁਨੀਆ ਦੀ ਭਾਸ਼ਾ ਵਿਚ ਅੰਤਰ ਹੈ; ਹਰ ਬੰਦੇ ਨੂੰ ਆਪਣਾ ਮੂਲ ਪਛਾਣ ਕੇ ਆਪਣੇ ਅਸਤਿਤਵ ਨੂੰ ਬੁਲੰਦ ਰੱਖਣਾ ਚਾਹੀਦਾ ਹੈ; ਉਦੇਸ਼ ਨਾਲ ਹਰ ਕੰਮ ਵਿਚ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਚੇਤੇ ਰੱਖਣਾ ਬਣਦਾ ਹੈ ਕਿ ਇਹ ਅਤੇ ਹੋਰ ਵਿਚਾਰ 92 ਕਹਾਣੀਆਂ ਨੂੰ ਚਿੰਤਨ ਦੀ ਅਤੇ ਅਧਿਐਨ ਦੀ ਚਾਟੀ ਵਿਚ ਰਿੜਕ ਕੇ ਪ੍ਰਾਪਤ ਕੀਤੇ ਮੱਖਣ ਵਾਂਗ ਸਮਝਣਾ ਬਣਦਾ ਹੈ। ਹਰ ਕਹਾਣੀ ਦਿਲਚਸਪ ਹੈ, ਉਪਦੇਸ਼ਾਤਮਕ ਹੈ। ਪ੍ਰਕਿਰਤੀ ਚਿਤਰਣ ਕਮਾਲ ਦਾ ਹੈ। ਭਾਵਵਾਚਕ ਅਤੇ ਵਸਤੂਵਾਚਕ ਨਾਵਾਂ ਦਾ ਮਾਨਵੀਕਰਨ ਕਰਕੇ ਸਿੱਖਿਆ ਦਿੱਤੀ ਗਈ ਹੈ। ਮਸਲਨ : ਰੁੱਖ, ਰੁੱਤਾਂ, ਜਲ-ਪ੍ਰਵਾਹ, ਅਕਾਰ ਅਤੇ ਇਥੋਂ ਤੱਕ ਕਿ 'ਡਰਨੇ' ਦਾ ਵੀ ਮਾਨਵੀਕਰਨ ਕੀਤਾ ਗਿਆ ਹੈ। ਜ਼ਿਆਦਾਤਰ ਘਟਨਾਵਾਂ ਦਾ ਕੇਂਦਰ ਲਿਬਨਾਨ ਹੈ। ਆਖ਼ਰੀ ਕਹਾਣੀਆਂ ਤੂਫਾਨ ਅਤੇ ਸਵੇਰ ਦੀ ਰੌਸ਼ਨੀ ਇਸ ਸੰਪਾਦਿਤ ਸੰਗ੍ਰਹਿ ਦਾ ਹਾਸਲ ਹਨ। ਡਾ: ਬੱਦਨ ਇਸ ਸੰਕਲਨ ਤੇ ਸੰਪਾਦਨ ਲਈ ਵਧਾਈ ਦਾ ਪਾਤਰ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਨਾਸੂਰ
ਗ਼ਜ਼ਲਕਾਰ : ਧਰਮਿੰਦਰ ਸ਼ਾਹਿਦ ਖੰਨਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 99144-00151.

ਹਥਲਾ ਗ਼ਜ਼ਲ ਸੰਗ੍ਰਹਿ ਨੌਜਵਾਨ ਗ਼ਜ਼ਲਕਾਲ ਧਰਮਿੰਦਰ ਸ਼ਾਹਿਦ ਗੋਸਲ ਦਾ ਦੂਜਾ ਪੰਜਾਬੀ ਗ਼ਜ਼ਲ ਸੰਗ੍ਰਹਿ ਹੈ ਜਦੋਂ ਕਿ ਸ਼ਾਇਰ ਨੇ ਹਿੰਦੀ ਅਤੇ ਉਰਦੂ ਗ਼ਜ਼ਲਾਂ ਦੇ ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਏ ਹਨ। ਪੰਜਾਬੀ ਗ਼ਜ਼ਲ ਦੀ ਸਦਾਬਹਾਰ ਤਰੱਕੀ ਇਸ ਗੱਲ ਉੱਤੇ ਨਿਰਭਰ ਹੈ ਕਿ ਇਸ ਵਿਚ ਨਵੀਂ ਤੋਂ ਨਵੀਂ ਪ੍ਰਤਿਭਾ ਸ਼ਾਮਿਲ ਹੁੰਦੀ ਆ ਰਹੀ ਹੈ। ਪੁਰ ਅਹਿਸਾਸ ਅਤੇ ਸੰਵੇਦਨਾ ਭਰਪੂਰ ਸ਼ਾਇਰ ਗੋਸਲ ਕੋਲ ਪ੍ਰਤਿਭਾ ਅਤੇ ਡੂੰਘੀ ਚਿੰਤਨਸ਼ੀਲਤਾ ਤਾਂ ਸੀ ਪਰ ਸੋਨੇ ਉੱਤੇ ਸੁਹਾਗਾ ਇਸ ਗੱਲ ਦਾ ਵੀ ਹੈ ਕਿ ਉਹ ਸੁਪ੍ਰਸਿੱਧ ਗ਼ਜ਼ਲ ਉਸਤਾਦ ਸਰਦਾਰ ਪੰਛੀ ਦਾ ਅਜ਼ੀਜ਼ ਗ਼ਜ਼ਲਕਾਰ ਹੈ। ਪੰਛੀ ਹੁਰਾਂ ਨੇ ਗੋਸਲ ਨੂੰ ਗ਼ਜ਼ਲ ਤਕਨੀਕ ਦੀ ਜਾਣਕਾਰੀ ਅਤੇ ਬਾਰੀਕੀ ਬੜੀ ਮਿਹਨਤ ਨਾਲ ਜ਼ਿਹਨ ਨਸ਼ੀਨ ਕਰਵਾਈ ਹੈ। ਇਸੇ ਦੀ ਪ੍ਰਾਪਤੀ ਹੈ ਕਿ ਹਥਲਾ ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਦਾ ਹਾਸਲ ਹੋ ਗਿਆ ਹੈ। ਇਨ੍ਹਾਂ ਸ਼ਿਅਰਾਂ ਵਿਚ ਵਿਸ਼ਾ ਵੀ ਅਤੇ ਰੂਪ ਵੀ ਕਾਵਿ ਕਲਾ ਦੀ ਬੁਲੰਦੀ ਉੱਤੇ ਪਹੁੰਚਾ ਮਿਲਦਾ ਹੈ। ਉਸ ਦੇ ਬਹੁਤ ਸਾਰੇ ਸ਼ਿਅਰ ਅਜਿਹੇ ਹਨ ਜੋ ਕੋਟ ਕਰਨ ਦੇ ਯੋਗ ਹਨ:
-ਸਬਰ ਸ਼ੁਕਰ ਦੇ ਅੰਦਰ ਜੋ ਮਖਮੂਰ ਵਿਖਾਈ ਦਿੰਦਾ ਨਾ।
ਉਸ ਦੇ ਚਿਹਰੇ ਉੱਪਰ ਕੋਈ ਨੂਰ ਵਿਖਾਈ ਦਿੰਦਾ ਨਾ।
-ਪਕੜ ਜ਼ਰਾ ਮਜਬੂਰੀ ਦੇ ਸੰਗ ਇਨ੍ਹਾਂ ਨੂੰ,
ਵਾਂਗ ਰੇਤ ਦੇ ਹੱਥੋਂ ਰਿਸ਼ਤੇ ਕਿਰ ਜਾਂਦੇ ਨੇ।
'ਨਾਸੂਰ' ਨਾਮੀ ਗ਼ਜ਼ਲ ਸੰਗ੍ਰਹਿ ਵਿਚਲੇ ਸਾਰੇ ਸ਼ਿਅਰ ਆਧੁਨਿਕ ਮਨੁੱਖ ਦੇ ਅੰਦਰਲੇ ਜ਼ਖ਼ਮਾਂ ਦੀ ਤਸਦੀਕ ਕਰਦੇ ਹਨ ਜੋ ਹੌਲੀ-ਹੌਲੀ ਨਾਸੂਰ ਬਣਨ ਵੱਲ ਵਧ ਰਹੇ ਹਨ। ਅੱਜ ਦੇ ਮਨੁੱਖ ਵਿਚ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਵਿਚ ਜ਼ਿੰਦਗੀ ਦਾ ਸੱਚਾ ਨਿੱਘ ਤਪਦਾ ਜਾ ਰਿਹਾ ਹੈ। ਉਹ ਰਿਸ਼ਤਿਆਂ ਦੀ ਪਵਿੱਤਰਤਾ ਗੁਆਈ ਜਾ ਰਿਹਾ ਹੈ। ਸਾਰੀਆਂ ਹੀ ਗ਼ਜ਼ਲਾਂ ਬਹਿਰਾਂ ਛੰਦਾਂ ਵਿਚ ਸੰਪੂਰਨ ਹਨ। ਕਾਫੀਏ ਕਸ਼ਿਸ਼ ਭਰਪੂਰ ਹਨ। ਮੈਂ 'ਨਾਸੂਰ' ਗ਼ਜ਼ਲ ਸੰਗ੍ਰਹਿ ਨੂੰ ਜੀ ਆਇਆਂ ਕਹਿੰਦਾ ਹਾਂ।

-ਸੁਲੱਖਣ ਸਰਹੱਦੀ
ਮੋ: 94174-84337.

c c c

12-01-2019

 ਸਾਡੀ ਕਾਰਟਰ ਰੋਡ ਮੁੰਬਈ ਦੀ ਚੌਪਾਲ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 135
ਸੰਪਰਕ : 099873-08283.

ਡਾ: ਕੇ. ਜਗਜੀਤ ਸਿੰਘ ਮਹਾਂਨਗਰ ਮੁੰਬਈ ਵਿਚ ਲੰਬੇ ਸਮੇਂ ਤੋਂ ਰਹਿ ਰਿਹਾ ਪੰਜਾਬੀ ਬੁੱਧੀਜੀਵੀ ਹੈ। ਉਥੋਂ ਦੇ ਖਾਲਸਾ ਕਾਲਜ ਦਾ ਪ੍ਰਿੰਸੀਪਲ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦਾ ਲੇਖਕ। ਜੀਵਨ ਨੂੰ ਨੀਝ ਨਾਲ ਵੇਖਣ ਵਾਲਾ, ਭਰਪੂਰ ਜੀਵਨ ਜਿਊਣ ਵਾਲਾ ਬੰਦਾ। ਉਸ ਨੇ ਲੇਖ ਤੇ ਕਹਾਣੀਆਂ ਲਿਖੇ ਹਨ। ਧਰਮ ਤੇ ਸਿੱਖ ਧਰਮ ਬਾਰੇ ਲਿਖਿਆ ਹੈ। ਉਸ ਦੀ ਹਥਲੀ ਵਾਰਤਕ ਪੁਸਤਕ ਇਸ ਦਾ ਪ੍ਰਮਾਣ ਹੈ ਕਿ ਉਹ ਆਸ-ਪਾਸ ਦੀ ਬਹੁਰੰਗੀ ਜ਼ਿੰਦਗੀ ਨੂੰ ਬਾਰੀਕੀ ਨਾਲ ਵੇਖ ਸਮਝ ਕੇ ਕਿਸ ਕਮਾਲ ਨਾਲ ਚਿਤਰਨ ਦੇ ਸਮੱਰਥ ਹੈ। ਪ੍ਰਤੀਤ ਹੁੰਦਾ ਹੈ ਮੈਨੂੰ ਉਸ ਦੁਆਰਾ ਰਚਿਤ ਹੋਰ ਆਤਮ-ਕਥਾਤਮਿਕ ਪੁਸਤਕਾਂ ਵੀ ਪੜ੍ਹਨੀਆਂ ਪੈਣਗੀਆਂ। ਮੈਨੂੰ ਹੀ ਨਹੀਂ ਤੁਹਾਨੂੰ ਵੀ ਜੇ ਕਿਤੇ ਤੁਸੀਂ ਹਥਲੀ ਕਿਤਾਬ ਨੂੰ ਪੜ੍ਹ ਲਿਆ ਤਾਂ। ਕਿਸੇ ਅਜਿਹੀ ਪੁਸਤਕ ਦਾ ਲੇਖਕ ਹੋਣਾ ਛੋਟੀ ਪ੍ਰਾਪਤੀ ਨਹੀਂ। ਕਾਰਟਰ ਰੋਡ ਮੁੰਬਈ ਇਸ ਮਹਾਂਨਗਰ ਵਿਚ ਡਾਂਡਾ ਤੋਂ ਆਟਰ ਕਲੱਬ ਨੂੰ ਜਾਂਦੀ ਸੜਕ ਹੈ। ਸੈਰ ਕਰਨ ਵਾਲੇ ਲੋਕ ਇਸ ਸੈਰਗਾਹ ਨੇੜੇ ਇਕ ਪਾਰਕ ਵਿਚ ਬੈਠਦੇ ਗੱਪ-ਸ਼ੱਪ ਮਾਰਦੇ ਹਨ। ਹਰ ਉਮਰ ਦੇ ਲੋਕ, ਹਰ ਰੰਗ ਰੂਪ, ਸੁਭਾਅ ਦੇ ਬੰਦੇ। ਡਾ: ਕੇ. ਜਗਜੀਤ ਸਿੰਘ ਇਸ ਪਾਰਕ ਵਿਚ ਕਾਫੀ ਸਮੇਂ ਤੋਂ ਸੈਰ ਕਰਦਾ ਰਿਹਾ ਹੈ। ਉਸ ਨੇ ਆਪਣੇ ਵਰਗੇ ਪ੍ਰੋੜ੍ਹ ਉਮਰ ਦੇ ਕੁਝ ਮਿੱਤਰਾਂ ਨਾਲ ਇਥੇ ਬਹਿ ਕੇ ਗੱਪ-ਸ਼ੱਪ ਦੀ ਰੁਟੀਨ ਰੱਖੀ ਹੈ। ਜਿਵੇਂ ਰੋਜ਼ ਕਿਸੇ ਕਲੱਬ ਵਿਚ ਜਾਣਾ ਹੋਵੇ। ਪਿੰਡ ਦੀ ਸੱਥ ਵਿਚ ਬਹਿਣਾ ਹੋਵੇ। ਖੁੰਢ ਚਰਚਾ ਕਰਨੀ ਹੋਵੇ। ਇਹ ਮਹਾਂਗਨਰ ਦੀ ਚੌਪਾਲ ਹੈ। ਕੋਈ ਰਜਿਸਟਰਡ, ਬਾਕਾਇਦਾ ਸੰਸਥਾ ਨਹੀਂ, ਪਰ ਫਿਰ ਵੀ ਆਪਣੀ ਕਹਿਣ, ਦੂਜੇ ਦੀ ਸੁਣਨ, ਦਿਲ ਖੋਲ੍ਹਣ ਦਾ ਫੋਰਮ। ਸੜਕ ਦੇ ਇਕ ਕੰਢੇ ਬੰਗਲੇ ਬਿਲਡਿੰਗਾਂ। ਦੂਜੇ ਪਾਸੇ ਟ੍ਰੈਫਿਕ। ਨੇੜੇ ਪੁਲਿਸ ਚੌਕੀ, ਪਾਰਕ, ਫੁੱਲ ਬੂਟੇ, ਪਲੇਟਫਾਰਮ, ਆਡੀਟੋਰੀਅਮ, ਸ਼ਤਰੰਜ ਖੇਡਣ ਲਈ ਮੇਜ਼ ਕੁਰਸੀਆਂ, ਬੈਠਣ ਲਈ ਬੈਂਚ। ਪਰ ਇਸ ਚੌਪਾਲ ਵਾਲੇ ਇਸ ਸਾਰੇ ਕੁਝ ਵਿਚ ਆਪਣੀ ਵੱਖਰੀ ਦੁਨੀਆ ਰੋਜ਼ ਵਸਾਉਂਦੇ ਹਨ। ਇਸ ਹਲਕੀ-ਫੁਲਕੀ ਵਾਰਤਕ ਵਿਚੋਂ ਤੁਸੀਂ ਮੁੰਬਈ ਦੀ ਬਹੁਰੰਗੀ ਜ਼ਿੰਦਗੀ ਦੇ ਬਹਾਨੇ ਆਸ-ਪਾਸ ਦੀ ਅਜੋਕੀ ਜ਼ਿੰਦਗੀ ਵਿਚ ਮਿਲਦੇ ਰੰਗ-ਬਰੰਗੇ ਲੋਕਾਂ, ਉਨ੍ਹਾਂ ਦੀਆਂ ਉਮੰਗਾਂ, ਦੁੱਖਾਂ, ਸੁੱਖਾਂ, ਲੋੜਾਂ, ਥੁੜ੍ਹਾਂ, ਸੁਪਨਿਆਂ, ਸਭਾਵਾਂ, ਉਲਾਰਾਂ, ਸੀਮਾਵਾਂ ਨੂੰ ਸਮਝ ਕੇ ਆਪਣੇ ਆਪ ਨੂੰ ਪਛਾਣ ਸਕਦੇ ਹੋ। ਆਪਣੇ ਜੀਵਨ ਜਾਚ ਨੂੰ ਪੜਚੋਲ ਕੇ ਕਈ ਕੁਝ ਸਿੱਖ ਸਕਦੇ ਹੋ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਗੁਲਬੀਨ
ਸ਼ਾਇਰ : ਅਮਰੀਕ ਡੋਗਰਾ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98141-52223.

ਜਨਾਬ ਅਮਰੀਕ ਡੋਗਰਾ ਗ਼ਜ਼ਲ ਦੇ ਮਾਧਿਅਮ ਨਾਲ ਨਿਰੰਤਰ ਸੰਘਰਸ਼ ਕਰਨ ਵਾਲਾ ਸ਼ਾਇਰ ਹੈ। ਉਰਦੂ-ਫ਼ਾਰਸੀ ਦੀ ਮਖ਼ਸੂਸ ਸ਼ਬਦਾਵਲੀ ਉਸ ਦੇ ਕਾਵਿ-ਸੁਰ ਨੂੰ ਵਿਲੱਖਣਤਾ ਪ੍ਰਦਾਨ ਕਰ ਦਿੰਦੀ ਹੈ। ਉਹ ਗ਼ਜ਼ਲ ਦੇ ਸੰਬੋਧਨਮਈ ਅੰਦਾਜ਼ ਨੂੰ ਬਹੁਤ ਖੂਬਸੂਰਤੀ ਨਾਲ ਸਰੰਜਾਮ ਦਿੰਦਾ ਹੈ। ਦੇਖੋ :
ਮੈਨੂੰ ਤੇਰੇ 'ਤੇ ਹੈ ਗ਼ਿਲਾ ਮੌਲਾ,
ਜ਼ਿੰਦਗੀ ਕਿਉਂ ਹੈ ਕਰਬਲਾ ਮੌਲਾ!
ਦਿਲ 'ਚ ਰਹਿ ਕੇ ਵੀ ਤੂੰ ਨਹੀਂ ਦਿਸਦਾ,
ਕਾਹਨੂੰ ਰੱਖਦੈਂ ਇਹ ਫਾਸਲਾ ਮੌਲਾ!
ਦੀਵੇ ਵਾਂਗੂ ਜਗਾਂ ਤੇਰੀ ਰਹਿਮਤ।
ਸਿਵੇ ਵਾਂਗੂ ਨਾ ਹੁਣ ਜਲਾ ਮੌਲਾ!
ਸ਼ਾਇਰ ਨੂੰ ਇਸ ਗੱਲ ਦਾ ਰੰਜ ਹੈ ਕਿ ਉਸ ਦੇ ਚਾਰੇ ਤਰਫ਼ ਵੀਰਾਨੀਆਂ ਅਤੇ ਉਦਾਸੀਆਂ ਹਨ। ਪੰਜਾਬ ਦੇ ਰਹਿਨੁਮਾ, ਰਾਹਜ਼ਨ ਬਣ ਕੇ ਆਪਣੇ ਹੀ ਸੰਗੀਆਂ-ਸਾਥੀਆਂ ਨੂੰ ਲੁੱਟ-ਪੁੱਟ ਰਹੇ ਹਨ। ਈਮਾਨ ਤੇ ਕਾਨੂੰਨ ਖੰਭ ਲਾ ਕੇ ਉੱਡ ਗਏ ਹਨ ਅਤੇ ਮਤਲਬਪ੍ਰਸਤ ਲੋਕ ਧਰਮ ਦੀ ਆੜ ਵਿਚ ਪੰਜਾਬੀਆਂ ਦਾ ਕਤਲੇਆਮ ਕਰ ਰਹੇ ਹਨ। ਕਵੀ ਇਸ ਪ੍ਰਕਾਰ ਦੇ ਆਪਹੁਦਰੇ ਅਤੇ ਜ਼ਾਲਮ ਨਿਜ਼ਾਮ ਤੋਂ ਨਿਜਾਤ ਪਾਉਣੀ ਚਾਹੁੰਦਾ ਹੈ (ਪੰਨਾ 30)। 'ਗੁਲਬੀਨ' (ਫੁੱਲਾਂ ਨੂੰ ਨਿਹਾਰਨ ਵਾਲਾ ਯੰਤਰ) ਨੂੰ ਕਵੀ ਇਕ ਪ੍ਰਭਾਵਸ਼ਾਲੀ ਚਿਹਨਕ ਦੇ ਰੂਪ ਵਿਚ ਇਸਤੇਮਾਲ ਕਰਦਾ ਹੈ : ਜਿਵੇਂ ਗੁਲਬੀਨ ਵਿਚ ਤੱਕਿਆਂ ਅਸੰਖਾਂ ਨਕਸ਼ ਦਿਸਦੇ ਨੇ/ਅਸੰਖਾਂ ਰੰਗ ਹਸਦੇ ਨੇ, ਅਸੰਖਾਂ ਅਰਸ਼ ਦਿਸਦੇ ਨੇ/ਇਵੇਂ ਅਮਰੀਕ ਦੇ ਸ਼ਿਅਰਾਂ ਦੀ ਬੁੱਕਲ ਵਿਚ ਅਜੇ ਤਾਈਂ/ਰਹੱਸ ਕੁਦਰਤ ਦਾ ਲੁਕਿਆ ਹੈ, ਨਵਾਂ ਸੰਸਾਰ ਲੁਕਿਆ ਹੈ (ਪੰਨਾ 25) ਉਕਤ ਗ਼ਜ਼ਲ ਵਿਚ ਏਨੀ ਲੰਮੀ ਬਹਿਰ ਦਾ ਪ੍ਰਯੋਗ ਕੀਤਾ ਗਿਆ ਹੈ, ਜਿਸ ਨੂੰ ਸੰਭਾਲਣਾ-ਸਜਾਉਣਾ ਹਰ ਕਵੀ ਦੇ ਵੱਸ ਦੀ ਗੱਲ ਨਹੀਂ ਹੁੰਦੀ।
ਅਮਰੀਕ ਡੋਗਰਾ ਇਕ ਦਰਵੇਸ਼ ਰੂਹ ਹੈ। ਗ਼ਜ਼ਲ-ਕਾਵਿ ਦੇ ਮਾਧਿਅਮ ਦੁਆਰਾ ਉਹ ਸਮੁੱਚੀ ਮਾਨਵਤਾ ਦੀ ਖ਼ੈਰ ਮੰਗਦਾ ਹੈ। 'ਤਣਾਉ' ਉਸ ਦੇ ਸ਼ਿਅਰਾਂ ਦਾ ਮੁੱਖ ਲੱਛਣ ਹੈ। ਉਹ ਆਪਣੇ ਹਰ ਸ਼ਿਅਰ ਦੇ ਦੋਵਾਂ ਮਿਸਰਿਆਂ ਨੂੰ ਇਕ ਤਣਾਉ ਵਿਚ ਬੰਨ੍ਹ ਕੇ ਰੂਪਮਾਨ ਕਰਦਾ ਹੈ। ਕਾਵਿ-ਟੁਕੜੀਆਂ ਉਸ ਦੇ ਅੰਦਾਜ਼ ਨੂੰ ਵਿਸਮਾਦ ਭਰਪੂਰ ਬਣਾ ਦਿੰਦੀਆਂ ਹਨ। ਭਾਵ-ਪ੍ਰਬੰਧ ਅਤੇ ਰੂਪ-ਜੜਤ ਦੇ ਪੱਖੋਂ ਉਸ ਨੇ ਪੰਜਾਬੀ ਗ਼ਜ਼ਲ ਨੂੰ ਵਿਲੱਖਣ ਦੇਣ ਦਿੱਤੀ ਹੈ। ਉਸ ਦੀਆਂ ਮਨਬਚਨੀਆਂ ਅਤੇ ਸੰਬੋਧਨੀ ਅੰਦਾਜ਼ ਵੀ ਅਤਿਅੰਤ ਮਨਮੋਹਕ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਲਫ਼ਜ਼ਾਂ ਦੀ ਲੋਅ
ਲੇਖਕ : ਸੁਰਜੀਤ ਸਿੰਘ
ਪ੍ਰਕਾਸ਼ਕ : ਸ਼ਹੀਦ-ਏ-ਆਜ਼ਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98146-32807.

'ਲਫ਼ਜ਼ਾਂ ਦੀ ਲੋਅ' ਪੁਸਤਕ ਦਾ ਇਹ ਦੂਸਰਾ ਐਡੀਸ਼ਨ ਹੈ। ਲੇਖਕ ਪ੍ਰਵਾਸੀ ਭਾਰਤੀ ਵਜੋਂ ਕੈਨੇਡਾ ਵਿਖੇ ਵਸਦਾ ਹੈ। ਪੁਸਤਕ ਨੂੰ ਵਾਚ ਕੇ ਇਹ ਗੱਲ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਜੀਵਨ ਦੇ ਸੱਚ ਨੂੰ ਬਿਆਨਣ ਲਈ ਉਸ ਦੀ ਕਲਮ ਕਾਹਲੀ ਪਈ ਹੋਈ ਹੈ।
ਜੀਵਨ ਦਾ ਸੱਚ ਉਸ ਨੇ ਆਪਣੇ ਨਿੱਜ ਵਿਚੋਂ ਆਪਣੇ ਪਰਿਵਾਰ, ਦੋਸਤਾਂ, ਮਿੱਤਰਾਂ ਅਤੇ ਆਲੇ-ਦੁਆਲੇ ਵਿਚੋਂ ਸੰਗ੍ਰਹਿ ਕੀਤਾ ਹੈ। ਉਹ ਵਿਦੇਸ਼ ਵਿਚ ਵਸਦਾ ਵੀ ਪੰਜਾਬ ਦੀ ਧਰਤੀ ਤੇ ਵਿਰਾਸਤ ਨਾਲ ਜੁੜਿਆ ਹੋਇਆ ਹੈ। ਸਿੱਖ ਧਰਮ ਵਿਚ ਉਸ ਦਾ ਅਥਾਹ ਵਿਸ਼ਵਾਸ ਹੈ। ਉਹ ਪਾਖੰਡ ਅਤੇ ਕੱਟੜਤਾ ਦਾ ਸਖ਼ਤ ਵਿਰੋਧੀ ਹੈ। ਉਸ ਨੂੰ ਆਪਣੀ ਗੱਲ ਕਹਿਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ। ਵਾਰਤਕ-ਸ਼ੈਲੀ ਵਿਚ ਲਿਖੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਹ ਹਰ ਆਪ ਬੀਤੀ ਨੂੰ ਲਘੂ ਕਹਾਣੀ ਵਾਂਗ ਬਿਆਨ ਕਰਦਾ ਹੈ। ਘਟਨਾ ਨੂੰ ਬਿਆਨ ਕਰਦਾ ਪਾਠਕ ਨੂੰ ਆਪਣੇ ਨਾਲ-ਨਾਲ ਤੋਰੀ ਰੱਖਦਾ ਹੈ, ਜਿਵੇਂ ਕੋਈ ਦਾਦੀ-ਮਾਂ ਛੋਟੇ ਬੱਚੇ ਨੂੰ ਕਹਾਣੀ ਸੁਣਾਉਂਦੀ ਉਸ ਦਾ ਹੁੰਗਾਰਾ ਉਡੀਕਦੀ ਹੈ। ਅਸਲ ਵਿਚ ਪਾਠਕਾਂ ਦੇ ਸਨਮੁੱਖ ਹੋਣ ਤੋਂ ਪਹਿਲਾਂ ਫੇਸ-ਬੁੱਕ ਰਾਹੀਂ ਉਸ ਨੂੰ ਅਨੇਕਾਂ ਦੋਸਤਾਂ-ਮਿੱਤਰਾਂ ਵਲੋਂ ਮਿਲਿਆ ਭਰਪੂਰ ਪਿਆਰ ਹੀ ਪੁਸਤਕ ਦੇ ਰੂਪ ਵਿਚ ਪਾਠਕਾਂ ਨਾਲ ਸਾਂਝ ਬਣਾਉਣ ਦਾ ਜ਼ਰੀਆ ਬਣਿਆ ਹੈ। ਪੁਸਤਕ ਵਿਚ ਸ਼ਾਮਿਲ ਲਘੂ ਘਟਨਾਵਾਂ ਅਤੇ ਛੋਟੇ ਲੇਖ ਬਿਨਾਂ ਸਿਰਲੇਖੇ ਦਰਦ, ਜਵਾਨ ਸੋਚ, ਪਹਿਲਾਂ ਖ਼ੁਦ ਨੂੰ ਬਦਲੋ, ਸਾਡਾ ਅਲੋਪ ਹੁੰਦਾ ਸੱਭਿਆਚਾਰ, ਫ਼ਰਕ, ਮੇਰੀ ਮਾਂ ਦਾ ਗੀਤ, ਮਨ ਦੀ ਸੁੰਦਰਤਾ, ਇਸਾਈ ਤੇ ਸਿੱਖ, ਫੈਸ਼ਨ, ਇਲਾਹੀ ਰਿਸ਼ਤਾ, ਸੂਰਮਾ ਪਿਉ, ਕੈਨੇਡਾ, ਅਸੀਂ ਤੇ ਉਹ, ਸੋਚ ਬਦਲੋ, ਗੁਨਾਹਗਾਰ, ਪਰਾਇਆ ਹੱਕ, ਦਸ਼ਾ ਤੇ ਦਿਸ਼ਾ, ਜੀਭ ਦਾ ਸੁਆਦ, ਇਹ ਵੀ ਦੋਸਤੀ ਏ, ਪੈਸਾ ਤੇ ਮਨੁੱਖ, ਠੋਕਰ, ਹਨ੍ਹੇਰੀ ਦਾਸਤਾਨ, ਬੋਲਾਂ ਦੀ ਮਹੱਤਤਾ, ਹਾਲਾਤ ਦਾ ਸਾਹਮਣਾ ਆਦਿ ਰਚਨਾਵਾਂ ਲੇਖਕ ਦੀ ਬੇਬਾਕੀ ਅਤੇ ਹੁਣ ਤੱਕ ਤੰਗੀਆਂ-ਤੁਰਸ਼ੀਆਂ ਦੌਰਾਨ ਹੰਢਾਏ ਜੀਵਨ ਦੀ ਤਸਵੀਰ ਨੂੰ ਪੇਸ਼ ਕਰਨ ਦਾ ਸਫ਼ਲ ਉਪਰਾਲਾ ਹੈ।

ਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਗੋਲੀ
ਲੇਖਕ : ਅਚਾਰੀਆ ਚਤੁਰਸੇਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 340
ਸੰਪਰਕ : 78377-18723.

ਇਹ ਨਾਵਲ ਰਾਜਸਥਾਨੀ ਰਜਵਾੜਿਆਂ ਦਾ ਕਲੰਕਿਤ ਜੀਵਨ ਬਿਆਨ ਕਰਦਾ ਹੈ, ਜਿਥੇ ਰਾਜੇ ਲੋਕਾਂ ਦੀ ਗਾੜੇ ਪਸੀਨੇ ਦੀ ਕਮਾਈ ਨੂੰ ਆਪਣੀ ਅੱਯਾਸ਼ੀ ਤੇ ਲੰਪਟਤਾ ਲਈ ਇਸਤੇਮਾਲ ਕਰਦੇ ਹਨ। ਸ਼ਰਾਬ ਅਤੇ ਔਰਤਾਂ ਉਨ੍ਹਾਂ ਦੀ ਹੱਦ ਦਰਜੇ ਦੀ ਕਮਜ਼ੋਰੀ ਹੈ। ਵੱਡੇ-ਵੱਡੇ ਮਹੱਲ, ਪੋਸ਼ਾਕਾਂ, ਹੀਰੇ ਜਵਾਹਰਾਤ ਤੇ ਮਹਿੰਗੀਆਂ ਸੁਗਾਤਾਂ ਲਈ ਉਨ੍ਹਾਂ ਦੀ ਭੁੱਖ ਦਾ ਕੋਈ ਸਾਨੀ ਨਹੀਂ ਹੈ। ਜਨਤਾ ਉਨ੍ਹਾਂ ਲਈ ਭੇਡ ਬੱਕਰੀਆਂ ਸਮਾਨ ਹੁੰਦੀ ਹੈ, ਜਿਸ ਨੂੰ ਉਹ ਆਪਣੇ ਹਿੱਤ ਅਤੇ ਲਾਭ ਲਈ ਜਿਵੇਂ ਚਾਹੁਣ ਵਰਤਣ। ਔਰਤਾਂ ਉਨ੍ਹਾਂ ਲਈ ਸੰਪਤੀ ਸਮਾਨ ਹਨ, ਜਿਨ੍ਹਾਂ ਨੂੰ ਕਿਸੇ ਭਾਅ ਵੀ ਉਹ ਖਰੀਦਣ ਤੇ ਵਰਤਣ ਲਈ ਤਿਆਰ ਰਹਿੰਦੇ ਹਨ। ਔਰਤਾਂ-ਮਰਦਾਂ ਨੂੰ ਉਹ ਗੁਲਾਮਾਂ ਵਾਂਗ ਰੱਖਦੇ ਹਨ। ਉਨ੍ਹਾਂ ਦੇ ਬੱਚੇ ਜਣਦੀਆਂ ਹਨ ਪਰ ਉਨ੍ਹਾਂ ਨੂੰ ਪਾਲਦਾ ਕੋਈ ਹੋਰ ਹੈ, ਪਿਤਾ ਕੋਈ ਹੋਰ ਹੁੰਦਾ ਹੈ ਤੇ ਉਨ੍ਹਾਂ ਬੱਚਿਆਂ ਨੂੰ ਰਾਜ-ਸ਼ਾਹੀ ਦਾ ਕੋਈ ਅਧਿਕਾਰ ਨਹੀਂ ਮਿਲਦਾ। ਇਹ ਨਾਵਲ ਇਕ ਗੁਲਾਮ ਦਾਸੀ ਚੰਪਾ ਅਤੇ ਗੁਲਾਮ ਕਿਸ਼ਨ ਦੁਆਲੇ ਘੁੰਮਦਾ ਹੈ, ਜੋ ਆਪਣੇ ਸੁਹੱਪਣ ਅਤੇ ਮਿਹਨਤ ਸਦਕਾ ਰਾਜੇ ਦੇ ਰੰਗ ਮਹੱਲ ਵਿਚ ਜੀਵਨ ਦੇ 21 ਵਰ੍ਹੇ ਬਤੀਤ ਕਰਦੇ ਹਨ, ਸੌਖਾ ਜੀਵਨ ਬਤੀਤ ਕਰਦੇ ਹਨ ਪਰ ਉਨ੍ਹਾਂ ਨੂੰ ਰੰਗ ਮਹੱਲ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੁੰਦਾ। ਅਚਾਰੀਆ ਜੀ ਨੇ ਬੜੇ ਹੀ ਕਲਾਤਮਕ ਢੰਗ ਨਾਲ ਰਾਜ ਮਹੱਲ ਵਿਚ ਹੋ ਰਹੀਆਂ ਸਾਜਿਸ਼ਾਂ, ਬਦਕਾਰੀਆਂ ਤੇ ਭ੍ਰਿਸ਼ਟਾਚਾਰ ਦਾ ਵਰਨਣ ਕੀਤਾ ਹੈ। ਅੰਗਰੇਜ਼ੀ ਰਾਜ ਸਮੇਂ ਰਿਆਸਤਾਂ ਦੀ ਹਾਲਤ ਅਤੇ ਰਾਜਿਆਂ ਦੀ ਬ੍ਰਿਟਿਸ਼ ਸ਼ਾਸਨ ਸਾਹਵੇਂ ਬੇਬਸੀ ਦਾ ਬ੍ਰਿਤਾਂਤ ਬਹੁਤ ਕਲਾਪੂਰਨ ਢੰਗ ਨਾਲ ਹੋਇਆ ਹੈ। ਅੰਤ ਵਿਚ ਚੰਪਾ ਕ੍ਰਿਸ਼ਨ ਅਤੇ ਉਨ੍ਹਾਂ ਦੇ ਬੱਚੇ ਰਾਜਸ਼ਾਹੀ ਦੀ ਗ੍ਰਿਫ਼ਤ ਤੋਂ ਆਜ਼ਾਦ ਹੋ ਕੇ ਸੌਖਾ ਜੀਵਨ ਬਤੀਤ ਕਰਦੇ ਹਨ ਤੇ ਰਾਜਾਸ਼ਾਹੀ ਢਹਿ-ਢੇਰੀ ਹੋ ਜਾਂਦੀ ਹੈ।

ਕੇ. ਐਲ.ਗਰਗ
ਮੋ: 94635-37050
ਫ ਫ ਫ

ਧੜਕਣ ਦਾ ਸਫ਼ਰ
ਕਵੀ : ਕੁਲਵੰਤ ਕਸਕ
ਪ੍ਰਕਾਸ਼ਕ : ਕਸਕ ਪ੍ਰਕਾਸ਼ਨ, ਸੰਗਰੂਰ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 94634-87007.

ਕੁਲਵੰਤ ਕਸਕ ਦੇ ਇਸ ਸੰਗ੍ਰਹਿ ਵਿਚ ਉਸ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਿਲ ਹਨ। ਕੁਲਵੰਤ ਕਸਕ ਦੀਆਂ ਗ਼ਜ਼ਲਾਂ ਵਿਚ ਨਵੀਨਤਾ ਤੇ ਤਾਜ਼ਗੀ ਹੈ ਤੇ ਉਹ ਆਪਣੀਆਂ ਗ਼ਜ਼ਲਾਂ ਵਿਚ ਮਹਿਬੂਬ ਦੇ ਗ਼ਮ ਤੋਂ ਲੈ ਕੇ ਦੁਨੀਆ ਦੇ ਦੁੱਖਾਂ ਨੂੰ ਚਿਤਰਨ ਦਾ ਯਤਨ ਕਰਦਾ ਹੈ। ਆਧੁਨਿਕ ਮਨੁੱਖ ਭਾਵੇਂ ਸੁਵਿਧਾਵਾਂ ਨਾਲ ਭਰਪੂਰ ਜੀਵਨ ਜਿਊ ਰਿਹਾ ਹੈ ਪਰ ਅਸਲ ਵਿਚ ਉਹ ਆਪਣੇ-ਆਪੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਹ ਸਾਡੇ ਯੁੱਗ ਦਾ ਮਾਤਮ ਹੈ ਕਿ ਅਸੀਂ ਆਪਣੀ ਹੀ ਰੂਹ ਤੋਂ ਵਿਛੁੰਨਦੇ ਜਾ ਰਹੇ ਹਾਂ
ਸਾਡੇ ਯੁੱਗ ਦਾ ਮਾਤਮ
ਅਸੀਂ ਰੂਹ ਦੀ ਛੋਹ ਤੋਂ ਵਾਂਝੇ.....
ਧਰਤੀ ਤੇ ਆਕਾਸ਼ਾਂ ਜਿਹੀ
ਹੁਣ ਸਾਡੇ ਵਿਚ ਪਸਰੀ ਦੂਰੀ
ਇਹ ਕਵਿਤਾਵਾਂ ਜੀਵਨ ਪੰਧ 'ਤੇ ਤੁਰਦਿਆਂ ਕੌੜੇ ਮਿੱਠੇ ਤਜਰਬਿਆਂ ਦਾ ਕਾਵਿਕ ਬਿਰਤਾਂਤ ਹਨ। ਡਾ: ਤੇਜਵੰਤ ਮਾਨ ਅਨੁਸਾਰ ਕੁਲਵੰਤ ਕਸਕ ਸਮਾਜਿਕ, ਇਤਿਹਾਸਕ, ਰਾਜਨੀਤਕ, ਆਰਥਿਕ, ਸੱਭਿਆਚਾਰਕ ਪੱਖੋਂ ਨਿਰੰਤਰ ਬਦਲਾਵੀ ਗਤੀ ਦੀ ਪਹਿਚਾਣ ਕਰਨ ਵਾਲਾ ਸ਼ਾਇਰ ਹੈ। ਉਮੀਦ ਹੈ ਡਾ: ਮਾਨ ਦਾ ਇਹ ਕਥਨ ਕਸਕ ਦੀਆਂ ਅਗਲੀਆਂ ਪੁਸਤਕਾਂ ਵਿਚ ਹੋਰ ਸਾਰਥਿਕਤਾ ਗ੍ਰਹਿਣ ਕਰੇਗਾ।

ਡਾ: ਅਮਰਜੀਤ ਕੌਂਕੇ।
ਫ ਫ ਫ

ਵਜੂਦ
ਲੇਖਕ : ਪੀ.ਆਰ. 'ਖਾਮੋਸ਼'
ਪ੍ਰਕਾਸ਼ਕ : ਖ਼ੁਦ
ਮੁੱਲ : 100 ਰੁਪਏ (ਸਜਿਲਦ), ਸਫ਼ੇ : 80
ਸੰਪਰਕ : 94174-50794.

'ਵਜੂਦ' ਕਾਵਿ-ਸੰਗ੍ਰਹਿ ਪੀ.ਆਰ. 'ਖ਼ਾਮੋਸ਼' ਦਾ ਛੇਵਾਂ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕਵਿਤਾਵਾਂ, ਗ਼ਜ਼ਲਾਂ ਅਤੇ ਰੁਬਾਈਆਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਅਜੋਕੇ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਅਧਿਆਤਮਿਕ ਚਿੰਤਨ ਦੀ ਧੁਨੀ ਪ੍ਰਬਲ ਰੂਪ ਵਿਚ ਸੁਣਾਈ ਦਿੰਦੀ ਹੈ। ਸਰਬੱਤ ਦਾ ਭਲਾ ਇਨ੍ਹਾਂ ਕਵਿਤਾਵਾਂ ਦਾ ਪ੍ਰਮੁੱਖ ਸਰੋਕਾਰ ਹੈ। ਅਜੋਕੇ ਦੌਰ ਦੇ ਪ੍ਰਮੁੱਖ ਮਸਲੇ, ਕਾਣੀ ਵੰਡ, ਫ਼ਿਰਕਾਪ੍ਰਸਤੀ, ਊਚ-ਨੀਚ, ਮਜ਼ਲੂਮਾਂ ਉੱਪਰ ਹੁੰਦੇ ਅੱਤਿਆਚਾਰਾਂ ਦੀ ਕਹਾਣੀ ਬਿਆਨ ਕਰਦੀ ਹੈ। ਕਾਦਰ ਦੀ ਕੁਦਰਤ ਦੇ ਝਲਕਾਰੇ, ਜਦੋਂ ਇਕ ਰੱਬ ਹੈ ਤਾਂ ਫਿਰ ਉਸ ਦੀ ਖ਼ਲਕਤ ਵਿਚ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਹੈ, ਅਜਿਹੀ ਉਸ ਦੀ ਸੋਚ ਹੈ। ਪੇਸ਼ੇ ਵਜੋਂ ਅਧਿਆਪਕ ਹੋਣ ਕਰਕੇ, ਕਵਿਤਾਵਾਂ ਦੀ ਸੁਰ ਵੀ ਵਧੇਰੇ ਕਰਕੇ ਉਪਦੇਸ਼ਾਤਮਿਕ ਹੈ। ਅਣਮਨੁੱਖੀ ਵਰਤਾਰੇ ਪ੍ਰਤੀ ਨਫ਼ਰਤ ਪੈਦਾ ਕਰਨਾ ਵੀ ਉਸ ਦੀਆਂ ਕਵਿਤਾਵਾਂ ਦੀ ਮੂਲ ਸੁਰ ਹੈ :
ਇਨਸਾਨੀਅਤ ਤੋਂ ਵੱਡਾ ਨਹੀਂ ਧਰਮ ਕੋਈ,
ਹੈਵਾਨੀਅਤ ਤੋਂ ਭੈੜੀ ਕੋਈ ਜਾਤ ਹੈ ਨਹੀਂ।
ਜਾਂ ਫਿਰ ਅਗਾਂਹ ਹੋਰ ਦੇਖੋ :
ਮਸਜਿਦ 'ਚ ਤੂੰ ਹੈਂ ਅੱਲ੍ਹਾ,
ਮੰਦਰ 'ਚ ਰਾਮ ਤੂੰ ਹੈਂ।
'ਖ਼ਾਮੋਸ਼' ਕਹਿ ਰਿਹਾ ਹੈ,
ਭਗਵਾਨ ਨਾਮ ਤੇਰਾ।
ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਇਨਸਾਨੀਅਤ ਦਾ ਝੰਡਾ-ਬਰਦਾਰ ਮੰਨਦਿਆਂ ਕਹਿੰਦਾ ਹੈ ਕਿ ਉਨ੍ਹਾਂ ਨੇ ਊਚ-ਨੀਚ ਦੇ ਭੇਦ ਨੂੰ ਮਿਟਾਉਣ ਖ਼ਾਤਰ ਸਰਬੰਸ ਹੀ ਵਾਰ ਦਿੱਤਾ ਹੈ :
'ਖ਼ਾਮੋਸ਼' ਇਕ ਨਹੀਂ ਗੁਰੂ ਨੇ ਸੱਤ ਵਾਰੇ,
ਹਿਸਾਬ ਕੀਤਾ ਨਹੀਂ ਸਰਫੇ ਸੋਹੜਿਆਂ ਦਾ।
ਭਾਵਾਂ ਅਨੁਸਾਰ ਸੁਚੱਜੀ ਭਾਸ਼ਾ ਦੀ ਵਰਤੋਂ ਕਰਦਿਆਂ ਜੀਵਨ ਦੇ ਪ੍ਰਾਪਤ ਅਨੁਭਵਾਂ ਨੂੰ ਸਾਦਗੀ, ਸਰਲਤਾ ਅਤੇ ਸਪੱਸ਼ਟਤਾ ਰਾਹੀਂ ਆਪਣੀਆਂ ਕਵਿਤਾਵਾਂ 'ਚ ਪ੍ਰਗਟਾਉਣ ਦਾ ਪੁਖ਼ਤਾ ਯਤਨ ਕਿਹਾ ਜਾ ਸਕਦਾ ਹੈ। 'ਪ੍ਰਾਰਥਨਾ', 'ਸ਼ਾਹ', 'ਮਾਲਕ', 'ਏਕ ਨੂਰ', 'ਰੱਬ', 'ਮਾਤਾ ਭਾਗੋ', 'ਔਕਾਤ', 'ਸ਼ੌਕ' ਅਤੇ 'ਕਰਾਮਾਤ' ਕਵਿਤਾਵਾਂ ਆਪਣੇ ਸਿਰਲੇਖਾਂ ਰਾਹੀਂ ਕੇਂਦਰੀ ਨੁਕਤੇ ਵੱਲ ਇਸ਼ਾਰਾ ਕਰਦੀਆਂ ਹਨ। 'ਵਜੂਦ' ਕਵਿਤਾ ਮਨੁੱਖ ਅਤੇ ਕੁਦਰਤ ਅਤੇ ਕਾਦਰ ਦੇ ਵਜੂਦ ਦੇ ਸੰਵਾਦ ਦੀ ਕਵਿਤਾ ਹੈ, ਜੋ ਅਧਿਆਤਮਿਕ ਫਲਸਫੇ ਰਾਹੀਂ ਮਨੁੱਖ ਦੀ ਹੈਸੀਅਤ ਕੀ ਹੈ? ਦੇ ਸਵਾਲ ਦੀ ਤਲਾਸ਼ 'ਚ ਹੈ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਸੁਣ ਓਏ ਆਸ਼ੀ ਕਮਲਿਆ
ਕਵੀ : ਆਸ਼ੀ ਈਸਪੁਰੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94172-79936.

ਆਸ਼ੀ ਈਸਪੁਰੀ ਨੇ ਹਥਲੀ ਕਿਤਾਬ ਵਿਚ ਕਰੀਬ 1100 ਦੋਹੇ ਲਿਖ ਕੇ ਇਸ ਖੇਤਰ ਵਿਚ ਆਪਣੀ ਪਛਾਣ ਪੱਕੀ ਕਰਵਾਈ ਹੈ। ਇਸ ਕਿਤਾਬ ਦੇ ਦੋਹੇ ਆਸ਼ੀ ਈਸਪੁਰੀ ਨੇ 6 ਭਾਗਾਂ ਵਿਚ ਵੰਡ ਕੇ ਪੇਸ਼ ਕੀਤੇ ਹਨ। ਹਰ ਅਧਿਆਏ ਦੇ ਸਿਰਲੇਖ ਅਨੁਸਾਰ ਦੋਹਿਆਂ ਦੀ ਸੁਚੱਜੀ ਵੰਡ ਕੀਤੀ ਗਈ ਹੈ। ਇਹ ਭਾਗ ਹਨ 1. ਸੰਸਾਰ (ਧਰਮ, ਸਮਾਜ, ਦਰਸ਼ਨ, ਵਾਤਾਵਰਨ, ਦਰਿਆ ਤੇ ਰੁੱਖ), 2. ਵੇਦਨਾ (ਬੁੱਢੇ ਮਾਂ ਪਿਓ, ਅੱਜ ਦਾ ਸਰਵਣ), 3. ਸੱਚ (ਦੋਸਤੀ, ਫੱਕਰ, ਮਨ, ਦਾਨ, ਨਸ਼ਾ ਪੈਸਾ), 4. ਸਿੱਖ ਮਤ, 5. ਗਿਆਨ ਅਤੇ 6. ਫੁਟਕਲ ਦੋਹੇ।
ਕਵੀ ਆਸ਼ੀ ਨੇ ਆਪਣੇ ਦੋਹਿਆਂ ਨੂੰ ਆਧੁਨਿਕ ਦੋਹਾ-ਸਰੂਪ ਵਿਚ ਸਿਰਜਿਆ ਹੈ। ਦੋਹੇ ਦੇ ਕਈ ਰੂਪ ਬਦਲੇ ਪਰ ਜੋ ਅੱਜ ਪ੍ਰਚਲਤ ਹੈ ਉਸ ਦਾ ਅਰੂਜੀਕਰਨ ਇੰਜ ਹੈ : ਫੇਲੁਨ ਫੇਲੁਨ ਫਾਇਲੁਨ, ਫੇਲੁਨ ਫੇਲੁਨ ਫਿਅਲ (ਇਕ ਸਤਰ ਵਿਚ ਅਤੇ ਪੂਰੇ ਦੋਹੇ ਵਿਚ ਦੋ ਵਾਰ) ਦੋਹੇ ਦੀ ਸਿਫ਼ਤ ਵੀ ਗ਼ਜ਼ਲ ਦੇ ਸ਼ਿਅਰ ਵਰਗੀ ਹੁੰਦੀ ਹੈ ਕਿ ਉਹ ਅਗਲੇ ਜਾਂ ਪਿਛਲੇ ਦੋਹੇ ਉੱਤੇ ਵਿਸ਼ਾ ਪੱਖ ਤੋਂ ਨਿਰਭਰ ਨਾ ਹੋਵੇ। ਭਾਵ ਹਰ ਦੋਹਾ ਆਪਣਾ ਪੂਰਨ ਅਰਥ ਦੋਹਾਂ ਸਤਰਾਂ ਵਿਚ ਪੂਰਨਤਾ ਨਾਲ ਪ੍ਰਗਟਾਵੇ। ਇਸ ਅਵਸਥਾ ਵਿਚ ਕਵੀ ਦੇ ਦੋਹੇ ਰੂਪ ਸਰੂਪ ਵਿਚ ਪੂਰੇ ਹਨ। ਕਵੀ ਕੋਲ ਸੰਵੇਦਨਾ, ਚਿੰਤਨ ਅਤੇ ਲੋਕ ਸਰੋਕਾਰ ਹਨ, ਜਿਨ੍ਹਾਂ ਨੂੰ ਉਸ ਨੇ ਪੂਰੀ ਕਲਾ ਕੌਸ਼ਲਤਾ ਨਾਲ ਦੋਹਿਆਂ ਵਿਚ ਪ੍ਰਗਟਾਇਆ ਹੈ। ਕੁਝ ਦੋਹੇ ਵੇਖੋ :
-ਆਸ਼ੀ ਇਹ ਸੰਸਾਰ ਹੈ, ਜੈਸੇ ਨਿਰਮਲ ਨੀਰ
ਜੇਹਾ ਇਸ ਵਿਚ ਝਾਕੀਏ, ਤੇਹੀ ਦਿਸੇ ਤਸਵੀਰ।
-ਰੁੱਖਾਂ ਨਾਲ ਬਹਾਰ ਸੀ ਰਸਤੇ ਸੀ ਖੁਸ਼ਹਾਲ
ਹੁਣ ਸੜਕਾਂ ਤੇ ਵੇਖ ਲਉ, ਨਚਦਾ ਫਿਰਦਾ ਕਾਲ।
-ਪੰਜਾਬੀ ਨੂੰ ਰੋਲਦੇ, ਪੰਜਾਬੀ ਦੇ ਪੁੱਤ
ਅੰਗਰੇਜ਼ੀ ਦੇ ਨਸ਼ੇ ਵਿਚ, ਹੋ ਗਏ ਐਸੇ ਧੁੱਤ।

ਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

05-01-2019

 ਪਸੀਨੇ ਵਿਚ ਧੋਤੀ ਜ਼ਿੰਦਗੀ
ਲੇਖਕ : ਮਹਿੰਦਰ ਸਿੰਘ ਦੋਸਾਂਝ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94632-33991.

ਇਸ ਪੁਸਤਕ ਦੀਆਂ ਕਹਾਣੀਆਂ ਮਨੁੱਖੀ ਪਸੀਨੇ ਵਿਚ ਧੋਤੀ ਜ਼ਿੰਦਗੀ ਨਾਲ ਸਬੰਧਿਤ ਹਨ। ਪਹਿਲੀ ਕਹਾਣੀ 'ਜਿਸ ਦਾ ਕੋਈ ਮਜ਼ਹਬ ਨਹੀਂ ਸੀ' ਹਿੰਦ-ਪਾਕਿ ਵੰਡ ਨਾਲ ਸਬੰਧਿਤ ਹੈ ਜਦੋਂ ਇਨਸਾਨ ਉੱਤੇ ਹੈਵਾਨੀਅਤ ਸਵਾਰ ਸੀ। ਪਰ ਕੁਝ ਮੌਲਵੀ ਫ਼ਜ਼ਲਦੀਨ ਜਿਹੇ ਨੇਕ ਮਨੁੱਖ ਵੀ ਸਨ ਜੋ ਮਨੁੱਖਤਾ ਦੀ ਭਲਾਈ ਨੂੰ ਆਪਣਾ ਮਜ਼ਹਬ ਸਮਝਦੇ ਸਨ। 'ਦਾਤੇ ਦਾ ਹੱਥ' ਕਹਾਣੀ ਵਿਚ ਗੰਦੀ ਸਿਆਸਤ ਵਿਚ ਰਹਿੰਦੇ ਬੰਦੇ ਸਮਾਜ ਵਿਚ ਗੰਦ ਹੀ ਖਿਲਾਰਦੇ ਹਨ, ਵਿਸ਼ੇ ਨੂੰ ਉਲੀਕਿਆ ਹੈ। ਇਕ ਕਿਰਤੀ ਹੋਣ ਦੇ ਨਾਤੇ ਲੇਖਕ ਨੇ ਜਿਥੇ ਕਿਸਾਨ ਦੀ ਲੁੱਟ ਤੇ ਮੁਨੀਮ ਤੇ ਇੰਸਪੈਕਟਰ ਦੀਆਂ ਭ੍ਰਿਸ਼ਟ ਚਾਲਾਂ ਨੂੰ ਖੁੱਲ੍ਹ ਕੇ ਉਜਾਗਰ ਕੀਤਾ ਹੈ (ਮੰਡੀ ਦੀ ਸਰਕਾਰ) ਉਥੇ ਸ਼ਹਿਰਾਂ ਵਿਚ ਵਾਪਰਦੀਆਂ ਘਟਨਾਵਾਂ ਤੇ ਇਮਾਨਦਾਰ ਅਫ਼ਸਰਾਂ ਉੱਤੇ ਭ੍ਰਿਸ਼ਟ ਮੰਤਰੀਆਂ ਦਾ ਹਾਵੀ ਹੋਣਾ ਵੀ ਪੇਸ਼ ਕੀਤਾ ਹੈ 'ਮੁਰਦਾਬਾਦ ਅਫ਼ਸਰਸ਼ਾਹੀ' ਵਿਚ। ਜਿਥੇ ਪੁਲਿਸ ਜਨਤਾ ਦੀ ਰਾਖੀ ਲਈ ਹੁੰਦੀ ਹੈ, ਉਥੇ ਇਸ ਦਾ ਦੂਸਰਾ ਪਹਿਲੂ ਵੀ ਹੈ ਜਨਤਾ। ਟੈਂਪੂ ਵਾਲਿਆਂ ਤੇ ਕਿਰਤੀਆਂ ਦੀ ਲੁੱਟ ਖੋਹ ਜੋ ਪੂਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਵੀ ਭੁੱਖਾਂ ਕੱਟਦੇ ਹਨ। ਕਹਾਣੀ 'ਮੱਖੀਆਂ' ਵਿਚ ਵੀ ਪੁਲਿਸ ਦੀ ਬਦਨੀਅਤੀ ਨੂੰ ਪੇਸ਼ ਕੀਤਾ ਹੈ ਜੋ ਗ਼ਰੀਬਾਂ 'ਤੇ ਤਰਸ ਨਹੀਂ ਖਾਂਦੇ ਸਗੋਂ ਰਿਸ਼ਵਤ ਲੈ ਕੇ ਸਾਹ ਲੈਂਦੇ ਹਨ। 'ਇਕ ਦਿਨ ਦਾ ਰਾਜ' ਕਹਾਣੀ ਵਿਚ ਬਜ਼ੁਰਗ ਔਰਤ ਨਾਲ ਨੂੰਹ ਵਲੋਂ ਹੁੰਦੀ ਵਧੀਕੀ ਨੂੰ ਚਿਤਰਿਆ ਹੈ, ਜੋ ਅਜਿਹੀ ਤ੍ਰਾਸਦੀ ਹੈ ਤੇ ਇਕ ਦਿਨ ਖੁੱਲ੍ਹ ਕੇ ਸਾਹ ਲੈਣ ਨੂੰ ਤਰਸ ਜਾਂਦੀ ਹੈ। ਜੇ ਇਕ ਦਿਨ ਆਜ਼ਾਦੀ ਮਿਲੀ ਤਾਂ ਉਹ ਪੂਰੀ ਉਮਰ ਜਿਊ ਲੈਣਾ ਚਾਹੁੰਦੀ ਹੈ। ਔਰਤ ਨਾਲ ਪੁਰਸ਼ ਵਲੋਂ ਹੁੰਦੀ ਵਧੀਕੀ ਨੂੰ ਵੀ ਲੇਖਕ ਨੇ ਬਾਖੂਪੀ ਚਿਤਰਿਆ ਹੈ ਕਿ ਜੇ ਔਰਤ ਪ੍ਰਤੀ ਵਹਿਮ ਉਸ ਦੇ ਦਿਮਾਗ ਵਿਚ ਵੜ ਜਾਏ ਤਾਂ ਫਿਰ ਕੁੱਟਮਾਰ 'ਤੇ ਹਰ ਵੇਲੇ ਉਤਾਰੂ ਰਹਿੰਦੀ ਹੈ। ਇਕ ਦਿਹਾੜੀਦਾਰ ਗ਼ਰੀਬ ਲਈ ਤਾਂ ਅਫ਼ਸੋਸ ਕਰਨ ਆਏ ਵੀ ਭਾਰੂ ਜਾਪਦੇ ਹਨ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਹ ਗ਼ਰੀਬ ਦੇ ਮੂੰਹੋਂ ਰੋਟੀ ਖੋਹ ਰਹੇ ਹਨ ਨਾ ਕਿ ਅਫ਼ਸੋਸ ਕਰਨ ਆਏ ਹਨ। ਜਟ ਦਾ ਕੌੜਾ ਸੁਭਾਅ ਤੇ ਸ਼ਰਾਬ ਦੀ ਆਦਤ ਵੀ ਕਹਾਣੀ ਦਾ ਵਿਸ਼ਾ ਬਣਾਇਆ ਹੈ ਜੋ ਨਸ਼ੇ ਵਿਚ ਔਰਤ ਨੂੰ ਹੀ ਕੁੱਟ ਮਾਰ ਕਰਦਾ ਰਹਿੰਦਾ ਹੈ। 'ਸਾਡੇ ਵੇਲੇ' ਕਹਾਣੀ ਵਿਚ ਪੀੜ੍ਹੀ-ਪਾੜੇ ਦੇ ਅੰਤਰ ਨੂੰ ਉਲੀਕਿਆ ਹੈ ਤੇ 'ਪਸੀਨੇ ਵਿਚ ਧੋਤੀ ਜ਼ਿੰਦਗੀ' ਤਾਂ ਜਿਵੇਂ ਲੇਖਕ ਦੀ ਆਪਣੀ ਹੱਡਬੀਤੀ ਹੋਵੇ। ਨਾਲ ਹੀ ਪਿੰਡ ਤੇ ਸ਼ਹਿਰ ਦੇ ਜੀਵਨ ਵਿਚਲੇ ਅੰਤਰ ਨੂੰ ਵੀ ਬਾਖੂਬੀ ਚਿਤਰਿਆ ਹੈ। ਲੇਖਕ ਨੇ ਜਿਥੇ ਸ਼ੋਸ਼ਿਤ ਵਰਗ ਦੇ ਜੀਵਨ ਦੇ ਯਥਾਰਥ ਨੂੰ ਪੇਸ਼ ਕੀਤਾ ਹੈ, ਉਥੇ ਪਾਤਰਾਂ ਦੀ ਬੋਲੀ ਤੇ ਰਹਿਣੀ-ਬਹਿਣੀ ਵੀ ਉਨ੍ਹਾਂ ਦੇ ਅਨੁਕੂਲ ਸਿੱਦੀ-ਸਾਦੀ ਤੇ ਸਰਲ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਗਿਆਰਾਂ ਰੰਗ
ਕਹਾਣੀਕਾਰ : ਸੁਕੀਰਤ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 011-26802488.

ਸੁਕੀਰਤ ਦੀਆਂ ਕਹਾਣੀਆਂ ਦਾ ਖੇਤਰ ਬਹੁਤ ਵੰਨ-ਸੁਵੰਨਾ ਅਤੇ ਦਾਇਰਾ ਕਾਫੀ ਵਿਸ਼ਾਲ ਹੈ। ਉਸ ਦੀਆਂ ਕਹਾਣੀਆਂ ਆਮ ਪਾਠਕ ਨੂੰ ਨਾ ਕੇਵਲ ਅਚੰਭਿਤ ਹੀ ਕਰਦੀਆਂ ਹਨ ਬਲਕਿ ਭਾਵਨਾਤਮਕ ਪੱਖ ਤੋਂ ਖੂਬ ਅੰਦੋਲਿਤ ਵੀ ਕਰਦੀਆਂ ਹਨ। ਹਰ ਕਹਾਣੀ ਮਨੁੱਖੀ ਜੀਵਨ ਦੇ ਕਿਸੇ ਅਨੋਖੇ ਅਤੇ ਅਣਗੌਲੇ ਪੱਖ ਨੂੰ ਸਾਹਮਣੇ ਲਿਆਉਂਦੀ ਹੈ। ਉਸ ਦੀਆਂ ਕਹਾਣੀਆਂ ਵਿਚ ਨੈਰੇਟਰ ਅਤੇ ਪਾਤਰਾਂ ਦੇ ਨਾਲ-ਨਾਲ ਕਿਸੇ ਮੁੱਖ ਪਾਤਰ ਦੀਆਂ ਅੰਦਰੂਨੀ ਮਾਨਬਚਨੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਸੁਕੀਰਤ ਦੀਆਂ ਬਹੁਤੀਆਂ ਕਹਾਣੀਆਂ ਵਿਚ ਸਾਡੀ ਰਵਾਇਤੀ ਵਿਆਹ-ਸੰਸਥਾ ਦੀਆਂ ਨਾਕਾਮੀਆਂ ਵੱਲ ਸੰਕੇਤ ਕੀਤਾ ਗਿਆ ਹੈ ਅਤੇ ਕੁਝ ਕਹਾਣੀਆਂ ਵਿਚ ਤਾਂ ਠੀਕ-ਠਾਕ ਨਿਭ ਰਹੇ ਪਤੀ-ਪਤਨੀ ਅਚਾਨਕ ਅੱਡ ਹੋਣ ਦਾ ਫ਼ੈਸਲਾ ਲੈ ਲੈਂਦੇ ਹਨ। (ਦੇਖੋ : ਵਾਪਸੀ, ਸਲ੍ਹਾਬੀ ਹੋਈ ਸ਼ਾਮ)
ਲੇਖਕ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਬੁੱਧੀਮਾਨ ਅਤੇ ਆਪਣੇ-ਆਪਣੇ ਕਿੱਤੇ ਵਿਚ ਸਫ਼ਲ ਵਿਅਕਤੀ ਹਨ ਪਰ ਤਾਂ ਵੀ ਉਹ ਕੁੰਠਾਵਾਂ ਅਤੇ ਗ੍ਰੰਥੀਆਂ ਤੋਂ ਮੁਕਤ ਨਹੀਂ ਹਨ। 'ਆਪਣੇ ਘਰ' ਅਤੇ 'ਵਗਦੇ ਪਾਣੀ' ਆਦਿ ਕਹਾਣੀਆਂ ਵਿਚ ਪੂੰਜੀਵਾਦੀ ਸਿਸਟਮ ਦੀ ਤਿੜਕੀ ਪਰਿਵਾਰਕ-ਬਣਤਰ ਵਿਚੋਂ ਪੈਦਾ ਹੋਈਆਂ ਕੁੰਠਾਵਾਂ ਦੀ ਪੇਸ਼ਕਾਰੀ ਹੋਈ ਹੈ। ਅਜੋਕਾ ਉੱਚ ਮੱਧਵਰਗੀ ਮਨੁੱਖ ਆਪਣੀ ਨਿੱਜੀ ਸੁਤੰਤਰਤਾ ਦਾ ਪ੍ਰਗਟਾਵਾ ਬੜੀ ਦ੍ਰਿੜ੍ਹਤਾ ਨਾਲ ਕਰਦਾ ਹੈ, ਬਲਕਿ ਇਸ ਉੱਪਰ ਡਟ ਕੇ ਪਹਿਰਾ ਦਿੰਦਾ ਹੈ। 'ਜਲਾਵਤਨ' ਕਹਾਣੀ ਦੀ ਮੁੱਖ ਕਿਰਦਾਰ ਸੁਮੀ ਲੈਸਬੀਅਨ ਸਬੰਧਾਂ ਨੂੰ ਕੋਈ ਸ਼ਰਮ ਜਾਂ ਹੇਠੀ ਵਾਲੀ ਗੱਲ ਨਹੀਂ ਸਮਝਦੀ। ਇਸੇ ਤਰ੍ਹਾਂ ਦੀ ਸਥਿਤੀ 'ਘਰ' ਕਹਾਣੀ ਵਿਚ ਰੂਪਮਾਨ ਹੋਈ ਹੈ। ਅੰਤਿਮ ਕਹਾਣੀ 'ਪੋਸਟ ਮਾਰਟਮ' ਵਿਚ ਕਹਾਣੀਕਾਰ ਦੱਸਦਾ ਹੈ ਕਿ ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਤਰੱਕੀ ਦੀਆਂ ਪੌੜੀਆਂ ਚੜ੍ਹ ਕੇ ਸਿਖਰ ਉੱਤੇ ਪਹੁੰਚਣ ਲਈ ਕੇਵਲ ਪ੍ਰਤਿਭਾ ਅਤੇ ਮਿਹਨਤ ਹੀ ਕਾਫੀ ਨਹੀਂ ਹਨ ਬਲਕਿ ਕਈ ਪ੍ਰਕਾਰ ਦੇ ਜੁਗਾੜ ਵੀ ਲਾਉਣੇ ਪੈਂਦੇ ਹਨ। 'ਸ਼ੱਕ', 'ਚਪੇੜ' ਅਤੇ 'ਅਣਹੋਣੀ' ਇਸ ਸੰਗ੍ਰਹਿ ਦੀਆਂ ਕੁਝ ਹੋਰ ਦਿਲਚਸਪ ਕਹਾਣੀਆਂ ਹਨ।
ਕਹਾਣੀ ਵਿਚਲਾ ਹਰ ਛੋਟਾ-ਮੋਟਾ ਵੇਰਵਾ ਥੀਮ ਨਾਲ ਨਵੇਂ ਪਾਸਾਰ ਜੋੜਦਾ ਹੈ। ਸੁਕੀਰਤ ਦੀਆਂ ਕਹਾਣੀਆਂ ਅਜੋਕੇ ਸਮਾਜ ਅਤੇ ਸੱਭਿਆਚਾਰ ਦੇ ਦਸਤਾਵੇਜ਼ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤੀਆਂ ਤੀਜ ਦੀਆਂ
ਸੰਗ੍ਰਹਿ ਕਰਤਾ : ਨੀਲਮ ਸੈਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 151
ਸੰਪਰਕ : 78377-18723.

ਇਸ ਪੁਸਤਕ ਦਾ ਮੁਹਾਂਦਰਾ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪੱਖਾਂ ਨੂੰ ਯਥਾਰਥਕ ਰੂਪ ਵਿਚ ਪ੍ਰਗਟ ਕਰਦਾ ਹੈ। ਪੁਸਤਕ ਵਿਚ ਅੰਕਿਤ ਵੱਖ-ਵੱਖ ਲੋਕ ਗੀਤ, ਲੋਕਬੋਲੀਆਂ, ਲੋਕ ਟੱਪੇ ਭਾਵੇਂ ਉਹ ਪੰਜਾਬੀ ਜੀਵਨ ਸ਼ੈਲੀ ਦੀ ਪਰੰਪਰਾ ਨੂੰ ਪ੍ਰਗਟ ਕਰਦੇ ਹਨ ਜਾਂ ਆਧੁਨਿਕ ਸਮਾਂ-ਵਿਸ਼ੇਸ਼ ਵਿਚ ਆਏ ਪਰਿਵਰਤਨਾਂ ਦੀ ਉਪਜ ਵਿਚੋਂ ਪ੍ਰਗਟ ਹੋਏ ਹਨ, ਪਰੰਤੂ ਇਹ ਸਾਰੇ ਪੰਜਾਬੀ ਜੀਵਨ ਸ਼ੈਲੀ ਦਾ ਦਰਪਣ ਪ੍ਰਤੀਤ ਹੁੰਦੇ ਹਨ। ਪੰਜਾਬੀ ਵਿਰਸਾ ਅਮੀਰ ਵਿਰਸਾ ਹੈ। ਸਮੇਂ-ਸਮੇਂ ਇਸ ਨੂੰ ਪੁਰਾਤਨ ਕਾਲ-ਖੰਡਾਂ ਤੋਂ ਲੈ ਕੇ ਹੁਣ ਤੱਕ ਦੇ ਲੇਖਕਾਂ ਜਾਂ ਰਹਿਬਰਾਂ ਨੇ ਜਿਸ ਦ੍ਰਿਸ਼ਟੀ ਤੋਂ ਸਮਝਿਆ, ਵਿਚਾਰਿਆ ਅਤੇ ਪ੍ਰਚਾਰਿਆ ਉਨ੍ਹਾਂ ਦੀ ਕਲਮ ਦੁਆਰਾ ਸਿਰਜੇ ਸ਼ਬਦਾਂ ਵਿਚੋਂ ਜਿਹੜੇ ਲੋਕ ਵਿਸ਼ਵਾਸਾਂ, ਰਹੁ-ਰੀਤਾਂ ਅਤੇ ਹੋਰ ਸਰਬਪੱਖੀ ਜੀਵਨ ਵਰਤਾਰੇ ਦੇ ਪੱਖਾਂ ਨੂੰ ਉਭਾਰ ਕੇ ਲੋਕ ਬੋਲ ਬਣ ਗਏ ਉਨ੍ਹਾਂ ਸਭਨਾਂ ਨੂੰ ਨੀਲਮ ਸੈਣੀ ਨੇ ਇਸ ਪੁਸਤਕ ਵਿਚ ਸ਼ਾਮਿਲ ਕਰਕੇ ਪੰਜਾਬੀ ਸੱਭਿਆਚਾਰਕ ਦਰਪਣ ਸਾਕਾਰ ਕਰ ਵਿਖਾਇਆ ਹੈ। ਪੁਸਤਕ ਦੇ ਆਰੰਭਲੇ ਪੰਨਿਆਂ 'ਤੇ ਪ੍ਰੋ: ਕਰਮਜੀਤ ਸਿੰਘ, ਗੁਰਮੀਤ ਸਿੰਘ ਖਾਨਪੁਰੀ ਅਤੇ ਨੀਲਮ ਸੈਣੀ ਦੁਆਰਾ ਦਿੱਤੇ ਪਰਵਚਨ ਪੰਜਾਬਣਾਂ ਦੇ ਦਿਲੀ ਸੱਧਰਾਂ, ਭਾਵਾਂ, ਉਮੰਗਾਂ ਆਦਿ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਦੇ ਹਨ। ਨੀਲਮ ਸੈਣੀ ਦੀ ਵਿਸ਼ੇਸ਼ਤਾ ਹੈ ਕਿ ਉਸ ਨੇ 'ਤੀਆਂ' ਜਿਹੇ ਸ਼ੁੱਭ ਤਿਉਹਾਰ ਜਾਂ ਅਵਸਰ ਨੂੰ ਸਬੰਧਿਤ ਪ੍ਰਚਲਿਤ ਲੋਕਗੀਤਾਂ, ਗਿੱਧੇ ਦੀਆਂ ਬੋਲੀਆਂ ਰਾਹੀਂ ਵੀ ਪ੍ਰਗਟ ਕੀਤਾ ਹੈ ਅਤੇ ਪਿੜਾਂ, ਖੇਤਾਂ, ਖੁੱਲ੍ਹੇ ਦਲਾਨਾਂ, ਖੁੱਲ੍ਹੀਆਂ ਹਵੇਲੀਆਂ-ਵਿਹੜਿਆਂ ਵਿਚੋਂ ਨਿਕਲ ਕੇ ਜਦੋਂ ਇਹ ਪ੍ਰਦੇਸਾਂ ਵਿਚ ਜਾ ਕੇ ਨਵੀਨ ਰੂਪ ਧਾਰਨ ਕਰ ਚੁੱਕੀਆਂ ਹਨ, ਦਾ ਵੀ ਵਿਸ਼ੇਸ਼ ਚਿਤਰਨ ਦਰਸਾਇਆ ਹੈ। ਇਸ ਕਾਰਜ ਖੇਤਰ ਵਿਚ ਉਸ ਨੇ ਹਰਜਿੰਦਰ ਕੌਰ, ਆਜ਼ਾਦ ਜਾਲੰਧਰੀ, ਮੱਖਣ ਲੁਹਾਰ, ਰਾਠੇਸ਼ਵਰ ਸਿੰਘ, ਚਰਨਜੀਤ ਕੌਰ, ਹਰਭਜਨ ਢਿੱਲੋਂ, ਤਾਰਾ ਸਾਗਰ ਆਦਿ ਲੇਖਕਾਂ ਦੁਆਰਾ ਰਚਿਤ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਪਰਮਵੀਰ ਚੱਕਰ
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਦਨ, ਫਗਵਾੜਾ
ਮੁੱਲ : 100 ਰੁਪਏ, ਸਫ਼ੇ : 96

ਚਰਨਜੀਤ ਸਿੰਘ ਪੰਨੂ ਕਵਿਤਾ, ਕਹਾਣੀ ਦੇ ਨਾਲ-ਨਾਲ ਸਫ਼ਰਨਾਮਾ ਸਾਹਿਤ ਰਚਨ ਵਿਚ ਵੀ ਰੁਚਿਤ ਹੈ। ਹਥਲੀ ਪੁਸਤਕ ਵਿਚ ਉਸ ਨੇ ਆਪਣੇ ਲਘੂ ਸੱਤ ਨਾਟਕ ਸ਼ਾਮਿਲ ਕੀਤੇ ਹਨ। ਪਹਿਲਾ ਨਾਟਕ 'ਪਰਦੇ ਦੇ ਓਹਲੇ' ਸ਼ਹਿਰਾਂ ਵਿਚ ਚੱਲ ਰਹੇ ਵੇਸਵਾਗਿਰੀ ਦੇ ਧੰਦੇ ਵੱਲ ਸੰਕੇਤ ਕਰਦਾ ਹੈ, ਜੋ ਪਰਦੇ ਪਿੱਛੇ ਚੱਲ ਰਿਹਾ ਦੇਹ ਵਪਾਰ ਹੈ। ਦੂਸਰਾ ਨਾਟਕ 'ਪਰਮਵੀਰ ਚੱਕਰ' ਹੈ, ਜੋ ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇਹ ਨਾਟਕ ਇਕ ਅਜਿਹੇ ਫ਼ੌਜੀ ਦੀ ਸ਼ਹਾਦਤ ਪੇਸ਼ ਕਰਦਾ ਹੈ ਜੋ ਆਪਾ ਵਾਰ ਕੇ ਆਪਣੀ ਯੂਨਿਟ ਦੇ ਕਈ ਫ਼ੌਜੀਆਂ ਦੀ ਜਾਨ ਬਚਾਉਂਦਾ ਹੈ। ਤੀਸਰਾ ਨਾਟਕ 'ਦੋਹਰਾ ਖੂਨ' ਅਜਿਹੇ ਕਿਰਦਾਰ ਨੂੰ ਪੇਸ਼ ਕਰਦਾ ਹੈ, ਜੋ ਆਪਣੀਆਂ ਭੈੜੀਆਂ ਕਰਤੂਤਾਂ ਕਾਰਨ ਟੱਬਰ ਨੂੰ ਫਾਹੇ ਟੰਗੀ ਰੱਖਦਾ ਹੈ। ਉਸ ਦੀ ਔਰਤ ਆਪਣੀ ਇੱਜ਼ਤ ਬਚਾਈ ਰੱਖਣ ਲਈ ਕਤਲ ਤੱਕ ਕਰ ਦਿੰਦੀ ਹੈ। ਚੌਥਾ ਨਾਟਕ 'ਰਗੜਾ' ਨਸ਼ਿਆਂ ਦੀ ਅਲਾਮਤ ਵਿਚ ਫਸੇ ਬੰਦਿਆਂ ਦਾ ਕਿਰਦਾਰ ਪੇਸ਼ ਕਰਦਾ ਹੈ, ਜਿਨ੍ਹਾਂ ਦਾ ਨਸ਼ਾ ਛੁਡਾਉਣ ਲਈ ਉਸ ਦਾ ਪੁੱਤਰ ਮਨੋਵਿਗਿਆਨਕ ਢੰਗ ਵਰਤਦਾ ਹੈ। ਪੰਜਵਾਂ ਨਾਟਕ 'ਗ਼ੱਦਾਰ' ਇਕ ਦੇਸ਼ ਭਗਤ ਦਾ ਅਜਿਹਾ ਕਿਰਦਾਰ ਪੇਸ਼ ਕਰਦਾ ਹੈ, ਜੋ ਆਪਣੇ ਵਤਨ ਦੀ ਰਾਖੀ ਲਈ ਆਪਣਾ ਤੇ ਆਪਣੇ ਟੱਬਰ ਦਾ ਜੀਵਨ ਤੱਕ ਨਿਛਾਵਰ ਕਰ ਦਿੰਦਾ ਹੈ। ਛੇਵਾਂ ਨਾਟਕ 'ਖ਼ਰੈਤੀ ਹਸਪਤਾਲ' ਲਾਲਚੀ ਡਾਕਟਰਾਂ ਦੇ ਕਿਰਦਾਰ ਨੂੰ ਪੇਸ਼ ਕਰਦਾ ਹੈ, ਜੋ ਪੈਸੇ ਨੂੰ ਮੁੱਖ ਰੱਖ ਕੇ ਮਾਨਵੀ ਹਿਤਾਂ ਤੇ ਮੁੱਲਾਂ ਦੀ ਵੀ ਪਰਵਾਹ ਨਹੀਂ ਕਰਦਾ। ਸਤਵਾਂ ਨਾਟਕ 'ਸੁਨਹਿਰੀ ਦਿਨ' ਅਜਿਹੇ ਕਿਰਦਾਰ ਦੀ ਪੇਸ਼ਕਾਰੀ ਕਰਦਾ ਹੈ, ਜੋ ਬਚਪਨ ਵਿਚ ਐਸ਼ ਕਰਨ ਦਾ ਆਦੀ ਹੋਣ ਕਾਰਨ, ਜੀਵਨ ਵਿਚ ਸਫ਼ਲ ਨਹੀਂ ਹੁੰਦਾ। ਇਹ ਸਾਰੇ ਨਾਟਕ ਇਕ ਅੰਕੀ ਨਾਟਕ ਹੀ ਹਨ, ਜਿਨ੍ਹਾਂ ਵਿਚ ਸੀਨ ਵੀ ਘੱਟ ਵੱਧ ਹੀ ਬਦਲਦੇ ਹਨ। ਇਸ ਲਈ ਇਨ੍ਹਾਂ ਨੂੰ ਮੰਚ 'ਤੇ ਖੇਡਣਾ ਬਹੁਤ ਆਸਾਨ ਹੈ।

ਕੇ. ਐਲ. ਗਰਗ
ਮੋ: 94635-37050
ਫ ਫ ਫ

ਜਾਗੋ ਜਾਗੋ ਬਈ ਸਿੰਘੋ
ਲੇਖਕ : ਬਲਬੀਰ ਸਿੰਘ ਬੇਲੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 7696357646.

ਇਸ ਪੁਸਤਕ ਵਿੱਚ ਬਲਬੀਰ ਸਿੰਘ ਬੇਲੀ ਦੀਆਂ ਕਵਿਤਾਵਾਂ ਸ਼ਾਮਿਲ ਹਨ, ਜਿਹੜੀਆਂ ਕਿ ਵੱਖ-ਵੱਖ ਵਿਸ਼ਿਆਂ ਬਾਰੇ ਲਿਖੀਆਂ ਗਈਆਂ ਹਨ। ਅਸਲ ਵਿਚ ਕਵੀ ਇਸ ਪੁਸਤਕ ਰਾਹੀਂ ਸਿੱਖ ਪੰਥ ਵਿਚ ਇਕ ਨਵੀਂ ਚੇਤਨਾ ਦਾ ਸੰਚਾਰ ਕਰਨਾ ਲੋਚਦਾ ਹੈ। ਇਸੇ ਕਰਕੇ ਬਹੁਤੀਆਂ ਕਵਿਤਾਵਾਂ ਧਾਰਮਿਕ ਰੰਗਤ ਵਾਲੀਆਂ ਹਨ, ਪਰ ਨਾਲ-ਨਾਲ ਉਹ ਲੱਚਰ ਗਾਇਕੀ, ਨਸ਼ਾਖੋਰੀ, ਭਰੂਣ ਹੱਤਿਆ, ਆਵਾਜ਼ ਪ੍ਰਦੂਸ਼ਣ, ਚਰਖੇ ਵਰਗੀਆਂ ਪੁਰਾਤਨ ਵਸਤਾਂ, ਮਾਂ ਬੋਲੀ ਦੇ ਪਿਆਰ, ਮਨੁੱਖੀ ਰਿਸ਼ਤਿਆਂ, ਮਾਂ ਪਿਓ ਦਾ ਸਤਿਕਾਰ, ਨਾਰੀ ਸਨਮਾਨ, ਦਾਜ ਅਤੇ ਪ੍ਰਦੇਸ ਜਾਣ ਵਰਗੇ ਸਮਾਜਿਕ ਵਰਤਾਰਿਆਂ ਪ੍ਰਤੀ ਵੀ ਪੂਰਨ ਤੌਰ 'ਤੇ ਸੁਚੇਤ ਹੈ। ਇਸ ਪੁਸਤਕ ਵਿਚ ਬੇਲੀ ਦੀਆਂ ਕੁਝ ਗ਼ਜ਼ਲਾਂ ਵੀ ਸ਼ਾਮਿਲ ਹਨ।
ਕੁਝ ਵੰਨਗੀਆਂ :
ਤਕੜੇ ਦੇ ਸਭ ਯਾਰ ਨੇ ਇੱਥੇ,
ਕੌਣ ਮਾੜੇ ਨੂੰ ਜਾਣੇ।
ਉਹਦੇ ਨੇੜੇ ਢੁੱਕ ਢੁੱਕ ਬਹਿੰਦੇ,
ਜਿਹਦੇ ਪੱਲੇ ਦਾਣੇ।
ਘੋੜੇ ਵੇਚ ਕੇ ਨਾ ਸੋਵੋਂ,
ਤੁਸੀਂ ਤਾਣ ਕੇ ਲੰਬੀ
ਜਾਗੋ ਜਾਗੋ ਬਈ ਸਿੰਘੋ,
ਬਹੁਤੀ ਨੀਂਦ ਨਾ ਚੰਗੀ।
ਬੇਲੀ ਦੀ ਇਹ ਪੁਸਤਕ ਕਾਵਿਕ ਖੂਬੀਆਂ ਦਾ ਭੰਡਾਰ ਹੈ।

ਤੀਰਥ ਸਿੰਘ ਢਿੱਲੋਂ
ਮੋ: 9815461710
ਫ ਫ ਫ

ਜਗਦੀ ਲੋਅ
ਲੇਖਕ : ਗੁਰਬਚਨ ਸਿੰਘ ਵਿਰਦੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 113
ਸੰਪਰਕ : 98760-21122.

ਇਹ ਪੁਸਤਕ 22 ਲੇਖਾਂ ਦਾ ਇਕ ਗੁਲਦਸਤਾ ਹੈ ਜਿਨ੍ਹਾਂ ਵਿਚੋਂ ਵੱਖੋ-ਵੱਖਰੇ ਰੰਗ ਅਤੇ ਮਹਿਕ ਝਲਕਦੇ ਹਨ। ਇਨ੍ਹਾਂ ਦੇ ਵਿਸ਼ੇ ਇਤਿਹਾਸਕ, ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਹਨ। ਪਹਿਲਾ ਲੇਖ ਪੰਜਾਬੀ ਬੋਲੀ ਅਤੇ ਲਿਪੀ ਦੀ ਸੰਘਰਸ਼ਮਈ ਹੋਂਦ ਬਾਬਤ ਚਾਨਣਾ ਪਾਉਂਦਾ ਹੈ। ਦੁਨੀਆ ਵਿਚ 6400 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਪੰਜਾਬੀ ਦਾ 13ਵਾਂ ਸਥਾਨ ਹੈ ਜੋ ਇਕ ਮਾਣ, ਤਸੱਲੀ ਅਤੇ ਖੁਸ਼ੀ ਵਾਲੀ ਗੱਲ ਹੈ। ਲੇਖਕ ਨੇ ਕਾਗਜ਼ ਦੀ ਖੋਜ ਦੀ ਦਿਲਚਸਪ ਕਹਾਣੀ ਦੱਸੀ ਹੈ। ਚੀਨ ਦਾ ਇਕ ਕੁਦਰਤ ਪ੍ਰੇਮੀ ਸਾਈ ਲੁੰਗ ਭੂੰਡਾਂ ਦੇ ਛੱਤੇ ਨੂੰ ਵੇਖ ਰਿਹਾ ਸੀ। ਭੂੰਡ ਇਕ ਸੁੱਕੇ ਜਿਹੇ ਰੁੱਖ ਤੋਂ ਛਿੱਲੜ ਟੁੱਕ ਕੇ, ਉਸ ਵਿਚ ਆਪਣੇ ਮੂੰਹ ਦੀ ਰਾਲ ਮਿਲਾ ਕੇ ਛੱਤੇ ਉੱਤੇ ਚਿਪਕਾ ਰਹੇ ਸਨ ਜੋ ਹੱਥ ਲਾਇਆਂ ਕੱਪੜੇ ਵਰਗੀ ਪ੍ਰਤੀਤ ਹੁੰਦੀ ਸੀ। ਸਾਈ ਲੁੰਗ ਨੇ ਉਸ ਲੱਕੜੀ ਦੇ ਛਿੱਲੜ ਪਾਣੀ ਵਿਚ ਭਿਉਂ ਕੇ ਕੁੱਟ ਕੇ ਪਤਲੀ ਲੇਟੀ ਜਿਹੀ ਬਣਾਈ ਅਤੇ ਉਸ ਵਿਚ ਰੁੱਖਾਂ ਦੀ ਗੂੰਦ ਮਿਲਾਈ। ਇਸ ਪਤਲੀ ਜਿਹੀ ਪਰਤ ਨੂੰ ਸੁਕਾਇਆ ਤਾਂ ਇਹ ਪਹਿਲਾ ਤੇ ਮੁਢਲਾ ਕਾਗਜ਼ ਬਣਿਆ। 'ਜੁਗਨੀ' ਲੋਕਾਂ ਕੋਲ ਪਿੰਡ-ਪਿੰਡ ਜਾ ਕੇ ਮਨੋਰੰਜਨ ਕਰਨ ਵਾਲੀ ਕਿਸੇ ਫਿਰਤੂ ਔਰਤ ਦਾ ਨਾਂਅ ਨਹੀਂ ਸਗੋਂ ਇਕ ਦੇਸ਼ ਭਗਤੀ ਦੀ ਗਾਥਾ ਹੈ। ਦੋ ਗਾਇਕ ਬਿਸ਼ਨ ਸਿੰਘ ਤੇ ਮੁਹੰਮਦ ਅੰਗਰੇਜ਼ਾਂ ਵਲੋਂ ਭਾਰਤੀਆਂ ਉੱਤੇ ਕੀਤੇ ਜਬਰ ਨੂੰ ਟੱਪਿਆਂ ਦੇ ਰੂਪ ਵਿਚ ਗਾਉਂਦੇ ਹੁੰਦੇ ਸਨ ਜਿਨ੍ਹਾਂ ਨੂੰ ਕੁੱਟ-ਕੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਗਾਇਆ ਜਾਣ ਵਾਲਾ ਛੱਲਾ ਉਂਗਲ ਵਿਚ ਪਾਉਣ ਵਾਲਾ ਗਹਿਣਾ ਨਹੀਂ ਸਗੋਂ ਇਹ ਤਾਂ ਇਕ ਪਿਉ ਪੁੱਤਰ ਦੇ ਸੱਚੇ ਪਿਆਰ ਦੀ ਕਹਾਣੀ ਹੈ। ਛੱਲਾ ਇਕ ਗ਼ਰੀਬ ਮਲਾਹ ਦਾ ਪੁੱਤਰ ਸੀ, ਜੋ ਲੋਕਾਂ ਨੂੰ ਬਚਾਉਂਦਾ ਹੋਇਆ ਦਰਿਆ ਵਿਚ ਰੁੜ੍ਹ ਗਿਆ ਸੀ। ਉਸ ਦਾ ਪਿਉ ਝਨਾਂ ਦੇ ਕਿਨਾਰੇ ਰੋਜ਼ ਆਪਣੇ ਛੱਲੇ ਪੁੱਤਰ ਨੂੰ 'ਵਾਜ਼ਾਂ ਮਾਰਦਾ ਮਾਰਦਾ ਪਾਗਲ ਹੋ ਕੇ ਮਰ ਗਿਆ ਸੀ। ਲੋਕ ਸੇਵਾ ਦੀ ਇਸ ਕਹਾਣੀ ਨੂੰ ਸ਼ੌਕਤ ਅਲੀ ਤੇ ਇਨਾਇਤ ਅਲੀ ਨੇ 'ਛੱਲੇ' ਦੇ ਰੂਪ ਵਿਚ ਲਿਖ ਕੇ ਤੇ ਗਾ ਕੇ ਅਮਰ ਕਰ ਦਿੱਤਾ। ਲੇਖਕ ਨੇ ਖਾਲਸੇ ਬਾਬਤ, ਦੀਵਾਨ ਟੋਡਰ ਮੱਲ ਬਾਬਤ ਬਾਬਾ ਬਲਵੰਤ ਬਾਰੇ ਅਤੇ ਕਿਊਬਾ ਦੇ ਨਾਮਵਰ ਆਗੂ ਫ਼ੀਦਲ ਕਾਸਤਰੋ ਬਾਰੇ ਵੀ ਭਾਵਪੂਰਤ ਲੇਖ ਲਿਖੇ ਹਨ। ਸਰਲ, ਸਪੱਸ਼ਟ, ਮੁਹਾਵਰੇਦਾਰ ਬੋਲੀ ਵਿਚ ਲਿਖੀ ਇਹ ਲੇਖ ਲੜੀ ਬਹੁਤ ਗਿਆਨਵਰਧਕ ਅਤੇ ਦਿਲਚਸਪ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਮੇਰੇ ਵਾਰਤਕ ਦੇ ਰੰਗ
ਲੇਖਕ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 94651-01651.

ਪੁਸਤਕ ਵਿਚ ਲੇਖਕ ਨੇ ਵਾਰਤਕ ਵਿਧਾ ਰਾਹੀਂ ਕਈ ਰੰਗਾਂ ਨੂੰ ਪੇਸ਼ ਕੀਤਾ ਹੈ। ਵੱਖੋ-ਵੱਖਰੀ ਰੰਗਤ ਵਾਲੇ ਇਨ੍ਹਾਂ ਨਿਬੰਧਾਂ ਨੂੰ ਪੜ੍ਹਦਿਆਂ ਇੰਝ ਲਗਦਾ ਹੈ ਜਿਵੇਂ ਕੋਈ ਖੇਡ ਮੈਦਾਨ ਵਿਚ ਦੌੜ ਰਿਹਾ ਹੋਵੇ, ਕੋਈ ਵਰਜਿਸ਼ ਕਰ ਰਿਹਾ ਹੋਵੇ ਜਾਂ ਫਿਰ ਦੂਰ ਬੈਠਾ ਖੇਡ ਦਾ ਆਨੰਦ ਮਾਣ ਰਿਹਾ ਹੋਵੇ। ਬਹੁਤੇ ਨਿਬੰਧ ਤੰਦਰੁਸਤੀ ਨਾਲ ਜੁੜੇ ਨਜ਼ਰ ਆਉਂਦੇ ਹਨ। ਹੋਰ ਖਾਣਾ ਪੁਸੀ ਖੁਆਰ, ਕਿਰਤ ਅਤੇ ਕਸਰਤ, ਤੁਰੋ ਤੇ ਤੰਦਰੁਸਤ ਰਹੋ, ਜੀਵੇ ਜਵਾਨੀ ਜੀਵੇ ਪੰਜਾਬ, ਬੱਚਿਆਂ ਲਈ ਸਰੀਰਕ ਖੇਡਾਂ ਆਦਿ ਵਿਚ ਉਹ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਦੀ ਸਿਹਤ ਅਤੇ ਤੰਦਰੁਸਤ ਰਹਿਣ ਦੀਆਂ ਜੁਗਤਾਂ ਨਾਲ ਆਪਣੀ ਗੱਲ ਤੋਰਦਾ ਹੈ। ਪੰਜਾਬ ਅਤੇ ਇਸ ਦੇ ਪਿੰਡਾਂ ਦੀ ਬਦਲਦੀ ਨੁਹਾਰ ਦੇਖ ਉਹ ਪਾਠਕ ਨੂੰ ਵਿਚਾਰ ਦੇ ਰਸਤੇ ਤੋਰਦਾ ਹੈ ਕਿ ਸਭ ਚੰਗਾ ਹੋਣ ਦੇ ਬਾਵਜੁਦ ਖ਼ੁਦਕੁਸ਼ੀਆਂ ਕਿਉਂ? ਕੁਝ ਪ੍ਰਸਿੱਧ ਸ਼ਖ਼ਸੀਅਤਾਂ ਡਾ: ਰੰਧਾਵਾ, ਡਾ: ਜੌਹਲ, ਮਿਲਖਾ ਸਿੰਘ ਅਤੇ ਪ੍ਰਸਿੱਧ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਦਿਆਂ ਉਹ ਕੁੱਜੇ ਵਿਚ ਸਮੁੰਦਰ ਬੰਦ ਕਰਦਿਆਂ ਅਜੋਕੇ ਸਮੇਂ ਵਿਚ ਇਨ੍ਹਾਂ ਸਾਰਿਆਂ ਦੀ ਪੰਜਾਬ ਨੂੰ ਲੋੜ ਅਤੇ ਇਨ੍ਹਾਂ ਦੁਆਰਾ ਕੀਤੇ ਕੰਮਾਂ ਦੀ ਸਾਰਥਿਕਤਾ ਨੂੰ ਅੱਜ ਨਾਲ ਜੋੜਦਾ ਹੈ। ਆਪਣੇ ਪਿੰਡ ਅਤੇ ਜਨਮ ਬਾਰੇ ਚਰਚਾ ਕਰਦਿਆਂ ਉਹ ਆਪਣੇ ਜੀਵਨ ਸਫ਼ਰ 'ਤੇ ਝਾਤ ਪਵਾਉਂਦਾ ਹੈ। ਰੰਗਾਂ ਦੀ ਝਾਤ ਰਾਹੀਂ ਉਹ ਕੈਨੇਡਾ ਦੀ ਧਰਤੀ ਦੇ ਰੰਗ ਅਤੇ ਕੁਦਰਤ ਦੇ ਹਸੀਨ ਨਜ਼ਾਰਿਆਂ ਨਾਲ ਪਾਠਕ ਨੂੰ ਆਪਣੀ ਲਿਖਤ ਨਾਲ ਸਰਸ਼ਾਰ ਕਰਦਾ ਹੈ। ਪੁਸਤਕ ਦਾ ਹਰ ਰੰਗ ਮਾਣਨਯੋਗ ਹੈ ਚਾਹੇ ਉਹ ਉਸ ਦੀ ਪੰਜਾਬ ਪ੍ਰਤੀ ਚਿੰਤਾ ਹੋਵੇ। ਖੇਡਾਂ ਵਿਚ ਮੱਲਾਂ ਮਾਰਨ ਵਾਲਿਆਂ ਦੇ ਰੇਖਾ ਚਿੱਤਰ ਹੋਣ। ਪੰਜਾਬ ਨੂੰ ਸਾਬਤ ਕਦਮੀ ਤੋਰਨ ਵਾਲਿਆਂ ਦੀ ਗੱਲ ਹੋਵੇ ਜਾਂ ਫਿਰ ਜਵਾਨੀ ਦੇ ਤੰਦਰੁਸਤ ਰਹਿਣ ਦੇ ਨੁਕਤੇ, ਪਾਠਕ ਉਸ ਦੇ ਰੌਂਅ ਵਿਚ ਵਹਿੰਦਾ ਹਰ ਰੰਗ ਵਿਚ ਰੰਗਿਆ ਜਾਂਦਾ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

22-12-2018

 ਵਿਸ਼ਵ ਪ੍ਰਸਿੱਧ ਅੰਗਰੇਜ਼ੀ ਇਕਾਂਗੀ
ਅਨੁ: ਪ੍ਰੋ: ਅੱਛਰੂ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 320
ਸੰਪਰਕ : 98155-01381.

ਤੁਲਨਾਤਮਕ ਸਾਹਿਤ ਸ਼ਾਸਤਰ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਕਿਸੇ ਜ਼ਬਾਨ ਦੀ ਤਰੱਕੀ ਲਈ ਉਸ ਤੋਂ ਵੱਖਰੀ ਘੱਟੋ-ਘੱਟ ਕਿਸੇ ਹੋਰ ਜ਼ਬਾਨ ਦੇ ਸਾਹਿਤ ਨਾਲ ਉਸ ਦੇ ਪਾਠਕਾਂ/ਸਾਹਿਤਕਾਰਾਂ ਦਾ ਵਾਹ ਵਾਸਤਾ ਹੋਵੇ। ਜਿੰਨਾ ਵਧੇਰੇ ਤੇ ਵਿਆਪਕ ਪੰਜਾਬੀ ਪਾਠਕਾਂ/ਸਾਹਿਤਕਾਰਾਂ ਦਾ ਰਿਸ਼ਤਾ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਦੀਆਂ ਰਚਨਾਵਾਂ ਨਾਲ ਹੋਵੇਗਾ, ਓਨਾ ਹੀ ਪੰਜਾਬੀ ਸਾਹਿਤ ਉਚੇਰੀਆਂ ਬੁਲੰਦੀਆਂ ਨੂੰ ਛੋਹੇਗਾ। ਇਸੇ ਸੰਦੇਸ਼ ਵਿਚ ਹੀ ਛਿਪਿਆ ਹੈ ਪ੍ਰੋ: ਅੱਛਰੂ ਸਿੰਘ ਦੀ ਸਾਹਿਤਕਾਰੀ ਦਾ ਮਹੱਤਵ। ਉਹ ਪੰਜਾਬ ਦੇ ਸਾਧਾਰਨ ਤੇ ਲਗਪਗ ਪਛੜੇ ਖੇਤਰ ਦੇ ਸਾਧਾਰਨ ਘਰ ਵਿਚੋਂ ਸੰਘਰਸ਼ ਕਰਕੇ ਅੰਗਰੇਜ਼ੀ ਦਾ ਪ੍ਰੋਫੈਸਰ ਬਣਿਆ। ਸਾਰੀ ਉਮਰ ਉਸ ਨੇ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਪੜ੍ਹਾਇਆ ਹੈ। ਪੰਜਾਬੀ ਨਾਲ ਵਫ਼ਾ ਵੀ ਪਾਲੀ ਹੈ। ਉਸ ਨੇ ਉੱਤਮ ਕਲਾਸਕੀ ਵਿਸ਼ਵ ਸਾਹਿਤ ਦਾ ਅਨੁਵਾਦ ਪੰਜਾਬੀ ਭਾਸ਼ਾ ਵਿਚ ਕਰਨ ਦਾ ਪ੍ਰਸੰਸਾਯੋਗ ਉੱਦਮ ਕੀਤਾ ਹੈ ਅਤੇ ਅਨੁਵਾਦ ਵੀ ਸਹਿਜ ਸਰਲ ਜ਼ਬਾਨ ਵਿਚ ਪੂਰੀ ਮਿਹਨਤ ਤੇ ਬਾਰੀਕ ਨਜ਼ਰ ਨਾਲ। ਪ੍ਰੋ: ਅੱਛਰੂ ਸਿੰਘ ਦੇ ਅਨੁਵਾਦ ਇਕ ਰੋਲ ਮਾਡਲ ਤੋਂ ਘੱਟ ਨਹੀਂ। ਵਿਸ਼ਵ ਦੇ ਪੰਦਰਾਂ ਬਹੁ-ਚਰਚਿਤ ਅੰਗਰੇਜ਼ੀ ਇਕਾਂਗੀਆਂ ਦਾ ਇਹ ਅਨੁਵਾਦ ਇਸ ਦਾ ਪ੍ਰਮਾਣ ਹੈ। ਪੁਸਤਕ ਦੇ ਬਹੁਤ ਸਾਰੇ ਇਕਾਂਗੀ ਕਾਲਜਾਂ/ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਅੰਗ ਰਹੇ ਹਨ। ਇਸ ਕਿਤਾਬ ਵਿਚ ਸ਼ਾਮਿਲ ਇਕਾਂਗੀ ਹਨ : ਵਿਆਹ ਪ੍ਰਸਤਾਵ (ਚੈਖੋਵ), ਚੰਦ ਦਾ ਚੜ੍ਹਣਾ (ਲੇਡੀ ਗਰੈਗਰੀ), ਨਵਾਂ ਜਲਾਦ (ਲਾਰੈਂਸ ਹਾਊਸ ਮੈਨ), ਸਮੁੰਦਰ ਦੇ ਸਵਾਰ (ਸਿੰਜ), ਲਿਥਊਏਨੀਆ (ਰੁਪਰਟ ਬਰੁਕ), ਮਾਂ ਦਾ ਦਿਨ (ਪਰੀਸਟਲੇ), ਬਿਸ਼ਪ ਦੇ ਸ਼ਮਾਦਾਨ (ਨਾਰਮਨ ਮੈਕਿਨਲ), ਪਿਆਰੇ ਜੋ ਵਿਛੜ ਗਏ (ਸਟੈਨਲੇ ਹਫ਼ਟਨ), ਵਾਟਰਲੂ (ਏ.ਸੀ. ਡੋਇਲ), ਬਾਂਦਰ ਦਾ ਪੰਜਾ (ਪਾਰਕਰ), ਚਿਲਮਚੀ ਮੁਰਗਾ ਤੇ ਮੋਮਬੱਤੀ (ਚੈਸਟਰਮੈਨ), ਕੋਇਲਾ ਮਜ਼ਦੂਰ (ਜੋ ਕੈਰੀ), ਵਰਜ਼ਲ ਫਲੱਮਰੀ (ਏ.ਏ. ਮਿਲਨ), ਇਕ ਦੂਰ ਦਾ ਰਿਸ਼ਤੇਦਾਰ (ਜੈਕੋਬਜ਼) ਅਤੇ ਪਸ਼ਚਾਤਾਪ ਦਾ ਇਕ (ਮਾਰਗਰੇਟ ਵੁਡ)। ਇਨ੍ਹਾਂ ਦਾ ਪਾਠ ਇਕਾਂਗੀਆਂ ਵਿਚ ਇਕੋ ਨਿਸਚਿਤ ਸਥਾਨ/ਸੈਟਿੰਗ ਵਿਚ ਘੱਟ ਤੋਂ ਘੱਟ ਪਾਤਰਾਂ ਨਾਲ ਨਾਟਕੀਅਤਾ ਸਿਰਜ ਕੇ ਮਨੋਰੰਜਨ ਕਰਦੇ ਹੋਏ ਵੱਡੇ ਸੰਦੇਸ਼ ਦੇਣ ਦੀ ਇਨ੍ਹਾਂ ਦੀ ਯੋਗਤਾ ਦਾ ਗਵਾਹ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਬਿਨ ਮਾਂਗੇ ਮੋਤੀ ਮਿਲੇ
ਲੇਖਕ : ਗੁਲਜ਼ਾਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 516
ਸੰਪਰਕ : 0172-2602538.

ਲੇਖਕ ਨੇ ਆਪਣੀ ਇਸ ਸਵੈਜੀਵਨੀ ਦਾ ਬਿਰਤਾਂਤ ਬਹੁਤ ਸਾਰੇ ਦੋਸਤਾਂ ਅਤੇ ਸ਼ੁੱਭਚਿੰਤਕਾਂ ਦੇ ਆਗ੍ਰਹਿ ਉੱਪਰ ਲਿਖਿਆ ਹੈ। ਲੇਖਕ ਦੇ ਜੀਵਨ ਦਾ ਕੈਨਵਸ ਏਨਾ ਵਿਸ਼ਾਲ ਅਤੇ ਵਚਿੱਤਰ ਹੈ ਕਿ ਉਸ ਦੇ ਜੀਵਨ ਥਾਣੀਂ ਅਸੀਂ ਸਮੁੱਚੇ ਵਿਸ਼ਵ ਦੇ ਦਰਸ਼ਨ ਕਰ ਸਕਦੇ ਹਾਂ।
ਕਾਗਜ਼ਾਂ ਵਿਚ ਸ: ਗੁਲਜ਼ਾਰ ਸਿੰਘ ਸੰਧੂ ਦਾ ਜਨਮ 27 ਫਰਵਰੀ, 1935 ਦਾ ਹੈ, ਉਂਜ ਭਾਵੇਂ ਉਸ ਦਾ ਜਨਮ ਇਕ ਸਾਲ ਪਹਿਲਾਂ ਅਰਥਾਤ 1934 ਈ: ਵਿਚ ਹੋਇਆ ਸੀ। ਉਹ ਇਸ ਗੱਲੋਂ ਵਿਧਾਤਾ ਦਾ ਸ਼ੁਕਰਗੁਜ਼ਾਰ ਹੈ ਕਿ ਉਸ ਨੇ ਕਦੇ ਵੀ ਉਸ ਤੋਂ ਕੁਝ ਮੰਗਿਆ ਨਹੀਂ ਸੀ, ਕੋਈ ਕਾਮਨਾ ਨਹੀਂ ਸੀ ਕੀਤੀ ਪਰ ਫਿਰ ਵੀ ਉਸ ਦੀ ਝੋਲੀ ਵਿਚ ਮੋਤੀਆਂ ਦੀ ਖ਼ੈਰ ਪੈਂਦੀ ਰਹੀ। ਸਭ ਤੋਂ ਨਾਯਾਬ ਮੋਤੀ ਸ੍ਰੀਮਤੀ ਸੁਰਜੀਤ ਕੌਰ ਪੰਨੂੰ ਸੰਧੂ (ਲੇਖਕ ਦੀ ਪਤਨੀ) ਦੇ ਰੂਪ ਵਿਚ ਪ੍ਰਾਪਤ ਹੋਇਆ, ਜਿਸ ਨੇ ਉਸ ਦੇ ਜੀਵਨ ਦੇ ਸਾਰੇ ਵਿਗੋਚੇ ਅਤੇ ਵਿਰਲਾਂ-ਵਿੱਥਾਂ ਪੂਰ ਦਿੱਤੀਆਂ। ਪਦ-ਪਦਵੀਆਂ ਅਤੇ ਨੌਕਰੀਆਂ ਦੀ ਵੀ ਉਸ ਨੂੰ ਕਦੇ ਕੋਈ ਘਾਟ ਨਹੀਂ ਰਹੀ। ਸੇਵਾ-ਮੁਕਤੀ ਤੋਂ ਬਾਅਦ ਦੋ-ਤਿੰਨ ਵੱਡੇ ਅਖ਼ਬਾਰਾਂ ਦੀ ਸੰਪਾਦਕੀ ਅਤੇ ਯੂਨੀਵਰਸਿਟੀਆਂ ਵਿਚ ਮਹਿਮਾਨ-ਪ੍ਰੋਫੈਸਰ ਵਜੋਂ ਪੜ੍ਹਾਉਣ ਦਾ ਕਾਰਜ ਵੀ ਨਿਰੰਤਰ ਚਲਦਾ ਰਿਹਾ ਹੈ।
ਲੇਖਕ ਨੇ ਆਪਣੀ ਸਵੈਜੀਵਨੀ ਦੇ 10 ਭਾਗ ਬਣਾਏ ਹਨ : 1. ਨਾਨਕੇ, 2. ਦਾਦਕੇ, 3. ਦਿੱਲੀ, 4. ਜ਼ਿੰਦਗੀ ਦੀ ਹਾਈਵੇਅ, 5. ਭਾਰਤ ਦਰਸ਼ਨ, 6. ਸਾਰਕ ਸੰਸਾਰ, 7. ਗੋਰੀ ਕਾਲੀ ਦੁਨੀਆ, 8. ਪੱਤਰਤਾਰਕਾ ਦੇ ਅੰਗ-ਸੰਗ, 9. ਅਸਤਬਾਜ਼ੀ, 10. ਚਲੋ ਚਲੀ। ਉਸ ਨੇ ਆਪਣੇ ਜੀਵਨ ਦੇ ਮੁਢਲੇ 14 ਵਰ੍ਹੇ ਆਪਣੇ ਨਾਨਕੇ ਪਿੰਡ ਕੋਟਲੀ ਬਡਲਾ (ਜ਼ਿਲਾ ਲੁਧਿਆਣਾ) ਵਿਖੇ ਬਿਤਾਏ। ਇਥੇ ਰਹਿੰਦਿਆਂ ਹੀ ਉਸ ਨੇ ਆਰੀਆ ਹਾਈ ਸਕੂਲ ਤੋਂ ਮਿਡਲ ਸਕੂਲ ਪਾਸ ਕੀਤੀ। ਬਾਅਦ ਵਿਚ ਉਹ ਆਪਣੇ ਜੱਦੀ (ਦਾਦਕੇ) ਪਿੰਡ ਸੂਨੀ (ਹੁਸ਼ਿਆਰਪੁਰ) ਚਲਿਆ ਗਿਆ। ਮੈਟ੍ਰਿਕ ਗੁਰੂ ਗੋਬਿੰਦ ਸਿੰਘ ਸਕੂਲ ਮਾਹਿਲਪੁਰ ਤੋਂ ਕਰਨ ਬਾਅਦ ਖਾਲਸਾ ਕਾਲਜ ਮਾਹਿਲਪੁਰ ਤੋਂ ਗਰੈਜੂਏਸ਼ਨ ਕਰ ਲਈ। ਸ: ਸੰਧੂ ਨੂੰ ਦੇਸ਼-ਵਿਦੇਸ਼ ਦੀ ਯਾਤਰਾ ਕਰਨ ਦੇ ਬਹੁਤ ਅਵਸਰ ਮਿਲਦੇ ਰਹੇ। ਉਹ ਪੂਰੇ ਭਾਰਤ ਵਿਚ ਘੁੰਮਿਆ-ਫਿਰਿਆ ਹੈ। ਇਸ ਤੋਂ ਬਿਨਾਂ ਉਹ ਨਿਪਾਲ, ਮਾਲਦੀਵ, ਬੰਗਲਾਦੇਸ਼, ਸ੍ਰੀਲੰਕਾ, ਪਾਕਿਸਤਾਨ (ਸਾਰਕ ਦੇਸ਼), ਅਮਰੀਕਾ, ਬਰਤਾਨੀਆ, ਬੈਂਕਾਕ, ਇਟਲੀ, ਆਸਟਰੇਲੀਆ, ਸਵਿੱਟਜ਼ਰਲੈਂਡ, ਫਰਾਂਸ, ਮੋਨਾਕੋ, ਨੀਦਰਲੈਂਡ, ਕੁਵੈਤ, ਜਰਮਨੀ ਅਤੇ ਉੱਤਰੀ ਅਮਰੀਕਾ (ਕੈਨੇਡਾ) ਦੀ ਵੀ ਯਾਤਰਾ ਕਰ ਚੁੱਕਾ ਹੈ। ਇਹ ਵੇਰਵੇ ਲੇਖਕ ਦੀ ਸਵੈਜੀਵਨੀ ਨੂੰ ਬਹੁਤ ਰੌਚਕ ਅਤੇ ਗਿਆਨ ਭਰਪੂਰ ਬਣਾ ਦਿੰਦੇ ਹਨ। ਇਹ ਹਰ ਪਾਠਕ ਲਈ ਪੜ੍ਹਨਯੋਗ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪੰਜਾਬੀ ਕਹਾਣੀ ਵਿਚ ਲੋਕਧਾਰਾ ਦਾ ਅਨੁਸਰਣ ਅਤੇ ਰੂਪਾਂਤਰਣ
ਲੇਖਕ : ਡਾ: ਸਰਘੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 99888-54454.

ਵਿਚਾਰਾਧੀਨ ਪੁਸਤਕ ਉਪਾਧੀ ਸਾਪੇਖ ਖੋਜ ਪ੍ਰਬੰਧ ਹੈ। ਖੋਜ ਦੀ ਦ੍ਰਿਸ਼ਟੀ ਤੋਂ ਪਹਿਲਾਂ ਸਿਧਾਂਤਕ ਪਰਿਪੇਖ ਵਿਚ ਲੋਕਧਾਰਾ ਦੀ ਪਰਿਭਾਸ਼ਾ ਨਿਸਚਿਤ ਕਰਦਿਆਂ ਜਿਹੜੀ ਸਮੱਗਰੀ ਉੱਪਰ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ ਹੈ, ਉਸ ਦੁਆਰਾ ਇਸ ਨੁਕਤੇ ਦੀ ਪੁਸ਼ਟੀ ਕੀਤੀ ਗਈ ਹੈ ਕਿ ਲੋਕਧਾਰਾ ਇਕ ਅਜਿਹਾ ਵਿਗਿਆਨ ਹੈ ਜਿਸ ਦਾ ਸਬੰਧ ਵਰਤਮਾਨ ਸਮੇਂ ਨਾਲੋਂ ਭੂਤਕਾਲ ਨਾਲ ਜ਼ਿਆਦਾ ਹੈ। ਫਿਰ ਵੀ ਇਸ ਦੀ ਵਰਤਮਾਨ ਲਈ ਲੋੜ ਹੈ। ਲੇਖਕਾ ਨੇ ਲੋਕਧਾਰਾ ਦੇ ਅਨੇਕ ਤੱਤਾਂ (ਸਮੂਹਿਕ ਸਿਰਜਣਾ, ਮੌਲਿਕ ਸੰਚਾਰ, ਅਨਾਮਿਕਤਾ, ਲੋਕ ਪ੍ਰਵਾਨਗੀ) ਬਾਰੇ ਚਰਚਾ ਕੀਤੀ ਹੈ। ਆਧੁਨਿਕ ਪੰਜਾਬੀ ਕਹਾਣੀ ਦਾ ਲੋੜੀਂਦਾ ਸਰਵੇਖਣ ਕੀਤਾ ਗਿਆ ਹੈ। ਪੰਜਾਬੀ ਕਹਾਣੀ ਦਾ ਮੂਲ ਸੁਭਾਅ ਲੋਕਧਾਰਾਈ ਸਵੀਕਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕਹਾਣੀਕਾਰ ਆਪਣੀਆਂ ਰਚਨਾਵਾਂ ਵਿਚ ਲੋਕਧਾਰਾਈ ਵਿਧੀ ਨੂੰ ਦੋ ਜੁਗਤਾਂ (ਅਨੁਸਰਣ ਅਤੇ ਰੂਪਾਂਤਰਣ) ਰਾਹੀਂ ਵਰਤੋਂ ਵਿਚ ਲਿਆਉਂਦੇ ਹਨ। ਅਜਿਹੀ ਸਿਧਾਂਤਕ ਚਰਚਾ ਦਾ ਆਧਾਰ ਪਰਾਪਤ ਕਰਕੇ ਲੇਖਕਾ ਨੇ ਕਰਤਾਰ ਸਿੰਘ ਦੁੱਗਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਪ੍ਰੇਮ ਪ੍ਰਕਾਸ਼ ਅਤੇ ਜਸਵੀਰ ਭੁੱਲਰ ਦੀਆਂ ਕਹਾਣੀਆਂ ਨੂੰ ਆਪਣੀ ਅਧਿਐਨ-ਵਸਤੂ ਵਜੋਂ ਗ੍ਰਹਿਣ ਕੀਤਾ ਹੈ। ਆਪਣੀ ਖੋਜ ਵਿਚ ਡੂੰਘੀ ਟੁੱਬੀ ਲਾਉਂਦਿਆਂ ਡਾ: ਸਰਘੀ ਨੇ ਕਹਾਣੀਕਾਰਾਂ ਦੀ 'ਕੱਲੀ-'ਕੱਲੀ ਕਹਾਣੀ ਲੈ ਕੇ ਉਦਾਹਰਨਾਂ ਸਹਿਤ ਆਪਣੇ ਕਾਰਜ ਨੂੰ ਸੰਪੰਨ ਕੀਤਾ ਹੈ। ਕਰਤਾਰ ਸਿੰਘ ਦੁੱਗਲ ਨੂੰ ਪੋਠੋਹਾਰੀ ਸੰਸਕ੍ਰਿਤੀ ਦਾ ਸਿਰਜਕ ਦੱਸਦਿਆਂ ਲੋਕਧਾਰਾਈ ਤੱਤਾਂ ਨੂੰ ਫਰਾਇਡਵਾਦੀ ਵੇਰਵਿਆਂ ਦਾ ਕਹਾਣੀਕਾਰ ਸਿੱਧ ਕੀਤਾ ਗਿਆ ਹੈ। ਗੁਰਦਿਆਲ ਸਿੰਘ ਦੇ ਲੋਕਧਾਰਾਈ ਪ੍ਰਯੋਗ ਵਿਚ ਮਾਲਵੇ ਦੀ ਆਂਚਲਿਕਤਾ ਵਿਦਮਾਨ ਹੈ। ਉਹ ਮਾਲਵੇ ਦੀਆਂ ਰਸਮਾਂ-ਰੀਤਾਂ ਨੂੰ ਨਵ-ਅਰਥ ਪ੍ਰਦਾਨ ਕਰਨ ਵਿਚ ਮਾਹਿਰ ਹੈ। ਲੋਕਧਾਰਾਈ ਵੇਰਵੇ ਹੀ ਉਸ ਦੇ ਪਾਤਰਾਂ ਦਾ ਦੁਖਾਂਤ ਸਿਰਜਦੇ ਹਨ। ਦਲੀਪ ਕੌਰ ਟਿਵਾਣਾ ਲੋਕਧਾਰਾਈ ਤੱਤ ਨੂੰ ਵਿਅੰਗ ਵਜੋਂ ਵਰਤਦੀ ਹੋਈ ਅਜੋਕੇ ਮਨੁੱਖ ਵਲੋਂ ਪਰੰਪਰਾਗਤ ਕੀਮਤਾਂ ਤਿਆਗ ਕੇ ਨਿਘਾਰ ਵੱਲ ਜਾਣਾ ਦੀ ਬਾਤ ਪਾਉਂਦੀ ਹੈ। ਪ੍ਰੇਮ ਪ੍ਰਕਾਸ਼ ਮੌਲਿਕ ਪਾਤਰ ਸਿਰਜਦਾ ਲੋਕਧਾਰਾਈ ਪ੍ਰਯੋਗ ਦੁਆਰਾ ਔਰਤ-ਮਰਦ ਸਬੰਧਾਂ 'ਤੇ ਕੇਂਦਰਿਤ ਰਹਿੰਦਾ ਹੈ। ਉਹ ਅਜੋਕੇ ਮਨੁੱਖ ਦੇ ਖੰਡਿਤ ਵਿਅਕਤਿਤਵ ਨੂੰ ਉਜਾਗਰ ਕਰਦਾ ਹੈ। ਜਸਬੀਰ ਭੁੱਲਰ ਲੋਕਧਾਰਾਈ ਤੱਤਾਂ ਦੇ ਪ੍ਰਯੋਗ ਨਾਲ ਸਮਾਜ ਦੀਆਂ ਗ਼ਲਤ ਕੀਮਤਾਂ 'ਤੇ ਕਟਾਖਸ਼ ਕਰਦਾ ਹੈ। ਉਹ ਗੁੱਝੇ ਗਲਪੀ ਢੰਗ ਦੀ ਪੇਸ਼ਕਾਰੀ ਵਿਚ ਨਿਪੁੰਨ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਰੋਂਦਾ ਪਾਣੀ
ਲੇਖਿਕਾ : ਕਰਮ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 97
ਸੰਪਰਕ : 0172-5027427.

ਰੋਂਦਾ ਪਾਣੀ ਨਾਵਲ ਕਰਮ ਕੌਰ ਦੁਆਰਾ ਰਚਿਤ ਹੈ। ਇਹ ਨਾਵਲ ਰੁਮਾਂਟਿਕਤਾ ਨੂੰ ਪੇਸ਼ ਕਰਦਾ ਹੈ। ਲੇਖਿਕਾ ਨੇ ਇਸ ਨਾਵਲ ਰਾਹੀਂ ਪਿਆਰ ਪ੍ਰੀਤ ਦੀ ਤਸਵੀਰ ਪਾਠਕਾਂ ਸਾਹਮਣੇ ਪੇਸ਼ ਕੀਤੀ ਹੈ। ਨਾਵਲ ਵਿਚਲੀ ਕਹਾਣੀ ਇਕੋ ਤੋਰ ਨਾਲ ਤੁਰਦੀ ਨਜ਼ਰ ਆਉਂਦੀ ਹੈ, ਜਿਸ ਕਰਕੇ ਸਾਰੇ ਨਾਵਲ ਵਿਚ ਰੌਚਿਕਤਾ ਕਾਇਮ ਰਹਿੰਦੀ ਹੈ। ਇਸ ਨਾਵਲ ਦਾ ਮੁੱਖ ਪਾਤਰ ਜਿੰਦਰ ਜੋ ਕਿ ਬਹੁਤ ਹੀ ਸੂਝਵਾਨ ਤੇ ਕੁੜੀਆਂ ਦੀ ਇੱਜ਼ਤ ਕਰਨ ਵਾਲਾ ਮੁੰਡਾ ਹੈ। ਉਸ ਲਈ ਪਿਆਰ ਦਾ ਭਾਵ ਸਰੀਰਕ ਛੋਹ ਨਾ ਹੋ ਕੇ ਦੋ ਰੂਹਾਂ ਦਾ ਮੇਲ ਹੈ ਪਰ ਕਾਲਜ ਵਿਚ ਜਾ ਕੇ ਨਾ ਚਾਹੁੰਦਿਆਂ ਹੋਇਆਂ ਵੀ ਉਹ ਇਕ ਕੁੜੀ ਨੂੰ ਪਿਆਰ ਕਰ ਬੈਠਦਾ ਹੈ ਤੇ ਜਦ ਉਸ ਨੂੰ ਪਤਾ ਲਗਦਾ ਹੈ ਕਿ ਉਸ ਕੁੜੀ ਦਾ ਰਿਸ਼ਤਾ ਕਿਤੇ ਹੋਰ ਹੋ ਗਿਆ ਹੈ ਤਾਂ ਉਹ ਅੰਦਰੋਂ ਏਨਾ ਟੁੱਟ ਜਾਂਦਾ ਹੈ ਕਿ ਉਹ ਨਸ਼ੇ ਵਿਚ ਧੁੱਤ ਹੋ ਕੇ ਕਿਸੀ ਮਾਸੂਮ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ। ਪਰ ਜਦ ਉਹ ਹੋਸ਼ ਵਿਚ ਆਉਂਦਾ ਹੈ ਤਾਂ ਇਸ ਘਟਨਾ ਦਾ ਉਸ 'ਤੇ ਡੂੰਘਾ ਅਸਰ ਪੈਂਦਾ ਹੈ ਤੇ ਉਹ ਉਸ ਮਾਸੂਮ ਕੁੜੀ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੈ ਪਰ ਹਾਲਾਤ ਉਸ ਵੱਲ ਨਹੀਂ ਹੁੰਦੇ। ਕਾਫੀ ਸੰਘਰਸ਼ ਕਰਕੇ ਉਹ ਉਸ ਤੋਂ ਮੁਆਫ਼ੀ ਮੰਗਣ ਵਿਚ ਸਫ਼ਲ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਨਾਵਲ ਇਕ ਪ੍ਰੀਤ ਕਹਾਣੀ ਹੈ, ਜਿਸ ਵਿਚ ਨਾਵਲ ਦਾ ਮੁੱਖ ਪਾਤਰ ਆਪਣੇ ਪਿਆਰ ਨੂੰ ਪਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਸੋ ਇਸ ਨਾਵਲ ਵਿਚਲੀ ਕਹਾਣੀ ਉਲਝਣਾਂ ਨਾਲ ਭਰੀ ਹੋਈ, ਕਈ ਤਾਣੇ-ਬਾਣੇ ਵਿਚ ਉਲਝੀ ਹੋਈ ਨਜ਼ਰ ਆਉਂਦੀ ਹੈ। ਇਸ ਨਾਵਲ ਵਿਚਲੀ ਭਾਸ਼ਾ ਵਿਚ ਪੇਂਡੂ ਰੰਗ ਦੀ ਝਲਕ ਦਿਖਾਈ ਦਿੰਦੀ ਹੈ। ਲੇਖਿਕਾ ਨੇ ਬਹੁਤ ਹੀ ਵਧੀਆ ਢੰਗ ਨਾਲ ਹਾਲਾਤ ਨੂੰ ਸਮੇਂ ਦੇ ਨਾਲ ਜੋੜ ਕੇ ਇਸ ਪ੍ਰੀਤ ਕਹਾਣੀ ਨੂੰ ਸਿਰੇ ਚੜ੍ਹਾਇਆ ਹੈ। ਸੋ ਅੰਤ ਵਿਚ ਮੈਂ ਇਹੀ ਕਹਾਂਗੀ ਕਿ ਨਾਵਲ ਵਿਚ ਲੇਖਿਕਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਆਦਮੀ ਇਕ ਵਾਰ ਗ਼ਲਤੀ ਕਰੇ ਤਾਂ ਜ਼ਰੂਰੀ ਨਹੀਂ ਕਿ ਉਹ ਹਰ ਵਾਰ ਗ਼ਲਤ ਹੀ ਹੋਵੇ, ਕਈ ਵਾਰ ਇਨਸਾਨ ਨਾ ਚਾਹੁੰਦਿਆਂ ਹੋਇਆਂ ਕੋਈ ਗ਼ਲਤ ਕਦਮ ਉਠਾ ਲੈਂਦਾ ਹੈ ਪਰ ਜੇ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਮੁਆਫ਼ੀ ਦਾ ਵੀ ਹੱਕਦਾਰ ਹੁੰਦਾ ਹੈ। ਇਹ ਪੁਸਤਕ ਪ੍ਰੀਤ ਕਹਾਣੀ ਦਾ ਮੁਹਾਂਦਰਾ ਸਮਝਣ ਲਈ ਵੀ ਪਾਠਕਾਂ ਲਈ ਲਾਹੇਵੰਦ ਸਿੱਧ ਹੋਵੇਗੀ।

-ਇੰਦਰਪ੍ਰੀਤ ਕੌਰ
ਮੋ: 98886-90280.

 

ਹਿਜ਼ਰ ਦੀ ਪਰਿਕਰਮਾ
ਲੇਖਕ : ਅਮਨਦੀਪ ਸਿੰਘ ਐਡਵੋਕੇਟ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99923-42222.

'ਹਿਜਰ ਦੀ ਪਰਿਕਰਮਾ' ਅਮਨਦੀਪ ਸਿੰਘ ਐਡਵੋਕੇਟ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 80 ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਪੰਜ ਸਾਲ ਦੀ ਉਮਰ 'ਚ ਮਾਂ ਦਾ ਵਿਛੋੜਾ ਅਤੇ 12 ਸਾਲ ਦੀ ਉਮਰ 'ਚ ਮਿਲਿਆ ਅਕਹਿ ਦਰਦ, ਉਸ ਦੀ ਕਾਵਿਕ-ਸਿਰਜਣਾ ਦੇ ਮੂਲ-ਸ੍ਰੋਤ ਹਨ। ਵਿਛੋੜਾ ਜਾਂ ਬਿਰਹਾ ਜਾਂ ਹਿਜਰ ਉਸ ਦੀਆਂ ਕਵਿਤਾਵਾਂ ਦੀ ਮੂਲ ਸੁਰ ਹੈ। ਉਸ ਦੇ ਕਥਨ ਅਨੁਸਾਰ ਉਹ ਆਪਣੀਆਂ ਕਵਿਤਾਵਾਂ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਵਿਚ ਹੈ ਕਿ ਦੁੱਖ ਸਿਰਫ ਗ਼ਰੀਬਾਂ ਨੂੰ ਹੀ ਨਹੀਂ ਹੁੰਦੇ, ਅਮੀਰਾਂ ਨੂੰ ਵੀ ਹੁੰਦੇ ਹਨ। ਗ਼ਰੀਬਾਂ ਦੇ ਦੁੱਖਾਂ ਦਾ ਦਾਇਰਾ ਸਮਾਜੀ ਸਰੋਕਾਰਾਂ ਨਾਲ ਜੁੜੇ ਹੋਣ ਸਦਕਾ ਹੈ, ਜਦ ਕਿ ਉਸ ਦਾ ਦੁੱਖ ਆਤਮਿਕ ਹੈ। ਮਨੁੱਖ ਦੀ ਆਪਣੀ ਹੋਂਦ ਪ੍ਰਤੀ ਜਾਗਰੂਕਤਾ, ਉਸ ਦੀ ਸਾਰਥਿਕਤਾ ਦੀ ਜਾਨਣ ਦੀ ਪ੍ਰਬਲ ਇੱਛਾ ਹੀ ਉਸ ਦੀ ਰੌਸ਼ਨ ਅਤੇ ਜਾਗਦੀ ਜ਼ਮੀਰ ਦੀ ਗਵਾਹੀ ਭਰਦੀ ਹੈ। ਮਨੁੱਖੀ ਰੂਹ ਤੋਂ ਬਿਨਾਂ ਸੰਸਾਰ ਵਿਚ ਜਿਊਂਦੇ ਰਹਿਣਾ ਸਰੀਰਕ ਜਿਊਣਾ ਤਾਂ ਹੋ ਸਕਦਾ ਹੈ, ਪਰ ਜ਼ਿੰਦਗੀ ਪ੍ਰਤੀ ਦਲਾਸ ਅਤੇ ਉਤਸ਼ਾਹ ਦਾ ਨਾ ਹੋਣਾ, ਆਤਮਿਕ ਮੌਤ ਹੀ ਕਹੀ ਜਾ ਸਕਦੀ ਹੈ। ਅਮਨਦੀਪ ਸਿੰਘ ਐਡਵੋਕੇਟ ਆਪਣੀਆਂ ਕਵਿਤਾਵਾਂ 'ਚ ਇਨ੍ਹਾਂ ਪ੍ਰਸ਼ਨਾਂ ਦੇ ਹੀ ਸਨਮੁੱਖ ਹੋ ਰਿਹਾ ਪ੍ਰਤੀਤ ਹੁੰਦਾ ਹੈ। ਉਸ ਅਨੁਸਾਰ 'ਪਿਆਰ ਸ਼ੁਰੂਆਤ ਹੈ ਪਰਮਾਤਮਾ ਅੰਤ ਹੈ'।
ਤੇਰੇ ਸ਼ਹਿਰ ਤੋਂ ਲੰਘਦੇ ਹੋਏ,
ਤੇਰਾ ਹਾਲ ਪੁੱਛ ਲਿਆ।
ਪਤਾ ਲੱਗਿਆ ਕਿ ਤੁਸੀਂ ਗੁਜ਼ਰ ਚੁੱਕੇ ਹੋ
ਗੁਜ਼ਰ ਚੁੱਕੇ ਹੋ ਇੰਨੀ ਦੂਰ
ਜਿਥੋਂ ਕੋਈ ਵਾਪਸ ਨਹੀਂ ਆਉਂਦਾ।
ਉਸ ਨੂੰ ਕਵਿਤਾ ਲਿਖਣ ਦੀ ਚੇਟਕ ਸ਼ਿਵ ਕੁਮਾਰ ਬਟਾਲਵੀ ਦਾ ਮਹਿੰਦਰ ਕਪੂਰ ਦੇ ਗਾਏ ਗੀਤ ਸੁਣਨ ਤੋਂ ਬਾਅਦ ਲੱਗੀ। ਉਦਾਸੀ, ਗੁਮਗੀਨਤਾ, ਵਿਛੋੜਾ, ਕਿੱਥੇ ਜਾਣਾ ਹੈ? ਕਿੱਥੋਂ ਆਏ ਹਾਂ? ਕਿਉਂ ਆਏ ਹਾਂ? ਦਾਰਸ਼ਨਿਕ ਪ੍ਰਸ਼ਨ, ਉਸ ਦੀਆਂ ਕਵਿਤਾਵਾਂ ਦਾ ਕੇਂਦਰੀ ਧੁਰਾ ਹਨ। 'ਕਬਰ', 'ਦਰਦ', 'ਅੱਖਾਂ', 'ਕਫ਼ਨ', 'ਤੋਹਫ਼ਾ', 'ਬਰਸਾਤ', 'ਅਰਥੀ', 'ਪੀੜ', 'ਜ਼ਿੰਦਗੀ' ਅਤੇ ਹੋਰ ਅਨੇਕਾਂ ਕਵਿਤਾਵਾਂ ਦੇ ਸਿਰਲੇਖ ਹੀ ਆਪਣੇ ਆਪ 'ਚ ਦਾਰਸ਼ਨਿਕ ਪ੍ਰਸ਼ਨਾਂ ਦੇ ਸਾਹਵੇਂ ਲਿਆ ਖਲਿਆਰਦੇ ਨੇ। ਭਾਵਪੂਰਤ ਅਤੇ ਸੰਵੇਦਨਸ਼ੀਲ ਭਾਸ਼ਾ ਦਿਲ ਨੂੰ ਧੂਹ ਪਾਉਂਦੀ ਪ੍ਰਤੀਤ ਹੁੰਦੀ ਹੈ। ਸਮੁੱਚੀਆਂ ਕਵਿਤਾਵਾਂ ਹੀ 'ਹਿਜਰ' ਦੀ ਪਰਕਰਮਾ ਕਰਦੀਆਂ ਜਾਪਦੀਆਂ ਹਨ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096


ਸਿਸਕਦੇ ਹਰਫ
ਲੇਖਕ : ਨਿਰਮਲ ਕੌਰ ਕੋਟਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 98766-51390.

ਪੁਸਤਕ ਵਿੱਚ ਕਵਿਤਰੀ ਨੇ ਇਕ ਚੇਤੰਨ ਮਨੁੱਖ ਵਜੋਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਇਆ ਹੈ ਜਿਨ੍ਹਾਂ ਵਿਚ ਉਸ ਆਪਣੇ ਚੌਗਿਰਦੇ, ਸਮਾਜ ਅਤੇ ਸਮਾਜਿਕ ਵਰਤਾਰਿਆਂ ਨੂੰ ਆਪਣੀ ਸੂਖਮ ਦ੍ਰਿਸ਼ਟੀ ਨਾਲ ਦੇਖਦਿਆਂ ਉਸ ਸਬੰਧੀ ਆਪਣੇ ਵਲਵਲਿਆਂ ਨੂੰ ਕਵਿਤਾ ਰੂਪ ਵਿਚ ਪ੍ਰਗਟਾਇਆ ਹੈ। ਉਸ ਦੇ ਹਰਫ ਸਿਸਕਦੇ ਪ੍ਰਤੀਤ ਹੁੰਦੇ ਹਨ ਕਿਉਂਕਿ ਸਮਾਜ ਵਿਚਲੀ ਗਿਰਾਵਟ ਉਸ ਨੂੰ ਝੰਜੋੜਦੀ ਪ੍ਰਤੀਤ ਹੁੰਦੀ ਹੈ। ਇਸ ਦੇ ਬਾਵਜੂਦ ਉਸ ਦੀਆਂ ਕਵਿਤਾਵਾਂ ਦਾ ਕੇਂਦਰੀ ਬਿੰਦੂ ਆਸ਼ਾਵਾਦ ਹੈ। ਉਹ ਜੀਵਨ ਨੂੰ ਚੜ੍ਹਦੀ ਕਲਾ ਵਿਚ ਰਹਿ ਕੇ ਗੁਜ਼ਾਰਨ ਦਾ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ। ਹਾਲਾਤ ਭਾਵੇਂ ਕਿਵੇਂ ਦੇ ਵੀ ਹੋਣ, ਉਮੀਦ ਉਸ ਨੂੰ ਅਜੇ ਵੀ ਕਿਤੇ ਨਾ ਕਿਤੇ ਨਜ਼ਰੀ ਆ ਹੀ ਜਾਂਦੀ ਹੈ। ਇਸ ਲਈ ਉਹ ਆਪਣੀ ਕਵਿਤਾ 'ਬਸ ਕਰ' ਵਿਚ ਸੁਨੇਹਾ ਦਿੰਦੀ ਹੈ-
ਮਰਨਾ ਹੱਲ ਨਹੀਂ ਮੁੱਦਿਆਂ ਦਾ
ਜਿਊਂ ਕੇ ਹੱਲ ਲੱਭ ਮੁੱਦਿਆਂ ਦਾ।
ਉਸ ਦਾ ਅੰਤਰ ਯੁੱਧ ਉਸ ਨੂੰ ਸਮਾਜਿਕ ਅਲਾਮਤਾਂ ਵਿਰੁੱਧ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦਾ ਹੈ।ਆਪਣੀ ਕਵਿਤਾ ਰਾਹੀਂ ਉਹ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੰਦਿਆਂ ਪਿਆਰ ਅਤੇ ਸਤਿਕਾਰ ਪ੍ਰਗਟਾਉਂਦੀ ਹੈ। ਉਹ ਕਵਿਤਾ ਦੀ ਪਰਿਭਾਸ਼ਾ ਨੂੰ ਆਪਣੇ ਸ਼ਬਦਾਂ ਵਿੱਚ ਬਾਖੂਬੀ ਪਰਿਭਾਸ਼ਤ ਕਰਦੀ ਹੈ। 'ਸੱਚੇ ਸੌਦੇ' ਦੀ ਅਸਲੀਅਤ ਬਿਆਨ ਕਰਦਿਆਂ ਉਹ ਕਿਤੇ ਵੀ ਉਕਦੀ ਨਹੀਂ। ਉਸ ਦੀ ਕਵਿਤਾ ਆਧੁਨਿਕਤਾ ਦੀ ਧਾਰਨੀ ਹੈ ਪਰ ਉਹ ਪਰੰਪਰਕ ਮੁੱਲਾਂ ਅਤੇ ਕਦਰਾਂ-ਕੀਮਤਾਂ ਨੂੰ ਵਿਸਾਰਦੀ ਨਹੀਂ ਸਗੋ ਉਸ ਨੂੰ ਅਗਲੀ ਪੀੜ੍ਹੀ ਤੱਕ ਸੰਚਾਰਿਤ ਕਰਨਾ ਲੋਚਦੀ ਹੈ। ਮਨੁੱਖ ਦੀ ਲਾਪਰਵਾਹੀ ਕਾਰਨ ਸਭ ਖ਼ਤਮ ਹੋ ਰਹੇ ਦੀ ਉਹ ਚਿੰਤਾ ਜ਼ਾਹਿਰ ਕਰਦੀ ਹੈ। ਸਰਲ ਭਾਸ਼ਾ ਅਤੇ ਛੰਦ ਮੁਕਤ ਕਵਿਤਾ ਰਾਹੀਂ ਉਸ ਨੇ ਆਪਣੀ ਮੌਲਿਕਤਾ ਪ੍ਰਗਟਾਈ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823

15-12-2018

 ਸ਼ਿਵਚਰਨ
ਲੇਖਕ : ਬਲਵੰਤ ਫ਼ਰਵਾਲੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 175
ਸੰਪਰਕ : 98881-17389.

ਉਸਾਰੂ/ਪ੍ਰਗਤੀਵਾਦੀ ਸੋਚ ਤੇ ਇੱਛਿਤ ਯਥਾਰਥ ਨੂੰ ਚਿਤ੍ਰਨ ਵਾਲਾ ਨਾਇਕ ਪ੍ਰਧਾਨ ਨਾਵਲ ਹੈ ਸ਼ਿਵਚਰਨ। ਨਿਘਰੇ ਤੇ ਪਤਨਮੁਖੀ ਸਮਾਜਿਕ ਮਾਹੌਲ ਦਾ ਯਥਾਰਥ ਘਿਣਾਉਣਾ ਹੈ। ਵਿਅਕਤੀ, ਸਮਾਜ, ਸਿਆਸਤ, ਨਿਆਂਪ੍ਰਬੰਧ, ਵਿਦਿਅਕ ਸੰਸਥਾਵਾਂ ਸਾਰਾ ਤਾਣਾ-ਬਾਣਾ ਭ੍ਰਿਸ਼ਟ ਹੋ ਚੁੱਕਾ ਹੈ। ਰਿਸ਼ਤੇ ਤੇ ਆਦਰਸ਼ ਚੀਣਾ-ਚੀਣਾ ਹੋ ਗਏ ਹਨ। ਕੋਈ ਹਰਿਆ ਬੂਟ ਵਿਰਲਾ ਹੀ ਕਿਤੇ ਹੋਵੇਗਾ ਜੋ ਸਵਾਰਥ ਤੋਂ ਉੱਪਰ ਉੱਠ ਕੇ ਆਦਰਸ਼ਾਂ ਲਈ ਮੁੱਲ ਤਾਰਦਾ ਹੋਇਆ ਇਸ ਸਥਿਤੀ ਨੂੰ ਲੀਹਾਂ ਉੱਤੇ ਲਿਆਉਣ ਲਈ ਯਤਨਸ਼ੀਲ ਹੋਵੇ। ਇਸ ਨਿਰਾਸ਼ਾਜਨਕ ਮਾਹੌਲ ਵਿਚ ਇਸ ਮਸਲੇ ਬਾਰੇ ਸੋਚਣਾ ਅਤੇ ਫਿਰ ਉਸ ਨੂੰ ਆਸ਼ਾਵਾਦੀ ਛੋਹਾਂ ਨਾਲ ਨਾਵਲੀ ਬਿਰਤਾਂਤ ਵਿਚ ਬੰਨ੍ਹਣਾ ਮੈਨੂੰ ਤਾਜ਼ਾ ਹਵਾ ਦੇ ਬੁੱਲ੍ਹੇ ਵਾਂਗ ਪ੍ਰਤੀਤ ਹੋਇਆ। ਨਿਸ਼ਚੇ ਹੀ ਇਹ ਸਵੱਛ ਸੋਚ ਨੂੰ ਪਰਣਾਏ ਲੋਕਾਂ ਨੂੰ ਤਾਜ਼ਗੀ ਤੇ ਉਤਸ਼ਾਹ ਦੇਵੇਗਾ। ਇਸ ਦੀ ਭਾਸ਼ਾ ਦੀ ਕਾਵਿਕਤਾ, ਬਿਰਤਾਂਤ ਦੀ ਰੌਚਿਕਤਾ, ਵਰਣਨ ਦੀ ਬਾਰੀਕੀ ਤੇ ਪਾਤਰਾਂ ਦਾ ਰੰਗ ਬਿਰੰਗਾਪਣ ਰਲ ਕੇ ਇਸ ਨੂੰ ਇਕ ਵਧੀਆ ਨਾਵਲੀ ਕਿਰਤ ਬਣਾ ਰਹੇ ਹਨ। ਅਜਿਹੀ ਕਿਰਤ ਜੋ ਨਾਵਲਕਾਰ ਦੇ ਉੱਜਲ ਭਵਿੱਖ ਦੇ ਸੂਚਕ ਹਨ।
ਸ਼ਿਵਚਰਨ ਆਸ਼ਾ ਤੇ ਚਿਰੰਜੀ ਲਾਲ ਦਾ ਪੁੱਤਰ ਹੈ। ਪਿਤਾ ਦੀ ਮੌਤ, ਵਿਧਵਾ ਵਿਆਹ ਦੇ ਵਿਰੁੱਧ ਪਰਿਵਾਰ, ਪਰੰਪਰਾਗਤ ਸੋਚ। ਬ੍ਰਾਹਮਣ ਪਰਿਵਾਰ ਦੀ ਆਸ਼ਾ ਆਦਰਸ਼ਵਾਦੀ ਸੋਚ ਵਾਲੇ ਘੁਮਿਆਰ ਕਿਰਤੀ ਮੁਸਲਮਾਨ ਵਕੀਲ ਮੁਹੰਮਦ ਨੂੰ ਜੀਵਨ ਸਾਥੀ ਬਣਾ ਲੈਂਦੀ ਹੈ। ਉਹ ਵੀ ਸ਼ਿਵਚਰਨ ਨੂੰ ਹੀ ਸਭ ਕੁਝ ਮੰਨ ਕੇ ਪਾਲਦਾ ਹੈ ਅਤੇ ਮਿਥ ਕੇ ਹੋਰ ਬੱਚੇ ਦਾ ਪਿਤਾ ਨਹੀਂ ਬਣਦਾ। ਸ਼ਿਵਚਰਨ ਕਾਲਜ ਵਿਚ ਪੈਰ ਧਰਦੇ ਹੀ ਆਦਰਸ਼ਵਾਦੀ ਮਿਤਰ ਮੰਡਲੀ ਦੇ ਸਾਥ ਤੇ ਉਸਾਰੂ ਸੋਚ ਵਾਲੇ ਅਧਿਆਪਕ/ਅਧਿਆਪਕਾਵਾਂ ਦੀ ਸਰਪ੍ਰਸਤੀ ਵਿਚ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਨਸ਼ਿਆਂ ਵਿਚ ਘਿਰੇ ਗਰੀਬ ਪਰਿਵਾਰਾਂ ਨੂੰ ਵਿੱਦਿਆ ਦਾ ਚਾਨਣ ਦੇ ਕੇ ਨਵਾਂ ਜੀਵਨ ਜੀਣ ਦੇ ਰਾਹ ਤੋਰਦੇ ਪ੍ਰੋ: ਅਸਲਮ ਜਿਹੇ ਭ੍ਰਸ਼ਟ ਪ੍ਰੋਫੈਸਰਾਂ ਯੁਵਰਾਜ ਜਿਹੇ ਕਮੀਨੇ ਸਿਆਸਤਦਾਨਾਂ, ਕਾਰਾ, ਯੁਦਾ ਤੇ ਪਠਾਨੀਆ ਜਿਹੇ ਬਦਮਾਸ਼ਾਂ ਦੀਆਂ ਸਾਜਿਸ਼ਾਂ ਦੇ ਸ਼ਿਕਾਰ ਹੁੰਦੇ ਹਨ। ਮੈਡਮ ਕੁਲਬੀਰ, ਸੰਤ ਰਾਮ, ਗੁਰਮੁਖ ਸਿੰਘ, ਸਿਕੰਦਰ ਜਿਹੇ ਹਮਦਰਦ ਉਨ੍ਹਾਂ ਨਾਲ ਹਨ। ਗਗਨ ਜਿਹੀ ਆਦਰਸ਼ ਪਿਆਰ ਦੀ ਪੁਤਲੀ ਸ਼ਿਵਚਰਨ ਦੀ ਪ੍ਰੇਰਨਾ ਬਣੀ ਰਹਿੰਦੀ ਹੈ। ਜਿੱਤ ਅੰਤ ਨੂੰ ਸ਼ਿਵਚਰਨ ਤੇ ਗਗਨ ਦੀ ਹੁੰਦੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦੂਨ ਵੈਲੀ 'ਚ ਵਿਚਰਦਿਆਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98760-62329.

ਪੰਜਾਬੀ ਦੇ ਪ੍ਰਮੁੱਖ ਕਵੀ ਧਰਮ ਸਿੰਘ ਕੰਮੇਆਣਾ ਦਾ ਇਹ ਪਹਿਲਾ ਸਫ਼ਰਨਾਮਾ ਹੈ। ਉਂਜ ਇਕ ਕਵੀ ਦੇ ਰੂਪ ਵਿਚ ਉਸ ਦੀਆਂ ਰੀਝਾਂ ਦਾ ਸਫ਼ਰ 1978 ਈ: ਵਿਚ 'ਸੂਲਾਂ ਵਿੰਨ੍ਹੇ ਫੁੱਲ' ਨਾਲ ਸ਼ੁਰੂ ਹੋ ਗਿਆ ਸੀ। ਦੂਨ ਵੈਲੀ ਦੀ ਯਾਤਰਾ ਉਸ ਨੇ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਦੇ ਟੀਚਿੰਗ ਸਟਾਫ਼ ਨਾਲ ਕੀਤੀ ਸੀ। ਇਸ ਯਾਤਰਾ ਦੌਰਾਨ ਪੂਰੀ ਟੀਮ ਨੇ ਪਾਉਂਟਾ ਸਾਹਿਬ, ਦੇਹਰਾਦੂਨ, ਰਿਸ਼ੀਕੇਸ਼ ਅਤੇ ਹਰਿਦੁਆਰ ਆਦਿਕ ਇਤਿਹਾਸਕ-ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਇਹ ਸਫ਼ਰਨਾਮਾ ਆਕਾਰ ਵਿਚ ਕਾਫੀ ਸੰਖੇਪ ਹੈ। ਪੁਸਤਕ ਦੇ 80 ਪੰਨਿਆਂ ਵਿਚੋਂ 16 ਪੰਨਿਆਂ ਉੱਪਰ ਕੁਝ ਬਲੈਕ ਐਂਡ ਵਾੲ੍ਹੀਟ ਫੋਟੋਗ੍ਰਾਫ਼ ਹਨ ਅਤੇ ਮੁਢਲੇ 18-19 ਪੰਨਿਆਂ ਵਿਚ ਲੇਖਕ ਨੇ ਆਪਣੇ ਜੀਵਨ ਨਾਲ ਸਬੰਧਿਤ ਕੁਝ ਸਮਾਚਾਰ ਅੰਕਿਤ ਕੀਤੇ ਹਨ। ਇਉਂ ਸਫ਼ਰਨਾਮੇ ਦਾ ਬਿਰਤਾਂਤ 45 ਪੰਨਿਆਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ।
ਇਸ ਸਫ਼ਰਨਾਮੇ ਦਾ ਹਾਸਲ 'ਹਰਿਦੁਆਰ : ਜੜ੍ਹਾਂ ਦੀ ਤਲਾਸ਼' ਵਾਲਾ ਕਾਂਡ ਹੈ। ਲੇਖਕ ਹਰਿਦੁਆਰ ਜਾ ਕੇ ਦੀਪਕ ਪਰਾਸ਼ਰ ਨਾਂਅ ਦੇ ਇਕ ਅਜਿਹੇ ਪੰਡਿਤ ਨੂੰ ਲੱਭ ਲੈਂਦਾ ਹੈ, ਜੋ ਉਸ ਦੀਆਂ ਪਿਛਲੀਆਂ ਦਸ ਪੀੜ੍ਹੀਆਂ (ਲਗਪਗ ਤਿੰਨ ਸੌ ਵਰ੍ਹਿਆਂ) ਦੇ ਇਤਿਹਾਸ ਬਾਰੇ ਜਾਣਕਾਰੀ ਦੇ ਦਿੰਦਾ ਹੈ। ਭਾਈ ਦੁਨੀਆ ਸਿੰਘ ਰੋਮਾਣਾ ਤੋਂ ਲੈ ਕੇ ਸੰਧੂ ਸਿੰਘ, ਮੱਤਾ ਸਿੰਘ, ਖੀਵਨ ਸਿੰਘ, ਖਜ਼ਾਨ ਸਿੰਘ, ਅਤਰ ਸਿੰਘ, ਭਾਗ ਸਿੰਘ, ਬਚਿੱਤਰ ਸਿੰਘ, ਧਰਮ ਸਿੰਘ ਅਤੇ ਸਨਾਵਰਜੀਤ ਸਿੰਘ (ਸਾਰੇ ਰੋਮਾਣੇ) ਰਾਹੀਂ ਹੁੰਦਾ ਹੋਇਆ ਇਹ ਵੰਸ਼ਾਵਲੀਨਾਮਾ ਹੁਣ ਬੇਬੀ ਇਨਾਯਾ ਸਿੰਘ ਤੱਕ ਪਹੁੰਚ ਗਿਆ ਹੈ। ਪਰਮਾਤਮਾ ਉਸ ਦੀ ਉਮਰ ਦਰਾਜ ਕਰੇ! ਵੱਖ-ਵੱਖ ਧਾਰਮਿਕ ਸਥਾਨਾਂ ਬਾਰੇ ਕੀਤੀ ਗਈ ਇਤਿਹਾਸਕ-ਖੋਜ ਲੇਖਕ ਦੀ ਖੋਜੀ-ਬਿਰਤੀ ਦਾ ਬੜਾ ਸਟੀਕ ਪ੍ਰਮਾਣ ਪੇਸ਼ ਕਰਦੀ ਹੈ। ਧਰਮ ਸਿੰਘ ਕੰਮੇਆਣਾ ਵਰਗੇ ਸਿਰਜਣਾਤਮਿਕ ਕਵੀ-ਗਲਪਕਾਰ ਦੇ ਰਚਨਾਤਮਿਕ ਅਨੁਭਵ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ/ਆਲੋਚਕਾਂ ਲਈ ਇਹ ਪੁਸਤਕ ਕਾਫੀ ਮਹੱਤਵਪੂਰਨ ਸਿੱਧ ਹੋਵੇਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਲਾਹੌਰ ਕਿੰਨੀ ਦੂਰ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 240
ਸੰਪਰਕ : 98148-03254.

'ਲਾਹੌਰ ਕਿੰਨੀ ਦੂਰ' ਪੁਸਤਕ 1947 ਦੀ ਪਾਕਿ-ਹਿੰਦ ਵੰਡ ਦੀਆਂ ਕਹਾਣੀਆਂ ਨਾਲ ਸਬੰਧਿਤ ਹੈ। ਕਿਸੇ ਲਹਿਰ ਜਾਂ ਦੁਖਾਂਤ ਬਾਰੇ ਕਹਾਣੀ ਲਿਖਣ ਲਈ ਲੇਖਕ ਦੋ-ਤਿੰਨ ਗੱਲਾਂ ਦਾ ਧਿਆਨ ਰੱਖਦਾ ਹੈ। ਪਹਿਲਾ ਨਜ਼ਰੀਆ ਇਹ ਹੈ ਕਿ ਲੇਖਕ ਖ਼ੁਦ ਉਸ ਲਹਿਰ ਜਾਂ ਦੁਖਾਂਤ ਦਾ ਹਿੱਸਾ ਹੁੰਦਾ ਹੈ। ਦੂਸਰਾ ਉਸ ਨੇ ਉਸ ਦੁਖਾਂਤ ਬਾਰੇ ਗੱਲਾਂ ਜਾਂ ਕਹਾਣੀ ਕਿਸੇ ਦੂਸਰੇ ਚਸ਼ਮਦੀਦ ਤੋਂ ਸੁਣੀ ਹੁੰਦੀ ਹੈ। ਤੀਸਰਾ ਲੇਖਕ ਦੀਆਂ ਯਾਦਾਂ ਹੁੰਦੀਆਂ ਹਨ। ਸੰਪਾਦਕ ਨੇ ਇਨ੍ਹਾਂ ਸਾਰੇ ਵਸੀਲਿਆਂ ਦੀਆਂ ਕਹਾਣੀਆਂ ਦੀ ਚੋਣ ਕਰਕੇ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਹਨ।ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਸੁਰਜੀਤ ਸਰਨਾ ਆਦਿ ਇਸ ਦੁਖਾਂਤ ਦੇ ਚਸ਼ਮਦੀਦ ਗਵਾਹ ਹਨ। 'ਤੈਂ ਕੀ ਦਰਦ ਨਾ ਆਇਆ' (ਦੁੱਗਲ), 'ਭੂਆ ਫਾਤਮਾ' (ਗਾਰਗੀ), 'ਲਾਹੌਰ ਕਿੰਨੀ ਦੂਰ' (ਸਰਨਾ) ਕਹਾਣੀਆਂ ਅਨੁਭਵ ਅਤੇ ਯਾਦਾਂ ਸਹਾਰੇ ਉਸਾਰੀਆਂ ਕਹਾਣੀਆਂ ਹਨ। ਆਪਣੇ ਘੜੇ ਦਾ ਪਾਣੀ (ਅਣਖੀ), ਬੀਜ (ਕਜ਼ਾਕ), ਜ਼ਖ਼ਮ (ਜਿੰਦਰ), ਉਬਾਲ (ਉਬਰਾਏ), ਜਾਂਦੀ ਵਾਰ ਦੀਆਂ ਹਾਕਾਂ (ਬਲਦੇਵ ਸਿੰਘ) ਕਹਾਣੀਆਂ ਪੜ੍ਹ-ਪੜ੍ਹਾਏ, ਸੁਣੇ-ਸੁਣਾਏ ਅਨੁਭਵ 'ਚੋਂ ਨਿੱਤਰੀਆਂ ਕਹਾਣੀਆਂ ਹਨ। ਅਜਿਹੇ ਦੁਖਾਂਤ ਜਾਂ ਲਹਿਰ ਬਾਰੇ ਕਈ ਵਾਰੀ ਫਾਰਮੂਲਾ ਕਹਾਣੀਆਂ ਵੀ ਪੈਦਾ ਹੁੰਦੀਆਂ ਹਨ। ਇਕ ਆਦਰਸ਼ ਨੂੰ ਸਥਾਪਤ ਕਰਨ ਲਈ ਵੀ ਅਜਿਹੇ ਦੁਖਾਂਤ ਬਾਰੇ ਕਹਾਣੀਆਂ ਲਿਖੀਆਂ ਜਾਂਦੀਆਂ ਹਨ। ਜਥੇਦਾਰ ਮੁਕੰਦ ਸਿੰਘ ਮਹਿੰਦਰ ਸਰਨਾ), ਬਹਾਦਰ ਸਿੰਘਣੀ, ਸੱਚਾ ਮੁਸਲਮਾਨ (ਤੇਮਾਰ) ਅਜਿਹੀਆਂ ਹੀ ਫਾਰਮੂਲਾ ਮੂਲ ਕਹਾਣੀਆਂ ਹਨ ਜੋ ਕਿਸੇ ਇਕ ਧਿਰ ਦੇ ਪਾਤਰ ਨੂੰ ਸੱਚਾ-ਸੁੱਚਾ, ਤੇ ਨੇਕ ਜ਼ਾਹਰ ਕਹਾਣੀਆਂ ਹਨ। ਪਤਾ ਨਹੀਂ ਕਿਉਂ ਗੁਰਦੇਵ ਸਿੰਘ ਰੁਪਾਣਾ, ਭੁੱਲਰ ਅਤੇ ਗੁਲਜ਼ਾਰ ਸੰਧੂ ਦੀਆਂ ਕਹਾਣੀਆਂ ਇਸ ਵਿਚ ਸ਼ਾਮਿਲ ਨਹੀਂ ਕੀਤੀਆਂ। ਵਿਸ਼ੇਸ਼ ਔਖੀ ਸਥਿਤੀ ਵੇਲੇ ਜਿੰਦਰ ਨੂੰ ਸੰਪਾਦਨ ਦਾ ਚੋਖਾ ਅਨੁਭਵ ਹੈ। ਇਹ ਪੁਸਤਕ ਸੰਤਾਲੀ ਦੇ ਦੁਖਾਂਤ ਨੂੰ ਪੂਰੀ ਤਰ੍ਹਾਂ ਉਘਾੜ ਕੇ ਪੇਸ਼ ਕਰਨ ਦੇ ਸਮਰੱਥ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਤਿੜਕਦੇ ਅਹਿਸਾਸ
ਲੇਖਕ : ਰਾਜਿੰਦਰ ਸਿੰਘ ਢੱਡਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 160 ਰੁਪਏ, ਸਫ਼ੇ : 112
ਸੰਪਰਕ : 82849-16049.

ਇਹ ਲੇਖਕ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਪਰ ਜਿਸ ਤਰ੍ਹਾਂ ਉਸ ਨੇ ਕਹਾਣੀਆਂ ਦੇ ਵਿਸ਼ਿਆਂ ਨੂੰ ਸ਼ੁਰੂ ਤੋਂ ਅਖੀਰ ਤੱਕ ਨਿਭਾਇਆ ਹੈ, ਇਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿੱਖ ਵਿਚ ਉਸ ਦੀ ਕਹਾਣੀ ਗੰਭੀਰਤਾ ਸਹਿਤ ਸਮਾਜਿਕ ਵਰਤਾਰਿਆਂ ਦੀ ਬਾਤ ਪਾਵੇਗੀ। ਉਸ ਦੀਆਂ ਕਹਾਣੀਆਂ ਵਿਚ ਜਬਰ ਸਾਹਮਣੇ ਝੁਕਣ ਦੀ ਬਜਾਇ ਉਸ ਦਾ ਮੁਕਾਬਲਾ ਕਰਦੀ ਔਰਤ ਨਜ਼ਰ ਆਉਂਦੀ ਹੈ ਤਾਂ ਕਿਸਮਤ ਨੂੰ ਝੂਰਦੇ ਪਾਤਰ ਵੀ ਹਨ ਜੋ ਆਪਣਿਆਂ ਦੀ ਬੇਗਾਨਗੀ ਦਾ ਸ਼ਿਕਾਰ ਹੁੰਦੇ ਹਨ। ਸਹੀ ਅਰਥਾਂ ਵਿਚ ਆਪਣਿਆਂ ਲਈ ਖੜ੍ਹਨ ਅਤੇ ਜਰਨ ਵਾਲੇ ਪਾਤਰ ਵੀ ਹਨ। ਮਨੁੱਖ ਦੇ ਅੰਤਰ ਮਨ ਦੀ ਫਿਟਕਾਰ ਕਿਵੇਂ ਉਸ ਨੂੰ ਜਿਊਂਦਿਆਂ ਹੀ ਮਾਰ ਦਿੰਦੀ ਹੈ ਇਸ ਦੀ ਉਦਾਹਰਨ ਕਹਾਣੀ 'ਪ੍ਰੀਤੀ' ਵਿਚ ਮਿਲਦੀ ਹੈ। ਨੋਟਬੰਦੀ ਕਹਾਣੀ ਨੌਜਵਾਨ ਪੀੜ੍ਹੀ ਦੀ ਨਵੀਂ ਸੋਚ ਦਾ ਸੁਨੇਹਾ ਦਿੰਦੀ ਫੋਕੀ ਸ਼ੁਹਰਤ ਅਤੇ ਫੋਕੇ ਰਸਮਾਂ ਰਿਵਾਜ਼ਾਂ ਤੋਂ ਕਿਨਾਰਾ ਕਰਨ ਦੀ ਪ੍ਰੇਰਨਾ ਦਿੰਦੀ ਹੈ। ਅੱਲੜ ਉਮਰੇ ਕੀਤੀਆਂ ਗ਼ਲਤੀਆਂ ਕਿਸ ਕਦਰ ਜ਼ਿੰਦਗੀ ਨੂੰ ਨਰਕ ਬਣਾ ਦਿੰਦੀਆਂ ਹਨ ਇਹ ਕਹਾਣੀ ਨਰਕ ਵਿਚ ਬਾਖੂਬੀ ਦਰਸਾਇਆ ਹੈ। ਬਲਾਤਕਾਰੀ ਇਸ ਕਹਾਣੀ ਸੰਗ੍ਰਹਿ ਦੀ ਇਕ ਅਜਿਹੀ ਕਹਾਣੀ ਜਿਸ ਵਿਚ ਸਮਾਜ ਦੀਆਂ ਕਈ ਤਹਿਆਂ ਨੂੰ ਫਰੋਲਿਆ ਗਿਆ ਹੈ। ਇਕ ਇਮਾਨਦਾਰ ਅਤੇ ਵਧੀਆ ਇਨਸਾਨ ਅਤੇ ਅਧਿਆਪਕ ਕਿਸੇ ਦੀ ਮਦਦ ਕਰਦਿਆਂ ਅਜਿਹੀ ਮੁਸੀਬਤ ਵਿਚ ਫਸਦਾ ਹੈ ਕਿ ਉਸ ਨੂੰ ਇਕ ਬਲਾਤਕਾਰੀ ਵਜੋਂ ਸਮਾਜ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉਹ ਇਹ ਤੋਹਮਤ ਬਰਦਾਸ਼ਤ ਨਾ ਕਰਦਿਆਂ ਖ਼ੁਦਕੁਸ਼ੀ ਕਰ ਲੈਂਦਾ ਹੈ ਪਰ ਆਪਣੇ ਸਰੀਰ ਦੇ ਅੰਗ ਦਾਨ ਕਰ ਜਾਂਦਾ ਹੈ। ਬਹੁਤ ਸਾਰੇ ਰੰਗਾਂ ਨੂੰ ਪੇਸ਼ ਕਰਦੀ ਇਹ ਕਹਾਣੀ ਉਸ ਸਾਰੇ ਵਰਤਾਰੇ ਦੇ ਮੂੰਹ 'ਤੇ ਇਕ ਕਰਾਰੀ ਚਪੇੜ ਵਾਂਗ ਜਾਪਦੀ ਹੈ ਜਿਸ ਵਿਚ ਬੇਦੋਸ਼ੇ ਮਾਰੇ ਜਾਂਦੇ ਹਨ ਅਤੇ ਦੋਸ਼ੀ ਸਾਫ਼ ਬਚ ਜਾਂਦੇ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606=83823
ਫ ਫ ਫ

ਸਾਈਡ ਪੋਜ਼
ਕਵੀ : ਰਵਿੰਦਰ ਰਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 99889-98303.

ਹਥਲੀ ਪੁਸਤਕ ਵਿਚ ਸ਼ਾਇਰ ਨੇ 45 ਗ਼ਜ਼ਲਾਂ, 13 ਗੀਤ ਅਤੇ 9 ਨਜ਼ਮਾਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਬਾਰੇ ਪ੍ਰਸਿੱਧ ਸਮਾਲੋਚਕ ਗੁਰਦਿਆਲ ਰੌਸ਼ਨ ਕਹਿੰਦਾ ਹੈ ਕਿ 'ਮੇਰੀ ਜਾਚੇ ਇਹ ਪੁਸਤਕ ਰਵੀ ਦੀ ਸ਼ਾਇਰੀ ਦਾ ਪੁਨਰ ਜਨਮ ਹੈ ਤੇ ਉਹ ਨਿੱਗਰ ਤੇ ਗਹਿਰ ਗੰਭੀਰ ਕਾਵਿ ਰਾਹੀਂ ਸਾਹਮਣੇ ਆਇਆ ਹੈ... ਉਸ ਦੀ ਸ਼ਾਇਰੀ ਕਿਸ਼ੋਰ ਅਵਸਥਾ ਤੋਂ ਜਵਾਨੀ ਵਾਲੇ ਸਫ਼ਰ 'ਤੇ ਹੈ ਅਤੇ ਇਸ ਨੂੰ ਇਸੇ ਆਧਾਰ 'ਤੇ ਪਰਖਿਆ ਜਣਾ ਚਾਹੀਦਾ ਹੈ' ਰੌਸ਼ਨ ਦਾ ਭਾਵ ਇਹ ਹੈ ਕਿ ਰਵਿੰਦਰ ਇਕ ਨਵਾਂ ਸ਼ਾਇਰ ਹੈ ਅਤੇ ਤਸਵੀਰ ਕਲਾ ਤੋਂ ਸ਼ਾਇਰੀ ਵੱਲ ਪਰਤ ਆਇਆ ਹੈ। ਸ਼ਾਇਰ ਰਵੀ ਦੀਆਂ ਸਿਰਜੀਆਂ ਗ਼ਜ਼ਲਾਂ ਗੀਤ ਅਤੇ ਨਜ਼ਮਾਂ ਵਿਚ ਉਸ ਦੀਆਂ ਫੋਟੋਆਂ ਵਾਂਗ ਹੀ ਸਮੇਂ ਤੇ ਸਥਾਨ ਦਾ ਸੱਚ ਪੇਸ਼ ਹੁੰਦਾ ਹੈ। ਉਸ ਦੇ ਸ਼ਿਅਰ ਪੜ੍ਹਦਿਆਂ ਵੀ ਲਗਦਾ ਹੈ ਕਿ ਅਸੀਂ ਕਿਸੇ ਤ੍ਰਾਦਿਕ ਸਥਿਤੀ ਨੂੰ ਅੱਖੀਂ ਵੇਖ ਰਹੇ ਹੋਈਏ। ਕਵੀ ਰਵੀ ਦੇ ਗੀਤ ਜਜ਼ਬਾਤ ਪਰੁੱਚੇ ਹਨ ਅਤੇ ਸਥਿਤੀ ਨੂੰ ਸੰਵੇਦਨਾ ਵਿਚ ਪੇਸ਼ ਕਰਦੇ ਹਨ। ਬਹੁਤੇ ਗੀਤ ਅਤੇ ਨਜ਼ਮਾਂ ਸਥਾਪਤੀ ਅਤੇ ਹਾਕਮਾਂ ਦੇ ਜ਼ੁਲਮਾਂ ਪ੍ਰਤੀ ਨਾਬਰੀ ਦਾ ਨਾਅਰਾ ਲਗਦੇ ਹਨ :
-ਇਥੇ ਸੁੱਤੀਆਂ ਜ਼ਮੀਰਾਂ ਨੂੰ ਜਗਾਉਣਾ ਬੜਾ ਔਖਾ
ਗੀਤ ਮਿੱਟੀ ਦਿਆਂ ਬੁੱਤਾਂ ਅੱਗੇ ਗਾਉਣਾ ਬੜਾ ਔਖਾ।
ਉਹ ਕਵਿਤਾ, ਗ਼ਜ਼ਲ ਜਾਂ ਗੀਤ ਦੇ ਸਿਰਜਣ ਵਾਸਤੇ ਇਹ ਜ਼ਰੂਰੀ ਸਮਝਦਾ ਹੈ:
ਖ਼ੂਨ ਕਲਮ 'ਤੇ ਲਾ ਕੇ ਲਿਖ/ਤੂੰ ਖ਼ੁਦ ਨੂੰ ਤੜਪਾ ਕੇ ਲਿਖ
ਜੋ ਲਿਖਦੈ ਉਸ 'ਤੇ ਵੀ ਚੱਲ/ਨਾ ਦੁਨੀਆ ਭਰਮਾ ਕੇ ਲਿਖ।
ਫੋਟੋਗ੍ਰਾਫੀ ਦੀ ਕਲਾ ਨੂੰ ਰਵਿੰਦਰ ਰਵੀ ਨੇ ਕਾਵਿ ਕਲਾ ਵਿਚ ਪਰਵਰਤਿਤ ਕਰਦਿਆਂ ਸਹਿਜ ਤੋਂ ਕੰਮ ਲਿਆ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਡਾ. ਭੀਮ ਰਾਓ ਅੰਬੇਡਕਰ
ਲੇਖਕ : ਡਾਕਟਰ ਰੇਖਾ ਰਾਣੀ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 089502-12235.

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਬਾਰੇ ਡਾ: ਰੇਖਾ ਰਾਣੀ ਦੀ ਇਹ ਪੁਸਤਕ ਉਨ੍ਹਾਂ ਬਾਰੇ ਲਿਖੀਆਂ ਪਹਿਲੀਆਂ ਪੁਸਤਕਾਂ ਤੋਂ ਹਟਵੀਂ ਹੈ। ਯੁੱਗ ਪੁਰਸ਼ ਡਾ: ਅੰਬੇਡਕਰ ਬਾਰੇ ਇਸ ਪੁਸਤਕ ਦੇ ਅੱਠ ਅਧਿਆਏ ਹਨ। ਪਹਿਲੇ ਅਧਿਆਏ ਅੰਬੇਡਕਰ: ਜੀਵਨ, ਸ਼ਖ਼ਸੀਅਤ ਅਤੇ ਵਿਚਾਰਧਾਰਾ ਰਾਹੀਂ ਡਾ.ਸਾਹਿਬ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਨੂੰ ਅੰਬਾਵਾਡੇਕਰ ਤੋਂ ਅੰਬੇਡਕਰ ਤੱਕ ਦਾ ਸਫ਼ਰ ਵੀ ਕਿਹਾ ਜਾ ਸਕਦਾ ਹੈ। ਕਿਸਾਨਾਂ, ਮਜ਼ਦੂਰਾਂ, ਔਰਤਾਂ, ਦਲਿਤ ਵਰਗਾਂ ਪ੍ਰਤੀ ਉਨ੍ਹਾਂ ਦੇ ਸੰਘਰਸ਼ ਨੂੰ ਖੋਲ੍ਹ ਕੇ ਬਿਆਨ ਕੀਤਾ ਗਿਆ। ਸਮਾਜਿਕ ਕ੍ਰਾਂਤੀ ਦੇ ਬਿਖੜੇ ਪੈਂਡੇ ਅਤੇ ਅੰਬੇਡਕਰ ਅਧਿਆਏ ਰਾਹੀਂ ਉਨ੍ਹਾਂ ਵਲੋਂ ਫ਼ਿਰਕੂਵਾਦੀ ਤਾਕਤਾਂ ਦੀਆਂ ਮਾਰੂ ਤੇ ਪਾੜਾ ਪਾਊ ਨੀਤੀਆਂ ਵਿਰੁੱਧ ਕੀਤੇ ਸੰਘਰਸ਼ਾਂ ਦਾ ਵੇਰਵੇ ਸਹਿਤ ਜ਼ਿਕਰ ਹੈ। 12 ਨਵੰਬਰ, 1930 ਨੂੰ ਗੋਲਮੇਜ਼ ਕਾਨਫ਼ਰੰਸ ਵਿਚ ਉਨ੍ਹਾਂ ਨੇ 7 ਨੁਕਾਤੀ ਮੰਗ ਪੱਤਰ ਰੱਖਿਆ ਅਤੇ ਘੱਟ-ਗਿਣਤੀਆਂ ਤੇ ਦਲਿਤਾਂ ਦੇ ਮੌਲਿਕ ਅਧਿਕਾਰਾਂ ਦੀ ਮੰਗ ਮਨਵਾਈ। ਤੀਜਾ ਅਧਿਆਏ ਭਾਰਤੀ ਆਜ਼ਾਦੀ ਤੋਂ ਮਗਰੋਂ ਡਾ: ਅੰਬੇਡਕਰ ਵਲੋਂ ਕੀਤੇ ਸੰਘਰਸ਼ ਦੀ ਦਾਸਤਾਨ ਹੈ। ਭਾਵੇਂ ਉਨ੍ਹਾਂ ਨੂੰ ਆਪਣੇ ਸੰਘਰਸ਼ ਦੌਰਾਨ ਬਹੁਤ ਮੁਸ਼ਕਿਲਾਂ ਪੇਸ਼ ਆਈਆਂ, ਪਰ ਉਹ ਅਡੋਲ ਰਹੇ। ਚੌਥਾ ਅਧਿਆਏ ਡਾ: ਅੰਬੇਡਕਰ ਵਲੋਂ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਦੇ ਮਹਾਨ ਕਾਰਜ ਬਾਰੇ ਹੈ, ਜਿਸ ਕਾਰਨ ਉਨ੍ਹਾਂ ਦੀ ਸਾਰੇ ਪਾਸੇ ਜੈ-ਜੈ ਕਾਰ ਹੋਈ। ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਸੰਵਿਧਾਨ ਦੁਨੀਆ ਦਾ ਆਦਰਸ਼ਵਾਦੀ ਤੇ ਕਲਿਆਣਕਾਰੀ ਸੰਵਿਧਾਨ ਹੈ। ਜਾਤਪਾਤ ਦੇ ਵਿਤਕਰੇ ਕਾਰਨ ਡਾ: ਅੰਬੇਡਕਰ ਨੇ 2 ਦਸੰਬਰ, 1956 ਨੂੰ ਬੁੱਧ ਧਰਮ ਅਪਣਾ ਲਿਆ। 6ਵਾਂ ਅਧਿਆਏ ਹੈ ਡਾ: ਅੰਬੇਡਕਰ ਦਾ ਆਖਰੀ ਸਮਾਂ। ਭਾਰਤੀ ਸੰਵਿਧਾਨ ਦੇ ਸਿਰਜਣਹਾਰੇ, ਮਹਾਨ ਕ੍ਰਾਂਤੀਕਾਰੀ, ਦਲਿਤਾਂ ਅਤੇ ਘੱਟ-ਗਿਣਤੀਆਂ ਦੇ ਮਸੀਹਾ ਡਾ: ਅੰਬੇਡਕਰ 5 ਦਸੰਬਰ, 1956 ਨੂੰ ਸਵੇਰ ਵੇਲੇ ਦੁਨੀਆ ਦੇ ਇਤਿਹਾਸ ਵਿਚ ਆਪਣੀ ਸਦੀਵੀ ਨਕਸ਼ ਛੱਡਦੇ ਹੋਏ ਇੰਤਕਾਲ ਫਰਮਾ ਗਏ। ਡਾ: ਰੇਖਾ ਰਾਣੀ ਨੇ ਬੜੀ ਮਿਹਨਤ ਨਾਲ ਇਸ ਪੁਸਤਕ ਨੂੰ ਲਿਖਦੇ ਸਮੇਂ ਹਰ ਘਟਨਾ ਨੂੰ ਠੋਸ ਦਲਿਲਾਂ ਅਤੇ ਬਾਰੀਕਬੀਨੀ ਨਾਲ ਬਿਆਨ ਕੀਤਾ ਹੈ।

ਂਤੀਰਥ ਸਿੰਘ ਢਿੱਲੋਂ
ਮੋ: 9815461710
ਫ ਫ ਫ

ਤੂੰ ਘਰ ਚਲਾ ਜਾ
ਲੇਖਕ : ਮਕਸੂਦ ਸਾਕਿਬ
ਅਨੁਵਾਦ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 98152-18545.

ਹੱਥਲੀ ਪੁਸਤਕ ਪੱਛਮੀ ਪੰਜਾਬ (ਪਾਕਿਸਤਾਨ) ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀਆਂ ਦੀ ਨੁਹਾਰ ਪੇਸ਼ ਕਰਦੀ ਹੈ। 20 ਕਹਾਣੀਆਂ ਦੀ ਇਸ ਕਿਤਾਬ ਦਾ ਤਰਜਮਾ ਪ੍ਰਸਿੱਧ ਵਿਦਵਾਨ ਡਾ: ਹਰਬੰਸ ਸਿੰਘ -ਧੀਮਾਨ ਨੇ ਕੀਤਾ ਹੈ। ਉਰਦੂ ਤੋਂ ਪੰਜਾਬੀ ਅਨੁਵਾਦ ਵਿਚ ਹੂਬਹੂ ਸ਼ਬਦਾਵਲੀ ਤੇ ਸਿੱਧ ਪੱਧਰੀ ਵਾਕ ਬਣਤਰ ਤੇ ਆਮ ਬੋਲਚਾਲ ਵਾਲਾ ਲਹਿਜਾ ਹੈ। ਕਹਾਣੀਆਂ ਵਿਚ ਲਹਿੰਦੀ ਬੋਲੀ ਦਾ ਗੂੜ੍ਹਾ ਪ੍ਰਛਾਵਾਂ ਹੈ। ਦੇਸ਼ ਵੰਡ ਵੇਲੇ ਜੋ ਲੋਕ ਪੱਛਮੀ ਪੰਜਾਬ ਤੋਂ ਇਧਰਲੇ ਪਿੰਡਾਂ ਵਿਚ ਆਣ ਵਸੇ, ਉਨ੍ਹਾਂ ਵਿਚੋਂ ਕੁਝ ਖ਼ਾਸ ਜਾਤੀਆਂ ਦੇ ਲੋਕ ਅਜੇ ਵੀ ਕਹਾਣੀਆਂ ਵਾਲੀ ਭਾਸ਼ਾ ਬੋਲਦੇ ਹਨ। ਕਹਾਣੀਆਂ ਦੇ ਪ੍ਰਸੰਗ ਨਿੱਕੀਆਂ-ਨਿੱਕੀਆਂ ਘਰੇਲੂ ਘਟਨਾਵਾਂ ਤੇ ਰਹਿਣੀ ਬਹਿਣੀ ਜਾਂ ਪੇਂਡੂ ਸੱਥਾਂ ਵਾਲਾ ਹੈ। ਕਹਾਣੀਕਾਰ ਦੀ ਸ਼ੈਲੀ ਬਿਆਨੀਆ ਹੈ ਤੇ ਪਾਤਰਾਂ ਦੇ ਆਮ ਸੰਵਾਦ ਵਿਚੋਂ ਗੱਲ ਉੱਭਰਦੀ ਹੈ। ਪੁਸਤਕ ਵਿਚ ਕੁਝ ਸ਼ਬਦ ਹਨਂਕਲੀਂਡਰ (ਕੰਡਕਟਰ) ਖੜੀਚ (ਗੁਆਚਾ), ਬਾਉਰੀ (ਕਮਲੀ), ਤ੍ਰਿਖਾ (ਤਿਖਾ), ਹੋਵਣ (ਹੋਣ) ਲਈਓਸ (ਲਿਆ), ਸਾਹਵਾਂ (ਸਾਹਮਣੇ) ਤਰੋੜਕੇ (ਤੋੜ ਕੇ) ਜੇਡੇ, ਠੁੱਲ੍ਹੇ, ਮਾਸ਼ਾ ਅਲਾਹ, ਡਹਿਆਓ, ਆਦਿ ਨਿਰੋਲ ਸ਼ਾਹਮੁਖੀ ਰੰਗ ਦੇ ਹਨ। ਇਧਰਲੇ ਪਾਠਕ ਲਈ ਇਹ ਸ਼ਬਦ ਰਵਾਨੀ ਨਾਲ ਪੜ੍ਹਨ ਵਿਚ ਰੁਕਾਵਟ ਬਣਦੇ ਹਨ। ਦੇਸ਼ ਵੰਡ ਵੇਲੇ ਪਾਤਰਾਂ ਦੀ ਸਾਂਝ ਟੁੱਟਣ ਦਾ ਦਰਦ ਕਹਾਣੀਆਂ ਵਿਚ ਹੈ। ਪਰ ਦੇਸ਼ ਵੰਡ ਵਿਚ ਇਹ ਮੁਹੱਬਤ ਨੂੰ ਗਹਿਰੀ ਸੱਟ ਵਜਦੀ ਹੈ, ਜਿਸ ਦੀ ਪੀੜ ਇਨ੍ਹਾਂ ਕਹਾਣੀਆਂ 'ਚ ਮਹਿਸੂਸ ਹੁੰਦੀ ਹੈ। ਇਸ ਕਹਾਣੀ ਵਿਚ ਮਰਦ ਆਪਣੇ ਸੁਪਨੇ ਪਤਨੀ ਨੂੰ ਸੁਣਾ ਰਿਹਾ ਹੈ (ਪੀਹੂ) ਹਸਪਤਾਲਾਂ ਦਾ ਭ੍ਰਿਸ਼ਟ ਮਾਹੌਲ ਕਹਾਣੀ (ਮੌਤ ਦਾ ਫੇਰਾ) ਵਿਚ ਹੈ। ਸਿਰਲੇਖ ਵਾਲੀ ਕਹਾਣੀ ਵਿਚ ਨਿੱਕਾ ਜਿਹਾ ਮੁੰਡਾ ਗਰਮੀ ਨਹੀਂ ਸਹਾਰਦਾ ਤੇ ਇਕ ਪਾਤਰ ਉਸ ਨੂੰ ਘਰ ਵਾਪਸ ਜਾਣ ਦਾ ਕਹਿੰਦਾ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

08-12-2018

 ਮੰਟੋ ਮੇਰਾ ਦੁਸ਼ਮਣ
ਮੂਲ ਹਿੰਦੀ ਲੇਖਕ : ਉਪੇਂਦਰ ਨਾਥ ਅਸ਼ਕ
ਅਨੁ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲਿਸ਼ਰਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 290

ਸਆਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਦਵਿੰਦਰ ਸਤਿਆਰਥੀ, ਉਪਿੰਦਰ ਨਾਥ ਅਸ਼ਕ ਸਾਰੇ ਹੀ ਪੰਜਾਬ ਦੇ ਪੁੱਤਰ ਹਨ। ਉਰਦੂ, ਹਿੰਦੀ ਤੇ ਪੰਜਾਬੀ ਦੇ ਸਾਹਿਤਕ ਆਕਾਸ਼ ਦੇ ਚਮਕਦੇ ਸਿਤਾਰੇ। ਲਾਹੌਰ, ਦਿੱਲੀ, ਬੰਬਈ, ਲਖਨਊ ਵਿਚ ਲੰਮਾ ਨਿੱਘਾ ਸਾਥ। ਰੇਡੀਓ ਸਟੇਸ਼ਨ ਉੱਤੇ ਬਿਜ਼ੀ ਸ਼ਡਿਊਲ। ਅਦਬੀ ਦੁਨੀਆ ਦਾ ਇਨ੍ਹਾਂ ਲੇਖਕਾਂ ਦਾ ਸਮਾਂ ਦੇਸ਼ ਵੰਡ ਦੇ ਦਿਨਾਂ ਦੇ ਆਰ-ਪਾਰ ਖਾਸੀ ਦੂਰ ਫੈਲਿਆ ਰਿਹਾ ਹੈ। ਇਨ੍ਹਾਂ ਵਿਚੋਂ ਲੰਮੀ ਉਮਰ ਭੋਗਣ ਵਾਲੇ ਸੂਫੀ ਕਿਸਮ ਦੇ ਅਸ਼ਕ ਤੇ ਸਤਿਆਰਥੀ ਹੀ ਰਹੇ। ਬਾਕੀ ਤਾਂ ਪੰਜਾਹਵਿਆਂ ਤੇ ਸੱਠਵਿਆਂ ਵਿਚ ਕਹਾਣੀ ਬਣ ਗਏ। ਸਾਰਿਆਂ ਨੇ ਇਕ-ਦੂਜੇ ਬਾਰੇ ਯਾਦਗਾਰੀ ਸੰਸਮਰਣ ਵੀ ਲਿਖੇ। ਇਨ੍ਹਾਂ ਦਾ ਕੇਂਦਰ ਬਿੰਦੂ ਮੁੱਖ ਰੂਪ ਵਿਚ ਮੰਟੋ ਹੈ। ਵਿਚਾਰ ਅਧੀਨ ਕਿਤਾਬ ਮੰਟੋ ਮੇਰਾ ਦੁਸ਼ਮਣ ਵਿਚ ਮੰਟੋ ਬਾਰੇ ਉਪਿੰਦਰ ਨਾਥ ਅਸ਼ਕ ਦਾ ਇਕ ਲੰਮਾ ਸੰਸਮਰਣ ਹੈ। ਇਸ ਨੂੰ ਆਪਣੇ-ਆਪ ਵਿਚ ਸੰਪੂਰਨ ਬਣਾਉਣ ਲਈ ਇਸ ਵਿਚ ਚਰਚਿਤ ਕਹਾਣੀਆਂ ਨੂੰ ਵੀ ਅੰਤਿਕਾ ਦੇ ਰੂਪ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ।
ਸੰਸਮਰਣ ਦਾ ਗੌਰਵ ਉਸ ਵਿਚਲੀ ਸਚਾਈ, ਸਾਫ਼ਗੋਈ, ਯਥਾਰਥ, ਮੂਲ ਮਨੁੱਖੀ ਰਿਸ਼ਤਿਆਂ ਅਤੇ ਕਦਰਾਂ-ਕੀਮਤਾਂ ਦਾ ਲਿਹਾਜ਼, ਰੌਚਕਤਾ, ਵਿਆਪਕ ਸਾਰਥਕਤਾ ਤੇ ਸੁਹਜਾਤਮਕ ਮੁੱਲ ਹੁੰਦੇ ਹਨ। ਅਸ਼ਕ ਤੇ ਮੰਟੋ ਦੋਵੇਂ ਵੱਡੇ ਲੇਖਕ ਹਨ। ਦੋਵਾਂ ਵਿਚ ਵੱਡੇ ਲੇਖਕਾਂ ਵਾਲੀ ਹਉਮੈ ਹੈ। ਦੋਵਾਂ ਦੇ ਸੁਭਾਅ ਅਸਲੋਂ ਵੱਖਰੇ ਹਨ। ਸਤਿਆਰਥੀ, ਬੇਦੀ ਤੇ ਕ੍ਰਿਸਨ ਚੰਦਰ ਦਾ ਸੁਭਾਅ ਤੇ ਜੀਵਨ ਸ਼ੈਲੀ ਵੀ ਟਕਰਾਵੇਂ ਹਨ। ਅਣਖ ਤੇ ਸਵੈਮਾਨ ਲਈ ਪੈਸੇ/ਨੌਕਰੀ ਨੂੰ ਲੱਤ ਮਾਰਨ ਪੱਖੋਂ ਮੰਟੋ ਦਾ ਮੁਕਾਬਲਾ ਨਹੀਂ। ਉਸ ਦੀ ਸਿਰਜਣਾਤਮਕ ਚਿਣਗ ਤੇ ਯੋਗਤਾ ਵੀ ਸਿਖ਼ਰ ਦੀ ਹੈ। ਅਸ਼ਕ ਪਰੈਗਮੈਟਿਕ ਦੁਨੀਆਦਾਰ ਹੈ। ਸਤਿਆਰਥੀ ਦਾ ਆਪਣੀਆਂ ਰਚਨਾਵਾਂ ਸੁਣਾਉਣ ਦਾ ਝੱਲ, ਬੇਦੀ ਦੀ ਰੁਮਾਂਟਿਕ ਤਬੀਅਤ ਤੇ ਕ੍ਰਿਸ਼ਨ ਚੰਦਰ ਦੀ ਗ਼ਜ਼ਬ ਦ ਮੌਲਿਕ ਕਲਪਨਾ ਦੀ ਝਲਕ ਦਿੰਦੀ ਹੈ। ਇਹ ਕਿਤਾਬ ਬਲਦੇਵ ਬਦਨ ਦਾ ਅਨੁਵਾਦ ਸਰਲ ਤੇ ਪ੍ਰਭਾਵਸ਼ਾਲੀ ਹੈ। ਮੌਲਿਕ ਰਚਨਾ ਵਰਗਾ ਸੁਆਦ ਦਿੰਦਾ ਹੈ ਇਹ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਪੰਜਾਬੀ ਚੁਟਕਲਿਆਂ ਦੀ ਸਿਰਜਣਾ ਅਤੇ ਸੰਚਾਰ
ਖੋਜਕਰਤਾ : ਡਾ: ਗੁਰਜੰਟ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 98761-57356.

ਉਤਸ਼ਾਹੀ ਖੋਜਕਰਤਾ ਨੇ ਸਰਵੇਖਣ, ਇਕੱਤਰੀਕਰਨ ਅਤੇ ਵਿਆਖਿਆ-ਵਿਸ਼ਲੇਸ਼ਣ ਦੀ ਵਿਧੀ ਨਾਲ ਆਪਣੇ ਕਾਰਜ ਨੂੰ ਸਰੰਜਾਮ ਦਿੱਤਾ ਹੈ। ਪੂਰੇ ਖੋਜ-ਕਾਰਜ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਚੁਟਕਲਿਆਂ ਦੇ ਸਿਧਾਂਤਕ ਪਰਿਪੇਖ ਦੀ ਨਿਸ਼ਾਨਦੇਹੀ ਅਤੇ ਉਸਾਰੀ ਕਰਦਾ ਹੈ। ਉਸ ਅਨੁਸਾਰ ਇਸ ਰੂਪ ਵਿਧਾ ਦੀ ਭਾਵ-ਭੂਮੀ ਵਿਚ ਵਿਅੰਗ, ਟਿੱਚਰ ਅਤੇ ਪ੍ਰਤੀਰੋਧ ਕ੍ਰਿਆਸ਼ੀਲ ਰਹਿੰਦੇ ਹਨ। ਦੂਜਾ ਭਾਗ ਚੁਟਕਲਿਆਂ ਦੇ ਸੰਕਲਨ ਅਤੇ ਵਰਗੀਕਰਨ (ਸੰਪ੍ਰੇਸ਼ਣ-ਦਾਇਰਿਆਂ ਅਨੁਸਾਰ, ਪਾਤਰਾਂ ਅਨੁਸਾਰ, ਵਿਸ਼ੇ ਅਨੁਸਾਰ ਅਤੇ ਰੂਪ-ਵਿਧਾ ਅਨੁਸਾਰ) ਨਾਲ ਸਬੰਧਿਤ ਹੈ। ਤੀਜੇ ਭਾਗ (ਅਧਿਆਇ) ਵਿਚ ਚੁਟਕਲਿਆਂ ਦੀ ਸਮੱਗਰੀ ਦਾ ਵਿਚਾਰਧਾਰਾਈ ਅਧਿਐਨ ਕੀਤਾ ਗਿਆ ਹੈ। ਇਸ ਅਧਿਆਇ ਵਿਚ ਦਵੰਦਾਤਮਕ-ਇਤਿਹਾਸਕ ਵਿਧੀ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਥਿਊਰੀ ਨੂੰ ਚੁਟਕਲਿਆਂ ਦੀਆਂ ਉਦਾਹਰਨਾਂ ਨਾਲ ਪ੍ਰਮਾਣਿਤ ਵੀ ਕੀਤਾ ਗਿਆ ਹੈ।
ਖੋਜ ਪ੍ਰਬੰਧ ਦਾ ਚੌਥਾ ਅਧਿਆਇ ਚੁਟਕਲਾ-ਵਿਧਾ ਦੇ ਬਿਰਤਾਂਤ-ਸ਼ਾਸਤਰੀ ਅਧਿਐਨ ਨਾਲ ਸਬੰਧਿਤ ਹੈ। ਇਸ ਅਧਿਆਇ ਵਿਚ ਇਸ ਵਿਧਾ ਦੀਆਂ ਬਿਰਤਾਂਤ-ਜੁਗਤਾਂ (ਬਿਰਤਾਂਤਕਾਰ ਦੀ ਸਮਰੱਥਾ, ਪਾਤਰਾਂ, ਕਥਾਨਕ, ਭਾਸ਼ਾ ਆਦਿ ਪੱਖਾਂ) ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਅਧਿਆਇ ਦਾ ਇਕ ਹੋਰ ਪਾਸਾਰ ਚੁਟਕਲਿਆਂ ਦੇ ਸੱਭਿਆਚਾਰਕ ਸੰਸਾਰ ਵਿਚ ਖੁੱਲ੍ਹਦਾ ਹੈ। ਪੰਜਵੇਂ ਅਤੇ ਅੰਤਿਮ ਅਧਿਆਇ ਵਿਚ ਖੋਜਕਰਤਾ ਨੇ ਆਪਣੇ ਥੀਸਿਜ਼ ਵਿਚੋਂ ਉਪਜੀਆਂ ਸਥਾਪਨਾਵਾਂ ਅਤੇ ਅੰਤਰ-ਦ੍ਰਿਸ਼ਟੀਆਂ ਦੀ ਤਫ਼ਸੀਲ ਪੇਸ਼ ਕੀਤੀ ਹੈ। ਲੇਖਕ ਅਨੁਸਾਰ ਪੰਜਾਬੀ ਸਮਾਜ ਦੇ ਚੁਟਕਲਿਆਂ ਵਿਚ ਪੰਜਾਬੀਆਂ ਦੇ ਸਮੁੱਚੇ ਜੀਵਨ ਦੀ ਹੂ-ਬਹੂ ਤਸਵੀਰ ਉਕਰੀ ਪਈ ਮਿਲਦੀ ਹੈ। (ਪੰਨਾ 138) ਇਹ ਰਚਨਾ ਬਾਖ਼ਤਿਨ ਦੇ 'ਕਾਰਨੀਵਾਲ-ਸਿਧਾਂਤ' ਦੀ ਯਾਦ ਕਰਵਾ ਦਿੰਦੀ ਹੈ, ਜਿਥੇ ਸਮਾਜਿਕ ਪ੍ਰਬੰਧ ਦੀ ਪੂਰੀ 'ਹਿਰਾਰਕੀ' ਉਲਟ-ਪੁਲਟ ਹੋ ਜਾਂਦੀ ਹੈ। ਮੈਂ ਡਾ: ਗੁਰਜੰਟ ਸਿੰਘ ਦੇ ਖੋਜ-ਕਾਰਜ ਨਾਲ ਸਬੰਧਿਤ ਲਗਨ ਅਤੇ ਸਿਦਕਦਿਲੀ ਦੀ ਪ੍ਰਸੰਸਾ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਯੁੱਗ ਬੋਧ
ਪਰਵਾਸੀ ਪੰਜਾਬੀ ਸਾਹਿਤ

ਸੰਪਾਦਕ : ਸਰਬਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 288
ਸੰਪਰਕ : 99151-03490.

ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਵਿਸ਼ੇਸ਼ ਆਧਾਰ ਬਣਾ ਚੁੱਕਾ ਪਰਵਾਸੀ ਸਾਹਿਤ ਆਪਣੇ ਆਰੰਭ ਤੋਂ ਲੈ ਕੇ ਅੱਜ ਤੱਕ ਨਿਰੰਤਰ ਵਿਕਾਸ ਕਰਦਾ ਹੋਇਆ ਸਮਕਾਲੀ ਪ੍ਰਸਥਿਤੀਆਂ ਸੰਗ ਵਿਚਰ ਰਿਹਾ ਹੈ। ਸਾਹਿਤ ਦੀ ਇਕ ਵੱਖਰੀ ਵੰਨਗੀ ਵਜੋਂ ਪਰਵਾਸੀ ਬੰਦੇ ਦੀ ਚੇਤਨਾ ਨੂੰ ਆਧਾਰ ਬਣਾਇਆ ਹੈ। ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੰਜਾਬੀ ਵਿਭਾਗ ਵਲੋਂ ਸਥਾਪਤ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਪਰਵਾਸੀ ਚੇਤਨਾ ਨਾਲ ਸਬੰਧਿਤ ਸਰੋਕਾਰਾਂ ਬਾਰੇ ਇਕ ਸੰਵਾਦ ਰਚਾਇਆ, ਜਿਸ ਵਿਚ ਵੱਡੀ ਗਿਣਤੀ 'ਚ ਵਿਦਵਾਨ ਚਿੰਤਕਾਂ ਅਤੇ ਇਸ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ ਸੱਜਣਾਂ ਨੇ ਖੋਜ ਪੇਪਰ ਪੇਸ਼ ਕੀਤੇ। ਪਹਿਲੇ ਭਾਗ ਵਿਚ ਪਰਵਾਸ ਬਾਰੇ ਸਿਧਾਂਤਕ ਲੇਖ ਹਨ। ਸੋਲਾਂ ਦੇ ਕਰੀਬ ਇਨ੍ਹਾਂ ਲੇਖਾਂ ਵਿਚ ਪਰਵਾਸੀ ਪੰਜਾਬੀ ਸਾਹਿਤ ਦੇ ਸਿਧਾਂਤਕੀ ਤੇ ਵਿਹਾਰਕੀ ਮਸਲਿਆਂ ਨੂੰ ਬਦਲਦੀਆਂ ਪ੍ਰਸਥਿਤੀਆਂ ਰਾਹੀਂ ਵਿਸ਼ਲੇਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ। ਕੁਝ ਲੇਖ ਵਿਸਤ੍ਰਿਤ ਬਹਿਸ ਦੇ ਕੇਂਦਰ ਬਿੰਦੂ ਹਨ। ਦੂਜੇ ਭਾਗ ਵਿਚ ਸਤਾਰਾਂ ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵਲੋਂ ਪੇਸ਼ ਕੀਤੇ ਗਏ ਹਨ। ਇਹ ਸਾਰੇ ਲੇਖ ਪਾਠਗਤ ਅਧਿਐਨ ਰਾਹੀਂ ਵੱਖ-ਵੱਖ ਪਰਵਾਸੀ ਲੇਖਕਾਂ ਜਾਂ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਵਿਸ਼ਲੇਸ਼ਣ ਕਰਦੇ ਹਨ। ਪੁਸਤਕ ਰੂਪ ਵਿਚ ਇਕੱਤਰ ਕੀਤਾ ਇਹ ਕਾਰਜ ਇਕ ਚੰਗਾ ਉੱਦਮ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਵਿਸ਼ਵ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ
ਸੰਪਾਦਕ : ਗੁਰੂਮੇਲ ਸਿੱਧੂ, ਪਸ਼ੌਰਾ ਸਿੰਘ ਢਿਲੋਂ, ਹਰਜਿੰਦਰ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 111
ਸੰਪਰਕ : 0172-5027427.

ਹਥਲੀ ਪੁਸਤਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜ਼ਨੋ (ਯੂ.ਐੱਸ.ਏ.) ਵਿਚ ਮਿਤੀ 4 ਅਤੇ 5 ਜੂਨ 2016 ਨੂੰ ਆਯੋਜਿਤ ਵਿਸ਼ਵ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਕਾਨਫ਼ਰੰਸਂਵਰਤਮਾਨ ਅਤੇ ਭਵਿੱਖ ਵਿਸ਼ੇ ਦੇ ਸਬੰਧ ਵਿਚ ਪੇਸ਼ ਕੀਤੇ ਗਏ ਦਰਜਨ ਤੋਂ ਉੱਪਰ ਖੋਜ ਪਰਚਿਆਂ ਦਾ ਸੰਕਲਣ ਹੈ। ਇਹ ਸਾਰੇ ਖੋਜ ਪਰਚੇ ਪ੍ਰਸਿੱਧ ਵਿਦਵਾਨਾਂ ਦੁਆਰਾ ਪੇਸ਼ ਕੀਤੇ ਗਏ। ਇਨ੍ਹਾਂ ਵਿਚ ਅੰਤਿਮ ਦੋ ਖੋਜ ਪਰਚੇਂਇਕ ਅੰਗਰੇਜ਼ੀ ਅਤੇ ਦੂਸਰਾ ਉਰਦੂ ਬੋਲੀ ਵਿਚ ਦਰਜ ਹੈ। ਪੰਜਾਬ ਦੇ ਬਟਵਾਰੇ ਨੇ ਜੋ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਉਸ ਦਾ ਜ਼ਿਕਰ ਮੁਹੰਮਦ ਇੰਦਰੀਸ਼ ਨੇ ਕੀਤਾ ਹੈ। ਦਲਬਾਰਾ ਸਿੰਘ ਬਾਜਵਾ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਅਤੇ ਭਵਿੱਖ ਬਾਰੇ ਯੂਨੈਸਕੋ ਵਿਚ ਜੋ ਅਖੌਤੀ ਰਿਪੋਰਟ ਪੇਸ਼ ਕੀਤੀ ਗਈ ਉਸ ਤੋਂ ਭਲੀ-ਭਾਂਤ ਜਾਣੂ ਕਰਵਾਇਆ ਹੈ। ਪਸ਼ੌਰਾ ਸਿੰਘ ਢਿਲੋਂ ਨੇ ਪਰਵਾਸ ਵਿਚ ਪੰਜਾਬੀ ਸੱਭਿਆਚਾਰ ਦੇ ਬਦਲਦੇ ਸਰੂਪ ਨੂੰ ਦੱਸਿਆ ਹੈ। ਇਸੇ ਤਰ੍ਹਾਂ ਹੋਰ ਵਿਦਵਾਨਾਂ ਜਿਨ੍ਹਾਂ ਵਿਚ ਡਾ: ਵਨੀਤਾ, ਡਾ: ਕੰਵਰ ਜਸਮਿੰਦਰਪਾਲ ਸਿੰਘ, ਜਸਕਰਨ ਸਿੰਘ ਸਹੋਤਾ, ਪ੍ਰੋ: ਦੇਵਿੰਦਰ ਸਿੰਘ, ਹਰਜਿੰਦਰ ਕੰਗ, ਡਾ: ਜਤਿੰਦਰ ਕੌਰ ਰੰਧਾਵਾ, ਡਾ: ਸੁਨੀਤਾ ਧੀਰ ਅਤੇ ਰੁਬੀਨਾ ਰਾਜਪੂਤ ਨੇ ਡਾਇਸਾਪੋਰਾ, ਵਿਸ਼ਵੀਕਰਨ, ਨਾਟਕ, ਮੀਡੀਆ, ਪੰਜਾਬੀ ਅਤੇ ਪਰਵਾਸੀ ਪੱਤਰਕਾਰੀ ਤੋਂ ਇਲਾਵਾ ਪੰਜਾਬੀ ਰੰਗ ਮੰਚ ਦੇ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਵਾਲੇ ਗੰਭੀਰ ਚਿੰਤਕਾਂ ਦਾ ਵਿਸ਼ੇਸ਼ ਵਰਣਨ ਹੈ। ਡਾ: ਰਵੀ ਰਵਿੰਦਰ ਦਾ ਕੁੰਜੀਵਤ ਭਾਸ਼ਨ ਅਤੇ ਸੰਪਾਦਕਾਂ ਵਲੋਂ ਦਰਜ ਵਿਚਾਰ ਵੀ ਪੁਸਤਕ ਦੀ ਆਭਾ ਨੂੰ ਵਧਾਉਂਦੇ ਹਨ। ਇਸ ਤਰ੍ਹਾਂ ਇਹ ਪੁਸਤਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਸ਼ਵ ਵਿਆਪੀ ਪ੍ਰਸੰਗ ਨੂੰ ਸੰਖੇਪ ਪਰ ਪ੍ਰਭਾਸ਼ਾਲੀ ਰੂਪ ਵਿਚ ਪੇਸ਼ ਕਰਦੀ ਹੋਈ ਪ੍ਰਤੀਤ ਹੋਈ ਹੈ।


ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਇਰਾਦਾ
ਲੇਖਕ : ਗੁਰਦੇਵ ਸਿੰਘ ਗਿੱਲ
ਪ੍ਰਕਾਸ਼ਕ : ਲੋਕ-ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਪੰਨੇ : 115
ਸੰਪਰਕ : 98723-41377.

ਹਥਲੇ ਕਹਾਣੀ ਸੰਗ੍ਰਹਿ 'ਚ ਲੇਖਕ ਦੀਆਂ ਚੋਣਵੀਆਂ ਸਿਰਫ਼ 9 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਦਾ ਵਿਸ਼ਾ-ਵਸਤੂ ਸਾਡੇ ਆਲੇ-ਦੁਆਲੇ ਵਾਪਰਦੀਆਂ ਨਿੱਤ ਦੀਆਂ ਘਟਨਾਵਾਂ ਨਾਲ਼ ਜੁੜਿਆ ਹੋਇਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੋ-ਜਿਹਾ ਲੇਖਕ ਨੇ ਕਹਾਣੀਆਂ 'ਚ ਕਿਹਾ ਹੈ, ਉਹ ਕੁਝ ਅਕਸਰ ਵਾਪਰ ਜਾਂਦਾ ਹੈ। ਲੇਖਕ ਭਾਸ਼ਾ, ਤਕਨੀਕ ਅਤੇ ਪੇਸ਼ਕਾਰੀ ਪੱਖੋਂ ਕਾਫ਼ੀ ਸੁਚੇਤ ਹੈ। ਉਹ ਸਾਡੀ ਪ੍ਰਬੰਧ ਵਿਵਸਥਾ 'ਚ ਜੋ ਵੀ ਘਾਟਾਂ-ਕਮੀਆਂ ਹਨ, ਉਨ੍ਹਾਂ ਵੱਲ ਵੀ ਇਸ਼ਾਰਾ ਕਰਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਪਾਠਕਾਂ ਨੂੰ ਸੁਚੇਤ ਵੀ ਕਰਦਾ ਹੈ। ਪੁਸਤਕ ਦਾ ਸਿਰਲੇਖ 'ਇਰਾਦਾ' ਕਹਾਣੀ ਅਗਾਂਹਵਧੂ ਵਿਸ਼ੇ ਦੀ ਕਹਾਣੀ ਹੈ। ਇਸ ਦਾ ਕੇਂਦਰੀ ਪਾਤਰ ਹਰਮੀਤ ਜਾਤ-ਪਾਤ ਦੀ ਗੱਲ ਤਿਆਗ ਕੇ ਅੰਮ੍ਰਿਤ ਲੜਕੀ ਨਾਲ਼ ਵਿਆਹ ਕਰਵਾ ਲੈਂਦਾ ਹੈ ਅਤੇ ਉਨ੍ਹਾਂ ਦਾ ਇਹ ਫ਼ੈਸਲਾ ਮਾਪੇ ਵੀ ਸਵੀਕਾਰ ਕਰ ਲੈਂਦੇ ਹਨ। 'ਦਲਾਲ' ਕਹਾਣੀ 'ਚ ਉਨ੍ਹਾਂ ਦਲਾਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਸਾਧਾਂ-ਚੇਲਿਆਂ ਦਾ ਕਾਰੋਬਾਰ ਵਧਾਉਣ ਲਈ ਥਾਂ ਪੁਰ ਥਾਂ ਉਨ੍ਹਾਂ ਦਾ ਝੂਠਾ ਪ੍ਰਚਾਰ ਕਰਦੇ ਨਹੀਂ ਥੱਕਦੇ। ਇਸ ਵਿਚ ਚੇਲਿਆਂ ਦੁਆਰਾ ਅੰਧ-ਵਿਸ਼ਵਾਸੀ ਲੋਕਾਂ ਦਾ ਹਰ ਤਰ੍ਹਾਂ ਨਾਲ਼ ਸ਼ੋਸ਼ਣ ਕੀਤੇ ਜਾਣ ਨੂੰ ਨੰਗਾ ਕੀਤਾ ਗਿਆ ਹੈ। 'ਵਾਰਸ' ਕਹਾਣੀ 'ਚ ਔਲਾਦ ਦੀ ਘਾਟ ਕਾਰਨ ਪਰਿਵਾਰ ਦੀ ਅੰਧ-ਵਿਸ਼ਵਾਸੀ ਹੋਈ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਅਜੋਕੇ ਵਿਗਿਆਨਕ ਯੁੱਗ 'ਚ ਰਹਿੰਦਿਆਂ ਵੀ ਆਪਣੀਆਂ ਸਮੱਸਿਆਵਾਂ ਦਾ ਹੱਲ ਡੇਰਿਆਂ ਅਤੇ ਹੋਰ ਧਾਰਮਿਕ ਥਾਵਾਂ ਤੋਂ ਭਾਲਦੇ ਹਨ। 'ਮੀਤੋ' ਕਹਾਣੀ ਨਸ਼ਿਆਂ 'ਤੇ ਆਧਾਰਿਤ ਹੈ, ਨਸ਼ਿਆਂ ਕਾਰਨ ਘਰਾਂ, ਪਰਿਵਾਰਾਂ ਦੀ ਬਰਬਾਦੀ ਹੁੰਦੀ ਹੈ, ਜ਼ਮੀਨ ਤੋਂ ਬਿਨਾਂ ਜੱਟ ਪਰਿਵਾਰਾਂ 'ਚ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ। ਇਨ੍ਹਾਂ 'ਚ ਰਸ, ਰੌਚਿਕਤਾ, ਉਤਸੁਕਤਾ ਅਤੇ ਕਈ ਹੋਰ ਸਾਹਿਤਕ ਅੰਸ਼ ਮੌਜੂਦ ਹਨ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਦੀਵਾ ਬਲੇ ਦਿਨ-ਰਾਤ
ਨਾਵਲਕਾਰ : ਡਾ: ਸੁਨੀਤਾ ਅਗਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 162
ਸੰਪਰਕ : 94630-88272.

ਇਹ ਨਾਵਲ ਬਿਸ਼ਨਦੇਈ ਨਾਂਅ ਦੀ ਇਕ ਘਰੇਲੂ ਮਹਿਲਾ ਦੀ ਸੰਘਰਸ਼ਮਣੀ, ਸੱਚੀ, ਸੁੱਚੀ, ਸੁਹਿਰਦ, ਜ਼ਿੰਦਗੀ 'ਤੇ ਆਧਾਰਿਤ ਹੈ। ਜੀਵਨ ਵਿਚ ਅਨੇਕਾਂ ਮੁਸੀਬਤਾਂ, ਔਕੜਾਂ ਅਤੇ ਮਾੜੇ ਸਮੇਂ ਆਉਂਦੇ ਹਨ ਪਰ ਬਿਸ਼ਨਦੇਈ ਦੀ ਆਤਮਾ ਦਾ ਦੀਵਾ ਨਿਰੰਤਰ ਬਲਦਾ ਰਹਿੰਦਾ ਹੈ ਜਿਸ ਦੀ ਰੌਸ਼ਨੀ ਵਿਚ ਉਹ ਸਾਰਿਆਂ ਨੂੰ ਰਾਹ ਦਿਖਾਉਂਦੀ ਰਹਿੰਦੀ ਹੈ। ਬਿਸ਼ਨਦੇਈ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਉਸ ਨੂੰ ਮਾਪਿਆਂ ਦੀ ਸਾਰੀ ਜਾਇਦਾਦ ਮਿਲ ਗਈ। ਸਹੁਰੇ ਘਰ ਆ ਕੇ ਉਸ ਨੇ ਸਾਰਿਆਂ ਦੀ ਬਹੁਤ ਸੇਵਾ ਕੀਤੀ। ਹੌਲੀ-ਹੌਲੀ ਮਾਂ, ਬਾਪ, ਸੱਸ, ਸਹੁਰਾ ਤੇ ਉਸ ਦਾ ਪਤੀ ਚਲਾਣਾ ਕਰ ਗਏ। ਉਸ ਨੇ ਬੜੀ ਸਿਆਣਪ ਤੇ ਠਰ੍ਹੰਮੇ ਨਾਲ ਪੇਕਿਆਂ ਸਹੁਰਿਆਂ ਦੀ ਜਾਇਦਾਦ ਸੰਭਾਲੀ, ਆਪਣੇ ਦੋਵਾਂ ਪੁੱਤਰਾਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਕਾਰਖਾਨਾ ਖੋਲ੍ਹ ਦਿੱਤਾ। ਬਿਸ਼ਨਦੇਈ ਨੇ ਮਾਣਕ ਦਾ ਵਿਆਹ ਸੋਨਮ ਨਾਂਅ ਦੀ ਮਾਡਰਨ ਵਿਗੜੀ ਹੋਈ ਕੁੜੀ ਨਾਲ ਕਰ ਦਿੱਤਾ। ਭਾਵੇਂ ਸਾਰੇ ਪਰਿਵਾਰ ਨੇ ਸੋਨਮ ਨੂੰ ਬਹੁਤ ਲਾਡ ਲਡਾਏ ਪਰ ਉਹ ਆਪਣੇ ਪੁਰਾਣੇ ਆਸ਼ਕ ਨੂੰ ਵਿਆਹ ਤੋਂ ਬਾਅਦ ਵੀ ਮਿਲਦੀ ਰਹੀ। ਉਸ ਨੇ ਮਤਾ ਪਕਾਇਆ ਕਿ ਮਾਣਕ ਨੂੰ ਜ਼ਹਿਰ ਦੇ ਕੇ ਮਾਰ ਦੇਵੇਗੀ ਅਤੇ ਧਨ ਦੌਲਤ ਲੁੱਟ ਕੇ ਆਪਣੇ ਪ੍ਰੇਮੀ ਨਾਲ ਚਲੀ ਜਾਵੇਗੀ। ਇਕ ਦਿਨ ਉਸ ਦਾ ਪ੍ਰੇਮੀ ਰਾਤ ਨੂੰ ਉਸ ਦੇ ਘਰ ਆਇਆ ਤਾਂ ਉਸ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੋਨਮ ਨੇ ਬਿਸ਼ਨਦੇਈ ਨੂੰ ਕਿਹਾ ਕਿ ਉਹ ਉਸ ਮੁੰਡੇ ਨੂੰ ਛੁਡਾ ਲਵੇ ਪਰ ਇਨਕਾਰ ਹੋਣ 'ਤੇ ਸੋਨਮ ਨੇ ਇਹੋ ਜਿਹਾ ਡਰਾਮਾ ਰਚਿਆ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਦੇ ਲਾਲਚ ਕਰਕੇ ਸਾੜਨ ਲੱਗੇ ਸਨ। ਪੁਲਿਸ ਨੇ ਸਾਰਾ ਪਰਿਵਾਰ ਗ੍ਰਿਫ਼ਤਾਰ ਕਰ ਲਿਆ। ਅਜਿਹੇ ਸਮੇਂ ਨੌਕਰਾਂ, ਹਮਦਰਦਾਂ ਤੇ ਜਸਜੀਤ ਦੀ ਮਦਦ ਨਾਲ ਇਹ ਪਰਿਵਾਰ ਪੁਲਿਸ ਦੇ ਸਾਹਮਣੇ ਸਚਾਈ ਰੱਖਣ ਵਿਚ ਕਾਮਯਾਬ ਹੋ ਗਿਆ। ਜਸਜੀਤ ਦੇ ਮਗਰ ਸੋਨਮ ਦੇ ਭਰਾਵਾਂ ਨੇ ਬਦਮਾਸ਼ ਲਾ ਦਿੱਤੇ ਪਰ ਉਹ ਲੁਕਦੀ ਛਿਪਦੀ ਕਿਸੇ ਪੇਂਡੂ ਪਰਿਵਾਰ ਦੀ ਸ਼ਰਨ ਵਿਚ ਚਲੀ ਗਈ। ਅੰਤ ਬਿਸ਼ਨਦੇਈ ਜਸਜੀਤ ਨੂੰ ਆਪਣੀ ਨੂੰਹ ਬਣਾ ਕੇ ਲੈ ਆਈ ਤੇ ਸਾਰਾ ਪਰਿਵਾਰ ਫਿਰ ਖੁਸ਼ਹਾਲ ਹੋ ਗਿਆ। ਇਹ ਨਾਵਲ ਵਿਚਾਰਨਯੋਗ ਤੇ ਸਲਾਹੁਣਯੋਗ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਰੁੱਖਾਂ ਵਰਗੇ ਮਨੁੱਖ
ਲੇਖਕ : ਅਮਰੀਕ ਸਿੰਘ ਦਿਆਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 85
ਸੰਪਰਕ : 94638-51568.

ਇਸ ਪੁਸਤਕ ਵਿੱਚ ਕੁੱਲ 26 ਲੇਖ ਹਨ ਜੋ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹਨ। ਇਸ ਪੁਸਤਕ ਵਿਚ ਲੇਖਕ ਨੇ ਆਪਣੀਆਂ ਯਾਦਾਂ ਨੂੰ ਇਕ ਲੜੀ ਵਿਚ ਪਰੋਇਆ ਹੈ। ਲੇਖਾਂ ਵਿਚ ਸ਼ਾਮਿਲ ਦ੍ਰਿਸ਼ਟਾਂਤ, ਯਾਦਾਂ ਤੇ ਲੇਖਕ ਦਾ ਪੁਰਾਣੇ ਸਮੇਂ ਨੂੰ ਵਧੀਆ ਢੰਗ ਨਾਲ ਬਿਆਨ ਕਰਨਾ ਇਹ ਸਭ ਤਾਜ਼ਗੀ ਭਰਦੇ ਹਨ। ਜਦ ਲੇਖਕ ਵੱਖ-ਵੱਖ ਥਾਵਾਂ ਦੇ ਕੁਦਰਤੀ ਨਜ਼ਾਰਿਆਂ ਬਾਰੇ ਜਾਂ ਵੱਖ-ਵੱਖ ਪਿੰਡਾਂ ਦੀਆਂ ਗੱਲਾਂ ਬਾਰੇ ਦੱਸਦਾ ਤਾਂ ਇਹ ਅਹਿਸਾਸ ਹੁੰਦਾ ਹੈ ਕਿ ਇਹ ਪੁਸਤਕ ਸਿਰਫ ਲੇਖ ਸੰਗ੍ਰਿਹ ਹੀ ਨਹੀ ਇਕ ਸੰਸਮਰਨ ਵੀ ਹੈ। ਲੇਖਕ ਦੀ ਲਿਖਣ ਸ਼ੈਲੀ ਰੌਚਕਤਾ ਭਰਪੂਰ ਤੇ ਗੁੰਦਵੀ ਹੈ। ਲੇਖਕ ਦੇ ਹਰ ਇਕ ਲੇਖ ਵਿਚ ਉਸ ਦੀ ਪੁਰਾਣੀ ਯਾਦ ਸਮੋਈ ਹੈ ਜਿਵੇਂ ਮਾਸਟਰ ਸਵਰਣ ਰਾਮ, ਹਰਨਾਮੇ ਤਾਏ ਦਾ ਰੇਡੀਉ, ਡੇਢ ਵਾਲੀ ਬਸ ਤੇ ਰੱਬ ਦੀ ਚਾਹ, ਰੁੱਸ ਕੇ ਤੁਰ ਗਈਆਂ ਆਦਿ ਸਾਰੇ ਲੇਖ ਹੀ ਲੇਖਕ ਦੀਆਂ ਪੁਰਾਣੀਆਂ ਯਾਦਾਂ ਨਾਲ ਸਬੰਧਿਤ ਹਨ। ਬੀਤੇ ਵਰ੍ਹੇ ਦੀਆਂ ਗੱਲਾਂ ਨੂੰ ਲੇਖਕ ਨੇ ਖੂਬ ਉਭਾਰਿਆ ਹੈ ਤੇ ਆਪਣੇ ਵਿਰਸੇ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਬਿਨਾਂ ਲੇਖਕ ਦੇ ਕੁਝ ਹੋਰ ਵੀ ਅਜਿਹੇ ਲੇਖ ਹਨ ਜਿਨ੍ਹਾਂ ਵਿਚ ਵਰਤਮਾਨ ਸਮੇਂ ਦੇ ਮਨੁੱਖ ਤੇ ਉਸ ਦੇ ਕੰਮਾਂ, ਹਾਲਾਤ ਬਾਰੇ ਜਾਣਕਾਰੀ ਮਿਲਦੀ ਹੈ : ਵਕਤ ਬੋਲਦਾ ਹੈ, ਸਾਂਝਾ ਬਾਬਾ ਕੋਈ ਨਾ ਪਿੱਟੇ, ਬੰਦੇ ਵਿਚਲੀ ਬੰਦਿਆਈ ਆਦਿ ਅਜਿਹੇ ਹੀ ਲੇਖ ਹਨ ਜਿਨ੍ਹਾਂ ਵਿਚ ਅਜੋਕੇ ਸਮੇਂ ਦੇ ਮਨੁੱਖ ਨੂੰ ਪੇਸ਼ ਕੀਤਾ ਹੈ। ਇਹ ਪੁਸਤਕ ਨਵੀਂ ਪੀੜ੍ਹੀ ਲਈ ਪ੍ਰਰੇਨਾਦਾਇਕ ਹੈ। ਕਿਤਾਬ ਦਾ ਸਿਰਲੇਖ ਰੁੱਖਾਂ ਵਰਗੇ ਮਨੁੱਖ ਇਹ ਦਰਸਾਉਂਦਾ ਹੈ ਕਿ ਲੇਖਕ ਨੂੰ ਆਪਣੇ ਸਮੇਂ ਦੇ ਲੋਕ, ਹਮਸਫਰ ਸਭ ਉਨ੍ਹਾਂ ਰੁੱਖਾਂ ਦੀ ਤਰ੍ਹਾਂ ਲਗਦੇ ਹਨ ਜੋ ਕਿ ਚਾਹੇ ਸਮੇਂ ਨਾਲ ਬੁੱਢੇ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦੀ ਛਾਂ ਸੰਘਣੀ ਲਗਦੀ ਹੈ।

ਂਇੰਦਰਪ੍ਰੀਤ ਕੌਰ
ਮੋ: 98886-90280
ਫ ਫ ਫ

01-12-2018

 ਆਖਰੀ ਕਿਤਾਬ
ਲੇਖਕ : ਪ੍ਰਦੀਪ ਥਿੰਦ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ (ਫ਼ਰੀਦਕੋਟ)
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 86991-57303.

ਪ੍ਰਦੀਪ ਥਿੰਦ ਖੂਬਸੂਰਤ ਦਿੱਖ ਵਾਲਾ ਆਸ਼ਾਵਾਦੀ ਆਦਰਸ਼ਵਾਦੀ ਨੌਜਵਾਨ ਹੈ ਜੋ ਲੰਮੇ ਸਮੇਂ ਤੋਂ ਮਿੰਨੀ/ਨਿੱਕੀ ਕਹਾਣੀ ਲਿਖ ਰਿਹਾ ਹੈ। ਕਾਵਿਕ ਸੰਵੇਦਨਸ਼ੀਲ। ਨਵੇਂ ਯੁੱਗ ਦੇ ਵਿਗਿਆਨ ਤੇ ਤਕਨਾਲੋਜੀ ਵਿਚ ਘਿਰਿਆ ਉਹ ਪਰੰਪਰਾ ਤੋਂ ਪ੍ਰਾਪਤ ਉਸਾਰੂ ਤੇ ਸਵੱਛ ਨੈਤਿਕ ਕਦਰਾਂ-ਕੀਮਤਾਂ ਉੱਤੇ ਪਹਿਰਾ ਦਿੰਦਾ ਹੈ। ਮਨੁੱਖ ਉਸ ਲਈ ਮੁੱਲਵਾਨ ਹੈ। ਔਰਤ, ਮਰਦ, ਗ਼ਰੀਬ, ਅਮੀਰ, ਕਿਰਤੀ, ਹਿੰਦੂ, ਸਿੱਖ, ਮੁਸਲਮਾਨ ਇਸ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੂਲ ਮਨੁੱਖੀ ਜਜ਼ਬਿਆਂ, ਆਕਾਂਖਿਆਵਾਂ, ਸੁਪਨਿਆਂ ਪੱਖੋਂ ਸਾਰੇ ਇਕੋ ਜਿਹੇ ਹਨ। ਉਸ ਦਾ ਕੋਮਲ ਮਨ ਹਰ ਕਿਸੇ ਦੀ ਪੀੜ ਅਤੇ ਦਰਦ ਨੂੰ ਸਮਝ ਕੇ ਸਿਰਜਨਾਤਮਕ ਕਲਾ ਨਾਲ ਸਾਹਿਤਕ ਰੂਪ ਢਾਲਣ ਲਈ ਤੜਪਦਾ ਹੈ। ਆਖਰੀ ਕਿਤਾਬ ਵਿਚ ਪ੍ਰਦੀਪ ਥਿੰਦ ਦੀਆਂ ਪਿਛਲੇ ਢਾਈ-ਤਿੰਨ ਦਹਾਕਿਆਂ ਵਿਚ ਲਿਖੀਆਂ ਚੋਣਵੀਆਂ ਕਹਾਣੀਆਂ ਹਨ।
ਆਖਰੀ ਕਿਤਾਬ ਵਿਚ ਪਿਤਰੀ ਪ੍ਰਧਾਨ ਮਾਹੌਲ ਅਤੇ ਪਰੰਪਰਾਵਾਂ ਦੀ ਕੈਦ ਵਿਚ ਬੱਝੀ ਔਰਤ ਦੀਆਂ ਮਜਬੂਰੀਆਂ ਤੇ ਦਮ ਤੋੜ ਰਹੇ ਸੁਪਨੇ ਹਨ। ਉਸ ਨਾਲ ਹੋ ਰਹੇ ਅਨਿਆਂ ਹਨ। ਉਸ ਨੂੰ ਇਕ ਵਸਤੂ ਵਾਂਗ ਵਰਤਣ ਵਾਲੇ ਪੂੰਜੀਪਤੀ ਲੋਕਾਂ ਦਾ ਕਰੂਪ ਚਿਹਰਾ ਹੈ। ਔਰਤ ਦੇ ਕੁਰਬਾਨੀ ਦੇ ਜਜ਼ਬੇ, ਸੁੱਚੇ ਪਿਆਰ, ਕੁਰਬਾਨੀ ਤੇ ਇਨਸਾਨੀ ਦੋਸਤੀ ਦੇ ਬਿਰਤਾਂਤ ਹਨ। ਗਰੀਬ, ਮੱਧ ਵਰਗ, ਨਿਮਨ ਵਰਗ ਦੇ ਬਾਲਾਂ, ਜਵਾਨਾਂ ਤੇ ਬਜ਼ੁਰਗਾਂ ਦੀਆਂ ਆਰਥਿਕ, ਸਮਾਜਿਕ, ਪ੍ਰੇਸ਼ਾਨੀਆਂ ਵਿਚ ਪਿਸ ਰਹੀ ਜ਼ਿੰਦਗੀ ਹੈ। ਨਗਰਾਂ, ਮਹਾਂਨਗਰਾਂ ਵਿਚ ਹੋ ਰਹੀ ਰਿਸ਼ਤਿਆਂ ਦੀ ਟੁੱਟ-ਭੱਜ ਕਾਰਨ ਜ਼ਿੰਦਗੀ ਵਿਚੋਂ ਬਹੁਤ ਕੁਝ ਗੁਆਚਣ ਦੀ ਚਿੰਤਾ ਹੈ। ਪ੍ਰਦੀਪ ਥਿੰਦ ਦੀਆਂ ਕਹਾਣੀਆਂ ਕਾਵਿਕ ਸੁਭਾਅ ਦੀਆਂ ਹਨ। ਇਹ ਸਾਰਾ ਕੁਝ ਸਥੂਲ ਲਕੀਰੀ ਬਿਰਤਾਂਤ ਵਿਚ ਸਪੱਸ਼ਟ ਪ੍ਰੋਸਣ ਦੀ ਥਾਂ ਕਾਵਿਕ ਚਿੱਤਰਾਂ, ਬਿੰਬਾਂ, ਪ੍ਰਤੀਕਾਂ ਰਾਹੀਂ ਇੰਜ ਪੇਸ਼ ਕਰਦੀਆਂ ਹਨ ਕਿ ਪਾਠਕ ਇਨ੍ਹਾਂ ਵਿਚ ਛੱਡੇ ਖੱਪਿਆਂ ਬਾਰੇ ਸੋਚੇ। ਅਰਥਾਂ ਦੀ ਅਨਿਸਚਿਤਤਾ, ਬਹੁ-ਅਰਥਕਤਾ, ਖੁੱਲ੍ਹੇ ਅਰਥ, ਖੁੱਲ੍ਹਾ ਅੰਤ ਅਤੇ ਇਕ ਤੋਂ ਵਧੇਰੇ ਤਹਿਆਂ ਇਨ੍ਹਾਂ ਕਹਾਣੀਆਂ ਨੂੰ ਮਹੱਤਵਪੂਰਨ ਵੀ ਬਣਾਉਂਦੀਆਂ ਹਨ ਅਤੇ ਵਿਲੱਖਣ ਵੀ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਕਨੇਡੀਅਨ ਕੂੰਜਾਂ
ਲੇਖਕ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 166
ਸੰਪਰਕ : 98152-98459.

ਪ੍ਰਵਾਸੀ ਸਾਹਿਤਕਾਰਾ ਸ੍ਰੀਮਤੀ ਗੁਰਚਰਨ ਕੌਰ ਥਿੰਦ ਪੰਜਾਬੀ ਗਲਪ ਦੇ ਖੇਤਰ ਵਿਚ ਇਕ ਵਿਸ਼ੇਸ਼ ਮੁਕਾਮ ਰੱਖਦੀ ਹੈ। ਇਸ ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਪਰਵਾਸੀ ਲੋਕਾਂ ਦੀ ਸ਼ਨਾਖ਼ਤ ਨਾਲ ਸਬੰਧਿਤ ਹੈ। ਸ਼ਨਾਖਤ ਨੂੰ ਪ੍ਰਮਾਣਿਤ ਕਰਨ ਲਈ ਪਰਵਾਸੀ ਪੰਜਾਬੀ ਹਰ ਵਰ੍ਹੇ ਆਪਣੇ ਵਤਨ ਗੇੜਾ ਮਾਰਦੇ ਹਨ। 'ਇਕ ਹਉਕਾ' ਸੱਚੀ ਕਹਾਣੀ ਹੈ। ਇਕ ਪੰਜਾਬੀ ਪਿਤਾ ਆਪਣੀ ਰਵਾਇਤੀ ਅਣਖ ਨੂੰ ਬਰਕਰਾਰ ਰੱਖਣ ਵਾਸਤੇ ਫੁੱਲਾਂ ਵਰਗੀ ਧੀ ਦੀ ਨਿਰਮਮ ਹੱਤਿਆ ਕਰ ਦਿੰਦਾ ਹੈ। 'ਅੱਜ ਦੀ ਸ਼ਕੁੰਤਲਾ' ਇਤਿਹਾਸਕ ਸ਼ਕੁੰਤਲਾ ਵਾਂਗ ਰਵਾਇਤੀ ਨਾਰੀ ਨਹੀਂ ਹੈ। ਇਕ ਵਾਰ ਪਤੀ ਵਲੋਂ ਦੁਰਕਾਰੀ ਜਾਣ ਉਪਰੰਤ ਉਹ ਉਸ ਦੇ ਮਹਿਲੀਂ ਜਾਣ ਵਾਸਤੇ ਤਿਆਰ ਨਹੀਂ ਹੈ। ਪਤੀ-ਪਤਨੀ ਦੇ ਨੀਰਸ ਰਿਸ਼ਤੇ ਨੂੰ ਬਿਆਨ ਕਰਨ ਵਾਲੀ ਕਹਾਣੀ 'ਅੱਕ ਦਾ ਬੂਟਾ' ਵਿਚ ਗ਼ੈਰ-ਇਸਤਰੀਆਂ ਪ੍ਰਤੀ ਮਰਦਾਂ ਦੀ ਹਵਸ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ। 'ਨਾਰੀ ਦਿਵਸ' ਇਕ ਵਿਅੰਗਾਤਮਕ ਕਥਾ ਹੈ। ਸਭਾ-ਸੁਸਾਇਟੀਆਂ ਵਾਲੇ ਆਪਣਾ ਨਾਂਅ ਬਣਾਉਣ ਵਾਸਤੇ ਜ਼ਰੂਰ ਨਾਰੀ-ਦਿਵਸ ਮਨਾ ਲੈਂਦੇ ਹਨ ਪਰ ਅਸਲ ਵਿਚ ਉਹ ਨਾਰੀ ਦੇ ਦੁੱਖਾਂ ਪ੍ਰਤੀ ਹੱਸਾਸ ਨਹੀਂ ਹਨ। ਇਕ ਹੋਰ ਕਹਾਣੀ ਵਿਚ ਤਿੰਨ 'ਧੀਆਂ ਦੀ ਮਾਂ' ਰਣਜੀਤ ਕੌਰ ਦੀ ਮਨੋਸਥਿਤੀ ਦਾ ਨਿਰੂਪਣ ਕੀਤਾ ਗਿਆ ਹੈ। 'ਇਤਨਾ ਸੱਚ ਨਾ ਬੋਲ' ਵਿਚ ਵਿਅਕਤੀ ਦੇ ਸੁਚੇਤ ਅਤੇ ਅਚੇਤ ਮਨ ਵਿਚਲੇ ਦਵੰਦ ਦੀ ਪੇਸ਼ਕਾਰੀ ਹੋਈ ਹੈ। 'ਮੋਈ ਮਰ ਜਾਣੀ ਦੇ ਖ਼ਾਬ' ਵਿਚ ਪਰਸਨੈਲਿਟੀ-ਡਿਸਆਰਡਰ ਦੀ ਗ੍ਰੰਥੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸ੍ਰੀਮਤੀ ਥਿੰਦ ਆਪਣੀ ਹਰ ਕਹਾਣੀ ਨੂੰ ਚਲਦੇ ਜੀਵਨ ਵਿਚੋਂ ਨਾਟਕੀ ਅੰਦਾਜ਼ ਨਾਲ ਸ਼ੁਰੂ ਕਰ ਲੈਂਦੀ ਹੈ। ਉਸ ਦੀਆਂ ਕਹਾਣੀਆਂ ਦੇ ਅੰਤ ਬੜੇ ਸੁਝਾਊ ਹੁੰਦੇ ਹਨ। ਉਹ ਪਿਛਲ-ਝਾਤ ਦੀ ਵਿਧੀ ਨਾਲ ਖੰਡ-ਖੰਡ ਕਰਕੇ ਆਪਣੀ ਕਹਾਣੀ ਨੂੰ ਉਸਾਰਦੀ ਹੈ। ਕਈ ਵਾਰ ਕਥਾ-ਬਿਰਤਾਂਤ ਵਿਚ ਕੋਈ ਇਕ-ਅੱਧ ਸ਼ਬਦ ਸੁਭਾਵਿਕ ਹੀ ਆ ਜਾਂਦਾ ਹੈ; ਉਸ ਨੂੰ ਮੈਟਾਫ਼ਰ ਬਣਾ ਕੇ ਉਹ ਕਹਾਣੀ ਵਿਚ ਡੂੰਘਾ ਉੱਤਰ ਜਾਂਦੀ ਹੈ ਅਤੇ ਇਸ ਨਾਲ ਨਵੇਂ ਪਾਸਾਰ ਜੋੜ ਦਿੰਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪੰਜਾਬੀ ਸੂਬਾ ਮੋਰਚਾ 1960

ਕਥਾਕਾਰ : ਹਰਬੰਸ ਸਿੰਘ 'ਅਖਾੜਾ'
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 99555-15937.

ਇਹ ਪੁਸਤਕ ਪੰਜਾਬੀ ਸੂਬਾ ਮੋਰਚੇ ਸਮੇਂ ਲੇਖਕ ਦੀ ਜੇਲ੍ਹ ਯਾਤਰਾ ਦੀ ਕਹਾਣੀ ਪੇਸ਼ ਕਰਦੀ ਹੈ। ਲਿਖਾਰੀ ਨੇ ਬੜੀ ਮਾਸੂਮੀਅਤ, ਸਹਿਜਤਾ, ਸਰਲਤਾ ਅਤੇ ਬੇਬਾਕੀ ਨਾਲ ਪੰਜਾਬ, ਪੰਜਾਬੀਆਂ ਅਤੇ ਪੰਜਾਬੀ ਭਾਸ਼ਾ ਦਾ ਦਰਦ ਬਿਆਨ ਕੀਤਾ ਹੈ। ਚੜ੍ਹਦੀ ਉਮਰ ਵਿਚ ਹੀ ਉਸ ਨੂੰ ਜੇਲ੍ਹ ਜਾਣਾ ਪੈ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਆਜ਼ਾਦੀ ਤੋਂ ਬਾਅਦ ਇਨ੍ਹਾਂ ਕੁਰਬਾਨੀਆਂ ਦਾ ਕੋਈ ਮੁੱਲ ਨਾ ਮਿਲਿਆ। ਕੇਂਦਰ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ। ਪੰਜਾਬੀ ਬੋਲੀ ਦੇ ਆਧਾਰ 'ਤੇ ਸੂਬਾ ਬਣਾਉਣ ਦੀ ਮੰਗ ਰੱਖਣ ਕਾਰਨ ਸਿੱਖਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ। ਇਤਿਹਾਸਕ ਅਤੇ ਅਣਖੀਲੀਆਂ ਮੱਲਾਂ ਮਾਰਨ ਵਾਲੀ ਕੌਮ ਨੂੰ ਮਿੱਟੀ ਵਿਚ ਮਿਲਾਉਣ ਦੀਆਂ ਸਾਜਿਸ਼ਾਂ ਸ਼ੁਰੂ ਹੋ ਗਈਆਂ। ਅਕਾਲੀ ਦਲ ਨੇ ਮੋਰਚਾ ਲਗਾ ਦਿੱਤਾ ਤਾਂ ਸਰਕਾਰ ਨੇ ਸਿੱਖ ਲੀਡਰਾਂ ਅਤੇ ਹਮਦਰਦ ਲੋਕਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ। ਲੇਖਕ 19 ਸਾਲ ਦੀ ਉਮਰ ਵਿਚ ਗ੍ਰਿਫ਼ਤਾਰ ਹੋ ਗਿਆ। ਸਾਲ ਭਰ ਉਸ ਨੇ ਜੇਲ੍ਹ ਦੇ ਤਸੀਹੇ ਝੱਲੇ। ਜੇਲ੍ਹਾਂ ਅੰਦਰ ਸਿੰਘ ਚੜ੍ਹਦੀ ਕਲਾ ਵਿਚ ਰਹੇ, ਬਾਣੀ ਪੜ੍ਹਦੇ ਰਹੇ ਅਤੇ ਬੀਰ ਰਸੀ ਕਵਿਤਾਵਾਂ ਗਾਉਂਦੇ ਰਹੇ। ਲੇਖਕ ਨੇ ਵੀ ਉਸ ਸਮੇਂ ਕੁਝ ਕਵਿਤਾਵਾਂ ਰਚੀਆਂ ਜਿਵੇਂ
ਖ਼ਾਤਰ ਪੰਥ ਦੀ ਮੌਤ ਪਰਵਾਨ ਸਾਨੂੰ
ਬਹਿ ਕੇ ਤਵੀ ਦੇ ਉੱਤੇ ਹਾਂ ਗਾ ਸਕਦੇ
ਆਰੇ ਨਾਲ ਪਿਆਰ ਹਾਂ ਪਾ ਸਕਦੇ
ਚੜ੍ਹ ਕੇ ਚਰਖੜੀ ਸ਼ੁਕਰ ਮਨਾ ਸਕਦੇ।
ਪੰਜਾਬੀ ਮਾਂ ਬੋਲੀ, ਪੰਜਾਬੀ ਸੂਬੇ ਲਈ ਲੜੇ ਗਏ ਅਹਿਮ ਸੰਗਰਾਮ ਵਿਚ ਲੇਖਕ ਨੇ ਭਰਪੂਰ ਯੋਗਦਾਨ ਦਿੱਤਾ। ਇਸ ਜੇਲ੍ਹ ਯਾਤਰਾ ਨੇ ਉਸ ਦੇ ਅੰਦਰ ਮਨੁੱਖੀ ਹੱਕਾਂ ਲਈ ਜਾਗਰੂਕਤਾ ਦੀ ਚੰਗਿਆੜੀ ਪੈਦਾ ਕੀਤੀ ਅਤੇ ਉਹ ਸਾਰੀ ਉਮਰ ਮਨੁੱਖੀ ਅਧਿਕਾਰਾਂ ਲਈ ਲੜਦਾ ਰਿਹਾ। ਇਹ ਪੁਸਤਕ ਪੜ੍ਹਨਯੋਗ, ਸਾਂਭਣਯੋਗ ਅਤੇ ਸਤਿਕਾਰਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਘੋਰਕੰੰਡੇ
ਲੇਖਕ : ਸਿਮਰਨ ਧਾਲੀਵਾਲ
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ, ਭੀਖੀ, ਮਾਨਸਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 94632-15168.

20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਵਿਕਸਤ ਹੋਣ ਵਾਲੀ ਪੰਜਾਬੀ ਕਹਾਣੀ ਕਈ ਪੜਾਵਾਂ ਵਿਚੋਂ ਗੁਜ਼ਰਦੀ ਹੋਈ ਨਿਰੰਤਰ ਵਿਕਾਸ ਕਰਦੀ ਰਹੀ ਹੈ। ਪੰਜਾਬੀ ਕਹਾਣੀ ਦੇ ਰੂਪ ਅਤੇ ਵਿਸ਼ੇ ਪੱਖੋਂ ਹੋਏ ਪਰਿਵਰਤਨਾਂ ਦੇ ਮੁੱਖ ਕਾਰਨ 20ਵੀਂ ਸਦੀ ਵਿਚ ਵਾਪਰੀਆਂ ਆਰਥਿਕ, ਸਮਾਜਿਕ, ਸਿਆਸੀ, ਧਾਰਮਿਕ ਅਤੇ ਸਾਹਿਤਕ ਤਬਦੀਲੀਆਂ ਹਨ। ਅਜੋਕੇ ਦੌਰ ਦੇ ਨਵੇਂ ਕਹਾਣੀਕਾਰ ਆਧੁਨਿਕ ਜੀਵਨ ਦੇ ਨਵੇਂ ਯਥਾਰਥ ਨੂੰ ਸਮਝਣ ਅਤੇ ਪ੍ਰਗਟਾਉਣ ਦਾ ਪ੍ਰਯਤਨ ਕਰਦੇ ਹਨ। ਇਨ੍ਹਾਂ ਕਹਾਣੀਕਾਰਾਂ ਵਿਚ ਆਪਣੀ ਪਛਾਣ ਬਣਾ ਰਿਹਾ ਸਿਮਰਨ ਧਾਲੀਵਾਲ ਆਪਣੇ ਨਵੇਂ ਕਹਾਣੀ ਸੰਗ੍ਰਹਿ ਨਾਲ ਪਾਠਕਾਂ ਸਨਮੁੱਖ ਹੁੰਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਉਹ ਅੱਠ ਕਹਾਣੀਆਂ ਪੇਸ਼ ਕਰਕੇ ਆਪਣੇ ਕਹਾਣੀ ਪੰਧ ਨੂੰ ਹੋਰ ਗੂੜ੍ਹਾ ਕਰਦਾ ਹੈ। ਇਹ ਕਹਾਣੀਆਂ ਮਨੁੱਖੀ ਮਨ ਦੀਆਂ ਸੂਖਮ ਤੰਦਾਂ ਨੂੰ ਪਕੜਦੀਆਂ ਹੋਈਆਂ ਬੜੀ ਸੂਝ-ਬੂਝ ਨਾਲ ਜ਼ਿੰਦਗੀ ਦੀ ਵਿਆਖਿਆ ਕਰਦੀਆਂ ਹਨ। ਇਨ੍ਹਾਂ ਦੇ ਵਿਸ਼ੇ ਪੰਜਾਬ ਨਾਲ ਸਬੰਧਿਤ ਹਨ। ਕਹਾਣੀਕਾਰ ਆਪਣੇ ਆਲੇ-ਦੁਆਲੇ ਵਿਚਰਦੇ ਪਾਤਰਾਂ ਦੇ ਮਨ ਦੀਆਂ ਦਿਸਦੀਆਂ-ਅਣਦਿਸਦੀਆਂ ਪਰਤਾਂ ਨੂੰ ਆਪਣੀਆਂ ਕਹਾਣੀਆਂ ਵਿਚ ਚਿੱਤਰਦਾ ਹੈ। ਕਹਾਣੀ ਸੰਗ੍ਰਹਿ ਵਿਚ ਛਾਪਣ ਤੋਂ ਪਹਿਲਾਂ ਇਹ ਸਾਰੀਆਂ ਕਹਾਣੀਆਂ ਵੱਖ-ਵੱਖ ਰਿਸਾਲਿਆਂ ਵਿਚ ਛਪ ਚੁੱਕੀਆਂ ਸਨ, ਜਿਸ ਕਾਰਨ ਇਸ ਨਵੇਂ ਕਹਾਣੀਕਾਰ ਨੇ ਪੰਜਾਬੀ ਕਹਾਣੀ ਖੇਤਰ ਵਿਚ ਆਪਣੀ ਅਲੱਗ ਪਛਾਣ ਬਣਾਈ ਹੈ। ਉਹ ਸਰਲ ਭਾਸ਼ਾ ਤੇ ਛੋਟੇ-ਛੋਟੇ ਵਾਕਾਂ ਰਾਹੀਂ ਆਪਣਾ ਨਿਵੇਕਲਾ ਤੇ ਮੌਲਿਕ ਰਸਤਾ ਚੁਣਦਾ ਹੋਇਆ ਆਪਣੀ ਗੰਭੀਰਤਾ ਦਾ ਸਬੂਤ ਦਿੰਦਾ ਹੈ। ਇਸ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.


ਇੰਗਲੈਂਡ ਤੇ ਸਕਾਟਲੈਂਡ
(ਸਫ਼ਰਨਾਮਾ)
ਲੇਖਕ : ਮੋਹਨ ਸਿੰਘ ਰਤਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 425
ਸੰਪਰਕ : 011-23280657.

ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਦੋ ਪ੍ਰਮੁੱਖ ਰਾਜ ਇੰਗਲੈਂਡ ਅਤੇ ਸਕਾਟਲੈਂਡ ਦੀ ਯਾਤਰਾ ਕਰਨ ਤੋਂ ਬਾਅਦ ਸਮਰੱਥ ਲੇਖਕ ਮੋਹਨ ਸਿੰਘ ਰਤਨ ਵਲੋਂ ਪੂਰੇ ਠਰ੍ਹੰਮੇ ਅਤੇ ਸਹਿਜਤਾ ਨਾਲ ਲਿਖਿਆ ਗਿਆ ਇਹ ਵੱਡ ਆਕਾਰੀ ਸਫ਼ਰਨਾਮਾ ਪੰਜਾਬੀ ਸਾਹਿਤ ਦੀ ਇਸ ਹਰਮਨ-ਪਿਆਰੀ ਵੰਨਗੀ ਦੀ ਪਰਿਭਾਸ਼ਾ 'ਤੇ ਖਰਾ ਉਤਰਦਾ ਹੈ। ਪਹਿਲੇ ਅਧਿਆਇ 'ਇੰਗਲੈਂਡ ਜਾਣ ਦਾ ਸੁਪਨਾ' ਵਿਚ ਲੇਖਕ ਨੇ ਬਚਪਨ ਤੋਂ ਇੰਗਲੈਂਡ ਜਾਣ ਦਾ ਸੁਪਨਾ ਕਿਵੇਂ ਉਸ ਦੀ ਆਤਮਾ ਦਾ ਸੁਪਨਾ ਬਣਿਆ ਸਪੱਸ਼ਟ ਸ਼ਬਦਾਂ ਵਿਚ ਦੱਸਿਆ ਹੈ। ਦੂਜੇ ਅਧਿਆਇ 'ਸੁਪਨਾ ਸਾਕਾਰ ਹੋਇਆ' ਵਿਚ ਯੂ.ਕੇ. ਜਾਣ ਲਈ ਵੀਜ਼ਾ ਪ੍ਰਾਪਤ ਕਰਨ ਅਤੇ ਫਿਰ ਜਹਾਜ਼ 'ਚ ਬੈਠ ਕੇ ਯੂ.ਕੇ. ਪਹੁੰਚਣ ਤੱਕ ਦਾ ਅਨੁਭਵ ਬਹੁਤ ਬਾਰੀਕੀ ਨਾਲ ਦਰਜ ਕੀਤਾ ਗਿਆ ਹੈ। ਪੂਰੀ ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਲੇਖਕ ਨੇ ਇਸ ਬਾਰੀਕੀ ਵਾਲੇ ਤੱਤ ਦਾ ਪੱਲਾ ਇਸ ਕਦਰ ਘੁੱਟ ਕੇ ਫੜੀ ਰੱਖਿਆ ਹੈ ਕਿ ਪਾਠਕ ਉਸ ਦੇ ਇਨ੍ਹਾਂ ਤਜਰਬਿਆਂ ਨੂੰ ਆਪਣੇ ਅਹਿਸਾਸ ਵਿਚ ਡੂੰਘਾ ਵਸਿਆ ਮਹਿਸੂਸ ਕਰਦਾ ਹੈ। ਬਿਰਤਾਂਤਿਕ ਸ਼ੈਲੀ ਵਿਚ ਲਿਖਿਆ ਇਹ ਸਫ਼ਰਨਾਮਾ ਪੰਜਾਬੀ ਦੀ ਦੋਆਬੀ ਉੱਪ ਬੋਲੀ ਦੇ ਨਾਲ-ਨਾਲ ਕੇਂਦਰੀ ਪੰਜਾਬੀ ਬੋਲੀ ਦੀ ਸਫ਼ਲ ਵਰਤੋਂ ਨਾਲ ਭਰਪੂਰ ਹੈ। ਯੂ.ਕੇ. ਦੇ ਇਤਿਹਾਸਕ ਸਥਾਨਾਂ, ਭੂਗੋਲਿਕ ਸਥਿਤੀਆਂ, ਅਯੂਬਿਆਂ ਅਤੇ ਕੀਮਤੀ ਜਾਣਕਾਰੀ ਦੇਣ ਵਾਲਾ ਇਹ ਸਫ਼ਰਨਾਮਾ ਪੰਜਾਬੀ ਦੇ ਸਫ਼ਰਨਾਮਾ ਸਾਹਿਤ ਦਾ ਮਾਣਮੱਤਾ ਹਿੱਸਾ ਬਣਨ ਦੀ ਕਾਬਲੀਅਤ ਰੱਖਦਾ ਹੈ। ਇਸ ਦਾ ਸਭਨਾਂ ਨੂੰ ਦਿਲੋਂ ਸਵਾਗਤ ਕਰਨਾ ਚਾਹੀਦਾ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

 

 


ਇਨਕਲਾਬ ਜ਼ਿੰਦਾਬਾਦ
ਨਾਵਲਕਾਰ : ਇੰਦਰ ਸਿੰਘ ਖਾਮੋਸ਼
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 296
ਸੰਪਰਕ : 99150-48005.

ਇਹ ਨਾਵਲ ਫਰਾਂਸ ਵਿਚ 1789 ਈ. ਤੋਂ 1799 ਈ. ਤਕ ਹੋਏ ਇਨਕਲਾਬ ਦਾ ਤੱਥ-ਮੂਲਕ ਇਤਿਹਾਸਕ ਗਲਪੀ ਬਿਰਤਾਂਤ ਪੇਸ਼ ਕਰਦਾ ਹੈ। ਅਜਿਹਾ ਇਨਕਲਾਬ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਅਤੇ ਇਹ ਇਸ ਇਨਕਲਾਬ ਦੀ ਵਿਸ਼ੇਸ਼ਤਾ ਰਹੀ ਹੈ ਕਿ ਇਸ ਤੋਂ ਅਗਲੇਰੇ ਕਾਲ-ਖੰਡਾਂ ਵਿਚ ਵਾਪਰੇ ਵਿਸ਼ਵ ਵਿਆਪੀ ਇਨਕਲਾਬਾਂ ਨੂੰ ਇਸ ਨੇ ਸਰੋਤ ਰੂਪ ਵਜੋਂ ਪ੍ਰਭਾਵਿਤ ਕੀਤਾ। ਪੰਜਾਬੀ ਪਾਠਕਾਂ ਲਈ ਤਾਂ ਇਸ ਦਾ ਮਹੱਤਵ ਜਿਥੇ ਰਾਜਸੀ, ਸਮਾਜਿਕ, ਧਾਰਮਿਕ ਕੱਟੜਤਾ, ਨੈਤਿਕਤਾ ਅਤੇ ਮੰਦਹਾਲੀ ਦੇ ਹਾਲਾਤ ਸਬੰਧੀ ਜਾਣਕਾਰੀ ਭਰਪੂਰ ਹੈ, ਉਥੇ ਬਹੁਤ ਸਾਰੀਆਂ ਸੱਭਿਆਚਾਰਕ-ਇਤਿਹਾਸਕ ਸਰੋਕਾਰਾਂ ਦੀ ਜਾਣਕਾਰੀ ਨਾਲ ਵੀ ਭਰਿਆ ਪਿਆ ਹੈ। ਨਾਵਲ ਦੇ ਪੰਜਾਹ ਕਾਂਡ ਹਨ ਅਤੇ ਫਰਾਂਸ ਹੀ ਨਹੀਂ, ਸਗੋਂ ਵਿਸ਼ਵ ਦੀਆਂ ਤਾਨਾਸ਼ਾਹੀ ਸ਼ਕਤੀਆਂ ਦੇ ਉਸਾਰ ਅਤੇ ਨਿਘਾਰ ਦਾ ਵਰਣਨ ਬੜੀ ਸੰਕੋਚਵੀਂ ਸ਼ਬਦਾਵਲੀ ਜ਼ਰੀਏ ਪਾਠਕਾਂ ਦੇ ਸਨਮੁੱਖ ਹੈ। ਨਿੱਕੇ-ਨਿੱਕੇ ਵੇਰਵੇ ਵੱਡੇ ਅਰਥ-ਸੰਚਾਰ ਦਾ ਬੋਧ ਹਨ, ਰਜਵਾੜਿਆਂ ਦੀਆਂ ਨੀਤਾਂ, ਬਰਤਾਨਵੀ ਹਕੂਮਤ ਦੇ ਕਾਰੇ, ਅਮਰੀਕਨ ਕਾਲੋਨੀਆਂ ਨੂੰ ਆਜ਼ਾਦ ਕਰਵਾਉਣ 'ਚ ਮਦਦ ਕਰਨੀ ਅਤੇ ਆਪ ਹੋਰ ਕਰਜ਼ਾਈ ਹੋ ਜਾਣਾ, ਲੋਕ ਚੇਤਨਾ ਨੂੰ ਜਗਾਉਣ ਵਿਚ ਪੜ੍ਹਾਈ ਦਾ ਉੱਤਮ ਯੋਗਦਾਨ, ਪ੍ਰੋਟੈਸਟੈਂਟ ਅਤੇ ਕੈਥੋਲਿਕ ਧਰਮ ਵਿਚਾਲੇ ਸੰਘਰਸ਼, ਬਾਦਸ਼ਾਹਾਂ ਦਾ ਆਪਣੇ ਵਿਦੇਸ਼-ਮੰਤਰੀਆਂ ਅਤੇ ਵਿੱਤ-ਮੰਤਰੀਆਂ ਤੋਂ ਵਿਸ਼ਵਾਸ ਉੱਠ ਜਾਣਾ ਜਾਂ ਉਨ੍ਹਾਂ ਦਾ ਹੀਲਾ-ਵਸੀਲਾ ਫੇਲ੍ਹ ਹੋ ਜਾਣਾ, ਯੂਰਪੀ ਅਤੇ ਪੱਛਮੀ ਦੇਸ਼ਾਂ ਵਿਚ ਗੁੱਟਬੰਦੀ ਬਣ ਜਾਣੀ ਆਦਿ ਅਨੇਕਾਂ ਘਟਨਾਵਾਂ, ਇਨ੍ਹਾਂ ਦੇ ਵਾਪਰਨ ਦੇ ਕਾਰਨਾਂ ਅਤੇ ਪ੍ਰਭਾਵਾਂ ਨੇ ਜਿਸ 'ਕ੍ਰਾਂਤੀਕਾਰੀ ਮਨੁੱਖ' ਨੂੰ ਜਨਮ ਦਿੱਤਾ, ਉਸ ਸਭ ਕਾਸੇ ਦਾ ਉਲੇਖ ਨਾਵਲ ਵਿਚ ਦਰਜ ਹੈ। ਮਾਰਕਸ, ਲੈਨਿਨ, ਟਰਾਟਸਕੀ ਆਦਿ ਅਨੇਕਾਂ ਵਿਦਵਾਨਾਂ ਨੇ ਇਸ ਇਨਕਲਾਬ ਦੀ ਘੋਖਵੀਂ ਪੜਚੋਲ ਕੀਤੀ ਸੀ, ਜਿਸ ਤੋਂ ਸਪੱਸ਼ਟ ਹੈ ਕਿ ਇਸ ਇਨਕਲਾਬ ਨੇ ਵਿਸ਼ਵ ਦੀ ਰਾਜਨੀਤੀ ਦੀ ਬਹੁਤ ਸਾਰੀ ਸ਼ਬਦਾਵਲੀ ਵਿਚ ਵੀ ਵਾਧਾ ਕੀਤਾ ਸੀ।

-ਡਾ: ਜਗੀਰ ਸਿੰਘ ਨੂਰ
ਮੋ: 9814209732


ਅੱਖਰ ਆਖਦੇ ਹਨ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 167
ਸੰਪਰਕ : 94635-61123.

ਇਹ ਇਕ ਦਾਰਸ਼ਨਿਕ ਨਾਵਲ ਹੈ, ਜੋ ਅਸਤਿਤਵਵਾਦੀ ਅਧਿਐਨ ਦੀ ਮੰਗ ਕਰਦਾ ਹੈ। ਨਾਵਲ ਦੀ ਨਾਇਕਾ ਚੇਤ ਸਿੰਘ ਦੀ ਧੀ ਸੁਤੰਤਰ ਕੌਰ ਪੀ.ਐਚ.ਡੀ. ਕਰਕੇ ਜ਼ਿਲ੍ਹਾ ਸਿੱਖਿਆ ਵਜੋਂ ਆਪਣੇ ਅਸਤਿਤਵ ਦਾ ਵਿਕਾਸ ਕਰਕੇ ਸੇਵਾ-ਮੁਕਤ ਹੁੰਦੀ ਹੈ। ਬਹੁਤ ਸੁੰਦਰ ਹੋਣ ਕਾਰਨ ਉਸ ਦੀ ਸ਼ਾਦੀ ਐਸ.ਐਸ.ਪੀ. ਨਾਲ ਹੋ ਜਾਂਦੀ ਹੈ। ਉਸ ਦਾ ਪੁੱਤਰ ਵੀ ਜੱਜ ਬਣ ਜਾਂਦਾ ਹੈ ਪਰ ਉਹ ਰਿਸ਼ਵਤ ਲੈ ਕੇ ਫ਼ੈਸਲੇ ਕਰਨ ਲਗਦਾ ਹੈ, ਜਿਸ ਦਾ ਨਾਇਕਾ ਬੁਰਾ ਮਨਾਉਂਦੀ ਹੈ। ਨਾਇਕਾ ਆਪਣਾ ਸਹੁਰਾ ਪਰਿਵਾਰ ਛੱਡ ਕੇ ਪੇਕੇ ਘਰ ਆ ਜਾਂਦੀ ਹੈ। ਏਨੇ ਨੂੰ ਇਕ ਮੁਟਿਆਰ ਔਰਤ ਦੀ ਵਿਆਹ ਵਾਲੇ ਦਿਨ ਦੁਰਘਟਨਾ 'ਚ ਮੌਤ ਹੋ ਜਾਂਦੀ ਹੈ, ਜਿਸ ਕਾਰਨ ਉਸ ਨੂੰ ਸਮਾਜ 'ਕਚੀਲ' ਸਮਝਦਾ ਹੈ। ਲੋਕ ਮਨ 'ਚੋਂ ਇਸ ਵਹਿਮ ਨੂੰ ਕੱਢਣ ਲਈ ਨਾਇਕਾ ਉਸ ਥਾਂ 'ਭਾਈ ਜੈਤਾ ਆਸ਼ਰਮ' ਦਾ ਨਿਰਮਾਣ ਕਰਦੀ ਹੈ, ਜਿਥੇ 'ਈਨ-ਹੀਣ' ਵਾਲੀ ਸੋਚ ਨੂੰ ਕੋਈ ਥਾਂ ਨਹੀਂ ਸੀ। ਉਥੇ ਸਭ ਬਰਾਬਰ ਸਨ। ਸੁਤੰਤਰ ਕੌਰ ਹੁਣ ਸੰਤੀ ਭੂਆ ਵਜੋਂ ਪ੍ਰਸਿੱਧ ਹੋ ਜਾਂਦੀ ਹੈ। ਨਾਵਲ ਉਪਦੇਸ਼ਾਤਮਕ ਅਤੇ ਸੁਧਾਰਵਾਦੀ ਹੈ। ਨਾਵਲਕਾਰ ਵਲੋਂ ਪ੍ਰਸਤੁਤ ਅਨੇਕਾਂ ਵਿਚਾਰ ਅਸਤਿਤਵਾਦੀ ਚਿੰਤਕਾਂ ਮਾਰਟਿਨ ਹਾਈਡਿਗਰ ਅਤੇ ਜਾਂ ਪਾਲ ਸਾਰਤਰ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ। ਲੇਖਕ ਨੇ ਅਨੇਕਾਂ ਨਵੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ, ਜੋ 'ਕਿਹਾ ਜਾ ਸਕਦਾ ਹੈ' ਦੇ ਵਾਕੰਸ਼ ਨਾਲ ਸਮਾਪਤ ਹੁੰਦੀਆਂ ਹਨ। ਵਿਰੋਧੀ ਜੁੱਟਾਂ ਦੀ ਪੇਸ਼ਕਾਰੀ ਕਮਾਲ ਦੀ ਹੈ। 'ਸਵੈ' (ਅਸਤਿਤਵ) ਦੇ ਵਿਕਾਸ ਦੀ ਪ੍ਰਕਿਰਿਆ ਨੂੰ ਹੀ 'ਧਰਮ' ਕਿਹਾ ਗਿਆ ਹੈ। ਇੰਜ ਇਹ ਰਚਨਾ ਮਨੁੱਖੀ ਅਸਤਿਤਵ ਦੇ ਵਿਕਾਸ ਦਾ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ, ਜੋ ਅਨੇਕਾਂ ਬਿਰਤਾਂਤਕ ਜੁਗਤਾਂ ਦੇ ਅਧਿਐਨ ਦੇ ਬੂਹੇ ਖੋਲ੍ਹਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

 

25-11-2018

 ਵਿਚੋਂ ਵਿਚ ਦੀ
ਲੇਖਕ : ਐੱਸ. ਅਸ਼ੋਕ ਭੌਰਾ
ਪ੍ਰਕਾਸਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 395 ਰੁਪਏ, ਸਫ਼ੇ : 432
ਸੰਪਰਕ : 99151-03490

ਐੱਸ. ਅਸ਼ੋਕ ਭੌਰਾ ਉਨ੍ਹਾਂ ਪੰਜਾਬੀ ਲੇਖਕਾਂ ਵਿਚੋਂ ਹੈ, ਜਿਹੜੇ ਕਾਲਮ ਨਵੀਸੀ ਤੋਂ ਸ਼ੁਰੂ ਹੋਏ, ਟੈਲੀਵੀਜ਼ਨ ਦੇ ਐਂਕਰ ਬਣੇ, ਵਿਦੇਸ਼ਾਂ ਵਿਚ ਚਲੇ ਗਏ ਪਰ ਪੰਜਾਬੀ ਸੱਭਿਆਚਾਰ, ਜਨਜੀਵਨ ਅਤੇ ਸਾਹਿਕਾਰੀ ਨਾਲ ਉਸੇ ਤਰ੍ਹਾਂ ਜੁੜੇ ਰਹੇ ਜਿਵੇਂ ਜੀਵਨ ਦੇ ਮੁੱਢਲੇ ਸਾਲਾਂ ਵਿਚ ਜੁੜੇ ਹੋਏ ਸਨ। 'ਵਿਚੋਂ ਵਿਚ ਦੀ' ਉਸ ਦੀ ਉਹ 'ਸੰਗੀਤਕ ਪੈੜ' ਹੈ, ਜਿਹੜੀ ਉਨ੍ਹਾਂ ਪਲਾਂ ਅਤੇ ਘਟਨਾਵਾਂ ਨੂੰ ਸ਼ਬਦ ਪ੍ਰਦਾਨ ਕਰਦੀ ਹੈ, ਜਿਹੜੇ ਲੇਖਕ ਨੇ ਵੱਖ-ਵੱਖ ਗਾਇਕਾਂ, ਗੀਤਕਾਰਾਂ, ਸਾਜ਼ੀਆਂ ਅਤੇ ਕਲਾ ਪ੍ਰੇਮੀਆਂ ਨਾਲ ਗੁਜ਼ਾਰੇ ਹਨ। ਸਵਾ ਚਾਰ ਸੌ ਸਫ਼ਿਆਂ ਤੱਕ ਫੈਲੀਆਂ ਹੋਈਆਂ ਅਸ਼ੋਕ ਭੌਰਾ ਦੀਆਂ ਇਹ ਸੰਗੀਤ-ਯਾਦਾਂ ਚਾਰ ਦਰਜਨ ਤੋਂ ਵਧ ਉਨ੍ਹਾਂ ਗਾਇਕ-ਕਲਾਕਾਰਾਂ ਦੀਆਂ ਚੜ੍ਹਾਈਆਂ ਅਤੇ ਉਤਰਾਈਆਂ ਦੀ ਬਾਤ ਪਾਉਂਦੀਆਂ ਹਨ, ਜਿਨ੍ਹਾਂ ਨੇ ਕਈ ਸਾਲਾਂ ਤੱਕ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਗੀਤ-ਸੰਗੀਤ ਨਾਲ ਸਬੰਧਿਤ ਸ਼ਖ਼ਸੀਅਤਾਂ ਦੇ ਸੁਭਾਅ ਦੀਆਂ ਗਹਿਰੀਆਂ ਪਰਤਾਂ, ਉਨ੍ਹਾਂ ਦੇ ਕਿੱਤੇ ਦੀ ਸਫ਼ਲਤਾ ਦੀਆਂ ਗਹਿਰੀਆਂ ਰਮਜ਼ਾਂ ਦੇ ਨਾਲ-ਨਾਲ ਅਸ਼ੋਕ ਭੌਰਾ ਨਾਲ ਉਨ੍ਹਾਂ ਦੇ ਸਬੰਧਾਂ ਦੀ ਇਹ ਦਾਸਤਾਨ ਨਿਵੇਕਲੀ ਹੈ। ਅਸ਼ੋਕ ਭੌਰਾ ਨੇ ਆਪਣੇ ਜੀਵਨ-ਪੰਧ ਨੂੰ ਸੰਗੀਤ-ਹਸਤੀਆਂ ਨਾਲ ਆਪਣੇ ਰਿਸ਼ਤੇ ਦੇ ਨਜ਼ਰੀਏ ਤੋਂ ਚਿਤਰ ਕੇ ਸਾਹਿਤਕਾਰੀ ਦੀਆਂ ਨਵੀਆਂ ਪੈੜਾਂ ਪਾਈਆਂ ਹਨ। ਅਜਿਹਾ ਰੌਚਕ ਵਿਸਥਾਰ ਪੰਜਾਬੀ ਲੇਖਣੀ ਵਿਚ ਬਹੁਤ ਘੱਟ ਆਇਆ ਹੈ। 'ਅਜੀਤ' ਦੇ ਮੈਨੇਜਿੰਗ ਐਡੀਟਰ ਡਾ: ਬਰਜਿੰਦਰ ਸਿੰਘ ਹਮਦਰਦ ਦੇ ਅਸ਼ੋਕ ਭੌਰਾ ਦੀ ਜ਼ਿੰਦਗੀ, ਪੰਜਾਬੀ ਪੱਤਰਕਾਰੀ, ਪੰਜਾਬੀ ਗਾਇਕੀ, ਪੰਜਾਬੀ ਜਨਜੀਵਨ ਅਤੇ ਪੰਜਾਬੀ ਸੱਭਿਆਚਾਰ ਨੂੰ ਵਡਮੁੱਲੀ ਦੇਣ ਦੇ ਵਿਸਥਾਰ ਤੋਂ ਸ਼ੁਰੂ ਹੁੰਦੀ ਇਹ ਕਿਤਾਬ ਢਾਡੀ ਅਮਰ ਸਿੰਘ ਸ਼ੌਕੀ, ਸੁਰਿੰਦਰ ਕੌਰ, ਪੂਰਨ ਚੰਦ ਵਡਾਲੀ, ਕੁਲਦੀਪ ਮਾਣਕ, ਯਮਲਾ ਜੱਟ, ਮੁਹੰਮਦ ਸਦੀਕ, ਰਣਜੀਤ ਕੌਰ, ਅਮਰ ਚਮਕੀਲਾ, ਨਰਿੰਦਰ ਬੀਬਾ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਮਨਮੋਹਨ ਵਾਰਿਸ, ਸੁਰਜੀਤ ਬਿੰਦਰਖੀਆ, ਮਲਕੀਤ ਸਿੰਘ, ਪਰਮਿੰਦਰ ਸੰਧੂ ਆਦਿ ਦੀ ਗਾਇਕੀ ਅਤੇ ਜੀਵਨ ਦੀਆਂ ਗੱਲਾਂ ਕਰਦੀ ਹੋਈ, ਸ਼ਬਦਾਂ ਅਤੇ ਘਟਨਾਵਾਂ ਦੇ ਸੁਮੇਲ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਗੁੱਝੀਆਂ ਪਰਤਾਂ ਨੂੰ ਪੰਨਿਆਂ ਉੱਤੇ ਪਰੋਸ ਕੇ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਰਹੀ ਹੈ।
ਹੱਟੀਆਂ, ਭੱਠੀਆਂ ਅਤੇ ਸੱਥਾਂ ਵਾਲੇ ਪੰਜਾਬੀ ਲੋਕ ਜੀਵਨ ਨੇ ਕਿਵੇਂ ਕੁਝ ਹੀ ਸਾਲਾਂ ਵਿਚ ਲੋਕ-ਮੇਲਿਆਂ ਦਾ ਨਵਾਂ ਸੱਭਿਆਚਾਰ ਵਿਸਥਾਰਿਆ, ਇਸ ਦਾ ਚਿਤਰਨ ਵੀ ਅਸ਼ੋਕ ਭੌਰਾ ਨੇ ਖ਼ੂਬ ਕੀਤਾ ਹੈ ਅਤੇ ਜਗਦੇਵ ਸਿੰਘ ਜੱਸੋਵਾਲ ਦੀ ਕਾਰਜਸ਼ੈਲੀ ਦਾ ਉਲੇਖ ਕਰਦਿਆਂ ਮਾਹਿਲਪੁਰ ਦੇ ਅਮਰ ਸਿੰਘ ਸ਼ੌਕੀ ਮੇਲੇ ਦਾ ਇਤਿਹਾਸਕ ਦਸਤਾਵੇਜ਼ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉੱਘੇ ਗੀਤਕਾਰਾਂ ਦੇਵ ਥਰੀਕੇਵਾਲੇ, ਬਾਬੂ ਸਿੰਘ ਮਾਨ ਅਤੇ ਜਸਬੀਰ ਗੁਣਾਚੌਰੀਆ ਦਾ ਜ਼ਿਕਰ ਹੋਣ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬੀ ਗਾਇਕਾਂ ਨੁਸਰਤ ਫ਼ਤਹਿ ਅਲੀ ਖਾਨ, ਅਕਰਮ ਰਾਹੀ ਆਦਿ ਬਾਰੇ ਵੀ ਵਿਲੱਖਣ ਜਾਣਕਾਰੀ ਮਿਲਦੀ ਹੈ।
ਸਵੈ-ਜੀਵਨੀ ਦੇ ਅੰਦਾਜ਼ ਵਿਚ ਲਿਖੀ ਗਈ ਇਹ ਘਟਨਾਵਲੀ ਆਪਣੀ ਹੀ ਕਿਸਮ ਦੀ ਕਿਤਾਬ ਹੈ, ਜਿਸ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ।

ਂਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812
ਫ ਫ ਫ

ਲਹੂ ਰੰਗੀ ਮਹਿੰਦੀ
ਲੇਖਿਕਾ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 150 ਰੁਪਏ, ਸਫ਼ੇ : 112.
ਸੰਪਰਕ : 95010-73600

ਇਸ ਸੰਗ੍ਰਹਿ ਨਾਲ ਲੇਖਿਕਾ ਕਹਾਣੀਕਾਰਾਂ ਦੇ ਕਾਫ਼ਲੇ ਨਾਲ ਜੁੜ ਗਈ ਹੈ। ਪੁਸਤਕ ਦੀਆਂ 16 ਕਹਾਣੀਆਂ ਵਿਚ ਔਰਤ ਦੇ ਦੁੱਖਾਂ ਦੀ ਦਾਸਤਾਨ ਹੈ। ਖ਼ਾਸ ਕਰਕੇ ਵਿਧਵਾ ਹੋਣ ਦਾ ਦਰਦ ਕਹਾਣੀਆਂ ਦੀ ਮੁੱਖ ਸੁਰ ਹੈ। ਕਹਾਣੀ ਨਵੀਂ ਸਵੇਰ ਦੀ ਭਿੰਦੋ ਤੇ ਉਸ ਦਾ ਪਤੀ ਚੰਨੀ ਬੱਚਿਆਂ ਨਾਲ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਹਨ। ਕਿਸੇ ਦੁਰਘਟਨਾ ਵਿਚ ਚੰਨੀ ਅਣਿਆਈ ਮੌਤੇ ਦੁਨੀਆ ਤੋਂ ਤੁਰ ਜਾਂਦਾ ਹੈ। ਕਹਾਣੀ ਵਿਚ ਉਨ੍ਹਾਂ ਦੇ ਪਿਆਰ ਦੀ ਬਣਦੀ ਤੇ ਟੁੱਟਦੀ ਗੂੜ੍ਹੀ ਤਸਵੀਰ ਉੱਭਰਦੀ ਹੈ। ਪੁਸਤਕ ਟਾਈਟਲ ਵਾਲੀ ਕਹਾਣੀ ਵਿਚ ਇਸ ਕਹਾਣੀ ਦਾ ਸਾਰਾ ਪ੍ਰਸੰਗ ਹੈ ਕਿ ਇਹ ਤਾਂ ਲੇਖਿਕਾ ਦਾ ਆਪਣਾ ਹੱਡੀਂ ਹੰਢਾਇਆ ਦਰਦ ਹੈ। ਸੰਗ੍ਰਹਿ ਦੀ ਕਹਾਣੀ ਭੂਆ ਤਾਰੋ ਤਲਾਕਸ਼ੁਦਾ ਹੈ। ਇਕ ਪੁੱਤਰ ਹੈ। ਰੀਝਾਂ ਨਾਲ ਪਾਲਦੀ ਹੈ। ਕਾਲਜ ਅਧਿਆਪਕ ਬਣਦਾ ਹੈ। ਪਰ ਵਿਆਹ ਕਰਵਾ ਕੇ ਦੂਰ ਚਲਾ ਜਾਂਦਾ ਹੈ। ਤਾਰੋ ਵਿਚਾਰੀ ਸੰਤਾਪ ਭੋਗਦੀ ਮਰ ਜਾਂਦੀ ਹੈ। ਪਛਤਾਵਾ ਕਹਾਣੀ ਦੀ ਸਿਮਰਨ ਫ਼ੌਜੀ ਪਤੀ ਤੋਂ ਪ੍ਰੇਸ਼ਾਨ ਹੈ। ਅੰਦਰਲੀ ਕੁੜੀ ਦੀ ਪ੍ਰੀਤੀ ਯਤੀਮ ਹੋ ਕੇ ਆਪਣੀ ਛੋਟੀ ਭੈਣ ਨੂੰ ਪਾਲਦੀ ਹੈ ਤੇ ਨਿੱਕੀ ਉਮਰੇ ਮਾਂ ਵਾਂਗ ਵਿਚਰਦੀ ਹੈ। ਕਹਾਣੀ ਵਲਾਇਤ ਦੀ ਸਰਬਜੀਤ ਨੂੰ ਉਸ ਦਾ ਵਿਦੇਸ਼ ਗਿਆ ਪਤੀ ਧੋਖਾ ਦਿੰਦਾ ਹੈ। ਰੂਹਾਂ ਦੇ ਸੌਦੇ ਦੀ ਕਿਰਨ ਤੇ ਕਰਨੈਲ ਦਾ ਵੀ ਇਹੀ ਦਰਦ ਹੈ। ਰੱਖੋ ਦਾਈ ਨੂੰ ਵਿਧਵਾ ਧੀ ਰੇਸ਼ਮਾ ਦਾ ਦੁੱਖ ਹੈ। ਨਾਨੀ ਦੋਹਤਿਆਂ ਨੂੰ ਪਾਲਦੀ ਹੈ। ਇੰਤਜ਼ਾਰ ਦੀ ਕਾਂਤਾ ਨੂੰ ਆਪਣੇ ਮੁਹੱਬਤੀ ਸੁਨੀਲ ਨੂੰ ਸਭ ਕੁਝ ਸੌਂਪ ਕੇ ਉਸ ਦੀ ਉਡੀਕ ਕਰਨੀ ਪੈਂਦੀ ਹੈ। ਕਹਾਣੀਆਂ ਰੂਹਾਂ ਦੇ ਫੇਰੇ, ਕਰਮਜਲੀ, ਦਿਲਾਂ ਦੀ ਸਾਂਝ, ਮਿਡ ਡੇ ਮੀਲ ਔਰਤਾਂ ਦੇ ਦੁੱਖਾਂ ਦੀ ਭਾਵਕ ਪੇਸ਼ਕਾਰੀ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਦਿਲਬਰੀਆਂ
ਲੇਖਕ : ਹਰੀ ਸਿੰਘ ਦਿਲਬਰ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ (ਹਰਿਆਣਾ)
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-2777798.

ਹਰੀ ਸਿੰਘ ਦਿਲਬਰ ਪੰਜਾਬੀ ਦਾ ਹਰਮਨ-ਪਿਆਰਾ ਤੇ ਸਟੇਜ ਦਾ ਧਨੀ ਸ਼ਾਇਰ ਸੀ, ਜਿਸ ਨੇ ਅਨੇਕਾਂ ਸਥਾਨਕ ਤੇ ਰਾਸ਼ਟਰੀ ਕਵੀ ਦਰਬਾਰਾਂ ਵਿਚ ਭਾਗ ਲੈ ਕੇ ਆਪਣੀ ਕਲਾ ਦਾ ਜੌਹਰ ਦਿਖਾਇਆ ਸੀ। ਦਿਲਬਰ ਨੂੰ ਚੌਕਿਆਂ ਛਿੱਕਿਆਂ ਵਾਲੇ ਕਾਵਿ-ਰੂਪ ਦਾ ਉਸਤਾਦ ਮੰਨਿਆ ਜਾਂਦਾ ਹੈ। ਉਸ ਨੇ ਇਸ ਕਾਵਿ ਸਿਨਫ਼/ਵਿਧਾ ਨੂੰ ਹਰਮਨ-ਪਿਆਰਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਪੁਸਤਕ ਵਿਚ ਉਸ ਦੇ ਦੁੱਕੇ (ਦੋ ਦੋ ਸਤਰਾਂ ਦੀ ਕਵਿਤਾ), ਚੌਕੇ, ਛਿੱਕੇ ਤੇ ਕੁਝ ਹਾਸ-ਰਸੀ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਦਿਲਬਰ ਪੇਸ਼ੇ ਵਜੋਂ ਭਾਵੇਂ ਹਲਵਾਈ ਸੀ ਪਰ ਉਸ ਦਾ ਅਨੁਭਵ ਬਹੁਤ ਵਿਸ਼ਾਲ ਅਤੇ ਸੰਘਣਾ ਸੀ। ਉਸ ਦੀ ਦ੍ਰਿਸ਼ਟੀ ਅਤੇ ਨੀਝ ਏਨੀ ਤਿੱਖੀ ਸੀ ਕਿ ਉਹ ਸਮੇਂ ਅਤੇ ਸਥਿਤੀ ਵਿਚ ਪੈਦਾ ਹੋਈ ਵਿਸੰਗਤੀ ਨੂੰ ਝੱਟ ਤਾੜ ਜਾਂਦਾ ਸੀ। ਉਸ ਨੇ ਜੀਵਨ ਦੇ ਹਰ ਖੇਤਰ ਤੇ ਹਰ ਰੰਗ ਦੇ ਮਨੁੱਖਾਂ ਦੇ ਕਿਰਦਾਰ, ਗੁਫ਼ਤਾਰ ਅਤੇ ਹੀਲ-ਪਿਆਜ਼ ਨੂੰ ਆਪਣੇ ਵਿਅੰਗ ਰਾਹੀਂ ਨੰਗਿਆਂ ਕੀਤਾ ਹੈ।
ਇਨ੍ਹਾਂ ਛੋਟੇ-ਛੋਟੇ ਕਾਵਿ-ਰੂਪਾਂ ਰਾਹੀਂ ਉਹ ਆਪਣੀ ਗੱਲ ਕਹਿੰਦਾ-ਕਹਿੰਦਾ ਆਖ਼ਰੀ ਸਤਰ ਜਾਂ ਵਾਕ ਵਿਚ ਵਿਅੰਗ-ਵਿਸਫੋਟ ਕਰਦਾ ਹੈ। ਸਾਧਾਰਨ ਗੱਲ ਅਸਾਧਾਰਨ ਪ੍ਰਭਾਵ ਪਾਉਂਦੀ ਹੋਈ ਸ੍ਰੋਤੇ 'ਤੇ ਆਪਣਾ ਡੂੰਘਾ ਪ੍ਰਭਾਵ ਪਾਉਂਦੀ ਹੈ। ਉਹ ਜਾਂ ਤਾਂ ਹੱਸਦਾ ਹੈ ਤੇ ਜਾਂ ਫਿਰ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਸਟੇਜੀ ਕਵੀ ਵਿਚ ਇਹ ਗੁਣ ਬਹੁਤ ਲਾਹੇਵੰਦਾ ਹੁੰਦਾ ਹੈ ਕਿਉਂਕਿ ਉਸ ਨੇ ਆਪਣੀ ਕਵਿਤਾ ਰਾਹੀਂ ਨਿਵੇਕਲਾ ਪ੍ਰਭਾਵ ਪਾ ਕੇ ਵਾਹ-ਵਾਹ ਲੁੱਟਣੀ ਹੁੰਦੀ ਹੈ ਤੇ ਸ੍ਰੋਤਿਆਂ ਦਾ ਮਨੋਰੰਜਨ ਵੀ ਕਰਨਾ ਹੁੰਦਾ ਹੈ ਤੇ ਉਨ੍ਹਾਂ ਨੂੰ ਸਮਾਜਿਕ ਵਿਸੰਗਤੀਆਂ ਪ੍ਰਤੀ ਚੇਤਨ ਵੀ ਕਰਨਾ ਹੁੰਦਾ ਹੈ ਤੇ ਇਹੋ ਕੰਮ ਦਿਲਬਰ ਹੁਰੀਂ ਕਰਦੇ ਰਹੇ ਨੇ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਮਾਨਵ ਭਾਸ਼ਾ ਵਿਗਿਆਨ :
ਸੰਕਟ ਗ੍ਰਸਤ ਭਾਸ਼ਾਵਾਂ ਦਾ ਮਸਲਾ

ਸਰਪ੍ਰਸਤ : ਡਾ: ਰੇਖਾ ਸੂਦ ਹਾਂਡਾ,
ਮੁੱਖ ਸੰਪਾਦਕ: ਡਾ: ਇੰਦਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 154.
ਸੰਪਰਕ : 94630-88272.

ਹਥਲੀ ਪੁਸਤਕ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੇ ਭਵਿੱਖਮੁਖੀ ਕਥਿਤ ਸੰਕਟ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਸਬੰਧੀ ਜਾਣਕਾਰੀ ਦਿੰਦੀ ਹੈ। ਯੂਨੀਵਰਸਿਟੀ ਗ੍ਰਾਂਟ-ਕਮਿਸ਼ਨ ਦੇ ਅੰਤਰਗਤ ਦਿੱਤੀਆਂ ਜਾਂਦੀਆਂ ਵਿਭਿੰਨ ਪ੍ਰਕਾਰ ਦੀਆਂ ਗ੍ਰਾਂਟਾਂ ਵਿਚੋਂ ਆਯੋਜਿਤ ਕਰਵਾਏ ਗਏ ਸੰਵਾਦ ਸੈਮੀਨਾਰ ਦੀ ਉਪਜ, ਇਹ ਪੁਸਤਕ ਬਹੁਤ ਸਾਰੇ ਤੌਖਲਿਆਂ ਨੂੰ ਅਤੇ ਬਹੁਤ ਸਾਰੀਆਂ ਸ਼ੁੱਭ-ਆਸ਼ਾਵਾਂ ਨੂੰ ਸਾਡੇ ਸਨਮੁੱਖ ਕਰਦੀ ਹੈ। ਪੁਸਤਕ ਵਿਚ ਅੰਕਿਤ 31 ਲਘੂ-ਖੋਜ ਨਿਬੰਧ ਭਾਵੇਂ ਪੰਜਾਬੀ ਭਾਸ਼ਾ ਦੇ ਵਿਭਿੰਨ ਪਹਿਲੂਆਂ ਦੀ ਪਛਾਣ ਤੋਂ ਵਿਰਵੇ ਹਨ ਅਤੇ ਇਕ ਪੱਖੀ, ਸੀਮਤ ਸੋਚ-ਦ੍ਰਿਸ਼ਟੀ ਦੇ ਧਾਰਿਕ ਹਨ, ਪਰੰਤੂ ਫਿਰ ਵੀ ਇਨ੍ਹਾਂ ਵਿਚੋਂ ਮਾਂ-ਬੋਲੀ ਪੰਜਾਬੀ ਅਤੇ ਗੁਰਮੁਖੀ ਲਿਪੀ ਦੇ ਵਿਕਾਸ-ਪ੍ਰਸੰਗਾਂ, ਅਜੋਕੇ ਸਮੇਂ 'ਚ ਪੰਜਾਬੀ ਭਾਸ਼ਾ ਪ੍ਰਤੀ ਆ ਰਹੇ ਅਵੇਸਲੇਪਣ ਅਤੇ ਵਿਸ਼ਵ ਪੱਧਰ 'ਤੇ ਇਸ ਦੀ ਹੋਂਦ-ਸਥਿਤੀ ਦੇ ਪ੍ਰਤਿਮਾਨਾਂ ਨੂੰ ਬਾਖੂਬੀ ਪ੍ਰਗਟ ਕਰਦੇ ਹੋਏ ਪ੍ਰਤੀਤ ਹੁੰਦੇ ਹਨ। ਸਭਨਾਂ ਖੋਜਾਰਥੀਆਂ ਵਲੋਂ, ਭਾਵੇਂ ਇਨ੍ਹਾਂ ਵਿਚ ਵਧੇਰੇ ਨਾਰੀ-ਜਾਤੀ ਖੋਜਕਾਰਾਂ ਹੀ ਹਨ, ਦਾ ਸਾਂਝਾ ਪੈਗ਼ਾਮ ਹੈ ਕਿ, 'ਮਾਂ ਬੋਲੀ, ਮਾਂ ਜਣਨੀ, ਧਰਤੀ ਮਾਤਾ ਕੋਲੋਂ, ਟੁੱਟ ਕੇ ਬੰਦਾ, ਮਰਦਾ ਮਰਦਾ ਮਰ ਜਾਂਦਾ ਹੈ'। ਇਹ ਸੰਕਲਪ ਇਸ ਕਰਕੇ ਹੈ, ਕਿਉਂ ਜੋ ਸਮਾਜਿਕ-ਸੱਭਿਆਚਾਰਕ ਵਰਤਾਰਾ ਆਪਣੇ ਖਿੱਤੇ ਅਤੇ ਕੌਮੀਅਤ ਦੀ ਬੋਲੀ ਦੇ ਪ੍ਰਚਾਰ-ਪ੍ਰਸਾਰ ਸਦਕਾ ਹੀ ਜੀਵੰਤ ਰਹਿ ਸਕਦਾ ਹੈ। ਪੰਜਾਬ ਹੀ ਨਹੀਂ, ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਹੀ ਨਹੀਂ, ਸਗੋਂ ਵਿਭਿੰਨ ਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੀ, ਨਵੀਂ ਅਤੇ ਪੁਰਾਤਨ ਪੀੜ੍ਹੀ ਦੀ ਸੋਚ-ਦ੍ਰਿਸ਼ਟੀ ਨੂੰ ਵੀ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰਦੀ ਹੈ, ਕਈ ਸ਼ੰਕੇ ਵੀ ਪੈਦਾ ਕਰਦੀ ਹੈ ਅਤੇ ਕਈ ਸ਼ੰਕਿਆਂ ਦਾ ਨਿਵਾਰਨ ਵੀ ਕਰਦੀ ਹੈ।

ਫ ਫ ਫ

ਅਸੀਂ ਜਿੱਤਾਂਗੇ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 94170-76735.

ਉਸਾਰੂ ਵਿਚਾਰਧਾਰਿਕ ਚਿੰਤਕ ਕਾਰਲ ਮਾਰਕਸ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਕ ਸੋਚ ਦ੍ਰਿਸ਼ਟੀ ਨਾਲ ਜੁੜੇ ਮਰਜੀਵੜਿਆਂ ਦੇ ਜੀਵਨ ਬ੍ਰਿਤਾਂਤ ਦੀ ਜਾਣਕਾਰੀ ਦਿੰਦੀ ਇਹ ਹੱਥਲੀ ਪੁਸਤਕ ਸੱਚਮੁੱਚ ਅਜੋਕੀ ਸਾਇਕੀ ਵਾਲੇ ਚਿੰਤਕਾਂ ਲਈ ਵਿਸ਼ੇਸ਼ ਭਾਂਤ ਤੱਥ-ਮੂਲਕ ਸਬੂਤਾਂ ਸਹਿਤ ਪਾਠਕਾਂ ਦੇ ਸਨਮੁੱਖ ਹੈ।
ਸੰਪਾਦਕ ਅਮੋਲਕ ਸਿੰਘ ਲੰਮੇ ਅਰਸੇ ਤੋਂ ਪ੍ਰਗਤੀਸ਼ੀਲ, ਇਨਕਲਾਬੀ ਅਤੇ ਚੇਤੰਨ ਧਾਰਾ ਨਾਲ ਜੁੜਿਆ ਲੇਖਕ ਹੈ। ਉਸ ਨੇ ਡੂੰਘੇ ਖੇਤਰੀ ਖੋਜ-ਪੱਧਤੀ ਮਾਧਿਅਮ ਜ਼ਰੀਏ ਵਿਭਿੰਨ ਉਨ੍ਹਾਂ ਮਰਜੀਵੜਿਆਂ ਦੇ ਟੱਬਰਾਂ ਦੇ ਜੀਵੰਤ ਲੋਕਾਂ ਨਾਲ ਸਮੇਂ-ਸਮੇਂ ਮੁਲਾਕਾਤਾਂ ਕਰਕੇ ਉਸਾਰੂ ਅਤੇ ਲੋਕ ਹਿੱਤਾਂ ਦੇ ਕਾਰਜਸ਼ੀਲ ਵਿਅਕਤੀਤਵ ਦੇ ਧਾਰਕਾਂ ਨੂੰ, ਚਾਹੇ ਉਹ ਨੌਜਵਾਨੀ ਦੀ ਦਹਿਲੀਜ਼ 'ਚ ਹਨ ਜਾਂ ਜਵਾਨੀ ਮਾਣ ਰਹੇ ਹਨ ਜਾਂ ਬੁਢੇਪੇ ਦੀ ਅਵਸਥਾ 'ਚ ਹਨ, ਆਦਿ ਸਭਨਾਂ ਦੇ ਜੀਵਨ ਬ੍ਰਿਤਾਂਤ ਨੂੰ ਇਸ ਪੁਸਤਕ ਵਿਚ ਅੰਕਿਤ ਕੀਤਾ ਹੈ। ਪੁਸਤਕ ਵਿਚ ਦਰਸਾਈ ਜਾਣਕਾਰੀ ਵਧੇਰੇਤਰ ਸਵਾਲ-ਜਵਾਬ ਦੀ ਜੁਗਤ ਰਾਹੀਂ ਪ੍ਰਗਟ ਹੈ। ਇਹ ਸਵਾਲ ਜਵਾਬ ਘਰ-ਘਰ ਜਾ ਕੇ, ਕਸਬੇ-ਕਸਬੇ ਜਾ ਕੇ ਅਮੋਲਕ ਸਿੰਘ ਨੇ ਬਹੁਤ ਸਾਰੀਆਂ ਸੰਵੇਦਨਸ਼ੀਲ ਅਥਵਾ ਸੋਗੀ ਅਵਸਥਾਵਾਂ ਵਿਚ ਵਿਚਰਦਿਆਂ ਹੋਇਆਂ ਪ੍ਰਾਪਤ ਕੀਤੇ ਹਨ। ਲੋਕ ਹਿੱਤਾਂ ਲਈ ਜੂਝਦੇ ਨੌਜਵਾਨਾਂ ਨੂੰ ਨਕਸਲਬਾੜੀਏ ਕਹਿ ਕੇ ਜਾਂ ਦੇਸ਼ ਹਿੱਤਾਂ ਦੇ ਵਿਰੋਧੀ ਕਹਿ ਕੇ, ਜਿਸ ਕਦਰ ਵਕਤੀ ਹਕੂਮਤ ਦੁਆਰਾ ਗੋਲੀਆਂ ਮਾਰ ਕੇ, ਸਦਾ ਦੀ ਨੀਂਦੇ ਸੁਆ ਦਿੱਤਾ ਜਾਂਦਾ ਰਿਹਾ ਅਤੇ ਉਨ੍ਹਾਂ ਦੀਆਂ ਮਾਵਾਂ, ਭੈਣਾਂ ਦੇ ਘਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਜਾਂਦਾ ਰਿਹਾ, ਉਨ੍ਹਾਂ ਸਭਨਾਂ ਘਟਨਾਵਾਂ, ਸਥਾਨਾਂ, ਪਿੰਡਾਂ, ਘਰਾਂ ਦਾ ਬਾਰੀਕੀ ਨਾਲ ਪੁਸਤਕ ਵਿਚ ਜ਼ਿਕਰ ਹੈ।
ਗੱਲ ਭਾਵੇਂ ਸੁਰਜੀਤ ਬਾਗੜੀਆਂ, ਮਾਸਟਰ ਰਣਜੀਤ ਸਿੰਘ, ਰਾਜ ਕਿਸ਼ੋਰ ਮਹਿਲ, ਤੇਜਾ ਸਿੰਘ ਗੋਬਿੰਦਪੁਰਾ, ਅਜੈਬ ਸਿੰਘ 'ਮਲਕੋਂ', ਮਿੰਦਰ ਰਾਮਗੜ੍ਹ, ਇਕਬਾਲ ਮੰਗੂਵਾਲ, ਬਲਬੀਰ ਸਿੰਘ ਮਿੱਠੇਵਾਲ, ਉਂਕਾਰ ਸਿੰਘ ਕਲੋਆ, ਸ਼ਿਵ ਲਾਲ ਬਾਂਸਲ, ਟਹਿਲ ਸਿੰਘ 'ਲਹਿਰਾ', ਅਜੀਤ ਰਾਮ, ਤਰਲੋਚਨ ਸਿੰਘ ਬਾਬਕ, ਉਜਾਗਰ ਸਿੰਘ ਬਡਵਾਲੀ, ਅਜੀਤ ਸਿੰਘ ਸੀਕਰੀ ਅਤੇ ਸੋਹਣ ਲਾਲ ਆਦਿ ਦੇ ਪਰਿਵਾਰਾਂ ਦੇ ਬਾਕੀ ਰਹਿੰਦੇ ਜੀਆਂ ਨਾਲ ਮੁਲਾਕਾਤੀ ਰੂਪ ਵਿਚ ਹੈ ਪਰ ਇਹ ਸਭ ਕੁਝ ਸੱਚਾਈ ਦੇ ਕਥਨਾਂ ਦਾ ਪ੍ਰਗਟਾਵਾ ਹੈ। ਪੁਸਤਕ ਦੇ ਅੰਤਿਮ ਅਧਿਆਇਆਂ ਵਿਚ ਪੰਜਾਬ ਵਿਚਲੀ ਸਥਿਤੀ ਦਾ ਜ਼ਿਕਰ ਅਤੇ ਬਹੁਤ ਸਾਰੇ ਪੜਤਾਲੀਆ ਵਿਵਰਣਾਂ ਦਾ ਵੀ ਜ਼ਿਕਰ ਹੈ ਅਤੇ ਨਾਲ ਦੀ ਨਾਲ ਬਜ਼ੁਰਗ ਅਤੇ ਨੌਜਵਾਨ ਮਾਨਵੀ ਮਾਨਸਿਤਕਾ ਨੂੰ ਜੀਵੰਤ ਰੱਖਣ ਵਾਲੇ ਮਰਜੀਵੜਿਆਂ ਦਾ ਵੀ ਤਸਵੀਰਾਂ ਸਮੇਤ ਵਰਣਨ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਆਓ ਘੁੰਮਣ ਚੱਲੀਏ...
ਲੇਖਕ : ਹਰਦੀਪ ਕੁਲਾਮ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94172-27229.

ਇਹ ਪੁਸਤਕ ਇਕ ਸਫ਼ਰਨਾਮਾ ਹੈ, ਜਿਸ ਵਿਚ ਹਿਮਾਚਲ ਪ੍ਰਦੇਸ਼ ਅਤੇ ਨਿਪਾਲ ਦੇ ਕੁਝ ਚੋਣਵੇਂ ਸਥਾਨਾਂ ਦਾ ਜ਼ਿਕਰ ਹੈ। ਕੁਝ ਧਾਰਮਿਕ ਅਤੇ ਇਤਿਹਾਸਕ ਥਾਵਾਂ ਦੀ ਜਾਣਕਾਰੀ ਬੜੇ ਸਰਲ ਅਤੇ ਰੌਚਿਕ ਢੰਗ ਨਾਲ ਦਿੱਤੀ ਗਈ ਹੈ। ਕੁਝ ਰੰਗਦਾਰ ਫੋਟੋਆਂ ਵੀ ਹਨ। ਦੇਵ ਭੂਮੀ ਕਹਾਉਣ ਵਾਲੇ ਹਿਮਾਚਲ ਵਿਚ ਮੰਡੀ, ਮਨੀਕਰਨ, ਕੁੱਲੂ, ਮਨਾਲੀ, ਰਿਵਾਲਸਰ ਸਾਹਿਬ ਦਾ ਵਰਣਨ ਦਿੱਤਾ ਗਿਆ ਹੈ। ਕੁਝ ਦਿਲਚਸਪ ਨੁਕਤੇ ਸਾਂਝੇ ਕੀਤੇ ਗਏ ਹਨ। ਜਿਵੇਂ ਮੰਡੀ ਨੂੰ ਹਿਮਾਚਲ ਦੀ ਕਾਸ਼ੀ ਕਿਹਾ ਜਾਂਦਾ ਹੈ, ਕਿਉਂਕਿ ਇਥੇ ਕਾਸ਼ੀ (ਬਨਾਰਸ) ਤੋਂ ਵੀ ਵੱਧ ਮੰਦਰ ਹਨ। ਮੰਡੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਨਿਸ਼ਾਨੀਆਂ ਪਲੰਘ, ਤਲਾਈ, ਬੰਦੂਕ, ਬਾਰੂਦ ਦੀ ਕੁੱਪੀ ਅਤੇ ਰਬਾਬ ਸੁਸ਼ੋਭਿਤ ਹਨ, ਜੋ ਆਪ ਜੀ ਨੇ ਰਾਜੇ ਸਿੱਧ ਸੈਣ ਨੂੰ ਬਖ਼ਸ਼ੀਆਂ ਸਨ। ਨਿਪਾਲ ਦੇਸ਼ ਅੱਜ ਤੱਕ ਕਦੇ ਕਿਸੇ ਦਾ ਗੁਲਾਮ ਨਹੀਂ ਹੋਇਆ। ਜਿਥੇ ਨਿਪਾਲ ਦਾ ਮਹਾਤਮਾ ਬੁੱਧ ਨਾਲ ਨਾਤਾ ਹੈ, ਉਥੇ ਮਾਤਾ ਸੀਤਾ ਜੀ ਦਾ ਪੇਕਾ ਘਰ ਵੀ ਹੈ (ਜਨਕਪੁਰ)। ਇਥੇ ਕੌਲੀ ਤੋਂ ਲੈ ਕੇ ਕੜਾਹੀ ਤੱਕ ਇਹੋ ਜਿਹੇ ਭਾਂਡੇ ਮਿਲਦੇ ਹਨ, ਜਿਨ੍ਹਾਂ ਨੂੰ ਵਜਾਉਣ 'ਤੇ 'ਓਮ' ਵਰਗੀ ਆਵਾਜ਼ ਨਿਕਲਦੀ ਹੈ, ਜੋ ਕਿ ਥੈਰੇਪੀ ਦਾ ਕੰਮ ਕਰਦੀ ਹੈ। ਇਨ੍ਹਾਂ 'ਸਿੰਗਿੰਗ ਬਾਊਲਜ਼' ਦੀ ਕੀਮਤ ਹਜ਼ਾਰਾਂ ਲੱਖਾਂ ਤੱਕ ਹੁੰਦੀ ਹੈ। ਕਾਠਮੰਡੂ ਵਿਖੇ ਸਾਰਕ ਦੇਸ਼ਾਂ ਦਾ ਮੁੱਖ ਦਫ਼ਤਰ ਹੈ। ਪਸ਼ੂਪਤੀਨਾਥ ਮੰਦਰ ਜਿਥੇ ਨਿਪਾਲ ਦਾ ਸਭ ਤੋਂ ਪੁਰਾਣੇ ਤੇ ਵਿਸ਼ਾਲ ਮੰਦਰ ਹੈ, ਉਥੇ ਇਸ ਨੂੰ ਯੂਨੈਸਕੋ ਵਲੋਂ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਥੇ ਭੈਂਸੇ ਦੇ ਸਿਰ ਦੀ ਪੂਜਾ ਹੁੰਦੀ ਹੈ। ਮਹਾਤਮਾ ਬੁੱਧ ਦੇ ਜਨਮ ਸਥਾਨ ਸਮਾਰਕ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਦਾ ਰੁਤਬਾ ਮਿਲਿਆ ਹੋਇਆ ਹੈ। ਫੇਵ ਲੇਕ, ਡੇਵੀਜ਼ ਫਾਲ, ਗੁਪਤੇਸ਼ਵਰ ਮਹਾਂਗੁਫ਼ਾ, ਮਹਿੰਦਰ ਗੁਫ਼ਾ, ਬੈਟ ਗੁਫ਼ਾ, ਨੀਲਕੰਠ ਮੰਦਰ, ਬੁੱਧ ਅਮੀਦੇਵਾ ਪਾਰਕ ਅਤੇ ਸਵੈਮਬੂਨਾਥ ਸਤੂਪ ਇਥੋਂ ਦੀਆਂ ਅਦਭੁੱਤ ਥਾਵਾਂ ਹਨ। ਇਹ ਪੁਸਤਕ ਪੜ੍ਹਨਯੋਗ ਤੇ ਮਾਣਨਯੋਗ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਮੇਂ ਦੀ ਪੈੜ
ਲੇਖਕ : ਡਾ: ਲੇਖ ਰਾਜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ (ਸਜਿਲਦ), ਸਫ਼ੇ : 88
ਸੰਪਰਕ : 94644-25912.

ਇਸ ਪੁਸਤਕ ਵਿਚ ਲੇਖਕ ਨੇ ਛੰਦ-ਬੱਧ ਕਵਿਤਾਵਾਂ ਦੇ ਨਾਲ-ਨਾਲ ਗੀਤਾਂ ਨੂੰ ਵੀ ਸ਼ਾਮਿਲ ਕੀਤਾ ਹੈ। ਹਰ ਜਾਗਦੀ ਅਤੇ ਜੀਵੰਤ ਆਤਮਾ ਜ਼ਿੰਦਗੀ 'ਚ ਇਕ ਸੁਪਨਾ ਬੁਣਦੀ ਹੈ ਅਤੇ ਉਸ ਦੀ ਤਾਮੀਰ 'ਚ ਤਾ-ਉਮਰ ਸੰਘਰਸ਼ ਕਰਦੀ ਹੈ, ਜੇ ਉਸ ਦਾ ਸੁਪਨਾ ਅਧਵਾਟੇ ਹੀ ਮਰ ਜਾਵੇ ਤਾਂ ਉਹ ਆਤਮਾ ਵਜੂਦ 'ਚ ਰਹਿੰਦਿਆਂ ਵੀ ਮਰ ਜਾਂਦੀ ਹੈ। ਇਹ ਵਿਅਕਤੀ ਦੀ ਆਤਮਿਕ ਮੌਤ ਹੈ। ਮਨੁੱਖ ਦਾ ਸੁਪਨਾ ਨਹੀਂ ਮਰਨਾ ਚਾਹੀਦਾ, ਸੁਪਨੇ ਦੀ ਤਾਮੀਰ ਲਈ ਤਾ-ਉਮਰ ਸੰਘਰਸ਼ ਅਤੇ ਸਿਰੜਤਾ ਅਤਿਅੰਤ ਲਾਜ਼ਮੀ ਹੈ। ਸੁਪਨੇ ਦਾ ਸਬੰਧ ਵਿਅਕਤੀਗਤ ਅਤੇ ਸਮੂਹਿਕ ਹੈ। ਅਜਿਹੀਆਂ ਭਾਵਨਾਵਾਂ ਡਾ: ਲੇਖ ਰਾਜ ਦੇ ਇਸ ਕਾਵਿ-ਸੰਗ੍ਰਹਿ 'ਚ ਥਾਂ-ਪੁਰ-ਥਾਂ ਦੇਖੀਆਂ ਜਾ ਸਕਦੀਆਂ ਹਨ।
ਚਲ ਆ ਮਿਲ ਕੇ
ਦੁਆ ਕਰੀਏ
ਕਿਸੇ ਮਨੁੱਖ ਦੇ
ਸੁਪਨੇ ਮਰਨ ਨਾ
ਕਿਉਂਕਿ
ਸੁਪਨਿਆਂ ਦੇ ਮਰਨ ਨਾਲ
ਮਨੁੱਖ ਖ਼ੁਦ ਵੀ
ਮਰ ਜਾਂਦਾ ਹੈ।
ਸ਼ਿਵ ਕੁਮਾਰ ਬਟਾਲਵੀ ਦੀਆਂ ਕਪੂਰਥਲਾ ਵਿਖੇ ਤਰੰਨਮ ਨਾਲ ਸੁਣੀਆਂ ਕਵਿਤਾਵਾਂ ਦਾ ਹੀ ਅਸਰ ਸੀ ਕਿ ਡਾ: ਲੇਖ ਰਾਜ ਪੜ੍ਹਨ, ਗੁੜ੍ਹਨ ਤੇ ਲਿਖਣਯੋਗ ਹੋਏ। ਉਨ੍ਹਾਂ ਦੇ ਇਸ ਸੰਘਰਸ਼ ਦੀਆਂ ਇਹ ਕਵਿਤਾਵਾਂ ਜ਼ਾਮਨ ਹਨ। ਸੁਚੱਜਾ ਸਾਹਿਤ ਜ਼ਿੰਦਗੀ ਨੂੰ ਸੇਧਿਤ ਹੀ ਨਹੀਂ ਕਰਦਾ, ਸਗੋਂ ਵਿਗਸਣ-ਯੋਗ ਵੀ ਬਣਾਉਂਦਾ ਹੈ। ਇਹ ਪ੍ਰੇਰਨਾ ਵੀ ਦਿੰਦਾ ਹੈ ਕਿ ਚੰਗੇ ਸਾਹਿਤ ਨਾਲ ਡੂੰਘੀ ਦੋਸਤੀ ਪਾਈ ਜਾਵੇ। 'ਗੀਤ' ਪੰਜਾਬੀ ਕਾਵਿ-ਜਗਤ ਦਾ ਅਹਿਮ ਹਿੱਸਾ ਹੈ, ਪਰ ਇਸ ਪਾਸੇ ਕਵੀਆਂ ਨੇ ਘੱਟ ਧਿਆਨ ਦਿੱਤਾ ਹੈ। ਪਰ ਡਾ: ਸਾਹਿਬ ਨੇ ਇਸ ਪਾਸੇ ਆਪਣੀਆਂ ਲਿਖਤਾਂ ਦੇ ਕੇ ਪੰਜਾਬੀ ਜੀਵਨ 'ਚ 'ਹੁਲਾਸ' ਭਰਨ ਦਾ ਪ੍ਰਪੱਕ ਯਤਨ ਕੀਤਾ ਹੈ। ਸਮੁੱਚੀਆਂ ਕਵਿਤਾਵਾਂ ਪੜ੍ਹਨਯੋਗ ਵੀ ਹਨ ਅਤੇ ਗੌਲਣਯੋਗ ਵੀ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.
ਫ ਫ ਫ

ਕਵਿਤਾ ਮੇਰੇ ਜਿਹੀ
ਕਵੀ : ਡਾ: ਮੋਨੋਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 92
ਸੰਪਰਕ : 094191-39906.

ਹਥਲੀ ਪੁਸਤਕ ਵਿਚ ਕਵੀ ਮੋਨੋਜੀਤ ਨੇ ਕੁੱਲ 48 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਕਟਾਖਸ਼ ਉਸ ਦੇ ਲਹੂ ਵਿਚ ਘੁਲਿਆ ਹੋਇਆ ਤੱਤ ਹੈ, ਇਸੇ ਲਈ ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਵੀ ਕਾਵਿ ਬਿਰਤਾਂਤ ਦਾ ਰੰਗ ਕਟਾਖਸ਼ੀ ਹੋ ਕੇ ਉੱਘੜਦਾ ਹੈ। ਉਹ ਆਪਣੇ ਆਸੇ-ਪਾਸੇ ਫੈਲੇ ਸਮਾਜਿਕ ਵਰਤਾਰੇ ਵਿਚੋਂ ਹੰਸ ਬੁੱਧ ਨਾਲ ਮਨੁੱਖ ਵਿਰੋਧੀ ਵਰਤਾਰਿਆਂ ਨੂੰ ਵੱਖ ਕਰਦਾ ਹੈ ਅਤੇ ਅਵਚੇਤਨ ਵਿਚ ਢਾਲ ਕੇ ਪੇਸ਼ ਕਰਦਾ ਹੈ। ਉਹ ਚਿੰਨ੍ਹਾਂ, ਬਿੰਬਾਂ ਅਤੇ ਅਲੰਕਾਰਾਂ ਰਾਹੀਂ ਪਾਠਕ ਦੀ ਦਿਲਚਸਪੀ ਨੂੰ ਜਗਾ ਕੇ ਆਪਣੇ ਨਾਲ ਲੈ ਤੁਰਦਾ ਹੈ। ਕਸ਼ਮੀਰ ਵਿਚਲੇ ਵਾਪਰਦੇ ਹਾਲਾਤ ਉਸ ਦੀਆਂ ਕਵਿਤਾਵਾਂ ਦੀ ਚਾਸ਼ਨੀ ਬਣਦੇ ਹਨ। ਕਵੀ ਜੇਕਰ ਅਧਿਆਤਮਿਕ ਗੱਲ ਵੀ ਕਵਿਤਾ ਵਿਚ ਕਰਦਾ ਹੈ ਤਾਂ ਉਸ ਵਿਚੋਂ ਯਥਾਰਥ ਹਾਜ਼ਰ ਰਹਿੰਦਾ ਹੈ। ਹਰ ਕਵਿਤਾ ਭਰਪੂਰ ਸੰਵਾਦ ਰਚਾਉਂਦੀ ਅਤੇ ਪਾਠਕ ਦੀ ਮਨੋਬਿਰਤੀ ਨੂੰ ਹਲੂਣਦੀ ਹੈ। ਭ੍ਰਿਸ਼ਟਾਚਾਰ ਅਤੇ ਭਰੂਣ ਹੱਤਿਆ ਪ੍ਰਤੀ ਲਿਖੀਆਂ ਉਸ ਦੀਆਂ ਕਵਿਤਾਵਾਂ ਆਮ ਬਿਆਨ ਤੋਂ ਅਗਾਂਹ ਦੀਆਂ ਹਨ। ਉਸ ਦੀ ਸ਼ਬਦਾਵਲੀ ਆਧੁਨਿਕ ਮਨੁੱਖ ਦੀ ਜ਼ਬਾਨ ਹੈ :
-'ਅਵਚੇਤਨ ਵੱਲ ਯਾਤਰਾ ਦੇ ਆਰੰਭ ਤੋਂ ਪਹਿਲਾਂ/ਮੈਂ ਆਪਣੀ ਸਮੁੱਚੀ ਚੇਤਨਾ ਨੂੰ/ਸਮੇਟ ਕੇ ਇਕ ਪੋਲੀਥੀਨ ਦੇ/ਲਿਫ਼ਾਫ਼ੇ ਵਿਚ ਪਾਇਆ ਤੇ/ਰੈਫਰੀਜਰੇਟਰ ਵਿਚ ਲਗਾ ਦਿੱਤਾ/'ਂ
ਉਸ ਦੇ ਕਟਾਖਸ਼ ਕਾਵਿ ਦਾ ਇਕ ਨਮੂਨਾ ਵੇਖੋ :
ਂ'ਕੌਣ ਕਹਿੰਦਾ ਹੈ/ਸਾਡੀ ਸਰਕਾਰ ਕੁਝ ਨਹੀਂ ਕਰਦੀ?/ਸਾਡੀ ਸਰਕਾਰ ਬਹੁਤ ਕੁਝ ਕਰਦੀ ਹੈ/ਰੇਲ ਹਾਦਸੇ ਵਿਚ ਮਰਨ ਵਾਲਿਆਂ ਦੇ/ਪੈਸੇ ਦਿੰਦੀ ਹੈ/... ਮਿਲੀਟੈਂਟਾਂ ਦੀਆਂ ਗੋਲੀਆਂ ਨਾਲ/ਮਰਨ ਵਾਲਿਆਂ ਦੀ ਕੀਮਤ ਅਦਾ ਕਰਨ ਵਿਚ/ਸਰਕਾਰ ਬਿਲਕੁਲ ਕੰਜੂਸੀ ਨਹੀਂ ਕਰਦੀ/ਉਨ੍ਹਾਂ ਦੇ ਚੈੱਕ ਤਾਂ ਪਹਿਲਾਂ ਤੋਂ ਹੀ/ਬਣੇ ਪਏ ਹੁੰਦੇ ਨੇ...'
ਡਾ: ਮੋਨੋਜੀਤ ਦੀ ਇਸ ਪੁਸਤਕ ਦੀ ਕਵਿਤਾ ਅਜੋਕੇ ਸੰਦਰਭਾਂ ਦੇ ਪ੍ਰਥਾਇ ਗੰਭੀਰ ਤੇ ਚੇਤੰਨ ਪਾਠਕਾਂ ਦੀ ਸੁਰਤ ਨੂੰ ਹਲੂਣਾ ਦੇਣ ਵਾਲੀ ਹੈ।

ਫ ਫ ਫ

ਧੁਨ ਦੀ ਖੁਸ਼ਬੋ
ਸ਼ਾਇਰ : ਦਵਿੰਦਰ ਪੂਨੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98152-98459.

ਹਥਲੀ ਪੁਸਤਕ ਵਿਚ ਦਵਿੰਦਰ ਪੂਨੀਆ ਨੇ ਆਪਣੀਆਂ 74 ਗ਼ਜ਼ਲਾਂ, 30 ਦੇ ਲਗਪਗ ਦੋਹੇ ਅਤੇ 73 ਤ੍ਰਿਵੈਣੀਆਂ ਸ਼ਾਮਿਲ ਕੀਤੀਆਂ ਹਨ। 'ਧੁਨ ਦੀ ਖੁਸ਼ਬੋ' ਵਿਚਲੀਆਂ ਗ਼ਜ਼ਲਾਂ ਦਾ ਵਿਸ਼ਾ ਪੱਖ ਸਲਾਹੁਣਯੋਗ ਹੈ। ਉਹ ਸ਼ਿਅਰਾਂ ਵਿਚ ਜਿਥੇ ਆਧੁਨਿਕ ਮਨੁੱਖ ਦੀ ਅੰਦਰੂਨੀ ਟੁੱਟ-ਭੱਜ ਨੂੰ ਸਫ਼ਲਤਾ ਸਹਿਤ ਪੇਸ਼ ਕਰਦਾ ਹੈ, ਉਥੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਹਿੰਦਾ ਹੈ ਕਿ ਤੁਸੀਂ ਸਮੇਂ ਅਤੇ ਰਾਜਨੀਤਕ ਅਵਸਥਾ-ਵਿਵਸਥਾ ਨੂੰ ਸੇਧ ਦਿਓ :
ਉਲਝਦਾ ਜਾਪ ਰਿਹਾ ਹੈ ਸੂਰਜ
ਜਾਗ ਕੇ ਉਸ ਦੀ ਦਿਸ਼ਾ ਹੋ ਜਾਉ
ਸ਼ਾਇਰ ਵਿਅੰਗ ਕਰਨ ਵਿਚ ਵੀ ਮਾਹਿਰ ਹੈ। ਉਸ ਅਨੁਸਾਰ ਅਜੋਕੀ ਸ਼ਾਇਰੀ ਕੇਵਲ ਆਤਮ ਵਡਿਆਈ ਹੀ ਹੈ :
ਜ਼ਿੰਦਗੀ ਦਾ ਨਾ ਪਤਾ ਲੈਂਦੇ ਹਾਂ
ਸ਼ਾਇਰੀ ਤੋਂ ਤਾਂ ਮਜ਼ਾ ਲੈਂਦੇ ਹਾਂ
ਹਰ ਮਹਾਂਵਾਕ ਨਿਰਾਸ਼ਾ ਵਿਚ ਹੈ
ਸੌਣ ਖਾਤਿਰ ਇਹ ਦਵਾ ਲੈਂਦੇ ਹਾਂ।
ਉਸ ਦੇ ਕਈ ਸ਼ਿਅਰ ਉਲਟ ਭਾਵੀ ਹਨ। ਉਹ ਮਸਲਿਆਂ ਪ੍ਰਤੀ ਇਕੱਤਰਤਾਵਾਂ ਵਿਚ ਸ਼ਾਮਿਲ ਲੋਕਾਂ ਨੂੰ ਵਿਹਲੇ ਵੀ ਕਹਿ ਜਾਂਦਾ ਹੈ :
ਹਰ ਥਾਂ ਪਹੁੰਚੇ ਹੁੰਦੇ ਹੋ ਲਗਦੈ ਬਹੁਤੇ ਵਿਹਲੇ ਹੋ
ਹੁਣ ਕੀ ਨਾਅਰੇਬਾਜ਼ੀ ਦਾ ਚੱਕੀ ਵਿਚਲੇ ਦਾਣੇ ਹੋ।
ਦਵਿੰਦਰ ਪੂਨੀਆ ਦੀਆਂ ਗ਼ਜ਼ਲਾਂ ਅਤੇ ਦੋਹੇ ਆਪਣੇ ਰੂਪ ਸਰੂਪ ਵਿਚ ਪਰਿਪੂਰਨ ਹਨ ਪਰ ਉਸ ਦੀਆਂ 'ਤ੍ਰਿਵੈਣੀਆਂ' ਦਾ ਬੱਝਵਾਂ ਸਰੂਪ ਨਹੀਂ। ਇਹ ਨਾ ਤਾਂ ਹਾਇਕੂ ਹਨ ਅਤੇ ਨਾ ਹੀ ਕਿਸੇ ਹੋਰ ਵਿਧਾ ਵਿਚ ਹਨ। ਇਹ 'ਤ੍ਰਿਵੈਣੀਆਂ' ਤਿੰਨਾਂ ਸਤਰਾਂ ਦੀ ਸਿੱਧੜ ਵਾਰਤਿਕ ਹੀ ਹੈ। ਕਈ ਤਾਂ 33 ਸ਼ਬਦਾਂ ਦੀਆਂ ਹਨ ਪਰ ਕਈ 17 ਸ਼ਬਦਾਂ ਦੀਆਂ। ਕੁੱਲ ਮਿਲਾ ਕੇ ਹਥਲੀ ਪੁਸਤਕ ਦਿਲ ਦੀ ਗੱਲ ਕਰਦੀ ਹੈ ਅਤੇ ਪਾਠਕਾਂ ਦੇ ਵਿਚਾਰਾਂ ਨੂੰ ਹਲੂਣਾ ਦੇਣ ਵਿਚ ਸਫ਼ਲ ਹੋਵੇਗੀ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਮਾਂ! ਮੈਨੂੰ ਥੋੜ੍ਹਾ ਜਿਹਾ ਤਾਂ ਉਡੀਕ ਲੈਂਦੀ
ਲੇਖਕ : ਗੁਰਦੇਵ ਸਿੰਘ ਜੌਹਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 95012-64465.

ਵਿਗਿਆਨ ਦਾ ਵਿਸ਼ਾ ਪੜ੍ਹਾਉਣ ਵਾਲਾ ਪ੍ਰੋ: ਗੁਰਦੇਵ ਸਿੰਘ ਜੌਹਲ ਸਮਾਜ ਤੇ ਸਵੈ ਦੋਹਾਂ ਨੂੰ ਬਾਰੀਕੀ ਨਾਲ ਸਮਝ ਕੇ ਸਰਲ ਪ੍ਰੇਰਨਾਤਮਕ ਵਾਰਤਕ ਲਿਖਣ ਦਾ ਹੁਨਰ ਜਾਣਦਾ ਹੈ। ਉਸ ਨੇ ਪੰਜਾਬ ਦੇ ਸਾਧਾਰਨ ਸਾਧਨਾਂ ਵੱਲ ਨਿੱਕੇ ਜਿਹੇ ਕਿਰਸਾਨੀ ਪਰਿਵਾਰ ਵਿਚੋਂ ਉੱਠ ਕੇ ਆਪਣੀ ਮਿਹਨਤ ਨਾਲ ਆਪਣੇ ਤੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਲੀਹਾਂ 'ਤੇ ਖੜ੍ਹਾ ਕੀਤਾ ਹੈ। ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾ ਕੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਦੇ ਸਮਰੱਥ ਬਣਾਇਆ ਹੈ। ਦਲੇਰ, ਨਿਰੰਤਰ ਤੇ ਇਮਾਨਦਾਰੀ ਨਾਲ ਕੀਤਾ ਉਸ ਦਾ ਜੀਵਨ ਸੰਘਰਸ਼ ਉਸ ਨੂੰ ਜ਼ਿੰਦਗੀ ਜੀਣੀ ਸਿਖਾ ਗਿਆ ਹੈ। ਮਾੜੇ ਚੰਗੇ ਲੋਕ, ਸਥਿਤੀਆਂ, ਸੰਸਥਾਵਾਂ, ਰਿਸ਼ਤੇਦਾਰ, ਅਧਿਆਪਕ, ਸਹਿਕਰਮੀ, ਵਿਦਿਆਰਥੀ ਤੇ ਅਫ਼ਸਰ ਉਸ ਨੂੰ ਕਦਮ-ਕਦਮ 'ਤੇ ਮਿਲੇ ਹਨ। ਇਨ੍ਹਾਂ ਨਾਲ ਮਿਲਦੇ ਵਰਤਦੇ ਹੋਏ ਉਸ ਦੇ ਅਨੁਭਵ ਤਲਖ, ਤੁਰਸ਼, ਸ਼ੀਰੀਂ ਤਿੰਨੇ ਪ੍ਰਕਾਰ ਦੇ ਰਹੇ ਹਨ। ਇਸ ਪੁਸਤਕ ਵਿਚ ਉਸ ਨੇ ਆਪਣੇ ਇਨ੍ਹਾਂ ਅਨੁਭਵਾਂ/ਯਾਦਾਂ ਨੂੰ ਅੰਕਿਤ ਕੀਤਾ ਹੈ।
ਜੌਹਲ ਦੀਆਂ ਯਾਦਾਂ ਵਿਚ ਪਿੰਡ ਬੋਲਦਾ ਹੈ। ਪੰਜਾਬ ਬੋਲਦਾ ਹੈ। ਟੁੱਟ ਖੁਰ ਰਹੇ ਰਿਸ਼ਤੇ, ਤੂੜੀ ਦੀ ਪੰਡ ਵਾਂਗ ਖਿੱਲਰ ਰਿਹਾ ਭਾਈਚਾਰਾ, ਨਗਰਾਂ/ਮਹਾਂਨਗਰਾਂ ਦੀ ਆਪਾ ਧਾਪੀ ਵਿਚ ਘਿਰਿਆ ਪਰੰਪਰਾਗਤ ਉਸਾਰੂ ਕਦਰਾਂ-ਕੀਮਤਾਂ ਤੇ ਜੀਵਨ ਜਾਚ ਨੂੰ ਪ੍ਰਣਾਇਆ ਮਨੁੱਖ ਬੋਲਦਾ ਹੈ। ਇਨ੍ਹਾਂ ਬਿਰਤਾਂਤਾਂ ਵਿਚ ਜਾਤ ਵੀ ਹੈ ਤੇ ਕਾਇਨਾਤ ਵੀ। ਹਮਾਰੀ ਬਾਤ ਭੀ ਹੈ ਔਰ ਤੁਮਹਾਰੀ ਬਾਤ ਭੀ। ਇਨ੍ਹਾਂ ਦਾ ਮੁੱਲ ਇਨ੍ਹਾਂ ਦੇ ਸੁਹਜ ਸੁਆਦ ਤੇ ਪ੍ਰੇਰਨਾਤਮਕਤਾ ਦੋਵਾਂ ਪੱਖਾਂ ਤੋਂ ਹੈ। ਇਹ ਨਿੱਕੀਆਂ-ਨਿੱਕੀਆਂ ਵਾਰਤਕ ਟੁਕੜੀਆਂ ਪੜ੍ਹਨ ਨੂੰ ਰੌਚਕ ਵੀ ਹਨ ਅਤੇ ਸੋਚਣ ਵਿਚਾਰਨ ਲਈ ਮਜਬੂਰ ਵੀ ਕਰਦੀਆਂ ਹਨ।
ਬਨਾਵਟ ਤੋਂ ਮੁਕਤ, ਸਰਲ ਸ਼ੈਲੀ ਵਾਲੀ ਵਾਰਤਕ ਵਿਚ ਲੇਖਕ ਨੇ ਇਨ੍ਹਾਂ ਵਿਚ ਆਪਣੇ ਜੀਵਨ ਸੰਘਰਸ਼ ਦੇ ਕੁਝ ਵੇਰਵੇ ਦੱਸੇ ਹਨ। ਕਾਲਜ/ਹੋਸਟਲ ਦੇ ਦਿਨ। ਸਕੂਲ ਦਾ ਜੀਵਨ/ਬੇਮਤਲਬ ਖਾਰ ਖਾਂਦੇ ਰਿਸ਼ਤੇਦਾਰ, ਆਦਰਸ਼ ਅਧਿਆਪਕ, ਪ੍ਰਾਈਵੇਟ ਕਾਲਜਾਂ ਦੇ ਪ੍ਰਿੰਸੀਪਲਾਂ, ਕਮੇਟੀਆਂ, ਸਾਥੀਆਂ ਦਾ ਕਿਰਦਾਰ, ਚੰਗੇ, ਮਾੜੇ ਦੋਸਤ, ਸਵਾਰਥੀ ਰਿਸ਼ਤੇਦਾਰੀਆਂ। ਮੋਦੀ ਸਰਕਾਰ ਦੇ ਹੁਸੀਨ ਸੁਪਨੇ ਤੇ ਪਾਏ ਪੁਆੜੇ। ਬੜਾ ਕੁਝ ਹੈ ਇਸ ਨਿੱਕੀ ਜਿਹੀ ਕਿਤਾਬ ਵਿਚ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ
ਲੇਖਕ : ਗਿਆਨੀ ਹੀਰਾ ਸਿੰਘ 'ਦਰਦ'
ਸੰਪਾਦਕ : ਡਾ: ਹਰਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 94170-33153.

ਮਨੁੱਖ ਦੀ ਅਣਦੇਖੀਆਂ ਧਰਤੀਆਂ ਨੂੰ ਦੇਖਣ ਦੀ ਚਾਹਤ ਵਿਚੋਂ ਹੀ ਸਫ਼ਰਨਾਮਾ ਸਾਹਿਤ ਨੇ ਜਨਮ ਲਿਆ। ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਵੱਖ-ਵੱਖ ਸਥਾਨਾਂ ਦੀ ਯਾਤਰਾ ਦੇ ਅਨੁਭਵ ਨੂੰ ਸਫ਼ਰਨਾਮੇ ਦੇ ਰੂਪ ਵਿਚ ਆਪਣੀਆਂ ਲਿਖਤਾਂ ਤਹਿਤ ਦਰਜ ਕੀਤਾ ਹੈ। ਵਿਚਾਰਾਧੀਨ ਪੁਸਤਕ 'ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ' ਸਫ਼ਰਨਾਮੇ ਦੇ ਰੂਪ ਵਿਚ ਗਿਆਨੀ ਹੀਰਾ ਸਿੰਘ 'ਦਰਦ' ਦੁਆਰਾ ਲਿਖੀ ਅਤੇ ਡਾ: ਹਰਜੀਤ ਸਿੰਘ ਦੁਆਰਾ ਸੰਪਾਦਿਤ ਕੀਤੀ ਪੁਸਤਕ ਹੈ। ਇਸ ਪੁਸਤਕ ਵਿਚ ਹੀਰਾ ਸਿੰਘ ਦਰਦ ਨੇ ਆਪਣੀ ਮਲਾਇਆ ਯਾਤਰਾ 'ਤੇ ਜਾਣ ਅਤੇ ਬ੍ਰਿਜ ਭੂਮੀ ਵਿਖੇ ਕੁਝ ਦਿਨ ਰੁਕ ਕੇ ਉਥੋਂ ਦੀ ਰੰਗ-ਰੰਗੀਲੀ ਦੁਨੀਆ ਨੂੰ ਦੇਖਣ ਅਤੇ ਮਾਣਨ ਦੀ ਗਾਥਾ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਲੇਖਕ ਨੇ ਬ੍ਰਿਜ ਭੂਮੀ ਦੀ ਯਾਤਰਾ ਦੌਰਾਨ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਨਾਲ ਓਤ-ਪੋਤ ਇਸ ਭੂਮੀ ਦਾ ਵਰਨਣ ਬੜੇ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਹੈ, ਵਿਸ਼ੇਸ਼ ਕਰਕੇ ਇਸ ਧਰਤੀ 'ਤੇ ਮਨਾਈ ਜਾਂਦੀ ਹੋਲੀ ਦੇ ਦਿਲਖਿੱਚਵੇਂ ਚਿੱਤਰ ਪਾਠਕ ਨੂੰ ਮਾਣਨ ਨੂੰ ਮਿਲਦੇ ਹਨ। ਇਥੇ ਦੇ ਮੰਦਰਾਂ ਬਾਰੇ ਅਤੇ ਬਰਸਾਨੇ ਦੀ ਹੋਲੀ ਬਾਰੇ ਲੇਖਕ ਨੇ ਵਿਸਥਾਰ ਸਹਿਤ ਵਰਨਣ ਕੀਤਾ ਹੈ। ਇਥੋਂ ਕਲਕੱਤੇ ਹੁੰਦਾ ਹੋਇਆ ਲੇਖਕ ਮਲਾਇਆ ਦੀ ਧਰਤੀ 'ਤੇ ਪਹੁੰਚਦਾ ਹੈ। ਕਲਕੱਤੇ ਤੋਂ ਪੀਨਾਂਗ ਦਾ ਸਮੁੰਦਰੀ ਜਹਾਜ਼ ਦਾ ਸਫ਼ਰ ਅਤੇ ਇਸੇ ਦੌਰਾਨ ਰੰਗੂਨ ਤੋਂ ਹੁੰਦਾ ਹੋਇਆ ਜਹਾਜ਼ ਪੀਨਾਂਗ ਪਹੁੰਚਦਾ ਹੈ। ਪੀਨਾਂਗ ਦੀ ਸੁੰਦਰਤਾ ਅਤੇ ਦੇਖਣਯੋਗ ਥਾਵਾਂ ਬੁੱਧ ਮੰਦਰ, ਨਾਗ ਮੰਦਰ ਬਾਰੇ ਚਰਚਾ ਕਰਦਿਆਂ ਇਥੇ ਵਸਦੇ ਸਿੱਖਾਂ ਦੇ ਜਨ-ਜੀਵਨ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਹੈ। ਮਲਾਇਆ ਦੇਸ਼ ਦੇ ਭੂਗੋਲ ਅਤੇ ਇਤਿਹਾਸ ਬਾਰੇ ਅਤੇ ਇਸ ਮਲਾਇਆ ਦੇਸ਼ ਦੇ ਇਸ ਨਾਮਕਰਨ ਬਾਰੇ ਵੀ ਲੇਖਕ ਨੇ ਦਿਲਚਸਪ ਵੇਰਵਾ ਦਰਜ ਕੀਤਾ ਹੈ। ਮਲਾਇਆ ਵਿਚ ਵੱਖ-ਵੱਖ ਸਥਾਨਾਂ ਈਪੂ, ਕੁਆਲਾਲੰਪੁਰ ਅਤੇ ਕੁਆਲਾਲੰਪੁਰ ਦੇ ਆਲੇ-ਦੁਆਲੇ ਵੇਖਣਯੋਗ ਥਾਵਾਂ ਦਾ ਬੜਾ ਭਾਵਪੂਰਤ ਅਤੇ ਪ੍ਰਮਾਣਿਕ ਵਰਨਣ ਇਸ ਪੁਸਤਕ ਵਿਚ ਦਰਜ ਹੈ। ਮਲਾਇਆ ਦੀਆਂ ਫ਼ਸਲਾਂ, ਰਹਿਣ-ਸਹਿਣ, ਆਰਥਿਕਤਾ ਅਤੇ ਲੇਖਕ ਨੂੰ ਮਿਲੇ ਵਿਅਕਤੀਆਂ ਦੇ ਨਾਲ-ਨਾਲ ਲੇਖਕ ਨੇ ਆਪਣੀ ਵਾਪਸੀ ਦਾ ਜ਼ਿਕਰ ਵੀ ਸੁਚੱਜੇ ਢੰਗ ਨਾਲ ਕੀਤਾ ਹੈ।

ਫ ਫ ਫ

ਵਰਦੀ ਦਾ ਮੁੱਲ
ਕਹਾਣੀਕਾਰ : ਜਸਵਿੰਦਰ ਸਿੰਘ ਮਾਣੋਚਾਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94636-13035.

'ਵਰਦੀ ਦਾ ਮੁੱਲ' ਕਹਾਣੀ-ਸੰਗ੍ਰਹਿ ਵਿਚ ਜਸਵਿੰਦਰ ਸਿੰਘ ਮਾਣੋਚਾਹਲ ਨੇ ਆਪਣੀਆਂ 14 ਕਹਾਣੀਆਂ ਸ਼ਾਮਿਲ ਕੀਤੀਆਂ ਹਨ ਅਤੇ 'ਕੁਝ ਹੱਡ ਬੀਤੀ, ਕੁਝ ਜੱਗ ਬੀਤੀ' ਸਿਰਲੇਖ ਤਹਿਤ 'ਬਾਪੂ ਕਹਿੰਦਾ ਹੁੰਦਾ ਸੀ', 'ਉਹ ਵੀ ਦਿਨ ਸਨ' ਦੋ ਨਿੱਜੀ ਜੀਵਨ ਅਨੁਭਵ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਨ੍ਹਾਂ ਵਿਚ ਉਹ ਪਹਿਲੇ ਵਿਚ ਆਪਣੇ ਬਾਪੂ ਦੇ ਜੀਵਨ ਤਜਰਬੇ, ਮੁਸ਼ੱਕਤ ਅਤੇ ਜ਼ਿੰਦਾਦਿਲੀ ਦੀ ਗੱਲ ਕਰਦਾ ਹੈ ਅਤੇ ਦੂਜੇ ਵਿਚ ਪੰਜਾਬ ਦੇ ਖਾੜਕੂਵਾਦ ਦੇ ਦਿਨਾਂ ਦੀਆਂ ਭੈ-ਯੁਕਤ ਸਥਿਤੀਆਂ ਦਾ ਵਰਨਣ ਕਰਦਾ ਹੈ। ਜਦੋਂ ਉਸ ਦੀਆਂ ਕਹਾਣੀਆਂ ਬਾਰੇ ਅਸੀਂ ਚਰਚਾ ਛੇੜਦੇ ਹਾਂ ਤਾਂ ਇਨ੍ਹਾਂ ਕਹਾਣੀਆਂ ਵਿਚ ਸਮਾਜ, ਪ੍ਰਸ਼ਾਸਨ ਅਤੇ ਰਿਸ਼ਤਿਆਂ ਵਿਚ ਫੈਲਿਆ ਭ੍ਰਿਸ਼ਟ ਕਿਸਮ ਦਾ ਵਾਤਾਵਰਨ ਨਜ਼ਰੀਂ ਆਉਂਦਾ ਹੈ ਕਿਉਂਕਿ ਲੇਖਕ ਖ਼ੁਦ ਇਕ ਅਧਿਆਪਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਉਸ ਨੂੰ ਯੂਨੀਅਨਾਂ ਵਿਚ ਵਿਚਰਨ ਦਾ ਮੌਕਾ ਵੀ ਮਿਲਿਆ ਹੈ ਪਰ ਉਸ ਦੀਆਂ ਕਹਾਣੀਆਂ ਵਿਚ ਇਹ ਵਿਸ਼ਾ ਪ੍ਰਮੁੱਖਤਾ ਨਾਲ ਪੇਸ਼ ਹੋਇਆ ਹੈ ਕਿ ਭ੍ਰਿਸ਼ਟ ਤੰਤਰ ਇਸ ਕਦਰ ਫੈਲਿਆ ਹੋਇਆ ਹੈ ਕਿ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੋ ਸਕਦੀ। 'ਜ਼ਮੀਰ ਦੀ ਮੌਤ', 'ਉਹ ਸੋਚਦਾ ਰਿਹਾ', 'ਸੂਲੀ ਟੰਗਿਆ ਇਨਸਾਫ਼' 'ਵਰਦੀ ਦਾ ਮੁੱਲ', 'ਸਾਹਬ ਦਾ ਹੁਕਮ' ਆਦਿ ਕਹਾਣੀਆਂ ਪੁਲਿਸ ਤੰਤਰ ਵਿਚ ਪੈਦਾ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਇਲਾਵਾ, 'ਅੱਖਾਂ ਝਮਕਣ ਵਾਲੀ ਗੁੱਡੀ' ਜਿਥੇ ਪੰਜਾਬ ਦੇ ਦਹਿਸ਼ਤੀ ਦਿਨਾਂ ਨੂੰ ਪੇਸ਼ ਕਰਦੀ ਹੈ, ਉਤੇ 'ਅਸਲੀ ਹੱਕਦਾਰ', 'ਆਪਣੇ ਪਰਾਏ', ਉਹ ਸੋਚਦਾ ਰਿਹਾ' ਆਦਿ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿਚ ਪੈਦਾ ਹੋਏ ਨਿਘਾਰ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ। ਸਕੂਲੀ ਵਿੱਦਿਆ ਵਿਚ ਵਿਸ਼ੇਸ਼ ਕਰਕੇ ਪੇਂਡੂ ਵਿੱਦਿਆ ਵਿਚ ਆਏ ਨਿਘਾਰ ਅਤੇ ਨਿਘਰਦੀ ਹਾਲਤ ਨੂੰ ਕਹਾਣੀਕਾਰ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਕਹਾਣੀਆਂ ਦੇ ਬਿਰਤਾਂਤ ਵਿਚ ਪਰੋਇਆ ਹੈ। ਸਮਾਜ ਵਿਚ ਧਾਰਮਿਕਤਾ ਦੇ ਨਾਂਅ 'ਤੇ ਪੈਦਾ ਹੋਏ ਪਖੰਡ ਦਾ ਵੀ ਕਹਾਣੀਕਾਰ ਨੇ ਪਰਦਾ ਫਾਸ਼ ਕੀਤਾ ਹੈ। ਆਮ ਜ਼ਿੰਦਗੀ ਵਿਚ ਵਿਚਰਦੇ ਪਾਤਰਾਂ ਦੇ ਸੁੱਖਾਂ-ਦੁੱਖਾਂ ਦੀ ਬਾਤ ਪਾਉਂਦੀਆਂ ਇਹ ਕਹਾਣੀਆਂ ਪੜ੍ਹਨਯੋਗ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਅਰਧ ਨਾਰੀ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 094183-92845.

'ਅਰਧ ਨਾਰੀ' ਸਵਰਨ ਸਿੰਘ ਦਾ ਅਜਿਹਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਛੰਦ-ਮੁਕਤ ਰਚਨਾਵਾਂ ਸ਼ਾਮਿਲ ਹਨ ਪਰ ਫਿਰ ਵੀ ਇਕ ਸ਼ਬਦਾਂ ਦੀ ਲੈਅ ਬਣਦੀ ਹੈ ਜੋ ਪਾਠਕ ਨੂੰ ਸ਼ੁਰੂ ਤੋਂ ਅੰਤ ਤੱਕ ਆਪਣੇ ਨਾਲ ਤੋਰੀ ਰੱਖਦੀ ਹੈ। ਸਵਰਨ ਸਿੰਘ ਦਾ ਇਹ ਕਾਵਿ ਸੰਗ੍ਰਹਿ ਸਮਾਜਿਕ ਸਰੋਕਾਰਾਂ, ਚੁਣੌਤੀਆਂ ਅਤੇ ਜ਼ਿੰਦਗੀ ਦੇ ਵੰਨ-ਸੁਵੰਨੇ ਰੰਗਾਂ ਦਾ ਸੁਮੇਲ ਹੈ। ਉਸ ਕੋਲ ਬਿੰਬਾਂ ਅਤੇ ਪ੍ਰਤੀਕਾਂ ਦਾ ਵਿਸ਼ਾਲ ਅਨੁਭਵ ਹੈ। ਉਹ ਕਵਿਤਾ ਰਚਦਾ ਹੋਇਆ ਪਾਠਕਾਂ ਨੂੰ ਕਾਵਿ ਦ੍ਰਿਸ਼ਾਂ ਨਾਲ ਤੋਰਨ ਦੀ ਸਮਰੱਥਾ ਰੱਖਣ ਵਾਲਾ ਕਵੀ ਹੈ। ਆਹਟ, ਸੱਜਰੀ ਇਬਾਰਤ, ਬੇਹੋਸ਼ੀ ਨੀਂਦ, ਗੁੰਝਲਦਾਰ ਗੰਢਾਂ, ਬਰਫ਼ ਦੀ ਗੋਦ, ਮਾਚਿਸ ਫੋਨ, ਚੰਦਰੀ ਹਥੇਲੀ ਵਿਸ਼ੇਸ਼ ਧਿਆਨ ਮੰਗਣ ਵਾਲੀਆਂ ਰਚਨਾਵਾਂ ਹਨ।
ਕਵੀ ਨੇ ਆਧੁਨਿਕ ਮਨੁੱਖ ਦੀ ਸੰਚਾਰ ਤਕਨਾਲੋਜੀ ਦੀ ਅਨੋਖੀ ਦੁਨੀਆ ਵਿਚ ਬਿੰਬ ਚੁਣ ਕੇ ਮਨੁੱਖ ਦੇ ਅੰਦਰਲੇ ਖਲਾਅ ਬਾਰੇ ਚਿੰਤਨ ਭਰਪੂਰ ਕਵਿਤਾਵਾਂ ਰਚੀਆਂ ਹਨ। ਵਟਸ ਐਪ, ਫੇਸ ਬੁੱਕ, ਨੈੱਟ ਆਦਿ ਆਧੁਨਿਕ ਤਕਨਾਲੋਜੀ ਦੇ ਅਨੇਕਾਂ ਸ਼ਬਦ ਕਵੀ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਪ੍ਰਯੋਗ ਕੀਤੇ ਹਨ।
ਕਵੀ ਨੇ ਯਾਦਾਂ, ਉਡੀਕਾਂ, ਸੁਪਨਿਆਂ ਵਰਗੇ ਸੰਵੇਦਨਸ਼ੀਲ ਭਾਵ ਨੂੰ ਕਾਵਿ ਵਿਸ਼ਾ ਬਣਾਇਆ ਹੈ। ਰਿਸ਼ਤਿਆਂ ਦੀ ਬੁਨਿਆਦ ਕਵਿਤਾ ਲੇਖਕ ਦੀ ਰਿਸ਼ਤਿਆਂ ਪ੍ਰਤੀ ਸੋਚ ਦਾ ਸਹਿਜ ਸੁਭਾਅ ਪ੍ਰਗਟਾਵਾ ਹੈ।
ਗ਼ਲਤ-ਫਹਿਮੀਆਂ ਦੀਆਂ ਗੂੰਗੀਆਂ ਗਲੀਆਂ ਤੇ ਗੁੰਮ-ਸੁੰਮ ਗਲਿਆਰਿਆਂ 'ਚ ਗੁਆਚੇ ਗੁਮਰਾਹ ਰਿਸ਼ਤਿਆਂ ਦੇ ਗੁੰਬਦ ਗਿਰ ਹੀ ਜਾਂਦੇ ਹਨ। ਗੁਮਨਾਮ ਗਹਿਰਾਈਆਂ ਅੰਦਰ ਆਸ਼ਾਵਾਦੀ ਨਜ਼ਰੀਆ ਵੀ ਕਵੀ ਦੀ ਕਵਿਤਾ ਦੀ ਮੁੱਖ ਸੁਰ ਬਣਿਆ ਹੈ। ਬਨਾਉਟੀ ਖੰਭ ਲਾ ਕੇ ਉੱਡਣ ਬਾਰੇ ਕਵੀ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੋਇਆ ਆਪਣੀ ਸੋਚ ਅਤੇ ਚਿੰਤਨ ਦਾ ਕੱਦ ਉੱਚਾ ਕਰਨ ਲਈ ਪ੍ਰੇਰਦਾ ਹੈ। ਲੰਮੀ ਪੀਂਘ ਕਵਿਤਾ ਹਰ ਪੀੜ੍ਹੀ ਦਾ ਸੱਚ ਹੈ।
ਸਮੁੱਚੇ ਤੌਰ 'ਤੇ ਅਰਧ ਨਾਰੀ ਕਾਵਿ ਸੰਗ੍ਰਹਿ ਦੀ ਹਰ ਰਚਨਾ ਪਾਠਕ ਨੂੰ ਪ੍ਰਭਾਵਿਤ ਕਰਦੀ. ਮੈਂ ਪਾਤਰ ਨਾਲ ਸੰਵਾਦ ਰਚਾਉਂਦੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਸਥਿਤੀਆਂ ਪ੍ਰਤੀ ਪਾਠਕ ਨੂੰ ਸੁਚੇਤ ਕਰਦੀ ਤੇ ਭਾਵਪੂਰਤ ਰੰਗ ਵਿਚ ਰੰਗੀ ਹੋਈ ਪਾਠਕ ਦੀਆਂ ਭਾਵਨਾਵਾਂ ਨੂੰ ਵੀ ਝੰਜੋੜਦੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ
ਫ ਫ ਫ

ਲਕੀਰਾਂ ਤੋਂ ਅਲਵਿਦਾ ਤੱਕ
(ਸੰਧੂ ਵਰਿਆਣਵੀ ਦਾ ਕਾਵਿ-ਸੰਸਾਰ)
ਸੰਪਾਦਕ : ਭੁਪਿੰਦਰ, ਅਰਵਿੰਦਰ ਕੌਰ ਕਾਕੜਾ (ਡਾ:)
ਪ੍ਰਕਾਸ਼ਕ : ਸਮਕਾਲ ਪ੍ਰਕਾਸ਼ਨ ਜਗਰਾਉਂ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 94171-91152.

ਇਸ ਪੁਸਤਕ ਵਿਚ ਸੰਧੂ ਵਰਿਆਣਵੀ ਦੇ ਕਾਵਿ-ਸੰਸਾਰ ਬਾਰੇ ਲਗਪਗ 16 ਆਲੋਚਨਾਤਮਕ ਨਿਬੰਧ ਹਨ। ਵੱਖ-ਵੱਖ ਆਲੋਚਕਾਂ/ਵਿਦਵਾਨਾਂ ਨੇ ਉਸ ਦੇ ਕਾਵਿ-ਜਗਤ ਬਾਰੇ ਆਪੋ-ਆਪਣੀ ਦ੍ਰਿਸ਼ਟੀ ਤੋਂ ਮੁੱਲਵਾਨ ਵਿਚਾਰ ਪੇਸ਼ ਕੀਤੇ ਹਨ। ਮਸਲਨ : ਸੰਧੂ ਨੇ ਸਾਰੀਆਂ ਰਚਨਾਵਾਂ ਮਨੁੱਖ ਅਤੇ ਮਾਨਵੀ ਜ਼ਿੰਦਗੀ ਨੂੰ ਕੇਂਦਰ ਵਿਚ ਰੱਖ ਕੇ ਹੀ ਰਚੀਆਂ ਹਨ (ਪ੍ਰੋ: ਸੁਰਜੀਤ ਬਰਾੜ); ਕਵੀ ਮਨੋਵਿਗਿਆਨ ਦੇ ਵਿਦਿਆਰਥੀ ਵਾਂਗ ਮਾਨਵੀ ਤੇ ਸਮਾਜਿਕ ਮਨੋਬਿਰਤੀ ਦਾ ਜਗਿਆਸੂ ਹੈ (ਪ੍ਰੋ: ਅਵਤਾਰ ਜਗਰਾਉਂ); ਸੰਧੂ ਦੀ ਸੋਚ ਵੀ ਪਾਸ਼ ਦੀ ਲੋਕ-ਪੱਖੀ ਸੋਚ ਵਾਂਗ ਹੈ (ਪਵਨ ਹਰਚੰਦਪੁਰੀ); ਕਵੀ ਦੀ ਮਾਨਸਿਕਤਾ ਨੂੰ ਪੰਜਾਬ ਸੰਤਾਪ 1984 ਨੇ ਵੀ ਬੁਰੀ ਤਰ੍ਹਾਂ ਝੰਜੋੜਿਆ ਹੈ (ਡਾ: ਗੁਰਜੰਟ ਸਿੰਘ); ਸੰਧੀ ਦੀ ਕਵਿਤਾ ਵਿਚ ਸਾਪੇਖੀ, ਪ੍ਰਵੇਸ਼ੀ, ਕਾਰਕੀ ਪਛਾਣ, ਹਾਕਾਂ ਮਾਰਦਾ ਕਾਵਿ, ਮੁਕਤੀ-ਜੁਗਤ ਅਤੇ ਇੱਛਤ-ਯਥਾਰਥ ਦੀ ਪ੍ਰਾਪਤੀ ਆਦਿ ਗੁਣ ਉਜਾਗਰ ਹੁੰਦੇ ਹਨ (ਤੇਜਵੰਤ ਮਾਨ); ਸੰਧੂ ਦੀ ਮੂਲ ਭਾਵਨਾ ਮਾਨਵਵਾਦੀ ਸੁਰ ਹੇਠ ਇਨਸਾਨੀਅਤ ਦੇ ਭਲੇ ਵਾਲੀ ਹੈ (ਗੁਰਨਾਮ ਸਿੰਘ); ਸੰਧੂ ਸੰਵੇਦਨਸ਼ੀਲ ਸ਼ਾਇਰ ਹੈ (ਅਰਵਿੰਦਰ ਕੌਰ ਕਾਕੜਾ); ਉਸ ਦੀ ਕਵਿਤਾ ਪ੍ਰਗਤੀਵਾਦੀ ਸੁਰ ਦੀ ਕਵਿਤਾ ਹੈ (ਸਰਬਜੀਤ ਸਿੰਘ); ਕਵਿਤਾ ਵਿਚ ਸੰਬੋਧਨੀ ਸ਼ੈਲੀ ਦੀ ਭਰਮਾਰ ਹੈ (ਡਾ: ਅਨੂਪ ਸਿੰਘ); ਸੰਧੂ ਦੀ ਕਵਿਤਾ ਨਫ਼ਰਤ ਦੀਆਂ ਦੀਵਾਰਾਂ ਦਾ ਕ੍ਰਾਂਤੀਕਾਰੀ ਅਹਿਸਾਸ ਕਰਵਾਉਂਦੀ ਹੈ (ਸ਼ਿੰਗਾਰਾ ਸਿੰਘ ਢਿੱਲੋਂ); ਉਸ ਦੀ ਕਵਿਤਾ ਦੀ ਮੁੱਖ ਸੁਰ ਸਮਾਜਿਕ ਪਰਿਵਰਤਨ ਵਿਚ ਦ੍ਰਿੜ੍ਹ ਪ੍ਰਤੀਬੱਧਤਾ ਹੈ (ਗੁਰਬਖਸ਼ ਜੱਸ); ਸੰਧੂ ਦੀ ਕਵਿਤਾ ਦਾ ਅਹਿਮ ਥੀਮ ਸਮਾਜਿਕ-ਰਾਜਸੀ ਪ੍ਰਸੰਗ ਹੈ (ਜੇ.ਬੀ. ਸੇਖੋਂ)। ਇਨ੍ਹਾਂ ਵਿਭਿੰਨ ਕੀਮਤੀ ਵਿਚਾਰਾਂ ਤੋਂ ਬਿਨਾਂ ਸੰਧੂ ਨਾਲ ਕਰਵਾਈ ਗਈ ਮੁਲਾਕਾਤ ਪੁਸਤਕ ਦਾ ਹਾਸਲ ਹੈ। ਕੁੱਲ ਮਿਲਾ ਕੇ ਇਹ ਪੁਸਤਕ ਸੰਧੂ ਵਰਿਆਣਵੀ ਦੇ ਕਾਵਿ-ਕਫ਼ਰ ਦੀ ਮੂੰਹ ਬੋਲਦੀ ਦਾਸਤਾਂ ਹੋ ਨਿਬੜੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

24-11-2018

 ਪੰਜਾਬੀ ਦੋਗਾਣਾ ਗੀਤਕਾਰੀ
ਲੇਖਕ : ਹਰਮਨ ਸਿੰਘ (ਡਾ:)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 241
ਸੰਪਰਕ : 85910-10636.

ਪੰਜਾਬੀ ਜਨਜੀਵਨ ਵਿਚ ਗੀਤ ਸੰਗੀਤ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਦੋਗਾਣਾ ਗੀਤਕਾਰੀ ਇਸੇ ਕੜੀ ਦੀ ਹਰਮਨ-ਪਿਆਰੀ ਰਵਾਇਤ ਰਹੀ ਹੈ। ਹਥਲੀ ਪੁਸਤਕ ਇਸੇ ਸੰਕਲਪ ਨੂੰ ਲੈ ਕੇ ਖੋਜ-ਪਰਕ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਆਈ ਹੈ।
ਲੇਖਕ ਨੇ ਡੂੰਘੀ ਖੇਤਰੀ ਅਤੇ ਦਸਤਾਵੇਜ਼ੀ ਖੋਜ-ਪੱਧਤੀ ਜ਼ਰੀਏ ਮਹੱਤਵਪੂਰਨ ਕਾਰਜ ਕਰ ਵਿਖਾਇਆ ਹੈ। ਪੁਸਤਕ ਨੂੰ ਵਿਧੀਵੱਤ ਰੂਪ ਦੇਣ ਲਈ ਸਭ ਤੋਂ ਪਹਿਲਾਂ ਦੋਗਾਣਾ ਗੀਤਕਾਰੀ ਦੇ ਸਿਧਾਂਤਕ ਪੱਖਾਂ ਨੂੰ ਦਰਸਾਇਆ ਹੈ, ਜਿਸ ਵਿਚ ਗੀਤ ਦੀ ਪਰਿਭਾਸ਼ਾ, ਵੱਖਰੇ-ਵੱਖਰੇ ਰੂਪ ਤਰਕ ਸੰਗਤ ਤਰੀਕੇ ਨਾਲ ਪੇਸ਼ ਕੀਤੇ ਹਨ। ਦੋਗਾਣਾ ਗੀਤਕਾਰੀ ਦਾ ਇਤਿਹਾਸ ਅਤੇ ਇਨ੍ਹਾਂ ਦੀਆਂ ਵਿਭਿੰਨ ਬਣਤਰਾਂ ਨੂੰ ਵੀ ਸਾਹਮਣੇ ਲਿਆਂਦਾ ਹੈ ਅਤੇ ਨਾਲ ਦੀ ਨਾਲ ਗੀਤ, ਗੀਤਕਾਰ ਅਤੇ ਗਾਇਕੀ ਦੇ ਵਿਭਿੰਨ ਪਹਿਲੂਆਂ ਨੂੰ ਉਭਾਰਿਆ ਹੈ। ਵੱਖਰੇ-ਵੱਖਰੇ ਪੜਾਵਾਂ ਵਿਚ ਵੰਡ ਕੇ ਇਨ੍ਹਾਂ ਦੀਆਂ ਵਿਭਿੰਨ ਸ਼ੈਲੀਆਂ ਅਤੇ ਵੱਖ-ਵੱਖ ਪ੍ਰਸਿੱਧ ਗੀਤਕਾਰਾਂ ਦੀ ਦੇਣ ਆਦਿ ਨੂੰ ਵੀ ਦਰਸਾਇਆ ਹੈ। ਦੋਗਾਣਾ ਗੀਤਕਾਰੀ ਦੀ ਸਾਹਿਤਕਤਾ, ਮਿਆਰ, ਇਸ ਦੇ ਵੱਖਰੇ-ਵੱਖਰੇ ਵਿਸ਼ੇ, ਇਨ੍ਹਾਂ ਵਿਚੋਂ ਝਲਕਦਾ ਰਿਸ਼ਤਾ-ਨਾਤਾ ਪ੍ਰਬੰਧ, ਪੰਜਾਬੀ ਲੋਕਾਂ ਦੀ ਆਰਥਿਕਤਾ, ਪਿਆਰ-ਮੁਹੱਬਤ, ਪਿੰਡਾਂ-ਸ਼ਹਿਰਾਂ ਦਾ ਵਰਨਣ, ਮਰਦ-ਔਰਤ ਦੇ ਸੁਖਾਵੇਂ-ਅਣਸੁਖਾਵੇਂ ਸਬੰਧਾਂ ਆਦਿ ਨੂੰ ਵੀ ਉਭਾਰਿਆ ਹੈ। ਕਈ ਦਰਜਨਾਂ ਤੋਂ ਵੱਧ ਗੀਤ ਸਿਰਜਕਾਂ ਅਤੇ ਗਾਇਕਾਂ ਦੀ ਵੱਖਰੀ-ਵੱਖਰੀ ਪਛਾਣ ਵੀ ਕਰਾਈ ਹੈ। ਦੋਗਾਣਾ ਗੀਤਕਾਰੀ ਦੀਆਂ ਉੱਘੀਆਂ ਵਿਸ਼ੇਸ਼ਤਾਵਾਂ ਵਿਅੰਗ, ਹਾਸ-ਰਸ, ਪ੍ਰੀਤ ਗਾਥਾਵਾਂ ਦੇ ਨਾਇਕ ਆਦਿ ਸਰੋਕਾਰਾਂ ਨੂੰ ਵੀ ਛੋਹਿਆ ਹੈ ਅਤੇ ਸਮੁੱਚੀ ਦੋਗਾਣਾ ਗੀਤਕਾਰੀ ਦੇ ਕਾਵਿ-ਸ਼ਾਸਤਰ ਨੂੰ ਰਸ, ਅਲੰਕਾਰ, ਬਿੰਬ, ਭਾਸ਼ਾਈ ਇਕਾਈਆਂ ਆਦਿ ਸੰਕਲਪਾਂ ਨੂੰ ਵੀ ਉਦਾਹਰਨਾਂ ਸਹਿਤ ਪੇਸ਼ ਕੀਤਾ ਹੈ। ਇਸ ਤਰ੍ਹਾਂ ਇਹ ਪੁਸਤਕ ਰਵਾਇਤੀ ਦੋਗਾਣਾ ਗੀਤਕਾਰੀ ਅਤੇ ਅਜੋਕੀ ਦੋਗਾਣਾ ਗੀਤਕਾਰੀ ਦੇ ਅੰਤਰ ਸਬੰਧਾਂ ਅਤੇ ਨਿਖੇੜ ਨੂੰ ਤੱਥ-ਮੂਲਕ, ਵਿਗਿਆਨਕ ਸਿੱਟਿਆਂ ਦੀ ਸਥਾਪਨਾ ਕਰਦੀ ਹੋਈ ਪ੍ਰਤੀਤ ਹੋਈ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732.


ਸ਼ਰ੍ਹੇਆਮ
ਕਹਾਣੀਕਾਰ : ਕਿਰਪਾਲ ਕਜ਼ਾਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98726-44428.

'ਸ਼ਰ੍ਹੇਆਮ' ਵਿਚ ਕਜ਼ਾਕ ਦੀਆਂ ਕੁੱਲ 8 ਕਹਾਣੀਆਂ ਸੰਗ੍ਰਹਿਤ ਹਨ। ਹਰ ਕਹਾਣੀ ਮਨੁੱਖੀ ਜੀਵਨ ਦਾ ਕੋਈ ਵੱਖਰਾ ਅਤੇ ਦਿਲਚਸਪ ਅਧਿਆਇ ਪੇਸ਼ ਕਰਦੀ ਹੈ।
'ਮਿੱਟੀ ਦਾ ਮਾਧੋ' ਇਸ ਸੰਗ੍ਰਹਿ ਦੀ ਇਕ ਬਹੁਤ ਡੂੰਘੀ ਅਤੇ ਪ੍ਰਭਾਵਸ਼ਾਲੀ ਰਚਨਾ ਹੈ। 'ਮਾਧੋ' ਨਾਂਅ ਦੇ ਕਿਰਦਾਰ ਰਾਹੀਂ ਲੇਖਕ ਦਰਸਾਉਂਦਾ ਹੈ ਕਿ ਕਥਿਤ ਨਿਮਨ ਵਰਗਾਂ ਦੇ ਲੋਕ ਜੀਵਨ ਬਾਰੇ ਬਹੁਤ ਡੂੰਘੀ ਸਮਝ ਰੱਖਦੇ ਹੁੰਦੇ ਹਨ। ਇਹ ਲੋਕ ਰਸਮੀ ਆਚਾਰ-ਵਿਹਾਰ ਦੀ ਬਜਾਇ ਸੱਚੇ-ਸੁੱਚੇ ਕਿਰਦਾਰ ਦੇ ਧਾਰਨੀ ਹੁੰਦੇ ਹਨ। ਅਗਲੀਆਂ ਕੁਝ ਕਹਾਣੀਆਂ ਵਿਚ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੇ ਕੁਝ ਹੋਰ ਨਿਵੇਕਲੇ ਦ੍ਰਿਸ਼ ਅਤੇ ਕਿਰਦਾਰ ਉਲੀਕੇ ਗਏ ਹਨ। 'ਉਡੀਕ' ਕਹਾਣੀ ਵਿਚ ਮਨੁੱਖੀ ਵਿਹਾਰ ਦਾ ਇਕ ਲੁਪਤ ਪੱਖ ਪੇਸ਼ ਕਰਦਾ ਹੋਇਆ ਉਹ ਦਰਸਾਉਂਦਾ ਹੈ ਕਿ ਕਈ ਵਾਰ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਨਹੀਂ ਬਲਕਿ ਜ਼ਿੰਦਗੀ ਖਿਝ ਅਤੇ ਸੰਤਾਪ ਦਾ ਕਾਰਨ ਬਣਦੀ ਹੈ। 'ਹਾਰ ਜਿੱਤ' ਵਿਚ ਪਾਸ਼ੋ ਨਾਂਅ ਦੀ ਇਕ ਔਰਤ ਜ਼ਿੰਦਗੀ ਨੂੰ ਆਪਣੇ ਅਨੁਕੂਲ ਬਣਾਉਣ ਲਈ ਵਾਰ-ਵਾਰ ਪੈਂਤੜੇ ਬਦਲਦੀ ਹੈ। ਇਹੀ ਸੱਚ ਹੈ, ਇਵੇਂ ਕਰਨਾ ਪੈਂਦਾ ਹੈ। ਕਿਰਪਾਲ ਕਜ਼ਾਕ ਦੀਆਂ ਇਨ੍ਹਾਂ ਕਹਾਣੀਆਂ ਦਾ ਇਕ ਹੋਰ ਉਲੇਖਯੋਗ ਪਹਿਲੂ ਇਸਤਰੀ-ਮਨ ਦਾ ਵਿਸ਼ਲੇਸ਼ਣ ਹੈ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਦੀ ਸ਼ਕਤੀ ਅਤੇ ਸੰਭਾਵਨਾਵਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਮਰਦਾਂ ਦਾ ਨਜ਼ਰੀਆ ਹੈ ਕਿ ਔਰਤ ਦਾ ਕੀ ਹੈ, ਉਸ ਨਾਲ ਜਦੋਂ ਮਰਜ਼ੀ/ਜਿਵੇਂ ਮਰਜ਼ੀ ਖੇਡ-ਖਿਲਵਾੜ ਕਰ ਲਵੋ। ਪਰ ਕਜ਼ਾਕ ਵਰਗੇ ਦਿੱਬ-ਦ੍ਰਿਸ਼ਟੀ ਵਾਲੇ ਲੋਕ ਜਾਣਦੇ ਹਨ ਕਿ ਇਸਤਰੀ ਜਾਣ-ਬੁੱਝ ਕੇ ਧੋਖਾ ਖਾਂਦੀ ਹੈ। ਉਹ ਤਿਆਗ, ਕੁਰਬਾਨੀ ਅਤੇ ਸ਼ੌਰਯ ਦੀ ਮੂਰਤ ਹੈ। ਉਹ ਜਾਣਦੀ ਹੈ ਕਿ ਜੇ ਪੁਰਸ਼ ਠੱਗੀ-ਠੋਰੀ ਨਾ ਕਰੇ ਤਾਂ ਜਿਊਂਦਾ ਹੀ ਨਾ ਰਹਿ ਸਕੇ, ਮਰ ਜਾਵੇ। 'ਚਿਤਰ ਗੁਪਤ' ਅਤੇ 'ਲਾਜ਼ਮਾ' ਕਹਾਣੀਆਂ ਇਸਤਰੀ ਦੇ ਅੰਦਰਲੀ ਲੁਪਤ-ਸ਼ਕਤੀ ਨੂੰ ਰੂਪਮਾਨ ਕਰਦੀਆਂ ਹਨ। ਇਹ ਕਹਾਣੀਆਂ ਪੜ੍ਹ ਕੇ ਸਹਿਵਨ ਹੀ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਯਾਦ ਆ ਜਾਂਦੀਆਂ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136


ਇਉਂ ਵੀ ਦੇਖਣਾ ਹੈ
ਲੇਖਕ : ਜਗਦੀਪ ਸਿੱਧੂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 130 ਰੁਪਏ (ਪੇਪਰ ਬੈਕ), ਸਫ਼ੇ : 80
ਸੰਪਰਕ : 8283826876.

ਇਸ ਸੰਗ੍ਰਹਿ ਵਿਚਲੀਆਂ 54 ਕਵਿਤਾਵਾਂ ਆਪਣੇ ਸਿਰਲੇਖਾਂ ਸਦਕਾ ਹੀ ਪਾਠਕ ਨੂੰ ਆਚੰਭਿਤ ਅਤੇ ਆਕਰਸ਼ਿਤ ਕਰਦੀਆਂ ਹਨ। ਮਸਲਨ 'ਹਾਸੇ ਦੀ ਕੀਮਤ', 'ਰਾਣੀ ਬੇਟੀ', 'ਬੱਚੇ-ਅਸੀਂ', 'ਸ਼ੀਸ਼ਾ', 'ਬਦਲ', 'ਜਾਦੂ', 'ਘਰ', 'ਦੋ ਘਰ', 'ਨਵਾਂ ਸਾਲ', 'ਸੰਸਦ', 'ਸਚਾਈ', 'ਕੁਰਸੀ', 'ਭਵਿੱਖ', 'ਸਿਫ਼ਰ', 'ਬਿਰਖ' ਅਤੇ ਅਨੇਕਾਂ ਹੋਰ ਨਾਂਅ..., ਇਨ੍ਹਾਂ ਸ਼ਬਦਾਂ ਦੇ ਅਰਥ ਅਜੋਕੇ ਸਮੇਂ 'ਚ ਗੁੰਮ-ਗੁਆਚ ਹੀ ਨਹੀਂ ਗਏ, ਸਗੋਂ ਸੰਵੇਦਨਸ਼ੀਲਤਾ ਤੋਂ ਵੀ ਵਿਹੀਨ ਹੋ ਗਏ ਹਨ। ਜਗਦੀਪ ਕੋਲ ਕਵਿਤਾ ਦੀ ਬਾਰੀਕ ਸੂਝ ਹੈ ਤਾਂ ਹੀ ਉਸ ਆਪਣੀਆਂ ਕਵਿਤਾਵਾਂ 'ਚ ਵਰਤੀਂਦੇ ਸ਼ਬਦਾਂ ਦੇ ਅਰਥ ਅਜੋਕੇ ਖਪਤੀ ਸੱਭਿਆਚਾਰ ਦੀ ਮੰਗ ਅਨੁਸਾਰ ਕਰਦਾ ਹੋਇਆ, ਅਲੋਪ ਹੋ ਰਹੇ ਅਰਥਾਂ ਦੀ ਨਿਸ਼ਾਨਦੇਹੀ ਕਰਦਿਆਂ, ਵਿਅੰਗਾਤਮਕ ਵਿਧੀ ਅਪਣਾਉਂਦਿਆਂ 'ਅੰਤਰ-ਵਿਰੋਧ' ਨੂੰ ਕਾਵਿਕ-ਜੁਗਤ ਵਜੋਂ ਵਰਤਿਆ ਹੈ। ਇਹ ਪੈਰਾਡਾਕਸ ਦੀ ਜੁਗਤ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਵਿਦਮਾਨ ਹੈ। ਲਾਲ ਬੱਤੀ ਉਂਝ ਖ਼ਤਰੇ ਦਾ ਪ੍ਰਤੀਕ ਹੈ ਪਰ ਭੀਖ ਮੰਗਣ ਵਾਲੇ ਬੱਚਿਆਂ ਲਈ ਇਹ ਵਰਦਾਨ ਹੈ। 'ਲਾਲ ਬੱਤੀ', ਨਵਾਂ ਸਾਲ ਕਵਿਤਾਵਾਂ ਵਿਚ ਵਿਅੰਗ ਅਤੇ ਵਿਰੋਧਾਭਾਸ ਦਾ ਮਿਸ਼ਰਣ, ਉਸ ਦੀਆਂ ਕਵਿਤਾਵਾਂ ਨੂੰ ਸਲਾਹੁਣਯੋਗ ਬਣਾਉਂਦਾ ਹੈ। ਸਮੁੱਚੀ ਕਵਿਤਾ 'ਚ 'ਮੈ' ਭਾਰੂ ਹੈ, ਸੰਬੋਧਨੀ ਵਿਧੀ ਦੀ ਵਰਤੋਂ ਕਰਦਾ ਹੈ। ਇਹ 'ਮੈਂ'-'ਮੈਂ' ਨਹੀਂ, ਸਗੋਂ ਸਮੁੱਚੀ ਲੋਕਾਈ ਦੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਬਣਦੀ ਹੈ। 'ਇਉਂ ਵੀ ਦੇਖਣਾ ਹੈ' ਸਮੁੱਚੇ ਕਾਵਿ ਦਾ ਕੇਂਦਰੀ ਧੁਰਾ ਹੈ। ਇਸ ਲਈ ਕਾਵਿ-ਸੰਗ੍ਰਹਿ ਦਾ ਸਿਰਲੇਖ ਵੀ ਸਾਰਥਿਕ ਹੋ ਨਿਬੜਦਾ ਹੈ :
ਸੱਚ ਨੂੰ ਸੱਚ ਲਿਖਣਾ
ਆਪਣਾ ਨਹੀਂ ਤੱਕਣਾ
ਇਉਂ ਵੀ ਦੇਖਣਾ ਹੈ।
ਜਗਦੀਪ ਸਿੱਧੂ ਦੀ ਸ਼ਾਇਰੀ 'ਚ ਅਹਿਸਾਸ ਵੀ ਹਨ ਅਤੇ ਸਮਾਜਿਕ ਸਰੋਕਾਰ ਵੀ। ਇਸ ਦੇ ਨਾਲ ਹੀ ਆਪਣੀ ਗੱਲ ਕਹਿਣ ਦੀ ਕਾਵਿਕ-ਜੁਗਤ ਵੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਖੁਸ਼-ਆਮਦੀਦ ਕਹਿਣਾ ਚਾਹੀਦਾ ਹੈ।

ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096.


ਦਿਨ ਢਲੇ
ਲੇਖਕ : ਮੁਖਤਾਰ ਗਿੱਲ
ਪ੍ਰਕਾਸ਼ਕ : ਮੇਘਲਾ ਪ੍ਰਕਾਸ਼ਨ, ਚੋਗਾਵਾਂ, ਅੰਮ੍ਰਿਤਸਰ
ਸਫ਼ੇ : 96
ਸੰਪਰਕ : 98140-82217.

ਪ੍ਰੀਤ ਨਗਰ ਵਿਚ ਰਹਿ ਰਿਹਾ ਮੁਖਤਾਰ ਗਿੱਲ ਪਿਛਲੇ ਲੰਮੇ ਸਮੇਂ ਤੋਂ ਕਹਾਣੀ ਖੇਤਰ ਵਿਚ ਵਿਲੱਖਣ ਸਥਾਨ ਰੱਖਦਾ ਹੋਇਆ ਨਿਰੰਤਰ ਲਿਖ ਰਿਹਾ ਹੈ। ਉਹ ਜ਼ਿੰਦਗੀ ਦੀਆਂ ਸੰਗਤੀਆਂ, ਵਿਸੰਗਤੀਆਂ ਨੂੰ ਬੜੇ ਯਥਾਰਥਕ ਢੰਗ ਨਾਲ ਪੇਸ਼ ਕਰਨ ਵਾਲਾ ਕਹਾਣੀਕਾਰ ਹੈ। ਜੁਗਾੜਬੰਦੀ ਤੋਂ ਨਿਰਲੇਪ ਸਰਹੱਦੀ ਪੇਂਡੂ ਇਲਾਕੇ ਨੂੰ ਆਪਣੀ ਕਰਮ ਭੂਮੀ ਬਣਾ ਆਪਣੇ ਕਾਰਜ ਖੇਤਰ ਨੂੰ ਸਮਰਪਿਤ ਹੈ। ਆਪਣੇ ਨਵੇਂ ਕਹਾਣੀ ਸੰਗ੍ਰਹਿ ਵਿਚ 12 ਨਵੀਆਂ ਕਹਾਣੀਆਂ ਲੈ ਕੇ ਇਕ ਵੱਖਰੀ ਤਰ੍ਹਾਂ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਮੁਖ਼ਾਤਿਬ ਹੁੰਦਾ ਹੈ। ਪੰਜਾਬੀ ਕਹਾਣੀ ਨੇ ਆਪਣੇ-ਆਪ ਨੂੰ ਉਸ ਸਮੇਂ ਦੀ ਹਾਣੀ ਬਣਾ ਕੇ ਰੱਖਿਆ ਹੋਇਆ ਹੈ, ਜਿਸ ਸਮੇਂ ਨੂੰ ਉਹ ਪੇਸ਼ ਕਰਦੀ ਹੈ। ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਹੱਕ-ਸੱਚ ਲਈ ਲੜਨ ਵਾਲੀਆਂ ਧਿਰਾਂ, ਮਿਹਨਤ ਮੁਸ਼ੱਕਤ ਕਰਨ ਵਾਲੇ ਲੋਕਾਂ, ਮੁਲਾਜ਼ਮਾਂ, ਕਿਸਾਨਾਂ ਆਦਿ ਦੇ ਦੁੱਖ ਦਰਦ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਹਰ ਕਹਾਣੀ ਪਾਠਕ ਨੂੰ ਕੋਈ ਸੁਨੇਹਾ ਦਿੰਦੀ ਹੈ। ਕਹਾਣੀਕਾਰ ਇਸ ਇਲਾਕੇ ਦਾ ਇਕ ਅੰਗ ਬਣ ਕੇ ਵਿਚਰਦਾ ਰਿਹਾ ਹੈ, ਉਸ ਅੱਤਵਾਦ ਦੇ ਭਿਆਨਕ ਸਮੇਂ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਉਸ ਸਮੇਂ ਦੀ ਚੀਸ ਅਜੇ ਵੀ ਇਨ੍ਹਾਂ ਕਹਾਣੀਆਂ ਵਿਚੋਂ ਪ੍ਰਗਟ ਹੁੰਦੀ ਹੈ। ਉਹ ਇਨ੍ਹਾਂ ਪਾਤਰਾਂ ਵਰਗਾ ਹੋ ਕੇ ਜੀਵਿਆ ਹੈ। ਹਰੇਕ ਕਹਾਣੀਕਾਰ ਦੀ ਆਪਣੀ ਸੀਮਾ ਅਤੇ ਸਮਰੱਥਾ ਹੁੰਦੀ ਹੈ। ਪਰ ਉਸ ਦੇ ਇਤਿਹਾਸਕ ਰੋਲ ਨੂੰ ਘਟਾ ਕੇ ਨਹੀਂ ਦੇਖਿਆ ਜਾਂਦਾ। ਇਹ ਕਹਾਣੀਆਂ ਇਕ ਵੱਖਰੀ ਤਰ੍ਹਾਂ ਦੀ ਮਾਨਸਿਕਤਾ ਨੂੰ ਬਿਆਨ ਕਰਦੀਆਂ ਹਨ, ਜੋ ਅਣਡਿੱਠ ਨਹੀਂ ਕੀਤੀ ਜਾ ਸਕਦੀ।

ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਦੀਵਾਨਗੀ ਦੇ ਰੰਗ
ਗ਼ਜ਼ਲਕਾਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਸੁਭਾਸ਼ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 116
ਸੰਪਰਕ : 98888-29666.

ਇਸ ਪੁਸਤਕ ਵਿਚ 103 ਸ਼ਾਨਦਾਰ ਗ਼ਜ਼ਲਾਂ ਹਨ। ਗ਼ਜ਼ਲਕਾਰ ਕੋਲ ਜਿਥੇ ਵਿਅੰਗ ਦੀ ਬਾਦਸ਼ਾਹੀ ਹੈ, ਉਥੇ ਗ਼ਜ਼ਲ ਦੀ ਤਕਨੀਕੀ ਅਮੀਰੀ ਵੀ ਹੈ। ਉਸ ਨੇ ਗ਼ਜ਼ਲ ਤਕਨੀਕ ਉੱਤੇ ਨਿੱਠ ਕੇ ਅਧਿਐਨ ਕੀਤਾ ਹੈ। ਇਸੇ ਲਈ ਉਸ ਦੇ ਇਕ ਵੀ ਸ਼ਿਅਰ ਉੱਤੇ ਰੂਪਕ ਪੱਖੋਂ ਉਂਗਲ ਧਰਨਾ ਵੀ ਕਠਿਨ ਹੈ। ਦੀਵਾਨਾ ਕੋਲ ਭਾਵੇਂ ਛੰਦਾਂ ਤੇ ਬਹਿਰਾਂ ਦਾ ਵੱਡਾ ਗਿਆਨ ਹੈ ਪਰ ਉਹ ਇਨ੍ਹਾਂ ਦਾ ਵਾਫਰ ਵਿਖਾਵਾ ਨਹੀਂ ਕਰਦਾ ਤੇ ਉਹੀ ਛੰਦ ਅਥਵਾ ਬਹਿਰ ਲੈਂਦਾ ਹੈ, ਜਿਨ੍ਹਾਂ ਦੀ ਸੁਰ ਪੰਜਾਬੀਆਂ ਦੀ ਸੁਰ ਲਹਿਰ ਵਿਚ ਵਿਲੀਨ ਹੋ ਚੁੱਕੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਸਰਲਤਾ, ਸਾਦਗੀ, ਸਹਿਜ, ਸੁਹੱਪਣ ਅਤੇ ਸਮੂਹਿਕ ਬਿਰਤੀ ਦੀ ਹੇਕ ਹੈ। ਉਸ ਦੇ ਸ਼ਿਅਰਾਂ ਵਿਚ ਲੋਕਾਂ ਦੇ ਦਰਦਾਂ ਦੀ ਵਿਅੰਗਮਈ ਗਾਥਾ ਬਹੁਤ ਪ੍ਰਬਲ ਹੈ। ਉਸ ਵਾਸਤੇ ਗ਼ਜ਼ਲ ਸਿਰਫ ਖ਼ੁਦ ਦੀ ਮਸ਼ਹੂਰੀ ਨਹੀਂ, ਸਗੋਂ ਸ਼ਬਦ ਹਥਿਆਰ ਹੈ। ਉਹ ਆਪਣੇ ਸ਼ਿਅਰਾਂ ਵਿਚ ਨੀਰਸਤਾ ਨਹੀਂ ਆਉਣ ਦਿੰਦਾ ਅਤੇ ਪ੍ਰੇਮ ਦੀ ਪੁੱਠ ਦੇ ਕੇ ਗ਼ਜ਼ਲ ਨੂੰ ਸੁਆਦੀ ਬਣਾ ਦਿੰਦਾ ਹੈ। ਕੁਝ ਸ਼ਿਅਰ :
-ਕਿਰਤੀ ਝੋਨਾ ਲਾ ਰਿਹਾ ਕਿੰਜ ਆਫਤ ਵਿਚਕਾਰ...
-ਏ.ਸੀ. ਦੇ ਵਿਚ ਬੈਠ ਕੇ ਸੋਚੇ ਇੰਜ ਸਰਕਾਰ
ਖੇਤੀ 'ਚੋਂ ਕਿਰਸਾਨ ਨੂੰ ਚੁੱਕ ਕੇ ਸੁੱਟੋ ਬਾਹਰ
-ਇਹ ਜੋ ਦੇਸ਼ ਭਗਤੀ ਦਾ ਰਾਗ ਹੈ ਉਹਦੇ ਹੱਕ ਹੋ ਗਏ ਰਾਖਵੇਂ
ਕਿ ਵਿਸ਼ੈਲੇ ਮਜ਼੍ਹਬੀ ਜਨੂੰਨ ਨੇ ਮੁਲਕ ਆਪਣੇ ਨਾਂਅ ਕਰਾ ਲਿਆ।

ਸੁਲੱਖਣ ਸਰਹੱਦੀ
ਮੋ: 94174-84337.

 

 


ਸੰਘਰਸ਼ ਦਾ ਪ੍ਰਤੀਕ ਕਿਊਬਾ
ਲੇਖਕ : ਅਵਤਾਰ ਸਿੰਘ ਸਾਦਿਕ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 98729-89313.

ਇਹ ਪੁਸਤਕ ਇਕ ਸਫ਼ਰਨਾਮਾ ਹੈ, ਜਿਸ ਵਿਚ ਕਿਊਬਾ ਦੇਸ਼ ਪ੍ਰਤੀ ਬੜੀ ਦਿਲਚਸਪ ਅਤੇ ਦਿਲ-ਹਿਲਾਊ ਜਾਣਕਾਰੀ ਦਿੱਤੀ ਗਈ ਹੈ। ਜਦੋਂ ਕੋਲੰਬਸ ਨੇ ਚਾਰੇ ਪਾਸਿਓਂ ਸਮੁੰਦਰ ਨਾਲ ਘਿਰੇ ਟਾਪੂ ਕਿਊਬਾ ਨੂੰ ਲੱਭਿਆ, ਉਦੋਂ ਇਥੇ ਇੰਡੀਅਨ ਮੂਲ ਦੇ ਲੋਕ ਵਸਦੇ ਸਨ। ਇਹ ਸਿੱਧੇ-ਸਾਦੇ ਲੋਕ ਖੇਤੀ ਕਰਨ, ਸ਼ਿਕਾਰ ਕਰਨ ਅਤੇ ਹਥਿਆਰ ਬਣਾਉਣ ਦੇ ਮਾਹਿਰ ਸਨ। ਇਨ੍ਹਾਂ ਅਮਨ ਪਸੰਦ ਲੋਕਾਂ ਉੱਤੇ ਸਪੇਨ ਨੇ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਕਤਲੇਆਮ ਕੀਤਾ। ਬੇਹੱਦ ਜ਼ੁਲਮ ਸਹਿੰਦੇ ਹੋਏ ਇੰਡੀਅਨ ਲੋਕ ਸੰਘਰਸ਼ ਕਰਦੇ ਰਹੇ ਅਤੇ 1899 ਈ: ਵਿਚ ਕਿਊਬਾ ਸਪੇਨ ਤੋਂ ਆਜ਼ਾਦ ਹੋ ਗਿਆ। ਫਿਰ ਇਸ ਉੱਤੇ ਅਮਰੀਕਾ ਨੇ ਗਲਬਾ ਪਾ ਲਿਆ। ਕਿਊਬਾ ਦੀ ਆਰਥਿਕਤਾ ਤਬਾਹ ਹੋ ਗਈ। ਅਖੀਰ ਇਨ੍ਹਾਂ ਸਤਾਏ ਹੋਏ ਲੋਕਾਂ ਨੇ ਸੰਘਰਸ਼ ਅਤੇ ਕ੍ਰਾਂਤੀ ਦਾ ਰਾਹ ਫੜਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਨਵੀਂ ਸੇਧ, ਭਰੋਸਾ ਅਤੇ ਆਤਮ ਬਲ ਮਿਲਿਆ। ਸ਼ਹਾਦਤ ਅਤੇ ਮੁਸ਼ੱਕਤ ਨਾਲ ਜ਼ਰਖ਼ੇਜ਼ ਹੋਈ ਕਿਊਬਾ ਦੀ ਸਰਜ਼ਮੀਨ 'ਤੇ ਸਿਜਦਾ ਕਰਦਿਆਂ ਲੇਖਕ ਨੇ ਮਹੱਤਵਪੂਰਨ ਬਿਰਤਾਂਤ ਪੇਸ਼ ਕੀਤੇ ਹਨ। ਇਸ ਯਾਤਰਾ ਬਿਰਤਾਂਤ ਵਿਚ ਉਸ ਨੇ ਕਿਊਬਾ ਦੇ ਭੂਗੋਲਿਕ ਚੌਗਿਰਦੇ, ਕੁਦਰਤੀ ਸੁਹੱਪਣ, ਸੱਭਿਆਚਾਰ, ਵਪਾਰ ਅਤੇ ਸਮਾਜਿਕ ਢਾਂਚੇ ਦਾ ਵਰਨਣ ਕੀਤਾ ਹੈ। ਕਿਊਬਾ ਉੱਤੇ ਹੁੰਦੇ ਰਹੇ ਜ਼ੁਲਮ ਦੀ ਲੰਮੀ ਦਰਦਨਾਕ ਕਹਾਣੀ ਪੇਸ਼ ਕੀਤੀ ਗਈ ਹੈ। ਅਮਰੀਕਾ ਦੇ ਸਮੁੰਦਰੀ ਤੱਟ ਉੱਤੇ ਵਸਿਆ ਟਾਪੂ ਕਿਊਬਾ ਮਗਰਮੱਛ ਦੀ ਸ਼ਕਲ ਵਰਗਾ ਹੈ।
ਇਸ ਦੀ ਲੰਬਾਈ 1200 ਕਿਲੋਮੀਟਰ ਅਤੇ ਚੌੜਾਈ 32 ਕਿਲੋਮੀਟਰ ਹੈ। ਇਥੇ ਸਭ ਲਈ ਸਿੱਖਿਆ ਲਾਜ਼ਮੀ ਅਤੇ ਮੁਫ਼ਤ ਹੈ। ਸਮਾਜਵਾਦੀ ਇਨਕਲਾਬ ਉਪਰੰਤ ਕਿਊਬਾ ਨੇ ਵੱਡੀ ਗਿਣਤੀ ਵਿਚ ਅਧਿਆਪਕ, ਤਕਨੀਸ਼ੀਅਨ, ਨਰਸਾਂ, ਫਾਰਮਾਸਿਸਟ, ਡਾਕਟਰ ਤੇ ਇੰਜੀਨੀਅਰ ਤਿਆਰ ਕੀਤੇ ਹਨ, ਜੋ ਗ਼ਰੀਬ ਮੁਲਕਾਂ ਵਿਚ ਜਾ ਕੇ ਸੇਵਾ ਕਰ ਰਹੇ ਹਨ। ਅੱਜ ਇਸ ਦੇਸ਼ ਦਾ ਵਪਾਰ 97 ਮੁਲਕਾਂ ਨਾਲ ਹੋ ਰਿਹਾ ਹੈ। ਅੰਤ ਵਿਚ ਲੇਖਕ ਨੇ ਕਿਊਬਾ ਦੇ ਲੋਕਾਂ ਪ੍ਰਤੀ ਪਿਆਰ ਸਤਿਕਾਰ ਭੇਟ ਕਰਦਿਆਂ ਕੁਝ ਕਵਿਤਾਵਾਂ ਵੀ ਲਿਖੀਆਂ ਹਨ। ਇਹ ਪੁਸਤਕ ਪੜ੍ਹਨਯੋਗ ਤੇ ਵਿਚਾਰਨਯੋਗ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਕਰਮਯੋਗੀ
ਲੇਖਕ : ਡਾ: ਹਰੀ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 98159-50590.

 

ਡਾ: ਹਰੀ ਸਿੰਘ ਦਾ ਕਿੱਤਾ ਤਾਂ ਭਾਵੇਂ ਡਾਕਟਰੀ ਰਿਹਾ ਹੈ ਪਰ ਸਾਹਿਤ ਪ੍ਰਤੀ ਚੇਟਕ ਗਾਹੇ-ਬਗਾਹੇ ਉਨ੍ਹਾਂ ਦੇ ਸੰਵੇਦਨਸ਼ੀਲ ਮਨ ਨੂੰ ਸਾਹਿਤ ਰਚਨਾ ਲਈ ਪ੍ਰੇਰਦੀ ਰਹੀ ਹੈ। ਇਸੇ ਸਦਕਾ ਹੀ ਅੱਧੀ ਦਰਜਨ ਪੁਸਤਕਾਂ ਦੀ ਰਚਨਾ ਤੋਂ ਬਾਅਦ ਸੱਤਵੀਂ ਪੁਸਤਕ ਦੇ ਰੂਪ ਵਿਚ ਉਨ੍ਹਾਂ ਦੀ ਸਵੈ-ਜੀਵਨੀ 'ਕਰਮਯੋਗੀ' ਪਾਠਕਾਂ ਦੇ ਰੂ-ਬਰੂ ਹੋਈ ਹੈ। ਇਸ ਸਵੈ-ਜੀਵਨੀ ਵਿਚ ਡਾ: ਹਰੀ ਸਿੰਘ ਨੇ ਜਿਥੇ ਪਾਕਿਸਤਾਨ ਵਿਚ ਬਿਤਾਏ ਆਪਣੇ ਬਚਪਨ ਦੇ ਦਿਨਾਂ ਨੂੰ ਪਾਠਕਾਂ ਸਾਹਮਣੇ ਬੜੀ ਰੌਚਿਕਤਾ ਨਾਲ ਪੇਸ਼ ਕੀਤਾ ਹੈ, ਉਥੇ ਡਾਕਟਰੀ ਦੀ ਪੜ੍ਹਾਈ ਸਮੇਂ ਆਈਆਂ ਤੰਗੀਆਂ-ਤੁਰਸ਼ੀਆਂ ਅਤੇ ਨਾਲ ਦੀ ਨਾਲ ਇਸ ਕਿੱਤੇ ਪ੍ਰਤੀ ਆਪਣੇ ਮੋਹ ਅਤੇ ਲਗਨ ਬਾਰੇ ਵੀ ਵਿਸਥਾਰ ਪੂਰਵਕ ਵਰਨਣ ਕੀਤਾ ਹੈ। ਇਸ ਸਵੈ-ਜੀਵਨੀ ਨੂੰ ਪੜ੍ਹਦਿਆਂ ਪਾਠਕ ਦਾ ਇਸ ਕਿਤੇ ਪ੍ਰਤੀ ਰੁਖਾ ਹੋਣ ਦਾ ਭਰਮ ਵੀ ਟੁੱਟ ਜਾਂਦਾ ਹੈ, ਕਿਉਂਕਿ ਡਾ: ਹਰੀ ਸਿੰਘ ਦੀ ਕਿੱਤੇ ਪ੍ਰਤੀ ਸਮਰਪਣ ਭਾਵਨਾ ਤੇ ਮਰੀਜ਼ ਦੀ ਜਾਨ ਬਚਾਉਣ ਲਈ ਕੀਤੇ ਯਤਨਾਂ ਦੀਆਂ ਉਦਾਹਰਨਾਂ ਪਾਠਕ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਦੀਆਂ ਹਨ। ਜਿਵੇਂ ਇਕ ਥਾਂ 'ਤੇ ਮਰੀਜ਼ ਦੇ ਆਪ੍ਰੇਸ਼ਨ ਲਈ ਉਹ ਰੋਟੀ ਵਿਚੇ ਹੀ ਛੱਡ ਕੇ ਚਲਾ ਜਾਂਦਾ ਹੈ ਤੇ ਆਪ੍ਰੇਸ਼ਨ ਕਰਨ ਤੋਂ ਬਾਅਦ ਆ ਕੇ ਰੋਟੀ ਖਾਂਦਾ ਹੈ। ਇਸੇ ਤਰ੍ਹਾਂ ਬਿਆਨ ਨੂੰ ਰੌਚਿਕ ਬਣਾਉਣ ਲਈ ਸਵੈ-ਜੀਵਨੀਕਾਰ ਨੇ ਕਿਤੇ-ਕਿਤੇ ਰੁਮਾਂਟਿਕ ਵਾਤਾਵਰਨ ਵੀ ਪੈਦਾ ਕੀਤਾ ਹੈ। ਡਾ: ਹਰੀ ਸਿੰਘ ਦੀ ਇਸ ਸਵੈ-ਜੀਵਨੀ ਵਿਚ ਬਹੁਤੇ ਵੇਰਵੇ ਉਨ੍ਹਾਂ ਦੇ ਕਿੱਤੇ ਨਾਲ ਹੀ ਸਬੰਧਿਤ ਘਟਨਾਵਾਂ ਨੂੰ ਪੇਸ਼ ਕਰਦੇ ਹਨ ਪਰ ਕੋਈ ਵਿਅਕਤੀ ਆਪਣੀ ਮਿਹਨਤ ਅਤੇ ਸਿਰੜ ਨਾਲ ਕਿਸੇ ਮੁਕਾਮ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ, ਇਹ ਵਰਨਣ ਪਾਠਕ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

17-11-2018

 ਜਗਤੁ ਜਲੰਦਾ ਰਖਿ ਲੈ...
(ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਤੇ ਭਗਵਾਂ ਰਾਸ਼ਟਰਵਾਦ)
ਸੰਪਾਦਕ : ਪ੍ਰੋ: ਬਲਵਿੰਦਰਪਾਲ ਸਿੰਘ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਸਾ.ਸ. ਜਲੰਧਰ
ਮੁੱਲ : 250 ਰੁਪਏ, ਸਫ਼ੇ : 200
ਸੰਪਰਕ : 98157-00916.

ਇਸ ਪੁਸਤਕ ਵਿਚਲੇ ਸੰਕਲਿਤ 17 ਲੇਖਾਂ ਵਿਚ ਇਹ ਸਮਝਣ-ਸਮਝਾਉਣ ਦੀ ਚੇਸ਼ਟਾ ਕੀਤੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਭਾਰਤ ਦੇ ਪ੍ਰਚਲਿਤ ਰਵਾਇਤੀ ਅਧਿਆਤਮਕ ਚੌਖਟੇ ਵਿਚ ਫਿਟ ਨਹੀਂ ਕੀਤੀ ਜਾ ਸਕਦੀ। ਭਾਰਤ ਦੀ ਪੁਰਾਤਨ ਵਿਚਾਰਧਾਰਾ ਸਮਾਜ ਵਿਚ ਨਫ਼ਰਤ, ਹਿੰਸਾ, ਘੱਟ-ਗਿਣਤੀਆਂ ਪ੍ਰਤੀ ਈਰਖਾ ਫੈਲਾਉਣਾ, ਜਾਤੀਵਾਦ ਦੇ ਆਧਾਰ 'ਤੇ ਮਨੁੱਖਤਾ ਨੂੰ ਵੰਡਣ ਅਤੇ ਫਾਸ਼ੀਵਾਦੀ ਸੋਚ ਨੂੰ ਸਥਾਪਿਤ ਕਰਨ ਵਾਲੀ ਸੀ।
ਦੂਜੇ ਪਾਸੇ ਗੁਰੂ ਨਾਨਕ ਦਾ ਫ਼ਲਸਫ਼ਾ ਸਾਂਝੀਵਾਲਤਾ, ਸਰਬੱਤ ਦੇ ਭਲੇ ਅਤੇ ਸਰਬੱਤ ਦੀ ਸੁਤੰਤਰਤਾ ਨਾਲ ਭਰਪੂਰ ਹੈ। ਇਹ ਫ਼ਲਸਫ਼ਾ ਕਿਰਤੀਆਂ, ਪਛੜਿਆਂ ਤੇ ਮਨੁੱਖੀ ਅਧਿਕਾਰਾਂ ਦੇ ਹਿਤ ਵਿਚ ਤੇ ਜ਼ਾਲਮ ਸ਼ਾਸਕਾਂ ਦੇ ਵਿਰੁੱਧ ਹੈ। ਇਹ ਫ਼ਲਸਫ਼ਾ ਭਾਰਤ ਦੀ ਰਵਾਇਤੀ ਵਿਚਾਰਧਾਰਾ ਦਾ ਪੂਰਨ ਰੂਪ ਵਿਚ ਖੰਡਨ ਕਰਦਾ ਹੈ। ਸ: ਅਜਮੇਰ ਸਿੰਘ ਲਿਖਦਾ ਹੈ ਕਿ ਬਹੁਗਿਣਤੀ ਫ਼ਿਰਕੇ ਨਾਲ ਸਬੰਧਿਤ ਰਾਸ਼ਟਰਵਾਦੀਆਂ ਨੇ ਸਿੱਖ ਭਾਈਚਾਰੇ ਨੂੰ ਆਪਣੇ ਸਮਾਜ ਦਾ ਅਨਿੱਖੜ ਅੰਗ ਦਰਸਾਉਣ ਦੇ ਯਤਨ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੇ ਸਨ। ਇੰਦੂ ਭੂਸ਼ਣ ਬੈਨਰਜੀ, ਗੋਕਲ ਚੰਦ ਨਾਰੰਗ ਅਤੇ ਹਰੀ ਰਾਮ ਗੁਪਤਾ ਦੁਆਰਾ ਲਿਖੇ ਸਿੱਖ ਧਰਮ ਦੇ ਇਤਿਹਾਸ ਵਿਚ ਅਜਿਹੀ ਕੋਸ਼ਿਸ਼ ਦੇਖੀ ਜਾ ਸਕਦੀ ਹੈ।
ਪਰਮਿੰਦਰ ਸਿੰਘ ਖ਼ਾਲਸਾ ਅਨੁਸਾਰ ਡਾ: ਅੰਬੇਡਕਰ ਹਿੰਦੂ ਰਾਸ਼ਟਰ ਦੇ ਵਿਰੋਧੀ ਸਨ। ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਇਹ ਅੰਕਿਤ ਕਰ ਦਿੱਤਾ ਸੀ ਕਿ ਇਹ ਸੰਕਲਪ ਲੋਕਤੰਤਰ ਨਾਲ ਮੇਲ ਨਹੀਂ ਖਾਂਦਾ। (ਪਾਰਟੀਸ਼ਨ ਆਫ ਇੰਡੀਆ, ਪੰਨਾ 358)
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਪ੍ਰੋਫੈਸਰ ਰਾਮ ਪੁਨਿਆਣੀ ਲਿਖਦਾ ਹੈ ਕਿ ਜੇ ਅਸੀਂ ਭਾਰਤ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਫਾਸ਼ੀਵਾਦੀ ਜਥੇਬੰਦੀਆਂ ਦੇ ਵਿਚਾਰਾਂ ਦਾ ਜਨਤਕ ਅਤੇ ਵਿਚਾਰਧਾਰਕ ਤੌਰ 'ਤੇ ਵਿਰੋਧ ਕਰਨਾ ਹੋਵੇਗਾ ਅਤੇ ਇਕ ਵੱਡਾ ਅੰਦੋਲਨ ਖੜ੍ਹਾ ਕਰਨਾ ਹੋਵੇਗਾ। ਇਹ ਪੁਸਤਕ ਮੌਜੂਦਾ ਦੌਰ ਵਿਚ ਫੈਲਾਈ ਜਾ ਰਹੀ ਸੌੜੀ ਵਿਚਾਰਧਾਰਾ ਦਾ ਡਟ ਕੇ ਵਿਰੋਧ ਕਰਦੀ ਹੈ। ਜੇ ਭਾਰਤ ਨੇ ਵਿਕਾਸ ਕਰਨਾ ਹੈ ਤਾਂ ਘੱਟ-ਗਿਣਤੀ ਸਮੂਹਾਂ, ਦਲਿਤਾਂ, ਇਸਤਰੀਆਂ ਅਤੇ ਸਿੱਖਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਧਰਮੀਆਂ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਇਨ੍ਹਾਂ ਨੂੰ ਆਪਣੀ ਵੱਖਰੀ ਸ਼ਨਾਖ਼ਤ ਬਰਕਰਾਰ ਰੱਖਣ ਲਈ ਅੱਗੇ ਆਉਣਾ ਪਵੇਗਾ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪੰਜ ਸੱਤ ਪੰਜ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 112
ਸੰਪਰਕ : 94640-76257.

ਬਿਕਰਮਜੀਤ 'ਨੂਰ' ਪੰਜਾਬੀ ਸਾਹਿਤ ਦਾ ਸਰਬਾਂਗੀ ਲੇਖਕ ਹੈ, ਜੋ ਕਿ ਪੰਜਾਬੀ ਸਾਹਿਤ 'ਚ ਇਕ ਜਾਣਿਆ-ਪਛਾਣਿਆ ਨਾਂਅ ਹੈ। 'ਪੰਜ ਸੱਤ ਪੰਜ' ਉਸ ਦਾ ਹਾਇਕੂ ਕਵਿਤਾ ਦਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 1000 ਦੇ ਕਰੀਬ 'ਹਾਇਕੂ' ਸ਼ਾਮਿਲ ਕੀਤੇ ਹਨ। ਇਹ ਕਾਵਿ-ਪਰੰਪਰਾ ਜਾਪਾਨ ਤੋਂ ਪਰਮਿੰਦਰ ਸੋਢੀ ਰਾਹੀਂ ਪੰਜਾਬੀ ਕਾਵਿ 'ਚ ਪ੍ਰਵੇਸ਼ ਕਰਦੀ ਹੈ, ਜਿਸ ਵਿਚ ਕਸ਼ਮੀਰੀ ਲਾਲ ਚਾਵਲਾ, ਜਨਮੇਜਾ ਸਿੰਘ ਜੌਹਲ, ਪ੍ਰੋ: ਮਲਕੀਤ ਸਿੰਘ 'ਸੰਧੂ', ਜਰਨੈਲ ਸਿੰਘ ਭੁੱਲਰ, ਡਾ: ਨਿਤਨੇਮ ਸਿੰਘ, ਬਲਮਜੀਤ ਕੌਰ ਮਾਨ, ਬੁੱਧ ਸਿੰਘ ਚਿੱਤਰਕਾਰ ਤੇ ਹਰਦੀਪ ਕੌਰ ਸੰਧੂ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਬਿਕਰਮਜੀਤ ਨੂਰ ਅਨੁਸਾਰ ਕਸ਼ਮੀਰੀ ਲਾਲ ਚਾਵਲਾ ਪੰਜਾਬੀ ਕਾਵਿ 'ਚ ਮੋਢੀ ਹਾਇਕੂਕਾਰ ਹੈ, ਇਸ ਲਈ ਉਸ ਨੇ ਇਹ ਕਾਵਿ-ਸੰਗ੍ਰਹਿ, ਉਸ ਨੂੰ ਹੀ ਸਮਰਪਤ ਕੀਤਾ ਹੈ। ਪੰਜ ਸੱਤ ਪੰਜ ਤੋਂ ਭਾਵ 17 ਵਰਣਾਂ ਵਾਲੀ ਕਵਿਤਾ ਹੈ। ਇਹ ਕਾਵਿ-ਛੰਦ ਤਿੰਨ ਸਤਰਾਂ ਦਾ ਹੁੰਦਾ ਹੈ, ਜਿਸ ਵਿਚ ਪਹਿਲੀ ਅਤੇ ਤੀਸਰੀ ਸਤਰ 5-5 ਵਰਣਾਂ ਦੀ ਅਤੇ ਦੂਸਰੀ ਸੱਤ ਵਰਣਾਂ ਦੀ ਹੁੰਦੀ ਹੈ। ਇਸ ਲਈ ਇਸ ਪੁਸਤਕ ਦਾ ਸਿਰਲੇਖ ਵੀ ਹਾਇਕੂ ਦੀ ਰੂਪਕ ਪ੍ਰਵਿਰਤੀ ਨੂੰ ਪਰਿਭਾਸ਼ਤ ਕਰਦਾ ਹੈ। ਹਾਇਕੂ ਸ਼ਬਦ ਦੀ ਘਾੜਤ ਨੌਜਵਾਨ ਹਾਇਕੂ ਸ਼ਾਇਰ ਹਾਇਜਨ ਸਿੱਕੀ ਨੇ 20ਵੀਂ ਸਦੀ ਵਿਚ ਕੀਤੀ, ਜੋ ਦੋ ਸ਼ਬਦਾਂ 819 (ਅਲੌਕਿਕ) ਾਂ" (ਕਵਿਤਾ) ਦਾ ਸੁਮੇਲ ਹੈ, ਜਿਸ ਦਾ ਅਰਥ ਅਲੌਕਿਕ ਕਵਿਤਾ ਹੈ। ਇਸ ਕਵਿਤਾ ਵਿਚ ਜੀਵਨ ਛਿਣ-ਭੰਗਰ ਹੁੰਦਾ ਹੈ, ਸਭ ਕੁਝ ਪ੍ਰਕਿਰਤਿਕ ਤੌਰ 'ਤੇ ਬਦਲਣਸ਼ੀਲ ਹੈ। ਇਸ ਲਈ ਇਸ ਕਵਿਤਾ 'ਚ ਛਿਣ-ਭੰਗਰਤਾ ਵਾਲੇ ਦ੍ਰਿਸ਼, ਰੁੱਤਾਂ ਅਤੇ ਵਰਤਮਾਨ 'ਚ ਜੀਣ ਦੀ ਮਨੁੱਖ ਦੀ ਲਾਲਸਾ ਆਦਿ ਵਿਸ਼ੇ ਹੀ ਨਿਭਾਏ ਜਾਂਦੇ ਹਨ। ਬਿਕਰਮਜੀਤ ਨੂਰ ਦੇ ਇਨ੍ਹਾਂ ਹਾਇਕੂਆਂ 'ਚ ਸੰਚਾਰ ਦੀ ਕਿਧਰੇ ਵੀ ਕੋਈ ਸਮੱਸਿਆ ਨਹੀਂ ਹੈ। ਇਸ ਕਵਿਤਾ ਦਾ ਮੁੱਖ ਮੰਤਵ ਸੁੰਦਰਤਾ ਦਾ ਸੰਚਾਰ ਕਰਨਾ ਹੈ। ਸੰਖੇਪਤਾ, ਸੰਜਮਤਾ, ਸਰਲਤਾ, ਸਪੱਸ਼ਟਤਾ, ਭਾਵਾਂ ਦਾ ਸੰਚਾਰ ਇਸ ਕਾਵਿ ਦੇ ਮੀਰੀ ਗੁਣ ਹਨ :
ਸਮਝੀ ਜ਼ਰਾ
ਸ਼ਬਦਾਂ ਦੇ ਅਰਥ
ਡੂੰਘਾਈ ਨਾਲ
ਬਿਕਰਮਜੀਤ ਨੂਰ ਨੇ ਹਾਇਕੂਆਂ ਦੀ ਮੰਗ ਅਨੁਸਾਰ ਆਪਣੀ ਹਾਇਕੂ ਕਵਿਤਾ 'ਚ 'ਹਾਇਕੂ' ਕਾਵਿ ਦੇ ਮੀਰੀ ਗੁਣਾਂ ਨੂੰ ਖੂਬ ਨਿਭਾਉਂਦਿਆਂ ਕਾਵਿਕ-ਦ੍ਰਿਸ਼ਾਂ ਰਾਹੀਂ ਸਥਿਤੀਆਂ/ਪ੍ਰਸਥਿਤੀਆਂ ਪਾਠਕਾਂ ਸਾਹਵੇਂ ਪ੍ਰਕਾਸ਼ਮਾਨ ਕਰ ਦਿੱਤੀਆਂ ਹਨ। ਪੁਸਤਕ ਨੂੰ ਖੁਸ਼ਆਮਦੀਦ ਕਹਿੰਦਿਆਂ ਖੁਸ਼ੀ ਅਨੁਭਵ ਕਰ ਰਿਹਾ ਹਾਂ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ
ਲੇਖਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 94170-76735.

ਉਪਰੋਕਤ ਪੁਸਤਕ ਮੁਲਾਕਾਤ, ਬਿਆਨ, ਸੁਨੇਹੜੇ ਅਤੇ ਵਸੀਅਤਨਾਮਾ ਅਮੋਲਕ ਸਿੰਘ ਦੁਆਰਾ ਲਿਖੀ ਇਕ ਅਜਿਹੀ ਪੁਸਤਕ ਹੈ, ਜਿਸ ਵਿਚ ਬੀਬੀ ਅਮਰ ਕੌਰ ਦੀ ਸ਼ਖ਼ਸੀਅਤ ਅਤੇ ਆਜ਼ਾਦੀ ਦੇ ਘੋਲ ਦੌਰਾਨ ਕੀਤੇ ਕਾਰਜਾਂ ਦਾ ਵੇਰਵਾ ਤਾਂ ਦਰਜ ਕੀਤਾ ਹੀ ਗਿਆ ਹੈ, ਨਾਲ ਦੀ ਨਾਲ ਉਸ ਨਾਲ ਕੀਤੀ ਇਕ ਲੰਮੀ ਮੁਲਾਕਾਤ ਵਿਚੋਂ ਸ਼ਹੀਦ ਭਗਤ ਸਿੰਘ ਦੇ ਖਾਨਦਾਨੀ ਪਿਛੋਕੜ ਅਤੇ ਭਗਤ ਸਿੰਘ ਦੀ ਸਿਰੜੀ, ਸਿਰਲੱਥ ਅਤੇ ਦ੍ਰਿੜ੍ਹ ਇਰਾਦੇ ਵਾਲੀ ਸ਼ਖ਼ਸੀਅਤ ਦੇ ਵੀ ਬਹੁਤ ਸਾਰੇ ਪੱਖ ਉਭਾਰੇ ਗਏ ਹਨ।
ਜੇਕਰ ਅਸਲ ਵਿਚ ਦੇਖਿਆ ਜਾਵੇ ਤਾਂ ਇਹ ਪੁਸਤਕ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਹੀ ਬੀਬੀ ਅਮਰ ਕੌਰ ਦੀ ਜ਼ਬਾਨੀ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਬੀਬੀ ਅਮਰ ਕੌਰ ਅਤੇ ਭਾਣਜੇ ਜਗਮੋਹਨ ਸਿੰਘ ਨਾਲ ਲੰਮੀ ਮੁਲਾਕਾਤ ਪੇਸ਼ ਕੀਤੀ ਗਈ ਹੈ, ਜਿਸ ਵਿਚ ਤਤਕਾਲੀ ਸਮੇਂ ਦੇ ਇਤਿਹਾਸਕ ਪਰੀਦ੍ਰਿਸ਼ ਨੂੰ ਘੋਖਵੀਂ ਤੇ ਪੜਚੋਲਵੀਂ ਦ੍ਰਿਸ਼ਟੀ ਤੋਂ ਵਿਚਾਰਨ ਦਾ ਯਤਨ ਕੀਤਾ ਗਿਆ ਹੈ, ਕਿਉਂਕਿ ਬੀਬੀ ਅਮਰ ਕੌਰ ਉਸ ਸਮੇਂ ਦੀ ਚਸ਼ਮਦੀਦ ਗਵਾਹ ਸੀ। ਅੰਗਰੇਜ਼ਾਂ ਦੀਆਂ ਨੀਤੀਆਂ ਦੇ ਨਾਲ-ਨਾਲ ਕਾਂਗਰਸ ਪਾਰਟੀ ਅਤੇ ਭਾਰਤੀ ਆਗੂਆਂ ਦੇ ਰਵੱਈਏ ਬਾਰੇ ਵੀ ਬੀਬੀ ਅਮਰ ਕੌਰ ਨੇ ਬੇਬਾਕ ਟਿੱਪਣੀਆਂ ਕੀਤੀਆਂ ਹਨ ਅਤੇ ਭਗਤ ਸਿੰਘ ਦੀ ਆਜ਼ਾਦੀ ਦੇ ਸੰਘਰਸ਼ ਪ੍ਰਤੀ ਵਿਚਾਰਧਾਰਕ ਪਹੁੰਚ ਦਾ ਵਿਸ਼ਲੇਸ਼ਣ ਵੀ ਪੇਸ਼ ਕੀਤਾ ਹੈ।
ਪਰਿਵਾਰਕ ਪਿਛੋਕੜ ਬਾਰੇ ਵੀ ਭਗਤ ਸਿੰਘ ਦੇ ਪੜਦਾਦਾ ਜੀ, ਪਿਤਾ ਜੀ ਅਤੇ ਚਾਚਾ ਜੀ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਵੀ ਤੱਥ ਭਰਪੂਰ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਵਿਚ ਅਸੈਂਬਲੀ ਹਾਲ ਵਿਚ ਬੰਬ ਧਮਾਕੇ ਤੋਂ ਬਾਅਦ ਸੁੱਟੇ ਪਰਚੇ ਬਾਰੇ ਵੀ ਬੀਬੀ ਅਮਰ ਕੌਰ ਦਾ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਸੰਦੇਸ਼, ਜੋ ਸਮੇਂ-ਸਮੇਂ ਬੀਬੀ ਅਮਰ ਕੌਰ ਦੁਆਰਾ ਦਿੱਤੇ ਗਏ, ਉਨ੍ਹਾਂ ਦਾ ਵੇਰਵਾ ਪੁਸਤਕ ਵਿਚ ਦਰਜ ਹੈ। ਉਨ੍ਹਾਂ ਨੇ ਆਪਣੀ ਵਸੀਅਤ ਵਿਚ ਜਿਥੇ ਅਨਿਆਂ ਅਤੇ ਨਾਬਰਾਬਰੀ ਪੈਦਾ ਕਰਨ ਵਾਲੀਆਂ ਤਾਕਤਾਂ ਦੇ ਵਿਰੋਧ ਵਿਚ ਖੜ੍ਹੇ ਹੋਣ ਲਈ ਕਿਹਾ, ਉਥੇ ਆਪਣੇ ਸਸਕਾਰ ਤੋਂ ਬਾਅਦ ਰਾਖ ਨੂੰ ਹੁਸੈਨੀਵਾਲੇ ਹੀ ਪ੍ਰਵਾਹ ਕਰਨ ਲਈ ਵੀ ਕਿਹਾ। ਪੁਸਤਕ ਵਿਚ ਭਗਤ ਸਿੰਘ ਦੇ ਵਿਚਾਰਾਂ ਤੋਂ ਇਲਾਵਾ ਇਕ ਲੇਖ 'ਅਛੂਤ ਦਾ ਸਵਾਲ' ਵੀ ਸ਼ਾਮਿਲ ਹੈ। ਪੁਸਤਕ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਵੀਰ ਸ਼ਮੀਰ
ਕਿੱਸਾਕਾਰ : ਮਨਦੀਪ ਸੰਧੂ
ਪ੍ਰਕਾਸ਼ਕ : ਰੁਖਾਲਾ ਪਬਲਿਸ਼ਿੰਗ ਹਾਊਸ, ਰੁਖਾਲਾ, ਮੁਕਤਸਰ ਸਾਹਿਬ
ਮੁੱਲ : 70 ਰੁਪਏ, ਸਫ਼ੇ : 48
ਸੰਪਰਕ : 99153-52001.

ਪੰਜਾਬ ਦੀਆਂ ਪ੍ਰੀਤ ਕਹਾਣੀਆਂ ਵਿਚੋਂ ਮਿਰਜ਼ਾ ਸਾਹਿਬਾਂ ਦਾ ਕਿੱਸਾ ਬਹੁਤ ਮਸ਼ਹੂਰ ਹੈ। ਸਿਆਲ ਦੇ ਚੌਧਰੀ ਦੀ ਧੀ ਸਾਹਿਬਾਂ ਨੂੰ ਵਿਆਹੁਣ ਲਈ ਚੰਦੜ੍ਹਾਂ ਦਾ ਤਾਹਿਰ ਖਾਨ ਬਰਾਤ ਲੈ ਕੇ ਆਇਆ ਹੁੰਦਾ ਹੈ। ਨਿਕਾਹ ਤੋਂ ਕੁਝ ਸਮਾਂ ਪਹਿਲਾਂ ਦਾਨਾਬਾਦ ਦਾ ਮਿਰਜ਼ਾ ਜੱਟ ਆਪਣੀ ਪ੍ਰੇਮਿਕਾ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਹੈ। ਜਦੋਂ ਸਾਹਿਬਾਂ ਦੇ ਭਰਾ ਸ਼ਮੀਰ ਨੂੰ ਪਤਾ ਲਗਦਾ ਹੈ ਤਾਂ ਉਸ ਦੀ ਅਣਖ ਜਾਗ ਪੈਂਦੀ ਹੈ। ਉਹ ਆਪਣੇ ਸਾਥੀਆਂ ਅਤੇ ਚੰਦੜ੍ਹਾਂ ਸਮੇਤ ਹਥਿਆਰਬੰਦ ਹੋ ਕੇ ਮਿਰਜ਼ੇ ਦਾ ਪਿੱਛਾ ਕਰਦਾ ਹੈ ਅਤੇ ਦਾਨਾਬਾਦ ਦੀ ਜੂਹ ਵਿਚ ਜਾ ਕੇ ਮਿਰਜ਼ੇ ਨੂੰ ਮਾਰ ਦਿੰਦਾ ਹੈ। ਇਸ ਸਾਰੇ ਸਮੇਂ ਜੋ ਵਿਚਾਰਧਾਰਾ ਸ਼ਮੀਰ ਦੇ ਮਨ ਵਿਚ ਚਲਦੀ ਹੈ, ਜਿਵੇਂ ਉਸ ਦਾ ਖੂਨ ਖੌਲਦਾ ਹੈ, ਜਿਵੇਂ ਉਹ ਬਦਨਾਮੀ ਦੀ ਪੀੜ ਨਾ ਸਹਾਰਦਿਆਂ ਮਿਰਜ਼ੇ ਨੂੰ ਕੋਹ ਕੋਹ ਕੇ ਖ਼ਤਮ ਕਰਦਾ ਹੈ, ਇਸ ਦਾ ਬ੍ਰਿਤਾਂਤ ਇਸ ਪੁਸਤਕ ਵਿਚ ਬਾਕਮਾਲ ਢੰਗ ਨਾਲ ਦਿੱਤਾ ਗਿਆ ਹੈ। ਮਿਰਜ਼ਾ ਸਾਹਿਬਾਂ ਬਾਰੇ ਭਾਵੇਂ ਬਹੁਤ ਕਿੱਸੇ ਲਿਖੇ ਗਏ ਪਰ ਇਸ ਦੇ ਸਰਗਰਮ ਪਾਤਰ ਸ਼ਮੀਰ ਬਾਰੇ ਲਿਖਿਆ ਗਿਆ ਇਹ ਪਹਿਲਾ ਕਿੱਸਾ ਹੈ। ਪੰਜਾਬੀ ਗੱਭਰੂ ਦੀ ਅਸਲੀ ਤਸਵੀਰ ਨੂੰ ਪੇਸ਼ ਕਰਦੀਆਂ ਕੁਝ ਸਤਰਾਂ ਦੇ ਦਰਸ਼ਨ ਕਰੋਂ
-ਆਹ ਹਿੱਕ ਮੇਰੀ ਵਿਚ ਚੱਲਦੈ,
ਇਕ ਵੱਖਰਾ ਹੀ ਘਮਸਾਨ
ਜੋ ਭੈਣ ਭਰਾ ਦਾ ਕਰ ਜਾਏ,
ਓਏ ਖੜ੍ਹੇ ਪੈਰ ਨੁਕਸਾਨ
ਓਹ ਝੱਲੇ ਕਿੰਜ ਜੱਗਹਾਸੀਆਂ,
ਰੁਮਕੇ ਕਿੰਜ ਸੀਨੇ ਤਾਣ
ਉਸ ਲਈ ਤਾਂ ਨਰਕ ਜਹਾਨ ਹੈ,
ਘਰ ਉਹਦੇ ਲਈ ਸ਼ਮਸ਼ਾਨ
-ਮੈਨੂੰ ਮਾਂ ਦੇ ਦੀਦੇ ਚੁੱਭਦੇ,
ਤੇ ਦੀਂਹਦਾ ਬਾਪ ਉਦਾਸ
ਘਰ ਦੀ ਦਾਗੀ ਰੌਣਖ ਵੇਖ ਕੇ,
ਲਟ ਲਟ ਬਲਦਾ ਏ ਮਾਸ
ਮੈਨੂੰ ਖੇਤ ਵੀ ਤਾਹਨੇ ਕੱਸਦੇ,
ਜਾਇਦਾਦਾਂ ਮਾਰਨ ਡੰਗ
ਮੈਨੂੰ ਸੱਥ ਨਿਹੋਰੇ ਮਾਰਦੀ,
ਤੇ ਖਾਣ ਨੂੰ ਆਵੇ ਪਿੰਡ।
ਇਹ ਕਿੱਸਾ ਇਕ ਭਰਾ ਦੇ ਜਜ਼ਬਾਤ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਜਦੋਂ ਕੋਈ ਮੁਟਿਆਰ ਸ਼ਰਮ ਹਯਾ, ਲੋਕਲਾਜ, ਸੰਸਕਾਰ, ਮਰਿਆਦਾ ਛੱਡ ਕੇ ਆਪਣੇ ਆਸ਼ਕ ਨਾਲ ਉੱਧਲ ਜਾਂਦੀ ਹੈ ਤਾਂ ਮਾਂ, ਬਾਪ, ਭਰਾਵਾਂ 'ਤੇ ਕੀ ਗੁਜ਼ਰਦੀ ਹੈ ਤੇ ਇਸ ਦੇ ਕਿੰਨੇ ਭਿਆਨਕ ਸਿੱਟੇ ਨਿਕਲਦੇ ਹਨ, ਉਸ ਦਾ ਮਨੋਵਿਗਿਆਨਕ ਯਥਾਰਥਕ ਚਿੱਤਰ ਪੇਸ਼ ਕਰਦਾ ਇਹ ਕਿੱਸਾ ਨਿਵੇਕਲਾ ਅਤੇ ਟੁੰਬਣ ਵਾਲਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਗੁਲਬੀਨ
ਲੇਖਕ : ਰਾਜਪਾਲ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 98767-10809.

ਪ੍ਰਸਿੱਧ ਪੰਜਾਬੀ ਲੇਖਕ ਰਾਜਪਾਲ ਸਿੰਘ ਨੇ ਆਪਣੇ ਲੇਖਾਂ ਦੀ ਕਿਤਾਬ ਦਾ ਨਾਂਅ 'ਗੁਲਬੀਨ' (ਦ ਕਲਾਈਡੋਸਕੋਪ) ਰੱਖਿਆ ਹੈ। ਭਾਵ ਰੰਗਾਂ ਦੇ ਅਜਿਹੇ ਡਿਜ਼ਾਇਨ ਜੋ ਸਹਿਜ ਸੋਹਣੇ ਅਤੇ ਆਕਰਸ਼ਕ ਦਿਸਦੇ/ਲਗਦੇ ਹਨ। ਇਸ ਪੁਸਤਕ ਵਿਚ ਅਜਿਹੇ ਲੇਖ ਸ਼ਾਮਿਲ ਕੀਤੇ ਗਏ ਸਨ, ਜੋ ਆਧੁਨਿਕ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹੋਏ, ਉਨ੍ਹਾਂ ਬਾਰੇ ਲਗਾਤਾਰ ਸੰਵਾਦ ਛੇੜਦੇ ਰਹਿੰਦੇ ਹਨ। ਉਸ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਜੀਵਨ ਦੇ ਮਸਲਿਆਂ ਬਾਰੇ ਆਮ ਪ੍ਰਚੱਲਿਤ ਸਮਝ ਵਿਚਲੀ ਕਾਵਿ ਨੂੰ ਦੂਰ ਕਰਨ ਅਤੇ ਫੈਲਾਈਆਂ ਜਾ ਰਹੀਆਂ ਭ੍ਰਾਂਤੀਆਂ ਨੂੰ ਖ਼ਤਮ ਕਰਨ ਦਾ ਕਾਰਜ ਆਰੰਭਿਆ ਹੋਇਆ ਹੈ। ਇਨ੍ਹਾਂ ਮਸਲਿਆਂ ਵਿਚ ਔਰਤ-ਮਰਦ ਦੇ ਆਪਸੀ ਸਬੰਧ, ਵਿਆਹ ਦੀ ਸੰਸਥਾ, ਬੱਚਿਆਂ ਦੀ ਮੁੰਡਾ-ਕੁੜੀ ਦੇ ਰੂਪ ਵਿਚ ਸ਼ਨਾਖ਼ਤ, ਸੱਭਿਆਚਾਰ ਦੇ ਬਦਲਦੇ ਰੂਪ ਅਤੇ ਪਾਈਆਂ ਜਾਣ ਵਾਲੀਆਂ ਭ੍ਰਾਂਤੀਆਂ, ਮਨੁੱਖ ਦੇ ਜੀਵਨ ਵਿਚ ਕਿਤਾਬਾਂ ਦਾ ਰੋਲ, ਕੁਦਰਤ, ਵਿਗਿਆਨ ਅਤੇ ਮਨੁੱਖ ਦੇ ਆਪਸੀ ਸਬੰਧ, ਪੰਜਾਬੀ ਨਾਲ ਮੋਹ ਅਤੇ ਅੰਗਰੇਜ਼ੀ ਨਾਲ ਘ੍ਰਿਣਾ, ਡੇਰਿਆਂ ਦਾ ਸਾਡੇ ਜੀਵਨ ਵਿਚ ਰੋਲ, ਧਰਮ ਅਤੇ ਮਨੁੱਖ ਦਾ ਰਿਸ਼ਤਾ, ਮੀਟ ਖਾਣ ਦਾ ਤਰਕਸ਼ੀਲ ਨਜ਼ਰੀਆ, ਸੋਸ਼ਲ ਮੀਡੀਆ ਬਾਰੇ ਵਿਵਾਦ ਅਤੇ ਆਖਰ ਵਿਚ ਤਿੰਨ ਅਪਾਹਜ ਸੂਰਮਿਆਂ ਦੀ ਗਾਥਾ ਜਿਨ੍ਹਾਂ ਨੇ ਕੁਦਰਤ ਸਾਹਵੇਂ/ਦੁੱਖ ਤਕਲੀਫਾਂ ਦੇ ਰੂਬਰੂ ਹਥਿਆਰ ਨਹੀਂ ਸੁੱਟੇ ਅਤੇ ਵੱਡੇ ਕਾਰਨਾਮੇ ਕਰ ਦਿਖਾਏ ਆਦਿ ਲੇਖ ਇਸ ਪੁਸਤਕ ਵਿਚ ਸ਼ਾਮਿਲ ਹਨ।
ਲੇਖਕ ਇਨ੍ਹਾਂ ਮਸਲਿਆਂ ਬਾਰੇ ਹਾਂ-ਪੱਖੀ ਪਹੁੰਚ ਰੱਖਦਾ ਹੋਇਆ, ਵਿਗਿਆਨਕ ਅਤੇ ਤਰਕ ਦਾ ਸਹਾਰਾ ਲੈਂਦਾ ਹੈ। ਇਸ ਸਬੰਧ ਵਿਚ ਉਹ ਬਣੀਆਂ ਗ਼ਲਤ ਧਾਰਨਾਵਾਂ ਨੂੰ ਰੱਦ ਕਰਕੇ ਨਵੇਂ ਸੁਨੇਹੇ ਅਤੇ ਵਿਚਾਰ ਪੇਸ਼ ਕਰਦਾ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਗਿਆਨ ਦੀ ਅਜਿਹੀ ਥਾਹ ਮਿਲਦੀ ਹੈ ਕਿ ਵਿਅਕਤੀ ਨੂੰ ਸਮਝ ਸਤਾਉਣ ਲਗਦੀ ਹੈ। ਖੁੱਲ੍ਹੀ ਸੋਚ ਅਤੇ ਵਿਗਿਆਨਕ ਪੁਸ਼ਟੀ ਇਨ੍ਹਾਂ ਲੇਖਾਂ ਦਾ ਸੁਭਾਅ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

11-11-2018

 ਮੈਂ ਭਗਤਾਂ ਦੀਆਂ ਪਾਵਾਂ ਬੋਲੀਆਂ
ਸੰਪਾਦਕ : ਡਾ: ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 94171-40380.

ਪੰਜਾਬੀ ਲੋਕ ਜੀਵਨ-ਸ਼ੈਲੀ ਵਿਚ ਆਦਿ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ-ਖੰਡਾਂ ਵਿਚ ਪੈਦਾ ਹੋਏ ਭਗਤਾਂ, ਸੰਤਾਂ, ਗੁਰੂ-ਪੀਰਾਂ, ਫ਼ਕੀਰਾਂ ਨੇ ਉੱਘਾ ਯੋਗਦਾਨ ਪਾਇਆ ਹੈ। ਇਨ੍ਹਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਵਿਚੋਂ ਸਾਡੇ ਸਮਕਾਲੀਨ ਕਵੀਆਂ ਨੇ ਜੋ ਭਾਵਬੋਧ ਗ੍ਰਹਿਣ ਕੀਤਾ, ਉਸ ਨੂੰ ਕਾਵਿ-ਜੁਗਤਾਂ ਜ਼ਰੀਏ ਪੇਸ਼ ਕੀਤਾ, ਉਸ ਨੂੰ ਹੀ ਆਂਸ਼ਿਕ ਪੱਧਰ 'ਤੇ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕਰਨ ਦੇ ਸਮਰੱਥ ਹੋਈ ਜਾਪਦੀ ਹੈ। ਇਸ ਪੁਸਤਕ ਵਿਚ 'ਧਰੂ ਭਗਤ' ਸਬੰਧੀ ਮੂਲ ਬੋਲੀਕਾਰ ਛੱਜੂ ਸਿੰਘ ਹੈ, ਭਗਤ ਪ੍ਰਹਿਲਾਦ ਸਬੰਧੀ ਬੋਲੀਆਂ ਦਾ ਸਿਰਜਕ ਦੇਵ ਖੇੜੀਵਾਲਾ ਹੈ, ਭਗਤ ਰਵਿਦਾਸ ਜੀ ਬਾਬਤ ਬੋਲੀਆਂ ਦਾ ਸਿਰਜਣਹਾਰਾ ਮੰਗੂ ਖੇੜੀਵਾਲਾ ਹੈ। ਇਸੇ ਪ੍ਰਸੰਗਕਿਤਾ 'ਚ ਲੋਕ ਜਗਤ ਨੂੰ ਸੱਚ-ਕੱਥ ਅਤੇ ਜੀਵਨ-ਜੁਗਤ ਅਪਣਾਉਣ ਦੀਆਂ ਰਮਜ਼ਾਂ ਨੂੰ ਸਮਝਾਉਣ ਹਿੱਤ ਮੰਗੂ ਖੇੜੀਵਾਲਾ ਨੇ 'ਧੰਨਾ ਭਗਤ', ਪਾਲ ਭੁੱਲਰ ਨੇ 'ਪੂਰਨ ਭਗਤ' ਅਤੇ ਲਛਮਣ ਸਿੰਘ ਧੂੜਕੋਟ ਨੇ 'ਬੀਬੀ ਰਜਨੀ' ਦੇ ਜੀਵਨ ਬਿਰਤਾਂਤ ਵਿਚੋਂ ਮਿਲਦੀਆਂ ਸਿੱਖਿਆਵਾਂ ਨੂੰ ਕਾਵਿ-ਪ੍ਰਤਿਭਾ ਦੀ ਮਹੱਤਵਪੂਰਨ ਸ਼ੈਲੀ ਵਿਚ ਪੇਸ਼ ਕੀਤਾ ਹੈ। ਪੁਸਤਕ ਦੀ ਅਹਿਮ ਵਿਸ਼ੇਸ਼ਤਾ ਬੋਲੀਕਾਰਾਂ ਦੀ ਸ਼ਬਦਾਵਲੀ ਵਿਚੋਂ ਉੱਭਰੇ ਸੰਕੇਤਾਂ, ਗੰਭੀਰ ਅਰਥਾਂ ਅਤੇ ਧਾਰਮਿਕ, ਨੈਤਿਕ ਅਤੇ ਸਮਾਜਿਕ ਮੁੱਲਾਂ ਨੂੰ ਧਾਰਨ ਕਰਕੇ ਜੀਵਨ ਨੂੰ ਸੁਖਾਲਾ ਬਣਾਉਣ ਵਿਚੋਂ ਵੀ ਪ੍ਰਗਟ ਹੁੰਦਾ ਹੈ ਅਤੇ ਮਿਆਰੀ ਕਾਵਿ-ਸਿਰਜਣਾ ਦੇ ਪ੍ਰਗਟਾਵੇ ਵਿਚੋਂ ਵੀ ਸਾਹਮਣੇ ਆਉਂਦੀ ਹੈ। 'ਦੁਰਗਾ ਮਾਈ', 'ਕੁੱਲ ਦੁਨੀਆ ਦੇ ਸਿਰਜਣਹਾਰ', 'ਜਗਤ ਜਲੰਦਾ ਰੱਖਣਹਾਰੇ', ਨੈਤਿਕਤਾ 'ਚੋਂ ਗਿਰੇ ਰਾਜਿਆਂ, ਮਾਂ-ਬਾਪ ਦੀ ਅਣਖ ਗ਼ੈਰਤ ਦੀਆਂ ਪੂਜਕ ਧੀਆਂ, ਵਿਸ਼ਵ ਵਿਆਪੀ ਪੱਧਰ ਉੱਤੇ ਸਮਕਾਲੀਨ ਸਮਾਜਿਕ, ਵਿਗਿਆਨਿਕ ਅਤੇ ਸਿੱਖਿਆ ਦੇ ਸਰਬਾਂਗੀ ਗਿਆਨ ਸਾਗਰ ਦੇ ਸਰੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਵੀ ਇਹ ਪੁਸਤਕ ਸਾਹਮਣੇ ਲਿਆਉਂਦੀ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਸੱਚੀ-ਸੁੱਚੀ ਭਗਤੀ, ਰੂਹਾਨੀ-ਸ਼ਕਤੀ ਅਤੇ ਰਹੱਸਾਤਮਿਕ ਅਨੁਭਵਾਂ ਤੋਂ ਪੈਦਾ ਹੋਈ ਭਾਵ ਚੇਤਨਾ ਨੂੰ ਪ੍ਰਗਟਾਉਂਦੀ ਹੋਈ ਇਹ ਪੁਸਤਕ ਵਿਚਾਰਨਯੋਗ, ਸਮਝਣਯੋਗ, ਪੜ੍ਹਨਯੋਗ ਅਤੇ ਪ੍ਰਚਾਰਨਯੋਗ ਪ੍ਰਤੀਤ ਹੁੰਦੀ ਜਾਪਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਆਪਨੜੇ ਗਿਰੀਵਾਨ ਮਹਿ
ਸ਼ਾਇਰ : ਗੁਰਦਿਆਲ ਦਲਾਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98141-85363

ਦਲਾਲ ਦੀ ਪੁਸਤਕ 'ਆਪਨੜੇ ਗਿਰੀਵਾਨ ਮਹਿ' ਪੂਰਨ ਰੂਪ ਵਿਚ ਦੋਹਾ ਸੰਗ੍ਰਹਿ ਹੈ। ਇਸ ਦੇ ਸ਼ੁਰੂਆਤੀ ਪੰਨਿਆਂ 'ਤੇ ਸ਼ਾਇਰ ਵਲੋਂ 'ਦੋਹਾ' ਦੀ ਬਣਤਰ ਤੇ ਸੁਭਾਅ ਸਬੰਧੀ ਭਾਵਪੂਰਤ ਲੇਖ ਸ਼ਾਮਿਲ ਕੀਤਾ ਗਿਆ ਹੈ ਜਿਸ ਨੂੰ ਪੜ੍ਹ ਕੇ ਪਾਠਕ ਦੀਆਂ ਕਈ ਗੁੰਝਲਾਂ ਸੁਲਝ ਸਕਦੀਆਂ ਹਨ।
ਪੁਸਤਕ ਵਿਚ ਸ਼ਾਮਿਲ ਤਮਾਮ ਦੋਹਿਆਂ ਨੂੰ ਗੁਰਮੁਖੀ ਦੇ ਅੱਖਰਾਂ ਮੁਤਾਬਿਕ ਕ੍ਰਮ ਦਿੱਤਾ ਗਿਆ ਹੈ ਤੇ ਹਰੇਕ ਦੋਹੇ ਦਾ ਆਗਾਜ਼ ਸਬੰਧਿਤ ਅੱਖਰ ਤੋਂ ਹੀ ਹੁੰਦਾ ਹੈ। ਦੋਹਾ ਗ਼ਜ਼ਲ ਦੇ ਮਤਲੇ ਵਾਂਗ ਸੁਤੰਤਰ ਹੁੰਦਾ ਹੈ ਸਿਰਫ਼ ਬਣਤਰ ਦਾ ਹੀ ਫ਼ਰਕ ਹੈ ਇਸ ਲਈ ਇਸ ਪੁਸਤਕ ਦੇ ਦੋਹੇ ਸ਼ਿਅਰਾਂ ਵਰਗਾ ਹੀ ਪ੍ਰਭਾਵ ਸਿਰਜਦੇ ਹਨ। ਊੜੇ ਨਾਲ ਜੁੜੇ ਪਹਿਲੇ ਦੋਹੇ ਵਿਚ ਉਹ ਸੰਸਾਰ ਦੀ ਅਜੋਕੀ ਸਥਿਤੀ 'ਤੇ ਬਹੁਤ ਗੰਭੀਰ ਤਨਜ਼ ਕਰਦਾ ਹੈ। ਇਨ੍ਹਾਂ ਦੋਹਿਆਂ ਵਿਚ ਸ਼ਾਇਰ ਨੇ ਅਜੋਕੇ ਸਮੇਂ ਦੀਆਂ ਪ੍ਰਸਥਿਤੀਆਂ ਅਨੁਸਾਰ ਕੁਝ ਕਰ ਗੁਜ਼ਰਨ ਦੀ ਲਗਨ ਨੂੰ ਵੀ ਉਤਸ਼ਾਹਿਤ ਕੀਤਾ ਹੈ। ਦਲਾਲ ਆਪਣੇ ਪਾਠਕ ਨੂੰ ਵਹਿਮਾਂ ਭਰਮਾਂ ਦੇ ਜਾਲ 'ਚੋਂ ਆਜ਼ਾਦ ਕਰਨਾ ਚਾਹੁੰਦਾ ਹੈ ਤੇ ਸੰਘਰਸ਼ ਉਸ ਦਾ ਵੱਡਾ ਹਥਿਆਰ ਹੈ।
ਸ਼ਾਇਰ ਸਮੱਸਿਆਵਾਂ ਦੇ ਨਾਲ-ਨਾਲ ਉਨ੍ਹਾਂ ਦੇ ਹੱਲ ਲਈ ਰਸਤੇ ਵੀ ਬਣਾਉਂਦਾ ਹੈ। ਉਂਝ ਪੁਸਤਕ ਦੇ ਸਾਰੇ ਦੋਹੇ ਹੀ ਪਾਠਕ ਦੇ ਮਸਤਕ ਵਿਚ ਤੀਲੀ ਬਾਲਦੇ ਹਨ। ਐੜਾ ਭਾਗ ਵਿਚ ਉਸ ਨੇ ਮਨੁੱਖ ਨੂੰ ਐਸ਼ ਆਰਾਮ ਵਿਚ ਨੂੜਿਆ ਦਰਸਾਇਆ ਹੈ ਤੇ ਇਸ ਦਾ ਕਾਰਕ ਧਨ, ਦੌਲਤ ਦੇ ਕੂੜ ਨੂੰ ਦੱਸਿਆ ਹੈ। ਦੋਹਿਆਂ ਵਿਚ ਸ਼ਾਇਰ ਦੀ ਜ਼ਬਾਨ ਸਿਧ ਪਧਰੀ, ਪ੍ਰਭਾਵੀ ਤੇ ਰੋਜ਼ਮਰਾ ਵਰਤੀ ਜਾਣ ਵਾਲੀ ਹੈ।
ਕਿਤੇ ਕਿਤੇ ਉਹ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਵੀ ਕਰਦਾ ਹੈ ਪਰ ਉਹ ਓਪਰਾ ਲੱਗਣ ਦੀ ਥਾਂ ਦੋਹੇ ਵਿਚ ਹੋਰ ਅਕਰਸ਼ਣ ਪੈਦਾ ਕਰਦੇ ਹਨ ਪੁਸਤਕ ਵਿਚ ਪੈਂਤੀ ਦੇ ਹਰ ਅੱਖਰ ਨੂੰ ਤਿੰਨ ਤੋਂ ਚਾਰ ਸਫ਼ੇ ਦਿੱਤੇ ਗਏ ਹਨ। ਇਹ ਦਲਾਲ ਦਾ ਵੱਖਰਾ ਤਜਰਬਾ ਤੇ ਅੰਦਾਜ਼ ਹੈ। ਇਸ ਪੁਸਤਕ ਰਾਹੀਂ ਉਸ ਨੇ ਆਪਣੀ ਸਮਰੱਥਾ ਨੂੰ ਮੁੜ ਸਾਬਿਤ ਕੀਤਾ ਹੈ। 'ਆਪਨੜੇ ਗਿਰੀਵਾਨ ਮਹਿ' ਪੁਸਤਕ ਦੋਹਿਆਂ ਦੀ ਖ਼ੁਸ਼ਨੁਮਾ ਰਿਮਝਿਮ ਹੈ ਜਿਸ ਵਿਚ ਤਾਜ਼ਾਤਰੀਨ ਫੁੱਲਾਂ ਦੀ ਮਹਿਕ ਵੀ ਹੈ ਤੇ ਕੁਝ ਉਦਾਸ ਰੰਗ ਵੀ ਹਨ।

ਂਗੁਰਦਿਆਲ ਰੌਸ਼ਨ
ਮੋ:"9988444002
ਫ ਫ ਫ

ਸ੍ਰੀਮਦ ਭਗਵਦ ਗੀਤਾ ਅਤੇ ਅਸੀਂ ਤੁਸੀਂ
ਲੇਖਕ : ਡਾ: ਕੁਲਦੀਪ ਸਿੰਘ ਧੀਰ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 199 ਰੁਪਏ, ਸਫ਼ੇ : 176
ਸੰਪਰਕ : 98722-60550.

ਡਾ: ਕੁਲਦੀਪ ਸਿੰਘ ਧੀਰ ਨੇ ਇਸ ਗੌਰਵਮਈ ਗ੍ਰੰਥ ਦਾ ਵਿਸ਼ੇ-ਮੂਲਕ ਅਧਿਐਨ ਸਰਲ ਪੰਜਾਬੀ ਵਿਚ ਬਾਖੂਬੀ ਪ੍ਰਸਤੁਤ ਕੀਤਾ ਹੈ। ਗੀਤਾ ਦਾ ਉਚਾਰਨ-ਸਥਾਨ ਹੈਂਕੁਰੂਕਸ਼ੇਤਰ ਜਿਥੇ ਮਹਾਂਭਾਰਤ ਦੇ ਯੁੱਧ ਸਮੇਂ ਕੌਰਵਾਂ ਅਤੇ ਪਾਂਡਵਾਂ ਦੋਵਾਂ ਦੀਆਂ ਸੈਨਾਵਾਂ ਡਟੀਆਂ ਹੋਈਆਂ ਹਨ। ਅਰਜਨ ਵਿਰੋਧ ਵਿਚ ਡਟੇ ਸਾਰੇ ਸਕੇ ਸੰਬੰਧੀਆਂ ਨੂੰ ਵੇਖ ਕੇ ਮੋਹ-ਵੱਸ ਲੜਨ ਤੋਂ ਇਨਕਾਰੀ ਹੋ ਜਾਂਦਾ ਹੈ। ਉਸ ਸਮੇਂ ਸਾਰਥੀ ਵਜੋਂ ਤਾਇਨਾਤ ਕ੍ਰਿਸ਼ਨ ਭਗਵਾਨ ਉਸ ਨੂੰ ਗੂੜ੍ਹ-ਗਿਆਨ ਦੇ ਕੇ ਹਥਿਆਰ ਚੁੱਕਣ ਲਈ ਪ੍ਰੇਰਿਤ ਕਰਨ ਵਿਚ ਸਫ਼ਲ ਹੋ ਜਾਂਦੇ ਹਨ। ਪਵਿੱਤਰ ਗ੍ਰੰਥ ਗੀਤਾ ਦਾ ਉਚਾਰਨ ਰਿਸ਼ੀ ਵੇਦ ਵਿਆਸ ਦਾ ਸ਼ਗਿਰਦ ਸੰਜੇ ਕਰਦਾ ਹੈ। ਸੰਜੇ ਵਲੋਂ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਬਿਰਤਾਂਤ ਨੂੰ ਸ਼ਾਬਦਿਕ ਜਾਮਾ ਰਿਸ਼ੀ ਵੇਦ ਵਿਆਸ ਨੇ ਪੁਆਇਆ। ਸੰਜੇ ਦੀ ਦਿਵ-ਦ੍ਰਿਸ਼ਟੀ ਦਾ ਇਹੋ ਕਮਾਲ ਹੈ। ਰਾਜਾ ਧ੍ਰਿਤਰਾਸ਼ਟਰ ਦੇ ਕਹਿਣ 'ਤੇ ਸੰਜੇ ਨੇ ਇਹ ਬਿਰਤਾਂਤ ਅਰਜਨ ਅਤੇ ਸ੍ਰੀ ਕ੍ਰਿਸ਼ਨ ਦੇ ਸੰਵਾਦ ਰਾਹੀਂ ਪ੍ਰਸਤੁਤ ਕੀਤਾ ਹੈ। ਮਹਾਂਰਿਸ਼ੀ ਵਿਆਸ ਦੇ ਰਚੇ ਮਹਾਂਭਾਰਤ ਦੇ ਭੀਸ਼ਮ ਪਿਤਾਮਾ ਪਰਵ ਦੇ 23ਵੇਂ ਕਾਂਡ ਤੋਂ ਲੈ ਕੇ 40ਵੇਂ ਕਾਂਡ ਤੱਕ 18 ਅਧਿਆਵਾਂ ਨੂੰ ਹੀ ਗੀਤਾ ਕਿਹਾ ਜਾਂਦਾ ਹੈ। ਵਿਦਵਾਨ ਡਾ: ਧੀਰ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ ਵਿਭਿੰਨ ਪਰਿਪੇਖ ਨਾਲ ਸਬੰਧਿਤ ਹੈ। ਇਸ ਪਰਿਪੇਖ ਵਿਚ 'ਭਗਵਦ ਗੀਤਾਂਅਸੀਂ ਅਤੇ ਤੁਸੀਂ' ਰਚਨਾ ਤੇ ਰਚਨਾਕਾਰ ਨੇ ਗੀਤਾ ਤੇ ਵਿਗਿਆਨ, ਮਨੋਵਿਗਿਆਨ, ਆਧੁਨਿਕ ਯੁੱਗ ਵਿਚ ਸਾਰਥਕਤਾ' ਆਦਿ ਵਿਸ਼ਿਆਂ 'ਤੇ ਨਿੱਠ ਕੇ ਚਰਚਾ ਕੀਤੀ ਗਈ ਹੈ। ਦੂਜੇ ਭਾਗ ਵਿਚ ਗੀਤਾ ਦਾ ਸਾਰ, ਮੂਲ-ਪਾਠ ਤੇ ਵਿਆਖਿਆ ਸ਼ਾਮਿਲ ਹੈ। ਅਠਾਰਾਂ ਅਧਿਆਵਾਂ ਨੂੰ ਅਧਿਐਨ ਦੀ ਸੌਖ ਲਈ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਭਾਗ ਕਰਮਯੋਗ (1-6), ਦੂਜਾ ਭਾਗ ਭਗਤੀ ਯੋਗ (7-12), ਅਤੇ ਤੀਜਾ ਭਾਗ ਭਗਤੀ ਯੋਗ (13-18), ਹਰ ਅਧਿਆਇ ਵਿਚ ਸ਼ਾਮਿਲ ਸਲੋਕਾਂ ਦੀ ਗਿਣਤੀ ਦੱਸੀ ਗਈ ਹੈ। ਲਗਪਗ ਹਰ ਅਧਿਆਇ ਦਾ ਨਾਮਕਰਨ ਕੀਤਾ ਗਿਆ ਹੈ। ਲੇਖਕ ਨੇ ਸਲੋਕਾਂ ਦੇ ਜੁੱਟ ਬਣਾ ਕੇ ਵਿਆਖਿਆ ਦੀ ਜੁਗਤ ਅਪਣਾਈ ਹੈ। ਪ੍ਰਤੀਨਿਧੀ ਸਲੋਕਾਂ ਦੀ ਵਿਆਖਿਆ ਕੀਤੀ ਗਈ ਹੈ। ਕਦੀ ਅਧਿਆਇ ਅਰਜਨ ਦੇ ਪ੍ਰਸ਼ਨਾਂ ਨਾਲ ਆਰੰਭ ਹੁੰਦਾ ਤੇ ਕਦੀ ਸ੍ਰੀ ਕ੍ਰਿਸ਼ਨ ਦੇ ਬੋਲਾਂ ਨਾਲ। ਬਿਰਤਾਂਤਕ ਦ੍ਰਿਸ਼ਟੀ ਤੋਂ ਬਦਲਵਾਂ ਫੋਕਸੀਕਰਨ ਹੈ। ਭਾਰਤੀ ਅਤੇ ਪੱਛਮੀ ਚਿੰਤਕਾਂ/ਵਿਗਿਆਨੀਆਂ/ ਗੁਰਬਾਣੀ ਨਾਲ ਗੀਤਾ ਵਿਚਲੇ ਸੰਕਲਪਾਂ ਦੀ ਪੁਸ਼ਟੀ ਕੀਤੀ ਗਈ ਹੈ। ਅਨੇਕਾਂ ਧਾਰਮਿਕ ਅਤੇ ਦਾਰਸ਼ਨਿਕ ਪ੍ਰਸ਼ਨਾਂ ਦੇ ਉੱਤਰ ਉਪਲਬਧ ਹਨ। ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਗੀਤਾ ਮਨੁੱਖ ਅੱਗੇ ਅਨੇਕਾਂ ਵਿਕਲਪ (ਸੰਭਾਵਨਾਵਾਂ) ਪੇਸ਼ ਕਰਦੀ ਹੈ, ਚੋਣ ਕਰਨੀ ਵਿਅਕਤੀ ਦਾ ਕੰਮ ਹੈ। ਤ੍ਰੈਗੁਣ ਅਤੀਤ ਹੋ ਕੇ ਮਾਨਵ ਦਾ ਅਸਤਿਤਵ ਪ੍ਰਮਾਣਿਕ ਹੋ ਸਕਦਾ ਹੈ। ਸੰਖੇਪ ਇਹ ਕਿ ਗੀਤਾ 'ਧਰਮ' ਸ਼ਬਦ ਨਾਲ ਆਰੰਭ ਹੁੰਦੀ ਹੈ ਅਤੇ 'ਮਮ' ਸ਼ਬਦ ਨਾਲ ਸਮਾਪਤ ਹੁੰਦੀ ਹੈ। ਫ਼ਰਜ਼, ਹੱਕ, ਜ਼ਿੰਮੇਵਾਰੀ, ਨੈਤਿਕਤਾ ਸਭ ਗਤੀਵਿਧੀਆਂ 'ਮਮ ਧਰਮ' ਦਾ ਭਾਗ ਹਨ। 'ਮੇਰਾ ਧਰਮ' ਹੀ ਗੀਤਾ ਦਾ ਪ੍ਰਮੁੱਖ ਮੁੱਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਪੌੜੀ
ਲੇਖਕ : ਸੰਤੋਖ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 0161-2413613.

'ਪੌੜੀ' ਕਹਾਣੀ ਸੰਗ੍ਰਹਿ ਦੀਆਂ ਰਚਨਾਵਾਂ ਦਾ ਧਰਾਤਲ ਵਿਦੇਸ਼ੀ ਹੈ। ਕਹਾਣੀਆਂ ਦੇ ਕੁਝ ਪਾਤਰਾਂ ਦੇ ਸੁਭਾਅ ਪੰਜਾਬੀ ਹਨ। ਚਿਰਾਂ ਤੋਂ ਵਿਦੇਸ਼ ਜਾ ਕੇ ਵਸੇ ਪੰਜਾਬੀ ਪਰਿਵਾਰਾਂ 'ਚ ਜੰਮੇ-ਪਲ਼ੇ ਬੱਚਿਆਂ ਨੂੰ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੀਆਂ ਕਦਰਾਂ-ਕੀਮਤਾਂ ਦੀ ਕੋਈ ਸੋਝੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਪੁਰਖ਼ਿਆਂ ਦੀ ਜਨਮ ਭੂਮੀ ਨਾਲ ਕੋਈ ਖ਼ਾਸ ਲਗਾਅ ਹੈ। ਇੱਥੋਂ ਜਾ ਕੇ ਵਿਦੇਸ਼ ਵਸੇ ਪੰਜਾਬੀਆਂ ਦੇ ਬੱਚੇ ਜਦ ਰਿਸ਼ਤੇ-ਨਾਤੇ ਜੋੜਦੇ ਸਮੇਂ ਆਪਣੇ ਮਾਪਿਆਂ ਦੀ ਰੌਂਸ ਦਾ ਉਲੰਘਣ ਕਰਦੇ ਹਨ ਤਾਂ ਮਾਪਿਆਂ ਨੂੰ ਦੁੱਖ ਹੁੰਦਾ ਹੈ, ਪਰ ਉਹ ਚਾਹ ਕੇ ਵੀ ਹਾਲਾਤ ਅੱਗੇ ਲਾਚਾਰ ਅਤੇ ਬੇਵੱਸ ਬਣੇ ਨਜ਼ਰ ਆਉਂਦੇ ਹਨ। ਕੁਝ ਪੰਜਾਬਣ ਕੁੜੀਆਂ ਵਿਦੇਸ਼ 'ਚ ਜਾ ਕੇ ਸਾਰੇ ਬੰਧਨਾਂ ਨੂੰ ਤੋੜ ਸੁਟਦੀਆਂ ਹਨ। ਜਿਹੋ ਜਿਹਾ ਕੰਟਰੋਲ ਅਸੀਂ ਇੱਧਰ ਆਪਣੇ ਬੱਚਿਆਂ 'ਤੇ ਰੱਖਦੇ ਹਾਂ, ਉਧਰ ਅਜਿਹਾ ਨਹੀਂ ਰੱਖ ਸਕਦੇ। ਸਾਰੀਆਂ ਕਹਾਣੀਆਂ ਦੇ ਵਿਸ਼ੇ ਨਿਵੇਕਲੇ ਅਤੇ ਯਥਾਰਥਵਾਦ ਨਾਲ ਜੁੜੇ ਹੋਏ ਹਨ। ਕਹਾਣੀ ਪਾਠ ਕਰਦਿਆਂ ਪਾਠਕ ਵਿਦੇਸ਼ ਦੇ ਕਲਚਰ, ਸੈਕਸ ਅਤੇ ਖੁੱਲ੍ਹੇ-ਡੁੱਲ੍ਹੇ ਮਾਹੌਲ ਦੀ ਜਾਣਕਾਰੀ ਹਾਸਲ ਕਰਦਾ ਹੈ। ਅਜੋਕੇ ਸਮੇਂ 'ਚ ਹਰ ਕੋਈ ਮਨੁੱਖੀ ਰਿਸ਼ਤਿਆਂ ਨੂੰ ਪੌੜੀ ਬਣਾ ਕੇ ਆਪਣੇ ਜੀਵਨ 'ਚ ਅੱਗੇ ਵਧਣ ਲਈ ਯਤਨਸ਼ੀਲ ਹੈ। ਕਹਾਣੀ 'ਬੁੱਢੀ ਮਾਈ ਦੀ ਪੀਂਘ' ਮਨੋਵਿਗਿਆਨਕ ਹੈ। 'ਸਾਈਬਰ ਸੈਕਸ' 'ਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਅਤੇ ਸੈਕਸ ਹਰ ਮਨੁੱਖ ਦੀ ਕੁਦਰਤੀ ਲੋੜ ਹੈ, 'ਤੇ ਆਧਾਰਿਤ ਹੈ। 'ਜ਼ਖ਼ਮ ਰਿਸਦਾ ਰਹੇਗਾ', 'ਰੂਬੀ', 'ਦੋ ਕਿਨਾਰੇ' ਕਹਾਣੀਆਂ ਵਿਸ਼ੇ ਤੇ ਨਿਭਾਅ ਪੱਖੋਂ ਵਧੀਆ ਹਨ। 'ਤਲਾਸ਼' ਉਨ੍ਹਾਂ ਬੱਚਿਆਂ ਦੀ ਮਾਨਸਿਕ ਪੀੜਾ ਹੈ, ਜਿਨ੍ਹਾਂ ਦਾ ਜਨਮ ਬਲਾਤਕਾਰ 'ਚੋਂ ਹੁੰਦਾ ਹੈ। 'ਅਡਪਸ਼ਨ' ਨਵੇਂ ਵਿਸ਼ੇ ਫ਼ਿਰਕੂਵਾਦ 'ਤੇ ਹੈ। ਰਚਨਾਵਾਂ 'ਚ ਕਈ ਥਾਈਂ ਅੰਗਰੇਜ਼ੀ ਦੇ ਔਖੇ ਸ਼ਬਦ ਵਰਤੇ ਗਏ ਹਨ, ਚੰਗਾ ਹੁੰਦਾ ਜੇਕਰ ਬਰੈਕਟ 'ਚ ਉਨ੍ਹਾਂ ਦੇ ਪੰਜਾਬੀ ਅਰਥ ਵੀ ਲਿਖ ਦਿੱਤੇ ਜਾਂਦੇ ਤਾਂ। ਨਵੇਂ ਵਿਸ਼ਿਆਂ 'ਤੇ ਰਚਨਾ ਲਿਖਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਦੋ ਮਨਾਂ ਦਾ ਯੁੱਧ
ਲੇਖਕ : ਗੁਰਪ੍ਰੀਤ ਕੰਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 100
ਸੰਪਰਕ : 0172-5027427.

ਪੁਸਤਕ ਟਾਈਟਲ ਅਸਲ ਵਿਚ ਮਨੁੱਖੀ ਮਨ ਅੰਦਰ ਚਲਦੀਆਂ ਚੰਗਿਆਈਆਂ, ਬੁਰਿਆਈਆਂ, ਪਾਪ ਪੁੰਨ, ਦੇਵਤੇ ਤੇ ਰਾਕਸ਼ੀ ਬਿਰਤੀਆਂ ਦੇ ਚੱਲ ਰਹੇ ਯੁੱਧ ਦਾ ਪ੍ਰਤੀਕ ਹੈ। ਇਹ ਯੁੱਧ ਬੰਦੇ ਅੰਦਰ ਸਾਰੀ ਉਮਰ ਚਲਦਾ ਹੈ। ਇਹ ਅੰਦਰਲੀ ਚੇਤਨਾ ਦਾ ਯੁੱਧ ਹੈ। ਇਨ੍ਹਾਂ ਦੇ ਇਸ ਘੋਲ ਵਿਚ ਮਨੁੱਖ ਦਾ ਆਲਾ-ਦੁਆਲਾ ਪੂਰਾ ਹਿੱਸੇਦਾਰ ਹੈ। ਜਿਸ ਤੋਂ ਲੇਖਕ ਦੀ ਸ਼ੰਵੇਦਨਸੀਲਤਾ ਟੁੰਭੀ ਜਾਂਦੀ ਹੈ। ਲੇਖਕ ਨੂੰ ਸੰਨ ਸੰਤਾਲੀ ਦੀ ਵੰਡ ਦਾ ਦਰਦ ਬਚਪਨ ਤੋਂ ਦਾਦੇ ਤੋਂ ਸੁਣੀਆਂ ਕਹਾਣੀਆਂ ਤੋਂ ਮਿਲਿਆ। ਬਾਅਦ ਵਿਚ ਮਹਿਸੂਸ ਹੋਇਆ ਕਿ ਇਹ ਕਾਲਾ ਦੌਰ ਤਾਂ ਕਿਸੇ ਨਾ ਕਿਸੇ ਰੂਪ ਵਿਚ ਆਜ਼ਾਦੀ ਪਿੱਛੋਂ ਅਜੇ ਵੀ ਚੱਲ ਰਿਹਾ ਹੈ। ਹੁਣ ਰਾਕਸ਼ੀ ਬਿਰਤੀਆਂ ਭਾਰੂ ਹੋ ਰਹੀਆਂ ਹਨ। ਰਿਸ਼ਵਤਖੋਰੀ ਆਮ ਹੈ। ਜਾਤ ਪਾਤ, ਉਚ ਨੀਚ ਬੇਰੁਜ਼ਗਾਰੀ, ਯੋਗਤਾਵਾਂ ਦਾ ਘਾਣ ਹੋਈ ਜਾ ਰਿਹਾ ਹੈ। ਮਨੁੱਖੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ। ਮਨੁੱਖ ਕਈ ਸੰਕਟਾਂ ਨਾਲ ਜੂਝ ਰਿਹਾ ਹੈ। ਰਿਸ਼ਤੇ ਤਿੜਕ ਰਹੇ ਹਨ। ਪੁਸਤਕ ਦੀਆਂ ਕਵਿਤਾਵਾਂ ਵਿਚ ਇਹ ਸਭ ਕੁਝ ਹੈ। ਲੇਖਕ ਦਾ ਸਵੈ ਕਥਨ ਹੈਂ
ਬੱਸ ਜਦੋਂ ਵੀ ਜ਼ਿੰਦਗੀ ਆਪਣੀ ਨਾਲ ਮੈਂ ਆਪੇ ਖਿੱਝ ਜਾਂਦਾ ਹਾਂ/ਕਾਗਜ਼ ਕਲਮ ਸਿਆਹੀ ਚੁੱਕ ਕੇ ਕੁਝ ਨਾ ਕੁਝ ਮੈਂ ਲਿਖ ਜਾਂਦਾ ਹਾਂ
ਕਿਤੇ ਖੂਨ ਤੇ ਕਿਤੇ ਪਸੀਨਾ ਮਿੱਟੀ ਵਿਚ ਰਲਦਾ ਰਹਿੰਦਾ ਏ/ਦੋ ਮਨ ਲੜਦੇ ਰਹਿੰਦੇ ਨੇ ਯੁੱਧ ਇਕ ਚਲਦਾ ਰਹਿੰਦਾ ਏ (ਕਵਿਤਾ ਦੋ ਮਨਾਂ ਦਾ ਯੁੱਧ) ਜ਼ੋਰਾਵਰਾਂ ਦੀਆਂ ਮਨਮਰਜ਼ੀਆਂ, ਅਧੂਰੇ ਸੁਪਨੇ, ਇਨਕਲਾਬ ਦੀ ਗੱਲ, ਸ਼ਹੀਦ ਭਗਤ ਸਿੰਘ ਦਾ ਮਿਸ਼ਨ, ਸਮਾਜਿਕ ਬੇਇਨਸਾਫ਼ੀਆਂ ਲਈ ਰੱਬ ਨੂੰ ਤਾਹਨੇ ਕਵਿਤਾਵਾਂ ਵਿਚ ਪੜ੍ਹੇ ਜਾ ਸਕਦੇ ਹਨ। ਸ਼ਾਇਰ ਅਜੋਕੀ ਸਿਆਸਤ ਤੋਂ ਖਫ਼ਾ ਹੈ। ਨਾਲ ਹੀ ਧਰਮ ਦੇ ਨਾਂਅ 'ਤੇ ਚਲਦੇ ਪਖੰਡ ਉਸ ਦੀ ਚੇਤਨਾ ਨੂੰ ਦਰੜਦੇ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਤੱਤੀ ਰੇਤ
ਨਾਵਲਕਾਰ : ਡਾ: ਰਾਜ ਕੁਮਾਰ ਗਰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 99152-64598.

ਇਹ ਨਾਵਲ ਲੇਖਕ ਦੀ ਆਤਮ ਕਥਾ ਦਾ ਬਿਆਨ ਹੈ। ਕਿਸੇ ਫ਼ੌਜਦਾਰੀ ਕੇਸ ਵਿਚ ਕਾਫੀ ਸਮਾਂ ਭਗੌੜਾ ਰਹਿਣ ਤੋਂ ਬਾਅਦ ਕਚਹਿਰੀ ਵਿਚ ਆਤਮ-ਸਮਰਪਣ ਕਰ ਕੇ ਲੇਖਕ ਜੇਲ੍ਹ ਚਲਾ ਜਾਂਦਾ ਹੈ। ਜੇਲ੍ਹ ਦੀ ਲਾਇਬ੍ਰੇਰੀ ਵਿਚ ਲੇਖਕ ਦੀਆਂ ਕਈ ਪੁਸਤਕਾਂ ਹਨ, ਜਿਨ੍ਹਾਂ ਨੂੰ ਕਈ ਕੈਦੀ ਪੜ੍ਹ ਚੁੱਕੇ ਹਨ। ਇਹੋ ਜਿਹੇ ਵਿਅਕਤੀ ਦਾ ਕਿਸੇ ਜੁਰਮ ਅਧੀਨ ਕੈਦ ਕੱਟਣਾ ਇਕ ਬੁਝਾਰਤ ਜਿਹੀ ਬਣ ਜਾਂਦੀ ਹੈ। ਪੁਲਿਸ ਦੀਆਂ ਵਧੀਕੀਆਂ, ਨਮੋਸ਼ੀਆਂ, ਡਰਾਵਿਆਂ ਨਾਲ ਉਹ ਟੁੱਟ ਹੀ ਚੱਲਿਆ ਸੀ ਕਿ ਕੁਝ ਰਾਜਨੀਤਕ, ਸਮਾਜਿਕ, ਸਾਹਿਤਕ ਸ਼ਖ਼ਸੀਅਤਾਂ ਦੀ ਮਦਦ ਨਾਲ ਉਹ ਬਰੀ ਹੋ ਗਿਆ। ਡਾਵਾਂਡੋਲ ਹੋਈ ਗ੍ਰਹਿਸਥੀ ਨੂੰ ਸੰਭਾਲਣ ਲਈ ਉਸ ਨੇ ਸਿਰ-ਤੋੜ ਮਿਹਨਤ ਕੀਤੀ ਪਰ ਏਨੇ ਨੂੰ ਉਸ ਦੀ ਪਤਨੀ ਨੂੰ ਕੈਂਸਰ ਨੇ ਘੇਰ ਲਿਆ। ਦੋਸਤਾਂ ਦੀ ਮਦਦ ਮਿਲੀ, ਬੇਟੀ ਨੂੰ ਨੌਕਰੀ ਮਿਲੀ ਅਤੇ ਬਿਮਾਰ ਪਤਨੀ ਦੀ ਦੇਖਭਾਲ ਲਈ ਇਕ ਕੇਅਰ ਟੇਕਰ ਰੱਖ ਲਈ ਗਈ, ਜੋ ਸੱਚਾ ਸੌਦਾ ਡੇਰੇ ਦੀ ਸ਼ਰਧਾਲੂ ਸੀ। ਏਨੇ ਨੂੰ ਗਰਗ ਉੱਤੇ ਕੁਝ ਹੋਰ ਕੇਸ ਪੈ ਗਏ ਅਤੇ ਉਸ ਦੀ ਨੌਕਰੀ ਚਲੀ ਗਈ। ਉਹ ਪਰਿਵਾਰ ਸਮੇਤ ਸਿਰਸਾ ਡੇਰੇ ਚਲਾ ਗਿਆ ਪਰ ਉਥੇ ਸਭ ਕੁਝ ਸੁਖਾਵਾਂ ਨਾ ਹੋਣ ਕਰਕੇ ਵਾਪਸ ਆ ਗਿਆ। ਮਾਨਸਿਕ ਪ੍ਰੇਸ਼ਾਨੀਆਂ, ਆਰਥਿਕ ਮੰਦਹਾਲੀਆਂ, ਬੇਇਨਸਾਫ਼ੀਆਂ ਨਾਲ ਨਜਿੱਠਦਿਆਂ ਉਹ ਨਿਢਾਲ ਹੋ ਗਿਆ ਪਰ ਕਲਮ ਉਸ ਦੀ ਸ਼ਕਤੀ ਬਣੀ ਰਹੀ। ਉਸ ਨੇ ਆਪਣੇ ਦੋਵੇਂ ਬੇਟੇ ਕਾਰੋਬਾਰ 'ਤੇ ਲਗਾ ਦਿੱਤੇ ਅਤੇ ਆਪ ਲਾਜਪਤ ਆਰੀਆ ਸਕੂਲ ਦਾ ਪ੍ਰਿੰਸੀਪਲ ਲੱਗ ਗਿਆ। ਹੁਣ ਉਹ ਮਹਿਸੂਸ ਕਰਦਾ ਹੈ ਕਿ ਸੰਘਰਸ਼ ਹੀ ਜੀਵਨ ਹੈ, ਹਰ ਕੰਮ ਲਾਭ ਲਈ ਨਹੀਂ ਕੀਤਾ ਜਾਂਦਾ। ਸਮਾਜ ਵਿਚ ਹੋ ਰਹੇ ਗ਼ਲਤ ਵਰਤਾਰਿਆਂ ਪ੍ਰਤੀ ਲਿਖਣਾ ਉਸ ਦੀ ਕਲਮ ਦਾ ਧਰਮ ਬਣ ਗਿਆ ਹੈ। ਭਾਵੇਂ ਉਸ ਦਾ ਜੀਵਨ ਮਾਰੂਥਲ ਦੀ ਤੱਤੀ ਰੇਤ ਵਿਚਲਾ ਸਫ਼ਰ ਬਣਿਆ ਰਿਹਾ ਪਰ ਸਵੈ-ਵਿਸ਼ਵਾਸ, ਆਤਮ ਬਲ ਅਤੇ ਚੜ੍ਹਦੀ ਕਲਾ ਨੇ ਉਸ ਦੇ ਪੈਰਾਂ ਥੱਲੇ ਵਿਛੇ ਰੇਤ ਕਣਾਂ ਨੂੰ ਵੀ ਸੂਰਜ ਵਾਂਗ ਚਮਕਾਈ ਰੱਖਿਆ ਹੈ। ਇਹ ਨਾਵਲ ਭਰਪੂਰ ਪ੍ਰੇਰਨਾ ਅਤੇ ਹੌਸਲਾ ਦੇਣ ਵਾਲਾ ਹੈ। ਆਖ਼ਰ ਜ਼ਿੰਦਾਦਿਲੀ ਹੀ ਜ਼ਿੰਦਗੀ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ : ਮੂਲ ਸਰੋਕਾਰ
ਮੁੱਖ ਸੰਪਾਦਕ : ਡਾ: ਸੁਖਵਿੰਦਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 215
ਸੰਪਰਕ : 99151-03490.

ਕਾਲਜਾਂ, ਯੂਨੀਵਰਸਿਟੀਆਂ ਵਿਚ ਵੱਖ-ਵੱਖ ਵਿਸ਼ਿਆਂ, ਮਸਲਿਆਂ ਉੱਪਰ ਸੈਮੀਨਾਰ, ਕਾਨਫ਼ਰੰਸਾਂ, ਗੋਸ਼ਟੀਆਂ ਆਦਿ ਦੀਆਂ ਇਕੱਤਰਤਾਵਾਂ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਸੰਜੀਦਾ ਅਤੇ ਮਿਆਰੀ ਸੰਵਾਦ ਰਚਾਉਣ ਦੀ ਰਵਾਇਤ ਹੈ। ਇਹ ਪੁਸਤਕ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਜ਼ਿਲ੍ਹਾ ਮੋਗਾ ਵਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਇਕ ਰੋਜ਼ਾ ਕਰਵਾਏ ਸੈਮੀਨਾਰ ਵਿਚ ਪੜ੍ਹੇ ਗਏ ਖੋਜ ਪੇਪਰ ਹਨ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਮੁਢਲੇ ਸਰੋਕਾਰਾਂ ਉੱਪਰ ਇਕ ਗੰਭੀਰ ਚਰਚਾ ਕੀਤੀ ਗਈ ਹੈ। ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਵਾਨ ਅਧਿਆਪਕਾਂ ਵਲੋਂ ਵੰਨ-ਸੁਵੰਨੇ ਵਿਸ਼ਿਆਂ ਉੱਪਰ ਲਿਖਿਆ ਗਿਆ ਹੈ। ਇਸ ਸੈਮੀਨਾਰ ਦਾ ਉਦੇਸ਼ ਉਪਰੋਕਤ ਵਿਸ਼ੇਸ਼ ਉੱਪਰ ਸੰਵਾਦ ਕਰਨਾ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੀਆਂ ਤਬਦੀਲੀਆਂ ਨੂੰ ਸਵੀਕਾਰ ਕਰਨਾ, ਨੌਜਵਾਨ ਵਰਗ ਨੂੰ ਉਚਿਤ ਦਿਸ਼ਾ ਦੇਣ ਲਈ ਪ੍ਰੇਰਿਤ ਕਰਨਾ, ਸਮੇਂ ਦੇ ਹਾਣੀ ਬਣਾਉਣਾ। ਇਸ ਸੈਮੀਨਾਰ ਦੀ ਵਿਲੱਖਣਤਾ ਇਹ ਹੈ ਕਿ ਇਕ ਰੋਜ਼ਾ ਸੈਮੀਨਾਰ ਵਿਚ ਨਾਮਵਰ ਵਿਦਵਾਨ ਸ਼ਾਮਿਲ ਹੋਏਂਡਾ: ਜਗਬੀਰ ਸਿੰਘ, ਡਾ: ਤੇਜਵੰਤ ਸਿੰਘ ਗਿੱਲ, ਡਾ: ਸੁਖਦੇਵ ਸਿੰਘ ਖਾਹਰਾ, ਡਾ: ਦਰਿਆ, ਡਾ: ਜਲੋਰ ਸਿੰਘ ਖੀਵਾ, ਡਾ: ਨਛੱਤਰ ਸਿੰਘ ਤੇ ਡਾ: ਸੁਰਜੀਤ ਬਰਾੜ ਆਦਿ। ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਚਰ ਨੂੰ ਦਰਪੇਸ਼ ਨਵੀਆਂ ਵੰਗਾਰਾਂ/ਚੁਣੌਤੀਆਂ ਉਪਜ ਰਹੀਆਂ ਹਨ। ਭਾਵੇਂ ਕਿ ਪੰਜਾਬੀ ਸਾਹਿਤ ਦੀ ਇਕ ਅਮੀਰ ਪਰੰਪਰਾ ਹੈ, ਜਿਹੜੀ ਇਨ੍ਹਾਂ ਵਕਤੀ ਚੁਣੌਤੀਆਂ ਸੰਗ ਬੜੀ ਦ੍ਰਿੜ੍ਹਤਾ ਨਾਲ ਵਿਚਰਦੀ ਹੈ। ਇਹ ਸੈਮੀਨਾਰ ਕਾਲਜ ਵਿਦਿਆਰਥੀਆਂ ਦੇ ਮਨਾਂ ਵਿਚ ਹੋਰ ਜਾਣਨ ਦੀ ਰੁਚੀ ਪੈਦਾ ਕਰਦੇ ਹੋਏ ਸਾਹਿਤ ਦਾ ਪਾਸਾਰ ਕਰਦੇ ਹਨ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਚੰਗੇਰ
(ਪਹਾੜੀ ਪੰਜਾਬੀ ਕਾਵਿ ਦੀ ਅਨਮੋਲ ਪੁਸਤਕ)
ਸੰਪਾਦਕਾ : ਰਣਧੀਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 172
ਸੰਪਰਕ : 094191-25425.

ਰਣਧੀਰ ਕੌਰ ਦੁਆਰਾ ਸੰਪਾਦਿਤ ਪੁਸਤਕ ਇਕ ਪਹਾੜੀ ਪੰਜਾਬੀ ਦੀ ਪਹਿਲੀ ਪੁਸਤਕ ਹੈ। ਇਸ ਤਰ੍ਹਾਂ ਦੀ ਪੁਸਤਕ ਪੰਜਾਬੀ (ਗੁਰਮੁਖੀ) ਵਿਚ ਪਹਿਲਾਂ ਨਹੀਂ ਛਪੀ। ਪਹਾੜੀ ਪੰਜਾਬੀ ਜੰਮੂ-ਕਸ਼ਮੀਰ ਦੇ ਵਿਆਪਕ ਖੇਤਰਾਂ ਵਿਚ ਬੋਲੀ ਜਾਂਦੀ ਹੈ ਪਰ ਨਾ ਤਾਂ ਇਸ ਬੋਲੀ ਦੀ ਕੋਈ ਲਿੱਪੀ ਹੈ ਅਤੇ ਨਾ ਹੀ ਸਕੂਲਾਂ ਵਿਚ ਇਸ ਨੂੰ ਪੜ੍ਹਾਇਆ ਜਾਂਦਾ ਹੈ। ਆਦਿ ਕਾਲ ਤੋਂ ਇਹ ਪੰਜਾਬੀ ਪਹਾੜੀ ਬੋਲੀ ਕਰੋੜਾਂ ਲੋਕ ਹਿਕ ਦਰ ਹਿਕ ਬੋਲਦੇ ਸੁਣਦੇ ਸੁਣਾਉਂਦੇ ਆ ਰਹੇ ਹਨ। ਜੰਮੂ-ਕਸ਼ਮੀਰ ਸੂਬੇ ਦੇ ਸਾਰੇ ਧਰਮਾਂ, ਮਜ਼੍ਹਬਾਂ ਦੇ ਲੋਕ ਪਹਾੜੀ ਪੰਜਾਬੀ ਨੂੰ ਬਿਨਾਂ ਵਿਤਕਰੇ ਬੋਲਦੇ ਰਹੇ ਹਨ।
ਜੰਮੂ-ਕਸ਼ਮੀਰ ਦੇ ਭਾਸ਼ਾਈ ਚਿਤਰਪਟ ਤੋਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪੂਰਾ ਜੰਮੂ ਸੂਬਾ ਪੰਜਾਬੀ ਬੋਲਦਾ ਇਲਾਕਾ ਹੈ। ਜ਼ਿਲ੍ਹਾ ਜੰਮੂ, ਜ਼ਿਲ੍ਹਾ ਊਧਮਪੁਰ, ਜ਼ਿਲ੍ਹਾ ਕਠੂਆ, ਜ਼ਿਲ੍ਹਾ ਰਿਆਸੀ, ਜ਼ਿਲ੍ਹਾ ਰਾਜੌਰੀ, ਜ਼ਿਲ੍ਹਾ ਪੁਣਛ ਅਤੇ ਜ਼ਿਲ੍ਹਾ ਮੀਰਪੁਰ ਵਿਚ ਟਕਸਾਲੀ ਪੰਜਾਬੀ ਬੋਲੀ ਜਾਂਦੀ ਹੈ। ਮਾਝੇ, ਮਾਲਵੇ ਜਾਂ ਦੁਆਬੇ ਆਦਿ ਦੇ ਲੋਕਾਂ ਨੂੰ ਇਨ੍ਹਾਂ ਖੇਤਰਾਂ ਵਿਚ ਪੰਜਾਬੀ ਬੋਲਦਿਆਂ ਜਾਂ ਸੁਣਦਿਆਂ ਕੋਈ ਦਿੱਤਕ ਨਹੀਂ ਆਉਂਦੀ। ਭਾਵੇਂ ਡੋਗਰੀ ਵੀ ਕਠੂਆ ਆਦਿ ਇਲਾਕਿਆਂ ਵਿਚ ਬੋਲੀ ਜਾਂਦੀ ਹੈ ਪਰ ਰਾਜੌਰੀ, ਪੁਣਛ, ਮੀਰਪੁਰ ਅਤੇ ਮੁਜੱਫਰਾਬਾਦ ਵਿਚ ਪੰਜਾਬੀ ਦੀਆਂ ਉਪ ਭਾਸ਼ਾਵਾਂ, ਪਹਾੜੀ, ਪੁਣਛੀ ਅਤੇ ਚਿਭਾਲੀ ਹਨ। ਬਹੁਤ ਸਾਰੇ ਜੰਮੂ-ਕਸ਼ਮੀਰ ਦੇ ਵਿਦਵਾਨ ਪਹਾੜੀ ਭਾਸ਼ਾ ਨੂੰ ਪੰਜਾਬੀ ਦੀ ਉਪ ਭਾਸ਼ਾ ਹੀ ਮੰਨਦੇ ਹਨ। ਜੰਮੂ ਅਤੇ ਕਸ਼ਮੀਰ ਨੂੰ ਵਿਸ਼ਾਲ ਪੀਰ ਪੰਚਾਲ ਪਰਬਤ ਲੜੀ ਵੱਖ-ਵੱਖ ਕਰਦੀ ਹੈ। ਪੀਰ ਪੰਚਾਲ ਤੋਂ ਜੰਮੂ ਵਾਲੇ ਪਾਸੇ ਭਾਵ ਮੇਂਡਰ, ਪੁਣਛ, ਬੁੱਧਲ, ਨੁਸ਼ਹਿਰਾ, ਝੰਗੜ, ਰਾਜੌਰੀ, ਰਾਮਬਨ, ਕਿਸ਼ਤਵਾੜ, ਭਦਰਵਾਹ, ਡੋਡਾ, ਗੂਲ, ਗੁਲਾਬਗੜ੍ਹ, ਰਿਆਸੀ, ਸੁਰਨ ਕੋਟ, ਕਾਲਾ ਕੋਟ, ਰਾਮ ਨਗਰ, ਊਧਮਪੁਰ ਬਸੌਲੀ-ਬਲਾਵਰ, ਹੀਰਾ ਨਗਰ, ਸਾਂਬਾ, ਅਖਨੂਰ, ਆਰ.ਐਸ.ਪੁਰਾ ਅਤੇ ਜੰਮੂ ਸ਼ਹਿਰ ਵਿਚ ਸ਼ੁੱਧ ਪੰਜਾਬੀ ਬੋਲੀ ਜਾਂਦੀ ਹੈ। ਪਰ ਸਰਕਾਰਾਂ ਨੇ ਪੰਜਾਬੀ ਭਾਸ਼ਾ ਨੂੰ ਭਾਵੇਂ ਸੰਖੇਪ ਇਲਾਕੇ ਵਿਚ ਸੀਮਤ ਕਰਨ ਦੇ ਯਤਨ ਕੀਤੇ ਹਨ ਪਰ ਦਰਹਕੀਕਤ ਇਹ ਪੰਜਾਬੀ 18 ਕਰੋੜ ਲੋਕਾਂ ਦੀ ਮਾਂ ਬੋਲੀ ਹੈ।
ਹਥਲੀ ਪੁਸਤਕ ਇਸ ਕਰਕੇ ਬਹੁਤ ਸਲਾਹੁਣਯੋਗ ਹੈ ਕਿ ਇਸ ਵਿਚ ਪੁਣਛ-ਰਾਜੌਰੀ ਅਤੇ ਪੀਰ ਪੰਚਾਲ ਪਰਬਤ ਤੋਂ ਜੰਮੂ ਵੱਲ ਦੇ ਕਰੀਬ 40 ਕਵੀ, ਗ਼ਜ਼ਲਕਾਰ ਅਤੇ ਵਾਰਤਾਕਾਰ ਸ਼ਾਮਿਲ ਕੀਤੇ ਗਏ ਹਨ। ਬੋਲੀ ਪਹਾੜੀ ਹੈ ਪਰ ਗੁਰਮੁਖੀ ਪੰਜਾਬੀ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਪੁਸਤਕ ਸਾਂਭਣਯੋਗ ਅਤੇ ਪਰਚਾਰਨਯੋਗ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਮੇਰੀਆਂ ਸਾਰੀਆਂ ਕਹਾਣੀਆਂ
ਕਹਾਣੀਕਾਰ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ
ਮੁੱਲ : 950 ਰੁਪਏ, ਸਫ਼ੇ : 688
ਸੰਪਰਕ : 011-23264342.

ਪ੍ਰਵਾਸੀ ਕਹਾਣੀਕਾਰ-ਲੇਖਕ ਰਵਿੰਦਰ ਰਵੀ ਦੇ ਰਚੇ ਸਮੁੱਚੇ ਸਾਹਿਤ ਨੂੰ ਇਸ ਵੱਡ ਆਕਾਰੀ ਪੁਸਤਕ ਵਿਚ ਦਰਜ ਕੀਤਾ ਗਿਆ ਹੈ। ਦੋ ਭਾਗਾਂ ਵਿਚ ਵੰਡੀ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਉਸ ਵਲੋਂ ਰਚੇ ਕੁੱਲ ਕਹਾਣੀ ਸੰਗ੍ਰਹਿਆਂ ਦੀਆਂ 96 ਕਹਾਣੀਆਂ ਅੰਕਿਤ ਹਨ। ਉਸ ਦੀ ਕਹਾਣੀ ਕਹਿਣ ਦੀ ਕਮਾਲ ਦੀ ਕਲਾ ਨੇ ਉਸ ਦੇ ਸਮਕਾਲੀ ਕਹਾਣੀਕਾਰਾਂ, ਸਾਹਿਤਕਾਰਾਂ ਨੂੰ ਬਾਖੂਬੀ ਹਲੂਣਿਆਂ ਹੈ।
ਉਸ ਦੀਆਂ ਕਹਾਣੀਆਂ ਦੀ ਪਹਿਲੀ ਅਤੇ ਵਿਸ਼ੇਸ਼ ਨਿਸ਼ਾਨੀ ਇਹ ਹੈ ਕਿ ਉਸ ਨੇ ਦੂਜੇ ਪ੍ਰਵਾਸੀ ਕਹਾਣੀਕਾਰਾਂ ਜਾਂ ਸਾਹਿਤਕਾਰਾਂ ਵਾਂਗ ਪੰਜਾਬ ਦੀ ਧਰਤੀ ਤੋਂ ਦੂਰੀ ਪੈਣ ਦਾ ਹੇਰਵਾ ਜਾਂ ਦੁੱਖ ਨਹੀਂ ਪ੍ਰਗਟਾਇਆ। ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਵਾਦੀ, ਪ੍ਰਕਿਰਤੀਵਾਦੀ, ਅਸਤਿਤਵਾਦੀ ਕਹਾਣੀਕਾਰ ਰਵਿੰਦਰ ਰਵੀ ਦੀ ਕਹਾਣੀ ਕਲਾ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਵਿਦਵਾਨ ਸਾਹਿਤਕਾਰ ਡਾ: ਹਰਿਭਜਨ ਸਿੰਘ ਕਹਿੰਦੇ ਹਨ, 'ਰਵਿੰਦਰ ਰਵੀ ਲੀਕ ਤੋਂ ਹਟਵੀਂ ਅਤੇ ਨਿਸੰਗ ਹੋ ਕੇ ਕਹਾਣੀ ਰਚਦਾ ਹੈ।' ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਤੇ ਡਾ: ਰਘਵੀਰ ਸਿੰਘ ਨੇ ਉਸ ਦੀਆਂ ਕਹਾਣੀਆਂ ਨੂੰ ਸੁਡੌਲ ਜੁੱਸੇ ਵਾਲੀਆਂ ਅਤੇ ਪ੍ਰਭਾਵਸ਼ਾਲੀ ਪਛਾਣ ਵਾਲੀਆਂ ਕਹਾਣੀਆਂ ਕਿਹਾ ਹੈ। ਇਸ ਪੁਸਤਕ ਦੇ ਦੂਜੇ ਭਾਗ ਵਿਚ ਉਸ ਦੀਆਂ ਰਚੀਆਂ ਕਾਵਿ-ਕਹਾਣੀਆਂ ਅਤੇ ਗੱਦ-ਕਾਵਿ ਕਥਾਵਾਂ ਇਸ ਪੁਸਤਕ ਨੂੰ ਖੂਬ ਸ਼ਿੰਗਾਰਦੀਆਂ ਹਨ। ਇਸ ਭਾਗ ਬਾਰੇ ਵੀ ਵੱਖ-ਵੱਖ ਵਿਦਵਾਨਾਂ ਨੇ ਸਲਾਹੁਤਾ ਭਰੇ ਅੰਦਾਜ਼ ਵਿਚ ਖੂਬ ਲਿਖਿਆ ਹੈ। ਇਹ ਪੁਸਤਕ ਪੰਜਾਬੀ ਸਾਹਿਤ ਜਗਤ ਦਾ ਚਮਤਕਾਰੀ ਹਾਸਲ ਹੈ, ਜਿਸ ਨੂੰ ਸਾਂਭਣਾ ਸਭ ਦਾ ਫ਼ਰਜ਼ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਆਏ ਸਫਲੁ ਸੇ
ਕਵਿੱਤਰੀ : ਸੁਖਦੇਵ ਕੌਰ ਚਮਕ
ਪ੍ਰਕਾਸ਼ਕ : ਨਿਸ਼ਕਾਮ ਸੇਵਾ ਸੁਸਾਇਟੀ ਦਸੂਹਾ (ਰਜਿ:)
ਮੁੱਲ : 185 ਰੁਪਏ, ਸਫ਼ੇ : 216
ਸੰਪਰਕ : 94640-65934.

ਕਵਿੱਤਰੀ ਸੁਖਦੇਵ ਕੌਰ ਚਮਕ ਨੂੰ ਸਿੱਖ ਧਰਮ ਦੇ ਗੌਰਵਮਈ ਅਤੇ ਸ਼ਾਨਾਮੱਤੇ ਵਿਰਸੇ ਦੀ ਪਛਾਣ ਹੈ। ਬਹੁਤੀਆਂ ਕਵਿਤਾਵਾਂ ਵਿਚ ਮਜ਼ਲੂਮਾਂ, ਨਿਤਾਣਿਆਂ, ਗ਼ਰੀਬਾਂ ਤੇ ਲਤਾੜਿਆਂ ਵਲੋਂ ਜਬਰ-ਜ਼ੁਲਮ ਦਾ ਟਾਕਰਾ ਕਰਦਿਆਂ ਧੱਕੇਸ਼ਾਹੀ ਦੇ ਵਿਰੋਧ ਵਿਚ ਪਰਬਤਾਂ ਵਾਂਗ ਅਹਿਲ ਖਲੋ ਕੇ ਦੁਸ਼ਟ ਬਿਰਤੀ ਵਾਲੇ ਲੋਕਾਂ ਦਾ ਨਾਸ਼ ਕਰਕੇ ਧਾਰਮਿਕ, ਸਮਾਜਿਕ ਅਤੇ ਆਰਥਿਕ ਆਜ਼ਾਦੀ ਲਈ ਦਿੱਤੀ ਕੁਰਬਾਨੀ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਵਲੋਂ ਦਿੱਤੀਆਂ ਬੇਸ਼ਕੀਮਤੀ ਸਿੱਖਿਆਵਾਂ, ਸਿੱਖ ਫਿਲਾਸਫੀ ਅਤੇ ਆਦਰਸ਼ਿਕ ਜੀਵਨ ਜਿਊਣ ਵਾਲੇ ਮਰਜੀਵੜਿਆਂ ਨੂੰ ਵੀ ਯਾਦ ਕੀਤਾ ਹੈ।
ਅਜਿਹੀਆਂ ਕਵਿਤਾਵਾਂ ਨੂੰ ਵੀ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕੀਤਾ ਹੈ, ਜਿਨ੍ਹਾਂ ਵਿਚ ਸਮਾਜਿਕ ਤੇ ਆਰਥਿਕ ਮਸਲਿਆਂ 'ਤੇ ਵੀ ਕਲਮ ਚਲਾਈ ਹੈ। ਔਰਤ ਦੀ ਸਮਾਜਿਕ ਨਾਬਰਾਬਰੀ ਵੀ ਉਸ ਨੂੰ ਪ੍ਰੇਸ਼ਾਨ ਕਰਦੀ ਹੈ। ਸਮਾਜ ਵਿਚ ਵਿਚਰਦਿਆਂ ਬੇਰੁਜ਼ਗਾਰੀ, ਔਰਤ ਦਾ ਸ਼ੋਸ਼ਣ, ਲੁੱਟਾਂ-ਖੋਹਾਂ, ਰਿਸ਼ਵਤਖੋਰੀ, ਮਾਦਾ ਭਰੂਣ ਹੱਤਿਆ, ਚੋਰ ਬਾਜ਼ਾਰੀ, ਢੌਂਗੀ ਬਾਬਿਆਂ ਦੀਆਂ ਕਰਤੂਤਾਂ, ਵਾਤਾਵਰਨ ਦਾ ਹੋ ਰਿਹਾ ਗੰਧਲਾਪਣ ਵਰਗੀਆਂ ਸਮੱਸਿਆਵਾਂ ਨੂੰ ਵੱਖ-ਵੱਖ ਕਵਿਤਾਵਾਂ ਵਿਚ ਛੂਹਿਆ ਗਿਆ ਹੈ। ਨੈਤਿਕ ਕਦਰਾਂ-ਕੀਮਤਾਂ ਆ ਰਹੇ ਨਿਘਾਰ, ਪੰਜਾਬ ਦੇ ਵਾਰਿਸਾਂ ਦਾ ਵਿਦੇਸ਼ਾਂ ਵਿਚ ਜਾ ਕੇ ਵਸਣਾ, ਕੂੜ-ਕੁਸਤ ਦੇ ਹੋ ਰਹੇ ਬੋਲਬਾਲੇ, ਬਦਲ ਰਹੇ ਰਿਸ਼ਤਿਆਂ ਦਾ ਜ਼ਿਕਰ ਵੀ ਉਸ ਨੇ ਬਾਖੂਬੀ ਕੀਤਾ ਹੈ। ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਪ੍ਰਕਾਸ਼ ਕਲਗੀਧਰ ਦਾ, ਭਾਈ ਨੰਦ ਲਾਲ ਗੋਆ, ਬਾਬਾ ਬੰਦਾ ਸਿੰਘ ਬਹਾਦਰ, ਗੁਰਦਾਸ ਨੰਗਲ ਦੀ ਕੱਚੀਗੜ੍ਹੀ, ਚੱਪੜਚਿੜੀ, ਸ: ਬਘੇਲ ਸਿੰਘ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਨਵਾਬ ਕਪੂਰ ਸਿੰਘ, ਭਗਤ ਪੂਰਨ ਸਿੰਘ ਵਰਗੀਆਂ ਹਸਤੀਆਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਸੁਚੱਜੇ ਢੰਗ ਪੇਸ਼ ਕੀਤਾ ਹੈ।
ਸਮੁੱਚੇ ਰੂਪ ਵਿਚ ਸ਼ਾਮਿਲ ਕਵਿਤਾਵਾਂ ਵਿਚ ਪੰਜਾਬ ਦੇ ਤਿੱਥ-ਤਿਉਹਾਰਾਂ ਦਾ ਜ਼ਿਕਰ ਕਰਦਿਆਂ ਕਵਿੱਤਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਸਾਨੂੰ ਧਰਮ ਅਤੇ ਜਾਤ-ਪਾਤ ਦੇ ਵਿਤਕਰਿਆਂ ਨੂੰ ਛੱਡ ਕੇ ਸਰਬੱਤ ਦੇ ਭਲੇ ਦੇ ਸੰਦੇਸ਼ ਮੁਤਾਬਿਕ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

ਂਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਅਹਿਸਾਸ-ਦਰ-ਅਹਿਸਾਸ
ਲੇਖਿਕਾ : ਸੁਖਵਿੰਦਰ ਕੌਰ 'ਆਹੀ'
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 78
ਸੰਪਰਕ : 98768-22694.

ਨਾਰੀ ਮਨ ਦੀ ਬਾਤ ਪਾਉਂਦੇ ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਕਵਿੱਤਰੀ ਦੀ ਨਿੱਜੀ ਜ਼ਿੰਦਗੀ ਉੱਪਰ ਵੀ ਝਾਤ ਪਵਾਉਂਦੀਆਂ ਹਨ। ਕਵਿੱਤਰੀ ਆਪਣੇ ਨਿੱਜੀ ਦੁੱਖ ਨੂੰ ਕਾਵਿ ਰਚਨਾਵਾਂ ਵਿਚ ਢਾਲ ਕੇ ਜਿਥੇ ਆਪਣੇ ਦੁੱਖ ਦਾ ਕਥਾਰਸਿਸ ਕਰਦੀ ਹੈ, ਉਥੇ ਉਹ ਪਾਠਕਾਂ ਨੂੰ ਵੀ ਜ਼ਿੰਦਗੀ ਦੀਆਂ ਕੌੜੀਆਂ ਅਤੇ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਉਂਦੀ ਹੈ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਕਵਿੱਤਰੀ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ : ਕਵਿਤਾ, ਗੀਤ ਅਤੇ ਗ਼ਜ਼ਲ। ਇਨ੍ਹਾਂ ਤਿੰਨਾਂ ਰਾਹੀਂ ਉਸ ਨੇ ਭਾਵਨਾਵਾਂ ਅਤੇ ਕਥਾਰਸ ਦਾ ਸੁੰਦਰ ਸੁਮੇਲ ਪ੍ਰਗਟ ਕੀਤਾ ਹੈ। ਪਹਿਲੀ ਕਵਿਤਾ ਨੌਜਵਾਨਾਂ ਨੂੰ ਸੇਧ ਦਿੰਦੀ ਸਥਿਤੀਆਂ ਨੂੰ ਆਪਣੇ ਮੂਜਬ ਢਾਲਣ ਲਈ ਪ੍ਰੇਰਿਤ ਕਰਦੀ ਹੈ। ਕਵਿੱਤਰੀ ਟਾਹਲੀ ਕਵਿਤਾ ਰਾਹੀਂ ਟਾਹਲੀ ਦੇ ਕੱਟੇ ਜਾਣ ਦਾ ਅਤੇ ਮਾਂ ਦੇ ਵਿਛੜ ਜਾਣ ਦਾ ਦੁੱਖ ਮਨਾਉਂਦੀ ਹੋਈ ਆਪਣੇ-ਆਪ ਨੂੰ ਉਦਾਸ ਮਹਿਸੂਸ ਕਰਦੀ ਹੈ। ਕਵਿੱਤਰੀ ਦਾ ਇਹ ਕਵਿਤਾ ਭਾਗ ਪਿਆਰ ਦੇ ਅਹਿਸਾਸਾਂ ਨਾਲ ਓਤਪੋਤ ਹੈ। ਉਹ ਔਰਤ ਮਰਦ ਦੀ ਮੁਹੱਬਤ ਦਾ ਜ਼ਿਕਰ ਛੋਂਹਦੀ ਔਰਤ ਦੀ ਹੋਂਦ ਨੂੰ ਨਦੀ ਮੰਨ ਕੇ ਸਮੁੰਦਰ ਵਾਂਗ ਵਿਸ਼ਾਲ ਹਿਰਦਾ ਰੱਖਣ ਵਾਲੀ ਸਮਝਦੀ ਹੈ।
ਕਵਿੱਤਰੀ ਨੇ ਸਮਾਜਿਕ ਵਿਸ਼ਿਆਂ ਨੂੰ ਵੀ ਛੋਹਿਆ ਹੈ। ਦੇਸ਼ ਅੰਦਰ ਫੈਲੀਆਂ ਸਮੱਸਿਆਵਾਂ ਨੂੰ ਕੇਂਦਰ ਬਿੰਦੂ ਬਣਾ ਕੇ ਉਹ 'ਸੱਤਰ ਵਰ੍ਹੇ ਆਜ਼ਾਦ' ਕਵਿਤਾ ਰਾਹੀਂ ਨਾਰੀ ਆਜ਼ਾਦੀ ਤੇ ਕਈ ਪ੍ਰਸ਼ਨ ਉਠਾਉਂਦੀ ਹੈ।
ਗੀਤ ਵਾਲੇ ਭਾਗ ਵਿਚ ਕਵਿੱਤਰੀ ਦੀ 'ਕੁਝ ਗੀਤ' ਸਿਰਲੇਖ ਹੇਠ ਲਿਖੀ ਗਈ ਰਚਨਾ ਸਮਾਜ ਦੇ ਕੁਝ ਪੱਖਾਂ ਉੱਪਰ ਦਾਅਵਾ ਜਤਾਉਂਦੀ ਹੈ ਜਿਥੇ ਕਿਸਾਨੀ ਜੀਵਨ ਦੇ ਦੁੱਖ, ਆਰਥਿਕ ਨਾਬਰਾਬਰੀ, ਕਿਰਤੀ ਕਾਮਿਆਂ ਦੀ ਬੇਵਸੀ ਵਰਗੇ ਕਈ ਸਵਾਲ ਸਾਡੇ ਸਨਮੁੱਖ ਖੜ੍ਹੇ ਹਨ। ਕਵਿੱਤਰੀ ਦੇ ਗੀਤ ਪਰਿਵਾਰਕ ਲੋਕ ਗੀਤਾਂ ਵਾਂਗ ਰੁਮਾਂਟਿਕ, ਗਿਲੇ ਸ਼ਿਕਵੇ ਭਰਪੂਰ ਅਤੇ ਨਾਇਕਾ ਦੀਆਂ ਮਜਬੂਰੀਆਂ ਨਾਲ ਜੁੜੇ ਹੋਏ ਹਨ।
ਗ਼ਜ਼ਲਾਂ ਵਾਲੇ ਭਾਗ ਵਿਚ ਕਵਿੱਤਰੀ ਨੇ ਬਿਰਹਾ ਭਿੱਜੇ ਮਨ ਦੀ ਦਾਸਤਾਨ ਸੁਣਾਈ ਹੈ।
ਆਧੁਨਿਕ ਮਨੁੱਖ ਦੀ ਪਦਾਰਥਕ ਸੁੱਖਾਂ ਪਿੱਛੇ ਦੌੜਨ ਦੀ ਲਾਲਸਾ ਨੂੰ ਵੇਖ ਕੇ ਕਵਿੱਤਰੀ ਹੈਰਾਨ ਹੁੰਦੀ ਹੈ ਕਿ ਅਜੋਕਾ ਮਨੁੱਖ ਪੈਸੇ ਦੀ ਚਕਾਚੌਂਧ ਵਿਚ ਗੁਆਚਿਆ ਰਿਸ਼ਤਿਆਂ ਤੋਂ ਮੁਨਕਰ ਹੋ ਰਿਹਾ ਹੈ।
ਇਸ ਪ੍ਰਕਾਰ ਇਹ ਕਾਵਿ ਪੁਸਤਕ ਪਾਠਕਾਂ ਦਾ ਧਿਆਨ ਮੰਗਦੀ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਕਿਤਾਬ
(ਵਾਰਤਕ)

ਲੇਖਕ : ਬਲਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 98723-39022.

ਬਲਜੀਤ ਸਿੰਘ ਦੁਆਰਾ ਲਿਖੀ ਵਾਰਤਕ ਪੁਸਤਕ ਵਿਚ ਦੋ ਵਿਦਵਾਨ ਮਿੱਤਰਾਂ ਬਲਜੀਤ ਸਿੰਘ ਅਤੇ ਡਾ: ਸਤੀਸ਼ ਕੁਮਾਰ ਵਰਮਾ ਦਰਮਿਆਨ ਹੋਈ ਖ਼ਤੋ-ਕਿਤਾਬਤ ਨੂੰ 'ਕਿਤਾਬ' ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਚਾਰਧੀਨ ਪੁਸਤਕ ਵਿਚ ਇਨ੍ਹਾਂ ਵਿਦਵਾਨਾਂ ਦੇ ਜਿਹੜੇ ਖ਼ਤ ਸ਼ਾਮਿਲ ਹੋਏ ਹਨ, ਉਨ੍ਹਾਂ ਵਿਚ ਜੀਵਨ ਯਥਾਰਥ ਨਾਲ ਜੁੜੇ ਮਸਲਿਆਂ ਬਾਰੇ ਦਾਰਸ਼ਨਿਕ ਨਜ਼ਰੀਆ ਪੂਰੇ ਵੇਗ ਅਤੇ ਵਿਸਥਾਰ ਨਾਲ ਪ੍ਰਗਟ ਹੋਇਆ ਹੈ।
ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਕ ਵਿਦਵਾਨ ਕੋਈ ਬੁਝਾਰਤ ਪਾ ਰਿਹਾ ਹੋਵੇ ਅਤੇ ਦੂਜਾ ਉਸ ਬਾਰੇ ਆਪਣਾ ਵਿਆਖਿਆਤਮਕ ਨਜ਼ਰੀਆ ਪੇਸ਼ ਕਰ ਰਿਹਾ ਹੋਵੇ। ਮਿਸਾਲ ਵਜੋਂ ਡਾ: ਸਤੀਸ਼ ਵਰਮਾ ਆਪਣੀ ਗੱਲ ਨੂੰ ਕਾਵਿਕ ਅੰਦਾਜ਼ ਵਿਚ ਪੇਸ਼ ਕਰਦਾ ਹੈ ਅਤੇ ਫਿਰ ਬਲਜੀਤ ਸਿੰਘ ਵਾਰਤਕ ਰੂਪ ਵਿਚ ਉਸੇ ਕਾਵਿਕ ਅੰਦਾਜ਼ ਦੀ ਬਹੁਪਸਾਰੀ ਵਿਆਖਿਆ ਕਰਦਾ ਹੈ। ਜ਼ਿੰਦਗੀ ਨੂੰ ਜਿਊਣ ਜੋਗੀ ਕਰਨ ਦੀ ਜੱਦੋ-ਜਹਿਦ ਵੀ ਇਨ੍ਹਾਂ ਖ਼ਤਾਂ ਵਿਚ ਸ਼ਾਮਿਲ ਹੈ, ਵਿੱਦਿਆ ਦੇ ਖੇਤਰ ਵਿਚ ਪੈਦਾ ਹੋਈ ਵਪਾਰਕ ਸੋਚ ਉਤੇ ਵੀ ਇਹ ਵਿਦਵਾਨ ਲੇਖਕ ਉਂਗਲ ਰੱਖਦੇ ਹਨ, ਯੂਨੀਵਰਸਿਟੀਆਂ ਵਿਚ ਪੈਦਾ ਹੋਇਆ ਭ੍ਰਿਸ਼ਟਾਚਾਰੀ ਵਾਤਾਵਰਨ, ਸਮਾਜਿਕ ਨਿਘਾਰ, ਜਾਤਾਂ ਗੋਤਾਂ ਵਿਚ ਵੰਡੀ ਜਾ ਰਹੀ ਮਨੁੱਖਤਾ, ਮਨੁੱਖੀ ਪਛਾਣ ਦੀ ਗੁੰਮਸ਼ੁਦਗੀ, ਕੁਦਰਤ ਦੀ ਬੇਅੰਤਤਾ, ਆਜ਼ਾਦੀ ਦੇ ਅਹਿਸਾਸ, ਗਿਆਨ ਦਾ ਚਾਨਣ ਆਦਿ ਹੋਰ ਬਹੁਤ ਸਾਰੇ ਵਰਤਾਰਿਆਂ ਨੂੰ ਇਨ੍ਹਾਂ ਖ਼ਤਾਂ ਵਿਚ ਪਰਤ-ਦਰ-ਪਰਤ ਪੇਸ਼ ਕਰਦਿਆਂ ਫਰੋਲਦਿਆਂ ਦੋਵੇਂ ਦੋਸਤ ਇਕ-ਦੂਜੇ ਪ੍ਰਤੀ ਨਿੱਜੀ ਸਨੇਹ ਦਾ ਇਜ਼ਹਾਰ ਕਰਦੇ ਹਨ। ਪਰ ਅਸਲੀਅਤ ਇਹ ਹੈ ਕਿ ਖ਼ਤਾਂ ਦੇ ਜ਼ਰੀਏ ਦੋਵਾਂ ਨੇ ਹੀ ਫਲਸਫਾਨਾ ਅੰਦਾਜ਼ ਵਿਚ ਸਾਡੀ ਸੋਚ ਨੂੰ ਇਕ ਸੰਵੇਦਨਸ਼ੀਲ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਹਿਤ ਦੇ ਪਾਠਕਾਂ ਲਈ ਇਹ ਨਿਵੇਕਲੀ ਸ਼ੈਲੀ ਵਿਚ ਲਿਖੀ ਪੁਸਤਕ ਸਾਂਭਣਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਕਿਰਨਾਂ ਦੀ ਕਾਸ਼ਤ
ਗ਼ਜ਼ਲਕਾਰ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਕੈਲੀਬਰ ਪਬਲਿਸ਼ਰਜ਼, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98768-73735.

ਹਰਮਿੰਦਰ ਸਿੰਘ ਕੋਹਾਰਵਾਲਾ ਅਜੋਕੇ ਦੌਰ ਦਾ ਸਮਰੱਥ ਪੰਜਾਬੀ ਗ਼ਜ਼ਲਕਾਰ ਹੈ ਜਿਸ ਦੀ ਗ਼ਜ਼ਲ ਕੱਚੇ ਕੋਠਿਆਂ, ਖ਼ੁਦਕੁਸ਼ੀ ਕਰਦੇ ਖੇਤਾਂ, ਧੀਆਂ ਧਿਆਣੀਆਂ ਤੇ ਰਾਜਨੀਤੀ ਦੇ ਦਲਾਲਾਂ ਦੀ ਹਕੀਕਤ ਬੇਬਾਕੀ ਨਾਲ ਪਾਠਕ ਅੱਗੇ ਰੱਖਦੀ ਹੈ। ਕੋਹਾਰਵਾਲਾ ਪੰਜਾਬੀ ਦਾ ਅਜਿਹਾ ਗ਼ਜ਼ਲਕਾਰ ਹੈ ਜਿਸ ਦੀ ਗ਼ਜ਼ਲ ਸਿਰਜਣਾ ਵਿਚ ਤੁਸੀਂ ਪੰਜਾਬੀ ਦੇ ਸ਼ੁੱਧ ਸ਼ਬਦਾਂ ਦੀ ਫੁਲਕਾਰੀ ਦੇਖ ਸਕਦੇ ਹੋ। ਇਸ ਵਿਚ ਉਸ ਦੀਆਂ 76 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਹਨ।
ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਗ਼ਰਕ ਚੁੱਕੀ ਭਾਰਤੀ ਰਾਜਨੀਤੀ ਬਾਰੇ ਹੈ ਜੋ ਲੋਕਾਂ ਨਾਲ ਵਾਅਦੇ ਤਾਂ ਕਰਦੀ ਹੈ ਪਰ ਨਿਭਾਉਣਾ ਉਸ ਦੀ ਫ਼ਿਤਰਤ ਨਹੀਂ ਹੁੰਦੀ। ਆਪਣੀ ਦੂਸਰੀ ਗ਼ਜ਼ਲ ਵਿਚ ਉਹ ਤ੍ਰਿਹਾਏ ਖੇਤ ਛੱਡ ਕੇ ਹੋਰ ਥਾਂ ਵਰ੍ਹੀਆਂ ਬਦਲੀਆਂ 'ਤੇ ਰੰਜ ਜ਼ਾਹਿਰ ਕਰਦਾ ਹੈ ਤੇ ਉਸ ਅਨੁਸਾਰ ਦਹਿਸ਼ਤ ਭਰੇ ਮਾਹੌਲ ਵਿਚ ਬਾਪ ਲਈ ਧੀਆਂ ਦੀ ਹਿਫ਼ਾਜ਼ਤ ਕਰਨਾ ਮੁਸ਼ਕਿਲ ਹੋ ਗਿਆ ਹੈ। ਆਪਣੀ ਤੀਸਰੀ ਗ਼ਜ਼ਲ ਵਿਚ ਉਹ ਆਪਣੀਆਂ ਗ਼ਜ਼ਲਾਂ ਦੇ ਨਾਇਕ ਉਨ੍ਹਾਂ ਲੋਕਾਂ ਨੂੰ ਮੰਨਦਾ ਹੈ ਜੋ ਰੋਟੀ ਦੇ ਸੰਘਰਸ਼ ਵਿਚ ਇਕ ਅੱਖਰ ਤਕ ਨਹੀਂ ਜਾਣ ਸਕੇ।
ਮੌਜੂਦਾ ਦੌਰ ਵਿਚ ਟੁੱਟ ਰਹੇ ਘਰ ਉਸ ਲਈ ਤਕਲੀਫ਼ਦੇਹ ਹਨ ਉਸ ਅਨੁਸਾਰ ਹੁਣ ਪਹਿਲਾਂ ਵਰਗੇ ਘਰ ਨਹੀਂ ਰਹੇ ਸਗੋਂ ਇਹ ਹੁਣ ਕਮਰਾ-ਕਮਰਾ ਹੋ ਗਏ ਹਨ। ਉਸ ਨੂੰ ਮੁਹੱਬਤ ਦਾ ਸਮੁੰਦਰ ਰੇਤਾ-ਰੇਤਾ ਹੋਇਆ ਜਾਪਦਾ ਹੈ ਤੇ ਸਾਂਝ ਤਾਰ ਤਾਰ ਹੋਈ ਨਜ਼ਰ ਆਉਂਦੀ ਹੈ। ਉਸ ਨੂੰ ਦੁੱਖ ਹੈ ਕਿ ਜੱਟ ਦੇ ਖੇਤ ਮਰਲਾ-ਮਰਲਾ ਹੋ ਗਏ ਹਨ ਤੇ ਦੁੱਲਾ ਜੱਟ ਹੁਣ ਸ਼ਹਿਰ ਦਿਹਾੜੀ ਲਾਉਣ ਜਾਂਦਾ ਹੈ। ਕੋਹਾਰਵਾਲਾ ਤਨਜ਼ ਦਾ ਮਾਹਿਰ ਹੈ ਪਰ ਉਸ ਦੀ ਤਨਜ਼ ਵਿਚ ਵੀ ਸੰਜੀਦਗੀ ਤੇ ਗੰਭੀਰਤਾ ਹੁੰਦੀ ਹੈ।
ਕੋਹਾਰਵਾਲਾ ਨੇ ਆਪਣੀਆਂ ਗ਼ਜ਼ਲਾਂ ਵਿਚ ਪੁਰਾਣੇ ਵਿਸਰ ਰਹੇ ਪਰੋਲ਼ੇ, ਛਾਬੇ, ਲਗਾੜੇ, ਧਮੱਚੜ, ਨੱਕੜਨਾਨੀ ਵਰਗੇ ਸ਼ਬਦਾਂ ਨੂੰ ਵੀ ਸਾਂਭਿਆ ਹੈ। ਇਨ੍ਹਾਂ ਗ਼ਜ਼ਲਾਂ ਵਿਚ ਕੁਝ ਅੰਗਰੇਜ਼ੀ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ ਪਰ ਉਹ ਬਿਲਕੁਲ ਵੀ ਓਪਰਾ ਨਹੀਂ ਲਗਦਾ। ਇਹ ਗ਼ਜ਼ਲ ਸੰਗ੍ਰਹਿ ਰੋਲ ਘਚੋਲੇ ਤੋਂ ਦੂਰ ਹੈ ਤੇ ਇਸ ਦੀਆਂ ਗ਼ਜ਼ਲਾਂ ਸਿੱਧੀਆਂ ਪਾਠਕ ਦੇ ਦਿਲ ਵਿਚ ਉਤਰਦੀਆਂ ਹਨ। 'ਕਿਰਨਾਂ ਦੀ ਕਾਸ਼ਤ' ਗ਼ਜ਼ਲ ਨੂੰ ਪਿਆਰ ਕਰਨ ਵਾਲੇ ਹਰ ਪਾਠਕ ਨੂੰ ਪੜ੍ਹਨਾ ਚਾਹੀਦਾ ਹੈ।

ਂਗੁਰਦਿਆਲ ਰੌਸ਼ਨ
ਮੋ:"9988444002
ਫ ਫ ਫ

ਮੱਥੇ ਸੂਰਜ ਧਰ ਰੱਖਿਆ ਏ
ਲੇਖਕ : ਸੁਰਜੀਤ ਸਿੰਘ ਸਿਰੜੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 108
ਸੰਪਰਕ : 093154-86601.

ਸੁਰਜੀਤ ਸਿੰਘ ਸਿਰੜੀ ਦੀਆਂ ਕਵਿਤਾਵਾਂ ਦਾ ਪਠਨ ਕਰਦਿਆਂ ਇਹ ਗੱਲ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ ਕਿ ਇਹ ਕਵੀ ਮਾਨਵਵਾਦੀ ਕਦਰਾਂ-ਕੀਮਤਾਂ ਦਾ ਧਾਰਨੀ ਹੈ ਅਤੇ ਉਹ ਆਪਣੀ ਕਵਿਤਾ ਨੂੰ ਆਮ ਸਾਧਾਰਨ ਮਨੁੱਖ ਦੇ ਦੁੱਖਾ-ਸੁੱਖਾਂ ਨਾਲ ਜੋੜ ਕੇ ਆਪਣਾ ਕਾਵਿ ਸੰਸਾਰ ਸਿਰਜਦਾ ਹੈ। ਉਹ ਧਰਮ, ਜਾਤ, ਬੋਲੀ, ਭਾਸ਼ਾ ਦੀਆਂ ਹੱਦਾਂ ਸਰਹੱਦਾਂ ਤੋੜ ਕੇ ਸਮੁੱਚੀ ਮਾਨਵ ਜਾਤੀ ਲਈ ਧਰਤੀ ਨੂੰ ਸਵਰਗ ਬਣਾਉਣ ਦੀ ਲੋਚਾ ਰੱਖਦਾ ਹੈ, ਜਿਥੇ ਸਾਰੀ ਮਨੁੱਖਤਾ ਬਿਨਾਂ ਕਿਸੇ ਭੇਦਭਾਵ ਤੋਂ ਰਹਿ ਸਕੇ।
ਇਸ ਸੰਗ੍ਰਹਿ ਵਿਚ ਕਵੀ ਆਧੁਨਿਕ ਜੀਵਨ ਯਥਾਰਥ ਵਿਚ ਪਸਰੀਆਂ ਅਨੇਕ ਵਿਸੰਗਤੀਆਂ 'ਤੇ ਵੀ ਆਪਣੀ ਉਂਗਲ ਧਰਦਾ ਹੈ। ਉਹ ਕੁਦਰਤੀ ਸੋਮਿਆਂ ਦੇ ਹੋ ਰਹੇ ਘਾਣ ਬਾਰੇ ਵੀ ਆਪਣੀ ਚਿੰਤਾ ਵਿਅਕਤ ਕਰਦਾ ਹੈ।
ਉਸ ਦੀਆਂ ਕਵਿਤਾਵਾਂ ਸਮਾਜ ਵਿਚ ਫੈਲੀ ਸੰਪਰਦਾਇਕਤਾ, ਜਾਤੀਵਾਦ, ਆਰਥਿਕ ਨਾਬਰਾਬਰੀ, ਲੁੱਟ-ਖਸੁੱਟ ਦੇ ਖਿਲਾਫ਼ ਆਪਣਾ ਕਾਵਿ ਪ੍ਰਵਚਨ ਉਸਾਰਦੀਆਂ ਹਨ। ਆਮ ਸਾਧਾਰਨ ਭਾਸ਼ਾ ਵਿਚ ਲਿਖੀਆਂ ਇਹ ਕਵਿਤਾਵਾਂ ਪਾਠਕਾਂ ਨਾਲ ਆਪਣਾ ਸਿੱਧਾ ਰਿਸ਼ਤਾ ਕਾਇਮ ਕਰ ਲੈਂਦੀਆਂ ਹਨ।
ਵਿਸਾਖੀ ਦੇ ਮੇਲੇ ਵਾਲੇ
ਕੁੰਢੀਆਂ ਮੁੱਛਾਂ ਵਾਲੇ
ਤੁਰਲੇ ਵਾਲੀ ਪੱਗ ਵਾਲੇ
ਹੱਥ ਵਿਚ ਡਾਂਗ ਵਾਲੇ
ਜੱਟ ਨੂੰ ਮੈਂ ਭਾਲਣ ਤੁਰਿਆ ਹਾਂ....।
ਲੇਖਕ ਤੋਂ ਆਉਂਦੇ ਸਮਿਆਂ ਵਿਚ ਹੋਰ ਸਮਰੱਥ ਸ਼ਾਇਰੀ ਦੀ ਉਮੀਦ ਕੀਤੀ ਜਾ ਸਕਦੀ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

10-11-2018

 ਵਿਵਹਾਰਿਕ ਸਮਾਜ ਭਾਸ਼ਾ ਵਿਗਿਆਨ
ਲੇਖਕ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 98152-18545.

ਡਾ: ਹਰਬੰਸ ਸਿੰਘ ਧੀਮਾਨ ਇਕ ਬਹੁਵਿਧਾਈ ਲੇਖਕ ਹੈ। ਸਿਰਜਣਾ ਅਤੇ ਸਮੀਖਿਆ ਦੋਵੇਂ ਮੋਰਚਿਆਂ ਉੱਪਰ ਉਹ ਬੜੀ ਦ੍ਰਿੜ੍ਹਤਾ ਨਾਲ ਜੂਝ ਰਿਹਾ ਹੈ। ਹਥਲੀ ਪੁਸਤਕ ਉਸ ਦੁਆਰਾ ਲਿਖੀ 'ਸਮਾਜ ਭਾਸ਼ਾ ਵਿਗਿਆਨ' ਦਾ ਦੂਜਾ ਭਾਗ ਹੈ। ਇਸ ਪੁਸਤਕ ਵਿਚ ਉਸ ਨੇ ਸਮਾਜ ਭਾਸ਼ਾ ਵਿਗਿਆਨ ਦੇ ਵਿਵਹਾਰਿਕ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਲੇਖਕ ਨੇ ਇਸ ਪੁਸਤਕ ਦੀ ਵਸਤੂ-ਸਮੱਗਰੀ ਨੂੰ 13 ਉਪਭਾਗਾਂ (ਅਧਿਆਵਾਂ) ਵਿਚ ਵੰਡਿਆ ਹੈ। ਗੱਲਬਾਤ ਦੀਆਂ ਕਿਸਮਾਂ, ਬੋਲਣ ਦੀ ਕਲਾ, ਸਮਾਜਿਕ ਇਕਮੁੱਠਤਾ ਅਤੇ ਹਲੀਮੀ, ਗੱਲਬਾਤ ਅਤੇ ਕਾਰਜ, ਸਹਿਯੋਗ, ਲਿੰਗ ਅਤੇ ਨਸਲੀ ਵਿਭਿੰਨਤਾ, ਕੁਝ ਅਜਿਹੇ ਮਜ਼ਮੂਨ ਹਨ, ਜਿਨ੍ਹਾਂ ਬਾਰੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਵਿਚ ਬਹੁਤ ਘੱਟ ਲਿਖਿਆ ਗਿਆ ਹੈ। ਇਸ ਪੁਸਤਕ ਵਿਚ ਸਮਾਜ ਭਾਸ਼ਾ ਵਿਗਿਆਨ ਬਾਰੇ ਲਿਖਣ ਵਾਲੇ ਬਹੁਤ ਸਾਰੇ ਪੱਛਮੀ ਲੇਖਕਾਂ ਦਾ ਵਰਨਣ ਪੇਸ਼ ਹੋਇਆ ਹੈ। ਕਿਸੇ ਵੀ ਇਕ ਸੰਕਲਪ ਬਾਰੇ ਉਹ ਅੱਗੇ-ਪਿੱਛੇ ਕਈ ਵਿਦਵਾਨਾਂ ਦੀਆਂ ਉਕਤੀਆਂ ਨੂੰ ਉਧਰਿਤ ਕਰੀ ਜਾਂਦਾ ਹੈ। ਬਹੁਤੀ ਵਾਰ ਉਸ ਨੂੰ ਬਿਰਤਾਂਤ ਦੀਆਂ ਅੰਗਲੀਆਂ-ਸੰਗਲੀਆਂ ਜੋੜਨ ਦਾ ਵੀ ਵਕਤ ਨਹੀਂ ਮਿਲਦਾ। ਇਸ ਕਾਰਨ ਇਸ ਪੁਸਤਕ ਵਿਚਲੀ ਟੈਕਸਟ ਨੂੰ ਉਠਾਉਣਾ (ਸਮਝਣਾ-ਬੁਝਣਾ) ਕਾਫੀ ਚੁਣੌਤੀ ਭਰਪੂਰ ਕਰਮ ਬਣ ਗਿਆ ਹੈ। ਪਰ ਇਸ ਔਕੜ ਦੇ ਬਾਵਜੂਦ ਪੁਸਤਕ ਵਿਚਲੀ ਸਮਗਰੀ ਦੀ ਪ੍ਰਮਾਣਿਕਤਾ ਉੱਪਰ ਉਂਗਲੀ ਨਹੀਂ ਧਰੀ ਜਾ ਸਕਦੀ। ਪੁਸਤਕ ਵਿਚ ਬਹੁਤ ਸਾਰੀ ਨਵੀਂ ਸੰਕਲਪਗਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਪੰਜਾਬੀ ਵਿਚ ਕੰਮ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਲਈ ਇਹ ਸ਼ਬਦਾਵਲੀ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ। ਪੁਸਤਕ ਦੇ ਅੰਤ ਵਿਚ ਭਾਸ਼ਾ ਨੀਤੀ ਉੱਪਰ ਇਕ ਵਿਸ਼ਲੇਸ਼ਣਾਤਮਕ ਲੇਖ ਦਿੱਤਾ ਗਿਆ ਹੈ। ਇਸ ਲੇਖ ਦੇ ਅੰਤ ਵਿਚ ਉਹ ਇਹ ਸਿੱਟਾ ਕੱਢਦਾ ਹੈ ਕਿ ਭਾਰਤੀ ਸੰਵਿਧਾਨ ਬਹੁਭਾਸ਼ਾਵਾਦ ਦੀ ਹਮਾਇਤ ਕਰਦਾ ਹੈ। ਭਾਵੇਂ ਕੁਝ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਤਾਂ ਵੀ ਸੰਵਿਧਾਨ ਨੇ ਹਮੇਸ਼ਾ ਹੀ ਸਹੀ ਭਾਸ਼ਾ ਦੇ ਕੰਮ ਅਤੇ ਵਿਕਾਸ ਲਈ ਵਿਵਸਥਾਵਾਂ ਕਾਇਮ ਕੀਤੀਆਂ ਹੋਈਆਂ ਹਨ... ਅਤੇ ਦੇਸ਼ ਦੇ ਵਿਉਂਤ-ਭੇਦ ਅਤੇ ਬਹੁਭਾਸ਼ੀ ਤੱਤ ਨੂੰ ਕਾਇਮ ਰੱਖਣ ਲਈ ਭਾਰਤ ਦਾ ਸੰਵਿਧਾਨ ਲਚਕਦਾਰ ਹੈ (ਪੰਨਾ 200) ਅਕਾਦਮਿਕ ਦ੍ਰਿਸ਼ਟੀ ਤੋਂ ਲਿਖੀ ਹੋਈ ਇਹ ਪੁਸਤਕ ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਲਈ ਕਾਫੀ ਮੁਫ਼ੀਦ ਸਿੱਧ ਹੋਵੇਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸੰਤਾਲੀਨਾਮਾ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 270 ਰੁਪਏ, ਸਫ਼ੇ : 80
ਸੰਪਰਕ : 99150-42242.

ਪਿਛਲਾ ਪਿੰਡ (1997), ਸੰਨ ਸੰਤਾਲੀ ਦੇ ਦਿਨ (2007) ਤੇ ਦੁਖਾਂਤ ਸੰਨ ਸੰਤਾਲੀ (2010) ਤੋਂ ਬਾਅਦ ਸੰਤਾਲੀ ਨਾਮਾ 1947 ਦੇ ਪੰਜਾਬ ਦੇ ਉਜਾੜੇ ਬਾਰੇ ਹਰਭਜਨ ਸਿੰਘ ਹੁੰਦਲ ਦੀ ਚੌਥੀ ਕਿਤਾਬ ਹੈ। ਇਨ੍ਹਾਂ ਮਾੜੇ ਸਮਿਆਂ ਵੇਲੇ ਹੁੰਦਲ ਸੱਤਵੀਂ 'ਚ ਪੜ੍ਹਦਾ ਸੰਵੇਦਨਸ਼ੀਲ ਬਾਲ ਸੀ। ਪਾਕਿਸਤਾਨ ਉਸ ਦੀ ਜਨਮ ਭੂਮੀ ਰਹੀ ਹੈ। ਉਥੇ ਵਸਦੇ ਰਸਦੇ ਘਰ, ਮਾਲ ਡੰਗਰ, ਦੋਸਤ-ਮਿੱਤਰ ਛੱਡੇ। ਅਚਾਨਕ ਮਾਤ ਭੂਮੀ ਛੱਡਣ ਦਾ ਦਰਦ ਜਦੋਂ ਵੀ ਚੀਸਾਂ ਮਾਰਦਾ ਹੈ ਤਾਂ ਹੁੰਦਲ ਉਸ ਨੂੰ ਕਵਿਤਾ, ਵਾਰਤਕ, ਸੰਸਮਰਣ ਦਾ ਰੂਪ ਦੇ ਦਿੰਦਾ ਹੈ। ਵੇਦਨਾ, ਪਰੇਮ ਤੇ ਮੋਹ ਵਿਚ ਨਵਾਂ ਕੁਝ ਨਹੀਂ ਹੁੰਦਾ ਪਰ ਇਹ ਫਿਰ ਵੀ ਹਰ ਸਮੇਂ ਦਿਲ ਨੂੰ ਧੂਹ ਪਾਉਂਦੇ ਹਨ। ਇਹੀ ਹਾਲ ਸੰਤਾਲੀ ਨਾਮਾ ਦਾ ਹੈ, ਜਿਸ ਵਿਚ ਅੱਧੀਆਂ ਕੁ ਯਾਦਾਂ ਵਾਰਤਕ ਰੂਪ ਵਿਚ ਅੰਕਿਤ ਹਨ ਅਤੇ ਅੱਧੀਆਂ ਕੁ ਕਵਿਤਾਵਾਂ ਵਿਚੋਂ ਕੁਝ ਨਵੀਆਂ ਹਨ ਤੇ ਕੁਝ ਪੁਰਾਣੀਆਂ। ਵਾਰਤਕ ਵਾਲਾ ਭਾਗ ਤਾਂ ਉਸ ਦੀਆਂ ਕਈ ਪੁਸਤਕਾਂ ਵਿਚ ਅੰਕਿਤ ਹੈ। ਪੰਜਾਬ ਦੀ ਵੰਡ ਬਾਰੇ ਉੱਚ ਪਾਏ ਦਾ ਸਾਹਿਤ ਘੱਟ ਰਚਿਆ ਗਿਆ ਹੈ। ਕਵਿਤਾ, ਨਾਵਲ, ਨਾਟਕ, ਸੰਸਮਰਣ ਲਿਖਿਆ ਕਾਫੀ ਕੁਝ ਗਿਆ ਹੈ, ਪਰ ਇਸ ਤ੍ਰਾਸਦੀ ਦਾ ਵਿਸ਼ਲੇਸ਼ਣ ਨਹੀਂ, ਹੇਰਵਾ ਹੈ। ਭੋਗੇ ਦੁੱਖਾਂ ਦੀ ਗੱਲ ਹੈ। ਕਿਸੇ ਨੇ ਨਹੀਂ ਕਿਹਾ ਕਿ ਵੰਡ ਲਈ ਜ਼ਿੰਮੇਵਾਰ ਕੇਵਲ ਜਨਾਹ ਨਹੀਂ, ਸਗੋਂ ਭਾਰਤੀ ਨੇਤਾ ਵੀ ਸਨ। ਸੰਤਾਲੀ ਦੀ ਸਵੇਰ ਦੇ ਦਾਗੀ ਉਜਾਲੇ ਦੀ ਗੱਲ ਫ਼ੈਜ਼ ਨੇ ਵੀ ਤਾਂ ਕੀਤੀ ਹੈ। ਟੋਭਾ ਟੇਕ ਸਿੰਘ ਤੇ ਖੋਲ੍ਹ ਦਿਓ ਵਰਗੀਆਂ ਰਚਨਾਵਾਂ ਮੰਟੋ ਨੇ ਵੀ ਕੀਤੀਆਂ ਹਨ। ਦੋਵਾਂ ਪੰਜਾਬਾਂ ਨੂੰ, ਦੋਵਾਂ ਦੇਸ਼ਾਂ ਨੂੰ ਜੋੜਣਾ ਤਾਂ ਸੰਭਵ ਨਹੀਂ, ਪਰ ਦੋਵਾਂ ਵਿਚ ਦੋਸਤਾਨਾ ਰਿਸ਼ਤੇ, ਮਿਲਵਰਤਣ, ਆਪਣੇ ਛੱਡੇ ਘਰਾਂ ਤੱਕ ਆਣ-ਜਾਣ ਦੀ ਆਗਿਆ ਵੀ ਪੰਜਾਬੀਆਂ ਨੂੰ ਨਹੀਂ। ਜਦੋਂ ਕਿਤੇ ਵੀ ਪਿਆਰ ਦੀ ਗੱਲ ਤੁਰਦੀ ਹੈ, ਸਿਆਸਤਦਾਨਾਂ ਨੂੰ ਪਸੀਨੇ ਆ ਜਾਂਦੇ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤਿੱਤਲੀਆਂ ਦੀ ਤਲਾਸ਼ ਵਿਚ
ਸੰਪਾਦਕ : ਗੁਰਦੀਪ ਸਿੰਘ ਪੁਰੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98152-98459.

ਇਸ ਕਿਤਾਬ ਵਿਚ ਇਕ ਦਰਜਨ ਪਰਵਾਸੀ ਲੇਖਕਾਂ ਦੀਆਂ ਕਹਾਣੀਆਂ ਹਨ। ਸੰਪਾਦਕ ਤੋਂ ਪ੍ਰੇਰਿਤ ਬੀਬੀ ਸਰਬਰਿੰਦਰ ਕੌਰ ਸੰਘੇੜਾ (ਯੂ.ਕੇ.) ਦੇ ਨਿੱਜੀ ਵਿਚਾਰ ਤੇ ਉਨ੍ਹਾਂ ਦੀ ਇਕ ਕਹਾਣੀ ਮਰਦ ਔਰਤ ਦੀ ਸਮਾਨਤਾ ਬਾਰੇ ਹੈ। ਸੰਪਾਦਕ ਦੀ ਪੁਰਾਣੀ ਲਿਖਤ ਕੀ ਜਾਣਾ ਮੈਂ ਕੌਣ? ਸ਼ਾਮਿਲ ਕੀਤੀ ਗਈ ਹੈ, ਜਿਸ ਵਿਚ ਸਰਦਾਰ ਪੁਰੀ ਨੇ ਆਪਣੀ ਜੀਵਨ ਗਾਥਾ ਤੇ ਸੰਘਰਸ਼ ਦਾ ਜ਼ਿਕਰ ਕੀਤਾ ਹੈ। ਕਹਾਣੀ ਮੁੰਡਾ ਠੀਕ ਕਹਿੰਦਾ ਸੀ (ਸ਼ਿਵਚਰਨ ਗਿੱਲ) ਦੀ ਵਿਧਵਾ ਪਾਤਰ ਬਜ਼ੁਰਗ ਅਵਸਥਾ ਵੇਲੇ ਇਕੱਲਤਾ ਮਹਿਸੂਸ ਕਰਦੀ ਪੁੱਤਰ ਦੀ ਕਹੀ ਗੱਲ ਯਾਦ ਕਰਦੀ ਹੈ। ਬਿਰਤਾਂਤ ਔਰਤ ਮਰਦ ਰਿਸ਼ਤੇ ਦਾ ਹੈ। ਪੁਸਤਕ ਦੀਆਂ ਵਧੇਰੇ ਰਚਨਾਵਾਂ ਵਿਚ ਇਹ ਵਿਸ਼ਾ ਕਿਸੇ ਨਾ ਕਿਸੇ ਰੂਪ ਵਿਚ ਫੈਲਿਆ ਹੋਇਆ ਹੈ। ਕੁਝ ਰਚਨਾਵਾਂ ਵਿਚ ਭਾਰਤੀ ਔਰਤ ਦੇ ਦੁੱਖਾਂ ਦੀ ਦਾਸਤਾਨ ਹੈ (ਕਹਾਣੀ ਰਾਜੀਂਡਾ: ਹਰੀਸ਼ ਮਲਹੋਤਰਾ) ਕਾਲਾ ਧੱਬਾ (ਡਾ: ਗੁਰਦਿਆਲ ਸਿੰਘ ਰਾਏ) ਵਿਚ ਗੁਲਾਮਾਂ ਤੇ ਔਰਤਾਂ ਦੀ ਬੋਲੀ ਲਗਦੀ ਹੈ। ਹੁਸਨ ਤੇ ਸੁੰਦਰਤਾ ਵਿਕਦੇ ਹਨ। ਕਹਾਣੀ ਬੰਦੇ ਦਾ ਪੁੱਤ (ਸੰਪਾਦਕ ਪੁਰੀ) ਵਿਚ ਔਰਤ ਮਰਦ ਸਰੀਰਕ ਖਿੱਚ ਦਾ ਬਿਰਤਾਂਤ ਹੈ। ਪਰ ਔਰਤ ਦੀ ਪਹਿਲ ਕਦਮੀ ਕਹਾਣੀ ਦਾ ਹਾਸਲ ਹੈ। ਕਹਾਣੀਆਂ ਮਾਜ਼ੀ (ਗੁਰਪਾਲ ਸਿੰਘ ਲੰਡਨ) ਨਾ ਮੰਮੀ ਨਾ (ਸੁਰਜੀਤ ਸਿੰਘ ਕਾਲੜਾ), ਕੁਦਰਤ ਦਾ ਕ੍ਰਿਸ਼ਮਾ (ਚੂਹੜ ਸਿੰਘ ਮੰਡੇਰ), ਕਾਲੀ ਰਾਤ (ਓਮ ਪ੍ਰਕਾਸ਼) ਵਿਚ ਦੇਸੀ ਵਿਦੇਸ਼ੀ ਸੱਭਿਆਚਾਰ ਦੀ ਸੁਚੱਜੀ ਪੇਸ਼ਕਾਰੀ ਹੈ। ਸਿਰਲੇਖ ਵਾਲੀ ਕੋਈ ਕਹਾਣੀ ਨਹੀਂ ਹੈ। ਪਰ ਕੁਝ ਕਹਾਣੀਆਂ ਵਿਚ ਔਰਤ ਮਰਦ ਦੀ ਉਲਾਰ ਮਾਨਸਿਕਤਾ ਦੀ ਝਲਕ ਹੈ, ਜਿਸ ਨੂੰ ਸੰਪਾਦਕ ਨੇ ਪ੍ਰਤੀਕ ਵਜੋਂ ਲਿਆ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਮਾਵਾਂ ਬੋਹੜ ਦੀਆਂ ਛਾਵਾਂ
ਗੀਤਕਾਰ : ਬਹਾਦਰ ਡਾਲਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 108
ਸੰਪਰਕ : 94172-35502.

ਹਥਲੀ ਪੁਸਤਕ ਜਾਣੇ-ਪਛਾਣੇ ਗੀਤਕਾਰ ਬਹਾਦਰ ਡਾਲਵੀ ਦਾ ਤਰੋਤਾਜ਼ਾ ਗੀਤ ਸੰਗ੍ਰਹਿ ਹੈ। ਉਸ ਦੇ ਗੀਤ ਕਈ ਪੰਜਾਬੀ ਗੀਤਕਾਰਾਂ ਨੇ ਰਿਕਾਰਡ ਵੀ ਕਰਵਾਏ ਹਨ। ਬਹਾਦਰ ਡਾਲਵੀ ਦੇ ਗੀਤ ਜਿਥੇ ਲੋਕ ਗੀਤ ਪੱਧਤੀ ਨੂੰ ਕਾਇਮ ਰੱਖਦੇ ਹਨ, ਉਥੇ ਉਸ ਨੇ ਇਨ੍ਹਾਂ ਵਿਚ ਸਾਹਿਤਕ ਚਾਸ਼ਣੀ ਦੀ ਮਿਠਾਸ ਵੀ ਭਰੀ ਹੈ। ਜਿਵੇਂ ਕਿ ਪੁਸਤਕ ਦਾ ਟਾਈਟਲ ਹੈ ਉਸ ਅਨੁਸਾਰ ਗੀਤਕਾਰ ਨੇ ਔਰਤ ਜਾਤੀ ਦੇ ਮਨੁੱਖ ਉੱਤੇ ਪ੍ਰੋਉਪਕਾਰਾਂ ਨੂੰ ਗੀਤਾਂ ਵਿਚ ਨਿਸ਼ਠਾ ਨਾਲ ਪ੍ਰੋਇਆ ਹੈ। ਉਸ ਦਾ ਗੀਤ ਗੁਰਦਾਸ ਮਾਨ ਨੇ ਉਦੋਂ ਗਾਇਆ ਜਦੋਂ ਮਾਨ ਦੀ ਮਾਂ ਸਵਰਗ ਸਿਧਾਰ ਗਈ :
ਤੁਰ ਗਈ ਛੱਡ ਕੇ ਦੁਨੀਆ ਮਾਂ ਨੇ ਮੁੜ ਕੇ ਆਉਣਾ ਨਹੀਂ
ਮਰ ਜਾਣਾ ਤੈਨੂੰ ਕਹਿ ਕੇ ਮਾਨਾਂ ਕਿਸੇ ਬੁਲਾਉਣਾ ਨਹੀਂ।
ਬਹਾਦਰ ਡਾਲਵੀ ਦੇ ਗੀਤਾਂ ਦੇ ਵਿਸ਼ੇ ਵੰਨ-ਵੰਨ ਦੇ ਸੱਭਿਆਚਾਰ ਅਤੇ ਪ੍ਰੇਮ ਗੀਤਾਂ ਤੋਂ ਅਗਾਂਹ ਉਸ ਨੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਆਤਮ-ਹੱਤਿਆ, ਧੀਆਂ ਦੀ ਭਰੂਣ ਹੱਤਿਆ, ਪੰਜਾਬ ਵਿਚ ਫੈਲ ਰਿਹਾ ਮਾਰੂ ਨਸ਼ਿਆਂ ਦਾ ਕੈਂਸਰ, ਮਾਂ ਬੋਲੀ ਦੀ ਆਰਤੀ, ਧਾਰਮਿਕਤਾ, ਬੇਰੁਜ਼ਗਾਰੀ, ਦੇਸ਼ ਪਿਆਰ, ਪਿੰਡਾਂ ਪ੍ਰਤੀ ਆਦਰ ਅਤੇ ਵਾਤਾਵਰਨ ਦੀ ਸੰਭਾਲ ਵਰਗੇ ਭਖਦੇ ਮਸਲੇ ਆਪਣੇ ਗੀਤਾਂ ਵਿਚ ਲਏ ਹਨ। ਹੇਠਾਂ ਉਸ ਦੇ ਦੋ ਗੀਤਾਂ ਦੇ ਮੁਖੜੇ ਦੇ ਅਲਵਿਦਾ :
-ਲਗ ਗਈ ਨਜ਼ਰ ਰੰਗਲੇ ਪੰਜਾਬ ਨੂੰ
ਮਿੱਟੀ ਵਿਚ ਰੋਲਤਾ ਸ਼ਹੀਦਾਂ ਦੇ ਖਾਬ ਨੂੰ
ਹਾਕਿਮਾਂ ਨੇ ਮਹਿਲ ਮੁਨਾਰੇ ਪਾ ਲਏ,
ਗੱਭਰੂ ਜਵਾਨ ਨਸ਼ਿਆਂ ਨੇ ਖਾ ਲਏ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਸ਼ਗੂਫ਼ੇ
ਲੇਖਿਕਾ : ਡਾ: ਸੁਲਤਾਨਾ ਬੇਗਮ
ਪ੍ਰਕਾਸ਼ਕ : ਸ਼ਹੀਦ-ਏ-ਆਜ਼ਮ, ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 97800-44557.

ਡਾ: ਸੁਲਤਾਨਾ ਬੇਗਮ ਮੂਲ ਰੂਪ ਵਿਚ ਸ਼ਾਇਰਾ ਹੈ, ਜਿਸ ਨੇ ਆਪਣੀਆਂ ਪੰਜਾਬੀ/ਉਰਦੂ, ਗ਼ਜ਼ਲਾਂ ਰਾਹੀਂ ਆਪਣੀ ਪਛਾਣ ਬਣਾ ਲਈ ਹੋਈ ਹੈ। ਹਥਲੀ ਪੁਸਤਕ ਸ਼ਗੂਫ਼ੇ ਵਿਚ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ ਘਟਨਾਵਾਂ ਅਤੇ ਲੇਖਕਾਂ ਬਾਰੇ ਲਿਖੇ ਦ੍ਰਿਸ਼ਟਾਂਤ ਸ਼ਾਮਿਲ ਕੀਤੇ ਹਨ।ਆਪਣੇ ਜੀਵਨ ਕਾਲ ਵਿਚ ਲੇਖਕ ਅਜੀਬ-ਅਜੀਬ ਗੱਲਾਂ ਕਰਦੇ ਹਨ, ਤਰ੍ਹਾਂ-ਤਰ੍ਹਾਂ ਦੇ ਅਨੁਭਵ ਥਾਣੀਂ ਲੰਘਦੇ ਹਨ। ਲੇਖਿਕਾ ਆਪਣੀ ਤਿੱਖੀ ਤੇ ਤੇਜ਼ ਨਜ਼ਰ ਰਾਹੀਂ ਉਨ੍ਹਾਂ ਘਟਨਾਵਾਂ ਨੂੰ ਫੜ ਕੇ ਆਮ ਪਾਠਕਾਂ ਨਾਲ ਸਾਂਝੇ ਕਰਦੀ ਹੈ। ਆਪਣੀ ਬੌਧਿਕ ਵਿਰਾਸਤ ਥਾਣੀਂ ਲੰਘਦਿਆਂ ਲੇਖਕ ਸਹਿਜ ਸੁਭਾਅ ਹੀ ਇਹੋ ਜਿਹੀਆਂ ਵਿਕੋਲਿਤਰੀਆਂ ਗੱਲਾਂ ਜਾਂ ਐਕਸ਼ਨ ਕਰ ਜਾਂਦੇ ਹਨ ਕਿ ਦੇਖਣ, ਸੁਣਨ ਵਾਲੇ ਨੂੰ ਹਾਸਾ ਆ ਜਾਂਦਾ ਹੈ। 'ਸ਼ਗੂਫ਼ੇ' ਪੁਸਤਕ ਵਿਚ ਮੁੱਖ ਪਾਤਰ ਲੇਖਕ ਹੀ ਹਨ, ਇੱਕਾ-ਦੁੱਕਾ ਘਟਨਾਵਾਂ ਵਿਚ ਹੋਰ ਲੋਕ ਵੀ ਸ਼ਾਮਿਲ ਹੋਏ ਹਨ। ਇਨ੍ਹਾਂ ਹਾਸ-ਰਸੀ ਘਟਨਾਵਾਂ, ਕਹਾਣੀਆਂ ਵਿਚ ਅਜਿਹੇ ਲੇਖਕ ਪਾਤਰ ਪੇਸ਼ ਹੋਏ ਹਨ, ਜਿਨ੍ਹਾਂ ਦੀ ਜ਼ਬਾਨ 'ਚੋਂ ਨਿਕਲੇ ਸ਼ਬਦ ਹੀ ਸਥਿਤੀਆਂ ਵਜੋਂ ਲੇਖਿਕਾ ਨੇ ਸਾਂਭ ਲਏ ਹੋਏ ਹਨ। ਲੇਖਿਕਾ ਦਾ ਦੂਸਰੇ ਲੇਖਕਾਂ ਨਾਲ ਭਾਈਚਾਰਾ ਹੈ ਤੇ ਉਨ੍ਹਾਂ ਨਾਲ ਸੰਪਰਕ 'ਚ ਆ ਕੇ ਲੇਖਿਕਾ ਉਨ੍ਹਾਂ ਨਾਲ ਸੰਵਾਦ ਰਚਾਉਂਦੀ ਪ੍ਰਤੀਤ ਹੁੰਦੀ ਹੈ। ਲੇਖਿਕਾ ਦਾ ਨਿੱਜ ਵੀ ਇਨ੍ਹਾਂ ਵਾਰਤਾਵਾਂ 'ਚ ਸ਼ਾਮਿਲ ਹੋਇਆ ਹੈ। ਉਹ ਦੂਸਰੇ ਲੇਖਕਾਂ 'ਤੇ ਤਾਂ ਵਿਅੰਗ ਕੱਸਦੀ ਹੀ ਹੈ ਪਰ ਆਪ ਖ਼ੁਦ 'ਤੇ ਵੀ ਵਿਅੰਗ ਕਰਨੋਂ ਬਾਜ਼ ਨਹੀਂ ਆਉਂਦੀ। ਪੁਸਤਕ ਵਿਚ ਦਰਜ ਸ਼ਗੂਫ਼ਿਆਂ ਵਿਚ ਕਹਾਣੀਆਂ ਹਨ, ਚੁਟਕਲੇ ਹਨ, ਸ਼ਬਦਾਂ ਦੀ ਕਰਾਮਾਤ ਹੈ ਤੇ ਇਨ੍ਹਾਂ ਦੀ ਤਾਸੀਰ ਮਿੰਨੀ ਕਹਾਣੀ ਜਿਹੀ ਵੀ ਪ੍ਰਤੀਤ ਹੁੰਦੀ ਹੈ। ਕਈ ਘਟਨਾਵਾਂ ਵਿਚ ਲੇਖਿਕਾ ਖ਼ੁਦ ਵੀ ਹਾਸ-ਵਿਅੰਗ ਦੀ ਪਾਤਰ ਬਣਦੀ ਦਿਖਾਈ ਦਿੰਦੀ ਹੈ। ਹਾਜ਼ਰ ਜਵਾਬੀ ਇਨ੍ਹਾਂ ਸ਼ਗੂਫ਼ਿਆਂ ਦੀ ਇਕ ਹੋਰ ਖਸਲਤ ਹੈ। ਕਿਤੇ-ਕਿਤੇ ਤਿੱਖੇ ਵਿਅੰਗ ਦੇ ਵੀ ਦਰਸ਼ਨ ਹੋ ਜਾਂਦੇ ਹਨ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਯੂਨਾਨ ਦੀ ਲੂਣਾ
ਲੇਖਕ : ਸੁਰਜੀਤ ਪਾਤਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 63

ਸੁਰਜੀਤ ਪਾਤਰ ਦਾ ਵਿਚਾਰਾਧੀਨ ਨਾਟਕ ਯੂਨਾਨ ਦੀ ਮਿਥਿਹਾਸਕ ਕਥਾ 'ਤੇ ਆਧਾਰਿਤ ਹੈ। ਹਥਲਾ ਰੂਪਾਂਤਰਨ ਸੁਰਜੀਤ ਪਾਤਰ ਨੇ ਰੇਸੀਨ ਦੀ ਫ਼ੀਦਰਾ ਤੋਂ ਹੀ ਕੀਤਾ ਹੈ। ਇਸ ਨਾਟਕ ਦੀ ਫੇਬੁਲਾ ਤਾਂ ਕੇਵਲ ਏਨੀ ਹੈ ਕਿ ਰਾਜਾ ਦੇਸ਼ਜ ਦੇ ਦੂਜੇ ਵਿਆਹ ਦੀ ਪਤਨੀ 'ਫ਼ਿਦਾ' ਆਪਣੀ ਮਰ ਚੁੱਕੀ ਸੌਂਕਣ 'ਵੀਰਾਂਗਣਾ' ਦੇ ਜਵਾਨ ਬੇਟੇ 'ਹਰਮਨ' ਉੱਤੇ ਪਹਿਲੇ ਨਜ਼ਰੇ ਮੋਹਿਤ ਹੋ ਜਾਂਦੀ ਹੈ। ਹਰਮਨ ਨੇ ਮਰਿਯਾਦਾ ਅਨੁਸਾਰ ਫ਼ਿਦਾ ਦਾ ਪਿਆਰ ਠੁਕਰਾ ਦਿੱਤਾ। ਫ਼ਿਦਾ ਨੇ ਗੁਨਾਹ ਦਾ ਬੋਝ ਨਾ ਸਹਾਰਦਿਆਂ ਜ਼ਹਿਰ ਪੀ ਲਈ ਅਤੇ ਆਪਣੇ ਪਿੱਛੇ ਝੂਠੀ ਤੋਹਮਤ ਦੀ ਲਿਖਤ ਛੱਡ ਗਈ ਕਿ ਹਰਮਨ ਨੇ ਮੇਰੀ ਸੇਜ ਅਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ। ਦੇਸ਼ਜ ਨੇ ਕ੍ਰੋਧ ਵਿਚ ਆ ਕੇ ਹਰਮਨ ਨੂੰ ਮਾਰਨਾ ਚਾਹਿਆ। ਪੰਜਾਬੀ ਲੂਣਾ ਦੀ ਕਥਾ ਨਾਲੋਂ ਫ਼ਿਦਾ ਦੀ ਕਥਾ ਵਿਚ ਅੰਤਰ ਹੈ। ਫ਼ਿਦਾ ਮਤਰੇਏ ਪੁੱਤਰ ਦੀ ਮੌਤ ਤੋਂ ਪਹਿਲਾਂ ਆਤਮ-ਹੱਤਿਆ ਕਰ ਜਾਂਦੀ ਹੈ।
ਆਓ ਚਿੰਤਨ ਕਰੀਏ। ਸ਼ਿਵ ਦੀ ਲੂਣਾ ਨਾਲੋਂ ਰੇਸੀਨ ਦੀ ਫ਼ੀਦਰਾ ਅਤੇ 'ਪਾਤਰ' ਦੀ ਯੂਨਾਨ ਦੀ ਲੂਣਾ ਵਿਚ ਗਹਿਰਾਈ ਕਿਵੇਂ ਹੈ? ਫ਼ਿਦਾ ਨਾ ਤਾਂ ਪੂਰੀ ਗੁਨਾਹਗਾਰ ਹੈ, ਨਾ ਹੀ ਪੂਰੀ ਨਿਰਦੋਸ਼। ਉਸ ਦੀ ਹਾਲਤ ਵਿਚ ਹੋਣੀ ਹੀ ਕਿਰਦਾਰ ਹੈ, ਕਿਰਦਾਰ ਹੀ ਹੋਣੀ। ਪ੍ਰਕਿਰਤ ਨਿਯਮ ਭੰਗ ਹੋਣ ਕਾਰਨ ਇਸ ਦੁਖਾਂਤ ਦੀ ਘਟਨਾ ਲਈ ਕਈ ਕਿਰਦਾਰ ਜ਼ਿੰਮੇਵਾਰ ਹਨ। ਖਾਹਿਸ਼ ਦੀ ਪ੍ਰਕਿਰਤੀ, ਜ਼ਾਲਮਾਨਾ ਹਾਲਾਤ, ਭਰਮਾਂ ਵਾਲੀ ਮਾਨਸਿਕਤਾ ਵਿਸਫੋਟਕ ਸਥਿਤੀ ਪੈਦਾ ਕਰਦੇ ਹਨ। ਕਿਸਮਤ ਦੇ ਖੇਲ ਨੇ ਰਚਿਆ ਪ੍ਰਤੀਬੱਧ ਜੋਸ਼ ਅਤੇ ਇੱਜ਼ਤ-ਬਚਾਅ ਦੇ ਜਾਲ ਵਿਚ ਫਸੇ ਦੋਵਾਂ ਮੁੱਖ ਕਿਰਦਾਰਾਂ (ਫ਼ਿਦਾ ਅਤੇ ਹਰਮਨ) ਲਈ ਹਾਲਾਤ ਮਾਰੂ ਸਾਬਤ ਹੁੰਦੇ ਹਨ। ਅਜਿਹੀ ਪ੍ਰਸਤੁਤੀ ਨਾਲ ਅਰਸਤੂ ਦਾ ਕਥਾਰਸਿਸ ਸਿਧਾਂਤ (ਕਰੁਣਾ ਤੇ ਭੈਅ) ਉੱਭਰ ਕੇ ਸਾਹਮਣੇ ਆਉਂਦਾ ਹੈ। ਸੁਰਜੀਤ ਦੀ ਕਾਵਿ-ਪੰਕਤੀ ਧਿਆਨ ਦੀ ਮੰਗ ਕਰਦੀ ਹੈ : 'ਬੰਦਾ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ/ਪਰ ਕੀ ਉਸ ਦੀ ਮਰਜ਼ੀ ਉਸ ਦੀ ਮਰਜ਼ੀ ਹੈ? ਸੰਖੇਪ ਇਹ ਕਿ ਇਹ ਨਾਟਕ ਰੀਵੀਊ ਦੇ ਆਕਾਰ ਦੀ ਲਛਮਣ ਰੇਖਾ ਨੂੰ ਉਲੰਘ ਕੇ ਪਾਠਕਾਂ ਨੂੰ ਅਨੇਕਾਂ ਪ੍ਰਸ਼ਨਾਂ ਦੇ ਸਨਮੁੱਖ ਖੜ੍ਹਾ ਕਰਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਛੱਜੂ ਦਾ ਟਾਂਗਾ
ਕਹਾਣੀਕਾਰ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਸੁਭਾਸ਼ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 94656-56214.

'ਛੱਜੂ ਦਾ ਟਾਂਗਾ' ਤਰਸੇਮ ਸਿੰਘ ਭੰਗੂ ਦਾ ਅਜਿਹਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਉਨ੍ਹਾਂ ਕਿਰਤੀ ਅਤੇ ਮਿਹਨਤਕਸ਼ ਲੋਕਾਂ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਹੈ ਜੋ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਤਾਂ ਜ਼ਰੂਰ ਕਰਦੇ ਹਨ ਪਰ ਕਿਤੇ ਵੀ ਜ਼ਮੀਰ ਨੂੰ ਮਰਨ ਨਹੀਂ ਦਿੰਦੇ ਸਗੋਂ ਇਨਸਾਨੀ ਕਦਰਾਂ-ਕਮਤਾਂ ਉੱਤੇ ਹਮੇਸ਼ਾ ਹੀ ਪਹਿਰਾ ਦਿੰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਚਾਹੇ 'ਜਦੋਂ ਜ਼ਮੀਰ ਜਾਗਦੀ ਹੈ' ਕਹਾਣੀ ਵਿਚਲਾ ਭਾਵੇਂ ਸ਼ੰਕਰ ਹੋਵੇ, 'ਕਿਰਤ ਦੀ ਮਹਿਮਾ' ਵਿਚਲਾ ਠੇਕੇਦਾਰ ਪਰਵਾਸੀ ਰਾਮ ਵਿਲਾਸ ਹੋਵੇ ਜਾਂ 'ਲਛਮਣ ਸਿੰਘ ਬਨਾਮ ਲੱਛੂ ਮਿਸਤਰੀ' ਵਿਚਲਾ ਗੁਰਦਿੱਤ ਹੋਵੇ ਜਾਂ ਫਿਰ 'ਛੱਜੂ ਦਾ ਟਾਂਗਾ' ਕਹਾਣੀ ਵਿਚਲਾ ਛੱਜੂ ਹੀ ਕਿਉਂ ਨਾ ਹੋਵੇ, ਇਹ ਸਾਰੇ ਹੀ ਪਾਤਰ ਵਿਰੋਧੀ ਪ੍ਰਸਥਿਤੀਆਂ ਵਿਚ ਵੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹਨ ਅਤੇ ਕਦੇ ਵੀ ਇਨਸਾਨੀ ਅਤੇ ਇਖ਼ਲਾਕੀ ਕਦਰਾਂ-ਕੀਮਤਾਂ ਦਾ ਪੱਲਾ ਨਹੀਂ ਛੱਡਦੇ।
ਇਥੋਂ ਤੱਕ ਕਿ ਜਿਥੇ ਇਨ੍ਹਾਂ ਨੂੰ ਆਪਣਾ ਫਾਇਦਾ ਵੀ ਦਿੱਸਦਾ ਹੋਵੇ, ਉਥੇ ਵੀ ਇਹ ਕਿਸੇ ਦਾ ਹੱਕ ਮਾਰ ਕੇ ਖਾਣ ਦੀ ਬਜਾਏ ਆਪਣੀ ਕਿਰਤ ਦੀ ਰੋਟੀ ਨੂੰ ਖਾਣ ਵਿਚ ਮਾਣ ਮਹਿਸੂਸ ਕਰਦੇ ਹਨ। ਅਜੋਕੀ ਜ਼ਿੰਦਗੀ ਵਿਚੋਂ ਖ਼ਤਮ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿਚਲੇ ਤੇਹ-ਮੋਹ ਨੂੰ ਪੇਸ਼ ਕਰਨ ਦੇ ਨਾਲ-ਨਾਲ ਇਹ ਕਹਾਣੀਆਂ ਉਨ੍ਹਾਂ ਲੋਕਾਂ ਦੀ ਗੱਲ ਕਰਦੀਆਂ ਹਨ ਜੋ ਅਜੇ ਵੀ ਕਿਤੇ ਨਾ ਕਿਤੇ ਇਸ ਸਵਾਰਥੀ ਯੁੱਗ ਵਿਚ ਮੋਹ ਦੀਆਂ ਤੰਦਾਂ ਨੂੰ ਆਪਣੀ ਹਿੱਕ ਵਿਚ ਸਮੋਈ ਬੈਠੇ ਹਨ ਜਿਵੇਂ 'ਤੂੰ ਨਹੀਂ ਸਮਝੇਂਗਾ' ਵਿਚਲਾ ਕੈਪਟਨ ਸਿਮਰਨ ਆਪਣੇ ਦਾਦੇ ਨੂੰ ਬਹੁਤ ਮੋਹ ਕਰਦਾ ਹੈ ਅਤੇ ਉਸ ਦੀਆਂ ਅੰਤਿਮ ਰਸਮਾਂ ਸਮੇਂ ਭਾਵੁਕ ਮਾਹੌਲ ਨੂੰ ਸਿਰਜ ਦਿੰਦਾ ਹੈ। ਇਸ ਤੋਂ ਇਲਾਵਾ 1947 ਦੀ ਦੇਸ਼ ਵੰਡ ਅਤੇ ਪੰਜਾਬ ਵਿਚ ਚੱਲੀ ਖਾੜਕੂ ਲਹਿਰ ਦੇ ਬਿਰਤਾਂਤ ਨੂੰ ਪੇਸ਼ ਕਰਦੀਆਂ ਕਹਾਣੀਆਂ ਸਮੇਤ 13 ਕਹਾਣੀਆਂ ਇਸ ਕਹਾਣੀ-ਸੰਗ੍ਰਹਿ ਵਿਚ ਸ਼ਾਮਿਲ ਹਨ। ਸਰਲ ਬਿਰਤਾਂਤਕ ਤੋਰ ਵਾਲੀਆਂ ਇਹ ਕਹਾਣੀਆਂ ਪਾਠਕ ਦੇ ਮਨ ਵਿਚ ਨਿਰਸਵਾਰਥੀ ਅਤੇ ਇਨਸਾਨੀ ਹਮਦਰਦੀ ਦੀ ਜਾਗ ਲਾਉਂਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

03-11-2018

 ਪਾਸ਼ੋ ਦਾ ਮੁੰਡਾ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 99153-35032.

ਹਥਲੀ ਪੁਸਤਕ ਵਿਚ ਲੇਖਕ ਨੇ ਆਪਣੇ ਬਚਪਨ ਤੋਂ ਲੈ ਕੇ ਜੀਵਨ ਵਿਚ ਸਥਾਪਿਤ ਹੋ ਜਾਣ ਤੱਕ ਦੇ ਵੇਰਵਿਆਂ ਨੂੰ ਵਾਰਤਕ ਦੇ ਵਿਭਿੰਨ ਰੂਪਾਂ ਦੇ ਮਿਸ਼ਰਨ ਜ਼ਰੀਏ ਪੇਸ਼ ਕੀਤਾ ਹੈ। ਵਾਰਤਕ ਦੀ ਇਸ ਵਿਧਾ ਨੂੰ ਯਾਦਾਂ ਦਾ ਬਿਆਨ ਕਿਹਾ ਜਾ ਸਕਦਾ ਹੈ ਪਰ ਇਸ ਵਿਚ ਕਹਾਣੀ ਵਰਗੀ ਗਲਪੀ ਰੰਗਤ ਵੀ ਵਿਦਮਾਨ ਹੈ। ਪੁਸਤਕ ਦਾ ਪਹਿਲਾ ਕਾਂਡ ਪਿੰਡ ਚੱਕ ਕੱਚੇ ਖਾਂ ਦੇ ਸਮੁੱਚੇ ਵਰਤਾਰੇ ਦਾ ਦਰਪਣ ਹੈ ਜਿਸ ਵਿਚ ਲੇਖਕ ਦਾ ਪਿੰਡ ਵਿਚ ਸ਼ਰਾਰਤੀ ਵਜੋਂ ਵਿਚਰਨਾ, ਉਲ੍ਹਾਮੇ ਮਿਲਣੇ ਅਤੇ ਕੁੱਟ ਵੀ ਪੈਣੀ, ਸੋਝੀ ਆਉਣ 'ਤੇ ਪਤਾ ਲਗਣਾ ਕਿ ਕਥਿਤ ਨੀਵੀਆਂ ਜਾਤਾਂ ਪ੍ਰਤੀ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਵਲੋਂ ਕਈ ਪ੍ਰਕਾਰ ਦੇ ਵਿਤਕਰੇ, ਭਿੰਨ-ਭੇਦ ਅਤੇ ਘ੍ਰਿਣਤ ਵਤੀਰੇ ਕੀਤੇ ਜਾਂਦੇ ਹਨ ਅਤੇ ਕਾਮਾ ਸ਼੍ਰੇਣੀ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦਿਹਾੜੀ (ਮਜ਼ਦੂਰੀ) ਵਧਾਉਣ ਲਈ ਜੋ ਸੰਘਰਸ਼ ਕੀਤਾ ਜਾਂਦਾ ਹੈ, ਉਸ ਵਿਚ ਵੀ ਕਈ ਪ੍ਰਕਾਰ ਦੀਆਂ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਗ਼ਰੀਬ ਸ਼੍ਰੇਣੀ ਦੇ ਲੋਕਾਂ ਨੂੰ ਕਰਨਾ ਪੈਂਦਾ ਹੈ।
ਜ਼ਰਾ ਕੁ ਉਚੇਰੀ ਸ਼੍ਰੇਣੀ ਦੇ ਲੋਕ ਜਦੋਂ ਨਿਮਨ ਸ਼੍ਰੇਣੀ ਦੇ ਲੋਕਾਂ ਦਾ ਕੰਮ ਕਰਦੇ ਹਨ ਤਾਂ ਉਹ ਪੱਕੀ ਰਸਦ ਦੀ ਥਾਵੇਂ ਕੱਚੀ ਰਸਦ ਪ੍ਰਾਪਤ ਕਰਨ ਨੂੰ ਤਰਜੀਹ ਦੇਂਦੇ ਹਨ ਕਿਉਂਕਿ ਉਨ੍ਹਾਂ ਨੂੰ ਵਹਿਮ ਹੈ ਕਿ ਕਿਤੇ ਭਿੱਟੇ ਹੀ ਨਾ ਜਾਣ। ਇਸੇ ਤਰ੍ਹਾਂ ਗ਼ਰੀਬ ਅਥਵਾ ਨਿਮਨ ਜਾਤੀ ਦੀਆਂ ਧੀਆਂ-ਭੈਣਾਂ, ਬਜ਼ੁਰਗਾਂ ਅਤੇ ਵਿਸ਼ੇਸ਼ਤਰ ਇਨ੍ਹਾਂ 'ਚੋਂ ਚੰਗੇ ਪੜ੍ਹਿਆਂ ਲਿਖਿਆਂ ਨੂੰ ਵੀ ਬਣਦਾ ਸਥਾਨ ਦੰਭੀ ਸਮਾਜ ਅਤੇ ਅਖੌਤੀ ਧਾਰਮਿਕ ਅਲੰਬਰਦਾਰਾਂ ਵਲੋਂ ਨਹੀਂ ਦਿੱਤਾ ਜਾਂਦਾ, ਸਿੱਟੇ ਵਜੋਂ ਕਾਮਾ ਸ਼੍ਰੇਣੀ ਦੀ ਚੜ੍ਹਤ ਨੂੰ ਵੀ ਨਕਾਰਿਆ ਜਾਂ ਘ੍ਰਿਣਤ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਕਈ ਹੱਥ-ਕੰਡੇ ਵਰਤ ਕੇ ਉਨ੍ਹਾਂ ਪਾਸੋਂ ਵਗਾਰਾਂ ਲਈਆਂ ਜਾਂਦੀਆਂ ਹਨ, ਪਰ ਜਦੋਂ ਇਸ ਕਾਮਾ ਸ਼੍ਰੇਣੀ ਦੇ ਕੁਝ ਨੌਜਵਾਨ ਪੜ੍ਹ ਲਿਖ ਕੇ ਸਥਾਪਿਤ ਹੋ ਜਾਂਦੇ ਹਨ ਤਾਂ ਇਨ੍ਹਾਂ ਦੀ ਜੀਵਨ-ਸ਼ੈਲੀ ਸੁਰਖਰੂ ਹੋ ਜਾਂਦੀ ਹੈ। ਪੁਸਤਕ ਲਿਖਣ ਸਬੰਧੀ ਲੇਖਕ ਦਾ ਇਹ ਪ੍ਰਬਲ ਮੰਤਵ ਜਾਪਿਆ ਹੈ ਕਿ ਜੇਕਰ ਨਿਮਨ ਵਰਗ ਦੇ ਲੋਕ ਭਰਮ ਜਾਲ ਤੋਂ ਮੁਕਤ ਹੋ ਜਾਣ, ਵਿੱਦਿਆ ਪ੍ਰਾਪਤ ਕਰ ਲੈਣ, ਹੱਕਾਂ ਦੀ ਪ੍ਰਾਪਤੀ ਲਈ ਸੁਚੇਤ ਹੋ ਜਾਣ ਤਾਂ ਇਨ੍ਹਾਂ ਦੀ ਸਮਾਜਿਕ-ਸੱਭਿਆਚਾਰਕ ਗੁਲਾਮੀ ਖ਼ਤਮ ਹੋ ਸਕਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਸੱਭਿਆਚਾਰਕ ਪੰਜਾਬੀ ਵਿਆਕਰਨ
ਲੇਖਕ : ਡਾ: ਜਲੌਰ ਸਿੰਘ ਖੀਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 250
ਸੰਪਰਕ : 98723-83236.

ਡਾ: ਜਲੌਰ ਸਿੰਘ ਖੀਵਾ ਇਕ ਸਿਰਜਣਾਤਮਕ ਲੇਖਕ ਹੋਣ ਦੇ ਨਾਲ-ਨਾਲ ਇਕ ਸਮਰਪਿਤ ਲੋਕਯਾਨੀ ਵੀ ਹੈ। ਉਸ ਦੇ ਵਿਚਾਰ ਨਿਰੇਪੁਰੇ ਅਕਾਦਮਿਕ ਹੀ ਨਹੀਂ ਹੁੰਦੇ ਬਲਕਿ ਵਿਹਾਰਕ ਹੁੰਦੇ ਹਨ। ਸੱਭਿਆਚਾਰਕ ਪੰਜਾਬੀ ਵਿਆਕਰਨ ਵਿਚ ਪੰਜਾਬੀ ਭਾਸ਼ਾ ਦਾ ਵਿਆਕਰਨ ਤਿਆਰ ਕਰਨ ਲਈ ਲੇਖਕ ਨੇ ਮੂਰਤ ਭਾਸ਼ਾਈ ਸਿਸਟਮ ਨੂੰ ਆਧਾਰ ਨਹੀਂ ਬਣਾਇਆ ਬਲਕਿ ਕੰਕਰੀਟ-ਉਚਾਰ ਨੂੰ ਆਪਣਾ ਆਧਾਰ ਬਣਾਇਆ ਹੈ। ਇਸੇ ਵਿਧੀ ਦੇ ਕਾਰਨ ਇਹ ਪੁਸਤਕ ਪੰਜਾਬੀ ਵਿਆਕਰਨਾਂ ਦੀ ਸੂਚੀ ਵਿਚ ਆਪਣਾ ਵਿਲੱਖਣ ਸਥਾਨ ਰੱਖਦੀ ਹੈ।
ਵਿਦਵਾਨ ਲੇਖਕ ਨੇ ਇਸ ਪੁਸਤਕ ਵਿਚਲੀ ਸਮੱਗਰੀ ਨੂੰ 12 ਅਧਿਆਵਾਂ ਵਿਚ ਸੂਤਰਬੱਧ ਕੀਤਾ ਹੈ : 1. ਭਾਸ਼ਾ, ਸੱਭਿਆਚਾਰ ਤੇ ਵਿਆਕਰਨ, 2. ਸ਼ਬਦ ਸਿਰਜਣ ਪ੍ਰਕਿਰਿਆ, 3. ਸ਼ਬਦ ਦੀ ਮਹਿਮਾ, 4. ਸ਼ਬਦ-ਅਰਥ ਪਰਿਵਰਤਨ, 5. ਵਿਆਕਰਨ ਸ਼ਬਦ ਸ਼੍ਰੇਣੀਆਂ (ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ, ਵਿਸਮਿਕ ਅਤੇ ਨਿਪਾਤ), 6. ਵਿਆਕਰਨ ਸੰਕਲਪ (ਕਾਰਕ, ਵਾਚ ਵਿਧਾਨ, ਲਿੰਗ ਵਿਧਾਨ, ਵਚਨ ਵਿਧਾਨ), 7. ਵਾਕ ਵਿਗਿਆਨ, 8. ਅਲੰਕਾਰ 9. ਅਖਾਣ-ਮੁਹਾਵਰੇ, 10. ਪੰਜਾਬੀ ਧੁਨੀ-ਵਿਉਂਤ, 11. ਗੁਰਮੁਖੀ ਲਿਖਣ ਵਿਧੀ, 12. ਪੰਜਾਬੀ ਸ਼ਬਦ ਜੋੜ। ਸਿਧਾਂਤਿਕ ਸੇਧ ਦੀ ਪ੍ਰਾਪਤੀ ਲਈ ਉਸ ਨੇ ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ, ਡਾ: ਹਰਕੀਰਤ ਸਿੰਘ, ਡਾ: ਜੋਗਿੰਦਰ ਸਿੰਘ ਪੁਆਰ, ਡਾ: ਐਸ. ਐਸ. ਜੋਸ਼ੀ ਅਤੇ ਡਾ: ਪਰਮਜੀਤ ਸਿੰਘ ਸਿੱਧੂ ਦੀਆਂ ਭਾਸ਼ਾ ਵਿਗਿਆਨਕ ਪੁਸਤਕਾਂ ਦਾ ਅਧਿਐਨ ਕੀਤਾ ਹੈ ਪਰ ਕਈ ਅਧਿਆਵਾਂ ਵਿਚ ਉਹ ਆਪਣੇ ਮੌਲਿਕ ਸਿੱਟਿਆਂ ਦੀ ਸਥਾਪਨਾ ਵੀ ਕਰਦਾ ਹੈ। ਕਿਸੇ ਵੀ ਸੰਕਲਪ ਦੀ ਸਮਾਜਿਕ ਜੀਵਨ ਵਿਚੋਂ ਉਦਾਹਰਨ ਦੇਣ ਲਈ ਉਹ ਲੋਕਯਾਨਿਕ ਹਵਾਲੇ ਪੇਸ਼ ਕਰਨ ਤੋਂ ਨਹੀਂ ਖੁੰਝਦਾ। ਉਸ ਨੇ ਆਧੁਨਿਕ ਭਾਸ਼ਾ ਵਿਗਿਆਨੀ ਸੋਸਿਉਰ ਵੱਲ ਸੰਕੇਤ ਤਾਂ ਕੀਤਾ ਹੈ ਪਰ ਰੋਲਾਂ ਬਾਰਤ, ਦੈਰਿੱਦਾ ਅਤੇ ਯਾਕੋਬਸਨ ਵਰਗੇ ਸੱਭਿਆਚਾਰਕ ਭਾਸ਼ਾ ਵਿਗਿਆਨੀ ਅਤੇ ਉਨ੍ਹਾਂ ਦੀਆਂ ਅੰਤਰ-ਦ੍ਰਿਸ਼ਟੀਆਂ ਇਸ ਪੁਸਤਕ ਦਾ ਅੰਗ ਨਹੀਂ ਬਣ ਸਕੀਆਂ। ਮੇਰੀ ਇੱਛਾ ਹੈ ਕਿ ਉਹ ਆਪਣੀ ਅਗਲੀ ਪੁਸਤਕ ਵਿਚ ਇਨ੍ਹਾਂ ਚਿੰਤਕਾਂ ਦਾ ਵੀ ਜ਼ਿਕਰੇ-ਖ਼ੈਰ ਕਰੇ। ਆਮੀਨ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕਵਿਤਾ ਦੇ ਰੰਗ
ਅਜਨਬੀ ਦਾ ਸਿਰਨਾਵਾਂ
ਸ਼ਬਦਾਂ ਦੀ ਮਹਿਕ

ਸ਼ਾਇਰ : ਪ੍ਰਿੰ: ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ-200 ਰੁ. ਹਰੇਕ, ਸਫ਼ੇ : 112 ਹਰੇਕ
ਸੰਪਰਕ : 94192-12801.

ਪ੍ਰਿੰ. ਹਜ਼ੂਰਾ ਸਿੰਘ ਪੁਰਾਣਾ ਕਲਮਕਾਰ ਹੈ ਤੇ ਇਨ੍ਹਾਂ ਪੁਸਤਕਾਂ ਤੋਂ ਪਹਿਲਾਂ ਉਸ ਦੀਆਂ ਦਰਜਨ ਤੋਂ ਉੱਤੇ ਪੁਸਤਕਾਂ ਛਪ ਚੁੱਕੀਆਂ ਹਨ। ਉਪਰੋਕਤ ਤਿੰਨ ਪੁਸਤਕਾਂ 'ਕਵਿਤਾ ਦੇ ਰੰਗ', 'ਅਜਨਬੀ ਦਾ ਸਿਰਨਾਵਾਂ' ਤੇ 'ਸ਼ਬਦਾਂ ਦੀ ਮਹਿਕ' ਪੰਜਾਬੀ ਸ਼ਾਇਰੀ ਨਾਲ ਸਬੰਧਿਤ ਹਨ ਤੇ ਇਨ੍ਹਾਂ ਵਿਚ ਗ਼ਜ਼ਲ, ਗੀਤ ਤੇ ਪਿੰਗਲਈ ਛੰਦ ਸ਼ਾਮਿਲ ਕੀਤੇ ਗਏ ਹਨ। ਤਿੰਨਾਂ ਹੀ ਪੁਸਤਕਾਂ ਨੂੰ ਗੁਰਚਰਨ ਬੱਧਣ ਨੇ ਸੰਪਾਦਿਤ ਕੀਤਾ ਹੈ। ਤਿੰਨਾਂ ਹੀ ਪੁਸਤਕਾਂ ਵਿਚ ਇਕ ਵੱਡਾ ਭਾਗ ਧਾਰਮਿਕ ਕਵਿਤਾ ਦਾ ਹੈ ਤੇ ਸਮਾਜਿਕ ਤੇ ਸਮਾਜ ਸੁਧਾਰ ਦੇ ਵਿਸ਼ਿਆਂ ਦੀ ਗਿਣਤੀ ਵੀ ਚੋਖੀ ਹੈ। 'ਕਵਿਤਾ ਦੇ ਰੰਗ' ਪੁਸਤਕ ਦੀ ਪਹਿਲੀ ਕਵਿਤਾ ਕੁੱਖ ਵਿਚ ਮਾਰੀਆਂ ਜਾ ਰਹੀਆਂ ਧੀਆਂ ਬਾਰੇ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਅਸੀਂ ਧਾਰਮਿਕ ਸਥਾਨਾਂ 'ਤੇ ਜਾ ਕੇ ਪੁੱਤਰਾਂ ਲਈ ਅਰਜੋਈ ਕਰਦੇ ਹਾਂ ਪਰ ਘਰ ਆਈ ਲਛਮੀ ਨੂੰ ਸਵੀਕਾਰ ਨਹੀਂ ਕਰਦੇ। ਉਸ ਦੀ ਕਵਿਤਾ 'ਸਿੱਖੀ ਦੀ ਅੱਜ ਹਾਲਤ' ਵਿਚ ਉਹ ਸਿੱਖ ਧਰਮ ਵਿਚ ਆ ਰਹੇ ਨਿਘਾਰ ਸਬੰਧੀ ਖੁੱਲ੍ਹ ਕੇ ਲਿਖਦਾ ਹੈ। ਇਸ ਤੋਂ ਅਗਲੀ ਕਵਿਤਾ ਉਸ ਦੇ ਨਿੱਜ ਨਾਲ ਸਬੰਧਤ ਹੈ। ਏਸੇ ਤਰ੍ਹਾਂ ਇਸ ਪੁਸਤਕ ਦੀਆਂ ਬਾਕੀ ਰਚਨਾਵਾਂ ਵਿਚ ਵਿਵਧ ਰੰਗ ਹਨ। ਪੁਸਤਕ 'ਅਜਨਬੀ ਦਾ ਸਿਰਨਾਵਾਂ' ਦੀ ਪਹਿਲੀ ਕਵਿਤਾ ਕਿਸੇ ਅਜਨਬੀ ਦੀਆਂ ਪੈੜਾਂ ਦੀ ਇਬਾਰਤ ਨਾਲ ਸਬੰਧਿਤ ਹੈ ਜਿਸ ਵਿਚ ਸ਼ਾਇਰ ਦੀ ਕਾਵਿਕ ਸਮਰੱਥਾ ਦਾ ਅਹਿਸਾਸ ਹੁੰਦਾ ਹੈ। ਅਗਲੀਆਂ ਦੋ ਰਚਨਾਵਾਂ ਨਿੱਜੀ ਹੋ ਕੇ ਆਖਿਰ ਵਿਚ ਸਮਾਜ ਦੀਆਂ ਤਲਖ਼ ਹਕੀਕਤਾਂ ਨਾਲ ਜੁੜਦੀਆਂ ਹਨ। ਇਸ ਪੁਸਤਕ ਦੀਆਂ ਬਾਕੀ ਰਚਨਾਵਾਂ ਵਿਚ ਵੀ ਅਜਿਹੇ ਵਿਸ਼ਿਆਂ ਨੂੰ ਤਰਜੀਹੀ ਤੌਰ 'ਤੇ ਲਿਆ ਗਿਆ ਹੈ। 'ਅਜਨਬੀ ਦਾ ਸਿਰਨਾਵਾਂ' ਇਕ ਅਜਿਹਾ ਗੁਲਦਸਤਾ ਹੈ ਜਿਸ ਵਿਚ ਖ਼ੁਸ਼ਬੂ ਦੇ ਅਲੱਗ ਅਲੱਗ ਰੰਗ ਹਨ। 'ਸ਼ਬਦਾਂ ਦੀ ਮਹਿਕ' ਦੀ ਪਹਿਲੀ ਕਵਿਤਾ ਚੁਰਾਸੀ ਦੇ ਘੱਲੂਘਾਰੇ 'ਤੇ ਆਧਾਰਿਤ ਹੈ ਜਿਸ ਵਿਚ ਦਰਦਨਾਕ ਮੰਜ਼ਰ ਸਿਰਜੇ ਗਏ ਹਨ। 'ਦਸਮੇਸ਼ ਪਿਤਾ ਦੀ ਪੁਕਾਰ' ਇਸ ਪੁਸਤਕ ਦੀ ਦੂਜੀ ਕਵਿਤਾ ਹੈ, ਇਸ ਵਿਚ ਸ਼ਾਇਰ ਸਿੱਖੀ ਭੇਸ ਵਿਚ ਭਟਕੇ ਨੌਜਵਾਨਾਂ ਦਾ ਜ਼ਿਕਰ ਕਰਦਾ ਹੈ ਤੇ ਸਮਾਜ ਵਿਚ ਨਸ਼ੇ, ਲਾਲਚ ਤੇ ਕੁਰਹਿਤਾਂ 'ਤੇ ਫ਼ਿਕਰ ਜ਼ਾਹਿਰ ਕਰਦਾ ਹੈ। ਇਸ ਪੁਸਤਕ ਦਾ ਵੱਡਾ ਹਿੱਸਾ ਧਾਰਮਿਕ ਹੈ। ਪ੍ਰਿੰ: ਹਜ਼ੂਰਾ ਸਿੰਘ ਦੀਆਂ ਇਨ੍ਹਾਂ ਤਿੰਨਾਂ ਪੁਸਤਕਾਂ ਦੀ ਕਵਿਤਾ ਆਮ ਤੌਰ 'ਤੇ ਉਪਦੇਸ਼ਕ ਹੈ। ਉਸ ਨੇ ਗ਼ਜ਼ਲ 'ਤੇ ਵੀ ਹੱਥ ਅਜ਼ਮਾਇਆ ਹੈ ਪਰ ਇਸ ਸਬੰਧੀ ਸ਼ਾਇਰ ਨੂੰ ਗੰਭੀਰ ਹੋਣ ਦੀ ਲੋੜ ਹੈ ਤੇ ਉਸ ਨੂੰ ਤੇਜ਼ੀ ਨਾਲ ਲਿਖਣ ਦੇ ਨਾਲ-ਨਾਲ ਕਵਿਤਾ ਦੀਆਂ ਬਾਰੀਕੀਆਂ ਦੀ ਹੋਰ ਤਹਿ ਤਕ ਉਤਰਨਾ ਚਾਹੀਦਾ ਹੈ। ਪ੍ਰਿੰ: ਹਜ਼ੂਰਾ ਸਿੰਘ ਦੀਆਂ ਇਹ ਤਿੰਨ ਪੁਸਤਕਾਂ ਸਿਹਤਮੰਦ ਸਾਹਿਤ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ ਤੇ ਸੰਤੁਲਤ ਤੇ ਸਾਫ਼ ਸੁਥਰੇ ਸਮਾਜ ਦੀ ਸਥਾਪਤੀ ਲਈ ਸੰਘਰਸ਼ਸ਼ੀਲ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮਰਨ ਰੁੱਤ
(ਕਿਸਾਨੀ ਸੰਕਟ ਨਾਲ ਸਬੰਧਿਤ ਕਹਾਣੀਆਂ)
ਸੰਪਾਦਕ : ਡਾ: ਅਮਨਪਾਲ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 207
ਸੰਪਰਕ : 78376-83322.

ਪੰਜਾਬ ਪਿਛਲੇ ਲੰਮੇ ਸਮੇਂ ਤੋਂ ਅਨੇਕਾਂ ਸੰਕਟਾਂ ਅਤੇ ਸਮੱਸਿਆਵਾਂ ਸੰਗ ਵਿਚਰਦਾ ਆ ਰਿਹਾ ਹੈ। ਪ੍ਰਸਿੱਧ ਉਕਤੀ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਂਗ ਹਰ ਪਲ ਇਨ੍ਹਾਂ ਲਈ ਸੰਕਟ ਗ੍ਰਸਿਤ ਹੁੰਦਾ ਹੈ, ਭਾਵੇਂ ਪੰਜਾਬ ਸੰਕਟ ਦਾ ਦੌਰ ਹੋਵੇ, ਕਿਸਾਨੀ ਦਾ ਸੰਕਟ ਜਾਂ ਨਸ਼ਿਆਂ ਦਾ ਪ੍ਰਕੋਪ। ਇਹ ਪੁਸਤਕ ਲੰਮੇ ਸਮੇਂ ਤੋਂ ਪੰਜਾਬ ਦੀ ਕਿਸਾਨੀ ਦੀਆਂ ਸਮੱਸਿਆਵਾਂ ਬਾਰੇ ਖੋਜ ਕਾਰਜਾਂ ਨਾਲ ਜੁੜੀ ਹੋਈ ਹੈ। ਕਿਸਾਨੀ ਦੇ ਸੰਕਟ ਦੀਆਂ ਪਰਤਾਂ ਬਹੁਤ ਹੀ ਡੂੰਘੀਆਂ ਤੇ ਬਹੁਦਿਸ਼ਾਵੀ ਹਨ। ਭਿਆਨਕ ਰੂਪ ਧਾਰਨ ਕਰ ਚੁੱਕਾ ਇਹ ਸੰਕਟ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਕਰਦਾ ਹੈ।
ਇਸ ਪੁਸਤਕ ਵਿਚ ਛਪੀਆਂ ਕਹਾਣੀਆਂ ਵੱਖ-ਵੱਖ ਸਮੇਂ ਲਿਖੀਆਂ ਗਈਆਂ ਹਨ, ਜੋ ਕਿਸਾਨੀ ਸੰਕਟ ਨਾਲ ਸਬੰਧਿਤ ਹਨ। ਇਹ ਕਹਾਣੀਆਂ ਪੰਜਾਬੀ ਕਿਸਾਨੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਕਲਾਤਮਿਕ ਅਤੇ ਸੁਹਜਾਤਮਿਕ ਬਿੰਬਾਂ ਰਾਹੀਂ ਪ੍ਰਗਟ ਕਰਦੀਆਂ ਹਨ। ਪੰਜਾਬੀ ਕਹਾਣੀ ਨੇ ਕਿਸਾਨੀ ਸੱਭਿਆਚਾਰ ਅਤੇ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਲਈ ਲੰਮਾ ਕਾਰਜ ਤੈਅ ਕੀਤਾ ਹੈ। ਇਸ ਪੁਸਤਕ ਵਿਚ ਸੁਖਵੰਤ ਕੌਰ ਮਾਨ, ਅਤਰਜੀਤ, ਕਿਰਪਾਲ ਕਜ਼ਾਕ, ਵਰਿਆਮ ਸਿੰਘ ਸੰਧੂ, ਮਿੱਤਰ ਸੈਨ ਮੀਤ, ਬਲਬੀਰ ਪਰਵਾਨਾ, ਜਸਪਾਲ ਸਿੰਘ ਖੇੜਾ, ਬਲਦੇਵ ਸਿੰਘ ਧਾਲੀਵਾਲ, ਭੋਲਾ ਸਿੰਘ ਸੰਘੇੜਾ, ਕੇਸਰਾ ਰਾਮ, ਜਸਵੀਰ ਸਿੰਘ ਰਾਣਾ, ਬਲਜਿੰਦਰ ਨਸਰਾਲੀ ਅਤੇ ਭਗਵੰਤ ਰਸੂਲਪੁਰੀ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੰਪਾਦਕਾ ਨੇ ਬੜੀ ਮਿਹਨਤ ਨਾਲ ਇਹ ਕਹਾਣੀਆਂ ਲੱਭੀਆਂ ਹਨ, ਜੋ ਪੰਜਾਬ ਦੇ ਅਜੋਕੇ ਦੌਰ ਦੇ ਜੀਵਨ ਅਨੁਭਵ ਅਤੇ ਪਸਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਕਾਰਜ ਸ਼ਲਾਘਾਯੋਗ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਪਾਤੀ ਤੋਰੇ ਮਾਲਿਨੀ
ਲੇਖਕ : ਹਰਬਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 190
ਸੰਪਰਕ : 90416-69714.

ਇਸ ਨਾਵਲ ਦੀ ਕਹਾਣੀ ਇਕ ਬੈਂਕ ਮੈਨੇਜਰ ਕਾਂਤੀ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਉਸ ਦੇ ਪਿਛਲੇ ਜਨਮ ਦਾ ਗਿਆਨ ਉਸ ਦੀ ਭੈਣ ਸਤਵੰਤ ਦੀ ਭਟਕਦੀ ਆਤਮਾ ਕਰਵਾਉਂਦੀ ਹੈ ਕਿ ਉਹ ਪਿਛਲੇ ਜਨਮ ਵਿਚ ਇਕ ਸਿੱਖ ਜਗੀਰਦਾਰ (ਵੱਡੇ ਸਰਦਾਰ) ਦਾ ਇਕ ਆਗਿਆਕਾਰ ਪੁੱਤਰ ਹੁੰਦਾ ਹੈ। ਵੱਡੇ ਸਰਦਾਰ ਦਾ ਹੁਕਮ ਉਸ ਪਰਿਵਾਰ ਤੇ ਇਲਾਕੇ ਲਈ ਇਕ ਰੱਬੀ ਹੁਕਮ ਹੁੰਦਾ ਸੀ। ਭਾਵੇਂ ਕਿ ਵੱਡੇ ਸਰਦਾਰ ਨੇ ਗੁਰੂ ਘਰ ਦੇ ਅਨਿੰਨ ਸੇਵਕ ਹੋਣ ਦਾ ਇਕ ਵੱਡਾ ਭਰਮ ਪਾਲ ਰੱਖਿਆ ਸੀ ਪਰ ਵਿਰੋਧੀਆਂ ਨੂੰ ਭਾਂਜ ਤੇ ਪਰਾਏ ਮਾਲ ਹੜੱਪਣ ਦੇ ਸਭ ਦਾਅ ਪੇਚ ਚਲਦੇ ਸਨ।
ਉਧਰ ਅੰਗਰੇਜ਼ਾਂ ਨੇ ਆਪਣੇ ਕੁਲੈਕਟਰ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਤਾਂ ਵੱਡੇ ਸਰਦਾਰ ਦੇ ਇਲਾਕੇ ਵਿਚ ਇਕ ਨੌਜਵਾਨ ਦਲਜੀਤ ਸਿੰਘ ਕੁਲੈਕਟਰ ਬਣ ਕੇ ਆਇਆ ਤੇ ਦੋਸਤਾਨੇ ਲਹਿਜ਼ੇ ਵਿਚ ਅੰਗਰੇਜ਼ਾਂ ਦੀ ਮਨਸ਼ਾ ਵੱਡੇ ਸਰਦਾਰ ਨੂੰ ਦੱਸੀ ਤਾਂ ਵੱਡੇ ਸਰਦਾਰ ਨੂੰ ਅੰਗਰੇਜ਼ਾਂ ਦੀ ਵਫ਼ਾਦਾਰੀ ਕਰਨਾ ਉੱਕਾ ਹੀ ਪ੍ਰਵਾਨ ਨਹੀਂ ਸੀ। ਜਿਸ ਬਦਲੇ ਉਸ ਨੂੰ ਜਗੀਰ ਤੇ ਹੋਰ ਸੁੱਖ ਸਹੂਲਤਾਂ ਵੀ ਗੁਆਉਣੀਆਂ ਪਈਆਂ।
ਦਲਜੀਤ ਤੇ ਸਤਵੰਤ ਦੇ ਜਵਾਨ ਜਹਾਨ ਮਨਾਂ ਵਿਚ ਇਕ-ਦੂਜੇ ਲਈ ਸੁਤੇ ਸਿੱਧ ਕੁਝ ਖਿੱਚ ਵੀ ਪੈਦਾ ਜ਼ਰੂਰ ਹੋਈ ਪਰ ਦਲਜੀਤ-ਸਤਵੰਤ ਨੇ ਕੋਈ ਅਜਿਹਾ ਕਦਮ ਵੀ ਨਾ ਚੁੱਕਿਆ ਜਿਸ ਨਾਲ ਬਾਪ ਦੀ ਪੱਗ ਨੂੰ ਕੋਈ ਆਂਚ ਆਵੇ ਪਰ ਹੰਕਾਰ ਵਿਚ ਅੰਨ੍ਹਾ ਹੋਇਆ ਵੱਡਾ ਸਰਦਾਰ ਫਿਰ ਵੀ ਅਖੌਤੀ ਅਣਖ ਖਾਤਰ ਸਤਵੰਤ ਨੂੰ ਮਰਵਾ ਦਿੰਦੈ। ਇਹ ਗੁੰਮਨਾਮ ਕਤਲ ਉਸ ਹਵੇਲੀ ਦੀ ਤਬਾਹੀ ਦਾ ਕਾਰਨ ਹੋ ਨਿਬੜਦਾ ਹੈ।
ਬੈਂਕ ਮੈਨੇਜਰ ਕਾਂਤੀ ਆਪਣੇ ਪਿਛਲੇ ਜਨਮ ਦੇ ਵਡੇਰਿਆਂ ਦੇ ਪਾਪ ਕਰਮਾਂ ਨੂੰ ਜਪ-ਤਪ ਨਾਲ ਸਾਫ਼ ਕਰ ਕੇ ਸਤਵੰਤ ਦੀ ਪ੍ਰੇਤ ਆਤਮਾ ਨੂੰ ਮੁਕਤੀ ਦਿਵਾਉਣ ਵਿਚ ਸਫਲ ਹੋ ਜਾਂਦਾ ਹੈ। ਇਸ ਨਾਵਲ ਦਾ ਬਹੁਤ ਸਾਰਾ ਬਿਰਤਾਂਤ ਤਰਕਸ਼ੀਲ ਵਿਚਾਰਧਾਰਾ ਤੋਂ ਕਾਫੀ ਦੂਰ ਹੈ। ਨਾਵਲਕਾਰ ਦੇ ਆਪਣੇ ਸੁਤੰਤਰ ਵਿਚਾਰ ਹਨ। ਇਨ੍ਹਾਂ ਵਿਚਾਰਾਂ ਨਾਲ ਪਾਠਕਾਂ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਇਕ ਵੱਖਰਾ ਵਿਸ਼ਾ ਹੈ। ਉਂਜ ਬਹੁਤ ਹੀ ਰੌਚਿਕ ਸ਼ੈਲੀ ਵਾਲਾ ਇਹ ਨਾਵਲ ਅੱਗੇ ਕੀ ਹੋਵੇਗਾ, ਲੱਭਣ ਲਈ ਪਾਠਕ ਨੂੰ ਆਦਿ ਤੋਂ ਅੰਤ ਤੱਕ ਆਪਣੇ ਨਾਲ ਜੋੜਨ ਵਿਚ ਸਮਰੱਥ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
ਫ ਫ ਫ

ਵਾਰਤਕ ਵੰਨਗੀ
ਲੇਖਿਕਾ : ਡਾ: ਕਮਲੇਸ਼ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 98149-02564.

ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ। ਪੁਸਤਕ ਵਿਚਲੇ 27 ਨਿਬੰਧਾਂ ਵਿਚੋਂ ਬੌਧਿਕਤਾ, ਸੁਹਿਰਦਤਾ ਅਤੇ ਭਾਵੁਕਤਾ ਝਲਕਦੀ ਹੈ। ਇਹ ਲੇਖਿਕਾ ਦੇ ਲੰਮੇ ਤਜਰਬੇ ਅਤੇ ਅਨੁਭਵ ਵਿਚੋਂ ਨਿਕਲੇ ਹੋਏ ਹਨ। ਇਨ੍ਹਾਂ ਦਾ ਦਾਇਰਾ ਜ਼ਿੰਦਗੀ ਵਾਂਗ ਵਿਸ਼ਾਲ ਹੈ। ਬੇਬਾਕੀ, ਦਿਆਨਤਦਾਰੀ ਅਤੇ ਸਾਫ਼ਗੋਈ ਕਾਰਨ ਇਹ ਸਿੱਧਾ ਦਿਲਾਂ 'ਤੇ ਅਸਰ ਕਰਦੇ ਹਨ। ਜਿਥੇ ਗਹਿਰ ਗੰਭੀਰ ਸਮੱਸਿਆਵਾਂ ਨੂੰ ਵਿਚਾਰਿਆ ਗਿਆ ਹੈ, ਉਤੇ ਹਾਸਰਸ ਦੀ ਚਾਸ਼ਨੀ ਨਾਲ ਮਿਠਾਸ ਵੀ ਭਰ ਦਿੱਤੀ ਗਈ ਹੈ। ਲਿਖਣ ਸ਼ੈਲੀ ਸਰਲ, ਸਪੱਸ਼ਟ, ਮੁਹਾਵਰੇਦਾਰ ਅਤੇ ਪ੍ਰਭਾਵਸ਼ਾਲੀ ਹੈ। ਲੇਖਾਂ ਵਿਚ ਬਹੁਤ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ, ਜਿਵੇਂ ਔਰਤ ਦੀ ਅਜ਼ਮਤ, ਲੋਕਰਾਜ ਅਤੇ ਭ੍ਰਿਸ਼ਟਾਚਾਰ, ਟੀ.ਵੀ. ਉੱਤੇ ਸ਼ੋਰ ਅਤੇ ਹਿੰਸਾ, ਅਸੀਂ ਅਤੇ ਅੰਗਰੇਜ਼, ਲਿਫ਼ਾਫ਼ਿਆਂ ਦੀ ਸਰਦਾਰੀ, ਅਜੋਕੀ ਅਖੌਤੀ ਗਾਇਕੀ, ਸੈਮੀਨਾਰੀ ਸੱਭਿਆਚਾਰ ਆਦਿ। ਇਹ ਨਿਬੰਧ ਸਾਡੇ ਚਿੰਤਨ, ਚੇਤਨਾ ਅਤੇ ਸੰਵੇਦਨਾ ਨੂੰ ਟੁੰਬਦੇ ਹਨ। ਇਨ੍ਹਾਂ ਵਿਚੋਂ ਡੂੰਘੀ ਸਿਆਣਪ, ਵੇਦਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਝਲਕਦੀ ਹੈ। ਪੌਣ ਪਾਣੀ ਦਾ ਗੰਧਲਾਪਣ, ਮਨੁੱਖੀ ਮਨਾਂ ਵਿਚ ਪਨਪਦੇ ਵਿਕਾਰ, ਸਬੰਧਾਂ ਦਾ ਵਿਸ਼ੈਲਾਪਣ, ਔਰਤਾਂ ਪ੍ਰਤੀ ਵਧਦੀ ਦਰਿੰਦਗੀ ਚਿੰਤਾ ਦੇ ਵਿਸ਼ੇ ਹਨ। ਇਨ੍ਹਾਂ ਪ੍ਰਤੀ ਜਾਗਰੂਕ ਕਰ ਕੇ ਲੇਖਿਕਾ ਨੇ ਆਪਣਾ ਫ਼ਰਜ਼ ਨਿਭਾਇਆ ਹੈ। ਪਾਠਕਾਂ ਨੇ ਆਪਣਾ ਫ਼ਰਜ਼ ਨਿਭਾਉਣਾ ਹੈ। ਇਸ ਮੌਤ ਵਰਗੀ ਹਨੇਰੀ ਜ਼ਿੰਦਗੀ ਨੂੰ ਚਾਨਣ ਚਿਰਾਗਾਂ ਨਾਲ ਜਗਮਗਾਉਣਾ ਹੈ। ਆਪਣੇ ਵਿਰਸੇ, ਸੱਭਿਆਚਾਰ, ਨੈਤਿਕਤਾ ਅਤੇ ਮਾਤ ਭਾਸ਼ਾ ਨੂੰ ਬਚਾਉਣਾ ਹੈ। ਵਿਸ਼ਵੀਕਰਨ ਦੇ ਦੌਰ ਵਿਚ ਸਾਡੀਆਂ ਕਦਰਾਂ-ਕੀਮਤਾਂ, ਧਰਮ-ਕਰਮ, ਸਦਾਚਾਰ ਡੁੱਬ ਰਹੇ ਹਨ। ਪੌਪ ਗਾਇਕੀ ਨੇ ਪੰਜਾਬੀ ਨੂੰ ਰੂਹ ਵਿਹੂਣੀ ਕਰ ਦਿੱਤਾ ਹੈ। ਮੰਡੀਕਰਨ ਦੀ ਹਨੇਰੀ ਨੇ ਸਾਡੇ ਮਹਾਨ ਗੌਰਵਸ਼ਾਲੀ ਜੀਵਨ ਮੁੱਲਾਂ ਨੂੰ ਵੀ ਮੰਡੀ ਦੀ ਵਸਤੂ ਬਣਾ ਦਿੱਤਾ ਹੈ। ਇਹ ਪੁਸਤਕ ਸਾਨੂੰ ਇਨ੍ਹਾਂ ਵਾਵਰੋਲਿਆਂ ਤੋਂ ਸੁਚੇਤ ਕਰਦੀ ਹੈ। ਇਹ ਪੜ੍ਹਨਯੋਗ, ਸਾਂਭਣਯੋਗ ਅਤੇ ਵਿਚਾਰਨਯੋਗ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

27-10-2018

 ਕਰਾਂਤੀਕਾਰੀ ਯੋਧਾ
ਰਾਮ ਪ੍ਰਸਾਦ ਬਿਸਮਿਲ

ਲੇਖਕ : ਪ੍ਰੇਮ ਗੋਰਖੀ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 0172-2577798.

ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀ ਇਹ ਜੀਵਨੀ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰੇਮ ਗੋਰਖੀ ਦੀ ਰਚਨਾ ਹੈ। ਇਹ ਪੁਸਤਕ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ 'ਰਿਸ਼ੀ ਪਰੰਪਰਾ ਦੇ ਵਾਹਕ' ਪੁਸਤਕ ਲੜੀ ਅਧੀਨ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਲੜੀ ਦਾ ਮਨੋਰਥ ਨਵੀਂ ਪੀੜ੍ਹੀ ਵਿਚ 'ਰਾਸ਼ਟਰੀ ਚਰਿੱਤਰ' ਦਾ ਸੰਚਾਰ ਕਰਨਾ ਹੈ। ਇਸ ਪੁਸਤਕ ਦਾ ਦੀਰਘ ਅਧਿਐਨ ਕਰਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਪੁਸਤਕ ਦੀ ਜ਼ਿਆਦਾਤਰ ਸਮੱਗਰੀ ਦਾ ਆਧਾਰ ਸ਼ਹੀਦ ਬਿਸਮਿਲ ਦੀ 'ਸਵੈ-ਜੀਵਨੀ' ਹੈ। ਇਹ ਸਵੈ-ਜੀਵਨੀ ਬਿਸਮਿਲ ਨੇ ਕਾਲ ਕੋਠੜੀ ਵਿਚ ਬੈਠਿਆਂ ਜੇਲ੍ਹ ਅਧਿਕਾਰੀਆਂ ਤੋਂ ਨਜ਼ਰ ਬਚਾ ਕੇ ਰਜਿਸਟਰ ਦੇ ਆਕਾਰ ਦੇ ਕਾਗਜ਼ਾਂ ਉੱਪਰ ਫਿੱਕੀ ਪੈਂਸਲ ਨਾਲ ਲਿਖੀ ਸੀ। ਹਥੋ-ਹੱਥੀਂ ਚਲਦੀ ਇਹ ਹੱਥ ਲਿਖਤ ਪ੍ਰਤਾਪ ਪ੍ਰੈੱਸ ਕਾਹਨਪੁਰ ਵਲੋਂ 'ਕਾਕੋਰੀ ਕੇ ਸ਼ਹੀਦ' ਨਾਂਅ ਹੇਠ ਛਾਪੀ ਗਈ। ਪ੍ਰੇਮ ਗੋਰਖੀ ਵਲੋਂ ਰਚਿਤ ਜੀਵਨੀ ਉਸੇ ਸਵੈ-ਜੀਵਨੀ ਦਾ ਰੂਪਾਂਤਰਣ ਜਾਪਦੀ ਹੈ ਕਿਉਂ ਜੋ ਥਾਂ ਪੁਰ ਥਾਂ ਬਿਸਮਿਲ ਦੇ ਜੀਵਨ ਵਿਚ ਵਾਪਰੀਆਂ ਅਧਿਕਤਰ ਘਟਨਾਵਾਂ ਦਾ ਬਿਰਤਾਂਤ ਅਨ੍ਰਯ ਪੁਰਖੀ ਸ਼ੈਲੀ ਦੇ ਨਾਲ-ਨਾਲ ਬਿਸਮਿਲ ਦੇ ਸ਼ਬਦਾਂ ਨੂੰ ਪੁੱਠੇ ਕਾਮਿਆਂ ਵਿਚ ਉੱਤਮ ਪੁਰਖੀ ਸ਼ੈਲੀ ਵਿਚ ਵੀ ਪ੍ਰਸਤੁਤ ਕੀਤਾ ਗਿਆ ਹੈ।
ਇਸ ਪੁਸਤਕ ਦੇ 24 ਕਾਂਡਾਂ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਬਿਸਮਿਲ ਦਾ ਜਨਮ 1897 ਵਿਚ ਹੋਇਆ ਹੈ ਅਤੇ 1927 ਵਿਚ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਉਹ ਕੱਟੜ ਆਰੀਆ ਸਮਾਜੀ ਸੀ। ਅੰਗਰੇਜ਼ ਸਰਕਾਰ ਨੇ ਉਸ ਨੂੰ ਖ਼ਤਰਨਾਕ ਕ੍ਰਾਂਤੀਕਾਰ ਸਮਝਦਿਆਂ ਕਿਸੇ ਵੀ ਨਿਆਇਕ ਅਦਾਲਤ ਦੀ ਪੱਧਰ 'ਤੇ ਮੁਆਫ਼ ਕਰਨਾ ਜਾਂ ਸਜ਼ਾ ਘੱਟ ਕਰਨ ਦੀਆਂ ਸਭ ਅਪੀਲਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਉਸ ਨੂੰ ਦੁੱਖ ਸੀ ਕਿ ਉਸ ਦੇ ਕਈ ਕ੍ਰਾਂਤੀਕਾਰੀ ਸਾਥੀ ਉਸ ਵਿਰੁੱਧ ਵਾਅਦਾ ਮੁਆਫ਼ ਗਵਾਹ ਵਜੋਂ ਭੁਗਤੇ। ਕਾਕੋਰੀ ਰੇਲਵੇ ਡਾਕੇ ਸਮੇਂ ਸਰਕਾਰੀ ਖਜ਼ਾਨੇ ਦੀ ਲੁੱਟ ਉਸ ਦਾ ਸਭ ਤੋਂ ਵੱਡਾ ਗੁਨਾਹ ਹੋ ਨਿਬੜਿਆ। ਰਚਨਾ ਵਿਚੋਂ ਬਿਸਮਿਲ ਦੀ ਸ਼ਖ਼ਸੀਅਤ ਦੇ ਅਨੇਕਾਂ ਪੱਖ ਉਘੜਦੇ ਹਨ। ਮਸਲਨ : ਸਿਹਤ ਦਾ ਗਠੀਲਾ, ਦ੍ਰਿੜ੍ਹ ਇਰਾਦੇ ਵਾਲਾ, ਰੱਬ ਦਾ ਭਾਣਾ ਮੰਨਣ ਵਾਲਾ, ਪੁਨਰ ਜਨਮ ਵਿਚ ਵਿਸ਼ਵਾਸ ਕਰਨ ਵਾਲਾ, ਅਨੇਕਾਂ ਪੁਸਤਕਾਂ ਦਾ ਲੇਖਕ, ਇਨਕਲਾਬੀ ਸ਼ਾਇਰ, ਹਿੰਦੂ-ਮੁਸਲਿਮ ਇਤਿਹਾਸ ਦਾ ਪ੍ਰਤੀਕ, ਸੁਤੰਤਰਤਾ ਸੰਗਰਾਮੀ, ਵਿਰੋਧੀ ਦਾ ਵੀ ਜਾਨੀ ਨੁਕਸਾਨ ਨਾ ਕਰਨ ਵਾਲਾ, ਇਤਿਹਾਸਕ ਪ੍ਰਸਥਿਤੀ ਦਾ ਸ਼ਿਕਾਰ, ਖਿੜੇ ਮੱਥੇ ਔਕੜਾਂ ਜਰਨ ਵਾਲਾ ਆਦਿ। ਲੇਖਕ ਨੇ ਪੁਸਤਕ ਦੇ ਅੰਤ 'ਤੇ ਬਿਸਮਿਲ ਦੀ ਸ਼ਾਇਰੀ ਦਾ ਸੰਪਾਦਨ ਕੀਤਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਗੋਸ਼ਟਿ ਪੰਜਾਬ
ਕਰਤਾ : ਰਾਜਿੰਦਰਪਾਲ ਸਿੰਘ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295, ਸਫ਼ੇ : 162
ਸੰਪਰਕ : 98150-50617.

ਡਾ: ਰਾਜਿੰਦਰਪਾਲ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਇਕ ਪ੍ਰਬੁੱਧ ਅਤੇ ਜਾਗਰੂਕ ਪ੍ਰੋਫੈਸਰ ਹੈ। 'ਗੋਸ਼ਟਿ ਪੰਜਾਬ' ਵਿਚ ਪ੍ਰੋ: ਬਰਾੜ ਦੀਆਂ 13 ਗੋਸ਼ਟਾਂ ਸੰਕਲਿਤ ਹਨ, ਜਿਨ੍ਹਾਂ ਨੂੰ ਵਿਸ਼ੇ ਮੁਤਾਬਿਕ ਤਰਤੀਬ ਉਸ ਦੇ ਇਕ ਵਿਦਿਆਰਥੀ ਸਟਾਲਿਨਜੀਤ ਸਿੰਘ ਨੇ ਦਿੱਤੀ ਹੈ। ਇਨ੍ਹਾਂ ਗੋਸ਼ਟਾਂ ਵਿਚ ਲੇਖਕ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ, ਸਿਆਸਤ, ਪਰਵਾਸ, ਸੋਸ਼ਲ ਮੀਡੀਆ ਅਤੇ ਨੈਤਿਕਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ।
ਲੇਖਕ ਦੀ ਵਿਚਾਰਧਾਰਾ ਦਾ ਆਧਾਰ ਮਾਰਕਸਵਾਦੀ ਚਿੰਤਨ ਹੈ। ਅਸੀਂ ਸਾਰੇ ਮਾਰਕਸਵਾਦੀ ਅੰਦਾਜ਼ ਵਿਚ ਸੋਚਦੇ-ਵਿਚਾਰਦੇ ਹਾਂ ਪਰ ਡਾ: ਬਰਾੜ ਮਾਰਕਸਵਾਦ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਦੇ ਮਾਧਿਅਮ ਦੁਆਰਾ ਆਪਣੇ ਸਮਕਾਲੀ ਜਗਤ ਨੂੰ ਵੇਖਦਾ-ਵਿਚਾਰਦਾ ਹੈ। ਵਿਗਿਆਨ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਉਹ 'ਫਿਨਾਮੇਨਾ' ਨੂੰ ਗਹੁ ਨਾਲ ਵੇਖਣ ਤੋਂ ਬਾਅਦ ਹੀ ਆਪਣੇ ਸਿੱਟਿਆਂ ਦੀ ਸਥਾਪਨਾ ਕਰਦਾ ਹੈ। ਉਸ ਦਾ ਵਿਚਾਰ ਹੈ ਕਿ ਫਿਲਹਾਲ ਪੰਜਾਬੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਜੇ ਇਹ ਬੋਲੀ ਰੁਜ਼ਗਾਰ ਦੀ ਭਾਸ਼ਾ ਨਾ ਬਣ ਸਕੀ ਤਾਂ ਹੌਲੀ-ਹੌਲੀ ਇਹ ਪਛੜਦੀ ਜਾਵੇਗੀ। ਉਸ ਨੂੰ ਪੰਜਾਬ ਦੀ ਅਜੋਕੀ ਸਿੱਖਿਆ ਪ੍ਰਣਾਲੀ ਉੱਪਰ ਗਿਲਾ ਹੈ ਕਿ ਇਹ ਸਭ ਬੱਚਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਨਹੀਂ ਕਰਦੀ। ਸਾਧਨ-ਸੰਪੰਨ ਅਤੇ ਅਮੀਰ ਲੋਕਾਂ ਦੇ ਬੱਚੇ ਚੰਗੇ ਸਕੂਲਾਂ ਵਿਚ ਪੜ੍ਹ ਕੇ ਅੱਗੇ ਲੰਘ ਜਾਂਦੇ ਹਨ, ਜਦੋਂ ਕਿ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਕਿਸਾਨੀ ਦੇ ਭਵਿੱਖ ਬਾਰੇ ਗੱਲ ਕਰਦਾ ਹੋਇਆ ਉਹ ਕਹਿੰਦਾ ਹੈ ਕਿ ਅੱਜ ਦੇ ਦੌਰ ਵਿਚ ਕਿਸਾਨੀ ਨੇ ਮਰ ਜਾਣਾ ਹੈ ਅਤੇ ਮਰ ਵੀ ਜਾਣੀ ਚਾਹੀਦੀ ਹੈ। ਸਾਨੂੰ ਫ਼ਿਕਰ 'ਕਿਸਾਨ' ਲੋਕਾਂ ਨੂੰ ਬਚਾਉਣ ਦਾ ਕਰਨਾ ਚਾਹੀਦਾ ਹੈ। (ਪੰਨਾ 46)
ਇਸ ਗੋਸ਼ਟਿ ਵਿਚ ਬਹੁਤੇ ਪ੍ਰਸ਼ਨ ਸਟਾਲਿਨਜੀਤ ਸਿੰਘ ਨੇ ਹੀ ਪੁੱਛੇ ਹਨ ਪਰ ਕਈ ਕੁਝ ਹੋਰ ਜਗਿਆਸੂਆਂ ਨੇ ਵੀ ਪੁੱਛੇ ਸਨ। ਹਰ ਪ੍ਰਸ਼ਨ ਬੜਾ ਤਿੱਖਾ ਅਤੇ ਪ੍ਰਸੰਗਿਕ ਹੈ। ਕਈ ਪ੍ਰਸ਼ਨਾਂ ਦੇ ਉੱਤਰ ਪ੍ਰੋ: ਬਰਾੜ ਪਾਸ ਸਨ ਪਰ ਕਈਆਂ ਦੇ ਉੱਤਰ ਨਹੀਂ ਵੀ ਸਨ ਤਾਂ ਵੀ ਇਸ ਪੁਸਤਕ ਵਿਚੋਂ ਸਮਕਾਲੀ ਪੰਜਾਬ ਬਾਰੇ ਬੜੀਆਂ ਅਰਥਪੂਰਨ ਅੰਤਰਦ੍ਰਿਸ਼ਟੀਆਂ ਹਾਸਲ ਹੁੰਦੀਆਂ ਹਨ। ਇਸ ਦ੍ਰਿਸ਼ਟੀ ਤੋਂ ਇਹ ਪੁਸਤਕ ਗੋਸ਼ਟਿ-ਪਰੰਪਰਾ ਦਾ ਇਕ ਮਹੱਤਵਪੂਰਨ ਅੰਗ ਸਿੱਧ ਹੁੰਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਝਰੀਟਾਂ
ਲੇਖਕ : ਦਲਜੀਤ ਸਿੰਘ ਸ਼ਾਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 91
ਸੰਪਰਕ : 98141-29511.

ਹਥਲੇ ਕਹਾਣੀ ਸੰਗ੍ਰਹਿ ਵਿਚ ਲੇਖਕ ਦੀਆਂ 10 ਕਹਾਣੀਆਂ ਹਨ। ਸਮਰਾਲੇ ਦਾ ਵਸਨੀਕ ਹੋਣ ਕਰਕੇ ਉਸ ਦੀ ਕਹਾਣੀ 'ਤੇ ਮੰਟੋ ਦਾ ਪ੍ਰਭਾਵ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਲੇਖਕ ਦੇ ਆਪਣੇ ਕਿੱਤੇ ਦਾ ਪ੍ਰਭਾਵ ਵੀ ਕੁਝ ਕਹਾਣੀਆਂ ਵਿਚ ਹੈ ।
ਕਹਾਣੀ 'ਫੇਰ ਦੇਖ ਕਿਦਾਂ ਫਿਰਦਾ ਰੇਲਾ' ਵਿਚ ਇਹ ਸ਼ਬਦ ਇਕ ਪਾਤਰ ਦਾ ਤਕੀਆ ਕਲਾਮ ਹੈ। ਪਾਤਰ ਝੰਡਾ ਸਿੰਘ ਅਦਾਲਤੀ ਘੁੰਮਣਘੇਰੀ ਵਿਚ ਹੈ। ਉਸ ਨੂੰ ਕਈ ਥਾਵਾਂ 'ਤੇ ਪੈਸੇ ਦੇ ਕੇ ਕੰਮ ਕਰਾਉਣਾ ਪੈਂਦਾ ਹੈ। ਉਹ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹੈ। ਅਦਾਲਤੀ ਗੇੜ ਵਿਚ ਫਸਿਆ ਉਹ ਆਪਣੀ ਮੱਝ ਵੀ ਘੱਟ ਮੁੱਲ 'ਤੇ ਵੇਚ ਦਿੰਦਾ ਹੈ। 20-25 ਹਜ਼ਾਰ ਦੀ ਥਾਂ ਸਿਰਫ 10 ਹਜ਼ਾਰ ਵਿਚ। ਕਹਾਣੀ ਦਾ ਇਹ ਮਜਬੂਰ ਪਾਤਰ ਇਸ ਮੌਕੇ ਦਸਵੇਂ ਗੁਰੂ ਜੀ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਾ ਹੈ।
'ਉਸ ਦੇ ਬੋਲ ਆਪਣੀ ਹੋਂਦ ਬਚਾਉਣ ਲਈ ਦੁਨੀਆ ਵਿਚ ਲੜਨਾ ਪੈਂਦਾ ਝੰਡਾ ਸਿੰਹਾਂ', ਜ਼ਿੰਦਗੀ ਦੇ ਸੰਘਰਸ਼ ਵੱਲ ਸੇਧਿਤ ਹਨ। ਝਰੀਟਾਂ ਦਾ ਭਾਗ ਸਿੰਘ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਾ ਹੈ। ਉਸ ਦਾ ਕਿਰਤੀ ਕਾਮਾ ਉਸ ਤੋਂ ਟੁੱਟਾ ਜਿਹਾ ਸਾਈਕਲ ਲੈ ਕੇ ਹੀ ਖੁਸ਼ ਹੈ। ਸੌ ਰੁਪਏ ਵਿਚ ਉਹ ਚੱਲਣ ਜੋਗਾ ਬਣਾ ਲੈਂਦਾ ਹੈ ਪਰ ਦਿਲ ਵਿਚ ਉਹ ਆਪਣੀ ਗ਼ਰੀਬੀ ਤੇ ਭਾਗ ਸਿੰਘ ਦੀ ਅਮੀਰੀ ਬਾਰੇ ਸੋਚਦਾ ਹੈ।
ਕਹਾਣੀ 'ਮੈਰਾ ਖੇਰਿਆ ਵਾਲਾ' ਵਿਚ ਸਾਰਾ ਦ੍ਰਿਸ਼ ਅੱਤਵਾਦ ਸਮੇਂ ਦਾ ਹੈ। ਡਿਗੋ ਦਾ ਆਰੰਭ ਕਲਾਤਮਿਕ ਹੈ। ਉਤੇਜਨਾ ਵਾਲੇ ਸੰਵਾਦ ਤੋਂ ਸ਼ੁਰੂ ਹੋ ਕੇ ਕਹਾਣੀ ਮਨੁੱਖ ਦੀ ਇਕੱਲਤਾ ਨਾਲ ਜੁੜਦੀ ਹੈ। ਇਹ ਇਕੱਲਤਾ ਹੀ ਮਰਦ ਪਾਤਰ ਨੂੰ ਔਰਤ ਵੱਲ ਖਿੱਚਦੀ ਹੈ। ਇਸ ਲਈ ਉਸ ਨੂੰ ਬਚਪਨ ਤੋਂ ਮਿਲੇ ਮਾਂ ਬਾਪ ਦੇ ਕੁਰਖਤ ਬੋਲ ਕਹਾਣੀ ਵਿਚ ਇਸ ਲਿੰਗੀ ਝੁਕਾਅ ਦਾ ਕਾਰਨ ਵੀ ਬਣਦੇ ਹਨ। ਕਰੈਕਟਰਲੈੱਸ ਬਹੁਤ ਅੱਛੀ ਰਚਨਾ ਹੈ। ਨਵਾਂ ਨਜ਼ਰੀਆ ਇਹ ਹੈ ਕਿ ਦੋ ਪਾਤਰਾਂ ਦੀ ਲਿੰਗੀ ਖਿੱਚ ਤੋਂ ਪਾਰ ਭ੍ਰਿਸ਼ਟਾਚਾਰ ਵੀ ਕਰੈਕਟਰਲੈੱਸ ਹੋਣਾ ਹੈ। ਕਹਾਣੀਆਂ ਦੇ ਨਾਟਕੀ ਤੇ ਦਿਲਚਸਪ ਸੰਵਾਦ ਮੀਰੀ ਗੁਣ ਹਨ। ਬਾਬੂ, ਪੰਜ ਨਮਾਜ਼ੀ, ਗੁਆਚੀਆਂ ਚੀਜ਼ਾਂ, ਰੌਸ਼ਨਦਾਨ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਵਗਦੇ ਵਹਿਣ
ਕਵੀ : ਗੁਰਦੀਪ
ਪ੍ਰਕਾਸ਼ਕ : ਲੇਖਕ ਆਪ
ਸਫ਼ੇ : 80
ਸੰਪਰਕ : 098157-66442.

ਹਥਲੀ ਪੁਸਤਕ ਵਿਚ ਗੁਰਦੀਪ ਨੇ ਆਪਣੀਆਂ ਵਾਰਤਕ ਕਵਿਤਾਵਾਂ ਦਰਜ ਕੀਤੀਆਂ ਹਨ। ਉਸ ਦੀਆਂ ਕਵਿਤਾਵਾਂ ਦਾ ਰੰਗ ਅੰਤਰੀਵ ਆਤਮਾ ਦੇ ਭਾਵਾਂ ਨਾਲ ਸਬੰਧਿਤ ਹੈ। ਹਿਰਦੇ ਦੀ ਵੇਦਨਾ, ਖੁਸ਼ੀ ਗ਼ਮੀ ਤੋਂ ਬਿਨਾਂ ਸਮਾਜਿਕ ਵਿਡੰਬਨਾਵਾਂ, ਮਾਨਤਾਵਾਂ ਦੀ ਭੰਗਤਾ ਨੂੰ ਉਹ ਤੀਬਰਤਾ ਨਾਲ ਮਹਿਸੂਸ ਕਰਦਾ ਹੈ। ਕਵੀ ਗੁਰਦੀਪ ਦੀ ਕਵਿਤਾ ਵਿਚ ਪਰਸਾਦੀ ਤੱਤ ਬਹੁਲਤਾ ਨਾਲ ਮਿਲਦੇ ਹਨ। ਪਰਸਾਦੀ ਤੱਤ ਅਜਿਹੀ ਕਵਿਤਾ ਨੂੰ ਜਨਮ ਦਿੰਦੇ ਹਨ ਜੋ ਆਮ ਪਾਠਕ/ਸਰੋਤੇ ਦੀ ਸਮਝ ਦੇ ਮੇਚ ਦੇ ਹੁੰਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਖਿਆਲ (ਕਲਪਨਾ) ਦੀ ਪਵਿੱਤਰਤਾ, ਅਰਥਾਂ ਵਿਚ ਸਰਲਤਾ ਅਤੇ ਬਚਨਾਂ ਵਿਚ ਕੋਮਲਤਾ ਦਾ ਪ੍ਰਗਟਾਵਾ ਹੈ। ਇਹ ਕਵਿਤਾਵਾਂ ਕੋਈ ਪ੍ਰਸ਼ਨ ਖੜ੍ਹਾ ਨਹੀਂ ਕਰਦੀਆਂ ਸਗੋਂ ਸਥਿਤੀ ਦਾ ਸਹਿਜ ਵਰਨਣ ਕਰਦੀਆਂ, ਪਾਠਕ/ਸਰੋਤੇ ਨੂੰ ਮਨਨ ਕਰਨ ਵਾਸਤੇ ਉਤਸ਼ਾਹਤ ਕਰਦੀਆਂ ਹਨ ਅਤੇ ਮਨ ਨੂੰ ਤ੍ਰੇਲ ਵਾਂਗ ਤਾਜ਼ਗੀ ਬਖਸ਼ਦੀਆਂ ਹਨ। ਕਵਿਤਾ ਪੜ੍ਹਦਿਆਂ ਪਾਠਕ ਉਪਦੇਸ਼ ਦਾ ਤੱਤ ਵੀ ਮਹਿਸੂਸ ਕਰਦਾ ਹੈ। ਕਵੀ ਗੁਰਦੀਪ ਨੇ ਇਸ ਪੁਸਤਕ ਤੋਂ ਪਹਿਲਾਂ ਕੁਝ ਪੁਸਤਕਾਂ ਗ਼ਜ਼ਲਾਂ ਦੀਆਂ ਵੀ ਦਿੱਤੀਆਂ। ਇਸ ਲਈ ਉਸ ਦੀ ਕਵਿਤਾ ਵਿਚ ਭਾਵੇਂ ਬੰਦਿਸ਼ ਤਾਂ ਨਹੀਂ ਪਰ ਰਵਾਨੀ ਦਾ ਗੁਣ ਹੈ। ਹਥਲੀ ਪੁਸਤਕ ਦੇ ਮੁੱਖ ਬੰਦ ਵਿਚ ਕਵੀ ਨੇ ਗ਼ਜ਼ਲ ਨਾਲੋਂ ਖੁੱਲ੍ਹੀ ਕਵਿਤਾ ਨੂੰ ਵਿਸ਼ਾ-ਨਿਭਾਅ ਵਾਸਤੇ ਦਰੁਸਤ ਕਿਹਾ ਹੈ। ਉਹ ਕਹਿੰਦਾ ਹੈ, 'ਸ਼ਾਇਰੀ ਦੀ ਕਿਤਾਬ ਛਪਵਾਉਣਾ ਹੀ ਵੱਡਾ ਜੁਰਮ ਹੈਂਪੜ੍ਹਨ ਲਈ ਕੌਣ ਕਹੇ? ਉਸ ਦੀ ਕਵਿਤਾ ਦੇ ਕੁਝ ਨਮੂਨੇ ਹਾਜ਼ਰ ਹਨ
-ਨਵਾਂ ਸਾਲ/ਇਸ ਤਰਫ਼ ਨਹੀਂ ਆਇਆ/ਉਹ ਔਂਦਾ ਤੇ/ਨਵੇਂ ਕੱਪੜੇ ਪਾ ਕੇ ਆਉਂਦਾ/ਪਰ ਨਵੇਂ ਕੱਪੜੇ ਕਿੱਥੇ ਸੀ?/ਉਹ ਔਂਦਾ ਤਾਂ ਕੁਝ ਲੈ ਕੇ ਆਉਂਦਾ/ਖਾਲੀ ਹੱਥ ਕੀ ਮੂੰਹ ਵਿਖਾਉਂਦਾ/....' (ਨਵਾਂ ਸਾਲ)
-ਇਹ ਉਦਾਸੀ ਬਹੁਤ ਨਿੱਜੀ ਚੀਜ਼ ਹੈ/ਜੇ ਖੁਸ਼ੀ ਹੋਵੇ ਤਾਂ ਸਾਂਝੀ ਕਰ ਲਵਾਂ/ਇਹ ਉਦਾਸੀ ਰੁੱਸੀਆਂ ਰੁੱਤਾਂ ਦਾ ਪ੍ਰਛਾਵਾਂ ਨਹੀਂ/ਨਾ ਹੀ ਲੰਘੇ ਕਾਰਵਾਨਾਂ ਦੀ ਗਵਾਚੀ ਪੈੜ....'
ਪੁਸਤਕ ਦੀ ਬਣਤਰ ਵਿਚ ਕਈ ਉਕਾਈਆਂ ਹਨ। ਟਾਈਟਲ ਉੱਤੇ ਜਾਂ ਪੁਸਤਕ-ਪਿੱਠ ਉੱਤੇ ਕਵੀ ਦਾ ਨਾਂਅ ਨਹੀਂ। ਤਤਕਰਾ ਨਹੀਂ। ਪੁਸਤਕ ਬਾਰੇ ਕੋਈ ਜਾਣਕਾਰੀ ਨਹੀਂ। ਸੰਮਤ ਨਹੀਂ। ਅਨੇਕਾਂ ਗ਼ਲਤੀਆਂ (ਛਪਾਈ ਦੀਆਂ) ਹਨ। ਬਹੁਤ ਸਾਰੀਆਂ ਕਵਿਤਾਵਾਂ ਦੇ ਸਿਰਲੇਖ ਨਹੀਂ। ਕਵਿਤਾਂ ਰਲਗਡ ਹਨ। ਪ੍ਰਕਾਸ਼ਕ ਦਾ ਪਤਾ ਨਹੀਂ। ਕੀਮਤ ਵੀ ਨਹੀਂ ਲਿਖੀ ਗਈ।

ਂਸੁਲੱਖਣ ਸਰਹੱਦੀ
ਮੋ: 94174-84337
ਫ ਫ ਫ

ਵਾਅਦਿਆਂ ਤੋਂ ਵੈਤਰਨੀ ਤੱਕ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਪ੍ਰਤੀਕ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 094183-92845.

ਇਸ ਕਾਵਿ ਸੰਗ੍ਰਹਿ ਵਿਚ 40 ਕਵਿਤਾਵਾਂ ਹਨ, ਜਿਨ੍ਹਾਂ ਵਿਚੋਂ ਜੀਵਨ ਦੇ ਅਨੇਕਾਂ ਰੰਗ ਪ੍ਰਗਟ ਹੁੰਦੇ ਹਨ। ਕਵੀ ਨੇ ਜੀਵਨ ਵਿਚ ਜਿਨ੍ਹਾਂ ਤਲਖ ਹਕੀਕਤਾਂ, ਸੰਘਰਸ਼ ਅਤੇ ਮਿਹਨਤ, ਲਗਨ ਦਾ ਸਾਹਮਣਾ ਕੀਤਾ ਹੈ, ਉਸ ਦੇ ਕਾਵਿ ਸੰਗ੍ਰਹਿ ਵਿਚ ਇਹ ਸਭ ਅਨੁਭਵ ਸਾਹਮਣੇ ਆਏ ਹਨ।
ਆਧੁਨਿਕ ਜੀਵਨ ਜਾਚ ਵਿਚ ਮਨੁੱਖ ਦੇ ਅੰਦਰ ਪਸਰੀ ਬੇਚੈਨੀ ਅਤੇ ਦੂਜਿਆਂ ਲਈ ਸਮਾਂ ਨਾ ਹੋਣ ਦੀ ਭਾਵਨਾ ਕਵੀ ਦੀ ਕਲਮ ਰਾਹੀਂ ਜ਼ਾਹਿਰ ਹੋਈ ਹੈ। ਪਦਾਰਥਾਂ ਨਾਲ ਪਿਆਰ ਅਤੇ ਰਿਸ਼ਤਿਆਂ ਪ੍ਰਤੀ ਅਣਗਹਿਲੀ ਅਜੋਕੇ ਮਨੁੱਖ ਦਾ ਸੁਭਾਅ ਬਣ ਚੁੱਕਾ ਹੈ। ਲੇਖਕ ਨੇ ਇਸ ਚੀਜ਼ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ। ਫੇਸਬੁੱਕ, ਵਟਸਐਪ ਨੇ ਸਾਡੀ ਗੱਲਬਾਤ ਕਰਨ ਦੀ ਆਦਤ ਨੂੰ ਨਿਗਲ ਲਿਆ ਹੈ :
ਦੋਸਤ ਤਾਂ ਹੁੰਦੇ ਨੇ ਸੈਂਕੜੇ/ਫੇਸਬੁੱਕ ਉੱਤੇ
ਪਰ ਸੁੰਗੜ ਰਿਹਾ ਹੈ ਦੋਸਤੀ ਦਾ ਦਾਇਰਾ
ਦਿਨ ਪ੍ਰਤੀ ਦਿਨ ਵਕਤ ਦੀ ਚਾਲ
ਜਮਦੇ ਰਿਸ਼ਤਿਆਂ ਦੀ ਤਰ੍ਹਾਂ ਬਰਫ਼ ਦੇ ਤੋਦਿਆਂ ਵਾਂਗ!
ਕਵੀ ਨੇ ਸਮਾਜਿਕ ਵਿਸ਼ੇ ਜਿਵੇਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨਾਰੀ ਦਾ ਸ਼ੋਸ਼ਣ, ਪ੍ਰਦੂਸ਼ਣ ਦੀ ਸਮੱਸਿਆ, ਨਸ਼ੇ ਦੀ ਸਮੱਸਿਆ ਤੇ ਮਨੁੱਖ ਦਾ ਇਕੱਲਾਪਣ ਰਿਸ਼ਤਿਆਂ ਵਿਚ ਘਟਦੀ ਨੇੜਤਾ ਤੇ ਵਧ ਰਹੇ ਤਣਾਅ ਨੂੰ ਵੀ ਪ੍ਰਗਟਾਇਆ ਹੈ। ਅਜੋਕੇ ਦੌਰ ਵਿਚ ਮਾਨਵੀ ਕਦਰਾਂ ਕੀਮਤਾਂ ਦੇ ਪਤਨ ਨਾਲ ਤਕਨਾਲੋਜੀ 'ਚ ਘਿਰੇ ਮਨੁੱਖ ਦੀ ਹੋਂਦ ਕਵੀ ਨੂੰ ਬੜੀ ਓਪਰੀ ਅਤੇ ਵਿਖਾਵੇ ਭਰਪੂਰ ਜਾਪਦੀ ਹੈ। ਹਾਥੀ ਦੀ ਚਾਲ, ਵਾਅਦਿਆਂ ਤੋਂ ਵੈਤਰਨੀ ਤੱਕ, ਗੁਆਚੀ ਖੁਸ਼ਬੋ, ਇਕ ਹੋਰ ਵਰਦਾਨ, ਮਨੋਰੋਗ, ਸ਼ਾਹੀ ਸਵਾਰੀ, ਅਜਗਰ ਨਦੀਨ ਨਾਸ਼, ਬਾਜ਼ ਦੀ ਅੱਖ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਆਪਣੀ ਸ਼ਾਇਰੀ ਵਿਚ ਬੜੇ ਵਿਕੋਲੋਤਰੇ ਬਿੰਬ ਅਤੇ ਅਲੰਕਾਰ ਪ੍ਰਯੋਗ ਵਿਚ ਲਿਆਂਦੇ ਹਨ। ਨਵੇਂ ਯੁੱਗ ਦੇ ਨਵੇਂ ਵਿਸ਼ੇ ਹਨ ਪਰ ਪ੍ਰਾਕਿਰਤੀ ਨਾਲ ਕਵੀ ਦੀ ਸਾਂਝ ਬੜੀ ਅਟੁੱਟ ਹੈ। ਕਵੀ ਨੇ ਦੁੱਖ ਸੁੱਖ, ਵਿਛੋੜਾ ਮਿਲਾਪ, ਹਾਸੇ ਦੁੱਖ ਸਭ ਰੰਗ ਆਪਣੇ ਇਸ ਕਾਵਿ ਸੰਗ੍ਰਹਿ ਰਾਹੀਂ ਪ੍ਰਗਟਾਏ ਹਨ। ਰੁੱਖ, ਸਾਗਰ, ਜੰਗਲਾਂ, ਪੱਤੇ, ਲਹਿਰਾਂ, ਨਦੀਆਂ, ਤਾਰੇ ਚੰਨ ਆਦਿ ਪ੍ਰਤੀਕ ਬਿੰਬ ਆਪਮੁਹਾਰੇ ਹੀ ਕਵੀ ਦੀਆਂ ਰਚਨਾਵਾਂ ਵਿਚ ਆ ਗਏ ਹਨ। ਕਵੀ ਨੇ ਦਾਰਸ਼ਨਿਕ ਅਤੇ ਗਹਿਰ ਗੰਭੀਰ ਵਿਸ਼ਿਆਂ ਨੂੰ ਬੜੀ ਭਾਵੁਕਤਾ ਨਾਲ ਪ੍ਰਗਟਾਇਆ ਹੈ। ਮਨੁੱਖ ਦੇ ਲਾਲਸਾਵਾਂ ਭਰਪੂਰ ਆਪੇ ਦਾ ਪ੍ਰਗਟਾਵਾ ਕਰਦਿਆਂ ਕਵੀ ਅਚੇਤ ਤੌਰ 'ਤੇ ਹੀ ਪਾਠਕਾਂ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਚਾਹ ਪੀਉ ਜੀ!
ਲੇਖਕ : ਪਿਆਰਾ ਸਿੰਘ ਦਾਤਾ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 495 ਰੁਪਏ, ਸਫ਼ੇ : 254
ਸੰਪਰਕ : 098113-37763.

ਮਰਹੂਮ ਲੇਖਕ ਪਿਆਰਾ ਸਿੰਘ ਦਾਤਾ ਕਲਾਸੀਕਲ ਹਾਸ-ਵਿਅੰਗ ਧਾਰਾ ਵਿਚ ਸ਼ਾਮਿਲ ਸਨ। ਪੰਜਾਬੀ ਹਾਸ-ਵਿਅੰਗ ਪ੍ਰਤੀ ਉਨ੍ਹਾਂ ਵਲੋਂ ਦਿੱਤੀਆਂ ਸੇਵਾਵਾਂ ਕਾਰਨ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਸਪੁੱਤਰ ਦਾਤਾ ਜੀ ਦੀ ਹਰ ਨਵੀਂ ਪੀੜ੍ਹੀ ਦੇ ਪਾਠਕਾਂ ਨਾਲ ਸਾਂਝ ਪਵਾਉਣ ਹਿਤ ਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਛਾਪਦੇ ਆ ਰਹੇ ਹਨ। 'ਚਾਹ ਪੀਉ ਜੀ' ਉਨ੍ਹਾਂ ਵਲੋਂ ਰਚੇ ਲੇਖਾਂ ਦਾ ਸੰਪਾਦਨ ਕੀਤਾ ਗਿਆ ਹੈ। ਇਸ ਪੁਸਤਕ ਵਿਚ ਉਨ੍ਹਾਂ ਦੀਆਂ ਚਾਰ ਪੁਸਤਕਾਂ 'ਆਕਾਸ਼ਬਾਣੀ', 'ਜ਼ਿੰਦਾ ਸ਼ਹੀਦ', 'ਨਵਾਂ ਰੇਡੀਓ' ਅਤੇ 'ਮਿੱਠੀਆਂ ਟਕੋਰਾਂ' ਸ਼ਾਮਿਲ ਕੀਤੀਆਂ ਗਈਆਂ ਹਨ। ਦਾਤਾ ਜੀ ਆਪਣੇ ਲੇਖਾਂ ਵਿਚ ਇਹੋ ਜਿਹੀਆਂ ਸਥਿਤੀਆਂ ਜਾਂ ਘਟਨਾਵਾਂ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਹਾਸੇ ਦਾ ਦੌਰਾ ਪੈਣ ਲਗਦਾ ਹੈ। ਉਨ੍ਹਾਂ ਦੇ ਲੇਖਾਂ ਵਿਚ ਵਿਅੰਗ ਨਾਲੋਂ ਹਾਸੇ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ। ਇਨ੍ਹਾਂ ਲੇਖਾਂ ਵਿਚੋਂ 'ਲੂਣ ਦਾ ਪਹਾੜ', 'ਜ਼ਿੰਦਾ ਸ਼ਹੀਦ', 'ਆਜ਼ਾਦ ਹਿੰਦ ਡੇਅਰੀ ਫਾਰਮ', 'ਨਵਾਂ ਰੇਡੀਓ', 'ਮੈਂਡਾ ਵੋਟ ਕਮਲੀ ਆਲੇ ਆਂ' ਤੇ 'ਗੱਪਬਾਜ਼' ਅਜਿਹੇ ਲੇਖ ਹਨ ਜੋ ਆਪਣੇ ਸਮੇਂ ਵਿਚ ਬਹੁਤ ਜ਼ਿਆਦਾ ਪੜ੍ਹੇ ਤੇ ਸਲਾਹੇ ਗਏ ਸਨ। ਕਈ ਲੇਖਾਂ ਵਿਚ ਪਾਤਰਾਂ ਵਲੋਂ ਬੋਲੀ ਗਈ ਭਾਸ਼ਾ ਰਾਹੀਂ ਵੀ ਹਾਸ-ਰਸ ਦੀ ਉਤਪੱਤੀ ਕੀਤੀ ਗਈ ਹੈ। ਨਿਰੋਲ ਹਾਸ-ਰਸੀ ਰਚਨਾਵਾਂ ਤੋਂ ਇਲਾਵਾ ਉਨ੍ਹਾਂ ਦੀਆਂ ਰਚਨਾਵਾਂ ਵਿਚ ਵਿਅੰਗ ਦੀ ਟੇਢ ਵੀ ਸ਼ਾਮਿਲ ਹੋਈ ਮਿਲਦੀ ਹੈ। 'ਧਰਮਰਾਜ ਦੇ ਦਰਬਾਰ ਵਿਚ ਹਨੇਰਗਰਦੀ', 'ਆਜ਼ਾਦ ਹਿੰਦ ਡੇਅਰੀ ਫਾਰਮ', 'ਜ਼ਿੰਦਾ ਸ਼ਹੀਦ', 'ਨਵਾਂ ਬਿਜ਼ਨਸ' ਆਦਿ ਅਜਿਹੇ ਲੇਖ ਹਨ ਜਿਨ੍ਹਾਂ ਵਿਚ ਡੂੰਘੇ ਕਟਾਖਸ਼ ਅਤੇ ਵਿਅੰਗ ਦੀ ਵਰਤੋਂ ਕੀਤੀ ਗਈ ਹੈ। ਦਾਤਾ ਜੀ ਦੂਸਰਿਆਂ 'ਤੇ ਤਾਂ ਵਿਅੰਗ ਕੱਸਦੇ ਹੀ ਸਨ, ਖ਼ੁਦ ਆਪ 'ਤੇ ਵੀ ਵਿਅੰਗ ਚੋਟਾਂ ਕਰਦੇ ਰਹਿੰਦੇ ਸਨ। ਆਪਣੇ ਆਪ 'ਤੇ ਵਿਅੰਗ ਕਰਨਾ ਸਭ ਤੋਂ ਔਖਾ ਕਾਰਜ ਹੁੰਦਾ ਹੈ। ਦਾਤਾ ਜੀ ਨੇ ਇਹ ਵੀ ਕਰ ਵਿਖਾਇਆ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

20-10-2018

 ਸੰਸਾਰ ਪ੍ਰਸਿੱਧ ਖੇਡ ਕਹਾਣੀਆਂ
ਅਨੁਵਾਦਕ ਤੇ ਸੰਪਾਦਕ : ਗੁਰਮੇਲ ਮਡਾਹੜ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125, ਸਫੇ : 120
ਸੰਪਰਕ : 94630-67405.

ਇਸ ਹਥੱਲੀ ਪੁਸਤਕ ਵਿਚਲੀਆਂ ਕਹਾਣੀਆਂ ਖੇਡਾਂ ਪ੍ਰਤੀ ਜਨੂੰਨ, ਖੇਡਾਂ ਵਿਚ ਬਣੇ ਵਕਾਰ ਨੂੰ ਜਿਊਂਦਾ ਰੱਖਣ ਲਈ 'ਕਰੋ ਜਾਂ ਮਰੋ' ਨੀਤੀ ਅਮਲ ਵਿਚ ਲਿਆਉਣੀ, ਵਪਾਰੀਆਂ/ਜੁਆਰੀਆਂ ਵਲੋਂ ਖਿਡਾਰੀਆਂ ਨੂੰ ਖਰੀਦਣ ਦੇ ਕੋਝੇ ਯਤਨ ਅਤੇ ਸਰਵੋਤਮ ਖਿਡਾਰੀਆਂ ਵਲੋਂ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਖੇਡ ਪ੍ਰਤੀ ਸਮਰਪਿਤ ਭਾਵਨਾ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਆਪਣੇ ਦੇਸ਼/ਕੌਮ ਦੀ ਇੱਜ਼ਤ ਆਬਰੂ ਦੀ ਆਨ-ਸ਼ਾਨ ਕਾਇਮ ਰੱਖਣੀ ਆਦਿ ਭਾਵ ਪੂਰਤ ਵਿਸ਼ਿਆਂ ਪ੍ਰਤੀ ਬੜੀ ਸ਼ਿੱਦਤ ਨਾਲ ਬਾਤ ਪਾਉਂਦੀਆਂ ਹਨ।
ਕਹਾਣੀ 'ਖੂਨੀ ਮੈਚ' ਵਿਚ ਫੁੱਟਬਾਲ ਦੇ ਰੂਸੀ ਖਿਡਾਰੀਆਂ ਦਾ ਜੋਸ਼ ਮੱਠਾ ਕਰਨ ਲਈ ਧਮਕੀਆਂ ਤੇ ਪਰ ਜਿੱਤ 'ਤੇ ਜਿੱਤ ਦਰਜ ਕਰਨ ਬਦਲੇ ਜਰਮਨਾਂ ਵਲੋਂ ਰੂਸੀ ਜੇਤੂ ਖਿਡਾਰੀਆਂ ਦਾ ਸਮੂਹਿਕ ਰੂਪ ਵਿਚ ਕਤਲ ਕਰ ਦੇਣ ਦਾ ਹੌਲਨਾਕ ਬਿਰਤਾਂਤ, 'ਮਾਸ ਦਾ ਟੁਕੜਾ' ਵਿਚ ਮੁੱਕੇਬਾਜ਼ ਟਾਮਕਿੰਗ ਵਲੋਂ ਬੁਢਾਪੇ ਵਿਚ ਵੀ ਨੌਜਵਾਨ ਮੁੱਕੇਬਾਜ਼ ਸੈਂਡਲ ਨਾਲ ਜ਼ਬਰਦਸਤ ਟੱਕਰ ਲੈਣ ਦੇ ਬਾਵਜੂਦ ਹਾਰ ਜਾਣ ਕਾਰਨ ਰੋਟੀ ਜੋਗੀ ਰਾਸ਼ੀ ਵੀ ਨਸੀਬ ਨਾ ਹੋਣ ਦੀ ਤਰਾਸਦੀ, 'ਖਿਡਾਰੀ ਦਾ ਦਿਲ' ਵਿਚ ਡੈਨੀ ਜਿਸ ਨੂੰ ਵਿਰੋਧੀਆਂ ਵਲੋਂ ਬਾਸਟਿਕ ਬਾਲ ਮੈਚ ਫਿਕਸਿੰਗ ਕਰਨ ਦਾ ਲਾਲਚ ਦਿੱਤਾ ਜਾਂਦਾ ਹੈ ਪਰ ਸਖ਼ਤ ਬਿਮਾਰ ਹੋਣ ਦੇ ਬਾਵਜੂਦ ਉਹ ਬੜੇ ਉਤਸ਼ਾਹ ਨਾਲ ਖੇਡ ਕੇ ਮਾਣ ਮਤੇ ਖਿਡਾਰੀ ਵਜੋਂ ਜਿੱਤ ਆਪਣੀ ਟੀਮ ਦੀ ਝੋਲੀ 'ਚ ਪਵਾਉਂਦਾ ਹੈ ਅਤੇ 'ਏਕਲਵਯ' ਵਿਚ ਜੰਗ ਬਹਾਦਰ ਨੇ ਆਪਣੇ ਗੁਰੂ/ਉਸਤਾਦ ਵਲੋਂ ਮੰਗੀ ਗੁਰੂ ਦਕਸ਼ਣਾ ਨੂੰ ਅਸਵੀਕਾਰ ਕਰਕੇ ਗੁਰੂ-ਚੇਲੇ ਦੀ ਅਸਲ ਮਾਣ ਮਰਿਯਾਦਾ ਦਾ ਪ੍ਰਗਟਾਵਾ ਕਰਦਾ ਹੈ ਆਦਿ ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਇਸ ਪੁਸਤਕ ਦੀਆਂ ਸਿਖਰ ਹੋ ਨਿਬੜਦੀਆਂ ਹਨ।
ਆਸ ਹੈ ਕਿ ਇਹ ਪੁਸਤਕ ਖਿਡਾਰੀਆਂ ਨੂੰ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ, ਲਾਲਚ ਤੇ ਡਰਾਵਿਆਂ ਤੋਂ ਉਪਰ ਉਠਦਿਆਂ ਖੇਡ ਪ੍ਰਤੀ ਸਮਰਪਿਤ ਹੋ ਕੇ ਜੂਝਣ ਅਤੇ ਸਰਕਾਰਾਂ/ਖੇਡ ਪ੍ਰਸ਼ਾਸਕਾਂ ਨੂੰ ਖਿਡਾਰੀਆਂ ਪ੍ਰਤੀ ਉਨਾਂ ਦੀ ਬਣਦੀ ਜ਼ਿੰਮੇਵਾਰੀ (ਖ਼ਾਸ ਕਰਕੇ ਬੁਢਾਪੇ ਜਾਂ ਹੋਰ ਕਿਸੇ ਸੰਕਟ ਸਮੇਂ ਬਾਂਹ ਫੜਨੀ) ਬਾਰੇ ਸਾਰਥਿਕ ਸੁਨੇਹਾ ਦੇਣ ਵਿਚ ਜ਼ਰੂਰ ਸਫ਼ਲ ਹੋਵੇਗੀ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਪੰਜਾਬੀ ਬੋਲੀ ਦੇ ਵਿੱਸਰ ਗਏ ਤੇ ਵਿੱਸਰ ਰਹੇ ਸ਼ਬਦ
ਕੋਸ਼ਕਾਰ : ਜਤਿੰਦਰ ਪਨੂੰ
ਪ੍ਰਕਾਸ਼ਕ : ਨਿਊ ਬੁੱਕ ਕੰਪਨੀ, ਜਲੰਧਰ
ਮੁੱਲ : 150 ਰੁਪਏ, ਸਫ਼ੇ : 103
ਸੰਪਰਕ : 98140-68455.

ਸ੍ਰੀ ਜਤਿੰਦਰ ਪਨੂੰ ਮੀਡੀਆ ਦੀ ਇਕ ਮਸ਼ਹੂਰੋ-ਮੌਰੂਫ਼ ਹਸਤੀ ਹੈ। ਹਥਲੀ ਪੁਸਤਕ ਵਿਚ ਉਸ ਨੇ ਪੰਜਾਬੀ ਬੋਲੀ ਦੇ ਕੁਝ ਉਨ੍ਹਾਂ ਸ਼ਬਦਾਂ ਨੂੰ ਇਕੱਤਰ ਕੀਤਾ ਹੈ, ਜੋ ਨਵੇਂ ਜ਼ਮਾਨੇ ਦੇ ਦਬਾਵਾਂ ਹੇਠ ਅਲੋਪ ਹੋ ਰਹੇ ਹਨ। ਨਵੀਂ ਸ਼ਬਦਾਵਲੀ ਹਾਸਲ ਕਰਨ ਦੀ ਕੋਸ਼ਿਸ਼ ਵਿਚ ਸਾਡੇ ਲੇਖਕਾਂ ਨੇ ਵੀ ਵਿਰਸੇ ਨੂੰ ਹੰਘਾਲਣ ਦੀ ਬਜਾਇ ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਸ਼ਬਦਾਂ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਬੋਲੀ ਦਾ ਟਕਸਾਲੀ ਅਤੇ ਆਂਚਲਿਕ ਮੁਹਾਵਰਾ ਕਾਫੀ ਬਦਲ ਗਿਆ ਹੈ। ਪਬਲਿਕ ਸਕੂਲਾਂ ਦੀ ਪੜ੍ਹੀ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ ਦੀ ਅਮੀਰ ਵਿਰਾਸਤ ਨਾਲ ਜੋੜੀ ਰੱਖਣ ਲਈ ਸ੍ਰੀ ਜਤਿੰਦਰ ਜੀ ਨੇ ਇਸ ਕੋਸ਼ ਨੂੰ ਪ੍ਰਕਾਸ਼ਿਤ ਕਰਵਾਇਆ ਹੈ।
ਪੁਸਤਕ ਦੀ ਸੰਖੇਪ ਜਿਹੀ ਭੂਮਿਕਾ ਵਿਚ ਲੇਖਕ ਨੇ ਸਾਫ਼ਗੋਈ ਤੋਂ ਕੰਮ ਲੈਂਦਿਆਂ ਇਹ ਲਿਖ ਦਿੱਤਾ ਹੈ ਕਿ ਉਹ ਕੋਈ ਭਾਸ਼ਾ ਵਿਗਿਆਨੀ ਨਹੀਂ ਹੈ ਅਤੇ (ਸ਼ਾਇਦ) ਇਸੇ ਕਾਰਨ ਇਹ ਕੋਸ਼ ਕੁਝ ਪਾਠਕਾਂ ਨੂੰ ਅਧੂਰਾ ਵੀ ਪ੍ਰਤੀਤ ਹੋ ਸਕਦਾ ਹੈ। ਉਸ ਨੇ ਸ਼ਬਦਾਂ ਦੀ ਵਿਉਂਤਪੱਤੀ ਬਾਰੇ ਲਿਖਣ ਤੋਂ ਸੰਕੋਚ ਕੀਤਾ ਹੈ। ਭਾਵੇਂ ਕਿਧਰੇ-ਕਿਧਰੇ ਕਿਸੇ ਸ਼ਬਦ-ਵਿਸ਼ੇਸ਼ ਨਾਲ ਸਬੰਧਿਤ ਮੁਹਾਵਰੇ-ਅਖਾਣ ਲਿਖ ਦਿੱਤੇ ਹਨ ਤਾਂ ਜੋ ਅਰਥ ਸਪੱਸ਼ਟ ਹੋ ਜਾਣ ਪਰ ਇਸ ਵਿਧੀ ਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕੀਤਾ ਗਿਆ। ਬਹੁਤ ਸਾਰੇ ਸ਼ਬਦ ਅਨੇਕ-ਅਰਥੀ ਹੁੰਦੇ ਹਨ, ਉਨ੍ਹਾਂ ਦੇ ਅਰਥ ਦੇਣ ਸਮੇਂ ਵੀ ਸਾਵਧਾਨੀ ਨਹੀਂ ਵਰਤੀ ਜਾ ਸਕੀ ਪਰ ਇਨ੍ਹਾਂ ਜਾਣ-ਬੁੱਝ ਕੇ ਛੱਡੇ ਖੱਪਿਆਂ ਦੇ ਬਾਵਜੂਦ ਇਹ ਕੋਸ਼ ਇਕ ਮਿਆਰੀ ਰਚਨਾ ਹੈ।
ਕੋਸ਼ ਦੀ ਵਿਉਂਤ ਅੱਖਰ-ਕ੍ਰਮ (ੳ, ਅ, ੲ) ਅਨੁਸਾਰ ਰੱਖੀ ਗਈ ਹੈ। ਬੋਲ-ਚਾਲ ਦੇ ਕਾਰਨ ਜਿਨ੍ਹਾਂ ਸ਼ਬਦਾਂ ਵਿਚ ਵਿਕਾਰ ਆ ਗਿਆ ਹੈ, ਉਨ੍ਹਾਂ ਦੀ ਤਫ਼ਸੀਲ ਅਤੇ ਇਤਿਹਾਸ ਬਿਆਨ ਕੀਤਾ ਗਿਆ ਹੈ। ਸ਼ਬਦਾਵਲੀ ਇਕੱਤਰ ਕਰਨ ਸਮੇਂ ਬੋਲਚਾਲ ਦੀ ਭਾਸ਼ਾ (ਪੈਰੋਲ) ਨੂੰ ਅਗਰਭੂਮੀ ਵਿਚ ਰੱਖਿਆ ਗਿਆ ਹੈ। ਇਸ ਕੋਸ਼ ਵਿਚ 2500 ਤੋਂ ਵੀ ਵੱਧ ਸ਼ਬਦਾਂ ਦੀਆਂ ਐਂਟਰੀਆਂ (ਇੰਦਰਾਜ), ਅਰਥਾਂ ਅਤੇ ਸੰਖੇਪ ਵਿਆਖਿਆ ਸਮੇਤ ਅੰਕਿਤ ਕੀਤੀਆਂ ਗਈਆਂ ਹਨ। ਅੱਜਕਲ੍ਹ ਦੇ ਹਰ ਪੰਜਾਬੀ ਲੇਖਕ ਅਤੇ ਪਾਠਕ ਲਈ ਇਹ ਪੁਸਤਕ ਇਕ ਸ੍ਰੋਤ-ਗ੍ਰੰਥ ਦੀ ਭੂਮਿਕਾ ਨਿਭਾਉਣ ਵਾਲੀ ਰਚਨਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਆਈ. ਸੀ. ਨੰਦਾ ਦੀ ਇਕਾਂਗੀ ਕਲਾ
ਇਕ ਅਧਿਐਨ
ਲੇਖਿਕਾ : ਪ੍ਰੋ: ਜੀਤ ਦੇਵਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ ਚ 95922-47956

ਨਿਰਸੰਦੇਹ ਹੋਰ ਵਿਧਾਵਾਂ ਦੀ ਤੁਲਨਾ ਵਿਚ ਪੰਜਾਬੀ ਵਿਚ ਨਾਟਕ/ਇਕਾਂਗੀ ਸਿਰਜਣਾ ਘਟ ਹੋ ਰਹੀ ਹੈ। ਮੰਚ ਦੇ ਵੀ ਵਿਕਾਸ ਦੀ ਸੰਭਾਵਨਾ ਵੀ ਹੈ। ਫਿਰ ਵੀ ਪੰਜਾਬੀ ਇਕਾਂਗੀ/ਨਾਟਕ ਦਾ ਅਧਿਐਨ ਕਾਲਜ ਦੇ ਵਿਦਿਆਰਥੀਆਂ ਲਈ ਅਨਿਵਾਰੀ ਹੈ। ਇਸੇ ਲੋੜ ਨੂੰ ਪੂਰਾ ਕਰਨ ਲਈ ਲੇਖਿਕਾ ਨੇ ਹੱਥਲੀ ਪੁਸਤਕ ਦੀ ਸਿਰਜਣਾ ਕੀਤੀ ਹੈ। ਇਸ ਕਿਤਾਬ ਨੂੰ ਲੇਖਿਕਾ ਦੀ ਐਮ. ਫਿਲ ਦੀ ਉਪਾਧੀ ਲਈ ਕੀਤੀ ਖੋਜ ਦਾ ਆਧਾਰ ਪ੍ਰਾਪਤ ਹੈ। ਇਹ ਪੁਸਤਕ ਪੰਜ ਕਾਂਡਾਂ ਵਿਚ ਵੰਡੀ ਗਈ ਹੈ। ਪਹਿਲੇ ਕਾਂਡ ਵਿਚ ਨੰਦਾ ਦੀ ਜੀਵਨੀ, ਨਾਟਕੀ ਪ੍ਰਤਿਭਾ ਦੇ ਵਿਕਾਸ 'ਤੇ ਪਏ ਕੁਝ ਪ੍ਰਭਾਵਾਂ ਦੀ ਚਰਚਾ ਕੀਤੀ ਗਈ ਹੈ। ਇਨ੍ਹਾਂ ਪ੍ਰਭਾਵਾਂ ਵਿਚ ਅਮਿੱਟ ਪ੍ਰਭਾਵ ਸ੍ਰੀਮਤੀ ਨੌਰਾ ਰਿਚਰਡਜ਼ ਦਾ ਹੈ। ਹੋਰ ਗੌਣ ਪ੍ਰਭਾਵਾਂ ਵਿਚ ਨੰਦਾ ਵਲੋਂ ਬਚਪਨ ਵਿਚ ਵੇਖੀਆਂ ਗਈਆਂ ਭੰਡਾਂ ਦੀਆਂ ਨਕਲਾਂ, ਰਾਸਧਾਰੀਆਂ ਦੀ ਰਾਸਾਂ ਅਤੇ ਪਾਰਸੀ ਥੀਏਟਰੀਕਲ ਕੰਪਨੀਆਂ ਦਾ ਪ੍ਰਭਾਵ ਹੈ। ਦੂਜੇ ਕਾਂਡ ਵਿਚ ਨੰਦਾ ਤੋਂ ਪਹਿਲਾਂ ਸਿਰਜੇ ਗਏ ਨਾਟਕਾਂ ਦਾ ਸਰਵੇਖਣ ਕੀਤਾ ਗਿਆ ਹੈ। ਆਧੁਨਿਕ ਸਮੇਂ ਦੀ ਨਾਟਕੀ-ਦ੍ਰਿਸ਼ਟੀ ਅਨੁਸਾਰ ਅਜਿਹੇ ਨਾਟਕਾਂ ਨੂੰ ਨਾਟਕ ਕਹਿਣਾ ਉਚਿਤ ਨਹੀਂ। ਤੀਜੇ ਕਾਂਡ ਵਿਚ ਨੰਦਾ ਦੇ ਸਿਰਜੇ ਨਾਟਕਾਂ/ਇਕਾਂਗੀਆਂ ਦੇ ਰਚਨਾ-ਕਾਲ ਅਤੇ ਵਿਸ਼ੇਗਤ ਅਧਿਐਨ ਪ੍ਰਸਤੁਤ ਹੈ। ਇਸ ਭਾਗ ਵਿਚ ਨੰਦਾ ਦੇ ਤਿੰਨ ਇਕਾਂਗੀ ਸੰਗ੍ਰਹਿਆਂ (ਲਿਸ਼ਕਾਰੇ, ਝਲਕਾਰੇ, ਚਮਕਾਰੇ) ਵਿਚ ਸ਼ਾਮਿਲ ਇਕਾਂਗੀਆਂ ਦਾ ਸਰਵਪੱਖੀ ਵਿਸਤ੍ਰਿਤ ਅਧਿਐਨ ਕੀਤਾ ਗਿਆ ਹੈ। ਸਿੱਧ ਕੀਤਾ ਗਿਆ ਹੈ ਕਿ ਵਿਸ਼ੇ ਸੁਧਾਰਵਾਦੀ ਅਤੇ ਯਥਾਰਥਵਾਦੀ ਹਨ ਜੋ ਸਮਕਾਲੀ ਜੀਵਨ ਦਾ ਪ੍ਰਤੀਬਿੰਬ ਭਰਵੇਂ ਰੂਪ ਵਿਚ ਉਜਾਗਰ ਕਰਦੇ ਹਨ। ਚੌਥਾ ਕਾਂਡ ਇਕਾਂਗੀਆਂ ਦੀ ਸਾਹਿਤਕ ਪਰਖ ਨਾਲ ਸਬੰਧਿਤ ਹੈ। ਇਸ ਵਿਚ ਇਕਾਂਗੀ ਦੇ ਪ੍ਰਮੁੱਖ ਤੱਤਾਂ (ਗੋਂਦ, ਪਾਤਰ ਉਸਾਰੀ, ਭਾਸ਼ਾ ਤੇ ਬੋਲੀ, ਵਾਤਾਵਰਨ, ਉਦੇਸ਼, ਵਾਰਤਾਲਾਪ ਅਤੇ ਰੰਗ ਮੰਚ) ਬਾਰੇ ਸਿਧਾਂਤਕ ਅਤੇ ਵਿਵਹਾਰਕ ਅਧਿਐਨ ਕੀਤਾ ਗਿਆ ਹੈ। ਇਕੱਲੇ ਇਕੱਲੇ ਇਕਾਂਗੀ ਦੇ ਗੁਣਾਂ/ਔਗੁਣਾਂ ਦੀ ਪਰਖ ਪ੍ਰਸਿੱਧ ਵਿਦਵਾਨਾਂ ਦੀਆਂ ਰਾਵਾਂ ਸਹਿਤ ਕੀਤੀ ਗਈ ਹੈ। ਆਖਰੀ ਕਾਂਡ ਵਿਚ ਨੰਦਾ ਦੇ ਰੰਗ-ਮੰਚ 'ਤੇ ਪਾਏ ਯੋਗਦਾਨ ਬਾਰੇ ਵਿਸ਼ੇਸ਼ ਤੌਰ 'ਤੇ ਫੋਕਸੀਕਰਨ ਕੀਤਾ ਗਿਆ ਹੈ। ਇਸ ਕਾਂਡ ਵਿਚ ਨੰਦਾ ਦੇ ਰੰਗਮੰਚ ਦੀਆਂ ਵਿਸ਼ੇਸ਼ਤਾਵਾਂ ਵਿਚਂਮੰਚ ਤੇ ਸਾਦਾ ਪਹਿਰਾਵਾ, ਸਾਦੀ ਅਤੇ ਘੱਟ ਸਮੱਗਰੀ, ਸਾਦੇ ਮੇਕ-ਅੱਪ, ਸੁਭਾਵਿਕ ਤੇ ਯਥਾਰਥਕ ਅਭਿਨਯ, ਰੋਜ਼ਾਨਾ ਬੋਲਚਾਲ ਦੇ ਸੰਵਾਦ ਬਾਰੇ ਨਿਸ਼ਾਨਦੇਹੀ ਕੀਤੀ ਗਈ ਹੈ। ਕੁੱੱਲ੍ਹ ਮਿਲਾ ਕੇ ਆਈ.ਸੀ. ਨੰਦਾ ਨੂੰ ਪੰਜਾਬੀ ਰੰਗ-ਮੰਚ ਅਤੇ ਇਕਾਂਗੀ ਕਲਾ ਦਾ ਬਾਨੀ ਪ੍ਰਵਾਨ ਕੀਤਾ ਗਿਆ ਹੈ। ਪੁਸਤਕ ਇਕਾਂਗੀ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਜ਼ਿੰਦਗੀ ਦਾ ਸਫ਼ਰ
ਗ਼ਜ਼ਲਕਾਰ : ਕਿਦਾਰ ਨਾਥ ਕਿਦਾਰ
ਪ੍ਰਕਾਸ਼ਕ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 0172-2577798.

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਨੇ 'ਹਰਿਆਣੇ ਦੇ ਹਾਸਲ' ਲੜੀ ਤਹਿਤ ਹਰਿਆਣੇ ਵਿਚ ਵਸਦੇ ਪੰਜਾਬੀ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਵਿਚ ਛਾਪਣ ਦੀ ਲੜੀ ਸ਼ੁਰੂ ਕੀਤੀ ਹੈ। ਕਿਦਾਰ ਨਾਥ ਕਿਦਾਰ ਦਾ ਗ਼ਜ਼ਲ ਸੰਗ੍ਰਹਿ 'ਜ਼ਿੰਦਗੀ ਦਾ ਸਫ਼ਰ' ਵੀ ਇਸੇ ਲੜੀ ਦਾ ਹਿੱਸਾ ਹੈ। ਕਿਦਾਰ ਪੰਜਾਬੀ ਦਾ ਪੁਰਾਣਾ ਗ਼ਜ਼ਲਕਾਰ ਹੈ ਜਿਸ ਨੇ ਜ਼ਿੰਦਗੀ ਵਿਚ ਲੰਬਾ ਸੰਘਰਸ਼ ਕੀਤਾ ਹੈ ਤੇ ਉਸ ਨੇ ਸਾਹਿਤ ਸਿਰਜਣ ਵਿਚ ਲਗਾਤਾਰਤਾ ਬਣਾਈ ਰੱਖੀ ਹੈ। ਆਪਣੀਆਂ ਗ਼ਜ਼ਲਾਂ ਦੀ ਸਿਰਜਣਾ ਕਰਦਿਆਂ ਕਿਦਾਰ ਨੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਸਥਾਨ ਦਿੱਤਾ ਹੈ, ਪਰ ਉਸ ਦਾ ਤਰਜੀਹੀ ਵਿਸ਼ਾ ਮੁਹੱਬਤ ਹੈ ਜਿਸ ਦੀ ਕਿਸੇ ਵੀ ਸੱਭਿਅਤਾ ਨੂੰ ਭੋਜਨ ਵਾਂਗ ਜ਼ਰੂਰਤ ਹੁੰਦੀ ਹੈ ਪਰ ਇਸ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਕਿਦਾਰ ਆਪਣੇ ਪਿਆਰੇ ਨੂੰ ਸੰਬੋਧਨੀ ਸੁਰ ਵਿਚ ਆਖਦਾ ਹੈ ਕਿ ਜੇ ਇਕ ਦੂਸਰੇ ਨੂੰ ਤਹਿ ਤੱਕ ਸਮਝਿਆ ਹੁੰਦਾ ਤਾਂ ਲੜਾਈ ਜਾਂ ਝਗੜਾ ਹੁੰਦਾ ਹੀ ਨਾ। ਉਹ ਕਹਿੰਦਾ ਹੈ ਕਿ ਕਿਸੇ ਬੱਚੇ ਨੂੰ ਹਸਾ ਦੇਣਾ ਪੂਜਾ ਨਾਲੋਂ ਬਿਹਤਰ ਹੈ। ਉਸ ਮੁਤਾਬਿਕ ਬਨੇਰਿਆਂ 'ਤੇ ਜਗਾਉਣ ਦੀ ਥਾਂ ਮਨ ਦਾ ਦੀਪਕ ਜਗਾਉਣ ਨਾਲ ਹੀ ਨਫ਼ਰਤ ਦਾ ਹਨ੍ਹੇਰਾ ਦੂਰ ਹੋ ਸਕਦਾ ਹੈ। ਗ਼ਜ਼ਲਕਾਰ ਆਪਣੀ ਦੂਸਰੀ ਗ਼ਜ਼ਲ ਵਿਚ ਆਖਦਾ ਹੈ ਕਿ ਜੇ ਮੇਰੇ ਖ਼ੂਨ ਨਾਲ ਈਰਖਾ ਦੀ ਅੱਗ ਬੁਝਦੀ ਹੈ ਤਾਂ ਮੈਂ ਇਨਕਾਰ ਨਹੀਂ ਕਰਦਾ। ਇੰਜ ਕਿਦਾਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਨਿਰਾਸ਼ਾ ਦੀ ਥਾਂ ਉਤਸ਼ਾਹੀ ਤੇ ਮੁਹੱਬਤ ਦੇ ਕਾਸਿਦ ਨਜ਼ਰ ਆਉਂਦੇ ਹਨ। ਕਿਦਾਰ ਨਾਥ ਕਿਦਾਰ ਪੰਜਾਬੀ ਦਾ ਮਾਣਮੱਤਾ ਗ਼ਜ਼ਲਕਾਰ ਹੈ। ਪਰ ਹਰ ਸਿਨਫ਼ ਸਮੇਂ-ਸਮੇਂ 'ਤੇ ਆਪਣਾ ਸਰੂਪ ਬਦਲਦੀ ਰਹਿੰਦੀ ਹੈ ਤੇ ਵਿਕਾਸ ਕਰਦੀ ਹੈ। ਕਲਮਕਾਰ ਨੂੰ ਆਪਣੀਆਂ ਕਿਰਤਾਂ ਦਾ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ ਤੇ ਲੋੜੀਂਦੀਆਂ ਸੋਧਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਸ ਪੁਸਤਕ ਵਿਚ ਕਿਦਾਰ ਦੀਆਂ ਬਹੁਤੀਆਂ ਪੁਰਾਣੀਆਂ ਗ਼ਜ਼ਲਾਂ ਹਨ ਜਿਨ੍ਹਾਂ 'ਤੇ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਸੀ। ਫਿਰ ਵੀ ਇਹ ਗ਼ਜ਼ਲ ਸੰਗ੍ਰਹਿ ਇਸ ਗੱਲ ਦੀ ਤਸੱਲੀ ਕਰਵਾਉਂਦਾ ਹੈ ਕਿ ਕਿਤੇ ਕੁਝ ਤਾਂ ਬਿਹਤਰ ਹੋ ਰਿਹਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਮੈਂ ਲਕਸ਼ਮੀ ਮੈਂ ਹੀਜੜਾ
ਲੇਖਕ : ਲਕਸ਼ਮੀ ਨਰਾਇਣ ਤ੍ਰਿਪਾਠੀ
ਅਨੁਵਾਦਕ : ਕੁਲਵਿੰਦਰ ਸਿੰਘ ਮਲੋਟ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 98760-64576.

ਸਾਡੇ ਸਮਾਜ ਵਿਚ ਬਹੁਤ ਸਾਰੇ ਵਿਅਕਤੀ ਜਾਂ ਸਮੂਹ ਅਜਿਹੇ ਹਨ ਜਿਨ੍ਹਾਂ ਦੀ ਅਸਲੀਅਤ ਜਾਣਨ ਜਾਂ ਉਨ੍ਹਾਂ ਦੀ ਸਮਰਥਾ ਪਛਾਣਨ ਤੋਂ ਬਿਨਾਂ ਹੀ ਸਮਾਜ ਉਨ੍ਹਾਂ ਨੂੰ ਹਾਸ਼ੀਏ 'ਤੇ ਧੱਕ ਦਿੰਦਾ ਹੈ। ਉਨ੍ਹਾਂ ਨਾਲ ਮੁਕਾਬਲਤਨ ਵਿਵਹਾਰ ਵੀ ਮਾੜਾ ਕੀਤਾ ਜਾਂਦਾ ਹੈ। 'ਮੈਂ ਲਕਸ਼ਮੀ ਮੈਂ ਹੀਜੜਾ' 'ਲਕਸ਼ਮੀ ਨਰਾਇਣ ਤ੍ਰਿਪਾਠੀ' ਦੀ ਸਵੈ-ਜੀਵਨੀ ਹੈ, ਜਿਸ ਦਾ ਮਰਾਠੀ ਤੋਂ ਪੰਜਾਬੀ ਵਿਚ ਅਨੁਵਾਦ ਕੁਲਵਿੰਦਰ ਸਿੰਘ ਮਲੋਟ ਦੁਆਰਾ ਕੀਤਾ ਗਿਆ ਹੈ। ਲਕਸ਼ਮੀ ਦਾ ਜਨਮ ਦਾ ਨਾਂਅ ਲਕਸ਼ਮੀ ਨਰਾਇਣ ਉਰਫ਼ ਰਾਜੂ ਸੀ। ਭਾਵੇਂ ਕਿ ਪਰਿਵਾਰਕ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਹ ਬੜੇ ਸਾਬਤ ਕਦਮੀਂ ਆਪਣੇ ਕਿਸੇ ਮਿਸ਼ਨ ਦੀ ਪ੍ਰਾਪਤੀ ਲਈ ਆਪਣੇ ਫ਼ੈਸਲੇ 'ਤੇ ਅਡਿੱਗ ਰਹੀ। ਇਸ ਸਵੈ-ਜੀਵਨੀ ਵਿਚ ਲਕਸ਼ਮੀ ਨੇ ਇਸ ਗੱਲ ਨੂੰ ਬੜੀ ਦ੍ਰਿੜ੍ਹਤਾ ਨਾਲ ਸਵੀਕਾਰਿਆ ਹੈ ਕਿ ਸਾਡੇ ਸੱਭਿਅਕ ਸਮਾਜ ਲਈ 'ਹੀਜੜਾ' ਸ਼ਬਦ ਬੜੀ ਹੀਣ ਭਾਵਨਾ ਵਾਲਾ ਮੰਨਿਆ ਜਾਂਦਾ ਹੈ ਪਰ ਸਵੈ-ਮਾਣ ਵਾਲੀ ਜ਼ਿੰਦਗੀ ਜਿਊਂਦਿਆਂ ਮਨੁੱਖ ਆਪਣੇ ਬਲਬੂਤੇ ਜ਼ਿੰਦਗੀ ਦੀਆਂ ਉਚੇਰੀਆਂ ਮੰਜ਼ਿਲਾਂ ਵੀ ਸਰ ਕਰ ਸਕਦਾ ਹੈ। ਲਕਸ਼ਮੀ ਦੁਆਰਾ ਹੀਜੜਿਆਂ ਦੀ ਜ਼ਿੰਦਗੀ ਦੇ ਉਹ ਸੱਚ ਇਸ ਸਵੈ-ਜੀਵਨੀ ਦੁਆਰਾ ਸਾਹਮਣੇ ਲਿਆਂਦੇ ਗਏ ਹਨ ਜਿਹੜੇ ਕਿ ਸਾਡੇ ਲਈ ਕੇਵਲ ਮਿੱਥਾਂ ਹੀ ਸਨ। ਲਕਸ਼ਮੀ ਨੇ ਆਪਣੀ ਜ਼ਿੰਦਗੀ ਵਿਚ ਜਿਥੇ ਖ਼ੁਦ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੋਹਿਆ, ਉਥੇ ਵਿਦੇਸ਼ਾਂ ਵਿਚ ਜਾ ਕੇ ਵੀ ਆਪਣੀ ਸ਼ਖ਼ਸੀਅਤ ਦੀ ਛਾਪ ਛੱਡੀ। ਉਸ ਦੀਆਂ ਵਿਦੇਸ਼ੀ ਯਾਤਰਾਵਾਂ ਵਿਚ ਅਮਰੀਕਾ, ਹਾਲੈਂਡ, ਕੈਨੇਡਾ, ਸਪੇਨ ਅਤੇ ਹੋਰ ਬਹੁਤ ਸਾਰੇ ਮੁਲਕ ਆਉਂਦੇ ਹਨ, ਜਿਥੇ ਉਹ ਬਾਕਾਇਦਾ ਇਕ ਬੁਲਾਰੇ ਵਜੋਂ ਮਾਣ-ਸਨਮਾਨ ਵਾਲੀ ਸ਼ਖ਼ਸੀਅਤ ਦੇ ਰੂਪ ਵਿਚ ਸ਼ਿਰਕਤ ਕਰਦੀ ਹੈ। ਉਸ ਨੇ ਇਨ੍ਹਾਂ ਦੇ ਭਲਾਈ ਕਾਰਜਾਂ ਬਾਰੇ ਵੀ ਇਸ ਸਵੈ-ਜੀਵਨੀ ਵਿਚ ਜ਼ਿਕਰ ਕੀਤਾ ਹੈ ਵਿਸ਼ੇਸ਼ ਕਰਕੇ ਉਹ ਉਨ੍ਹਾਂ ਨੂੰ ਉਹ ਸਾਰੇ ਹੱਕ ਹੀ ਦਿਵਾਉਣਾ ਚਾਹੁੰਦੀ ਹੈ ਜੋ ਆਮ ਸ਼ਹਿਰੀ ਮਾਣਦਾ ਹੈ। ਵੱਖ-ਵੱਖ ਫ਼ਿਲਮਾਂ ਵਿਚ ਕੰਮ ਕਰਨ ਦਾ ਜ਼ਿਕਰ ਅਤੇ ਤਸਵੀਰਾਂ ਨਾਲ ਭਰਪੂਰ ਇਹ ਸਵੈ-ਜੀਵਨੀ ਕੁਲਵਿੰਦਰ ਮਲੋਟ ਦੀ ਮਿਹਨਤ ਦਾ ਨਤੀਜਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਫੱਕਰ ਦੀਆਂ ਰਮਜ਼ਾਂ
ਲੇਖਕ : ਟਹਿਲ ਸਿੰਘ ਚਾਹਲ
ਸੰਪਾਦਕ : ਪ੍ਰੋ: ਤਰਸੇਮ ਰਾਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94170-87544.

ਇਸ ਕਾਵਿ-ਸੰਗ੍ਰਹਿ ਵਿਚ ਲਗਪਗ 76 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਲੇਖਕ ਵਿਗਿਆਨੀ ਵਾਂਗ ਲੋਕ-ਮਨ ਦੀਆਂ ਸੁਭਾਵਿਕ ਰਮਜ਼ਾਂ ਤੇ ਸਰਲ ਸਾਧਾਰਨ ਵਿਹਾਰਾਂ ਪਿੱਛੇ ਲੁਪਤ ਗੁੱਝੇ ਕਾਰਕਾਂ ਦੇ ਕਾਰਨਾਂ, ਤੱਥਾਂ ਤੇ ਪ੍ਰਮਾਣਾਂ ਦੀ ਤਹਿ ਤੱਕ ਜਾਂਦਾ ਹੈ।' ਪਹਿਲੀ ਖੂਬੀ ਤਾਂ ਇਸ ਸੰਗ੍ਰਹਿ ਦੀ ਇਹ ਹੈ ਕਿ ਸਾਰੀਆਂ ਕਵਿਤਾਵਾਂ ਛੰਦ-ਬੱਧ ਹਨ ਅਤੇ ਲੋਕ ਸੱਚਾਈਆਂ ਨਾਲ ਸੰਜੋਈਆਂ ਪਈਆਂ ਹਨ। ਰੁੱਖ ਅਤੇ ਮਨੁੱਖ ਦੀ ਸਾਂਝ ਅਜ਼ਲੀ ਹੈ। ਪਰ ਅਜੋਕਾ ਮਨੁੱਖ ਰੁੱਖਾਂ ਦੀਆਂ ਨਿਆਮਤਾਂ ਤੋਂ ਬੇਨਿਆਜ਼ ਹੋ ਕੇ ਲਗਾਤਾਰ ਆਪਣੀ ਦੂਰੀ ਰੁੱਖਾਂ ਨਾਲ ਬਣਾਈ ਜਾ ਰਿਹਾ ਹੈ :
ਪੁਰਖਿਆਂ ਤਾਂ ਰੁੱਖ ਪਾਲੇ ਸੀ, ਵਾਂਗ ਪੁੱਤਾਂ ਦੇ...।
ਲੇਖਕ ਨੇ ਆਪਣੇ ਕਾਵਿਕ ਮੁਹਾਵਰੇ ਰਾਹੀਂ ਅਮਾਨਵੀ ਵਰਤਾਰਿਆਂ ਵਿਰੁੱਧ ਡੱਟਣ ਦਾ ਹੋਕਾ ਦਿੱਤਾ ਹੈ। ਉਹ ਵਰਤਾਰਾ ਬੇਸ਼ੱਕ ਵਰਨ-ਵਿਵਸਥਾ ਤਹਿਤ ਊਚ-ਨੀਚ ਦਾ ਹੋਵੇ, ਭਾਵੇਂ ਉਹ ਵਰਤਾਰਾ ਜਾਤ ਆਧਾਰਿਤ ਹੋਵੇ, ਬੇਸ਼ੱਕ ਉਹ ਵਰਤਾਰਾ 'ਗਲੋਬਲੀ', ਨਾਅਰੇ ਅਧੀਨ ਵਿਦੇਸ਼ੀ ਧਰਤੀ 'ਤੇ ਨਸਲਵਾਦ ਦੀ ਧਾਰਨਾ 'ਤੇ ਆਧਾਰਿਤ ਹੋਵੇ। ਉਹ ਜਿਥੇ ਮਨੁੱਖ ਦੀ ਰੁੱਖ ਨਾਲ ਸਾਂਝ ਦਾ ਪ੍ਰਗਟਾਵਾ ਕਰੇ ਭਾਵੇਂ ਉਹ ਮਨੁੱਖ ਦੀ ਮਨੁੱਖ ਨਾਲ ਸਾਂਝ ਦੀ ਬਾਤ ਪਾਵੇ, ਉਹ ਮਾਨਵੀ ਸੰਵੇਦਨਾ ਤਹਿਤ ਭਾਵੁਕਤਾ, ਸੂਖ਼ਮਤਾ, ਸਰਲਤਾ ਅਤੇ ਸਹਿਜਤਾ ਨਾਲ ਆਪਣੀ ਗੱਲ ਕਹਿਣ ਦੀ ਸਮਰੱਥਾ ਰੱਖਦਾ ਹੈ। ਅਖੌਤੀ ਬੌਧਿਕਤਾ ਦਾ ਉਹ ਹਾਮੀ ਨਹੀਂ ਹੈ, ਸਗੋਂ ਉਹ ਅਜੋਕੇ ਦੌਰ 'ਚ ਅਖੌਤੀ ਆਧੁਨਿਕਤਾ ਤਹਿਤ ਰਚੀ ਜਾ ਰਹੀ ਸਾਜਿਸ਼ ਦੇ ਖ਼ਿਲਾਫ਼ ਹੈ, ਸਗੋਂ ਉਹ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਦਾ ਸਮਰਥਕ ਬਣ ਇਨ੍ਹਾਂ ਨੂੰ ਸੰਭਾਲਣ 'ਤੇ ਬਲ ਦਿੰਦਾ ਹੈ। ਇਹ ਰਮਜ਼ਾਂ ਫੱਕਰਾਂ ਦੀਆਂ ਰਮਜ਼ਾਂ ਵਰਗੀਆਂ ਹਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX