ਤਾਜਾ ਖ਼ਬਰਾਂ


ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  36 minutes ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  56 minutes ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  about 1 hour ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  about 1 hour ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  about 1 hour ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ ਦਿੱਤੀ ਪਹੁੰਚ ਗਿਆ...
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  about 1 hour ago
ਸ੍ਰੀਨਗਰ, 24 ਅਗਸਤ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  about 2 hours ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਅੱਜ ਸ੍ਰੀਨਗਰ ਆਉਣ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ, ''ਹੁਣ ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਲੋੜ ਉਸ ਸਮੇਂ ਸੀ, ਜਦੋਂ ਉਨ੍ਹਾਂ ਦੇ ਸਹਿਯੋਗੀ ਸੰਸਦ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  about 2 hours ago
ਨਵੀਂ ਦਿੱਲੀ, 24 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਭਾਰਤੀ ਟੀਮ ਵੈਸਟ ਇੰਡੀਜ਼ ਦੇ ਖ਼ਿਲਾਫ਼ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਅਸੀਂ ਆਪਣੇ-ਆਪ ਨੂੰ ਇਸ ਆਧਾਰ \'ਤੇ ਤੋਲਦੇ ਹਾਂ ਕਿ ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ \'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ

ਕਿਤਾਬਾਂ

21-07-2019

  ਦੀਵਾ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 98152-98459.

'ਦੀਵਾ' ਰਾਣਾ ਰਣਬੀਰ ਦੀ ਨਵੀਂ ਕਾਵਿ-ਪੁਸਤਕ ਹੈ ਜਿਸ ਵਿਚ ਲੇਖਕ ਨੇ ਆਪਣੇ ਮਨ ਦੇ ਵਲਵਲਿਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ | ਇਸ ਸੰਗਿ੍ਹ ਦੀ ਪਹਿਲੀ ਕਵਿਤਾ ਵਿਚ ਲੇਖਕ ਆਪਣੇ ਪੰਜਾਬੀ ਹੋਣ ਦੇ ਗੌਰਵ ਨੂੰ ਪੇਸ਼ ਕਰਦਾ ਪੰਜਾਬ ਦੇ ਗੁਰੂਆਂ, ਪੀਰਾਂ, ਲੋਕ ਨਾਇਕਾਂ ਨੂੰ ਆਪਣੀ ਕਵਿਤਾ ਵਿਚ ਸਿਰਜਦਾ ਹੈ | ਇਸ ਕਵਿਤਾ ਵਿਚ ਉਹ ਪੰਜਾਬੀ ਸੱਭਿਆਚਾਰ ਦੇ ਮਾਡਲਜ਼ ਕਿਰਦਾਰਾਂ ਜਿਵੇਂ ਗੁਰੂ ਨਾਨਕ, ਫ਼ਰੀਦ, ਲਾਲੋ, ਮਰਦਾਨਾ, ਮਿਰਜ਼ਾ, ਦੁੱਲਾ, ਰਣਜੀਤ ਸਿੰਘ, ਮੰਟੋ, ਪਾਸ਼ ਤੋਂ ਲੈ ਕੇ ਬੁੱਲ੍ਹਾ, ਵਾਰਿਸ ਅਤੇ ਭਗਤ ਪੂਰਨ ਸਿੰਘ ਜਿਹੇ ਲੋਕ ਨਾਇਕਾਂ ਦਾ ਜ਼ਿਕਰ ਕਰਦਾ ਹੈ | ਇਸ ਕਵਿਤਾ ਤੋਂ ਲੇਖਕ ਦੀ ਕਾਵਿ-ਦਿ੍ਸ਼ਟੀ ਦੀ ਪਹਿਚਾਣ ਕੀਤੀ ਜਾ ਸਕਦੀ ਹੈ | ਇਸ ਸੰਗ੍ਰਹਿ ਦੀਆਂ ਅਗਲੀਆਂ ਕਵਿਤਾਵਾਂ ਵਿਚ ਲੇਖਕ ਆਪਣੀ ਇਸ ਕਾਵਿ-ਦਿ੍ਸ਼ਟੀ ਦਾ ਅਗਲੇਰਾ ਵਿਸਤਾਰ ਕਰਦਾ ਨਜ਼ਰ ਆਉਂਦਾ ਹੈ | ਮੁਸੀਬਤਾਂ ਮੂਹਰੇ ਸੀਨਾ ਤਾਣ ਕੇ ਖੜ੍ਹ ਜਾਣਾ ਪੰਜਾਬੀ ਕੌਮ ਦਾ ਸੁਭਾਅ ਰਿਹਾ ਹੈ | ਰਾਣਾ ਰਣਬੀਰ ਇਸ ਵਿਹਾਰ ਨੂੰ ਆਪਣੀ ਕਵਿਤਾ ਵਿਚ ਚਿੱਤਰਦਾ ਹੈ,
ਅਸੀਂ ਹੰਝੂ ਪੀਤੇ ਨੇ ਅਸੀਂ ਧੋਖੇ ਖਾਧੇ ਨੇ
ਅਸੀਂ ਝੁਕ ਕੇ ਨਹੀਂ ਤੁਰਦੇ ਸਾਡੇ ਠੋਸ ਇਰਾਦੇ ਨੇ....
ਰਾਣਾ ਰਣਬੀਰ ਇਨ੍ਹਾਂ ਕਵਿਤਾਵਾਂ ਵਿਚ ਜੀਵਨ ਦੀਆਂ ਹਾਂ-ਪੱਖੀ ਕਦਰਾਂ-ਕੀਮਤਾਂ ਨੂੰ ਸਿਰਜਣ ਦਾ ਯਤਨ ਕਰਦਾ ਹੈ | ਉਹ ਇਨ੍ਹਾਂ ਕਵਿਤਾਵਾਂ ਵਿਚ ਇਕ ਸਿਹਤਮੰਦ ਸਮਾਜ ਦਾ ਸੁਪਨਾ ਸਿਰਜਦਾ ਹੈ | ਉਹ ਜੀਵਨ ਦੇ ਹਨ੍ਹੇਰਿਆਂ ਵਿਚ ਇਕ ਮੁਹੱਬਤ ਤੇ ਉਮੀਦ ਦਾ ਇਕ ਦੀਵਾ ਬਾਲ ਕੇ ਰੱਖਣਾ ਚਾਹੁੰਦਾ ਹੈ | ਰਾਣਾ ਰਣਬੀਰ ਜੀਵਨ ਦੇ ਤੁਰਦੇ ਰਹਿਣ ਵਿਚ ਯਕੀਨ ਕਰਦਾ ਹੈ |
ਮੈਂ ਰੁਕ ਕੇ ਛੱਪੜ ਕਿਉਂ ਹੋਵਾਂ
ਮੈਂ ਜਾਗਦਿਆਂ ਹੀ ਕਿਉਂ ਸੌਾਵਾਂ....
ਇਸ ਕਿਤਾਬ ਦੀ ਹਰ ਕਵਿਤਾ ਵਿਚ ਕੋਈ ਨਾ ਕੋਈ ਸੰਦੇਸ਼ ਲੁਕਿਆ ਹੋਇਆ ਹੈ | ਉਮੀਦ ਹੈ ਰਾਣਾ ਰਣਬੀਰ ਵਲੋਂ ਬਾਲਿਆ ਇਹ ਦੀਵਾ ਪਾਠਕਾਂ ਦੇ ਮਨ ਵਿਚ ਚੇਤਨਾ ਦੀ ਰੌਸ਼ਨੀ ਪੈਦਾ ਕਰਨ ਦੇ ਸਮਰੱਥ ਹੋਵੇਗਾ |

—ਡਾ: ਅਮਰਜੀਤ ਕੌ ਾਕੇ |
c c c

ਚੁੱਪ ਦੇ ਖਿਲਾਫ਼
ਗ਼ਜ਼ਲਗੋ : ਸਤੀਸ਼ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 93
ਸੰਪਰਕ : 98952-98459.

ਭਾਵੇਂ ਇਹ ਸ਼ਾਇਰ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਪਰ ਇਸ ਵਿਚ ਪੁਖਤਾ ਸ਼ਿਅਰ ਹਨ ਜੋ ਖੂਬਸੂਰਤੀ ਅਤੇ ਖੂਬਸੀਰਤੀ ਨਾਲ ਲਬਰੇਜ਼ ਹਨ | ਇਹ ਸ਼ਾਇਰੀ ਨਿਰੀ ਜਜ਼ਬਾਤੀ ਨਹੀਂ, ਸਗੋਂ ਬੌਧਿਕ ਅਤੇ ਰੂਹਾਨੀ ਵੀ ਹੈ | ਇਨ੍ਹਾਂ ਗ਼ਜ਼ਲਾਂ ਵਿਚਲਾ ਸੁਹਜ, ਸੁਹੱਪਣ ਅਤੇ ਸਹਿਜ ਦਿਲਾਂ ਨੂੰ ਮੋਹ ਲੈਂਦਾ ਹੈ | ਆਓ ਕੁਝ ਝਲਕਾਂ ਮਾਣੀਏ—
ਹਨੇਰਾ, ਚੁੱਪ, ਵੀਰਾਨੀ,
ਉਦਾਸੀ ਨੂੰ ਮਿਟਾਵਣ ਲਈ
ਅਸੀਂ ਇਕ ਉਮਰ ਤੋਂ ਜਗਦੇ ਪਏ ਹਾਂ
ਰੌਸ਼ਨੀ ਬਣ ਕੇ |
-ਨਾ ਹੀ ਮੌਸਮ ਦਾ ਮੋਹ ਜਾਗੇ
ਨਾ ਹੀ ਸੀਤ ਹਵਾਵਾਂ ਦਾ |
ਸਾਡੇ 'ਤੇ ਤਾਂ ਚਲਦੈ ਜਾਦੂ
ਮੋਹ ਭਿੱਜੀਆਂ ਕਵਿਤਾਵਾਂ ਦਾ |
-ਮਿਰੇ ਹੋਠਾਂ 'ਤੇ ਸਭ ਤੋਂ ਵੱਧ
ਉਨ੍ਹਾਂ ਦਾ ਨਾਮ ਆਇਆ ਹੈ |
ਜਿਨ੍ਹਾਂ ਨੇ ਧਰਤ ਨੂੰ
ਸੰਗ ਰੌਸ਼ਨੀ ਦੇ ਰੌਸ਼ਨਾਇਆ ਹੈ |
-ਸਬਰ ਕਰ, ਸੰਤੋਖ ਕਰ,
ਨਾ ਆਫ਼ਤਾਂ ਤੋਂ ਬੌਖ਼ਲਾ
ਮਿਥ ਕੁਈ ਮੰਜ਼ਿਲ ਨਵੀਂ
ਸਿੱਧ ਪੱਧਰਾ ਰਸਤਾ ਬਣਾ |
-ਵਿਸ਼ਵ ਦਾ ਦੁੱਖ ਦਰਦ ਸਾਰਾ
ਦਿਲ ਦੇ ਵਿਚ ਭਰ ਦੋਸਤੋ
ਵੰਡਦਾ ਹਾਂ ਪ੍ਰੇਮ ਦੇ ਮੈਂ
ਢਾਈ ਅੱਖਰ ਦੋਸਤੇ |
-ਪਲ ਕੁ ਲਗਦੈ ਜ਼ਖ਼ਮ ਡੂੰਘਾ ਕਰਨ ਤੇ
ਉਮਰ ਲੱਗ ਜਾਂਦੀ ਹੈ ਲੇਕਿਨ ਭਰਨ ਤੇ |
ਇਨ੍ਹਾਂ ਗ਼ਜ਼ਲਾਂ ਵਿਚ ਤਰਲਤਾ, ਸੰਜੀਦਗੀ ਅਤੇ ਸਾਰਥਿਕਤਾ ਹੈ | ਸੁੰਦਰ ਨਕਸ਼ਾਂ ਅਤੇ ਇਨਸਾਨੀ ਕਸਕਾਂ ਵਾਲੀਆਂ ਇਨ੍ਹਾਂ ਗ਼ਜ਼ਲਾਂ ਦਾ ਭਰਪੂਰ ਸਵਾਗਤ ਹੈ | ਭਵਿੱਖ ਵਿਚ ਸ਼ਾਇਰ ਤੋਂ ਹੋਰ ਬੁਲੰਦੀਆਂ ਦੀ ਆਸ ਹੈ |

—ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

ਪੱਥਰਾਂ ਦੇ ਸ਼ਹਿਰ ਵਿਚ
ਗ਼ਜ਼ਲਕਾਰ : ਹਰਦਿਆਲ ਪਰਵਾਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ |
ਮੁੱਲ : 200 ਰੁਪਏ, ਸਫ਼ੇ : 99
ਸੰਪਰਕ : 98554-45101.

ਹਰਦਿਆਲ ਪਰਵਾਨਾ ਸ਼ਾਇਰ ਹੋਣ ਦੇ ਨਾਲ-ਨਾਲ ਗਾਉਂਦਾ ਵੀ ਵਧੀਆ ਹੈ | 'ਪੱਥਰਾਂ ਦੇ ਸ਼ਹਿਰ ਵਿਚ' ਪੁਸਤਕ ਪਰਵਾਨਾ ਦੀ ਪਹਿਲੀ ਪ੍ਰਕਾਸ਼ਨਾ ਹੈ ਜਿਸ ਵਿਚ ਗ਼ਜ਼ਲਾਂ ਵੀ ਹਨ ਤੇ ਗੀਤ ਵੀ | ਇਸ ਕਿਤਾਬ ਦੇ ਸਵੈ ਕਥਨ ਵਿਚ ਪਰਵਾਨਾ ਨੇ ਆਪਣੇ ਪਰਵਾਨਾ ਬਣਨ ਦਾ ਸਬੱਬ ਵੀ ਦੱਸਿਆ ਹੈ | ਸ਼ਾਇਰ ਦਾ ਪਿਛੋਕੜ ਪੇਂਡੂ ਮਹਿਸੂਸ ਹੁੰਦਾ ਹੈ, ਇਸੇ ਕਾਰਨ ਉਸ ਦੀਆਂ ਰਚਨਾਵਾਂ ਵਿਚ ਸਰਲਤਾ, ਸਵੱਛਤਾ, ਸੱਜਣਤਾ ਤੇ ਆਮ ਫ਼ਹਿਮ ਭਾਸ਼ਾ ਹੈ | ਇਸੇ ਕਾਰਨ ਉਹ ਆਖਦਾ ਹੈ ਕਿ ਪ੍ਰਾਹੁਣਚਾਰੀ, ਦਿਆਨਤਦਾਰੀ ਤੇ ਭਾਈਚਾਰਾ ਕਦੀ ਸਾਡੀ ਪਹਿਚਾਣ ਹੁੰਦੀ ਸੀ ਪਰ ਵਕਤ ਦੀ ਧੂੜ ਵਿਚ ਇਹ ਸਾਰਾ ਕੁਝ ਗੁਆਚ ਗਿਆ ਹੈ | ਹਰਦਿਆਲ ਪਰਵਾਨਾ ਦੀ ਸ਼ਾਇਰੀ ਦੀ ਵੱਡੀ ਖ਼ੂਬੀ ਪਾਠਕ ਨੂੰ ਅਮੀਰ ਪਰੰਪਰਾਵਾਂ ਨਾਲ ਜੋੜਨ ਦੀ ਹੈ | ਉਹ ਭੂਤਕਾਲ ਦੀਆਂ ਖ਼ੂਬਸੂਰਤ ਪੈੜਾਂ ਨੂੰ ਅੱਜ ਦੇ ਯੁੱਗ ਵਿਚ ਲੱਭਦਾ ਹੈ ਤੇ ਨਾ ਮਿਲਣ 'ਤੇ ਮਾਯੂਸੀ ਦਾ ਇਜ਼ਹਾਰ ਕਰਦਾ ਹੈ | ਸ਼ਾਇਰ ਕੱਲ-ਮੁਕੱਲੀਆਂ ਕੰਜਕਾਂ ਦੇ ਡਰ ਨੂੰ ਮਹਿਸੂਸ ਕਰਦਾ ਹੈ ਤੇ ਉਹ ਕੀ ਕਰੇ ਇਸੇ ਫ਼ਿਕਰ ਕਾਰਨ ਬੇਚੈਨ ਹੈ | ਪੰਜਾਬ ਵਿਚ ਨਸ਼ਿਆਂ ਦੇ ਵਧ ਰਹੇ ਰੁਝਾਨ ਕਾਰਨ ਵੀ ਸ਼ਾਇਰ ਦੁਖੀ ਹੈ ਤੇ ਵਿਦੇਸ਼ਾਂ ਵੱਲ ਭੱਜ ਰਹੀ ਜਵਾਨੀ ਨੂੰ ਵੀ ਉਹ ਸੁਖਾਵਾਂ ਨਹੀਂ ਮੰਨਦਾ | ਗ਼ਜ਼ਲ ਬਹੁਤ ਨਾਜ਼ਕ ਸਿਨਫ਼ ਹੈ ਤੇ ਇਸ ਵਿਧਾ ਦੀਆਂ ਬੜੀਆਂ ਬਾਰੀਕੀਆਂ ਹਨ, ਸ਼ਾਇਰ ਦੀਆਂ ਗ਼ਜ਼ਲਾਂ ਵਿਚ ਕੁਝ ਗੰਭੀਰ ਤਕਨੀਕੀ ਸੁਰਾਖ ਹਨ ਜਿਨ੍ਹਾਂ ਨੂੰ ਭਰਿਆ ਜਾਣਾ ਬਹੁਤ ਜ਼ਰੂਰੀ ਸੀ | ਉਂਝ ਇਹ ਗ਼ਜ਼ਲਾਂ ਚਿਰ ਤੋਂ ਗ਼ਜ਼ਲ ਲਿਖ ਰਹੇ ਕਈ ਗ਼ਜ਼ਲਕਾਰਾਂ ਤੋਂ ਬਿਹਤਰ ਹਨ | ਪਰਵਾਨਾ ਦੇ ਗੀਤ ਸਾਫ਼ ਸੁਥਰੇ ਤੇ ਪਰਿਵਾਰ ਵਿਚ ਪੜ੍ਹੇ ਸੁਣੇ ਤੇ ਗਾਏ ਜਾਣ ਵਾਲੇ ਹਨ | ਸ਼ਬਦਾਬਲੀ ਆਮ ਪਾਠਕ ਦੇ ਸਮਝ ਆਉਣ ਵਾਲੀ ਹੈ ਤੇ ਇਸ ਪੁਸਤਕ ਵਿਚ ਬੇਲੋੜੀ ਬੌਧਿਕਤਾ ਦਾ ਸ਼ੋਰ ਨਹੀਂ ਹੈ |

—ਗੁਰਦਿਆਲ ਰੌਸ਼ਨ
ਮੋ: 9988444002
c c c

ਜੱਗ ਜਿਊਾਦਿਆਂ ਦੇ ਮੇਲੇ
ਲੇਖਕ : ਵਿਜੈ ਧੰਮੀ
ਪ੍ਰਕਾਸ਼ਕ : ਸਾਹਿਬਦੀਪ ਪਬੀਲੇਸ਼ਨ, ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98140-29880.

ਵਿਚਾਰ ਅਧੀਨ ਪੁਸਤਕ ਕਾਫੀ ਲੰਮੇ ਸਮੇਂ ਤੋਂ ਗੀਤਕਾਰੀ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਗੀਤਕਾਰ ਵਿਜੈ ਧੰਮੀ (ਧੰਮੀ ਹੇਰਾਂ ਵਾਲਾ) ਦੇ ਗੀਤਾਂ ਦਾ ਸੰਗ੍ਰਹਿ ਹੈ ਜਿਸ ਵਿਚ ਉਸ ਦੇ 72 ਗੀਤ ਸ਼ਾਮਿਲ ਕੀਤੇ ਗਏ ਹਨ | ਅਜੋਕੇ ਸਮੇਂ ਵਿਚ ਉਪਭੋਗਤਾਵਾਦ ਦੇ ਨਾਂਹ-ਪੱਖੀ ਪ੍ਰਭਾਵ ਸਦਕਾ ਪੰਜਾਬੀ ਗੀਤਕਾਰੀ ਵਿਚ ਨੀਵੇਂ ਪੱਧਰ ਦਾ ਨਿਘਾਰ ਆ ਚੁੱਕਾ ਹੈ | ਲੱਚਰਤਾ, ਨੰਗੇਜ਼ਵਾਦ, ਦੋ ਅਰਥੀ ਸ਼ਬਦ, ਨਸ਼ੇ ਅਤੇ ਮਾਰਧਾੜ ਨਾਲ ਲਬਰੇਜ਼ ਗਾਏ ਗੀਤਾਂ ਤੋਂ ਪਰਿਵਾਰ ਵਿਚ ਬਹਿ ਕੇ ਸੁਣਨਾ ਵੀ ਔਖਾ ਹੈ ਪਰ ਇਸ ਨਿਘਾਰ ਨੂੰ ਠੱਲ੍ਹ ਪਾਉਣ ਲਈ ਵਿਜੈ ਧੰਮੀ ਵਰਗੇ ਗੀਤਕਾਰਾਂ ਨੇ ਗੀਤਕਾਰੀ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਹੈ | ਉਸ ਨੇ ਪੰਜਾਬੀ ਲੋਕ ਜੀਵਨ ਦੇ ਭਿੰਨ-ਭਿੰਨ ਮਸਲਿਆਂ ਅਤੇ ਸਰੋਕਾਰਾਂ ਨੂੰ ਆਪਣੇ ਗੀਤਾਂ ਦਾ ਵਿਸ਼ਾ ਵਸਤੂ ਬਣਾ ਕੇ ਸਿਹਤਮੰਦ ਅਤੇ ਸੱਭਿਅਕ ਗੀਤ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਏ ਹਨ ਜਿਨ੍ਹਾਂ ਨੂੰ ਸਰਮੌਰ ਕਲਾਕਾਰਾਂ ਕੁਲਦੀਪ ਮਾਣਕ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ, ਜੈਜ਼ੀ ਬੀ, ਸੁਖਸ਼ਿੰਦਰ ਸ਼ਿੰਦਾ, ਮਲਕੀਤ ਸਿੰਘ, ਦੁਰਗਾ ਰੰਗੀਲਾ, ਨਛੱਤਰ ਗਿੱਲ, ਨੂਰਾਂ ਸਿਸਟਰ, ਸਲੀਮ ਰੰਜਨਾ, ਕਮਲਜੀਤ ਨੀਰੂ, ਸੁਰਿੰਦਰ ਛਿੰਦਾ ਅਤੇ ਲਹਿੰਬਰ ਹੁਸੈਨਪੁਰੀ ਆਦਿ ਅਨੇਕਾਂ ਹੋਰ ਗਾਇਕਾਂ ਨੇ ਗਾ ਕੇ ਸਰੋਤਿਆਂ ਦੀ ਰੂਹ ਨੂੰ ਸਰਸ਼ਾਰ ਕੀਤਾ ਹੈ | ਪੁਸਤਕ ਦੇ ਮੁੱਢ ਵਿਚ ਬਰਜਿੰਦਰ ਸਿੰਘ ਹਮਦਰਦ, ਸੰਗੀਤਕਾਰ ਚਰਨਜੀਤ ਆਹੂਜਾ ਅਤੇ ਮੁਕੇਸ਼ ਆਲਮ ਦੇ ਵਿਜੈ ਧੰਮੀ ਦੀ ਗੀਤਕਾਰੀ ਬਾਰੇ ਖੋਜ ਅਤੇ ਸੁਹਜ ਭਰਪੂਰ ਲੇਖ ਹਨ ਜਿਨ੍ਹਾਂ ਵਿਚ ਉਸ ਦੇ ਸਿਹਤਮੰਦ ਅਤੇ ਸੱਭਿਅਕ ਗੀਤਾਂ ਬਾਰੇ ਭਰਪੂਰ ਚਰਚਾ ਕੀਤੀ ਗਈ ਹੈ | ਇਹ ਪੁਸਤਕ ਨਵੇਂ ਅਤੇ ਅਜੋਕੇ ਗੀਤਕਾਰਾਂ ਲਈ ਰਾਹ ਦਸੇਰੇ ਦਾ ਕਾਰਜ ਕਰੇਗੀ | ਅਤਿ ਸਰਲ, ਸੁਹਜਮਈ ਸੱਭਿਅਕ ਗੀਤਾਂ ਦੀ ਸਿਰਜਣਾ ਲਈ ਵਿਜੈ ਧੰਮੀ ਸੱਚਮੁੱਚ ਹੀ ਵਧਾਈ ਅਤੇ ਥਾਪੜੇ ਦਾ ਹੱਕਦਾਰ ਹੈ | ਪੰਜਾਬੀ ਪਾਠਕ ਇਸ ਪੁਸਤਕ ਦਾ ਰੱਜਵਾਂ ਸਵਾਗਤ ਕਰਨਗੇ |

—ਸੁਖਦੇਵ ਮਾਦਪੁਰੀ
ਮੋ: 94630-34472.
c c c

ਵਾਪਸੀ
ਲੇਖਕ : ਗੁਰਦੇਵ ਸਿੰਘ ਘਾਰੂ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ: 200 ਰੁਪਏ, ਸਫ਼ੇ : 112
ਸੰਪਰਕ : 98885-26276.

ਗੁਰਦੇਵ ਸਿੰਘ ਘਾਰੂ ਸਾਬਕਾ ਫ਼ੌਜੀ ਹੈ | ਕਹਾਣੀਆਂ ਦੇ ਨਾਲ-ਨਾਲ ਉਸ ਨੂੰ ਗੀਤ ਲਿਖਣ ਦਾ ਸ਼ੌਕ ਹੈ | ਉਸ ਦੇ ਕੁਝ ਗੀਤ ਰਿਕਾਰਡ ਵੀ ਹੋਏ ਹਨ | ਉਹ ਸ਼ੌਕੀਆ ਲਿਖਦਾ ਹੈ, ਰੂਹਦਾਰੀ ਲਈ | ਵਿਚਾਰ ਅਧੀਨ ਪੁਸਤਕ 'ਵਾਪਸੀ' ਉਸ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ | ਪੰਦਰਾਂ ਕਹਾਣੀਆਂ ਹਨ ਇਸ ਵਿਚ | ਆਮ ਜ਼ਿੰਦਗੀ ਨਾਲ ਸਬੰਧਿਤ ਸਾਰੀਆਂ ਕਹਾਣੀਆਂ ਆਲੇ-ਦੁਆਲੇ ਦੇ ਹਾਲਾਤ ਦੀ ਉਪਜ ਹਨ | ਪਾਤਰ ਸਾਡੇ ਵਿਚੋਂ ਹੀ ਨਿਕਲੇ ਹਨ | ਚੰਗੀ ਗੱਲ ਇਹ ਕਿ ਘਾਰੂ ਦੀਆਂ ਕਹਾਣੀਆਂ ਪ੍ਰਭਾਵਿਤ ਕਰਦੀਆਂ ਹਨ |
'ਡਰਪੋਕ ਕਿਤੋਂ ਦਾ' ਸਧਾਰਨ ਨੌਜਵਾਨ ਦੇ ਫ਼ੌਜ ਵਿਚ ਭਰਤੀ ਹੋਣ ਦੀ ਕਹਾਣੀ ਹੈ | ਸਰਹੱਦ 'ਤੇ ਭਾਵੇਂ ਉਹ ਬਹਾਦਰ ਫੌਜੀ ਹੈ, ਪਰ ਘਰ ਅਤੇ ਨਿੱਜੀ ਜ਼ਿੰਦਗੀ ਵਿਚ ਆਮ ਵਰਗਾ | ਉਹਦੇ ਅੰਦਰ ਮੁਹੱਬਤ ਦੀਆਂ ਤਾਰਾਂ ਟੁਣਕਦੀਆਂ ਹਨ | ਇਕ ਵਾਰ ਛੁੱਟੀ ਕੱਟਣ ਮੌਕੇ ਆਪਣੇ ਫ਼ੌਜੀ ਦੋਸਤ ਦੇ ਘਰ ਸਮਾਨ ਫੜਾਉਣ ਜਾਂਦਾ ਹੈ ਤਾਂ ਰਾਹ ਵਿਚ ਦੋ ਲੁੱਟਣ ਵਾਲੇ ਖੜ੍ਹੇ ਹਨ | ਅੰਦਰੋਂ ਸਹਿਮਿਆ ਮੁਸ਼ਕਿਲ ਨਾਲ ਜਾਨ ਤੇ ਸਾਮਾਨ ਬਚਾਉਂਦਾ ਹੈ ਤੇ ਫਿਰ ਖ਼ੁਦ ਨੂੰ ਸਵਾਲ ਕਰਦਾ ਹੈ ਕਿ ਅਸਲ ਡਰਪੋਕ ਕੌਣ ਹੈ?
'ਏਹੋ ਹਮਾਰਾ ਜੀਵਣਾ' ਪਦਮਾ ਤੇ ਪ੍ਰੀਤੋ ਦੇ ਸਹੇਲਪੁਣੇ ਦੀ ਕਹਾਣੀ ਹੈ | ਪਦਮਾ ਅਮੀਰ ਘਰੋਂ ਹੈ ਤੇ ਪ੍ਰੀਤੋ ਦੇ ਘਰ ਰੋਟੀ ਔਖੀ ਪੱਕਦੀ ਹੈ | ਪਦਮਾ ਪ੍ਰੀਤੋ ਦਾ ਵੀ ਉੱਪਰਲੀ ਕਲਾਸ ਲਈ ਦਾਖ਼ਲਾ ਕਰਾ ਦਿੰਦੀ ਹੈ, ਪਰ ਪਿਤਾ ਦੀਆਂ ਮਾੜੀਆਂ ਆਦਤਾਂ ਕਰਕੇ ਉਹਦੀ ਪੜ੍ਹਾਈ ਛੁੱਟ ਜਾਂਦੀ ਹੈ |
'ਹੱਥੋਂ ਸੁੱਟਿਆ ਹੀਰਾ' ਧੀਆਂ ਦੀ ਕਿਸਮਤ ਨਾਲ ਸਬੰਧਿਤ ਹੈ | ਦੋ ਤੋਂ ਜ਼ਿਆਦਾ ਕੁੜੀਆਂ ਹੋਣ ਕਰਕੇ ਕਈ ਵਾਰ ਮਾਪੇ ਪ੍ਰੇਸ਼ਾਨ ਹੋ ਜਾਂਦੇ ਹਨ | ਕੋਈ ਕੁੜੀ ਮਾਰਨ ਦੀ ਕੋਸ਼ਿਸ਼ ਕਰਦਾ, ਕੋਈ ਕਿਤੇ ਸੁੱਟਣ ਦੀ | ਪਰ ਸੁੱਟੀ ਹੋਈ ਕੁੜੀ ਕਿਵੇਂ ਚੰਗੀ ਜ਼ਿੰਦਗੀ ਜਿਉਣ ਲੱਗਦੀ ਹੈ ਤੇ ਗੁਰਬਤ ਹੰਢਾਉਂਦੀ ਉਸ ਦੀ ਮਾਂ ਨੂੰ ਕਿਵੇਂ ਝੋਰਾ ਹੁੰਦਾ ਹੈ, ਪੜ੍ਹਨਯੋਗ ਹੈ | ਪੁਸਤਕ ਵਿਚਲੀ ਹਰ ਕਹਾਣੀ ਚੰਗੀ ਹੈ | ਘਾਰੂ ਨੇ ਉਮਰ ਦਾ ਤਜਰਬਾ ਕਹਾਣੀਆਂ ਵਿਚ ਪੇਸ਼ ਕੀਤਾ ਹੈ |

—ਸਵਰਨ ਸਿੰਘ ਟਹਿਣਾ
ਮੋ: 98141-78883
c c c

ਗੰਦਾ ਖੂਨ
ਲੇਖਕ : ਰੋਹਿਤ ਕੁਮਾਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150, ਸਫ਼ੇ : 104
ਸੰਪਰਕ : 84274-47434.

'ਗੰਦਾ ਖੂਨ' ਰੋਹਿਤ ਕੁਮਾਰ ਦਾ ਮਿੰਨੀ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਉਸ ਨੇ 104 ਕਹਾਣੀਆਂ ਦੀ ਸਿਰਜਣਾ ਕੀਤੀ ਹੈ | ਮਿੰਨੀ ਕਹਾਣੀਆਂ ਦੀ ਪੇਸ਼ਕਾਰੀ ਕਰਦੇ ਸਮੇਂ ਉਹ ਸਮਾਜ ਅਤੇ ਆਲੇ-ਦੁਆਲੇ ਵਾਪਰ ਰਹੀਆਂ ਗੱਲਾਂ ਨੂੰ ਹੀ ਆਪਣੇ ਜ਼ਿਹਨ ਵਿਚ ਲਿਆਉਂਦਾ ਹੈ | ਉਸ ਨੇ ਵਿਸ਼ਵੀਕਰਨ ਦੇ ਯੁੱਗ ਵਿਚ ਆਧੁਨਿਕ ਮਨੁੱਖ ਦੇ ਮਸ਼ੀਨੀਕਰਨ ਬਾਰੇ ਦੱਸਿਆ ਹੈ ਕਿ ਮਨੁੱਖ ਵਿੱਚ ਉਸਦਾ ਪਿਆਰ ਮੁਹੱਬਤ, ਨੈਤਿਕ ਕਦਰਾਂ-ਕੀਮਤਾਂ ਅਤੇ ਰਿਸ਼ਤੇ-ਨਾਤੇ ਸਭ ਮਨਫ਼ੀ ਹੋ ਰਹੇ ਹਨ ਤੇ ਮਨੁੱਖ ਸ਼ੈਤਾਨ ਬਣਦਾ ਜਾ ਰਿਹਾ ਹੈ | ਸਮੁੱਚੇ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਜਿਵੇਂ 'ਗੰਦਾ ਖੂਨ', 'ਕੰਜਕਾਂ', 'ਜੂਠਾ ਦੁੱਧ', 'ਖਬਰਦਾਰ', 'ਕੌਤਕ', 'ਮਮਤਾ', 'ਕੁੰਡਲੀ', 'ਧੀ', 'ਰੀਝਾਂ', 'ਹੜ੍ਹ', 'ਪੱਥਰ', ਆਦਿ ਵਿੱਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਮਨੁੱਖ ਪਦਾਰਥਵਾਦੀ ਤਰੱਕੀ ਕਰਦਾ ਜਾ ਰਿਹਾ ਹੈ ਪਰ ਉਸ ਦਾ ਮਾਨਸਿਕ ਪੱਧਰ ਛੋਟਾ ਹੁੰਦਾ ਜਾ ਰਿਹਾ ਹੈ | ਉਹ ਅਮੀਰ ਬਣਨਾ ਚਾਹੁੰਦਾ ਹੈ ਪਰ ਆਪਣੇ ਰਿਸ਼ਤੇ-ਨਾਤੇ ਤੋੜ ਲੈਂਦਾ ਹੈ | ਅੱਜ ਦਾ ਮਨੁੱਖ ਲੋੜੋਂ ਵੱਧ ਪ੍ਰਭਾਵਿਤ ਹੋ ਜਾਣ ਕਾਰਨ ਆਪਣੇ ਸ਼ੈਤਾਨ ਨੂੰ ਜਗਾਉਂਦਾ ਹੈ, ਜਿਸ ਕਰਕੇ ਉਸ ਦੀਆਂ ਕਹਾਣੀਆਂ ਵਿਚਲਾ ਮਨੋਵਿਗਿਆਨਕ ਤੱਥ ਵੀ ਸਾਹਮਣੇ ਆਉਂਦਾ ਹੈ | ਇਸੇ ਤਰ੍ਹਾਂ ਹੀ 'ਗੁੜ੍ਹ', ਪਖੰਡੀ ਸਾਧ', 'ਨਬਜ਼', 'ਹਵਸ', 'ਫੇਕ ਆਈ ਡੀ', ਹਾਰਟ ਅਟੈਕ' ਕਹਾਣੀਆਂ ਵਿਚ ਮਨੁੱਖ ਪਰਿਵਾਰਕ ਰਿਸ਼ਤਿਆਂ ਦੀ ਮਰਿਆਦਾ ਵੀ ਭੁੱਲ ਜਾਂਦਾ ਹੈ | ਲੇਖਕ ਨੇ ਸਮਾਜਿਕ ਰਿਸ਼ਤਿਆਂ ਵਿਚ ਆਏ ਗੰਧਲੇਪਣ ਨੂੰ ਅਤੇ ਸਮਾਜ ਵਿਚ ਮਾਨਵਤਾ ਦੇ ਹੋ ਰਹੇ ਘਾਣ ਬਾਰੇ ਦੱਸਿਆ ਹੈ | ਉਸ ਦੀਆਂ ਕਹਾਣੀਆਂ ਵਿਚ ਦੁਹਰਾਓ ਵੀ ਆਇਆ ਹੈ ਜਿਸ ਤੋਂ ਉਸ ਨੂੰ ਸੰਕੋਚ ਕਰਨ ਦੀ ਲੋੜ ਹੈ, ਪਰ ਕਹਾਣੀਆਂ ਦੇ ਵਿਸ਼ੇ ਸਮਾਜਿਕ ਹੋਣ ਕਰਕੇ ਪਾਠਕਾਂ ਦਾ ਵਿਸ਼ੇਸ਼ ਧਿਆਨ ਦਿਵਾਉਂਦੇ ਹਨ | ਸਿਰਲੇਖ ਵਾਲੀ ਕਹਾਣੀ 'ਗੰਦਾ ਖੂਨ' ਵਿਚ ਦੱਸਿਆ ਗਿਆ ਹੈ ਕਿ ਕਿੱਦਾਂ ਦੇ ਲੋਕ ਹੋ ਗਏ ਹਨ ਜੋ ਬੱਚੇ ਨੂੰ ਤੜਫਦਾ ਦੇਖੀ ਜਾ ਰਹੇ ਹਨ ਪਰ ਬੱਚੇ ਨੂੰ ਕਿਸੇ ਦਾ ਗੰਦਾ ਖੂਨ ਕਹਿ ਕੇ ਪਾਸਾ ਵੱਟ ਜਾਂਦੇ ਹਨ |

—ਡਾ: ਗੁਰਬਿੰਦਰ ਕੌਰ ਬਰਾੜ
ਮੋ: 09855395161
c c c


(ਆਜ਼ਾਦ ਹਿੰਦ ਫ਼ੌਜ ਦਾ ਇਤਿਹਾਸ)
ਲੇਖਕ : ਸਵ: ਅਜੀਤ ਸੈਣੀ
ਪ੍ਰਕਾਸ਼ਕ : ਸੈਣੀ ਅਜੀਤ ਪਬਲਿਸ਼ਰਜ਼, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 0181-5073111.

ਹਥਲੀ ਪੁਸਤਕ ਦਾ ਇਹ ਤੀਜਾ ਐਡੀਸ਼ਨ ਹੈ | ਇਸ ਪੁਸਤਕ 'ਚ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ, ਇਸ ਫ਼ੌਜ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਦਾ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਦਾ ਜ਼ਿਕਰ ਹੈ | ਸਥਾਪਨਾ ਤੇ ਸੰਘਰਸ਼ ਨੂੰ ਡੇਢ ਦਰਜਨ ਵੱਖ-ਵੱਖ ਲੇਖਾਂ ਵਿਚ ਬਿਆਨ ਕੀਤਾ ਗਿਆ ਹੈ | ਆਜ਼ਾਦ ਹਿੰਦ ਫ਼ੌਜ ਦਾ ਇਤਿਹਾਸ, ਬੰਕਾਕ ਕਾਨਫ਼ਰੰਸ, ਜਨਰਲ ਮੋਹਨ ਸਿੰਘ ਦੀ ਗਿ੍ਫ਼ਤਾਰੀ, ਸੁਭਾਸ਼ ਦਾ ਸਿੰਘਾਪੁਰ ਆਉਣਾ, ਜੰਗ ਦਾ ਐਲਾਨ, ਇਮਫ਼ਲ ਦਾ ਮੋਰਚਾ, ਤਿੰਨ ਨਾਅਰੇ, ਆਜ਼ਾਦ ਹਿੰਦ ਬੈਂਕ, ਰਾਣੀ ਝਾਂਸੀ ਰੈਜਮੈਂਟ, ਨੇਤਾ ਜੀ ਦੇ ਹਵਾਈ ਜਹਾਜ਼ ਨੂੰ ਹਾਦਸਾ ਆਦਿ ਵੱਖ-ਵੱਖ ਸਿਰਲੇਖਾਂ ਹੇਠ ਪ੍ਰਕਾਸ਼ਿਤ ਕੀਤੇ ਗਏ ਲੇਖਾਂ ਨੂੰ ਪੜ੍ਹ ਕੇ ਆਜ਼ਾਦ ਹਿੰਦ ਫ਼ੌਜ ਬਾਰੇ ਬਹੁਤ ਸਾਰੀ ਕੀਮਤੀ ਜਾਣਕਾਰੀ ਮਿਲਦੀ ਹੈ | ਆਜ਼ਾਦੀ ਨੂੰ ਪਿਆਰ ਕਰਨ, ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਅਤੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ ਕੁੁਰਬਾਨ ਵਾਲੇ ਹੋਣ ਵਿਅਕਤੀਆਂ ਪ੍ਰਤੀ ਸ਼ਰਧਾ ਤੇ ਸਤਿਕਾਰ ਰੱਖਣ ਵਾਲੇ ਵਿਅਕਤੀਆਂ ਨੂੰ ਇਹ ਪੁਸਤਕ ਲਾਜ਼ਮੀ ਪੜ੍ਹਨੀ ਚਾਹੀਦੀ ਹੈ | ਲੇਖਕ ਦੱਸਦਾ ਹੈ ਕਿ ਆਜ਼ਾਦ ਹਿੰਦ ਫ਼ੌਜ ਆਪਣੀ ਬਹਾਦਰੀ ਸਦਕਾ ਕਾਫ਼ੀ ਹਰਮਨ-ਪਿਆਰੀ ਹੋ ਚੁੱਕੀ ਸੀ | ਨੇਤਾ ਜੀ ਸੁਭਾਸ਼ ਚੰਦਰ (ਆਜ਼ਾਦ ਹਿੰਦ ਬੈਂਕ) ਨੂੰ ਰੰਗੂਨ ਦਾ ਇਕ ਮੁਸਲਮਾਨ ਮਿਲਣ ਲਈ ਆਇਆ ਤਾਂ ਉਸ ਨੇ ਬੈਂਕ ਖੋਲ੍ਹਣ ਲਈ 50 ਲੱਖ ਰੁਪਿਆ ਦਿੱਤਾ | ਇਸੇ ਤਰ੍ਹਾਂ ਸਿੰਘਾਪੁਰ ਵਿਖੇ ਨੇਤਾ ਜੀ ਦੇ ਜਨਮ ਦਿਨ ਮਨਾਉਣ ਸਮੇਂ ਉਨ੍ਹਾਂ ਨੂੰ ਸੋਨੇ ਨਾਲ ਤੋਲਿਆ ਗਿਆ | ਇਸ ਮੌਕੇ ਸੋਨੇ ਦੇ ਗਹਿਣਿਆਂ ਨੂੰ ਪਿਆਰ ਕਰਨ ਵਾਲੀਆਂ ਔਰਤਾਂ ਨੇ ਤਿਆਗ਼ ਦਾ ਸਬੂਤ ਦਿੱਤਾ | ਲੇਖਕ ਨੇ ਨੇਤਾ ਜੀ ਤੋਂ ਇਲਾਵਾ ਆਜ਼ਾਦ ਹਿੰਦ ਫ਼ੌਜ ਵਿਚ ਪੂਰੀ ਸਰਗਰਮੀ ਤੇ ਸ਼ਿੱਦਤ ਨਾਲ ਕੰਮ ਕਰਨ ਵਾਲੇ ਹੋਰਨਾਂ ਵਿਅਕਤੀਆਂ ਦੇ ਜੀਵਨ 'ਤੇ ਵੀ ਚੰਗੀ ਰੌਸ਼ਨੀ ਪਾਈ ਹੈ |

—ਮੋਹਰ ਗਿੱਲ ਸਿਰਸੜੀ
ਮੋ: 98156-59110
c c c

ਬੁੱਢਾ ਦਰਿਆ
ਨਾਟਕਕਾਰ : ਜਸਵੰਤ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 99888-03277.

ਜਸਵੰਤ ਜ਼ਫ਼ਰ ਮੂਲ ਰੂਪ ਵਿਚ ਕਵਿਤਾ ਅਤੇ ਵਾਰਤਕ ਲਿਖਣ ਵਾਲਾ ਪੰਜਾਬੀ ਦਾ ਚੇਤੰਨ ਸਾਹਿਤਕਾਰ ਹੈ | ਨਾਟਕ 'ਬੱਢਾ ਦਰਿਆ' ਤੋਂ ਪਹਿਲਾਂ ਉਸ ਦੀਆਂ ਪੰਜ ਕਵਿਤਾਵਾਂ ਅਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਜਸਵੰਤ ਜ਼ਫ਼ਰ ਦਾ ਨਵਾਂ ਨਾਟਕ 'ਬੁੱਢਾ ਦਰਿਆ' ਸੁਆਰਥੀ-ਮਨੁੱਖਤਾ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ, ਲੁਧਿਆਣੇ ਵਿਚੋਂ ਲੰਘਦੇ ਬੁੱਢੇ ਦਰਿਆ ਦੀ ਹੋਣੀ ਨੂੰ , ਸਮੁੱਚੇ ਭਾਰਤ ਦੇਸ਼ ਅੰਦਰ ਪਲੀਤ ਹੋ ਚੁੱਕੇ ਦਰਿਆਵਾਂ ਦੀ ਹੋਣੀ, ਦੇ ਪ੍ਰਸੰਗ ਵਿਚ ਪ੍ਰਸਤੁਤ ਕਰਦਾ ਹੈ |
ਸਮਕਾਲੀ ਸਮਾਜਿਕ ਪ੍ਰਸਥਿਤੀਆਂ ਦਾ ਟੇਢ ਇਹ ਹੈ ਕਿ ਗਿਆਨ-ਵਿਹੂਣਾ ਮਨੁੱਖ, ਧਰਮ ਦੀ ਸਮਾਜਿਕ-ਵਿਗਿਆਨਕ ਸਾਰਥਿਕਤਾ ਨਾਲੋਂ ਟੁੱਟ ਕੇ, 'ਮੈਂ' ਕੇਂਦਰਿਤ ਹੋ ਚੁੱਕਾ ਹੈ | ਮਨੁੱਖ ਦੀ ਇਸ 'ਮੈਂ' ਨੇ ਉਸ ਨੂੰ ਹੱਦ-ਦਰਜੇ ਦਾ ਸੁਆਰਥੀ ਬਣਾ ਦਿੱਤਾ ਹੈ | ਉਹ ਪਰਕਿਰਤੀ ਨਾਲ ਖਿਲਵਾੜ ਕਰਕੇ ਆਪਣੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਰਿਹਾ ਹੈ | ਇਸ ਨਾਟਕ ਦੀ ਕੇਂਦਰੀ-ਧੁਨੀ, ਗਰੂ ਨਾਨਕ ਦੇਵ ਜੀ ਦੀ ਬਾਣੀ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੀ ਉੱਚਤਾ ਨੂੰ ਅਜੋਕੇ ਪਦਾਰਥਵਾਦੀ ਯੁੱਗ ਵਿਚ ਪੁਨਰ-ਸੁਰਜੀਤ ਕਰਨਾ ਹੈ | ਨਾਟਕ ਬੁੱਢਾ ਦਰਿਆ ਦਾ ਮੂਲ ਵਿਸ਼ਾ ਤਾਂ ਭਾਵੇਂ ਬੁੱਢੇ ਦਰਿਆ ਦੀ ਅਧੋਗਤੀ ਅਤੇ ਤਰਸਯੋਗ ਹਾਲਤ ਨੂੰ ਬਿਆਨਦਾ ਹੈ ਪਰ ਨਾਟਕ ਰਾਹੀਂ ਸਮਾਜ ਵਿਚ ਫੈਲੀਆਂ ਭੈੜਾਂ, ਵਹਿਮ-ਭਰਮ, ਸੁਆਰਥ, ਕੂੜ, ਭਿ੍ਸ਼ਟਾਚਾਰ, ਵੱਢੀਖੋਰੀ, ਜਾਤਾਂ-ਪਾਤਾਂ, ਊਚ-ਨੀਚ, ਰਾਜਸੀ-ਧੱਕੇਸ਼ਾਹੀ ਆਦਿ ਮਸਲਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਹੈ | ਜਿਨ੍ਹਾਂ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਮੱਧਕਾਲ ਵਿਚ ਆਵਾਜ਼ ਉਠਾਈ ਸੀ | ਸਮੁੱਚਾ ਨਾਟਕ ਬੌਧਿਕਤਾ ਅਤੇ ਭਾਵੁਕਤਾ ਦੀ ਪ੍ਰਭਾਵਸ਼ਾਲੀ ਅਭਿਵਿਅਕਤੀ ਹੈ ਅਤੇ ਪਾਠਕਾਂ/ਦਰਸ਼ਕਾਂ ਦੀ ਜ਼ਮੀਰ ਨੂੰ ਝੰਜੋੜਦਾ ਹੋਇਆ ਮਨੁੱਖ ਨੂੰ 'ਬੰਦਾ' ਬਣ ਕੇ ਆਪਣੇ ਆਲੇ-ਦੁਆਲੇ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰਦਾ ਹੈ |
ਅਜਿਹੇ ਸਮੇਂ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਮਨਾ ਰਹੇ ਹਾਂ, 'ਬੁੱਢਾ ਦਰਿਆ' ਵਰਗੇ ਨਾਟਕ ਦੀ ਸਿਰਜਣਾ ਰਾਹੀਂ ਨਾਟਕਕਾਰ, ਪੰਜਾਬੀ ਕੌਮ ਦੇ ਦਿਲੋ-ਦਿਮਾਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਚੇਤਾ ਕਰਵਾ ਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਹਲੂਣਾ ਦੇਣ ਦਾ ਯਤਨ ਕਰ ਰਿਹਾ ਹੈ |

—ਡਾ: ਪ੍ਰਦੀਪ ਕੌੜਾ
ਮੋ: 95011-15200
c c c

20-07-2019

 ਸਕੀਨਾ
ਲੇਖਕ : ਫ਼ੌਜ਼ੀਆ ਰਫ਼ੀਕ
ਲਿਪੀਆਂਤਰਣ : ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 224
ਸੰਪਰਕ : 98152-18545.

ਅਸੀਂ ਪੰਜਾਬੀ ਅਕਸਰ ਭੁੱਲ ਜਾਂਦੇ ਹਾਂ ਕਿ ਵਾਹਗੇ ਦੀ ਲੀਕ ਪਾਰ ਵੀ ਪੰਜਾਬ ਵਸਦਾ ਹੈ ਅਤੇ ਪੰਜਾਬੀ ਦੇ ਬਹੁਗਿਣਤੀ ਦੇ ਮੁਢਲੇ ਵੱਡੇ ਸਾਹਿਤਕਾਰ (ਬਾਣੀਕਾਰ, ਸੂਫ਼ੀ, ਕਿੱਸਾਕਾਰ, ਵਾਰਤਕਕਾਰ, ਸ਼ਾਇਰ, ਕਹਾਣੀਕਾਰ, ਨਾਵਲਕਾਰ, ਨਾਟਕਕਾਰ) ਲੋਕਾਂ ਨੂੰ ਮਜ਼ਹਬਾਂ ਦੇ ਆਧਾਰ ਉੱਤੇ ਵੰਡਣ ਵਾਲੀ ਲਕੀਰ ਦੇ ਉਸ ਪਾਰ ਹੀ ਪ੍ਰਵਾਨ ਚੜ੍ਹੇ ਹਨ। ਦੇਸ਼ ਵੰਡ ਉਪਰੰਤ ਉਧਰਲੇ ਪਾਸੇ ਪੰਜਾਬੀ ਨੂੰ ਸ਼ਾਹਮੁਖੀ ਲਿਪੀ ਵਿਚ ਅਤੇ ਇਧਰ ਗੁਰਮੁਖੀ ਵਿਚ ਲਿਖਣ ਕਾਰਨ ਅਸੀਂ ਦੋਵੇਂ ਇਕ-ਦੂਜੇ ਤੋਂ ਕਾਸੇ ਦੂਰ ਹੋਈ ਜਾ ਰਹੇ ਹਾਂ। ਦੋਵਾਂ ਮੁਲਕਾਂ ਦੇ ਲੋਕਾਂ ਨੂੰ ਦੂਰ ਕਰਨ ਦਾ ਕੰਮ ਤਾਂ ਸਿਆਸਦਤਾਨ ਬੜੀ ਖੂਬਸੂਰਤੀ ਨਾਲ ਕਰ ਰਹੇ ਹਨ। ਲੋਕਾਂ ਨੂੰ ਪਿਆਰ ਨਾਲ ਜੋੜਨ ਤੇ ਸਮਝਣ ਦਾ ਕੰਮ ਦੋਵਾਂ ਲਿਪੀਆਂ ਦੇ ਵਾਕਿਫ਼ ਸੁਹਿਰਦ ਸਾਹਿਤਕਾਰ ਹੀ ਕਰ ਸਕਦੇ ਹਨ। ਹਰਬੰਸ ਸਿੰਘ ਧੀਮਾਨ ਜਿਹੇ ਬੰਦੇ ਆਪਣੇ ਮਨ ਦੀ ਰੀਝ ਪੂਰੀ ਕਰਦੇ ਹੋਏ ਸਿਰੜ ਨਾਲ ਸ਼ਾਹਮੁਖੀ ਵਿਚ ਲਿਖੀਆਂ ਲਿਖਤਾਂ ਗੁਰਮੁਖੀ ਵਿਚ ਕਰਨ ਦੀ ਸੇਵਾ ਨਿਭਾਅ ਰਹੇ ਹਨ। ਸਕੀਨਾ ਧੀਮਾਨ ਦਾ ਇਸ ਦਿਸ਼ਾ ਵਿਚ ਨਵਾਂ ਉੱਦਮ ਹੈ।
ਫ਼ੌਜ਼ੀਆ ਤੌਫ਼ੀਕ ਦਾ ਉੱਤਮ ਪੁਰਖ ਵਿਚ ਲਿਖਿਆ ਇਹ ਨਾਵਲ ਪੰਜਾਬ ਤੇ ਅਵਿਕਸਿਤ ਤੀਜੀ ਦੁਨੀਆ ਦੀਆਂ ਸ਼ੋਸ਼ਿਤ ਔਰਤਾਂ ਦੀ ਦੁਖਾਂਤਕ ਕਥਾ ਹੈ। ਸਕੀਨਾ ਦੇ ਸੁਪਨੇ ਤੇ ਰੀਝਾਂ ਨੂੰ ਸਮਾਜ ਦੇ ਚੌਧਰੀ ਥਾਂ-ਥਾਂ ਚਕਨਾ ਚੂਰ ਕਰਦੇ ਹਨ। ਧੀ, ਪਤਨੀ, ਮਾਂ, ਨੂੰਹ ਹਰ ਥਾਂ ਉਹ ਤ੍ਰਾਸਦ ਹੋਣੀ ਹੀ ਭੋਗਦੀ ਹੈ। ਪੰਜਾਬ ਦਾ ਲਾਹੌਰ ਨੇੜਲਾ ਪਿੰਡ ਹੋਵੇ, ਲਾਹੌਰ ਹੋਵੇ, ਵੈਨਕੂਵਰ ਹੋਵੇ ਜਾਂ ਸਰੀ ਕੋਈ ਵੀ ਉਸ ਨੂੰ ਰਾਸ ਨਹੀਂ ਆਉਂਦਾ। ਇਹ ਨਹੀਂ ਕਿ ਉਹ ਆਰਥਿਕ ਪੱਖੋਂ ਥੁੜੀ ਟੁੱਟੀ ਸੀ। ਚੰਗੇ ਰਜੇ-ਪੁੱਜੇ ਘਰ ਦੀ ਨੂੰਹ ਧੀ ਹੈ। ਉਹ ਖੁੱਲ੍ਹੇ ਖੁਲਾਸੇ ਸੁਭਾਅ ਵਾਲੀ ਭੋਲੀ ਭਾਲੀ ਬਾਗੀ ਕੁੜੀ ਹੈ। ਔਰਤ ਦੀ ਦਰਦ ਕਹਾਣੀ ਮੁੱਕਣ ਵਾਲੀ ਨਹੀਂ. ਇਸ ਲਈ ਸਕੀਨਾ ਵੀ ਖੁੱਲ੍ਹੇ ਅੰਤ ਵਾਲਾ ਨਾਵਲ ਹੈ। ਸਮਾਜਿਕ ਤੇ ਪ੍ਰਗਤੀਵਾਦੀ ਸਰੋਕਾਰਾਂ ਵਾਲਾ ਆਧੁਨਿਕ ਨਾਵਲ ਕਹਿ ਸਕਦੇ ਹੋ ਇਹ। ਨਾਰੀਵਾਦੀ ਚਿੰਤਨ ਤੇ ਫ਼ਿਕਰ ਇਸ ਵਿਚ ਸਹਿਜ ਰੂਪ ਵਿਚ ਅਭਿਵਿਅਕਤ ਹੋਏ ਹਨ। ਪਾਕਿਸਤਾਨੀ ਪੰਜਾਬ ਦੀ ਮਿੱਠੀ ਬੋਲੀ ਸਰਲਤਾ ਤੇ ਮੁਹਾਵਰਾ ਵੀ ਪਾਠਕ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਜ਼ਰੂਰ ਮਜ਼ਾ ਕਿਰਕਿਰਾ ਕਰਦੀਆਂ ਹਨ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਰਾਵੀ
ਸ਼ਾਇਰ : ਗੁਰਭਜਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98726-31199.

ਪੰਜਾਬੀ ਦੇ ਸਮਰੱਥ ਸ਼ਾਇਰ ਗੁਰਭਜਨ ਗਿੱਲ ਦਾ ਕਾਵਿ ਸਫ਼ਰ ਲਗਪਗ ਚਾਰ ਦਹਾਕਿਆਂ ਵਿਚ ਫੈਲਿਆ ਹੋਇਆ ਹੈ। 'ਹਰ ਧੁਖ਼ਦਾ ਪਿੰਡ ਮੇਰਾ ਹੈ' ਤੋਂ ਲੈ ਕੇ 'ਰਾਵੀ' ਤੱਕ ਉਸ ਦੇ ਪੰਜ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਅਸੀਂ ਆਪਣੇ ਪਿਆਰੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦੇ ਅਕਸ ਦੇਖ ਸਕਦੇ ਹਾਂ।
ਆਜ਼ਾਦੀ ਤੋਂ ਪਹਿਲਾਂ ਪੰਜਾਬੀ ਸਾਹਿਤ ਵਿਚ ਰਾਵੀ ਦਾ ਭਰਪੂਰ ਵਰਨਣ ਹੋਇਆ ਕਰਦਾ ਸੀ। ਪ੍ਰੋ: ਮੋਹਨ ਸਿੰਘ, ਡਾ: ਗੁਰਚਰਨ ਸਿੰਘ ਅਤੇ ਬਹੁਤ ਸਾਰੇ ਸਟੇਜੀ ਕਵੀਆਂ ਨੇ 'ਰਾਵੀ ਦੀਆਂ ਛੱਲਾਂ' ਦੇ ਮਾਧਿਅਮ ਦੁਆਰਾ ਆਪਣੀਆਂ ਭਾਵਨਾਵਾਂ ਅਤੇ ਸੋਚਾਂ ਨੂੰ ਵਿਅਕਤ ਕੀਤਾ ਸੀ। ਹੁਣ ਗੁਰਭਜਨ ਗਿੱਲ ਨੇ ਇਸ ਦਰਿਆ ਨੂੰ ਕੇਂਦਰ-ਬਿੰਦੂ ਵਿਚ ਰੱਖ ਕੇ ਵਿਰਸੇ ਦੀਆਂ ਬਹੁਤ ਸਾਰੀਆਂ ਤੰਦਾਂ ਨੂੰ ਸਾਡੇ ਸਨਮੁੱਖ ਲਿਆ ਫੈਲਾਇਆ ਹੈ। ਬਹਾਨੇ ਨਾਲ ਕਰਤਾਰਪੁਰ ਸਾਹਿਬ (ਰਾਵੀ) ਦਾ ਵੀ ਜ਼ਿਕਰ ਹੋ ਗਿਆ ਹੈ ਅਤੇ ਇਸ ਸਬੱਬ ਅਸੀਂ ਜਗਤ ਗੁਰੂ ਬਾਬਾ ਨਾਨਕ ਦਾ ਵੀ ਸਿਮਰਨ ਕਰ ਲਿਆ ਹੈ। 'ਰਾਵੀ' ਦਰਿਆ ਲਈ ਹੇਰਵਾ ਪ੍ਰਗਟ ਕਰਦਾ ਹੋਇਆ ਕਵੀ ਲਿਖਦਾ ਹੈ, 'ਤੇਰੇ ਲਈ ਦਰਿਆ ਹੈ ਰਾਵੀ, ਮੇਰੇ ਲਈ ਇਹ ਦੇਸ ਵੀਰਿਆ। ਧਰਮੀ ਬਾਬਲ ਮਾਂ ਹੈ ਰਾਵੀ, ਇਸ ਓਹਲੇ ਪਰਦੇਸ ਵੀਰਿਆ॥ ਤੂੰ ਕੀ ਜਾਣੇਂ ਡੇਹਰੇ ਜਾ ਕੇ ਕੀ ਕੁਝ ਟੁੱਟਦਾ ਮੇਰੇ ਅੰਦਰੋਂ, ਪੂਰਾ ਪੱਥਰ ਹੋਇਆ ਨਹੀਂ ਮੈਂ, ਹਾਲੇ ਅੰਦਰ ਲੇਸ ਵੀਰਿਆ।' (ਪੰਨਾ 42)
ਜਿਵੇਂ-ਜਿਵੇਂ ਸਮਾਜਿਕ-ਪਦਾਰਥਕ ਪ੍ਰਸਥਿਤੀਆਂ ਬਦਲਦੀਆਂ ਜਾਂਦੀਆਂ ਹਨ, ਕਵੀ ਨੂੰ ਆਪਣੇ ਮਾਧਿਅਮ ਨਾਲ ਨਿਰੰਤਰ ਸੰਘਰਸ਼ ਕਰਨਾ ਪੈਂਦਾ ਹੈ। ਦੇਖੇ-ਭਾਲੇ ਯਥਾਰਥ ਦੀ ਥਾਂ ਜਦੋਂ ਅਣਦੇਖਿਆ-ਅਣਕਿਆਸਿਆ ਯਥਾਰਥ ਸਾਹਮਣੇ ਆ ਜਾਂਦਾ ਹੈ ਤਾਂ ਕਵੀ ਨੂੰ ਨਵੇਂ ਬਿੰਬਾਂ, ਪ੍ਰਤੀਕਾਂ ਅਤੇ ਕਾਵਿ-ਸ਼ਬਦਾਵਲੀ ਦੀ ਜ਼ਰੂਰਤ ਪੈਂਦੀ ਹੈ। ਇਸ ਸੂਰਤ ਵਿਚ ਪਰਿਪੱਕ ਤੋਂ ਪਰਿਪੱਕ ਕਵੀ ਵੀ ਅਕਸਰ ਥੁੜਿਆ-ਥੁੜਿਆ ਮਹਿਸੂਸ ਕਰਦਾ ਹੈ। ਗੁਰਭਜਨ ਦੇ ਸ਼ਬਦਾਂ ਵਿਚ, 'ਬਹੁਤ ਹਾਲੇ ਅਣਕਿਹਾ ਲਿਖਿਆ ਨਹੀਂ ਪੜ੍ਹਿਆ ਨਹੀਂ। ਕੰਢੇ-ਕੰਢੇ ਫਿਰ ਰਿਹਾਂ, ਸਾਗਰ 'ਚ ਮੈਂ ਵੜਿਆ ਨਹੀਂ॥ ਬੇ ਸ਼ਨਾਸੇ ਹੀਰੇ ਨੂੰ ਪੱਥਰ ਜਿਹਾ ਹੀ ਸਮਝਦੇ, ਜੌਹਰੀਆਂ ਦੀ ਨਜ਼ਰ ਉੱਤੇ ਮੈਂ ਅਜੇ ਚੜ੍ਹਿਆ ਨਹੀਂ।' ਇਸ ਪ੍ਰਕਾਰ ਦੀ ਸ਼ਾਇਰੀ ਪੰਜਾਬੀ ਕਾਵਿ ਦੇ ਸਮਕਾਲੀ ਦ੍ਰਿਸ਼ ਉੱਪਰ ਵੀ ਬੜੀ ਭਾਵਪੂਰਤ ਟਿੱਪਣੀ ਕਰ ਜਾਂਦੀ ਹੈ। ਮੈਂ ਗੁਰਭਜਨ ਗਿੱਲ ਦੇ ਇਸ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕੁਝ ਰੰਗ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98724-55994.

ਹੀਰਾ ਸਿੰਘ ਤੂਤ ਦੀ ਪਹਿਲੀ ਕਾਵਿ-ਕਿਤਾਬ 'ਫਿੱਕੇ ਰੰਗ' ਵਿਚ ਗੁਆਚੇ ਰੰਗ ਹਥਲੀ ਕਿਤਾਬ 'ਕੁਝ ਰੰਗ' ਵਿਚ ਨਵੇਂ ਰੰਗ ਤਲਾਸ਼ਣ ਲਈ ਰੰਗਾਂ ਤੋਂ ਰੰਗਾਂ ਤੱਕ ਦਾ ਸਫ਼ਰ ਹੈ। ਸ਼ਾਇਰ ਨਿੱਕੀਆਂ-ਨਿੱਕੀਆਂ ਨਜ਼ਮਾਂ ਰਾਹੀਂ ਵੱਡੇ ਅਰਥਾਂ 'ਤੇ ਝਾਤ ਪਵਾਉਂਦਾ ਹੈ। ਈਸਾਈ ਮੱਤ ਕਹਿੰਦਾ ਹੈ ਕਿ 'ਬੰਦਾ ਸਿਰਫ ਰੋਟੀ 'ਤੇ ਹੀ ਨਹੀਂ ਜਿਊਂਦਾ' ਅਤੇ ਅਚਾਰੀਆ ਰਜਨੀਸ਼ ਮਨੁੱਖੀ ਇੱਛਾਵਾਂ 'ਤੇ ਬੰਨ੍ਹਣ ਲਗਾਉਣ ਨੂੰ ਬਿਮਾਰੀਆਂ ਦਾ ਮੂਲ ਮੰਨਦਾ ਹੈ। ਮਨੁੱਖ ਅੰਦਰ ਜਜ਼ਬਾਤਾਂ ਦਾ ਵਹਿਣ ਹੁੰਦਾ ਹੈ ਤੇ 'ਮੁਹੱਬਤ' ਉਸ ਦਾ ਧੁਰਾ ਹੈ। ਸੋ, ਜੇ ਸਮਾਜ ਦੇ ਪਾਲਤੂ ਜਿਹੇ ਬੰਧੇਜਾਂ ਨਾਲ ਇਸ ਧੁਰੇ 'ਤੇ ਬਰੇਕਾਂ ਲਾਉਣ ਨਾਲ ਜਜ਼ਬਾਤੀ ਵਿਸਫੋਟ ਹੁੰਦਾ ਹੈ। ਮਨੁੱਖ ਦੀ ਮ੍ਰਿਗ ਤ੍ਰਿਸ਼ਨਾ ਦੇ ਭਰਮ ਦੇ ਜਿੰਦਰੇ ਤੋੜਦੀ ਇਸ ਵੱਥ ਦੀ ਚਾਬੀ ਤਲਾਸ਼ਣ ਦੀ ਕਿਰਿਆ ਸਿਰਫ ਮੁਹੱਬਤ ਹੈ ਜੋ ਮੁਹੱਬਤੀ ਜਿਊੜਿਆਂ ਲਈ ਧਰੂ ਤਾਰੇ ਦਾ ਕੰਮ ਕਰਦੀ ਹੈ। ਕਈ ਵਾਰ ਸ਼ਾਇਰ ਇਸ ਧਰੂ ਤਾਰੇ ਵੱਲ ਜਾਣ ਲਈ 'ਮਿਰਜਾ' ਬਣਨ ਲਈ ਹੁੱਝ ਮਾਰਦਾ ਹੈ ਅਤੇ ਅੱਜ ਦੀ 'ਸਾਹਿਬਾਂ' 'ਮੈਂ ਮਾੜੀ ਕਿਉਂ' ਕਹਾਉਣ ਲਈ ਪ੍ਰਸ਼ਨ ਖੜ੍ਹੇ ਕਰਦੀ ਹੈ। ਸ਼ਾਇਰ ਅੱਜ ਦੇ ਧਾਰਮਿਕ ਬੰਦੇ ਦੀ ਬਾਣੀ ਅਤੇ ਬਾਣੇ 'ਤੇ ਨਾ ਚੱਲਣ ਦੇ ਬਖੀਏ ਵੀ ਉਧੇੜਦਾ ਹੈ। ਕੁਝ ਰੰਗਾਂ ਵਿਚੋਂ ਜੇ ਤੁਹਾਡੇ ਰੰਗਾਂ ਦਾ ਮੁਹਾਂਦਰਾ ਪਛਾਣਨ ਵਿਚ ਇਹ ਪੁਸਤਕ ਸਹਾਈ ਹੁੰਦੀ ਹੈ ਤਾਂ ਸ਼ਾਇਰ ਨਿਸਚੇ ਦੀ ਆਪਣੇ ਮਨੋਰਥ ਵਿਚ ਸਫ਼ਲ ਹੋ ਜਾਏਗਾ। ਇਹੀ ਮੇਰੀ ਦੁਆ ਹੈ। ਆਮੀਨ!

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਧਰਤ ਪੰਜਾਬ ਦੀ
ਲੇਖਿਕਾ : ਡਾ: ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 81958-05111.

ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਲਿਖੀ ਲੇਖਿਕਾ ਦੀ ਇਹ ਪੁਸਤਕ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਤੋਂ ਪਹਿਲਾਂ ਉਸ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ ਉਸ ਨੇ ਪੰਜਾਬ ਦੇ ਵੱਖ-ਵੱਖ ਸਥਾਨਾਂ (ਅੰਮ੍ਰਿਤਸਰ, ਮੁਕਤਸਰ, ਤਰਨ ਤਾਰਨ, ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਪਟਿਆਲਾ, ਮਲੇਰਕੋਟਲਾ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, ਬਟਾਲਾ ਆਦਿ) ਵਿਚ ਸਥਿਤ ਗੁਰਧਾਮਾਂ ਉੱਪਰ ਰੌਸ਼ਨੀ ਪਾਈ ਹੈ। ਪੁਸਤਕ ਨੂੰ ਲਿਖਣ ਲਈ ਲੇਖਿਕਾ ਨੇ ਕਈ ਇਤਿਹਾਸਕ ਪੁਸਤਕਾਂ ਅਤੇ ਰਸਾਲਿਆਂ ਆਦਿ ਦਾ ਅਧਿਐਨ ਕੀਤਾ ਹੈ, ਜਿਨ੍ਹਾਂ ਦਾ ਵੇਰਵਾ ਪੁਸਤਕ ਦੇ ਅਖੀਰ ਵਿਚ ਦਿੱਤਾ ਗਿਆ ਹੈ। ਇਨ੍ਹਾਂ ਹਵਾਲਿਆਂ ਅਤੇ ਹੋਰ ਸੋਮਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਨੂੰ ਉਸ ਨੇ ਇਸ ਪੁਸਤਕ ਦਾ ਆਧਾਰ ਬਣਾਇਆ ਹੈ। ਬੋਲੀ ਤੇ ਸ਼ੈਲੀ ਪੱਖੋਂ ਇਹ ਪੁਸਤਕ ਬੜੀ ਸਰਲ ਤੇ ਰੌਚਕ ਹੈ, ਜਿਸ ਨੂੰ ਹਰ ਆਯੂ-ਗੁੱਟ ਦੇ ਪਾਠਕ ਬੜੀ ਦਿਲਚਸਪੀ ਨਾਲ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਨ।
ਛਪਾਈ ਤੇ ਦਿੱਖ ਦੇ ਪੱਖੋਂ ਵੀ ਇਹ ਇਕ ਸੁੰਦਰ ਕਿਤਾਬ ਹੈ। ਸਾਰੀ ਕਿਤਾਬ ਆਰਟ ਪੇਪਰ 'ਤੇ ਛਾਪੀ ਗਈ ਹੈ। ਇਸ ਵਿਚ ਛਪੀਆਂ ਗੁਰਦੁਆਰਿਆਂ ਦੀਆਂ ਰੰਗਦਾਰ ਤਸਵੀਰਾਂ ਇਸ ਨੂੰ ਹੋਰ ਵੀ ਖੂਬਸੂਰਤੀ ਪ੍ਰਦਾਨ ਕਰਦੀਆਂ ਹਨ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਜੈ ਭੀਮ
ਨਾਵਲਕਾਰ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 240

ਨਾਵਲਕਾਰ ਹਰੀ ਸਿੰਘ ਢੁੱਡੀਕੇ ਮੁੱਖ ਤੌਰ 'ਤੇ ਇਤਿਹਾਸਕ ਨਾਵਲ ਅਤੇ ਜੀਵਨੀਕਾਰ ਹੈ। ਲੇਖਕ ਦਾ 12ਵਾਂ ਨਾਵਲ 'ਜੈ ਭੀਮ' ਇਕ ਜੀਵਨੀ ਮੂਲਕ ਨਾਵਲ ਹੈ। ਕਿਸੇ ਇਤਿਹਾਸਕ ਨਾਇਕ ਦੀ ਜੀਵਨੀ ਨੂੰ ਨਾਵਲ ਰੂਪ ਵਿਚ ਪੇਸ਼ ਕਰਨਾ, ਆਪਣੇ-ਆਪ ਵਿਚ ਬਹੁਤ ਹੀ ਖੋਜ ਭਰਪੂਰ, ਤੱਥਾਂ 'ਤੇ ਆਧਾਰਿਤ ਅਤੇ ਚੁਣੌਤੀ ਭਰਿਆ ਕਾਰਜ ਹੁੰਦਾ ਹੈ।
ਨਾਵਲ ਦਾ ਕਥਾਨਕ ਉਸ ਵਿਅਕਤੀ ਦੇ ਜੀਵਨ ਦੇ ਗਿਰਦ ਬੁਣਿਆ ਗਿਆ ਹੈ, ਜੋ ਬਹੁਤ ਹੀ ਦੱਬੇ-ਕੁਚਲੇ, ਗ਼ਰੀਬ ਪਰਿਵਾਰ ਵਿਚੋਂ ਜਨਮ ਲੈਂਦਾ ਹੈ। ਅਨੇਕਾਂ ਤੰਗੀਆਂ ਤੁਰਸ਼ੀਆਂ, ਦੁੱਖ ਤਕਲੀਫ਼ਾਂ, ਨਾਬਰਾਬਰੀਆਂ, ਤਾਹਨਿਆਂ-ਮਿਹਣਿਆਂ ਨੂੰ ਸਹਿੰਦਾ, ਅਤਿ ਦੇ ਨਿਘਰੇ ਪਰਿਵਾਰਕ ਤੇ ਸਮਾਜਿਕ ਹਾਲਾਤ ਨਾਲ ਜੂਝਦਾ ਹੈ। ਫਿਰ ਵਿੱਦਿਆ ਨੂੰ ਹਥਿਆਰ ਬਣਾ ਕੇ ਸਮਾਜਿਕ ਹਾਲਾਤ ਨਾਲ ਲੋਹਾ ਲੈਂਦਾ ਹੈ। ਆਪਣੇ ਗਿਆਨ, ਆਪਣੇ ਸਿਰੜ, ਆਪਣੇ ਸਿਦਕ, ਆਪਣੀ ਲਗਨ, ਆਪਣੀ ਮਿਹਨਤ ਅਤੇ ਆਪਣੀ ਸੂਝ ਸਦਕਾ ਸਾਧਾਰਨ ਮਨੁੱਖ ਤੋਂ ਉੱਠ ਕੇ ਨਾਇਕ ਫਿਰ ਮਹਾਨਾਇਕ ਦਾ ਰੁਤਬਾ ਹਾਸਲ ਕਰਦਾ ਹੈ। ਆਪਣੀ ਕੌਮ ਦਾ ਮਸੀਹਾ ਬਣਦਾ ਹੈ। ਉਨ੍ਹਾਂ ਦੇ ਹੱਕ ਵਿਚ ਕਾਨੂੰਨ ਬਣਾ ਕੇ ਸੰਵਿਧਾਨਕ ਹੱਕ ਪ੍ਰਦਾਨ ਕਰਦਾ ਹੈ।
ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਨਾਵਲਕਾਰ ਨੇ ਬਹੁਤ ਹੀ ਸਰਲਤਾ, ਸਹਿਜਤਾ, ਰੌਚਿਕਤਾ ਅਤੇ ਸੰਜਮਤਾ ਨਾਲ ਡਾ: ਅੰਬੇਡਕਰ ਦੇ ਜੀਵਨ ਚਰਿੱਤਰ ਨੂੰ ਵੱਡੇ ਕੈਨਵਸ 'ਤੇ ਸ਼ਬਦਾਂ ਰਾਹੀਂ ਚਿਤਰਣ ਵਿਚ ਸਫਲਤਾ ਹਾਸਲ ਕੀਤੀ ਹੈ ਕਿ ਇਕ ਮਹਾਂਨਾਇਕ ਦਾ ਸਮੁੱਚਾ ਕਿਰਦਾਰ ਕਿਸੇ ਫ਼ਿਲਮ ਵਾਂਗ ਪਾਠਕ ਦੀਆਂ ਅੱਖਾਂ ਮੁਹਰਿਉਂ ਲੰਘਣ ਲਗਦਾ ਹੈ ਤੇ ਪਾਠਕ ਉਨ੍ਹਾਂ ਨਾਲ ਦਿਲੋਂ ਜੁੜ ਜਾਂਦਾ ਹੈ। ਪਾਠਕ ਸਮਾਜਿਕ ਨਾਬਰਾਬਰੀ, ਸਹਿਣ ਵਾਲੇ ਪਾਤਰਾਂ ਨਾਲ ਹਮਦਰਦੀ ਮਹਿਸੂਸ ਕਰਦਾ ਹੈ ਅਤੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਤੇ ਸੱਭਿਆਚਾਰਕ ਪਾੜੇ ਨੂੰ ਦੂਰ ਕਰਨ ਲਈ ਪ੍ਰੇਰਿਤ ਹੋਣ ਲਗਦਾ ਹੈ। ਇਹ ਇਸ ਨਾਵਲ ਦੀ ਵਿਸ਼ੇਸ਼ ਉਪਲਬਧੀ ਕਹੀ ਜਾ ਸਕਦੀ ਹੈ। 'ਜੈ ਭੀਮ' ਇਤਿਹਾਸਕ-ਜੀਵਨੀਮੂਲਕ ਨਾਵਲਾਂ ਵਿਚੋਂ ਗੁਣਾਤਮਕ ਵਾਧਾ ਹੈ।

ਂਡਾ: ਧਰਮਪਾਲ ਸਾਹਿਲ
ਮੋ: 98761-56964.
ਫ ਫ ਫ

ਗੁਰੂ ਨਾਨਕ ਬਾਣੀ
ਵਿਚ ਹਉਮੈ ਦਾ ਸੰਕਲਪ
ਲੇਖਿਕਾ : ਨਵਦੀਸ਼ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 183
ਸੰਪਰਕ : 0172-5027427.

ਇਸ ਵਿਚ ਲੇਖਿਕਾ ਦਾ ਉਦੇਸ਼ 'ਗੁਰੂ ਨਾਨਕ ਬਾਣੀ ਵਿਚ ਹਉਮੈ ਦਾ ਸੰਕਲਪ' ਨੂੰ ਗਹਿਰਾਈ ਵਿਚ ਜਾ ਕੇ ਅਨੇਕਾਂ ਪੱਖਾਂ ਤੋਂ ਸਮਝਣ-ਸਮਝਾਉਣ ਵਿਚ ਨਿਹਿਤ ਹੈ। ਇਸ ਮਨੋਰਥ ਲਈ ਖੋਜਕਰਤਾ ਨੇ ਆਪਣੇ ਅਧਿਐਨ ਨੂੰ ਚਾਰ ਕਾਂਡਾਂ ਵਿਚ ਵਿਭਾਜਤ ਕੀਤਾ ਹੈ। ਪਹਿਲਾ ਕਾਂਡ ਖੋਜ ਦੇ ਪਰੰਪਰਕ ਨਿਯਮਾਂ ਅਨੁਸਾਰ ਸਿਧਾਂਤਕ ਪਰਿਪੇਖ ਨਾਲ ਸੰਬਧਿਤ ਹੈ ਜਿਸ ਵਿਚ ਹਉਮੈ ਦੀ ਪਰਿਭਾਸ਼ਾ, ਸਰੂਪ ਅਤੇ ਵਿਸ਼ੇਸ਼ਤਾਈਆਂ ਉਜਾਗਰ ਕੀਤੀਆਂ ਗਈਆਂ ਹਨ। ਇਸ ਕਾਂਡ ਵਿਚ ਹਉਮੈ ਦੇ ਕੋਸ਼-ਗਤ ਅਰਥ, ਸ਼ਬਦ ਦੀ ਵਿਉਂਤਪਤੀ ਅਤੇ ਸੰਕਲਪ ਨੂੰ ਸਪੱਸ਼ਟ ਕੀਤਾ ਗਿਆ ਹੈ। ਦੂਸਰੇ ਕਾਂਡ ਵਿਚ ਹਉਮੈ ਸ਼ਬਦ ਦੇ ਵਿਚਾਰਧਾਰਕ ਪਿਛੋਕੜ 'ਤੇ ਝਾਤ ਪਾਈ ਗਈ ਹੈ। ਇਸ ਕਾਂਡ ਨੂੰ ਅੱਗੋਂ ਦੋ ਭਾਗਾਂ ਭਾਰਤੀ ਦਰਸ਼ਨ ਅਤੇ ਪੱਛਮੀ ਦਰਸ਼ਨ ਅਨੁਸਾਰ ਵਾਚਿਆ ਗਿਆ ਹੈ। ਭਾਰਤੀ ਦਰਸ਼ਨ ਦੇ ਅੰਤਰਗਤ ਵੇਦ, ਉਪਨਿਸ਼ਦ, ਗੀਤਾ, ਜੈਨ ਮੱਤ, ਬੁੱਧ-ਮੱਤ, ਸ਼ਾਂਖਯ ਸ਼ਾਸਤਰ ਅਤੇ ਸ਼ੰਕਰ ਦੇ ਵਿਚਾਰਾਂ ਤੋਂ ਲਾਭ ਉਠਾਇਆ ਗਿਆ ਹੈ। ਪੱਛਮੀ ਦਰਸ਼ਨ ਵਿਚ ਰੇਨੈ ਦੇਕਾਰਤੇ, ਸਪਿਨੋਜ਼ਾ, ਕਾਂਤ, ਫਿਸ਼ਟੇ, ਹੀਗਲ, ਬਰਗਸਾਂ, ਸਾਰਤਰ, ਬਰਟਰੈਂਡ ਰਸਲ ਆਦਿ ਦਾ ਅਧਿਐਨ ਖੋਜ ਕਾਰਜ ਵਿਚ ਸਹਾਈ ਹੋਇਆ ਹੈ। ਤੀਜਾ ਕਾਂਡ ਵਿਵਹਾਰਕ ਤੌਰ 'ਤੇ ਮਹੱਤਵ ਵਾਲਾ ਹੈ। ਇਹ ਕਾਂਡ ਗੁਰੂ ਨਾਨਕ ਬਾਣੀ ਦੀ ਗਿਆਨ ਮੀਮਾਂਸਾ ਨਾਲ ਸਬੰਧਿਤ ਹੈ। ਇਸ ਵਿਵਹਾਰਕ ਪੱਖ ਨੂੰ ਵਿਰੋਧੀ-ਜੁੱਟਾਂ ਅਨੁਸਾਰ ਸਮਝਣ ਦਾ ਯਤਨ ਕੀਤਾ ਗਿਆ ਹੈ। ਇਹ ਵਿਰੋਧੀ ਜੁੱਟ ਹਨ : ਹਉਮੈ/ਮਾਇਆ; ਹਉਮੈ/ਹੁਕਮ; ਹਉਮੈ/ਨਾਮ; ਹਉਮੈ/ਨਦਰਿ; ਹਉਮੈ/ਸ਼ਕਤੀ ਆਦਿ। ਚੌਥੇ ਕਾਂਡ ਵਿਚ ਗੁਰੂ ਨਾਨਕ ਬਾਣੀ ਵਿਚ ਹਉਮੈ ਦੇ ਸੰਕਲਪ ਬਾਰੇ ਤਿੰਨ ਦ੍ਰਿਸ਼ਟੀਆਂ ਤੋਂ ਅਧਿਐਨ ਕੀਤਾ ਗਿਆ ਹੈ। ਇਹ ਦ੍ਰਿਸ਼ਟੀਆਂ ਹਨਂਅਧਿਆਤਮਕ, ਨੈਤਿਕ ਅਤੇ ਮਨੋਵਿਗਿਆਨਕ। ਨਾਨਕ ਬਾਣੀ ਅਨੁਸਾਰ ਹਉਮੈ ਤੋਂ ਜਗਤ ਉਤਪੰਨ ਹੁੰਦਾ ਅਤੇ ਨਾਮ ਦੇ ਭੁੱਲਣ ਨਾਲ ਦੁੱਖ ਮਿਲਦੇ ਹਨ। ਸ਼ਬਦ ਦੁਆਰਾ ਗੁਰੂ ਦੀ ਕਿਰਪਾ ਹਾਸਲ ਹੁੰਦੀ ਹੈ। ਲੇਖਿਕਾ ਦਾ ਵਿਚਾਰ ਹੈ ਕਿ 'ਅਸਲ ਵਿਚ 'ਹਉਮੈ' ਦੀ ਕੰਧ ਹੀ ਜੀਵ ਅਤੇ ਪਰਮਾਤਮਾ ਦੇ ਵਿਚਕਾਰ ਆ ਜਾਂਦੀ ਹੈ ਨਹੀਂ ਤਾਂ ਦੋਵਾਂ ਵਿਚਕਾਰ 'ਤਿਤਲੀ' ਦੇ ਪਰ ਜਿੰਨਾ ਪਤਲਾ ਜਿਹਾ ਪਰਦਾ ਹੀ ਹੈ।' ਲੇਖਿਕਾ ਦਾ ਕਹਿਣਾ ਹੈ ਕਿ ਹਊਮੈ ਇਕ ਮੰਦਾ ਜਾਂ ਨਾਕਾਰਾਤਮਿਕ ਭਾਵ ਹੀ ਨਹੀਂ। ਇਸ ਨੂੰ ਸੋਧ ਕੇ, ਨਾਨਕ ਬਾਣੀ ਦੀ ਸਮਝ ਨਾਲ ਸਾਕਾਰਾਤਮਕ ਬਣਾਇਆ ਜਾ ਸਕਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਜੇਠੂ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 335
ਸੰਪਰਕ : 99151-03490.

'ਜੇਠੂ' ਇੰਗਲੈਂਡ ਦੇ ਹੀ ਇਕ ਲੇਖਕ ਦੀ ਜੀਵਨੀ ਨੂੰ ਮੁੱਖ ਰੱਖ ਕੇ ਲਿਖਿਆ ਹੋਇਆ ਹੈ। ਇਸ ਨਾਵਲ ਦਾ ਹੀਰੋ ਡਾ: ਕੁੰਦਨ ਸਿੰਘ ਕੁੰਦਨ ਹੈ ਜਿਸ ਦੁਆਲੇ ਸਾਰੇ ਨਾਵਲ ਦੀ ਚਰਖੜੀ ਘੁੰਮਦੀ ਦਿਖਾਈ ਦਿੰਦੀ ਹੈ। ਰੋਹੜੂ ਪਿੰਡ ਵਿਚ ਪਲਿਆ ਯਤੀਮ ਮੁੰਡਾ ਜੇਠੂ ਹੀ ਕੁੰਦਨ ਸਿੰਘ ਕੁੰਦਨ ਬਣਿਆ ਹੈ। ਮਾਪੇ ਦੇਸ਼ ਵੰਡ ਵੇਲੇ ਕਤਲ ਹੋ ਗਏ। ਤਾਏ ਤਾਣੀ ਨੇ ਉਸ ਦਾ ਪਾਲਣ-ਪੋਸ਼ਣ ਕੀਤਾ। ਤਾਈ ਦੇ ਕਠੋਰ ਵਿਹਾਰ ਕਾਰਨ ਜੇਠੂ ਬਚਪਨ ਵਿਚ ਹੀ ਗੁੱਸੈਲ, ਬਦਲਾਖੋਰ, ਲੜਾਕਾ, ਬੜਬੋਲਾ ਤੇ ਕੰਜੂਸ ਹੋ ਗਿਆ ਸੀ। ਇਹੋ ਅਲਾਮਤਾਂ ਉਸ ਦੀ ਬਾਅਦ ਵਾਲੀ ਜ਼ਿੰਦਗੀ ਦਾ ਦੁਖਾਂਤ ਹੋ ਨਿਬੜੀਆਂ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਨ ਉਹ ਬੀ.ਐਸ.ਸੀ. ਖੇਤੀਬਾੜੀ ਕਰਕੇ ਆਪਣੇ ਪੈਰਾਂ 'ਤੇ ਖਲੋ ਗਿਆ ਤੇ ਚੰਗੇ ਖਾਨਦਾਨ ਵਿਚ ਵਿਆਹ ਕਰਵਾ ਕੇ ਇੰਗਲੈਂਡ ਪੁੱਜ ਗਿਆ। ਪੜ੍ਹਾਈ ਵਿਚ ਐਮ.ਏ. ਕਰਕੇ ਪੀ.ਐਚ.ਡੀ. ਬਣਿਆ। ਪਰ ਆਪਣੇ ਮੂੰਹ ਮੀਆਂ ਮਿੱਠੂ ਹੋਣ ਕਰਕੇ ਕਿਸੇ ਨੂੰ ਆਪਣੇ ਤੁੱਲ ਨਹੀਂ ਸਮਝਦਾ। ਚਾਹੁੰਦਾ ਹੈ ਕਿ ਹਰ ਕੋਈ ਉਸ ਨੂੰ ਡਾਕਟਰ ਸਾਹਿਬ ਕਰਕੇ ਬੁਲਾਵੇ। ਇਸ ਕਾਰਨ ਕਈ ਵਾਰੀ ਉਸ ਦੀ ਸਥਿਤੀ ਹਾਸੋਹੀਣੀ ਹੋ ਜਾਂਦੀ ਹੈ ਤੇ ਉਸ ਦੇ ਕਈ ਨੇੜਲੇ ਮਿੱਤਰ ਨਾਰਾਜ਼ ਵੀ ਹੋ ਜਾਂਦੇ ਹਨ। ਸ਼ਰਾਬ ਸਿਗਰਟ ਉਸ ਦੀ ਕਮਜ਼ੋਰੀ ਹੋ ਜਾਂਦੀਆਂ ਹਨ ਜਿਸ ਕਾਰਨ ਉਸ ਦਾ ਘਰ ਵੀ ਹੌਲੀ-ਹੌਲੀ ਟੁੱਟਣ ਲਗਦਾ ਹੈ। ਪਤਨੀ ਦੀ ਅਚਨਚੇਤ ਮੌਤ ਹੋ ਜਾਣ ਕਾਰਨ, ਉਹ ਦਿੱਲੀ ਦੀ ਇਕ ਡਾਕਟਰ ਕੁੜੀ ਮੋਹਣੀ ਨਾਲ ਵਿਆਹ ਕਰਵਾ ਲੰਦਾ ਹੈ। ਪਰ ਆਪਣੀਆਂ ਭੈੜੀਆਂ ਆਦਤਾਂ ਕਾਰਨ ਇਥੇ ਵੀ ਉਸ ਦੀ ਦਾਲ ਨਹੀਂ ਗਲਦੀ। ਹੌਲੀ-ਹੌਲੀ ਉਹ ਆਪਣੇ ਮੁਆਸੁਰੇ ਤੋਂ ਟੁੱਟਦਾ-ਟੁੱਟਦਾ ਇਕੱਲਾ ਰਹਿ ਜਾਂਦਾ ਹੈ। ਉਹ ਕਲਪਦਾ ਹੈ, ਤੜਫਦਾ ਹੈ। ਹਰਜੀਤ ਅਟਵਾਲ ਨੇ ਲੇਖਕ ਦਾ ਅਜਿਹਾ ਚਿੱਤਰ ਖਿੱਚਿਆ ਹੈ ਕਿ ਉਸ 'ਤੇ ਇਕੋ ਵੇਲੇ ਗੁੱਸਾ ਤੇ ਤਰਸ ਆਉਣ ਲਗਦਾ ਹੈ। ਨਾਵਲ ਬਹੁਤ ਦਿਲਚਸਪ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

14-07-2019

  ਅੱਖਰਾਂ ਦੀ ਲੋਅ
ਸ਼ਾਇਰ : ਸੈਂਭੀ ਹਰਭਜਨ ਸਿੰਘ 'ਰਤਨ'
ਪ੍ਰਕਾਸ਼ਕ : ਵਰਤਮਾਨ ਹਿੰਦੁਸਤਾਨ, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 098109-60100.

ਇਸ ਕਾਵਿ-ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਸਾਹਿਬਾਨ ਦੇ ਸ੍ਰੀਮੁੱਖ ਵਿਚੋਂ ਨਿਕਲੀ ਗੁਰਮੁਖੀ ਦੇ ਅੱਖਰਾਂ ਦੀ ਲੋਅ ਦਾ ਸਤਿਕਾਰ ਕੀਤਾ ਗਿਆ ਹੈ | ਪੁਸਤਕ ਦੇ ਟਾਈਟਲ 'ਤੇ ਗੁਰਮੁਖੀ ਦੇ ਪੈਂਤੀ ਅੱਖਰ ਸੁਭਾਇਮਾਨ ਹਨ | ਪੁਸਤਕ ਦੇ ਪ੍ਰਾਰੰਭ ਵਿਚ ਇਹ ਅੱਖਰ ਦਰਜ ਹਨ—
ਹੁੰਦੀ ਹੈ ਸਦੀਵੀ ਉਮਰ ਸੱਚ ਦੀ
ਰਹਿੰਦੀ ਹੈ ਲੋਅ ਸਦਾ ਅੱਖਰਾਂ ਦੀ |
ਗੁਰਮੁਖੀ ਦੇ ਸੁੱਚੇ ਅੱਖਰ ਕਦੇ ਵੀ ਮੰਦੇ ਬੋਲਾਂ, ਗਾਲੀ ਗਲੋਚ ਅਤੇ ਨਿਰਾਰਥਕਤਾ ਵਿਚ ਨਹੀਂ ਵਰਤਣੇ ਚਾਹੀਦੇ | ਕਵੀ ਨੇ ਆਪਣੀਆਂ ਕਵਿਤਾਵਾਂ ਵਿਚ ਇਨ੍ਹਾਂ ਦੀ ਸੁੱਚਤਾ ਕਾਇਮ ਰੱਖੀ ਹੈ | ਕਵਿਤਾਵਾਂ ਦੇ ਵਿਸ਼ੇ ਭਾਵੇਂ ਵੰਨ-ਸੁਵੰਨੇ ਹਨ ਪਰ ਇਨ੍ਹਾਂ ਵਿਚੋਂ ਸੱਚ, ਸਹਿਜ ਅਤੇ ਸੁਹਜ ਝਲਕਦਾ ਹੈ | ਆਓ, ਕੁਝ ਕਾਵਿ ਟੂਕਾਂ ਦੇ ਦਰਸ਼ਨ ਕਰੀਏ—
ਮੇਰੇ ਬੁੱਲ੍ਹਾਂ 'ਤੇ ਸੁੰਦਰ ਸ਼ਬਦ ਮਾਂ
ਰੱਬ ਦੀ ਮੂਰਤ ਮਾਂ
ਸਭ ਤੋਂ ਖੂਬਸੂਰਤ ਆਵਾਜ਼ ਮਾਂ
ਪਿਆਰ ਦੀ ਵਾਛੜ ਮਾਂ |
-ਤਪੱਸਿਆ ਮੇਰੀ ਬੋਹੜ ਦੀ ਦਾਹੜੀ ਤੋਂ ਲੰਮੀ
ਪਰ ਮੈਂ ਕਰਾਂ ਪੁਕਾਰ
ਪਾ ਬੇੜੀ ਪੱਤਣੀਂ, ਕਰ ਨਦੀਉਂ ਪਾਰ |
-ਮੌਤ ਦਾ ਡਰ ਦਿਲ 'ਚੋਂ ਕੱਢਦੇ,
ਭਰਪੂਰ ਜ਼ਿੰਦਗੀ ਜੀ
ਸੱਚ ਪੁੱਛੇਂ ਤਾਂ ਜ਼ਿੰਦਗੀ ਲੰਮੀ ਨਹੀਂ
ਅਰਥ ਭਰਪੂਰ ਹੋਣੀ ਚਾਹੀਦੀ ਹੈ |
ਅੱਜ ਬਹੁਤੀ ਸ਼ਾਇਰੀ ਬੇਅਰਥ ਅਤੇ ਦਿਸ਼ਾਹੀਣ ਹੈ | ਆਸ ਹੈ ਕਿ ਗੁਰਮੁਖੀ ਅੱਖਰਾਂ ਦੀ ਲੋਅ ਵਿਚ ਲੇਖਕ ਆਪਣਾ ਫ਼ਰਜ਼ ਪਛਾਣ ਕੇ ਕੁਝ ਅਜਿਹੀ ਸਿਰਜਣਾ ਕਰਨਗੇ ਜੋ ਸਭ ਦੇ ਮਨ ਮੰਦਰ ਰੁਸ਼ਨਾਏਗੀ | ਇਸ ਪੁਸਤਕ ਦਾ ਸਵਾਗਤ ਹੈ |

—ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

ਖ਼ੂਨੀ ਕਿਲ੍ਹਾ
ਲੇਖਕ : ਬਲਦੇਵ ਸਿੰਘ ਭਾਕਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 94640-62370.

'ਖ਼ੂਨੀ ਕਿਲ੍ਹਾ' ਇਕ ਜਾਸੂਸੀ ਵੰਨਗੀ ਦਾ ਨਾਵਲ ਹੈ | ਬਲਦੇਵ ਸਿੰਘ ਭਾਕਰ ਨੇ 'ਖ਼ੂਨੀ ਕਿਲ੍ਹਾ' ਤੋਂ ਪਹਿਲਾਂ 'ਜੱਗਾ ਜਾਸੂਸ' ਨਾਂਅ ਦਾ ਨਾਵਲ ਵੀ ਲਿਖਿਆ ਸੀ ਜੋ ਪਾਠਕਾਂ ਵਿਚ ਕਾਫੀ ਮਕਬੂਲ ਹੋਇਆ ਸੀ | ਇਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਦੂਜੇ ਨਾਵਲ ਦੀ ਰਚਨਾ ਕੀਤੀ ਹੈ | ਇਸ ਨਾਵਲ ਦਾ ਮੁੱਖ ਪਾਤਰ, 'ਪੰਜਾਬ ਸਿੰਘ' ਦੇ ਕਲਪਿਤ ਨਾਂਅ ਹੇਠ 10 ਵਿਅਕਤੀਆਂ ਦੀ ਹੱਤਿਆ ਕਰਦਾ ਹੈ | ਪੰਜਾਬ ਸਿੰਘ ਦਾ ਅਸਲ ਨਾਂਅ ਸਤਦੇਵ ਸਿੰਘ ਹੈ | ਉਹ ਇਸ ਗੱਲੋਂ ਆਕ੍ਰੋਸ਼ ਵਿਚ ਹੈ ਕਿ ਪੰਜਾਬ ਵਿਚ ਰਾਜਸੀ ਨੇਤਾ, ਪੁਲਿਸ ਅਫ਼ਸਰ, ਟਰੈਵਲ ਏਜੰਟ, ਦੇਹ ਵਪਾਰ ਕਰਨ ਵਾਲੀਆਂ ਆਂਟੀਆਂ, ਆਰਕੈਸਟਰਾਂ ਗਰੁੱਪਾਂ ਦੇ ਸੰਚਾਲਕ, ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਵਾਲੇ ਡਰਾਈਵਰ ਅਤੇ ਨਸ਼ੇ ਦੇ ਸੌਦਾਗਰ ਆਪਣੇ ਪ੍ਰਦੇਸ਼ ਨੂੰ ਬਰਬਾਦ ਕਰਨ ਉੱਪਰ ਤੁਲੇ ਹੋਏ ਹਨ | ਇਨ੍ਹਾਂ ਧਿਰਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਸਮਝਾਉਣ ਨਾਲ ਸੁਧਰਨ ਵਾਲੇ ਨਹੀਂ ਹਨ | ਇਸ ਸੂਰਤ ਵਿਚ ਨਾਵਲਕਾਰ ਦਾ ਉਦੇਸ਼ ਸਮਾਜ ਲਈ ਕਲਿਆਣਕਾਰੀ ਅਤੇ ਸਾਕਾਰਾਤਮਕ ਹੈ | ਸਤਦੇਵ ਸਿੰਘ ਬੜੀ ਹੁਸ਼ਿਆਰੀ ਨਾਲ ਅਜਿਹੇ ਵਿਅਕਤੀਆਂ ਨੂੰ 'ਖ਼ੂਨੀ ਕਿਲ੍ਹੇ' ਵਿਚ ਬੁਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੰਦਾ ਹੈ | ਬਾਅਦ ਵਿਚ ਉਹ ਖ਼ੁਦ ਵੀ ਆਪਣੇ-ਆਪ ਨੂੰ ਗੋਲੀ ਮਾਰ ਲੈਂਦਾ ਹੈ | ਇਸ ਮੰਤਵ ਲਈ ਉਹ ਆਪਣੇ ਇਕ ਪਾਲਤੂ ਬਾਂਦਰ 'ਰਾਮੂ' ਦੀ ਸਹਾਇਤਾ ਲੈਂਦਾ ਹੈ, ਜੋ ਉਸ ਦੀ ਹਰ ਗੱਲ ਨੂੰ ਭਲੀ ਭਾਂਤ ਸਮਝਦਾ ਹੈ | ਇਸ ਰਚਨਾ ਵਿਚ ਜਾਸੂਸੀ ਨਾਵਲ ਵਾਲੀ ਸਾਰੀ ਸਮੱਗਰੀ ਅਤੇ ਬਿਰਤਾਂਤ-ਵਿਧੀਆਂ ਮੌਜੂਦ ਹਨ | ਲੇਖਕ ਨੇ ਅੰਤ ਤੱਕ 'ਲਟਕਾਓ' ਨੂੰ ਬਰਕਰਾਰ ਰੱਖਿਆ ਹੈ |

—ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

ਤੂੰ ਵੀ ਬੋਲ
ਕਵਿੱਤਰੀ : ਤਲਵਿੰਦਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98145-74414.

'ਤੂੰ ਵੀ ਬੋਲ' ਕਾਵਿ-ਸੰਗ੍ਰਹਿ ਤਲਵਿੰਦਰ ਕੌਰ ਦਾ ਦੂਸਰਾ ਕਾਵਿ-ਸੰਗ੍ਰਹਿ ਹੈ | ਇਸ ਕਾਵਿ-ਸੰਗ੍ਰਹਿ ਰਾਹੀਂ ਉਹ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਸਦੀਆਂ-ਸਦੀਆਂ ਤੋਂ ਚੱਲੇ ਆ ਰਹੇ ਨਾਬਰਾਬਰੀ ਵਾਲੇ ਰਾਜ ਪ੍ਰਬੰਧ ਦੇ ਿਖ਼ਲਾਫ਼ 'ਬੋਲਣ' ਲਈ ਪ੍ਰੇਰਿਤ ਕਰ ਰਹੀ ਹੈ | ਇਸ ਅਨਿਆਂ ਭਰਪੂਰ ਪ੍ਰਬੰਧ ਵਿਰੁੱਧ ਸਾਜਿਸ਼ੀ ਚੁੱਪ ਰਾਹੀਂ ਖਾਮੋਸ਼ ਪ੍ਰਵਾਨਗੀ ਦੇਣੀ ਵੀ ਪੀੜਤ ਅਤੇ ਸਾਧਨ-ਵਿਹੂਣੀ ਲੋਕਾਈ ਦੇ ਖਿਲਾਫ਼ ਫ਼ਤਵਾ ਦੇਣ ਦੇ ਅਮਲ ਸਮਾਨ ਹੀ ਹੈ |
ਕਵਿੱਤਰੀ ਸਾਮਿਅਕ ਯਥਾਰਥ ਦੇ ਸਨਮੁੱਖ ਹੁੰਦਿਆਂ ਕਾਵਿਕ ਸ਼ਾਬਦਿਕ ਚਿੱਤਰਾਂ ਰਾਹੀਂ ਮਜ਼ਲੂਮਾਂ, ਗ਼ਰੀਬਾਂ, ਦਲਿਤਾਂ, ਔਰਤਾਂ ਅਤੇ ਹੋਰ ਅਨੇਕਾਂ ਪੀੜਤ ਧਿਰਾਂ ਦੇ ਹੱਕਾਂ ਦੀ ਪਹਿਰੇਦਾਰੀ ਕਰਦਿਆਂ ਵਕਤ ਦੀ ਹਾਕਮ ਧਿਰ ਵਲੋਂ ਕੀਤੇ ਜਾਂਦੇ ਜ਼ੁਲਮ, ਅਨਿਆਂ ਵਿਰੁੱਧ ਖੜੇ੍ਹ ਹੋਣ ਦਾ, ਬੋਲਣ ਦਾ, ਇਕੱਠੇ ਹੋਣ ਦਾ ਹੋਕਾ ਦਿੰਦੀ ਹੈ | ਇਸੇ ਲਈ ਡਾ: ਅਨੂਪ ਸਿੰਘ ਨੇ 'ਤੂੰ ਵੀ ਬੋਲ' ਕਾਵਿ-ਸੰਗ੍ਰਹਿ ਵਿਚਲੀ ਸ਼ਾਇਰੀ ਨੂੰ 'ਜਾਗਦੀ ਜ਼ਮੀਰ ਦੀ ਸ਼ਾਇਰੀ' ਕਹਿ ਕੇ ਵਡਿਆਇਆ ਹੈ | ਕਵਿੱਤਰੀ ਦੀ ਸਮਝ ਹੈ ਕਿ ਇਹ ਅਨਿਆਂ ਅਤੇ ਨਾਬਰਾਬਰੀ ਦਾ ਪ੍ਰਬੰਧ ਉਦੋਂ ਤੋਂ ਹੀ ਹੋਂਦ ਵਿਚ ਆ ਗਿਆ ਹੈ ਜਦੋਂ ਦਾ ਇਕ ਮਨੁੱਖ ਨੇ ਦੂਸਰੇ ਦੇ ਹਿੱਸੇ ਦਾ ਕੰਮ ਕਰਨਾ ਪ੍ਰਵਾਨ ਕਰ ਲਿਆ ਹੈ | ਇਹੀ ਗੁਲਾਮੀ ਦੀ ਮਾਨਸਿਕਤਾ ਬੰਦੇ ਨੂੰ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਦੇ ਰਸਾਤਲ ਵੱਲ ਲਿਜਾਈ ਜਾ ਰਹੀ ਹੈ |
ਦਰਅਸਲ ਇਹ ਪ੍ਰਸ਼ਨ ਲੋਕਾਂ ਦੇ ਸਮੂਹਿਕ ਸੰਘਰਸ਼ ਰਾਹੀਂ ਜਥੇਬੰਦਕ ਪਹੁੰਚ ਅਪਣਾ ਕੇ ਹੀ ਹੱਲ ਕੀਤਾ ਜਾ ਸਕਦਾ ਹੈ | ਕਵਿੱਤਰੀ ਦੀ ਇੱਛਾ ਹੈ ਕਿ ਪੀੜਤ ਧਿਰ ਇਹ ਪ੍ਰਸ਼ਨ ਸਮੂਹਿਕ ਜਥੇਬੰਦਕ ਕਾਰਜਾਂ ਰਾਹੀਂ ਉਠਾਏ :
ਕਦੋਂ ਉਜਰ ਦੀ ਭਾਸ਼ਾ ਸਿੱਖਣੀ
ਮੇਟਣੀ ਕਦੋਂ ਮੱਥੇ ਦੀ ਲੀਕ!
ਕਰਮਾਂ ਦਾ ਬੇਹਾ ਟੁੱਕਰ ਖਾਣਾ,
ਲੋਟੂ ਲਿਖਣ ਕਿਉਂ ਕਿਰਤ ਨਸੀਬ!
'ਉਜਰ' ਦੀ ਭਾਸ਼ਾ ਮਨੁੱਖ ਉਦੋਂ ਸਿੱਖਦਾ ਹੈ ਜਦੋਂ ਉਹ ਮਨੁੱਖ ਦੀ ਕਿਰਤ ਦੀ ਲੁੱਟ ਕਰਨ ਵਾਲੀਆਂ ਧਿਰਾਂ ਦੀ ਪਛਾਣ ਕਰਨੀ ਸਿੱਖ ਜਾਂਦਾ ਹੈ | ਕਵਿੱਤਰੀ ਦੀ ਇਹੀ ਮਨਸ਼ਾ ਹੈ ਕਿ ਲੋਕ ਆਪਣੇ ਦੁੱਖਾਂ-ਦਰਦਾਂ ਨੂੰ ਭਲੀ-ਭਾਂਤ ਸਮਝਦਿਆਂ 'ਨਸੀਬਾਂ' ਦੀ ਭਾਸ਼ਾ ਨੂੰ ਤਿਲਾਂਜਲੀ ਦੇ ਆਪਣੇ ਬਣਦੇ ਮਨੁੱਖੀ ਹੱਕਾਂ ਦੀ ਪ੍ਰਾਪਤੀ ਲਈ ਸਮੂਹਿਕ ਸੰਘਰਸ਼ ਦੇ ਰਸਤੇ 'ਤੇ ਚਲਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੰਭਲਾ ਮਾਰਨ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਅਸੀਂ ਸਾਰੇ ਯੁੱਧ ਸਾਥੀ ਹਾਂ
ਲੇਖਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 160 ਰੁਪਏ, ਸਫ਼ੇ : 80
ਸੰਪਰਕ : 94176-58139.

ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਦੋ ਸ਼ਾਇਰ ਲਾਲ ਸਿੰਘ ਦਿਲ ਤੇ ਅਵਤਾਰ ਸਿੰਘ ਸੰਧੂ (ਪਾਸ਼) ਦੀ ਕਵਿਤਾ ਬਾਰੇ ਗੋਸ਼ਟੀ ਕਰਵਾਈ | ਲੇਖਕ ਨੇ ਦੋਵਾਂ ਕਵੀਆਂ ਦੀ ਕਾਵਿ ਸਿਰਜਣਾ ਬਾਰੇ ਚਿੰਤਨਸ਼ੀਲ ਵਿਚਾਰ ਪੇਸ਼ ਕੀਤੇ | ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਵੀ ਵਧੀਆ ਭੂਮਿਕਾ ਨਿਭਾਈ ਤੇ ਗੋਸ਼ਟੀ ਨੂੰ ਸਿਖ਼ਰ 'ਤੇ ਪਹੁੰਚਾਇਆ | ਇਹ ਪੁਸਤਕ ਉਸ ਗੋਸ਼ਟੀ ਵਿਚੋਂ ਪੈਦਾ ਹੋਈ | ਇਸ ਦਾ ਜ਼ਿਕਰ ਲੇਖਕ ਨੇ ਆਰੰਭ ਵਿਚ ਕੀਤਾ ਹੈ |
ਗੋਸ਼ਟੀਆਂ ਦਾ ਪੁਸਤਕ ਰੂਪ ਵਿਚ ਦਸਤਾਵੇਜ਼ੀ ਰੂਪ ਧਾਰਨ ਕਰਨਾ ਪੰਜਾਬੀ ਸਾਹਿਤ ਲਈ ਸ਼ੁੱਭ ਸ਼ਗਨ ਹੈ | ਪੁਸਤਕ ਵਿਚ ਲਾਲ ਸਿੰਘ ਦਿਲ ਦੀ ਕਵਿਤਾ ਦੇ ਕਈ ਨਿਵੇਕਲੀ ਪੱਖਾਂ 'ਤੇ ਚਰਚਾ ਹੈ | ਇਸ ਪੁਸਤਕ ਦਾ ਸਿਰਲੇਖ ਦਿਲ ਦਾ ਤਕੀਆ ਕਲਾਮ ਹੋਇਆ ਕਰਦਾ ਸੀ | ਦੋਵੇਂ ਸ਼ਾਇਰਾਂ ਦੀ ਪੰਜਾਬੀ ਕਵਿਤਾ ਵਿਚ ਨਿਵੇਕਲੀ ਪਛਾਣ ਹੈ | ਪੁਸਤਕ ਲੇਖਕ ਨੇ ਇਸ ਪਛਾਣ ਨੂੰ ਚਿੰਤਨ ਦਾ ਵਿਸ਼ਾ ਬਣਾਇਆ ਹੈ | ਲੇਖਕ ਦੇ ਸਟੀਕ ਵਿਹਾਰ ਹਨ—ਦਿਲ ਕੋਲ ਸਹਿਜ ਸੁਹਜ ਹੈ | ਪਾਸ਼ ਕੋਲ ਤਲਖ ਹਕੀਕਤ | ਦਿਲ ਦਾ ਮਨਪਸੰਦ ਸ਼ਬਦ 'ਮਿੱਲ' ਹੈ | ਮਿੱਲ ਦੇ ਕਾਮੇ ਉਸ ਦੀ ਕਵਿਤਾ ਦੇ ਪਾਤਰ ਹਨ | ਦਿਲ ਕਾਮਿਆਂ ਦਾ ਹੁੰਦਾ ਸ਼ੋਸ਼ਣ ਨਹੀਂ ਵੇਖ ਸਕਦਾ | ਉਹ ਮਾਰਕਸੀ ਸੋਚ ਨੂੰ ਪ੍ਰਣਾਮ ਕਰਦਾ ਹੈ | ਸਮਾਜਿਕ ਪਾੜਾ ਦਿਲ ਦਾ ਅੰਦਰ ਵਲੰੂਧਰ ਜਾਂਦਾ ਹੈ | ਇਸ ਲਈ ਆਪਣਾ ਅੰਦਰ ਸੰਤੁਸ਼ਟ ਕਰਨ ਲਈ ਕਵਿਤਾ ਵਿਚ 'ਹਥਿਆਰ' ਸ਼ਬਦ ਵਰਤਦਾ ਹੈ |
ਲੇਖਕ ਪਾਸ਼ ਨੂੰ ਨਿਰੋਲ ਸਿਆਸੀ ਕਵੀ ਕਹਿੰਦਾ ਹੈ (ਪੰਨਾ 41) ਦਿਲ ਨੂੰ ਝੋਰਾ ਹੈ ਕਿ ਪਰਵਾਸ, ਪੰਜਾਬ ਨੂੰ ਖਾ ਗਿਆ | ਦਿਲ ਨਾਲ ਦਿਲਚਸਪ ਮੁਲਾਕਾਤ ਪੁਸਤਕ ਦਾ ਵੱਡਾ ਹਾਸਲ ਹੈ | ਕੁਝ ਪੰਨੇ (70-80) ਪਾਸ਼ ਦੀ ਲੰਮੀ ਕਵਿਤਾ ਹੈ ਤੇ ਪਾਸ਼ ਦੀ ਕਵਿਤਾ ਨੂੰ ਸੰਵਾਦ ਰੂਪ ਵਿਚ ਲਿਆ ਹੈ | ਖੋਜਾਰਥੀਆਂ ਲਈ ਕਿਤਾਬ ਪੜ੍ਹਨ ਵਾਲੀ ਹੈ |

—ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
c c c

ਪੰਜਾਬੀ ਦਾ ਅਜ਼ੀਮ ਸਾਹਿਤਕਾਰ
ਸੁਲੱਖਣ ਸਰਹੱਦੀ
ਸੰਪਾਦਨ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ |
ਮੁੱਲ : 450 ਰੁਪਏ, ਸਫ਼ੇ : 335
ਸੰਪਰਕ : 098910-98438
.

ਸੁਲੱਖਣ ਸਰਹੱਦੀ ਪੰਜਾਬੀ ਸ਼ਾਇਰੀ ਖ਼ਾਸਕਰ ਗ਼ਜ਼ਲ ਨੂੰ ਸਮਰਪਤ ਖੋਜੀ ਸ਼ਾਇਰ ਹੈ | ਗ਼ਜ਼ਲ ਸਿਰਜਣਾ ਦੇ ਨਾਲ-ਨਾਲ ਉਸ ਨੇ ਗ਼ਜ਼ਲ ਵਿਧਾ ਦੇ ਤਕਨੀਕੀ ਪੱਖ 'ਤੇ ਵੱਡ ਆਕਾਰੀ ਪੁਸਤਕਾਂ ਵੀ ਲਿਖੀਆਂ ਹਨ | ਉਹ ਤੇਜ਼ ਰਫ਼ਤਾਰ ਤੇ ਤੇਜ਼ਤਰਾਰ ਲਿਖਣ ਵਾਲਾ ਗ਼ਜ਼ਲਕਾਰ ਹੈ | ਇਸ ਸ਼ਾਇਰ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ 'ਪੰਜਾਬੀ ਦਾ ਅਜ਼ੀਮ ਸਾਹਿਤਕਾਰ-ਸੁਲੱਖਣ ਸਰਹੱਦੀ' ਪੁਸਤਕ ਨੂੰ ਡਾ: ਬਲਦੇਵ ਸਿੰਘ ਬੱਦਨ ਨੇ ਸੰਪਾਦਿਤ ਕੀਤਾ ਹੈ | ਕਿਸੇ ਸਾਹਿਤਕਾਰ ਦੀਆਂ ਪੁਸਤਕਾਂ ਦਾ ਇਕ ਪੁਸਤਕ ਵਿਚ ਮੁਲਾਂਕਣ ਨਿਸਚੇ ਹੀ ਕਠਿਨ ਤੇ ਨੀਰਸ ਕਾਰਜ ਹੁੰਦਾ ਹੈ | ਪਰ ਸੰਪਾਦਕ ਦੇ ਆਪਣੇ ਤਜਰਬੇ ਤੇ ਸੂਝ-ਬੂਝ ਨੇ ਇਸ ਪੁਸਤਕ ਨੂੰ ਰੌਚਿਕ ਬਣਾ ਦਿੱਤਾ ਹੈ ਤੇ ਇਸ ਰੌਚਿਕਤਾ ਵਿਚ ਸਰਹੱਦੀ ਨਾਲ ਇਕ ਲੰਬੀ ਮੁਲਾਕਾਤ ਵੀ ਸ਼ਾਮਿਲ ਹੈ | ਇਹ ਪੁਸਤਕ ਵਾਰਤਕ ਹੁੰਦੇ ਹੋਏ ਵੀ ਸ਼ਾਇਰੀ ਦੀ ਪੁਸਤਕ ਲਗਦੀ ਹੈ ਤੇ ਸਰਹੱਦੀ ਦੇ ਥਾਂ-ਥਾਂ ਛਾਪੇ ਗਏ ਸ਼ਿਅਰ ਪੜ੍ਹਨ ਵਾਲੇ ਨੂੰ ਆਪਣੇ ਨਾਲ ਤੋਰੀ ਰੱਖਦੇ ਹਨ | ਪੁਸਤਕ ਨੂੰ ਤੇਰਾਂ ਵੱਖ-ਵੱਖ ਭਾਗਾਂ ਵਿਚ ਵੰਡਿਆ ਗਿਆ ਹੈ ਤੇ ਆਖ਼ਰੀ ਭਾਗ ਵਿਚ ਸਰਹੱਦੀ ਨੂੰ ਮਿਲੇ ਮਾਣ ਸਨਮਾਨ ਸਬੰਧੀ ਖ਼ਬਰਨਾਮਾ ਹੈ | ਆਖ਼ਰੀ ਗਿਆਰਾਂ ਸਫ਼ਿਆਂ 'ਤੇ ਸੰਪਾਦਕ ਸਬੰਧੀ ਵਿਸਤਿ੍ਤ ਵੇਰਵਾ ਹੈ | ਸਮੁੱਚੀ ਪੁਸਤਕ ਵਿਚ ਸਰਹੱਦੀ ਦੀਆਂ ਤਮਾਮ ਕਿਤਾਬਾਂ ਸਬੰਧੀ ਜਾਣਕਾਰੀ ਛਾਪੀ ਗਈ ਹੈ ਤੇ ਸਬੰਧਿਤ ਕਿਤਾਬ ਦੇ ਉਮਦਾ ਸ਼ਿਅਰਾਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਗਿਆ ਹੈ | ਇਹ ਕਿਤਾਬ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸ ਵਿਚ ਪਾਠਕਾਂ ਲਈ ਗ਼ਜ਼ਲ, ਦੋਹੇ ਤੇ ਕਵਿਤਾ ਦੇ ਤਕਨੀਕੀ ਪੱਖ ਸਬੰਧੀ ਜਾਣਕਾਰੀ ਮੌਜੂਦ ਹੈ | 'ਦੋਹਾ ਸਾਗਰ' ਪੁਸਤਕ ਦੇ ਮੁਲਾਂਕਣ ਵਿਚ ਸੰਪਾਦਕ ਨੇ ਵੱਡੀ ਗਿਣਤੀ ਵਿਚ ਸਰਹੱਦੀ ਦੇ ਦੋਹੇ ਛਾਪੇ ਹਨ | ਪੁਸਤਕ ਆਪਣੇ ਮੰਤਵ ਵਿਚ ਸਫ਼ਲ ਹੈ ਜਿਸ ਲਈ ਸੰਪਾਦਨ ਕਾਰਜ ਨੂੰ ਸਰਾਹਿਆ ਜਾਣਾ ਚਾਹੀਦਾ ਹੈ ਤੇ ਇਹੋ ਜਿਹੀਆਂ ਹੋਰ ਪੁਸਤਕਾਂ ਦੀ ਪੰਜਾਬੀ ਸਾਹਿਤ ਨੂੰ ਜ਼ਰੂਰਤ ਹੈ ਤਾਂ ਕਿ ਪੰਜਾਬੀ ਸਾਹਿਤਕਾਰਾਂ ਸਬੰਧੀ ਅਣਮੁੱਲ ਜਾਣਕਾਰੀਆਂ ਨੂੰ ਭਵਿੱਖ ਲਈ ਸਾਂਭਿਆ ਜਾ ਸਕੇ |

—ਗੁਰਦਿਆਲ ਰੌਸ਼ਨ
ਮੋ: 9988444002
c c c

ਉਪਰਲਾ ਬਟਨ
ਲੇਖਕ : ਪਰਾਗ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98765-86644.

ਨਵੇਂ ਸ਼ਾਇਰ ਪਰਾਗ ਦੀ ਪੁਸਤਕ ਉਪਰਲਾ ਬਟਨ ਨੂੰ ਪੜ੍ਹ ਕੇ ਕਿਸੇ ਤਾਜ਼ਾ ਹਵਾ ਦੇ ਬੁੱਲੇ ਦੀ ਛੋਹ ਵਾਂਗ ਮਹਿਸੂਸ ਹੁੰਦਾ ਹੈ | ਪਰਾਗ ਦੀਆਂ ਇਹ ਕਵਿਤਾਵਾਂ ਸਥੂਲ ਵਿਸ਼ਿਆਂ ਨੂੰ ਆਪਣੇ ਵਸਤੂ ਵਜੋਂ ਪੇਸ਼ ਨਹੀਂ ਕਰਦੀਆਂ ਸਗੋਂ ਇਹ ਸੂਖਮਭਾਵੀ ਤੇ ਨਿੱਕੇ-ਨਿੱਕੇ ਅਹਿਸਾਸਾਂ ਦੀਆਂ ਕਵਿਤਾਵਾਂ ਹਨ |
ਮੱਥੇ 'ਤੇ ਛਪਿਆ ਪ੍ਰਸ਼ਨ ਚਿੰਨ੍ਹ
ਧਸਦਾ ਜਾਂਦਾ
ਮੱਥੇ ਅੰਦਰ
ਹਰ ਪ੍ਰਸ਼ਨ
ਹਰ ਉੱਤਰ ਦੇ ਪਿੱਛੇ
ਇੱਕੋ ਪ੍ਰਸ਼ਨ ਚਿੰਨ੍ਹ
ਜੁੜਦੇ ਜਾਂਦੇ ਸਾਰੇ ਜਵਾਬ
ਬਣ ਬਣ ਪ੍ਰਸ਼ਨ ਉਸੇ ਨਾਲ...
ਪਰਾਗ ਦੀ ਸ਼ਾਇਰੀ ਅਣਕਹੇ ਬੋਲਾਂ ਦੀ ਸ਼ਾਇਰੀ ਹੈ | ਅਸਲ 'ਚ ਉਸ ਦੀ ਸ਼ਾਇਰੀ ਉਸ ਦੇ ਸ਼ਬਦਾਂ ਵਿਚ ਨਹੀਂ | ਸ਼ਾਇਰੀ ਤਾਂ ਇਨ੍ਹਾਂ ਸ਼ਬਦਾਂ ਦੇ ਓਹਲੇ ਪਸਰੀ ਚੁੱਪ ਵਿਚ ਹੈ | ਕਵਿਤਾ ਪੜ੍ਹਨ ਮਗਰੋਂ ਸ਼ਬਦ ਗੁਆਚ ਜਾਂਦੇ ਹਨ ਤੇ ਇਕ ਖਾਮੋਸ਼ੀ ਤੁਹਾਡੇ ਜ਼ਹਿਨ ਵਿਚ ਕਵਿਤਾ ਬਣ ਕੇ ਤੁਰਨ ਲੱਗਦੀ ਹੈ |
ਰਿਸ਼ਤੇ
ਕਮੀਜ਼ ਦੀ
ਜੇਬ ਵਿਚ ਰੱਖਦਾ ਹਾਂ
ਪਰ ਅੱਜ ਇਕ ਕਮੀਜ਼
ਖਰੀਦ ਲਿਆਇਆ
ਘਰ ਆ ਕੇ ਵੇਖਿਆ
ਉਸ 'ਚ ਜੇਬ ਨਹੀਂ ਸੀ.....
ਕਵਿਤਾ ਖ਼ਤਮ ਹੋਣ ਤੋਂ ਬਾਅਦ ਕਵਿਤਾ ਸ਼ੁਰੂ ਹੋ ਜਾਣੀ ਹੀ ਸ਼ਾਇਦ ਕਵਿਤਾ ਦਾ ਅਸਲੀ ਜਲੌਅ ਹੁੰਦਾ ਹੈ | ਪੰਜਾਬੀ ਸ਼ਾਇਰੀ ਵਿਚ ਇਸ ਜਲੌਅ ਨੂੰ ਪੇਸ਼ ਕਰਨ ਵਾਲੀ ਇਸ ਕਵਿਤਾ ਦਾ ਮੈਂ ਸਵਾਗਤ ਕਰਦਾ ਹਾਂ |

—ਡਾ: ਅਮਰਜੀਤ ਕੌ ਾਕੇ |
c c c

ਜਰਨੈਲ ਸਿੰਘ ਸੇਖਾ
ਅਭਿਨੰਦਨ ਗ੍ਰੰਥ
ਮੁੱਖ ਸੰ: ਹਰਵੀਰ ਸਿੰਘ ਭੰਵਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 287
ਸੰਪਰਕ : 0161-2461194.

ਇਸ ਅਭਿਨੰਦਨ ਗ੍ਰੰਥ ਦੀ ਤਿਆਰੀ ਵਿਚ ਪੰਜਾਬੀ ਨਾਵਲ ਅਕਾਦਮੀ ਅਤੇ ਸਹਿਯੋਗੀਆਂ ਦਾ ਵਡਮੁੱਲਾ ਯੋਗਦਾਨ ਹੈ | ਇਸ ਸਨਮਾਨਿਤ ਗ੍ਰੰਥ ਵਿਚ ਜਰਨੈਲ ਸਿੰਘ ਦੇ ਰਚਨਾ-ਸੰਸਾਰ ਬਾਰੇ ਨਾਮੀ ਲੇਖਕਾਂ ਦੇ 37 ਵਾਰਤਕ ਨਿਬੰਧ, ਛੇ ਕਾਵਿ-ਚਿੰਤਕ, ਦੋ ਮੁਲਾਕਾਤਾਂ (ਭਗਵੰਤ ਰਸੂਲਪੁਰੀ, ਬਲਬੀਰ ਸੰਘੇੜਾ), ਵਿਦਵਾਨਾਂ ਦੀਆਂ ਟਿੱਪਣੀਆਂ ਅਤੇ 40 ਪੰਨੇ ਫੋਟੋਆਂ ਦੇ ਸੰਕਲਿਤ ਕੀਤੇ ਗਏ ਹਨ | ਇਸ ਗ੍ਰੰਥ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਜਾਣਕਾਰੀ ਮਿਲਦੀ ਹੈ ਕਿ ਸਬੰਧਿਤ ਪ੍ਰਸੰਸਕ-ਲੇਖਕ ਨੂੰ 'ਸੇਖਾ' ਕਦੋਂ ਤੇ ਕਿੱਥੇ ਮਿਲਿਆ? ਉਸ ਦੀਆਂ ਕਿਹੜੀਆਂ-ਕਿਹੜੀਆਂ ਪੁਸਤਕਾਂ (ਦੁਨੀਆ ਕੈਸੀ ਹੋਈ, ਭਗੌੜਾ, ਵਿਗੋਚਾ, ਬੇਗਾਨੇ—ਨਾਵਲ; ਉਦਾਸੇ ਬੋਲ, ਆਪਣਾ ਆਪਣਾ ਸੁਰਗ-ਕਹਾਣੀ ਸੰਗ੍ਰਹਿ; ਦੁੱਲੇ ਦੀ ਬਾਰ ਤੱਕ—ਸਫ਼ਰਨਾਮਾ; ਚੇਤਿਆਂ ਦੀ ਚਿਲਮਨ ਭਾਗ 1, ਭਾਗ-2—ਸਵੈਜੀਵਨੀ ਆਦਿ) ਕਦੋਂ ਕਦੋਂ ਛਪੀਆਂ?; ਕਿਹੜੇ ਨਾਵਲ ਨੂੰ ਯੂਨੀਵਰਸਿਟੀ ਸਲੇਬੱਸ ਦਾ ਅੰਗ ਬਣਾਇਆ ਗਿਆ? ਅਤੇ ਖੋਜ ਪੱਤਰ ਲਿਖੇ ਗਏ; ਸੇਖਾ ਦੀ ਸਿਰਜਣ ਪ੍ਰਕਿਰਿਆ ਕੀ ਹੈ?; ਲਿਖਣ-ਸਮੱਗਰੀ ਕਿਵੇਂ ਇਕੱਤਰ ਕਰਦਾ ਹੈ; ਉਸ ਦਾ ਤੰਗੀ ਭਰਿਆ ਬਚਪਨ, ਪਰਿਵਾਰਕ ਪਿਛੋਕੜ; ਅਧਿਆਪਨ ਕਿੱਤਾ, ਟੀਚਰ ਯੂਨੀਅਨ ਵਿਚ ਸੰਘਰਸ਼ ਕਿਵੇਂ ਰਿਹਾ?; ਉਹ ਕਿਹੜੀਆਂ-ਕਿਹੜੀਆਂ ਸਾਹਿਤਕ ਸੰਸਥਾਵਾਂ ਦਾ ਕਰਤਾ-ਧਰਤਾ ਹੈ? ਰਚਨਾਵਾਂ 'ਤੇ ਕੀ ਪ੍ਰਭਾਵ ਹੈ?; ਉਸ ਦੀ ਮਿੱਤਰ ਮੰਡਲੀ ਕਿਹੜੀ ਹੈ?; ਪੰਜਾਬ ਵਿਚ ਅਧਿਆਪਨ ਸੇਵਾ-ਮੁਕਤੀ ਉਪਰੰਤ ਉਸ ਦਾ ਕੈਨੇਡਾ ਪ੍ਰਵਾਸ; ਬੇਰੀਆਂ ਤੋੜਨਾ-ਫੈਕਟਰੀਆਂ ਵਿਚ ਕੰਮ; ਮਜ਼ਦੂਰਾਂ ਨਾਲ ਹੁੰਦੇ ਵਿਵਹਾਰ ਨੂੰ ਨੇੜਿਓਾ ਤੱਕਣਾ; ਉਸ ਦਾ ਵਿਸ਼ਾਲ ਅਧਿਐਨ; ਸਮੱੁਚੇ ਪੰਜਾਬੀ ਸਾਹਿਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਉਸ ਦੀਆਂ ਰਾਵਾਂ; ਇਕੋ-ਇਕ ਅੰਗਰੇਜ਼ੀ 'ਚ, ਏ. ਮਰਫ਼ੀ ਵਲੋਂ ਲਿਖੇ ਨਿਬੰਧ ਡਾਇਸ ਪੋਰਾ-ਗਲਪ ਵਿਚ ਵਿਗੋਚਾ ਨਾਵਲ ਦਾ ਸਥਾਨ; ਆਦਿ ਵਿਭਿੰਨ ਕਿਸਮ ਦੀ ਜਾਣਕਾਰੀ ਇਸ ਗ੍ਰੰਥ ਦੀ ਵਿੱਲਖਣਤਾ ਹੈ | ਸੰਖੇਪ ਇਹ ਕਿ ਇਸ ਗ੍ਰੰਥ ਦੁਆਰਾ ਜਰਨੈਲ ਸੇਖਾ ਦੀ ਸਾਹਿਤਕ ਸ਼ਖ਼ਸੀਅਤ ਭਰਵੇਂ ਰੂਪ ਵਿਚ ਉਜਾਗਰ ਹੁੰਦੀ ਹੈ |

—ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c

ਰੰਗ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਪੇ੍ਰਰਣਾ ਪ੍ਰਕਾਸ਼ਨ, ਅੰਮਿ੍ਤਸਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 94640-76257.

ਬਿਕਰਮਜੀਤ ਨੂਰ ਪੰਜਾਬੀ ਮਿੰਨੀ ਕਹਾਣੀ ਖੇਤਰ ਦਾ ਮੋਢੀ ਕਹਾਣੀਕਾਰ ਹੈ | ਉਂਜ ਤਾਂ ਬਿਕਰਮਜੀਤ ਨੂਰ ਦੀ ਸਾਹਿਤ ਸਿਰਜਣਾ ਦਾ ਦਾਇਰਾ, ਗਲਪ (ਵਾਰਤਕ, ਨਾਵਲ) ਤੋਂ ਲੈ ਕੇ ਕਾਵਿ-ਰੂਪਾਂ (ਗ਼ਜ਼ਲ, ਕਵਿਤਾ ਅਤੇ ਹਾਇਕੂ) ਆਦਿ ਕਈ ਵਿਧਾਵਾਂ ਤੱਕ ਫੈਲਿਆ ਹੋਇਆ ਹੈ | ਹੱਥਲੇ ਮਿੰਨੀ ਕਹਾਣੀ ਸੰਗ੍ਰਹਿ 'ਰੰਗ' ਤੋਂ ਪਹਿਲਾਂ ਉਸ ਦੇ ਛੇ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ | ਇਸ ਤੋਂ ਇਲਾਵਾ ਉਸ ਨੇ, ਪੰਜਾਬੀ ਅਤੇ ਗ਼ੈਰ-ਪੰਜਾਬੀ ਭਾਸ਼ਾਵਾਂ ਵਿਚ ਮਿੰਨੀ ਕਹਾਣੀਆਂ ਦੇ ਅਨੁਵਾਦ ਅਤੇ ਸੰਪਾਦਨ ਅਤੇ ਸਹਿ-ਸੰਪਾਦਨ ਦਾ ਵੀ ਚੋਖਾ ਕਾਰਜ ਕੀਤਾ ਹੈ |
ਮਿੰਨੀ ਕਹਾਣੀ ਲਿਖਣ ਵਿਚ ਬਿਕਰਮਜੀਤ ਨੂਰ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ | ਵਿਚਾਰ-ਅਧੀਨ ਕਹਾਣੀ ਸੰਗ੍ਰਹਿ ਦੀਆਂ ਜ਼ਿਆਦਾਤਰ ਮਿੰਨੀ ਕਹਾਣੀਆਂ, ਮਨੁੱਖ ਮਨ-ਪਟਲ ਦੀਆਂ ਉਲਝਣਾਂ, ਹਸਰਤਾਂ, ਇੱਛਾਵਾਂ, ਸੰਸਿਆਂ, ਚਿੰਤਾਵਾਂ, ਦੋਚਿੱਤੀਆਂ, ਦੁਬਿਧਾਵਾਂ ਦੀਆਂ ਤੰਦਾਂ ਫੜਦੀਆਂ, ਮਨੁੱਖੀ ਮਾਨਸਿਕਤਾ ਦਾ ਮਨੋਵਿਗਿਆਨਕ ਅਧਿਐਨ ਪ੍ਰਸਤੁਤ ਕਰਦੀਆਂ ਹਨ | ਆਪਣੇ ਸੁਭਾਅ ਦੇ ਅਨੁਕੂਲ ਉਹ ਮਿੰਨੀ ਕਹਾਣੀ ਰਚਦਿਆਂ ਆਪਣੀ ਗੱਲ ਕਹਿਣ ਦੀ ਕਾਹਲ ਨਹੀਂ ਕਰਦਾ | ਉਸ ਦੀਆਂ ਮਿੰਨੀ ਕਹਾਣੀਆਂ ਦੇ ਅੰਤ ਵਿਸਫੋਟਕ ਅਤੇ ਪ੍ਰਭਾਵ ਚਿਰ-ਸਥਾਈ ਹਨ | ਬਿਕਰਮਜੀਤ ਨੂਰ, ਸਾਡੇ ਆਲੇ-ਦੁਆਲੇ ਵਾਪਰਦੇ, ਅਸਲੋਂ ਹੀ ਸਧਾਰਨ ਵਰਤਾਰਿਆਂ ਨੂੰ ਮਿੰਨੀ ਕਹਾਣੀ ਦੀਆਂ ਬਿਰਤਾਂਤਕ-ਜੁਗਤਾਂ ਵਿਚ ਢਾਲ ਕੇ ਅਜਿਹੇ ਵਿਲੱਖਣ ਢੰਗ ਨਾਲ ਪ੍ਰਸਤੁਤ ਕਰਦਾ ਹੈ ਕਿ ਪਾਠਕ ਕਹਾਣੀ ਦੇ ਮੁੱਕਣ ਤੋਂ ਬਾਅਦ ਵੀ, ਦੇਰ ਤੱਕ ਕਹਾਣੀ-ਰਸ ਨੂੰ ਮਾਣਦਾ ਰਹਿੰਦਾ ਹੈ | ਉਦਾਹਰਨ ਲਈ ਪੁਸਤਕ ਦੀ ਸਿਰਲੇਖ ਮਿੰਨੀ ਕਹਾਣੀ 'ਰੰਗ' ਵਿਚ, ਮਨੁੱਖ ਦੀ ਆਪਣਾ-ਆਪ ਨੂੰ ਜਵਾਨ ਦਿਸਣ/ਦੱਸਣ ਦੀ ਲਾਲਸਾ ਦਾ, ਪੂੰਜੀਵਾਦੀ ਪ੍ਰਸੰਗ ਵਿਚ ਵਰਨਣ, ਆਪਣੇ-ਆਪ ਵਿਚ ਲਾਜਵਾਬ ਹੈ | ਉਸ ਦੀਆਂ ਮਿੰਨੀ ਕਹਾਣੀਆਂ ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਕਿਸੇ ਉਦੇਸ਼/ਸੰਦੇਸ਼ ਦੀ ਪ੍ਰਾਪਤੀ/ਸੰਚਾਰ ਦਾ ਮਾਧਿਅਮ ਬਣਦੀਆਂ ਹਨ | 'ਰੰਗ' ਮਿੰਨੀ ਕਹਾਣੀ ਸੰਗ੍ਰਹਿ ਦੀ ਆਮਦ, ਪੰਜਾਬੀ ਮਿੰਨੀ ਕਹਾਣੀ ਖੇਤਰ ਦੀ ਪ੍ਰਾਪਤੀ ਹੈ |

—ਡਾ. ਪ੍ਰਦੀਪ ਕੌੜਾ
ਮੋ: 95011-15200
c c c

13-07-2019

 ਅਰੂਜ਼ ਕੀ ਹੈ?
ਲੇਖਕ : ਹਰਜਿੰਦਰ ਬੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 500 ਰੁਪਏ, ਸਫ਼ੇ : 640
ਸੰਪਰਕ : 90410-22345.

ਇਹ ਖੋਜ ਭਰਪੂਰ ਪੁਸਤਕ ਪੰਜਾਬੀ ਗ਼ਜ਼ਲਕਾਰਾਂ ਦੀ ਰਹਿਨੁਮਾਈ ਕਰਦੀ ਹੈ। ਗ਼ਜ਼ਲ ਦੇ ਛੰਦ ਸ਼ਾਸਤਰ ਨੂੰ ਅਰੂਜ਼ ਕਿਹਾ ਜਾਂਦਾ ਹੈ। ਗ਼ਜ਼ਲ ਲਿਖਣ ਲਈ ਅਰੂਜ਼ ਦੀ ਜਾਣਕਾਰੀ ਜ਼ਰੂਰੀ ਹੈ। ਇਸ ਲਈ ਉਸਤਾਦ ਦੀ ਲੋੜ ਪੈਂਦੀ ਹੈ। ਲੇਖਕ ਨੇ ਬਹੁਤ ਮਿਹਨਤ ਨਾਲ ਗ਼ਜ਼ਲ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਵੱਖ-ਵੱਖ ਸ਼ਹਿਰਾਂ ਵਲੋਂ ਦੋ ਹਜ਼ਾਰ ਤੋਂ ਵੱਧ ਸ਼ਿਅਰ ਵੀ ਪੇਸ਼ ਕੀਤੇ ਗਏ ਹਨ। ਪੁਸਤਕ ਵਿਚ ਪੈਰ ਬਿੰਦੀ ਅੱਖਰਾਂ ਵਾਲੇ 1600 ਤੋਂ ਵੱਧ ਸ਼ਬਦਾਂ ਦੀ ਸੂਚੀ ਦਿੱਤੀ ਗਈ ਹੈ। ਇਕ ਹਜ਼ਾਰ ਤੋਂ ਵੱਧ ਤਿੰਨ ਅੱਖਰੀ ਸ਼ਬਦਾਂ ਦੇ ਵਜ਼ਨ ਦਰਸਾਉਂਦੀ ਸੂਚੀ ਵੀ ਪੇਸ਼ ਕੀਤੀ ਗਈ ਹੈ। ਸ਼ਾਹ ਮੁਰਾਦ ਤੋਂ ਲੈ ਕੇ ਅੱਜ ਤੱਕ ਦੇ ਤਕਰੀਬਨ ਸਾਢੇ ਛੇ ਸੌ ਗ਼ਜ਼ਲਕਾਰਾਂ ਦੇ ਸ਼ਿਅਰ ਪੁਸਤਕ ਦਾ ਸ਼ਿੰਗਾਰ ਹਨ। ਆਓ ਆਪਾਂ ਵੀ ਕੁਝ ਚੋਣਵੇਂ ਸ਼ਿਅਰਾਂ ਦਾ ਅਨੰਦ ਮਾਣੀਏਂ
-ਅਸੀਂ ਆਪਣੇ ਉਜਾਲੇ ਦੀ
ਹਿਫ਼ਾਜ਼ਤ ਆਪ ਕਰਨੀ ਹੈ
ਹਵਾਵਾਂ ਦੀ ਤਾਂ ਆਦਤ ਹੈ,
ਚਿਰਾਗ਼ਾਂ ਨੂੰ ਬੁਝਾ ਦੇਣਾ।
ਂਸੁਸ਼ੀਲ ਰਹੇਜਾ
-ਖੋਲ੍ਹ ਦਿੰਦਾ ਦਿਲ ਜੇ
ਤੂੰ ਲਫ਼ਜ਼ਾਂ ਦੇ ਵਿਚ ਯਾਰਾਂ ਦੇ ਨਾਲ
ਖੋਲ੍ਹਣਾ ਪੈਂਦਾ ਨਾ ਏਦਾਂ ਅੱਜ ਔਜ਼ਾਰਾਂ ਦੇ ਨਾਲ।
ਂਸੁਰਜੀਤ ਪਾਤਰ
-ਅਨੇਕਾਂ ਰੂਪ ਸੋਚੇ,
ਅੰਤ ਮਾਂ ਦੇ ਰੂਪ ਨੂੰ ਚੁਣਿਆ
ਖ਼ੁਦਾ ਧਰਤੀ 'ਤੇ ਆ ਸਕਦਾ ਸੀ
ਆਖ਼ਰ ਹੋਰ ਕੀ ਬਣ ਕੇ?
ਂਹਰਦਿਆਲ ਸਾਗਰ
-ਨਾ ਆਪਣੇ ਅੰਦਰੋਂ
ਅਹਿਸਾਸ ਦੀ ਰੰਗਤ ਉਡਾ ਲੈਣਾ
ਉਡੀਕਾਂ ਸੁਰਮਈ ਰੱਖਣਾ,
ਬਰੂਹਾਂ ਕਿਰਮਚੀ ਰੱਖਣਾ।
ਂਗੁਰਮਿੰਦਰ ਸਿੱਧੂ
-ਕੰਧਾਂ ਵਿਚ ਜਾਂ ਚਿਣੀਆਂ ਗਈਆਂ,
ਨਿੱਕੀਆਂ ਨਿੱਕੀਆਂ ਜਿੰਦਾਂ
ਸਮੇਂ ਦੀ ਹਿੱਕ 'ਤੇ ਉੱਕਰੇ ਗਏ
ਫਿਰ ਉਨ੍ਹਾਂ ਦੇ ਸਿਰਨਾਵੇਂ।
ਂਬਚਨਜੀਤ
-ਸੂਲਾਂ 'ਤੇ ਪੈਰ ਧਰ ਕੇ, ਉਹ ਮੁਸਕਰਾ ਰਿਹਾ ਹੈ।
ਮੋਢੇ ਟਿਕਾ ਕੇ ਸੂਲੀ, ਮਨਸੂਰ ਆ ਰਿਹਾ ਹੈ।
ਂਪਾਲੀ ਖ਼ਾਦਿਮ
ਗ਼ਜ਼ਲ ਦੇ ਸਾਰੇ ਪਹਿਲੂਆਂ 'ਤੇ ਰੌਸ਼ਨੀ ਪਾਉਣ ਵਾਲੀ ਇਹ ਮਹੱਤਵਪੂਰਨ ਪੁਸਤਕ ਇਕ ਮੀਲ ਪੱਥਰ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਖੇਤੀਂ ਉੱਗੇ ਸੁਰਖ਼ ਸਵੇਰੇ
ਲੇਖਕ : ਡਾ: ਜਗਜੀਤ ਸਿੰਘ ਕੋਮਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭੀਖੀ
ਮੁੱਲ : 250 ਰੁਪਏ, ਸਫ਼ੇ : 240
ਸੰਪਰਕ : 94635-10322.

ਇਸ ਚਾਰ-ਖੰਡੀ ਨਾਟਕ ਵਿਚ ਡਾ: ਜਗਜੀਤ ਸਿੰਘ ਕੋਮਲ ਨੇ 1946 ਤੋਂ 1952 ਈ: ਤੱਕ ਚੱਲੀ ਪੈਪਸੂ ਮੁਜ਼ਾਰਾ ਲਹਿਰ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਪੈਪਸੂ ਦੀਆਂ ਰਿਆਸਤਾਂ ਉੱਪਰ 1947 ਈ: ਤੱਕ ਰਾਜੇ ਰਾਜ ਕਰਦੇ ਰਹੇ। ਇਹ ਰਾਜੇ ਅੰਗਰੇਜ਼ ਹਕੂਮਤ ਦੀਆਂ ਕਠਪੁਤਲੀਆਂ ਸਨ। ਕਿਸਾਨ ਲੋਕ ਉਨ੍ਹਾਂ ਦੇ ਮੁਜ਼ਾਰੇ ਸਨ। ਰਾਜਿਆਂ, ਰਜਵਾੜਿਆਂ ਅਤੇ ਬਿਸਵੇਦਾਰਾਂ ਦੇ ਵਿਰੁੱਧ ਪੈਪਸੂ ਵਿਚ ਪਰਜਾ ਮੰਡਲ ਲਹਿਰ ਸ਼ੁਰੂ ਹੋਈ, ਜਿਸ ਨੂੰ ਮੁਜ਼ਾਰਾ ਅੰਦੋਲਨ ਵੀ ਕਿਹਾ ਜਾਂਦਾ ਹੈ। ਕਾਮਰੇਡ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਗਿਆਨੀ ਜ਼ੈਲ ਸਿੰਘ, ਜਗੀਰ ਸਿੰਘ ਜੋਗਾ, ਗਿਆਨੀ ਬਚਨ ਸਿੰਘ, ਬਾਬੂ ਬ੍ਰਿਸ਼ ਭਾਨ, ਛੱਜੂ ਮੱਲ ਵੈਦ, ਬੂਟਾ ਸਿੰਘ ਮਾਨਸਾ, ਰਾਮ ਸਿੰਘ ਬਾਗ਼ੀ ਅਤੇ ਕਪੂਰਾ ਸਿੰਘ ਬੀਰੋ ਕੇ ਇਸ ਅੰਦੋਲਨ ਦੇ ਪ੍ਰਮੁੱਖ ਘੁਲਾਟੀਏ ਸਨ। ਇਹ ਸਾਰੇ ਪਾਤਰ ਇਸ ਨਾਟਕ ਦੀ ਕਥਾਵਸਤੂ ਦਾ ਅੰਗ ਬਣੇ ਹਨ, ਭਾਵੇਂ ਸਾਹਿਤਕ ਜ਼ਰੂਰਤਾਂ ਦੇ ਕਾਰਨ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਕੁਝ ਕਾਲਪਨਿਕ ਅੰਸ਼ ਵੀ ਜੋੜਨੇ ਪਏ ਹਨ।
ਇਹ ਨਾਟਕ ਅਪ੍ਰੈਲ 1947 ਈ: ਤੋਂ ਲੈ ਕੇ ਮਈ 1952 ਈ: ਤੱਕ ਚਲਦਾ ਹੈ। ਨਾਟਕ ਦਾ ਘਟਨਾ-ਸਥਲ ਮੁੱਖ ਤੌਰ 'ਤੇ ਕਿਸ਼ਨਗੜ੍ਹ ਹੀ ਰਿਹਾ ਹੈ। ਭਾਵੇਂ ਕੁਝ ਝਾਕੀਆਂ ਖੜਕ ਸਿੰਘ ਵਾਲਾ, ਫ਼ਰੀਦਕੋਟ, ਬੱਪੀਆਣਾ, ਪਟਿਆਲਾ ਅਤੇ ਮਾਨਸਾ ਵਿਚ ਵੀ ਵਾਪਰਦੀਆਂ ਹਨ। ਇਸ ਨਾਟਕ ਦੇ ਚਾਰ ਅੰਕ ਹਨ : 1. ਪਹੁ ਫੁਟਾਲਾ (ਪੰਜ ਝਾਕੀਆਂ), 2. ਕਿਸ਼ਨ ਗੜ੍ਹ ਕਮਿਊਨ (ਸੱਤ ਝਾਕੀਆਂ), 3. ਸਿਸਕਦੀ ਸ਼ਹਿਨਾਈ (ਸੱਤ ਝਾਕੀਆਂ), 4. ਬਿਸਵੇਦਾਰੀ ਛੂ ਮੰਤਰ (ਛੇ ਝਾਕੀਆਂ)।
ਇਨ੍ਹਾਂ ਅੰਕਾਂ ਦੀ ਵਸਤੂ-ਸਮੱਗਰੀ ਨੂੰ ਕੁਝ ਅਜਿਹੀ ਕੁਸ਼ਲਤਾ ਨਾਲ ਵਿਉਂਤਬੱਧ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਵੱਖਰੇ-ਵੱਖਰੇ ਨਾਟਕਾਂ ਵਜੋਂ ਵੀ ਮੰਚਿਤ ਕੀਤਾ ਜਾ ਸਕਦਾ ਹੈ। ਨਾਟਕੀ ਸੰਵਾਦ ਬੜੇ ਦਿਲਚਸਪ ਅਤੇ ਪ੍ਰੇਰਨਾ ਭਰਪੂਰ ਹਨ। ਕਾਵਿ-ਟੁਕੜੀਆਂ ਦੀ ਵਰਤੋਂ ਨਾਲ ਭਾਵਨਾਤਮਕ ਅੰਦਾਜ਼ ਨੂੰ ਬਰਕਰਾਰ ਰੱਖਿਆ ਗਿਆ ਹੈ। ਪਾਤਰ ਬੜੇ ਜਾਨਦਾਰ ਅਤੇ ਚੜ੍ਹਦੀ ਕਲਾ ਵਿਚ ਵਿਚਰਣ ਵਾਲੇ ਹਨ। ਇਹ ਰਚਨਾ ਪੰਜਾਬੀ ਨਾਟਕ ਦੇ ਇਤਿਹਾਸ ਦੀ ਇਕ ਉਲੇਖਯੋਗ ਉਪਲਬਧੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਹਵਾ ਵਿਚ ਟੰਗੀ ਕਿੱਲੀ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98152-98459.

ਇਸ ਕਾਵਿ ਸੰਗ੍ਰਹਿ ਵਿਚ ਲਗਪਗ ਛੇ ਦਰਜਨ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਦਾ ਵਧੇਰੇ ਸਬੰਧ 21ਵੀਂ ਸਦੀ ਦੇ ਪੱਛਮੀ ਦੇਸ਼ਾਂ ਵਲੋਂ ਵਿਕਸਿਤ ਹੋਏ ਵਿਗਿਆਨਕ ਤਕਨਾਲੋਜੀ ਇਲੈਕਟ੍ਰਾਨਿਕ, ਪਦਾਰਥਵਾਦੀ ਵਿਕਾਸ ਦਾ ਸਾਡੇ ਵਰਤਮਾਨ ਜੀਵਨਸ਼ੈਲੀ 'ਤੇ ਪਏ ਮਾਰੂ ਪ੍ਰਭਾਵਾਂ ਨਾਲ ਹੈ। 21ਵੀਂ ਸਦੀ ਦੇ ਇਸ ਵਿਗਿਆਨਕ ਤਕਨਾਲੋਜੀ ਵਿਕਾਸ ਨੇ ਪਦਾਰਥਵਾਦੀ ਵਿਕਾਸ ਜੇ ਕੀਤਾ ਹੈ ਤਾਂ ਇਸ ਦੇ ਮਾਨਵੀ ਆਤਮਾ, ਮਨ, ਬੁੱਧੀ, ਅੰਤਰਕਰਨ, ਸੰਵੇਦਨਾ ਅਤੇ ਮਾਨਵੀ ਰਿਸ਼ਤਿਆਂ ਉੱਪਰ ਭੈੜੇ ਪ੍ਰਭਾਵ ਪਏ ਹਨ, ਜਿਨ੍ਹਾਂ ਦੇ ਪ੍ਰਤੀਕਰਮੀ ਸੰਵੇਦਨਸ਼ੀਲ ਵਿਚਾਰ ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਵਿਸ਼ੇ ਹਨ ਜਿਵੇਂ :
ੲ ਬੱਸ, ਫੈਸ਼ਨ ਪਰੇਡ ਸੀ/ਮੇਕ-ਅੱਪ ਸੀ
ਮਹਿੰਗੇ ਗਰਾਰੇ ਸਨ/ਨੰਗੀ ਬੇਸ਼ਰਮੀ ਸੀ
ਆਜ਼ਾਦੀ ਦਾ ਦੰਗਲ ਸੀ
ਸੱਭਿਅਤਾ ਦਾ ਜੰਗਲ ਸੀ
ਉਲਝੀ-ਦ੍ਰਿਸ਼ਟੀ ਸੀ/ਭਉਂਦੀ ਸ੍ਰਿਸ਼ਟੀ ਸੀ।
(ਪੰਨਾ 14)
ੲ ਔਰਤ-ਚੁੱਲ੍ਹਾ-ਰੋਟੀ
ਜੁਆਕ-ਮੋਹ/ਸਭ ਖੋਹ ਬੈਠੇ ਹਨ
ਆਪਣਾ ਅਰਥ/ਚਾਟੀ ਮਧਾਣੀ,
ਸਰਘੀ/ਸਰਘੀ ਵੇਲਾ/ਫੁਲਕਾਰੀ ਸੁਬਹ
ਕਿਸੇ ਭਲੇ ਯੁੱਗ ਦੇ ਅੱਖਰ ਲਗਦੇ ਹਨ
(ਪੰਨਾ 20-21)
ੲ ਸੜਕ 'ਤੇ ਪਿੰਡ ਦੇ ਨਾਂਅ ਦੀ
ਤਖ਼ਤੀ ਲੱਗੀ ਹੈ
ਪਿੰਡ ਦੀ ਸ਼ਨਾਖ਼ਤ, ਕਾਇਮ ਹੈ, ਉਂਜ ਪਿੰਡ ਤਾਂ ਕਦੋਂ ਦਾ। ਮਰ ਖਪ ਗਿਆ ਹੈ-ਕਿਤੇ (ਪੰਨਾ 31)
21ਵੀਂ ਸਦੀ ਦੇ ਲਗਪਗ ਪਹਿਲੇ ਦੋ ਦਹਾਕਿਆਂ ਵਿਚ ਤਕਨਾਲੋਜੀ ਵਿਗਿਆਨ, ਪਦਾਰਥ ਦੇ ਵਿਕਾਸ ਅਤੇ ਵਿਕਾਸ ਦੇ ਨਾਂਅ ਉੱਪਰ, ਖੇਤੀਬਾੜੀ ਦੀ ਪੈਦਾਵਾਰ ਵਧਾਉਣ ਅਤੇ ਸੜਕਾਂ ਨਹਿਰਾਂ ਕਾਰਖਾਨਿਆਂ ਦੇ ਪ੍ਰਦੂਸ਼ਣਾਂ ਨੇ ਪ੍ਰਕਿਰਤੀ ਝੁਲਸਾ ਦਿੱਤੀ ਹੈ। ਪਾਣੀ, ਹਵਾ, ਧਰਤੀ, ਪਰਬਤ ਅਤੇ ਵਾਯੂਮੰਡਲ ਪ੍ਰਦੂਸ਼ਿਤ ਹੋ ਗਿਆ ਹੈ। ਮਿੱਤਰ ਕੀੜੇ, ਪੰਛੀ, ਜਾਨਵਰ, ਫੁੱਲ, ਬੂਟੇ ਪ੍ਰਦੂਸ਼ਿਤ ਹੋ ਗਏ ਹਨ। ਇਨ੍ਹਾਂ ਵਿਕਾਸ ਦੇ ਨਾਂਅ 'ਤੇ ਚਲਦੇ ਪ੍ਰਾਜੈਕਟਾਂ ਨੇ ਵਿਕਾਸ ਜ਼ਰੂਰ ਕੀਤਾ ਹੈ। ਲੋਕ ਮਾਨਸ ਦੀ ਸੰਵੇਦਨਾ ਮੁਰਝਾਈ ਹੈ। ਅੰਤਰ-ਆਤਮਾ ਮੁਰਝਾਈ ਹੈ। ਲੋਕ ਮਾਨਸ ਝੁਲਸ ਗਿਆ ਹੈ। ਪਿੰਡ ਬਦਲੇ ਹਨ। ਘਰ ਮਕਾਨ ਬਣਦੇ ਜਾ ਰਹੇ ਹਨ। ਰਿਸ਼ਤੇ ਨਾਤੇ ਖ਼ਤਮ ਹਨ। ਮੋਹ ਭੰਗ ਹਨ। ਸ਼ਹਿਰਾਂ ਵਿਚ ਤੇਜ਼ ਰਫ਼ਤਾਰ ਨੇ ਅਮਨ ਚੈਨ ਅਤੇ ਮਨ ਦੀ ਸ਼ਾਂਤੀ ਭੰਗ ਕੀਤੀ ਹੈ। ਮੁਹੱਬਤ ਖੰਡਿਤ ਹੈ। ਬੇਰੁਜ਼ਗਾਰੀ, ਖ਼ੁਦਕੁਸ਼ੀਆਂ, ਚੋਰੀਆਂ, ਡਕੈਤੀਆਂ, ਖੋਹਾਂ ਵਧੀਆਂ ਹਨ। ਤਨ ਮਨ ਪ੍ਰਦੂਸ਼ਿਤ ਹਨ।
ਇੰਦਰਜੀਤ ਕੌਰ ਸਿੱਧੂ ਦੀਆਂ ਇਹ ਕਵਿਤਾਵਾਂ ਬਦਲ ਰਹੀ ਧਰਤੀ ਵਾਯੂਮੰਡਲ ਕਾਰਨ ਲੋਕ ਪ੍ਰਕਿਰਤੀ, ਲੋਕ ਮਾਨਸ, ਸੱਭਿਆਚਾਰ ਅਤੇ ਰਿਸ਼ਤੇ-ਨਾਤੇ ਬਦਲ ਚੁੱਕੇ ਹਨ, ਉਨ੍ਹਾਂ ਨੂੰ ਲੋਕ ਜ਼ਿੰਦਗੀ ਦਾ ਯਥਾਰਥ ਪੇਸ਼ ਕੀਤਾ ਹੈ।

ਂਡਾ: ਅਮਰ ਕੋਮਲ
ਮੋ: 084378-73565.
ਫ ਫ ਫ

ਹੰਢਾਏ ਪਲ
ਕਵੀ : ਕੁਲਦੀਪ ਇਕਬਾਲ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 74
ਸੰਪਰਕ : 98038-56089.

ਹੰਢਾਏ ਪਲ ਕਵੀ ਕੁਲਦੀਪ ਇਕਬਾਲ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਕਵੀ ਮੁੱਖ ਤੌਰ 'ਤੇ ਵਿਗਿਆਨ ਦੇ ਵਿਸ਼ੇ ਨਾਲ ਜੁੜਿਆ ਹੈ। ਇਹ ਕਾਵਿ ਪੁਸਤਕ ਜੀਵਨ ਦੀਆਂ ਕਈ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਦੀ ਹੋਈ ਭਾਵੁਕ ਕਰ ਦਿੰਦੀ ਹੈ। ਅਨੁਭਵ ਤੋਂ ਪੈਦਾ ਹੋਏ ਅਹਿਸਾਸ ਕਵੀ ਦਾ ਵਿਸ਼ਾ ਬਣੇ ਹਨ।
ਮਨੁੱਖੀ ਮਨ ਦੀ ਅਸਥਿਰਤਾ ਅਸ਼ਾਂਤੀ ਤੇ ਭਾਵਨਾਵਾਂ ਵਿਚ ਆਉਣ ਵਾਲੇ ਉਲਾਰ ਤੇ ਜਜ਼ਬੇ ਸਹਿਜਤਾ ਨਾਲ ਹੀ ਪ੍ਰਗਟਾਏ ਹਨ :
ਇਹ ਬੇਚੈਨੀ ਕਿਉਂ?
ਧੁੰਦ ਗੁਬਾਰ ਤੇ ਅਫ਼ਰਾ-ਤਫ਼ਰੀ
ਅੰਦਰ ਵੀ ਹੈ, ਬਾਹਰ ਵੀ
ਇਹ ਬੇਚੈਨੀ ਇਉਂ
ਅੰਦਰ ਝਗੜਾ ਸੋਚ ਨਾਲ
ਬਾਹਰ ਟਕਰਾਅ ਲੋੜ ਨਾਲ।
ਲੇਖਕ ਨੇ ਇਨ੍ਹਾਂ ਕਾਵਿ ਰਚਨਾਵਾਂ ਦੇ ਸਮੇਂ/ਸੰਨ ਦਾ ਵੀ ਵਰਨਣ ਕੀਤਾ ਹੈ। ਨਵਾਂ ਸਾਲ ਮੁਬਾਰਕ ਸਿਰਲੇਖ ਅਧੀਨ ਕਵੀ ਨੇ ਨਵੇਂ ਸਾਲ ਦੀ ਆਮਦ ਨਾਲ ਜੁੜੀਆਂ ਮਨ ਦੀਆਂ ਕਈ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਗੁਰੂ ਨਾਨਕ ਜੀ ਨੂੰ ਮੁਖਾਤਿਬ ਹੋ ਕੇ ਕਵੀ ਨੇ ਗੁਰੂ ਨਾਨਕ ਦੇ ਫਲਸਫ਼ੇ ਅਤੇ ਜੀਵਨ-ਜਾਚ ਦੀ ਆਧੁਨਿਕ ਸਮੇਂ ਵਿਚ ਮਹੱਤਤਾ ਬਾਰੇ ਚਾਨਣਾ ਪਾਇਆ ਹੈ ਤੇ ਮਨੁੱਖ ਦੁਆਰਾ ਇਨ੍ਹਾਂ ਸਿੱਖਿਆਵਾਂ ਦੇ ਉਲੰਘਣ ਅਤੇ ਨਜ਼ਰਅੰਦਾਜ਼ ਕਰਨ ਦੀ ਭਾਵਨਾ ਦਾ ਵੀ ਪ੍ਰਗਟਾਵਾ ਕੀਤਾ ਹੈ। ਕਵੀ ਨੇ ਢਾਹੂ ਅਤੇ ਨਿਰਾਸ਼ ਸੋਚ ਦਾ ਤਿਆਗ ਕਰ ਕੇ ਉਸਾਰੂ ਅਤੇ ਆਸ਼ਾਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ :
ਜੇਕਰ ਹੁਣ ਪਤਝੜ ਹੈ ਤਾਂ ਬਹਾਰ ਵੀ ਆਏਗੀ
ਦਿਲ ਰੱਖ ਮੌਸਮ ਤਾਂ ਬਦਲਦਾ ਰਹੇਗਾ/ਪ੍ਰਕਿਰਤੀ ਦੀ ਜ਼ਰੂਰਤ ਹੈ।
ਵਰਤਮਾਨ ਦੌਰ ਵਿਚ ਘਟ ਰਹੀ ਦੇਸ਼ ਪਿਆਰ ਦੀ ਭਾਵਨਾ ਮਨੁੱਖੀ ਰਿਸ਼ਤਿਆਂ ਵਿਚ ਖ਼ਤਮ ਹੋ ਰਿਹਾ ਨਿੱਘ ਕਵੀ ਨੂੰ ਉਦਾਸ ਕਰਦਾ ਹੈ ਤੇ ਉਹ ਅਜਿਹੇ ਵਿਅਕਤੀ ਦੀ ਤਲਾਸ਼ ਵਿਚ ਜਾਪਦਾ ਹੈ ਜਿਸ ਅੰਦਰ ਸੌੜੀ ਰਾਜਨੀਤੀ ਦੀ ਥਾਂ ਮਨੁੱਖਤਾ ਲਈ ਦੁੱਖ-ਦਰਦ ਹੋਵੇ। ਕਵੀ ਨੇ ਰੁਮਾਂਟਿਕ ਭਾਵਾਂ ਦਾ ਵੀ ਕਿਧਰੇ-ਕਿਧਰੇ ਪ੍ਰਗਟਾਵਾ ਕੀਤਾ ਹੈ। ਲੇਖਕ ਨੇ ਪਦਾਰਥਕ ਦੌੜ ਨਾਲ ਭਰੀ ਮਾਨਸਿਕਤਾ ਅਤੇ ਬੇਚੈਨੀ ਨਾਲ ਭਰੇ ਮਨੁੱਖੀ ਮਨ ਦਾ ਪ੍ਰਗਟਾਵਾ ਕੀਤਾ ਹੈ। ਕਵੀ ਦੇ ਨਿੱਜੀ ਜਜ਼ਬੇ ਉਸ ਦੀ ਸਮਾਜਿਕ ਸੋਚ ਨੂੰ ਪ੍ਰਭਾਵਿਤ ਕਰਦੇ ਹਨ। ਸਮੁੱਚੇ ਤੌਰ 'ਤੇ ਇਸ ਕਾਵਿ ਸੰਗ੍ਰਹਿ ਵਿਚ ਕਵੀ ਨੇ ਜੀਵਨ ਦੇ ਅਨੁਭਵਾਂ ਨੂੰ ਬਹੁਤ ਕਲਾਤਮਕ ਢੰਗ ਨਾਲ ਅਭਿਵਿਅਕਤ ਕੀਤਾ ਹੈ। ਆਮ ਪਾਠਕਾਂ ਦੇ ਪੱਧਰ ਦੀ ਭਾਸ਼ਾ ਅਤੇ ਕਾਵਿਕ ਜੁਗਤਾਂ ਅਪਣਾ ਕੇ ਕਵੀ ਨੇ ਆਪਣੀ ਕਾਵਿ ਰਚਨਾ ਕੀਤੀ ਹੈ, ਕਵੀ ਵਧਾਈ ਦਾ ਹੱਕਦਾਰ ਹੈ।

ਂਪ੍ਰੋ: ਕੁਲਜੀਤ ਕੌਰ।
ਫ ਫ ਫ

ਫਰਿਸ਼ਤੇ
ਲੇਖਿਕਾ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨਜ਼, ਨਾਭਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 95010-73600.

ਇਸ ਪੁਸਤਕ ਦੀਆਂ ਰਚਨਾਵਾਂ ਵਧੇਰੇ ਕਰਕੇ ਨਾਰੀ ਜੀਵਨ ਦੀਆਂ ਔਕੜਾਂ ਤੇ ਸਮੱਸਿਆਵਾਂ ਨਾਲ ਸਬੰਧਿਤ ਹਨ। ਕੁਝ ਆਲੇ-ਦੁਆਲੇ ਵਾਪਰੀਆਂ ਤੇ ਕੁਝ ਹੱਡਬੀਤੀਆਂ। ਲੇਖਿਕਾ ਨੇ ਔਕੜਾਂ ਵਿਚੋਂ ਖੁਸ਼ੀਆਂ ਦਾ ਰਾਹ ਉਲੀਕਿਆ ਹੈ। ਜੀਵਨ ਵਿਚ ਆਏ ਹਮਦਰਦ ਪਾਤਰਾਂ ਦਾ ਬਾਖੂਬੀ ਚਿਤਰਨ ਕੀਤਾ ਹੈ।
ਨਾਵਲ ਵਿਚ ਪਹਿਲਾ ਪਿਆਰ ਤੇ ਪਹਿਲਾ ਹਮਦਰਦ ਪਾਤਰ ਹੈ ਨਾਇਕਾ ਦਾ ਪਤੀ ਦਿਲਬਰ ਚੰਨੀ ਜਿਸ ਨੇ ਹਰ ਔਖੀ ਘੜੀ ਵਿਚ ਸਾਥ ਨਿਭਾਇਆ ਪਰ ਉਸ ਦੇ ਸਵਾਸਾਂ ਦੀ ਤੰਦ ਛੇਤੀ ਹੀ ਟੁੱਟ ਜਾਂਦੀ ਹੈ ਤੇ ਨਾਇਕਾ ਰਾਤ ਦੇ ਹਨੇਰਿਆਂ ਵਿਚ ਗੁੰਮ ਹੋਣ ਜਿਹਾ ਜੀਵਨ ਜਿਊਣ ਲਈ ਮਜਬੂਰ ਹੋ ਜਾਂਦੀ ਹੈ। ਕੇਵਲ ਆਪਣੇ ਬੇਟੇ ਦੇ ਜੀਵਨ ਨੂੰ ਸੰਵਾਰਨ ਲਈ ਜਿਊਂਦੀ ਹੈ। ਦੂਸਰਾ ਪਾਤਰ ਹੈ ਉਸ ਦੀ ਅੰਗ ਸਹੇਲੀ ਹਰਿੰਦਰ ਜੋ ਅੰਤ ਤੱਕ ਸਾਥ ਨਿਭਦੀ ਤੇ ਦੁੱਖ-ਸੁੱਖ ਦੀ ਸਾਥਣ ਬਣਦੀ ਹੈ ਪਰ ਤੀਸਰਾ ਪਾਤਰ ਜੋ ਉਸ ਦੇ ਜੀਵਨ ਵਿਚ ਆਉਂਦਾ ਹੈ ਉਹ ਹੈ ਅਰਸ਼ੀ ਨਾਂਅ ਦਾ ਮਰਦ, ਜਿਸ ਨੂੰ ਉਹ ਸਾਰੀ ਜੀਵਨ ਗਾਥਾ ਸੁਣਾ ਕੇ ਮਨ ਹਲਕਾ ਕਰਦੀ ਹੈ, ਜਿਸ ਦਾ ਸਾਥ ਉਸ ਨੂੰ ਚੰਗਾ-ਚੰਗਾ ਲਗਦਾ ਤੇ ਹਰ ਸ਼ਾਮ ਜਿਸ ਦੀ ਉਡੀਕ ਉਸ ਨੂੰ ਰਹਿੰਦੀ ਹੈ।
ਇਹ ਪਾਕੀਜ਼ਾ ਰਿਸ਼ਤਾ ਨਾਇਕਾ ਦੀ ਰੁੜ੍ਹਦੀ ਬੇੜੀ ਨੂੰ ਸੰਭਾਲ ਲੈਂਦਾ ਹੈ। ਆਸਰਾ ਦਿੰਦਾ, ਮਾਨਸਿਕ ਸਕੂਨ ਦਿੰਦਾ ਹੈ ਅੰਤ ਤੱਕ। ਚੌਥਾ ਪਾਤਰ ਹੈ ਸਵੀਟੀ, ਹਰਿੰਦਰ ਦੀ ਬੇਟੀ ਜੋ ਸੀਰੀਅਸ ਬਿਮਾਰੀ ਦੀ ਹਾਲਤ ਵਿਚ ਉਸ ਨੂੰ ਕੈਨੇਡਾ ਲੈ ਜਾਂਦੀ ਤੇ ਸੇਵਾ ਸੰਭਾਲ ਕਰਦੀ ਹੈ ਤੇ ਉਥੇ ਹੀ ਜਿਸ ਪੰਜਵੇਂ ਪਾਤਰ ਦੇ ਦਰਸ਼ਨ ਹੁੰਦੇ ਹਨ, ਉਹ ਹੈ ਡਾਕਟਰ ਰਣਜੀਤ ਜੋ ਬਚਪਨ ਤੋਂ ਹੀ ਨਾਇਕਾ ਦਾ ਭਰਾ ਬਣਿਆ ਹੁੰਦਾ ਹੈ ਤੇ ਆਖਰੀ ਪਾਤਰ ਹੈ ਰੁਬੀਨਾ ਜਿਸ ਨੂੰ ਨਾਇਕਾ ਧੀ ਬਣਾ ਕੇ ਪਾਲ ਪੋਸ ਕੇ ਵਿਆਹ ਕਰਦੀ ਹੈ।
ਲੇਖਿਕਾ ਸਮਾਜ ਲਈ ਇਕ ਵਧੀਆ ਸੁਨੇਹਾ ਦਿੰਦੀ ਜਾਪਦੀ ਹੈ ਕਿ ਰਾਤ ਦੇ ਹਨੇਰਿਆਂ ਤੋਂ ਘਬਰਾਉਣਾ ਨਹੀਂ ਚਾਹੀਦਾ, ਪ੍ਰਭਾਤ ਦੇ ਦਰਸ਼ਨ ਜ਼ਰੂਰ ਹੁੰਦੇ ਹਨ। ਨਾਵਲ ਵਿਚ ਰੌਚਿਕਤਾ ਤੇ ਸਹਿਜਤਾ ਹੈ ਪਰ ਇਸ ਰਚਨਾ ਵਿਚੋਂ ਨਾਵਲ ਨਾਲੋਂ ਸਵੈ-ਜੀਵਨੀ ਦੀ ਝਲਕ ਵਧੇਰੇ ਪੈਂਦੀ ਹੈ ਭਾਵੇਂ ਲੇਖਿਕਾ ਨੇ ਵਾਰਤਾਲਾਪ ਤੇ ਹੋਰ ਢੰਗਾਂ ਰਾਹੀਂ ਨਾਵਲੀ ਛੋਹਾਂ ਦੇਣ ਦੀ ਕੋਸ਼ਿਸ਼ ਕੀਤੀ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਮਨ ਦੀ ਮੌਜ
ਲੇਖਕ : ਜਨਮੇਜਾ ਸਿੰਘ ਜੌਹਲ
ਪ੍ਰਕਾਸ਼ਕ : ਪੰਜਾਬੀ ਸ਼ਬਦ ਅਕਾਦਮੀ
ਮੁੱਲ : 130 ਰੁਪਏ, ਸਫ਼ੇ : 72.
ਸੰਪਰਕ : 98159-45018

ਜਨਮੇਜਾ ਸਿੰਘ ਜੌਹਲ ਪੰਜਾਬੀ ਸਾਹਿਤ ਅਤੇ ਫੋਟੋਗ੍ਰਾਫੀ ਦੇ ਖੇਤਰ ਵਿਚ ਜਾਣੀ-ਪਹਿਚਾਣੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਇਸ ਪੁਸਤਕ ਵਿਚ ਆਪਣੇ ਜੀਵਨ ਸਫ਼ਰ ਦੀਆਂ ਹਲਕੀਆਂ-ਫੁਲਕੀਆਂ ਘਟਨਾਵਾਂ ਨੂੰ ਆਧਾਰ ਬਣਾਇਆ ਹੈ ਜਿਸ ਵਿਚ ਉਨ੍ਹਾਂ ਦੇ ਜੀਵਨ ਦੀ ਸਾਦਗੀ, ਸਰਲਤਾ, ਯਾਦਾਂ, ਬੇਤਰਤੀਬੀ ਅਤੇ ਬੇਲਿਹਾਜ਼ੀ ਸ਼ਾਮਿਲ ਹੈ ਜੋ ਉਨ੍ਹਾਂ ਦੇ ਮਨ ਦੀ ਮੌਜ ਦਾ ਪ੍ਰਗਟਾਵਾ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਲੇਖਕ ਇਸ ਨੂੰ ਕੋਈ ਆਤਮ ਕਥਾ ਨਹੀ ਮੰਂਨਦਾ ਜੋ ਸਮਾਂਬੱਧ ਚੱਲ ਰਹੀ ਹੋਵੇ ਸਗੋਂ ਇਹ ਉਸ ਦੇ ਜੀਵਨ ਸਫ਼ਰ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਹਨ ਜੋ ਉਸ ਦੀਆਂ ਯਾਦਾਂ ਦਾ ਇਕ ਅਹਿਮ ਹਿੱਸਾ ਬਣੀਆਂ।
ਲੇਖਕ ਦਾ ਸਮਰਪਣ ਉਨ੍ਹਾਂ ਸਾਰਿਆਂ ਲਈ ਹੈ ਜੋ ਅਚੇਤ/ਸੁਚੇਤ ਉਸ ਦੇ ਜੀਵਨ ਦਾ ਹਿੱਸਾ ਬਣ ਆਏ ਅਤੇ ਗਏ। ਲੇਖਕ ਦੀਆਂ ਆਪਣੇ ਮਿੱਤਰਾਂ ਨਾਲ ਮਾਰੀਆਂ ਲਟੌਰੀਆਂ, ਉਸ ਦੇ ਸੁਭਾਅ ਦੀ ਖ਼ਾਸੀਅਤ ਨਾਲ ਜੁੜੀਆਂ ਗੱਲਾਂ, ਆਪਣੇ-ਆਪ ਲਈ ਚੈਲੰਜ ਬਣਾਉਣੇ ਅਤੇ ਕਬੂਲਣੇ, ਆਪਣੇ ਅਧਿਆਪਕਾਂ ਦੀ ਬਾਲੀ ਚਿਣਗ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹਿਣਾ ਆਦਿ ਜੀਵਨ ਦੇ ਅਨੇਕਾਂ ਰੰਗ ਪ੍ਰਗਟਾਉਂਦੀਆਂ ਘਟਨਾਵਾਂ ਇਸ ਪੁਸਤਕ ਦਾ ਹਿੱਸਾ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਇਕ ਵੱਖਰੇ ਅਤੇ ਨਵੇਂ ਰੰਗ ਦਾ ਅਨੁਭਵ ਕਰਦਾ ਹੈ। ਲੇਖਕ ਦੀ ਸਰਲ ਅਤੇ ਸਹਿਜ ਬਿਆਨੀ ਦੀ ਕਲਾ ਅਤੇ ਦ੍ਰਿਸ਼ ਉਸਾਰੀ ਕਮਾਲ ਦੀ ਹੈ ਜਿਸ ਕਰਕੇ ਲੇਖਕ ਦੀ ਜੀਵਨ ਜਾਚ ਅਤੇ ਉਸ ਦੀ ਮਨਮੌਜੀ ਸ਼ਖ਼ਸੀਅਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਆਪਣੀਆਂ ਯਾਤਰਾਵਾਂ ਦੇ ਅਨੁਭਵਾਂ ਨੂੰ ਹਲਕੇ-ਫੁਲਕੇ ਅੰਦਾਜ਼ ਵਿਚ ਪੇਸ਼ ਕਰਦਿਆਂ ਲੇਖਕ ਪੁਸਤਕ ਦੇ ਸਿਰਲੇਖ ਨੂੰ ਵੀ ਦੁਨੀਆ ਦੀ ਤਰ੍ਹਾਂ ਮੰਨਦਾ ਹੈ ਜਿਸ ਨੂੰ ਦੇਖਣ ਅਤੇ ਸਮਝਣ ਦਾ ਅੰਦਾਜ਼ ਹਰ ਸ਼ਖ਼ਸ ਦਾ ਆਪਣਾ-ਆਪਣਾ ਹੈ।

ਂਡਾ: ਸੁਖਪਾਲ ਕੌਰ ਸਮਰਾਲਾ।
ਫ ਫ ਫ

07-07-2019

  ਪਰਵਾਸੀ ਪੰਜਾਬੀ ਸਾਹਿਤ :
ਵਿਭਿੰਨ ਸਰੋਕਾਰ

ਸੰਪਾਦਕ : ਪ੍ਰੋ: ਸ਼ਰਨਜੀਤ ਕੌਰ ਅਤੇ ਪ੍ਰੋ: ਹਰਪ੍ਰੀਤ ਸਿੰਘ ਦੂਆ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 304
ਸੰਪਰਕ : 0161-2740738.

ਪਰਵਾਸੀ ਸਾਹਿਤ ਦਾ ਮਹੱਤਵ ਪਛਾਣ ਕੇ ਇਸ ਦੀ ਗੱਲ ਤੋਰਨ ਦਾ ਸਿਹਰਾ ਡਾ: ਐਸ.ਪੀ. ਸਿੰਘ ਦੇ ਸਿਰ ਹੈ | ਪਹਿਲਾਂ ਪੰਜਾਬੀ ਯੂਨੀਵਰਸਿਟੀ ਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਉਸ ਨੇ ਇਸ ਨੂੰ ਅਧਿਐਨ ਅਧਿਆਪਨ ਤੇ ਖੋਜ ਦਾ ਹਿੱਸਾ ਬਣਵਾਇਆ | ਅੰਮਿ੍ਤਸਰ ਵਿਚ ਇਸ ਲਈ ਵਿਸ਼ੇਸ਼ ਅਧਿਐਨ ਕੇਂਦਰ ਸਥਾਪਤ ਕੀਤਾ | ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੀ ਐਜੂਕੇਸ਼ਨਲ ਕੌਾਸਲ ਦਾ ਸਕੱਤਰ ਬਣਿਆ ਤਾਂ ਉਥੇ ਵੀ ਪਰਵਾਸੀ ਸਾਹਿਤ ਲਈ ਸੈਂਟਰ ਬਣਵਾ ਕੇ ਸੈਮੀਨਾਰਾਂ ਲੈਕਚਰਾਂ ਤੇ ਪ੍ਰਕਾਸ਼ਨਾਵਾਂ ਦਾ ਕਾਰਜ ਸ਼ੁਰੂ ਕਰ ਦਿੱਤਾ | ਰੀਵੀਊ ਅਧੀਨ ਕਿਤਾਬ ਇਸ ਕਾਲਜ ਵਲੋਂ ਪਰਵਾਸੀ ਸਾਹਿਤ ਬਾਰੇ ਕਰਵਾਏ ਗਏ ਵਿਸ਼ਾਲ ਸੈਮੀਨਾਰ ਵਿਚ ਪੇਸ਼ ਖੋਜ ਪੱਤਰਾਂ ਦਾ ਸੰਗ੍ਰਹਿ ਹੈ |
ਇਸ ਪੁਸਤਕ ਵਿਚ ਪਰਵਾਸੀ ਪੰਜਾਬੀ ਕਵਿਤਾ ਬਾਰੇ 29 ਤੇ ਪਰਵਾਸੀ ਨਾਟਕ ਬਾਰੇ 8 ਖੋਜ ਪੱਤਰਾਂ ਨੂੰ ਸ਼ਰਨਜੀਤ ਕੌਰ ਤੇ ਹਰਪ੍ਰੀਤ ਸਿੰਘ ਦੂਆ ਨੇ ਸੰਪਾਦਿਤ ਕੀਤਾ ਹੈ | ਡਾ: ਮੋਹਨ ਤਿਆਗੀ, ਡਾ: ਬਲਵਿੰਦਰ ਥਿੰਦ, ਡਾ: ਹਰਪ੍ਰੀਤ ਹੁੰਦਲ, ਡਾ: ਭੂਪਿੰਦਰ ਸਿੰਘ, ਡਾ: ਮੁਨੀਸ਼, ਡਾ: ਸੁਖਵੀਰ ਕੌਰ ਸ਼ੇਰਗਿੱਲ, ਡਾ: ਨਰਿੰਦਰ ਜੀਤ ਕੌਰ, ਕੰਵਲਦੀਪ ਕੌਰ, ਸੋਮਪਾਲ ਹੀਰਾ, ਪ੍ਰੋ: ਵੀਨਾ ਅਰੋੜਾ ਜਿਹੇ ਨਾਂਅ ਸੰਕੇਤ ਕਰਦੇ ਹਨ ਕਿ ਖੋਜ ਪੱਤਰ ਲਿਖਣ ਵਿਚ ਬਹੁਤੀ ਰੁਚੀ ਨਵੀਂ ਪੀੜ੍ਹੀ ਦੇ ਨੌਜਵਾਨ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਲਈ ਹੈ | ਉਹ ਪਰਵਾਸੀ ਲੇਖਕਾਂ/ਲਿਖਤਾਂ ਦੇ ਸਰੋਕਾਰਾਂ ਬਾਰੇ ਪੁਰਾਣੇ ਅਧਿਆਪਕਾਂ, ਚਿੰਤਕਾਂ ਵਲੋਂ ਪੇਸ਼ ਅੰਤਰ-ਦਿ੍ਸ਼ਟੀਆਂ ਨੂੰ ਨਵੀਆਂ ਦਿਸ਼ਾਵਾਂ ਵਿਚ ਪਸਾਰਨ ਲਈ ਯਤਨਸ਼ੀਲ ਹਨ | ਗਿਆਨ ਦੀ ਯਾਤਰਾ ਦੀ ਇਹ ਦਿਸ਼ਾ, ਇਸ ਦਾ ਆਧਾਰ ਇਸ ਲਈ ਕੀਤੇ ਯਤਨ ਅਤੇ ਪ੍ਰਾਪਤੀਆਂ ਸਾਰੇ ਹੀ ਪ੍ਰਸੰਸਾਯੋਗ ਹਨ | ਇਨ੍ਹਾਂ ਵਿਚ ਸਥਾਪਤ ਵਿਦਵਾਨਾਂ ਦੀ ਸਿੱਧੀ-ਅਸਿੱਧੀ ਸਰਪ੍ਰਸਤੀ ਤੇ ਮਾਰਗ ਦਰਸ਼ਨ ਵੀ ਹੈ ਜਿਸ ਦੀ ਜ਼ਰੂਰਤ ਨਵੇਂ ਚਿੰਤਨ ਨੂੰ ਹੁੰਦੀ ਹੈ |
ਯੂਨੀਵਰਸਿਟੀਆਂ ਤਾਂ ਇਹੋ ਜਿਹੇ ਵੱਡੇ ਖਰਚੇ ਤੇ ਮਿਹਨਤ ਵਾਲੇ ਪ੍ਰਾਜੈਕਟ ਹੱਥ ਵਿਚ ਲੈਂਦੀਆਂ ਹੀ ਹਨ | ਇਕ ਕਾਲਜ ਵਲੋਂ ਅਜਿਹੇ ਉੱਦਮ ਲਈ ਕਾਲਜ ਦੇ ਪਿੰ੍ਰਸੀਪਲ, ਪੰਜਾਬੀ ਵਿਭਾਗ ਦੇ ਮੁਖੀ ਤੇ ਉਸ ਦੀ ਟੀਮ ਦੀ ਪ੍ਰਸੰਸਾ ਵੀ ਕਰਨੀ ਬਣਦੀ ਹੈ | ਪ੍ਰਸੰਸਾ ਕਾਲਜ ਦੇ ਪ੍ਰਧਾਨ ਦੀ ਵੀ ਕਰਨੀ ਪਵੇਗੀ ਜਿਸ ਨੇ ਇਸ ਕਾਰਜ ਲਈ ਉੱਚਿਤ ਮਾਹੌਲ ਸਿਰਜਿਆ | ਪੁਸਤਕ ਪਰਵਾਸੀ ਕਾਵਿ, ਨਾਟਕ ਹੀ ਨਹੀਂ, ਸਮੁੱਚੇ ਪਰਵਾਸੀ ਸਾਹਿਤ ਅਧਿਐਨ ਲਈ ਮੁੱਲਵਾਨ ਅੰਤਰ-ਦਿ੍ਸ਼ਟੀਆਂ ਨਾਲ ਭਰਪੂਰ ਹੈ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਗ਼ਦਰ ਲਹਿਰ ਦੇ ਸ਼ਹੀਦ
ਲੇਖਕ : ਦਲਜੀਤ ਰਾਏ ਕਾਲੀਆ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94174-55968.

ਲੇਖਕ ਨੇ ਗ਼ਦਰ ਲਹਿਰ ਦੇ 25 ਮਹਾਨ ਸ਼ਹੀਦਾਂ (ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਡਾਕਟਰ ਮਥਰਾ ਸਿੰਘ ਢੁਡਿਆਲ, ਜਵੰਦ ਸਿੰਘ ਨੰਗਲ ਆਦਿ) ਦੀਆਂ ਜੀਵਨੀਆਂ ਨੂੰ ਸੰਖੇਪ ਤੇ ਸਰਲ ਰੂਪ ਵਿਚ ਇਸ ਪੁਸਤਕ ਵਿਚ ਕਲਮਬੱਧ ਕੀਤਾ ਹੈ | ਇਨ੍ਹਾਂ ਅਮਰ ਸ਼ਹੀਦਾਂ ਨੇ ਆਪਣੀਆਂ ਲਾਸਾਨੀ ਕੁਰਬਾਨੀਆਂ ਸਦਕਾ ਗ਼ਦਰ ਲਹਿਰ ਨੂੰ ਉਭਾਰਿਆ ਸੀ | ਅੰਗਰੇਜ਼ੀ ਸਰਕਾਰ ਤੋਂ ਬਗ਼ਾਵਤ ਕਰਨ ਬਦਲੇ ਇਨ੍ਹਾਂ ਗ਼ਦਰੀ ਬਾਬਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ | ਇਨ੍ਹਾਂ ਦੇ ਜੀਵਨ ਵੇਰਵੇ ਪ੍ਰਾਪਤ ਕਰਨ ਲਈ ਲੇਖਕ ਨੇ ਵੱਖ-ਵੱਖ ਇਤਿਹਾਸਕ ਪੁਸਤਕਾਂ ਅਤੇ ਅਖ਼ਬਾਰਾਂ ਰਸਾਲਿਆਂ ਵਿਚ ਛਪੀਆਂ ਲਿਖਤਾਂ ਦਾ ਡੂੰਘਾ ਅਧਿਐਨ ਕੀਤਾ ਹੈ |
ਪੁਸਤਕ ਦੇ ਆਰੰਭ ਵਿਚ ਗ਼ਦਰ ਪਾਰਟੀ ਬਾਰੇ ਜਾਣ-ਪਛਾਣ ਕਰਾਈ ਗਈ ਹੈ | ਉਪਰੰਤ ਇਨ੍ਹਾਂ ਸੂਰਬੀਰ ਦੇਸ਼ ਭਗਤਾਂ ਦੀਆਂ ਜੀਵਨ-ਝਲਕਾਂ ਉੱਪਰ ਝਾਤ ਪੁਆਈ ਹੈ | ਲਿਖਤ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਵਿਚ-ਵਿਚ ਜੋਸ਼ੀਲੀਆਂ ਕਵਿਤਾਵਾਂ ਦੀ ਵਰਤੋਂ ਕੀਤੀ ਗਈ ਹੈ, ਜਿਵੇਂ :
ਬਾਝੋਂ ਸਿਰ ਦਿੱਤਿਆਂ ਨਾ ਕੰਮ ਸਰਨਾ
ਯੁੱਧ ਵਿਚ ਪਵੇਗਾ ਜ਼ਰੂਰ ਮਰਨਾ |
ਪਾਓ ਲਲਕਾਰ ਸ਼ੇਰਾਂ ਵਾਗੂੰ ਗੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ |
ਇਸੇ ਤਰ੍ਹਾਂ ਜਗਤ ਸਿੰਘ ਸੁਰ ਸਿੰਘ ਨੂੰ ਜਦੋਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਆਦਿ ਨਾਲ ਫਾਂਸੀ ਚਾੜਿ੍ਹਆ ਗਿਆ ਤਾਂ ਇਨ੍ਹਾਂ ਦੀ ਸ਼ਹਾਦਤ ਬਾਰੇ ਇਨ੍ਹਾਂ ਦੇ ਇਕ ਯੁੱਧ ਸਾਥੀ ਨੇ ਫਾਂਸੀ ਤੋਂ ਪਹਿਲਾਂ ਇਹ ਕਵਿਤਾ ਸੁਣਾਈ ਸੀ :
ਫ਼ਖ਼ਰ ਹੈ ਭਾਰਤ ਕੋ ਐ ਕਰਤਾਰ, ਤੂ ਜਾਤਾ ਹੈ ਆਜ |
ਜਗਤ ਔਰ ਪਿੰਗਲੇ ਕੋ ਭੀ, ਸਾਥ ਲੀਏ ਜਾਤਾ ਹੈ ਆਜ |
ਹਮ ਤੁਮ੍ਹਾਰੇ ਮਿਸ਼ਨ ਕੋ, ਪੂਰਾ ਕਰੇਂਗੇ ਬਾਗ਼ੀਓ |
ਕਸਮ ਹਰ ਹਿੰਦੀ ਤੁਮ੍ਹਾਰੇ ਖ਼ੂਨ ਕੀ ਖਾਤਾ ਹੈ ਆਜ |
ਹਰ ਜੀਵਨੀ ਦੇ ਅਖ਼ੀਰ ਵਿਚ ਇਤਿਹਾਸਕ ਤੱਥਾਂ ਤੇ ਅੰਕੜਿਆਂ ਦੇ ਹਵਾਲੇ ਦਿੱਤੇ ਗਏ ਹਨ | ਪੁਸਤਕ ਦੀ ਭਾਸ਼ਾ ਸ਼ੈਲੀ ਸਰਲ, ਬਿਰਤਾਂਤਕ ਤੇ ਰੌਚਕ ਹੈ | ਨਵੀਂ ਪੀੜ੍ਹੀ ਨੂੰ ਗ਼ਦਰ ਲਹਿਰ ਤੇ ਇਸ ਦੇ ਸ਼ਹੀਦਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਇਹ ਪੁਸਤਕ ਬੜੀ ਸਹਾਇਕ ਤੇ ਲਾਭਕਾਰੀ ਸਿੱਧ ਹੋਵੇਗੀ | ਉਮੀਦ ਹੈ ਪਾਠਕਾਂ ਦੇ ਦਿਲਾਂ ਵਿਚ ਗ਼ਦਰੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਉਮੰਗ ਜ਼ਰੂਰ ਉਪਜੇਗੀ |

—ਕੰਵਲਜੀਤ ਸਿੰਘ ਸੂਰੀ
ਮੋ: 93573-24241.
c c c

ਤਪਦੇ ਰਾਹਾਂ ਦੇ ਪਾਂਧੀ
ਲੇਖਕ : ਹਾਕਮ ਸਿੰਘ ਗ਼ਾਲਿਬ
ਪ੍ਰਕਾਸ਼ਕ : ਲੋਕਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 352
ਸੰਪਰਕ : 94633-54070.

ਇਹ ਨਾਵਲ ਤਿੰਨ ਧਰਾਤਲਾਂ 'ਤੇ ਵਿਚਰਦਾ ਪ੍ਰਤੀਤ ਹੁੰਦਾ ਹੈ | ਇਕ ਧਰਾਤਲ ਹੈ ਛੋਟੀ ਕਿਰਸਾਨੀ ਜਾਂ ਖੇਤ ਮਜ਼ਦੂਰਾਂ ਜਾਂ ਮਜ਼ਦੂਰਾਂ ਦੇ ਬਿਰਤਾਂਤ ਵੱਲ ਰੁਚਿਤ ਹੋਣਾ | ਇਹ ਕਹਾਣੀ ਗਿੰਦਰ ਫ਼ੌਜੀ ਤੇ ਦਲੀਪ ਕੌਰ ਦੇ ਟੱਬਰ ਦੀ ਹੈ, ਜਿਨ੍ਹਾਂ ਦਾ ਪੁੱਤ ਜਸਵਿੰਦਰ ਮੈਟਿ੍ਕ ਕਰਨ ਤੋਂ ਬਾਅਦ ਉੱਚ ਪੜ੍ਹਾਈ ਲਈ ਕਾਲਜ 'ਚ ਵੀ ਦਾਖ਼ਲ ਹੁੰਦਾ ਹੈ ਪਰ ਆਰਥਿਕ ਕਮਜ਼ੋਰੀ ਕਾਰਨ ਪੜ੍ਹਾਈ ਵਿਚ ਛੱਡ ਕੇ ਖੇਤ ਮਜ਼ਦੂਰੀ ਤੇ ਸ਼ਹਿਰੀ ਮਜ਼ਦੂਰੀ ਕਰਨ ਲਗਦਾ ਹੈ | ਖੇਤ ਮਜ਼ਦੂਰੀ 'ਚ ਇਹ ਵੱਡੇ ਕਿਰਸਾਨਾਂ ਦੇ ਸਹਾਇਕ ਵਜੋਂ ਕੰਮ ਕਰਦੇ ਹੋਏ ਕਠਿਨ ਮਿਹਨਤ ਕਰਦੇ ਹਨ | ਪਤਨੀ ਸੁਖਵਿੰਦਰ ਉਸ ਦੀ ਸਹਾਇਕ ਬਣਦੀ ਹੈ ਜਿਸ ਦਾ ਚਾਚਾ ਨਕਸਲਬਾੜੀ ਲਹਿਰ ਨਾਲ ਜੁੜਿਆ ਹੋਇਆ ਹੈ |
ਲੇਖਕ ਕਹਾਣੀ ਤਾਂ ਖੇਤ ਮਜ਼ਦੂਰਾਂ ਦੀ ਕਹਿੰਦਾ ਹੈ ਪਰ ਉਸ ਦਾ ਟੀਚਾ ਕਹਾਣੀ ਦੀ ਗੋਂਦ ਰਾਹੀਂ ਪੁਰਾਣੇ ਪੰਜਾਬੀ ਪੇਂਡੂ ਜੀਵਨ ਦੀ ਪੇਸ਼ਕਾਰੀ ਹੀ ਹੈ | ਉਹ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਚਿੱਤਰ ਆਪਣੀ ਇਸ ਕਹਾਣੀ 'ਚ ਰਲਾ ਕੇ ਹਰੇ ਇਨਕਲਾਬ ਤੋਂ ਪਹਿਲੇ ਪਿੰਡਾਂ ਦੀ ਤਸਵੀਰ ਪੇਸ਼ ਕਰਦਾ ਹੈ | ਜਿਥੇ ਕਿਸਾਨ ਖ਼ੁਦਕੁਸ਼ੀ ਨਹੀਂ ਕਰਦਾ ਸਗੋਂ ਕਿਰਤ ਸੱਭਿਆਚਾਰ ਨਾਲ ਜੁੜ ਕੇ ਆਪਣਾ ਮੁੜ੍ਹਕਾ ਵਹਾਉਂਦਾ ਹੋਇਆ ਆਪਣੀ ਜੀਵਨ ਵਿਉਂਤ ਘੜਦਾ ਹੈ | ਸੱਭਿਆਚਾਰ ਦੀਆਂ ਨਿੱਕੀਆਂ-ਨਿੱਕੀਆਂ ਛੋਹਾਂ ਪਿੰਡਾਂ ਦੀ ਸੁੰਦਰ ਤਸਵੀਰ ਪੇਸ਼ ਕਰਦੀਆਂ ਹਨ | ਇਹ ਪਿੰਡ ਤਕਨੀਕੀ ਵਿਕਾਸ ਤੋਂ ਪਹਿਲਾਂ ਦੇ ਪਿੰਡ ਹਨ |
ਜਸਵਿੰਦਰ ਮਜ਼ਦੂਰੀ ਜਾਂ ਖੇਤ ਮਜ਼ਦੂਰੀ ਤੋਂ ਬਿਜਲੀ ਬੋਰਡ ਦੀ ਨੌਕਰੀ ਵਿਚ ਆ ਕੇ ਜਾਤੀ ਸੰਘਰਸ਼ ਨੂੰ ਜਮਾਤੀ ਸੰਘਰਸ਼ ਵਿਚ ਬਦਲ ਦਿੰਦਾ ਹੈ | ਆਪਣੀਆਂ ਹੱਕੀਂ ਮੰਗਾਂ ਲਈ ਉਹ ਜ਼ਬਰਦਸਤ ਟੱਕਰ ਸਰਕਾਰ ਨਾਲ ਲੈਂਦੇ ਹਨ | ਲਾਠੀਆਂ, ਗੋਲੀਆਂ ਖਾਂਦੇ ਹੋਏ ਜੇਲ੍ਹ ਯਾਤਰਾ ਵੀ ਕਰਦੇ ਹਨ | ਪਰ ਆਪਣੀ ਇਸ ਹੱਕੀ ਲੜਾਈ ਵਿਚ ਜਿੱਤ ਪ੍ਰਾਪਤ ਕਰਦੇ ਹਨ | ਪਤਨੀ ਸੁਖਵਿੰਦਰ ਦੀ ਸੁਟਕਵੇ ਨਾਲ ਮੌਤ ਹੋ ਜਾਣ 'ਤੇ ਹਰਸਿਮਰਨ ਨਾਲ ਵਿਆਹ ਕਰਵਾ ਲੈਂਦਾ ਹੈ, ਜੋ ਸੰਘਰਸ਼ ਵਿਚ ਉਸ ਦੀ ਸਾਥਣ ਬਣ ਕੇ ਉਸ ਨੂੰ ਤਪਦੇ ਰਾਹਾਂ 'ਤੇ ਤੁਰਨ ਦਾ ਬਲ ਬਖਸ਼ਦੀ ਹੈ |

-ਕੇ. ਐਲ. ਗਰਗ
ਮੋ: 94635-37050.
c c c

ਨੋਰਾ
ਨਾਟਕਕਾਰ : ਨਵਨਿੰਦਰਾ ਬਹਿਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮਿ੍ਤਸਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 098715-41467.

ਡਾ: ਨਵਨਿੰਦਰਾ ਬਹਿਲ ਦੁਆਰਾ ਸ੍ਰੀਮਤੀ ਨੋਰਾ ਰਿਚਰਡਜ਼ ਦੇ ਜੀਵਨ-ਸੰਘਰਸ਼, ਸੁਪਨਿਆਂ ਅਤੇ ਹਕੀਕਤਾਂ ਬਾਰੇ ਲਿਖਿਆ ਇਹ ਨਾਟਕ, ਪੰਜਾਬ ਦੇ ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਦੀ ਪ੍ਰੇਰਨਾ ਅਤੇ ਜਨੂੰਨ ਵਿਚੋਂ ਉਪਜਿਆ ਹੈ | ਕੇਵਲ ਧਾਲੀਵਾਲ ਨੇ ਨਵਨਿੰਦਰਾ ਬਹਿਲ ਨੂੰ ਨਾ ਕੇਵਲ ਨੋਰਾ ਦੇ ਜੀਵਨ ਬਾਰੇ ਇਕ ਨਾਟਕ ਲਿਖਣ ਲਈ ਬੇਨਤੀ ਹੀ ਕੀਤੀ ਬਲਕਿ ਉਸ ਨੂੰ ਲੀਡ-ਰੋਲ ਕਰਨ ਲਈ ਵੀ ਮਨਾ ਲਿਆ | ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕੀਤਾ ਗਿਆ ਇਹ ਇਕ ਵਚਿੱਤਰ ਪ੍ਰਯੋਗ ਹੈ | ਨੋਰਾ ਨੇ ਆਇਰਲੈਂਡ ਵਿਚ ਜਨਮ ਲਿਆ ਸੀ ਅਤੇ ਉਹ ਲੇਡੀ ਗਰੈਗਰੀ ਦੇ ਐਬੇ ਥੀਏਟਰ ਦੀ ਇਕ ਸਫ਼ਲ ਅਭਿਨੇਤਰੀ ਸੀ |
ਨੋਰਾ ਇਕ ਸੁਪਨੇਸਾਜ਼ ਔਰਤ ਸੀ | ਉਹ ਪੰਜਾਬੀ ਲੋਕਾਂ ਦੀ ਜ਼ਮੀਨੀ ਹਕੀਕਤ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਰੋਜ਼ਮਰ੍ਹਾ ਦੀ ਭਖ਼ਦੀ-ਮਚਦੀ ਬੋਲੀ ਵਿਚ ਨਾਟਕ ਤਿਆਰ ਕਰਵਾਉਣੇ ਚਾਹੁੰਦੀ ਸੀ | ਇਸ ਮੰਤਵ ਲਈ ਉਸ ਨੇ 'ਸਰਸਵਤੀ' ਨਾਂਅ ਦਾ ਇਕ ਥੀਏਟਰ ਗਰੁੱਪ ਬਣਾ ਲਿਆ ਸੀ | ਈਸ਼ਵਰ ਚੰਦਰ ਨੰਦਾ, ਸ਼ਾਂਤੀ ਸਰੂਪ ਭਟਨਾਗਰ, ਰਾਜਿੰਦਰ ਲਾਲ ਸਾਹਨੀ ਅਤੇ ਕੁਝ ਹੋਰ ਨੌਜਵਾਨ ਇਸ ਗਰੁੱਪ ਨਾਲ ਜੁੜ ਗਏ | ਉਹ ਪੰਜਾਬੀ ਥੀਏਟਰ ਨੂੰ ਪ੍ਰਫੁੱਲਿਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰਦੀ ਰਹੀ ਅਤੇ 1971 ਈ: ਵਿਚ ਉਹ ਅਕਾਲ ਚਲਾਣਾ ਕਰ ਗਈ |
ਇਸ ਨਾਟਕ ਦੀ ਡਾਇਰੈਕਸ਼ਨ ਅਤੇ ਸਿਰਜਣ-ਪ੍ਰਕਿਰਿਆ ਵਿਚ ਕੇਵਲ ਧਾਲੀਵਾਲ ਨੇ ਵਡਮੁੱਲਾ ਯੋਗਦਾਨ ਪਾਇਆ ਹੈ | ਨੋਰਾ ਦਾ ਕਿਰਦਾਰ ਮੈ'ਮ ਨਵਿੰਦਰਾ ਬਹਿਲ ਨੇ ਅਭਿਨੀਤ ਕੀਤਾ ਹੈ ਜਦੋਂ ਕਿ ਨੋਰਾ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਮਹੱਤਵਪੂਰਨ (ਮਰਦ) ਪਾਤਰਾਂ ਦੇ ਕਿਰਦਾਰ ਸਾਹਿਬ ਸਿੰਘ ਨੇ ਨਿਭਾਏ ਸਨ | ਇਨ੍ਹਾਂ ਕਿਰਦਾਰਾਂ ਵਿਚੋਂ ਫਿਲਿਪਸ ਰਿਚਰਡਜ਼, ਆਈ.ਸੀ. ਨੰਦਾ, ਬਲਵੰਤ ਗਾਰਗੀ, ਜੈ ਦਿਆਲ, ਗੁਰਬਖਸ਼ ਸਿੰਘ ਪ੍ਰੀਤਲੜੀ, ਸੋਭਾ ਸਿੰਘ, ਬੀ.ਸੀ. ਸਾਨਿਆਲ, ਮਹਿੰਦਰ ਸਿੰਘ ਰੰਧਾਵਾ ਅਤੇ ਸਾਲਿਗ ਰਾਮ (ਨੌਕਰ) ਦਾ ਜ਼ਿਕਰ ਉਲੇਖਯੋਗ ਹੈ | ਨਾਟਕ ਦੀ ਸਕ੍ਰਿਪਟ ਬਹੁਤ ਜਾਨਦਾਰ ਹੈ | ਪ੍ਰਾਪਰਟੀ, ਸੰਗੀਤ ਅਤੇ ਪ੍ਰਕਾਸ਼-ਵਿਵਸਥਾ ਨੂੰ ਵੀ ਕੇਵਲ ਧਾਲੀਵਾਲ ਨੇ ਹੀ ਦੇਖਿਆ | ਪਾਤਰਾਂ ਦੀਆਂ ਮੂਵਮੈਂਟਸ ਵੀ ਉਸੇ ਨੇ ਤਰਾਸ਼ੀਆਂ-ਵਿਉਂਤੀਆਂ | ਆਧੁਨਿਕ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਵਿਚ ਇਸ ਨਾਟਕ ਦੀ ਸਕ੍ਰਿਪਟ ਅਤੇ ਪੇਸ਼ਕਾਰੀ ਸਦਾ ਯਾਦ ਰੱਖੀ ਜਾਏਗੀ |

—ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

ਬੁੱਢਾ ਤੇ ਸਮੁੰਦਰ
ਮੂਲ ਲੇਖਕ : ਅਰਨੈਸਟ ਹੈਮਿੰਗਵੇ
ਅਨੁਵਾਦਕ : ਪਵਨ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 103
ਸੰਪਰਕ : 95010-26551.

ਅਰਨੈਸਟ ਹੈਮਿੰਗਵੇ ਰਚਿਤ 'ਬੁੱਢਾ ਤੇ ਸਮੁੰਦਰ' ਨੋਬਲ ਪੁਰਸਕਾਰ ਨਾਲ ਸਨਮਾਨਿਤ ਨਾਵਲ ਹੈ, ਜਿਸ ਨੇ ਸੰਸਾਰ ਭਰ ਵਿਚ ਇਕ ਮੀਲ ਪੱਥਰ ਬਣ ਕੇ ਪ੍ਰਸਿੱਧੀ ਹਾਸਲ ਕੀਤੀ ਹੈ | ਅਰਨੈਸਟ ਹੈਮਿੰਗਵੇ ਅਮਰੀਕਾ ਵਿਚ ਜਨਮਿਆ ਅਤੇ ਸ਼ੌਕੀਆ ਤੌਰ 'ਤੇ ਮੱਛੀਆਂ ਫੜਨ ਅਤੇ ਸ਼ਿਕਾਰ ਖੇਡਣ ਦਾ ਚਾਅ ਰੱਖਦਾ ਸੀ | ਇਟਲੀ ਵਿਚ ਜੰਗੀ ਫਰੰਟ ਉੱਤੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਵੇਲੇ ਦੇ ਪ੍ਰਸਿੱਧ ਲਿਖਾਰੀਆਂ ਦੇ ਮਸ਼ਵਰੇ ਨਾਲ ਹੈਮਿੰਗਵੇ ਪੜ੍ਹਦਾ ਲਿਖਦਾ ਰਿਹਾ | ਇਸ ਸਮੇਂ ਉਹ ਪੈਰਿਸ ਵਿਚ ਰਹਿੰਦਾ ਸੀ | ਨਿਰੰਤਰ ਪੜ੍ਹਨ ਲਿਖਣ ਦੀ ਰੁਚੀ ਵਿਚੋਂ ਹੀ ਉਸ ਦਾ ਇਹ ਪ੍ਰਸਿੱਧ ਨਾਵਲ 'ਬੁੱਢਾ ਤੇ ਸਮੁੰਦਰ' ਜਨਮਿਆ ਜਿਸ ਨੂੰ ਹੱਥਲੇ ਰੂਪ ਵਿਚ ਪਵਨ ਗੁਲਾਟੀ ਦੁਆਰਾ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ | 'ਬੁੱਢਾ ਤੇ ਸਮੁੰਦਰ' ਨਾਵਲ ਦਾ ਬਿਰਤਾਂਤ ਮਨੁੱਖੀ ਸੰਘਰਸ਼ ਦਿ੍ੜ੍ਹਤਾ, ਬਹਾਦਰੀ ਅਤੇ ਦਲੇਰੀ ਦੀ ਬਾਤ ਪਾਉਂਦਾ ਹੈ | ਜਿਥੇ ਮਨੱੁਖ ਅਨੇਕਾਂ ਪ੍ਰਕਾਰ ਦੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਵੀ ਆਪਣਾ ਮਨੋਬਲ ਡਿਗਣ ਨਹੀਂ ਦਿੰਦਾ ਸਗੋਂ ਹੌਸਲੇ ਨਾਲ ਹਰੇਕ ਔਕੜ ਨਾਲ ਦੋ-ਚਾਰ ਹੁੰਦਾ ਹੈ | ਸਤਿਆਂਗੋ ਇਕ ਮਾਹੀਗੀਰ ਹੈ ਜੋ ਇਕ ਵੱਡੀ ਮੱਛੀ ਪਕੜਦਾ ਹੈ ਅਤੇ ਫਿਰ ਸ਼ਾਰਕ ਮੱਛੀਆਂ ਕੋਲੋਂ ਬਚਾਉਂਦਾ ਹੋਇਆ ਅੱਧ-ਪਚੱਧੇ ਰੂਪ ਵਿਚ ਉਸ ਨੂੰ ਲੈ ਕੇ ਕਿਵੇਂ ਪ੍ਰਾਕਿਰਤ ਵਰਤਾਰਿਆਂ ਨਾਲ ਦੋ-ਚਾਰ ਹੁੰਦਾ ਵਾਪਸ ਪਰਤਦਾ ਹੈ ਅਤੇ ਏਨੇ ਕਸ਼ਟ ਸਹਾਰਨ ਦੇ ਬਾਵਜੂਦ ਨਾਵਲ ਉਸ ਦੇ 'ਸ਼ੇਰਾਂ ਤੇ ਸੁਪਨੇ' ਲੈਣ ਨਾਲ ਸਮਾਪਤ ਹੁੰਦਾ ਹੈ ਜੋ ਉਸ ਦੀ ਜ਼ਿੰਦਾਦਿਲੀ ਅਤੇ ਸਾਹਸ ਦੀ ਮਿਸਾਲ ਬਣਦੀ ਹੈ | ਨਾਵਲ ਵਿਚ ਚੇਤਨਾ ਪ੍ਰਵਾਹ, ਉੱਤਮ ਪੁਰਖੀ ਜੁਗਤਾਂ ਵਰਤਦਿਆਂ ਨਾਵਲਕਾਰ ਨੇ ਕੁਝ ਲਘੂ ਬਿਰਤਾਂਤ ਵੀ ਸਿਰਜੇ ਹਨ ਜੋ ਕਹਾਣੀ ਨੂੰ ਅੱਗੇ ਵਧਾਉਂਦੇ ਹਨ | ਭਾਵੇਂ ਇਹ ਅਨੁਵਾਦਿਤ ਨਾਵਲ ਹੈ ਪਰ ਅਨੁਵਾਦ ਵਿਚੋਂ ਮੌਲਿਕਤਾ ਝਲਕਦੀ ਹੈ | ਇਸੇ ਕਰਕੇ ਹੀ ਨਾਵਲ ਪਾਠਕ ਨੂੰ ਪ੍ਰਭਾਵਿਤ ਵੀ ਕਰਦਾ ਹੈ ਅਤੇ ਪ੍ਰੇਰਨਾ ਵੀ ਦਿੰਦਾ ਹੈ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਚਸ਼ਮਿ ਬੁਲਬੁਲ
ਨਾਵਲਕਾਰ : ਸੁਰਿੰਦਰ ਨੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, 15 ਡਾਲਰ, ਸਫੇ : 255
ਸੰਪਰਕ : 096220-06304.

ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ | ਇਸ ਨਾਵਲ ਵਿਚ ਸੁੰਦਰ ਧਰਤੀ ਕਸ਼ਮੀਰ ਦੀ ਤਸਵੀਰ ਪੇਸ਼ ਕੀਤੀ ਗਈ ਹੈ | ਇਹ ਇਕ ਅਜਿਹੇ ਕਸ਼ਮੀਰੀ ਪਰਿਵਾਰ ਦੀ ਕਹਾਣੀ ਪੇਸ਼ ਕਰਦਾ ਹੈ ਜੋ ਸੁਚੱਜੇ ਦਸਤਕਾਰ ਹਨ ਅਤੇ ਪੀੜ੍ਹੀਆਂ ਤੋਂ ਕਾਨੀ ਸ਼ਾਲ ਬੁਣਦੇ ਆਏ ਹਨ | ਕਾਨੀ ਸ਼ਾਲ ਦਾ ਮਤਲਬ ਹੈ ਤਾਣੇ ਵਿਚੋਂ ਬਰੀਕੀ ਨਾਲ ਕਾਨੀਆਂ ਲੰਘਾਉਣਾ ਅਤੇ ਕਮਾਲ ਦੀ ਕਾਰੀਗਰੀ ਨਾਲ ਉੱਤਮ ਸ਼ਾਲਾਂ ਬੁਣਨਾ | ਇਹ ਸ਼ਾਲਾਂ ਬਹੁਤ ਕਲਾਤਮਕ ਅਤੇ ਮਹਿੰਗੀਆਂ ਹੁੰਦੀਆਂ ਹਨ ਪਰ ਇਨ੍ਹਾਂ ਨੂੰ ਬੁਣਨ ਵਾਲਿਆਂ ਦਾ ਜੀਵਨ ਮੰਦਹਾਲੀ ਵਿਚ ਗੁਜ਼ਰਦਾ ਹੈ | ਇਨ੍ਹਾਂ ਦੇ ਬੁਣੇ ਸ਼ਾਲ ਰਾਜੇ ਤੇ ਅਮੀਰ ਲੋਕ ਪਹਿਨਦੇ ਹਨ ਪਰ ਇਨ੍ਹਾਂ ਕਲਾਕਾਰਾਂ ਦੇ ਗਲ ਲੀਰਾਂ ਲਮਕਦੀਆਂ ਹਨ | ਇਸ ਮੁਸਲਮਾਨ ਪਰਿਵਾਰ ਦੀ ਕਰੁਣਾਮਈ ਕਹਾਣੀ ਦਿਲ ਨੂੰ ਛੂਹ ਜਾਂਦੀ ਹੈ | ਭਾਵੇਂ ਇਹ ਕਾਮੇ ਗ਼ਰੀਬ ਹਨ ਪਰ ਦਿਲਾਂ ਦੇ ਅਮੀਰ ਹਨ | ਇਹ ਪ੍ਰੀਤਾਂ ਤੇ ਗੀਤਾਂ ਦੇ ਬਾਦਸ਼ਾਹ ਹਨ | ਨਾਵਲ ਦੀ ਕਾਨੀਕਾਰ ਬੁਲਬੁਲ ਜਿਥੇ ਸ਼ਾਲ ਵਿਚ ਚਮਕਦੇ ਦਮਕਦੇ ਰੰਗਾਂ ਦਾ ਤਾਣਾ ਬੁਣਦੀ ਹੈ, ਉਥੇ ਹੀ ਲੋਕ ਗੀਤਾਂ ਨਾਲ ਸੰਗੀਤ ਦੀ ਛਹਿਬਰ ਵੀ ਲਾਉਂਦੀ ਹੈ | ਨਾਵਲ ਦਾ ਪਾਤਰ ਅਕਬਰ ਅਲੀ ਸਾਰੰਗੀ 'ਤੇ ਮਿੱਠੀਆਂ ਧੁਨਾਂ ਛੇੜਦਾ ਹੈ ਤਾਂ ਪੰਛੀ ਵੀ ਗੁਟਕਣ ਲਗਦੇ ਹਨ | ਇਨ੍ਹਾਂ ਭੋਲੇ-ਭਾਲੇ ਚਿਹਰਿਆਂ ਦੇ ਇਲਾਹੀ ਸੁਰਾਂ, ਮਿੱਠੀਆਂ ਮੁਸਕਾਨਾਂ ਅਤੇ ਪਾਕ ਜਜ਼ਬਿਆਂ ਨੇ ਜ਼ਿੰਦਗੀ ਨੂੰ ਹੁਸੀਨ ਬਣਾ ਰੱਖਿਆ ਹੈ | ਇਸ ਨਾਵਲ ਵਿਚੋਂ ਕਸ਼ਮੀਰ ਦੇ ਇਤਿਹਾਸ, ਰਾਜਨੀਤੀ, ਸਮਾਜ ਅਤੇ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ | ਨਾਵਲਕਾਰਾ ਦੀ ਸ਼ੈਲੀ ਅਤੇ ਬੋਲੀ ਉੱਤਮ ਅਤੇ ਰੌਚਿਕ ਹੈ | ਨਾਵਲ ਵਿਚੋਂ ਬੇਬਾਕੀ ਅਤੇ ਸੱਚ ਝਲਕਦਾ ਹੈ | ਅੱਜਕਲ੍ਹ ਕਸ਼ਮੀਰ ਦੇ ਰਾਜਨੀਤਕ ਹਾਲਾਤ ਕਰਕੇ ਲੋਕ ਦਹਿਸ਼ਤ, ਗੁਰਬਤ ਅਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ | ਇਸ ਮਾਹੌਲ ਦਾ ਵਰਨਣ ਬਹੁਤ ਮਾਰਮਿਕ ਤਰੀਕੇ ਨਾਲ ਕੀਤਾ ਗਿਆ ਹੈ | ਇਹ ਪੁਸਤਕ ਪੜ੍ਹਨਯੋਗ ਅਤੇ ਸਲਾਹੁਣਯੋਗ ਹੈ |

—ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

ਬੇਪ੍ਰਵਾਹੀਆਂ
ਲੇਖਕ : ਕਰਨੈਲ ਸਿੰਘ ਮਾਂਗਟ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਥਰੀਕੇ (ਲੁਧਿਆਣਾ)
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98786-88169.

ਕਰਨੈਲ ਸਿੰਘ ਮਾਂਗਟ ਨੇ 'ਬੇਪ੍ਰਵਾਹੀਆਂ' (ਗੀਤ-ਸੰਗ੍ਰਹਿ) ਰਾਹੀਂ ਗੀਤਕਾਰ ਦੇ ਤੌਰ ਪੰਜਾਬੀ ਕਾਵਿ-ਜਗਤ 'ਚ ਭਰਵੀਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸ਼ਲਾਘਾਯੋਗ ਕਹੀ ਜਾ ਸਕਦੀ ਹੈ | ਪੰਜਾਬੀ ਕਾਵਿ-ਜਗਤ 'ਚ ਮੁੱਢ-ਕਦੀਮ ਤੋਂ ਹੀ 'ਗੀਤ' ਦੀ ਨਿਵੇਕਲੀ ਪਰੰਪਰਾ ਰਹੀ ਹੈ ਜਿਸ ਨੂੰ ਅਧਿਆਤਮਕ ਅਤੇ ਸਮਾਜਿਕ ਜੀਵਨ ਵਿਚ ਮਾਨਤਾ ਮਿਲੀ ਹੋਈ ਸੀ | ਪਰ ਪੰਜਾਬੀ ਕਵੀਆਂ ਵਲੋਂ ਇਸ ਨਿਵੇਕਲੀ ਪਰੰਪਰਾ ਤੋਂ ਮੁੱਖ ਮੋੜਦਿਆਂ ਅਖੌਤੀ ਗੀਤਕਾਰਾਂ ਨੂੰ ਇਸ ਵਿਰਾਸਤ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੌਾਪ ਦੇਣ ਸਦਕਾ ਸਿਰਫ਼ ਤੇ ਸਿਰਫ਼ ਮਨੋਰੰਜਨ ਅਤੇ ਰੁਜ਼ਗਾਰ ਦਾ ਵਸੀਲਾ ਬਣਾਉਂਦਿਆਂ ਇਸ ਵਿਧਾ ਨਾਲ ਘੋਰ ਬੇਇਨਸਾਫ਼ੀ ਕੀਤੀ ਹੈ | ਜਗਵਿੰਦਰ ਜੋਧਾ ਨੇ ਇਸ ਗੀਤ-ਸੰਗ੍ਰਹਿ ਬਾਰੇ ਬਹੁਤ ਜ਼ਿੰਮੇਵਾਰੀ ਵਾਲੀ ਟਿੱਪਣੀ ਕੀਤੀ ਹੈ, 'ਕਰਨੈਲ ਸਿੰਘ ਮਾਂਗਟ ਦੀ ਪੁਸਤਕ ਬੇਪ੍ਰਵਾਹੀਆਂ ਦੇ ਗੀਤਾਂ ਦੇ ਪਾਠ ਦੌਰਾਨ ਮੈਂ ਜੀਵਨ ਦੇ ਭਿੰਨ-ਭਿੰਨ ਰੰਗਾਂ ਨਾਲ—ਸਰਾਬੋਰ ਹੋਇਆ ਹਾਂ, ਬਹੁਤ ਸਾਰੀਆਂ ਧੁਨਾਂ ਨੇ ਮੇਰੀ ਸੰਵੇਦਨਾ ਨੂੰ ਤਰੰਗਤ ਕੀਤਾ, ਸੰਯੋਗ-ਵਿਯੋਗ, ਹਾਸ, ਕ੍ਰੋਧ ਦੇ ਕਿੰਨੇ ਭਾਵਾਂ ਨੇ ਮੇਰੀ ਚੇਤਨਾ ਵਿਚ ਭੱੁਲੇ ਵਿਸਰੇ ਰੰਗ ਭਰੇ | ਮਾਂਗਟ ਹੋਰਾਂ ਦੀ ਇਹ ਕਿਤਾਬ ਸਾਡੇ ਸੱਭਿਆਚਾਰਕ ਵਿਰਸੇ ਦੇ ਖੁਰ ਰਹੇ ਰੰਗਾਂ ਦਾ ਕੋਲਾਜ਼ ਹੈ | ਇਹ ਕਿਤਾਬ ਬੰਦੇ ਦੇ ਜੀਣ ਦੀ ਇੱਛਾ ਨੂੰ ਉਤਸ਼ਾਹ ਤੇ ਉਮਾਹ ਸਮੇਤ ਪੇਸ਼ ਕਰਦੀ ਹੈ |' ਜਗਵਿੰਦਰ ਜੋਧਾ ਪੰਜਾਬੀ ਸਾਹਿਤ ਦਾ ਸੰਜੀਦਾ ਚਿੰਤਕ ਹੈ | ਉਸ ਦੀ ਟਿੱਪਣੀ ਸਮੁੱਚੇ ਗੀਤ-ਸੰਗ੍ਰਹਿ ਵਿਚ ਪੰਜਾਬੀ ਬੰਦੇ ਦੇ ਜੀਵਨ ਨਾਲ ਜੁੜੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀ ਹੋਈ, ਇਸ ਵਿਧਾ ਨੂੰ ਸੰਭਾਲਣ ਵੱਲ ਸੰਕੇਤ ਕਰਦੀ ਹੈ | ਗਾਣਾ ਅਤੇ ਦੋ-ਗਾਣਾ ਪੰਜਾਬੀ ਜਨਜੀਵਨ ਦਾ ਨਾਟਕੀ ਰੂਪਾਂਤਰਣ ਵੀ ਰਿਹਾ ਹੈ ਕਿਉਂਕਿ ਮਨੁੱਖੀ ਸਮਾਜ ਰਿਸ਼ਤਿਆਂ ਦੇ ਤਾਣੇ-ਬਾਣੇ 'ਚ ਬੱਝਾ ਹੋਣ ਕਰਕੇ ਵਿਰੋਧ ਅਤੇ ਸੰਜੋਗ ਦਾ ਸਮਾਵੇਸ਼ ਪੇਸ਼ ਕਰਦਾ ਹੈ ਜੋ ਇਸ ਗੀਤ-ਸੰਗ੍ਰਹਿ ਵਿਚ ਗਾਣਿਆਂ ਅਤੇ ਦੋਗਾਣਿਆਂ ਰਾਹੀਂ ਸਰਲ, ਸਪੱਸ਼ਟ ਅਤੇ ਸੰਖੇਪ, ਭਾਵਾਂ ਅਨੁਕੂਲ ਭਾਸ਼ਾ ਰਾਹੀਂ ਅਖਾਣਾਂ, ਮੁਹਾਵਰਿਆਂ, ਪ੍ਰਤੀਕਾਂ, ਬਿੰਬਾਂ ਰਾਹੀਂ ਚਿਤਰਤ ਹੋਇਆ ਹੈ | ਮੈਂ ਇਸ ਗੀਤ-ਸੰਗ੍ਰਹਿ ਦਾ ਪੰਜਾਬੀ ਕਾਵਿ-ਜਗਤ 'ਚ ਪ੍ਰਵੇਸ਼ ਕਰਨ 'ਤੇ ਆਸ ਕਰਦਾ ਹਾਂ ਕਿ ਉੱਘੇ ਗਾਇਕ ਇਨ੍ਹਾਂ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਇਸ ਦੇ ਮਕਸਦ ਨੂੰ ਸੰਪੂਰਨ ਕਰਨ 'ਚ ਆਪਣਾ ਅਹਿਮ ਯੋਗਦਾਨ ਪਾਉਣਗੇ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

06-07-2019

 ਹੋਣ ਤੋਂ ਨਾ ਹੋਣ ਤੱਕ
ਲੇਖਿਕਾ : ਰਜਨੀ ਛਾਬੜਾ
ਅਨੁਵਾਦਕ : ਤਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 95010-00224.

ਕਵਿਤਾ ਕਲਪਨਾ ਤੇ ਯਥਾਰਥ ਦਾ ਸੁਮੇਲ ਹੁੰਦੀ ਹੈ ਜੋ ਆਤਮਿਕ ਸੰਤੁਸ਼ਟੀ ਵੀ ਪ੍ਰਦਾਨ ਕਰਦੀ ਹੈ ਤੇ ਅਨੰਦ ਦਾ ਸੋਮਾ ਵੀ। ਸਮਾਜ ਵਿਚ ਜੋ ਕੁਝ ਵਾਪਰਦਾ ਹੈ ਸੁਖਾਂਤ ਜਾਂ ਦੁਖਾਂਤ ਕਵੀ ਮਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਉਸ ਦਾ ਪ੍ਰਗਟਾ ਹੁੰਦਾ ਹੈ ਸ਼ਾਬਦਿਕ ਰੂਪ ਵਿਚ, ਭਾਵੇਂ ਵਾਰਤਕ ਹੋਵੇ ਜਾਂ ਕਵਿਤਾ। ਰਜਨੀ ਛਾਬੜਾ ਇਸੇ ਸੰਵੇਦਨਸ਼ੀਲ ਸਥਿਤੀ ਵਿਚੋਂ ਨਿਕਲ ਕੇ ਮਨੋਭਾਵਾਂ ਨੂੰ ਕਵਿਤਾ ਦੇ ਰੂਪ ਵਿਚ ਉਲੀਕਦੀ ਹੈ। ਉਹ ਇਕ ਸੁਚੇਤ ਕਵਿੱਤਰੀ ਹੈ ਜੋ ਅਦਿੱਖ ਤੋਂ ਦਿੱਖ ਵੱਲ ਦਾ ਸਫ਼ਰ ਤੈਅ ਕਰਦੀ ਹੈ। ਉਸ ਦੀਆਂ ਕਵਿਤਾਵਾਂ ਵਿਚੋਂ ਮੱਧ ਵਰਗ, ਗ਼ਰੀਬ ਤਬਕਾ ਤੇ ਸਮਾਜਿਕ ਸਮੱਸਿਆਵਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਜਾਪਦਾ ਹੈ ਸਮੁੱਚੀ ਮਾਨਵਤਾ ਦਾ ਦਰਦ ਉਸ ਦੇ ਹਿਰਦੈ ਵਿਚ ਸਮੋਇਆ ਹੋਇਆ ਹੈ। ਇਸ ਪੀੜ ਨੂੰ ਉਹ ਸਮਾਜਿਕ ਸੰਦਰਭ ਵਿਚ ਪੇਸ਼ ਕਰਦੀ ਹੈ ਜਦੋਂ ਔਰਤ ਦੀ ਮਾਨਸਿਕ ਪੀੜ ਨੂੰ ਉਲੀਕਦੀ ਲਿਖਦੀ ਹੈਂ
ਤੇਰੀ ਕੁੱਖ ਵਿਚ ਸਿਮਟੀ ਸੁੰਗੜਦੀ
ਆਪਣੀ ਹੋਂਦ 'ਤੇ ਲਗੇ
ਸਵਾਲੀ ਨਿਸ਼ਾਨ ਤੋਂ ਪ੍ਰੇਸ਼ਾਨ
ਪੁੱਛਦੀ ਹਾਂ ਤੇਰੇ ਤੋਂ ਇਕ ਸਵਾਲ।
ਔਰਤ ਦੇ ਜੀਵਨ ਵਿਚਲੀਆਂ ਔਕੜਾਂ, ਉਦਾਸੀ, ਤਣਾਅ ਤੇ ਵੰਗਾਰ ਨੂੰ ਉਸ ਨੇ ਬਾਖੂਬੀ ਚਿਤਰਿਆ ਹੈ ਅਤੇ ਔਰਤ ਨੂੰ ਨਵੇਂ ਰਾਹਾਂ ਵੱਲ ਤੁਰਨ ਦੀ ਪ੍ਰੇਰਨਾ ਦਿੱਤੀ ਹੈ।
ਅਜੋਕੇ ਸਮਾਜ ਵਿਚ ਜੋ ਕੁਝ ਵੀ ਚੰਗਾ ਮਾੜਾ ਵਾਪਰ ਰਿਹਾ ਹੈ, ਰਾਜਸੀ ਚਾਲਾਂ, ਗੰਦਾ ਨਿਜ਼ਾਮ, ਲੋਕਤੰਤਰ ਦਾ ਘਾਣ, ਗ਼ਰੀਬੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਆਦਿ ਵਿਸ਼ੇ ਦੀ ਕਲਮ ਦੀ ਨੋਕ 'ਤੇ ਆਏ ਹਨ ਪਰ ਉਹ ਆਸ ਦਾ ਪੱਲਾ ਨਹੀਂ ਛੱਡਦੀ ਤੇ ਲੋਕਾਈ ਲਈ ਮੁਹੱਬਤ ਦਾ ਪੈਗ਼ਾਮ ਦਿੰਦੀ ਹੈਂ
ਅਹਿਸਾਸ ਕਦੇ ਮਰਦੇ ਨਹੀਂ
ਅਹਿਸਾਸ ਜ਼ਿੰਦਾ ਹਨ ਤਾਂ ਜ਼ਿੰਦਗੀ ਹੈ।
ਮ੍ਰਿਗ ਤ੍ਰਿਸ਼ਨਾ, ਮਾਂ ਦੀ ਯਾਦ, ਹੁਸੀਨ ਸੁਪਨੇ, ਅੱਖਾਂ ਦਾਨ ਮਹਾਂ ਦਾਨ, ਬਾਲ ਮਜ਼ਦੂਰੀ, ਇਨਸਾਨੀਅਤ ਦਾ ਧਰਮ, ਅਜੋਕੀ ਦਿਸ਼ਾਹੀਣ ਨੌਜਵਾਨ ਪੀੜ੍ਹੀ, ਮਜ਼ਦੂਰ ਦੀ ਧੀ ਤੇ ਸੰਸਕਾਰ ਆਦਿ ਵਿਸ਼ਿਆਂ ਨੂੰ ਬੌਧਿਕ ਭਾਸ਼ਾ ਵਿਚ ਉਲੀਕਿਆ ਹੈ।
ਰਜਨੀ ਛਾਬੜਾ ਦੀ ਹਿੰਦੀ ਪੁਸਤਕ ਦਾ ਪੰਜਾਬੀ ਅਨੁਵਾਦ ਕੀਤਾ ਹੈ ਤੇਜਿੰਦਰ ਚੰਡਿਹੋਕ ਨੇ, ਜਿਸ ਦਾ ਅਨੁਵਾਦ ਦੇ ਖੇਤਰ ਵਿਚ ਆਪਣਾ ਸਥਾਪਿਤ ਨਾਂਅ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਜਵਾਬੀ ਖ਼ਤ
ਤੇ ਹੋਰ ਕਵਿਤਾਵਾਂ

ਕਵੀ : ਸੁਰਜੀਤ ਸਖੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 254
ਸੰਪਰਕ : 98152-98459.

'ਜਵਾਬੀ ਖ਼ਤ' ਵਿਚ ਜੰਮੂ ਦੀ ਪ੍ਰਮੁੱਖ ਕਵਿੱਤਰੀ ਸ੍ਰੀਮਤੀ ਸੁਰਜੀਤ ਸਖੀ ਦੀਆਂ ਸਮੁੱਚੀਆਂ ਕਵਿਤਾਵਾਂ ਸੰਗ੍ਰਹਿਤ ਹਨ। ਕੁਝ ਦਹਾਕੇ ਪਹਿਲਾਂ ਉਹ ਭਾਰਤ ਨੂੰ ਛੱਡ ਕੇ ਯੂ.ਐਸ.ਏ. ਵਿਖੇ ਸੈਟਲ ਹੋ ਗਈ ਸੀ। 'ਜਵਾਬੀ ਖ਼ਤ' ਵਿਚ ਉਸ ਦੇ ਪਿਛਲੇ 50 ਵਰ੍ਹਿਆਂ ਦਾ ਰਚਨਾਤਮਕ ਸਰਮਾਇਆ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਸੰਗ੍ਰਹਿ ਦੀ ਪ੍ਰਥਮ ਕਵਿਤਾ ਵਿਚ ਉਹ ਪੰਜਾਬ ਦੀ ਧਰਤੀ ਉੱਪਰ ਪੈਦਾ ਹੋਈ ਵਹਿਸ਼ਤ ਦਾ ਜ਼ਿਕਰ ਡਾਢੇ ਸੰਤਾਪ ਨਾਲ ਕਰਦੀ ਹੈ। ਇਹ ਸੰਤਾਪ ਡੇਢ-ਦੋ ਦਹਾਕਿਆਂ ਤੱਕ ਪੰਜਾਬੀਆਂ ਨੂੰ ਹੰਢਾਉਣਾ ਪਿਆ ਸੀ। ਸ਼ਾਇਦ ਇਸੇ ਦੌਰਾਨ ਹੀ ਉਹ ਜੰਮੂ ਨੂੰ ਅਲਵਿਦਾ ਕਹਿ ਕੇ ਯੂ.ਐਸ.ਏ. ਚਲੀ ਗਈ ਸੀ।
ਸੁਰਜੀਤ ਸਖੀ ਨਜ਼ਮ ਦੇ ਨਾਲ-ਨਾਲ ਗੀਤ ਅਤੇ ਗ਼ਜ਼ਲ ਵੀ ਕਹਿੰਦੀ ਰਹੀ ਹੈ। ਪਿਛਲੇ ਵਰ੍ਹਿਆਂ ਵਿਚ ਉਸ ਨੇ ਕੁਝ ਛੰਦਮੁਕਤ ਕਵਿਤਾਵਾਂ ਵੀ ਲਿਖੀਆਂ ਹਨ ਪਰ ਮੂਲ ਰੂਪ ਵਿਚ ਉਹ ਛੰਦ, ਰਿਦਮ ਅਤੇ ਸੰਗੀਤ ਦੀ ਸਿਰਜਕ ਹੈ। ਉਸ ਦੀਆਂ ਗ਼ਜ਼ਲਾਂ ਵਿਚ ਸਮਕਾਲੀ ਜੀਵਨ ਦੇ ਬੜੇ ਪ੍ਰਮਾਣਿਕ ਚਿੱਤਰ ਦ੍ਰਿਸ਼ਟੀਗੋਚਰ ਹੁੰਦੇ ਹਨ। ਕੁਝ ਅਸ਼ਆਰ ਦੇਖੋ :
ਕਾਤਿਲਾਂ ਦੇ ਸ਼ਹਿਰ ਦੀ ਮਹਿਮਾਨ ਹਾਂ।
ਜਾਣਦੀ ਹਾਂ ਜਾਣ ਕੇ ਅਨਜਾਣ ਹਾਂ।
ਰਾਤ ਭਰ ਲੜਦੀ ਰਹੀ ਹਾਂ ਰਾਤ ਨਾਲ,
ਬੁਝਣ ਤੇ ਤਾਂ ਸੁਬਹ ਦੀ ਪਹਿਚਾਣ ਹਾਂ।
ਟੁੱਟ ਰਹੇ ਸਾਰਾਂ ਦੀ ਖੜਖੜ ਤੋਂ ਸਿਵਾ,
ਦੂਰ ਤੱਕ ਫੈਲੀ ਹੋਈ ਸੁੰਨਸਾਨ ਹਾਂ।
(ਪੰਨਾ 246)
ਸੁਰਜੀਤ ਸਖੀ ਲੰਮੀ ਕਵਿਤਾ ਵੀ ਬੜੇ ਸਹਿਜ ਨਾਲ ਲਿਖ ਲੈਂਦੀ ਹੈ। ਇਸ ਸੰਗ੍ਰਹਿ ਵਿਚ ਸੰਕਲਿਤ 'ਖ਼ਤ', 'ਜਵਾਬੀ ਖ਼ਤ', 'ਪਛਾਣ', 'ਆਜੜੀ', 'ਚੰਨ' ਅਤੇ 'ਤਹਿਜ਼ੀਬ' ਆਦਿ ਉਸ ਦੀਆਂ ਕੁਝ ਉਲੇਖਯੋਗ ਪ੍ਰਮੁੱਖ ਕਵਿਤਾਵਾਂ ਹਨ। 'ਸਿਮਰੋ' ਨਾਂਅ ਦੀ ਇਕ-ਪਾਤਰੀ ਲੰਮੀ ਕਵਿਤਾ ਇਸ ਪੁਸਤਕ ਦਾ ਇਕ ਹੋਰ ਮਾਣਯੋਗ ਹਾਸਲ ਹੈ। ਸਖੀ ਦੇ ਪ੍ਰਵਾਸੀ ਹੋ ਜਾਣ ਨਾਲ ਆਧੁਨਿਕ ਪੰਜਾਬੀ (ਨਾਰੀ) ਕਾਵਿ ਨੂੰ ਜੋ ਘਾਟਾ ਪਿਆ ਹੈ, ਉਹ ਮੇਰੇ ਕਹਿਣ-ਕਥਨ ਤੋਂ ਬਾਹਰ ਹੈ। ਪਾਠਕ ਜਨ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹ ਕੇ ਆਪ ਹੀ ਅਨੁਮਾਨ ਲਗਾ ਲੈਣਗੇ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਨਿੱਕੇ ਵੱਡੇ ਚਿਹਰੇ
ਸ਼ਾਇਰ : ਪ੍ਰੇਮ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 150 ਰੁਪਏ, ਸਫ਼ੇ : 93
ਸੰਪਰਕ : 94103-13590.

'ਨਿੱਕੇ ਵੱਡੇ ਚਿਹਰੇ' ਪੁਸਤਕ ਵਿਚ 9 ਕਵਿਤਾਵਾਂ, ਦੋ ਗੀਤ ਤੇ 26 ਗ਼ਜ਼ਲਾਂ ਹਨ। ਪੰਨਾ 61 ਤੋਂ 93 ਤਕ ਵੱਡੀ ਗਿਣਤੀ ਵਿਚ ਟੱਪੇ ਪ੍ਰਕਾਸ਼ਤ ਕੀਤੇ ਗਏ ਹਨ। ਅਸਲ ਵਿਚ ਸਾਹਿਲ ਆਪਣੀ ਮਿੱਟੀ ਦਾ ਕਵੀ ਹੈ ਤੇ ਉਸ ਦੀਆਂ ਬਹੁਤੀਆਂ ਰਚਨਾਵਾਂ 'ਤੇ ਅਜੇ ਵੀ ਕੱਚੇ ਕੋਠਿਆਂ, ਸਰ੍ਹੋਂ ਦੇ ਖੇਤਾਂ, ਕੇਸੂ ਦੇ ਫੁੱਲਾਂ, ਅਲਬੇਲੇ ਬਚਪਨ ਤੇ ਫ਼ਸਲਾਂ ਵਿਚੋਂ ਦੀ ਹੋ ਕੇ ਗੁਜ਼ਰਦੀ ਪੌਣ ਦੀ ਛਾਪ ਹੈ। ਸਾਹਿਲ ਦੀਆਂ ਰਚਨਾਵਾਂ ਵਿਚ ਮੁੰਜ ਦੇ ਮੰਜਿਆਂ, ਲੱਜਾਂ, ਡੋਲਾਂ, ਖੂਹਾਂ, ਨਿੰਮਾਂ, ਟਾਹਲੀਆਂ ਤੇ ਕੱਚੇ ਰਸਤਿਆਂ ਦਾ ਜ਼ਿਕਰ ਹੈ। ਉਸ ਨੇ ਬਹੁਤਾ ਛੰਦ ਬੰਦ ਲਿਖਿਆ ਹੈ ਤੇ ਕਿਤੇ-ਕਿਤੇ ਆਜ਼ਾਦ ਨਜ਼ਮ ਵੀ ਕਹੀ ਹੈ। 'ਨਿੱਕੇ ਵੱਡੇ ਚਿਹਰੇ' ਦੇ ਕਵਿਤਾ ਭਾਗ ਦੀ ਪਹਿਲੀ ਰਚਨਾ 'ਗੀਤ ਗਾਉਂਦੀ ਸਫ਼ਾਈ' ਵਿਚ ਉਹ ਚੌਗਿਰਦੇ ਦੀ ਸਫ਼ਾਈ ਦੇ ਨਾਲ ਨਾਲ ਸਭ ਤੋਂ ਪਹਿਲਾਂ ਆਪਣੇ ਦਿਲ ਦੀ ਸਫ਼ਾਈ 'ਤੇ ਜ਼ੋਰ ਦਿੰਦਾ ਹੈ। ਇਸੇ ਭਾਗ ਵਿਚ 'ਆਪਣਾ ਪੰਜਾਬ' ਸਿਰਲੇਖ ਅਧੀਨ ਉਸ ਦਾ ਇਕ ਲੰਬਾ ਗੀਤ ਦਰਜ ਹੈ ਜਿਸ ਵਿਚ ਮਧਾਣੀਆਂ ਦੇ ਸ਼ੋਰ ਤੇ ਮੁਹੱਬਤ ਦੀ ਫ਼ਿਜ਼ਾ ਵਿਚ ਕਿਤਾਬ ਨਾਲ ਜੁੜਨ ਦੀ ਗੱਲ ਵੀ ਕਰਦਾ ਹੈ। ਉਹ ਹਰ ਘਰ ਵਿਚ ਰਿਜ਼ਕ, ਮੁਹੱਬਤੀ ਨਿੱਘ, ਖ਼ੁਸ਼ੀਆਂ-ਖੇੜੇ, ਰੰਗੀਨ ਬਚਪਨ, ਲਹਿਰਾਉਂਦੀਆਂ ਫ਼ਸਲਾਂ, ਧਰਮਾਂ ਵਿਚ ਇਤਫ਼ਾਕ ਤੇ ਹਰ ਖ਼ੇਤਰ ਵਿਚ ਪ੍ਰਾਪਤੀਆਂ ਦੀ ਕਾਮਨਾ ਕਰਦਾ ਹੈ। ਪੁਸਤਕ ਦਾ ਗ਼ਜ਼ਲ ਭਾਗ ਇਸ ਦਾ ਹਾਸਲ ਹੈ ਤੇ ਸਾਹਿਲ ਗ਼ਜ਼ਲੀਅਤ ਨੂੰ ਸਮਝਦਾ ਹੈ। ਉਹ ਅੰਦਰ ਬਹਿ ਕੇ ਸਮਾਂ ਖੁਆਰ ਕਰਨ ਨਾਲੋਂ ਚੰਦ ਦਾ ਦੀਦਾਰ ਕਰਨ ਲਈ ਪ੍ਰੇਰਤ ਕਰਦਾ ਹੈ ਤੇ ਦਿਲ ਵਿਚ ਉਤਸ਼ਾਹੀ ਚਾਨਣੀ ਨੂੰ ਭਰ ਲੈਣ ਲਈ ਆਖਦਾ ਹੈ। ਆਪਣੇ ਟੱਪਿਆਂ ਵਿਚ ਸ਼ਾਇਰ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੇ ਨਾਲ ਨਾਲ ਸਲੀਕੇ ਨਾਲ ਜਿਊਣ ਦਾ ਪੈਗ਼ਾਮ ਦਿੰਦਾ ਹੈ। ਇਨ੍ਹਾਂ ਵਿਚ ਨਿੱਕੇ-ਨਿੱਕੇ ਹਾਸੇ ਠੱਠੇ ਤੇ ਕਲੋਲੀ ਰੰਗ ਵੀ ਹੈ। 'ਨਿੱਕੇ ਵੱਡੇ ਚਿਹਰੇ' ਪੁਸਤਕ ਦਾ ਸਮੁੱਚਾ ਪ੍ਰਭਾਵ ਇੰਦਰਧਨੁਸ਼ੀ ਹੈ ਤੇ ਇਸ 'ਚੋਂ ਪਾਠਕ ਨੂੰ ਆਪਣਾ ਮਨਭਾਉਂਦਾ ਰੰਗ ਮਿਲ ਸਕਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਖਿਆਲਾਂ ਦਾ ਸਫ਼ਰ
ਲੇਖਕ : ਕੁੰਦਨ ਸਿੰਘ 'ਹੰਝੂ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 109
ਸੰਪਰਕ : 98725-59935.

ਕੁੰਦਨ ਸਿੰਘ 'ਹੰਝੂ' ਦੀ ਇਹ ਪਲੇਠੀ ਕਾਵਿ-ਕਿਤਾਬ ਹੈ ਅਤੇ 13 ਕਾਵਿ-ਪੁਸਤਕਾਂ ਦੇ ਲੇਖਕ ਬਲਬੀਰ ਸਿੰਘ ਬੀਰ ਨੇ ਸ਼ਾਇਰ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਸਤਕ 'ਖਿਆਲਾਂ ਦਾ ਸਫ਼ਰ' ਉਸ ਦੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ਦੀ ਤਰਜਮਾਨੀ ਕਰਦੀ ਹੈ। ਉਸ ਦੀ ਸ਼ਾਇਰੀ ਦਾ ਸੂਤਰ ਉਸ ਦੇ ਤਖੱਲਸ 'ਹੰਝੂ' ਤੋਂ ਹੀ ਹੱਥ ਨਾ ਜਾਂਦਾ ਹੈ ਕਿ ਹੰਝੂ ਕੋਈ ਐਵੇਂ ਨਹੀਂ ਨਿਕਲਦੇ ਉਹ ਤਾਂ ਦਿਲ 'ਤੇ ਠੇਸ ਲੱਗਣ 'ਤੇ ਹੀ ਨਿਕਲਦੇ ਹਨ। ਸ਼ਾਇਰ ਨੇ ਉਮਰ ਦੀ ਤਿਖੜ ਦੁਪਹਿਰ ਵਿਚ ਅੱਗ ਦੇ ਦਰਿਆ ਦੇ ਵਹਿਣ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਮਨੁੱਖ ਅੰਦਰ ਸਭ ਤੋਂ ਤੀਬਰ ਜਜ਼ਬਾਤਾਂ ਦਾ ਵਹਿਣ ਹੁੰਦਾ ਹੈ ਜੋ ਜਿਸਮਾਨੀ ਦਿੱਖ ਨਾਲ ਨਹੀਂ ਅਹਿਸਾਸਾਂ ਦੀ ਸ਼ਿੱਦਤ ਨਾਲ ਹੁੰਦਾ ਹੈ। ਇਸ ਪਦਾਰਥਵਾਦੀ ਯੁੱਗ ਵਿਚ ਮੁਹੱਬਤ ਵਰਗਾ ਪਵਿੱਤਰ ਰਿਸ਼ਤਾ ਵੀ ਤਜਾਰਤ ਬਣ ਕੇ ਰਹਿ ਗਿਆ ਹੈ। ਗੰਧਲੀ ਸਿਆਸਤ 'ਪਰ' ਤਾਂ ਨਹੀਂ ਸਗੋਂ 'ਨਿੱਜ' 'ਤੇ ਕੇਂਦਰਿਤ ਰਹਿੰਦੀ ਹੈ। ਭਾਜਪਾ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਉਹ ਤੁਗਲਕੀ ਫੁਰਮਾਨ ਗਰਦਾਨਦਾ ਹੈ, ਜਿਥੇ ਛੁਪੇ ਕਾਲੇ ਧਨ ਨੂੰ ਕੱਢਣ ਦੀ ਵਿੱਢੀ ਮੁਹਿੰਮ ਵਿਚ ਵੱਡੇ ਮਗਰਮੱਛ ਤਾਂ ਹੱਥ ਨਹੀਂ ਆਏ ਅਤੇ ਛੋਟੀ ਮੱਛੀਆਂ ਨੂੰ ਹੀ ਬਰੇਤੀ 'ਤੇ ਤੜਫਨ ਲਾ ਦਿੱਤਾ ਹੈ। ਇਸ ਸਭ ਕੁਝ ਤੋਂ ਨਿਜਾਤ ਪਾਉਣ ਲਈ ਸ਼ਾਇਰ 'ਪਹਿਲੇ' ਨਾਂਅ ਦੀ ਨਜ਼ਮ ਵਿਚ ਸੁਚੇਤ ਕਰਦਾ ਹੈ ਕਿ ਸੋਚਾਂ ਨੂੰ ਪਿੰਜਰੇ ਵਿਚ ਨਹੀਂ ਬਲਕਿ ਖੁੱਲ੍ਹੀ ਵਿਚ ਰੁਮਕਣ ਦਿਓ। 'ਗ਼ਜ਼ਲ ਦੇ ਮੁਖੜੇ' ਨਾਂਅ ਦੀ ਨਜ਼ਮ ਵਿਚ 'ਮਤਲਿਆਂ' ਨੂੰ ਮੁਖੜੇ ਕਹਿ ਗਿਆ ਹੈ ਜੋ ਸ਼ਾਇਰ ਤੋਂ ਅਚੇਤ ਹੀ ਲਿਖਿਆ ਗਿਆ ਲਗਦਾ ਹੈ।

ਂਭਗਵਾਨ ਸਿੰਘ ਢਿੱਲੋਂ
ਮੋ: 98143-78254.
ਫ ਫ ਫ

ਕਦੇ ਵੀ-ਕੁਝ ਵੀ
ਲੇਖਿਕਾ : ਡਾ: ਸ਼ੀਲ ਕੌਸ਼ਿਕ
ਅਨੁਵਾਦਕ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਉਡਾਣ ਪਬਲੀਕੇਸ਼ਨ ਮਾਨਸਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 95018-77033.

'ਕਦੇ ਵੀ-ਕੁਝ ਵੀ' ਨਾਂਅ ਦੇ ਇਸ ਮਿੰਨੀ ਕਹਾਣੀ ਸੰਗ੍ਰਹਿ 'ਚ ਪੌਣੇ ਕੁ ਸੌ ਮਿੰਨੀ ਕਹਾਣੀਆਂ ਪੜ੍ਹਨ-ਵਿਚਾਰਨ ਨੂੰ ਮਿਲਦੀਆਂ ਹਨ। ਹਰ ਕਹਾਣੀ ਵਿਚ ਵੱਖ-ਵੱਖ ਵਿਸ਼ਿਆਂ ਨੂੰ ਪਾਠਕਾਂ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰਿਵਾਰਕ, ਸਮਾਜਿਕ ਰਿਸ਼ਤਿਆਂ ਦਾ ਨਿੱਘ, ਰਿਸ਼ਤਿਆਂ ਦੀ ਉਦੇੜ-ਬੁਣ, ਮਾਣ-ਤਾਣ, ਅਦਬ-ਸਤਿਕਾਰ, ਨਫ਼ਰਤ, ਤਕਰਾਰ, ਸੋਚ ਵਿਚਲੇ ਅੰਤਰ, ਸੇਵਾ ਭਾਵਨਾ, ਹਮਦਰਦੀ, ਕੰਜੂਸੀ, ਲੋਟੂ ਬਿਰਤੀ, ਭ੍ਰਿਸ਼ਟਾਚਾਰੀ, ਫੋਕੇ ਵਿਖਾਵੇ/ਰੀਤੀ-ਰਿਵਾਜ, ਧਾਰਮਿਕ ਅਡੰਬਰ, 'ਮੂੰਹ ਮੇਂ ਰਾਮ-ਰਾਮ ਬਗਲ ਮੇ ਛੁਰੀ', ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਤੇ ਬੇਦਰਦੀ ਭਰੀ ਦਰਦਿੰਗੀ ਆਦਿ ਦੇ ਚਲੰਤ ਮਾਮਲਿਆਂ ਨੂੰ ਬੜੀ ਸ਼ਿੱਦਤ ਨਾਲ ਪਰੋਇਆ ਗਿਆ ਹੈ। ਮਾਪਿਆਂ ਦੀ ਜ਼ਿੰਮੇਵਾਰੀ ਤੇ ਫ਼ਰਜ਼, ਬੁਢੇਪੇ ਦੀ ਸੰਵੇਦਨਸ਼ੀਲਤਾ ਅਤੇ ਜਵਾਨ-ਜਹਾਨ ਬੱਚਿਆਂ ਦਾ ਫ਼ਰਜ਼ ਤੇ ਜ਼ਿੰਮੇਵਾਰੀ ਦਾ ਸਮਤੋਲ ਵੀ ਇਸ ਕਹਾਣੀ ਸੰਗ੍ਰਹਿ ਦਾ ਇਕ ਵਿਸ਼ੇਸ਼ ਹਾਸਲ ਹੈ। 'ਜਿਸ ਤਰ੍ਹਾਂ ਦੇ ਹੀ ਸੰਸਕਾਰ ਬੀਜਾਂਗੇ ਉਸ ਤਰ੍ਹਾਂ ਦੇ ਹੀ ਫਲ ਖਾਵਾਂਗੇ' ਦੇ ਭਾਵਪੂਰਤ ਵਿਚਾਰਾਂ ਦੀ ਪ੍ਰੜੋਤਾ ਵੀ ਇਸ ਕਹਾਣੀ ਸੰਗ੍ਰਹਿ ਦਾ ਸਿਖ਼ਰ ਹੋ ਨਿੱਬੜਦੀ ਹੈ, ਜੋ ਪਾਠਕਾਂ ਨੂੰ ਸਹੀ ਸੇਧ ਦੇਣ ਵਿਚ ਕਾਫੀ ਹੱਦ ਸਫ਼ਲ ਰਹੇਗੀ। ਇਸ ਲਘੂ ਕਥਾ ਸੰਗ੍ਰਹਿ ਦੀ ਮੂਲ ਲੇਖਿਕਾ ਤੇ ਇਸ ਦਾ ਪੰਜਾਬੀ ਅਨੁਵਾਦਕ ਇਸ ਸਾਰਥਿਕ ਉਪਰਾਲੇ ਲਈ ਵਧਾਈ ਦੇ ਪਾਤਰ ਹਨ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764 74858
ਫ ਫ ਫ

ਨਵੀਂ ਪੰਜਾਬੀ ਕਹਾਣੀ
ਸੰ: ਮਹਿਲ ਸਿੰਘ
ਸ: ਸੰ: ਆਤਮ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੱਲ : 120 ਰੁਪਏ, ਸਫ਼ੇ : 144
ਸੰਪਰਕ : 99150-48005.

ਇਸ ਕਹਾਣੀ ਸੰਗ੍ਰਹਿ ਦੇ ਸੰਪਾਦਨ ਦਾ ਮਨੋਰਥ ਸਾਹਿਤ ਦੇ ਵਿਦਿਆਰਥੀਆਂ ਨੂੰ ਨਵੀਂ ਪੰਜਾਬੀ ਕਹਾਣੀ ਨਾਲ ਜੋੜਨਾ ਹੈ। ਇਨ੍ਹਾਂ ਦੇ ਵਿਸ਼ੇ ਸਮਕਾਲੀ ਸਮਾਜ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਮਸਲਨ: ਦਲਿਤ ਅਤੇ ਸਵਰਨ ਦਾ ਟਕਰਾਅ (ਇਕਲਵਅ : ਲੇਖਕਂਮਨਮੋਹਨ ਬਾਵਾ), ਨਾਰੀਵਾਦੀ ਸੋਚ (ਇਕ ਪੈਰ ਵਾਲਾ ਘਰ : ਲੇਖਿਕਾ ਬਲਜੀਤ ਕੌਰ ਬੱਲੀ), ਪਤਨੀ-ਪਤੀ ਸਬੰਧ (ਕਤਲ, ਲੇਖਕ ਜਿੰਦਰ), ਧੀਆਂ ਵਲੋਂ ਆਪਣੀ ਇੱਜ਼ਤ ਦੀ ਆਪ ਰਾਖੀ (ਹਜ਼ਾਰ ਕਹਾਣੀਆਂ ਦਾ ਬਾਪ, ਲੇਖਕ : ਸੁਖਜੀਤ), ਅਸਲੀ ਕਾਮਰੇਡ ਦੀ ਦਸ਼ਾ ('ਦੀਨ' ਕੇ ਹੇਤਂਲੇਖਕ ਬਲਵੀਰ ਪਰਵਾਨਾ), ਪਿੰਡ ਅਤੇ ਸ਼ਹਿਰ ਵਿਚ ਦੁੱਖ-ਸੁੱਖ ਦੇ ਸਾਂਝ ਦੀ ਤੁਲਨਾਂਵਾਰਿਸ : ਲੇਖਕ ਤਲਵਿੰਦਰ), ਤੀਵੀਂ ਲਈ ਭਟਕਣ (ਚੂੜੇ ਵਾਲੀ ਬਾਂਹ, ਲੇਖਕਂਜਸਵੀਰ ਰਾਣਾ), ਖੂਨੀ ਰਿਸ਼ਤਿਆਂ ਨਾਲ ਖਿਲਵਾੜ (ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀਂਲੇਖਕ : ਬਲਵਿੰਦਰ ਸਿੰਘ ਗਰੇਵਾਲ), ਭਾਰਤ-ਪਾਕਿ ਵੰਡ ਦੇ ਅੱਲੇ ਜ਼ਖ਼ਮ (ਹਿਕ ਆਹੀ ਜਮਨਾ ਉਰਫ਼ ਜੁੰਮਨ ਕਾਂਂਲੇਖਕ : ਕੇਸਰਾ ਰਾਮ), ਕਿਸਾਨ ਦੀ ਦੁਰਦਸ਼ਾ (ਰਾਹੂ-ਕੇਤਾਂਲੇਖਕ ਜਤਿੰਦਰ ਹਾਂਸ), ਆਦਿ।
ਕਲਾਤਮਿਕ ਪੱਖੋਂ ਮਨਮੋਹਨ ਬਾਵਾ ਨੇ ਇਤਿਹਾਸ-ਮਿਥਿਹਾਸ ਦੀ ਪੁਨਰ-ਸਿਰਜਣਾ ਕੀਤੀ ਹੈ। 'ਬੱਲੀ' ਦੀ ਕਹਾਣੀ ਸਦਮੇ ਤੋਂ ਸਦਮੇ ਤੱਕ ਦਾ ਬਿਰਤਾਂਤਕ ਚੱਕਰ ਕੱਟਦੀ ਹੈ। 'ਜਿੰਦਰ' ਦੀ ਕਹਾਣੀ ਰਿਸ਼ਤਿਆਂ ਦੇ ਹੋ ਰਹੇ 'ਕਤਲ' ਨੂੰ ਤਣਾਅ ਤੋਂ ਤਣਾਅ ਤੱਕ ਪ੍ਰਸਤੁਤ ਕਰਦੀ ਹੈ। ਸੁਖਜੀਤ ਦੀ ਉੱਤਮ-ਪੁਰਖ ਵਿਚ ਸਿਰਜੀ ਰਚਨਾ ਕਥਾ-ਨਾਇਕ ਦੇ ਮਾਨਸਿਕ ਦਵੰਦ ਅਤੇ ਵਹਿਮ ਸਹਿਤ ਸ਼ੰਕਾ ਤੋਂ ਅਚਨਚੇਤ ਸਮਾਧਾਨ ਪੇਸ਼ ਕਰਦੀ ਹੈ। ਬਲਵੀਰ ਪਰਵਾਨਾ ਦੀ ਕਹਾਣੀ 'ਹੱਡ-ਬੀਤੀ' ਨੂੰ 'ਜੱਗ-ਬੀਤੀ' ਦੇ ਰੂਪ ਵਿਚ ਰੂਪਾਂਤਰਿਤ ਕਰਦੀ ਹੋਈ ਸੁਧਾਰ ਤੋਂ ਵਿਗਾੜ ਵੱਲ ਅਗ੍ਰਸਰ ਹੈ।
ਤਲਵਿੰਦਰ ਅਸਿੱਧੀ ਸੰਕੇਤਕ ਅਤੇ ਸੁਝਾਅਪੂਰਨ ਬਿਰਤਾਂਤਕਂਰੂੜ੍ਹੀ ਦੇ ਪ੍ਰਯੋਗ ਦਾ ਪ੍ਰਦਰਸ਼ਨ ਕਰਦਾ ਹੈ। ਜਸਵੀਰ ਰਾਣੀ ਦੀ ਕਥਾ ਵਿਚ ਸਵੈ-ਜੀਵਨਾਤਮਕ ਅੰਸ਼ ਭਾਰੂ ਹੈ। ਗਰੇਵਾਲ ਦੀ ਕਹਾਣੀ ਵਿਚ ਸੰਕੇਤਕ 'ਕਾਮ' ਹੀ ਖੂਨੀ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਉਲਟ ਭੁਗਤਦਾ ਹੈ। ਕੇਸਰਾ ਰਾਮ ਵਿਭਿੰਨ ਭਾਰਤੀ ਭਾਸ਼ਾਵਾਂ ਦਾ ਕੋਲਾਜ ਸਿਰਜਦਾ ਹੈ। ਜਤਿੰਦਰ ਹਾਂਸ ਦਾ ਰਾਹੂ-ਕੇਤੂ ਬੰਦੇ ਦੇ ਰਾਹ ਵਿਚ ਅੜਿਕਿਆਂ ਦਾ ਪ੍ਰਤੀਕ ਹੈ। ਕੁੱਲ ਮਿਲਾ ਕੇ ਇਹ ਪੁਸਤਕ ਨਵੀਂ ਪੰਜਾਬੀ ਕਹਾਣੀ ਨਾਲ ਨਵੇਂ ਪਾਠਕਾਂ ਨੂੰ ਮਿਲਾਉਣ 'ਚ ਸਫ਼ਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਨੂਰੋ ਨੂਰ
ਲੇਖਕ : ਕੁਲਵੰਤ ਸਿੰਘ ਢੇਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 0172-5027427.

ਕੁਲਵੰਤ ਸਿੰਘ ਢੇਸੀ ਪ੍ਰਵਾਸੀ ਧਰਤੀ 'ਤੇ ਰਹਿ ਕੇ ਕਾਵਿ ਸਿਰਜਣਾ ਕਰਨ ਵਾਲਾ ਸ਼ਾਇਰ ਹੈ। ਸ਼ਾਇਰ ਦਾ ਇਹ ਦੂਸਰਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਵਿਭਿੰਨ ਵਸਤੂ ਵਰਤਾਰਿਆਂ ਨਾਲ ਸਬੰਧਿਤ ਲੇਖਕ ਦੀਆਂ ਗ਼ਜ਼ਲਾਂ ਸ਼ਾਮਿਲ ਹਨ। ਢੇਸੀ ਦੀ ਸ਼ਾਇਰੀ ਜੀਵਨ ਦੇ ਬਹੁਰੰਗੀ ਵਰਤਾਰਿਆਂ ਨੂੰ ਰੂਪਮਾਨ ਕਰਦੀ ਹੈ। ਆਪਣੀ ਕਵਿਤਾ ਬਾਰੇ ਸ਼ਾਇਰ ਲਿਖਦਾ ਹੈ ਕਿ ਜਿਥੋਂ ਤੱਕ ਮੇਰੀ ਲਿਖਤ ਦਾ ਸਬੰਧ ਹੈ ਮੇਰਾ ਮਨਪਸੰਦ ਵਿਚ ਰੂਹ ਦਾ ਵਿਸ਼ਾ ਹੈ। ਰੂਹ ਤੋਂ ਬਿਨਾਂ ਮਨੁੱਖ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਅਤੇ ਸਮਾਜ ਲਈ ਵੱਡਾ ਖ਼ਤਰਾ ਹੈ। ਢੇਸੀ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਕਥਨ ਸੱਚ ਸਾਬਤ ਹੁੰਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਰੂਹਾਨੀ ਮੁਹੱਬਤ ਦੇ ਝਲਕਾਰੇ ਹਨ। ਲੇਖਕ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਲਈ ਪ੍ਰੇਰਿਤ ਕਰਦਾ ਹੈ।
ਲੇਖ ਮੇਰੇ ਇਸ ਤਰ੍ਹਾਂ ਤੂੰ ਵਾਹ ਦਈਂ
ਜੀਣ ਜੋਗੇ ਜੀਣ ਲਈ ਤੂੰ ਦਾਅ ਦਈਂ
ਸਾਹਾਂ ਤੋਂ ਸੰਗੀਤ ਮੈਨੂੰ ਅਹਿਮ ਹੈ
ਸੁਰ ਸੰਗੀਤੋਂ ਸੱਖਣੇ ਨਾ ਸਾਹ ਦਈਂ।
ਇਸ ਤਰ੍ਹਾਂ ਹੀ ਹੋਰਨਾਂ ਗ਼ਜ਼ਲਾਂ ਵਿਚ ਵੀ ਇਸੇ ਤਰ੍ਹਾਂ ਦੇ ਅਹਿਸਾਸ ਦੇਖਣ ਨੂੰ ਮਿਲਦੇ ਹਨ। ਕੁਲਵੰਤ ਸਿੰਘ ਢੇਸੀ ਦੇ ਵਿਸ਼ੇ ਬਹੁਭਾਂਤੀ ਹਨ ਅਤੇ ਉਸ ਦੀ ਭਾਸ਼ਾ ਆਮ ਮਨੁੱਖ ਦੀ ਭਾਸ਼ਾ ਹੈ। ਉਹ ਸ਼ਬਦਾਂ ਦਾ ਅਡੰਬਰ ਨਹੀਂ ਸਿਰਜਦਾ ਸਗੋਂ ਸਿੱਧੀ ਸਾਦੀ ਭਾਸ਼ਾ ਵਿਚ ਆਪਣੀ ਗੱਲ ਕਰਨ ਦਾ ਉਸਤਾਦ ਹੈ
ਪੂਰੇ ਕਰਦਾ ਚਾਅ ਸੁਨੇਹਾ ਕਿਰਨਾਂ ਦਾ
ਦੇਵੇ ਗੱਲ ਸਮਝਾ ਸੁਨੇਹਾ ਕਿਰਨਾਂ ਦਾ
ਸ਼ਬਦਾਂ ਦੇ ਵੀ ਚੰਨ ਸਿਤਾਰੇ ਹੁੰਦੇ ਨੇ
ਕਵਿਤਾ ਵਿਚ ਮੜ੍ਹਾਂ ਸੁਨੇਹਾ ਕਿਰਨਾਂ ਦਾ।
ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦੀ ਸਰਪ੍ਰਸਤੀ ਵਿਚ ਛਪੀ ਇਹ ਪੁਸਤਕ ਨਿਰਸੰਦੇਹ ਪੰਜਾਬੀ ਗ਼ਜ਼ਲ ਜਗਤ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

ਂਡਾ: ਅਮਰਜੀਤ ਕੌਂਕੇ।
ਫ ਫ ਫ

30-06-2019

 ਗ਼ਦਰੀ ਬਾਬੇ ਅਤੇ ਬੱਬਰ ਅਕਾਲੀ
ਸੰਪਾਦਕ : ਪ੍ਰਿੰ: ਪਾਖਰ ਸਿੰਘ ਡਰੋਲੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 200 ਰੁਪਏ, 15 ਡਾਲਰ, ਸਫ਼ੇ : 128
ਸੰਪਰਕ : 0181-2623184.

ਇਹ ਪੁਸਤਕ ਭਾਰਤ ਦੇ ਆਜ਼ਾਦੀ ਘੁਲਾਟੀਏ, ਗਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਦੀਆਂ ਮਹਾਨ ਘਾਲਾਂ ਅਤੇ ਕੁਰਬਾਨੀਆਂ ਦੀ ਗਾਥਾ ਹੈ। ਇਨ੍ਹਾਂ ਸਿਰੜੀ ਅਤੇ ਸਿਰਲੱਥ ਯੋਧਿਆਂ ਅੱਗੇ ਸਿਰ ਆਪਣੇ-ਆਪ ਝੁਕ ਜਾਂਦਾ ਹੈ। ਇਨ੍ਹਾਂ ਦੀਆਂ ਘਾਲ ਕਮਾਈਆਂ ਦੇ ਸਿਰ 'ਤੇ ਹੀ ਅੱਜ ਅਸੀਂ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਇਨ੍ਹਾਂ ਨੇ ਜੇਲ੍ਹਾਂ ਅਤੇ ਜਲਾਵਤਨੀ ਦੇ ਅਸਹਿ ਕਸ਼ਟ ਸਹਾਰੇ ਅਤੇ ਆਪਣੇ ਵਤਨ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਪਿਆਰੀਆਂ ਜਾਨਾਂ ਵਾਰ ਦਿੱਤੀਆਂ। ਮੁਖ਼ਬਰਾਂ ਅਤੇ ਦੇਸ਼ ਧ੍ਰੋਹੀਆਂ ਨੇ ਇਨ੍ਹਾਂ ਮਹਾਨ ਸਪੂਤਾਂ ਨਾਲ ਦਗ਼ਾ ਕਰਕੇ ਅੰਗਰੇਜ਼ ਸਰਕਾਰ ਤੋਂ ਇਨਾਮ ਪ੍ਰਾਪਤ ਕੀਤੇ। ਇਨ੍ਹਾਂ ਬਹਾਦਰ ਅਣਖੀ ਅਤੇ ਬੇਗ਼ਰਜ਼ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣਾ ਸਾਡਾ ਸਭ ਦਾ ਫ਼ਰਜ਼ ਹੈ। ਅੰਗਰੇਜ਼ਾਂ ਦੇ ਸਤਾਏ ਅਤੇ ਗ਼ਰੀਬੀ ਤੋਂ ਤੰਗ ਆਏ ਕੁਝ ਪੰਜਾਬੀ ਵਿਦੇਸ਼ਾਂ ਨੂੰ ਚਲੇ ਗਏ। ਉਥੇ ਜਾ ਕੇ ਇਨ੍ਹਾਂ ਨੇ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਗਦਰ ਪਾਰਟੀ ਦੀ ਸਥਾਪਨਾ ਕੀਤੀ। ਇਨ੍ਹਾਂ ਦੇ ਸੁਪਨੇ ਸਾਕਾਰ ਨਾ ਹੋ ਸਕੇ। ਸਰਕਾਰ ਨੇ ਕਾਲੇ ਪਾਣੀਆਂ, ਉਮਰ ਕੈਦਾਂ ਅਤੇ ਫਾਂਸੀਆਂ ਦੀਆਂ ਸਜ਼ਾਵਾਂ ਦਿੱਤੀਆਂ। ਮਹਾਨ ਅਤੇ ਹੋਣਹਾਰ ਜੀਵਨ ਨਸ਼ਟ ਕਰ ਦਿੱਤੇ ਗਏ। ਪੁਸਤਕ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਬਾਬਾ ਰੰਗਾ ਸਿੰਘ, ਬੰਤਾ ਸਿੰਘ ਅਤੇ ਸ਼ਹੀਦ ਰੁਲੀਆ ਸਿੰਘ ਸਰਾਭਾ ਦੇ ਮਹਾਨ ਆਦਰਸ਼ਾਂ ਦੇ ਵੇਰਵੇ ਦਿੱਤੇ ਗਏ ਹਨ। ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਦੀ ਵਿਥਿਆ ਦੱਸੀ ਗਈ ਹੈ। ਪੁਸਤਕ ਦੇ ਦੂਜੇ ਭਾਗ ਵਿਚ ਬੱਬਰ ਅਕਾਲੀਆਂ ਦੀ ਅਨੋਖੀ ਦਲੇਰੀ ਅਤੇ ਕਾਰਨਾਮਿਆਂ ਦਾ ਜ਼ਿਕਰ ਹੈ। ਇਸ ਗੁਰੀਲਾ ਲਹਿਰ ਨੇ ਦੇਸ਼ ਧ੍ਰੋਹੀਆਂ, ਮੁਖ਼ਬਰਾਂ ਨੂੰ ਸੋਧ ਕੇ ਲੋਕਾਂ ਵਿਚ ਜਾਗ੍ਰਿਤੀ ਫੈਲਾਈ। ਇਸ ਦੇ ਮੁੱਖ ਸੰਚਾਲਕ ਕਿਸ਼ਨ ਸਿੰਘ ਗੜਗੱਜ ਨੇ 35 ਸਾਲ ਦੀ ਉਮਰ ਵਿਚ ਹੀ ਫਾਂਸੀ ਦਾ ਰੱਸਾ ਚੁੰਮਿਆ। ਪੁਸਤਕ ਵਿਚ ਹੋਰ ਬੱਬਰ ਅਕਾਲੀਆਂ ਦੇ ਸੰਘਰਸ਼ਮਈ ਜੀਵਨ 'ਤੇ ਵੀ ਚਾਨਣਾ ਪਾਇਆ ਗਿਆ ਹੈ ਜਿਵੇਂ ਨੰਦ ਸਿੰਘ ਘੁੜਿਆਲ, ਕਰਮ ਸਿੰਘ ਹਰੀਪੁਰ, ਦਲੀਪ ਸਿੰਘ, ਬੰਤਾ ਸਿੰਘ ਧਾਮੀਆਂ, ਧੰਨਾ ਸਿੰਘ ਬਹਿਬਲਪੁਰ ਅਤੇ ਮਾਸਟਰ ਮੋਤਾ ਸਿੰਘ। ਇਨ੍ਹਾਂ ਸੂਰਮਿਆਂ ਨੇ ਅਨੇਕਾਂ ਤਸੀਹੇ ਬਰਦਾਸ਼ਤ ਕੀਤੇ। ਆਪਣੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਵਾ ਲਈਆਂ, ਘਰ ਪਰਿਵਾਰ ਦੇ ਸੁੱਖ ਤਿਆਗੇ ਅਤੇ ਸਿਰਫ ਦੇਸ਼ ਦੀ ਆਜ਼ਾਦੀ ਨੂੰ ਮੁੱਖ ਰੱਖਿਆ। ਅੱਜ ਇਨ੍ਹਾਂ ਦੀ ਯਾਦ ਵਿਚ ਸਰਕਾਰਾਂ ਨੂੰ ਅਤੇ ਲੋਕਾਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਸ਼ਹੀਦਾਂ ਨੂੰ ਭੁਲਾ ਦੇਣ ਵਾਲੀਆਂ ਕੌਮਾਂ ਆਖ਼ਰ ਖ਼ਤਮ ਹੋ ਜਾਂਦੀਆਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਮਿੱਟੀ ਦੀ ਮਹਿਕ
(ਪਾਕਿਸਤਾਨੀ ਸਫ਼ਰਨਾਮਾ)
ਲੇਖਕ : ਚਰਨਜੀਤ ਸਿੰਘ ਪੰਨੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 495 ਰੁਪਏ, ਸਫ਼ੇ : 336
ਸੰਪਰਕ : 98152-43917.

ਪੰਨੂ ਨੇ ਇਹ ਯਾਤਰਾ ਆਪਣੇ ਪਰਿਵਾਰ ਦੇ ਜੀਆਂ ਨਾਲ 15 ਦਸੰਬਰ ਤੋਂ 24 ਦਸੰਬਰ, 2016 ਤੱਕ ਕੀਤੀ। ਯਾਤਰਾ ਦਾ ਮੁੱਖ ਮਨੋਰਥ ਤਾਂ 93 ਵਰ੍ਹਿਆਂ ਦੀ ਮਾਂ ਨੂੰ ਉਸ ਦਾ ਸਹੁਰਾ ਪਿੰਡ ਸਖੀਰਾ ਚੱਕ 46 ਵਿਖਾਉਣਾ ਸੀ ਪਰ ਨਾਲ ਹੀ ਲੇਖਕ ਨੇ ਆਪਣਾ ਨਾਨਕਾ ਪਿੰਡ ਜਗਦੇਵ ਚੱਕ 41 ਵੀ ਵੇਖ ਲਿਆ। ਇਸ ਸਫ਼ਰਨਾਮੇ ਦਾ ਸਮਰਪਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮਾਗਮਾਂ ਨੂੰ ਕੀਤਾ ਗਿਆ ਹੈ। ਇਸ ਸਫ਼ਰ ਦੌਰਾਨ ਵੱਧ ਤੋਂ ਵੱਧ ਵੇਖਣਯੋਗ ਥਾਵਾਂ ਦਾ ਭ੍ਰਮਣ ਕੀਤਾ ਗਿਆ ਜਿਨ੍ਹਾਂ ਵਿਚ ਜ਼ਿਆਦਾਤਰ ਗੁਰਦੁਆਰਾ ਸਾਹਿਬ, ਕੁਝ ਹਿੰਦੂ ਮੰਦਰ, ਮਸਜਿਦਾਂ, ਸਮਾਧਾਂ ਅਤੇ ਕਿਲ੍ਹੇ ਵੀ ਸ਼ਾਮਿਲ ਹਨ। ਕੁਝ ਸਾਹਿਤਕ ਮਹੱਤਵ ਵਾਲੀਆਂ ਥਾਵਾਂ ਵੀ ਹਨ। ਲੇਖਕ ਇਨ੍ਹਾਂ ਸਭ ਥਾਵਾਂ ਦੀ ਸੇਵਾ-ਸੰਭਾਲ ਦੇ ਨਾਲ-ਨਾਲ ਸੰਨ '47 ਤੋਂ ਬਾਅਦ ਇਨ੍ਹਾਂ ਦੀ ਹਾਲਤ ਵੀ ਬਿਆਨ ਕਰਦਾ ਹੈ। ਭਾਰਤ-ਪਾਕਿ ਵੰਡ ਦੇ ਹਿਰਦੇਵੇਧਕ ਦ੍ਰਿਸ਼ ਬਿਆਨ ਕੀਤੇ ਗਏ ਹਨ। ਕਿਹੜਾ ਮਹੱਤਵ ਵਾਲਾ ਸਥਾਨ ਕਿੱਥੋਂ, ਕਿੰਨੀ ਦੂਰ ਹੈ? ਦੱਸਿਆ ਗਿਆ ਹੈ। ਪਾਕਿ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਤੁਲਨਾ ਕੀਤੀ ਗਈ ਹੈ। ਦੌੜਦੀਆਂ ਕਾਰਾਂ ਦੇ ਨਾਲ-ਨਾਲ, ਗੰਨਿਆਂ ਦੀਆਂ ਮਿੱਲ ਵੱਲ ਜਾਂਦੀਆਂ ਟਰਾਲੀਆਂ, ਊਠ, ਘੋੜੇ, ਖੋਤਿਆਂ ਦੇ ਆਵਾਜਾਈ ਦੇ ਸਾਧਨ ਸਜੀਵ ਪੇਸ਼ ਕੀਤੇ ਗਏ ਹਨ। ਮੇਜ਼ਬਾਨਾਂ ਦੀ ਸੇਵਾ ਦੀ ਪ੍ਰਸੰਸਾ ਕੀਤੀ ਗਈ ਹੈ। ਲੇਖਕ ਜਿਸ ਵੀ ਸਥਾਨ 'ਤੇ ਫੋਕਸੀਕਰਨ ਕਰਦਾ ਹੈ, ਉਸ ਦਾ ਸਰਬਪੱਖੀ ਵਿਸਤ੍ਰਿਤ ਗਿਆਨ ਪਾਠਕਾਂ ਨੂੰ ਪ੍ਰਦਾਨ ਕਰਦਾ ਹੈ। ਕਦੇ ਪੂਰਬੀ ਪੰਜਾਬ, ਕੈਲੀਫੋਰਨੀਆ ਨੂੰ ਯਾਦ ਕਰਦਾ ਹੈ। 64 ਤਸਵੀਰਾਂ ਆਪਣੇ ਸਫ਼ਰ ਦੀ ਦਾਸਤਾਂ ਆਪ ਕਹਿੰਦੀਆਂ ਹਨ। ਇਤਿਹਾਸਕ ਘਟਨਾਵਾਂ ਦੇ ਬਿਆਨ ਵਿਚ ਦੁਹਰਾਅ ਸੁਭਾਵਿਕ ਹੈ। ਵਾਹਗੇ ਦੀ ਲਕੀਰ ਮਿਟਾਉਣ ਦਾ ਇੱਛੁਕ ਹੈ। ਕੁੱਲ ਮਿਲਾ ਕੇ ਇਹ ਸਫ਼ਰਨਾਮਾ ਸਵੈ-ਜੀਵਨੀ, ਜੀਵਨੀ, ਨਿਬੰਧ, ਕਵਿਤਾ, ਕਹਾਣੀ, ਸਾਖੀਆਂ, ਇਤਿਹਾਸ, ਸੰਸਮਰਣ ਆਦਿ ਅਨੇਕਾਂ ਦਿਸ਼ਾਵਾਂ ਦਾ ਕੋਲਾਜ਼ ਹੋ ਨਿੱਬੜਿਆ ਹੈ। ਲੇਖਕ ਵਾਪਸੀ ਸਮੇਂ ਜਨਮ-ਭੂਮੀ ਦੀ ਮਿੱਟੀ ਲੈ ਆਉਂਦਾ ਹੈ। ਇਸੇ ਮਿੱਟੀ ਦੀ ਮਹਿਕ ਦਾ ਸਫ਼ਰਨਾਮਾ ਹੈ ਇਹ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਸ਼ਬਦ ਸਿਰਜਣਹਾਰੇ
ਸੰਪਾਦਕ : ਮਨੋਜ ਫਗਵਾੜਵੀ
ਪ੍ਰਕਾਸ਼ਕ : ਪੁਸਤਕਮਾਲਾ ਪ੍ਰਕਾਸ਼ਨ, ਫਗਵਾੜਾ।
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 98720-07176.

'ਸ਼ਬਦ ਸਿਰਜਣਹਾਰੇ' ਸ਼ਾਇਰ ਮਨੋਜ ਫਗਵਾੜਵੀ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ ਹੈ ਜਿਸ ਵਿਚ ਬਾਰਾਂ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। 'ਸ਼ਬਦ ਸਿਰਜਣਹਾਰੇ' ਵਿਚ ਸਰਵਸ੍ਰੀ ਆਰਿਫ਼ ਗੋਬਿੰਦਪੁਰੀ, ਜਸਵੀਰ ਕੌਰ ਪਰਮਾਰ, ਮਨੋਜ ਫਗਵਾੜਵੀ, ਬਲਦੇਵ ਰਾਜ ਕੋਮਲ, ਸੀਤਲ ਰਾਮ ਬੰਗਾ, ਲਾਲੀ ਕਰਤਾਰਪੁਰੀ, ਦਰਸ਼ਨ ਸਿੰਘ ਨੰਦਰਾ, ਨਗੀਨਾ ਸਿੰਘ ਬਲੱਗਣ, ਸੁਖਦੇਵ ਸਿੰਘ ਗੰਡਵਾਂ, ਸੋਢੀ ਸੱਤੋਵਾਲੀਆ, ਕਰਮਜੀਤ ਸਿੰਘ ਸੰਧੂ ਤੇ ਸਿਕੰਦਰ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਹਰੇਕ ਸ਼ਾਇਰ ਨੂੰ ਕਰੀਬ ਪੰਦਰਾਂ ਸਫ਼ੇ ਦਿੱਤੇ ਗਏ ਹਨ ਤੇ ਸ਼ੁਰੂਆਤੀ ਪੰਨੇ 'ਤੇ ਸ਼ਾਇਰ ਦੀ ਤਸਵੀਰ ਸਮੇਤ ਜਾਣਕਾਰੀ ਛਾਪੀ ਗਈ ਹੈ। ਇਨ੍ਹਾਂ ਵਿਚ ਕਈ ਨਾਮਵਰ ਤੇ ਪੁਰਾਣੇ ਹਸਤਾਖ਼ਰ ਹਨ ਤੇ ਕੁਝ ਨੇ ਅਜੇ ਪੰਜਾਬੀ ਸਾਹਿਤ ਵਿਚ ਸਥਾਨ ਨਿਸਚਿਤ ਕਰਵਾਉਣਾ ਹੈ। ਇਸ ਕਿਤਾਬ ਦਾ ਪਹਿਲਾ ਸ਼ਾਇਰ ਮਰਹੂਮ ਗ਼ਜ਼ਲਕਾਰ ਆਰਿਫ਼ ਗੋਬਿੰਦਪੁਰੀ ਹੈ। ਗੋਬਿੰਦਪੁਰੀ ਟਕਸਾਲੀ ਗ਼ਜ਼ਲਕਾਰ ਸੀ ਤੇ ਉਸ ਦੀਆਂ ਗ਼ਜ਼ਲਾਂ ਦੇ ਛਪਣ ਨਾਲ 'ਸ਼ਬਦ ਸਿਰਜਣਹਾਰੇ' ਦਾ ਕੱਦ ਉੱਚਾ ਹੋਇਆ ਹੈ। ਇਨ੍ਹਾਂ ਗ਼ਜ਼ਲਾਂ ਵਿਚ ਕੁਝ ਗ਼ਜ਼ਲਾਂ ਉਰਦੂ ਜ਼ਬਾਨ ਵਿਚ ਹਨ ਤੇ ਕੁਝ ਪੰਜਾਬੀ ਵਿਚ। ਜਸਵੀਰ ਪਰਮਾਰ ਦੇ ਗੀਤ ਤੇ ਕਵਿਤਾਵਾਂ ਦੀ ਹਾਜ਼ਰੀ ਵਧੀਆ ਹੈ ਤੇ ਬਲਦੇਵ ਰਾਜ ਕੋਮਲ ਦੀਆਂ ਗ਼ਜ਼ਲਾਂ ਧਿਆਨ ਖਿੱਚਦੀਆਂ ਹਨ। ਮਨੋਜ ਦੀਆਂ ਆਪਣੀਆਂ ਗ਼ਜ਼ਲਾਂ, ਸੀਤਲ ਰਾਮ ਬੰਗਾ ਦੀਆਂ ਕਵਿਤਾਵਾਂ ਤੇ ਲਾਲੀ ਕਰਤਾਰਪੁਰੀ ਦੀਆਂ ਰਚਨਾਵਾਂ ਦਾ ਮੁੱਖ ਬਿੰਦੂ ਥੁੜੇ ਟੁਟੇ ਲੋਕਾਂ ਦੀ ਬੇਹਾਲ ਹੋਈ ਜ਼ਿੰਦਗੀ ਹੈ। ਸੱਤੋਵਾਲੀਆ ਦੇ ਵਿਅੰਗ ਬਾਣ ਖ਼ੂਬ ਹਨ। ਬਾਕੀ ਦੇ ਸ਼ਾਇਰ ਵੀ ਆਪਣੀ ਆਪਣੀ ਸਮਰੱਥਾ ਅਨੁਸਾਰ ਆਪਣੀ ਛਾਪ ਛੱਡਦੇ ਹਨ।
'ਸ਼ਬਦ ਸਿਰਜਣਹਾਰੇ' ਦੇ ਸੰਪਾਦਕ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਨੇ ਰਚਨਾਵਾਂ ਇਕੱਠੀਆਂ ਕਰਨ ਤੋਂ ਲੈ ਕੇ ਪੁਸਤਕ ਦੀ ਸੰਪੂਰਨਤਾ ਤਕ ਆਪਣਾ ਨਿੱਜੀ ਵਕਤ ਗੁਆ ਕੇ ਵੱਡੇ ਕਾਰਜ ਨੂੰ ਸਿਰੇ ਚਾੜ੍ਹਿਆ ਹੈ।

-ਗੁਰਦਿਆਲ ਰੌਸ਼ਨ
ਮੋ: 9988444002


ਕੋਈ ਨਾਓ ਨ ਜਾਣੈ ਮੇਰਾ
ਲੇਖਕ : ਕਰਮਵੀਰ ਸਿੰਘ ਸੂਰੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਸੰਗਰੂਰ
ਮੁੱਲ : 100 ਰੁਪਏ, 140 ਰੁਪਏ, ਸਫ਼ੇ : 80
ਸੰਪਰਕ : 98558-00103.

ਕਰਮਵੀਰ ਸੂਰੀ ਹੁਣ ਤੱਕ ਲਗਪਗ 21 ਮੌਲਿਕ, ਆਲੋਚਨਾ, ਸੰਪਾਦਿਤ ਤੇ ਅਨੁਵਾਦਿਤ ਪੁਸਤਕਾਂ ਰਾਹੀਂ ਪਾਠਕਾਂ ਨਾਲ ਆਪਣੀ ਸਾਂਝ ਪੁਆ ਚੁੱਕਿਆ ਲੇਖਕ ਹੈ। ਹਥਲੀ ਪੁਸਤਕ ਮਿੰਨੀ ਕਹਾਣੀ ਦਾ ਸੰਗ੍ਰਹਿ ਹੈ। ਸਮਾਜ ਵਿਚ ਵਿਚਰਦਿਆਂ ਤੇ ਸਾਹਿਤ ਸਿਰਜਣਾ ਤੇ ਗਤੀਵਿਧੀਆਂ ਦੌਰਾਨ ਲੇਖਕ ਨੂੰ ਅਨੇਕਾਂ ਤਰ੍ਹਾਂ ਦੇ ਚੰਗੇ-ਮਾੜੇ ਅਨੁਭਵ ਹੋਏ, ਜੋ ਉਸ ਦੇ ਵਿਸ਼ਾਲ ਅਨੁਭਵ ਦਾ ਹਿੱਸਾ ਬਣੇ। ਅਜੋਕੇ ਸਮਾਜ ਵਿਚ ਸਿਆਸਤ ਭਾਰੂ ਹੈ ਜਿਸ ਦਾ ਚਾਰੇ ਪਾਸੇ ਬੋਲਬਾਲਾ ਹੈ ਇਸੇ ਕਾਰਨ ਹੀ ਭ੍ਰਿਸ਼ਟਾਚਾਰ ਤੇ ਨਸ਼ੇ ਤੇ ਹੋਰ ਬੁਰਾਈਆਂ ਘਰ ਕਰ ਚੁੱਕੀਆਂ ਹਨ ਕਿਉਂਕਿ ਉਨ੍ਹਾਂ ਨੂੰ ਠੱਲ੍ਹ ਪਾਉਣ ਵਾਲੇ ਆਪ ਇਨ੍ਹਾਂ ਦਾ ਹਿੱਸਾ ਬਣੇ ਹੋਏ ਹਨ। ਲੇਖਕ ਨੇ ਸਮਾਜ ਵਿਚ ਪ੍ਰਚੱਲਿਤ ਹੋਰ ਬੁਰਾਈਆਂ ਜਿਵੇਂ ਕਿ ਆਰਥਿਕ ਨਾਬਰਾਬਰੀ, ਸਮਾਜ ਵਿਚ ਫੈਲਿਆ ਭ੍ਰਿਸ਼ਟਾਚਾਰ, ਜਾਤ-ਪਾਤ, ਧਾਰਮਿਕ ਭਿੰਨ-ਭੇਦ, ਆਦਿ ਨੂੰ ਕਹਾਣੀਆਂ ਵਿਚ ਬਾਖੂਬੀ ਚਿਤਰਿਆ ਹੈ। 'ਸੋਚ' ਕਹਾਣੀ ਵਿਚ ਸਰਕਾਰੀ ਨੌਕਰੀ ਸਰਕਾਰ ਦਾ ਜਵਾਈ ਹੋਣਾ ਹੈ, ਵਿਚ ਇਕ ਤਕੜਾ ਵਿਅੰਗ ਹੈ। ਦੋਗਲੇ ਚਿਹਰੇ ਵੀ ਕਦੇ-ਕਦੇ ਸਾਹਮਣੇ ਆ ਜਾਂਦੇ ਹਨ ਕਹਾਣੀ 'ਵੈਰਾਗ' ਵਿਚ। 'ਕਿਹੜੀ ਉਮਰੇ' ਕਹਾਣੀ ਵਿਚ ਤਸਵੀਰ ਦੇ ਦੋਵੇਂ ਪਾਸੇ ਉੱਭਰ ਕੇ ਸਾਹਮਣੇ ਆਉਂਦੇ ਹਨ ਇਕ ਪਾਸਾ ਮਜ਼ਦੂਰ ਬੱਚੇ ਦੀ ਮਜ਼ਦੂਰੀ ਘੱਟ ਦੇਣੀ ਤੇ ਦੂਸਰੇ ਪਾਸੇ ਉਸੇ ਪ੍ਰਤੀ ਤਰਸ ਭਾਵਨਾ। 'ਖੰਭ' ਵਿਚ ਦੂਸਰਿਆਂ ਦੇ ਸਿਰ 'ਤੇ ਐਸ਼ ਕਰਨ ਨੂੰ ਪੇਸ਼ ਕੀਤਾ ਹੈ ਨਾ ਕਿ ਆਪ ਮਿਹਨਤ ਕਰਕੇ, ਦੋਗਲੇ ਚਿਹਰੇ (ਮੈਂ ਇਹਨੂੰ ਜਾਣਦਾ), ਅਫ਼ਸਰਸ਼ਾਹੀ ਦਾ ਨਾਜਾਇਜ਼ ਫਾਇਦਾ, ਧੋਖਾਧੜੀ, ਪੈਸੇ ਦਾ ਜ਼ੋਰ ਨਾ ਕਿ ਕਲਾ ਦੀ ਕਦਰ, ਔਰਤ ਦੀ ਸੰਜਮੀ ਸੋਚ ਜੋ ਪਰਿਵਾਰ ਖਾਤਰ ਜਿਊਂਦੀ ਹੈ, ਸੂਦਖੋਰੀ, ਇਕਲਤਾ ਸਰਾਪ, ਲੜਕੀ ਲਈ ਸਮਾਂ ਮਾੜਾ, ਮਾਂ ਦੀਆਂ ਉਂਗਲਾਂ ਦੀ ਛੂਹ ਨਿਵੇਕਲੀ, ਪਿਆਰ ਬਨਾਮ ਪੈਸਾ, ਬਾਬੇ ਤੇ ਨੇਤਾ ਸਭੇ ਪੈਸੇ ਦੇ ਗੁਲਾਮ, ਪੁਲਿਸ ਰਾਜ ਹਨੇਰਗਰਦੀ ਆਦਿ ਵਿਸ਼ਿਆਂ ਨੂੰ ਵਿਅੰਗਮਈ ਢੰਗ ਨਾਲ ਮਿੰਨੀ ਕਹਾਣੀਆਂ ਵਿਚ ਚਿਤਰਿਆ ਹੈ। 'ਖੇਡ ਜਾਰੀ ਹੈ' ਕਹਾਣੀ ਵੀ ਮਾਸੂਮ ਬੱਚੇ ਦੀ ਸੋਚ ਨੂੰ ਉਭਾਰਦੀ ਹੈ, ਇਕ ਵਿਗਿਆਨੀ ਜੋ ਨਾਮੁਰਾਦ ਬਿਮਾਰੀ ਦੀ ਖੋਜ ਤੇ ਇਲਾਜ ਲਈ ਜੀਵਨ ਲਾ ਦਿੰਦਾ ਹੈ, ਆਪ ਹੀ ਉਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਚੜ੍ਹਦੇ ਸੂਰਜ ਨੂੰ ਸਲਾਮ ਵਿਅੰਗਾਤਮਕ ਗਾਥਾ ਹਨ। ਪੁਸਤਕ ਦੇ ਅੰਤ ਵਿਚ ਲੇਖਕ ਨੇ ਜਗਦੀਸ਼ ਰਾਏ ਕੁਲਾਰੀਆ ਨਾਲ ਮੁਲਾਕਾਤ ਤੇ ਵਿਦਵਾਨਾਂ ਦੇ ਆਪਣੀਆਂ ਰਚਨਾਵਾਂ ਬਾਰੇ ਵਿਚਾਰ ਪੇਸ਼ ਕੀਤੇ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਕਵਿਤਾ ਵਿਗਿਆਨ ਦੀ
ਕਵਿੱਤਰੀ : ਰਾਕੇਸ਼ ਰੀਤਾ
ਪ੍ਰਕਾਸ਼ਕ : ਪਾਲ ਪਬਲੀਕੇਸ਼ਨਜ਼, ਮਾਨਸਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94646-43785.

ਵਿਗਿਆਨ ਇਕ ਔਖਾ ਵਿਸ਼ਾ ਸਮਝਿਆ ਜਾਂਦਾ ਹੈ। ਇਸ ਵਿਸ਼ੇ ਨੂੰ ਸੌਖਾ, ਸਰਲ ਤੇ ਦਿਲਚਸਪ ਬਣਾਉਣ ਲਈ ਕਵਿੱਤਰੀ ਰਾਕੇਸ਼ ਰੀਤਾ ਨੇ ਵਿਗਿਆਨਕ ਸਿਧਾਂਤਾਂ, ਨਿਯਮਾਂ, ਵਰਤਾਰਿਆਂ, ਕਿਰਿਆਵਾਂ-ਪ੍ਰਤੀਕਿਰਿਆਵਾਂ ਨੂੰ ਬੰਦਬੱਧ ਕਵਿਤਾਵਾਂ ਰਾਹੀਂ ਲੈਆਤਮਕ ਬਣਾ ਕੇ ਬੱਚਿਆਂ ਨੂੰ ਸਮਝਾਉਣ ਦਾ ਸਾਰਥਕ ਉਪਰਾਲਾ ਕੀਤਾ ਹੈ। ਪੁਸਤਕ ਵਿਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਨਾਲ ਸਬੰਧਿਤ ਵੱਖੋ-ਵੱਖਰੇ ਯੋਗਿਕ ਸਿਧਾਂਤਾਂ ਅਤੇ ਮੂਲ ਦਾਰਾਵਾਂ ਨੂੰ ਬਹੁਤ ਹੀ ਸਰਲ ਤੇ ਸੌਖੇ ਸ਼ਬਦਾਂ ਵਿਚ ਬੰਦਬੱਧ ਕੇ, ਮੁਹਾਰਕੀ ਵਾਂਗ ਵਿਦਿਆਰਥੀਆਂ ਦੀ ਜ਼ਬਾਨ ਦੇ ਚੜ੍ਹਾਉਣ ਦਾ ਉਪਰਾਲਾ ਕੀਤਾ ਗਿਆ ਹੈ। ਬੱਚੇ ਬੋਲਦੇ, ਗਾਉਂਦੇ, ਖੇਡਦੇ ਵਿਗਿਆਨ ਨੂੰ ਸਮਝ ਤੇ ਸਿੱਖ ਸਕਦੇ ਹਨ। ਨਾਲੋਂ-ਨਾਲ ਸਮਾਜ ਵਿਚ ਫੈਲੇ ਅੰਧਵਿਸ਼ਵਾਸ ਅਤੇ ਗ਼ਲਤ ਰੂੜਵੀਵਾਦੀ ਧਾਰਨਾਵਾਂ 'ਤੇ ਵੀ ਸੱਟ ਮਾਰੀ ਗਈ ਹੈ। ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ-
ਬਾਨਗੀ-
ਨਾ ਹਰ ਮੱਸਿਆ ਸੂਰਜ ਗ੍ਰਹਿਣ ਲੱਗਣ
ਨਾ ਹੀ ਹਰ ਪੁੰਨਿਆ ਚੰਨ ਗ੍ਰਹਿਣ ਰਹਿੰਦੇ
ਦੋ ਬਿੰਦੂਆਂ ਦੇ ਵਿਚਕਾਰ ਹੀ ਵਾਪਰੇ ਇਹ
ਜਿਨ੍ਹਾਂ ਨੂੰ ਠੱਗ ਰਾਹੂ ਕੇਤੂ ਕਹਿੰਦੇ।
ਪੁਸਤਕ ਵਿਚਲੀਆਂ ਸਾਰੀਆਂ ਵਿਗਿਆਨਕ ਕਵਿਤਾਵਾਂ ਬੱਚਿਆਂ ਵਿਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਦੀ ਸਮਰੱਥਾ ਨਾਲ ਭਰਪੂਰ ਹਨ। ਖ਼ਾਸ ਕਰਕੇ ਪੇਂਡੂ ਇਲਾਕਿਆਂ ਵਿਚ ਲੋਕ ਅਜੇ ਵੀ ਵਹਿਮਾਂ-ਭਰਮਾਂ, ਰੂੜ੍ਹੀਵਾਦੀ ਪਰੰਪਰਾਵਾਂ ਦੇ ਸ਼ਿਕਾਰ ਹਨ। ਇਸ ਹਨੇਰੇ ਨੂੰ ਦੂਰ ਕਰਨ ਲਈ ਅਜਿਹੇ ਉਪਰਾਲਿਆਂ ਦੀ ਬਹੁਤ ਹੀ ਲੋੜ ਹੈ। ਕੌਮੀ ਵਿਗਿਆਨ ਦਿਵਸ ਤੋਂ ਲੈ ਕੇ ਜੁਗਨੀ ਤੱਕ ਹਰੇਕ ਕਵਿਤਾ ਨਾਲ ਢੁਕਵੇਂ ਚਿੱਤਰ ਵੀ ਦਿੱਤੇ ਗਏ ਹਨ, ਜਿਸ ਨਾਲ ਪੁਸਤਕ ਦੀ ਰੌਚਿਕਤਾ ਵਿਚ ਵਾਧਾ ਹੋਇਆ ਹੈ।
ਇਨ੍ਹਾਂ ਵਿਗਿਆਨਕ ਕਵਿਤਾਵਾਂ ਨੂੰ ਸਕੂਲਾਂ ਵਿਚ ਰੋਜ਼ ਸਵੇਰ ਦੀ ਸਭਾ ਵਿਚ ਬੁਲਵਾ ਕੇ ਸਮੂਹ ਵਿਦਿਆਰਥੀਆਂ ਨੂੰ ਚੇਤੇ ਕਰਾਉਣ ਨਾਲ ਇਨ੍ਹਾਂ ਦਾ ਵਧੇਰੇ ਸਦਉਪਯੋਗ ਕੀਤਾ ਜਾ ਸਕਦਾ ਹੈ। ਕਵਿੱਤਰੀ ਰਾਕੇਸ਼ ਰੀਤਾ ਦੇ ਇਸ ਬੇਹੱਦ ਸਾਰਥਕ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ।

-ਡਾ: ਧਰਮਪਾਲ ਸਾਹਿਲ
ਮੋ: 98761-56964.

 

 


ਜ਼ਿੰਦਗੀ ਦੀ ਕੁੰਜੀ
ਲੇਖਕ : ਨਿਰਮਲ ਸਿੰਘ ਲਾਲੀ
ਪ੍ਰਕਾਸ਼ਕ : ਬਲਵੰਤ ਪ੍ਰਕਾਸ਼ਨ, ਜਲੰਧਰ
ਮੁੱਲ : 180 ਰੁਪਏ, ਸਫ਼ੇ : 128

ਇਸ ਲੇਖ+ਨਿਬੰਧ ਸੰਗ੍ਰਹਿ ਵਿਚ ਛੋਟੇ-ਵੱਡੇ ਪੰਜ ਕੁ ਦਰਜਨ ਰਚਨਾਵਾਂ ਹਨ। ਨਿਰਮਲ ਸਿੰਘ ਆਦਰਸ਼ਵਾਦੀ, ਸੱਚੇ-ਸੁੱਚੇ ਸਿੱਖ ਧਰਮ ਪ੍ਰਤੀ ਅਟੁੱਟ ਸ਼ਰਧਾ ਰੱਖਣ ਵਾਲਾ, ਅਜਿਹਾ ਲੇਖਕ ਹੈ, ਜਿਸ ਦਾ ਮੂਲ ਲਕਸ਼ ਉੱਚੀਆਂ-ਸੁੱਚੀਆਂ ਮਹਾਂਪੁਰਸ਼ਾਂ ਵਲੋਂ ਨਿਰਧਾਰਿਤ ਕੀਤੀਆਂ ਕਦਰਾਂ-ਕੀਮਤਾਂ ਨੂੰ ਅਮਲੀ ਜੀਵਨ ਵਿਚ ਲਾਗੂ ਕਰਨਾ, ਕਰਵਾਉਣਾ ਹੈ। ਇਸ ਪੁਸਤਕ ਵਿਚ ਪੇਸ਼ ਵਿਚਾਰ ਜੇਕਰ ਮਨ ਵਿਚ ਧਾਰਨ ਕਰਕੇ ਨਿੱਤ ਜੀਵਨ ਕਾਰਜਾਂ ਵਿਚ ਗ੍ਰਹਿਣ ਕਰ ਵਰਤੇ ਜਾਣ ਤਾਂ ਮਾਨਵ, ਮਾਨਵ ਬਣਿਆ ਰਹਿ ਸਕਦਾ ਹੈ, ਦਾਨਵ ਨਹੀਂ ਬਣਦਾ। ਮਾਨਵ ਉਹ ਹੈ, ਜੋ ਸੱਚ ਪਾਲਦਾ ਹੈ, ਸੱਚ ਬਣਨ ਦਾ ਯਤਨ ਕਰਦਾ ਹੈ, ਜਿਸ ਵਿਚ ਪਿਆਰ, ਸਹਾਨ-ਭੂਤੀ, ਦਇਆ, ਸਹਿਣਸ਼ੀਲਤਾ, ਸਰੀਰਕ ਤੇ ਮਾਨਸਿਕ ਪਾਕੀਜ਼ਗੀ ਹੈ। ਜਿਸ ਦੀ ਸੋਚ ਉਸਾਰੂ ਹੈ। 'ਮਾਨਵ ਜੀਵਨ ਵਿਚ ਦੁੱਖ, ਸੰਤਾਪ, ਨਰਕ, ਆਤੰਕ ਮਨੁੱਖ ਨੇ ਹੀ ਵੰਡਿਆ ਹੈ। ਜ਼ੁਲਮ, ਆਤੰਕ, ਹਿੰਸਾ, ਮਨੁੱਖ ਦੀ ਦੇਣ ਹੈ। ਲਾਲਚ, ਹੰਕਾਰ, ਕਾਮ ਕ੍ਰੋਧ ਮੋਹ ਦੇ ਭਿਅੰਕਰ ਵਰਤਾਰੇ, ਪਸ਼ੂ ਬਣ ਮਨੁੱਖ ਹੀ ਤਾਂ ਕਰਦੇ ਹਨ। ਮਨੁੱਖੀ ਜੀਵਨ ਇਸੇ ਲਈ ਧੁੰਦਲਾ ਹੈ।
* ਖੁਸ਼ੀ ਪ੍ਰਾਪਤੀ ਤਾਂ ਸੰਭਵ ਹੈ, ਜਦ ਅਸੀਂ ਆਪ ਗ਼ਲਤੀਆਂ ਕਰਨ ਤੋਂ ਪਹਿਲਾਂ, ਆਪਣੇ ਅੰਦਰ ਸੱਚ ਹੱਕ, ਫਰਜ਼ ਅਤੇ ਲੋਕ-ਹੇਤ ਦੀ ਭਾਵਨਾ ਜਗਾ ਲੈਂਦਾ ਹਾਂ।
* ਜ਼ਿੰਦਗੀ ਦਾ ਮਨੋਰਥ, ਜੀਓ ਤੇ ਜੀਣ ਦਿਓ ਹੈ, ਸੱਚ ਦੀ ਢੂੰਡ ਕਰਨਾ ਹੈ। ਹੱਕ ਲਈ ਲੜਨਾ ਹੈ। ਸਹਿਜ ਸੁਹਜ ਨਾ ਪਰ ਉਪਕਾਰ ਕਮਾਉਣਾ ਹੈ।
* ਜ਼ਿੰਦਗੀ ਵਿਚ ਹੱਕ ਪ੍ਰਾਪਤ ਕਰਨ ਲਈ ਆਪਣੇ ਫ਼ਰਜ਼ਾਂ ਨੂੰ ਚੇਤੇ ਕਰਕੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣਾ ਹੈ।
ਉਪਰੋਕਤ ਸੁੱਖ-ਸੁਨੇਹੇ, ਅਟੱਲ ਵਚਨ, ਗੁਰੂ ਸਾਹਿਬਾਨ ਦੇ ਵਾਕ, ਇਸ ਪੁਸਤਕ ਵਿਚ ਭਰੇ ਮਿਲਦੇ ਹਨ ਪਰ ਬਿੱਲੀ ਦੇ ਗਲ ਟੱਲੀ ਕੌਣ ਪਾਊ? ਇਨ੍ਹਾਂ ਉੱਪਰ ਅਮਲ ਕਰਕੇ ਹੀ ਅਸੀਂ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਲੇ ਗੁਰੂ-ਵਾਕਾਂ, ਫ਼ਰਮਾਨਾਂ 'ਤੇ ਅਮਲ ਤਾਂ ਕਰ ਸਕਦੇ ਹਾਂ, ਜੇਕਰ ਅਸੀਂ ਇਨਸਾਨ ਬਣੇ ਰਹੀਏ, ਹੈਵਾਨ ਨਾ ਬਣੀਏ। ਲੇਖਕ ਨੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ।

-ਡਾ: ਅਮਰ ਕੋਮਲ
ਮੋ: 084378-73565.

ਨਾਦ
ਲੇਖਕ : ਬੇਅੰਤ ਕੌਰ ਗਿੱਲ
ਪ੍ਰਕਾਸ਼ਕ : ਪ੍ਰੀਤ ਪ੍ਰਕਾਸ਼ਨ, ਨਾਭਾ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94656-06210.

ਬੇਅੰਤ ਕੌਰ ਗਿੱਲ ਪੰਜਾਬੀ ਕਵਿਤਾ ਦੇ ਖੇਤਰ ਵਿਚ ਅਸਲੋਂ ਨਵਾਂ ਨਾਂਅ ਹੈ। ਨਾਦ ਉਸ ਦੀ ਪਲੇਠੀ ਕਾਵਿ ਪੁਸਤਕ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਮਨੁੱਖੀ ਵਲਵਲਿਆਂ ਨੂੰ ਕਾਵਿਕ ਜ਼ਬਾਨ ਦਿੰਦੀਆਂ ਹਨ। ਬੇਅੰਤ ਦੀ ਕਵਿਤਾ ਜੀਵਨ ਦੇ ਬਹੁਦਿਸ਼ਾਵੀ ਪਸਾਰ ਦੀ ਕਵਿਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮੁਹੱਬਤ ਦੇ ਨਿੱਕੇ-ਨਿੱਕੇ ਅਹਿਸਾਸ ਵੀ ਹਨ ਤੇ ਸਮਾਜੀ ਚੌਗਿਰਦੇ ਵਿਚ ਫੈਲੀਆਂ ਵਿਸੰਗਤੀਆਂ ਦੀ ਦਾਸਤਾਨ ਵੀ ਹੈ। ਸ਼ਾਇਰਾ ਦੇ ਮਨ ਵਿਚ ਅਨੇਕ ਵਲਵਲੇ ਹਨ ਜੋ ਕਵਿਤਾ ਵਿਚ ਆਉਣ ਲਈ ਉਤਾਵਲੇ ਹਨ।
ਦਿਲ ਕਰਦਾ ਇਕ ਗੀਤ ਲਿਖਾਂ
ਪੋਹ ਵਰਗਾ ਠੰਢਾ ਸੀਤ ਲਿਖਾਂ
ਦਿਲ ਕਰਦਾ ਇਕ ਦੁੱਖ ਲਿਖਾਂ
ਬੱਦਲਾਂ ਤੋਂ ਡਰਦੀ ਧੁੱਪ ਲਿਖਾਂ
ਅਨੇਕ ਕਵਿਤਾਵਾਂ ਵਿਚ ਮੁਹੱਬਤ ਦੇ ਸੰਜੋਗ ਵਿਯੋਗ ਦੇ ਭਾਵ ਪੇਸ਼ ਹੋਏ ਹਨ। ਮੁਹੱਬਤ ਦੇ ਗਿਲੇ ਸ਼ਿਕਵੇ ਹਨ ਕਵਿਤਾਵਾਂ ਨੂੰ ਵਧੇਰੇ ਸੁਹਜਮਈ ਤੇ ਭਾਵਨਾਤਮਕ ਬਣਾਉਂਦੇ ਹਨ।
ਦਿਲ ਵਾਲਿਆ
ਰੂਹਾਂ ਨੂੰ ਕੈਦ ਕਰ ਲੈ
ਮੇਰੀ ਸੋਚ ਦੇ
ਤਿੜਕ ਨਾ ਜਾਣ ਮਣਕੇ
ਤੇਰੀ ਦੀਦ ਨੂੰ ਤਰਸਦੇ ਨੈਣ ਮੇਰੇ।
ਇਸ ਸੰਗ੍ਰਹਿ ਵਿਚ ਬਹੁਤ ਸਾਰੀਆਂ ਨਿੱਕੀਆਂ ਕਵਿਤਾਵਾਂ ਸ਼ਾਮਿਲ ਹਨ ਜਿਨ੍ਹਾਂ ਵਿਚ ਲੇਖਕਾ ਨਿੱਕੇ-ਨਿੱਕੇ ਅਹਿਸਾਸਾਂ ਨੂੰ ਕਵਿਤਾ ਵਿਚ ਪਰੋ ਕੇ ਪੇਸ਼ ਕਰਦੀ ਹੈ। ਇਨ੍ਹਾਂ ਨਿੱਕੀਆਂ ਕਵਿਤਾਵਾਂ ਵਿਚ ਵੀ ਉਹ ਜੀਵਨ ਦੇ ਵਿਭਿੰਨ ਵਸਤੂ ਵਰਤਾਰਿਆਂ ਨੂੰ ਪੇਸ਼ ਕਰਦੀ ਹੈ।
ਨਸ਼ਾ ਖਾ ਗਿਆ
ਜਵਾਨ ਪੁੱਤ ਗੱਭਰੂ
ਮਾਪਿਆਂ ਨੂੰ
ਗ਼ਮ ਖਾ ਗਿਆ....
ਇਸ ਤਰ੍ਹਾਂ ਇਸ ਸੰਗ੍ਰਹਿ ਵਿਚ ਬੇਅੰਤ ਦੀ ਸ਼ਾਇਰੀ ਅਨੇਕ ਰੰਗਾਂ ਵਿਚ ਪੇਸ਼ ਹੁੰਦੀ ਹੈ। ਉਮੀਦ ਹੈ ਪਾਠਕ ਇਸ ਕਵਿਤਾ ਨੂੰ ਜੀ ਆਈਆਂ ਕਹਿਣਗੇ।

-ਡਾ: ਅਮਰਜੀਤ ਕੌਂਕੇ।
 

29-06-2019

 ਛਾਵਾਂ ਮੁੱਕਰ ਗਈਆਂ
ਲੇਖਕ : ਗੁਰਦੀਪ ਗਿੱਲ
ਪ੍ਰਕਾਸ਼ਕ : ਭੌਰ ਪਬਲੀਕੇਸ਼ਨਜ਼, ਕਪੂਰਥਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98760-33644.

ਪਹਿਲਾਂ ਹੀ ਪੰਜਾਬੀ ਸਾਹਿਤ ਦੀ ਝੋਲੀ ਤਿੰਨ ਕਿਤਾਬਾਂ ਪਾਉਣ ਵਾਲਾ ਗੁਰਦੀਪ ਗਿੱਲ ਪ੍ਰਗੀਤਕ ਸ਼ਾਇਰੀ ਦਾ ਇਕ ਗੂੜ੍ਹਾ ਹਸਤਾਖ਼ਰ ਹੈ। ਸ਼ਾਇਰ ਦੇ ਸੰਗੀ ਸਾਥੀਆਂ ਅਤੇ ਸ਼ਾਇਰ ਦੇ ਸਵੈ ਕਥਨ ਤੋਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਸ਼ਾਇਰ ਸ਼ਾਇਰੀ ਅਤੇ ਨਿੱਜੀ ਜ਼ਿੰਦਗੀ ਵਿਚ ਸੂਫ਼ੀਆਨੀ ਰੰਗਣ ਦੀ ਆਉਧ ਹੰਢਾ ਰਿਹਾ ਹੈ। ਹਰੇਕ ਨਜ਼ਮ ਦੇ ਰਚਨਾਕਾਲ ਲਈ ਉਹ ਤਰੀਕ ਅਤੇ ਸਮਾਂ ਵੀ ਲਿਖਦਾ ਹੈ। ਇਹ ਨਜ਼ਮਾਂ 2018 ਵਿਚ ਲਿਖੀਆਂ ਗਈਆਂ ਹਨ ਅਤੇ ਇਸ ਕਾਲ ਵਿਚ ਭਗਵੇਂਕਰਨ ਦੀ ਆੜ ਵਿਚ ਘੱਟ-ਗਿਣਤੀਆਂ ਨੇ ਜੋ ਸੰਤਾਪ ਭੋਗਿਆ ਹੈ, ਉਸ ਦਾ ਕਿਤੇ ਜ਼ਿਕਰ ਹੀ ਨਹੀਂ ਹੈ। ਸ਼ਾਇਰ ਆਪਣੇ ਸਮਕਾਲ ਦਾ ਇਤਿਹਾਸਕਾਰ ਵੀ ਤਾਂ ਹੁੰਦਾ ਹੈ। ਸ਼ਾਇਰ ਬਾਬੇ ਤੋਂ ਅਜਿਹੀ ਇਕ ਕੋਠੜੀ ਦੀ ਮੰਗ ਕਰਦਾ ਹੈ, ਜਿਥੇ ਬੈਠ ਕੇ ਉਹ ਸਿਮਰਨ ਕਰ ਸਕੇ। ਅਧਿਆਤਮਕਤਾ ਨਿੱਜੀ ਆਸਥਾ ਦਾ ਕਾਰਨ ਹੈ ਪਰ ਜਦੋਂ ਉਸ ਨੂੰ ਸਾਧਾਰਨੀਕਰਨ ਦੀ ਕੁਠਾਲੀ ਵਿਚ ਢਾਲ ਕੇ ਪਰਖਿਆ ਜਾਂਦਾ ਹੈ ਤਾਂ ਤਰਕ ਕਾਫੂਰ ਹੋ ਜਾਂਦਾ ਹੈ। ਸ਼ਾਇਰ ਦੀ ਸ਼ਾਇਰੀ ਕਿਸੇ ਵੀ ਵਾਦ ਤੋਂ ਮੁਕਤ ਹੈ ਪਰ ਕਿਹੜਾ ਵਾਦ ਜਨ ਸਾਧਾਰਨ ਦੀ ਕਾਇਆ ਕਲਪ ਕਰੇਗਾ, ਇਹ ਸ਼ਾਇਰ ਨੂੰ ਸਮਝ ਲੈਣਾ ਚਾਹੀਦਾ ਹੈ। ਉਸ ਦੀ ਸ਼ਾਇਰੀ ਵਿਚ ਵੱਖ-ਵੱਖ ਫੁਰਨਿਆਂ ਦੇ 'ਫਲੈਸ਼' ਪੈਂਦੇ ਹਨ ਤੇ ਇਹ ਵੱਖੋ-ਵੱਖਰੇ ਰੰਗ ਸ਼ਾਇਰੀ ਦਾ ਵੱਖਰਾ ਗੁਲਦਸਤਾ ਪੇਸ਼ ਕਰਨ ਵਿਚ ਕਾਮਯਾਬ ਰਹਿੰਦੇ ਹਨ। ਸ਼ਾਇਰ ਹੋਰ ਸ਼ਾਇਰਾਂ 'ਤੇ ਤਨਜ਼ ਕਰਦਾ ਹੈ ਕਿ ਸ਼ਾਇਰੀ ਵਿਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਨ ਪਰ ਜਦੋਂ ਸ਼ਾਇਰ ਖ਼ੁਦ ਰਿਦਮ, ਬੈਲੈਂਸ ਅਤੇ ਚੈਲੰਜ ਵਰਗੇ ਸ਼ਬਦ ਵਰਤਦਾ ਹੈ ਤਾਂ ਇਹ ਆਪਾ ਵਿਰੋਧੀ ਵਰਤਾਰਾ ਹੋ ਨਿਬੜਦਾ ਹੈ। ਮੈਂ ਸ਼ਾਇਰ ਦੀ ਸ਼ਾਇਰੀ ਦੀ ਰਵਾਨਗੀ ਨੂੰ ਸਲਾਮ ਕਰਦਾ ਹਾਂ ਤੇ ਨਿਕਟ ਭਵਿੱਖ ਵਿਚ ਸ਼ਾਇਰ ਹੋਰ ਪੁਖਤਗੀ ਦਿਖਾਏ, ਇਹ ਮੇਰੀ ਦੁਆ ਹੈ। ਆਮੀਨ!

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਪਿੰਡ ਰੰਗੂਵਾਲ
ਦਾ ਸੰਖੇਪ ਇਤਿਹਾਸ
ਲੇਖਕ : ਮਾਸਟਰ ਨਗਿੰਦਰ ਸਿੰਘ ਰੰਗੂਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-98459.

ਪਿੰਡ ਰੰਗੂਵਾਲ ਲੁਧਿਆਣਾ ਸ਼ਹਿਰ ਤੋਂ ਤੀਹ ਕੁ ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ। ਇਸ ਪੁਸਤਕ ਵਿਚ ਰੰਗੂਵਾਲ ਦੇ ਸੰਖੇਪ ਇਤਿਹਾਸ ਅਤੇ ਵਿਕਾਸ 'ਤੇ ਝਾਤ ਪੁਆਈ ਗਈ ਹੈ। ਪਿੰਡ ਦੀ ਮੋਹੜੀ 1834 ਈ: ਵਿਚ ਖੰਗੂੜਿਆਂ ਨੇ ਗੱਡੀ ਸੀ। ਪਿੰਡ ਦਾ ਕੁੱਲ ਰਕਬਾ 3200 ਵਿੱਘੇ ਦਾ ਹੈ। ਪਿੰਡ ਦਾ ਪਹਿਲਾ ਗੁਰਦੁਆਰਾ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਪ੍ਰੇਰਨਾ ਨਾਲ 1919 ਈ: ਵਿਚ ਬਣਿਆ। ਸੰਨ 1960 ਵਿਚ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ। ਵਧੀਆ ਗੱਲ ਇਹ ਹੈ ਕਿ ਇਸ ਪਿੰਡ ਵਿਚ ਇਕ ਹੀ ਗੁਰਦੁਆਰਾ ਹੈ, ਜੋ ਸਭ ਦਾ ਸਾਂਝਾ ਹੈ। ਪਿੰਡ ਵਿਚ ਪਹਿਲਾ ਸਕੂਲ 1910 ਈ: ਵਿਚ ਬਣਿਆ। ਪਿੰਡ ਵਿਚ ਬਿਜਲੀ 1974 ਈ: ਵਿਚ ਆਈ।
ਲੇਖਕ ਨੇ ਬਹੁਤ ਸਰਲ ਅਤੇ ਦਿਲਚਸਪ ਢੰਗ ਨਾਲ ਪੇਂਡੂ ਜੀਵਨ ਦੇ ਬਿਰਤਾਂਤ ਦਿੱਤੇ ਹਨ। ਪਿੰਡ ਦੀਆਂ ਹੱਟੀਆਂ, ਭੱਠੀਆਂ, ਸਿਹਤ ਸੇਵਾਵਾਂ, ਮਨਪ੍ਰਚਾਵੇ ਦੇ ਸਾਧਨ, ਵੱਗ, ਹਵੇਲੀਆਂ, ਅਮਨ ਕਾਨੂੰਨ, ਆਰਥਿਕ ਹਾਲਤ, ਸਮਾਜਿਕ ਭਾਈਚਾਰਾ, ਰਾਜਸੀ ਗਤੀਵਿਧੀਆਂ, ਸੰਚਾਰ ਸਾਧਨ, ਰਸਮ-ਰਿਵਾਜਾਂ ਅਤੇ ਅੰਧ-ਵਿਸ਼ਵਾਸਾਂ ਬਾਰੇ ਰੌਚਿਕ ਜਾਣਕਾਰੀ ਦਿੱਤੀ ਹੈ। ਪਿੰਡ ਦੇ ਕੁਝ ਮੁਹਤਬਰ ਵਿਅਕਤੀਆਂ ਦੇ ਨਾਂਅ ਅਤੇ ਤਸਵੀਰਾਂ ਵੀ ਦਿੱਤੀਆਂ ਹਨ। ਇਹ ਪੁਸਤਕ ਪੇਂਡੂ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੈ। ਪਿੰਡਾਂ ਦੇ ਸਾਦ-ਮੁਰਾਦੇ ਭੋਲੇ-ਭਾਲੇ ਲੋਕ ਬਹੁਤ ਭਲੇ ਲਗਦੇ ਹਨ। ਉਨ੍ਹਾਂ ਦੀਆਂ ਲੋੜਾਂ ਵੀ ਸੀਮਤ ਹੁੰਦੀਆਂ ਹਨ। ਪਰ ਸਮੇਂ ਦੇ ਨਾਲ ਹੁਣ ਬਹੁਤ ਬਦਲਾਅ ਆ ਗਿਆ ਹੈ। ਸੁਨਿਆਰਾਂ, ਲੁਹਾਰਾਂ, ਤਰਖਾਣਾਂ ਅਤੇ ਹਟਵਾਣੀਆਂ ਨੇ ਆਪਣੇ ਪਿਤਾ ਪੁਰਖੀ ਕਿੱਤੇ ਛੱਡ ਕੇ ਹੋਰ ਧੰਦੇ ਅਪਣਾ ਲਏ ਹਨ। ਲੇਖਕ ਦੇ ਪਿੰਡ ਵਿਚ ਹੁਣ ਮਰਾਸੀ, ਝਿਉਰ, ਜੁਲਾਹੇ, ਤੇਲੀ ਆਦਿ ਨਹੀਂ ਰਹੇ। ਕਿੱਤਾਕਾਰ ਅਲੋਪ ਹੋ ਗਏ ਹਨ। ਗ਼ਰੀਬੀ ਵਿਚ ਵੀ ਸ਼ੁਕਰ ਕਰਨ ਵਾਲੇ ਅਤੇ ਖੁਸ਼ ਰਹਿਣ ਵਾਲੇ ਕਿਸਾਨ ਹੁਣ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਸਮੁੱਚੇ ਤੌਰ 'ਤੇ ਇਹ ਇਕ ਜਾਣਕਾਰੀ ਭਰਪੂਰ ਦਿਲਚਸਪ ਪੁਸਤਕ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਬੁੱਢੇ ਥੇਹ ਦੀ ਹੂਕ
ਸੰਨ 1947
ਸੰਪਾਦਕ : ਡਾ: ਇਕਬਾਲ ਕੌਰ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 96462-37373.

1947 ਈ: ਦੇ ਦੇਸ਼ ਵਿਭਾਜਨ ਸਮੇਂ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ-ਸਿੱਖਾਂ ਅਤੇ ਭਾਰਤੀ ਪੰਜਾਬ ਵਿਚ ਰਹਿਣ ਵਾਲੇ ਮੁਸਲਮਾਨਾਂ ਦਾ ਜਿਸ ਵਿਆਪਕ ਪੱਧਰ ਉੱਪਰ ਕਤਲੇਆਮ ਅਤੇ ਲੁੱਟ-ਖੋਹ ਹੋਈ, ਉਸ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਮੁਲਕ ਦੇ ਇਤਿਹਾਸ ਵਿਚੋਂ ਲੱਭਣੀ ਔਖੀ ਹੈ। ਹਥਲੀ ਪੁਸਤਕ ਵਿਚ ਡਾ: ਇਕਬਾਲ ਕੌਰ (ਸੌਂਧ) ਨੇ 1947 ਈ: ਦੇ ਨਰਸੰਘਾਰ ਦੀਆਂ ਕੁਝ ਹਿਰਦੇਵੇਧਕ ਝਾਕੀਆਂ ਬਾਰੇ ਲਿਖੀਆਂ 35 ਕਹਾਣੀਆਂ ਨੂੰ ਸੰਗ੍ਰਹਿਤ ਕੀਤਾ ਹੈ। ਕਹਾਣੀਕਾਰਾਂ ਵਿਚ ਪ੍ਰਿੰ: ਸੁਜਾਨ ਸਿੰਘ, ਡਾ: ਜੋਗਿੰਦਰ ਸਿੰਘ ਕੈਰੋਂ, ਸ੍ਰੀ ਅਤਰਜੀਤ, ਮੁਖ਼ਤਾਰ ਗਿੱਲ, ਮਨਮੋਹਨ ਬਾਸਰਕੇ, ਪ੍ਰੋ: ਕਿਰਪਾਲ ਸਿੰਘ ਯੋਗੀ, ਮਨਮੋਹਨ ਸਿੰਘ ਦਾਊਂ ਅਤੇ ਡਾ: ਇਕਬਾਲ ਕੌਰ ਵਰਗੇ ਕੁਝ ਸਥਾਪਤ ਅਤੇ ਸਿੱਧਹਸਤ ਨਾਂਅ ਵੀ ਹਨ ਅਤੇ ਪ੍ਰਿੰ: ਸੇਵਾ ਸਿੰਘ ਕੌੜੇ, ਮਧੂ ਭਾਸਕਰ, ਰਮੇਸ਼ ਝਬਾਲ, ਵਰਿਆਮ ਸਿੰਘ ਚੌਹਾਨ, ਗੁਰਮੇਜ ਸਿੰਘ ਢਿੱਲੋਂ, ਇੰਦਰਾ ਵਿਰਕ, ਹਰਸਿਮਰਨ ਕੌਰ, ਗੁਰਦਿਆਲ ਸਿੰਘ ਬੱਲ ਅਤੇ ਪ੍ਰੋ: ਕਰਨੈਲ ਸਿੰਘ ਥਿੰਦ ਵਰਗੇ ਅਜਿਹੇ ਮਾਨਵਵਾਦੀ ਲੇਖਕ ਵੀ ਹਨ। ਜਿਨ੍ਹਾਂ ਨੇ ਭਾਵੇਂ ਬਹੁਤੀਆਂ ਕਹਾਣੀਆਂ ਦੀ ਰਚਨਾ ਨਹੀਂ ਕੀਤੀ ਪਰ ਤਾਂ ਵੀ ਉਨ੍ਹਾਂ ਦੀਆਂ ਰਚਨਾਵਾਂ ਦਾ ਦਸਤਾਵੇਜ਼ੀ ਮਹੱਤਵ ਜ਼ਰੂਰ ਹੈ।
ਡਾ: ਇਕਬਾਲ ਕੌਰ ਨੇ ਇਸ ਸੰਗ੍ਰਹਿ ਦਾ ਸੰਪਾਦਨ ਕਰਕੇ ਪਿਤਰੀ-ਰਿਣ ਨੂੰ ਉਤਾਰਿਆ ਹੈ। ਉਸ ਦੇ ਬਜ਼ੁਰਗ ਮਾਨਵਪੱਖੀ ਕਦਰਾਂ-ਕੀਮਤਾਂ ਦੇ ਝੰਡਾ ਬਰਦਾਰ ਰਹੇ ਹਨ। ਉਹ ਚਾਹੁੰਦੀ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੀ ਪੁਨਰ-ਸਥਾਪਨਾ ਕੀਤੀ ਜਾਵੇ ਤਾਂ ਜੋ ਮਾਨਵਤਾ ਦਾ ਭਵਿੱਖ ਉੱਜਲ ਹੋ ਸਕੇ, ਪਰ ਅਸੀਂ ਉਨ੍ਹਾਂ ਰਾਜਸੀ ਨੇਤਾਵਾਂ, ਨਵਕੁਬੇਰਾਂ ਅਤੇ ਭ੍ਰਿਸ਼ਟਾਚਾਰ ਵਿਚ ਲਿਪਤ ਵਰਗਾਂ ਦਾ ਕੀ ਕਰਾਂਗੇ, ਜੋ ਹਿੰਸਾ ਅਤੇ ਜ਼ੁਲਮ ਦੇ ਪੁਜਾਰੀ ਹਨ ਜੋ ਹਰ ਸਮੇਂ ਨਫ਼ਰਤ ਅਤੇ ਦੂਈ-ਦਵੈਤ ਦਾ ਪਾਠ ਪੜ੍ਹਾਉਂਦੇ ਰਹਿੰਦੇ ਹਨ? ਸਾਨੂੰ ਮੁਹੱਬਤ, ਸਦਭਾਵਨਾ ਅਤੇ ਮਨੁੱਖੀ ਸੰਵੇਦਨਾ ਦੇ ਬੀਜ ਬਹੁਤ ਡੂੰਘੇ ਬੀਜਣੇ ਪੈਣਗੇ, ਹਥਲੀ ਪੁਸਤਕ ਇਸ ਮੰਤਵ ਲਈ ਸਹਾਇਕ ਸਿੱਧ ਹੋ ਸਕਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕੁਦਰਤ ਦੀ ਕਾਇਨਾਤ
ਲੇਖਕ : ਡਾ: ਮਨਜੀਤ ਸਿੰਘ ਬੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 170
ਸੰਪਰਕ : 98728-43491.

ਡਾਕਟਰ ਮਨਜੀਤ ਸਿੰਘ ਬੱਲ ਕਿੱਤੇ ਵਜੋਂ ਸਰੀਰਕ ਰੋਗਾਂ ਦੀ ਪਰਖ ਪੜਤਾਲ ਕਰ ਕੇ ਲੋਕਾਂ ਨੂੰ ਭਿਅੰਕਰ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਇਹ ਕਾਰਜ ਕਰਨ ਵਾਲੇ ਡਾਕਟਰਾਂ ਨੂੰ ਪੜ੍ਹਾ ਕੇ ਹੋਰ ਵਡੇਰੇ ਕਾਰਜ ਕਰ ਕੇ ਵੀ ਸੰਤੁਸ਼ਟ ਨਾ ਹੋਇਆ ਤਾਂ ਉਸ ਨੇ ਰੋਗਾਂ ਤੇ ਉਨ੍ਹਾਂ ਤੋਂ ਬਚਾਅ ਵਾਸਤੇ ਲੇਖ, ਕਿਤਾਬਾਂ ਲਿਖਣ ਦਾ ਉਪਰਾਲਾ ਕੀਤਾ। ਸੰਵੇਦਨਸ਼ੀਲ ਮਨ ਵਾਲੇ ਬੱਲ ਅੰਦਰ ਕਲਾਕਾਰ ਵਾਲੀ ਸਿਰਜਣਾਤਮਕਤਾ ਹੈ ਜੋ ਬਹੁਪੱਖੀ ਹੈ। ਗਾਇਕ, ਸੰਗੀਤ ਵਾਦਕ, ਅਦਾਕਾਰ, ਫ਼ਿਲਮਕਾਰ, ਕਵੀ ਤੇ ਕਹਾਣੀਕਾਰ ਉਹ ਕਈ ਕੁਝ ਹੈ। ਇਸ ਲਈ ਉਹ ਰੋਗਾਂ ਬਾਰੇ ਲਿਖੇ ਜਾਂ ਉਂਜ ਕੁਝ ਲਿਖੇ ਬੋਲੇ ਤਾਂ ਉਸ ਅੰਦਰਲੀ ਬਹੁਪੱਖੀ ਸਿਰਜਣਾ ਸੰਗਠਿਤ ਹੋ ਕੇ ਪਾਠਕ, ਸਰੋਤਿਆਂ ਨੂੰ ਪ੍ਰਭਾਵਿਤ ਕਰਦੀ ਹੈ। ਕੁਦਰਤ ਦੀ ਕਾਇਨਾਤ ਉਸ ਦੀ ਵਾਰਤਕ ਪੁਸਤਕ ਹੈ, ਜਿਸ ਦੇ ਵਿਸ਼ਿਆਂ ਦੀ ਰੇਂਜ, ਸ਼ੈਲੀ, ਸਮੱਗਰੀ, ਸਾਰਥਕਤਾ ਤੇ ਸੁਹਜ ਉਸ ਨੂੰ ਇਕ ਪੜ੍ਹਨਯੋਗ ਵਾਰਤਾਕਾਰ ਵਜੋਂ ਸਥਾਪਤ ਕਰਦੇ ਹਨ।
ਦੇਸ਼-ਵਿਦੇਸ਼ ਦੇ ਪਿੰਡਾਂ, ਕਸਬਿਆਂ, ਨਗਰਾਂ ਮਹਾਂਨਗਰਾਂ ਦੇ ਭਾਂਤ-ਸੁਭਾਂਤੇ ਖੱਟੇ-ਮਿੱਠੇ ਅਭੁੱਲ ਅਨੁਭਵਾਂ ਉੱਤੇ ਉਸਰੀ ਇਸ ਵਾਰਤਕ ਵਿਚ ਕਹਾਣੀ ਵਰਗੀ ਰੌਚਿਕਤਾ ਹੈ, ਪਾਠਕਾਂ ਨੂੰ ਕੁਝ ਨਵਾਂ ਦੱਸ ਕੇ ਸਾਰਥਕ ਸੋਚ ਦੇ ਲੜ ਲਾਉਣ ਦੀ ਇੱਛਾ ਹੈ ਤੇ ਉਨ੍ਹਾਂ ਦੇ ਸੁਹਜ ਤ੍ਰਿਪਤੀ ਦੀ ਸਮਰੱਥਾ ਹੈ। ਕੁਦਰਤ ਤੇ ਕਾਇਨਾਤ ਨੂੰ ਅਸੀਂ ਵੇਖ ਕੇ ਵੀ ਨਹੀਂ ਵੇਖਦੇ। ਬੱਲ ਇਸ ਨੂੰ ਵੇਖਦਾ ਹੈ ਤੇ ਵੇਖਣ ਵਿਖਾਉਣ ਲਈ ਸਾਹਿਤਕ ਜੁਗਤਾਂ ਦਾ ਸਫ਼ਲ ਪ੍ਰਯੋਗ ਕਰਦਾ ਹੈ। ਹਿਮਾਚਲ, ਸਿੰਗਾਪੁਰ, ਜੰਮੂ-ਕਸ਼ਮੀਰ, ਮੈਲਬੌਰਨ, ਕੈਲੀਫੋਰਨੀਆ, ਢਾਕਾ, ਟੋਰਾਂਟੋ, ਨਿਪਾਲ, ਮਿਸ਼ੀਗਨਂਉਹ ਪਾਠਕ ਨੂੰ ਹਰ ਥਾਂ ਦਾ ਭਰਪੂਰ ਨਜ਼ਾਰਾ ਪਰੋਸਦਾ ਹੈ।
ਸ੍ਰੀਰਾਮ ਲਾਗੂ, ਨਕਸ਼ ਲਾਇਲਪੁਰੀ ਤੇ ਨਰਿੰਜਨ ਤਸਨੀਮ ਨਾਲ ਮੁਲਾਕਾਤਾਂ ਵੀ ਇਸ ਪੁਸਤਕ ਵਿਚ ਅੰਕਿਤ ਹਨ। ਕੋਟਲਾ ਸੁਲਤਾਨ ਸਿੰਘ, ਮੁਹੰਮਦ ਰਫ਼ੀ ਦੇ ਪਿੰਡ ਦੀ ਗੇੜੀ ਮਰਵਾਉਂਦੀ ਰਚਨਾ ਹੈ। ਮੀ-ਟੂ ਦੇ ਸ਼ੋਰ ਵਿਚ ਕਈ ਵਾਰ ਪੁਰਸ਼ ਨਾਰੀ ਦੀ ਬਲੈਕ ਮੇਲਿੰਗ ਦਾ ਵੀ ਸ਼ਿਕਾਰ ਹੋ ਸਕਦਾ ਹੈ। ਅਜਿਹੀ ਇਕ ਖ਼ਤਰਨਾਕ ਸਥਿਤੀ ਦਾ ਜ਼ਿਕਰ ਹੀ ਮੀ-ਟੂ ਐਟ ਨਾਸਿਕ ਵਿਚ। ਥਾਂ-ਥਾਂ ਰੰਗ ਬਰੰਗੀਆਂ ਸ਼ਖ਼ਸੀਅਤਾਂ ਦਾ ਕੋਲਾਜ਼ ਹੈ। ਮੱਧ ਵਰਗ, ਨਿਮਨ ਵਰਗ ਵਾਲੀ ਆਰਥਿਕ ਸਥਿਤੀ, ਨਿਮਰਤਾ, ਫ਼ਰਜ਼ ਸਨਾਸੀ ਤੇ ਮਿਹਨਤ ਨਾਲ ਕਠਿਨ ਹਾਲਾਤ ਦਾ ਸਾਹਮਣਾ ਕਰਦਾ ਬੱਲ ਇਨ੍ਹਾਂ ਰਚਨਾਵਾਂ ਵਿਚ ਸਾਡੇ ਰੂਬਰੂ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

23-06-2019

  ਸਫ਼ਲਤਾ ਦਾ ਮੂਲ ਮੰਤਰ
ਸਾਂਝ ਕਰੀਜੈ ਗੁਣਹ ਕੇਰੀ
ਲੇਖਕ : ਪ੍ਰੋ: ਤਰਸੇਮ ਨਰੂਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 115
ਸੰਪਰਕ : 94638-31245.

ਪ੍ਰੋ: ਨਰੂਲਾ ਦੀ ਇਸ ਪੁਸਤਕ ਵਿਚ ਸੁਚੱਜੀ ਜੀਵਨ ਜਾਂਚਬਾਰੇ 17 ਉਪਦੇਸ਼ਾਤਕ, ਪ੍ਰੇਰਣਾਦਾਇਕ, ਜਾਣਕਾਰੀ ਭਰਪੂਰ ਨਿਬੰਧ ਸ਼ਾਮਿਲ ਹਨ | ਇਨ੍ਹਾਂ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਲੇਖਕ ਦਾ ਅਨੁਭਵ ਅਤੇ ਅਧਿਐਨ ਵਿਸ਼ਾਲ ਹੈ | ਉਸ ਨੇ ਭਾਰਤ ਅਤੇ ਵਿਸ਼ਵ ਦੇ ਵੱਖ-ਵੱਖ ਸਾਹਿਤਕਾਰਾਂ, ਵਿਗਿਆਨੀਆਂ, ਰਾਜਨੀਤਕ ਸ਼ਖ਼ਸੀਅਤਾਂ, ਧਾਰਮਿਕ ਵਿਅਕਤੀਆਂ, ਵੱਖ-ਵੱਖ ਧਰਮਾਂ ਦਾ ਅਧਿਐਨ ਕੀਤਾ ਹੋਇਆ ਹੈ |
ਗੁਰਮਤਿ ਕਾਵਿ ਦਾ ਉਸ ਉੱਪਰ ਅਮਿੱਟ ਪ੍ਰਭਾਵ ਹੈ | ਇਹ ਸਾਰੇ ਪੱਖ ਉਸ ਦੇ ਨਿਬੰਧ ਨੂੰ ਸਮੱਗਰੀ ਪ੍ਰਦਾਨ ਕਰਦੇ ਹਨ | ਉਹ ਅਜਿਹੀਆਂ ਸਿੱਖਿਆਵਾਂ ਪਾਠਕਾਂ ਨੂੰ ਪ੍ਰਦਾਨ ਕਰਦਾ ਹੈ—ਮਸਲਨ : ਇਕ ਦਿ੍ੜ੍ਹ-ਵਿਸ਼ਵਾਸੀ, ਆਤਮ ਵਿਸ਼ਵਾਸੀ ਵਿਅਕਤੀ ਸੰਸਾਰ ਨੂੰ ਆਪਣੇ ਅਨੁਸਾਰ ਢਾਲਣ ਦੇ ਸਮਰੱਥ ਹੁੰਦਾ ਹੈ, ਧਰਮ ਹਰ ਬੰਦੇ ਦਾ ਨਿੱਜੀ ਮਾਮਲਾ ਹੈ, ਇਸ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ, ਤੋਹਫ਼ਿਆਂ ਦਾ ਜੀਵਨ ਵਿਚ ਮਹੱਤਵ ਤਾਂ ਹੈ ਪਰ ਕਈ ਵਡੇਰੀਆਂ ਸ਼ਖ਼ਸੀਅਤਾਂ ਤੋਹਫ਼ਿਆਂ ਨੂੰ ਅਸਵੀਕਾਰ ਕਰਨ ਦੀਆਂ ਹਾਮੀ ਹਨ, ਮਨ ਦੀ ਇਕਾਗਰਤਾ ਸਫ਼ਲਤਾ ਦੀ ਕੁੰਜੀ ਹੈ, ਚੰਗੇ ਇਨਸਾਨਾਂ ਦੀ ਕਰਨੀ ਅਤੇ ਕਥਨੀ ਇਕ ਹੁੰਦੀ ਹੈ, ਗਿਆਨ ਉੱਪਰੋਂ ਨਹੀਂ ਗਿਰਦਾ, ਇਹ ਤਾਂ ਅੰਦਰੋਂ ਜਗਦਾ ਹੈ, ਚੰਗਿਆਈ, ਨੇਕੀ, ਹਮਦਰਦੀ, ਮਨੁੱਖ ਦੀ ਸਰੀਰਕ ਕਰੂਪਤਾ ਨੂੰ ਢਕ ਲੈਂਦੀ ਹੈ, ਮੰਗਤਿਆਂ, ਧਾਰਮਿਕ ਸਥਾਨਾਂ ਦੀ ਥਾਂ ਜ਼ਰੂਰਤ-ਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਲੂਣ ਹਰਾਮ ਨਾ ਕਰਨਾ ਇਨਸਾਨੀਅਤ ਹੈ, ਚੰਗੀ ਸੰਗਤ ਦਾ ਚੰਗਾ, ਬੁਰੀ ਦਾ ਬੁਰਾ ਪ੍ਰਭਾਵ ਪੈਂਦਾ ਹੈ, ਠੀਕ ਇਨਸਾਫ਼ ਕਰਨਾ ਤਜਰਬੇ ਨਾਲ ਆਉਂਦਾ ਹੈ, ਸਹਿਣਸ਼ੀਲਤਾ ਹੋਣਾ ਬੰਦੇ ਦੀ ਅੰਤਰੀਵੀ ਸ਼ਕਤੀ ਹੈ, ਆਪਣੇ ਗੁਜ਼ਾਰੇ ਲਈ ਆਪ ਹੱਥ ਹਿਲਾਉਣੇ ਚਾਹੀਦੇ ਹਨ, ਵਿਹਲੜ ਲੋਕ ਕਦੇ ਸੁਖੀ ਨਹੀਂ ਹੋ ਸਕਦੇ, ਆਦਿ |
ਲੇਖਕ ਦੀ ਸ਼ੈਲੀ ਉੱਤਮ-ਪੁਰਖੀ ਹੈ | ਲੇਖਕ ਥਾਂ ਪੁਰ ਥਾਂ ਸਿੱਧ ਬਿਆਨੀ ਕਰਦਾ ਹੈ | ਉਸ ਦੀ ਸ਼ੈਲੀ ਅਨੁਸਾਰ ਅਨੇਕਾਂ ਨਿਬੰਧਾਂ ਦੇ ਅਖੀਰ 'ਚ ਕੋਈ ਕਹਾਣੀ/ਆਪਬੀਤੀ ਉਸ ਦੇ ਵਿਚਾਰਾਂ ਦੀ ਪੁਸ਼ਟੀ ਕਰ ਜਾਂਦੀ ਹੈ ਜਦੋਂ ਉਹ ਕੁਝ ਇਸ ਪ੍ਰਕਾਰ ਸੰਬੋਧਨ ਕਰਦਾ ਹੈ 'ਇਕ ਸੱਚੀ ਕਹਾਣੀ ਦਾ ਬਿਆਨ ਕਰਨਾ ਜ਼ਰੂਰੀ ਸਮਝਦਾ ਹੈ |' ਨਿਬੰਧਾਂ ਦਾ ਆਰੰਭ ਅਤੇ ਮੱਧ ਨਿੱਜੀ ਵਿਚਾਰਾਂ ਅਤੇ ਵਿਦਵਾਨਾਂ ਦੀਆਂ ਰਾਵਾਂ ਨਾਲ ਲਬਰੇਜ ਹੁੰਦਾ ਹੈ | ਕਈ ਵਾਰ ਇਕੋ ਨੁਕਤੇ ਨੂੰ ਸਪੱਸ਼ਟ ਕਰਦਿਆਂ ਵਿਦਵਾਨਾਂ ਦੇ ਵਿਚਾਰਾਂ ਦੀ ਝੜੀ ਲਾ ਦਿੰਦੀ ਹੈ | ਸੰਖੇਪ ਇਹ ਕਿ ਇਨ੍ਹਾਂ ਨਿਬੰਧਾਂ ਦੇ ਪਿੱਛੇ ਲੇਖਕ ਦਾ ਅਸਤਿਤਵ ਖੜ੍ਹਾ ਵਿਖਾਈ ਦਿੰਦਾ ਹੈ |

—ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c

ਦਸ ਦਿਸ਼ਾਵਾਂ
ਲੇਖਿਕਾ : ਪਿੰ੍ਰ: ਸਤਵੰਤ ਕੌਰ ਕਲੋਟੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 156
ਸੰਪਰਕ : 95011-98881.

ਪੰਜਾਬੀ ਜ਼ਬਾਨ ਦੀ ਤਰੱਕੀ ਕੇਵਲ ਕਵਿਤਾ, ਕਹਾਣੀ, ਨਾਵਲ, ਨਾਟਕ ਆਦਿ ਸਿਰਜਣਾਤਮਕ ਸਾਹਿਤ ਨਾਲ ਸੰਭਵ ਨਹੀਂ | ਵਿਗਿਆਨ ਦੇ ਯੁੱਗ ਵਿਚ ਇਸ ਨੂੰ ਵਿਗਿਆਨ ਦੀ ਭਾਸ਼ਾ ਬਣਾਏ ਬਿਨਾਂ ਗੁਜ਼ਾਰਾ ਨਹੀਂ | ਇਹੀ ਕਾਰਨ ਹੈ ਕਿ ਸਾਡੇ ਹਰ ਯਤਨ ਦੇ ਬਾਵਜੂਦ ਨਵੀਂ ਪੀੜ੍ਹੀ ਅੰਗਰੇਜ਼ੀ ਵੱਲ ਝੁਕ ਰਹੀ ਹੈ | ਵਡੇਰੀ ਪੀੜ੍ਹੀ ਦੇ ਮਾਤਾ-ਪਿਤਾ ਵੀ ਬੱਚਿਆਂ ਨੂੰ ਵੱਸ ਲੱਗੇ ਅੰਗਰੇਜ਼ੀ ਵੱਲ ਹੀ ਤੋਰਦੇ ਹਨ | ਅੰਗਰੇਜ਼ੀ ਗਿਆਨ ਵਿਗਿਆਨ ਵੱਲ ਜਾਂਦੀ ਲਗਦੀ ਹੈ ਸਭ ਨੂੰ |
ਸਵਾਲ ਹੈ ਕਿ ਅਸੀਂ ਕਿਉਂ ਨਹੀਂ ਆਪਣੀ ਜ਼ਬਾਨ ਨੂੰ ਗਿਆਨ ਵਿਗਿਆਨ ਦਾ ਮਾਧਿਅਮ ਬਣਾ ਕੇ ਸਮੱਸਿਆ ਦਾ ਮੁੱਢ ਫੜਦੇ | ਚੰਗਾ ਹੋਵੇ ਕਿ ਅਸੀਂ ਉੱਤਮ ਕਿਸਮ ਦਾ ਗਿਆਨ ਵਿਗਿਆਨ ਪੰਜਾਬੀ ਵਿਚ ਪੈਦਾ ਕਰਨ ਦੇ ਰਾਹ ਪਈਏ | ਮੈਂ ਆਪ ਇਸੇ ਧਾਰਨਾ ਅਨੁਸਾਰ ਕਈ ਦਹਾਕਿਆਂ ਤੋਂ ਕਾਰਜਸ਼ੀਲ ਹਾਂ ਤੇ ਹੋਰਨਾਂ ਨੂੰ ਇਸ ਪਾਸੇ ਤੋਰਨ ਲਈ ਯਤਨ ਕਰਦਾ ਰਹਿੰਦਾ ਹਾਂ | ਸਮੱਸਿਆ ਇਹ ਵੀ ਹੈ ਕਿ ਗਿਆਨ ਵਿਗਿਆਨ ਬਾਰੇ ਪੰਜਾਬੀ ਵਿਚ ਲਿਖਣਾ ਔਖਾ ਹੈ | ਭਾਸ਼ਾ ਤੇ ਵਿਗਿਆਨ ਦੋਵਾਂ ਉੱਤੇ ਪਕੜ ਚਾਹੀਦੀ ਹੈ | ਸਤਵੰਤ ਕੌਰ ਕਲੋਟੀ ਕੋਲ ਇਹ ਯੋਗਤਾ ਹੈ | ਦਸ ਦਿਸ਼ਾਵਾਂ ਕਿਤਾਬ ਵਿਚ ਉਸ ਨੇ ਆਪਣੀ ਇਸ ਦੋਹਰੀ ਯੋਗਤਾ ਦਾ ਭਰਪੂਰ ਪ੍ਰਮਾਣ ਪੇਸ਼ ਕੀਤਾ ਹੈ |
ਕਲੋਟੀ ਨੇ ਇਸ ਕਿਤਾਬ ਵਿਚ ਭਾਰਤ ਦੀਆਂ ਦਸ ਪ੍ਰਸਿੱਧ ਵਿਗਿਆਨੀ ਨਾਰੀਆਂ ਨਾਲ ਪਾਠਕਾਂ ਦੀ ਜਾਣ-ਪਛਾਣ ਕਰਾਈ ਹੈ | ਪੰਜਾਬਣਾਂ ਸ਼ੇਰਨੀਆਂ ਹਨ | ਸਿੱਖਿਆ ਦੇ ਹਰ ਖੇਤਰ ਵਿਚ ਇਹ ਮਰਦਾਂ ਤੋਂ ਅੱਗੇ ਨਹੀਂ ਤਾਂ ਪਿੱਛੇ ਵੀ ਨਹੀਂ | ਵਿਗਿਆਨ ਦੇ ਖੇਤਰ ਵਿਚ ਨਾਂਅ, ਥਾਂ ਬਣਾਉਣ ਵਾਲੀਆਂ ਭਾਰਤੀ ਨਾਰੀਆਂ ਦੇ ਇਹ ਬਿਰਤਾਂਤ ਪੰਜਾਬੀ ਕੁੜੀਆਂ ਨੂੰ ਇਸ ਖੇਤਰ ਵਿਚ ਜੋਸ਼ ਤੇ ਉਤਸ਼ਾਹ ਨਾਲ ਕੁੱਦਣ ਲਈ ਪ੍ਰੇਰਿਤ ਕਰਨਗੀਆਂ | ਲੇਖਿਕਾ ਨੇ ਅਤਿ ਕਠਿਨ ਤੇ ਵਿਰੋਧੀ ਹਾਲਤ ਵਿਚ ਡਾਕਟਰ, ਇੰਡੀਨੀਅਰ, ਭੌਤਿਕ, ਰਸਾਇਣਕ, ਜੀਵ ਵਿਗਿਆਨਕ ਜਿਹੇ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਵਾਲੀਆਂ ਨਾਰੀਆਂ ਨੂੰ ਰੋਲ ਮਾਡਲ ਵਜੋਂ ਉਭਾਰਿਆ ਹੈ | ਅਸੀਮਾ ਚੈਟਰਜੀ ਇੰਡੀਅਨ ਸਾਇੰਸ ਕਾਂਗਰਸ ਦੀ ਜਨਰਲ ਸੈਕਟਰੀ ਬਣੀ | ਅਨੰਦੀ (ਗੁਪਾਲ) ਜੋਬਨ ਰੁੱਤੇ ਮੋਈ ਪਹਿਲੀ ਡਾਕਟਰੀ ਮਾਹਿਰ ਬੀਬੀ ਹੈ |
ਕਾਦੰਬਰੀ ਮਰਦੇ-ਮਰਦੇ ਵੀ ਮਰੀਜ਼ ਦੇਖਦੀ ਰਹੀ | ਜਾਨਕੀ ਅੰਮਾਲ ਗੰਨੇ ਦੀ ਅੰਤਰਰਾਸ਼ਟਰੀ ਜੈਨੇਟਿਸਟ ਸੀ | ਕਮਲਾ ਸੋਹੋਨੀ ਪ੍ਰਸਿੱਧ ਬਾਇਓ ਕੈਮਿਸਟ ਸੀ | ਕਮਲ ਰਣਦੀਵੇ ਕੈਂਸਰ ਤੇ ਕੋਹੜ ਦੇ ਖ਼ਤਰੇ ਦਾ ਵੱਡਾ ਨਾਂਅ ਹੈ | ਅੰਨਾ ਮਣੀ ਮੌਸਮ, ਪੁਲਾੜ ਵਿਗਿਆਨ ਦੀ ਮਾਹਿਰ | ਸਚਮੁੱਚ ਪੜ੍ਹਨਯੋਗ ਕਿਤਾਬ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਮੇਰੀ ਮਾਂ
ਗੀਤਕਾਰ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸਨਾਵਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 103
ਸੰਪਰਕ : 98550-93786.

ਪੰਜਾਬੀ ਗੀਤਕਾਰੀ ਦੇ ਸੰਸਾਰ ਵਿਚ ਲਾਭ ਸਿੰਘ ਚਤਾਮਲੀ ਦਾ ਨਾਂਅ ਜ਼ਿਕਰਯੋਗ ਹੈ | ਉਸ ਦੇ ਕਈ ਗੀਤ ਲੋਕ ਗੀਤਾਂ ਵਰਗੇ ਬਣ ਗਏ | ਭੁਪਿੰਦਰ ਗਿੱਲ ਤੇ ਮਿਸ ਨੀਲਮ ਵਲੋਂ ਗਾਇਆ ਉਸ ਦਾ ਗੀਤ 'ਬਟੂਆ' ਹਰ ਥਾਂ ਅੱਜ ਤੱਕ ਵੱਜਦਾ ਹੈ | ਚਤਾਮਲੀ ਦੀਆਂ ਇਸ ਤੋਂ ਪਹਿਲਾਂ ਕਈ ਪੁਸਤਕਾਂ ਰਿਲੀਜ਼ ਹੋ ਚੁੱਕੀਆਂ ਹਨ | ਉਸ ਦੇ ਗੀਤ ਪਾਏਦਾਰ ਹਨ, ਜਿਨ੍ਹਾਂ ਨੂੰ ਇੱਜ਼ਤਾਂ ਵਾਲੇ ਗਾਉਂਦੇ ਹਨ | ਉਸ ਨੂੰ ਪਤਾ ਹੈ ਕਿ ਗੀਤਕਾਰੀ ਕੀ ਹੈ? ਗੀਤਕਾਰੀ ਦੇ ਨਾਂਅ 'ਤੇ ਝੱਲ ਖਿਲਾਰਨ ਵਾਲਿਆਂ ਤੋਂ ਉਸ ਨੂੰ ਨਫ਼ਰਤ ਹੈ | 'ਮੇਰੀ ਮਾਂ' ਪੁਸਤਕ ਨੂੰ ਲਾਭ ਚਤਾਮਲੀ ਨੇ ਆਪਣੀ ਮਾਂ ਨੂੰ ਸਮਰਪਤ ਕੀਤਾ ਹੈ | ਪੁਸਤਕ ਵਿਚ ਮਾਂ ਦੀ ਮਮਤਾ ਵਾਲੇ ਗੀਤਾਂ ਦੇ ਨਾਲ ਸਮਾਜਿਕ ਬੁਰਾਈਆਂ 'ਤੇ ਕਟਾਖਸ਼ ਕਰਦੇ ਗੀਤ ਵੀ ਦਰਜ ਹਨ | ਇਹ ਜਾਣਦਿਆਂ ਕਿ ਅੱਜ ਇਹੋ ਜਿਹੇ ਵਿਸ਼ਿਆਂ ਨੂੰ ਬਹੁਤ ਘੱਟ ਗਾਇਕ ਚੁਣਦੇ ਹਨ, ਲਾਭ ਆਪਣੇ ਨੁਕਸਾਨ ਦੀ ਪ੍ਰਵਾਹ ਨਹੀਂ ਕਰਦਾ |
'ਮੇਰੀ ਮਾਂ' ਪੁਸਤਕ ਹਰ ਉਸ ਇਨਸਾਨ ਨੂੰ ਪਸੰਦ ਆਉਣ ਵਾਲੀ ਹੈ, ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਹਨ, ਸਤਿਕਾਰ ਦਿੰਦੇ ਹਨ | ਉਸ ਦੇ ਗੀਤਾਂ ਵਿਚ ਸੁਚੱਜਤਾ ਹੈ, ਜਿਹੜੀ ਪੜ੍ਹਨ ਵਾਲੇ ਨੂੰ ਕੀਲ ਲੈਂਦੀ ਹੈ | ਇਕ ਥਾਂ ਉਸ ਨੇ ਲਿਖਿਆ ਹੈ :
ਮੇਰੀ ਯਾਦ ਸਤਾਉਂਦੀ ਮੈਨੂੰ,
ਰਾਤੀਂ ਨੀਂਦ ਨਾ ਆਉਂਦੀ ਮੈਨੂੰ |
ਸੁੰਨਾ ਸੁੰਨਾ ਲਗਦਾ ਹੁਣ ਤੇਰੇ ਬਾਝੋਂ ਸੰਸਾਰ,
ਅੰਮੜੀਏ ਨਹੀਂ ਭੁੱਲਣਾ,
ਨਹੀਂ ਭੁੱਲਣਾ ਤੇਰਾ ਪਿਆਰ |
ਲਾਭ ਚਤਾਮਲੀ ਨੂੰ ਕੁਦਰਤ ਨਾਲ ਹੋ ਰਿਹਾ ਖਿਲਵਾੜ ਫ਼ਿਕਰਮੰਦ ਕਰਦਾ ਹੈ | ਉਹ ਵਾਤਾਵਰਨ 'ਚ ਜ਼ਹਿਰਾਂ ਘੁਲਣ ਤੇ ਧਰਤੀ ਹੇਠਲਾ ਪਾਣੀ ਮੁੱਕਣ ਤੋਂ ਪ੍ਰੇਸ਼ਾਨ ਹੈ | ਉਸ ਨੇ ਲਿਖਿਆ ਹੈ :
ਪਾਣੀ ਡੂੰਘਾ ਲਹਿੰਦਾ ਜਾਵੇ,
ਹਰ ਵੇਲ਼ੇ ਹੀ ਫ਼ਿਕਰ ਸਤਾਵੇ |
ਮਾਹਿਰ ਖੇਤੀ ਦੇ ਕਹਿਣ ਕਿਸਾਨਾ,
ਮੰਨ ਲੈ ਗੱਲ ਸਿਆਣੀ ਨੂੰ,
ਫ਼ਸਲਾਂ ਬਦਲ ਕੇ ਬੀਜਿਆ ਕਰ ਤੂੰ,
ਸਾਂਭ ਕੀਮਤੀ ਪਾਣੀ ਨੂੰ |
ਇਹੋ ਜਿਹੇ ਸੰਜੀਦਾ ਵਿਸ਼ਿਆਂ ਨਾਲ ਸਬੰਧਿਤ ਹੀ ਸਾਰੇ ਗੀਤ 'ਮੇਰੀ ਮਾਂ' ਵਿਚ ਦਰਜ ਹਨ | ਇਹੋ ਜਿਹੇ ਗੀਤਾਂ ਨੂੰ ਲੱਭਣਾ ਹੁਣ ਬਹੁਤ ਔਖਾ ਹੈ | ਪਹਿਲੀ ਗੱਲ ਤਾਂ ਕੋਈ ਇਹੋ ਜਿਹਾ ਲਿਖਦਾ ਨਹੀਂ, ਤੇ ਜੇ ਕੋਈ ਲਿਖਦਾ ਤਾਂ ਗਾਉਣ ਵਾਲਾ ਨਹੀਂ ਲੱਭਦਾ | ਲਾਭ ਚਤਾਮਲੀ ਦੀ ਸੁਲੱਖਣੀ ਸੋਚ ਇਹੋ ਜਿਹੇ ਗੀਤ ਸਿਰਜਦੀ ਜਾਵੇ, ਇਸ ਦੀ ਕਾਮਨਾ ਕਰਦੇ ਹਾਂ |

—ਸਵਰਨ ਸਿੰਘ ਟਹਿਣਾ
ਮੋ: 98141-78883
c c c

ਗੁੰਮਨਾਮ ਚੈਂਪੀਅਨ
ਨਾਵਲਕਾਰ : ਬਲਵੰਤ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 98886-58185.

ਪੰਜਾਬ ਦੀ ਮਿੱਟੀ ਦੀ ਤਾਸੀਰ ਹੀ ਅਜਿਹੀ ਹੈ ਕਿ ਇਸ ਨੇ ਤਕੜੇ ਜੁੱਸੇ ਵਾਲੇ ਪੰਜਾਬੀ ਪੈਦਾ ਕੀਤੇ ਹਨ ਜਿਹੜੇ ਕਿ ਸਿਰ ਉੱਤੇ ਆਈ ਹਰ ਮੁਸੀਬਤ ਦਾ ਸਾਹਮਣਾ ਅਤੇ ਟਾਕਰਾ ਬੜੀ ਬਹਾਦਰੀ, ਦਲੇਰੀ ਅਤੇ ਸਾਹਸ ਨਾਲ ਕਰਦੇ ਹਨ | ਜੁੱਸੇ ਦੀ ਤਕੜਾਈ ਹੋਣ ਕਰਕੇ ਸਰੀਰਕ ਵਰਜਿਸ਼ ਵਾਲੀਆਂ ਖੇਡਾਂ ਵਿਚ ਵੀ ਇਨ੍ਹਾਂ ਦੀ ਦਿਲਚਸਪੀ ਵਧੇਰੇ ਹੈ ਖ਼ਾਸ ਕਰਕੇ ਪਹਿਲਵਾਨੀ ਦਾ ਸ਼ੌਕ ਪੰਜਾਬੀਆਂ ਦੇ ਖੂਨ ਵਿਚ ਸਮਾਇਆ ਹੋਇਆ ਹੈ | 'ਗੁੰਮਨਾਮ ਚੈਂਪੀਅਨ' ਬਲਵੰਤ ਸਿੰਘ ਸੰਧੂ ਦਾ ਪੰਜਾਬੀਆਂ ਦੇ ਹਰ ਦਿਲ ਅਜ਼ੀਜ਼ ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਏ ਬਾਰੇ ਲਿਖਿਆ ਜੀਵਨੀਮੂਲਕ ਨਾਵਲ ਹੈ ਜੋ ਪੰਜਾਬੀ ਲੋਕਾਂ ਦੇ ਪਹਿਲਵਾਨੀ ਖੇਤਰ ਦੇ ਚਮਕਦੇ ਸਿਤਾਰੇ ਦਾਰਾ ਸਿੰਘ ਦੁਲਚੀਪੁਰੀਏ ਦੇ ਜੀਵਨ ਅਤੇ ਭਲਵਾਨੀ ਦੇ ਖੇਤਰ ਵਿਚ ਮਾਰੀਆਂ ਮੱਲਾਂ ਦੀ ਨਿਸ਼ਨਦੇਹੀ ਕਰਦਾ ਹੈ | ਪੰਜਾਬ ਵਿਚ ਦੋ ਦਾਰਾ ਸਿੰਘ ਨਾਂਅ ਦੇ ਪਹਿਲਵਾਨ ਹੋਏ ਹਨ ਇਕ ਵੱਡਾ ਦਾਰਾ ਅਤੇ ਇਕ ਛੋਟਾ ਦਾਰਾ ਭਾਵੇਂ ਕੁਸ਼ਤੀ ਦੇ ਖੇਤਰ ਵਿਚ ਦੋਵਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਅਤੇ ਜ਼ਿਕਰਯੋਗ ਹਨ | ਦਾਰਾ ਸਿੰਘ ਧਰਮੂਚੱਕ ਦੀ ਪ੍ਰਸਿੱਧੀ ਕੁਸ਼ਤੀ ਦੇ ਖੇਤਰ ਦੇ ਨਾਲ-ਨਾਲ ਫ਼ਿਲਮਾਂ ਵਿਚ ਵੀ ਹੋਈ ਪਰ ਦਾਰਾ ਸਿੰਘ ਦੁਲਚੀਪੁਰੀਆ ਜਿਸ ਨੇ ਵਿਸ਼ਵ ਪ੍ਰਸਿੱਧ ਪਹਿਲਵਾਨ ਕਿੰਗ-ਕਾਂਗ ਨੂੰ ਹਰਾਇਆ ਜ਼ਿਆਦਾਤਰ ਅਣਗੌਲਿਆ ਹੀ ਰਿਹਾ | ਇਸ ਨਾਲ ਦੁਲਚੀਪੁਰੀਏ ਦਾਰਾ ਸਿੰਘ ਦੀ ਜੀਵਨੀ ਨੂੰ ਗਲਪੀ ਰੂਪ ਦੇ ਕੇ ਉਸ ਦੇ ਚੈਂਪੀਅਨ ਬਣਨ, ਭਰਾ ਦੇ ਬਦਲਾ ਲੈ ਕੇ ਜੇਲ੍ਹ ਕੱਟਣ ਅਤੇ ਅੰਤ ਬਿਮਾਰੀ ਨਾਲ ਜੂਝਦਿਆਂ ਇਸ ਜਹਾਨ ਤੋਂ ਤੁਰ ਜਾਣ ਦਾ ਜ਼ਿਕਰ ਹੈ | ਸੰਵਾਦੀ ਸ਼ੈਲੀ ਵਿਚ ਨਾਵਲੀ ਬਿਰਤਾਂਤ ਆਪਣਾ ਸਰੂਪ ਗ੍ਰਹਿਣ ਕਰਦਾ ਹੈ ਵਿਸ਼ੇਸ਼ ਕਰਕੇ ਪਹਿਲਵਾਨਾਂ ਦੀਆਂ ਮਾਰੀਆਂ ਮੱਲਾਂ ਨੂੰ ਉਸਤਾਦਾਂ ਦੇ ਮੰੂਹੋਂ ਸੁਣ ਕੇ ਚੇਲਿਆਂ ਵਿਚ ਕਿਵੇਂ ਜੋਸ਼ ਭਰਦਾ ਹੈ ਇਸ ਦਾ ਵੀ ਜ਼ਿਕਰ ਨਾਵਲ ਵਿਚ ਹੋਇਆ | ਦਾਰੇ ਦੇ ਨਾਲ-ਨਾਲ ਪੰਜਾਬ ਦੇ ਹੋਰ ਪਹਿਲਵਾਨਾਂ ਦੇ ਜੀਵਨ ਬਿਰਤਾਂਤ ਅਤੇ ਪੇਂਡੂ ਭਾਈਚਾਰੇ ਦੇ ਚਿੱਤਰ ਵੀ ਨਾਵਲਕਾਰ ਨੇ ਦਿਖਾਉਣ ਦਾ ਯਤਨ ਕੀਤਾ ਹੈ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਜਜ਼ਬਾਤ
ਕਵੀ : ਡਾ: ਸੁਰਿੰਦਰ ਸਿੰਘ ਸਿੱਧੂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 98787-05691.

ਕਵੀ ਨੇ ਸਮਾਜਿਕ ਚੁਣੌਤੀਆਂ ਅਤੇ ਵੰਗਾਰਾਂ ਨਾਲ ਜੂਝ ਰਹੀ ਗ਼ਰੀਬ ਮਜ਼ਦੂਰ ਜਮਾਤ ਦੇ ਦੁੱਖ ਪਾਠਕਾਂ ਨਾਲ ਸਾਂਝੇ ਕੀਤੇ ਹਨ | ਕਿਰਤ ਦੀ ਲੁੱਟ-ਖਸੁੱਟ ਵਿਰੁੱਧ ਮਜ਼ਦੂਰ ਜਮਾਤ ਦਾ ਇਕੱਠ ਹੋਣ ਦੀ ਕਵੀ ਨੂੰ ਪੂਰੀ ਉਮੀਦ ਹੈ | ਇਸ ਸਬੰਧ ਵਿਚ ਭੁੱਖ, ਯੁੱਧ, ਪਤਝੜ, ਕਦੋਂ ਤੱਕ ਜਮਹੂਰੀਅਤ ਆਦਿ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ | ਕਵੀ ਦਾ ਕਾਵਿਕ ਚਿੰਤਨ ਬਹੁਤ ਹੀ ਗੰਭੀਰ ਹੈ ਪਰ ਪੇਸ਼ਕਾਰੀ ਲੋਕ ਭਾਸ਼ਾ ਵਿਚ ਕੀਤੀ ਹੈ | ਕਵੀ ਨੇ ਆਪਣੀ ਮਾਂ ਨੂੰ ਮੁਖਾਤਿਬ ਹੋ ਕੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹਨ, ਜਿਨ੍ਹਾਂ ਵਿਚ ਰਾਜਨੀਤਕ ਪ੍ਰਣਾਲੀ ਸਬੰਧੀ ਅਸੰਤੁਸ਼ਟਤਾ ਅਤੇ ਲਾਚਾਰਗੀ ਵਿਖਾਈ ਗਈ ਹੈ | ਜਜ਼ਬਾਤ, ਯੂਨੀਅਨ ਜੈਕ, ਨਿਊਯਾਰਕ ਕਵਿਤਾਵਾਂ ਵੀ ਵਿਸ਼ੇਸ਼ ਧਿਆਨ ਮੰਗਦੀਆਂ ਹਨ | ਕਵੀ ਨੇ ਬਹੁਤ ਜੋਸ਼ੀਲੀ ਭਾਸ਼ਾ ਵਿਚ ਯੁੱਧ ਅਤੇ ਸ਼ਾਂਤੀ ਵਿਚ ਫ਼ਰਕ ਪ੍ਰਗਟਾਇਆ ਹੈ | ਕਵੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ਹੈ | ਕਵੀ ਨੇ ਆਰਥਿਕ ਨਾਬਰਾਬਰੀ ਦੇ ਵਧਦੇ ਪਾੜਿਆਂ ਨਾਲ ਮਨੁੱਖੀ ਜੀਵਨ ਵਿਚ ਆਈ ਕੁੜੱਤਣ ਨੂੰ ਪ੍ਰਗਟਾਇਆ ਹੈ :
ਕਦੋਂ ਤੱਕ ਅਸੀਂ ਅਰਥੀਆਂ ਤੇ ਲਾਲ ਝੰਡੇ ਪਾ ਕੇ
ਲਾਲ ਸਲਾਮ, ਲਾਲ ਸਲਾਮ ਕਰਦੇ ਰਹਾਂਗੇ!
ਕਵੀ ਦਾ ਨਜ਼ਰੀਆ ਆਸ਼ਾਵਾਦੀ ਵੀ ਹੈ, ਜੋ ਵਰਤਮਾਨ ਵਿਚਲੇ ਖਲਾਅ ਤੋਂ ਤਾਂ ਡਰਦਾ ਹੈ ਪਰ ਭਵਿੱਖ ਪ੍ਰਤੀ ਆਸਵੰਦ ਹੈ | ਉਹ ਪਤਝੜ ਤੋਂ ਕਿਉਂ ਘਬਰਾਉਂਦਾ ਹੈ :
ਬਹਾਰ ਆਵੇਗੀ ਜ਼ਰਾ ਇੰਤਜ਼ਾਰ ਤਾਂ ਕਰ
ਮੰਜ਼ਿਲਾਂ ਦੀ ਦੂਰੀ ਮਿਟ ਜਾਂਦੀ ਏ, ਤੂੰ ਚੱਲਣ ਦਾ ਇਕਰਾਰ ਤਾਂ ਕਰ!
ਵਿਦੇਸ਼ਾਂ ਵਿਚ ਰੁਲ ਰਹੀ ਪੰਜਾਬ ਦੀ ਜਵਾਨੀ ਪ੍ਰਤੀ ਕਵੀ ਉਪਭਾਵੁਕਤਾ ਨਾਲ ਆਪਣਾ ਪ੍ਰਗਟਾਵਾ ਕਰਦਾ ਹੈ |
ਰੋਟੀ ਰੋਜ਼ੀ ਲਈ ਜਵਾਨੀ ਜਦੋਂ, ਪਰਵਾਸ ਦੇ ਰਸਤੇ ਪੈ ਜਾਵੇ
ਫਿਰ ਕੀ ਆਖੋਗੇ ਤੁਸੀਂ ਮੇਰੇ ਖੁਸ਼ਹਾਲ ਪੰਜਾਬ ਨੂੰ |
ਕਵੀ ਵਕਤ ਦੀ ਆਵਾਜ਼ ਨੂੰ ਪਛਾਨਣ ਲਈ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਸੁਚੇਤ ਕਰਦਾ ਹੈ :
ਹਾਸ਼ੀਏ ਨੂੰ ਛੱਡਣਾ ਪੈਣਾ, ਮੁੱਖ ਸਫ਼ੇ 'ਤੇ ਆਉਣਾ ਪੈਣਾ
ਆਓ ਇਸ ਲਈ ਤਰਕੀਬ ਬਣਾਈਏ |
ਸਮੁੱਚੇ ਤੌਰ 'ਤੇ ਕਵੀ ਦਾ ਇਹ ਯਤਨ ਅਤੇ ਵਿਸ਼ਿਆਂ ਦੀ ਚੋਣ ਸਲਾਹੁਣਯੋਗ ਹੈ |

—ਪ੍ਰੋ: ਕੁਲਜੀਤ ਕੌਰ |
c c c

ਕਰੀਮਪੁਰ ਤੋਂ ਕਾਇਨਾਤ ਤੱਕ
ਲੇਖਕ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ (ਰਜਿ:) ਔੜ (ਸ਼ਹੀਦ ਭਗਤ ਸਿੰਘ ਨਗਰ)
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 098146-99569.

ਦਲਜੀਤ ਗਿੱਲ ਪੰਜਾਬੀ ਕਾਵਿ-ਜਗਤ 'ਚ ਨਿਰੰਤਰ ਕਾਵਿ-ਸਿਰਜਣਾ ਨਾਲ ਜੁੜਿਆ ਸਰਗਰਮ ਕਾਰਕੁੰਨ ਹੈ | 'ਕਰੀਮਪੁਰ ਤੋਂ ਕਾਇਨਾਤ ਤੱਕ' ਉਸ ਦਾ ਇਹ 15ਵਾਂ ਕਾਵਿ-ਸੰਗ੍ਰਹਿ ਹੈ | ਇਸ ਸੰਗ੍ਰਹਿ ਵਿਚਲੀਆਂ ਬਹੁਤੀਆਂ ਕਵਿਤਾਵਾਂ ਵੀ ਮਨੁੱਖੀ ਜ਼ਿੰਦਗੀ ਦੇ ਸਫ਼ਰ 'ਚ ਆਈਆਂ ਦੁਸ਼ਵਾਰੀਆਂ, ਪ੍ਰਾਪਤੀਆਂ, ਸੁੱਖਾਂ-ਦੁੱਖਾਂ, ਸੰਜੋਗ-ਵਿਯੋਗ, ਹਾਰਾਂ-ਜਿੱਤਾਂ ਅਤੇ ਬਣਦੇ, ਢਹਿੰਦੇ ਰਿਸ਼ਤਿਆਂ ਆਦਿ ਵਿਸ਼ਿਆਂ ਨਾਲ ਭਾਵਨਾਤਾਮਕ, ਵਿਵੇਕਾਤਮਕ ਸੰਵਾਦ ਰਚਾਉਂਦੀਆਂ ਪ੍ਰਤੀਤ ਹੁੰਦੀਆਂ ਹਨ | ਮਨੁੱਖੀ ਜ਼ਿੰਦਗੀ 'ਚ ਕਵਿਤਾ ਦਾ ਅਹਿਮ ਦਖ਼ਲ ਰਿਹਾ ਹੈ, ਹੈ ਅਤੇ ਰਹੇਗਾ | ਇਸ ਲਈ ਇਹ ਕਵਿਤਾਵਾਂ ਮਨੁੱਖੀ ਜ਼ਿੰਦਗੀ 'ਚ ਕਵਿਤਾ ਦੀ ਪ੍ਰਕਿਰਤੀ, ਪ੍ਰਯੋਜਨ ਵਰਗੇ ਪ੍ਰਸ਼ਨਾਂ ਦਾ ਵੀ ਉਲੇਖ ਕਰਦੀਆਂ ਹਨ | ਇਹ ਸ਼ਬਦਾਂ ਸੰਗ ਰਾਬਤਾ ਬਣਾ ਮਨੁੱਖੀ ਜ਼ਿੰਦਗੀ ਲਈ ਅੰਮਿ੍ਤ ਬਣ ਜ਼ਿੰਦਗੀ ਦੀ ਅਮਰਤਾ ਵੱਲ ਸੇਧਿਤ ਵੀ ਹੋ ਸਕਦੀ ਹੈ :
ਕਵਿਤਾ ਤਾਂ ਹੈ ਇਕ
ਸ਼ਬਦਾਂ ਦੀ ਰੂਪ ਧਾਰਾ
ਜੋ ਦਿਲ-ਦਿਮਾਗ 'ਚੋਂ ਉਤਰਦੀ
ਕਾਗਜ਼ ਦੇ ਪੰਨਿਆਂ ਉੱਤੇ
ਉਕਰ ਜਾਂਦੀ ਹੈ
ਅੰਮਿ੍ਤ ਬਣ ਕੇ |
ਕਵਿਤਾ ਦਾ ਸਬੰਧ ਵੀ ਮਨੁੱਖੀ ਭਾਵਾਂ, ਵਿਭਾਵਾਂ, ਸੁਪਨਿਆਂ, ਮਨੋਕਾਮਨਾਵਾਂ ਨਾਲ ਰੂਹ ਰਾਹੀਂ ਜੁੜੇ ਹੋਣ ਕਰਕੇ ਕਵਿਤਾ ਨੂੰ ਪਰਿਭਾਸ਼ਤ ਕਰਨਾ ਵੀ ਅਸੰਭਵ ਜਾਪਦਾ ਹੈ, ਕਿਉਂਕਿ ਕਵਿਤਾ ਮਨੁੱਖੀ ਜ਼ਿੰਦਗੀ ਦੇ ਅਨੇਕਾਂ ਪੜਾਵਾਂ ਦਾ ਸ਼ਿਕਾਰ ਕਰਦੀ ਹੈ |
ਕਵਿਤਾ ਨੂੰ ਪਰਿਭਾਸ਼ਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ
ਕਵਿਤਾ ਕਈ ਪੜਾਵਾਂ 'ਚੋਂ ਲੰਘ ਸੰਵਰਦੀ,
ਅਨੰਤ ਅਗੰਮ ਜਿਹੀ ਹੈ |
ਕਵੀ ਦੀ ਭਾਸ਼ਾ 'ਤੇ ਦੁਆਬੀ ਉਪ ਭਾਸ਼ਾ ਦਾ ਪ੍ਰਭਾਵ ਵਧੇਰੇ ਹੋਣ ਕਰਕੇ ਉਸ ਦੇ ਦੁਆਬੇ ਪ੍ਰਤੀ ਮੋਹ ਨੂੰ ਤਸਦੀਕ ਕਰਦਾ ਹੈ | ਮੈਂ ਉਸ ਦੀ ਲੰਮੀ ਘਾਲਣਾ ਨੂੰ ਸਲਾਮ ਕਰਦਿਆਂ ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਨੀਂਹ ਦੇ ਪੱਥਰ
ਲੇਖਕ : ਬਲਵੀਰ ਪਰਵਾਨਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 112
ਸੰਪਰਕ : 95309-44345.

ਇਸ ਪੁਸਤਕ ਵਿਚ ਲੇਖਕ ਦੇ ਲਗਪਗ 100 ਕੁ ਲੇਖ ਸ਼ਾਮਿਲ ਕੀਤੇ ਗਏ ਹਨ | ਸਾਰੇ ਹੀ ਲੇਖਾਂ ਦੇ ਵਿਸ਼ੇ ਵੱਖੋ-ਵੱਖਰੇ ਹਨ | ਲੇਖਕ ਨੇ ਆਪਣੇ ਜੀਵਨ ਵਿਚ ਹੋਈਆਂ ਕਈ ਛੋਟੀਆਂ-ਛੋਟੀਆਂ ਘਟਨਾਵਾਂ ਦਾ ਚਿੰਤਨ ਕਰਦਿਆਂ ਦੱਸਿਆ ਕਿ ਹੈ ਕਿ ਕਿਸ ਤਰ੍ਹਾਂ ਮਨੁੱਖ ਦੇ ਜੀਵਨ ਵਿਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤਬਦੀਲੀਆਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ | ਸਹਿਜ-ਸੁਭਾਅ ਵਾਪਰੀਆਂ ਆਮ ਗੱਲਾਂ ਵਿਚੋਂ ਵੀ ਕਿੰਨਾ ਕੁਝ ਚੰਗਾ ਸਿੱਖਿਆ ਜਾ ਸਕਦਾ ਹੈ | ਲੇਖਕ ਆਪਣੇ ਪਿੰਡ, ਇਲਾਕੇ ਵਿਚ ਆਈਆਂ ਭੂਗੋਲਿਕ ਅਤੇ ਸਮਾਜਿਕ ਤਬਦੀਲੀਆਂ ਦਾ ਜ਼ਿਕਰ ਬਾਖ਼ੂਬੀ ਕਰਦਾ ਹੈ | ਉਹ ਆਪਣੀ ਨਿੱਕੀ ਉਮਰ 'ਚ ਪੈਦਾ ਹੋਏ ਸ਼ੌਕ, ਖੱਬੇ ਪੱਖੀ ਲਹਿਰ ਦਾ ਪ੍ਰਭਾਵ, ਲੇਖਕਾਂ ਨਾਲ ਮਿਲਣੀ, ਚੰਗਾ ਸਾਹਿਤ ਪੜ੍ਹਨ ਦੀ ਲਗਨ ਅਤੇ ਆਪਣੇ ਜੀਵਨ 'ਚ ਮਿਲੇ ਚੰਗੇ ਬੰਦਿਆਂ ਦੀ ਸੰਗਤ, ਲੋਕ ਪੱਖੀ ਲਹਿਰਾਂ ਨਾਲ ਜੁੜੇ ਵਿਅਕਤੀਆਂ ਦਾ ਜ਼ਿਕਰ ਬਾਖ਼ੂਬੀ ਕਰਦਾ ਹੈ | ਰਚਨਾਵਾਂ 'ਖਾਧੀ ਜਾਣ ਵਾਲੀ ਕਣਕ', ਸਮੱਸਿਆ ਪ੍ਰਕਾਸ਼ਨ ਦੀ, ਪਛਾਣ ਪੱਤਰ, ਆਦਤਾਂ ਬਦਲ ਜਾਂਦੀਆਂ ਹਨ, ਕਿ੍ਤ ਦਾ ਕਿ੍ਸ਼ਮਾ, ਪੁਸਤਕ ਸੱਭਿਆਚਾਰ, ਗੀਤਕਾਰੀ, ਫਗੂੜੀਆਂ ਦੀ ਸਬਜ਼ੀ, ਮੂੰਗਰੇ, ਦੀਵਾਲੀ ਵਾਲੀ ਰਾਤ, ਤਿਉਹਾਰਾਂ ਦਾ ਬਦਲਦਾ ਸਰੂਪ, ਇਕ ਹੁੰਦਾ ਸੀ ਕਾਮਰੇਡ ਮੋਹਣ ਸਿੰਘ ਚੱਕਫੁੱਲੂ, ਨੀਂਹ ਦੇ ਪੱਥਰ ਅਤੇ ਕਈ ਹੋਰ ਰਚਨਾਵਾਂ ਪਾਠਕ ਦੇ ਮਨ 'ਤੇ ਗਹਿਰਾ ਪ੍ਰਭਾਵ ਪਾਉਂਦੀਆਂ ਹਨ | ਪੁਸਤਕ ਦਾ ਸਿਰਲੇਖ ਵੀ ਢੁਕਵਾਂ ਹੈ | 'ਨੀਂਹ ਦੇ ਪੱਥਰ' 'ਚ ਲੇਖਕ ਦੱਸਦਾ ਹੈ ਕਿ ਲੰਬੇ ਸੰਘਰਸ਼ਾਂ ਦੇ ਮੋਹਰੀ ਆਗੂ ਕਈ ਵਾਰ ਲੀਡਰਸ਼ਿਪ ਦੀ ਅਣਗਹਿਲੀ ਕਾਰਨ ਅਣਹੋਇਆਂ ਵਰਗੇ ਹੋ ਜਾਂਦੇ ਹਨ | ਬਹੁਤ ਸਾਰੀਆਂ ਰਚਨਾਵਾਂ ਵਿਚ ਲੇਖਕ ਦਾ ਨਜ਼ਰੀਆ ਸਕਾਰਾਤਮਕ, ਤਰਕਵਾਦੀ, ਸੁਧਾਰਵਾਦੀ ਪੇਸ਼ ਹੁੰਦਾ ਹੈ | ਉਹ ਮਨੁੱਖ ਨੂੰ ਨਿੱਗਰ, ਨਰੋਈਆਂ ਕਦਰਾਂ-ਕੀਮਤਾਂ ਦਾ ਧਾਰਨੀ ਬਣਨ ਦਾ ਸੁਨੇਹਾ ਦਿੰਦਾ ਹੈ |

—ਮੋਹਰ ਗਿੱਲ ਸਿਰਸੜੀ
ਮੋ: 98156-59110
c c c
<br/>

22-06-2019

ਸੂਹਾ ਸਾਲੂ
(ਘੋੜੀਆਂ, ਸੁਹਾਗ, ਲੋਕ ਗੀਤ, ਬੋਲੀਆਂ)
ਲੇਖਿਕਾ : ਸੁਰਜੀਤ ਕੌਰ ਪੱਡਾ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98151-48810.

ਸੁਰਜੀਤ ਕੌਰ ਪੱਡਾ ਦੀ ਪੁਸਤਕ 'ਸੂਹਾ ਸਾਲੂ' ਘੋੜੀਆਂ, ਸੁਹਾਗ, ਲੋਕ ਗੀਤ ਤੇ ਬੋਲੀਆਂ ਦਾ ਸੰਗ੍ਰਹਿ ਹੈ। ਲੇਖਿਕਾ ਨੇ ਪੁਸਤਕ ਨੂੰ 13 ਭਾਗਾਂ ਵਿਚ ਵੰਡ ਕੇ ਉਸ ਅਨੁਸਾਰ ਸਮੱਗਰੀ ਨੂੰ ਪੇਸ਼ ਕੀਤਾ ਹੈ-ਸੁਹਾਗ, ਸਿੱਠਣੀਆਂ, ਘੋੜੀਆਂ, ਗੀਤ, ਬੋਲੀਆਂ ਸੁੰਨੇ ਘਰ ਤੇ ਸੁਪਨਾ ਆਦਿ। ਇਹ ਆਮ ਪ੍ਰਚਲਿਤ ਘੋੜੀ ਹਰ ਜ਼ਬਾਨ ਤੋਂ ਸੁਣਨ ਨੂੰ ਮਿਲਦੀ ਹੈ-
ਨਿੱਕੀ ਨਿੱਕੀ ਕਣੀ ਮੋਟਾ ਮੀਂਹ ਵੇ ਵਰੇ,
ਮਾਂ ਸੁਹਾਗਣ ਤੇਰੇ ਸ਼ਗਨ ਕਰੇ
ਦੰਮਾਂ ਦੀ ਬੋਰੀ ਤੇਰਾ ਬਾਪ ਫੜੇ
ਵੀਰਾਂ ਦੀ ਜੋੜੀ ਤੇਰੀ ਜੰਨ ਚੜ੍ਹੇ
ਜਾਂ
ਪਾਣੀ ਵਾਰ ਬੰਨੇ ਦੀਏ ਮਾਏ
ਬੰਨਾ ਬਾਹਰ ਖੜ੍ਹਾ
ਇਸੇ ਤਰ੍ਹਾਂ ਹੀ ਧੀ ਦੇ ਵਿਆਹ ਤੋਂ ਪਹਿਲਾਂ ਸੁਹਾਗ ਗਾਏ ਜਾਂਦੇ ਹਨ, ਜਿਸ ਵਿਚ ਧੀ ਤੇ ਮਾਂ-ਬਾਪ, ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਦੇ ਮਨੋਭਾਵ ਪ੍ਰਗਟ ਕੀਤੇ ਜਾਂਦੇ ਹਨ। ਨਾਨਕਿਆਂ ਦਾ ਮੇਲ ਆਉਣ 'ਤੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਹਾਸ ਵਿਅੰਗ ਤੇ ਟਕੋਰਾਂ ਹੁੰਦੀਆਂ ਹਨ। ਇਕ ਸਮਾਂ ਸੀ ਜਦੋਂ ਅਜਿਹੇ ਵਿਅੰਗ ਦਾ ਗੁੱਸਾ ਨਹੀਂ ਸੀ ਕੀਤਾ ਜਾਂਦਾ, ਸਗੋਂ ਹੱਸ ਖੇਡ ਕੇ ਵਿਆਹ ਦੀ ਖੁਸ਼ੀ ਦੁੱਗਣੀ ਹੁੰਦੀ ਸੀ, ਜੋ ਹੁਣ ਅਲੋਪ ਹੋਣ ਕੰਢੇ ਹੈ। ਲੇਖਿਕਾ ਨੇ ਗੀਤ ਦੀਆਂ ਕਈ ਕਿਸਮਾਂ ਨੂੰ ਪੇਸ਼ ਕੀਤਾ ਹੈ, ਜੋ ਉਸ ਦੀ ਮਿਹਨਤ ਦਾ ਪ੍ਰਮਾਣ ਹੈ। ਲੋਕ ਗੀਤ, ਬੋਲੀਆਂ ਜੋ ਵਿਆਹ ਵੇਲੇ ਢੋਲਕੀ ਨਾਲ ਨੈਣ ਗਾਉਂਦੀ ਸੀ ਤੇ ਖੂਬ ਰੌਣਕ ਲਕਦੀ ਸੀ, ਹੁਣ ਇਸ ਦੀ ਥਾਂ ਡੀ.ਜੇ. ਆਦਿ ਨੇ ਲੈ ਲਈ ਹੈ ਤੇ ਨੌਜਵਾਨ ਨੱਚ-ਟੱਪ ਕੇ ਖੁਸ਼ੀ ਮਨਾ ਲੈਂਦੇ ਹਨ। ਇਸ ਤੋਂ ਇਲਾਵਾ ਢੋਲਕੀ, ਮਾਂ ਦੀਆਂ ਬੋਲੀਆਂ, ਕੈਨੇਡਾ ਦੀਆਂ ਬੋਲੀਆਂ (ਕਿਉਂਜੁ ਲੇਖਿਕਾ ਕੈਨੇਡਾ ਰਹਿੰਦੀ ਹੈ), ਸੁੰਨੇ ਘਰ ਜੋ ਇਕੱਠੇ ਪਰਿਵਾਰ ਦੇ ਟੁੱਟਣ ਦੇ ਚਿੰਨ੍ਹ ਹਨ, ਬਾਰੇ ਵੀ ਲੇਖਿਕਾ ਨੇ ਸੰਗ੍ਰਹਿ ਕਰਕੇ ਪੁਸਤਕ ਨੂੰ ਅਮੀਰ ਵਿਰਸੇ ਦੇ ਰੂਪ ਵਿਚ ਪੇਸ਼ ਕੀਤਾ ਹੈ। ਕਾਵਿ ਉਡਾਰੀ, ਕਲਪਨਾ, ਯਾਦ ਸ਼ਕਤੀ ਤੇ ਸੱਭਿਆਚਾਰਕ ਰੂਪ ਰੰਗ ਉਸ ਦੇ ਜ਼ਿਹਨ ਦਾ ਹਿੱਸਾ ਹਨ, ਜਿਸ ਨੂੰ ਆਧਾਰ ਬਣਾ ਕੇ ਲੇਖਿਕਾ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਤੇ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਦਾ ਪ੍ਰਮਾਣ ਵੀ ਦਿੱਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.


ਡਾ: ਸੁਰਿੰਦਰ ਸਿੰਘ ਨਰੂਲਾ ਦੇ ਨਾਵਲਾਂ ਦਾ ਲੋਕਧਾਰਾਈ ਅਧਿਐਨ
ਖੋਜਕਾਰ : ਡਾ: ਜਾਰਜ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 395 ਰੁਪਏ, ਸਫ਼ੇ : 270
ਸੰਪਰਕ : 0181-2623184.

ਡਾ: ਸੁਰਿੰਦਰ ਸਿੰਘ ਨਰੂਲਾ ਪੰਜਾਬੀ ਨਾਵਲਕਾਰਾਂ ਦੀ ਦੂਜੀ ਪੀੜ੍ਹੀ ਦਾ ਇਕ ਸ਼ਿਰੋਮਣੀ ਹਸਤਾਖ਼ਰ ਸੀ। ਉਹ ਅੰਗਰੇਜ਼ੀ ਸਾਹਿਤ ਦਾ ਇਕ ਗੰਭੀਰ ਪਾਠਕ ਅਤੇ ਅਧਿਆਪਕ ਸੀ। ਡਾ: ਜਾਰਜ ਸਿੰਘ ਨੇ ਉਸ ਦੀ ਸਮੁੱਚੀ ਨਾਵਲ ਯਾਤਰਾ (12 ਨਾਵਲ) ਦਾ ਲੋਕਧਾਰਾਈ ਅਧਿਐਨ ਕਰ ਕੇ ਬੜੇ ਮੁੱਲਵਾਨ ਸਿੱਟਿਆਂ ਦੀ ਸਥਾਪਨਾ ਕੀਤੀ ਹੈ। ਪ੍ਰੋ: ਨਰੂਲਾ ਸਿੰਘ ਦੇ ਵਿਭਿੰਨ ਨਾਵਲਾਂ ਵਿਚ ਲੋਕਧਾਰਾਈ ਤੱਤਾਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਹ ਲਿਖਦਾ ਹੈ ਕਿ ਉਸ ਨੇ ਆਪਣੇ ਪਹਿਲੇ ਨਾਵਲ 'ਪਿਉ ਪੁੱਤਰ' ਦੇ ਕਥਾਨਕ ਵਿਚ ਲੋਕਧਾਰਾਈ ਵੇਰਵਿਆਂ ਦਾ ਪ੍ਰਯੋਗ ਸੁਚੇਤ ਰੂਪ ਵਿਚ ਕੀਤਾ ਹੈ। ਦੂਜੇ ਨਾਵਲ 'ਰੰਗ ਮਹਲ' ਦਾ ਯਥਾਰਥ ਸਮਝਣ ਲਈ ਲੋਕਧਾਰਾ ਸ਼ਾਸਤਰ ਦਾ ਅਧਿਐਨ ਬਹੁਤ ਜ਼ਰੂਰੀ ਹੈ। 'ਜਗਰਾਤਾ' ਵਿਚ ਅਖਾਣਾਂ ਅਤੇ ਮੁਹਾਵਰਿਆਂ ਦੇ ਪ੍ਰਯੋਗ ਦੁਆਰਾ ਆਂਚਲਿਕ ਰੰਗ ਦੀ ਪੇਸ਼ਕਾਰੀ ਕੀਤੀ ਗਈ ਹੈ। 'ਦੀਨ ਤੇ ਦੁਨੀਆ' ਨਾਵਲ ਨੂੰ ਲੋਕਧਾਰਾਈ ਰੰਗਤ ਦੇਣ ਲਈ ਪ੍ਰੋ: ਨਰੂਲਾ ਨੇ ਅਖਾਣਾਂ ਤੇ ਮੁਹਾਵਰਿਆਂ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। 'ਲੋਕ ਦੁਸ਼ਮਣ' ਵਿਚ ਕਥਾ ਨੂੰ ਲੋਕਧਾਰਾਈ ਰੰਗਣ ਦੇਣ ਲਈ ਚਿੰਨ੍ਹ ਅਤੇ ਪ੍ਰਤੀਕ ਵਰਤੇ ਗਏ ਹਨ। 'ਨੀਲੀ ਬਾਰ' ਦੇ ਕਥਾਨਕ ਦੀ ਸਿਰਜਣਾ ਲਈ ਲੋਕਧਾਰਾਈ ਚਿਹਨਕਾਂ ਦਾ ਪ੍ਰਯੋਗ ਕੀਤਾ ਗਿਆ ਹੈ। 'ਜੱਗਬੀਤੀ' ਨਾਵਲ ਵਿਚ ਬਹੁਤ ਸਾਰੀਆਂ ਲੋਕ-ਖੇਡਾਂ ਦਾ ਵਰਨਣ ਹੋਇਆ ਹੈ। 'ਦਿਲ ਦਰਿਆ' ਵਿਚ ਲੋਕਮਨ ਨਾਲ ਜੁੜੇ ਵਿਸ਼ਵਾਸਾਂ ਦੀ ਪੇਸ਼ਕਾਰੀ ਹੋਈ ਹੈ। 'ਸਿਲ ਅਲੂਣੀ' ਵਿਚ ਵਿਅੰਗ ਦੇ ਮਾਧਿਅਮ ਦੁਆਰਾ ਲੋਕ ਜੀਵਨ ਦੀ ਤਸਵੀਰ ਪੇਸ਼ ਕੀਤੀ ਗਈ ਹੈ। 'ਗੱਲਾਂ ਦਿਨ ਰਾਤ ਦੀਆਂ', 'ਰਾਹੇ ਕੁਰਾਹੇ' ਅਤੇ 'ਰਾਤਾਂ ਹੋਈਆਂ ਵੱਡੀਆਂ' ਆਦਿ ਨਾਵਲਾਂ ਵਿਚ ਅਖਾਣਾਂ-ਮੁਹਾਵਰਿਆਂ ਦਾ ਵਿਸ਼ਲੇਸ਼ਣ ਕਰ ਕੇ ਲੋਕਧਾਰਾ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਡਾ: ਜਾਰਜ ਸਿੰਘ ਦਾ ਖੋਜ ਕਾਰਜ ਅਕਾਦਮਿਕ ਦ੍ਰਿਸ਼ਟੀ ਤੋਂ ਕਾਫੀ ਸਫ਼ਲ ਰਿਹਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪੋਹ ਦੀ ਚਾਨਣੀ
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98142-45911.

ਇਸ ਪੁਸਤਕ ਵਿਚ ਅਜੋਕੇ ਜੀਵਨ ਯਥਾਰਥ ਨਾਲ ਜੁੜੇ ਹੋਏ ਲੇਖਕ ਦੇ 17 ਨਿਬੰਧ ਸ਼ਾਮਿਲ ਹਨ ਭਾਵੇਂ ਇਹ ਨਿਬੰਧ ਵੱਖ-ਵੱਖ ਸਿਰਲੇਖਾਂ ਸਹਿਤ ਪੇਸ਼ ਹੋਏ ਹਨ ਪਰ ਸਾਰੇ ਹੀ ਨਿਬੰਧਾਂ ਦੀ ਮੂਲ ਸੁਰ ਇਕ ਹੀ ਹੈ। ਉਹ ਇਹ ਹੈ ਕਿ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਸਾਰੀਆਂ ਸੁੱਖ-ਸਹੂਲਤਾਂ ਦੇ ਬਾਵਜੂਦ ਅਜੋਕਾ ਮਨੁੱਖ ਇਕ ਅਚਵੀ ਭਰੀ ਤੇ ਬੇਆਰਾਮੀ ਵਾਲੀ ਜ਼ਿੰਦਗੀ ਭੋਗ ਰਿਹਾ ਹੈ। ਲੇਖਕ ਨੇ ਇਨ੍ਹਾਂ ਕਾਰਨਾਂ ਦੀ ਹੀ ਤਲਾਸ਼ ਕਰਦਿਆਂ ਇਸ ਵਰਤਾਰੇ ਪ੍ਰਤੀ ਆਪਣੇ ਨਿਬੰਧਾਂ ਵਿਚ ਫ਼ਿਕਰਮੰਦੀ ਦਾ ਇਜ਼ਹਾਰ ਕੀਤਾ ਹੈ। ਲੇਖਕ ਇਨ੍ਹਾਂ ਨਿਬੰਧਾਂ ਵਿਚ ਆਪਣੀ ਨਿੱਜੀ ਜ਼ਿੰਦਗੀ ਵਿਚੋਂ ਘਟਨਾਵਾਂ ਦੇ ਵੇਰਵੇ ਵੀ ਦਿੰਦਾ ਹੈ ਅਤੇ ਲੰਘੇ ਚੰਗੇ ਸਮਿਆਂ ਨਾਲ ਅਜੋਕੇ ਸਮੇਂ ਦਾ ਤੁਲਨਾਤਮਕ ਅਧਿਐਨ ਵੀ ਪੇਸ਼ ਕਰਦਾ ਹੈ। ਮੰਡੀ ਸੱਭਿਆਚਾਰ ਅਤੇ ਰਿਸ਼ਤਿਆਂ ਵਿਚ ਪੈਦਾ ਹੋਈਆਂ ਵਪਾਰਕ ਕਦਰਾਂ-ਕੀਮਤਾਂ ਨੇ ਮਨੁੱਖ ਨੂੰ ਸਮਾਜਿਕ ਨਿਘਾਰ ਵੱਲ ਤੋਰ ਦਿੱਤਾ ਹੈ। ਭਾਵੇਂ ਅਜੋਕੇ ਸਮੇਂ ਵਿਚ ਮਸ਼ੀਨੀਕਰਨ ਨੇ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਹੈ ਪਰ ਲੇਖਕ ਦਾ ਮੱਤ ਹੈ ਕਿ ਇਸ ਨਾਲ ਮਨੁੱਖ ਆਪਣੇ ਹੱਥੀਂ ਕਿਰਤ ਕਰਨ ਦੀ ਬਿਰਤੀ ਨਾਲੋਂ ਟੁੱਟਿਆ ਵੀ ਹੈ, ਜਿਸ ਵਿਹਲੜਪਣ ਅਤੇ ਆਲਸੀ ਵਾਤਾਵਰਨ ਪੈਦਾ ਹੋਇਆ। ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ, ਤਾਂ ਕਿ ਮਨੁੱਖੀ ਸੋਚ ਨੂੰ ਹੁਲਾਰਾ ਦੇ ਕੇ ਸੱਚ ਅਤੇ ਸੁੱਚ ਨਾਲ ਜੋੜਿਆ ਜਾ ਸਕੇ। ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਅਖੌਤੀ ਧਾਰਮਿਕਤਾ ਸਾਡੇ ਸਮਾਜ ਨੂੰ ਖੋਰਾ ਲਾ ਰਹੀ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

ਨਜ਼ਮ ਉਦਾਸ ਹੈ
ਲੇਖਕ : ਮਦਨਜੀਤ ਗਿੱਲ
ਸੰਪਾਦਕ : ਕਮਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 103
ਸੰਪਰਕ : 98154-33166.

ਸ਼ਾਇਰਾ ਮਦਨਜੀਤ ਗਿੱਲ ਦੀ ਕਾਵਿ-ਕਿਤਾਬ 'ਨਜ਼ਮ ਉਦਾਸ ਹੈ' ਪਲੇਠੀ ਕਿਰਤ ਹੈ ਅਤੇ ਪਲੇਠੀ ਕਿਰਤ ਰਾਹੀਂ ਹੀ ਮਦਨਜੀਤ ਗਿੱਲ ਆਧੁਨਿਕ ਭਾਵ ਬੋਧ ਰਾਹੀਂ ਕਾਵਿਕ ਧਰਮ ਨਿਭਾਉਂਦੀ ਨਜ਼ਰ ਆਉਂਦੀ ਹੈ। ਸ਼ਾਇਰਾ ਦੇ ਸਵੈ ਕਥਨ ਕਿ ਇਹ ਕਾਵਿ ਪੁਸਤਕ ਦੀਆਂ ਕਵਿਤਾਵਾਂ ਉਨ੍ਹਾਂ ਇਨਸਾਨਾਂ ਬਾਰੇ ਹਨ ਜੋ ਸਫ਼ਰ ਵਿਚ ਹਾਸ਼ੀਏ ਤੇ ਜੰਮਦੇ, ਹਾਸ਼ੀਏ ਤੇ ਜਿਊਂਦੇ ਅਤੇ ਹਾਸ਼ੀਏ ਤੇ ਹੀ ਉਨ੍ਹਾਂ ਦਾ ਅੰਤ ਹੋ ਜਾਂਦਾ ਹੈ ਤੇ ਰਾਹੀਂ ਪੁਸਤਕ ਦਾ ਨਾਂਅ 'ਨਜ਼ਮ ਉਦਾਸ ਹੈ' ਠੀਕ ਬੈਠਦਾ ਹੈ ਤੇ ਉਨ੍ਹਾਂ ਦੀ ਕਾਵਿਕਾਰੀ ਦੀ ਸੂਤਰ ਤੰਦ ਆਸਾਡੇ ਹੱਥ ਆ ਜਾਂਦੀ ਹੈ। ਅੱਜ ਉੱਤਰ ਆਧੁਨਿਕਤਾ ਦੇ ਨਾਂਅ 'ਤੇ ਜਸ਼ਨ ਦੀ ਸ਼ਾਇਰੀ ਦਾ ਧੁੱਤੂ ਵਜਾਇਆ ਜਾ ਰਿਹਾ ਹੈ ਅਤੇ ਇਹ ਪੁਸਤਕ ਉਸ ਸ਼ਾਇਰੀ ਦਾ ਪ੍ਰਤੀਰੋਧ ਹੈ। ਇਸ ਕਿਤਾਬ ਵਿਚ ਬੇਟੀ ਦੇ ਪੈਦਾ ਹੋਣ ਤੇ ਪ੍ਰਚਲਿਤ ਸਮਾਜਿਕ ਰੀਤੀ ਰਾਹੀਂ ਜੋ ਪਰਿਵਾਰ ਵਿਚ ਵਾਪਰਦਾ ਹੈ ਉਸ ਨੂੰ ਉਹ ਅਪੰਗਲ ਵਾਪਰ ਗਿਆ ਕਹਿੰਦੀ ਹੈ। 'ਮੁਹੱਬਤਾਂ ਦੇ ਪਹਿਰੇਦਾਰ' ਵਿਚ ਆਪਣੇ ਸੰਗੀ ਸਾਥੀ ਨੂੰ ਨਾ ਸਮਝ ਸਕਣਾ ਅਤੇ ਇਕ ਤਰਫ਼ਾ ਝੁਕਾਅ ਤਣਾਓ ਪੈਦਾ ਕਰ ਦਿੰਦਾ ਹੈ। ਔਰਤਾਂ ਆਪਣੇ ਔਰਤਤਵ ਨੂੰ ਨਹੀਂ ਸਮਝ ਰਹੀਆਂ ਅਤੇ ਗਹਿਣੇ ਗੱਟਿਆਂ ਤੇ ਬਰੈਂਡਿਡ ਸੂਟਾਂ ਨੂੰ ਹੀ ਆਪਣੀ ਪ੍ਰਾਪਤੀ ਸਮਝ ਰਹੀਆਂ ਹਨ ਅਤੇ ਸਹੀ ਔਰਤ ਦੇ ਔਰਤਤਵ ਦੀ ਪਹਿਚਾਣ ਲਈ ਸੁੱਤੇ ਪਏ ਮੱਥੇ ਤੇ ਦਸਤਕ ਨਹੀਂ ਦਿੰਦੀਆਂ। ਕੰਡਿਆਲੀ ਤਾਰ ਤੋਂ ਪਰਲੇ ਅਤੇ ਕੰਡਿਆਲੀ ਤਾਰ ਤੋਂ ਉਰਲੇੇ ਪੰਜਾਬ ਦੇ ਵਿਛੋੜੇ ਰਾਹੀਂ ਦੋਵਾਂ ਪੰਜਾਬਾਂ ਦਾ ਤਰਸੇਵਾਂ, ਉਦਰੇਵਾਂ ਅਤੇ ਬੇਬਸੀ ਦਾ ਬੜਾ ਹੀ ਖੂਬਸੁੂਰਤ ਚਿਤਰਣ ਕੀਤਾ ਹੈ। ਬੜੇ ਹੀ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅਸਾਡੀ ਇਹ ਸੰਭਾਵਨਾਵਾਂ ਨਾਲ ਲਬਰੇਜ ਸ਼ਾਇਰਾ ਆਪਣੀ ਛਪੀ ਹੋਈ ਪੁਸਤਕ ਦੇਖਣ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਰੁਖ਼ਸਤ ਹੋ ਗਈ। ਸ਼ਾਇਰਾ ਦੀ ਭੈਣ ਕਮਲ ਜੋ ਨਾਮਵਰ ਸ਼ਾਇਰਾ ਹੈ, ਨੇ ਆਪਣੇ ਸੰਪਾਦਨਾ ਵਿਚ ਠੀਕ ਹੀ ਕਿਹਾ ਹੈ ਕਿ ਉਸ ਦੀ ਭੈਣ ਦੀ ਜ਼ਿੰਦਗੀ ਭਾਈ ਵੀਰ ਸਿੰਘ ਦੀ ਨਜ਼ਮ ਬਨਸਫ਼ੇ ਦੇ ਫੁੱਲ ਵਰਗੀ ਸੀ ਤੇ ਛੁਪੇ ਰਹਿਣ ਦੀ ਅਉਧ ਹੰਢਾ ਕੇ ਆਪਣੀ ਜ਼ਿੰਦਗੀ ਦਾ ਸੱਚ ਕਹਿ ਗਈ।

-ਭਗਵਾਨ ਢਿੱਲੋਂ
ਮੋ: 98143-78254


ਸ਼ਬਦ ਬਾਣ
ਲੇਖਕ : ਸੁਰਜੀਤ ਸਿੰਘ
ਪ੍ਰਕਾਸ਼ਕ : ਜੇ.ਪੀ. ਪਬਲਿਸ਼ਰਜ਼, ਕੈਨੇਡਾ
ਮੁੱਲ : 250 ਰੁਪਏ, ਸਫ਼ੇ : 136

ਕੈਨੇਡਾ ਨਿਵਾਸੀ ਲੇਖਕ ਦੀ ਇਹ ਪੁਸਤਕ ਵੰਨ-ਸੁਵੰਨੇ ਵਿਸ਼ਿਆਂ ਬਾਰੇ ਜ਼ਿੰਦਗੀ ਦੇ ਵਿਸ਼ਾਲ ਤਜਰਬਿਆਂ ਦੇ ਆਧਾਰ 'ਤੇ ਲਿਖੇ 71 ਲਘੂ ਨਿਬੰਧਾਂ ਦੀ ਹੈ। ਇਹ ਕਿਤਾਬ ਸਹਿਜ ਵਾਰਤਕ ਦਾ ਰੂਪ ਹੈ। ਨਿਬੰਧਾਂ ਵਿਚ ਸ਼ਬਦਾਂ ਦੀ ਵਰਤੋਂ ਇਸ ਕਦਰ ਹੈ ਕਿ ਪਾਠਕ 'ਤੇ ਅਸਰ ਬਾਣ (ਤੀਰ) ਵਾਂਗ ਹੁੰਦਾ ਹੈ। ਨਿਬੰਧਾਂ ਵਿਚ ਜ਼ਿੰਦਗੀ ਦੇ ਦ੍ਰਿਸ਼ ਸਾਕਾਰ ਰੂਪ ਵਿਚ ਹਨ। ਜੇ ਲੇਖਕ ਦੇ ਨਾਲ ਬੱਸ ਵਿਚ ਕੋਈ ਸਵਾਰੀ ਬਿਨਾਂ ਕਿਰਾਏ ਦੇ ਸਫ਼ਰ ਕਰ ਰਹੀ ਹੈ ਤਾਂ ਉਹ ਪੂਰੇ ਮਨੋਵਿਗਿਆਨਕ ਜੁਗਤ ਨਾਲ ਉਸ ਨੂੰ ਸਮਝਾਉਂਦਾ ਹੈ ਤੇ ਨਿਬੰਧ ਵਿਚ ਬਹੁਮੁੱਲਾ ਸੰਦੇਸ਼ ਦੇ ਜਾਂਦਾ ਹੈ। ਵਾਹਨ ਚਲਾਉਣ ਵੇਲੇ ਜਾਂ ਸੜਕ ਪਾਰ ਕਰਨ ਵੇਲੇ ਛੋਟੀ ਜਿਹੀ ਕੁਤਾਹੀ ਜਾਨਲੇਵਾ ਹੋ ਸਕਦੀ ਹੈ। ਨਿਬੰਧਾਂ ਵਿਚ ਜ਼ਿੰਦਗੀ ਦੇ ਇਹ ਛੋਟੇ-ਛੋਟੇ ਨੁਕਤੇ ਉਹ ਇਕ ਮਨੋਵਿਗਿਆਨੀ ਵਾਂਗ ਲਿਖਦਾ ਹੈ। ਮੁਹਾਵਰੇਦਾਰ ਭਾਸ਼ਾ, ਸਹਿਜਮਈ ਸ਼ੈਲੀ, ਸੰਖੇਪਤਾ ਪੁਸਤਕ ਦੀ ਵਾਰਤਕ ਦੇ ਮੀਰੀ ਗੁਣ ਹਨ। ਆਪਣੇ ਪ੍ਰਾਇਮਰੀ ਸਕੂਲ ਅਧਿਆਪਕ ਰਾਮ ਲਾਲ ਹੁਰਾਂ 'ਤੇ ਲੇਖਕ ਨੂੰ ਬਹੁਤ ਫਖ਼ਰ ਹੈ ਤੇ ਪਿੰਡ ਲੋਹਗੜ੍ਹ (ਜ਼ਿਲ੍ਹਾ ਜਲੰਧਰ) ਦੇ ਸਰਕਾਰੀ ਪ੍ਰਾਮਿਰੀ ਸਕੂਲ ਦੀ ਪੁਸਤਕ ਵਿਚ ਤਸਵੀਰ ਹੈ ਤੇ ਪੁਸਤਕ ਸਮਰਪਿਤ ਵੀ ਆਪਣੇ ਸਤਿਕਾਰਤ ਅਧਿਆਪਕ ਨੂੰ ਹੈ। ਲੇਖਕ ਦਾ ਬਚਪਨ, ਖੇਡਾਂ, ਪੁਰਾਣਾ ਪੰਜਾਬ, ਪਿੰਡ ਦਾ ਮੋਹ ਪਿਆਰ ਤੇ ਲੋਕਾਂ ਦਾ ਆਪਸੀ ਇਤਫ਼ਾਕ, ਨੈਤਿਕਤਾ, ਵਹਿਮ ਭਰਮ, ਜ਼ਿੰਦਗੀ ਜਿਊਣ ਦਾ ਸਲੀਕਾ, ਭਾਰਤ ਤੇ ਕੈਨੇਡਾ ਦਾ ਬਹੁਪੱਖੀ ਅੰਤਰ ਸਭ ਕੁਝ ਪੁਸਤਕ ਨਿਬੰਧਾਂ ਵਿਚ ਹੈ। ਲੇਖਕ ਖ਼ੁਦ ਕੈਨੇਡਾ ਵਿਚ ਕਿਰਤ ਕਰਦਾ ਹੈ ਤੇ ਨਿਬੰਧਾਂ ਵਿਚ ਵੀ ਉਹ ਸੁੱਚੀ ਕਿਰਤ ਕਰਨ ਦਾ ਸੰਦੇਸ਼ ਦਿੰਦਾ ਹੈ। ਕੁਝ ਨਿਬੰਧਾਂ ਵਿਚ ਗੁਰਬਾਣੀ ਹਵਾਲੇ ਹਨ। ਸਿੱਖ ਰਹਿਤ ਮਰਿਆਦਾ ਵਿਚ ਲੇਖਕ ਦਾ ਪੂਰਨ ਵਿਸ਼ਵਾਸ ਹੈ। 'ਗਿਆਨ ਕਾ ਬਧਾ ਮਨੁ ਰਹੇ' ਤੇ 'ਪਲ ਪਲ ਗਈ ਬਿਹਾਏ' ਰਾਮ ਕਾਰ ਨਿਬੰਧ ਗੁਰਬਾਣੀ ਆਧਾਰਿਤ ਹਨ। ਪੁਸਤਕ ਹਰੇਕ ਵਰਗ ਦੇ ਪਾਠਕ ਨੂੰ ਸੁਚੱਜੀ ਜੀਵਨ ਜਾਚ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲੀ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.

 


ਭਾਰਤੀ ਨਾਰੀ ਦਰਪੇਸ਼ ਚੁਣੌਤੀਆਂ
ਸੰਪਾਦਕ : ਡਾ: ਸੰਦੀਪ ਕੌਰ ਸੇਖੋਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, 15 ਡਾਲਰ, ਸਫ਼ੇ : 120
ਸੰਪਰਕ : 70871-64303.

ਨਾਰੀ ਸੰਸਾਰ ਦੀ ਜਨਨੀ ਹੈ ਪਰ ਇਸ ਨੂੰ ਬਣਦਾ ਸਤਿਕਾਰ ਪ੍ਰਾਪਤ ਨਹੀਂ ਹੋਇਆ। ਇਸ ਨੂੰ ਤਾਂ ਜੰਮਣ ਦਾ ਹੱਕ ਵੀ ਨਹੀਂ ਦਿੱਤਾ ਜਾਂਦਾ। ਚੀਨ ਵਿਚ ਗਰਭ ਵਿਚ ਮਾਰੀਆਂ ਕੁੜੀਆਂ ਦੇ ਭਰੂਣ ਦੁਕਾਨਾਂ ਵਿਚ ਵਿਕਦੇ ਹਨ ਜਿਨ੍ਹਾਂ ਨੂੰ ਲੋਕੀਂ ਭੁੰਨ ਕੇ ਖਾ ਜਾਂਦੇ ਹਨ। ਰੋਜ਼ ਖ਼ਬਰਾਂ ਆਉਂਦੀਆਂ ਹਨ ਕਿ ਕੁਝ ਮਹੀਨਿਆਂ ਦੀ ਬੱਚੀ ਤੋਂ ਲੈ ਕੇ 80 ਸਾਲਾਂ ਦੀਆਂ ਬਜ਼ੁਰਗ ਔਰਤਾਂ ਨਾਲ ਵੀ ਜਬਰ ਜਨਾਹ ਹੋ ਜਾਂਦੇ ਹਨ। ਮਨੁੱਖ ਦਾ ਆਚਰਣ ਏਨਾ ਗਿਰ ਗਿਆ ਹੈ ਕਿ ਉਸ ਨੂੰ ਧੀ ਭੈਣ ਤੇ ਮਾਂ ਦਾ ਵੀ ਲਿਹਾਜ਼ ਨਹੀਂ ਰਿਹਾ। ਜਨਮ ਲੈਣ ਤੋਂ ਪਹਿਲਾਂ ਅਤੇ ਫਿਰ ਸਾਰੀ ਉਮਰ ਔਰਤ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪੁਸਤਕ ਵਿਚ ਵੱਖੋ-ਵੱਖਰੇ ਲੇਖਕਾਂ ਨੇ ਨਾਰੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਡਾ: ਸੰਦੀਪ ਕੌਰ ਸੇਖੋਂ ਨੇ ਨਾਰੀ ਵਿਕਾਸ ਦਰਪੇਸ਼ ਚੁਣੌਤੀਆਂ, ਡਾ: ਐਸ.ਪੀ. ਸਿੰਘ ਨੇ ਭਾਰਤੀ ਨਾਰੀ ਵਿਕਾਸ ਦੀਆਂ ਸਮੱਸਿਆਵਾਂ, ਡਾ: ਬਲਵਿੰਦਰ ਪਾਲ ਸਿੰਘ ਨੇ ਸਮਾਜਿਕ ਆਰਥਿਕ ਵਸੀਲਿਆਂ ਉੱਪਰ ਮਰਦ ਸਮਾਜ ਦੀ ਪ੍ਰਭੁੱਤਾ, ਡਾ: ਸੁਖਜੀਤ ਕੌਰ ਨੇ ਸਮਾਜਿਕ ਵਿਕਾਸ ਵਿਚ ਔਰਤਾਂ ਦਾ ਯੋਗਦਾਨ, ਪ੍ਰੋ: ਦਵਿੰਦਰ ਜੋਸ਼ੀ ਨੇ ਸਿੱਖ ਧਰਮ ਵਿਚ ਨਾਰੀ ਦਾ ਸਥਾਨ, ਡਾ: ਬਿਮਲੇਸ਼ ਕੁਮਾਰ ਗੁਪਤਾ ਨੇ ਨਾਰੀ ਸੰਘਰਸ਼ ਅਤੇ ਪ੍ਰਾਪਤੀਆਂ, ਡਾ: ਸੁਪ੍ਰੇਰਣਾ ਨੇ ਔਰਤ ਦੇ ਸਸ਼ਕਤੀਕਰਨ, ਡਾ: ਤਜਿੰਦਰ ਕੌਰ ਭਾਟੀਆ ਨੇ ਅਜੋਕੀ ਬਾਜ਼ਾਰ ਵਿਵਸਥਾ ਵਿਚ ਇਸ਼ਤਿਹਾਰਬਾਜ਼ੀ ਤੇ ਨਾਰੀ, ਡਾ: ਮੋਨਿਕਾ ਸਾਹਨੀ ਨੇ ਭਾਰਤੀ ਸਮਾਜ ਵਿਚ ਨਾਰੀ ਦੀ ਸਥਿਤੀ, ਪ੍ਰੋ: ਰੇਨੂੰ ਨੇ ਪੱਛਮੀ ਪੰਜਾਬ ਵਿਚ ਔਰਤ ਦੀ ਸਥਿਤੀ, ਡਾ: ਰਵਿੰਦਰ ਕੌਰ ਨੇ ਪੰਜਾਬ ਦੇ ਲੋਕ ਗੀਤਾਂ ਵਿਚ ਔਰਤ ਦੀ ਮਾਨਸਿਕਤਾ, ਪ੍ਰੋ: ਅੰਕੁਸ਼ ਕੁਮਾਰ ਨੇ ਅਜੋਕੀ ਪੰਜਾਬੀ ਗਾਇਕੀ ਵਿਚ ਔਰਤ ਦਾ ਚਿੱਤਰਣ, ਪ੍ਰੋ: ਨਵਦੀਪ ਕੌਰ ਨੇ ਲੋਕ ਨਾਚ ਵਿਚ ਔਰਤ ਦੀ ਭੂਮਿਕਾ ਅਤੇ ਪ੍ਰੋ: ਚਾਰੂ ਸ਼ਰਮਾ ਨੇ ਭਾਰਤੀ ਕਾਨੂੰਨ ਤੇ ਮਹਿਲਾ ਸਸ਼ਕਤੀਕਰਨ ਬਾਰੇ ਖੋਜ ਭਰਪੂਰ ਲੇਖ ਪਾਠਕਾਂ ਦੀ ਨਜ਼ਰ ਕੀਤੇ ਹਨ। ਇਹ ਪੁਸਤਕ ਸਾਨੂੰ ਝੰਜੋੜ ਕੇ ਜਗਾਉਂਦੀ ਹੈ ਅਤੇ ਔਰਤਾਂ ਨੂੰ ਆਪਣੇ ਫ਼ਰਜ਼ਾਂ ਅਤੇ ਹੱਕਾਂ ਬਾਰੇ ਸੁਚੇਤ ਕਰਦੀ ਹੈ। ਇਹ ਇਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਪੁਸਤਕ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਕੇਰਲਾ ਅਤੇ ਕੰਨਿਆ ਕੁਮਾਰੀ ਦੀਆਂ ਅਭੁੱਲ ਯਾਦਾਂ
ਲੇਖਕ : ਗੁਰਦੀਪ ਸਿੰਘ (ਡਾ:)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 90
ਸੰਪਰਕ : 94172-48663.

ਗੁਰਦੀਪ ਸਿੰਘ (ਡਾ:) ਇਸ ਪੁਸਤਕ ਰਾਹੀਂ ਭਾਰਤ ਦੇ ਪ੍ਰਾਇਦੀਪੀ ਭਾਗ ਨੂੰ ਵੇਖਣ-ਜਾਚਣ ਦੇ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝੇ ਕਰ ਰਿਹਾ ਹੈ। 'ਕੇਰਲਾ ਅਤੇ ਕੰਨਿਆ ਕੁਮਾਰੀ ਦੀਆਂ ਅਭੁੱਲ ਯਾਦਾਂ (ਸਫ਼ਰਨਾਮਾ)' ਵਿਚ ਲੇਖਕ ਦਾ ਦੱਖਣੀ ਭਾਰਤ ਵੱਲ ਜਾਣ ਦਾ ਜਦ ਸਬੱਬ ਬਣਦਾ ਹੈ ਤਾਂ ਉਸ ਦਾ ਚਾਅ ਉਛਲ-ਉਛਲ ਪੈਂਦਾ ਹੈ। ਘਰੋਂ ਪੈਰ ਪੁਟਣ ਤੋਂ ਪਹਿਲਾਂ ਦੀ ਤਿਆਰੀ, ਸੁਖਦ ਸਫ਼ਰ ਲਈ ਅਗਾਊਂ ਪ੍ਰਬੰਧ, ਛਲਾਂਗਾ ਮਾਰਦੀ ਜਾਂਦੀ ਗੱਡੀ ਦੇ ਨਾਲ ਨਾਲ ਉਸਦੀ ਉਤਸੁਕਤਾ ਵੀ ਹੋਰ ਉਚੇਰੀ ਉਡਾਣ ਭਰੀ ਜਾਂਦੀ ਹੈ ਕਿ ਅੱਗੇ ਹੋਰ ਅੱਗੇ ਕੀ ਹੋਵੇਗਾ? ਭਾਵ ਕੁਝ ਨਵਾਂ ਜਾਨਣ ਦੀ ਜਗਿਆਸਾ ਤੇਜ਼ ਹੋਈ ਜਾਂਦੀ ਹੈ। ਕੇਰਲਾ ਦੇ ਮਹੱਤਵਪੂਰਨ ਸਥਾਨ, ਸਮੁੰਦਰੀ ਬੀਚ ਦੇ ਨਜ਼ਾਰੇ, ਬੋਟਿੰਗ/ਸ਼ਿਪਿੰਗ ਦੇ ਝੂਟੇ, ਹਰਿਆ-ਭਰਿਆ ਵਾਤਾਵਰਨ, ਚੜ੍ਹਦੇ-ਲਹਿੰਦੇ ਸੂਰਜ ਦੇ ਸੋਹਜਮਈ ਸਮੁੰਦਰੀ ਦ੍ਰਿਸ਼, ਲੋਕ ਸੱਭਿਆਚਾਰ, ਜਿਊਣ ਦਾ ਸਲੀਕਾ, ਰੀਤੀ-ਰਿਵਾਜ਼, ਰਹਿਣ-ਸਹਿਣ ਆਦਿ ਨੂੰ ਨੇੜਿਓਂ ਜਾਣ ਕੇ ਲੇਖਕ ਨੇ ਬੜੀ ਸ਼ਿੱਦਤ ਨਾਲ ਕਲਮਬੰਦ ਅਤੇ ਕੈਮਰਾ ਬੰਦ ਕਰਕੇ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੋਇਆ ਹੈ। ਇਸ ਪੁਸਤਕ ਨੂੰ ਪੜ੍ਹਦਿਆਂ-ਵੇਖਦਿਆਂ ਇੰਜ ਮਹਿਸੂਸ ਹੋਣ ਲਗਦਾ ਜਿਵੇਂ ਖੁਦ ਹੀ ਦੱਖਣੀ ਭਾਰਤ ਦੀ ਸੈਰ 'ਤੇ ਨਿਕਲੇ ਹੋਈਏ। ਸਵਾਮੀ ਵਿਵੇਕਾਨੰਦ ਦੇ ਮੰਦਰ ਦੀ ਸਮੁੰਦਰ ਵਿਚਲੀ ਭੂਗੋਲਿਕ ਸਥਿਤੀ ਤੇ ਉਥੇ ਦੇ ਪਹੁੰਚ ਮਾਰਗ ਅਤੇ ਮੰਦਰ ਦੇ ਸੰਖੇਪ ਇਤਿਹਾਸ ਦਾ ਵਰਨਣ ਇਸ ਪੁਸਤਕ ਵਿਚ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਹੈ, ਜੋ ਇਸ ਇਸ ਪੁਸਤਕ ਦਾ ਉੱਚ ਸਿਖਰ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

16-06-2019

 ਪੁਆਧੀ ਜਲਸਾ ਅਤੇ ਕਵੀਸ਼ਰੀ
ਪਰੰਪਰਾ ਤੇ ਪੇਸ਼ਕਾਰੀ
ਲੇਖਕ : ਡਾ: ਜਗਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 161
ਸੰਪਰਕ : 94170-21427.

ਵਿਚਾਰਾਧੀਨ ਪੁਸਤਕ ਡਾ: ਜਗਜੀਤ ਸਿੰਘ ਦਾ ਉਪਾਧੀ ਸਾਪੇਖ ਖੋਜ-ਕਾਰਜ ਹੈ। ਲੇਖਕ ਨੇ ਆਪਣਾ ਖੋਜ-ਕਾਰਜ ਅਣਥੱਕ ਮਿਹਨਤ ਨਾਲ ਖੇਤਰੀ ਖੋਜ (ਫੀਲਡ ਵਰਕ) ਰਾਹੀਂ ਸੰਪੰਨ ਕੀਤਾ ਹੈ। ਖੋਜ ਕਰਦਿਆਂ ਉਸ ਨੂੰ ਵਿਭਿੰਨ ਸੋਮਿਆਂ ਤੋਂ ਜੋ ਵੀ ਸਮੱਗਰੀ ਪ੍ਰਾਪਤ ਹੋਈ, ਉਸ ਦਾ ਮੁਲਾਂਕਣ ਬੜੀ ਡੂੰਘਾਈ ਵਿਚ ਜਾ ਕੇ ਕੀਤਾ ਹੈ। ਇਸ ਖੋਜ ਕਾਰਜ ਦੇ ਦੋ ਮੁੱਖ ਭਾਗ ਹਨ। ਪਹਿਲੇ ਵਡੇਰੇ ਮੁੱਖ ਭਾਗ ਦੇ ਛੇ ਕਾਂਡ ਹਨ ਅਤੇ ਅੰਤਿਮ ਦੂਜੇ ਭਾਗ ਦਾ ਕੇਵਲ ਇਕ ਕਾਂਡ ਹੈ। ਪਹਿਲੇ ਕਾਂਡ ਵਿਚ ਲੇਖਕ ਨੇ ਪੁਆਧੀ ਖੇਤਰ ਦੀ ਨਿਸ਼ਾਨਦੇਹੀ ਕਰਦਿਆਂ 'ਸੀਮਾ ਪੱਟੀ' ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਪੁਆਧੀ ਗਾਇਨ ਸ਼ੈਲੀਆਂ ਵਿਚ ਗੁੱਗਾ-ਗਾਇਨ, ਭੱਟ-ਗਾਇਨ, ਮੰਗਤਾ-ਗਾਇਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੂਜੇ ਕਾਂਡ ਵਿਚ ਪੁਆਧੀ ਜਲਸਿਆਂ ਦਾ ਸਿਧਾਂਤਕ ਅਤੇ ਵਿਹਾਰਕ ਪੱਖ ਵਿਚਾਰਿਆ ਗਿਆ ਹੈ। ਤੀਜੇ ਕਾਂਡ ਵਿਚ ਭਗਤ ਆਸਾ ਰਾਮ ਬੈਦਵਾਨ (1848-1933) ਦੀ ਪੁਆਧੀ ਜਲਸੇ ਨੂੰ ਦੇਣ ਬਾਰੇ ਅਨੇਕ ਪੱਖਾਂ ਤੋਂ ਜਾਣਕਾਰੀ ਉਪਲਬਧ ਹੈ ਅਤੇ ਉਸ ਨੂੰ ਪੁਆਧੀ ਜਲਸੇ ਦਾ ਪਿਤਾਮਾ ਸਵੀਕਾਰ ਕੀਤਾ ਗਿਆ ਹੈ। ਚੌਥੇ ਕਾਂਡ ਵਿਚ ਪੁਆਧ ਦੀ ਕਵੀਸ਼ਰੀ ਪਰੰਪਰਾ ਨੂੰ 'ਲੋਕ-ਮੁਖੀ' ਸਿੱਧ ਕੀਤਾ ਗਿਆ ਹੈ। ਪੰਜਵੇਂ ਕਾਂਡ ਵਿਚ ਕਵੀਸ਼ਰ ਰੌਣਕ ਸਿੰਘ ਚੁੰਨੀ ਕਲਾਂ (1902-2003) ਨੂੰ ਭਗਤ ਆਸਾ ਰਾਮ ਬੈਦਵਾਨ ਦੀ ਪਰੰਪਰਾ ਨੂੰ ਵਿਕਸਤ ਕਰਨ ਵਾਲਾ ਲੋਕ-ਕਵੀ ਮੰਨਿਆ ਗਿਆ ਹੈ। ਛੇਵੇਂ ਕਾਂਡ ਵਿਚ ਬਖ਼ਸ਼ੀਸ਼ ਸਿੰਘ ਮੀਢੇ ਮਾਜਰਾ (1899-1994) ਨੂੰ ਬਹੁਪੱਖੀ ਵਿਸ਼ਿਆਂ ਅਤੇ ਵਿਭਿੰਨ ਛੰਦਾਂ ਦਾ ਮਾਹਰ ਦੱਸਿਆ ਗਿਆ ਹੈ। ਸਾਰੇ ਹੀ ਕਵੀਆਂ ਦੀਆਂ ਰਚਨਾਵਾਂ ਦੇ ਹਵਾਲੇ ਉਦਾਹਰਨਾਂ ਸਹਿਤ ਪ੍ਰਸਤੁਤ ਹਨ। 14 ਪੰਨੇ ਕਵੀਆਂ, ਰਚਨਾਵਾਂ, ਜਲਸਿਆਂ ਦੀਆਂ ਫੋਟੋਆਂ ਲਈ ਰਾਖਵੇਂ ਹਨ। ਉਪਰੋਕਤ ਤਿੰਨਾਂ ਕਵੀਆਂ ਦੇ ਮੁਲਾਂਕਣ ਉਪਰੰਤ ਲੇਖਕ ਇਸ ਨਤੀਜੇ 'ਤੇ ਅੱਪੜਦਾ ਹੈ 'ਕਵੀਸ਼ਰੀ ਦੀ ਇਕੋ ਕਾਵਿ-ਰੂਹ ਵਾਰ-ਵਾਰ ਰੂਹ ਬਣ ਕੇ ਇਨ੍ਹਾਂ ਦੀ ਕਵਿਤਾ ਨੂੰ ਦੁਨੀਆਵੀ ਪੱਧਰ ਤੋਂ ਚੁੱਕ ਕੇ ਰੂਹਾਨੀ ਪੱਧਰ ਤੱਕ ਲੈ ਜਾਂਦੀ ਹੈ।'
ਆਖਰੀ ਕਾਂਡ (ਦੂਜਾ ਭਾਗ) ਵਿਚ ਪੁਆਧ ਦੀਆਂ ਅਲੋਪ ਹੋ ਰਹੀਆਂ ਲੋਕ-ਕਲਾਵਾਂ ਦੇ ਕਾਰਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਵੇਂ ਕਿ : ਜਲਸੇ ਦਾ ਹਾਸ਼ੀਏ ਵੱਲ ਸਰਕਣਾ, ਮਨੋਰੰਜਨ ਦੇ ਸਾਧਨਾਂ ਦਾ ਜੰਤਰੀਕਰਨ, ਰੁਜ਼ਗਾਰ ਲਈ ਪਲਾਇਨ, ਨਵੇਂ ਗਾਇਕ, ਪੱਛਮੀ ਸੰਗੀਤ, ਬਦਲਦੇ ਸੁਹਜ-ਸੁਆਦ, ਪੁਆਧੀ ਪਿੰਡਾਂ ਦਾ ਉਜਾੜਾ ਅਤੇ ਚੰਡੀਗੜ੍ਹ ਦਾ ਨਿਰਮਾਣ ਆਦਿ। ਸੰਖੇਪ ਵਿਚ ਕਿ ਪੁਆਧ ਬਾਰੇ ਇਹ ਕਿਤਾਬ ਅਜਿਹਾ ਗਿਆਨ ਦਿੰਦੀ ਹੈ ਜੋ ਹੋਰ ਕਿਧਰੋਂ ਪ੍ਰਾਪਤ ਹੋਣਾ ਅਸੰਭਵ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਆਦਰਸ਼ ਜੀਵਨ ਜਾਚ
ਲੇਖਿਕਾ : ਪਰਵੀਨ ਅਬਰੋਲ
ਪ੍ਰਕਾਸ਼ਕ : ਅਬਰੋਲ ਪ੍ਰਕਾਸ਼ਕ, ਜਲੰਧਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 9878249944.

ਹਥਲੀ ਪੁਸਤਕ ਪਰਵੀਨ ਅਬਰੋਲ ਦੀ ਪਲੇਠੀ ਪੁਸਤਕ ਹੈ। ਇਸ ਵਾਰਤਕ-ਨੁਮਾ ਪੁਸਤਕ ਵਿਚ ਲੇਖਿਕਾ ਨੇ ਕੁੱਲ 61 ਛੋਟੇ-ਛੋਟੇ ਲੇਖ ਲਿਖ ਕੇ ਸਮਾਜ ਨੂੰ ਸੇਧ ਦਿੱਤੀ ਹੈ। ਸਾਰੇ ਲੇਖ ਹੀ ਚੰਗੀ ਜੀਵਨ-ਜਾਚ ਸਿਖਾਉਣ ਵਿੱਚ ਅਹਿਮ ਮਦਦਗਾਰ ਸਾਬਤ ਹੁੰਦੇ ਹਨ। ਜਿਵੇਂ ਔਰਤ ਹੋਣ ਦੇ ਨਾਤੇ ਉਸ ਨੇ ਔਰਤਾਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਦੇ ਜੀਵਨ ਵਿਚ ਆਉਂਦੀਆਂ ਦੁਸ਼ਵਾਰੀਆਂ ਦੀ ਪੇਸ਼ਕਾਰੀ ਬਹੁਤ ਹੀ ਸੁੰਦਰ ਢੰਗ ਨਾਲ ਕਰਕੇ ਉਨ੍ਹਾਂ ਦਾ ਹੱਲ ਵੀ ਦੱਸਣ ਦੀ ਕੋਸ਼ਸ਼ ਕੀਤੀ ਹੈ।
ਜਿਵੇਂ ਲੇਖ 'ਸੁਆਣੀ ਹੋਣ ਤੇ ਮਾਣ ਕਰੋ' ਵਿਚ ਸਪੱਸ਼ਟ ਹੈ ਕਿ ਔਰਤ ਨੂੰ ਆਪਣੇ ਔਰਤ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਘਰ-ਪਰਿਵਾਰ ਨੂੰ ਸੁਖੀ ਰੱਖਣ ਲਈ ਉਸ ਦੇ ਸਾਰੇ ਲੇਖ ਹੀ ਮਹੱਤਵਪੂਰਨ ਹਨ। ਸੰਵੇਦਨਸ਼ੀਲ਼ ਨਾਰੀ ਹੋਣ ਦੇ ਨਾਤੇ ਪਰਵੀਨ ਅਬਰੋਲ ਨੇ ਸਮਾਜ ਵਿਚ ਔਰਤਾਂ ਦੇ ਅਹਿਮ ਰੋਲ ਨੂੰ ਪੇਸ਼ ਕੀਤਾ ਹੈ ਕਿ ਕਿਵੇਂ ਸਕਾਰਾਤਮਕ ਸੋਚ ਨਾਲ ਆਪਣੇ ਘਰ-ਪਰਿਵਾਰ ਨੂੰ ਸੁਖੀ ਰੱਖਿਆ ਜਾ ਸਕਦਾ ਹੈ। ਬਜ਼ੁਰਗਾਂ ਨੂੰ ਵੀ ਨੂੰਹਾਂ-ਪੁੱਤਾਂ ਦੇ ਸਾਥ ਦੀ ਲੋੜ ਹੁੰਦੀ ਹੈ ਪਰ ਸਮੇਂ ਦੇ ਨਾਲ ਬਜ਼ੁਰਗਾਂ ਨੂੰ ਵੀ ਆਪਣਾ-ਆਪ ਬਦਲਣਾ ਚਾਹੀਦਾ ਹੈ ਅਤੇ ਚੌਧਰ ਮਾਰਨੀ ਛੱਡ ਦੇਣੀ ਚਾਹੀਦੀ ਹੈ।
ਔਰਤ ਨੂੰ ਆਪਣੇ ਵਾਸਤੇ ਵੀ ਸਮਾਂ ਕੱਢਣਾ ਚਾਹੀਦਾ ਹੈ। ਬੱਚਿਆਂ ਨੂੰ ਅਤੇ ਆਪਣੇ ਪਤੀ ਨੂੰ ਜੀਵਨ ਜਾਚ ਸਿਖਾਉਣ ਵਿੱਚ ਔਰਤ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸੇ ਤਰ੍ਹਾਂ ਹੀ ਉਸ ਨੇ ਬਾਕੀ ਲੇਖਾਂ ਵਿੱਚ ਵੀ ਜਿਵੇਂ, 'ਨਸ਼ਾ ਛਡਾਉਣ ਵਿੱਚ ਔਰਤ ਦੀ ਅਹਿਮ ਭੂਮਿਕਾ', 'ਯਾਦਾਂ ਨੂੰ ਸੰਭਾਲਣਾ ਵੀ ਇੱਕ ਕਲਾ', 'ਬੱਚਿਆਂ ਨੂੰ ਸੋਚ-ਸਮਝ ਕੇ ਦਿਓ ਸਹੂਲਤਾਂ' ਅਤੇ ਬਜ਼ੁਰਗਾਂ ਦੀਆਂ ਸੁਖ ਸਹੂਲਤਾਂ ਦਾ ਧਿਆਨ' ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਜੀਵਨ ਜਾਚ ਸਿਖਾਈ ਹੈ ਅਤੇ ਉਸ ਨੇ ਇੱਕ ਆਦਰਸ਼ ਸਮਾਜ ਸਿਰਜਣ ਲਈ ਇਹ ਪੁਸਤਕ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਲੇਖਿਕਾ ਵਧਾਈ ਦੀ ਪਾਤਰ ਹੈ।

ਂਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਲਾਭ-ਚੇਤ
ਕਵੀ : ਹਰਦੀਪ ਸਿੰਘ ਦਮੇਸ਼ਾ (ਪਾਗਲ)
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 193
ਸੰਪਰਕ : 94645-28807.

ਇਸ ਕਾਵਿ-ਸੰਗ੍ਰਹਿ 'ਚ ਕਵੀ ਦੀਆਂ ਇਕ ਸੌ ਦੇ ਨੇੜੇ-ਤੇੜੇ ਦਰਜ ਕਵਿਤਾਵਾਂ ਉਸ ਦੇ ਜਜ਼ਬੇਮਈ ਵਲਵਲਿਆਂ ਦੀਆਂ ਸੱਚੀਆਂ-ਸੁੱਚੀਆਂ ਤਸਵੀਰਾਂ ਹਨ। ਆਪਣੇ ਪਰਿਵਾਰ ਦੇ ਬਜ਼ੁਰਗ ਨਾਇਕ ਲਾਭ (ਲਾਭ ਸਿੰਘ ਦਮੇਸ਼ਾ) ਅਤੇ ਚੇਤ (ਚੇਤ ਸਿੰਘ ਦਮੇਸ਼ਾ) ਦੇ ਮਿਹਨਤ-ਮੁਸ਼ੱਕਤ ਭਰੇ ਸੱਚੇ-ਸੁੱਚੇ ਜੀਵਨ ਨੂੰ ਆਧਾਰ ਬਣਾ ਕੇ ਯਥਾਰਥਕ ਕਵਿਤਾਵਾਂ ਦੀ ਰਚਨਾ ਕਰਕੇ ਕਵੀ ਨੇ ਇਸ ਕਾਵਿ ਸੰਗ੍ਰਹਿ ਨੂੰ ਵਿਲੱਖਣਤਾ ਬਖਸ਼ੀ ਹੈ। ਜੀਵਨ ਦੇ ਵੱਖ-ਵੱਖ ਰੰਗਾਂ, ਜੀਵਨ-ਖਿਆਲਾਂ ਨੂੰ ਆਪਣੀਆਂ ਇਨ੍ਹਾਂ ਕਵਿਤਾਵਾਂ 'ਚ ਪਰੋ ਕੇ ਉਸ ਨੇ ਆਪਣੀ ਕਾਵਿ ਕਲਾ ਦਾ ਪਾਠਕ ਮਨ 'ਤੇ ਜਾਦੂ ਬਿਖੇਰਿਆ ਹੈ। ਰੱਬ ਬਾਰੇ, ਕਿਸਮਤ ਬਾਰੇ ਕਵੀ ਨੇ ਗੂੜ੍ਹੀ ਫਿਲਾਸਫ਼ੀ ਨੂੰ ਪੇਸ਼ ਕਰਕੇ ਸਮਾਜ ਨੂੰ ਕਈ ਸਵਾਲ ਕੀਤੇ ਹਨ।
ਕਾਵਿ-ਕਲਾ ਦੀ ਤਕਨੀਕ ਦੇ ਪੱਖ ਤੋਂ ਉਸ ਦੀਆਂ ਇਹ ਨਜ਼ਮਾਂ-ਕਵਿਤਾਵਾਂ ਤੁਕਾਂਤ ਨੂੰ ਬਾਖੂਬੀ ਨਿਭਾਉਂਦਿਆਂ ਹੋਈਆਂ ਪਾਠਕ ਮਨ ਨੂੰ ਅਨੇਕਾਂ ਖਿਆਲਾਂ ਨਾਲ ਲਬਰੇਜ਼ ਕਰਦੀਆਂ ਹਨ। ਲਾਭ-ਚੇਤ, ਰੱਬ, ਮੇਰੇ ਦਿਲ ਦੇ ਬੱਦਲ, ਬੰਦਾ ਇਕ ਦੁਨੀਆ, ਇਸ਼ਕੇ ਦੀ ਬਾਜ਼ੀ, ਪੰਜਾਬ, ਜ਼ਿੰਦਗੀ ਦਾ ਚਾਅ, ਬਚਪਨ ਮੋੜ, ਕਾਲਜ ਅਤੇ ਮੌਤ ਵਰਗੀਆਂ ਅਨੇਕਾਂ ਕਵਿਤਾਵਾਂ ਪਾਠਕ ਦੀ ਰੂਹ ਉੱਤੇ ਜਜ਼ਬਿਆਂ ਦਾ ਜਲ ਛਿੜਕਦੀਆਂ ਮਹਿਸੂਸ ਹੁੰਦੀਆਂ ਹਨ। ਹਰੇਕ ਕਵਿਤਾ ਕਵੀ ਦਮੇਸ਼ਾ ਦੇ ਖਿਆਲਾਂ ਦੀ ਦੁਨੀਆ ਦੀ ਗਹਿਰਾਈ, ਵਿਸ਼ਾਲਤਾ ਅਤੇ ਬੁਲੰਦੀ ਦਾ ਝਲਕਾਰਾ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਦੁਨੀਆ ਮਤਲਬ ਦੀ
ਲੇਖਕ : ਕੁਲਦੀਪ ਸਿੰਘ ਦੀਪ
ਪ੍ਰਕਾਸ਼ਕ : ਸੰਜੋਗ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 118
ਸੰਪਰਕ : 78372-37535.

ਕੁਲਦੀਪ ਸਿੰਘ ਦੀਪ ਚੰਗਾ ਸ਼ਾਇਰ ਹੈ। ਉਸ ਨੇ ਰਿਕਾਰਡ ਹੋਣ ਜਾਂ ਛਪਣ ਛਪਾਉਣ ਵੱਲ ਬਹੁਤਾ ਖਿਆਲ ਨਹੀਂ ਕੀਤਾ, ਪਰ ਆਪਣੇ ਵਲਵਲੇ ਕਾਗ਼ਜ਼ 'ਤੇ ਖੂਬ ਝਰੀਟੇ ਹਨ। ਗ਼ਜ਼ਲ, ਗੀਤ 'ਤੇ ਉਸ ਦੀ ਸੋਹਣੀ ਪਕੜ ਹੈ। ਇਸ ਤੋਂ ਪਹਿਲਾਂ ਉਸ ਦੀਆਂ ਦੋ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਤੀਜੀ ਕਿਤਾਬ 'ਦੁਨੀਆ ਮਤਲਬ ਦੀ' ਉਸ ਦੇ ਗੀਤਾਂ ਤੇ ਗ਼ਜ਼ਲਾਂ ਦਾ ਸੰਗ੍ਰਹਿ ਹੈ।
'ਦੁਨੀਆ ਮਤਲਬ ਦੀ' ਵਿਚ ਦੀਪ ਨੇ ਆਪਣੇ ਵਲਵਲੇ ਸਾਂਝੇ ਕੀਤੇ ਹਨ। ਦੁਨੀਆਦਾਰੀ, ਪਿਆਰ, ਇਤਬਾਰ, ਸੰਸਾਰ ਬਾਰੇ ਵਧੀਆ ਲਿਖਿਆ ਹੈ। ਉਸ ਦੀਆਂ ਗ਼ਜ਼ਲਾਂ ਪੜ੍ਹਨਯੋਗ ਹਨ ਅਤੇ ਗੀਤ ਸਮਝਣਯੋਗ। ਅੱਜ ਦੇ ਦੌਰ ਵਿਚ ਗੀਤਕਾਰੀ ਦੇ ਨਾਂਅ 'ਤੇ ਯਭਲੀਆਂ ਮਾਰੀਆਂ ਜਾ ਰਹੀਆਂ ਹਨ ਤਾਂ ਦੀਪ ਦੇ ਗੀਤ ਖਾਸੀ ਅਹਿਮੀਅਤ ਰੱਖਦੇ ਹਨ। ਉਸ ਦੇ ਲਿਖੇ ਇੱਕ ਗੀਤ ਦੇ ਬੋਲ ਹਨ :
ਰੰਗ ਸੰਧੂਰੀ ਵਰਗਾ ਮੁੱਖੜਾ,
ਲੰਮ ਸਲੰਮਾ ਸਰੂ ਦਾ ਰੁੱਖੜਾ,
ਖੰਡ ਮਿਸ਼ਰੀ ਜਿਹੇ ਬੋਲਾਂ ਤੋਂ ਮੈਂ,
ਜਾਵਾਂ ਸਦਕੇ ਘੋਲ਼ੀ।
ਨੀਂ ਮੈਂ ਓਸ ਸੱਜਣ ਦੀ ਗੋਲੀ,
ਜੀਹਦੀ ਸ਼ਹਿਦ ਤੋਂ ਮਿੱਠੀ ਬੋਲੀ।
ਦੀਪ ਅਸਲ ਵਿਚ ਸਟੇਜੀ ਕਵੀ ਹੈ। ਉਸ ਦਾ ਨਾਂਅ ਖੇਤਰ ਦੀਆਂ ਸਾਹਿਤਕ ਸਫ਼ਾਂ ਵਿਚ ਸ਼ਿੱਦਤ ਨਾਲ ਲਿਆ ਜਾਂਦਾ ਹੈ। ਉਸ ਦੀ ਗ਼ਜ਼ਲ ਦਾ ਇਕ ਸ਼ੇਅਰ ਹੈ :
ਕਿੰਨਾ ਚਿਰ ਇਹ ਮਾਰੂ ਝੱਖੜ ਝੁੱਲੇਗਾ,
ਬੰਦ ਦਰਵਾਜ਼ਾ ਕਿਸਮਤ ਦਾ ਕਦ ਖੁੱਲ੍ਹੇਗਾ।
ਇਹ ਇਕ-ਦੋ ਨਮੂਨੇ ਕੁਲਦੀਪ ਸਿੰਘ ਦੀਪ ਦੀ ਸੂਝ ਅਤੇ ਲਿਖਣ ਸਮਰੱਥਾ ਦੀ ਜਾਣਕਾਰੀ ਦੇਣ ਲਈ ਕਾਫੀ ਹਨ। ਦੀਪ ਦੀ ਪੂਰੀ ਪੁਸਤਕ ਇਨ੍ਹਾਂ ਵਲਵਲਿਆਂ ਭਰਪੂਰ ਹੈ, ਜੋ ਪੜ੍ਹਨਯੋਗ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਕੁਝ ਤਾਂ ਕਹਿ
ਸ਼ਾਇਰਾ : ਸੁਰਿੰਦਰ ਸਿਦਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : +61452516779.

ਇਸ ਗ਼ਜ਼ਲ ਸੰਗ੍ਰਹਿ ਵਿਚ ਸਿਦਕ ਦੀਆਂ 94 ਗ਼ਜ਼ਲਾਂ ਸੰਕਲਿਤ ਹਨ। ਪੁਸਤਕ ਦੀ ਪਹਿਲੀ ਗ਼ਜ਼ਲ ਉਪਦੇਸ਼ਕ ਲਹਿਜ਼ੇ ਵਾਲੀ ਹੈ, ਜਿਸ ਵਿਚ ਗ਼ਜ਼ਲਕਾਰਾ ਲਿਖਣ ਵਾਲਿਆਂ ਨੂੰ ਸੰਬੋਧਿਤ ਹੁੰਦੀ ਹੋਈ ਪਿਆਰ, ਖ਼ਲੂਸ ਤੇ ਭੈਅ ਰਹਿਤ ਲਿਖਤਾਂ ਲਿਖਣ ਦੀ ਗੁਜ਼ਾਰਿਸ਼ ਕਰਦੀ ਹੈ। ਦੂਸਰੀ ਗ਼ਜ਼ਲ ਕੁੜੀਆਂ ਚਿੜੀਆਂ ਤੇ ਕੂੰਜਾਂ ਦੀ ਦਸ਼ਾ ਦਰਸਾਉਂਦੀ ਹੈ। ਆਪਣੀ ਤੀਸਰੀ ਗ਼ਜ਼ਲ ਵਿਚ ਉਹ ਫ਼ਲ ਦੀ ਉਤਪਤੀ ਲਈ ਸੰਘਰਸ਼ ਨੂੰ ਹੀ ਜ਼ਮੀਨ ਮੰਨਦੀ ਹੈ। ਸਿਦਕ ਆਪਣੀਆਂ ਗ਼ਜ਼ਲਾਂ ਵਿਚ ਕਾਲ਼ੇ ਬੱਦਲਾਂ ਦੇ ਸਾਏ ਵਿਚ ਚਾਨਣ ਬਿਖੇਰਨ ਦੀ ਗੱਲ ਕਰਦੀ ਹੈ ਤੇ ਉਹ ਆਪਣੇ ਸੁਪਨਿਆਂ ਦੇ ਸੰਸਾਰ ਵਿਚ ਸਿਰਫ਼ ਮੁਹੱਬਤ ਹੀ ਮੁਹੱਬਤ ਦੇਖਣ ਦੀ ਚਾਹਵਾਨ ਹੈ। ਨਾਰੀ ਹੋਣ ਕਾਰਨ ਉਸ ਨੇ ਇਸ ਸ਼੍ਰੇਣੀ ਦੇ ਦਰਦ ਨੂੰ ਕਰੀਬ ਤੋਂ ਜਾਣਿਆਂ ਹੈ ਤੇ ਉਸ ਦਰਦ ਨੂੰ ਉਸ ਨੇ ਆਪਣੇ ਸ਼ਿਅਰਾਂ ਵਿਚ ਬਾਖ਼ੂਬੀ ਢਾਲ਼ਿਆ ਹੈ। ਉਸ ਮੁਤਾਬਿਕ ਕੁੜੀਆਂ ਲਈ ਸਾਡੇ ਸਮਾਜ ਵਿਚ ਅਜੇ ਵੀ ਬੜੀਆਂ ਵਰਜਨਾਵਾਂ ਹਨ ਤੇ ਇਹ ਕਿਸੇ ਸਖ਼ਤ ਸਜ਼ਾ ਤੋਂ ਘੱਟ ਨਹੀਂ ਹਨ। ਉਹ ਸਮਝਦੀ ਹੈ ਜ਼ਿੰਦਗੀ ਵਿਚ ਜੂਝਣ ਲਈ ਮਾਂ ਤੋਂ ਵੱਡੀ ਹੋਰ ਕੋਈ ਸ਼ਖ਼ਸੀਅਤ ਨਹੀਂ ਹੈ। ਉਹ ਮੁਹੱਬਤ ਵਿਚ ਤਮਾਸ਼ਾ ਬਣਨ ਤੇ ਰੋਣ ਧੋਣ ਦੀ ਥਾਂ ਮੂੰਹ 'ਤੇ ਹਾਸੇ ਮਲਣ ਨੂੰ ਤਰਜੀਹ ਦਿੰਦੀ ਹੈ। ਸ਼ਾਇਰਾ ਦਾ ਜ਼ਿੰਦਗੀ ਪ੍ਰਤੀ ਇਹ ਦ੍ਰਿਸ਼ਟੀਕੋਣ ਸੁਖਾਵਾਂ ਲਗਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਰਾਜਨੀਤੀ ਦੇ ਡਿਗ ਚੁੱਕੇ ਮਿਆਰ ਦਾ ਵਰਨਣ ਵੀ ਮਿਲਦਾ ਹੈ ਤੇ ਸਾਡੇ ਸਮਾਜ ਦੀਆਂ ਕਈ ਧਾਰਨਾਵਾਂ ਨੂੰ ਨਕਾਰਨ ਦੇ ਤਰਕ ਵੀ ਹਨ। ਸਿਦਕ ਦੇ ਸ਼ਿਅਰ ਬੱਝਵਾਂ ਪ੍ਰਭਾਵ ਸਿਰਜਣ ਵਿਚ ਸਮਰੱਥ ਹਨ ਪਰ ਕਿਤੇ-ਕਿਤੇ ਇਨ੍ਹਾਂ ਵਿਚ ਤਕਨੀਕੀ ਘਾਟਾਂ ਹਨ, ਜੋ ਨਹੀਂ ਸੀ ਹੋਣੀਆਂ ਚਾਹੀਦੀਆਂ ਜਿਵੇਂ ਕਹਿਣਗੇ, ਖਹਿਣਗੇ ਦੇ ਨਾਲ ਪੈਣਗੇ ਕਾਫ਼ੀਏ ਦਾ ਇਸਤੇਮਾਲ। ਇਹ ਗ਼ਜ਼ਲ ਸੰਗ੍ਰਹਿ ਪਰਵਾਸੀ ਗ਼ਜ਼ਲਕਾਰਾਂ ਪ੍ਰਤੀ ਸਨਮਾਨ ਵਿਚ ਵਾਧਾ ਕਰਦੀ ਹੈ। 'ਕੁਝ ਤਾਂ ਕਹਿ' ਆਮ ਪਾਠਕ ਨੂੰ ਵੀ ਨਿਰਾਸ਼ ਨਹੀਂ ਕਰਦੀ।

ਂਗੁਰਦਿਆਲ ਰੌਸ਼ਨ
ਮੋ: 99884-44002
ਫ ਫ ਫ

ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲਾਂਕਣ
ਸੰਪਾਦਕ : ਡਾ: ਭਗਵੰਤ ਸਿੰਘ ਤੇ ਡਾ: ਰਵਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 170
ਸੰਪਰਕ : 98148-51500.

ਇਸ ਪੁਸਤਕ ਵਿਚ ਡਾ: ਤੇਜਵੰਤ ਮਾਨ, ਜਰਨੈਲ ਸਿੰਘ ਅੱਚਰਵਾਲ, ਪਵਨ ਹਰਚੰਦਪੁਰੀ, ਡਾ: ਕੁਲਦੀਪ ਸਿੰਘ ਦੀਪ, ਅਮਰਿੰਦਰ ਸਿੰਘ ਨੌਬੀ ਸੋਹਲ, ਡਾ: ਤਜਿੰਦਰ ਪਾਲ ਕੌਰ, ਬਲਬੀਰ ਚੰਦ ਲੌਂਗੋਵਾਲ, ਨਿਰੰਜਨ ਬੋਹਾ, ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ, ਹਰਭਜਨ ਸਿੰਘ ਮਾਂਗਟ ਜਿਹੇ ਵਿਦਵਾਨਾਂ ਨੇ ਮੱਲ ਸਿੰਘ ਰਾਮਪੁਰੀ ਦੇ ਜੀਵਨ ਦੇ ਅਹਿਮ ਪਹਿਲੂਆਂ ਅਤੇ ਰਚਨਾ 'ਤੇ ਡੂੰਘੀ ਝਾਤ ਪਾਈ ਹੈ ਤੇ ਵਿਸ਼ਲੇਸ਼ਣ ਕੀਤਾ ਹੈ।
ਮੱਲ ਸਿੰਘ ਰਾਮਪੁਰੀ ਸਮਾਜ ਨੂੰ ਸਮਰਪਿਤ ਲੇਖਕ ਸੀ, ਜਿਸ ਨੇ ਆਮ ਲੋਕਾਂ ਦੇ ਦੁੱਖਾਂ-ਦਰਦਾਂ ਦੀ ਬਾਤ ਆਪਣੀਆਂ ਰਚਨਾਵਾਂ ਵਿਚ ਪਾਈ ਹੈ। ਕਮਿਊਨਿਸਟ ਲਹਿਰ ਅਤੇ ਫਿਰ ਨਕਸਲਬਾੜੀ ਲਹਿਰ ਨਾਲ ਜੁੜਿਆ ਹੋਣ ਕਾਰਨ ਉਸ ਕਈ ਵਾਰੀ ਜੇਲ੍ਹ ਯਾਤਰਾ ਵੀ ਕੀਤੀ। ਆਮ ਕਸ਼ਟ ਝੱਲਦਿਆਂ, ਆਮ ਲੋਕਾਈ ਦੇ ਦੁੱਖ ਦਰਦ ਦੀ ਕਥਾ ਛੇੜੀ ਹੈ। ਉਸ ਨੇ ਉਸ ਵੇਲੇ ਪ੍ਰਚਾਰ ਹਿਤ ਓਪੇਰੇ ਲਿਖੇ ਵੀ ਤੇ ਖੇਡੇ ਵੀ। ਇਹ ਅਜਿਹੀ ਵੰਨਗੀ ਸੀ, ਜਿਸ ਰਾਹੀਂ ਜਨਤਾ ਤੱਕ ਆਪਣੀ ਗੱਲ ਸਿੱਧੀ ਪਹੁੰਚਾਈ ਜਾ ਸਕਦੀ ਸੀ। ਓਪੇਰਿਆਂ, ਇਕਾਂਗੀਆਂ ਤੇ ਨਾਟਕਾਂ ਦਾ ਪ੍ਰਭਾਵ ਦੂਰਗਾਮੀ ਹੁੰਦਾ ਹੈ। ਨਾਟਕਾਂ ਤੋਂ ਇਲਾਵਾ ਉਸ ਨੇ ਪ੍ਰਗਤੀਵਾਦੀ ਤੇ ਲੋਕ ਹਿਤਾਂ ਵਾਲੀ ਕਵਿਤਾ ਦੀ ਸਿਰਜਣਾ ਵੀ ਕੀਤੀ ਹੈ। 'ਜੇਲ੍ਹਾਂ ਜਾਈ' ਅਤੇ 'ਹਰ ਪਾਸੇ ਚਮਕੌਰ ਗੜ੍ਹੀ ਹੈ' ਜਿਹੀਆਂ ਕਾਵਿ-ਪੁਸਤਕਾਂ ਰਚ ਕੇ ਉਸ ਨੇ ਆਪਣੀ ਕਵਿਤਾ ਦਾ ਸਿੱਕਾ ਵੀ ਮੰਨਵਾਇਆ ਹੈ। ਇਤਿਹਾਸਕਾਰੀ ਵਿਚ ਵੀ ਮੱਲ ਸਿੰਘ ਰਾਮਪੁਰੀ ਦੀ ਵਿਸ਼ੇਸ਼ ਰੁਚੀ ਸੀ। 'ਗ਼ਜ਼ਨੀ ਤੋਂ ਰਾਮਪੁਰ' ਉਸ ਦੀ ਵੱਡ-ਆਕਾਰੀ ਇਤਿਹਾਸਕ ਪੁਸਤਕ ਹੈ, ਜਿਸ ਵਿਚ ਉਸ ਨੇ ਮਾਂਗਟਾਂ ਦੇ ਲੰਮੇ ਇਤਿਹਾਸ ਦਾ (520 ਈ: ਤੋਂ 2005 ਈ:) ਤੱਕ ਦਾ ਉਲੇਖ ਕੀਤਾ ਹੈ। ਇਸ ਪੁਸਤਕ ਵਿਚ ਬੰਸਾਵਲੀ, ਭਾਸ਼ਾ, ਮਿੱਥ ਤੇ ਸਮਾਜਿਕ, ਰਾਜਨੀਤਕ ਤੇ ਆਰਥਿਕ ਵਿਕਾਸ ਦੀ ਪੁਣ-ਪੜਤਾਲ ਕੀਤੀ ਗਈ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਮਾਲੀ ਮਿਲੇ ਮਕਾਰ
ਕਵੀ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 98768-73735.

ਹਰਮਿੰਦਰ ਸਿੰਘ ਕੋਹਾਰਵਾਲਾ ਪਿਛਲੇ 14 ਵਰ੍ਹਿਆਂ ਤੋਂ ਕਾਵਿ-ਸਿਰਜਣਾ ਦੇ ਕਠਿਨ ਮਾਰਗ ਉੱਪਰ ਬੜੇ ਸਧੇ ਹੋਏ ਕਦਮਾਂ ਨਾਲ ਚਲਿਆ ਆ ਰਿਹਾ ਹੈ ਅਤੇ ਇਸ ਦੌਰਾਨ ਉਸ ਦੇ ਛੇ ਕਾਵਿ ਸੰਗ੍ਰਹਿ (ਗੀਤ, ਗ਼ਜ਼ਲਾਂ ਅਤੇ ਦੋਹੇ) ਪ੍ਰਕਾਸ਼ਿਤ ਹੋ ਚੁੱਕੇ ਹਨ। 'ਮਾਲੀ ਮਿਲੇ ਮਕਾਰ' ਉਸ ਦਾ ਦੂਜਾ ਦੋਹਾ-ਸੰਗ੍ਰਹਿ ਹੈ। ਹਰਮਿੰਦਰ ਸਿੰਘ ਕੋਹਾਰਵਾਲਾ ਦੇ ਇਨ੍ਹਾਂ ਦੋਹਿਆਂ ਦਾ ਇਕ ਨਿੱਖੜਵਾਂ ਲੱਛਣ ਆਂਚਲਿਕਤਾ ਦਾ ਪ੍ਰਯੋਗ ਹੈ। ਉਹ ਪੰਜਾਬ ਦੇ ਮਲਵਈ ਆਂਚਲ ਦਾ ਚਿਤੇਰਾ ਅਤੇ ਉਦਘੋਸ਼ਕਾਰ ਹੈ। ਸ: ਕੰਵਲ, ਪ੍ਰੋ: ਗੁਰਦਿਆਲ ਸਿੰਘ, ਜ਼ੋਰਾ ਸਿੰਘ ਸੰਧੂ ਅਤੇ ਅਜਮੇਰ ਸਿੰਘ ਔਲਖ ਵਾਂਗ ਉਸ ਦੀਆਂ ਰਚਨਾਵਾਂ ਮਲਵਈ ਬੋਲੀ ਦਾ ਇਕ ਮਹਾਂਕੋਸ਼ ਹਨ। ਉਸ ਨੇ ਮਲਵਈ ਦੇ ਬਹੁਤ ਸਾਰੇ ਅਲੋਪ ਹੋ ਰਹੇ ਸ਼ਬਦਾਂ, ਵਾਕਾਂਸ਼ਾਂ ਅਤੇ ਅਖੌਤਾਂ-ਮੁਹਾਵਰਿਆਂ ਨੂੰ ਬੜੇ ਕਰੀਨੇ ਨਾਲ ਸਾਂਭ ਲਿਆ ਹੈ। ਕੁਝ ਨਮੂਨੇ ਦੇਖੋ : ਕਸੂਤੀ ਸੱਟ ਵੱਜਣਾ, ਚੱਕ-ਥੱਲ ਹੋਣਾ, ਚੌੜ-ਚੌੜ ਵਿਚ ਜਿੱਦ ਪੈਣਾ, ਕਚੂਚ ਹੋਣਾ, ਧੰਦ ਪਿੱਟਣਾ, ਅੱਕ ਚੱਬਣਾ, ਨੰਗ ਨਚੋੜਨਾ, ਬਾਰਾਂਤਾਲੀ ਸੱਸ...... ਆਦਿ। ਦੋਹਾ-ਕਾਵਿ ਦੀ ਮਰਯਾਦਾ ਉੱਪਰ ਪਹਿਰਾ ਦਿੰਦਾ ਹੋਇਆ ਕਵੀ ਸਮੂਹਿਕ ਸਚਾਈਆਂ ਦਾ ਨਿਰੂਪਣ ਕਰਨ ਤੋਂ ਬੇਮੁੱਖ ਨਹੀਂ ਹੁੰਦਾ। ਕੁਝ ਪ੍ਰਮਾਣ ਦੇਖੋ :
1. ਪੰਜ ਦਹਾਕੇ ਚੁਕਿਆ ਜਿਸ ਨੇ ਘਰ ਦਾ ਭਾਰ
ਉਸ ਨੂੰ ਸਾਂਭਣ ਵਾਸਤੇ ਘਰ ਨੂੰ ਲਗਦਾ ਭਾਰ।
2. ਅੰਤਰਜਾਤੀ ਸ਼ਾਦੀਆਂ ਹੋਣ ਕਿਵੇਂ ਪਰਵਾਨ
ਅੰਮ੍ਰਿਤ-ਬਾਟਾ ਇਕ ਹੈ ਵੱਖੋ-ਵੱਖ ਸ਼ਮਸ਼ਾਨ।
3. ਏਸ ਜ਼ਮਾਨੇ ਦੇ ਲੜੇ ਖੌਰੇ ਕਾਹਤੋਂ ਮੱਖ
ਲੜਦੀ ਜਦੋਂ ਗ਼ਰੀਬ ਦੀ ਇੰਟਰਕਾਸਟ ਅੱਖ।
ਹਰਮਿੰਦਰ ਸਿੰਘ ਕੋਹਾਰਵਾਲਾ ਦਾ ਅਨੁਭਵ ਬੜਾ ਵਿਸ਼ਾਲ ਹੈ। ਉਹ ਆਪਣੇ ਸਮਕਾਲੀ ਜਗਤ ਦੇ ਹਰ ਵੇਰਵੇ ਨੂੰ ਪੈਨੀ ਦ੍ਰਿਸ਼ਟੀ ਨਾਲ ਵੇਖਦਾ ਹੈ। ਉਸ ਦੇ ਇਹ ਦੋਹੇ ਸਾਡੇ ਸਮਕਾਲੀ ਦੌਰ ਦਾ ਇਕ ਜਿਊਂਦਾ-ਧੜਕਦਾ ਮਿਊਜ਼ੀਅਮ ਹਨ। ਇਨ੍ਹਾਂ ਨੂੰ ਪੜ੍ਹਨਾ ਆਪਣੇ ਯੁੱਗ ਦੀਆਂ ਵਿਸੰਗਤੀਆਂ ਦੇ ਰੂਬਰੂ ਹੋਣਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਬਦਲਾਂਗੇ ਮੌਸਮ
ਲੇਖਕ : ਜਗਤਾਰ ਬੈਂਸ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 81461-12311.

ਜਗਤਾਰ ਬੈਂਸ ਨੇ ਪੰਜਾਬੀ ਸਾਹਿਤ ਜਗਤ ਨੂੰ ਪੰਜ ਕਹਾਣੀ ਸੰਗ੍ਰਹਿ ਦੇਣ ਉਪਰੰਤ ਹੁਣ ਕਾਵਿ ਸੰਗ੍ਰਹਿ ਵੱਲ ਰੁਖ਼ ਕੀਤਾ ਹੈ। ਲੇਖਕ/ਕਵੀ ਨੇ ਵੀ ਕੁਝ ਸਮੱਸਿਆਵਾਂ ਨੂੰ ਕਾਵਿ ਕਲਾ ਦਾ ਵਿਸ਼ਾ ਬਣਾਇਆ ਹੈ ਅਤੇ ਥਾਂ ਪੁਰ ਥਾਂ ਵਿਰੋਧ ਭਾਵਨਾ ਜਾਂ ਬਗਾਵਤ ਦਾ ਪਰਚਮ ਵੀ ਬੁਲੰਦ ਕੀਤਾ ਹੈ। ਪਹਿਲੀ ਹੀ ਕਵਿਤਾ ਹੈ 'ਲੁਟਤੰਤਰ ਦਾ ਮੈਨੀਫੈਸਟੋ'ਂ
ਵੋਟਾਂ ਤੋਂ ਪਹਿਲਾਂ ਪੈਸੇ ਵੰਡੇ
ਨਸ਼ੇ ਵੰਡ ਕੇ ਗੱਡੇ ਝੰਡੇ।
ਪੰਜ ਸਾਲ ਹੁਣ ਮੌਜ ਕਰਾਂਗੇ
ਲੋਕਾਂ ਦੀ ਲੁੱਟ ਖੂਬ ਕਰਾਂਗੇ।
ਕਿੰਨਾ ਤਕੜਾ ਵਿਅੰਗ ਹੈ ਲੋਕਤੰਤਰ ਉੱਤੇ। ਉਸ ਨੇ ਮਹਿੰਗਾਈ, ਰਿਸ਼ਵਤਖੋਰੀ, ਨੇਤਾਵਾਂ ਦੀਆਂ ਚਾਲਬਾਜ਼ੀਆਂ, ਧਰਮ ਸਥਾਨਾਂ 'ਤੇ ਔਰਤਾਂ ਦੀ ਹੁੰਦੀ ਬੇਪਤੀ, (ਔਰਤ ਦੀ ਲੁੱਟ), ਜੇਲ੍ਹ ਵਿਚ ਬੰਦ ਫ਼ੌਜੀ ਦਾ ਖ਼ਤ, ਜ਼ੁਲਮ ਦੀ ਅਤਿ, ਕੇਵਲ ਨਾਂਅ ਦੀ ਦੇਸ਼ ਭਗਤੀ, ਨੇਤਾਵਾਂ ਦੀ ਅਖੌਤੀ ਕੁਰਬਾਨੀ, ਅੱਛੇ ਦਿਨਾਂ ਦਾ ਦਿਖਣਾ, ਨੋਟਬੰਦੀ, ਆਦਿ ਕੇਵਲ ਕੁਫ਼ਰ ਹੈ ਖੇਡ ਹੈ ਕੋਈ ਸਾਫ਼-ਸੁਥਰੀ ਰਾਜਨੀਤੀ ਨਹੀਂ ਬਾਰੇ ਖੁੱਲ੍ਹ ਕੇ ਵਿਅੰਗ ਕੀਤਾ ਹੈ ਤੇ ਸਿਆਸਤਦਾਨਾਂ ਦੀਆਂ ਘਿਨਾਉਣੀਆਂ ਚਾਲਾਂ ਨੂੰ ਨੰਗਾ ਕੀਤਾ ਹੈ। ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ, ਬੱਚੀਆਂ ਦੇ ਹੁੰਦੇ ਜਬਰ ਜਨਾਹ, ਧਰਮ ਦੇ ਗੁਲਾਮ ਲੋਕ, ਪੁਲਿਸ ਭ੍ਰਿਸ਼ਟਾਚਾਰੀ, ਗੌਰੀ ਲੰਕੇਸ਼ ਦੀ ਕੁਰਬਾਨੀ ਨੂੰ ਕਵੀ ਨੇ ਖੁੱਲ੍ਹ ਕੇ ਚਿਤਰਿਆ ਹੈ ਪਰ ਵਿਅੰਗਮਈ ਭਾਸ਼ਾ ਵਿਚ। ਪੰਜਾਬ ਦਾ ਮਾੜਾ ਭਵਿੱਖ, ਅਗਿਆਨਤਾ ਦਾ ਬੋਲਬਾਲਾ, ਲੋਕ ਮਨ ਦੀ ਬਾਤ ਨੂੰ ਪੇਸ਼ ਕਰਦੇ ਹੋਏ ਬਾਬਾ ਨਾਨਕ ਅੱਗੇ ਅਰਜ਼ ਗੁਜ਼ਾਰੀ ਹੈ ਕਿ ਅਜਿਹੀ ਗੰਦੀ ਲੋਕਤੰਤਰ ਸੋਚ ਵਾਲੇ ਦੇਸ਼ ਵਿਚ ਤੂੰ ਮੁੜ ਨਾ ਆਵੀਂ (ਨਾ ਆਈ ਬਾਬਾ ਨਾਨਕਾ)। ਕਵੀ ਦੇ ਮਨ ਵਿਚ ਬਗਾਵਤ ਦੀ ਭਾਵਨਾ ਹੈ ਤਾਂ ਹੀ 1984 ਦੇ ਦੰਗੇ, ਪੰਜਾਬ ਦੀ ਲੁੱਟ, ਸਵਾਮੀਨਾਥਨ ਦੀ ਰਿਪੋਰਟ, ਆਰਥਿਕ ਪਾੜਾ, ਨਸ਼ੇ ਦੇ ਮਾਰੇ ਨੌਜਵਾਨ, ਲੈਨਿਨ ਨੂੰ ਪੁਕਾਰ, ਵਿਕਾਊ ਮਾਲ, ਹੱਕ ਸੱਚ ਤੋਂ ਦੂਰੀ ਤੇ ਬਾਬਿਆਂ ਦੇ ਕਿੱਸੇ ਆਦਿ ਵਿਸ਼ਿਆਂ ਬਾਰੇ ਲਿਖਦੇ ਮਨ ਨੂੰ ਹਲਕਾ ਕੀਤਾ ਹੈ। ਉਹ ਦੇਸ਼ ਦੀ ਗੰਧਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਵੇਂ ਭਾਰਤ ਦਾ ਜਨਮ ਚਾਹੁੰਦਾ ਹੈ।
ਕਵੀ ਇਕ ਸਪੱਸ਼ਟਵਾਦੀ ਵਿਚਾਰਧਾਰਾ ਦਾ ਹਾਮੀ ਹੈ। ਇਸੇ ਲਈ ਹਰ ਬੁਰਾਈ ਨੂੰ ਖੁੱਲ੍ਹ ਕੇ ਬੇਨਕਾਬ ਕੀਤਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

15-06-2019

 ਯੁਗੇ ਯੁਗੇ ਨਾਰੀ
ਲੇਖਿਕਾ : ਕਰਮਜੀਤ ਕੌਰ ਕਿਸ਼ਾਂਵਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 220 ਰੁਪਏ, ਸਫ਼ੇ : 87
ਸੰਪਰਕ : 97794-21283.

ਇਹ ਪੁਸਤਕ ਹਰ ਨਾਰੀ ਦੀ ਅਣਕਹੀ ਅਤੇ ਅਣਦਿਸਦੀ ਪੀੜ ਨੂੰ ਸਮਰਪਿਤ ਹੈ। ਨਾਰੀ ਦਾ ਜੀਵਨ ਦਰਦ ਦਾ ਦਸਤਾਵੇਜ਼ ਅਤੇ ਕੰਡਿਆਂ ਦਾ ਸਫ਼ਰ ਹੈ। ਲੇਖਿਕਾ ਨੇ ਡੂੰਘੇ ਅਹਿਸਾਸ ਵਿਚ ਭਿੱਜ ਕੇ ਨਾਰੀ ਦੇ ਦਰਦਨਾਕ ਸਫ਼ਰ ਦੀ ਦਾਸਤਾਂ ਬਿਆਨ ਕੀਤੀ ਹੈ। ਨਾਰੀ ਸਦੀਆਂ ਤੋਂ ਹੀ ਅਣਮਨੁੱਖੀ ਵਿਹਾਰ ਤੇ ਜ਼ੁਲਮ ਦੀ ਸ਼ਿਕਾਰ ਰਹੀ ਹੈ। ਗੁਰੂ ਸਾਹਿਬਾਨ ਨੇ ਉਸ ਨੂੰ ਸਨਮਾਨਯੋਗ ਸਥਾਨ ਬਖ਼ਸ਼ਿਆ, ਇਸੇ ਲਈ ਸਿੱਖ ਧਰਮ ਵਿਚ ਨਾਰੀ ਨੇ ਜ਼ਿੰਦਗੀ ਦੇ ਅੰਬਰਾਂ ਨੂੰ ਛੂਹਿਆ। ਪਰ ਕਈ ਦੇਸ਼ਾਂ ਅਤੇ ਧਰਮਾਂ ਵਿਚ ਹਾਲੇ ਵੀ ਇਸਤਰੀ ਦੀ ਹਾਲਤ ਤਰਸਯੋਗ ਹੈ। ਲਗਪਗ 30 ਦੇਸ਼ਾਂ ਵਿਚ ਔਰਤਾਂ ਦੀ ਸੁੰਨਤ ਕੀਤੀ ਜਾਂਦੀ ਹੈ। ਚੀਨ ਵਿਚ ਔਰਤਾਂ ਨੂੰ ਬਚਪਨ ਤੋਂ ਹੀ ਇਕ ਦਰਦ ਦੀ ਸੌਗਾਤ ਮਿਲਦੀ ਰਹੀ ਹੈ ਕਿ ਉਨ੍ਹਾਂ ਦੇ ਪੈਰਾਂ ਨੂੰ ਛੋਟਾ ਰੱਖਣ ਲਈ ਜੜੀਆਂ ਬੂਟੀਆਂ ਅਤੇ ਖੂਨ ਵਿਚ ਭਿਉਂਤੇ ਕੱਪੜੇ ਨਾਲ ਇਸ ਤਰ੍ਹਾਂ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਸੀ ਕਿ ਪੈਰ ਵਿੰਗੇ ਹੋ ਜਾਂਦੇ ਸਨ ਅਤੇ ਅੰਗੂਠੇ ਟੁੱਟ ਜਾਂਦੇ ਸਨ। ਇਸਲਾਮੀ ਮੁਲਕਾਂ ਵਿਚ ਨਾਰੀ ਦੀ ਦਸ਼ਾ ਬਹੁਤ ਮਾੜੀ ਹੈ। ਸਮਾਜਿਕ, ਧਾਰਮਿਕ, ਆਰਥਿਕ ਅਤੇ ਕਾਨੂੰਨੀ ਪੱਖੋਂ ਵੀ ਨਾਰੀ ਨਾਲ ਵਿਤਕਰਾ ਹੁੰਦਾ ਹੈ। ਉਹ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਹਾਲੇ ਵੀ ਕਈ ਦੇਸ਼ਾਂ ਵਿਚ ਪਰਦੇ ਦੀ ਰਸਮ ਹੈ। ਇਸ਼ਤਿਹਾਰੀ, ਬਾਜ਼ਾਰੀ ਅਤੇ ਸੰਸਾਰੀਕਰਨ ਦੇ ਯੁੱਗ ਵਿਚ ਉਸ ਦੀ ਦੇਹ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਨਾਰੀ ਦੇਹ ਵਪਾਰ ਦੇ ਧੰਦੇ ਚਲਦੇ ਹਨ। ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨਾਲ ਹਰ ਰੋਜ਼ ਜਬਰ ਜਨਾਹ ਹੁੰਦੇ ਹਨ। ਅੱਜਕਲ੍ਹ ਤਾਂ ਉਹ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ।
ਲੇਖਿਕਾ ਨੇ ਨਾਰੀ ਸਮਾਜ ਨੂੰ ਜਾਗ੍ਰਿਤ ਹੋਣ ਅਤੇ ਆਪਣੀ ਸਮਰੱਥਾ ਪ੍ਰਤੀ ਚੇਤੰਨ ਹੋਣ ਦਾ ਸੁਨੇਹਾ ਦਿੱਤਾ ਹੈ। ਅੱਜ ਬਹੁਤ ਸਾਰੀਆਂ ਨਾਰੀਆਂ ਨੇ ਬਹੁਤ ਸਾਰੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ। ਅਖੀਰ ਵਿਚ ਲੇਖਿਕਾ ਨੇ ਇਕ ਲੇਖ ਵਿਚ ਨਾਰੀ ਨੂੰ ਕਵਿਤਾ ਦੇ ਪਰਾਂ 'ਤੇ ਉੱਡਦੇ ਦਿਖਾਇਆ ਹੈ। ਪੁਸਤਕ ਵਿਚ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਢੁਕਵੀਆਂ ਕਾਵਿ-ਟੂਕਾਂ ਦੇ ਕੇ ਇਸ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਹ ਪੁਸਤਕ ਸਾਡੇ ਚਿੰਤਨ ਅਤੇ ਚੇਤਨਾ ਨੂੰ ਹਲੂਣਦੀ ਹੈ। ਇਸ ਅਨਮੋਲ ਸਮੱਗਰੀ ਦਾ ਤਹਿ-ਦਿਲੋਂ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਵੇਦ ਰਚਨਾ ਤੇ ਹੋਰ ਲੇਖ
ਲੇਖਕ : ਬੇਦੀ ਲਾਲ ਸਿੰਘ ਸਾਹਿਤਕਾਰ
ਪ੍ਰਕਾਸ਼ਕ : ਸ਼ਬਦ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 128
ਸੰਪਰਕ : 98728-67377.

ਬੇਦੀ ਲਾਲ ਸਿੰਘ ਸਾਹਿਤਕਾਰ (1910-2000) 20ਵੀਂ ਸਦੀ ਦੇ ਇਕ ਵਿਦਵਾਨ ਪੰਜਾਬੀ ਲੇਖਕ ਸਨ। ਹਥਲੇ ਸੰਗ੍ਰਹਿ ਵਿਚ ਉਨ੍ਹਾਂ ਦੇ ਸੁਯੋਗ-ਸਮਰੱਥ ਸਪੁੱਤਰ ਡਾ: ਹਰਚੰਦ ਸਿੰਘ ਬੇਦੀ ਨੇ (ਬੇਦੀ) ਲਾਲ ਸਿੰਘ ਰਚਿਤ 18 ਲੇਖ ਸੰਕਲਿਤ ਕੀਤੇ ਹਨ। ਪੁਸਤਕ ਦੇ ਆਦਿ ਅਤੇ ਅੰਤ ਵਿਚ ਡਾ: ਨਰੇਸ਼ ਕੋਹਲੀ ਅਤੇ ਸ੍ਰੀ ਅਮਰ ਚਿੱਤਰਕਾਰ ਦੁਆਰਾ ਰਚਿਤ ਦੋ ਵਿਅਕਤੀ-ਚਿੱਤਰ (ਗਿਆਨ ਅੰਬਰ, ਇੱਛਿਆਧਾਰੀ ਦਰਿਆ) ਜੋੜੇ ਗਏ ਹਨ ਜੋ ਇਸ ਪੁਸਤਕ ਦੇ ਮਹੱਤਵ ਅਤੇ ਸ਼ੋਭਾ ਵਿਚ ਵਾਧਾ ਕਰਦੇ ਹਨ।
ਗੁਰਬਾਣੀ ਤੇ ਵਿਗਿਆਨ, ਵੇਦਾਂ ਦੀ ਰਚਨਾ (ਸਾਹਿਤ ਬਾਰੇ), ਹਨਜ਼ਾ, ਤਾਸ਼ ਦੀ ਕਾਢ, ਛਤਰੀ ਦੀ ਕਾਢ (ਆਮ ਵਾਕਫ਼ੀ ਭਰਪੂਰ), ਅਮੀਰ ਖੁਸਰੋ, ਦਸ਼ਮੇਸ਼ ਮਿਸ਼ਨ, ਸੰਨਾਂ ਦੀ ਜਨਮ ਕਥਾ, ਮਾਲਾ, ਕੁੰਭ ਪਰੰਪਰਾ (ਖੋਜ ਭਰਪੂਰ ਲੇਖ), ਸੰਗੀਤ, ਚੰਡੀਗੜ੍ਹ ਦਾ ਪਿਛੋਕੜ, ਸਿਧ ਗੋਸਟਿ ਦੀ ਰਚਨਾ ਦਾ ਮਸਲਾ (ਗਿਆਨ ਵਰਧਕ) ਆਦਿਕ ਲੇਖਕ ਬੇਦੀ ਸਾਹਿਬ ਦੀ ਬੌਧਿਕ ਜਗਿਆਸਾ ਅਤੇ ਰਚਨਾ ਵਿਧੀ ਦੇ ਅਦਭੁਤ ਪ੍ਰਮਾਣ ਪੇਸ਼ ਕਰਨ ਵਾਲੀਆਂ ਵੰਨਗੀਆਂ ਹਨ। ਆਪ ਦੇ ਲੇਖਾਂ ਵਿਚ ਹਰ ਵਿਸ਼ੈ ਬਾਰੇ ਵੰਨ-ਸੁਵੰਨੀ ਜਾਣਕਾਰੀ ਉਪਲਬਧ ਹੁੰਦੀ ਹੈ। ਕਈ ਵਾਰ ਤਾਂ ਇੰਜ ਲਗਦਾ ਹੈ, ਜਿਵੇਂ ਆਪ ਦੇ ਲੇਖ ਕਿਸੇ ਐਨਸਾਈਕਲੋਪੇਡੀਆਂ ਲਈ ਲਿਖੇ ਇੰਦਰਾਜ ਹੋਣ। 'ਛਤਰੀ' ਪਦ ਦੀ ਵਿਆਖਿਆ ਕਰਦੇ ਹੋਏ ਆਪ ਲਿਖਦੇ ਹਨ : ਛਤਰੀ, ਛਤਰ ਦਾ ਛੋਟਾ ਰੂਪ ਹੈ। ਮੁਸਲਿਮ ਕਾਲ ਵਿਚ ਛਤਰੀ ਇਕ ਸ਼ਾਹੀ ਅੰਗ ਬਣ ਚੁੱਕੀ ਸੀ। 'ਛਤਰੀ' ਦੇ ਕਈ ਅਰਥ ਹਨ ਜਿਵੇਂ ਕਬੂਤਰਾਂ ਦੇ ਬਹਿਣ ਦਾ ਠਿਠਰ, ਹਿੰਦੂਆਂ ਦੀ ਇਕ ਉੱਚੀ ਕੌਮ ਦਾ ਨਾਂਅ (ਛੱਤਰੀ, ਕਸ਼ਤਰੀ), ਉਹ ਥਾਂ, ਜਿਥੇ ਕਿਸੇ ਹਿੰਦੂ ਮੁਸਲਮਾਨ ਫ਼ਕੀਰ ਜਾਂ ਅਮੀਰ ਦੀ ਹੱਡੀਆਂ ਦੱਬੀਆਂ ਹੋਣ। (ਪੰਨਾ 111)
'ਸਿਧ ਗੋਸਟਿ ਦੀ ਰਚਨਾ ਦਾ ਮਸਲਾ' ਆਪ ਦੀ ਖੋਜ-ਪ੍ਰਤਿਭਾ ਦਾ ਇਕ ਉੱਤਮ ਪ੍ਰਮਾਣ ਪੇਸ਼ ਕਰਦਾ ਹੈ। ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਨ ਲਈ ਆਪ ਭਾਈ ਗੁਰਦਾਸ, ਭਾਈ ਵੀਰ ਸਿੰਘ, ਮਹੰਤ ਸ਼ੰਕਰ ਨਾਥ ਅਤੇ ਹੋਰ ਬਹੁਤ ਸਾਰੇ ਗ੍ਰੰਥਕਾਰਾਂ ਦੇ ਹਵਾਲੇ ਉਧਰਿਤ ਕਰਦੇ ਹਨ। ਏਨੀ ਮਿਹਨਤ ਕਰਨ ਦੇ ਬਾਵਜੂਦ ਇਸ ਲੇਖ ਦੇ ਅੰਤ ਵਿਚ ਆਪ ਲਿਖਦੇ ਹਨ, 'ਜੇ ਕਿਸੇ ਵਿਦਵਾਨ ਸੱਜਣ ਨੇ ਇਸ ਬਾਣੀ 'ਤੇ ਹੋਰ ਖੋਜ ਕੀਤੀ ਹੋਵੇ ਤਾਂ ਦਾਸ ਨੂੰ ਦੱਸ ਕੇ ਨਿਵਾਜਣ ਦੀ ਕ੍ਰਿਪਾ ਕਰੇ ਤਾਂ ਕਿ ਖੋਜ ਵਿਚ ਰਹਿ ਗਈਆਂ ਉਕਾਈਆਂ ਬਾਰੇ ਹੋਰ ਜਾਣਕਾਰੀ ਮਿਲ ਸਕੇ।' (ਪੰਨਾ 103) ਬੇਦੀ ਸਾਹਿਬ ਦੀ ਇਹ ਪੁਸਤਕ ਪੰਜਾਬੀ ਪਾਠਕਾਂ ਲਈ ਇਕ ਬਹੁਮੁੱਲੀ ਸੌਗਾਤ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਡਾ: ਅੰਬੇਡਕਰ
ਸਿੱਖ ਕਿਉਂ ਨਾ ਬਣ ਸਕੇ?

(ਦੋਸ਼ੀ ਕੌਣ)
ਲੇਖਕ : ਮੱਲ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 500 ਰੁਪਏ, ਸਫ਼ੇ : 558
ਸੰਪਰਕ : 83606-12386.

ਡਾ: ਅੰਬੇਡਕਰ ਨੂੰ ਜਿਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਹੋਣ ਦਾ ਮਾਣ ਹਾਸਲ ਹੈ, ਉਥੇ ਉਹ ਭਾਰਤ ਦੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਮਸੀਹਾ ਦੇ ਰੂਪ ਵਿਚ ਵੀ ਯਾਦ ਕੀਤੇ ਜਾਂਦੇ ਹਨ। ਉਹ ਇਕ ਅਜਿਹੇ ਲੀਡਰ ਹਨ, ਜਿਨ੍ਹਾਂ ਨੇ ਅਮਲੀ ਅਤੇ ਅਸਲੀ ਰੂਪ ਵਿਚ ਸਾਧਨਹੀਣ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਵਿਚਾਰਾਧੀਨ ਪੁਸਤਕ ਡਾ: ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? (ਦੋਸ਼ੀ ਕੌਣ) ਇਕ ਬਹੁਤ ਵੱਡਾ ਪ੍ਰਸ਼ਨ ਖੜ੍ਹਾ ਕਰਦੀ ਹੈ ਕਿ ਸਿੱਖ ਧਰਮ ਦੀ ਫਿਲਾਸਫ਼ੀ ਜਿਥੇ ਸਰਬ ਸਾਂਝੀਵਾਲਤਾ, ਬਰਾਬਰੀ, ਕਿਸੇ ਦਾ ਹੱਕ ਮਾਰ ਕੇ ਨਾ ਖਾਣਾ, ਸਭ ਨੂੰ ਬਰਾਬਰ ਦਾ ਸਤਿਕਾਰ ਦੇਣਾ ਦਾ ਵੱਡਮੁੱਲਾ ਸੰਦੇਸ਼ ਦਿੰਦੀ ਹੈ ਅਤੇ ਡਾ: ਅੰਬੇਡਕਰ ਵੀ ਅਜਿਹੇ ਹੀ ਸਮਾਜ ਦੀ ਕਾਮਨਾ ਕਰਦੇ ਸਨ ਪਰ ਫਿਰ ਵੀ ਸਿੱਖ ਨਾ ਬਣਨ ਵਾਲਾ ਪ੍ਰਸ਼ਨ ਪੈਦਾ ਹੀ ਕਿਉਂ ਹੋਇਆ ਜਿਸ ਦਾ ਉੱਤਰ ਇਸ ਪੁਸਤਕ ਦੇ ਲੇਖਕ ਮੱਲ ਸਿੰਘ ਦੁਆਰਾ ਸੰਵਾਦੀ ਸ਼ੈਲੀ ਵਿਚ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਦਾ ਮੱਤ ਹੈ ਕਿ ਅਸਲ ਵਿਚ ਸਿੱਖੀ ਦੇ ਪ੍ਰਸਾਰ ਅਤੇ ਪ੍ਰਚਾਰ ਵਿਚ ਆਗੂਆਂ ਦੀ ਭੂਮਿਕਾ ਸੰਦੇਹਮੂਲਕ ਜਾਪਦੀ ਹੈ ਕਿਉਂਕਿ ਪ੍ਰਚਾਰ ਕਰਨ ਵਾਲੇ ਲੋਕ ਅਮਲੀ ਰੂਪ ਵਿਚ ਪ੍ਰਚਾਰ ਕਰਨ ਵਿਚ ਕਿਤੇ ਨਾ ਕਿਤੇ ਉਕਾਈ ਕਰ ਗਏ ਜਾਪਦੇ ਹਨ। ਗੁਰੂਆਂ ਦੁਆਰਾ ਸਰਬ ਸਾਂਝੀਵਾਲਤਾ ਵਾਲਾ ਸੰਦੇਸ਼ ਅੱਜ ਵੀ ਪਿੰਡਾਂ ਵਿਚ ਪੂਰੀ ਤਰ੍ਹਾਂ ਲਾਗੂ ਨਹੀਂ, ਮਿਸਾਲ ਵਜੋਂ ਵੱਖ-ਵੱਖ ਧਾਰਮਿਕ ਸਥਾਨ, ਸ਼ਮਸ਼ਾਨਘਾਟ ਆਦਿ। ਇਸ ਮਾਮਲੇ ਵਿਚ ਸਾਡੇ ਰਾਜਸੀ ਨੇਤਾ ਅਤੇ ਹੋਰ ਧਰਮਾਂ ਦੇ ਅਨੁਯਾਈ ਵੀ ਜ਼ਿੰਮੇਵਾਰ ਸਨ। ਲੇਖਕ ਨੇ ਵੱਖ-ਵੱਖ ਪੁਸਤਕਾਂ ਅਤੇ ਡਾ: ਅੰਬੇਡਕਰ ਦੀਆਂ ਲਿਖਤਾਂ ਦੇ ਹਵਾਲੇ ਨਾਲ ਆਪਣਾ ਮੱਤ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਇਹ ਪੁਸਤਕ ਪਾਠਕ ਦੇ ਮਨ ਵਿਚ ਸੰਵਾਦ ਛੇੜਦੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਹਮ ਕਹਾਂ ਜਾਏਂਗੇ
ਲੇਖਕ : ਜੌਨ ਏਲੀਆ
ਲਿਪੀਅੰਤਰ ਤੇ ਸੰਪਾਦਨਾ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 76
ਸੰਪਰਕ : 94654-64502.

ਹਥਲੀ ਪੁਸਤਕ ਮਰਹੂਮ ਉਰਦੂ ਗ਼ਜ਼ਲਕਾਰ ਜੌਨ ਏਲੀਆ ਦੀਆਂ ਗ਼ਜ਼ਲਾਂ ਦਾ ਪੰਜਾਬੀ ਲਿੱਪੀ ਵਿਚ ਉਤਾਰਾ ਹੈ। ਜੌਨ ਏਲੀਆ ਸਮਾਜਿਕ ਤੌਰ 'ਤੇ ਬੇਗਾਨਗੀ ਦੇ ਅਹਿਸਾਸ ਵਿਚ ਜੀਵਿਆ। ਉਹ ਧੁਰੋਂ ਸ਼ਾਇਰ ਸੀ ਪਰ ਪਰਿਵਾਰਕ ਸਰੋਕਾਰਾਂ ਅਤੇ ਫ਼ਰਜ਼ਾਂ ਨੂੰ ਉਹ ਕਦੇ ਵੀ ਮੇਚ ਨਾ ਆ ਸਕਿਆ। ਜੌਨ ਦੇ ਧੁਰ ਅੰਦਰੋਂ ਸਮਾਜਿਕ ਨਾ ਬਰਾਬਰੀ ਇਕ ਲਾਵਾ ਬਣ ਕੇ ਫੁੱਟਦੀ ਰਹੀ ਤੇ ਉਹ ਇਸ ਲਾਵੇ ਨੂੰ ਆਪਣੀਆਂ ਗ਼ਜ਼ਲਾਂ ਵਿਚ ਢਾਲਦਾ ਰਿਹਾ। ਜਿਊਂਦੇ ਜੀਅ ਉਸ ਦੀ ਗ਼ਜ਼ਲ ਨੂੰ ਉਰਦੂ ਦੇ ਧਨੰਤਰ ਸ਼ਾਇਰਾਂ ਨੇ ਅੱਗੇ ਹੀ ਨਾ ਆਉਣ ਦਿੱਤਾ ਪਰ ਹੁਣ ਤੱਕ ਉਸ ਦੇ ਪੰਜ ਗ਼ਜ਼ਲ ਸੰਗ੍ਰਹਿ ਛਪੇ ਹਨ। 1. ਗੋਯਾ, 2. ਸ਼ਾਇਦ, 3. ਗੁਮਾਨ, 4. ਯਾਨੀ ਅਤੇ 5. ਮੌਜੂਦਾ। ਭਾਵੇਂ ਉਸ ਦੀ ਸ਼ਾਇਰੀ ਦਾ ਸਿਰਜਣ ਕਾਲ ਪੁਰਾਣੀ ਪੀੜ੍ਹੀ ਦਾ ਹੈ ਪਰ ਉਸ ਦੇ ਨਵ ਅਹਿਸਾਸਾਂ ਨੂੰ ਅਜੋਕੀ ਨਵੀਂ ਪੀੜ੍ਹੀ ਨੇ ਵੀ ਬਹੁਤ ਪਸੰਦ ਕੀਤਾ। ਉਸ ਦੇ ਸ਼ਿਅਰ ਵੇਖੋ :
-ਜਾਨੇ ਕਹਾਂ ਗਯਾ ਹੈ ਵੁਹ ਜੋ ਅਭੀ ਯਹਾਂ ਥਾ
ਵੁਹ ਜੋ ਅਭੀ ਯਰਾਂ ਥਾ ਵੁਹ ਕੌਨ ਥਾ ਕਹਾਂ ਥਾ।
-ਜੀ ਹੀ ਜੀ ਮੇ ਵੁਹ ਜਲ ਰਹੀ ਹੋਗੀ
ਚਾਂਦਨੀ ਮੇ ਟਹਿਲ ਰਹੀ ਹੋਗੀ।
-ਜੋ ਹੂਆ ਜੌਨ ਵੁਹ ਹੂਆ ਭੀ ਨਹੀਂ
ਯਾਨੀ ਜੋ ਕੁਛ ਭੀ ਥਾਂ ਵੁਹ ਥਾ ਭੀ ਨਹੀਂ।
ਜੌਨ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਜਗਵਿੰਦਰ ਜੋਧਾ ਨੇ ਲਿੱਪੀਅੰਤਰ ਕਰਕੇ ਪੰਜਾਬੀ ਅੱਖਰਾਂ ਵਿਚ ਬਾਖੂਬੀ ਪੇਸ਼ ਕੀਤਾ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਇਕ ਬਾਤ ਪੰਜਾਬੀ ਵਿਰਸੇ ਦੀ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98764-52223.

ਲੇਖਕ ਨੇ ਇਸ ਪੁਸਤਕ ਵਿਚ ਪੰਜਾਬੀ ਜਨਜੀਵਨ ਵਿਸ਼ੇਸ਼ ਕਰਕੇ ਪੇਂਡੂ ਜੀਵਨ ਨਾਲ ਜੁੜੇ ਸੱਭਿਆਚਾਰਕ ਅਵਸ਼ੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਇਸ ਸਬੰਧੀ ਛੋਟੇ ਅਕਾਰ ਦੇ 31 ਲੇਖ ਸ਼ਾਮਿਲ ਕੀਤੇ ਹਨ ਜੋ ਪੰਜਾਬ ਦੇ ਵੱਖ-ਵੱਖ ਅਖ਼ਬਾਰਾਂ ਦੇ ਮਿਡਲ ਪੰਨਿਆਂ 'ਤੇ ਛਪਦੇ ਰਹੇ ਹਨ, ਜਿਨ੍ਹਾਂ ਪ੍ਰਤੀ ਪਾਠਕਾਂ ਦਾ ਹਾਂ-ਪੱਖੀ ਹੁੰਗਾਰਾ ਪ੍ਰਾਪਤ ਹੁੰਦਾ ਰਿਹਾ ਹੈ। ਉਸ ਨੇ ਆਪਣੇ ਲੇਖਾਂ ਵਿਚ ਪੁਰਾਣੇ ਪੇਂਡੂ ਜੀਵਨ ਨਾਲ ਜੁੜੀਆਂ ਯਾਦਾਂ ਦਾ ਵਰਨਣ ਕਰਕੇ ਲੋਕ ਸੱਭਿਆਚਾਰ ਨੂੰ ਪਾਠਕਾਂ ਦੇ ਸਨਮੁੱਖ ਕਰਕੇ ਆਪਣੇ ਵਿਰਸੇ ਨਾਲ ਜੋੜਨ ਦਾ ਭਰਪੂਰ ਯਤਨ ਕੀਤਾ ਹੈ। ਪਿੰਡਾਂ ਦੇ ਨਿਆਣੇ ਹੁਣ ਨਹੀਂ ਜਾਂਦੇ ਭੱਠੀਓਂ ਭੁਨਾਉਣ ਦਾਣੇ, ਹੁਣ ਨਹੀਂ ਕਿੱਕਰਾਂ ਤੇ ਕਾਟੋ ਰਹਿੰਦੀ, ਹੁਣ ਡੋਲ ਨਹੀਂ ਖੜਕਦੇ ਖੂਹਾਂ 'ਤੇ, ਹੁਣ ਨਹੀਂ ਵਿਛਦੀਆਂ ਪਰਾਹੁਣਿਆਂ ਹੇਠ ਦਰੀਆਂ ਚੌਤਾਹੀਆਂ, ਗਾਹ ਨਜ਼ਰ ਨਹੀਂ ਆਏ, ਪਤਲੀ ਹੁੰਦੀ ਜਾ ਰਹੀ ਰਿਸ਼ਤਿਆਂ ਦੀ ਡੋਰ ਅਤੇ ਮੋਬਾਈਲ ਦੀ ਦੁਰਵਰਤੋਂ ਆਦਿ ਇਸ ਪੁਸਤਕ ਦੇ ਦਿਲਚਸਪ ਅਤੇ ਗਿਆਨਵਰਧਕ ਲੇਖ ਹਨ ਜੋ ਪਾਠਕਾਂ ਦੇ ਮਨਾਂ ਨੂੰ ਟੁੰਭਦੇ ਹੀ ਨਹੀਂ ਬਲਕਿ ਉਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਵੀ ਕਰਦੇ ਹਨ। ਲੇਖਕ ਨੇ ਪੰਜਾਬੀ ਭਾਸ਼ਾ ਵਿਚ ਹੋ ਰਹੇ ਪਤਨ ਅਤੇ ਕਥਿਤ ਮਾਡਲ ਸਕੂਲਾਂ ਦੀ ਪੜ੍ਹਾਈ ਦੇ ਮਾੜੇ ਪ੍ਰਭਾਵ ਤੋਂ ਉਤਪੰਨ ਅਸਰਾਂ ਤੋਂ ਵੀ ਪਾਠਕਾਂ ਨੂੰ ਜਾਗਰੂਕ ਕੀਤਾ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਧਰਮ ਬਨਾਮ ਮਾਰਕਸਵਾਦ
ਲੇਖਕ : ਪ੍ਰੋ: ਗੁਰਮੀਤ ਸਿੰਘ ਟਿਵਾਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 229
ਸੰਪਰਕ : 98152-98459.

ਪ੍ਰੋ: ਗੁਰਮੀਤ ਸਿੰਘ ਦੀ ਪੁਸਤਕ ਧਰਮ ਬਨਾਮ ਮਾਰਕਸਵਾਦ ਦੇ ਟਾਈਟਲ ਉੱਤੇ ਤਾਂ ਕੋਈ ਸੂਚਨਾ ਨਹੀਂ ਪਰ ਇਸ ਦੇ ਮੁੱਖ ਬੰਦ ਵਿਚ ਪ੍ਰੋ: ਪ੍ਰੀਤਮ ਸਿੰਘ ਵਲੋਂ ਅੰਕਿਤ ਮਿਤੀ 2003 ਦੱਸ ਦਿੰਦੀ ਹੈ ਕਿ ਇਹ ਕਿਤਾਬ 15 ਕੁ ਸਾਲ ਪਹਿਲਾਂ ਪਹਿਲੀ ਵਾਰ ਛਪ ਗਈ ਹੋਵੇਗੀ। ਉਦੋਂ ਕਿਤੇ ਹੀ ਮੈਂ ਇਹ ਪਹਿਲੀ ਵਾਰ ਪੜ੍ਹੀ ਸੀ। ਸਮੇਂ ਨਾਲ ਬਹੁਤ ਕੁਝ ਬਦਲਦਾ ਹੈ। ਸਮਝ ਵੀ ਵਧਦੀ ਹੈ। ਮੈਂ ਇਸ ਦਾ ਦੂਜੀ ਪਾਠ ਵਦੇਰੇ ਗੰਬੀਰਤਾ ਨਾਲ ਕਰ ਸਕਿਆ ਹਾਂ। ਪ੍ਰੋ: ਕਿਸ਼ਨ ਸਿੰਘ (ਗੁਰਬਾਣੀ ਦਾ ਸੱਚ/ਸਾਹਿਤ ਦੀ ਸਮਝ), ਪ੍ਰੋ: ਜਗਜੀਤ ਸਿੰਘ (ਸਿੱਖ ਇਨਕਲਾਬ) ਤੇ ਸ: ਦਲਜੀਤ ਸਿੰਘ (ਦ ਸਿੱਖ ਆਈਡਿਆਲੋਜੀ) ਦੇ ਵਿਚਾਰਾਂ ਦੀ ਪ੍ਰਤੀਧੁਨੀ ਇਸ ਕਿਤਾਬ ਵਿਚ ਹੁਣ ਸਾਫ਼ ਪਛਾਣੀ ਜਾਂਦੀ ਹੈ। ਇਸ ਵਿਚਲੇ ਵਿਚਾਰਾਂ ਨੂੰ ਸਮਝ ਕੇ ਕਿਸ਼ਨ ਸਿੰਘ ਹੁਣ ਵਧੇਰੇ ਚੰਗੀ ਤਰ੍ਹਾਂ ਸਮਝ ਆਉਂਦਾ ਹੈ। ਜਗਜੀਤ ਸਿੰਘ ਤੇ ਦਲਜੀਤ ਸਿੰਘ ਦੀ ਸਿੱਖ ਇਨਕਲਾਬ ਤੇ ਫਲਸਫ਼ੇ ਬਾਰੇ ਸੋਚ ਦੇ ਆਧਾਰ ਵੀ ਵਧੇਰੇ ਚੰਗੀ ਤਰ੍ਹਾਂ ਪਛਾਣੇ ਜਾਂਦੇ ਹਨ। ਧਰਮ ਦੇ ਇਨਕਲਾਬੀ ਤੱਤਾਂ ਨੂੰ ਲੋਕ ਹਿਤਾਂ ਲਈ ਵਰਤਣ ਦੀ ਚਿੰਤਾ ਇਨ੍ਹਾਂ ਸਾਰੇ ਵਿਦਵਾਨਾਂ ਦੀ ਹੈ। ਇਸ ਦੀਆਂ ਪੈੜਾਂ ਲੈਟਿਨ ਅਮਰੀਕਨ ਦੇਸ਼ਾਂ ਦੀ ਲਿਬਰੇਸ਼ਨ ਥੀਆਲੋਜੀ ਤੱਕ ਜਾਂਦੀਆਂ ਹਨ। ਮੈਕਸ ਵੈਬਰ ਦੀ ਸੋਸ਼ਿਆਲੋਜੀ ਆਫ ਰਿਲੀਜਨ, ਏ.ਟੀ. ਹੈਨੇਲੀ, ਜੁੱਾਨ ਸੀਗੁੰਡੋ, ਗੁਸਤਾਵੋ ਗੁਈਟੀਰੇਜ਼ ਤੇ ਲੀਓਨਾਰਡੋ ਬਾਫ਼ ਦੇ ਲਿਬਰੇਸ਼ਨ ਥੀਆਲੋਜੀ ਬਾਰੇ ਚਿੰਤਨ ਤੱਕ ਦਾ ਪ੍ਰਭਾਵ ਇਨ੍ਹਾਂ ਚਿੰਤਕਾਂ ਉੱਤੇ ਹੈ।
ਪ੍ਰੋ: ਗੁਰਮੀਤ ਸਿੰਘ ਜ਼ੋਰਦਾਰ ਢੰਗ ਨਾਲ ਇਹ ਨੁਕਤਾ ਉਠਾਉਂਦਾ ਹੈ ਕਿ ਧਰਮ ਦੇ 'ਮੁਹਾਵਰੇ ਵਿਚ ਉਚਾਰੇ ਪ੍ਰਚਾਰੇ ਇਨਕਲਾਬੀ ਤੱਤਾਂ ਨੂੰ ਗ੍ਰਹਿਣ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਹੀਰ ਦਾ ਰੱਬ ਹੋਰ ਹੈ, ਕਾਜ਼ੀ ਦਾ ਹੋਰ। ਗੁਰਮੁਖ ਦਾ ਹੋਰ, ਮਨਮੁੱਖ ਦਾ ਹੋਰ। ਮਾਰਕਸਵਾਦ ਨੂੰ ਕੱਟੜਤਾ ਨਾਲ ਅਪਣਾਉਣਾ ਉਚਿਤ ਨਹੀਂ। ਧਰਮ ਨੂੰ ਅਫ਼ੀਮ ਕਹਿ ਕੇ ਨਿੰਦਣਾ-ਰਦਣਾ ਠੀਕ ਨਹੀਂ। ਇਹ ਲੋਕਾਂ/ਸਮਾਜਾਂ ਦੀ ਮਾਨਸਿਕਤਾ ਦਾ ਮਹੱਤਵਪੂਰਨ ਪ੍ਰੇਰਕ ਹੈ। ਧਰਮ ਦੀ ਇਨਕਲਾਬੀ ਸ਼ਕਤੀ ਨੂੰ ਨਜ਼ਰਅੰਦਾਜ਼ ਕਰਨ ਦੀ ਥਾਂ ਧਾਰਮਿਕ ਸੰਕਲਪਾਂ ਦੀ ਪੁਨਰ ਵਿਆਖਿਆ ਕਰਦੇ ਹੋਏ ਸਮਾਜਿਕ ਪਰਿਵਰਤਨ ਦੀਆਂ ਸੰਭਾਵਨਾਵਾਂ ਖੋਜਣ ਦੀ ਲੋੜ ਹੈ। ਕਿਸ਼ਨ ਸਿੰਘ ਇਸੇ ਸੋਚ ਨਾਲ ਮੱਧਕਾਲੀ ਪੰਜਾਬੀ ਸਾਹਿਤ ਦੀ ਵਿਆਖਿਆ ਕਰਦਾ ਰਿਹਾ ਹੈ। ਇਸ ਸੋਚ/ਚਿੰਤਨ ਬਾਰੇ ਅੱਜ ਵੀ ਅਸੀਂ ਇਕ ਮੱਤ ਨਹੀਂ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਝੁੱਗੀਆਂ ਦੇ ਲਾਲ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98141-45047

'ਝੁੱਗੀਆਂ ਦੇ ਲਾਲ' ਪੁਸਤਕ ਵਿਚ ਟੱਪਰੀਵਾਸ ਬੱਚਿਆਂ ਦੀ ਯਥਾਰਥਵਾਦ ਨਾਲ ਭਰੀ ਗਾਥਾ ਹੈ। ਲੇਖਿਕਾ ਡਾ: ਕੁਲਵਿੰਦਰ ਕੌਰ ਮਿਨਹਾਸ ਨੇ ਅਜਿਹੇ ਬੱਚਿਆਂ ਨੂੰ ਵਿੱਦਿਆ ਦਾਨ ਕਰਨ ਦਾ ਪਰਉਪਕਾਰੀ ਬੀੜਾ ਉਠਾਇਆ ਹੋਇਆ ਹੈ। ਇਸ ਉਠਾਏ ਬੀੜੇ ਦੌਰਾਨ ਚੁਣੌਤੀਆਂ/ਵਿਰੋਧ, ਰੁਕਾਵਟਾਂ ਅਤੇ ਮਿਲੇ ਸਹਿਯੋਗ ਨੂੰ ਵੀ ਲੇਖਿਕਾ ਨੇ ਇਸ ਪੁਸਤਕ ਵਿਚ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਟੱਪਰੀਵਾਸ ਸਮਾਜ ਬਾਰੇ ਆਮ ਧਾਰਨਾ ਇਹ ਵੀ ਬਣੀ ਹੋਈ ਹੈ ਕਿ ਇਹ ਲੋਕ ਵਿਹਲੜ, ਮੰਗਤਾ ਜਾਂ ਚੋਰ ਉਚੱਕੇ ਵਾਲੀ ਬਿਰਤੀ ਦੇ ਹੀ ਮਾਲਿਕ ਹੁੰਦੇ ਹਨ। ਪਰ ਲੇਖਿਕਾ ਨੇ ਖ਼ੁਦ ਇਸ ਸਮਾਜ ਵਿਚ ਵਿਚਰ ਕੇ ਇਸ ਰੂੜੀਵਾਦੀ ਧਾਰਨਾ ਨੂੰ ਤੋੜਿਆ ਹੈ ਕਿ ਇਨ੍ਹਾਂ ਲੋਕਾਂ ਵਿਚ ਵੀ ਬਹੁਤ ਸਾਰੇ ਲੋਕ ਮਿਹਨਤਕਸ਼ ਵੀ ਹਨ ਤੇ ਇਨ੍ਹਾਂ ਦੇ ਬਹੁਤ ਸਾਰੇ ਬੱਚੇ ਜੀਨੀਅਸ ਬੁੱਧੀ ਦੇ ਮਾਲਿਕ ਵੀ ਹਨ। ਪਰ ਇਨ੍ਹਾਂ ਬੱਚਿਆਂ ਨੂੰ ਜਨਮ ਤੋਂ ਅਜਿਹਾ ਮਾਹੌਲ ਮਿਲਦਾ ਹੈ ਕਿ ਇਨ੍ਹਾਂ 'ਲਾਲਾਂ' ਦੀ ਚਮਕ ਗ਼ਰੀਬੀ ਦੀ ਦਲਦਲ ਵਿਚ ਦਫ਼ਨ ਹੋ ਕੇ ਰਹਿ ਜਾਂਦੀ ਹੈ। ਕੁਝ ਕੁ ਪਰਉਪਕਾਰਤਾ ਨੂੰ ਪਰਨਾਏ ਲੋਕਾਂ ਨੂੰ ਛੱਡ ਕੇ ਰਾਜਨੀਤਕ ਤੇ ਹੋਰ ਲਾਹਾ ਲੈਣ ਵਾਲੇ ਮਤਲਬਪ੍ਰਸਤ ਲੋਕ ਖੈਰਾਤਾਂ/'ਦਾਨ-ਪੁੰਨ' ਦੇ ਨਾਂਅ ਉਤੇ ਇਸ ਸਮਾਜ ਨੂੰ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਪੁੱਠੇ-ਸਿੱਧੇ ਕੰਮਾਂ 'ਚ ਉਲਝਾਈ ਰੱਖਦੇ ਹਨ। ਇਸ ਸਮਾਜ ਦੇ ਸਮਝਦਾਰ ਲੋਕ ਇਹ ਸਭ ਕੁਝ ਸਮਝਦੇ ਹੋਏ ਵੀ ਗ਼ਰੀਬੀ ਦੀ ਜਹਾਲਤ ਤੋਂ ਮਜਬੂਰ ਹੋ ਕੇ ਇਸ ਅਖੌਤੀ ਦਾਨ ਪੁੰਨ/ਖੈਰਾਤਾਂ ਨੂੰ ਆਪਣਾ ਪੇਟ ਭਰਨ ਦਾ ਜ਼ਰੀਆ ਮੰਨ ਹੀ ਲੈਂਦੇ ਹਨ। 'ਝੁੱਗੀਆਂ ਦੇ ਲਾਲ' ਪੁਸਤਕ ਇਹ ਸਾਰਥਿਕ ਸੰਦੇਸ਼ ਦੇਣ ਵਿਚ ਵੀ ਸਫ਼ਲ ਰਹੀ ਹੈ ਕਿ ਮਤਲਬਪ੍ਰਸਤੀ ਦੇ ਹਨੇਰਿਆਂ ਵਿਚ ਕਈ ਜੁਗਨੂੰ ਪਰਉਪਕਾਰਤਾ ਦਾ ਦੀਵਾ ਲੈ ਕੇ ਆਪਣੀ ਹਿੰਮਤ, ਮਿਹਨਤ ਤੇ ਔਕਾਤ ਅਨੁਸਾਰ ਚਾਨਣ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

09-06-2019

  ਭਗਤ ਸਿੰਘ ਅਤੇ ਉਸ ਦੇ ਸਾਥੀ
ਲੇਖਕ : ਅਜੈ ਘੋਸ਼
ਸੰ: ਤੇ ਅਨੁ: ਬਲਬੀਰ ਲੌਾਗੋਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 112
ਸੰਪਰਕ : 98153-17028.

ਅਜੈ ਘੋਸ਼ (1909-62) ਅੰਗਰੇਜ਼ੀ ਸਰਕਾਰ ਵਿਰੁੱਧ ਹਥਿਆਰਬੰਦ ਲੜਾਈ ਵਿਚ ਅਹਿਮ ਰੋਲ ਅਦਾ ਕਰਨ ਵਾਲਾ ਇਕ ਪ੍ਰਸਿੱਧ ਇਨਕਲਾਬੀ ਸੀ ਜਿਸ ਦੀ ਕਲਮ ਨੇ ਵਾਸਤਵਿਕ ਜਾਣਕਾਰੀ ਪ੍ਰਸਤੁਤ ਕਰਨ ਵਾਲੀ ਇਸ ਪੁਸਤਕ ਦੀ ਰਚਨਾ ਕੀਤੀ | ਸਰਲ ਪੰਜਾਬੀ ਵਿਚ ਅਨੁਵਾਦਤ ਇਸ ਪੁਸਤਕ ਨੂੰ ਸੰਪਾਦਕ ਨੇ ਦੋ ਭਾਗਾਂ ਵਿਚ ਵੰਡਿਆ ਹੈ | ਪਹਿਲਾ ਭਾਗ ਭਗਤ ਸਿੰਘ ਅਤੇ ਸਾਥੀਆਂ ਬਾਰੇ ਮੁੱਲਵਾਨ ਵਾਕਫ਼ੀਅਤ ਪ੍ਰਦਾਨ ਕਰਦਾ ਹੈ | ਜਿਨ੍ਹਾਂ ਸੰਗਰਾਮੀ ਯੋਧਿਆਂ 'ਤੇ ਵਿਸ਼ੇਸ਼ ਕਰਕੇ ਚਰਚਾ ਕੇਂਦਰਿਤ ਹੈ, ਉਨ੍ਹਾਂ ਵਿਚ ਸ਼ਾਮਿਲ ਹਨ : ਸ਼ਹੀਦੇ-ਆਜ਼ਮ ਸ: ਭਗਤ ਸਿੰਘ, ਜਤਿੰਦਰ ਨਾਥ ਦਾਸ, ਬਾਬਾ ਸੋਹਨ ਸਿੰਘ ਭਕਨਾ, ਚੰਦਰ ਸ਼ੇਖਰ ਆਜ਼ਾਦ, ਕਿਸ਼ੋਰੀ ਲਾਲ, ਸ਼ਿਵ ਵਰਮਾ, ਜੈ ਦੇਵ ਕਪੂਰ, ਡਾ: ਗਯਾ ਪ੍ਰਸਾਦਿ ਆਦਿ | ਹਰ ਕ੍ਰਾਂਤੀਕਾਰੀ ਦੇ ਨੈਣ-ਨਕਸ਼, ਉਸ ਦੀ ਸਿਧਾਂਤਕ ਪ੍ਰਪੱਕਤਾ, ਉਸ ਦਾ ਸੰਘਰਸ਼ ਵਿਚ ਯੋਗਦਾਨ ਉਲੀਕਿਆ ਗਿਆ ਹੈ | ਕੁਝ ਵਿਸ਼ੇਸ਼ ਘਟਨਾਵਾਂ ਵੀ ਇਸ ਭਾਗ ਵਿਚ ਸ਼ਾਮਿਲ ਹਨ ਮਸਲਨ : ਕਾਕੋਰੀ ਦੀਆਂ ਗਿ੍ਫ਼ਤਾਰੀਆਂ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ, ਸਾਈਮਨ ਕਮਿਸ਼ਨ ਦਾ ਵਿਰੋਧ ਅਤੇ ਵਰ੍ਹਦੀਆਂ ਲਾਠੀਆਂ ਨਾਲ ਲਾਲਾ ਲਾਜਪਤ ਰਾਏ ਦੀ ਮੌਤ, ਅਸੰਬਲੀ ਵਿਚ ਬੰਬ, ਮੁਕੱਦਮਿਆਂ ਦੀ ਸ਼ੁਰੂਆਤ ਆਦਿ | ਅਜੈ ਘੋਸ਼ ਦੱਸਦਾ ਹੈ ਕਿ ਉਹ ਕਿਵੇਂ ਕਮਿਊਨਿਸਟ ਬਣਿਆ ਅਤੇ ਇਨਕਲਾਬੀ ਸਾਥੀਆਂ ਦੇ ਸੰਪਰਕ ਵਿਚ ਕਿਵੇਂ ਆਇਆ? ਅਦਾਲਤਾਂ ਵਿਚ ਪੇਸ਼ ਹੋ ਰਹੇ ਗਵਾਹਾਂ, ਮੁਖ਼ਬਰਾਂ ਅਤੇ ਗਦਾਰਾਂ ਬਾਰੇ ਦੱਸਿਆ ਗਿਆ ਹੈ | ਦੂਜਾ ਭਾਗ ਅਹਿਮ ਇਤਿਹਾਸਕ ਦਸਤਾਵੇਜ਼ਾਂ ਨਾਲ ਸਬੰਧਿਤ ਹੈ | ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ (6 ਅਪ੍ਰੈਲ, 1928 ਲਿਖਿਆ ਗਿਆ ਸੀ) ਇਸ ਸਭਾ ਦੇ ਪਹਿਲੇ ਜਨਰਲ ਸਕੱਤਰ ਭਗਤ ਸਿੰਘ ਅਤੇ ਭਗਵਤੀ ਚਰਨ ਵੋਹਰਾ ਪ੍ਰਚਾਰ ਸਕੱਤਰ ਬਣੇ ਸਨ | ਜੇ.ਪੀ. ਸਾਂਡਰਸ ਦੀ ਹੱਤਿਆ ਉਪਰੰਤ ਲਾਲਾ ਲਾਜਪਤ ਰਾਏ ਦੀ ਮੌਤ ਦੇ ਲਏ ਗਏ ਬਦਲੇ ਬਾਰੇ ਛਾਪਿਆ ਪਰਚਾ (18.12.1928), ਭਗਤ ਸਿੰਘ ਅਤੇ ਬੀ.ਕੇ. ਦੱਤ ਨੇ 8 ਅਪ੍ਰੈਲ, 1929 ਨੂੰ ਦਿੱਲੀ ਅਸੈਂਬਲੀ ਵਿਚ ਬੰਬ ਸੁੱਟਣ ਵੇਲੇ ਲੀਫਲੈੱਟ ਸੁੱਟੇ | ਦਿੱਲੀ ਦੇ ਸੈਸ਼ਨ ਜੱਜ ਦੀ ਅਦਾਲਤ ਵਿਚ ਅਸੈਂਬਲੀ ਬੰਬ ਕੇਸ ਬਾਰੇ ਦਿੱਤਾ ਗਿਆ ਬਿਆਨ | ਦਿੱਲੀ ਸੈਸ਼ਨ ਜੱਜ ਨੇ ਭਗਤ ਸਿੰਘ ਤੇ ਬੀ.ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ | ਲਾਹੌਰ ਹਾਈ ਕੋਰਟ ਵਿਚ ਅਪੀਲ ਸਮੇਂ ਦਿੱਤਾ ਬਿਆਨ ਜਿਸ ਵਿਚ ਕਿਹਾ ਗਿਆ ਸੀ ਕਿ ਬੰਬ ਖਾਲੀ ਥਾਂ 'ਤੇ ਸੁੱਟੇ ਗਏ ਸਨ | ਜਾਨੀ ਨੁਕਸਾਨ ਕਰਨਾ ਉਦੇਸ਼ ਨਹੀਂ ਸੀ | ਵਿਦਿਆਰਥੀਆਂ ਨੂੰ ਸੰਦੇਸ਼ ਜੋ 22 ਅਕਤੂਬਰ, 1929 ਦੇ ਟਿ੍ਬਿਊਨ ਲਾਹੌਰ ਵਿਚ ਛਪਿਆ ਸੀ | ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਨੀਫੈਸਟੋ ਜੋ ਭਗਵਤੀ ਚਰਨ ਵੋਹਰਾ ਨੇ 1929 ਵਿਚ ਲਿਖਿਆ ਸੀ | ਹਿੰਦੁਸਤਾਨ ਪਰਜਾਤੰਤਰ ਸਮਾਜਵਾਦੀ ਸੰਘ ਦਾ ਮਨੋਰਥ ਪੱਤਰ ਤੇ ਬੰਬ ਫਲਸਫ਼ਾ—ਇਹ ਪੱਤਰ ਵੋਹਰਾ ਤੇ ਸ਼ੇਖਰ ਨੇ ਰਲ ਕੇ ਬਣਾਇਆ ਸੀ, ਇਹ 26 ਜਨਵਰੀ, 1930 ਨੂੰ ਵੰਡਿਆ ਗਿਆ | ਪੁਸਤਕ ਦੇ ਅਖ਼ੀਰ ਵਿਚ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਛਾਪਿਆ ਗਿਆ ਹੈ | ਉਪਰੋਕਤ ਸਾਰੇ ਦਸਤਾਵੇਜ਼ਾਂ ਦੇ ਉਤਾਰੇ ਇਸ ਪੁਸਤਕ ਵਿਚ ਛਾਪੇ ਗਏ ਹਨ | ਇਨ੍ਹਾਂ ਦਸਤਾਵੇਜ਼ਾਂ ਵਿਚ ਇਨਕਲਾਬ ਦਾ ਮਨੋਰਥ ਸਪੱਸ਼ਟ ਕੀਤਾ ਗਿਆ ਹੈ 'ਮੌਜੂਦਾ ਸਮਾਜਿਕ ਢਾਂਚੇ ਦੀ ਪੂਰਨ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ' ਸੰਖੇਪ ਇਹ ਕਿ ਇਸ ਪੁਸਤਕ ਦਾ ਆਕਾਰ ਛੋਟਾ ਪਰ ਮਿਆਰ ਵੱਡਾ ਹੈ |

—ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c

ਪੰਜਾਬੀ ਦੀ ਅਜੋਕੀ ਸਥਿਤੀ
ਦਾ ਵਿਸ਼ਲੇਸ਼ਣ
ਲੇਖਕ : ਮਿੱਤਰ ਸੈਨ ਮੀਤ
ਸੰਪਾਦਕ : ਅੰਕੁਸ਼ ਕੁਮਾਰ
ਪ੍ਰਕਾਸ਼ਕ : ਏ ਪਬਲੀਕੇਸ਼ਨ ਹਾਊਸ, ਲੁਧਿਆਣਾ
ਮੁੱਲ : 280 ਰੁਪਏ, ਸਫ਼ੇ : 137
ਸੰਪਰਕ : 98556-31777.

ਕਾਨੂੰਨੀ ਤੌਰ 'ਤੇ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ | ਲੰਮੇ ਸੰਘਰਸ਼ ਤੇ ਕੁਰਬਾਨੀਆਂ ਬਾਅਦ ਇਹ ਹੱਕ ਪੰਜਾਬੀਆਂ ਨੂੰ ਮਿਲਿਆ ਹੈ | ਕਹਾਣੀਕਾਰ ਤੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਪੰਜਾਬੀ ਦੀ ਵਰਤਮਾਨ ਸਥਿਤੀ ਦਾ ਕਾਨੂੰਨੀ ਵਿਸ਼ਲੇਸ਼ਣ ਇਸ ਕਿਤਾਬ ਵਿਚ ਕੀਤਾ ਹੈ | ਇਸ ਦੇ ਪਹਿਲੇ 56 ਪੰਨੇ ਪੰਜਾਬੀ ਵਿਚ ਹਨ ਤੇ 57 ਤੋਂ 129 ਤੱਕ ਅੰਗਰੇਜ਼ੀ ਹਵਾਲੇ ਤੇ ਫਿਰ 137 ਪੰਨੇ ਤੱਕ ਪੰਜਾਬੀ ਵਿਚ | ਕੁੱਲ ਮਿਲਾ ਕੇ ਅੱਧੀ ਪੰਜਾਬੀ ਤੇ ਅੱਧੀ ਅੰਗਰੇਜ਼ੀ | ਬਸ ਇਹੀ ਹਾਲ ਹੈ ਸਾਡੀ ਪੰਜਾਬੀ ਦਾ ਸਭ ਪਾਸੇ | ਸੈਨ ਸਾਹਿਬ ਨੇ 1947 ਪਿੱਛੋਂ ਪੰਜਾਬੀ ਨੂੰ ਹੱਕੀ ਸਥਾਨ ਦਿਵਾਉਣ ਦੇ ਅਕਾਲੀ ਦਲ ਦੇ ਮੋਰਚਿਆਂ ਤੋਂ ਗੱਲ ਸ਼ੁਰੂ ਕੀਤੀ ਹੈ | ਜਲੰਧਰੀ ਪ੍ਰੈੱਸ ਦੇ ਪ੍ਰਚਾਰ ਨੇ ਪੰਜਾਬੀ ਹਿੰਦੂਆਂ ਨੂੰ ਮਾਤ ਭਾਸ਼ਾ ਤੋਂ ਇਨਕਾਰੀ ਹੋਣ ਦੇ ਰਾਹ ਪਾਇਆ | ਲੰਮੇ ਸੰਘਰਸ਼ ਬਾਅਦ ਨਵਾਂ ਪੰਜਾਬ ਬਣਿਆ | ਸਿੱਖ ਬਹੁਗਿਣਤੀ ਵਾਲਾ ਪੰਜਾਬ | ਅਕਾਲੀ ਸੱਤਾ ਵਿਚ ਆਏ ਤੇ ਹਿੰਦੂ ਤਬਕੇ ਦੇ ਨਾਰਾਜ਼ ਹੋਣ ਦੇ ਡਰੋਂ ਪੰਜਾਬੀ ਦਾ ਵਿਕਾਸ ਠੰਢੇ ਬਸਤੇ ਵਿਚ ਪੈ ਗਿਆ | ਇਹ ਵੱਖਰੀ ਗੱਲ ਹੈ ਕਿ ਅੱਜ ਪੰਜਾਬ ਦੇ ਹਿੰਦੂ ਲਗਪਗ ਸਾਰੇ ਹੀ ਮਾਤ ਭਾਸ਼ਾ ਪੰਜਾਬੀ ਮੰਨਦੇ, ਲਿਖਾਂਦੇ ਹਨ | ਫਿਰ ਵੀ ਪੰਜਾਬੀ ਨੁਕਰੇ ਲੱਗ ਰਹੀ ਹੈ | ਇਸ ਦੀ ਰੁਜ਼ਗਾਰ ਦਿਵਾਉਣ ਦੀ ਸਮਰੱਥਾ ਘਟ ਗਈ ਹੈ | ਪੰਜਾਬੀ ਵਿਦੇਸ਼ਾਂ ਵਿਚ ਵਧ-ਫੁੱਲ ਰਹੀ ਹੈ | ਆਪਣੀ ਧਰਤੀ ਉੱਤੇ ਸੰਕਟ ਵਿਚ ਹੈ | ਉਪਰੋਕਤ ਪਿਛੋਕੜ ਵਿਚ ਲੇਖਕ ਨੇ ਪੰਜਾਬ ਦੇ ਪਹਿਲੇ ਰਾਜ ਭਾਸ਼ਾ ਐਕਟ (1960) ਤੇ ਦੂਜੇ ਰਾਜ ਭਾਸ਼ਾ ਐਕਟ (1967) ਦੁਆਰਾ ਦਫ਼ਤਰੀ ਕੰਮਕਾਜ, ਸਰਕਾਰੀ ਕੰਮ ਪੰਜਾਬੀ ਵਿਚ ਕਰਨ ਦਾ ਨੁਕਤਾ ਉਠਾਇਆ ਹੈ | ਇਸ ਐਕਟ 'ਤੇ ਅਮਲ ਸਮੇਂ ਕੇਵਲ (ਸਾਰੇ) ਦਫ਼ਤਰੀ ਚਿੱਠੀ ਪੱਤਰ ਨੂੰ ਪੰਜਾਬੀ ਵਿਚ ਕਰਨ ਦੀ ਨੋਟੀਫਿਕੇਸ਼ਨ ਹੀ ਹੋਈ | ਇਹ ਕੁੱਲ ਕੰਮ ਦਾ 5-7 ਫ਼ੀਸਦੀ ਮਾਤਰ ਹੈ | ਬਾਕੀ ਕੰਮ ਅੰਗਰੇਜ਼ੀ ਵਿਚ ਜਾਰੀ ਰਿਹਾ | ਅਦਾਲਤਾਂ ਦੀ ਭਾਸ਼ਾ ਵੀ ਅੰਗਰੇਜ਼ੀ ਰਹੀ | ਦਫ਼ਤਰਾਂ ਵਿਚ ਪੰਜਾਬੀ ਵਰਤਣ, ਨਾ ਵਰਤਣ ਦੀ ਚੈਕਿੰਗ ਭਾਸ਼ਾ ਵਿਭਾਗ ਨੂੰ ਦਿੱਤੀ ਗਈ | ਇਹ ਵਿਭਾਗ ਹੁਣ ਲਗਪਗ ਮਰਨ ਕਿਨਾਰੇ ਹੈ | ਕਾਨੂੰਨ ਦਾ ਅਨੁਵਾਦ ਕਰਨ ਲਈ 1973 ਵਿਚ ਬਣੇ ਪੰਜਾਬ ਰਾਜ ਭਾਸ਼ਾ ਕਮਿਸ਼ਨ ਦਾ ਗਠਨ, ਸਥਿਤੀ ਕੀਤੇ ਕੰਮ ਬਾਰੇ ਚਰਚਾ ਨੂੰ ਵੇਖੀਏ ਤਾਂ ਨਿਰਾਸ਼ਾ ਹੀ ਹੱਥ ਲਗਦੀ ਹੈ | ਨਾ ਦਿਸ਼ਾ ਹੈ, ਨਾ ਦਿ੍ੜ੍ਹਤਾ | ਨਾ ਸਹੂਲਤਾਂ ਤੇ ਨਾ ਹੀ ਸਟਾਫ | ਮਿੱਤਰ ਜੀ ਪੰਜਾਬੀ ਦਾ ਰੱਬ ਈ ਰਾਖਾ | ਅੱਲਾ ਹੀ ਬੇਲੀ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਮਨੁੱਖਤਾ ਦਾ ਭਵਿੱਖ ਸਾਡੇ ਬੱਚੇ
ਲੇਖਕ : ਪੂਰਨ ਸਿੰਘ
ਪ੍ਰਕਾਸ਼ਕ : ਸਾਤਵਿਕ ਬੁਕਸ, ਅੰਮਿ੍ਤਸਰ
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 99150-48005

ਲੇਖਕ ਦੀ ਹਥਲੀ ਪੁਸਤਕ 'ਮਨੱੁਖਤਾ ਦਾ ਭਵਿੱਖ ਸਾਡੇ ਬੱਚੇ' ਵਿਚ ਸ਼ਾਮਿਲ 22 ਲੇਖਾਂ ਵਿਚ ਬੱਚੇ ਦੇ ਜਨਮ ਮਗਰੋਂ ਬੱਚੇ ਨੂੰ ਵੱਖਰੀਆਂ ਯੋਗਤਾਵਾਂ, ਵੱਖਰੀਆਂ ਪਸੰਦਾਂ, ਵੱਖਰੀਆਂ ਲੋੜਾਂ ਅਤੇ ਵੱਖਰੀਆਂ ਸੰਭਾਵਨਾਵਾਂ ਨਾਲ ਵਿਅਕਤੀ ਨਾ ਮੰਨਣ ਦੀ ਚਿਤਾਵਨੀ ਦਿੱਤੀ ਗਈ ਹੈ | ਬੱਚੇ ਦੇ ਸੰਪੂਰਨ ਵਿਕਾਸ ਲਈ ਜ਼ਰੂਰੀ ਖੇਡ ਲਈ ਲੋੜੀਂਦੇ ਸੰਕੇਤ ਦਿੱਤੇ ਗਏ ਹਨ | ਬੱਚੇ ਦੇ ਵਿਅਕਤੀਗਤ ਸਤਿਕਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ | ਬੱਚੇ ਗਿਰਦ ਉਸਾਰੀਆਂ ਜਾਂਦੀਆਂ ਧਾਰਮਿਕ ਵਲਗਣਾਂ ਦੀ ਲੋੜ ਅਤੇ ਸਾਰਥਿਕਤਾ ਨੂੰ ਬਿਆਨ ਕੀਤਾ ਗਿਆ ਹੈ | ਬੱਚੇ ਲਈ ਝਿੜਕ, ਨਸੀਹਤਾਂ ਅਤੇ ਲੋੜੋਂ ਵਧ ਲਾਡ ਨੂੰ ਬੱਚੇ ਦਾ ਨਿਰਾਦਰ ਦੱਸਿਆ ਗਿਆ ਹੈ | ਬੱਚੇ ਕੁਦਰਤੀ ਤੌਰ 'ਤੇ ਮਾਨਵ ਪ੍ਰੇਮੀ ਹੁੰਦੇ ਹਨ | ਦੇਸ਼ ਭਗਤੀ ਦਾ ਜਜ਼ਬਾ ਤਾਂ ਪੈਦਾ ਕੀਤਾ ਜਾਂਦਾ ਹੈ | ਪੁਸਤਕ ਵਿਚ ਧੀਆਂ ਤੇ ਪੁੱਤਰਾਂ ਦੀ ਪਰਵਰਿਸ਼ ਸਮੇਂ ਸਮਾਨਤਾ ਦੀ ਲੋੜ ਅਤੇ ਬੱਚੇ ਦੇ ਬੌਧਿਕ ਵਿਕਾਸ ਲਈ ਵਧੇਰੇ ਧਿਆਨ ਦੇਣ ਦੀ ਤਰਜੀਹ ਦੇਣ ਲਈ ਸੁਝਾਅ ਦਿੱਤੇ ਗਏ ਹਨ | ਲੇਖਕ ਅਨੁਸਾਰ ਬੱਚੇ ਨੂੰ ਅੱਜ ਮੁਕਾਬਲਿਆਂ ਦੀ ਦੌੜ ਤੇ ਹੋੜ ਵਿਚ ਸ਼ਾਮਿਲ ਕਰਕੇ ਉਸ ਵਿਚ ਪਸ਼ੂਪਨ ਪੈਦਾ ਕੀਤਾ ਜਾਂਦਾ ਹੈ | ਇਸ ਤੋਂ ਬਚਣ ਲਈ ਲੇਖਕ ਵਲੋਂ ਕਈ ਉਪਯੋਗੀ ਸੁਝਾਅ ਵੀ ਦਿੱਤੇ ਗਏ ਹਨ | ਲੇਖਕ ਦੀ ਵਰਨਣ ਸ਼ੈਲੀ ਸਰਲ, ਰੌਚਕਤਾ ਅਤੇ ਬੌਧਿਕਤਾ ਨਾਲ ਭਰਪੂਰ ਹੈ | ਪੁਸਤਕ ਦਾ ਹਰੇਕ ਲੇਖ ਆਪਣੇ ਵਿਚ ਡੂੰਘੇ ਅਰਥ ਸਮੋਈ ਬੈਠਾ ਹੈ, ਜੋ ਪਾਠਕ ਦੀ ਸੋਚ ਵਿਚ ਹਲਚਲ ਮਚਾਉਣ, ਗਿਆਨ ਵਿਚੋਂ ਵਾਧਾ ਕਰਨ ਅਤੇ ਨਜ਼ਰੀਏ ਨੂੰ ਤਰਕਸ਼ੀਲ ਤੇ ਵਿਗਿਆਨਕ ਬਣਾਉਣ ਦੀ ਸਮਰੱਥਾ ਰੱਖਦਾ ਹੈ | ਇਹ ਪੁਸਤਕ ਬਾਲ ਮਨੋਵਿਗਿਆਨ ਸਾਹਿਤ ਦਾ ਸਰਮਾਇਆ ਹੈ ਅਤੇ ਵਿਸ਼ੇਸ਼ ਕਰ ਮਾਪਿਆਂ ਲਈ ਆਪਣੇ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਲਈ ਇਕ ਮਹੱਤਵਪੂਰਨ ਜ਼ਰੀਆ ਹੈ |

—ਡਾ: ਧਰਮਪਾਲ ਸਾਹਿਲ
ਮੋ: 98761-56964.
c c c

ਮੈਂ ਮਿੱਟੀ ਦਾ ਰੂਪ
ਕਵੀ : ਬਲਬੀਰ ਸਿੰਘ ਡੁਮੇਲੀ
ਪ੍ਰਕਾਸ਼ਕ : ਸੁੰਦਰ ਬੁੱਕ ਡਿੱਪੋ, ਜਲੰਧਰ
ਮੁੱਲ : 180 ਰੁਪਏ, ਸਫ਼ੇ : 104
ਸੰਪਰਕ : 0181-2623184.

ਹਥਲੀ ਪੁਸਤਕ ਵਿਚ 410 ਦੋਹੇ ਹਨ, ਜੋ ਕਿ ਬਹੁਤ ਸੰਵੇਦਨਾ ਭਰਪੂਰ ਹਨ | ਸੁਰਿੰਦਰ ਸੋਹਲ, ਵਰਿਆਮ ਸੰਧੂ, ਉਂਕਾਰ ਸਿੰਘ ਡੁਮੇਲੀ ਅਤੇ ਸੁਰਜੀਤ ਸਾਜਨ ਜਿਹੇ ਵਿਦਵਾਨਾਂ ਨੇ ਹਥਲੀ ਪੁਸਤਕ ਦੇ ਦੋਹਿਆਂ ਦੀ ਭਰਪੂਰ ਸਿਫ਼ਤ ਕੀਤੀ ਹੈ | ਅਸਲ ਵਿਚ ਸੱਤਵੇਂ ਦਹਾਕੇ ਵਿਚ ਵਿਚਰਦਾ ਸ਼ਾਇਰ ਡੁਮੇਲੀ ਇਨ੍ਹਾਂ ਦੋਹਿਆਂ ਵਿਚ ਧੁਰ ਤੋਂ ਪੇਸ਼ ਹੈ :
-ਬੀ ਮਿੱਟੀ ਵਿਚ ਸੌਾ ਗਿਆ, ਲੈ ਕੇ ਬੁੱਧ ਵਿਵੇਕ |
ਫੁੱਲ ਬਣ ਕੇ ਫਿਰ ਮੌਲਿਆ ਲੈ ਕੇ ਰੰਗ ਅਨੇਕ |
-ਮਾਵਾਂ ਬਾਝ ਨਾ ਪੇਕੜੇ ਧੀਆਂ ਬਾਝ ਨਾ ਸੁੱਖ,
ਮੂਲੋਂ ਦੋਵੇਂ ਇਕ ਨੇ, ਜੀਕਣ ਛਾਂ ਤੇ ਰੁੱਖ |
-ਇਹ ਮੰਡੀ ਹੈ ਮੁੱਲ ਦੀ ਮੁੱਲ ਦੀ ਹੈ ਹਰ ਬਾਤ,
ਤੋਲਾ ਤੋਲਾ ਦਿਨ ਵਿਕੇ ਰੱਤੀ ਰੱਤੀ ਰਾਤ |
ਡੁਮੇਲੀ ਦੇ ਦੋਹਿਆਂ ਵਿਚ ਅਕਾਸ਼ ਦੀ ਚਿੰਤਨ ਬੁਲੰਦੀ ਹੈ ਅਤੇ ਪਤਾਲ ਦੀ ਸੰਜੀਦਗੀ | ਹਰ ਦੋਹਾ ਦਿਲ ਵਿਚ ਉੱਤਰਦਾ ਤੇ ਆਤਮਾ ਦਾ ਰਾਹ ਪੁੱਛਦਾ ਹੈ | ਮੈਨੂੰ ਇਹ ਦੋਹੇ ਬਹੁਤ ਹੀ ਵਧੀਆ ਲੱਗੇ ਹਨ | ਮੈਂ ਕਦੇ ਜੋ ਆਸਥਾ ਜਗਾਈ ਸੀ ਕਿ ਪੰਜਾਬੀ ਗ਼ਜ਼ਲ ਦੀ ਉਪਰਾਮਤਾ ਦੋਹਾ ਸੰਭਾਲ ਲਵੇਗਾ ਤੇ ਪੰਜਾਬੀ ਸ਼ਾਇਰੀ ਹੋਰ ਵੀ ਰੌਸ਼ਨ ਦੀਦਾਰੇ ਕਰਵਾਏਗੀ, ਉਹ ਆਸਥਾ ਜਗ ਰਹੀ ਹੈ | ਪੁਸਤਕ ਨੂੰ ਦਿਲੋਂ ਜੀ ਆਇਆਂ ਹੈ | ਦੋਹੇ ਆਪਣੇ ਸਰੂਪ ਵਿਚ ਸੰਪੂਰਨ ਹਨ |

—ਸੁਲੱਖਣ ਸਰਹੱਦੀ
ਮੋ: 94174-84337.
c c c

ਭੁਲੇਖਾ ਰੱਬ ਦਾ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 099873-08283.

ਡਾ: ਕੇ. ਜਗਜੀਤ ਸਿੰਘ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਇਕ ਸਮਰਪਿਤ ਪਰਿਵਾਰ ਦਾ ਵਿਦਵਾਨ ਵਿਅਕਤੀ ਹੈ | ਹਥਲੀ ਪੁਸਤਕ ਵਿਚ ਉਸ ਨੇ ਰੱਬ ਦੀ ਹੋਂਦ ਬਾਰੇ ਆਪਣੇ ਸ਼ੰਕਿਆਂ ਅਤੇ ਦਵੰਦਾਂ ਬਾਰੇ ਬਹੁਤ ਸਾਰੇ ਲੇਖ ਲਿਖੇ ਹਨ | ਆਪਣੇ ਇਕ ਲੇਖ ਦੇ ਆਰੰਭ ਵਿਚ ਉਹ ਲਿਖਦਾ ਹੈ ਕਿ ਰੱਬ ਨੂੰ ਹਮੇਸ਼ਾ ਬੰਦੇ ਦੀ ਲੋੜ ਰਹਿੰਦੀ ਹੈ (ਜਦੋਂ ਕਿ) ਬੰਦੇ ਦਾ ਗੁਜ਼ਾਰਾ ਰੱਬ ਤੋਂ ਬਗੈਰ ਵੀ ਚੱਲ ਸਕਦਾ ਹੈ (ਪੰ. 11) ਬੰਦਾ ਰੱਬ ਨੂੰ ਕਿਉਂ ਫੜੀ ਬੈਠਾ ਹੈ, ਲੇਖਕ ਅਨੁਸਾਰ ਇਸ ਦੇ ਚਾਰ ਮੁੱਖ ਕਾਰਨ ਹਨ : ਪਹਿਲਾ, ਅਸੀਂ ਆਪਣੇ ਜੀਵਨ/ਜਗਤ ਦੇ ਕਈ ਵੇਰਵਿਆਂ ਦਾ ਕਾਰਨ ਨਹੀਂ ਲੱਭ ਸਕਦੇ | ਦੂਜਾ, ਆਤਮ-ਵਿਸ਼ਵਾਸ ਦੀ ਕਮਜ਼ੋਰੀ | ਤੀਜਾ, ਸੁੱਖ-ਸ਼ਾਂਤੀ ਜਾਂ ਸਹਾਰੇ ਦੀ ਲੋੜ ਅਤੇ ਚੌਥਾ, ਪ੍ਰੇਰਨਾ ਦਾ ਸਰੋਤ | 'ਰੱਬ ਨਾਲ ਮੇਰੀ ਆਡੀਓ ਕਾਨਫ਼ਰੰਸ' ਵਿਚ ਰੱਬ, ਲੇਖਕ ਦੇ ਇਕ ਪ੍ਰਸ਼ਨ ਦਾ ਉੱਤਰ ਦਿੰਦਾ ਹੋਇਆ ਕਹਿੰਦਾ ਹੈ, 'ਮੈਂ ਤੁਹਾਡੀ ਅੰਤਰ-ਆਤਮਾ ਵਿਚ ਵਸਿਆ ਹੋਇਆ ਹਾਂ | ਪਰ ਆਮ ਲੋਕਾਂ ਵਾਂਗ ਤੁਸੀਂ ਮੈਨੂੰ ਆਪਣੇ ਅੰਦਰ ਘੱਟ ਭਾਲਦੇ ਹੋ, ਬਾਹਰ ਜ਼ਿਆਦਾ ਲੱਭਦੇ ਨਜ਼ਰ ਆਉਂਦੇ ਹੋ |' (ਪੰਨਾ 31) ਰੱਬ ਦੇ ਅਸਤਿਤਵ ਬਾਰੇ ਸਾਰੀਆਂ ਜਗਿਆਸਾਵਾਂ ਦਾ ਅੰਤ ਕਰਦਾ ਹੋਇਆ ਉਹ ਲਿਖਦਾ ਹੈ ਕਿ ਜੇ ਰੱਬ ਸਾਨੂੰ ਮਾਨਵਤਾ ਨਾਲੋਂ ਤੋੜਦਾ ਹੈ ਤਾਂ ਚੰਗਾ ਹੋਵੇਗਾ ਕਿ ਅਸੀਂ ਉਸ ਦੀ ਹੋਂਦ ਤੋਂ ਵੀ ਮੁਨਕਰ ਹੋ ਜਾਈਏ | (ਪੰਨਾ 139) ਡਾ: ਕੇ. ਜਗਜੀਤ ਸਿੰਘ ਇਕ ਪ੍ਰਗਤੀਸ਼ੀਲ ਅਤੇ ਸੁਹਿਰਦ ਵਿਅਕਤੀ ਹੈ | ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਨ ਲਈ ਉਹ ਵਿਦਵਾਨ ਲੋਕਾਂ ਦੇ ਕਥਨਾਂ/ਬਚਨਾਂ ਅਤੇ ਸ਼ਾਇਰਾਂ ਦੀਆਂ ਕਾਵਿ ਟੁਕੜੀਆਂ ਦਾ ਕਾਫੀ ਪ੍ਰਭਾਵਸ਼ਾਲੀ ਪ੍ਰਯੋਗ ਕਰਦਾ ਹੈ | ਉਹ ਕਿਸੇ ਵੀ ਸਥਿਤੀ ਵਿਚ ਤਰਕ ਅਤੇ ਵਿਵੇਕ ਦਾ ਦਾਮਨ ਨਹੀਂ ਛੱਡਦਾ | ਅਜੋਕੇ ਪਾਠਕ ਲਈ ਉਸ ਦੇ ਇਹ ਲੇਖ ਕਾਫੀ ਦਿਸ਼ਾ-ਨਿਰਦੇਸ਼ਕ ਸਿੱਧ ਹੋਣਗੇ |

—ਬ੍ਰਹਮਜਗਦੀਸ਼ ਸੰਘ
ਮੋ: 98760-52136
c c c

ਇੰਤਜ਼ਾਰ ਦੇ ਹਰਫ਼
ਸ਼ਾਇਰ : ਸੋਹਣ ਸਿੰਘ ਮਹੇੜੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-98459.

ਹਰ ਪਰਵਾਸੀ ਆਪਣੀ ਮਿੱਟੀ ਤੇ ਭਾਸ਼ਾ ਦੀ ਖ਼ੁਸ਼ਬੂ ਆਪਣੇ ਨਾਲ ਲੈ ਕੇ ਜਾਂਦਾ ਹੈ ਤੇ ਅਜੋਕੇ ਦੌਰ ਵਿਚ ਕਈ ਨਾਮਵਰ ਸ਼ਾਇਰ ਵਿਦੇਸ਼ਾਂ ਵਿਚ ਰਹਿੰਦੇ ਹੋਏ ਪੰਜਾਬੀ ਵਿਚ ਕਾਵਿ ਸਿਰਜਣਾ ਦਾ ਧਰਮ ਪਾਲ ਰਹੇ ਹਨ | ਆਪਣੇ ਵਿਰਸੇ ਤੇ ਬੋਲੀ ਨੂੰ ਓਪਰਿਆਂ ਵਿਚ ਮਹਿਫ਼ੂਜ਼ ਰੱਖਣਾ ਹੀ ਵੱਡੀ ਗੱਲ ਹੈ | ਸੋਹਣ ਸਿੰਘ ਮਹੇੜੂ ਅਜਿਹੇ ਸ਼ਾਇਰਾਂ 'ਚੋਂ ਇਕ ਹੈ | 'ਇੰਤਜ਼ਾਰ ਦੇ ਹਰਫ਼' ਪੰਜਾਬੀ ਸ਼ਾਇਰੀ ਦੀ ਉਸ ਦੀ ਤੀਸਰੀ ਪੁਸਤਕ ਹੈ, ਜਿਸ ਵਿਚ ਉਸ ਦੀਆਂ ਇਕ ਸੌ ਦੋ ਰਚਨਾਵਾਂ ਸ਼ਾਮਿਲ ਹਨ | ਉਸ ਮੁਤਾਬਿਕ ਵਕਤ ਦੀ ਲਾਠੀ ਵਿਚ ਆਵਾਜ਼ ਨਹੀਂ ਹੁੰਦੀ ਤੇ ਦੁਨੀਆ ਵਿਚ ਦਿਸ ਰਹੇ ਮੰਜ਼ਰ ਬਦਲਦੇ ਰਹਿੰਦੇ ਹਨ | ਉਹ ਕਹਿੰਦਾ ਹੈ ਹਨ੍ਹੇਰਿਆਂ ਨੂੰ ਚੀਰ ਕੇ ਹੀ ਰੌਸ਼ਨੀ ਪ੍ਰਾਪਤ ਹੁੰਦੀ ਹੈ ਤੇ ਔਕੜਾਂ ਬਾਅਦ ਹੀ ਸੁੱਖ ਮਿਲਦਾ ਹੈ | ਮਹੇੜੂ ਪਰਿਵਰਤਨ ਤੇ ਬਦਲਾਅ ਦਾ ਸ਼ਾਇਰ ਹੈ | ਉਸ ਦੀ ਇਸ ਦਿ੍ਸ਼ਟੀ 'ਤੇ ਮਹੇੜੂ ਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਖ਼ਾਸ ਤੌਰ 'ਤੇ 'ਬਦਲ ਗਿਆ' ਕਵਿਤਾ ਮੋਹਰ ਲਾਉਂਦੀਆਂ ਹਨ | ਉਸ ਦੀਆਂ ਕਵਿਤਾਵਾਂ ਪਾਠਕ ਦੀਆਂ ਅੱਖਾਂ ਸਾਹਮਣੇ ਇਕ ਦਿ੍ਸ਼ ਰੂਪਮਾਨ ਕਰਦੀਆਂ ਹਨ, ਅਜਿਹਾ ਹੋਣਾ ਕਿਸੇ ਵੀ ਰਚਨਾ ਦੀ ਸਫ਼ਲਤਾ ਹੁੰਦੀ ਹੈ | ਮਹੇੜੂ ਦੀਆਂ ਰਚਨਾਵਾਂ ਦੀ ਹੋਰ ਖ਼ੂਬੀ ਮੁਹੱਬਤ ਹੈ, ਜਿਸ ਦੀ ਘਾਟ ਪੂਰੀ ਦੁਨੀਆ ਵਿਚ ਮਹਿਸੂਸ ਕੀਤੀ ਜਾ ਰਹੀ ਹੈ | ਸ਼ਾਇਰ ਭਾਵੇਂ ਆਪਣੀ ਅੰਦਰਲੀ ਭਾਵਨਾ ਨੂੰ ਜ਼ਬਾਨ ਦੇਣ ਵਿਚ ਸਫ਼ਲ ਹੈ ਪਰ ਤਕਨੀਕੀ ਤੌਰ 'ਤੇ ਇਸ ਪੁਸਤਕ ਵਿਚ ਗੰਭੀਰ ਘਾਟਾਂ ਹਨ ਜਾਂ ਅਵੇਸਲਾਪਨ ਹੈ | 'ਇੰਤਜ਼ਾਰ ਦੇ ਹਰਫ਼' ਸੋਹਣ ਸਿੰਘ ਮਹੇੜੂ ਦੀ ਭਵਿੱਖੀ ਸ਼ਾਇਰੀ ਦਾ ਆਧਾਰ ਬਣੇਗੀ, ਅਜਿਹੀ ਸੰਭਾਵਨਾ ਹੈ |

—ਗੁਰਦਿਆਲ ਰੌਸ਼ਨ
ਮੋ: 99884-44002
c c c

ਇਕ ਅਨਘੜ ਜਿਹਾ ਸੁਪਨਾ
(ਹਿੰਦੀ ਕਵਿਤਾਵਾਂ)
ਮੂਲ ਲੇਖਕ : ਮਣੀ ਮੋਹਨ
ਅਨੁ: ਅਮਰਜੀਤ ਕੌ ਾਕੇ
ਪ੍ਰਕਾਸ਼ਕ : ਪ੍ਰਤੀਕ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98142-31698.

ਅਮਰਜੀਤ ਕੌਾਕੇ ਪੰਜਾਬੀ ਕਾਵਿ-ਜਗਤ 'ਚ ਇਕ ਸਥਾਪਿਤ ਹਸਤਾਖ਼ਰ ਹੈ | ਉਹ ਹੁਣ ਤੱਕ 35 ਕੁ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਪ੍ਰਕਾਸ਼ਿਤ ਕਰਵਾ ਕੇ ਅਨੁਵਾਦਕ ਵਜੋਂ ਵੀ ਆਪਣੀ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ | ਮਣੀ ਮੋਹਨ ਦੇ ਇਸ ਕਾਵਿ-ਸੰਗ੍ਰਹਿ ਵਿਚਲੀਆਂ 69 ਕਵਿਤਾਵਾਂ ਜਨ-ਸਾਧਾਰਨ ਨਾਲ ਜੁੜੇ ਮਾਨਵ ਦੇ ਸੁਪਨਿਆਂ ਦੇ ਦਫ਼ਨ ਹੋਣ ਦੀ ਗਾਥਾ ਹੈ | ਆਮ ਵਿਅਕਤੀ ਨਾਲ ਜੁੜੇ ਮਸਲਿਆਂ, ਗ਼ਰੀਬੀ, ਭੁੱਖਮਰੀ, ਜ਼ਹਾਲਤ, ਬੇਰੁਜ਼ਗਾਰੀ, ਛੋਟੀਆਂ-ਛੋਟੀਆਂ ਖਾਹਿਸ਼ਾਂ ਦਾ ਫੁੱਲਾਂ ਵਾਂਗ ਮੁਰਝਾ ਜਾਣਾ ਆਦਿ ਵਿਸ਼ੇ ਇਨ੍ਹਾਂ ਕਵਿਤਾਵਾਂ 'ਚ ਸਮੋਏ ਹੋਏ ਹਨ | ਸਭ ਤੋਂ ਵੱਡਾ ਸੰਤਾਪ ਤਾਂ ਇਹ ਹੈ ਕਿ ਮਨੁੱਖ ਅੰਦਰ ਸੰਵੇਦਨਾ ਦਾ ਮਰ ਜਾਣਾ | ਲੋਕ ਕਿਵੇਂ ਆਪਣੇ ਆਲੇ-ਦੁਆਲੇ ਤੋਂ ਅਣਭਿੱਜ ਹੋ ਰਹੇ ਹਨ | ਉਨ੍ਹਾਂ ਦੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ, ਕਿਉਂ ਵਾਪਰ ਰਿਹਾ ਹੈ, ਇਨ੍ਹਾਂ ਵਰਤਾਰਿਆਂ ਤੋਂ ਬਿਲਕੁਲ ਅਣਭਿੱਜ ਹਨ | ਮਨੁੱਖ ਦੀਆਂ ਸੁੰਨੀਆਂ ਅੱਖਾਂ ਸਾਹਵੇਂ ਕਿੰਨੇ ਸੁਪਨੇ ਹਨ ਜੋ ਉਸ ਦੀਆਂ ਨਜ਼ਰਾਂ ਤੋਂ ਓਝਲ ਹੋ ਰਹੇ ਹਨ | ਯਥਾਰਥ ਸੁਪਨੇ ਅਤੇ ਫੈਂਟਸੀ ਇਕ-ਦੂਜੇ ਵਿਚ ਰਲਗੱਡ ਹੋਏ ਮਿਲਦੇ ਹਨ | ਇਸ ਸਮੇਂ ਦੇ ਕਰੂਰ ਯਥਾਰਥ ਤੋਂ ਮਨੁੱਖ ਦੇ ਮੋਹ-ਭੰਗ ਦੇ ਿਖ਼ਲਾਫ਼ ਇਹ ਕਵਿਤਾਵਾਂ ਮਨੁੱਖੀ ਮਨ 'ਚ ਮੁੜ ਤੋਂ ਮਾਨਵੀ ਸੰਵੇਦਨਾਵਾਂ ਨੂੰ ਜਗਾਉਣ ਦਾ ਉਪਰਾਲਾ ਹਨ | ਇਹ ਕਵਿਤਾਵਾਂ ਮਜ਼ਦੂਰਾਂ ਵਲੋਂ ਆਪਣੇ ਹੱਥਾਂ ਨਾਲ ਪੱਥਰ ਤੋੜਦੀਆਂ ਆਪਣੀਆਂ ਆਸ ਭਰੀਆਂ ਅੱਖਾਂ ਨਾਲ ਇਕ ਅਨਘੜ ਜਿਹਾ ਸੁਪਨਾ ਦੇਖਣ ਦਾ ਉਪਰਾਲਾ ਵੀ ਹਨ | ਉਹ ਸ਼ਾਇਦ ਇਹ ਸੁਪਨਾ ਦੇਖਦੇ ਹਨ ਕਿ ਕਦੇ ਸਮਾਂ ਆਏਗਾ, ਜਦੋਂ ਦੁਨੀਆ ਭਰ ਦੀਆਂ ਸੰਸਦਾਂ ਵਲੋਂ ਦੁਨੀਆ ਭਰ ਦੇ ਮਿਹਨਤਕਸ਼ਾਂ ਦੇ ਅਨਘੜੇ ਸੁਪਨਿਆਂ ਦੀ ਤਾਮੀਰ ਲਈ ਯਤਨ ਕੀਤਾ ਜਾਵੇਗਾ | ਇਹ ਕਵਿਤਾਵਾਂ ਭਵਿੱਖੀ ਸੁਪਨਿਆਂ ਦੀ ਤਾਮੀਰ ਦੀ ਗਾਥਾ ਵੀ ਕਹੀ ਜਾ ਸਕਦੀ ਹੈ | ਅਮਰਜੀਤ ਕੌਾਕੇ ਵਲੋਂ ਵੀ ਇਹ ਆਸ ਪ੍ਰਗਟਾਈ ਹੈ ਕਿ ਉਸ ਦੇ ਇਸ ਯਤਨ ਦਾ ਪੰਜਾਬੀ ਪਾਠਕ ਅਤੇ ਵਿਦਵਾਨਾਂ ਵਲੋਂ ਇਸ ਖੂਬਸੂਰਤ ਸ਼ਾਇਰੀ ਦਾ ਆਨੰਦ ਮਾਣਦਿਆਂ ਭਰਪੂਰ ਸਮਰਥਨ ਕੀਤਾ ਜਾਵੇਗਾ | ਖੂਬਸੂਰਤ ਅਨੁਵਾਦ ਰਾਹੀਂ ਮਾਨਵੀ ਸੰਵੇਦਨਾਵਾਂ ਭਰਪੂਰ ਸ਼ਾਇਰੀ ਦਾ ਪੰਜਾਬੀ ਪਾਠਕ ਖੂਬ ਹੁੰਗਾਰਾ ਭਰਨਗੇ | ਆਮੀਨ!

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਹਨੇਰੇ ਤਲਛਟ ਵਿਚ ਚਮਕਿਆ
ਮੂਲ ਲੇਖਕ : ਅਲਪਨਾ ਮਿਸ਼ਰ
ਅਨੁਵਾਦਕ : ਬਲਜੀਤ ਸਿੰਘ ਰੈਨਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 126
ਸੰਪਰਕ : 097976-57211.

ਅਲਪਨਾ ਮਿਸ਼ਰ ਹਿੰਦੀ ਸਾਹਿਤ ਜਗਤ ਵਿਸ਼ੇਸ਼ ਕਰਕੇ ਹਿੰਦੀ ਕਥਾ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ | ਇਸ ਨਾਵਲ ਦਾ ਪੰਜਾਬੀ ਅਨੁਵਾਦ ਬਲਜੀਤ ਸਿੰਘ ਰੈਨਾ ਦੁਆਰਾ ਕੀਤਾ ਗਿਆ ਹੈ | ਨਾਵਲੀ ਕਹਾਣੀ ਪੰਜ ਮੰਜ਼ਿਲਾ ਸ਼ਹਿਰੀ ਇਮਾਰਤ ਵਿਚ ਰਹਿ ਰਹੇ ਪਰਿਵਾਰ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ, ਜਿਸ ਦਾ ਬਿਰਤਾਂਤ ਆਤਮ-ਕਥਾ ਦੇ ਲਹਿਜੇ ਵਿਚ ਬਿਰਤਾਂਤਕਾਰ ਖ਼ੁਦ ਪੇਸ਼ ਕਰਦੀ ਹੈ ਜਿਸ ਦਾ ਨਾਂਅ ਬਿੱਟੋ ਹੈ | ਪਰਿਵਾਰਕ ਉਲਝਣਾ, ਔਰਤਾਂ ਦੀ ਦਸ਼ਾ ਅਤੇ ਵਿਸ਼ੇਸ਼ ਕਰਕੇ ਮੁੰਨਾ ਜੀ ਵਰਗੇ ਪਾਤਰਾਂ ਦਾ ਦਬਦਬਾ, ਘਰੇਲੂ ਦਮ ਘੁੱਟਵਾਂ ਵਾਤਾਵਰਨ ਇਸ ਨਾਵਲ ਦੀ ਸੰਰਚਨਾ ਵਿਚ ਸਮਾਏ ਹੋਏ ਵਿਸ਼ੇ ਹਨ | ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿਚ ਪੈਦਾ ਹੋਈ ਭਿ੍ਸ਼ਟਾਚਾਰੀ ਅਤੇ ਨਕਲ ਦੇ ਆਸਰੇ ਆਪਣੇ-ਆਪ ਨੂੰ ਪਾਰ ਲੰਘਾਉਣ ਦੀ ਬਿਰਤੀ ਨੂੰ ਨਾਵਲਕਾਰਾਂ ਨੇ ਵਿਅੰਗਾਤਮਕ ਲਹਿਜ਼ੇ ਵਿਚ ਭਾਵਪੂਰਤ ਰੂਪ ਵਿਚ ਪੇਸ਼ ਕੀਤਾ ਹੈ | ਇਸ ਤੋਂ ਇਲਾਵਾ ਮੁੱਖ ਪਾਤਰ ਬਿੱਟੋ ਦੀਆਂ ਇੱਛਾਵਾਂ ਅਤੇ ਅਕਾਂਖਿਆਵਾਂ ਦਾ ਵਰਨਣ ਵੀ ਨਾਵਲੀ ਬਿਰਤਾਂਤ ਦੇ ਪ੍ਰਮੁੱਖ ਪਹਿਲੂ ਵਜੋਂ ਸਾਹਮਣੇ ਆਉਂਦਾ ਹੈ | ਭਾਵੇਂ ਕਿ ਅਨੁਵਾਦਕ ਦੁਆਰਾ ਅਨੁਵਾਦ ਕਰਦਿਆਂ ਇਸ ਨੂੰ ਨਾਵਲੀ ਲਿਖਤ ਹੀ ਬਿਆਨ ਕੀਤਾ ਹੈ ਪਰ ਵਿਧਾਗਤ ਦਿ੍ਸ਼ਟੀ ਤੋਂ ਇਹ ਨਾਵਲ ਨਾਵਲੀ ਧਰਾਤਲ ਨਾਲੋਂ ਆਤਮ ਕਥਾ ਦੇ ਜ਼ਿਆਦਾ ਨੇੜੇ ਜਾਪਦਾ ਹੈ | ਨਾਵਲ ਵਿਚ ਵੱਖ-ਵੱਖ ਥਾਵਾਂ 'ਤੇ ਦਿੱਤੇ ਸਿਰਲੇਖ ਵੀ ਕਥਾ ਨੂੰ ਇਕ ਪ੍ਰਵਾਹ ਵਜੋਂ ਨਿਰੰਤਰਤਾ ਗ੍ਰਹਿਣ ਨਹੀਂ ਕਰਨ ਦਿੰਦੇ | ਜਿਵੇਂ 'ਵਿੱਦਿਆ ਦਾ ਮੰਦਰ ਉਰਫ਼ ਲਿਖਿਆ ਜਾਣਾ ਇਕ ਨਿਬੰਧ ਦਾ', 'ਬੇਚੈਨ ਹਜ਼ਾਰਾਂ-ਧਾਰਾਵਾਂ ਦੇ ਰਾਗ-ਰੰਗ ਸਨ', ਬੈਂਡ ਵਾਜਾ ਬਾਰਾਤ ਆਦਿ | ਇਸੇ ਤਰ੍ਹਾਂ ਨਾਵਲੀ ਕਾਂਡ ਦੀ ਥਾਂ ਦਿ੍ਸ਼ 1, ਦਿ੍ਸ਼ ਦੋ ਆਦਿ ਵੀ ਲਿਖੇ ਜਾਣਾ ਵਿਚਾਰ ਚਰਚਾ ਦੀ ਮੰਗ ਕਰਦੇ ਹਨ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611

08-06-2019

 ਪੰਜਾਬੀ ਸੱਭਿਆਚਾਰ ਵਿਚ ਹਾਸ-ਵਿਅੰਗ
ਪ੍ਰਸੰਗ ਤੇ ਪੇਸ਼ਕਾਰੀ
ਲੇਖਿਕਾ : ਡਾ: ਅਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98151-02284.

ਡਾ: ਅਮਨਦੀਪ ਕੌਰ ਨੇ ਇਸ ਪੁਸਤਕ ਵਿਚ ਹਾਸ-ਵਿਅੰਗ ਦੇ ਵਿਭਿੰਨ ਪੱਖਾਂ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਪਹਿਲੇ ਕਾਂਡ ਵਿਚ ਹਾਸ ਵਿਅੰਗ ਦੀ ਪਰਿਭਾਸ਼ਾ ਤੇ ਸਰੂਪ ਨੂੰ ਪੇਸ਼ ਕੀਤਾ ਗਿਆ ਹੈ। ਹਾਸਾ ਤੰਦਰੁਸਤੀ ਦੀ ਖੁਰਾਕ ਹੈ, ਜੋ ਗਰਭ ਅਵਸਥਾ ਤੋਂ ਬੁਢਾਪੇ ਤੱਕ ਅੰਗ-ਸੰਗ ਰਹਿਣਾ ਚਾਹੀਦਾ ਹੈ। ਗੁਰਬਾਣੀ ਵਿਚ ਵੀ ਲਿਖਿਆ ਮਿਲਦਾ ਹੈਂ'ਹੱਸਣ ਖੇਡਣ ਮਨ ਕਾ ਚਾਓ।' ਪੁਰਾਤਨ ਕਵੀ ਚਰਪਟ ਨਾਥ ਤੇ ਸੁਥਰਾ ਹਾਸ ਵਿਅੰਗ ਦੇ ਪ੍ਰਸਿੱਧ ਕਵੀ ਮੰਨੇ ਜਾਂਦੇ ਹਨ। ਲੇਖਿਕਾ ਨੇ ਇਸ ਵਿਚ ਹਾਸਾ ਉਪਜਣ ਦੇ ਮੁੱਖ ਕਾਰਨ ਇਸ ਦਾ ਵਰਗੀਕਰਨਂਰਾਜਨੀਤਕ, ਆਰਥਿਕ, ਸੱਭਿਆਚਾਰਕ ਤੇ ਧਾਰਮਿਕ ਵਿਅੰਗ ਵਜੋਂ ਕੀਤਾ ਹੈ।
ਅਗਲੇ ਕਾਂਡ ਵਿਚ ਲੋਕ ਸਾਹਿਤ ਵਿਚ ਹਾਸ-ਵਿਅੰਗ ਦੀ ਪੇਸ਼ਕਾਰੀ ਨੂੰ ਵਿਸਥਾਰ ਨਾਲ ਉਦਾਹਰਨਾਂ ਸਹਿਤ ਪੇਸ਼ ਕਰਨ ਦਾ ਵਧੀਆ ਯਤਨ ਕੀਤਾ ਹੈ। ਲੋਕ ਗੀਤ, ਬੋਲੀਆਂ, ਸੁਹਾਗ, ਘੋੜੀਆਂ, ਸੋਹਲੜੇ, ਅਖਾਣ, ਛੰਦ, ਸਿੱਠਣੀਆਂ, ਬੁਝਾਰਤਾਂ, ਅਖਾਣ-ਮੁਹਾਵਰੇ, ਚੁਟਕਲੇ ਲੋਕ-ਕਥਾਵਾਂ ਤੇ ਨੀਤੀ ਕਹਾਣੀਆਂਂਇਨ੍ਹਾਂ ਸਾਰੇ ਰੂਪਾਂ ਵਿਚ ਹਾਸ ਵਿਅੰਗ ਮਿਲਦਾ ਹੈ, ਜਿਸ ਬਾਰੇ ਲੇਖਿਕਾ ਨੇ ਵਿਸਤ੍ਰਿਤ ਪੱਧਰ 'ਤੇ ਉਦਾਹਰਨਾਂ ਸਹਿਤ ਵੇਰਵੇ ਦਿੱਤੇ ਹਨ, ਜੋ ਬਹੁਤ ਹੀ ਜਾਣਕਾਰੀ ਭਰਪੂਰ ਹਨ।
ਤੀਸਰਾ ਕਾਂਡ 'ਪੰਜਾਬੀ ਲੋਕ ਨਾਟ ਵਿਚ ਹਾਸ ਵਿਅੰਗ' ਨੂੰ ਪੇਸ਼ ਕੀਤਾ ਹੈ, ਜੋ ਲੋਕਧਾਰਾ ਦਾ ਅਨਿੱਖੜਵਾਂ ਅੰਗ ਹੈ ਤੇ ਲੋਕ ਸਾਹਿਤ ਦਾ ਹਿੱਸਾ ਹੈ। ਰਾਸ ਲੀਲ੍ਹਾ, ਰਾਮ ਲੀਲ੍ਹਾ, ਨਕਲਾਂ, ਸਵਾਂਗ, ਪੁਤਲੀਆਂ ਦਾ ਤਮਾਸ਼ਾ, ਭੰਡਾਂ ਦੇ ਤਮਾਸ਼ੇ, ਮਦਾਰੀ, ਬਾਜ਼ੀਗਰ, ਬਹੁਰੂਪੀਏ ਆਦਿ ਸਾਰੇ ਹਾਸ ਵਿਅੰਗ ਨੂੰ ਪੇਸ਼ ਕਰਦੇ ਪਹਿਲੂ ਹਨ, ਜਿਸ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਅੰਤਲਾ ਕਾਂਡਂ'ਹਾਸ ਵਿਅੰਗ ਦਾ ਬਦਲਦਾ ਸਰੂਪ' ਹੈ। ਪਹਿਲੇ ਸਮਿਆਂ ਵਿਚ ਹਾਸ ਵਿਅੰਗ ਸਾਂਝੀ ਖੁਸ਼ੀ ਦਾ ਪ੍ਰਤੀਕ ਹੁੰਦਾ ਸੀ ਤੇ ਕੋਈ ਬੁਰਾ ਨਹੀਂ ਸੀ ਮਨਾਉਂਦਾ ਪਰ ਹੁਣ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚ ਪਰਿਵਰਤਨ ਆਉਣ ਕਾਰਨ ਬਹੁਤ ਸਾਰੇ ਰੂਪ ਤਾਂ ਅਲੋਪ ਹੀ ਹੋ ਰਹੇ ਹਨ ਤੇ ਮਾਨਸਿਕ ਬੋਝ ਥੱਲੇ ਦੱਬਿਆ ਮਨੁੱਖ ਹੱਸਣ ਖੇਡਣ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਖੰਭਾਂ ਥੱਲੇ ਅੰਬਰ
ਸ਼ਾਇਰ : ਦਾਦਰ ਪੰਡੋਰਵੀ
ਪ੍ਰਕਾਸ਼ਕ : ਆਟਮ ਆਰਟ ਬੱਲੀਆਂ (ਸੰਗਰੂਰ)
ਮੁੱਲ : 145 ਰੁਪਏ, ਸਫ਼ੇ : 84+10
ਸੰਪਰਕ : 91158-72450.

ਦਾਦਰ ਪੰਡੋਰਵੀ ਦੇ ਇਸ ਸੰਗ੍ਰਹਿ ਵਿਚ 83 ਗ਼ਜ਼ਲਾਂ ਸੰਗ੍ਰਹਿਤ ਹਨ। 'ਖੰਭਾਂ ਥੱਲੇ ਅੰਬਰ' ਉਸ ਦਾ ਤੀਜਾ ਗ਼ਜ਼ਲ ਸੰਗ੍ਰਹਿ ਹੈ। ਉਸ ਨੂੰ ਬੜਾ ਤੀਖਣ ਅਹਿਸਾਸ ਹੈ ਕਿ ਕਾਵਿ ਦੇ ਮਾਧਿਅਮ ਦੁਆਰਾ ਉਹ ਇਕ ਪ੍ਰਮਾਣਿਕ ਅਤੇ ਪ੍ਰਾਸੰਗਿਕ ਕਾਰਜ ਨੂੰ ਸਰਅੰਜਾਮ ਦੇ ਰਿਹਾ ਹੈ। ਕਿਸੇ ਵੀ ਗ਼ਜ਼ਲ ਦੇ ਵਿਭਿੰਨ ਸ਼ਿਅਰਾਂ ਦੀ ਸਿਰਜਣਾ ਦੌਰਾਨ ਉਹ ਆਪਣੀ 'ਮੈਂ' ਨੂੰ ਖੁਰਨ ਜਾਂ ਭੁਰਨ ਨਹੀਂ ਦਿੰਦਾ। ਇਸ ਅੰਦਾਜ਼ ਨਾਲ ਕਹੇ ਗਏ ਸ਼ਿਅਰ ਬਹੁਤ ਪ੍ਰਭਾਵਸ਼ਾਲੀ ਅਤੇ ਮੁਕੰਮਲ ਪ੍ਰਤੀਤ ਹੁੰਦੇ ਹਨ। ਕੁਝ ਅਸ਼ਆਰ ਦੇਖੋ :
ਮੇਰੇ ਹਿੱਸੇ ਦਾ ਦੀਵਾ ਬੁਝ ਰਿਹਾ ਸੀ
ਤੇ ਮੈਂ ਸੂਰਜ ਦੇ ਬਾਰੇ ਸੋਚਦਾ ਸੀ
ਮੈਂ ਕਿੱਦਾਂ ਦੇ ਸਫ਼ਰ ਤੋਂ ਪਰਤਿਆ ਹਾਂ
ਕਿ ਹਰ ਰਸਤਾ ਮੇਰੇ 'ਚੋਂ ਲੰਘਦਾ ਸੀ
ਰਿਹਾਈ ਸਮਝਦਾ ਸਾਂ ਉਸ ਨੂੰ ਮੈਂ ਪਰ
ਉਹ ਪਹਿਲਾਂ ਤੋਂ ਵੀ ਵੱਡਾ ਪਿੰਜਰਾ ਸੀ।
ਪ੍ਰਤੀਕਾਤਮਕ ਅਭਿਵਿਅੰਜਨ ਅਤੇ ਵਿਅੰਗਮਈ ਅੰਦਾਜ਼, ਕਵੀ ਦੀ ਸ਼ਿਅਰੀਅਤ ਦੇ ਦੋ ਉਲੇਖਯੋਗ ਲੱਛਣ ਹਨ। ਪ੍ਰਤੀਕਾਂ ਦੀ ਮਾਅਰਫ਼ਤ ਉਹ ਆਪਣੇ ਕਾਵਿ-ਕਥਨਾਂ ਨੂੰ ਬਹੁਪਰਤੀ, ਬਹੁਆਯਾਮੀ ਬਣਾ ਲੈਂਦਾ ਹੈ। ਵਿਹਾਰਵਾਦੀ ਸੋਚ ਦੇ ਧਾਰਨੀ ਤੇ ਪੈਰ-ਪੈਰ 'ਤੇ ਮੁਨਾਫ਼ੇ ਦੀ ਝਾਕ ਰੱਖਣ ਵਾਲੇ ਆਪਣੇ ਸਮਕਾਲੀਆਂ ਨੂੰ ਉਹ ਨਿਰੰਤਰ ਠਕੋਰਦਾ/ਝੰਜੋੜਦਾ ਰਹਿੰਦਾ ਹੈ। ਉਸ ਨੂੰ ਇਸ ਹਕੀਕਤ ਉੱਪਰ ਬੇਹੱਦ ਗਿਲਾ ਕਿ ਉਸ ਦੇ ਦੌਰ ਦੇ ਬਹੁਤੇ ਬੰਦੇ ਸੰਵੇਦਨਸ਼ੀਲ ਅਤੇ ਅੰਤਰਦਰਸ਼ੀ ਨਹੀਂ ਰਹੇ। ਅਜਿਹੇ ਲੋਕਾਂ ਦੀ ਸੋਚ ਉੱਪਰ ਵਿਅੰਗ ਕਰਦਾ ਹੋਇਆ ਉਹ ਲਿਖਦਾ ਹੈ, 'ਕੁਝ ਕੁ ਸੁਪਨੇ ਰੱਖ ਲਵਾਂਗਾ ਕੁਝ ਕੁ ਰੀਝਾਂ ਮਾਰ ਲਵਾਂਗਾ। ਮੈਂ ਵੀ ਹੁਣ ਬਾਜ਼ਾਰ ਮੁਤਾਬਿਕ ਸੀਮਤ ਕਰ ਵਿਸਤਾਰ ਲਵਾਂਗਾ। ਤੇਰੀ ਖ਼ੁਦਗਰਜ਼ੀ ਦਾ ਮੈਨੂੰ ਹੁਣ ਤਾਂ ਫ਼ਰਕ ਬਥੇਰਾ ਪੈਂਦੈ, ਚਿੰਤਾ ਨਾ ਕਰ ਅਗਲੇ ਜਨਮ 'ਚ ਹੋਰ ਨਿਰਮਾਤਾ ਧਾਰ ਲਵਾਂਗਾ।' (ਗ਼ਜ਼ਲ ਨੰ: 10)
ਇਸ ਸੰਗ੍ਰਹਿ ਵਿਚ ਕਵੀ ਦੀਆਂ, ਬਹੁਤ ਸਾਰੇ ਲੰਮੇ-ਛੋਟੇ ਬਹਿਰਾਂ ਦੀਆਂ ਗ਼ਜ਼ਲਾਂ, ਸੰਗ੍ਰਹਿਤ ਹਨ। ਉਸ ਦਾ ਅੰਦਾਜ਼ ਮੌਲਿਕ ਅਤੇ ਅਭਿਵਿਅਕਤੀ ਸੱਜਰੀ ਹੈ। ਇਹ ਪੜ੍ਹਨ, ਗੁਣਗੁਣਾਉਣ ਅਤੇ ਮਾਣਨ ਵਾਲੀਆਂ ਵਿਸਮਾਦੀ ਰਚਨਾਵਾਂ ਹਨ।

ਂਬ੍ਰਹਮਜਗਦੀਸ਼ ਸੰਘ
ਮੋ: 98760-52136
ਫ ਫ ਫ

ਹਤਿਆਰੇ
ਲੇਖਕ ਨਾਗਰ ਸਿੰਘ ਤੂਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 81468-96093.

ਵਿਚਾਰ ਅਧੀਨ ਪੁਸਤਕ ਨਾਗਰ ਸਿੰਘ ਤੂਰ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 11 ਕਹਾਣੀਆਂ ਸ਼ਾਮਿਲ ਹਨ। ਪੁਸਤਕ ਦਾ ਲੇਖਕ ਮੁਢਲੇ ਜੀਵਨ ਵਿਚ ਲੋਕ ਹਿਤਾਂ ਲਈ ਜੂਝ ਰਹੀਆਂ ਜਥੇਬੰਦੀਆਂ ਦਾ ਸਰਗਰਮ ਮੈਂਬਰ ਰਿਹਾ ਹੈ, ਉਸ ਨੂੰ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਰੋਕਾਰਾਂ ਦੀ ਬੁਨਿਆਦੀ ਜਾਣਕਾਰੀ ਹੀ ਹਾਸਲ ਨਹੀਂ, ਬਲਕਿ ਉਹ ਅਗਾਂਹਵਧੂ ਸੋਚ ਨੂੰ ਪ੍ਰਣਾਇਆ ਵਿਅਕਤੀ ਵੀ ਹੈ।
ਇਸ ਪੁਸਤਕ ਦੀਆਂ ਦੋ ਕਹਾਣੀਆਂ 'ਕਾਫ਼ਲਾ' ਅਤੇ 'ਗਾਥਾ ਇਕ ਪਿਓ ਦੀ' ਦੇਸ਼ ਦੇ ਵੰਡਾਰੇ ਸਮੇਂ ਫ਼ਿਰਕਾਪ੍ਰਸਤਾਂ ਵਲੋਂ ਨਿਹੱਥਿਆਂ 'ਤੇ ਹੋਏ ਅੱਤਿਆਚਾਰ ਦੀ ਗਾਥਾ ਬਿਆਨਦੀਆਂ ਹਨ। ਸਵਾਰਥੀ ਲੋਕ, ਸਾਜਿਸ਼, ਕੁੱਖ ਦਾ ਵੈਰੀ, ਗੁੱਡ ਨਾਈਟ ਅਤੇ ਹਥਿਆਰੇ ਵਿਦੇਸ਼ਾਂ ਵਿਚ ਵਸਦੇ ਇਧਰਲੇ ਪੰਜਾਬ ਦੇ ਅਤੇ ਲਹਿੰਦੇ ਪੰਜਾਬ 'ਚੋਂ ਗਏ ਵਿਦੇਸ਼ੀਆਂ ਦੀ ਸਮਾਜਿਕ ਅਤੇ ਮਾਨਸਿਕ ਦੁਬਿਧਾ ਦਾ ਪ੍ਰਤੀਬਿੰਬ ਪੇਸ਼ ਕਰਨ ਵਾਲੀਆਂ ਅਰਥ ਭਰਪੂਰ ਕਹਾਣੀਆਂ ਹਨ। ਅਣਖ ਬਨਾਮ ਹੱਤਿਆ ਅਤੇ ਦਰਿੰਦਾ ਪੰਜਾਬੀਆਂ ਦੀ ਸਮਾਜਿਕ ਵਿਵਸਥਾ ਅਤੇ ਸੋਚਣੀ ਨੂੰ ਹਾਂ-ਪੱਖੀ ਦ੍ਰਿਸ਼ਟੀ ਤੋਂ ਬਿਆਨ ਕੀਤੀਆਂ ਕਹਾਣੀਆਂ ਹਨ। ਲੁਟੇਰੇ ਕਹਾਣੀ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਕਰਮਚਾਰੀਆਂ ਦੀਆਂ ਜਥੇਬੰਦੀਆਂ ਦੇ ਅਖੌਤੀ ਅਹੁਦੇਦਾਰਾਂ ਵਲੋਂ ਰਿਹਾਇਸ਼ੀ ਕਾਲੋਨੀਆਂ ਬਣਾ ਕੇ ਵੇਚਣ ਦਾ ਪਰਦਾਫਾਸ਼ ਕੀਤਾ ਗਿਆ ਹੈ। ਅਹਿਦ ਨਾਮੀ ਕਹਾਣੀ ਵਿਚ ਐਡਹਾਕ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਜਥੇਬੰਦਕ ਸੰਘਰਸ਼ ਦੀ ਗਾਥਾ ਬਿਆਨੀ ਗਈ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਬਾਤਾਂ ਸੜਕ ਦੀਆਂ
ਲੇਖਕ : ਗੁਰਮੇਲ ਬੀਰੋਕੇ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 329
ਸੰਪਰਕ : 011-26802488.

ਹਥਲੀ ਪੁਸਤਕ ਵਿਚ ਗੁਰਮੇਲ ਬੀਰੋਕੇ ਨੇ ਸਿਰਫ ਅਮਰੀਕਾ, ਕੈਨੇਡਾ ਦੀਆਂ ਸੜਕਾਂ 'ਤੇ ਚਲਦੇ ਟਰੱਕਾਂ ਅਤੇ ਡਰਾਈਵਰਾਂ ਦੀਆਂ ਗੱਲਾਂ ਹੀ ਨਹੀਂ ਕੀਤੀਆਂ, ਸਗੋਂ ਪੁਸਤਕ ਨੂੰ 15 ਕਾਂਡਾਂ ਵਿਚ ਵੰਡ ਕੇ ਵਿਦੇਸ਼ਾਂ ਵਿਚ ਜਾਣ ਦੇ ਕਾਰਨਾਂ, ਉਥੇ ਜਾ ਕੇ ਡਰਾਈਵਰੀ ਦਾ ਧੰਦਾ ਅਪਣਾਉਣ, ਉਥੋਂ ਦੇ ਪ੍ਰਸ਼ਾਸਨ ਦੇ ਨਿਯਮ, ਟਰੱਕਾਂ ਵਿਚ ਵਰਤੀ ਜਾਂਦੀ ਟੈਕਨਾਲੋਜੀ, ਡਰਾਈਵਿੰਗ ਲਾਈਸੈਂਸ ਲੈਣ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ, ਡਰਾਈਵਰਾਂ ਦੇ ਦੁਖੜੇ, ਪੁਲਾਂ ਦਾ ਮਾਨਵੀਕਰਨ, ਟਰੱਕ ਡਰਾਈਵਰਾਂ ਦਾ ਨਿੱਜੀ ਜੀਵਨ ਅਤੇ ਦੁਸ਼ਵਾਰੀਆਂ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ, ਟਰਾਂਸਪੋਰਟ ਦੇ ਧੰਦੇ ਵਿਚ ਔਰਤਾਂ ਦੀ ਸ਼ਮੂਲੀਅਤ, ਫੁੱਲ ਸਰਵਿਸ ਅਤੇ ਬਰਫ਼ੀਲੀਆਂ ਸੜਕਾਂ 'ਤੇ ਡਰਾਈਵਰੀ ਕਰਨ ਦੇ ਨਾਲ ਸਬੰਧਿਤ ਵਿਭਿੰਨ ਸਰੋਕਾਰਾਂ ਆਦਿ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਡਰਾਈਵਰ ਭਾਵੇਂ ਟਰੱਕ, ਕਾਰ ਜਾਂ ਗਾਰਬੇਜ਼ ਚੁੱਕਣ ਵਾਲੇ ਟਰੱਕ ਦਾ ਹੋਵੇ ਵਿਦੇਸ਼ਾਂ ਵਿਚ ਸੜਕੀ ਨਿਯਮਾਂ ਦੀ ਪਾਲਣਾ ਕਰਨਾ ਸਭ ਲਈ ਜ਼ਰੂਰੀ ਸਮਝਿਆ ਜਾਂਦਾ ਹੈ। ਲੇਖਕ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਆਪਣੇ ਮੂਲ ਦੇਸ਼ ਦਾ ਢਾਂਚਾ ਭ੍ਰਿਸ਼ਟ ਅਤੇ ਅਨੁਸ਼ਾਸਨਹੀਣ ਨਾ ਹੋਵੇ, ਸਭ ਲਈ ਰੁਜ਼ਗਾਰ ਦੇ ਸਾਧਨ ਹੋਣ ਤਾਂ ਪੰਜਾਬੀਆਂ ਨੂੰ ਵਿਦੇਸ਼ਾਂ 'ਚ ਜਾਣ ਦੀ ਲੋੜ ਹੀ ਨਾ ਰਹੇ। ਪੁਸਤਕ ਵਿਚ ਟਰੱਕ ਨੂੰ ਲੋਡ ਕਰਨਾ, ਚੈਕਿੰਗ ਸਕੇਲ 'ਤੇ ਟਰੱਕ ਨੂੰ ਰੋਕਣਾ, ਰੈੱਡ ਲਾਈਟ ਅਤੇ ਟਰੈਫਿਕ ਸਿਗਨਲ ਦਾ ਪਾਲਣ ਕਰਨਾ, ਮਰਦ ਔਰਤਾਂ ਦੇ ਮੌਜ-ਮਸਤੀ ਦੇ ਵਸੀਲਿਆਂ, ਕਾਰਨਾਂ ਅਤੇ ਉਨ੍ਹਾਂ ਦੇ ਪਏ ਪ੍ਰਭਾਵਾਂ ਦਾ ਮੁਲਾਂਕਣ, ਲਾਗ ਬੁੱਕ ਦਿਆਨਤਦਾਰੀ ਨਾਲ ਭਰਨਾ, ਪੜ੍ਹੇ-ਲਿਖੇ ਅਤੇ ਘੱਟ ਪੜ੍ਹੇ ਡਰਾਈਵਰਾਂ ਦਾ ਅਮਰੀਕਾ ਕੈਨੇਡਾ ਵਿਚ ਟਰੱਕ ਚਲਾਉਣਾ, ਉਥੋਂ ਦੀ ਪੁਲਿਸ ਦਾ ਹਮੇਸ਼ਾ ਮਦਦਗਾਰ ਹੋਣਾ ਆਦਿ ਸਬੰਧੀ ਵੇਰਵਿਆਂ ਨੂੰ ਵਿਸਤਾਰਪੂਰਵਕ ਬਿਆਨਿਆ ਗਿਆ ਹੈ। ਨਿਰਸੰਦੇਹ, ਇਹ ਪੁਸਤਕ ਜਿਥੇ ਵਿਦੇਸ਼ਾਂ ਵਿਚ ਡਰਾਈਵਰੀ ਕਰਨ ਦੇ ਸਰੋਕਾਰਾਂ ਦਾ ਤੀਖਣ ਪ੍ਰਗਟਾਵਾ ਹੈ ਉਥੇ ਪੰਜਾਬੀ ਵਾਰਤਕ ਦੇ ਨਵੇਂ ਰੂਪਾਕਾਰ ਨੂੰ ਸਰਲ ਅਤੇ ਰੋਚਕ ਸ਼ੈਲੀ ਵਿਚ ਪਾਠਕਾਂ ਦੇ ਸਨਮੁੱਖ ਕਰਦੀ ਹੋਈ ਪ੍ਰਤੀਤ ਹੁੰਦੀ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਅਖੰਡ ਭਾਰਤ
ਮੂਲ ਲੇਖਕ : ਡਾ: ਮਹੇਸ਼ ਚੰਦਰ ਸ਼ਰਮਾ
ਅਨੁ: ਡਾ: ਲਖਵੀਰ ਲੈਜ਼ੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 150
ਸੰਪਰਕ : 75890-88435.

ਇਸ ਪੁਸਤਕ ਵਿਚ ਸੰਪਾਦਕਾ ਨੇ ਡਾ: ਮਹੇਸ਼ ਚੰਦਰ ਸ਼ਰਮਾ ਦਿਸ਼ਾ-ਨਿਰਦੇਸ਼ਕ ਦੀਨ ਦਿਆਲ ਸ਼ੋਧ ਸੰਸਥਾਨ ਦਿੱਲੀ ਵਲੋਂ ਅਖੰਡ ਭਾਰਤ ਦੇ ਵਿਸ਼ੇ 'ਤੇ ਸਮੇਂ-ਸਮੇਂ ਕੀਤੇ ਗਏ 25 ਚੋਣਵੇਂ ਪ੍ਰਵਚਨਾਂ ਦਾ ਸੰਕਲਨ ਕੀਤਾ ਹੈ। ਇਸ ਕਿਤਾਬ ਦਾ ਗਹਿਨ ਅਧਿਐਨ ਕੀਤਿਆਂ ਇਨ੍ਹਾਂ ਪ੍ਰਵਚਨਾਂ ਦਾ ਕੋਡ 'ਦੋਹਰਾ ਰਾਸ਼ਟਰਵਾਦ' ਨਿਸਚਿਤ ਕੀਤਾ ਜਾ ਸਕਦਾ ਹੈ। ਲੇਖਕ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਭੂਗੋਲਿਕ, ਇਤਿਹਾਸਕ ਅਤੇ ਧਾਰਮਿਕ ਹਵਾਲਿਆਂ ਦੇ ਨਾਲ-ਨਾਲ ਤਤਕਾਲੀਨ ਵਿਦਵਾਨਾਂ ਦੇ ਹਵਾਲੇ ਵੀ ਦਿੱਤੇ ਹਨ। 'ਦੋਹਰੇ ਰਾਸ਼ਟਰਵਾਦ' ਦੇ ਸਿਧਾਂਤ ਨੂੰ ਅੰਗਰੇਜ਼ਾਂ ਵਲੋਂ ਸ਼ਰਾਰਤ ਨਾਲ ਲਾਗੂ ਕੀਤਾ ਗਿਆ। 1910 ਵਿਚ ਮੋਰਲੇ ਸੁਧਾਰਾਂ ਦਾ ਅੰਤ 1947 ਦੀ ਭਾਰਤ-ਪਾਕਿ ਵੰਡ ਨਾਲ ਹੋਇਆ, ਜਿਸ ਦੇ ਨਤੀਜੇ ਅੱਜ ਤੱਕ ਦੋਵੇਂ ਮੁਲਕ ਭੁਗਤ ਰਹੇ ਹਨ। ਡਾ: ਮਹੇਸ਼ ਹਰ ਪ੍ਰਕਾਰ ਦੀ ਤੰਗਦਿਲੀ, ਸੰਪ੍ਰਦਾਇਕ ਸੋਚ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਉਸ ਵਲੋਂ ਕੀਤੇ ਗਏ ਅਨੇਕ ਪ੍ਰਵਚਨ 15 ਅਗਸਤ ਨਾਲ ਹੀ ਸਬੰਧਿਤ ਹਨ। ਲੇਖਕ ਪੰ: ਦੀਨ ਦਿਆਲ ਉਪਾਧਿਆਇ ਅਤੇ ਰਾਮ ਮਨੋਹਰ ਲੋਹੀਆ ਵਲੋਂ 'ਦੋਹਰੇ ਰਾਸ਼ਟਰਵਾਦ' ਦਾ ਖੰਡਨ ਕਰਨ ਵਾਲੇ ਵਿਚਾਰਾਂ ਦਾ ਸਮਰਥਕ ਹੈ। ਭਾਰਤ ਦੀ ਅਖੰਡਤਾ ਇਕ ਭੂ-ਸੰਸਕ੍ਰਿਤਿਕ ਸਚਾਈ ਹੈ। ਭਾਰਤ ਦਾ ਕੋਈ ਵੀ ਵਸਨੀਕ 'ਦੋਹਰੇ ਰਾਸ਼ਟਰਵਾਦ' ਦਾ ਸਮਰਥਕ ਨਹੀਂ ਪਰ ਲੇਖਕ ਅਨੁਸਾਰ ਦੁੱਖ ਨੂੰ ਇਸ ਵਿਰੁੱਧ ਚੁਣੌਤੀ ਨੂੰ ਸਵੀਕਾਰ ਕਰਨ ਲਈ ਵੀ ਕੋਈ ਤਿਆਰ ਨਹੀਂ। ਲੇਖਕ ਦਾ ਮੱਤ ਹੈ ਕਿ ਦੋਹਰੇ ਰਾਸ਼ਟਰਵਾਦ ਕਾਰਨ ਹੀ ਕਸ਼ਮੀਰ ਸਮੱਸਿਆ ਹੈ। ਲੇਖਕ ਨੇ ਘੱਟ-ਗਿਣਤੀ ਦੀ ਸਮੱਸਿਆ ਵੱਲ ਵੀ ਧਿਆਨ ਦਿਵਾਇਆ ਹੈ। ਲੇਖਕ ਨੂੰ ਦੁੱਖ ਹੈ ਕਿ 'ਭਾਰਤ-ਪਾਕਿ ਮਹਾਂਸੰਘ' ਹੋਂਦ ਵਿਚ ਕਿਉਂ ਆ ਰਿਹਾ? ਲੇਖਕ ਭਾਰਤ-ਪਾਕਿ ਦੇ ਰਾਜ ਨੇਤਾਵਾਂ ਨੂੰ ਪ੍ਰਸ਼ਨ ਕਰਦਾ ਹੈ ਕਿ ਜੇਕਰ ਪੂਰਬੀ-ਪੱਛਮੀ ਜਰਮਨੀ ਇਕ ਹੋ ਸਕਦਾ ਹੈ; ਯਵਨ; ਵੀਅਤਨਾਮ ਇਕ ਹੋ ਸਕਦੇ ਹਨ ਤਾਂ ਭਾਰਤ-ਪਾਕਿ ਇਕ ਕਿਉਂ ਨਹੀਂ ਹੋ ਸਕਦੇ?

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਕਾਰਵਾਂ-ਏ-ਅਮਨ
ਕਵੀ : ਪ੍ਰਿੰ: ਹਜੂਰਾ ਸਿੰਘ
ਸੰਪਾ: ਗੁਰਚਰਨ ਬੱਧਣ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104.
ਸੰਪਰਕ : 94192-12801.

ਇਸ ਪੁਸਤਕ ਵਿਚ 175 ਕਾਵਿ ਟੁਕੜੀਆਂ ਹਨ, ਜੋ ਕਿ ਤਿੰਨ-ਤਿੰਨ ਸ਼ਿਅਰਾਂ ਦੀਆਂ ਹਨ। ਕਵੀ ਇਨ੍ਹਾਂ ਨੂੰ 'ਕੁੰਡਲੀ' ਸਿਰਲੇਖ ਦਿੰਦਾ ਹੈ। ਕੁੰਡਲੀਆਂ ਛੰਦ ਬਾਰੇ ਬਣਤਰ ਇਹ ਹੈ ਕਿ 'ਇਹ ਮਾਤ੍ਰਿਕ ਛੰਦ ਹੈ ਪਰ ਇਸ ਦੀ ਜਾਤੀ ਵਿਖਮ ਮਾਤ੍ਰਿਕ ਛੰਦ ਵਿਚ ਆਉਂਦੀ ਹੈ। ਇਹ ਛੇ ਤੁਕਾਂ ਦਾ ਹੁੰਦਾ ਹੈ ਪਰ ਛੇ ਦੀਆਂ ਛੇ ਸਤਰਾਂ ਦੂਜੇ ਛੰਦਾਂ ਵਾਂਗ ਇਕਸਾਰ ਮਤ੍ਰਿਕ ਗਿਣਤੀ ਵਿਚ ਨਹੀਂ ਹੁੰਦੀਆਂ। ਪਹਿਲੀਆਂ ਦੋ ਸਤਰਾਂ ਦੀ ਛੰਦ ਦੋਹਾ (ਦੋਹਿਰਾ-ਸ਼ਲੋਕ) ਹੁੰਦਾ ਹੈ, ਜਿਸ ਦੀਆਂ 13+11 ਮਾਤਰਾਂ ਹੁੰਦੀਆਂ ਹਨ ਅਤੇ ਇਸ ਵਿਚ ਦੋਹੇ ਦੀਆਂ ਪ੍ਰਮਾਣਿਕ ਸ਼ਰਤਾਂ ਵੀ ਹੁੰਦੀਆਂ ਹਨ ਜਿਵੇਂ ਤੁਕਾਂਗ ਤੋਂ ਪਹਿਲਾਂ ਛ9ਛ ਅਤੇ ਤੁਕਾਂਤ ਉੱਤੇ ਛ9 ਹੁੰਦਾ ਹੈ। ਅਗਲੀਆਂ 4 ਸਤਰਾਂ ਦਾ ਵਜ਼ਨ 15+13 ਮਾਤਰਾ ਦਾ ਹੁੰਦਾ ਹੈ ਜਿਵੇਂ :
ਸੁਰਗਾਂ ਨਾਲੋਂ ਵੀ ਭਲੀ ਘਰ ਤੇਰੇ ਦੀ ਸ਼ਾਨ
ਤੇਰੇ ਵਿਹੜੇ ਆਣ ਕੇ, ਨਿਕਲੇ ਮੇਰੀ ਜਾਨ (13+11 ਮਾਤਰ)
ਨਿਕਲੇ ਮੇਰੀ ਜਾਨ ਤੇਰਾ ਦਰ ਮੈਨੂੰ ਭਾਂਦਾ
ਤੇਰਾ ਦਰ ਨਾ ਖੁੱਸੇ ਮੈਨੂੰ ਗਮ ਇਹ ਖਾਂਦਾ
ਤੇਰੇ ਦਰ ਤੋਂ ਵਾਰ ਦਿਆਂ ਸਭ ਮਹਿਲ ਚੁਬਾਰੇ
ਮੈਨੂੰ ਨਾ ਠੁਕਰਾ ਦਿਓ ਜੀ ਮੀਤ ਪਿਆਰੇ (15+11 ਮਾਤਰਾ)
ਦਸਮ ਗ੍ਰੰਥ ਵਿਚ 4 ਸਤਰਾਂ ਦਾ ਕੁੰਡਲੀਆਂ ਵੀ ਹੈ। ਭਾਈ ਗੁਰਦਾਸ ਜੀ ਨੇ ਵੀ ਕੁੰਡਲੀਏ ਲਿਖੇ। ਇਸ ਛੰਦ ਦਾ ਨਾਂਅ ਇਸ ਲਈ ਕੁੰਡਲੀਆਂ ਹੈ, ਕਿਉਂਕਿ ਇਸ ਦੇ ਦੋਹੇ ਦੀ ਆਖਰੀ ਸਤਰ ਦਾ ਅੰਤਲਾ ਤੁਕਾਂਤ ਅਗਲੀ ਸਤਰ ਦਾ ਤੁਕਾਂਤ ਬਣਦਾ ਹੈ। ਜੇਕਰ ਹਜੂਰਾ ਸਿੰਘ ਦੀਆਂ ਕੁੰਡਲੀਆਂ ਦਾ ਰੂਪਕ ਪੱਖ ਜਾਚੀਏ ਤਾਂ ਇਹ ਕੁਝ ਇਕ ਉਕਾਈਆਂ ਤੋਂ ਬਿਨਾਂ ਸੰਪੂਰਨ ਹਨ।
ਪ੍ਰਿੰ: ਹਜੂਰਾ ਸਿੰਘ ਨੇ ਕੁੰਡਲੀਆਂ ਛੰਦ ਸਿਰਜ ਕੇ ਸਨਾਤਨੀ ਕਾਵਿ ਨੂੰ ਫਿਰ ਤੋਂ ਜੀਵਨ ਬਖਸ਼ਿਆ ਹੈ। ਹਰ ਕੁੰਡਲੀ ਵਿਚ ਸਮਾਜਿਕ, ਨੈਤਿਕ, ਆਰਥਿਕ ਅਤੇ ਧਾਰਮਿਕ ਵਿਸ਼ਿਆਂ ਨੂੰ ਮਨੁੱਖੀ ਸਰੋਕਾਰਾਂ ਅਧੀਨ ਨਿਭਾਇਆ ਗਿਆ ਹੈ। ਹਜੂਰਾ ਸਿੰਘ ਨੂੰ ਕੁੰਡਲੀ ਛੰਦ ਜਾਂ ਕਾਵਿ ਰੂਪ ਉੱਤੇ ਗਹਿਨ ਤੇ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ ਤੇ ਇਸ ਦੇ ਰੂਪਕ ਪੱਖ ਨੂੰ ਪ੍ਰਮਾਣਿਤ ਰੱਖਣਾ ਚਾਹੀਦਾ ਹੈ। ਪੁਸਤਕ ਚੰਗੀ ਹੈ। ਗੁਰਚਰਨ ਬੱਧਣ ਨੇ ਇਸ ਨੂੰ ਸੰਪਾਦਿਤ ਕੀਤਾ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਅਸੀਂ ਨਹੀਂ ਜਾਣਦੇ
ਲੇਖਕ : ਪੂਰਨ ਚੰਦ ਜੋਸ਼ੀ (ਡਾ:)
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98141-47405.

ਵਾਰਤਕਕਾਰ ਪੂਰਨ ਚੰਦ ਜੋਸ਼ੀ ਦੀ ਇਸ ਕਿਤਾਬ ਵਿਚ 21 ਚਿੰਤਨਸ਼ੀਲ ਨਿਬੰਧ ਹਨ। ਨਿਬੰਧਾਂ ਵਿਚ ਮੁੱਖ ਸੁਰ 'ਅਸੀਂ ਨਹੀਂ ਜਾਣਦੇ' ਹੈ। ਨਿਬੰਧਾਂ ਦੇ ਵਿਸ਼ਿਆਂ ਨਾਲ ਇਕ ਵਾਕ ਸਹਿਜ ਨਾਲ ਪਰੋਇਆ ਗਿਆ ਹੈ। ਇਸ ਦਾ ਮੰਤਵ ਹੈ ਕਿ ਮਨੁੱਖ ਦੇ ਹੱਥ-ਵੱਸ ਕੁਝ ਨਹੀਂ। ਸਾਰਾ ਵਰਤਾਰਾ ਇਕ ਸਿਰਜਣਹਾਰ ਰਾਹੀਂ ਵਰਤ ਰਿਹਾ ਹੈ। ਸਿਰਲੇਖ ਵਾਲੇ ਨਿਬੰਧ ਵਿਚ ਸਹੁਰਿਆਂ ਦੇ ਪਿੰਡ ਜਵਾਈ ਜਾ ਰਿਹਾ ਹੈ। ਸਾਹਮਣੇ ਤੋਂ ਇਕ ਜਵਾਨ ਕੁੜੀ ਆ ਰਹੀ ਹੈ। ਉਹ ਸਤਿ ਸ੍ਰੀ ਅਕਾਲ ਕਹਿੰਦਾ ਹੈ। ਕੁੜੀ ਜਵਾਬ ਵਿਚ ਬੋਲਦੀ ਹੈਂ'ਅਸੀਂ ਨਹੀਂ ਜਾਣਦੇ'। ਮੁੰਡਾ ਚਿੰਤਨਸ਼ੀਲ ਹੈ। ਸੋਚਾਂ ਦੇ ਫੁਰਨੇ ਦੂਰ ਤੱਕ ਉਡਾਰੀ ਮਾਰਦੇ ਹਨ। ਨਿਬੰਧ ਵਿਚ ਇਸ ਵਾਕ ਨਾਲ ਜੁੜੇ ਕੀ, ਕਿਵੇਂ, ਕਿਉਂ, ਜਿਹੇ ਸੱਤ ਸਵਾਲ ਹਨ। ਇਸ ਕਿਸਮ ਦੀ ਚੇਤਨਾ ਹਰੇਕ ਨਿਬੰਧ ਵਿਚ ਹੈ। ਮਨੁੱਖ ਦਾ ਮਨ ਹੀ ਰੱਬ ਦਾ ਘਰ ਹੈ। ਨਿਬੰਧ 'ਨਵਾਂ ਸੰਮਤ' ਵਿਚ ਸਾਲ ਦੀਆਂ ਨੌਂ ਕਿਸਮਾਂ ਦਾ ਖੋਜ ਭਰਪੂਰ ਜ਼ਿਕਰ ਹੈ। 26 ਕਿਸਮ ਦੇ ਸੰਮਤ ਦਾ ਵੇਰਵਾ ਹੈ। ਈਸਵੀ ਤੇ ਬਿਕਰਮੀ ਸੰਮਤ ਵਿਚ 57 ਸਾਲ ਦਾ ਫ਼ਰਕ ਹੈ। ਫਾਰਸੀ ਸੰਮਤ, ਦਾਊਦੀ, ਸਪਾਰਟਾ, ਮੂਸਾਵੀ, ਨੂਹ ਆਦਿ ਸੰਮਤਾਂ ਦੀ ਜਾਣਕਾਰੀ ਹੈ। ਇਸ ਨਿਬੰਧ ਦੇ ਅੰਤ ਵਿਚ ਲੇਖਕ ਆਪਣੇ ਪਰਿਵਾਰ ਦੀ ਬੰਸਾਵਲੀ ਬਾਰੇ ਲਿਖਦਾ ਹੈ। 'ਮੇਰਾ ਯੁੱਗ ਤੇਰਾ ਯੁੱਗ' ਵਿਚ ਮਨੁੱਖ ਨੂੰ ਮਿਲੀ ਜ਼ਿੰਦਗੀ ਦੇ ਕੁੱਲ ਸਮੇਂ ਦੇ ਮਹੱਤਵ ਬਾਰੇ ਮਨੁੱਖ ਨੂੰ ਸੋਝੀ ਦਿੱਤੀ ਗਈ ਹੈ। ਮਨੁੱਖ ਨੂੰ ਮਿਲਿਆ ਇਹ ਸਮਾਂ ਚੰਗੇ ਕੰਮਾਂ ਵਿਚ ਬਤੀਤ ਕਰਨਾ ਚਾਹੀਦਾ ਹੈ। ਨਿਬੰਧ 'ਕਮਲਾ ਬੰਦਾ' ਵਿਚ ਮਨੁੱਖ ਦੀਆਂ ਹੇਰਾਫੇਰੀਆਂ, ਚਲਾਕੀਆਂ ਦੀ ਨਿਖੇਧੀ ਕੀਤੀ ਗਈ ਹੈ। ਪੁਸਤਕ ਦੇ ਨਿਬੰਧ ਸੁਚੱਜੀ ਵਾਰਤਕ ਦਾ ਪ੍ਰਮਾਣ ਹਨ। ਲੇਖਕ ਨੇ ਪ੍ਰਿੰਸੀਪਲ ਤੇਜਾ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਿਰਾਸਤੀ ਵਾਰਤਕ ਨੂੰ ਅੱਗੇ ਤੋਰਿਆ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

02-06-2019

  ਰੰਗ ਮਜੀਠ
ਸ਼ਾਇਰ : ਸੁਰਿੰਦਰ ਸਿੰਘ ਸੁੱਨੜ
ਪ੍ਰਕਾਸ਼ਕ : ਨਵੀਂ ਦੁਨੀਆ ਪਬਲੀਕੇਸ਼ਨਜ਼, ਪੰਜਾਬ
ਮੁੱਲ : 300 ਰੁਪਏ, ਸਫ਼ੇ : 415
ਸੰਪਰਕ : 97804-70386.

'ਰੰਗ ਮਜੀਠ' ਵਿਚ ਸ਼ਾਇਰ ਦੀਆਂ ਤਕਰੀਬਨ ਚਾਰ ਦਹਾਕਿਆਂ ਦੀਆਂ ਰਚਨਾਵਾਂ ਸ਼ਾਮਿਲ ਹਨ, ਇਸ ਪੁਸਤਕ ਨੂੰ ਬਾਰਾਂ ਮਾਹ, ਰੂਹ ਰਾਗ, ਚਿਤ ਚੇਤੇ ਨਾ ਚੇਤ ਚੜ੍ਹੇਗਾ, ਸ਼ਹਾਦਤ ਨੂੰ ਸ਼ਰਧਾਂਜਲੀ, ਸੱਚ ਦਾ ਸੇਕ, ਮਾਂ ਦੀ ਮਮਤਾ ਤੇ ਮਾਂ ਬੋਲੀ, ਦੇਸ਼ ਪਿਆਰ ਦੀ ਕਵਿਤਾ, ਢਾਈ ਅੱਖਰ ਪ੍ਰੇਮ ਕੇ ਤੇ ਬਿਨ ਸਿਰਲੇਖੋਂ ਹੀਰ ਖੰਡਾਂ ਵਿਚ ਵੰਡਿਆ ਗਿਆ ਹੈ | ਸੁੱਨੜ ਦੀ ਇਹ ਵੱਡ ਆਕਾਰੀ ਪੁਸਤਕ ਉਸ ਦੀ ਸ਼ਾਇਰੀ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਨੂੰ ਵੀ ਉਘਾੜਦੀ ਤੇ ਦਰਸਾਉਂਦੀ ਹੈ | 'ਰੰਗ ਮਜੀਠ' ਪੈਂਤੀ ਅੱਖਰੀ ਦੇ ਅੱਖਰਾਂ ਦੀ ਤਰਤੀਬ ਅਨੁਸਾਰ ਲਿਖੀਆਂ ਕਾਵਿ ਟੁਕੜੀਆਂ ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਵਿਚ ਕਿੱਸਾ 'ਜ਼ਿੰਦਗੀ ਬਿਲਾਸ' ਵਰਗੀ ਮਿਠਾਸ ਤੇ ਨਸੀਹਤਾਂ ਹਨ | ਕਿਸੇ ਵੇਲੇ ਬਾਰਾਂ ਮਾਂਹ ਲਿਖਣ ਦਾ ਚੋਖਾ ਰਿਵਾਜ ਸੀ ਪਰ ਬਦਲਦੇ ਵਕਤ ਵਿਚ ਇਸ ਬਾਰੇ ਬਹੁਤੇ ਨਵੇਂ ਸ਼ਾਇਰ ਵੀ ਨਹੀਂ ਜਾਣਦੇ | ਸੁੱਨੜ ਦੇ ਬਾਰਾਂ ਮਾਹ ਦੇਸੀ ਮਹੀਨਿਆਂ ਦੇ ਨਾਵਾਂ 'ਤੇ ਆਧਾਰਿਤ ਹਨ ਤੇ ਇਨ੍ਹਾਂ ਵਿਚ ਸਬੰਧਿਤ ਮਹੀਨੇ ਦੇ ਮੌਸਮ, ਰੁੱਤ ਤੇ ਤਿੱਥ ਤਿਉਹਾਰਾਂ ਦਾ ਵਰਨਣ ਬੜੀ ਖ਼ੂਬੀ ਨਾਲ ਕੀਤਾ ਹੋਇਆ ਮਿਲਦਾ ਹੈ | 'ਜਨਮ ਕੁੰਡਲੀ' ਸਿਰਲੇਖ ਵਾਲੀ ਲੰਬੀ ਕਵਿਤਾ ਵਿਚ ਸ਼ਾਇਰ ਨੇ ਮਨੁੱਖੀ ਉਤਪਤੀ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ | 'ਰੱਬ ਪ੍ਰਸਤ' ਸੁੱਨੜ ਦੀ ਖ਼ੂਬਸੂਰਤ ਕਵਿਤਾ ਹੈ, ਜਿਸ ਵਿਚ ਉਸ ਨੇ ਰੱਬ ਪ੍ਰਸਤੀ ਤੋਂ ਸੱਚ ਪ੍ਰਸਤੀ ਦੇ ਵਿਚਕਾਰਲੇ ਖੱਪੇ ਨੂੰ ਉਜਾਗਰ ਕੀਤਾ ਹੈ | ਸ਼ਾਇਰ ਦੀਆਂ ਸਮੁੱਚੀਆਂ ਕਵਿਤਾਵਾਂ ਨੂੰ ਵਾਚਦਿਆਂ ਇਹ ਸਿੱਟਾ ਨਿਕਲਦਾ ਹੈ ਕਿ ਉਸ ਨੂੰ ਇਤਿਹਾਸ ਤੇ ਮਿਥਿਹਾਸ ਦੇ ਹਵਾਲੇ ਦੇ ਕੇ ਰਚਨਾ ਨੂੰ ਮਿਆਰੀ ਬਣਾਉਣ ਦੀ ਨਿਪੁੰਨਤਾ ਹਾਸਲ ਹੈ | 'ਮਾਂ ਦੀ ਮਮਤਾ ਤੇ ਮਾਂ ਬੋਲੀ' ਵਾਲਾ ਭਾਗ ਸਮੁੱਚੀਆਂ ਮਾਵਾਂ ਤੇ ਮਾਤ ਭਾਸ਼ਾ ਨੂੰ ਸਮਰਪਿਤ ਹੈ | ਸ਼ਾਇਰ ਦੇ ਜੀਵਨ ਦਾ ਵੱਡਾ ਹਿੱਸਾ ਵਿਦੇਸ਼ੀ ਧਰਤੀ 'ਤੇ ਬੀਤਿਆ ਹੈ, ਇਸ ਲਈ ਉਸ ਦੀਆਂ ਕਵਿਤਾਵਾਂ ਵਿਚ ਆਪਣੀ ਮਿੱਟੀ ਤੋਂ ਵਿਛੜਨ ਦਾ ਉਦਰੇਵਾਂ ਵੀ ਹੈ | ਦੇਸ਼ ਪਿਆਰ ਨਾਲ ਸਬੰਧਿਤ ਭਾਗ ਵਿਚ ਉਸ ਦੀ ਇਹ ਸ਼ਿੱਦਤ ਮਹਿਸੂਸ ਕੀਤੀ ਜਾ ਸਕਦੀ ਹੈ |

ਗੁਰਦਿਆਲ ਰੌਸ਼ਨ
ਮੋ: 9988444002
***

ਪੰਜਾਬ ਦੇ ਰੌਸ਼ਨ ਚਿਰਾਗ਼
ਲੇਖਕ : ਬਲਜਿੰਦਰ ਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 166
ਸੰਪਰਕ : 98150-18947.

ਇਸ ਪੁਸਤਕ ਵਿਚ ਬਲਜਿੰਦਰ ਮਾਨ ਨੇ ਪੰਜਾਬ ਦੇ ਕੁਝ ਉਨ੍ਹਾਂ ਰੌਸ਼ਨ ਦਿਮਾਗ ਅਧਿਆਪਕਾਂ ਦਾ ਸੰਖੇਪ ਜੀਵਨ-ਬਿਰਤਾਂਤ ਅੰਕਿਤ ਕੀਤਾ ਹੈ, ਜਿਨ੍ਹਾਂ ਨੂੰ ਰਾਸ਼ਟਰੀ, ਸਟੇਟ (ਪ੍ਰਾਦੇਸ਼ਿਕ) ਜਾਂ ਕੋਈ ਹੋਰ ਉਲੇਖਯੋਗ ਪੁਰਸਕਾਰ ਪ੍ਰਾਪਤ ਹੋਏ ਹਨ | ਭੂਮਿਕਾ ਵਜੋਂ ਲਿਖੇ ਮੁਢਲੇ ਲੇਖ ਵਿਚ ਉਸ ਨੇ ਇਹ ਸਵੀਕਾਰ ਕਰਨ ਤੋਂ ਸੰਕੋਚ ਨਹੀਂ ਕੀਤਾ ਕਿ ਇਸ ਪੁਸਤਕ ਵਿਚ ਦਿੱਤੀ ਗਈ ਸੂਚੀ ਮੁਕੰਮਲ ਨਹੀਂ ਹੈ | ਲੇਖਕ ਨੇ ਇਕਰਾਰ ਕੀਤਾ ਹੈ ਕਿ ਉਹ ਰਹਿ ਗਏ ਅਧਿਆਪਕਾਂ ਦੇ ਵੇਰਵੇ ਵੀ ਕਿਸੇ ਅਗਲੇ ਸੰਸਕਰਣ ਵਿਚ ਜ਼ਰੂਰ ਪ੍ਰਕਾਸ਼ਿਤ ਕਰ ਦੇਵੇਗਾ | ਹਥਲੀ ਪੁਸਤਕ ਵਿਚ ਕੱੁਲ 61 ਅਧਿਆਪਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ | ਤਤਕਰਾ ਅੱਖਰ-ਕ੍ਰਮ ਅਨੁਸਾਰ ਹੈ | 'ੳ' (ਓਮ ਪ੍ਰਕਾਸ਼ ਸੇਤੀਆ ਤੋਂ ਆਰੰਭ ਹੋ ਕੇ ਇਹ ਪੁਸਤਕ 'ਵ' (ਵਿਜੈ ਕੁਮਾਰ) ਤੱਕ ਚਲਦੀ ਹੈ | ਹਰ ਲੇਖ ਵਿਚਲੀ ਸਮੱਗਰੀ ਦੋ-ਢਾਈ ਪੰਨਿਆਂ ਵਿਚ ਸਮੇਟੀ ਗਈ ਹੈ |
ਹਰ ਲੇਖ ਦਾ ਆਰੰਭ ਇਕ ਬਣਦੀ-ਫਬਦੀ ਭੂਮਿਕਾ ਨਾਲ ਹੁੰਦਾ ਹੈ | ਇਸ ਉਪਰੰਤ ਉਸ ਅਧਿਆਪਕ ਦੀ ਕਿਸੇ ਖੇਤਰ ਵਿਸ਼ੇਸ਼ ਵਿਚ ਕੀਤੀ ਕਾਰਗੁਜ਼ਾਰੀ ਦਾ ਵਰਨਣ ਕੀਤਾ ਗਿਆ ਹੈ | ਉਸ ਅਧਿਆਪਕ ਦੇ ਪਰਿਵਾਰਕ ਜੀਵਨ ਬਾਰੇ ਵੇਰਵੇ ਅਗਲੇ ਖੰਡ ਵਿਚ ਬਿਆਨ ਕੀਤੇ ਗਏ ਹਨ | ਅੰਤਿਮ ਖੰਡ ਵਿਚ ਲੇਖਕ ਸਬੰਧਿਤ ਅਧਿਆਪਕ ਦੀ ਸਮੱੁਚੀ ਦੇਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ | ਬਲਜਿੰਦਰ ਮਾਨ ਖ਼ੁਦ ਵੀ ਇਕ ਸਮਰਪਿਤ, ਸਿਦਕੀ ਅਤੇ ਸਫ਼ਲ ਅਧਿਆਪਕ ਹੈ | ਬੱਚਿਆਂ ਨੂੰ ਨਰੋਆ ਸਾਹਿਤ ਪ੍ਰਦਾਨ ਕਰਨ ਲਈ ਉਹ 'ਕਰੰੂਬਲਾਂ' ਨਾਂਅ ਦਾ ਇਕ ਮਾਸਿਕ ਪੱਤਰ 1995 ਈ: ਤੋਂ ਪ੍ਰਕਾਸ਼ਿਤ ਕਰ ਰਿਹਾ ਹੈ | ਉਸ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਆਦਿ ਹਾਸਲ ਹੋ ਚੁੱਕੇ ਹਨ | ਉਸ ਦੀਆਂ 15 ਮੌਲਿਕ, 5 ਅਨੁਵਾਦਿਤ ਅਤੇ 30 ਸੰਪਾਦਿਤ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ |

ਬ੍ਰਹਮਜਗਦੀਸ਼ ਸਿੰਘ
ਮੋ: 98760-52136
***

ਰਚਨਾ ਕਿੰਨ ਰਚੀ ਕੁਦਰਤ ਜਾਂ ਕਰਤਾਰ?
ਲੇਖਕ : ਪਰਸ਼ੋਤਮ ਸਿੰਘ ਲੱਲੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 222
ਸੰਪਰਕ : 98767-34079.

ਭੋਲੇ-ਭਾਲੇ ਪੰਜਾਬੀਆਂ ਨੂੰ ਅੰਧ-ਵਿਸ਼ਵਾਸ, ਜੋਤਿਸ਼, ਧਰਮ ਦੇ ਨਾਂ 'ਤੇ ਲੁੱਟਣ ਦਾ ਕਾਰੋਬਾਰ, ਲੰਮੇ-ਲੰਮੇ ਟਿੱਕੇ, ਚੋਗੇ ਤੇ ਭਾਂਤ-ਭਾਂਤ ਦੇ ਭੇਖ ਬਣਾ ਕੇ ਦਿਨ ਚੜ੍ਹਦੇ ਹੀ ਚੈਨਲਾਂ, ਅਖ਼ਬਾਰਾਂ 'ਤੇ ਸ਼ੁਰੂ ਹੋ ਜਾਂਦਾ ਹੈ | ਦੇਸ਼ ਦੇ ਮੰਤਰੀ ਮਿਥਿਹਾਸ ਨੂੰ ਵਿਗਿਆਨ ਬਣਾ ਕੇ ਸਰਕਸ ਕਰ ਰਹੇ ਹਨ | ਪਰਸ, ਚੁੰਨੀ, ਚਟਨੀ ਦੇ ਰੰਗ ਨੂੰ ਬਦਲ ਕੇ ਕਿਰਪਾ ਹੋ ਰਹੀ ਹੈ | ਬਾਪੂ/ਸਤਿਗੁਰੂ ਜਬਰ ਜਨਾਹ ਕਰ ਰਹੇ ਹਨ | ਮੁਰਦੇ ਵਰਿ੍ਹਆਂ ਤੱਕ ਸੰਭਾਲੇ ਜਾ ਰਹੇ ਹਨ | ਮੇਰੇ ਪੰਜਾਬ ਨੂੰ ਬਚਾਉਣ ਲਈ ਬੜਾ ਕੁਝ ਕਰਨ ਦੀ ਲੋੜ ਹੈ | ਅੰਧੀ ਰਈਅਤ ਗਿਆਨ ਵਿਹੂਣੀ | ਇਸ ਨਿਰਾਸ਼ਾਜਨਕ ਸਥਿਤੀ ਵਿਚ ਪਰਸ਼ੋਤਮ ਸਿੰਘ ਲੱਲੀ ਨੇ ਗਿਆਨ ਦਾ ਦੀਵਾ ਬਾਲਿਆ ਹੈ ਰਚਨਾ ਕਿੰਨ ਰਚੀ ਕਿਤਾਬ ਲਿਖ ਕੇ |
ਮਨੁੱਖ, ਬ੍ਰਹਿਮੰਡ ਨੂੰ ਛੇ ਦਿਨਾਂ ਵਿਚ ਰੱਬ ਵਲੋਂ ਪੈਦਾ ਕਰਨ ਦੀ ਬਾਈਬਲ ਦੇ ਦਾਅਵੇ ਤੇ ਭਾਰਤੀ ਮਿਥਿਹਾਸ ਦੀਆਂ ਬ੍ਰਹਿਮੰਡ ਦੀ ਸਿਰਜਣਾ ਦੀਆਂ ਮਿਥਾਂ ਦੀ ਕਚਿਆਈ ਨੂੰ ਪੇਸ਼ ਕਰਦੇ ਹੋਏ ਲੇਖਕ ਨੇ ਇਸ ਮਸਲੇ ਦੀ ਵਿਗਿਆਨਕ ਚੀਰ-ਫਾੜ ਕੀਤੀ ਹੈ | ਅਰਬਾਂ ਸਾਲ ਪਹਿਲਾਂ ਬਿਗ ਬੈਂਗ ਤੇ ਫਿਰ ਇਕ ਸੈੱਲ ਵਾਲੇ ਜੀਵਾਂ ਤੋਂ ਵਿਕਾਸ ਦੇ ਰਾਹ ਤੁਰਦੇ ਹੋਏ ਜੀਅ ਜੰਤਾਂ/ਚਿੰਦਾਂ ਪਰਿੰਦਾਂ ਤੇ ਮਨੁੱਖਾਂ ਦਾ ਸੰਸਾਰ | ਡਾਰਵਿਨ ਦਾ ਵਿਕਾਸ ਸਿਧਾਂਤ, ਮੈਂਡਲ ਦੇ ਮਟਰਾਂ ਉੱਤੇ ਤਜਰਬੇ, ਤਿੰਨ ਅਰਬ ਨਿਊਕਲੀ ਓਾਟਾਈਡਾਂ ਦਾ ਡੀ.ਐਨ.ਏ., ਆਰ.ਐਨ.ਏ., ਟਰਾਂਸਫਰ ਆਰ.ਐਨ.ਏ., ਕਲੋਨਿੰਗ, ਜੀਨ, ਭਾਰੂ, ਕਮਜ਼ੋਰ ਜੀਨ, ਬਿਮਾਰੀਆਂ ਵਿਚ ਜੀਨ/ਡੀ.ਐਨ.ਏ. ਦਾ ਰੋਲ, ਮਨਮਰਜ਼ੀ ਦੀ ਫਸਲ, ਪਸ਼ੂ, ਸੰਤਾਨ ਵਿਕਸਿਤ ਕਰਨ ਦੇ ਠੋਸ ਵਿਗਿਆਨਕ ਆਧਾਰ, ਜ਼ਿੰਦਗੀ ਦਾ ਕੋਡ, ਕੋਡਾਨ, ਪਰੋਟੀਨ, ਅਮਾਈਨੋ ਏਸਿਡ, ਭਰੂਣ ਦਾ ਵਿਕਾਸ, ਚਿੰਪੈਂਜ਼ੀ, ਲੰਗੂਰ, ਬਾਂਦਰ ਤੇ ਮਨੁੱਖ ਦਾ 98 ਫ਼ੀਸਦੀ ਸਾਂਝੇ ਡੀ.ਐਨ.ਏ. ਦਾ ਰਿਸ਼ਤਾ, ਨੀਂਡਰਥਲ ਮੈਨ, ਕੁਬੇ, ਸਿੱਧੇ ਚਲਣ ਵਾਲੇ ਮਨੁੱਖ ਦੀਆਂ ਨਸਲਾਂ—ਬੜਾ ਕੁਝ ਹੈ ਇਸ ਕਿਤਾਬ ਵਿਚ ਆਮ ਪੰਜਾਬੀ ਦੀ ਜ਼ਬਾਨ ਵਿਚ ਸਮਝ ਆਉਣ ਵਾਲੀ ਭਾਸ਼ਾ ਵਿਚ ਹੀ |
ਪਰਸ਼ੋਤਮ ਸਿੰਘ ਨੇ ਐਟਮ, ਕਾਸਮਾਲੋਜੀ ਤੇ ਜੈਨੇਟਿਕਸ ਤਿੰਨੇ ਖੇਤਰਾਂ ਦੀਆਂ ਅੰਗਰੇਜ਼ੀ ਵਿਚ ਪ੍ਰਾਪਤ ਬਹੁਚਰਚਿਤ ਕਿਤਾਬਾਂ ਨੂੰ ਸਮਝ ਵਿਚਾਰ ਕੇ ਉਨ੍ਹਾਂ ਦੇ ਆਧਾਰ 'ਤੇ ਮਨੁੱਖ/ਬ੍ਰਹਿਮੰਡ ਦੇ ਜਨਮ ਤੇ ਵਿਕਾਸ ਦੇ ਵਿਗਿਆਨਕ ਆਧਾਰ ਸਮਝਾਉਂਦੇ ਹੋਏ ਇਨ੍ਹਾਂ ਬਾਰੇ ਪ੍ਰਚਲਿਤ ਅੰਧ-ਵਿਸ਼ਵਾਸ ਤੇ ਮਿਥਿਹਾਸ ਨੂੰ ਨਕਾਰਿਆ ਹੈ | ਵਧੀਆ ਉੱਦਮ ਲਈ ਮੁਬਾਰਕ |

ਡਾ: ਕੁਲਦੀਪ ਸਿੰਘ ਧੀਰ
ਮੋ: 98722-60550
***

ਚੁੱਪ ਦੀ ਪੈੜ
ਕਵੀ : ਮਿੱਤਰ ਰਾਸ਼ਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88

ਮਿੱਤਰ ਰਾਸ਼ਾ ਨੇ ਨਿੱਕੀਆਂ-ਨਿੱਕੀਆਂ ਤਿੰਨ ਪੰਕਤੀਆਂ ਰਾਹੀਂ ਜੀਵਨ ਦੇ ਅੰਤਰੀਵ ਸੱਚ ਨੂੰ ਪ੍ਰਗਟ ਕਰਨ ਲਈ ਹਾਇਕੂ ਵਿਧਾ ਦਾ ਸਹਾਰਾ ਲਿਆ ਹੈ | ਸੰਗ੍ਰਹਿ ਵਿਚ ਸ਼ਾਮਿਲ ਹਾਇਕੂ ਸਮਾਜਿਕ ਰਿਸ਼ਤਿਆਂ, ਉਨ੍ਹਾਂ ਦੀ ਟੁੱਟ-ਭੱਜ, ਗ਼ਰੀਬੀ, ਅਜੋਕਾ ਵਿਆਹ ਕਲਚਰ, ਦੇਸ਼ ਭਗਤੀ, ਪੁਲਿਸ ਅਨਾਚਾਰ, ਚੋਣਾਂ ਦੌਰਾਨ ਸ਼ਰਾਬ ਅਤੇ ਪੈਸੇ ਦੀ ਵਰਤੋਂ, ਧਾਰਮਿਕ ਅਡੰਬਰ, ਬੇਰੁਜ਼ਗਾਰੀ, ਅਮੀਰ-ਗ਼ਰੀਬ ਵਿਚਲੀ ਵਿਸੰਗਤੀ, ਕਿਸਾਨਾਂ ਦਾ ਕਰਜ਼, ਰਾਜਨੀਤਕ ਪੈਂਤਰੇਬਾਜ਼ੀ, ਗੁਆਚਦੀ ਪੰਜਾਬੀ ਵਿਰਾਸਤ, ਆੜ੍ਹਤੀਆਂ ਦੀ ਲੁੱਟ, ਇਲੈਕਟ੍ਰਾਨਿਕ ਮੀਡੀਆ ਦੀ ਦੁਰਵਰਤੋਂ, ਜਲ ਸੰਕਟ, ਪ੍ਰਕ੍ਰਿਤੀ ਚਿੱਤਰਣ, ਮਾਂ ਦੀ ਮਮਤਾ, ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ, ਪ੍ਰਵਾਸੀ ਪੁੱਤਰਾਂ ਕਾਰਨ ਰੁਲਦੇ ਬਜ਼ੁਰਗ, ਰਿਸ਼ਤਿਆਂ ਵਿਚ ਘਟਦਾ ਨਿੱਘ ਤੇ ਸੁੰਗੜਿਆ ਸਮਾਂ, ਨਿਆਂਪਾਲਿਕਾ ਵਲੋਂ ਖੱਜਲਖੁਆਰੀ, ਵਿਕਾਸ ਦੇ ਨਾਂਅ 'ਤੇ ਕੁਦਰਤੀ ਸਾਧਨਾਂ ਦਾ ਵਿਨਾਸ਼, ਆਦਿ ਅਨੇਕਾਂ ਵਿਸ਼ਿਆਂ ਨੂੰ ਸਮੇਟਿਆ ਹੋਇਆ ਹੈ | ਤਿੰਨ ਸਤਰਾਂ ਵਿਚ ਹੀ ਇਨ੍ਹਾਂ ਦੀਆਂ ਕਈ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ |
ਪੁਸਤਕ ਵਿਚ ਸ਼ਾਮਿਲ ਸਾਰੇ ਹੀ ਹਾਇਕੂ ਸੰਵੇਦਨਸ਼ੀਲਤਾ ਨਾਲ ਲਬਰੇਜ਼ ਹਨ | ਮਾਨਵੀ ਭਾਵਨਾਵਾਂ ਨੂੰ ਪ੍ਰਤੀਬਿੰਬਤ ਕਰਕੇ ਹਾਇਕੂ ਸ਼ਿਲਪ ਪੱਖੋਂ ਸੰਖੇਪਤਾ, ਸੂਖਮਤਾ, ਸੰਜਮਤਾ ਅਤੇ ਸੁਹਜਤਾ ਵਰਗੇ ਗੁਣ ਸਾਂਭੇ ਹੋਏ ਹਨ | ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਣਾਏ ਹੋਏ ਇਹ ਹਾਇਕੂ ਤੁਕਾਂਤ ਵਿਚ ਵੀ ਹਨ ਤੇ ਤੁਕਾਂਤ ਤੋਂ ਬਗੈਰ ਵੀ | ਪਰ ਇਨ੍ਹਾਂ ਵਿਚ ਭਾਵਨਾਵਾਂ ਦਾ ਪ੍ਰਵੇਗ ਪ੍ਰਚੰਡ ਹੈ | ਉਂਜ ਤਾਂ ਹਰੇਕ ਹਾਇਕੂ ਕੋਈ ਨਾ ਕੋਈ ਸੰਦੇਸ਼ ਤੇ ਸੂਖਮ ਪ੍ਰਭਾਵ ਪਾਠਕ ਮਨ 'ਤੇ ਛੱਡ ਜਾਂਦਾ ਹੈ | ਪਰ ਕਈ ਹਾਇਕੂ ਪਾਠਕਾਂ ਦੇ ਬੁੱਲ੍ਹਾਂ 'ਤੇ ਚੜ੍ਹਨ ਦੀ ਸਮਰੱਥਾ ਰੱਖਦੇ ਹਨ |
ਸਾਰੇ ਪਿੰਡ ਨੇ ਸੁਣੀ ਤਿੜਕੇ ਰਿਸ਼ਤੇ ਦੀ ਤਿੜ-ਤਿੜ ਕਰਦੀ ਆਵਾਜ਼ | ਪੁਲਿਸ ਦੀ ਅਪੀਲ ਮੁਲਾਜ਼ਮ ਫੜੋ ਤੇ ਸਾਡੇ ਹਵਾਲੇ ਕਰੋ | ਲੇਖਣ ਲਈ ਸੂੂਰਜ ਨੂੰ ਫੁੱਲਾਂ ਦੀਆਂ ਡੋਡੀਆਂ ਖੋਲ੍ਹ ਰਹੀਆਂ ਅੱਖਾਂ |
'ਚੁੱਪ ਦੀ ਪੈੜ' ਦੇ ਹਾਇਕੂ ਪੰਜਾਬੀ ਹਾਇਕੂ ਜਗਤ ਵਿਚ ਗੁਣਾਤਮਕ ਵਾਧਾ ਕਰਦੇ ਹਨ |

ਡਾ: ਧਰਮਪਾਲ ਸਾਹਿਲ
ਮੋ: 98761-56964.
***

ਜ਼ਿੰਦਗੀ ਦੀ ਡੋਰ
ਲੇਖਕ : ਪੂਰਨ ਸਿੰਘ ਨਿਰਾਲਾ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 094161-52128.

ਘੁੰਮਣ ਘੇਰੀਆਂ ਦੇ ਵਿਚ ਠਿੱਲ੍ਹ ਪਈ ਬੇੜੀ,
ਮੇਰੇ ਵਲ ਨੂੰ ਕਿਨਾਰਾ ਜਾਪੇ ਚਲਦਾ ਪਿਆ ਸੀ |
ਅਜਿਹੀ ਆਸ ਦੀ ਕਿਰਨ ਲੈ ਕੇ ਪੂਰਨ ਸਿੰਘ ਨਿਰਾਲਾ ਨੇ ਪੰਜਾਬੀ ਕਾਵਿ ਜਗਤ ਨੂੰ ਮਾਲਾਮਾਲ ਕੀਤਾ ਹੈ | ਉਹ ਗੀਤ, ਗ਼ਜ਼ਲ, ਤੇ ਖੁੱਲ੍ਹੀ ਕਵਿਤਾ ਲਿਖਣ ਵਿਚ ਮੁਹਾਰਤ ਰੱਖਦਾ ਹੈ | ਕਵੀ ਨੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਕੁਰਬਾਨੀ ਬਾਰੇ ਦੋ ਕਵਿਤਾਵਾਂ ਲਿਖ ਕੇ ਉਸ ਦੀ ਮਹਾਨਤਾ ਪ੍ਰਗਟ ਕੀਤੀ ਤੇ ਇਕ ਤਰ੍ਹਾਂ ਦੀ ਸ਼ਰਧਾਂਜਲੀ ਦਿੱਤੀ ਹੈ (ਭਗਤ ਸਿੰਘ ਦਾ ਵਿਚਾਰ, ਗਿਆ ਭਗਤ ਸਿੰਘ ਸੀ) ਉਸ ਨੇ ਨਾਲ ਹੀ ਰਾਜਗੁਰੂ, ਸੁਖਦੇਵ ਤੇ ਹੋਰ ਮਹਾਨ ਵੀਰਾਂ ਦਾ ਵੀ ਗੁਣਗਾਣ ਕੀਤਾ ਹੈ—
ਰਾਜਗੁਰੂ ਸੁਖਦੇਵ ਭਗਤ ਸਿੰਘ ਮੁੱਖ ਜਿਨ੍ਹਾਂ ਦੇ ਨੂਰੀ
ਫਾਂਸੀ ਉੱਤੇ ਚੜ੍ਹਨ ਵਾਸਤੇ ਹੋਇਆ ਬੜਾ ਜ਼ਰੂਰੀ
ਗੋਰਿਆਂ ਕੋਲੋਂ ਲਈ ਆਜ਼ਾਦੀ ਤੋੜੀ ਸੀ ਮਗਰੂਰੀ |
ਕਵੀ ਨੇ ਭਰੂਣ ਹੱਤਿਆ ਬਾਰੇ ਵੀ ਖੁੱਲ੍ਹ ਕੇ ਲਿਖਿਆ ਹੈ ਤੇ ਧੀ ਵਲੋਂ ਅਰਜ਼ ਕੀਤੀ ਹੈ ਕਿ ਉਸ ਨੂੰ ਜਿਊਣ ਦਾ ਮੌਕਾ ਦਿੱਤਾ ਜਾਏ | ਇਹ ਬੁਰਾਈ ਤਾਂ ਸਮਾਜ ਦੇ ਨਾਂਅ 'ਤੇ ਬਹੁਤ ਵੱਡਾ ਕਲੰਕ ਹੈ | ਉਸ ਨੇ ਭਿ੍ਸ਼ਟਾਚਾਰ ਪ੍ਰਦੂਸ਼ਣ, ਬਜ਼ੁਰਗਾਂ ਦੀ ਕਰੁਣਾਮਈ ਹਾਲਤ ਬਾਰੇ ਵੀ ਵਿਅੰਗ ਕੀਤਾ ਹੈ ਕਿ ਦੇਸ਼ ਲੋਕਤੰਤਰ ਹੋਵੇ ਪਰ ਬੁਰਾਈਆਂ ਘੁਣ ਵਾਂਗ ਲੱਗੀਆਂ ਅੰਦਰੋਂ-ਅੰਦਰ ਖੋਖਲਾ ਕਰ ਰਹੀਆਂ ਹਨ | ਕਵੀ ਨੇ ਪ੍ਰਕਿਰਤੀ ਵਰਨਣ ਵੀ ਕੀਤਾ ਹੈ ਕਵਿਤਾ 'ਬਸੰਤ ਦੀ ਬਹਾਰ ਆਈ' ਵਿਚ ਖੁਸ਼ੀ ਦਾ ਸੁਨੇਹਾ ਹੈ | 'ਰੁੱਖਾਂ ਨੂੰ ਕਰੋ ਪਿਆਰ' ਵਾਤਾਵਰਨ ਦੀ ਸੰਭਾਲ ਬਾਰੇ ਲਿਖੀ ਕਵਿਤਾ ਹੈ | ਏਨਾ ਹੀ ਨਹੀਂ ਉਸ ਨੇ ਧਰਮ ਦੀ ਗੱਲ ਵੀ ਕੀਤੀ ਹੈ ਤੇ ਮੌਤ ਦੇ ਤੂਫ਼ਾਨ ਦੀ ਵੀ ਜੋ ਹਕੀਕੀ ਸਚਾਈ ਹੈ | ਬੋਲੀਆਂ ਤੇ ਛੱਲਾ ਜੋ ਨਿਵੇਕਲੀ ਕਾਵਿ ਵਿਧਾ ਹੈ, ਉੱਤੇ ਵੀ ਕਲਮ ਅਜ਼ਮਾਈ ਕੀਤੀ ਹੈ | ਉਹ ਦੇਸ਼ ਪ੍ਰੇਮ ਦੀ ਭਾਵਨਾ ਦਿਲ ਵਿਚ ਸਮੋਈ ਦੇਸ਼ ਨੂੰ ਅਗਾਂਹ ਵਧਦਾ ਵੇਖਣਾ ਲੋਚਦਾ ਹੈ, ਆਪਣੇ ਰੀਤੀ ਰਿਵਾਜਾਂ ਤੇ ਸੰਸਕ੍ਰਿਤੀ ਉੱਤੇ ਉਸ ਨੂੰ ਮਾਣ ਹੈ |

ਡਾ: ਜਗਦੀਸ਼ ਕੌਰ ਵਾਡੀਆ
ਮੋ: 9855-84298.
***

ਗੁਲਦਸਤਾ
ਕਵੀ : ਪ੍ਰੋ: ਸੁਰਜੀਤ ਸਿੰਘ ਖ਼ਾਲਸਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 96
ਸੰਪਰਕ : 0172-5027427.

ਪ੍ਰਵਾਸੀ ਕਵੀ ਪ੍ਰੋ: ਸੁਰਜੀਤ ਸਿੰਘ ਖ਼ਾਲਸਾ ਯੂ.ਕੇ. ਦੀ ਇਹ ਪਲੇਠੀ ਕਾਵਿ-ਪੁਸਤਕ ਸਹੀ ਮਾਅਨਿਆਂ ਵਿਚ ਆਪਣੇ ਨਾਂਅ 'ਗੁਲਦਸਤਾ' ਦੇ ਅਰਥਾਂ ਨੂੰ ਸਾਕਾਰ ਕਰਦੀ ਮਹਿਸੂਸ ਹੁੰਦੀ ਹੈ | ਜਿਵੇਂ ਗੁਲਦਸਤੇ ਦੀ ਸ਼ੋਭਾ ਉਸ ਵਿਚ ਸਜਾਏ ਵੰਨ-ਸੁਵੰਨੇ ਫੁੱਲ ਹੁੰਦੇ ਹਨ, ਉਵੇਂ ਹੀ ਕਵੀ ਨੇ ਇਸ ਕਾਵਿ-ਪੁਸਤਕ ਵਿਚ 72 ਦੇ ਕਰੀਬ ਗ਼ਜ਼ਲ, ਨਜ਼ਮ, ਰੁਬਾਈ, ਛੰਦ-ਮੁਕਤ ਕਵਿਤਾ ਵਰਗੀਆਂ ਕਾਵਿ-ਵੰਨਗੀਆਂ ਨਾਲ ਇਸ ਕਾਵਿ-ਪੁਸਤਕ ਨੂੰ ਖੂਬ ਸ਼ਿੰਗਾਰਿਆ ਸਜਾਇਆ ਹੈ | ਇਸ ਪੁਸਤਕ ਦਾ ਜਮ੍ਹਾਂ-ਨੁਕਤਾ ਇਹ ਹੈ ਕਿ ਜਿਥੇ ਕਵੀ ਦੀਆਂ ਰਚਨਾਵਾਂ ਵਿਚ ਉਸ ਦੇ ਕੀਮਤੀ ਖਿਆਲ ਪਾਠਕ ਨੂੰ ਬੌਧਿਕ ਅਨੰਦ ਬਖਸ਼ਦੇ ਹਨ, ਉਥੇ ਉਸ ਦਾ ਤਖੱਈਅਲ ਵੀ ਬੇਸ਼ਕੀਮਤੀ ਸਿੱਧ ਹੁੰਦਾ ਹੈ | ਉਸ ਦੀਆਂ ਕਾਵਿ ਤਕਨੀਕਾਂ ਤੇ ਉਸ ਦੇ ਖਿਆਲ ਭਾਰੂ ਨਜ਼ਰ ਆਉਂਦੇ ਹਨ | ਕਵੀ ਖ਼ਾਲਸਾ ਦੀ ਇਹ ਕਾਵਿ ਪੁਸਤਕ ਇਕ ਹੋਰ ਕਮਾਲ ਛੁਪਾਈ ਬੈਠੀ ਹੈ ਕਿ ਉਸ ਨੇ ਪੰਜਾਬੀ ਲਿੱਪੀ ਵਿਚ ਪੰਜਾਬੀ ਰਚਨਾਵਾਂ ਦੇ ਨਾਲ-ਨਾਲ ਹਿੰਦੀ ਅਤੇ ਉਰਦੂ ਦੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਹਨ |
ਇਸ ਵਿਲੱਖਣ ਕਾਵਿ-ਪੁਸਤਕ ਦੇ ਮੁੱਖ ਬੰਦ ਵਿਚ ਪੰਜਾਬੀ ਗ਼ਜ਼ਲ ਦੇ ਨਾਮੀ ਹਸਤਾਖ਼ਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ 'ਤਸਦੀਕ' ਸਿਰਲੇਖ ਅਧੀਨ ਲਿਖਿਆ ਹੈ ਕਿ ਕਵੀ ਪ੍ਰੋ: ਸੁਰਜੀਤ ਸਿੰਘ ਖ਼ਾਲਸਾ ਮਹਿਜ਼ ਸ਼ਾਇਰ ਨਹੀਂ, ਬਲਕਿ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਵਿਦਵਾਨ ਅਤੇ ਚਲਦੇ-ਫਿਰਦੇ ਕੋਸ਼ ਹਨ | ਪ੍ਰੋ: ਖ਼ਾਲਸਾ ਦੀ ਇਹ ਕਾਵਿ-ਪੁਸਤਕ ਬੇਸ਼ੱਕ ਸਾਂਭਣਯੋਗ ਹੈ, ਜਿਸ ਨੂੰ ਜ਼ਿੰਮੇਵਾਰ ਲੋਕਾਂ ਨੂੰ ਸਾਂਭਣ ਦਾ, ਪ੍ਰਚਾਰਨ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ |

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
***

ਧਰਤੀ ਪੁੱਤਰ
ਜਗਜੀਤ ਸਿੰਘ ਹਾਰਾ ਪਦਮਸ਼੍ਰੀ
ਲੇਖਕ : ਜਗਜੀਤ ਸਿੰਘ ਹਾਰਾ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 159
ਸੰਪਰਕ : 94170-50411.

'ਧਰਤੀ ਪੁੱਤਰ ਜਗਜੀਤ ਸਿੰਘ ਹਾਰਾ ਪਦਮਸ਼੍ਰੀ' ਜਗਜੀਤ ਸਿੰਘ ਹਾਰਾ ਦੀ ਆਤਮ ਕਥਾ ਹੈ ਜਿਸ ਵਿਚ ਉਸ ਨੇ ਇਕ ਕਿਸਾਨ ਹੋਣ ਦੇ ਨਾਤੇ ਮਿਹਨਤਕਸ਼ੀ ਵਾਲਾ ਜੀਵਨ ਜਿਊਾਦਿਆਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ | ਇਹ ਸਵੈਜੀਵਨੀ ਪੰਜਾਬੀ ਪਾਠਕਾਂ ਲਈ ਇਸ ਕਰਕੇ ਵੀ ਦਿਲਚਸਪੀ ਦਾ ਮਰਕਜ਼ ਹੈ ਕਿ ਆਮ ਤੌਰ 'ਤੇ ਕਲਾ, ਸਾਹਿਤ, ਸੱਭਿਆਚਾਰ, ਖੇਡਾਂ ਆਦਿ ਦੇ ਖੇਤਰ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੱਡੇ-ਵੱਡੇ ਮਾਣ-ਸਨਮਾਨਾਂ ਨਾਲ ਸਨਮਾਨਿਆ ਜਾਂਦਾ ਹੈ ਪਰ ਇਕ ਕਿਸਾਨ ਦੁਆਰਾ ਪਦਮਸ਼੍ਰੀ ਵਰਗਾ ਵਕਾਰੀ ਸਨਮਾਨ ਪ੍ਰਾਪਤ ਕਰਨਾ ਇਕ ਅਸੰਭਵ ਕਾਰਜ ਨੂੰ ਸੰਭਵ ਬਣਾਉਣ ਕਾਰਜ ਹੈ | ਜਗਜੀਤ ਸਿੰਘ ਹਾਰਾ ਨੇ ਆਪਣੀ ਇਸ ਆਤਮਕਥਾ ਵਿਚ ਭਾਵੇਂ ਪਿੰਡ ਕੰਗਣਵਾਲ ਜ਼ਿਲ੍ਹਾ ਲੁਧਿਆਣਾ ਦਾ ਜ਼ਿਕਰ ਕੀਤਾ ਹੈ ਪਰ ਪਾਕਿਸਤਾਨ ਵਿਚ ਬੀਤੇ ਬਚਪਨ ਦੀਆਂ ਯਾਦਾਂ ਵੀ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤੀਆਂ ਹਨ ਜ਼ਿੰਦਗੀ ਵਿਚ ਅਨੁਸ਼ਾਸਨ ਅਤੇ ਟਾਇਮ ਦੀ ਪਾਬੰਦੀ ਵਿਚ ਰਹਿਣਾ ਦੋ ਗੁਣਾਂ ਨੂੰ ਧਾਰਨ ਕਰਕੇ ਹੀ ਲੇਖਕ ਨੇ ਇਸ ਉਚਾਈ ਨੂੰ ਛੂਹਿਆ | ਐਮ.ਏ. ਇਕਨਾਮਿਕਸ ਕਰਨ ਤੋਂ ਬਾਅਦ ਵੀ ਖੇਤੀਬਾੜੀ ਦੇ ਕਾਰਜ ਵਿਚ ਤਰੱਕੀ ਕਰਨੀ ਸੋਨੇ 'ਤੇ ਸੁਹਾਗਾ ਹੋਣ ਵਾਲੀ ਗੱਲ ਹੈ ਕਿਉਂਕਿ ਅਰਥ-ਸ਼ਾਸਤਰੀ ਹੋਣ ਦੇ ਨਾਲ-ਨਾਲ ਖੇਤੀਬਾੜੀ ਦੇ ਖੇਤਰ ਵਿਚ ਸਮਰਪਣ ਭਾਵਨਾ ਨਾਲ ਕੰਮ ਕਰਕੇ ਇਕ ਉੱਚ ਮੁਕਾਮ ਨੂੰ ਪ੍ਰਾਪਤ ਕਰਨਾ ਵਿਲੱਖਣ ਸ਼ਖ਼ਸੀਅਤ ਦਾ ਪ੍ਰਮਾਣ ਹੈ | ਆਪਣੇ ਪਿਤਾ ਜੀ ਅਤੇ ਤਾਇਆ ਜੀ ਦੀ ਪ੍ਰੇਰਨਾਮਈ ਜ਼ਿੰਦਗੀ ਦੇ ਕਦਮਾਂ 'ਤੇ ਚਲਦਿਆਂ ਖੇਤੀਬਾੜੀ ਬੀਜਾਂ ਦੇ ਖੇਤਰ ਵਿਚ ਨਵੀਂ ਖੋਜ ਕਰਨਾ ਉਨ੍ਹਾਂ ਦੀ ਇਸ ਖੇਤਰ ਵਿਚ ਵਿਸ਼ੇਸ਼ਗਤਾ ਦਾ ਪ੍ਰਮਾਣ ਹੈ | ਆਪਣੇ ਜੀਵਨ ਕਾਲ ਦੌਰਾਨ ਕੀਤੀਆਂ ਆਪਣੀਆਂ ਵਿਦੇਸ਼ ਯਾਤਰਾਵਾਂ ਅਤੇ ਮਿਲੇ ਮਾਣ-ਸਨਮਾਨਾਂ ਦੇ ਵੀ ਵਿਸਤਿ੍ਤ ਵੇਰਵੇ ਇਸ ਆਤਮ-ਕਥਾ ਵਿਚ ਲੇਖਕ ਨੇ ਦਰਜ ਕੀਤੇ ਹਨ | ਪਤਨੀ ਦਾ ਵਿਛੋੜਾ ਜਗਜੀਤ ਸਿੰਘ ਹਾਰਾ ਲਈ ਅਸਹਿ ਪੀੜ ਹੈ ਪਰ ਜ਼ਿੰਦਾਦਿਲੀ ਨਾਲ ਜੀਵਨ ਬਿਤਾਉਣਾ ਵੀ ਜ਼ਿੰਦਾਦਿਲ ਇਨਸਾਨਾਂ ਦੇ ਹਿੱਸੇ ਆਉਂਦਾ ਹੈ | ਖੂਬਸੂਰਤ ਤਸਵੀਰਾਂ ਨਾਲ ਸਜੀ ਇਹ ਆਤਮ ਕਥਾ ਪ੍ਰੇਰਨਾ ਸਰੋਤ ਪੁਸਤਕ ਹੈ |

***

ਪੰਜਾਬੀ ਗਹਿਣੇ
ਸਮਾਜਿਕ-ਸੱਭਿਆਚਾਰਕ ਪਰਿਪੇਖ
ਲੇਖਿਕਾ : ਡਾ: ਰੁਪਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94630-88272.

'ਪੰਜਾਬੀ ਗਹਿਣੇ : ਸਮਾਜਿਕ-ਸੱਭਿਆਚਾਰਕ ਪਰਿਪੇਖ' ਡਾ: ਰੁਪਿੰਦਰ ਕੌਰ ਦੀ ਪੰਜਾਬੀ ਗਹਿਣਿਆਂ ਬਾਰੇ ਖੋਜ ਭਰਪੂਰ ਪੁਸਤਕ ਹੈ | ਇਸ ਪੁਸਤਕ ਵਿਚ ਖੋਜਕਰਤਾ ਨੇ ਇਹ ਮੱਤ ਪ੍ਰਸਤੁਤ ਕੀਤਾ ਹੈ ਕਿ ਪੁਰਾਤਨ ਸਮਿਆਂ ਤੋਂ ਮਨੁੱਖੀ ਮਾਨਸਿਕਤਾ ਵਿਚ ਗਹਿਣੇ ਪਹਿਨਣ ਦੀ ਰੁਚੀ ਵਿਦਮਾਨ ਰਹੀ ਹੈ ਜਿਥੇ ਇਹ ਗਹਿਣੇ ਸਰੀਰਕ ਸੁੰਦਰਤਾ ਵਿਚ ਵਾਧਾ ਕਰਦੇ ਹਨ, ਉਥੇ ਕਿਸੇ ਵਿਅਕਤੀ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਅਤੇ ਰੁਤਬੇ ਬਾਰੇ ਵੀ ਭਰਪੂਰ ਜਾਣਕਾਰੀ ਦਿੰਦੇ ਹਨ | ਲੇਖਿਕਾ ਨੇ ਗਹਿਣਿਆਂ ਬਾਰੇ ਅਤੇ ਇਨ੍ਹਾਂ ਦੀ ਪੁਰਾਤਨਤਾ ਬਾਰੇ ਜਿਥੇ ਸਿਧਾਂਤਕ ਗਿਆਨ ਨੂੰ ਵੱਖ-ਵੱਖ ਹਵਾਲਿਆਂ ਨਾਲ ਸਪੱਸ਼ਟ ਕੀਤਾ ਹੈ, ਉਥੇ ਗਹਿਣਿਆਂ ਦੀ ਸ਼ਿਲਪ ਕਲਾ ਬਾਰੇ ਵੀ ਚਰਚਾ ਛੇੜੀ ਹੈ | ਗਹਿਣਿਆਂ ਦੀ ਵਰਗ ਵੰਡ ਵਾਲੇ ਅਧਿਆਇ ਵਿਚ ਜਿਥੇ ਗਹਿਣਿਆਂ ਦੇ ਵਰਗੀਕਰਨ ਨੂੰ ਸਰੀਰ ਦੇ ਕਿਸੇ ਹਿੱਸੇ ਨੂੰ ਛੇਦ ਕੇ ਭਾਵ ਛੇਕ ਕਰਕੇ ਅਤੇ ਨਾ ਛੇਦ ਕੇ ਦੇ ਰੂਪ ਵਿਚ ਕੀਤਾ ਹੈ, ਉਥੇ ਔਰਤਾਂ ਅਤੇ ਮਰਦਾਂ ਦੇ ਗਹਿਣਿਆਂ ਦੇ ਰੂਪ ਵਿਚ ਵੰਡ ਕਰਕੇ ਗਹਿਣਿਆਂ ਦਾ ਲੰਮਾ ਚੌੜਾ ਅਤੇ ਗਿਆਨ ਭਰਪੂਰ ਬਿਓਰਾ ਵੀ ਪ੍ਰਸਤੁਤ ਕੀਤਾ ਹੈ | ਇਸ ਤੋਂ ਇਲਾਵਾ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਪਹਿਨੇ ਜਾਣ ਵਾਲੇ ਗਹਿਣਿਆਂ ਦੀ ਵੀ ਲੰਮੀ ਸੂਚੀ ਇਸ ਖੋਜ ਪੁਸਤਕ ਵਿਚ ਪੇਸ਼ ਕੀਤੀ ਗਈ ਹੈ |
ਗਹਿਣੇ ਜਿਥੇ ਸਮਾਜਿਕ-ਸੱਭਿਆਚਾਰਕ ਵਿਰਸੇ ਦੀ ਪ੍ਰਤੀਕਮਈ ਰੂਪ ਰੇਖਾ ਉਲੀਕਦੇ ਹਨ, ਉਥੇ ਸੰਕਟਕਾਲੀਨ ਸਥਿਤੀ ਵਿਚ ਗਹਿਣੇ ਮਨੁੱਖ ਦੇ ਕਈ ਮਸਲੇ ਅਤੇ ਮੁਸੀਬਤਾਂ ਨਜਿੱਠਣ ਵਿਚ ਵੀ ਸਹਾਇਤਾ ਕਰਦੇ ਹਨ | ਵੱਖ-ਵੱਖ ਸੱਭਿਆਚਾਰਾਂ ਵਿਚ ਕਿਸੇ ਗਹਿਣੇ ਦੀ ਕਿਹੋ ਜਿਹੀ ਸਾਰਥਿਕ ਸਥਿਤੀ ਹੈ, ਇਸ ਬਾਰੇ ਤੁਲਨਾਤਮਕ ਵੇਰਵੇ ਵੀ ਪੁਸਤਕ ਵਿਚ ਦਰਜ ਹਨ | ਪੁਸਤਕ ਦੇ ਅਖ਼ੀਰ 'ਤੇ ਗਹਿਣਿਆਂ ਨਾਲ ਸਬੰਧਿਤ ਪੰਜਾਬੀ ਬੋਲੀਆਂ ਵੀ ਪਾਠਕ ਦੇ ਸੁਹਜ-ਸਵਾਦ ਅਤੇ ਜਾਣਕਾਰੀ ਵਿਚ ਵਾਧਾ ਕਰਦੀਆਂ ਹਨ |

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

01-06-2019

 ਰਾਜਾ
ਮੂਲ : ਨੀਕੋਲੋ ਮੈਕੀਏਵੈਲੀ
ਪੰਜਾਬੀ ਅਨੁ: ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੁਕ ਸ਼ਾਪ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 248
ਸੰਪਰਕ : 098181-59944.

ਪੰਜਾਬੀ ਵਿਚ ਗਿਆਨ ਵਿਗਿਆਨ ਨਾਲ ਸਬੰਧਿਤ ਮੌਲਿਕ ਤੇ ਅਨੁਵਾਦਿਤ ਪੁਸਤਕਾਂ ਦਾ ਪ੍ਰਕਾਸ਼ਨ ਸ਼ੁੱਭ ਸ਼ਗਨ ਹੈ। ਇਸ ਨਾਲ ਪੰਜਾਬੀ ਜ਼ਬਾਨ ਅਮੀਰ ਹੋਵੇਗੀ ਅਤੇ ਪੰਜਾਬੀਆਂ ਦਾ ਬੌਧਿਕ ਪੱਧਰ ਉੱਚਾ ਹੋਵੇਗਾ। ਮੈਕੀਏਵਲੀ ਰਾਜਨੀਤੀ ਸ਼ਾਸਤਰ ਦਾ ਬਦਨਾਮ ਵਿਸੇਸ਼ਣ ਹੈ ਜੋ ਰਾਜਨੀਤੀ ਵਿਚ ਤਾਕਤ ਹਾਸਲ ਕਰਨ ਤੇ ਗੱਦੀ 'ਤੇ ਬਣੇ ਰਹਿਣ ਲਈ ਨੈਤਿਕ, ਅਨੈਤਿਕ ਹਰ ਚੰਗੀ, ਮਾੜੀ ਚਾਲ ਚੱਲਣ ਵਾਲੇ ਸਿਆਸਤਦਾਨ ਲਈ ਵਰਤਦੇ ਹਨ। ਸਾਡੇ ਆਪਣੇ ਦੇਸ਼ ਵਿਚ 2400 ਸਾਲ ਪਹਿਲਾਂ ਉਸੇ ਸੋਚ ਦਾ ਸ਼ਾਤਰ ਬੰਦਾ ਚਾਣਿਕਯ ਹੈ ਜੋ ਕੌਟਿਲਯ ਦੇ ਨਾਂਅ ਨਾਲ ਵੀ ਜਾਂਦਿਆ ਜਾਂਦਾ ਹੈ। ਕੁਟਲ ਨੀਤੀ ਸ਼ਬਦ ਉਸੇ ਦੀਆਂ ਕੁਟਲ ਚਾਲਾਂ ਚੇਤੇ ਕਰਵਾਉਂਦਾ ਹੈ। ਆਮ ਆਦਮੀ ਨੂੰ ਦਬੇਲ ਬਣਾਉਣ ਤੇ ਸੱਤਾ 'ਤੇ ਕਬਜ਼ਾ ਕਰਨ, ਕਾਇਮ ਰੱਖਣ ਲਈ ਲੋੜੀਂਦੀ ਦਗੇਬਾਜ਼ੀ, ਦੰਭ, ਚਲਾਕੀ, ਸਾਜ਼ਿਸ਼ਾਂ, ਬੇਰਹਿਮੀ ਦੀ ਪੂਰੀ ਸਿੱਖਿਆ ਦੇਣ ਵਿਚ ਮੈਕੀਏਵੈਲੀ ਤੇ ਚਾਣਿਕਯ ਦੋਵੇਂ ਸਿਰੇ ਦੇ ਘਾਗ ਹਨ। ਆਮ ਆਦਮੀ ਸਿਆਸੀ, ਸੱਤਾ ਦੀਆਂ ਚਾਲਾਂ ਦਾ ਜਾਣੂ ਹੋਵੇ ਤਾਂ ਉਹ ਕਿਸੇ ਹੱਦ ਤੱਕ ਆਪਣੇ ਹੱਕਾਂ ਦੀ ਰੱਖਿਆ ਕਰਨ ਲਈ ਬਾਨ੍ਹਣੂ ਬੰਨ੍ਹ ਸਕਦਾ ਹੈ। ਗੁਰਨਾਮ ਸਿੰਘ ਦੀ ਕਿਤਾਬ ਰਾਜਾ ਉਕਤ ਦੋ ਘਾਗ ਚਲਾਕ ਤੇ ਸ਼ਾਤਰ ਰਾਜਨੀਤਕ ਚਿੰਤਕਾਂ ਦੇ ਮੂਲ ਚਿੰਤਨ ਦੇ ਰੂਬਰੂ ਕਰਦੀ ਹੈ। ਕਮੋਡੋਰ ਸਾਹਿਬ ਨੇ ਦੋਵਾਂ ਦੀਆਂ ਲਿਖਤਾਂ ਦਾ ਗੰਭੀਰਤਾ ਨਾਲ ਅਧਿਐਨ ਕਰਕੇ, ਉਨ੍ਹਾਂ ਦੀ ਆਮ ਆਦਮੀ ਲਈ ਸਾਰਥਕਤਾ ਨੂੰ ਉਜਾਗਰ ਕੀਤਾ ਹੈ। ਦੋਵਾਂ ਦੇ ਜੀਵਨ, ਸਮੇਂ, ਸਥਾਨ, ਪ੍ਰਾਪਤੀਆਂ ਬਾਰੇ ਤੁਲਨਾਤਮਕ ਚਰਚਾ ਕੀਤੀ ਹੈ। ਮੈਕੀਏਵੈਲੀ ਦੀ ਮੂਲ ਕਿਤਾਬ ਪ੍ਰਿੰਸ ਦਾ ਪਹਿਲਾ ਡਰਾਫਟ 1513 ਵਿਚ ਇਟਲੀ ਵਿਚ ਪੂਰਾ ਹੋਇਆ। ਇਸੇ ਸਮੇਂ ਉਸ ਨੂੰ 59/64 ਪੂ. ਈ. ਦੇ ਟਾਈਟਸ ਲੀਵੀਅਸ ਦੀਆਂ ਲਿਖਤਾਂ ਪੜ੍ਹ ਕੇ ਲੱਗਾ ਕਿ ਉਹ ਕਿਤਾਬ ਨੂੰ ਮੁੜ ਸੋਧੇ। ਉਸ ਦੀ ਸੋਧੀ ਹੋਈ ਕਿਤਾਬ ਪ੍ਰਿੰਸ ਟਾਈਟਲ ਹੇਠ ਉਸ ਦੀ ਮੌਤ ਤੋਂ ਪੰਜ ਸਾਲ ਪਿੱਛੋਂ 1532 ਵਿਚ ਛਪੀ ਤੇ ਫਿਰ ਦੁਨੀਆ ਭਰ ਵਿਚ ਅਨੁਵਾਦਿਤ ਹੋ ਕੇ ਪਹੁੰਚੀ। ਪੰਜਾਬੀ ਪਾਠਕਾਂ ਨੂੰ ਇਸ ਬਹੁਚਰਚਿਤ ਕਿਤਾਬ ਦਾ ਸਰਲ ਅਨੁਵਾਦ ਇਸ ਕਿਤਾਬ ਨਾਲ ਮਿਲਿਆ ਹੈ। ਉਂਜ ਇਹ ਕਿਤਾਬ ਪਹਿਲਾਂ ਵੀ ਪੰਜਾਬੀ ਵਿਚ ਮੈਂ ਪੜ੍ਹੀ ਹੈ ਸ਼ਾਇਦ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550


ਬਾਤਾਂ ਦੇਸ਼ ਵਿਦੇਸ਼ ਦੀਆਂ
ਵਿਉਂਤ ਅਤੇ ਵਾਚਨ : ਡਾ: ਤੇਜਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 103
ਸੰਪਰਕ : 0172-5027427.

ਹਥਲੀ ਪੁਸਤਕ ਵਿਚ ਡਾ: ਤੇਜਿੰਦਰ (ਕੌਰ) ਹਰਜੀਤ ਨੇ ਵੱਖ-ਵੱਖ ਦੇਸ਼ਾਂ ਦੀਆਂ 21 ਲੋਕ ਕਹਾਣੀਆਂ ਦਾ ਪੰਜਾਬੀ ਅਨੁਵਾਦ ਸੰਗ੍ਰਹਿਤ ਕੀਤਾ ਹੈ। ਇਸ ਵਿਚ ਆਈਸਲੈਂਡ, ਪੋਲੈਂਡ, ਐਸਕੀਮੋ, ਤਨਜ਼ਾਨੀਆ, ਬਰਮਾ, ਮੈਕਸੀਕੋ, ਅਫ਼ਰੀਕਾ, ਚੀਨ, ਜਰਮਨੀ, ਇਟਲੀ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਦੀਆਂ ਕੁਝ ਚੋਣਵੀਆਂ ਲੋਕ ਕਹਾਣੀਆਂ ਸ਼ਾਮਿਲ ਹਨ। ਲੋਕ ਕਹਾਣੀਆਂ ਦੀ ਸੰਰਚਨਾ ਦਾ ਉੱਜਲ ਪੱਖ ਇਹ ਹੁੰਦਾ ਹੈ ਕਿ ਹਰ ਉਮਰ ਅਤੇ ਵਰਗ ਦਾ ਸਰੋਤਾਂ/ਪਾਠਕ ਇਨ੍ਹਾਂ ਕਹਾਣੀਆਂ ਦਾ ਅਨੰਦ ਮਾਣ ਸਕਦਾ ਹੈ। ਕੌਤੂਹਲ, ਵਚਿੱਤਰਤਾ ਅਤੇ ਅਚੰਭਾ ਇਨ੍ਹਾਂ ਕਹਾਣੀਆਂ ਦੇ ਮੁੱਖ ਤੱਤ ਹੁੰਦੇ ਹਨ। ਇਨ੍ਹਾਂ ਕਹਾਣੀਆਂ ਦੇ ਪਾਠ ਤੋਂ ਇਹ ਬੋਧ ਹੋ ਜਾਂਦਾ ਹੈ ਕਿ ਪੂਰਾ ਬ੍ਰਹਿਮੰਡ ਹੀ ਇਕ ਲੜੀ ਵਿਚ ਪਰੋਇਆ ਹੋਇਆ ਹੈ। ਪਸ਼ੂ, ਪੰਛੀ, ਪਹਾੜ, ਨਦੀਆਂ, ਰੁੱਖ ਅਤੇ ਮਨੁੱਖ (ਆਦਮੀ/ਔਰਤਾਂ) ਆਦਿ ਸਭ ਸ਼੍ਰੇਣੀਆਂ ਦੇ ਜੀਵ ਇਕ-ਦੂਜੇ ਦੀ ਵੇਦਨਾ ਸਮਝਦੇ ਅਤੇ ਹੁੰਗਾਰਾ ਭਰਦੇ ਹਨ। 'ਤਿਤਲੀਆਂ ਦੀ ਬਾਤ' ਕਾਦਰ ਦੀ ਕੁਦਰਤ ਨੂੰ ਬਿਆਨ ਕਰਦੀ ਹੈ। 'ਸੀਲ ਦੀ ਕੁੰਜ' ਮੱਛੀਆਂ ਦੇ ਰਹੱਸਮਈ ਜੀਵਨ ਦਾ ਨਿਰੂਪਣ ਕਰਦੀ ਹੈ। 'ਸੁਸਤੀ ਦੀ ਪੰਡ' ਵਿਚ ਹਾਸ-ਵਿਅੰਗ ਦੇ ਮਾਧਿਅਮ ਦੁਆਰਾ ਇਕ ਆਲਸੀ ਔਰਤ ਨੂੰ ਸੁਧਾਰਿਆ ਗਿਆ ਹੈ। 'ਸ਼ਿਕਾਰੀ' ਵਿਚ ਪਰਿਵਾਰਕ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਦਾ ਵਰਨਣ ਹੈ। 'ਰੱਬ, ਮੌਤ ਅਤੇ ਕਿਸਾਨ' ਵਿਚ ਮ੍ਰਿਤੂ ਦੇ ਭੈਅ ਦਾ ਨਿਰੂਪਣ ਹੋਇਆ ਹੈ। 'ਤਿੰਨ ਗਪੌੜੀਏ' ਵਿਚ ਮਨੁੱਖੀ ਵਿਵੇਕ ਦੀ ਅਸੀਮਤਾ ਦਾ ਅਭਿਵਿਅੰਜਨ ਹੈ। 'ਮਾਂ ਦੀ ਅਰਜੋਈ' ਵਿਚ ਰੱਬੀ ਮਹਿਮਾ ਦਾ ਗੁਣ-ਗਾਨ ਹੋਇਆ ਹੈ। ਲਗਪਗ ਹਰ ਕਹਾਣੀ ਆਪਣੇ-ਆਪਣੇ ਸੱਭਿਆਚਾਰ ਅਤੇ ਸਮਾਜ ਦੀਆਂ ਲੋੜਾਂ ਦਾ ਵਰਨਣ ਕਰਦੀ ਹੈ। ਲੇਖਕਾ ਦਾ ਅਨੁਵਾਦ ਬਹੁਤ ਰੌਚਕ ਅਤੇ ਆਕ੍ਰਸ਼ਿਤ ਕਰ ਲੈਣ ਵਾਲਾ ਹੈ। ਕਿਸੇ ਵੀ ਕਹਾਣੀ ਦਾ ਕਥਾਨਕ ਜਾਂ ਪਾਤਰ ਓਪਰੇ ਮਹਿਸੂਸ ਨਹੀਂ ਹੁੰਦੇ। ਇਹ ਸੰਗ੍ਰਹਿ ਪੰਜਾਬੀ ਵਿਚ ਬਾਲ ਸਾਹਿਤ ਦੀ ਘਾਟ ਨੂੰ ਵੀ ਕਿਸੇ ਹੱਦ ਤੱਕ ਪੂਰਾ ਕਰਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136


ਯੂ-ਟਰਨ
ਨਾਵਲਕਾਰ : ਜੀਤ ਸਿੰਘ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 200

ਸੰਪਰਕ : 99154-15312.

ਮਾਲਵਾ ਬੈਲਟ ਵਿਚ ਕੈਂਸਰ ਨਾਲ ਜੂਝਦੇ ਲੋਕਾਂ ਦੀ ਯਥਾਰਥਕ ਤਸਵੀਰ ਦੀ ਪੇਸ਼ਕਾਰੀ ਨਾਲ ਆਰੰਭ ਹੋਣ ਵਾਲਾ ਇਹ ਨਾਵਲ ਕਿਸਾਨੀ ਦੀ ਨਿਘਰੀ ਹਾਲਤ, ਨਸ਼ਿਆਂ 'ਚ ਫਸੀ ਜਵਾਨੀ, ਲੋਕਾਂ ਦਾ ਨੈਤਿਕ ਪਤਨ, ਹਵਸ ਨਾਲ ਅੰਨੇ ਲੋਕਾਂ ਵਲੋਂ ਪਾਕ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਹੁੰਦਿਆਂ ਦਿਖਾਉਂਦਾ ਹੈ। ਲਾਲਚੀ ਅਤੇ ਘਟੀਆ ਸੋਚ ਵਾਲੇ ਲੋਕਾਂ ਦੇ ਧੱਕਿਆਂ ਦਾ ਸ਼ਿਕਾਰ ਹੋਣ ਵਾਲੇ ਕਿਸਾਨ ਹਾਕਮ ਸਿੰਘ ਦੀ ਜੀਵਨ-ਕਹਾਣੀ ਪੇਸ਼ ਕਰਨ ਵਾਲਾ ਇਹ ਨਾਵਲ ਪਾਠਕ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਹੁਣ ਇਕੱਲਾ ਮਾਲਵਾ ਹੀ ਨਹੀਂ ਸਗੋਂ ਪੂਰਾ ਪੰਜਾਬ ਉਕਤ ਤ੍ਰਾਸਦੀ ਦਾ ਸ਼ਿਕਾਰ ਹੋ ਚੁੱਕਾ ਹੈ। ਪੰਜਾਬ ਛੱਡ ਕੇ ਕੈਨੇਡਾ ਜਾਂ ਹੋਰ ਮੁਲਕਾਂ 'ਚ ਸੈੱਟ ਹੋਣ ਵਾਲੇ ਨੌਜਵਾਨਾਂ ਦਾ ਆਪਣੇ ਮਾਪਿਆਂ ਨਾਲ ਮੋਹ-ਪਿਆਰ ਕਿਵੇਂ ਮੁੱਕਦਾ ਜਾ ਰਿਹਾ, ਇਹ ਵੀ ਇਸ ਨਾਵਲ ਵਿਚ ਪੇਸ਼ ਕੀਤਾ ਗਿਆ। ਪਰ ਅਜਿਹੇ ਭੈੜੇ, ਦੁਖਦਾਈ ਅਤੇ ਬੇਮੇਚ ਹਾਲਤਾਂ ਵਿਚ ਵੀ ਰਾਜ ਵਰਗੇ ਨੌਜਵਾਨ ਅਤੇ ਭੂਰੋ ਵਰਗੀਆਂ ਮੁਟਿਆਰਾਂ ਕਿਵੇਂ ਸੰਘਰਸ਼ ਕਰਕੇ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਦਾ ਉਪਰਾਲਾ ਕਰਦੇ ਹਨ, ਨੂੰ ਪੜ੍ਹ ਕੇ ਪਾਠਕ ਦੇ ਮਨ 'ਚ ਸਹਿਜੇ ਹੀ ਆਸ ਬੱਝਦੀ ਹੈ ਕਿ ਅਗਰ ਪੰਜਾਬੀ ਮਿਲ ਕੇ ਹੌਸਲੇ ਨਾਲ ਯਤਨ ਕਰਨ ਤਾਂ ਪੰਜਾਬ ਦੇ ਹਾਲਾਤ ਭਲੇ ਵਾਲੇ ਪਾਸੇ ਨੂੰ ਯੂ-ਟਰਨ ਲੈ ਸਕਦੇ ਹਨ। ਤਕਨੀਕੀ ਪੱਖੋਂ ਨਾਵਲ ਦੀ ਪਾਤਰ ਉਸਾਰੀ, ਕਹਾਣੀ ਦੀ ਗੋਂਦ, ਇਸ ਦਾ ਪਲਾਟ ਨਾਵਲਕਾਰ ਜੀਤ ਸਿੰਘ ਸੰਧੂ ਨੂੰ ਅਨੁਭਵ ਨਾਵਲਕਾਰ ਸਿੱਧ ਕਰਦੇ ਹਨ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.


ਕਾਲੀ ਕਥਾ
ਨਾਵਲਕਾਰਾ : ਸਿਮਰਤ ਗਗਨ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 98157-98841.

'ਕਾਲੀ ਕਥਾ' ਨਾਵਲ ਵਿਚ ਸਿਮਰਤ ਗਗਨ ਨੇ ਔਰਤ ਦੇ ਦੁਆਲੇ ਵਾਲੀਆਂ ਉਨ੍ਹਾਂ ਵਲਗਣਾਂ ਦਾ ਚਿੱਤਰ ਪੇਸ਼ ਕੀਤਾ ਹੈ, ਜਿਸ ਨੂੰ ਚਾਹ ਕੇ ਵੀ ਉਹ ਤੋੜ ਨਹੀਂ ਸਕਦੀ ਸਗੋਂ ਸਮਾਜਿਕ ਰੋਕਾਂ ਅਤੇ ਮਰਿਆਦਾਵਾਂ ਨਿਭਾਉਂਦੀ ਹੋਈ ਆਪਣੇ ਪਿੰਡੇ 'ਤੇ ਰਿਸ਼ਤਿਆਂ ਦੇ ਜੰਜਾਲ ਦੀਆਂ ਲਾਸਾਂ ਅਤੇ ਕਸਕਾਂ ਹੰਢਾਉਂਦੀ ਹੈ। ਆਮ ਤੌਰ 'ਤੇ ਅਸੀਂ ਰਵਾਇਤੀ ਰੂਪ ਵਿਚ ਕਹਿੰਦੇ ਹਾਂ ਕਿ ਅਨਪੜ੍ਹ ਔਰਤਾਂ ਹੀ ਘਰੇਲੂ ਹਿੰਸਾ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ ਕਿਉਂਕਿ ਇਸ ਸਭ ਕੁਝ ਨੂੰ ਉਹ ਆਪਣੀ ਹੋਣੀ ਸਮਝ ਕੇ ਜਰ ਲੈਂਦੀਆਂ ਹਨ ਪਰ 'ਕਾਲੀ ਕਥਾ' ਨਾਵਲ ਵਿਚਲੀ ਮੁੱਖ ਪਾਤਰ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਇਹੋ ਜਿਹੇ ਘਰੇਲੂ ਵਾਤਾਵਰਨ ਵਿਚ ਆਪਣਾ ਜੀਵਨ ਬਸਰ ਕਰਦੀ ਹੈ। ਸ਼ਾਇਦ ਹੀ ਉਹ ਕਿਸੇ ਤਸ਼ੱਦਦ ਘਰ ਨਾਲੋਂ ਘੱਟ ਹੋਵੇ। ਪੇਕਿਆਂ ਦੀ ਲਾਡਲੀ ਸੁਹਰੇ ਘਰ ਵਿਚ ਪਤੀ, ਸੱਸ-ਸੁਹਰੇ, ਦਿਉਰ, ਨਣਾਨਾਂ ਆਦਿ ਦੀ ਵਧੀਕੀ ਦਾ ਕਿਵੇਂ ਸ਼ਿਕਾਰ ਹੁੰਦੀ ਹੈ, ਉਸ ਦੇ ਮਾਰਮਿਕ ਚਿੱਤਰ ਨਾਵਲੀ ਕਥਾ ਵਿਚ ਪੇਸ਼ ਹੋਏ ਮਿਲਦੇ ਹਨ। ਇਥੋਂ ਤੱਕ ਕਿ ਸੁਹਰੇ ਘਰ ਵਿਚ ਹੁੰਦੇ ਅਨੈਤਿਕ ਵਰਤਾਰੇ ਨੂੰ ਵੀ ਨਾਵਲਕਾਰਾਂ ਨੇ ਬੜੀ ਬੇਬਾਕੀ ਨਾਲ ਚਿਤਰਿਆ ਹੈ। ਮੁੱਖ ਪਾਤਰ ਜਿਹੜੀ ਉੱਤਮ ਪੁਰਖੀ ਸ਼ੈਲੀ ਵਿਚ ਆਪਣੀ ਕਹਾਣੀ ਬਿਆਨ ਕਰਦੀ ਹੈ, 'ਤੇ ਹੁੰਦੇ ਜ਼ੁਲਮਾਂ ਨੂੰ ਪੜ੍ਹਦਿਆਂ ਪਾਠਕ ਧੁਰ ਅੰਦਰ ਤੱਕ ਹਲੂਣਿਆ ਜਾਂਦਾ ਹੈ ਕਿਉਂਕਿ ਔਰਤ ਉੱਤੇ ਜੇਕਰ ਕਿਸੇ ਥਾਂ 'ਤੇ ਸਿਖਰ ਬਿੰਦੂ ਤੱਕ ਹੁੰਦੇ ਜ਼ੁਲਮਾਂ ਦੇ ਕਰੁਣਾਮਈ ਦ੍ਰਿਸ਼ ਜੇਕਰ ਦੇਖਣੇ, ਸੁਣਨੇ ਜਾਂ ਪੜ੍ਹਨੇ ਹਨ ਤਾਂ ਇਸ ਨਾਵਲ 'ਕਾਲੀ ਕਥਾ' ਦਾ ਅਧਿਐਨ ਕੀਤਾ ਜਾ ਸਕਦਾ ਹੈ। ਕਹਾਣੀ ਭਾਵੇਂ ਮੁੱਖ ਪਾਤਰ ਦੀ ਹੈ ਪਰ ਨਾਵਲ ਦੇ ਅੰਤ 'ਤੇ ਆਉਂਦੀਆਂ ਦੋ ਔਰਤਾਂ, ਦੁੱਧ ਵੇਚਣ ਵਾਲੀ ਗੁਜਰੀ ਅਤੇ ਸਬਜ਼ੀ ਵਾਲੀ ਵੀ ਔਰਤ ਹੋਣ ਦਾ ਦਰਦ ਹੰਢਾਉਂਦੀਆਂ ਹਨ। ਇਹ ਨਾਵਲ ਵੱਖ-ਵੱਖ ਸਿਰਲੇਖਾਂ ਵਾਲੇ ਕਾਂਡਾਂ ਤਹਿਤ ਨਾਵਲੀ ਕਥਾ ਦੀ ਨਿਰੰਤਰਤਾ ਪੇਸ਼ ਕਰਦਾ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.


ਫੁੱਲ ਤੇ ਭੰਵਰਾ
ਸ਼ਾਇਰ : ਪ੍ਰਿੰ: ਹਜ਼ੂਰਾ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94192-12801.

'ਫੁੱਲ ਤੇ ਭੰਵਰਾ' ਪ੍ਰਿੰ: ਹਜ਼ੂਰਾ ਸਿੰਘ ਦੀ 18ਵੀਂ ਕਾਵਿ ਪੁਸਤਕ ਹੈ, ਜਿਸ ਵਿਚ ਉਸ ਦੀਆਂ ਸੱਤਰ ਕਾਵਿ ਰਚਨਾਵਾਂ ਸ਼ਾਮਿਲ ਹਨ। ਆਪਣੀ ਪਹਿਲੀ ਕਵਿਤਾ ਵਿਚ ਉਹ ਪੁਸਤਕ ਦੇ ਨਾਂਅ ਨੂੰ ਸਪੱਸ਼ਟ ਕਰਦਾ ਹੋਇਆ ਆਪਣੇ ਪਿਆਰੇ ਨੂੰ ਫੁੱਲ ਤੇ ਖ਼ੁਦ ਨੂੰ ਇਕ ਭੰਵਰੇ ਵਾਂਗ ਵਰਣਤ ਕਰਦਾ ਹੈ। ਇਉਂ ਇਹ ਕਿਤਾਬ ਮੁਹੱਬਤੀ ਸਾਂਝ ਤੋਂ ਸ਼ੁਰੂ ਹੁੰਦੀ ਹੈ ਤੇ ਅੱਗੇ ਇਹ ਕਈ ਬਿੰਦੂਆਂ ਵਿਚ ਦੀ ਗੁਜ਼ਰਦੀ ਹੋਈ ਮੁਹੱਬਤ ਨੂੰ ਹੀ ਮਨੁੱਖੀ ਜ਼ਿੰਦਗੀ ਦਾ ਅਸਲੀ ਧੁਰਾ ਸਾਬਤ ਕਰਦੀ ਹੈ। 'ਸਮਾਜ ਇਕ ਜੰਗਲ' ਕਵਿਤਾ ਅਜੋਕੇ ਮਨੁੱਖ ਦੇ ਮਟਮੈਲ਼ੇ ਕਿਰਦਾਰ 'ਤੇ ਵਿਅੰਗ ਹੈ ਤੇ ਇਸ ਵਿਚ ਸਮਾਜ ਵਿਚ ਵਾਪਰ ਰਹੇ ਨਾਂਹ-ਪੱਖੀ ਵਰਤਾਰਿਆਂ ਦਾ ਵਿਸਤਰਤ ਵਰਨਣ ਹੈ। 'ਪ੍ਰੇਰਨਾ ਸਰੋਤ' ਵਿਚ ਉਹ ਅਮੀਰਾਂ ਤੇ ਗ਼ਰੀਬਾਂ ਵਿਚਕਾਰ ਅੰਤਰ ਨੂੰ ਸਪੱਸ਼ਟ ਕਰਦਾ ਹੋਇਆ ਇਨ੍ਹਾਂ ਦੇ ਵਾਸਤਵ ਪਾੜੇ ਨੂੰ ਰੋਹੀਲੀ ਜ਼ਬਾਨ ਦਿੰਦਾ ਹੈ। ਉਹ ਪਾਠ ਪੂਜਾ ਦੇ ਨਾਂਅ 'ਤੇ ਹੁੰਦੀ ਲੁੱਟ-ਖਸੁੱਟ ਤੇ ਇਸ ਦੇ ਪ੍ਰਚਾਰ ਦੇ ਮਕਸਦ 'ਤੇ ਵੀ ਚਾਨਣਾ ਪਾਉਂਦਾ ਹੈ। ਉਸ ਮੁਤਾਬਿਕ ਗੋਲੀਆਂ ਤੇ ਬਾਰੂਦ ਨਾਲੋਂ ਅੱਖਰ ਜ਼ਿਆਦਾ ਸ਼ਕਤੀਸ਼ਾਲੀ ਹਨ। ਸ਼ਾਇਰ ਨੂੰ ਚਾਰ ਚੁਫ਼ੇਰਾ ਭੂਤ ਪ੍ਰੇਤਾਂ ਨਾਲ ਭਰਿਆ ਮਹਿਸੂਸ ਹੁੰਦਾ ਹੈ। ਇਹ ਭੂਤ ਪ੍ਰੇਤ ਜਿਊਂਦੇ-ਜਾਗਦੇ ਮਨੁੱਖ ਹਨ, ਜਿਨ੍ਹਾਂ ਦਾ ਆਦਰਸ਼ ਪੈਸਾ ਹੈ ਉਹ ਚਾਹੇ ਜਿਵੇਂ ਵੀ ਇਕੱਤਰ ਕੀਤਾ ਜਾਵੇ। 'ਅਸਾਂ ਰੌਸ਼ਨੀ ਨਾ ਦਿੱਤੀ' ਕਵਿਤਾ ਵਿਚ ਉਹ ਆਖਦਾ ਹੈ ਕਿ ਅਸੀਂ ਅੰਨਿਆਂ ਨੂੰ ਐਨਕਾਂ ਲਾ ਰਹੇ ਹਾਂ ਪਰ ਜ਼ਰੂਰਤਮੰਦਾਂ ਨੂੰ ਰੌਸ਼ਨੀ ਤੋਂ ਵਿਰਵਾ ਕਰ ਰਹੇ ਹਾਂ। ਪੁਸਤਕ ਦੀ ਆਖ਼ਰੀ ਕਵਿਤਾ 'ਕਲਮ' ਵਿਚ ਸ਼ਾਇਰ ਨੇ ਕਲਮ ਦੀ ਤਾਕਤ ਤੋਂ ਜਾਣੂ ਕਰਵਾਇਆ ਹੈ, ਜੇਕਰ ਉਹ ਵਿਕਾਊ ਨਾ ਹੋਵੇ। ਇਸ ਕਿਤਾਬ ਦੀਆਂ ਬਹੁਤੀਆਂ ਰਚਨਾਵਾਂ ਗ਼ਜ਼ਲ ਵਰਗੀਆਂ ਹਨ। ਵੱਡੀ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਪ੍ਰਿੰ: ਹਜ਼ੂਰਾ ਸਿੰਘ ਲੁੱਟੀ-ਪੁੱਟੀ ਧਿਰ ਨਾਲ ਖੜ੍ਹਾ ਹੈ ਤੇ ਸੱਚ ਤੇ ਝੂਠ ਵਿਚੋਂ ਸੱਚ ਨੂੰ ਚੁਣਦਾ ਹੈ। ਇਸ ਪੁਸਤਕ ਨੂੰ ਗੁਰਚਰਨ ਬੱਧਣ ਨੇ ਸੰਪਾਦਿਤ ਕੀਤਾ ਹੈ।

-ਗੁਰਦਿਆਲ ਰੌਸ਼ਨ
ਮੋ: 99884-44002

 

 

 

 


ਜਦੋਂ ਸਿਮਰਤੀਆਂ ਜਾਗਦੀਆਂ ਨੇ...
ਲੇਖਕ : ਡਾ: ਅਰਵਿੰਦਰ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 131
ਸੰਪਰਕ : 94630-62603.

ਵਿਚਾਰਾਧੀਨ ਪੁਸਤਕ ਵਿਚ ਪ੍ਰਿੰ: (ਡਾ:) ਅਰਵਿੰਦਰ ਸਿੰਘ ਨੇ ਮਨੁੱਖੀ ਅਸਤਿਤਵ ਦੇ ਪ੍ਰਮਾਣਿਕ ਅਤੇ ਅਪ੍ਰਮਾਣਿਕ ਸਰੂਪ ਨੂੰ ਬੜੀ ਨੀਝ ਨਾਲ ਤੱਕ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ 75 ਸਿਮਰਤੀਆਂ ਵਿਚ ਕੀਤਾ ਹੈ। ਉਸ ਦਾ ਹਿਰਦਾ ਇਹ ਵੇਖ ਕੇ ਪੀੜਤ ਹੁੰਦਾ ਹੈ ਕਿ ਅਜੋਕਾ ਮਨੁੱਖ ਆਪਣੇ ਨਿੱਜੀ ਸਵਾਰਥ, ਖਾਹਿਸ਼ਾਂ ਦੀ ਪੂਰਤੀ ਹਿਤ ਆਪਣੇ ਮਾਨਵੀ ਕਿਰਦਾਰ ਤੋਂ ਨਿਘਰਦਾ ਜਾ ਰਿਹਾ ਹੈ। ਉਹ ਨਾ ਕੇਵਲ ਆਪਣੇ ਮਾਨਵੀ ਰਿਸ਼ਤਿਆਂ ਤੋਂ ਹੀ ਦੂਰੀ ਅਖ਼ਤਿਆਰ ਕਰ ਰਿਹਾ ਹੈ ਸਗੋਂ ਆਪਣੇ ਸਵੈ ਤੋਂ ਵੀ ਦੂਰ ਜਾ ਰਿਹਾ ਹੈ। ਉਹ ਆਪਣਾ ਮੂਲ ਪਛਾਣ ਸਕਣ ਦੇ ਸਮਰੱਥ ਵੀ ਨਹੀਂ ਰਿਹਾ। ਇਸ ਪੁਸਤਕ ਦੀ ਰਚਨਾ ਕਰ ਕੇ ਜਿਥੇ ਲੇਖਕ ਨੇ ਅਜੋਕੇ ਮਾਨਵ ਨੂੰ ਸਹੀ ਜੀਵਨ-ਜਾਚ ਸਿਖਾਉਣ ਦਾ ਉਪਰਾਲਾ ਕੀਤਾ ਹੈ, ਉਥੇ ਉਸ ਨੇ ਆਪਣੇ ਭਾਵਾਂ ਦਾ ਵਿਰੇਚਣ ਵੀ ਕੀਤਾ ਹੈ। ਸਾਰੀਆਂ ਹੀ ਸਿਮਰਤੀਆਂ ਵਿਚ ਲੇਖਕ ਦਾ ਆਸ਼ਾ ਸਮਾਜ ਸੁਧਾਰ ਹੈ। ਉਹ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਦਾ ਹੈ ਕਿ ਚੰਗੇਰੇ ਭਾਈਚਾਰਕ ਜੀਵਨ ਲਈ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਕਿਨ੍ਹਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਸੰਸਾਰਕ ਜੀਵਨ ਵਿਚ ਜੋ ਵਰਤਮਾਨ ਵਿਚ ਹੋ ਰਿਹਾ ਹੈ ਪਰ ਜੋ ਹੋਣਾ ਚਾਹੀਦਾ ਹੈ, ਇਸ ਵਿਚ ਸਪੱਸ਼ਟ ਅੰਤਰ ਹੈ। ਗਿਆਨ ਦਾ ਮੰਡੀਕਰਨ ਹੋ ਚੁੱਕਾ ਹੈ। ਇਲੈਕਟ੍ਰਾਨਿਕ ਮੀਡੀਆ ਨੇ, ਕੰਪਿਊਟਰੀਕਰਨ ਨੇ ਮਨੁੱਖੀ ਸੋਚ ਨੂੰ ਜੰਗਾਲ ਲਾ ਦਿੱਤਾ ਹੈ। ਮਨੁੱਖ ਸੰਕੀਰਣ ਸੋਚ ਵਿਚ ਉਲਝ ਕੇ ਰਹਿ ਗਿਆ ਹੈ। ਕੁਦਰਤੀ ਸਹਿਜ ਜੀਵਨ ਤੋਂ ਦੂਰ ਜਾ ਰਿਹਾ ਹੈ। ਜੀਵਨ ਵਿਚ ਛੋਟੀਆਂ ਗੱਲਾਂ ਦਾ ਵੀ ਮਹੱਤਵ ਹੈ। ਸਮਝਣ ਦੀ ਲੋੜ ਹੈ ਆਦਿ ਅਨੇਕਾਂ ਅਨੁਭਵ ਲੇਖਕਾਂ ਨੇ ਸਾਂਝੇ ਕੀਤੇ ਹਨ। ਉਸ ਦਾ ਸਿਰਜਿਆ ਪ੍ਰਵਚਨ ਤਿਲਕਦਾ ਤਿਲਕਦਾ ਕਿੱਥੋਂ ਕਿੱਥੇ ਅਪੜ ਜਾਂਦਾ ਹੈ, ਇਸੇ ਵਿਚ ਹੀ ਹਰ ਸਿਮਰਤੀ ਦਾ ਮਹੱਤਵ ਨਿਹਿਤ ਹੈ। ਵਿਚਾਰਾਂ ਵਿਚ ਬਾਰੰਬਰਤਾ ਹੈ। ਵਿਸ਼ੇਸ਼ ਅਪਣਾਉਣ ਯੋਗ ਗੱਲਾਂ ਬਾਰੇ 'ਯਾਦ ਰੱਖੋ' ਵਾਕੰਸ਼ ਦਾ ਪ੍ਰਯੋਗ ਬੜਾ ਸਾਰਥਕ ਪ੍ਰਤੀਕ ਹੁੰਦਾ ਹੈ। ਸ਼ੈਲੀ ਸੰਬੋਧਨੀ ਹੈ, ਅਨਯ-ਪੁਰਖੀ ਹੈ, ਸੰਵਾਦਕੀ ਹੈ। ਸੰਵਾਦ ਵਿਚ ਮੁਰਸ਼ਦ, ਮੁਰੀਦ; ਗੁਰੂ, ਸ਼ਿਸ਼; ਬਜ਼ੁਰਗ, ਜਿਗਿਆਸੂ ਆਦਿ ਭਾਗ ਲੈਂਦੇ ਹਨ। ਅਖੀਰ ਵਿਚ ਡਾ: ਸ.ਪ. ਸਿੰਘ ਸਾਬਕਾ ਉਪ ਕੁਲਪਤੀ ਗੁ: ਨਾ: ਦੇ: ਯੂ: ਦੇ ਵਿਚਾਰਾਂ ਨਾਲ ਸਹਿਮਤ ਹੋਣਾ ਪੈਂਦਾ ਹੈ, 'ਮਨੁੱਖੀ ਹੋਂਦ, ਅਸਤਿੱਤਵ ਤੇ ਮਨੁੱਖੀ ਸਵੈ-ਪਛਾਣ ਨੂੰ ਟਕੋਰ ਕਰਦੀ ਹੋਈ ਇਹ ਪੁਸਤਕ ਨਿਰਸੰਦੇਹ ਸਾਹਿਤਕ ਜਗਤ ਵਿਚ ਨਵੇਂ ਸੰਵਾਦ ਪੈਦਾ ਕਰਨ ਦੀ ਸੰਭਾਵਨਾ ਰੱਖਦੀ ਹੈ।'

-ਡਾ: ਧਰਮ ਚੰਦ ਵਾਤਿਸ਼
ਮੋ: 88376-79186.


ਹਨੇਰੇ ਰਾਹਾਂ 'ਤੇ
ਲੇਖਕ : ਬਲਵੰਤ ਸਿੰਘ ਮੁਸਾਫ਼ਿਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ: 195 ਰੁਪਏ, ਸਫ਼ੇ : 148
ਸੰਪਰਕ : 98149-17679.

ਹੱਥਲੀ ਪੁਸਤਕ 'ਹਨੇਰੇ ਰਾਹਾਂ 'ਤੇ' ਬਲਵੰਤ ਸਿੰਘ ਮੁਸਾਫ਼ਿਰ ਦਾ ਦੂਜਾ ਨਾਵਲ ਹੈ ਇਸ ਨਾਵਲ ਵਿਚ ਨਾਵਲਕਾਰ ਨੇ ਪੰਜਾਬ ਦੇ ਬੌਣੇ ਤੇ ਬੇਵੱਸ ਹੋਣ ਦੀ ਗੱਲ ਕੀਤੀ ਹੈ ਜਿਸ ਵਿਚ ਲੋਕਾਂ ਦੀਆਂ ਆਰਥਿਕ, ਰਾਜਨੀਤਕ ਅਤੇ ਧਾਰਮਿਕ ਪ੍ਰਵਿਰਤੀਆਂ ਨੂੰ ਉਭਾਰਿਆ ਗਿਆ ਹੈ। ਨਾਵਲ ਵਿਚ ਵਿਗੜੇ ਹੋਏ ਨੌਜਵਾਨਾਂ ਦੀ ਗੱਲ ਕੀਤੀ ਗਈ ਹੈ ਤੇ ਨਾਵਲਕਾਰ ਨੇ ਨਸੀਹਤਾਂ ਵੀ ਦਿੱਤੀਆਂ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਪੂਰਾ-ਪੂਰਾ ਖਿਆਲ ਰੱਖਣਾ ਚਾਹੀਦਾ ਹੈ, ਪਰ ਰਾਜਨੀਤਕ, ਸਮਾਜਿਕ ਤੇ ਆਰਥਿਕ ਨਿਘਾਰ ਆਉਣ ਕਰਕੇ ਸਭ ਕੁਝ ਰਸਾਤਲ ਵੱਲ ਜਾ ਰਿਹਾ ਹੈ। ਨਾਵਲਕਾਰ ਨੇ ਇਸ ਨਾਵਲ ਵਿਚ ਧਾਰਮਿਕ ਆਗੂਆਂ, ਰਾਜਨੀਤਕ ਲੋਕਾਂ, ਸੁਰੱਖਿਆ ਦਲਾਂ ਤੇ ਅਫਸਰਾਂ ਨੇ ਮਨੁੱਖ ਦੇ ਪ੍ਰਗਤੀਸ਼ੀਲ ਵਿਕਾਸ ਨੂੰ ਗੰਧਲਾ ਕਰਕੇ ਬਹੁਤ ਹੀ ਤ੍ਰਾਸਦਿਕ ਸਥਿਤੀ ਨੂੰ ਬਿਆਨ ਕੀਤਾ ਹੈ। ਇਸ ਨਾਵਲ ਵਿਚ ਨਸ਼ਿਆਂ, ਬੇਰੁਜ਼ਗਾਰੀ, ਦਾਜ, ਆਦਿ ਦੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਸਰਕਾਰਾਂ ਦੇ ਅਜਿਹੇ ਵਤੀਰੇ ਕਰਕੇ ਆਮ ਲੋਕਾਂ ਨੂੰ ਅਜਿਹੇ ਦੁੱਖ ਭੋਗਣੇ ਪੈਂਦੇ ਹਨ ਜਿਨ੍ਹਾਂ ਨੂੰ ਕੋਈ ਦੇਖਣ ਵਾਲਾ ਹੀ ਨਹੀਂ ਹੈ। ਅਜੋਕੇ ਸਮੇਂ ਵਿਚ ਮਾਨਵੀ ਕਦਰਾਂ-ਕੀਮਤਾਂ ਦੀ ਕੋਈ ਥਾਂ ਨਹੀਂ ਰਹੀਂ। ਮੁਸਾਫ਼ਿਰ ਨੇ ਸਾਰੀਆਂ ਹੀ ਸਮੱਸਿਆਵਾਂ ਆਪਣੇ ਚੁਗਿਰਦੇ ਵਿਚੋਂ ਲਈਆਂ ਹਨ ਜੋ ਜ਼ਿੰਦਗੀ ਦੇ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਹਨ। ਨਾਵਲ ਵਿਚ ਘੋਰ-ਚਿੰਤਾਵਾਂ ਦੇ ਵਿਸ਼ੇ ਹੀ ਲਏ ਗਏ ਹਨ ਜੋ ਅੰਧ-ਵਿਸ਼ਵਾਸ ਵਿਚ ਉਲਝੇ ਪਏ ਹਨ ਤੇ ਜਾਤ-ਪਾਤ ਦੇ ਜਨੂੰਨ ਵਿਚ ਫਸੇ ਪਏ ਨਿਘਾਰ ਵੱਲ ਜਾ ਰਹੇ ਹਨ। ਸਮੁੱਚੇ ਰੂਪ ਵਿਚ ਬਲਵੰਤ ਸਿੰਘ ਮੁਸਾਫ਼ਿਰ ਦਾ ਨਾਵਲ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਪੱਖਾਂ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੈ। ਲੇਖਕ ਨੂੰ ਮੁਬਾਰਕਬਾਦ।

-ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161

 

26-05-2019

  ਤਲੀਆਂ ਦਾ ਸੇਕ
ਗ਼ਜ਼ਲਕਾਰ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ (ਸਿਰਸਾ)
ਮੁੱਲ : 175 ਰੁਪਏ, ਸਫ਼ੇ : 80
ਸੰਪਰਕ : 094161-24729.

ਸ਼ਾਇਰ ਸ਼ਾਹਗੀਰ ਸਿੰਘ ਤੇਜ਼ੀ ਨਾਲ ਲਿਖਣ ਵਾਲਾ ਅਤੇ ਆਪਣੀਆਂ ਪੁਸਤਕਾਂ ਛਪਵਾਉਣ ਵਾਲਾ ਕਵੀ ਹੈ | ਉਸ ਨੇ ਇਕੋ ਸਾਲ ਵਿਚ ਛੇ ਕਾਵਿ ਸੰਗ੍ਰਹਿ ਪੰਜਾਬੀ ਮਾਂ ਦੀ ਝੋਲੀ ਪਾਏ ਹਨ | ਭਾਵੇਂ ਇਵੇਂ ਦੁਹਰਾਉ ਦਾ ਖ਼ਤਰਾ ਰਹਿੰਦਾ ਹੈ ਪਰ ਕਵੀ ਸ਼ੇਰਗਿੱਲ ਕੋਲ ਨਵੇਂ-ਨਵੇਂ ਅਹਿਸਾਸ ਦਸਤਕ ਦਿੰਦੇ ਹਨ |
ਹਥਲੀ ਪੁਸਤਕ ਦੇ ਬਹੁਤ ਸਾਰੇ ਸ਼ਿਅਰ ਪੜ੍ਹਨ-ਸਾਂਭਣਯੋਗ ਹਨ ਜਿਵੇਂ : 'ਸਰੀਰਾਂ ਦੀ ਸਾਂਝ ਨਹੀਂ ਮੁਹੱਬਤ ਦੀ ਸਾਂਝ ਹੁੰਦੀ ਹੈ/ਫਿਰ ਇਕ ਰੂਹ ਕਿਸ ਤਰ੍ਹਾਂ ਦੂਜੀ ਰੂਹ ਤੋਂ ਕਿਨਾਰਾ ਕਰ ਗਈ?, 'ਧੜਕਣ ਹੀ ਤਾਂ ਦੱਸਦੀ ਸੇਕ ਤਲੀਆਂ ਦਾ ਸੀਰ/ਜਜ਼ਬਾਤਾਂ 'ਚ ਘਿਰਿਆ ਇਹ ਸਰਦ ਹੈ ਕਿ ਗਰਮ ਹੈ', 'ਲਾਪਤਾ ਹੈ ਸੱਚੀ ਮੈਥੋਂ ਮੇਰਾ ਪਨ ਹੈ ਲਾਪਤਾ/ਪੁੱਛਦਾਂ ਉਸ ਦਾ ਪਤਾ ਜਿਸ ਦਾ ਕਿਸੇ ਵੀ ਨਹੀਂ ਪਤਾ', 'ਇਹ ਪਸ਼ੂ ਨੇ ਜੋ ਸੁੰਘ-ਸੁੰਘ ਕੇ ਨੇ ਪਛਾਣਦੇ/ਮੂਰਖ ਹੈ ਮਨੁੱਖ ਜੋ ਦੇਖ ਕੇ ਵੀ ਪਛਾਣਦਾ ਨਹੀਂ |'
ਸ਼ਾਇਰ ਗਿੱਲ ਨੇ ਸਾਰੀਆਂ ਹੀ ਗ਼ਜ਼ਲਾਂ, ਗ਼ਜ਼ਲ ਦੀ ਤਕਨੀਕ ਵਿਚ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸ ਦੇ ਬਹਿਰ ਅਤੇ ਛੰਦ ਚਰਮਰਾ ਜਾਂਦੇ ਹਨ | ਕਈ ਸ਼ਿਅਰ ਤਾਂ ਵਾਰਤਕ ਹੀ ਲਗਦੇ ਹਨ | ਜਿਵੇਂ ਕਿ ਉਸ ਦੀ ਪਹਿਲੀ ਗ਼ਜ਼ਲ ਵਿਚ ਸਾਰੇ ਕਾਫੀਏ ਨਾਕਸ ਹਨ :
ਤਲੀਆਂ ਦਾ ਸੇਕ ਦਸਦੈ ਜਿਵੇਂ ਅੰਦਰ ਗਰਮ ਹੈ
ਅੰਦਰ ਹੀ ਦੱਸਦੈ ਕੀ ਸਰਦ ਹੈ ਕੀ ਗਰਮ ਹੈ |
ਸ਼ਿਅਰ ਸੌਖੀ ਭਾਸ਼ਾ ਵਿਚ ਹਨ ਅਤੇ ਸਿੱਖਿਆਦਾਇਕ ਹਨ |

—ਸੁਲੱਖਣ ਸਰਹੱਦੀ
ਮੋ: 94174-84337.
c c c

ਉਡੀਕਾਂ
ਲੇਖਕ : ਮਨਮੋਹਨ ਪੰਛੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 180 ਰੁਪਏ, ਸਫ਼ੇ : 124
ਸੰਪਰਕ : 94171-79477.

ਮਨਮੋਹਨ ਪੰਛੀ ਫ਼ੌਜ ਦੀ ਸੇਵਾ ਕਰਦੇ ਹੋਏ, ਦੇਸ਼ ਸੇਵਾ ਨਾਲ ਓਤਪ੍ਰੋਤ ਕਵੀ ਹੈ | ਉਸ ਦੇ ਗੀਤਾਂ ਵਿਚੋਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰੁਮਾਂਟਿਕ ਵਿਸ਼ੇ ਵੀ ਉੱਭਰ ਕੇ ਸਾਹਮਣੇ ਆਉਂਦੇ ਹਨ | ਉਹ ਸਮਾਜ ਵਿਚ ਪਸਰੀਆਂ ਬੁਰਾਈਆਂ ਤੋਂ ਭਲੀ-ਭਾਂਤ ਜਾਣੂ ਹੈ ਤੇ ਮਨੁੱਖੀ ਮਨ ਦੀ ਮਾਨਸਿਕਤਾ ਤੋਂ ਵੀ, ਜਦੋਂ ਉਹ ਲਿਖਦਾ ਹੈ :
ਲਾਡਾਂ ਨਾਲ ਪਾਲੀਆਂ ਧੀਆਂ,
ਚੜ੍ਹ ਜਾਂਦੀਆਂ ਨੇ ਲੋਕੋ ਬਲੀ ਦਾਜ ਦੀ |
ਜਾਂ
ਧੱਕੇ ਮਾਰਨ ਬੇਬੇ ਨੂੰ ਜਿਨ੍ਹਾਂ ਨੇ ਮੌਜ ਗੋਦ ਵਿਚ ਮਾਣੀ |
ਉਸ ਨੇ ਆਪਣੇ ਗੀਤਾਂ ਵਿਚ ਜਿਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਪੇਸ਼ ਕੀਤਾ ਹੈ, ਉਥੇ ਸਿਦਕੀ ਮਾਵਾਂ ਦੇ ਜਿਗਰੇ ਵੀ ਵੱਡੇ ਦਰਸਾਏ ਹਨ | ਸ਼ਹੀਦ ਭਗਤ ਸਿੰਘ ਦੀ ਹੋਣੀ, ਰੰਗਲਾ ਪੰਜਾਬ ਕੌਣ ਡੋਲੀ ਤੋਰੂ ਭੈਣ ਦੀ, ਦਰਦ ਭਿੱਜਾ ਸੁਨੇਹਾ, ਖੱਤ ਪੁਰਾਣੇ ਤੇ ਵਸਣਾਂ ਪਿੰਡਾਂ ਦਾ ਵੱਖ-ਵੱਖ ਵਿਸ਼ਿਆਂ ਨੂੰ ਆਪਣੇ ਗੀਤਾਂ ਰਾਹੀਂ ਬਾਖੂਬੀ ਪੇਸ਼ ਕੀਤਾ ਹੈ | ਉਸ ਨੂੰ ਛੰਦਾਬੰਦੀ ਦਾ ਵੀ ਪੂਰਨ ਗਿਆਨ ਹੈ ਅਤੇ ਹਥਲੀ ਪੁਸਤਕ ਵਿਚ ਛੇ ਕਬਿੱਤ, ਛੇ ਬੈਂਤ, ਛੇ ਦੋ ਤਾਰਾ ਛੰਦ, ਚਾਰ ਰੁਬਾਈਆਂ, ਅੱਠ ਸ਼ਿਅਰ, ਦੋ ਕੋਰੜਾ ਛੰਦ, ਲੋਕ ਛੰਦ ਤੇ ਕੁਝ ਸੋਲੋ ਗੀਤ ਵੀ ਕਾਵਿ ਜੁਗਤ ਵਜੋਂ ਵਰਤੇ ਹਨ | ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦਾ ਹੋਇਆਂ ਕਵੀ ਲਿਖਦਾ ਹੈ :
ਆਪਣੇ ਤੋਂ ਮਾੜੇ ਦੁਖੀਏ ਗ਼ਰੀਬ ਦਾ ਦਿਲ ਨਹੀਂ ਦੁਖਾਈ ਦਾ,
ਬੁੱਢੇ ਮਾਂ-ਬਾਪ ਘਰ ਛੱਡ ਕੇ ਜਿਊਾਦੇ, ਤੀਰਥੀਂ ਨਹੀਂ ਜਾਈਦਾ |
ਉਸ ਨੇ ਤਾਂ ਸਮੁੱਚੇ ਜੀਵਨ ਨੂੰ ਹੀ ਕਾਵਿ ਕਲਾ ਦੇ ਕਲਾਵੇ ਵਿਚ ਲਿਆ ਜਾਪਦਾ ਹੈ, ਸਮੱਸਿਆਵਾਂ ਤੇ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਸੰਕੋਚ ਨਹੀਂ ਕੀਤਾ ਬਲਕਿ ਵਿਅੰਗ ਤੋਂ ਕੰਮ ਲਿਆ ਹੈ | ਅਸ਼ਲੀਲ ਤੇ ਲੱਚਰ ਸ਼ਬਦਾਵਲੀ ਤੋਂ ਪਰਹੇਜ਼ ਕੀਤਾ ਹੈ | ਭਾਸ਼ਾ ਵਿਚ ਵਿਸ਼ਾਲ ਜੀਵਨ ਅਨੁਭਵ, ਪ੍ਰੋੜਤਾ ਤੇ ਸੰਵੇਦਨਸ਼ੀਲਤਾ ਦੀ ਝਲਕ ਸਪੱਸ਼ਟ ਨਜ਼ਰੀਂ ਪੈਂਦੀ ਹੈ | ਕਵੀ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਸਿੱਧਾ ਸੰਪਰਕ ਰੱਖ ਕੇ ਮਾਂ ਬੋਲੀ ਦੀ ਝੋਲੀ ਭਰਪੂਰ ਕੀਤੀ ਹੈ |

—ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
c c c

ਰੋਟੀਆਂ ਕਾਰਣਿ ਪੂਰਹਿ ਤਾਲ
ਲੇਖਕ : ਇੰਜ: ਲਾਲ ਸਿੰਘ ਕਲਸੀ
ਪ੍ਰਕਾਸ਼ਕ : ਸੁਮੀਤ ਪਿੰ੍ਰਟਜ਼ ਪੈਕਸ, ਓਲਡ ਜੇਲ੍ਹ ਰੋਡ, ਫ਼ਰੀਦਕੋਟ
ਮੁੱਲ : 100 ਰੁਪਏ, ਸਫ਼ੇ : 118
ਸੰਪਰਕ : 98149-76639.

'ਰੋਟੀਆਂ ਕਾਰਣਿ ਪੂਰਹਿ ਤਾਲ' ਪੁਸਤਕ ਨੂੰ ਇਕ ਵਿਧਾ ਦੇ ਖਾਨੇ ਵਿਚ ਰੱਖਣਾ ਔਖਾ ਕਾਰਜ ਹੈ | ਕੀ ਇਹ ਸਫ਼ਰਨਾਮਾ ਹੈ? ਜਾਂ, ਕੀ ਇਹ ਲੇਖਕ ਦੀਆਂ ਯਾਦਾਂ ਹਨ? ਜਾਂ, ਕੀ ਇਹ ਸਵੈ-ਜੀਵਨੀ ਹੈ? ਜਾਂ ਵਾਰਤਕ ਦਾ ਵਧੀਆ ਨਮੂਨਾ ਹੈ? ਇਹ ਇਨ੍ਹਾਂ ਸਾਰੀਆਂ ਵੰਨਗੀਆਂ ਦਾ ਮਿਲਗੋਭਾ ਜਾਪਦਾ ਹੈ ਜਿਸ ਨੂੰ ਰੌਚਿਕ ਲੇਖ-ਸੰਗ੍ਰਹਿ ਵੀ ਆਪ ਸਕਦੇ ਹਾਂ | ਲੇਖਕ ਪੜ੍ਹ-ਲਿਖ ਕੇ ਪਿੰਜੌਰ ਦੇ ਕਾਰਖਾਨੇ ਵਿਚ ਨੌਕਰ ਹੋ ਜਾਂਦਾ ਹੈ | ਆਪਣੀ ਕਿਰਤ ਦੀ ਘਾਲਣਾ ਅਤੇ ਮਿਹਨਤ ਨਾਲ ਉਹ ਉਥੇ ਚੰਗਾ ਨਾਮਣਾ ਖੱਟਦਾ ਹੈ | ਆਪਣੇ ਕਿੱਤੇ ਨਾਲ ਪੂਰਾ ਇਨਸਾਫ਼ ਕਰਦਾ ਹੈ | ਪਰ ਅਫਸਰਸ਼ਾਹੀ ਵਲੋਂ ਉਸ ਨਾਲ ਧੱਕਾ ਕਰਨ ਕਾਰਨ, ਉਸ ਦੀ ਬਣਦੀ ਤਰੱਕੀ ਨਾ ਦੇਣ ਤੇ ਉਸ ਦੀ ਮਿਹਨਤ ਅਤੇ ਕਾਰਜ ਨੂੰ ਨਜ਼ਰਅੰਦਾਜ਼ ਕਰਨ ਕਾਰਨ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ, ਉਥੋਂ ਦੀ ਨੌਕਰੀ ਨੂੰ ਲੱਤ ਮਾਰ ਕੇ, ਅਸਤੀਫ਼ਾ ਦੇ ਕੇ ਘਰ ਪਰਤ ਆਉਂਦਾ ਹੈ | ਆਪਣੀ ਤਕਨੀਕ ਸੂਝਬੂਝ ਤੇ ਕੰਮ ਦਾ ਕਰਿੰਦਾ ਹੋਣ ਕਾਰਨ, ਅੰਗਰੇਜ਼ੀ ਦੀ ਮੁਹਾਰਤ ਕਰਕੇ ਉਸ ਨੂੰ ਈਰਾਨ ਦੀ ਸੀਮੈਂਟ ਫੈਕਟਰੀ ਵਿਚ ਕੰਮ ਮਿਲ ਜਾਂਦਾ ਹੈ ਤੇ ਉਹ ਈਰਾਨ ਚਲਾ ਜਾਂਦਾ ਹੈ | ਉਥੇ ਵੀ ਮਿਹਨਤੀ ਅਤੇ ਲਿਆਕਤ ਹੋਣ ਕਾਰਨ ਉਸ ਦੇ ਅਫਸਰ ਉਸ ਨਾਲ ਖੁਸ਼ ਰਹਿੰਦੇ ਹਨ ਤੇ ਉਸ ਦੇ ਕੰਮ ਦੀ ਪ੍ਰਸੰਸਾ ਕਰਦੇ ਹਨ | ਪਰ ਉਥੇ ਰਾਜ ਪਲਟਾ ਹੋ ਜਾਣ ਕਾਰਨ ਉਸ ਨੂੰ ਵਾਪਸ ਪਰਤਣਾ ਪੈਂਦਾ ਹੈ | ਮੁੜ ਉਸ਼ ਨੂੰ ਫਿਰ ਯੂ.ਏ.ਈ. ਦੀ ਇਕ ਗੈਸ ਕੰਪਨੀ ਵਿਚ ਨੌਕਰੀ ਮਿਲ ਜਾਂਦੀ ਹੈ, ਜਿਥੇ ਉਹ ਕਈ ਵਰ੍ਹੇ ਬੜੀ ਮੁਹਾਰਤ ਨਾਲ ਕੰਮ ਕਰਦਾ ਹੈ | ਆਪਣੇ ਕੰਮ ਦਾ ਜਾਣਕਾਰ ਹੋਣ ਕਾਰਨ ਉਹ ਇਥੇ ਵੀ ਆਪਣੀ ਯੋਗ ਥਾਂ ਬਣਾ ਲੈਂਦਾ ਹੈ ਤੇ ਵੱਡੀਆਂ-ਵੱਡੀਆਂ ਕੰਪਨੀਆਂ ਦੀਆਂ ਗ਼ਲਤੀਆਂ ਤੱਕ ਕੱਢ ਦਿੰਦਾ ਹੈ | ਉਥੋਂ ਸੇਵਾ-ਮੁਕਤ ਹੋ ਕੇ ਉਹ ਫ਼ਰੀਦਕੋਟ ਆ ਕੇ ਆਦੇਸ਼ ਗਰੁੱਪ ਵਾਲਿਆਂ ਨਾਲ ਕੰਮ ਕਰਦਾ ਹੈ, ਫਾਇਰ ਕੰਪਨੀ ਵਿਚ ਨੌਕਰੀ ਕਰਦਾ ਹੈ ਤੇ ਮੁੜ ਆਪਣਾ ਪ੍ਰਾਈਵੇਟ ਅਦਾਰਾ ਖੋਲ੍ਹ ਕੇ ਸੁਤੰਤਰ ਕੰਮ ਕਰਨ ਲਗਦਾ ਹੈ | ਉਸ ਦੀ ਵਾਰਤਕ ਬਹੁਤ ਸਾਦੀ ਪਰ ਰੌਚਕ ਹੈ | ਉਸ ਦੇ ਲੇਖਾਂ ਵਿਚ ਕਹਾਣੀ-ਰਸ ਦੀ ਭਰਮਾਰ ਹੈ |

—ਕੇ. ਐਲ. ਗਰਗ
ਮੋ: 94635-37050.
c c c

ਲੂਹੀ ਲੂਹੀ ਜ਼ਿੰਦਗੀ
ਸ਼ਾਇਰ : ਤੇਲੂ ਰਾਮ ਕੁਹਾੜਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94633-53760

ਤੇਲੂ ਰਾਮ ਕੁਹਾੜਾ ਬਹੁਪੱਖੀ ਤੇ ਬਹੁਪਰਤੀ ਪੰਜਾਬੀ ਅਦੀਬ ਹੈ | 'ਲੂਹੀ ਲੂਹੀ ਜ਼ਿੰਦਗੀ' ਉਸ ਦੀ ਉਮਰ ਦੇ ਅੱਠਵੇਂ ਦਹਾਕੇ ਵਿਚ ਛਪੀ ਪੁਸਤਕ ਹੈ ਤੇ ਉਸ ਦੀ ਕਲਮ ਨੇ ਅੱਧੀ ਸਦੀ ਦਾ ਸਫ਼ਰ ਤੈਅ ਕਰ ਲਿਆ ਹੈ | ਮੈਨੂੰ ਖ਼ੁਸ਼ੀ ਹੈ ਕਿ ਕੁਹਾੜਾ ਦੀ ਇਸ ਕਿਤਾਬ ਵਿਚ ਨਿੱਜੀ ਵਲਵਲਿਆਂ ਦੀ ਭਰਮਾਰ ਨਹੀਂ ਹੈ, ਬਲਕਿ ਇਸ ਵਿਚ ਉਸ ਨੇ ਆਪਣੀ ਕਾਵਿਕ ਸਮਰੱਥਾ ਰਾਹੀਂ ਲੋਕ ਮਸਲਿਆਂ ਤੇ ਤੰਗੀ ਤੁਰਸ਼ੀ ਨਾਲ ਜੀਵਨ ਬਸਰ ਕਰ ਰਹੇ ਲੋਕਾਂ ਦੇ ਮਨੋਭਾਵਾਂ ਨੂੰ ਉਭਾਰਿਆ ਹੈ | ਇਸ ਪੁਸਤਕ ਦਾ ਆਗ਼ਾਜ਼ ਉਹ ਖੁੱਲ੍ਹੀ ਕਵਿਤਾ ਰਾਹੀਂ ਬਾਬੇ ਨਾਨਕ ਦੀ ਸੋਚ ਤੇ ਝੂਠੀਆਂ ਪਰੰਪਰਾਵਾਂ ਵਿਰੁੱਧ ਉਨ੍ਹਾਂ ਦੇ ਬਗ਼ਾਵਤੀ ਤੇਵਰਾਂ ਨਾਲ ਕਰਦਾ ਹੈ | ਇਸ ਤੋਂ ਅੱਗੇ ਸ਼ਾਇਰ ਮਨੁੱਖਤਾ ਨੂੰ ਦਰਪੇਸ਼ ਖ਼ਤਰਿਆਂ, ਜਟਿਲਤਾਵਾਂ ਤੇ ਮਨੁੱਖੀ ਲੁੱਟ-ਖਸੁੱਟ ਪ੍ਰਤੀ ਖੁੱਲ੍ਹ ਕੇ ਨਿੱਤਰਦਾ ਹੈ | 'ਨੂਰਾਂ' ਕਵਿਤਾ ਧੀਆਂ ਪ੍ਰਤੀ ਸਮਾਜ ਦੀ ਬੇਗ਼ਾਨਗੀ ਦੀ ਕਰੂਰ ਪੇਸ਼ਕਾਰੀ ਹੈ | 'ਮਾਂ ਕਿੱਥੇ ਚਲੀ ਗਈ' ਭਾਵੇਂ ਉਸ ਦੇ ਨਿੱਜ ਨਾਲ ਸਬੰਧਿਤ ਹੈ ਪਰ ਫਿਰ ਵੀ ਇਹ ਇਕ ਵੱਡੇ ਸੱਚ ਦੀ ਪੇਸ਼ਕਾਰੀ ਹੈ | ਪੰਜਾਬੀ ਸਾਹਿਤ ਵਿਚ ਮਾਂ ਬਾਰੇ ਕਾਫ਼ੀ ਲਿਖਿਆ ਗਿਆ ਹੈ ਪਰ ਸਚਾਈ ਇਹੋ ਹੈ ਕਿ ਬਾਪ ਦਾ ਰਿਸ਼ਤਾ ਵੀ ਓਨਾ ਹੀ ਮਹੱਤਵਪੂਰਨ ਹੈ ਤੇ ਕੁਹਾੜਾ ਨੇ 'ਬਾਪੂ' ਕਵਿਤਾ ਰਾਹੀਂ ਬਾਪ ਦੇ ਮਹੱਤਵ ਨੂੰ ਵੀ ਦਰਸਾਇਆ ਹੈ | 'ਲੂਹੀ ਲੂਹੀ ਜ਼ਿੰਦਗੀ' ਵਿਚ ਸ਼ਾਇਰ ਨੇ ਇਕ ਕਵਿਤਾ ਆਪਣੀ ਵਿਛੜ ਚੁੱਕੀ ਹਮਸਫ਼ਰ ਨੂੰ ਸਮਰਪਤ ਕੀਤੀ ਹੈ | ਸ਼ਾਇਰ ਆਪਣੇ ਸਮਾਜ ਤੇ ਦੇਸ਼ ਦੀ ਮੌਜੂਦਾ ਰਾਜਨੀਤਕ ਸਥਿਤੀ ਤੋਂ ਦੁਖੀ ਤਾਂ ਹੈ ਪਰ ਉਦਾਸੀਨ ਨਹੀਂ ਹੈ | ਉਸ ਅਨੁਸਾਰ ਸੰਕਟ ਤੇ ਮੁਸ਼ਕਿਲਾਂ ਦੇ ਬੱਦਲ ਬਹੁਤਾ ਚਿਰ ਨਹੀਂ ਰਹਿਣ ਵਾਲੇ | 'ਲੂਹੀ ਲੂਹੀ ਜ਼ਿੰਦਗੀ' ਵਿਚ ਗ਼ਜ਼ਲਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ ਤੇ ਬਹੁਤੇ ਸ਼ਿਅਰ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਜ਼ੁਬਾਨ ਦਿੰਦੇ ਹਨ ਪਰ ਗ਼ਜ਼ਲ ਦੀਆਂ ਬਾਰੀਕ ਤੰਦਾਂ ਕਿਤੇ-ਕਿਤੇ ਟੁੱਟਦੀਆਂ ਹਨ | ਵਧੇਰੇ ਮਹੱਤਵਪੂਰਨ ਗੱਲ ਉਸ ਦਾ ਦਰਦਮੰਦਾਂ ਨਾਲ ਖੜ੍ਹਨਾ ਹੈ |

—ਗੁਰਦਿਆਲ ਰੌਸ਼ਨ
ਮੋ: 9988444002
c c c

ਬੋਲ ਮਰਦਾਨਿਆ
ਅੰਤਰ-ਮਨ ਦੀ ਯਾਤਰਾ ਦਾ ਦਾਰਸ਼ਨਿਕ ਸੰਵਾਦ
ਲੇਖਕ : ਡਾ: ਗੁਰਮੀਤ ਸਿੰਘ ਬੈਦਵਾਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 98550-16660.

ਹਥਲੀ ਪੁਸਤਕ ਪੰਜਾਬੀ ਨਾਵਲ ਸਾਹਿਤ ਵਿਚ ਵਿਲੱਖਣ ਦਿ੍ਸ਼ਟੀ ਤੋਂ ਸਿਰਜਣਾ ਕਰਨ ਵਾਲੇ ਪ੍ਰਸਿੱਧ ਲੇਖਕ ਜਸਬੀਰ ਮੰਡ ਦੇ ਨਾਵਲ 'ਬੋਲ ਮਰਦਾਨਿਆ' ਦਾ ਆਲੋਚਨਾਤਮਕ ਅਧਿਐਨ ਪਾਠਕਾਂ ਦੇ ਸਨਮੁੱਖ ਕਰਦੀ ਹੈ |
ਜਿਥੇ ਇਹ ਨਾਵਲ ਭਾਰਤੀ ਸੋਚ-ਦਿ੍ਸ਼ਟੀ ਦੇ ਮੂਲ ਸਿਧਾਂਤਾਂ ਨੂੰ ਪੇਸ਼ ਕਰਦਾ ਹੈ ਉਥੇ ਲੇਖਕ ਦੀ ਨਵੀਨ ਪਹੁੰਚ-ਦਿ੍ਸ਼ਟੀ ਦਾ ਬੋਧ ਵੀ ਕਰਾਉਂਦਾ ਹੈ | ਆਲੋਚਕ ਬੈਦਵਾਣ ਨੇ ਜਸਬੀਰ ਮੰਡ ਦੀ ਇਸ ਰਚਨਾ ਨੂੰ ਸਭ ਤੋਂ ਪਹਿਲਾਂ ਪ੍ਰਕਿਰਤਕ ਰਚਨਾ ਕਿਹਾ ਹੈ ਅਤੇ ਸਾਬਤ ਕੀਤਾ ਹੈ ਕਿ ਨਾਵਲ ਦੀ ਰਚਨਾਤਮਕ ਪ੍ਰਕਿਰਿਆ ਦੀ ਪਿੱਠ ਭੂਮੀ ਵਿਚ ਕੁਦਰਤ ਦਾ ਵਿਸ਼ਾਲ ਪਸਾਰਾ ਪਸਰਿਆ ਹੋਇਆ ਹੈ | ਨਾਵਲ ਦੀਆਂ ਬਹੁ-ਪਾਸਾਰੀ ਪਰਤਾਂ ਨੂੰ ਫੋਲਦਿਆਂ ਹੋਇਆਂ ਡਾ: ਬੈਦਵਾਣ ਨੇ ਇਸ ਰਚਨਾ ਵਿਚੋਂ ਮਨੁੱਖੀ ਚਰਿੱਤਰ ਦੀਆਂ ਅੰਤਰੀਵੀ ਜੁਗਤਾਂ ਨੂੰ ਵੀ ਪਛਾਣਿਆ ਹੈ ਅਤੇ ਇਸ ਦੇ ਪਲਾਟ ਵਿਚ ਪਸਰੇ ਸਮਾਜਿਕ ਸੰਦਰਭਾਂ ਨੂੰ ਵੀ ਘੋਖਿਆ ਹੈ |
ਮਾਨਵੀ ਸੱਭਿਆਚਾਰ ਦੇ ਸਹਿਜ ਵਰਤਾਰੇ ਨਾਲ ਸਬੰਧਿਤ ਪ੍ਰਸੰਗਾਂ ਨੂੰ ਤਾਂ ਪਛਾਣਿਆ ਹੀ ਹੈ ਨਾਲ ਦੀ ਨਾਲ ਮਨੁੱਖੀ ਮਨ ਦੇ ਅੰਤਰ ਮਨ ਦੀ ਯਾਤਰਾ ਦਾ ਦਾਰਸ਼ਨਿਕ ਬੋਧ ਵੀ ਕਰਵਾਇਆ ਹੈ | ਮਰਦਾਨਾ ਇਸ ਸੰਸਾਰ ਦੇ ਬਹੁ-ਪੱਖੀ ਸਮਾਜਿਕ, ਆਰਥਿਕ ਅਤੇ ਹੋਰ ਸਰੋਕਾਰਾਂ ਦਾ ਪ੍ਰਤੀਕ ਹੈ ਜਦ ਕਿ ਬਾਬਾ ਨਾਨਕ ਯੁੱਗ ਪਲਟਾਊ ਸੋਚ-ਦਿ੍ਸ਼ਟੀ ਦਾ ਧਾਰਕ ਹੈ ਜੋ ਕਿ ਸੱਭਿਆਚਾਰਕ ਕ੍ਰਾਂਤੀ ਦੇ ਬੋਧ ਵਜੋਂ ਪ੍ਰਗਟ ਹੁੰਦਾ ਹੈ | ਡਾ: ਬੈਦਵਾਣ ਨੇ ਨਾਵਲ ਦੀ ਸਰੰਚਨਾ ਬਾਬਤ ਗੱਲ ਕਰਦਿਆਂ ਇਸ ਦੀ ਬੋਲੀ, ਸ਼ੈਲੀ, ਸ਼ਬਦਾਵਲੀ ਅਤੇ ਪਾਤਰ-ਚਿਤਰਨ ਜਿਹੀਆਂ ਖੂਬੀਆਂ ਨੂੰ ਵੀ ਉਭਾਰਿਆ ਹੈ ਅਤੇ ਅਜੋਕੇ ਸਮੇਂ ਵਿਚ, ਸਾਢੇ ਪੰਜ ਸੌ ਸਾਲ ਬਾਅਦ ਵੀ ਜੋ ਅਸੀਂ ਲੋਕ ਬਾਬੇ ਨਾਨਕ ਦੇ ਸੰਦੇਸ਼ ਨੂੰ ਨਹੀਂ ਸਮਝ ਸਕੇ, ਇਸ ਬਾਬਤ ਵੀ ਅਜੋਕੇ ਮਨੁੱਖ ਦੇ ਬੌਣੇਪਨ ਨੂੰ ਪਛਾਣਿਆ ਹੈ ਅਤੇ ਅਜੋਕੇ ਸਾਹਿਤ ਵਿਚ ਇਸ ਨਾਵਲ ਦੀ ਸਰੇਸ਼ਟਾ ਨੂੰ ਪ੍ਰਗਟ ਕੀਤਾ ਹੈ | ਲੇਖਕ ਦਾ ਕਥਨ ਸੱਚ ਹੈ ਕਿ ਵਾਤਾਵਰਨੀ ਤਪਸ਼ ਅਤੇ ਮਾਇਆ 'ਚੋਂ ਪੈਦਾ ਹੋਏ ਹੰਕਾਰ ਦੀ ਤਪਸ਼ ਹੰਢਾਉਂਦੀ ਅਜੋਕੀ ਅਸੰਗਠਿਤ ਹੋਈ ਮਨੁੱਖੀ ਮਨਾਂ ਦੀ ਭੱਠੀ 'ਤੇ ਸਾਉਣ ਦੀ ਘਟਾ ਬਣ ਬਰਸਦਾ ਪ੍ਰਤੀਤ ਹੁੰਦਾ ਹੈ |
ਨਿਰਸੰਦੇਹ, ਇਹ ਨਾਵਲ ਅਤੇ ਇਸ ਦੀ ਆਲੋਚਨਾ ਪਾਠਕਾਂ ਅਤੇ ਪਾਰਖੂਆਂ ਲਈ ਨਵਾਂ ਮਾਡਲ ਬਣ ਸਕਦੀ ਹੈ |

—ਡਾ: ਜਗੀਰ ਸਿੰਘ ਨੂਰ
ਮੋ: 98142-09732.
c c c

ਸੂਰਜ ਦਾ ਪਰਛਾਵਾਂ
ਲੇਖਕ : ਸੁਰਿੰਦਰ ਕੈਲੇ
ਪ੍ਰਕਾਸ਼ਕ : ਅਣੂ ਮੰਚ ਲੁਧਿਆਣਾ, ਕੈਨੇਡਾ
ਸਫ਼ੇ : 120, ਮੁੱਲ : 140 ਰੁਪਏ
ਸੰਪਰਕ : 98725-91653.

ਹਥਲੀ ਪੁਸਤਕ ਦਾ ਲੇਖਕ ਮਿੰਨੀ ਕਹਾਣੀ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ 'ਚ ਇਸ ਦੀ ਹਰਮਨ-ਪਿਆਰਤਾ ਨੂੰ ਵਧਾਉਣ ਲਈ 'ਅਣੂ' ਮਿੰਨੀ ਪੱਤਰਿਕਾ ਸਾਲ 1972 ਤੋਂ ਲਗਾਤਾਰ ਛਾਪ ਰਿਹਾ ਹੈ | ਲੇਖਕ ਨੂੰ ਮਿੰਨੀ ਕਹਾਣੀ ਦੇ ਵਿਸ਼ਾ ਵਸਤੂ, ਉਦੇਸ਼, ਪੇਸ਼ਕਾਰੀ ਅਤੇ ਰੂਪਕ ਪੱਖ ਦੀ ਕਾਫ਼ੀ ਸੋਝੀ ਹੈ |
ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਦਾ ਦਿ੍ਸ਼-ਚਿਤਰਨ ਕਮਾਲ ਹੈ | ਪਾਤਰਾਂ ਦੀ ਵਾਰਤਾਲਾਪ ਉਨ੍ਹਾਂ ਦੇ ਸੁਭਾਅ ਅਨੁਸਾਰ ਢੁੱਕਵੀਂ ਹੈ | ਇਸ ਪੁਸਤਕ ਵਿਚ ਕਰੀਬ 60 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ | ਸਾਰੀਆਂ ਦੇ ਵਿਸ਼ੇ ਇਕ-ਦੂਜੇ ਤੋਂ ਅਲੱਗ ਹਨ | ਯਥਾਰਥਵਾਦ ਦੇ ਧਰਾਤਲ 'ਤੇ ਉਸਰੀਆਂ ਕਹਾਣੀਆਂ ਪਾਠਕ ਦੇ ਅਗਾਊਾ ਗਿਆਨ 'ਚ ਵਾਧਾ ਕਰਨ ਦੇ ਸਮਰੱਥ ਹਨ | ਉਹ ਆਪਣੇ ਤਜਰਬੇ 'ਚੋਂ ਬਹੁਤ ਕੁਝ ਨਵਾਂ ਲੈ ਕੇ ਪੇਸ਼ ਹੰੁਦਾ ਹੈ | ਰਚਨਾਵਾਂ ਦੇ ਵਿਸ਼ੇ ਅਜੋਕੇ ਸਮੇਂ 'ਚ ਪੈਦਾ ਹੋਈਆਂ ਕਈ ਤਰ੍ਹਾਂ ਦੀਆਂ ਨਵੀਆਂ ਸਮੱਸਿਆਵਾਂ, ਸਰੋਕਾਰਾਂ 'ਤੇ ਆਧਾਰਿਤ ਹਨ | 'ਦੋ ਕੱਪ ਚਾਹ ਦੇ', 'ਕੈਂਚੀ ਵਿਚ' 'ਭਿਆਨਕ ਬਿਮਾਰੀ', 'ਵਿਸ਼ਵ ਮੰਡੀ', 'ਗੁੱਡੀ ਦੀ ਇੱਜ਼ਤ', 'ਸਵਰਗ-ਨਰਕ', 'ਪਾਪ', 'ਪਸੰਦ', 'ਸੂਰਜ ਦਾ ਪਰਛਾਵਾਂ', 'ਬੁੱਢਾ ਬਲਦ' ਅਤੇ ਹੋਰ ਕਹਾਣੀਆਂ ਦੇ ਵਿਸ਼ੇ ਵਸਤੂ ਅਤੇ ਪੇਸ਼ਕਾਰੀ ਕਾਫ਼ੀ ਵਧੀਆ ਹਨ | ਅਜੋਕੇ ਸਮੇਂ 'ਚ ਮਨੁੱਖੀ ਜੀਵਨ ਕਾਫ਼ੀ ਜ਼ਿਆਦਾ ਗੁੰਝਲਦਾਰ ਬਣ ਗਿਆ ਹੈ, ਧਾਰਮਿਕ, ਸਮਾਜਿਕ, ਆਰਥਿਕ ਤੇ ਮਾਨਸਿਕ ਸਮੱਸਿਆਵਾਂ ਨੇ ਮਨੁੱਖ ਨੂੰ ਜਕੜਿਆ ਹੋਇਆ ਹੈ | ਆਦਰਸ਼ਵਾਦ ਤੇ ਨੈਤਿਕ ਕਦਰਾਂ-ਕੀਮਤਾਂ ਬਹੁਤ ਜ਼ਿਆਦਾ ਘਟ ਗਈਆਂ ਹਨ ਅਤੇ ਪਦਾਰਥਵਾਦੀ ਰੁਝਾਨ ਹਰ ਪਾਸੇ ਭਾਰੂ ਹੋ ਚੁੱਕਾ ਹੈ | ਉਕਤ ਸਾਰੇ ਪੱਖਾਂ 'ਤੇ ਲੇਖਕ ਸੁਰਿੰਦਰ ਕੈਲੇ ਨੇ ਪੂਰੀ ਗੰਭੀਰਤਾ ਨਾਲ ਰਚਨਾਕਾਰੀ ਕੀਤੀ ਹੈ |

—ਮੋਹਰ ਗਿੱਲ ਸਿਰਸੜੀ
ਮੋ: 98156-59110
c c c

ਪ੍ਰੈਸ ਰੂਮ
ਲੇਖਕ : ਜਗਤਾਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 308
ਸੰਪਰਕ : 98556-44003.

ਜਵਾਨੀ ਤੋਂ ਪਕੇਰੀ ਉਮਰ ਵਿਚ ਪੈਰ ਧਰ ਚੁੱਕੇ ਸੂਝਵਾਨ ਪੰਜਾਬੀ ਪੱਤਰਕਾਰ ਜਗਤਾਰ ਭੁੱਲਰ ਦੀ ਕਿਤਾਬ ਪ੍ਰੈਸ ਰੂਮ ਪੜ੍ਹ ਕੇ ਕਿਸੇ ਅਜਿਹੇ ਤਜਰਬਾਕਾਰ ਪੱਤਰਕਾਰ ਦੀਆਂ ਗੱਲਾਂ ਸੁਣਨ, ਪੜ੍ਹਨ ਦਾ ਅਹਿਸਾਸ ਹੁੰਦਾ ਹੈ, ਜਿਸ ਖਾਸੀ ਲੰਮੀ ਉਮਰ ਇਸ ਪੇਸ਼ੇ ਵਿਚ ਗੁਜ਼ਾਰ ਕੇ ਬੁਢੇਪੇ ਵਿਚ ਪੈਰ ਧਰ ਲਿਆ ਹੋਵੇ | ਇਲੈਕਟ੍ਰਾਨਿਕ ਮੀਡੀਆ, ਟੀ.ਵੀ. ਚੈਨਲ, ਪੰਜਾਬੀ, ਅੰਗਰੇਜ਼ੀ, ਭਾਰਤੀ ਪੱਤਰਕਾਰੀ, ਪ੍ਰੈਸ ਕੌਾਸਲ, ਲੋਕ ਸੰਪਰਕ ਮਹਿਕਮੇ, ਪੀਲੀ ਪੱਤਰਕਾਰੀ, ਹਿੰਦੀ ਪੱਤਰਕਾਰੀ, ਵਿਕਾਊ ਪੱਤਰ, ਪੱਤਰਕਾਰੀ, ਮੋਦੀ, ਗੋਦੀ ਮੀਡੀਆ, ਪੱਤਰਕਾਰ ਜੋੜੀਆਂ, ਇਨਵੈਸਟੀਗੇਟਿਵ ਪੱਤਰਕਾਰੀ, ਪੱਤਰਕਾਰਾਂ ਨੂੰ ਪੇਸ਼ ਖ਼ਤਰੇ, ਉਨ੍ਹਾਂ ਅੱਗੇ ਲਟਕਦੀਆਂ ਗਾਜਰਾਂ, ਮਾਲਕਾਂ, ਸਰਕਾਰਾਂ, ਪਾਠਕਾਂ ਦੀ ਤਿਕੋਣ ਵਿਚ ਘਿਰੇ ਪੱਤਰਕਾਰ ਦੀ ਜ਼ਮੀਰ ਜਿਹੇ ਹਰ ਨੁਕਤੇ ਉੱਤੇ ਜਗਤਾਰ ਦੀ ਬਾਜ਼ ਅੱਖ ਹੈ | ਉਹ ਬਾਰੀਕੀ ਨਾਲ ਵੇਖਦਾ ਹੈ ਅਤੇ ਬੇਬਾਕ ਹੋ ਕੇ ਬੋਲਦਾ ਲਿਖਦਾ ਹੈ | ਪ੍ਰੈਸ, ਮੀਡੀਆ ਦੀ ਦਸ਼ਾ ਤੇ ਦਿਸ਼ਾ ਬਾਰੇ ਹਲਕੀਆਂ-ਫੁਲਕੀਆਂ ਗੱਲਾਂ ਵੀ ਉਸ ਕੋਲ ਹਨ ਅਤੇ ਗੰਭੀਰ ਗੱਲਾਂ ਵੀ | ਇਹ ਪ੍ਰਾਪਤੀ ਕਿੱਤੇ ਨੂੰ ਵੀ ਇਮਾਨਦਾਰੀ ਨਾਲ ਪ੍ਰਣਾਏ ਮਿਹਨਤੀ ਜੀਵਨ ਦੀ ਪ੍ਰਾਪਤੀ ਹੈ, ਜਿਸ ਨੂੰ ਸਲਾਮ ਕਰਨੀ ਬਣਦੀ ਹੈ |
ਭੁੱਲਰ ਪੱਤਰਕਾਰੀ ਨੂੰ ਸਚਾਈ ਦੀ ਰਿਪੋਰਟਿੰਗ ਵਾਲਾ ਗੰਭੀਰ ਕਿੱਤਾ ਮੰਨਦਾ ਹੈ | ਸੇਵਾ ਦਾ ਕਿੱਤਾ | ਝੂਠ ਤੇ ਅਨਿਆਂ ਦੇ ਸਾਥ ਲਈ ਪ੍ਰਲੋਭਣ ਹਨ | ਨਾਂਹ ਕਰਨ ਦੀ ਸੂਰਤ ਵਿਚ ਸਜ਼ਾ, ਦਬਾਅ ਤੇ ਜਾਨ ਦੇ ਖ਼ਤਰੇ ਵੀ | ਇਹ ਸਾਰਾ ਕੁਝ ਸਿਧਾਂਤ ਹੀ ਨਹੀਂ ਨੰਗੇ ਚਿੱਟੇ ਵਿਹਾਰ ਵਜੋਂ ਸਮਕਾਲੀ ਸੱਚ ਹੈ | ਸ਼ਰਮਨਾਕ ਸੱਚ, ਐਗਜ਼ਿਟ ਪਓਲ, ਨਫ਼ਰਤ, ਸੰਪਰਦਾਇਕ ਜ਼ਹਿਰ ਦਾ ਪ੍ਰਚਾਰ ਪ੍ਰਸਾਰ, ਪੇਡ ਨਿਊਜ਼, ਵਿਕਣ ਲਈ ਬਾਜਾਰ ਵਿਚ ਬੈਠੀਆਂ ਚੈਨਲਾਂ, ਅਖ਼ਬਾਰਾਂ, ਪੱਤਰਕਾਰ | ਕਿਤੇ 'ਤੇ ਕਦੇ-ਕਦਾੲੀਂ ਕੋਈ ਹਰਿਆ ਬੂਟ ਵੀ ਹੈ | ਭੁੱਲਰ ਵੀ ਉਨ੍ਹਾਂ ਚੰਗਿਆਂ ਵਿਚ ਹੈ ਤੇ ਉਸ ਨੂੰ ਸ਼ਾਬਾਸ਼ ਦੇਣ ਵਾਲਾ ਜਤਿੰਦਰ ਪੰਨੂ ਵੀ | ਪੰਜਾਬੀ ਅਖ਼ਬਾਰਾਂ ਦੀ ਨੌਕਰੀ, ਕੰਮ ਵੱਧ, ਉਜਰਤ ਘੱਟ, ਸਮੱਸਿਆਵਾਂ ਵਧੇਰੇ | ਪੰਜਾਬੀ, ਅਖ਼ਬਾਰਾਂ ਦੇ ਸੰਪਾਦਕ, ਪੱਤਰਕਾਰ | ਬਣਦੇ-ਟੁੱਟਦੇ ਚੈਨਲ | ਪੱਤਰਕਾਰਾਂ ਨੂੰ ਖਰੀਦਣ, ਦਬਾਉਣ ਦੇ ਹਰਬੇ | ਸਾਰਾ ਕੁਝ ਹੀ ਹੈ ਪ੍ਰੈਸ ਰੂਮ ਵਿਚ | ਹਰ ਪੱਤਰਕਾਰ ਦੇ ਕੰਮ ਦੀ ਕਿਤਾਬ ਹੈ ਇਹ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਲੇਖ ਨਹੀਂ ਜਾਣੇ ਨਾਲ
ਲੇਖਿਕਾ : ਬਲਜੀਤ ਰੰਧਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98152-98459.

ਇਸ ਪੁਸਤਕ ਵਿਚ ਲੇਖਿਕਾ ਨੇ ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਦੀ ਤਰਜ਼ੇ-ਜ਼ਿੰਦਗੀ ਨੂੰ ਪੇਸ਼ ਕਰਨ ਦੇ ਨਾਲ ਕੈਨੇਡਾ ਦੀ ਧਰਤੀ ਦੀ ਖੂਬਸੂਰਤੀ ਦਾ ਵਰਨਣ ਵੀ ਕੀਤਾ ਹੈ | ਲੇਖਿਕਾ ਦਾ ਮੱਤ ਹੈ ਕਿ ਕਿਉਂਕਿ ਪੰਜਾਬੀ ਲੋਕ ਬਿਹਤਰ ਜ਼ਿੰਦਗੀ ਦੀ ਆਸ ਵਿਚ ਹੀ ਪਰਵਾਸ ਧਾਰਨ ਕਰਦੇ ਹਨ ਅਤੇ ਇਸ ਲਈ ਉਹ ਮੁਸ਼ੱਕਤ ਭਰੀ ਜ਼ਿੰਦਗੀ ਵੀ ਜਿਊਾਦੇ ਹਨ | ਲੇਖਿਕਾ ਨੇ ਕੈਨੇਡਾ ਦੀ ਭੂਗੋਲਿਕ ਜਾਣਕਾਰੀ ਦੇਣ ਦੇ ਨਾਲ-ਨਾਲ ਉਥੇ ਵਸਦੇ ਪੰਜਾਬੀ ਭਾਈਚਾਰੇ ਦੀ ਪਰਿਵਾਰਕ ਅਤੇ ਸਮਾਜਿਕ ਜ਼ਿੰਦਗੀ ਬਾਰੇ ਵੀ ਇਸ ਪੁਸਤਕ ਵਿਚ ਵਿਸਤਿ੍ਤ ਗਿਆਨ ਮੁਹੱਈਆ ਕਰਵਾਇਆ ਹੈ | ਇਥੋਂ ਤੱਕ ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀਆਂ ਦੀ ਸਰਗਰਮੀ, ਰਿਸ਼ਤਿਆਂ ਦੇ ਟੁੱਟਦੇ ਬਣਦੇ ਸਮੀਕਰਨ, ਰੁੱਤਾਂ, ਮੇਲਿਆਂ, ਗੁਰੂ ਘਰਾਂ ਅਤੇ ਮੀਡੀਆ ਦੀ ਸਥਿਤੀ ਅਤੇ ਕਾਰਜ ਸ਼ੈਲੀ ਬਾਰੇ ਵੀ ਭਰਪੂਰ ਰੂਪ ਵਿਚ ਗਿਆਨ ਪ੍ਰਦਾਨ ਕਰਦਿਆਂ ਆਪਣੀਆਂ ਟਿੱਪਣੀਆਂ ਦਰਜ ਕੀਤੀਆਂ ਹਨ | ਇਸ ਤੋਂ ਇਲਾਵਾ ਪੰਜਾਬੀ ਦਾ ਕੈਨੇਡਾ ਪਰਵਾਸ ਅਤੇ ਵਿਸ਼ੇਸ਼ ਕਰਕੇ ਪਰਵਾਸੀ ਧਰਤੀ ਦੇ ਕੌੜੇ ਅਹਿਸਾਸਾਂ ਨਾਲ ਦੋ-ਚਾਰ ਹੁੰਦੀਆਂ ਪੰਜਾਬੀ ਧੀਆਂ ਦੀ ਦਸ਼ਾ ਦਾ ਵੀ ਲੇਖਿਕਾ ਨੇ ਬੇਬਾਕੀ ਨਾਲ ਚਿਤਰਨ ਕਰਨ ਦਾ ਯਤਨ ਕੀਤਾ ਹੈ | ਪੰਜਾਬੀਆਂ ਦੁਆਰਾ ਕੈਨੇਡਾ ਦੀ ਧਰਤੀ 'ਤੇ ਮਨਾਏ ਜਾਂਦੇ ਤਿਉਹਾਰਾਂ ਦੇ ਨਾਲ ਸਥਾਨਕ ਲੋਕਾਂ ਦੇ ਤਿਉਹਾਰਾਂ ਬਾਰੇ ਗਿਆਨਾਤਮਕ ਵੇਰਵੇ ਵੀ ਇਸ ਪੁਸਤਕ ਵਿਚਲੇ ਲੇਖਾਂ ਵਿਚ ਦਰਜ ਹਨ |
ਲੇਖਿਕਾ ਨੇ ਇਸ ਪੁਸਤਕ ਵਿਚ 'ਗੱਲ ਮੇਰੇ ਕੰਮ ਦੀ' ਤਹਿਤ ਆਪਣੇ ਕੰਮ ਬਾਰੇ ਵਿਸਥਾਰ ਪੂਰਵਕ ਵਰਨਣ ਕੀਤਾ ਹੈ | ਕੰਮ ਉੱਤੇ ਸਾਡੀਆਂ ਸੱਭਿਆਚਾਰਕ ਪਛਾਣਾਂ ਕਿਵੇਂ ਗਾਇਬ ਹੁੰਦੀਆਂ ਹਨ, ਉਸ ਦੀ ਉਦਾਹਰਨ ਬਿਸਕੁਟ ਫੈਕਟਰੀ ਵਿਚ ਕੰਮ ਕਰਨ ਵਾਲੇ ਪੰਜਾਬੀ ਸਰਦਾਰਾਂ ਅਤੇ ਗੁਜਰਾਤਣ ਦੇ ਮੰਗਲ ਸੂਤਰ ਵਾਲੀ ਘਟਨਾ ਤੋਂ ਪਤਾ ਲਗਦਾ ਹੈ | ਬਲਜੀਤ ਰੰਧਾਵਾ ਦੀ ਇਹ ਪੁਸਤਕ ਕੈਨੇਡਾ ਦੀ ਜ਼ਿੰਦਗੀ ਦਾ ਬੜਾ ਬਾਰੀਕਬੀਨੀ ਨਾਲ ਵਰਨਣ ਕਰਦੀ ਹੈ ਅਤੇ ਪਾਠਕ ਦੀ ਪੱਧਰ 'ਤੇ ਆ ਕੇ ਨਿੱਕੇ ਤੋਂ ਨਿੱਕੇ ਵੇਰਵੇ ਨੂੰ ਦਿ੍ਸ਼ਟਮਾਨ ਕਰਦੀ ਹੈ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

25-05-2019

 ਕਿਣਮਿਣ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ, ਮੁਹਾਲੀ
ਮੁੱਲ : 280 ਰੁਪਏ, ਸਫ਼ੇ : 96
ਸੰਪਰਕ : 99884-44002.

ਗੁਰਦਿਆਲ ਰੌਸ਼ਨ ਵਾਹਵਾ ਵੱਡੇ ਸ਼ਾਗਿਰਦ ਦਾਇਰੇ ਦਾ ਉਸਤਾਦ ਗ਼ਜ਼ਲ ਗੋ ਹੈ ਜੋ ਪਰੰਪਰਾਗਤ ਅਰੂਜ਼ੀ ਬਹਿਰਾਂ ਬਾਰੀਕੀਆਂ ਵਜ਼ਨ ਤੇ ਉਚਾਰਨ ਬਾਰੇ ਸੁਚੇਤ ਰਹਿ ਕੇ ਸ਼ਿਅਰ ਕਹਿਣ ਉੱਤੇ ਬੱਲ ਦਿੰਦਾ ਹੈ। ਉਹ ਗ਼ਜ਼ਲ ਦੀ ਨਜ਼ਾਕਤ ਤੇ ਤਾਕਤ ਇਸ ਦੇ ਅੰਦਾਜ਼-ਏ-ਬਿਆਂ ਵਿਚ ਮੰਨਦਾ ਹੈ। ਸੁਹਜ ਸੁਆਦ, ਅਸਿੱਧਾ ਸੁਝਾਅ, ਛੇੜਛਾੜ, ਸ਼ਾਇਰਾਨਾ ਅਣਾ/ਮਾਣ, ਸਮੇਂ/ਸਥਾਨ ਤੋਂ ਪਾਰ ਮਾਰ ਕਰਨ ਦੀ ਸਮਰੱਥਾ ਉਸ ਦੀ ਸ਼ਾਇਰੀ ਦਾ ਗੌਰਵ ਹੈ। ਉਹ ਚਿੱਤਰਕਾਰ ਵੀ ਹੈ ਅਤੇ ਇਸ ਲਈ ਰੰਗਾਂ ਰੇਖਾਵਾਂ ਦਾ ਹੁਸਨ, ਸੁਹਜ ਤੇ ਸ਼ਕਤੀ ਵੀ ਉਸ ਦੀ ਸ਼ਾਇਰੀ ਵਿਚ ਦਖ਼ਲਅੰਦਾਜ਼ ਹੁੰਦੀ ਹੈ। ਰੰਗਾਂ ਰੇਖਾਵਾਂ ਤੇ ਚਿੱਤਰਾਂ ਨਾਲ ਸਜਾ ਕੀ ਹੀ ਪੇਸ਼ ਕੀਤਾ ਹੈ ਉਸ ਨੇ ਕਿਣਮਿਣ ਨਾਂਅ ਦਾ ਗ਼ਜ਼ਲਾਂ ਦਾ ਮਜਮੂਆਂ।
ਕੇਵਲ ਹੁਸਨ/ਮੁਹੱਬਤ/ਸਾਕੀ/ਜਾਮ ਦੀ ਪਰੰਪਰਾਗਤ ਗ਼ਜ਼ਲ ਨਾ ਹੁਣ ਉਰਦੂ ਵਿਚ ਰਹਿ ਗਈ ਹੈ ਤੇ ਨਾ ਪੰਜਾਬੀ ਵਿਚ। ਇਹ ਨਿਜ ਦੇ ਨਾਲ ਪਰ ਨੂੰ ਜੋੜ ਰਹੀ ਹੈ। ਆਪਣੇ ਦਰਦ ਦੇ ਨਾਲ ਲੋਕਾਂ ਦੇ ਦਰਦ ਨੂੰ ਵੀ। ਇਸ ਦੇ ਨਾਇਕ ਆਮ ਲੋਕ/ਕਿਰਤੀ/ਕਿਸਾਨ ਹਨ। ਕਿਣਮਿਣ ਰੌਸ਼ਨ ਦਾ ਸਤਾਰਵਾਂ ਗ਼ਜ਼ਲ ਸੰਗ੍ਰਹਿ ਹੈ। ਚਿੱਤਰ ਵਾਂਗ ਇਕ-ਇਕ ਸ਼ਿਅਰ ਵਿਚ ਕਈ ਕੁਝ ਇਕੋ ਦ੍ਰਿਸ਼ ਵਿਚ ਸਮੇਟਣ ਦੀ ਸਮਰੱਥਾ ਹੈ ਇਸ ਸ਼ਾਇਰੀ ਵਿਚ। ਉਹ ਮਾਣ ਨਾਲ ਕਹਿੰਦਾ ਹੈ : ਜਦੋਂ ਮੈਂ ਸ਼ਿਅਰ ਕਹਿੰਦਾ ਹਾਂ ਇਨ੍ਹਾਂ ਦਾ ਤਖ਼ਤ ਹਿਲਦਾ ਹੈ/ਮੇਰੇ ਵੱਲ ਦੇਖ ਕੇ ਦਿਲ ਡੋਲਦੇ ਨੇ ਤਾਜਦਾਰਾਂ ਦੇ। ਸ਼ਿਅਰ ਦੀ ਤਾਕਤ ਇਕ ਦੋਂ ਵਧੇਰੇ ਦਿਸ਼ਾਵਾਂ/ਪੱਧਰਾਂ ਉੱਤੇ ਅਰਥ ਸੁਝਾਉਣ ਦੀ ਸਮਰੱਥਾ ਪੱਖੋਂ ਗੁਰਦਿਆਲ ਦਾ ਇਕ ਸ਼ਿਅਰ ਵੇਖੋ : ਮੇਰੇ ਸੀਨੇ ਦੀ ਅੱਗ ਥੋੜਾ ਜਿਹਾ ਸੁਸਤਾਉਣ ਲੱਗੀ ਹੈ/ਕਹੋ ਉਸ ਨੂੰ ਆਵੇ ਫੇਰ ਤੋਂ ਇਸ ਨੂੰ ਹਵਾ ਦੇਵੇ। ਉਲਫ਼ਤ ਬਾਜਵਾ ਨੂੰ ਚੇਤੇ ਕਰਦਾ ਸ਼ਿਆਰ ਵੇਖੋ : ਬਾਜਵਾ ਰੌਸ਼ਨ ਨੂੰ ਛੱਡ ਕੇ ਕਿਉਂ ਇਕੱਲਾ ਤੁਰ ਗਿਐਂ/ਸੋਚਿਆ ਨਾ ਤੂੰ ਕਿ ਜੋੜੀਦਾਰ ਪਿੱਛੇ ਰਹਿ ਗਿਆ। ਸਮੇਂ/ਸਥਾਨ ਦੀ ਕੈਦ ਤੋਂ ਮੁਕਤ ਸ਼ਿਅਰ ਵੇਖੋ : ਚਲੋ ਛੱਡੋ, ਤੁਸੀਂ ਹੁਣ ਦਰਦ ਨਾ ਫੋਲੋ, ਵਿਸ਼ਾ ਬਦਲੋ/ਪੁਰਾਣਾ ਰੰਗ ਬਦਲੋ ਆਪਣੇ ਘਰ ਦਾ ਪਤਾ ਬਦਲੋ। ਅਜੋਕੇ ਮਨੁੱਖ ਦਾ ਯਥਾਰਥ ਵੇਖੋ : ਬੜਾ ਮਸਰੂਫ਼ ਹੈ ਅੱਜਕਲ੍ਹ, ਬੜੀ ਮੁਸ਼ਕਿਲ 'ਚ ਹੈ ਬੰਦਾ/ਮਸਾਂ ਇਕ ਭਾਰ ਲਾਹੁੰਦਾ ਹੈ ਤੇ ਦੂਜਾ ਢੋਣ ਲਗਦਾ ਹੈ।
ਵਧੀਆ ਸ਼ਿਅਰ ਤੇ ਸ਼ਾਇਰੀ ਕਿਸੇ ਵਿਸ਼ਲੇਸ਼ਣ ਦੇ ਮੁਥਾਜ ਨਹੀਂ ਹੁੰਦੇ। ਇਹ ਪੜ੍ਹਨ ਮਾਨਣਯੋਗ ਹੁੰਦੇ ਹਨ। ਇਹੋ ਜਿਹੇ ਸ਼ਿਅਰ ਬਥੇਰੇ ਹਨ ਰੌਸ਼ਨ ਕੋਲ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਖ਼ੂਨੀ ਵਿਸਾਖੀ
ਕ੍ਰਿਤ : ਨਾਨਕ ਸਿੰਘ
ਸੰਪਾਦਕ : ਨਵਦੀਪ ਸਿੰਘ ਸੂਰੀ
ਪ੍ਰਕਾਸ਼ਕ : ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 152
ਸੰਪਰਕ : 98141-90504.

'ਖ਼ੂਨੀ ਵਿਸਾਖੀ' ਸ: ਨਾਨਕ ਸਿੰਘ ਦੀਆਂ ਮੁਢਲੀਆਂ ਕਾਵਿ ਰਚਨਾਵਾਂ ਵਿਚੋਂ ਇਕ ਸ਼ਿਰੋਮਣੀ ਰਚਨਾ ਹੈ। ਇਹ ਪਹਿਲੀ ਵਾਰ 1920 ਈ: ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਪ੍ਰਕਾਸ਼ਿਤ ਹੁੰਦਿਆਂ ਸਾਰ ਅੰਗਰੇਜ਼ ਹੁਕਮਰਾਨਾਂ ਵਲੋਂ ਜ਼ਬਤ ਕਰ ਲਈ ਗਈ ਸੀ। 1980 ਈ: ਵਿਚ ਸਾਡੇ ਇਕ ਪਰਮ ਮਿੱਤਰ ਡਾ: ਕਿਸ਼ਨ ਸਿੰਘ ਗੁਪਤਾ ਨੇ ਆਪਣੇ ਦਾਦਾ ਜੀ ਸ: ਪੰਜਾਬ ਸਿੰਘ ਗਰਗ ਦੇ ਨਿੱਜੀ ਪੁਸਤਕਾਲੇ ਵਿਚੋਂ ਇਸ ਦੀ ਇਕ ਕਾਪੀ ਲੱਭ ਕੇ ਇਸ ਬਾਰੇ ਜਾਗ੍ਰਿਤੀ (ਪੰਜਾਬੀ) ਵਿਚ ਇਕ ਵਿਸਤ੍ਰਿਤ ਲੇਖ ਲਿਖ ਦਿੱਤਾ ਸੀ। ਇਸ ਲੇਖ ਨੂੰ ਪੜ੍ਹ ਕੇ ਸ: ਨਾਨਕ ਸਿੰਘ ਜੀ ਦੇ ਸਪੁੱਤਰ ਸ: ਕੁਲਵੰਤ ਸਿੰਘ ਸੂਰੀ ਨੇ ਇਸ ਦਾ ਪੁਨਰ-ਪ੍ਰਕਾਸ਼ਨ ਵੀ ਕਰ ਦਿੱਤਾ ਸੀ। ਹੁਣ ਇਸੇ ਵਰ੍ਹੇ, ਸ: ਨਾਨਕ ਸਿੰਘ ਦੇ ਪੋਤਰੇ ਸ: ਨਵਦੀਪ ਸਿੰਘ ਸੂਰੀ (ਯੂ.ਏ.ਈ. ਵਿਚ ਭਾਰਤੀ ਰਾਜਦੂਤ) ਨੇ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਸਮੇਤ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ। ਇਹ ਲੰਬੀ ਕਵਿਤਾ 13 ਅਪ੍ਰੈਲ, 1919 ਦੀ ਸ਼ਾਮ ਨੂੰ ਬ੍ਰਿਗੇਡੀਅਰ ਜਨਰਲ ਡਾਇਰ ਵਲੋਂ ਜਲ੍ਹਿਆਂਵਾਲੇ ਬਾਗ ਵਿਚ ਕੀਤੇ ਕਤਲੇਆਮ ਦਾ ਬੜਾ ਹਿਰਦੇਵੇਧਕ ਬਿਰਤਾਂਤ ਪੇਸ਼ ਕਰਦੀ ਹੈ। ਬੈਂਤ ਛੰਦ ਵਿਚ ਲਿਖੀ ਇਸ ਲੰਬੀ ਕਵਿਤਾ ਦੀਆਂ 17-18 ਛੋਟੀਆਂ-ਵੱਡੀਆਂ ਟੁਕੜੀਆਂ ਹਨ। ਇਸ ਕਵਿਤਾ ਵਿਚ ਬੀਰ ਰਸ ਅਤੇ ਕਰੁਣਾ ਰਸ ਦਾ ਅਦਭੁੱਤ ਸੁਮੇਲ ਦੇਖਿਆ ਜਾ ਸਕਦਾ ਹੈ।
ਇਸ ਪੁਸਤਕ ਵਿਚ 'ਖੂਨੀ ਵਿਸਾਖੀ' ਕਵਿਤਾ ਬਾਰੇ ਡਾ: ਹਰਿਭਜਨ ਸਿੰਘ ਭਾਟੀਆ ਅਤੇ ਡਾ: ਕਿਸ਼ਨ ਸਿੰਘ ਗੁਪਤਾ ਦੁਆਰਾ ਲਿਖੇ ਦੋ ਲੇਖਾਂ ਦੇ ਨਾਲ-ਨਾਲ ਨਵਦੀਪ ਸੂਰੀ ਦੁਆਰਾ ਦਿੱਤੀ ਇਤਿਹਾਸਕ ਜਾਣਕਾਰੀ ਵੀ ਉਪਲਬਧ ਹੈ। ਵਿਦਵਾਨ ਸੰਪਾਦਕ ਨੇ ਮਿਸਟਰ ਸਿਡਨੀ ਰੌਲੇਟ ਦੇ ਪੋਤਰੇ (ਪੱਤਰਕਾਰ ਜਸਟਿਸ ਰੌਲੇਟ) ਦੁਆਰਾ ਲਿਖਤ ਕੁਝ ਸੰਸਕਰਣ ਵੀ ਉਪਲਬਧ ਕਰਵਾਏ ਹਨ, ਜੋ ਮੂਲ ਟੈਕਸਟ ਅਤੇ ਹਤਿਆਕਾਂਡ ਦੇ ਮਹੱਤਵ ਉੱਪਰ ਨਵੀਂ ਰੌਸ਼ਨੀ ਪਾਉਂਦੇ ਹਨ।
'ਖ਼ੂਨੀ ਵਿਸਾਖੀ' ਦਾ ਤਾਜ਼ਾ ਐਡੀਸ਼ਨ, ਸੰਪਾਦਨ-ਕਲਾ ਦਾ ਇਕ ਨਵਾਂ ਕੀਰਤੀਮਾਨ ਹੈ। ਕਿਸੇ ਵੀ ਮਹੱਤਵਪੂਰਨ ਟੈਕਸਟ ਦੇ ਨਵੇਂ ਸੰਸਕਰਣ ਇਸੇ ਸੂਝ-ਬੂਝ ਨਾਲ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ। ਮੈਂ ਇਸ ਟੈਕਸਟ ਦਾ ਹਾਰਦਿਕ ਸਵਾਗਤ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਦੇਖਣਾ ਹੈ ਚੰਨ
ਲੇਖਿਕਾ : ਸੁਖਵੀਰ ਕੌਰ ਸਰਾਂ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 88728-24963.

ਕਵਿੱਤਰੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਲੋਕ ਸੰਘਰਸ਼ ਤੇ ਸਮਾਜਿਕ ਕੁਰੀਤੀਆਂ ਨੂੰ ਚਿਤਰਨ ਦਾ ਯਤਨ ਕੀਤਾ ਹੈ। ਸਮੇਂ ਦੇ ਗੇੜ ਨੇ ਮਨੁੱਖੀ ਰਿਸ਼ਤਿਆਂ ਨੂੰ ਕਿਵੇਂ ਤਾਰ-ਤਾਰ ਕੀਤਾ ਹੈ ਤੇ ਇਹ ਰਿਸ਼ਤੇ ਹੁਣ ਨਾਂਅ ਦੇ ਹੀ ਰਹਿ ਗਏ ਹਨ (ਦੁਨੀਆਦਾਰੀ)। ਉਸ ਨੇ ਬਾਲ ਮਜ਼ਦੂਰੀ ਬਾਰੇ ਵਿਚਾਰ ਪੇਸ਼ ਕਰਕੇ ਸਮਾਜਿਕ ਅਧਿਕਾਰੀਆਂ ਉੱਤੇ ਵਿਅੰਗ ਵੀ ਕੀਤਾ ਹੈ ਜੋ ਕਹਿੰਦੇ ਹਨ ਬੇਟੀ ਬਚਾਓ ਬੇਟੀ ਪੜਾਓ ਜਦੋਂ ਕਿਂ
ਨਿੱਕੇ ਨਿੱਕੇ ਹੱਥਾਂ ਨਾਲ ਇੱਟਾਂ ਪਈ ਪੱਥਦੀ ਏ,
ਪਤਾ ਨਹੀਂ ਇਹਨੂੰ ਕੋਈ ਕਿਸੇ ਵੀ ਕਿਤਾਬ ਦਾ ਏ।
ਕਵਿਤਾ 'ਜ਼ਿੰਦਗੀ' ਵਿਚ ਕਵਿੱਤਰੀ ਨੇ ਬੜੀ ਡੂੰਘਾਈ ਨਾਲ ਜੋ ਗੱਲ ਕਹੀ ਹੈ, ਜੀਵਨ ਦਾ ਸਾਰ ਜਾਪਦੀ ਹੈ ਕਿ ਤਿੰਨ ਅੱਖਰਾਂ ਤੋਂ ਬਣਿਆ ਨਾਂਅ ਤੇਰਾ ਸਭ ਗਾਥਾ ਤੇਰੀ ਗਾਉਂਦੇ ਨੇ। ਕਿੰਨਾ ਤਕੜਾ ਵਿਅੰਗ ਕੀਤਾ ਹੈ ਕਵਿਤਾ 'ਉਂਗਲ' ਵਿਚ ਜੋ ਵਸਦੇ ਰਸਦੇ ਘਰ ਬਰਬਾਦ ਕਰ ਦਿੰਦੀ ਹੈਂ
ਹਸਦੀ ਵਸਦੀ ਮਹਿਕ ਫੁਲਵਾੜੀ
ਪਲਾਂ 'ਚ ਰਾਖ ਬਣਾਏ ਉਂਗਲ।
ਉਸ ਨੇ ਇਕ ਹੋਰ ਦੁਖਦੀ ਰਗ ਉੱਤੇ ਉਂਗਲ ਧਰੀ ਹੈ ਉਹ ਹੈ ਮਤਰੇਈ ਮਾਂ ਦਾ ਦੁਰਵਿਵਹਾਰ ਜੋ ਬੱਚੇ ਦੀ ਹੋਂਦ ਨੂੰ ਤੋੜ ਕੇ ਰੱਖ ਦਿੰਦਾ ਹੈ। ਦੁਨੀਆ ਦੀ ਘਟੀਆ ਸੋਚ ਨੂੰ ਪੇਸ਼ ਕੀਤਾ ਹੈ ਕਵਿਤਾ 'ਕੁਸੈਲੀਆਂ ਨਜ਼ਰਾਂ' ਵਿਚ, ਜੋ ਮਰਦ ਔਰਤ ਭਾਵੇਂ ਭੈਣ-ਭਰਾ ਹੋਵੇ ਜਾਂ ਦਿਓਰ-ਭਰਜਾਈ ਕਿਸੇ ਨੂੰ ਨਹੀਂ ਬਖਸ਼ਦੀ ਊਜਾਂ ਲਾਉਣ ਤੋਂ। ਪ੍ਰਕਿਰਤੀ ਦੀ ਦੇਣ ਫੁੱਲਾਂ ਤੇ ਹਰਿਆਵਲ ਬਾਰੇ ਵੀ ਉਸ ਨੇ ਕਵਿਤਾਵਾਂ ਲਿਖ ਕੇ ਸੱਜਰੀ ਸਵੇਰ ਜਿਹਾ ਸੁਨੇਹਾ ਦਿੱਤਾ ਹੈ। ਨਿਮਰਤਾ ਦੀ ਹੱਦ ਕਿ ਆਪਣੇ-ਆਪ ਨੂੰ ਛੱਪੜਾਂ ਦੀ ਡੱਡੀ ਕਹਿਣਾ, ਟਿਮਟਿਮਾਉਂਦੇ ਤਾਰੇ ਆਸ ਦਾ ਆਗਮਨ ਹੁੰਦੇ ਹਨ, ਬੇਜ਼ਬਾਨ ਕੰਧਾਂ ਦੀ ਅਰਜੋਈ ਕੋਈ ਨਹੀਂ ਸੁਣਦਾ, ਕੰਜਕਾਂ ਵਿਚ ਧੀਆਂ ਦੀ ਹੋਂਦ 'ਤੇ ਮਹੱਤਤਾ ਦਰਸਾਈ ਹੈ, ਅੱਜ ਸਮਾਜ ਵਿਚ ਕੋਈ ਸਰਵਣ ਪੁੱਤ ਨਜ਼ਰ ਨਹੀਂ ਆ ਰਿਹਾ, ਰੱਖੜੀ ਤੇ ਭੈਣ ਭਰਾ ਦਾ ਪਿਆਰ ਆਦਿ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਉਸ ਨੇ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਦੀ ਗੱਲ ਕੀਤੀ ਹੈ ਜੋ ਅਜੋਕੇ ਸਮਾਜ ਦੀ ਲੋੜ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ
ਲੇਖਕ : ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95691-49556.

ਇਸ ਪੁਸਤਕ ਵਿਚ ਲੇਖਕ ਨੇ ਆਪਣੇ ਲੇਖਾਂ, ਕਾਵਿ-ਰਚਨਾਵਾਂ ਰਾਹੀਂ ਪੰਜਾਬੀ ਵਿਰਸੇ ਦੀ ਖੁਰ ਚੁੱਕੀ ਜਾਂ ਖੁਰ ਰਹੀ ਸ਼ਾਨ ਤੇ ਗਹਿਰਾ ਹੇਰਵਾ ਅਤੇ ਆਤਮਿਕ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਤਰ ਆਧੁਨਿਕਤਾ ਦੀ ਭੇਟ ਚੜ੍ਹ ਚੁੱਕੀਆਂ ਮਾਣਮੱਤੀਆਂ ਕਈ ਰਸਮਾਂ ਬਾਰੇ ਲਿਖਦਿਆਂ ਲੇਖਕ ਨੇ ਹਾਉਕਾ ਭਰਿਆ ਹੈ। ਉਸ ਦਾ ਦਿਲੀ ਦਰਦ ਉਸ ਦੀਆਂ ਰਚਨਾਵਾਂ ਦੀ ਜਿੰਦ ਜਾਨ ਬਣਿਆ ਨਜ਼ਰ ਆਉਂਦਾ ਹੈ। 'ਪੁਰਾਤਨ ਪੰਜਾਬ ਦੀ ਸ਼ਾਹੀ ਸਵਾਰੀ ਟਾਂਗਾ', 'ਪੈਲਸਾਂ ਦੇ ਸ਼ੋਰ ਸ਼ਰਾਬੇ ਨੇ', 'ਪੁਰਾਤਨ ਖੇਡਾਂ', 'ਸਮੇਂ ਦੇ ਵੇਗ ਵਿਚ ਰੁੜ੍ਹ ਗਿਆ ਬੇਬੇ ਦਾ ਸੰਦੂਕ', 'ਨਵਾਰੀ ਪਲੰਘ ਅਤੇ ਦੇਸੀ ਮੰਜੇ', 'ਗੱਡਿਆਂ ਤੋਂ ਟ੍ਰੈਕਟਰ ਕਾਰ, ਲਿੰਮੋਜ਼ੀਨ ਤੇ ਜਹਾਜ਼ ਅੱਗੇ...', 'ਤੂਤ ਦੀਆਂ ਛਿਟੀਆਂ ਦੇ ਟੋਕਰੇ', 'ਰਸੋਈਆਂ 'ਚੋਂ ਮਨਫ਼ੀ ਹੋਏ ਕਾਂਸੀ, ਪਿੱਤਲ ਤੇ ਤਾਂਬੇ ਦੇ ਭਾਂਡੇ', ਵਰਗੇ ਨਿੱਕੇ-ਨਿੱਕੇ ਲੇਖ ਪੰਜਾਬੀ ਵਿਰਸੇ ਬਾਰੇ ਵੱਡੀਆਂ ਗੱਲਾਂ ਕਹਿ ਰਹੇ ਹਨ। ਇਸ ਤੋਂ ਇਲਾਵਾ ਹੋਰ ਅਨੇਕਾਂ ਪੰਜਾਬੀ ਵਿਰਸੇ ਦੇ ਅਲੋਪ ਹੋ ਚੁੱਕੇ ਜਾਂ ਹੋ ਰਹੇ ਦ੍ਰਿਸ਼ਾਂ ਨੂੰ ਲੇਖਕ ਨੇ ਨਾ ਸਿਰਫ ਤਾਜ਼ਾ ਕੀਤਾ ਹੈ, ਸਗੋਂ ਇਸ ਪੁਸਤਕ ਵਿਚ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਣਕਾਰੀ ਹਿੱਤ ਸਾਂਭ ਵੀ ਲਿਆ ਹੈ। ਇਹੋ ਇਸ ਪੁਸਤਕ ਦੀ ਵੱਡੀ ਪ੍ਰਾਪਤੀ ਹੈ।

ਂਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
ਫ ਫ ਫ

ਡਾ: ਅੰਬੇਡਕਰ ਸਾਹਿਬ ਦੀ ਸੋਚ 'ਤੇ ਪਹਿਰਾ
ਲੇਖਕ : ਦਰਸ਼ਨ ਤਾਜ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 71
ਸੰਪਰਕ : 94635-39242.

ਕਵੀ ਦਰਸ਼ਨ ਤਾਜ ਦੀ ਇਹ ਪਲੇਠੀ ਕਾਵਿ ਪੁਸਤਕ ਹੈ। ਦਰਸ਼ਨ ਤਾਜ ਆਪਣੀ ਕਵਿਤਾ ਰਾਹੀਂ ਦਲਿਤਾਂ ਦੇ ਮਸੀਹੇ ਡਾ: ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦਿਆਂ ਵਾਰ-ਵਾਰ ਯਾਦ ਕਰਦਾ ਹੈ। ਕਈ ਕਵਿਤਾਵਾਂ ਵਿਚ ਉਹ ਉਨ੍ਹਾਂ ਦੇ ਜਨਮ, ਬਚਪਨ, ਪੜ੍ਹਾਈ, ਮਾਪਿਆਂ ਤੇ ਸੰਘਰਸ਼ ਦੀਆਂ ਬਾਤਾਂ ਪਾਉਂਦਾ ਹੈ। ਬਾਬਾ ਸਾਹਿਬ ਨੇ ਦਲਿਤਾਂ ਨੂੰ ਸੰਵਿਧਾਨ ਰਾਹੀਂ ਆਪਣੇ ਹੱਕ ਲੈਣ ਲਈ ਪ੍ਰੇਰਿਆ। ਪੜ੍ਹ-ਲਿਖ ਕੇ ਜਾਤੀ ਰਹਿਤ ਸਮਾਜ ਦੀ ਨੀਂਹ ਰੱਖੀ। ਛੂਤਛਾਤ ਤੇ ਜਾਤੀਵਾਦ ਦੇ ਮਨੂੰਵਾਦੀ ਕੋਹੜ ਨੂੰ ਦੁਰਕਾਰਿਆ। ਆਪ ਦੁੱਖ ਸਹਿ ਕੇ ਉਨ੍ਹਾਂ ਲਈ ਇੱਜ਼ਤ ਮਾਣ ਤੇ ਆਦਰ ਦਾ ਰਾਹ ਖੋਲ੍ਹਿਆ। ਅੰਬੇਡਕਰ ਦੇ ਫਲਸਫ਼ੇ ਨੂੰ ਯਾਦ ਕਰਦਿਆਂ ਉਹ ਆਖਦਾ ਹੈ :
ਬਿਨਾਂ ਪਰਖ ਤੋਂ ਗੱਲ ਨੂੰ ਮੰਨਣਾ ਨਹੀਂ ਚਾਹੀਦਾ,
ਇਹ ਲੋਕ ਕਹਿੰਦੇ ਪਿੱਛੇ ਲੱਗਣਾ ਨਹੀਂ ਚਾਹੀਦਾ।
ਅੰਬੇਡਕਰ ਦਾ ਮੱਤ ਸੀ ਕਿ ਬਿਨਾਂ ਪਰਖ ਜਾਂ ਸਬੂਤ ਤੋਂ ਕਿਸੇ ਗੱਲ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਜੋ ਗੱਲ ਪਰਖ ਰਾਹੀਂ ਪੂਰੀ ਉੱਤਰੇ, ਉਥੇ ਹੀ ਹਾਮੀ ਭਰਨੀ ਚਾਹੀਦੀ ਹੈ। ਮਨੂੰਵਾਦੀ ਤੇ ਜਨੂੰਨੀ ਲੋਕਾਂ ਨੇ ਲੱਖ ਢੁੱਚਰਾਂ ਡਾਹੀਆਂ, ਪਰ ਬਾਬਾ ਸਾਹਿਬ ਆਪਣੇ ਮਿਸ਼ਨ 'ਤੇ ਪੂਰੀ ਤਰ੍ਹਾਂ ਡਟੇ ਰਹੇ। ਆਪਣੀ ਮਿਹਨਤ, ਦ੍ਰਿੜ੍ਹਤਾ ਅਤੇ ਕਠੋਰ ਘਾਲਣਾ ਰਾਹੀਂ ਹੀ ਉਹ ਭਾਰਤ ਦੇ ਇਤਿਹਾਸ ਵਿਚ ਉੱਚ ਸਥਾਨ ਪ੍ਰਾਪਤ ਕਰ ਸਕੇ। ਸੰਵਿਧਾਨ ਦੇ ਉਸਰੱਈਏ ਬਣਨਾ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੇ ਵਿਰੋਧੀਆਂ ਦੀਆਂ ਧਮਕੀਆਂ ਵਾਰ-ਵਾਰ ਮਿਲ ਰਹੀਆਂ ਸਨ। ਜਿਵੇਂ :
ਸੱਚ ਦੀ ਬੰਸਰੀ ਬਜਾਉਣੋ ਹਟ ਜਾ,
ਸੁੱਤੀ ਕਲਾ ਨੂੰ ਜਗਾਉਣੋ ਹਟ ਜਾ।
ਪੰਜਾਬੀ ਕਵਿਤਾ ਦੇ ਹਾਣ ਦਾ ਬਣਨ ਲਈ ਤਾਜ ਨੂੰ ਹਾਲੇ ਹੋਰ ਹੋਮ ਵਰਕ ਕਰਨਾ ਪੈਣਾ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਅਮਰ ਕੋਮਲ ਰਚਿਤ ਉਪੇਰਾ-ਸੰਗ੍ਰਹਿ
ਚੌਮੁਖੀਆ
ਮੂਲ ਪਾਠ ਤੇ ਪਾਠਮੂਲਕ ਅਧਿਐਨ

ਲੇਖਿਕਾ : ਗੁਰਜੀਤ ਕੌਰ
ਪ੍ਰਕਾਸ਼ਕ : ਸ੍ਰੀ ਪ੍ਰਕਾਸ਼ਨ, ਦਿੱਲੀ
ਮੁੱਲ : 250 ਰੁਪਏ, ਸਫ਼ੇ : 122
ਸੰਪਰਕ : 96463-51980.

ਹਥਲੀ ਪੁਸਤਕ ਵਿਚ 'ਚੌਮੁਖੀਆ' ਵਿਚਲੇ ਚਾਰ ਉਪੇਰਿਆਂ, ਸਾਊਣ ਮਹੀਨਾ ਰੰਗਲਾ, ਕਣਕ ਦੀ ਕਹਾਣੀ, ਯੁੱਗ ਚੇਤਨਾ ਅਤੇ ਸੋਹਣਾ ਪੰਜਾਬ ਦਾ ਮੂਲ ਪਾਠ ਸ਼ਾਮਿਲ ਕੀਤਾ ਗਿਆ ਹੈ। ਚੌਮੁਖੀਆ ਦਾ ਪਾਠਕ ਮੂਲਕ ਅਧਿਐਨ ਹੇਠ ਉਪੇਰਾ ਦਾ ਨਿਕਾਸ ਤੇ ਵਿਕਾਸ ਅਤੇ ਪਾਠ ਮੂਲਕ ਅਧਿਐਨ ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਦਰਜ ਹੈ। ਪੁਸਤਕ ਦੇ ਆਖ਼ਰ ਵਿਚ ਅਮਰ ਕੋਮਲ ਨਾਲ ਲੰਮੀ ਮੁਲਾਕਾਤ, ਅਮਰ ਕੋਮਲ ਦਾ ਰਚਨਾ ਜਗਤ, ਅਮਰ ਕੋਮਲ ਬਾਰੇ ਹੋਇਆ ਖੋਜ ਕਾਰਜ ਅਤੇ ਉਨ੍ਹਾਂ ਦੀ ਪੁਸਤਕ ਸੂਚੀ ਵੀ ਸ਼ਾਮਿਲ ਕੀਤੀ ਗਈ ਹੈ।
ਦਰਅਸਲ ਲੇਖਿਕਾ ਗੁਰਜੀਤ ਕੌਰ ਉਪੇਰੇ ਯਾਨੀ ਸੰਗੀਤ ਇਕਾਂਗੀ ਦੀ ਖੋਜਾਰਥੀ ਰਹੀ ਹੈ। ਡਾ: ਸਤੀਸ਼ ਕੁਮਾਰ ਵਰਮਾ ਦੀ ਅਗਵਾਈ ਅਤੇ ਮਾਰਗ ਦਰਸਨ ਹੇਠ, ਉਸ ਨੇ ਡਾ: ਅਮਰ ਕੋਮਲ ਵਲੋਂ ਲਿਖੇ ਇਸ ਮੁਢਲੇ ਉਪੇਰੇ ਚੌਮੁਖੀਆ ਨੂੰ ਸਮੀਖਿਆ ਕਾਰਜ ਲਈ ਚੁਣਿਆ। ਇੰਜ ਗੁਰਜੀਤ ਕੌਰ ਨੇ ਇਕ ਅਣਗੌਲੇ ਤੇ ਭੁੱਲੇ-ਭੁਲਾਏ ਇਸ ਸੰਗੀਤ ਇਕਾਂਗੀ ਨੂੰ ਲੱਭ ਕੇ ਉਸ ਦੀ ਗਿਆਨ ਵਰਧਕ ਸਮੀਖਿਆ ਕੀਤੀ। ਇਸ ਨਾਲ ਜਿਥੇ ਡਾ: ਕੋਮਲ ਜਿਹੇ ਸਿਰੜੀ ਤੇ ਸਮਰਪਿਤ ਲੇਖਕ ਦੀ ਕਿਰਤ ਦਾ ਅਕਾਦਮਿਕ ਮੁੱਲ ਪਿਆ ਹੈ, ਉਥੇ ਪੰਜਾਬੀ ਉਪੇਰਾ ਜਗਤ ਨੂੰ ਇਕ ਮੁੱਲਵਾਨ ਸਮੀਖਿਆਤਮਕ ਪੁਸਤਕ ਪ੍ਰਾਪਤ ਹੋਈ ਹੈ।
ਲੇਖਿਕਾ ਗੁਰਜੀਤ ਕੌਰ ਨੇ ਉਪੇਰੇ ਦੇ ਜਨਮ ਤੋਂ ਲੈ ਕੇ ਉਸ ਦੇ ਇਤਿਹਾਸਕ ਪਿਛੋਕੜ ਨੂੰ ਗੌਲਦਿਆਂ ਪੰਜਾਬੀ ਉਪੇਰਿਆਂ ਦੀ ਹੋਂਦ ਵਿਕਾਸ ਅਤੇ ਵਰਤਮਾਨ ਸਥਿਤੀ ਦਾ ਵਰਨਣ ਵੀ ਕੀਤਾ ਹੈ ਅਤੇ ਉਨ੍ਹਾਂ ਦੇ ਮੂਲ ਪਾਠ ਦੇ ਨਾਲ-ਨਾਲ ਸਾਹਿਤਕ ਵਿਵੇਚਨਾ ਵੀ ਕੀਤੀ ਹੈ। ਇਹ ਪੁਸਤਕ ਉਪੇਰਾ ਲੇਖਕ (ਨਾਟਕਕਾਰ) ਅਤੇ ਨਾਟ ਸਮੀਖਿਅਕ ਦੀ ਜੁਗਲਬੰਦੀ ਦੀ ਇਕ ਬਿਹਤਰੀਨ ਮਿਸਾਲ ਹੈ। ਇਹ ਪੁਸਤਕ ਨਾਟਕ ਪ੍ਰੇਮੀਆਂ, ਨਾਟਕ ਖੋਜਾਰਥੀਆਂ ਅਤੇ ਨਾਟਕ ਲੇਖਕਾਂ ਨੂੰ ਨਵੀਂ ਪ੍ਰੇਰਨਾ ਦੇ ਕੇ ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਕਰੇਗੀ। ਨਾਟਕ ਦੇ ਮੂਲ ਤੱਤਾਂ, ਵੱਖੋ-ਵੱਖਰੇ ਰੂਪਾਂ, ਜੁਗਤਾਂ ਨੂੰ ਆਧੁਨਿਕ ਸੂਚਨਾ ਅਤੇ ਤਕਨਾਲੋਜੀ ਦੀ ਕ੍ਰਾਂਤੀ ਦੇ ਯੁੱਗ ਵਿਚ ਸਮਝਣ ਵਿਚ ਮਦਦਗਾਰ ਸਾਬਤ ਹੋਵੇਗੀ। ਸੂਚਨਾ ਕ੍ਰਾਂਤੀ ਕਰਕੇ ਨਾਟਕ ਖੇਤਰ ਵਿਚ ਆ ਰਹੇ ਪਰਿਵਰਤਨਾਂ ਤੋਂ ਵੀ ਜਾਣੂ ਕਰਾਉਣ ਵਿਚ ਇਸ ਪੁਸਤਕ ਦੀ ਅਹਿਮ ਭੂਮਿਕਾ ਰਹੇਗੀ।

ਂਡਾ: ਧਰਮਪਾਲ ਸਾਹਿਲ
ਮੋ: 98761-56964.
ਫ ਫ ਫ

ਅਗਰਬੱਤੀ
ਕਵੀ : ਜਸਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 79
ਸੰਪਰਕ : 94178-62466.

ਜਸਵਿੰਦਰ ਦੀ ਵਿਚਾਰਾਧੀਨ ਪੁਸਤਕ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨਿਤ ਹੈ। ਇਸ ਦਾ ਅਧਿਐਨ ਕਰਦਿਆਂ ਕਵੀ ਦੀਆਂ ਗ਼ਜ਼ਲਾਂ ਦੇ ਉਹ ਗੁਣ ਉਜਾਗਰ ਹੁੰਦੇ ਹਨ ਜਿਨ੍ਹਾਂ ਕਾਰਨ ਇਹ ਪੁਸਤਕ ਪੰਜਾਬੀ ਦੀਆਂ ਗ਼ਜ਼ਲਾਂ ਦਾ ਮਾਣਕ ਮੋਤੀ ਬਣ ਗਈ। ਹਰ ਸ਼ਿਅਰ ਵਿਚ ਡੂੰਘੇ ਅਰਥ, ਜੀਵਨ 'ਚੋਂ ਚੁਣੇ ਅਣਗੌਲੇ ਨਿੱਕੇ-ਨਿੱਕੇ ਮੋਟਿਫ਼ ਮਿਸਰਿਆਂ ਦਾ ਸ਼ਿੰਗਾਰ, ਮਾਨਸਿਕ ਚੈਨ ਅਤੇ ਬੇਚੈਨੀ ਦੋਵਾਂ ਦਾ ਸੁਮੇਲ, ਜ਼ਖ਼ਮ ਤੇ ਪੀੜਾ ਕਲਮ ਦੀ ਨੋਕ ਤੇ, ਮੈਂ ਦਾ ਮੈਂ ਅਤੇ ਚੁਗਿਰਦੇ ਨਾਲ ਸੰਵਾਦ, ਤਣਾਵਾਂ ਦੀ ਸਿਰਜਣਾ, ਚੰਗੇ ਅਤੇ ਮੰਦੇ ਅਹਿਸਾਸਾਂ ਦਾ ਕੋਲਾਜ, ਆਪਣੀਆਂ ਗ਼ਜ਼ਲਾਂ ਦਾ ਪਹਿਲਾ ਆਲੋਚਕ ਵੀ ਆਪ, ਪੰਜਾਬੀ ਵਿਚ ਚਿਰੋਕੀ ਵਗ ਰਹੀ ਸਰੋਦੀ ਕਾਵਿ-ਧਾਰਾ ਹੀ ਲੇਖਕ ਦੀ ਗ਼ਜ਼ਲ-ਗੁਰੂ, ਅਭਿਧਾ ਸ਼ਬਦ-ਸ਼ਕਤੀ ਨਾਂਮਾਤਰ, ਲਕਸ਼ਣਾ ਅਤੇ ਵਿਅੰਜਨਾ ਸ਼ਬਦ-ਸ਼ਕਤੀ ਦੀ ਸੁੰਦਰਤਾ, ਇਤਿਆਦਿ। ਕੁਝ ਸ਼ਿਅਰਾਂ ਨਾਲ ਕੀਤੀ ਸਾਂਝ ਉਕਤ ਵਿਸ਼ੇਸ਼ਤਾਵਾਂ ਦੀ ਸਾਖੀ ਭਰਦੀ ਹੈ : ਸਾੜ ਕੇ ਮੇਰਾ ਲਹੂ ਫ਼ਿਜ਼ਾ ਵਿਚ ਵੰਡਦੀ/ਮੇਰੇ ਅੰਦਰ ਧੁਖ ਰਹੀ ਇਹ 'ਅਗਰਬੱਤੀ' ਕੌਣ ਹੈ। ਪੰ: 20, ਤੇਰੀ ਵਿਦਾਈ ਬਾਦ ਮੈਂ ਸੰਭਲਦਾ ਕਿਸ ਤਰ੍ਹਾਂ/ਹਿਲਦੀ ਸੀ ਇਹ ਜ਼ਮੀਨ ਵੀ ਹਿਲਦੇ ਰੁਮਾਲ ਨਾਲ. ਪੰ: 48 ਘਰ ਦੀ ਹਾਲਤ ਵੇਖ ਕੇ, ਭੁੱਲ ਕੇ ਰੰਗਲੇ ਖ਼ਾਬ/ਬੁੱਢੇ ਰੁੱਖ ਤੇ ਚੜ੍ਹ ਗਈ, ਇਕ ਕੁਰਲਾਉਂਦੀ ਵੇਲ। ਪੰ: 25, ਤੂੰ ਮੇਰੀ ਗੋਦ 'ਚ ਖੇਡ ਧੀਏ/ਤੂੰ ਮੇਰਾ ਦਿਲ ਨਾ ਫਰੋਲ ਧੀਏ/ਕਿ ਹਉਕਿਆਂ ਦੀ ਸਲੀਬ ਉੱਤੇ/ਅਜੇ ਨਾ ਲਟਕਣ ਦੀ ਉਮਰ ਤੇਰੀ। ਪੰ: 47, ਯਾਦ ਬੜਾ 'ਹੈਰੀ' ਨੂੰ ਆਇਆ/ਉਹ ਹਰਦੇਵ ਨਿਆਣਾ/ਸੁਫ਼ਨੇ ਵਿਚ ਲਾਡ ਲਡਾਉਂਦਾ/ਦਿਸਿਆ ਅਰਜਣ ਤਾਇਆ/ਪੰ: 51, ਮੇਰੇ ਗਰਾਂ ਦੇ ਸਿਆਣੇ ਸ਼ਾਇਰ/ਬਣਾ ਕੇ ਰੱਖਦੇ ਨੇ ਦੋਹੀਂ ਪਾਸੀਂ/ਕਲਾਮ ਲਿਖਦੇ ਨੇ ਮੁਫਲਿਸਾਂ ਦਾ/ਸਲਾਮ ਕਰਦੇ ਨੇ ਤਾਜਰਾਂ ਨੂੰ/ਪੰ: 53, ਕਹਿ ਸਕਦੇ ਹਾਂ ਕਿ ਉਸ ਦੀਆਂ ਗ਼ਜ਼ਲਾਂ ਸੰਵੇਦਨਸ਼ੀਲਤਾ ਦੀ ਸਿਖ਼ਰ ਹਨ। ਕਿਹੜੇ-ਕਿਹੜੇ ਸ਼ਿਅਰ ਦੀ ਤਾਰੀਫ਼ ਕਰਾਂ!!!

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

19-05-2019

 ਜਾਇਜ਼ਾ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98150-02302.

ਨਵਰਾਹੀ ਘੁਗਿਆਣਵੀ ਪੰਜਾਬੀ ਕਾਵਿ-ਜਗਤ 'ਚ ਇਕ ਜਾਣਿਆ-ਪਛਾਣਿਆ ਅਤੇ ਚਰਚਿਤ ਨਾਂਅ ਹੈ। ਉਸ ਦੀ ਧਾਰਨਾ ਹੈ ਕਿ ਜਿਹੜੀ ਕਵਿਤਾ ਆਮ ਮਨੁੱਖ ਦਾ ਕੁਝ ਸੰਵਾਰਦੀ ਨਹੀਂ, ਉਸ ਦੇ ਲਿਖਣ ਦਾ ਕੀ ਫਾਇਦਾ?
ਇਸੇ ਲਈ ਉਨ੍ਹਾਂ ਦੀ ਕਵਿਤਾ ਵਿਚ ਦੇਸ਼ 'ਚ ਵਿਆਪਕ ਤੌਰ 'ਤੇ ਪੱਸਰ ਰਹੀਆਂ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਬੁਰਾਈਆਂ, ਧਰਮ ਦਾ ਰਾਜਨੀਤੀ 'ਚ ਘੁਸੇੜਿਆ ਜਾਣਾ, ਰਾਜ ਨੇਤਾਵਾਂ ਦੇ ਝੂਠੇ ਵਾਅਦੇ-ਦਾਅਵਿਆਂ ਦਾ ਜ਼ਿਕਰ, ਪਾਖੰਡੀ ਬਾਬਿਆਂ ਦੀਆਂ ਕਾਲੀਆਂ ਕਰਤੂਤਾਂ ਦਾ ਵਰਨਣ, ਆਮ ਲੋਕਾਂ ਦੇ ਭੋਲੇ-ਭਾਲੇ ਨਕਸ਼ਾਂ ਦਾ ਵਰਨਣ ਆਦਿ ਵਿਸ਼ਿਆਂ ਨੂੰ ਨਿਰੂਪਣ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦੇ ਪ੍ਰਗਟਾਅ ਲਈ ਉਨ੍ਹਾਂ ਨੇ ਗ਼ਜ਼ਲ, ਗੀਤ, ਰੁਬਾਈ ਕਾਵਿ-ਰੂਪਾਂ ਨੂੰ ਅਪਣਾਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 132 ਦੋਹੇ ਅਤੇ ਰੁਬਾਈਆਂ ਨੂੰ ਸ਼ਾਮਿਲ ਕੀਤਾ ਹੈ। ਦੋਹੇ ਦਾ ਆਰੰਭ ਕਬੀਰ ਜੀ ਤੋਂ ਮੰਨਿਆ ਜਾਂਦਾ ਹੈ, ਜੋ ਕਿ ਦੋ ਸਤਰਾਂ ਦਾ ਹੁੰਦਾ ਹੈ।
ਇਸ ਦੀ ਵਰਤੋਂ ਹੋਰਨਾਂ ਸੰਤਾਂ-ਭਗਤਾਂ ਨੇ ਵੀ ਕੀਤੀ ਹੈ। ਉਨ੍ਹਾਂ ਦਾ ਵਿਸ਼ਾ ਇਨ੍ਹਾਂ ਦੋਹਿਆਂ ਵਿਚ ਪ੍ਰਭੂ ਭਗਤੀ ਦਾ ਸੀ ਪਰ ਨਵਰਾਹੀ ਘੁਗਿਆਣਵੀ ਨੇ ਇਨ੍ਹਾਂ ਦੋਹਿਆਂ ਵਿਚ ਖ਼ੁਦਗਰਜ਼ ਲੋਕਾਂ ਦੇ ਵਿਰੋਧ, ਕਾਣੀ-ਵੰਡ, ਧੀਆਂ ਨਾਲ ਸਨੇਹ, ਭਾਈਚਾਰੇ ਦੀ ਭਾਵਨਾ, ਧਰਮ ਦੀ ਸੁਚੱਜੀ ਵਰਤੋਂ, ਲੱਚਰ ਗੀਤਾਂ ਦੀ ਨਿੰਦਾ, ਸਮਾਜਿਕ ਬੁਰਾਈਆਂ ਦਾ ਵਰਨਣ ਆਦਿ ਵਿਸ਼ਿਆਂ ਨੂੰ ਛੋਹਿਆ ਹੈ। ਵਿਅੰਗ ਅਤੇ ਨਾਟਕੀਅਤਾ ਉਨ੍ਹਾਂ ਦੀ ਕਵਿਤਾ ਦੇ ਮੀਰੀ ਗੁਣ ਹਨ :
-ਵੱਡੇ ਹਾਮੀ ਧਰਮ ਦੇ, ਧਰਮ-ਹੀਣ ਬੇਦਰਦ।
ਮੂੰਹ ਦੇ ਉੱਤੇ 'ਰਾਮ-ਰਾਮ', ਪਰਦੇ ਪਿੱਛੇ ਕਰਦ।
-ਕੁਰਸੀ ਹੀ ਇਕ ਲਖ਼ਸ਼ ਹੈ, ਹੋਰ ਨਾ ਕਾਣੀ ਰੀਝ।
ਵਿਤਕਰਿਆਂ ਦੇ ਖੇਤ ਵਿਚ, ਜਬਰ ਜ਼ੁਲਮ ਦੇ ਬੀਜ।
ਨਵਰਾਹੀ ਘੁਗਿਆਣਵੀ ਆਪਣੇ ਸਿਰਜੇ ਕਾਵਿ-ਪਾਤਰਾਂ ਦੀ ਤਬੀਅਤ ਦਾ ਵਰਨਣ ਅਖਾਣਾਂ-ਮੁਹਾਵਰਿਆਂ ਨਾਲ ਸ਼ਿੰਗਾਰੀ ਭਾਸ਼ਾ ਰਾਹੀਂ ਕਰਦਾ ਹੈ, ਜਿਸ ਵਿਚ ਸਰਲਤਾ ਅਤੇ ਸਪੱਸ਼ਟਤਾ ਝਲਕਦੀ ਹੈ। ਸੰਜੀਦਗੀ ਉਸ ਦੀ ਕਵਿਤਾ ਦਾ ਇਕ ਹੋਰ ਮੀਰੀ ਗੁਣ ਹੈ। ਸੁੰਦਰ ਕਦਰਾਂ-ਕੀਮਤਾਂ ਵਾਲੇ ਸੰਸਾਰ ਵਿਚ ਵਿਚਰਨਾ ਉਸ ਦੇ ਜੀਵਨ ਦਾ ਲਕਸ਼ ਵੀ ਹੈ ਅਤੇ ਇੱਛਾ ਵੀ। ਇਸੇ ਲਈ ਉਹ ਦੁਸ਼ਟਾਂ ਨੂੰ ਲਾਹਨਤਾਂ ਪਾਉਂਦਾ ਹੋਇਆ ਉਨ੍ਹਾਂ ਨੂੰ ਸੁਧਰਨ ਦੀ ਵੰਗਾਰ ਵੀ ਪੇਸ਼ ਕਰਦਾ ਹੈ, ਤਾਂ ਜੋ ਉਹ ਆਪਣੇ ਕੀਤੇ ਦੁਸ਼ਟਤਾਈਆਂ ਦਾ ਜਾਇਜ਼ਾ ਲੈ ਸਕਣ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਮੇਰੀ ਪੰਜਾਬੀ ਪੱਤਰਕਾਰੀ
ਲੇਖਕ : ਮਨਧੀਰ ਸਿੰਘ ਦਿਓਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 425 ਰੁਪਏ, ਸਫ਼ੇ : 236
ਸੰਪਰਕ : 098119-68433.

ਮਨਧੀਰ ਸਿੰਘ ਦਿਓਲ ਪੱਤਰਕਾਰੀ ਦੇ ਖੇਤਰ ਨਾਲ ਸਬੰਧਿਤ ਇਕ ਸੁਪਰਿਚਿਤ ਹਸਤਾਖ਼ਰ ਹੈ। ਇਸ ਪੁਸਤਕ ਵਿਚ ਛਪਣ ਵਾਲੇ ਲੇਖਾਂ ਨੂੰ ਕਈ ਸ਼੍ਰੇਣੀਆਂ ਵਿਚ ਵਿਭਾਜਿਤ ਕੀਤਾ ਜਾ ਸਕਦਾ ਹੈ, ਜਿਵੇਂ : ਵਿਅਕਤੀ-ਚਿੱਤਰ, ਰਾਜਨੀਤਕ ਲੇਖ, ਹਰਿਆਣਾ ਪ੍ਰਦੇਸ਼ ਨਾਲ ਸਬੰਧਿਤ ਵਿਭਿੰਨ ਸਰੋਕਾਰ, 1984 ਵਿਚ ਸਿੱਖਾਂ ਦੀ ਨਸਲਕੁਸ਼ੀ ਦੀ ਸਾਜਿਸ਼, ਸਮਕਾਲੀ ਸਰੋਕਾਰ ਆਦਿਕ। ਵਿਅਕਤੀ ਚਿੱਤਰਾਂ ਵਿਚ ਬਹੁਤ ਸਾਰੇ ਪ੍ਰਤਿਭਾਸ਼ੀਲ ਵਿਅਕਤੀਆਂ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਜਿਵੇਂ ਡਾ: ਮਨਮੋਹਨ ਸਿੰਘ (ਸਾਬਕਾ ਪ੍ਰਧਾਨ ਮੰਤਰੀ), ਸ: ਵਿਕਰਮਜੀਤ ਸਿੰਘ ਸਾਹਨੀ, ਸ੍ਰੀਮਤੀ ਸਤਿੰਦਰ ਸੱਤੀ, ਚਿੱਤਰਕਾਰ ਅਮੋਲਕ ਸਿੰਘ, ਅਜਾਇਬ ਚਿੱਤਰਕਾਰ, ਸੰਗੀਤਕਾਰ ਉੱਤਮ ਸਿੰਘ, ਕਾਮੇਡੀਅਨ ਮੇਹਰ ਮਿੱਤਲ, ਗਾਇਕ ਰੌਸ਼ਨ ਪ੍ਰਿੰਸ, ਹਾਕੀ ਖਿਡਾਰੀ ਅਵਤਾਰ ਸਿੰਘ ਮਾਨ... ਇਤਿਆਦਿ। ਮਨਧੀਰ ਸਿੰਘ ਦਿਓਲ, ਸੂਤਰਬੱਧ ਸ਼ੈਲੀ ਵਿਚ ਸੰਖੇਪ ਵੰਨਗੀ ਦੇ ਲੇਖ ਲਿਖਦਾ ਹੈ। ਉਹ ਆਪਣੇ ਹਰ ਵਿਅਕਤੀ-ਚਿੱਤਰ ਵਿਚ ਸਬੰਧਿਤ ਵਿਅਕਤੀ ਦੀ ਪ੍ਰੋਫਾਈਲ ਬਹੁਤ ਕਲਾਤਮਿਕ ਅੰਦਾਜ਼ ਵਿਚ ਤਿਆਰ ਕਰਦਾ ਹੈ।
ਰਾਜਨੀਤਕ ਲੇਖਾਂ ਵਿਚ ਕੁਝ ਲੇਖ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਾਰੇ ਹਨ। ਹਰਿਆਣਾ ਪ੍ਰਦੇਸ਼ ਦੀ ਪ੍ਰਗਤੀ ਦਾ ਵਰਨਣ ਕਰਦਾ ਹੋਇਆ ਉਹ ਲਿਖਦਾ ਹੈ ਕਿ ਹਰਿਆਣਾ ਸਰਕਾਰ ਨੇ ਸ਼ਹਿਰੀ ਵਿਕਾਸ ਲਈ ਜਿੱਥੇ ਵੱਡੀਆਂ ਸਨਅਤੀ ਪੁਲਾਂਘਾਂ ਪੁੱਟੀਆਂ ਹਨ, ਉਥੇ ਪੇਂਡੂ ਵਿਕਾਸ ਲਈ ਵੀ ਉਪਰਾਲੇ ਕੀਤੇ ਹਨ। (ਪੰਨਾ 74) ਨਵੰਬਰ 1984 ਦੇ ਦਰਦ ਨੂੰ ਬਿਆਨ ਕਰਦਾ ਹੋਇਆ ਲੇਖਕ ਲਿਖਦਾ ਹੈ ਕਿ ਇਸ ਸਮੇਂ ਜੋ ਕਹਿਰ ਸਿੱਖ ਕੌਮ ਉੱਪਰ ਵਾਪਰਿਆ, ਉਸ ਦਾ ਦਰਦ ਤਿੰਨ ਦਹਾਕੇ ਬੀਤ ਜਾਣ 'ਤੇ ਵੀ ਮਨਾਂ ਅੰਦਰ ਰੜਕਦਾ ਹੈ। (ਪੰਨਾ 129) ਸਮਕਾਲੀ ਸਰੋਕਾਰਾਂ ਦੀ ਸ਼੍ਰੇਣੀ ਵਿਚ ਬਹੁਤ ਸਾਰੇ ਮੁੱਦੇ ਅਤੇ ਮਸਲੇ ਵਿਚਾਰੇ ਗਏ ਹਨ ਜਿਵੇਂ : ਕੰਨਿਆ ਭਰੂਣ ਹੱਤਿਆ, ਵਧਦੀ ਆਬਾਦੀ ਨੂੰ ਠੱਲ੍ਹ ਪਾਉਣੀ ਜ਼ਰੂਰੀ, ਕੇਜਰੀਵਾਲ ਨੇ ਕਾਂਗਰਸੀ ਅਤੇ ਭਾਜਪਾਈ ਡਰਾਏ, ਕਰਨੀ ਵਾਲੇ ਬਾਬੇ, ਪੰਜਾਬੀ ਸੱਭਿਆਚਾਰ ਦਾ ਪ੍ਰਤੀਕ : ਫੁਲਕਾਰੀ, ਅਤੇ ਸੱਭਿਆਚਾਰ ਨੂੰ ਲੱਗ ਰਿਹਾ ਖੋਰਾ ਆਦਿਕ। ਲੇਖਕ ਸੰਨ-ਸੰਮਤਾਂ ਅੰਕੜਿਆਂ ਅਤੇ ਵੇਰਵਿਆਂ ਬਾਰੇ ਪੂਰੀ ਸਾਵਧਾਨੀ ਤੋਂ ਕੰਮ ਲੈਂਦਾ ਹੈ। ਇਹ ਪੁਸਤਕ ਮੌਜੂਦਾ ਭਾਰਤਵਰਸ਼ ਦੀ ਇਕ ਰਾਂਗਲੀ ਤਸਵੀਰ ਪੇਸ਼ ਕਰਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪਿੰਡ ਦੀ ਸੱਥ
ਲੇਖਕ : ਕਮਲਜੀਤ ਮਾਂਗਟ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 0172-5027427.

ਕਮਲਜੀਤ ਮਾਂਗਟ ਦੀ ਇਸ ਪੁਸਤਕ ਦਾ ਸਿਰਲੇਖ ਕਹਾਣੀ ਸੰਗ੍ਰਹਿ ਲਿਖਿਆ ਗਿਆ ਹੈ। ਪਰ ਇਸ ਵਿਚਲੀਆਂ 27 ਰਚਨਾਵਾਂ ਦਾ ਮੁਹਾਂਦਰਾ ਵਿਅੰਗਨੁਮਾ ਲੇਖ ਹਨ। ਪੁਸਤਕ ਵਿਚ ਲੇਖਕ ਨੇ ਸੱਥਾਂ ਦੀ ਸਾਧਾਰਨ ਚੁੰਝ ਚਰਚਾ ਨੂੰ ਲੋਕ ਰੰਗ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਪਾਤਰਾਂ ਵਿਚੋਂ ਇਕ ਪਾਤਰ ਬਖਤੌਰ ਸਿੰਹੁ ਤਾਂ ਲਗਪਗ ਸਾਰੀਆਂ ਰਚਨਾਵਾਂ ਵਿਚ ਸਾਂਝਾ ਪਾਤਰ ਹੈ।
ਬਾਕੀ ਦਰਜਨਾਂ ਹੋਰ ਪਾਤਰ ਆਪਸੀ ਸੰਵਾਦ ਰਾਹੀਂ ਗੱਲਾਂ ਵਿਚੋਂ ਗੱਲ ਤੋਰਦੇ ਵਿਸ਼ੇ ਬਾਰੇ ਆਪੋ-ਆਪਣੇ ਵਿਚਾਰ ਸਹਿਜਮਈ ਢੰਗ ਵਿਚ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਗੁੱਸਾ ਗਿਲਾ, ਪਿਆਰ ਮੁਹੱਬਤ ਦੇ ਕਈ ਰੰਗ ਵੇਖੇ ਮਾਣੇ ਜਾ ਸਕਦੇ ਹਨ। ਸਾਹਿਤਕਾਰ ਸੁਰਿੰਦਰ ਰਾਮਪੁਰੀ ਨੇ ਪੁਸਤਕ ਦੀਆਂ ਰਚਨਾਵਾਂ ਨੂੰ ਲੇਖ ਤੇ ਕਹਾਣੀ ਦਾ ਸੁਮੇਲ ਕਿਹਾ ਹੈ। ਪਰ ਇਹ ਅਜੋਕੀ ਕਹਾਣੀ ਜਿਹੇ ਸਰੂਪ ਤੋਂ ਦੂਰ ਹਨ। ਹਾਂ ਕਹਾਣੀ ਵਰਗਾ ਰਸ ਇਨ੍ਹਾਂ ਰਚਨਾਵਾਂ ਵਿਚ ਹੈ। ਪਾਤਰ ਤਾਸ਼ ਖੇਡਦੇ ਤੇ ਅਖ਼ਬਾਰ ਦੀ ਆਮ ਖ਼ਬਰ ਨੂੰ ਅੱਗੇ ਤੋਰਦੇ ਜਾਂਦੇ ਹਨ। ਤਰਕ ਤੇ ਦਲੀਲ ਵੀ ਨਾਲੋਂ-ਨਾਲ ਚਲਦੀ ਹੈ, ਜਿਸ ਨਾਲ ਪਾਠਕ ਦੇ ਸੁਹਜ ਵਿਚ ਵਾਧਾ ਹੁੰਦਾ ਹੈ। ਵਿਸ਼ਿਆਂ ਵਿਚ ਕੰਨਿਆ ਭਰੂਣ ਹੱਤਿਆ, ਪਰਦੇਸਾਂ ਦੇ ਦੁੱਖ-ਸੁੱਖ, ਅਜੋਕੇ ਮਹਿੰਗੇ ਵਿਆਹਾਂ ਦੀ ਪਹਿਲੇ ਵੇਲਿਆਂ ਦੇ ਵਿਆਹਾਂ ਨਾਲ ਤੁਲਨਾ, ਬਿਜਲੀ ਕੱਟ, ਘਰਾਂ ਦੀ ਕਬੀਲਦਾਰੀ, ਧੀਆਂ ਦੇ ਦੁੱਖ, ਪੇਕਿਆਂ ਸਹੁਰਿਆਂ ਵਿਚ ਤੁਲਨਾ, ਜੱਟ ਤੇ ਖੇਤੀ ਦਾ ਰਿਸ਼ਤਾ, ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਵਧ ਰਹੇ ਖ਼ਤਰੇ, ਨਿੱਜੀ ਸਕੂਲਾਂ ਦੀਆਂ ਫੀਸਾਂ, ਅਧਿਆਪਕ ਵਰਗ ਦੀਆਂ ਖਾਮੀਆਂ, ਡਾਕਟਰਾਂ ਦੇ ਚੰਗੇ-ਮਾੜੇ ਵਿਹਾਰ ਦੀਆਂ ਗਾਥਾਵਾਂ ਸੰਵਾਦ ਸ਼ੈਲੀ ਵਿਚ ਹਨ। ਪ੍ਰੋ: ਬਲਦੀਪ ਸਿੰਘ ਅਨੁਸਾਰ ਪੁਸਤਕ ਦੀਆਂ ਰਚਨਾਵਾਂ ਵਿਚ ਨਿਰੋਲ ਪੇਂਡੂ ਸੱਭਿਆਚਾਰ ਦੀ ਪੇਸ਼ਕਾਰੀ ਹੈ। ਪੰਜਾਬ ਦੀ ਪੁਰਾਣੀ ਵਿਰਾਸਤ ਤੇ ਕਈ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਸਾਂਭਣ ਦਾ ਸਾਰਥਿਕ ਯਤਨ ਕੀਤਾ ਗਿਆ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਮਿੰਨੀਆਂ-ਮਿੰਨੀਆਂ ਚੁਸਕੀਆਂ
ਲੇਖਕ : ਪ੍ਰਿੰ: ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98764-52223.

'ਮਿੰਨੀਆਂ-ਮਿੰਨੀਆਂ ਚੁਸਕੀਆਂ' ਪ੍ਰਿੰ: ਬਹਾਦਰ ਸਿੰਘ ਗੋਸਲ ਦੀਆਂ ਮਿੰਨੀ ਕਹਾਣੀਆਂ ਦੀ ਪੁਸਤਕ ਹੈ, ਜਿਸ ਵਿਚ ਕੁੱਲ 60 ਮਿੰਨੀ ਕਹਾਣੀਆਂ ਹਨ। ਗੋਸਲ ਹੁਰੀਂ ਆਪਣੀ ਕਹਾਣੀ ਨੂੰ ਇਕ ਬਾਤ ਵਾਂਗ ਸ਼ੁਰੂ ਕਰਦੇ ਹਨ ਤੇ ਬਾਤ ਵਾਂਗ ਹੀ ਸਿਰੇ ਲਾਉਂਦੇ ਹਨ। ਪਾਠਕ ਚਾਹੇ ਤਾਂ ਨਾਲ-ਨਾਲ ਹੁੰਗਾਰਾ ਵੀ ਭਰ ਸਕਦਾ ਹੈ। ਇਹ ਕਹਾਣੀਆਂ ਪੇਂਡੂ ਜਨਜੀਵਨ, ਸ਼ਹਿਰੀ ਮੱਧ ਵਰਗ ਤੇ ਧਾਰਮਿਕ ਪਾਤਰਾਂ ਦੇ ਵਿਧੀ ਵਿਧਾਨ ਨੂੰ ਪੇਸ਼ ਕਰਦੀਆਂ ਹਨ। ਮਿੰਨੀ ਕਹਾਣੀ ਲਿਖਣ ਲਈ ਲੇਖਕ ਕੋਲ ਸ਼ਬਦਾਂ ਦੀ ਵਰਤੋਂ ਦੀ ਭਰਪੂਰ ਕਲਾ ਹੋਣੀ ਚਾਹੀਦੀ ਹੈ। ਪ੍ਰਿੰ: ਗੋਸਲ ਹੁਰਾਂ ਕੋਲ ਇਨ੍ਹਾਂ ਗੁਣਾਂ ਦਾ ਅਥਾਹ ਭੰਡਾਰ ਹੈ। ਉਹ ਜਾਣਦੇ ਹਨ ਕਿ ਕਿਹੜੇ ਸ਼ਬਦ ਨੂੰ ਕਿਵੇਂ ਤੇ ਕਿੱਥੇ ਵਰਤਣਾ ਹੈ ਤੇ ਉਸ ਦੇ ਅਰਥਾਂ ਨਾਲ ਕਹਾਣੀ ਦੀ ਪ੍ਰਸੰਗਿਕਤਾ ਕਿਵੇਂ ਕਾਇਮ ਕਰਨੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਜਿਵੇਂ 'ਬਰਾਤੀ ਆਏ ਸਜ-ਧਜ ਕੇ', 'ਚੈਨ ਦੀ ਨੀਂਦ', 'ਤੂਫ਼ਾਨ ਤਾਂ ਸੌਂ ਰਿਹਾ ਏ', 'ਮੈਂ ਤਾਂ ਠੀਕ ਆਂ ਜੀ', 'ਗ਼ਰੀਬ ਦਾ ਰੱਬ ਨੂੰ ਸੁਆਲ', 'ਡਿਗਦੀ ਇਨਸਾਨੀਅਤ', 'ਨਹਿਲੇ ਤੇ ਦਹਿਲਾ', 'ਬੇਰੁਜ਼ਗਾਰੀ ਦਾ ਹਾਲ', 'ਬੱਸ ਵਿਚ ਜਗ੍ਹਾ', 'ਮਰਨ ਦਾ ਇਰਾਦਾ' ਕਹਾਣੀ ਮਿੰਨੀ ਕਹਾਣੀ ਦੀ ਬਣਤਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ। ਇਨ੍ਹਾਂ ਵਿਚ ਤੇਜ਼ ਚਾਲ, ਟੀਚੇ ਵੱਲ ਵਧਣ ਦੀ ਤੇਜ਼ੀ, ਹਾਸ-ਵਿਅੰਗ ਤੇ ਹਾਜ਼ਰ ਜਵਾਬੀ ਹਾਜ਼ਰ ਮਿਲਣੀ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਮੇਰੀਆਂ ਯਾਦਾਂ
(ਚੜ੍ਹਦੀ ਸਵੇਰ ਤੋਂ ਢਲਦੀ ਸ਼ਾਮ ਦਾ ਸਫ਼ਰ)
ਲੇਖਕ : ਕਰਨਲ ਹਰਜੀਤ ਬੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 200
ਸੰਪਰਕ : 98146-73236.

ਇਸ ਪੁਸਤਕ ਵਿਚ ਲੇਖਕ ਨੇ ਆਤਮ-ਚਿੰਤਨ ਕਰਦਿਆਂ ਹੋਇਆਂ ਪੌਣੀ ਸਦੀ ਦੀਆਂ ਆਪਣੀਆਂ ਨਿੱਕੀਆਂ-ਵੱਡੀਆਂ ਯਾਦਾਂ ਨੂੰ 44 ਕਾਂਡਾਂ ਵਿਚ ਸਮੋਇਆ ਹੈ। ਲੇਖਕ ਦੱਸਦਾ ਹੈ ਕਿ ਉਸ ਦਾ ਪਿਤਾ ਸਟੇਸ਼ਨ ਮਾਸਟਰ ਸੀ। ਉਹ ਆਪਣੀ ਸਰਵਿਸ ਦੌਰਾਨ ਜਿੱਥੇ-ਜਿਥੇ ਵੀ ਬਦਲ ਕੇ (ਧੀਰਪੁਰ-ਕਰਨਾਲ ਨੇੜੇ; ਰੋਪੜ, ਦਿੱਲੀ, ਤਪਾ ਮੰਡੀ, ਦੋਰਾਹਾ ਆਦਿ) ਜਾਂਦਾ ਰਿਹਾ, ਉਥੇ-ਉਥੇ ਹੀ ਪਰਿਵਾਰ ਸਮੇਤ ਲੇਖਕ ਵੀ ਜਾਂਦਾ ਰਿਹਾ। ਇਹ ਦਿਨ ਬਚਪਨ ਅਤੇ ਵਿੱਦਿਆ-ਪ੍ਰਾਪਤੀ ਦੇ ਸਨ। ਫਿਰ ਲੇਖਕ ਨੂੰ ਕੁਝ ਸਮਾਂ ਅਧਿਆਪਕੀ ਅਤੇ ਬੀਮਾ ਕੰਪਨੀ ਵਿਚ ਕਲਰਕੀ ਵੀ ਕਰਨੀ ਪਈ। ਇਸ ਤੋਂ ਬਾਅਦ ਲੇਖਕ ਮਿਲਟਰੀ ਇੰਜੀਨੀਅਰ ਵਜੋਂ ਸੈਕਿੰਡ ਲੈਫਟੀਨੈਂਟ ਬਣਿਆ। ਅਖੀਰ ਤਰੱਕੀ ਕਰਦਾ ਕਰਨਲ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਕੇ ਅੱਜਕਲ੍ਹ ਕੈਨੇਡਾ ਵਿਚ ਅਨੰਦਮਈ ਜੀਵਨ ਬਤੀਤ ਕਰ ਰਿਹਾ ਹੈ। ਆਪਣੇ ਮਿਲਟਰੀ ਜੀਵਨ ਵਿਚ ਉਹ ਵਿਭਿੰਨ ਥਾਵਾਂ 'ਤੇ ਰਿਹਾ ਜਿਵੇਂ ਕਿ ਮਦਰਾਸ, ਗੁਹਾਟੀ, ਮਿਜ਼ੋਰਮ, ਦਾਰਜਲਿੰਗ, ਚੰਡੀਗੜ੍ਹ, ਕਸ਼ਮੀਰ ਤੋਂ ਬਿਨਾਂ ਅੰਡੇਮਾਨ-ਨਿਕੋਬਾਰ ਟਾਪੂਆਂ ਵਿਚ ਵੀ ਰਿਹਾ। ਇਨ੍ਹਾਂ ਸਾਰੀਆਂ ਥਾਵਾਂ 'ਤੇ ਉਸ ਨੇ ਸਥਾਨਕ ਲੋਕਾਂ ਨਾਲ ਆਪਣੇ ਸਬੰਧਾਂ, ਪ੍ਰਾਕਿਰਤੀ, ਜੰਗਲੀ ਜਾਨਵਰਾਂ, ਪੰਛੀਆਂ ਆਦਿ ਨਾਲ ਆਪਣੇ ਅਨੁਭਵਾਂ ਦਾ ਬੜੀ ਹੀ ਰੌਚਿਕ ਸ਼ੈਲੀ ਵਿਚ ਵਰਨਣ ਕੀਤਾ ਹੈ। ਉਸ ਨੇ ਆਪਣੀਆਂ ਯਾਦਾਂ ਵਿਚ ਅਵੈਧ ਸਬੰਧਾਂ ਦਾ ਜ਼ਿਕਰ ਵੀ ਬੇਬਾਕੀ ਨਾਲ ਕੀਤਾ ਹੈ। ਔਰਤ-ਮਰਦ ਸਬੰਧਾਂ ਵਿਚ ਭਰਮ-ਭੁਲੇਖਿਆਂ ਦਾ ਦ੍ਰਿਸ਼ ਵੀ ਚਿਤਰਿਆ ਹੈ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਪੰਜਾਬ ਵਿਚ ਕਿਸਾਨਾਂ ਦੀ ਦੁਰਦਸ਼ਾ, ਬੁਢਾਪੇ ਵਿਚ ਮਾਪਿਆਂ ਦਾ ਬੁਰਾ ਹਾਲ; ਬੁੱਢੇ ਜਵਾਈ ਦਾ ਸਹੁਰੇ ਘਰ ਵਿਚ ਅਪਮਾਨ, ਆਦਿ ਅਨੇਕ ਵਿਸ਼ੇ ਪੇਸ਼ ਕੀਤੇ ਗਏ ਹਨ। ਇਸ ਬਿਰਤਾਂਤ ਦੀ ਵਿਲੱਖਣਤਾ ਇਹ ਹੈ ਕਿ ਲੇਖਕ ਨੇ ਆਪਣੇ ਲਈ 'ਮੈਂ' ਦੀ ਥਾਂ 'ਜੀਤਾ...ਜੀਤਾ' ਨਾਂਅ ਦਾ ਪ੍ਰਯੋਗ ਹੀ ਕੀਤਾ ਹੈ। ਆਮ ਲੇਖਕ ਜਿਨ੍ਹਾਂ ਘਟਨਾਵਾਂ ਨੂੰ ਮਾਮੂਲੀ ਨੀਵੇਂ ਪੱਧਰ ਦੀਆਂ ਸਮਝਦੇ ਹਨ, ਇਹ ਲੇਖਕ ਉਨ੍ਹਾਂ ਨੂੰ ਵੀ ਮਹੱਤਵ ਨਾਲ ਉਲੀਕਦਾ ਹੈ ਅਰਥਾਤ ਅਣਗੌਲੀਆਂ ਵਾਕਿਆਵਾਂ ਨੂੰ ਗੋਲਣਯੋਗ ਸਮਝ ਕੇ ਸਿਰਜਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਸ਼ਕਤੀ ਪ੍ਰਦਰਸ਼ਨ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ ਜਲੰਧਰ
ਮੁੱਲ : 100 ਰੁਪਏ, ਸਫ਼ੇ : 68
ਸੰਪਰਕ : 98724-55994.

'ਸ਼ਕਤੀ ਪ੍ਰਦਰਸ਼ਨ' ਪੁਸਤਕ ਵਿਚ ਲੇਖਕ ਹੀਰਾ ਸਿੰਘ ਤੂਤ ਨੇ ਪੰਜ ਕੁ ਦਰਜਨ ਕਹਾਣੀਆਂ ਰਾਹੀਂ ਆਪਣੀ ਲੇਖਣੀ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਲੇਖਕ ਹੀਰਾ ਸਿੰਘ ਤੂਤ ਨੇ ਆਲੇ-ਦੁਆਲੇ ਵਾਪਰ ਰਹੇ ਮਾਹੌਲ ਨੂੰ ਕਹਾਣੀਆਂ ਰਾਹੀਂ ਪ੍ਰਗਟ ਕਰਨ ਲਈ ਭਾਵੇਂ ਆਮ ਪਾਤਰ ਹੀ ਚੁਣੇ ਹਨ ਪਰ ਨਿੱਕੀ ਜਿਹੀ ਗੱਲ ਨਾਲ ਵੱਡੀ ਤੇ ਬਹੁ-ਅਰਥੀ ਸਮਝਾਉਣੀ ਦੇ ਜਾਂਦੇ ਹਨ। 'ਸੁੱਕੀ ਸੇਵਾ' ਵਿਚ ਧਰਮ ਦੇ ਅਖੌਤੀ ਸੇਵਾਦਾਰਾਂ ਵਲੋਂ ਧਰਮ ਦੇ ਅਸੂਲਾਂ ਦੇ ਬਿਲਕੁਲ ਉਲਟ ਜਾਤ-ਪਾਤ ਦੇ ਜੂਲੇ ਵਿਚ ਅਜੇ ਵੀ ਆਪਣੀ ਧੌਣ ਫਸਾਈ ਰੱਖਣੀ, ਔਲਾਦ ਦੀਆਂ ਗ਼ਲਤੀਆਂ ਨਾਲ 'ਸ਼ਮਲੇ ਵਾਲੀ ਪੱਗ' ਦਾ ਦਾਗੋ-ਦਾਗੀ ਹੋਣਾ, ਅੰਦਰ ਕਾਲਾ ਚੋਰ ਬਾਹਰੋਂ ਬਗਲੇ ਭਗਤ ਜਾਣੀ 'ਲੂਜ਼ ਟਾਕ', 'ਕਮਲ-ਕੁੱਤੇ' 'ਆਲਣੇ' ਦਾ ਬਿਖਰਨਾ, 'ਕਾਸ਼! ਮੈਂ ਕੁੱਤਾ ਹੁੰਦਾ' ਵਿਚ ਮਨੁੱਖੀ ਦੁਰਗਤੀ, 'ਗਾਲ਼' ਵਿਚ ਪਿਓ-ਪੁਤਰ ਵਲੋਂ ਦਾ ਨੈਤਿਕਤਾ ਦੀ ਲੀਹਾਂ ਤੋਂ ਉਤਰ ਕੇ ਇੱਕੇ ਖੁਰਲੀ ਵਿਚ ਮੂੰਹ ਮਾਰਨਾ, ਅਸਥੀਆਂ ਦਾ ਹੀ 'ਕਮਿਸ਼ਨ', ਚੁਗਲੀਆਂ ਦਾ ਤੰਦੂਰ ਤਪਣਾ, 'ਰੋਟੀ' ਗਰੀਬੀ ਦੀ ਤਰਾਸਦੀ, 'ਮਰੂਤੀਕਾਰ' ਭਾਵ ਫਜ਼ੂਲ ਖਰਚੀ ਦੇ ਵਿਖਾਵੇ ਦਾ ਸ਼ੋਸ਼ਾ ਅਤੇ 'ਤਰਕਸ਼ੀਲ ਆਦਮੀ' ਜਾਣੀ ਤਰਕਸ਼ੀਲਤਾ ਦਾ ਹੀ ਜਲੂਸ ਕੱਢਣ ਦਾ ਸਬੱਬ ਬਣਨਾ ਆਦਿ ਭਾਵ ਪੂਰਤ ਵਿਸ਼ਿਆਂ ਨੂੰ ਲੇਖਕ ਨੇ ਆਪਣੀਆਂ ਕਹਾਣੀਆਂ ਵਿਚ ਸੰਜੋਇਆ ਹੈ। 'ਸ਼ਕਤੀ ਪ੍ਰਦਰਸ਼ਨ' ਪੁਸਤਕ ਵਿਚ 'ਮਦਰ ਡੇ' ਜਾਣੀ ਨਵਜੰਮੀਆਂ ਬਾਲੜੀਆਂ ਦੇ ਹੱਕ, 'ਘੋਲ' ਵਿਚ ਸੰਘਰਸ਼ ਤੇ 'ਉਜੜੇ ਲੋਕ' ਵਿਚ ਕਿਰਤ ਦੀ ਬਾਤ ਪਾ ਕੇ ਲੇਖਕ ਹੀਰਾ ਸਿੰਘ ਤੂਤ ਨੇ ਆਸ਼ਾਵਾਦੀ ਪਰੰਪਰਾ ਨੂੰ ਵੀ ਸਲੂਟ ਕੀਤਾ ਹੈ, ਜੋ ਇਕ ਅਗਾਂਹਵਧੂ ਤੇ ਸਾਰਥਿਕ ਵਿਚਾਰਧਾਰਾ ਦੀ ਵੀ ਇਕ ਵੱਡੀ ਪ੍ਰੋੜਤਾ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

'ਮੋਹਨਜੀਤ ਕਾਵਿ-ਚਿੰਤਨ'
ਲੇਖਕ : ਪਰਮਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 94630-88272.

ਪਰਮਿੰਦਰ ਕੌਰ ਨੇ 'ਮਨਮੋਹਨਜੀਤ ਦਾ ਕਾਵਿ-ਚਿੰਤਨ' ਪੁਸਤਕ ਵਿਚ ਮਨਮੋਹਨਜੀਤ ਦੇ ਕਾਵਿ-ਸੰਗ੍ਰਹਿ ਉਹਲੇ ਵਿਚ ਉਜਿਆਰਾ ਦਾ ਅਧਿਐਨ ਕੀਤਾ ਹੈ। ਸਮੁੱਚੀ ਪੁਸਤਕ ਨੂੰ ਉਸ ਨੇ ਚਾਰ ਪਾਠਾਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਮਨਮੋਹਨਜੀਤ ਦੇ ਜੀਵਨ, ਕਾਵਿ-ਵਸਤੂ, ਕਾਵਿ-ਦ੍ਰਿਸ਼ਟੀ, ਕਾਵਿ-ਜੁਗਤਾਂ ਬਾਰੇ ਚਾਨਣਾ ਪਾਇਆ ਹੈ। ਮੋਹਨਜੀਤ ਦੀ ਕਵਿਤਾ ਗੋਲਣਯੋਗ ਹੈ। ਜਿਵੇਂ :
'ਜੇ ਰੱਬ ਵਿਆਪਕ ਹੈ ਤਾਂ ਭੌਂਅ ਦੇ ਖਾਸ ਟੋਟੇ ਤੇ ਕਿਉਂ ਛਵੀਆਂ ਦੀ ਛਾਂ ਹੈ'। (ਪੰਨਾ - 90)
ਇਵੇਂ ਹੀ ਇਸ ਪੁਸਤਕ ਵਿਚ ਮਨਮੋਹਨਜੀਤ ਦੀ ਗੀਤ ਭਰਪੂਰ ਸ਼ੈਲੀ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਮਨਮੋਹਨਜੀਤ ਦੀਆਂ ਕਵਿਤਾਵਾਂ ਮਾਂ ਨੂੰ ਸਮਰਪਿਤ ਹਨ, ਜੋ ਬੱਚੇ ਨੂੰ ਜ਼ਿੰਦਗੀ ਦੇ ਰੂਬਰੂ ਕਰਕੇ ਉਸ ਵਿਚ ਵਿਚਰਨਾ ਸਿਖਾਉਂਦੀ ਹੈ, ਜਿੱਥੇ ਮਾਂ ਦੇ ਲੋਕ ਗੀਤ ਦੀਆਂ ਸੁਰਾਂ ਲੋਰੀ ਤੇ ਹਊਕੇ ਦੀ ਹੂਕ ਸਾਜ਼ ਦੇ ਰੂਪ ਵਿਚ ਮਹਿਸੂਸ ਹੁੰਦੀ ਹੈ, ਜਿਵੇਂ :
''ਮਾਂ ਕਿਹੜੀ ਖੋਜਣ ਸੀ! ਚਰਖਾ ਕੱਤਦੀ ਸੌਂ ਜਾਂਦੀ ਉੱਠਦੀ ਤਾਂ ਚੱਕੀ ਝੌਂਦੀ
.. .. .. .. .. .. .. .. .. .. ..
ਮੈਂ ਵੀ ਜੋ ਸ਼ਾਸਤਰੀ ਬਣਿਆ ਫਿਰਦਾਂ ਇੰਮਾ ਈ ਤਾਂ ਜਾਣਦਾ ਮਾਂ ਸਾਹ ਲੈਂਦੀ ਤਾਂ ਲੱਗਦਾ ਰੱਬ ਜਿਊਂਦਾ ਹੈ'।
ਇਸੇ ਤਰ੍ਹਾਂ ਹੀ 'ਉਹਲੇ ਵਿਚ ਉਜਿਆਰਾ : ਕਾਵਿ-ਜੁਗਤਾਂ' ਵਿਚ ਵੀ ਦੱਸਿਆ ਹੈ ਕਿ ਕਾਵਿ-ਭਾਸ਼ਾ ਸੰਕੇਤਕ ਅਤੇ ਭਾਵਨਾ ਮੂਲਕ ਹੁੰਦੀ ਹੈ, ਜਦੋਂ ਕਿ ਵਿਹਾਰ ਭਾਸ਼ਾ ਕੇਵਲ ਬੌਧਿਕ ਹੁੰਦੀ ਹੈ। ਹਰ ਕਵੀ ਦਾ ਲਿਖਣ ਢੰਗ ਆਪਣਾ ਆਪਣਾ ਹੁੰਦਾ ਹੈ, ਕਵੀ ਜਿਸ ਸਮੇਂ ਅਤੇ ਸਥਾਨ ਵਿਚ ਵਿਚਰਦਾ ਹੈ, ਉਸੇ ਦੀ ਪ੍ਰਚਲਿਤ ਭਾਸ਼ਾ ਨੂੰ ਅਪਣਾ ਕੇ ਵਿਚਾਰਾਂ ਦੀ ਪੇਸ਼ਕਾਰੀ ਕਰਦਾ ਹੈ। ਸਖੀ, ਜੋਗਣ ਵਾਲੀਆਂ ਕਵਿਤਾਵਾਂ ਵਿਚ ਉਹ ਸਾਡੀ ਧਾਰਮਿਕ ਅਤੇ ਦਾਰਸ਼ਨਿਕ ਪਰੰਪਰਾ ਵਿਚੋਂ ਕਾਵਿ-ਭਾਸ਼ਾ ਦੀ ਚੋਣ ਕਰਦਾ ਹੈ, ਬਾਰੇ ਵੀ ਲੇਖਿਕਾ ਨੇ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਹੈ। ਅੰਤ ਵਿਚ ਪੁਸਤਕ ਸੂਚੀ ਦਿੱਤੀ ਗਈ ਹੈ। ਕਵੀ ਨੇ ਅਲੰਕਾਰਾਂ ਦੀ ਵਰਤੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਪਰਮਿੰਦਰ ਕੌਰ ਨੇ ਮਨਮੋਹਨਜੀਤ ਦੇ ਅਹਿਮ ਪਹਿਲੂਆਂ ਨੂੰ ਉਭਾਰਿਆ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਝਾਂਜਰ
ਸ਼ਾਇਰ : ਜਸਵੰਤ ਵਾਗਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 0172-5027427.

ਹਥਲੇ ਸੰਗ੍ਰਹਿ ਵਿਚ 84 ਕੁ ਸ਼ਾਨਦਾਰ ਗ਼ਜ਼ਲਾਂ ਹਨ। ਸੋਨੇ 'ਤੇ ਸੁਹਾਗਾ ਇਹ ਹੈ ਕਿ ਇਹ ਪੁਸਤਕ ਵਧੀਆ ਆਰਟ ਪੇਪਰ 'ਤੇ ਛਾਪੀ ਗਈ ਹੈ ਅਤੇ ਇਸ ਦੇ ਹਰ ਵਰਕੇ 'ਤੇ ਸੁਨੀਤਾ ਮਹਿਮੀ ਨਾਂਅ ਦੀ ਚਿੱਤਰਕਾਰਾ ਨੇ ਗ਼ਜ਼ਲ ਦੀ ਆਤਮਾ ਅਨੁਸਾਰ ਚਿੱਤਰ ਪ੍ਰਕਾਸ਼ਿਤ ਕੀਤੇ ਹਨ। ਪੁਸਤਕ ਵਧੀਆ ਛਪੀ ਹੈ ਅਤੇ ਹੱਥ ਲਗਦੀ ਹੈ। ਵਾਗਲਾ ਦੀਆਂ ਗ਼ਜ਼ਲਾਂ ਆਮ ਕਰਕੇ ਛੋਟੇ ਛੰਦ ਅਥਵਾ ਬਹਿਰ ਵਿਚ ਹਨ। ਗ਼ਜ਼ਲਾਂ ਵਿਚ ਜਿਥੇ ਸਮਾਜਿਕ ਸਰੋਕਾਰ ਹਨ, ਉਥੇ ਪੰਜਾਬੀ ਮਾਂ-ਬੋਲੀ ਦੀ ਵੀ ਆਰਤੀ ਉਤਾਰੀ ਗਈ ਹੈ ਤੇ ਆਸਥਾ ਜਗਾਈ ਗਈ ਹੈ ਕਿ ਇਹ ਬੋਲੀ ਹਜ਼ਾਰਾਂ ਸਾਲ ਜਿਊਂਦੀ ਰਹੇਗੀ।
ਸਾਡੇ ਸਭ ਦੇ ਸਿਰ 'ਤੇ ਠੰਢੀ ਛਾਂ ਪੰਜਾਬੀ ਨੂੰ
ਸਜਦਾ ਮੇਰਾ ਲਖ ਵਾਰੀ ਹੈ ਮਾਂ ਪੰਜਾਬੀ ਨੂੰ
ਉਸ ਦੇ ਸ਼ਿਅਰਾਂ ਵਿਚ ਪੰਜਾਬ ਦਾ ਜ਼ਖ਼ਮੀ ਇਤਿਹਾਸ, ਮਾਵਾਂ ਦੀ ਬੇਕਦਰੀ, ਝੁੱਗੀਆਂ ਵਿਚ ਵਸਦੀ ਪ੍ਰਤਿਭਾ, ਗਮਗੀਨ ਹੋਈਆਂ ਰੁੱਤਾਂ, ਠੰਢੇ ਚੁੱਲ੍ਹੇ, ਵਿਛੋੜੇ ਦਾ ਦਰਦ, ਕਲਮ ਦੇ ਹਥਿਆਰ ਦੀ ਮਹਿਮਾ, ਕਲਮਾਂ ਦੀ ਮਾਰੂ ਚੁੱਪ, ਇਸ਼ਕ ਦਾ ਰੋਗ ਅਵੱਲਾ, ਬੇਇਤਬਾਰੇ ਯਾਰ, ਜ਼ਿੰਦਗੀ ਦੇ ਹਾਦਸੇ, ਭਟਕਣਾ, ਸਿਮਰਨ ਤੋਂ ਕਿਰਤ ਵੱਲ, ਬੇਘਰਾਂ ਦਾ ਦਰਦ ਆਦਿ ਵਿਸ਼ੇ ਸੰਵੇਦਨ ਭਰਪੂਰ ਲਹਿਜ਼ੇ ਵਿਚ ਨਿਭਾਏ ਗਏ ਹਨ। ਉਸ ਦੇ ਸ਼ਿਅਰਾਂ ਦੀ ਭਾਸ਼ਾ ਹਲਕੀ ਫੁਲਕੀ ਪਰ ਅਰਥ ਭਰਪੂਰ ਹੈ। ਆਮ ਪਾਠਕ ਇਨ੍ਹਾਂ ਸ਼ਿਅਰਾਂ ਦਾ ਆਨੰਦ ਮਾਣ ਸਕਦਾ ਹੈ। ਸੰਚਾਰਨ ਵਿਚ ਕੋਈ ਦਿੱਕਤ ਨਹੀਂ ਹੈ। ਉਸ ਦੇ ਕੁਝ ਸ਼ਿਅਰ ਹਾਜ਼ਰ ਹਨ :
-ਹਰ ਤਰਫ ਮਜ਼ਹਬ ਦੇ ਨਾਂਅ 'ਤੇ ਫੈਲਦੀ ਨਫ਼ਰਤ ਦਿਸੇ,
ਤੋੜ ਦੁਨੀਆ ਭਰ 'ਚ ਕੋਈ ਵੀ ਨਹੀਂ ਇਸ ਜ਼ਹਿਰ ਦਾ।
-ਐ ਖ਼ੁਦਾ ਸੁੱਤਾ ਰਿਹਾ ਤੂੰ ਜ਼ੁਲਮ ਹੁੰਦਾ ਵੇਖ ਕੇ,
ਮੈਂ ਕਿਸੇ ਦਿਨ ਫ਼ੈਸਲਾ ਕਰਨਾ ਹੈ ਤੇਰੇ ਕਹਿਰ ਦਾ।
ਵਾਗਲਾ ਨੂੰ ਗ਼ਜ਼ਲ ਤਕਨੀਕ ਉੱਤੇ ਪਕੜ ਹੈ। ਉਹ ਸਹਿਜ ਅਤੇ ਸੁਹਜ ਨੂੰ ਪ੍ਰਣਾਇਆ ਹੋਇਆ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

18-05-2019

 ਹਾਇਕੂ : ਲਿਸ਼ਕਾਂ ਤੇ ਰਮਜ਼ਾਂ
(ਸੰਕਲਨ ਅਤੇ ਵਿਸ਼ਲੇਸ਼ਣ)
ਲੇਖਕ : ਸਿਮਰਨਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 254
ਸੰਪਰਕ : 94176-42669.

ਸਿਮਰਨਜੀਤ ਸਿੰਘ ਨੇ 'ਹਾਇਕੂ : ਲਿਸ਼ਕਾਂ ਤੇ ਰਮਜ਼ਾਂ' ਆਲੋਚਨਾਤਮਕ ਪੁਸਤਕ ਰਾਹੀਂ, ਇਸ ਵਿਧਾ ਦੀ ਰੂਪਾਕਾਰਕ ਪਛਾਣ, ਇਤਿਹਾਸ ਅਤੇ ਪੰਜਾਬੀ ਵਿਚ ਲਿਖੇ ਹਾਇਕੂਆਂ ਦੀ ਜਾਣ-ਪਛਾਣ ਪੰਜਾਬੀ ਪਾਠਕਾਂ ਨਾਲ ਕਰਵਾਈ ਹੈ। ਇਸ ਪੁਸਤਕ ਨੂੰ ਉਸ ਨੇ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਖੰਡ ਵਿਚ ਉਸ ਨੇ 'ਹਾਇਕੂ : ਮੁਢਲੀ ਜਾਣ-ਪਛਾਣ', 'ਹਾਇਕੂ ਦਾ ਇਤਿਹਾਸਕ ਪਿਛੋਕੜ' ਅਤੇ 'ਪੰਜਾਬੀ ਹਾਇਕੂ ਦੇ ਪ੍ਰਮੁੱਖ ਸਰੋਕਾਰਾਂ ਨਿਬੰਧਾਂ ਰਾਹੀਂ ਹਾਇਕੂ ਕਾਵਿ-ਵਿਧਾ ਦੀ ਪ੍ਰਕਿਰਤੀ ਪ੍ਰਯੋਜਨ, ਇਤਿਹਾਸ ਅਤੇ ਇਸ ਦੀ ਪੰਜਾਬੀ ਕਵਿਤਾ ਵਿਚ ਸਾਰਥਕਤਾ ਆਦਿ ਵਿਸ਼ਿਆਂ ਨੂੰ ਛੋਹਿਆ ਹੈ। ਦੂਸਰੇ ਭਾਗ ਵਿਚ ਪੰਜਾਬੀ ਹਾਇਕੂਆਂ ਦਾ ਸੰਕਲਨ ਕੀਤਾ ਹੈ, ਜਿਸ ਵਿਚ ਉਸ ਨੇ ਲਗਪਗ ਅਨੂਪ ਬਾਬਰਾ ਤੋਂ ਲੈ ਕੇ ਵਿੱਕੀ ਸੰਧੂ ਤੱਕ ਪੰਜਾਬੀ ਹਾਇਕੂ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਹੈ। ਰਾਜਿੰਦਰ ਪਾਲ ਸਿੰਘ ਬਰਾੜ (ਡਾ:) ਹਾਇਕੂ ਨੂੰ ਜੀਵਨ ਵਿਧਾ ਮੰਨਦਾ ਹੈ। ਉਸ ਅਨੁਸਾਰ ਉਂਜ ਤਾਂ ਕਵੀ ਸਿਰਜਣਹਾਰ ਅਤੇ ਸੰਵੇਦਨਸ਼ੀਲ ਹੁੰਦੇ ਹਨ ਪਰ 'ਹਾਇਕੂ' ਕਵੀ ਜ਼ਿਆਦਾ ਹੀ ਪਤਲ ਚੰਮੇ ਹਨ। ਇਹ ਜ਼ਿਆਦਾ ਹੀ ਕੋਮਲ ਚਿੱਤ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਹਾਇਕੂ ਕਾਵਿ-ਵਿਧਾ ਰਾਹੀਂ ਬਹੁਤ ਹੀ ਕੋਮਲ ਵਿਸ਼ਿਆਂ ਨੂੰ ਚਿਤਰਿਤ ਕਰਦੇ ਹਨ।
- ਗਰਮ ਦੁਪਹਿਰ, ਤਿਤਲੀ ਫੁੱਲਾਂ ਨੂੰ
ਉੜ ਉੜ ਪੱਖੀ ਝੱਲੇ। (ਅਮਰਜੀਤ ਸਾਥੀ)
-ਟੋਭੇ ਦਾ ਸ਼ਾਂਤ ਪਾਣੀ, ਡਿੱਗਿਆ ਸੁੱਕਾ ਪੱਤਾ
ਹਿੱਲਿਆ ਸੂਰਜ। (ਰਵਿੰਦਰ ਰਵੀ)
ਇਕਾਂਤ, ਕੁਦਰਤ-ਪ੍ਰੇਮ, ਕੁਦਰਤੀ ਦ੍ਰਿਸ਼ਾਂ ਦਾ ਵਰਨਣ, ਕੁਦਰਤੀ ਮੌਸਮਾਂ ਦੀ ਤਸਵੀਰ ਕਸ਼ੀ, ਮਨੁੱਖੀ ਧਰਮ ਦੀ ਸਾਰਥਿਕਤਾ ਆਦਿ ਵਿਸ਼ੇ 'ਹਾਇਕੂ' ਦੇ ਹਾਇਕੂ ਕਵੀਆਂ ਦੇ ਮਨਭਾਉਂਦੇ ਵਿਸ਼ੇ ਹਨ। ਸਿਮਰਨਜੀਤ ਸਿੰਘ ਨੇ ਇਸ ਖ਼ਾਸ ਵਿਧਾ ਦੀ ਜਾਣ-ਪਛਾਣ ਪੰਜਾਬੀ ਦੇ ਵਿਦਵਾਨ ਪਾਠਕਾਂ ਨਾਲ ਕਰਵਾਈ ਹੈ, ਇਸ ਲਈ ਉਹ ਖ਼ਾਸ ਵਧਾਈ ਦਾ ਪਾਤਰ ਹੈ। ਜਪਾਨੀ ਲੋਕ ਜ਼ਿੰਦਗੀ ਨੂੰ ਮਾਨਣ ਵਾਲੇ ਬਾਸ਼ਿੰਦੇ ਮੰਨੇ ਜਾਂਦੇ ਹਨ। ਇਸ ਲਈ ਪੰਜਾਬੀਆਂ ਨੂੰ ਵੀ ਭਰਪੂਰ ਜ਼ਿੰਦਗੀ ਜਿਊਣ ਦਾ ਵਲ ਸਿੱਖਣ ਲਈ ਇਸ ਪੁਸਤਕ ਨੂੰ ਉਚੇਚੇ ਤੌਰ 'ਤੇ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹਾਂ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਬਾਬਰਨਾਮਾ
ਲੇਖਕ : ਬਾਬਰ ਜ਼ਹੀਰੂਦੀਨ ਮੁਹੰਮਦ
ਅਨੁਵਾਦ : ਡਾ: ਸਵਰਨਜੀਤ ਕੌਰ ਸੰਮੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 425 ਰੁਪਏ, ਸਫ਼ੇ : 200
ਸੰਪਰਕ : 011-23280657.

ਇਸ ਪੁਸਤਕ ਵਿਚ ਮੁਗ਼ਲ ਬਾਦਸ਼ਾਹ ਜ਼ਹੀਰੂਦੀਨ ਬਾਬਰ ਨੇ 1493 ਈ: ਤੋਂ ਲੈ ਕੇ 1530 ਈ: ਤੱਕ ਦੀਆਂ ਘਟਨਾਵਾਂ ਨੂੰ ਬਿਆਨ ਕੀਤਾ ਹੈ। ਡਾ: ਸਵਰਨਜੀਤ ਕੌਰ ਨੂੰ ਇਸ ਪੁਸਤਕ ਦੇ ਅਨੁਵਾਦ ਦਾ ਫੁਰਨਾ ਆਪਣੇ ਘਰ ਵਿਚ ਪਈ ਮੂਲ ਪੋਥੀ 'ਬਾਬਰਨਾਮਾ' ਨੂੰ ਵੇਖ ਕੇ ਫੁਰਿਆ ਸੀ। 2018 ਈ: ਵਿਚ ਅਨੁਵਾਦਿਕਾ ਵਲੋਂ ਮੂਲ ਤੁਰਕੀ ਭਾਸ਼ਾ ਵਿਚ ਲਿਖੀ ਗਈ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਪ੍ਰਕਾਸ਼ਿਤ ਹੋ ਗਿਆ।
ਬਾਬਰ ਨੂੰ ਹਿੰਦੁਸਤਾਨ ਉੱਪਰ ਹਮਲੇ ਦਾ ਪ੍ਰਸਤਾਵ ਕਈ ਪਾਸਿਆਂ ਤੋਂ ਪ੍ਰਾਪਤ ਹੋਇਆ ਸੀ। 1524-25 ਵਿਚ ਚਿਤੌੜ ਦੇ ਰਾਜੇ ਨੇ ਇਬਰਾਹੀਮ ਲੋਧੀ ਦੇ ਵਿਰੁੱਧ ਬਾਬਰ ਦੀ ਮਿੱਤਰਤਾ ਚਾਹੀ ਸੀ। (ਪੰਨ 110) ਲਗਪਗ ਇਸੇ ਸਮੇਂ ਦੌਲਤ ਖਾਂ ਨੇ ਆਪਣੇ ਬੇਟੇ ਦਿਲਾਵਰ ਖਾਂ ਨੂੰ ਪੰਜਾਬ ਤੋਂ ਕਾਬਲ ਭੇਜਿਆ ਸੀ, ਤਾਂ ਕਿ ਉਹ ਇਬਰਾਹਿਮ ਲੋਧੀ ਉੱਪਰ ਹਮਲਾ ਕਰ ਦੇਵੇ; ਦੌਲਤ ਖਾਂ ਉਸ ਦੀ ਸਹਾਇਤਾ ਕਰੇਗਾ। ਇਸੇ ਵਰ੍ਹੇ ਅਲਾਉਦੀਨ ਆਲਮ ਖਾਂ ਵੀ ਕਾਬਲ ਪਹੁੰਚਿਆ ਸੀ ਅਤੇ ਉਸ ਨੇ ਵੀ ਇਬਰਾਹੀਮ ਲੋਧੀ ਦੇ ਵਿਰੁੱਧ ਬਾਬਰ ਦੀ ਸਹਾਇਤਾ ਕਰਨ ਦਾ ਇਕਰਾਰ ਕੀਤਾ ਸੀ। ਬਾਬਰ ਇਹੋ ਜਿਹੀਆਂ ਪੇਸ਼ਕਸ਼ਾਂ ਦੇ ਕਾਰਨ ਹੀ ਹਿੰਦੁਸਤਾਨ ਉੱਪਰ ਹਮਲਾਵਰ ਹੋਇਆ ਸੀ।
ਬਾਬਰ ਹਿੰਦੁਸਤਾਨ ਨੂੰ ਵੇਖ ਕੇ ਬਹੁਤਾ ਪ੍ਰਸੰਨ ਨਹੀਂ ਹੋਇਆ। ਉਸ ਅਨੁਸਾਰ ਹਿੰਦੁਸਤਾਨੀ ਬੁੱਤ ਪੂਜਕ ਸਨ। ਇਸ ਦੇਸ਼ ਵਿਚ ਲੁਤਫ਼ ਘੱਟ ਸੀ। ਲੋਕ ਨਾ ਦੇਖਣ-ਸੁਣਨ ਵਿਚ ਵਧੀਆ ਸਨ ਅਤੇ ਨਾ ਮਿਲਣ-ਜੁਲਣ ਵਿਚ. ਨਾ ਘੋੜੇ ਵਧੀਆ ਸਨ, ਨਾ ਕੁੱਤੇ, ਨਾ ਅੰਗੂਰ, ਨਾ ਖਰਬੂਜ਼ੇ; ਨਾ ਬਰਫ਼, ਨਾ ਠੰਢਾ ਪਾਣੀ; ਨਾ ਹੀ ਬਾਜ਼ਾਰ ਵਿਚ ਵਧੀਆ ਰੋਟੀਆਂ ਸਨ ਅਤੇ ਨਾ ਹੀ ਵਧੀਆ ਖਾਣੇ ਸਨ। ਹਮਾਮ, ਮਦਰੱਸੇ, ਸ਼ਮ੍ਹਾਂ, ਮਸ਼ਾਲ ਜਾਂ ਸ਼ਮ੍ਹਾਂਦਾਨ ਦਾ ਕੋਈ ਨਾਂਅ ਨਹੀਂ। ... ਇਮਾਰਤਾਂ ਦੀ ਬਨਾਵਟ ਵਿਚ ਨਾ ਕੋਈ ਖੂਬਸੂਰਤੀ ਹੈ, ਨਾ ਹਵਾਦਾਰ, ਨਾ ਤਰਕੀਬ ਤੇ ਨਾ ਹੀ ਕੋਈ ਕਾਇਦਾ ਕਰੀਨਾ ਹੈ। (ਪੰਨਾ 134-140) ਪਰ ਇਨ੍ਹਾਂ ਕਮਜ਼ੋਰੀਆਂ ਦੇ ਬਾਵਜੂਦ ਬਾਬਰ ਨੇ ਇਥੇ ਮੁਗ਼ਲ ਬਾਦਸ਼ਾਹਤ ਕਾਇਮ ਕਰ ਲਈ, ਜੋ ਲਗਪਗ ਤਿੰਨ ਸਦੀਆਂ ਕਾਇਮ ਰਹੀ। 'ਬਾਬਰਨਾਮਾ' ਹਿੰਦੁਸਤਾਨ ਅਤੇ ਹਿੰਦੁਸਤਾਨੀਆਂ ਬਾਰੇ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਪ੍ਰਦਾਨ ਕਰਨ ਵਾਲੀ ਪੁਸਤਕ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਹਿਕਦਾ ਰਿਸ਼ਤਾ
ਲੇਖਿਕਾ : ਰਵਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 97810-33133.

ਹਥਲੀ ਪੁਸਤਕ ਵਿਚ ਰਵਿੰਦਰ ਕੌਰ ਸੈਣੀ ਦੀਆਂ ਬਾਰ੍ਹਾਂ ਕਹਾਣੀਆਂ ਹਨ। ਲੇਖਿਕਾ ਦੀ ਮੁੱਖ ਸੁਰ ਔਰਤ ਜਾਤੀ ਦੇ ਦਰਦ ਅਤੇ ਉਸ ਦੀਆਂ ਸੰਵੇਦਨਸ਼ੀਲ ਪ੍ਰਸਥਿਤੀਆਂ ਦਾ ਚਿਤਰਨ ਕਰਨਾ ਹੈ ਅਤੇ ਸਮਾਜਿਕ ਰਿਸ਼ਤਿਆਂ ਵਿਚ ਜੋ ਤਰੇੜਾਂ ਆ ਚੁੱਕੀਆਂ ਹਨ, ਉਨ੍ਹਾਂ ਸਭਨਾਂ ਸਰੋਕਾਰਾਂ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਪ੍ਰਗਟ ਕਰਨਾ ਮਹੱਤਵਪੂਰਨ ਪਹਿਲੂ ਹੈ। ਲੇਖਿਕਾ ਕਹਾਣੀ ਸਿਰਜਣਾ ਵਿਚ ਏਨੀ ਗੜੁੱਚ ਹੋ ਜਾਂਦੀ ਹੈ ਕਿ ਉਸ ਦਾ ਬਿਆਨ ਉਸ ਦੀ ਆਪਣੀ ਹੋਂਦ-ਸਥਿਤੀ ਦਾ ਪ੍ਰਗਟਾਵਾ ਜਾਪਣ ਲੱਗ ਜਾਂਦਾ ਹੈ। 'ਵਿਦਾਈ, ਇਤਬਾਰ ਅਤੇ ਭੈਣ ਲਾਡੋ ਇਸ ਕਥਨ ਦੀਆਂ ਪੂਰਕ ਕਹਾਣੀਆਂ ਹਨ। ਦਾਦੀ ਪੋਤੀ ਕਹਾਣੀ ਮੋਹ-ਮੁਹੱਬਤ ਅਤੇ ਪੀੜ੍ਹੀਆਂ ਵਿਚਲੀ ਸੋਚ-ਦ੍ਰਿਸ਼ਟੀ ਦੀ ਭਿੰਨਤਾ ਨੂੰ ਪ੍ਰਗਟਾਉਂਦੀ ਹੈ। ਇਸੇ ਤਰ੍ਹਾਂ ਸਹਿਕਦਾ ਰਿਸ਼ਤਾ, ਸਬੂਤ, ਪਗਲੀ ਅਤੇ ਰਜਨੀ ਦਾ ਖਾਬ ਕਹਾਣੀਆਂ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਇਨ੍ਹਾਂ ਵਿਚਲੇ ਦਵੰਦ ਦਾ ਪ੍ਰਗਟਾਵਾ ਹਨ। ਮੈਂ ਨਹੀਂ ਸੀ ਜਾਣਦੀ, ਸਕੂਨ ਦੀ ਤਲਾਸ਼ ਕਹਾਣੀਆਂ ਸਮਾਜਿਕ ਯਥਾਰਥ ਦਾ ਪ੍ਰਗਟਾਵਾ ਹਨ। ਨਸ਼ੇ ਦੀ ਲਤ, ਬਾਲ ਵਿਆਹ ਕਹਾਣੀਆਂ ਸਮਾਜ ਵਿਚ ਸਥਾਪਤ ਹੋ ਚੁੱਕੀਆਂ ਬੁਰਾਈਆਂ ਦਾ ਪਰਦਾਫਾਸ਼ ਕਰਦੀਆਂ ਹਨ। ਰਵਿੰਦਰ ਕੌਰ ਸੈਣੀ ਰਚਿਤ ਇਹ ਸਾਰੀਆਂ ਕਹਾਣੀਆਂ ਦੇ ਇਸਤਰੀ ਪਾਤਰ ਸੰਘਰਸ਼ਸ਼ੀਲ ਅਵਸਥਾ ਵਿਚੋਂ ਨਿਕਲ ਕੇ ਆਪਣੇ ਜੀਵਨ ਦਾ ਮਾਰਗ ਰੁਸ਼ਨਾਉਂਦੇ ਹੋਏ ਪ੍ਰਤੀਤ ਹੁੰਦੇ ਹਨ। ਪਾਤਰ ਭਾਵੇਂ ਸਾਧਾਰਨ ਘਰੇਲੂ ਜੀਵਨ ਜਿਉ ਰਹੇ ਹਨ, ਨੌਕਰੀਪੇਸ਼ਾ ਹਨ, ਡਾਕਟਰ ਜਾਂ ਹੋਰ ਖੇਤਰਾਂ ਨਾਲ ਜੁੜੇ ਹੋਏ ਹਨ, ਸਾਰੇ ਹੀ ਜਿਊਂਦੇ ਜਾਗਦੇ ਅਤੇ ਸਾਡੇ ਚੌਗਿਰਦੇ ਵਿਚ ਵਿਚਰਦੇ ਵੇਖੇ ਜਾ ਸਕਦੇ ਹਨ। ਸਮੁੱਚੇ ਰੂਪ ਵਿਚ ਇਹ ਕਹਾਣੀਆਂ ਸਰਲ ਬੋਲੀ ਵਿਚ ਹਨ ਅਤੇ ਹਰ ਵਰਗ ਦੇ ਪਾਠਕ ਨੂੰ ਟੁੰਬਣ ਦੇ ਸਮਰੱਥ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਫੁਰ-ਰ-ਰ...
ਕਹਾਣੀਕਾਰ : ਸੁਰਿੰਦਰਪਾਲ ਸਿੰਘ ਪਿੰਗਲੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 120
ਸੰਪਰਕ : 94789-65668.

ਸੁਰਿੰਦਰਪਾਲ ਸਿੰਘ ਪਿੰਗਲੀਆ ਦਾ ਇਹ ਦੂਜਾ ਕਹਾਣੀ-ਸੰਗ੍ਰਹਿ ਹੈ, ਜਿਹੜਾ 'ਫੁਰ-ਰ-ਰ' ਸਿਰਲੇਖ ਤਹਿਤ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਜੇਕਰ ਇਸ ਸੰਗ੍ਰਹਿ ਵਿਚਲੀਆਂ ਕੁੱਲ 20 ਕਹਾਣੀਆਂ ਦੇ ਇਸ਼ਾਗਤ ਪਹਿਲੂ ਨੂੰ ਵਿਚਾਰਿਆ ਜਾਵੇ ਤਾਂ 'ਜਵਾਬ ਕੌਣ ਦੇਵੇਗਾ' ਕਹਾਣੀ ਨੂੰ ਜੋ ਪੰਜਾਬ ਦੁਆਰਾ ਭੋਗੇ ਇਤਿਹਾਸਕ ਸੰਤਾਪ ਨੂੰ ਪੇਸ਼ ਕਰਦੀ ਹੈ, ਛੱਡ ਕੇ ਬਾਕੀ ਤਕਰੀਬਨ ਸਾਰੀਆਂ ਹੀ ਕਹਾਣੀਆਂ ਸਮਾਜਿਕ, ਪਰਿਵਾਰਕ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਨੂੰ ਹੀ ਪੇਸ਼ ਕਰਦੀਆਂ ਹਨ, ਜਿਥੇ ਰਿਸ਼ਤਿਆਂ ਵਿਚ ਅਨੈਤਿਕਤਾ ਅਤੇ ਸਵਾਰਥ ਭਾਰੂ ਹੋ ਰਿਹਾ ਹੈ। ਇਨ੍ਹਾਂ ਕਹਾਣੀਆਂ ਵਿਚ ਹਰੇਕ ਰਿਸ਼ਤਾ ਕਿਸੇ ਨਾ ਕਿਸੇ ਸਵਾਰਥ ਵਿਚ ਹੀ ਬੱਝਾ ਨਜ਼ਰ ਆਉਂਦਾ ਹੈ। ਇਹ ਕਹਾਣੀ ਭਾਵੇਂ 'ਨਵਾਂ ਮਾਸ' ਹੋਵੇ, 'ਡੰਡੇ ਦਾ ਜ਼ੋਰ' ਹੋਵੇ ਜਾਂ ਫਿਰ 'ਫੁਰ-ਰ-ਰ' ਹੋਵੇ। ਜ਼ਿਆਦਾਤਰ ਕਹਾਣੀਆਂ ਵਿਚ ਵਿਆਹ ਬਾਹਰੇ ਸੰਬੰਧਾਂ ਦਾ ਜ਼ਿਕਰ ਹੋਇਆ ਮਿਲਦਾ ਹੈ, ਜਿਥੇ ਸਾਡੀ ਸਮਾਜਿਕ ਮਰਿਆਦਾ ਛਿੱਕੇ 'ਤੇ ਟੰਗੀ ਨਜ਼ਰ ਆਉਂਦੀ ਹੈ। ਭਾਵੇਂ ਪਰਿਵਾਰਕ ਰਿਸ਼ਤਾ ਹੋਵੇ ਜਾਂ ਫਿਰ ਗੁਆਂਢੀ ਦਾ ਹੋਵੇ ਇਥੇ ਹਰ ਕੋਈ ਦੂਜੇ ਦੀ ਪਿੱਠ ਵਿਚ ਛੁਰਾ ਮਾਰ ਕੇ ਆਪਣਾ ਉੱਲੂ ਸਿੱਧਾ ਕਰਦਾ ਨਜ਼ਰ ਆਉਂਦਾ ਹੈ। ਇਥੋਂ ਤੱਕ ਕਿ ਇਸ ਅਨੈਤਿਕ ਵਿਹਾਰ ਵਿਚ ਨਵੀਂ ਪੀੜ੍ਹੀ ਕਿਵੇਂ ਗਲਤਾਨ ਹੋ ਰਹੀ ਹੈ, ਉਸ ਦੇ ਚਿਤਰ ਵੀ ਇਸ ਕਹਾਣੀ-ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿਚ ਵਿਸਤ੍ਰਿਤ ਰੂਪ ਵਿਚ ਵੇਖਣ ਨੂੰ ਮਿਲਦੇ ਹਨ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿਚ ਕਈ ਵਾਰੀ ਸਥਾਨਕ ਭਾਸ਼ਾ ਦੇ ਪ੍ਰਭਾਵ ਸਦਕਾ ਸ਼ਬਦ ਜੋੜਾਂ ਦੀਆਂ ਊਣਤਾਈਆਂ ਵੀ ਨਜ਼ਰ ਆਉਂਦੀਆਂ ਹਨ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਕਹਾਣੀਆਂ ਰਿਸ਼ਤਿਆਂ ਦੀ ਪਾਕੀਜ਼ਗੀ ਵਿਚੋਂ ਨੈਤਿਕਤਾ ਦੇ ਫੁਰ-ਰ- ਹੋਣ ਦੀ ਬਾਤ ਪਾਉਂਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਰੰਗ ਕਥਾ
(ਕਹਾਣੀ ਦਾ ਰੰਗ ਮੰਚ)

ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 98142-99422.

ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਨਾਲ ਸਬੰਧਿਤ ਸਾਰੇ ਨਾਟਕ ਕੇਵਲ ਧਾਲੀਵਾਲ ਦੇ ਰੰਗ ਮੰਚ ਅੰਮ੍ਰਿਤਸਰ ਵਲੋਂ ਦਰਸ਼ਕਾਂ ਅੱਗੇ ਪੇਸ਼ ਕੀਤੇ ਜਾ ਚੁੱਕੇ ਹਨ। ਪੁਸਤਕ ਦੀ ਮੁੱਲਵਾਨ ਅੰਤਿਕਾ ਵਿਚ ਲੇਖਕ ਨੇ ਸਾਹਿਤਕ ਵਿਧਾਵਾਂ (ਕਹਾਣੀ, ਨਾਵਲ, ਕਵਿਤਾ) ਦੀ ਰੰਗ ਮੰਚ 'ਤੇ ਪੇਸ਼ਕਾਰੀ ਸਬੰਧੀ ਬੜੀ ਸਾਰਥਿਕ ਪਹੁੰਚ ਅਪਣਾ ਕੇ ਸਿਧਾਂਤਕ/ਕਾਵਿ ਸ਼ਾਸਤਰੀ ਚਰਚਾ ਕੀਤੀ ਹੈ। ਉਸ ਨੇ ਹਥਲੀ ਪੁਸਤਕ ਨੂੰ ਤਿੰਨ ਕੋਲਾਜਾਂ ਵਿਚ ਵੰਡ ਕੇ ਪੇਸ਼ ਕਰਦਿਆਂ ਆਪਣੀ ਰੰਗ ਮੰਚ ਕੁਸ਼ਲਤਾ ਦਾ ਪ੍ਰਮਾਣ ਦਿੱਤਾ ਹੈ। ਪਹਿਲੇ ਕੋਲਾਜ ਵਿਚ 'ਤਪਦੀ ਮਿੱਟੀ' (ਜਸਵੰਤ ਸਿੰਘ ਵਿਰਦੀ); ਸਿਮਰਨ ਧਾਲੀਵਾਲ ਦੀ 'ਕੇਂਦਰੀ ਬਿੰਦੂ'; ਭੀਮ ਇੰਦਰ ਸੇਨ ਦੀ 'ਕਬਾੜੀਆ', ਪ੍ਰਗਟ ਸਿੰਘ ਸਤੌਜ ਦੀ 'ਰੰਜਕ ਦਾਸ' ਅਤੇ ਯੁੱਧ ਦਾ ਅੰਤ ਆਦਿ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਇਨ੍ਹਾਂ ਵਿਚ ਕ੍ਰਮਵਾਰ 'ਤੀਜੀ ਧੀ ਦਾ ਮੋਹ', 'ਪੀੜ੍ਹੀ-ਪਾੜਾ', 'ਅਸਤਿਤਵਵਾਦੀ ਅਣਖੀਲਾਪਨ', 'ਸਾਧ ਬਨਾਮ ਸਾਨ੍ਹ', 'ਗਲਨੈੜ' ਆਦਿ ਸਮੱਸਿਆਵਾਂ ਦਾ ਮੰਚੀਕਰਨ ਕੀਤਾ ਗਿਆ ਹੈ। ਦੂਜੇ ਕਥਾ ਕੋਲਾਜ ਵਿਚ ਪ੍ਰੇਮ ਗੋਰਖੀ ਦੀ ਕਹਾਣੀ 'ਬਚਨਾ ਬੱਕਰ ਵੱਢ'; ਤਲਵਿੰਦਰ ਸਿੰਘ ਦੀ ਕਹਾਣੀ 'ਵਿਚਲੀ ਔਰਤ', ਸਰਵਮੀਤ ਦੀ ਕਹਾਣੀ 'ਓਪਰੀ ਸ਼ੈਅ' ਅਤੇ ਅਜੀਤ ਕੌਰ ਦੀ ਕਹਾਣੀ 'ਨਾ ਮਾਰੋ' ਸ਼ਾਮਿਲ ਕੀਤੀ ਗਈ ਹੈ। ਤਲਵਿੰਦਰ ਦੀ ਕਹਾਣੀ ਤਾਂ ਔਰਤ ਦਾ ਸੰਤਾਪ ਹੈ ਪਰ ਬਾਕੀ ਤਿੰਨੇ ਕਹਾਣੀਆਂ ਪੰਜਾਬ ਦੇ ਕਾਲੇ ਦਿਨਾਂ ਦੀਆਂ ਘਟਨਾਵਾਂ ਦਾ ਮੰਚੀਕਰਨ ਕਰਦੀਆਂ ਹਨ। ਤੀਜਾ ਕੋਲਾਜ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਿਤ ਹੈ। ਇਨ੍ਹਾਂ ਵਿਚ ਸੰਜੇ ਨੰਦਨ ਦੀ 'ਟੈਕਸਾਟ', ਮਾਲਿਨੀ ਜੋਸ਼ੀ ਦੀ 'ਸਿਆਹ ਸਫ਼ੈਦ', ਵਿਨੋਦ ਕਾਪੜੀ ਦੀ 'ਕਿੰਨੇ ਮਰੇ', ਨਰੇਂਦਰ ਨਾਗਰ ਦੀ 'ਯੂ-ਟਰਨ', ਸੰਗੀਤਾ ਤਿਵਾੜੀ ਦੀ 'ਚੌਥਾ ਪਾਵਾ', ਅਤੇ ਗੋਵਿੰਦ ਪੰਤ ਰਾਜੂ ਦੀ 'ਕਾਂ' ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਰੂਪਮਾਨ ਹੋਈਆਂ ਸਾਰੀਆਂ ਘਟਨਾਵਾਂ ਲੇਖਕਾਂ ਨੇ ਆਪੋ-ਆਪਣੇ ਪਿੰਡਿਆਂ 'ਤੇ ਹੰਢਾਈਆਂ ਹਨ। ਇਥੇ ਡਾਇਰੈਕਟਰਾਂ, ਪ੍ਰੋਡਿਊਸਰਾਂ, ਬੌਸਾਂ ਦੇ ਆਦੇਸ਼ ਨੂੰ ਸਤਿਬਚਨ ਕਹਿ ਕੇ ਮੰਨਣਾ ਪੈਂਦਾ ਹੈ। ਰਿਪੋਰਟਰਾਂ, ਕੈਮਰਾਮੈਨਾਂ, ਡਰਾਈਵਰਾਂ ਅਤੇ ਹੋਰ ਕਾਮਿਆਂ ਨੂੰ ਦਿਨ-ਰਾਤ ਕਿਸੇ ਵੀ ਸਮੇਂ ਕਿਤੇ ਵੀ ਭੇਜਿਆ ਜਾ ਸਕਦਾ ਹੈ। ਇਥੇ ਨੌਕਰੀ ਨਾਲ ਨਖਰਾ ਨਹੀਂ ਪੁੱਗ ਸਕਦਾ। ਸੰਖੇਪ ਇਹ ਕਿ ਰੰਗ-ਕਥਾ ਦਾ ਭਵਿੱਖ ਉਜਵਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਡਬਲ ਮਰਡਰ
ਲੇਖਕ : ਬਲਵਿੰਦਰ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 74
ਸੰਪਰਕ : 73553-21010.

ਇਹ ਨਾਵਲ 'ਡਬਲ ਮਰਡਰ' ਇਕ ਜਾਸੂਸੀ ਕਿਸਮ ਦਾ ਨਾਵਲ ਹੈ, ਜੋ ਪਹਿਲਾਂ ਆਮ ਪੜ੍ਹਨ ਨੂੰ ਮਿਲਦੇ ਸਨ ਪਰ ਹੁਣ ਹੌਲੀ-ਹੌਲੀ ਨਾਵਲਾਂ ਵਿਚ ਸਮਾਜ ਵਿਚ ਦਰਪੇਸ਼ ਸਮੱਸਿਆਵਾਂ ਨੂੰ ਹੀ ਉਲੀਕਿਆ ਜਾਂਦਾ ਹੈ। ਲੇਖਕ ਨੇ ਯਤਨ ਕੀਤਾ ਹੈ ਸਮਾਜਿਕ ਸਮੱਸਿਆਵਾਂ ਨੂੰ ਨਾਵਲ ਵਿਚ ਪੇਸ਼ ਕਰਨ ਦਾ ਪਰ ਵਧੇਰੇ ਰੰਗਤ ਜਾਸੂਸੀ ਕਿਸਮ ਦੀ ਹੈ ਤੇ ਅਸਲ ਵਿਸ਼ਾ ਦੱਬ ਕੇ ਰਹਿ ਗਿਆ ਹੈ। ਪਿੰਡਾਂ ਵਿਚ ਬਾਹਰ ਖੇਤਾਂ ਵਿਚ ਕੋਠੀਆਂ ਉਸਾਰਨੀਆਂ ਆਮ ਗੱਲ ਹੈ ਪਰ ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਥੇ ਨਸ਼ਿਆਂ ਦਾ ਕਾਰੋਬਾਰ ਵੀ ਚਲਦਾ ਹੈ ਤੇ ਅੱਯਾਸ਼ੀ ਦਾ ਅੱਡਾ ਵੀ ਹੈ, ਜਿਸ ਨੂੰ 'ਜ਼ੈਲਦਾਰਾਂ ਦੀ ਕੁਟੀਆ' ਕਿਹਾ ਜਾਂਦਾ ਹੈ। ਉਨ੍ਹਾਂ ਦੇ ਇਸ ਕੰਮ ਵਿਚ ਪੁਲਿਸ ਵਾਲੇ ਵੀ ਰਲੇ ਹੁੰਦੇ ਹਨ ਤਾਂ ਹੀ ਕੰਮਕਾਰ ਚਲਦਾ ਰਹਿੰਦਾ ਹੈ। ਬੰਦੇ ਦਾ ਮਰ ਜਾਣਾ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਬਸ ਵੱਡੇ ਲੋਕਾਂ ਦੇ ਕਾਰਨਾਮਿਆਂ 'ਤੇ ਪਰਦਾ ਪਾਉਂਦੇ ਹਨ ਤੇ ਰਿਸ਼ਵਤ ਲੈਂਦੇ ਹਨ। ਮਰਡਰ ਕੇਸ ਨੂੰ ਸੁਲਝਾਉਣ ਦੀ ਬਜਾਏ ਉਲਝਾ ਦਿੰਦੇ ਹਨ। ਸਾਰਾ ਨਾਵਲ ਜਾਸੂਸੀ ਢੰਗ ਨਾਲ ਅੱਗੇ ਚਲਦਾ ਹੈ ਤੇ ਅੰਤ ਕਾਤਲ ਕਾਬੂ ਕਰ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਇਕ ਪ੍ਰੇਮ ਕਹਾਣੀ ਵੀ ਚਲਦੀ ਹੈ, ਜੋ ਆਮ ਤੌਰ 'ਤੇ ਨਾਵਲਾਂ ਵਿਚ ਮਨੋਰੰਜਨ ਵਜੋਂ ਵਰਤੀ ਜਾਂਦੀ ਹੈ।
ਨਾਵਲ ਦੀ ਭਾਸ਼ਾ ਪਾਤਰਾਂ ਦੇ ਅਨੁਕੂਲ ਉਨ੍ਹਾਂ ਦੇ ਚਰਿੱਤਰ ਦੇ ਅਨੁਸਾਰ ਹੈ, ਕਿਧਰੇ ਕਿਧਰੇ ਹਾਸਾ ਠੱਠਾ ਤੇ ਕਿੱਧਰੇ ਸੰਵੇਦਨਸ਼ੀਲਤਾ ਵੀ ਹੈ। ਨਾਵਲ ਦੀ ਕਥਾ ਉਸਾਰੀ ਤੇ ਪਾਤਰਾਂ ਦਾ ਵਾਰਤਾਲਾਪ ਸੁਚੱਜੇ ਢੰਗ ਨਾਲ ਨਿਭਾਉਣ ਦਾ ਯਤਨ ਕੀਤਾ ਗਿਆ ਹੈ। ਲੇਖਕ ਲਈ ਸੁਝਾਅ ਹੈ ਕਿ ਸਮਾਜ ਵਿਚ ਅਨੇਕਾਂ ਕੁਰੀਤੀਆਂ ਹਨ ਉਨ੍ਹਾਂ ਨੂੰ ਪੇਸ਼ ਕਰਨ ਦਾ ਉਪਰਾਲਾ ਕਰੇ ਅਗਲੀ ਰਚਨਾ ਵਿਚ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

12-05-2019

 ਆਧੁਨਿਕ ਸਮਾਜ
ਮੁੱਦੇ ਤੇ ਪ੍ਰਸਥਿਤੀਆਂ

(1978-2003)
ਲੇਖਕ : ਹਰਭਜਨ ਸਿੰਘ ਹਲਵਾਰਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 695 ਰੁਪਏ, ਸਫ਼ੇ : 450
ਸੰਪਰਕ : 0172-5027427.

ਹਰਭਜਨ ਸਿੰਘ ਹਲਾਵਰਵੀ ਵਿਗਿਆਨ (ਗਣਿਤ) ਦਾ ਜ਼ਹੀਨ ਵਿਦਿਆਰਥੀ ਸੀ ਜੋ ਚੜ੍ਹਦੀ ਜਵਾਨੀ ਵਿਚ ਮਾਰਕਸਵਾਦ ਨਾਲ ਜੁੜ ਕੇ ਦੇਸ਼ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਲਈ ਦਿਲ ਜਾਨ ਨਾਲ ਲੜਿਆ। ਖੱਬੀ ਸਿਆਸਤ ਦੇ ਖਖੜੀ-ਖਖੜੀ ਹੋਣ ਉਪਰੰਤ ਉਹ ਪੱਤਰਕਾਰ ਬਣ ਗਿਆ। ਪੰਜਾਬੀ ਟ੍ਰਿਬਿਊਨ ਤੇ ਦੇਸ਼ ਸੇਵਕ ਵਿਚ ਸੰਪਾਦਕ ਵਜੋਂ ਸੰਪਾਦਕੀਆਂ ਲਿਖਦੇ ਹੋਏ ਉਸ ਨੇ ਆਪਣੇ ਦੇਸ਼, ਆਪਣੇ ਲੋਕਾਂ ਪ੍ਰਤੀ ਆਪਣੀ ਸੁਹਿਰਦ ਤੇ ਮਾਰਕਸੀ ਵਿਚਾਰਧਾਰਾ, ਵਿਗਿਆਨਕ ਪਹੁੰਚ, ਸਵੱਛ ਸਿਆਸਤ ਤੇ ਲੋਕ ਹਿਤਾਂ ਉੱਤੇ ਨਿਰੰਤਰ ਪਹਿਰਾ ਦਿੱਤਾ। ਸਮਕਾਲੀ ਮੁੱਦਿਆਂ ਤੇ ਪ੍ਰਸਥਿਤੀਆਂ ਬਾਰੇ ਉਸ ਦੀਆਂ ਲਿਖਤਾਂ ਥੋੜ੍ਹ ਚਿਰੀ ਪੱਤਰਕਾਰੀ ਵਾਲੇ ਪੱਧਰ ਤੋਂ ਖਾਸੀਆਂ ਉੱਪਰ ਉੱਠ ਕੇ ਸਮੇਂ, ਸਥਾਨ ਤੋਂ ਪਾਰ ਆਪਣੀ ਸਾਰਥਿਕਤਾ ਬਣਾਉਣ ਵਾਲੀਆਂ ਹਨ। 1978-2003 ਦੌਰਾਨ ਦੇ 25 ਸਾਲਾਂ ਦੌਰਾਨ ਉਸ ਦੀਆਂ ਸੰਪਾਦਕੀਆਂ ਦੀਆਂ ਟਿੱਪਣੀਆਂ ਬਿਨਾਂ ਕਿਸੇ ਬਿੰਦੀ ਕਾਮੇ ਦੇ ਅੱਜ ਵੀ ਸਮਾਜ, ਪਰਿਵਾਰ ਤੇ ਸਿਆਸਤ ਦੇ ਸੰਦਰਭ ਵਿਚ ਦੁਹਰਾਈਆਂ ਜਾ ਸਕਦੀਆਂ ਹਨ। ਇਨ੍ਹਾਂ ਲਿਖਤਾਂ ਦੀ ਇਸੇ ਸ਼ਕਤੀ ਵਿਚ ਇਸ ਕਿਤਾਬ ਦੀ ਸਾਰਥਿਕਤਾ ਨਿਹਿਤ ਹੈ। ਉਕਤ ਦਾਅਵੇ ਦੀ ਪੁਸ਼ਟੀ ਲਈ ਬਿਨਾਂ ਕਿਸੇ ਵਿਆਖਿਆ, ਟਿੱਪਣੀ ਦੇ ਕੁਝ ਟੂਕਾਂ ਇਸ ਕਿਤਾਬ ਵਿਚੋਂ ਵੇਖੋ : ਵਿਸ਼ਵ ਵਿਦਿਆਲੇ ਦੇ ਜਿਸ ਮੁਖੀ ਤੋਂ ਬੌਧਿਕ ਆਜ਼ਾਦੀ ਦੀ ਵਧੇਰੇ ਸਮਝ ਤੇ ਪ੍ਰਗਟਾਵੇ ਦੀ ਖੁੱਲ੍ਹ ਦੀ ਆਸ ਰੱਖ ਜਾਂਦੀ ਸੀ, ਉਸ ਨੇ ਬੇਹੱਦ ਨਿਕੰਮੀ ਬੌਧਿਕ ਗੁਲਾਮੀ ਦਾ ਸਬੂਤ ਦਿੱਤਾ ਹੈ। ... ਅਖੌਤੀ ਕੌਮਪ੍ਰਸਤ ਅੱਜ ਵੀ ਆਪਣੇ ਆਲੇ-ਦੁਆਲੇ ਹਨ। ਜੇ ਕੋਈ ਇਨ੍ਹਾਂ ਤੋਂ ਵੱਖਰੇ ਕੌਮਪ੍ਰਸਤੀ ਦੇ ਅਰਥ ਕਰਨ ਦੀ ਜੁਰਅਤ ਕਰੇ ਤਾਂ ਇਹ ਝੱਟ ਉਸ ਉੱਤੇ ਦੇਸ਼ਧ੍ਰੋਹੀ ਦਾ ਇਲਜ਼ਾਮ ਲਾ ਦਿੰਦੇ ਹਨ।... ਲੋਕਾਂ ਦੇ ਪ੍ਰਤੀਨਿਧ ਹੀ ਸਹਿਣਸ਼ੀਲਤਾ ਤੋਂ ਊਣੇ ਤੇ ਖਾਲੀ ਹੁੰਦੇ ਜਾ ਰਹੇ ਹਨ।... ਧਰਮ ਦੇ ਨਾਂਅ 'ਤੇ ਅੰਧ-ਵਿਸ਼ਵਾਸ ਫੈਲਾਉਣਾ ਅਧਰਮੀ ਹੋਣਾ ਹੈ। ... ਸੰਘ ਪਰਿਵਾਰ ਨਾਲ ਜੁੜੇ ਇਤਿਹਾਸਕਾਰਾਂ ਦਾ ਯਤਨ ਹੈ ਕਿ ਉਹ ਮਿਥਿਹਾਸਕ ਗੱਲਾਂ ਨੂੰ ਇਸ ਤਰ੍ਹਾਂ ਪੇਸ਼ ਕਰਨ ਕਿ ਉਹ ਇਤਿਹਾਸ ਦਾ ਅਟੁੱਟ ਅੰਗ ਜਾਪਣ ਲੱਗ ਪੈਣ। ... ਸਾਡੇ ਦੇਸ਼ ਅੰਦਰ ਬਹੁਤੇ ਸੰਗਠਨ ਤੇ ਸੰਸਥਾਵਾਂ ਇਸ ਸਮੇਂ ਨਿਘਾਰ ਦੀ ਸਥਿਤੀ ਵਿਚ ਹਨ। ... ਹਵਨ ਯਗ ਦੁਆਰਾ ਮੀਂਹ ਪੁਆਉਣ ਦੇ ਤਜਰਬੇ ਦੇ ਅਸਫ਼ਲ ਰਹਿਣ ਪਿੱਛੋਂ ਵੀ ਕਾਫੀ ਲੋਕ ਅਜਿਹੇ ਹੋਣਗੇ ਜਿਹੜੇ ਇਸ ਗੱਲ ਨੂੰ ਨਾ ਮੰਨਣ ਕਿ ਹਵਨ ਕਰਨਾ ਅੰਧ-ਵਿਸ਼ਵਾਸ ਹੈ। ... ਸਿੱਖਿਆ ਅਤੇ ਸਿਹਤ ਨਾਲ ਜੁੜੇ ਵਿਭਾਗਾਂ ਲਈ ਵੱਡੇ ਫੰਡ ਰਾਖਵੇਂ ਕਰਨੇ ਚਾਹੀਦੇ ਹਨ। ...ਫੀਸਾਂ ਵਧਾਉਣ ਦਾ ਫ਼ੈਸਲਾ ਸਮਾਜਿਕ ਹਕੀਕਤਾਂ ਦੇ ਉਲਟ ਹੈ। ਡਾ: ਨਵਤੇਜ ਸਿੰਘ ਨੇ ਇਨ੍ਹਾਂ ਸੰਪਾਦਕੀਆਂ ਦੇ ਸੰਪਾਦਨ ਸਮੇਂ ਲਗਪਗ ਹਰ ਥਾਂ ਲਿਖਣ ਮਿਤੀ ਦੇ ਕੇ ਇਸ ਕਿਤਾਬ ਨੂੰ ਹੋਰ ਮੁੱਲਵਾਨ ਬਣਾ ਦਿੱਤਾ ਹੈ। ਹਰ ਪੱਤਰਕਾਰ ਹੀ ਨਹੀਂ ਹਰ ਪੰਜਾਬੀ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੋਕਧਾਰਾ ਤੇ ਸਾਹਿਤ ਇਕ ਮੁਲਾਂਕਣ
ਲੇਖਿਕਾ : ਡਾ: ਰੁਪਿੰਦਰਜੀਤ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 70879-15705.

ਵਿਦਿਅਕ ਖੇਤਰ ਵਿਚ ਕਾਰਜਸ਼ੀਲ ਵਿਦਵਾਨ ਅਧਿਆਪਕਾਂ ਵਲੋਂ ਸਮੇਂ-ਸਮੇਂ ਹੁੰਦੇ ਸੈਮੀਨਾਰਾਂ/ਕਾਨਫ਼ਰੰਸਾਂ ਦੀ ਲੋੜ ਮੁਤਾਬਿਕ ਖੋਜ ਪੇਪਰ ਲਿਖੇ ਜਾਂਦੇ ਹਨ। ਕਾਫੀ ਹੱਦ ਤੱਕ ਪੇਤਲੀ ਕਿਸਮ ਦੀ ਸਮੀਖਿਆ ਹੋਂਦ ਵਿਚ ਆ ਰਹੀ ਹੈ। ਇਹ ਸਮੀਖਿਆ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵਾਧਾ ਕਰਨ ਦੀ ਬਜਾਏ, ਉਲਟਾ ਨੁਕਸਾਨ ਪਹੁੰਚਾ ਰਹੀ ਹੈ। ਕਿਤੇ-ਕਿਤੇ ਅਚਾਨਕ ਕੋਈ ਪੁਸਤਕ ਤੁਹਾਡਾ ਧਿਆਨ ਖਿੱਚਦੀ ਹੈ ਤੇ ਤੁਹਾਨੂੰ ਪੜ੍ਹਨ, ਵਾਚਣ ਲਈ ਮਜਬੂਰ ਕਰਦੀ ਹੈ। ਅਜਿਹੀ ਹੀ ਪੁਸਤਕ ਰੁਪਿੰਦਰ ਜੀਤ ਗਿੱਲ ਦੀ ਹੈ, ਜਿਸ ਵਿਚ ਲੇਖਿਕਾ ਨੇ ਵੱਖ-ਵੱਖ ਵਿਸ਼ਿਆਂ ਉੱਪਰ ਇਕ ਦਰਜਨ ਦੇ ਕਰੀਬ ਲੇਖ ਸ਼ਾਮਿਲ ਕੀਤੇ ਹਨ। ਡਾ: ਗਿੱਲ ਬੜੀ ਸਾਦਾ ਅਤੇ ਸਪਾਟ ਵਿਧੀ ਰਾਹੀਂ ਆਪਣਾ ਆਲੋਚਨਾਤਮਕ ਸੰਵਾਦ ਸਿਰਜਦੀ ਹੈ। ਹਰ ਲੇਖ ਵਿਚ ਉਹ ਆਪਣੀਆਂ ਪੁਖਤਾ ਦਲੀਲਾਂ ਨਾਲ ਆਪਣੇ ਵਿਚਾਰਾਂ ਦੀ ਉਚਿਤਤਾ ਸਾਬਤ ਕਰਦੀ ਹੈ। ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾ ਚੁੱਕੀ ਲੇਖਿਕਾ ਇਸ ਪੁਸਤਕ ਵਿਚ ਸਾਹਿਤ ਨਾਲ ਸਬੰਧਿਤ ਵਿਭਿੰਨ ਸਾਹਿਤਕ ਪੁਸਤਕਾਂ ਸਬੰਧੀ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦੀ ਹੈ। ਉਸ ਦੀ ਇਹ ਸਮੀਖਿਆ ਇਹ ਦ੍ਰਿੜ੍ਹ ਕਰਾਉਂਦੀ ਹੈ ਕਿ ਸਾਹਿਤ ਇਕ ਅਜਿਹੀ ਵਿਧਾ ਹੈ, ਜਿਸ ਰਾਹੀਂ ਮਨੁੱਖੀ ਸਮੱਸਿਆਵਾਂ ਨੂੰ ਸੁਲਝਾ ਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਅਜਿਹੇ ਵਿਚਾਰਾਂ ਦਾ ਪ੍ਰਦਰਸ਼ਨ ਇਹ ਪੁਸਤਕ ਕਰਦੀ ਹੈ।

ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਜਾਗਦੀਆਂ ਰਾਤਾਂ ਦਾ ਦਰਦ
ਲੇਖਕ : ਚੇਤਨ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 88724-02673.

'ਜਾਗਦੀਆਂ ਰਾਤਾਂ ਦਾ ਦਰਦ' ਪੁਸਤਕ ਵਿਚ ਚੇਤਨ ਸਿੰਘ ਕੁੱਲ 15 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਚੇਤਨ ਸਿੰਘ ਆਪਣੇ ਆਲੇ-ਦੁਆਲੇ ਫੈਲੇ ਯਥਾਰਥ 'ਚੋਂ ਕਹਾਣੀਆਂ ਦੀ ਚੋਟ ਕਰਦਾ ਹੈ। ਉਸ ਦਾ ਆਪਣਾ ਅਨੁਭਵ ਹੀ ਕਹਾਣੀਆਂ ਵਿਚੋਂ ਬੋਲਦਾ ਪ੍ਰਤੀਤ ਹੁੰਦਾ ਹੈ। 'ਪੁੱਤਰ-ਮੋਹ' ਦੇ ਪਾਤਰ ਆਪਣੀ ਔਲਾਦ ਨੂੰ ਇਥੇ ਹੀ ਸੈੱਟ ਕਰਨ ਦੇ ਆਹਰ 'ਚ ਹਨ। 'ਸੇਵਾ-ਮੁਕਤੀ' ਦਾ ਅਧਿਆਪਕ ਦਿਲਬਾਗ ਸਿੰਘ ਆਪਣੀ ਮਿਹਨਤ, ਦਰਿਆਦਿਲੀ ਤੇ ਨੇਕ ਨੀਅਤ ਕਾਰਨ ਬਹੁਤ ਕਾਮਯਾਬ ਜ਼ਿੰਦਗੀ ਬਤੀਤ ਕਰਦਾ ਹੈ। 'ਚੁਫ਼ੇਰਗੜ੍ਹੀਆਂ' ਦਾ ਬੇਈਮਾਨ ਪਾਤਰ ਹਰੇਕ ਨਾਲ ਠੱਗੀ ਧੋਖਾ ਕਰਦਾ ਦਿਖਾਈ ਦਿੰਦਾ ਹੈ। 'ਫੌਲਾਦੀ ਫੁੱਲ' ਦਾ ਬੜ੍ਹਕੂ ਵਧੀਆ ਮਿਸਤਰੀ ਤੇ ਕਾਮਾ ਹੈ ਜੋ ਆਪਣੇ ਕਸਬ ਨਾਲ ਇਮਾਨਦਾਰੀ ਕਰਦਾ ਹੈ। 'ਖੰਨੀ, ਚੋਪੜੀ' ਦੀ ਸਵਾਰੀ ਔਰਤ ਆਪਣੇ ਦੁੱਖਾਂ ਦਾ ਪਿਟਾਰਾ ਖੋਲ੍ਹ ਕੇ ਬੈਠੀ ਦਿਖਾਈ ਦਿੰਦੀ ਹੈ। 'ਮਰਦਾਨਗੀ' ਕਹਾਣੀ ਭਲੇਮਾਨਸ ਤੇ ਬਾਜ਼ਮੀਰੇ ਬੰਦਿਆਂ ਦੀ ਬਾਤ ਪਾਉਂਦੀ ਹੈ ਜੋ ਭੈੜੇ ਬੰਦਿਆਂ ਨਾਲ ਡਟ ਕੇ ਮੁਕਾਬਲਾ ਕਰਦੇ ਹਨ। 'ਜਾਗਦੀਆਂ ਰਾਤਾਂ ਦਾ ਦਰਦ' ਦਾ ਪਾਤਰ ਪ੍ਰਵਾਸ ਦੌਰਾਨ ਝੱਲੇ ਦੁੱਖਾਂ ਅਤੇ ਵੇਦਨਾ ਦੀ ਕਹਾਣੀ ਸੁਣਾਉਂਦਾ ਆਪਣੀ ਸਫਲਤਾ ਦੇ ਰਾਜ਼ ਵੀ ਸਾਂਝੇ ਕਰਦਾ ਹੈ। 'ਨਿਰਮੋਹੀ ਮਿੱਟੀ' ਦੀ ਪਾਤਰ ਆਪਣੇ ਪੁੱਤ-ਨੂੰਹ ਵਲੋਂ ਧਿਰਕਾਰੀ ਦੁੱਖ ਝੱਲਦੀ ਹੈ ਪਰ ਧੀ ਵਲੋਂ ਉਸ ਦੀ ਚੰਗੀ ਦੇਖਭਾਲ ਕੀਤੀ ਜਾਂਦੀ ਹੈ। 'ਵੀ.ਆਈ.ਪੀ. ਸਟੂਡੈਂਟ' ਚੋਣ ਡਿਊਟੀ ਕਰ ਰਹੇ ਬੰਦੇ ਦੀ ਚੜ੍ਹਤ ਦੀ ਗੱਲ ਕਰਦੀ ਹੈ। 'ਪੀ.ਏ.' ਕਹਾਣੀ ਦਾ ਵਿਦਿਆਰਥੀ ਆਪਣੀ ਸਫਲਤਾ ਦਾ ਸਿਹਰਾ ਆਪਣੇ ਗੁਰੂ ਸਿਰ ਬੰਨ੍ਹਦਾ ਹੈ। 'ਲੰਗੜਾ ਊਠ' ਦਾ ਪਾਤਰ ਆਪਣੇ ਊਠ ਨਾਲ ਏਨਾ ਪਿਆਰ ਕਰਦਾ ਹੈ ਕਿ ਉਸ ਦੇ ਬਿਮਾਰ ਹੋਣ 'ਤੇ ਅੰਤ ਦਾ ਦੁੱਖ ਮਹਿਸੂਸ ਕਰਦਾ ਹੈ। ਚੇਤਨ ਸਿੰਘ ਦੀਆਂ ਕਹਾਣੀਆਂ ਸਿੱਧੀ-ਸਾਦੀ ਭਾਸ਼ਾ ਵਿਚ ਸਿੱਧੇ ਸਾਦੇ ਲੋਕਾਂ ਦਾ ਬਿਰਤਾਂਤ ਪੇਸ਼ ਕਰਦੀਆਂ ਹਨ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਇਕ ਸੰਸਾਰ ਇਹ ਵੀ
ਲੇਖਕ : ਰਵਿੰਦਰ ਭੱਠਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 98780-11557.

ਪ੍ਰੋ: ਰਵਿੰਦਰ ਭੱਠਲ ਬਰਨਾਲਾ ਸਕੂਲ ਆਫ ਪੋਇਟਰੀ ਦੇ ਪ੍ਰਮੁੱਖ ਹਸਤਾਖ਼ਰ ਹਨ। 'ਇਕ ਸੰਸਾਰ ਇਹ ਵੀ' ਉਨ੍ਹਾਂ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਪੁਸਤਕ ਉਨ੍ਹਾਂ ਨੇ ਆਪਣੀ ਧੀ ਇਬਨਾ ਨੂੰ ਸਮਰਪਿਤ ਕਰਦਿਆਂ ਇਸਤਰੀ-ਜਗਤ ਪ੍ਰਤੀ ਆਪਣੀ ਆਸਥਾ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਦੇ ਅਹਿਦ ਦਾ ਪ੍ਰਗਟਾਵਾ ਕੀਤਾ ਹੈ। 'ਇਬਨਾ' ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ 'ਧੀ' ਹੈ। 'ਧੀ' ਦਾ ਸਬੰਧ ਇਸਤਰੀ ਜਗਤ ਨਾਲ ਪਕੇਰਾ ਹੈ। ਇਨ੍ਹਾਂ 37 ਕਵਿਤਾਵਾਂ ਰਾਹੀਂ ਪ੍ਰੋ: ਭੱਠਲ ਨੇ ਧੀ ਨਾਲ ਸੰਬਾਦਕ ਵਿਧੀ ਰਾਹੀਂ ਸਮੁੱਚੀ ਇਸਤਰੀ ਜਾਤੀ ਪ੍ਰਤੀ ਮਰਦ-ਜਗਤ ਦੀ ਬਣਦੀ ਜ਼ਿੰਮੇਵਾਰੀ ਅਤੇ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਦੀ ਸਾਰਥਕ ਕੋਸ਼ਿਸ਼ ਕੀਤੀ ਹੈ। ਔਰਤ ਵੀ ਮਰਦ ਵਾਂਗ ਇਕ ਮਨੁੱਖ ਹੈ ਜਿਸ ਅੰਦਰ ਭਾਵਨਾਵਾਂ, ਸੰਭਾਵਨਾਵਾਂ ਦੀ ਅਸੀਮ ਤਾਕਤ ਹੈ ਜੋ ਸੁਪਨਿਆਂ ਰਾਹੀਂ ਸੰਜੋਈ ਪ੍ਰਤੱਖ ਰੂਪ ਵਿਚ ਪ੍ਰਗਟ ਹੋਣਾ ਲੋਚਦੀ ਹੈ। ਪ੍ਰੋ: ਭੱਠਲ ਅਨੁਸਾਰ ਹਰ ਘਰ ਵਿਚ ਧੀਆਂ ਦੀ ਪਰਵਰਿਸ਼ ਤਾਂ ਹੋ ਰਹੀ ਹੈ ਪਰ ਉਸ ਦੇ ਸਿਰਜਨਾਤਮਕ ਕਰਤਾਰੀ ਪਲਾਂ ਨੂੰ ਵਿਕਸਿਤ ਕਰਨ ਦੀ ਤਾਲੀਮ ਬਹੁਤ ਹੀ ਘੱਟ ਦਿੱਤੀ ਜਾਂਦੀ ਹੈ। ਪ੍ਰੋ: ਭੱਠਲ ਦੀਆਂ ਇਨ੍ਹਾਂ ਕਵਿਤਾਵਾਂ ਸਾਡੇ ਅਜੋਕੇ ਰਿਸ਼ਤੇ-ਨਾਤੇ ਪ੍ਰਬੰਧ ਦੀ ਵੀ ਰੌਸ਼ਨੀ ਦੇ ਕੇ ਮਾਰਗ ਦਰਸ਼ਕ ਬਣ ਸਕਦੀਆਂ ਹਨ। ਅਜੋਕੇ ਕੰਪਿਊਟਰੀ ਯੁੱਗ 'ਚ ਪੜ੍ਹਿਆ-ਲਿਖਿਆ ਵਿਅਕਤੀ ਅਜੋਕੀ ਪੀੜ੍ਹੀ ਸਾਹਵੇਂ ਤਾਂ ਕੋਰਾ ਅਨਪੜ੍ਹ ਹੀ ਸਮਝਿਆ ਜਾ ਰਿਹਾ ਹੈ :
ਪਾਪਾ! ਜੋ ਸਮੇਂ ਨਾਲ ਤੁਰਦੇ
ਉਹ ਪੱਛੜ ਜਾਂਦੇ ਹਨ
.. .. .. ..
ਪਰ ਹੁਣ ਕੰਪਿਊਟਰ ਦੇ ਅੱਗੇ
ਬਿਲਕੁਲ ਅਨਪੜ੍ਹ ਹੋ।
ਪਾਪਾ! ਐਵੇਂ
ਟੋਕਿਆ ਨਾ ਕਰੋ।
ਇਹ ਕਾਵਿ ਸੰਗ੍ਰਹਿ ਸਹਿਜ, ਸਲੀਕਾ, ਸੁਹਿਰਦਤਾ, ਸਿਦਕ, ਸਮਰਪਣ, ਸਾਦਗੀ ਦੀ ਸਮੂਰਤ ਧੀ ਦਾ ਜ਼ਿੰਦਗੀ ਨਾਮਾ ਹੈ। ਨਿਵੇਕਲੀ ਭਾਂਤ ਦੀਆਂ ਕਵਿਤਾਵਾਂ ਦੀ ਸਿਰਜਣਾ ਕਰਦਿਆਂ ਪ੍ਰੋ: ਭੱਠਲ ਸਾਹਿਬ ਨੇ ਅਸਲੋਂ ਹੀ ਆਪਣੀ 'ਧੀ' ਦੇ ਮਾਧਿਅਮ ਰਾਹੀਂ ਸੰਭਾਵਨਾਵਾਂ-ਯੁਕਤ 'ਇਸਤਰੀ-ਜਗਤ' ਨਾਲ ਸਾਂਝ ਪੁਆਉਣ ਦੀ ਸਾਰਥਕ ਕੋਸ਼ਿਸ਼ ਕੀਤੀ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਦੇਸਣ
ਲੇਖਿਕਾ : ਜੱਸੀ ਧਾਲੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁੱਕ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 0172-5027427.

'ਦੇਸਣ' ਪੁਸਤਕ ਜੱਸੀ ਧਾਲੀਵਾਲ ਦੀ ਪੰਜਾਬੀ ਸਾਹਿਤ ਖੇਤਰ ਵਿਚ ਪ੍ਰਵੇਸ਼ ਪੁਸਤਕ ਹੈ, ਜਿਸ ਵਿਚ ਉਸ ਨੇ ਨਿੱਕੇ-ਨਿੱਕੇ ਬਿਰਤਾਂਤਾਂ ਵਾਲੀਆਂ ਜੀਵਨਮਈ ਝਾਕੀਆਂ ਲੇਖ-ਨੁਮਾ ਸ਼ੈਲੀ ਵਿਚ ਅੰਕਿਤ ਕੀਤੀਆਂ ਹਨ। ਸਾਦਗੀ ਵਿਚ ਰਹਿਣ ਵਾਲੀ ਲੜਕੀ ਨੂੰ ਸਾਦੀ ਰਹਿਣ ਕਰਕੇ ਉਸ ਦਾ ਪਤੀ ਵੀ ਪਸੰਦ ਨਹੀਂ ਕਰਦਾ। ਇਸੇ ਤਰ੍ਹਾਂ 'ਦੇਸਣ' ਸਿਰਲੇਖ ਵਾਲਾ ਬਿਰਤਾਂਤ ਕੁਝ ਅਜਿਹੇ ਹੀ ਅਹਿਸਾਸਾਂ ਨੂੰ ਪੇਸ਼ ਕਰਦਾ ਹੈ। ਇਸ ਪੁਸਤਕ ਵਿਚ ਆਤਮ-ਕਥਾ ਵਾਲੀ ਸ਼ੈਲੀ ਵੀ ਪੇਸ਼ ਹੋਈ ਦਿਖਾਈ ਦਿੰਦੀ ਹੈ ਜਿਵੇਂ ਕਿਵੇਂ ਕਈ ਲੇਖ ਜਾਂ ਜੀਵਨ ਬਿਰਤਾਂਤ 'ਮੈਂ' ਮੂਲਕ ਸ਼ੈਲੀ ਵਿਚ ਲਿਖੇ ਹੋਏ ਹਨ। ਇਸ ਪੁਸਤਕ ਦੀ ਲੇਖਿਕਾ ਕੋਲ ਭਾਵੇਂ ਲਿਖਣ ਦਾ ਪ੍ਰੋੜ੍ਹ ਅਨੁਭਵ ਨਹੀਂ ਪਰ ਉਸ ਨੇ ਆਪਣੀ ਇਸ ਲਿਖਤ ਵਿਚ ਜੀਵਨ ਯਥਾਰਥ ਦੀਆਂ ਬਹੁਤ ਸਾਰੀਆਂ ਘਟਨਾਵਾਂ ਉਹ ਭਾਵੇਂ ਉੱਤਮ ਪੁਰਖੀ ਸ਼ੈਲੀ ਵਿਚ ਹੀ ਹਨ ਪਰ ਪਰਿਵਾਰਕ ਅਤੇ ਸਮਾਜਿਕ ਮਸਲਿਆਂ ਦੀਆਂ ਉਲਝੀਆਂ ਤੰਦਾਂ ਨੂੰ ਬੇਬਾਕੀ ਨਾਲ ਪੇਸ਼ ਕਰਦੀ ਹੈ। ਬਹੁਤੇ ਜੀਵਨ ਬਿਰਤਾਂਤਾਂ ਵਿਚ ਰੁਮਾਂਟਿਕ ਰੰਗਣ ਝਲਕਦੀ ਹੈ, ਜਿਸ ਵਿਚ ਕਿਸੇ ਦਾ ਪਿਆਰ ਪਾਉਣ ਦੀ ਚਾਹਤ, ਵਿੱਛੜ ਜਾਣ ਦਾ ਗ਼ਮ ਜਾਂ ਆਪਣਿਆਂ ਦੀ ਬੇਵਫ਼ਾਈ ਦਾ ਜ਼ਿਕਰ ਵੀ ਹੋਇਆ ਮਿਲਦਾ ਹੈ। ਮਿਸਾਲ ਵਜੋਂ 'ਫ਼ੌਜੀ' ਸਿਰਲੇਖ ਵਾਲੇ ਬਿਰਤਾਂਤ ਦੀ ਉਦਾਹਰਨ ਦੇਖੀ ਜਾ ਸਕਦੀ ਹੈ। ਅਸਲ ਵਿਚ ਇਨ੍ਹਾਂ ਲੇਖਾਂ ਵਿਚ ਵਿਚਰਦੇ ਪਾਤਰ ਭਾਵੇਂ ਉਹ ਖ਼ੁਦ ਲੇਖਿਕਾ ਹੀ ਕਿਉਂ ਨਾ ਹੋਵੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੂਝਦੇ ਨਜ਼ਰ ਆਉਂਦੇ ਹਨ। ਨਿੱਕੀਆਂ-ਨਿੱਕੀਆਂ ਕਹਾਣੀਆਂ, ਲੇਖ ਜਾਂ ਜੀਵਨ ਬਿਰਤਾਂਤ ਜਾਪਦੀਆਂ ਇਨ੍ਹਾਂ ਰਚਨਾਵਾਂ ਨੂੰ ਵਾਰਤਕ ਦੀ ਕਿਸੇ ਵਿਸ਼ੇਸ਼ ਵਿਧਾ ਵਿਚ ਬੰਨ੍ਹਿਆ ਨਹੀਂ ਜਾ ਸਕਦਾ ਪਰ ਇਨ੍ਹਾਂ ਵਿਚਲੀ ਰਸਿਕਤਾ ਦਾ ਅਤੇ ਸਰਲਤਾ ਦਾ ਅਨੰਦ ਜ਼ਰੂਰ ਮਾਣਿਆ ਜਾ ਸਕਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਪੰਧ ਮੇਚਦੇ ਪਾਂਧੀ
ਲੇਖਕ : ਹਰਮੋਹਿੰਦਰ ਸਿੰਘ ਹਰਜੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 095962-56345.

ਹਥਲੀ ਪੁਸਤਕ ਲੇਖਕ ਦਾ ਕੈਨੇਡਾ ਦਾ ਸਫ਼ਰਨਾਮਾ ਹੈ, ਜਿਸ ਵਿਚ ਲੇਖਕ ਨੇ ਆਪਣੀ ਕੈਨੇਡਾ ਫੇਰੀ ਵਿਚ ਵੇਖੀਆਂ ਮਾਣੀਆਂ ਥਾਵਾਂ ਦਾ ਦਿਲਚਸਪ ਚਿੱਤਰ ਪੇਸ਼ ਕੀਤਾ ਹੈ। ਕਿਤਾਬ ਵਿਚ ਤਤਕਰਾ ਨਹੀਂ ਹੈ। ਪਹਿਲੇ ਕੁਝ ਪੰਨਿਆਂ ਤੇ ਮੁੱਖ ਬੰਦ, ਜਾਣ ਪਛਾਣ, ਸਫ਼ਰਨਾਮਿਆਂ ਦਾ ਸਮਾਜਿਕ ਇਤਿਹਾਸਕ ਮਹੱਤਵ ਲੇਖਕ ਨੇ ਹੀ ਲਿਖਿਆ ਹੈ। ਇਸ ਦਾ ਸਮਾਂ ਕਾਲ 28 ਦਸੰਬਰ, 2009 ਤੋਂ ਸ਼ੁਰੂ ਹੋ ਕੇ ਵਾਪਸੀ ਮਿਤੀ 23 ਅਕਤੂਬਰ, 2010 ਤੱਕ ਦਾ ਹੈ। ਲੇਖਕ ਦੇ ਨਾਲ ਉਸ ਦੀ ਪਤਨੀ, ਧੀ ਪੁੱਤਰ, ਜਵਾਈ, ਦੋਹਤੇ, ਪੋਤਰੇ ਤੇ ਕੁਝ ਸ਼ੁੱਭਚਿੰਤਕ ਹਨ। ਸਾਰੇ ਮਿਲ ਕੇ ਕੈਨੇਡਾ ਵਿਚ ਵੱਖ-ਵੱਖ ਥਾਵਾਂ 'ਤੇ ਘੁੰਮਣ ਜਾਂਦੇ ਹਨ। ਜਿਨ੍ਹਾਂ ਵਿਚ ਹੋਟਲ ਰਮਣੀਕ ਥਾਵਾਂ, ਸਕੂਲ, ਗੁਰਦੁਆਰੇ, ਝੀਲਾਂ ਟਾਪੂ, ਹਵਾਈ ਅੱਡੇ ਹਨ। ਵੱਖ-ਵੱਖ ਲੋਕਾਂ ਨਾਲ ਵਿਚਾਰ-ਵਟਾਂਦਰੇ ਜਿਨ੍ਹਾਂ ਵਿਚ ਸਕੂਲੀ ਅਧਿਆਪਕ, ਇਮੀਗਰੇਸ਼ਨ ਸਟਾਫ ਤੇ ਹੋਰ ਬਹੁਤ ਸਾਰੇ ਪਤਵੰਤੇ ਹਨ, ਜਿਨ੍ਹਾਂ ਤੋਂ ਲੇਖਕ ਕੈਨੇਡਾ ਦੀ ਬਹੁਪੱਖੀ ਜਾਣਕਾਰੀ ਹਾਸਲ ਕਰਦਾ ਹੈ। ਕਿਤੇ ਕੋਈ ਅਵਾਰਾ ਪਸ਼ੂ ਨਹੀਂ ਮਿਲੇਗਾ। ਸੜਕਾਂ ਮਲਾਈ ਵਾਂਗ ਹਨ। ਬਿਜਲੀ ਦੀ ਸਪਲਾਈ ਵਿਚ ਕਦੇ ਵਿਘਨ ਨਹੀਂ ਪਿਆ। ਲੋਕਾਂ ਨੂੰ ਆਪੋ-ਆਪਣੇ ਕੰਮ ਨਾਲ ਸਰੋਕਾਰ ਹੈ। ਬੇਰੁਜ਼ਗਾਰੀ ਨਹੀਂ ਹੈ। ਹਰ ਵਿਅਕਤੀ ਲਈ ਯੋਗਤਾ ਅਨੁਸਾਰ ਕੰਮ ਹੈ। ਬਜ਼ੁਰਗਾਂ ਨੂੰ ਚੰਗੀ ਪੈਨਸ਼ਨ ਮਿਲਦੀ ਹੈ। ਮੂਲ ਨਿਵਾਸੀਆਂ ਵਿਚ ਭਾਰਤ ਨਾਲੋਂ ਸੱਭਿਆਚਾਰ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਪੁਸਤਕ ਵਿਚ ਲੇਖਕ ਕਈ ਥਾਵਾਂ 'ਤੇ ਭਾਰਤ ਦੇ ਨਿਘਰੇ ਪ੍ਰਬੰਧ ਦੀ ਤੁਲਨਾ ਕੈਨੇਡਾ ਨਾਲ ਕਰਦਾ ਹੈ। ਪਰ ਵਾਪਸੀ ਵੇਲੇ ਕਵਿਤਾ ਵਿਚ ਲੇਖਕ ਦੇ ਬੋਲ ਹਨ... ਉੱਠ ਚੱਲੀਏ ਹਰਜੀ ਵਤਨਾਂ ਨੂੰ/ਇਸ ਓਪਰੀ ਧਰਤੀ ਕੀ ਰਹਿਣਾ/ਕਿਤਾਬ ਪੜ੍ਹਨ ਵਾਲੀ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਪੁਆਧੀ ਉਪਭਾਸ਼ਾ ਦੀ ਵਿਆਕਰਨ
ਲੇਖਿਕਾ : ਹਰਪ੍ਰਵੀਨ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98782-04119.

ਹਰਪ੍ਰਵੀਨ ਕੌਰ ਨੇ ਪੁਆਧੀ ਖੇਤਰ ਦੀ ਭਾਸ਼ਾ ਦਾ ਬੋਧਾਤਮਿਕ ਗਿਆਨ ਇਸ ਪੁਸਤਕ ਜ਼ਰੀਏ ਪੇਸ਼ ਕੀਤਾ ਹੈ। ਉਸ ਨੇ ਪੁਸਤਕ ਨੂੰ ਪੰਜ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਵਿਆਕਰਨ ਦੇ ਸਿਧਾਂਤ, ਇਸ ਦੀ ਪਰੰਪਰਾ ਅਤੇ ਮਹਾਨਤਾ ਅਤੇ ਅਜੋਕੇ ਕਾਲ-ਖੰਡ ਵਿਚ ਇਸ ਦੀ ਸਥਿਤੀ ਦਾ ਵੇਰਵਾ ਵਿਆਖਿਆਤਮਕ, ਸੰਰਚਨਾਤਮਕ, ਪ੍ਰਕਾਰਜੀ, ਰੁਪਾਂਤਰੀ ਤੇ ਸਿਰਜਨਾਤਮਕ ਪੱਖਾਂ ਦੇ ਗਹਿਣ ਅਧਿਐਨ ਰਾਹੀਂ ਬਾਦਲੀਲ ਪ੍ਰਗਟ ਕੀਤਾ ਹੈ। ਪੁਆਧੀ ਉਪਭਾਸ਼ਾ ਦੀ ਧੁਨੀ ਦ ਵਿਉਂਤ ਨੂੰ ਵਿਗਿਆਨਕ ਪੱਧਰਾਂ 'ਤੇ ਪਛਾਣਦਿਆਂ ਹੋਇਆਂ ਇਸ ਦੇ ਕਾਰਜ ਖੇਤਰ ਅਤੇ ਇਸ ਦੀਆਂ ਹੋਰਨਾਂ ਉਪ ਭਾਸ਼ਾਵਾਂ ਨਾਲੋਂ ਵਿਭਿੰਨਤਾਵਾਂ ਨੂੰ ਵੀ ਪੇਸ਼ ਕੀਤਾ ਹੈ। ਪੁਸਤਕ ਦਾ ਤੀਜਾ ਕਾਂਡ ਪੁਆਧੀ ਉਪ ਭਾਸ਼ਾ ਦਾ ਰੂਪ ਗ੍ਰਾਮ, ਇਸ ਦੀ ਸ਼ਬਦ-ਰਚਨਾ, ਬਣਤਰ-ਬੁਣਤਰ ਅਤੇ ਇਸ ਦੀ ਸ਼ਬਦ-ਸ਼੍ਰੇਣੀਆਂ ਦੀ ਜੁਗਤ-ਬੰਦੀ ਨਾਲ ਸਬੰਧਿਤ ਹੈ। ਪੁਆਧੀ ਉਪਭਾਸ਼ਾ ਦੀ ਵਾਕ-ਵਿਉਂਤ ਵੀ ਮਾਝੀ, ਦੁਆਬੀ ਜਾਂ ਹੋਰ ਉਪ ਭਾਸ਼ਾਵਾਂ ਤੋਂ ਅੱਡਰੀ ਹੈ। ਇਸ ਉਪ ਭਾਸ਼ਾ ਸਬੰਧੀ ਵਾਕ-ਨੇਮ, ਵਾਕ-ਵਿਉਂਤ, ਵਾਕ-ਬਣਤਰ, ਵਾਕਾਂ ਦੀ ਕਾਰਜਸ਼ੀਲਤਾ ਆਦਿ ਜਿਹੇ ਵਿਭਿੰਨ ਪਹਿਲੂਆਂ ਸਬੰਧੀ ਦੀਰਘ ਖੋਜ-ਪੱਧਤੀ ਦਾ ਪ੍ਰਗਟਾਵਾ ਕਰਦੀ ਹੋਈ ਇਹ ਲੇਖਿਕਾ ਸਾਬਤ ਕਰਦੀ ਹੈ ਕਿ ਪੁਆਧੀ ਉਪਭਾਸ਼ਾ ਸੁਤੰਤਰ ਰੂਪ ਵਿਚ ਮਾਝੀ, ਮਲਵਈ, ਦੁਆਬੀ, ਪੋਠੋਹਾਰੀ ਅਤੇ ਲਹਿੰਦੀ ਆਦਿ ਤੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ ਹੈ, ਸਗੋਂ ਇਸ ਦੀਆਂ ਵਿਆਕਰਨਿਕ ਇਕਾਈਆਂ ਉਵੇਂ ਹੀ ਸਮਰੱਥਾਵਾਨ ਹਨ, ਜਿਵੇਂ ਕਿ ਹੋਰਨਾਂ ਉਪਭਾਸ਼ਾਵਾਂ ਦੀਆਂ ਹਨ। ਇਸੇ ਤਰ੍ਹਾਂ ਪੁਸਤਕ ਦਾ ਪੰਜਵਾਂ ਅਧਿਆਇ ਪੁਆਧੀ ਉਪਭਾਸ਼ਾ ਦੀ ਹੋਰ ਸਾਰਥਿਕਤਾ ਦਾ ਪੱਖ ਉਜਾਗਰ ਕਰਦਿਆਂ ਹੋਇਆਂ 'ਪੁਆਧੀ' ਦੀ ਅਰਥਗਤ ਵਿਉਂਤ ਵੀ ਦਰਸਾਉਂਦਾ ਹੈ ਅਤੇ ਪੁਆਧੀ ਅਤੇ ਹੋਰਨਾਂ ਉਪਭਾਸ਼ਾਵਾਂ ਤੋਂ ਛੁੱਟ ਟਕਸਾਲੀ ਪੰਜਾਬੀ ਭਾਸ਼ਾ ਦੀ ਅਰਥਗਤ ਵਿਉਂਤ ਵਿਚ ਜੋ ਸਾਂਝਾਂ ਅਤੇ ਭਿੰਨਤਾਵਾਂ ਹਨ, ਉਨ੍ਹਾਂ ਸਭਨਾਂ ਨੂੰ ਵੀ ਉਜਾਗਰ ਕਰਦਾ ਹੈ। ਨਿਰਸੰਦੇਹ, ਇਹ ਖੋਜ ਕਾਰਜ ਸਲਾਹੁਣਯੋਗ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਗੁਰੂ ਰਵਿਦਾਸ ਰਚਨਾਵਲੀ
ਲੇਖਕ : ਡਾ: ਬਲਦੇਵ ਸਿੰਘ 'ਬੱਦਨ', ਡਾ: ਧਰਮਪਾਲ ਸਿੰਗਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 325 ਰੁਪਏ, ਸਫ਼ੇ : 192
ਸੰਪਰਕ : 0181-2214196.

'ਗੁਰੂ ਰਵਿਦਾਸ ਰਚਨਾਵਲੀ' ਪੁਸਤਕ ਵਿਚ ਭਗਤ ਰਵਿਦਾਸ ਜੀ ਦੀ ਜੀਵਨੀ ਤੇ ਰਚਿਤ ਬਾਣੀ ਦੇ ਵੱਖ-ਵੱਖ ਪਹਿਲੂਆਂ ਉੱਤੇ ਵਿਸਤਾਰ ਨਾਲ ਵਿਚਾਰ ਕੀਤੀ ਗਈ ਹੈ। ਰਵਿਦਾਸ ਜੀ ਮੱਧਕਾਲ ਦੇ ਮਹਾਨ ਸੰਤ, ਸ੍ਰੇਸ਼ਟ ਕਵੀ, ਅਧਿਆਤਮਕ ਗੁਰੂ ਤੇ ਸਮਾਜਿਕ ਕ੍ਰਾਂਤੀ ਦੇ ਯੁੱਗ ਨੇਤਾ ਸਨ। ਉਨ੍ਹਾਂ ਦਾ ਬਚਪਨ ਗ਼ਰੀਬੀ, ਤੰਗੀ ਤੁਰਸ਼ੀ ਤੇ ਸਮਾਜਿਕ ਜਾਤ-ਪਾਤ ਦੇ ਵਿਤਕਰੇ ਵਿਚ ਬਤੀਤ ਹੋਇਆ ਪਰ ਆਪਣੀ ਸਾਧਨਾ ਤੇ ਪ੍ਰਭੂ ਭਗਤੀ ਸਦਕਾ ਉੱਚ ਅਵਸਥਾ ਤੱਕ ਪੁੱਜੇ। ਉਨ੍ਹਾਂ ਨੇ ਉੱਚ ਪੱਧਰ ਦੀ ਬਾਣੀ ਉਚਾਰਨ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਲੇਖਕਾਂ ਨੇ ਰਵਿਦਾਸ ਜੀ ਦੀ ਜੀਵਨੀ ਤੇ ਜੀਵਨ ਦਰਸ਼ਨ ਨੂੰ ਬੜੇ ਵਿਸਥਾਰ ਨਾਲ ਪੇਸ਼ ਕੀਤਾ ਹੈ। ਉਹ ਜਿਹੜੀਆਂ ਪ੍ਰਸਥਿਤੀਆਂ ਵਿਚੋਂ ਨਿਕਲ ਕੇ ਉੱਚ ਆਤਮਕ ਅਵਸਥਾ ਤੱਕ ਪੁੱਜੇ ਤੇ ਮਹਾਨ ਸੰਤਾਂ ਦੀ ਕਤਾਰ ਵਿਚ ਜਾ ਖੜ੍ਹੇ ਹੋਏ, ਬਾਰੇ ਵੀ ਵਿਚਾਰ ਪ੍ਰਗਟ ਕੀਤੇ ਹਨ। ਗੁਰੂ ਰਵਿਦਾਸ ਜੀ ਦੀ ਬਾਣੀ, ਪੱਟੀ ਬਾਣੀ, ਗੁਰੂ ਬੰਦਨਾ ਦੇ ਪਦ, ਉਨ੍ਹਾਂ ਦੀਆਂ ਲਿਖੀਆਂ ਆਰਤੀਆਂ, ਪਹਿਰੇ, ਰਵਿਦਾਸ ਪਚੀਸੀ, ਗਿਆਨ ਗੋਸ਼ਟੀ ਜਾਂ ਰਮੈਣੀ ਤੇ ਫੁਟਕਲ ਰਵਿਦਾਸ ਬਾਣੀ ਨੂੰ ਉਦਾਹਰਨਾਂ ਸਹਿਤ ਪੇਸ਼ ਕਰਕੇ ਵਿਆਖਿਆ ਵੀ ਕੀਤੀ ਹੈ। ਤਿੰਨ ਸ਼ਬਦ ਡਾ: ਮੋਹਨ ਸਿੰਘ ਦੀਵਾਨਾ ਦੀ ਪੁਸਤਕ ਵਿਚੋਂ ਤੇ ਕੁਝ ਸ਼ਬਦ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਤੋਂ ਪ੍ਰਾਪਤ ਹੱਥ ਲਿਖਤ ਸੈਂਚੀ ਨੰਬਰ 523 ਵਿਚੋਂ ਲੈ ਕੇ ਵੀ ਦਰਜ ਕੀਤੇ ਹਨ।
ਲੇਖਕਾਂ ਨੇ ਪ੍ਰਹਿਲਾਦ ਭਗਤ ਦੀ ਕਥਾ ਤੇ ਪ੍ਰਹਿਲਾਦ ਰਚਿਤ-2, ਸਾਖੀ ਭਾਗ, ਰਵਿਦਾਸ-ਕਬੀਰ ਗੋਸ਼ਟੀ, ਸ੍ਰੀ ਸੰਤ ਸੇਨ ਕ੍ਰਿਤ ਕਬੀਰ ਰੈਦਾਸ ਗੋਸ਼ਟੀ, ਬਾਰੇ ਵਰਨਣ ਕਰਕੇ ਸਾਰੀਆਂ ਬਾਣੀਆਂ ਨੂੰ ਇਸ ਪੁਸਤਕ ਵਿਚ ਸੰਚਿਤ ਕੀਤਾ ਹੈ। ਅੰਤ ਵਿਚ ਰਵਿਦਾਸ ਬਾਣੀ ਦਾ ਸਮਾਜਿਕ ਸੰਦਰਭ ਵਿਚ ਵਿਸ਼ਲੇਸ਼ਣ ਕਰ ਕੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਹੈ। ਪੁਸਤਕ ਸੂਚੀ ਦੀ ਸੂਚੀ ਕਾਫੀ ਲੰਮੀ ਚੌੜੀ ਹੈ, ਜਿਨ੍ਹਾਂ ਦੀ ਸਹਾਇਤਾ ਇਸ ਪੁਸਤਕ ਵਾਸਤੇ ਲਈ ਗਈ ਹੈ। ਇਹ ਪੁਸਤਕ ਖੋਜਾਰਥੀਆਂ ਵਾਸਤੇ ਲਾਹੇਵੰਦ ਹੋਵੇਗੀ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

11-05-2019

 ਐਸ. ਤਰਸੇਮ ਦੀਆਂ ਇਕੱਤੀ ਕਹਾਣੀਆਂ
ਸੰਪਾਦਕ : ਪ੍ਰੋ: ਬੰਧਨਾ ਰਾਣੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 425 ਰੁਪਏ, ਸਫ਼ੇ : 195
ਸੰਪਰਕ : 85579-79125.

ਐਸ. ਤਰਸੇਮ ਦੀਆਂ ਕਹਾਣੀਆਂ ਵਿਚੋਂ ਅਨੇਕਾਂ ਵਿਸ਼ੇ ਉੱਭਰ ਕੇ ਸਾਹਮਣੇ ਆਉਂਦੇ ਹਨ ਜਿਵੇਂ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਸੀ ਸਮੱਸਿਆਵਾਂ, ਬੁਰਾਈਆਂ ਅਤੇ ਲੇਖਕ ਨੇ ਵਿਅੰਗ ਭਰਪੂਰ ਢੰਗ ਨਾਲ ਉਨ੍ਹਾਂ 'ਤੇ ਉਂਗਲ ਧਰੀ ਹੈ।
ਡਾਢੇ ਦਾ ਸੱਤੀਂ ਵੀਹੀ ਸੌ, ਅਜੋਕੇ ਸਮਾਜ ਦੀਆਂ ਗ਼ਲਤ ਕਦਰਾਂ-ਕੀਮਤਾਂ, ਮਨੁੱਖਤਾ ਦਾ ਹੋ ਰਿਹਾ ਘਾਣ, ਅਧਿਆਪਕ ਵਲੋਂ ਬੱਚੇ ਨਾਲ ਵਧੀਕੀ ਕਰਕੇ ਪੜ੍ਹਾਈ ਵਲੋਂ ਨਿਰਾਸ਼ ਕਰਨਾ, ਰਾਜਸੀ ਖੇਤਰ ਵਿਚ ਵੋਟਾਂ ਲਈ ਵਰਤੇ ਜਾਂਦੇ ਹੱਥਕੰਡੇ ਅਤੇ ਸੀਰੀ ਦੇ ਬੱਚੇ ਵਲੋਂ ਬਗਾਵਤ ਵਿਸ਼ੇ ਪਹਿਲੇ ਵਰਗ ਦੀਆਂ ਕਹਾਣੀਆਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੇ ਹਨ। ਕਹਾਣੀਆਂਂਭਰਿੰਡਾਂ, ਵਿਆਜ ਬੋਲ ਪਿਆ, ਹਵੇਲੀ ਵਾਲਾ ਮਾਸਟਰ, ਅੱਜ ਦੇ ਮਸੀਹੇ ਤੇ ਸ਼ਰਾਰਤ ਕਹਾਣੀਆਂ ਵਿਚ ਵੀ ਅਮੀਰਾਂ ਦੀਆਂ ਧਨ ਇਕੱਠਾ ਕਰਨ ਦੀਆਂ ਚਾਲਾਂ, ਸੀਰੀ ਦਾ ਆਪਣੇ ਹੱਕਾਂ ਪ੍ਰਤੀ ਚੇਤੰਨ ਹੋਣਾ, ਭ੍ਰਿਸ਼ਟਾਚਾਰ ਤੇ ਵੱਡੇ ਘਰਾਂ ਦੇ ਕਾਕੇ ਡਿਊਟੀ ਤੋਂ ਭੱਜਦੇ ਆਦਿ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਹੈ।
ਕਿਸਾਨ ਤੇ ਪੇਂਡੂ ਵਰਗ ਦੀ ਗ਼ਰੀਬੀ ਜੋ ਬਦਤਰ ਜੂਨ ਹੰਢਾਅ ਰਹੇ ਹਨ, ਮੰਦੀ ਆਰਥਿਕਤਾ ਲਈ ਸਮਾਜ ਜ਼ਿੰਮੇਵਾਰ, ਗ਼ਰੀਬ-ਅਮੀਰ ਦੇ ਰਿਸ਼ਤੇ ਵਿਚ ਪਾੜਾ, ਧਾਗੇ ਤਵੀਤ ਤੇ ਜੰਤਰ-ਮੰਤਰ ਵਿਚ ਉਲਝੀ ਅਨਪੜ੍ਹ ਜਨਤਾ, ਲੁੱਟ-ਖੋਹ, ਸਭੇ ਪੈਸੇ ਵਾਲੇ ਦੇ ਮਿੱਤਰ, ਆਰਥਿਕਤਾ, ਰੰਡੇਪਾ ਤੇ ਦੁਹਾਜੂ ਸਾਕ ਜਿਹੀਆਂ ਸਮਾਜਿਕ ਬੁਰਾਈਆਂ ਵੀ ਲੇਖਕ ਦੇ ਅੱਖੋਂ-ਪਰੋਖੇ ਨਹੀਂ ਹੋਈਆਂ। ਮੱਧ ਵਰਗ ਨਾਲ ਸਬੰਧਿਤ ਹੋਣ ਕਰਕੇ ਉਹ ਇਨ੍ਹਾਂ ਸਾਰੀਆਂ ਹੋਛੀਆਂ ਘਟਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਜਿਨ੍ਹਾਂ ਨੂੰ ਚਿਤ੍ਰਣ ਦਾ ਉਪਰਾਲਾ ਕੀਤਾ।
ਅਜੋਕੇ ਸਮਾਜ ਵਿਚ ਪਰਿਵਾਰਕ ਰਿਸ਼ਤੇ ਵੀ ਮਤਲਬਪ੍ਰਸਤੀ ਦੇ ਹਨ, ਜੋ ਗ਼ਰੀਬ ਭਾਈਬੰਦ ਦਾ ਨਾਜਾਇਜ਼ ਫਾਇਦਾ ਚੁੱਕਣਾ ਚਾਹੁੰਦੇ ਹਨ। ਮਰਦ ਦੀ ਮਾਨਸਿਕਤਾ ਅਜਿਹੀ ਹੈ ਜੋ ਵਿਧਵਾ ਦੀ ਮਾਨਸਿਕਤਾ ਨੂੰ ਨਹੀਂ ਸਮਝਦੀ, ਕਈ ਵਾਰ ਤਾਂ ਔਰਤ ਨੂੰ ਕੋਠੇ 'ਤੇ ਪਹੁੰਚਾ ਕੇ ਹੀ ਸਾਹ ਲੈਂਦੀ ਹੈ, ਬਾਪ ਦੀ ਧੀ ਉੱਤੇ ਨੀਅਤ ਮਾੜੀ ਪਸ਼ੂ ਬਿਰਤੀ ਦਾ ਪ੍ਰਮਾਣ, ਅਜਿਹੀਆਂ ਸਮਾਜਿਕ ਬੁਰਾਈਆਂ ਹਨ ਜਿਨ੍ਹਾਂ ਨੂੰ ਖੁੱਲ੍ਹ ਕੇ ਪੇਸ਼ ਕਰਨ ਦਾ ਐਸ. ਤਰਸੇਮ ਦਾ ਨਿਵੇਕਲਾ ਯਤਨ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਸੁਖ਼ਨ ਸੁਣਾਏ ਸਿਰਜਕਾਂ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 328
ਸੰਪਰਕ : 011-42502364.

'ਸੁਖ਼ਨ ਸੁਣਾਏ...' ਇਕ ਅਜਿਹੀ ਪੁਸਤਕ ਹੈ, ਜਿਸ ਵਿਚ ਪੰਜਾਬੀ ਦੇ ਪ੍ਰਮੁੱਖ ਗਲਪਕਾਰ ਸ: ਗੁਰਬਚਨ ਸਿੰਘ ਭੁੱਲਰ ਨੇ ਪੰਜਾਬੀ ਵਿਚ ਲਿਖਣ ਵਾਲੇ 7 ਗਲਪਕਾਰਾਂ ਦੇ ਹਵਾਲੇ ਨਾਲ ਸਾਹਿਤ ਬਾਰੇ ਆਪਣੀ ਸਮੁੱਚੀ ਸਮਝ, ਜਗਿਆਸਾਵਾਂ ਅਤੇ ਉਹ ਅੰਤਰਦ੍ਰਿਸ਼ਟੀਆਂ ਅੰਕਿਤ ਕਰ ਦਿੱਤੀਆਂ ਹਨ, ਜਿਹੜੀਆਂ ਪਿਛਲੇ 7-8 ਦਹਾਕਿਆਂ ਦੇ ਅਰਸੇ ਵਿਚ ਸਮੇਂ-ਸਮੇਂ ਉਸ ਨੂੰ ਕੁਰੇਦਦੀਆਂ ਰਹੀਆਂ ਹਨ। ਲੇਖਕ ਨੇ ਸ: ਮਹਿੰਦਰ ਸਿੰਘ ਸਰਨਾ, ਸ: ਨਰਿੰਦਰਪਾਲ ਸਿੰਘ, ਸ੍ਰੀ ਸੁਖਬੀਰ, ਸ੍ਰੀ ਮਨਮੋਹਨ ਬਾਵਾ, ਮੋਹਤਰਿਮਾ ਅਫ਼ਜ਼ਲ ਤੌਸੀਫ਼, ਸ੍ਰੀ ਮੋਹਨ ਭੰਡਾਰੀ ਅਤੇ ਆਪਣੇ ਨਿੱਜੀ ਵਿਚਾਰਾਂ ਦੇ ਹਵਾਲੇ ਨਾਲ ਪੰਜਾਬੀ ਦੇ ਕੁਝ ਸ਼ਿਰੋਮਣੀ ਗਲਪਕਾਰਾਂ ਦੀ ਸਿਰਜਣ ਪ੍ਰਕਿਰਿਆ ਨੂੰ ਸਮਝਣ-ਸਮਝਾਉਣ ਦਾ ਸੁਹਿਰਦ ਯਤਨ ਕੀਤਾ ਹੈ।
ਮਹਿੰਦਰ ਸਿੰਘ ਸਰਨਾ ਆਪਣੀਆਂ ਕਹਾਣੀਆਂ ਦੀ ਵਿਲੱਖਣਤਾ ਬਾਰੇ ਦੱਸਦਾ ਹੈ ਕਿ ਪੰਜਾਬੀ ਕਹਾਣੀ-ਸਾਹਿਤ ਨੂੰ ਉਸ ਦੀ ਸਭ ਤੋਂ ਵੱਡੀ ਦੇਣ ਸਮਾਜਿਕ-ਆਰਥਿਕ ਚੇਤੰਨਤਾ ਅਤੇ ਵਿਅੰਗ ਹੈ। ਲੇਖਕ ਦੀ ਜ਼ਿੰਮੇਵਾਰੀ ਬਾਰੇ ਉਲੇਖ ਕਰਦਾ ਹੋਇਆ ਉਹ ਕਹਿੰਦਾ ਹੈ ਕਿ ਹਰ ਲੇਖਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਪ੍ਰਤਿਭਾ ਦੀਆਂ ਸੰਪੂਰਨ ਸੰਭਾਵਨਾਵਾਂ ਨੂੰ ਉਜਾਗਰ ਕਰੇ। (ਪੰਨਾ 30) ਆਪਣੀ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਾ ਹੋਇਆ ਨਰਿੰਦਰਪਾਲ ਸਿੰਘ ਕਹਿੰਦਾ ਹੈ, 'ਮੇਰਾ ਮੁੱਖ ਸੁਨੇਹਾ ਹੈ ਕਿ ਭਾਰਤ ਟੈਕਨੋ-ਇਲੈਕਟ੍ਰਿਕ ਦੇਸ਼ ਬਣੇ। ਮੈਂ ਚਾਹੁੰਦਾ ਹਾਂ ਕਿ ਪੰਜਾਬੀ ਪਾਠਕ ਵਿਗਿਆਨਕ ਨਜ਼ਰੀਆ ਅਪਣਾਉਣ।' ਸੁਖਬੀਰ ਕਲਾ ਨੂੰ ਕੁਦਰਤ ਦੀ ਦੇਣ ਮੰਨਦਾ ਹੈ ਪਰ ਕੁਦਰਤ ਦੀ ਦੇਣ ਨੂੰ ਪ੍ਰਵਾਨ ਚੜ੍ਹਾਉਣ ਲਈ ਲੰਮੀ ਤੇ ਔਖੀ ਘਾਲਣਾ ਦੀ ਲੋੜ ਪੈਂਦੀ ਹੈ। (ਪੰਨਾ 86)
ਸ੍ਰੀ ਮਨਮੋਹਨ ਬਾਵਾ ਰਾਹੁਲ ਸੰਕਰਤਾਇਨ ਅਤੇ ਭਗਵਤੀਸ਼ਰਨ ਵਰਮਾ ਤੋਂ ਪ੍ਰੇਰਨਾ ਲੈ ਕੇ ਪੰਜਾਬੀ ਗਲਪ ਵਿਚ ਦਾਖ਼ਲ ਹੋਇਆ ਅਤੇ ਹੌਲੀ-ਹੌਲੀ ਉਸ ਨੇ ਆਪਣਾ ਇਕ ਵਿਲੱਖਣ ਸਥਾਨ ਬਣਾ ਲਿਆ। (ਪੰਨਾ 132) ਅਫ਼ਜ਼ਲ ਤੌਸੀਫ਼ ਇਕ ਮਾਰਕਸਵਾਦੀ ਲੇਖਿਕਾ ਸੀ। ਸ: ਭੁੱਲਰ ਅਨੁਸਾਰ ਮੋਹਨ ਭੰਡਾਰੀ ਇਕ ਜਜ਼ਬਾਤੀ ਆਦਮੀ (ਕਹਾਣੀਕਾਰ) ਹੈ। ਇਹ ਸਾਰੀਆਂ ਮੁਲਾਕਾਤਾਂ ਪਾਠਕਾਂ ਦੀ ਸੂਝ-ਬੂਝ, ਸੰਵੇਦਨਾ ਅਤੇ ਸੱਜਗਤਾ ਨੂੰ ਵਧੇਰੇ ਪ੍ਰਚੰਡ ਕਰਨ ਵਾਲੀਆਂ ਹਨ। ਇਨ੍ਹਾਂ ਬਾਰੇ ਜੋ ਵੀ ਕਿਹਾ ਜਾਵੇ, ਥੋੜ੍ਹਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਰੱਬੀ ਪ੍ਰੀਤ ਦਾ ਪਿਆਲਾ
ਕਵੀ : ਰੱਬੀ ਬੈਰੋਂਪੁਰੀ ਟਿਵਾਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 412
ਸੰਪਰਕ : 98764-84743.

ਇਸ ਵੱਡ-ਆਕਾਰੀ ਬੈਂਤ ਸੰਗ੍ਰਹਿ ਵਿਚ ਬੈਂਤਕਾਰ ਨੇ ਬਹੁਤ ਸਾਰੇ ਵਿਸ਼ਿਆਂ 'ਤੇ ਬੈਂਤ ਲਿਖੇ ਹਨ। ਬੈਂਤ ਇਕ ਹਰਮਨ-ਪਿਆਰਾ ਛੰਦ ਹੈ। ਇਸੇ ਛੰਦ ਵਿਚ ਵਾਰਿਸ ਸ਼ਾਹ ਨੇ ਹੀਰ ਲਿਖੀ ਹੈ। ਕਵੀ ਦੇ ਬੈਂਤਾਂ ਵਿਚ ਮੁਹੱਬਤ, ਇਨਸਾਨੀਅਤ ਅਤੇ ਮਾਸੂਮੀਅਤ ਝਲਕਦੀ ਹੈ। ਆਓ ਦੀਦਾਰ ਕਰੀਏਂ
-ਕੌਣ ਪੰਛੀਆਂ ਨੂੰ ਸੱਦਣ ਜਾਂਵਦਾ ਏ
ਕੀਹਦੇ ਸੱਦਿਆਂ ਦੱਸੋ ਬਰਸਾਤ ਆਉਂਦੀ
ਕੀਹਦੇ ਕਹੇ ਤੋਂ ਸੂਰਜ ਤੇ ਚੰਨ ਚੜ੍ਹਦੇ
ਕੀਹਦੇ ਕਹੇ ਤੋਂ ਦਿਨ ਤੇ ਰਾਤ ਆਉਂਦੀ।
-ਓਸ ਰੱਬ ਦਾ ਸ਼ੁਕਰਗੁਜ਼ਾਰ ਹਾਂ ਮੈਂ
ਜਿਹਦੇ ਨਾਮ ਦੀ ਕਰਦਾ ਅਰਦਾਸ ਹਾਂ ਮੈਂ
ਬੰਦੇ ਉਹਦੇ ਬਣਾਇਆਂ ਤੋਂ ਮੰਗਦਾ ਨਹੀਂ
ਉਹਦੇ ਦਰ ਦਾ ਮੰਗਤਾ ਖ਼ਾਸ ਹਾਂ ਮੈਂ।
-ਸੋਈ ਯਾਰ ਦੀ ਰਜ਼ਾ ਦੇ ਵਿਚ ਰਹਿੰਦਾ
ਜਿਹੜਾ ਓਸ ਦੀ ਰਮਜ਼ ਪਛਾਣਦਾ ਏ
ਜਿਹੜਾ ਓਸ ਤੋਂ ਸੀਸ ਧਰ ਤਲੀ ਦੇਵੇ
ਓਹੀਉ ਓਸ ਦੀ ਕਦਰ ਨੂੰ ਜਾਣਦਾ ਏ।
ਲਗਪਗ ਸਾਰੇ ਬੈਂਤ ਦਿਲ ਨੂੰ ਛੂੰਹਦੇ ਅਤੇ ਰੂਹ ਨੂੰ ਸਰਸ਼ਾਰ ਕਰਦੇ ਹਨ। ਅੱਜ ਦੀ ਅਸ਼ਲੀਲ ਸ਼ਾਇਰੀ ਵਿਚ ਵਹਿ ਰਹੇ ਪੰਜਾਬੀਆਂ ਲਈ ਇਹ ਇਕ ਅਨਮੋਲ ਤੋਹਫ਼ਾ ਹੈ। ਇਹ ਸਾਡੀ ਚੇਤਨਾ ਅਤੇ ਸੰਵੇਦਨਾ ਨੂੰ ਜਗਾਉਂਦੇ ਹਨ। ਸੁੱਚੇ ਗੁਲਾਬਾਂ ਦੀ ਮਹਿਕ ਨਾਲ ਲਬਰੇਜ਼ ਇਸ ਬੈਂਤ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਦਹਿਲੀਜ਼ ਦੇ ਆਰ-ਪਾਰ
ਲੇਖਕ : ਡਾ: ਕੇ. ਜਗਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 099873-08283.

ਡਾ: ਕੇ. ਜਗਜੀਤ ਸਿੰਘ ਦੀ ਵਿਚਾਰਾਧੀਨ ਪੁਸਤਕ ਸਵੈਜੀਵਨਾਤਮਕ ਅੰਸ਼ਾਂ, ਯਾਦਾਂ, ਸੰਸਮਰਣਾਂ, ਰੇਖਾ ਚਿੱਤਰਾਂ ਅਤੇ ਦਾਰਸ਼ਨਿਕ ਅਨੁਭਵਾਂ ਨਾਲ ਲਬਰੇਜ਼ 26 ਰਚਨਾਵਾਂ ਦਾ ਕੌਲਾਯ ਹੈ। ਇਹ ਵਾਰਤਕ ਰਚਨਾਵਾਂ ਸਹਿਜ ਅਵਸਥਾ ਵਿਚੋਂ ਉਤਪੰਨ ਹੋਈਆਂ ਕਿਸੇ ਵੀ ਵਿਸ਼ੇਸ਼ ਸਾਹਿਤਕ ਵਿਧਾ ਦੀ ਲਛਮਣ ਰੇਖਾ ਨੂੰ ਉਲੰਘਦੀਆਂ ਦਹਿਲੀਜ਼ ਦੇ ਆਰ-ਪਾਰ ਜਾਂਦੀਆਂ ਹਨ। ਲੇਖਕ ਇਕ ਧਾਰਮਿਕ ਸ਼ਖ਼ਸੀਅਤ ਹੈ, ਹਰ ਧਰਮ ਦੀਆਂ ਚੰਗੀਆਂ ਗੱਲਾਂ ਦਾ ਸਮਰਥਕ ਹੈ ਪਰ ਗੁਰਬਾਣੀ ਦੇ ਪ੍ਰਭਾਵ ਅਧੀਨ ਧਾਰਮਿਕ ਪਾਖੰਡਾਂ, ਬੇਲੋੜੀਆਂ ਰਸਮਾਂ, ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਦਾ ਕੱਟੜ ਵਿਰੋਧੀ ਹੈ। ਧਰਮ ਦੀ ਹੋ ਰਹੀ ਮਾਰਕਟਿੰਗ ਦੀ ਨਿੰਦਾ ਕਰਦਾ ਹੈ। ਰੱਬ ਸਬੰਧੀ ਆਸਥਾ ਦੇ ਨਾਲ-ਨਾਲ ਵਿਗਿਆਨਕ ਚਿੰਤਨ ਦਾ ਵੀ ਸਮਰਥਕ ਹੈ। ਉਹ ਸੰਸਾਰ ਦੇ ਹਰ ਧਰਮ ਬਾਰੇ ਭਾਸ਼ਣ ਦੇਣ ਦੀ ਯੋਗਤਾ ਰੱਖਦਾ ਹੈ ਪਰ ਮੁੜ ਘਿੜ ਕੇ ਗੁਰਬਾਣੀ 'ਤੇ ਕੇਂਦਰਿਤ ਹੋ ਜਾਂਦਾ ਹੈ। ਮੁੰਬਈ ਸ਼ਹਿਰ ਦਾ ਬਸ਼ਿੰਦਾ ਹੋਣ ਕਾਰਨ ਉਸ ਦੇ ਲੇਖਾਂ ਵਿਚ ਉਥੋਂ ਦੀ ਆਂਚਲਿਕਤਾ ਹੈ। ਉਹ ਮੁੰਬਈ ਦੀਆਂ ਵਿਸ਼ੇਸ਼ਤਾਵਾਂਂਫ਼ਿਲਮ ਇੰਡਸਟਰੀ, ਐਕਟਰਾਂ, ਸੰਗੀਤਕਾਰਾਂ, ਹੋਟਲਾਂ, ਢਾਬਿਆਂ, ਵੱਡੀਆਂ ਕੋਠੀਆਂ, ਉਥੇ ਕਿਰਤ ਕਰ ਰਹੇ ਯੂ.ਪੀ., ਬਿਹਾਰ ਵਾਲਿਆਂ, ਕੱਪੜਿਆਂ ਦੀਆਂ ਮਿੱਲਾਂ ਆਦਿ ਅਨੇਕ ਪ੍ਰਕਾਰ ਦੀ ਜਾਣਕਾਰੀ ਪੰਜਾਬੀ ਪਾਠਕਾਂ ਨੂੰ ਮੁਹੱਈਆ ਕਰਦਾ ਹੈ। ਮੈਟਰੋਪੋਲੀਟਨ ਦੀਆਂ ਅਹਿਮ ਸ਼ਖ਼ਸੀਆਂ ਬਾਰੇ ਗਿਆਨ ਹੋ ਜਾਣਾ ਸੁਭਾਵਿਕ ਹੈ। ਉਸ ਦੀ ਇਸ ਪੁਸਤਕ ਵਿਚ ਹੋਰਨਾਂ ਤੋਂ ਇਲਾਵਾ ਜਿਹੜੇ ਵਿਅਕਤੀਆਂ ਨਾਲ ਸਬੰਧਾਂ ਦਾ ਜ਼ਿਕਰ ਹੈ, ਉਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦਾ ਵੀ ਜ਼ਿਕਰ ਹੈ। ਵਿਸ਼ੇਸ਼ ਤੌਰ 'ਤੇ ਲਿਖੇ ਰੇਖਾ-ਚਿੱਤਰਾਂ, ਸ਼ਬਦ ਚਿੱਤਰਾਂ ਵਿਚ ਕੇ. ਐਨ. ਸਿੰਘ, ਪ੍ਰੀਤਮ ਬੇਲੀ, ਕਰਤਾਰ ਸਿੰਘ ਦੁੱਗਲ ਅਤੇ ਸੁਖਬੀਰ ਹੁਰਾਂ ਦੀਆਂ ਯਾਦਾਂ ਸ਼ਾਮਿਲ ਹਨ। ਗੱਲ ਕੀ ਹਰ ਵਿਸ਼ੇ 'ਤੇ ਲੇਖਕ ਦੀ ਕਲਮ ਆਪਮੁਹਾਰੀ ਦੌੜਦੀ ਹੈ। ਪਚਾਸੀ ਵਰ੍ਹਿਆਂ ਦੀ ਆਯੂ ਤੋਂ ਉੱਪਰ ਇਹ ਲੇਖਕ ਅਜੇ ਵੀ ਲਿਖਦੇ ਰਹਿਣ ਲਈ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕਰਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਬੇਬੇ ਦਾ ਸੰਦੂਕ
ਲੇਖਕ : ਸੁਪਿੰਦਰ ਸਿੰਘ ਰਾਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-33232.

'ਬੇਬੇ ਦਾ ਸੰਦੂਕ' ਸੁਪਿੰਦਰ ਸਿੰਘ ਰਾਣਾ ਦੀ ਪਲੇਠੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਹਾਂ-ਪੱਖੀ ਅਨੁਭਵਾਂ ਦੇ ਆਧਾਰ 'ਤੇ ਲਿਖੇ ਛੋਟੇ ਆਕਾਰ ਦੇ 41 ਲੇਖਾਂ ਨੂੰ ਸ਼ਾਮਿਲ ਕੀਤਾ ਹੈ। ਉਸ ਨੇ ਆਪਣੇ ਲੇਖਾਂ ਵਿਚ ਕੇਵਲ ਪਰਿਵਾਰਕ ਰਿਸ਼ਤਿਆਂ ਨਾਲ ਜੁੜੀਆਂ ਯਾਦਾਂ, ਅਨੁਭਵਾਂ ਅਤੇ ਤਜਰਬਿਆਂ ਦਾ ਹੀ ਜ਼ਿਕਰ ਨਹੀਂ ਕੀਤਾ, ਬਲਕਿ ਜਨ ਸਧਾਰਨ ਨਾਲ ਜੁੜੇ ਆਰਥਿਕ, ਰਾਜਨੀਤਕ, ਪ੍ਰਸ਼ਾਸਨਿਕ ਅਤੇ ਸਮਾਜਿਕ ਮਸਲਿਆਂ ਨੂੰ ਵੀ ਆਪਣੀ ਲੇਖਣੀ ਦਾ ਵਿਸ਼ਾ ਵਸਤੂ ਬਣਾਇਆ ਹੈ। ਉਹ ਆਪਣੀਆਂ ਲਿਖਤਾਂ ਵਿਚ ਅਜੋਕੇ ਮਨੁੱਖੀ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਹੋ ਰਹੇ ਨਿਘਾਰ ਬਾਰੇ ਫ਼ਿਕਰਮੰਦੀ ਦਾ ਇਜ਼ਹਾਰ ਵੀ ਕਰਦਾ ਹੈ ਤੇ ਨਾਲ ਹੀ ਸੁਚੱਜੀ ਤੇ ਸੱਚਿਆਰੀ ਜੀਵਨ ਜਾਚ ਲਈ ਪ੍ਰੇਰਨਾ ਵੀ ਦਿੰਦਾ ਹੈ। ਉਹ ਪੇਂਡੂ ਜੀਵਨ ਨਾਲ ਜੁੜੀਆਂ ਲਿਖਤਾਂ ਵਿਚ ਸਾਡੇ ਜੀਵਨ ਵਿਚੋਂ ਅਲੋਪ ਹੋ ਰਹੇ ਵਿਰਾਸਤੀ ਸੱਭਿਆਚਾਰਕ ਅਵਸ਼ੇਸ਼ਾਂ ਦੀ ਨਿਸ਼ਾਨਦੇਹੀ ਕਰਦਾ ਹੈ। ਉਸ ਨੂੰ ਆਪਣੀ ਬੇਬੇ ਦੇ ਖ਼ਜ਼ਾਨੇ ਵਿਚੋਂ ਮਿਲੀਆਂ ਦਰੀਆਂ, ਕਰੋਸ਼ੀਏ ਨਾਲ ਕੱਢੀਆਂ ਚਾਦਰਾਂ ਅਤੇ ਝੋਲੇ ਆਦਿ ਸੁਖਦ ਅਨੰਦ ਦਿੰਦੇ ਹਨ। ਕੋਧਰੇ ਦੀ ਰੋਟੀ, ਮਾਂ ਦਾ ਖ਼ਜ਼ਾਨਾ, ਭੂਆ ਦੇ ਪਕੌੜੇ, ਨਸ਼ੇ ਬਨਾਮ ਰਿਸ਼ਤੇ, ਮੋਹ ਦੀਆਂ ਤੰਦਾਂ, ਏਕੇ ਵਿਚ ਬਰਕਤ, ਧੀਆਂ ਦਾ ਸਤਿਕਾਰ, ਮਾਪਿਆਂ ਦੀ ਇਕੱਲਤਾ ਦਾ ਦੁਖਾਂਤ, ਲਾਉਣੇ ਪੈ ਗਏ ਘਰ ਨੂੰ ਜਿੰਦਰੇ, ਰਿਸ਼ਤਿਆਂ ਵਿਚਲੀ ਮਿਠਾਸ ਅਤੇ ਨਹੁੰ ਮਾਸ ਦਾ ਰਿਸ਼ਤਾ ਆਦਿ ਇਸ ਪੁਸਤਕ ਦੀਆਂ ਅਤਿ ਰੌਚਕ, ਦਿਲਚਸਪ ਅਤੇ ਟੁੰਭਣ ਵਾਲੀਆਂ ਰਚਨਾਵਾਂ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਧੁਰ ਅੰਦਰੋਂ
ਗ਼ਜ਼ਲਕਾਰ : ਸੰਤੋਖ ਸਿੰਘ ਅੰਬਾਲਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 92
ਸੰਪਰਕ : 087278-81792.

'ਧੁਰ ਅੰਦਰੋਂ' ਗ਼ਜ਼ਲ ਸੰਗ੍ਰਹਿ ਉਮਰਦਰਾਜ ਅਤੇ ਪੁਰ ਅਹਿਸਾਸ ਸ਼ਾਇਰ ਸੰਤੋਖ ਸਿੰਘ ਅੰਬਾਲਵੀ ਦਾ ਮੌਲਿਕ ਅਤੇ ਨਵਾਂ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਵੀ ਉਹ ਚਾਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਅੰਬਾਲਵੀ ਜਿਥੇ ਖ਼ੁਦ ਨੇਕ ਦਿਲ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਮਾਣ ਰੱਖਣ ਵਾਲਾ ਇਨਸਾਨ ਹੈ, ਉਥੇ ਉਸ ਦੀ ਸ਼ਾਇਰੀ ਵਿਚ ਵੀ ਮਾਨਵੀ ਸਰੋਕਾਰ ਅਹਿਮ ਵਿਸ਼ੇ ਦੇ ਤੌਰ 'ਤੇ ਸ਼ਾਮਿਲ ਹੋਏ ਹਨ।
ਸਮਾਜ ਵਿਚ ਫੈਲੀ ਅਤੇ ਹੋਰ ਫੈਲ ਰਹੀ ਆਪਾਧਾਪੀ, ਸਮਾਜਿਕ, ਆਰਥਿਕ ਤੇ ਰਾਜਨੀਤਕ ਖੋਹ-ਪਿੰਝ ਅਤੇ ਰਾਤੋ-ਰਾਤ ਅਮੀਰੀ ਦੀ ਲਾਲਸਾ, ਰਿਸ਼ਤਿਆਂ, ਲੋਭ ਲਾਲਚ ਦੀ ਕੁੜੱਤਣ, ਭਰਾ-ਭਰਾ ਵਿਚ ਦੁਸ਼ਮਣੀਆਂ, ਟੁੱਟ ਰਹੇ ਪਰਿਵਾਰ, ਡਿਗ ਰਹੀਆਂ ਜੀਵਨ ਕਦਰਾਂ ਅਤੇ ਤੱਕੜੀ ਵਿਚ ਤੁਲਦੀ ਮੁਹੱਬਤ, ਵਧ ਰਹੇ ਹਨੇਰੇ, ਦਿਲ ਦੀਆਂ ਦਿਲ ਵਿਚ ਰਹਿੰਦੀਆਂ ਪੀੜਾਂ, ਬੁੱਲ੍ਹਾਂ ਦਾ ਗੀਤਾਂ ਪ੍ਰਤੀ ਤਰਸੇਵਾਂ, ਝੂਠ ਦਾ ਬੋਲਬਾਲਾ ਆਦਿ ਉਸ ਦੀਆਂ ਗ਼ਜ਼ਲਾਂ ਦੇ ਵਿਸ਼ੇ ਹਨ।
ਅੰਬਾਲਵੀ ਦਾ ਮਿਲਣਸਾਰ ਸੁਭਾਅ ਅਤੇ ਹਰ ਸਮੇਂ ਇਨਸਾਫ਼ ਲਈ ਖਲੋਣ ਦੀ ਦਲੇਰੀ ਮੈਨੂੰ ਟੁੰਬਦੀ ਹੈ। ਉਸ ਨੇ ਗ਼ਜ਼ਲਾਂ ਵਿਚ ਮੁਹਾਰਤ ਬੜੀ ਹੀ ਮਿਹਨਤ ਨਾਲ ਪ੍ਰਾਪਤ ਕੀਤੀ ਹੈ। ਉਹ ਅਜੋਕੀ ਇਸ਼ਤਿਹਾਰਬਾਜ਼ੀ ਵਿਚ ਔਰਤ ਨੂੰ ਨੰਗਿਆਂ ਕਰਨ ਤੱਕ ਦੀ ਲਾਲਸਾ ਦਾ ਵਿਰੋਧ ਕਰਦਾ ਹੈ। ਪਰ ਉਸ ਨੂੰ ਇਹ ਵੀ ਦੁੱਖ ਹੈ ਕਿ ਸਾਡੀਆਂ ਸਰਕਾਰਾਂ ਭਗਤ ਸਿੰਘ ਦੀ ਸੋਚ ਨੂੰ ਗੁੱਠੇ ਲਾ ਰਹੀਆਂ ਹਨ। ਉਹ ਇਕ ਅਜਿਹਾ ਮਨੁੱਖ ਹੈ ਜਿਸ ਵਿਚ ਸ਼ਾਇਰੀ ਰੱਬ ਵਾਂਗ ਵਾਸ ਕਰਦੀ ਹੈ। ਉਹ ਸ਼ਾਇਰੀ ਦਾ ਦਰਿਆ ਹੈ ਪਰ ਕਦੇ ਵੀ ਕੰਢੇ ਨਹੀਂ ਤੋੜਦਾ। ਕੁਝ ਸ਼ਿਅਰ ਵੇਖੋ :
-ਮਰ ਰਿਹਾ ਕੋਈ ਫੁਟਪਾਥ 'ਤੇ ਰੁਕਦਾ ਨ ਕੋਈ ਵੀ
ਵਿੰਹਦੀ ਨਾ ਕੋਈ ਵੀ ਨਜ਼ਰ ਪੱਥਰਾਂ ਦੇ ਸ਼ਹਿਰ ਵਿਚ
-ਬਲ ਰਿਹਾ ਅਸਮਾਨ ਤੇ ਧਰਤੀ ਹੈ ਲਾਲੋ ਲਾਲ
ਆਦਮੀ ਰਿਹਾ ਹੈ ਠਰ ਪੱਥਰਾਂ ਦੇ ਸ਼ਹਿਰ ਵਿਚ
-ਖਾ ਖਾ ਇਹ ਰਿਸ਼ਵਤਾਂ ਹੈ ਜਰ ਇਕੱਠੀ ਕਰ ਰਿਹਾ
ਬੰਦਾ ਮੁਨਕਰ ਹੈ ਰੱਬ ਤੋਂ ਹੁਣ ਕੋਈ ਡਰਦਾ ਨਹੀਂ।
ਮਨੁੱਖੀ ਨੈਤਿਕਤਾ ਅਤੇ ਵਾਤਾਵਰਨ ਦੇ ਗੰਧਲੇਪਣ ਪ੍ਰਤੀ ਚਿੰਤਤ ਇਹ ਸ਼ਾਇਰੀ ਸਹਿਜ ਸੰਚਾਰ ਵਿਚ ਕਮਾਲ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਔਰਤਾਂ ਨੂੰ ਹੀ ਗਾਲ੍ਹਾਂ ਕਿਉਂ?
ਲੇਖਿਕਾ : ਸੁਖਵਿੰਦਰ ਕੌਰ ਫ਼ਰੀਦਕੋਟ
ਪ੍ਰਕਾਸ਼ਕ : ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ
ਮੁੱਲ : 120 ਰੁਪਏ, ਸਫ਼ੇ : 104
ਸੰਪਰਕ : 81469-33733.

'ਔਰਤਾਂ ਨੂੰ ਹੀ ਗਾਲ੍ਹਾਂ ਕਿਉਂ?' ਅਧਿਆਪਕਾ ਸੁਖਵਿੰਦਰ ਕੌਰ ਫ਼ਰੀਦਕੋਟ ਦਾ ਪਲੇਠਾ ਨਿਬੰਧ-ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ 29 ਨਿਬੰਧ ਸ਼ਾਮਿਲ ਕੀਤੇ ਹਨ। ਇਨ੍ਹਾਂ ਸਾਰੇ ਲੇਖਾਂ ਵਿਚ ਸਮਾਜ, ਦੇਸ਼ ਅਤੇ ਮਨੁੱਖ ਦੇ ਵਿਗੜ ਰਹੇ ਅਕਸ ਬਾਰੇ ਉਸ ਦੀ ਫ਼ਿਕਰਮੰਦੀ ਜ਼ਾਹਰ ਹੁੰਦੀ ਹੈ। ਉਹ ਧਰਤੀ ਦੇ ਖ਼ਤਮ ਹੋ ਰਹੇ ਰੁੱਖਾਂ, ਦੂਸ਼ਿਤ ਹੋ ਰਹੇ ਪਾਣੀ ਤੇ ਮਨੁੱਖ ਲਈ ਘਟ ਰਹੀ ਆਕਸੀਜਨ ਪ੍ਰਤੀ ਚਿੰਤਤ ਹੈ। ਅਸ਼ਲੀਲਤਾ, ਚੱਲ ਰਹੇ ਅਸ਼ਲੀਲ ਗੀਤਾਂ ਕਾਰਨ ਸਮਾਜ ਵਿਚ ਵਧ ਰਹੀ ਹਿੰਸਾ ਕਾਰਨ ਉਹ ਫ਼ਿਕਰਮੰਦ ਹੈ। ਬਜ਼ੁਰਗਾਂ ਦੇ ਮਾਣ-ਸਨਮਾਨ ਵਿਚ ਹੋ ਰਹੀ ਕਮੀ, ਬੱਚਿਆਂ ਵਿਚ ਵਧ ਰਹੇ ਮੋਬਾਈਲ ਮੋਹ, ਮੀਡੀਆ ਦੀ ਵਧ ਰਹੀ ਦਖ਼ਲਅੰਦਾਜ਼ੀ ਸਮਾਜ ਨੂੰ ਅਸਥਿਰ ਕਰ ਰਹੀ ਹੈ। ਸ਼ਬਦ ਦੀ ਵਰਤੋਂ ਘਟ ਰਹੀ ਹੈ। ਮੋਹ-ਮੁਹੱਬਤ ਅਤੇ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਵਿਚ ਕੁੜੱਤਣ ਆ ਰਹੀ ਹੈ। ਇਸ ਸਭ ਦੇ ਕਾਰਨ ਮਨੁੱਖੀ ਕਿਰਦਾਰ ਤੇ ਗੁਫ਼ਤਾਰ ਅਸਥਿਰ ਹੋ ਰਹੇ ਹਨ। ਪੁਰਾਣੇ ਆਦਰਸ਼ ਸਾਰਹੀਣ ਹੋ ਰਹੇ ਹਨ।
ਇਨ੍ਹਾਂ ਨਿਬੰਧਾਂ ਰਾਹੀਂ ਲੇਖਿਕਾ ਇਕ ਅਜਿਹਾ ਆਦਰਸ਼ਵਾਦੀ ਤੇ ਮੁੱਲਵਾਨ ਸਮਾਜ ਸਿਰਜਣ ਦਾ ਸੁਪਨਾ ਦੇਖਦੀ ਹੈ ਜਿੱਥੇ ਆਪਸੀ ਰਿਸ਼ਤੇ ਪੀਚਵੇਂ ਹੋਣ, ਚੱਜ ਆਚਾਰ ਸੁਹੰਢਣੇ ਹੋਣ, ਔਰਤ ਦਾ ਮਾਣ-ਸਨਮਾਨ ਹੋਵੇ, ਔਰਤਾਂ ਤੇ ਬੱਚੀਆਂ ਪ੍ਰਤੀ ਹਿੰਸਕ ਰਵੱਈਏ ਦੀ ਹੋਂਦ ਨਾ ਹੋਵੇ ਤੇ ਮਨੁੱਖ ਮਨੁੱਖ ਹੀ ਰਹੇ, ਪਸ਼ੂ ਜਾਂ ਜਾਨਵਰ ਨਾ ਬਣੇ। ਆਪਣੇ ਲੇਖਾਂ ਨੂੰ ਰੌਚਿਕ ਬਣਾਉਣ ਲਈ ਲੇਖਿਕਾ ਬਾਣੀ ਦੀਆਂ ਟੂਕਾਂ, ਕਾਵਿ-ਟੁਕੜੀਆਂ, ਦ੍ਰਿਸ਼ਟਾਂਤ ਤੇ ਕਥਾ ਕਹਾਣੀਆਂ ਦੀ ਵਰਤੋਂ ਵੀ ਕਰਦੀ ਹੈ। ਭਾਸ਼ਾ ਸਾਦ ਮੁਰਾਦੀ ਅਤੇ ਮੁਹਾਵਰਾ ਭਰਪੂਰ ਹੈ। ਕਿਤੇ-ਕਿਤੇ ਸਿਅਣੀਆਂ ਟੂਕਾਂ ਦੀ ਵਰਤੋਂ ਵੀ ਕੀਤੀ ਗਈ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX