ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਵੈਸਾਖ ਸੰਮਤ 551
ਵਿਚਾਰ ਪ੍ਰਵਾਹ: ਕੁਦਰਤ ਨਾਲ ਸਬੰਧ ਜੋੜਨ ਤੋਂ ਬਿਨਾਂ ਕੋਈ ਸਿੱਖਿਆ ਪੂਰੀ ਨਹੀਂ ਹੁੰਦੀ। -ਰਬਿੰਦਰ ਨਾਥ ਟੈਗੋਰ

ਤੁਹਾਡੇ ਖ਼ਤ

15-04-2019

 ਅਣਮੋਲ ਦਾਤ ਪਾਣੀ
ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬੇਸ਼ੱਕ ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਹੈ, ਪਰ ਇਸ ਦੇ ਬਹੁਤ ਜ਼ਿਆਦਾ ਹਿੱਸੇ ਦਾ ਪਾਣੀ ਵਰਤੋਂ ਯੋਗ ਨਹੀਂ ਹੈ। ਜੇਕਰ ਅਸੀਂ ਨਿਗ੍ਹਾ ਮਾਰੀਏ ਤਾਂ ਪਤਾ ਲਗਦਾ ਹੈ ਕਿ ਮਨੁੱਖ ਪਾਣੀ ਦੀ ਮਹੱਤਤਾ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ ਕਿਉਂਕਿ ਜਿਸ ਪ੍ਰਕਾਰ ਪਾਣੀ ਦੀ ਬੇਲੋੜੀ ਅਤੇ ਨਾਜਾਇਜ਼ ਤਰੀਕੇ ਨਾਲ ਵਰਤੋਂ ਹੋ ਰਹੀ ਹੈ, ਉਹ ਦਿਨ ਦੂਰ ਨਹੀਂ ਜਦ ਅਸੀਂ ਪਾਣੀ ਦੀ ਬਹੁਤ ਭਾਰੀ ਕਿੱਲਤ ਦਾ ਸਾਹਮਣਾ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਵੇਗਾ। ਮਨੁੱਖ ਵਲੋਂ ਆਪਣੀਆਂ ਸਵਾਰਥੀ ਲੋੜਾਂ ਦੀ ਪੂਰਤੀ ਕਰਨ ਲਈ ਘਰਾਂ, ਖੇਤਾਂ ਅਤੇ ਫੈਕਟਰੀਆਂ ਵਿਚ ਇਸ ਦੀ ਵਰਤੋਂ ਅੰਨ੍ਹੇਵਾਹ ਕੀਤੀ ਜਾ ਰਹੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਨੀਵਾਂ ਜਾ ਰਿਹਾ ਹੈ। ਹਰੇਕ ਮਨੁੱਖ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਉਹ ਪਾਣੀ ਨੂੰ ਬਚਾਉਣ ਲਈ ਅਤੇ ਇਸ ਨੂੰ ਸ਼ੁੱਧ ਰੱਖਣ ਲਈ ਤਤਪਰ ਯਤਨ ਕਰੇ ਅਤੇ ਨਾਲ ਹੀ ਹੋਰਾਂ ਨੂੰ ਵੀ ਪ੍ਰੇਰਿਤ ਕਰੇ ਤਾਂ ਕਿ ਕੁਦਰਤ ਦੀ ਇਸ ਵਡਮੁੱਲੀ ਦਾਤ ਨੂੰ ਬਚਾਇਆ ਜਾ ਸਕੇ।


-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੈਕਰਨ, ਜ਼ਿਲ੍ਹਾ ਮੁਕਤਸਰ ਸਾਹਿਬ।


ਸਕੂਲੀ ਵਰਦੀਆਂ
ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਦੀਆਂ ਵਰਦੀਆਂ ਦਾ ਆਲਮ ਇਹ ਹੈ ਕਿ ਇਹ ਅਕਸਰ ਸਮੇਂ ਸਿਰ ਨਹੀਂ ਮਿਲਦੀਆਂ, ਜੇਕਰ ਮਿਲਦੀਆਂ ਹਨ ਤਾਂ ਉਸ ਦਾ ਪਹਿਨਣ ਦਾ ਸਮਾਂ ਲੰਘ ਚੁੱਕਾ ਹੁੰਦਾ ਹੈ। ਪਿਛਲੇ ਦਿਨੀਂ ਦਿੱਤੀਆਂ ਗਈਆਂ ਵਰਦੀਆਂ ਜ਼ਿਆਦਾਤਰ ਬੱਚਿਆਂ ਦੇ ਨਾਪ ਦੀਆਂ ਨਹੀਂ ਸਨ ਅਤੇ ਵਰਦੀਆਂ ਲਈ ਵਰਤਿਆ ਗਿਆ ਕੱਪੜਾ ਵੀ ਘਟੀਆ ਹੋਣ ਦੇ ਸਵਾਲ ਉਠੇ ਹਨ। ਕਈਆਂ ਥਾਵਾਂ 'ਤੇ ਇਹ ਵਰਦੀਆਂ ਬੱਚਿਆਂ ਨੇ ਆਪਣੇ-ਆਪਣੇ ਸਕੂਲਾਂ ਨੂੰ ਵਾਪਸ ਵੀ ਕਰ ਦਿੱਤੀਆਂ ਗਈਆਂ ਦੱਸੀਆਂ ਗਈਆਂ ਹਨ। ਸਮੇਂ-ਸਮੇਂ ਸਿਰ ਅਖ਼ਬਾਰਾਂ ਵਿਚ ਵੀ ਇਸ ਦੀ ਨੁਕਤਾਚੀਨੀ ਕੀਤੀ ਜਾਂਦੀ ਰਹੀ ਹੈ। ਅਜਿਹਾ ਕਰਨ ਨਾਲ ਜਿਥੇ ਸਰਕਾਰੀ ਪੈਸਾ, ਜਿਸ ਮੰਤਵ ਲਈ ਖਰਚ ਕੀਤਾ ਗਿਆ ਉਹ ਸਹੀ ਅਰਥਾਂ ਵਿਚ ਪੂਰਾ ਨਹੀਂ ਹੋਇਆ, ਉਥੇ ਹੀ ਇਸ ਨਾਲ ਬੱਚਿਆਂ ਅਤੇ ਮਾਪਿਆਂ ਵਿਚ ਬੇਚੈਨੀ ਵਧੀ ਹੈ। ਲੋੜ ਹੈ ਸਿੱਖਿਆ ਵਿਭਾਗ ਨੂੰ ਇਸ ਮਸਲੇ ਪ੍ਰਤੀ ਗੰਭੀਰ ਹੋਣ ਦੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਹੜਤਾਲਾਂ ਕਾਰਨ ਨੁਕਸਾਨ
ਖਾਸ ਕਰ ਕਿਸਾਨ ਜਥੇਬੰਦੀਆਂ ਅਤੇ ਹੋਰ ਯੂਨੀਅਨਾਂ ਵਲੋਂ ਧਰਨੇ, ਹੜਤਾਲਾਂ ਕਰਨ ਦਾ ਰਿਵਾਜ ਹੀ ਹੋ ਗਿਆ ਹੈ। ਕਰਦੇ ਤਾਂ ਅਸੀਂ ਆਪਣੇ ਫਾਇਦੇ ਲਈ, ਸਰਕਾਰਾਂ ਤੋਂ ਦੁਖੀ ਹੋ ਕੇ ਪਰ ਇਸ ਬਿਨਾਂ ਸਰਕਾਰਾਂ ਦੀਆਂ ਅੱਖਾਂ ਵੀ ਨਹੀਂ ਖੁੱਲ੍ਹਦੀਆਂ। ਪਰ ਜੇਕਰ ਧਰਨੇ, ਹੜਤਾਲਾਂ ਕਰਨੀਆਂ ਹੀ ਹਨ ਤਾਂ ਇਸ ਦਾ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਹੈ, ਜਿਸ ਨਾਲ ਸਰਕਾਰਾਂ ਦੇ ਕੰਨੀਂ ਜੂੰ ਵੀ ਸਰਕ ਜਾਵੇ ਅਤੇ ਇਹ ਕਰਨ ਵਾਲਿਆਂ ਦਾ ਫਾਇਦਾ ਵੀ ਹੋ ਜਾਵੇ। ਰੇਲ ਗੱਡੀਆਂ ਰੋਕਣੀਆਂ, ਸੜਕਾਂ 'ਤੇ ਜਾਮ ਲਗਾਉਣ ਨਾਲ, ਕਿੰਨਾ ਨੁਕਸਾਨ ਹੁੰਦਾ ਹੈ, ਇਕ ਤਾਂ ਪੈਸੇ ਦੀ ਬਰਬਾਦੀ ਹੋ ਜਾਂਦੀ ਹੈ, ਕਿੰਨਾ ਪੈਸਾ ਸਰਕਾਰਾਂ ਇਨ੍ਹਾਂ ਜ਼ਰੀਏ ਤੋਂ ਕਮਾ ਰਹੀ ਹੈ, ਦੂਸਰਾ ਸਮੇਂ ਦੀ ਬਰਬਾਦੀ ਹੁੰਦੀ ਹੈ। ਇਕ ਤਾਂ ਇਸ ਜਾਮ ਨਾਲ ਲੋਕ ਨੂੰ ਕਿੰਨੀ ਪ੍ਰੇਸ਼ਾਨੀ ਹੁੰਦੀ ਹੈ, ਕਿਸੇ ਨੇ ਕਿਧਰੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ, ਕੋਈ ਬਿਮਾਰ ਵਿਅਕਤੀ, ਕਿਧਰੇ ਹਸਪਤਾਲ ਜਾਣਾ ਹੁੰਦਾ ਹੈ। ਜਾਮ ਵੀ ਲੋਕ ਲਗਾਉਂਦੇ ਹਨ, ਖੱਜਲ-ਖੁਆਰ ਵੀ ਲੋਕ ਹੀ ਹੁੰਦੇ ਹਨ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।


ਚੋਣਾਂ ਪ੍ਰਤੀ ਜੋਸ਼ ਅਤੇ ਹੋਸ਼
ਰਾਜਨੀਤੀ ਦੇ ਸੰਦਰਭ ਵਿਚ ਪੰਜਾਬੀ ਨੌਜਵਾਨ ਪੀੜ੍ਹੀ ਦਾ ਜੋਸ਼ ਅਤੇ ਹੋਸ਼ ਕੋਈ ਬਹੁਤਾ ਸੰਤੋਸ਼ਜਨਕ ਨਹੀਂ ਹੈ। ਚੋਣਾਂ ਵੇਲੇ ਜ਼ਿਆਦਾਤਰ ਨੌਜਵਾਨ ਵੋਟ ਨਾਲੋਂ ਸਹਿਯੋਗ ਦੇ ਚੱਕਰ ਵਿਚ ਮਸਰੂਫ ਰਹਿੰਦੇ ਹਨ ਪਰੰਤੂ ਜਦੋਂ ਉਨ੍ਹਾਂ ਨੂੰ ਵੋਟ ਪਾਉਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਦਾ ਅਛੋੋਪਲੇ ਜਿਹੇ ਉੱਤਰ ਇਹੀ ਹੁੰਦਾ ਹੈ ਕਿ 'ਵੋਟ ਤਾਂ ਜਿੱਧਰ ਬਾਪੂ ਕਹੂ ਓਧਰ ਈ ਪਾਵਾਂਗੇ'। ਰਾਜਨੀਤੀ ਵਿਚ ਤਾਂ ਪਰਿਵਾਰਵਾਦ ਮੁੱਢੋਂ ਹੀ ਚਲਦਾ ਆ ਰਿਹਾ ਹੈ ਪਰ ਅਜੋਕਾ ਨੌਜਵਾਨ ਵੋਟਰ ਵੀ ਪਿਤਾ-ਪੁਰਖੀ ਸੋਚ ਤੋਂ ਅਭਿੱਜ ਨਹੀਂ ਜਾਪਦਾ। ਉਹ ਬਦਲਾਅ ਵੀ ਚਾਹੁੰਦਾ ਹੈ ਅਤੇ ਰੂੜੀਵਾਦੀ ਪਰੰਪਰਾਵਾਂ ਦਾ ਪੱਲਾ ਵੀ ਨਹੀਂ ਛੱਡਦਾ। ਇਕ ਪਾਸੇ ਤਾਂ ਨੌਜਵਾਨ ਪੀੜ੍ਹੀ ਪੜ੍ਹ-ਲਿਖ ਕੇ ਆਪਣੇ ਹੱਕਾਂ ਲਈ ਲੜ ਰਹੀ ਹੈ। ਇਹ ਵਰਗ ਰਾਜਨੀਤਕ ਦਾਅ-ਪੇਚਾਂ ਅਤੇ ਸਰਕਾਰੀ ਪ੍ਰਬੰਧ ਪ੍ਰਤੀ ਹੋਸ਼ ਭਰਪੂਰ ਪਹੁੰਚ ਰੱਖਦਾ ਸਰਕਾਰ ਦੀ ਹਰ ਨੀਤੀ 'ਤੇ ਕਿੰਤੂ-ਪਰੰਤੂ ਕਰਦਾ ਹੈ।
ਇਸ ਤਰ੍ਹਾਂ ਦੂਸਰਾ ਅਜਿਹਾ ਨੌਜਵਾਨ ਵਰਗ ਹੈ ਜੋ ਚੋਣਾਂ ਨੂੰ ਸ਼ੁਗਲ ਸਮਝਦਾ ਹੈ। ਇਹ ਵਰਗ ਹੀ ਰਾਜਨੀਤੀਵਾਨਾਂ ਦੇ ਨਿਸ਼ਾਨੇ 'ਤੇ ਹੈ ਜਿਸ ਨੂੰ ਉਹ ਚੋਣ ਪ੍ਰਚਾਰ ਦੇ ਹਥਿਆਰ ਵਜੋਂ ਵਰਤਦੇ ਹਨ। ਸੋ ਜੇਕਰ ਇਹ ਵਰਗ ਰਾਜਨੀਤੀ ਪ੍ਰਤੀ ਅਵੇਸਲਾ ਹੀ ਰਿਹਾ ਤਾਂ ਪੰਜਾਬ ਦੇ ਰਾਜਨੀਤਿਕ ਸਮੀਕਰਨਾਂ ਬਾਰੇ ਕਿਆਸ ਲਗਾਉਣਾ ਮੁਨਾਸਿਬ ਨਹੀਂ ਹੋਵੇਗਾ। ਲੋੜ ਹੈ ਨੌਜਵਾਨ ਆਪਣੇ ਜੋਸ਼ ਅਤੇ ਹੋਸ਼ ਦਾ ਚੋਣਾਂ ਵਿਚ ਸਦਉਪਯੋਗ ਕਰਨ।


-ਜਗਦੀਪ ਸਿੰਘ ਭੁੱਲਰ


ਹਉਮੈ ਦਾ ਭਰਿਆ ਇਨਸਾਨ
ਅੱਜ ਦਾ ਸਮਾਂ ਬੜਾ ਪਦਾਰਥਵਾਦੀ ਹੈ। ਰਿਸ਼ਤੇ-ਨਾਤੇ ਸਿਰਫ਼ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਲੋੜ ਪੈਣ ਉਤੇ ਆਪਣਾ ਮਤਲਬ ਪੂਰਾ ਕੀਤਾ ਜਾ ਸਕੇ। ਰਿਸ਼ਤੇ ਨਾਤੇ ਬਣਾਉਣ ਲਈ ਚੰਗੇ ਅਹੁਦੇ, ਪੈਸੇ, ਅਸਰ, ਰਸੂਖ, ਰਾਜਨੀਤਕ ਪਹੁੰਚ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਗਰੀਬ ਲੋਕਾਂ ਨਾਲ ਨੇੜਤਾ ਦਿਨੋ-ਦਿਨ ਖਤਮ ਹੁੰਦੀ ਜਾ ਰਹੀ ਹੈ, ਜਿਸ ਦਾ ਵੱਡਾ ਕਾਰਨ ਇਨਸਾਨ ਦੀ ਹਉਮੈ ਹੈ। ਬਹੁਗਿਣਤੀ ਇਨਸਾਨ ਅੱਜ ਆਪਣੀ ਮੈਂ ਦੇ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਕਿਸੇ ਦੀ ਕੀ ਲੋੜ ਹੈ, ਸਾਡੇ ਕੋਲ ਪੈਸੇ ਜਾਂ ਅਹੁਦੇ ਦੀ ਤਾਕਤ ਹੈ। ਅਜਿਹੇ ਲੋਕ ਇਸ ਵੇਲੇ ਇਹ ਗੱਲ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਇਸ ਹਉਮੈ ਕਾਰਨ ਰਿਸ਼ਤੇ ਨਾਤੇ ਖਤਮ ਹੁੰਦੇ ਜਾ ਰਹੇ ਹਨ ਅਤੇ ਜਦ ਤੱਕ ਇਨਸਾਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ, ਇਸ ਲਈ ਸਾਨੂੰ ਕਿਸੇ ਵੀ ਕਾਰਨ ਹੰਕਾਰ ਨਹੀਂ ਕਰਨਾ ਚਾਹੀਦਾ। ਧਨ-ਦੌਲਤ, ਅਹੁਦੇ, ਰਾਜਨੀਤਕ ਪਹੁੰਚ ਕੁਝ ਸਮੇਂ ਲਈ ਸਾਥ ਦੇ ਸਕਦਾ ਹੈ ਪਰ ਲੋੜ ਪੈਣ ਉਤੇ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ, ਇਸ ਲਈ ਹਉਮੈ ਵਿਚ ਆ ਕੇ ਕਿਸੇ ਨਾਲ ਅਜਿਹਾ ਵਿਵਹਾਰ ਨਾ ਕੀਤਾ ਜਾਵੇ ਕਿ ਮੁੜ ਕੇ ਉਸ ਇਨਸਾਨ ਨਾਲ ਰਿਸ਼ਤਾ ਹੀ ਖਤਮ ਹੋ ਜਾਵੇ।


-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

12-04-2019

 ਭਰਮਾਉਣਾ
ਆਪਾਂ ਦੇਖ ਰਹੇ ਹਾਂ ਕਿ ਲੋਕ ਸਭਾ ਚੋਣਾਂ ਮੌਕੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਦੂਜੀਆਂ ਸਿਆਸੀ ਪਾਰਟੀਆਂ ਦੇ ਨੇਤਾ ਲੋਕਾਂ ਨੂੰ ਕਿਵੇਂ ਭਰਮਾਉਣ ਲਈ ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ਕਰ ਰਹੇ ਹਨ। ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਇਹ ਕੀ ਸਾਬਤ ਕਰ ਰਹੇ ਹਨ, ਸਿਵਾਏ ਫਜ਼ੂਰ-ਖਰਚੀ ਦੇ। ਉਸ ਤਰ੍ਹਾਂ ਲੋਕਾਂ ਦੀ ਕੋਈ ਮਦਦ ਨਹੀਂ ਕਰਨੀ, ਪਰ ਇਸ ਤਰ੍ਹਾਂ ਦੇਖੋ ਕਿਵੇਂ ਖਜ਼ਾਨੇ ਵਿਚੋਂ ਪੈਸੇ ਲੁਟਾਈ ਜਾ ਰਹੇ ਹਨ। ਇਹ ਸਮਝਦੇ ਹੋਣਗੇ ਕਿ ਲੋਕ ਨਾਸਮਝ ਹਨ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਲੋਕ ਅਨਪੜ੍ਹ ਨਹੀਂ ਰਹੇ। ਹੁਣ ਇਨਸਾਨ ਜਾਗ ਚੁੱਕਾ ਹੈ, ਰੇਡੀਓ ਸੁਣਦਾ ਹੈ, ਟੀ.ਵੀ. ਦੇਖਦਾ ਹੈ, ਅਖ਼ਬਾਰਾਂ ਪੜ੍ਹਦਾ ਹੈ, ਪਰ ਇਸ ਦੇ ਇਲਾਵਾ ਜਿਹੜਾ ਵੀ ਤਬਕਾ ਅਨਪੜ੍ਹ ਹੈ ਉਹ ਸਾਡੇ ਨਾਲੋਂ ਵੀ ਜ਼ਿਆਦਾ ਚੋਣਾਂ ਬਾਰੇ ਰੁਚੀ ਰੱਖਦਾ ਹੈ। ਕੇਂਦਰ ਸਰਕਾਰ 5 ਸਾਲ ਕਿੱਥੇ ਰਹੀ, ਹੁਣ ਇਨ੍ਹਾਂ ਮਹੀਨਿਆਂ ਵਿਚ ਏਨਾ ਕੁ ਉਦਘਾਟਨ ਕਰ ਦਿੱਤਾ ਹੈ। ਜਿੰਨਾ ਝੂਠ ਬੋਲੀਏ ਕਿ ਇਹ ਸਾਰੇ ਕੰਮ ਹੋ ਜਾਣਗੇ, ਬਸ ਨੀਂਹ-ਪੱਥਰ ਲੱਗੇ-ਲਗਾਏ ਰਹਿ ਜਾਣਗੇ। ਇਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਹੁਣ 2 ਸਾਲ ਬਾਅਦ ਇਲਾਕੇ ਵਿਚ ਫਿਰਨ ਲੱਗੇ ਹਨ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਕੰਮ ਕਰਕੇ ਦਿਖਾਏ, ਨਿਰਾ ਫੋਕੇ ਭਾਸ਼ਣਾਂ ਦਾ ਕੋਈ ਫਾਇਦਾ ਨਹੀਂ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

ਵਿਰਸੇ ਨੂੰ ਸੰਭਾਲਣ ਦੀ ਲੋੜ
ਸਾਡੀ ਸਾਦਗੀ, ਸਾਡਾ ਵਿਰਸਾ ਅਲੋਪ ਹੋ ਰਿਹਾ ਹੈ। ਅੱਜ ਦਾ ਸਮਾਂ ਬਹੁਤ ਬਦਲ ਗਿਆ ਹੈ। ਪਹਿਲਾਂ ਲੋਕ ਇਕੱਠੇ ਬੈਠਦੇ, ਦੁੱਖ-ਸੁੱਖ ਸਾਂਝਾ ਕਰਦੇ ਸਨ। ਸਾਂਝੇ ਪਰਿਵਾਰ ਹੁੰਦੇ ਸਨ। ਔਰਤਾਂ ਮਿਲ ਕੇ ਘਰ ਦਾ ਕੰਮ ਕਰਦੀਆਂ, ਬੱਚੇ ਗਲੀਆਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ। ਪਿੰਡ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ, ਕਿਕਲੀ ਪਾਉਂਦੀਆਂ ਤੇ ਗਿੱਧਾ ਪਾਉਂਦੀਆਂ ਸਨ। ਲੋਕ ਚਿੱਠੀ, ਪੱਤਰ ਰਾਹੀਂ ਇਕ-ਦੂਜੇ ਨਾਲ ਗੱਲ ਕਰਦੇ ਸਨ। ਸਾਰੇ ਲੋਕ ਹੱਥੀਂ ਕੰਮ ਕਰਨ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਸਨ। ਅੱਜਕਲ੍ਹ ਇਹ ਸਭ ਕੁਝ ਵੇਖਣ ਨੂੰ ਨਹੀਂ ਮਿਲ ਰਿਹਾ। ਅੱਜ ਮਨੁੱਖ ਨੇ ਏਨੀ ਤਰੱਕੀ ਕਰ ਲਈ ਹੈ ਕਿ ਹਰ ਕੰਮ ਮਸ਼ੀਨਾਂ 'ਤੇ ਹੋ ਜਾਂਦਾ ਹੈ। ਲੋਕ ਪੜ੍ਹ-ਲਿਖ ਕੇ ਵਿਦੇਸ਼ ਜਾ ਰਹੇ ਹਨ। ਚਿੱਠੀ ਪੱਤਰ ਦੀ ਥਾਂ ਮੋਬਾਈਲ ਫੋਨ ਆ ਗਏ ਹਨ। ਮੋਬਈਲ 'ਤੇ ਵੀਡੀਓ ਕਾਲ ਰਾਹੀਂ ਅਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ। ਬੇਰੁਜ਼ਗਾਰੀ ਵਧ ਰਹੀ ਹੈ। ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਨੂੰ ਚੱਲ ਪਈ ਹੈ। ਪੈਸੇ ਪਿੱਛੇ ਲੋਕ ਆਪਸ ਵਿਚ ਲੜ ਰਹੇ ਹਨ। ਘਰ ਟੁੱਟ ਰਹੇ ਹਨ, ਲੋਕਾਂ ਦਾ ਆਪਸੀ ਪਿਆਰ, ਮਿਲਵਰਤਣ, ਭਾਈਚਾਰਾ ਘਟ ਰਿਹਾ ਹੈ। ਪੰਜਾਬ ਦਾ ਸੱਭਿਆਚਾਰ ਪੈਸੇ ਦੀ ਦੌੜ ਵਿਚ ਗੁੰਮ ਰਿਹਾ ਹੈ। ਸਾਡੇ ਸਾਦਗੀ ਭਰੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ।

-ਨੰਦਿਨੀ
ਸ.ਸ.ਸ.ਸ. (ਲ) ਫਿਰੋਜ਼ਪੁਰ।

ਪ੍ਰਦੂਸ਼ਣ ਚੈੱਕ ਸੈਂਟਰਾਂ ਦਾ ਹਾਲ
ਆਵਾਜਾਈ ਦੇ ਸਾਧਨਾਂ ਵਿਚ ਦਿਨ-ਪ੍ਰਤੀਦਿਨ ਵਾਧਾ ਹੋ ਰਿਹਾ ਹੈ ਅਤੇ ਇਹ ਪ੍ਰਕਿਰਿਆ ਦਿਨੋ-ਦਿਨ ਵਧ ਰਹੀ ਹੈ। ਅੱਜ ਘਰ ਵਿਚ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਸਕੂਟਰ, ਮੋਟਰਸਾਈਕਲ, ਕਾਰ ਅਤੇ ਹੋਰ ਆਵਾਜਾਈ ਦੇ ਸਾਧਨ ਮੌਜੂਦ ਹਨ। ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਪੁਲਿਸ ਵਲੋਂ ਪ੍ਰਦੂਸ਼ਣ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਹ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਵਾਹਨ ਵਲੋਂ ਤੈਅ ਮਾਤਰਾ ਤੋਂ ਵੱਧ ਧੂੰਆਂ ਨਹੀਂ ਛੱਡਿਆ ਜਾ ਰਿਹਾ ਅਤੇ ਇਹ ਵਾਹਨ ਕਿਸੇ ਵੀ ਤਰ੍ਹਾਂ ਹਵਾ ਪ੍ਰਦੂਸ਼ਣ ਨਹੀਂ ਫੈਲਾ ਰਿਹਾ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਵੇਲੇ ਸਰਕਾਰ ਵਲੋਂ ਜਾਰੀ ਨਿਯਮਾਂ ਨੂੰ ਅਣਦੇਖਿਆ ਕਰਕੇ ਇਹ ਸਰਟੀਫਿਕੇਟ ਚੰਦ ਕੁ ਰੁਪਏ ਲੈ ਕੇ ਜਾਰੀ ਕੀਤੇ ਜਾ ਰਹੇ ਹਨ। ਸੜਕਾਂ 'ਤੇ ਰੋਜ਼ਾਨਾ ਹਜ਼ਾਰਾਂ ਹੀ ਵਾਹਨ ਹਵਾ ਵਿਚ ਪ੍ਰਦੂਸ਼ਣ ਫੈਲਾ ਰਹੇ ਹਨ ਪਰ ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ। ਅਜਿਹਾ ਕਰਕੇ ਉਹ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਮਨੁੱਖਤਾ ਲਈ ਮੁਫ਼ਤ ਵਿਚ ਮੁਸੀਬਤ ਮੁੱਲ ਲੈ ਰਹੇ ਹਨ। ਅਜਿਹੀ ਹਵਾ ਵਿਚ ਸਾਹ ਲੈਣ ਨਾਲ ਇਨਸਾਨ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਅਜਿਹੇ ਸੈਂਟਰਾਂ ਖਿਲਾਫ਼ ਸਖ਼ਤ ਕਾਨੂੰਨ ਅਮਲ ਵਿਚ ਲਿਆਉਣਾ ਚਾਹੀਦਾ ਹੈ। ਪ੍ਰਦੂਸ਼ਣ ਚੈੱਕ ਸੈਂਟਰਾਂ ਨੂੰ ਅਤੇ ਆਮ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਜਿਹੇ ਸਰਟੀਫਿਕੇਟ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਹਰ ਦੇਸ਼ ਵਾਸੀ ਸਾਫ਼ ਹਵਾ ਵਿਚ ਸਾਹ ਲੈ ਸਕੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਸੱਤਾ ਤੇ ਸਾਧ
ਸੱਤਾ ਤੇ ਸਾਧ ਦਾ ਨਪਾਕ ਗੱਠਜੋੜ ਹੈ। ਇਹ ਗੱਲ ਮੈਂ ਬਹੁਤ ਸਮਾਂ ਪਹਿਲਾਂ ਪੜ੍ਹੀ-ਸੁਣੀ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਦੇਖਣ ਨੂੰ ਮਿਲ ਰਹੀ ਹੈ। ਬੱਸ ਸਾਰੀ ਗੱਲ ਇਥੇ ਮੁੱਕਦੀ ਹੈ ਕਿ ਕੁਝ ਕੱਟੜਪੰਥੀ ਲੋਕ ਡੇਰੇ ਵਿਰੁੱਧ ਸਖ਼ਤ ਹਨ। ਉਨ੍ਹਾਂ ਦੀ ਵੋਟ ਲਈ ਹੀ ਡੇਰੇ ਨਾ ਜਾਣ ਦੀ ਗੱਲ ਹੋ ਰਹੀ ਹੈ। ਲਗਦਾ ਅਸਲ ਗੱਲ ਇਹ ਹੈ ਕਿ ਐਤਕੀਂ ਕੋਈ ਵੀ ਨੇਤਾ ਸਿੱਧੇ ਤੌਰ 'ਤੇ ਡੇਰੇ ਨਹੀਂ ਜਾਣਗੇ ਪਰ ਇਹ ਸਭ ਕੁਝ ਚੱਲਣਾ ਹੀ ਹੈ। ਕਿਉਂਕਿ ਸਾਡੇ ਲੋਕ ਹਾਲੇ ਵੀ 21ਵੀਂ ਸਦੀ ਵਿਚ ਵੀ ਆਪਣੀ ਵੋਟ ਦਾ ਇਸਤੇਮਾਲ ਆਪਣੀ ਮੱਤ ਨਾਲ ਘੱਟ ਤੇ ਸਾਧ ਦੇ ਹੁਕਮ ਨਾਲ ਜ਼ਿਆਦਾ ਕਰਦੇ ਹਨ। ਮੇਰੀ ਸਮਝ ਹੈ ਕਿ ਜਦੋਂ ਲੋਕ ਆਪਣੀ ਵੋਟ ਆਪਣੀ ਮੱਤ ਅਨੁਸਾਰ ਪਾਉਣ ਲੱਗ ਪਏ, ਉਸ ਦਿਨ ਤੋਂ ਹੀ ਡੇਰਿਆਂ 'ਤੇ ਤਾਲੇ ਵੱਜਣੇ ਸ਼ੁਰੂ ਹੋ ਜਾਣਗੇ। ਸੋ, ਅੱਜ ਸਮੇਂ ਦੀ ਮੰਗ ਹੈ ਕਿ ਅਸੀਂ 21ਵੀਂ ਸਦੀ ਦੇ ਹਾਣੀ ਬਣੀਏ, ਡੇਰੇ ਵਾਲੇ ਸਾਧਾਂ ਸੰਤਾਂ ਨੂੰ ਛੱਡ ਆਪਣੀ ਬੁੱਧੀ ਦੀ ਵਰਤੋਂ ਕਰਕੇ ਆਪਣਾ ਭਲਾ-ਬੁਰਾ ਆਪ ਸੋਚੀਏ ਤਾਂ ਕਿ ਸਾਨੂੰ ਕੋਈ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਨਾ ਕਰ ਜਾਵੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

11-04-2019

 ਪਿਆਰ ਵੰਡੋ ਖੁਸ਼ੀਆਂ ਪਾਓ
ਅੱਜ ਦੇ ਜ਼ਮਾਨੇ ਵਿਚ ਹਰ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਹਰ ਪਾਸਿਓਂ ਖੁਸ਼ੀ, ਪ੍ਰਸੰਨਤਾ ਅਤੇ ਪ੍ਰਸੰਸਾ ਮਿਲੇ। ਪਰ ਉਹ ਇਹ ਨਹੀਂ ਜਾਣਦਾ ਕਿ ਇਹ ਸਭ ਚੀਜ਼ਾਂ ਹਾਸਲ ਕਰਨ ਲਈ ਕਿੰਨਾ ਕੁਝ ਕਰਨਾ ਪੈਂਦਾ ਹੈ। ਦੋਸਤੋ ਇਹ ਸਭ ਕੁਝ ਹਾਸਲ ਕਰਨਾ ਕੋਈ ਔਖੀ ਗੱਲ ਵੀ ਨਹੀਂ ਹੈ। ਬਸ ਬੰਦੇ ਵਿਚ ਸਚਾਈ, ਨਿਮਰਤਾ, ਦਇਆ, ਸਹਿਣਸ਼ੀਲਤਾ, ਆਤਮਵਿਸ਼ਵਾਸ ਮਿਹਨਤ ਅਤੇ ਲਗਨ ਦਾ ਹੋਣਾ ਲਾਜ਼ਮੀ ਹੈ। ਜੇਕਰ ਇਰਾਦੇ ਨੇਕ ਤੇ ਨਿਸ਼ਚਾ ਪੱਕਾ ਹੋਵੇ ਤਾਂ ਇਥੇ ਨਾਮੁਮਕਿਨ ਕੁਝ ਵੀ ਨਹੀਂ ਹੁੰਦਾ। ਬੱਸ ਛੋਟਿਆਂ ਨਾਲ ਪਿਆਰ ਅਤੇ ਵੱਡਿਆਂ ਦਾ ਸਤਿਕਾਰ ਅਤੇ ਲੋੜਵੰਦਾਂ ਦੀ ਸਹਾਇਤਾ ਕਰੋ। ਫਿਰ ਦੇਖੋ ਕਿਵੇਂ ਸਭ ਉਪਰੋਕਤ ਲਿਖੀਆਂ ਚੀਜ਼ਾਂ ਤੁਹਾਡੇ ਕੋਲ ਵੀ ਹੋਣਗੀਆਂ। ਸੋ ਦੋਸਤੋ ਪਿਆਰ ਵੰਡਦੇ ਜਾਓ ਅਤੇ ਖੁਸ਼ੀਆਂ ਪਾਉਂਦੇ ਜਾਓ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ
ਉਦੋਂ ਪੈਰਾਂ ਥੱਲਿਉਂ ਜ਼ਮੀਨ ਖਿਸਕ ਜਾਂਦੀ ਹੈ ਜਦੋਂ ਕੋਈ ਵੀ ਪੰਜਾਬ ਦਾ ਦੁਖਾਂਤ ਅੱਖਾਂ ਦੇ ਸਾਹਮਣੇ ਆਉਂਦਾ ਹੈ, ਉਹ ਭਾਵੇਂ '84, ਜਲ੍ਹਿਆਂਵਾਲਾ ਬਾਗ ਹੋਵੇ, ਚਾਹੇ ਕੋਈ ਵੀ ਘੱਲੂਘਾਰਾ ਹੋਵੇ। ਪਿਛਲੇ ਸਾਲ ਮੈਨੂੰ ਆਪਣੇ ਬੱਚਿਆਂ ਨਾਲ ਜਲ੍ਹਿਆਂਵਾਲੇ ਬਾਗ ਵਿਚ ਜਾਣ ਦਾ ਮੌਕਾ ਮਿਲਿਆ ਜਦ ਮੈਂ ਤੇ ਮੇਰਾ ਪਰਿਵਾਰ ਉਸ ਜਗ੍ਹਾ 'ਤੇ ਘੁੰਮ ਰਹੇ ਸੀ ਤਾਂ ਬੜੇ ਗਹੁ ਨਾਲ ਮੈਂ ਉਨ੍ਹਾਂ ਗੋਲੀਆਂ ਦੇ ਨਿਸ਼ਾਨ ਨੂੰ ਦੇਖ ਰਿਹਾ ਸੀ ਤਾਂ ਬੱਚੇ ਮੈਨੂੰ ਪੁੱਛਣ ਲੱਗੇ ਕਿ ਪਾਪਾ ਜੀ ਇਹ ਗੋਲੀਆਂ ਦੇ ਨਿਸ਼ਾਨ ਕਿਸ ਤਰ੍ਹਾਂ ਏਨੇ ਪਏ ਹਨ ਤਾਂ ਮੈਂ ਉੱਪਰ ਲਿਖਿਆ ਸਾਰਾ ਇਤਿਹਾਸ ਸੁਣਾਇਆ ਤਾਂ ਮੇਰੀ ਵੱਡੀ ਬੇਟੀ ਕਹਿਣ ਲੱਗੀ ਪਾਪਾ ਜੀ ਜਿਨ੍ਹਾਂ ਗੋਲੀਆਂ ਨੇ ਪੱਥਰਾਂ ਦੇ ਵਿਚ ਛੇਕ ਕਰ ਦਿੱਤੇ ਤਾਂ ਫਿਰ ਉਨ੍ਹਾਂ ਸਾਡੇ ਵਰਗੇ ਬੱਚਿਆਂ, ਉਸ ਸਮੇਂ ਮੌਜੂਦ ਆਮ ਬਜ਼ੁਰਗ ਲੋਕਾਂ ਨੇ ਕਿਵੇਂ ਏਨਾ ਦਰਦ ਸਹਿਣ ਕੀਤਾ ਹੋਵੇਗਾ। ਮੈਂ ਹੌਸਲਾ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਸ਼ਹੀਦ ਦੇਸ਼ ਕੌਮ ਦੀ ਸ਼ਾਨ ਹੁੰਦੇ ਹਨ ਤੇ ਰੱਬ ਦੇ ਭਾਣੇ ਅੰਦਰ ਰਹਿ ਕੇ ਇਹ ਸਭ ਕਸ਼ਟ ਸਹਿਣ ਕਰਨ ਦੀ ਸਮਰੱਥਾ ਰੱਖਦੇ ਹਨ। ਮੇਰੇ ਵਲੋਂ ਨਿੱਘੀ ਸ਼ਰਧਾਂਜਲੀ ਜਲ੍ਹਿਆਂਵਾਲੇ ਬਾਗ ਦੇ ਮਹਾਨ ਸ਼ਹੀਦਾਂ ਨੂੰ, ਕੋਟਿ ਕੋਟਿ ਪ੍ਰਣਾਮ।


-ਸੁਖਚੈਨ ਸਿੰਘ
ਠੱਠੀ ਭਾਈ (ਯੂ.ਏ.ਈ.)।


ਖਰਚੀਲੀਆਂ ਚੋਣਾਂ
ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਹਨ। ਛੋਟੇ ਪੱਧਰ ਦੀਆਂ ਚੋਣਾਂ ਤੋਂ ਲੈ ਕੇ ਸੰਸਦੀ ਚੋਣਾਂ ਤੱਕ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾਂਦਾ ਹੈ। ਇਸ ਵਾਰ ਵੀ ਲੋਕ ਸਭਾ ਚੋਣਾਂ 'ਤੇ ਰਿਕਾਰਡ ਤੋੜ ਖਰਚ ਹੋਣ ਦੀ ਸੰਭਾਵਨਾ ਹੈ। ਉਂਜ ਤਾਂ ਚੋਣ ਕਮਿਸ਼ਨ ਦੁਆਰਾ ਪ੍ਰਤੀ ਉਮੀਦਵਾਰ 70 ਲੱਖ ਰੁਪਏ ਨਿਰਧਾਰਤ ਕੀਤੇ ਗਏ ਹਨ ਪਰ ਖਰਚ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਖਰਚ ਤੋਂ ਦੋ-ਤਿੰਨ ਗੁਣਾ ਜ਼ਿਆਦਾ ਕੀਤਾ ਜਾਂਦਾ ਹੈ। ਅੰਕੜਿਆਂ ਮੁਤਾਬਿਕ ਪਿਛਲੀਆਂ ਲੋਕ ਸਭਾ ਚੋੋਣਾਂ ਵਿਚ ਖਰਚ 35 ਹਜ਼ਾਰ ਕਰੋੜ ਤੱਕ ਪਹੁੰਚ ਗਿਆ ਸੀ ਜਦ ਕਿ ਇਸ ਵਾਰ ਇਹ ਖਰਚ 70 ਹਜ਼ਾਰ ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਚੋਣ ਕਮਿਸ਼ਨ ਦੁਆਰਾ ਨਿਰਧਾਰਤ ਖਰਚ ਸੀਮਾ ਕਾਗਜ਼ਾਂ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ। ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਜਿਥੇ 30 ਕਰੋੜ ਲੋਕ ਭੁੱਖੇ ਪੇਟ ਸੌਂਦੇ ਹਨ, ਉਥੇ ਲੋਕਾਂ ਨੂੰ ਵਿਕਾਸ ਦੇ ਝੂਠੇ ਸੁਪਨੇ ਦਿਖਾ ਕੇ ਚੋਣਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਲਈ ਹੁਣ ਸਮੇਂ ਦੀ ਲੋੜ ਹੈ ਕਿ ਚੋਣ ਕਮਿਸ਼ਨ ਨੂੰ ਚੋਣ ਸੁਧਾਰ ਦੀ ਕਲਪਨਾ ਨੂੰ ਅਮਲੀ ਰੂਪ ਦੇਣ ਦੀ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਕੁੱਤਿਆਂ ਦੀ ਭਰਮਾਰ
ਅੱਜਕਲ੍ਹ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਕੁੱਤੇ ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਪਿਛਲੇ ਦਿਨੀਂ ਕੁੱਤਿਆਂ ਦਾ ਚੰਡੀਗੜ੍ਹ 'ਚ ਵੀ ਭਾਰੀ ਗਿਣਤੀ ਵਿਚ ਹੋਣ ਦੀਆਂ ਖ਼ਬਰਾਂ ਆਈਆਂ ਹਨ। ਕੁਝ ਦਿਨਾਂ ਬਾਅਦ ਹੀ ਕੁੱਤਿਆਂ ਵਲੋਂ ਕਿਸੇ ਬੱਚੇ ਜਾਂ ਬਜ਼ੁਰਗ ਆਦਿ ਨੂੰ ਖਾ ਜਾਣ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਸਾਲ ਪਹਿਲਾਂ ਸਾਡੇ ਪਿੰਡਾਂ ਵਿਚ ਕੁੱਤਿਆਂ ਨੂੰ ਦਵਾਈ ਪਾ ਕੇ ਮਾਰ ਦਿੱਤਾ ਜਾਂਦਾ ਸੀ। ਪਰ ਹੁਣ ਇਸ ਪਾਸੇ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਪਿੱਛੇ ਜੇ ਕੁੱਤਿਆਂ ਦੀ ਨਸਬੰਦੀ ਕਰਨ ਦੀਆਂ ਵੀ ਖ਼ਬਰਾਂ ਆਈਆਂ ਸਨ, ਜੋ ਕਾਮਯਾਬ ਨਹੀਂ ਹੋਈ। ਜੇ ਇਨ੍ਹਾਂ ਕੁੱਤਿਆਂ ਨੂੰ ਮਾਰਨ ਦੀ ਥਾਂ ਇਨ੍ਹਾਂ ਦਾ ਮੀਟ ਬਣਾ ਕੇ ਡੱਬਾ ਬੰਦ ਕਰਕੇ ਨਾਗਾਲੈਂਡ ਆਦਿ ਦੇਸ਼ਾਂ ਵਿਚ ਸਪਲਾਈ ਕੀਤਾ ਜਾਵੇ, ਇਸ ਨਾਲ ਜਿਤੇ ਸਾਡੇ ਲੋਕਾਂ ਦੀ ਆਮਦਨ ਵਧੇਗੀ, ਉਥੇ ਆਰਥਿਕ ਸੰਕਟ 'ਚ ਜੂਝ ਰਹੀ ਸਰਕਾਰ ਨੂੰ ਵੀ ਕੁਝ ਹੁਲਾਰਾ ਮਿਲੇਗਾ। ਬੇਰੁਜ਼ਗਾਰੀ ਨੂੰ ਵੀ ਕੁਝ ਠੱਲ੍ਹ ਪਵੇਗੀ। ਸੋ, ਸਰਕਾਰ ਨੂੰ ਅਜਿਹੇ ਛੋਟੇ-ਛੋਟੇ ਪ੍ਰਾਜੈਕਟ ਲਾਉਣ ਵੱਲ ਧਿਆਨ ਦੇਣ ਚਾਹੀਦਾ ਹੈ, ਇਹ ਅੱਜ ਦੇ ਸਮੇਂ ਦੀ ਮੰਗ ਹੈ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਬੁਨਿਆਦੀ ਤਾਕਤਾਂ
ਜ਼ਿੰਦਗੀ ਵਿਚ ਕਈ ਮਨੁੱਖ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਰਸਮੀ ਵਿੱਦਿਆ ਬਹੁਤ ਘੱਟ ਜਾਂ ਨਿਰੇ ਅਨਪੜ੍ਹ, ਅੰਗੂਠਾ ਛਾਪ ਹੁੰਦੇ ਹਨ। ਉਨ੍ਹਾਂ ਨੇ ਕਿਸੇ ਕੰਮ-ਕਿੱਤੇ ਦੀ ਸਿਖਲਾਈ ਵੀ ਬਹੁਤੀ ਨਹੀਂ ਲਈ ਹੁੰਦੀ ਪਰ ਫਿਰ ਵੀ ਉਹ ਆਪਣਾ ਕੰਮ-ਕਿੱਤਾ ਨਿਪੁੰਨਤਾ ਨਾਲ ਕਰਦੇ ਹਨ। ਚੰਗੀ ਵਿੱਦਿਆ ਤੇ ਕਿੱਤਾ ਸਿਖਲਾਈ ਵਾਲੇ ਵਿਅਕਤੀ ਵੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਅਜਿਹਾ ਕਿਵੇਂ ਤੇ ਕਿਉਂ ਹੋ ਜਾਂਦਾ ਹੈ? ਮਨੋਵਿਗਿਆਨੀਆਂ ਅਨੁਸਾਰ ਕਿਸੇ ਵੀ ਮਨੁੱਖ ਦੇ ਅੰਦਰ ਸਰੀਰਕ, ਮਾਨਸਿਕ ਤੇ ਸਮਾਜਿਕ ਵਿਸ਼ੇਸ਼ਤਾਵਾਂ ਦਾ ਨਿਰਮਾਣ ਗਰਭ ਅਵਸਥਾ ਸਮੇਂ ਹੀ ਹੋ ਜਾਂਦਾ ਹੈ। ਇਨ੍ਹਾਂ ਨੂੰ ਖਾਨਦਾਨੀ, ਜਮਾਂਦਰੂ, ਜੱਦੀ ਵਿਸ਼ੇਸ਼ਤਾਵਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਛੁਪੇ ਗੁਣਾਂ ਦਾ ਮੂਲ ਸਰੋਤ ਇਹੀ ਖਾਨਦਾਨੀ ਜਮਾਂਦਰੂ ਜੱਦੀ ਗੁਣ ਹੁੰਦੇ ਹਨ। ਬਹੁਤ ਹੀ ਵੱਡੀ ਗਿਣਤੀ ਵਿਚ ਵਿਸ਼ੇਸ਼ਤਾਵਾਂ ਛੁਪੇ ਗੁਣਾਂ ਅੰਦਰ ਮੌਜੂਦ ਹੁੰਦੀਆਂ ਹਨ ਅਤੇ ਇਹ ਗਿਣਤੀ 75 ਫ਼ੀਸਦੀ ਤੱਕ ਹੁੰਦੀ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਾਡੇ ਅੰਦਰ ਕੁਦਰਤ ਨੇ 75 ਫ਼ੀਸਦੀ ਗੁਣਾਂ ਦੀ ਬਖ਼ਸ਼ਿਸ਼ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਅਵਸਥਾ ਵਿਚ ਕੀਤੀ ਹੁੰਦੀ ਹੈ। ਕੁਦਰਤ ਦੇ ਨਿਯਮਾਂ ਉੱਤੇ ਚਲਦੇ ਹੋਏ ਲੋੜ ਹੈ ਇਨ੍ਹਾਂ ਛੁਪੇ ਗੁਣਾਂ ਨੂੰ ਪਛਾਣਨ ਦੀ ਅਤੇ ਉਨ੍ਹਾਂ ਗੁਣਾਂ ਨੂੰ ਉਭਾਰਨ ਲਈ ਉਚਿਤ ਵਾਤਾਵਰਨ ਪੈਦਾ ਕਰਨ ਦੀ। ਛੁਪੇ ਗੁਣਾਂ ਦਾ ਖਜ਼ਾਨਾ ਹਰੇਕ ਵਿਅਕਤੀ ਅੰਦਰ ਹੁੰਦਾ ਹੈ ਪਰ ਵੱਖਰਾ-ਵੱਖਰਾ ਹੁੰਦਾ ਹੈ।


-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

10-04-2019

 ਬੇਰੁਜ਼ਗਾਰੀ ਵੱਡੀ ਚੁਣੌਤੀ
ਦੇਸ਼ ਨੇ ਆਜ਼ਾਦੀ ਦੇ 71 ਸਾਲਾਂ ਤੋਂ ਬਾਅਦ ਵਿਕਾਸ ਬਹੁਤ ਕੀਤਾ ਹੈ ਪਰ ਦੇਸ਼ ਦੀ ਵੱਡੀ ਗਿਣਤੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਤੋਂ ਵਾਂਝੀ ਹੈ। ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਨਾ ਮਿਲਣ ਕਰ ਕੇ ਰੋਟੀ-ਰੋਜ਼ੀ ਦੀ ਭਾਲ ਕਰਨ ਲਈ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹਨ। ਦੇਸ਼ ਵਿਚ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਹੋਣ ਕਾਰਨ ਅਤੇ ਇਥੇ ਭਵਿੱਖ ਨਜ਼ਰ ਨਾ ਆਉਣ ਕਰਕੇ ਜਾਇਜ਼-ਨਾਜਾਇਜ਼ ਢੰਗਾਂ ਨਾਲ ਵਿਦੇਸ਼ਾਂ ਵੱਲ ਜਾਣ ਲਈ ਹਰ ਹੀਲਾ ਵਰਤ ਰਹੇ ਹਨ। ਪਰ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਆਪਾਂ ਸਭ ਭਲੀ-ਭਾਂਤ ਜਾਣੂ ਹਾਂ। ਫੋਕੇ ਦਾਅਵਿਆਂ, ਲਾਰਿਆਂ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਪਰ ਹਕੀਕਤ ਵਿਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਲੋੜ ਹੈ। ਸਿਆਸੀ ਰੋਟੀਆਂ ਸੇਕਣ ਲਈ ਇਸ ਨੂੰ ਸਿਰਫ ਮੁੱਦਾ ਹੀ ਨਾ ਬਣਾਇਆ ਜਾਵੇ, ਜਾਗ ਕੇ ਠੋਸ ਉਪਰਾਲੇ ਕਰਨ ਦੀ ਲੋੜ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਜੇ ਜਾਣਾ ਹੋਵੇ ਵਿਦੇਸ਼
ਪਿਛਲੇ ਦਿਨੀਂ ਅਖ਼ਬਾਰ ਵਿਚ ਸਤਪਾਲ ਸਿੰਘ ਜੌਹਲ ਦਾ ਲਿਖਿਆ 'ਕੈਨੇਡਾ ਵਿਚ ਦਾਖ਼ਲੇ ਸਮੇਂ ਕਿਉਂ ਆਉਂਦੀ ਹੈ ਮੁਸ਼ਕਿਲ?' ਪੜ੍ਹਿਆ। ਲੇਖਕ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ ਜਾਣ ਵਾਸਤੇ ਵੀਜ਼ਾ ਤੋਂ ਐਂਟਰੀ ਤੱਕ ਦੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਵਿਦੇਸ਼ ਪੁੱਜਣ ਵਾਲੇ ਵਿਦਿਆਰਥੀ ਕੋਲ ਆਪਣਾ ਜੀ.ਆਈ.ਐਸ. ਅਕਾਊਂਟ, ਕਾਲਜ, ਯੂਨੀਵਰਸਿਟੀ ਦੀ ਦਾਖ਼ਲੇ ਦੀ ਚਿੱਠੀ, ਆਈਲੈਟਸ ਦਾ ਸਰਟੀਫਿਕੇਟ ਅਤੇ ਫੀਸ ਭਰੀ ਹੋਣ ਦੀ ਰਸੀਦ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਵੀ ਖਿਆਲ ਰੱਖਿਆ ਜਾਵੇ ਕਿ ਸਮੈਸਟਰ ਸ਼ੁਰੂ ਹੋਣ ਤੋਂ 10 ਦਿਨ ਹੀ ਪਹਿਲਾਂ ਆਇਆ ਜਾਵੇ, ਕਈ ਵਾਰ ਬਹੁਤਾ ਸਮਾਂ ਪਹਿਲਾਂ ਆਉਣ ਕਰਕੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।


-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਨਿੱਜੀ ਸਕੂਲਾਂ ਦੀ ਲੁੱਟ
ਸਿਹਤ, ਸਿੱਖਿਆ ਤੇ ਸੁਰੱਖਿਆ ਦੇਣਾ ਸਰਕਾਰ ਦਾ ਮੁਢਲਾ ਫ਼ਰਜ਼ ਹੈ। ਪਰ ਸਾਡੀ ਸਰਕਾਰ ਇਨ੍ਹਾਂ ਫ਼ਰਜ਼ਾਂ ਤੋਂ ਹੌਲੀ-ਹੌਲੀ ਪਾਸਾ ਵੱਟ ਰਹੀ ਹੈ। ਪਹਿਲਾਂ ਸਰਕਾਰ ਨੇ ਪਿੰਡਾਂ 'ਚ ਸਿਹਤ ਕੇਂਦਰ ਖ਼ਤਮ ਕੀਤੇ ਤੇ ਹੁਣ ਹੌਲੀ-ਹੌਲੀ ਸਕੂਲ ਵੀ ਖ਼ਤਮ ਕੀਤੇ ਜਾ ਰਹੇ ਹਨ। ਨਿੱਜੀ ਸਕੂਲਾਂ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਨਿੱਜੀ ਸਕੂਲਾਂ ਨੂੰ ਲੋਕਾਂ ਦੀ ਲੁੱਟ ਕਰਨ ਤੋਂ ਕੋਈ ਵੀ ਨਹੀਂ ਰੋਕ ਰਿਹਾ। ਅੱਜਕਲ੍ਹ ਸਕੂਲਾਂ ਵਿਚ ਦਾਖ਼ਲੇ ਚੱਲ ਰਹੇ ਹਨ। ਪਹਿਲਾਂ ਸਰਕਾਰ ਨੇ 25 ਫ਼ੀਸਦੀ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕਹੀ ਸੀ, ਜੋ ਬਹੁਤ ਸਾਰੇ ਸਕੂਲ ਇਹ ਗੱਲ ਮੰਨਣ ਤੋਂ ਇਨਕਾਰੀ ਹਨ। ਇਹ ਫੀਸ ਤਾਂ ਆਪਣੀ ਮਰਜ਼ੀ ਨਾਲ ਲੈ ਹੀ ਰਹੇ ਹਨ। ਇਸ ਦੇ ਨਾਲ-ਨਾਲ ਇਹ ਸਕੂਲ ਵਰਦੀ, ਕਿਤਾਬਾਂ, ਕਾਪੀਆਂ ਤੇ ਹੋਰ ਲੋੜੀਂਦਾ ਸਾਮਾਨ ਵੀ ਜਾਂ ਤਾਂ ਸਕੂਲ ਵਿਚ ਹੀ ਵੇਚ ਰਹੇ ਹਨ ਜਾਂ ਫਿਰ ਆਪਣੇ ਵਲੋਂ ਦੱਸੀ ਦੁਕਾਨ ਤੋਂ ਹੀ ਖਰੀਦਣ ਲਈ ਮਜਬੂਰ ਕਰ ਰਹੇ ਹਨ। ਅੱਜ ਲੋੜ ਹੈ ਸਰਕਾਰ ਨਿੱਜੀ ਸਕੂਲਾਂ ਦੀ ਇਸ ਲੁੱਟ ਨੂੰ ਨੱਥ ਪਾਉਣ ਦੀ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਦਿਖਾਵਾ ਬਣਿਆ 'ਨੋਟਾ'
ਪਾਰਟੀਆਂ ਆਪਣੇ ਉਮੀਦਵਾਰ ਖੜ੍ਹੇ ਕਰਕੇ ਵੋਟਰਾਂ ਉੱਪਰ ਥੋਪ ਦਿੰਦੀਆਂ ਹਨ। ਜੇਕਰ ਖੜ੍ਹੇ ਕੀਤੇ ਉਮੀਦਵਾਰ ਸਾਰੇ ਹੀ ਇਕੋ ਥਾਲੀ ਦੇ ਚੱਟੇ-ਵੱਟੇ ਹੋਣ ਭਾਵ ਕਥਿਤ ਤੌਰ 'ਤੇ ਗੁੰਡੇ, ਬਦਮਾਸ਼, ਘਪਲੇਬਾਜ਼, ਚੋਰ ਉਚੱਕੇ, ਤਸਕਰਾਂ ਦੇ ਸਰਗਣੇ ਹੋਣ ਤਾਂ ਸਿਆਣਾ ਵੋਟਰ ਵੋਟ ਕਿਸ ਨੂੰ ਪਾਵੇ। ਜਾਂ ਤਾਂ ਉਸ ਹਾਲਤ ਵਿਚ ਉਹ ਵੋਟ ਪਾਉਣ ਹੀ ਨਹੀਂ ਜਾਂਦਾ ਜਾਂ ਫਿਰ ਮਜਬੂਰੀਵੱਸ ਉਨ੍ਹਾਂ 'ਚੋਂ ਇਕ ਨੂੰ ਵੋਟ ਪਾਉਣੀ ਹੀ ਪੈਂਦੀ ਹੈ, ਜੋ ਵੋਟਰ ਨਾਲ ਸਰਾਸਰ ਬੇਇਨਸਾਫ਼ੀ ਤੇ ਧੱਕਾ ਹੈ।
ਹੁਣ ਚੋਣ ਕਮਿਸ਼ਨ ਨੇ ਵੋਟਰ ਮਸ਼ੀਨ ਵਿਚ ਇਕ ਬਟਨ ਨੋਟਾ ਲਗਾਇਆ। ਅਸੀਂ ਸਮਝਦੇ ਹਾਂ ਕਿ ਮੌਜੂਦਾ ਹਾਲਾਤ ਵਿਚ ਉਸ ਦਾ ਕੋਈ ਵੀ ਨਤੀਜਾ ਜਾਂ ਲਾਭ ਨਹੀਂ ਹੋਣਾ। ਵੋਟਰ ਨੂੰ ਥੋੜ੍ਹਾ ਜਿਹਾ ਧਰਵਾਸ ਜ਼ਰੂਰ ਹੋਵੇਗਾ ਕਿ ਉਸ ਨੇ ਨਾ ਪਸੰਦ ਉਮੀਦਵਾਰਾਂ ਦੇ ਹੱਕ ਵਿਚ ਬਟਨ ਨਹੀਂ ਦਬਾਇਆ। ਇਸ ਦਾ ਹੋਰ ਕੋਈ ਮਤਲਬ ਨਹੀਂ ਰਹਿ ਜਾਂਦਾ। ਕਿਉਂਕਿ ਜੇਕਰ ਬਹੁਗਿਣਤੀ ਉਸ ਬਟਨ ਨੂੰ ਦਬਾਉਣ ਵਾਲਿਆਂ ਦੀ ਹੋ ਜਾਵੇ ਤਾਂ ਚੋਣ 'ਤੇ ਕੋਈ ਅਸਰ ਨਹੀਂ ਹੋਣਾ। ਚਾਹੀਦਾ ਇਹ ਹੈ ਕਿ ਜੇ ਉਸ ਬਟਨ ਨੂੰ ਦਬਾਉਣ ਵਾਲਿਆਂ ਦੀ ਬਹੁਗਿਣਤੀ ਹੋ ਜਾਵੇ ਤਾਂ ਉਹ ਚੋਣ ਰੱਦ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 6 ਸਾਲ ਲਈ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਜਾਵੇ ਤਾਂ ਹੀ ਉਸ ਬਟਨ ਦਾ ਕੋਈ ਲਾਭ ਹੋ ਸਕਦਾ ਹੈ। ਇਸ ਹਾਲਤ ਵਿਚ ਤਾਂ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਥੋੜ੍ਹਾ ਜਿਹਾ ਧਰਵਾਸ ਦੇਣ ਦੀ ਕੋਸ਼ਿਸ਼ ਹੀ ਕੀਤੀ ਹੈ ਹੋਰ ਇਸ ਦਾ ਕੋਈ ਮਤਲਬ ਨਹੀਂ।


-ਸਰੂਪ ਸਿੰਘ
ਸਹਾਰਨ ਮਾਜਰਾ।


ਮੁਢਲੀਆਂ ਸਹੂਲਤਾਂ, ਲੋਕ ਅਤੇ ਸਿਆਸਤਦਾਨ
ਦੁਨੀਆ ਦੇ ਸਭ ਤੋਂ ਲੋਕਤੰਤਰਿਕ ਢਾਂਚੇ ਵਾਲੇ ਦੇਸ਼ ਭਾਰਤ ਵਿਚ ਚੋਣ ਚਰਚਾ ਜ਼ੋਰਾਂ 'ਤੇ ਹੈ। ਲਗਪਗ ਸਾਰੀਆਂ ਸਿਆਸੀ ਪਾਰਟੀਆਂ ਲੋਕ ਮੁੱਦਿਆਂ ਨੂੰ ਅੱਖੋਂ-ਪਰੋਖੇ ਕਰਕੇ ਇਲਜ਼ਾਮਬਾਜ਼ੀ ਦੀ ਨੀਤੀ 'ਤੇ ਜ਼ਿਆਦਾ ਜ਼ੋਰ ਦੇ ਰਹੀਆਂ ਹਨ। ਫ਼ਿਰਕੂਵਾਦੀ, ਧਾਰਮਿਕ, ਜਾਤੀਵਾਦ ਘ੍ਰਿਣਾਵਾਦੀ ਵਾਲੇ ਮੁੱਦਿਆਂ ਨੂੰ ਆਧਾਰ ਬਣਾ ਕੇ ਭਾਈਵਾਲਤਾ ਵਿਚ ਇਲਜ਼ਾਮਬਾਜ਼ੀ ਕਰਕੇ ਵਿਤਕਰੇ ਵਾਲੀ ਵੋਟਵਾਦੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਜੋ ਮਾੜਾ ਰੁਝਾਨ ਹੈ। ਪਾਰਟੀਆਂ ਲੋਕ ਮੁੱਦਿਆਂ ਦੀ ਬਜਾਏ ਲੁਭਾਊ ਅਤੇ ਜੁਮਲਿਆਂ ਆਧਾਰਿਤ ਤਕਰੀਰਾਂ 'ਤੇ ਜ਼ੋਰ ਦੇਣ ਨੂੰ ਮੁਢਲਾ ਫ਼ਰਜ਼ ਸਮਝ ਰਹੀਆਂ ਹਨ।
ਸਿੱਖਿਆ ਵਿਵਸਥਾ ਫੇਲ੍ਹ ਸਰਕਾਰੀ ਹਸਪਤਾਲ ਦਵਾਈਆਂ ਅਤੇ ਡਾਕਟਰਾਂ ਤੋਂ ਵਾਂਝੇ, ਨੌਜਵਾਨਾਂ 'ਚ ਰੁਜ਼ਗਾਰ ਦੀ ਨਿਰਾਸ਼ਾ, ਧਰਤੀ ਹੇਠਲਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ, ਘਾਟੇਵੰਦ ਖੇਤੀਬਾੜੀ, ਕਿਸਾਨਾਂ ਦੇ ਧਰਨੇ, ਫ਼ਸਲਾਂ ਦੇ ਅਯੋਗ ਭਾਅ, ਗੰਨੇ ਦੀ ਫ਼ਸਲ ਦਾ ਬਕਾਇਆ ਆਦਿ ਸਭ ਕੁਝ ਸਰਕਾਰਾਂ, ਸਿਆਸਤਦਾਨਾਂ ਦੀ ਸੋਚ ਪਹੁੰਚ ਤੋਂ ਕੋਹਾਂ ਦੂਰ ਹੈ ਪਰ ਟੋਲ ਪਲਾਜ਼ਾ ਨਾਲ ਆਮ ਲੋਕਾਂ ਦੀ ਜੇਬਾਂ ਕੱਟ ਕੇ ਸਿਰਫ ਬਣਾਏ ਪੁਲ ਅਤੇ ਸੜਕਾਂ ਨੂੰ ਵਿਕਾਸ ਦਾ ਨਾਂਅ ਪ੍ਰਚਾਰਿਆ ਜਾ ਰਿਹਾ ਹੈ। ਪਾਰਟੀਆਂ, ਨੇਤਾਵਾਂ ਦੇ ਚੋਣ ਮਨੋਰਥ ਪੱਤਰ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਤੋਂ ਤਸਦੀਕੀ ਹੋਣ ਤਾਂ ਜੋ ਜਨਤਕ ਤੌਰ 'ਤੇ ਵਾਅਦਾ ਖਿਲਾਫ਼ੀ ਕਾਰਨ ਨੇਤਾ, ਪਾਰਟੀ ਜਾਂ ਸਰਕਾਰ ਨੂੰ ਜਵਾਬਦੇਹ ਬਣਾਇਆ ਜਾ ਸਕੇ।


-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

09-04-2019

  ਰੁਚੀ
ਕਿਸੇ ਵੀ ਕੰਮ ਜਾਂ ਉਦੇਸ਼ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦਾ ਹੈ ਉਸ ਕੰਮ ਜਾਂ ਉਦੇਸ਼ ਪੂਰਤੀ ਵਿਚ ਰੁਚੀ ਹੋਣਾ | ਰੁਚੀ ਕੀ ਹੁੰਦੀ ਹੈ? ਮਨੋਵਿਗਿਆਨੀਆਂ ਅਨੁਸਾਰ ਰੁਚੀ ਉਹ ਪ੍ਰੇਰਕ ਸ਼ਕਤੀ ਹੁੰਦੀ ਹੈ ਜਿਹੜੀ ਸਾਨੂੰ ਕਿਸੇ ਵਿਅਕਤੀ, ਵਸਤੂ ਜਾਂ ਕਿਰਿਆ ਵੱਲ ਧਿਆਨ ਦੇਣ ਲਈ ਮਜਬੂਰ ਕਰਦੀ ਹੈ | ਸਾਡੀਆਂ ਰੁਚੀਆਂ ਸਾਡੀਆਂ ਲੋੜਾਂ, ਇੱਛਾਵਾਂ ਅਤੇ ਉਦੇਸ਼ਾਂ ਨਾਲ ਬਹੁਤ ਜ਼ਿਆਦਾ ਸਬੰਧਿਤ ਹੁੰਦੀਆਂ ਹਨ | ਰੁਚੀਆਂ ਜੱਦੀ ਵੀ ਹੁੰਦੀਆਂ ਹਨ ਅਤੇ ਪ੍ਰਾਪਤ ਕੀਤੀਆਂ ਹੋਈਆਂ ਵੀ | ਰੁਚੀਆਂ ਸਥਿਰ ਅਤੇ ਸਥਾਈ ਨਹੀਂ ਹੁੰਦੀਆਂ | ਪਰਪੱਕਤਾ, ਸਿੱਖਿਆ ਅਤੇ ਦੂਜੇ ਅੰਦਰੂਨੀ ਤੇ ਬਾਹਰੀ ਤੱਤਾਂ ਦੇ ਕਾਰਨ ਉਨ੍ਹਾਂ ਵਿਚ ਪਰਿਵਰਤਨ-ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ | ਅਸਲ ਵਿਚ ਸਾਡੇ ਜਮਾਂਦਰੂ ਖਾਨਦਾਨੀ ਜੱਦੀ ਵਿਸ਼ੇਸ਼ਤਾਵਾਂ ਹੀ ਰੁਚੀਆਂ ਲਈ ਜ਼ਿੰਮੇਵਾਰ ਹੁੰਦੀਆਂ ਹਨ | ਸਥਿਤੀਆਂ ਤੇ ਵਾਤਾਵਰਨ ਦੇ ਅਨੁਸਾਰ ਇਹ ਜਮਾਂਦਰੂ ਜੱਦੀ ਰੁਚੀਆਂ ਹੀ ਸਥਿਰ ਨਾ ਰਹਿ ਕੇ ਪ੍ਰਾਪਤ ਕੀਤੀਆਂ ਰੁਚੀਆਂ ਵਿਚ ਬਦਲ ਜਾਂਦੀਆਂ ਹਨ ਅਤੇ ਕਈ ਭਾਵਨਾਵਾਂ ਅਤੇ ਗੁੰਝਲਾਂ ਵਿਚੋਂ ਗੁਜ਼ਰ ਕੇ ਆਦਰਸ਼ਾਂ ਤੇ ਉਦੇਸ਼ਾਂ ਦੀ ਸਥਾਪਨਾ ਕਰਦੀਆਂ ਹਨ | ਕਿਸੇ ਵਸਤੂ, ਕੰਮ ਜਾਂ ਸਿੱਖਿਆ ਵਿਚ ਵਧੇਰੇ ਰੁਚੀ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਉਚਿਤ ਤੇ ਨਿਰਧਾਰਤ ਉਦੇਸ਼, ਭਾਵਨਾਵਾਂ ਅਤੇ ਆਦਰਸ਼ਾਂ ਦਾ ਉਚਿਤ ਪ੍ਰਯੋਗ ਅਤੇ ਉਚਿਤ ਵਾਤਾਵਰਨ ਹੋਵੇ | ਇਸ ਤੋਂ ਇਲਾਵਾ ਵਿਅਕਤੀ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ |

-ਕੁਲਵਿੰਦਰ ਸਿੰਘ, ਪਿੰਡ ਬਿਹਾਲਾ, ਹੁਸ਼ਿਆਰਪੁਰ |

ਅਵਾਰਾ ਕੱੁਤਿਆਂ ਦੀ ਸਮੱਸਿਆ
ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿਚ ਹਰ ਪਾਸੇ ਅਵਾਰਾ ਕੱੁਤਿਆਂ ਅਤੇ ਅਵਾਰਾ ਡੰਗਰਾਂ ਦੀ ਭਰਮਾਰ ਹੈ | ਐਸ. ਏ. ਐਸ. ਨਗਰ ਮੁਹਾਲੀ ਵਿਚ ਤਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੁੱਤਿਆਂ ਦੀ ਨਸਬੰਦੀ ਸਕੀਮ ਵੀ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਕੱੁਤਿਆਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ | ਇਸ ਤੋਂ ਇਲਾਵਾ ਹਰ ਸ਼ਹਿਰ ਵਿਚ ਅਵਾਰਾ ਡੰਗਰਾਂ ਦੇ ਵੀ ਝੁੰਡ ਹਰਲ-ਹਰਲ ਕਰਦੇ ਫਿਰਦੇ ਹਨ | ਇਸ ਦੇ ਨਾਲ ਹੀ ਪਾਲਤੂ ਮੱਝਾਂ ਵੀ ਮੱਝ ਪਾਲਕਾਂ ਵਲੋਂ ਸ਼ਹਿਰਾਂ ਵਿਚ ਖੁੱਲ੍ਹੀਆਂ ਛੱਡ ਦਿੱਤੀਆਂ ਜਾਂਦੀਆਂ ਹਨ | ਇਹ ਅਵਾਰਾ ਫਿਰਦੇ ਡੰਗਰ ਲੋਕਾਂ ਦੇ ਘਰਾਂ ਅੱਗੇ ਗੰਦਗੀ ਪਾਉਂਦੇ ਹਨ ਅਤੇ ਇਨ੍ਹਾਂ ਡੰਗਰਾਂ ਕਾਰਨ ਕਈ ਗੰਭੀਰ ਹਾਦਸੇ ਵਾਪਰ ਚੁੱਕੇ ਹਨ | ਇਹ ਅਵਾਰਾ ਡੰਗਰ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਦਾ ਵੀ ਬਹੁਤ ਨੁਕਸਾਨ ਕਰਦੇ ਹਨ | ਸਰਕਾਰ ਇਨ੍ਹਾਂ ਅਵਾਰਾ ਕੁੱਤਿਆਂ ਅਤੇ ਅਵਾਰਾ ਡੰਗਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਠੋਸ ਕਾਰਵਾਈ ਕਰੇ ਤਾਂ ਕਿ ਲੋਕਾਂ ਨੂੰ ਇਨ੍ਹਾਂ ਅਵਾਰਾ ਕੱੁਤਿਆਂ ਅਤੇ ਅਵਾਰਾ ਡੰਗਰਾਂ ਦੀ ਸਮੱਸਿਆ ਤੇ ਦਹਿਸ਼ਤ ਤੋਂ ਨਿਜਾਤ ਮਿਲੇ |

-ਜਗਮੋਹਨ ਸਿੰਘ ਲੱਕੀ, ਪਟਿਆਲਾ |

ਸਾਨੂੰ ਕੀ ਡਰ
ਸਕੂਟਰ ਤੋਂ ਲੈ ਕੇ ਟਰੱਕ ਟਰਾਲਿਆਂ ਤੱਕ ਜੇਕਰ ਦੇਖਿਆ ਜਾਵੇ ਤਾਂ ਸਾਈਕਲ ਚਲਾਉਣ ਵਾਲਾ ਵੀ ਡਰਾਈਵਰ ਹੀ ਹੈ ਕਿਉਂਕਿ ਡਰਾਈਵ ਕਰਕੇ ਹੀ ਉਹ ਆਪਣੇ ਮੰਜ਼ਲ ਵੱਲ ਜਾ ਰਿਹਾ ਹੈ | ਪਰ ਸਾਈਕਲ ਦੇ ਕੋਈ ਕਾਗਜ਼ ਪੱਤਰ ਨਾ ਹੋਣ ਕਾਰਨ ਉਸ ਦਾ ਕੋਈ ਚਲਾਣ ਨਹੀਂ ਕੱਟਿਆ ਜਾ ਸਕਦਾ | ਪਰ ਅੱਜਕੱਲ੍ਹ ਹਰ ਕੋਈ ਆਪਣੇ ਆਪ ਨੂੰ ਕਿਸੇ ਨਾ ਕਿਸੇ ਲੀਡਰ ਦਾ ਕਰੀਬੀ ਜਾਂ ਕਿਸੇ ਵੱਡੇ ਅਫਸਰ ਦਾ ਦੋਸਤ ਸਮਝਦੇ ਹਨ | ਨਾਕਾ ਲਾ ਕੇ ਖੜ੍ਹੇ ਪੁਲਿਸ ਵਾਲਿਆਂ ਦੀ ਗੱਲ ਬਾਅਦ ਵਿਚ ਸੁਣਦੇ ਹਨ | ਫੋਨ ਪਹਿਲਾਂ ਮਿਲਾ ਕੇ ਕਹਿੰਦੇ ਹਨ ਆ ਗੱਲ ਕਰਿਉ ਜੀ, ਮੰਨਿਆ ਕਿ ਕਈ ਵਾਰ ਪੁਲਿਸ ਵਾਲੇ ਵੀ ਨਾਕੇ ਦੌਰਾਨ ਰਾਹਗੀਰਾਂ ਨਾਲ ਧੱਕਾ ਕਰ ਜਾਂਦੇ ਹਨ | ਪਰ ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਫਰਜ਼ ਸਮਝਦੇ ਹੋਏ ਨਾਕੇ ਤੇ ਪੁਲਿਸ ਵਲੋਂ ਰੋਕੇ ਜਾਣ 'ਤੇ ਖੜ੍ਹ ਕੇ ਉਨ੍ਹਾਂ ਦੀ ਗੱਲ ਸੁਣੀਏ ਜੇਕਰ ਵਹੀਕਲ ਦਾ ਕਾਗਜ਼ ਪੱਤਰ ਨਹੀਂ ਹੈ ਜਾਂ ਘਰ ਰਹਿ ਗਏ ਤਾਂ ਆਪਣਾ ਕਾਰਨ ਦੱਸੀਏ ਫਿਰ ਵੀ ਪੁਲਿਸ ਮੁਲਾਜ਼ਮ ਚਲਾਣ ਕੱਟਦੇ ਹਨ ਤਾਂ ਆਪਣੇ ਹਮਾਇਤੀ ਅਫਸਰ, ਲੀਡਰ ਦਾ ਫੋਨ ਕਰਾ ਸਕਦੇ ਹਾਂ | ਪਰ ਇਕ ਅੱਧੀ ਵਾਰ, ਜੇ ਹਰ ਵਾਰ ਅਜਿਹਾ ਹੁੰਦਾ ਹੈ ਤਾਂ ਸਾਡੀ ਗ਼ਲਤੀ ਹੈ | ਪ੍ਰਸ਼ਾਸਨ ਦੇ ਹੱਕ ਵਿਚ ਲਿਖਣਾ ਮੇਰਾ ਮਕਸਦ ਨਹੀਂ ਹੈ ਬਲਕਿ ਮੇਰਾ ਮਕਸਦ ਸਾਡੀ ਸੋਚ ਨੂੰ ਬਦਲਣ ਦਾ ਹੈ |

-ਗੁਰਪਿਆਰ ਸਿੰਘ ਚੌਹਾਨ, ਮਲੋਟ |

ਰਾਜਨੀਤੀ ਅਤੇ ਬਿਜਲਈ ਮੀਡੀਆ
ਪਿਛਲੇ ਦਿਨੀਂ ਪ੍ਰੋ: ਅਭੈ ਕੁਮਾਰ ਦੂਬੇ ਦਾ ਛਪਿਆ ਲੇਖ ਬਿਜਲਈ ਮੀਡੀਆ ਦੀ ਗ਼ੈਰ-ਮਿਆਰੀ ਕਾਰਗੁਜ਼ਾਰੀ 'ਤੇ ਆਧਾਰਿਤ ਸੀ | ਤਕਰੀਬਨ ਪਿਛਲੇ 5 ਕੁ ਸਾਲਾਂ ਤੋਂ ਭਾਰਤੀ ਬਿਜਲਈ ਮੀਡੀਆ ਸ੍ਰੀ ਨਰਿੰਦਰ ਮੋਦੀ ਦੀ ਜੈ-ਜੈ ਇਸ ਤਰ੍ਹਾਂ ਕਰ ਰਿਹਾ ਹੈ ਜਿਵੇਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੀਡੀਆ ਵਿਚ ਬਹੁਤ ਵੱਡੇ ਅਹੁਦੇ 'ਤੇ ਬਿਰਾਜਮਾਨ ਰਹੇ ਹੋਣ | ਲੋਕਤੰਤਰ ਚੌਥਾ ਥੰਮ੍ਹ ਕਹਾਉਣ ਵਾਲੇ ਮੀਡੀਆ ਦਾ ਆਪਣਾ ਥੰਮ੍ਹ ਹੀ ਭਾਜਪਾ ਵਰਗੀਆਂ ਰਾਜਨੀਤਕ ਪਾਰਟੀਆਂ ਵਲੋਂ ਹਿਲਾਇਆ ਜਾ ਰਿਹਾ ਹੈ | ਮੀਡੀਆ ਸਮਾਜ ਦਾ ਸ਼ੀਸ਼ਾ ਨਾ ਹੋ ਕੇ ਸਿਰਫ ਮੋਦੀ ਦਾ ਸ਼ੀਸ਼ਾ ਬਣ ਕੇ ਰਹਿ ਗਿਆ ਹੈ, ਜਿਸ ਵਿਚ ਮੋਦੀ ਸਾਹਿਬ ਨੂੰ ਖੂਬ ਸਜਾ ਕੇ ਪੇਸ਼ ਕੀਤਾ ਜਾ ਰਿਹਾ ਹੈ | ਮੀਡੀਆ ਦਾ ਅਸਲੀ ਕਾਰਜ ਲੋਕਾਂ ਤੱਕ ਸਾਰਥਿਕ ਸੁਨੇਹਾ ਦੇਣ ਲਈ ਸਰਕਾਰ ਦੀ ਸਹੀ ਕਾਰਗੁਜ਼ਾਰੀ ਪੇਸ਼ ਕਰਨਾ ਹੁੰਦਾ ਹੈ ਤਾਂ ਕਿ ਲੋਕ ਆਪਣੇ ਚੁਣੇ ਨੁਮਾਇੰਦਿਆਂ ਦੇ ਚੋਣ ਵਾਅਦਿਆਂ ਨੂੰ ਵਾਚ ਸਕਣ | ਮੀਡੀਆ ਦਾ ਪੂੰੁਜੀਵਾਦੀ ਧਾਰਾ ਨੂੰ ਅਪਣਾ ਕੇ ਆਪਣੇ-ਆਪ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨਾ ਹੀ ਮੀਡੀਆ ਦੇ ਅਸਲੀ ਉਦੇਸ਼ਾਂ ਨੂੰ ਢਾਅ ਲਾ ਰਿਹਾ ਹੈ | ਉਂਜ ਸਾਡਾ ਮੀਡੀਆ ਪ੍ਰੈੱਸ ਦੀ ਸੁਤੰਤਰਤਾ ਬਾਰੇ ਵੱਡੀਆਂ ਗੱਲਾਂ ਕਰ ਰਿਹਾ ਹੈ ਜਦਕਿ ਆਪਣੀ ਸੁਤੰਤਰਤਾ ਨੂੰ ਪੈਸੇ ਦੀ ਖਾਤਰ ਖ਼ੁਦ ਹੀ ਰਾਜਨੀਤਕ ਪਾਰਟੀਆਂ ਦੀ ਝੋਲੀ ਪਾ ਰਿਹਾ ਹੈ | ਇਸ ਤੋਂ ਵਧੀਆ ਇਹ ਹੈ ਕਿ ਮੀਡੀਆ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਆਪਣੀ ਆਜ਼ਾਦੀ ਆਪ ਬਰਕਰਾਰ ਰੱਖੇ |

-ਇਕਬਾਲ ਸਿੰਘ ਸਿੱਧੂ, ਰਾਏਪੁਰੀ |

ਚਿੰਤਾ ਦਾ ਵਿਸ਼ਾ
'ਅਜੀਤ' ਵਿਚ ਯੋਗੇਸ਼ ਕੁਮਾਰ ਗੋਇਲ ਦਾ ਲੇਖ ਜਿਸ ਵਿਚ ਉਨ੍ਹਾਂ ਨੇ ਦੇਸ਼ ਵਿਚ ਹੋਣ ਜਾ ਰਹੀਆਂ ਮਹਿੰਗੀਆਂ ਚੋਣਾਂ ਬਾਰੇ ਵਿਸਥਾਰ ਸਹਿਤ ਲਿਖਿਆ ਹੈ | ਅੱਜ ਜਦੋਂ ਦੇਸ਼ ਬੇਰੁਜ਼ਗਾਰੀ, ਗ਼ਰੀਬੀ ਤੇ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਸ ਵਕਤ 50,000 ਕਰੋੜ ਰੁਪਏ ਚੋਣਾਂ ਦੌਰਾਨ ਖ਼ਰਚ ਹੋਣਾ ਦੇਸ਼ ਨੂੰ ਆਉਣ ਵਾਲੇ ਸਮੇਂ ਵਿਚ ਕਿੱਥੋਂ ਤੱਕ ਲੈ ਜਾਵੇਗਾ | ਸੋਚਵਾਨ ਲੋਕ ਇਸ ਵਰਤਾਰੇ ਬਾਰੇ ਚਿੰਤਤ ਹਨ | ਦੇਸ਼ ਦਾ ਅਰਥਚਾਰਾ ਤਾਂ ਅੱਗੇ ਹੀ ਲੀਹੋਂ ਲੱਥਾ ਪਿਆ ਹੈ | ਕਿਰਸਾਨੀ ਖ਼ਤਮ ਹੋ ਰਹੀ ਹੈ | ਉਦਯੋਗਾਂ ਦੀ ਹਾਲਤ ਵੀ ਠੀਕ ਨਹੀਂ ਰਹੀ | ਕੇਵਲ ਕਾਰਪੋਰੇਟ ਘਰਾਣੇ ਵਧ-ਫੁੱਲ ਰਹੇ ਹਨ | ਹੇਠਲੇ ਵਰਗ ਦੀ ਖਰੀਦ ਸ਼ਕਤੀ ਘਟ ਰਹੀ ਹੈ | ਨੌਜਵਾਨ ਵਰਗ ਹੱਥਾਂ ਵਿਚ ਉੱਚ ਡਿਗਰੀਆਂ ਲਈ ਖਾਲੀ ਹੱਥ ਫਿਰ ਰਹੇ ਹਨ | ਅਜਿਹੇ ਹਾਲਾਤ 'ਚ ਅਰਬਾਂ-ਖਰਬਾਂ ਰੁਪਿਆ ਚੋਣਾਂ ਵਿਚ ਖ਼ਰਚ ਹੋ ਜਾਣਾ ਦੇਸ਼ ਨੂੰ ਹੋਰ ਹੇਠਾਂ ਲੈ ਜਾਵੇਗਾ | ਚੋਣ ਕਮਿਸ਼ਨ ਵੀ ਸਭ ਕੁਝ ਜਾਣਦਿਆਂ ਹੱਦੋਂ ਵੱਧ ਖਰਚ ਕਰਨ ਵਾਲਿਆਂ 'ਤੇ ਲਗਾਮ ਲਾਉਣੋਂ ਅਸਮਰੱਥ ਕਿਉਂ ਹੈ? ਉਹ ਵੀ ਨੇਤਾਵਾਂ ਦਾ ਹੱਥ-ਠੋਕਾ ਬਣ ਕੇ ਰਹਿ ਗਿਆ ਹੈ | ਜਨ ਅੰਦੋਲਨ ਤੋਂ ਬਿਨਾਂ ਇਹ ਖ਼ਤਰਨਾਕ ਵਰਤਾਰਾ ਬੰਦ ਨਹੀਂ ਹੋਣਾ |

-ਮਾ: ਜਸਵੰਤ ਸਿੰਘ, ਗੁਰਦਾਸਪੁਰ |

08-04-2019

 ਹਤਾਸ਼ ਹੈ ਪੰਜਾਬ
ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਦਾ ਲੇਖ ਅਖ਼ਬਾਰ ਵਿਚ ਪੜ੍ਹਨ 'ਤੇ ਪਤਾ ਲੱਗਾ ਕਿ ਜੇ ਇਸੇ ਹੀ ਤਰ੍ਹਾਂ ਪੰਜਾਬ ਦਾ ਸੁਨਹਿਰੀ ਭਵਿੱਖ ਭਾਵ ਨਿਚੋੜ, ਲੱਖਾਂ ਰੁਪਏ ਖਰਚ ਕੇ ਬਾਹਰਲੇ ਮੁਲਕਾਂ ਨੂੰ ਨੌਕਰੀਆਂ ਦੀ ਖਾਤਰ ਜਾ ਰਿਹਾ ਹੈ, ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚੋਂ ਪੜ੍ਹਿਆ-ਲਿਖਿਆ ਬੱਚਾ ਮਿਲਣਾ ਮੁਸ਼ਕਿਲ ਹੋ ਜਾਵੇਗਾ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਇਥੇ ਰਹਿ ਕੇ ਨੌਕਰੀ ਕੌਣ ਕਰੂ, ਕਿਉਂਕਿ ਜਿਹੜੇ ਬੱਚੇ ਰਹਿ ਜਾਣਗੇ, ਉਹ ਤਾਂ ਕਿਸੇ ਕੰਮ ਦੇ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਤਾਂ ਕੁਝ ਕਰਨਾ ਹੀ ਨਹੀਂ, ਚੰਗੀਆਂ ਅਸਾਮੀਆਂ 'ਤੇ ਕੌਣ ਲੱਗਣਗੇ। ਲੋੜ ਹੈ ਸਾਡੀ ਪੰਜਾਬ ਸਰਕਾਰ ਨੂੰ ਜਾਗਣ ਦੀ ਅਤੇ ਅਜਿਹੀ ਪੰਜਾਬ ਦੀ ਕਰੀਮ ਨੂੰ ਰੋਕਣ ਦੀ ਜੇ ਅਸੀਂ ਇਹ ਉਪਰਾਲਾ ਕਰਾਂਗੇ ਤਾਂ ਹੀ ਇਹ ਬੱਚੇ ਇਥੇ ਨੌਕਰੀਆਂ ਕਰਨਗੇ। ਸੋ, ਪੰਜਾਬ ਸਰਕਾਰ ਨੌਕਰੀਆਂ ਦੇ ਵਸੀਲੇ ਪੈਦਾ ਕਰੇ, ਜਿਸ ਨਾਲ ਬੱਚਿਆਂ ਦੇ ਮਾਪੇ, ਉਨ੍ਹਾਂ ਦੀਆਂ ਅੱਖਾਂ ਸਾਹਮਣੇ ਰਹਿਣ ਅਤੇ ਮਾਪਿਆਂ ਦਾ ਲੱਖਾਂ ਰੁਪਿਆ ਬਾਹਰ ਭੇਜਣ 'ਤੇ ਖਰਚ ਹੁੰਦਾ ਹੈ, ਉਹ ਵੀ ਬਚੇ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।


ਚੋਣ ਜ਼ਾਬਤਾ ਤੇ ਨਸ਼ੇ
ਪਿਛਲੇ ਦਿਨੀਂ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ ਚੋਣ ਜ਼ਾਬਤੇ ਪਿਛੋਂ ਅਮਲੀਆਂ ਨੂੰ ਲੱਗੀ ਪੋਸਤ ਦੀ ਤੋੜ। ਲੋਕ ਸਭਾ ਚੋਣਾਂ ਕਰਕੇ ਪੰਜਾਬ ਪੁਲਿਸ ਨੇ ਚੋਣ ਜ਼ਾਬਤੇ ਪਿਛੋਂ ਕਾਫੀ ਸਖਤੀ ਕਰ ਦਿੱਤੀ ਹੈ। ਇਸੇ ਕਰਕੇ ਪੁਲਿਸ ਨੇ ਇਕੋ ਹਫ਼ਤੇ 'ਚ (26 ਮਾਰਚ ਤੋਂ ਇਕ ਅਪ੍ਰੈਲ ਤੱਕ) ਪੰਜਾਬ ਭਰ 'ਚੋਂ 10 ਕਰੋੜ ਦੇ ਨਸ਼ੇ ਬਰਾਮਦ ਕੀਤੇ ਹਨ। ਇਸੇ ਨਸ਼ੇ ਨੂੰ ਫੜਨ ਦਾ ਮੁੱਖ ਕਾਰਨ ਬਣੇ ਹਨ ਪੁਲਿਸ ਦੇ ਨਾਕੇ। ਇਸ ਸਮੇਂ ਪੁਲਿਸ ਨੇ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਸਾਰੇ ਰਸਤਿਆਂ 'ਤੇ ਨਾਕਾਬੰਦੀ ਕੀਤੀ ਹੋਈ ਹੈ। ਇਸੇ ਕਰਕੇ ਪੰਜਾਬ ਵਿਚ ਨਸ਼ੇ ਬਹੁਤ ਘੱਟ ਗਏ ਹਨ। ਜਿਸ ਕਰਕੇ ਅਮਲੀਆਂ ਨੂੰ ਨਸ਼ੇ ਦੀ ਤੋੜ ਲੱਗੀ ਰਹਿੰਦੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਹੁਣ ਪੰਜਾਬ ਪੁਲਿਸ ਨਸ਼ੇ ਨੂੰ ਠੱਲ੍ਹ ਪਾ ਰਹੀ ਹੈ ਤਾਂ ਅੱਗੇ-ਪਿੱਛੋਂ ਕਿਉਂ ਨਹੀਂ ਅਜਿਹਾ ਕਰ ਰਹੀ। ਇਹ ਚੋਣ ਜ਼ਾਬਤਾ ਤਜਰਬਾ ਹੀ ਸਹੀ ਹੈ। ਇਨ੍ਹਾਂ ਨਾਕਿਆਂ ਕਰਕੇ ਇਕੱਲੇ ਨਸ਼ੇ ਹੀ ਨਹੀਂ ਹੋਰ ਅਪਰਾਧਾਂ ਵਿਚ ਵੀ ਕਮੀ ਆਈ ਹੈ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸੇ ਤਰ੍ਹਾਂ ਪੁਲਿਸ ਤੋਂ ਕੰਮ ਲਵੇ ਜੇ ਲੋੜ ਪਵੇ ਤਾਂ ਪੁਲਿਸ ਦੀ ਹੋਰ ਭਰਤੀ ਕੀਤੀ ਜਾ ਸਕਦੀ ਹੈ। ਜੇ ਅਜਿਹਾ ਨਾ ਹੋਇਆ ਤਾਂ ਲੋਕ ਕੀ ਸੋਚਣਗੇ?


-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਭਾਰਤ-ਪਾਕਿਸਤਾਨ ਵਪਾਰ
ਸਰਹੱਦ 'ਤੇ ਚਲਦੇ ਤਣਾਅ ਕਾਰਨ ਅਟਾਰੀ, ਜਿਥੇ ਕਿ ਦੋਵਾਂ ਦੇਸ਼ਾਂ ਵਿਚ ਵਪਾਰ ਹੁੰਦਾ ਹੈ, ਪੁਲਵਾਮਾ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਵਧਦੀ ਕੁੜਤਣ ਕਾਰਨ ਇਹ ਵਪਾਰ ਬੰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਜਿਥੇ ਸਿੱਧੇ-ਅਸਿੱਧੇ ਤੌਰ 'ਤੇ ਇਸ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਹੀ ਟਰਾਂਸਪੋਰਟਰ, ਕੁਲੀ ਅਤੇ ਮਜ਼ਦੂਰ ਵਗੈਰਾ ਵਿਹਲੇ ਤੇ ਬੇਰੁਜ਼ਗਾਰ ਹੋ ਗਏ ਹਨ, ਉਥੇ ਹੀ ਇਸ ਵਪਾਰ ਦੇ ਬੰਦ ਹੋ ਜਾਣ ਕਾਰਨ ਦੇਸ਼ ਨੂੰ ਇਕੱਠੇ ਹੁੰਦੇ ਮਾਲੀਏ ਨੂੰ ਵੀ ਭਾਰੀ ਸੱਟ ਲੱਗੀ ਹੈ। ਦੋਵਾਂ ਦੇਸ਼ਾਂ ਨੂੰ ਮਾਹੌਲ ਸੁਖਾਵਾਂ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਹ ਵਪਾਰ ਦੁਬਾਰਾ ਸ਼ੁਰੂ ਹੋ ਜਾਣ ਕਾਰਨ ਜਿਥੇ ਇਸ ਕੰਮ ਨਾਲ ਜੁੜੇ ਲੋਕ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਸਕਣਗੇ, ਉਥੇ ਹੀ ਦੇਸ਼ ਨੂੰ ਮੁੜ ਤੋਂ ਮਾਲੀਆ ਇਕੱਠਾ ਹੋਣਾ ਸ਼ੁਰੂ ਹੋ ਜਾਵੇਗਾ। ਪਰਮਾਤਮਾ ਕਰੇ ਭਾਰਤ-ਪਾਕਿਸਤਾਨ ਵਿਚ ਜਲਦੀ ਤੋਂ ਜਲਦੀ ਫਿਰ ਤੋਂ ਅਮਨ-ਚੈਨ ਕਾਇਮ ਹੋ ਜਾਵੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਕੁਦਰਤ ਨਾਲ ਖਿਲਵਾੜ ਕਦੋਂ ਤੱਕ?
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਆਪਣੀਆਂ ਲੋੜਾਂ ਦੇ ਨਾਂਅ 'ਤੇ ਆਪਣੀਆਂ ਜ਼ਰੂਰਤਾਂ ਵਧਾ ਲਈਆਂ ਹਨ। ਅਸੀਂ ਆਪਣੇ ਲਈ ਹੀ ਨਹੀਂ, ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਧਰਤੀ 'ਤੇ ਮਲਕੀਅਤ ਅਤੇ ਸਾਧਨਾਂ ਨੂੰ ਜੋੜਨ ਵਿਚ ਜੁਟ ਗਏ ਹਾਂ। ਇਹ ਭੁੱਲ ਗਏ ਹਾਂ ਕਿ ਧਰਤੀ ਇਕ ਹੀ ਹੈ ਅਤੇ ਇਹ ਕਿਸੇ ਇਕ ਦੀ ਜਾਇਦਾਦ ਨਹੀਂ, ਸਗੋਂ ਇਸ 'ਤੇ ਸਾਰੇ ਪ੍ਰਾਣੀਆਂ ਦਾ ਹੱਕ ਹੈ। ਜੇਕਰ ਅੱਜ ਅਸੀਂ ਕੁਦਰਤ ਨੂੰ ਨਜ਼ਰਅੰਦਾਜ਼ ਕਰਕੇ ਉਸ 'ਤੇ ਜ਼ਿਆਦਤੀਆਂ ਕੀਤੀਆਂ ਹਨ ਤਾਂ ਸਾਨੂੰ ਉਸ ਦੀ ਕਰੋਪੀ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੋਣਾ ਪਵੇਗਾ। ਇਹ ਯਾਦ ਰੱਖਣਾ ਹੋਵੇਗਾ ਕਿ ਜਿਸ ਦਿਨ ਕੁਦਰਤ ਦੀ ਸਹਿਣ-ਸ਼ਕਤੀ ਖਤਮ ਹੋ ਗਈ, ਉਸ ਦਿਨ ਮਨੁੱਖ ਜਾਤੀ ਦੀ ਹਾਰ ਨਿਸਚਿਤ ਹੈ। ਇਸ ਲਈ ਅੱਜ ਸਮੇਂ ਦੀ ਲੋੜ ਹੈ, ਆਪਣੇ-ਆਪ ਨੂੰ ਬਦਲਣ ਦੀ, ਕੁਦਰਤ ਨਾਲ ਸਾਂਝ ਪਾਉਣ ਦੀ। ਇਸ ਤਰ੍ਹਾਂ ਹੀ ਅਸੀਂ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ।


-ਸੁਖਮੰਦਰ ਸਿੰਘ ਤੂਰ
ਖੋਸਾ ਪਾਂਡੋ (ਮੋਗਾ)।


ਪੰਛੀਆਂ ਪ੍ਰਤੀ ਫਰਜ਼ਾਂ ਨੂੰ ਪਛਾਣੋ
ਗਰਮੀ ਦੀ ਸ਼ੁਰੂਆਤ ਹੋ ਗਈ ਹੈ। ਦਿਨੋ-ਦਿਨ ਗਰਮੀ ਨੇ ਆਪਣਾ ਰੰਗ ਵਿਖਾਉਣਾ ਹੈ ਪਰ ਇਕ ਅਹਿਮ ਕੰਮ ਵੱਲ ਧਿਆਨ ਦੇਣਾ ਨਾ ਭੁੱਲਿਓ। ਅੱਤ ਦੀ ਗਰਮੀ ਵਿਚ ਕੁਦਰਤ ਦੇ ਅਨਮੋਲ ਰਤਨ ਪੰਛੀਆਂ ਲਈ ਜਿਥੇ ਹੋ ਸਕੇ ਠੰਢਾ ਪਾਣੀ ਜ਼ਰੂਰ ਰੱਖੋ, ਪਾਣੀ ਨੂੰ ਅਸੀਂ ਮਿੱਟੀ ਦੇ ਭਾਂਡੇ ਵਿਚ ਛੱਤ ਉੱਪਰ ਘਰ ਦੀ ਕੰਧ ਉੱਪਰ ਰੱਖ ਸਕਦੇ ਹਾਂ। ਪਾਣੀ ਇਹੋ ਜਿਹੀ ਥਾਂ ਵੀ ਰੱਖਣ ਦੀ ਕੋਸ਼ਿਸ਼ ਕਰੋ ਜਿਥੋਂ ਲੰਘਦੇ, ਵੜਦੇ ਤੁਹਾਨੂੰ ਪਾਣੀ ਭਾਂਡੇ ਵਿਚ ਭਰ ਕੇ ਰੱਖਣਾ ਆਸਾਨ ਹੋ ਜਾਵੇ। ਜਿਥੇ ਤੱਕ ਹੋਵੇ ਪਾਣੀ ਛਾਂ ਵਿਚ ਹੀ ਰੱਖਣਾ ਚਾਹੀਦੈ। ਕੁਦਰਤ ਨੇ ਸੁਭ ਨੂੰ ਜਿਊਣ ਦਾ ਹੱਕ ਦਿੱਤਾ ਹੈ। ਉਥੇ ਹੀ ਸਭ ਨੂੰ ਇਕ-ਦੂਜੇ ਦੀ ਮਦਦ ਕਰਨ ਦੀ ਬੁੱਧੀ ਵੀ ਦਿੱਤੀ ਹੈ। ਪਰ ਅਸੀਂ ਪਹਿਲਾਂ ਹੀ ਇਨ੍ਹਾਂ ਪੰਛੀਆਂ ਦੇ ਰਹਿਣ ਬਸੇਰੇ (ਆਲ੍ਹਣਿਆਂ) ਨੂੰ ਪੱਕੇ ਮਕਾਨ ਬਣਾ ਕੇ ਦਰੱਖਤਾਂ ਨੂੰ ਕੱਟ ਕੇ ਇਨ੍ਹਾਂ ਨਾਲ ਬੇਇਨਸਾਫੀ ਕਰ ਚੁੱਕੇ ਹਾਂ ਤੇ ਕਰਦੇ ਜਾ ਰਹੇ ਹਾਂ। ਫਰਜ਼ ਨਿਭਾਅ ਕੇ ਵੇਖੋ, ਰੂਹ ਨੂੰ ਕਿੰਨਾ ਸਕੂਨ ਮਿਲੇਗਾ, ਜਦੋਂ ਕੋਈ ਤੁਹਾਡੇ ਰੱਖੇ ਪਾਣੀ ਵਿਚੋਂ ਕੋਈ ਪੰਛੀ ਪਾਣੀ ਪੀਵੇਗਾ।


-ਜਸਵੰਤ ਸਿੰਘ ਲਖਣਪੁਰੀ

06-04-2019

 ਗੁਮਨਾਮ ਸ਼ਹੀਦ

ਕਿਸਮਤ ਵਾਲੇ ਹੁੰਦੇ ਹਨ ਉਹ ਯੋਧੇ ਜਿਨ੍ਹਾਂ ਦੀ ਸ਼ਹਾਦਤ ਦੁਨੀਆ ਸਾਹਮਣੇ ਆਉਂਦੀ ਹੈ ਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦਾ ਨਾਂਅ ਰਹਿੰਦਾ ਹੈ ਅਤੇ ਸਰਕਾਰ ਵਲੋਂ, ਦੇਸ਼ ਵਲੋਂ, ਰਾਜ ਵਲੋਂ, ਪਿੰਡ ਅਤੇ ਆਪਣੇ ਭਾਈਚਾਰੇ ਵਲੋਂ ਉਨ੍ਹਾਂ ਨੂੰ ਵਧੀਆ ਢੰਗ ਨਾਲ ਨਿਵਾਜਿਆ ਜਾਂਦਾ ਹੈ। ਪਰ ਕੁਝ ਦੇਸ਼ ਭਗਤ ਆਪਣਾ ਪੂਰਾ ਜੀਵਨ ਆਪਣੇ ਦੇਸ਼ ਦੇ ਨਾਂਅ ਕਰ ਦਿੰਦੇ ਹਨ ਪਰ ਉਨ੍ਹਾਂ ਦੀ ਸ਼ਹਾਦਤ ਦੀ ਜਾਣਕਾਰੀ ਜ਼ਿਆਦਾਤਰ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ। ਅਜਿਹੇ ਸ਼ਹੀਦਾਂ ਵਿਚੋਂ ਇਕ ਨਾਂਅ ਸਿਪਾਹੀ ਹਰਪ੍ਰੀਤ ਸਿੰਘ ਦਾ ਹੈ ਜੋ ਪਿਛਲੇ ਦਿਨੀਂ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਵਿਚ ਤਾਇਨਾਤ ਸੀ। ਕੁਝ ਅੱਤਵਾਦੀਆਂ ਵਲੋਂ ਪਿੰਡ ਦੇ ਇਕ ਘਰ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਉਪਰੰਤ ਸੈਨਾ ਦੀ ਟੁਕੜੀ ਤੇ ਪਿੰਡ ਨੂੰ ਘੇਰਾ ਪਾ ਲਿਆ। ਆਪ੍ਰੇਸ਼ਨ 4 ਦਿਨ ਤੱਕ ਚਲਦਾ ਰਿਹਾ। ਕੁਝ ਸੈਨਿਕ ਜ਼ਖ਼ਮੀ ਹੋਏ ਪਰ ਅੱਤਾਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਆਪ੍ਰੇਸ਼ਨ ਸਫਲ ਰਿਹਾ ਦੇ ਸੁਨੇਹੇ ਫੈਲ ਗਏ। ਪਰ ਹਰਪ੍ਰੀਤ ਸਿੰਘ ਦੀ ਸਿਹਤ ਵਿਗੜਦੀ ਜਾ ਰਹੀ ਸੀ। ਕੁਝ ਦਿਨਾਂ ਦੀ ਕੋਸ਼ਿਸ਼ਾਂ ਤੋਂ ਬਾਅਦ ਹਰਪ੍ਰੀਤ ਨੂੰ ਦਿੱਲੀ ਸੈਨਿਕ ਹਸਪਤਾਲ ਭੇਜਿਆ ਗਿਆ। 5-6 ਦਿਨਾਂ ਬਾਅਦ ਹਰਪ੍ਰੀਤ ਸਦੀਵੀ ਵਿਛੋੜਾ ਦੇ ਗਿਆ। ਹਰਪ੍ਰੀਤ ਸਿੰਘ ਦਾ ਵਿਆਹ ਨਵੰਬਰ 2018 ਵਿਚ ਹੋਇਆ ਸੀ। ਹਰਪ੍ਰੀਤ ਦੀ 23 ਕੁ ਸਾਲਾਂ ਦੀ ਪਤਨੀ ਗਰਭਵਤੀ ਹੈ। ਵਿਆਹ ਤੋਂ 16 ਕੁ ਦਿਨ ਬਾਅਦ ਹਰਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਸੀ। ਕੌਣ ਸ਼ਹੀਦ ਹੋਇਆ ਹਰਪ੍ਰੀਤ ਜਾਂ ਉਸ ਦੀ ਪਤਨੀ ਜਾਂ ਫਿਰ ਉਸ ਦੀ ਮਾਂ. ਸਾਨੂੰ ਸਾਡੇ ਦੇਸ਼ ਦੇ ਸੈਨਿਕਾਂ 'ਤੇ ਮਾਣ ਕਰਨਾ ਚਾਹੀਦਾ ਅਤੇ ਦੇਸ਼ ਦੇ ਗੁੰਮਨਾਮ ਸ਼ਹੀਦਾਂ ਨੂੰ ਉਨ੍ਹਾਂ ਦੀ ਪਛਾਣ ਦਿਵਾਉਣੀ ਚਾਹੀਦੀ ਹੈ।

ਰਮਨਦੀਪ ਸਿੰਘ
ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਲਬਦਲੂ ਨੇਤਾ

ਦੇਸ਼ ਵਿਚ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਹਰ ਆਏ ਦਿਨ ਦਲਬਦਲੂ ਨੇਤਾਵਾਂ ਦੀ ਗਿਣਤੀ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਆਪਣੇ ਨਿੱਜੀ ਫਾਇਦਿਆਂ ਖਾਤਰ ਨੇਤਾ ਲੋਕਾਂ ਦੀ ਬਿਨਾਂ ਪ੍ਰਵਾਹ ਕੀਤੇ ਧੜਾਧੜ ਇਕ ਦੂਜੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਡੱਡੂ ਟਪੂਸੀਆਂ ਮਾਰਦੇ ਦਿਖਾਈ ਦੇ ਰਹੇ ਹਨ। ਪਰ ਹੁਣ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਆਮ ਲੋਕ ਇਨ੍ਹਾਂ ਧੋਖੇਬਾਜ਼ ਨੇਤਾਵਾਂ ਪਿੱਛੇ ਆਪਸ ਵਿਚ ਏਨੇ ਵੈਰ-ਵਿਰੋਧ ਪਾ ਲੈਂਦੇ ਹਨ ਕਿ ਕਈ ਵਾਰ ਇਹ ਵੈਰ-ਵਿਰੋਧ ਕਤਲਾਂ ਤੱਕ ਵੀ ਪਹੁੰਚ ਜਾਂਦੇ ਹਨ। ਸੋ, ਸਾਨੂੰ ਸਭ ਨੂੰ ਇਨ੍ਹਾਂ ਦਲਬਦਲੂ ਨੇਤਾਵਾਂ ਦੀਆਂ ਅਜਿਹੀਆਂ ਨੀਤੀਆਂ ਤੋਂ ਸਬਕ ਲੈਂਦੇ ਹੋਏ ਜਿਥੇ ਆਪਸ ਵਿਚ ਮਿਲਜੁਲ ਕੇ ਰਹਿਣਾ ਚਾਹੀਦਾ ਹੈ, ਉਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੰਗੇ, ਪੜ੍ਹੇ ਲਿਖੇ ਅਤੇ ਇਮਾਨਦਾਰ ਨੇਤਾਵਾਂ ਦੇ ਹੱਕ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਦੇਸ਼ ਖੁਸ਼ਹਾਲੀ ਅਤੇ ਤਰੱਕੀ ਦੀਆਂ ਲੀਹਾਂ 'ਤੇ ਦੌੜ ਸਕੇ।

-ਰਾਜਾ ਗਿੱਲ (ਚੜਿੱਕ)।

ਬੱਚਿਆਂ ਦਾ ਭਵਿੱਖ ਤੇ ਸਰਕਾਰ

ਵਿਕਸਿਤ ਦਿਮਾਗ ਵਾਲੇ ਲੋਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪਰ ਪੰਜਾਬ ਦੇ ਹੁਸ਼ਿਆਰ ਤੇ ਉੱਚ ਬੌਧਿਕ ਪੱਧਰ ਵਾਲੇ ਬੱਚੇ ਧੜਾਧੜ ਬਾਹਰ ਜਾ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿਚ ਇਥੋਂ ਤੱਕ ਛੋਟੇ ਕਸਬਿਆਂ ਵਿਚ ਆਈਲੈਟਸ ਖੁੰਬਾਂ ਵਾਂਗ ਉਗ ਆਏ ਹਨ ਜਿਥੇ ਬੱਚਿਆਂ ਤੋਂ ਮੋਟੀਆਂ ਫੀਸਾਂ ਲੈ ਕੇ ਉਨ੍ਹਾਂ ਨੂੰ ਤੋਤੇ ਵਾਂਗ ਅੰਗਰੇਜ਼ੀ ਰਟਾਈ ਜਾਂਦੀ ਹੈ। ਬੱਚੇ ਦੇਸ਼ ਦਾ ਭਵਿੱਖ ਹਨ। ਜੇ ਦੇਸ਼ ਦੇ ਚੰਗੇ ਬੱਚਿਆਂ ਤੇ ਨੌਜਵਾਨਾਂ ਦਾ ਰੁਜ਼ਗਾਰ ਖਾਤਰ ਦੂਸਰੇ ਦੇਸ਼ਾਂ ਵਿਚ ਜਾਣ ਦਾ ਇਹੀ ਰੁਝਾਨ ਜਾਰੀ ਰਿਹਾ ਤਾਂ ਦੇਸ਼ ਵਿਚ ਬੌਧਿਕ ਕੰਗਾਲੀ ਦਾ ਦੌਰ ਸ਼ੁਰੂ ਹੋ ਜਾਵੇਗਾ। ਸਾਡੇ ਦੇਸ਼ ਦਾ ਸਰਮਾਇਆ ਮਹਿੰਗੀਆਂ ਫ਼ੀਸਾਂ ਦੇ ਰੂਪ ਵਿਚ ਉਨ੍ਹਾਂ ਦੇਸ਼ਾਂ 'ਚ ਜਾ ਰਿਹਾ ਹੈ। ਇਸ ਸਾਰੇ ਸਿਸਟਮ ਲਈ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹਨ ਕਿਉਂਕਿ ਪੜ੍ਹੇ-ਲਿਖੇ ਬੱਚਿਆਂ ਲਈ ਰੁਜ਼ਗਾਰ ਲਈ ਕੋਈ ਪ੍ਰਬੰਧ ਨਹੀਂ। ਜੇ ਸਾਡੇ ਦੇਸ਼ ਵਿਚ ਰੁਜ਼ਗਾਰ ਦਾ ਪ੍ਰਬੰਧ ਹੋਵੇ ਤਾਂ ਨਵੀਂ ਪੀੜ੍ਹੀ ਦੇ ਜੋਸ਼ ਨਾਲ ਜਿਥੇ ਦੇਸ਼ ਦਾ ਨਿਰਮਾਣ ਹੋਵੇ, ਉਥੇ ਸਾਡੇ ਦੇਸ਼ ਵਿਚ ਬੱਚੇ ਦੇਸ਼ ਦੀ ਤਰੱਕੀ ਲਈ ਦਿਨ-ਰਾਤ ਇਕ ਕਰਨ। ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਜਿਸ ਤਰ੍ਹਾਂ ਦਾ ਅੰਨ੍ਹਾ ਜਨੂੰਨ ਮਾਪਿਆਂ ਤੇ ਬੱਚਿਆਂ ਦੇ ਸਿਰ 'ਤੇ ਘਰ ਕਰ ਚੁੱਕਾ ਹੈ, ਉਹ ਬਹੁਤ ਹੀ ਖ਼ਤਰਨਾਕ ਹੈ। ਅਜੇ ਵੀ ਵਕਤ ਹੈ ਕਿ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਸੋਚੀਏ ਤੇ ਸਰਕਾਰਾਂ ਨੂੰ ਬੱਚਿਆਂ ਦੇ ਭਵਿੱਖ ਬਾਰੇ ਪਹਿਲ ਦੇ ਆਧਾਰ 'ਤੇ ਸੋਚਣ ਲਈ ਮਜਬੂਰ ਕੀਤਾ ਜਾਵੇ।

-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਆ ਗਈਆਂ ਵੋਟਾਂ ਨੇੜੇ

ਭਾਰਤ ਵਿਚ ਲੋਕ ਸਭਾ ਚੋਣਾਂ ਆ ਰਹੀਆਂ ਹਨ। ਕੀੜੀਆਂ ਦੇ ਘਰਾਂ ਵਿਚ ਨਰੈਣ ਆਉਣ ਦਾ ਮੌਸਮ ਆ ਗਿਆ ਹੈ। ਇਸ ਸਮੇਂ ਸੂਝਵਾਨ ਭਾਰਤੀ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਧਰਮ, ਜਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਰਾਜਨੀਤਕ ਦਬਾਅ ਤੋਂ ਕਰਨ। ਭਾਰਤ ਇਕ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਵਿਚ ਅਸਲੀ ਸ਼ਕਤੀ ਲੋਕਾਂ ਕੋਲ ਹੁੰਦੀ ਹੈ, ਜਿਸ ਦੀ ਵਰਤੋਂ ਉਹ ਵੋਟ ਮਾਧਿਅਮ ਰਾਹੀਂ ਕਰਦੇ ਹਨ। ਲੋੜ ਹੈ ਭਾਰਤੀ ਨਾਗਰਿਕ ਮਨ-ਲੁਭਾਊ ਚੋਣ ਮਨੋਰਥ ਪੱਤਰਾਂ ਤੋਂ ਸੁਚੇਤ ਰਹਿਣ। ਬੀਤੇ ਵੱਲ ਝਾਤੀ ਮਾਰੀਏ ਤਾਂ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਹਰ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰ ਚੜ੍ਹਾਉਣ ਵਿਚ ਲਗਪਗ ਨਾ-ਕਾਮਯਾਬ ਰਹੀ ਹੈ। ਅਜਿਹੀ ਸਥਿਤੀ ਵਿਚ ਲੋਕਤੰਤਰੀ ਢਾਂਚਾ ਸਿਰਫ ਸੰਵਿਧਾਨਕ ਮਾਨਤਾ ਤੱਕ ਸੀਮਤ ਪ੍ਰਤੀਤ ਹੁੰਦਾ ਹੈ। ਸੋ, ਅਜੋਕੀ ਪੜ੍ਹੀ-ਲਿਖੀ ਪੀੜ੍ਹੀ ਨੂੰ ਵੀ ਗੁਜਾਰਿਸ਼ ਹੈ ਕਿ ਉਹ ਅਜਿਹੇ ਨੁਮਾਇੰਦੇ ਨਾ ਚੁਣਨ ਜੋ ਲੋਕਤੰਤਰੀ ਨੇਮਾਂ ਨੂੰ ਛਿੱਕੇ ਟੰਗ ਦੇਣ। ਲੋਕਤੰਤਰ ਦੀ ਮਜ਼ਬੂਤੀ, ਭਾਰਤੀ ਏਕਤਾ ਅਤੇ ਅਖੰਡਤਾ ਬਣੀ ਰਹੇ, ਅਜਿਹੀ ਸੱਤਾ ਅਤੇ ਰਾਸ਼ਟਰ ਦੀ ਕਾਮਨਾ ਕਰੀਏ।

-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।

04-04-2019

 ਮਨੋਰਥ ਪੱਤਰ ਦੀ ਸਚਾਈ
ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਲੋਕਤੰਤਰ ਵਿਚ ਲੋਕਾਂ ਨੂੰ ਇਹ ਖੁੱਲ੍ਹ ਹੁੰਦੀ ਹੈ ਕਿ ਉਹ ਵੋਟਾਂ ਦੇ ਜ਼ਰੀਏ ਆਪਣੇ ਮਨਪਸੰਦ ਨੇਤਾ ਦੀ ਚੋਣ ਕਰ ਸਕਣ। ਵੋਟਾਂ ਤੋਂ ਪਹਿਲਾਂ ਚੋਣ ਲੜਨ ਵਾਲੀਆਂ ਵੱਖ-ਵੱਖ ਪਾਰਟੀਆਂ ਵਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਹੈ, ਜਿਸ ਵਿਚ ਰਾਜਨੀਤਕ ਲੋਕਾਂ ਵਲੋਂ ਜਨਤਾ ਨੂੰ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਵਲੋਂ ਜਨਤਾ ਦੀ ਭਲਾਈ ਲਈ ਕੰਮ ਕੀਤੇ ਜਾਣਗੇ। ਜ਼ਿਆਦਾਤਰ ਪਾਰਟੀਆਂ ਵਲੋਂ ਚੋਣਾਂ ਜਿੱਤਣ ਤੋਂ ਬਾਅਦ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦੇ ਠੰਢੇ ਬਸਤੇ ਵਿਚ ਪਾ ਦਿੱਤੇ ਜਾਂਦੇ ਹਨ। ਆਮ ਜਨਤਾ, ਜਿਸ ਨੇ ਵੱਡੀ ਆਸ ਨਾਲ ਵੋਟਾਂ ਪਾ ਕੇ ਰਾਜਨੀਤਕ ਲੋਕਾਂ ਨੂੰ ਕੁਰਸੀ 'ਤੇ ਬਿਠਾਇਆ ਹੁੰਦਾ ਹੈ ਅਤੇ ਜਦ ਉਨ੍ਹਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਨੇਤਾਵਾਂ ਵਲੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਕਾਰਨ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ, ਜਿਸ ਕਰਕੇ ਨੌਜਵਾਨਾਂ ਦਾ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਹੈ। ਆਜ਼ਾਦੀ ਦੇ ਏਨੇ ਸਾਲ ਬਾਅਦ ਵੀ ਦੇਸ਼ ਦੀ ਤਰੱਕੀ ਦੇ ਲਈ ਕਾਫੀ ਕੁਝ ਕਰਨਾ ਬਾਕੀ ਹੈ।


-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।


ਨਿਰਪੱਖ ਕਦਰ
ਅੱਜ ਦੇ ਸਮੇਂ ਵਿਚ ਕੁੜੀਆਂ ਬੋਝ ਨਹੀਂ, ਸਗੋਂ ਮਾਂ-ਪਿਉ ਦਾ ਸਹਾਰਾ ਹਨ। ਅੱਜਕਲ੍ਹ ਤਾਂ ਧੀਆਂ ਦਾ ਜਨਮ ਦਿਨ ਵੀ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਰ ਤਾਂ ਹੋਰ ਅੱਜਕਲ੍ਹ ਦੀਆਂ ਕੁੜੀਆਂ ਵੀ ਆਪਣੇ ਭਰਾਵਾਂ ਦੀ ਪੜ੍ਹਾਈ ਦਾ ਜ਼ਿੰਮਾ ਵੀ ਚੁੱਕਦੀਆਂ ਹਨ। ਕਿਸੇ ਵੀ ਕਾਰੋਬਾਰ ਕੰਮ ਜਾਂ ਖੇਤੀਬਾੜੀ ਵਿਚ ਧੀਆਂ ਹੀ ਪੁੱਤਾਂ ਨਾਲੋਂ ਵੱਧ ਨਾਂਅ ਕਮਾ ਰਹੀਆਂ ਹਨ ਅਤੇ ਇਨ੍ਹਾਂ ਦੇ ਮਾਂ-ਪਿਉ ਵੀ ਇਨ੍ਹਾਂ ਨੂੰ ਪੂਰਾ ਸਹਿਯੋਗ ਕਰਦੇ ਹਨ। ਸਮਾਜ ਵਿਚ ਧੀਆਂ ਪ੍ਰਤੀ ਵਧੇਰੇ ਬਦਲਾਅ ਆਇਆ ਹੈ, ਪਹਿਲਾਂ ਦੇ ਸਮੇਂ ਵਿਚ ਧੀਆਂ ਦੇ ਦੇਰੀ ਨਾਲ ਆਉਣ 'ਤੇ ਮਨਾਹੀ ਹੁੰਦੀ ਸੀ ਪਰ ਹੁਣ ਕੁੜੀਆਂ ਰਾਤ ਦੇ ਸਮੇਂ ਵੀ ਕੰਮ ਕਰਦੀਆਂ ਹਨ। ਪਹਿਲਾਂ ਦੇ ਸਮੇਂ ਵਿਚ ਜ਼ਿਆਦਾਤਰ ਸੰਸਥਾਵਾਂ ਵਿਚ ਵੱਡੇ ਅਹੁਦੇ ਆਦਮੀਆਂ ਵਾਸਤੇ ਹੀ ਨਿਯੁਕਤ ਹੁੰਦੇ ਸਨ ਪਰ ਅੱਜ ਦੇ ਸਮੇਂ ਵਿਚ ਅਜਿਹੇ ਅਹੁਦਿਆਂ 'ਤੇ ਔਰਤਾਂ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨ ਲੱਗੀਆਂ ਹਨ। ਇਸ ਤੋਂ ਪਤਾ ਲਗਦਾ ਹੈ ਕਿ ਧੀਆਂ ਇਸ ਸਮਾਜ ਵਿਚ ਆਪਣਾ ਸਥਾਨ ਹਾਸਲ ਕਰਨ ਵੱਲ ਅੱਗੇ ਵਧ ਰਹੀਆਂ ਹਨ।


-ਹਰਮਨਪ੍ਰੀਤ ਕੌਰ ਖੋਰੜ, ਖੋਖਰ।


ਵਧ ਰਿਹਾ ਪ੍ਰਦੂਸ਼ਣ
ਵਿਗਿਆਨ ਦੀ ਬੇਤਹਾਸ਼ਾ ਤਰੱਕੀ ਦੇ ਬਾਵਜੂਦ ਅਸੀਂ ਅਜੇ ਤੱਕ ਵਧ ਰਹੇ ਪ੍ਰਦੂਸ਼ਣ 'ਤੇ ਕਾਬੂ ਨਹੀਂ ਪਾ ਸਕੇ ਹਾਂ। ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਤੇ ਜਲ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਮਨੁੱਖੀ ਜ਼ਿੰਦਗੀ ਦੀ ਬੁਨਿਆਦ ਨੂੰ ਖ਼ਤਮ ਕਰ ਰਿਹਾ ਹੈ। ਅਸੀਂ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਾਂ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇਸ ਵਾਤਾਵਰਨ ਦੇ ਹੀ ਅੰਸ਼ ਹਾਂ ਅਤੇ ਲਾਲਚੀ ਹੋ ਕੇ ਪੈਸੇ ਨਾਲ ਮੋਹ ਪਾਲੀ ਬੈਠੇ ਹਾਂ। ਆਪਣੇ ਲਾਭ ਲਈ ਰੁੱਖ ਕੱਟਦੇ ਹਾਂ ਪਰ ਲਗਾਉਂਦੇ ਤੇ ਪਾਲਦੇ ਨਹੀਂ। ਨਦੀਆਂ-ਨਾਲਿਆਂ ਵਿਚ ਕੂੜਾ ਸੁੱਟਦੇ ਹਾਂ, ਉਸ ਦਾ ਉਚਿਤ ਹੱਲ ਨਹੀਂ ਕਰਦੇ। ਹਾਲ ਹੀ ਵਿਚ ਆਈ ਰਾਸ਼ਟਰੀ ਗਰੀਨ ਟ੍ਰਿਬਿਊਨਲ ਦੀ ਰਿਪੋਰਟ ਦੱਸਦੀ ਹੈ ਕਿ ਪੰਜਾਬ ਵਿਚਲੀ ਹਵਾ ਕਿੰਨੀ ਗੰਦੀ ਹੋ ਚੁੱਕੀ ਹੈ। ਜੇ ਉਸ ਲਈ ਅਸੀਂ 30 ਅਪ੍ਰੈਲ ਤੱਕ ਕੋਈ ਕਾਰਜ ਯੋਜਨਾ ਪੇਸ਼ ਨਾ ਕਰ ਸਕੇ ਤਾਂ ਸਰਕਾਰ ਨੂੰ ਜੁਰਮਾਨਾ ਦੇਣਾ ਪਵੇਗਾ, ਕਿਉਂ ਨਾ ਇਸ ਪੈਸੇ ਨਾਲ ਵਾਤਾਵਰਨ ਨੂੰ ਹਰਿਆ-ਭਰਿਆ ਬਣਾਇਆ ਜਾਵੇ। ਨਦੀਆਂ ਦੀ ਸਫ਼ਾਈ ਕਰਵਾਈ ਜਾਵੇ।


-ਕਾਜਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਅਹੁਦਿਆਂ ਦੀ ਮਹੱਤਤਾ ਦਾ ਘਟਣਾ
ਅਹੁਦਿਆਂ ਦੀ ਮਹੱਤਤਾ ਦਿਨੋ-ਦਿਨ ਘਟਦੀ ਜਾ ਰਹੀ ਹੈ। ਉਸ ਦਾ ਕਾਰਨ ਇਹ ਹੈ ਕਿ ਰਾਜਨੀਤਕ ਪਾਰਟੀਆਂ ਵਲੋਂ ਆਪਣੇ ਕਾਰਕੁਨਾਂ ਵਿਚ ਥੋਕ ਵਿਚ ਅਹੁਦੇ ਵੰਡੇ ਜਾ ਰਹੇ ਹਨ। ਇਹ ਪਹਿਲਾਂ ਰਿਵਾਜ ਨਹੀਂ ਸੀ। ਜਿਵੇਂ ਕਿ ਪਾਰਟੀ ਵਿਚ ਜਿਨ੍ਹਾਂ ਦੇ ਕੋਲ ਅਹੁਦੇ ਹੁੰਦੇ ਸਨ, ਉਨ੍ਹਾਂ ਦੀ ਥਾਂ ਪਾਰਟੀ ਵਿਚ ਅਤੇ ਲੋਕਾਂ ਵਿਚ ਇੱਜ਼ਤ ਮਾਣ ਹੁੰਦਾ ਸੀ। ਹੁਣ ਇਹ ਅਹੁਦੇ ਥੋਕ ਵਿਚ ਵੰਡੇ ਜਾਣ ਕਾਰਨ ਲੋਕਾਂ ਵਿਚ ਅਤੇ ਪਾਰਟੀ ਵਿਚ ਇਹ ਇਕ ਮਜ਼ਾਕ ਦਾ ਵਿਸ਼ਾ ਬਣ ਕੇ ਰਹਿ ਗਿਆ ਹੈ। ਇਸ ਰਿਵਾਜ ਨੂੰ ਖ਼ਤਮ ਕਰਨ ਲਈ ਪਾਰਟੀਆਂ ਨੂੰ ਚਾਹੀਦਾ ਹੈ ਕਿ ਜਿਸ ਕਾਰਕੁਨ ਨੂੰ ਅਹੁਦਾ ਦੇਣਾ ਹੈ, ਉਸ ਦਾ ਪਿਛੋਕੜ ਵੇਖਿਆ ਜਾਵੇ, ਸੋਚ-ਵਿਚਾਰ ਕਰਕੇ ਅਹੁਦਾ ਦਿੱਤਾ ਜਾਵੇ, ਤਾਂ ਜੋ ਉਸ ਇਲਾਕੇ ਦੇ ਕਾਰਕੁਨ, ਉਸ ਨੂੰ ਇੱਜ਼ਤ ਮਾਣ ਬਖਸ਼ ਸਕਣ। ਇਸ ਰਿਵਾਜ ਨੂੰ ਖ਼ਤਮ ਕਰਨ ਲਈ ਪਾਰਟੀਆਂ ਨੂੰ ਹੁਣ ਤੋਂ ਹੀ ਸੋਚਣਾ ਚਾਹੀਦਾ ਹੈ। ਇਨ੍ਹਾਂ ਅਹੁਦਿਆਂ ਬਾਰੇ ਖ਼ਬਰਾਂ ਪੜ੍ਹ ਕੇ ਹਾਸਾ ਆਉਂਦਾ ਹੈ।


-ਹਰਜਿੰਦਰ ਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਕੌਮਾਂਤਰੀ ਚਿੜੀ ਦਿਵਸ
20 ਮਾਰਚ ਨੂੰ ਕੌਮਾਂਤਰੀ ਚਿੜੀ ਦਿਵਸ ਸੀ, 'ਤੇ ਸ੍ਰੀ ਬਿੰਦਰ ਸਿੰਘ ਖੁੱਡੀ ਕਲਾਂ ਦਾ ਲਿਖਿਆ ਲੇਖ ਵਾਕਈ ਸ਼ਲਾਘਾਯੋਗ ਸੀ। ਪੜ੍ਹ ਕੇ ਬਚਪਨ ਯਾਦ ਆ ਗਿਆ। ਚਿੜੇ=ਚਿੜੀਆਂ ਦੀ ਹੋਂਦ ਵਾਕਈ ਖ਼ਤਮ ਹੋ ਗਈ ਹੈ। ਕਾਲਾ ਜਿਹਾ ਚਿੜਾ, ਭੂਰੀ ਜਿਹੀ ਚਿੜੀ ਸੱਚੀ ਕਿਤੇ ਸੁਪਨਾ ਹੀ ਬਣ ਗਏ ਹਨ। ਵੱਡੇ ਸ਼ਹਿਰਾਂ 'ਚ ਤਾਂ ਦੇਖਣ ਨੂੰ ਹੀ ਨਹੀਂ ਮਿਲਦੇ। ਤਾਂ ਹੀ ਸ਼ਾਇਦ ਅਸੀਂ ਉਨ੍ਹਾਂ ਨੂੰ ਭੁੱਲਦੇ ਜਾ ਰਹੇ ਹਾਂ ਪਰ ਲੇਖ ਪੜ੍ਹ ਕੇ ਫਿਰ ਉਨ੍ਹਾਂ ਦੀ ਯਾਦ ਤਾਜ਼ਾ ਹੋ ਗਈ। ਮੈਨੂੰ ਆਪਣੇ ਬਚਪਨ ਵਿਚ ਪਾਲਿਆ ਚਿੜੇ ਚਿੜੀ ਦਾ ਜੋੜਾ ਯਾਦ ਆ ਗਿਆ, ਜਦੋਂ ਮੈਂ ਤੇ ਮੇਰਾ ਭਰਾ ਬਹੁਤ ਛੋਟੇ ਸੀ ਘਰ ਦੀ ਬਾਲਿਆਂ ਵਾਲੀ ਛੱਤ ਦੇ ਵਿਚ ਉਨ੍ਹਾਂ ਨੇ ਆਲਣਾ ਬਣਾਇਆ ਸੀ ਤੇ ਇਕ ਦਿਨ ਜਦੋਂ ਅਸੀਂ ਚਿੜੀ ਨੂੰ ਮਰੇ ਪਏ ਦੇਖਿਆ ਤਾਂ ਮੇਰੇ ਭਰਾ ਨੇ ਦੋ ਦਿਨ ਰੋਟੀ ਨਹੀਂ ਖਾਧੀ ਸੀ। ਬੜੇ ਸਾਲ ਹੀ ਹੋ ਗਏ ਸਨ, ਇਹੋ ਜਿਹੇ ਚਿੜੇ ਚਿੜੀਆਂ ਨੂੰ ਦੇਖੇ। ਪਿਛਲੇ ਸਾਲ ਮੈਨੂੰ ਰਾਜਸਥਾਨ ਦੇ ਇਕ ਢਾਬੇ 'ਤੇ ਚਿੜੀਆਂ ਵੇਖਣ ਨੂੰ ਮਿਲੀਆਂ। ਉਨ੍ਹਾਂ ਦੀ ਤਸਵੀਰ ਖਿੱਚ ਆਪਣੀ ਬੇਟੀ ਨੂੰ ਦਿਖਾਈ ਕਿਉਂਕਿ ਉਨ੍ਹਾਂ ਨੂੰ ਤਾਂ ਇਨ੍ਹਾਂ ਬਾਰੇ ਕੁਝ ਪਤਾ ਨਹੀਂ, ਜਦੋਂ ਵੇਖਣਗੇ ਹੀ ਨਹੀਂ ਤਾਂ ਜਾਨਣਗੇ ਕਿਵੇਂ। ਉਹ ਵੀ ਹੈਰਾਨ ਸੀ ਕਿ ਮੰਮੀ ਇਹ ਦੱਸਣ ਲੱਗਿਆਂ ਖੁਸ਼ ਕਿਉਂ ਹੈ।


-ਮਿਨਾਕਸ਼ੀ ਦੱਤਾ, ਮੁਹਾਲੀ।


ਨੌਜਵਾਨਾਂ ਦੀ ਨਾਰਾਜ਼ਗੀ
ਪੰਜਾਬ ਵਿਚ ਕਾਂਗਰਸ ਵਲੋਂ ਚਲਾਏ ਜਾ ਰਹੇ ਪ੍ਰਸ਼ਾਸਨ ਦੇ ਦੋ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਪ੍ਰਾਪਤੀਆਂ ਗਿਣਾਈਆਂ ਹਨ। ਮੁੱਖ ਮੰਤਰੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਜੋ ਵਾਅਦੇ ਕੀਤੇ ਉਨ੍ਹਾਂ ਨੂੰ ਵੱਡੀ ਹੱਦ ਤੱਕ ਪੂਰੇ ਨਾ ਹੁੰਦੇ ਦੇਖਿਆ ਗਿਆ। ਨੌਜਵਾਨ ਵਰਗ ਨੇ ਇਹ ਸੋਚ ਕੇ ਸਰਕਾਰ ਨੂੰ ਚੁਣਿਆ ਕਿ ਉਹ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਵੇਗੀ ਪਰ ਇਸ ਯੋਜਨਾ ਨੂੰ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਬੁਲਾ ਕੇ ਰੁਜ਼ਗਾਰ ਮੇਲੇ ਦੇ ਨਾਂਅ 'ਤੇ ਪੂਰਾ ਕੀਤਾ। ਕਾਂਗਰਸ ਸਰਕਾਰ ਇਹ ਭੁੱਲ ਗਈ ਕਿ ਰਾਜ ਪੰਜ ਸਾਲ ਤੱਕ ਹੀ ਹੁੰਦਾ ਹੈ, ਉਸ ਪਿੱਛੋਂ ਫਿਰ ਚੋਣਾਂ ਆਉਣੀਆਂ ਹਨ ਅਤੇ ਜਿਨ੍ਹਾਂ ਵਿਚ ਨੌਜਵਾਨਾਂ ਦਾ ਗੁੱਸਾ ਉਨ੍ਹਾਂ ਲਈ ਗ਼ਲਤ ਸਾਬਤ ਹੋ ਸਕਦਾ ਹੈ। ਇਸ ਲਈ ਹਰ ਨਾਗਰਿਕ ਇਹੀ ਚਾਹੁੰਦਾ ਹੈ ਕਿ ਚੋਣਾਂ ਦੌਰਾਨ ਨੇਤਾਵਾਂ ਵਲੋਂ ਜੋ ਵੀ ਵਾਅਦੇ ਕੀਤੇ ਜਾਣ, ਉਨ੍ਹਾਂ ਨੂੰ ਪੂਰਾ ਨਾ ਹੋਣ 'ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਲੋਕਤੰਤਰੀ ਰਾਜ ਵਿਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਅਧਿਕਾਰ ਕਿਸੇ ਨੂੰ ਨਹੀਂ।


-ਪਰਮਦੀਪ ਸਿੰਘ
ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 

03-04-2019

 ਤੱਥ ਆਧਾਰਿਤ ਖ਼ਬਰਾਂ ਦੀ ਲੋੜ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਲੇਖ ਪ੍ਰੋ: ਕੁਲਬੀਰ ਸਿੰਘ ਦੀ ਟੈਲੀਵਿਜ਼ਨ ਸਮੀਖਿਆ 'ਚ ਖ਼ਬਰ ਚੈਨਲਾਂ ਦੇ ਗ਼ੈਰ-ਮਿਆਰੀ ਪ੍ਰਸਾਰਨ 'ਤੇ ਆਧਾਰਿਤ ਸੀ। ਦੂਜੇ ਸੰਚਾਰ ਸਾਧਨਾਂ ਦੇ ਮੁਕਾਬਲੇ ਟੈਲੀਵਿਜ਼ਨ ਦੇ ਕਲਾਵਾਂ ਦੇਖਣ ਅਤੇ ਸੁਣਨ ਦੇ ਤੌਰ 'ਤੇ ਇਕ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਂਦਾ ਹੈ ਜੋ ਕਿ ਕਿਸੇ ਵੀ ਖ਼ਬਰ ਨੂੰ ਘਟਨਾ ਵਾਲੇ ਸੁਣਨ ਦੇ ਤੌਰ 'ਤੇ ਇਕ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਂਦਾ ਹੈ ਜੋ ਕਿ ਕਿਸੇ ਵੀ ਖ਼ਬਰ ਨੂੰ ਘਟਨਾ ਵਾਲੇ ਸਥਾਨ ਤੋਂ ਪੇਸ਼ ਕਰਕੇ ਸਰੋਤਿਆਂ ਦੇ ਮਨ 'ਤੇ ਗੂੜ੍ਹਾ ਪ੍ਰਭਾਵ ਪਾਉਣ ਦਾ ਯਤਨ ਕਰਦਾ ਹੈ। ਉਂਜ ਟੈਲੀਵਿਜ਼ਨ ਨੂੰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ ਜੋ ਕਿ ਸਮਾਜ ਦੀਆਂ ਤਸਵੀਰਾਂ ਨੂੰ ਇਨ-ਬਿਨ ਪੇਸ਼ ਕਰਨ ਦਾ ਯਤਨ ਕਰਦਾ ਹੈ। ਅੱਜ ਦਾ ਬਿਜਲਈ ਮੀਡੀਆ ਸਮਾਜ ਦੀ ਤਸਵੀਰ ਨੂੰ ਤੋੜ-ਮਰੋੜ ਕੇ ਸਨਸਨੀਖੇਜ਼ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਨੂੰ ਭੜਕਾ ਰਿਹਾ ਹੈ।
ਚੈਨਲਾਂ ਵਲੋਂ ਅਜਿਹਾ ਟੀ.ਆਰ.ਪੀ. ਵਧਾਉਣ ਅਤੇ ਵਿਗਿਆਪਨ ਰਾਹੀਂ ਮੋਟੀ ਕਮਾਈ ਕਰਕੇ ਵਪਾਰਕ ਮੀਡੀਏ ਵਿਚ ਆਰਥਿਕ ਮਜ਼ਬੂਤੀ ਲਈ ਕੀਤਾ ਜਾ ਰਿਹਾ ਹੈ। ਜੇਕਰ ਇੰਜ ਕਹਿ ਲਿਆ ਜਾਵੇ ਕਿ ਅਸੀਂ ਸੰਚਾਰ ਦੇ ਯੁੱਗ ਵਿਚ ਰਹਿ ਰਹੇ ਹਾਂ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਅਤਿ ਆਧੁਨਿਕ ਲੋਕ ਮੀਡਿਆ ਤੋਂ ਪਲ-ਪਲ ਦੀ ਜਾਣਕਾਰੀ ਗ੍ਰਹਿਣ ਕਰ ਰਹੇ ਹਨ ਪਰ ਬਿਜਲੀ ਮੀਡੀਆ ਆਪਣੇ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕਰਕੇ ਗ਼ੈਰ-ਸਿਧਾਂਤਕ ਜਾਣਕਾਰੀ ਉਪਲਬਧ ਕਰਵਾ ਰਿਹਾ ਹੈ। ਬਿਜਲਈ ਮੀਡੀਆ ਨੂੰ ਚਾਹੀਦਾ ਹੈ ਕਿ ਸਰੋਤਿਆਂ ਨੂੰ ਖ਼ਬਰਾਂ ਰਾਹੀਂ ਸਿਰਫ ਪ੍ਰਸੰਗਿਕ ਜਾਣਕਾਰੀ ਮੁਹੱਈਆ ਕਰਵਾਏ।


-ਇਕਬਾਲ ਸਿੰਘ ਸਿੱਧੂ
ਰਾਏਪੁਰੀ।


ਕੁੱਤਿਆਂ ਦੀ ਸਮੱਸਿਆ
ਹਰ ਗਲੀ-ਮੁਹੱਲੇ, ਪਿੰਡਾਂ-ਸ਼ਹਿਰਾਂ ਵਿਚ ਕੁੱਤਿਆਂ ਦੇ ਵੱਡੇ-ਵੱਡੇ ਝੁੰਡ ਫਿਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇਨ੍ਹਾਂ ਕੁੱਤਿਆਂ ਨੇ ਹਰ ਛੋਟੇ-ਵੱਟੇ ਵਿਅਕਤੀ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਲੱਖਾਂ ਹੀ ਲੋਕਾਂ ਨੂੰ ਇਨ੍ਹਾਂ ਨੇ ਕੱਟਿਆ। ਇਹ ਕੁੱਤੇ ਮਲ-ਤਿਆਗ ਵੀ ਗਲੀਆਂ-ਸੜਕਾਂ 'ਤੇ ਕਰ ਦਿੰਦੇ ਹਨ, ਜਿਸ ਨਾਲ ਗੰਦਗੀ ਹੋਰ ਵਧਦੀ ਹੈ। ਜੇਕਰ ਇਨ੍ਹਾਂ ਨੂੰ ਮਾਰਨਾ ਪਾਪ ਹੈ ਤਾਂ ਰੋਜ਼ਾਨਾ ਲੱਖਾਂ ਬੱਕਰੇ, ਮੁਰਗੇ ਆਦਿ ਮਾਰੇ ਜਾ ਰਹੇ ਹਨ, ਉਨ੍ਹਾਂ ਨੂੰ ਮਾਰਨ 'ਤੇ ਰੋਕ ਕਿਉਂ ਨਹੀਂ?
ਕੁਝ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਅਕਸਰ ਸਵੇਰ ਦੇ ਸਮੇਂ ਸੰਗਲੀ ਉਤਾਰ ਦਿੰਦੇ ਹਨ। ਇਹ ਕੁੱਤੇ ਵੀ ਜਿਥੇ ਜੀਅ ਕਰਦਾ ਮਲ-ਤਿਆਗ ਕਰ ਦਿੰਦੇ ਹਨ ਅਤੇ ਰਾਹਗੀਰ ਨੂੰ ਕੱਟਣ ਦੀ ਕੋਸ਼ਿਸ਼ ਵੀ ਕਰਦੇ ਹਨ। ਕੁੱਤੇ ਦਾ ਮਾਲਕ ਬਹੁਤ ਹੀ ਵਿਸ਼ਵਾਸ ਨਾਲ ਕਹਿੰਦਾ ਹੈ ਕਿ ਇਹ ਕੱਟਦਾ ਨਹੀਂ। ਆਪਣੇ ਸ਼ੌਕ ਪੂਰੇ ਕਰਨ ਲਈ ਹੋਰਾਂ ਨੂੰ ਤੰਗੀ ਨਾ ਦੇਈਏ। ਸਰਕਾਰ ਨੂੰ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਕਲੇਰ ਕਲਾ, ਜ਼ਿਲ੍ਹਾ ਗੁਰਦਾਸਪੁਰ।


ਮੋਮਬੱਤੀ
ਅਧਿਆਪਕ ਵਰਗ ਦੀ ਮੇਰੇ ਦਿਲ ਵਿਚ ਕਾਫੀ ਇੱਜ਼ਤ ਹੈ। ਬੱਚਿਆਂ ਦੇ ਭਵਿੱਖ ਘਾੜੇ ਅਧਿਆਪਕ ਹੀ ਤਾਂ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਅਧਿਆਪਕ ਉਹ ਮੋਮਬੱਤੀ ਵਾਂਗ ਹੈ ਜੋ ਖ਼ੁਦ ਬਲ ਕੇ ਰੌਸ਼ਨੀ ਕਰਦੀ ਹੈ। ਮੇਰਾ ਸੁਭਾਗ ਕਿ ਮੈਂ ਇਸ ਵਾਰ ਪੰਜਵੀਂ ਜਮਾਤ ਦੀ ਪ੍ਰੀਖਿਆ ਦਾ ਸੁਪਰਡੈਂਟ ਬਣ ਗਿਆ। ਮੈਂ ਪਹਿਲਾਂ ਹੀ ਪੇਪਰ ਲੈਣ ਗਿਆ ਤਾਂ ਉਥੋਂ ਦੇ ਅਧਿਆਪਕਾਂ ਨੇ ਮੇਰਾ ਕਾਫੀ ਸਤਿਕਾਰ ਕੀਤਾ। ਸਤਿਕਾਰ ਦਾ ਅਰਥ ਮੈਂ ਸਮਝ ਚੁੱਕਾ ਸੀ। ਪੇਪਰ ਸ਼ੁਰੂ ਹੋਇਆ ਤਾਂ ਪੰਜ ਪਿੰਡਾਂ ਦੇ ਅਧਿਆਪਕ ਮੱਖੀਆਂ ਵਾਂਗ ਪ੍ਰੀਖਿਆਂ ਕੇਂਦਰ ਦੇ ਇਰਦ-ਗਿਰਦ ਘੁੰਮਣ ਲੱਗੇ। ਕਿਉਂਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ 'ਤੇ ਕੋਈ ਉੱਡਣ ਦਸਤਾ ਨਹੀਂ ਆਉਂਦਾ ਤੇ ਨਾ ਹੀ ਪੁਲਿਸ ਜਾਂ ਫ਼ੌਜ ਦਾ ਪਹਿਰਾ ਹੁੰਦਾ ਹੈ। ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮੈਂ ਉਨ੍ਹਾਂ ਨੂੰ ਕਮਰਿਆਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ।
ਉਹ ਬੜੇ ਔਖੇ ਭਾਰੇ ਹੋਏ। ਅਗਲੇ ਦਿਨ ਗਣਿਤ ਦਾ ਪੇਪਰ ਸੀ। ਇਕ ਅਧਿਆਪਕ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਸਰ ਜੀ ਗੱਲ ਐਵੇਂ ਆ ਵੀ ਅਸੀਂ ਆਪਣੇ ਵਲੋਂ ਤਾਂ ਬਹੁਤ ਤਿਆਰੀ ਕਰਵਾਈ ਹੈ। ਪਰ ਤੁਸੀਂ ਬੱਚਿਆਂ ਨੂੰ ਰਕਮਾਂ ਵਾਲੇ ਸਵਾਲਾਂ ਬਾਰੇ ਏਨਾ ਕਿ ਦੱਸ ਦਿਓ ਕਿ ਕਿਹੜੇ ਸਵਾਲ ਦਾ ਕੀ ਕਰਨਾ ਹੈ ਭਾਵ ਕਿ ਗੁਣਾ, ਭਾਗ ਜਾਂ ਜੋੜ। ਬਾਕੀ ਪੇਪਰ ਤਾਂ ਬੱਚੇ ਆਪੇ ਕਰ ਲੈਣਗੇ। ਮੈਨੂੰ ਉਸ ਦੇ ਆਖ਼ਰੀ ਵਾਕ 'ਤੇ ਹਾਸਾ ਆ ਗਿਆ ਤੇ ਆਪੇ ਬਲ ਕੇ ਰੌਸ਼ਨੀ ਕਰਨ ਵਾਲੀ ਮੋਮਬੱਤੀ ਦੇ ਵਿਹਲੜਪੁਣੇ 'ਤੇ ਗੁੱਸਾ ਵੀ।


-ਕੇਵਲ ਸਿੰਘ ਧਰਮਪੁਰਾ।


ਪ੍ਰੀ-ਪੇਡ ਆਟੋ ਬੂਥ ਚੰਡੀਗੜ੍ਹ ਦਾ ਕੱਚ-ਸੱਚ
ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਕਿਸੇ ਵੀ ਖੇਤਰ ਨੂੰ ਲੈ ਲਈਏ, ਜ਼ਿਆਦਾਤਰ ਭ੍ਰਿਸ਼ਟਾਚਾਰ ਆਪਣੇ ਸਿਖਰਾਂ 'ਤੇ ਹੈ ਅਤੇ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ ਪੈਂਦੀ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਪਣੇ ਵੱਖੋ-ਵੱਖਰੇ ਰੁਝੇਵਿਆਂ ਕਰਕੇ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਹਨ। ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਸੈਕਟਰ 43 'ਚ ਬਣੇ ਬੱਸ ਸਟੈਂਡ ਦੇ ਬਾਹਰ ਪ੍ਰੀ ਪੇਡ ਆਟੋ ਬੂਥ ਬਣਾਇਆ ਹੈ, ਜਿਥੇ ਸਵਾਰੀਆਂ ਵਾਜਿਬ ਰੇਟ 'ਤੇ ਆਟੋ ਲੈ ਕੇ ਸਫ਼ਰ ਕਰ ਸਕਦੀਆਂ ਹਨ ਪਰ ਅਸਲੀਅਤ ਕੁਝ ਹੋਰ ਬਿਆਨ ਕਰਦੀ ਹੈ ਇਹ ਬੂਥ ਤਾਂ ਸਿਰਫ ਖਾਨਾਪੂਰਤੀ ਦਾ ਨਾਂਅ ਬਣ ਕੇ ਰਹਿ ਗਿਆ ਹੈ। ਇਹ ਪ੍ਰਸ਼ਾਸਨ ਦਾ ਭ੍ਰਿਸ਼ਟ ਦੋਗਲਾ ਰਵੱਈਆ ਹੀ ਹੈ ਅਤੇ ਉਨ੍ਹਾਂ ਦੀ ਆਟੋ ਵਾਲਿਆਂ ਨਾਲ ਮਿਲੀਭੁਗਤ ਹੈ ਕਿ ਇਸ ਬੂਥ ਦੇ ਤਾਇਨਾਤ ਅਧਿਕਾਰੀ ਆਮ ਤੌਰ 'ਤੇ ਜ਼ਿਆਦਾਤਰ ਬੂਥ ਨੂੰ ਖੋਲ੍ਹ ਕੇ ਜਾਂ ਉਂਜ ਗੇਟ ਭੇੜ ਕੇ ਇਧਰ-ਉਧਰ ਟਲੇ ਰਹਿੰਦੇ ਹਨ ਅਤੇ ਸਵਾਰੀਆਂ ਦੂਜੇ ਆਟੋ ਵਾਲਿਆਂ ਨੂੰ ਕਰਨ ਜਾਂ ਵੱਧ ਕਿਰਾਏ ਲਈ ਮਜਬੂਰ ਹੁੰਦੀਆਂ ਹਨ ਤੇ ਆਮ ਲੋਕਾਂ ਦੀ ਲੁੱਟ ਹੁੰਦੀ ਹੈ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਵਿਧਾ ਲਈ ਬਣਾਏ ਪ੍ਰੀ ਪੇਡ ਆਟੋ ਬੂਥ ਦੀ ਕਾਰਜ ਪ੍ਰਣਾਲੀ ਨੂੰ ਜ਼ਮੀਨੀ ਪੱਧਰ 'ਤੇ ਭ੍ਰਿਸ਼ਟਾਚਾਰ ਮੁਕਤ ਅਮਲ ਵਿਚ ਲਿਆਂਦਾ ਜਾਵੇ ਤਾਂ ਜੋ ਯਾਤਰੀਆਂ ਨੂੰ ਹੁੰਦੀ ਅੰਨ੍ਹੇਵਾਹ ਲੁੱਟ ਤੋਂ ਬਚਾਇਆ ਜਾ ਸਕੇ।


-ਗੋਬਿੰਦਰ ਸਿੰਘ ਬਰੜ੍ਹਵਾਲ
ਪਿੰਡ ਤੇ ਡਾਕ: ਬਰੜ੍ਹਵਾਲ (ਧੂਰੀ), ਜ਼ਿਲ੍ਹਾ ਸੰਗਰੂਰ।


ਸਰਕਾਰ ਦੇ ਦੋ ਸਾਲ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਆਪਣੀ ਸੰਪਾਦਕੀ ਵਿਚ ਕੈਪਟਨ ਸਰਕਾਰ ਦੇ ਦੋ ਸਾਲ ਸਿਰਲੇਖ ਅਧੀਨ ਆਪਣੇ ਵਿਚਾਰਾਂ ਨੂੰ ਬਾਖੂਬੀ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਚ ਕਾਂਗਰਸ ਵਲੋਂ ਆਪਣੇ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ ਹੈ। ਮੁੱਖ ਮੰਤਰੀ ਸਾਹਿਬ ਅਤੇ ਇਨ੍ਹਾਂ ਦੇ ਸੀਨੀਅਰ ਸਾਥੀਆਂ ਨੇ ਆਪਣੀ ਵਜ਼ਾਰਤ ਦੇ ਬੀਤੇ ਦੋ ਸਾਲਾਂ ਨੂੰ ਸੰਤੁਸ਼ਟੀਜਨਕ ਦੱਸਿਆ ਹੈ, ਪਰ ਆਮ ਜਨਤਾ ਦੇ ਹਿਸਾਬ ਨਾਲ ਕੁਝ ਵੀ ਤਸੱਲੀਬਖ਼ਸ਼ ਨਹੀਂ ਹੋਇਆ। ਚੋਣ ਮਨੋਰਥ-ਪੱਤਰ ਦੇ ਅਨੁਸਾਰ ਅਜੇ ਤੱਕ ਕੋਈ ਵੀ ਵਿਕਾਸ ਕਾਰਜ ਆਰੰਭ ਨਹੀਂ ਹੋਇਆ ਜੋ ਹੋਇਆ ਉਸ ਤੇ ਜਨਤਾ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੋਈ।
ਪੰਜਾਬ ਦੀ ਸਮੁੱਚੀ ਜਨਤਾ, ਕਿਰਸਾਨੀ, ਉਦਯੋਗ, ਟ੍ਰਾਂਸਪੋਰਟ, ਰੁਜ਼ਗਾਰ, ਜਿਸ ਖੇਤਰ 'ਤੇ ਵੀ ਨਜ਼ਰ ਮਾਰ ਕੇ ਵੇਖੀਏ, ਵਿਕਾਸ ਦੀ ਕੋਈ ਝਲਕ ਨਹੀਂ ਦਿਖਾਈ ਦਿੰਦੀ। ਕਦੇ ਸਰਕਾਰੀ ਕਰਮਚਾਰੀਆਂ ਨੂੰ ਸਮੇੇਂ ਸਿਰ ਤਨਖਾਹ ਨਾ ਮਿਲਣ ਕਰਕੇ, ਮਹਿੰਗਾਈ ਭੱਤੇੇ ਅਤੇ ਪੇ-ਕਮਿਸ਼ਨ ਲਾਗੂ ਨਾ ਹੋਣ ਕਰਕੇ ਰੋਸ ਧਰਨਿਆਂ ਵਰਗੇ ਮਸਲੇ ਦਿਨ-ਪ੍ਰਤੀਦਿਨ ਗੰਭੀਰਤਾ ਨਾਲ ਵਧ ਰਹੇ ਹਨ।


-ਗੁਰਜੀਤ ਸਿੰਘ ਭੈਣੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

02-04-2019

 ਛੁਪੇ ਗੁਣ
ਸਾਡੀ ਜੀਵਨ ਯਾਤਰਾ ਮਾਤਾ ਦੇ ਗਰਭ ਧਾਰਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਉਸ ਸਮੇਂ ਖਾਨਦਾਨੀ-ਜੱਦੀ ਵਿਸ਼ੇਸ਼ਤਾਵਾਂ ਮਾਂ-ਬਾਪ ਦੁਆਰਾ ਔਲਾਦ ਨੂੰ ਵਿਰਸੇ ਵਿਚ ਪ੍ਰਾਪਤ ਹੁੰਦੀਆਂ ਹਨ। ਨਰ ਦੇ ਸ਼ਕਰ-ਕੋਸ਼ ਅਤੇ ਮਾਦਾ ਦੇ ਅੰਡ-ਕੋਸ਼ ਦੇ ਸੰਯੋਗ ਨਾਲ ਇਕ ਸਾਂਝਾ ਕੋਸ਼ ਸੰਯੁਕਤ-ਕੋਸ਼ ਬਣਦਾ ਹੈ ਅਤੇ ਬੱਚਾ ਹੋਂਦ ਵਿਚ ਆਉਂਦਾ ਹੈ। ਸੰਯੁਕਤ-ਕੋਸ਼ ਦੇ ਅੰਦਰ ਗੁਣ-ਸੂਤਰ ਜਾਂ ਕਰੋਮੋਸੋਮਜ ਹੁੰਦੇ ਹਨ ਅਤੇ ਹਰ ਇਕ ਗੁਣ-ਸੂਤਰ ਵਿਚ ਛੋਟੇ-ਛੋਟੇ ਕੀਟਾਣੂ ਹੁੰਦੇ ਹਨ ਜਿਨ੍ਹਾਂ ਨੂੰ ਜੀਨਜ਼ ਕਹਿੰਦੇ ਹਨ। ਇਹੀ ਜੀਨਜ਼ ਖਾਨਦਾਨੀ ਜੱਦੀ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਗੁਣਾਂ ਲਈ ਜ਼ਿੰਮੇਵਾਰ ਹੁੰਦੇ ਹਨ। ਮਨੋਵਿਗਿਆਨੀਆਂ ਅਨੁਸਾਰ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਮੇਂ ਦੌਰਾਨ ਦਿਲ, ਦਿਮਾਗ, ਮਨ ਤੇ ਵਿਹਾਰ ਸਬੰਧੀ ਗੁਣ ਤੇ ਦੋਸ਼ਾਂ ਦੇ ਨਿਰਮਾਣ ਦੀ ਸ਼ੁਰੂਆਤ ਮਾਤਾ ਦੇ ਗਰਭ ਧਾਰਨ ਸਮੇਂ ਦੌਰਾਨ ਸ਼ੁਰੂ ਹੋ ਜਾਂਦੀ ਹੈ ਅਤੇ ਮਨ ਤੇ ਵਿਹਾਰ ਸਬੰਧੀ ਵਿਸ਼ੇਸ਼ਤਾਵਾਂ ਦਾ ਨਿਰਮਾਣ ਲਗਪਗ 75 ਫ਼ੀਸਦੀ ਹੀ ਸੰਪੂਰਨ ਹੋ ਜਾਂਦਾ ਹੈ। ਜੇਕਰ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਪਛਾਣਨ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਸਿੱਖਿਆ, ਰੁਜ਼ਗਾਰ ਤੇ ਸਮਾਜਿਕ ਖੇਤਰ ਵਿਚ ਵੱਡੀ ਕ੍ਰਾਂਤੀ ਆ ਸਕਦੀ ਹੈ। ਸੰਖੇਪ ਵਿਚ ਇਹੀ ਹੈ ਕਿ ਕੁਦਰਤ ਨੇ ਮਨੁੱਖ ਦੇ ਅੰਦਰ ਸਭ ਕੁਝ ਭਰਿਆ ਹੋਇਆ ਹੈ। ਲੋੜ ਹੈ ਸਿਰਫ ਆਪਣੇ-ਆਪ ਨੂੰ ਖੋਜਣ ਦੀ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

ਫਾਲਤੂ ਚੀਜ਼ਾਂ ਦੀ ਵਰਤੋਂ
ਸਾਡੇ ਘਰਾਂ, ਖੇਤਾਂ, ਦਫ਼ਤਰਾਂ, ਆਲੇ-ਦੁਆਲੇ ਬਹੁਤ ਵਸਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਥੋੜ੍ਹੀ ਮਿਹਨਤੀ, ਸੰਜੀਗਦੀ ਅਤੇ ਉਸਾਰੂਵਾਦੀ ਸੋਚ ਦੇ ਜ਼ਰੀਏ ਮਨੁੱਖ ਜ਼ਿੰਦਗੀ ਲਈ ਵਰਤੋਂਯੋਗ ਬਣਾਇਆ ਜਾ ਸਕਦਾ ਹੈ। ਜਨਮੇਜਾ ਸਿੰਘ ਜੌਹਲ ਦੇ 'ਕੈਮਰਾ ਚੁੱਪ ਨਹੀਂ' 'ਚ ਫਾਲਤੂ ਚੀਜ਼ਾਂ ਦੀ ਵਰਤੋਂ ਦੇ ਸਿਰਲੇਖ ਹੇਠ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਉਸਾਰੂਵਾਦੀ ਨਜ਼ਰੀਆ ਬਣਾ ਕੇ ਬੇਕਾਰ ਵਸਤੂਆਂ ਨੂੰ ਫਿਰ ਤੋਂ ਵਰਤੋਂਯੋਗ ਬਣਾਉਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਇਸ ਤਸਵੀਰ ਨਾਲ ਅਜੋਕੇ ਚਕਾਚੌਂਧ ਦੀ ਜ਼ਿੰਦਗੀ ਨੂੰ ਇਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਨੂੰ ਸੇਧ ਲੈਣ ਦੀ ਲੋੜ ਹੈ ਕਿ ਘਰ ਦੇ ਬਜ਼ੁਰਗਾਂ ਨੂੰ ਫਾਲਤੂ ਦੀ ਚੀਜ਼ ਸਮਝ ਕੇ ਆਸਰਿਆਂ 'ਚ ਛੱਡਣ ਦੀ ਬਜਾਇ ਪਿਆਰ ਸਤਿਕਾਰ ਦੇ ਕੇ ਘਰ ਦਾ ਜਿੰਦਰਾ ਬਣਾ ਕੇ ਰੱਖੀਏ।

-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

ਪਬਜੀ ਦਾ ਬੁਖਾਰ
ਅੱਜਕਲ੍ਹ ਬੱਚਿਆਂ ਅਤੇ ਨੌਜਵਾਨਾਂ ਨੂੰ ਇਕ ਬਿਮਾਰੀ ਚਿੰਬੜੀ ਹੈ, ਜਿਸ ਦਾ ਨਾਂਅ ਹੈ ਪਬਜੀ। ਇਹ ਇਕ ਮੋਬਾਈਲ ਉੱਪਰ ਆਨ ਲਾਈਨ ਖੇਡੀ ਜਾਣ ਵਾਲੀ ਖੇਡ ਹੈ, ਜੋ ਇਕੱਲਿਆਂ ਜਾਂ ਗਰੁੱਪ ਵਿਚ ਖੇਡੀ ਜਾਂਦੀ ਹੈ। ਇਸ ਦਾ ਚਸਕਾ ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਠੀਕ ਹੈ ਇਹ ਖੇਡਾਂ ਵਿਹਲਾ ਸਮਾਂ ਬਤੀਤ ਕਰਨ ਦਾ ਵਧੀਆ ਤਰੀਕਾ ਹਨ। ਪਰ ਆਪਣਾ ਕੀਮਤੀ ਸਮਾਂ ਵੀ ਇਨ੍ਹਾਂ ਉੱਪਰ ਬਰਬਾਦ ਕਰਨਾ ਬਹੁਤ ਨੁਕਸਾਨਦਾਇਕ ਹੈ। ਬੱਚੇ ਅਤੇ ਨੌਜਵਾਨ ਦੇਰ ਰਾਤ ਤੱਕ ਇਸ ਨੂੰ ਖੇਡਦੇ ਹਨ, ਜਿਸ ਦਾ ਅਗਲਾ ਵੱਡਾ ਨੁਕਸਾਨ ਅੱਖਾਂ ਉੱਪਰ ਪੈਣ ਵਾਲਾ ਮਾੜਾ ਪ੍ਰਭਾਵ ਹੈ। ਇਸ ਮਨੋਰੰਜਨ ਦੇ ਸਾਧਨ ਨਾਲ ਕੁਦਰਤ ਦੁਆਰਾ ਬਖਸ਼ੀ ਜੋਤ ਨੂੰ ਨੁਕਸਾਨ ਪਹੁੰਚਾਉਣਾ ਕੋਈ ਸਿਆਣਪ ਦੀ ਨਿਸ਼ਾਨੀ ਨਹੀਂ ਹੈ। ਅਜਿਹੀਆਂ ਖੇਡਾਂ ਜਿਥੇ ਵਿਅਕਤੀ ਦੇ ਦਿਮਾਗ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ, ਉਤੇ ਸਰੀਰਕ ਡੀਲ ਤੋਂ ਵੀ ਬੱਚੇ ਮੜਕੂ ਜਿਹੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੇ ਆਪਸੀ ਪਿਆਰ ਭਾਈਚਾਰੇ ਨੂੰ ਵੀ ਢਾਹ ਲਗਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਰੁਜ਼ਗਾਰ ਵੱਲ ਵੀ ਜ਼ਿਆਦਾ ਧਿਆਨ ਨਹੀਂ ਦਿੰਦੇ। ਸੋ, ਜੇਕਰ ਅਜਿਹੇ ਬੁਖਾਰ ਤੋਂ ਬਚਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੈ।

-ਤਰਸੇਮ ਲੰਡੇ, ਪਿੰਡ ਲੰਡੇ, ਮੋਗਾ।

ਔਰਤ ਅਤੇ ਵੋਟ
ਸਾਡੇ ਸਮਾਜ ਵਿਚ ਔਰਤਾਂ ਦੀ ਇਕ ਵੋਟਰ ਦੇ ਤੌਰ 'ਤੇ ਕੋਈ ਖ਼ਾਸ ਭੂਮਿਕਾ ਨਹੀਂ ਹੁੰਦੀ। ਸਾਡੇ ਸਮਾਜ ਦੀ ਮਰਦ ਪ੍ਰਧਾਨ ਬਣਤਰ ਹੋਣ ਦੇ ਕਾਰਨ ਵੋਟ ਕਿਸ ਨੂੰ ਪਾਉਣੀ ਹੈ, ਇਸ ਦਾ ਫ਼ੈਸਲਾ ਘਰ ਦਾ ਮਰਦ ਕਰਦਾ ਹੈ ਨਾ ਕਿ ਔਰਤ। ਔਰਤ ਦੀ ਵੋਟ ਪਾਉਣ ਬਾਰੇ ਕੋਈ ਸੁਤੰਤਰ ਸੋਚ ਨਹੀਂ ਹੁੰਦੀ ਅਤੇ ਜ਼ਿਆਦਾਤਰ ਔਰਤਾਂ ਵੀ ਇਸ ਬਾਰੇ ਬਹੁਤਾ ਨਹੀਂ ਸੋਚਦੀਆਂ। ਪਰ ਔਰਤਾਂ ਦੀ ਇਕ ਵੋਟਰ ਹੋਣ ਦੇ ਨਾਤੇ ਵੋਟਾਂ ਵਿਚ ਅਹਿਮ ਭੂਮਿਕਾ ਹੁੰਦੀ ਹੈ ਅਤੇ ਔਰਤਾਂ ਨੂੰ ਆਪਣੀ ਇਸ ਭੂਮਿਕਾ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਕੋਈ ਵੀ ਉਨ੍ਹਾਂ ਦੀ ਵੋਟ ਦਾ ਗ਼ਲਤ ਫਾਇਦਾ ਨਾ ਉਠਾ ਸਕੇ।

-ਸੀਮਾ ਸ਼ਰਮਾ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ ਅਤੇ ਅੰਨ ਦੀ ਬਰਬਾਦੀ
ਇਸ ਵਰ੍ਹੇ ਮਾਰਚ ਮਹੀਨੇ ਦਾ ਪਹਿਲਾ ਹਫ਼ਤਾ ਜ਼ਿਲ੍ਹਾ ਮੋਗਾ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮੋਗਾ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਭੁੱਖੇ ਮਰਦੇ ਪਸ਼ੂਆਂ ਵਾਸਤੇ ਨਿਆਮਤ ਬਣ ਕੇ ਬਹੁੜਿਆ ਮਾਰਚ ਮਹੀਨੇ ਦਾ ਪਹਿਲਾ ਹਫ਼ਤਾ। ਗੱਲ ਕੀ ਮੋਗਾ ਵਿਖੇ 7 ਮਾਰਚ ਨੂੰ ਇਕ ਪ੍ਰਮੁੱਖ ਰਾਜਨੀਤਕ ਪਾਰਟੀ ਵਲੋਂ ਰੈਲੀ ਰੱਖੀ ਹੋਈ ਸੀ। ਪੰਜਾਬ ਭਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿਚ ਲੈ ਕੇ ਆਉਣ ਦੀ ਜ਼ੋਰ-ਅਜਮਾਈ ਚੱਲ ਰਹੀ ਸੀ। ਪਰ ਲੋਕਾਂ ਨੂੰ ਬਿਠਾਉਣ ਦੇ ਇੰਤਜ਼ਾ ਵਜੋਂ 60, 61 ਏਕੜ ਕਣਕ ਦੀ ਫ਼ਸਲ ਦੀ ਬਲੀ ਲੈਣੀ ਪਈ। ਲਵੀਆਂ ਲਵੀਆਂ ਬੱਲੀਆਂ ਕੱਢਦੀ ਕਣਕ ਦੀ ਫ਼ਸਲ ਦੇ ਮਸ਼ੀਨਾਂ ਨੇ ਵੇਖਦੇ-ਵੇਖਦੇ ਸੱਥਰ ਵਿਛਾ ਦਿੱਤੇ। ਹਰੇ ਚਾਰੇ ਦੀ ਏਨੀ ਬਹੁਤਾਤ ਹੋ ਗਈ ਕਿ ਗਊਸ਼ਾਲਾਵਾਂ ਦੇ ਪਸ਼ੂਆਂ ਨੇ ਜਿੰਨਾ ਹਰਾ ਚਾਰਾ ਖਾਧਾ, ਉਸ ਤੋਂ ਜ਼ਿਆਦਾ ਬਰਬਾਦ ਕੀਤਾ। 60, 61 ਏਕੜ ਵਿਚ ਲਗਪਗ 1200 ਕੁਇੰਟਲ ਕਣਕ ਦੀ ਪੈਦਾਵਾਰ ਹੋਣੀ ਸੀ ਜੋ ਲਗਪਗ 300 ਪਰਿਵਾਰਾਂ ਵਲੋਂ ਸਾਲ ਭਰ ਖਾਧੀ ਜਾਣੀ ਸੀ, ਵਕਤ ਤੋਂ ਪਹਿਲਾਂ ਬਰਬਾਦ ਕਰ ਦਿੱਤੀ ਗਈ। ਮੁਕਦੀ ਗੱਲ ਕਰੋੜਾਂ ਰੁਪਏ ਖਰਚ ਕੇ ਸਿਆਸੀ ਪਾਰਟੀ ਦੀ ਰੈਲੀ ਤੋਂ ਲੋਕ ਕਿੰਨੇ ਕੁ ਪ੍ਰਭਾਵਿਤ ਹੋਏ, ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਧਨ ਅਤੇ ਅੰਨ ਦੀ ਬਰਬਾਦੀ ਅਤੇ ਦੁਰਦਸ਼ਾ ਹੁੰਦੀ ਹਰ ਕਿਸੇ ਨੇ ਅੱਖੀਂ ਦੇਖੀ। ਦੇਸ਼ ਨੂੰ ਕਿਸ ਰਾਹ ਤੋਰਿਆ ਹੋਇਆ ਹੈ, ਮਸਲਾ ਵਿਚਾਰ-ਚਰਚਾ ਦੀ ਮੰਗ ਕਰਦਾ ਹੈ।

-ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।

01-04-2019

ਹੁਣ ਆ ਗਿਐ ਸਮਾਂ
ਚੋਣਾਂ ਦਾ ਐਲਾਨ ਹੁੰਦਿਆਂ ਹੀ ਰੁੱਸਿਆਂ ਨੂੰ ਮਨਾਉਣ ਦਾ ਅਤੇ ਵੋਟਰਾਂ ਨੂੰ ਭਰਮਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਰੁੱਸੇ ਨੇਤਾਵਾਂ ਨੂੰ ਪਾਰਟੀ ਵਿਚ ਵਾਪਸੀ ਦੀ ਤਿਕੜਮਬਾਜ਼ੀ ਸ਼ੁਰੂ। ਜਨਤਾ ਨੂੰ ਆਪਣੇ ਵੱਲ ਖਿੱਚਣ ਦੇ ਸ਼ਬਦ ਜਾਲ ਬੁਣੇ ਜਾ ਰਹੇ ਹਨ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀ ਦੁਖਦੀ ਰਗ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨ ਨਾਲ ਵੱਧ ਵੋਟਾਂ ਆ ਸਕਦੀਆਂ, ਵਿਰੋਧੀ ਨੇਤਾਵਾਂ ਦੇ ਕਿਹੜੇ ਔਗੁਣ ਜਨਤਾ ਸਾਹਮਣੇ ਲਿਆਉਣ ਨਾਲ ਉਨ੍ਹਾਂ ਦੀਆਂ ਵੋਟਾਂ ਘਟ ਸਕਦੀਆਂ ਹਨ। ਅੱਜਕਲ੍ਹ ਇਨ੍ਹਾਂ ਮੁੱਦਿਆਂ 'ਤੇ ਦਿਮਾਗ ਵੱਧ ਖਰਚਿਆ ਜਾ ਰਿਹਾ ਹੈ। ਜਿੰਨਾ ਪੈਸਾ ਤੇ ਦਿਮਾਗ ਵਿਰੋਧੀਆਂ ਨੂੰ ਹੇਠਾਂ ਸੁੱਟਣ ਲਈ ਅਤੇ ਜਿੰਨੀਆਂ ਕੋਸ਼ਿਸ਼ਾਂ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਜੇ ਜਿੱਤਣ ਤੋਂ ਬਾਅਦ ਇਸ ਤੋਂ ਅੱਧਾ ਪੈਸਾ, ਦਿਮਾਗ ਅਤੇ ਅੱਧੀਆਂ ਕੋਸ਼ਿਸ਼ਾਂ ਵੀ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੀਤੀਆਂ ਜਾਣ ਤਾਂ ਸਹੀ ਅਰਥਾਂ ਵਿਚ ਦੇਸ਼ ਵਿਕਾਸ ਦੇ ਰਾਹ 'ਤੇ ਤੁਰ ਪਏਗਾ। ਜਦੋਂ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਪਾਰੀਆਂ ਨੂੰ ਆਪਣੇ ਹੱਕਾਂ ਲਈ ਸੜਕਾਂ 'ਤੇ ਰੁਲਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਤਾਂ ਫਿਰ ਵੋਟਾਂ ਲੈਣ ਲਈ ਪੁੱਠੇ-ਸਿੱਧੇ ਤਰੀਕੇ ਅਪਨਾਉਣ ਦੀ ਲੋੜ ਨਹੀਂ ਰਹੇਗੀ।


-ਅੰਮ੍ਰਿਤ ਕੌਰ
ਅੱਧੀ ਟਿੱਬੀ, ਬਡਰੁੱਖਾਂ ਸੰਗਰੂਰ।


ਵਾਹਨ ਪ੍ਰਦੂਸ਼ਣ
ਦੇਸ਼ ਵਿਚ ਜਿਥੇ ਕਈ ਤਿਉਹਾਰਾਂ 'ਤੇ ਖੁਸ਼ੀ ਜ਼ਾਹਿਰ ਕਰਨ ਲਈ ਚਲਾਏ ਜਾਂਦੇ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਦਾ ਹੈ, ਉਥੇ ਹੀ ਵਾਹਨਾਂ ਵਿਚੋਂ ਦਿਨ-ਰਾਤ ਸਾਰਾ ਦਿਨ ਨਿਕਲਦੇ ਧੂੰਏਂ ਨੇ ਹਵਾ ਵਿਚ ਪ੍ਰਦੂਸ਼ਣ ਦਾ ਬੇਹਤਾਸ਼ਾ ਵਾਧਾ ਕੀਤਾ ਹੋਇਆ ਹੈ। ਵਾਹਨਾਂ ਦੀ ਗਿਣਤੀ ਵਿਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ। ਇਸ ਸਬੰਧੀ 'ਸਰਬਉੱਚ ਅਦਾਲਤ ਨੇ ਵੀ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਦੇਸ਼ ਵਿਚ ਆਤਿਸ਼ਬਾਜ਼ੀ ਅਤੇ ਪਟਾਕੇ ਆਦਿ ਚਲਾਏ ਜਾਣ 'ਤੇ ਸਵਾਲ ਚੁੱਕਣ ਵਾਲੇ ਵਾਹਨਾਂ ਤੋਂ ਹੁੰਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਕਿਉਂ ਨਹੀਂ ਕੋਈ ਉਪਰਾਲਾ ਕਰਦੇ।'
ਵਾਹਨਾਂ ਦੇ ਧੂੰਏਂ ਨੇ ਸੱਚਮੁੱਚ ਹੀ ਮਨੁੱਖ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਖਾਸ ਕਰਕੇ ਆਟੋ ਚਾਲਕਾਂ ਵਲੋਂ ਡੀਜ਼ਲ ਵਿਚ ਸਸਤਾ ਤੇਲ ਮਿਲਾਏ ਜਾਣ ਨਾਲ ਹੋਰ ਵੀ ਜ਼ਹਿਰੀਲਾ ਧੂੰਆਂ ਨਿਕਲਦਾ ਹੈ। ਵਾਹਨਾਂ ਦੀ ਵਧਦੀ ਗਿਣਤੀ ਨੇ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ। ਇਸ ਸਥਿਤੀ 'ਤੇ ਕਾਬੂ ਪਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣੇ ਬਹੁਤ ਜ਼ਰੂਰੀ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਜੈ ਹਿੰਦ
ਭ੍ਰਿਸ਼ਟਾਚਾਰ ਇਸ ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਹੈ। ਇਸ ਕਰਕੇ ਹੀ ਆਜ਼ਾਦੀ ਤੋਂ ਬਾਅਦ ਜੋ ਦੇਸ਼ ਨੂੰ ਤਰੱਕੀ ਕਰਨੀ ਚਾਹੀਦੀ ਸੀ ਉਹ ਨਹੀਂ ਹੋ ਸਕੀ। ਸਾਡਾ ਪ੍ਰਸ਼ਾਸਨਿਕ ਢਾਂਚਾ ਹੌਲੀ-ਹੌਲੀ ਸਿਆਸੀ ਛਤਰ-ਛਾਇਆ ਹੇਠ ਲੋਕ ਸੇਵਾ ਦੇ ਸੰਕਲਪ ਤੋਂ ਭਟਕ ਗਿਆ ਹੈ। ਗਰੀਬ ਲੋਕਾਂ ਦਾ ਹੱਕ ਵੱਡੇ ਅਧਿਕਾਰੀ ਤੇ ਨੇਤਾ ਮਿਲਜੁਲ ਕੇ ਛਕਦੇ ਰਹੇ। ਲੋਕਾਂ ਨੂੰ ਇਹ ਭ੍ਰਿਸ਼ਟਾਚਾਰ ਦਾ ਦੈਂਤ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾਂਦਾ ਰਿਹਾ ਤੇ ਖਾ ਰਿਹਾ ਹੈ। ਹਰ ਸਰਕਾਰੀ ਯੋਜਨਾ ਇਨ੍ਹਾਂ ਦੇ ਘਰ ਭਰਦੀ ਰਹੀ। ਇਸ ਜੰਗਲ ਤੋਂ ਮੁਕਤੀ ਪਾਉਣ ਲਈ ਕਈ ਸਮਾਜਿਕ ਸੇਵਾਕਾਂ ਨੇ ਜਨਹਿਤ ਅਰਜ਼ੀਆਂ ਕੇਂਦਰੀ ਸੂਚਨਾ ਕਮਿਸ਼ਨ ਨੂੰ ਭੇਜੀਆਂ ਕਿ ਉਨ੍ਹਾਂ ਵੱਡੇ ਅਫਸਰਾਂ ਦੇ ਨਾਂਅ ਜਨਤਕ ਕੀਤੇ ਜਾਣ ਜੋ ਸਰਕਾਰੀ ਪੈਸਾ ਹੜੱਪ ਗਏ ਹਨ। ਲੰਮੇ ਸੰਘਰਸ਼ ਤੋਂ ਬਾਅਦ ਕਮਿਸ਼ਨ ਨੇ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਜਿਨ੍ਹਾਂ ਵੱਡੇ ਅਧਿਕਾਰੀਆਂ ਤੇ ਭ੍ਰਿਸ਼ਟ ਤਰੀਕੇ ਅਪਣਾਉਣ ਦਾ ਦੋਸ਼ ਹੈ, ਉਨ੍ਹਾਂ ਦੇ ਨਾਂਅ ਜਨਤਕ ਕੀਤੇ ਜਾਣਗੇ। ਇਹ ਦੇਸ਼ ਦੇ ਲੋਕਾਂ ਦੀ ਉਨ੍ਹਾਂ ਕਾਰਜ ਕਰਤਾਵਾਂ ਦੀ ਜਿੱਤ ਹੈ। ਅਜੇ ਇਹ ਲੜਾਈ ਹੋਰ ਚੱਲੇਗੀ। ਜਿਸ ਨਾਲ ਲੋਕਾਂ ਦਾ ਪੈਸਾ ਲੋਕਾਂ ਲਈ ਹੀ ਲੱਗੇਗਾ।


-ਵਿਵੇਕ, ਕੋਟ ਈਸੇ ਖਾਂ (ਮੋਗਾ)


ਸ਼ਹੀਦ ਕੌਮ ਦਾ ਸਰਮਾਇਆ
ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਅਤੇ ਹੋਰ ਸ਼ਹੀਦਾਂ ਨੇ ਦੇਸ਼ ਲਈ ਸ਼ਹਾਦਤਾਂ ਦਿੱਤੀਆਂ। ਇਹ ਸ਼ਹੀਦ ਕਿਸੇ ਜਾਤ ਅਤੇ ਕਿਸੇ ਇਲਾਕੇ ਲਈ ਸ਼ਹੀਦ ਨਹੀਂ ਹੋਏ। ਸ਼ਹੀਦਾਂ ਨੇ ਸਾਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅਸੀਂ ਕਦੇ ਇਹ ਸੋਚਿਆ ਕਿ ਸ਼ਹੀਦਾਂ ਨੇ ਕਿਹੋ ਜਿਹੇ ਸਮਾਜ ਦੀ ਸਿਰਜਣਾ ਬਾਰੇ ਸੋਚਿਆ ਹੋਵੇਗਾ? ਪਰ ਅਸੀਂ ਕੀ ਕਰ ਰਹੇ ਹਾਂ? ਸਾਨੂੰ ਸ਼ਹੀਦੀ ਬਾਰੇ ਸੋਚ ਕੇ ਪਹਿਰਾ ਦਿੰਦੇ ਹੋਏ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚਲਦੇ ਹੋਏ ਜੀਵਨ ਜਿਊਣਾ ਚਾਹੀਦਾ ਹੈ, ਨਾ ਕਿ ਜ਼ਿੰਮੇਵਾਰ ਅਹੁਦਿਆਂ 'ਤੇ ਬੈਠ ਕੇ ਆਪਣੇ ਪਰਿਵਾਰਾਂ ਬਾਰੇ ਹੀ ਨਹੀਂ ਸਗੋਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਲਈ ਪਹਿਰਾ ਦੇਣ ਦੀ ਲੋੜ ਹੈ।


-ਪਰਗਟ ਸਿੰਘ
ਪਿੰਡ ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਪੈਸਾ ਅਤੇ ਰਿਸ਼ਤੇ
ਪੈਸਾ ਅਤੇ ਰਿਸ਼ਤੇ ਦੋਵੇਂ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦੀਆਂ ਹਨ। ਨਾ ਤਾਂ ਪੈਸੇ ਤੋਂ ਬਿਨਾਂ ਜ਼ਿੰਦਗੀ ਦਾ ਗੁਜ਼ਾਰਾ ਹੋ ਸਕਦਾ ਹੈ ਅਤੇ ਨਾ ਹੀ ਆਪਣਿਆਂ ਤੋਂ ਬਿਨਾਂ ਜ਼ਿੰਦਗੀ ਜਿਊਣ ਦਾ ਕੋਈ ਸਵਾਦ ਹੈ। ਇਸ ਲਈ ਦੋਵਾਂ ਵਿਚ ਸੰਤੁਲਣ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਨਸਾਨ ਦੇ ਜੀਵਨ ਵਿਚ ਪੈਸੇ ਦਾ ਮਹੱਤਵ ਬਹੁਤ ਵਧ ਗਿਆ ਹੈ, ਇਸੇ ਕਾਰਨ ਇਨਸਾਨ ਆਪਣਿਆਂ ਤੋਂ ਬੇਮੁੱਖ ਹੁੰਦਾ ਜਾ ਰਿਾਹ ਹੈ। ਪੈਸੇ ਦੀ ਖਾਤਰ ਇਨਸਾਨ ਆਪਣਿਆਂ ਨੂੰ ਧੋਖਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਪੈਸੇ ਦੀ ਖਾਤਰ ਆਪਣਿਆਂ ਹੱਥੋਂ ਆਪਣਿਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਇਹ ਸਹੀ ਹੈ ਕਿ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਪੈਸੇ ਨਾਲ ਹੀ ਪੂਰੀਆਂ ਹੁੰਦੀਆਂ ਹਨ ਪਰ ਪੈਸੇ ਪਿਛੇ ਇੰਨੇ ਸਵਾਰਥੀ ਵੀ ਨਹੀਂ ਹੋਣਾ ਚਾਹੀਦਾ ਕਿ ਆਪਣਿਆਂ ਤੋਂ ਦੂਰ ਹੋ ਜਾਈਏ ਕਿਉਂਕਿ ਪੈਸਾ ਖਤਮ ਹੋ ਜਾਵੇ ਤਾਂ ਕਮਾਇਆ ਜਾ ਸਕਦਾ ਹੈ ਪਰ ਜੇਕਰ ਇਕ ਵਾਰ ਰਿਸ਼ਤੇ ਟੁੱਟ ਜਾਣ ਤਾਂ ਉਹ ਵਾਪਸ ਨਹੀਂ ਜੁੜਦੇ। ਇਸ ਲਈ ਸੁਖਦ ਜ਼ਿੰਦਗੀ ਲਈ ਪੈਸੇ ਅਤੇ ਰਿਸ਼ਤੇ ਦੋਵਾਂ ਵਿਚ ਸੰਤੁਲਤ ਬਣਾ ਕੇ ਰੱਖੋ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।

29-03-2019

 ਸੰਕਲਪ ਦਾ ਮਹੱਤਵ
ਅੱਜ ਅਸੀਂ ਆਪਣੇ ਹਰ ਮਾੜੇ ਕੰਮ ਦਾ ਸਿਹਰਾ ਦੂਸਰਿਆਂ ਦੇ ਸਿਰ ਬੰਨ੍ਹਦੇ ਹਾਂ ਤੇ ਜੇਕਰ ਅਜਿਹਾ ਕਿਹਾ ਜਾਵੇ ਕਿ ਖ਼ਾਸ ਕਰਕੇ 'ਮਾੜੇ ਕੰਮ' ਦਾ ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੋਵੇਗਾ। ਚੰਗੇ ਕੰਮ ਦੀ ਪ੍ਰਸੰਸਾ ਮਿਲਦੀ ਦੇਖ ਕੇ ਅਸੀਂ ਵੀ ਅਗਾਂਹ ਹੋ ਜਾਂਦੇ ਹਾਂ ਕਿ ਇਹ ਜੋ ਕੁਝ ਵੀ ਹੋਇਆ ਸਭ ਆਪ ਦੀ ਕਿਰਪਾ ਨਾਲ। ਪਰ ਅਸੀਂ ਭੁੱਲੀ ਬੈਠੇ ਹਾਂ ਕਿ ਕਿਸੇ ਵੀ ਕੰਮ ਨੂੰ ਆਰੰਭ ਜਿਸ ਵੀ ਸੰਕਲਪ ਨਾਲ ਕੀਤਾ ਜਾਂਦਾ ਹੈ, ਉਸ ਕੰਮ ਦਾ ਨਤੀਜਾ ਅਸਲ ਵਿਚ ਉਸ ਸੰਕਲਪ ਦਾ ਹੀ ਫਲ ਹੁੰਦਾ ਹੈ। ਜਿਵੇਂ ਕਿ ਸਾਡਾ ਦਿਮਾਗ ਇਕ ਗੱਲ ਪਿੱਛੇ ਹਜ਼ਾਰਾਂ ਹੀ ਸਵਾਲ ਵੀ ਬਣਾ ਲੈਂਦਾ ਹੈ ਤੇ ਆਪਣੀ ਜ਼ਰੂਰਤ ਅਨੁਸਾਰ ਹਰ ਸਵਾਲ ਦਾ ਜਵਾਬ ਵੀ ਲੱਭ ਲੈਂਦਾ ਹੈ। ਇਥੇ ਜੇਕਰ ਅਸੀਂ ਪਹਿਲਾਂ ਹੀ ਹਰ ਗੱਲ ਨੂੰ ਸਾਕਾਰਾਤਮਕ ਸੋਚ ਦਾ ਸਹਾਰਾ ਲੈ ਕੇ ਕਿਸੇ ਕੰਮ ਦਾ ਸੰਕਲਪ ਕਰਦੇ ਹਾਂ ਤਾਂ ਪਰਮਾਤਮਾ ਵੀ ਸਾਡੀ ਸਹਾਇਤਾ ਕਰਦਾ ਹੈ। ਫਿਰ ਚਾਹੇ ਸਵਾਲ ਸਾਡੀ ਜ਼ਿੰਦਗੀ ਦੇ ਇਮਤਿਹਾਨ ਦਾ ਹੋਵੇ ਜਾਂ ਕਿਸੇ ਅਕਾਦਮਿਕ ਪ੍ਰੀਖਿਆ ਦਾ। ਸੋ, ਸੁੱਚੇ ਸੰਕਲਪ ਹੀ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਦੇ ਹਨ।


-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)।


ਲਾਂਘਾ ਕਰਤਾਰਪੁਰ ਸਾਹਿਬ ਦਾ
ਸਿੱਖ ਧਰਮ ਦਾ ਮਹਾਨ ਤੀਰਥ ਅਸਥਾਨ ਕਰਤਾਰਪੁਰ ਡੇਰਾ ਬਾਬਾ ਨਾਨਕ ਸਾਹਿਬ ਤੋਂ ਕੇਵਲ ਚਾਰ ਕਿਲੋਮੀਟਰ ਦੀ ਦੂਰੀ 'ਤੇ ਪਾਕਿਸਤਾਨ ਵਿਚ ਸਥਿਤ ਹੈ। ਸਿੱਖ ਭਾਈਚਾਰਾ 1947 ਦੀ ਵੰਡ ਤੋਂ ਹੀ ਪਾਕਿਸਤਾਨ 'ਚ ਸਥਿਤ ਆਪਣੇ ਧਾਰਮਿਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਲਈ ਅਰਦਾਸ ਕਰਦਾ ਆ ਰਿਹਾ ਹੈ। ਕਰਤਾਰਪੁਰ ਲਾਂਘਾ ਬਣਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਐਲਾਨ ਕਰ ਕੇ ਇਸ 'ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਲਾਂਘਾ ਸ਼ੁਰੂ ਹੋਣ 'ਤੇ ਸਿੱਖ ਸੰਸਤਾਂ ਇਸ ਗੁਰੂ ਘਰ ਦੇ ਬੇਰੋਕ-ਟੋਕ ਦਰਸ਼ਨ ਕਰ ਸਕਣਗੀਆਂ। ਪਰ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਇਸ ਧਰਮ ਅਸਥਾਨ ਦੇ ਦਰਸ਼ਨ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦੇ ਸਾਂਝੇ ਪੀਰ ਅਤੇ ਗੁਰੂ ਹਨ। ਇਸ ਲਾਂਘੇ ਦੀ ਉਸਾਰੀ ਸ਼ਰਧਾ ਭਾਵਨਾ ਨਾਲ ਕੀਤੀ ਜਾਣੀ ਚਾਹੀਦੀ ਹੈ। ਸਿਆਸੀ ਨੇਤਾਵਾਂ ਨੂੰ ਨਫ਼ਰਤ ਭਰੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਨਿਰੋਲ ਧਾਰਮਿਕ ਕਾਰਜ ਹੈ, ਸਿਆਸੀ ਨਹੀਂ।


-ਮਾ: ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਪੁਰਾਣੇ ਪੁਲਿਸ ਕਾਨੂੰਨ
ਪਿਛਲੇ ਦਿਨੀਂ ਸ੍ਰੀ ਨਿਰੰਜਨ ਬੋਹਾ ਦਾ ਲੇਖ ਪੁਲਿਸਤੰਤਰ ਦੀ ਪੁਰਾਣੀ ਪ੍ਰਕਿਰਿਆ ਦੀ ਪੋਲ ਖੋਲ੍ਹ ਗਿਆ। ਭਾਰਤ ਨੂੰ ਆਜ਼ਾਦ ਹੋਇਆਂ 71 ਵਰ੍ਹੇ ਬੀਤ ਗਏ ਪਰ 1861 ਵਿਚ ਅੰਗਰੇਜ਼ਾਂ ਨੇ ਜੋ ਪੁਲਿਸ ਕਾਨੂੰਨ ਬਣਾਏ, ਅੱਜ ਵੀ ਉਹੀ ਉਸੇ ਲਕੀਰ 'ਤੇ ਚੱਲਿਆ ਜਾ ਰਿਹਾ ਹੈ। 1857 ਦੇ ਵਿਦਰੋਹ ਤੋਂ ਬਾਅਦ ਹੱਕ, ਸੱਚ ਤੇ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਪੁਲਿਸ ਰਾਹੀਂ ਦਰੜਿਆ ਜਾਂਦਾ ਸੀ। ਅੱਜ ਵੀ ਰਾਜਨੀਤਕ ਲੋਕ ਇਸੇ ਹੀ ਕਾਨੂੰਨ ਤਹਿਤ ਵਿਰੋਧੀਆਂ ਨੂੰ ਗੁੱਠੇ ਲਾਉਣ ਲਈ ਇਸ ਦੀ ਵਰਤੋਂ ਕਰਦੇ ਹਨ। ਅੰਗਰੇਜ਼ਾਂ ਵੇਲੇ ਬਣਿਆ ਕਾਨੂੰਨ, ਹਾਦਸੇ ਵਿਚ ਭਾਵੇਂ 10 ਬੰਦੇ ਮਰ ਜਾਣ, ਤਫ਼ਤੀਸ਼ੀ ਅਫ਼ਸਰ ਮੌਕੇ 'ਤੇ ਡਰਾਈਵਰ ਦੀ ਜ਼ਮਾਨਤ ਲੈ ਸਕਦਾ ਹੈ ਪਰ 10 ਬੋਤਲਾਂ ਸ਼ਰਾਬ ਫੜੀ ਜਾਣ 'ਤੇ ਮੁੱਖ ਅਫ਼ਸਰ ਤੋਂ ਬਿਨਾਂ ਹੋਰ ਕੋਈ ਜ਼ਮਾਨਤ ਨਹੀਂ ਲੈ ਸਕਦਾ। ਰਾਜਸੀ ਲੋਕ ਆਪਣੇ ਲਾਭਾਂ ਲਈ ਅਨੇਕਾਂ ਸੋਧਾਂ ਸੰਵਿਧਾਨ ਵਿਚ ਕਰ ਚੁੱਕੇ ਹਨ ਪਰ ਪੁਲਿਸ ਕਾਨੂੰਨ ਵਿਚ ਸੋਧਾਂ ਕਰਨ ਲਈ ਕੋਈ ਰਾਜਨੀਤਕ ਦਲ ਜਾਂ ਸੰਗਠਨ ਪਹਿਲ ਨਹੀਂ ਕਰ ਰਿਹਾ। ਸਮਾਜ ਵਿਚ ਆ ਰਹੀਆਂ ਸਮਾਜਿਕ, ਆਰਥਿਕ, ਧਾਰਮਿਕ ਤਬਦੀਲੀਆਂ ਮੁਤਾਬਿਕ, ਸੇਵਾ-ਮੁਕਤ ਜੱਜਾਂ, ਪੁਲਿਸ ਅਫ਼ਸਰਾਂ, ਕਾਨੂੰਨਦਾਨਾਂ, ਬੁੱਧੀਜੀਵੀਆਂ, ਮੀਡੀਆ ਕਰਮੀਆਂ ਤੇ ਲੇਖਕ ਸਭਾਵਾਂ 'ਤੇ ਆਧਾਰਿਤ ਕਮੇਟੀ ਬਣਾ ਕੇ ਪੁਲਿਸ ਕਾਨੂੰਨ ਵਿਚ ਤਬਦੀਲੀ ਕਰਨ ਦੀ ਲੋੜ ਹੈ। ਪੁਲਿਸ ਉੱਪਰ ਰਾਜਸੀ ਲੋਕਾਂ ਦਾ ਬੇਲੋੜਾ ਦਬਾਅ ਖ਼ਤਮ ਕਰਨ ਦੀ ਲੋੜ ਹੈ।


-ਮਾ: ਜਸਵੰਤ ਸਿੰਘ
ਭੱਟੀਵਾਲ, ਗੁਰਦਾਸਪੁਰ।


ਸੜਕੀ ਹਾਦਸੇ

ਪੰਜਾਬ ਵਿਚ ਹਰ ਰੋਜ਼ ਸੜਕੀ ਹਾਦਸੇ ਵਾਪਰ ਰਹੇ ਹਨ, ਜਿਸ ਵਿਚ ਬਹੁਤ ਹੀ ਕੀਮਤੀ ਜਾਨਾਂ ਜਾ ਰਹੀਆਂ ਹਨ। ਪਰ ਕਈ ਸੜਕੀ ਹਾਦਸੇ ਸਾਡੇ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਵੀ ਵਾਪਰਨ ਦੇ ਆਸਾਰ ਬਣੇ ਰਹਿੰਦੇ ਹਨ। ਕਈ ਥਾਈਂ ਮੇਨ ਸੜਕਾਂ 'ਤੇ ਖੁੱਲ੍ਹੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅੱਗੇ ਸਪੀਡ ਬਰੇਕਰ ਨਹੀਂ ਹਨ। ਛੋਟੇ ਬੱਚੇ ਜਿਹੜੇ ਮਸਤੀ ਵਿਚ ਸਕੂਲ ਵਿਚੋਂ ਨਿਕਲਣ ਵੇਲੇ ਤੇਜ਼ ਰਫ਼ਤਾਰ ਆਉਂਦੇ ਵਾਹਨ ਵੱਲ ਕਈ ਵਾਰ ਧਿਆਨ ਨਹੀਂ ਦਿੰਦੇ, ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸਾਡੇ ਕਸਬੇ ਵਿਚ ਪਿੰਡ ਸਾਹਨੇਵਾਲੀ ਦੇ ਸਰਕਾਰੀ ਆਦਰਸ਼ ਸਕੂਲ ਵਿਚ 1500 ਦੇ ਕਰੀਬ ਬੱਚੇ ਪੜ੍ਹਦੇ ਹਨ। ਇਹ ਸਕੂਲ ਮੇਨ ਸੜਕ 'ਤੇ ਹੈ। ਛੋਟੇ ਬੱਚੇ ਬੜੀ ਤੇਜ਼ੀ ਨਾਲ ਛੁੱਟੀ ਹੋਣ ਵੇਲੇ ਬਾਹਰ ਆਉਂਦੇ ਹਨ, ਜਿਸ ਕਰਕੇ ਅਨੇਕਾਂ ਵਾਰ ਹਾਦਸੇ ਹੁੰਦੇ-ਹੁੰਦੇ ਟਲੇ ਹਨ। ਇਸ ਕਰਕੇ ਇਹੋ ਜਿਹੇ ਸਕੂਲਾਂ ਅੱਗੇ ਸਪੀਡ ਬਰੇਕਰ ਹੋਣੇ ਬਹੁਤ ਜ਼ਰੂਰੀ ਹਨ। ਲੋਕਾਂ ਦੀ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਤੇ ਸਰਦੂਲਗੜ੍ਹ ਦੇ ਐਸ.ਡੀ.ਐਮ. ਸਾਹਿਬ ਨੂੰ ਬੇਨਤੀ ਹੈ ਕਿ ਸਾਹਨੇਵਾਲੀ ਆਦਰਸ਼ ਸਕੂਲ ਅੱਗੇ ਸਪੀਡ ਬਰੇਕਰ ਜਲਦੀ ਤੋਂ ਜਲਦੀ ਲਗਵਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਆਦੇਸ਼ ਦੇਣ ਤਾਂ ਕਿ ਭਵਿੱਖ 'ਚ ਕਦੇ ਕੋਈ ਜਾਨੀ ਨੁਕਸਾਨ ਨਾ ਹੋਵੇ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

 

28-03-2019

 ਪਾਣੀ ਦਾ ਸੰਕਟ ਇਕ ਗੰਭੀਰ ਮੁੱਦਾ
ਪਿਛਲੇ ਦਿਨੀਂ 'ਵਿਸ਼ਵ ਜਲ ਦਿਵਸ' ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਲਿਖਿਆ ਵਿਸ਼ੇਸ਼ ਲੇਖ ਜਿਥੇ ਸਾਨੂੰ ਪਾਣੀ ਦੇ ਗੰਭੀਰ ਹੋ ਰਹੇ ਸੰਕਟ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ, ਉਥੇ ਕਿਤੇ ਨਾ ਕਿਤੇ ਹੁਕਮਰਾਨਾਂ ਦੀ ਕਾਰਗੁਜ਼ਾਰੀ ਬਾਰੇ ਵੀ ਜਾਗਰੂਕ ਹੋਣ ਦਾ ਹੋਕਾ ਦਿੰਦਾ ਹੈ। ਲਗਪਗ ਡੇਢ ਕੁ ਦਹਾਕਾ ਪਹਿਲਾਂ ਜਦੋਂ ਪਾਣੀਆਂ ਦੇ ਗੰਧਲਾ ਜਾਂ ਖ਼ਰਾਬ ਹੋਣ ਦੀਆਂ ਰਿਪੋਰਟਾਂ ਆਉਣ ਲੱਗੀਆਂ ਤਾਂ ਬਿਮਾਰੀਆਂ ਨੂੰ ਹਊਆ ਬਣਾ ਕੁਝ ਮੁਨਾਫ਼ਾਖੋਰ ਕੰਪਨੀਆਂ ਨੇ ਪਾਣੀ ਸ਼ੁੱਧ ਕਰਨ ਦੇ ਉਪਕਰਨਾਂ ਦੇ ਵਪਾਰ ਦੀ ਹਨੇਰੀ ਵਗਾ ਦਿੱਤੀ। ਪਹੁੰਚ ਵਾਲੇ ਲੋਕ ਧੜਾਧੜਾ ਇਹ ਉਪਕਰਨ ਲਵਾਉਣ ਲੱਗੇ ਤੇ ਕੰਪਨੀਆਂ ਨੇ ਕਰੋੜਾਂ ਰੁਪਏ ਦੀ ਕਮਾਈ ਕੀਤੀ। ਪਰ ਕਿਸੇ ਨੇਤਾ ਨੇ ਪਾਣੀ ਦੇ ਗੰਧਲਾ ਹੋਣ ਦੇ ਕਾਰਨਾਂ ਜਾਂ ਸਿਸਟਮ ਦੀਆਂ ਅਣਗਹਿਲੀਆਂ ਖ਼ਿਲਾਫ਼ ਕੋਈ ਬੀੜਾ ਨਾ ਚੁੱਕਿਆ। ਹੁਣ ਤਾਜ਼ਾ ਰਿਪੋਰਟਾਂ ਇਹ ਹਨ ਕਿ ਸ਼ੁੱਧ ਕੀਤੇ ਪਾਣੀ 'ਚੋਂ ਜ਼ਰੂਰੀ ਤੱਤ ਨਿਕਲਣ ਕਾਰਨ ਲੋਕਾਂ ਨੂੰ ਹੱਡ-ਗੋਡਿਆਂ ਦੀਆਂ ਤਕਲੀਫ਼ਾਂ ਵਧ ਰਹੀਆਂ ਹਨ। ਆਉਣ ਵਾਲੀਆਂ ਚੋਣਾਂ ਵਿਚ ਪਿੰਡਾਂ-ਸ਼ਹਿਰਾਂ ਦੇ ਲੋਕਾਂ ਨੂੰ ਇਹ ਵੋਟ ਮੰਗਣ ਆਇਆਂ ਨੂੰ ਪਾਣੀਆਂ ਬਾਰੇ ਸਵਾਲ ਜ਼ਰੂਰ ਕਰਨੇ ਚਾਹੀਦੇ ਹਨ। ਪੰਚਾਇਤਾਂ ਦੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਅਸੀਂ ਪਾਣੀ ਦੇ ਮੁੱਦੇ 'ਤੇ ਗੰਭੀਰ ਨਾ ਹੋਏ ਤਾਂ ਆਉਣ ਵਾਲੀਆਂ ਨਸਲਾਂ ਸਾਡੇ 'ਤੇ ਸਵਾਲ ਖੜ੍ਹੇ ਕਰਨਗੀਆਂ।

-ਬਲਵੀਰ ਸਿੰਘ ਬਾਸੀਆਂ

ਵੋਟ ਦੀ ਕਰੋ ਸਹੀ ਵਰਤੋਂ
ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦੀ ਸਰਕਾਰ 'ਤੇ ਹੀ ਨਹੀਂ ਸਗੋਂ ਨਾਗਰਿਕਾਂ 'ਤੇ ਵੀ ਨਿਰਭਰ ਹੁੰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਹੁਣ ਚੋਣਾਂ ਦਾ ਸਮਾਂ ਹੈ। ਹਰ ਪਾਰਟੀ ਦਾ ਮੈਂਬਰ ਆਪਣੀ-ਆਪਣੀ ਪਾਰਟੀ ਦੇ ਗੁਣ ਗਾਉਂਦਾ ਦਿਖਾਈ ਦੇਵੇਗਾ। ਪਰ ਦੋਸਤੋ ਇਹ ਸਾਡਾ ਸਭ ਦਾ ਫ਼ਰਜ਼ ਹੈ ਕਿ ਅਸੀਂ ਇਕ ਚੰਗੇ ਇਨਸਾਨ ਨੂੰ ਵੋਟ ਪਾ ਕੇ ਅਗਾਂਹ ਵਧਾਈਏ ਤਾਂ ਕਿ ਅੱਗੇ ਜਾ ਕੇ ਦੇਸ਼ ਦਾ ਸੱਚਮੁੱਚ ਵਿਕਾਸ ਹੋ ਸਕੇ। ਵੋਟ ਪਾਉਣਾ ਸਾਡਾ ਸਭ ਦਾ ਆਪਣਾ ਨਿੱਜੀ ਹੱਕ ਹੈ ਇਸ ਲਈ ਸਾਨੂੰ ਵੋਟ ਪਾਉਣ ਸਮੇਂ ਆਪਣੇ ਦੋਸਤ, ਰਿਸ਼ਤੇਦਾਰਾਂ ਜਾਂ ਫਿਰ ਕਿਸੇ ਹੋਰ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਸਗੋਂ ਖ਼ੁਦ ਆਪਣੇ ਦਿਮਾਗ ਦੀ ਵਰਤੋਂ ਕਰ ਸਹੀ ਚੋਣ ਕਰਨੀ ਚਾਹੀਦੀ ਹੈ। ਪਾਰਟੀਆਂ ਪਹਿਲਾਂ ਕੁਝ ਕੁ ਸਕੀਮਾਂ ਚਲਾ ਕੇ ਲੋਕਾਂ ਦਾ ਦਿਲ ਜਿੱਤਦੀਆਂ ਹਨ ਜਿਵੇਂ ਕਿ ਆਟਾ ਦਾਲ ਸਕੀਮ ਨੂੰ ਹੀ ਲੈ ਲਓ। ਪਰ ਇਹ ਸਕੀਮਾਂ ਨੌਜਵਾਨਾਂ ਨੂੰ ਅਪਾਹਜ ਬਣਾ ਰਹੀਆਂ ਹਨ। ਹਾਂ, ਉਨ੍ਹਾਂ ਲੋਕਾਂ ਨੂੰ ਦਾਣਾ ਪਾਣੀ ਸਕੀਮ ਜ਼ਰੂਰ ਮਿਲਣੀ ਚਾਹੀਦੀ ਹੈ ਜੋ ਕਿ ਅਪਾਹਜ ਹਨ ਜਾਂ ਫਿਰ ਬਹੁਤ ਬਜ਼ੁਰਗ ਹਨ ਅਤੇ ਆਪਣਾ ਕੰਮ ਨਹੀਂ ਕਰ ਸਕਦੇ। ਦੇਸ਼ ਦੀ ਤਰੱਕੀ ਦੀ ਜ਼ਿੰਮੇਵਾਰੀ ਹਰ ਨਾਗਰਿਕ ਦੇ ਹੱਥ ਹੈ। ਇਸ ਲਈ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਕੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣਾ ਚਾਹੀਦਾ।

-ਕਿਰਨਪ੍ਰੀਤ ਕੌਰ।

ਨਿੱਜੀ ਸਕੂਲਾਂ ਵਿਚ ਦਾਖ਼ਲੇ ਲਈ ਸਿਫ਼ਾਰਿਸ਼
ਅੱਜਕਲ੍ਹ ਦੇ ਦੌਰ ਵਿਚ ਪੜ੍ਹਾਈ ਦਾ ਪੱਧਰ ਬਹੁਤ ਉੱਚਾ ਹੋ ਚੁੱਕਾ ਹੈ ਅਤੇ ਜ਼ਰੂਰੀ ਵੀ ਬਣ ਗਿਆ ਹੈ। ਹੁਣ ਇਸ ਦੌਰ ਵਿਚ ਹਰ ਇਨਸਾਨ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਤੇ ਅਨੁਸ਼ਾਸਨ ਹਾਸਲ ਕਰਾਉਣਾ ਚਾਹੁੰਦਾ ਹੈ। ਇਸ ਸੋਚ ਨੂੰ ਲੈ ਕੇ ਹਰ ਇਨਸਾਨ ਚੰਗੇ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਦਾਖ਼ਲਾ ਦਿਵਾਉਣਾ ਚਾਹੁੰਦੇ ਹਨ। ਪਿਛਲੇ ਕਈ ਸਾਲਾਂ ਤੋਂ ਪ੍ਰਾਈਵੇਟ ਸਕੂਲਾਂ 'ਤੇ ਉੱਠ ਰਹੇ ਮੁੱਦੇ ਜਿਵੇਂ ਵਰਦੀਆਂ, ਵੱਧ ਫੀਸਾਂ ਤੇ ਮਹਿੰਗੀਆਂ ਕਿਤਾਬਾਂ ਨੂੰ ਲੈ ਕੇ ਬਹੁਤ ਚਰਚਾ ਵਿਚ ਰਹੇ ਹਨ। ਹੁਣ ਇਕ ਹੋਰ ਨਵਾਂ ਮੁੱਦਾ ਸੁਣਨ 'ਚ ਆਇਆ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਵਿਚ ਦਾਖ਼ਲ ਕਰਨਾ ਹੈ ਤਾਂ ਵੱਡੀ ਤੋਂ ਵੱਡੀ ਸਿਫ਼ਾਰਿਸ਼ ਹੋਣੀ ਚਾਹੀਦੀ ਹੈ। ਇਹ ਸਭ ਮੇਰੀ ਜਾਣਕਾਰੀ ਵਿਚ ਉਦੋਂ ਆਇਆ ਜਦੋਂ ਅਸੀਂ ਬੱਚੇ ਨੂੰ ਦਾਖ਼ਲਾ ਦਿਵਾਉਣ ਲਈ ਇਕ ਨਿੱਜੀ ਸਕੂਲ ਗਏ। ਉਥੋਂ ਦੇ ਪ੍ਰਿੰਸੀਪਲ ਨੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਜੇ ਕੋਈ ਸਿਫ਼ਾਰਿਸ਼ ਹੈ ਤਾਂ ਦਾਖ਼ਲਾ ਹੋ ਜਾਵੇਗਾ, ਨਹੀਂ ਤੁਸੀਂ ਅਗਲੇ ਸਾਲ ਦੁਬਾਰਾ ਕੋਸ਼ਿਸ਼ ਕਰ ਲੈਣਾ। ਅੱਜਕਲ੍ਹ ਸਕੂਲਾਂ ਵਿਚ ਡੋਨੇਸ਼ਨ ਦੇ ਨਾਂਅ 'ਤੇ ਵੱਧ ਫੀਸਾਂ ਤੇ ਸਿਫ਼ਾਰਿਸ਼ੀ ਬੱਚਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸਰਕਾਰ ਨੂੰ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਜੇ ਕੋਈ ਇਨਸਾਨ ਆਪਣੇ ਬੱਚੇ ਨੂੰ ਚੰਗਾ ਪੜ੍ਹਾਉਣ ਲਈ ਸਕੂਲ ਦੀਆਂ ਸਾਰੀਆਂ ਹਦਾਇਤਾਂ ਪੂਰੀਆਂ ਕਰਦਾ ਹੈ ਤਾਂ ਉਹ ਦਾਖ਼ਲਾ ਲੈਣ ਦਾ ਹੱਕਦਾਰ ਹੈ।

-ਪਰਮਦੀਪ ਸਿੰਘ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਉਂ ਨਹੀਂ ਠੱਲ੍ਹ ਰਹੀ ਲੱਚਰਤਾ
ਅੱਜ ਸੋਸ਼ਲ ਮੀਡੀਆ ਦੇ ਉੱਤੇ ਕੋਈ ਕੁਝ ਵੀ ਬੋਲੀ ਜਾਵੇ, ਕੋਈ ਪਾਬੰਦੀ ਨਹੀਂ। ਬੜੀ ਸ਼ਰਮ ਦੀ ਗੱਲ ਹੈ ਕਿ ਕਈ ਲੋਕ ਸਮਾਜ ਵਿਚ ਮਸ਼ਹੂਰ ਹੋਣ ਲਈ, ਏਨਾ ਘਟੀਆ ਤਰੀਕਾ ਅਪਣਾ ਰਹੇ ਹਨ। ਪਰ ਉਨ੍ਹਾਂ ਲੋਕਾਂ ਨੇ ਵੀ ਸ਼ਰਮ ਲਾ ਦਿੱਤੀ ਹੈ, ਜੋ ਅਜਿਹੇ ਅਨਸਰਾਂ ਦਾ ਪਿੰਡਾਂ ਵਿਚ ਪ੍ਰੋਗਰਾਮਾਂ 'ਤੇ ਬੁਲਾ ਕੇ ਸਨਮਾਨ ਕਰਦੇ ਹਨ, ਜਿਵੇਂ ਉਹ ਕੋਈ ਜੰਗ ਜਿੱਤ ਕੇ ਆਏ ਹੋਣ। ਉਹ ਸ਼ਰੇਆਮ ਗਾਲ੍ਹਾਂ ਕੱਢਦੇ ਹਨ ਪਰ ਸਾਡੇ ਲੋਕਾਂ ਲਈ ਇਹ ਮਜ਼ਾਕ ਹੈ। ਸਾਨੂੰ ਇਸ ਦੇ ਅੰਜ਼ਾਮ ਦਾ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਗੱਲਾਂ ਦਾ ਸਮਾਜ 'ਤੇ ਕੀ ਅਸਰ ਪਵੇਗਾ। ਅੱਜਕਲ੍ਹ ਤਾਂ ਪੰਜਾਬੀ ਗੀਤ ਵੀ ਲੱਚਰਤਾ ਅਤੇ ਗੁੰਡਾਗਰਦੀ ਦੇ ਨਾਲ ਭਰਪੂਰ ਹਨ। ਗੀਤਾਂ ਵਿਚ ਗੱਲ ਸਿਰਫ ਗੁੰਡਾਗਰਦੀ, ਨਸ਼ੇ ਜਾਂ ਕੁੜੀ ਦੀ ਹੀ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੇ ਸਮਾਜ ਅਤੇ ਸਮਾਜ ਨੂੰ ਬਰਬਾਦੀ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਲੋੜ ਹੈ ਸਾਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਜੋ ਸਾਡੇ ਸੱਭਿਆਚਾਰ ਨੂੰ ਖਰਾਬ ਕਰ ਰਹੀਆਂ ਹਨ। ਸ਼ਰਾਰਤੀ ਅਨਸਰ ਜੋ ਸੋਸ਼ਲ ਮੀਡੀਆ 'ਤੇ ਆਪਣੇ-ਆਪ ਨੂੰ ਮਸ਼ਹੂਰ ਕਰਨ ਲਈ ਗ਼ਲਤ ਰਸਤੇ ਅਪਣਾ ਰਹੇ ਹਨ, ਸਾਡੀ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰ ਰਹੇ ਹਨ, ਉਨ੍ਹਾਂ ਦੇ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

-ਗੁਰਪ੍ਰੀਤ ਨੰਦਗੜ੍ਹ
ਗੁਰੂ ਨਾਨਕ ਕਾਲਜ, ਬੁਢਲਾਡਾ।

27-03-2019

 ਚੋਣ ਮਨੋਰਥ ਪੱਤਰ
ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਲੋਕਾਂ ਨੂੰ ਲੁਭਾਉਣ ਲਈ ਆਪਣੀਆਂ-ਆਪਣੀਆਂ ਪਾਰਟੀਆਂ ਚੋਣ ਮਨੋਰਥ ਪੱਤਰ ਤਿਆਰ ਕਰਦੀਆਂ ਹਨ। ਆਮ ਤੌਰ 'ਤੇ ਜਦ ਕੋਈ ਪਾਰਟੀ ਸੱਤਾ ਵਿਚ ਆਉਂਦੀ ਹੈ, ਜਦੋਂ ਉਸ ਨੇ ਮਨੋਰਥ ਪੱਤਰ ਵਿਚ ਲਿਖੀਆਂ ਗੱਲਾਂ ਨੂੰ ਯੋਜਨਾਵਾਂ ਦੇ ਰੂਪ ਵਿਚ ਅਮਲੀ ਰੂਪ ਦੇਣਾ ਹੁੰਦਾ ਹੈ ਤਾਂ ਉਨ੍ਹਾਂ ਦੁਆਰਾ ਹਮੇਸ਼ਾ ਖਾਲੀ ਖਜ਼ਾਨੇ ਦਾ ਹਵਾਲਾ ਦਿੱਤਾ ਜਾਂਦਾ ਹੈ। ਕੀ ਚੋਣ ਮਨੋਰਥ ਪੱਤਰ ਲਾਗੂ ਕਰਨ ਵੇਲੇ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਆਰਥਿਕ ਹਾਲਾਤ ਦਾ ਇਲਮ ਨਹੀਂ ਹੁੰਦਾ। ਹਮੇਸ਼ਾ ਆਮ ਲੋਕਾਂ ਨਾਲ ਵਿਸ਼ਵਾਸਘਾਤ ਹੁੰਦਾ ਹੈ। ਕਈ ਵਾਰ ਤਾਂ ਸਿਆਸੀ ਪਾਰਟੀਆਂ ਦੁਆਰਾ ਅਜਿਹੇ ਵਾਅਦੇ ਕਰ ਦਿੱਤੇ ਜਾਂਦੇ ਹਨ ਕਿ ਮਜ਼ਾਕ ਦੇ ਪਾਤਰ ਬਣ ਜਾਂਦੇ ਹਨ। ਉਦਾਹਰਨ ਦੇ ਤੌਰ 'ਤੇ ਪਿਛਲੀਆਂ ਚੋਣਾਂ ਸਮੇਂ ਭਾਜਪਾ ਵਲੋਂ ਹਰੇਕ ਦੇ ਖਾਤੇ ਵਿਚ 15 ਲੱਖ ਰੁਪਏ ਪਾਉਣ ਦੀ ਗੱਲ ਕਹੀ ਗਈ ਸੀ, ਸਮਝ ਨਹੀਂ ਆਉਂਦੀ ਅਜਿਹੇ ਵਾਅਦੇ ਕਿਸ ਤਰਕ 'ਤੇ ਕੀਤੇ ਜਾਂਦੇ ਹਨ। ਵਰਤਮਾਨ ਸਮੇਂ ਵਿਚ ਕਾਂਗਰਸ ਦੁਆਰਾ ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਹੈ। ਇਸ ਲਈ ਲੋੜ ਹੈ ਕਿ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਾਇਰੇ ਵਿਚ ਲਿਆਂਦਾ ਜਾਵੇ ਜੋ ਵੀ ਸਿਆਸੀ ਪਾਰਟੀ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਦੀ, ਉਸ ਦੀ ਕਾਨੂੰਨੀ ਮਾਨਤਾ ਰੱਦ ਕੀਤੀ ਜਾਵੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਇਸ ਤਰ੍ਹਾਂ ਦੇ ਲੁਭਾਊ ਵਾਅਦਿਆਂ ਤੋਂ ਗੁੰਮਰਾਹ ਨਾ ਹੋਣ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਨਿੱਜੀ ਸਕੂਲਾਂ ਦੀ ਮਨਮਾਨੀ
ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਹੋਣ ਜਾ ਰਿਹਾ ਹੈ। ਵਿਦਿਆਰਥੀਆਂ ਨੇ ਜਮਾਤਾਂ ਪਾਸ ਕਰ ਕੇ ਨਵੀਆਂ ਜਮਾਤਾਂ ਵਿਚ ਦਾਖਲਾ ਲੈਣਾ ਹੈ। ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਵਿਦਿਆਰਥੀਆਂ ਤੋਂ ਇਮਾਰਤੀ ਫੰਡ, ਦਾਖਲਾ ਫੀਸ, ਹਰ ਸਾਲ ਨਵੀਆਂ ਵਰਦੀਆਂ, ਨਵੀਆਂ ਕਿਤਾਬਾਂ ਅਤੇ ਕਈ ਤਰ੍ਹਾਂ ਦੇ ਨਿਯਮ ਬਣਾ ਕੇ ਫੀਸਾਂ ਲੈ ਲਈਆਂ ਜਾਂਦੀਆਂ ਹਨ। ਜਦਕਿ ਇਕ ਵਾਰ ਸਕੂਲ ਵਿਚ ਦਾਖਲ ਹੋਣ ਤੋਂ ਬਾਅਦ ਹਰ ਸਾਲ ਦਾਖਲਾ ਫੀਸ ਲੈਣਾ ਕਿੱਥੋਂ ਦਾ ਇਨਸਾਫ਼ ਹੈ ਭਾਵੇਂ ਕਿ ਮਾਣਯੋਗ ਅਦਾਲਤ ਵਲੋਂ ਫੀਸਾਂ ਨਿਸਚਿਤ ਕੀਤੀਆਂ ਗਈਆਂ ਹਨ ਪਰ ਬਹੁਗਿਣਤੀ ਪ੍ਰਾਈਵੇਟ ਸਕੂਲ ਚੋਰੀ ਛਿਪੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਲੁੱਟ ਰਹੇ ਹਨ। ਇਸੇ ਪ੍ਰਕਾਰ ਸਕੂਲ ਅਧਿਆਪਕਾਂ ਨੂੰ ਮੁਢਲੀ ਤਨਖਾਹ ਜਾਂ ਕੋਈ ਗ੍ਰੇਡ ਨਾ ਦੇ ਕੇ ਉੱਕਾ-ਪੁੱਕਾ ਤਨਖਾਹ 'ਤੇ ਕੰਮ ਕਰਵਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਮਾਨਤਾ ਪ੍ਰਾਪਤ ਸਕੂਲ ਰਾਜ ਸਰਕਾਰ ਦੇ ਹੁਕਮਾਂ ਨੂੰ ਮੰਨਣ ਲਈ ਵਚਨਬੱਧ ਹਨ ਪਰ ਸਰਕਾਰ ਵਲੋਂ ਕੀਤੀਆਂ ਜਾਂਦੀਆਂ ਛੁੱਟੀਆਂ ਜਾਂ ਹੋਰ ਨਿਯਮਾਂ ਦੀ ਉਲਘਣਾ ਕਰਨ ਵਿਚ ਇਹ ਭੋਰਾ ਨਹੀਂ ਡਰਦੇ। ਸਰਕਾਰ ਨੂੰ ਅਜਿਹੇ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕਰ ਕੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸੈਲਫੀ ਬਣੀ ਖ਼ਤਰਾ
ਅੱਜਕਲ੍ਹ ਦੇ ਬੱਚਿਆਂ ਨੂੰ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਕੇ ਸੈਲਫੀ ਲੈਣ ਦੀ ਪਤਾ ਨਹੀਂ ਕਿਹੋ ਜਿਹੀ ਬਿਮਾਰੀ ਲੱਗ ਚੁੱਕੀ ਹੈ। ਸੈਲਫੀ ਲੈਂਦਿਆਂ ਹੁੰਦੇ ਹਾਦਸਿਆਂ ਬਾਰੇ ਵੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਸ਼ਾਇਦ ਇਨ੍ਹਾਂ ਖ਼ਬਰਾਂ ਤੋਂ ਕੋਈ ਸਿੱਖਿਆ ਨਹੀਂ ਲਈ ਜਾਂਦੀ। ਇਨ੍ਹਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਜਾਂ ਫਿਰ ਇਹ ਸੋਚ ਲਿਆ ਜਾਂਦਾ ਹੈ ਕਿ ਸਾਡੇ ਨਾਲ ਹਾਦਸਾ ਨਹੀਂ ਹੋ ਸਕਦਾ। ਇਸ ਲਈ ਬੱਚੇ ਮੀਡੀਆ ਦੁਆਰਾ ਜਾਗਰੂਕ ਕਰਨ ਦੇ ਬਾਵਜੂਦ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਫੋਟੋ ਲੈਂਦਿਆਂ ਆਪਣੀਆਂ ਜਾਨਾਂ ਗੁਆ ਲੈਂਦੇ ਹਨ। ਅਮਰੀਕਨ ਮਨੋਵਿਗਿਆਨਕ ਐਸੋਸੀਏਸ਼ਨ ਦੇ ਅਨੁਸਾਰ ਜਿਹੜਾ ਵਿਅਕਤੀ ਇਕ ਦਿਨ ਵਿਚ ਤਿੰਨ ਤੋਂ ਵੱਧ ਸੈਲਫੀਆਂ ਲੈਂਦਾ ਹੈ ਉਹ ਮਾਨਸਿਕ ਰੋਗੀ ਹੈ। ਖ਼ਤਰਨਾਕ ਥਾਵਾਂ 'ਤੇ ਜਾ ਕੇ ਆਪਣੀਆਂ ਤਸਵੀਰਾਂ ਖਿੱਚਣਾ ਮਾਨਸਿਕ ਰੋਗ ਹੀ ਹੈ। ਆਪਣੀ ਤਾਰੀਫ਼ ਕਰਵਾਉਣ ਲਈ ਆਪਣੀਆਂ ਤਸਵੀਰਾਂ ਖਿੱਚ ਕੇ ਵਾਹ-ਵਾਹ ਕਰਵਾਉਣਾ ਸਿਆਣਪ ਨਹੀਂ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸੁਚੇਤ ਕਰਨ ਕਿ ਉਹ ਖ਼ਤਰਨਾਕ ਥਾਵਾਂ 'ਤੇ ਜਾ ਕੇ ਸੈਲਫ਼ੀ ਲੈਣ ਤੋਂ ਗੁਰੇਜ਼ ਕਰਨ।


-ਅੰਮ੍ਰਿਤ ਕੌਰ
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ।


ਬੇਲੋੜਾ ਫ਼ੈਸ਼ਨ

ਦਾਇਰੇ ਵਿਚ ਰਹਿ ਕੇ ਕੀਤਾ ਗਿਆ ਫੈਸ਼ਨ ਸਭ ਨੂੰ ਸ਼ੋਭਾ ਦਿੰਦਾ ਹੈ। ਸਜਣ-ਸੰਵਰਨ, ਹਾਰ ਸ਼ਿੰਗਾਰ ਕਰਨਾ ਪਹਿਲਾਂ ਤੋਂ ਹੀ ਮਨੁੱਖ ਦਾ ਸੁਭਾਅ ਰਿਹਾ ਹੈ। ਪਰ ਅੱਜਕਲ੍ਹ ਬਿਊਟੀ ਪਾਰਲਰਾਂ ਅਤੇ ਸੈਲੂਨ ਦੇ ਨਾਂਅ ਹੇਠ ਸਾਡੀਆਂ ਜੇਬਾਂ 'ਤੇ ਵੱਡਾ ਡਾਕਾ ਮਾਰਿਆ ਜਾ ਰਿਹਾ। ਪੱਛਮੀ ਸੱਭਿਅਤਾ ਨੇ ਸਾਡੀ ਮੱਤ ਮਾਰ ਰੱਖੀ ਹੈ। ਹਜ਼ਾਰਾਂ ਰੁਪਏ ਅੱਜ ਬਿਊਟੀ ਪਾਰਲਰਾਂ, ਸੈਲੂਨਾਂ ਵਿਚ ਸਜਣ ਸੰਵਰਨ ਦੇ ਲਏ ਜਾ ਰਹੇ ਹਨ। ਆਖ਼ਰ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਕੁਦਰਤ ਨੇ ਪਹਿਲਾਂ ਹੀ ਸਾਨੂੰ ਬਣਾਉਣ ਵਿਚ ਕੋਈ ਕਮੀ ਨਹੀਂ ਛੱਡੀ ਫਿਰ ਇਸ ਨਾਲ ਛੇੜਛਾੜ ਕਿਉਂ। ਸਾਡੇ ਨੌਜਵਾਨਾਂ ਨੇ ਵੀ ਦਾੜੀਆਂ ਦੇ ਫੈਸ਼ਨ ਬੇਕਡੱਬੇ ਬਣਾਏ ਹੋਏ ਹਨ। ਆਖਰ ਅਸੀਂ ਸਾਬਤ ਕੀ ਕਰਨਾ ਚਾਹੁੰਦੇ ਹਾਂ। ਪਾਰਲਰਾਂ ਦੀਆਂ ਮਹਿੰਗੀਆਂ ਕੈਮੀਕਲ ਯੁਕਤ ਕਰੀਮਾਂ ਕੁਦਰਤ ਦੁਆਰਾ ਬਣਾਏ ਰੰਗਾਂ ਨੂੰ ਬਦਲ ਨਹੀਂ ਸਕਦੀਆਂ ਪਰ ਸਾਨੂੰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ। ਯਾਦ ਰਹੇ ਫੈਸ਼ਨ ਸਾਡੀ ਸ਼ਕਲ ਨੂੰ ਕਰੂਪ ਬਣਾ ਦਿੰਦਾ ਹੈ। ਪਰ ਸਾਦਗੀ ਜਿਹਾ ਗਹਿਣਾ ਸਾਡੇ ਸਰੀਰ ਨੂੰ ਚਾਰ ਚੰਨ ਲਾ ਦਿੰਦਾ ਹੈ। ਆਓ! ਫਿਰ ਸੱਜਰੀ ਸਵੇਰ ਜਿਹੇ ਸੂਝਵਾਨ ਲਿਆਕਤ ਪਸੰਦ ਦੋਸਤੋ ਫ਼ੈਸ਼ਨ ਨੂੰ ਸੀਮਤ ਦਾਇਰੇ ਤੱਕ ਸਮੇਟ ਸਾਦੇ ਜੀਵਨ ਨੂੰ ਤਰਜੀਹ ਦੇਈਏ ਤਾਂ ਕਿ ਸਾਡਾ ਬਜਟ ਚਾਦਰ ਤੋਂ ਬਾਹਰ ਨਾ ਹੋਏ।


-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਲੁਧਿਆਣਾ।


ਲੋਕ ਭਰਮਾਊ ਵਾਅਦੇ
ਆਉਣ ਵਾਲੇ ਦਿਨਾਂ ਵਿਚ 17ਵੀਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਉਮੀਦਵਾਰਾਂ ਨੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਭੋਲੀ-ਭਾਲੀ ਜਨਤਾ ਨੂੰ ਭਰਮਾਉਣ ਲਈ ਉਮੀਦਵਾਰਾਂ ਵਲੋਂ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਜਾਣਗੇ। ਇਸ ਲਈ ਜਨਤਾ ਨੂੰ ਅਪੀਲ ਹੈ ਕਿ ਉਹ ਨੇਤਾਵਾਂ ਦੇ ਝੂਠੇ ਲਾਰਿਆਂ ਵਿਚ ਫਸਣ ਦੀ ਬਜਾਏ ਆਪਣੀ ਸੂਝ-ਬੂਝ ਦੀ ਵਰਤੋਂ ਕਰਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਯੋਗ ਉਮੀਦਵਾਰ ਨੂੰ ਆਪਣਾ ਨੇਤਾ ਚੁਣਨ। ਸਾਡੇ ਨੇਤਾ ਹਮੇਸ਼ਾ ਗ਼ਰੀਬੀ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦਾ ਲਾਰਾ ਲਾ ਕੇ ਭੋਲੀ-ਭਾਲੀ ਜਨਤਾ ਨੂੰ ਬੇਵਕੂਫ਼ ਬਣਾ ਕੇ ਸੱਤਾ ਪ੍ਰਾਪਤ ਕਰ ਲੈਂਦੇ ਹਨ ਪਰ ਸਾਡੇ ਦੇਸ਼ ਵਿਚ ਅੱਜ ਵੀ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ ਜਿਹੀਆਂ ਸਮੱਸਿਆਵਾਂ ਉਸੇ ਤਰ੍ਹਾਂ ਹਨ। ਇਸੇ ਲਈ ਵੋਟਰਾਂ ਨੂੰ ਚਾਹੀਦਾ ਹੈ ਕਿ ਇਸ ਵਾਰ ਉਹ ਨਾ ਤਾਂ ਲਾਲਚ ਵਿਚ ਆ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਪੰਜ ਸਾਲ ਪਛਤਾਉਣ ਨਾਲੋਂ ਆਪਣੀ ਸੂਝ-ਬੂਝ ਨਾਲ ਪੜ੍ਹੇ-ਲਿਖੇ ਯੋਗ ਉਮੀਦਵਾਰ ਦੀ ਚੋਣ ਕਰ ਕੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਈਏ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।

26-03-2019

 ਖਾਧ ਪਦਾਰਥਾਂ ਵਿਚ ਮਿਲਾਵਟ
ਅੱਜ ਹਵਾ, ਪਾਣੀ ਅਤੇ ਜ਼ਮੀਨ ਹੀ ਨਹੀਂ, ਸਾਡੇ ਖਾਧ ਪਦਾਰਥ ਵੀ ਜ਼ਹਿਰੀਲੇ ਹੋ ਚੁੱਕੇ ਹਨ। ਇਹ ਜ਼ਹਿਰੀਲਾਪਣ ਕੁਝ ਰਸਾਇਣਾਂ ਅਤੇ ਕੀਟਨਾਸ਼ਕਾਂ ਦੇ ਅਸਰ ਨਾਲ ਅਤੇ ਕੁਝ ਮਿਲਾਵਟਖੋਰਾਂ ਦੀ ਦੂਸ਼ਿਤ ਮਾਨਸਿਕਤਾ ਅਤੇ ਲਾਲਚ ਨਾਲ ਲਗਪਗ ਹਰ ਖਾਧ ਪਦਾਰਥ ਵਿਚ ਆ ਰਿਹਾ ਹੈ। ਮਿਲਾਵਟ ਦਾ ਇਹ ਜ਼ਹਿਰ ਤਿਲ-ਤਿਲ ਕਰਕੇ ਮਨੁੱਖੀ ਸਰੀਰ ਅੰਦਰ ਦਾਖ਼ਲ ਹੋ ਰਿਹਾ ਹੈ, ਜਿਸ ਨਾਲ ਉਹ ਖ਼ਤਰਨਾਕ ਰੋਗਾਂ ਦਾ ਸ਼ਿਕਾਰ ਹੋ ਚੁੱਕਾ ਹੈ। ਆਮ ਲੋਕ ਇਹ ਸਭ ਕੁਝ ਜਾਣਦੇ ਹੋਏ ਵੀ ਇਹ ਜ਼ਹਿਰੀਲੇ ਪਦਾਰਥ ਖਾਣ ਲਈ ਮਜਬੂਰ ਹਨ, ਕਿਉਂਕਿ ਉਨ੍ਹਾਂ ਕੋਲ ਇਸ ਤੋਂ ਬਚਣ ਲਈ ਹੋਰ ਕੋਈ ਬਦਲ ਹੀ ਨਹੀਂ, ਪਰ ਪੇਟ ਭਰਨ ਲਈ ਅਨਾਜ, ਦੁੱਧ, ਸਬਜ਼ੀਆਂ ਆਦਿ ਜ਼ਹਿਰ ਰੂਪੀ ਵਸਤਾਂ ਤਾਂ ਉਸ ਨੂੰ ਖਾਣੀਆਂ ਹੀ ਪੈਣੀਆਂ ਹਨ। ਮਿਲਾਵਟ ਦਾ ਇਹ ਅਨੈਤਿਕ ਅਤੇ ਸਮਾਜ ਵਿਰੋਧੀ ਵਰਤਾਰਾ ਸੰਸਾਰ ਵਿਆਪੀ ਹੈ। ਬਿਨਾਂ ਸ਼ੱਕ ਇਸ ਧੰਦੇ ਨੇ ਬਕਾਇਦਾ ਇਕ ਕਾਰੋਬਾਰ ਦਾ ਰੂਪ ਧਾਰਨ ਕਰ ਲਿਆ ਹੈ। ਇਸ ਧੰਦੇ ਨੂੰ ਰੋਕਣ ਲਈ ਸਖ਼ਤ ਸਜ਼ਾਵਾਂ ਦੀ ਲੋੜ ਹੈ।

-ਸੁਖਮੰਦਰ ਸਿੰਘ ਤੁਰ
ਖੋਸਾ ਪਾਂਡੋ (ਮੋਗਾ)।

ਪ੍ਰਵਾਸੀਆਂ ਦਾ ਹੋਇਆ ਮੋਹ ਭੰਗ
ਅਖ਼ਬਾਰ ਵਿਚ ਸ: ਮੇਜਰ ਸਿੰਘ ਦੀ ਲਿਖੀ ਖ਼ਬਰ ਪੜ੍ਹ ਕੇ ਪਤਾ ਲਗਦਾ ਹੈ ਕਿ ਕਿਵੇਂ ਪ੍ਰਵਾਸੀ ਲੋਕਾਂ ਦਾ ਚੋਣਾਂ ਪ੍ਰਤੀ ਮੋਹ ਭੰਗ ਹੋ ਗਿਆ ਹੈ। ਦੇਖਣ ਵਿਚ ਵੀ ਆ ਰਿਹਾ ਹੈ ਕਿ ਇਸ ਵਾਰੀ ਸਿਆਸੀ ਨੇਤਾ ਨਾ ਹੀ ਚੋਣ ਦੌਰਿਆਂ ਸਮੇਂ ਬਾਹਰ ਗਏ ਹਨ ਅਤੇ ਨਾ ਹੀ ਪ੍ਰਵਾਸੀ ਇਨ੍ਹਾਂ ਦੀ ਮਦਦ ਕਰਨ ਲਈ ਇਥੇ ਆਏ ਹਨ ਅਤੇ ਨਾ ਹੀ ਆ ਰਹੇ ਹਨ। ਵਾਕਿਆ ਹੀ ਅੱਗੇ ਜਦੋਂ ਨੇਤਾ ਬਾਹਰ ਜਾਂਦੇ ਸਨ, ਚੋਣਾਂ ਭਾਵੇਂ ਲੋਕ ਸਭਾ, ਵਿਧਾਨ ਸਭਾ ਜਾਂ ਪੰਚਾਇਤੀ ਹੋਣ, ਵਿਦੇਸ਼ੀ ਲੋਕ ਇਨ੍ਹਾਂ ਪ੍ਰਤੀ ਬੜਾ ਉਤਸ਼ਾਹ ਦਿਖਾਉਂਦੇ ਸਨ। ਹਰ ਪੱਖੋਂ ਉਥੇ ਇਨ੍ਹਾਂ ਦੀ ਡਾਲਰਾਂ ਆਦਿ ਨਾਲ ਮਦਦ ਕਰਦੇ ਸਨ ਅਤੇ ਇਥੇ ਆ ਕੇ ਵੀ ਪ੍ਰਚਾਰ ਕਰਦੇ ਸਨ। ਇਨ੍ਹਾਂ ਭ੍ਰਿਸ਼ਟ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਇਨ੍ਹਾਂ ਨੇ 'ਆਪ' ਪਾਰਟੀ ਦੀ ਮਦਦ ਵੀ ਕਾਫੀ ਕੀਤੀ ਪਰ ਇਨ੍ਹਾਂ ਨੇ ਮੁੱਲ ਹੀ ਨਹੀਂ ਪਾਇਆ, ਖ਼ਾਸ ਕਰਕੇ ਦਿੱਲੀ ਵਾਲਿਆਂ ਨੇ ਔਕਾਤ ਹੀ ਬਦਲ ਦਿੱਤੀ। ਇਹ ਸਾਰਾ ਕੁਝ ਇਨ੍ਹਾਂ ਪਾਰਟੀਆਂ ਦੇ ਧਿਆਨ ਨਾ ਦੇਣ ਕਰਕੇ ਵਿਦੇਸ਼ੀਆਂ ਦਾ ਮੋਹ ਭੰਗ ਹੋ ਗਿਆ ਹੈ। ਜੇ ਕਰ ਹੁਣ ਕੋਈ ਵੀ ਨੇਤਾ ਬਾਹਰ ਜਾਏਗਾ, ਨਾ ਹੀ ਵਿਦੇਸ਼ੀ ਇਨ੍ਹਾਂ ਨੂੰ ਮੂੰਹ ਲਾਉਣਗੇ ਅਤੇ ਨਾ ਹੀ ਡਾਲਰਾਂ ਨਾਲ ਮਦਦ ਕਰਨਗੇ। ਸੋ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਇੰਗਲੈਂਡ, ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿਚੋਂ ਕੋਈ ਵੀ ਪ੍ਰਵਾਸੀ ਮੁਸ਼ਕਿਲ ਨਾਲ ਹੀ ਇਧਰ ਆਉਣਗੇ। ਇਨ੍ਹਾਂ ਪਾਰਟੀਆਂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ।

-ਹਰਜਿੰਦਰ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

ਅਲਵਿਦਾ ਕਰਨਲ ਜਗਰਾਉਂ
ਤਿੰਨ ਜੰਗਾਂ 1962, 1965 ਅਤੇ 1971 ਲੜਨ ਵਾਲਾ ਭਾਰਤ ਮਾਂ ਦਾ ਸੱਚਾ ਸਪੂਤ, ਬਹਾਦਰ ਸਿਪਾਹੀ ਆਖ਼ਰ ਆਪਣੀ ਜ਼ਿੰਦਗੀ ਦੀ ਜੰਗ 18 ਫਰਵਰੀ, 2019 ਨੂੰ ਸ਼ਾਮ 10.50 ਵਜੇ ਹਾਰ ਕੇ ਬੜੇ ਸਨਮਾਨ ਸਹਿਤ ਦੁਨੀਆ ਤੋਂ ਰੁਖ਼ਸਤ ਹੋ ਗਿਆ। ਉਨ੍ਹਾਂ 12 ਫਰਵਰੀ, 1955 ਨੂੰ ਇੰਡੀਅਨ ਆਰਮੀ ਆਰਮਡ ਕੋਰ ਵਿਚ ਭਰਤੀ ਹੋ ਕੇ ਤੇ ਆਸਾਮ ਰੈਜਮੈਂਟ ਕਮਾਂਡ ਕੀਤੀ ਅਤੇ 35 ਸਾਲ ਨੌਕਰੀ ਪੂਰੀ ਕਰ ਕੇ ਸਨਮਾਨ ਨਾਲ 28 ਫਰਵਰੀ, 1990 ਵਿਚ ਬੇਦਾਗ ਕਰਨਲ ਸੇਵਾ-ਮੁਕਤ ਹੋਏ। ਮੈਨੂੰ ਕਰਨਲ ਸਾਹਿਬ ਨਾਲ ਕਈ ਮਿਲਟਰੀ ਸਟੇਸ਼ਨਾਂ 'ਤੇ ਸਾਥ-ਸਾਥ ਨੌਕਰੀ ਕਰਨ ਦਾ ਮੌਕਾ ਹਾਸਲ ਹੋਇਆ ਅਤੇ ਮੇਰੇ ਪਿੰਡ ਉਨ੍ਹਾਂ ਦੇ ਨਾਨਕੇ ਹਨ। ਵਰਨਣਯੋਗ ਹੈ ਕਿ ਉਹ ਪ੍ਰਿੰਸੀਪਲ ਤਖਤ ਸਿੰਘ ਗ਼ਜ਼ਲਗੋ ਦੇ ਸਪੁੱਤਰ ਅਤੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸਕੇ ਭਤੀਜੇ ਸਨ। 1990 ਦੀ ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਅੰਗਰੇਜ਼ੀ ਦੀ ਬਜਾਏ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਲਿਖਣਾ ਸ਼ੁਰੂ ਕੀਤਾ ਤੇ ਅਨੇਕਾਂ ਵੰਨ-ਸੁਵੰਨੇ ਲੇਖ ਲਿਖੇ, ਜਿਨ੍ਹਾਂ ਵਿਚ ਜ਼ਿਆਦਾ ਕਰਕੇ ਸੈਰ, ਸਮਾਧੀ ਤੇ ਯੋਗਾ ਵਾਲੇ ਲੇਖਾਂ ਵਿਚ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਦੇਸ਼ ਵਿਦੇਸ਼ ਦੇ ਪਾਠਕਾਂ ਨੇ ਉਨ੍ਹਾਂ ਦੇ ਲੇਖਾਂ ਨੂੰ ਰੱਜ ਕੇ ਸਲਾਹਿਆ। ਉਨ੍ਹਾਂ ਨੇ ਭਾਰਤ ਦੇ ਉੱਤਰ-ਪੂਰਬ, ਨਿਪਾਲ ਅਤੇ ਆਮ ਆਦਮੀ ਦੀ ਜ਼ਿੰਦਗੀ ਬਾਰੇ ਸੁਚੱਜੇ ਪਾਏਦਾਰ ਤੇ ਜਾਣਕਾਰੀ ਭਰਪੂਰ ਲੇਖ ਲਿਖੇ।

-ਕੈਪਟਨ ਪੂਰਨ ਸਿੰਘ ਗਗੜਾ।

ਸਹੀ ਸਕੂਲ ਦੀ ਚੋਣ
ਪਿਛਲੇ ਦਿਨਾਂ ਦੇ ਨਾਰੀ ਸੰਸਾਰ ਵਿਚ ਵਰਿੰਦਰ ਸਹੋਤਾ ਦਾ ਲੇਖ 'ਨੰਨ੍ਹੇ-ਮੁੰਨੇ ਬੱਚੇ ਦਾ ਸਕੂਲ 'ਚ ਦਾਖ਼ਲਾ ਸੋਚ-ਸਮਝ ਕੇ' ਪੜ੍ਹਿਆ, ਜੋ ਕਾਬਲ-ਏ-ਤਾਰੀਫ਼ ਲੇਖ ਸੀ। ਸਕੂਲ ਇਕ ਮੰਦਰ ਹੁੰਦਾ ਹੈ, ਜਿਸ ਤੋਂ ਵਿਦਿਆਰਥੀਆਂ ਨੇ ਸਿੱਖਿਆ ਗ੍ਰਹਿਣ ਕਰ ਕੇ ਆਪਣੇ ਪੂਰੇ ਜੀਵਨ ਨੂੰ ਸੰਵਾਰਨਾ ਹੁੰਦਾ ਹੈ। ਪਰ ਅੱਜ ਇਹ ਸਿੱਖਿਆ ਦੇ ਮੰਦਰ ਨਾ ਰਹਿ ਕੇ ਵਪਾਰਕ ਅਦਾਰੇ ਬਣਦੇ ਜਾ ਰਹੇ ਹਨ। ਹਰੇਕ ਸਾਲ ਦਾਖ਼ਲਿਆਂ ਦੇ ਦਿਨਾਂ ਵਿਚ ਮਨਮਰਜ਼ੀ ਦੇ ਫੰਡਾਂ ਤੇ ਫੀਸਾਂ ਸਬੰਧੀ ਪ੍ਰਾਈਵੇਟ ਸਕੂਲ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹਿੰਦੇ ਹਨ। ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਚੰਗੇ ਸਕੂਲ ਅੰਦਰ ਚੰਗੀ ਇਮਾਰਤ, ਚੰਗੇ ਅਧਿਆਪਕ, ਸਹੀ ਫੀਸਾਂ, ਚੰਗੀ ਲਾਇਬ੍ਰੇਰੀ, ਖੇਡਾਂ ਦਾ ਮੈਦਾਨ, ਚੰਗੀਆਂ ਬੱਸਾਂ ਆਦਿ ਦਾ ਹੋਣਾ ਬੜਾ ਜ਼ਰੂਰੀ ਹੈ। ਬਹੁਤ ਸਾਰੇ ਸਕੂਲਾਂ ਵਿਚ ਘੱਟ ਪੜ੍ਹੇ-ਲਿਖੇ ਤੇ ਸਸਤੇ ਸਟਾਫ਼ ਨਾਲ ਕੰਮ ਚਲਾਇਆ ਜਾਂਦਾ ਹੈ। ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਇਨ੍ਹਾਂ ਪ੍ਰਤੀ ਸਾਡੀਆਂ ਸਰਕਾਰਾਂ ਨੂੰ ਸਿੱਖਿਆ ਬੋਰਡਾਂ ਨੂੰ ਸਖ਼ਤ ਹੋਣਾ ਚਾਹੀਦਾ ਤਾਂ ਜੋ ਬੱਚਿਆਂ ਲਈ ਸਹੀ ਸਕੂਲ ਦੀ ਚੋਣ ਸਮੇਂ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

-ਗੁਲਸ਼ੇਰ ਸਿੰਘ ਚੀਮਾ
ਰਾਮਗੜ੍ਹ ਸਰਦਾਰਾਂ, ਤਹਿ: ਪਾਇਲ, ਲੁਧਿਆਣਾ।

ਬਜ਼ੁਰਗਾਂ ਨੂੰ ਸਤਿਕਾਰ ਦੀ ਲੋੜ
'ਬਜ਼ੁਰਗਾਂ ਨੂੰ ਆਹਾਰ ਦੀ ਘੱਟ ਅਤੇ ਸਤਿਕਾਰ ਦੀ ਵਧੇਰੇ ਲੋੜ ਹੈ' ਇਹ ਲੇਖ ਲੇਖਕ ਮਹਿੰਦਰ ਸਿੰਘ ਬਾਜਵਾ ਦਾ ਪੜ੍ਹਿਆ, ਸਮਾਜ ਨੂੰ ਖ਼ਾਸ ਕਰ ਨਵੀਂ ਪੀੜ੍ਹੀ ਨੂੰ ਸੇਧ ਦਿੰਦਾ ਸੀ। ਜਦੋਂ ਮਨੁੱਖ ਭਰ ਜਵਾਨੀ ਵਿਚ ਹੁੰਦਾ ਉਸ ਦੇ ਸਰੀਰ ਦੇ ਸਾਰੇ ਅੰਗ ਪੂਰਾ ਕੰਮ ਕਰਦੇ ਹੁੰਦੇ ਹਨ ਪਰ ਜਦੋਂ ਉਹ ਉਮਰ ਦੇ ਢਲਦੇ ਵੱਲ ਜਿਵੇਂ-ਜਿਵੇਂ ਅੱਗੇ ਵਧਦਾ ਜਾਂਦਾ ਹੈ, ਉਸ ਦੇ ਸਰੀਰ ਦੇ ਅੰਗ ਵੀ ਪਹਿਲਾਂ ਤੋਂ ਘੱਟ ਕੰਮ ਕਰਨ ਲੱਗ ਜਾਂਦੇ ਹਨ। ਅਜਿਹੇ 'ਚ ਹੌਲੀ-ਹੌਲੀ ਉਹ ਬਜ਼ੁਰਗ ਵਿਅਕਤੀ ਪੂਰੀ ਤਰ੍ਹਾਂ ਬੱਚਿਆਂ 'ਤੇ ਨਿਰਭਰ ਹੋ ਜਾਂਦਾ ਹੈ। ਇਨ੍ਹਾਂ ਹਾਲਤਾਂ 'ਚ ਉਹ ਬੱਚਿਆਂ ਭਾਵ ਔਲਾਦ ਤੋਂ ਆਪਣੀ ਇੱਛਾ ਅਨੁਸਾਰ ਜੋ ਚਾਹੁੰਦਾ ਹੈ, ਉਹ ਉਸ ਨੂੰ ਨਹੀਂ ਮਿਲਦਾ। ਬਿਨਾਂ ਸ਼ੱਕ ਬਜ਼ੁਰਗ ਆਪਣੀ ਪੂਰੀ ਜ਼ਿੰਦਗੀ ਦਾ ਤਜਰਬਾ ਰੱਖਦੇ ਹਨ ਪਰ ਉਨ੍ਹਾਂ ਦੀ ਬੱਚੇ ਸਲਾਹ ਤੱਕ ਲੈਣਾ ਮੁਨਾਸਿਬ ਨਹੀਂ ਸਮਝਦੇ। ਬਜ਼ੁਰਗਾਂ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਉਨ੍ਹਾਂ ਬੱਚਿਆਂ ਨੂੰ ਚਾਵਾਂ ਨਾਲ ਪਾਲਿਆ-ਪੋਸਿਆ ਹੁੰਦਾ ਹੈ। ਔਲਾਦ ਤੋਂ ਅਜਿਹੇ ਵਰਤਾਓ ਦੀ ਉਨ੍ਹਾਂ ਨੂੰ ਆਸ ਨਹੀਂ ਹੁੰਦੀ।

-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

25-03-2019

ਨਸ਼ੇ ਦਾ ਕੋਹੜ
ਸੂਬਾ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਵਲੋਂ ਵੀ ਜ਼ਿਲ੍ਹੇ ਦੇ ਪਿੰਡਾਂ ਨੂੰ ਨਸ਼ਾ-ਮੁਕਤ ਕਰਨ ਦੀਆਂ ਮੁਹਿਮਾਂ ਚਲਾਈਆਂ ਜਾ ਰਹੀਆਂ ਹਨ ਪ੍ਰੰਤੂ ਅਜੇ ਵੀ ਰੋਜ਼ਾਨਾ ਹੀ ਨਸ਼ੇ ਦੀ ਓਵਰਡੋਜ਼ (ਨਸ਼ਾ ਵੱਧ ਲੈਣ ਨਾਲ) ਕਾਰਨ ਨੌਜਵਾਨ ਮਰ ਰਹੇ ਹਨ। ਨੌਜਵਾਨ ਦੇਸ਼ ਦਾ ਸੁਨਹਿਰੀ ਭਵਿੱਖ ਹੁੰਦੇ ਹਨ। ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਉਥੇ ਹੀ ਪੜ੍ਹੇ-ਲਿਖੇ ਵਿਹਲੇ ਫਿਰਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਢੁਕਵੀਆਂ ਨੌਕਰੀਆਂ ਦੇਣ ਦਾ ਪ੍ਰਬੰਧ ਵੀ ਕਰਨ ਦੀ ਲੋੜ ਹੈ। ਪਿੰਡ ਪੱਧਰ 'ਤੇ ਪੰਚ, ਸਰਪੰਚ, ਨੌਜਵਾਨ ਸਭਾਵਾਂ ਅਤੇ ਯੂਥ ਕਲੱਬ ਦੇ ਮੈਂਬਰਾਂ ਦੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ, ਜਿਥੇ ਇਹ ਕਮੇਟੀਆਂ ਇਕ ਪਾਸੇ ਨਸ਼ੇ ਦੀ ਵਿਕਰੀ 'ਤੇ ਨਜ਼ਰ ਰੱਖਣ, ਉਥੇ ਹੀ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਵਾਉਣ। ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਜ਼ਮੀਨੀ ਪੱਧਰ 'ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਭਗਤ ਸਿੰਘ ਦਾ ਸੁਪਨਾ
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਖਟਕੜ ਕਲਾਂ ਵਿਚ ਹੋਇਆ ਸੀ। ਦੇਸ਼ ਭਗਤੀ ਭਗਤ ਸਿੰਘ ਨੂੰ ਵਿਰਾਸਤ ਵਿਚ ਹੀ ਮਿਲੀ ਸੀ। ਭਗਤ ਸਿੰਘ ਦੀ ਇਹ ਸੋਚ ਸੀ ਕਿ ਆਜ਼ਾਦ ਹਿੰਦੁਸਤਾਨ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਹਰ ਇਕ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਸਕੇ ਪਰੰਤੂ ਭਗਤ ਸਿੰਘ ਨੂੰ ਖਦਸ਼ਾ ਸੀ ਕਿ ਅੰਗਰੇਜ਼ਾਂ ਦੇ ਜਾਣ ਤੋ ਬਾਅਦ ਕਿਤੇ ਸਾਡੇ ਦੇਸ਼ ਦੇ ਲੋਕ ਆਪਣੀਆਂ ਹੀ ਸਰਕਾਰਾਂ ਦੇ ਗੁਲਾਮ ਨਾ ਹੋ ਜਾਣ ਅਤੇ ਇਕ ਗੁਲਾਮੀ ਤੋਂ ਬਾਅਦ ਉਨਾਂ ਨੂੰ ਦੂਜੀ ਗੁਲਾਮੀ ਨਾ ਮਿਲ ਜਾਵੇ। ਭਗਤ ਸਿੰਘ ਦਾ ਖ਼ਦਸ਼ਾ ਕਿ ਦੇਸ਼ ਦੇ ਲੋਕ ਆਪਣੀਆਂ ਸਰਕਾਰਾਂ ਦੇ ਗੁਲਾਮ ਨਾ ਹੋ ਜਾਣ ਸਹੀ ਸਾਬਤ ਹੋਇਆ। ਆਜ਼ਾਦ ਹਿੰਦੁਸਤਾਨ ਵਿਚ ਅੱਜ ਵੀ ਲੋਕ ਦੋ ਵਕਤ ਦੀ ਰੋਟੀ ਦੇ ਮੁਹਤਾਜ ਹਨ ਅਤੇ ਸਰਮਾਏਦਾਰੀ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ। ਜਿਨ੍ਹਾਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਭਜਾਉਣ ਲਈ ਭਗਤ ਸਿੰਘ ਵਰਗੇ ਸੂਰਬੀਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਉਸ ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦੇਸ਼ ਤੋਂ ਮੋਹ ਭੰਗ ਹੋ ਚੁੱਕਿਆ ਹੈ। ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯੋਗ ਨੀਤੀ ਬਣਾਈ ਜਾਵੇ ਹਰ ਇਕ ਦੇਸ਼ ਵਾਸੀ ਨੂੰ ਕਾਬਲੀਅਤ ਮੁਤਾਬਕ ਕੰਮ ਮਿਲੇ ਤਾਂ ਜੋ ਸ਼ਹੀਦਾਂ ਦੇ ਦੇਖੇ ਸੁਪਨੇ ਪੂਰੇ ਹੋ ਸਕਣ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਡਰ ਦੀ ਖੇਡ
ਅੱਜਕਲ੍ਹ ਜਿਵੇਂ ਦੇਖਦੇ ਹਾਂ ਕਿ ਜਿਥੇ ਸਰਕਾਰੀ ਹਸਪਤਾਲਾਂ ਵਿਚ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਸਰਕਾਰ ਦੀ ਨਜ਼ਰ ਹੇਠ ਬਹੁਤ ਸਾਰੇ ਅਜਿਹੇ ਕੰਮ ਹੋ ਰਹੇ ਹਨ ਜਿਨ੍ਹਾਂ ਦੀ ਜਾਣਕਾਰੀ ਸਰਕਾਰ ਤੱਕ ਨਹੀਂ ਪਹੁੰਚ ਰਹੀ ਕਿਉਂਕਿ ਕਈ ਵਾਰ ਇਹ ਦੇਖਣ ਨੂੰ ਮਿਲਿਆ ਕਿ ਨੇੜੇ ਹੀ ਕਈ ਪ੍ਰਾਈਵੇਟ ਡਾਕਟਰਾਂ ਨਾਲ ਕਮਿਸ਼ਨ ਦਾ ਕੰਮ ਚਲ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਭ ਗੱਲਾਂ ਉੱਪਰ ਗੌਰ ਕੀਤਾ ਜਾਵੇ ਤੇ ਹਰ 3 ਜਾਂ 6 ਮਹੀਨਿਆਂ ਵਿਚ ਜਾਂਚ ਕੀਤੀ ਜਾਵੇ ਕਿ ਰੈਫਰ ਕੀਤਾ ਮਰੀਜ਼ ਅਸਲ ਵਿਚ ਰੈਫਰ ਵਾਲੀ ਜਗ੍ਹਾ ਪਹੁੰਚਿਆ ਹੈ ਜਾਂ ਨਹੀਂ। ਇਸ ਖੇਡ ਦਾ ਸਭ ਤੋਂ ਵੱਧ ਸ਼ਿਕਾਰ ਗਰੀਬ ਵਰਗ ਹੋ ਰਿਹਾ ਹੈ, ਜਿਨ੍ਹਾਂ ਕੋਲ ਇਲਾਜ ਲਈ ਪੈਸੇ ਵੀ ਨਹੀਂ ਹੁੰਦੇ ਇਸ ਵਿਚ ਸਰਕਾਰ ਦੀ ਕੋਈ ਗ਼ਲਤੀ ਨਹੀਂ ਕਿਉਂਕਿ ਸਰਕਾਰ ਆਪਣੇ ਵਲੋਂ ਫ਼ਰਜ਼ ਪੂਰਾ ਕਰ ਰਹੀ ਹੈ ਅਤੇ ਸਹੂਲਤਾਂ ਦੇ ਰਹੀ ਹੈ।


-ਪਰਮਦੀਪ ਸਿੰਘ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਸਕੂਲੀ ਸਿੱਖਿਆ...
ਪਰਿਵਾਰ ਵਿਚ ਬੱਚੇ ਦੀ ਪੈਦਾਇਸ਼ ਤੋਂ ਬਾਅਦ ਮਾਤਾ-ਪਿਤਾ ਅੰਦਰ ਉਸ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਗਹਿਰੀ ਚਿੰਤਾ ਆਮ ਦੇਖਣ ਨੂੰ ਮਿਲਦੀ ਹੈ। ਬੱਚਿਆਂ ਦੀ ਚੰਗੀ ਸਿੱਖਿਆ ਲਈ ਵਧੀਆ ਤੋਂ ਵਧੀਆ ਸਕੂਲ ਦੀ ਭਾਲ ਕੀਤੀ ਜਾਂਦੀ ਹੈ ਤਾਂ ਕਿ ਉਸ ਦੀ ਚੰਗੀ ਸਿੱਖਿਆ ਸਦਕਾ ਅਗਲੇਰਾ ਜੀਵਨ ਰੌਸ਼ਨਮਈ ਬਣ ਪਾਵੇ ਪ੍ਰੰਤੂ ਅਤੀਤ ਦੇ ਮੁਕਾਬਲੇ ਵਰਤਮਾਨ ਸਮੇਂ ਅੰਦਰ ਬੱਚਿਆਂ ਦੇ ਚੰਗੇ ਸਕੂਲਾਂ ਵਿਚ ਪੜ੍ਹਨ ਨਾਲ ਕਿਤਾਬੀ ਗਿਆਨ ਵਿਚ ਕਾਫ਼ੀ ਵਾਧਾ ਹੋਇਆ ਹੈ ਜਦਕਿ ਨੈਤਿਕ ਸਿੱਖਿਆ ਵਿਚ ਕਾਫੀ ਪਛੜ ਚੁੱਕਿਆ ਹੈ, ਜਿਸ ਦਾ ਨਤੀਜਾ ਨੌਜਵਾਨ ਪੀੜ੍ਹੀ ਅੰਦਰ ਮਿਲਵਰਤਨ ਅਤੇ ਸਤਿਕਾਰ ਦੀ ਜਗ੍ਹਾ ਇਕੱਲਤਾ ਅਤੇ ਚਿੜਚਿੜੇ ਸੁਭਾਅ ਨੇ ਜਨਮ ਲੈ ਲਿਆ ਹੈ। ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਬੱਚਿਆਂ ਦੇ ਸਮਾਜਿਕ ਜੀਵਨ ਪ੍ਰਤੀ ਸੁਚੇਤ ਹੋਣ ਦੀ ਜਿਸ ਨਾਲ ਆਉਣ ਵਾਲੇ ਭਵਿੱਖ ਦੇ ਮਨ ਵਿਚ ਸਾਡਾ ਸਭ ਤੋਂ ਕੀਮਤੀ ਖਜ਼ਾਨਾ ਸੱਭਿਆਚਾਰ, ਵਿਰਸਾ, ਸਤਿਕਾਰ ਅਤੇ ਮਿਲਵਰਤਨ ਭਾਵ ਨੂੰ ਸਾਂਭਿਆ ਜਾ ਸਕੇ ਅਤੇ ਵਿਚ ਹੀ ਅਸੀਂ ਸਾਰੇ ਸਮਾਜਿਕ ਪ੍ਰਾਣੀ ਕਹਿਲਾਉਣ ਦੇ ਹੱਕਦਾਰ ਬਣ ਪਾਵਾਂਗੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂ ਮਾਜਰਾ) ਸੰਗਰੂਰ।


ਵਿਦੇਸ਼ ਵੱਲ ਦੌੜ
ਪੰਜਾਬ ਦੇ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ। ਹਰ ਕੋਈ ਜਹਾਜ਼ ਦੀ ਤਾਕੀ ਨੂੰ ਹੱਥ ਪਾਈ ਖੜ੍ਹਾ ਦਿਖਾਈ ਦੇ ਰਿਹਾ ਹੈ। ਜਾਇਜ਼ ਜਾਂ ਨਾਜਾਇਜ਼ ਤਰੀਕੇ ਵਰਤ ਕੇ ਵਿਦੇਸ਼ ਵਸਣ ਦੀ ਚਾਹਤ ਹਰ ਕੋਈ ਰੱਖ ਰਿਹਾ ਹੈ। ਜਾਪਦੈ ਕਿ ਆਪਣੀ ਮਿੱਟੀ ਨਾਲ ਕਿਸੇ ਦਾ ਕੋਈ ਮੋਹ ਰਿਹਾ ਹੀ ਨਾ ਹੋਵੇ। ਇਸ ਵਰਤਾਰੇ ਤੋਂ ਸਮਝ ਪੈਂਦੀ ਹੈ ਕਿ ਸਾਡੇ ਮੌਜੂਦਾ ਰਾਜਨੀਤਕ ਤੇ ਸਮਾਜਿਕ ਪ੍ਰਬੰਧ ਵਿਚ ਗੰਭੀਰ ਨੁਕਸ ਹੈ। ਆਪਣੀ ਧਰਤੀ ਨਾਲੋਂ ਹੀ ਮੋਹ ਭੰਗ ਹੋ ਜਾਣਾ ਬਹੁਤ ਹੀ ਗੰਭੀਰ ਬਿਮਾਰੀ ਦਾ ਸੰਕੇਤ ਹੈ। ਸਾਡਾ ਸਮਾਜ ਬਹੁਪੱਖੀ ਸਰੋਕਾਰਾਂ ਨਾਲ ਸਬੰਧ ਰੱਖਦਾ ਹੈ। ਸਾਡੀ ਰਾਜਨੀਤਕ ਵਿਵਸਥਾ ਤੇ ਸਮਾਜਿਕ ਵਿਵਸਥਾ ਨੂੰ ਆਪਣੇ ਤੌਰ-ਤਰੀਕਿਆਂ ਵਿਚ ਬਦਲਾਅ ਕਰਨਾ ਪਵੇਗਾ। ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਵਿਚ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਦੇਣਾ ਪਵੇਗਾ ਤੇ ਬਣਦੀਆਂ ਸਹੂਲਤਾਂ ਮੁਹੱਈਆ ਕਰਨੀਆਂ ਪੈਣਗੀਆਂ। ਨਹੀਂ ਤਾਂ ਸਾਡੇ ਦੇਸ਼ ਦਾ ਸਰਮਾਇਆ ਰੁਪਏ ਦੇ ਰੂਪ ਵਿਚ ਵੀ ਤੇ ਇਨਸਾਨਾਂ ਦੇ ਰੂਪ ਵਿਚ ਵੀ ਵਿਦੇਸ਼ਾਂ ਨੂੰ ਪਲਾਇਨ ਕਰ ਜਾਵੇਗਾ ਜੋ ਕਿ ਸਾਡੇ ਸਮਾਜ ਲਈ ਫਿਕਰਮੰਦੀ ਦੀ ਹਾਲਤ ਪੈਦਾ ਕਰ ਦੇਵੇਗਾ।


-ਸੀਰਾ ਗਰੇਵਾਲ ਰੱਤਾ,
ਮੋਗਾ।


ਗ਼ਲਤ ਪ੍ਰਚਾਰ ਬੰਦ ਹੋਵੇ
ਕਿਸਾਨ ਵੀ ਦੂਸਰੇ ਤਬਕਿਆਂ ਵਾਂਗ ਹੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਹਨ। ਕਿਸਾਨਾਂ ਦੇ ਕਰਜ਼ਾਈ ਹੋਣ ਦਾ ਅਸਲ ਕਾਰਨ ਹੈ ਮਹਿੰਗੀ ਖੇਤੀ ਮਸ਼ੀਨਰੀ, ਮਹਿੰਗੀਆਂ ਖਾਦਾਂ, ਮਹਿੰਗੀਆਂ ਕੀੜੇਮਾਰ ਦਵਾਈਆਂ ਅਤੇ ਨਦੀਨਨਾਸ਼ਕ ਦਵਾਈਆਂ, ਕਿਸਾਨਾਂ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਨਾ ਮਿਲਣਾ, ਕਿਸਾਨਾਂ ਦੀ ਅਨਪੜ੍ਹਤਾ, ਕਿਸਾਨਾਂ ਦੀ ਬਾਜ਼ਾਰਾਂ, ਮੰਡੀਆਂ, ਦਫਤਰਾਂ, ਕਚਹਿਰੀਆਂ ਵਿਚ ਅੰਨ੍ਹੀ ਲੁੱਟ ਆਦਿ ਕਾਰਨ ਹਨ। ਜਿਨ੍ਹਾਂ ਨੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਖੁਸ਼ਹਾਲ ਹੋਣ ਤੋਂ ਡੱਕ ਰੱਖਿਆ ਹੈ। ਇਨ੍ਹਾਂ ਦੀ ਸ਼ਰਾਫ਼ਤ ਅਤੇ ਦਰਿਆਦਿਲੀ ਦਾ ਮਕਾਨ ਸਿਆਸਤਦਾਨ ਅਤੇ ਪਾਖੰਡੀ ਸਾਧ-ਬਾਬੇ ਰੱਜ ਕੇ ਲਾਹਾ ਲੈ ਰਹੇ ਹਨ। ਜੇਕਰ ਕਿਸਾਨ ਜਾਂ ਉਨ੍ਹਾਂ ਦੇ ਪੁੱਤਰ ਧੀਆਂ ਕੰਮ ਨਹੀਂ ਕਰਦੇ ਤਾਂ ਮੰਡੀਆਂ ਵਿਚ ਹਰ ਛੇ ਮਹੀਨੇ ਬਾਅਦ ਅਨਾਜ ਦੇ ਅੰਬਾਰ ਕਿਸ ਦੀ ਮਿਹਨਤ ਨਾਲ ਲਗਦੇ ਹਨ। ਰੋਜ਼ਾਨਾ ਲੋੜੀਂਦੇ ਫਲ, ਸਬਜ਼ੀਆਂ, ਮੀਟ, ਆਂਡੇ, ਹਰਾ-ਚਾਰਾ ਅਤੇ ਦੁੱਧ ਕੌਣ ਪੈਦਾ ਕਰ ਰਿਹਾ ਹੈ? ਲੋੜ ਹੈ ਕਿਸਾਨਾਂ ਨੂੰ ਹਰ ਪਖ ਤੋਂ ਸਿਆਣੇ ਬਣਨ ਦੀ, ਅੰਧ-ਵਿਸ਼ਵਾਸਾਂ ਤੋਂ ਕਿਨਾਰਾ ਕਰਨ ਦੀ, ਜਥੇਬੰਦ ਹੋਣ ਦੀ। ਇਸੇ ਤਾਕਤ ਨਾਲ ਕਿਸਾਨ ਆਪਣੇ ਖਿਲਾਫ਼ ਹੋ ਰਹੇ ਘਟੀਆ ਅਤੇ ਬੇਲੋੜੇ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੋ ਸਕਣਗੇ।


-ਬਲਵਿੰਦਰ ਸਿੰਘ ਰੋਡੇ

 

21-03-2019

 ਸ਼ਹੀਦਾਂ ਦੀ ਸੋਚ ਅਪਣਾਓ
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ 23 ਮਾਰਚ ਨੂੰ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾਏਗਾ। ਮੰਚਾਂ 'ਤੇ ਵੱਡੇ-ਵੱਡੇ ਨੇਤਾਵਾਂ ਦੇ ਭਾਸ਼ਣ ਹੋਣਗੇ, ਜੋ ਸ਼ਾਇਦ ਉਨ੍ਹਾਂ ਦੇ ਹੇਠਾਂ ਕੰਮ ਕਰ ਰਹੇ ਉਨ੍ਹਾਂ ਤੋਂ ਵੱਧ ਪੜ੍ਹੇ-ਲਿਖੇ ਨੌਜਵਾਨਾਂ ਦੇ ਲਿਖੇ ਹੋਣਗੇ। ਉੱਚੀ ਆਵਾਜ਼ ਵਿਚ ਨਾਅਰੇਬਾਜ਼ੀ ਹੋਵੇਗੀ... ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ...। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਗਤ ਸਿੰਘ ਨੇ ਏਨੀ ਛੋਟੀ ਉਮਰ ਵਿਚ ਕਿੰਨੀਆਂ ਕਿਤਾਬਾਂ ਪੜ੍ਹੀਆਂ ਸਨ ਅਤੇ ਅਧਿਐਨ ਕੀਤਾ ਸੀ। ਉਹ ਚੰਗੀਆਂ ਕਿਤਾਬਾਂ ਆਪ ਪੜ੍ਹਦੇ, ਸਾਥੀਆਂ ਨੂੰ ਪੜ੍ਹਾਉਂਦੇ ਅਤੇ ਵਿਚਾਰ-ਵਟਾਂਦਰਾ ਵੀ ਕਰਦੇ ਸਨ ਅਤੇ ਅੱਜਕਲ੍ਹ ਕਿਤਾਬਾਂ ਨਾਲ ਸਾਂਝ ਬੜੀ ਘੱਟ ਚੁੱਕੀ ਹੈ। ਉਨ੍ਹਾਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਾਨੂੰ ਆਜ਼ਾਦ ਕਰਵਾਉਣ ਲਈ। ਨਾਅਰੇਬਾਜ਼ੀ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਭਗਤ ਸਿੰਘ ਦੀ ਸੋਚ ਕੀ ਸੀ। ਅਸੀਂ ਉਸ 'ਤੇ ਪਹਿਰਾ ਦੇਣ ਲਈ ਕਿਹੜੇ ਕੰਮ ਕਰ ਰਹੇ ਹਾਂ। ਭਗਤ ਸਿੰਘ ਹੁਰਾਂ ਨੇ ਇਹੋ ਜਿਹਾ ਆਜ਼ਾਦ ਭਾਰਤ ਤਾਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਜਿਹੋ ਜਿਹਾ ਅਸੀਂ ਬਣਾ ਦਿੱਤਾ ਹੈ। ਜੇਕਰ ਅਸੀਂ ਉਨ੍ਹਾਂ ਦੇ ਗੁਣਾਂ ਨੂੰ ਨਹੀਂ ਅਪਣਾਉਣਾ ਤਾਂ ਅਸੀਂ ਸਿਰਫ ਉਨ੍ਹਾਂ ਦੇ ਦਿਹਾੜਿਆਂ 'ਤੇ ਸ਼ੋਰ ਹੀ ਮਚਾਉਂਦੇ ਹਾਂ ਅਤੇ ਸ਼ੋਰ ਮਚਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਸਗੋਂ ਪ੍ਰਦੂਸ਼ਣ ਵਧਦਾ ਹੈ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਬਾਲ ਮਜ਼ਦੂਰੀ
ਡਾ: ਸ.ਸ. ਛੀਨਾ ਦਾ ਬਾਲ ਮਜ਼ਦੂਰੀ ਬਾਰੇ ਵਿਸਥਾਰ ਨਾਲ ਲਿਖਿਆ ਲੇਖ ਪੜ੍ਹਿਆ ਜਿਹੜੇ ਅੰਕੜੇ ਉਨ੍ਹਾਂ ਦਿੱਤੇ, ਦੁਖਦਾਈ ਹਨ। ਸਾਡੇ ਲੋਕਤੰਤਰ 'ਤੇ ਇਕ ਕਾਲਾ ਧੱਬਾ ਹੈ ਬਾਲ ਮਜ਼ਦੂਰੀ। ਆਰਥਿਕ ਨਾਬਰਾਬਰੀ ਇਸ ਦਾ ਮੁੱਖ ਕਾਰਨ ਹੈ। ਜਿਥੇ ਬਾਲਗ ਕਿਰਤ ਦੀ ਲੁੱਟ-ਖਸੁੱਟ ਹੋਵੇ, ਘਰਾਂ ਦੇ ਚੁੱਲ੍ਹੇ ਨਾ ਬਲਦੇ ਹੋਣ, ਚੰਗੇ ਇਲਾਜ ਲਈ ਪੈਸਾ ਨਾ ਹੋਵੇ, ਉਥੇ ਬਾਲ ਮਜ਼ਦੂਰੀ ਵਰਗੀ ਲਾਹਨਤ ਬੱਚਿਆਂ ਦੀ ਕਿਰਤ 'ਤੇ ਨਿਰਭਰ ਹੋਣਾ ਦੁਖਦਾਈ ਗੱਲ ਹੈ। ਮਾਪਿਆਂ ਦੀ ਗ਼ਰੀਬੀ ਵਿਚ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ ਕਿਉਂਕਿ ਬੱਚੇ ਮਜ਼ਦੂਰੀ ਕਾਰਨ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਬੁਰਾਈ ਨੂੰ ਖ਼ਤਮ ਕਰਨ ਜਾਂ ਘੱਟ ਕਰਨ ਲਈ ਕੁਝ ਸੰਸਥਾਵਾਂ ਤਾਂ ਅੱਗੇ ਆਉਂਦੀਆਂ ਹਨ ਪਰ ਸਰਕਾਰਾਂ ਚੁੱਪ ਹਨ। ਬਾਲ ਕਿਰਤ ਦੀਆਂ ਬੁਰਾਈਆਂ ਦੇ ਕਾਰਨਾਂ ਨੂੰ ਸਮਝੇ ਬਿਨਾਂ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ। ਸਮਾਜਿਕ ਚੇਤੰਨਤਾ ਦੀ ਵੀ ਜ਼ਰੂਰਤ ਹੈ। ਇਸ ਬੁਰਾਈ ਨਾਲ ਸਮਾਜਿਕ ਵਿਗਾੜ ਤਾਂ ਪੈਦਾ ਹੁੰਦੇ ਹੀ ਹਨ, ਸਮਾਜਿਕ ਵਿਗਾੜਾਂ ਕਾਰਨ ਦੇਸ਼ ਕਮਜ਼ੋਰ ਹੁੰਦਾ ਹੈ। ਸਰਕਾਰਾਂ ਤੇ ਸਮਾਜ ਗੰਭੀਰ ਹੋਵੇ।


-ਜਗਤਾਰ ਗਿੱਲ, ਅੰਮ੍ਰਿਤਸਰ।


ਬੇਦਾਗ਼ ਨੇਤਾ ਪਾਰੀਕਰ
ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਜਹਾਨੋਂ ਰੁਖ਼ਸਤ ਹੋਣ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਆਪਣੀ ਜ਼ਿੰਮੇਵਾਰੀ ਪ੍ਰਤੀ ਵਫ਼ਾਦਾਰੀ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਮਨੋਹਰ ਪਾਰੀਕਰ ਸੱਚਮੁੱਚ ਬੇਦਾਗ਼ ਨੇਤਾ ਸਾਬਤ ਹੋਏ। ਸਾਦਾ ਜੀਵਨ ਉੱਚ ਵਿਚਾਰ ਵਾਲੀ ਸ਼ਖ਼ਸੀਅਤ ਦੇ ਮਾਲਕ ਸਨ। ਜਿਸ ਸ਼ਿੱਦਤ ਅਤੇ ਮਿਹਨਤ ਨਾਲ ਉਨ੍ਹਾਂ ਨੇ ਆਪਣੇ ਸੂਬੇ ਗੋਆ ਅਤੇ ਦੇਸ਼ ਲਈ ਕੰਮ ਕੀਤਾ, ਉਹ ਸਲਾਹੁਣਯੋਗ ਹੈ।


-ਨਵਦੀਪ ਸਿੰਘ ਭਾਟੀਆ।


ਸਫਲਤਾ ਦੀ ਪੌੜੀ ਸਖ਼ਤ ਮਿਹਨਤ
ਜੀ ਹਾਂ, ਅਸੀਂ ਕਈ ਵਾਰ ਐਸੇ ਸੁਪਨੇ ਦੇਖਦੇੇੇ ਹਾਂ ਜਿਹੜੇ ਸਾਨੂੰ ਨੀਂਦ ਦੇ ਨੇੜੇ ਢੁੱਕਣ ਹੀ ਨਹੀਂ ਦਿੰਦੇ। ਪਰ ਜਿਹੜੇ ਇਨਸਾਨਾਂ ਵਿਚ ਸਖ਼ਤ ਮਿਹਨਤ, ਆਤਮ-ਵਿਸ਼ਵਾਸ ਅਤੇ ਟੀਚੇ ਨੂੰ ਮਿੱਥ ਕੇ ਚੱਲਣ ਦੀ ਕਲਾ ਨਹੀਂ ਹੁੰਦੀ ਉਹ ਕਦੇ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਸੋ ਹਰ ਇਨਸਾਨ ਨੂੰ ਲੋੜ ਹੈ ਸਖ਼ਤ ਮਿਹਨਤ ਕਰਨ ਦੀ, ਆਤਮ-ਵਿਸ਼ਵਾਸ ਪੈਦਾ ਕਰਨ ਦੀ ਅਤੇ ਟੀਚਾ ਮਿੱਥ ਕੇ ਅੱਗੇ ਵਧਣ ਦੀ ਤਾਂ ਕਿ ਸਾਨੂੰ ਸਹੀ ਸਮੇਂ ਸਹੀ ਮੰਜ਼ਿਲ ਮਿਲ ਸਕੇ। ਸੋ ਦੋਸਤੋ, ਆਪਣੇ ਸੁਪਨਿਆਂ ਪਿੱਛੇ ਦੌੜੋ, ਲੋਕਾਂ ਪਿੱਛੇ ਨਹੀਂ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਨਕਲ 'ਤੇ ਆਸ ਕਿਉਂ?
ਇਨ੍ਹਾਂ ਦਿਨਾਂ ਵਿਚ ਬੋਰਡ ਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸ਼ੁਰੂ ਹੀ ਹਨ। ਬਹੁਤੇ ਵਿਦਿਆਰਥੀ ਅਜਿਹੇ ਵੀ ਹਨ ਜੋ ਪੇਪਰਾਂ ਦੀ ਤਿਆਰੀ ਲਈ ਮਿਹਨਤ ਕਰਨ ਦੀ ਬਜਾਏ ਨਕਲ 'ਤੇ ਹੀ ਆਸ ਰੱਖ ਕੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਨਕਲ ਕਰ ਕੇ ਪੇਪਰ ਤਾਂ ਪਾਸ ਕੀਤੇ ਜਾ ਸਕਦੇ ਹਨ ਪਰ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਨਕਲ ਕਰਨਾ ਆਪਣੇ-ਆਪ ਨੂੰ ਹੀ ਧੋਖਾ ਦੇਣਾ ਹੈ। ਨਕਲ ਕਰ ਕੇ ਪਾਸ ਹੋਇਆ ਵਿਦਿਆਰਥੀ ਜ਼ਿੰਦਗੀ ਦੇ ਔਖੇ ਰਾਹਾਂ 'ਤੇ ਅਸਫ਼ਲ ਹੋ ਜਾਂਦਾ ਹੈ ਕਿਉਂਕਿ ਨਕਲ ਦੀ ਆਦਤ ਸਾਨੂੰ ਮਿਹਨਤ ਤੋਂ ਦੂਰ ਕਰਦੀ ਹੈ ਤੇ ਮਿਹਨਤ ਤੋਂ ਬਿਨਾਂ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਜ਼ਰੂਰੀ ਹੈ ਕਿ ਨਕਲ ਦੀ ਆਸ ਰੱਖਣ ਦੀ ਬਜਾਏ ਵਿਦਿਆਰਥੀ ਮਿਹਨਤ 'ਤੇ ਜ਼ੋਰ ਦੇਣ। ਕਿਉਂਕਿ ਜੋ ਖ਼ੁਸ਼ੀ ਆਪਣੀ ਮਿਹਨਤ ਨਾਲ ਪਾਸ ਹੋਣ ਵਿਚ ਹੈ, ਉਹ ਖ਼ੁਸ਼ੀ ਨਕਲ ਨਾਲ ਪਾਸ ਹੋਣ ਵਿਚ ਨਹੀਂ। ਜੇਕਰ ਉੱਚੀਆਂ ਮੰਜ਼ਿਲਾਂ ਨੂੰ ਛੂਹਣਾ ਹੈ ਤਾਂ ਮਿਹਨਤ ਜ਼ਰੂਰੀ ਹੈ। ਨਕਲ ਤਾਂ ਕਾਇਰਾਂ ਦਾ ਹਥਿਆਰ ਹੈ। ਬਹਾਦਰ ਤਾਂ ਆਪਣੀ ਮੰਜ਼ਿਲ ਦਾ ਰਸਤਾ ਆਪਣੀ ਮਿਹਨਤ ਨਾਲ ਬਣਾਉਂਦੇ ਹਨ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।

20-03-2019

 ਸੰਜੀਦਾ ਕਦਮ ਚੁੱਕੇ ਜਾਣ
ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨ-ਬਦਿਨ ਸਮਾਜ ਅੰਦਰ ਵਧਦੀ ਜਾ ਰਹੀ ਹੈ। ਸ਼ਾਇਦ ਹੀ ਕੋਈ ਦਿਨ ਖਾਲੀ ਹੋਵੇਗਾ ਜਦ ਅਵਾਰਾ ਕੁੱਤਿਆਂ ਵਲੋਂ ਕਿਸੇ ਅਣਮਨੁੱਖੀ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਹੋਵੇ। ਬੀਤੇ ਦਿਨ ਅਖ਼ਬਾਰ ਦੇ ਪਹਿਲੇ ਸਫ਼ੇ 'ਤੇ ਖ਼ਬਰ ਛਪੀ ਕਿ ਅਬੋਹਰ ਦੇ ਇਕ ਪਿੰਡ 'ਚ ਤਿੰਨ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਇਸੇ ਤਰ੍ਹਾਂ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੌੜਾ ਛੱਤਰਾਂ ਨੇੜੇ ਇਕ ਔਰਤ ਨੂੰ ਰਸਤੇ 'ਚ ਘਰ ਜਾਂਦਿਆਂ ਮੌਤ ਦੇ ਘਾਟ ਉਤਾਰ ਦਿੱਤਾ।
ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਹੁੰਦੀਆਂ ਹਨ। ਕਹਿਣ ਦਾ ਮਤਲਬ ਕਿ ਸਰਕਾਰਾਂ ਕਿੰਨਾ ਚਿਰ ਹੋਰ ਅਜਿਹੀਆਂ ਅਣਮਨੁੱਖੀ ਘਟਨਾਵਾਂ ਦਾ ਇੰਤਜ਼ਾਰ ਕਰੇਗੀ। ਸਮੇਂ-ਸਮੇਂ ਕਾਨੂੰਨਾਂ 'ਚ ਸੋਧ ਅਕਸਰ ਸਰਕਾਰਾਂ ਕਰਦੀਆਂ ਹਨ, ਜਦ ਜਾਨਵਰਾਂ ਦੀ ਸੁਰੱਖਿਆ ਜਾਂ ਨਾ ਮਾਰਨ ਦੇ ਸਖ਼ਤ ਕਾਨੂੰਨ ਬਣੇ ਸਨ, ਉਦੋਂ ਸ਼ਾਇਦ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਬਹੁਤ ਥੋੜ੍ਹੀ ਸੀ ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਰੱਖਣੀ ਹੈ ਤਾਂ ਕੋਈ ਬਦਲਵਾਂ ਤਰੀਕਾ ਵੀ ਲੱਭਣਾ ਅਤਿ ਜ਼ਰੂਰੀ ਹੈ। ਸਰਕਾਰਾਂ ਨੂੰ ਸੰਜੀਦਾ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਅਤੇ ਜਲਦੀ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ।


-ਮਾ: ਦੇਵਰਾਜ ਖੁੰਡਾ
ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸ਼ੋਰ ਪ੍ਰਦੂਸ਼ਣ
ਸਵੇਰ ਸਮੇਂ ਤੋਂ ਹੀ ਸੜਕਾਂ ਉੱਪਰ ਚੱਲਣ ਵਾਲੇ ਟਰੈਕਟਰ-ਟਰਾਲੀਆਂ 'ਤੇ ਵੱਜਦੇ ਉੱਚੀ ਆਵਾਜ਼ ਵਿਚ ਗਾਣੇ ਹਰ ਵਿਅਕਤੀ ਨੂੰ ਪ੍ਰੇਸ਼ਾਨ ਕਰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ 3 ਲੱਖ ਤੋਂ ਵੱਧ ਪ੍ਰੀਖਿਆਰਥੀ ਬੈਠ ਰਹੇ ਹਨ ਪਰ ਵੱਡੇ-ਛੋਟੇ ਸ਼ਹਿਰਾਂ ਤੇ ਮੰਡੀਆਂ ਅੰਦਰ ਸਪੀਕਰਾਂ ਤੇ ਡੀ.ਜੇ. ਦੀਆਂ ਕੰਨ ਪਾੜਵੀਆਂ ਆਵਾਜ਼ਾਂ ਨੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕੀਤਾ ਹੋਇਆ ਹੈ। ਪੇਂਡੂ ਖੇਤਰਾਂ ਅੰਦਰ ਸਥਿਤੀ ਇਸ ਤੋਂ ਵੀ ਮਾੜੀ ਹੈ। ਇਸ ਨਾਲ ਪੜ੍ਹਾਈ ਦੇ ਨਾਲ-ਨਾਲ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਕੋਆਰਡੀਨੇਟਰ ਡਾ: ਰੋਹਿਤ ਸਿੰਗਲ ਨੇ ਦੱਸਿਆ ਕਿ ਉੱਚੀ ਆਵਾਜ਼ 'ਚ ਵੱਜਦੇ ਹਾਰਨ, ਧਾਰਮਿਕ ਸਥਾਨਾਂ 'ਚ ਵਜਦੇ ਸਪੀਕਰ, ਡੀ.ਜੇ., ਫੈਕਟਰੀਆਂ ਦਾ ਸ਼ੋਰ ਤੇ ਨਿਰਮਾਣ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਆਦਿ ਦਾ ਸ਼ੋਰ ਮਨੁੱਖੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਲਈ ਸ਼ੋਰ ਪ੍ਰਦੂਸ਼ਣ ਵਿਰੁੱਧ ਲੋਕਾਂ ਨੂੰ ਜਾਗਰੂਕ ਹੋਣ ਦੀ ਵਧੇਰੇ ਲੋੜ ਹੈ।


-ਗੁਰਮੀਤ ਸਿੰਘ ਖਾਈ
ਪਿੰਡ ਤੇ ਡਾਕ: ਖਾਈ (ਮੋਗਾ)।


ਮੰਡੀਆਂ ਵਿਚ ਰੁਲਦੇ ਆਲੂ
ਹੁਣ ਆਲੂ ਦੀ ਪਟਾਈ ਜ਼ੋਰਾਂ 'ਤੇ ਹੈ। ਪਰ ਇਸ ਦਾ ਗਾਹਕ ਕੋਈ ਦਿਸਦਾ ਹੀ ਨਹੀਂ। ਕਿਸਾਨ ਵਿਚਾਰਾ ਕੌਡੀਆਂ ਦੇ ਭਾਅ ਫ਼ਸਲ ਵੇਚਣ ਲਈ ਮਜਬੂਰ ਹੈ। ਆਲੂ ਪੰਜਾਬ ਵਿਚ ਥੋੜ੍ਹੇ ਰਕਬੇ ਵਿਚ ਲਗਾਏ ਜਾਂਦੇ ਹਨ ਜਦੋਂ ਕਿ ਝੋਨਾ ਤੇ ਕਣਕ ਬਹੁਤ ਵੱਡੀ ਮਾਤਰਾ ਵਿਚ ਬੀਜੀ ਜਾਂਦੀ ਹੈ। ਇਕ ਦਿਨ ਰੈਲੀ ਵਿਚ ਕੈਪਟਨ ਸਾਹਿਬ ਨੇ ਕਿਹਾ ਕਿ, 'ਪੰਜਾਬ ਵਿਚੋਂ ਕਿਸਾਨਾਂ ਦੀ ਫ਼ਸਲ ਜੇ ਕੇਂਦਰ ਸਰਕਾਰ ਨਹੀਂ ਖਰੀਦਦੀ ਤਾਂ ਪੰਜਾਬ ਸਰਕਾਰ ਆਪ ਵਿਦੇਸ਼ਾਂ ਨਾਲ ਗੱਲ ਕਰਕੇ ਕਣਕ ਤੇ ਚੌਲ ਕੌਮਾਂਤਰੀ ਮੰਡੀ ਵਿਚ ਵੇਜੇਗੀ। ਮੇਰੀ ਕੈਪਟਨ ਸਰਕਾਰ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕੌਮਾਂਤਰੀ ਮੰਡੀ ਵਿਚ ਪੰਜਾਬ ਦੇ ਕਿਸਾਨਾਂ ਦੇ ਆਲੂ ਹੀ ਵੇਚ ਦੇਣ ਤਾਂ ਕਿ ਇਹ ਆਲੂ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲ ਸਕੇ। ਕਰਜ਼ੇ ਵਿਚ ਡੁੱਬੇ ਕਿਸਾਨਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ। ਦੂਜਾ ਮੰਡੀਕਰਨ ਤੋਂ ਬਗੈਰ ਕਿਸੇ ਵੀ ਫ਼ਸਲ ਨੂੰ ਕਿਸਾਨ ਬੀਜਣ ਤੋਂ ਟਾਲਾ ਵੱਟ ਰਿਹਾ ਹੈ। ਚੰਗਾ ਤਾਂ ਇਹ ਹੋਵੇਗਾ ਕਿ ਸਰਕਾਰ ਇਥੇ ਆਲੂ ਤੋਂ ਚਿਪਸ ਆਦਿ ਬਣਾਉਣ ਦੀ ਫੈਕਟਰੀ ਲਾਵੇ ਇਸ ਤਰ੍ਹਾਂ ਕਰਨ ਨਾਲ ਇਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਜਾਵੇਗਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਰਾਜਨੀਤਕ ਪਾਰਟੀਆਂ ਦੀ ਵੋਟ ਨੀਤੀ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਸਤਨਾਮ ਸਿੰਘ ਮਾਣਕ ਦਾ ਲੇਖ 'ਕੀ ਕਾਂਗਰਸ ਭਾਜਪਾ ਨੂੰ ਟੱਕਰ ਦੇ ਸਕੇਗੀ?' ਨੂੰ ਪੜ੍ਹ ਕੇ ਅਗਾਮੀ ਲੋਕ ਸਭਾ ਚੋਣਾਂ ਲਈ ਰਾਜਨੀਤਕ ਪਾਰਟੀਆਂ ਵਲੋਂ ਕੀਤੀ ਜਾ ਰਹੀ ਰੂਪ-ਰੇਖਾ ਬਾਰੇ ਪਤਾ ਲੱਗਾ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਕੇ ਆਪਣੀ 56 ਇੰਚ ਦੀ ਛਾਤੀ ਦਾ ਸਬੂਤ ਦੇਣ ਤੋਂ ਇਲਾਵਾ ਭਾਰਤੀ ਲੋਕਾਂ ਦੀਆਂ ਫ਼ਿਰਕੂ ਭਾਵਨਾਵਾਂ ਨੂੰ ਲਾਲ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਨੇ ਆਪਣੀਆਂ ਵਿਰੋਧੀ ਪਾਰਟੀਆਂ ਦੇ ਰਾਜਨੀਤਕ ਨੁਮਾਇੰਦਿਆਂ ਨੂੰ ਪਾਕਿਸਤਾਨ ਦਾ ਨਾਂਅ ਲੈਣ ਤੱਕ ਦੇ ਦੋਸ਼ ਵਿਚ ਦੇਸ਼ ਧ੍ਰੋਹੀ ਦਾ ਖਿਤਾਬ ਬਖ਼ਸ਼ ਦਿੱਤਾ।
ਅਗਾਮੀ ਲੋਕ ਸਭਾ ਚੋਣਾਂ ਵਿਚ ਲੋਕਾਂ ਦਾ ਧਿਆਨ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਹਟਾਉਣ ਦਾ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੂੰ ਵਿਰਸੇ ਵਿਚ ਮਿਲੀ ਰਾਜਨੀਤਕ ਤਾਜਪੋਸ਼ੀ ਦੇ ਰੰਗ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਕਿਵੇਂ ਬਿਖਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।


-ਇਕਬਾਲ ਸਿੰਘ ਸਿੱਧੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਪੰਜਾਬ ਦੀਆਂ ਸਿਆਸੀ ਪਾਰਟੀਆਂ
ਪੰਜਾਬ ਵਿਚ ਕਿਸੇ ਸਮੇਂ ਦੋ ਰਵਾਇਤੀ ਪਾਰਟੀਆਂ ਹੁੰਦੀਆਂ ਸਨ, ਜਿਸ ਕਰਕੇ ਲੋਕਾਂ ਲਈ ਕੋਈ ਬਦਲ ਨਹੀਂ ਹੁੰਦਾ ਸੀ ਪਰ ਵਰਤਮਾਨ ਸਮੇਂ ਪੰਜਾਬ ਦੀ ਸਥਿਤੀ ਕੁਝ ਹੋਰ ਹੈ। ਪੰਜਾਬ ਵਿਚ ਇਸ ਸਮੇਂ ਕਈ ਪਾਰਟੀਆਂ ਤੇ ਸਾਂਝੇ ਦਲ ਬਣ ਰਹੇ ਹਨ।
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਚੋਣਾਂ ਦੌਰਾਨ ਬਹੁਤ ਸਾਰੇ ਸਿਆਸੀ ਦਲ ਹੋਂਦ ਵਿਚ ਆਉਂਦੇ ਹਨ ਪਰ ਚੋਣਾਂ ਵਿਚ ਕੁਝ ਹਿੱਸਾ ਵੋਟ ਲੈ ਕੇ ਚੋਣਾਂ ਤੋਂ ਬਾਅਦ ਅਲੋਪ ਹੋ ਜਾਂਦੇ ਹਨ ਤੇ ਉਨ੍ਹਾਂ ਦੁਆਰਾ ਲਈਆਂ ਵੋਟਾਂ ਕਈ ਵਾਰ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਫਾਇਦਾ ਦੇ ਜਾਂਦੀਆਂ ਹਨ ਜਿਨ੍ਹਾਂ ਨੂੰ ਲੋਕਾਂ ਦਾ ਜ਼ਿਆਦਾ ਬਹੁਗਿਣਤੀ ਨਹੀਂ ਚਾਹੁੰਦੀ। ਅਜਿਹੇ ਸਿਆਸੀ ਦਲ ਦੁਆਰਾ ਲੋਕ ਹਿਤਾਂ ਨੂੰ ਛਿੱਕੇ ਟੰਗ ਕੇ ਸੀਟਾਂ ਦੇ ਸਮਝੌਤੇ ਵੀ ਕੀਤੇ ਜਾਂਦੇ ਹਨ। ਆਮ ਲੋਕ ਇਨ੍ਹਾਂ ਰਾਜਨੀਤਕ ਦਲਾਂ ਦੇ ਅੰਦਰ ਖਾਤੇ ਹੋ ਰਹੇ ਸਮਝੌਤਿਆਂ ਤੋਂ ਅਣਜਾਣ ਹੁੰਦੇ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਮੌਕਾਪ੍ਰਸਤ ਰਾਜਨੀਤਕ ਦਲਾਂ ਦਾ ਕੋਈ ਸਿਧਾਂਤ ਜਾਂ ਚੋਣ ਮਨੋਰਥ ਪੱਤਰ ਨਹੀਂ ਹੁੰਦਾ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਰਕਾਰ ਚੁਣਨੀ ਹੈ ਇਸ ਲਈ ਉਹ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਨਿਰਪੱਖ ਹੋ ਕੇ ਬਿਨਾਂ ਕਿਸੇ ਲਾਲਚ ਡਰ ਤੋਂ ਇਕ ਵਧੀਆ ਸਰਕਾਰ ਦੀ ਚੋਣ ਕਰਨ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

19-03-2019

 ਔਰਤ ਦੀ ਤ੍ਰਾਸਦੀ
ਪਿਛਲੇ ਦਿਨੀਂ ਕੌਮਾਂਤਰੀ ਮਹਿਲਾ ਦਿਵਸ 'ਤੇ ਕਿਰਨਪ੍ਰੀਤ ਕੌਰ ਧਾਮੀ ਮੈਂਬਰ ਰਾਜ ਮਹਿਲਾ ਕਮਿਸ਼ਨ ਦੁਆਰਾ ਲਿਖਿਆ ਲੇਖ 'ਤਾਂ ਕਿ ਆਸਿਫਾ ਵਰਗੀਆਂ ਬਾਲੜੀਆਂ ਨੂੰ ਵਹਿਸ਼ਤ ਦਾ ਸਾਹਮਣਾ ਨਾ ਕਰਨਾ ਪਵੇ' ਔਰਤ ਦੀ ਤ੍ਰਾਸਦੀ ਬਿਆਨ ਕਰਦਾ ਲੇਖ ਸੀ। ਮੈਂਬਰ ਮਹਿਲਾ ਕਮਿਸ਼ਨ ਨੇ ਹਰ ਖੇਤਰ ਵਿਚ ਕੰਮ ਕਰਦੀਆਂ ਔਰਤਾਂ ਦੀਆਂ ਸਮੱਸਿਆਵਾਂ ਦਾ ਯਥਾਰਥਕ ਚਿੱਤਰ ਬਾਖੂਬੀ ਬਿਆਨ ਕੀਤਾ ਹੈ। ਔਰਤ ਕਿਸੇ ਦੀ ਮਾਂ ਹੈ, ਭੈਣ ਹੈ, ਪਤਨੀ ਹੈ, ਧੀ ਹੈ। ਹਰ ਘਰ ਵਿਚ ਇਨ੍ਹਾਂ ਰਿਸ਼ਤਿਆਂ ਨੂੰ ਨਿੱਘ ਮਿਲਦਾ ਹੈ ਪਰ ਸਮਾਜ ਵਿਚ ਇਨ੍ਹਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਵੀ ਔਰਤ ਨੂੰ ਇਕ ਵਸਤੂ ਸਾਮਾਨ ਸਮਝਿਆ ਜਾਂਦਾ ਹੈ।
ਅਜੋਕੇ ਆਧੁਨਿਕ ਸਮਾਜ ਵਿਚ ਹਰ ਇਨਸਾਨ ਦੀ ਇਹ ਮੌਲਿਕ ਜ਼ਿੰਮੇਵਾਰੀ ਬਣਦੀ ਹੈ ਕਿ ਘਰ ਵਾਂਗ ਹੀ ਔਰਤ ਨੂੰ ਘਰ ਤੋਂ ਬਾਹਰ ਵੀ ਸੁਰੱਖਿਅਤ ਮਾਹੌਲ ਦਿੱਤਾ ਜਾਏ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਔਰਤ ਤੇ ਮਰਦ ਦੇ ਵਿਤਕਰੇ ਨੂੰ ਖ਼ਤਮ ਕਰੇ। ਖ਼ਾਸ ਕਰਕੇ ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੀ ਮਾਂ ਨੂੰ ਘਰ ਵਿਚ ਬੇਹੱਦ ਸਤਿਕਾਰ ਦਿੰਦੇ ਹਨ। ਉਸ ਦੇ ਤਰ੍ਹਾਂ ਹੀ ਸਮਾਜ ਵਿਚ ਔਰਤ ਦੇ ਬਾਕੀ ਰੂਪਾਂ ਨੂੰ ਸਤਿਕਾਰ ਦਿੱਤਾ ਜਾਵੇ।

-ਕਾਜਲ
ਵਿਦਿਆਰਥੀ, ਪੱਤਰਕਾਰੀ ਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਬਰ ਚੈਨਲਾਂ ਦੇ ਭੜਕਾਊ ਪ੍ਰੋਗਰਾਮ
ਪਿਛਲੇ ਦਿਨੀਂ ਪਾਕਿਸਤਾਨ ਵਿਚ ਹਾਦਸਾਗ੍ਰਸਤ ਹੋਏ ਮਿੱਗ 21 ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਵਲੋਂ ਭਾਰਤ ਨੂੰ ਸੌਂਪਿਆ ਗਿਆ, ਜਿਸ 'ਤੇ ਸਾਰੇ ਭਾਰਤੀ ਖ਼ਬਰ ਚੈਨਲਾਂ ਨੇ ਅਭਿਨੰਦਨ ਦਾ ਸਵਾਗਤ ਤਾਂ ਕੀਤਾ ਪਰ ਨਾਲ ਹੀ ਪਾਕਿਸਤਾਨ ਖਿਲਾਫ਼ ਭਾਰਤੀ ਲੋਕਾਂ ਨੂੰ ਭੜਕਾਉਣ 'ਚ ਵੀ ਕੋਈ ਕਸਰ ਨਹੀਂ ਛੱਡੀ। ਇਸ ਤੋਂ ਪਹਿਲਾਂ ਵੀ ਪੁਲਵਾਮਾ ਹਮਲੇ ਤੋਂ ਬਾਅਦ ਹਰ ਰੋਜ਼ ਇਹੋ ਜਿਹਾ ਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਿੰਗ ਕਮਾਂਡਰ ਅਭਿਨੰਦਨ ਦੇ ਬਿਆਨ ਨੇ, ਜਿਸ ਵਿਚ ਉਸ ਨੇ ਪਾਕਿਸਤਾਨ ਵਿਚ ਆਪਣੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਸੀ, ਖ਼ਬਰ ਚੈਨਲਾਂ ਦੀ ਇਸ ਭੜਕਾਊ ਕਾਰਵਾਈ ਦੀ ਪੋਲ ਖੋਲ੍ਹ ਦਿੱਤੀ। ਅਸਲ ਵਿਚ ਇਨ੍ਹਾਂ ਚੈਨਲਾਂ ਨੂੰ ਸਿਰਫ ਆਪਣੀ ਕਮਾਈ ਤੇ ਨਾਂਅ ਵਧਾਉਣ ਤੱਕ ਹੀ ਮਤਲਬ ਹੁੰਦਾ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ। ਸੋ ਭਾਰਤੀ ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਚੈਨਲਾਂ ਦੇ ਕੂੜ ਪ੍ਰਚਾਰ ਤੋਂ ਬਚਣ ਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਹਾਲੀ ਲਈ ਇਕਜੁੱਟ ਹੋ ਕੇ ਸੱਚੇ ਭਾਰਤੀ ਹੋਣ ਦਾ ਸਬੂਤ ਪੇਸ਼ ਕਰਨ।

-ਹਰਪ੍ਰੀਤ ਸਿੰਘ
ਬਸਤੀ ਦਾਨਿਸ਼ਮੰਦਾਂ, ਜਲੰਧਰ।

ਵੋਟਰ ਸੁਚੇਤ ਹੋਣ
ਵੋਟ ਮੌਸਮ ਹੋਣ ਕਰਕੇ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਿੱਲੀ ਦੀ ਗੱਦੀ 'ਤੇ ਬਿਰਾਜਮਾਨ ਹੋਣ ਦੀਆਂ ਚਾਹਵਾਨ ਹਨ। ਇਸ ਲਈ ਕਿਤੇ ਰੈਲੀ ਅਤੇ ਕਿਤੇ ਮਹਾਂਰੈਲੀ ਹੋ ਰਹੀ ਹੈ। ਕਈ ਤਰ੍ਹਾਂ ਦੇ ਗੱਠਜੋੜ ਅਤੇ ਸਮਝੌਤੇ ਹੋ ਰਹੇ ਹਨ। ਇਸ ਦੇ ਨਾਲ-ਨਾਲ ਅਜਿਹੀਆਂ ਸਾਜਿਸ਼ਾਂ ਵੀ ਹੋ ਰਹੀਆਂ ਹਨ ਜਿਸ ਕਰਕੇ ਦੇਸ਼ ਵਿਚ ਅਫਰਾ-ਤਫ਼ਰੀ ਫੈਲ ਜਾਵੇ ਅਤੇ ਥੋਕ ਰੂਪ ਵਿਚ ਵੋਟਾਂ ਦਾ ਧਰੁਵੀਕਰਨ ਹੋ ਜਾਵੇ। ਸੱਤਾ ਦੀ ਕੁਰਸੀ ਹਾਸਲ ਕਰਨ ਲਈ ਅੰਦਰਖਾਤੇ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਇਸ ਤਰ੍ਹਾਂ ਦੇ ਵਾਤਾਵਰਨ ਵਿਚ ਆਮ ਜਨਤਾ ਹਾਸ਼ੀਏ 'ਤੇ ਹੈ। ਭੁੱਖ, ਗ਼ਰੀਬੀ ਅਤੇ ਬੇਰੁਜ਼ਗਾਰੀ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਗ਼ਰੀਬ, ਕਿਸਾਨ ਅਤੇ ਮਜ਼ਦੂਰ ਲਈ ਅਜਿਹੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਚੋਣ ਜ਼ਾਬਤੇ ਦੀ ਭੇਟ ਚੜ੍ਹ ਜਾਣਗੀਆਂ। ਇਸ ਲਈ ਦੇਸ਼ ਦੀ ਜਨਤਾ ਸਾਵਧਾਨ ਰਹੇ। ਉਹ ਇਨ੍ਹਾਂ ਚਾਲਬਾਜ਼ੀਆਂ ਵਿਚ ਨਾ ਆਵੇ। ਸਾਰੇ ਹੀ ਦਲ ਫ਼ਿਰਕੂ ਅਤੇ ਜਾਤੀਵਾਦ ਦਾ ਪੱਤਾ ਸੁੱਟ ਕੇ ਚੋਣਬਾਜ਼ੀ ਜਿੱਤਣਾ ਚਾਹੁੰਦੇ ਹਨ। ਇਸ ਲਈ ਜਨਤਾ ਅਜਿਹੇ ਸਮੇਂ ਹੋਰ ਵੀ ਸੁਚੇਤ ਰਹੇ ਕਿਉਂਕਿ ਜਨਤਾ ਹੀ ਦੇਸ਼ ਵਿਚ ਲੋਕਤੰਤਰ ਦੀ ਅਸਲ ਰੱਖਿਅਕ ਹੈ।

-ਵਿਵੇਕ, ਕੋਟ ਈਸੇ ਖਾਂ (ਮੋਗਾ)।

ਮਾਨਸਿਕ ਤਣਾਅ
ਹਰ ਰੋਜ਼ ਅਖ਼ਬਾਰ ਵਿਚ ਕੋਈ ਨਾ ਕੋਈ ਮੌਤ ਦੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ, ਜਿਸ ਦਾ ਕਾਰਨ ਬਹੁਤੀ ਵਾਰ ਮਾਨਸਿਕ ਤਣਾਅ ਹੁੰਦਾ ਹੈ। ਅੱਜ ਦੇ ਯੁੱਗ ਵਿਚ ਹਰ ਇਕ ਬੰਦਾ ਕਿਸੇ ਨਾ ਕਿਸੇ ਕਾਰਨ ਕਰਕੇ ਭਾਰੀ ਮਾਨਸਿਕ ਦਬਾਅ ਹੇਠ ਹੈ। ਇਨਸਾਨ ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਕਰਕੇ ਉਹ ਕਈ ਵਾਰ ਆਪਣੀ ਆਮਦਨ ਤੋਂ ਵੱਧ ਖਰਚ ਕਰਦਾ ਹੈ ਭਾਵੇਂ ਇਸ ਲਈ ਉਸ ਨੂੰ ਕਰਜ਼ਾ ਹੀ ਕਿਉਂ ਨਾ ਲੈਣਾ ਪਵੇ। ਇਹ ਲਿਆ ਗਿਆ ਕਰਜ਼ਾ ਵਿਆਜ ਪੈਣ ਕਾਰਨ ਦੁੱਗਣਾ-ਚੌਗੁਣਾ ਹੋ ਜਾਂਦਾ ਹੈ ਅਤੇ ਵਾਪਸ ਨਾ ਕਰਨ ਦੀ ਸੂਰਤ ਵਿਚ ਇਨਸਾਨ ਭਾਰੀ ਮਾਨਸਿਕ ਦਬਾਅ ਹੇਠ ਆ ਜਾਂਦਾ ਹੈ, ਜਿਸ ਕਰਕੇ ਕਈ ਵਾਰ ਘਰ ਵਿਚ ਲੜਾਈ ਝਗੜਾ ਤੱਕ ਹੋ ਜਾਂਦਾ ਹੈ। ਇਨਸਾਨ ਮਾਨਸਿਕ ਦਬਾਅ ਕਾਰਨ ਕਈ ਵਾਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਕਈ ਵਾਰ ਦਬਾਅ ਏਨਾ ਵਧ ਜਾਂਦਾ ਹੈ ਕਿ ਇਨਸਾਨ ਖ਼ੁਦਕੁਸ਼ੀ ਤੱਕ ਕਰ ਲੈਂਦਾ ਹੈ। ਇਸ ਲਈ ਇਨਸਾਨ ਨੂੰ ਆਪਣੀ ਵਿੱਤੀ ਹਾਲਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ ਤਾਂ ਜੋ ਮਾਨਸਿਕ ਤਣਾਅ ਤੋਂ ਬਚਿਆ ਜਾ ਸਕੇ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

ਨਕਲੀ ਦੁੱਧ
ਚਿੱਟੀ ਕ੍ਰਾਂਤੀ ਵਜੋਂ ਜਾਣੇ ਜਾਂਦੇ ਦੁੱਧ ਨੂੰ ਸਿਆਣਿਆਂ ਦੀ ਸ਼ਬਦਾਵਲੀ ਵਿਚ ਰਤਨ ਵੀ ਕਿਹਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਦੁੱਧ ਵਿਚ ਪਾਣੀ ਦੀ ਮਿਲਾਵਟ ਆਮ ਸੁਣਨ ਨੂੰ ਮਿਲਦੀ ਸੀ ਤੇ ਕਿਸੇ ਦਾ ਜ਼ਿਆਦਾ ਧਿਆਨ ਉਸ ਪਾਸੇ ਵੱਲ ਨਹੀਂ ਸੀ ਜਾਂਦਾ ਕਿਉਂਕਿ ਦੁੱਧ ਵਿਚ ਪਾਣੀ ਦੀ ਮਿਲਾਵਟ ਕੇਵਲ ਦੁੱਧ ਦੀ ਸ਼ੁੱਧਤਾ 'ਤੇ ਹੀ ਅਸਰ ਪਾਉਂਦੀ ਸੀ ਨਾ ਕਿ ਮਨੁੱਖੀ ਸਰੀਰ 'ਤੇ, ਪਰ ਮੌਜੂਦਾ ਸਮੇਂ ਅੰਦਰ ਟੀ.ਵੀ. ਅਤੇ ਅਖ਼ਬਾਰਾਂ ਵਿਚ ਨਕਲੀ ਦੁੱਧ ਦਾ ਜ਼ਿਕਰ ਆਮ ਸੁਣਿਆ ਜਾ ਰਿਹਾ ਹੈ, ਜੋ ਕਿ ਵੱਖ-ਵੱਖ ਤਰ੍ਹਾਂ ਨਾਲ ਜ਼ਹਿਰੀਲੇ ਰਸਾਇਣਾਂ ਤੋਂ ਤਿਆਰ ਕਰਕੇ ਆਮ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ, ਜਿਸ ਨਾਲ ਬਹੁਤ ਸਾਰੀਆਂ ਮਨੁੱਖੀ ਜਾਨਾਂ ਖ਼ਤਰੇ ਵਿਚ ਹਨ। ਪਸ਼ੂ ਪਾਲਕਾਂ ਅੰਦਰ ਪਹਿਲਾਂ ਨਾਲੋਂ ਪਸ਼ੂ ਪਾਲਣ ਦੇ ਰੁਝਾਨ ਪ੍ਰਤੀ ਕਾਫੀ ਨਜ਼ਰਅੰਦਾਜ਼ਗੀ ਸਾਹਮਣੇ ਆਈ ਹੈ ਜਿਸ ਦੇ ਸਿੱਟੇ ਵਜੋਂ ਪਾਲਕਾਂ ਕੋਲ ਮੱਝਾਂ ਤੇ ਗਾਵਾਂ ਦੀ ਗਿਣਤੀ ਕਾਫੀ ਘਟ ਚੁੱਕੀ ਹੈ। ਇਥੇ ਸਵਾਲ ਇਹ ਉੱਠਦਾ ਹੈ ਕਿ ਲੋਕਾਂ ਦੇ ਪੀਣ ਲਈ ਭਰਪੂਰ ਮਾਤਰਾ ਵਿਚ ਦੁੱਧ ਕਿੱਥੋਂ ਆ ਰਿਹਾ ਹੈ? ਅੱਜ ਪਸ਼ੂ ਪਾਲਣ ਵਿਭਾਗ ਨੂੰ ਲੋੜ ਹੈ ਕਿ ਮਨੁੱਖੀ ਜੀਵਨ ਨੂੰ ਤੰਦਰੁਸਤ ਤੇ ਨਿਰੋਗ ਰੱਖਣ ਲਈ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਕੀਮਤੀ ਜੀਵਨ ਨੂੰ ਬਚਾਇਆ ਜਾ ਸਕੇ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂਮਾਜਰਾ), ਸੰਗਰੂਰ।

18-03-2019

 ਨਿੱਜੀ ਸਕੂਲਾਂ ਦੀ ਲੁੱਟ ਬਰਕਰਾਰ
ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਨਿੱਜੀ ਸਕੂਲਾਂ ਵਿਚ ਹੋ ਚੁੱਕੀ ਹੈ ਤੇ ਇਨ੍ਹਾਂ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਪਰ ਇਹ ਲੁੱਟ ਅਜੇ ਵੀ ਬਰਕਰਾਰ ਹੈ। ਇਨ੍ਹਾਂ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਕੇ ਨਿੱਜੀ ਸਕੂਲਾਂ ਵਲੋਂ ਮਾਪਿਆਂ ਦੀ ਜੇਬ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਬੱਚਿਆਂ ਲਈ ਨਵੀਆਂ ਵਰਦੀਆਂ, ਕਿਤਾਬਾਂ, ਕਾਪੀਆਂ, ਸਕੂਲ ਬੈਗ ਆਦਿ ਸਕੂਲ ਵਲੋਂ ਵੇਚਣ 'ਤੇ ਰੋਕ ਲਗਾ ਦਿੱਤੀ ਗਈ ਹੈ ਪਰ ਅਨੇਕਾਂ ਹੀ ਸਕੂਲਾਂ ਵਲੋਂ ਅਜੇ ਵੀ ਇਹ ਸਾਮਾਨ ਮਾਪਿਆਂ ਨੂੰ ਮਹਿੰਗੇ ਮੁੱਲ 'ਤੇ ਜਬਰੀ ਮੜ੍ਹਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਈ ਸਕੂਲਾਂ ਵਲੋਂ ਇਹ ਸਾਮਾਨ ਸਕੂਲ ਵਲੋਂ ਤੈਅ ਦੁਕਾਨਾਂ ਤੋਂ ਖਰੀਦਣ ਲਈ ਮਾਪਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਸਤੂਆਂ ਦੀ ਕੀਮਤ ਆਮ ਬਾਜ਼ਾਰਾਂ ਵਿਚ ਕਾਫ਼ੀ ਘੱਟ ਹੈ ਪਰ ਸਕੂਲਾਂ ਵਲੋਂ ਤੈਅ ਦੁਕਾਨਾਂ ਦਾ ਮੁੱਲ ਬਹੁਤ ਜ਼ਿਆਦਾ ਹੈ। ਇਸ ਪ੍ਰਤੀ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਬੱਚਿਆਂ ਦੇ ਮਾਪੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਠੱਗੇ ਮਹਿਸੂਸ ਕਰ ਰਹੇ ਹਨ।
ਸਬੰਧਿਤ ਬੋਰਡ ਨੂੰ ਹਰ ਸਾਲ ਕਿਤਾਬਾਂ ਦੇ ਨਾਂਅ, ਮੁੱਲ, ਪ੍ਰਕਾਸ਼ਕ ਆਦਿ ਦੀ ਇਕਸਾਰ ਸੂਚੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਮਾਪੇ ਕਿਤੋਂ ਵੀ ਇਨ੍ਹਾਂ ਦੀ ਖਰੀਦ ਕਰ ਸਕਣ। ਇਸ ਲੁੱਟ ਨੂੰ ਪਹਿਲ ਦੇ ਆਧਾਰ 'ਤੇ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।


-ਮੀਤਕ ਸ਼ਰਮਾ 'ਮੀਤ ਬਰਾਰੀ'
ਨੰਗਲ ਡੈਮ, ਰੂਪਨਗਰ।


ਭਾਰਤ-ਪਾਕਿ ਸਬੰਧ
ਸਾਡੇ ਦੇਸ਼ ਲਈ ਇਹ ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਵਾਲੇ ਦਿਨ ਤੋਂ ਹੀ ਦੋਵਾਂ ਦੇਸ਼ਾਂ ਵਿਚ ਹੋਈ ਲੁੱਟ-ਮਾਰ ਅਤੇ ਕਤਲੋਗਾਰਤ ਕਰਕੇ ਦੋਵਾਂ ਦੇਸ਼ਾਂ ਵਿਚ ਇਕ-ਦੂਜੇ ਲਈ ਨਫ਼ਰਤ ਦੇ ਬੀਜ ਬੀਜੇ ਗਏ ਸਨ, ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਪਾਕਿਸਤਾਨ ਅੱਜ ਭਾਰਤ ਨਾਲੋਂ ਕਿਤੇ ਪਿੱਛੇ ਹੈ।
ਪਾਕਿਸਤਾਨ ਵਿਚ ਵੱਡੀ ਪੱਧਰ 'ਤੇ ਫੈਲੇ ਅੱਤਵਾਦ ਨੂੰ ਪਾਕਿਸਤਾਨੀ ਫ਼ੌਜ ਦੀ ਹਮਾਇਤ ਪ੍ਰਾਪਤ ਹੈ ਤੇ ਹਮੇਸ਼ਾ ਹੀ ਪਾਕਿਸਤਾਨ ਵਿਚ ਬਣਨ ਵਾਲੀ ਹਰ ਸਰਕਾਰ ਇਨ੍ਹਾਂ ਦੋਵਾਂ ਦੀ ਕਠਪੁਤਲੀ ਬਣ ਕੇ ਰਾਜ ਕਰਦੀ ਆਈ ਹੈ। ਅੱਜ ਭਾਰਤੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਾਕਿ ਵਿਚ ਬੈਠੇ ਅੱਤਵਾਦੀ ਸੰਗਠਨਾਂ ਨੇ ਇਹ ਠਾਣ ਰੱਖਿਆ ਹੈ ਕਿ ਆਪਣਾ ਕੁਝ ਬਣਾਉਣਾ ਨਹੀਂ ਤੇ ਗੁਆਂਢੀ ਦੇਸ਼ ਭਾਰਤ ਦਾ ਕੁਝ ਬਣਨ ਨਹੀਂ ਦੇਣਾ। ਸੋ, ਭਾਰਤੀ ਲੋਕਾਂ ਨੂੰ ਪਾਕਿਸਤਾਨ ਖ਼ਿਲਾਫ਼ ਨਹੀਂ ਸਗੋਂ ਸਮੁੱਚੇ ਅੱਤਵਾਦ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ। ਭਾਰਤ ਦੇ ਰਾਜਸੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਮਲੀਆਮੇਟ ਕਰਨ ਦੀਆਂ ਟਾਹਰਾਂ ਮਾਰਨ ਦੀ ਬਜਾਏ ਆਪਣੀ ਸੁਰੱਖਿਆ ਵੱਲ ਹੋਰ ਜ਼ਿਆਦਾ ਧਿਆਨ ਕੇਂਦਰਤ ਕਰੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਜਬਰ ਜਨਾਹ ਤੇ ਹਤਿਆਰੇ
ਜਬਰ ਜਨਾਹ ਵਰਗੇ ਘਿਨੌਣੇ ਮਾਮਲੇ ਸੁਣ ਕੇ ਹਰ ਇਕ ਦਾ ਮਨ ਦੁਖੀ ਹੋ ਜਾਂਦਾ ਹੈ। ਪਰ ਮਾਮਲੇ ਵਧਦੇ ਜਾਂਦੇ ਹਨ। ਸਮਾਜ ਅਤੇ ਦੇਸ਼ ਵਿਚ ਇਸਤਰੀ ਵਰਗ ਦਾ ਸਤਿਕਾਰ ਘਟ ਰਿਹਾ ਹੈ। ਦੋਸ਼ੀਆਂ ਨੂੰ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਦੇ ਉਪਦੇਸ਼ ਤੇ ਪ੍ਰਵਚਨ ਵੀ ਭੁੱਲ ਗਏ ਹਨ। ਪਰ ਛੋਟੀਆਂ ਬਾਲੜੀਆਂ, ਕੰਨਿਆ, ਦੇਵੀਆਂ ਜਿਨ੍ਹਾਂ ਨੂੰ ਕੰਜਕ (ਦੇਵੀ ਦਾ ਰੂਪ) ਮੰਨ ਕੇ ਪੂਜਿਆ ਜਾਂਦਾ ਹੈ। ਉਨ੍ਹਾਂ ਨਾਲ ਅਜਿਹਾ ਵਰਤਾਅ ਕਰਨਾ ਕਿੰਨਾ ਪਾਪ, ਜ਼ੁਲਮ ਹੋ ਰਿਹਾ ਹੈ। ਅਜਿਹੇ ਦਰਿੰਦਿਆਂ ਨੂੰ ਸ਼ਰਮ, ਹਿਆ ਦਾ ਡਰ, ਭੈਅ ਨਹੀਂ ਰਿਹਾ। ਸੋ ਸਮਾਜ ਵਿਚ ਇਨ੍ਹਾਂ ਦੀ ਰੋਕਥਾਮ ਜ਼ਰੂਰੀ ਹੈ। ਸਮਾਜ ਅਤੇ ਸਮਾਜ ਸੁਧਾਰਕਾਂ ਨੂੰ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਨ੍ਹਾਂ ਦੋਸ਼ੀਆਂ ਦੇ ਮਨਾਂ ਵਿਚ ਧਾਰਮਿਕ ਬਿਰਤੀ ਪੈਦਾ ਕਰਨੀ ਚਾਹੀਦੀ ਹੈ ਅਤੇ ਸਖਤ ਤੋਂ ਸਖ਼ਤ ਸਜ਼ਾ ਵੀ ਦੇਣੀ ਚਾਹੀਦੀ ਹੈ।


-ਰਘੁਵੀਰ ਸਿੰਘ ਬੈਂਸ
ਸੇਵਾਮੁਕਤ ਸੁਪਰਡੈਂਟ।


ਉਮਰ ਤੋਂ ਪਹਿਲਾਂ
ਵਰਤਮਾਨ ਸਮੇਂ ਲਗਪਗ ਹਰ ਮਾਤਾ-ਪਿਤਾ ਲਈ ਬੱਚੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਦਾ ਮੁੱਖ ਕਾਰਨ ਬੱਚਿਆਂ ਨਾਲ ਲੋੜ ਤੋਂ ਵੱਧ ਮੋਹ ਅਤੇ ਖੁੱਲ੍ਹ ਹੈ ਜਿਸ ਦੇ ਨਤੀਜੇ ਵਜੋਂ ਬੱਚੇ ਅੰਦਰ ਮਾਪਿਆਂ ਦਾ ਡਰ ਅਤੇ ਝਿਜਕ ਬਿਲਕੁਲ ਖਤਮ ਹੋ ਜਾਂਦੀ ਹੈ, ਵਰਤਮਾਨ ਸਮੇਂ ਦੇ ਮੁਕਾਬਲੇ ਅਤੀਤ 'ਚ ਝਾਤ ਮਾਰੀਏ ਤਾਂ ਬੱਚਿਆਂ ਅੰਦਰ ਸਤਿਕਾਰ ਅਤੇ ਲਿਆਕਤ ਉਚਾਈਆਂ 'ਤੇ ਸੀ ਪ੍ਰੰਤੂ ਅੱਜ ਸਤਿਕਾਰ ਕਰਨ ਦੀ ਬਜਾਇ ਸਤਿਕਾਰ ਸ਼ਬਦ ਦੀ ਵਿਆਖਿਆ ਕਰਨ ਲਈ ਬੱਚੇ ਨੂੰ ਕਿਹਾ ਜਾਵੇ ਤਾਂ ਸ਼ਾਇਦ ਉਹ ਨਾ ਕਰ ਪਾਵੇ।
ਸਮਾਜ ਅੰਦਰ ਬੱਚਿਆਂ ਨੂੰ ਲੋੜ ਤੋਂ ਵੱਡੇ ਦਾਇਰੇ ਵਿਚ ਰੱਖਣਾ, ਕੁਰਾਹੇ ਪੈਣ ਦੇ ਨਤੀਜੇ ਤੋਂ ਵਧ ਕੇ ਹੋਰ ਕੁਝ ਵੀ ਨਹੀਂ ਹੈ। ਛੋਟੇ ਬੱਚਿਆਂ ਦੇ ਹੱਥ ਵਿਚ ਮੋਟਰਸਾਈਕਲ ਤੇ ਮੋਬਾਈਲ ਉਨ੍ਹਾਂ ਦੇ ਭਵਿੱਖ ਬਾਰੇ ਕੁਝ ਕਹਿ ਰਹੇ ਜਾਪਦੇ ਹਨ, ਇਸ ਲਈ ਅੱਜ ਲੋੜ ਹੈ ਕਿ ਅਸੀਂ ਸਾਰੇ ਆਪਣੇ ਬੱਚਿਆਂ ਪ੍ਰਤੀ ਸੁਚੇ ਹੋਈਏ ਜਿਸ ਨਾਲ ਸਾਡਾ ਘਰ ਤੇ ਸਮਾਜ ਦੋਵੇਂ ਸੁੰਦਰ ਬਣ ਸਕਣ।


-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਦਰਿਆਵਾਂ ਦੇ ਪਾਣੀ
ਪੰਜਾਬ 'ਚ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰਨ ਦਾ ਮਾਮਲਾ ਕੌਮੀ ਗਰੀਨ ਟ੍ਰਿਬਿਊਨਲ ਅਤੇ ਕੇਂਦਰ ਸਰਕਾਰ ਦੇ ਧਿਆਨ ਵਿਚ ਹੈ ਅਤੇ ਉਹ ਇਸ ਬਾਰੇ ਕਾਫ਼ੀ ਸਖ਼ਤ ਹਨ, ਪ੍ਰੰਤੂ ਬਿਆਸ ਦਰਿਆ 'ਚ ਪੰਜਾਬ ਵਾਲੇ ਪਾਸੇ ਤੋਂ ਕਈ ਥਾਵਾਂ 'ਤੇ ਦੂਸ਼ਿਤ ਪਾਣੀ ਪੈਣ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਕੁਝ ਕੁ ਜਗ੍ਹਾ ਤੋਂ ਕਈ ਫੈਕਟਰੀਆਂ ਦਾ ਪਾਣੀ ਪੈਣ ਨਾਲ ਬਿਆਸ ਦਰਿਆ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਕਈ ਵਾਰ ਪਾਣੀ 'ਚ ਰਹਿਣ ਵਾਲੇ ਜੀਵ ਮਰ ਜਾਂਦੇ ਹਨ ਅਤੇ ਪਸ਼ੂਆਂ ਤੇ ਇਨਸਾਨਾਂ ਲਈ ਇਹ ਪਾਣੀ ਬਹੁਤ ਘਾਤਕ ਸਾਬਤ ਹੋ ਰਿਹਾ ਹੈ। ਜਿਥੋਂ ਕਿਤੋਂ ਵੀ ਪ੍ਰਦੂਸ਼ਿਤ ਪਾਣੀ ਦਰਿਆਵਾਂ ਵਿਚ ਪੈ ਰਿਹਾ ਹੈ, ਉਥੇ-ਉਥੇ ਵਾਟਰ ਟਰੀਟਮੈਂਟ ਪਲਾਂਟ, ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣੇ ਚਾਹੀਦੇ ਹਨ। ਬਿਆਸ, ਸਤਲੁਜ ਅਤੇ ਘੱਗਰ ਦਰਿਆਵਾਂ ਵਿਚ ਪੈਂਦੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਬਕਾਇਦਾ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਕਰਨੇ ਚਾਹੀਦੇ ਹਨ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਕੁਤਾਬੀ ਨਾ ਕਰੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪੁਰਾਣੇ ਹਲਕਿਆਂ ਤੋਂ ਭੱਜ ਰਹੇ ਨੇ ਉਮੀਦਵਾਰ
ਪਿਛਲੇ ਦਿਨੀਂ 'ਅਜੀਤ' 'ਚ ਹਰਜਿੰਦਰ ਸਿੰਘ ਲਾਲ ਦੇ ਲੇਖ ਸਿਆਸੀ ਦਲਾਂ ਦੇ ਉਮੀਦਵਾਰਾਂ 'ਤੇ ਆਧਾਰਿਤ ਪੜ੍ਹ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਜਾਣਕਾਰੀ ਹਾਸਲ ਹੋਈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਦਿਲਚਸਪ ਗੱਲ ਇਹ ਦਿਸ ਰਹੀ ਹੈ ਕਿ ਸਾਰੀਆਂ ਪਾਰਟੀਆਂ ਵਲੋਂ ਆਪਣੇ ਕੁਝ ਕੁ ਦਿੱਗਜ਼ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਸੀਟਾਂ ਬਦਲੀਆਂ ਜਾ ਰਹੀਆਂ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤੇ ਜਾਂ ਹਾਰੇ ਉਮੀਦਵਾਰਾਂ ਦਾ ਆਪਣੇ-ਆਪਣੇ ਹਲਕਿਆਂ ਵਿਚ ਰਾਜਨੀਤਕ ਆਧਾਰ ਹੇਠਾਂ ਆਇਆ ਹੈ। ਸਾਰੇ ਰਾਜਨੀਤਕ ਪਾਰਟੀਆਂ ਦੇ ਦਿੱਗਜ਼ ਉਮੀਦਵਾਰਾਂ ਵਲੋਂ ਆਪਣੀ ਸੁਰੱਖਿਅਤ ਸੀਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਚੋਣਾਂ ਦੇ ਨਤੀਜੇ ਹੀ ਹਰੇਕ ਰਾਜਨੀਤਕ ਪਾਰਟੀ ਦੇ ਉਮੀਦਵਾਰਾਂ ਦੀ ਰਾਜਨੀਤਕ ਸਾਖ਼ ਅਤੇ ਆਧਾਰ ਨੂੰ ਸਪੱਸ਼ਟ ਕਰਨਗੇ।


-ਇਕਬਾਲ ਸਿੰਘ, ਰਾਏਪੁਰੀ।

15-03-2019

 ਪਰਗਟ ਸਿੰਘ ਦਾ ਵਿਛੋੜਾ
ਪਿਛਲੇ ਦਿਨੀਂ 'ਅਜੀਤ' ਵਿਚ ਪਹਿਲੇ ਸਫ਼ੇ ਦੀ ਖ਼ਬਰ 'ਮਿੱਤਰਾਂ ਦਾ ਨਾਂਅ ਚਲਦਾ' ਦੇ ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾਂ ਨਹੀਂ ਰਹੇ। ਇਸ ਗੀਤਕਾਰ ਦੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਦੇਣ ਸੀ। ਉਨ੍ਹਾਂ ਦੇ ਜਿੰਨੇ ਵੀ ਹੁਣ ਤੱਕ ਗੀਤ ਕਲਾਕਾਰਾਂ ਨੇ ਗਾਏ ਹਨ, ਉਹ ਸਾਰੇ ਗੀਤ ਪਰਿਵਾਰ ਵਿਚ ਬੈਠ ਕੇ ਸੁਣਨ ਵਾਲੇ ਹਨ। ਸਾਨੂੰ ਪਰਗਟ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਨ੍ਹਾਂ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਹੋ ਜਿਹੇ ਪੰਜਾਬੀ ਸੱਭਿਆਚਾਰਕ ਗੀਤ ਲਿਖਣ ਵਾਲੇ ਸਾਡੇ ਗੀਤਕਾਰ ਬਹੁਤ ਘੱਟ ਹਨ। ਇਸ ਗੀਤਕਾਰ ਦੇ ਜ਼ਿਆਦਾ ਗੀਤ ਕਲਾਕਾਰ ਹਰਜੀਤ ਹਰਮਨ ਨੇ ਗਾਏ ਹਨ। ਇਸ ਗੀਤਕਾਰ ਦਾ ਕੁਝ ਸਾਲ ਪਹਿਲਾਂ ਲਿਖਿਆ ਗੀਤ ਜੋ ਹਰਜੀਤ ਹਰਮਨ ਨੇ ਗਾਇਆ ਸੀ 'ਅਸੀਂ ਕਿਉਂ ਪਰਦੇਸੀ ਹੋਏ' ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਦਿਲਾਂ ਨੂੰ ਇਸ ਗੀਤ ਨੇ ਬੜਾ ਹਲੂਣਾ ਦਿੱਤਾ ਸੀ। ਉਂਜ ਪਰਗਟ ਸਿੰਘ ਦੇ ਸਾਰੇ ਗੀਤ ਹੀ ਬਹੁਤ ਵਧੀਆ ਹਨ। ਅੱਜ ਸਾਡੇ ਪੰਜਾਬ ਦੇ ਗੀਤਕਾਰਾਂ ਨੂੰ ਪਰਗਟ ਸਿੰਘ ਲਿੱਦੜਾਂ ਦੀ ਕਲਮ ਵਾਂਗ ਪੰਜਾਬੀ ਸੱਭਿਆਚਾਰਕ ਗੀਤ ਲਿਖਣ ਦੀ ਲੋੜ ਹੈ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਹਥਿਆਰ ਵਾਲੇ ਲਿਖੇ ਗੀਤ ਸੁਣ ਕੇ ਗ਼ਲਤ ਰਸਤੇ ਨਾ ਪਵੇ। ਚੰਗੇ ਲਿਖੇ ਗੀਤ ਸਾਡੇ ਨੌਜਵਾਨਾਂ ਨੂੰ ਗ਼ਲਤ ਰਾਹ ਤੋਂ ਮੋੜਦੇ ਹਨ ਇਸ ਲਈ ਗੀਤਕਾਰਾਂ ਨੂੰ ਅੱਜ ਚੰਗੇ ਗੀਤ ਲਿਖਣ ਦੀ ਲੋੜ ਹੈ। ਪਰਮਾਤਮਾ ਗੀਤਕਾਰ ਪਰਗਟ ਸਿੰਘ ਲਿੱਦੜਾਂ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ ਤੇ ਇਸ ਪਰਿਵਾਰ ਨੂੰ ਪਰਗਟ ਸਿੰਘ ਦੇ ਚਲਾਣੇ 'ਤੇ ਭਾਣਾ ਮੰਨਣ ਦਾ ਬਲ ਬਖਸ਼ੇ।


-ਸੁਖਦੇਵ ਸਿੱਧੂ
ਸਰਦੂਲਗੜ੍ਹ।


ਚੋਣਾਂ ਅਤੇ ਨੌਜਵਾਨ
ਪੰਜਾਬ ਵਿਚ 50 ਫ਼ੀਸਦੀ ਨੌਜਵਾਨ ਅਜਿਹਾ ਹੈ, ਜਿਸ ਨੂੰ ਚੋਣਾਂ ਦੌਰਾਨ ਆਪਣੇ ਪੱਖ ਵਿਚ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਦੁਆਰਾ ਪੂਰੀ ਜ਼ੋਰ ਅਜਮਾਈ ਕੀਤੀ ਜਾਂਦੀ ਹੈ। ਵਰਤਮਾਨ ਸਮੇਂ ਵਿਚ ਵੀ ਆਗਾਮੀ ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਰਕੇ ਨੌਜਵਾਨਾਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਧੜਾਧੜ ਅਹੁਦੇ ਦਿੱਤੇ ਜਾ ਰਹੇ ਹਨ, ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਰੈਲੀਆਂ ਦੀ ਵਾਗਡੋਰ ਵੀ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ। ਇਨ੍ਹਾਂ ਸਿਆਸੀ ਪਾਰਟੀਆਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੀ ਦਿੱਤਾ ਹੈ? ਕੀ ਉਹ ਸਿਆਸੀ ਪਾਰਟੀਆਂ ਤੋਂ ਆਪਣੇ ਹੱਕ ਲੈਣ ਲਈ ਇਕੱਤਰ ਹੋਣ, ਉਨ੍ਹਾਂ ਤੋਂ ਪਿਛਲੇ ਸਮੇਂ ਦਾ ਲੇਖਾ ਮੰਗਣ ਕਿ ਉਨ੍ਹਾਂ ਨੇ ਨੌਜਵਾਨੀ ਲਈ ਕੀ ਯੋਜਨਾਵਾਂ ਬਣਾਈਆਂ ਹਨ। ਕੀ ਇਨ੍ਹਾਂ ਸਿਆਸੀ ਪਾਰਟੀਆਂ ਨੇ ਨਸ਼ਿਆਂ ਵਿਚ ਡੁੱਬ ਰਹੀ ਨੌਜਵਾਨੀ ਨੂੰ ਬਚਾਇਆ ਹੈ? ਇਹੋ ਜਿਹੇ ਬਹੁਤ ਸਵਾਲ ਹਨ, ਜਿਹੜੇ ਇਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਪੁੱਛਣੇ ਬਣਦੇ ਹਨ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੀ ਭੀੜ ਦਾ ਹਿੱਸਾ ਬਣਨ ਦੀ ਥਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨ।


-ਕਮਲ ਬਰਾੜ, ਪਿੰਡ ਕੋਟਰੀ ਅਬਲੂ।


ਇੰਟਰਨੈੱਟ ਦਾ ਬੁਰਾ ਹਾਲ
ਅੱਜ ਦਾ ਜ਼ਮਾਨਾ ਇੰਟਰਨੈੱਟ ਦਾ ਹੈ। ਘਰ ਵਿਚ ਜਿੰਨੇ ਵੀ ਪਰਿਵਾਰਕ ਮੈਂਬਰ ਹਨ, ਓਨੇ ਹੀ ਮੋਬਾਈਲ ਹਨ ਅਤੇ ਬਹੁਗਿਣਤੀ ਮੋਬਾਈਲ 'ਤੇ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਕੰਪਨੀਆਂ ਵਲੋਂ ਇਹ ਸਹੂਲਤ ਤਿੰਨ ਮਹੀਨੇ ਲਈ ਲਗਪਗ ਚਾਰ ਸੌ ਰੁਪਏ ਵਿਚ ਦਿੱਤੀ ਜਾਂਦੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕਿਸੇ ਵੀ ਕੰਪਨੀ ਦਾ ਇੰਟਰਨੈੱਟ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਆਮ ਲੋਕ ਇਕ ਕੰਪਨੀ ਤੋਂ ਦੂਜੇ ਕੰਪਨੀ ਵਿਚ ਆਪਣਾ ਨੰਬਰ ਬਦਲ ਕੇ ਇਸ ਮੁਸ਼ਕਿਲ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕੋਈ ਲਾਭ ਨਹੀਂ ਹੁੰਦਾ।
ਕੰਪਨੀਆਂ ਦੇ ਕਸਟਮਰ ਕੇਅਰ 'ਤੇ ਪਹਿਲੀ ਗੱਲ ਤਾਂ ਕੋਈ ਫੋਨ ਨਹੀਂ ਚੁੱਕਦਾ, ਜੇਕਰ ਭੁੱਲ ਭੁਲੇਖੇ ਫੋਨ ਚੁੱਕ ਵੀ ਲਵੇ ਤਾਂ ਉਸ ਵਲੋਂ ਲਾਰੇ ਲੱਪੇ ਵਾਲੇ ਜਵਾਬ ਦਿੱਤੇ ਜਾਂਦੇ ਹਨ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਅੱਜ ਸਰਕਾਰੀ ਦਫ਼ਤਰਾਂ ਦੇ ਬਹੁਤੇ ਡਾਟੇ, ਪੈਸਿਆਂ ਦਾ ਲੈਣ-ਦੇਣ, ਆਮ ਜਾਣਕਾਰੀ ਅਤੇ ਮਨੋਰੰਜਨ ਲਈ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪੂਰੇ ਪੈਸੇ ਲੈ ਕੇ ਵੀ ਕੰਪਨੀਆਂ ਵਲੋਂ ਗਾਹਕਾਂ ਨੂੰ ਪੂਰੀ ਸਹੂਲਤ ਨਾ ਦੇ ਕੇ ਉਨ੍ਹਾਂ ਦੀ ਵੱਡੇ ਪੱਧਰ 'ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਕੰਪਨੀਆਂ ਨੂੰ ਚਾਹੀਦਾ ਹੈ ਕਿ ਆਪਣੇ ਗਾਹਕਾਂ ਨੂੰ ਘੱਟੋ-ਘੱਟ ਉਹ ਸਹੂਲਤਾਂ ਤਾਂ ਪ੍ਰਦਾਨ ਕਰਨ ਜਿੰਨੇ ਉਨ੍ਹਾਂ ਨੇ ਆਮ ਜਨਤਾ ਤੋਂ ਪੈਸੇ ਲਏ ਹਨ। ਸਰਕਾਰ ਨੂੰ ਇਸ ਲਈ ਕੋਈ ਨੀਤੀ ਅਮਲ ਵਿਚ ਲਿਆ ਕੇ ਜਨਤਾ ਨੂੰ ਵਧੀਆ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਖ਼ਤ ਕਦਮਾਂ ਦੀ ਲੋੜ
ਧਰਮ, ਜਾਤ ਦਾ ਰਾਜਨੀਤੀ ਵਿਚ ਪ੍ਰਯੋਗ ਅੱਜਕਲ੍ਹ ਰਿਵਾਜ ਬਣ ਚੁੱਕਿਆ ਹੈ ਅਤੇ ਜ਼ਿਆਦਾਤਰ ਰਾਜਨੀਤਕ ਪਾਰਟੀਆਂ ਧਰਮ ਤੇ ਜਾਤ ਦੇ ਨਾਂਅ 'ਤੇ ਆਸਾਨੀ ਨਾਲ ਸੱਤਾ ਦੀ ਚਾਬੀ ਹਾਸਲ ਕਰਨ ਵਿਚ ਸਫਲ ਹੋ ਰਹੀਆਂ ਹਨ। ਕਈ ਰਾਜਨੀਤਕ ਪਾਰਟੀਆਂ ਆਪਣੇ-ਆਪ ਨੂੰ ਇਕ ਖਾਸ ਧਰਮ ਜਾਂ ਜਾਤ ਨਾਲ ਜੋੜ ਕੇ ਲੋਕਾਂ ਸਾਹਮਣੇ ਦਿਖਾਉਂਦੀਆਂ ਹਨ। ਅੱਜ ਸਥਿਤੀ ਇਹ ਹੈ ਕਿ ਦੋ ਵੱਖ-ਵੱਖ ਧਰਮਾਂ, ਜਾਤਾਂ ਦੇ ਲੋਕਾਂ ਨੂੰ ਇਕ-ਦੂਸਰੇ ਵਿਰੁੱਧ ਭੜਕਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੇ ਵੱਡੇ ਛੋਟੇ ਨੇਤਾ ਵਲੋਂ ਜੇਕਰ ਸਾਰਵਜਨਕ ਸਥਾਨਾਂ ਉੱਪਰ ਕਿਸੇ ਵੀ ਧਰਮ ਜਾਂ ਜਾਤ ਦਾ ਨਾਂਅ ਲਿਆ ਜਾਂਦਾ ਹੈ ਜਾਂ ਉਨ੍ਹਾਂ ਦਾ ਧਰਮ, ਜਾਤ ਦੇ ਨਾਂਅ 'ਤੇ ਵਿਕਾਸ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਪਰੋਕਤ ਪਾਰਟੀ ਵਿਰੁੱਧ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ ਜਾਂ ਅਜਿਹੇ ਨੇਤਾਵਾਂ ਦੇ ਭਵਿੱਖ ਵਿਚ ਚੋਣ ਲੜ੍ਹਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਜੇਕਰ ਚੋਣ ਕਮਿਸ਼ਨ ਸਖਤੀ ਕਰੇ ਤਾਂ ਸ਼ਾਇਦ ਧਰਮ ਅਤੇ ਜਾਤ ਨੂੰ ਰਾਜਨੀਤੀ ਤੋਂ ਵੱਖ ਕੀਤੇ ਜਾਣ ਬਾਰੇ ਸੋਚਿਆ ਜਾ ਸਕਦਾ ਹੈ, ਨਹੀਂ ਤਾ ਜਿਸ ਤੇਜ਼ੀ ਨਾਲ ਧਰਮ, ਜਾਤ ਦਾ ਪ੍ਰਯੋਗ ਰਾਜਨੀਤੀ ਵਿਚ ਵਧ ਰਿਹਾ ਹੈ, ਉਹ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਏਕਤਾ, ਅਖੰਡਤਾ ਲਈ ਘਾਤਕ ਸਾਬਤ ਹੋਵੇਗਾ।


-ਪਰਦੀਪ ਸਿੰਘ
ਸ਼ੇਰਪੁਰ (ਸੰਗਰੂਰ)। ਕੋਟ ਈਸੇ ਖਾਂ।

14-03-2019

 ਰਿਸ਼ਤੇ ਤੇ ਸੋਸ਼ਲ ਮੀਡੀਆ
ਅੱਜ ਵਿਗਿਆਨ ਨੇ ਤਰੱਕੀ ਕਰ ਲਈ ਹੈ ਤੇ ਸੰਚਾਰ ਦੇ ਸਾਧਨਾਂ ਵਿਚ ਏਨਾ ਵਾਧਾ ਹੋ ਗਿਆ ਹੈ ਕਿ ਦੁਨੀਆ ਸਾਡੀ ਮੁੱਠੀ ਵਿਚ ਹੋ ਗਈ ਜਾਪਦੀ ਹੈ। ਸੋਸ਼ਲ ਮੀਡੀਆ ਦਾ ਪ੍ਰਭਾਵ ਸਾਡੇ 'ਤੇ, ਸਾਡੀ ਜ਼ਿੰਦਗੀ 'ਤੇ ਤੇ ਸਾਡੇ ਆਪਣਿਆਂ 'ਤੇ ਏਨਾ ਵਧ ਗਿਆ ਹੈ ਕਿ ਅਸੀਂ ਸਭ ਮਨ ਦੇ ਭਾਵਾਂ ਨੂੰ ਅਤੇ ਖੁੱਲ੍ਹੇ ਸੁਭਾਅ ਰਾਹੀਂ ਹਾਸੇ-ਠੱਠੇ ਕਰਨ ਨੂੰ ਪਹਿਲ ਦੇਣ ਤੋਂ ਗੁਰੇਜ਼ ਕਰਨ ਲੱਗ ਪਏ ਹਾਂ ਤੇ ਕੇਵਲ ਤੇ ਕੇਵਲ ਸੋਸ਼ਲ ਮੀਡੀਆ 'ਤੇ ਹੀ ਪੂਰਨ ਕੇਂਦਰਿਤ ਹੋ ਕੇ ਸੀਮਤ ਹੋ ਗਏ ਹਾਂ। ਹਾਂ, ਕੁਝ ਪਲ ਕੁਝ ਸਮੇਂ ਲਈ ਸੋਸ਼ਲ ਮੀਡੀਆ ਨਾਲ ਜੁੜਨਾ ਸਹੀ ਹੈ ਪਰ ਘੰਟਿਆਂਬੱਧੀ ਆਪਣੀ, ਆਪਣੇ ਪਰਿਵਾਰ ਦੀ ਅਤੇ ਭਾਈਚਾਰਕ ਹੋਂਦ ਨੂੰ ਵਿਸਾਰ ਕੇ ਇਸ ਵਿਚ ਹੀ ਰੁਝ ਜਾਣਾ ਬਹੁਤ ਨੁਕਸਾਨਦਾਇਕ ਅਤੇ ਪਰਿਵਾਰਕ ਅਤੇ ਭਾਈਚਾਰਕ ਸਾਂਝਾਂ ਦੇ ਤਿੜਕਣ ਦਾ ਯੋਗ ਕਾਰਨ ਬਣ ਨਿੱਬੜਦਾ ਹੈ। ਨਵੀਂ ਤਕਨੀਕ ਨੂੰ ਜ਼ਰੂਰ ਅਪਣਾਓ, ਉਸ ਦੇ ਲਾਭਾਂ ਨੂੰ ਜ਼ਰੂਰ ਪ੍ਰਾਪਤ ਕਰੋ, ਉਸ ਨਾਲ ਜੁੜੋ, ਪਰ ਇਕ ਹੱਦ ਵਿਚ ਰਹਿ ਕੇ। ਸਾਡੇ ਵਿਚ ਭਾਵ ਹਨ, ਸਾਡੇ ਵਿਚ ਅਹਿਸਾਸ ਹਨ। ਇਹ ਨਾ ਹੋਵੇ ਕਿ ਇਹ ਸਾਡੇ ਪਰਿਵਾਰਕ ਜਾਂ ਸਮਾਜਿਕ ਤੇ ਭਾਈਚਾਰਕ ਤੰਦਾਂ, ਪਿਆਰ ਅਤੇ ਸਾਂਝੀਵਾਲਤਾ ਨੂੰ ਹੀ ਖ਼ਤਮ ਕਰਕੇ ਰੱਖ ਦੇਵੇ।


-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਪੰਜਾਬ ਦੀ ਸਿਆਸਤ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਹਰਜਿੰਦਰ ਸਿੰਘ ਲਾਲ ਦੇ ਛਪੇ ਲੇਖ ਨੂੰ ਪੜ੍ਹ ਕੇ ਪੰਜਾਬ ਦੇ ਰਾਜਨੀਤਕ ਮੁਹਾਂਦਰੇ ਬਾਰੇ ਜਾਣਕਾਰੀ ਹਾਸਲ ਹੋਈ। ਪੰਜਾਬ 'ਚ ਛੋਟੀਆਂ ਪਾਰਟੀਆਂ ਵਲੋਂ ਆਗਾਮੀ ਲੋਕ ਸਭਾ ਚੋਣਾਂ ਵਿਚ ਆਪਸੀ ਗੱਠਜੋੜ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੀ ਮਜ਼ਬੂਤੀ ਵਾਲੇ ਖੇਤਰ ਵਿਚ ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਵਿਚ ਮੁਕਾਬਲਾ ਕਰ ਸਕਣ। ਰਾਜਨੀਤਕ ਪਾਰਟੀਆਂ ਵਲੋਂ ਬਰਗਾੜੀ ਮੋਰਚਾ, ਡੇਰਾ ਮੁਖੀ ਮੁਆਫ਼ੀਨਾਮਾ, ਸ਼੍ਰੋਮਣੀ ਕਮੇਟੀ ਦੇ ਲਾਹੇ ਗਏ ਜਥੇਦਾਰਾਂ ਵਲੋਂ ਕੀਤੇ ਗਏ ਖੁਲਾਸਿਆਂ ਨੂੰ ਚੋਣ ਮੁੱਦੇ ਦੇ ਸੰਦਰਭ ਵਿਚ ਖੂਬ ਵਰਤਿਆ ਜਾ ਰਿਹਾ ਹੈ। ਅਜਿਹਾ ਕਰਕੇ ਇਹ ਰਾਜਨੀਤਕ ਲੋਕ ਧਰਮ ਦੀ ਆੜ ਹੇਠ ਲੋਕਾਂ ਨੂੰ ਵੋਟਾਂ ਲਈ ਭਰਮਾ ਕੇ ਆਪਣਾ ਫਾਇਦਾ ਚੁੱਕ ਰਹੇ ਹਨ। ਸੂਝਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਧਰਮ ਨੂੰ ਇਕ ਪਾਸੇ ਕਰਕੇ ਹੀ ਉਮੀਦਵਾਰ ਦੀ ਚੋਣ ਕਰਨ।


-ਇਕਬਾਲ ਸਿੰਘ ਸਿੱਧੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਪਲਾਸਟਿਕ ਲਿਫਾਫ਼ਿਆਂ 'ਤੇ ਪਾਬੰਦੀ
ਨਗਰ ਨਿਗਮ ਜਲੰਧਰ ਵਿਭਾਗ ਦੀ ਤਹਿਬਾਜ਼ਾਰੀ ਵਿਭਾਗ ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਜਲੰਧਰ ਵਿਖੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਹੋਰ ਵੀ ਚੰਗਾ ਹੋਵੇ ਜੇਕਰ ਇਹ ਅਧਿਕਾਰੀ ਸ਼ਹਿਰ ਵਿਚਲੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ, ਖਾਣ-ਪੀਣ ਦੀਆਂ ਅਣਗਿਣਤ ਰੇਹੜੀਆਂ, ਜਿਨ੍ਹਾਂ ਵਲੋਂ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਹੈ, ਵੱਲ ਵੀ ਧਿਆਨ ਦੇਣ, ਜਿਸ ਦੇ ਨਾਲ ਸ਼ਹਿਰ ਵਾਸੀਆਂ ਦੇ ਜੀਵਨ ਵਿਚ ਕੁਝ ਸੁਧਾਰ ਹੁੰਦਾ ਦਿਖਾਈ ਦੇਵੇ।


-ਪ੍ਰੇਮ ਕੁਮਾਰ
ਮਕਸੂਦਾਂ, ਜਲੰਧਰ।


ਜੰਗ ਜਾਂ ਅਮਨ
ਧਰਤੀ ਗ੍ਰਹਿ ਉੱਪਰ ਵਸਦਾ ਹਰ ਮਨੁੱਖ ਇਹ ਜਾਣਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਇਹ ਤਾਂ ਬਰਬਾਦੀ ਦਾ ਉਹ ਰਾਹ ਹੈ, ਜੋ ਭੈਣਾਂ ਤੋਂ ਵੀਰ, ਪਤਨੀਆਂ ਤੋਂ ਪਤੀ, ਮਾਂ ਤੋਂ ਪੁੱਤ ਅਤੇ ਬੱਚਿਆਂ ਤੋਂ ਬਾਪ ਖੋਹ ਲੈਂਦਾ ਹੈ, ਜਿਸ ਦੀ ਕਦੀ ਵੀ ਪੂਰਤੀ ਨਹੀਂ ਹੁੰਦੀ। ਫ਼ੌਜੀ ਜੰਗ ਵਿਚ ਸ਼ਹੀਦ ਹੋ ਜਾਂਦੇ ਹਨ। ਜੰਗ ਖ਼ਤਮ ਹੋ ਜਾਂਦੀ ਹੈ ਪਰ ਅਸਲੀ ਜੰਗ ਉਨ੍ਹਾਂ ਘਰਾਂ ਵਿਚ ਛਿੜ ਜਾਂਦੀ ਹੈ, ਜਿਨ੍ਹਾਂ ਘਰਾਂ ਦੇ ਦੀਵੇ ਬੁਝ ਜਾਂਦੇ ਹਨ। ਅਸੀਂ ਇਹ ਭਲੀ-ਭਾਂਤ ਜਾਣਦੇ ਹਾਂ ਕਿ ਪਿਛਲੇ ਯੁੱਧਾਂ ਤੋਂ ਅਸੀਂ ਕੀ ਕੁਝ ਖੱਟਿਆ ਹੈ। ਪਹਿਲੇ ਸੰਸਾਰ ਯੁੱਧ ਵਿਚ 3 ਕਰੋੜ ਅਤੇ ਦੂਜੇ ਮਹਾਂਯੁੱਧ ਵਿਚ 6 ਕਰੋੜ ਲੋਕ ਮਾਰੇ ਗਏ ਸਨ। ਅਸੀਂ ਅੱਜ ਆਧੁਨਿਕ ਵਿਗਿਆਨਕ ਯੁੱਗ ਵਿਚ ਰਹਿ ਰਹੇ ਹਾਂ। ਪ੍ਰਮਾਣੂ ਬੰਬਾਂ ਨਾਲ ਲੈਸ ਹਾਂ। ਛੋਟੀ ਜਿਹੀ ਮੂਰਖਤਾ ਵੱਡੀ ਪੱਧਰ 'ਤੇ ਵਿਨਾਸ਼ ਕਰ ਸਕਦੀ ਹੈ। ਅਮਨ ਅਤੇ ਸ਼ਾਂਤੀ ਖੁਸ਼ਹਾਲੀ ਦਾ ਪ੍ਰਤੀਕ ਹੈ। ਯੁੱਧ ਬਰਬਾਦੀ ਦਾ ਸੁਨੇਹਾ ਦਿੰਦਾ ਹੈ। ਫ਼ੈਸਲਾ ਸਾਡੇ ਹੱਥ ਹੈ 'ਜੰਗ' ਚਾਹੀਦੀ ਹੈ ਜਾਂ 'ਅਮਨ'।


-ਕਾਜਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਉਸਾਰੂ ਗੀਤ ਲਿਖੇ ਜਾਣ
ਆਮ ਕਰਕੇ ਚੜ੍ਹਦੀ ਉਮਰ ਵਾਲੇ ਬੱਚੇ ਗਾਇਕਾਂ ਦਾ ਅਸਰ ਬੜੀ ਛੇਤੀ ਕਬੂਲਦੇ ਹਨ। ਮਾਪਿਆਂ ਨਾਲ ਲੜਾਈ ਕਰਕੇ ਵੀ ਉਨ੍ਹਾਂ ਚੀਜ਼ਾਂ ਦੀ ਮੰਗ ਕਰਦੇ ਹਨ, ਜੋ ਗੀਤਕਾਰਾਂ ਨੇ ਆਪਣੇ ਗੀਤਾਂ ਵਿਚ ਲਿਖੀਆਂ ਹੁੰਦੀਆਂ ਹਨ। ਜਿਹੜਾ ਬਾਪੂ ਆਪਣੀ ਫ਼ਸਲ ਨਾਲ ਘਰ ਦੀਆਂ ਮੁਢਲੀਆਂ ਲੋੜਾਂ ਵੀ ਚੰਗੀ ਤਰ੍ਹਾਂ ਪੂਰੀਆਂ ਨਹੀਂ ਕਰ ਸਕਦਾ, ਉਸ ਦਾ ਪੁੱਤਰ ਵੱਡੇ ਮੋਟਰਸਾਈਕਲ ਦੀ ਮੰਗ ਕਰਦਾ ਹੈ। ਪਰ ਇਹੋ ਜਿਹੀਆਂ ਮੰਗਾਂ ਆਮ ਕਰਕੇ ਘਰਾਂ ਦੀ ਬਰਬਾਦੀ ਦਾ ਕਾਰਨ ਵੀ ਬਣਦੀਆਂ।
ਸਾਡੇ ਗੀਤਕਾਰ ਅਤੇ ਗਾਇਕ ਵੀ ਇਨ੍ਹਾਂ ਗੱਲਾਂ ਤੋਂ ਭਲੀਭਾਂਤ ਜਾਣੂ ਹਨ। ਜੇ ਉਹ ਸਹੀ ਸੋਚ ਅਪਣਾਉਣ ਤਾਂ ਸਮਾਜ ਦੀ ਭਲਾਈ ਲਈ ਬੜਾ ਵੱਡਾ ਯੋਗਦਾਨ ਪਾ ਸਕਦੇ ਹਨ। ਚੰਗੀਆਂ ਗੱਲਾਂ ਵੀ ਬੱਚੇ ਅਪਣਾ ਸਕਦੇ ਹਨ। ਕਈ ਗੀਤਕਾਰ ਅਤੇ ਗਾਇਕ ਇਸ ਗੱਲ ਦਾ ਬਹਾਨਾ ਲਾਉਂਦੇ ਹਨ ਕਿ ਚੰਗੀ ਚੀਜ਼ ਕੋਈ ਸੁਣਦਾ ਨਹੀਂ। ਇਹ ਗੱਲ ਬੇਤੁਕੀ ਹੈ। ਜਿਹੜੇ ਪੰਜਾਬ ਵਿਚ ਨਿੱਤ ਗੁਰਬਾਣੀ ਪੜ੍ਹੀ ਤੇ ਸੁਣੀ ਜਾਂਦੀ ਹੇਵੋ, ਉਥੇ ਚੰਗੇ ਗੀਤ ਸੁਣਨ ਵਾਲਿਆਂ ਦੀ ਵੀ ਘਾਟ ਨਹੀਂ। ਫਿਰ ਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੀਤਾਂ ਰਾਹੀਂ ਨਸ਼ਿਆਂ ਦੀ, ਹਥਿਆਰਾਂ ਦੀ ਅਤੇ ਫੋਕੇ ਦਿਖਾਵੇ ਦੀ ਗੱਲ ਕਰਕੇ ਬੱਚਿਆਂ ਦੀ ਪੂਰੀ ਜ਼ਿੰਦਗੀ ਵਿਚ ਜ਼ਹਿਰ ਨਾ ਘੋਲਣ।


-ਅੰਮ੍ਰਿਤ ਕੌਰ
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ।


ਸਵਾਗਤਯੋਗ ਹਦਾਇਤ
ਪਿਛਲੇ ਦਿਨੀਂ 'ਅਜੀਤ' 'ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਪ੍ਰੀਖਿਆਵਾਂ ਦੇ ਦਿਨਾਂ ਵਿਚ ਗੁਰਦੁਆਰਾ ਕਮੇਟੀਆਂ ਨੂੰ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਰੱਖਣ ਬਾਰੇ ਜੋ ਹਦਾਇਤ ਕੀਤੀ ਹੈ, ਸਵਾਗਤਯੋਗ ਹੈ। ਸਵੇਰ ਵੇਲੇ ਜਾਂ ਸ਼ਾਮ ਨੂੰ ਗੁਰੂ ਘਰਾਂ ਵਿਚ ਉੱਚੀ ਆਵਾਜ਼ ਵਿਚ ਸਪੀਕਰ ਵਿਦਿਆਰਥੀਆਂ ਨੂੰ ਤੰਗ ਤਾਂ ਕਰਦੇ ਹੀ ਹਨ, ਨਾਲ ਹੀ ਬਿਮਾਰ ਲੋਕਾਂ ਦੀ ਤਕਲੀਫ਼ ਵਿਚ ਵੀ ਵਾਧਾ ਹੁੰਦਾ ਹੈ। ਸਾਰੀ ਰਾਤ ਪੀੜ ਨਾਲ ਘੁਲਦੇ ਵਿਅਕਤੀ ਦੀ ਜਦੋਂ ਅੱਖ ਲਗਦੀ ਹੈ ਉਦੋਂ ਹੀ ਗੁਰੂ ਘਰਾਂ 'ਚ ਉੱਚੀ ਸਪੀਕਰ ਤਕਲੀਫ਼ ਵਿਚ ਵਾਧਾ ਕਰਦੇ ਹਨ। ਗੁਰੂ ਘਰਾਂ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਗੁਰਬਾਣੀ ਦੀ ਆਵਾਜ਼ ਗੁਰੂ ਘਰ ਤੋਂ ਬਾਹਰ ਨਾ ਜਾਵੇ। ਸਾਰੇ ਉੱਚੀ ਤੇ ਸੁੱਚੀ ਸੋਚ ਦੇ ਧਾਰਨੀ ਬਣੀਏ। ਗੁਰਬਾਣੀ ਨਾਲ ਪ੍ਰੇਮ ਵੀ ਕਰੀਏ ਤੇ ਗੁਰਬਾਣੀ ਨੂੰ ਕਿਸੇ ਵੀ ਰੂਪ ਵਿਚ ਨਾ ਬਣਨ ਦੇਈਏ। ਪ੍ਰੀਖਿਆਵਾਂ ਦੌਰਾਨ ਹੀ ਕਿਉਂ ਸਗੋਂ ਸਦਾ ਹੀ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਗੁਰੂ ਘਰਾਂ ਤੋਂ ਬਾਹਰ ਨਾ ਜਾਵੇ। ਉਮੀਦ ਹੈ, ਸਾਰੇ ਜ਼ਿੰਮੇਵਾਰ ਲੋਕ ਇਸ ਹਦਾਇਤ 'ਤੇ ਅਮਲ ਕਰਨਗੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

13-03-2019

 ਪੁਲਿਸ ਤੇ ਮਨੁੱਖੀ ਅਧਿਕਾਰ
ਪੰਜਾਬ ਪੁਲਿਸ ਹਮੇਸ਼ਾ ਹੀ ਆਪਣੀ ਕਾਰਗੁਜ਼ਾਰੀ ਕਰਕੇ ਵਿਵਾਦਾਂ 'ਚ ਰਹੀ ਹੈ। ਸਾਰੀ ਪੁਲਿਸ ਨੂੰ ਵੀ ਇਕ ਸ਼੍ਰੇਣੀ 'ਚ ਖੜ੍ਹਾ ਨਹੀਂ ਕੀਤਾ ਜਾ ਸਕਦਾ। ਕੁਝ ਚੰਗੇ ਪੁਲਿਸ ਅਫ਼ਸਰ ਵੀ ਹਨ ਜੋ ਨਿਰਪੱਖ ਹੋ ਕੇ ਕੰਮ ਕਰਦੇ ਹਨ ਪਰ ਮਨੁੱਖੀ ਅਧਿਕਾਰਾਂ ਸਬੰਧੀ ਪਿਛਲੇ ਦਿਨੀਂ ਜੋ ਸਰਵੇਖਣ ਹੋਇਆ, ਉਸ ਨੇ ਇਕ ਵਾਰ ਫਿਰ ਪੰਜਾਬ ਪੁਲਿਸ ਦੇ ਅਕਸ ਨੂੰ ਢਾਹ ਲਾਈ ਹੈ। 19ਵੀਂ ਸਾਲਾਨਾ ਰਿਪੋਰਟ ਮੁਤਾਬਿਕ ਕਮਿਸ਼ਨ ਨੂੰ 2016-17 ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ 10,820 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਚੋਂ 55 ਫ਼ੀਸਦੀ ਸ਼ਿਕਾਇਤਾਂ ਹਿਰਾਸਤੀ ਮੌਤਾਂ, ਤਸ਼ੱਦਦ, ਪੁਲਿਸ ਤੇ ਜੇਲ੍ਹ ਅਧਿਕਾਰੀਆਂ ਵਲੋਂ ਝੂਠੇ ਕੇਸਾਂ ਵਿਚ ਫਸਾਉਣ ਦੇ ਸੰਗੀਨ ਮਾਮਲੇ ਸ਼ਾਮਿਲ ਹਨ। ਵਧੀਕੀਆਂ ਨਾਲ ਸਬੰਧਿਤ 52 ਫ਼ੀਸਦੀ ਸ਼ਿਕਾਇਤਾਂ (5647) ਇਕੱਲੀਆਂ ਪੰਜਾਬ ਪੁਲਿਸ ਨਾਲ ਸਬੰਧਿਤ ਹਨ। ਕਮਿਸ਼ਨ ਨੂੰ 28 ਫ਼ੀਸਦੀ (3015) ਸ਼ਿਕਾਇਤਾਂ ਮਿਲੀਆਂ ਕਿ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਇਨ੍ਹਾਂ ਤੋਂ ਇਲਾਵਾ ਪੁਲਿਸ ਦੀ ਧੱਕੇਸ਼ਾਹੀ ਦੀਆਂ 1282 ਸ਼ਿਕਾਇਤਾਂ ਤੇ ਪੁਲਿਸ ਵਲੋਂ ਝੂਠੇ ਕੇਸਾਂ ਵਿਚ ਫਸਾਉਣ ਬਾਰੇ 741 ਸ਼ਿਕਾਇਤਾਂ ਵੀ ਮਿਲੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਿਭਾਗ ਵਿਚ ਸਿਆਸੀ ਦਖ਼ਲਅੰਦਾਜ਼ੀ ਲੋੜ ਤੋਂ ਵੱਧ ਹੈ ਜਿਸ ਕਰਕੇ ਪੰਜਾਬ ਪੁਲਿਸ ਨੂੰ ਨਿਰਪੱਖਤਾ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ। ਇਸ ਲਈ ਜੇਕਰ ਪੰਜਾਬ ਪੁਲਿਸ ਨੇ ਆਪਣਾ ਅਕਸ ਸੁਧਾਰਨਾ ਹੈ ਤਾਂ ਉਸ ਨੂੰ ਸਿਆਸਤ ਤੋਂ ਨਿਰਲੇਪ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਆਮ ਲੋਕਾਂ ਨੂੰ ਵੀ ਆਪਣੀ ਸੁਰੱਖਿਆ ਪ੍ਰਤੀ ਪੂਰਨ ਵਿਸ਼ਵਾਸ ਬਹਾਲ ਹੋ ਸਕੇ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।


ਅਜੋਕੇ ਨੇਤਾ ਅਤੇ ਖ਼ੁਦਗਰਜ਼ੀ
ਵੋਟਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਸਿਆਸੀ ਗਲਿਆਰਿਆਂ 'ਚ ਜੋੜ-ਤੋੜ ਦੇ ਸਮੀਕਰਨ ਬਣਨੇ ਸ਼ੁਰੂ ਹੋ ਜਾਂਦੇ ਹਨ। ਪਾਰਟੀਆਂ ਪ੍ਰਤੀ ਨਾਰਾਜ਼ਗੀਆਂ ਜ਼ਾਹਰ ਕੀਤੀਆਂ ਜਾਂਦੀਆਂ ਹਨ ਪਰ ਸੱਤਾ 'ਚ ਹੁੰਦਿਆਂ ਸੱਤਾ ਦੇ ਨਸ਼ੇ 'ਚ ਆਮ ਜਨਤਾ ਦੇ ਮੁੱਦੇ ਅਤੇ ਨਾਰਾਜ਼ਗੀਆਂ ਕਦੇ ਵੀ ਜ਼ਾਹਰ ਨਹੀਂ ਹੁੰਦੀਆਂ। ਸਾਡੇ ਦੇਸ਼ ਵਿਚ ਰਾਜਨੀਤਕ ਪੈਂਤੜਿਆਂ ਦੀ ਸਿਆਸਤ ਭਾਰੂ ਹੈ। ਹਰ ਨੇਤਾ ਅਜਿਹੇ ਸਮੇਂ ਪੈਂਤੜਾ ਖੇਡਦਾ ਹੈ। ਅਜਿਹੇ ਲੋਕ ਪੀੜ੍ਹੀ ਦਰ ਪੀੜ੍ਹੀ ਸਿਆਸੀ ਨਸ਼ੇ ਦਾ ਅਨੰਦ ਮਾਨਣਾ ਚਾਹੁੰਦੇ ਹਨ। ਨੇਤਾ ਆਪਣੀ ਅਗਲੀ ਪੀੜ੍ਹੀ ਨੂੰ ਨੇਤਾ ਹੀ ਬਣਾਉਣਾ ਚਾਹੁੰਦਾ ਹੈ, ਸਰਕਾਰੀ ਨੌਕਰ ਨਹੀਂ। ਇਹ ਲੋਕ ਸਿਆਸਤ ਨੂੰ ਨਿੱਜੀ ਜਾਇਦਾਦ ਸਮਝਦੇ ਹਨ। ਆਮ ਲੋਕਾਂ 'ਚੋਂ ਵਧੀਆ, ਸਾਕਾਰਾਤਮਕ, ਉਸਾਰੂ ਅਤੇ ਸਮਾਜਵਾਦੀ ਸੋਚ ਰੱਖਣ ਵਾਲਿਆਂ ਨੂੰ ਸਿਆਸਤ 'ਚ ਅੱਗੇ ਨਹੀਂ ਆਉਣ ਦਿੱਤਾ ਜਾਂਦਾ, ਕਿਉਂਕਿ ਸਿਆਸਤ 'ਤੇ ਭਾਰੂ ਖ਼ੁਦਗਰਜ਼ੀ ਕਿਸਮ ਲੋਕਾਂ ਦਾ ਸਿਆਸੀ ਰੋਟੀਆਂ ਦਾ ਸੇਕਣ ਦਾ ਧੰਦਾ ਖ਼ਤਮ ਹੁੰਦਾ ਨਜ਼ਰ ਆਉਂਦਾ ਹੈ। ਸੋ, ਜਨਤਾ ਨੂੰ ਵੋਟਾਂ ਵੇਲੇ ਨੇਤਾ ਤੋਂ ਅਜਿਹੇ ਸਵਾਲ ਪੁੱਛਣੇ ਚਾਹੀਦੇ ਹਨ, ਪੜ੍ਹੇ-ਲਿਖੇ, ਸਾਫ਼-ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਜਿਹੇ ਦਲ ਬਦਲੂਆਂ ਨੂੰ ਖ਼ੁਦਗਰਜ਼ ਨੇਤਾਵਾਂ ਨੂੰ ਤਿਲਾਂਜ਼ਲੀ ਦੇਣੀ ਚਾਹੀਦੀ ਹੌੈ।


-ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।


ਮਾਂ-ਬੋਲੀ ਤੇ ਅਸੀਂ
ਸਦੀਆਂ ਪਹਿਲਾਂ ਉਹ ਦਿਨ ਕਿੰਨਾ ਸੁਭਾਗਾ ਹੋਵੇਗਾ ਜਦੋਂ ਮਨੁੱਖ ਨੇ 'ਮਾਂ' ਲਫ਼ਜ਼ ਬੋਲਿਆ ਹੋਵੇਗਾ। ਮਾਂ ਜਨਮ ਤੋਂ ਲੈ ਕੇ ਅਤੇ ਮਾਂ ਬੋਲੀ ਜ਼ਿੰਦਗੀ ਵਿਚ ਜਿਊਣ ਦੇ ਅਰਥ ਦੱਸਦੀ ਹੈ। ਵਿਗਿਆਨੀ ਸੰਸਾਰ ਵੀ ਇਹ ਗੱਲ ਮੰਨਦਾ ਹੈ ਕਿ ਮਾਤਾ ਦੇ ਗਰਭ ਵਿਚ ਹੀ ਜਿਵੇਂ-ਜਿਵੇਂ ਬੱਚਾ ਵਿਕਾਸ ਕਰਦਾ ਹੈ, ਉਹ ਮਾਂ ਦੀ ਬੋਲੀ ਗ੍ਰਹਿਣ ਕਰਨ ਲੱਗ ਜਾਂਦਾ ਹੈ। ਬੱਚਿਆਂ ਨੂੰ ਮਾਂ ਬੋਲੀ ਤੋਂ ਤੋੜਣਾ ਪਾਪ ਤੋਂ ਘੱਟ ਨਹੀਂ ਹੈ। ਮਾਂ ਬੋਲੀ ਮਾਂ ਦੇ ਦੁੱਧ ਤੇ ਖੂਨ ਤੋਂ ਸਿੱਖੀ ਹੋਈ ਜ਼ਬਾਨ ਹੈ। ਇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਮਾਂ ਬੋਲੀ ਮਨੁੱਖ ਦੀ ਬੁਨਿਆਦੀ ਪਛਾਣ ਹੈ। ਦੁਨੀਆ ਵਿਚ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਹੈ ਚੰਗੀ ਗੱਲ ਹੈ ਕਿ ਹੋਰ ਭਾਸ਼ਾਵਾਂ ਨੂੰ ਵੀ ਸਿੱਖਿਆ ਜਾਵੇ ਪਰ ਨਾਲ ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾ ਭੁਲਾਇਆ ਜਾਵੇ। ਮਨੁੱਖ ਦੀਆਂ ਤਿੰਨ ਮਾਵਾਂ ਹਨ, ਜਨਮ ਦੇਣ ਵਾਲੀ ਮਾਂ, ਮਾਂ-ਬੋਲੀ ਤੇ ਧਰਤੀ ਮਾਂ ਇਨ੍ਹਾਂ ਨੂੰ ਨਾ ਭੁਲਾਇਆ ਜਾਵੇ। ਇਸ ਵਿਚ ਸਭ ਦਾ ਭਲਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਸੁਚੇਤ ਹੋਣ ਦੀ ਲੋੜ
ਅੱਜਕਲ੍ਹ ਵੱਖ-ਵੱਖ ਕਾਰਨਾਂ ਕਰਕੇ ਮਨੁੱਖ ਕਈ ਕਿਸਮ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਕਿਸਮ ਦੀਆਂ ਪੈਥੀਆਂ ਹੋਂਦ ਵਿਚ ਆਈਆਂ। ਆਯੁਰਵੈਦਿਕ ਦਵਾਈਆਂ ਦੀ ਵਰਤੋਂ ਪੁਰਾਤਨ ਸਮੇਂ ਤੋਂ ਕੀਤੀ ਜਾ ਰਹੀ ਹੈ। ਅਜੋਕੇ ਸਮੇਂ ਇਕ ਖ਼ਾਸ ਵਰਤਾਰਾ ਵਾਪਰ ਰਿਹਾ ਹੈ। ਮੋਢੇ 'ਤੇ ਕਿੱਟ ਪਾਈ ਕੋਈ ਨੌਜਵਾਨ ਮਿਲਦਾ ਹੈ ਜੋ ਤੁਹਾਡੇ ਨਾਲ ਸਰੀਰਕ ਬਿਮਾਰੀਆਂ ਬਾਰੇ ਗੱਲ ਕਰਦਾ ਹੈ। ਫਿਰ ਉਹ ਤੁਹਾਨੂੰ ਕਿੱਟ ਵਿਚੋਂ ਖਾਣ-ਪੀਣ ਦੇ ਕੁਝ ਉਤਪਾਦ ਕੱਢ ਕੇ ਉਨ੍ਹਾਂ ਦੇ ਫਾਇਦੇ ਦੱਸਦਾ ਹੈ, ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਉਹ ਤੁਹਾਨੂੰ ਕੰਪਨੀ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਾ ਹੈ ਤੇ ਦੱਸਦਾ ਹੈ ਕਿ ਕਿਵੇਂ ਕੰਪਨੀ 'ਚ ਆਉਣ ਤੋਂ ਬਾਅਦ ਬੰਦਾ ਕਾਫੀ ਤੇਜ਼ੀ ਨਾਲ ਅਮੀਰ ਹੋ ਸਕਦਾ ਹੈ। ਉਹ ਕੁਝ ਤਸਵੀਰਾਂ ਵੀ ਦਿਖਾਉਂਦੇ ਹਨ। ਜੇਕਰ ਤੁਸੀਂ ਕੁਝ ਦਿਲਚਸਪੀ ਦਿਖਾਉਗੇ ਤਾਂ ਅਗਲੀ ਵਾਰ ਕੁਝ ਖਾਸ ਆਦਮੀਆਂ ਨਾਲ ਉਹ ਲੜਕਾ ਕਾਰ ਲੈ ਕੇ ਆਉਂਦਾ ਹੈ ਤੇ ਉਨ੍ਹਾਂ ਨੂੰ ਉਹ ਡਾਕਟਰ ਸਾਬ੍ਹ ਕਹਿ ਕੇ ਤੁਹਾਡੀ ਉਨ੍ਹਾਂ ਨਾਲ ਜਾਣ-ਪਚਾਣ ਕਰਵਾਉਂਦਾ ਹੈ। ਉਹ ਤੁਹਾਡੇ 'ਤੇ ਕਲਾਸ ਲਾਉਂਦੇ ਹਨ। ਕਈ ਤਾਂ ਉਨ੍ਹਾਂ ਦੇ ਜਾਲ ਵਿਚ ਫਸ ਕੇ ਠੱਗੇ ਵੀ ਜਾਂਦੇ ਹਨ। ਸਾਨੂੰ ਇਸ ਵਰਤਾਰੇ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਜਿਹੇ ਉਤਪਾਦ ਬਹੁਤ ਮਹਿੰਗੇ ਹੁੰਦੇ ਹਨ ਜੋ ਮੈਡੀਕਲ ਵਿਗਿਆਨ ਦੀ ਕਸਵੱਟੀ 'ਤੇ ਖਰੇ ਨਹੀਂ ਉਤਰਦੇ।


-ਸੀਰਾ ਗਰੇਵਾਲ
ਰੌਂਤਾ, ਜ਼ਿਲ੍ਹਾ ਮੋਗਾ।


ਪੱਛਮੀ ਦੇਸ਼ਾਂ ਦੀ ਧੱਕੇਸ਼ਾਹੀ
ਇਕ ਵਾਰ ਫਿਰ ਪੱਛਮੀ ਦੇਸ਼ਾਂ ਨੇ ਮਨੁੱਖਤਾ ਦੇ ਭਲੇ ਵਾਲਾ ਕੌਮਾਂਤਰੀ ਕਾਨੂੰਨ ਛਿੱਕੇ ਟੰਗ ਕੇ ਖੁੱਲ੍ਹਮ-ਖੁੱਲ੍ਹਾ, ਇਕ ਹੋਰ ਦੇਸ਼ ਵੈਨਜ਼ੂਏਲਾ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ ਹੈ। ਲੋਕਤੰਤਰਿਕ ਢੰਗ ਨਾਲ ਹੋਈਆਂ ਚੋਣਾਂ ਵਿਚ ਮੈਦੇਰੋ ਦੀ ਜਿੱਤ ਹੋਣ 'ਤੇ ਉਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਪਰ ਧੱਕੇਸ਼ਾਹੀ ਕਰਦਿਆਂ ਵਿਰੋਧੀ ਨੇਤਾ ਗੁਏਡੋ ਨੇ ਆਪਣੇ-ਆਪ ਨੂੰ ਅੰਤ੍ਰਿਮ ਪ੍ਰਧਾਨ ਹੋਣ ਦਾ ਐਲਾਨ ਕਰ ਦਿੱਤਾ। ਸਿਰਫ ਦੋ ਘੰਟਿਆਂ ਵਿਚ ਹੀ ਅਮਰੀਕਾ ਦੀਆਂ ਕਠਪੁਤਲੀਆਂ ਕੈਨੇਡਾ, ਫਰਾਂਸ ਤੇ ਇੰਗਲੈਂਡ ਆਦਿ ਤਾਕਤਾਂ ਨੇ ਗੁਏਡੋ ਨੂੰ ਮਾਨਤਾ ਦੇ ਦਿੱਤੀ। ਇਸ ਘਟਨਾਕ੍ਰਮ ਦੇ ਚਲਦਿਆਂ ਰੂਸ, ਚੀਨ, ਤੁਰਕੀ, ਈਰਾਨ, ਮੈਕਸੀਕੋ ਤੇ ਹੋਰ ਮਿੱਤਰ ਦੇਸ਼ਾਂ ਵਲੋਂ ਚੋਣਾਂ ਵਿਚ ਜਿੱਤੇ ਹੋਏ ਮੈਦੇਰੋ ਦੇ ਹੱਕ ਵਿਚ ਨਿਤਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅਮਰੀਕਾ ਦੇ ਭਾਈਵਾਲ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਵੈਨਜ਼ੂਏਲਾ ਦੇ ਘਰੇਲੂ ਮਸਲਿਆਂ ਵਿਚ ਦਖ਼ਲਅੰਦਾਜ਼ੀ ਕੀਤੀ ਤਾਂ ਇਹ ਦੇਸ਼ 'ਅੱਗ ਦੀਆਂ ਲਪਟਾਂ' ਵਿਚ ਘਿਰ ਕੇ ਇਕ ਹੋਰ ਸੀਰੀਆ ਬਣ ਜਾਏਗਾ। ਪੂਰਬੀ ਸ਼ਕਤੀਆਂ ਭਾਰਤ, ਰੂਸ ਤੇ ਚੀਨ ਨੂੰ ਵਿਸ਼ਵ ਯੁੱਧ ਬਣਨ ਜਾ ਰਹੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਆਪਣੇ-ਆਪਣੇ ਤੌਰ 'ਤੇ ਆਪਣੀਆਂ ਸਾਰਥਿਕ ਸ਼ਕਤੀਆਂ ਰਾਹੀਂ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਬੇਦੋਸ਼ੀ ਮਨੁੱਖਤਾ ਦਾ ਕਤਲੇਆਮ ਨਾ ਹੋਵੇ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ,
ਭੱਟੀਵਾਲ, ਗੁਰਦਾਸਪੁਰ।

12-03-2019

 ਵਿਦੇਸ਼ਾਂ ਵੱਲ ਰੁਝਾਨ

ਬੀਤੇ ਦਿਨ ਲੋਕ ਮੰਚ ਸਫ਼ੇ 'ਤੇ 'ਨੌਜਵਾਨਾਂ ਦਾ ਵਧ ਰਿਹਾ ਵਿਦੇਸ਼ਾਂ ਵੱਲ ਰੁਝਾਨ' ਲੇਖ ਪੜ੍ਹਿਆ, ਲੇਖਕ ਨੇ ਵਧੀਆ ਢੰਗ ਨਾਲ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਾਡਾ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਹੈ। ਇਥੇ ਬਰਕਤਾਂ ਹੀ ਬਰਕਤਾਂ ਹਨ, ਕਿਸੇ ਕਿਸਮ ਦੀ ਕੋਈ ਘਾਟ ਨਹੀਂ। ਮੌਜੂਦਾ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਹੁਣ ਵੀ ਦੇਸ਼ ਨੂੰ ਮੁੱਠੀ ਭਰ ਲੋਕ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਇਸ ਦੇਸ਼ ਨੂੰ ਘੁਟਾਲਿਆਂ ਦਾ ਦੇਸ਼ ਵੀ ਕਿਹਾ ਜਾ ਸਕਦਾ ਹੈ, ਕੋਈ ਅਤਿਕਥਨੀ ਨਹੀਂ। ਕੁੱਲ ਮਿਲਾ ਕੇ ਇਥੇ ਰਾਜਨੀਤਕ ਸਿਸਟਮ 'ਚ ਦੋਸ਼ ਹੈ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵੋਟਾਂ ਦੀ ਰਾਜਨੀਤੀ, ਅਨੇਕਾਂ ਚੋਣਾਵੀ ਜੁਮਲੇ ਆਦਿ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਦੇਸ਼ ਦਾ ਰੌਸ਼ਨ ਦਿਮਾਗ ਨੌਜਵਾਨ ਵਿਦੇਸ਼ ਜਾਣ ਨੂੰ ਤਰਜੀਹ ਦੇ ਰਿਹਾ ਹੈ। ਇਥੇ ਮਿਹਨਤ ਦੀ ਕੋਈ ਕਦਰ ਨਹੀਂ, ਕੋਈ ਬਣਦਾ ਮੁੱਲ ਨਾ ਪੈਂਦਾ ਵੇਖ ਉਹ ਵਿਦੇਸ਼ਾਂ ਵਿਚ ਮਿਹਨਤ ਕਰਨਾ ਸੁਰੱਖਿਅਤ ਸਮਝਦਾ ਹੈ। ਇਸ ਰੁਝਾਨ ਨੂੰ ਰੋਕਣਾ ਹੋਵੇਗਾ। ਸਰਕਾਰਾਂ ਵਲੋਂ ਸਮੇਂ-ਸਮੇਂ ਨੌਜਵਾਨਾਂ ਨੂੰ ਢੁਕਵੇਂ ਰੁਜ਼ਗਾਰ ਦੇਣੇ ਬਣਦੇ ਹਨ। ਦੇਸ਼ ਦਾ ਬਹੁਤ ਜ਼ਿਆਦਾ ਧਨ ਵਿਦੇਸ਼ਾਂ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ। ਵਿਦੇਸ਼ ਜਾਣ ਦੀ ਵੱਡੀ-ਵੱਡੀ ਇਸ਼ਤਿਹਾਰਬਾਜ਼ੀ ਦੇ ਕਾਰਨ ਵੀ ਨੌਜਵਾਨ ਪੀੜ੍ਹੀ ਸ਼ਿਕਾਰ ਹੋ ਰਹੀ ਹੈ। ਇਸ ਗੰਭੀਰ ਮੁੱਦੇ 'ਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਬਣਦਾ ਹੈ।

-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਟੋਲ ਪਲਾਜ਼ੇ

ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਹਰ ਭਾਰਤੀ ਰੋਡ ਟੈਕਸ ਅਦਾ ਕਰਦਾ ਹੈ ਪਰ ਨਵੀਂ ਗੱਡੀ ਲੈ ਕੇ ਵਿਅਕਤੀ 50 ਕਿਲੋਮੀਟਰ ਦੂਰ ਨਹੀਂ ਜਾ ਸਕਦਾ ਕਿਉਂਕਿ ਸਰਕਾਰਾਂ ਦੇ ਮਨਜ਼ੂਰ ਸ਼ੁਦਾ ਟੋਲ ਪਲਾਜ਼ੇ ਮੂੰਹ ਅੱਡੀ ਖੜ੍ਹੇ ਹਨ। ਉਥੇ ਫਿਰ ਟੋਲ ਫੀਸ ਦੇ ਰੂਪ 'ਚ ਰੋਡ ਟੈਕਸ ਦੀ ਦੋਹਰੀ ਮਾਰ। ਵਾਹਨ ਮਾਲਕ ਨੂੰ ਓਨਾ ਵਾਧੂ ਤੇਲ ਖਪਤ ਅਤੇ ਵਾਹਨ ਦੇ ਰੱਖ-ਰਖਾਅ ਦਾ ਖਰਚਾ ਨਹੀਂ ਪੈਦਾ, ਜਿੰਨਾ ਟੋਲ ਪਲਾਜ਼ਿਆਂ 'ਤੇ ਅਦਾ ਕਰਨਾ ਪੈਂਦਾ ਹੈ। ਬਠਿੰਡਾ ਤੋਂ ਚੰਡੀਗੜ੍ਹ ਤੱਕ 5 ਟੋਲ ਪਲਾਜ਼ੇ ਪੈਂਦੇ ਹਨ, ਜਿਨ੍ਹਾਂ ਲਈ ਇਕ ਪਾਸੇ ਦੇ ਲਗਪਗ 250 ਰੁਪਏ ਅਦਾ ਕਰਨੇ ਪੈਂਦੇ ਹਨ। ਗੱਲ ਕੀ ਪੰਜਾਬ ਦੀ ਹਰ ਨਵੀਂ ਬਣ ਰਹੀ ਸੜਕ ਟੋਲ ਪਲਾਜ਼ਾ ਦੀ ਉੱਤਪਤੀ ਹੈ ਅਤੇ ਆਮ ਲੋਕਾਂ ਦੀ ਜੇਬ 'ਤੇ ਭਾਰੂ ਹੈ। ਸਿਆਸੀ ਗਲਿਆਰੇ ਵਿਕਾਸ ਦੀਆਂ ਟਾਹਰਾਂ ਮਾਰ ਕੇ ਸੜਕਾਂ ਅਤੇ ਸੜਕਾਂ 'ਤੇ ਉਸਾਰੇ ਪੁਲਾਂ ਵਿਕਾਸ ਦੱਸਦੇ ਹਨ ਪਰ ਇਸ ਵਿਕਾਸ ਦੀ ਆੜੇ ਆਮ ਲੋਕਾਂ ਦੀ ਜੇਬ ਨੂੰ ਕਿੰਨਾ ਖੋਰ ਲੱਗ ਰਿਹਾ ਹੈ, ਕੋਈ ਨਹੀਂ ਜਾਣਦਾ। ਇਸ ਪ੍ਰਤੀ ਮੇਜਰ ਸਿੰਘ ਨਾਭਾ ਦਾ ਲੇਖ ਵੀ ਜਾਣਕਾਰੀ ਭਰਪੂਰ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਟੋਲ ਬੈਰੀਅਰ ਲਗਾਉਣ ਲਈ ਕੋਈ ਸਰਕਾਰੀ ਮਾਪਦੰਡ ਤੈਅ ਨਹੀਂ। ਸੋ ਸਰਕਾਰਾਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣ ਦੀ ਲੋੜ ਹੈ।

-ਸਤਨਾਮ ਸਿੰਘ ਮੱਟੂ, ਬੀਂਬੜ੍ਹ, ਸੰਗਰੂਰ।

ਗੰਭੀਰ ਹੋਣ ਦੀ ਲੋੜ

ਹਵਾ ਦੀ ਗੁਣਵੱਤਾ 'ਚ ਆ ਰਿਹਾ ਨਿਘਾਰ ਤੇ ਪਾਣੀ ਦਾ ਲਗਾਤਾਰ ਥੱਲੇ ਵੱਲ ਜਾਣਾ ਪੰਜਾਬ ਲਈ ਬੇਹੱਦ ਗੰਭੀਰ ਮਸਲਾ ਹੈ। ਹਵਾ ਦੀ ਗੁਣਵੱਤਾ 'ਚ ਨਿਘਾਰ ਇਸ ਕਦਰ ਵਧ ਗਿਆ ਹੈ ਕਿ ਦੁਨੀਆ 'ਚ ਹਰ ਸਾਲ 60 ਲੱਖ ਲੋਕ ਮੌਤ ਦੇ ਮੂੰਹ ਚਲੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ 90 ਫ਼ੀਸਦੀ ਲੋਕ ਪ੍ਰਦੂਸ਼ਿਤ ਹਵਾ ਦਾ ਸ਼ਿਕਾਰ ਹੋ ਚੁੱਕੇ ਹਨ। ਹਵਾ ਦੀ ਗੁਣਵੱਤਾ 'ਤੇ ਉੱਠੇ ਸਵਾਲਾਂ ਦੇ ਨਾਲ-ਨਾਲ ਪੰਜਾਬ ਵਿਚਲੇ ਪਾਣੀ ਦਾ ਲਗਾਤਾਰ ਥੱਲੇ ਜਾਣਾ ਪੰਜਾਬ ਵਾਸੀਆਂ ਲਈ ਇਕ ਦਿਨ ਵੱਡੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਪਾਣੀ ਸਬੰਧੀ ਪਿਛਲੇ ਅੰਕੜੇ ਤੇ ਤਜਰਬੇ ਸਪੱਸ਼ਟ ਕਰਦੇ ਹਨ ਕਿ ਮਈ ਮਹੀਨੇ 'ਚ ਲਗਾਏ ਝੋਨੇ ਕਾਰਨ ਪਾਣੀ ਦਾ ਪੱਧਰ 60 ਸੈਂਟੀਮੀਟਰ ਹੇਠਾਂ ਚਲਾ ਜਾਂਦਾ ਹੈ। ਇਸ ਦੇ ਉਲਟ ਜੂਨ ਮਹੀਨੇ 'ਚ ਲਗਾਏ ਝੋਨੇ ਕਾਰਨ ਪਾਣੀ ਦੀ ਗਿਰਾਵਟ ਜ਼ੀਰੋ ਰਹਿ ਜਾਂਦੀ ਹੈ। ਭਾਵ ਇਸ ਮਹੀਨੇ ਬਰਸਾਤ ਸ਼ੁਰੂ ਹੋ ਜਾਂਦੀ ਹੈ। ਉਪਰੋਕਤ 'ਤੇ ਅਮਲ ਕਰਨ ਨਾਲ ਪਾਣੀ ਨੂੰ ਵੱਡੀ ਪੱਧਰ 'ਤੇ ਬਚਾਇਆ ਜਾ ਸਕਦਾ ਹੈ। ਅੱਜ ਸਰਕਾਰ ਤੇ ਸਮੂਹ ਪੰਜਾਬੀ ਪਾਣੀ ਦੀ ਖਪਤ ਸਬੰਧੀ ਤੇ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਗੰਭੀਰ ਹੋਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸ਼ਰਾਬ ਦੀ ਖਪਤ

ਅਕਸਰ ਹੀ ਕਿਸੇ ਨਾ ਕਿਸੇ ਅਦਾਰੇ ਜਾਂ ਸੰਸਥਾਵਾਂ ਵਲੋਂ ਨਸ਼ੇ ਦੇ ਸਬੰਧ ਵਿਚ ਅੰਕੜੇ ਪੇਸ਼ ਕੀਤੇ ਜਾਂਦੇ ਹਨ ਤਾਂ ਉਹ ਅੰਕੜੇ ਕਈ ਵਾਰ ਹੈਰਾਨੀਜਨਕ ਤਾਂ ਹੁੰਦੇ ਹੀ ਹਨ, ਨਾਲ ਹੀ ਸ਼ਰਮਸਾਰ ਕਰਨ ਵਾਲੇ ਵੀ ਹੁੰਦੇ ਹਨ ਕਿ ਸਾਡਾ ਚੰਗਾ ਤੇ ਸਿੱਖਿਅਤ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਇਸ ਵਾਰ ਵੀ ਅੰਕੜੇ ਪੜ੍ਹਨ-ਸੁਣਨ ਨੂੰ ਮਿਲੇ ਹਨ। ਪੰਜਾਬ 'ਚ ਹੋਰਾਂ ਨਸ਼ਿਆਂ ਤੋਂ ਬਗੈਰ ਸ਼ਰਾਬ ਭਾਵ ਦਾਰੂ ਦਾ ਦਰਿਆ ਵੀ ਬੜੀ ਤੇਜ਼ੀ ਨਾਲ ਵਗ ਰਿਹਾ ਹੈ ਤੇ ਪਤਾ ਨਹੀਂ ਕਿੰਨੀਆਂ ਕੁ ਮਨੁੱਖੀ ਜਾਨਾਂ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਚੁੱਕੀਆਂ ਹਨ ਤੇ ਚੜ੍ਹ ਰਹੀਆਂ ਹਨ। ਜੇ ਹੋਰ ਨਸ਼ਿਆਂ ਨੂੰ ਛੱਡ ਇਕੱਲੀ ਸ਼ਰਾਬ ਵੱਲ ਹੀ ਝਾਤੀ ਮਾਰੀਏ ਤਾਂ ਇਹ ਪੰਜਾਬ ਦੀ ਕੁੱਲ ਵਸੋਂ ਦੇ ਉਲਟ ਵੱਡੀ ਮਾਤਰਾ 'ਚ ਵਰਤੀ ਜਾ ਰਹੀ ਹੈ। ਪਰ ਪੰਜਾਬ ਵਾਸੀਆਂ ਨੂੰ ਬਹੁਤੀ ਪਰਵਾਹ ਹੀ ਨਹੀਂ ਹੈ ਜਾਂ ਫਿਰ ਬਹੁਤੇ ਸ਼ਰਾਬੀ ਕਹਾ ਕੇ ਹੀ ਖੁਸ਼ ਹਨ। ਬੜੀ ਹੈਰਾਨੀ ਹੁੰਦੀ ਹੈ ਜਦੋਂ ਅੱਜ ਦੇ ਵਿਆਹਾਂ ਜਾਂ ਹੋਰ ਸਮਾਗਮਾਂ 'ਤੇ ਪਾਣੀ ਵਾਂਗ ਸ਼ਰਾਬ ਵਰਤਾਈ ਜਾ ਰਹੀ ਹੁੰਦੀ ਹੈ। ਕੋਈ ਰੋਕ-ਟੋਕ ਨਹੀਂ। ਏਨੀ ਖੁੱਲ੍ਹ ਨਾਲ ਹੀ ਪੰਜਾਬ ਵਿਚ ਦਿਨੋ-ਦਿਨ ਸ਼ਰਾਬ ਦੀ ਖਪਤ ਵਧ ਰਹੀ ਹੈ ਤੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਪਕੜੀ ਜਾ ਰਹੀ ਹੈ। ਪੰਜਾਬ ਵਾਸੀਓ ਸਮਝੋ।

-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।

ਵਿਗਿਆਨਕ ਖੇਤੀ

ਇਕ ਪਾਸੇ ਜਿਥੇ ਕਿਸਾਨਾਂ ਵਲੋਂ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਅਤੇ ਕਿਸਾਨਾਂ ਦੇ ਮਿੱਤਰ ਕੀੜੇ ਮਰ ਰਹੇ ਹਨ, ਉਥੇ ਹੀ ਪੰਜਾਬ ਦੇ ਕਈ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਹੀ ਜੈਵਿਕ ਤਰੀਕਾ ਵਰਤ ਕੇ ਖੇਤੀ ਕਰ ਰਹੇ ਹਨ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ ਵੀ ਵੱਧ ਮੁਨਾਫ਼ਾ ਵੀ ਕਮਾ ਰਹੇ ਹਨ।
ਪੰਜਾਬ ਦੇ ਬਾਕੀ ਕਿਸਾਨਾਂ ਨੂੰ ਵੀ ਅਜਿਹੇ ਅਗਾਂਹਵਧੂ ਕਿਸਾਨਾਂ ਦੇ ਤਜਰਬਿਆਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਜਿਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ, ਉਥੇ ਖੇਤੀ ਮਾਹਿਰਾਂ ਤੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਜ਼ਮੀਨੀ ਪੱਧਰ 'ਤੇ ਆ ਰਹੀਆਂ ਮੁਸ਼ਕਿਲਾਂ ਸਮਝਣ ਤੇ ਇਨ੍ਹਾਂ ਦੇ ਹੱਲ ਲਈ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਧੂੰਏਂ ਨਾਲ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਂਝੇ ਤੌਰ 'ਤੇ ਹੱਲ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

11-03-2019

 ਸੜਕਾਂ ਤੇ ਪੰਜਾਬ
ਅੱਜ ਹਰ ਤਰ੍ਹਾਂ ਦਾ ਮੁਲਾਜ਼ਮ ਵਰਗ, ਕਿਸਾਨ ਵਰਗ, ਮਜ਼ਦੂਰ ਵਰਗ ਅਤੇ ਸਨਅਤਕਾਰ ਪ੍ਰੇਸ਼ਾਨ ਹੈ। ਵੱਖ-ਵੱਖ ਵਰਗ ਆਪੋ-ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ 'ਤੇ ਫਿਰ ਰਹੇ ਅਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਧਰਨੇ, ਮੁਜ਼ਾਹਰੇ ਕਰ ਰਹੇ ਹਨ। ਜਿਸ ਨਾਲ ਆਮ ਲੋਕ ਅਤੇ ਆਮ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਭਰਮਾਉਣ ਲਈ ਅਨੇਕਾਂ ਹੀ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਜੋ ਕਿ ਬਾਅਦ ਵਿਚ ਪੂਰੇ ਨਹੀਂ ਹੁੰਦੇ, ਜਿਸ ਨਾਲ ਅਜਿਹਾ ਕੁਝ ਵਾਪਰ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਹੀ ਪੰਜਾਬ ਦਾ ਖਜ਼ਾਨਾ ਅਕਸਰ ਖਾਲੀ ਨਜ਼ਰ ਆਉਂਦਾ ਹੈ। ਜੇਕਰ ਸਰਕਾਰ ਵਲੋਂ ਆਮਦਨ ਦੇ ਕੁਝ ਸਾਧਨ ਜੁਟਾਏ ਵੀ ਜਾਂਦੇ ਹਨ ਅਤੇ ਇਸ ਦਾ ਵੱਡਾ ਹਿੱਸਾ ਵਿਆਜ ਅਤੇ ਕਰਜ਼ਿਆਂ ਅਤੇ ਰਹਿੰਦ-ਖੂੰਹਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਚਲਾ ਜਾਂਦਾ ਹੈ। ਸਰਕਾਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੀ ਤਰੱਕੀ ਲਈ ਆਮਦਨ ਜੁਟਾਉਣ ਵਿਚ ਪ੍ਰਵੀਨਤਾ ਲਿਆਵੇ ਅਤੇ ਫਜ਼ੂਲ ਖਰਚਿਆਂ ਨੂੰ ਵੀ ਘੱਟ ਕਰੇ ਤਾਂ ਜੋ ਲੋਕਾਂ ਦੇ ਮਨਾਂ ਵਿਚ ਨਿਰਾਸ਼ਾ ਉਤਪੰਨ ਨਾ ਹੋਵੇ ਅਤੇ ਪੰਜਾਬ ਖ਼ੁਸ਼ਹਾਲੀ ਵੱਲ ਵਧ ਸਕੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਵਹਿਮਾਂ-ਭਰਮਾਂ 'ਤੇ ਚਰਚਾ
ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਇਕ ਹਿੱਸੇ ਵਲੋਂ ਵਹਿਮਾਂ-ਭਰਮਾਂ ਨੂੰ ਬੜਾਵਾ ਦੇਣ ਦੀ ਚਰਚਾ ਚੱਲੀ, ਜੋ ਚੰਗੀ ਗੱਲ ਹੈ। ਕਾਰਵਾਈ ਦੌਰਾਨ ਇਹ ਚਰਚਾ ਵੀ ਚੱਲੀ ਕਿ ਸਭ ਤੋਂ ਪਹਿਲਾਂ ਸਾਰੇ ਵਿਧਾਇਕ ਆਪੋ-ਆਪਣੇ ਹੱਥਾਂ 'ਚ ਪਾਈਆਂ ਵੱਖ-ਵੱਖ ਰਾਸ਼ੀਆਂ ਦੇ ਨਗਾਂ ਵਾਲੀਆਂ ਮੁੰਦੀਆਂ ਲਾਹ ਕੇ ਸੁੱਟਣ।
ਹੁਣ ਇਥੇ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਹੋਰਾਂ ਨੂੰ ਨਸੀਹਤ ਖੁਦ ਨੂੰ ਵਸੀਅਤ। ਕਿੰਨੇ ਦੁੱਖ ਦੀ ਤੇ ਹੈਰਾਨੀ ਦੀ ਗੱਲ ਹੈ ਕਿ ਵਿਧਾਇਕ ਵੀ ਵਹਿਮਾਂ-ਭਰਮਾਂ 'ਚ ਫਸੇ ਹੋਏ ਵੱਖ-ਵੱਖ ਰਾਸ਼ੀਆਂ ਦੇ ਨਗਾਂ ਵਾਲੀਆਂ ਮੁੰਦੀਆਂ ਪਾਈ ਫਿਰਦੇ ਹਨ। ਇਹ ਪੰਜਾਬ ਵਾਸੀਆਂ ਨੂੰ ਕਿਹੜੇ ਮੂੰਹ ਨਾਲ ਵਹਿਮਾਂ=-ਭਰਮਾਂ 'ਚੋਂ ਨਿਕਲ ਜਾਣ ਦੀਆਂ ਗੱਲਾਂ ਕਰ ਰਹੇ ਹਨ। ਦੁਨੀਆ ਜਾਣਦੀ ਹੈ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਭਗਤਾਂ ਤੇ ਸੂਰਬੀਰ ਯੋਧਿਆਂ ਦੀ ਧਰਤੀ ਹੈ। ਇਸ ਧਰਤੀ 'ਤੇ ਵਹਿਮਾਂ-ਭਰਮਾਂ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਵਹਿਮ-ਭਰਮ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਜੇਕਰ ਕੇਂਦਰ ਕੋਲ ਹੈ ਤਾਂ ਘੱਟੋ-ਘੱਟ ਸਦਨ ਮਤਾ ਪਾਸ ਕਰਕੇ ਕੇਂਦਰ ਨੂੰ ਕਾਰਵਾਈ ਕਰਨ ਲਈ ਭੇਜਦਾ ਪਰ ਅਜਿਹਾ ਨਹੀਂ ਹੋਇਆ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।


ਲਾਪ੍ਰਵਾਹ ਲੋਕ...
ਰੇਲਵੇ ਫਾਟਕਾਂ ਨੂੰ ਕਰਾਸ ਕਰਦੀਆਂ ਸੜਕਾਂ ਤੇ ਕੇਂਦਰ ਦੇ ਰੇਲਵੇ ਵਿਭਾਗ ਵਲੋਂ ਜਾਨੀ ਮਾਲੀ ਨੁਕਸਾਨ ਤੋਂ ਬਚਣ ਲਈ ਰੇਲਵੇ ਫਾਟਕਾਂ ਨੂੰ ਲਗਾਇਆ ਜਾਂਦਾ ਹੈ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਪਤਾ ਹੋਣ ਦੇ ਬਾਵਜੂਦ ਵੀ ਕੁਝ ਲੋਕ ਬੰਦ ਫਾਟਕਾਂ ਦੇ ਹੇਠੋਂ ਦੀ ਨਿਕਲਦੇ ਨਜ਼ਰ ਆਉਂਦੇ ਹਨ, ਜਿਸ ਨੂੰ ਮੌਤ ਨਾਲ ਖੇਡਣ ਤੋਂ ਸਿਵਾਏ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਉਸ ਸਥਿਤੀ ਵਿਚ ਸਟਾਰਟ ਖੜ੍ਹੇ ਵਾਹਨਾਂ ਦੇ ਚਾਲਕਾਂ ਦੇ ਚਿਹਰੇ ਤੋਂ ਦੇਖਣ 'ਤੇ ਲਗਦਾ ਹੈ ਕਿ ਇਨ੍ਹਾਂ ਤੋਂ ਵੱਧ ਤੇਜ਼ੀ ਦੁਨੀਆ ਦੇ ਕਿਸੇ ਵੀ ਬੰਦੇ ਨੂੰ ਨਹੀਂ। ਬੰਦ ਰੇਲਵੇ ਫਾਟਕਾਂ ਤੋਂ ਅਣਗਹਿਲੀ ਵਰਤ ਕੇ ਲੰਘਦੇ ਲੋਕਾਂ ਦੀਆਂ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਦੁਨੀਆ ਨੂੰ ਅਲਵਿਦਾ ਕਹਿ ਗਈਆਂ, ਜਿਸ ਤੋਂ ਸਾਨੂੰ ਸਾਰਿਆਂ ਕੁਝ ਸਿੱਖਣ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਮੇਂ ਦੌਰਾਨ ਅਨੁਸ਼ਾਸਨਹੀਣਤਾ ਦੇ ਦਾਇਰੇ ਵਿਚ ਆਉਂਦੇ ਲੋਕਾਂ ਪ੍ਰਤੀ ਸਖ਼ਤ ਤੋਂ ਸਖ਼ਤ ਕਦਮ ਪੁੱਟੇ ਜਾਣ ਤੇ ਰੇਲਵੇ ਵਿਭਾਗ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ (ਨੱਥੂਮਾਜਰਾ) ਸੰਗਰੂਰ।


ਸਰਜੀਕਲ ਸਟ੍ਰਾਈਕ...
ਦੋ ਮਾਰਚ ਦੀ ਖ਼ਬਰ ਪੜ੍ਹੀ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, ਸਰਜੀਕਲ ਸਟ੍ਰਾਈਕ 'ਚ ਕਿੰਨੇ ਮਾਰੇ, ਇਹ ਪੜ੍ਹ ਕੇ ਠੀਕ ਲੱਗਿਆ ਕਿਉਂਕਿ ਜਿਹੜੇ ਤਿੰਨ ਸੌ ਅੱਤਵਾਦੀ ਮਰੇ ਹਨ, ਉਨ੍ਹਾਂ ਬਾਰੇ ਸਭ ਜਾਨਣਾ ਚਾਹੁੰਦੇ ਹਨ ਜੇ ਨਹੀਂ ਮਰੇ ਤਾਂ ਇਨ੍ਹਾਂ ਅਫਵਾਹਾਂ ਦਾ ਕੀ ਮਤਲਬ ਹੈ।
ਸਾਡੇ ਫ਼ੌਜੀ ਵੀਰ ਸ਼ਹੀਦ ਹੋਏ ਹਨ। ਦੇਸ਼ ਲਈ ਇਹ ਸਭ ਤੋਂ ਵੱਡੀ ਮੰਦਭਾਗੀ ਦੁੱਖ ਵਾਲੀ ਗੱਲ ਹੈ। ਪਰ ਸਰਜੀਕਲ ਸਟ੍ਰਾਈਕ ਨੂੰ ਇਕ ਪਾਰਟੀ ਦੀ ਕਾਰਵਾਈ ਕਹਿਣਾ ਜਾਂ ਪਾਰਟੀ ਵਲੋਂ ਇਸ ਦਾ ਲਾਭ ਲੈਣ ਦੀ ਕੋਸ਼ਿਸ਼ ਕਰਨਾ ਵੀ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।


-ਨਵਜੋਤ ਬਜਾਜ (ਗੱਗੂ)
ਭਗਤਾ ਭਾਈ ਕਾ।


ਦੋਹਰੀ ਮਾਰ
ਪੁਲਵਾਮਾ ਹਮਲੇ ਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜੋ ਗ਼ਲਤ ਹੈ। ਸੁਰੱਖਿਆ ਬਲਾਂ ਦਾ ਨੁਕਸਾਨ ਕਰਨਾ ਕਿਤੇ ਵੀ ਠੀਕ ਨਹੀਂ ਪਰ ਇਸ ਹਮਲੇ ਤੋਂ ਬਾਅਦ ਸਮੁੱਚੇ ਭਾਰਤ ਵਿਚ ਕਸ਼ਮੀਰੀਆਂ ਨਾਲ ਜੋ ਧੱਕਾ ਹੋ ਰਿਹਾ ਹੈ, ਠੀਕ ਨਹੀਂ ਹੈ। ਕੁਝ ਲੋਕਾਂ ਦੀ ਸੋਚ ਨੂੰ ਧੱਕੇ ਨਾਲ ਸਭ 'ਤੇ ਠੋਸਣਾ ਜਾਇਜ਼ ਨਹੀਂ ਹੈ। ਜਿਹੜੇ ਵਿਦਿਆਰਥੀ ਕਸ਼ਮੀਰ ਤੋਂ ਦੂਰ ਬੈਠੇ ਆਪਣੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਦਾ ਇਥੇ ਕੀ ਕਸੂਰ? ਕੁਝ ਕੱਟੜ ਲੋਕ ਉਨ੍ਹਾਂ ਨੂੰ ਬੁਰੇ ਤਰੀਕੇ ਨਾਲ ਜ਼ਲੀਲ ਕਰ ਰਹੇ ਹਨ। ਕਸ਼ਮੀਰ ਵਾਪਸ ਜਾਣ ਲਈ ਮਜਬੂਰ ਕਰ ਰਹੇ ਹਨ। ਵਿਦਿਆਰਥੀਆਂ 'ਤੇ ਦੋਹਰੀ ਮਾਰ ਪੈ ਰਹੀ ਹੈ।
ਇਕ ਤਾਂ ਪੜ੍ਹਾਈ ਵਿਚ ਹੀ ਛੱਡਣ ਦਾ ਨੁਕਸਾਨ ਤੇ ਦੂਸਰਾ ਕਸ਼ਮੀਰ ਦੇ ਹਾਲਾਤ ਖਰਾਬ ਹਨ, ਵਿਦਿਆਰਥੀ ਜਾਣ ਤਾਂ ਕਿਧਰ ਜਾਣ, ਏਨਾ ਧੱਕਾ ਠੀਕ ਨਹੀਂ ਹੁੰਦਾ। ਸਾਰੇ ਕਸ਼ਮੀਰੀ ਲੋਕ ਵੀ ਗ਼ਲਤ ਨਹੀਂ ਹਨ ਤੇ ਕੁਝ ਕੁ ਪਿਛੇ ਸਭ ਨੂੰ ਇਕੋ ਨਜ਼ਰ ਨਾਲ ਵੀ ਵੇਖਣਾ ਨਹੀਂ ਚਾਹੀਦਾ। ਪੰਜਾਬ ਦੀਆਂ ਕੁਝ ਸੰਸਥਾਵਾਂ ਨੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ, ਵੱਡਾ ਹੌਸਲਾ ਤੇ ਹਮਦਰਦੀ ਹੈ। ਵਿਦਿਆਰਥੀਆਂ ਦਾ ਭਵਿੱਖ ਵੀ ਦਾਅ 'ਤੇ ਲੱਗ ਚੁੱਕਾ ਹੈ, ਉਹ ਗ਼ਲਤ ਪਾਸੇ ਜਾਣ ਲਈ ਮਜਬੂਰ ਨਾ ਹੋਣ।


-ਬਲਬੀਰ ਸਿੰਘ ਬੱਬੀ
ਤੱਖਰਾਂ ਲੁਧਿਆਣਾ।

08-03-2019

 ਕਸ਼ਮੀਰ ਸਮੱਸਿਆ
ਕਹਿੰਦੇ ਨੇ ਹਰੇਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਪਰ ਕਸ਼ਮੀਰ ਸਮੱਸਿਆ ਦਾ ਵੀ ਕੋਈ ਹੱਲ ਤਾਂ ਜ਼ਰੂਰ ਹੋਵੇਗਾ। ਪੁਲਵਾਮਾ ਦੇ ਹਮਲੇ ਤੋਂ ਬਾਅਦ ਜਨਤਾ ਦਾ ਰੋਹ ਵਿਚ ਆਉਣਾ ਕੁਦਰਤੀ ਗੱਲ ਹੈ। ਪਰ ਗੁੱਸੇ ਵਿਚ ਆ ਕੇ ਆਪਣਾ ਹੀ ਨੁਕਸਾਨ ਕਰਨਾ ਸਿਆਣਪ ਨਹੀਂ ਹੈ।
ਹਮਲੇ ਤੋਂ ਬਾਅਦ ਰੋਹ ਵੀ ਹੈ ਅਤੇ ਹਰ ਅੱਖ ਰੋਈ ਵੀ। ਪਰ ਕਈ ਗੱਲਾਂ ਇਹੋ ਜਿਹੀਆਂ ਆਮ ਜਨਤਾ ਦੇ ਸਾਹਮਣੇ ਆਈਆਂ ਹਨ, ਜਿਨ੍ਹਾਂ ਬਾਰੇ ਹਰ ਦੇਸ਼ ਵਾਸੀ ਜਾਣਨਾ ਚਾਹੁੰਦਾ ਹੈ ਜਿਵੇਂ ਧਾਰਾ 370 ਬਾਰੇ। ਕਹਿੰਦੇ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਇਸ ਨੂੰ ਹਟਾਉਣਾ ਜ਼ਰੂਰੀ ਹੈ ਤਾਂ ਕਿ ਵੱਡੀਆਂ ਕੰਪਨੀਆਂ ਵਾਲੇ ਉਥੇ ਜ਼ਮੀਨਾਂ ਖ਼ਰੀਦ ਕੇ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਉਥੋਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਦੀ ਜਵਾਨੀ ਗ਼ਲਤ ਹੱਥਾਂ ਵਿਚ ਨਾ ਵਿਕੇ।
ਇਹ ਗੱਲ ਸਹੀ ਹੈ ਬੇਰੁਜ਼ਗਾਰੀ ਨੌਜਵਾਨਾਂ ਨੂੰ ਗ਼ਲਤ ਰਸਤਿਆਂ 'ਤੇ ਧੱਕ ਦਿੰਦੀ ਹੈ। ਪਰ ਜੇ ਇਸ ਤਰ੍ਹਾਂ ਕੋਈ ਹੱਲ ਹੋ ਸਕਦਾ ਹੈ ਤਾਂ ਸਾਡੀਆਂ ਸਰਕਾਰਾਂ ਇਸ ਗੱਲ ਤੋਂ ਅਣਜਾਣ ਤਾਂ ਨਹੀਂ ਹੋਣਗੀਆਂ। ਮੁੱਕਦੀ ਗੱਲ ਕੋਈ ਤਾਂ ਹੱਲ ਹੋਵੇਗਾ ਪਿੰਡਾਂ ਵਾਲੇ ਅਨਪੜ੍ਹ ਲੋਕ ਦੋ ਪੈਰ ਅੱਗੇ ਪਿੱਛੇ ਕਰ ਕੇ ਵੀ ਆਪਣੇ ਮਸਲੇ ਨਿਪਟਾ ਲੈਂਦੇ ਹਨ। ਫਿਰ ਸਾਡੀਆਂ ਸਰਕਾਰਾਂ ਵੀ ਤਾਂ ਕੁਝ ਨਾ ਕੁਝ ਕਰ ਸਕਦੀਆਂ ਹੋਣਗੀਆਂ। ਵਿਚਾਰ ਕਰਨ ਦੀ ਜ਼ਰੂਰਤ ਹੈ।


-ਅੰਮ੍ਰਿਤ ਕੌਰ,
ਬਡਰੁੱਖਾਂ (ਸੰਗਰੂਰ)।


ਤਣਾਅ ਅਤੇ ਨਿਰਾਸ਼ਾ
ਅਜੋਕੇ ਦੌਰ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਅਤੇ ਵਿਦੇਸ਼ੀ ਚਕਾਚੌਂਧ ਦੀ ਦੌੜ 'ਚ ਫਸੀ ਤਣਾਅ ਅਤੇ ਨਿਰਾਸ਼ਾ ਦੇ ਆਲਮ 'ਚ ਡੁੱਬੀ ਮਹਿਸੂਸ ਹੋ ਰਹੀ ਹੈ। ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਰੁਜ਼ਗਾਰ ਤੋਂ ਵਿਰਵੇ ਅਤੇ ਬੇਉਮੀਦ ਹੋਏ ਆਈਲਟਸ ਕੇਂਦਰਾਂ 'ਚ ਬੈਂਡਜ ਦੀ ਘੁੰਮਣਘੇਰੀ 'ਚ ਫਸੇ ਸਰਕਾਰਾਂ ਦੀ ਬੇਹੁਰਮਤੀ ਦਾ ਸ਼ਿਕਾਰ ਤਣਾਅ ਮੁਕਤ ਹੋਣ ਲਈ ਲਗਾਤਾਰ ਕੋਸ਼ਿਸ਼ਾਂ 'ਚ ਹਨ। ਨੌਜਵਾਨਾਂ ਦੀ ਇਸੇ ਚਿੰਤਾਜਨਕ ਸਥਿਤੀ ਨੂੰ ਲੇਖਕ ਪੂਰਨ ਚੰਦ ਸਰੀਨ ਨੇ ਆਪਣੇ ਲੇਖ 'ਤਣਾਅ ਅਤੇ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਨੌਜਵਾਨ' ਵਿਚ ਬਿਲਕੁਲ ਸਹੀ ਜ਼ਿਕਰ ਕੀਤਾ ਹੈ। ਦੇਸ਼ 'ਚ ਵੋਟ ਬੈਂਕ ਨੀਤੀ ਆਧਾਰਿਤ ਸਹੂਲਤਾਂ ਨੂੰ ਪਰਮ ਨੂੰ ਪਰ ਅਗੇਤ ਦਿੱਤੀ ਜਾਂਦੀ ਹੈ ਜਦ ਕਿ ਸਿਆਸੀ ਗਲਿਆਰਿਆਂ ਦੇ ਲੱਛੇਦਾਰ ਭਾਸ਼ਣਾਂ ਦਾ ਸ਼ਿਕਾਰ ਰੁਜ਼ਗਾਰ ਵਿਹੂਣੀ ਨੌਜਵਾਨੀ ਵਿਦੇਸ਼ੀ ਉਡਾਰੀ ਮਾਰਨ ਤੱਤਪਰ ਹੈ। ਦੇਸ਼ ਦੀ ਪੂੰਜੀ ਅਤੇ ਨੌਜਵਾਨੀ ਵਿਦੇਸ਼ਾਂ 'ਚ ਉੱਨਤੀ ਲਈ ਸਿਰਤੋੜ ਮਿਹਨਤ ਕਰ ਰਹੀ ਹੈ। ਇਸ ਕੋਸ਼ਿਸ਼ 'ਚ ਜਿਹੜੇ ਸਫ਼ਲ ਹੋ ਜਾਂਦੇ ਹਨ, ਉਹ ਖੁਸ਼ ਅਤੇ ਅਸਫ਼ਲ ਰਹਿ ਗਏ ਤਣਾਅ ਅਤੇ ਨਿਰਾਸ਼ਤਾ ਭਰਪੂਰ ਜੀਵਨ ਜਿਊਣ ਲਈ ਮਜਬੂਰ ਹਨ। ਨੌਜਵਾਨਾਂ ਲਈ ਪਰਿਵਾਰਕ, ਸਮਾਜਿਕ, ਧਾਰਮਿਕ, ਸਮੁਦਾਇਕ ਆਦਿ ਕਾਰਨ ਬੇਰੁਜ਼ਗਾਰੀ ਅੱਗੇ ਫਿੱਕੇ ਜਾਪਦੇ ਹਨ। ਸਰਕਾਰਾਂ ਇਸ ਪ੍ਰਤੀ ਖ਼ੁਦਗਰਜ਼ੀ ਅਤੇ ਅਵੇਸਲਾਪਣ ਦਿਖਾ ਰਹੀਆਂ ਹਨ, ਜੋ ਬੇਹੱਦ ਮਾੜਾ ਰੁਝਾਨ ਹੈ। ਲੇਖਕ ਨੇ ਇਸ ਦੇ ਮੂਲ ਅਤੇ ਅਸਲੀ ਕਾਰਨਾਂ 'ਤੇ ਚਾਨਣਾ ਪਾ ਕੇ ਸਰਕਾਰਾਂ ਨੂੰ ਇਸ ਪ੍ਰਤੀ ਸੁਹਿਰਦ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।


-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

07-03-2019

 ਕਸ਼ਮੀਰੀਆਂ ਦਾ ਸੰਤਾਪ
ਸੰਪਾਦਕੀ ਲੇਖ 'ਕਸ਼ਮੀਰੀਆਂ ਦਾ ਸੰਤਾਪ' ਵਿਚ ਕਸ਼ਮੀਰੀ ਲੋਕਾਂ ਅਤੇ ਸੁਰੱਖਿਆ ਵਲੋਂ ਹੰਢਾਏ ਜਾਣ ਵਾਲੇ ਦੁੱਖਾਂ ਦੇ ਸੰਤਾਪ ਦਾ ਦ੍ਰਿਸ਼ਾਂਤ ਇਸ ਤਰ੍ਹਾਂ ਪੇਸ਼ ਕੀਤਾ ਹੈ ਜਿਵੇਂ ਇਹ ਸਾਰਾ ਕੁਝ ਅਖ਼ਬਾਰ ਪੜ੍ਹਦਿਆਂ ਨਾਟਕ ਦੇ ਰੂਪ ਵਿਚ ਅੱਖਾਂ ਸਾਹਮਣੇ ਵਾਪਰ ਰਿਹਾ ਹੋਵੇ। ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਖੂਬਸੂਰਤ ਧਰਤੀ ਕਸ਼ਮੀਰ ਦੇ ਸੁੰਦਰ ਕੁਦਰਤੀ ਨਜ਼ਾਰਿਆਂ ਅਤੇ ਖੁਸ਼ਗਵਾਰ ਵਾਤਾਵਰਨ ਨੂੰ ਪੇਸ਼ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਦੀਆਂ ਹੁਸੀਨ ਵਾਦੀਆਂ ਅਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਲਈ ਸੈਲਾਨੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਪਰ ਵੱਡਾ ਦੁਖਾਂਤ ਇਹ ਹੈ ਕਿ ਅੱਤਵਾਦੀ ਸੰਗਠਨਾਂ ਵਲੋਂ ਇਸ ਧਰਤੀ ਤੇ ਹੈਵਾਨੀਅਤ, ਸ਼ੈਤਾਨੀਅਤ ਦਾ ਬੋਲਬਾਲਾ ਫੈਲਾ ਕੇ ਮਾਹੌਲ ਖਰਾਬ ਕੀਤਾ ਜਾਂਦਾ ਹੈ। ਕਸ਼ਮੀਰ ਅਤੇ ਇਸ ਦੇ ਵਾਸ਼ਿੰਦੇ ਭਾਰਤ ਦਾ ਅਟੁੱਟ ਹਿੱਸਾ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਭਾਰਤ ਨਾਲੋਂ ਅਲੱਗ ਕਰਨਾ ਸੰਭਵ ਨਹੀਂ ਹੈ ਅਤੇ ਨਾ ਹੀ ਇਸ ਦੀ ਸੁਰੱਖਿਆ ਨਾਲ ਸਬੰਧਿਤ ਪਹਿਲੂਆਂ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਹੈ। ਕਸ਼ਮੀਰ ਭਾਰਤ ਦੇ ਦਿਲ ਵਜੋਂ ਜਾਣਿਆ ਜਾਂਦਾ ਹੈ। ਇਹ ਭਾਰਤੀ ਫ਼ੌਜ ਦੀ ਆਨ, ਬਾਨ ਤੇ ਸ਼ਾਨ ਹੈ।


-ਗੁਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ।


ਖ਼ੂਨਦਾਨ ਕੈਂਪ
ਖੂਨਦਾਨ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ 'ਖੂਨਦਾਨ ਮਹਾਂਦਾਨ'। ਵਰਤਮਾਨ ਸਮੇਂ ਵਿਚ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਖੂਨਦਾਨ ਕੈਂਪ ਲਗਾ ਕੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਸਦਕਾ ਲੱਖਾਂ ਹੀ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਕ ਇਨਸਾਨ ਜਿਥੇ ਦੂਸਰੇ ਇਨਸਾਨ ਨੂੰ ਬਚਾਉਣ ਲਈ ਆਪਣਾ ਖੂਨਦਾਨ ਕਰਦਾ ਹੈ, ਉਥੇ ਹੀ ਉਹ ਆਪਣੇ ਨਿਰੋਗ ਸਰੀਰ ਨੂੰ ਜਨਮ ਦਿੰਦਾ ਹੈ।
ਜੇਕਰ ਅਸੀਂ ਸਾਰੇ ਹੀ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠੀਏ ਤਾਂ ਸਾਲ ਵਿਚ ਘੱਟੋ-ਘੱਟ ਦੋ ਵਾਰ ਆਪਣਾ ਖੂਨਦਾਨ ਕਰਕੇ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਦੀ ਲੰਮੀ ਉਮਰ ਕਰ ਸਕਦੇ ਹਾਂ। ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੂਨਦਾਨ ਕਰਨ ਵਿਚ ਸਾਡੀ ਨਜ਼ਰਅੰਦਾਜ਼ਦਗੀ ਬਹੁਤ ਹੀ ਅਣਮੁੁੱਲੀਆਂ ਜਾਨਾਂ ਨੂੰ ਬੇਵਕਤੀ ਮੌਤ ਦੇ ਘਾਟ ਉਤਾਰ ਦੇਵੇਗੀ ਤੇ ਅਸੀਂ ਆਪਣੇ ਫ਼ਰਜ਼ਾਂ ਤੋਂ ਅਪਾਹਜ ਕਹਿਲਾਵਾਂਗੇ। ਇਸ ਲਈ ਸਾਰੇ ਰਲ-ਮਿਲ ਕੇ ਪ੍ਰਣ ਕਰੀਏ ਕਿ ਸਾਡਾ ਮਨੁੱਖੀ ਜੀਵਨ ਦੂਸਰਿਆਂ ਲਈ ਵਰਦਾਨ ਸਾਬਤ ਹੋਵੇ। ਕਿਸੇ ਨੇ ਸਹੀ ਹੀ ਕਿਹਾ ਹੈ ਕਿ 'ਖੂਨ ਨਾਲੀਆਂ ਵਿਚ ਨਹੀਂ ਸਗੋਂ ਨਾੜੀਆਂ ਵਿਚ ਰਹਿਣਾ ਚਾਹੀਦਾ ਹੈ।'


-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਾਪੁਰ (ਨੱਥੂਮਾਜਰਾ) ਸੰਗਰੂਰ।


ਸਮਾਜ ਉਦਾਸ ਹੈ
ਵਧਦੀ ਬੇਰੁਜ਼ਗਾਰੀ, ਵਧਦੀਆਂ ਇੱਛਾਵਾਂ, ਮਾਨਸਿਕ ਅਸ਼ਾਂਤੀ ਕਰਕੇ ਸ਼ਾਂਤੀ ਦੀ ਭਾਲ ਵਿਚ ਆਪਾ ਖੋਹ ਕੇ ਡੇਰਾਵਾਦ ਦੀ ਦਲਦਲ ਵਿਚ ਦਰ-ਦਰ ਭਟਕਣ ਦੀ ਰਾਹ ਤੁਰ ਪਿਆ ਹੈ ਅਜੋਕਾ ਮਨੁੱਖ। ਕਿਰਤ ਨਾਲੋਂ ਟੁੱਟ ਕੇ ਬਾਈਪਾਸ ਅਮੀਰੀ ਭਾਲਦੇ ਮਨੁੱਖ ਨੂੰ ਇਹ ਭਾਗਾਂ ਭਰੀ ਧਰਤੀ ਬਿਗਾਨੀ ਮਹਿਸੂਸ ਹੁੰਦੀ ਜਾ ਰਹੀ ਹੈ। ਰਹਿੰਦੀ ਕਸਰ ਸਾਡੇ ਰਾਜਸੀ ਨੇਤਾਵਾਂ ਨੇ ਅਖੌਤੀ ਰੁਜ਼ਗਾਰੀ ਸੰਤਾਂ ਕੋਲੋਂ ਵੋਟਾਂ ਲਈ ਅਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਚਮਕਾਉਣ ਵਿਚ ਆਪਣਾ ਹਿੱਸਾ ਪਾ ਕੇ ਪੂਰੀ ਕਰ ਦਿੱਤੀ ਹੈ। ਅਤਿ ਦੀ ਮਹਿੰਗਾਈ ਵਿਚ ਕਿਸਾਨ ਆਪਣਾ ਅਤੇ ਆਪਣੀ ਔਲਾਦ ਦਾ ਭਵਿੱਖ ਖ਼ਤਰੇ ਵਿਚ ਵੇਖ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਸਮਾਜ ਦੇ ਸੁਚੇਤ ਵਰਗ ਵਲੋਂ ਇਨ੍ਹਾਂ ਰਾਜਸੀ ਲੋਕਾਂ ਦੀਆਂ 'ਪੂਛਾਂ' ਬਣਨ ਨਾਲੋਂ ਸਮਾਜਿਕ ਸੁਧਾਰ ਲਹਿਰਾਂ ਚਲਾਉਣੀਆਂ ਅੱਜ ਹੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਪੰਜਾਬੀ ਸਮਾਜ ਵਿਚ ਕਿਰਤ ਸੱਭਿਆਚਾਰ ਪੈਦਾ ਕਰਕੇ ਸਾਦਾ ਜੀਵਨ ਦੇ ਨਿਰਬਾਹ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਅਸੀਂ ਅਮੀਰ ਸੱਭਿਆਚਾਰ ਦੇ ਵਾਰਸ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਹਨ। ਸੋ, ਲੋੜ ਹੈ ਸਮਾਜ ਦੇ ਸੁਚੇਤ ਵਰਗ ਵਲੋਂ ਮਨੁੱਖਤਾ ਦੀ ਸਹੀ ਅਗਵਾਈ ਕਰਨ ਦੀ।


-ਮਾ: ਜਸਵੰਤ ਸਿੰਘ
ਭੱਟੀਵਾਲ, ਗੁਰਦਾਸਪੁਰ।


ਅਧਿਆਪਕ ਦਾ ਸਤਿਕਾਰ ਜਾਂ ਅਪਮਾਨ?
'ਗੁਰੂ' ਉਹ ਜੋ ਹਨੇਰੇ ਵਿਚੋਂ ਕੱਢ ਕੇ ਗਿਆਨ ਦੇ ਚਾਨਣ ਵਿਚ ਲੈ ਕੇ ਜਾਂਦਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਇਸ 'ਗੁਰੂ' ਦਾ ਆਪਣਾ ਭਵਿੱਖ ਕਿੰਨੀ ਕੁ ਰੌਸ਼ਨੀ ਵਿਚ ਹੈ। ਇਹ ਸਮਾਜ ਦਾ ਸਭ ਤੋਂ ਮਜ਼ਬੂਤ ਹਿੱਸਾ ਹੈ ਜੋ ਦੂਸਰਿਆਂ ਨੂੰ ਉਨ੍ਹਾਂ ਦੇ ਹਿਤਾਂ ਤੋਂ ਜਾਣੂ ਕਰਵਾਉਂਦਾ ਹੈ। ਸਹੀ ਜਾਂ ਗ਼ਲਤ ਦੀ ਪਛਾਣ ਕਰਾਉਣ ਦੇ ਨਾਲ-ਨਾਲ ਸੱਚ-ਝੂਠ ਵਿਚਲਾ ਫ਼ਰਕ ਵੀ ਦੱਸਦਾ ਹੈ। ਆਪਣੇ ਅਧਿਕਾਰਾਂ ਲਈ ਲੜਨਾ ਤੇ ਕਰਤੱਵਾਂ ਦੀ ਪਾਲਣਾ ਕਰਨਾ ਸਿਖਾਉਂਦਾ ਹੈ। ਪਰ ਅਫ਼ਸੋਸ ਅੱਜ ਇਸ ਗੱਲ ਦਾ ਹੈ ਕਿ ਇਸ ਅਧਿਆਪਕ ਵਰਗ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਤਾਂ ਸੁਚੇਤਤਾ, ਗਿਆਨ ਦੇ ਦਿੱਤਾ ਪਰ ਜੇ ਉਹ ਆਪ ਆਪਣੇ ਹਿਤਾਂ ਲਈ ਬੋਲ ਰਿਹਾ ਹੈ ਤਾਂ ਉਸ ਨੂੰ ਲਾਠੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੇਅਦਬੀ ਦਾ ਸਾਹਮਣਾ। ਲੋਕਤੰਤਰ ਵਿਚ ਇਸ ਵਰਗ ਦਾ ਅਜਿਹਾ ਅਪਮਾਨ ਸ਼ਾਇਦ ਦੇਸ਼ ਦੀ ਤਰੱਕੀ ਵੱਲ ਨਹੀਂ ਸਗੋਂ ਮਾੜੀ ਸਥਿਤੀ ਵੱਲ ਇਸ਼ਾਰਾ ਹੈ।


-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)।


ਬਜਟ
ਪਿਛਲੇ ਦਿਨੀਂ ਪੰਜਾਬ ਦਾ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿਚ ਸਭ ਵਰਗਾਂ ਲਈ ਕੁਝ ਹੱਦ ਤੱਕ ਰਾਹਤ ਦਿੱਤੀ ਗਈ। ਸਿੱਖਿਆ, ਸਿਹਤ, ਕੇਡਾਂ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਸਭ ਤੋਂ ਵੱਡੀ ਇਸ ਬਜਟ ਵਿਚ ਗੱਲ ਇਹ ਰਹੀ ਹੈ ਕਿ ਲੋਕਾਂ ਉੱਪਰ ਕਿਸੇ ਪ੍ਰਕਾਰ ਦਾ ਟੈਕਸ ਨਹੀਂ ਲਾਇਆ ਗਿਆ ਤੇ ਪੈਟਰੋਲ ਡੀਜ਼ਲ ਉੱਪਰ ਲੱਗ ਰਹੇ ਵੈਟ ਨੂੰ ਘਟਾ ਦਿੱਤਾ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਘਟ ਜਾਣ ਕਰਕੇ ਕੁਝ ਹੱਦ ਤੱਕ ਰਾਹਤ ਦਿੱਤੀ ਗਈ ਹੈ। ਕਿਸਾਨਾਂ ਨੂੰ ਬਿਜਲੀ ਪਹਿਲਾਂ ਦੀ ਤਰ੍ਹਾਂ ਮੁਹੱਈਆ ਕਰਵਾਉਣ ਲਈ 8,969 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸਨਅਤਕਾਰਾਂ ਨੂੰ ਵੀ 1,513 ਕਰੋੜ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਉਦਯੋਗੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪੰਜਾਬ ਵਿਚ ਗਿਰ ਰਹੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਤਿੰਨ ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਤੇ 15 ਨਵੀਆਂ ਆਈ.ਟੀ.ਆਈ. ਤੇ ਯੂਨੀਵਰਸਿਟੀਆਂ ਦੇ ਫੰਡਾਂ ਵਿਚ ਵੀ ਛੇ ਗੁਣਾਂ ਵਾਧਾ ਕੀਤਾ ਗਿਆ ਹੈ। ਦਲਿਤਾਂ ਨੂੰ ਵਜ਼ੀਫ਼ਾ ਸਹੂਲਤਾਂ, ਗ਼ਰੀਬਾਂ ਨੂੰ ਮਕਾਨ ਬਣਾਉਣ, ਮਨਰੇਗਾ ਸਕੀਮ ਨੂੰ ਵੀ ਬਜਟ ਵਿਚ ਵਿਸ਼ੇਸ਼ ਤੌਰ 'ਤੇ ਸਥਾਨ ਦਿੱਤਾ ਗਿਆ ਹੈ। ਖੇਡ ਸਟੇਡੀਅਮ ਤੇ ਤਗਮਾ ਜੇਤੂ ਖਿਡਾਰੀਆਂ ਨੂੰ ਇਨਾਮ ਰਾਸ਼ੀਆਂ ਦੇਣ ਦੀ ਤਜਵੀਜ਼ ਰੱਖੀ ਗਈ ਹੈ। ਪੰਜਾਬ ਸਰਕਾਰ ਦਾ ਇਹ ਬਜਟ ਕੀ ਸੱਚਮੁੱਚ ਲੋਕਾਂ ਨੂੰ ਰਾਹਤ ਦਿੰਦਾ ਹੈ ਇਹ ਤਾਂ ਹੀ ਪਤਾ ਲੱਗੇਗਾ ਜੇਕਰ ਸੱਚਮੁੱਚ ਸਰਕਾਰ ਇਸ ਨੂੰ ਲਾਗੂ ਕਰੇਗੀ।


-ਕਮਲ ਬਰਾੜ
ਪਿੰਡ ਕੋਟਲੀ ਅਬਲੂ।

06-03-2019

 ਕਿਸਾਨ ਅੰਦੋਲਨ ਤੇ ਨਵੀਂ ਦਿਸ਼ਾ
ਸਾਰੇ ਭਾਰਤ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਰਲ ਕੇ ਦੇਸ਼ ਵਿਆਪੀ 'ਕਿਸਾਨ ਅੰਦੋਲਨ' ਕਰ ਰਹੀਆਂ ਹਨ। ਦੇਸ਼ ਵਿਆਪੀ ਕਿਸਾਨ ਅੰਦੋਲਨਾਂ ਪਿੱਛੇ ਪ੍ਰਮੁੱਖ ਕਾਰਨ ਫ਼ਸਲਾਂ ਦਾ ਸਹੀ ਤੇ ਢੁਕਵਾਂ ਮੁੱਲ ਨਾ ਮਿਲਣਾ ਤੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨਾ ਹੈ। ਜਿਥੇ ਬਹੁਤੇ ਕਿਸਾਨ ਇਨ੍ਹਾਂ ਦੇਸ਼ ਵਿਆਪੀ ਅੰਦੋਲਨਾਂ ਵਿਚ ਹਿੱਸਾ ਲੈ ਰਹੇ ਹਨ, ਉਥੇ ਕਈ ਕਿਸਾਨ ਨਵੀਂ ਤੇ ਚੰਗੀ ਸੋਚ ਨਾਲ ਉਸਾਰੂ ਕੰਮ ਕਰ ਰਹੇ ਹਨ। ਕਈ ਕਿਸਾਨਾਂ ਨੇ ਰਲ ਕੇ 'ਕਿਸਾਨ ਹੱਟ' ਚਲਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਵਿਚ ਗਾਹਕਾਂ ਨੂੰ ਘੱਟ ਕੀਮਤ 'ਤੇ ਵਧੀਆ ਤੇ ਤਾਜ਼ੀਆਂ ਸਬਜ਼ੀਆਂ ਵੇਚੀਆਂ ਜਾ ਰਹੀਆਂ ਹਨ। ਦੁੱਧ ਨੂੰ ਇਕੱਠਾ ਕਰਕੇ ਪਿੰਡ ਪੱਧਰ 'ਤੇ ਦੇਸੀ ਘਿਉ ਬਣਾਉਣ ਦੇ ਕੰਮ ਸ਼ੁਰੂ ਹੋ ਰਹੇ ਹਨ।
ਕੁਝ ਕਿਸਾਨਾਂ ਨੇ ਆਟਾ ਚੱਕੀਆਂ ਲਗਾ ਕੇ ਆਪਣੀ ਬੀਜੀ ਕਣਕ, ਮੱਕੀ ਤੇ ਹੋਰ ਵਸਤਾਂ ਪੀਸਣ ਦਾ ਪ੍ਰਣ ਲਿਆ ਹੈ। ਹਲਦੀ, ਮਿਰਚਾਂ, ਛੋਟੇ ਆਪ ਪੀਸ ਕੇ ਵੇਚਣ ਦੇ ਕੰਮ ਆਮ ਆਰੰਭ ਹੋ ਰਹੇ ਹਨ। ਕੋਹਲੂ ਲਾ ਕੇ ਤੇਲ ਕੱਢਣ ਦੇ ਉਪਰਾਲੇ ਜਾਰੀ ਕੀਤੇ ਗਏ। ਕਿਸਾਨਾਂ ਵਲੋਂ ਪਿੰਡ ਪੱਧਰ 'ਤੇ ਕਿਸਾਨ ਸੰਗਠਨਾਂ ਦਾ ਨਿਰਮਾਣ ਕਰਕੇ ਆਪਣੀਆਂ ਜਿਣਸਾਂ ਆਪ ਸ਼ਹਿਰ ਜਾ ਕੇ ਵੇਚਣ ਅਤੇ ਲੋੜ ਅਨੁਸਾਰ ਜਿਣਸਾਂ ਬੀਜਣ 'ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਹ ਖੇਤੀਬਾੜੀ ਲਈ ਚੰਗੀ ਗੱਲ ਹੈ।


-ਕੁਲਵਿੰਦਰ ਸਿੰਘ
ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਸੰਭਲਣ ਦੀ ਲੋੜ
ਜ਼ਿੰਦਗੀ ਕਈ ਪੜਾਵਾਂ ਵਿਚੋਂ ਗੁਜ਼ਰਦੀ ਹੈ। ਇਸ ਵਿਚ ਤਬਦੀਲੀਆਂ ਦਾ ਆਉਣਾ ਕੁਦਰਤੀ ਹੈ। ਉਂਜ ਜੇ ਜ਼ਿੰਦਗੀ ਦੇ 50ਵੇਂ ਵਰ੍ਹੇ ਦੀ ਗੱਲ ਕਰੀਏ ਇਹ ਬਹੁਤ ਹੀ ਸੰਭਲ ਕੇ ਚੱਲਣ ਦਾ ਸਮਾਂ ਹੁੰਦਾ ਹੈ। ਕਿਉਂਕਿ ਇਥੇ ਆ ਕੇ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਸਾਲ ਦੇ ਤੌਰ 'ਤੇ ਇਸ ਉਮਰ 'ਚ ਆਦਮੀ ਦੇ ਬੱਚੇ ਜਵਾਨ ਹੋ ਜਾਂਦੇ ਹਨ, ਉਨ੍ਹਾਂ ਦੀ ਪੜ੍ਹਾਈ, ਰੁਜ਼ਗਾਰ ਤੇ ਵਿਆਹ ਦੀ ਚਿੰਤਾ, ਘਰਾਂ ਵਿਚ ਵੰਡਾਂ ਦਾ ਸਿਲਸਿਲਾ ਅਤੇ ਸਿਹਤ ਵੀ ਇਸ ਉਮਰੇ ਕੁਝ ਵੱਧ ਗੌਰ ਮੰਗਦੀ ਹੈ। ਤਕਰੀਬਨ ਕਮਾਈ ਕਰਨ ਦਾ ਵੀ ਅੰਤ ਹੀ ਹੁੰਦਾ ਹੈ। ਸਕਿਆਂ ਨਾਲ ਗਿਲੇ-ਸ਼ਿਕਵੇ, ਸ਼ੱਕ, ਵਹਿਮ, ਭਰਮ ਆਦਿ ਦਾ ਦੌਰ ਵੀ ਇਸੇ ਉਮਰੇ ਸੁਰੂ ਹੁੰਦਾ ਹੈ। ਰੱਬ ਨਾਲ ਨਰਾਜ਼ਗੀਆਂ ਵੀ ਇਸੇ ਉਮਰੇ ਹੀ ਹੁੰਦੀਆਂ ਹਨ। ਸੋ, ਸਾਨੂੰ ਪਹਿਲਾਂ ਹੀ ਯੋਗ ਪ੍ਰਬੰਧ ਕਰ ਲੈਣੇ ਚਾਹੀਦੇ ਹਨ। ਰੱਬ ਦੇ ਆਸਰੇ ਨਾਲ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਅਸੀਂ ਆਪਣੀ ਜ਼ਿੰਦਗੀ ਆਨੰਦ ਨਾਲ ਗੁਜ਼ਾਰ ਸਕਦੇ ਹਾਂ।


-ਗੁਰਚਰਨ ਸਿੰਘ, ਪਿੰਡ ਮਜਾਰਾ (ਨਵਾਂਸ਼ਹਿਰ)


ਸਹੀ ਸੇਧ ਦੀ ਜ਼ਰੂਰਤ
ਕਿਸਾਨਾਂ ਦੀਆਂ ਕਰਜ਼ੇ ਕਾਰਨ ਹੁੰਦੀਆਂ ਖ਼ੁਦਕੁਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਨਾ ਹੀ ਸਰਕਾਰਾਂ ਵਲੋਂ ਕਿਸਾਨਾਂ ਦੇ ਹਿਤ ਵਿਚ ਕੋਈ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਕੋਈ ਵੱਡੀ ਰਾਹਤ ਮਿਲੇ। ਕਿਸਾਨਾਂ ਨੂੰ ਸਭ ਤੋਂ ਵੱਧ ਲੋੜ ਚੰਗੀ ਸਲਾਹਕਾਰੀ ਦੀ ਹੈ ਤਾਂ ਜੋ ਉਨ੍ਹਾਂ ਦੀ ਯੋਗ ਅਗਵਾਈ ਕਰਕੇ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ। ਥੋੜ੍ਹੀਆਂ ਜ਼ਮੀਨਾਂ ਵਾਲੇ ਕਿਸਾਨ ਆਪਣੇ ਖ਼ੁਦ ਦੇ ਟਰੈਕਟਰ, ਟਰਾਲੀਆਂ ਅਤੇ ਹੋਰ ਖੇਤੀਬਾੜੀ ਨਾਲ ਸਬੰਧਿਤ ਸੰਦ ਖਰੀਦਣ ਵੇਲੇ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣ ਕਿਉਂਕਿ ਕਰਜ਼ਾ ਲੈ ਕੇ ਖਰੀਦੇ ਗਏ ਸੰਦ ਸਾਰੀ ਉਮਰ ਲਈ ਛੋਟੇ ਕਿਸਾਨਾਂ ਨੂੰ ਕਰਜ਼ਾਈ ਕਰ ਦਿੰਦੇ ਹਨ। ਭਾਵੇਂ ਕਰਜ਼ਾ ਲੈਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਪਰ ਇਹ ਵੀ ਇਕ ਵੱਡਾ ਕਾਰਨ ਹੈ ਕਿ ਸੰਦ ਵਿਕ ਜਾਂਦੇ ਹਨ ਪਰ ਕਿਸ਼ਤਾਂ ਨਹੀਂ ਚੁਕਾਈਆਂ ਜਾਂਦੀਆਂ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਤਾਂ ਲੋਹਾ ਹੀ ਖਾ ਜਾਂਦਾ ਹੈ।


-ਅੰਮ੍ਰਿਤ ਕੌਰ, ਬਡਰੁੱਖਾਂ, ਸੰਗਰੂਰ।


ਵਿਗਿਆਨਕ ਸੋਚ
ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਤਰਕਸ਼ੀਲ ਸੋਚ ਨੂੰ ਖ਼ਤਮ ਕਰ ਕੇ ਕਿਵੇਂ ਹੋਣਗੀਆਂ ਵਿਗਿਆਨਕ ਖੋਜਾਂ?' ਵਿਚਾਰਨਯੋਗ ਹੈ। ਅੱਜ ਵਿਗਿਆਨੀਆਂ ਦੀਆਂ ਕਾਢਾਂ ਨੂੰ ਪਿੱਛੇ ਕਰ ਕੇ ਵਿਗਿਆਨਕ ਜਾਂ ਮਿਥਿਹਾਸਕ ਪਾਤਰਾਂ ਨੂੰ ਕਲਪਿਤ ਤਸਵੀਰਾਂ ਰਾਹੀਂ ਵੇਖ ਸੁਣ ਕੇ ਪਿਛਾਂਹ ਖਿੱਚੂ ਸੋਚਾਂ ਦੇ ਧਾਰਨੀ ਬਣਦੇ ਜਾ ਰਹੇ ਹਾਂ। ਅੱਜ ਸਾਡਾ ਮੀਡੀਆ ਵੀ ਜੋ ਕੁਝ ਸਾਨੂੰ ਪਰੋਸ ਰਿਹਾ ਹੈ, ਉਹ ਵੀ ਪਿਛਾਂਹ ਖਿਚੂ ਹੈ। ਅੱਜ ਵਿਗਿਆਨੀਆਂ ਦੀਆਂ ਖੋਜਾਂ ਨੂੰ ਭੁੱਲ ਕੇ ਤੰਤਰਾਂ-ਮੰਤਰਾਂ ਦੇ ਜਾਲ ਵਿਚ ਫਸ ਰਹੇ ਹਾਂ। ਮਿਹਨਤ ਕਰਨ ਦੀ ਬਜਾਏ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ। ਸਵੇਰੇ-ਸਵੇਰੇ ਉੱਠਦਿਆਂ ਹੀ ਜੋ ਕੁਝ ਸਾਨੂੰ ਟੀ.ਵੀ. ਚੈਨਲਾਂ 'ਤੇ ਵੇਖਣ ਨੂੰ ਮਿਲਦਾ ਹੈ, ਉਹ ਸਾਡੀ ਨਵੀਂ ਪੀੜ੍ਹੀ ਦੀ ਸੋਚ ਨੂੰ ਖੁੰਢਿਆਂ ਕਰਨ ਵਾਲਾ ਹੈ। ਮਨੁੱਖੀ ਜਾਤੀ ਦੀਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਣ ਦਿੰਦੇ ਸਾਡੀ ਮਿਹਨਤ 'ਤੇ ਪਲਦੇ ਵਿਹਲੜ ਲੋਕ। ਅੱਜ ਸਾਨੂੰ ਵਿਗਿਆਨਕ ਸੋਚ ਦੇ ਧਾਰਨੀ ਹੋਣਾ ਪਵੇਗਾ। ਬੁੱਧੀਮਾਨ ਤੇ ਜਾਗਰੂਕ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਤਰਕਸ਼ੀਲ ਹੋਏ ਬਿਨਾਂ ਸਮਾਜਿਕ ਕਲਿਆਣ ਅਸੰਭਵ ਹੈ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਰਾਜਨੀਤਕ ਪੈਂਤੜਾ
ਇਕ ਮਾਰਚ ਨੂੰ ਹਰਜਿੰਦਰ ਸਿੰਘ ਲਾਲ ਦਾ ਲੇਖ 'ਕੀ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋ ਸਕਦੀ ਹੈ' ਪੜ੍ਹਿਆ, ਲੇਖ ਜੰਗ ਹੋਣ ਤੇ ਨਾ ਹੋਣ ਤੱਕ ਹੀ ਸੀਮਤ ਰਿਹਾ। ਲੇਖਕ ਨੇ ਭਾਜਪਾ ਦੁਆਰਾ ਚੱਲੀ ਜਾ ਰਹੀ ਚਾਲ ਦਾ ਜ਼ਿਕਰ ਵੀ ਨਹੀਂ ਕੀਤਾ। ਭਾਜਪਾ ਕੋਲ ਵੋਟਾਂ ਮੰਗਣ ਦਾ ਕੋਈ ਹੀਲਾ ਨਹੀਂ ਸੀ। ਲੋਕ ਮੋਦੀ ਸਰਕਾਰ ਦੇ ਚੋਣ ਵਾਅਦਿਆਂ ਬਾਰੇ ਸਵਾਲ ਖੜ੍ਹੇ ਕਰ ਰਹੇ ਸੀ ਤੇ ਭਾਜਪਾ ਨੂੰ ਵੀ ਆਪਣੀ ਕੁਰਸੀ ਖਿਸਕਣ ਦਾ ਪੂਰਾ ਡਰ ਸੀ। ਇਸ ਲਈ ਭਾਜਪਾ ਨੇ ਜੰਗ ਦਾ ਮਾਹੌਲ ਬਣਾ ਕੇ ਦੇਸ਼ ਵਿਚ ਰੌਲਾ ਪਵਾ ਦਿੱਤਾ ਤੇ ਲੋਕ ਅਸਲੀ ਮੁੱਦਿਆਂ ਨੂੰ ਭੁੱਲ ਕੇ ਪਾਕਿਸਤਾਨ ਤੋਂ ਬਦਲਾ ਲੈਣ ਦਾ ਆਖ ਰਹੇ ਹਨ। ਇਹ ਰੌਲਾ ਤਾਂ ਸਿਰਫ ਵੋਟਾਂ ਦਾ ਹੈ ਜੋ ਵੋਟਾਂ ਤੋਂ ਬਾਅਦ ਸ਼ਾਂਤ ਹੋ ਜਾਵੇਗਾ। ਇਤਿਹਾਸ ਵੀ ਗਵਾਹ ਹੈ ਜਿੰਨੇ ਵੀ ਹਮਲੇ ਹੋਏ ਹਨ, ਸਭ ਚੋਣਾਂ ਤੋਂ ਪਹਿਲਾਂ ਹੋਏ ਹਨ। ਲੇਖ ਇਨ੍ਹਾਂ ਗੱਲਾਂ ਬਾਰੇ ਪੂਰਾ ਸ਼ਾਂਤ ਹੈ।


-ਗੁਰਪ੍ਰੀਤ ਜੱਸਲ
ਪਿੰਡ ਚੌਗਾਲੀਵਾਲਾ (ਸੰਗਰੂਰ)।


ਦੋਸਤੀ ਜ਼ਿੰਦਾਬਾਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਡੇ ਪਾਇਲਟ ਅਭਿਨੰਦਨ ਨੂੰ ਰਿਹਾਅ ਕਰ ਕੇ ਸਾਰੇ ਹਿੰਦੁਸਤਾਨੀਆਂ ਦਾ ਦਿਲ ਜਿੱਤ ਲਿਆ ਹੈ ਤੇ ਆਪਣਾ ਕੱਦ ਇਕ ਸੂਝਵਾਨ ਨੇਤਾ ਵਜੋਂ ਉੱਚਾ ਕਰ ਲਿਆ ਹੈ। ਦੋਸਤੀ ਦੀ ਇਹ ਪੌਣ ਦੀ ਸ਼ੁਰੂਆਤ ਕਰ ਕੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ। ਰੱਬ ਕਰਕੇ ਹਿੰਦੁਸਤਾਨ ਦੇ ਮੀਡੀਆ ਨੂੰ ਅਕਲ ਆਵੇ ਤੇ ਆਪਣਾ ਸਹੀ ਕੰਮ ਕਰੇ ਕਿਉਂਕਿ ਮੀਡੀਆ ਦਾ ਕੰਮ ਹੁੰਦਾ ਹੈ ਸਚਾਈ ਨੂੰ ਸਾਹਮਣੇ ਲਿਆਉਣਾ ਨਾ ਕਿ ਬਲਦੀ 'ਤੇ ਤੇਲ ਪਾਉਣਾ। ਹਿੰਦੁਸਤਾਨ ਪਾਕਿਸਤਾਨ ਦੋਸਤੀ ਜ਼ਿੰਦਾਬਾਦ।


-ਆਕਾਸ਼ਦੀਪ ਸਿੰਘ ਔਲਖ, ਜਮਾਤ ਦਸਵੀਂ।

05-03-2019

 ਧੋਖਾ
ਕਿਸਾਨ ਨਾਲ ਹਰ ਥਾਂ ਧੋਖਾ ਹੋ ਰਿਹਾ ਹੈ। ਚਾਹੇ ਉਹ ਕੀਟਨਾਸ਼ਕ, ਨਦੀਨ ਨਾਸ਼ਕ ਦਵਾਈਆਂ ਹਨ ਜਾਂ ਬੀਜ ਆਦਿ ਪਰ ਸਰਕਾਰ ਕੋਈ ਇੰਤਜ਼ਾਮ ਨਹੀਂ ਕਰਦੀ। ਸਰਕਾਰ ਤਾਂ ਇਥੋਂ ਤੱਕ ਕਿ ਪਲਾਸਟਿਕ ਦੇ ਲਿਫ਼ਾਫ਼ੇ ਵੀ ਬੰਦ ਨਹੀਂ ਕਰਾ ਸਕੀ। ਇਹ ਦੱਸੇ ਕਿ ਕਿਹੜੀ ਦੁਕਾਨ 'ਤੇ ਅੱਜ ਦੀ ਘੜੀ ਇਹ ਲਿਫ਼ਾਫ਼ੇ ਨਹੀਂ ਮਿਲ ਰਹੇ। ਪਰ ਸਰਕਾਰ ਕੀ ਕਰੇ, ਉਹ ਤਾਂ ਆਮ ਲੋਕਾਂ ਨੂੰ ਲਾਰੇ ਲੱਪੇ ਸ਼ਰੇਆਮ ਲਾ ਰਹੀ ਹੈ। ਜਿਵੇਂ ਕਿ 24 ਜਨਵਰੀ ਨੂੰ ਸਾਰੇ ਪੰਜਾਬ ਵਿਚ ਐਲਾਨ ਕਰਾ ਦਿੱਤਾ ਕਿ ਅੱਜ ਮੁਆਫ਼ੀ ਦੇ ਚੈੱਕ ਵੰਡੇ ਜਾਣਗੇ। ਵਿਚਾਰੇ ਕਿਸਾਨ ਏਨੀ ਠੰਢ 'ਚ ਜਿਥੇ ਬੁਲਾਏ ਪੁੱਜੇ। ਪਰ ਪੱਲੇ ਇਕ ਮੱਠੀ, ਇਕ ਪਲਾਸਟਿਕ ਦਾ ਚਾਹ ਦਾ ਕੱਪ ਵੀ ਸਾਰਿਆਂ ਦੇ ਨਹੀਂ ਪਿਆ। ਸਰਕਾਰ ਨੂੰ ਕਿਸਾਨਾਂ ਨਾਲ ਏਨਾ ਧੋਖਾ ਨਹੀਂ ਕਰਨਾ ਚਾਹੀਦਾ। ਘੱਟੋ-ਘੱਟ ਮਿਲਾਵਟਖੋਰ ਕੰਪਨੀ ਨੂੰ ਤਾਂ ਫੜ ਕੇ ਬੰਦ ਕਰਨਾ ਸਰਕਾਰ ਦਾ ਫ਼ਰਜ਼ ਬਣਦਾ ਹੈ ਪਰ ਸਾਰੀਆਂ ਫੈਕਟਰੀਆਂ ਤੇ ਸਾਰੇ ਜ਼ਿੰਮੇਵਾਰ ਲੋਕ ਇਕੋ-ਜਿਹੇ ਨਹੀਂ ਹੁੰਦੇ। ਪਰ ਮਿਲਾਵਟ ਅੱਜ ਦਵਾਈਆਂ 'ਚ ਹੀ ਨਹੀਂ ਸਗੋਂ ਦੁੱਧ, ਦਹੀਂ, ਖੋਆ ਆਦਿ, ਹਰੇਕ ਚੀਜ਼ 'ਚ ਹੋ ਰਹੀ ਹੈ। ਸਰਕਾਰ ਨੂੰ ਬੇਨਤੀ ਹੈ ਕਿ ਜ਼ਰਾ ਗ਼ੌਰ ਕਰੇ। ਗ਼ਰੀਬ ਲੋਕ ਬਹੁਤ ਦੁਖੀ ਹਨ। ਅਣਆਈ ਮੌਤ ਮਰ ਰਹੇ ਹਨ। ਧੋਖੇਬਾਜ਼ਾਂ ਨੂੰ ਛੇਤੀ ਕਾਬੂ ਕਰੋ।

-ਮੱਘਰ ਸਿੰਘ
ਪਿੰਡ ਦਦਰਾਲਾ ਖਰੋਡ, ਪਟਿਆਲਾ।

ਵਿਧਾਨ ਸਭਾ ਦੀ ਕਾਰਵਾਈ
ਭਾਰਤ ਦੇ ਰਾਜ ਸਭਾ ਅਤੇ ਲੋਕ ਸਭਾ ਇਜਲਾਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ ਅਤੇ ਆਪਣੇ ਦੇਸ਼ ਦੇ ਲੋਕ ਉਨ੍ਹਾਂ ਦੇ ਸਾਰੇ ਕੰਮਕਾਜ ਨੂੰ ਆਪਣੇ ਅੱਖੀਂ ਦੇਖਦੇ ਹਨ। ਦੇਖਿਆ ਜਾਵੇ ਭਾਰਤ ਦੇ 7 ਸੂਬੇ ਗੋਆ, ਮਹਾਰਾਸ਼ਟਰ, ਕੇਰਲਾ, ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ ਦੀਆਂ ਵਿਧਾਨ ਸਭਾਵਾਂ ਵਲੋਂ ਵੀ ਆਪਣੇ ਇਜਲਾਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਪਿਛਲੇ ਦਿਨਾਂ ਵਿਚ ਹਰਿਆਣਾ ਵਿਧਾਨ ਸਭਾ ਵਲੋਂ ਇਕ ਦਿਨ ਦਾ ਸੈਸ਼ਨ ਰੱਖਿਆ ਗਿਆ ਸੀ, ਜਿਸ ਦਾ ਉਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ ਤਾਂ ਪੰਜਾਬ ਦੇ ਪੂਰੇ ਸੈਸ਼ਨ ਦਾ ਸਿੱਧਾ ਪ੍ਰਸਾਰਨ ਕਿਉਂ ਨਹੀਂ ਹੋ ਰਿਹਾ। ਕੁਝ ਦਿਨ ਪਹਿਲਾਂ ਵਿਧਾਨ ਸਭਾ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਵੀ (ਮੇਰੀ ਵਿਧਾਨ ਸਭਾ, ਮੇਰਾ ਹੱਕ) ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਦੀ ਸ਼ੁਰੂਆਤ ਵਧੀਆ ਹੈ ਅਤੇ ਇਸ ਲਈ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਸੈਸ਼ਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਮਾਣਯੋਗ ਸਪੀਕਰ ਅਤੇ ਪੰਜਾਬ ਸਰਕਾਰ ਨੂੰ ਜ਼ੋਰ ਪਾਉਣ ਤਾਂ ਜੋ ਆਪਣੇ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਦੇਖ ਸਕਣ। ਸੈਸ਼ਨ ਦੇ ਸਿੱਧੇ ਪ੍ਰਸਾਰਨ ਨਾਲ ਵਿਧਾਇਕ ਆਪਣੇ ਇਲਾਕੇ ਦੇ ਮਸਲਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਉਣਗੇ। ਇਸ ਨਾਲ ਵਿਧਾਨ ਸਭਾ ਦੀ ਕਾਰਵਾਈ ਵੀ ਵਧੀਆ ਢੰਗ ਨਾਲ ਚੱਲ ਸਕੇਗੀ। ਇਸ ਲਈ ਸਾਰਿਆਂ ਨੂੰ ਇਕ ਸੁਰ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਵਿਧਾਨ ਸਭਾ ਵਿਚ ਜੋ ਕੰਮਕਾਜ ਹੋ ਰਿਹਾ ਹੈ, ਉਸ ਬਾਰੇ ਪਤਾ ਲੱਗੇ।

-ਅਮਨਜੋਤ ਸਿੰਘ ਮਾਵੀ
ਸਰਹਿੰਦ (ਫਤਹਿਗੜ੍ਹ ਸਾਹਿਬ)।

ਹੱਕ ਮੰਗਣ 'ਤੇ ਮਿਲਦੀਆਂ ਲਾਠੀਆਂ
30 ਸਾਲ ਪਹਿਲਾਂ ਸਰਕਾਰ ਵਲੋਂ ਸ਼ੁਰੂ ਕੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ ਜਨਤਾ ਅਤੇ ਮੁਲਾਜ਼ਮਾਂ ਦਾ ਰੱਜ ਕੇ ਨੁਕਸਾਨ ਕੀਤਾ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਪਾਰਟੀ ਮੁਲਾਜ਼ਮਾਂ ਦੇ ਵੋਟ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਫਿਰ ਮੁੱਕਰ ਜਾਂਦੀ ਹੈ। ਵੱਖ-ਵੱਖ ਵਿਭਾਗਾਂ ਵਿਚ ਠੇਕਾ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਨ ਲਈ ਮਜਬੂਰ ਹਨ। ਪਰ ਜਦੋਂ ਮੁਲਾਜ਼ਮ ਜਥੇਬੰਦੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਹਨ ਤਾਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਅੰਨ੍ਹੇਵਾਹ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਮਹਿਲਾ ਮੁਲਾਜ਼ਮਾਂ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ, ਜੋ ਕਿ ਸੰਵਿਧਾਨ ਦੇ ਉਲਟ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ 22 ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ 4 ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕੀ ਬੈਠੀ ਹੈ। ਉਲਟਾ ਹਰ ਮੁਲਾਜ਼ਮ ਨੂੰ 2400 ਰੁਪਏ ਸਾਲਾਨਾ ਟੈਕਸ ਲਾ ਦਿੱਤਾ ਹੈ। ਖਜ਼ਾਨਾ ਖਾਲੀ ਕਹਿਣ ਵਾਲੀ ਸਰਕਾਰ ਨੇ ਹਾਲ ਹੀ ਵਿਚ ਆਪਣੇ ਵਿਧਾਇਕਾਂ ਲਈ ਤਕਰੀਬਨ 80 ਕਰੋੜ ਦੀਆਂ ਲਗਜ਼ਰੀ ਗੱਡੀਆਂ ਖਰੀਦੀਆਂ ਹਨ।

-ਜਗਤਾਰ ਸਿੰਘ ਸਿੱਧੂ
ਪਿੰਡ ਰੁਲਦੂ ਸਿੰਘ ਵਾਲਾ ਧੂਰੀ (ਸੰਗਰੂਰ)।


ਨੇਤਾਵਾਂ ਦੀ ਬਿਆਨਬਾਜ਼ੀ
ਹਰ ਰੋਜ਼ ਅਖ਼ਬਾਰਾਂ ਵਿਚ ਨੇਤਾਵਾਂ ਦੇ ਬਿਆਨ ਪੜ੍ਹ ਕੇ ਜੋ ਕਿ ਇਕ-ਦੂਜੇ ਦੇਸ਼ ਦੇ ਵਿਰੁੱਧ ਦਿੱਤੇ ਜਾਂਦੇ ਹਨ। ਇਸੇ ਕਾਰਨ ਹੀ ਇਹ ਮਾੜੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਉਨ੍ਹਾਂ ਨੇ ਏਨੇ ਮਾਰੇ ਅਤੇ ਅਸੀਂ ਹੁਣ ਏਨੇ ਮਾਰ ਕੇ ਬਦਲਾ ਲਵਾਂਗੇ, ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਹੈ। ਸਹੀ ਬਿਆਨਬਾਜ਼ੀ ਜਾਂ ਤਰਕ ਵਾਲੀ ਸੂਝ-ਬੂਝ ਬਿਆਨਬਾਜ਼ੀ ਕਰਨ ਵਿਚ ਹੀ ਸਮਝਦਾਰੀ ਹੈ। ਪਤਾ ਤਾਂ ਉਨ੍ਹਾਂ ਨੂੰ ਹੀ ਹੈ ਜਿਨ੍ਹਾਂ ਮਾਵਾਂ ਦੇ ਲਾਲ ਅਤੇ ਬੱਚਿਆਂ ਦੇ ਸਿਰ ਤੋਂ ਪਿਉ ਦਾ ਆਸਰਾ ਚਲਾ ਜਾਂਦਾ ਹੈ। ਬਾਅਦ ਦੀ ਹਮਦਰਦੀ ਹੀ ਰਹਿ ਜਾਂਦੀ ਹੈ ਅਤੇ ਨਵੀਆਂ ਘਟਨਾਵਾਂ ਚਲਦੀਆਂ ਹੀ ਰਹਿੰਦੀਆਂ ਹਨ।

-ਕਿਸ਼ਨ ਖੇੜਾ, ਲੋਹੀਆਂ ਖਾਸ।

04-03-2019

 ਔਰਤਾਂ ਨੂੰ ਹੱਕ ਵਰਤਣ ਦਿਓ
ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿਚ ਲਗਪਗ 50 ਫ਼ੀਸਦੀ ਔਰਤਾਂ ਪੰਚ-ਸਰਪੰਚ ਚੁਣ ਕੇ ਆਈਆਂ ਹਨ, ਜਿਨ੍ਹਾਂ ਵਿਚੋਂ ਕਿੰਨੀਆਂ ਕੁ ਔਰਤਾਂ ਪੰਚੀ-ਸਰਪੰਚੀ ਕਰਦੀਆਂ ਹਨ? ਮੇਰੇ ਇਕ ਦੋਸਤ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਕਿਸੇ ਫਾਰਮ 'ਤੇ ਪੰਚ ਦੀ ਗਵਾਹੀ ਪਾਉਣ ਗਿਆ ਜਦੋਂ ਮੈਂ ਪੰਚ ਦਾ ਬੂਹਾ ਖੜਕਾਇਆ ਤਾਂ ਅੱਗੋਂ ਜਿਸ ਨੇ ਬੂਹਾ ਖੋਲ੍ਹਿਆ ਮੈਂ ਉਸ ਨੂੰ ਪੰਚ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ਪੰਚ ਤਾਂ ਘਰੇ ਹੈ ਪਰ ਸ: ਹਰਦੀਪ ਸਿੰਘ ਘਰ ਨਹੀਂ ਹੈ। ਉਸ ਸਮੇਂ ਪਤਾ ਲੱਗਾ ਕਿ ਅਸਲ ਵਿਚ ਹਰਦੀਪ ਸਿੰਘ ਦੇ ਘਰਵਾਲੀ ਪੰਚ ਹੈ ਪਰ ਮੇਰੇ ਸਮੇਤ ਸਾਰਾ ਪਿੰਡ ਕਹਿੰਦਾ ਹਰਦੀਪ ਨੂੰ ਹੀ ਪੰਚ ਸੀ। ਸੋ, ਪਿੰਡਾਂ ਵਿਚ ਔਰਤ ਪੰਚਾਂ-ਸਰਪੰਚਾਂ ਦੀ ਬਹੁਤ ਘੱਟ ਪਹਿਚਾਣ ਹੈ। ਔਰਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਹਰੇਕ ਪਿੰਡ ਕੈਂਪ ਲਗਾਉਣੇ ਚਾਹੀਦੇ ਹਨ। ਔਰਤਾਂ ਦੀ ਥਾਂ ਸਰਪੰਚੀ ਪੰਚੀ ਕਰਨ ਵਾਲੇ ਮਰਦਾਂ 'ਤੇ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਕਿ ਸੰਵਿਧਾਨਕ ਤੌਰ 'ਤੇ ਮਿਲੀ ਪੰਚੀ-ਸਰਪੰਚੀ ਨੂੰ ਔਰਤਾਂ ਮਾਣ ਸਕਣ।

-ਜਸਕਰਨ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸਵਾਈਨ ਫਲੂ
ਪਿਛਲੇ ਦਿਨੀਂ 'ਅਜੀਤ' ਦਾ ਸੰਪਾਦਕੀ ਲੇਖ 'ਸਵਾਈਨ ਫਲੂ ਦਾ ਵਧਦਾ ਪ੍ਰਕੋਪ' ਦਿਲ ਨੂੰ ਝੰਜੋੜ ਗਿਆ। ਰਾਜਸਥਾਨ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਕਰਨਾਟਕ, ਹਰਿਆਣਾ, ਹਿਮਾਚਲ ਅਤੇ ਪੰਜਾਬ ਇਸ ਦੀ ਲਪੇਟ ਵਿਚ ਹਨ। ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦੀ ਮਿਲਣ ਦੇ 71 ਸਾਲਾਂ ਬਾਅਦ ਵੀ ਅਸੀਂ ਅਜਿਹੀਆਂ ਭਿਅੰਕਰ ਅਲਾਮਤਾਂ ਨਾਲ ਜੂਝ ਰਹੇ ਹਾਂ। ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਅਸੀਂ ਇਨ੍ਹਾਂ ਭਿਅੰਕਰ ਬਿਮਾਰੀਆਂ ਤੋਂ ਖਹਿੜਾ ਨਹੀਂ ਛੁਡਾ ਸਕੇ ਹਾਂ। ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗੇ ਕੂੜੇ ਕਰਕਟ ਦੇ ਅੰਬਾਰ ਅਤੇ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੀ ਵਰਤੋਂ ਅਤੇ ਵਧ ਰਿਹਾ ਕੂੜਾ ਕਰਕਟ ਇਸ ਦੇ ਕਾਰਨ ਹੋ ਸਕਦੇ ਹਨ। ਇਸ ਧਰਤੀ ਗ੍ਰਹਿ ਉੱਪਰ ਰਹਿੰਦੇ ਮਨੁੱਖ ਨੇ ਜੇਕਰ ਆਪਣੀ ਰੂੜੀਵਾਦੀ ਸੋਚ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਾਰੂ ਅਤੇ ਭਿਅੰਕਰ ਬਿਮਾਰੀਆਂ ਇਥੇ ਦਸਤਕ ਦਿੰਦੀਆਂ ਰਹਿਣਗੀਆਂ।

-ਕਾਜਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ੁੱਧਤਾ ਜੀਵਨ ਲਈ ਖਤਰਾ
ਪਿਛਲੇ ਦਿਨੀਂ ਛਪੀ ਰਿਪੋਰਟ ਮੁਤਾਬਿਕ ਕਿਸੇ ਵੱਡੇ ਸ਼ਹਿਰ ਦੀ ਸਨਅਤੀ ਇਕਾਈ ਵਲੋਂ ਤੇਜ਼ਾਬ ਅਤੇ ਵਿਅਰਥ ਖਤਰਨਾਕ ਤਰਲ ਰਸਾਇਣ ਬੰਦ ਪਏ ਬੋਰ ਵੈੱਲਾਂ ਵਿਚ ਸੁੱਟ ਕੇ ਧਰਤੀ ਹੇਠਲੇ 'ਪੀਣਯੋਗ ਪਾਣੀ' ਨੂੰ ਮਹਾਂਪਲੀਤ ਕੀਤਾ ਜਾ ਰਿਹਾ ਹੈ।
ਸਤਲੁਜ ਜੋ ਸ੍ਰੀ ਅਨੰਦਪੁਰ ਸਾਹਿਬ (ਪੰਜਾਬ) ਵਿਚ ਦਾਖਲ ਹੋ ਕੇ ਹਰੀਕੇ ਪੱਤਣ ਤੱਕ ਜਾਂਦੀ ਹੈ, ਦੋਵੇਂ ਪਾਸੇ 22 ਅਸੰਬਲੀ ਹਲਕਿਆਂ ਨਾਲ ਜੁੜ ਕੇ ਗੁਜ਼ਰਦੀ ਹੈ। ਇਨ੍ਹਾਂ ਹਲਕਿਆਂ ਦੇ ਵਾਰਿਸਾਂ ਵਲੋਂ ਕਦੀ ਵੀ ਇਹ ਯਕੀਨੀ ਨਹੀਂ ਬਣਾਇਆ ਗਿਆ ਕਿ ਮੇਰੇ ਇਲਾਕੇ ਦੀਆਂ ਸਨਅਤਾਂ ਵਲੋਂ ਗੰਦਾ ਪਾਣੀ ਜਾਂ ਖੰਡ ਮਿੱਲਾਂ ਦਾ ਸੀਰਾ ਵਿਚ ਨਾ ਮਿਲਾਇਆ ਜਾਂਦਾ ਹੋਵੇਗਾ। ਅਜਿਹਾ 'ਮਹਾਂਪਲੀਤ' ਪਾਣੀ ਜਦੋਂ ਫਸਲਾਂ ਅਤੇ ਸਬਜ਼ੀਆਂ ਲਈ ਵਰਤਿਆ ਜਾਂਦਾ ਹੈ ਤਾਂ ਪਾਣੀ ਵਿਚਲੇ ਜ਼ਹਿਰੀਲੇ ਤੱਤ ਫਸਲਾਂ ਅਤੇ ਸਬਜ਼ੀਆਂ ਵਿਚ ਸਮਾ ਜਾਂਦੇ ਹਨ। ਜੋ ਸਿੱਧੇ ਤੌਰ 'ਤੇ ਮਨੁੱਖ, ਜੀਵ-ਜੰਤੂਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਜ਼ਿਆਦਾ ਕਰਕੇ ਪ੍ਰਸ਼ਾਸਨ ਅਤੇ ਰਾਜਸੀ ਲੋਕਾਂ ਨੂੰ ਛੇਤੀ ਤੋਂ ਛੇਤੀ 'ਗੂੜ੍ਹੀ ਨੀਂਦ' ਤੋਂ ਜਾਗਣਾ ਚਾਹੀਦਾ ਹੈ, ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਪਾਣੀ ਦੀ ਪਵਿੱਤਰਤਾ ਬਣੀ ਰਹਿ ਸਕੇ।

-ਮਾ: ਜਸਵੰਤ ਸਿੰਘ
ਬਾ.ਨਾ.ਦੇ.ਪ. ਸਕੂਲ ਭੱਟੀਵਾਲ, ਗੁਰਦਾਸਪੁਰ।

ਸ਼ਰਮਨਾਕ ਘਟਨਾ
ਲੁਧਿਆਣਾ ਸਮੂਹਕ ਜਬਰ ਜਨਾਹ ਦੀ ਘਟਨਾ ਨੇ ਹਰ ਪੰਜਾਬੀ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇਸ ਬੇਹੱਦ ਸ਼ਰਮਨਾਕ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਇਹ ਜਬਰ ਜਨਾਹ ਕਰਨ ਵਾਲੇ ਸਧਾਰਨ ਲੋਕ ਨਹੀਂ ਹੁੰਦੇ ਬਲਕਿ ਇਹ ਉਹ ਦਾਨਵ ਬਿਰਤੀ ਦੇ ਲੋਕ ਹਨ ਜੋ ਆਪਣੀ ਮਾਂ ਦੀ ਵੀ ਇੱਜ਼ਤ ਨਹੀਂ ਕਰਦੇ, ਇਨ੍ਹਾਂ ਦੇ ਘਰਾਂ ਵਿਚ ਭੈਣਾਂ ਨਹੀਂ ਹਨ। ਕਿਸੇ ਔਰਤ ਨਾਲ ਇਨ੍ਹਾਂ ਦਾ ਖੂਨ ਦਾ ਰਿਸ਼ਤਾ ਨਹੀਂ। ਇਹ ਸ਼ਾਇਦ ਬਿਨਾਂ ਮਾਂ ਤੋਂ ਦੁਨੀਆ 'ਤੇ ਆਏ ਹਨ ਤਾਂ ਹੀ ਕਿਸੇ ਦੀ ਧੀ ਦੀ ਇੱਜ਼ਤ ਕੀ ਹੁੰਦੀ ਇਹ ਨਹੀਂ ਜਾਣਦੇ। ਤਾਂ ਫਿਰ ਪ੍ਰਸ਼ਾਸਨ ਨੂੰ ਵੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸਰਕਾਰ ਨੂੰ ਬੇਨਤੀ ਹੈ ਕਿ ਮੁਜਰਮਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਸਖਤ ਸਜ਼ਾ ਦੇਵੇ। ਬਦਲਦੇ ਜ਼ਮਾਨੇ ਵਿਚ ਮਾਪੇ ਵੀ ਆਪਣਾ ਫਰਜ਼ ਪਛਾਣਨ। ਆਪਣੇ ਪੁੱਤਰਾਂ ਨੂੰ ਹਰ ਔਰਤ ਦੀ ਇੱਜ਼ਤ ਕਰਨੀ ਸਿਖਾਓ। ਜੇ ਹਰ ਪਰਿਵਾਰ ਆਪਣੇ ਪੁੱਤਰ ਨੂੰ ਹਰੇਕ ਦੀ ਧੀ ਦੀ ਇੱਜ਼ਤ ਕਰਨੀ ਸਿਖਾ ਦੇਵੇ ਤਾਂ ਇਹ ਗੁਨਾਹ ਰੁਕ ਜਾਵੇਗਾ। ਚੰਗੇ ਪਰਿਵਾਰ ਚੰਗੇ ਸਮਾਜ ਦੀ ਨੀਂਹ ਰੱਖਣਗੇ।

-ਮਨਿੰਦਰ ਕੌਰ ਬੱਸੀ
ਜ਼ਿਲ੍ਹਾ ਫਤਹਿਗੜ੍ਹ ਸਾਹਿਬ।

ਪਾਣੀ ਬਚਾਓ ਪੈਸਾ ਕਮਾਓ
ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਵਿਚ 'ਪਾਣੀ ਬਚਾਓ ਪੈਸਾ ਕਮਾਓ' ਮੁਹਿੰਮ ਤਹਿਤ ਇਕ ਕਿਸਾਨ ਦੀ 1200 ਯੂਨਿਟ ਬਿਜਲੀ ਵਰਤਣ ਦੀ ਹੱਦ ਰੱਖੀ ਗਈ ਹੈ। ਜੇਕਰ ਕਿਸਾਨ 1000 ਯੂਨਿਟ ਬਿਜਲੀ ਵਰਤਦਾ ਹੈ ਤਾਂ ਬਾਕੀ ਬਚਦੇ 200 ਯੂਨਿਟਾਂ ਦੇ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 800 ਰੁਪਏ ਉਸ ਦੇ ਖਾਤੇ ਵਿਚ ਪਾ ਦਿੱਤੇ ਜਾਂਦੇ ਹਨ। ਜਿਨ੍ਹਾਂ ਕਿਸਾਨਾਂ ਨੇ ਇਹ ਸਕੀਮ ਅਪਣਾ ਕੇ ਟਿਊਬਵੈੱਲਾਂ 'ਤੇ ਮੀਟਰ ਲਗਵਾਏ ਹਨ, ਇਹ ਲਾਭ ਉਨ੍ਹਾਂ ਨੂੰ ਹੀ ਮਿਲਦਾ ਹੈ ਅਤੇ ਸਬਸਿਡੀ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਇਹ ਸਕੀਮ ਪੂਰੇ ਪੰਜਾਬ ਵਿਚ ਚਲਾਈ ਜਾਣੀ ਚਾਹੀਦੀ ਹੈ। ਜਿਸ ਨਾਲ ਜਿਥੇ ਚਾਹਵਾਨ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ, ਉਥੇ ਪਾਣੀ ਬਰਬਾਦ ਹੋਣ ਤੋਂ ਬਚਾਉਣ ਦੇ ਨਾਲ-ਨਾਲ ਧਰਤੀ ਹੇਠਲਾ ਵਡਮੁੱਲਾ ਪਾਣੀ ਵੀ ਬਚਾਇਆ ਜਾ ਸਕੇਗਾ?

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX