ਤਾਜਾ ਖ਼ਬਰਾਂ


ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 2 hours ago
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਦੇਰ ਰਾਤ 10 ਦੇ ਕਰੀਬ ਸਤਲੁਜ ਦਰਿਆ ਦੇ ਤਾਜੋਵਾਲ-ਮੰਢਾਲਾ ਧੁੱਸੀ ਬੰਨ੍ਹ ਨੂੰ ਇਕ ਵਾਰ ਫਿਰ ...
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  1 day ago
ਬਾਘਾ ਪੁਰਾਣਾ ,20 ਅਗਸਤ {ਬਲਰਾਜ ਸਿੰਗਲਾ}- ਆਪਣੇ ਹੀ ਲਾਇਸੰਸੀ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਬੂਟਾ ਸਿੰਘ ਦੀ ਮੌਤ ਹੋ ਗਈ । ਪੁਲਿਸ ਨੇ 174 ਦੀ ਕਾਰਵਾਈ ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ) ,20 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ ਵਿਚੋਂ ਦੂਸਰੀ ਦੀ ਲਾਸ਼ ਵੀ ਭਾਖੜਾ ਨਹਿਰ ਦੇ ਖਨੌਰੀ ਹੈਡ ਵਿਚੋਂ ਬਰਾਮਦ ਕਰ ਲਈ ਗਈ ...
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  1 day ago
ਲੋਹੀਆਂ ਖਾਸ, 20 ਅਗਸਤ (ਦਿਲਬਾਗ ਸਿੰਘ)- ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ. ਐਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰੀਬ 50 ਪਿੰਡਾਂ ਦੀ 30,000 ਏਕੜ ਜਮੀਨ ’ਤੇ ...
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  1 day ago
ਮਾਨਸਾ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ। ਫੜੀਆਂ ਗਲੀਆਂ ਦੀ ਕੀਮਤ ...
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  1 day ago
ਰਾਜਪੁਰਾ, 20 ਅਗਸਤ (ਰਣਜੀਤ ਸਿੰਘ) - ਅੱਜ ਇੱਥੇ ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  1 day ago
ਹੰਡਿਆਇਆ, 20 ਅਗਸਤ (ਗੁਰਜੀਤ ਸਿੰਘ ਖੁੱਡੀ )- ਸੰਤ ਸਮਾਜ ਵੱਲੋਂ 21 ਅਗਸਤ ਨੂੰ ਦਿੱਲੀ ਵਿਖੇ ਜੰਤਰ-ਮੰਤਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ....
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 20 ਅਗਸਤ (ਮਨਜੀਤ ਸਿੰਘ ਢਿੱਲੋਂ)- ਬਲਾਕ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ 'ਚ ਇਕ 24 ਸਾਲਾ ਨੌਜਵਾਨ ਲੜਕੇ ਦੀ ਨਸ਼ੇ ਦੀ ਓਵਰ ਡੋਜ਼ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਤੁਹਾਡੇ ਖ਼ਤ

23-07-2019

 ਮਾੜੀ ਗਾਇਕੀ
ਗੀਤ-ਸੰਗੀਤ ਕਿਸੇ ਵੀ ਖਿੱਤੇ ਦਾ ਹੋਵੇ, ਉਹ ਰੂਹ ਨੂੰ ਸਕੂਨ ਦੇਣ ਵਾਲਾ ਹੀ ਹੁੰਦਾ ਹੈ ਤੇ ਸੰਗੀਤ ਰੂਹ ਦੀ ਮਨੋਰੰਜਕ ਖੁਰਾਕ ਹੈ। ਅਫ਼ਸੋਸ ਕਿ ਸਾਡੇ ਮਹਾਨ 'ਪੰਜਾਬੀ ਸੱਭਿਆਚਾਰਕ' ਦੇ ਨਾਂਅ ਹੇਠ ਬਹੁਤੇ ਗਾਇਕ ਕਲਾਕਾਰਾਂ ਵਲੋਂ ਗ਼ਲਤ ਤੇ ਲੱਚਰ ਗਾਇਕੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਿਮਾਰੀ ਘਟਣ ਦੀ ਥਾਂ ਵਧਦੀ ਹੀ ਜਾ ਰਹੀ ਹੈ। ਰਾਤੋ-ਰਾਤ ਸਟਾਰ ਬਣਨ ਤੇ ਪੈਸੇ ਦੀ ਭੁੱਖ ਵਿਚ ਅੱਜ ਬੜਾ ਕੁਝ ਪੰਜਾਬੀ ਗਾਇਕੀ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿਸੇ ਪਾਸਿਓਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਰ ਸਾਡੀ ਵੀ ਜ਼ਮੀਰ ਮਰ ਚੁੱਕੀ ਹੈ ਜੋ ਗ਼ਲਤ ਚੀਜ਼ਾਂ ਦਾ ਵਿਰੋਧ ਕਰਨ ਦਾ ਹੌਸਲਾ ਹੀ ਨਹੀਂ ਕਰਦੀ। ਹੋਰ ਤਾਂ ਹੋਰ ਪੰਜਾਬ ਦੀਆਂ ਔਰਤ ਗਾਇਕਾਵਾਂ ਨੇ ਵੀ ਕਾਫੀ ਹੱਦ ਤੱਕ ਹੱਦ ਬੰਨ੍ਹੇ ਟੱਪ ਦਿੱਤੇ ਹਨ।
ਮੈਨੂੰ ਤਾਂ ਇੰਜ ਜਾਪ ਰਿਹਾ ਹੈ ਜਿਵੇਂ ਅੱਜ ਗ਼ਲਤ ਗਾਇਕੀ ਦਾ ਮੁਕਾਬਲਾ ਹੀ ਚੱਲ ਰਿਹਾ ਹੋਵੇ। ਕਈ ਕਲਮਕਾਰ, ਸਾਹਿਤਕਾਰ, ਪੱਤਰਕਾਰ ਆਦਿ ਇਸ ਗ਼ਲਤ ਗਾਇਕੀ ਦਾ ਵਿਰੋਧ ਕਰ ਰਹੇ ਹਨ ਪਰ ਕਿਸੇ ਦੀ ਪੇਸ਼ ਨਹੀਂ ਜਾਂਦੀ। ਸਰਕਾਰਾਂ ਤਾਂ ਸੁੱਤੀਆਂ ਹੀ ਹਨ ਤੇ ਪੰਜਾਬੀ ਦੀਆਂ ਵੱਡੀਆਂ ਸੰਸਥਾਵਾਂ ਨੇ ਵੀ ਇਸ ਦੇ ਵਿਰੋਧ 'ਚ ਕੋਈ ਕਦਮ ਨਹੀਂ ਚੁੱਕਿਆ। ਗਾਇਕ ਵੀਰੋ, ਤੁਸੀਂ ਵੀ ਜ਼ਿੰਮੇਵਾਰੀ ਸਮਝੋ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

* ਸੰਗੀਤ ਰੂਹ ਨੂੰ ਸਕੂਨ ਦੇਣ ਵਾਲੀ ਸ਼ੈਅ ਮੰਨੀ ਜਾਂਦੀ ਹੈ। ਪਰ ਅਜੋਕੀ ਗਾਇਕੀ 'ਸੁਰੀਲੀ' ਦੀ ਥਾਂ 'ਸ਼ੋਰੀਲੀ' ਬਣ ਹੋ ਗਈ ਹੈ। ਬੇਹੂਦਾ ਪਹਿਰਾਵਾ ਪਾ ਕੇ, ਬੇਹੂਦਾ ਹਰਕਤ ਕਰ ਕੇ ਅਤੇ ਬੇਹੂਦੇ ਬੋਲਾਂ ਨਾਲ ਗਾਇਕ ਪਤਾ ਨਹੀਂ ਕਿਹੜੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਰਹੇ ਹਨ। ਇਸ ਤੋਂ ਬਿਨਾਂ ਇਹ ਗਾਇਕੀ ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕਰ ਰਹੀ ਹੈ। ਇਹ ਗਾਇਕੀ ਨੌਜਵਾਨਾਂ ਨੂੰ ਨਸ਼ੇੜੀ, ਹਿੰਸਕ, ਕਾਤਲ, ਵਿਹਲੜ ਅਤੇ ਹੋਰ ਗ਼ੈਰ-ਕਾਨੂੰਨੀ ਕੰਮ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਹਰ ਸ਼ਹਿਰ ਵਿਚ ਗਲੀ-ਮੁਹੱਲਿਆਂ ਵਿਚ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਜਿਹੀ ਗਾਇਕੀ ਤੋਂ ਪ੍ਰਭਾਵਿਤ ਵਿਗੜੈਲ ਮੁੰਡਿਆਂ ਦੇ ਕਾਰੇ ਹਨ, ਜੋ ਕਿ ਆਪਣੀਆਂ ਲੋੜਾਂ ਬੇਹੱਦ ਵਧਾ ਚੁੱਕੇ ਹਨ। ਆਖਰ ਨੂੰ ਪਤਾ ਨਹੀਂ ਇਸ ਰੁਝਾਨ ਦੇ ਕੀ ਦੁਰਗਾਮੀ ਸਿੱਟੇ ਨਿਕਲਣਗੇ। ਸਾਡੀ ਸਰਕਾਰ ਨੂੰ ਅਜਿਹੀ ਗਾਇਕੀ 'ਤੇ ਸੈਂਸਰ ਬੋਰਡ ਕਾਇਮ ਕਰਨਾ ਚਾਹੀਦਾ ਹੈ ਤਾਂ ਕਿ ਗਾਇਕ ਅਤੇ ਗਾਇਕੀ ਪੰਜਾਬੀ ਸੱਭਿਆਚਾਰ ਦੀ ਬਾਤ ਪਾ ਸਕਣ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਮੁਹਾਲੀ ਦੇ ਫੇਜ਼ ਅਤੇ ਸੈਕਟਰ
ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹਾ ਹੈੱਡਕੁਆਰਟਰ ਹੈ। ਇਸ ਦੀ ਵਿਉਂਤਬੰਦੀ ਦਾ ਹਰੇਕ ਕੰਮ ਸੁਚੱਜੀ ਸੂਝ ਦੀ ਮੰਗ ਕਰਦਾ ਹੈ। ਇਥੇ ਬਹੁਤ ਸਾਰੇ ਮਹੱਤਵਪੂਰਨ ਸਰਕਾਰੀ ਦਫ਼ਤਰ ਹਨ। ਉੱਚ ਪੱਧਰ ਦੀਆਂ ਹੋਰ ਬਹੁਤ ਮਹੱਤਵਪੂਰਨ ਸੰਸਥਾਵਾਂ ਹਨ। ਅਜਿਹੇ ਸ਼ਹਿਰ ਦੀ ਇਲਾਕਾ ਵੰਡ ਦਾ ਨਾਮਕਰਨ ਕਰਨਾ ਬਹੁਤ ਸੰਜੀਦਗੀ ਦਾ ਕੰਮ ਹੈ। ਇਕ ਦੁਕਾਨ 'ਤੇ ਉਸ ਦੇ ਐਡਰੈੱਸ ਦਾ ਲੱਗਾ ਬੋਰਡ ਪੜ੍ਹਿਆ। ਲਿਖਿਆ ਸੀ '(ਫੇਜ਼ 7) ਸੈਕਟਰ 61' ਮੁਹਾਲੀ। ਸੋਚਿਆ ਕਿ ਸ਼ਾਇਦ ਸੈਕਟਰ 61 ਅੱਗੇ ਫੇਜ਼ਾਂ ਵਿਚ ਵੰਡ ਦਿੱਤਾ ਗਿਆ ਹੈ। ਪਰ ਦੁਕਾਨਦਾਰ ਨੇ ਦੱਸਿਆ ਕਿ ਅਜਿਹਾ ਨਹੀਂ ਹੈ। ਇਹ ਸੁਣ ਕੇ ਤੇ ਦੇਖ ਕੇ ਹੈਰਾਨੀ ਹੋਈ ਕਿ ਮੁਹਾਲੀ ਦੇ ਇਕ (1) ਤੋਂ ਗਿਆਰਾਂ (11) ਤੱਕ ਫੇਜ਼ ਸਨ। ਅੱਗੇ 61, 62, 63, ........ 93, 94 ਸੈਕਟਰ ਆ ਗਏ। ਕੋਈ ਗੱਲ ਬਣੀ ਨਹੀਂ। ਕਿਹੜੀ ਵਿਉਂਤਬੰਦੀ ਹੋਈ? ਜੇ ਸੈਕਟਰ ਬਣਾ ਦਿੱਤੇ ਗਏ ਹਨ ਤਾਂ ਇਕ (1) ਤੋਂ ਸੱਠ (60) ਤੱਕ ਸੈਕਟਰ ਕਿੱਥੇ ਹਨ? ਜੇ ਫੇਜ਼ ਹਨ ਤਾਂ 11 ਤੋਂ ਅੱਗੇ ਫੇਜ਼ ਕਿੱਥੇ ਹਨ? ਇਹ ਭੰਬਲਭੂਸਾ ਸਰਕਾਰੀ ਪੱਧਰ 'ਤੇ ਸ਼ੋਭਦਾ ਨਹੀਂ ਜਾਂ ਫਿਰ ਇਸ ਪਿੱਛੇ ਕੀ ਚਾਲ ਹੈ? ਅਕਲ ਤੋਂ ਬਾਹਰ ਹੈ।

-ਹਰਬੰਸ ਸਿੰਘ
ਮੌਜੋਵਾਲ ਮਜਾਰਾ (ਸ਼.ਭ.ਸ. ਨਗਰ)।

ਵਿਦੇਸ਼ੀ ਪੜ੍ਹਾਈ ਦਾ ਰੁਝਾਨ
ਅਜੋਕੀ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਲਗਦਾ ਹੈ ਕਿ ਇਨ੍ਹਾਂ ਦਾ ਭਵਿੱਖ ਹੁਣ ਇਨ੍ਹਾਂ ਕੋਲੋਂ ਦੂਰ ਉਡਾਰੀ ਮਾਰ ਗਿਆ ਹੈ। ਵਿਦੇਸ਼ਾਂ ਦੀ ਭੱਜ-ਦੌੜ ਨੇ ਨਵੀਂ ਪੀੜ੍ਹੀ ਦੇ ਮਨਾਂ 'ਚੋਂ ਦੇਸ਼ ਪ੍ਰਤੀ ਮੋਹ ਹੀ ਨਹੀਂ ਘਟਾਇਆ, ਸਗੋਂ ਮਾਪਿਆਂ ਪ੍ਰਤੀ ਮੋਹ ਦੀਆਂ ਤੰਦਾਂ ਵੀ ਕੱਚੀਆਂ ਕਰ ਦਿੱਤੀਆਂ ਹਨ। ਵਿਦੇਸ਼ਾਂ ਵਿਚ ਪੜ੍ਹਨ ਦਾ ਰੁਝਾਨ ਐਨਾ ਵੱਧ ਗਿਆ ਹੈ ਕਿ ਹਰ ਬੱਚਾ ਸੈਕੰਡਰੀ ਦੀ ਪੜ੍ਹਾਈ ਕਰਨ ਪਿੱਛੋਂ ਵਿਦੇਸ਼ ਜਾਣਾ ਚਾਹੁੰਦਾ ਹੈ। ਇੰਜ ਜਾਪਦਾ ਕਿ ਇਹ ਪੀੜ੍ਹੀ ਪੜ੍ਹਾਈ ਲਈ ਘੱਟ ਸਗੋਂ ਐਸ਼-ਪ੍ਰਸਤੀ ਅਤੇ ਮਾਪਿਆਂ ਤੋਂ ਆਜ਼ਾਦੀ ਲਈ ਵਿਦੇਸ਼ ਦਾ ਰਾਹ ਚੁਣ ਰਹੇ ਹਨ। ਵਿਦੇਸ਼ੀ ਸੱਭਿਆਚਾਰ, ਪਹਿਰਾਵਾ, ਵਿਦੇਸ਼ੀ ਰਹਿਣ-ਸਹਿਣ ਸਾਡੀ ਨਵੀਂ ਪੀੜ੍ਹੀ ਉੱਤੇ ਕਾਫੀ ਹੱਦ ਤੱਕ ਪ੍ਰਭਾਵ ਪਾ ਰਿਹਾ ਹੈ। ਬੇਸ਼ੱਕ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਖਿੱਚ ਤਾਂ ਰੱਖਦੇ ਹਨ, ਪਰ ਕਿਤੇ ਨਾ ਕਿਤੇ ਆਪਣੇ ਚਾਵਾਂ ਦਾ ਗਲਾ ਆਪ ਹੀ ਘੁੱਟ ਰਹੇ ਹਨ। ਅਸੀਂ ਕਿਉਂ ਐਨਾ ਕਰਜ਼ਾ ਚੁੱਕ ਕੇ ਅਜਿਹੇ ਰਾਹਾਂ ਦੀ ਚੋਣ ਕਰਦੇ ਹਾਂ। ਆਪਣੇ ਬੱਚਿਆਂ ਨੂੰ ਆਪਣੇ ਹੀ ਹੱਥਾਂ ਵਿਚੋਂ ਕੱਢਣ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੋਵਾਂਗੇ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

22-07-2019

 ਬੇਰੁਜ਼ਗਾਰੀ ਦਾ ਠੋਸ ਹੱਲ
ਪਿਛਲੇ ਦਿਨੀਂ ਸੰਪਾਦਕੀ ਸਫੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੇ ਲੇਖ 'ਬੇਰੁਜ਼ਗਾਰੀ ਬਾਰੇ ਠੋਸ ਨੀਤੀ ਦੀ ਲੋੜ' ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਬਜਟ ਵਿਚ ਨੌਜਵਾਨਾਂ ਬਾਰੇ ਰੁਜ਼ਗਾਰ ਦੇ ਵਸੀਲੇ ਨਾ ਪੈਦਾ ਕਰਨ ਬਾਰੇ ਵਿਸਥਾਰ ਨਾਲ ਬਿਆਨ ਕੀਤਾ ਹੈ ਅਤੇ ਵਧਦੀ ਬੇਰੁਜ਼ਗਾਰੀ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਅੱਜ ਦਾ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਆਪਣੀ ਸਾਰੀ ਜ਼ਮੀਨ-ਜਾਇਦਾਦ ਵੇਚ ਪੱਕੇ ਤੌਰ 'ਤੇ ਬਾਹਰ ਜਾ ਰਿਹਾ ਹੈ। ਉਸ ਨੂੰ ਆਪਣਾ ਭਵਿੱਖ ਭਾਰਤ 'ਚ ਧੁੰਦਲਾ ਨਜ਼ਰ ਆ ਰਿਹਾ ਹੈ। ਪਹਿਲਾਂ ਲੋਕ ਬਾਹਰੋਂ ਪੈਸੇ ਭਾਰਤ ਭੇਜਦੇ ਸੀ, ਹੁਣ ਇਸ ਦੇ ਉਲਟ ਭਾਰਤ ਦਾ ਪੈਸਾ ਬਾਹਰ ਜਾ ਰਿਹਾ ਹੈ। ਕਰੀਮ ਬਾਹਰ ਤੁਰੀ ਜਾ ਰਹੀ ਹੈ। ਕਾਲਜ ਖਾਲੀ ਹੋ ਰਹੇ ਹਨ। ਜੋ ਚਿੰਤਾ ਦਾ ਵਿਸ਼ਾ ਹੈ ਅਤੇ ਜੋ ਦੇਸ਼ ਅਤੇ ਲੋਕ ਹਿਤ ਵਿਚ ਨਹੀਂ ਹੈ। ਇਸ ਬਾਰੇ ਸਰਕਾਰ ਸੰਜੀਦਾ ਨਹੀਂ ਹੈ। ਬਜਟ ਵਿਚ ਵੀ ਨੌਜਵਾਨਾਂ ਦੀਆਂ ਨੌਕਰੀਆਂ ਬਾਰੇ ਕੁਝ ਨਹੀਂ ਹੈ। ਸਰਕਾਰ ਨੂੰ ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰ ਕੇ ਬਾਹਰ ਜਾ ਰਹੇ ਪ੍ਰਸਾਰ ਨੂੰ ਰੋਕਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਸਰਕਾਰਾਂ ਨੂੰ ਸਰਕਾਰ ਬਣਾਉਣ ਲਈ ਕੋਈ ਨੌਜਵਾਨ ਨਾ ਮਿਲਣ ਸਿਰਫ਼ ਬੁਢਾਪਾ ਹੀ ਰੁਲਦਾ ਨਜ਼ਰ ਆਵੇ।

-ਗੁਰਮੀਤ ਸਿੰਘ ਵੇਰਕਾ

ਭੋਜਨ ਦੀ ਬਰਬਾਦੀ
ਅੱਜਕਲ੍ਹ ਖ਼ੁਸ਼ੀ ਦੇ ਵਧੇਰੇ ਪ੍ਰੋਗਰਾਮ ਪੈਲੇਸਾਂ ਵਿਚ ਹੋਣ ਲੱਗੇ ਹਨ। ਇਸ ਨੇ ਜਿਥੇ ਕਾਫ਼ੀ ਪੱਖਾਂ ਤੋਂ ਫਾਇਦਾ ਕੀਤਾ ਹੈ, ਉਥੇ ਹੀ ਕਈ ਪੱਖਾਂ ਤੋਂ ਇਸ ਨਾਲ ਸਮਾਜ ਨੂੰ ਨੁਕਸਾਨ ਵੀ ਹੋਇਆ ਹੈ। ਪੈਲੇਸਾਂ ਵਿਚ ਸਭ ਤੋਂ ਵੱਧ ਅੰਨ ਦੀ ਬਰਬਾਦੀ ਹੁੰਦੀ ਹੈ। ਮਹਿਮਾਨ ਕੇਵਲ ਇਕ ਜਾਂ ਦੋ ਘੰਟੇ ਲਈ ਹੀ ਵਿਆਹਾਂ ਵਿਚ ਸ਼ਾਮਿਲ ਹੁੰਦੇ ਹਨ। ਇਸ ਸਮੇਂ ਦੌਰਾਨ ਕਈ ਸੱਜਣ ਇਉਂ ਕਰਦੇ ਹਨ ਕਿ ਜੇਕਰ ਖਾਣਾ ਚੰਗਾ ਨਾ ਲੱਗੇ ਤਾਂ ਤੁਰੰਤ ਹੀ ਜੂਠੀ ਪਲੇਟ ਕੂੜੇਦਾਨ ਵਿਚ ਸੁੱਟ ਕੇ ਹੋਰ ਪਲੇਟ ਲੈ ਕੇ ਅਗਲੇ, ਸਟਾਲ ਵੱਲ ਤੁਰ ਪੈਂਦੇ ਹਨ। ਇਸ ਤਰ੍ਹਾਂ ਜੂਠੀ ਕਰਕੇ ਸੁੱਟੀ ਗਈ ਪਲੇਟ ਮੇਜ਼ਬਾਨ ਦੀ ਜੇਬ ਉੱਪਰ ਡਾਕਾ ਹੈ। ਵੈਸੇ ਹੀ ਜੇਕਰ ਲੋੜ ਅਨੁਸਾਰ ਅਤੇ ਆਪਣੇ ਸਵਾਦ ਅਨੁਸਾਰ ਹੀ ਖਾਈਏ ਤਾਂ ਕਿੰਨਾ ਹੀ ਅੰਨ ਬਚਾਇਆ ਜਾ ਸਕਦਾ ਹੈ। ਇਸ ਬਚੇ ਹੋਏ ਅੰਨ ਨਾਲ ਕਿੰਨੇ ਹੀ ਲੋੜਵੰਦਾਂ ਦੀ ਭੁੱਖ ਮਿਟਾਈ ਜਾ ਸਕਦੀ ਹੈ। ਇਸ ਲਈ ਜੂਠ ਛੱਡਣ ਦੀ ਬੁਰੀ ਆਦਤ ਦਾ ਤਿਆਗ ਕਰਨਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ ਪਹੇੜੀ
ਅਨੰਦ ਨਗਰ-ਬੀ, ਪਟਿਆਲਾ।

ਲਾਸ਼ਾਂ ਢੋਂਹਦੀਆਂ ਨਹਿਰਾਂ
ਔਰਤ ਨੇ ਅੱਠ ਮਹੀਨਿਆਂ ਦੀ ਬੱਚੀ ਸਮੇਤ ਨਹਿਰ 'ਚ ਮਾਰੀ ਛਾਲ। ਅਜਿਹੀ ਖ਼ਬਰ ਇਕ ਦਿਨ ਦੀ ਨਹੀਂ। ਤਕਰੀਬਨ ਰੋਜ਼ ਹੀ ਅਜਿਹੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਅੱਜ ਦਾ ਮਨੁੱਖ ਕਿਧਰ ਨੂੰ ਤੁਰ ਪਿਆ ਹੈ? ਜ਼ਿੰਦਗੀ ਨਾਲੋਂ ਮੋਹ ਟੁਟਦਾ ਜਾ ਰਿਹਾ ਹੈ। ਕਦੀ ਨਹਿਰਾਂ ਦਰਿਆਵਾਂ ਨੂੰ ਪਵਿੱਤਰ ਮੰਨਦਿਆਂ ਪੂਜਾ ਕੀਤੀ ਜਾਂਦੀ ਸੀ।
ਅੱਜ ਉਨ੍ਹਾਂ ਹੀ ਪਾਣੀਆਂ ਨੂੰ ਜ਼ਹਿਰੀਲਾ ਕਰਨ ਅਤੇ ਲਾਸ਼ਾਂ ਢੋਹਣ ਲਈ ਵਰਤਿਆ ਜਾ ਰਿਹਾ ਹੈ। ਨਹਿਰਾਂ ਦਾ ਪਾਣੀ ਵੀ ਖੇਤਾਂ ਨੂੰ ਲਾਉਣ ਜੋਗਾ ਨਹੀਂ ਰਿਹਾ ਹੋਣਾ। ਇਕ ਪਾਸੇ ਨਿੱਕੇ ਖਾਲੇ ਪਾਣੀਆਂ ਨੂੰ ਤਰਸ ਗਏ ਹਨ, ਦੂਜੇ ਪਾਸੇ ਨੱਕੋ-ਨੱਕ ਭਰੀਆਂ ਨਹਿਰਾਂ ਲਾਸ਼ਾਂ ਢੋਹਣ 'ਤੇ ਲੱਗ ਗਈਆਂ ਹਨ। ਕੀ ਕਲਯੁੱਗ ਹੈ, ਅੱਜ ਸਾਡੇ ਕਈ ਨੌਜਵਾਨ ਨਹਿਰਾਂ 'ਚੋਂ ਲਾਸ਼ਾਂ ਲੱਭਣ ਦਾ ਰੁਜ਼ਗਾਰ ਬਣਾਈ ਬੈਠੇ ਹਨ ਤੇ ਦੂਜੇ ਪਾਸੇ ਜ਼ਿੰਦਗੀ ਤੋਂ ਮੂੰਹ ਮੋੜੀ ਆਪਣੇ ਜਿਗਰ ਦੇ ਟੋਟਿਆਂ ਸਮੇਤ ਮੌਤ ਨੂੰ ਗਲ ਲਾਈ ਪਵਿੱਤਰ ਪਾਣੀਆਂ 'ਚ ਛਾਲਾਂ ਮਾਰੀ ਜਾ ਰਹੇ ਹਨ। ਆਓ, ਪਾਣੀਆਂ ਨੂੰ ਗੰਧਲਿਆਂ ਹੋਣ ਤੋਂ ਬਚਾਈਏ ਅਤੇ ਕੀਮਤੀ ਜ਼ਿੰਦਗੀਆਂ ਨੂੰ ਪਾਣੀਆਂ ਦੇ ਵਹਿਣ ਵਿਚ ਨਾ ਵਹਿਣ ਦੇਈਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਆਵਾਜਾਈ-ਸਮੱਸਿਆ
ਜਿੰਨੀ ਤੇਜ਼ੀ ਨਾਲ ਸਾਡੇ ਦੇਸ਼ ਦੀ ਆਬਾਦੀ ਵਧ ਰਹੀ ਹੈ, ਉਸ ਨਾਲੋਂ ਕਿਤੇ ਜ਼ਿਆਦਾ ਮਸ਼ੀਨਰੀ ਸੜਕਾਂ 'ਤੇ ਵਧ ਰਹੀ ਹੈ। ਸ਼ਹਿਰਾਂ ਵਿਚ ਲੱਗਦੇ ਵੱਡੇ-ਵੱਡੇ ਜਾਮ ਇਸ ਗੱਲ ਦੇ ਗਵਾਹ ਹਨ। ਮਸ਼ੀਨਰੀ ਵਧਣ ਕਰਕੇ ਨਵੇਂ ਬਣੇ ਫਲਾਈ-ਓਵਰ, ਨਵੀਆਂ ਬਣੀਆਂ ਸੜਕਾਂ ਵੀ ਤੰਗ ਲਗਦੀਆਂ ਹਨ।
ਸਾਡੇ ਦੇਸ਼ ਵਿਚ ਮਸ਼ੀਨਰੀ ਵਧਣ ਦਾ ਵੱਡਾ ਕਾਰਨ ਇਹ ਜਾਪਦਾ ਕਿ ਜੋ ਕਾਫੀ ਪੁਰਾਣੇ ਵਾਹਨ ਹਨ, ਉਹ ਅੱਜ ਵੀ ਸੜਕਾਂ 'ਤੇ ਬਿਨਾਂ ਮਨਜ਼ੂਰੀ ਚੱਲ ਰਹੇ ਹਨ। ਜਿੰਨਾ ਸਮਾਂ ਪੁਰਾਣੇ ਵਾਹਨਾਂ ਲਈ ਕੋਈ ਕਾਨੂੰਨ ਨਹੀਂ ਬਣਦਾ, ਅਸੀਂ ਆਵਾਜਾਈ ਵਾਲੀ ਸਮੱਸਿਆ ਤੋਂ ਮੁਕਤ ਨਹੀਂ ਹੋ ਸਕਾਂਗੇ। ਸਰਕਾਰ ਕਿਸੇ ਨੀਤੀ ਤਹਿਤ ਇਨ੍ਹਾਂ ਪੁਰਾਣੇ ਵਾਹਨਾਂ ਨੂੰ ਬੰਦ ਕਰਵਾ ਸਕਦੀ ਹੈ, ਤਾਂ ਜੋ ਵਿਅਕਤੀ ਆਪਣਾ ਪੁਰਾਣਾ ਵਾਹਨ ਦੇ ਕੇ ਨਵੇਂ ਬਾਰੇ ਸੋਚ ਸਕੇ। ਸਾਨੂੰ ਲੱਗਦਾ ਕਿ ਜੇਕਰ ਕੋਈ ਠੋਸ ਕਦਮ ਚੁੱਕੇ ਜਾਣ ਤਾਂ ਹੋ ਰਹੀਆਂ ਸੜਕ ਦੁਰਘਟਨਾਵਾਂ ਵੀ ਕਾਫੀ ਹੱਦ ਤੱਕ ਘਟ ਜਾਣਗੀਆਂ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਲੋਕ ਸਭਾ ਚੋਣਾਂ
ਬੀਤੇ ਦਿਨੀਂ 'ਅਜੀਤ ਮੈਗਜ਼ੀਨ' ਅੰਕ ਵਿਚ ਸ੍ਰੀ ਸਤਨਾਮ ਸਿੰਘ ਮਾਣਕ ਦਾ ਲੇਖ '2019 ਦੀਆਂ ਲੋਕ ਸਭਾ ਚੋਣਾਂ ਵੱਡਾ ਫ਼ਤਵਾ ਵੱਡੀ ਜ਼ਿੰਮੇਵਾਰੀ' ਪੜ੍ਹਿਆ ਜੋ ਕਿ ਬਹੁਤ ਹੀ ਵਧੀਆ ਲੱਗਾ। ਅੱਜ 'ਮੋਦੀ ਮੈਜਿਕ' ਹਰੇਕ ਦੇ ਸਿਰ ਚੜ੍ਹ ਬੋਲ ਰਿਹਾ ਹੈ। ਮੋਦੀ ਸਰਕਾਰ ਦੀ ਇਹ ਜਿੱਤ ਕਾਫੀ ਇਤਿਹਾਸਕ ਰਹੀ ਹੈ। ਇਹ ਜਿੱਤ ਕੋਈ ਇਕ ਦਿਨ ਜਾਂ ਰਾਤ ਦੀ ਮਿਹਨਤ ਦਾ ਨਤੀਜਾ ਨਹੀਂ ਹੈ। ਇਸ ਦੇ ਪੈਰ ਤਾਂ ਉਸ ਦਿਨ ਤੋਂ ਹੀ ਬੱਝਣੇ ਸ਼ੁਰੂ ਹੋ ਗਏ ਸਨ, ਜਿਸ ਦਿਨ 2014 'ਚ ਐਨ.ਡੀ.ਏ. ਦੀ ਸਰਕਾਰ ਕੇਂਦਰ ਵਿਚ ਬਣੀ ਸੀ। ਫਿਰ ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਸ਼ੁਰੂ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਰਹਿਣ ਲਈ ਘਰ, ਘਰ ਵਿਚ ਪਖਾਨਾ, ਗੈਸ ਸਿਲੰਡਰ ਆਦਿ ਯੋਜਨਾਵਾਂ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ। ਮੋਦੀ ਸਰਕਾਰ ਨੇ ਆਪਣੀ ਪਾਰਟੀ ਦਾ ਪ੍ਰਚਾਰ ਦਿਨ-ਰਾਤ ਜਾਰੀ ਰੱਖਿਆ।
ਪੰਜਾਬ 'ਚ ਕਾਂਗਰਸ ਸੱਤਾ 'ਚ ਹੈ ਅਤੇ ਇਨ੍ਹਾਂ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਕਾਂਗਰਸ 'ਤੇ ਹੀ ਭਰੋਸਾ ਕੀਤਾ ਹੈ। ਖ਼ੈਰ, ਹਰ ਸਰਕਾਰ ਦਾ ਮੰਤਵ ਦੇਸ਼ ਦੀ ਤਰੱਕੀ ਹੋਣਾ ਚਾਹੀਦਾ ਹੈ। ਮਹਿੰਗਾਈ, ਰੁਜ਼ਗਾਰ, ਕਿਸਾਨਾਂ ਦੀਆਂ ਸਮੱਸਿਆਵਾਂ, ਵਿਕਾਸ ਦਰ ਆਦਿ ਮੋਦੀ ਸਰਕਾਰ ਅੱਗੇ ਇਕ ਚੁਣੌਤੀ ਹੈ। ਜਨਤਾ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਨੂੰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।

-ਪਰਮਿੰਦਰ ਕੌਰ ਸ਼ਾਂਤੀ
ਬੇਅੰਤ ਨਗਰ, ਮੋਗਾ।

20-07-2019

 ਨਿਰਾਸ਼ਾਜਨਕ ਰਿਹਾ ਬਜਟ
ਕੇਂਦਰ ਦੀ ਮੋਦੀ ਸਰਕਾਰ ਵਲੋਂ 2019-20 ਦੇ ਪੇਸ਼ ਕੀਤੇ ਪਹਿਲੇ ਬਜਟ ਤੋਂ ਨੌਜਵਾਨਾਂ, ਸਨਅਤਕਾਰਾਂ, ਕਿਸਾਨਾਂ, ਅਤੇ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ। ਪਰ ਕੇਂਦਰੀ ਸਰਕਾਰ ਇਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰ ਸਕੀ। ਨੌਜਵਾਨ, ਜੋ ਅੱਜ ਨੌਕਰੀ ਦੀ ਭਾਲ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਲਈ ਨੌਕਰੀਆਂ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਹੁਣ ਹੋਰ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਮੂੰਹ ਕਰਨਗੇ। ਦੇਖਿਆ ਜਾਵੇ ਤਾਂ ਪਹਿਲਾਂ ਹੀ ਭਾਰਤ ਦਾ ਅਰਬਾਂ ਰੁਪਇਆਂ ਬਾਹਰਲੇ ਮੁਲਕਾਂ ਵੱਲ ਜਾ ਚੁੱਕਾ ਹੈ, ਅਤੇ ਸ਼ਾਇਦ ਹੁਣ ਅੱਗੇ ਹੋਰ ਵੀ ਇਸੇ ਤਰ੍ਹਾਂ ਹੀ ਜਾਂਦਾ ਰਹੇਗਾ। ਇਸ ਦੇ ਨਾਲ ਹੀ ਅਖ਼ਬਾਰੀ ਕਾਗਜ਼ ਉੱਪਰ ਲਾਏ 10 ਫ਼ੀਸਦੀ ਟੈਕਸ ਨੇ ਵੀ ਠੇਸ ਪਹੁੰਚਾਈ ਹੈ। ਕੁਝ ਕੁ ਅਖ਼ਬਾਰ ਤਾਂ ਪਹਿਲਾਂ ਹੀ ਬੰਦ ਹੋਣ ਦੇ ਕਿਨਾਰੇ 'ਤੇ ਹਨ, ਪਰ ਫਿਰ ਵੀ ਇਹ ਫ਼ੈਸਲਾ ਲਿਆ ਗਿਆ। ਪ੍ਰਿੰਟ ਮੀਡੀਆ ਜੋ ਕਿ ਪਹਿਲਾਂ ਹੀ ਬਿਜਲਈ ਮੀਡੀਆਂ ਦਾ ਮੁਕਾਬਲਾ ਕਰ ਰਿਹਾ ਹੈ, ਉਸ ਨੂੰ ਹੁਣ ਹੋਰ ਤਸ਼ੱਦਦ ਦਾ ਸਾਹਮਣਾ ਕਰਨਾ ਪਵੇਗਾ। ਸੋ ਕੁੱਲ ਮਿਲਾ ਕੇ ਕੁਝ ਕੁ ਵਰਗ ਨੂੰ ਛੱਡ ਕੇ ਬਹੁਤ ਸਾਰਾ ਵਰਗ ਇਸ ਬਜਟ ਤੋਂ ਨਿਰਾਸ਼ ਹੀ ਰਿਹਾ।

-ਸ਼ੰਕਰ, ਮੋਗਾ।

ਬੋਰਵੈੱਲ ਬਨਾਮ ਮੌਤ ਦਾ ਖੂਹ
ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿਚ ਬੜੀ ਵੱਡੀ ਦੁਖਦਾਈ ਘਟਨਾ ਵਾਪਰੀ। ਜਿਥੇ ਪੰਜਾਬ ਸਰਕਾਰ ਅਤੇ ਇਸ ਦੇ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਸਾਹਮਣੇ ਆਈ, ਉਥੇ ਐਨ.ਡੀ.ਆਰ.ਐਫ. ਨੂੰ ਵੀ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਥੇ ਬਹੁਤ ਹੀ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਲਗਪਗ ਸੌ ਫੁੱਟ ਡੂੰਘੇ ਬੋਰ ਵਿਚ ਡਿੱਗੇ ਦੋ ਸਾਲ ਦੇ ਮਾਸੂਮ ਬੱਚੇ ਨੂੰ ਕੱਢਣ ਲਈ ਸਾਡੇ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ. ਨੇ ਪੰਜ ਦਿਨ ਤੋਂ ਵੱਧ ਸਮਾਂ ਲਾ ਦਿੱਤਾ। ਅਖੀਰ ਬੱਚੇ ਦੀ ਲਾਸ਼ ਨੂੰ ਬੇਹੁਰਮਤੀ ਕਰਕੇ ਬਾਹਰ ਕੱਢਿਆ ਗਿਆ। ਡਿਜੀਟਲ ਇੰਡੀਆ ਦੀਆਂ ਗੱਲਾਂ ਕਰਨ ਵਾਲੇ ਭਾਰਤ ਦੇ ਵੱਡੇ ਰਾਜਸੀ ਆਗੂਆਂ ਦੀ ਕਰਤੂਤ ਸਾਰੀ ਦੁਨੀਆ ਸਾਹਮਣੇ ਨੰਗੀ ਹੋ ਗਈ ਹੈ। ਕਿੰਨੀ ਅਫ਼ਸੋਸ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੇ ਹਾਕਮ ਆਪਣੀ ਰਾਜਸੀ ਪੈਂਠ ਬਣਾਉਣ ਲਈ ਮਰ ਚੁੱਕੇ ਇਨਸਾਨਾਂ ਦੀਆਂ ਮੂਰਤੀਆਂ ਬਣਾਉਣ 'ਤੇ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ ਜਦ ਕਿ ਧਰਤੀ 'ਤੇ ਵਸਣ ਵਾਲੇ ਜਿਊਂਦੇ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਵੱਡੀ ਅਣਹੋਂਦ ਅੱਜ ਹਰ ਪਾਸੇ ਰੜਕਦੀ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।

ਪਾਣੀ ਦੀ ਬਰਬਾਦੀ
ਪਾਣੀ ਬਾਰੇ ਰੋਜ਼ਾਨਾ ਪੜ੍ਹਨ ਅਤੇ ਸੁਣਨ ਨੂੰ ਮਿਲ ਰਿਹਾ ਹੈ ਕਿ ਜ਼ਮੀਨ ਹੇਠਲਾ ਪਾਣੀ ਬਹੁਤ ਥੱਲੇ ਜਾ ਰਿਹਾ ਹੈ। ਜੇ ਇਹੀ ਹਾਲ ਰਿਹਾ ਤਾਂ ਇਕ ਦਿਨ ਪਾਣੀ ਪੀਣ ਲਈ ਵੀ ਮੁਸ਼ਕਿਲ ਨਾਲ ਲੱਭੇਗਾ। ਅਸੀਂ ਘਰਾਂ ਵਿਚ ਆਪਣੀਆਂ ਗੱਡੀਆਂ ਨੂੰ ਪਾਈਪਾਂ ਰਾਹੀਂ ਧੋਣ ਲਈ ਬੇਤਹਾਸ਼ਾ ਪਾਣੀ ਰੋੜ੍ਹਦੇ ਹਾਂ, ਫਿਰ ਅਸੀਂ ਉਸੇ ਪਾਈਪ ਨਾਲ ਗਲੀ ਵਿਚ ਛਿੜਕਾ ਕਰਕੇ ਖੂਬ ਪਾਣੀ ਰੋੜ੍ਹਦੇ ਹਾਂ। ਕਮੇਟੀਆਂ/ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਜਾ ਕੇ ਅਜਿਹਾ ਹੋਣ ਤੋਂ ਰੋਕਣਾ ਚਾਹੀਦਾ ਹੈ। ਦੂਸਰਾ ਸਰਕਾਰ ਨੂੰ ਸਰਵੇਖਣ ਕਰਨਾ ਚਾਹੀਦਾ ਹੈ ਕਿ ਕਿਸਾਨ ਕਿਵੇਂ ਪਾਣੀ ਦੀ ਬਰਬਾਦੀ ਕਰ ਰਿਹਾ ਹੈ। ਇਸ ਦੀ ਬੱਚਤ ਲਈ ਸਾਨੂੰ ਝੋਨੇ ਦੀ ਕਾਸ਼ਤ ਘੱਟ ਕਰਨੀ ਪੈਣੀ ਹੈ, ਕਿਉਂਕਿ ਝੋਨਾ ਪਾਣੀ ਬੇਤਹਾਸ਼ਾ ਮੰਗਦਾ ਹੈ। ਸਰਕਾਰ ਵੀ ਕੋਸ਼ਿਸ਼ ਕਰੇ, ਪਰ ਇਸ ਦੇ ਨਾਲ ਹੀ ਸਾਡੀ ਵੀ ਘਰਾਂ ਵਿਚ ਮਜਬੂਰੀ ਹੋਣੀ ਚਾਹੀਦੀ ਹੈ ਕਿ ਅਸੀਂ ਪਾਣੀ ਬੇਤਹਾਸ਼ਾ ਨਾ ਵਰਤੀਏ। ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਇਥੇ ਪਾਣੀ ਹੀ ਪਾਣੀ ਸੀ ਪਰ ਹੁਣ ਦੇਖੋ, ਕਿਵੇਂ ਪਾਣੀ ਥੱਲੇ ਜਾਣ ਕਰਕੇ ਕਿੰਨੀ ਤੰਗੀ ਹੋ ਰਹੀ ਹੈ ਅਤੇ ਹੋਵੇਗੀ ਵੀ। ਸੋ, ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

 

19-07-2019

 ਪੈਨਸ਼ਨ ਸਕੀਮ
ਇਕ ਮੁਲਾਜ਼ਮ ਜੋ 20-25 ਸਾਲ ਤੱਕ ਆਪਣੇ ਮਹਿਕਮੇ ਵਿਚ ਸਰਵਿਸ ਕਰਦਾ ਸੀ, ਜਦ ਉਸ ਦੀ ਉਮਰ 58 ਸਾਲ ਹੋ ਜਾਂਦੀ ਸੀ ਤਾਂ ਉਸ ਮੁਲਾਜ਼ਮ ਨੂੰ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਂਦਾ ਸੀ। ਪਰ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਇਹ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ। ਪਰ ਦੂਸਰੇ ਪਾਸੇ ਇਸ ਦੇ ਉਲਟ ਲੋਕਾਂ ਵਲੋਂ ਚੁਣੇ ਵਿਧਾਇਕ, ਸੰਸਦ ਮੈਂਬਰ ਅਤੇ ਰਾਜ ਸਭਾ ਮੈਂਬਰ ਆਪਣਾ ਪੰਜ ਸਾਲ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਵੀ ਪੈਨਸ਼ਨ ਦੇ ਤੌਰ 'ਤੇ ਲੱਖਾਂ ਰੁਪਏ ਦਾ ਹਰ ਮਹੀਨੇ ਸਰਕਾਰੀ ਖਜ਼ਾਨੇ 'ਤੇ ਬੋਝ ਪਾ ਰਹੇ ਹਨ। ਫਿਰ ਉਨ੍ਹਾਂ ਦੀ ਪੈਨਸ਼ਨ ਸਕੀਮ ਅਜੇ ਤੱਕ ਕਿਉਂ ਲਾਗੂ ਹੈ? ਕਿਉਂ ਨਹੀਂ ਸਰਕਾਰਾਂ ਕੋਈ ਅਜਿਹਾ ਬਿੱਲ ਪਾਸ ਕਰਦੀਆਂ ਕਿ ਵਿਧਾਇਕ, ਸੰਸਦ ਮੈਂਬਰ ਆਦਿ ਦਾ ਕਾਰਜਕਾਲ ਸਮਾਪਤ ਹੋਣ ਪਿੱਛੋਂ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲਣੀ ਚਾਹੀਦੀ। ਸੋਸ਼ਲ ਮੀਡੀਆ ਰਾਹੀਂ ਹੀ ਸਾਨੂੰ ਇਨ੍ਹਾਂ ਦੀਆਂ ਪੈਨਸ਼ਨਾਂ, ਸਹੂਲਤਾਂ, ਭੱਤਿਆਂ ਬਾਰੇ ਜਾਣਕਾਰੀ ਮਿਲੀ ਹੈ। ਜੇਕਰ ਕੋਈ ਅਜਿਹਾ ਬਿੱਲ ਨਹੀਂ ਬਣ ਸਕਦਾ ਤਾਂ ਫਿਰ ਸਰਕਾਰੀ ਮੁਲਾਜ਼ਮਾਂ ਲਈ ਵੀ ਇਹ ਪੈਨਸ਼ਨ ਮੁੜ ਲਾਗੂ ਕਰ ਦਿੱਤੀ ਜਾਵੇ।


-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਲਟਕਦੀਆਂ ਬਿਜਲੀ ਦੀਆਂ ਤਾਰਾਂ
ਸਾਡੇ ਸ਼ਹਿਰ, ਮੁਹੱਲਿਆਂ 'ਚ ਜਿਥੇ ਕੂੜੇ ਜਾਂ ਪਾਣੀ ਇਕੱਲੇ ਹੋਣ ਦੀ ਸਮੱਸਿਆਵਾਂ ਆਮ ਹਨ। ਉਂਜ ਹੀ ਹੁਣ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਵੀ ਆਮ ਜਿਹੀ ਜਾਪਦੀ ਮਹਿਸੂਸ ਹੁੰਦੀ ਹੈ, ਤਾਰਾਂ ਦਾ ਸਥਾਨ ਜਿਥੇ ਹੋਣਾ ਚਾਹੀਦਾ, ਉਥੇ ਨਹੀਂ ਹੈ ਤੇ ਇਹ ਬਿਜਲੀ ਦੀਆਂ ਤਾਰਾਂ ਹੁਣ ਮੌਨਸੂਨ ਦੇ ਮੌਸਮ ਵਿਚ ਤਾਂ ਸਾਡੇ ਆਮ ਜਨ ਲਈ ਖ਼ਤਰਨਾਕ ਹਨ, ਵਾਹਨ ਚਾਲਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕਿਸ ਗਲੀ ਵਿਚ ਕਿਹੜੀ ਬਿਜਲੀ ਦੀ ਲਟਕਦੀ ਤਾਰ ਨਾਲ ਉਨ੍ਹਾਂ ਦਾ ਵਾਹ ਪੈ ਜਾਣਾ ਹੈ। ਜਿਹੜੇ ਬੱਚੇ ਬਾਹਰ ਖੇਡਦੇ ਹਨ, ਉਨ੍ਹਾਂ ਲਈ ਇਹ ਇਕ ਵੱਡੀ ਸਮੱਸਿਆ ਹੈ ਕਿਉਂਕਿ ਬੱਚੇ ਇਨ੍ਹਾਂ ਤਾਰਾਂ ਨੂੰ ਗਿੱਲੇ ਹੱਥ ਵੀ ਲਾ ਸਕਦੇ ਹਨ, ਉਤੋਂ ਬਰਸਾਤਾਂ ਦੇ ਦਿਨੀਂ ਕਦ ਤਾਰ ਸਪਾਰਕ ਕਰ ਜਾਵੇ, ਕੁਝ ਪਤਾ ਨਹੀਂ ਲਗਦਾ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤਾਰਾਂ ਸਮੇਟ ਕੇ ਰੱਖੀਆਂ ਜਾਣ। ਇਨ੍ਹਾਂ ਦਾ ਸਥਾਨ ਜਿਥੇ ਹੈ, ਉਥੇ ਹੀ ਇਸ ਨੂੰ ਰੱਖਿਆ ਜਾਵੇ ਤੇ ਇਸ ਮੁਸੀਬਤ 'ਤੇ ਜਲਦੀ ਹੱਲ ਪਾਉਣਾ ਜ਼ਰੂਰੀ ਹੈ ਕਿਉਂਕਿ ਪ੍ਰਸ਼ਾਸਨ ਇਹ ਨਾ ਭੁੱਲੇ ਕਿ ਹੁਣ ਮੌਨਸੂਨ ਨੇ ਇਕ ਵਾਰ ਦਸਤਕ ਦੇ ਦਿੱਤੀ ਹੈ।


-ਜਾਨਵੀ ਬਿੱਠਲ।


ਜੇਲ੍ਹ ਸੁਧਾਰ ਨਹੀਂ, ਵਿਗਾੜ ਘਰ
ਪੰਜਾਬ ਦੇ ਹਾਲਾਤ 'ਚ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਬਦਲਾਅ ਆਇਆ ਤੇ ਹੁਣ ਗੈਂਗਸਟਰ ਤੇ ਨਸ਼ਾ ਸ਼ਬਦ ਲਗਾਤਾਰ ਸੁਣਨ ਨੂੰ ਮਿਲ ਰਿਹਾ ਹੈ। ਕੈਪਟਨ ਸਰਕਾਰ ਤੋਂ ਇਹ ਆਸਾਂ ਸਨ ਚਲੋ ਗੁੰਡਾ ਅਨਸਰਾਂ ਤੋਂ ਛਟਕਾਰਾ ਮਿਲੇਗਾ, ਪਰ ਹੋਇਆ ਇਸ ਦੇ ਉਲਟ। ਆਏ ਦਿਨ ਜੇਲ੍ਹਾਂ ਵਿਚ ਸ਼ਰੇਆਮ ਗੋਲੀਆਂ ਦੇ ਚੱਲਣ ਦੀਆਂ ਘਟਨਾਵਾਂ ਬਾਰੇ ਸੁਣਨ ਨੂੰ ਮਿਲਦਾ ਰਹਿੰਦਾ ਹੈ। ਅੱਗੇ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਸੀ ਕਿ ਆਦਮੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ ਤੇ ਉਹ ਇਕ ਚੰਗਾ ਨਾਗਰਿਕ ਬਣ ਕੇ ਜੇਲ੍ਹ 'ਚੋਂ ਨਿਕਲੇ। ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ। ਹੁਣ ਕੈਦੀ ਜੇਲ੍ਹ 'ਚ ਗੈਂਗਸਟਰ ਤੇ ਬਲੈਕੀਆ ਬਣ ਕੇ ਨਿਕਲ ਰਿਹਾ ਹੈ। ਉਧਰ ਸਰਕਾਰ ਮੁਲਾਜ਼ਮ ਘੱਟ ਹੋਣ ਦਾ ਬਹਾਨਾ ਲਾ ਰਹੀ ਹੈ ਤੇ ਸੀ.ਆਰ.ਪੀ. ਕੇਂਦਰ ਤੋਂ ਮੰਗ ਕਰ ਰਹੀ ਹੈ। ਪੰਜਾਬ ਵਿਚ ਲੱਖਾਂ ਹੀ ਨੌਜਵਾਨ ਨੌਕਰੀਆਂ ਦੀ ਤਲਾਸ਼ ਵਿਚ ਇਧਰ-ਉਧਰ ਭਟਕ ਰਹੇ ਹਨ, ਉਨ੍ਹਾਂ ਨੂੰ ਜੇਲ੍ਹ ਵਿਭਾਗ ਵਿਚ ਫਿਟ ਕੀਤਾ ਜਾਵੇ। ਜੇਲ੍ਹ ਅਧਿਕਾਰੀਆਂ ਨੂੰ ਸਖ਼ਤੀ ਵਰਤਣੀ ਪਵੇਗੀ। ਸਿਸਟਮ ਵਿਚ ਸੁਧਾਰ ਲਿਆਉਣ ਲਈ ਚੰਗੇ ਅਧਿਕਾਰੀ ਜੇਲ੍ਹਾਂ ਵਿਚ ਲਾਉਣੇ ਪੈਣਗੇ ਜੋ ਪੰਜਾਬ ਦਾ ਮਾਹੌਲ ਫਿਰ ਖ਼ਰਾਬ ਕਰਨ ਵੱਲ ਵਧ ਰਹੇ ਕਦਮਾਂ ਨੂੰ ਰੋਕਣਾ ਹੋਵੇਗਾ ਤਾਂ ਕਿ ਲੋਕ ਖੁੱਲ੍ਹੀ ਹਵਾ ਵਿਚ ਸੁੱਖ ਦਾ ਸਾਹ ਲੈ ਸਕਣ।


-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਹਿੰਸਕ ਭੀੜ ਤੇ ਕੰਟਰੋਲ
ਨਵਤੇਜ ਸਿੰਘ ਮੱਲ੍ਹੀ ਦੀ ਲਿਖੀ ਰਚਨਾ 'ਭੀੜਤੰਤਰ ਦੀ ਥਾਂ ਕਾਨੂੰਨ ਦਾ ਰਾਜ ਬਹਾਲ ਹੋਵੇ' ਪੜ੍ਹੀ, ਜਿਸ ਵਿਚ ਲੇਖਕ ਨੇ ਦੇਸ਼ ਵਿਚ ਹੋ ਰਹੀਆਂ ਹਿੰਸਕ ਭੀੜ ਦੀਆਂ ਦੁਰਘਟਨਾਵਾਂ ਬਾਰੇ ਵਿਸਥਾਰ ਸਹਿਤ ਲਿਖ ਚਿੰਤਾ ਜਤਾਈ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਭੀੜ ਦੀ ਹਿੰਸਾ ਦੇ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ। ਕਾਨੂੰਨ ਨੂੰ ਹੱਥ ਵਿਚ ਲੈ ਕੇ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੂੰ ਇਸ ਦਾ ਸੰਜੀਦਗੀ ਨਾਲ ਹੱਲ ਲੱਭਣਾ ਚਾਹੀਦਾ ਹੈ। ਹਿੰਸਕ ਭੀੜ ਬਹੁਤ ਹੀ ਭਿਅੰਕਰ ਅਤੇ ਅਹਿਮ ਮੁੱਦਾ ਹੈ। ਅਦਾਲਤਾਂ ਦੇ ਦਖ਼ਲ 'ਤੇ ਵੀ ਇਸ ਦਾ ਹੱਲ ਨਹੀਂ ਹੋ ਰਿਹਾ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਸੰਸਦ ਨੂੰ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਸ਼ਵਾਸ ਵਿਚ ਨਾਲ ਲੈ ਕੇ ਇਸ ਦਾ ਠੋਸ ਹੱਲ ਕੱਢਣਾ ਚਾਹੀਦਾ ਹੈ। ਸਿਆਸੀ ਇੱਛਾ ਸ਼ਕਤੀ ਦੇ ਬਿਨਾਂ ਕੋਈ ਵੀ ਨਵਾਂ ਕਾਨੂੰਨ ਹਿੰਸਕ ਭੀੜ 'ਤੇ ਕੰਟਰੋਲ ਨਹੀਂ ਕਰ ਸਕਦਾ। ਕੇਂਦਰ ਤੇ ਰਾਜ ਸਰਕਾਰਾਂ ਨੂੰ ਹਿੰਸਕ ਭੀੜ 'ਤੇ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਬਣਨ ਤੋਂ ਪਹਿਲਾਂ ਪੁਲਿਸ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਸੁਤੰਤਰ, ਗਵਰਨਰ ਦੇ ਅਧੀਨ ਜਵਾਬਦੇਹ ਬਣਾਉਣਾ ਚਾਹੀਦਾ ਹੈ। ਇਨ੍ਹਾਂ ਕੇਸਾਂ ਦੀ ਤਫ਼ਤੀਸ਼ ਲਈ ਵੱਖਰੇ ਵਿੰਗ ਸਪੈਸ਼ਲ ਅਦਾਲਤਾਂ ਦਾ ਗਠਨ ਕਰ ਕੇ ਦੋਸ਼ੀਆਂ ਦੇ ਖਿਲਾਫ਼ ਚਲਾਨ ਦੇੇਣ ਦੀ ਸਮਾਂ ਸੀਮਾ ਨਿਸਚਿਤ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਮੇਂ ਸਿਰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

18-07-2019

 ਖੇਤੀਯੋਗ ਜ਼ਮੀਨ ਵਿਚ ਕਮੀ
ਪਿਛਲੇ ਸਾਲਾਂ ਤੋਂ ਲਗਾਤਾਰ ਪੰਜਾਬ ਵਿਚੋਂ ਨਵੀਆਂ ਕਾਲੋਨੀਆਂ ਦੇ ਪਸਾਰੇ ਅਤੇ ਲੋਕਾਂ ਦੇ ਸ਼ਹਿਰਾਂ ਵੱਲ ਕੂਚ ਕਰਨ ਕਾਰਨ ਖੇਤੀ ਯੋਗ ਭੂਮੀ ਘਟਦੀ ਜਾ ਰਹੀ ਹੈ। ਅਸੀਂ ਆਮ ਇਹ ਵੇਖਦੇ ਹਾਂ ਕਿ ਪਿੰਡ ਦੇ ਵਿਚ ਜੋ ਘਰ ਹਨ, ਉਹ ਲੋਕ ਆਪਣੀਆਂ ਜ਼ਮੀਨਾਂ ਵਿਚ ਖੁੱਲ੍ਹੀਆਂ ਕੋਠੀਆਂ ਛੱਤ ਰਹੇ ਹਨ ਤੇ ਪਿੰਡ ਵਿਚ ਉਨ੍ਹਾਂ ਦੇ ਘਰ ਖੰਡਰਾਂ ਦਾ ਰੂਪ ਧਾਰਨ ਕਰ ਰਹੇ ਹਨ, ਜਿਸ ਦਾ ਸਿੱਧਾ ਪ੍ਰਭਾਵ ਖੇਤੀਯੋਗ ਭੂਮੀ ਦਾ ਰਿਹਾਇਸ਼ੀ ਖੇਤਰ ਵਿਚ ਬਦਲਣ ਕਾਰਨ ਖੇਤੀ ਪੈਦਾਵਾਰ ਘੱਟ ਹੋਣ 'ਤੇ ਪੈ ਰਿਹਾ ਹੈ। ਸੋ ਲੋੜ ਹੈ ਕਿ ਸਰਕਾਰ ਸਖ਼ਤ ਨਿਯਮ ਬਣਾਵੇ ਤਾਂ ਜੋ ਕਿਸੇ ਸਮੇਂ ਅਨਾਜ ਦੀ ਕਮੀ ਤੋਂ ਬਚਿਆ ਜਾ ਸਕੇ ਅਤੇ ਖੇਤੀਯੋਗ ਜ਼ਮੀਨ ਵਿਚ ਕਮੀ ਦਾ ਖਮਿਆਜ਼ਾ ਨਾ ਭੁਗਤਣਾ ਪਵੇ।

-ਮਾਸਟਰ ਹਰਿੰਦਰ ਸਿੰਘ
ਫ਼ਤਹਿਗੜ੍ਹ ਸਾਹਿਬ।

ਵਧਦੀ ਵਸੋਂ ਦੀ ਰੋਕਥਾਮ
ਦਲਬੀਰ ਸਿੰਘ ਲੁਧਿਆਣਵੀ ਦੀ ਰਚਨਾ 'ਦੇਸ਼ ਲਈ ਵੱਡੀ ਚੁਣੌਤੀ ਵਧ ਰਹੀ ਆਬਾਦੀ' ਪੜ੍ਹੀ, ਜਿਸ ਵਿਚ ਲੇਖਕ ਨੇ ਵਸੋਂ 'ਚ ਹੋ ਰਹੇ ਤੇਜ਼ ਵਾਧੇ ਨੂੰ ਰੋਕਣ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ ਹੈ ਅਤੇ ਚਿੰਤਾ ਜਤਾਈ ਹੈ। ਵਧਦੀ ਆਬਾਦੀ ਨਾਲ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਪ੍ਰਦੂਸ਼ਣ, ਪਾਣੀ ਦੀ ਸਮੱਸਿਆ ਆਦਿ ਵਿਚ ਵਾਧਾ ਹੋਇਆ ਹੈ। ਖੇਤੀਯੋਗ ਜ਼ਮੀਨ ਦਾ ਖ਼ਤਮ ਹੋਣਾ, ਧਰਤੀ ਲਈ ਖ਼ਤਰੇ ਦੀ ਘੰਟੀ ਹੈ। ਗ਼ਰੀਬੀ ਰੇਖਾ ਤੋਂ ਦੂਰ ਰਹਿ ਰਹੇ ਟੱਪਰੀ, ਝੁੱਗੀ ਝੌਂਪੜੀ ਵਾਲੇ ਜ਼ਿਆਦਾ ਬੱਚੇ ਪੈਦਾ ਕਰਦੇ ਹਨ। ਇਨ੍ਹਾਂ ਦੇ ਸੈਮੀਨਾਰ ਲਗਾ ਸਰਕਾਰਾਂ ਨੂੰ ਵਧਦੀ ਆਬਾਦੀ ਦੇ ਹੋਣ ਵਾਲੇ ਪ੍ਰਭਾਵ ਅਸਰ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਸਰਕਾਰਾਂ ਨੂੰ ਇਸ 'ਤੇ ਗੰਭੀਰ ਹੋ ਕੇ ਜਨ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਸਕੂਲ ਪੱਧਰ 'ਤੇ ਪਰਿਵਾਰ ਨਿਯੋਜਨ ਬਾਰੇ ਵਿਸ਼ਾ ਵਸਤੂ ਰੱਖ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ
ਸੇਵਾ-ਮੁਕਤ ਇੰਸਪੈਕਟਰ।

ਕੈਨੇਡਾ ਦੀ ਥਾਂ ਪੰਜਾਬ ਸੰਭਾਲਣ ਕੈਪਟਨ
ਸ: ਦਰਬਾਰਾ ਸਿੰਘ ਕਾਹਲੋਂ ਦਾ 3 ਜੁਲਾਈ, 2019 ਨੂੰ 'ਅਜੀਤ' ਵਿਚ ਛਪਿਆ ਲੇਖ 'ਕੈਨੇਡਾ 'ਤੇ ਹਮਲਾਵਰ ਹੋਣ ਨਾਲੋਂ ਕੈਪਟਨ ਪੰਜਾਬ ਨੂੰ ਸੰਭਾਲਣ' ਬੜੀ ਬੇਬਾਕੀ ਨਾਲ ਪੰਜਾਬ ਤੇ ਸਿੱਖ ਨੌਜਵਾਨੀ ਦੀ ਵਕਾਲਤ ਵਜੋਂ ਹੈ ਅਤੇ ਇਹ ਵਕਾਲਤ ਡਟ ਕੇ ਹੋਣੀ ਚਾਹੀਦੀ ਸੀ। ਸਚਮੁੱਚ ਬਗੈਰ ਪੱਕੇ ਤੱਥਾਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਸਿੱਖ ਭਾਈਚਾਰੇ 'ਤੇ ਖ਼ਾਲਿਸਤਾਨੀ ਅੱਤਵਾਦੀਆਂ ਦਾ ਦੋਸ਼ ਮੜ੍ਹਦਿਆਂ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਕੈਨੇਡਾ ਦਾ ਸਿੱਖ ਭਾਈਚਾਰਾ ਸਖ਼ਤ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ ਕਿ ਇਸ ਬੇਤੁਕੀ ਬਿਆਨਬਾਜ਼ੀ ਦਾ ਖ਼ਮਿਆਜ਼ਾ ਸਿੱਖਾਂ ਨੂੰ ਪੰਜਾਬ ਅੰਦਰ ਵੀ ਅਤੇ ਬਾਹਰ ਵੀ ਭੁਗਤਣਾ ਪਵੇਗਾ।
ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਨੌਜਵਾਨ ਰਾਤ-ਦਿਨ ਕਿਰਤ ਕਰਨ ਵਿਚ ਮਸਰੂਫ਼ ਹਨ। ਜੇ ਕੋਈ ਧੜੇ ਖ਼ਾਲਿਸਤਾਨ ਬਾਰੇ ਆਵਾਜ਼ ਉਠਾਉਂਦੇ ਹਨ ਤਾਂ ਉਥੋਂ ਦਾ ਸੰਵਿਧਾਨ ਸ਼ਾਂਤਮਈ ਢੰਗ ਦੀ ਸ਼ਰਤ ਨਾਲ ਇਜਾਜ਼ਤ ਦਿੰਦਾ ਹੈ। ਲੇਖ ਨੇ ਹਕੀਕਤ ਪੇਸ਼ ਕਰ ਦਿੱਤੀ ਹੈ ਕਿ ਕੈਪਟਨ ਆਪਣੀਆਂ ਨਾਕਾਮੀਆਂ ਵਲੋਂ ਧਿਆਨ ਹਟਾਉਣ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਲੇਖ ਪੜ੍ਹਦਿਆਂ ਉਹ ਲੋਕ ਬੋਲ ਵੀ ਦਸਤਕ ਦੇ ਰਹੇ ਹਨ ਕਿ ਕੈਪਟਨ, ਭਾਰਤ ਸਰਕਾਰ ਦੀ ਖੁਸ਼ਾਮਦ ਕਰਕੇ ਆਪਣੀ ਚਮੜੀ ਨੂੰ ਸੁਰੱਖਿਅਤ ਕਰ ਰਹੇ ਹਨ। ਕੈਪਟਨ ਸਾਹਿਬ ਜਿਸ ਭਾਰਤ ਨੂੰ ਕੈਨੇਡਾ ਵਿਰੁੱਧ ਉਕਸਾ ਰਹੇ ਹੋ ਉਸ ਨੂੰ ਇਹ ਵੀ ਅਹਿਸਾਸ ਕਰਵਾਉ ਕਿ ਵਰਲਡ ਇਕਾਨੋਮਿਕ ਫੋਰਮ ਵਲੋਂ '2019 ਵਰਲਡ ਹੈਪੀਨੈਸ' ਪੇਸ਼ ਸਰਵੇਖਣ ਵਿਚ ਭਾਰਤ 140ਵੇਂ ਨੰਬਰ 'ਤੇ ਹੈ ਅਤੇ ਕੈਨੇਡਾ ਪਹਿਲੇ ਨੰਬਰ 'ਤੇ ਹੈ।

-ਰਸ਼ਪਾਲ ਸਿੰਘ
ਪ੍ਰੀਤ ਨਿਵਾਸ, ਐਸ.ਜੈ.ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਆਜ਼ਾਦੀ ਦੀ ਤਾਂਘ ਵਿਚ
ਕਈ ਵਰ੍ਹੇ ਪਹਿਲਾਂ ਮੈਂ ਜਦ ਪੜ੍ਹਦਾ ਹੁੰਦਾ ਸੀ ਤਾਂ ਪੜ੍ਹਾਈ ਇਕ ਬੋਝ ਨਹੀਂ ਸੀ ਲੱਗਦੀ ਹੁੰਦੀ। ਨਾ ਤਾਂ ਮਾਪਿਆਂ ਵਲੋਂ ਜ਼ਿਆਦਾ ਦਬਾਅ ਸੀ ਤੇ ਨਾ ਹੀ ਅਧਿਆਪਕ ਜਾਂ ਸਕੂਲ ਏਨਾ ਦਬਾਅ ਪਾਉਂਦਾ ਸੀ ਕਿ ਤੂੰ ਡਾਕਟਰ ਹੀ ਬਣਨਾ ਹੈ ਜਾਂ ਇੰਜੀਨੀਅਰ ਹੀ ਬਣਨਾ ਹੈ ਜਾਂ ਕੋਈ ਹੋਰ ਵੱਡਾ ਟੈਸਟ ਕਲੀਅਰ ਕਰਨਾ ਹੈ। ਅਸੀਂ ਮਨਮੌਜੀ ਬਣ ਕੇ ਪੜ੍ਹਨਾ, ਖੇਡਣਾ ਅਤੇ ਜ਼ਿੰਦਗੀ ਦਾ ਅਨੰਦ ਲੈਣਾ। ਕਦੀ ਪੜ੍ਹਾਈ ਬੋਝ ਨਹੀਂ ਸੀ ਲੱਗੀ। ਆਪਣੇ ਆਪ 'ਚ ਆਜ਼ਾਦ ਸੀ।
ਪਰ ਅੱਜ ਦੇ ਸਮੇਂ ਨੂੰ ਜੇਕਰ ਦੇਖੀਏ ਤਾਂ ਬੱਚਾ ਨੰਬਰ ਲਿਆਉਣ ਵਾਲੀ ਮਸ਼ੀਨ ਬਣ ਕੇ ਰਹਿ ਗਿਆ ਹੈ। ਬੱਚਾ ਬਾਰ੍ਹਵੀਂ ਕਲਾਸ ਵਿਚ ਜੇਕਰ 80 ਫ਼ੀਸਦੀ ਨੰਬਰ ਵੀ ਲੈ ਲੈਂਦਾ ਹੈ ਤਾਂ ਮਾਪੇ ਅਤੇ ਅਧਿਆਪਕ ਖੁਸ਼ ਨਹੀਂ ਹੁੰਦੇ, ਉਹ ਤਾਂ 90+ ਦੀ ਗੱਲ ਕਰਦੇ ਹਨ। ਪਰ ਅਸੀਂ ਕਦੇ ਇਹ ਸੋਚਿਆ ਹੈ ਕਿ ਬੱਚੇ ਦਾ ਬਚਪਨ ਅਸੀਂ ਗਵਾ ਰਹੇ ਹਾਂ। ਉਸ ਦਾ ਖੇਡਣਾ, ਤੁਹਾਡੇ ਨਾਲ ਜਾਂ ਮਿੱਤਰਾਂ ਨਾਲ ਗੱਲਾਂ ਕਰਨ ਦਾ ਸਾਰਾ ਸਮਾਂ ਕੋਚਿੰਗ ਸੈਂਟਰਾਂ ਵਿਚ ਬੀਤ ਰਿਹਾ ਹੈ। ਕੀ ਇਹ ਇਕ ਆਜ਼ਾਦੀ ਹੈ? ਨਹੀਂ। ਅਸੀਂ ਬੱਚਿਆਂ ਤੋਂ ਉਨ੍ਹਾਂ ਦੀ ਆਜ਼ਾਦੀ ਖੋਹ ਰਹੇ ਹਾਂ। ਉਨ੍ਹਾਂ ਨੂੰ ਅਸੀਂ ਕਦੇ ਪੁੱਛਿਆ ਹੀ ਨਹੀਂ ਕਿ ਉਹ ਕੀ ਚਾਹੁੰਦੇ ਹਨ। ਉਨ੍ਹਾਂ ਦੀ ਮਰਜ਼ੀ ਜਾਣੇ ਬਗੈਰ ਹੀ ਅਸੀਂ ਉਨ੍ਹਾਂ ਦੇ ਵਿਸ਼ਿਆਂ ਦੀ ਚੋਣ ਕਰ ਦਿੰਦੇ ਹਾਂ। ਸਾਨੂੰ ਆਪਣਾ ਮਾਪੇ ਹੋਣ ਦਾ ਫਰਜ਼ ਪਛਾਨਣਾ ਪਵੇਗਾ ਅਤੇ ਬੱਚੇ ਦਾ ਬਚਪਨ ਬਚਾਉਣਾ ਹੋਵੇਗਾ ਤਾਂ ਹੀ ਸਹੀ ਅਰਥਾਂ ਵਿਚ ਬੱਚਾ ਆਜ਼ਾਦ ਹੋਵੇਗਾ।

-ਸਰਬਜੀਤ ਸਿੰਘ
(ਸ.ਸ. ਮਾਸਟਰ), ਸ.ਹ. ਸਕੂਲ ਗੁਰੂਵਾਲੀ (ਅੰਮ੍ਰਿਤਸਰ)।

ਸਰਕਾਰ ਦੀ ਕਾਰਗੁਜ਼ਾਰੀ
ਭਾਵੇਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਣੇ ਕਾਫੀ ਸਮਾਂ ਹੋ ਚੁੱਕਾ ਹੈ ਪਰ ਬੁਨਿਆਦੀ ਤੌਰ 'ਤੇ ਇਸ ਸਰਕਾਰ ਦੀਆਂ ਪ੍ਰਾਪਤੀਆਂ ਨਾਮਾਤਰ ਹੀ ਹਨ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਜਾਪਦਾ ਹੈ ਕਿ ਸਰਕਾਰ ਆਪਣੇ ਇਸ ਕਾਰਜਕਾਲ ਦੇ ਸਮੇਂ ਅਜੇ ਤੱਕ ਕਿਸੇ ਵੀ ਵਰਗ ਨੂੰ ਖੁਸ਼ ਨਹੀਂ ਕਰ ਸਕੀ। ਮਜ਼ਦੂਰਾਂ ਦੇ ਪੰਚਾਇਤੀ ਜ਼ਮੀਨ ਠੇਕੇ 'ਤੇ ਲੈ ਕੇ ਵਾਹੁਣ ਦੇ ਮਾਮਲੇ 'ਤੇ ਵੀ ਨਿੱਤ ਦਿਨ ਸੰਘਰਸ਼ ਹੋ ਰਹੇ ਹਨ ਤੇ ਔਰਤਾਂ ਤੇ ਬੱਚਿਆਂ ਨੂੰ ਵੀ ਨਿਰੰਤਰ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਦੇ ਹੇਠਲੀ ਪੱਧਰ ਦੇ ਆਗੂਆਂ ਦੀ ਸ਼ਹਿ 'ਤੇ ਨਸ਼ਾ ਤਸਕਰੀ ਜ਼ੋਰਾਂ 'ਤੇ ਹੈ।
ਹਰ ਰੋਜ਼ ਨਸ਼ੇੜੀ ਨੌਜਵਾਨਾਂ ਦੀਆਂ ਨਸ਼ੇ ਦੀ ਓਵਰ ਡੋਜ਼ ਨਾਲ ਮਰਨ ਦੀਆਂ ਖ਼ਬਰਾਂ ਵੱਖ-ਵੱਖ ਖੇਤਰਾਂ 'ਚੋਂ ਆ ਰਹੀਆਂ ਹਨ। ਪੰਜਾਬ ਸਰਕਾਰ ਹਰ ਖੇਤਰ ਵਿਚ ਫੇਲ੍ਹ ਨਜ਼ਰ ਆ ਰਹੀ ਹੈ।

-ਸੀਰਾ ਗਰੇਵਾਲ
ਰੌਂਤਾ, ਮੋਗਾ।

17-07-2019

 ਪਾਣੀ ਦਾ ਲਗਾਤਾਰ ਵਧ ਰਿਹੈ ਸੰਕਟ
ਪਾਣੀ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਪਿਛਲੇ ਸਮੇਂ ਤੋਂ ਪਾਣੀ ਦੀ ਘਾਟ ਕਾਰਨ ਕਈ ਸੂਬੇ ਸੋਕੇ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਦੀ ਸਮੱਸਿਆ ਪੰਜਾਬ ਵਿਚ ਵੇਖਣ ਨੂੰ ਮਿਲ ਰਹੀ ਹੈ। ਪਾਣੀ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਹੀ ਹੈ। ਸਰਕਾਰ ਨੇ ਵੀ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਗੰਭੀਰਤਾ ਨਾਲ ਲਿਆ ਹੈ। ਕਹਾਵਤ ਹੈ ਕਿ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਅਸੀਂ ਵੀ ਜੇਕਰ ਪਾਣੀ ਦੀ ਵਰਤੋਂ ਸੰਜਮ ਨਾਲ ਕਰਾਂਗੇ ਤਾਂ ਧਰਤੀ ਹੇਠਲੇ ਤੇ ਉਪਰਲੇ ਪਾਣੀ ਦੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਯੋਗਦਾਨ ਪਾ ਰਹੇ ਹੋਵਾਂਗੇ। ਜੇਕਰ ਅਸੀਂ ਸਮਾਂ ਰਹਿੰਦੇ ਪਾਣੀ ਦੀ ਘਾਟ ਦੇ ਖ਼ਤਰੇ ਨੂੰ ਅਣਗੌਲਿਆਂ ਕਰ ਦਿੱਤਾ ਤਾਂ ਮਨੁੱਖੀ ਜੀਵਨ ਤਬਾਹ ਹੋ ਜਾਵੇਗਾ। ਆਉ ਰਲ ਕੇ ਪਾਣੀ ਨੂੰ ਬਚਾਉਣ ਲਈ ਯੋਗ ਉਪਰਾਲੇ ਕਰੀਏ ਕਿਉਂਕਿ 'ਜਲ ਹੀ ਜੀਵਨ ਹੈ', 'ਜਲ ਹੈ ਤਾਂ ਕੱਲ੍ਹ ਹੈ।'


-ਓਮ ਪ੍ਰਕਾਸ਼ ਪੂਨੀਆ, ਗਿੱਦੜਬਾਹਾ।


* ਭਾਰਤ ਦੇ 21 ਸ਼ਹਿਰਾਂ ਦੀ ਤਸਵੀਰ ਮੀਡੀਆ ਤੇ 2020 ਵਿਚ ਪਾਣੀ ਦੀ ਕਿੱਲਤ ਦੀ ਭਵਿੱਖਬਾਣੀ ਕਰ ਰਹੀ ਹੈ। ਇਸ ਨੂੰ ਖ਼ਤਰੇ ਦੀ ਘੰਟੀ ਸਮਝਿਆ ਜਾਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਗੁਰਬਾਣੀ ਵਿਚ ਪਾਣੀ, ਹਵਾ ਤੇ ਧਰਤੀ ਬਾਰੇ ਉੱਚਾ ਤੇ ਸੁੱਚਾ ਦ੍ਰਿਸ਼ਟਾਂਤ ਦਿੱਤਾ ਸੀ, ਜਿਸ 'ਤੇ ਅਸੀਂ ਅਮਲ ਨਹੀਂ ਕੀਤਾ। ਹਰੇਕ ਨੂੰ ਘਰ ਤੋਂ ਖੇਤੀਬਾੜੀ ਵਿਚ ਖੇਤੀ ਵਿਗਿਆਨੀਆਂ ਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਖੇਤੀ ਵਿਚ ਫ਼ਸਲਾਂ ਦੇ ਬਦਲ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਲਈ ਕਿਸਾਨ ਨੂੰ ਸਬਸਿਡੀਆਂ ਦਿੱਤੀਆਂ ਜਾਣ, ਮੰਡੀਕਰਨ ਠੀਕ ਕੀਤਾ ਜਾਵੇ। ਲਾਹੇਵੰਦ ਭਾਅ ਦਿੱਤੇ ਜਾਣ, ਭਾਸ਼ਨਾਂ 'ਤੇ ਜ਼ੋਰ ਨਾ ਦਿੱਤਾ ਜਾਵੇ, ਹਕੀਕਤ ਵਿਚ ਪਾਣੀ ਦੀ ਸੰਭਾਲ ਲਈ ਸਾਂਝੇ ਯਤਨ ਕੀਤੇ ਜਾਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।


* ਗੁਰਚਰਨ ਸਿੰਘ ਨੂਰਪੁਰ ਹੁਰਾਂ ਅੱਜ ਦੇ ਗੰਭੀਰ ਮਸਲੇ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਬਾਰੇ ਹੋਕਾ ਦਿੱਤਾ ਹੈ। ਪਾਣੀ ਪਲੀਤ ਹੋਣ ਦੇ ਨਾਲ-ਨਾਲ ਹਵਾ ਤੇ ਮਿੱਟੀ ਵੀ ਪਲੀਤ ਹੋ ਰਹੀ ਹੈ। ਆਖ਼ਰ ਇਸ ਵਿਚ ਕਸੂਰ ਕਿਸ ਦਾ ਹੈ, ਕਦੇ ਨਹੀਂ ਸੋਚਿਆ। ਪਿੰਡਾਂ, ਕਸਬਿਆਂ, ਸ਼ਹਿਰਾਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਅਸੀਂ ਦਰਿਆਵਾਂ ਵਿਚ ਸੁੱਟ ਰਹੇ ਹਾਂ। ਮਨੁੱਖੀ ਜਾਤ ਨੂੰ ਨੁਕਸਾਨ ਤਾਂ ਹੋ ਹੀ ਰਿਹਾ ਹੈ, ਦਰਿਆ ਵਿਚਲੇ ਜੀਵ ਜੰਤੂ ਵੀ ਖ਼ਤਮ ਹੋ ਰਹੇ ਹਨ। ਝੋਨਾ ਜੋ ਪੰਜਾਬ ਦੀ ਫ਼ਸਲ ਨਹੀਂ ਸੀ, ਕੇਵਲ ਨਹਿਰਾਂ ਨੇੜੇ ਹੀ ਥੋੜ੍ਹਾ-ਬਹੁਤਾ ਬੀਜਿਆ ਜਾਂਦਾ ਸੀ, 'ਹਰੇ ਇਨਕਲਾਬ' ਦੇ ਨਾਂਅ ਹੇਠ ਪੰਜਾਬ ਦੀ ਸਾਰੀ ਧਰਤੀ 'ਤੇ ਬੀਜਿਆ ਜਾਣ ਕਰਕੇ ਪੰਜਾਬ ਨੂੰ ਪਾਣੀ ਦੇ ਸੰਕਟ ਵਿਚ ਪਾ ਦਿੱਤਾ ਹੈ। ਦੂਜਾ ਵੱਡਾ ਕਾਰਨ ਹੈ ਮੁਫ਼ਤ ਬਿਜਲੀ ਦਾ ਕਿਸਾਨਾਂ ਨੂੰ ਮਿਲਣਾ। ਵਿਦਵਾਨ ਲੋਕ ਇਸ ਹੋ ਰਹੇ ਅਨਰਥ ਤੋਂ ਪ੍ਰੇਸ਼ਾਨ ਹਨ। ਜਿਨ੍ਹਾਂ ਖੂਹਾਂ ਤੋਂ ਅਸੀਂ ਬੁੱਕਾਂ ਨਾਲ ਪਾਣੀ ਪੀਤਾ, ਉਹ ਰੇਤ ਦੀਆਂ ਖੱਡਾਂ ਹੋ ਗਏ ਹਨ। ਜ਼ਹਿਰ ਘੁਲ ਰਹੇ ਪਾਣੀਆਂ ਨੂੰ ਬਚਾਈਏ, ਧਰਤੀ ਦੇ ਖੂਬਸੂਰਤ ਵਾਤਾਵਰਨ ਨੂੰ ਗ੍ਰਹਿਣ ਲੱਗਣ ਤੋਂ ਬਚਾਈਏ। ਪੰਜ-ਆਬ ਦੀ ਧਰਤੀ ਰੁਦਨ ਕਰ ਰਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮੁਆਫ਼ ਨਹੀਂ ਕਰਨਾ।


-ਜਗਤਾਰ ਗਿੱਲ, ਬਲ ਸਚੰਦਰ, ਅੰਮ੍ਰਿਤਸਰ।


* ਪੀਣ ਦੇ ਪਾਣੀ ਦਾ ਸੰਕਟ ਦਿਨ-ਪ੍ਰਤੀਦਿਨ ਗੰਭੀਰ ਅਤੇ ਵਿਕਰਾਲ ਖ਼ਤਰਨਾਕ ਰੂਪ ਅਖ਼ਤਿਆਰ ਕਰ ਰਿਹਾ ਹੈ। ਸਰਕਾਰਾਂ ਅਤੇ ਆਮ ਲੋਕ ਇਸ ਗੰਭੀਰ ਸਮੱਸਿਆ ਪ੍ਰਤੀ ਸੁਹਿਰਦ ਨਹੀਂ ਹਨ, ਜਿਸ ਦੇ ਸਮਾਂ ਬੀਤਿਆਂ ਖ਼ਤਰਨਾਕ ਸਿੱਟੇ ਭੁਗਤਣੇ ਪੈਣਗੇ। ਸਰਕਾਰਾਂ ਪਾਣੀ ਬਚਾਉਣ ਲਈ ਨੀਤੀਆਂ, ਬੋਰਡ ਬਣਾ ਕੇ, ਦਾਅਵੇ ਅਤੇ ਵਾਅਦਿਆਂ ਦੀਆਂ ਤਕਰੀਰਾਂ ਤਾਂ ਕਰਦੀਆਂ ਹਨ ਪਰ ਮੂਲ ਰੂਪ 'ਚ ਕਾਰਵਾਈਆਂ ਵੋਟ ਬੈਂਕ ਦੀ ਭੇਟ ਚੜ੍ਹ ਜਾਂਦੀਆਂ ਹਨ। ਧਰਤੀ ਹੇਠਲੇ ਪਾਣੀ ਨੂੰ ਰੋਕਣ ਲਈ ਕੋਈ ਕਾਨੂੰਨ ਜਾਂ ਨੀਤੀ ਨਹੀਂ ਹੈ, ਧਰਤੀ ਉਪਰਲੇ ਪਾਣੀ ਦੀ ਵੰਡ ਅਤੇ ਖੇਤੀਬਾੜੀ ਲਈ ਵਰਤੋਂ ਕਰਨ ਦੇ ਯੋਗ ਵਸੀਲਿਆਂ ਦੀ ਬੇਹੱਦ ਘਾਟ ਹੈ। ਨਹਿਰੀ ਵਿਭਾਗ ਦੇ ਸੂਏ, ਨਾਲੇ, ਕੱਸੀਆਂ, ਨਹਿਰੀ ਜ਼ਮੀਨ 'ਤੇ ਕਿਸਾਨਾਂ ਨੇ ਕਬਜ਼ੇ ਕਰਕੇ ਉਨ੍ਹਾਂ ਦੀ ਹੋਂਦ ਹੀ ਮਿਟਾ ਦਿੱਤੀ ਹੈ ਅਤੇ ਵਿਭਾਗ ਗੁਆਂਢੀ ਸੂਬਿਆਂ ਨੂੰ ਜਾਂਦੇ ਪਾਣੀ ਦੀ ਸਾਂਭ-ਸੰਭਾਲ ਲਈ ਹੀ ਨਿਯੁਕਤ ਰੱਖਿਆ ਜਾਪਦਾ ਹੈ। ਇਹ ਸਭ ਕੁਝ ਸਰਕਾਰਾਂ ਦੀ ਵੋਟ ਬੈਂਕ ਨੀਤੀ ਦੀ ਭੇਟ ਚੜ੍ਹਿਆ ਹੈ। ਨਹਿਰੀ ਵਿਭਾਗ ਦਾ ਸਮੂਹ ਅਮਲਾ ਸਰਕਾਰਾਂ ਨੇ ਨਹਿਰੀ ਪਾਣੀ ਮੁਫ਼ਤ ਕਰਕੇ ਨਹਿਰੀ ਪਾਣੀ ਦੇ ਸਾਧਨਾਂ ਦੀ ਰੱਖ-ਰਖਾਅ ਜ਼ਰੂਰਤ ਤੋਂ ਵਿਰਵਾ ਕਰਕੇ ਬਿਠਾ ਦਿੱਤਾ ਹੈ। ਕਿਸਾਨਾਂ ਦੀ ਨਹਿਰੀ ਪਾਣੀ ਪ੍ਰਤੀ ਮਨਮਰਜ਼ੀ ਅਤੇ ਬਿਜਲੀ ਟਿਊਬਵੈੱਲਾਂ ਦੇ ਸਰਕਾਰੀ ਹੁਲਾਰੇ ਨੇ ਧਰਤੀ ਹੇਠਲੇ ਪਾਣੀ ਦੇ ਸੰਕਟ ਦੀ ਗੰਭੀਰਤਾ 'ਚ ਅਹਿਮ ਰੋਲ ਅਦਾ ਕੀਤਾ ਹੈ। ਪਿੰਡਾਂ 'ਚ ਪਾਣੀ ਦੀਆਂ ਟੈਂਕੀਆਂ ਰਾਹੀਂ ਕਰੋੜਾਂ ਲੀਟਰ ਪਾਣੀ ਨਾਜਾਇਜ਼ ਰੋੜ੍ਹਿਆ ਜਾ ਰਿਹਾ ਹੈ। ਇਸ ਸਭ ਕਾਸੇ ਨੂੰ ਵਾਚਦਿਆਂ ਭਵਿੱਖ ਦੇ ਪਾਣੀ ਖ਼ਤਰੇ ਦੇ ਮੱਦੇਨਜ਼ਰ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਦੀ ਪ੍ਰੋੜ੍ਹਤਾ 'ਚ ਇਕਜੁਟਤਾ ਦਾ ਸਬੂਤ ਦੇਣ ਦੀ ਲੋੜ ਭਾਸਦੀ ਹੈ। ਸਰਕਾਰਾਂ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਕੇ ਮਹਿਕਮਿਆਂ ਨੂੰ ਖ਼ੁਦਮੁਖ਼ਤਿਆਰੀ ਨਾਲ ਕਾਰਜ ਕਰਨ ਦੀ ਖੁੱਲ੍ਹ ਦੇਣ।


-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜੀ, ਸੰਗਰੂਰ।


* ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਮੌਨਸੂਨ ਦੀ ਬਾਰਿਸ਼ ਘੱਟ ਹੁੰਦੀ ਜਾ ਰਹੀ ਹੈ ਅਤੇ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਵੀ ਘੱਟ ਹੀ ਹੁੰਦੀਆਂ ਹਨ। ਬਹੁਤ ਸਾਰੇ ਛੱਪੜ, ਤਲਾਬਾਂ ਆਦਿ ਤੇ ਨਾਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਪਾਣੀ ਦੀ ਦੁਰਵਰਤੋਂ ਦਿਨੋ-ਦਿਨ ਵਧਣ ਨਾਲ ਪਾਣੀ ਪਤਾਲ ਤੱਕ ਪਹੁੰਚ ਗਿਆ ਹੈ, ਅੱਜ ਪਾਣੀ ਦੀ ਕਮੀ ਸਭ ਤੋਂ ਵੱਡੀ ਚੁਣੌਤੀ ਹੈ। ਝੋਨੇ ਦੀ ਖੇਤੀ ਨੇ ਜ਼ਮੀਨ ਦੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਰਿਆਵਾਂ ਦੇ ਪਾਣੀ ਵੀ ਬਹੁਤ ਘਟ ਗਏ ਹਨ ਅਤੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਹਨ। ਧਰਤੀ ਹੇਠਲੇ ਪਾਣੀ ਨੂੰ ਕਿਵੇਂ ਸੰਭਾਲਣਾ ਹੈ ਅਤੇ ਇਸ ਦਾ ਪੱਧਰ ਉੱਪਰ ਕਿਵੇਂ ਚੁੱਕਣਾ ਹੈ, ਇਹ ਇਕ ਵੱਡੀ ਚੁਣੌਤੀ ਹੈ। ਇਸ ਲਈ ਬਾਰਿਸ਼ ਦੇ ਪਾਣੀ ਨੂੰ ਬਚਾਉਣ ਅਤੇ ਖੇਤੀ ਲਈ ਫੁਆਰਾ ਜਾਂ ਤੁਪਕਾ ਸਿੰਚਾਈ ਨੂੰ ਅਪਣਾਉਣ ਦੀ ਲੋੜ ਹੈ। ਘਰਾਂ, ਵਪਾਰਕ ਅਦਾਰਿਆਂ, ਸਨਅਤਾਂ ਆਦਿ ਵਿਚ ਪਾਣੀ ਦੀ ਵਰਤੋਂ ਲਈ ਬਿਜਲੀ ਦੇ ਮੀਟਰ ਲਗਾਉਣੇ ਚਾਹੀਦੇ ਹਨ। ਝੋਨੇ ਦੀ ਜਗ੍ਹਾ ਕੋਈ ਬਦਲਵੀਂ ਫ਼ਸਲ ਬੀਜਣ ਦੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ, ਜਿਸ ਨਾਲ ਕਿਸਾਨ ਨੂੰ ਵੀ ਫ਼ਸਲੀ ਘਾਟਾ ਨਾ ਪਵੇ ਅਤੇ ਕੁਦਰਤ ਦੀ ਅਣਮੁੱਲੀ ਦਾਤ ਪਾਣੀ ਨੂੰ ਵੀ ਬਚਾਇਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਬਹਾਦੀਆ, ਕੈਨੇਡਾ।

16-07-2019

 ਨਵੇਂ ਭਾਰਤ ਦਾ ਨਿਰਮਾਣ
ਪਿਛਲੇ ਦਿਨੀਂ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਟੀਚਾ ਨਵੇਂ ਭਾਰਤ ਦਾ ਨਿਰਮਾਣ ਕਰਦਿਆਂ ਹਰ ਵਿਅਕਤੀ ਨੂੰ ਸਮਰੱਥ ਬਣਾਉਣਾ ਹੈ। ਦੇਸ਼ ਵਾਸੀ ਵੀ ਮੋਦੀ ਸਰਕਾਰ ਤੋਂ ਇਹੀ ਉਮੀਦ ਰੱਖਦੇ ਹਨ। ਦੇਸ਼ ਦਾ ਹਰ ਵਿਅਕਤੀ ਸਮਰੱਥ ਤਦ ਹੀ ਬਣੇਗਾ, ਜਦ ਹਰ ਵਿਅਕਤੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਜਦ ਮਹਿੰਗਾਈ 'ਤੇ ਲਗਾਮ ਕੱਸੀ ਜਾਵੇਗੀ। ਨਵੀਂ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਜੇਕਰ ਇਹ ਯੋਜਨਾਵਾਂ ਰੁਜ਼ਗਾਰ ਮੁਖੀ ਬਣਾਈਆਂ ਜਾਂਦੀਆਂ ਹਨ ਤਾਂ ਇਹ ਯੋਜਨਾਵਾਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ 'ਚ ਜ਼ਰੂਰ ਸਹਾਈ ਹੋਣਗੀਆਂ। ਹੋ ਸਕਦਾ ਹੈ ਕਿ ਸਰਕਾਰ ਲਈ ਬਹੁਤੀਆਂ ਯੋਜਨਾਵਾਂ ਨੇਪਰੇ ਚੜ੍ਹਾਉਣੀਆਂ ਸੰਭਵ ਨਾ ਹੋਣ। ਪਰ ਜੇਕਰ ਸਰਕਾਰ ਗੰਭੀਰ ਹੈ ਤਾਂ ਉਸ ਲਈ ਸਭ ਕੁਝ ਸੰਭਵ ਹੈ। ਗੰਭੀਰ ਹੋਇਆਂ ਬਿਨਾਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਅਸੰਭਵ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪ੍ਰਦੂਸ਼ਣ ਚੈੱਕ ਸੈਂਟਰ ਫੈਲਾ ਰਹੇ ਨੇ ਪ੍ਰਦੂਸ਼ਣ
ਆਵਾਜਾਈ ਦੇ ਸਾਧਨਾਂ ਵਿਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ ਅਤੇ ਇਹ ਪ੍ਰਕਿਰਿਆ ਦਿਨੋ-ਦਿਨ ਵਧ ਰਹੀ ਹੈ। ਅੱਜ ਘਰ ਵਿਚ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਸਕੂਟਰ, ਮੋਟਰਸਾਈਕਲ, ਕਾਰ ਅਤੇ ਹੋਰ ਆਵਾਜਾਈ ਦੇ ਸਾਧਨ ਮੌਜੂਦ ਹਨ। ਅਕਸਰ ਹੀ ਪੁਲਿਸ ਵਲੋਂ ਸੜਕ 'ਤੇ ਵਾਹਨ ਦੀ ਚੈਕਿੰਗ ਕੀਤੀ ਜਾਂਦੀ ਹੈ। ਹੋਰ ਦਸਤਾਵੇਜ਼ਾਂ ਦੇ ਨਾਲ-ਨਾਲ ਇਹ ਵੀ ਦੇਖਿਆ ਜਾਂਦਾ ਹੈ ਕਿ ਵਾਹਨ ਦਾ ਪ੍ਰਦੂਸ਼ਣ ਸਰਟੀਫਿਕੇਟ ਵੀ ਬਣਿਆ ਹੋਵੇ ਅਤੇ ਚੈਕਿੰਗ ਕਰਦੇ ਸਮੇਂ ਪੁਲਿਸ ਵਲੋਂ ਪ੍ਰਦੂਸ਼ਣ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਹ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਵਾਹਨ ਵਲੋਂ ਤੈਅ ਮਾਤਰਾ ਤੋਂ ਵੱਧ ਧੂੰਆਂ ਨਹੀਂ ਛੱਡਿਆ ਜਾ ਰਿਹਾ ਅਤੇ ਇਹ ਵਾਹਨ ਕਿਸੇ ਵੀ ਤਰ੍ਹਾਂ ਹਵਾ ਪ੍ਰਦੂਸ਼ਣ ਨਹੀਂ ਫੈਲਾ ਰਿਹਾ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਖੁੰਬਾਂ ਵਾਂਗ ਖੁੱਲ੍ਹੀਆਂ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਦੁਕਾਨਾਂ ਤੋਂ ਇਹ ਸਰਟੀਫਿਕੇਟ ਬਹੁਤ ਹੀ ਘੱਟ ਕੀਮਤ 'ਤੇ ਉਪਲਬਧ ਹੋ ਜਾਂਦਾ ਹੈ। ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਵੇਲੇ ਨਾ ਹੀ ਵਾਹਨ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾ ਹੀ ਸਰਕਾਰ ਵਲੋਂ ਜਾਰੀ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਸਰਕਾਰ ਨੂੰ ਅਜਿਹੇ ਸੈਂਟਰਾਂ ਖਿਲਾਫ਼ ਸਖ਼ਤ ਕਾਨੂੰਨ ਅਮਲ ਵਿਚ ਲਿਆਉਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਸਰਟੀਫਿਕੇਟ ਸਿਰਫ ਉਸ ਵਾਹਨ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਵੱਧ ਮਾਤਰਾ ਵਿਚ ਧੂੰਆਂ ਨਾ ਛੱਡਦਾ ਹੋਵੇ। ਪ੍ਰਦੂਸ਼ਣ ਚੈੱਕ ਸੈਂਟਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਜਿਹੇ ਸਰਟੀਫਿਕੇਟ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਹਰ ਦੇਸ਼ਵਾਸੀ ਸਾਫ਼ ਹਵਾ ਵਿਚ ਸਾਹ ਲੈ ਸਕੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਕੁੱਲੂ ਜ਼ਿਲ੍ਹੇ 'ਚ ਬੰਜਾਰ ਬੱਸ ਹਾਦਸਾ
ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੇ ਬੰਜਾਰ ਇਲਾਕੇ 'ਚ ਹੋਏ ਬੱਸ ਹਾਦਸੇ 'ਚ 44 ਦੇ ਕਰੀਬ ਸਵਾਰੀਆਂ ਦੀ ਭਿਆਨਕ ਮੌਤ ਨੇ ਸਾਰੇ ਦੇਸ਼ਵਾਸੀਆਂ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਬੱਸ ਹਾਦਸੇ ਲਈ ਕਾਰਨ ਭਾਵੇਂ ਕੋਈ ਵੀ ਜ਼ਿੰਮੇਵਾਰ ਹੋਵੇ, ਪਰ ਇਸ ਅਮਲ ਲਈ ਸੂਬੇ ਦੀ ਸੜਕੀ ਆਵਾਜਾਈ ਪ੍ਰਬੰਧ 'ਤੇ ਕਈ ਸਵਾਲ ਉੱਠਦੇ ਹਨ। ਸੂਬੇ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੂਬੇ ਦੀਆਂ ਸੜਕਾਂ 'ਤੇ ਕੇਵਲ ਸਥਾਨਕ ਲੋਕ ਹੀ ਸਫ਼ਰ ਨਹੀਂ ਕਰਦੇ, ਸਗੋਂ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੈਰ-ਸਪਾਟੇ ਦੇ ਸ਼ੌਕੀਨ ਆਪਣੀ ਜਾਨ ਜੋਖ਼ਮ 'ਚ ਪਾ ਕੇ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦੀ ਸੁੰਦਰਤਾ ਦੇਖਣ ਆਉਂਦੇ ਹਨ। ਹਿਮਾਚਲ ਦੇ ਬੱਸਾਂ ਤੇ ਟੈਕਸੀ ਚਾਲਕਾਂ ਦਾ ਦੂਜੇ {ਰਾਜਾਂ ਤੋਂ ਆਉਂਦੀਆਂ ਗੱਡੀਆਂ ਤੇ ਕਾਰਾਂ ਦੇ ਚਾਲਕਾਂ ਨਾਲ ਵਿਵਹਾਰ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ। ਇਸ ਮਾਮਲੇ 'ਚ ਸਰਕਾਰੀ ਬੱਸਾਂ ਦੇ ਡਰਾਈਵਰ ਵੀ ਘੱਟ ਨਹੀਂ ਹਨ ਤੇ ਹਿਮਾਚਲ ਦੇ ਟੈਕਸੀ ਚਾਲਕਾਂ ਨੂੰ ਤਾਂ ਇਸ ਗੱਲ ਦੀ ਸਿਰੇ ਦੀ ਈਰਖਾ ਤੇ ਸਾੜਾ ਹੁੰਦਾ ਹੈ ਕਿ ਇੱਧਰ ਘੁੰਮਣ-ਫਿਰਨ ਆਉਣ ਵਾਲੇ ਲੋਕ ਆਪਣੀ ਟੈਕਸੀ ਜਾ ਗੱਡੀ ਮੋਟਰ ਦਾ ਪ੍ਰਬੰਧ ਕਰਕੇ ਕਿਉਂ ਆ ਰਹੇ ਹਨ। ਡਰਾਈਵਰਾਂ ਦੀ ਦਾਦਾਗਿਰੀ ਹਿਮਾਚਲੀ ਪ੍ਰਾਹੁਣਚਾਰੀ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਹਿਮਾਚਲ ਸਰਕਾਰ ਨੂੰ ਸੂਬੇ ਦੀ ਸੜਕ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਸਰਕਾਰੀ ਤੇ ਪ੍ਰਾਈਵੇਟ ਵਾਹਨ ਚਾਲਕਾਂ ਨੂੰ ਪਹਾੜੀ ਰਸਤਿਆਂ 'ਤੇ ਚੱਲਣ ਸਮੇਂ ਬਾਹਰੋਂ ਆਏ ਗੱਡੀ ਚਾਲਕਾਂ ਨਾਲ ਚੰਗੇ ਵਤੀਰੇ ਦੀ ਰਵਾਇਤ ਨੂੰ ਧਿਆਨ 'ਚ ਰੱਖਣ ਦੀ ਖਾਸ ਸਿਖਲਾਈ ਦੇਣੀ ਚਾਹੀਦੀ ਹੈ। ਹਿਮਾਚਲ ਸਰਕਾਰ ਤੇ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੂਬੇ ਦਾ ਸੈਰ-ਸਪਾਟਾ ਕਾਰੋਬਾਰ ਸੂਬੇ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਵਸੀਲਾ ਹੈ ਤੇ ਸੂਬੇ ਦੀ ਸੜਕੀ ਆਵਾਜਾਈ 'ਚ ਪਾਈਆਂ ਊਣਤਾਈਆਂ ਸੈਲਾਨੀਆਂ ਨੂੰ ਸਕੂਨ ਦੇਣ ਦੀ ਬਜਾਏ ਬੇਚੈਨ ਕਰਨ ਲਈ ਵੱਡਾ ਕਾਰਨ ਬਣਨਗੀਆਂ ਜਿਸ ਨਾਲ ਸੂਬੇ ਦੇ ਸੈਰ-ਸਪਾਟਾ ਕਾਰੋਬਾਰ ਨੂੰ ਢਾਹ ਲੱਗ ਸਕਦੀ ਹੈ।

-ਵਰਿੰਦਰ ਸਿੰਘ ਨਿਮਾਣਾ, ਪ੍ਰਿੰ: ਅਮਨਦੀਪ ਸ਼ਰਮਾ, ਸਰਬਜੀਤ ਸਿੰਘ ਕੰਗ ਤੇ ਸਮੂਹ ਮੈਂਬਰ
ਪੰਜਾਬੀ ਵਿਕਾਸ ਮੰਚ ਹਰਿਆਣਾ ਰਜਿ: ਹੁਸ਼ਿਆਰਪੁਰ।

ਬੋਰਵੈੱਲ ਬੰਦ ਕਿਵੇਂ ਕੀਤੇ ਜਾਣ...
ਸੰਗਰੂਰ ਦੇ ਭਗਵਾਨਪੁਰਾ ਦੇ ਮਾਸੂਮ ਫਤਹਿਵੀਰ ਦੀ ਬੋਰਵੈੱਲ ਵਿਚ ਡਿਗਣ ਕਾਰਨ ਹੋਈ ਦੁਖਦਾਈ ਮੌਤ ਤੋਂ ਬਾਅਦ ਬੋਰਵੈੱਲ ਬੰਦ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਹ ਜ਼ਰੂਰੀ ਵੀ ਹੋ ਗਿਆ ਹੈ, ਕਿਉਂਕਿ ਇਹ ਬੋਰਵੈੱਲ ਜਾਨ ਦਾ ਖੌਅ ਬਣ ਗਏ ਹਨ। ਧਰਤੀ ਦੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਨਵੇਂ ਬੋਰ ਕਰਵਾਉਣੇ ਪੈਂਦੇ ਹਨ ਅਤੇ ਇਹ ਪੁਰਾਣੇ ਬੋਰ ਦੇ ਮੂੰਹ 'ਤੇ ਜਾਂ ਤਾਂ ਕੋਈ ਲੱਕੜੀ, ਪੱਥਰ ਆਦਿ ਰੱਖ ਦਿੱਤਾ ਜਾਂਦਾ ਹੈ ਜਾਂ ਫਿਰ ਆਮ ਕਰਕੇ ਬੋਰੀ ਨਾਲ ਇਸ ਦਾ ਮੂੰਹ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਸਾਲਾਂਬੱਧੀ ਇਸੇ ਤਰ੍ਹਾਂ ਬੰਨ੍ਹਿਆ ਰਹਿੰਦਾ ਹੈ। ਨਤੀਜੇ ਵਜੋਂ ਇਹ ਦੇਖਣ ਨੂੰ ਸਾਬਤ-ਸਬੂਤਾ ਲਗਦਾ ਹੈ ਪਰ ਬਾਰਸ਼ ਤੇ ਧੁੱਪਾਂ ਨਾਲ ਬੋਦਾ ਹੋ ਜਾਂਦਾ ਹੈ, ਥੋੜ੍ਹਾ ਜਿਹਾ ਦਬਾਅ ਪੈਣ 'ਤੇ ਹੀ ਫਟ ਜਾਂਦਾ ਹੈ, ਜਿਸ ਤਰ੍ਹਾਂ ਮਾਸੂਮ ਫਤਹਿਵੀਰ ਨਾਲ ਹੋਇਆ। ਕਈ ਕਿਸਾਨ ਆਖਦੇ ਹਨ ਕਿ ਜਦੋਂ ਬਾਰਸ਼ਾਂ ਦਾ ਪਾਣੀ ਉਨ੍ਹਾਂ ਦੀਆਂ ਫਸਲਾਂ ਖਰਾਬ ਕਰਦਾ ਹੈ ਤਾਂ ਉਹ ਇਨ੍ਹਾਂ ਪੁਰਾਣੇ ਬੋਰਾਂ ਦਾ ਮੂੰਹ ਖੋਲ੍ਹ ਦਿੰਦੇ ਹਨ, ਜਿਸ ਨਾਲ ਪਾਣੀ ਹੇਠਾਂ ਧਰਤੀ ਵਿਚ ਚਲਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਮਰਨ ਤੋਂ ਬਚ ਜਾਂਦੀਆਂ ਹਨ ਪਰ ਜੇ ਇਨ੍ਹਾਂ ਪੁਰਾਣੇ ਬੋਰਾਂ ਦਾ ਐਨਾ ਫਾਇਦਾ ਹੈ ਤਾਂ ਮਾਹਿਰਾਂ ਦੀ ਸਲਾਹ ਨਾਲ ਇਨ੍ਹਾਂ ਨੂੰ ਇੱਟਾਂ ਦੇ ਟੁਕੜਿਆਂ, ਬੱਟਿਆਂ, ਬੱਜਰੀ ਆਦਿ ਨਾਲ ਭਰ ਦਿੱਤਾ ਜਾਵੇ, ਤਾਂ ਕਿ ਪਾਣੀ ਵੀ ਧਰਤੀ ਅੰਦਰ ਚਲਾ ਜਾਵੇ ਤੇ ਕੋਈ ਮੰਦਭਾਗੀ ਘਟਨਾ ਵੀ ਨਾ ਵਾਪਰੇ।

-ਅੰਮ੍ਰਿਤ ਕੌਰ,
ਅੱਧੀ ਟਿੱਬੀ, ਬਡਰੁੱਖਾਂ (ਸੰਗਰੂਰ)।

15-07-2019

 ਵਣ ਮਹਾਂਉਤਸਵ...
ਜੁਲਾਈ-ਅਗਸਤ ਮਹੀਨੇ ਵਣ ਮਹਾਂਉਤਸਵ ਮਨਾਉਣ ਦੇ ਹੀ ਹਨ। ਹਰ ਸਾਲ ਇਨ੍ਹਾਂ ਦਿਨਾਂ ਵਿਚ ਲੱਖਾਂ ਪੌਦੇ ਵੱਖ-ਵੱਖ ਅਦਾਰੇ ਲਾਉਂਦੇ ਹਨ। ਜਿੰਨੇ ਰੁੱਖ ਲਗਾਉਣ ਦਾ ਵੱਖ-ਵੱਖ ਸੰਸਥਾਵਾਂ ਦਾਅਵਾ ਕਰ ਰਹੀਆਂ ਹਨ, ਉਸ ਹਿਸਾਬ ਨਾਲ ਪੰਜਾਬ ਵਿਚ ਪੱਚੀ ਫ਼ੀਸਦੀ ਧਰਤੀ 'ਤੇ ਦਰੱਖਤ ਹੋਣੇ ਚਾਹੀਦੇ ਹਨ ਪਰ ਇਥੇ ਧਰਤੀ ਦੇ ਪੰਜ ਫ਼ੀਸਦੀ ਹਿੱਸੇ ਤੋਂ ਦਰੱਖਤ ਨਹੀਂ ਵਧੇ। ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬੂਟੇ ਜਾਂਦੇ ਕਿੱਥੇ ਹਨ? ਬੂਟੇ ਲਾਉਣ ਵਾਲੀਆਂ ਧਿਰਾਂ ਕੀ ਸੱਚਮੁੱਚ ਹੀ ਦਰੱਖਤ ਲਾਉਣ ਲਈ ਸੰਜੀਦਾ ਹਨ? ਜੇ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇ ਤਾਂ ਜਵਾਬ ਨਹੀਂ ਹੀ ਹੋਵੇਗਾ। ਇਥੇ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਹਰ ਸਾਲ ਲੱਖਾਂ ਰੁਪਏ ਦੀ ਕੀਮਤ ਦੇ ਦਰੱਖਤ ਵਿਹਲੀ ਥਾਂ 'ਤੇ ਲਾ ਕੇ ਸੁੱਕਣ ਲਈ ਛੱਡ ਦਿੰਦੇ ਹਨ। ਉਨ੍ਹਾਂ ਦੀ ਗਿਣਤੀ ਵਧਾਉਣ ਨਾਲੋਂ ਬੂਟੇ ਦੀ ਘੱਟੋ-ਘੱਟ ਦੋ ਸਾਲ ਸੰਭਾਲ ਕੀਤੀ ਜਾਵੇ।
ਜਿਹੜੇ ਦਰੱਖਤ ਸੜਕਾਂ ਆਦਿ 'ਤੇ ਲਾਏ ਜਾਂਦੇ ਹਨ, ਉਹ ਜਾਂ ਤਾਂ ਫਲਦਾਰ ਹੋਣ ਜਿਸ ਦੀ ਸਾਂਭ-ਸੰਭਾਲ ਨਾਲ ਦੇ ਖੇਤ ਵਾਲਾ ਕਿਸਾਨ ਕਰੇ ਤੇ ਉਸ ਦੇ ਫਲ ਦਾ ਮਾਲਕ ਵੀ ਉਹੀ ਕਿਸਾਨ ਹੋਵੇ ਜਾਂ ਉਹ ਦਰੱਖਤ ਲਾਏ ਜਾਣ ਜੋ ਬਹੁਤ ਲੰਮੇ ਨਾ ਹੋਣ, ਨਾਲ ਵਾਲੇ ਖੇਤ ਵਿਚਲੀ ਫਸਲ ਨੂੰ ਨੁਕਸਾਨ ਨਾ ਕਰਨ। ਸਰਕਾਰ ਹਰ ਪੰਚਾਇਤ ਨੂੰ 550 ਬੂਟੇ ਦੇ ਰਹੀ ਹੈ ਹਰ ਪੰਚਾਇਤ ਨੂੰ ਜਿਸ ਕੋਲ ਪੰਚਾਇਤੀ ਜ਼ਮੀਨ ਹੈ, ਉਸ ਵਿਚ ਦਰੱਖਤ ਲਾਉਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਹਰ ਪੰਚਾਇਤੀ ਜ਼ਮੀਨ ਦਾ 25 ਫ਼ੀਸਦੀ ਹਿੱਸੇ ਵਿਚ ਦਰੱਖਤ ਲਾਜ਼ਮੀ ਕੀਤੇ ਜਾਣ। ਹਰ ਕਿਸਾਨ ਨੂੰ ਇਕ ਏਕੜ ਮਗਰ ਦੋ ਦਰੱਖਤ ਲਾਉਣੇ ਲਾਜ਼ਮੀ ਹੋਣ ਅਜਿਹਾ ਨਾ ਕਰਨ ਵਾਲੇ ਨੂੰ ਬਿਜਲੀ ਦਾ ਬਿੱਲ ਲਾ ਦਿੱਤਾ ਜਾਵੇ। ਹਰ ਆਦਮੀ ਨੂੰ ਵੱਧ ਤੋਂ ਵੱਧ ਦਰੱਖਤ ਲਾਉਣ ਲਈ ਪ੍ਰੇਰਨਾ ਦਿੱਤੀ ਜਾਵੇ।

-ਜਸਕਰਨ
jaskaranlande@gmail.com

ਲੀਹੋਂ ਲੱਥਾ ਸਰਕਾਰੀਤੰਤਰ
ਗੋਬਿੰਦਰ ਸਿੰਘ ਬਰੜ੍ਹਵਾਲ ਦਾ ਲੇਖ ਸਰਕਾਰੀ ਮੁਲਾਜ਼ਮਾਂ ਦੀ ਬੇਰੁਖ਼ੀ ਬਾਰੇ ਵਿਸਥਾਰ ਨਾਲ ਚਾਨਣਾ ਪਾ ਗਿਆ। ਅੱਜ ਸਾਡੇ ਆਮ ਲੋਕਾਂ ਦਾ ਸਰਕਾਰੀ ਪ੍ਰਸ਼ਾਸਨ ਤੋਂ ਮੋਹ ਭੰਗ ਹੋ ਗਿਆ ਹੈ। ਕਚਹਿਰੀਆਂ, ਥਾਣੇ, ਡੀ.ਸੀ. ਦਫਤਰ, ਤਹਿਸੀਲ ਦਫਤਰ ਆਦਿ ਸਭ ਡਰਾਉਣੇ ਜਾਪਣ ਲੱਗੇ ਹਨ। ਆਮ ਆਦਮੀ ਇਨ੍ਹਾਂ ਦਫ਼ਤਰਾਂ ਦਾ ਨਾਂਅ ਸੁਣ ਕੇ ਹੀ ਦਹਿਲ ਜਾਂਦਾ ਹੈ। ਵਾਕਫ਼ੀ ਵਾਲੇ ਅਤੇ ਪੈਸੇ ਵਾਲੇ ਆਪਣਾ ਕੰਮ ਕਰਵਾ ਜਾਂਦੇ ਹਨ ਅਤੇ ਦੂਸਰੇ ਆਮ ਲੋਕਾਂ ਨੂੰ ਸਿਵਾਏ ਖੱਜਲ-ਖੁਆਰੀ ਤੋਂ ਕੁਝ ਹੱਥ ਨਹੀਂ ਆਉਂਦਾ। ਭ੍ਰਿਸ਼ਟਾਚਾਰ ਤਾਂ ਸਰਕਾਰੀ ਮੁਲਾਜ਼ਮਾਂ ਦੇ ਹੱਡੀਂ ਰਚ ਗਿਆ ਹੈ, ਖਾਸ ਕਰਕੇ ਪੁਲਿਸ ਮਹਿਕਮਾ ਤਾਂ ਨਾਲੇ ਲੁਟਦਾ ਹੈ ਅਤੇ ਨਾਲੇ ਕੁੱਟਦਾ ਹੈ। ਕੋਈ ਸੌ ਵਿਚੋਂ ਇਕ-ਅੱਧਾ ਹੀ ਹੋਣਾ ਹੈ ਜੋ ਰਿਸ਼ਵਤ ਲਏ ਬਿਨਾਂ ਕੰਮ ਕਰਦਾ ਹੋਵੇ। ਕੁਝ ਨੇਤਾ ਵੀ ਇਸ 'ਵਗਦੀ ਗੰਗਾ' ਚੋਂ ਹੱਥ ਧੋ ਕੇ ਮਾਲਾਮਾਲ ਹੋਈ ਜਾ ਰਹੇ ਹਨ। ਉਪਰਲੇ ਠੀਕ ੋਹਣ ਤਾਂ ਹੇਠਲੇ ਆਪੇ ਠੀਕ ਹੋ ਜਾਣਗੇ। ਮੋਟੀਆਂ-ਮੋਟੀਆਂ ਤਨਖਾਹਾਂ ਲੈ ਕੇ ਵੀ ਕੰਮ ਕਰਾਉਣ ਵਾਲਿਆਂ ਦੀਆਂ ਜੇਬ੍ਹਾਂ ਵਿਚ ਝਾਕਣਾ ਇਨ੍ਹਾਂ ਲੋਕਾਂ ਦੀ ਆਦਤ ਪੱਕੀ ਹੋ ਗਈ ਹੈ। ਲੀਹੋਂ ਲੱਥਾ ਸਰਕਾਰੀਤੰਤਰ ਕਦੋਂ ਲੀਹ 'ਤੇ ਆਵੇਗਾ? ਇਸ ਸਵਾਲ ਦਾ ਜਵਾਬ ਹੈ ਕਿਸੇ ਕੋਲ? ਆਮ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਹੀ ਇਸ ਬਿਮਾਰੀ ਤੋਂ ਰਾਹਤ ਮਿਲੇਗੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਵਾਤਾਵਰਨ ਪ੍ਰਤੀ ਅਣਗਹਿਲੀ
ਮਨੁੱਖ ਦੀ ਵਧਦੀ ਲਾਲਸਾ ਨੇ ਕੁਦਰਤੀ ਨਿਯਮਾਂ ਨੂੰ ਤੋੜ ਕੇ ਸੋਮਿਆਂ ਅਤੇ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਵਾਤਾਵਰਨ ਵਿਚ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ। ਪਾਣੀ ਦਾ ਪੱਧਰ ਦਿਨੋ-ਦਿਨ ਡਿੱਗ ਰਿਹਾ ਹੈ। ਅਸੀਂ ਹਵਾ ਨੂੰ ਵੀ ਅਸੀਂ ਵੱਖ-ਵੱਖ ਤਰੀਕਿਆਂ ਨਾਲ ਗੰਧਲਾ ਕਰ ਰਹੇ ਹਾਂ। ਕੁਦਰਤ ਨੇ ਸਾਨੂੰ ਹਵਾ ਪਾਣੀ ਮੁਫ਼ਤ ਵਿਚ ਦਿੱਤੇ ਹਨ ਪਰ ਮਨੁੱਖ ਨੇ ਆਪਣੀਆਂ ਸੁਆਰਥੀ ਲੋੜਾਂ ਦੀ ਪੂਰਤੀ ਕਰਨ ਹਿਤ ਇਨ੍ਹਾਂ ਦੋਵਾਂ ਨੂੰ ਹੀ ਗੰਧਲਾ ਕਰ ਦਿੱਤਾ ਹੈ। ਜਿਥੇ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਕਿੰਨੇ ਤਰ੍ਹਾਂ ਦੇ ਪ੍ਰਹੇਜ਼ ਕਰਦੇ ਹਾਂ ਪਰ ਪਾਣੀ ਅਤੇ ਸ਼ੁੱਧ ਹਵਾ ਜਿਸ ਦੀ ਬਦੌਲਤ ਧਰਤੀ ਦੇ ਜੀਵਨ ਦੀ ਹੋਂਦ ਬਰਕਰਾਰ ਹੈ, ਉਸ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਅਸੀਂ ਕੋਈ ਉਪਰਾਲਾ ਹੀ ਨਹੀਂ ਕਰਦੇ। ਜੇਕਰ ਹਵਾ ਪਾਣੀ ਸਾਨੂੰ ਸ਼ੁੱਧ ਤੇ ਸਾਫ਼ ਪ੍ਰਾਪਤ ਹੋਣਗੇ ਤਾਂ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਸ਼ਾਇਦ ਪੈਦਾ ਹੀ ਨਾ ਹੋਣ। ਸਾਡਾ ਫ਼ਰਜ਼ ਬਣਦਾ ਹੈ ਕਿ ਵਾਤਾਵਰਨ ਵਿਚ ਸ਼ੁੱਧਤਾ ਲਿਆਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਉਪਰਾਲੇ ਕਰੀਏ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਜ਼ਿਲ੍ਹਾ ਮੁਕਤਸਰ ਸਾਹਿਬ।

ਪਾਣੀ ਦੀ ਦੁਰਵਰਤੋਂ
ਸਾਡੀ ਜ਼ਿੰਦਗੀ ਲਈ ਅਨਮੋਲ ਖਜ਼ਾਨਾ ਪਾਣੀ ਹੈ ਪਰ ਫਿਰ ਵੀ ਇਸ ਦੀ ਵਰਤੋਂ ਅਸੀਂ ਸੰਜਮ ਨਾਲ ਨਹੀਂ ਕਰਦੇ। ਹਰ ਰੋਜ਼ ਬੁਰਸ਼ ਕਰਨ ਵੇਲੇ, ਨਹਾਉਣ ਵੇਲੇ, ਕੋਈ ਵਾਹਨ ਧੋਣ ਲਈ ਅਸੀਂ ਕਦੇ ਵੀ ਸੰਕੋਚ ਨਹੀਂ ਕਰਦੇ। ਟਿਊਬਵੈੱਲਾਂ ਰਾਹੀਂ ਖੇਤਾਂ ਵਿਚ ਝੋਨੇ ਦੀ ਫ਼ਸਲ ਪਾਲਣ ਲਈ ਵੀ ਬਹੁਤ ਪਾਣੀ ਵਰਤਿਆ ਜਾਂਦਾ ਹੈ। ਮਾਹਿਰਾਂ ਨੇ ਇਹ ਕਹਿ ਦਿੱਤਾ ਹੈ ਕਿ 2030 ਤੱਕ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਪਾਣੀ ਨੂੰ ਬਚਾਉਣ ਵਿਚ ਅੱਜ ਵੀ ਅਸੀਂ ਬਹੁਤ ਦੇਰ ਕਰ ਚੁੱਕੇ ਹਾਂ ਪਰ ਅੱਜ ਤੋਂ ਇਹ ਪਾਣੀ ਦੀ ਦੁਰਵਰਤੋਂ ਘਟਾ ਕੇ ਚੰਗੇ ਸਮਾਜ ਸੇਵੀ ਬਣੀਏ। ਇਸ ਚੰਗੇ ਕੰਮ ਦੀ ਸ਼ੁਰੂਆਤ ਕਿਸੇ ਹੋਰ ਤੋਂ ਨਹੀਂ, ਸਗੋਂ ਆਪਣੇ ਘਰ ਤੋਂ ਹੀ ਕਰੀਏ। ਜਿਥੇ ਵੀ ਪਾਣੀ ਦੀ ਵਰਤੋਂ ਕਰਦੇ ਹਾਂ, ਬੜੇ ਸੰਜਮ ਨਾਲ ਕਰੀਏ। ਜੇ ਅਸੀਂ ਸਾਰੇ ਇਸ ਪਲੇਟਫਾਰਮ 'ਤੇ ਇਕ ਹੋ ਜਾਈਏ ਤਾਂ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ।

-ਲੈਕ: ਸੁਖਦੀਪ ਸਿੰਘ ਸੁਖਾਣਾ,
ਪਿੰਡ ਸੁਖਾਣਾ (ਲੁਧਿਆਣਾ)।

ਸਾਦੇ ਵਿਆਹ
ਪੁਰਾਤਨ ਸਮੇਂ ਵਿਚ ਘਰਾਂ, ਗੁਰਦੁਆਰਿਆਂ, ਮੰਦਰਾਂ, ਧਰਮਸਥਾਨਾਂ ਆਦਿ ਵਿਚ ਸਾਦੇ ਵਿਆਹ ਕੀਤੇ ਜਾਂਦੇ ਸਨ। ਆਪਸੀ ਭਾਈਚਾਰਾ ਹੋਣ ਕਰਕੇ ਕਿਸੇ ਦੀ ਵੀ ਧੀ, ਭੈਣ ਦੇ ਵਿਆਹ ਵਿਚ ਸਾਰੇ ਇਕ-ਦੂਜੇ ਨਾਲ ਮਿਲ ਕੇ ਹੱਥ ਵਟਾਉਂਦੇ ਸਨ। ਹੁਣ ਸਾਰਿਆਂ ਨੂੰ ਆਪੋ-ਧਾਪੀ ਪਈ ਹੋਈ ਹੈ। ਕੇਵਲ ਦਿਖਾਵੇ ਤੇ ਆਮਦਨ ਤੋਂ ਵੱਧ ਖਰਚ ਕਰਕੇ ਮੈਰਿਜ ਪੈਲੇਸਾਂ 'ਚ ਵਿਆਹ ਕੀਤੇ ਜਾਂਦੇ ਹਨ ਅਤੇ ਕਈ ਲੋਕ ਆਪਣਾ ਦਿਵਾਲਾ ਕੱਢ ਲੈਂਦੇ ਹਨ। ਇਨ੍ਹਾਂ ਦੀ ਰੀਸ ਕਰਕੇ ਗਰੀਬ ਤੇ ਮੱਧ ਵਰਗ ਵੀ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਪੁਰਾਣੇ ਵਿਆਹਾਂ ਵਿਚ ਰਿਸ਼ਤੇਦਾਰ-ਮਿੱਤਰ ਸਾਰੇ ਸਬੰਧੀ ਕਈ-ਕਈ ਦਿਨ ਇਕੱਠੇ ਰਹਿ ਕੇ ਆਪਸੀ ਪਿਆਰ ਵਧਾਉਂਦੇ ਸਨ ਅਤੇ ਅਜੋਕੇ ਵਿਆਹਾਂ 'ਚ ਸਭ ਕੁਝ ਗਾਇਬ ਹੈ। ਮੈਰਿਜ ਪੈਲੇਸਾਂ ਵਿਚ ਵਿਆਹ ਹੋਣ ਨਾਲ ਵਿਆਹ ਵਾਲੇ ਘਰਾਂ ਵਿਚ ਸੁੰਨ-ਮਸਾਨ ਪਈ ਹੁੰਦੀ ਹੈ। ਦਿਖਾਵੇ ਦੇ ਵਿਆਹਾਂ ਤੋਂ ਬਚਣਾ ਚਾਹੀਦਾ ਹੈ। ਮੈਰਿਜ ਪੈਲੇਸਾਂ ਵਿਚ ਹੁੰਦੀ ਪੈਸੇ ਦੀ ਬਰਬਾਦੀ, ਅੰਨ ਦੀ ਬਰਬਾਦੀ ਅਤੇ ਹੋਰ ਬੇਸ਼ੁਮਾਰ ਫਜ਼ੂਲ ਖਰਚ ਤੋਂ ਬਚਣ ਦੀ ਲੋੜ ਹੈ। ਸਾਦੇ ਵਿਆਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ, ਜੇਕਰ ਸਮਾਜ ਖੁਦ ਹੀ ਇਸ ਦੀ ਪਹਿਲ ਕਰੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

12-07-2019

 ਕਾਨੂੰਨ ਦੀ ਉਲੰਘਣਾ
ਪੁਲਿਸ ਦਾ ਕੰਮ ਸਮਾਜ ਦੀ ਰੱਖਿਆ ਕਰਨਾ ਹੁੰਦਾ ਹੈ ਤੇ ਸਮਾਜ ਵਿਚ ਫੈਲੇ ਅਪਰਾਧਾਂ ਨੂੰ ਰੋਕ ਕੇ ਅਪਰਾਧੀਆਂ ਨੂੰ ਸਜ਼ਾ ਦੇਣਾ ਹੁੰਦਾ ਹੈ ਪਰ ਉਸ ਸਮੇਂ ਕੀ ਕੀਤਾ ਜਾਵੇ, ਜਦ ਪੁਲਿਸ ਹੀ ਕਾਨੂੰਨ ਦੀ ਉਲੰਘਣਾ ਕਰਨ ਲੱਗੇ। ਕਦੇ ਦਿੱਲੀ ਵਿਚ ਪੁਲਿਸ ਵਲੋਂ ਕੀਤੀ ਸਿੱਖਾਂ ਨਾਲ ਕੁੱਟਮਾਰ ਪੁਲਿਸ ਦਾ ਇਕ ਹੈਰਾਨੀਜਨਕ ਰੂਪ ਦਿਖਾਉਂਦੀ ਹੈ, ਉਥੇ ਹੀ ਤਹਿਸੀਲ ਫਿਲੌਰ ਦੇ ਪਿੰਡ ਉੱਪਲ ਵਿਚ ਪੰਜਾਬ ਪੁਲਿਸ ਦੁਆਰਾ ਇਕ ਮਹਿਲਾ ਨਾਲ ਕੀਤੀ ਕੁੱਟਮਾਰ ਦੀ ਖ਼ਬਰ ਪੜ੍ਹੀ। ਹੈਰਾਨੀ ਹੋਈ ਕਿ ਖੁਦ ਕਾਨੂੰਨ ਦੇ ਰਾਖੇ ਕਿਵੇਂ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ। ਸਾਡਾ ਸਮਾਜ ਕਿਸ ਦਸ਼ਾ ਵਿਚ ਜਾ ਰਿਹਾ ਹੈ? ਕਦੇ ਰਾਜਨੀਤਕ ਪਾਰਟੀ ਦਾ ਕੋਈ ਬੰਦਾ ਸ਼ਰ੍ਹੇਆਮ ਮਹਿਲਾਵਾਂ 'ਤੇ ਹੱਥ ਚੁੱਕਦਾ ਹੈ ਤੇ ਕਦੇ ਪੁਲਿਸ ਮੁਲਾਜ਼ਮ। ਸਰਕਾਰ ਨੂੰ ਵੀ ਅਜਿਹੇ ਪੁਲਿਸ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਜਾਨਵੀ ਬਿੱਠਲ


ਆਦਰਸ਼ਹੀਣ ਜਵਾਨੀ
ਸਾਡੇ ਦੇਸ਼ ਦੀ 35 ਫੀਸਦੀ ਆਬਾਦੀ ਨੌਜਵਾਨਾਂ ਦੀ ਹੈ। ਇਸ ਨੌਜਵਾਨ ਸ਼ਕਤੀ ਦਾ ਵੱਡਾ ਹਿੱਸਾ ਆਦਰਸ਼ਹੀਣ ਜ਼ਿੰਦਗੀ ਬਤੀਤ ਕਰ ਰਿਹਾ ਹੈ। ਕੰਨਾਂ 'ਤੇ ਮੋਬਾਈਲ, ਮੋਟਰਸਾਈਕਲ, ਗੋਡਿਆਂ ਕੋਲੋਂ ਫਟੀ ਜੀਨ, ਬਾਹਾਂ 'ਤੇ ਟੈਟੂ ਅਤੇ ਬੇਹੂਦਾ ਢੰਗ ਨਾਲ ਕਟਵਾਏ ਵਾਲ ਇਸ ਜਵਾਨੀ ਦੀ ਪਛਾਣ ਬਣ ਚੁੱਕੇ ਹਨ। ਸ਼ਿਸ਼ਟਾਚਾਰੀ, ਸੰਜੀਦਗੀ, ਵੱਡਿਆਂ ਦਾ ਸਤਿਕਾਰ ਅਤੇ ਨਿਮਰਤਾ ਵਰਗੇ ਨੈਤਿਕ ਗੁਣ ਇਨ੍ਹਾਂ ਦੇ ਸ਼ਬਦਕੋਸ਼ ਵਿਚੋਂ ਮਨਫੀ ਹੋ ਚੁੱਕੇ ਹਨ। ਆਏ ਦਿਨ ਲੜਾਈ-ਝਗੜੇ, ਹੁੱਲੜਬਾਜ਼ੀ ਅਤੇ ਕੰਨ-ਪਾੜਵੇਂ ਹਾਰਨ ਵਜਾ ਕੇ ਅਵਾਰਾ ਘੁੰਮਣਾ ਇਨ੍ਹਾਂ ਦੀ ਫਿਤਰਤ ਬਣ ਚੁੱਕਾ ਹੈ। ਸਾਡੇ ਸ਼ਹੀਦਾਂ, ਗੁਰੂਆਂ ਅਤੇ ਦਾਰਸ਼ਨਿਕਾਂ ਦੀ ਵਿਰਾਸਤ ਤਿਆਗ ਕੇ ਇਹ ਫਿਲਮੀ ਨਾਇਕਾਂ, ਲੱਚਰ ਗਾਇਕਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਆਪਣਾ ਆਦਰਸ਼ ਬਣਾਈ ਫਿਰਦੇ ਹਨ। ਮੁਕਦੀ ਗੱਲ, ਸਾਡੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਕੁਰਾਹੇ ਪੈ ਚੁੱਕਾ ਹੈ, ਜੋ ਕਿ ਆਉਣ ਵਾਲੇ ਸਮੇਂ ਘਾਤਕ ਸਿੱਧ ਹੋਵੇਗਾ। ਇਸ ਨੌਜਵਾਨ ਸ਼ਕਤੀ ਨੂੰ ਸਾਂਭਣ ਦੀ ਲੋੜ ਹੈ।


-ਲੈਕ: ਰਜਿੰਦਰ ਸਿੰਘ ਪਹੇੜੀ,
ਅਨੰਦ ਨਗਰ-ਬੀ, ਪਟਿਆਲਾ।


ਮੈਂ ਗੁਰਮੁਖੀ ਦਾ ਬੇਟਾ
ਪ੍ਰਸਿੱਧ ਗਾਇਕ ਤੇ ਅਦਾਕਾਰ ਡਾ: ਸਤਿੰਦਰ ਸਰਤਾਜ ਵਲੋਂ ਪੰਜਾਬੀ ਜ਼ਬਾਨ, ਸੱਭਿਆਚਾਰ ਤੇ ਵਿਰਸੇ ਦੀ ਧੁਰ ਅੰਦਰ ਤੱਕ ਤਰਜਮਾਨੀ ਕਰਦਾ ਗੀਤ 'ਮੈਂ ਗੁਰਮੁਖੀ ਦਾ ਬੇਟਾ' ਮਣਾਂਮੂੰਹੀਂ ਅਦਬ-ਸਤਿਕਾਰ ਤੇ ਪਿਆਰ ਦਾ ਹੱਕਦਾਰ ਹੈ। ਸਤਿੰਦਰ ਸਰਤਾਜ ਦੀ ਸੂਫ਼ੀਆਨਾ ਤੇ ਨਿਵੇਕਲੀ ਗਾਇਕੀ ਸ਼ੁਰੂ ਤੋਂ ਹੀ ਲੋਕ ਮਨਾਂ 'ਚ ਘਰ ਕਰ ਚੁੱਕੀ ਹੈ। ਗਾਇਕ ਨੇ ਗੀਤ ਰਾਹੀਂ ਗੁਰਮੁਖੀ ਲਿਪੀ ਦੀ ਅਹਿਮੀਅਤ ਦਾ ਜੋ ਗਿਆਨ ਵੰਡਿਆ ਹੈ, ਉਹ ਬਾਕਮਾਲ ਹੈ। ਸਤਿੰਦਰ ਸਰਤਾਜ ਵਰਗੇ ਮਹਾਨ ਕਲਾਕਾਰਾਂ ਦੇ ਹੁੰਦਿਆਂ ਪੰਜਾਬੀ ਭਾਸ਼ਾ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੈਂ ਉਨ੍ਹਾਂ ਚੰਦ ਕੁ ਅਖੌਤੀ ਗਾਇਕਾਂ ਨੂੰ ਕਹਿਣਾ ਚਾਹੁੰਦਾ ਹਾਂ ਜਿਹੜੇ ਆਪਣੇ ਮਨਾਂ 'ਚ ਵੱਡੇ ਗਾਇਕ ਹੋਣ ਦਾ ਭਰਮ ਪਾਲੀ ਬੈਠੇ ਹਨ। ਜੇ ਤੁਸੀਂ ਸਹੀ ਅਰਥਾਂ 'ਚ ਗਾਇਕ ਬਣਨਾ ਹੈ ਤਾਂ ਸਤਿੰਦਰ ਸਰਤਾਜ ਵਰਗੀ ਮਹਾਨ ਹਸਤੀ ਨੂੰ ਪ੍ਰੇਰਨਾ ਦਾ ਸਰੋਤ ਬਣਾਓ।


-ਬੰਤ ਘੁਡਾਣੀ,
ਪਿੰਡ ਤੇ ਡਾਕ: ਘੁਡਾਣੀ ਕਲਾਂ
(ਲੁਧਿਆਣਾ)।

11-07-2019

 ਪਾਣੀ ਦੀ ਬਰਬਾਦੀ
ਪਾਣੀ ਦੀ ਬਰਬਾਦੀ ਲਈ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਨਾ ਸਰਕਾਰਾਂ, ਨਾ ਕਿਸਾਨ ਤੇ ਨਾ ਸ਼ਹਿਰੀ ਤੇ ਆਮ ਲੋਕ। ਹਰ ਕੋਈ ਕਿਸਾਨ ਨੂੰ ਹੀ ਪਾਣੀ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਜੇ ਸੋਚੀਏ ਤਾਂ ਜ਼ਿਆਦਾ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਹੈ। ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਪਾਣੀ ਤੇ ਬਿਜਲੀ ਦੀ ਬਰਬਾਦੀ ਕੀਤੀ ਹੈ। ਝੋਨੇ ਦੀ ਫ਼ਸਲ ਨੇ ਪਾਣੀ ਦੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਪੰਜਾਬ ਵਿਚ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਵੀ ਹੁੰਦੀਆਂ ਰਹੀਆਂ ਹਨ। ਦਾਲਾਂ, ਕਪਾਹ, ਕਮਾਦ, ਮੱਕੀ, ਸੂਰਜਮੁਖੀ ਤੇ ਸਬਜ਼ੀਆਂ ਘੱਟ ਪਾਣੀ ਲੈ ਕੇ ਚੋਖਾ ਝਾੜ ਦਿੰਦੀਆਂ ਹਨ ਪਰ ਸਰਕਾਰਾਂ ਵਲੋਂ ਇਨ੍ਹਾਂ ਫ਼ਸਲਾਂ ਦੇ ਮੁੱਲ ਨਿਰਧਾਰਤ ਨਾ ਕਰਨ ਕਰਕੇ ਕਿਸਾਨ ਘਾਟੇ ਵਿਚ ਜਾਂਦਾ ਹੈ। ਇਸ ਸਮੱਸਿਆ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਕਿਸਾਨਾਂ ਨੂੰ ਘੱਟ ਰੇਟ 'ਤੇ ਬਿਜਲੀ ਅਤੇ ਹੋਰ ਫ਼ਸਲਾਂ ਦੇ ਲਾਹੇਵੰਦ ਭਾਅ ਦੇ ਕੇ ਸਰਕਾਰਾਂ ਹੱਲ ਕਰ ਸਕਦੀਆਂ ਹਨ। ਸ਼ਹਿਰਾਂ ਵਾਲੇ ਲੋਕ ਵੀ ਪੀਣ ਵਾਲੇ ਪਾਣੀ ਨੂੰ ਨਹੀਂ ਸੰਭਾਲਦੇ। ਟੂਟੀਆਂ ਖੁੱਲ੍ਹੀਆਂ ਰਹਿਣ ਕਰਕੇ ਸ਼ੁੱਧ ਪਾਣੀ ਗੰਦੀਆਂ ਨਾਲੀਆਂ ਰਾਹੀਂ ਵਹਿ ਕੇ ਛੱਪੜਾਂ ਵਿਚ ਚਲਾ ਜਾਂਦਾ ਹੈ। ਪਿਤਾ ਰੂਪੀ ਪਾਣੀ ਨੂੰ ਬਚਾਉਣ ਲਈ ਲੋਕ ਅਤੇ ਸਰਕਾਰਾਂ ਗੰਭੀਰ ਹੋਣ। ਜਲ ਹੈ ਤਾਂ ਜਹਾਨ ਹੈ। ਦੇਰ ਹੁੰਦੀ ਜਾ ਰਹੀ ਹੈ, ਅੱਜ ਹੀ ਸੋਚਣਾ ਪੈਣਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਰਿਸ਼ਤਿਆਂ ਦਾ ਕਤਲ
ਸਕੇ ਭਰਾਵਾਂ ਵਲੋਂ ਭਰਾ ਦਾ ਜ਼ਮੀਨ ਦੇ ਟੁਕੜੇ ਪਿੱਛੇ ਕਤਲ, ਪੁੱਤ ਵਲੋਂ ਮਾਂ-ਬਾਪ ਦਾ ਕਤਲ, ਪਤਨੀ ਵਲੋਂ ਜਾਂ ਪਤੀ ਵਲੋਂ ਆਪਣੇ ਜੀਵਨ ਸਾਥੀ ਦਾ ਕਤਲ, ਦੋਸਤ ਵਲੋਂ ਦੋਸਤ ਦਾ ਕਤਲ, ਪ੍ਰੇਮੀ/ਪ੍ਰੇਮਿਕਾਵਾਂ ਦੇ ਕਤਲ ਆਦਿ ਅਜਿਹੀਆਂ ਮਨਹੂਸ ਖ਼ਬਰਾਂ ਹਨ ਜੋ ਅਕਸਰ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਉਂਦੀਆਂ ਰਹਿੰਦੀਆਂ ਹਨ। ਲਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਖ਼ੂਨ ਪੂਰੀ ਤਰ੍ਹਾਂ ਸਫੇਦ ਹੁੰਦਾ ਜਾ ਰਿਹਾ ਹੈ। ਆਪਸੀ ਪ੍ਰੇਮ, ਭਾਈਚਾਰਾ, ਵੱਡਿਆਂ ਦੀ ਅਪਣੱਤ, ਸਾਂਝ, ਸਹਿਣਸ਼ੀਲਤਾ, ਵਡੱਪਣ ਅਤੇ ਰਿਸ਼ਤਿਆਂ ਨੂੰ ਕਾਇਮ ਰੱਖਣ ਵਾਲੇ ਹੋਰ ਗੁਣ ਸਾਡੇ ਵਿਚੋਂ ਕਿਧਰੇ ਉੱਡ ਚੁੱਕੇ ਹਨ। ਅਸੀਂ ਇਹ ਭੁੱਲ ਗਏ ਹਾਂ ਕਿ ਇਹ ਸਭ ਨਾਸ਼ਵਾਨ ਚੀਜ਼ਾਂ ਮਨੁੱਖੀ ਰਿਸ਼ਤਿਆਂ ਤੋਂ ਉੱਪਰ ਨਹੀਂ ਹਨ। ਕਿਸੇ ਨੂੰ ਮਾਰਨ ਵਾਲਾ ਖ਼ੁਦ ਵੀ ਸਾਰੀ ਉਮਰ ਜੇਲ੍ਹਾਂ ਵਿਚ ਗੁਜ਼ਾਰ ਕੇ ਖ਼ੁਦ ਵੀ ਮਰਿਆਂ ਵਰਗਾ ਹੀ ਹੋ ਜਾਂਦਾ ਹੈ। ਅੱਜ ਲੋੜ ਹੈ ਕਿ ਨਿੱਜ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੀ ਕਦਰ ਕੀਤੀ ਜਾਵੇ। ਜੇ ਕੁਝ ਥੋੜ੍ਹਾ ਬਹੁਤ ਗੁਆ ਕੇ ਵੀ ਕੋਈ ਰਿਸ਼ਤਾ ਨਿਭਾਇਆ ਜਾ ਸਕੇ ਤਾਂ ਇਹ ਸੌਦਾ ਵੀ ਮਾੜਾ ਨਹੀਂ ਕਿਹਾ ਜਾ ਸਕਦਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਨਕਲੀ ਅੰਡੇ
ਪਹਿਲਾਂ ਹੀ ਪੰਜਾਬ ਵਿਚ ਨਕਲੀ ਚੀਜ਼ਾਂ ਦੀ ਭਰਮਾਰ ਹੈ। ਇਸ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਦੁੱਧ, ਪਨੀਰ, ਖੋਆ, ਦਾਲਾਂ, ਸਬਜ਼ੀਆਂ ਆਦਿ ਹੀ ਸੁਣਨ ਵਿਚ ਆਉਂਦਾ ਸੀ। ਹੁਣ ਨਕਲੀ ਆਂਡੇ ਵੀ ਸੁਣਨ ਵਿਚ ਆ ਰਹੇ ਹਨ। ਜਿਥੇ ਸਾਡੀ ਸਿਹਤ 'ਤੇ ਇਨ੍ਹਾਂ ਦਾ ਬੁਰਾ ਅਸਰ ਪੈਂਦਾ ਹੈ, ਉਥੇ ਅਸਲੀ ਚੀਜ਼ਾਂ ਪੈਦਾ ਕਰਨ ਵਾਲੇ ਦਾ ਧੰਦਾ ਵੀ ਨਕਲੀ ਚੀਜ਼ਾਂ ਤਬਾਹ ਕਰ ਦਿੰਦੀਆਂ ਹਨ। ਜਿਵੇਂ ਨਕਲੀ ਦੁੱਧ ਕਰਕੇ ਪਸ਼ੂ ਪਾਲਕ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਅੱਜ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਇਸੇ ਤਰ੍ਹਾਂ ਨਕਲੀ ਆਂਡੇ ਆਉਣ ਨਾਲ ਪੋਲਟਰੀ ਫਾਰਮ 'ਤੇ ਵੀ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਇਸ ਕਰਕੇ ਇਹ ਧੰਦਾ ਕਰਨ ਵਾਲੇ ਲੋਕ ਆਰਥਿਕ ਸੰਕਟ ਵਿਚ ਫਸ ਜਾਣਗੇ। ਸੋ, ਸਰਕਾਰ ਨੂੰ ਬੇਨਤੀ ਹੈ ਕਿ ਸਮੇਂ ਦੇ ਰਹਿੰਦੇ-ਰਹਿੰਦੇ ਹੀ ਨਕਲੀ ਚੀਜ਼ਾਂ ਪੈਦਾ ਕਰਨ ਤੇ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਖ਼ਾਸ ਕਰਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਮਿਲਾਵਟਖ਼ੋਰਾਂ ਨੂੰ ਕਿਸੇ ਵੀ ਕੀਮਤ 'ਤੇ ਮੁਆਫ਼ ਨਾ ਕੀਤਾ ਜਾਵੇ। ਇਸ ਨਾਲ ਜਿਥੇ ਸਾਡੀ ਸਿਹਤ ਠੀਕ ਰਹੇਗੀ, ਉਥੇ ਸਾਡੇ ਛੋਟੇ-ਛੋਟੇ ਧੰਦਾ ਕਰਨ ਵਾਲੇ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਸਕਣਗੇ।


-ਜਸਕਰਨ ਲੰਡੇ
ਪਿੰਡ ਲੰਡੇ, ਜ਼ਿਲ੍ਹਾ ਮੋਗਾ।


ਪੰਜਾਬੀ ਦੀ ਵਿਸ਼ੇਸ਼ ਪ੍ਰੀਖਿਆ
ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਤੇ ਪੰਜਾਬੀ ਮਾਧਿਅਮ ਸਰਕਾਰ ਵਲੋਂ ਲਾਜ਼ਮੀ ਹੈ। ਮਾਰਚ, ਸਤੰਬਰ ਵਿਚ ਸਾਰੇ ਵਿਸ਼ਿਆਂ ਦੀਆਂ ਨਿਯਮਤ ਪ੍ਰੀਖਿਆਵਾਂ ਹੁੰਦੀਆਂ ਹਨ। ਸਮਝ ਨਹੀਂ ਆ ਰਹੀ ਸੀ ਕਿ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਰੇਕ ਤਿੰਨ ਮਹੀਨੇ ਬਾਅਦ ਸਿਰਫ ਪੰਜਾਬੀ ਵਿਸ਼ੇ ਵਿਚ ਪ੍ਰੀਖਿਆ ਲੈਣ ਦੀ ਕੀ ਲੋੜ ਪੈ ਗਈ? ਆਰ.ਟੀ.ਆਈ. ਅਧੀਨ ਬੋਰਡ ਨੇ ਜਵਾਬ ਦਿੱਤਾ ਕਿ ਇਹ ਪ੍ਰੀਖਿਆ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿਚ ਸਰਕਾਰੀ ਨੌਕਰੀ ਲੈ ਸਕਣ। ਹੈਰਾਨੀ ਹੋਈ ਕਿ ਕੀ ਪੰਜਾਬ ਦੇ ਸਾਰੇ ਯੋਗ ਅਤੇ ਲੋੜਵੰਦ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੈ, ਜਿਸ ਕਰਕੇ ਹੋਰ ਲੋਕਾਂ ਨੂੰ ਫਟਾਫਟ ਪੰਜਾਬੀ ਦਾ ਆਈ.ਈ.ਐਲ.ਟੀ.ਐਸ. ਕਰਵਾ ਕੇ ਸਰਕਾਰੀ ਕੰਮ ਚਲਾਇਆ ਜਾ ਸਕੇ। ਗੱਲ ਸਮਝ ਤੋਂ ਬਾਹਰ ਅਤੇ ਹੈਰਾਨੀਜਨਕ ਹੈ।


-ਹਰਬੰਸ ਸਿੰਘ
ਮੌਜੋਵਾਲ ਮਜਾਰਾ (ਸ਼.ਭ.ਸ. ਨਗਰ)।

10-07-2019

 ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ
ਪੰਜਾਬ ਦੀ ਗੰਧਲ ਚੁੱਕੀ ਰਾਜਨੀਤੀ ਵਿਚ ਸਿਆਸਤ ਵੀ ਹਰ ਦਿਨ ਨਵੇਂ ਰੰਗ ਦਿਖਾਉਂਦੀ ਹੈ, ਬੇਸ਼ੱਕ ਸਾਡੇ ਲੋਕਾਂ ਨੂੰ ਸਰਕਾਰਾਂ ਤੋਂ ਆਪਣੀਆਂ ਹੱਕੀ ਮੰਗਾਂ ਲੈਣ ਦੀ ਸੋਝੀ ਆ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਰਕਾਰਾਂ ਸਾਨੂੰ ਬੁੱਧੂ ਬਣਾ ਹੀ ਜਾਂਦੀਆਂ ਨੇ। ਪਿਛਲੇ ਸਮੇਂ ਵੱਲ ਜ਼ਰਾ ਤੁਸੀਂ ਧਿਆਨ ਮਾਰ ਲਵੋ, ਜਿਵੇਂ ਗੰਦੇ ਪਾਣੀਆਂ ਦਾ ਮੁੱਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਆਦਿ।
ਪਿਛਲੇ ਦਿਨੀਂ ਫਰੀਦਕੋਟ ਦੇ ਜਸਪਾਲ ਕਤਲ ਕਾਂਡ ਨੂੰ ਲੈ ਕੇ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਸਨ ਪਰ ਇਸ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ। ਵੱਖ-ਵੱਖ ਜਥੇਬੰਦੀਆਂ ਵਲੋਂ ਜਸਪਾਲ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ ਪਰ ਨਾ ਤਾ ਕੋਈ ਨਿਆਂ ਮਿਲਿਆ ਤੇ ਨਾ ਹੀ ਜਸਪਾਲ ਦੀ ਲਾਸ਼ ਮਿਲੀ। ਐਨ ਮੌਕੇ 'ਤੇ ਕੁਦਰਤ ਦੀ ਇਹੋ ਜਿਹੀ ਮਾਰ ਵੱਜੀ ਕਿ ਇਕ ਨੰਨ੍ਹਾ ਫਰਿਸ਼ਤਾ ਫ਼ਤਹਿਵੀਰ ਬੋਰਵੈੱਲ ਵਿਚ ਜਾ ਡਿੱਗਿਆ ਅਤੇ ਸਾਡੀ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਇਸ ਮਾਸੂਮ ਬੱਚੇ ਨੂੰ ਕੱਢਣ ਦੀ ਬਜਾਏ ਇਸ ਕੰਮ ਨੂੰ 6 ਦਿਨ ਲਮਕਾਅ ਦਿੱਤਾ ਗਿਆ ਅਤੇ ਇਕ ਮਾਸੂਮ ਨੂੰ ਉਸ ਦੇ ਮਾਪਿਆਂ ਤੋਂ ਖੋਹ ਲਿਆ ਗਿਆ। ਇਸ ਤਰ੍ਹਾਂ ਸਰਕਾਰ ਦੀਆਂ ਨਾਕਾਮੀਆਂ ਦੀ ਵਜ੍ਹਾ ਕਰਕੇ ਦੋਵੇਂ ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਹੱਥ ਧੋਣੇ ਪਏ।


-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ।


ਆਓ! ਰਲ ਮਿਲ ਦਰੱਖ਼ਤ ਬਚਾਈਏ
ਕਿਸਾਨਾਂ ਦੀਆਂ ਪੈਲੀਆਂ ਦੀਆਂ ਵੱਟਾਂ ਤੋਂ ਟਾਹਲੀਆਂ, ਤੂਤ, ਸਫੈਦੇ, ਧਰੇਕਾਂ, ਕਿੱਕਰ ਅਤੇ ਹੋਰ ਦਰੱਖਤ ਵੱਢੇ ਗਏ ਕਿ ਲਾਗੋਂ ਫ਼ਸਲਾਂ ਨਹੀਂ ਹੋਣ ਦਿੰਦੇ ਅਤੇ ਹੋਰ ਲੱਗ ਨਹੀਂ ਰਹੇ। ਇਕ ਅੰਧ-ਵਿਸ਼ਵਾਸੀ ਵੀ ਹੈ ਕਿ ਘਰ ਵਿਚ ਦਰੱਖਤ ਐਸ ਪਾਸੇ ਹੀ ਹੋਣਾ ਚਾਹੀਦੈ ਇਧਰ ਨਹੀਂ ਜਾਂ ਇਧਰੋਂ ਗਰਮੀਆਂ ਨੂੰ ਛਾਂ ਨਹੀਂ ਮਿਲਣੀ, ਇਧਰੋਂ ਸਰਦੀਆਂ ਨੂੰ ਧੁੱਪ ਨਹੀਂ ਮਿਲਣੀ। ਪਰ ਜੇ ਸੋਚਿਆ ਜਾਏ ਤਾਂ ਜੀਵਨ ਰਹੇਗਾ ਤਾਂ ਹੀ ਇਨਸਾਨ ਧੁੱਪ ਜਾਂ ਛਾਂ ਮਾਣ ਸਕੇਗਾ। ਰਹਿ ਗਏ ਸੜਕਾਂ, ਨਹਿਰਾਂ, ਖਾਲ਼ਾਂ, ਰੇਲ ਪਟੜੀਆਂ ਦੇ ਪਾਸੇ। ਦਾਣਾ ਮੰਡੀਆਂ, ਫੋਕਲ ਪੁਆਇੰਟ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਪਾਸੇ। ਆਮ ਆਦਮੀ ਦਾ ਇਨ੍ਹਾਂ ਥਾਵਾਂ ਨਾਲ ਸਬੰਧ ਨਹੀਂ, ਇਸ ਕਰਕੇ ਉਹ ਉਥੇ ਦਰੱਖਤ ਲਾਉਣ ਦੀ ਖੇਚਲ ਨਹੀਂ ਕਰਦੇ।
ਇਨ੍ਹਾਂ ਥਾਵਾਂ 'ਤੇ ਰੁੱਖ ਲਾਉਣ ਲਈ ਸਬੰਧਿਤ ਸਰਕਾਰਾਂ, ਮਹਿਕਮੇ, ਜੰਗਲਾਤ ਅਤੇ ਖੇਤਰੀ ਲੋਕਾਂ ਦਰਮਿਆਨ ਸਾਂਝੀ ਨੀਤੀ ਬਣਨੀ ਚਾਹੀਦੀ ਹੈ। ਸਕੂਲ ਅਤੇ ਸਰਕਾਰੀ ਦਫ਼ਤਰਾਂ ਵਿਚ ਉਪਲਬਧ ਜਗ੍ਹਾ ਜਿਥੇ ਸਬੰਧਿਤ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਦਰੱਖਤ ਲਾਉਣ ਦੀ ਸੇਵਾ ਬਾਖੂਬ ਕਰ ਸਕਦੇ ਹਨ। ਸਾਰੇ ਆਮ ਲੋਕਾਂ ਅਤੇ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਦਰੱਖਤਾਂ ਨੂੰ ਬਚਾਉਣ ਅਤੇ ਨਵੇਂ ਬੂਟੇ ਲਗਾ ਕੇ ਉਨ੍ਹਾਂ ਦੇ ਪਾਲਣ ਪੋਸ਼ਣ ਵੱਲ ਧਿਆਨ ਦਿੱਤਾ ਜਾਵੇ।


-ਮੇਜਰ ਜਸਬੀਰ ਸਿੰਘ
724/9, ਰਣਜੀਤ ਐਵਨਿਊ, ਗੁਰਦਾਸਪੁਰ।


ਪਾਣੀ ਬਚਾਓ, ਜ਼ਿੰਦਗੀ ਬਚਾਓ
ਜੇ ਦੇਖਿਆ ਜਾਵੇ ਤਾਂ ਸਾਰੀ ਕਾਇਨਾਤ ਭਾਵ ਮਨੁੱਖ, ਜੀਵ-ਜੰਤੂ, ਪਸ਼ੂ-ਪੰਛੀ ਅਤੇ ਪੌਦੇ ਆਦਿ ਦਾ ਮੂਲ ਆਧਾਰ ਹੀ ਪਾਣੀ ਹੈ ਪਰ ਅਸੀਂ ਜਾਣੇ-ਅਣਜਾਣੇ ਕੁਦਰਤ ਦੀ ਇਸ ਬਹੁਮੁੱਲੀ ਦਾਤ ਨੂੰ ਅਜਾਈਂ ਗੁਆ ਕੇ ਨਾਸ਼ ਕਰ ਰਹੇ ਹਾਂ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਡਾ ਮੁਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣੀਏ, ਪਾਣੀ ਦੀ ਬੇਲੋੜੀ ਵਰਤੋਂ ਕਰਨੀ ਛੱਡੀਏ ਅਤੇ ਲੋਕ ਭਲਾਈ ਸੰਸਥਾਵਾਂ, ਪ੍ਰਸ਼ਾਸਨ ਅਤੇ ਪੰਚਾਇਤਾਂ ਨਾਲ ਮਿਲ ਕੇ ਪਾਣੀ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ। ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਘਰਾਂ ਵਿਚ ਚਲਦੀਆਂ ਟੂਟੀਆਂ ਲੋੜ ਮੁਤਾਬਿਕ ਵਰਤੀਏ ਅਤੇ ਗਲੀ-ਮੁਹੱਲੇ ਵਿਚ ਚਲਦੀਆਂ ਬੇਲੋੜੀਆਂ ਟੂਟੀਆਂ ਬੰਦ ਕਰਨ ਦੀ ਆਦਤ ਪਾਈਏ। ਆਪਣੇ ਪਿੰਡ ਜਾਂ ਸ਼ਹਿਰ ਦੇ ਨੇੜੇ ਪੈਂਦੇ ਨਦੀਆਂ, ਸੂਏ, ਕੱਸੀਆਂ ਅਤੇ ਨਹਿਰਾਂ ਦੇ ਪਾਣੀ ਨੂੰ ਦੂਸ਼ਿਤ ਹੋਣੋਂ ਬਚਾਈਏ। ਆਓ, ਫਿਰ ਪਾਣੀ ਰੂਪੀ ਕੁਦਰਤ ਦੀ ਅਨਮੋਲ ਦਾਤ ਨੂੰ ਬਚਾਅ ਕੇ ਆਪਣੇ ਭਵਿੱਖ ਨੂੰ ਜੀਵਨ ਦਾਨ ਦੇਈਏ।


-ਦਰਸ਼ਨ ਸਿੰਘ ਬਾਈ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ।


ਸਰਕਾਰ ਦੀ ਮਾੜੀ ਕਾਰਗੁਜ਼ਾਰੀ
ਫ਼ਤਹਿਵੀਰ ਸਿੰਘ ਮਾਸੂਮ ਬੱਚਾ ਜੋ ਪੰਜ ਦਿਨਾਂ ਤੱਕ ਡੂੰਘੇ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਆਖ਼ਰ ਸਰਕਾਰ ਦੀਆਂ ਨਕਾਮੀਆਂ ਦੀ ਭੇਟ ਚੜ੍ਹ ਗਿਆ। ਲੋਕਾਂ ਵਿਚ ਰੋਸ ਦੀ ਲਹਿਰ ਹੈ ਤੇ ਹਰ ਕੋਈ ਸੋਚਣ ਲਈ ਮਜਬੂਰ ਹੈ ਕਿ ਅਸੀਂ ਆਪਣੀਆਂ ਸਰਕਾਰਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਵਿਖਾਈ। ਬੱਚੇ ਨੂੰ ਬਚਾਇਆ ਜਾ ਸਕਦਾ ਸੀ ਜੇ ਸਾਡੀ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੀ। ਪੰਜਾਬ ਸਿਵਲ ਇੰਜੀਨੀਅਰ ਦੀ ਟੀਮ ਵੀ ਉਥੇ ਨਹੀਂ ਪਹੁੰਚੀ। ਐਨ.ਡੀ.ਆਰ.ਐਫ. ਅਤੇ ਫ਼ੌਜ ਦੀਆਂ ਟੀਮਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਪੰਜਾਬ ਕੈਬਨਿਟ ਨੂੰ ਆਪਣੇ ਸੁਖ ਆਰਾਮ ਛੱਡ ਕੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਲੋਕਾਂ ਲਈ ਬਣਦੀਆਂ ਹਨ, ਨਾ ਕਿ ਲੋਕ ਸਰਕਾਰ ਲਈ। ਜਾਂਦਾ ਹੋਇਆ ਫ਼ਤਹਿਵੀਰ ਸਾਡੀ ਹਰ ਤਰ੍ਹਾਂ ਦੀ ਅਪਾਹਜ ਹੋ ਚੁੱਕੀ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਕੇ ਗਿਆ ਕਿ ਸਾਡੀਆਂ ਸਰਕਾਰਾਂ ਸਿਰਫ ਫੋਕੀਆਂ ਗੱਲਾਂ ਕਰਨ ਵਾਲੀਆਂ ਹਨ, ਸਾਡੇ ਪ੍ਰਸ਼ਾਸਨ ਦੇ ਪੱਲੇ ਹੋਰ ਕੁਝ ਵੀ ਨਹੀਂ ਹੈ।


-ਨਵਜੋਤ ਬਜਾਜ (ਗੱਗੂ)
ਭਗਤਾ ਭਾਈ ਕਾ।

09-07-2019

 ਸਿਹਤ ਸਹੂਲਤਾਂ ਨੂੰ ਤਰਸ ਰਹੇ ਆਮ ਲੋਕ
ਉਂਜ ਤਾਂ ਆਮ ਲੋਕ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਇਨ੍ਹਾਂ ਵਿਚੋਂ ਸਿਹਤ ਸਹੂਲਤਾਂ ਦਾ ਨਾ ਮਿਲਣਾ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਆਮ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਵੱਡੇ-ਵੱਡੇ ਸਿਵਲ ਹਸਪਤਾਲ ਤਾਂ ਥਾਂ-ਥਾਂ ਬਣੇ ਹੋਏ ਹਨ। ਕੀ ਆਮ ਲੋਕਾਂ ਦਾ ਇਲਾਜ ਸਹੀ ਢੰਗ ਨਾਲ ਹੋ ਰਿਹਾ ਹੈ? ਜਾਂ ਫਿਰ ਉਥੇ ਆਮ ਲੋਕਾਂ ਦੀ ਕੋਈ ਸੁਣਵਾਈ ਹੈ? ਅਮੀਰ ਲੋਕ ਤਾਂ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਲੈਂਦੇ ਹਨ ਪਰ ਮੱਧ ਵਰਗੀ ਤੇ ਗ਼ਰੀਬ ਲੋਕ ਕਿੱਧਰ ਜਾਣ? ਹਰ ਪਾਸੇ ਨਿੱਜੀ ਹਸਪਤਾਲਾਂ ਦਾ ਬੋਲਬਾਲਾ ਹੈ ਤੇ ਹਰ ਵਰਗ ਹੀ ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਆਮ ਲੋਕ ਇਲਾਜ ਤੋਂ ਵਿਹੂਣੇ ਰਹਿ ਕੁਝ ਤਾਂ ਲੰਬਾ ਸਮਾਂ ਬਿਮਾਰੀ ਨਾਲ ਮੰਜੇ ਨਾਲ ਜੁੜ ਜਾਂਦੇ ਹਨ। ਸੋ, ਮੇਰੀ ਬੇਨਤੀ ਹੈ ਕਿ ਮੌਕੇ ਦੀ ਸਰਕਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਣ ਦੇਵੇ ਅਤੇ ਜਿਹੜੇ ਆਮ ਲੋਕ ਡਾਕਟਰੀ ਸਹੂਲਤਾਂ ਨੂੰ ਤਰਸ ਰਹੇ ਹਨ, ਉਨ੍ਹਾਂ ਨੂੰ ਸਿਹਤ ਸਹੂਲਤਾਂ ਦੇਵੇ ਤਾਂ ਕਿ ਬੇਸ਼ਕੀਮਤੀ ਜਾਨ ਬਚਾਈਆਂ ਜਾ ਸਕਣ।

-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।

ਸੌ ਕੋਹ ਲੰਮੀ ਲੋਕ-ਕਥਾ
ਬੀਤੀ ਦਿਨੀਂ ਸੰਪਾਦਕੀ ਸਫ਼ੇ 'ਤੇ ਡਾ: ਲਖਵਿੰਦਰ ਸਿੰਘ 'ਜੌਹਲ' ਦਾ ਲਿਖਿਆ ਲੇਖ 'ਸੌ ਕੋਹ ਲੰਮੀ ਲੋਕ-ਕਥਾ' ਪਾਠਕਾਂ ਨੂੰ ਪੰਜਾਬੀ ਬੋਲੀ ਦੇ ਮਹਾਨ ਸਪੂਤ ਸ: ਜਸਵੰਤ ਸਿੰਘ 'ਕੰਵਲ' ਦੇ ਰੂਬਰੂ ਕਰ ਗਿਆ। ਲੇਖਕ ਨੇ ਬੇਸ਼ੱਕ ਉਸ ਦੇ ਸਰੀਰਕ ਜੀਵਨ ਨੂੰ ਸੌ ਸਾਲ ਦੀ ਉਮਰ ਦੇ ਗਜ਼ ਨਾਲ ਮਿਣਦਿਆਂ ਮਾਣ ਮਹਿਸੂਸ ਕੀਤਾ ਹੈ ਪਰ ਜੋ ਕੁਝ 'ਕੰਵਲ' ਲਿਖ ਗਿਆ ਹੈ, ਉਹ ਤਾਂ ਕਈ ਸਦੀਆਂ ਦੇ ਹਾਣ ਦਾ ਹੈ। ਪੰਜਾਬੀਆਂ ਦੇ ਮਨਭਾਉਂਦੇ ਵਿਸ਼ੇ ਪਿਆਰ ਮੁਹੱਬਤ ਵਿਚੋਂ ਦੀ ਲੰਘ ਕੇ ਮਾਰਕਸਵਾਦ, ਨਕਸਲੀ ਲਹਿਰ ਤੇ ਖਾੜਕੂਵਾਦ 'ਤੇ ਲਿਖਣ ਤੋਂ ਬਾਅਦ 'ਕੰਵਲ ਕਹਿੰਦਾ ਰਿਹਾ' ਅਤੇ 'ਪੰਜਾਬ ਤੇਰਾ ਕੀ ਬਣੂੰ' ਉਸ ਦੇ ਅੰਦਰਲੇ ਦਰਦ ਦਾ ਹੀ ਕਲਮੀ ਇਜ਼ਹਾਰ ਹੈ। ਪੰਜਾਬ ਦੀ ਕੌਮੀ ਵਿਰਾਸਤ ਨੂੰ ਢਹਿ-ਢੇਰੀ ਹੁੰਦਿਆਂ ਵੇਖ ਕੇ ਉਹ ਅੱਜ ਵੀ ਫ਼ਿਕਰਮੰਦ ਹੈ। ਰੱਬ ਕਰੇ, ਪੰਜਾਬੀਅਤ ਦਾ ਬਾਬਾ ਬੋਹੜ ਤੰਦਰੁਸਤੀਆਂ ਮਾਣੇ ਤੇ ਹੋਰ ਜੀਵੇ।

-ਗਿ: ਜੋਗਾ ਸਿੰਘ 'ਕਵੀਸ਼ਰ'
ਭਾਗੋਵਾਲ (ਗੁਰਦਾਸਪੁਰ)।

ਬਿਜਲੀ ਦੀ ਬੱਚਤ
ਪੰਜਾਬ ਵਿਚ ਏਨੀ ਦਿਨੀਂ ਗਰਮੀ ਦਾ ਪ੍ਰਕੋਪ ਲੋਕਾਂ ਉੱਪਰ ਕਹਿਰ ਢਾਹੁੰਦਾ ਨਜ਼ਰ ਆ ਰਿਹਾ ਹੈ। ਘਰਾਂ ਵਿਚ ਗਰਮੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਪੱਖੇ, ਕੂਲਰ ਅਤੇ ਏ.ਸੀ. ਲੋਕਾਂ ਵਲੋਂ ਧੜਾਧੜ ਚਲਾਏ ਜਾ ਰਹੇ ਹਨ। ਬਿਜਲੀ ਉਪਕਰਨ ਜ਼ਿਆਦਾ ਮਾਤਰਾ 'ਚ ਚੱਲਣ ਕਾਰਨ ਇਨ੍ਹਾਂ ਮਹੀਨਿਆਂ ਵਿਚ ਲੋਕਾਂ ਨੂੰ ਬਿਜਲੀ ਦੇ ਵੱਡੇ ਬਿੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਵਲੋਂ ਭਾਰੀ ਬਿੱਲਾਂ ਤੋਂ ਬਚਣ ਲਈ ਘਰਾਂ ਵਿਚ ਬਿਨਾਂ ਲੋੜ ਤੋਂ ਬਿਜਲੀ ਉਪਕਰਨ ਲਗਾਉਣ ਤੋਂ ਖ਼ਾਸ ਗੁਰੇਜ਼ ਕੀਤਾ ਜਾਂਦਾ ਹੈ। ਪਰ ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨਾਂ ਵਲੋਂ ਆਪਣੇ ਖੇਤਾਂ ਵਾਲੀਆਂ ਮੋਟਰਾਂ ਉੱਪਰ 100-100 ਵਾਟ ਅਤੇ ਕਈ ਕਿਸਾਨਾਂ ਵਲੋਂ 200 ਵਾਟ ਦੇ ਦੋ-ਦੋ ਬਲਬ ਲਗਾਏ ਹੋਏ ਹਨ ਜੋ ਦਿਨ ਵੇਲੇ ਵੀ ਅਕਸਰ ਜਗਦੇ ਰਹਿੰਦੇ ਹਨ। ਸੋ, ਅਜਿਹੇ ਕਿਸਾਨਾਂ ਨੂੰ ਅਜਿਹੀ ਫਾਲਤੂ ਬਲਦੀ ਬਿਜਲੀ ਨੂੰ ਬਚਾਉਣ ਲਈ ਆਪਣੇ ਘਰ ਵਾਲੀ ਆਦਤ ਖੇਤਾਂ ਵਿਚ ਪਾਉਣੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਤਰ੍ਹਾਂ ਛੋਟੀ-ਛੋਟੀ ਬੱਚਤ ਨਾਲ ਸੂਬੇ ਦੀ ਰੋਜ਼ਾਨਾ ਕਾਫੀ ਬਿਜਲੀ ਬਚਾ ਸਕਦੇ ਹਾਂ।

-ਰਾਜਾ ਗਿੱਲ, ਚੜਿੱਕ।

ਜ਼ਰੂਰੀ ਹੈ ਜਲ ਸਰੋਤਾਂ ਦੀ ਵਿਉਂਤਬੰਦੀ
ਪੰਜਾਬ ਸਮੇਤ ਪੂਰੇ ਭਾਰਤ 'ਚ ਪੀਣ ਵਾਲੇ ਪਾਣੀ ਦਾ ਸੰਕਟ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਚੇਨੱਈ ਵਰਗੇ ਸ਼ਹਿਰਾਂ 'ਚ 20-20 ਲੀਟਰ ਪਾਣੀ ਲੈਣ ਲਈ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਭਾਰਤ ਵਿਚ ਰੁੱਖਾਂ ਦੀ ਗਿਣਤੀ ਘਟਣ ਨਾਲ ਬਾਰਿਸ਼ਾਂ ਵੀ ਘੱਟ ਹੋਣ ਲੱਗ ਪਈਆਂ ਹਨ ਅਤੇ ਮੌਨਸੂਨ ਪ੍ਰਤੀ ਸਾਲ ਹਲਕੀ ਹੁੰਦੀ ਜਾ ਰਹੀ ਹੈ। ਹਰਜਿੰਦਰ ਸਿੰਘ ਲਾਲ ਦਾ ਸੁਝਾਅ 'ਪੰਜਾਬ ਲਈ ਬੇਹੱਦ ਜ਼ਰੂਰੀ ਹੈ ਕੁਦਰਤੀ ਜਲ ਸਰੋਤਾਂ ਦੀ ਵਿਉਂਤਬੰਦੀ' ਸਰਕਾਰ ਦਾ ਧਿਆਨ ਇਸ ਪਾਸੇ ਖਿੱਚਦਾ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਕਣਕ ਅਤੇ ਚੌਲਾਂ ਦੀ ਪੈਦਾਵਾਰ ਲਈ ਪੰਜਾਬ ਦੇਸ਼ ਦੇ ਅੰਨ ਭੰਡਾਰ 'ਚ ਵੱਡਾ ਹਿੱਸਾ ਪਾਉਂਦਾ ਹੈ। ਪਾਣੀ ਦੀ ਕਿੱਲਤ ਇਥੋਂ ਦੀ ਖੇਤੀਬਾੜੀ 'ਤੇ ਮਾੜੇ ਪ੍ਰਭਾਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਜਿਹੇ 'ਚ ਕੁਦਰਤੀ ਜਲ ਸਰੋਤਾਂ ਤੋਂ ਪਾਣੀ ਦੀ ਉਪਲਬਧੀ ਨੂੰ ਵਿਉਂਤਬੰਦੀ ਕਰ ਕੇ ਨਹਿਰਾਂ, ਸੂਏ, ਕੱਸੀਆਂ, ਨਾਲਿਆਂ ਆਦਿ ਨਾਲ ਖੇਤਾਂ ਦੀ ਸਿੰਜਾਈ ਲਈ ਪ੍ਰਯੋਗ ਕੀਤੇ ਜਾਣ ਦੇ ਯੋਗ ਬਣਾਇਆ ਜਾਵੇ। ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਅਤੇ ਆਮ ਲੋਕਾਂ ਨੂੰ 'ਰੇਨ ਹਾਰਵੈਸਟਿੰਗ' ਲਈ ਮਜਬੂਰ ਕੀਤਾ ਜਾਵੇ ਤਾਂ ਜੋ ਧਰਤੀ ਹੇਠਾਂ ਪਾਣੀ ਮੁੜ ਜਮ੍ਹਾਂ ਕੀਤਾ ਜਾ ਸਕੇ ਜਾਂ ਘਰ ਅੰਦਰ ਪੀਣ ਦੇ ਪਾਣੀ ਨੂੰ ਛੱਡ ਕੇ ਹੋਰ ਘਰੇਲੂ ਲੋੜਾਂ ਲਈ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਵਰਤਣ ਲਈ ਜ਼ਰੂਰੀ ਬਣਾਇਆ ਜਾਵੇ। ਪਾਣੀ ਦੀ ਬੂੰਦ ਬਚਾਉਣ ਲਈ ਜਾਗਰੂਕਤਾ ਮੁਹਿੰਮ ਵਿੱਢਣ ਦੀ ਲੋੜ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

08-07-2019

 ਪ੍ਰਵਾਸ ਦਾ ਦੁਖਾਂਤ
ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਮਾਲਟਾ ਕਾਂਡ ਵਿਚ ਮੌਤ ਦੇ ਮੂੰਹ ਵਿਚ ਜਾ ਪਏ 283 ਪੰਜਾਬੀ ਨੌਜਵਾਨਾਂ ਦਾ ਦੁਖਾਂਤਕ ਅੰਤ ਅਜੇ ਤੱਕ ਭੁਲਾਇਆ ਨਹੀਂ ਜਾ ਸਕਿਆ ਸੀ। ਹੁਣ ਇਕ 8 ਸਾਲ ਦੀ ਮਾਸੂਮ ਬੱਚੀ ਗੁਰਪ੍ਰੀਤ ਸਿੰਘ ਦੀ ਗ਼ੈਰ-ਕਾਨੂੰਨੀ ਪ੍ਰਵਾਸ ਦੌਰਾਨ ਮੈਕਸੀਕੋ ਦੇ ਮਾਰੂਥਲਾਂ ਦੀ ਪਿਆਸ ਨੇ ਬਲੀ ਲੈ ਲਈ ਹੈ। ਇਹ ਬਾਲੜੀ ਮਨੁੱਖੀ ਤਸਕਰਾਂ ਰਾਹੀਂ ਪਰਿਵਾਰ ਸਮੇਤ ਅਮਰੀਕਾ ਜਾਣ ਦੀ ਫਿਰਾਕ ਵਿਚ ਸੀ। ਇਹੀ ਨਹੀਂ ਪਿਛਲੇ ਮਹੀਨੇ ਦੇ ਅੰਤ ਤੱਕ 58 ਗ਼ੈਰ-ਕਾਨੂੰਨੀ ਪ੍ਰਵਾਸੀ ਆਪਣੀ ਮੰਜ਼ਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਵੱਖ-ਵੱਖ ਕਾਰਨਾਂ ਕਰਕੇ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਦੇ ਕਰੀਬ ਜੇਲ੍ਹਾਂ ਵਿਚ ਸੜ ਰਹੇ ਹਨ। ਅਫਸੋਸ ਕਿ ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ।
ਜਾਨ ਤਲੀ 'ਤੇ ਧਰ ਕੇ, ਜ਼ਮੀਨਾਂ ਜਾਇਦਾਦਾਂ ਵੇਚ ਕੇ, ਏਜੰਟਾਂ ਦਾ ਢਿੱਡ ਭਰ ਕੇ ਆਖਰ ਅਸੀਂ ਪੰਜਾਬੀ ਹਰ ਹਾਲਤ ਵਿਚ ਪ੍ਰਵਾਸ ਕਰਨ ਲਈ ਕਿਉਂ ਖਤਰਾ ਮੁੱਲ ਲੈਣ ਲਈ ਤਿਆਰ ਹਾਂ? ਡੁੱਬ ਰਹੀ ਕਿਸਾਨੀ, ਬੇਰੁਜ਼ਗਾਰੀ, ਅਸੁਰੱਖਿਅਤ ਭਵਿੱਖ ਅਤੇ ਸਾਹ ਸੂਤ ਰਹੀ ਮਹਿੰਗਾਈ ਅਜਿਹੇ ਕਾਰਨ ਹਨ ਜੋ ਕਿ ਸਾਨੂੰ ਪ੍ਰਵਾਸ ਲਈ ਮਜਬੂਰ ਕਰ ਰਹੇ ਹਨ। ਸਾਡੀਆਂ ਸਰਕਾਰਾਂ ਆਜ਼ਾਦੀ ਦੇ ਬਾਅਦ ਵੀ ਇਨ੍ਹਾਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਕੱਢ ਸਕੀਆਂ। ਸਰਕਾਰਾਂ ਨੂੰ ਸੂਝ ਭਰੀਆਂ ਨੀਤੀਆਂ ਆਪਣਾ ਕੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨੇ ਚਾਹੀਦੇ ਹਨ। ਨਿੱਜੀ ਖੇਤਰ ਵਿਚ ਹੋ ਰਹੇ ਆਰਥਿਕ ਸੋਸ਼ਣ ਨੂੰ ਰੋਕਿਆ ਜਾਣਾ ਚਾਹੀਦਾ ਹੈ। ਹਰ ਨਾਗਰਿਕ ਨੂੰ ਸਨਮਾਨਯੋਗ ਜ਼ਿੰਦਗੀ ਜਿਊਣ ਦਾ ਮੌਕਾ ਮਿਲਣਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਦੋ ਸ਼ਬਦ...
ਅਦਾਰਾ 'ਅਜੀਤ' ਵਲੋਂ ਸਮਾਜ ਦਾ ਦਰਦ ਪਛਾਨਣ ਵਾਲੇ ਡਾ: ਬੀ. ਸੀ. ਰਾਏ ਦੇ ਜਨਮ ਦਿਹਾੜੇ ਨੂੰ ਸਮਰਪਿਤ ਡਾਕਟਰ ਦਿਵਸ ਮੌਕੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ 'ਤੇ ਸਭ ਨੂੰ ਮੁਬਾਰਕਾਂ ਦਿੰਦੇ ਹਾਂ ਅਤੇ ਪ੍ਰਣ ਕਰੀਏ ਕਿ ਕੋਈ ਵੀ ਮਰੀਜ਼ ਇਲਾਜ ਖੁਣੋਂ ਨਾ ਮਰੇ। ਸਰਕਾਰ ਅਤੇ ਡਾਕਟਰਾਂ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਹਰੇਕ ਨਾਗਰਿਕ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ, ਜਦੋਂ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਇਲਾਜ ਦੌਰਾਨ ਵਪਾਰੀ ਕੋਈ ਚੰਗੀ-ਮਾੜੀ ਘਟਨਾ ਨੂੰ ਲੈ ਕੇ ਡਾਕਟਰਾਂ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ ਤੱਕ ਜਾਣ ਅਤੇ ਡਾਕਟਰਾਂ ਤੇ ਹਸਪਤਾਲਾਂ 'ਤੇ ਹਮਲੇ ਕਰਨ ਤੋਂ ਗੁਰੇਜ਼ ਗਰਨ।

-ਪਰਮਜੀਤ ਕੌਰ ਸਲੇਮਪੁਰੀ

ਕੈਨੇਡਾ 'ਚ ਸਿਹਤ ਅਤੇ ਹੋਰ ਸਹੂਲਤਾਂ
ਕੈਨੇਡਾ ਵੱਡਾ ਦੇਸ਼ ਹੈ ਪ੍ਰੰਤੂ ਇਸ ਦੀ ਆਬਾਦੀ ਪੰਜਾਬ ਨਾਲੋਂ ਵੀ ਘੱਟ ਦੱਸੀ ਜਾਂਦੀ ਹੈ। ਆਵਾਜਾਈ, ਸਿਹਤ ਆਦਿ ਜਿੰਨੀਆਂ ਸਹੂਲਤਾਂ ਕੈਨੇਡਾ ਆਪਣੇ ਨਾਗਰਿਕਾਂ ਨੂੰ ਦਿੰਦਾ ਹੈ, ਉਸ ਦੇ ਬਦਲੇ ਲੋਕਾਂ ਪਾਸੋਂ ਟੈਕਸ ਦੇ ਰੂਪ ਵਿਚ ਪੈਸੇ ਵੀ ਇਕੱਠੇ ਕਰਦਾ ਹੈ। ਹਰ ਸਹੂਲਤ ਲੋਕਾਂ ਨੂੰ ਘਰ ਤੱਕ ਪਹੁੰਚ ਜਾਂਦੀ ਹੈ। ਇਸ ਦੇ ਨਾਗਰਿਕ ਕਾਇਦੇ-ਕਾਨੂੰਨ ਨੂੰ ਨਜ਼ਰਅੰਦਾਜ਼ ਨਹੀਂ ਕਰਦੇ। ਹਰੇਕ ਨਾਗਰਿਕ ਭਾਵੇਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਆਮ ਨਾਗਰਿਕ ਹੈ, ਸਭ ਲਈ ਕਾਨੂੰਨ ਬਰਾਬਰ ਹੈ।
ਮੈਨੂੰ ਕੈਨੇਡਾ 'ਚ ਪਰਿਵਾਰਕ ਮੈਂਬਰਾਂ ਨਾਲ ਜਨਰਲ ਹਸਪਤਾਲ (ਸਰਕਾਰੀ) ਜਾਣ ਦਾ ਮੌਕਾ ਮਿਲਿਆ ਅਤੇ ਮੈਂ ਹੈਰਾਨ ਰਹਿ ਗਿਆ ਕਿ ਇਥੋਂ ਦੇ ਹਸਪਤਾਲ ਵਿਚ ਏਨੀ ਸਫਾਈ, ਏਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਕਿ ਪੰਜਾਬ ਵਿਚ ਸ਼ਾਇਦ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਨਾ ਹੋਣ ਅਤੇ ਸਰਕਾਰੀ ਹਸਪਤਾਲਾਂ ਦਾ ਤੇ ਸਭ ਨੂੰ ਪਤਾ ਹੀ ਹੈ। ਪੰਜਾਬ 'ਚ ਗਰੀਬਾਂ ਦਾ ਹਸਪਤਾਲਾਂ 'ਚ ਕਚੂੰਮਰ ਨਿਕਲ ਜਾਂਦਾ ਹੈ। ਇਥੋਂ ਦੇ ਡਾਕਟਰ ਨਾਰਮਲ ਡਲਿਵਰੀ ਨੂੰ ਹੀ ਤਰਜੀਹ ਦਿੰਦੇ ਹਨ ਜਦੋਂ ਕਿ ਆਪ੍ਰੇਸ਼ਨ ਦਾ ਰਿਵਾਜ ਇਥੇ ਨਹੀਂ ਹੈ। ਪਰਮਾਤਮਾ ਕਰੇ ਅਜਿਹੀਆਂ ਸਹੂਲਤਾਂ ਭਾਰਤ ਵਿਚ ਵੀ ਆਮ ਲੋਕਾਂ ਨੂੰ ਮਿਲ ਜਾਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

ਸਰਕਾਰਾਂ ਗੰਭੀਰ ਹੋਣ
ਅਮਰਵੇਲ ਵਾਂਗ ਨਿੱਤ ਦਿਨ ਵਧਦੀ ਜਾ ਰਹੀ ਆਬਾਦੀ ਤੇ ਦਿਨੋ-ਦਿਨ ਵਧ ਰਿਹਾ ਵਿਹਲੜਪੁਣਾ ਅੱਜ ਦੇਸ਼ ਲਈ ਸਰਾਪ ਬਣ ਚੁੱਕੇ ਹਨ। ਆਬਾਦੀ ਨੂੰ ਠੱਲ੍ਹ ਪਾਉਣ ਲਈ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤੇ ਨਾ ਹੀ ਰੁਜ਼ਗਾਰ ਦੇ ਮੌਕੇ ਹੀ ਪੈਦਾ ਕੀਤੇ ਜਾ ਰਹੇ ਹਨ। ਅੱਜ ਦੇਸ਼ ਦੀ ਵੱਡੀ ਗਿਣਤੀ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਪੰਜਾਬ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਰੁਜ਼ਗਾਰ ਦੀ ਭਾਲ ਕਰਦੀ-ਕਰਦੀ ਅਖੀਰ ਥੱਕ ਹਾਰ ਕੇ ਬਾਹਰਲੇ ਦੇਸ਼ਾਂ ਨੂੰ ਰੁਖ਼ ਕਰ ਰਹੀ ਹੈ। ਜੋ ਇਧਰ ਬਚੇ ਹਨ, ਉਨ੍ਹਾਂ ਵਿਚੋਂ ਬੁਹਤੇ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੇ ਹਨ।
ਅੱਜ ਮਾਪਿਆਂ ਦੇ ਨਾਲ-ਨਾਲ ਦੇਸ਼ ਦੇ ਬਹੁਤੇ ਨੌਜਵਾਨ ਭਵਿੱਖ ਨੂੰ ਲੈ ਕੇ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਇਧਰ ਰਹਿ ਕੇ ਕੋਈ ਕਾਰੋਬਾਰ ਕਰਨ ਲਈ ਕਰਜ਼ਾ ਵਗੈਰਾ ਦੀ ਸਹੂਲਤ ਲੈਣ ਲਈ ਜੇ ਕੋਈ ਹਿੰਮਤ ਜਤਾਉਂਦਾ ਹੈ ਤਾਂ ਉਸ ਨੂੰ ਇਕ ਵਾਰ ਨਹੀਂ ਕਈ-ਕਈ ਵਾਰ ਸੂਈ ਦੇ ਨੱਕੇ 'ਚੋਂ ਨਿਕਲਣਾ ਪੈਂਦਾ ਹੈ, ਤ੍ਰਾਸਦੀ ਇਹ ਹੈ ਕਿ ਫਿਰ ਵੀ ਇਹ ਸਹੂਲਤ ਨਸੀਬ ਨਹੀਂ ਹੁੰਦੀ। ਅੱਜ ਸਮੇਂ ਦੀ ਮੰਗ ਹੈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਕਿਤੇ ਮਸਤੀ ਜਾਨ ਲੇਵਾ ਨਾ ਬਣ ਜਾਵੇ
ਮੀਂਹ ਨਾ ਪੈਣ ਕਾਰਨ, ਵਾਤਾਵਰਨ ਦੂਸ਼ਿਤ ਹੋਣ ਕਾਰਨ, ਰੁੱਖਾਂ ਦੀ ਹੋ ਰਹੀ ਤੇ ਹੋ ਚੁੱਕੀ ਕਟਾਈ ਕਾਰਨ ਅਤੇ ਹੋਰ ਅਨੇਕਾਂ ਮਨੁੱਖੀ ਗ਼ਲਤੀਆਂ ਕਾਰਨ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ। ਹਰ ਕੋਈ ਗਰਮੀ ਤੋਂ ਰਾਹਤ ਚਾਹੁੰਦਾ ਹੈ। ਪਰ ਜਵਾਨ ਮੁੰਡੇ ਗਰਮੀ ਤੋਂ ਬਚਣ ਲਈ ਨਹਿਰਾਂ, ਦਰਿਆਵਾਂ ਆਦਿ ਵਿਚ ਨਹਾਉਣ ਚਲੇ ਜਾਂਦੇ ਹਨ, ਇਨ੍ਹਾਂ ਨੂੰ ਪੁਲਾਂ 'ਤੇ ਚੜ੍ਹ ਕੇ ਛਾਲਾਂ ਮਾਰਦੇ ਆਮ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਗਰਮੀ ਤੋਂ ਰਾਹਤ ਪਾਉਣਾ ਮਸਤੀ ਵਿਚ ਬਦਲ ਜਾਂਦਾ ਹੈ। ਜਿਵੇਂ ਅਖ਼ਬਾਰਾਂ ਵਿਚ ਖ਼ਬਰ ਹੈ ਕਿ ਦਰਿਆ ਵਿਚ ਨਹਾਉਣ ਗਏ ਨੌਜਵਾਨ ਦਰਿਆ ਦੇ ਉੱਪਰੋਂ ਲੰਘਦੀ ਰੇਲਵੇ ਲਾਈਨ ਉੱਪਰ ਚੜ੍ਹ ਕੇ ਦਰਿਆਵਾਂ ਵਿਚ ਛਾਲਾਂ ਮਾਰਦੇ ਹੋਏ ਰੇਲ ਗੱਡੀ ਦੀ ਲਪੇਟ ਵਿਚ ਆ ਗਏ। ਇਸੇ ਤਰ੍ਹਾਂ ਬਹੁਤ ਵਾਰ ਹੁੰਦਾ ਹੈ ਕਿ ਦਰਿਆ ਦੇ ਤੇਜ਼ ਵਹਾਅ ਦੇ ਸਾਹਮਣੇ ਕਈ ਨੌਜਵਾਨ ਮੁੰਡੇ ਜਾਂ ਬੱਚੇ ਜ਼ਿੰਦਗੀ ਹਾਰ ਜਾਂਦੇ ਹਨ ਇਹ ਕੀਤੀ ਮਸਤੀ ਮਹਿੰਗੀ ਪੈ ਜਾਂਦੀ ਹੈ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਦੇ ਪੱਲੇ ਸਾਰੀ ਉਮਰ ਦਾ ਰੋਣਾ ਪੈ ਜਾਂਦਾ ਹੈ। ਸੋ, ਦਰਿਆਵਾਂ ਵਿਚ ਨਹਾਉਣਾ ਗਰਮੀ ਤੋਂ ਛੁਟਕਾਰਾ ਪਾਉਣਾ ਦਾ ਕੋਈ ਸਥਾਈ ਹੱਲ ਨਹੀਂ ਹੈ।

-ਅੰਮ੍ਰਿਤ ਕੌਰ-
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ।

05-07-2019

 ਕਿਹੋ ਜਿਹੀ ਮੌਤ?
ਪਿਛਲੇ ਦਿਨੀਂ 2 ਸਾਲ ਦਾ ਬਾਲ ਫ਼ਤਹਿਵੀਰ ਖੇਡਦਾ ਹੋਇਆ ਅਚਾਨਕ 9 ਇੰਚ ਚੌੜੇ ਬੋਰਵੈੱਲ ਵਿਚ ਜਾ ਡਿੱਗਾ, ਜਿਸ ਨੂੰ ਕਾਫੀ ਜਦੋ-ਜਹਿਦ ਬਾਅਦ ਮ੍ਰਿਤਕ ਹਾਲਤ 'ਚ ਬਾਹਰ ਕੱਢਿਆ ਗਿਆ। ਮਾਂ-ਬਾਪ ਲਈ ਅਸਹਿ ਅਤੇ ਅਕਹਿ ਸਦਮਾ ਸਮੁੱਚੀ ਇਨਸਾਨੀਅਤ ਦੀਆਂ ਅੱਖਾਂ ਨਮ ਕਰਨ ਵਾਲੀ ਮੰਦਭਾਗੀ ਘਟਨਾ ਹੈ। ਕਲਪਨਾ ਕਰੋ ਕਿ ਇਕ ਮਾਸੂਮ ਬਾਲ ਨੇ ਕਿੱਦਾਂ ਉਸ ਬੋਰਵੈੱਲ ਵਿਚ ਜਾਨ ਦਿੱਤੀ ਹੋਵੇਗੀ, ਦੇਖ-ਸੁਣ ਕੇ ਜਿਥੇ ਰੂਹ ਕੰਬਦੀ ਹੈ, ਉਥੇ ਸਾਡੀ ਆਧੁਨਿਕ ਤਕਨੀਕ ਦੇ ਮੂੰਹ 'ਤੇ ਕਰਾਰੀ ਚਪੇੜ ਵੀ ਹੈ। ਇਕ ਪਾਸੇ ਅਸੀਂ ਭਾਰਤ ਦੀ ਤਰੱਕੀ ਦੇ ਦਮਗਜੇ ਨਹੀਂ ਮਾਰਦੇ ਥੱਕਦੇ, ਚੰਨ ਤੋਂ ਮਿੱਟੀ ਲਿਆਉਣ ਦੇ ਦਾਅਵੇ ਕਰੀ ਬੈਠੇ ਹਾਂ ਪਰ ਲਾਹਨਤ ਹੈ ਕਿ ਦੋ ਸਾਲ ਦੇ ਮਾਸੂਮ ਬਾਲ ਨੂੰ ਧਰਤੀ ਤੋਂ ਨਹੀਂ ਚੁੱਕ ਸਕੇ।
ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਵੱਖ-ਵੱਖ ਖੇਤਰਾਂ ਵਿਚ ਨਵੀਆਂ-ਨਵੀਆਂ ਮਸ਼ੀਨਾਂ ਦੀ ਲੱਭਤ ਨਾਲ ਕੰਮ ਨੂੰ ਸੌਖਿਆਂ ਕਰ ਲਿਆ ਪਰ ਡੂੰਘੀ ਜ਼ਮੀਨ, ਬੋਰ 'ਚੋਂ ਕੋਈ ਚੀਜ਼ ਚੁੱਕਣ ਵਾਲੀ ਮਸ਼ੀਨ ਇਜਾਦ ਨਹੀਂ ਕਰ ਸਕੇ। ਪਰ ਉਸ ਮਾਸੂਮ ਨੇ ਭਾਵੇਂ ਆਪਣੀ ਜਾਨ ਗੁਆ ਦਿੱਤੀ ਪਰ ਉਸ ਨੇ ਸਾਡੇ 'ਜੰਗਾਲੇ ਖੋਪੜਾਂ' ਨੂੰ ਝੰਜੋੜ ਦਿੱਤਾ ਕਿ ਇਸ ਵਿਸ਼ੇ 'ਤੇ ਵੀ ਡੂੰਘੀ ਖੋਜ ਕਰਨ ਦੀ ਜ਼ਰੂਰਤ ਹੈ। ਅੰਤ ਉਸ ਦੋ ਸਾਲਾ ਮਾਸੂਮ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਲਿਖਣਾ ਬਣਦਾ ਹੈ ਜਿਸ ਨੇ ਛੋਟੀ ਉਮਰੇ ਹੀ ਵੱਡੇ ਦਿਮਾਗਾਂ ਨੂੰ 'ਜ਼ਮੀਨੀ ਖੋਜ' ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਬੱਚੇ ਮਾਂ-ਬਾਪ ਦਾ 'ਅਮੁੱਲ ਧਨ' ਹੁੰਦੇ ਨੇ। ਭਵਿੱਖ 'ਚ ਅਜਿਹੀ ਘਟਨਾ ਕਿਸੇ ਨਾਲ ਵੀ ਨਾ ਵਾਪਰੇ, ਅਜਿਹੀ ਕਾਮਨਾ ਹੈ।


-ਜਸਬੀਰ ਦੱਧਾਹੂਰ, ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਸਕੂਲੀ ਸਿੱਖਿਆ ਦੀ ਅਸਲ ਤਸਵੀਰ
28 ਅਤੇ 29 ਜੂਨ ਦੋ ਕਿਸ਼ਤਾਂ ਵਿਚ ਸਤਨਾਮ ਸਿੰਘ ਮਾਣਕ ਹੋਰਾਂ ਸਕੂਲੀ ਸਿੱਖਿਆ ਦੀ ਅਸਲ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਪੰਜਾਬ ਤੇ ਪੰਜਾਬੀ ਦੀ ਹੋ ਰਹੀ ਦੁਰਗਤੀ ਬਾਰੇ ਆਪਣਾ ਦਰਦ ਪੇਸ਼ ਕੀਤਾ ਹੈ। ਉਨ੍ਹਾਂ ਨਵੇਂ ਬਣੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ, ਜੋ ਪੜ੍ਹੇ-ਲਿਖੇ ਤੇ ਸੰਵੇਦਨਸ਼ੀਲ ਵਿਅਕਤੀ ਹਨ, ਤੋਂ ਆਸ ਪ੍ਰਗਟ ਕੀਤੀ ਹੈ ਕਿ ਉਹ ਠੋਸ ਫ਼ੈਸਲੇ ਲੈ ਕੇ ਪੰਜਾਬ ਦਾ ਅਸਲ ਪੁੱਤਰ ਹੋਣ ਦਾ ਮਾਣ ਪ੍ਰਾਪਤ ਕਰਨਗੇ। ਉਨ੍ਹਾਂ ਆਪਣੇ ਲੇਖ ਰਾਹੀਂ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਨ੍ਹਾਂ ਨੂੰ ਹੜਤਾਲਾਂ, ਧਰਨਿਆਂ ਤੋਂ ਵਿਹਲੇ ਕਰਕੇ ਪੜ੍ਹਾਉਣ ਵੱਲ ਤੋਰਨ ਤੇ ਆਪਣੇ ਨਾਲ ਸਿੱਖਿਆ ਮਾਹਿਰਾਂ ਦੀ ਅਸਲ ਟੀਮ ਲੈ ਕੇ ਬਿਮਾਰ ਹੋ ਚੁੱਕੀ ਸਿੱਖਿਆ ਨੂੰ ਫਿਰ ਤੋਂ ਤੰਦਰੁਸਤ ਕਰਕੇ ਭਾਰਤ ਵਿਚ ਪੰਜਾਬ ਨੂੰ ਫਿਰ ਤੋਂ ਮੋਹਰੀ ਸੂਬਾ ਬਣਾਉਣ ਲਈ ਉਪਰਾਲੇ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਪੰਜਾਬ ਦੀ ਸਿੱਖਿਆ ਨੂੰ ਇਤਿਹਾਸ, ਵਿਰਸੇ ਤੇ ਸੱਭਿਆਚਾਰਕ ਨਾਲ ਜੋੜੀ ਰੱਖਣ ਤੇ ਸਿੱਖਿਆ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇਯੋਗ ਬਣਾਉਣ ਲਈ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ ਜੋ ਸਲਾਹੁਣਯੋਗ ਹੈ। ਇਹ ਲੇਖ ਸੁਹਿਰਦ ਅਧਿਆਪਕ ਨੂੰ ਪੜ੍ਹ ਕੇ ਇਸ ਵਿਚਾਰ ਨੂੰ ਅਗਾਂਹ ਤੋਰਨ ਦੀ ਅੱਜ ਮੁੱਖ ਲੋੜ ਹੈ।


-ਬਹਾਦਰ ਸਿੰਘ ਸੰਧੂ


ਭੀੜਤੰਤਰ ਦੀ ਬਰਬਰਤਾ
ਭਾਵੇਂ ਭੀੜਤੰਤਰ ਦੀਆਂ ਜ਼ਾਲਮਾਨਾ ਹਰਕਤਾਂ 'ਤੇ ਨਕੇਲ ਪਾਉਣ ਲਈ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ 'ਤੇ ਕਾਬੂ ਪਾਉਣ ਲਈ ਕਿਹਾ ਹੈ ਪਰ ਅਜੇ ਵੀ ਭੀੜ ਵਲੋਂ ਘੱਟ-ਗਿਣਤੀਆਂ ਨਾਲ ਘਟਨਾਵਾਂ ਵਾਪਰ ਰਹੀਆਂ ਹਨ। ਧਰਮ ਦੇ ਨਾਂਅ 'ਤੇ ਲੋਕਾਂ ਨੂੰ ਕੁੱਟਣ ਦੇ ਨਾਲ-ਨਾਲ ਜਾਨੋਂ ਮਾਰ ਦਿੱਤਾ ਜਾਂਦਾ ਹੈ, ਜਿਸ ਨਾਲ ਘੱਟ-ਗਿਣਤੀ ਦੇ ਲੋਕ ਆਪਣੇ ਹੀ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਹਨ। ਬਹੁਤੀ ਵਾਰ ਗਊ-ਰੱਖਿਆ ਦੇ ਨਾਂਅ 'ਤੇ ਅਖੌਤੀ ਗਊ ਭਗਤਾਂ ਵਲੋਂ ਭਾਵੇਂ ਕੋਈ ਪਸ਼ੂ ਇਧਰ-ਉਧਰ ਲਿਜਾ ਰਿਹਾ ਹੋਵੇ ਤਾਂ ਵਾਹਨ ਚਾਲਕ ਦੇ ਨਾਲ-ਨਾਲ ਮਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਇਥੋਂ ਤੱਕ ਲੋਕਾਂ ਨੂੰ ਜਾਨੋਂ ਵੀ ਮਾਰ ਦਿੱਤਾ ਜਾਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਰ ਵਿਚ ਅਜਿਹੇ ਘਿਨੌਣੇ ਕਰਮ ਅਨੇਕਾਂ ਵਾਰ ਵਾਪਰ ਚੁੱਕੇ ਹਨ। ਅਜਿਹਾ ਮਾਹੌਲ ਘ੍ਰਿਣਾ ਨੂੰ ਜਨਮ ਦਿੰਦਾ ਹੈ। ਸਰਕਾਰ ਨੂੰ ਘੱਟ-ਗਿਣਤੀਆਂ ਦੀ ਰਖਵਾਲੀ ਅਤੇ ਭੀੜਤੰਤਰ ਦੀ ਅਜਿਹੀ ਮਾਰੂ ਮਾਨਸਿਕਤਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਦੇਸ਼ ਵਿਚ ਹਰ ਕੋਈ ਸੁਰੱਖਿਅਤ ਮਹਿਸੂਸ ਕਰ ਸਕੇ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਨਹਿਰਾਂ ਦੀ ਮਾੜੀ ਹਾਲਤ
ਅਜੋਕੇ ਸਮੇਂ ਸਰਕਾਰਾਂ ਅਤੇ ਬੁੱਧੀਜੀਵੀ ਸਮਾਜ ਆਮ ਲੋਕਾਂ ਨੂੰ ਪਾਣੀ ਦੀ ਸਾਂਭ-ਸੰਭਾਲ ਕਰਨ ਪ੍ਰਤੀ ਜਾਗਰੂਕ ਕਰਨ ਦੇ ਅਨੇਕਾਂ ਯਤਨ ਕਰ ਰਹੇ ਹਨ। ਜੇਕਰ ਗੌਰ ਨਾਲ ਤੱਕਿਆ ਜਾਵੇ ਤਾਂ ਇਹ ਉਪਰਾਲੇ ਕੇਵਲ ਨਾਅਰਿਆਂ ਤੱਕ ਹੀ ਸੀਮਤ ਰਹਿ ਚੁੱਕੇ ਹਨ। ਇਸ ਦੀ ਮਿਸਾਲ ਹਨ ਅੱਜ ਦੀਆਂ ਨਹਿਰਾਂ ਦੀ ਮੰਦੜੀ ਹਾਲਤ। ਅੱਜ ਦਾ ਇਨਸਾਨ ਏਨਾ ਖ਼ੁਦਗਰਜ਼, ਅਵੇਸਲਾ ਅਤੇ ਤੰਗ ਸੋਚ ਵਾਲਾ ਹੋ ਗਿਆ ਹੈ ਕਿ ਪਾਣੀ ਨੂੰ ਹੀ ਦੂਸ਼ਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਮਨੁੱਖ ਦੁਆਰਾ ਕੂੜਾ-ਕਰਕਟ, ਮਰੇ ਪਸ਼ੂ ਅਤੇ ਜਾਦੂ-ਟੂਣੇ ਦੀ ਸਮੱਗਰੀ ਆਦਿ ਨਹਿਰਾਂ ਵਿਚ ਸੁੱਟੀ ਜਾਂਦੀ ਹੈ। ਬਜ਼ੁਰਗਾਂ ਦੇ ਬੋਲ ਸਨ ਕਿ 'ਵਗਦਾ ਪਾਣੀ ਗੰਦਲਾ ਨਹੀਂ ਹੁੰਦਾ। ਪਰ ਅਜੋਕੇ ਸਮਾਜ ਨੇ ਪੁਰਖਾਂ ਦੇ ਇਹ ਕਥਨ ਝੂਠੇ ਕਰ ਦਿੱਤੇ ਹਨ। ਪੜ੍ਹੇ-ਲਿਖੇ ਸਮਾਜ ਅਤੇ ਪ੍ਰਸ਼ਾਸਨ ਨੂੰ ਸੰਜੀਦਗੀ ਵਰਤਦੇ ਹੋਏ ਆਮ ਲੋਕਾਂ ਨੂੰ ਪਾਣੀ ਦੀ ਮਹੱਤਤਾ ਪ੍ਰਤੀ ਸੁਚੇਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਕੁਦਰਤੀ ਦਾਤਾਂ ਦਾ ਉਪਯੋਗ ਕਰ ਸਕਣ।


-ਗੁਰਪ੍ਰੀਤ ਸਿੰਘ ਔਲਖ, ਦਿਆਲਗੜ੍ਹ, ਬਟਾਲਾ।

04-07-2019

 ਖਾਣ-ਪੀਣ ਦਾ ਬਦਲਦਾ ਰੰਗ-ਢੰਗ
ਇਸ ਵਿਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਮਨੁੱਖ ਦਾ ਵਿਗਿਆਨਕ ਅਤੇ ਮਸ਼ੀਨੀਕਰਨ ਯੁੱਗ ਵਿਚ ਕੰਮ ਕਰਨ ਦੇ ਤੌਰ-ਤਰੀਕਿਆਂ ਦੇ ਨਾਲ-ਨਾਲ ਖਾਣ-ਪੀਣ ਵੀ ਬਦਲਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜਿਵੇਂ-ਜਿਵੇਂ ਮਨੁੱਖ ਨੇ ਵਿਗਿਆਨਕ ਨਜ਼ਰੀਏ ਨਾਲ ਕੰਮ ਦਾ ਮਸ਼ੀਨੀਕਰਨ ਕਰਕੇ ਸਰੀਰਕ ਕਸ਼ਟ ਤੋਂ ਛੁਟਕਾਰਾ ਪਾ ਲਿਆ ਹੈ, ਉਸੇ ਤਰ੍ਹਾਂ ਰਸੋਈ ਦੇ ਕੰਮਾਂ 'ਚ ਵੀ ਮਸ਼ੀਨੀਕਰਨ ਦੇ ਭਾਰੂ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਹਿਲਾਂ ਮਨੁੱਖ ਸਰੀਰ ਨੂੰ ਤਾਕਤਵਰ ਰੱਖਣ ਲਈ ਅਨਾਜਾਂ, ਦਾਲਾਂ, ਫਲਾਂ, ਸਬਜ਼ੀਆਂ, ਦੁੱਧ, ਦਹੀਂ, ਪਨੀਰ, ਖੋਆ ਆਦਿ ਦੀ ਵਰਤੋਂ ਕਰਦਾ ਸੀ ਪਰ ਵਿਗਿਆਨਕ ਖੋਜਾਂ ਨੇ ਮਨੁੱਖੀ ਸਰੀਰ ਲਈ ਲੋੜੀਂਦੀ ਊਰਜਾ ਅਤੇ ਤੱਤਾਂ ਨੂੰ ਪਾਊਡਰ, ਗੋਲੀਆਂ, ਤਰਲ, ਪਦਾਰਥ ਆਦਿ ਦੇ ਰੂਪ 'ਚ ਪੇਸ਼ ਕਰ ਦਿੱਤਾ ਹੈ। ਇਸੇ ਵਿਸ਼ੇ 'ਤੇ ਚਾਨਣਾ ਪਾਉਂਦਾ ਐਤਵਾਰ ਦੇ 'ਅਜੀਤ ਮੈਗਜ਼ੀਨ' 'ਚ ਸੰਜੇ ਸ੍ਰੀਵਾਸਤਵ ਦਾ ਲੇਖ 'ਖਾਣ ਪੀਣ ਦਾ ਬਦਲਦਾ ਰੰਗ-ਢੰਗ' ਪੜ੍ਹਿਆ। ਲੇਖਕ ਦੇ ਆਧੁਨਿਕ ਯੁੱਗ ਦੇ ਵਿਗਿਆਨਕ ਖਾਧ ਪਦਾਰਥਾਂ ਦੀਆਂ ਖੋਜਾਂ ਅਤੇ ਇਸ ਵਿਚਲੇ ਪੌਸ਼ਟਿਕ ਤੱਤਾਂ ਉੱਪਰ ਨਿੱਠ ਕੇ ਚਾਨਣਾ ਪਾਇਆ ਹੈ। ਸੋ, ਲੇਖ ਪੜ੍ਹਨਯੋਗ ਅਤੇ ਜਾਣਕਾਰੀ ਭਰਪੂਰ ਸੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਭਾਰਤੀ ਉਦਯੋਗਪਤੀ ਇਨ੍ਹਾਂ ਉਤਪਾਦਾਂ ਪ੍ਰਤੀ ਕਿੰਨੀ ਇਮਾਨਦਾਰੀ, ਸੰਜੀਦਗੀ ਅਤੇ ਸੁਹਿਰਦਤਾ ਦਿਖਾਉਣਗੇ? ਨਕਲੀ ਦਵਾਈਆਂ, ਨਕਲੀ ਖਾਦਾਂ, ਨਕਲੀ ਬੀਜ, ਨਕਰੀ ਸਪਰੇਆਂ, ਨਕਲੀ ਦੁੱਧ, ਨਕਲੀ ਅੰਡੇ, ਨਕਲੀ ਪੱਤ ਗੋਭੀ, ਨਕਲੀ ਕੋਲਡ ਡਰਿੰਕਸ, ਨਕਰੀ ਫਲਾਂ ਦਾ ਜੂਸ ਆਦਿ ਦਾ ਬੋਲਬਾਲਾ ਹੋਵੇ, ਉਥੇ ਖਰੇਪਣ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।


-ਸਤਨਾਮ ਸਿੰਘ ਮੱਟੂ, ਬੀਂਬੜ, ਸੰਗਰੂਰ।


ਖਿਡਾਰਨਾਂ ਦੀ ਬੇਕਦਰੀ
ਮੋਗਾ ਜ਼ਿਲ੍ਹੇ ਦੇ ਧੂੜਕੋਟ ਕੁਸ਼ਤੀ ਅਖਾੜੇ ਦੀਆਂ ਹੋਣਹਾਰ ਦੋ ਕੁੜੀਆਂ ਰਾਸ਼ਟਰੀ ਪੱਧਰ 'ਤੇ ਕਈ ਸੋਨੇ ਦੇ ਤਗਮੇ ਜਿੱਤ ਕੇ ਵੀ ਦੋ ਵਕਤ ਦੀ ਰੋਟੀ ਲਈ ਜੂਝ ਰਹੀਆਂ ਹਨ। ਅਖਾੜੇ ਵਿਚ ਮਿਹਨਤ ਕਰਨ ਦੀ ਬਜਾਏ ਅੱਜਕਲ੍ਹ ਖੇਤਾਂ ਵਿਚ ਝੋਨਾ ਲਗਾਉਣ ਲਈ ਮਜਬੂਰ ਹਨ। ਸਰਕਾਰਾਂ ਦੀ ਨਾਲਾਇਕੀ ਹੈ ਕਿ ਦੇਸ਼ ਦੇ ਅਜਿਹੇ ਹੀਰੇ ਮਿੱਟੀ 'ਚ ਰੁਲ ਰਹੇ ਹਨ। ਕਿਸੇ ਵੇਲੇ ਦੇਸ਼ ਭਰ 'ਚੋਂ ਖੇਡਾਂ 'ਚ ਮੋਹਰੀ ਸੂਬੇ ਪੰਜਾਬ ਦੇ ਖਿਡਾਰੀਆਂ ਦੀ ਹਾਲਤ ਦੇਸ਼ ਸਰਕਾਰ ਦੇ ਮਾੜੇ ਖੇਡ ਪ੍ਰਬੰਧ ਤੋਂ ਹਰ ਸੋਚਣ ਵਾਲਾ ਪੰਜਾਬੀ ਮਾਯੂਸ ਹੈ। ਰਾਸ਼ਟਰੀ ਪੱਧਰ ਦੀਆਂ ਇਨ੍ਹਾਂ ਖਿਡਾਰਨਾਂ ਨੂੰ ਸਰਕਾਰ ਯੋਗ ਸਿਖਲਾਈ ਦੇਵੇ ਤਾਂ ਸੰਸਾਰ ਭਰ 'ਚ ਦੇਸ਼ ਦਾ ਨਾਂਅ ਚਮਕਾ ਸਕਦੀਆਂ ਹਨ। ਪੰਜਾਬ ਵਾਸੀਆਂ ਲਈ ਵੀ ਮਾਣ ਦੀ ਗੱਲ ਹੋਵੇਗੀ। ਅਜਿਹੇ ਖਿਡਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਸਰਕਾਰ ਦੀ ਨਾਂਹਪੱਖੀ ਸੋਚ ਦਾ ਨਤੀਜਾ ਹੈ ਕਿ ਬਹੁਤੇ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਹਰਿਆਣਾ ਇਸ ਮਾਮਲੇ 'ਚ ਪੰਜਾਬ ਤੋਂ ਕਾਫੀ ਅੱਗੇ ਹੈ। ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ।


-ਪਰਮ ਪਿਆਰ ਸਿੰਘ, ਬੀਰ ਪਿੰਡ, ਨਕੋਦਰ।

ਪੁੁਲਿਸ ਦਾ ਅਣਮਨੁੱਖੀ ਚਿਹਰਾ
ਪਿਛਲੇ ਦਿਨੀਂ ਦਿੱਲੀ ਵਿਚ ਪੁਲਿਸ ਵਲੋਂ ਇਕ ਸਿੱਖ ਟੈਕਸੀ ਡਰਾਈਵਰ ਨਾਲ ਜੋ ਸ਼ਰਮਨਾਕ ਵਰਤਾਓ ਕੀਤਾ ਗਿਆ, ਅਤਿ ਨਿੰਦਣਯੋਗ ਹੈ। ਟ੍ਰੈਫਿਕ ਦੀ ਮਾਰ ਝੱਲ ਰਹੀ ਦਿੱਲੀ ਵਿਚ ਗੱਡੀ ਨਾਲ ਗੱਡੀ ਟਕਰਾਉਣੀ ਮਾਮੂਲੀ ਗੱਲ ਹੈ। ਡਰਾਈਵਰ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਸ ਦਾ ਟੈਂਪੂ ਪੁਲਿਸ ਦੀ ਗੱਡੀ ਨਾਲ ਟਕਰਾਅ ਗਿਆ। ਇਸ ਘਟਨਾ ਨੇ ਦੱਸ ਦਿੱਤਾ ਕਿ ਭਾਰਤ ਵਿਚ ਅਜੇ ਵੀ ਸਿੱਖਾਂ ਨਾਲ ਦੋ ਨੰਬਰੀ ਸ਼ਹਿਰੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਕਾਨੂੰਨ ਨੂੰ ਹੱਥ ਵਿਚ ਲੈ ਕੇ ਪਿਉ-ਪੁੱਤਰ ਨੂੰ ਸੜਕਾਂ 'ਤੇ ਰੋਲਣਾ, ਡਾਂਗਾਂ-ਬੈਲਟਾਂ ਨਾਲ ਕੁੱਟਣਾ ਅਤਿ ਮੰਦਭਾਗਾ ਹੈ। ਕੀ ਦਿੱਲੀ ਪੁਲਿਸ ਪੜ੍ਹਾਈ ਤੇ ਇਨਸਾਨੀਅਤ ਤੋਂ ਸੱਖਣੀ ਹੈ? 1984 ਤੋਂ ਬਾਅਦ ਇਸ ਘਟਨਾ ਕਰਕੇ ਭਾਰਤ ਦੀ ਰਾਜਨੀਤੀ ਦਿੱਲੀ ਨੂੰ ਫਿਰ ਸ਼ਰਮਨਾਕ ਹੋਣਾ ਪਿਆ। ਭਾਰਤ ਸਰਕਾਰ, ਗ੍ਰਹਿ ਵਿਭਾਗ ਤੇ ਸਿੱਖ ਕੌਮ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਾ ਸਥਾਈ ਹੱਲ ਲੱਭਣਾ ਪਵੇਗਾ ਨਹੀਂ ਤਾਂ ਕਿ ਅਗਾਂਹ ਅਜਿਹੀ ਘਟਨਾ ਨਾ ਵਾਪਰੇ।


-ਮਾ: ਜਸਵੰਤ ਸਿੰਘ ਰੰਧੇਵ, ਗੁਰਦਾਸਪੁਰ।

03-07-2019

 ਡਿਜੀਟਲ ਇੰਡੀਆ ਦੀ ਤ੍ਰਾਸਦੀ
ਅੱਜ ਅਸੀਂ 21ਵੀਂ ਸਦੀ ਭਾਵ ਕਿ ਡਿਜੀਟਲ ਇੰਡੀਆ ਵਿਚ ਰਹਿ ਰਹੇ ਹਾਂ ਅਤੇ ਸਾਨੂੰ ਸ਼ਰਮ ਆ ਰਹੀ ਹੈ ਕਿ ਕੁਝ ਦਿਨ ਪਹਿਲਾਂ ਤਕਰੀਬਨ 150 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੇ 2 ਸਾਲ ਦਾ ਮਾਸੂਮ ਫ਼ਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਪਰ ਉਸ ਦੀ ਮੌਤ ਪਿੱਛੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ। ਜਦ ਬੱਚਾ ਬੋਰਵੈਲ ਵਿਚ ਡਿੱਗਾ ਤਾਂ ਉਸ ਪਿੱਛੋਂ ਬਹੁਤਾ ਸਮਾਂ ਆਮ ਲੋਕਾਂ ਅਤੇ ਧਾਰਮਿਕ ਸ਼ਰਧਾਲੂਆਂ ਵਲੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਦ ਕਿ ਉਨ੍ਹਾਂ ਕੋਲ ਕੋਈ ਤਕਨੀਕ ਨਹੀਂ ਸੀ, ਪਰ ਫਿਰ ਕੁਝ ਸਮੇਂ ਬਾਅਦ ਜਦ ਐਨ. ਡੀ. ਆਰ. ਐਫ. ਦੀ ਟੀਮ ਨੇ ਆਪ੍ਰੇਸ਼ਨ ਸ਼ੁਰੂ ਕੀਤਾ ਤਾਂ ਕਾਫੀ ਘੰਟਿਆਂ ਬਾਅਦ ਵੀ ਫ਼ਤਹਿਵੀਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਸਰਕਾਰਾਂ ਵਲੋਂ ਫਿਰ ਵੀ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਜਿਸ ਦਾ ਖ਼ਮਿਆਜ਼ਾ ਫਤਹਿਵੀਰ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ। ਕੀ ਇਸ ਘਟਨਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਡਿਜੀਟਲ ਹੋ ਰਿਹਾ ਜਾਂ ਇੰਡੀਆ ਤਰੱਕੀ ਕਰ ਰਿਹਾ ਹੈ? ਸੋ ਅਖੀਰ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਸਾਰੇ ਸਵਾਲਾਂ ਤੋਂ ਬਾਅਦ ਸਮੇਂ ਦੀ ਸਰਕਾਰ ਇਨ੍ਹਾਂ ਖੁੱਲ੍ਹੇ ਬੋਰਾਂ ਦੀ ਸਾਰ ਲਵੇਗੀ?


-ਸ਼ੰਕਰ,
ਮੋਗਾ।


ਅੰਧ ਵਿਸ਼ਵਾਸ ਦੀ ਸਿਖ਼ਰ
ਅਤ੍ਰਿਪਤੀ ਨਾਲ ਭਰੇ ਅੱਜ ਦੇ ਸਮਾਜ ਵਿਚ ਅੰਧ-ਵਿਸ਼ਵਾਸਾਂ ਦਾ ਪਸਾਰਾ ਸਿਖ਼ਰ 'ਤੇ ਪੁੱਜ ਚੁੱਕਾ ਹੈ। ਹਰ ਰੋਜ਼ ਦੁਕਾਨਾਂ ਤੇ ਵਹੀਕਲਾਂ ਆਦਿ ਉੱਪਰ ਸੱਤ ਮਿਰਚਾਂ ਨਾਲ ਇਕ ਨਿੰਬੂ ਟੰਗ ਕੇ ਅਸੀਂ ਪ੍ਰਤੀ ਸਾਲ 14 ਕਰੋੜ ਰੁਪਿਆ ਖੂਹ ਵਿਚ ਸੁੱਟ ਦਿੰਦੇ ਹਾਂ। ਚੁਰਸਤਿਆਂ, ਗਲੀਆਂ, ਮੋੜਾਂ ਅਤੇ ਜਲ ਭੰਡਾਰਾਂ ਕਿਨਾਰੇ ਕੀਤੇ ਗਏ ਟੂਣੇ-ਟਾਮਣ ਅੰਧ-ਵਿਸ਼ਵਾਸਾਂ ਦੇ ਮਾਇਆ ਜਾਲ ਵਿਚ ਫਸ ਕੇ ਅਗਿਆਨਤਾ ਦਾ ਪ੍ਰਗਟਾਵਾ ਹਨ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਅੰਧ-ਵਿਸ਼ਵਾਸ ਵਿਚ ਫਸ ਕੇ ਕਿਸੇ ਬੱਚੇ ਜਾਂ ਮਨੁੱਖ ਦੀ 14ਵੀਂ ਸਦੀ ਦੀਆਂ ਘਟਨਾਵਾਂ ਵਾਂਗ ਬਲੀ ਦੇ ਦਿੱਤੀ ਜਾਂਦੀ ਹੈ। ਹਾਲ ਹੀ ਵਿਚ ਬਟਾਲਾ ਵਿਖੇ ਅਤੇ ਮਾਨਸਾ ਦੇ ਪਿੰਡ ਕੋਟ ਫੱਤਾ ਵਿਖੇ ਅਜਿਹੀਆਂ ਸ਼ਰਮਨਾਕ ਘਟਨਾਵਾਂ ਸਾਹਮਣੇ ਆਈਆ ਹਨ।
ਭਾਵੇਂ ਵਿਗਿਆਨ ਨੇ ਅਨੇਕਾਂ ਬ੍ਰਹਿਮੰਡੀ ਵਰਤਾਰਿਆਂ ਨੂੰ 'ਦੈਵੀ ਕਰੋਪੀ' ਦੇ ਦਾਇਰੇ ਵਿਚੋਂ ਬਾਹਰ ਕੱਢ ਦਿੱਤਾ ਹੈ ਤਾਂ ਵੀ ਅਸੀਂ ਆਪਣੇ ਗ੍ਰਹਿ-ਕਲੇਸ਼ਾਂ ਦੇ ਚੱਕਰ ਵਿਚ ਅਖੌਤੀ ਜੋਤਸ਼ੀਆਂ, ਤਾਂਤਰਿਕਾਂ, ਬਾਬਿਆਂ ਅਤੇ ਐਸਟਰੋਲੋਜਿਸਟਾਂ ਦੇ ਚੱਕਰਾਂ ਵਿਚ ਪੈ ਕੇ ਖ਼ੂਨ-ਪਸੀਨੇ ਦੀ ਕਮਾਈ ਉਜਾੜ ਰਹੇ ਹਾਂ। ਵਿਗਿਆਨਕ ਸੋਚ, ਸਖ਼ਤ ਮਿਹਨਤ, ਸਵੈ-ਵਿਸ਼ਵਾਸ, ਇਮਾਨਦਾਰੀ, ਸਹਿਯੋਗ ਦੀ ਭਾਵਨਾ ਅਤੇ ਆਪਸੀ ਰਿਸ਼ਤਿਆਂ ਦੀ ਸਮਝ ਘਰਾਂ ਵਿਚਲੇ ਆਰਥਿਕ ਸੰਕਟ, ਗ੍ਰਹਿ ਕਲੇਸ਼ ਅਤੇ ਰਿਸ਼ਤਿਆਂ ਵਿਚ ਉਪਜਦੀ ਬੇਵਿਸ਼ਵਾਸੀ ਨੂੰ ਠੀਕ ਕਰਨ ਦੇ ਅਚੂਕ ਮੰਤਰ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਸਿਆਸਤ ਵਿਚ ਵਧਦਾ ਪਰਿਵਾਰਵਾਦ
ਹਿੰਦੁਸਤਾਨ ਦੀ ਸਿਆਸਤ 'ਚ ਗਿਰਾਵਟ ਦਾ ਵਰਤਾਰਾ ਕਾਇਮ ਹੈ। ਸਿਆਸਤ ਲੀਡਰਾਂ ਨੂੰ ਵਿਰਾਸਤ ਵਿਚ ਮਿਲਦੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਜਾਰੀ ਹੈ। ਭਾਰਤੀ ਸਿਆਸਤ 'ਚ ਪਰਿਵਾਰਵਾਦ ਭਾਰੂ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨੀਂ 'ਅਜੀਤ' 'ਚ ਛਪਿਆ। ਸੰਪਾਦਕੀ 'ਸਿਆਸਤ ਵਿਚ ਵਧਦਾ ਪਰਿਵਾਰਵਾਦ' ਇਸੇ ਵਿਸ਼ੇ 'ਤੇ ਵਿਸ਼ੇਸ਼ ਰੌਸ਼ਨੀ ਪਾਉਂਦਾ ਹੈ। ਹਰ ਸਿਆਸੀ ਲੀਡਰ ਇਕ ਵਾਰ ਲੋਕ ਸਭਾ ਜਾਂ ਵਿਧਾਨ ਸਭਾ ਮੈਂਬਰ ਚੁਣੇ ਜਾਣ 'ਤੇ ਉਸ ਹਲਕੇ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪੈਂਦਾ ਹੈ। ਰਾਜਨੀਤਕ ਪਾਰਟੀਆਂ 'ਚ ਵੀ ਪਾਰਟੀ ਸੰਵਿਧਾਨ ਨੂੰ ਛਿੱਕੇ ਟੰਗ ਕੇ ਉਸੇ ਪਰਿਵਾਰ ਨੂੰ ਚੌਧਰੀ ਰੱਖਿਆ ਜਾਂਦਾ ਹੈ। ਪ੍ਰਧਾਨਗੀ, ਚੇਅਰਮੈਨੀ ਤੇ ਪਰਿਵਾਰਵਾਦ ਦਾ ਹੀ ਹੱਕ ਜਤਾਇਆ ਜਾਂਦਾ ਹੈ। ਪਰਿਵਾਰਕ ਕੁਰਬਾਨੀਆਂ ਦੇ ਝੂਠੇ ਰਾਗ ਅਲਾਪੇ ਜਾਂਦੇ ਹਨ। ਲੱਖ ਵਿਰੋਧ ਦੇ ਬਾਵਜੂਦ ਪਰਿਵਾਰ 'ਚੋਂ ਅਗਲੀ ਪੀੜ੍ਹੀ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੰਪਾਦਕੀ 'ਚ ਸਿਆਸਤੀ ਪਰਿਵਾਰਵਾਦ ਉੱਪਰ ਨਿੱਠ ਕੇ ਚਾਨਣਾ ਪਾਇਆ ਗਿਆ। ਸਿਆਸੀ ਲੋਕ ਆਪਣੀ ਔਲਾਦ ਨੂੰ ਸਰਕਾਰੀ ਨੌਕਰੀ ਜਾਂ ਵਪਾਰ 'ਚ ਪਾਉਣ ਦੀ ਬਜਾਇ ਸਿਆਸਤ 'ਚ ਪਾਉਣ ਨੂੰ ਜ਼ਿਆਦਾ ਪਹਿਲ ਦਿੰਦੇ ਹਨ। ਦੇਸ਼ ਦੀ ਤਰੱਕੀ, ਵਿਗਿਆਨਕ ਦ੍ਰਿਸ਼ਟੀਕੋਣ ਮੁੱਢਲੀਆਂ ਸਮੱਸਿਆਵਾਂ ਦੇ ਹੱਲ, ਸਿੱਖਿਆ ਦੇ ਸੁਧਾਰਾਂ, ਸਮਾਜਿਕ ਬਰਾਬਰੀ, ਰੁਜ਼ਗਾਰ ਆਦਿ ਲਈ ਪਰਿਵਾਰਵਾਦੀ ਸੋਚ ਤੋਂ ਉੱਪਰ ਉੱਠ ਕੇ ਹੰਭਲਾ ਮਾਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ। ਪੜ੍ਹੇ-ਲਿਖੇ ਸੂਝਵਾਨ ਵਿਅਕਤੀਆਂ ਨੂੰ ਅੱਗੇ ਆਉਣ ਦਾ ਮੌਕਾ ਪ੍ਰਦਾਨ ਕਰਨ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਪੰਜਾਬ ਲਈ ਖ਼ਤਰੇ ਦੀ ਘੰਟੀ
ਕੁਝ ਦਿਨ ਪਹਿਲਾਂ ਲੋਕ ਮੰਚ ਵਿਚ ਛਪਿਆ ਮਲਕੀਤ ਸਿੰਘ ਬਾਜਵਾ ਦੁਆਰਾ ਲਿਖਿਆ ਲੇਖ 'ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਲਈ ਤਿਆਰ' ਪੜ੍ਹਿਆ ਬਹੁਤ ਵਧੀਆ ਲੱਗਾ। ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਸਮੇਂ ਵਿਚ ਜੇ ਅਸੀਂ ਪਾਣੀ ਨੂੰ ਨਾ ਸਾਂਭ ਸਕੇ ਤਾਂ ਪੰਜਾਬ ਦਾ ਉਜਾੜਾ ਤੈਅ ਹੈ। ਅੱਜ ਅਸੀਂ ਧਰਤੀ ਦੀਆਂ ਤਿੰਨ ਪਰਤਾਂ 'ਚੋਂ ਆਖ਼ਰੀ ਪਰਤ ਦਾ ਪਾਣੀ ਵਰਤ ਰਹੇ ਹਾਂ। ਜਿਸ ਪਰਤ ਨੂੰ ਅਸੀਂ ਵਰਤੋਂ ਵਿਚ ਲਿਆ ਰਹੇ ਹਾਂ, ਉਥੇ ਪਾਣੀ ਨੂੰ ਪਹੁੰਚਣ ਲਈ ਲੱਖਾਂ ਸਾਲ ਲਗਦੇ ਹਨ। ਇਸ ਲਈ ਜੇ ਇਹ ਖ਼ਤਮ ਹੋ ਗਿਆ ਤਾਂ ਢਾਈ ਕਰੋੜ ਲੋਕ ਪ੍ਰਭਾਵਿਤ ਹੋਣਗੇ। ਦਰਿਆਈ ਪਾਣੀ ਜੋ ਬਹੁਤ ਸਾਰੇ ਤੱਤਾਂ ਦਾ ਖਜ਼ਾਨਾ ਹੁੰਦਾ ਹੈ, ਦੀ ਅਣਹੋਂਦ ਰਸਾਇਣਕ ਖਾਦਾਂ ਤੋਂ ਪੂਰੀ ਕਰਨੀ ਪੈਂਦੀ ਹੈ ਜੋ ਸਿਹਤ ਲਈ ਕਾਫੀ ਹਾਨੀਕਾਰਕ ਹੈ। ਇਕ ਕਿੱਲੋ ਚਾਵਲ ਉਗਾਉਣ ਲਈ ਚਾਰ ਹਜ਼ਾਰ ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਇਸ ਨਾਲ ਪਾਣੀ ਦਾ ਪੱਧਰ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਕਿਸਾਨ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਸਰਕਾਰਾਂ ਨੂੰ ਵੀ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।


-ਹਰਜੀਤ ਕੌਰ
ਈ.ਟੀ.ਟੀ. ਟੀਚਰ, ਸ.ਪ.ਸ. ਬਣਾਂਵਾਲਾ (ਮਾਨਸਾ)।

02-07-2019

 ਥਿੜਕੇ ਪੈਰਾਂ ਨੂੰ ਮੰਜ਼ਿਲ ਨਹੀਂ ਮਿਲਦੀ
ਬੱਬੂ ਤੀਰ ਹੁਰੀਂ ਉਨ੍ਹਾਂ ਲੋਕਾਂ ਵਿਚੋਂ ਹਨ, ਜੋ ਆਪਣੇ ਰੌਸ਼ਨ ਖ਼ਿਆਲਾਂ ਨਾਲ ਥੱਕੇ ਹਾਰੇ ਦਿਲਾਂ ਨੂੰ ਚਾਨਣ ਵੰਡਦੇ ਹਨ। ਉਨ੍ਹਾਂ ਦੀ 'ਨੇੜਿਓਂ ਤੱਕੀ' ਹਰ ਵਾਰ ਥਿੜਕੇ ਪੈਰਾਂ ਨੂੰ ਚਾਨਣ ਵੰਡਦੀ ਹੈ। ਉਨ੍ਹਾਂ ਠੀਕ ਹੀ ਕਿਹਾ ਹੈ ਕਿ ਸਾਡੀ ਮਾਨਸਿਕਤਾ ਸਥਿਰਤਾ ਵੱਲ ਹਰ ਵਾਰ ਖਿੱਚੀ ਜਾਂਦੀ ਹੈ। ਨਾ ਚਾਹੁੰਦੇ ਹੋਏ ਵੀ ਅਸੀਂ ਤਬਦੀਲੀ ਨਹੀਂ ਚਾਹੁੰਦੇ ਜਦੋਂ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਥੱਕੇ ਹਾਰੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਰੁਜ਼ਗਾਰ ਦੀ ਭਾਲ ਵਿਚ ਬਾਹਰ ਨਿਕਲ ਤੁਰੇ ਪਰ ਸਾਨੂੰ ਰਾਹਾਂ ਨੇ ਨਿਗਲ ਲਿਆ। ਅਣਮੋਲ ਜ਼ਿੰਦਗੀ ਨੂੰ ਜੂਏ ਵਿਚ ਹਾਰ ਕੇ ਪੱਲੇ ਕੰਗਾਲੀਆਂ ਪਾ ਲਈਆਂ. ਸਾਡੇ ਰਹਿਬਰ ਵੀ ਹੁਣ ਸਾਡੀ ਪਰਵਾਹ ਨਹੀਂ ਕਰਦੇ ਕਿਉਂਕਿ ਅਸੀਂ ਚਾਨਣ ਦਾ ਰਸਤਾ ਛੱਡ ਹਨ੍ਹੇਰਿਆਂ ਦੇ ਰਾਹ ਪਏ ਹੋਏ ਹਾਂ। ਰੁਜ਼ਗਾਰ ਕੇਂਦਰ ਬੰਦ ਅਤੇ ਨਸ਼ਾ ਕੇਂਦਰ ਥਾਂ-ਥਾਂ ਖੁੱਲ੍ਹ ਗਏ ਹਨ। ਇਸ ਸਾਰੇ ਕੁਝ ਦਾ ਜ਼ਿੰਮੇਵਾਰ ਕੌਣ ਹੈ? ਸੋਚਣਾ ਪਵੇਗਾ। ਅੱਜ ਆਪਣੇ ਅੰਦਰਲੇ ਹਨ੍ਹੇਰਿਆਂ ਨੂੰ ਚਾਨਣ ਦਾ ਰੂਪ ਦੇਣ ਲੋੜ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਵਿਦੇਸ਼ ਜਾਣ ਦਾ ਰੁਝਾਨ
ਭਾਰਤ ਵਿਚ ਅੱਜ ਹਰ ਨੌਜਵਾਨ ਬਾਹਰ ਜਾਣ ਦਾ ਸੁਪਨਾ ਦੇਖ ਰਿਹਾ ਹੈ। ਬਾਰ੍ਹਵੀਂ ਪਾਸ ਕਰ ਕੇ ਨੌਜਵਾਨ ਬਾਹਰ ਜਾਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਦੇਸ਼ ਦੀ ਆਰਥਿਕ ਸਥਿਤੀ ਤੋਂ ਤੰਗ ਆਏ ਨੌਜਵਾਨਾਂ ਨੂੰ ਕੋਈ ਹੋਰ ਰਸਤਾ ਦਿਖਾਈ ਨਹੀਂ ਦਿੰਦਾ। ਬਾਹਰ ਜਾ ਕੇ ਵੀ ਨੌਜਵਾਨਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣਾ ਖਰਚਾ ਕੱਢਣ ਲਈ ਹੋਟਲਾਂ-ਰੈਸਟੋਰੈਂਟਾਂ ਵਿਚ ਜੂਠੇ ਬਰਤਨ ਮਾਂਜਣੇ ਪੈਂਦੇ ਹਨ, ਰੋਟੀਆਂ ਬਣਾਉਣੀਆਂ ਪੈਂਦੀਆਂ ਹਨ ਤੇ ਝਾੜੂ-ਪੋਚਾ ਕਰਨਾ ਪੈਂਦਾ ਹੈ। ਵਿਦੇਸ਼ਾਂ ਵਿਚ ਨੌਜਵਾਨਾਂ ਦੀ ਦਸ਼ਾ ਬਹੁਤ ਹੀ ਮਾੜੀ ਹੈ। ਦੇਸ਼ ਦੇ ਨੌਜਵਾਨ ਦੇਸ਼ ਦੀ ਨੀਂਹ ਹਨ ਜੇਕਰ ਦੇਸ਼ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਆਪਣਾ ਦੇਸ਼ ਤਰੱਕੀ ਕਰ ਸਕੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਵਿਚ ਵੀ ਨੌਜਵਾਨਾਂ ਲਈ ਨੌਕਰੀਆਂ ਪੱਕੀਆਂ ਕਰਨ ਤਾਂ ਜੋ ਉਨ੍ਹਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਘਟ ਸਕੇ।

-ਕਾਜਲ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਹਿਮ ਮਸਲੇ ਅੱਖੋਂ ਪਰੋਖੇ ਕਿਉਂ?
ਸਾਡੀ ਬੇਪ੍ਰਵਾਹੀ ਕਾਰਨ, ਇਕ ਛੋਟੇ ਬੱਚੇ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਸਰਕਾਰ ਵਲੋਂ ਇਹ ਦੁਖਦਾਈ ਘਟਨਾ ਵਾਪਰਨ ਤੋਂ ਬਾਅਦ ਪੰਜਾਬ ਦੇ ਸਮੂਹ ਨੰਗੇ ਬੋਰ ਢੱਕਣ ਦਾ ਪੂਰਨ ਦਾ ਹੁਕਮ ਲਾਗੂ ਕਰ ਦਿੱਤਾ। ਪੰਜਾਬ ਦੇ ਬਹੁਤੇ ਪਿੰਡਾਂ ਵਿਚ ਖਾਲੀ ਖੂਹੀਆਂ ਆਮ ਹੀ ਮਿਲ ਜਾਂਦੀਆਂ ਹਨ, ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਧਿਆਨ ਨਹੀਂ। ਇਨ੍ਹਾਂ ਖੂਹੀਆਂ ਨੂੰ ਢਕ ਕੇ ਅੰਤ ਜ਼ਮੀਨੀ ਪੱਧਰ 'ਤੇ ਪਾਈਪ ਪਾ ਕੇ ਇਨ੍ਹਾਂ ਵਿਚ ਮੀਂਹ ਦਾ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਆਵਾਜਾਈ ਨਿਯਮਾਂ ਵਿਚ ਸੁਧਾਰ ਤੇ ਸਖਤੀ ਕਰਨੀ ਬਹੁਤ ਜ਼ਰੂਰੀ ਹੈ। ਛੋਟੇ-ਛੋਟੇ ਬੱਚੇ ਅਤੇ ਆਵਾਜਾਈ ਨਿਯਮਾਂ ਤੋਂ ਅਣਜਾਣ ਲੋਕ ਵਾਹਨ ਚਲਾਉਂਦੇ ਆਮ ਹੀ ਮਿਲ ਜਾਂਦੇ ਹਨ। ਜਿਨ੍ਹਾਂ ਕਰਕੇ ਹਾਦਸੇ ਦਿਨੋ-ਦਿਨ ਵਧ ਰਹੇ ਹਨ। ਮਾਸੂਮ ਬੱਚੀਆਂ ਨਾਲ ਹੋ ਰਹੇ ਜਬਰ ਜਨਾਹ ਵੀ ਸਾਡੀ ਸੋਚ ਤੇ ਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਨ। ਪਿੰਡਾਂ, ਸ਼ਹਿਰਾਂ ਵਿਚ ਦਿਨੋ-ਦਿਨ ਵਧ ਰਹੀ ਕੁੱਤਿਆਂ ਦੀ ਗਿਣਤੀ ਅਤੇ ਕਈ ਲੋਕਾਂ ਤੇ ਪਸ਼ੂਆਂ ਨੂੰ ਨੋਚ-ਨੋਚ ਕੇ ਖਾ ਜਾਣਾ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਪੰਜਾਬ ਦੇ ਧਾਰਮਿਕ ਸਥਾਨਾਂ ਵਿਚ ਵੱਜ ਰਹੇ ਸਪੀਕਰਾਂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਹ ਮਸਲੇ ਸਰਕਾਰ ਨੇ ਅੱਖੋਂ ਪਰੋਖੇ ਕਿਉਂ ਕੀਤੇ ਹੋਏ ਹਨ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।

ਜਬਰ ਜਨਾਹ ਚਿੰਤਾ ਦਾ ਵਿਸ਼ਾ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਔਰਤਾਂ ਤੇ ਛੋਟੀ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਹੱਤਿਆ ਕਰਨ ਜਿਹੀਆਂ ਘਟਨਾਵਾਂ ਨੇ ਦੇਸ਼ ਨੂੰ ਚਿੰਤਤ ਕੀਤਾ ਹੈ। ਇਸ ਤਰ੍ਹਾਂ ਦਾ ਕੰਮ ਬਿਮਾਰ ਮਾਨਸਿਕਤਾ ਵਾਲੇ ਲੋਕ ਕਰਦੇ ਹਨ। ਅਸੀਂ ਤਰੱਕੀ ਤਾਂ ਬਹੁਤ ਕੀਤੀ ਹੈ ਕਿਤੇ ਨਾ ਕਿਤੇ ਨੈਤਿਕ ਕਦਰਾਂ-ਕੀਮਤਾਂ ਨੂੰ ਖੋਰਾ ਜ਼ਰੂਰ ਲੱਗਿਆ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਲਈ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਰਾਜਨੀਤਕ ਲੋਕਾਂ ਨੂੰ ਜਬਰ ਜਨਾਹ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਆਪਣੀ ਤਾਕਤ ਵਰਤਣੀ ਚਾਹੀਦੀ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਤਹਿ: ਵਜੀਦਪੁਰ, ਜ਼ਿਲ੍ਹਾ ਪਟਿਆਲਾ।

01-07-2019

 ਮਨੁੱਖੀ ਅਧਿਕਾਰ
ਹਰੇਕ ਇਨਸਾਨ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਅਜੋਕੇ ਸਮੇਂ 'ਚ ਲੜਕੀਆਂ ਨੂੰ ਸਿੱਖਿਅਤ ਹੋਣ ਦੇ ਨਾਲ-ਨਾਲ ਆਪਣੇ ਪੈਰਾਂ 'ਤੇ ਖੜ੍ਹੇ ਕਰ ਕੇ ਆਰਥਿਕ ਪੱਖੋਂ ਮਜ਼ਬੂਤ ਕਰਨਾ ਹੋਰ ਵੀ ਜ਼ਰੂਰੀ ਹੈ, ਤਾਂ ਹੀ ਲੜਕੀਆਂ ਮਨੁੱਖੀ ਅਧਿਕਾਰਾਂ ਦਾ ਅਨੰਦ ਮਾਣ ਸਕਦੀਆਂ ਹਨ। ਭਾਰਤੀ ਸੰਦਰਭ ਵਿਚ ਮਨੁੱਖੀ ਅਧਿਕਾਰ ਵਿਸ਼ੇ 'ਤੇ ਪਿਛਲੇ ਦਿਨੀਂ ਜਲੰਧਰ ਵਿਖੇ ਲੜਕੀਆਂ ਦੇ ਇਕ ਕਾਲਜ ਵਿਚ ਸੈਮੀਨਾਰ ਵੀ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਗਿਆ। ਜਿਥੇ ਵਿਦਿਆਰਥੀਆਂ ਨੂੰ ਆਪ ਮਨੁੱਖੀ ਅਧਿਕਾਰਾਂ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ, ਉਥੇ ਹੀ ਹੋਰਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸੰਵਿਧਾਨ ਵਿਚ ਇਹ ਸਭ ਅਧਿਕਾਰ ਮੌਲਿਕ ਅਧਿਕਾਰ ਵਜੋਂ ਦਰਜ ਵੀ ਹਨ, ਪਰ ਅਗਿਆਨਤਾ ਕਾਰਨ ਲੋਕ ਇਨ੍ਹਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸੋ, ਲੋੜ ਹੈ ਜਿਥੇ ਅਜਿਹੇ ਜਾਗਰੂਕਤਾ ਸੈਮੀਨਾਰ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਕਰਵਾਉਣ ਦੀ, ਉਥੇ ਹੀ ਇਸ ਸਬੰਧੀ ਸਮਾਜ ਸੇਵੀ ਸੰਸਥਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਮਨੁੱਖੀ ਅਧਿਕਾਰ ਕੌਂਸਲਾਂ ਨੂੰ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਵੱਡੇ ਰੁਤਬੇ
ਲੀਡਰ ਭਾਵੇਂ ਛੋਟੇ ਹੋਣ ਭਾਵੇਂ ਵੱਡੇ ਰੁਤਬੇ ਵਾਲੇ, ਬੜੀ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਦੇ ਬਾਹਰ ਨਿਕਲਣ ਸਮੇਂ ਕਿੰਨੇ ਹੀ ਸਕਿਉਰਿਟੀ ਗਾਰਡ ਉਨ੍ਹਾਂ ਦੇ ਅੱਗੇ ਹੁੰਦੇ ਹਨ ਜੋ ਬੜੀ ਮੁਸਤੈਦੀ ਨਾਲ ਆਮ ਜਨਤਾ ਨੂੰ ਅੱਗੇ-ਪਿੱਛੇ ਕਰ ਕੇ ਉਨ੍ਹਾਂ ਦਾ ਰਸਤਾ ਸਾਫ਼ ਕਰਦੇ ਨਜ਼ਰ ਆਉਂਦੇ ਹਨ। ਪ੍ਰੰਤੂ ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਲੋਕ ਆਮ ਜਨਤਾ ਵਿਚ ਕਿਉਂ ਨਹੀਂ ਵਿਚਰਦੇ ਨਜ਼ਰ ਆਉਂਦੇ। ਜਦਕਿ ਬਾਹਰਲੇ ਦੇਸ਼ਾਂ ਵਿਚ ਵੱਡੇ ਤੋਂ ਵੱਡਾ ਨੇਤਾ ਵੀ ਬਿਨਾਂ ਕਿਸੇ ਸਕਿਉਰਿਟੀ ਦੇ ਆਮ ਜਨਤਾ ਵਿਚ ਵਿਚਰਦਾ ਦਿਖਾਈ ਦੇ ਦਿੰਦਾ ਹੈ। ਸੋ, ਨੇਤਾਵਾਂ ਨੂੰ ਆਮ ਲੋਕਾਂ ਨਾਲ ਨੇੜਤਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਚਾਹੀਦਾ ਹੈ।


-ਕ੍ਰਿਸ਼ਨ ਖੇੜਾ,
ਲੋਹੀਆਂ ਖਾਸ।


ਵੱਡੇ ਮਾਅਰਕੇ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਲੇਖਕ ਜਸਵਿੰਦਰ ਸਿੰਘ ਦਾਖਾ ਹੁਰਾਂ ਦਾ ਕਾਲਮ ਪੜ੍ਹਿਆ 'ਫਤਹਿਵੀਰ ਸਿੰਘ ਕਾਂਡ ਤੋਂ ਭਵਿੱਖ ਲਈ ਸਬਕ ਸਿੱਖਣ ਦੀ ਲੋੜ'। ਉਨ੍ਹਾਂ ਨੇ ਬੇਹੱਦ ਦੁਖਦਾਈ ਘਟਨਾ ਬੜੇ ਭਰੇ ਦਿਲ ਨਾਲ ਇਸ ਦਰਦਨਾਕ ਦਿਲ ਕੰਬਾਊ ਮਾਸੂਮ ਬੱਚੇ ਦੇ ਬੋਰਵੈੱਲ ਵਿਚ ਪੰਜ ਦਿਨ ਫਸੇ ਰਹਿਣ ਉਪਰੰਤ ਉਸ ਦੀ ਜ਼ਿੰਦਗੀ ਖ਼ਤਮ ਹੋਣ 'ਤੇ ਕੱਢਿਆ ਗਿਆ। ਸਾਰੇ ਘਟਨਾਕ੍ਰਮ ਤੇ ਹੋਰ ਪਹਿਲੂਆਂ 'ਤੇ ਉਨ੍ਹਾਂ ਲਿਖ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਚੰਨ, ਮੰਗਲ 'ਤੇ ਪੁੱਜਣ ਅਤੇ ਅਨੇਕਾਂ ਮਾਰੂ ਮਿਜ਼ਾਈਲਾਂ ਆਕਾਸ਼ 'ਚ ਸਫ਼ਲਤਾਪੂਰਵਕ ਦਾਗ਼ ਕੇ ਵਿਕਾਸ ਦੀਆਂ ਡੀਂਗਾਂ ਬੇਸ਼ੱਕ ਮਾਰ ਰਹੇ ਹਾਂ ਪ੍ਰੰਤੂ 2 ਸਾਲਾ ਮਾਸੂਮ ਬੱਚੇ ਦੀ ਬੋਰ 'ਚੋਂ ਜਾਨ ਬਚਾਉਣ 'ਚ ਅਸਫ਼ਲ ਰਹਿਣ ਤੇ ਵਿਕਾਸ 'ਤੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੈ। ਭਾਵੇਂ ਕਿ ਕੁਝ ਕਾਰਨਾਂ ਕਾਰਨ ਬੱਚੇ ਦੀ ਜਾਨ ਚਲੀ ਗਈ, ਜਿਸ ਵਿਚ ਪ੍ਰਸ਼ਾਸਨ ਵਲੋਂ ਗੰਭੀਰ ਨਾ ਹੋਣਾ, ਢਿੱਲਮੱਠ ਦੀ ਨੀਤੀ ਅਪਣਾਉਣਾ, ਆਪਸੀ ਤਾਲ-ਮੇਲ ਦੀ ਘਾਟ ਆਦਿ ਸਾਹਮਣੇ ਆਏ ਅਤੇ ਅਜਿਹੀਆਂ ਕਈ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਕੁੱਲ ਮਿਲਾ ਕੇ ਲੋਕਾਂ ਨੂੰ ਆਪ ਖੁਦ ਸੁਚੇਤ ਹੋਣ ਦੀ ਲੋੜ ਹੈ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਲੋਕਤੰਤਰ ਦਾ ਘਾਣ
ਭਾਰਤ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਵਿਚ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਅਤੇ ਉਹ ਸਰਕਾਰ ਲੋਕਾਂ ਲਈ ਹੀ ਕੰਮ ਕਰਦੀ ਹੈ ਪਰ ਜੇਕਰ ਭਾਰਤ ਦੇ ਵਰਤਮਾਨ ਹਾਲਾਤ ਦੇਖੀਏ ਤਾਂ ਇਥੇ ਲੋਕਤੰਤਰ ਦਾ ਘਾਣ ਹੋ ਰਿਹਾ ਹੈ, ਕਿਉਂਕਿ ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਇਹ ਆਮ ਲੋਕਾਂ ਦੀ ਰਹੀ ਹੀ ਨਹੀਂ। ਰਾਜਨੀਤੀ ਉਤੇ ਅੱਜ ਸਿਰਫ਼ ਧਨਾਢ ਲੋਕਾਂ ਦਾ ਕਬਜ਼ਾ ਹੈ। ਭਾਰਤ ਵਿਚ ਨਾ ਤਾਂ ਸਾਰੀ ਜਨਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੀ ਹੈ ਤੇ ਨਾ ਹੀ ਨੇਤਾਵਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਹਿਸਾਬ ਮੰਗਦੀ ਹੈ। ਸਾਡੇ ਦੇਸ਼ ਵਿਚ 30 ਤੋਂ 35 ਫ਼ੀਸਦੀ ਲੋਕ ਤਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਹੀ ਨਹੀਂ ਕਰਦੇ। ਜਨਤਾ ਅੰਦਰ ਰਾਜਨੀਤੀ ਪ੍ਰਤੀ ਉਦਾਸੀਨਤਾ ਹੈ। ਸੱਚ ਇਹੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਅੰਦਰ ਅੱਜ ਲੋਕਤੰਤਰ ਖਤਰੇ ਵਿਚ ਹੈ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ।


ਪਰਿਵਾਰਵਾਦ...
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ 'ਸਿਆਸਤ ਵਿਚ ਵਧਦਾ ਪਰਿਵਾਰਵਾਦ' ਪੜ੍ਹਿਆ। ਕੋਈ ਸ਼ੱਕ ਨਹੀਂ ਕਿ ਪਰਿਵਾਰਵਾਦ ਸਿਆਸਤ 'ਤੇ ਭਾਰੂ ਹੋ ਰਿਹਾ ਹੈ। ਲੋਕਤੰਤਰ ਪਰਿਵਾਰਤੰਤਰ ਬਣ ਕੇ ਰਹਿ ਗਿਆ ਹੈ। ਬਹੁਤ ਸਾਰੇ ਵਧੀਆ ਸੋਚ ਵਾਲੇ ਵਿਅਕਤੀ ਸਿਆਸਤ ਵਿਚ ਹਨ ਜੋ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਨ, ਦੇਸ਼ ਦੀ ਰਾਜਨੀਤੀ ਲਈ ਕੋਈ ਨਵੀਂ ਪਹਿਲਕਦਮੀ ਕਰ ਸਕਦੇ ਹਨ ਪਰ ਪਰਿਵਾਰਵਾਦ ਕਾਰਨ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਜਿਨ੍ਹਾਂ ਸਾਰੀ ਉਮਰ ਸਿਆਸਤ ਵਿਚ ਲਾਈ ਹੋਵੇ, ਉਨ੍ਹਾਂ ਨੂੰ ਛੱਡ ਕੇ ਸਿਰਫ਼ ਆਪਣਿਆਂ ਨੂੰ ਖੁਸ਼ ਕਰਨ ਲਈ ਅੱਗੇ ਲਾ ਦਿੱਤਾ ਜਾਂਦਾ ਹੈ। ਜੋ ਪਾਰਟੀ ਲਈ ਤਾਂ ਘਾਤਕ ਹੁੰਦਾ ਹੀ ਹੈ, ਪਰ ਲੋਕਤੰਤਰ ਲਈ ਵੀ ਬਹੁਤ ਨੁਕਸਾਨਦਾਇਕ ਹੋਵੇਗਾ। ਸਾਰੀਆਂ ਪਾਰਟੀਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ।


-ਦਿਲਪ੍ਰੀਤ ਸਿੰਘ ਕਾਹਲੋਂ
ਪਿੰਡ ਸਹਿਗੇ (ਦਸੂਹਾ)।

28-06-2019

 ਅਣਹੋਣੀਆਂ ਘਟਨਾਵਾਂ
ਦੇਸ਼ ਦੇ ਸਮੁੱਚੇ ਖੇਤਰ ਵਿਚ ਬਹੁਤ ਹੀ ਗ਼ਲਤ ਤੇ ਅਣਹੋਣੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦੀਆਂ ਘਟਨਾਵਾਂ ਗੁਰਾਂ ਦੇ ਨਾਂਅ ਹੇਠ ਵਸਦੀ ਪੰਜਾਬ ਦੀ ਧਰਤੀ 'ਤੇ ਵੀ ਵਾਪਰਨ ਲੱਗ ਪਈਆਂ ਹਨ। ਅਸੀਂ ਉਨ੍ਹਾਂ ਸੂਰਮਿਆਂ ਦੇ ਵਾਰਸ ਹਾਂ ਜੋ ਜ਼ੁਲਮ ਖ਼ਿਲਾਫ਼ ਲੜਨ ਲਈ ਸਦਾ ਹੀ ਤਤਪਰ ਰਹਿੰਦੇ ਸਨ। ਮਨ ਦੁਖੀ ਹੁੰਦਾ ਹੈ ਜਦੋਂ ਪੰਜਾਬ ਵਿਚ ਇਕ ਦਿਨ ਵਿਚ ਹੀ ਅੱਠ ਮਾਸੂਮ ਲੜਕੀਆਂ ਨਾਲ ਗ਼ਲਤ ਘਟਨਾਵਾਂ ਵਾਪਰਨ ਬਾਰੇ ਖ਼ਬਰਾਂ ਪੜ੍ਹਦੇ ਹਾਂ, ਕਿਵੇਂ ਪੈਸਿਆਂ ਪਿੱਛੇ ਹੀ ਔਰਤ 'ਤੇ ਜ਼ਾਲਮਾਨਾ ਕਾਰਵਾਈ ਹੁੰਦੀ ਹੈ, ਉਹ ਵੀ ਸੱਤਾ ਦੇ ਨਸ਼ੇ ਵਿਚ। ਪਤੀ ਵਲੋਂ ਪਤਨੀ ਤੇ ਪਤਨੀ ਵਲੋਂ ਕਿਵੇਂ ਨਾਜਾਇਜ਼ ਸਬੰਧਾਂ ਕਾਰਨ ਆਪਣੇ ਹੀ ਪਤੀ ਦੀ ਵੱਢ-ਟੁੱਕ ਕੀਤੀ ਜਾ ਰਹੀ ਹੈ।
ਪੁਲਸੀਆ ਜ਼ੁਲਮ ਵੀ ਨਿੱਤ ਨਵੀਂ ਕਹਾਣੀ ਲੈਕੇ ਆਉਂਦਾ ਹੈ ਤੇ ਹੋਰ ਪਤਾ ਨਹੀਂ ਕੀ ਗ਼ਲਤ ਤੋਂ ਗ਼ਲਤ ਘਟਨਾਵਾਂ ਵਾਪਰ ਰਹੀਆਂ ਹਨ। ਉਤੋਂ ਇਨ੍ਹਾਂ ਜ਼ੁਲਮਾਂ ਪ੍ਰਤੀ ਸਰਕਾਰ ਦੀ ਖਾਮੋਸ਼ੀ ਵੀ ਬੜਾ ਕੁਝ ਬਿਆਨ ਕਰਦੀ ਹੈ, ਜੋ ਆਉਣ ਵਾਲੇ ਸਮੇਂ ਤੇ ਆਉਣ ਵਾਲੀਆਂ ਨਸਲਾਂ ਲਈ ਸ਼ੁੱਭ ਸੰਕੇਤ ਨਹੀਂ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਸਾਡੇ ਸਮਿਆਂ ਦਾ ਦੁਖਾਂਤ
ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਪਰੰਤੂ ਜੋ ਵਿੱਦਿਆ ਅਜੋਕੇ ਸਮੇਂ ਵਪਾਰੀਕਰਨ ਅਤੇ ਨਿੱਜੀਕਰਨ ਦੀ ਪੁੱਠ ਚੜ੍ਹਾ ਕੇ ਵਿੱਦਿਅਕ ਅਦਾਰੇ ਪ੍ਰਦਾਨ ਕਰ ਰਹੇ ਹਨ, ਇਸ ਨੇ ਕੁੱਲ ਅਵਾਮ ਦੇ ਦੋ ਨੇਤਰਾਂ ਵਿਚ ਟੀਰ ਜ਼ਰੂਰ ਪੈਦਾ ਕਰ ਦੇਣਾ ਹੈ। ਆਰਥਿਕਤਾ ਪੱਖੋਂ ਝੰਬੇ, ਆਮ ਤਬਕੇ ਦੀ ਪਹੁੰਚ ਤੋਂ ਦੂਰ ਮਹਿੰਗੀ ਸਿੱਖਿਆ ਪ੍ਰਾਪਤ ਕਰਕੇ ਕੀ ਕੋਈ ਵਿਅਕਤੀ ਗੁਰਬਾਣੀ ਦੀ ਸਿੱਖਿਆ 'ਤੇ ਪੂਰਾ ਉਤਰ ਸਕੇਗਾ? ਸ਼ਾਇਦ ਕਦੇ ਵੀ ਨਹੀਂ। 'ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ' ਵਾਲੀ ਕਹਾਵਤ ਢੁਕਵੀਂ ਲੱਗਦੀ ਹੈ। ਮਹਿੰਗੀ ਵਿੱਦਿਆ ਸਾਡੇ ਦੇਸ਼ ਵਿਚ ਵਿਅਕਤੀ ਦੀ ਵਿੱਦਿਅਕ ਯੋਗਤਾ ਦੇ ਪੱਧਰ ਦੇ ਰੁਜ਼ਗਾਰ ਦੇ ਵਸੀਲੇ ਵੀ ਨਾ-ਮਾਤਰ ਹਨ। ਪੜ੍ਹੇ-ਲਿਖੇ ਨੌਜਵਾਨ ਦਸਵੀਂ ਪਾਸ ਮੰਤਰੀਆਂ ਤੋਂ ਨੌਕਰੀ ਦੀ ਆਸ ਲਗਾਈ ਬੈਠੇ ਹਨ। ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਉਡਾਰੀ ਮਾਰ ਰਹੀ ਹੈ। ਖੁੰਬਾਂ ਵਾਂਗ ਉੱਗੇ ਨਿੱਜੀ ਅਦਾਰਿਆ ਨੇ ਵਿੱਦਿਆ ਦਾ ਮਿਆਰੀਕਰਨ ਕਰਨ ਦੀ ਬਜਾਇ ਵਪਾਰੀਕਰਨ ਜ਼ਿਆਦਾ ਕੀਤਾ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਹਰ ਸਾਲ ਫੀਸਾਂ ਵਿਚ ਅੰਨ੍ਹੇਵਾਹ ਵਾਧਾ ਕਰ ਰਹੀਆਂ ਹਨ। ਪੰਜਾਬ ਦੀ ਹੁਨਰਮੰਦ ਜਵਾਨੀ ਦਾ ਹੁਨਰ ਆਰਥਿਕਤਾ ਦੀ ਭੇਟ ਚੜ੍ਹ ਰਿਹਾ ਹੈ। ਦੇਸ਼ ਦਾ ਭਵਿੱਖ ਫੀਸਾਂ ਵਿਚ ਵਾਧੇ ਅਤੇ ਬੇਰੁਜ਼ਗਾਰੀ ਨਾਲ ਦੋ-ਚਾਰ ਹੁੰਦਾ, ਧਰਨੇ ਲਾਉਂਦਾ, ਟੈਂਕੀਆਂ 'ਤੇ ਚੜ੍ਹਦਾ ਪੁਲਿਸ ਦੇ ਡੰਡੇ ਅਤੇ ਪਾਣੀ ਦੀਆਂ ਬੁਛਾੜਾਂ ਝੱਲ ਰਿਹਾ ਹੈ। ਮਹਿੰਗੀ ਵਿੱਦਿਆ ਨੇ ਵਿਦਿਆਰਥੀ ਵਰਗ ਅਤੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮੁੱਦੇ ਵੱਲ ਧਿਆਨ ਦੇਵੇ ਤਾਂ ਜੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀ ਲਈ ਭਟਕਣਾ ਨਾ ਪਵੇ।


-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।


ਸੰਕਟ 'ਚ ਪਾਣੀ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੁਣ 'ਬੇਆਬ' ਹੋਣ ਵੱਲ ਵਧ ਰਹੀ ਹੈ। ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਅਸੀਂ ਪਤਾ ਨਹੀਂ ਕਿਉਂ ਹਾਲੇ ਤੱਕ ਅਵੇਸਲੇ ਜਾਂ ਅਣਗਹਿਲੇ ਹੋਈ ਜਾ ਰਹੇ ਹਾਂ, ਜੋ ਪਾਣੀ ਦੀ ਬੱਚਤ ਵੱਲ ਭੋਰਾ ਵੀ ਧਿਆਨ ਨਹੀਂ ਦੇ ਰਹੇ। ਹਾਲਤ ਇਹ ਹੈ ਕਿ ਜਿਨ੍ਹਾਂ ਥਾਵਾਂ 'ਤੇ ਅੱਜ ਤੋਂ 30 ਸਾਲ ਪਹਿਲਾਂ ਪਾਣੀ 40 ਫੁੱਟ 'ਤੇ ਸੀ, ਹੁਣ ਉਹ ਪਾਣੀ 120-130 ਫੁੱਟ 'ਤੇ ਹੈ। ਮਾਹਿਰਾਂ ਅਨੁਸਾਰ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਮੌਜੂਦ ਹਨ। ਪਹਿਲੀ ਧਰਤੀ ਦਾ ਪਾਣੀ ਕਈ ਦਹਾਕੇ ਪਹਿਲਾਂ ਖ਼ਤਮ ਕਰ ਚੁੱਕੇ ਹਾਂ। ਦੂਜੀ ਧਰਤੀ ਦੀ ਪਰਤ 10 ਸਾਲ ਪਹਿਲਾਂ ਖੁਸ਼ਕ ਕਰ ਚੁੱਕੇ ਹਾਂ। ਜਿਸ ਬੇਰਹਿਮੀ ਨਾਲ ਪੰਜਾਬ ਦੇ ਕਿਸਾਨ ਧਰਤੀ ਹੇਠਲਾ ਪਾਣੀ ਵੱਡੀ ਪੱਧਰ 'ਤੇ ਵਰਤੋਂ ਕਰ ਰਹੇ ਹਨ, ਉਸ ਤੋਂ ਇਹੀ ਲਗਦਾ ਹੈ ਕਿ ਪੰਜਾਬ ਜਲਦੀ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ। ਆਓ, ਆਉਣ ਵਾਲੀਆਂ ਪੀੜ੍ਹੀਆਂ ਲਈ ਥੋੜ੍ਹਾ ਜਿਹਾ ਪੀਣ ਵਾਲਾ ਤਾਂ ਸਾਫ਼ ਛੱਡ ਜਾਈਏ ਤਾਂ ਕਿ ਉਹ ਆਪਣਾ ਸਹੀ ਜੀਵਨ ਜੀਅ ਸਕਣ। ਆਓ ਪਾਣੀ ਦੀ ਹਰ ਬੂੰਦ ਦੀ ਅਹਿਮੀਅਤ ਨੂੰ ਸਮਝੀਏ ਤੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਈਏ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਭਗਵਾਨਪੁਰਾ ਹਾਦਸਾ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦਾ ਇਕ ਛੋਟਾ ਜਿਹਾ ਮਾਸੂਮ ਫ਼ਤਹਿਵੀਰ ਸਿੰਘ ਬੋਰਵੈੱਲ ਵਿਚ ਡਿੱਗ ਪਿਆ। ਪੰਜ ਦਿਨਾਂ ਤੱਕ ਮੌਤ ਨਾਲ ਘੁਲਦਾ ਰਿਹਾ, ਅਖ਼ੀਰ ਉਹ 11 ਜੂਨ ਨੂੰ ਜਿਊਂਦੇ ਜੀਅ ਕੱਢਣ ਵਿਚ ਕੋਈ ਸਫ਼ਲਤਾ ਨਹੀਂ ਮਿਲੀ, ਅਖ਼ੀਰ ਵਿਚ ਦੁਨੀਆ ਤੋਂ ਹਮੇਸ਼ਾ ਲਈ ਤੁਰ ਗਿਆ। ਇਸ ਦੁਖਦਾਈ ਘਟਨਾ ਪਿੱਛੇ ਕਿਸ ਨੂੰ ਜਵਾਬਦੇਹ ਬਣਾਇਆ ਜਾਵੇ, ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਜਾਂ ਫਿਰ ਕੌਮੀ ਰਾਹਤ ਪ੍ਰਬੰਧਨ ਬਲ ਦੇ ਮੈਂਬਰਾਂ ਨੂੰ? ਇਕ-ਦੂਜੇ ਉੱਤੇ ਸਿਆਸੀ ਤਨਜ਼ ਕੱਸਣ ਵਾਲੇ ਸਿਆਸੀ ਆਗੂਆਂ ਦੀ ਕਿੰਨੀ ਜ਼ਿੰਮੇਵਾਰੀ ਜਾਂ ਭੂਮਿਕਾ ਰਹੀ? ਬਚਾਅ ਕਾਰਜਾਂ ਦੀ ਕਛੂਆ ਚਾਲ ਵੀ ਸਾਡੇ ਮਲੂਕ ਜਿੰਦ ਫ਼ਤਹਿਵੀਰ ਸਿੰਘ 'ਤੇ ਭਾਰੂ ਪੈ ਗਈ। ਇਹ ਫ਼ਤਹਿਵੀਰ ਦੀ ਮੌਤ ਨਹੀਂ ਸਗੋਂ ਇਨਸਾਨੀਅਤ ਦੀ ਮੌਤ ਹੋਈ ਹੈ। ਲੋਕਾਂ ਵਿਚ ਇਸ ਦੁਖਦਾਈ ਘਟਨਾ ਨੂੰ ਲੈ ਕੇ ਰੋਸ ਤੇ ਗੁੱਸਾ ਬਿਲਕੁਲ ਜਾਇਜ਼ ਹੈ, ਪਰ ਇਸ ਨੂੰ ਸਮਝਣ ਤੇ ਇਸ ਦੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਜਿਹੇ ਹਾਦਸੇ ਭਵਿੱਖ ਵਿਚ ਮੁੜ ਨਾ ਵਾਪਰਨ। ਇਸ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਅੱਜ ਤੋਂ ਹੀ ਸਖ਼ਤ ਕਦਮ ਚੁੱਕੇ।


-ਮਲਕੀਤ ਸਿੰਘ ਧਤੋਦਾ।

27-06-2019

 ਬਨਾਵਟੀਪਨ ਦੀ ਭਰਮਾਰ
ਭਾਰਤ ਵਿਚ ਇਮਾਨਦਾਰੀ ਖੰਭ ਲਾ ਕੇ ਉੱਡ-ਪੁੱਡ ਗਈ ਲਗਦੀ ਹੈ। ਗ਼ੈਰ-ਸਮਾਜਿਕ, ਅਸੱਭਿਅਕ, ਗੁੰਡਾਗਰਦੀ, ਜਬਰ ਜਨਾਹ, ਦੰਗੇ, ਰਿਸ਼ਵਤਖੋਰੀ, ਪਰਿਵਾਰਵਾਦ, ਆਦਿ ਦੇ ਨਾਲ-ਨਾਲ ਨਕਸਲਵਾਦ ਨੇ ਆਮ ਇਨਸਾਨਾਂ ਅਤੇ ਇਨਸਾਨੀਅਤ ਦਾ ਲੱਕ ਤੋੜ ਦਿੱਤਾ ਹੈ। ਨਿੱਤ ਛਪਦੀਆਂ ਅਖ਼ਬਾਰਾਂ ਦੀ ਸੁਰਖੀਆਂ ਦਿਲ ਝੰਜੋੜ ਦਿੰਦੀਆਂ ਹਨ। ਨਕਲੀ ਦੁੱਧ, ਨਕਲੀ ਦਵਾਈਆਂ, ਨਕਲੀ ਬੀਜ, ਨਕਲੀ ਆਂਡੇ, ਨਕਲੀ ਕੋਲਡ ਡਰਿੰਗ ਆਦਿ ਗ਼ੈਰ-ਇਨਸਾਨੀਅਤ ਨਹੀਂ ਤਾਂ ਹੋਰ ਕੀ ਹੈ? ਇਨਸਾਨ ਏਨਾ ਗਿਰ ਗਿਆ ਹੈ ਕਿ ਖਾਣ-ਪੀਣ ਅਤੇ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ 'ਚ ਲੋੜੀਂਦੀਆਂ ਵਸਤੂਆਂ ਨੂੰ ਵੀ ਨਕਲਵਾਦ ਤੋਂ ਨਹੀਂ ਬਖ਼ਸ਼ਿਆ।
ਆਮ ਇਨਸਾਨ ਪਹਿਲਾਂ ਹੀ ਪ੍ਰਦੂਸ਼ਣ ਅਤੇ ਅਨਾਜ, ਫਲਾਂ 'ਚ ਰਸਾਇਣਕ ਜ਼ਹਿਰਾਂ ਦੀ ਮਾਤਰਾ ਜ਼ਿਆਦਾ ਹੋਣ ਨਾਲ ਭਿਆਨਕ ਅਤੇ ਖ਼ਤਰਨਾਕ ਬਿਮਾਰੀਆਂ ਨਾਲ ਜੂਝ ਰਿਹਾ ਹੈ ਪਰ ਖਾਣ-ਪੀਣ ਦੀਆਂ ਵਸਤੂਆਂ 'ਚ ਬਨਾਵਟੀਪਨ ਨੇ ਮਨੁੱਖ ਲਈ ਨਵੀਂ ਚਿੰਤਾ ਛੇੜ ਦਿੱਤੀ ਹੈ। ਨਕਲੀ ਵਸਤੂਆਂ ਦੀ ਮਾਰਕੀਟ 'ਚ ਭਰਮਾਰ ਹੈ। ਸਬੰਧਿਤ ਮਹਿਕਮਿਆਂ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਮਹਿਕਮੇ ਕਾਰਵਾਈ ਨਾ ਕਰ ਸਕਣ ਲਈ ਮਜਬੂਰ ਹਨ। ਸੋ, ਸਰਕਾਰੀ ਧਿਰਾਂ ਨੂੰ ਇਨਸਾਨੀਅਤ ਦੀ ਕਦਰ ਕਰਦਿਆਂ ਅਗਲੀ ਪੀੜ੍ਹੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਕਤ ਨਕਲੀ ਚੀਜ਼ਾਂ ਨੂੰ ਨੱਥ ਪਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਧਰਤੀ ਦਿਵਸ
ਪਿਛਲੇ ਦਿਨੀਂ ਅਮਰੀਕੀ ਸੈਨੇਟਰ ਗੈਲਾਰਡ ਨੈਲੇਸਨ ਨੇ ਧਰਤੀ ਦਿਵਸ ਮਨਾ ਕੇ ਧਰਤੀ ਗ੍ਰਹਿ ਨੂੰ ਵੱਖ-ਵੱਖ ਪ੍ਰਦੂਸ਼ਣ ਤੋਂ ਬਚਾ ਕੇ ਕੁਦਰਤੀ ਢਾਂਚੇ ਵਿਚ ਮੁੜ ਸਥਾਪਿਤ ਕਰਨ ਦਾ ਅਹਿਮ ਫ਼ੈਸਲਾ ਲਿਆ। ਸ਼ਾਇਦ ਇਸੇ ਮਕਸਦ ਤੋਂ ਪ੍ਰਭਾਵਿਤ ਹੋ ਕੇ ਜਰਮਨ ਨਿਵਾਸੀ ਲੇਖਿਕਾ ਤੇ ਚਿੱਤਰਕਾਰ ਹੈਲਿਨਾ ਨੇ 'ਬਲਿਹਾਰੀ ਕੁਦਰਤਿ ਵਸਿਆ' ਦੇ ਨਾਅਰੇ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਨੌੜੀ ਵਿਚ ਕੁਦਰਤ ਨੂੰ ਸਮਰਪਤ ਇਕ ਪਾਰਕ ਵਿਕਸਤ ਕੀਤਾ, ਜਿਥੇ ਹਰ ਪ੍ਰਕਾਰ ਦੇ ਫੁੱਲ, ਬੂਟੇ, ਪੌਦੇ, ਰੁੱਖਾਂ ਤੇ ਕੁਦਰਤੀ ਬਨਸਪਤੀ ਨਾਲ ਸਾਂਝ ਪਾ ਕੇ ਕੁਦਰਤ ਨਾਲ ਨੇੜਤਾ ਕਾਇਮ ਕਰਨ ਦਾ ਸਾਰਥਕ ਯਤਨ ਕੀਤਾ ਹੈ। ਰੁੱਖ, ਪੌਦੇ, ਹਰਿਆਵਲ ਵਾਲੀ ਬਨਸਪਤੀ ਵਧੇਗੀ, ਧਰਤੀ 'ਤੇ ਠੰਢਕ ਵਧੇਗੀ। ਪੰਛੀਆਂ ਦਾ ਰੈਣ ਬਸੇਰਾ ਵਧੇਗਾ। ਮਨੁੱਖੀ ਸ਼ੋਰ ਪ੍ਰਦੂਸ਼ਣ ਘਟੇਗਾ। ਦਰਿਆਵਾਂ ਦੇ ਕੰਢੇ ਲੱਗੇ ਉਦਯੋਗਾਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਫ਼ਸਲਾਂ ਉੱਪਰ ਖ਼ਤਰਨਾਕ ਰਸਾਇਣਾਂ ਦਾ ਛਿੜਕਾ, ਧਰਤੀ ਦੀ ਉਪਰਲੀ ਤਹਿ ਨੂੰ ਬਿਮਾਰ ਕਰਦਾ ਹੈ।
ਰੁੱਖਾਂ ਦੀ ਅੰਨ੍ਹੇਵਾਹ ਕਟਾਈ ਧਰਤੀ ਨੂੰ ਮਾਰੂਥਲ ਬਣਾ ਰਹੀ ਹੈ। ਸੱਭਿਅਕ ਕਹਾਉਂਦਾ ਮਨੁੱਖ ਧਰਤੀ ਨੂੰ ਪ੍ਰਦੂਸ਼ਣ ਦੇ ਜ਼ਰੀਏ ਕਬਾੜਖਾਨਾ ਬਣਾਉਣ 'ਤੇ ਤੁਲਿਆ ਹੈ। ਕੂੜੇ ਦੇ ਢੇਰਾਂ ਤੋਂ ਤੌਬਾ ਕਰੇ। ਜਰਮਨ ਬੀਬੀ ਵਾਂਗ 'ਬਲਿਹਾਰੀ ਕੁਦਰਤਿ ਵਸਿਆ' ਵਰਗੇ ਹੋਰ ਪਾਰਕ ਵਿਕਸਤ ਕਰੇ ਤੇ ਕੁਦਰਤ ਨਾਲ ਸਾਂਝ ਵਧਾਏ, ਹਰਿਆਵਲ ਵਾਲੀ ਬਨਸਪਤੀ ਉਗਾਵੇ। ਸ਼ਾਂਤੀ ਨਾਲ ਜੀਵੇ। ਪੰਛੀਆਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਵੀ ਬਚ ਜਾਣਗੀਆਂ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।


ਤਿੜਕਦੇ ਰਿਸ਼ਤੇ
ਦਿਨੋਂ-ਦਿਨ ਮਨੁੱਖੀ ਰਿਸ਼ਤਿਆਂ ਵਿਚ ਕੁੜੱਤਣ ਫੈਲ ਰਹੀ ਹੈ। ਰਿਸ਼ਤਿਆਂ ਵਿਚ ਪਈ ਫਿੱਕ ਕਾਰਨ ਸਕਿਆਂ ਹੱਥੋਂ ਸਕਿਆਂ ਦੇ ਕਤਲ, ਧੋਖਾ, ਝਗੜੇ, ਖ਼ਿਆਨਤ, ਤਲਾਕ ਅਤੇ ਬੇਵਿਸ਼ਵਾਸੀ ਨੇ ਪੈਰ ਪਸਾਰ ਲਏ ਹਨ। ਅਖ਼ਬਾਰਾਂ ਵਿਚ ਹਰ ਰੋਜ਼ ਛਪਦੇ ਬੇਦਖ਼ਲੀ ਨੋਟਿਸ ਰਿਸ਼ਤਿਆਂ ਵਿਚ ਪੈਦਾ ਹੋਈ ਕੜਵਾਹਟ ਦੀ ਸਪੱਸ਼ਟ ਵੰਨਗੀ ਹਨ। ਅਸਲ ਵਿਚ ਬਿਨਾਂ ਕਿਰਤ ਕੀਤਿਆਂ ਹਾਈ-ਫਾਈ ਜੀਵਨ ਬਸ਼ਰ ਕਰਨ ਦੀ ਚਾਹਤ ਨੇ ਸਾਡੀ ਮਾਨਸਿਕਤਾ ਇਸ ਕਦਰ ਗਿਰਾ ਦਿੱਤੀ ਹੈ ਕਿ ਰਿਸ਼ਤਿਆਂ ਦੀ ਥਾਂ 'ਠੀਕਰੀਆਂ' ਪ੍ਰਧਾਨ ਹੋ ਗਈਆਂ ਹਨ। ਅਸੀਂ ਆਪਣੇ ਬਿਗਾਨੇ ਸਭ ਨੂੰ ਲਿਤਾੜ ਕੇ ਅੱਗੇ ਲੰਘ ਜਾਣਾ ਚਾਹੁੰਦੇ ਹਾਂ। ਅਸੀਂ ਇਹ ਭੁੱਲ ਗਏ ਹਾਂ ਕਿ ਪੈਸਾ ਤਾਂ ਸ਼ਾਇਦ ਕਿਸੇ ਨਾ ਕਿਸੇ ਪੜਾਅ ਉੱਪਰ ਮਿਲ ਜਾਵੇ ਪਰ ਤਿੜਕੇ ਰਿਸ਼ਤੇ ਸ਼ਾਇਦ ਹੀ ਗੰਢੇ ਜਾ ਸਕਣ। ਇਸ ਲਈ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਰੁੱਖ ਲਗਾਓ, ਵਾਤਾਵਰਨ ਬਚਾਓ
ਪਿਛਲੇ 4-5 ਦਹਾਕੇ ਪੁਰਾਣਾ ਪੰਜਾਬ ਰੁੱਖਾਂ ਨਾਲ ਹਰਿਆ-ਭਰਿਆ, ਸਿਹਤਮੰਦ ਲੋਕ, ਉੱਨਤ ਖੇਤੀ, ਮੈਦਾਨੀ ਇਲਾਕੇ ਤੇ ਸਾਫ਼-ਸੁਥਰੇ ਦਰਿਆਵਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਹੁਣ ਸਭ ਤੋਂ ਵੱਧ ਦੂਸ਼ਿਤ ਵਾਤਾਵਰਨ, ਬਿਮਾਰੀਆਂ ਨਾਲ ਭਰਪੂਰ ਹੈ। ਲੋਕਾਂ ਵਲੋਂ ਧਰਤੀ ਹੇਠਲੇ ਪਾਣੀ ਨੂੰ ਵੀ ਗੰਦਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਓਨੇ ਰੁੱਖ ਲਗਾਏ ਨਹੀਂ ਜਾਂਦੇ, ਜਿੰਨੀ ਕਟਾਈ ਹੋ ਜਾਂਦੀ ਹੈ। ਵਿਕਾਸ ਦੇ ਨਾਂਅ 'ਤੇ ਰੁੱਖਾਂ ਦੀ ਧੜਾਧੜ ਕਟਾਈ ਹੋ ਰਹੀ ਹੈ। ਪਹਿਲਾਂ ਪਿੰਡਾਂ ਦੀ ਲਿੰਕ ਸੜਕਾਂ, ਨਹਿਰਾਂ, ਨਾਲਿਆਂ 'ਤੇ ਰੁੱਖਾਂ ਦੀਆਂ ਕਤਾਰਾਂ ਹੁੰਦੀਆਂ ਸਨ ਪਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ, ਅਵਾਰਾ ਪਸ਼ੂਆਂ ਤੇ ਗ਼ੈਰ-ਕਾਨੂੰਨੀ ਕਟਾਈ ਨੇ ਰੁੱਖਾਂ ਦੀ ਗਿਣਤੀ ਘਟਾਈ ਹੈ। ਰਹਿੰਦ-ਖੂੰਹਦ ਨੂੰ ਲਗਾਈਆਂ ਅੱਗਾਂ ਨਾਲ ਜਿਥੇ ਜੀਵ, ਜੰਤੂ, ਪੰਛੀ, ਬਨਸਪਤੀ ਝੁਲਸ ਰਹੀ ਹੈ, ਉਥੇ ਹੀ ਰੁੱਖਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਰੁੱਖਾਂ ਦੀ ਘਾਟ ਕਾਰਨ ਬਰਸਾਤਾਂ ਵੀ ਘਟ ਰਹੀਆਂ ਹਨ। ਵਾਤਾਵਰਨ ਨੂੰ ਬਚਾਉਣ ਲਈ ਜਿਥੇ ਵਾਤਾਵਰਨ ਪ੍ਰੇਮੀਆਂ, ਜੰਗਲਾਤ ਵਿਭਾਗ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਉਥੇ ਹੀ ਸਰਕਾਰ ਨੂੰ ਮੇਨ ਹਾਈਵੇਅ 'ਤੇ ਸੜਕਾਂ ਕਿਨਾਰੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

26-06-2019

 ਲਾਸਾਨੀ ਸ਼ਹੀਦੀ
ਸ਼ਾਂਤੀ ਦੇ ਪੁੰਜ, ਪਿਆਰ ਦੇ ਮੁਜੱਸਮੇ, ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਦੇ ਸਬੰਧ ਵਿਚ ਵੱਖ-ਵੱਖ ਵਿਦਵਾਨਾਂ ਦੇ ਵਿਚਾਰ 'ਅਜੀਤ' ਵਿਚ ਪੜ੍ਹਨ ਨੂੰ ਮਿਲੇ। ਗੁਰੂ ਜੀ ਦੇ ਜੀਵਨ ਫਲਸਫ਼ੇ ਨਾਲ ਸਬੰਧਿਤ ਲੇਖ ਪੜ੍ਹਨ 'ਤੇ ਪਤਾ ਲੱਗਿਆ ਕਿ ਗੁਰੂ ਜੀ ਨੂੰ ਮਨੁੱਖਤਾ ਨਾਲ ਅਥਾਹ ਪਿਆਰ ਸੀ। ਜੇਠ ਮਹੀਨੇ ਦੀ ਗਰਮੀ ਦੀ ਰੁੱਤ, ਤੱਤੀ ਤਵੀ, ਅੱਗ ਦੀਆਂ ਲਪਟਾਂ, ਉੱਪਰੋਂ ਸਿਖ਼ਰ ਦੁਪਹਿਰ ਗਰਮ ਰੇਤ ਦੇ ਕੜਛਿਆਂ ਦੇ ਕਹਿਰ ਨੂੰ ਇਕ ਸੰਪੂਰਨ ਸਤਿਗੁਰੂ ਦੀ ਮਨੁੱਖਤਾ ਦੀ ਭਲਾਈ ਲਈ ਆਪਣੇ ਪਿੰਡੇ 'ਤੇ ਸਹਿ ਸਕਦਾ ਹੈ ਜੋ ਕਿ ਪੂਰੀ ਦੁਨੀਆ ਵਿਚ ਇਕ ਮਿਸਾਲ ਹੈ। ਅਜੋਕੇ ਸਮੇਂ ਦੇ ਅੰਦਰ ਗੁਰੂ ਜੀ ਦੇ ਪਿਆਰ ਭਰੇ ਉਪਦੇਸ਼ਾਂ, ਸੰਦੇਸ਼ਾਂ ਨੂੰ ਅਪਣਾ ਕੇ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਂਦਾ ਜਾ ਸਕਦਾ ਹੈ ਜੋ ਕਿ ਸਮੇਂ ਦੀ ਅਣਸਰਦੀ ਲੋੜ ਹੈ। ਕਿਸੇ ਮਹਾਨ ਚਿੰਤਕ ਨੇ ਵੀ ਇਸ ਸਬੰਧੀ ਲਿਖਿਆ ਹੈ ਕਿ 'ਨਫ਼ਰਤ ਵੈਰ ਦੀਆਂ ਢਾਹ ਕੰਧਾਂ, ਪੁਲ ਬਣਾਈਏ ਪਿਆਰਾਂ ਦੇ।'


-ਓਮ ਪ੍ਰਕਾਸ਼ ਪੂਨੀਆਂ, ਗਿੱਦੜਬਾਹਾ।


ਸੋਸ਼ਲ ਮੀਡੀਆ ਦੀ ਸਹੀ ਵਰਤੋਂ
ਅਸੀਂ ਦੇਖਦੇ ਹਾਂ ਕਿ ਅੱਜ ਦੇ ਯੁੱਗ ਵਿਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਅਜਿਹਾ ਕੋਈ ਹੀ ਹੋਵੇਗਾ ਜੋ ਇਸ ਦਾ ਪ੍ਰਯੋਗ ਨਾ ਕਰ ਰਿਹਾ ਹੋਵੇ। ਪਰ ਅੱਜਕਲ੍ਹ ਇਕ ਨਵਾਂ ਰਿਵਾਜ ਆਇਆ ਹੈ ਕਿ ਹਰ ਇਕ ਗੱਲ ਸਾਂਝਾ ਕਰਨ ਦਾ, ਪਰ ਬੜਾ ਦੁੱਖ ਲਗਦਾ ਜਦੋਂ ਦੇਖਦੇ ਹਾਂ ਕਿ ਕਿਸ ਦੇ ਘਰ ਮੌਤ ਹੋ ਜਾਂਦੀ ਤਾਂ ਲੋਕ ਉਨ੍ਹਾਂ ਦੇ ਮ੍ਰਿਤਕ ਸਰੀਰ ਦੀਆਂ ਤਸਵੀਰਾਂ ਤੱਕ ਸਾਂਝਾ ਕਰੀ ਜਾਂਦੇ ਹਨ ਜਾਂ ਫਿਰ ਅਸਥੀਆਂ ਚੁਗਣ ਜਾਂਦੇ ਹਨ ਤਾਂ ਸਾਂਝਾ ਕਰੀ ਜਾਂਦੇ ਹਨ। ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੀ ਪੜ੍ਹੀ-ਲਿਖੀ ਪੀੜ੍ਹੀ ਕਿਤੇ ਵੀ ਘੁੰਮਣ ਫਿਰਨ ਜਾਂਦੀ ਹੈ ਤਾਂ ਨਾਲ-ਨਾਲ ਜਗ੍ਹਾ ਦਾ ਨਾਂਅ ਤੇ ਤਸਵੀਰਾਂ ਪਾਈ ਜਾਂਦੇ ਹਨ। ਕਈ ਵਾਰ ਅਪਰਾਧੀ ਇਨ੍ਹਾਂ ਨੂੰ ਦੇਖਦੇ ਹਨ ਤਾਂ ਪਿੱਛੋਂ ਉਨ੍ਹਾਂ ਦੀ ਘਰ ਲੁੱਟਮਾਰ ਕਰਦੇ ਹਨ। ਇਸ ਤਰ੍ਹਾਂ ਉਹ ਆਪ ਹੀ ਸੂਚਨਾ ਦੇ ਕੇ ਆਪਣੇ ਘਰਾਂ ਵਿਚ ਡਾਕੇ ਪੁਆ ਰਹੇ ਹਨ। ਜੇਕਰ ਅਸੀਂ ਅਜਿਹੀਆਂ ਘਟਨਾਵਾਂ ਤੋਂ ਬਚਣਾ ਹੈ ਤਾਂ ਅਜਿਹੀਆਂ ਸੂਚਨਾਵਾਂ ਸਾਨੂੰ ਫੇਸਬੁੱਕ 'ਤੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕੋਈ ਖਾਸ ਖੁਸ਼ੀ ਦੀ ਗੱਲ ਹੋਵੇ ਤਾਂ ਸਾਂਝੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰੋ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਬੁਰੇ ਅਨਸਰਾਂ ਤੋਂ ਸੁਰੱਖਿਅਤ ਰੱਖ ਸਕਦੇ ਹੋ। ਕੋਈ ਵੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਤੋਂ ਪਹਿਲਾਂ ਧਿਆਨਪੂਰਵਕ ਸੋਚ ਲੈਣਾ ਚਾਹੀਦਾ ਹੈ ਕਿ ਤੁਹਾਡੇ ਵਲੋਂ ਸਾਂਝਾ ਕੀਤੀ ਕੋਈ ਵੀ ਸੂਚਨਾ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਨੁਕਸਾਨਦੇਹ ਹੋ ਸਕਦੀ ਹੈ।


-ਸੰਦੀਪ ਦਿਉੜਾ।


ਘਟੀਆ ਕਾਰਗੁਜ਼ਾਰੀ
ਅੱਜ ਦੇ ਸਮੇਂ ਵਿਚ ਏਨੇ ਉੱਚ ਪੱਧਰ ਦੀ ਤਕਨੀਕ ਆ ਗਈ ਹੈ ਕਿ ਜਲਦੀ ਕੋਈ ਕਿਸੇ ਵੀ ਮਸ਼ੀਨਰੀ ਬਾਰੇ ਨੁਕਸ ਪੈਣ ਦੀ ਸੰਭਾਵਨਾ ਹੀ ਨਹੀਂ ਰਹਿ ਜਾਣੀ ਪਰ ਇਸ ਸਾਡੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੀ ਕਾਰਗੁਜ਼ਾਰੀ ਬਾਰੇ ਦੇਖਿਆ ਜਾਂਦਾ ਹੈ ਕਿ ਹਨੇਰੀ ਅਜੇ ਰਾਜਸਥਾਨ ਵਿਚ ਹੀ ਹੁੰਦੀ ਹੈ ਤੇ ਬਿਜਲੀ ਪੰਜਾਬ ਵਿਚ ਬੰਦ ਕਰ ਦਿੱਤੀ ਜਾਂਦੀ ਹੈ। ਏਨਾ ਵੱਡਾ ਉਪਰਾਲਾ ਕਰਕੇ ਮੋਟੀਆਂ-ਮੋਟੀਆਂ ਕੇਬਲਾਂ ਪਾ ਕੇ ਵੀ ਇਹੀ ਹਾਲ ਬਣਿਆ ਰਹਿੰਦਾ ਹੈ ਕਿ ਕਈ-ਕਈ ਘੰਟੇ ਬਿਜਲੀ ਚਾਲੂ ਹੀ ਨਹੀਂ ਹੋ ਸਕਦੀ। ਮਾੜੇ ਪ੍ਰਬੰਧਾਂ ਦੀ ਇਸ ਤੋਂ ਉੱਪਰ ਕੀ ਮਿਸਾਲ ਹੋ ਸਕਦੀ ਹੈ। ਇਹੀ ਹਾਲ ਦੂਸਰੇ ਵਿਭਾਗਾਂ ਦਾ ਬਣਿਆ ਹੋਇਆ ਹੈ। ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਲੋਕਾਂ ਨੂੰ ਬਿਜਲੀ ਸਬੰਧੀ ਪ੍ਰੇਸ਼ਾਨੀ ਨਾ ਆਵੇ।


-ਕ੍ਰਿਸ਼ਨ ਖੇੜਾ
ਲੋਹੀਆਂ ਖਾਸ।


ਕ੍ਰਿਕਟ ਨੂੰ ਖੇਡ ਹੀ ਰਹਿਣ ਦਈਏ

ਭਾਰਤ ਤੇ ਪਾਕਿਸਤਾਨ ਵਿਚ ਕ੍ਰਿਕਟ ਜੰਗ ਲੜਨ ਦੀ ਭਾਵਨਾ ਨਾਲ ਖੇਡੀ ਜਾਂਦੀ ਹੈ। ਜਿਸ ਵੀ ਟੀਮ ਦੀ ਹਾਰ ਹੋ ਜਾਂਦੀ ਹੈ ਤਾਂ ਉਸ ਟੀਮ ਦੇ ਖਿਡਾਰੀਆਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਟੀ.ਵੀ. ਤੋੜੇ ਜਾਂਦੇ ਹਨ, ਹਿੰਸਕ ਪ੍ਰਦਰਸ਼ਨ ਕੀਤੇ ਜਾਂਦੇ ਹਨ ਅਤੇ ਖਿਡਾਰੀਆਂ ਦੇ ਘਰਾਂ 'ਤੇ ਹਮਲੇ ਤੱਕ ਕੀਤੇ ਜਾਂਦੇ ਹਨ। ਮੇਰੇ ਖਿਆਲ ਅਨੁਸਾਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਦੋਂ ਕੋਈ ਮੈਚ ਹੁੰਦਾ ਹੈ ਤਾਂ ਜਿੱਤ ਤਾਂ ਇਕ ਦੀ ਹੀ ਹੋਣੀ ਹੁੰਦੀ ਹੈ। ਸਾਨੂੰ ਜਿੱਤ ਹਾਰ ਦੀ ਭਾਵਨਾ ਨਾਲ ਹੀ ਮੈਚ ਦੇ ਨਤੀਜੇ ਨੂੰ ਲੈਣਾ ਚਾਹੀਦਾ ਹੈ। ਜੇਕਰ ਅਸੀਂ ਬੇਲੋੜੀ ਪ੍ਰਤੀਕਿਰਿਆ ਜ਼ਾਹਰ ਕਰਦੇ ਹਾਂ ਤਾਂ ਇਸ ਨਾਲ ਦੋਵਾਂ ਮੁਲਕਾਂ ਵਿਚ ਨਫ਼ਰਤ ਦੀ ਜਵਾਲਾ ਭਖ਼ਦੀ ਹੈ। ਇਸ ਸਬੰਧੀ ਮੀਡੀਆ ਨੂੰ ਵੀ ਭੜਕਾਊ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਡੇ ਵਰਗੇ ਵਿਕਾਸਸ਼ੀਲ ਮੁਲਕਾਂ ਲਈ ਸ਼ਾਂਤੀਪੂਰਨ ਮਾਹੌਲ ਦੀ ਬਹੁਤ ਜ਼ਰੂਰਤ ਹੈ। ਸੋ ਖੇਡ ਨੂੰ ਖੇਡ ਹੀ ਸਮਝਿਆ ਜਾਵੇ ਤਾਂ ਦੋਵਾਂ ਮੁਲਕਾਂ ਲਈ ਬਿਹਤਰ ਹੋਵੇਗਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਇਕ ਦੇਸ਼, ਇਕ ਚੋਣ
60 ਹਜ਼ਾਰ ਕਰੋੜ ਰੁਪਏ ਲੋਕ ਸਭਾ ਚੋਣਾਂ 'ਤੇ ਖਰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਵੰਨ ਨੇਸ਼ਨ ਵੰਨ ਇਲੈਕਸ਼ਨ' ਨਾਂਅ ਦੇ ਮੁੱਦੇ ਤਹਿਤ ਸਰਬ ਦਲੀ ਬੈਠਕ ਬੁਲਾਈ ਗਈ ਹੈ ਜਿਸ ਦਾ ਕਾਂਗਰਸ, ਮਮਤਾ ਬੈਨਰਜੀ, ਮਾਇਆਵਤੀ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਪਾਰਟੀਆਂ ਨੇ ਬਾਈਕਾਟ ਕੀਤਾ ਹੈ। ਭਾਵੇਂ ਇਸ ਮਕਸਦ ਨਾਲ ਪੈਸੇ ਦੀ ਬਰਬਾਦੀ, ਮਨੁੱਖੀ ਊਰਜਾ ਤੇ ਚੋਣ ਜ਼ਾਬਤੇ ਅਧੀਨ ਰੁਕਣ ਵਾਲੇ ਕੰਮਾਂ ਨੂੰ ਧਿਆਨ ਵਿਚ ਰੱਖਿਆ ਜਾ ਸਕਦਾ ਹੈ। ਪਰ ਲੋਕ ਸਭਾ ਜਾਂ ਵਿਧਾਨ ਸਭਾ ਦਾ ਆਪਣੇ ਸਮੇਂ ਤੋਂ ਪਹਿਲਾਂ ਮੁਲਤਵੀ ਹੋ ਜਾਣਾ ਦੁਬਾਰਾ ਫਿਰ ਚੋਣਾਂ ਲਈ ਸੱਦਾ ਦਿੰਦਾ ਹੈ। ਦੂਜਾ ਭਾਰਤ 'ਚ ਪਾਰਟੀ ਬਹੁਲਤਾ ਹੈ ਇਸ ਨੂੰ ਧੋਪਿਆ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਹੋ ਸਕਦਾ ਹੈ ਕਿ ਰਾਸ਼ਟਰੀ ਵਿਸ਼ੇ, ਖੇਤਰੀ ਵਿਸ਼ਿਆਂ ਨੂੰ ਆਪੇ ਨਾਲ ਰੋੜ੍ਹ ਕੇ ਲੈ ਜਾਣ ਤੇ ਸਾਰਾ ਕਾਰਜ ਇਕ ਧੁਰੀ 'ਤੇ ਰਿੜਕਿਆ ਜਾਵੇ।


-ਰਮਨਦੀਪ ਸਿੰਘ
ਸ.ਸ.ਸ. ਹੀਰੋਂ ਖੁਰਦ (ਮਾਨਸਾ)।

25-06-2019

 ਪਾਣੀ ਬਚਾਓ
ਪਾਣੀ ਅਮੋਲਕ ਦਾਤ ਹੈ। ਇਸ ਬਿਨਾਂ ਜੀਵਨ ਸੰਭਵ ਨਹੀਂ। ਪਰ ਬਦਲਦੇ ਸਮਾਜਿਕ ਤੇ ਆਰਥਿਕ ਹਾਲਾਤ ਮੁਤਾਬਿਕ ਅਜੋਕੇ ਮਨੁੱਖ ਨੇ ਅਖੌਤੀ ਵਿਕਾਸ ਦੇ ਨਾਂਅ ਥੱਲੇ ਪਾਣੀ ਦੇ ਸਰੋਤਾਂ ਦਾ ਰੱਜ ਕੇ ਵਿਨਾਸ਼ ਕੀਤਾ। ਦਰਿਆਵਾਂ ਦੇ ਪਾਣੀਆਂ ਨੂੰ ਪਲੀਤ ਕੀਤਾ ਗਿਆ। ਧਰਤੀ ਦੀ ਉਪਰਲੀ 25-30 ਫੁੱਟ ਵਾਲੀ ਪਾਣੀ ਦੀ ਤਹਿ ਖ਼ਤਮ ਹੋ ਗਈ। ਪਾਣੀ ਦੀ ਦੁਰਵਰਤੋਂ ਸਬੰਧੀ ਇਕ ਲੇਖਕ ਦੀ ਰਿਪੋਰਟ ਮੁਤਾਬਿਕ ਸੰਸਾਰ ਦੀ ਸਭ ਤੋਂ ਵੱਧ ਵਰਖਾ ਵਾਲੀ ਧਰਤੀ 'ਚਿਰਾਪੂੰਜੀ' ਜਲ ਸਰੋਤਾਂ ਦੇ ਸੋਕੇ ਨਾਲ ਜੂਝ ਰਹੀ ਹੈ। ਉਸ ਖੇਤਰ ਦੇ ਲੋਕ 'ਪਾਣੀ ਦੀ ਸੰਭਾਲ' ਪ੍ਰਤੀ ਚੇਤੰਨ ਨਹੀਂ। ਇਸ ਦੇ ਉਲਟ ਰਾਜਸਥਾਨ ਦੇ ਜੈਸਲਮੇਰ ਦਾ ਇਲਾਕਾ ਪਾਣੀ ਦੀ ਸੰਭਾਲ ਕਰਕੇ 'ਜੰਗਲ ਵਿਚ ਮੰਗਲ' ਲਾ ਕੇ ਉਹ ਇਲਾਕਾ ਹਰਿਆ-ਭਰਿਆ ਕਰਕੇ ਸਿਆਣਪ ਦਾ ਸਬੂਤ ਦਿੱਤਾ। ਅਸੀਂ ਪੰਜਾਬੀ ਪਾਣੀ ਪ੍ਰਤੀ ਬਹੁਤ ਹੀ ਬੇਧਿਆਨੀ ਵਰਤਦੇ ਹਾਂ। ਬਿਨਾਂ ਸ਼ੱਕ ਅਸੀਂ ਮਾਰੂਥਲ ਵੱਲ ਵਧ ਰਹੇ ਹਾਂ। ਪੰਜਾਬ ਵਿਚ ਤਕਰੀਬਨ 13 ਲੱਖ ਟਿਊਬਵੈੱਲ, ਕਰੋੜਾਂ ਘਰ ਵਿਚ ਕਰੋੜਾਂ ਮੋਟਰ ਮੱਛੀਆਂ ਦਿਨ-ਰਾਤ ਧਰਤੀ ਵਿਚੋਂ ਪਾਣੀ ਖਿੱਚ ਰਹੀਆਂ ਹਨ। ਗੱਡੀਆਂ ਧੋਣ, ਵਿਹੜੇ ਧੋਣ, ਟੂਟੀਆਂ ਵਿਚੋਂ ਵਗਦਾ ਪਾਣੀ ਸਾਰਾ ਦਿਨ ਬਰਬਾਦ ਹੋ ਰਿਹਾ ਹੈ। ਕੀ ਅਸੀਂ ਪਾਣੀ ਦੀ ਕਦਰ ਪਾਉਣੀ ਸਿੱਖੀ ਹੀ ਨਹੀਂ? ਕੁਦਰਤ ਵਲੋਂ ਮੁਫ਼ਤ ਵਿਚ ਮਿਲਿਆ ਸ਼ੁੱਧ ਪਾਣੀ ਅਸੀਂ ਮੁੱਲ ਪੁਆ ਕੇ 800 ਮਿ.ਲੀ. ਪਾਣੀ 20 ਰੁਪਏ ਵਿਚ ਧੜਾਧੜ ਖਰੀਦ ਰਹੇ ਹਾਂ। ਕੀ ਇਹ ਸਾਡੀ ਸਿਆਣਪ ਹੈ? ਆਓ, ਵੇਲਾ ਸੰਭਾਲ ਕੇ ਆਉਣ ਵਾਲੀਆਂ ਨਸਲਾਂ 'ਤੇ ਤਰਸ ਕਰਕੇ ਪਾਣੀ ਬਚਾਉਣ ਦੇ ਉਪਰਾਲੇ ਕਰੀਏ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਝੁਲਸ ਰਿਹਾ ਪੰਜਾਬ
ਪੰਜਾਬ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਤਾਪਮਾਨ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਲੋਕ ਗਰਮੀ ਨਾਲ ਝੁਲਸ ਰਹੇ ਹਨ। ਵਧ ਰਹੀ ਗਰਮੀ ਦਾ ਜ਼ਿੰਮੇਵਾਰ ਮਨੁੱਖ ਆਪ ਹੀ ਹੈ। ਕਈ ਮੁਸੀਬਤਾਂ-ਪ੍ਰੇਸ਼ਾਨੀਆਂ ਮਨੁੱਖ ਨੇ ਆਪ ਸਹੇੜੀਆਂ ਹਨ। ਵਾਤਾਵਰਨ ਵਿਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ। ਸਾਨੂੰ ਠੰਢੀ ਛਾਂ ਦੇਣ ਵਾਲੇ ਰੁੱਖ ਜਿਵੇਂ ਪਿੱਪਲ, ਬੋਹੜ, ਨਿੰਮ, ਬਹੇੜਾ ਆਦਿ ਘਟ ਰਹੇ ਹਨ। ਰੁੱਖਾਂ ਦੀ ਕਟਾਈ ਵਧ ਰਹੀ ਹੈ ਅਤੇ ਨਵੇਂ ਰੁੱਖ ਘੱਟ ਲਗਾਏ ਜਾ ਰਹੇ ਹਨ, ਜਿਸ ਨਾਲ ਵਾਤਾਵਰਨ ਸ਼ੁੱਧ ਹੋਣ ਦੀ ਬਜਾਏ ਦੂਸ਼ਿਤ ਹੋ ਰਿਹਾ ਹੈ। ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਕੁਦਰਤ ਦਾ ਇਕ ਨਾਮਾਤਰ ਅੰਸ਼ ਹੈ। ਜੇਕਰ ਉਹ ਨਾ ਸੰਭਲਿਆ ਤਾਂ ਉਸ ਨੂੰ ਭਵਿੱਖ ਵਿਚ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ। ਅਗਰ ਇਸੇ ਤਰ੍ਹਾਂ ਗਰਮੀ ਵਿਚ ਵਾਧਾ ਹੁੰਦਾ ਗਿਆ ਤਾਂ ਪੰਜਾਬ ਵਿਚ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ ਤੇ ਪੰਜਾਬ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਾਤਾਵਰਨ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰੇ ਅਤੇ ਰੁੱਖ ਕੱਟਣ 'ਤੇ ਤੁਰੰਤ ਪਾਬੰਦੀ ਲਗਾਏ।

-ਕਾਜਲ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਬੀਲ ਤੇ ਡੀ.ਜੇ.
ਛਬੀਲ ਦਾ ਸਬੰਧ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਛਬੀਲ ਦੀ ਸੇਵਾ ਕਰਦੇ ਸਮੇਂ ਉਸ ਜਗ੍ਹਾ 'ਤੇ ਉੱਚੀ-ਉੱਚੀ ਆਵਾਜ਼ ਵਿਚ ਡੀ.ਜੇ. 'ਤੇ ਧਾਰਮਿਕ ਗੀਤ ਲੱਗੇ ਹੁੰਦੇ ਹਨ, ਜਦ ਕਿ ਇਹ ਦਿਨ ਇਕ ਦੁਖਦਾਇਕ ਦਿਨ ਹੁੰਦਾ ਹੈ। ਇਸ ਦਿਨ ਨੂੰ ਗੁਰੂ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਛਬੀਲਾਂ ਲਗਾਈਆ ਜਾਂਦੀਆਂ ਹਨ। ਆਵਾਜ਼ ਤੇ ਧਮਕ ਏਨੀ ਜ਼ਿਆਦਾ ਹੁੰਦੀ ਹੈ ਕਿ ਛਬੀਲ ਵਾਲੀ ਜਗ੍ਹਾ 'ਤੇ ਖਲੌਣਾ ਔਖਾ ਹੋ ਜਾਂਦਾ ਹੈ। ਇਨ੍ਹਾਂ ਜਗ੍ਹਾ 'ਤੇ ਸਿਆਣੇ ਤੇ ਸੁਲਝੇ ਹੋਏ ਲੋਕ ਵੀ ਮੌਜੂਦ ਹੁੰਦੇ ਹਨ। ਜੇਕਰ ਸਪੀਕਰ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਘੱਟ ਆਵਾਜ਼ ਵਿਚ ਗੁਰੂ ਦੀ ਬਾਣੀ ਦੇ ਸ਼ਬਦ ਜਾਂ ਪਾਠ ਸੁਣਨਾ ਚਾਹੀਦਾ ਹੈ। ਜੇਕਰ ਸਾਡਾ ਕੋਈ ਪਰਿਵਾਰਕ ਮੈਂਬਰ ਅਕਾਲ ਚਲਾਣਾ ਕਰ ਜਾਵੇ ਤਾਂ ਅਸੀਂ ਉਸ ਦੇ ਭੋਗ ਜਾਂ ਬਰਸੀ 'ਤੇ ਪਾਠ ਕਰਵਾਉਂਦੇ ਹਾਂ ਅਤੇ ਗੁਰੂ ਕੀ ਬਾਣੀ ਦੀ ਕੀਰਤਨ ਕਰਵਾਉਂਦੇ ਹਾਂ। ਪਰ ਛਬੀਲ ਦੇ ਸਮੇਂ ਡੀ.ਜੇ. ਲਗਾ ਕੇ ਕੀ ਦੱਸਣਾ ਚਾਹੁੰਦੇ ਹਾਂ?

-ਗੁਰਿੰਦਰਜੀਤ ਸਿੰਘ ਕਲੇਰ, ਗੁਰਦਾਸਪੁਰ।

24-06-2019

 ਕਦੋਂ ਗੰਭੀਰ ਹੋਣਗੀਆਂ ਸਰਕਾਰਾਂ?
ਰਾਜ ਭਾਗ ਹਾਸਲ ਕਰਨ ਦੀ ਅੰਨ੍ਹੀ ਲਾਲਸਾ ਦੇ ਚਲਦਿਆਂ ਸਮੇਂ ਦੀਆਂ ਸਰਕਾਰਾਂ ਕੁਝ ਅਜਿਹੇ ਫੈਸਲੇ ਅੱਖਾਂ ਮੀਟ ਕੇ ਕਰ ਦਿੰਦੀਆਂ ਹਨ ਜਿੰਨ੍ਹਾਂ ਦਾ ਵੱਡਾ ਖਮਿਆਜ਼ਾ ਸਮੁੱਚੀ ਮਾਨਵਤਾ ਨੂੰ ਭੁਗਤਣਾ ਪੈ ਜਾਂਦਾ ਹੈ। ਜੇਕਰ ਜ਼ਮੀਨ ਹੇਠਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਥਾਂ-ਥਾਂ ਟਿਊਬਵੈਲ ਲਗਾ ਕੇ ਜ਼ਮੀਨ ਨੂੰ ਛਾਣਨੀ ਦੀ ਤਰ੍ਹਾਂ ਬਣਾ ਦਿੱਤਾ ਗਿਆ ਹੈ। ਪਾਣੀ ਦੀਆਂ ਮੋਟਰਾਂ ਦੇ ਬਿੱਲ ਵੀ ਮੁਆਫ ਕਰ ਦਿੱਤੇ ਗਏ ਜਿਸ ਕਾਰਨ ਅਰਬਾਂ-ਖਰਬਾਂ ਲੀਟਰ ਬਹੁਮੁੱਲਾ ਪਾਣੀ ਬੇਅਰਥੀ ਦੀ ਭੇਟ ਚੜ੍ਹ ਰਿਹਾ ਹੈ। ਜਦਕਿ ਬਿੱਲ ਮੁਆਫੀ ਦਾ ਵੱਡਾ ਲਾਭ ਵੀ ਵੱਡੇ ਕਿਸਾਨਾਂ ਨੂੰ ਹੀ ਹੈ ਕਿਉਂਕਿ ਛੋਟੇ ਕਿਸਾਨਾਂ ਨੂੰ ਤਾਂ 50-60 ਰਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈ ਰਿਹਾ ਹੈ। ਪਾਣੀ ਦਾ ਪੱਧਰ ਸਥਿਰ ਰੱਖਣ ਲਈ ਅਹਿਮ ਫੈਸਲਾ ਲੈਣਾ ਅਤਿ ਜ਼ਰੂਰੀ ਹੈ ਜਿਵੇਂ ਕਿਸਾਨਾਂ ਦੀਆਂ ਮੋਟਰਾਂ ਅਤੇ ਪੀਣ ਵਾਲੇ ਪਾਣੀ ਨੂੰ ਜਾਇਜ਼ ਰੇਟ ਤੇ ਯੂਨਿਟ ਦੇ ਹਿਸਾਬ ਨਾਲ ਬਿੱਲ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਜਿਸ ਨਾਲ ਖਪਤਕਾਰ ਲੋੜ ਅਨੁਸਾਰ ਹੀ ਪਾਣੀ ਵਰਤਣਗੇ। ਇਸ ਦੇ ਬਦਲੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਦਲਵੀ ਰਾਹਤ ਪ੍ਰਦਾਨ ਕਰ ਦਿੱਤੀ ਜਾਵੇ। ਜੇਕਰ ਇਸ ਮੁੱਖ ਮਸਲੇ ਸਬੰਧੀ ਗੰਭੀਰਤਾ ਨਾ ਦਿਖਾਈ ਗਈ ਤਾਂ ਸਮੁੱਚਾ ਪੰਜਾਬ ਇੱਕ ਦਿਨ ਰਾਜਸਥਾਨ ਬਣ ਕੇ ਰਹਿ ਜਾਵੇਗਾ।


-ਨਰੇਸ਼ ਧੌਲ
ਕਸਬਾ ਭੱਦੀ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ।


ਆਓ ਤੰਦਰੁਸਤ ਪੰਜਾਬ ਸਿਰਜੀਏ
ਪੰਜਾਬ ਵਰਗਾ ਖੁਸ਼ਹਾਲੀ ਦਾ ਭਰਮ ਪਾਲਣ ਵਾਲਾ ਸੂਬਾ ਬੁਰੀ ਤਰ੍ਹਾਂ ਬਿਮਾਰੀਆਂ ਦੀ ਲਪੇਟ ਵਿਚ ਆ ਚੁੱਕਿਆ ਹੈ। ਸ਼ਾਇਦ ਹੀ ਕੋਈ ਪਰਿਵਾਰ ਹੋਵੇਗਾ ਜਿਸ ਘਰ ਵਿਚ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਨਾ ਹੋਵੇ। ਇਨ੍ਹਾਂ ਬਿਮਾਰੀਆਂ ਉੱਪਰ ਆਉਣ ਵਾਲਾ ਖਰਚ ਹੁਣ 90 ਫੀਸਦੀ ਪੰਜਾਬੀਆਂ ਦੇ ਵੱਸੋਂ ਬਾਹਰ ਹੋ ਚੁੱਕਿਆ ਹੈ। ਜਿਸ ਕਰਕੇ ਇਨ੍ਹਾਂ ਬਿਮਾਰੀਆਂ ਦੀ ਭਿਆਨਕਤਾ ਦਿਨੋ-ਦਿਨ ਸਾਡੇ ਪੰਜਾਬ ਨੂੰ ਖੰਘਰ ਕਰਦੀ ਜਾ ਰਹੀ ਹੈ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥੀਂ ਕਿਰਤ ਕਰਨ ਦਾ ਉਪਦੇਸ਼ ਭੁੱਲ ਕੇ ਵਿਹਲ ਦੀ ਆਦਤ ਪਾ ਬੈਠੇ ਹਾਂ। ਉੱਪਰੋਂ ਮਿਲਾਵਟੀ ਖਾਣਾ, ਕੰਮ-ਚੋਰੀ, ਬੇਲੋੜਾ ਤਣਾਅ ਅਤੇ ਪ੍ਰਦੂਸ਼ਣ ਆਦਿ ਖ਼ੁਦ ਸਹੇੜ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਜੇਕਰ ਅਜੇ ਵੀ ਅਸੀਂ ਹੱਥੀਂ ਕੰਮ ਕਰਨ ਦੀ ਆਦਤ ਪਾਈਏ, ਸਧਾਰਨ ਖਾਣਾ ਖਾਈਏ, ਕਸਰਤ ਕਰੀਏ ਅਤੇ ਚੰਗੇ ਵਿਚਾਰ ਪੜੀ੍ਹਏ-ਸੁਣੀਏ ਤਾਂ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤੰਦਰੁਸਤ ਕੌਮਾਂ ਹੀ ਤੰਦਰੁਸਤ ਦੇਸ਼ ਦਾ ਨਿਰਮਾਣ ਕਰਦੀਆ ਹਨ। ਅਸੀਂ ਵੀ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਉਣ ਵਿਚ ਸਹਾਈ ਹੋਈਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ,ਪਟਿਆਲਾ।


ਬਰਬਾਦੀ ਦੀ ਰਾਹ 'ਤੇ ਨੌਜਵਾਨ
ਨਸ਼ੇ ਨਾਲ ਲਗਾਤਾਰ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਕੀ ਕੁੜੀ ਤੇ ਕੀ ਮੁੰਡਾ ਹਰ ਕੋਈ ਨਸ਼ੇ ਦੀ ਰਾਹ 'ਤੇ ਤੁਰ ਪਿਆ ਹੈ, ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਇਹ ਪਤਾ ਲਗਦਾ ਹੈ ਕਿ ਨੌਜਵਾਨਾਂ ਦੀ ਮੌਤ ਨਸ਼ਾ ਵੱਧ ਮਾਤਰਾ 'ਚ ਲੈਣ ਕਾਰਨ ਹੋਈ ਹੈ। ਕਈ ਲੋਕ ਇਹ ਨਸ਼ਾ ਇਸ ਲਈ ਕਰਦੇ ਹਨ ਤਾਂ ਜੋ ਉਹ ਆਪਣੇ ਤਣਾਅ ਨੂੰ ਦੂਰ ਕਰ ਸਕਣ ਪਰ ਤਣਾਅ ਦੂਰ ਕਰਨ ਦਾ ਇਹ ਤਰੀਕਾ ਗ਼ਲਤ ਹੈ। ਇਕ ਪਾਸੇ ਜਿੰਨਾ ਮਾੜਾ ਹਾਲ ਨਸ਼ਾ ਕਰਨ ਵਾਲਿਆਂ ਦਾ ਹੈ, ਉਸ ਤੋਂ ਵੱਧ ਤਾਂ ਨਸ਼ਾ ਛੁਡਾਊ ਕੇਂਦਰਾਂ ਦਾ ਹੈ ਜੋ ਕਿ ਬਾਹਰੋਂ ਤਾਂ ਇਹ ਦਿਖਾਉਂਦੇ ਹਨ ਕਿ 'ਇਥੇ ਆਓ ਤੇ ਨਸ਼ਾ ਛੁਡਾਓ' ਵਰਗੇ ਬੈਨਰ ਲਾ ਕੇ ਮਰੀਜ਼ਾਂ ਦਾ ਦਾਖ਼ਲਾ ਇਥੇ ਕਰਵਾ ਲੈਂਦੇ ਹਨ ਪਰ ਇਲਾਜ ਸਹੀ ਢੰਗ ਨਾਲ ਨਹੀਂ ਕਰਦੇ ਤੇ ਇਸੇ ਕਾਰਨ ਅੱਜ ਨਸ਼ੇ ਨਾਲ ਮੌਤਾਂ ਦੀਆਂ ਵੱਧ ਖ਼ਬਰਾਂ ਦੀਆਂ ਆਵਾਜ਼ਾਂ ਇਨ੍ਹਾਂ ਕੇਂਦਰਾਂ ਤੋਂ ਆਉਂਦੀਆਂ ਹਨ। ਸਰਕਾਰ ਨੂੰ ਇਸ ਬਰਬਾਦੀ ਦੀ ਰਾਹ 'ਤੇ ਜਾ ਰਹੇ ਨੌਜਵਾਨਾਂ ਲਈ ਕੁਝ ਕਦਮ ਚੁੱਕਣੇ ਚਾਹੀਦੇ ਹਨ।


-ਜਾਨਵੀ ਬਿੱਠਲ, ਜਲੰਧਰ।


ਹੱਦਾਂ-ਸਰਹੱਦਾਂ ਤੋਂ ਪਾਰ...

'ਦੂਰਦਰਸ਼ਨ ਪੰਜਾਬੀ' ਚੈਨਲ ਦੇ ਪ੍ਰੋਗਰਾਮਾਂ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਜਿਸ ਚੈਨਲ ਨੂੰ ਅਸੀਂ ਬਲੈਕ ਐਂਡ ਵਾਈਟ ਟੀ. ਵੀ. ਦੇ ਜ਼ਮਾਨੇ ਵਿਚ ਦੇਖ-ਦੇਖ ਵੱਡੇ ਹੋਏ। ਜੀਵਨ ਸੇਧ ਲਈ ਅੱਜ ਉਸ ਦੀ ਇਹ ਹਾਲਤ ਦੇਖ ਕੇ ਮਨ ਉਦਾਸ ਹੋ ਜਾਦਾ ਹੈ। ਬਚਪਨ ਵਿਚ ਇਸ ਚੈਨਲ ਦੇ ਪ੍ਰੋਗਰਾਮਾਂ ਰਾਹੀਂ ਬਹੁਤ ਕੁਝ ਸਿੱਖਿਆ ਪਰ ਹੁਣ ਇਸ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਇਕ-ਦੋ ਨੂੰ ਛੱਡ ਕੇ ਸਾਰੇ ਹੀ ਉਦੇਸ਼ ਵਿਹੂਣੇ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਰਸਾਤਲ ਵੱਲ ਲੈ ਜਾਣ ਵਾਲੇ ਹਨ। 'ਹੱਦਾਂ-ਸਰਹੱਦਾਂ ਤੋਂ ਪਾਰ ਦਿਲਾਂ ਨੂੰ ਜੋੜਨ ਵਾਲਾ ਡੀ.ਡੀ. ਪੰਜਾਬੀ ਅੱਜ ਕਾਰਪੋਰੇਟ ਘਰਾਣਿਆਂ ਦੇ ਧੱਕੇ ਚੜ੍ਹ ਆਪਣੀ ਹੋਂਦ ਅਤੇ ਪਛਾਣ ਪੰਜਾਬੀ ਪਿਆਰਿਆਂ ਦੇ ਦਿਲਾਂ 'ਚੋਂ ਗੁਆ ਰਿਹਾ ਹੈ। 24 ਘੰਟੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿਚੋਂ ਜ਼ਿਅਦਾ ਸਮਾਂ ਹੋਰਨਾਂ ਕੰਪਨੀਆਂ ਦੇ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ। ਇਸ ਚੈਨਲ ਦਾ ਜ਼ਿਆਦਾ ਸਮਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦੇਣਾ ਬਹੁਤ ਵੱਡੀ ਗ਼ਲਤੀ ਸਾਬਤ ਹੋ ਰਿਹਾ ਹੈ। ਸਰਕਾਰ ਇਸ ਦੇ ਡਿੱਗ ਰਹੇ ਮਿਆਰ ਅਤੇ ਉਭਾਰ ਵੱਲ ਧਿਆਨ ਦੇਵੇ।


ਜਗਦੀਪ ਸਿੰਘ ਭੁੱਲਰ
ਪਿੰਡ: ਜੋਗਾਨੰਦ, ਜ਼ਿਲ੍ਹਾ ਬਠਿੰਡਾ।

21-06-2019

 ਫ਼ਤਹਿਵੀਰ ਦੀ ਮੌਤ

ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ 2 ਸਾਲ ਦਾ ਬੱਚਾ ਫ਼ਤਹਿਵੀਰ ਬੋਰਵੈੱਲ ਵਿਚ ਡਿੱਗ ਪਿਆ ਸੀ ਅਤੇ ਉਸ ਨੂੰ ਬਚਾਉਣ ਦੇ ਬਹੁਤ ਯਤਨ ਕੀਤੇ ਗਏ। ਪਰ 6 ਦਿਨ ਬੀਤ ਜਾਣ ਪਿੱਛੋਂ ਉਸ ਨੂੰ ਬੋਰਵੈੱਲ ਤੋਂ ਕੱਢਿਆ ਗਿਆ। ਬੱਚੇ ਨੂੰ ਆਪਣੀ ਜਾਨ ਗੁਆਉਣੀ ਪਈ। ਹੁਣ ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਪੂਰੇ ਘਟਨਾਕ੍ਰਮ ਪਿੱਛੇ ਗ਼ਲਤੀ ਕਿਸ ਦੀ ਹੈ? ਮੇਰੀ ਸੋਚ ਅਨੁਸਾਰ ਇਹ ਹਾਦਸਾ ਪ੍ਰਸ਼ਾਸਨ ਦੇ ਨਾਲ-ਨਾਲ ਪਰਿਵਾਰ ਦੀ ਵੀ ਬਹੁਤ ਵੱਡੀ ਅਣਗਹਿਲੀ ਕਾਰਨ ਵਾਪਰਿਆ। ਜਦੋਂ ਬੋਰਵੈੱਲ ਵਰਤੋਂ ਵਿਚ ਨਹੀਂ ਤਾਂ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਸੀ।
ਦੂਜੀ ਗੱਲ ਫ਼ਤਹਿਵੀਰ ਜਿਸ ਦਿਨ ਬੋਰਵੈੱਲ ਵਿਚ ਡਿੱਗਿਆ ਸੀ, ਉਸੇ ਦਿਨ ਤੋਂ ਆਮ ਲੋਕਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਬੱਚੇ ਨੂੰ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ ਗਈ ਜੋ ਇਕ ਚੰਗੀ ਗੱਲ ਹੈ ਪਰ ਉਨ੍ਹਾਂ ਨੂੰ ਇਸ ਕੰਮ ਬਾਰੇ ਪੂਰੀ ਜਾਣਕਾਰੀ ਨਾ ਹੋਣਾ ਅਤੇ ਪ੍ਰਸ਼ਾਸਨ ਵਲੋਂ ਫ਼ੌਜ ਨੂੰ ਨਾ ਬੁਲਾਉਣਾ ਜਾਂ ਦੇਰੀ ਨਾਲ ਬੁਲਾਉਣਾ ਵੀ ਫ਼ਤਹਿਵੀਰ ਲਈ ਜਾਨਲੇਵਾ ਸਾਬਤ ਹੋਇਆ। ਇਥੇ ਪ੍ਰਸ਼ਾਸਨ ਨੇ ਬਹੁਤ ਵੱਡੀ ਗ਼ਲਤੀ ਤੇ ਨਾਲਾਇਕੀ ਕੀਤੀ। ਹੁਣ ਵਾਹਿਗੁਰੂ ਜੀ ਦਾ ਭਾਣਾ ਮੰਨ ਕੇ ਪਰਿਵਾਰ ਨੂੰ ਤੇ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਸੁਚੇਤ ਹੋਣਾ ਚਾਹੀਦਾ। ਸਰਕਾਰ ਅਤੇ ਪ੍ਰਸ਼ਾਸਨ ਨੂੰ ਪੁੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਅੱਗੇ ਤੋਂ ਕਿਸੇ ਹੋਰ ਮਾਂ ਦਾ ਫ਼ਤਹਿਵੀਰ ਆਪਣੀ ਜਾਨ ਨਾ ਗੁਆ ਬੈਠੇ।

-ਗੁਰਵਿੰਦਰ 'ਗੋਸਲ'।

ਟੋਲ ਪਲਾਜ਼ਿਆਂ ਦਾ ਜਾਲ

ਬਿਨਾਂ ਸ਼ੱਕ ਪੰਜਾਬ ਦੇ ਲਗਪਗ ਸਾਰੇ ਕੌਮੀ ਸ਼ਾਹਰਾਹਾਂ ਦੀ ਹਾਲਤ ਕਾਫੀ ਦਰੁਸਤ ਹੈ। ਪਰ ਇਨ੍ਹਾਂ ਉੱਪਰ ਲੱਗੇ ਟੋਲ ਪਲਾਜ਼ੇ 'ਜਜ਼ੀਆ' ਟੈਕਸ ਮਹਿਸੂਸ ਹੁੰਦੇ ਹਨ। ਕੋਈ ਐਸਾ ਸ਼ਹਿਰ ਨਹੀਂ ਹੈ ਜੋ ਇਨ੍ਹਾਂ ਦੀ ਮਾਰ ਹੇਠ ਨਾ ਹੋਵੇ। ਸਾਡੀਆਂ ਸਰਕਾਰਾਂ ਆਪਣੇ ਫ਼ਰਜ਼ਾਂ ਤੋਂ ਬੇਮੁੱਖ ਹੋ ਕੇ ਨਿੱਜੀਕਰਨ ਵੱਲ ਵਧ ਰਹੀਆਂ ਹਨ। ਇਸ ਕਰਕੇ ਸਾਰੇ ਮਹਿਕਿਮਆਂ ਦਾ ਇਕ-ਇਕ ਕਰਕੇ ਭੋਗ ਪਾਇਆ ਜਾ ਰਿਹਾ ਹੈ।
ਇਸ ਨੀਤੀ ਤਹਿਤ ਹੀ ਸੜਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਨਿੱਜੀ ਕੰਪਨੀਆਂ ਨੂੰ ਦਿੱਤੀ ਗਈ ਹੈ। ਪਹਿਲਾਂ ਖ਼ਰਚ ਕਰਕੇ ਸੜਕ ਦਾ ਨਿਰਮਾਣ ਕੀਤਾ ਜਾਂਦਾ ਹੈ ਫਿਰ ਸਮਝੌਤੇ ਅਨੁਸਾਰ ਕਈ ਸਾਲਾਂ ਤੱਕ ਇਹ ਕੰਪਨੀਆਂ ਟੋਲ ਟੈਕਸ ਵਸੂਲ ਕਰਦੀਆਂ ਹਨ। ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਟੋਲ ਟੈਕਸਾਂ ਦੀ ਦਰ ਬਹੁਤ ਜ਼ਿਆਦਾ ਹੈ। ਜੇਕਰ ਇਹ ਟੋਲ ਟੈਕਸ ਖ਼ਤਮ ਨਹੀਂ ਕੀਤੇ ਜਾ ਸਕਦੇ ਤਾਂ ਘੱਟੋ-ਘੱਟ ਇਸ ਦੀਆਂ ਮੌਜੂਦਾ ਦਰਾਂ ਨੂੰ ਅੱਧਾ ਕਰਨਾ ਚਾਹੀਦਾ ਹੈ ਤਾਂ ਕਿ ਮਹਿੰਗਾਈ ਦੇ ਝੰਬੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਨਾਜਾਇਜ਼ ਕਬਜ਼ੇ ਛੁਡਾਏ ਜਾਣ

ਪੇਂਡੂ ਜਨਜੀਵਨ ਦਾ ਅਨਿੱਖੜਵਾਂ ਅੰਗ ਰਹੇ ਪਿੰਡਾਂ ਦੇ ਛੱਪੜ ਜੋ ਕਿਸੇ ਸਮੇਂ ਪਸ਼ੂਆਂ ਨੂੰ ਪਾਣੀ ਪਿਆਉਣ, ਨਹਾਉਣ, ਮੱਛੀ ਪਾਲਣ, ਸੁਆਣੀਆਂ ਵਲੋਂ ਛੱਪੜਾਂ ਵਿਚਲੀ ਚੀਕਣੀ ਮਿੱਟੀ ਨਾਲ ਘਰਾਂ 'ਚ ਲਿੱਪਾ ਪੋਚੀ ਕਰਨ ਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਸਨ, ਉਹ ਅੱਜ ਲਾਲਚੀ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਪਣੀ ਹੋਂਦ ਗੁਆ ਚੁੱਕੇ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਨਾ ਹੀ ਪਿੰਡਾਂ ਦੇ ਸਰਪੰਚ ਤੇ ਨਾ ਹੀ ਪਿੰਡਾਂ ਦੇ ਮੋਹਤਬਰ ਵਿਅਕਤੀ ਅੱਗੇ ਆ ਰਹੇ ਹਨ। ਅੱਜ ਪੰਜਾਬ ਦੇ ਪਿੰਡਾਂ ਵਿਚ ਕੋਈ ਵਿਰਲਾ ਛੱਪੜ ਹੀ ਹੈ ਜੋ ਪੂਰਾ ਬਚਿਆ ਹੈ। ਨਾਜਾਇਜ਼ ਕਬਜ਼ੇ ਹੋਣ ਕਾਰਨ ਘਰਾਂ ਦਾ ਨਿਕਾਸੀ ਪਾਣੀ ਨਾਲੀਆਂ, ਸੜਕਾਂ ਤੇ ਖੇਤਾਂ ਵਿਚ ਖੜ੍ਹ ਰਿਹਾ ਹੈ, ਜਿਸ ਕਰਕੇ ਲੜਾਈ ਝਗੜੇ ਹੋ ਰਹੇ ਹਨ ਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਫ਼ਾਈ ਨਾ ਹੋਣ ਕਰਕੇ ਚੱਪੜਾਂ ਦਾ ਦੂਸ਼ਿਤ ਪਾਣੀ ਪਿੰਡ ਦੇ ਜ਼ਮੀਨਦੋਜ਼ ਪਾਣੀਆਂ ਨੂੰ ਵੀ ਵਿਗਾੜ ਰਿਹਾ ਹੈ।
ਸਰਪੰਚਾਂ ਨੂੰ ਚਾਹੀਦਾ ਹੈ ਕਿ ਮਨਰੇਗਾ ਸਕੀਮ ਤਹਿਤ ਆਉਂਦੀ ਗਰਾਂਟ ਸਿਰਫ ਛੱਪੜ ਦੀ ਸਫ਼ਾਈ ਲਈ ਹੀ ਵਰਤਣ ਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਅੱਗੇ ਆਉਣ। ਛੱਪੜਾਂ ਦੀ ਹੋਂਦ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਮਾਲ ਵਿਭਾਗ ਤੋਂ ਨਿਸ਼ਾਨਦੇਹੀ ਲੈ ਕੇ ਪਿੰਡ ਦੇ ਛੱਪੜ ਦਾ ਰਕਬਾ ਪੂਰਾ ਕਰ ਕੇ ਇਨ੍ਹਾਂ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਲਿਆਉਣਾ ਚਾਹੀਦਾ ਹੈ। ਅੱਜ ਲੋੜ ਹੈ ਵਿਗਿਆਨਕ ਤਕਨੀਕ ਨਾਲ ਬਹੁਤ ਘੱਟ ਖਰਚ 'ਚ ਉਸਾਰੇ ਪਿੰਡ ਸੀਚੇਵਾਲ ਦੇ ਮਾਡਲ ਵਾਂਗ ਪੰਜਾਬ ਦੇ ਹੋਰਨਾਂ ਪਿੰਡਾਂ ਦੇ ਛੱਪੜਾਂ ਦੀ ਹਾਲਤ ਵੀ ਸੁਧਾਰੀ ਜਾਵੇ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗਦੇ ਮਿਆਰ ਨੂੰ ਸੁਧਾਰਨ ਲਈ ਕਦਮ ਚੁੱਕੇ ਜਾਣ। ਸਰਕਾਰ ਵਲੋਂ ਪੰਜਾਬ ਤੰਦਰੁਸਤ ਮਿਸ਼ਨ ਤਹਿਤ ਛੱਪੜਾਂ ਦੀ ਸਫ਼ਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਰਸਾਤਾਂ ਦੌਰਾਨ ਮੀਂਹ ਦਾ ਪਾਣੀ ਛੱਪੜ ਤੋਂ ਬਾਹਰ ਨਹੀਂ ਆਵੇਗਾ ਪਰ ਨਾਲ ਹੀ ਜੇਕਰ ਛੱਪੜਾਂ 'ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਸਰਕਾਰ ਸਖ਼ਤ ਹੁਕਮ ਜਾਰੀ ਕਰੇ ਤਾਂ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਹੋਵੇਗਾ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਬੱਚੇ ਅਤੇ ਗਰਮੀ ਦੀਆਂ ਛੁੱਟੀਆਂ

ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ। ਜੇਕਰ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਕੰਮ 'ਬੱਚਾ ਕੇਂਦਰਤ' ਹੁੰਦਾ ਹੈ, ਭਾਵ ਮਾਂ ਬਾਪ ਕੋਰੇ ਅਨਪੜ੍ਹ, ਦਿਹਾੜੀਦਾਰ ਹੋਣ ਕਰ ਕੇ ਵਿਦਿਆਰਥੀ ਆਪ ਹੀ ਕੰਮ ਕਰਦਾ ਹੈ ਜਾਂ ਵੱਡੇ ਭੈਣ ਭਰਾ ਹੋਣ ਤਾਂ ਮਦਦ ਲੈਂਦਾ ਹੈ। ਸੋ ਕੰਮ ਸਿਲੇਬਸ ਨਿਰਧਾਰਤ ਅਕੇਵੇਂ ਵਾਲਾ ਜਾਂ ਨੀਰਸਤਾ ਵਾਲਾ ਬਿਲਕੁਲ ਨਾ ਹੋਵੇ। ਕਿਉਂਕਿ ਇਨ੍ਹਾਂ ਬੱਚਿਆਂ ਨੂੰ ਕੋਈ ਬਿਠਾ ਕੇ ਕੰਮ ਕਰਾਉਣ ਵਾਲਾ ਨਹੀਂ ਹੁੰਦਾ, ਇਨ੍ਹਾਂ ਨੇ ਕੰਮ ਆਪ ਹੀ ਕਰਨਾ ਹੁੰਦਾ ਹੈ, ਤਾਂ ਛੁੱਟੀਆਂ ਦਾ ਕੰਮ ਰੌਚਕ, ਥੋੜ੍ਹਾ ਅਤੇ ਜਾਣਕਾਰੀ ਭਰਭੂਰ ਹੋਵੇ। ਛੋਟੇ ਬੱਚਿਆਂ ਲਈ ਰੰਗ ਭਰਨੇ, ਮੈਚ ਕਰਨਾ, ਗੋਲੇ ਲਗਾਉਣੇ, ਤਸਵੀਰਾਂ ਕੱਟਣੀਆਂ, ਖੰਭ ਇਕੱਠੇ ਕਰਨੇ ਆਦਿ।
ਹੁਣ ਜੇਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਖਾਸ ਕਰ ਛੋਟੇ ਬੱਚਿਆ ਦਾ ਕੰਮ 'ਮਾਪੇ ਕੇਂਦਰਤ' ਹੁੰਦਾ ਹੈ। ਪ੍ਰਾਜੈਕਟ ਵਰਕ ਅਜਿਹਾ ਹੁੰਦਾ ਹੈ ਜਿਸ ਦਾ ਬੱਚੇ ਨੇ ਬਣਾਉਣਾ ਤਾਂ ਕੀ ਉਸ ਦੀ ਸਮਝ ਤੋਂ ਵੀ ਦੂਰ ਹੁੰਦਾ ਹੈ। ਸਾਮਾਨ ਵੀ ਬਜ਼ਾਰੋਂ ਹੀ ਖਰੀਦਣਾ ਪੈਂਦਾ ਹੈ, ਸੋ ਸਾਰੀ ਸਿਰਦਰਦੀ ਮਾਪਿਆਂ ਦੀ ਹੁੰਦੀ ਹੈ। ਕਈ ਵਾਰ ਮਾਪਿਆਂ ਦੀਆਂ ਸਾਰੀਆਂ ਛੁੱਟੀਆਂ ਪ੍ਰਾਜੈਕਟ ਵਰਕ ਦੀ ਤਿਆਰੀ, ਖਰੀਦੋ-ਫ਼ਰੋਖਤ ਵਿਚ ਹੀ ਲੰਘ ਜਾਂਦੀਆਂ ਹਨ। ਵੱਡੇ ਬੱਚਿਆਂ ਨੂੰ ਵੀ ਲਿਖਤੀ ਕੰੰਮ ਲੋੜ ਅਨੁਸਾਰ ਹੋਵੇ। ਸੋ, ਛੁੱਟੀਆਂ ਦਾ ਕੰਮ ਭਾਵੇਂ ਸਰਕਾਰੀ ਜਾਂ ਪ੍ਰਾਈਵੇਟ, ਸਹੀ ਯੋਜਨਾ ਅਤੇ ਸੰਜਮ ਨਾਲ ਹੋਵੇ। ਰੌਚਕ ਹੋਵੇ, ਜਿਸ ਨਾਲ ਬੱਚੇ ਨੂੰ ਚਾਅ ਅਤੇ ਉਤਸ਼ਾਹ ਹੋਵੇ।

ਕੁਲਵਿੰਦਰਜੀਤ ਕੌਰ 'ਕਿਸ਼ਨਪੁਰਾ'
ਈ.ਟੀ.ਟੀ. ਅਧਿਆਪਕਾ
ਸ. ਐ. ਸਕੂਲ ਚੱਬਾ (ਅੰਮ੍ਰਿਤਸਰ)।

20-06-2019

 ਟੁੱਟ ਰਹੇ ਰਿਸ਼ਤੇ
ਪੁਰਾਣੇ ਪੰਜਾਬ ਵਿਚ ਕੱਚੇ ਘਰਾਂ ਅੰਦਰ ਪਿਆਰ ਇੱਜ਼ਤ ਕਰਨ ਵਾਲੇ ਲੋਕ ਵਸਦੇ ਸਨ। ਇਕ-ਦੂਜੇ ਨਾਲ ਰਲ-ਮਿਲ ਕੇ ਅਤੇ ਇਕ-ਦੂਜੇ ਦੇ ਸਹਾਈ ਹੋ ਕੇ ਚਲਦੇ ਸਨ। ਪੁਰਾਣੇ ਪੰਜਾਬ 'ਚ ਰਿਸ਼ਤਿਆਂ ਦੀ ਕਦਰ ਹੁੰਦੀ ਸੀ ਹਰੇਕ ਰਿਸ਼ਤੇ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ, ਜੇਕਰ ਸੱਜ ਵਿਆਹੀ ਨੂੰਹ ਘਰ ਵਿਚ ਆਉਂਦੀ ਸੀ ਤਾਂ ਸੱਸ, ਸਹੁਰੇ, ਜੇਠ, ਦਿਉਰ ਦੇ ਰਿਸ਼ਤੇ ਦਾ ਵੱਖੋ-ਵੱਖਰਾ ਸਨਮਾਨ ਹੁੰਦਾ ਸੀ, ਆਂਢ-ਗੁਆਂਢ ਦੇ ਵਡੇਰਿਆਂ ਦੀ ਵੀ ਸ਼ਰਮ ਮੰਨਦੇ ਸਾਂ, ਇਥੋਂ ਤੱਕ ਕੇ ਪਿੰਡ ਦੇ ਵੱਡੇ-ਵਡੇਰਿਆਂ ਅਤੇ ਬਜ਼ੁਰਗਾਂ ਦਾ ਵੀ ਸਨਮਾਨ ਹੁੰਦਾ ਸੀ। ਪਰ ਅੱਜ ਦੇ ਅਗਾਂਹਵਧੂ ਪੰਜਾਬ ਵਿਚ ਓਹੀ ਰਿਸ਼ਤੇ ਚੂਰ-ਚੂਰ ਹੋ ਚੁੱਕੇ ਹਨ ਸ਼ਰਮਾਂ ਦੇ ਪਰਦੇ ਲੱਥ ਚੁੱਕੇ ਹਨ।
ਪੈਸੇ ਦੀ ਇਸ ਅੰਨੀ ਦੌੜ ਨੇ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਭੁਲਾ ਦਿੱਤੀ ਹੈ। ਪੱਛਮੀ ਸੱਭਿਆਚਾਰ ਅਗਾਂਹਵਧੂ ਅਤੇ ਟੈਕਨਾਲੋਜੀ ਦੇ ਜ਼ਮਾਨੇ ਨੇ ਸੰਗ-ਸ਼ਰਮ ਨੂੰ ਬਿਲਕੁਲ ਖੂੰਜੇ ਲਗਾ ਦਿੱਤਾ ਹੈ। ਅਸੀਂ ਆਪਣੇ-ਆਪ ਨੂੰ ਅਗਾਂਹਵਧੂ ਸਾਬਿਤ ਕਰਨ ਦੀ ਦੌੜ ਵਿਚ ਆਪਣੇ ਸੱਭਿਆਚਾਰ ਨੂੰ ਅਤੇ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਨੂੰ ਭੁੱਲ ਬੈਠੇ ਹਾਂ। ਆਓ, ਅਸੀਂ ਪੈਸੇ ਅਤੇ ਪੱਛਮੀ ਸੱਭਿਆਚਾਰ ਵਿਚ ਵਹਿ ਕੇ ਟੁੱਟ ਰਹੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਰੰਗਲੇ ਪੰਜਾਬ ਦੀਆਂ ਰੌਣਕਾਂ ਨੂੰ ਵਾਪਸ ਲੈ ਕੇ ਆਈਏ।


-ਨਿਰਵੈਰ ਸਿੰਘ ਸਿੰਧੀ


ਜਲ ਬਚਾਓ, ਆਪਣਾ ਅੱਜ ਤੇ ਕੱਲ੍ਹ ਬਚਾਓ
ਅਜੋਕੇ ਸਮੇਂ ਦਾ ਕੌੜਾ ਸੱਚ ਇਹ ਹੈ ਕਿ ਪੰਜਾਂ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ 'ਬੇਆਬ' ਹੋਣ ਨੂੰ ਫਿਰ ਰਿਹਾ ਹੈ ਤੇ ਆਉਣ ਵਾਲੇ 20-22 ਸਾਲਾਂ ਵਿਚ ਇਸ ਦੇ ਪਾਣੀ ਦੀ ਇਕ-ਇਕ ਬੂੰਦ ਨੂੰ ਵੀ ਤਰਸਣ ਦੇ ਆਸਾਰ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਨਾਸਾ ਅਨੁਸਾਰ ਹਰ ਤਿੰਨ ਸਾਲ ਵਿਚ ਪਾਣੀ ਦਾ ਪੱਧਰ ਇਕ ਮੀਟਰ ਹੇਠਾਂ ਜਾ ਰਿਹਾ ਹੈ। ਕੁਝ ਮਾਹਿਰ ਝੋਨੇ ਦੀ ਖੇਤੀ ਨੂੰ ਇਸ ਵਾਸਤੇ ਜ਼ਿੰਮੇਵਾਰ ਮੰਨਦੇ ਹਨ। ਓਧਰ ਖੇਤੀ ਵਿਗਿਆਨੀ ਵੀ ਮੰਨਦੇ ਹਨ ਕਿ ਜੇਕਰ ਪਾਣੀ ਹੀ ਨਹੀਂ ਬਚੇਗਾ ਤਾਂ ਭਵਿੱਖ ਵਿਚ ਖੇਤੀ ਕਿਵੇਂ ਹੋਵੇਗੀ?
ਇਹ ਤਲਖ਼ ਹਕੀਕਤ ਹੈ ਕਿ ਬੀਤੇ ਚਾਲੀ ਸਾਲਾਂ ਵਿਚ ਟਿਊਬਵੈੱਲਾਂ ਦੀ ਗਿਣਤੀ ਵੀਹ ਗੁਣਾ ਵਧ ਗਈ ਹੈ। ਪੰਜਾਬ ਨੇ ਭਾਰਤ ਦੇ ਅੰਨ ਭੰਡਾਰ ਵਿਚ ਸਦਾ ਹੀ ਵੱਡਾ ਯੋਗਦਾਨ ਪਾਇਆ ਹੈ ਪਰ ਹੁਣ ਸਮਾਂ ਅੰਨ ਉਤਪਾਦਨ ਦੇ ਢੰਗ-ਤਰੀਕਿਆਂ ਵਿਚ ਵੱਡੀ ਤਬਦੀਲੀ ਦੀ ਮੰਗ ਕਰਦਾ ਹੈ। ਭਾਰਤ ਦੇ ਕਈ ਸੂਬਿਆਂ ਵਿਚ ਪੀਣ ਵਾਲੇ ਪਾਣੀ ਦੀ ਪ੍ਰਾਪਤੀ ਲਈ ਤਰਸਦੇ, ਜੂਝਦੇ ਤੇ ਝਗੜਦੇ ਲੋਕਾਂ ਦੀਆਂ ਤਸਵੀਰਾਂ ਵੀ ਖ਼ਤਰੇ ਦੀ ਘੰਟੀ ਲਗਾਤਾਰ ਵਜਾ ਰਹੀਆਂ ਹਨ।
ਦਰਸਅਲ ਪਾਣੀ ਦਾ ਪੱਧਰ ਹੇਠਾਂ ਚਲੇ ਜਾਣ ਪਿੱਛੇ ਖੇਤੀ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਵੇਂ ਕਿ ਵਧਦੀ ਜਨਸੰਖਿਆ, ਉਦਯੋਗੀਕਰਨ, ਪਾਣੀ ਦੀ ਵਰਤੋਂ ਪ੍ਰਤੀ ਅਣਗਹਿਲੀ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਮਨੁੱਖੀ ਸਵਾਰਥ ਅਤੇ ਆਧੁਨਿਕ ਜੀਵਨ ਸ਼ੈਲੀ। ਗੁਰਬਾਣੀ ਅਨੁਸਾਰ ਵੀ ਜਲ ਹੀ ਜੀਵਨ ਦਾ ਆਧਾਰ ਹੈ। ਇਸ ਲਈ ਇਸ ਧਰਤੀ 'ਤੇ ਅਸੀਂ ਜੇਕਰ ਜੀਵਤ ਰਹਿਣਾ ਹੈ ਤਾਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਖੇਤੀ ਮਾਹਿਰਾਂ, ਕਿਸਾਨ ਜਥੇਬੰਦੀਆਂ, ਉਦਯੋਗਪਤੀਆਂ, ਵਾਤਾਵਰਨ ਪ੍ਰੇਮੀਆਂ, ਵਿਦਿਅਕ ਮਾਹਿਰਾਂ, ਧਾਰਮਿਕ, ਸਮਾਜਿਕ ਤੇ ਸਿਆਸੀ ਆਗੂਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।


-ਅਸ਼ਵਨੀ ਚਤਰਥ
ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।


ਸਿੱਖਿਆ ਸੁਧਾਰ...
ਕੇਂਦਰ ਵਿਚ ਦੁਬਾਰਾ ਸਰਕਾਰ ਬਣਦੇ ਹੀ ਸਿੱਖਿਆ ਨੀਤੀ ਵਿਚ ਵੱਡੇ ਸੁਧਾਰ ਕਰਨ ਦੀਆਂ ਸੰਕੇਤਕ ਖ਼ਬਰਾਂ ਆਈਆਂ ਸਨ। ਜਲਦ ਹੀ ਇਹ ਵੀ ਸੁਣਿਆ ਗਿਆ ਕਿ ਸਰਕਾਰ ਫਿਲਹਾਲ ਇਸ ਬਾਰੇ ਕੋਈ ਕਦਮ ਨਹੀਂ ਚੁੱਕ ਰਹੀ। ਅਜੋਕਾ ਪਰਿਵਰਤਨਾਂ ਦਾ ਯੁੱਗ ਹੈ। ਜਿਥੇ ਆਰਥਿਕ, ਸਮਾਜਿਕ, ਵਿਗਿਆਨਕ ਅਤੇ ਰਾਜਨੀਤਕ ਖੇਤਰ ਵਿਚ ਵੱਡੇ ਪੱਧਰ ਦੇ ਪਰਿਵਰਤਨ ਹੋ ਰਹੇ ਹਨ। ਉਥੇ ਸਿੱਖਿਆ ਵਰਗੇ ਅਹਿਮ ਖੇਤਰ ਵਿਚ ਵੀ ਬਦਲਾਅ ਲਿਆਉਣਾ ਸਮੇਂ ਦੀ ਲੋੜ ਹੈ। ਸਾਡੇ ਦੇਸ਼ ਦਾ ਬਹੁਗਿਣਤੀ ਨੌਜਵਾਨ ਵਰਗ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰ ਫਿਰ ਰਿਹਾ ਹੈ। ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਬਹੁਤ ਵੱਡੀ ਊਣਤਾਈ ਹੈ। ਪੰਜਾਬ ਵਰਗੇ ਮਿਹਨਤਕਸ਼ ਅਖਵਾਏ ਜਾਣ ਵਾਲੇ ਸੂਬੇ ਦੇ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਜੋ ਨੌਜਵਾਨ ਪਿੱਛੇ ਰਹਿ ਵੀ ਰਹੇ ਹਨ ਉਨ੍ਹਾਂ ਵਿਚ ਵੀ ਬਹੁਤੇ ਬੇਰੁਜ਼ਗਾਰੀ ਦੇ ਕਾਰਨ ਨਿਰਾਸ਼ ਅਤੇ ਲਾਚਾਰ ਹਨ। ਕੀ ਸਾਡੀ ਸਿੱਖਿਆ ਪ੍ਰਣਾਲੀ ਏਨੀ ਕੁ ਵੀ ਸਮਰੱਥ ਨਹੀਂ ਕਿ ਪੜ੍ਹ-ਲਿਖ ਕੇ ਨੌਜਵਾਨ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ? ਸਿੱਖਿਆ ਪ੍ਰਣਾਲੀ ਵਿਚ ਅਜਿਹੇ ਸੁਧਾਰ ਹੋਣ ਜੋ ਸਿਰਫ ਕਾਗਜ਼ੀ ਨਾ ਰਹਿ ਕੇ ਜ਼ਮੀਨੀ ਹਕੀਕਤ ਦੀ ਪਛਾਣ 'ਤੇ ਆਧਾਰਿਤ ਹੋਣ। ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਕੇ ਬੱਚਿਆਂ ਨੂੰ ਅਜਿਹੀ ਸਿੱਖਿਆ ਮੁਹੱਈਆ ਕਰਵਾਈ ਜਾਵੇ, ਜਿਸ ਲਈ ਭਵਿੱਖ ਵਿਚ ਸਾਡੇ ਦੇਸ਼ ਵਿਚ ਹੀ ਉਨ੍ਹਾਂ ਦੀ ਕੁਸ਼ਲਤਾ ਦੀ ਵਰਤੋਂ ਲਈ ਮੌਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹੋਣ।


-ਗੁਰਦੀਪ ਬਰਾੜ
ਕੋਟਲੀ ਅਬਲੂ।


ਖ਼ਤਮ ਨਹੀਂ ਹੋਇਆ ਜਾਤ-ਪਾਤ ਦਾ ਪਾੜਾ
ਕਹਿਣ ਨੂੰ ਤਾਂ ਅਸੀਂ ਚੰਦ ਤੱਕ ਪਹੁੰਚ ਕਰ ਲਈ ਹੈ ਪਰ ਅਜੇ ਵੀ ਸਾਡੇ ਦਿਮਾਗਾਂ 'ਚੋਂ ਜਾਤ-ਪਾਤ ਨੂੰ ਲੈ ਕੇ ਜੋ ਫੂਸ ਭਰਿਆ ਹੋਇਆ ਹੈ, ਉਹ ਨਿਕਲਣ ਦਾ ਨਾਂਅ ਨਹੀਂ ਲੈ ਰਿਹਾ। ਪੜ੍ਹਾਈਆਂ-ਲਿਖਾਈਆਂ ਵੀ ਜਾਤ-ਪਾਤ ਦਾ ਪਾੜਾ ਖ਼ਤਮ ਨਹੀਂ ਕਰ ਸਕੀਆਂ। ਹਾਂ, ਥੋੜ੍ਹਾ ਫ਼ਰਕ ਜ਼ਰੂਰ ਨਜ਼ਰ ਆਉਂਦਾ ਹੈ। ਨਵੀਂ ਪੀੜ੍ਹੀ ਵਿਚ ਜੋ ਚੰਗੇ ਸੰਕੇਤ ਨਜ਼ਰ ਆ ਰਹੇ ਹਨ। ਜੇਕਰ ਪਿੰਡਾਂ ਦੀ ਗੱਲ ਕਰ ਲਈਏ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਅਲੱਗ-ਅਲੱਗ ਜਾਤਾਂ ਦੇ ਅਲੱਗ-ਅਲੱਗ ਗੁਰਦੁਆਰੇ ਹਨ, ਧਰਮਸ਼ਾਲਾ ਵੱਖਰੀਆਂ ਹਨ, ਇਥੋਂ ਤੱਕ ਸ਼ਮਸ਼ਾਨਘਾਟ ਵੀ ਜਾਤਾਂ ਵਿਚ ਵੰਡੇ ਹੋਏ ਹਨ। ਮੈਨੂੰ ਲਗਦੈ ਜਦ ਤੱਕ ਗੁਰੂ ਘਰ ਜਾਂ ਸ਼ਮਸ਼ਾਨਘਾਟ ਇਕ ਨਹੀਂ ਹੁੰਦੇ ਫਿਰ ਜਾਤਾਂ ਦਾ ਕਲੇਸ਼ ਕਿਵੇਂ ਮੁਕਣਾ।
ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਸਿਆਸਤ ਨੇ ਵੀ ਬਖੇੜਾ ਖੜ੍ਹਾ ਕੀਤਾ ਹੈ। ਲੀਡਰ ਵੀ ਗ੍ਰਾਂਟਾਂ ਜਾਤਾਂ ਦੇ ਆਧਾਰ 'ਤੇ ਦਿੰਦੇ ਹਨ। ਸਦੀਆਂ ਤੋਂ ਚੱਲ ਰਹੀ ਜਾਤ-ਪਾਤ ਦੀ ਬਿਮਾਰੀ ਸਾਡਾ ਪਿੱਛਾ ਨਹੀਂ ਛੱਡ ਰਹੀ। ਅਸੀਂ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਾਂ ਪਰ ਉਹ ਲੋਕ ਤਾਂ ਜਾਤਾਂ ਦੇ ਬੰਧਨ ਤੋਂ ਮੁਕਤ ਹਨ। ਜਾਤਾਂ ਦੇ ਸੱਪ ਨੂੰ ਜੰਗਲ ਵਿਚ ਛੱਡਣ ਦੀ ਲੋੜ ਹੈ ਅਤੇ ਸਾਡੀ ਤਰੱਕੀ ਅਤੇ ਮੁਲਕ ਦੀ ਤਰੱਕੀ ਉਦੋਂ ਹੀ ਹੋ ਸਕਦੀ ਹੈ ਜਦੋਂ ਅਸੀਂ ਇਸ ਫੂਸ ਨੂੰ ਦਿਮਾਗ 'ਚੋਂ ਕੱਢ ਦੇਈਏ। ਅੱਜ ਲੋੜ ਹੈ ਜਾਤ-ਪਾਤ ਦੇ ਕਲੇਸ਼ ਤੋਂ ਬਾਹਰ ਆਉਣ ਦੀ। ਇਨਸਾਨੀਅਤ ਪਹਿਲਾਂ ਹੈ। ਆਸ ਹੈ ਨੌਜਵਾਨ ਤਬਕਾ ਇਸ ਪਾਸੇ ਧਿਆਨ ਦੇ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦਾ ਹੈ।


-ਅਵਤਾਰ ਨਗਲੀਆਂ
ਪੱਕਾ ਦਰਵਾਜ਼ਾ, ਕੁਰਾਲੀ (ਮੁਹਾਲੀ)।


ਸਾਵਧਾਨੀ ਦੀ ਲੋੜ
ਪੰਜਾਬ ਵਿਚ ਤਕਰੀਬਨ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਬੇਹੱਦ ਗਰਮੀ ਦਾ ਪ੍ਰਕੋਪ ਰਹਿੰਦਾ ਹੈ। ਗਰਮੀ ਦੇ ਇਸ ਸਮੇਂ ਦੌਰਾਨ ਜੂਨ ਅਤੇ ਜੁਲਾਈ ਦੇ ਮਹੀਨੇ ਤਾਂ ਏਨੇ ਗਰਮ ਹੁੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਤਾਪਮਾਨ 50 ਡਿਗਰੀ ਤੱਕ ਵੀ ਚਲਾ ਜਾਂਦਾ ਹੈ। ਬੱਚੇ ਇਨ੍ਹਾਂ ਦਿਨਾਂ ਵਿਚ ਅਕਸਰ ਹੀ ਗਰਮੀ ਦੀ ਤਪਸ਼ ਤੋਂ ਬਚਣ ਲਈ ਨਹਿਰਾਂ-ਸੂਇਆਂ ਦੇ ਪੁਲਾਂ ਅਤੇ ਨੇੜੇ ਖੜ੍ਹੇ ਦਰੱਖਤਾਂ ਆਦਿ ਟਾਹਣਿਆਂ ਆਦਿ ਤੋਂ ਲਟਕ ਕੇ ਪਾਣੀ ਵਿਚ ਪੁੱਠੀਆਂ-ਸਿੱਧੀਆਂ ਛਾਲਾਂ ਮਾਰਦੇ ਹੋਏ ਨਹਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ। ਕਈ ਵਾਰ ਇਹ ਬੱਚੇ ਪਾਣੀ ਦੇ ਤੇਜ਼ ਵਹਾਅ ਅਤੇ ਡੂੰਘਾਈ ਤੋਂ ਬੇਖ਼ਬਰ ਇਕ-ਦੂਜੇ ਨੂੰ ਦੇਖ ਕੇ ਹੀ ਪਾਣੀ ਵਿਚ ਵੜ ਤਾਂ ਜਾਂਦੇ ਹਨ ਪਰ ਉਹ ਤੈਰਨ ਵਿਚ ਅਣਜਾਣ ਹੋਣ ਕਾਰਨ ਆਪਣਾ ਸੰਤੁਲਨ ਗੁਆ ਕੇ ਗੋਤੇ ਖਾਂਦੇ ਹੋਏ ਵੇਖਦੇ-ਵੇਖਦੇ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਪੰਜਾਬ ਵਿਚ ਹਰ ਸਾਲ ਇਨ੍ਹਾਂ ਦਿਨਾਂ ਵਿਚ ਅਨੇਕਾਂ ਮੌਤਾਂ ਇਸ ਤਰ੍ਹਾਂ ਨਹਿਰਾਂ ਦੇ ਪਾਣੀਆਂ ਵਿਚ ਡੁੱਬਣ ਨਾਲ ਹੀ ਹੋ ਜਾਂਦੀਆਂ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਖ਼ਤਰਿਆਂ ਪ੍ਰਤੀ ਬੇਹੱਦ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਕਿ ਕਿਸੇ ਦੀ ਨਿੱਕੀ ਜਿਹੀ ਗ਼ਲਤੀ ਸਾਡੀ ਸਾਰੀ ਉਮਰ ਲਈ ਪਛਤਾਵਾ ਨਾ ਬਣ ਜਾਵੇ।


-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

19-06-2019

 ਅਣਗਹਿਲੀ ਦਾ ਸ਼ਿਕਾਰ ਹੋਇਆ ਮਾਸੂਮ
ਇਹ ਤਾਂ ਸਭ ਜਾਣਦੇ ਹਨ ਕਿ ਕੁਦਰਤ ਦੀਆਂ ਲਿਖੀਆਂ ਨੂੰ ਕੋਈ ਮਿਟਾ ਨਹੀਂ ਸਕਦਾ ਪਰ ਨਾਲ-ਨਾਲ ਇਨਸਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਵੀ ਹੁੰਦੀ ਹੈ। ਅੱਜ 'ਡਿਜੀਟਲ ਇੰਡੀਆ' ਏਨਾ ਕੁ ਪਛੜਿਆ ਹੋਇਆ ਨਜ਼ਰ ਆਇਆ ਕਿ ਮਾਸੂਮ ਫ਼ਤਹਿਵੀਰ ਦੀ ਜਾਨ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਚਲੀ ਗਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਭ ਆਪਣੇ-ਆਪਣੇ ਤਜਰਬੇ ਕਰ ਰਹੇ ਹਨ ਅਤੇ ਸਮੇਂ ਦੀ ਕੀਮਤ ਕਿਸੇ ਨੂੰ ਪਤਾ ਹੀ ਨਹੀਂ। ਤਕਨੀਕ ਦੇ ਏਨੇ ਵਿਕਾਸ ਦੇ ਬਾਵਜੂਦ ਅਤੇ ਸਿਆਸਤ ਦੀ ਖੇਡ ਵਿਚ ਕਿਸੇ ਨੂੰ ਮਾਸੂਮ ਦੀ ਤੜਫ ਸ਼ਾਇਦ ਮਹਿਸੂਸ ਹੀ ਨਾ ਹੋਈ। ਅੱਜ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਲੋਕਤੰਤਰ ਦੇ ਨਿਯਮਾਂ ਦਾ ਬੜੇ ਨਿਯਮਬੱਧ ਅਤੇ ਸੁਚੱਜੇ ਢੰਗ ਨਾਲ ਇਸ ਤਰ੍ਹਾਂ ਸ਼ੋਸ਼ਣ ਹੋ ਰਿਹਾ ਹੈ ਕਿ ਜ਼ਿੰਦਗੀ ਦੇ ਨਫ਼ੇ-ਨੁਕਸਾਨ ਇਨਸਾਨ ਨੂੰ ਖ਼ੁਦ ਹੀ ਝੱਲਣੇ ਪੈਂਦੇ ਹਨ ਅਤੇ ਆਮ ਜਨਤਾ ਦੀ ਸਹੂਲਤ ਲਈ ਸਭ ਪ੍ਰਬੰਧ ਨਿਕੰਮੇ ਹਨ।


-ਦਵਿੰਦਰ ਕੌਰ ਡੀਵੀ
ਸ.ਸ.ਸ. ਰੱਲੀ (ਮਾਨਸਾ)।


ਮੰਦਭਾਗੀ ਘਟਨਾ
ਫ਼ਤਹਿਵੀਰ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਬੇਸ਼ੱਕ ਪੰਜਾਬ ਵਿਚ ਸੋਗ ਹੈ ਪਰ ਸਵਾਲ ਇਹ ਹੈ ਕਿ ਲੋਕ ਇਸ ਸੋਗ ਨੂੰ ਕਿੰਨਾ ਚਿਰ ਜਿਊਂਦਾ ਰੱਖ ਸਕਣਗੇ? ਇਸ ਤੋਂ ਪਹਿਲਾਂ ਵੀ ਬੋਰ ਵਿਚ ਬੱਚੇ ਡਿੱਗੇ ਸਨ, ਜਿਨ੍ਹਾਂ ਨੂੰ ਬੇਸ਼ੱਕ ਬਚਾਅ ਲਿਆ ਗਿਆ ਸੀ ਪਰ ਸਿੱਖਿਆ ਕੋਈ ਨਹੀਂ ਲਈ। ਸਾਡਾ ਪ੍ਰਸ਼ਾਸਨ ਤੇ ਤਕਨੀਕੀ ਢੰਗ ਏਨਾ ਕਮਜ਼ੋਰ ਹੈ ਕਿ 120 ਫੁੱਟ ਦੇ ਨੇੜੇ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ 6 ਦਿਨ ਲਗਾ ਦਿੱਤੇ। ਇਕ ਸਵਾਲ ਇਹ ਵੀ ਹੈ ਕਿ ਇਸ ਸਮੇਂ ਸਾਡੇ ਦੇਸ਼ ਦੇ ਨੇਤਾ ਕਿੱਥੇ ਸੀ? ਜਿਹੜੇ ਵੋਟਾਂ ਵੇਲੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ। ਜੇ ਇਹੀ ਬੱਚਾ ਕਿਤੇ ਵੋਟਾਂ ਤੋਂ ਕੁਝ ਦਿਨ ਪਹਿਲਾਂ ਡਿੱਗਿਆ ਹੁੰਦਾ ਤਾਂ ਹਰ ਨੇਤਾ ਦੇ ਹੱਥ 'ਚ ਕਹੀਆਂ ਹੁੰਦੀਆਂ। ਇਸ ਘਟਨਾ ਤੋਂ ਆਮ ਲੋਕਾਂ ਅਤੇ ਸਰਕਾਰਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਅਗਾਂਹ ਤੋਂ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ।


-ਸੁਰਜੀਤ ਸਿੰਘ
ਪਿੰਡ ਦਿਲਾ ਰਾਮ, ਜ਼ਿਲ੍ਹਾ ਫ਼ਿਰੋਜ਼ਪੁਰ।


ਅਵਾਰਾ ਕੁੱਤਿਆਂ ਦੀ ਸਮੱਸਿਆ
ਕਈ ਸਾਲ ਪਹਿਲਾਂ ਪਿੰਡਾਂ, ਸ਼ਹਿਰਾਂ ਵਿਚ ਅਵਾਰਾ ਕੁੱਤਿਆਂ ਨੂੰ ਦਵਾਈ ਪਾ ਕੇ ਮਾਰ ਦਿੱਤਾ ਜਾਂਦਾ ਸੀ, ਜਿਸ ਨਾਲ ਕੁੱਤਿਆਂ ਦੀ ਆਬਾਦੀ 'ਤੇ ਕਾਬੂ ਰਹਿੰਦਾ ਸੀ ਪਰ ਜਦੋਂ ਤੋਂ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਦਾ ਕਾਨੂੰਨ ਬਣਿਆ ਹੈ, ਅਵਾਰਾ ਕੁੱਤਿਆਂ ਦੀ ਆਬਾਦੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਮੈਂ ਕੈਨੇਡਾ ਵਿਚ ਦੇਖਿਆ ਕਿ ਇਥੇ ਕੋਈ ਵੀ ਅਵਾਰਾ ਕੁੱਤਾ ਨਹੀਂ ਹੈ। ਇਥੇ ਲੋਕਾਂ ਨੇ ਆਪਣੇ ਪਾਲਤੂ ਕੁੱਤੇ ਰੱਖੇ ਹੋਏ ਹਨ ਤੇ ਉਹ ਉਨ੍ਹਾਂ ਨੂੰ ਬਾਹਰ ਘੁਮਾਉਣ ਸਮੇਂ ਆਪ ਹੀ ਉਨ੍ਹਾਂ ਦੀ ਰੱਸੀ ਫੜ ਕੇ ਰੱਖਦੇ ਹਨ, ਕੁੱਤੇ ਨੂੰ ਖੁੱਲ੍ਹਾ ਨਹੀਂ ਛੱਡਦੇ ਪਰ ਸਾਡੇ ਭਾਰਤ (ਖਾਸ ਕਰਕੇ ਪੰਜਾਬ) ਵਿਚ ਅਵਾਰਾ ਕੁੱਤੇ ਪਿੰਡਾਂ ਦੀਆਂ ਹੱਡਾਰੋੜੀਆਂ, ਗਲੀਆਂ, ਮੁਹੱਲਿਆਂ ਵਿਚ ਝੁੰਡਾਂ ਦੇ ਰੂਪ ਵਿਚ ਫਿਰਦੇ ਹਨ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਨੋਚ-ਨੋਚ ਕੇ ਖਾ ਰਹੇ ਹਨ, ਜਿਸ ਕਾਰਨ ਲੋਕ ਬੇਵਕਤੀ ਮੌਤ ਮਰ ਰਹੇ ਹਨ। ਇਨ੍ਹਾਂ ਦੇ ਆਪ੍ਰੇਸ਼ਨ ਕਰਨ ਦੀ ਚਾਲ ਬੜੀ ਮੱਠੀ ਚੱਲ ਰਹੀ ਹੈ, ਜਦੋਂ ਕਿ ਅਵਾਰਾ ਕੁੱਤਿਆਂ ਦੀ ਆਬਾਦੀ ਵਿਚ ਲਾਗਤਾਰ ਹੋਰ ਵਾਧਾ ਹੋ ਰਿਹਾ ਹੈ। ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਅਮਨ ਤੇ ਸ਼ਾਂਤੀ ਜ਼ਰੂਰੀ
ਜੂਨ ਮਹੀਨਾ ਸਿੱਖ ਕੌਮ ਵਾਸਤੇ ਸੋਗੀ ਮਹੀਨਾ ਹੁੰਦਾ ਹੈ। ਇਸ ਮਹੀਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ। ਇਨ੍ਹਾਂ ਦਿਨਾਂ 'ਚ ਕਈ ਸ਼ਰਾਰਤੀ ਅਨਸਰ ਸਿੱਖਾਂ ਵਿਰੁੱਧ ਸੋਸ਼ਲ ਮੀਡੀਆ ਉਪਰ ਭੜਕਾਊ ਭਾਸ਼ਣ ਕਰਦੇ ਹਨ। ਜਿਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਭੜਕੀਲੇ ਭਾਸ਼ਣ ਕਰਨ ਵਾਲੇ ਆਪਣਾ ਕੰਮ ਕਰ ਕੇ ਪਤਾ ਨਹੀਂ ਕਿੱਧਰ ਅਲੋਪ ਹੋ ਜਾਂਦੇ ਹਨ? ਪਰ ਇਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਈਚਾਰਕ ਕਦਰਾਂ-ਕੀਮਤਾਂ 'ਚ ਦਰਾੜਾਂ ਆਉਣ ਲੱਗਦੀਆਂ ਹਨ। ਅਮਨ-ਸ਼ਾਂਤੀ ਭੰਗ ਹੋਣ ਲਗਦੀ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਭੜਕਾਊ ਭਾਸ਼ਣ ਦੇਣ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅਮਨ ਸ਼ਾਂਤੀ ਲਈ ਖ਼ਤਰਾ ਪੈਦਾ ਨਾ ਹੋਵੇ।


-ਹੀਰਾ ਸਿੰਘ ਤੂਤ, ਜ਼ਿਲ੍ਹਾ ਫ਼ਿਰੋਜ਼ਪੁਰ।


ਮੌਨਸੂਨ ਦੀ ਦਸਤਕ
ਇਸ ਵਾਰ ਦੇਸ਼ ਵਿਚ ਮੌਨਸੂਨ ਥੋੜਾ ਪਛੜ ਕੇ ਆਇਆ ਹੈ। ਮੌਨਸੂਨ ਦਾ ਦੇਸ਼ ਦੀ ਆਰਥਿਕਤਾ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਡਾ ਦੇਸ਼ ਖੇਤੀ ਪ੍ਰਧਾਨ ਹੈ। ਮੌਨਸੂਨ ਵਿਚ ਹੋਈ ਦੇਰੀ ਜਾਂ ਕਮੀ ਦਾ ਖੇਤੀਬਾੜੀ 'ਤੇ ਬਹੁਤ ਅਸਰ ਪੈਂਦਾ ਹੈ। ਸਾਡੇ ਦੇਸ਼ ਵਿਚ ਫ਼ਸਲਾਂ ਦੀ ਬਹੁਤੀ ਨਿਰਭਰਤਾ ਮੌਨਸੂਨ ਉੱਪਰ ਹੀ ਹੈ। ਚੰਗਾ ਮੌਨਸੂਨ ਦੇਸ਼ ਦੀ ਵਿਕਾਸ ਦਰ ਵਿਚ ਵਾਧਾ ਕਰਦਾ ਹੈ। ਜਲ ਸਰੋਤਾਂ ਵਿਚ ਆਈ ਕਮੀ ਦੀ ਕੁਝ ਭਰਪਾਈ ਮੌਨਸੂਨ ਹੀ ਕਰਦਾ ਹੈ। ਚੰਗਾ ਮੌਨਸੂਨ ਕਿਸਾਨ ਦੀ ਪੈਦਾਵਾਰ ਵਿਚ ਵਾਧਾ ਕਰਨ ਵਿਚ ਸਹਾਇਤਾ ਕਰਦਾ ਹੈ।


-ਲਖਵੀਰ ਸਿੰਘ, ਸ੍ਰੀ ਮੁਕਤਸਰ ਸਾਹਿਬ।


ਹਾਦਸਿਆਂ ਮਗਰੋਂ ਹੀ ਜਾਗ ਕਿਉਂ?
ਸੂਰਤ ਸ਼ਹਿਰ ਵਿਚ ਵਾਪਰੇ ਭਿਆਨਕ ਅਗਜ਼ਨੀ ਕਾਂਡ ਵਿਚ ਕਰੀਬ 20 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ। ਹੁਣ ਸਰਕਾਰ ਜਾਂਚ ਕਰੇਗੀ, ਕਮੇਟੀ ਬਣਾਏਗੀ ਅਤੇ ਦਿਲਾਂ ਦੇ ਜ਼ਖ਼ਮ ਭਰਨ ਲਈ ਮੁਆਵਜ਼ਾ ਦੇ ਦੇਵੇਗੀ। ਥੋੜ੍ਹੇ ਚਿਰ ਬਾਅਦ ਦੁਖਿਆਰੇ ਮਾਂ-ਬਾਪ ਤੋਂ ਬਿਨਾਂ ਹੋਰ ਹਾਦਸਿਆਂ ਵਾਂਗ ਅਸੀਂ ਸਭ ਭੁੱਲ-ਭੁਲਾ ਜਾਵਾਂਗੇ। ਸਮਝ ਨਹੀਂ ਆਉਂਦੀ ਕਿ ਅਸੀਂ ਹਾਦਸਿਆਂ ਤੋਂ ਬਾਅਦ ਹੀ ਕਿਉਂ ਜਾਗਦੇ?
ਹੋਰ ਕਿੰਨੇ ਹੀ ਸ਼ਹਿਰਾਂ ਵਿਚ ਅਜਿਹੀਆਂ ਇਮਾਰਤਾਂ ਹਨ ਜਿਥੇ ਕੋਚਿੰਗ ਸੈਂਟਰ, ਦਫ਼ਤਰ, ਸ਼ੋਅ ਰੂਮ, ਸ਼ਾਪਿੰਗ ਮਾਲ ਅਤੇ ਹੋਰ ਕਾਰੋਬਾਰ ਚਲਦੇ ਹਨ। ਕੀ ਕਦੇ ਅਜਿਹੀਆਂ ਇਮਾਰਤਾਂ ਦੀ ਕਦੇ ਜਾਂਚ ਕੀਤੀ ਜਾਂਦੀ ਹੈ ਕਿ ਸੰਕਟਮਈ ਸਥਿਤੀ ਨਾਲ ਨਿਪਟਣ ਲਈ ਇਨ੍ਹਾਂ ਵਿਚ ਕੀ ਪ੍ਰਬੰਧ ਹਨ? ਹਾਦਸਿਆਂ ਵਿਚ ਜਾਨ-ਮਾਲ ਗੁਆ ਕੇ ਜਾਗਣਾ ਸਾਡੀ ਫ਼ਿਤਰਤ ਕਿਉਂ ਬਣ ਗਈ ਹੈ?


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ, ਪਟਿਆਲਾ।

18-06-2019

 ਨਸ਼ਿਆਂ ਦਾ ਮਕੜ-ਜਾਲ
ਕਾਲੇ ਦੌਰ ਦੀ ਤ੍ਰਾਸਦੀ ਤੋਂ ਬਾਅਦ ਪੰਜਾਬ ਹੁਣ ਨਸ਼ਿਆਂ ਦੇ ਮਕੜ-ਜਾਲ ਵਿਚ ਪੂਰੀ ਤਰ੍ਹਾਂ ਫਸ ਚੁੱਕਿਆ ਹੈ। ਆਏ ਦਿਨ ਸਰੂ ਵਰਗੇ ਨੌਜਵਾਨ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ। ਅਤੀ ਘਿਨੌਣਾ ਸੱਚ ਇਹ ਹੈ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਇਸ ਭੈੜੀ ਵਾਦੀ ਦਾ ਸ਼ਿਕਾਰ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਬਠਿੰਡਾ ਵਿਖੇ ਬੇ-ਹੋਸ਼ ਪਈ ਇਕ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਡਾਕਟਰੀ ਰਿਪੋਰਟਾਂ ਅਨੁਸਾਰ ਇਹ ਲੜਕੀ 'ਚਿੱਟੇ' ਦੇ ਨਸ਼ੇ ਵਿਚ ਖ਼ਤਰਨਾਕ ਹੱਦ ਤੱਕ ਗ਼ਲਤਾਨ ਹੋ ਚੁੱਕੀ ਹੈ। ਆਖ਼ਰ ਕੌਣ ਹਨ ਇਹ ਮੌਤ ਦੇ ਸੌਦਾਗਰ ਜੋ ਰੱਬ, ਕਾਨੂੰਨ, ਪੁਲਿਸ ਅਤੇ ਸਮਾਜ ਦਾ ਖ਼ੌਫ ਭੁੱਲ ਕੇ ਪੰਜਾਬ ਦੀ ਜਵਾਨੀ ਦੀ ਬਲੀ ਲੈਣ 'ਤੇ ਤੁਲੇ ਹਨ? ਇਸ ਪ੍ਰਤੀ ਸਭ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ...
ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖੀਆਂ ਕਾਵਿ ਸਤਰਾਂ ਨੂੰ ਸੁਣਦਿਆਂ ਕਈ ਵਾਰ ਮਨ ਵਿਚ ਖਿਆਲ ਆਉਂਦਾ ਹੈ ਕਿ ਇਕ ਪਾਸੇ ਰੁੱਖ ਤੇ ਮਨੁੱਖ ਦਾ ਰਿਸ਼ਤਾ ਬਨਸਪਤੀ ਦੀ ਉਤਪਤੀ ਤੋਂ ਹੀ ਗੂੜ੍ਹਾ ਰਿਹਾ ਹੈ ਪਰ ਦੂਜੇ ਪਾਸੇ ਅੱਜ ਦਾ ਮਨੁੱਖ ਕੁਦਰਤ ਤੋਂ ਕਾਫੀ ਦੂਰ ਹੋਇਆ ਜਾਪਦਾ ਹੈ ਕਿਉਂਕਿ ਮਨੁੱਖੀ ਜੀਵਨ ਨੂੰ ਜਿਊਂਦਾ ਰੱਖਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਰੁੱਖਾਂ ਦੀ ਹਾਲਤ ਵਰਤਮਾਨ ਸਮੇਂ ਕਾਫੀ ਤਰਸਯੋਗ ਬਣੀ ਹੋਈ ਹੈ, ਜਿਥੇ ਉਪਰੋਂ ਸੂਰਜ ਦੀ ਪੈ ਰਹੀ ਤਪਸ਼ ਤੇ ਹੇਠਾਂ ਤੋਂ ਮਨੁੱਖ ਨੇ ਅੱਗ ਲਗਾ ਕੇ ਦਰੱਖਤਾਂ ਦੀ ਹਰਿਆਵਲ ਨੂੰ ਖ਼ਤਮ ਕਰ ਸੁੱਟਿਆ ਹੈ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ। ਇਕ ਪਾਸੇ ਵਾਤਾਵਰਨ ਦੀ ਸ਼ੁੱਧਤਾ ਲਈ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਪਿਛਲੇ ਸਮੇਂ ਤੋਂ ਵੱਡੀ ਮਾਤਰਾ ਵਿਚ ਦਰੱਖਤ ਲਗਾਏ ਜਾ ਰਹੇ ਹਨ, ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਪਹਿਲਾਂ ਲਗਾਏ ਗਏ ਦਰੱਖਤਾਂ ਪ੍ਰਤੀ ਇਨਸਾਨ ਦਾ ਰਵੱਈਆ ਬੜਾ ਨਿਰਦਾਇਤਾ ਵਾਲਾ ਹੈ ਤਾਂ ਨਵੇਂ ਦਰੱਖਤਾਂ ਦਾ ਹੋਂਦ ਵਿਚ ਆਉਣਾ ਸੌਖਾ ਨਹੀਂ ਜਾਪ ਰਿਹਾ। ਗੰਧਲੇ ਵਾਤਾਵਰਨ ਅਤੇ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਸਰਕਾਰਾਂ ਨੂੰ ਦਰੱਖ਼ਤਾਂ ਪ੍ਰਤੀ ਠੋਸ ਨੀਤੀ ਬਣਾਉਣੀ ਹੋਵੇਗੀ ਜਿਸ ਕਾਰਨ ਲੋਕ ਰੁੱਖਾਂ ਦੇ ਪਾਲਣ ਪੋਸ਼ਣ ਸਬੰਧੀ ਅਤੇ ਇਸ ਦੀ ਮਹੱਤਤਾ ਨੂੰ ਸਮਝ ਸਕਣ ਤੇ ਇਨ੍ਹਾਂ ਨੂੰ ਤਰਜੀਹ ਦੇ ਸਕਣ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ, ਸੰਗਰੂਰ।

ਵਧ ਰਹੀ ਆਲਮੀ ਤਪਸ਼
ਆਲਮੀ ਤਪਸ਼ ਦਿਨੋ-ਦਿਨ ਵਧ ਰਹੀ ਹੈ। ਆਲਮੀ ਤਪਸ਼ ਦੇ ਕਾਰਨ ਹਰ ਸਾਲ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਮਨੁੱਖ ਦੀ ਵਧਦੀ ਲਾਲਸਾ ਨੇ ਕੁਦਰਤੀ ਨਿਯਮਾਂ ਨੂੰ ਤੋੜ ਕੇ ਸੋਮਿਆਂ ਅਤੇ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਵਾਤਾਵਰਨ ਵਿਚ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ। ਮਨੁੱਖ ਨੂੰ ਕੁਦਰਤ ਨੇ ਅਨਮੋਲ ਦਾਤ ਹਵਾ ਪਾਣੀ ਦਿੱਤੇ ਹਨ ਪਰ ਮਨੁੱਖ ਨੇ ਆਪਣੀਆਂ ਸਵਾਰਥੀ ਲੋੜਾਂ ਦੀ ਪੂਰਤੀ ਕਰਨ ਹਿਤ ਇਨ੍ਹਾਂ ਦੋਵਾਂ ਨੂੰ ਹੀ ਦੂਸ਼ਿਤ ਕਰ ਦਿੱਤਾ ਹੈ। ਪਾਣੀ ਮਨੁੱਖੀ ਜੀਵਨ ਦੀ ਸਭ ਤੋਂ ਮੁਢਲੀ ਜ਼ਰੂਰਤ ਹੈ। ਇਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਦਾ ਡਿਗ ਰਿਹਾ ਪੱਧਰ ਆਉਣ ਵਾਲੇ ਸਮੇਂ ਲਈ ਖ਼ਤਰੇ ਦੀ ਘੰਟੀ ਹੈ। ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕੁਦਰਤ ਨਾਲ ਕੀਤੀ ਛੇੜਛਾੜ ਇਸ ਕਦਰ ਮਹਿੰਗੀ ਪੈਂਦੀ ਹੈ। ਇਸ ਦੇ ਨਤੀਜੇ ਸਾਨੂੰ ਮਿਲ ਰਹੇ ਹਨ ਪਰ ਅਸੀਂ ਫਿਰ ਵੀ ਲਾਪਰਵਾਹੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਭਿਆਨਕ ਨਤੀਜੇ ਆ ਸਕਦੇ ਹਨ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਸ੍ਰੀ ਮੁਕਤਸਰ ਸਾਹਿਬ।

ਵਿਕਾਸ ਬਨਾਮ ਵਿਨਾਸ਼!
ਸਾਡੇ ਪੰਜਾਬ ਵਿਚ ਸੜਕ ਮਾਰਗ ਬਣ ਰਹੇ ਹਨ। ਆਵਾਜਾਈ ਨੂੰ ਸੁਖਾਲਾ ਕਰਨ ਲਈ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵਧੀਆ ਗੱਲ ਹੈ ਪਰ ਇਸ ਦੇ ਬਦਲੇ ਲੱਗੇ ਹੋਏ ਦਰੱਖਤਾਂ ਦੀ ਬਲੀ ਦੇਣੀ ਪੈ ਰਹੀ ਹੈ। ਨਵੀਆਂ ਸੜਕਾਂ ਤਾਂ ਬਣ ਰਹੀਆਂ ਹਨ ਪਰ ਸੜਕਾਂ ਦੇ ਦੋਵੇਂ ਪਾਸੇ ਛਾਵਾਂ ਤੋਂ ਸੱਖਣੇ ਕੀਤੇ ਜਾ ਰਹੇ ਹਨ। ਹਜ਼ਾਰਾਂ ਰੁੱਖ ਕੱਟ-ਵੱਢ ਦਿੱਤੇ ਗਏ ਹਨ ਪਰ ਉਨ੍ਹਾਂ ਦੀ ਥਾਂ ਓਨੇ ਨਵੇਂ ਰੁੱਖ ਨਹੀਂ ਲਗਾਏ ਗਏ।
ਜੇਕਰ ਕੁਝ ਰੁੱਖ ਸੜਕਾਂ ਦੇ ਵਿਚਕਾਰ ਲੱਗੇ ਵੀ ਹਨ ਤਾਂ ਉਹ ਸਿਰਫ ਸਜਾਵਟੀ ਹੀ ਹਨ ਸਗੋਂ ਛਾਂਦਾਰ ਨਹੀਂ ਹਨ। ਉਂਜ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਪਰ ਸਾਡੀ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਪੁੱਟੇ ਗਏ ਰੁੱਖਾਂ ਦੀ ਥਾਂ ਚੌਗੁਣੇ ਰੁੱਖ ਲਗਵਾਉਣ ਵੱਲ ਧਿਆਨ ਦੇਵੇ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।

ਸਾਹਿਤਕ ਚੋਰ
ਅਜੀਤ ਅਖਬਾਰ ਦੇ 08.06.2019. ਦੇ ਬਾਲ ਸੰਸਾਰ ਅੰਕ ਵਿਚ ਸਾਹਿਤਕ ਚੋਰੀ ਬਾਰੇ ਸਪੱਸ਼ਟੀਕਰਨ ਲੱਗਾ ਸੀ। ਦੇਰ ਆਏ ਦਰੁਸਤ ਆਏ ਦੇ ਕਥਨ ਅਨੁਸਾਰ ਆਉਣ ਵਾਲੇ ਸਮੇਂ ਵਿਚ ਸਾਹਿਤਕ ਚੋਰ ਸੌ ਵਾਰੀ ਸੋਚਿਆ ਕਰਨਗੇ। ਪੰਜ ਛੇ ਤਾਂ ਨਕਲੀ ਲੇਖਕ ਮੇਰੀਆਂ ਲਿਖਤਾਂ ਚੋਰੀ ਕਰਕੇ ਛਪਵਾ ਚੁੱਕੇ ਹਨ ਜਦੋਂ ਮੈਂ ਇਤਰਾਜ਼ ਕਰਦਾ ਹਾਂ ਤਾਂ ਝੱਟ ਗ਼ਲਤੀ ਮੰਨ ਲੈਂਦੇ ਹਨ। 'ਵਿਸਾਖੀਆਂ ਨਾਲ ਤੁਰਨ ਵਾਲੇ ਕਦੇ ਵੀ ਮੂਧੇ ਮੂੰਹ ਡਿੱਗ ਸਕਦੇ ਹਨ' ਕਹਿੰਦੇ ਹਨ ਚੋਰਾਂ ਦੇ ਪੈਰ ਨਹੀਂ ਹੁੰਦੇ। ਚੋਰ ਨੇ ਅਕਸਰ ਫੜੇ ਹੀ ਜਾਣਾ ਹੁੰਦਾ ਹੈ। ਸੋ ਇਸ ਕਲੰਕ ਤੋਂ ਬਚੋ। ਸਾਰੀ ਦੁਨੀਆ ਕਿਹੜਾ ਲੇਖਕ ਬਣੀ ਹੋਈ ਹੈ ਜੇ ਤੁਸੀਂ ਨਾ ਬਣੋਗੇ ਫਿਰ ਕਿਹੜਾ ਆਫਤ ਆਉਣ ਲੱਗੀ ਹੈ। ਸਾਹਿਤਕ ਚੋਰਾਂ ਨੂੰ ਨੱਥ ਪਾਉਣ ਲਈ ਬਹੁਤ ਹੀ ਹਰਮਨ ਪਿਆਰੇ 'ਅਜੀਤ' ਅਖਬਾਰ ਵਲੋਂ ਕੀਤੇ ਗਏ ਪਵਿੱਤਰ ਤੇ ਮਹਾਨ ਕਾਰਜ ਲਈ ਮੈਂ ਭਰਪੂਰ ਪ੍ਰਸੰਸਾ ਕਰਦਾ ਹਾਂ।

-ਅਮਰੀਕ ਸਿੰਘ
ਤਲਵੰਡੀ ਕਲਾਂ, ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ।

14-06-2019

 ਕਿੱਧਰ ਜਾ ਰਿਹਾ ਪਾਣੀ
ਪੰਜਾਬ ਦਾ ਪਾਣੀ ਕਿੱਧਰ ਚਲਾ ਗਿਆ? ਸਮਝ ਨਹੀਂ ਆ ਰਹੀ। ਜਿਹੜੇ ਸੂਏ, ਕੱਸੀਆਂ ਅਤੇ ਨਹਿਰਾਂ ਪਾਣੀ ਨਾਲ ਭਰੇ ਚਲਦੇ ਹੁੰਦੇ ਸੀ, ਉਨ੍ਹਾਂ 'ਚ ਹੁਣ ਸਾਲ ਵਿਚ ਇਕ-ਅੱਧ ਵਾਰ ਹੀ ਪਾਣੀ ਆਉਂਦਾ ਹੈ, ਉਹ ਵੀ ਬਿਲਕੁਲ ਥੋੜ੍ਹਾ, ਜਿਵੇਂ ਕੋਈ ਵੱਟ ਰਿਸਦੀ ਹੋਵੇ ਅਤੇ ਆਉਂਦਾ ਵੀ ਏਨੀ ਕੁ ਦੇਰ ਕਿ ਰਾਤ ਨੂੰ ਆਇਆ ਸਵੇਰ ਤੱਕ ਉਹ ਵੀ ਬੰਦ ਹੋ ਜਾਂਦਾ ਹੈ। ਇਹੀ ਸੂਏ ਅਤੇ ਕੱਸੀਆਂ ਨੂੰ ਸਿੰਚਾਈ ਦਾ ਸਾਧਨ ਮੰਨਿਆ ਜਾਂਦਾ ਰਿਹਾ ਹੈ। ਪਰ ਹੁਣ ਇਨ੍ਹਾਂ ਵਿਚ ਦਰੱਖਤਾਂ ਦੇ ਸੁੱਕੇ ਪੱਤੇ ਹੀ ਦੇਖਣ ਨੂੰ ਮਿਲਦੇ ਹਨ। ਕੂੜਾ ਸੁੱਟਣ ਵਾਲੇ ਟੋਇਆਂ ਵਰਗੀ ਹਾਲਤ ਹੋਈ ਪਈ ਹੈ। ਥੋੜ੍ਹੇ ਸਮੇਂ ਬਾਅਦ ਮਨਰੇਗਾ ਯੋਜਨਾ ਅਧੀਨ ਕੰਮ ਕਰਨ ਵਾਲੇ ਕਾਮੇ ਇਨ੍ਹਾਂ ਦੀ ਸਾਫ਼-ਸਫਾਈ ਕਰ ਦਿੰਦੇ ਹਨ। ਇਨ੍ਹਾਂ ਦੇ ਕਿਨਾਰਿਆਂ 'ਤੇ ਲਾਏ ਨਵੇਂ ਰੁੱਖ ਵੀ ਪਾਣੀ ਦੀ ਥੁੜ ਕਾਰਨ ਗਰਮੀ ਦੀ ਮਾਰ ਨਹੀਂ ਝੱਲ ਸਕਦੇ। ਜੇਕਰ ਇਨ੍ਹਾਂ ਵਿਚ ਪਾਣੀ ਆਉਂਦਾ ਹੋਵੇ ਤਾਂ ਕੋਈ ਵੀ ਭਲਾ ਪੁਰਸ਼ ਸੂਏ ਵਿਚੋਂ ਪਾਣੀ ਕੱਢ ਕੇ ਬੂਟਿਆਂ ਵਿਚ ਪਾ ਸਕਦਾ ਹੈ ਕਿਉਂਕਿ ਹੁਣ ਲੋਕ ਮਹਿਸੂਸ ਕਰ ਰਹੇ ਹਨ ਕਿ ਰੁੱਖ ਲਾਉਣੇ ਤੇ ਬਚਾਉਣੇ ਸਾਡੀ ਲਈ ਬਹੁਤ ਜ਼ਰੂਰੀ ਹਨ।


-ਅੰਮ੍ਰਿਤ ਕੌਰ, ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਰੁੱਖਾਂ ਦੀ ਅਹਿਮੀਅਤ
ਜੂਨ ਮਹੀਨੇ ਦੇ ਸ਼ੁਰੂ ਹੁੰਦੇ ਹੀ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਅਤੇ ਗਰਮੀ ਨਾਲ ਬੇਹਾਲ ਲੋਕਾਂ ਨੂੰ ਰੁੱਖਾਂ ਦੀ ਘਾਟ ਵੀ ਮਹਿਸੂਸ ਹੋਣ ਲੱਗੀ ਹੈ। ਦਫ਼ਤਰਾਂ ਅਤੇ ਕੰਮਕਾਜ ਵਾਲੀਆਂ ਥਾਵਾਂ 'ਤੇ ਅਕਸਰ ਹਰ ਵਿਅਕਤੀ ਆਪਣੇ ਵਾਹਨ ਨੂੰ ਰੋਕਣ ਲਈ ਰੁੱਖ ਦੀ ਛਾਂ ਦੀ ਘਾਟ ਮਹਿਸੂਸ ਕਰਦਾ ਹੈ। ਵਾਤਾਵਰਨ ਨੂੰ ਸੰਤੁਲਿਤ ਅਤੇ ਸਾਫ਼-ਸੁਥਰਾ ਰੱਖਣ ਲਈ ਰੁੱਖ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ ਹਨ। ਮਨੁੱਖ ਨੇ ਆਪਣੇ ਐਸ਼ੋ-ਆਰਾਮ ਦੇ ਸਾਧਨਾਂ ਦੀ ਪੂਰਤੀ ਲਈ ਕੁਦਰਤ ਨਾਲ ਅੰਨ੍ਹੇਵਾਹ ਖਿਲਵਾੜ ਕੀਤਾ। ਉਸ ਨੇ ਕੁਦਰਤੀ ਸਰੋਤ ਹਵਾ, ਪਾਣੀ ਨੂੰ ਬੇਤਹਾਸ਼ਾ ਦੂਸ਼ਿਤ ਕਰਨ ਦੇ ਨਾਲ-ਨਾਲ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ। ਧਰਤੀ 'ਤੇ ਜੀਵਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਲੋੜ ਹੈ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਜੰਗਲਾਂ ਹੇਠ ਰਕਬਾ ਵਧਾਉਣ ਲਈ ਠੋਸ ਪ੍ਰੋਗਰਾਮ ਉਲੀਕੇ ਜਾਣ। ਇਹ ਤਾਂ ਹੀ ਸੰਭਵ ਹੈ ਜੇ ਸਾਡੇ ਦੇਸ਼ ਦੇ ਨੇਤਾ ਏ.ਸੀ. ਸਹੂਲਤਾਂ ਵਿਚੋਂ ਬਾਹਰ ਨਿਕਲ ਕੇ ਆਮ ਲੋਕਾਂ ਵਿਚ ਵਿਚਰ ਕੇ ਵੇਖਣਗੇ।


-ਗੁਰਦੀਪ ਬਰਾੜ. ਕੋਟਲੀ ਅਬਲੂ।


ਚੜ੍ਹਦੀ ਕਲਾ ਵਿਚ ਰਹਿਣਾ
ਬੱਬੂ ਤੀਰ ਹੁਰਾਂ ਦਾ 'ਨੇੜਿਓਂ ਤੱਕੀ' ਪੜ੍ਹਿਆ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਾਰੇ ਉਹ ਅਕਸਰ ਲਿਖਦੇ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਸਮਝਣ ਲਈ ਕਈ ਵਾਰ ਦੋ-ਦੋ ਵਾਰ ਵੀ ਪੜ੍ਹਨੀਆਂ ਪੈਂਦੀਆਂ ਹਨ। ਧਾਰਮਿਕ ਪੁਸਤਕਾਂ ਵੀ ਸਾਨੂੰ ਦੁੱਖ ਅਤੇ ਸੁੱਖ ਵਿਚ ਚੜ੍ਹਦੀ ਕਲਾ ਵਿਚ ਰਹਿਣ ਲਈ ਸਬਕ ਦਿੰਦੀਆਂ ਹਨ। ਅੱਜ ਦਾ ਮਨੁੱਖ ਜ਼ਰਾ ਜਿੰਨਾ ਵੀ ਦੁੱਖ ਨਹੀਂ ਸਹਾਰ ਸਕਦਾ। ਝੱਟ ਕੁਦਰਤ ਦੀ ਬਖਸ਼ੀ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਕਰਦਾ ਹੈ। ਚੜ੍ਹਦੀ ਕਲਾ ਵਿਚ ਰਹਿਣਾ ਤਾਂ ਜਿਵੇਂ ਭੁੱਲ ਹੀ ਗਏ ਹਾਂ। ਹਰ ਵਕਤ ਨਾਕਾਰਾਤਮਿਕ ਸੋਚਾਂ ਵਿਚ ਪਏ ਰਹਿਣਾ ਕੁਦਰਤ ਵਲੋਂ ਮਿਲੀ ਖੁਸ਼ੀ ਨੂੰ ਵੀ ਅਜਾਈਂ ਗੁਆ ਲੈਂਦੇ ਹਾਂ। ਕਈ ਵਾਰ ਇਕੱਲਤਾ ਵਿਚ ਸੋਚਿਆ ਜ਼ਿੰਦਗੀ ਨੂੰ ਸਾਰਥਿਕ ਬਣਾ ਦਿੰਦਾ ਹੈ ਤੇ ਆਪਣੇ ਮੂੰਹ ਵੀ ਨਿਕਲ ਜਾਂਦਾ ਹੈ ਕਿ 'ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ।' ਤੀਰ ਹੁਰਾਂ ਠੀਕ ਹੀ ਕਿਹਾ ਹੈ ਕਿ 'ਧੁੱਪਾਂ ਤੋਂ ਉਹ ਡਰਦੇ ਹਨ, ਜਿਹੜੇ ਆਪ ਛਾਂ ਬਣ ਜਾਣਾ ਨਹੀਂ ਸਿੱਖਦੇ। ਜ਼ਿੰਦਗੀ ਵਿਚ ਕਿਸੇ ਕਿਸਮ ਦਾ ਘਾਟਾ ਨਹੀਂ ਸਿਰਫ ਹਾਰ ਨੂੰ ਪਾਸੇ ਕਰਕੇ ਸਹੀ ਜ਼ਿੰਦਗੀ ਜਿਊਣ ਲਈ ਸਦਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਚੜ੍ਹਦੀ ਕਲਾ ਵਿਚ ਰਹਿਣ ਨਾਲ ਹਨ੍ਹੇਰੇ ਰਾਹ ਵੀ ਰੌਸ਼ਨ ਹੋ ਜਾਂਦੇ ਹਨ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਬਸਤਿਆਂ ਦਾ ਬੋਝ
ਸਕੂਲੀ ਬੱਚਿਆਂ ਦੇ ਬਸਤਿਆਂ ਦੇ ਬੋਝ ਨੂੰ ਲੈ ਕੇ ਵਿਨੋਦ ਸ਼ਰਮਾ ਜੀ ਨੇ ਖੁੰਢ ਚਰਚਾ 'ਚ ਬਹੁਤ ਸੋਹਣੀ ਗੱਲ ਕੀਤੀ ਹੈ। ਉਨ੍ਹਾਂ ਬਸਤਿਆਂ ਦੇ ਬੋਝ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ ਜੋ ਬਿਲਕੁਲ ਵਾਜਬ ਹੈ। ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਭਾਰ ਤੋਂ ਵੱਧ ਬਸਤੇ ਦਾ ਬੋਝ ਉਠਾਉਣਾ ਪੈ ਰਿਹਾ ਹੈ। ਬਿਨਾਂ ਕਿਸੇ ਕਾਰਨ ਭਾਵ ਪੜ੍ਹਾਈ ਦੇ ਨਾਂਅ 'ਤੇ ਉਨ੍ਹਾਂ ਦੇ ਸਰੀਰਕ ਵਿਕਾਸ 'ਤੇ ਮਾੜਾ ਅਸਰ ਪੈ ਰਿਹਾ ਹੈ। ਪਿੱਛੇ ਜਿਹੇ ਕੇਂਦਰ ਸਰਕਾਰ ਵਲੋਂ ਜਮਾਤਾਂ ਅਤੇ ਬੱਚੇ ਦੀ ਉਮਰ ਅਨੁਸਾਰ ਸੂਚੀ ਤਿਆਰ ਕਰਕੇ ਰਾਜ ਸਰਕਾਰਾਂ ਨੂੰ ਭੇਜੀ ਸੀ। ਵਾਧੂ ਕਿਤਾਬਾਂ-ਕਾਪੀਆਂ ਇਕ ਪਾਸੇ ਬੱਚੇ ਦੇ ਸਰੀਰ 'ਤੇ ਬੋਝ ਦੂਜਾ ਮਾਪਿਆਂ 'ਤੇ ਆਰਥਿਕ ਬੋਝ, ਕੇਂਦਰ ਦੇ ਫ਼ੈਸਲੇ ਨਾਲ ਕੁਝ ਰਾਹਤ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ ਪਰ ਪਰਨਾਲਾ ਉਥੇ ਦਾ ਉਥੇ ਹੈ। ਛੋਟੇ-ਛੋਟੇ ਬੱਚਿਆਂ ਦੀ ਸਹਾਇਤਾ ਅਕਸਰ ਮਾਪੇ ਜਾਂ ਬਜ਼ੁਰਗ ਦਾਦਾ-ਦਾਦੀ ਵਗੈਰਾ ਕਰਦੇ ਹਨ। ਉਨ੍ਹਾਂ ਤੋਂ ਵੀ ਬਸਤਿਆਂ ਦਾ ਭਾਰ ਦੱਸਣਾ ਕਠਿਨ ਹੈ। ਕੁੱਲ ਮਿਲਾ ਕੇ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਜ਼ਰੂਰ ਦੇਣਾ ਬਣਦਾ ਹੈ। ਬਸਤਿਆਂ ਦਾ ਬੋਝ ਬੱਚੇ ਉਠਾ ਰਹੇ ਹਨ ਅਤੇ ਇਸੇ ਦੀ ਆੜ ਹੇਠ ਪ੍ਰਾਈਵੇਟ ਸਕੂਲਾਂ ਵਲੋਂ ਆਰਥਿਕ ਲੁੱਟ-ਖਸੁੱਟ ਦਾ ਬੋਝ ਵਿਚਾਰੇ ਮਾਪੇ ਉਠਾ ਰਹੇ ਹਨ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸੱਤਵਾਂ ਦਰਿਆ
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਜਿਥੇ ਕਿਸੇ ਵੇਲੇ ਪੰਜ ਦਰਿਆ ਵਗਦੇ ਸਨ ਪਰ ਫਿਰ ਸਮਾਂ ਪਾ ਕੇ ਇਕ ਛੇਵਾਂ ਦਰਿਆ ਵੀ ਸ਼ੁਰੂ ਹੋਇਆ ਨਸ਼ਿਆਂ ਦਾ, ਜੋ ਹੌਲੀ-ਹੌਲੀ ਵਧਦਾ-ਵਧਦਾ ਏਨਾ ਤੇਜ਼ ਵਗਣ ਲੱਗਾ ਕਿ ਇਸ ਨੇ ਉਹ ਗੱਭਰੂ, ਜਿਨ੍ਹਾਂ ਨੂੰ ਅਟਕ ਤੇ ਸਰਸਾ ਨਹੀਂ ਡੋਬ ਸਕੇ, ਉਨ੍ਹਾਂ ਨੂੰ ਵਹਾ ਲੈ ਗਿਆ। ਪਿਛਲੇ ਇਕ ਦਹਾਕੇ ਤੋਂ ਇਕ ਨਵਾਂ ਦਰਿਆ ਹੋਰ ਸ਼ੁਰੂ ਹੋਇਆ ਸੀ, ਜਿਸ ਵਿਚ ਅਸੀਂ ਖ਼ੁਦ ਛਾਲਾਂ ਮਾਰ ਰਹੇ ਤੇ ਆਪਣਿਆਂ ਨੂੰ ਧੱਕਾ ਵੀ ਦੇ ਰਹੇ ਹਾਂ। ਹਾਂ, ਇਸ ਨੂੰ ਮੈਂ ਉਹ ਦਰਿਆ ਕਹਾਂਗਾ ਜੋ ਸ਼ੁਰੂ ਤਾਂ ਪੰਜਾਬ ਤੋਂ ਹੁੰਦਾ ਹੈ ਪਰ ਖ਼ਤਮ ਵੱਖ-ਵੱਖ ਦੇਸ਼ਾਂ 'ਚ ਹੁੰਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਬੰਦਾ ਡਿਗਦਾ ਆਪਣੀ ਮਰਜ਼ੀ ਨਾਲ ਹੈ ਪਰ ਉਹ ਆਪਣੀ ਮਰਜ਼ੀ ਨਾਲ ਨਿਕਲ ਨਹੀਂ ਸਕਦਾ। ਨੌਜਵਾਨਾਂ ਨੂੰ ਇਥੇ ਰਹਿੰਦਿਆਂ ਕੋਈ ਉੱਜਵਲ ਭਵਿੱਖ ਨਹੀਂ ਦਿਖਦਾ। ਸਮਾਂ ਇਹੋ ਜਿਹਾ ਚੱਲ ਰਿਹਾ ਹੈ ਕਿ ਸਰਕਾਰੀ ਅਦਾਰੇ ਅਤੇ ਸਰਕਾਰੀ ਯੂਨੀਵਰਸਿਟੀਆਂ ਵੀ ਆਇਲੈਟਸ ਕਰਾਉਣ 'ਤੇ ਮਜਬੂਰ ਹਨ। ਦਾਖ਼ਲੇ ਆਏ ਸਾਲ ਘਟ ਰਹੇ ਹਨ। ਵਿਦੇਸ਼ਾਂ ਵਿਚ ਜਾ ਸਾਡੇ ਨੌਜਵਾਨ ਸਿਰਫ ਹੋਟਲਾਂ 'ਚ ਕੰਮ, ਟਰੱਕ ਚਲਾਉਣ ਆਦਿ ਕੰਮਾਂ ਜੋਗੇ ਰਹਿ ਜਾਂਦੇ ਹਨ। ਏਜੰਟਾਂ ਦੀ ਤਾਂ ਪੰਜੇ ਛੱਡੋ ਦਸੇ ਉਂਗਲਾਂ ਘਿਉ 'ਚ ਹਨ। ਸਰਕਾਰ ਨੇ ਜੇਕਰ ਸਮਾਂ ਰਹਿੰਦੇ ਆਪਣੀਆਂ ਨੀਤੀਆਂ 'ਚ ਨਾ ਸੁਧਾਰ ਕੀਤਾ ਅਤੇ ਰੁਜ਼ਗਾਰ ਦਰ ਐਵੇਂ ਹੀ ਘਟਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਸੇ-ਪਾਸੇ ਕੋਈ ਟਾਵਾਂ-ਟਾਵਾਂ ਨੌਜਵਾਨ ਦਿਸਿਆ ਕਰੂ। ਕਿਉਂਕਿ ਇਹ ਸਤਵਾਂ ਦਰਿਆ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਏਦਾ ਨਾ ਹੋਵੇ ਸੋਹਣੇ ਦੇਸ਼ ਪੰਜਾਬ ਨੂੰ ਡੋਬ ਦੇਵੇ।


-ਕਮਲਪ੍ਰੀਤ ਸਿੰਘ, ਪਿੰਡ ਤੇ ਡਾਕ: ਦਾਖਾ, ਲੁਧਿਆਣਾ।

13-06-2019

 ਫ਼ਤਹਿ ਦੀ ਮੌਤ ਸਾਡੇ ਲਈ ਸਬਕ
ਫ਼ਤਹਿਵੀਰ ਸਿੰਘ ਪੰਜਾਬ ਦਾ ਉਹ ਪੁੱਤਰ ਸੀ ਜੋ ਸਭ ਤੋਂ ਛੋਟੀ ਉਮਰ ਵਿਚ ਕੁੱਲ ਅਵਾਮ ਨੂੰ ਪੰਜਾਬ ਦੇ ਸਰਕਾਰੀ ਪ੍ਰਬੰਧ ਦੇ ਖੋਖਲੇਪਣ ਬਾਰੇ ਸੋਚਣ ਲਈ ਮਜਬੂਰ ਕਰ ਗਿਆ। ਜਿਵੇਂ ਭਗਤ ਸਿੰਘ ਹੋਰਾਂ ਨੇ ਸੁਚੇਤ ਹੋ ਅਸੈਂਬਲੀ 'ਚ ਬੰਬ ਸੁੱਟ ਕੇ ਗੋਰੀ ਸਰਕਾਰ ਨੂੰ ਵੰਗਾਰਿਆ ਸੀ, ਉਸੇ ਤਰ੍ਹਾਂ ਇਸ ਅਣਭੋਲ ਜਿੰਦ ਨੇ ਸਾਨੂੰ ਵੰਗਾਰਿਆ ਹੈ। ਉਸ ਦਾ ਮਰਨਾ ਸਾਡੇ ਲਈ ਸਬਕ ਹੈ ਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ ਉਹ ਸਾਡੀ ਹਿਫਾਜ਼ਤ ਕਰਨ ਦੀ ਜਗ੍ਹਾ ਸਾਡੀ ਮੌਤ ਦੀ ਵੀ ਖਿੱਲੀ ਉਡਾਉਂਦੇ ਹਨ। ਉਂਜ ਅਸੀਂ ਰੀਸ ਵਿਕਸਤ ਦੇਸ਼ਾਂ ਦੀ ਕਰਦੇ ਹਾਂ ਪਰ ਹਕੀਕਤ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਵੀ ਫਾਡੀ ਹਾਂ। ਅਣਜਾਣਪੁਣੇ ਕਾਰਨ ਮੌਤ ਦੇ ਮੂੰਹ ਵਿਚ ਪਏ ਮਾਸੂਮ ਨੂੰ ਬਚਾਉਣ ਦੇ ਜੇਕਰ ਸਾਡੇ ਕੋਲ ਆਧੁਨਿਕ ਸਾਧਨ ਨਹੀਂ ਹਨ ਤਾਂ ਜਾਣਬੁੱਝ ਕੇ ਮਾਰਨ ਵਾਲੇ ਰਾਫ਼ੇਲ ਜਹਾਜ਼ ਸਾਨੂੰ ਨਹੀਂ ਚਾਹੀਦੇ। ਸਭ ਤੋਂ ਵੱਡੀ ਹੈਰਾਨੀ ਹੁੰਦੀ ਹੈ ਕਿ ਪ੍ਰਸ਼ਾਸਨ ਕੋਲ ਕਿਸੇ ਵੀ ਘਟਨਾ ਨਾਲ ਨਜਿੱਠਣ ਦੀ ਵਿਧੀਬੱਧ ਤਕਨੀਕ ਨਹੀਂ ਹੈ। ਜੇਕਰ ਅਸੀਂ ਆਪੋ-ਧਾਪੀ 'ਚ ਹਰ ਮੁਸੀਬਤ ਜਾਂ ਘਟਨਾ ਵਿਚ ਪ੍ਰਭਾਵਿਤ ਵਿਅਕਤੀ ਨੂੰ ਬਚਾਉਣ ਲਈ ਇਕ ਟਰਾਇਲ ਸਮਝ ਕੇ ਜੁਗਾੜਬਾਜ਼ੀ ਹੀ ਕਰਨੀ ਹੈ ਤਾਂ ਫਿਰ ਕਿਹੜੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ? ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਭਵਿੱਖ 'ਚ ਸੁਧਾਰ ਹੋ ਸਕੇ।


-ਜਗਦੀਪ ਸਿੰਘ ਭੁੱਲਰ, ਬਠਿੰਡਾ।


* ਆਖ਼ਰ 5 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਫ਼ਤਹਿਵੀਰ ਅਣਹੋਣੀ ਮੌਤ ਦਾ ਸ਼ਿਕਾਰ ਹੋ ਗਿਆ। ਸਾਡੀ ਪੀੜ੍ਹੀ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੋ ਇਕ ਮਾਸੂਮ ਨੂੰ ਨਹੀਂ ਬਚਾ ਸਕੇ। ਅਸੀਂ ਬੇਲੋੜੀਆਂ ਮੂਰਤੀਆਂ, ਬੁੱਤਾਂ ਅਤੇ ਯਾਦਗਾਰਾਂ ਉੱਪਰ ਅਰਬਾਂ-ਖਰਬਾਂ ਤਾਂ ਖਰਚ ਸਕਦੇ ਹਾਂ ਪਰ ਅਜਿਹੀ ਕੋਈ ਤਕਨੀਕ ਨਹੀਂ ਵਿਕਸਤ ਕਰ ਸਕੇ ਜੋ ਫ਼ਤਹਿਵੀਰ ਵਰਗੇ ਮਾਸੂਮਾਂ ਜਾਂ ਨਿੱਤ ਦਿਨ ਖੂਹੀਆਂ ਪੁੱਟਣ ਸਮੇਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਮਜ਼ਦੂਰਾਂ ਦਾ ਬਚਾਅ ਕਰ ਸਕੇ। ਵਿਦੇਸ਼ਾਂ 'ਚ ਅਜਿਹੀਆਂ ਡਰਿੱਲ ਮਸ਼ੀਨਾਂ ਬਣ ਚੁੱਕੀਆਂ ਹਨ ਜੋ ਇਕ ਘੰਟੇ ਵਿਚ ਇਕ ਮੀਟਰ ਚੌੜਾ 70 ਮੀਟਰ ਡੂੰਘਾ ਟੋਅ ਪੁੱਟ ਸਕਦੀਆਂ ਹਨ। ਅਸੀਂ ਧਰਤੀ ਹੇਠਲਾ ਪਾਣੀ ਏਨਾ ਥੱਲੇ ਲੈ ਗਏ ਹਾਂ ਕਿ ਸਾਨੂੰ 200-200 ਫੁੱਟ ਡੂੰਘੇ ਬੋਰਵੈੱਲ ਪੁੱਟਣੇ ਪੈ ਰਹੇ ਹਨ। ਇਹੀ ਬੋਰਵੈੱਲ ਪਤਾ ਨਹੀਂ ਕਿੰਨੇ ਕੁ 'ਫ਼ਤਹਿਵੀਰਾਂ' ਦੀ ਜਾਨ ਦਾ ਖੌਅ ਬਣ ਰਹੇ ਹਨ। ਹੁਣ ਅਸੀਂ ਇਨਕੁਆਰੀਆਂ, ਰਿਪੋਰਟਾਂ ਤਲਬ ਕਰ ਕੇ ਅਤੇ ਇਕ-ਦੂਸਰੇ 'ਤੇ ਇਲਜ਼ਾਮ ਲਗਾ ਕੇ ਸੁਰਖ਼ਰੂ ਹੋ ਜਾਵਾਂਗੇ ਪਰ ਉਸ ਮਾਸੂਮ ਜ਼ਿੰਦੜੀ ਨੂੰ ਵਾਪਸ ਨਹੀਂ ਲਿਆ ਸਕਦੇ। ਸਾਨੂੰ ਮੁਆਫ਼ ਕਰੀਂ ਫ਼ਤਿਹਵੀਰ ਪੁੱਤਰਾ...ਅਸੀਂ ਤੇਰੇ ਗੁਨਾਹਗ਼ਾਰ ਹਾਂ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


* ਪਿਛਲੇ ਕਈ ਦਿਨਾਂ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਮਾਸੂਮ ਫ਼ਤਹਿਵੀਰ ਨੂੰ ਬੋਰਵੈੱਲ ਵਿਚੋਂ ਸਹੀ ਸਲਾਮਤ ਬਾਹਰ ਆਉਣ ਦੀਆਂ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀਆਂ। ਆਖ਼ਰ ਫ਼ਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਮਾਸੂਮ ਦੀ ਮੌਤ ਦਾ ਜਿਥੇ ਦੁੱਖ ਹੈ, ਉਥੇ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਸਾਡੇ ਦੇਸ਼ ਵਿਚ ਕੋਈ ਵੀ ਅਜਿਹੀ ਤਕਨੀਕ ਨਹੀਂ ਹੈ ਜਿਹੜੀ ਏਨੇ ਡੂੰਘੇ ਟੋਏ ਵਿਚੋਂ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਵੇ। ਇਹ ਸਾਡੀਆਂ ਮੌਜੂਦਾ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਵੀ ਹੈ। ਇਸ ਬੱਚੇ ਦੀ ਮੌਤ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨ 'ਤੇ ਵੀ ਹੁਣ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਜਦੋਂ ਇਹ ਘਟਨਾ ਵਾਪਰੀ ਸੀ, ਉਸ ਵਕਤ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਫ਼ੌਜ ਨੂੰ ਕਿਉਂ ਨਹੀਂ ਬੁਲਾਇਆ ਤੇ ਇਕ ਡੇਰੇ ਦੇ ਸ਼ਰਧਾਲੂਆਂ ਨੂੰ ਇਹ ਕੰਮ ਕਿਉਂ ਸੌਂਪਿਆ ਗਿਆ?
ਜੇਕਰ ਸਾਡੀ ਮੌਜੂਦਾ ਪੰਜਾਬ ਸਰਕਾਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਸ ਬੱਚੇ ਨੂੰ ਜਲਦੀ ਬਾਹਰ ਕੱਢਣ ਲਈ ਸਖ਼ਤ ਹਦਾਇਤਾਂ ਦਿੰਦੀ ਤੇ ਇਸ ਕੰਮ ਦੀ ਕਮਾਨ ਫ਼ੌਜ ਦੇ ਹੱਥ ਦਿੰਦੀ ਤਾਂ ਫ਼ਤਹਿਵੀਰ ਦੀ ਮੌਤ ਨਾ ਹੁੰਦੀ। ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਸੂਰਵਾਰ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਇਹ ਘਟਨਾ ਕਿਸੇ ਬਾਹਰਲੇ ਮੁਲਕ ਵਿਚ ਵਾਪਰੀ ਹੁੰਦੀ ਤਾਂ ਬੱਚੇ ਨੂੰ ਕੁਝ ਘੰਟਿਆਂ ਵਿਚ ਹੀ ਉਥੋਂ ਦੇ ਪ੍ਰਸ਼ਾਸਨ ਨੇ ਕੱਢ ਲੈਣਾ ਸੀ ਪਰ ਸਾਡੀਆਂ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਹਨ। ਆਮ ਲੋਕਾਂ ਨੂੰ ਵੀ ਇਹੋ ਜਿਹੇ ਖੁੱਲ੍ਹੇ ਬੋਰਵੈੱਲ ਵਾਲੀਆਂ ਲਾਪਰਵਾਹੀਆਂ ਨਹੀਂ ਵਰਤਣੀਆਂ ਚਾਹੀਦੀਆਂ ਤਾਂ ਕਿ ਅਗਾਂਹ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।


-ਸੁਖਦੇਵ ਸਿੱਧੂ ਕੁਸਲਾ, ਤਹਿ: ਸਰਦੂਲਗੜ੍ਹ।


* ਇਹ ਖ਼ਬਰ ਬੜਾ ਦੁੱਖ ਦੇਣ ਵਾਲੀ ਸੀ ਕਿ ਦੋ ਸਾਲ ਦਾ ਫ਼ਤਹਿਵੀਰ ਬੋਰ ਵਿਚ ਡਿਗ ਪਿਆ ਸੀ ਤੇ ਉਸ ਨੂੰ ਕੱਢਣ ਲਈ ਪੰਜ-ਛੇ ਦਿਨ ਲੱਗ ਗਏ। ਏਨੀ ਦੇਰ ਹੋਣ ਕਾਰਨ ਲੋਕਾਂ ਵਿਚ ਗੁੱਸਾ ਆਉਣਾ ਸੁਭਾਵਿਕ ਹੀ ਸੀ। ਇਸ ਗੱਲ ਦਾ ਬੜਾ ਦੁੱਖ ਹੈ ਕਿ ਬੱਚੇ ਦੀ ਜਾਨ ਚਲੀ ਗਈ ਪਰ ਹੁਣ ਵੇਲਾ ਹੈ ਅਜਿਹਾ ਕਰਨ ਦਾ ਜਿਸ ਨਾਲ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਇਸ ਲਈ ਜਿਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਚੁੱਕੇ, ਉਥੇ ਸਾਡਾ ਸਭ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸੇ-ਪਾਸੇ ਇਸ ਤਰ੍ਹਾਂ ਦੇ ਬੋਰਾਂ ਨੂੰ ਬੰਦ ਕਰਨ ਲਈ ਦਿਲੋਂ ਜ਼ਿੰਮੇਵਾਰੀ ਨਾਲ ਕੰਮ ਕਰੀਏ। ਪਹਿਲਾਂ ਅਜਿਹੇ ਬੋਰ ਸਰਕਾਰ ਦੇ ਧਿਆਨ ਵਿਚ ਲਿਆਈਏ, ਜੇ ਉਹ ਕੁਝ ਨਹੀਂ ਕਰਦੀ ਤਾਂ ਇਹ ਬੋਰ ਬੰਦ ਕਰੀਏ। ਇਹ ਕਾਰਜ ਹੀ ਫ਼ਤਹਿਵੀਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਆਓ, ਸਾਰੇ ਇਸ ਕੰਮ ਲਈ ਅੱਜ ਤੋਂ ਹੀ ਜੁੱਟ ਜਾਈਏ। ਬੋਰਾਂ ਦੇ ਨਾਲ-ਨਾਲ ਪੁਰਾਣੇ ਖੂਹਾਂ ਵੱਲ ਵੀ ਧਿਆਨ ਦੇਈਏ।


-ਜਸਕਰਨ ਲੰਡੇ, ਜ਼ਿਲ੍ਹਾ ਮੋਗਾ।


* ਬੋਲਵੈੱਲਾਂ ਵਿਚ ਬੱਚੇ ਡਿਗਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਕੁਝ ਕੁ ਦਿਨਾਂ ਬਾਅਦ ਹੀ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕੁਝ ਸਾਲ ਪਹਿਲਾਂ ਜਦ ਹਰਿਆਣਾ ਵਿਚ ਪ੍ਰਿੰਸ ਨਾਂਅ ਦਾ ਬੱਚਾ ਬੋਰਵੈੱਲ ਵਿਚ ਡਿਗਿਆ ਸੀ ਤਾਂ ਪ੍ਰਸ਼ਾਸਨ ਵਲੋਂ ਵੱਡੇ-ਵੱਡੇ ਬਿਆਨ ਦਿੱਤੇ ਗਏ ਸਨ ਕਿ ਭਵਿੱਖ ਵਿਚ ਅਜਿਹੀ ਕੋਈ ਵੀ ਘਟਨਾ ਨਹੀਂ ਹੋਵੇਗੀ ਅਤੇ ਇਸ ਪ੍ਰਕਾਰ ਖੁੱਲ੍ਹਾ ਬੋਰ ਛੱਡਣ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਉਸ ਤੋਂ ਬਾਅਦ ਵੀ ਬੱਚਿਆਂ ਦਾ ਬੋਰਵੈੱਲ ਵਿਚ ਡਿਗਣਾ ਲਗਾਤਾਰ ਜਾਰੀ ਹੈ। ਜਦ ਕੋਈ ਮਾਸੂਮ ਬੱਚਾ ਬੋਰ ਵਿਚ ਡਿਗਦਾ ਹੈ ਤਾਂ ਉਸ ਬੱਚੇ ਦੇ ਨਾਲ-ਨਾਲ ਉਸ ਦੇ ਮਾਪਿਆਂ 'ਤੇ ਕੀ ਬੀਤਦੀ ਹੋਵੇਗੀ, ਇਸ ਗੱਲ ਦਾ ਅੰਦਾਜ਼ਾ ਲਗਾ ਪਾਉਣਾ ਵੀ ਮੁਸ਼ਕਿਲ ਕੰਮ ਹੈ।
ਇਨਸਾਨੀ ਗ਼ਲਤੀ ਦੇ ਕਾਰਨ ਫ਼ੌਜ, ਆਮ ਜਨਤਾ ਅਤੇ ਪ੍ਰਸ਼ਾਸਨ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਸਭ ਭਲੀ ਭਾਂਤ ਜਾਣੂੰ ਹਨ। ਸਾਰੀਆਂ ਗੱਲਾਂ ਦਾ ਦੋਸ਼ ਸਰਕਾਰਾਂ 'ਤੇ ਨਾ ਪਾ ਕੇ ਆਮ ਜਨਤਾ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੇ ਖਾਲੀ ਬੋਰਾਂ ਨੂੰ ਤੁਰੰਤ ਭਰ ਦੇਣਾ ਚਾਹੀਦਾ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

12-06-2019

 ਗ਼ੈਰ-ਇਖਲਾਕੀ ਵਰਤਾਰਾ
ਅਜੋਕੇ ਸਮੇਂ ਸਾਡੇ ਸਮਾਜ ਅੰਦਰ ਉੱਚੇ-ਸੁੱਚੇ ਇਖਲਾਕ ਦੀ ਘਾਟ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਸ਼ਾਇਦ ਇਸੇ ਕਰਕੇ ਹੀ ਸਮਾਜ ਵਿਚ ਆਪੋ-ਧਾਪੀ ਦਾ ਮਾਹੌਲ ਬਣਿਆ ਹੋਇਆ ਅਤੇ ਕਾਫੀ ਬੇਚੈਨੀ ਵੀ ਹੈ। ਕੋਈ ਸਮਾਂ ਸੀ ਜਦੋਂ ਪਿੰਡ ਦੀ ਧੀ-ਭੈਣ ਨੂੰ ਸਾਰਾ ਪਿੰਡ ਆਪਣੀ ਧੀ-ਭੈਣ ਸਮਝਦਾ ਸੀ। ਜਦੋਂ ਕਿਸੇ ਦੀ ਧੀ-ਭੈਣ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਦੇ ਲੋਕ ਰਲ ਕੇ ਉਸ ਪਰਿਵਾਰ ਨੂੰ ਹਰ ਪੱਖੋਂ ਸਹਿਯੋਗ ਦੇਣਾ ਆਪਣਾ ਨੈਤਿਕ ਫ਼ਰਜ਼ ਸਮਝਦੇ ਸਨ। ਪਰ ਹੁਣ ਅਜਿਹਾ ਨਹੀਂ ਹੈ। ਨੈਤਿਕ ਕਦਰਾਂ-ਕੀਮਤਾਂ ਜਿਵੇਂ ਖੰਭ ਲਗਾ ਕੇ ਉੱਡ ਗਈਆਂ ਹੋਣ, ਭਾਵ ਨੈਤਿਕ ਕਦਰਾਂ-ਕੀਮਤਾਂ ਵਿਚ ਵੱਡੀ ਗਿਰਾਵਟ ਆਈ ਹੈ। ਸਮਾਜ ਦੇ ਬਹੁਤ ਸਾਰੇ ਲੋਕ ਗ਼ੈਰ-ਇਖਲਾਕੀ ਕਾਰਵਾਈਆਂ ਵਿਚ ਮਸਰੂਫ਼ ਹਨ। ਨਾਰੀ ਨਾਲ ਅਸ਼ਲੀਲ ਮਖੌਲ ਅਤੇ ਜਿਸਮਾਨੀ ਛੇੜਛਾੜ ਅੱਜ ਆਮ ਜਿਹੀ ਗੱਲ ਹੋ ਗਈ ਹੈ। ਇਥੇ ਹੀ ਬੱਸ ਨਹੀਂ, 2-2 ਸਾਲ, 5-5 ਸਾਲ ਦੀਆਂ ਬਾਲੜੀਆਂ ਨਾਲ ਜਬਰ ਜਨਾਹ ਦੀਆਂ ਵਾਪਰਦੀਆਂ ਘਟਨਾਵਾਂ ਸਾਡੇ ਸਮਾਜ ਦੇ ਮੱਥੇ 'ਤੇ ਕਾਲਾ ਧੱਬਾ ਹਨ। ਬਿਨਾਂ ਸ਼ੱਕ ਇਹ ਡਾਢੀ ਚਿੰਤਾ ਦਾ ਵਿਸ਼ਾ ਹੈ। ਸਮੇਂ ਦੀ ਸਰਕਾਰ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਮਿਲ ਕੇ ਇਸ ਸਬੰਧੀ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਸ ਗ਼ੈਰ-ਇਖਲਾਕੀ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਇਕ ਸੱਭਿਅਕ ਅਤੇ ਨਿੱਗਰ ਸਮਾਜ ਦੀ ਸਿਰਜਣਾ ਹੋ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਅਤਿ ਨਿੰਦਣਯੋਗ ਘਟਨਾਵਾਂ
ਬੀਤੇ ਦਿਨੀਂ ਸੰਪਾਦਕੀ ਸਫ਼ੇ 'ਤੇ 'ਜਬਰ ਜਨਾਹ ਦੀਆਂ ਵਧਦੀਆਂ ਘਟਨਾਵਾਂ ਵੱਡੀ ਚਿੰਤਾ ਦਾ ਵਿਸ਼ਾ' ਲੇਖ ਪੜ੍ਹਿਆ। ਉਪਰੰਤ ਦਿਲੋਂ ਦੁੱਖ ਹੋਇਆ ਕਿ ਆਖ਼ਰ ਕਦੋਂ ਰੁਕਣਗੀਆਂ ਅਜਿਹੀਆਂ ਛੋਟੀਆਂ-ਛੋਟੀਆਂ ਬੱਚੀਆਂ ਨਾਲ ਸ਼ਰਮਨਾਕ ਸਨਸਨੀਖੇਜ਼ ਵਾਰਦਾਤਾਂ, ਬੇਹੱਦ ਚਿੰਤਾ ਦੀ ਗੱਲ ਹੈ। ਘਟਨਾ ਪੰਚਕੂਲਾ, ਚੇਨਈ, ਬਾਂਦੀਪੋਰਾ ਜਾਂ ਸ਼ਾਮਲੀ ਦੀ ਹੋਵੇ ਜਾਂ ਦੇਸ਼ 'ਚ ਹੋਰ ਕਿਸੇ ਹਿੱਸੇ ਦੀ ਹੋਵੇ, ਅਤਿ ਨਿੰਦਣਯੋਗ ਹੈ। ਭਾਰਤ ਦੀ ਸੱਭਿਅਤਾ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਸਾਡਾ ਭਾਰਤ ਰਿਸ਼ੀਆਂ, ਮੁਨੀਆਂ, ਪੀਰਾਂ, ਪੈਗੰਬਰਾਂ, ਗੁਰੂਆਂ ਦੀ ਪਵਿੱਤਰ ਧਰਤੀ ਹੈ। ਬੇਟੀਆਂ ਨਾਲ ਸ਼ਰਮਨਾਕ ਘਟਨਾਵਾਂ ਸਮਾਜ ਦੇ ਮੱਥੇ 'ਤੇ ਕਲੰਕ ਹਨ। ਧੀਆਂ ਸਭ ਦੀਆਂ ਸਾਂਝੀਆਂ ਹਨ। ਇਨ੍ਹਾਂ ਦਾ ਮਾਣ ਸਨਮਾਨ ਸਾਰੇ ਸਮਾਜ ਨੂੰ ਕਰਨਾ ਬਣਦਾ ਹੈ। ਅਜਿਹੇ ਸ਼ਰਮਸਾਰ ਹਰਕਤਾਂ ਕਰਨ ਵਾਲੇ ਗੰਦੇ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਹੀ ਦਹਿਸ਼ਤ ਵਾਲੇ ਮਾਹੌਲ ਤੋਂ ਨਿਜਾਤ ਮਿਲੇਗੀ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਟ੍ਰੈਫਿਕ ਸਮੱਸਿਆ
ਲਗਪਗ 50 ਸਾਲ ਪਿਛਾਂਹ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਜਿਥੇ ਹਰ ਖੇਤਰ ਵਿਚ ਬੇਸ਼ੁਮਾਰ ਵਿਕਾਸ ਹੋਇਆ ਹੈ, ਉਥੇ ਹੀ ਸੜਕਾਂ, ਪੁਲਾਂ ਦਾ ਜਾਲ ਵਿਛਿਆ ਹੋਇਆ ਹੈ, ਪਰ ਆਵਾਜਾਈ ਸਮੱਸਿਆ ਜਿਉਂ ਦੀ ਤਿਉਂ ਹੀ ਹੈ। ਸੜਕਾਂ, ਟੋਲ ਪਲਾਜ਼ਿਆਂ, ਚੌਂਕਾਂ 'ਤੇ ਵੱਡੇ-ਵੱਡੇ ਜਾਮ ਲਗਦੇ ਹਨ ਅਤੇ ਨਿੱਤ ਦਿਨ ਹਾਦਸਿਆਂ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਇਥੋਂ ਤੱਕ ਕਿ ਬੱਤੀਆਂ ਵਾਲੇ ਚੌਕਾਂ 'ਚ ਵੀ ਪੁਲਿਸ ਤਾਇਨਾਤ ਹੈ ਅਤੇ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਪੁਲਿਸ ਵਾਲਾ ਨਹੀਂ ਹੈ ਤਾਂ ਲਾਲ ਬੱਤੀ ਪਾਰ ਕਰਕੇ ਨਿਯਮ ਤੋੜ ਕੇ ਸੂਰਬੀਰਤਾ ਵਾਲਾ ਕੰਮ ਕੀਤਾ ਜਾਵੇ। ਪੈਦਲ ਚੱਲਣ ਵਾਲੇ ਨੂੰ ਚੌਂਕ, ਸੜਕ ਪਾਰ ਕਰਨਾ ਤਾਂ ਜਿਵੇਂ ਜੰਗ ਜਿੱਤਣ ਵਾਲੀ ਗੱਲ ਹੁੰਦੀ ਹੈ, ਜਦੋਂ ਕਿ ਵਿਦੇਸ਼ਾਂ ਵਿਚ ਅਜਿਹਾ ਨਹੀਂ ਹੈ, ਜੇਕਰ ਕਿਸੇ ਪੈਦਲ ਚੱਲਣ ਵਾਲੇ ਨੇ ਸੜਕ ਪਾਰ ਕਰਨੀ ਹੈ ਤਾਂ ਉਹ ਚੌਂਕ 'ਚ ਲੱਗੇ ਬਟਨ ਦਬਾ ਕੇ ਅਤੇ ਸੜਕ ਕਰਾਸ ਕਰਨ ਵਾਲੀ ਜਗ੍ਹਾ ਤੋਂ ਆਸਾਨੀ ਨਾਲ ਸੜਕ ਪਾਰ ਕਰ ਸਕਦਾ ਹੈ ਅਤੇ ਉਥੇ ਸੜਕਾਂ 'ਤੇ ਜਾਮ ਤੇ ਹਾਦਸੇ ਨਾਮਾਤਰ ਹੀ ਹਨ। ਲੋੜ ਹੈ, ਜਿਥੇ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ, ਉਥੇ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਆਵਾਜਾਈ ਦੇ ਸੁਚੱਜੇ ਪ੍ਰਬੰਧਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਸੜਕ ਹਾਦਸਿਆਂ 'ਚ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।


ਸਮਰ ਕੈਂਪਾਂ ਦੀ ਸਾਰਥਿਕਤਾ
ਸਾਰੇ ਸਾਲ ਵਿਚ ਜੂਨ ਦਾ ਮਹੀਨਾ ਸਭ ਤੋਂ ਵੱਧ ਤਪਸ਼ ਵਾਲਾ ਹੁੰਦਾ ਹੈ, ਇਸ ਕਰਕੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਰਕਾਰ ਵਲੋਂ ਇਕ ਮਹੀਨੇ ਦੀਆਂ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਇਹ ਸਮਾਂ ਬੱਚਿਆਂ ਲਈ ਮੌਜ ਮਸਤੀ ਦਾ, ਘੁੰਮਣ-ਫਿਰਨ ਦਾ ਅਤੇ ਨਾਨਕੇ ਜਾਣ ਦਾ ਹੁੰਦਾ ਹੈ। ਪਰ ਇਸ ਵਾਰ ਸਿੱਖਿਆ ਮਹਿਕਮੇ ਵਲੋਂ ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚ 'ਸਮਰ ਕੈਂਪ' ਲਗਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਬੱਚਿਆਂ ਵਿਚ ਰਚਨਾਤਮਕ ਕਿਰਿਆਵਾਂ ਨੂੰ ਉਤਸ਼ਾਹਿਤ ਕਰਨਾ ਹੈ। ਬਹੁਤ ਸਾਰੇ ਸਕੂਲ ਆਪਣੀ ਸੁਵਿਧਾ ਅਨੁਸਾਰ ਅੱਠ ਜਾਂ ਦਸ ਦਿਨਾਂ ਦਾ 'ਸਮਰ ਕੈਂਪ' ਲਗਾ ਰਹੇ ਹਨ। ਵਿਦਿਆਰਥੀ ਮਨੋਰੰਜਨ ਦੇ ਨਾਲ-ਨਾਲ ਕੁਝ ਨਵੀਆਂ ਚੀਜ਼ਾਂ ਵੀ ਸਿੱਖ ਰਹੇ ਹਨ ਜਿਵੇਂ ਕਿ ਯੋਗਾ, ਨਾਚ-ਗਾਣਾ, ਪੇਂਟਿੰਗ, ਕਵਿਤਾ ਉਚਾਰਣ ਅਤੇ ਸੁਲੇਖ ਰਚਨਾ ਆਦਿ। ਇਨ੍ਹਾਂ ਸਰਗਰਮੀਆਂ ਦੇ ਜ਼ਰੀਏ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਸੂਝ-ਸਮਝ ਵਧਣ ਦੀਆਂ ਸੰਭਾਵਨਾਵਾਂ ਵੀ ਜਾਗਰੂਕ ਹੋ ਰਹੀਆਂ ਹਨ। ਪਾਠਕ੍ਰਮ ਦੇ ਬੋਝ ਨਾਲ ਉਨ੍ਹਾਂ ਦੇ ਅੰਦਰ ਦੀਆਂ ਕਲਾਵਾਂ ਦੱਬ ਕੇ ਰਹਿ ਜਾਂਦੀਆਂ ਹਨ। ਇਨ੍ਹਾਂ ਦੱਬੀਆਂ ਕਲਾਵਾਂ ਨੂੰ ਉਜਾਗਰ ਕਰਨ ਲਈ ਇਹ ਸਮਰ ਕੈਂਪ ਇਕ ਵਧੀਆ ਪਲੇਟਫਾਰਮ ਹਨ। ਸਕੂਲਾਂ ਵਿਚ ਵਿਦਿਆਰਥੀ ਅਤੇ ਅਧਿਆਪਕ ਰਲ ਕੇ ਸਕੂਲ ਦੀਆਂ ਦੀਵਾਰਾਂ 'ਤੇ ਸੁੰਦਰ ਚਿੱਤਰ ਬਣਾ ਕੇ ਸਕੂਲ ਕੈਂਪਸ ਦੀ ਸੁੰਦਰਤਾ ਨੂੰ ਵਧਾ ਰਹੇ ਹਨ। ਇਨ੍ਹਾਂ ਕੈਂਪਾਂ 'ਚ ਬੱਚੇ ਬੜੇ ਚਾਵਾਂ ਤੇ ਮਲਾਰਾਂ ਨਾਲ ਲੁੱਡੀਆਂ ਪਾਉਂਦੇ ਦਿਖਾਈ ਦੇ ਰਹੇ ਹਨ। ਸਮਰ ਕੈਂਪਾਂ ਦੌਰਾਨ ਬਿਨਾਂ ਸਕੂਲ ਬੈਗ ਦੇ ਬੱਚਿਆਂ ਦਾ ਸਕੂਲ ਵਿਚ ਆ ਕੇ ਨਿਵੇਕਲੇ ਢੰਗ ਨਾਲ ਕੁਝ ਸਿੱਖਣ ਦਾ ਅਹਿਸਾਸ ਵੱਖਰਾ ਹੀ ਪ੍ਰਤੀਤ ਹੋ ਰਿਹਾ ਹੈ ਅਤੇ ਇਹ ਇਕ ਬਹੁਤ ਵਧੀਆ ਉਪਰਾਲਾ ਹੈ।


-ਨਵਦੀਪ ਸਿੰਘ ਭਾਟੀਆ, ਖਰੜ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX