ਤਾਜਾ ਖ਼ਬਰਾਂ


ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਰਟੌਲਾਂ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ...
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,11 ਨਵੰਬਰ (ਜਗਮੋਹਣ ਸਿੰਘ ਥਿੰਦ )- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ...
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਨਵੀਂ ਦਿੱਲੀ ,11 ਨਵੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਆ ਰਹੇ ਹਨ ।
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਸੁਲਤਾਨਪੁਰ ਲੋਧੀ ,11 ਨਵੰਬਰ {ਜਗਮੋਹਨ ਸਿੰਘ ਥਿੰਦ }-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਸਮੇਤ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ...
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਜਨਾਲਾ, 11 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਜਗਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਨੇ ਹਰੇਕ ਸ਼ਰਧਾਲੂ ਦਾ ਮਨ ਮੋਹ ਲਿਆ ਹੈ। ਜ਼ਿਕਰਯੋਗ...
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਮੁੰਬਈ, 11 ਨਵੰਬਰ - ਸ਼ਿਵ ਸੈਨਾ ਦੇ ਆਗੂ ਆਦਿਤਆ ਠਾਕਰੇ ਦਾ ਕਹਿਣਾ ਹੈ ਕਿ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਲਈ ਰਾਜਪਾਲ ਤੋਂ ਉਨ੍ਹਾਂ ਨੇ 2 ਦਿਨ ਦਾ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੂੰ ਸਮਾਂ ਨਹੀ ਮਿਲਿਆ। ਫਿਰ ਵੀ ਉਹ ਸਰਕਾਰ ਬਣਾਉਣ...
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਪਠਾਨਕੋਟ, 11 ਨਵੰਬਰ (ਚੌਹਾਨ) - ਪਿੰਡ ਚੱਕ ਮਾਧੋ ਸਿੰਘ ਨੇੜੇ ਜੁਗਿਆਲ-ਪਠਾਨਕੋਟ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਵਿਸ਼ਾਲ ਸਿੰਘ (30) ਵਾਸੀ ਕਾਹਨਪੁਰ ਵਜੋਂ ਹੋਈ ਹੈ। ਜੋ ਕਿ ਆਪਣੇ ਚਾਚੇ ਦੇ ਲੜਕੇ ਦੇ ਵਿਆਹ...
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਮੁੱਲਾਂਪੁਰ ਗਰੀਬਦਾਸ, 11 ਨਵੰਬਰ (ਦਿਲਬਰ ਸਿੰਘ ਖੈਰਪੁਰ) - ਨੇੜਲੇ ਪਿੰਡ ਮਾਜਰਾ ਵਿਖੇ ਭੇਦਭਰੀ ਬਿਮਾਰੀ ਨਾਲ 6 ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਇਸ ਸਬੰਧੀ ਮੱਖਣ ਸਿੰਘ ਪੁੱਤਰ ਬਚਨ ਸਿੰਘ ਨੇ ਦੱਸਿਆ ਕਿ ਉਸ ਕੋਲ 9 ਮੱਝਾਂ ਅਤੇ ਗਾਵਾਂ ਸਨ। ਬੀਤੇ ਤਿੰਨ ਦਿਨਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 23 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ \'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਤੁਹਾਡੇ ਖ਼ਤ

08-11-2019

 ਦੁਧਾਰੂ ਪਸ਼ੂਆਂ ਦਾ ਮਾਮੂਲੀ ਵਾਧਾ

ਬੀਤੇ ਦਿਨੀਂ 'ਅਜੀਤ' 'ਚ ਸ੍ਰੀ ਮੁਕਤਸਰ ਸਾਹਿਬ ਤੋਂ ਖ਼ਬਰ ਪ੍ਰਕਾਸ਼ਿਤ ਹੋਈ ਕਿ ਦੇਸ਼ ਵਿਚ ਆਬਾਦੀ ਤਾਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪਰ ਦੁਧਾਰੂ ਪਸ਼ੂਆਂ ਦੇ ਵਾਧੇ ਦੀ ਦਰ ਬਹੁਤ ਘੱਟ ਹੈ। ਜੇ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਦੁਧਾਰੂ ਪਸ਼ੂਆਂ ਦੀ ਵਾਧੇ ਦੀ ਦਰ ਥੋੜ੍ਹੀ ਬਹੁਤੀ ਵੀ ਨਹੀਂ ਮਿਲਣੀ, ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਦਾ ਪਸ਼ੂਆਂ ਨਾਲ ਮੋਹ ਹੀ ਨਹੀਂ ਹੈ। ਨੌਜਵਾਨੀ ਤਾਂ ਇਥੋਂ ਵਿਦੇਸ਼ਾਂ ਨੂੰ ਭੱਜ ਰਹੀ ਹੈ ਤੇ ਬੁੱਢੇ ਆਦਮੀ ਦੇ ਪਸ਼ੂ ਰੱਖਣਾ ਵੱਸ ਦੀ ਗੱਲ ਨਹੀਂ ਹੈ। ਦੂਜੇ ਪਾਸੇ ਸਰਕਾਰ ਦੁੱਧ ਦਾ ਸਹੀ ਮੁੱਲ ਵੀ ਕਿਸਾਨਾਂ ਨੂੰ ਨਹੀਂ ਦੇ ਰਹੀ। ਨਾ ਹੀ ਸਰਕਾਰ ਵਲੋਂ ਪਸ਼ੂਆਂ ਦੀਆਂ ਚੰਗੀਆਂ ਦੁਧਾਰੂ ਨਸਲਾਂ ਵੀ ਕਿਸਾਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਨਕਲੀ ਦੁੱਧ ਜਾਂ ਇਸ ਤੋਂ ਬਣਨ ਵਾਲੀਆਂ ਚੀਜ਼ਾਂ ਫੜੀਆਂ ਤਾਂ ਜਾਂਦੀਆਂ ਹਨ ਪਰ ਇਨ੍ਹਾਂ ਨੂੰ ਵੇਚਣ ਵਾਲੇ ਲੋਕਾਂ ਨੂੰ ਸਜ਼ਾ ਬਹੁਤ ਘੱਟ ਮਿਲਦੀ ਹੈ। ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਵਾਤਾਵਰਨ, ਵਪਾਰ ਅਤੇ ਸਖ਼ਤ ਸਰਕਾਰ

ਅੱਜ ਦੇਸ਼ ਦੇ ਵਾਤਾਵਰਨ ਕਰ ਕੇ ਬਣੇ ਮਾਹੌਲ ਨੇ ਆਉਣ ਵਾਲੀਆਂ ਦੁਸ਼ਵਾਰੀਆਂ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਕਰ ਦਿੱਤਾ। ਅੱਜ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਜਨਤਾ ਵਲੋਂ ਪਟਾਕੇ ਚਲਾਏ ਜਾਣ ਦਾ ਕਾਰਨ ਦੱਸ ਕੇ ਉਨ੍ਹਾਂ ਸਿਰ ਭਾਂਡਾ ਭੰਨਦੀ ਹੋਈ ਦੋਵੇਂ ਇਕਜੁਟ ਹੋ ਕੇ ਬਚਣਾ ਚਾਹੁੰਦੀਆਂ ਹਨ। ਪਰ ਇਸ ਪਲੀਤ ਮਾਹੌਲ ਲਈ ਲੋਕਾਈ ਦੇ ਨਾਲੋਂ-ਨਾਲ ਸਰਕਾਰਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਜਦੋਂ ਪਾਣੀ ਸਿਰੋਂ ਉੱਪਰ ਲੰਘਣ ਲੱਗਾ ਤਾਂ ਨਾਦਰਸ਼ਾਹੀ ਫੁਰਮਾਨਾਂ ਨਾਲ ਲੋਕਾਂ ਨੂੰ ਨਰੜਿਆ ਜਾ ਰਿਹਾ ਹੈ। ਕਦੇ ਇਹ ਨਹੀਂ ਸੁਣਿਆ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਜੰਗਲਾਂ ਤੇ ਰੁੱਖਾਂ ਨੂੰ ਬਚਾਉਣ ਲਈ ਸਰਕਾਰ ਨੇ ਕੋਈ ਨੀਤੀ ਐਲਾਨੀ ਹੋਵੇ? ਇਸ ਮਾਹੌਲ ਤੋਂ ਨਿਜਾਤ ਦਿਵਾਉਣ ਲਈ ਸਰਕਾਰੀ ਤੰਤਰ ਵਿਚ ਨੇਕਦਿਲੀ ਨਾਲ ਬਚਾਓ ਨੀਤੀਆਂ ਨੂੰ ਲਾਗੂ ਕਰਨਾ ਤੇ ਅਮਲ ਵਿਚ ਲਿਆਉਣਾ ਜ਼ਰੂਰੀ ਹੈ। ਸਜ਼ਾਵਾਂ ਤੇ ਕਠੋਰ ਹੁਕਮਾਂ ਨਾਲ ਜਨਤਾ ਨੂੰ ਡਰਾਇਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਹਰਿਆਲੀ ਲਿਆਉਣੀ ਸੰਭਵ ਨਹੀਂ। ਲੋਕ ਪੱਖੀ ਨੀਤੀਆਂ, ਖੇਤ ਵਿਭਿੰਨਤਾ ਦੇ ਨਾਲ ਸਮਾਜ ਤੇ ਸਰਕਾਰ ਦੇ ਸਾਂਝੇ ਉਪਰਾਲੇ ਵੀ ਇਸ ਮਸਲੇ ਦੇ ਹੱਲ ਲਈ ਸਹਾਈ ਹੋ ਸਕਦੇ ਹਨ।

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

ਉਲਟੀ ਵਾੜ ਖੇਤ ਨੂੰ ਖਾਏ

ਕਈ ਦਿਨਾਂ ਤੋਂ ਖ਼ਬਰ ਚਰਚਾ ਵਿਚ ਹੈ ਕਿ ਇਕ ਔਰਤ ਪੁਲਿਸ ਅਫ਼ਸਰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੀ ਗਈ। ਇਕ ਹੋਰ ਖ਼ਬਰ ਕਿ ਥਾਣੇਦਾਰ ਦੇ ਪੁੱਤਰ ਦੇ ਘਰੋਂ ਇਕ ਕਿਲੋ ਹੈਰੋਇਨ ਬਰਾਮਦ। ਜਨਤਾ ਕੂਕ-ਕੂਕ ਕੇ ਆਖ ਰਹੀ ਹੈ ਕਿ ਪੁਲਿਸ ਵਾਲਿਆਂ ਦੀ ਮਿਲੀਭੁਗਤ ਤੋਂ ਬਿਨਾਂ ਨਸ਼ੇ ਨਹੀਂ ਵਿਕ ਸਕਦੇ। ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੇ ਸੈਂਕੜੇ ਪੁਲਿਸ ਕਰਮਚਾਰੀਆਂ ਵਿਚੋਂ ਇਕ ਦੀ ਵੀ ਅਪਰਾਧੀਆਂ ਨਾਲ ਮਿਲੀਭੁਗਤ ਹੁੰਦੀ ਹੈ ਤਾਂ ਆਪਣੇ ਫਰਜ਼ ਨੂੰ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਅਫ਼ਸਰਾਂ ਦੀ ਕੀਤੀ ਮਿਹਨਤ ਡੋਬ ਕੇ ਰੱਖ ਦਿੰਦੀ ਹੈ। ਤਸੱਲੀਬਖ਼ਸ਼ ਤਨਖਾਹਾਂ ਹੋਣ ਦੇ ਬਾਵਜੂਦ ਇਹੋ ਜਿਹੇ ਲੋਕ ਹੋਰ ਕੀ ਚਾਹੁੰਦੇ ਹਨ? ਜਨਤਾ ਨੂੰ ਸਮਝ ਨਹੀਂ ਆਉਂਦੀ ਕਿ ਫਰਿਆਦ ਕਿੱਥੇ ਕੀਤੀ ਜਾਵੇ, ਕਿਉਂਕਿ ਰਾਖੇ ਹੀ ਸ਼ੈਤਾਨ ਬਿਰਤੀ ਧਾਰਨ ਕਰੀ ਬੈਠੇ ਹਨ।

-ਅੰਮ੍ਰਿਤ ਕੌਰ,
ਬਡਰੁੱਖਾਂ, ਸੰਗਰੂਰ।

ਕਰਤਾਰਪੁਰ ਲਾਂਘਾ

ਦੇਸ਼ ਦੀ ਵੰਡ ਦੌਰਾਨ ਸਿੱਖਾਂ ਦੇ ਕਈ ਇਤਿਹਾਸਕ ਗੁਰੂ ਘਰ ਪਾਕਿਸਤਾਨ 'ਚ ਰਹਿ ਗਏ ਸਨ। ਸੰਗਤਾਂ ਨੇ ਉਨ੍ਹਾਂ ਗੁਰੂ ਘਰਾਂ ਦੀ ਇਕ ਝਲਕ ਅਤੇ ਸਜਦਾ ਕਰਨ ਦੀ ਤਾਂਘ ਨੂੰ ਅਰਦਾਸਾਂ ਰਾਹੀਂ ਪੂਰਨ ਕਰਨ ਦੀਆਂ ਅਰਜੋਈਆਂ ਚਰਨ ਛੋਹ ਪ੍ਰਾਪਤ ਧਰਤੀ ਦਾ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦਰਸ਼ਨਾਂ ਦੀ ਇਜਾਜ਼ਤ ਮਿਲਣਾ ਹੈ। ਇਹ ਇਕ ਬੇਹੱਦ ਸ਼ਲਾਘਾਯੋਗ ਅਤੇ ਭਾਈਚਾਰਕ ਸਾਂਝੀਵਾਲਤਾ ਦਾ ਕਦਮ ਹੈ। ਬੇਸ਼ੱਕ ਪਾਕਿਸਤਾਨ ਦੇ ਭਾਰਤ ਨਾਲ ਸਬੰਧਾਂ 'ਚ ਕੁੜੱਤਣ ਚੱਲੀ ਆ ਰਹੀ ਹੈ ਪਰ ਦੋਵਾਂ ਦੇਸ਼ਾਂ ਵਲੋਂ ਲਾਂਘਾ ਖੋਲ੍ਹਣਾ ਫਰਾਖਦਿਲੀ ਦੀ ਉਦਾਹਰਨ ਹੈ।

-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਫੋਟੋ ਦੀ ਸ਼ੋਸ਼ੇਬਾਜ਼ੀ

ਉਂਜ ਤਾਂ ਬਨਾਉਟੀ ਚੀਜ਼ ਹੋਵੇ, ਕੰਮ ਹੋਵੇ, ਟੌਹਰ, ਸਾਮਾਨ ਆਦਿ ਹੋਵੇ, ਉਸ ਦੀ ਪਛਾਣ ਸਮਝਦਾਰ ਬੰਦਾ ਤਾਂ ਕਰ ਹੀ ਲੈਂਦਾ ਹੈ। ਬਨਾਉਟੀ ਜਿਹਾ 'ਦਿਖਲਾਵਾ' ਚੰਗਾ ਨਹੀਂ ਲਗਦਾ। ਹੁਣ 'ਫੋਟੋ' ਦੀ ਗੱਲ ਹੀ ਲੈ ਲਓ, ਅਖ਼ਬਾਰਾਂ, ਰਸਾਲੇ, ਟੀ.ਵੀ., ਮੋਬਾਈਲਾਂ ਆਦਿ ਵਿਚ ਆਮ ਤੌਰ 'ਤੇ ਜੇਕਰ ਕਿਤੇ ਇਕ ਗਮਲੇ ਦਾ ਵੀ ਉਦਘਾਟਨ ਕਰਨਾ ਹੋਵੇ, ਉਸ ਨਾਲ ਫੋਟੋ ਖਿਚਵਾਉਣ ਨੂੰ ਲੋਕ ਤਰਲੋਮੱਛੀ ਹੋਏ ਪਏ ਹੁੰਦੇ ਹਨ। ਠੀਕ ਹੈ ਫੋਟੋ ਕਰਵਾਓ ਪਰ ਐਵੇਂ ਬੂਟੇ ਲਗਾਉਣ, ਗਮਲੇ ਰੱਖਣ, ਗੁਲਦਸਤੇ ਭੇਟ ਆਦਿ ਅਨੇਕਾਂ ਮੌਕਿਆਂ ਦੀਆਂ ਤਸਵੀਰਾਂ ਵੇਖਣ 'ਤੇ ਐਵੇਂ ਸ਼ੋਸ਼ੇਬਾਜ਼ੀ ਜਿਹੀ ਪ੍ਰਤੀਤ ਹੁੰਦੀ ਹੈ। ਕਿੰਨਾ ਚੰਗਾ ਹੋਵੇ ਜੇ ਦਿਖਾਵਾ ਤੇ ਫੋਟੋਗ੍ਰਾਫੀ ਘੱਟ ਕਰ ਕੇ ਅਸਲ ਵਿਚ ਸਾਰੇ ਬਣਦੇ ਕੰਮ 'ਤੇ ਡਿਊਟੀਆਂ ਤਨਦੇਹੀ ਨਾਲ ਕੀਤੇ ਜਾਣ।

-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।

ਪਰਾਲੀ ਸਾੜਨ ਦਾ ਰੁਝਾਨ

ਪਰਾਲੀ ਸਾੜਨ ਦਾ ਰੁਝਾਨ ਕਾਫੀ ਸਮੇਂ ਤੋਂ ਚਲਿਆ ਆ ਰਿਹਾ ਹੈ। ਦਰਅਸਲ ਗੱਲ ਇਹ ਹੈ ਕਿ ਕਿਸਾਨ ਪਹਿਲਾਂ (ਕਣਕ-ਝੋਨਾ) ਦਾਤਰੀ ਨਾਲ ਵੱਢਦਾ ਸੀ, ਜਿਸ ਕਰਕੇ ਇਸ ਦੀ ਕਟਾਈ ਥੱਲੇ ਜ਼ਮੀਨ ਪੱਧਰ ਤੱਕ ਹੋ ਜਾਂਦੀ ਸੀ ਪਰ ਹੁਣ ਮਸ਼ੀਨਰੀ ਯੁੱਗ ਕਰਕੇ ਕੰਬਾਈਨ ਨਾਲ ਫ਼ਸਲਾਂ ਕਾਫੀ ਉਪਰੋਂ ਕੱਟੀਆਂ ਜਾਂਦੀਆਂ ਹਨ। ਪਰਾਲੀ ਸੜਦੀ ਨਹੀਂ ਬਲਕਿ ਧੁਖਦੀ ਰਹਿੰਦੀ ਹੈ, ਜਿਸ ਕਰਕੇ ਇਸ ਦਾ ਪ੍ਰਦੂਸ਼ਣ ਜ਼ਿਆਦਾ ਹੋ ਜਾਂਦਾ ਹੈ। ਜੇਕਰ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਸਖ਼ਤੀ ਵਰਤਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਸਾਨੂੰ ਦੀਵਾਲੀ ਵੀ ਦੀਵੇ ਅਤੇ ਮੋਮਬੱਤੀਆਂ ਬਾਲ ਕੇ ਕਰਨੀ ਚਾਹੀਦੀ ਹੈ ਅਤੇ ਪਟਾਕਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

07-11-2019

 20 ਡਾਲਰ 'ਤੇ ਸਿਆਸਤ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੋਵੇਂ ਦੇਸ਼ ਬੜੀ ਧੂਮ-ਧਾਮ ਨਾਲ ਮਨਾ ਰਹੇ ਹਨ। ਹਰ ਰੋਜ਼ ਸਾਡੇ ਵਲੋਂ ਕੀਤੀ ਜਾਂਦੀ ਅਰਦਾਸ ਨੂੰ ਬੂਰ ਪਿਆ ਹੈ। ਸਾਡੇ ਤੋਂ ਵਿਛੜੇ ਗੁਰੂਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਹੈ। ਪਾਕਿ ਸਰਕਾਰ ਨੇ ਇਸ ਲਈ 20 ਡਾਲਰ ਦੀ ਫੀਸ ਰੱਖੀ ਹੈ। ਉਸ ਨੂੰ ਵੀ ਦੋ ਵਿਸ਼ੇਸ਼ ਦਿਨਾਂ ਲਈ ਬੰਦ ਕਰ ਦਿੱਤਾ ਹੈ। ਇਸ ਗੱਲ ਉੱਪਰ ਸਾਡੇ ਦੇਸ਼ ਦੀਆਂ ਪਾਰਟੀਆਂ, ਲੀਡਰ ਕਈ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਏਕਤਾ ਅਤੇ ਮਿੱਠਤ ਦੀ ਭਾਵਨਾ ਬਣਾਈਏ। ਇਸ ਉੱਪਰ ਸਿਆਸਤ ਕਰਨ ਤੋਂ ਗੁਰੇਜ਼ ਕਰੀਏ। ਸਭ ਸਾਂਝੀਵਾਲ ਬਣ ਕੇ ਇਕਮਿੱਕ ਹੋਣ ਦੇ ਸੁਨੇਹੇ ਨਾਲ ਖੁਸ਼ੀ-ਖੁਸ਼ੀ ਇਸ ਪਵਿੱਤਰ ਦਿਹਾੜੇ ਨੂੰ ਮਨਾਈਏ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ, ਲੁਧਿਆਣਾ।


ਧਿਆਨ ਦੇਣਯੋਗ ਗੱਲਾਂ
ਅੱਜਕਲ੍ਹ ਦੇ ਸਮੇਂ 'ਚ ਕਈ ਲੋਕ ਤਿਉਹਾਰਾਂ 'ਚ ਆਨਲਾਈਨ ਸ਼ਾਪਿੰਗ ਕਰਦੇ ਹਨ। ਲੋਕ ਬਾਜ਼ਾਰ 'ਚ ਜਾਣਾ ਪਸੰਦ ਨਹੀਂ ਕਰਦੇ। ਉਹ ਸੋਚਦੇ ਹਨ ਕਿ ਘਰ ਬੈਠੇ ਆਨਲਾਈਨ ਸ਼ਾਪਿੰਗ ਕਰ ਲਈ ਜਾਵੇ। ਇਹ ਨਹੀਂ ਪਤਾ ਕਿ ਕਈ ਵਾਰ ਅਸੀਂ ਆਨਲਾਈਨ ਸ਼ਾਪਿੰਗ ਵਿਚ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਇਸ ਸਾਲ ਆਫਲਾਈਨ ਰਿਟੇਲ 'ਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਪਰ ਹੁਣ ਗਾਹਕਾਂ ਨੂੰ ਵੀ ਸਮਝ ਆ ਗਿਆ ਹੈ ਕਿ ਆਨਲਾਈਨ ਖਰੀਦਦਾਰੀ ਭਰੋਸੇਯੋਗ ਨਹੀਂ ਹੈ ਤੇ ਦੁਕਾਨਾਂ 'ਤੇ ਤਾਜ਼ਾ ਤੇ ਸਾਫ਼-ਸੁਥਰਾ ਸਾਮਾਨ ਮਿਲਦਾ ਹੈ।


-ਸੰਜੀਪ ਸਿੰਘ ਸੈਣੀ
ਮੁਹਾਲੀ।


ਚੜ੍ਹਦੇ ਸੂਰਜ ਨੂੰ ਸਲਾਮ
ਦੁਨੀਆ ਦਾ ਦਸਤੂਰ ਬਹੁਤ ਅਵੱਲਾ ਹੈ। ਇਹ ਹਮੇਸ਼ਾ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਦੀ ਹੈ। ਜਦੋਂ ਕਿਸੇ ਵਿਅਕਤੀ ਦੇ ਸਿਤਾਰੇ ਬੁਲੰਦੀਆਂ ਉੱਪਰ ਹੁੰਦੇ ਹਨ ਤਾਂ ਦੁਨੀਆ ਵਾਲੇ ਆਪਣੀ ਸਾਰੀ ਤਾਕਤ ਉਸ ਵਿਆਕਤੀ ਨਾਲ ਆਪਣਾ ਸਭ ਤੋਂ ਨੇੜਲਾ ਸਬੰਧ ਦਰਸਾਉਣ ਵਿਚ ਲੱਗੇ ਰਹਿੰਦੇ ਹਨ। ਜੇਕਰ ਉਸੇ ਵਿਅਕਤੀ ਦੇ ਸਿਤਾਰੇ ਗਰਦਿਸ਼ ਵਿਚ ਚਲੇ ਜਾਣ ਤਾਂ ਉਹੀ ਲੋਕ ਇਹ ਸਿੱਧ ਕਰਨ ਵਿਚ ਲੱਗੇ ਰਹਿੰਦੇ ਹਨ ਕਿ ਉਨ੍ਹਾਂ ਦਾ ਤਾਂ ਸਬੰਧਿਤ ਵਿਅਕਤੀ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਹੈ। ਸਦੀਆਂ ਤੋਂ ਹੀ ਅਜਿਹਾ ਵਰਤਾਰਾ ਚੱਲ ਰਿਹਾ ਹੈ। ਕਿੰਨੇ ਹੀ ਇਤਿਹਾਸਕ ਹਵਾਲੇ ਮਿਲਦੇ ਹਨ ਕਿ ਵਕਤ ਪੈਣ ਤੇ ਕਿੰਨੇ ਹੀ ਰਾਜੇ-ਮਹਾਰਾਜੇ, ਧਾਰਮਿਕ ਵਿਅਕਤੀਆਂ ਅਤੇ ਰਾਜਨੀਤਕ ਆਗੂਆਂ ਦਾ ਆਪਣਿਆਂ ਨੇ ਵੀ ਸਾਥ ਛੱਡ ਦਿੱਤਾ ਸੀ। ਇਹ ਪ੍ਰਵਿਰਤੀ ਅੱਜ ਵੀ ਬਾਦਸਤੂਰ ਜਾਰੀ ਹੈ। ਸਿਆਣਿਆਂ ਦਾ ਨਿਚੋੜ ਸੱਚ ਹੈ ਕਿ ਹੱਸਣ ਸਮੇਂ ਤਾਂ ਸਾਰੇ ਸਾਥ ਦਿੰਦੇ ਹਨ ਪਰ ਰੋਣਾ ਇਕੱਲਿਆਂ ਨੂੰ ਹੀ ਪੈਂਦਾ ਹੈ। ਹਾਂ, ਜਿਹੜੇ ਵਿਆਕਤੀ ਅਜਿਹੇ ਸਮੇਂ ਵਿਚ ਸੱਚੇ ਦਿਲੋਂ ਸਾਥ ਦਿੰਦੇ ਹਨ ਉਹ ਇਨਸਾਨੀਅਤ ਦੇ ਪੁਜਾਰੀ ਹੁੰਦੇ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਕਿਸਾਨ ਖ਼ੁਦਕੁਸ਼ੀਆਂ
ਕਿਸਾਨ ਖ਼ੁਦਕੁਸ਼ੀਆਂ ਕਰਕੇ ਸਿਰ ਚੜ੍ਹੇ ਭਾਰੀ ਕਰਜ਼ੇ ਤੋਂ ਖਹਿੜਾ ਛੁਡਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਹੈ, ਰੋਜ਼ਾਨਾ ਅਖ਼ਬਾਰਾਂ ਦੇ ਪੰਨਿਆਂ 'ਤੇ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਛਪਦੀਆਂ ਹਨ, ਇਹ ਅਖ਼ਬਾਰਾਂ ਮੁੱਖ ਮੰਤਰੀ ਸਮੇਤ ਉਸ ਦੇ ਮੰਤਰੀਆਂ ਤੱਕ ਵੀ ਪਹੁੰਚਦੀਆਂ ਹੋਣਗੀਆਂ ਪਰ ਸਰਕਾਰ ਕੋਲ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਮੁਕਤੀ ਲਈ ਕੋਈ ਨੀਤੀ ਨਹੀਂ ਹੈ, ਜੋ ਕਿ ਅਫਸੋਸ ਦੀ ਗੱਲ ਹੈ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ, ਉਨ੍ਹਾਂ ਦੇ ਕਿਸਾਨਾਂ ਪ੍ਰਤੀ ਦਿਖਾਏ ਪਿਆਰ ਅਤੇ ਸਤਿਕਾਰ ਨੂੰ ਸਿਰ ਝੁਕਦਾ ਹੈ। ਫ਼ਸਲ ਪਾਲਣ ਵਾਲੇ ਕਿਸਾਨ ਦੀ ਫ਼ਸਲ ਦਾ ਮੁੱਲ ਵੀ ਲਾਗਤ ਦੇ ਹਿਸਾਬ ਨਾਲ ਨਹੀਂ ਮਿਲਦਾ। ਕਿਸਾਨਾਂ ਦੀ ਇਹ ਆਰਥਿਕ ਦੁਰਦਸ਼ਾ ਉਸ ਦੇਸ਼ ਵਿਚ ਹੈ ਜਿੱਥੇ ਤਕਰੀਬਨ 70 ਫ਼ੀਸਦੀ ਆਬਾਦੀ ਖੇਤੀਬਾੜੀ ਕਿੱਤੇ ਨਾਲ ਸਬੰਧ ਰੱਖਦੀ ਹੈ। ਇਮਾਨਦਾਰ ਮਿਹਨਤ ਕਰਨ ਵਾਲਾ ਕਿਸਾਨ ਦੇਸ਼ ਦੇ ਵੱਡੇ ਵਪਾਰੀਆਂ ਦੀ ਲੁੱਟ ਦਾ ਸ਼ਿਕਾਰ ਬਣ ਰਿਹਾ ਹੈ। ਪਰਿਵਾਰਾਂ ਦੇ ਪਰਿਵਾਰ ਬੱਚ ਜਾਣਗੇ ਜੇਕਰ ਸਰਕਾਰ ਇਮਾਨਦਾਰੀ ਨਾਲ ਕੋਈ ਕਿਸਾਨ ਪੱਖੀ ਉੱਦਮ ਕਰੇ, ਇਹ ਸਰਕਾਰ ਲਈ ਵੀ ਇਤਿਹਾਸ 'ਚ ਇੱਕ ਵੱਡੀ ਪ੍ਰਾਪਤੀ ਵਾਂਗ ਉਕਰ ਜਾਵੇਗਾ ਜੋ ਮਿਟਾਇਆਂ ਵੀ ਨਹੀ ਮਿਟਾਇਆ ਜਾਣਾ।


-ਪ੍ਰੋ: ਧਰਮਜੀਤ ਸਿੰਘ ਮਾਨ
ਸ੍ਰੀ ਫਤਹਿਗੜ੍ਹ ਸਾਹਿਬ।


ਸਫ਼ਲਤਾ ਦਾ ਮੁੱਲ
ਅੱਜ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਅੱਜ ਅਸੀਂ ਜਿਨ੍ਹਾਂ ਸਹੂਲਤਾਂ ਦਾ ਅਨੰਦ ਮਾਣ ਰਹੇ ਹਾਂ, ਕੁਝ ਦਹਾਕੇ ਪਹਿਲਾਂ ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਸ ਕਾਰਨ ਸਾਡੀ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਪਰ ਨਾਲ ਹੀ ਸਾਡੀ ਜ਼ਿੰਦਗੀ ਵਿਚ ਤਣਾਅ ਤੇ ਚਿੰਤਾ ਵਿਚ ਵੀ ਵਾਧਾ ਹੋਇਆ ਹੈ। ਸਫ਼ਲਤਾ ਦੀ ਅੰਨੀ ਦੌੜ ਵਿਚ ਅਸੀਂ ਆਪਣੇ ਮਨ ਦੀ ਸ਼ਾਂਤੀ ਤੇ ਰਿਸ਼ਤਿਆਂ ਨੂੰ ਖੋਹ ਰਹੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਚਾਹੇ ਕਿੰਨੇ ਵੀ ਸਫ਼ਲ ਹੋ ਜਾਈਏ, ਸਾਡੀਆਂ ਮੁਢਲੀਆਂ ਲੋੜਾਂ ਸੀਮਤ ਹੁੰਦੀਆਂ ਹਨ। ਅਸੀਂ ਇੱਛਾਵਾਂ ਤੇ ਲੋੜਾਂ ਵਿਚਲਾ ਫ਼ਰਕ ਭੁੱਲ ਜਾਂਦੇ ਹਾਂ।


-ਹਰਜੀਤ ਕੌਰ
ਬਣਾਂਵਾਲੀ।


ਪੱਖਪਾਤੀ ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ ਪੰਜਾਬ ਦੇ 25 ਪਿੰਡਾਂ ਦੀ ਖੇਤੀਯੋਗ ਜ਼ਮੀਨ 'ਤੇ ਉਲੀਕਿਆ ਗਿਆ। ਜ਼ਮੀਨਾਂ ਦੇ ਮਾਲਕ ਲਾਲ ਡੋਰਿਆਂ ਦੇ ਅੰਦਰ ਡੱਕ ਦਿੱਤੇ ਗਏ। ਪ੍ਰਵਾਸੀਆਂ ਦੀ ਆਮਦ ਸ਼ੁਰੂ ਹੋ ਗਈ। ਉਨ੍ਹਾਂ ਨੇ ਧੱਕੇ ਨਾਲ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰਕੇ ਕਾਲੋਨੀਆਂ ਵਸਾਈਆਂ। ਪ੍ਰਸ਼ਾਸਨ ਨੇ ਉਨ੍ਹਾਂ ਧਾਕੜਾਂ ਨੂੰ ਬਿਜਲੀ ਤੇ ਪਾਣੀ ਦੇ ਕੁਨੈਕਸ਼ਨਾਂ ਨਾਲ ਨਿਵਾਜਿਆ। ਇਹ ਸਾਰਾ ਕੁਝ ਚੰਡੀਗੜ੍ਹ ਦੀ ਮੂਲ ਯੋਜਨਾ ਨੂੰ ਛਿੱਕੇ ਟੰਗ ਕੇ ਵੋਟਾਂ ਦੀ ਗੰਦੀ ਰਾਜਨੀਤੀ ਨੇ ਕਰਵਾਇਆ।
ਦੂਜੇ ਪਾਸੇ ਹਾਲਾਤ ਇਹ ਹੈ ਕਿ ਜੇਕਰ ਚੰਡੀਗੜ੍ਹ ਦੇ ਪਿੰਡਾਂ ਦਾ ਕੋਈ ਮੂਲ ਨਿਵਾਸੀ ਲਾਲ ਡੋਰੇ ਤੋਂ ਬਾਹਰ ਆਪਣੀ ਜੱਦੀ ਜ਼ਮੀਨ ਤੇ ਡੰਗਰਾਂ (ਪਸ਼ੂਆਂ) ਵਾਸਤੇ ਆਰਜ਼ੀ ਢਾਰਾ ਬਣਾਉਂਦਾ ਹੈ ਤਾਂ ਪ੍ਰਸ਼ਾਸਨ ਦੀ ਜੇ.ਸੀ.ਬੀ. ਦਾ ਪੰਜਾ ਝਟ ਧਮਕ ਪੈਂਦਾ ਹੈ। ਪ੍ਰਵਾਸੀਆਂ ਨੂੰ ਕਰੋੜਾਂ ਰੁਪਏ ਮੁੱਲ ਵਾਲੀ ਜ਼ਮੀਨ 'ਤੇ ਥਾਂ-ਥਾਂ ਤਰ੍ਹਾਂ-ਤਰ੍ਹਾਂ ਦੇ ਕਾਰੋਬਾਰ ਕਰਨ ਦੀ ਖੁੱਲ੍ਹ ਹੈ। ਇਹ ਸਾਰਾ ਕੁਝ ਪ੍ਰਸ਼ਾਸਨ ਅਤੇ ਰਾਜਨੀਤਕ ਨੇਤਾਵਾਂ ਦੀ ਦੇਣ ਹੈ। ਇਹ ਨਹੀਂ ਹੋਣਾ ਚਾਹੀਦਾ। ਕਾਨੂੰਨ ਮੁਤਾਬਿਕ ਸਭ ਨਾਲ ਬਰਾਬਰ ਵਰਤਾਓ ਹੋਣਾ ਚਾਹੀਦਾ ਹੈ।


-ਹਰਬੰਸ ਸਿੰਘ
ਮਜਾਰਾ (ਨਵਾਂਸ਼ਹਿਰ)।


ਓਵਰ ਲੋਡਿੰਗ ਬਣੀ ਮੁਸੀਬਤ
ਅੱਜਕਲ੍ਹ ਝੋਨੇ ਦੀ ਵਾਢੀ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਸਰਕਾਰ ਵੀ ਚਾਹੁੰਦੀ ਹੈ ਕਿ ਸਾਰੇ ਦਾ ਸਾਰਾ ਝੋਨਾ ਜਲਦੀ ਤੋਂ ਜਲਦੀ ਟਿਕਾਣੇ ਲਾਇਆ ਜਾਵੇ। ਪਰ ਟਰੱਕਾਂ, ਟਰਾਲੀਆਂ ਵਾਲੇ ਇਸ ਦਾ ਨਾਜਾਇਜ਼ ਫਾਇਦਾ ਲੈ ਰਹੇ ਹਨ। ਸਰਕਾਰ ਦੇ ਸਾਰੇ ਹੁਕਮਾਂ ਨੂੰ ਛਿਕੇ ਟੰਗ ਕੇ ਏਨਾ ਕੁ ਓਵਰ ਲੋਡ ਕਰ ਲੈਂਦੇ ਹਨ ਕਿ ਕੋਲੋਂ ਲੰਘਣ ਵਾਲਿਆਂ ਦਾ ਦਿਲ ਡੋਲ ਜਾਂਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਓਵਰ ਲੋਡਿੰਗ 'ਤੇ ਪਾਬੰਦੀ ਲਗਾਈ ਜਾਵੇ ਜਾਂ ਫਿਰ ਬਾਈਪਾਸ ਇਨ੍ਹਾਂ ਨੂੰ ਭੇਜਿਆ ਜਾਵੇ। ਲੋਡ ਤੇ ਉਚਾਈ ਦੀ ਕੋਈ ਸੀਮਾ ਹੋਣੀ ਚਾਹੀਦੀ ਹੈ। ਕਈ-ਕਈ ਟਰਾਲੇ ਤਾਂ ਅਸਮਾਨ ਨੂੰ ਛੂੰਹਦੇ ਹੋਏ ਸੜਕਾਂ 'ਤੇ ਚੱਲ ਰਹੇ ਹਨ। ਸਰਕਾਰ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵੱਲ ਖ਼ਾਸ ਧਿਆਨ ਦੇਵੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਫਿਰੋਜ਼ਪੁਰ।

06-11-2019

 ਬੇਰੁਜ਼ਗਾਰੀ ਦੀ ਮਾਰ
ਅੱਜ ਭਾਰਤ ਦੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਘਰ-ਘਰ ਰੁਜ਼ਗਾਰ ਦੇਣ ਦੇ ਲੋਕਾਂ ਨਾਲ ਲੱਖ ਦਾਅਵੇ ਕਰਦੀਆਂ ਹਨ। ਪਰ ਪਿਛਲੇ ਦਿਨੀਂ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਲਈ ਅਮਰੀਕਾ ਜਾਣ ਦੇ ਉਤਾਵਲੇ 311 ਨੌਜਵਾਨਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਗਿਆ ਜੋ ਕਿ ਸਰਕਾਰੀ ਦਾਅਵਿਆਂ ਦੀ ਫੂਕ ਕੱਢਦੇ ਹਨ। ਕਰਜ਼ੇ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਉਪਰੋਕਤ ਵਿਦੇਸ਼ ਜਾਣ ਲਈ ਉਤਾਵਲੇ ਨੌਜਵਾਨ ਹੁਣ ਦਰ-ਦਰ ਭਟਕਣ ਲਈ ਮਜਬੂਰ ਹੋਣਗੇ। ਕੋਈ ਨਸ਼ਿਆਂ 'ਚ ਪਵੇਗਾ, ਕੋਈ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ।


-ਇੰਜ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਅਵਾਰਾ ਪਸ਼ੂਆਂ ਦੀ ਭਰਮਾਰ
ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ-ਸ਼ਹਿਰ ਜਾਂ ਗਲੀ-ਮੁਹੱਲਾ ਹੋਵੇ ਜਿੱਥੇ ਇਨ੍ਹਾਂ ਅਵਾਰਾ ਫਿਰਦੇ ਪਸ਼ੂਆਂ ਦੇ ਝੁੰਡ ਨਾ ਦਿਖਾਈ ਦਿੰਦੇ ਹੋਣ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਆਏ ਦਿਨੀਂ ਬਹੁਤ ਸਾਰੀਆਂ ਖ਼ਬਰਾਂ ਸੜਕੀ ਹਾਦਸਿਆਂ ਦੀਆਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ, ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਕਿ ਪਸ਼ਾਸਨ ਵਲੋਂ ਗਊਂ ਸੈਸ ਰਾਹੀਂ ਲੱਖਾਂ ਰੁਪਏ ਇੱਕਠੇ ਕੀਤੇ ਜਾਂਦੇ ਹਨ, ਪਰ ਫਿਰ ਵੀ ਇਨ੍ਹਾਂ ਅਵਾਰਾ ਫਿਰਦੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਠੋਸ ਕਦਮ ਨਹੀ ਚੁੱਕਿਆ ਜਾਂਦਾ। ਸੋ ਪ੍ਰਸ਼ਾਸਨ ਨੂੰ ਇਸ ਸਮੱਸਿਆਂ ਨੂੰ ਹੱਲ ਕਰਨ ਲਈ ਫੌਰੀ ਤੌਰ 'ਤੇ ਕੋਈ ਨਾ ਕੋਈ ਨੀਤੀ ਜ਼ਰੂਰ ਅਪਣਾਉਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਵੀ ਚੈਨ ਦੀ ਨੀਂਦ ਸੌ ਸਕੇ।


-ਸ਼ੰਕਰ, ਮੋਗਾ।


ਅਵਾਰਾ ਪਸ਼ੂਆਂ ਦਾ ਹੱਲ ਲੱਭੋ
ਹਰ ਰੋਜ਼ ਕਿਧਰੇ ਨਾ ਕਿਧਰੇ ਅਵਾਰਾ ਪਸ਼ੂਆਂ ਦੇ ਸੜਕ ਉੱਤੇ ਘੁੰਮਣ ਨਾਲ ਕਿਸੇ ਨਾ ਕਿਸੇ ਦੀ ਮੌਤ ਹੋ ਜਾਂਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਲੱਗ ਗਿਆ ਹੈ ਕਿ ਅਵਾਰਾ ਪਸ਼ੂ ਲੋਕਾਂ ਦੀ ਜਾਨ ਲੈ ਰਹੇ ਹਨ। ਪਰ ਕਿਸੇ ਦੇ ਕੰਨ 'ਤੇ ਜੂੰ ਸਿਰਕਦੀ ਨਜ਼ਰ ਨਹੀਂ ਆਉਂਦੀ। ਬੀਤੇ ਦਿਨੀਂ ਹੀ ਫਾਜ਼ਿਲਕਾ ਅਬੋਹਰ ਸੜਕ 'ਤੇ ਅਵਾਰਾ ਪਸ਼ੂਆਂ ਕਾਰਨ ਨਾਨੀ-ਦੋਹਤੇ ਦੀ ਮੌਤ ਨੇ ਦੋਵਾਂ ਪਰਿਵਾਰਾਂ ਵਿਚ ਮੌਤ ਦਾ ਸੱਥਰ ਵਿਛਾ ਦਿੱਤਾ ਹੈ। ਪਤਾ ਨਹੀਂ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਅਵੇਸਲੀ ਰਹੀ ਤਾਂ ਹੋਰ ਕਿੰਨੀਆਂ ਕੁ ਮੌਤਾਂ ਕਰਵਾ ਕੇ ਸਾਹ ਲਵੇਗੀ। ਪਿੰਡਾਂ ਵਿਚ ਸ਼ਾਮਲਾਤ ਜ਼ਮੀਨ ਵੀ ਬਹੁਤ ਜ਼ਿਆਦਾ ਹੈ। ਚਲੋ, ਇਕ ਪਿੰਡ ਨਹੀਂ ਤਾਂ ਬਲਾਕ ਪੱਧਰ 'ਤੇ ਹੀ ਕੋਈ ਗਊਸ਼ਾਲਾ ਬਣਵਾ ਕੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਉਨ੍ਹਾਂ ਵਿਚ ਡੱਕ ਦਿੱਤਾ ਜਾਵੇ। ਕੀ ਜੇ ਸਰਕਾਰ ਚਾਹੇ ਤਾਂ ਅਵਾਰਾ ਪਸ਼ੂਆਂ ਨੂੰ ਨਹੀਂ ਸਾਂਭ ਸਕਦੀ? ਸਭ ਹੋ ਸਕਦਾ ਹੈ ਇਕ ਸਰਕਾਰ ਦੀ ਨਿਯਤ ਖੋਟੀ ਹੈ। ਕਿਤੇ ਸੜਕਾਂ 'ਤੇ ਬੇਰੁਜ਼ਗਾਰ ਧਰਨਿਆਂ 'ਤੇ ਬੈਠੇ ਹਨ ਤੇ ਕਿਧਰੇ ਅਵਾਰਾ ਪਸ਼ੂ ਸੜਕਾਂ 'ਤੇ। ਸਰਕਾਰ ਹੀ ਇਸ ਦਾ ਕੋਈ ਹੱਲ ਲੱਭੇ। ਨਹੀਂ ਤਾਂ ਇਕ ਦਿਨ ਤਾਂ ਅਜਿਹਾ ਜ਼ਰੂਰ ਆਵੇਗਾ ਜਿਸ ਦਿਨ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਪੈਣਗੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਅਸਮਾਨੀ ਧੂੜ
ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਲੋਕਾਂ ਨੇ ਦੀਵਾਲੀ ਵਾਲੇ ਦਿਨ-ਰਾਤ ਪਟਾਕੇ ਚਲਾਏ। ਅਸਮਾਨ ਵਿਚ ਮਿੱਟੀ ਦੀ ਧੂੜ ਚੜ੍ਹੀ ਹੋਈ ਹੈ, ਜਿਸ ਦਾ ਅਸਰ ਮਨੁੱਖ, ਪਸ਼ੂ, ਪੰਛੀਆਂ, ਜਾਨਵਰਾਂ 'ਤੇ ਕਹਿਰ ਬਣ ਕੇ ਛਾਇਆ ਹੋਇਆ ਹੈ। ਦਮੇ ਤੇ ਦਿਲ ਦੇ ਰੋਗੀ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਪਿੱਛੇ ਇਨਸਾਨ ਹੀ ਜ਼ਿੰਮੇਵਾਰ ਹੈ, ਜੋ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਰਿਹਾ ਹੈ। ਦਰੱਖਤਾਂ ਦਾ ਮਨੁੱਖ ਆਪ ਹੀ ਸਫ਼ਾਇਆ ਕਰੀ ਜਾ ਰਿਹਾ ਹੈ। ਪਰਾਲੀ ਸਾੜ ਕੇ ਆਪ ਹੀ ਵਾਤਾਵਰਨ ਖ਼ਰਾਬ ਕਰ ਰਿਹਾ ਹੈ। ਫੈਕਟਰੀਆਂ ਦਾ ਗੰਦਾ ਧੂੰਆਂ ਤੇ ਪਾਣੀ ਇਨਸਾਨ ਆਪ ਹੀ ਛੱਡ ਕੇ ਪ੍ਰਦੂਸ਼ਣ ਫੈਲਾਅ ਰਿਹਾ ਹੈ। ਇਨਸਾਨ ਕੁਦਰਤ ਦਾ ਨਿਯਮ ਤੋੜ ਕੇ ਮਨੁੱਖਤਾ ਨਾਲ ਖਿਲਵਾੜ ਕਰ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਹ ਸਰਕਾਰਾਂ ਉੱਪਰ ਵੀ ਸਵਾਲੀਆ ਨਿਸ਼ਾਨ ਹੈ। ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾ ਕੇ ਜੋ ਲੋਕ ਇਸ ਦੇ ਜ਼ਿੰਮੇਵਾਰ ਹਨ, ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ.


-ਗੁਰਮੀਤ ਸਿੰਘ ਵੇਰਕਾ


ਹਰ ਖੁਸ਼ੀ ਦਾ ਅਨੰਦ ਮਾਣੋ
ਜ਼ਿੰਦਗੀ ਦੀ ਕੋਈ ਠੋਸ ਪਰਿਭਾਸ਼ਾ ਨਹੀਂ ਹੈ। ਹਰ ਕੋਈ ਇਸ ਨੂੰ ਆਪਣੇ ਢੰਗ, ਆਪਣੀ ਸੋਚ, ਆਪਣੇ ਵਰਤਾਓ ਤੇ ਆਪਣੇ ਹਾਲਾਤ ਅਨੁਸਾਰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਇਕ ਸੱਚਾਈ ਹੈ ਕਿ ਜ਼ਿੰਦਗੀ ਵਿਚ ਸਮਾਂ ਹਮੇਸ਼ਾ ਇਕ ਚਾਲ ਨਾਲ ਨਹੀਂ ਚਲਦਾ। ਪਰ ਕਈ ਵਾਰ ਅਸੀਂ ਕਿਸੇ ਖ਼ਾਸ ਖੁਸ਼ੀ ਜਾਂ ਵਿਸ਼ੇਸ਼ ਮੌਕੇ ਦੇ ਇੰਤਜ਼ਾਰ ਵਿਚ ਜ਼ਿੰਦਗੀ ਦੇ ਕਾਫੀ ਕੀਮਤੀ ਤੇ ਸੁਨਹਿਰੀ ਭਾਗ ਨੂੰ ਮਨਾਉਣ, ਉਸ ਨੂੰ ਸਮਝਣ, ਉਸ ਦਾ ਲੁਤਫ਼ ਉਠਾਉਣ, ਉਸ ਨੂੰ ਹੰਢਾਉਣ ਤੋਂ ਅਣਜਾਣਪੁਣੇ ਵਿਚ ਕਿਨਾਰਾ ਕਰ ਜਾਂਦੇ ਹਾਂ। ਜ਼ਿੰਦਗੀ ਦੇ ਛੋਟੇ-ਵੱਡੇ ਲਮਹੇ, ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਾਨਣ, ਉਨ੍ਹਾਂ ਨੂੰ ਸਮਝਣ ਨੂੰ ਤਵੱਜੋ ਦੇਣੀ ਚਾਹੀਦੀ ਹੈ, ਕਿਉਂਕਿ ਛੋਟੇ-ਛੋਟੇ ਫੁੱਲਾਂ ਦੇ ਇਕੱਠ ਮਾਧਿਅਮ ਰਾਹੀਂ ਇਕ ਸੁੰਦਰ ਅਤੇ ਕਲਾਮਈ ਗੁਲਦਸਤਾ ਬਣਦਾ ਹੈ। ਸਭ ਦਾ ਭਲਾ ਸੋਚੋ, ਸਭ ਦਾ ਭਲਾ ਕਰੋ, ਰੱਬ 'ਤੇ ਭਰੋਸਾ ਰੱਖੋ, ਹਰ ਛੋਟੀ-ਵੱਡੀ ਖੁਸ਼ੀ ਨੂੰ ਮਨਾਓ, ਉਸ ਦਾ ਆਨੰਦ ਲਓ, ਕਿਉਂਕਿ ਜ਼ਿੰਦਗੀ ਦਾ ਬੀਤਿਆ ਇਕ-ਇਕ ਪਲ, ਇਕ-ਇਕ ਲਮਹਾ, ਇਕ-ਇਕ ਦਿਨ ਕਦੇ ਵਾਪਸ ਨਹੀਂ ਆਉਣਾ, ਨਾ ਹੀ ਬੀਤਿਆ ਹੋਇਆ ਸਮਾਂ ਕਦੇ ਵਾਪਸ ਆਉਂਦਾ ਹੈ।


-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ


ਸੱਚੀ ਸ਼ਰਧਾਂਜਲੀ
ਸ੍ਰੀ ਨਾਨਕ ਮੱਤਾ ਗੁਰਦੁਆਰੇ ਤੋਂ ਰੀਠਾ ਸਾਹਿਬ ਗੁਰਦੁਆਰੇ ਤੱਕ ਪਹੁੰਚਣ ਦਾ ਘੱਟ ਦੂਰੀ ਦੇ ਰਸਤੇ ਰੂਟ ਖਟੀਮਾ, ਟਣਕਪੁਰ, ਚੰਪਾਬੰਤ, ਖੇਤੀਖਣ ਅਤੇ ਡੂਘਾਗਾਟ ਰਾਹੀਂ ਰੀਠਾ ਸਾਹਿਬ ਗੁਰਦੁਆਰੇ ਪਹੁੰਚਦਾ ਹੈ। ਲੰਮੇ ਰੂਟ ਦਾ ਰਸਤਾ ਤਕਰੀਬਨ ਛੋਟੇ ਰੂਟ ਦੇ ਰਸਤੇ ਨਾਲੋਂ 70 ਕਿਲੋਮੀਟਰ ਜ਼ਿਆਦਾ ਹੈ, ਜੋ ਕਿ ਲੋਹਗੜ੍ਹ, ਪਿਥੋਰਾਗੜ੍ਹ ਰਾਹੀਂ ਰੀਠਾ ਸਾਹਿਬ ਜਾਂਦਾ ਹੈ ਅਤੇ ਇਸ ਰਸਤੇ ਰਾਹੀਂ ਸਮਾਂ ਵੀ ਕਾਫੀ ਜ਼ਿਆਦਾ ਲਗਦਾ ਹੈ। ਮੈਂ ਪਿਛਲੇ ਦਿਨੀਂ ਗੁਰਦੁਆਰਾ ਰੀਠਾ ਸਾਹਿਬ ਤੋਂ ਨਾਨਕ ਮੱਤਾ ਸਾਹਿਬ ਘੱਟ ਦੂਰੀਦੇ ਰਸਤੇ ਰਾਹੀਂ ਸਫ਼ਰ ਕੀਤਾ। ਇਸ ਸਫ਼ਰ ਦੌਰਾਨ ਦੇਖਿਆ ਕਿ ਇਸ ਘੱਟ ਦੂਰੀ ਦੇ ਰਸਤੇ ਵਿਚ ਤਕਰੀਬਨ 25 ਕਿਲੋਮੀਟਰ ਰਸਤਾ ਸੜਕ ਕੱਚੀ ਹੈ। ਇਸ ਰਸਤੇ ਦੇ ਤਕਰੀਬਨ 25 ਕਿਲੋਮੀਟਰ ਬਜਰੀ ਲੁੱਕ ਪਾਉਣ ਦਾ ਕੰਮ ਰਹਿੰਦਾ ਹੈ। ਰਸਤਾ ਕੱਚਾ ਹੋਣ ਕਾਰਨ ਗੁਰਦੁਆਰਾ ਨਾਨਕ ਮੱਤਾ ਤੋਂ ਰੀਠਾ ਸਾਹਿਬ ਜਾਣ ਵਾਲੇ ਸ਼ਰਧਾਲੂ, ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਵਿਚਾਰ ਅਨੁਸਾਰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉੱਤਰਾਖੰਡ ਸਰਕਾਰ ਨੂੰ 25 ਕਿਲੋਮੀਟਰ ਸੜਕ ਪੱਕੀ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਿਚ ਪ੍ਰੇਸ਼ਾਨੀ ਨਾ ਆਵੇ ਜੀ।


-ਇੰਜ: ਦਲਜੀਤ ਪਾਲ ਸਿੰਘ, ਮੁਹਾਲੀ।


ਇਕ ਨਵੀਂ ਸ਼ੁਰੂਆਤ
ਕਰਤਾਰਪੁਰ ਲਾਂਘਾ ਸ਼ੁਰੂ ਕਰਨ ਲਈ ਭਾਰਤ ਤੇ ਪਾਕਿਸਤਾਨ ਵਲੋਂ ਸਮਝੌਤੇ 'ਤੇ ਦਸਤਖ਼ਤ ਹੋਣ ਨਾਲ ਸਿੱਖ ਸੰਗਤਾਂ 'ਚ ਖੁਸ਼ਨੁਮਾ ਮਾਹੌਲ ਪੈਦਾ ਹੋ ਗਿਆ ਹੈ। ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ 'ਤੇ ਹੋਏ ਇਸ ਸਮਝੌਤੇ ਨਾਲ ਹੁਣ ਸ਼ਰਧਾਲੂ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਬਿਨਾਂ ਵੀਜ਼ਾ ਦੇ ਕਰ ਸਕਦੇ ਹਨ। ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਦੇਸ਼ਾਂ ਲਈ ਇਕ ਨਵੀਂ ਸ਼ੁਰੂਆਤ ਮੰਨੀ ਜਾ ਸਕਦੀ ਹੈ। ਵੰਡ ਤੋਂ ਬਾਅਦ ਅਲੱਗ ਹੋਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸਕਣਗੇ।


-ਹਰਪ੍ਰੀਤ ਸਿੰਘ, ਨਾਭਾ ਕੈਂਟ।

05-11-2019

 550 ਸਾਲਾ ਦਿਵਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਦਾ ਆਧਾਰ ਗੁਰੂ ਸਾਹਿਬ ਜੀ ਦੀ ਜੀਵਨ ਸ਼ੈਲੀ ਤੇ ਸਮਾਜ ਵਿਚ ਬਦਲਾਅ ਲਿਆਉਣ ਲਈ ਕੀਤੀ ਗਈ ਜੱਦੋ-ਜਹਿਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਹਾਕਮ ਵਲੋਂ ਕੀਤੇ ਜਾਂਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ। ਸਤੀ ਪ੍ਰਥਾ, ਪਖੰਡਵਾਦ, ਵਹਿਮਾਂ-ਭਰਮਾਂ, ਜਾਤ-ਪਾਤ ਆਦਿ ਨਿਆਮਤਾਂ ਦਾ ਸਖ਼ਤ ਵਿਰੋਧ ਕੀਤਾ। ਬੁਢਾਪੇ ਵਿਚ ਉਨ੍ਹਾਂ ਵਲੋਂ ਕੀਤੀ ਗਈ ਖੇਤੀ ਹੱਥੀਂ ਕਿਰਤ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਅੱਜ ਅਸੀਂ ਹੱਥੀਂ ਕੰਮ ਕਰਨਾ ਘੱਟ ਕਰ ਦਿੱਤਾ ਹੈ ਤੇ ਬਿਮਾਰੀਆਂ ਨੂੰ ਦਾਅਵਤ ਦੇ ਦਿੱਤੀ। ਵਸੇ ਹੋਏ ਸਵਾਰਥ ਕਾਰਨ ਰਾਜਨੀਤਕ ਲੋਕਾਂ ਨੇ ਦੇਸ਼ ਦੀ ਵਾਗਡੋਰ ਨੂੰ ਆਪਣੀ ਪਰਿਵਾਰਕ ਜਗੀਰ ਸਮਝ ਲਿਆ। ਅੱਜ ਦਾ ਹਾਕਮ ਆਪਣੇ ਰਾਜ ਭਾਗ ਵਿਚ ਮਸਤ ਲੋਕਾਂ ਦੀ ਪਹੁੰਚ ਤੋਂ ਪਰ੍ਹੇ ਹੈ। ਇਕ ਲੱਖ ਦੇਸੀ ਘਿਉ ਦੇ ਦੀਵੇ ਬਾਲਣ ਨਾਲੋਂ ਕਿਉਂ ਨਾ ਇਹ ਘਿਉ ਉਨ੍ਹਾਂ ਧੀਆਂ-ਭੈਣਾਂ ਨੂੰ ਦਿੱਤਾ ਜਾਵੇ ਜੋ ਗ਼ਰੀਬੀ ਵਿਚ ਕਰੋਪੋਸ਼ਿਤ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹਨ। ਕਿਉਂਕਿ ਗੁਰੂ ਸਾਹਿਬ ਜੀ ਦੀ ਸਮੂਹਿਕ ਜੱਦੋ-ਜਹਿਦ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਸੀ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਕਲੇਰ ਕਲਾਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।

ਗੁਰੂ ਜੀ ਦੀ ਵਿਚਾਰਧਾਰਾ
ਵਿਸ਼ਵ ਦੇ ਕੋਨੇ-ਕੋਨੇ ਵਿਚ ਸਿੱਖ ਸੰਗਤਾਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਉਤਸਵ ਬਹੁਤ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿਚ ਅਵਤਾਰ ਧਾਰਿਆ ਤੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਅੱਜ ਅਸੀਂ ਜਿੱਥੇ ਪੂਰੀ ਸ਼ਾਨੌ-ਸ਼ੋਕਤ ਨਾਲ ਇਸ ਪ੍ਰਕਾਸ਼ ਉਤਸਵ ਨੂੰ ਮਨਾ ਰਹੇ ਹਾਂ, ਉਥੇ ਬਹੁਤ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਗਏ ਮਾਰਗ 'ਤੇ ਵੀ ਚੱਲੀਏ। ਗੁਰੂ ਜੀ ਨੇ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਸੀ ਪਰ ਅਸੀਂ ਅੱਜ ਜਿਥੇ ਪਰਮਾਤਮਾ ਤੋਂ ਬੇਮੁੱਖ ਹੋਏ ਪਏ ਹਾਂ, ਉਥੇ ਹੀ ਸੱਚੀ ਕਿਰਤ ਦੇ ਸਿਧਾਂਤ ਤੋਂ ਵੀ ਕੋਹਾਂ ਦੂਰ ਜਾ ਰਹੇ ਹਾਂ। ਆਓ ਮਿਲ ਕੇ ਪ੍ਰਣ ਕਰੀਏ ਕਿ 550 ਸਾਲਾਂ ਪ੍ਰਕਾਸ਼ ਉਤਸਵ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਮਨਾਉਣਾ ਹੈ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।

ਕੰਮ ਕਰਨ ਦੀ ਇੱਛਾ
ਸਭ ਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਵਿਚ ਸਰਕਾਰੀ ਛੁੱਟੀਆਂ ਬਹੁਤ ਹਨ। ਪੰਜਾਬ ਵਿਚ ਤਾਂ ਸਰਕਾਰੀ ਛੁੱਟੀਆਂ ਹੋਰ ਸੂਬਿਆਂ ਨਾਲੋਂ ਵੱਧ ਹਨ। ਬੰਦੇ ਨੂੰ ਛੁੱਟੀਆਂ ਦੀ ਜ਼ਰੂਰਤ ਹੈ ਕਿਉਂਕਿ ਘਰੇਲੂ, ਸਮਾਜਿਕ, ਸੱਭਿਆਚਾਰਕ, ਧਾਰਮਿਕ ਕੰਮ ਧੰਦਿਆਂ ਲਈ ਛੁੱਟੀ ਹੋਣੀ ਹੈ। ਪਰ ਜੇ ਬਾਹਰਲੇ ਮੁਲਕਾਂ ਦੀ ਜਾਂ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ, ਉਥੇ ਏਨੀਆਂ ਛੁੱਟੀਆਂ ਨਹੀਂ ਹਨ। ਉਥੇ ਕੰਮ ਨੂੰ ਤੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਜਿਹੜੀ ਸਾਡੇ ਨਹੀਂ ਹੈ। ਕਿਸੇ ਵੀ ਮੁਲਾਜ਼ਮ ਨੂੰ ਲੋੜ ਪੈਣ 'ਤੇ ਛੁੱਟੀ ਤੋਂ ਰੋਕਿਆ ਨਾ ਜਾਵੇ। ਕੋਈ ਫਾਰਮੂਲਾ ਅਜਿਹਾ ਬਣਾਇਆ ਜਾਵੇ, ਛੁੱਟੀ ਵੀ ਮਿਲ ਜਾਏ, ਕੰਮ ਵੀ ਨਾ ਰੁਕੇ। ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ, ਚਾਹੇ ਮੁਲਾਜ਼ਮ ਹੋਣ ਜਾਂ ਲੋਕ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਨਿਯਮ ਬਣਾ ਦੇਵੇ ਕਿ ਛੁੱਟੀ ਕਰਨੀ ਕੋਈ 'ਲਾਜ਼ਮੀ' ਨਹੀਂ ਜੇ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਹੈ, ਕਿਸੇ ਦੀ 'ਕੰਮ ਕਰਨ ਦੀ ਇੱਛਾ' ਹੋਵੇ, ਉਹ ਕਰ ਸਕਦਾ ਹੈ। ਸੋ, ਇਹ ਤਜਰਬਾ ਜ਼ਰੂਰ ਕਰਨਾ ਚਾਹੀਦਾ ਹੈ।

-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਨਵਾਂਸ਼ਹਿਰ।

ਹਰਿਆਵਲ ਲਹਿਰ ਸਾਰਥਕ ਕਿਵੇਂ ਹੋ ਸਕਦੀ ਹੈ?
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਹਰਿਆਵਲ ਲਹਿਰ ਚੱਲ ਰਹੀ ਹੈ, ਜਿਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਸਾਰੇ ਬੂਟੇ ਲਗਾਏ ਗਏ ਹਨ। ਸਰਕਾਰ ਨੇ 'ਆਈ ਹਰਿਆਲੀ' ਐਪ ਜ਼ਰੀਏ ਲੱਖਾਂ ਬੂਟੇ ਮੁਫ਼ਤ ਵਿਚ ਲੋਕਾਂ ਤੱਕ ਪਹੁੰਚਾਏ। ਪਰ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਸਾਂਭ-ਸੰਭਾਲ ਨਾ ਹੋਣ ਕਾਰਨ ਬਹੁਤ ਸਾਰੇ ਬੂਟੇ ਨਸ਼ਟ ਹੋ ਗਏ ਹਨ। ਹਵਾ ਦਿਨੋ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਪਰ ਨਾ ਤਾਂ ਸਰਕਾਰ ਇਸ ਪ੍ਰਤੀ ਗੰਭੀਰ ਹੈ ਅਤੇ ਨਾ ਹੀ ਸਾਡਾ ਸਮਾਜ। ਸਰਕਾਰ ਅਤੇ ਸਮਾਜ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਮੁਕੰਮਲ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਪਹਿਲੇ ਪਲ ਚੁੱਕੇ ਰੁੱਖਾਂ ਦੀ ਕਟਾਈ ਰੋਕਣੀ ਚਾਹੀਦੀ ਹੈ, ਤਾਂ ਹੀ ਹਰਿਆਵਲ ਲਹਿਰ ਸਾਰਥਕ ਸਿੱਧ ਹੋਵੇਗੀ।

-ਗਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਚੰਗਾ ਵੇਖੋ ਅਤੇ ਚੰਗਾ ਸੁਣੋ
ਪੰਜਾਬੀ ਗਾਇਕੀ ਬਾਰੇ ਹਰ ਰੋਜ਼ ਬੜੇ ਲੇਖ, ਖ਼ਬਰਾਂ ਇਸ ਵਿਸ਼ੇ ਬਾਰੇ ਪੜ੍ਹਨ ਸੁਣਨ ਨੂੰ ਮਿਲਦੇ ਹਨ। ਪਰ ਸਾਡੇ 'ਤੇ ਇਸ ਦਾ ਕੋਈ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬੀ ਗਾਇਕਾਂ 'ਤੇ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਕਈ-ਕਈ ਲੱਖ ਖਰਚ ਕਰ ਕੇ ਵੀਡੀਓ ਬਣਾਈ ਜਾਂਦੀ ਹੈ, ਚੈਨਲ 'ਤੇ ਚਲਾੳੇਣ ਦਾ ਵੀ ਬਹੁਤ ਖਰਚ ਆਉਂਦਾ ਹੈ। ਜੇਕਰ ਸਰੋਤੇ ਇਨ੍ਹਾਂ ਚੀਜ਼ਾਂ ਨੂੰ ਪਸੰਦ ਕਰਦੇ ਹਨ, ਤਾਂ ਹੀ ਐਨੇ ਪੈਸੇ ਕੋਈ ਗਾਇਕ ਖਰਚ ਕਰੇਗਾ। ਹਰ ਇਕ ਬੰਦੇ ਦਾ ਕਾਮਯਾਬ ਹੋਣ ਨੂੰ ਬੜਾ ਦਿਲ ਕਰਦਾ ਹੈ, ਉਹ ਪੈਸੇ ਦੀ ਪ੍ਰਵਾਹ ਨਹੀਂ ਕਰਦਾ। ਇਸ ਲੱਚਰਤਾ ਗਾਇਕੀ ਨੂੰ ਸੁਣਨ ਅਤੇ ਵੇਖਣ ਵਿਚ ਅਸੀਂ ਵੀ ਵੱਡੇ ਦੋਸ਼ੀ ਹਾਂ। ਅਸੀਂ ਹੀ ਨਵੇਂ ਆ ਰਹੇ ਗਾਣੇ ਨੂੰ ਸੁਪਰਹਿੱਟ ਬਣਾਉਣ ਵਿਚ ਬਹੁਤ ਵੱਡਾ ਰੋਲ ਅਦਾ ਕਰਦੇ ਹਾਂ। 'ਯੂਟਿਊਬ' ਉੱਤੇ ਕਮਾਈ ਵੀ ਸਾਡੇ ਕਰਕੇ ਹੀ ਕਰ ਰਹੇ ਹਨ। ਕਈ ਵਾਰ ਚੰਗੇ ਗਾਣਿਆਂ ਦੇ ਵਿਊ ਸਾਡੇ ਨਾ ਵੇਖਣ-ਸੁਣਨ ਕਰਕੇ ਉਹ ਚੰਗਾ ਗਾਣਾ ਹਿੱਟ ਨਹੀਂ ਹੁੰਦਾ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਚੰਗਾ ਵੇਖੀਏ ਅਤੇ ਚੰਗਾ ਸੁਣੀਏ। ਮੈਨੂੰ ਉਮੀਦ ਹੈ ਕਿ ਗਾਇਕ ਅਤੇ ਗੀਤਕਾਰ ਵੀ ਅਜਿਹਾ ਲਿਖਣਾ ਗਾਉਣਾ ਬੰਦ ਕਰ ਦੇਣਗੇ, ਜੇਕਰ ਅਸੀਂ ਸਮਰਥਨ ਨਹੀਂ ਕਰਾਂਗੇ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਫੇਸਬੁੱਕ ਅਤੇ ਵਿਦਿਆਰਥੀ
ਅੱਜਕਲ੍ਹ ਹਰ ਉਹ ਵਿਅਕਤੀ ਫੇਸਬੁੱਕ ਵਰਤਦਾ ਹੈ, ਜਿਸ ਦੇ ਮੋਬਾਈਲ ਵਿਚ ਇਸ ਦੀ ਸੁਵਿਧਾ ਹੈ। ਇਹ ਰੁਜ਼ਗਾਰ ਪ੍ਰਾਪਤ ਵਿਅਕਤੀਆਂ ਲਈ ਵਕਤ ਗੁਜ਼ਾਰਨ ਦਾ ਸਾਧਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਅਕਤੀਆਂ ਦੁਆਰਾ ਆਪਣੇ-ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸ ਨੂੰ ਵਰਤਿਆ ਜਾਂਦਾ ਹੈ। ਇਸ ਨੂੰ ਵਰਤਣ ਵੇਲੇ ਵਕਤ ਗੁਜ਼ਰਨ ਦਾ ਪਤਾ ਹੀ ਨਹੀਂ ਲਗਦਾ ਕਿ ਕਦੋਂ ਪੰਜ ਦਸ ਮਿੰਟਾਂ ਦੀ ਥਾਂ ਕਈ-ਕਈ ਘੰਟੇ ਲੰਘ ਜਾਂਦੇ ਹਨ। ਇਸ ਲਈ ਜਿਥੇ ਇਹ ਰੁਜ਼ਗਾਰ ਪ੍ਰਾਪਤ ਵਿਅਕਤੀਆਂ ਲਈ ਵਿਹਲੇ ਸਮੇਂ ਨੂੰ ਗੁਜ਼ਾਰਨ ਲਈ ਵਰਦਾਨ ਹੈ, ਉਥੇ ਉਸ ਦੇ ਉਲਟ ਵਿਦਿਆਰਥੀਆਂ ਲਈ ਸਰਾਪ, ਕਿਉਂਕਿ ਉਨ੍ਹਾਂ ਦਾ ਪਲ-ਪਲ ਕੀਮਤੀ ਹੈ। ਜਦ ਤੱਕ ਉਹ ਆਪਣੇ ਉਦੇਸ਼ਾਂ ਦੀ ਪੂਰਤੀ ਨਹੀਂ ਕਰ ਲੈਂਦੇ, ਉਸ ਸਮੇਂ ਤੱਕ ਸਮੇਂ ਦੀ ਬਰਬਾਦੀ ਦਾ ਮਤਲਬ ਹੈ ਆਪਣੇ ਸੁਪਨਿਆਂ ਦੀ ਬਰਬਾਦੀ। ਇਸ ਲਈ ਪਾਠਕਾਂ ਨੂੰ ਇਹ ਸਲਾਹ ਹੈ ਕਿ ਆਪਣੇ ਬੱਚਿਆਂ ਨੂੰ ਫੇਸ ਬੁੱਕ ਤੋਂ ਦੂਰ ਰੱਖਣ, ਤਾਂ ਬੱਚੇ ਜੋ ਸਾਡਾ ਭਵਿੱਖ ਹਨ, ਉਨ੍ਹਾਂ ਨੂੰ ਸਹੀ ਰਸਤੇ 'ਤੇ ਜਾਣ ਵਿਚ ਕੋਈ ਦਿੱਕਤ ਨਾ ਆ ਸਕੇ ਅਤੇ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਸਕਣ।

-ਸੁਖਦੀਪ ਸਿੰਘ ਗਿੱਲ, ਮਾਨਸਾ।

04-11-2019

 ਬੇਰੁਜ਼ਗਾਰੀ
ਪੰਜਾਬ ਵਿਚ ਨੌਜਵਾਨ ਲੜਕੇ-ਲੜਕੀਆਂ ਚੰਗੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਉਹ ਬਾਹਰਲੇ ਮੁਲਕਾਂ ਵੱਲ ਆਪਣੇ ਮਾਪਿਆਂ ਨੂੰ ਕਰਜ਼ਈ ਕਰਕੇ ਵਹੀਰਾਂ ਘੱਤ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈ ਗ਼ਲਤ ਏਜੰਟਾਂ ਦੇ ਹੱਥ ਚੜ੍ਹ ਜਾਂਦੇ ਹਨ ਅਤੇ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚ ਡੱਕੇ ਜਾਂਦੇ ਹਨ। ਕਈ ਨੌਜਵਾਨ ਵੇਹਲੇ, ਬੇਰੁਜ਼ਗਾਰ ਹੋਣ ਕਾਰਨ ਨਸ਼ੇ, ਲੁੱਟਾਂ-ਖੋਹਾਂ ਕਰਦੇ ਹਨ, ਜਿਸ ਨਾਲ ਮਾਪਿਆਂ ਦੀ ਬਦਨਾਮੀ ਹੋਣ ਦੇ ਨਾਲ-ਨਾਲ ਪੰਜਾਬ ਵਿਚ ਦਿਨੋ-ਦਿਨ ਜੁਰਮ 'ਚ ਵਾਧਾ ਹੋ ਰਿਹਾ ਹੈ। ਸਰਕਾਰੀ ਮੁਲਾਜ਼ਮਾਂ ਨੂੰ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਦੋ ਸਾਲ ਦਾ ਹੋਰ ਵਾਧਾ ਦਿੱਤਾ ਹੋਇਆ ਹੈ, ਜਿਸ ਨਾਲ ਬੇਰੁਜ਼ਗਾਰੀ ਹੋਰ ਵਧ ਰਹੀ ਹੈ । ਸਰਕਾਰ ਨੂੰ ਜਿਥੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਮੌਕੇ ਵਧਾਉਣੇ ਚਾਹੀਦੇ ਹਨ, ਉਥੇ ਹੀ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਦਿੱਤੇ ਜਾਂਦੇ ਦੋ ਸਾਲ ਦੇ ਵਾਧੇ 'ਤੇ ਵੀ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਦੀਵਿਆਂ ਤੱਕ ਸੀਮਤ ਰਹੀ ਦੀਵਾਲੀ
ਹਰ ਆਏ ਸਾਲ ਹਰ ਤਿਉਹਾਰ ਦੀ ਮਿਠਾਸ ਮਹਿੰਗਾਈ ਦੇ ਕਾਰਨ ਫਿੱਕੀ ਪੈਣ ਲੱਗ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਵਿਖਾਵੇ ਦੀ ਜ਼ਿੰਦਗੀ ਜਿਊਣ ਵਿਚ ਰੁੱਝੇ ਹੋਏ ਹਨ। ਦਿਨੋ ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਵਾਰ ਲੋਕਾਂ ਨੇ ਆਪਣੇ ਘਰ ਵਿਚ ਬਣਨ ਵਾਲੇ ਪਕਵਾਨ ਨੂੰ ਹੀ ਪਹਿਲ ਦਿੱਤੀ ਤਾਂ ਕਿ ਕਿਸੇ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਪਟਾਕਿਆਂ ਤੋਂ ਵੀ ਕਾਫੀ ਹੱਦ ਤੱਕ ਪ੍ਰਹੇਜ ਨਜ਼ਰ ਆਇਆ। ਲੋਕ ਇਸ ਗੱਲ ਤੋਂ ਵੀ ਅਣਜਾਣ ਨਹੀਂ ਕਿ ਧੂੰਆਂ ਸਾਨੂੰ ਆਕਸੀਜਨ ਲੈਣ ਵਿਚ ਪ੍ਰੇਸ਼ਾਨੀ ਪੈਦਾ ਕਰਦਾ ਹੈ। ਇਨ੍ਹਾਂ ਵਸਤਾਂ ਦੀ ਖਰੀਦਦਾਰੀ ਲਈ ਹੀ ਲੋਕ ਬਜ਼ਾਰ ਜਾਂਦੇ ਸਨ, ਜਿਸ ਕਰਕੇ ਦੀਵਾਲੀ ਦੇ ਤਿਉਹਾਰ ਨੂੰ ਬਜ਼ਾਰਾਂ ਵਿਚ ਪਹਿਲਾਂ ਵਾਲੀ ਰੌਣਕ ਵੇਖਣ ਨੂੰ ਨਹੀਂ ਮਿਲੀ। ਇਸ ਤਰਾਂ ਦੀਵਾਲੀ ਤੇਲ ਵਾਲਿਆਂ ਦੀਵਿਆਂ ਤੱਕ ਹੀ ਸੀਮਤ ਰਹੀ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)


ਮਿਲਾਵਟਖੋਰੀ
ਅੱਜ ਜੇਕਰ ਆਪਾਂ ਬਜ਼ਾਰੀ ਖਾਣ-ਪੀਣ ਦੀਆ ਵਸਤੂਆਂ ਵੱਲ ਦੇਖੀਏ ਤਾਂ ਜਿਵੇਂ ਕਹਿ ਲਵੋ ਕਿ ਹਰ ਚੀਜ਼ ਵਿਚ ਹੀ ਮਿਲਾਵਟ ਹੈ ਅਤੇ ਲੱਗ ਰਿਹਾ ਹੋਵੇ ਜਿਵਂੇ ਆਪਾਂ ਖਾਣੇ ਦੇ ਨਾਲ ਨਾਲ ਜ਼ਹਿਰ ਪਰੋਸ ਰਹੇ ਹੋਈਏ। ਪਰ ਹਰ ਇਕ ਨਕਲੀ ਚੀਜ਼ ਅਸਲੀ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸਾਨੂੰ ਜੀ ਸੱਚ ਪੁੱਛੋ ਤਾਂ ਅਸੀਂ ਖਾਣੇ ਦੇ ਨਾਲ, ਨਾਲ ਜ਼ਹਿਰ ਖਾ ਰਹੇ ਹਾਂ ਜੀ। ਜੋ ਮੁਨੱਖੀ ਜਾਨਾਂ ਲਈ ਬਹੁਤ ਘਾਤਕ ਰੂਪ ਧਾਰ ਰਿਹਾ ਹੈ ਜੀ। ਇਹ ਮਿਲਾਵਟ ਰੂਪੀ ਜ਼ਹਿਰ ਸਾਡੇ ਸਰੀਰ ਉੱਤੇ ਐਸਾ ਅਸਰ ਪਾਉਂਦਾ ਹੈ ਜਿਸ ਦਾ ਕਦੇ ਅਸੀਂ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ। ਸੋ ਅਜਿਹੀ ਮਿਲਾਵਟਖੋਰੀ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟਖੋਰਾਂ ਨੂੰ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਪਟਾਕਿਆਂ ਦਾ ਸ਼ੋਰ...
ਅੱਜ ਦੇ ਦਿਨ ਜੇਕਰ ਕਾਇਨਾਤ ਦਾ ਸਿਰਜਕ ਧਰਤੀ 'ਤੇ ਆ ਕੇ ਵੇਖਦਾ ਤਾਂ ਬਰੂਦੀ ਪਟਾਕਿਆਂ ਦੇ ਸ਼ੋਰ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ ਵਿਚ ਪਲੀਤ ਹੋ ਰਹੇ ਵਾਤਾਵਰਨ ਨੂੰ ਵੇਖ ਕੇ ਕੁਰਲਾ ਉੱਠਦਾ। ਉਸ ਨੇ ਕੰਨ ਪਾੜੂ ਠਾਹ-ਠਾਹ ਸੁਣ ਕੇ ਅਤੇ ਧੂੰਏਂ ਕਾਰਨ ਦੁਬ ਕੇ ਬੈਠੇ ਜਾਨਵਰਾਂ ਦੀ ਹੋਣੀ ਤੇ ਹੰਝੂ ਕੇਰਨੇ ਸਨ। ਧਮਾਕਿਆਂ ਦੇ ਸ਼ੋਰ ਤੋਂ ਸਹਿਮ ਕੇ ਆਲ੍ਹਣਿਆਂ ਦੀ ਓਟ ਲੈ ਕੇ ਰਾਤ ਮੁੱਕਣ ਦੀ ਉਡੀਕ ਕਰ ਰਹੇ ਪੰਛੀਆਂ ਵੱਲ ਵੇਖ ਕੇ ਉਦਾਸ ਹੋ ਜਾਣਾ ਸੀ। ਉਸ ਨੇ ਖੁਸ਼ੀਆਂ ਦੇ ਨਾਂਅ ਉੱਪਰ ਸੜ ਰਹੀ ਹਰਿਆਲ਼ੀ ਅਤੇ ਆਤਿਸ਼ਬਾਜ਼ੀਆਂ ਨਾਲ਼ ਲੱਗ ਰਹੀਆਂ ਅੱਗਾਂ ਨੂੰ ਵੇਖ ਕੇ ਆਪਣਾ ਸਿਰ ਫੜ ਬੈਠ ਜਾਣਾ ਸੀ। ਖੁਸ਼ੀ ਮਨਾਉਣ ਦੇ ਹੋਰ ਬੜੇ ਤਰੀਕੇ ਹਨ। ਜੇਕਰ ਆਪਣੇ ਲਈ ਨਹੀਂ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਹੀ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਲਈ ਕੀ ਛੱਡ ਕੇ ਜਾ ਰਹੇ ਹਾਂ? ਸਰਕਾਰਾਂ ਚਾਹੁਣ ਤਾਂ ਇਸ ਸਬੰਧੀ ਵੋਟ ਰਾਜਨੀਤੀ ਤੋਂ ਉੱਪਰ ਉੱਠ ਕੇ ਸਖਤ ਫ਼ੈਸਲੇ ਲੈ ਸਕਦੀਆਂ ਹਨ।


-ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਚੋਣ ਨਤੀਜਿਆਂ ਦਾ ਅਸਰ
ਪੰਜਾਬ ਵਿਚ ਵੋਟਰਾਂ ਨੇ ਪਾਰਟੀ ਬਾਜ਼ੀ ਤੋਂ ਪਰ੍ਹੇ ਹੋ ਕੇ ਉਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਜੋ ਵੋਟਰਾਂ ਨਾਲ ਧੋਖਾ ਕਰ ਕੇ ਜਾਂ ਤਾਂ ਆਪਣਾ ਅਰਸਾ ਵਿਚ ਹੀ ਛੱਡ ਕੇ ਸੰਸਦ ਵਿਚ ਚਲੇ ਗਏ ਜਾਂ ਆਪਣਾ ਅਰਸਾ ਵਿਚੇ ਹੀ ਛੱਡ ਅਸਤੀਫ਼ੇ ਦੇ ਗਏ। ਜਿਨ੍ਹਾਂ ਵੋਟਰਾਂ ਨੇ ਵੋਟਾਂ ਪਾਈਆਂ ਸਨ ਉਹ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਇਸੇ ਤਰ੍ਹਾਂ ਹੀ ਪੰਜਾਬ ਵਿਚ ਹੋਰ ਉਮੀਦਵਾਰ ਵੀ ਆਪਣੀ ਪਾਰਟੀ ਛੱਡ ਦੂਸਰੀ ਪਾਰਟੀ ਵਿਚ ਚਲੇ ਗਏ ਹਨ ਜਾਂ ਲੋਕ ਸਭਾ ਚੋਣਾਂ ਕਰਕੇ ਅਸਤੀਫ਼ਾ ਦੇ ਗਏ, ਉਨ੍ਹਾਂ ਦੀ ਸੁਣਵਾਈ ਸਪੀਕਰ ਕੋਲ ਹੈ। ਜੇਕਰ ਦੁਬਾਰਾ ਵੋਟਾਂ ਪੈਂਦੀਆਂ ਹਨ ਤਾਂ ਵੋਟਰ ਇਨ੍ਹਾਂ ਉਮੀਦਵਾਰਾਂ ਦਾ ਬੁਰਾ ਹਾਲ ਕਰਨਗੇ, ਜਿਸ ਤਰ੍ਹਾਂ ਹੁਣ ਹੋਈਆਂ ਜ਼ਿਮਨੀ ਚੋਣਾਂ 'ਚ ਹੋਇਆ ਹੈ। ਜੋ ਦਲ ਬਦਲਦੇ ਹਨ ਉਨ੍ਹਾਂ 'ਤੇ ਸਦਾ ਵਾਸਤੇ ਚੋਣ ਲੜਨ 'ਤੇ ਪਾਬੰਦੀ ਲਗਾਈ ਜਾਵੇ। ਵਾਰ-ਵਾਰ ਵੋਟਾਂ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਪਵੇਗਾ। ਜਿੰਨਾ ਹੋ ਸਕੇ ਦਲਬਦਲੂਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਫਾਲਤੂ ਖਰਚੇ ਨੂੰ ਬਚਾਇਆ ਜਾ ਸਕੇ।


-ਗੁਰਮੀਤ ਸਿੰਘ ਵੇਰਕਾ


ਮਹਿਕਮਿਆਂ ਦੀ ਖੁੱਲ੍ਹੀ ਪੋਲ
ਪਿਛਲੇ ਦਿਨੀਂ ਡੀ.ਸੀ. ਬਠਿੰਡਾ ਵਲੋਂ ਬੁਲਾਈ ਗਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਪਰਾਲੀ ਸਾੜਨ ਵਾਲਿਆਂ ਕਿਸਾਨਾਂ ਦੀ ਨਿਗਰਾਨੀ ਕੀਤੀ ਜਾਵੇ। ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ, ਜਿਥੇ ਵੀ ਅੱਗ ਦੀ ਖਬਰ ਮਿਲੇ ਤੁਰੰਤ ਨਿਗਰਾਨ ਅਮਲੇ ਉਥੇ ਪਹੁੰਚ ਜਾਣ। ਨਾਲ ਦੀ ਨਾਲ ਕਿਸਾਨਾਂ ਨੂੰ ਵਾਤਾਵਰਨ ਬਾਰੇ ਜਾਗਰੂਕ ਵੀ ਕੀਤਾ ਜਾਵੇ। ਸਾਰੀਆਂ ਰਿਪੋਰਟਾਂ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਭੇਜੀਆਂ ਜਾਣ। ਡੀ.ਸੀ. ਸਾਹਬ ਨੇ ਸਾਰੀਆਂ ਹਿਦਾਇਤਾਂ ਪੂਰੀ ਤਰ੍ਹਾਂ ਦੱਸ ਦਿੱਤੀਆਂ, ਇਨ੍ਹਾਂ 'ਤੇ ਇਨ-ਬਿਨ ਪਾਲਣਾ ਕੀਤੀ ਜਾਵੇ। ਮਹਿਕਮਿਆਂ ਵਾਲਿਆਂ ਨੇ ਚੁੱਕ ਕੇ ਉਨ੍ਹਾਂ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਜਾਂ ਤਾਂ ਉਹ ਮਰ ਚੁੱਕੇ ਸਨ ਜਾਂ ਉਹ ਸੇਵਾਮੁਕਤ ਹੋ ਚੁੱਕੇ ਸਨ। ਅਧਿਕਾਰੀਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਅਧੀਨ ਕਿਹੜੇ ਕਰਮਚਾਰੀ ਕੰਮ ਕਰ ਰਹੇ ਹਨ ਤੇ ਕਿਹੜੇ ਨਹੀਂ। ਇਹ ਬੜੀ ਸ਼ਰਮ ਦੀ ਗੱਲ ਹੈ। ਸਦਾ ਕੰਮ ਸਹੀ ਸਲਾਮਤ ਹੋ ਜਾਵੇਗਾ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਮਮਦੋਟ (ਫਿਰੋਜ਼ਪੁਰ)

31-10-2019

 ਸੰਗਤ ਵਿਚ ਉਤਸ਼ਾਹ
ਜਿਵੇਂ-ਜਿਵੇਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਦਿਨ ਨੇੜੇ ਆ ਰਿਹਾ ਹੈ, ਸੰਗਤ ਵਿਚ ਉਤਸ਼ਾਹ ਵਧ ਰਿਹਾ ਹੈ। ਬਸ ਉਸ ਦਿਨ ਦੀ ਉਡੀਕ ਹੈ ਜਿਸ ਦਿਨ ਲਈ ਸਮੂਹ ਸੰਗਤ ਨੇ ਲਗਾਤਾਰ ਅਰਦਾਸ ਕੀਤੀ। ਕਈ ਸ਼ਰਧਾਲੂ ਹੁਣ ਤਿਆਰ-ਬਰ-ਤਿਆਰ ਹਨ ਤਾਂ ਕਿ ਉਹ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਲੈਣ। ਹੁਣ ਇਹ ਸਬੱਬ ਬਣਿਆ ਹੈ ਕਿ ਦੋਵੇਂ ਪਾਸਿਉਂ ਸਰਹੱਦ ਦੇ ਆਰ-ਪਾਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਹੋ ਰਹੇ ਹਨ ਪਰ ਇਸ ਸਦਭਾਵਨਾ ਦੇ ਬਣੇ ਮਾਹੌਲ ਵਿਚ ਵੀ ਉਹੀ ਭੜਕਾਹਟ ਭਰੀਆਂ ਕਾਰਵਾਈਆਂ ਕਰਨ ਦੇ ਯਤਨ ਹੋ ਰਹੇ ਹਨ। ਦੋਵੇਂ ਪਾਸੇ ਅਜਿਹੇ ਅਨਸਰ ਹਨ ਜੋ ਇਸ ਪੁਨਰ ਮਿਲਣ ਵਿਚ ਰੁਕਾਵਟ ਪਾਉਣਾ ਚਾਹੁੰਦੇ ਹਨ। ਪਿਛਲੇ ਦਿਨੀਂ ਕਸ਼ਮੀਰ ਦੇ ਮੁੱਦੇ 'ਤੇ ਪਕਿਸਤਾਨ ਵਲੋਂ ਪੂਰੀ ਤਰ੍ਹਾਂ ਗੋਲੀਬੰਦੀ ਕੀਤੀ ਗਈ ਤਾਂ ਕਿ ਭਾਰਤ ਨੂੰ ਘੇਰਿਆ ਜਾਵੇ। ਇਧਰ ਭਾਰਤ ਵਿਚ ਵੀ ਮੀਡੀਆ ਰਾਹੀਂ ਅਜਿਹਾ ਵਾਤਾਵਰਨ ਬਣਾਇਆ ਗਿਆ ਕਿ ਹੁਣੇ ਜੰਗ ਲੱਗ ਜਾਵੇਗੀ। ਦੋਵੇਂ ਦੇਸ਼ ਘੋਰ ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਮਾਰ ਹੇਠ ਹਨ। ਜੇ ਇਸ ਧਾਰਮਿਕ ਮੁੱਦੇ ਰਾਹੀਂ ਹੀ ਇਹ ਦੇਸ਼ ਮਿਲਦੇ ਹਨ ਤਾਂ ਇਸ ਖਿੱਤੇ ਲਈ ਲਾਹੇਵੰਦ ਹੈ। ਦੋਵੇਂ ਪੰਜਾਬ ਤਰੱਕੀ ਦੇ ਰਾਹ ਤੁਰ ਸਕਦੇ ਹਨ। ਇਨ੍ਹਾਂ ਦਾ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪ੍ਰਫੁਲਿਤ ਹੋ ਸਕਦੀ ਹੈ। ਕਦੇ ਸਿੰਧ ਜਲ ਸਮਝੌਤੇ ਨੂੰ ਤੋੜਨ ਦੀ ਗੱਲ ਕੀਤੀ ਜਾਂਦੀ ਹੈ। ਸਦਭਾਵਨਾ ਦੇ ਮਾਹੌਲ ਨੂੰ ਜੇਕਰ ਜੰਗ ਵਿਚ ਬਦਲਿਆ ਗਿਆ ਤਾਂ ਇਨ੍ਹਾਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


550 ਸਾਲਾ ਪ੍ਰਕਾਸ਼ ਪੁਰਬ
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਵਿਸ਼ਵ ਭਰ ਵਿਚ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਪਰ ਮੇਰੇ ਹਿਸਾਬ ਨਾਲ ਇਸ ਪ੍ਰਕਾਸ਼ ਪੁਰਬ ਮੌਕੇ ਕਿਸੇ ਵੀ ਕਿਸਮ ਦੀ ਕੋਈ ਸਿਆਸਤ ਜਾਂ ਤੇਰ-ਮੇਰ ਨਹੀਂ ਹੋਣੀ ਚਾਹੀਦੀ। ਸਗੋਂ ਸਾਂਝੇ ਤੌਰ 'ਤੇ ਸਾਰਿਆਂ ਨੂੰ ਰਲ-ਮਿਲ ਕੇ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਸਰਬੱਤ ਦੇ ਭਲੇ ਲਈ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ। ਇਸ ਲਈ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇ ਸਾਂਝੇ ਤੌਰ 'ਤੇ ਹੀ ਹੋਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਅੱਛੇ ਦਿਨ ਆਨੇ ਵਾਲੇ ਹੈਂ...
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਇਹ ਨਾਅਰਾ ਦੇ ਕੇ 'ਬੁਰੇ ਦਿਨ ਜਾਨੇ ਵਾਲੇ ਹੈਂ, ਅੱਛੇ ਦਿਨ ਆਨੇ ਵਾਲੇ ਹੈਂ' ਦੋ ਵਾਰ ਪ੍ਰਧਾਨ ਮੰਤਰੀ ਬਣੇ। ਸੱਚਮੁੱਚ ਚੰਗੇ ਦਿਨ ਆ ਗਏ ਹਨ। ਲੋਕ ਗ਼ਰੀਬ ਤੋਂ ਅਮੀਰ ਬਣ ਗਏ ਹਨ। ਕਾਨੂੰਨ ਤਾਂ ਕੈਨੇਡਾ ਵਰਗੇ ਮੁਲਕ ਤੋਂ ਵੀ ਵਧੀਆ ਹਨ। ਰਿਸ਼ਵਤ ਖ਼ਤਮ ਹੋ ਚੁੱਕੀ ਹੈ। ਭਾਜਪਾ ਦੀ ਮਿਹਰਬਾਨੀ ਸਦਕਾ ਲੋਕ ਖੁਸ਼ ਹਨ। ਅਮਨ ਤੇ ਕਾਨੂੰਨ ਦਾ ਕੋਈ ਮਸਲਾ ਨਹੀਂ। ਸਾਰੇ ਲੋਕ ਸੁਰੱਖਿਅਤ ਹਨ। ਖੇਤਾਂ ਵਿਚ ਹਰਿਆਲੀ ਹੈ। ਕਿਸਾਨਾਂ ਦੇ ਚਿਹਰੇ 'ਤੇ ਰੌਣਕ ਹੈ। ਬੇਰੁਜ਼ਗਾਰੀ ਖੰਭ ਲਾ ਕੇ ਉੱਡ ਗਈ। ਔਰਤਾਂ ਨਾਲ ਜਬਰ-ਜਨਾਹ ਵੀ ਬੰਦ ਹੋ ਗਏ ਹਨ। ਇਥੇ ਹੁਣ ਕੋਈ ਗ਼ਰੀਬ ਨਹੀਂ ਰਿਹਾ। ਕਾਂਗਰਸ ਦਾ ਨਾਅਰਾ 'ਗ਼ਰੀਬੀ ਹਟਾਓ' ਉਹ ਵੀ ਖੋਹ ਲਿਆ ਹੈ। ਨਸ਼ੇ ਦੀ ਤਸਕਰੀ ਬੰਦ ਹੋ ਗਈ ਹੈ। ਹੁਣ ਜਵਾਨੀ ਚਮਕ ਰਹੀ ਹੈ। ਚੋਰ, ਡਾਕੂ ਅਤੇ ਲੁਟੇਰੇ ਸਭ ਫਰਾਰ ਹੋ ਗਏ ਹਨ। ਮੋਦੀ ਜੀ ਦੇ ਸਦਕੇ ਮੂੰਹ ਜ਼ਬਾਨੀ ਚੰਗੇ ਦਿਨ ਆ ਗਏ ਹਨ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।


ਮੈਕਸੀਕੋ ਦੇ ਰਾਹ
ਵਿਦੇਸ਼ ਜਾਣ ਦੀ ਤ੍ਰਿਸ਼ਨਾ ਨੌਜਵਾਨਾਂ ਨੂੰ ਕੁਝ ਵੀ ਕਰਵਾ ਸਕਦੀ ਹੈ। ਪਿਛਲੇ ਦਿਨਾਂ ਵਿਚ ਮੈਕਸੀਕੋ ਰਾਹੀਂ ਅਮਰੀਕਾ ਪੁੱਜਣ ਵਾਲੇ ਕਾਫੀ ਨੌਜਵਾਨ ਵਾਪਸ ਆ ਗਏ ਹਨ। ਏਜੰਟਾਂ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਮੈਕਸੀਕੋ ਤੱਕ ਭੇਜ ਕੇ ਉੱਥੋਂ ਕੰਧ ਰਾਹੀਂ ਅਮਰੀਕਾ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਪਰ ਇਹ ਰਾਹ ਕੋਈ ਆਸਾਨ ਰਾਹ ਨਹੀਂ ਸਗੋਂ ਬੜ੍ਹਾ ਖ਼ਤਰਨਾਕ ਹੈ। ਨੌਜਵਾਨ ਆਪਣੀ ਜ਼ਮੀਨ, ਜਾਇਦਾਦ ਵੇਚ ਕੇ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਹਨ ਅਤੇ ਉਹ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ। ਮੈਕਸੀਕੋ ਤੱਕ ਪਹੁੰਚਣ ਲਈ ਨੌਜਵਾਨ ਕਈ ਦਿਨ ਭੁੱਖੇ, ਪਿਆਸੇ ਮੌਤ ਨੂੰ ਹੱਥ ਉੱਤੇ ਰੱਖ ਜ਼ਹਿਰੀਲੇ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਰੱਖਦੇ ਜਾਂਦੇ ਹਨ। ਰਸਤੇ ਵਿਚ ਕਈ ਨੌਜਵਾਨਾਂ ਨੂੰ ਤਾਂ ਅਮਰੀਕਾ ਦੀ ਥਾਂ ਮੌਤ ਹੀ ਨਸੀਬ ਹੋ ਗਈ। ਕੁਝ ਦਿਨ ਪਹਿਲਾਂ ਮੈਕਸੀਕੋ ਤੋਂ ਕਾਫੀ ਨੌਜਵਾਨ ਡਿਪੋਰਟ ਹੋ ਕੇ ਆਏ, ਜਿਨ੍ਹਾਂ ਦਾ ਬਹੁਤ ਜ਼ਿਆਦਾ ਪੈਸਾ ਖਰਾਬ ਹੋ ਗਿਆ ਹੈ। ਸੋ ਗੁਜ਼ਾਰਿਸ਼ ਹੈ ਉਨ੍ਹਾਂ ਨੌਜਵਾਨ ਵੀਰਾਂ ਨੂੰ ਕਿ ਸਹੀ ਤਰੀਕੇ ਦੇ ਨਾਲ ਹੀ ਵਿਦੇਸ਼ਾਂ ਨੂੰ ਜਾਓ। ਗ਼ਲਤ ਤਰੀਕੇ ਨਾਲ ਆਪਣੀ ਜ਼ਿੰਦਗੀ ਅਤੇ ਕਮਾਈ ਖਰਾਬ ਨਾ ਕਰੋ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।


ਰੱਜ ਕੇ ਚੱਲੇ ਦੀਵਾਲੀ 'ਤੇ ਪਟਾਕੇ
ਪੰਜਾਬ ਸਰਕਾਰ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ ਸਾੜਨ 'ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਅਤੇ ਉਲੰਘਣਾ ਕਰਨ ਵਾਲਿਆਂ 'ਤੇ ਕਈ ਕਿਸਮ ਦੀਆਂ ਕਾਰਵਾਈਆਂ ਦੇ ਆਦੇਸ਼ ਜਾਰੀ ਕੀਤੇ ਹਨ ਪਰ ਦੀਵਾਲੀ ਮੌਕੇ ਮਿੱਥੇ ਸਮੇਂ ਤੋਂ ਬਾਅਦ ਦੇਰ ਰਾਤ ਤੱਕ ਪਟਾਕੇ ਰੱਜ ਕੇ ਚਲਾਏ ਗਏ, ਉਥੇ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਵੀ ਨਹੀਂ ਕੀਤੀ ਗਈ। ਭਾਵੇਂ ਇਸ ਵਾਰ ਦੀਵਾਲੀ 'ਤੇ ਪ੍ਰਦੂਸ਼ਣ ਦਾ ਸੁਧਾਰ ਹੋਇਆ ਦੱਸਿਆ ਗਿਆ ਹੈ, ਪਰ ਦੀਵਾਲੀ ਤੋਂ ਅਗਲੇ ਦਿਨ ਸਵੇਰੇ ਆਸਮਾਨ 'ਤੇ ਧੂੰਏਂ ਦੇ ਬੱਦਲ ਛਾ ਗਏ, ਜਿਸ ਕਾਰਨ ਸੂਰਜ ਦੀ ਰੌਸ਼ਨੀ ਉਸ ਦਿਨ ਤੋਂ ਹੀ ਮੱਧਮ ਹੋ ਗਈ ਅਤੇ ਸਵੇਰ ਵੇਲੇ ਲੋਕਾਂ ਨੂੰ ਸੈਰ ਕਰਨ ਵੇਲੇ ਵੀ ਸਾਹ ਲੈਣ 'ਚ ਮੁਸ਼ਕਿਲ ਪੇਸ਼ ਆਈ। ਸੋ, ਲੋੜ ਹੈ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਉਥੇ ਹੀ ਸਰਕਾਰ ਵਲੋਂ ਪਰਾਲੀ ਸਾੜਨ 'ਤੇ ਕੀਤੀ ਸਖ਼ਤੀ ਵਾਂਗ ਅਜਿਹੇ ਮਹੱਤਵਪੂਰਨ ਪ੍ਰਦੂਸ਼ਿਤ ਤਿਉਹਾਰਾਂ 'ਤੇ ਵੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

30-10-2019

 ਮੁਲਾਜ਼ਮਾਂ ਦੀ ਵੀ ਸੁਣੋ
ਕਿਹਾ ਜਾਂਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀ ਮਾਂ ਹੁੰਦੀ ਹੈ ਅਤੇ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪਰ ਪਿਛਲੇ ਢਾਈ ਸਾਲ ਤੋਂ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵੱਲ ਧਿਆਨ ਨਹੀਂ ਦੇ ਰਹੀ। ਜਦ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇ ਰਹੀਆਂ ਹਨ ਤਾਂ ਪੰਜਾਬ ਸਰਕਾਰ ਕਿਸ ਨਾਲੋਂ ਮਾੜੀ ਲਿੱਸੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵਾਂ ਦੀ ਖ਼ੁਸ਼ੀ ਵਿਚ ਸਰਕਾਰਾਂ ਕੈਦੀਆਂ ਦੀ ਰਿਹਾਈ ਦੇ ਹੁਕਮ ਦੇ ਰਹੀਆਂ ਹਨ, ਕਿਉਂ ਨਾ ਸਰਕਾਰੀ ਮੁਲਾਜ਼ਮਾਂ ਨੂੰ ਵੀ ਇਸ ਪਵਿੱਤਰ ਮੌਕੇ 'ਤੇ ਕੋਈ ਸੁਗਾਤ ਦੇ ਕੇ ਨਿਵਾਜਿਆ ਜਾਵੇ। ਇਸ ਲਈ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਅਟੁੱਟ ਅੰਗ ਮੁਲਾਜ਼ਮਾਂ ਨੂੰ ਬਣਦਾ ਡੀ.ਏ. ਅਤੇ ਉਸ ਦੇ ਬਕਾਏ ਸਮੇਤ ਪੇਅ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।


-ਮਹਿੰਦਰ ਸਿੰਘ ਬਾਜਵਾ
ਸੇਵਾ-ਮੁਕਤ ਸੀ.ਐਚ.ਟੀ.।


ਵਧੀਆ ਰਚਨਾਵਾਂ
'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੇ ਜੋ ਲੇਖ ਛਪਦੇ ਹਨ, ਸਾਰੇ ਹੀ ਭਰਪੂਰ ਜਾਣਕਾਰੀ ਵਾਲੇ ਹੁੰਦੇ ਹਨ। ਜੇਕਰ ਇਨ੍ਹਾਂ ਲੇਖਾਂ ਨੂੰ ਧਿਆਨ ਨਾਲ ਬੱਚੇ ਪੜ੍ਹਨ ਤਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਹੁਤ ਹੀ ਆਸਾਨੀ ਨਾਲ ਪਾਸ ਕਰ ਸਕਦੇ ਹਨ। ਡਾ: ਬਰਜਿੰਦਰ ਸਿੰਘ ਹਮਦਰਦ ਜੀ ਹਰ ਇਕ ਵਿਸ਼ੇ 'ਤੇ ਬਹੁਤ ਵਧੀਆ ਲਿਖਦੇ ਹਨ। ਇਸ ਤੋਂ ਇਲਾਵਾ ਜਿਹੜੇ ਲੇਖਕਾਂ ਦੀਆਂ ਰਚਨਾਵਾਂ ਸੰਪਾਦਕੀ ਸਫ਼ੇ 'ਤੇ ਛਪਦੀਆਂ ਹਨ, ਬਹੁਤ ਹੀ ਵਧੀਆ ਹੁੰਦੀਆਂ ਹਨ। ਉਮੀਦ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਵਧੀਆ ਰਚਨਾਵਾਂ ਛਪਦੀਆਂ ਰਹਿਣਗੀਆਂ। ਮੈਂ ਖ਼ੁਦ ਆਈ.ਏ.ਐਸ. (ਐਸਪੀਰੈਂਟ) ਹਾਂ। ਮੇਰੇ 'ਅਜੀਤ' ਅਖ਼ਬਾਰ ਪੜ੍ਹਨ ਨਾਲ ਗਿਆਨ ਵਿਚ ਕਾਫੀ ਵਾਧਾ ਹੋਇਆ ਹੈ। ਪੂਰੀ 'ਅਜੀਤ' ਦੀ ਟੀਮ ਵਧਾਈ ਦੀ ਪਾਤਰ ਹੈ।


-ਸੰਜੀਵ ਸਿੰਘ ਸੈਣੀ (ਇੰ:)
ਮੁਹਾਲੀ।


ਪੰਚਾਇਤਾਂ ਆਪਣਾ ਮੂਲ ਪਛਾਣਨ
ਪੰਜਾਬ ਦੇ ਵੱਖ-ਵੱਖ ਪਿੰਡਾਂ 'ਚੋਂ ਅਕਸਰ ਹੀ ਕਿਸੇ ਨਾ ਕਿਸੇ ਪਿੰਡ ਦੇ ਨਰੇਗਾ ਮਜ਼ਦੂਰ ਸੜਕ ਕਿਨਾਰੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਏਨੀ ਵੱਡੀ ਗਿਣਤੀ ਵਿਚ ਮਜ਼ਦੂਰ ਹੋਣ ਦੇ ਬਾਵਜੂਦ ਨਾਮਾਤਰ ਜਿਹਾ ਕੰਮ ਹੋ ਰਿਹਾ ਹੁੰਦਾ ਹੈ। ਬਾਰਿਸ਼ਾਂ ਕਾਰਨ ਆਮ ਹੀ ਸੜਕਾਂ ਦੇ ਕਿਨਾਰਿਆਂ ਤੋਂ ਮਿੱਟੀ ਖੁਰ ਕੇ ਡੂੰਘੇ ਟੋਏ ਪਏ ਹੁੰਦੇ ਹਨ। ਉਨ੍ਹਾਂ ਟੋਇਆਂ ਨੂੰ ਪੂਰਨ ਦੀ ਥਾਂ ਐਵੇਂ ਮਾੜਾ-ਮੋਟਾ ਘਾਹ-ਫੂਸ ਪੁੱਟ ਕੇ ਟਾਈਮ ਟਪਾਇਆ ਜਾਂਦਾ ਹੈ। ਜੇਕਰ ਪੰਚਾਇਤ ਪਿੰਡ ਦੇ ਇਹੋ ਜਿਹੇ ਨਿੱਕੇ-ਮੋਟੇ ਕੰਮਾਂ ਨੂੰ ਸਹੀ ਸੇਧ ਦੇ ਕੇ ਕਰਵਾਏ ਤਾਂ ਜਿਥੇ ਲਾਂਘੇ-ਟਾਂਪੇ ਵਾਲਿਆਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਬਚਾਅ ਹੋ ਸਕਦਾ ਹੈ, ਉਥੇ ਹੀ ਪਿੰਡ ਦੀ ਦਿੱਖ 'ਚ ਵੀ ਸੁਧਾਰ ਆਵੇਗਾ। ਬੱਸ ਲੋੜ ਹੈ ਪੰਚਾਇਤਾਂ ਨੂੰ ਸਿਆਸੀ ਪਿਛਲੱਗ ਬਣਨ ਦੀ ਬਜਾਏ ਸੰਵੇਦਨਸ਼ੀਲ ਬਣਨ ਦੀ। ਪੰਚਾਇਤਾਂ ਨੂੰ ਆਪਣਾ ਮੰਤਵ ਪਛਾਣਨ ਦੀ ਲੋੜ ਹੈ ਨਾ ਕਿ ਸਿਆਸੀ ਸ਼ਰੀਕੇਬਾਜ਼ੀ ਪੁਗਾਉਣ ਦੀ।


-ਜਗਮੀਤ ਸਿੰਘ
ਪਿੰਡ ਦੋਦਾ, ਸ੍ਰੀ ਮੁਕਤਸਰ ਸਾਹਿਬ।


ਵਧਦੀ ਆਬਾਦੀ
ਕੁਝ ਹੀ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋਈ ਸੀ ਜਿਸ ਵਿਚ ਨੌਜਵਾਨਾਂ ਦੁਆਰਾ ਭਾਜਪਾ ਸਰਕਾਰ ਨੂੰ 'ਟੂ ਚਾਈਲਡ ਪਾਲਿਸੀ' ਲਾਗੂ ਕਰਨ ਲਈ ਕਿਹਾ ਗਿਆ ਸੀ। ਇਹ ਗੱਲ ਵਧੇਰੇ ਮਹੱਤਵਪੂਰਨ ਅਤੇ ਅਪਣਾਉਣਯੋਗ ਹੈ, ਜੇਕਰ ਅਜਿਹੀ ਕੋਈ ਪਾਲਿਸੀ ਲਾਗੂ ਕੀਤੀ ਜਾਵੇ ਤਾਂ ਦੇਸ਼ ਦੀ ਆਬਾਦੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਭਾਰਤ ਆਬਾਦੀ ਦੇ ਆਧਾਰ 'ਤੇ ਤੀਸਰੇ ਸਥਾਨ 'ਤੇ ਦਰਜ ਸੀ ਪਰ ਹੁਣ ਭਾਰਤ ਦਾ ਨਾਂਅ ਦੂਸਰੇ ਥਾਂ 'ਤੇ ਪਹੁੰਚ ਗਿਆ ਹੈ ਅਤੇ ਜੇ ਅਜਿਹੀ ਕੋਈ ਸਖ਼ਤ ਧਾਰਨਾ ਨਹੀਂ ਅਪਣਾਈ ਗਈ ਤੇ ਮੁਲਕ ਦੀ ਵਧਦੀ ਆਬਾਦੀ ਦਾ ਅਰਥ ਕਿਤੇ ਨਾ ਕਿਤੇ ਭਾਰਤ ਦੀ ਕਮਜ਼ੋਰ ਨੀਤੀ ਪ੍ਰਣਾਲੀ ਵੱਲ ਇਸ਼ਾਰਾ ਹੈ।


-ਗੁਰਮੀਤ ਕੌਰ
ਦੋਆਬਾ ਕਾਲਜ, ਜਲੰਧਰ।


ਸਹੀ ਗ਼ਲਤ ਪਛਾਣੋ
ਅਕਸਰ ਹੀ ਲੋਕਾਂ ਤੋਂ ਇਹ ਕਹਿੰਦੇ ਸੁਣਿਆ ਹੈ ਕਿ ਕਿਸੇ ਨੂੰ ਦੋਸ਼ ਨਾ ਦਿਓ ਪਹਿਲਾਂ ਆਪਣੇ-ਆਪ ਵੱਲ ਝਾਤੀ ਮਾਰੋ ਜਾਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੋ। ਇਹ ਅਖਾਣ ਐਵੇਂ ਹੀ ਨਹੀਂ ਬਣੇ ਇਹ ਤਜਰਬਿਆਂ 'ਚੋਂ ਨਿਕਲੇ ਬੋਲ ਹਨ ਤੇ ਇਨ੍ਹਾਂ ਲਫ਼ਜ਼ਾਂ ਦੇ ਡੂੰਘੇ ਮਤਲਬ ਹੁੰਦੇ ਹਨ। ਕਈ ਵਾਰ ਜੋ ਸਾਨੂੰ ਦਿੱਸਦਾ ਹੈ, ਉਹ ਹੁੰਦਾ ਨਹੀਂ ਤੇ ਅਸੀਂ ਗ਼ਲਤ ਮਨੁੱਖ 'ਤੇ ਭਰੋਸਾ ਕਰ ਸਹੀ ਇਨਸਾਨ ਨੂੰ ਬੁਰਾ ਬਣਾਉਣ ਲੱਗਿਆਂ ਦੇਰ ਨਹੀਂ ਲਾਉਂਦੇ। ਬਥੇਰੇ ਦੋਸ਼ੀ ਲੋਕ ਜੱਜ ਕੋਲੋਂ ਬਚ ਜਾਂਦੇ ਹਨ ਤੇ ਨਿਰਦੋਸ਼ ਲੋਕ ਜੇਲ੍ਹਾਂ 'ਚ ਬੈਠੇ ਉਨ੍ਹਾਂ ਦੀ ਸਜ਼ਾ ਕੱਟ ਰਹੇ ਹੁੰਦੇ ਹਨ। ਇਥੇ ਝੂਠ ਜਿੱਤ ਜਾਂਦਾ ਹੈ ਤੇ ਸੱਚ ਹਾਰ ਜਾਂਦਾ ਹੈ। ਅਜਿਹੇ ਹਾਦਸਿਆਂ ਦੇ ਹੋਣ ਦਾ ਕਾਰਨ ਮਨੁੱਖ ਦੇ ਅੰਦਰੋਂ ਸਬਰ, ਸੰਤੋਖ ਤੇ ਨਿਮਰਤਾ ਆਦਿ ਵਰਗੇ ਗੁਣਾਂ ਦਾ ਮਰ ਜਾਣਾ ਤੇ ਗ਼ਲਤ ਸੰਗਤ ਦੇ ਪ੍ਰਭਾਵ ਹੇਠਾਂ ਆ ਜਾਣਾ ਹੈ। ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਵੱਡੇ ਹੋ ਕੇ ਨਸ਼ੇੜੀ, ਗੈਂਗਸਟਰ, ਅੱਤਵਾਦੀ ਜਾਂ ਕੁਝ ਹੋਰ ਬਣਨ, ਇਹ ਸਭ ਬਣਨ ਦਾ ਕਾਰਨ ਬੇਰੁਜ਼ਗਾਰੀ, ਗ਼ਲਤ ਸੰਗਤ, ਗ਼ਰੀਬੀ ਆਦਿ ਹੋ ਸਕਦਾ ਹੈ।
ਅਸਲ ਵਿਚ ਜੇਕਰ ਮਨੁੱਖ ਅੰਦਰ ਦੂਸਰੇ ਮਨੁੱਖਾਂ ਪ੍ਰਤੀ ਪਿਆਰ, ਦਇਆ, ਸੰਤੋਖ, ਸਬਰ, ਨਿਮਰਤਾ, ਕਿਰਤ ਕਰਨਾ, ਬਰਾਬਰਤਾ ਨਾਲ ਦੇਖਣ ਵਰਗੇ ਗੁਣ ਆ ਜਾਣ ਤਾਂ ਉਸ ਮਨੁੱਖ ਨੂੰ ਸੰਤ ਮਹਾਤਮਾ ਕਹਿਣਾ ਬੇਲੋੜਾ ਨਹੀਂ ਹੋਵੇਗਾ।


-ਸੁਰਜੀਤ ਸਿੰਘ
ਪਿੰਡ ਦਿਲਾ ਰਾਮ, ਜ਼ਿਲ੍ਹਾ ਫ਼ਿਰੋਜ਼ਪੁਰ।


ਲੋਕ ਕਲਾਵਾਂ ਦੀ ਤ੍ਰਾਸਦੀ
ਜਦੋਂ ਮਨੁੱਖ ਨੇ ਜੰਗਲੀ ਜੀਵਨ ਛੱਡ ਕੇ ਪਿੰਡਾਂ/ਸ਼ਹਿਰਾਂ ਵਿਚ ਰਹਿਣਾ ਸ਼ੁਰੂ ਕੀਤਾ ਹੈ, ਉਦੋਂ ਹੀ ਉਸ ਨੇ ਆਪਣੇ ਗੁਜ਼ਰ-ਬਸਰ ਲਈ ਕਈ ਤਰ੍ਹਾਂ ਦੀਆਂ ਵਸਤੂਆਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ। ਇਹੀ ਵਸਤੂਆਂ ਦਾ ਨਿਰਮਾਣ ਹੌਲੀ-ਹੌਲੀ ਲੋਕ ਕਲਾਵਾਂ ਦਾ ਰੂਪ ਧਾਰਨ ਕਰ ਗਿਆ ਜੋ ਪੀੜ੍ਹੀ-ਦਰ-ਪੀੜ੍ਹੀ ਸਾਡੇ ਤੱਕ ਪਹੁੰਚ ਰਿਹਾ ਹੈ। ਪਰ ਅੱਜ ਦੇ ਮਸ਼ੀਨੀ ਯੁੱਗ ਵਿਚ ਇਹ ਲੋਕ ਕਲਾਵਾਂ ਦਮ ਤੋੜਦੀਆਂ ਜਾ ਰਹੀਆਂ ਹਨ ਅਤੇ ਇਸ ਦੇ ਸਿਰਜਕ ਮਾਯੂਸੀ ਦੇ ਆਲਮ ਵਿਚ ਹਨ। ਕੱਪੜੇ ਬੁਣਨਾ, ਦਰੀਆਂ ਬੁਣਨਾ, ਟੋਕਰੇ ਬਣਾਉਣਾ, ਮਿੱਟੀ ਦੇ ਭਾਂਡੇ, ਲੱਕੜ ਦੇ ਖਿਡੌਣੇ, ਕੱਤਣਾ, ਕਢਾਈ ਅਤੇ ਹੋਰ ਕਈ ਤਰ੍ਹਾਂ ਦਾ ਕਿੱਤਾ ਕਰਨ ਵਾਲੇ ਜਾਂ ਤਾਂ ਕੰੰਮ ਛੱਡ ਚੁੱਕੇ ਹਨ ਜਾਂ ਫਿਰ ਗਾਹਕ ਨਾ ਹੋਣ ਕਾਰਨ ਨਿਰਾਸ਼ ਹਨ। ਮਿਹਨਤ ਵੱਧ ਅਤੇ ਕਮਾਈ ਘੱਟ ਹੋਣ ਕਾਰਨ ਨਵੀਂ ਪੀੜ੍ਹੀ ਤਾਂ ਮੂਲੋਂ ਹੀ ਇਨ੍ਹਾਂ ਕਲਾਵਾਂ ਤੋਂ ਮੂੰਹ ਮੋੜ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹ ਦਸਤਕਾਰੀ ਜਾਂ ਲੋਕ ਕਲਾਵਾਂ ਬਿਲਕੁਲ ਖ਼ਤਮ ਹੋ ਜਾਣਗੀਆਂ। ਇਸ ਸਬੰਧੀ ਆਮ ਮਨੁੱਖ ਨੂੰ ਅਤੇ ਸਰਕਾਰਾਂ ਨੂੰ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ।
ਹਰ ਦਿਨ-ਤਿਉਹਾਰ 'ਤੇ ਹੱਥੀਂ ਬਣੀਆਂ ਵਸਤੂਆਂ ਦੀ ਖ਼ਰੀਦ ਕਰਕੇ ਅਸੀਂ ਇਨ੍ਹਾਂ ਕਲਾਵਾਂ ਨੂੰ ਬਚਾਉਣ ਵਿਚ ਸਹਾਈ ਹੋ ਸਕਦੇ ਹਾਂ। ਜੇਕਰ ਸਰਕਾਰ ਇਨ੍ਹਾਂ ਵਸਤੂਆਂ ਦੇ ਨਿਰਮਾਣ ਦਾ ਉੱਚਿਤ ਮੰਡੀਕਰਨ ਕਰਵਾਵੇ ਤਾਂ ਇਹ ਲੋਕ ਕਲਾਵਾਂ ਜੀਵਤ ਰਹਿ ਸਕਦੀਆਂ ਹਨ। ਨਹੀਂ ਤਾਂ ਛੇਤੀ ਹੀ ਇਹ 'ਅਜਾਇਬ ਘਰ' ਦਾ ਸ਼ਿੰਗਾਰ ਬਣ ਜਾਣਗੀਆਂ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

29-10-2019

 ਮੰਗ ਅਤੇ ਪੈਦਾਵਾਰ

ਮੰਗ ਅਤੇ ਪੈਦਾਵਾਰ ਇਕੋ ਸਿੱਕੇ ਦੇ ਦੋ ਪਹਿਲੂ ਹਨ। ਜਿੰਨੀ ਕਿਸੇ ਚੀਜ਼ ਦੀ ਮੰਗ ਵਧਦੀ ਹੈ, ਓਨੀ ਹੀ ਉਸ ਦੀ ਪੈਦਾਵਾਰ ਵਧਾਉਣੀ ਪੈਂਦੀ ਹੈ। ਜੇਕਰ ਕਿਸੇ ਚੀਜ਼ ਦੀ ਮੰਗ ਰਹੇ ਹੀ ਨਾ ਤਾਂ ਪੈਦਾਵਾਰ ਦੀ ਲੋੜ ਹੀ ਨਹੀਂ। ਭਾਵ ਬੇਲੋੜੀਆਂ ਚੀਜ਼ਾਂ ਪੈਦਾ ਕਰਨ ਦਾ ਕਿਸੇ ਨੂੰ ਭਲਾ ਕੀ ਲਾਭ? ਜਿਵੇਂ ਕਿ ਨਸ਼ਾ ਅਤੇ ਅਜੋਕੀ ਗਾਇਕੀ ਇਸ ਦੀਆਂ ਮੁਢਲੀਆਂ ਉਦਾਹਰਨਾਂ ਹਨ। ਨਸ਼ੇ ਦੀ ਜੇਕਰ ਮੰਗ ਹੈ ਤਾਂ ਹੀ ਪੈਦਾ ਹੋ ਰਿਹਾ ਹੈ। ਸਮਾਜ ਵਿਚ ਵਧੇਰੇ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ ਨਸ਼ੇ ਦੇ ਆਦੀ ਹੋ ਰਹੇ ਹਨ। ਇਸੇ ਕਰਕੇ ਹੀ ਨਸ਼ੇ ਦੀ ਪੈਦਾਵਾਰ ਵੀ ਵਧ ਰਹੀ ਹੈ। ਜੇਕਰ ਕੋਈ ਨਸ਼ਾ ਮੰਗੇ ਹੀ ਨਾ ਤਾਂ ਨਸ਼ੇ ਬਣਾਉਣ ਵਾਲੀਆਂ ਕੰਪਨੀਆਂ ਨਸ਼ਾ ਵੇਚਣਗੀਆਂ ਕਿਸ ਨੂੰ? ਇਸੇ ਤਰ੍ਹਾਂ ਪੰਜਾਬੀ ਗਾਇਕੀ ਵੀ ਹਥਿਆਰਾਂ, ਨਸ਼ਿਆਂ ਅਤੇ ਲੱਚਰਤਾ ਨਾਲ ਭਰੀ ਹੈ। ਕਿਉਂਕਿ ਸਮਾਜ ਦੀ ਮੰਗ ਹੀ ਇਹੋ ਜਿਹੀ ਹੈ। ਪੈਸੇ ਖਾਤਰ ਹਰ ਕੋਈ ਮੰਗ ਨੂੰ ਹੀ ਪੂਰ ਰਿਹਾ ਹੈ। ਇਹ ਸਾਰੀਆਂ ਸਮਾਜਿਕ ਬੁਰਾਈਆਂ ਹਨ ਜੋ ਕਿ ਸਮਾਜ ਨੂੰ ਹੀ ਇਕਜੁਟ ਹੋ ਕੇ ਖ਼ਤਮ ਕਰਨੀਆਂ ਪੈਣੀਆਂ ਹਨ।

-ਮਨਦੀਪ ਸਿੰਘ ਸ਼ੇਰੋਂ
ਸੁਨਾਮ, ਊਧਮ ਸਿੰਘ ਵਾਲਾ।

ਲੰਮੀ ਉਮਰ ਲਈ ਦੋਸਤਾਂ ਦੀ ਜ਼ਰੂਰਤ

ਲੰਮੀ ਉਮਰ ਜਿਊਣ ਲਈ ਸਿਰਫ ਚੰਗੇ ਭੋਜਨ ਜਾਂ ਨਿਰੰਤਰ ਕਸਰਤ ਹੀ ਜ਼ਰੂਰੀ ਨਹੀਂ ਹੈ ਸਗੋਂ ਦੋਸਤੀ ਦਾ ਘੇਰਾ ਵਧਾਉਣਾ ਬੇਹੱਦ ਜ਼ਰੂਰੀ ਹੈ। ਅੱਜਕਲ੍ਹ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਤਣਾਅ ਵਧ ਰਿਹਾ ਹੈ। ਜਿਸ ਕਾਰਨ ਕਈ ਬਿਮਾਰੀਆਂ ਦੇ ਚੁੰਗਲ 'ਚ ਅੱਜ ਦਾ ਇਨਸਾਨ ਆ ਰਿਹਾ ਹੈ। ਇਸ ਲਈ ਤਣਾਅ ਨੂੰ ਘੱਟ ਕਰਨ ਲਈ ਦੋਸਤਾਂ ਦਾ ਘੇਰਾ ਵਧਾਉਣ ਦੀ ਜ਼ਰੂਰਤ ਹੈ। ਦੋਸਤਾਂ ਨਾਲ ਕੀਤੀ ਗਈ ਗੱਪ-ਸ਼ੱਪ ਤਣਾਅ ਘੱਟ ਕਰਨ ਦਾ ਬਿਹਤਰ ਜ਼ਰੀਆ ਹੈ। ਦੋਸਤਾਂ ਨਾਲ ਖੁੱਲ੍ਹ ਕੇ ਕੀਤੀ ਗੱਲਬਾਤ ਨਾਲ ਤਣਾਅ, ਬੇਚੈਨੀ, ਚਿੜਚਿੜਾਪਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

-ਹਰਪ੍ਰੀਤ ਸਿੰਘ, ਨਾਭਾ ਕੈਂਡ।

ਪ੍ਰਦੂਸ਼ਣ ਦਾ ਖ਼ਤਰਨਾਕ ਪੱਧਰ

ਇਨ੍ਹਾਂ ਦਿਨਾਂ ਵਿਚ ਪੰਜਾਬ, ਹਰਿਆਣਾ, ਯੂ.ਪੀ. ਅਤੇ ਰਾਜਧਾਨੀ ਦਿੱਲੀ ਵਿਚ ਆਬੋ-ਹਵਾ ਇਸ ਕਦਰ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਲੋਕਾਂ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ। ਲੋਕਾਂ ਵਿਚ ਅੱਖਾਂ, ਕੰਨ, ਗਲਾ ਅਤੇ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਗਿਆ ਹੈ। ਬੇਸ਼ਕ ਇਕੱਲਾ ਤਾਂ ਨਹੀ ਕਿਹਾ ਜਾ ਸਕਦਾ ਪਰ ਤਾਂ ਵੀ ਇਸ ਵਧਦੇ ਪ੍ਰਦੂਸ਼ਣ ਦਾ ਇਕ ਅਹਿਮ ਕਾਰਨ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣਾ ਸਮਝਿਆ ਜਾ ਰਿਹਾ ਹੈ। ਜੇਕਰ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੀ ਪੁਰਜ਼ੋਰ ਕੋਸ਼ਿਸ਼ ਦੇ ਬਾਵਜੂਦ ਪਰਾਲੀ ਨੂੰ ਸਾੜਨ ਦਾ ਰੁਝਾਨ ਬਾਦਸਤੂਰ ਜਾਰੀ ਹੈ। ਘਟਣ ਦੀ ਥਾਂ 'ਤੇ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ 433 ਮਾਮਲੇ ਵੱਧ ਨੋਟ ਕੀਤੇ ਗਏ ਹਨ। ਇਸ ਸਬੰਧੀ ਡਾਕਟਰਾਂ ਨੇ ਤਾਂ ਲੋਕਾਂ ਨੂੰ ਮਾਸਕ ਪਹਿਨ ਕੇ ਬਾਹਰ ਨਿਕਲਣ ਦੀ ਤਾਕੀਦ ਕਰ ਦਿੱਤੀ ਹੈ। ਹੁਣ ਜਦੋਂ ਕਿ ਸਮੁੱਚਾ ਵਿਸ਼ਵ ਵਧ ਰਹੇ ਪ੍ਰਦੂਸ਼ਣ ਤੋਂ ਚਿੰਤਤ ਹੈ ਤਾਂ ਸਾਡੀ ਸਰਕਾਰ ਨੂੰ ਵੀ ਇਸ ਦੀ ਰੋਕਥਾਮ ਲਈ ਹੋਰ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਮੁੱਚਾ ਖਿੱਤਾ ਰਹਿਣ ਦੇ ਯੋਗ ਨਹੀਂ ਰਹੇਗਾ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਅਵਾਰਾ ਪਸ਼ੂਆਂ ਦਾ ਕਹਿਰ

ਅੱਜ ਪੰਜਾਬ 'ਚ ਅਵਾਰਾ ਪਸ਼ੂਆਂ ਦੀ ਇਹ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਰੋਜ਼ਾਨਾ ਇਨ੍ਹਾਂ ਅਵਾਰਾ ਪਸ਼ੂਆਂ ਦੇ ਕਹਿਰ ਕਾਰਨ ਸ਼ਹਿਰਾਂ ਅਤੇ ਸੜਕਾਂ 'ਤੇ ਮੌਤਾਂ ਹੋ ਰਹੀਆਂ ਹਨ। ਸੰਗਰੂਰ ਵਿਚ ਹੀ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ 9 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਹੋਰ ਸ਼ਹਿਰਾਂ ਵਿਚ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਪ੍ਰਸ਼ਾਸਨ ਤੇ ਸਰਕਾਰ 'ਤੇ ਇਸ ਦਾ ਕੋਈ ਅਸਰ ਨਹੀਂ। ਜੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕਹਿਰ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਹਰ ਆਮ ਨਾਗਰਿਕ ਦਾ ਸ਼ਹਿਰਾਂ 'ਚ ਜਾਣਾ ਮੁਸ਼ਕਿਲ ਹੋ ਜਾਵੇਗਾ। ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਖ਼ਤਰਨਾਕ ਹਾਦਸੇ ਨਾ ਵਾਪਰਨ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

ਆਸ ਦੀ ਕਿਰਨ

ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਰਚਨਾ 'ਕੈਨੇਡਾ ਦੀਆਂ ਚੋਣਾਂ 'ਚ ਟਰੂਡੋ ਦੀ ਜਿੱਤ' ਪੜ੍ਹੀ, ਕਾਬਲੇ ਗ਼ੌਰ ਸੀ। ਭਾਵੇਂ ਪੰਜਾਬ ਵਿਚ ਜ਼ਿਮਨੀ ਚੋਣਾਂ ਅਤੇ ਹਰਿਆਣਾ ਵਿਚ 21 ਅਕਤੂਬਰ ਨੂੰ ਵੋਟਾਂ ਪਈਆਂ ਸਨ। ਉਸੇ ਦਿਨ ਹੀ ਕੈਨੇਡਾ ਵਿਚ ਵੋਟਾਂ ਪਈਆਂ ਪਰ ਪੰਜਾਬੀਆਂ ਨੇ ਪੰਜਾਬ ਦੀਆਂ ਵੋਟਾਂ ਵਿਚ ਕੋਈ ਦਿਲਚਸਪੀ ਨਹੀਂ ਲਈ, ਸਾਰਿਆਂ ਦੀਆਂ ਨਜ਼ਰਾਂ ਟਰੂਡੋ ਸਰਕਾਰ ਨੂੰ ਦੁਬਾਰਾ ਜਿਤਾਉਣ 'ਤੇ ਸਨ ਤੇ ਅਰਦਾਸਾਂ ਕਰ ਰਹੇ ਸੀ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਟਰੂਡੋ ਸਰਕਾਰ ਨੂੰ ਵੋਟਾਂ ਪਾਉਣ ਲਈ ਆਗਾਹ ਕਰ ਰਹੇ ਸੀ। ਕਿਉਂਕਿ ਟਰੂਡੋ ਸਰਕਾਰ ਨੇ ਇਮੀਗ੍ਰੇਸ਼ਨ ਵਿਚ ਪੰਜਾਬੀਆਂ ਲਈ ਕਈ ਰਿਆਇਤਾਂ ਦਿੱਤੀਆਂ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਕੋਈ ਹੋਰ ਸਰਕਾਰ ਆ ਜਾਵੇਗੀ, ਇਮੀਗ੍ਰੇਸ਼ਨ ਵਿਚ ਸਖ਼ਤੀ ਹੋ ਜਾਵੇਗੀ। ਨੌਜਵਾਨ ਪੀੜ੍ਹੀ ਪੰਜਾਬ ਦੇ ਆਗੂਆਂ ਤੋਂ ਨਾਰਾਜ਼ ਹੈ। ਪੜ੍ਹ-ਲਿਖ ਕੇ ਨੌਕਰੀ ਨਹੀਂ ਮਿਲ ਰਹੀ, ਨਿਰਾਸ਼ਾ ਦੇ ਆਲਮ ਵਿਚ ਬਾਹਰ ਜਾ ਰਹੀ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਨਾਲੋਂ ਟਰੂਡੋ ਸਰਕਾਰ ਤੋਂ ਆਸ ਦੀ ਕਿਰਨ ਨਜ਼ਰ ਆਈ ਹੈ। ਪਰ ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀ ਸਾਰ ਲੈਣ ਲਈ ਸੰਜੀਦਗੀ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕੇ ਵਧ ਰਹੇ ਬਾਹਰ ਜਾਣ ਦੇ ਰੁਝਾਨ ਤੇ ਪੈਸੇ ਨੂੰ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਮਿਲਾਵਟਖ਼ੋਰੀ

ਅੱਜ ਜੇਕਰ ਆਪਾਂ ਬਾਜ਼ਾਰੀ ਖਾਣ-ਪੀਣ ਦੀਆਂ ਵਸਤੂਆਂ ਵੱਲ ਦੇਖੀਏ ਤਾਂ ਜਿਵੇਂ ਕਹਿ ਲਵੋ ਕਿ ਹਰ ਚੀਜ਼ ਵਿਚ ਹੀ ਮਿਲਾਵਟ ਹੈ ਅਤੇ ਲੱਗ ਰਿਹਾ ਹੋਵੇ ਜਿਵੇਂ ਆਪਾਂ ਖਾਣੇ ਦੇ ਨਾਲ-ਨਾਲ ਜ਼ਹਿਰ ਪਰੋਸ ਰਹੇ ਹੋਈਏ, ਜੋ ਮੁਨੱਖੀ ਜਾਨਾਂ ਲਈ ਬਹੁਤ ਘਾਤਕ ਰੂਪ ਧਾਰ ਰਿਹਾ ਹੈ। ਇਹ ਮਿਲਾਵਟ ਰੂਪੀ ਜ਼ਹਿਰ ਸਾਡੇ ਸਰੀਰ ਉੱਤੇ ਅਜਿਹਾ ਅਸਰ ਪਾਉਂਦੀ ਹੈ ਜਿਸ ਦਾ ਕਦੇ ਅਸੀਂ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ। ਸੋ, ਅਜਿਹੀ ਮਿਲਾਵਟਖੋਰੀ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਕਿਰਪਾ ਕਰਕੇ ਮਿਲਾਵਟਖੋਰਾਂ ਨੂੰ ਫੜਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

25-10-2019

 ਆਓ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

ਦੀਵਾਲੀ ਦਾ ਤਿਉਹਾਰ ਦੇਸ਼ ਦੇ ਕੋਨੇ-ਕੋਨੇ ਵਿਚ ਮਨਾਇਆ ਜਾਣਾ ਹੈ। ਇਸ ਮੌਕੇ ਜਿਥੇ ਲੋਕ ਮਿਲਾਵਟੀ ਮਿਠਾਈ ਦੀ ਖ਼ਰੀਦਦਾਰੀ ਕਰਨਗੇ, ਉਥੇ ਇਸ ਤਿਉਹਾਰ ਮੌਕੇ ਖੂਬ ਪਟਾਕੇ ਵੀ ਚਲਾਉਣਗੇ। ਸਾਨੂੰ ਦਿਵਾਲੀ ਲੰਘਣ ਤੋਂ ਬਾਅਦ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦਿਨ ਕਈ ਲੋਕ ਖੂਬ ਸ਼ਰਾਬ ਪੀਂਦੇ ਹਨ ਤੇ ਪੀ ਕੇ ਆਪਣੇ ਘਰ ਵਿਚ ਲੜਾਈ-ਝਗੜਾ ਕਰਦੇ ਹਨ। ਲੋਕਾਂ ਨੂੰ ਇਸ ਦਿਨ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਵਿਚ ਬੈਠ ਕੇ ਖੁਸ਼ੀ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਪਟਾਕਿਆਂ ਤੇ ਬਾਜ਼ਾਰੀ ਚੀਜ਼ਾਂ ਤੋਂ ਸਾਡੇ ਲੋਕਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਪਟਾਕੇ ਚਲਾ ਕੇ ਜਿਥੇ ਅਸੀਂ ਪੈਸੇ ਦੀ ਬਰਬਾਦੀ ਕਰਦੇ ਹਾਂ, ਉਥੇ ਪ੍ਰਦੂਸ਼ਣ ਵੀ ਆਪਣੀ ਸਿਹਤ ਲਈ ਮੁੱਲ ਲੈਂਦੇ ਹਾਂ ਤੇ ਦੂਜੇ ਬਾਜ਼ਾਰੀ ਮਿਠਾਈਆਂ ਨਾਲ ਅਸੀਂ ਬਿਮਾਰੀਆਂ ਸਹੇੜਦੇ ਹਾਂ। ਪਦਾਰਥਵਾਦੀ ਯੁੱਗ ਵਿਚ ਲੋਕ ਪੈਸਾ ਕਮਾਉਣ ਦੀ ਲੱਗੀ ਅੰਨ੍ਹੀ ਦੌੜ ਕਰਕੇ ਦੂਜੇ ਮਨੁੱਖਾਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗੇ ਹੋਏ ਹਨ। ਇਸ ਕਰਕੇ ਸਾਡੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੀਵਾਲੀ ਮੌਕੇ ਪਟਾਕੇ ਨਾ ਖਰੀਦਣ ਤੇ ਆਪਣੇ ਘਰ ਦੀਆਂ ਬਣੀਆਂ ਹੀ ਚੀਜ਼ਾਂ ਬਣਾ ਕੇ ਖਾਣ ਤੇ ਜਿਸ ਨਾਲ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ ਤੇ ਆਓ ਸਾਰੇ ਰਲ ਕੇ ਇੰਜ ਦੀਵਾਲੀ ਦਾ ਤਿਉਹਾਰ ਮਨਾਈਏ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

* ਦੀਵਾਲੀ ਦੇ ਤਿਉਹਾਰ ਨੂੰ ਕੁਝ ਕੁ ਹੀ ਦਿਨ ਬਚੇ ਹਨ। ਪਰ ਇਸ ਤਿਉਹਾਰ ਦੇ ਸਬੰਧ ਵਿਚ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਬਿਲਕੁਲ ਚੁੱਪ ਹਨ। ਇਸ ਦਿਨ ਨੂੰ ਧਾਰਮਿਕ ਮਹੱਤਤਾ ਨਾਲੋਂ ਮਨੋਰੰਜਨ ਨਜ਼ਰੀਏ ਨਾਲ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਕਿਉਂਕਿ ਲੋਕ ਇਸ ਦਿਨ ਖ਼ਰੀਦੋ-ਫਰੋਖ਼ਤ, ਖਾਂਦੇ-ਪੀਂਦੇ ਅਤੇ ਰਾਤ ਨੂੰ ਪਟਾਕੇ ਚਲਾਉਂਦੇ ਹਨ। ਪਟਾਕਿਆਂ ਸਬੰਧੀ ਹੁਣ ਤੱਕ ਕਿਸੇ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਕਿ ਪਟਾਕੇ ਚਲਾਉਣ ਦਾ ਟਾਈਮ ਕੀ ਹੋਵੇਗਾ, ਦੁਕਾਨਦਾਰ ਕਿਹੋ ਜਿਹੀ ਆਤਿਸ਼ਬਾਜ਼ੀ ਵੇਚ ਸਕਦੇ ਹਨ ਜਾਂ ਲੋਕਾਂ ਨੂੰ ਪ੍ਰਦੂਸ਼ਣ ਦਾ ਵਾਸਤਾ ਪਾ ਕੇ ਆਤਿਸ਼ਬਾਜ਼ੀ ਚਲਾਉਣ ਤੋਂ ਪ੍ਰਹੇਜ਼ ਕਰਨ ਲਈ ਉਤਸ਼ਾਹਿਤ ਕਰਨਾ ਆਦਿ। ਜਿਹੜੇ ਲੋਕ ਪਟਾਕੇ ਚਲਾਉਂਦੇ ਹਨ, ਉਹ ਉਨ੍ਹਾਂ ਲੋਕਾਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੰਦੇ ਹਨ, ਜਿਹੜੇ ਲੋਕ ਪਟਾਕੇ ਨਹੀਂ ਚਲਾਉਂਦੇ। ਸੋ, ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਟਾਕੇ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤੇ ਇਸ ਸ਼ੁੱਭ ਅਵਸਰ 'ਤੇ ਪੌਦੇ ਲਗਾਉਣ ਤੇ ਸਾਂਭਣ ਦੀ ਪਹਿਲ ਕਰਨੀ ਚਾਹੀਦੀ ਹੈ। ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਇਹ ਪਟਾਕੇ ਜਾਨਲੇਵਾ ਸਾਬਤ ਹੋ ਸਕਦੇ ਹਨ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ : ਗੁਰਦਾਸਪੁਰ।

* ਦੀਵਾਲੀ ਸਾਡੇ ਦੇਸ਼ ਦਾ ਮੁੱਖ ਤਿਉਹਾਰ ਹੈ। ਇਹ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਦਿਨ ਪਟਾਕਿਆਂ ਦੇ ਰੂਪ ਵਿਚ ਅਰਬਾਂ ਰੁਪਿਆਂ ਦਾ ਬਾਰੂਦ ਫੂਕਿਆ ਜਾਂਦਾ ਹੈ। ਇਸ ਨਾਲ ਸਾਡਾ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦਾ ਹੈ, ਇਹ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਇਸ ਨਾਲ ਪ੍ਰਦੂਸ਼ਣ ਦਾ ਲੈਵਲ ਆਮ ਦਿਨਾਂ ਨਾਲੋਂ ਕਈ ਗੁਣਾਂ ਵਧ ਜਾਂਦਾ ਹੈ। ਇਕ ਰਿਪੋਰਟ ਮੁਤਾਬਿਕ ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 14 ਸ਼ਹਿਰ ਸਾਡੇ ਦੇਸ਼ ਵਿਚ ਮੌਜੂਦ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਦੇਸ਼ ਵਿਚ ਪ੍ਰਦੂਸ਼ਣ ਪਹਿਲਾਂ ਹੀ ਕਾਫੀ ਜ਼ਿਆਦਾ ਹੈ। ਅਸੀਂ ਦੀਵਾਲੀ ਵਾਲੇ ਦਿਨ ਪਤਾ ਹੀ ਨਹੀਂ ਕਿੰਨੇ ਕੁ ਪਟਾਕੇ ਚਲਾਉਂਦੇ ਹਾਂ। ਇਨ੍ਹਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਗੈਸਾਂ ਦੇ ਨਾਲ ਆਮ ਵਿਅਕਤੀ ਨੂੰ ਸਾਹ ਲੈਣ ਵਿਚ ਤਕਲੀਫ਼ ਆਉਂਦੀ ਹੈ, ਅੱਖਾਂ ਵਿਚ ਜਲਣ ਹੁੰਦੀ ਹੈ, ਦਮ ਘੁਟਦਾ ਹੈ ਅਤੇ ਚਮੜੀ ਦੇ ਰੋਗ ਆਦਿ ਹੋ ਸਕਦੇ ਹਨ। ਦੂਸਰਾ ਪਟਾਕੇ ਫਟਣ ਨਾਲ ਸ਼ੋਰ ਪ੍ਰਦੂਸ਼ਣ ਹੁੰਦਾ ਹੈ। ਸਾਨੂੰ ਪਟਾਕਿਆਂ ਦੇ ਰੁਝਾਨ ਨੂੰ ਘੱਟ ਕਰਕੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

-ਗੁਰਚਰਨ ਸਿੰਘ ਉੱਪਲ।

* ਪੰਜਾਬ ਵਿਚ ਇਸ ਵਾਰ ਵੱਖ-ਵੱਖ ਥਾਵਾਂ 'ਤੇ ਪਟਾਕਾ ਫੈਕਟਰੀਆਂ ਵਿਚ ਹੋਏ ਧਮਾਕੇ ਕਾਰਨ ਕਈ ਘਰਾਂ ਦੇ ਚਿਰਾਗ ਸਦਾ ਲਈ ਬੁੱਝ ਗਏ ਹਨ ਅਤੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ, ਜਿਸ ਕਾਰਨ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ, ਸੜਕਾਂ, ਖਾਲੀ ਥਾਵਾਂ ਅਤੇ ਪਾਰਕਾਂ ਆਦਿ ਵਿਚ ਪੌਦੇ ਲਗਾ ਕੇ 'ਗਰੀਨ ਦੀਵਾਲੀ' ਮਨਾਉਣ। ਇਸ ਤੋਂ ਇਲਾਵਾ ਹਵਾ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਸਾਰਿਆਂ ਨੂੰ ਵਾਤਾਵਰਨ ਅਤੇ ਸਵੱਛਤਾ ਨੂੰ ਮੁੱਖ ਰੱਖਦੇ ਹੋਏ ਵਾਤਾਵਰਨ ਪ੍ਰਤੀ ਅਨੁਕੂਲ ਹੀ ਪਟਾਕੇ ਚਲਾਉਣੇ ਚਾਹੀਦੇ ਹਨ। ਜ਼ਿਆਦਾ ਆਵਾਜ਼ ਕਰਨ ਵਾਲੇ ਖ਼ਤਰਨਾਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੁਹੱਲੇ ਵਿਚ ਖੁੱਲ੍ਹੀ ਥਾਂ ਜਾਂ ਘਰ ਵਿਚ ਸੁਰੱਖਿਅਤ ਥਾਂ 'ਤੇ ਹੀ ਪਟਾਕੇ ਚਲਾਉਣੇ ਚਾਹੀਦੇ ਹਨ। ਬੱਚਿਆਂ ਨੂੰ ਵੀ ਦੇਖ-ਰੇਖ ਹੇਠ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜੇਕਰ ਹੋ ਸਕੇ ਤਾਂ ਨੇੜੇ-ਤੇੜੇ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਤਾਂ ਜੋ ਅਣਮਨੁੱਖੀ ਘਟਨਾ ਨਾ ਵਾਪਰ ਸਕੇ ਅਤੇ ਸਾਰਿਆਂ ਦੀ ਜਾਨ-ਮਾਲ ਦੀ ਹਿਫਾਜ਼ਤ ਹੋ ਸਕੇ। ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ, ਗੁਰਪੁਰਬ ਅਤੇ ਪ੍ਰਭਾਤ-ਫੇਰੀਆਂ 'ਤੇ ਵੀ ਭਾਰੀ ਆਤਿਸ਼ਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਰਹਿਤ ਹੀ ਪਟਾਕੇ ਚਲਾਉਣੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਰਕਾਰੀ ਵਿਕਾਸ ਮਾਡਲ....?

ਪਿਛਲੇ ਦਿਨੀਂ ਨਵਤੇਜ ਸਿੰਘ ਮੱਲ੍ਹੀ ਦਾ ਲਿਖਿਆ ਲੇਖ 'ਲੋਕ ਪੱਖੀ ਨਹੀਂ ਹੈ ਅਜੋਕਾ ਵਿਕਾਸ ਮਾਡਲ' ਸਰਕਾਰੀ ਵਿਕਾਸ ਮਾਡਲ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਅਜੋਕਾ ਵਿਕਾਸ ਮਾਡਲ ਸਿਰਫ ਲਾਰੇ ਲੱਪਿਆਂ ਦਾ ਵਿਕਾਸ ਹੈ। ਵਿਕਾਸ ਤਾਂ ਅਸਲ ਵਿਚ ਵੱਡੇ-ਵੱਡੇ ਘਰਾਣਿਆਂ ਦਾ ਹੀ ਹੋ ਰਿਹਾ ਹੈ। ਲੋਕਾਂ ਨਾਲ ਜਿਹੜੇ ਵਿਕਾਸ ਦੇ ਵਾਅਦੇ ਕੀਤੇ ਜਾਂਦੇ ਹਨ, ਉਹ ਅਸਲ ਵਿਚ ਕਾਗਜ਼ਾਂ ਦੀ ਰੱਦੀ ਬਣ ਕੇ ਰਹਿ ਜਾਂਦੇ ਹਨ। ਸਰਕਾਰੀ ਵਿਕਾਸ ਮਾਡਲ ਨੂੰ ਅਸੀਂ ਸਹੀ ਤਾਂ ਹੀ ਕਹਿ ਸਕਦੇ ਹਾਂ ਜੇਕਰ ਸਮਾਜ ਦੇ ਸਭ ਲੋਕ ਖੁਸ਼ਹਾਲ ਹੋਣ।

-ਹਰਨੰਦ ਸਿੰਘ ਭੁੱਲਰ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

24-10-2019

 ਜਦ ਵਾੜ ਹੀ ਖੇਤ ਨੂੰ ਖਾਣ ਲੱਗੇ
ਪੰਜਾਬ ਦੇ (ਸਰਕਾਰੀ) ਸਕੂਲਾਂ ਵਿਚ ਸਮਾਰਟ ਸਕੂਲ ਦੇ ਨਾਂਅ 'ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਮੀਡੀਅਮ ਰਖਵਾਉਣ ਲਈ ਸਕੂਲ ਮੁਖੀਆਂ, ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਸੂਬੇ ਦੇ ਮਾਣਯੋਗ ਮੁੱਖ ਮੰਤਰੀ ਦਾ ਅੰਗਰੇਜ਼ੀ ਨਾਲ ਕਿੰਨਾ ਮੋਹ ਹੈ, ਬਾਰੇ ਸਾਨੂੰ ਸਭ ਨੂੰ ਪਤਾ ਹੀ ਹੈ। ਲਗਦਾ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਸਿੱਖਿਆ ਸੁਧਾਰ ਦੇ ਨਾਂਅ 'ਤੇ ਵੱਡੇ ਸਿੱਖਿਆ ਅਧਿਕਾਰੀਆਂ ਨੂੰ ਸਕੂਲ ਅੰਗਰੇਜ਼ੀ ਮੀਡੀਅਮ ਕਰਨ ਦੇ ਸਬਜ਼ਬਾਗ ਦਿਖਾਉਣ ਲਈ ਥਾਪੜਾ ਦਿੱਤਾ ਹੋਇਆ। ਇਸ ਬਾਰੇ ਸਾਡੇ ਵੱਡੇ ਅਤੇ ਪ੍ਰਸਿੱਧ ਲੇਖਕ, ਕਵੀ, ਪੱਤਰਕਾਰ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ, ਪ੍ਰਚਾਰ ਨੂੰ ਲੱਗ ਰਹੇ ਖੋਰੇ ਬਾਰੇ ਚੁੱਪ ਹਨ। ਮਾਂ-ਬੋਲੀ ਨਾਲ ਮੋਹ ਵਿਦੇਸ਼ ਜਾ ਕੇ ਹੀ ਜਾਗਦਾ ਹੈ। ਜੇਕਰ ਸਰਕਾਰ ਸੱਚੀਂ ਪੰਜਾਬੀਆਂ ਦੀ ਸਿੱਖਿਆ ਲਈ ਸੁਹਿਰਦ, ਫ਼ਿਕਰਮੰਦ ਹੈ ਤਾਂ ਹਰ ਸਰਕਾਰੀ ਸਕੂਲ ਵਿਚ ਸਭ ਪੋਸਟਾਂ ਨੂੰ ਰੈਗੂਲਰ ਭਰਿਆ ਜਾਵੇ। ਅੰਗਰੇਜ਼ੀ ਭਾਸ਼ਾ ਪ੍ਰਤੀ ਹੇਜ਼ ਪੂਰਾ ਕਰਨ ਲਈ ਹਰ ਪ੍ਰਾਇਮਰੀ ਸਕੂਲ ਵਿਚ ਅੰਗਰੇਜ਼ੀ ਅਧਿਆਪਕਾਂ ਦੀ ਪੋਸਟ ਦਿੱਤੀ ਜਾਵੇ। ਅੰਗਰੇਜ਼ੀ ਬਾਕੀ ਭਾਸ਼ਾਵਾਂ ਵਾਂਗ ਇਕ ਭਾਸ਼ਾ ਹੈ ਨਾ ਕਿ ਬੁੱਧੀਮਾਨ ਹੋਣ ਦਾ ਸਰਟੀਫਿਕੇਟ। ਭਾਰਤ ਦੇ ਦੱਖਣੀ ਰਾਜਾਂ ਵਿਚ ਸਰਕਾਰੀ ਕੰਮ ਕਾਜ ਮਾਤ-ਭਾਸ਼ਾ ਵਿਚ ਹੁੰਦਾ, ਮੰਤਰੀ ਵੀ ਦੱਬ ਕੇ ਆਪਣੇ ਦੱਖਣੀ ਪਹਿਰਾਵੇ ਦੇ ਨਾਲ-ਨਾਲ ਆਪਣੀ ਮਾਤ ਭਾਸ਼ਾ ਬੋਲਦੇ ਨੇ। ਸਾਡਾ ਗੁਆਂਢੀ ਦੇਸ਼ ਚੀਨ ਵੀ ਚੀਨੀ ਭਾਸ਼ਾ ਦਾ ਪ੍ਰਯੋਗ ਕਰਕੇ ਵਿਕਾਸ ਦੀਆਂ ਮੱਲਾਂ ਮਾਰ ਰਿਹਾ। ਫਿਰ ਪੰਜਾਬ ਸਰਕਾਰ, ਪੰਜਾਬ ਸਿੱਖਿਆ ਵਿਭਾਗ ਕਿਉਂ ਸਕੂਲਾਂ ਦੀ ਦਸ਼ਾ ਸੁਧਾਰਨ ਦੀ ਬਜਾਏ ਸਾਡੀ ਮਾਂ-ਬੋਲੀ ਪੰਜਾਬੀ ਦੇ ਖ਼ਾਤਮੇ ਲਈ ਰਾਹ ਪੱਧਰਾ ਕਰਨ ਲੱਗਾ ਹੋਇਆ ਹੈ? ਤ੍ਰਾਸਦੀ ਹੈ ਕਿ ਕਈ ਪ੍ਰਾਈਵੇਟ ਸਕੂਲਾਂ ਵਿਚ ਮਾਂ-ਬੋਲੀ ਪੰਜਾਬੀ ਬੋਲਣ 'ਤੇ ਜੁਰਮਾਨਾ ਲਾਇਆ ਜਾਂਦਾ ਹੈ। ਸਾਡੇ ਵਿਦਵਾਨ, ਬੁੱਧੀਜੀਵੀ, ਲੇਖਕ ਅਤੇ ਕਵੀ ਸਾਡੇ ਵਿਭਾਗ ਦੀ ਯੋਗ ਅਗਵਾਈ ਕਰਕੇ ਸਿੱਖਿਆ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਪ੍ਰਚਾਰ ਲਈ ਸੱਚੇ ਦਿਲੋਂ ਉੱਦਮ ਕਰਕੇ ਮਾਂ ਬੋਲੀ ਦੇ ਸਪੁੱਤਰ ਹੋਣ ਦਾ ਸਬੂਤ ਦੇਣ।

-ਅਮਰਪ੍ਰੀਤ ਸਿੰਘ ਝੀਤਾ, ਨੰਗਲ ਅੰਬੀਆ।

ਡਿਸਪੋਜ਼ਲ ਦੀ ਵਰਤੋਂ ਘੱਟ ਕਰੋ
ਅੱਜਕਲ੍ਹ ਬਹੁਤੇ ਸਮਾਜਿਕ ਪ੍ਰੋਗਰਾਮਾਂ ਵਿਚ ਡਿਸਪੋਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਭਾਵੇਂ ਉਹ ਪਲਾਸਟਿਕ ਦੇ ਬਣੇ ਗਲਾਸ, ਚਮਚੇ ਜਾਂ ਕੌਲੀਆਂ ਹੋਣ। ਇਸ ਤੋਂ ਬਿਨਾਂ ਥਰਮਕੋਲ ਨਾਲ ਬਣਾਏ ਜਾਂਦੇ ਗਲਾਸ ਅਤੇ ਹੋਰ ਸਾਮਾਨ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪ੍ਰਕਾਰ ਦੇ ਡਿਸਪੋਜ਼ਲ ਵਿਚ ਖਾਣਾ ਖਾਣ ਨਾਲ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਕਿਉਂਕਿ ਪਲਾਸਟਿਕ ਜਾਂ ਥਰਮਾਕੋਲ ਨਾਲ ਬਣੇ ਬਰਤਨ ਦੀ ਵਰਤੋਂ ਖਾਣਾ ਖਾਣ ਲਈ ਜਾਂ ਪਾਣੀ ਪੀਣ ਲਈ ਕਰਨ ਨਾਲ ਇਹ ਆਪਣਾ ਕੁਝ ਨਾ ਕੁਝ ਅਸਰ ਛੱਡਦੇ ਹਨ, ਜੋ ਕਿ ਇਨਸਾਨੀ ਸਰੀਰ ਵਿਚ ਲਗਾਤਾਰ ਜਾ ਕੇ ਇਨਸਾਨ ਨੂੰ ਬਿਮਾਰ ਕਰਦਾ ਹੈ। ਅਕਸਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਇਸ ਦੀ ਵਰਤੋਂ ਕਰਨ ਤੋਂ ਬਾਅਦ ਡਿਸਪੋਜ਼ਲ ਨੂੰ ਸੜਕਾਂ ਦੇ ਆਲੇ-ਦੁਆਲੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਇਹ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਦਾ ਹੈ, ਉਥੇ ਹੀ ਅਵਾਰਾ ਜਾਨਵਰਾਂ ਅਤੇ ਪੰਛੀਆਂ ਵਲੋਂ ਭੋਜਨ ਦੀ ਤਲਾਸ਼ ਵਿਚ ਇਸ ਜਗ੍ਹਾ 'ਤੇ ਆਪਣੇ ਡੇਰੇ ਲਾ ਲਏ ਜਾਂਦੇ ਹਨ। ਜੇ ਇਸ ਨੂੰ ਸਾੜਿਆ ਵੀ ਜਾਂਦਾ ਹੈ ਤਾਂ ਇਸ ਤੋਂ ਨਿਕਲਿਆ ਧੂੰਆਂ ਇਨਸਾਨੀ ਸਿਹਤ ਅਤੇ ਵਾਤਾਵਰਨ ਲਈ ਖ਼ਤਰਨਾਕ ਸਾਬਤ ਹੁੰਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਡਿਸਪੋਜ਼ਲ ਦੀ ਵਰਤੋਂ ਘੱਟ ਤੋਂ ਘੱਟ ਕਰੀਏ, ਇਸ ਨਾਲ ਅਸੀਂ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਚਮਕਦੇ ਸੇਬ ਨਾਲ ਕੈਂਸਰ ਦਾ ਖ਼ਤਰਾ
ਕਹਿੰਦੇ ਹਨ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਂਜ ਹੀ ਹਰ ਚਮਕਦਾ ਸੇਬ ਫਾਇਦੇਮੰਦ ਨਹੀਂ ਹੁੰਦਾ। ਬਾਜ਼ਾਰ 'ਚ ਵਿਕਣ ਵਾਲੇ ਚਮਕਦਾਰ ਸੇਬਾਂ 'ਤੇ ਕੈਮੀਕਲ ਵੈਕਸ ਦੀ ਤਹਿ ਚੜ੍ਹਾ ਕੇ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ ਅਤੇ ਜੇਕਰ ਤੁਸੀਂ ਇਸ ਦੀ ਸੁੰਦਰਤਾ ਦੇ ਚੱਕਰ ਵਿਚ ਇਸ ਨੂੰ ਵਧੀਆ ਅਤੇ ਸਾਫ਼-ਸੁਥਰਾ ਮੰਨ ਕੇ ਖਰੀਦ ਰਹੇ ਹੋ ਤਾਂ ਤੁਸੀਂ ਆਪਣੀ ਸਿਹਤ ਨਾਲ ਸਮਝੌਤਾ ਕਰ ਰਹੇ ਹੋ। ਸੇਬ 'ਤੇ ਦਿੱਤੀ ਜਾਣ ਵਾਲੀ ਇਹ ਕੈਮੀਕਲ ਵੈਕਸ ਦੀ ਕੋਟਿੰਗ ਲਿਵਰ ਅਤੇ ਕਿਡਨੀ 'ਤੇ ਅਸਰ ਪਾਉਂਦੀ ਹੈ, ਜਿਸ ਦੇ ਨਾਲ ਕੈਂਸਰ ਵਰਗਾ ਜਾਨਲੇਵਾ ਰੋਗ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੈਮੀਕਲ ਕੋਟਿੰਗ ਵਾਲੇ ਸੇਬ ਦੀ ਵਿਕਰੀ ਦੀ ਰੋਕਥਾਮ ਲਈ ਕਈ ਵਾਰ ਅਭਿਆਨ ਚਲਾਏ ਜਾਂਦੇ ਹਨ ਅਤੇ ਕੁਝ ਦਿਨ ਬਾਅਦ ਬਿਮਾਰੀਆਂ ਫੈਲਾਉਣ ਵਾਲੇ ਇਹ ਸੇਬ ਫਿਰ ਤੋਂ ਬਾਜ਼ਾਰ ਵਿਚ ਵਿਕਣ ਲਗਦੇ ਹਨ। ਅੱਜਕਲ੍ਹ ਬਾਜ਼ਾਰਾਂ ਵਿਚ ਸੇਬ 'ਤੇ ਕੈਮੀਕਲ ਵਾਲੇ ਵੈਕਸ ਦੀ ਮੋਟੀ ਤਹਿ ਚੜ੍ਹੀ ਮਿਲਦੀ ਹੈ। ਨਿਯਮ ਦੇ ਅਨੁਸਾਰ ਨੈਚੂਰਲ ਵੈਕਸ ਅਤੇ ਵੈਜੀਟੇਬਲ ਵੈਕਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਜ਼ਿਆਦਾਤਰ ਦੁਕਾਨਦਾਰ ਕੈਮੀਕਲ ਵੈਕਸ ਦਾ ਇਸਤੇਮਾਲ ਕਰਦੇ ਹਨ, ਜੋ ਸਾਡੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੈ।

-ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ, ਜ਼ਿਲ੍ਹਾ ਫਿਰੋਜ਼ਪੁਰ।

550ਵਾਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੇ ਵਿਸ਼ਵ ਵਿਚ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਸਦਾ ਲਈ ਪ੍ਰੇਰਨਾ ਸਰੋਤ ਬਣੇ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਨ ਨੂੰ ਮਨਾਉਂਦਿਆਂ ਇਸ ਨੂੰ ਪ੍ਰੇਰਨਾ ਵਜੋਂ ਲਿਆ ਜਾਣਾ ਚਾਹੀਦਾ ਹੈ। ਸਮਾਜ ਵਿਚ ਪੈਦਾ ਹੋਈਆਂ ਨਾਂਹ-ਪੱਖੀ ਕਦਰਾਂ-ਕੀਮਤਾਂ ਨੂੰ ਨਕਾਰਿਆ ਜਾਣਾ ਚਾਹੀਦਾ ਹੈ। ਸਾਡੇ ਲਈ ਇਸ ਇਤਿਹਾਸਕ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣਾ ਬਣਦਾ ਹੈ। ਪਾਕਿਸਤਾਨ ਸਰਕਾਰ ਵੀ ਪ੍ਰਸੰਸਾ ਦੀ ਪਾਤਰ ਹੈ, ਜੋ 550ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਲਈ ਸਹਿਯੋਗ ਦੇ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪਾਕਿਸਤਾਨ ਵਲੋਂ ਭਾਰਤ ਨੂੰ ਦਿੱਤਾ ਜਾ ਰਿਹਾ ਇਕ ਤੋਹਫ਼ਾ ਹੈ। ਸ਼ਾਇਦ ਇਹ ਲਾਂਘਾ ਹੀ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮੇਲ ਵਿਚ ਸਹਾਈ ਹੋ ਸਕੇ।

-ਪ੍ਰਵਿੰਦਰ ਕੌਰ, ਰਾਏਕੋਟ।

ਪੰਜਾਬ ਵਿਚ ਪੂੰਜੀ ਕਿਉਂ ਨਹੀਂ ਲਾਉਂਦੇ?
ਪੰਜਾਬ ਦੀ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਅਤੇ ਨਿੱਘਰਦੀ ਜਾ ਰਹੀ ਹੈ। ਰੁਜ਼ਗਾਰ ਦੀ ਭਾਲ 'ਚ ਨੌਜਵਾਨੀ ਵਿਦੇਸ਼ੀ ਉਡਾਰੀਆਂ ਮਾਰ ਰਹੀ ਹੈ। ਸਰਕਾਰਾਂ ਇਸ ਭਵਿੱਖੀ ਚੁਣੌਤੀ ਨੂੰ ਸਹਿਜ ਲੈ ਕੇ ਸਿਰਫ ਵੋਟ ਬੈਂਕਾਂ ਦੀ ਸਥਾਪਿਤੀ ਲਈ ਯਤਨਸ਼ੀਲ ਹਨ। ਹੁਕਮਰਾਨਾਂ ਵਲੋਂ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਕੋਸ਼ਿਸ਼ਾਂ ਵੀ ਅਸਫ਼ਲ ਸਿੱਧ ਹੋ ਰਹੀਆਂ ਹਨ। ਪ੍ਰਵਾਸੀ ਪੰਜਾਬੀ ਵੀ ਪੰਜਾਬ ਤੋਂ ਮੋਹ ਭੰਗ ਕਰੀ ਬੈਠੇ ਹਨ। ਇਸੇ ਦੁਖਾਂਤ ਦੀ ਰੌਸ਼ਨੀ 'ਚ ਬੀਤੇ ਦਿਨੀਂ 'ਅਜੀਤ' 'ਚ ਛਪਿਆ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ 'ਪੰਜਾਬ 'ਚ ਪੂੰਜੀ ਕਿਉਂ ਨਹੀਂ ਲਾਉਂਦੇ ਪ੍ਰਵਾਸੀ ਪੰਜਾਬੀ?' ਪੜ੍ਹਿਆ।
ਲੇਖਕ ਨੇ ਪੰਜਾਬੀਅਤ ਦਾ ਵਿਦੇਸ਼ਾਂ 'ਚ ਝੰਡਾ ਬਰਦਾਰ ਕਰਨ ਦੇ ਜਿੱਥੇ ਸੋਹਿਲੇ ਗਾਏ ਹਨ, ਉਥੇ ਹੁਕਮਰਾਨਾਂ ਦੀਆਂ ਪ੍ਰਵਾਸੀਆਂ ਪ੍ਰਤੀ ਅਣਦੇਖੀਆਂ ਨੂੰ ਉਜਾਗਰ ਕੀਤਾ ਹੈ। ਹਰ ਕੰਮ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਹਰ ਉਦਯੋਗਪਤੀ ਇਥੋਂ ਦੇ ਸਿਸਟਮ ਦੀ ਮਾਰ ਨਹੀਂ ਰਹਿ ਸਕਦਾ। ਮੌਕੇ ਦੀਆਂ ਸਰਕਾਰਾਂ ਨੂੰ ਆਪਣੀ ਠਾਠ-ਬਾਠ ਦੀ ਜ਼ਿੰਦਗੀ ਅਤੇ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸੂਬਿਆਂ ਦੀ ਭਲਾਈ ਲਈ ਸੁਹਿਰਦਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਪ੍ਰਵਾਸ ਨੂੰ ਰੋਕਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ।

-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

23-10-2019

 ਹੌਸਲਾ ਸਫਲਤਾ ਦੀ ਪੌੜ੍ਹੀ ਹੈ
ਕਹਿੰਦੇ ਹਨ ਕਾਮਯਾਬੀ ਸਰੀਰਕ ਬਣਤਰ ਨਾਲ ਨਹੀਂ, ਸਗੋਂ ਮਿਹਨਤ ਤੇ ਹੌਸਲੇ ਨਾਲ ਮਿਲਦੀ ਹੈ ਪਰ ਅੱਜ ਸਰੀਰਕ ਬਣਤਰ ਤੋਂ ਠੀਕ ਤੇ ਤੰਦਰੁਸਤ ਨੌਜਵਾਨ ਵੀ ਨਿੱਕੀ ਜਿਹੀ ਗੱਲ 'ਤੇ ਹੌਸਲਾ ਛੱਡ ਦਿੰਦਾ ਹੈ। ਸਾਡੀ ਜ਼ਿੰਦਗੀ ਵਿਚ ਕਦੇ ਨਾ ਕਦੇ ਅਜਿਹਾ ਸਮਾਂ ਆ ਜਾਂਦਾ ਹੈ ਜੋ ਕਦੇ ਨਹੀਂ ਸੋਚਿਆ ਹੁੰਦਾ।
ਜੋ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਬਦਲ ਜਾਂਦਾ ਹੈ ਜਾਂ ਕਹੋ ਤਾਂ ਜਦ ਕੋਈ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਇਹ ਸੋਚਦਾ ਹੈ ਕਿ ਮੇਰੀ ਜ਼ਿੰਦਗੀ ਖ਼ਤਮ ਹੈ ਜਾਂ ਫਿਰ ਉਹ ਕਿਸੇ ਦਾ ਮੁਹਤਾਜ਼ ਬਣ ਗਿਆ ਹੈ ਪਰ ਇਹ ਹੀ ਉਹ ਸਮਾਂ ਹੁੰਦਾ ਹੈ ਜਦ ਹੌਸਲੇ ਨੂੰ ਵਧਾਉਣਾ ਚਾਹੀਦਾ ਹੈ। ਮਿਸਾਲ ਕਾਇਮ ਕਰਕੇ ਤੇ ਦੂਜਿਆਂ ਲਈ ਇਕ ਉਦਾਹਰਨ ਬਣ ਕੇ ਸਾਹਮਣੇ ਆਈ ਪ੍ਰਾਂਜਲ ਪਾਟਿਲ ਜੋ ਪਹਿਲੀ ਨੇਤਰਹੀਣ ਮਹਿਲਾ ਆਈ.ਏ.ਐਸ. ਬਣੀ। ਛੇ ਸਾਲ ਦੀ ਉਮਰ ਤੋਂ ਨੇਤਰਹੀਣ ਪ੍ਰਾਂਜਲ ਸਾਡੇ ਸਾਰਿਆਂ ਲਈ ਇਕ ਅਜਿਹੀ ਮਿਸਾਲ ਹੈ ਜਿਸ ਨੂੰ ਵੇਖ ਕੇ ਇਕ ਤੰਦਰੁਸਤ ਸਰੀਰ ਵੀ ਸੁਪਨੇ ਪੂਰੇ ਕਰਨ ਤੁਰ ਪਵੇ। ਇਸ ਲਈ ਸਾਨੂੰ ਜ਼ਿੰਦਗੀ ਦੇ ਹਰ ਇਕ ਮੋੜ ਲਈ ਤਿਆਰ ਤੇ ਸਾਕਾਰਾਤਮਿਕ ਸੋਚ ਰੱਖਣੀ ਚਾਹੀਦੀ ਹੈ।


-ਜਾਨਵੀ ਬਿੱਠਲ, ਜਲੰਧਰ।


ਮਿਲਾਵਟੀ ਚੀਜ਼ਾਂ ਦਾ ਬੋਲਬਾਲਾ
ਜਿਵੇਂ ਹੀ ਅੱਸੂ ਦੇ ਨੌਰਾਤੇ ਹੁੰਦੇ ਹਨ ਤਾਂ ਲੋਕਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਬਾਜ਼ਾਰਾਂ 'ਚ ਚਹਿਲ-ਪਹਿਲ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਰੀਦਦੇ ਹਨ ਪਰ ਅੱਜ ਦੇ ਸਮੇਂ ਵਿਚ ਮਹਿੰਗਾਈ ਬਹੁਤ ਵਧ ਗਈ ਹੈ। ਭਾਰਤ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਮਿਲਾਵਟ ਦਾ ਵੀ ਪੂਰਾ ਬੋਲਬਾਲਾ ਹੋ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਮਿਲਾਵਟੀ ਸਾਮਾਨ ਬਹੁਤ ਵਿਕਦਾ ਹੈ। ਚਾਹੇ ਉਹ ਸੋਨੇ ਦਾ, ਸਟੀਲ ਦਾ, ਮਿਠਾਈ ਜਾਂ ਕੱਪੜਾ। ਅਸੀਂ ਅਕਸਰ ਸੁਣਦੇ ਹੀ ਹਾਂ ਕਿ ਸਿਹਤ ਵਿਭਾਗ ਵਾਲੇ ਮਠਿਆਈਆਂ ਦੇ ਗੋਦਾਮਾਂ 'ਤੇ ਛਾਪੇ ਮਾਰਦੇ ਹਨ ਤੇ ਕੁਇੰਟਲਾਂ ਦੇ ਹਿਸਾਬ ਨਾਲ ਮਿਠਾਈ ਜ਼ਬਤ ਕਰਦੇ ਹਨ। ਹਲਵਾਈਆਂ ਦੇ ਫਿਰ ਜੁਰਮਾਨੇ ਠੋਕੇ ਜਾਂਦੇ ਹਨ। ਸਿਹਤ ਵਿਭਾਗ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਘਰ ਦੀਆਂ ਬਣੀਆਂ ਚੀਜ਼ਾਂ ਦੇਸੀ ਹਲਵਾ, ਮਿੱਠੇ ਚਾਵਲ ਖਾਣੇ ਚਾਹੀਦੇ ਹਨ। ਹੋ ਸਕੇ ਤਾਂ ਜਲੇਬੀ ਜਾਂ ਅਮਰਤੀ ਖਾਓ। ਜੇ ਕਿਸੇ ਨੂੰ ਉਪਹਾਰ ਦੇਣਾ ਹੈ ਤਾਂ ਕੋਈ ਵਧੀਆ ਕਿਤਾਬ ਦੇਵੋ, ਜਿਸ ਨਾਲ ਉਸ ਦੇ ਗਿਆਨ ਵਿਚ ਵਾਧਾ ਹੋਵੇਗਾ।


-ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ, ਡੇਰਾਬੱਸੀ (ਮੁਹਾਲੀ)।


'ਡਿਸਕਾਊਂਟ ਸਕੀਮਾਂ' ਵਿਚ ਉਲਝੀ ਮਾਨਸਿਕਤਾ
ਅਜੋਕਾ ਵਪਾਰ ਇਸ਼ਤਿਹਾਰਬਾਜ਼ੀ ਦੇ ਸਹਾਰੇ ਵਧਦਾ ਫੁਲਦਾ ਹੈ। ਹਰ ਅਖ਼ਬਾਰ, ਟੀ.ਵੀ. ਚੈਨਲ, ਮੈਗਜ਼ੀਨ, ਸੋਸ਼ਲ ਸਾਈਟਾਂ, ਜਨਤਕ ਥਾਵਾਂ 'ਤੇ ਹੋਰਡਿੰਗਜ਼ ਅਤੇ ਢੰਡੋਰਚੀ ਵੱਖ-ਵੱਖ ਉਤਪਾਦਾਂ ਦਾ ਖੂਬ ਪ੍ਰਚਾਰ ਕਰਦੇ ਹਨ। ਇਹ ਇਸ਼ਤਿਹਾਰ ਹਰ ਏਜ ਗਰੁੱਪ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਜਾਂਦੇ ਹਨ। ਜਿਵੇਂ ਹੀ ਕੋਈ ਲੋਕ ਲੁਭਾਊ 'ਡਿਸਕਾਊਂਟ' ਸਬੰਧੀ ਸਕੀਮ ਸ਼ੁਰੂ ਹੁੰਦੀ ਹੈ ਤਾਂ ਲੋਕ ਬਿਨਾਂ ਵਜ੍ਹਾ ਹੀ ਖਰੀਦਦਾਰੀ ਸ਼ੁਰੂ ਕਰ ਦਿੰਦੇ ਹਨ। ਬਿਨਾਂ ਲੋੜ ਤੋਂ ਛੋਟੀ ਜਾਂ ਵੱਡੀ ਵਸਤੂ ਖਰੀਦਣੀ ਕੋਈ ਸਮਝਦਾਰੀ ਨਹੀਂ ਹੈ। ਅੱਜ ਦੇ ਸਮੇਂ ਵਿਚ ਕੋਈ ਵਸਤੂ ਅਜਿਹੀ ਨਹੀਂ ਹੈ ਜੋ ਮੁੜ ਕੇ ਨਾ ਮਿਲਣ ਵਾਲੀ ਹੋਵੇ।
ਅਸੀਂ ਲੋਕ ਇਨ੍ਹਾਂ ਲੁਭਾਉਣੀਆਂ ਸਕੀਮਾਂ ਰਾਹੀਂ ਵੇਚੇ ਜਾ ਰਹੇ ਸਾਮਾਨ ਨੂੰ 'ਮੁਫ਼ਤ' ਦਾ ਮਾਲ ਸਮਝ ਕੇ ਖਰੀਦਣ ਲੱਗ ਜਾਂਦੇ ਹਨ। ਵਪਾਰ ਦਾ ਇਹ ਨਿਯਮ ਹੈ ਕਿ ਜ਼ਹਿਰ ਵੀ ਮੁਫ਼ਤ ਨਹੀਂ ਮਿਲਦੀ ਤਾਂ ਫਿਰ ਇਹ ਸਮਝ ਲੈਣਾ ਮੂਰਖਤਾ ਹੈ ਕਿ ਖਰੀਦੀ ਜਾਣ ਵਾਲੀ ਵਸਤੂ ਸਾਨੂੰ ਮੁਫ਼ਤ ਵਾਂਗ ਹੀ ਮਿਲ ਰਹੀ ਹੈ। ਬਿਨਾਂ ਲੋੜ ਤੋਂ ਸਕੀਮਾਂ/ਡਿਸਕਾਊਂਟਾਂ ਦੇ ਚੱਕਰ ਵਿਚ ਨਹੀਂ ਫਸਣਾ ਚਾਹੀਦਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਰਿਸ਼ਤਿਆਂ ਵਿਚ ਮਤਲਬੀਪੁਣਾ

ਅਜੋਕੇ ਸਮੇਂ ਰਿਸ਼ਤਿਆਂ ਵਿਚ ਪੁਰਾਣੇ ਸਮਿਆਂ ਵਾਲੀ ਅਪਣੱਤ ਅਤੇ ਨਿਰਸਵਾਰਥਪੁਣਾ ਘਟਦਾ ਨਜ਼ਰ ਆਉਂਦਾ ਹੈ ਕਿ ਕਿਵੇਂ ਕਾਫੀ ਪਰਿਵਾਰਾਂ ਵਿਚ ਲਾਲਚ ਭਾਰੂ ਹੋਣ ਕਾਰਨ ਜਾਇਦਾਦ ਦੇ ਝਗੜੇ, ਹੋਰ ਵੰਡ ਵੰਡਾਵੇ ਆਦਿ ਸਬੰਧੀ ਵੇਖਣ ਨੂੰ ਮਿਲਦੇ ਹਨ। ਪੁਰਾਣੇ ਸਮਿਆਂ ਵਿਚ ਇਨਸਾਨ ਬਾਹਰੋਂ ਅਤੇ ਅੰਦਰੋਂ ਇਕ ਹੁੰਦਿਆਂ ਰਿਸ਼ਤਿਆਂ ਨੂੰ ਨਿਭਾਉਂਦੇ ਸਨ ਪਰ ਅੱਜ ਜੋ ਮੂੰਹੋਂ ਕੁਝ ਅਤੇ ਅੰਦਰੋਂ ਕੁਝ ਹੋਣ ਕਾਰਨ ਰਿਸ਼ਤੇ ਨਿਭਾਉਂਦੇ ਹਨ, ਜੋ ਪ੍ਰਪੱਕ ਤੌਰ 'ਤੇ ਨਹੀਂ ਨਿਭਦੇ ਅਤੇ ਜੋ ਛੇਤੀ ਦਮ ਤੋੜ ਜਾਂਦੇ ਹਨ। ਅੱਜ ਰਿਸ਼ਤਿਆਂ ਵਿਚ ਅਪਣੱਤ ਨੂੰ ਖੋਰਾ ਲੱਗ ਰਿਹਾ ਹੈ। ਸਾਨੂੰ ਆਪਣੇ ਰਿਸ਼ਤੇ ਬਿਨਾਂ ਕਿਸੇ ਮਤਲਬ ਲਾਲਚ ਤੋਂ ਨਿਭਾਉਣੇ ਚਾਹੀਦੇ ਹਨ ਤਾਂ ਜੋ ਰਿਸ਼ਤਿਆਂ ਦੀ ਨਿੱਘ ਨੂੰ ਆਉਣ ਵਾਲੀਆਂ ਪੁਸ਼ਤਾਂ ਮਾਣ ਸਕਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਪਰਾਲੀ ਪ੍ਰਦੂਸ਼ਣ
ਹਰ ਸਾਲ ਦੀ ਤਰ੍ਹਾਂ ਕਿਸਾਨ ਇੱਥੇ ਆ ਕੇ ਸੋਚਾਂ ਵਿਚ ਪੈ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਜਾਂਦਾ ਹੈ। ਹਰ ਰੋਜ਼ ਕਿਹਾ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਲਾਉਣ 'ਤੇ ਭਾਰੀ ਜਰਮਾਨਾ ਕੀਤਾ ਜਾਵੇਗਾ। ਪਰਾਲੀ ਸਾੜਨ ਦੇ ਭਾਰੀ ਜੁਰਮਾਨੇ ਦਾ ਡਰ ਕਿਸਾਨ ਨੂੰ ਸਤਾਉਂਦਾ ਹੈ । ਕਿਉਂ ਇਨ੍ਹਾਂ ਮਸਲਿਆਂ ਦੇ ਹੱਲ ਕੱਢਣ ਤੋਂ ਸਰਕਾਰਾਂ ਭੱਜ ਰਹੀਆਂ ਹਨ?
ਇਸ ਵਾਰ ਵੀ ਕਿਸਾਨਾਂ ਨੂੰ ਕੋਈ ਨਵਾਂ ਲਾਰਾ ਲਾਇਆ ਜਾਵੇਗਾ ਕਿ ਪਰਾਲੀ ਨੂੰ ਖਤਮ ਕਰਨ ਵਾਲੀ ਸਬਸਿਡੀ 'ਤੇ ਨਵੀਂ ਮਸ਼ੀਨ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਸਰਕਾਰ ਵਲੋਂ ਦਿੱਤੀ ਜਾਵੇਗੀ। ਪਰ ਚੌਲਾਂ ਦਾ ਸੀਜ਼ਨ ਖਤਮ ਹੁੰਦਿਆਂ ਹੀ ਵਿਚਾਰਾ ਕਿਸਾਨ ਵੀ ਭੁੱਲ ਜਾਂਦਾ ਅਤੇ ਸਰਕਾਰਾਂ ਵੀ ਆਪਣਾ ਸਮਾਂ ਲੰਘਾ ਜਾਂਦੀਆ ਹਨ। ਹਰ ਇਕ ਚੀਜ ਦਾ ਹੱਲ ਸੰਭਵ ਹੈ, ਜੇਕਰ ਕਰਨਾ ਹੋਵੇ। ਸੋ ਸਰਕਾਰ ਨੂੰ ਪਰਾਲੀ ਪ੍ਰਦੂਸ਼ਣ 'ਤੇ ਰੋਕ ਵੀ ਲਗਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਵੀ ਇਸ ਸਮੱਸਿਆ ਨਾਲ ਨਿਪਟਨ ਲਈ ਕੋਈ ਜਲਦੀ ਤੋਂ ਪਹਿਲਾਂ ਹੱਲ ਕੱਢ ਕੇ ਦੇਣਾ ਚਾਹੀਦਾ ਹੈ। ਆਓ, ਆਪਾ ਸਾਰੇ ਇਸ ਸੰਕਟ ਵਿਚੋਂ ਨਿਕਲਣ ਲਈ ਇਕ ਹੋਈਏ।


-ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਆਵਾਜਾਈ ਦੇ ਨਿਯਮਾਂ ਦੀ ਸਖ਼ਤਾਈ
ਸਾਡੇ ਦੇਸ਼ ਵਿਚ ਹਰੇਕ ਸਾਲ ਹਜ਼ਾਰਾਂ ਲੋਕ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਨਿਯਮ ਸਖ਼ਤ ਕਰ ਦਿੱਤੇ, ਜੁਰਮਾਨੇ, ਸਜ਼ਾ ਆਦਿ ਦੁੱਗਣੇ ਕਰ ਦਿੱਤੇ ਤਾਂ ਕਿ ਲੋਕ ਕਾਨੂੰਨ ਤੇ ਜੁਰਮਾਨੇ ਤੋਂ ਡਰਦੇ ਸਾਰੇ ਆਪਣੇ-ਆਪ ਨੂੰ ਸੁਧਾਰਨਗੇ। ਬੜੀ ਚੰਗੀ ਗੱਲ ਹੈ ਕਿ ਆਵਾਜਾਈ ਦੇ ਨਿਯਮਾਂ ਨੂੰ ਸਰਕਾਰ ਨੇ ਲੋਕਾਂ ਦੇ ਭਲੇ ਲਈ ਸਖ਼ਤ ਕੀਤਾ ਹੈ ਤਾਂ ਕਿ ਹਾਦਸੇ ਘੱਟ ਹੋਣ, ਮੌਤਾਂ ਘੱਟ ਹੋਣ, ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਚਮਕਦੀਆਂ ਟੇਪਾਂ ਵਾਲੇ ਹਰੇਕ ਤਰ੍ਹਾਂ ਦੇ ਬੋਰਡ ਲਾਏ ਜਾਣ। ਟੁੱਟੀਆਂ ਸੜਕਾਂ ਨਾਲੋ-ਨਾਲ ਠੀਕ ਕੀਤੀਆਂ ਜਾਣ। ਅਸਲ 'ਸੁਧਾਰ' ਲੋਕਾਂ ਅਤੇ ਸਰਕਾਰਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ।


-ਅਮਰਜੀਤ ਸਿੰਘ ਜੱਸਲ
ਰਾਏਕੋਟ।

22-10-2019

 ਮੋਬਾਈਲ ਇੰਟਰਨੈੱਟ ਦੀ ਬੇਲੋੜੀ ਵਰਤੋਂ
ਵਰਤਮਾਨ ਸਮੇਂ ਇੰਟਰਨੈਸ਼ਨਲ ਨੈੱਟਵਰਕ ਤਕਰੀਬਨ ਹਰੇਕ ਇਨਸਾਨ ਦੀ ਪਹੁੰਚ ਵਿਚ ਆ ਚੁੱਕਾ ਹੈ, ਜਿਸ ਦੇ ਬੁਰੇ ਪ੍ਰਭਾਵ ਵਧੇਰੇ ਕਰਕੇ ਨੌਜਵਾਨ ਵਰਗ 'ਤੇ ਪੈ ਰਹੇ ਹਨ। ਬੇਰੁਜ਼ਗਾਰ ਅਤੇ ਵਿਹਲੇ ਹੁੰਦੇ ਹੋਏ ਵੀ ਨੌਜਵਾਨਾਂ ਨੂੰ 'ਇਕ ਪਲ' ਦੀ ਫੁਰਸਤ ਨਹੀਂ ਮਿਲ ਰਹੀ। ਆਪਣੀ ਸਾਰੀ ਊਰਜਾ ਅਤੇ ਗਿਆਨ ਇੰਟਰਨੈੱਟ 'ਤੇ ਹੀ ਬਰਬਾਦ ਕਰ ਰਹੇ ਹਨ। ਬੇਰੁਜ਼ਗਾਰੀ ਅਤੇ ਭਵਿੱਖ ਨੂੰ ਲੈ ਕੇ ਫ਼ੈਸਲੇ ਕਰਨ ਦਾ ਸਮਾਂ ਹੀ ਨਹੀਂ ਮਿਲ ਪਾ ਰਿਹਾ। ਇਸ ਭੈੜੀ ਅਲਾਮਤ ਤੋਂ ਅੱਜ ਹਰ ਮਾਂ-ਬਾਪ ਚਿੰਤਤ ਹੈ ਪਰ ਮਾਪੇ, ਬੱਚਿਆਂ ਸਾਹਮਣੇ ਬੇਵੱਸ ਨਜ਼ਰ ਆ ਰਹੇ ਹਨ। ਪੰਜਾਬੀ ਮੁੰਡੇ-ਕੁੜੀਆਂ ਇਸ ਦੀ ਆਦਤ ਨਾਲ ਸਿਹਤ ਪੱਖੋਂ ਨਕਾਰਾ ਹੋ ਰਹੇ ਹਨ। ਅਜੋਕੀ ਪੀੜ੍ਹੀ ਨੂੰ ਘੱਟ ਸਮੇਂ ਅਤੇ ਜ਼ਰੂਰਤ ਅਨੁਸਾਰ ਹੀ ਮੋਬਾਈਲ ਇੰਟਰਨੈੱਟ ਦਾ ਉਪਯੋਗ ਕਰਨਾ ਚਾਹੀਦਾ ਹੈ। ਜੀਵਨ ਦੇ ਹੋਰਨਾਂ ਅਹਿਮ ਪੱਖਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਖ਼ਾਸ ਲੋੜ ਹੈ, ਤਾਂ ਹੀ ਜ਼ਿੰਦਗੀ 'ਚ ਕਾਮਯਾਬ ਹੋਇਆ ਜਾ ਸਕਦਾ ਹੈ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਸਵੱਛਤਾ ਅਭਿਆਨ...?
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਚਲਾਇਆ ਗਿਆ 'ਸਵੱਛ ਭਾਰਤ ਅਭਿਆਨ' ਇਕ ਸ਼ਲਾਘਾਯੋਗ ਉਪਰਾਲਾ ਹੈ। ਪਰ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਿਹਾਇਸ਼ੀ ਕਾਲੋਨੀਆਂ ਵਿਚ ਖਾਲੀ ਪਏ ਪਲਾਟਾਂ ਨੇੜੇ ਰਹਿੰਦੇ ਲੋਕਾਂ ਲਈ ਕਈ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੇ ਹਨ। ਲੋਕ ਆਪਣੇ ਘਰ ਦਾ ਕੂੜਾ ਕਰਕਟ ਇਨ੍ਹਾਂ ਪਲਾਟਾਂ ਵਿਚ ਸੁੱਟ ਦਿੰਦੇ ਹਨ, ਜੋ ਕਿ ਸੜਾਂਦ ਮਾਰਦਾ ਰਹਿੰਦਾ ਹੈ। ਗਲੀ-ਮੁਹੱਲੇ ਵਿਚੋਂ ਲੰਘ ਰਹੇ ਰਾਹਗੀਰ ਅਜਿਹੇ ਖਾਲੀ ਪਏ ਪਲਾਟਾਂ ਦੀ ਵਰਤੋਂ ਪਿਸ਼ਾਬ ਕਰਨ ਲਈ ਅਕਸਰ ਕਰ ਲੈਂਦੇ ਹਨ, ਜਿਸ ਕਾਰਨ ਚਾਰੇ ਪਾਸੇ ਬਦਬੂ ਫੈਲਦੀ ਰਹਿੰਦੀ ਹੈ।
ਹਰ ਕਸਬੇ ਅਤੇ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਘੁੰਮਦੇ-ਫਿਰਦੇ ਅਵਾਰਾ ਪਸ਼ੂ ਅਜਿਹੇ ਖਾਲੀ ਪਏ ਪਲਾਟਾਂ ਵਿਚ ਆਰਾਮ ਕਰਨ ਲਈ ਆ ਖੜੋਂਦੇ ਹਨ ਜਾਂ ਬਹਿ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਖਾਲੀ ਪਏ ਪਲਾਟਾਂ ਵਿਚ ਘਾਹ ਫੂਸ ਅਤੇ ਹੋਰ ਗਾਜਰ ਬੂਟੀ ਉੱਗਦੀ, ਵਧਦੀ, ਫੈਲਦੀ ਰਹਿੰਦੀ ਹੈ। ਜਿਸ ਕਰਕੇ ਇਥੇ ਸੱਪ ਸਲੂਟੀ, ਮੱਛਰ, ਮੱਖੀ ਆਦਿ ਕੀਟ ਪਤੰਗੇ ਪਲਦੇ ਰਹਿੰਦੇ ਹਨ। ਮੱਛਰ ਮੱਖੀ ਕਈ ਭਿਆਨਕ ਬਿਮਾਰੀਆਂ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਨਸ਼ੇ ਕਰਨ ਵਾਲੇ ਲੋਕ ਅਜਿਹੇ ਖਾਲੀ ਪਏ ਪਲਾਟਾਂ ਦੀ ਵਰਤੋਂ ਇਕ ਓਹਲੇ ਵਜੋਂ ਕਰਦੇ ਰਹਿੰਦੇ ਹਨ। ਸਰਕਾਰਾਂ, ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਇਨ੍ਹਾਂ ਕਾਲੋਨੀਆਂ ਵਿਚ ਵਸਦੇ ਲੋਕ ਸੁੱਖ ਦਾ ਸਾਹ ਲੈ ਸਕਣ।

-ਡਾ: ਇਕਬਾਲ ਸਿੰਘ
ਗਲੀ ਨੰ: 6, ਥਲੇਸ ਬਾਗ ਕਾਲੋਨੀ, ਸੰਗਰੂਰ।

ਮਿਲਾਵਟੀ ਚੀਜ਼ਾਂ ਦਾ ਜ਼ਮਾਨਾ
ਅੱਜ ਤੋਂ ਕੁਝ ਕੁ ਦਹਾਕੇ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਬਿਲਕੁਲ ਸ਼ੁੱਧ ਹੁੰਦੀਆਂ ਸਨ, ਜਿਸ ਕਰਕੇ ਉਸ ਵੇਲੇ ਲੋਕ ਚੰਗੀ ਸਿਹਤ ਦੇ ਮਾਲਕ ਹੁੰਦੇ ਸਨ ਅਤੇ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਸਨ। ਸ਼ੁੱਧ ਖੁਰਾਕਾਂ ਖਾਧੀਆਂ ਹੋਣ ਕਰਕੇ ਹੱਥੀਂ ਮਿਹਨਤ ਵੀ ਜ਼ਿਆਦਾ ਕਰਦੇ ਸਨ ਅਤੇ ਲੰਬੀ ਉਮਰ ਜਿਊਂਦੇ ਸਨ ਪਰ ਅੱਜ ਦਾ ਜ਼ਮਾਨਾ ਮਿਲਾਵਟ ਦਾ ਜ਼ਮਾਨਾ ਹੋ ਗਿਆ ਹੈ। ਮਨੋਬਿਰਤੀ ਇਹ ਬਣ ਗਈ ਹੈ ਕਿ ਆਪਣੇ ਨਿੱਜੀ ਲਾਭ ਖਾਤਰ ਉਹ ਦੂਜੇ ਇਨਸਾਨ ਦੀਆਂ ਜ਼ਿੰਦਗੀਆਂ ਨਾਲ ਖੇਲਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਮਿਲਾਵਟ ਕਰਨ ਵਾਲਿਆਂ ਸਬੰਧੀ ਖ਼ਬਰਾਂ ਆਉਂਦੀਆਂ ਹਨ, ਇਨ੍ਹਾਂ ਮਿਲਾਵਟ ਕਰਨ ਵਾਲਿਆਂ ਨੇ ਨਵੇਂ-ਨਵੇਂ ਢੰਗ ਈਜਾਦ ਕਰ ਲਏ ਹਨ ਤੇ ਅੱਜ ਲਗਪਗ ਹਰ ਚੀਜ਼ ਵਿਚ ਮਿਲਾਵਟ ਹੈ। ਕਈ ਵਾਰ ਨਾਮੀ ਕੰਪਨੀਆਂ ਦੇ ਥੈਲੇ ਜਾਂ ਬੋਤਲਾਂ ਵਰਤ ਕੇ ਉਨ੍ਹਾਂ ਵਿਚ ਘਟੀਆ ਸਮੱਗਰੀ ਪਾ ਦਿੱਤੀ ਜਾਂਦੀ ਹੈ, ਇਥੋਂ ਤੱਕ ਨਕਲੀ ਆਈ.ਐਸ.ਆਈ. ਦੇ ਮਾਰਕੇ ਵੀ ਲਗਾ ਦਿੱਤੇ ਜਾਂਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਮਿਲਾਵਟੀ ਚੀਜ਼ਾਂ ਫੜਨ ਦੀਆਂ ਖ਼ਬਰਾਂ ਆਉਂਦੀਆਂ ਹਨ ਪਰ ਬਾਅਦ ਵਿਚ ਪਰਨਾਲਾ ਉਥੇ ਦਾ ਉਥੇ ਰਹਿਣ ਵਾਲੀ ਗੱਲ ਹੁੰਦੀ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਜੇਕਰ ਕਿਸੇ ਪ੍ਰਯੋਗਸ਼ਾਲਾ ਵਿਚ ਕਰਵਾ ਲਈ ਜਾਵੇ ਤਾਂ ਬਹੁਤੀਆਂ ਵਸਤਾਂ ਇਸ ਰਿਪੋਰਟ ਵਿਚ ਫੇਲ੍ਹ ਹੋ ਜਾਣਗੀਆਂ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਖਿਲਾਫ਼ ਸਖ਼ਤ ਅਤੇ ਮਿਸਾਲੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

ਗਾਲ੍ਹਾਂ ਤੱਕ ਪੁੱਜੀ ਪੰਜਾਬੀ ਗਾਇਕੀ
ਪੰਜਾਬੀਆਂ ਲਈ ਲੱਚਰ ਗਾਇਕੀ ਅੱਜ ਬੇਹੱਦ ਜਟਿਲ ਸਮੱਸਿਆ ਬਣੀ ਹੋਈ ਹੈ। ਗਾਇਕ ਜਿਹੋ ਜਿਹੇ ਗੀਤ ਗਾ ਰਹੇ ਹਨ, ਉਸ ਹਿਸਾਬ ਨਾਲ ਤਾਂ ਇਕ ਦਿਨ ਸੱਚਮੁਚ ਪੰਜਾਬ 'ਗੈਂਗਲੈਂਡ' ਬਣ ਜਾਣਾ ਹੈ। ਬਿਨਾਂ ਸ਼ੱਕ, ਲੱਚਰ ਗਾਇਕੀ ਦਾ ਭੂਤ ਸਾਡੇ ਘਰਾਂ, ਵਿਆਹ-ਸ਼ਾਦੀਆਂ, ਮੈਰਿਜ ਪੈਲੇਸਾਂ, ਪ੍ਰਾਈਵੇਟ ਬੱਸਾਂ 'ਤੇ ਹੁੰਦਾ ਹੋਇਆ ਸਮਾਜ ਦੀ ਸੋਚਣ ਸ਼ਕਤੀ 'ਤੇ ਇਸ ਕਦਰ ਭਾਰੂ ਹੋ ਗਿਆ ਹੈ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਆਦੀ ਹੋ ਗਏ ਹਾਂ। ਜਦੋਂ ਸਾਡੇ ਸਾਹਮਣੇ ਬੇਹਯਾਈ ਭਰੇ ਇਹ ਗੀਤ ਸਾਡੇ ਕੰਨਾਂ ਵਿਚ ਪੈਂਦੇ ਹਨ ਤਾਂ ਅਸੀਂ ਉਸ ਸਮੇਂ ਚੁੱਪ ਰਹਿ ਕੇ ਆਪਣੇ ਬੇਗ਼ੈਰਤ ਹੋਣ ਦਾ ਸਬੂਤ ਦਿੰਦੇ ਹਾਂ। ਘੱਟੋ-ਘੱਟ ਅਸੀਂ ਅਜਿਹੇ ਗੀਤ ਗਾਉਣ ਵਾਲਿਆਂ ਨੂੰ ਇਸ ਬਾਰੇ ਕੁਝ ਸਵਾਲ ਤਾਂ ਕਰ ਹੀ ਸਕਦੇ ਹਾਂ ਪਰ ਅਸੀਂ ਅਜਿਹਾ ਨਹੀਂ ਕਰ ਰਹੇ। ਸਾਡੀ ਮਾਨਸਿਕਤਾ ਮਾੜੇ ਗੀਤ ਸੰਗੀਤ ਨੂੰ ਪ੍ਰਵਾਨ ਕਰ ਚੁੱਕੀ ਹੈ। ਅਸੀਂ ਲੱਚਰ ਗੀਤ ਗਾਉਣ ਵਾਲੇ ਗਾਇਕਾਂ 'ਤੇ ਲੱਖਾਂ ਰੁਪਏ ਲੁਟਾ ਦਿੰਦੇ ਹਾਂ ਪਰ ਚੰਗਿਆਂ ਨੂੰ ਆਪਣੇ ਘਰ ਦੀ ਦਹਿਲੀਜ਼ ਨਹੀਂ ਟੱਪਣ ਦਿੰਦੇ। ਸਾਡੇ ਘਰਾਂ ਅੰਦਰ ਫੁਕਰੇ ਕਲਾਕਾਰਾਂ ਦੀਆਂ ਤਸਵੀਰਾਂ ਤਾਂ ਮਿਲ ਜਾਂਦੀਆਂ ਹਨ ਪਰ ਮਾਂ-ਬੋਲੀ ਦੀ ਕਦਰ ਕਰਨ ਵਾਲੇ ਗਵੱਈਆਂ ਤੋਂ ਅਸੀਂ ਦੂਰੀ ਬਣਾਈ ਹੋਈ ਹੈ।

-ਸੰਦੀਪ ਕੰਬੋਜ, ਫ਼ਿਰੋਜ਼ਪੁਰ।

21-10-2019

 ਕੀਮਤੀ ਜਾਨਾਂ
ਪੰਜਾਬ ਦੀ ਧਰਤੀ 'ਤੇ ਨਿੱਤ ਕੋਈ ਨਾ ਕੋਈ ਨਵਾਂ ਤੇ ਅਜੀਬ ਹਾਦਸਾ ਵਾਪਰਦਾ ਹੈ ਤੇ ਅਨੇਕਾਂ ਹੀ ਕੀਮਤੀ ਇਨਸਾਨੀ ਜਾਨਾਂ ਪਲਾਂ ਵਿਚ ਹੀ ਖਤਮ ਹੋ ਜਾਂਦੀਆਂ ਹਨ। ਕਈ ਹਾਦਸੇ ਸਾਡੀਆਂ ਆਪਣੀਆਂ ਗ਼ਲਤੀਆਂ ਕਾਰਨ ਵਾਪਰਦੇ ਹਨ ਤੇ ਹੱਸਦੇ-ਵਸਦੇ ਘਰ ਉਜੜਨ ਨੂੰ ਸਮਾਂ ਨਹੀਂ ਲਗਦਾ। ਤਾਜ਼ਾ ਵਾਪਰੇ ਬਟਾਲਾ ਕਾਂਡ ਵੱਲ ਹੀ ਦੇਖ ਲਓ, ਬਿਨਾਂ ਕਿਸੇ ਸਰਕਾਰੀ ਲਾਇਸੈਂਸ ਜਾਂ ਮਨਜ਼ੂਰੀ ਦੇ ਪਟਾਕਾ ਫੈਕਟਰੀ ਕਿੰਨੇ ਘਰ ਉਜਾੜ ਗਈ। ਪ੍ਰਸ਼ਾਸਨ ਨੂੰ ਇੰਨੀ ਵੱਡੀ ਸਾਰੀ ਇਮਾਰਤ ਵਿਚ ਚਲਦੀ ਮੌਤ ਦੀ ਫੈਕਟਰੀ ਨਜ਼ਰ ਹੀ ਨਾ ਪਈ। ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ, ਫਿਰ ਵੀ ਕਿਸੇ ਨੇ ਚੈਕਿੰਗ (ਜਾਂਚ-ਪੜਤਾਲ) ਨਹੀਂ ਕੀਤੀ। ਦੂਜੇ ਪਾਸੇ ਕਈ ਵਾਰ ਕਿਸੇ ਗਰੀਬ ਦੀ ਕੇਲਿਆਂ ਦੀ ਰੇਹੜੀ ਵੀ ਸੜਕਾਂ 'ਤੇ ਨਹੀਂ ਲੱਗਣ ਦਿੰਦੇ, ਫਿਰ ਅਸੀਂ ਇਸ ਸਾਰੇ ਸਿਸਟਮ ਨੂੰ ਕੀ ਕਹੀਏ? ਚੰਦ ਪੈਸਿਆਂ ਦੇ ਲਾਲਸ ਵਿਚ ਫਸ ਕੇ ਸ਼ਾਇਦ ਸਾਰੇ ਹੀ ਅੰਨ੍ਹੇ ਹੋ ਜਾਂਦੇ ਹਨ। ਪਹਿਲਾਂ ਵੀ ਕਈ ਫੈਕਟਰੀਆਂ 'ਚ ਹਾਦਸੇ ਸਾਹਮਣੇ ਆਏ ਹਨ। ਪੀੜਤਾਂ ਨੂੰ ਕੁਝ ਪੈਸੇ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਫਿਰ ਸਰਕਾਰੀ ਸਹਿਮਤੀ ਨਾਲ ਸਭ ਕੁਝ ਪਹਿਲਾਂ ਵਾਂਗ ਹੀ ਚੱਲਣ ਲੱਗ ਪੈਂਦਾ ਹੈ। ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਸਭ ਦੀਆਂ ਅੱਖਾਂ ਖੁੱਲ੍ਹਦੀਆਂ ਹਨ। ਇਨਸਾਨੀ ਜਾਨਾਂ ਦੀ ਕਿੇਸ ਨੂੰ ਕੋਈ ਪ੍ਰਵਾਹ ਨਹੀਂ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਖੇਡ ਮੰਤਰਾਲੇ ਦੀ ਭੂਮਿਕਾ
ਪਹਿਲੀ ਗੱਲ ਤਾਂ ਭਾਰਤ ਦੀ ਰਾਜਨੀਤੀ ਤੇ ਖੇਡ ਮੰਤਰਾਲੇ ਨੇ ਸ਼ਰਮਨਾਕ ਹਾਲਤ ਵਿਚ ਰਾਸ਼ਟਰ ਮੰਡਲ ਅਥਲੈਟਿਕ 2019 ਖੇਡਾਂ ਵਿਚ ਕੋਈ ਕਾਬਲ ਖਿਡਾਰੀ ਭੇਜਿਆ ਹੀ ਨਹੀਂ। ਜੋ ਵੀ ਖਿਡਾਰੀ ਉਪਰੋਕਤ ਖੇਡਾਂ ਵਿਚ ਹਿੱਸਾ ਲੈਣ ਗਏ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮੀਡੀਆ ਨੇ ਤਹਿਸ-ਨਹਿਸ ਕਰ ਦਿੱਤਾ। ਕਿਸੇ ਖਿਡਾਰੀ ਨੂੰ ਆਪਣਾ ਖੇਡ ਪ੍ਰਦਰਸ਼ਨ ਕਰਦੇ ਵਿਖਾਇਆ ਨਹੀਂ ਗਿਆ। ਬਸ ਇਕ-ਦੋ ਮਿੰਟ ਦੀ ਮਾਮੂਲੀ ਝਲਕ ਹੀ ਦਿਖਾਈ। ਖੇਡ ਪ੍ਰੇਮੀ ਟੀ.ਵੀ. 'ਤੇ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਖੇਡਦੇ ਦੇਖਣ ਲਈ ਤਰਸ ਗਏ। ਭਾਰਤੀ ਖੇਡ ਮੰਤਰਾਲੇ ਨੂੰ ਸ਼ਾਇਦ ਭਾਰਤ ਦੇ ਲੰਬੇ ਜਵਾਨ ਖਿਡਾਰੀ ਨਹੀਂ ਦਿਸਦੇ ਅਥਲੈਟਿਕ ਵਾਸਤੇ। ਭਾਰਤ ਤਾਂ ਸਿਰਫ ਕ੍ਰਿਕਟ ਅਤੇ ਬੈਡਮਿੰਟਨ ਦਾ ਦੀਵਾਨਾ ਹੈ, ਜਿਸਦੇ ਖਿਡਾਰੀ ਹਰ ਹਫ਼ਤੇ ਕਿਤੇ ਨਾ ਕਿਤੇ ਖੇਡ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਸ਼ਰਮਨਾਕ ਹਾਰ ਲਈ ਖੇਡ ਮੰਤਰਾਲਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜੇ ਖੇਡ ਮੰਤਰਾਲਾ ਚਾਹੇ ਤਾਂ ਇਕੱਲੇ ਪੰਜਾਬ 'ਚੋਂ ਅਥਲੈਟਿਕਸ ਦੇ ਚੋਟੀ ਦੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।


-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ, ਜ਼ਿਲ੍ਹਾ ਮੋਗਾ।


ਰਿਸ਼ਤਿਆਂ 'ਚ ਤਰੇੜਾਂ
ਅਜੋਕੇ ਭੌਤਿਕਵਾਦੀ ਯੁੱਗ ਅੰਦਰ ਮਨੁੱਖ ਦੀ ਪਦਾਰਥਵਾਦੀ ਸੋਚ ਕਾਰਨ ਆਪਸੀ ਰਿਸ਼ਤਿਆਂ ਵਿਚ ਤਰੇੜਾਂ ਆ ਰਹੀਆਂ ਹਨ। ਚੰਦ ਕੁ ਗਿੱਠਾਂ ਦੀ ਥਾਂ ਖਾਤਰ ਆਪਣੇ ਹੀ ਜਾਨ ਕੱਢ ਲੈਂਦੇ ਹਨ। ਰਿਸ਼ਤੇ ਨਾਤੇ ਲੀਰੋ-ਲੀਰ ਹੋ ਰਹੇ ਹਨ। ਜਿਨ੍ਹਾਂ ਰਿਸ਼ਤਿਆਂ ਉੱਪਰ ਸਾਨੂੰ ਮਾਣ ਹੁੰਦਾ ਸੀ, ਉਨ੍ਹਾਂ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਅਪਣੱਤ ਨਹੀਂ ਰਹੀ। ਬਜ਼ੁਰਗਾਂ ਨੂੰ ਬਿਰਧ ਆਸ਼ਰਮ ਸੰਭਾਲ ਰਹੇ ਹਨ। ਜਿਹੜੇ ਮਨੁੱਖ ਨੇ ਆਪਣੇ ਸੁਪਨੇ ਸਿਰਜੇ ਹੁੰਦੇ ਹਨ ਉਹ ਸਿਰਫ਼ ਸੁਪਨੇ ਬਣ ਕੇ ਰਹਿ ਗਏ ਹਨ। ਸਮੇਂ ਦੀ ਬਜ਼ੁਰਗਾਂ ਉੱਪਰ ਐਸੀ ਮਾਰ ਪਈ ਹੈ ਕਿ ਉਹ ਆਪਣੇ-ਆਪ ਨੂੰ ਝੁਰਦੇ ਨਜ਼ਰ ਆਉਂਦੇ ਹਨ। ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਕੇ ਆਪਣੇ-ਆਪ ਨੂੰ ਭਾਗਸ਼ਾਲੀ ਸਮਝਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਹੀ ਜ਼ਿੰਦਗੀ ਦੇ ਰਾਹ ਦਸੇਰੇ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਅਸੀਂ ਆਪਣੀ ਜ਼ਿੰਦਗੀ 'ਚ ਨਿਖਾਰ ਲਿਆ ਸਕਦੇ ਹਾਂ।


-ਓਮ ਪ੍ਰਕਾਸ਼ ਪੂਨੀਆ
ਗਿੱਦੜਬਾਹਾ।


ਪ੍ਰਵਾਸੀਆਂ ਨੇ ਦੱਬਿਆ...
ਪੰਜਾਬ ਦੇ ਬਾਹਰੋਂ ਕੋਈ ਵੀ ਵਿਅਕਤੀ ਪੰਜਾਬ ਆ ਕੇ ਜ਼ਮੀਨ-ਜਾਇਦਾਦ ਜਾਂ ਨੌਕਰੀ ਕਰ ਸਕਦਾ ਹੈ। ਇਸ ਦਾ ਅਸਰ ਲੁਧਿਆਣਾ ਜ਼ਿਲ੍ਹੇ 'ਤੇ ਪਿਆ ਹੈ। ਇਥੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਆ ਕੇ ਨਿੱਜੀ ਫੈਕਟਰੀਆਂ ਜਾਂ ਦੁਕਾਨਾਂ 'ਤੇ ਘੱਟ ਤਨਖਾਹਾਂ ਤੇ ਵਧੇਰੇ ਘੰਟੇ ਕੰਮ ਕਰਨ ਵਿਚ ਪ੍ਰਵਾਸੀ ਲੋਕਾਂ ਦਾ ਵਧੇਰੇ ਯੋਗਦਾਨ ਹੈ। ਕਾਰਖਾਨਿਆਂ ਵਿਚ ਵੀ ਕੰਮ ਵੱਧ ਤੋਂ ਵੱਧ 11 ਜਾਂ 12 ਘੰਟੇ ਹੁੰਦਾ ਹੈ। ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਜਾਂਦੀਆਂ ਹਨ। ਕਾਰਖਾਨੇ ਦੇ ਬਾਹਰ ਕੰਮ ਸਬੰਧੀ ਕੋਈ ਵੀ ਨੋਟਿਸ ਬੋਰਡ ਨਹੀਂ ਲਗਾਇਆ ਜਾਂਦਾ। ਠੇਕੇ 'ਤੇ ਵੀ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾਂਦਾ ਹੈ। ਕਈ ਪ੍ਰਵਾਸੀ ਲੋਕ ਘੱਟ ਪੜ੍ਹੇ-ਲਿਖੇ ਹੋਣ ਕਰਕੇ ਆਪਣੇ ਹੱਕਾਂ ਤੋਂ ਵੀ ਅਣਜਾਣ ਹੁੰਦੇ। ਜ਼ਿਆਦਾਤਰ ਕਾਰਖਾਨਿਆਂ ਵਿਚ ਪ੍ਰਵਾਸੀ ਲੋਕ ਹੀ ਕੰਮ ਕਰਦੇ ਹਨ। ਸਕਿਊਰਿਟੀ ਗਾਰਡ ਦੀ ਨੌਕਰੀ 'ਚ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ। ਕੰਮ 12 ਘੰਟੇ ਲਿਆ ਜਾਂਦਾ ਹੈ। ਸਰਕਾਰ ਜਾਗੇ ਸਖ਼ਤ ਕਾਨੂੰਨ ਬਣਾਏ।


-ਹਰਜਿੰਦਰ ਪਾਲ ਸਿੰਘ
ਜਵੱਦੀਕਲਾਂ, ਲੁਧਿਆਣਾ।


ਪਰਾਲੀ ਸਾੜਨ 'ਤੇ ਹੋਈ ਸਖ਼ਤੀ
ਇਕ ਪਾਸੇ ਜਿਥੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਪਰਾਲੀ ਸਾੜਨ ਸਬੰਧੀ ਚੁੱਕੇ ਕਦਮਾਂ ਦੀ ਰਿਪੋਰਟ ਮੰਗੀ ਹੈ। ਉਥੇ ਪੰਜਾਬ ਸਰਕਾਰ ਨੇ ਇਨ੍ਹੀਂ ਦਿਨੀਂ ਵਧ ਰਹੇ ਹਵਾ 'ਚ ਪ੍ਰਦੂਸ਼ਣ ਦੀ ਰੋਕਥਾਮ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਹਰੇਕ ਕਿਸਮ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਮੁਲਾਜ਼ਮਾਂ, ਆੜ੍ਹਤੀਆਂ, ਨੰਬਰਦਾਰਾਂ ਦੀ ਮਾਲਕੀ ਵਾਲੇ ਖੇਤਾਂ 'ਚ ਪਰਾਲੀ ਸਾੜਨ ਵਾਲਿਆਂ ਦੀ ਜਵਾਬਦੇਹੀ ਹੀ ਫਿਕਸ ਕਰਨ ਦੇ ਨਾਲ-ਨਾਲ ਠੇਕੇ 'ਤੇ ਜ਼ਮੀਨਾਂ ਦੇਣ ਵਾਲੇ ਮਾਲਕਾਂ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਕਰਨ ਅਤੇ ਜ਼ਮੀਨ ਦੀ ਗਿਰਦਾਵਰੀ 'ਚ ਰੈੱਡ ਐਂਟਰੀ ਕਰਨ ਦੇ ਆਦੇਸ਼ ਵੀ ਦਿੱਤੇ ਹਨ ਤਾਂ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਮੁੱਖ ਕਾਰਨ ਮਹਿੰਗੀ ਮਸ਼ੀਨਰੀ ਅਤੇ ਛੋਟੇ ਕਿਸਾਨਾਂ ਵਲੋਂ ਕਿਰਾਏ 'ਤੇ ਪਰਾਲੀ ਸੰਭਾਲ ਕਰਨਾ ਮੁਸ਼ਕਿਲ ਹੈ। ਜਿਥੇ ਸਰਕਾਰ ਨੂੰ ਪਰਾਲੀ ਸੰਭਾਲ ਮਸ਼ੀਨਰੀ 'ਤੇ ਵੱਧ ਤੋਂ ਵੱਧ ਸਬਸਿਡੀ ਦੇਣੀ ਚਾਹੀਦੀ ਹੈ, ਉਥੇ ਹੀ ਛੋਟੇ ਕਿਸਾਨਾਂ ਨੂੰ ਵੀ ਜਾਗਰੂਕ ਰਾਹਤ ਮਿਲਣੀ ਚਾਹੀਦੀ ਹੈ। ਕਿਸਾਨਾਂ ਨੂੰ ਵੀ ਮੌਜੂਦਾ ਹਵਾ ਵਿਚ ਬਣੇ ਪ੍ਰਦੂਸ਼ਣ ਨੂੰ ਧਿਆਨ 'ਚ ਰੱਖਦਿਆਂ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸਾਨਾਂ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਡਾਕਟਰੀ ਸਹਾਇਤਾ ਦੀ ਲੋੜ
ਪਿਛਲੇ ਦਿਨਾਂ ਦੌਰਾਨ ਭਾਖੜਾ ਡੈਮ ਤੋਂ ਛੱਡੇ ਪਾਣੀ ਦੇ ਤੇਜ਼ ਵਹਾਅ ਕਾਰਨ ਪੰਜਾਬ ਦੇ ਦਰਿਆ ਨੇੜਲੇ ਪਿੰਡਾਂ ਵਿਚ ਆਏ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ। ਹੜ੍ਹ ਨੇ ਕਈ ਘਰਾਂ ਦਾ ਉਜਾੜਾ ਕਰ ਕੇ ਰੱਖ ਦਿੱਤਾ। ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ਅਤੇ ਕਈ ਘਰਾਂ 'ਚ ਰੱਖੇ ਪਸ਼ੂ ਵੀ ਇਨ੍ਹਾਂ ਦੀ ਮਾਰ ਹੇਠ ਆ ਗਏ। ਪਰ ਇਸ ਪਿੱਛੋਂ ਜੋ ਸਭ ਜਿੰਮਾ ਨੌਜਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਨੇ ਸੰਭਾਲਿਆ ਉਹ ਕਾਬਲੇ ਤਾਰੀਫ ਹੈ, ਚਾਹੇ ਗੱਲ ਪੀੜਤਾਂ ਲਈ ਰੋਟੀ-ਪਾਣੀ ਦੀ ਹੋਵੇ ਚਾਹੇ ਪਸ਼ੂਆਂ ਦੇ ਚਾਰੇ ਦੀ, ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀੇ। ਪਰ ਹੁਣ ਦੇਖਿਆ ਇਹ ਗਿਆ ਹੈ ਕਿ ਕਾਫੀ ਪਿੰਡਾਂ ਵਿਚ ਪਾਣੀ ਦਾ ਪੱਧਰ ਤਾਂ ਥੱਲੇ ਹੋ ਗਿਆ ਪਰ ਜੋ ਪਾਣੀ ਖੜ੍ਹਾ ਹੈ ਉਹ ਕਾਲਾ ਹੋ ਚੁੱਕਿਆ ਹੈ ਅਤੇ ਉਸ ਪਾਣੀ ਵਿਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗੀ ਹੈ। ਸੋ, ਹੁਣ ਇਸ ਪਾਣੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਹੁਣ ਜਿੱਥੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਡਾਕਟਰਾਂ ਦੀਆਂ ਵੱਧ ਤੋਂ ਵੱਧ ਟੀਮਾਂ ਇਨ੍ਹਾਂ ਪਿੰਡਾਂ ਵਿਚ ਭੇਜੇ ਉੱਥੇ ਸਾਰੀਆਂ ਹੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੱਧਰ 'ਤੇ ਡਾਕਟਰਾਂ ਦੀਆਂ ਟੀਮਾਂ ਇਨ੍ਹਾਂ ਪਿੰਡਾਂ ਵਿਚ ਲੈ ਕੇ ਜਾਣ ਤਾਂ ਜੋ ਕੋਈ ਵੀ ਬਿਮਾਰੀ ਫੈਲਣ ਤੋਂ ਪਹਿਲਾਂ ਬਚਾਅ ਕੀਤਾ ਜਾ ਸਕੇੇ।


-ਸ਼ੰਕਰ, ਮੋਗਾ।

18-10-2019

 ਬਜ਼ੁਰਗ ਹਨ ਸਮਾਜ ਦਾ ਸਰਮਾਇਆ
ਕਹਿੰਦੇ ਹਨ ਕਿ ਸਿਆਣੇ ਘਰ ਦੇ ਜਿੰਦਰੇ ਹੁੰਦੇ ਹਨ ਅੱਜਕਲ੍ਹ ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਕ ਹੀ ਛੱਤ ਦੇ ਥੱਲੇ ਪੂਰਾ ਪਰਿਵਾਰ ਰਹਿੰਦਾ ਸੀ। ਪਿਆਰ ਸੀ। ਘਰ ਵਿਚ ਬਜ਼ੁਰਗ ਦੀ ਚਲਦੀ ਸੀ। ਉਸ ਨੂੰ ਲਾਣੇਦਾਰ ਕਿਹਾ ਜਾਂਦਾ ਸੀ। ਘਰੇਲੂ ਖਰਚਾ, ਵਿਆਹਾਂ 'ਤੇ ਖਰਚਾ ਉਹੀ ਕਰਦਾ ਸੀ। ਸਮਾਂ ਬੀਤਦਾ ਗਿਆ। ਵੱਡੇ ਪਰਿਵਾਰ ਛੋਟੇ ਪਰਿਵਾਰਾਂ ਵਿਚ ਆ ਗਏ। ਬਜ਼ੁਰਗਾਂ ਦੀ ਬੇਕਦਰੀ ਹੋਣ ਲੱਗੀ। ਜੇ ਪਰਿਵਾਰ ਵਿਚ ਦੋ ਮੁੰਡੇ ਹਨ, ਉਨ੍ਹਾਂ ਨੇ ਬਜ਼ੁਰਗ ਵੀ ਵੰਡ ਲਏ। ਇਕ ਨੇ ਮਾਂ ਤੇ ਦੂਜੇ ਨੇ ਪਿਤਾ। ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੁੰਦਾ ਹੈ। ਕਿਉਂਕਿ ਮੁੰਡੇ ਨੂੰਹ ਨੇ ਉਨ੍ਹਾਂ ਤੋਂ ਪੈਨਸ਼ਨ ਲੈਣੀ ਹੁੰਦੀ ਹੈ। ਪੁਰਾਣਾ ਸਮਾਂ ਬਹੁਤ ਚੰਗਾ ਸੀ। ਅੱਜਕਲ੍ਹ ਦੀਆਂ ਨੂੰਹਾਂ ਆਪਣੇ ਸੱਸ ਸਹੁਰੇ ਨਾਲ ਨਹੀਂ ਰਹਿ ਸਕਦੀਆਂ। ਉਨ੍ਹਾਂ ਤੋਂ ਅੱਡ ਰਹਿ ਰਹੀਆਂ ਹਨ। ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਦੀ ਬਦੋਲਤ ਅਸੀਂ ਇਥੇ ਤੱਕ ਪੁੱਜੇ ਹਾਂ, ਉਨ੍ਹਾਂ ਦਾ ਤਹਿ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਕੱਲ੍ਹ ਨੂੰ ਬਜ਼ੁਰਗ ਅਸੀਂ ਵੀ ਬਣਨਾ ਹੈ। ਕਦੇ ਕੱਲ੍ਹ ਨੂੰ ਸਾਡੇ ਨਾਲ ਇਹੀ ਵਤੀਰਾ ਨਾ ਹੋਵੇ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਹਰ ਮਨੁੱਖ ਲਾਏ ਇਕ ਰੁੱਖ
ਮਨੁੱਖ ਅਤੇ ਰੁੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਰੁੱਖ ਸਾਡੇ ਸੱਚੇ ਸਾਥੀ ਹਨ। ਮੀਂਹ ਲਿਆਉਣ ਵਿਚ ਸਹਾਈ ਹੁੰਦੇ ਹਨ, ਹਵਾ ਸਾਫ਼ ਕਰਦੇ ਹਨ। ਊਰਜਾ ਦਾ ਸਾਧਨ ਵੀ ਰੁੱਖ ਹਨ। ਇਹ ਸਾਡੀਆਂ ਦਵਾਈ-ਬੂਟੀਆਂ ਦਾ ਸਰੋਤ ਹਨ। ਕੁਦਰਤੀ ਨਿਆਮਤਾਂ ਨਾਲ ਸਾਨੂੰ ਨਿਵਾਜਦੇ ਸਾਡੇ ਭਰਾਵਾਂ ਵਰਗੇ ਦਾਨੇ ਰੁੱਖ ਮਨੁੱਖਤਾ ਤੋਂ ਵੱਡੀ ਆਸ ਰੱਖਦੇ ਹਨ। ਪਾਣੀ ਦੀ ਅੰਧਾਧੁੰਦ ਵਰਤੋਂ, ਰੁੱਖਾਂ ਦੀ ਨਾਜਾਇਜ਼ ਕਟਾਈ ਆਉਣ ਵਾਲੇ ਸਮੇਂ ਲਈ ਕੋਈ ਬਹੁਤਾ ਵਧੀਆ ਸੰਕੇਤ ਨਹੀਂ। ਰੁੱਖਾਂ 'ਤੇ ਹਮਲਾ ਆਪਣੇ-ਆਪ 'ਤੇ ਹਮਲਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਸਿਰਫ 5 ਫ਼ੀਸਦੀ ਰਕਬਾ ਜੰਗਲਾਂ ਹੇਠ ਹੈ। ਅਸੀਂ ਜੰਗਲਾਂ ਦੀ ਕਟਾਈ ਕਰਕੇ ਫ਼ਸਲਾਂ ਨੂੰ ਆਮਦਨ ਦਾ ਸਾਧਨ ਬਣਾ ਲਿਆ ਹੈ। ਅਸੀਂ ਰੁੱਖਾਂ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ ਹੈ। ਰੁੱਖ ਸਾਥੋਂ ਕੁਝ ਨਹੀਂ ਮੰਗਦੇ, ਸਗੋਂ ਸਾਡੀ ਭਲਾਈ ਲਈ ਹੀ ਤਤਪਰ ਹਨ। 'ਹਰ ਮਨੁੱਖ ਲਾਵੇ ਇਕ ਰੁੱਖ' ਦੇ ਨਾਅਰੇ ਨੂੰ ਜੇਕਰ ਅਸੀਂ ਆਪਣੇ ਜ਼ਿਹਨ ਵਿਚ ਵਸਾ ਕੇ ਚੱਲੀਏ ਤਾਂ ਹਰੇ-ਭਰੇ ਚੌਗਿਰਦੇ ਦੀ ਨੀਂਹ ਰੱਖੀ ਜਾ ਸਕਦੀ ਹੈ।


-ਪ੍ਰਵਿੰਦਰ ਕੌਰ, ਰਾਏਕੋਟ।


ਸਾਦੇ ਸਮਾਜਿਕ ਸਮਾਗਮਾਂ ਦੀ ਲੋੜ
ਅਜੋਕੇ ਮਹਿੰਗਾਈ ਦੇ ਦੌਰ ਵਿਚ ਖਰਚੀਲੇ ਸਮਾਜਿਕ ਸਮਾਗਮ ਫੌਕੀ ਸ਼ੋਹਰਤ ਹਨ। ਅੱਜ ਸਮੇਂ ਦੀ ਲੋੜ ਹੈ ਕਿ ਵਿਆਹ-ਸ਼ਾਦੀ, ਜਨਮ ਦਿਨ, ਮਰਗ ਦੇ ਭੋਗਾਂ ਆਦਿ ਸਮਾਜਿਕ ਸਮਾਗਮਾਂ ਨੂੰ ਸਾਦੇ ਢੰਗ ਨਾਲ ਕਰਨਾ ਚਾਹੀਦਾ ਹੈ। ਬਹੁਤੇ ਲੋਕਾਂ ਵਲੋਂ ਕਰਜ਼ਾ ਚੁੱਕ ਕੇ ਕੀਤੇ ਸਮਾਗਮ ਬਾਅਦ ਵਿਚ ਗੰਭੀਰ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਵਿਆਹ-ਸ਼ਾਦੀ ਬਿਨਾਂ ਦਾਜ ਦਹੇਜ ਦੇ ਕਰਨੇ ਚਾਹੀਦੇ ਹਨ, ਬਜ਼ੁਰਗਾਂ ਦੀ ਬੁਢਾਪੇ ਵਿਚ ਸੇਵਾ ਕਰਨੀ ਚਾਹੀਦੀ ਹੈ, ਮਰਗ ਦੇ ਭੋਗਾਂ ਤੇ ਮਿਠਾਈਆਂ ਜਾਂ ਹੋਰ ਫੌਕੀਆਂ ਰਸਮਾਂ ਨੂੰ ਬੰਦ ਕਰਨਾ ਚਾਹੀਦਾ ਹੈ, ਸਾਦੇ ਭੋਗਾਂ ਦੇ ਸਮਾਗਮ ਕਰਨੇ ਚਾਹੀਦੇ ਹਨ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ (ਪਟਿਆਲਾ)।


ਮਿਲਾਵਟਖ਼ੋਰਾਂ ਦੀ ਚਾਂਦੀ ਸ਼ੁਰੂ
ਮਿਲਾਵਟਖ਼ੋਰੀ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਦੁੱਧ ਤੋਂ ਬਣੀਆਂ ਵਸਤਾਂ ਖੋਆ, ਪਨੀਰ, ਘਿਓ ਆਦਿ ਵਿਚ ਦੁਕਾਨਦਾਰਾਂ ਵਲੋਂ ਵੱਧ ਮੁਨਾਫ਼ਾ ਕਮਾਉਣ ਲਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਿਛਲੇ ਸਾਲ ਸਿਹਤ ਵਿਭਾਗ ਨੇ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਪੰਜਾਬ ਵਿਚ 30 ਫ਼ੀਸਦੀ ਖੁਰਾਕੀ ਪਦਾਰਥ ਮਿਲਾਵਟੀ ਹਨ। ਪਰ ਫਿਰ ਵੀ ਸਿਹਤ ਵਿਭਾਗ ਇਨ੍ਹਾਂ ਉੱਤੇ ਸ਼ਿਕੰਜਾ ਕਿਉਂ ਨਹੀਂ ਕੱਸ ਰਿਹਾ। ਬਹੁਤ ਸਾਰੇ ਸਮਝਦਾਰ ਲੋਕ ਇਨ੍ਹਾਂ ਇਸ ਸਮੱਸਿਆ ਵਿਚੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਖ਼ਰੀਦਦਾਰੀ ਬੰਦ ਕਰ ਦਿੱਤੀ ਹੈ। ਇਨ੍ਹਾਂ ਸਮੱਸਿਆਵਾਂ 'ਤੇ ਸਰਕਾਰਾਂ ਆਸਾਨੀ ਨਾਲ ਨੱਥ ਪਾ ਸਕਦੀਆਂ ਹਨ। ਜੇਕਰ ਸਾਡੇ ਆਪਣੇ ਦੇਸ਼ ਵਿਚ ਨਾ ਸਪਰੇਆਂ ਅਤੇ ਮਿਲਾਵਟਾਂ ਹੋਣਗੀਆਂ, ਸਾਨੂੰ ਹਰ ਇਕ ਚੀਜ਼ ਵਧੀਆ ਮਿਲੇਗੀ ਤਾਂ ਅਸੀਂ ਦੁੱਗਣੀ ਉਮਰ ਹੰਢਾ ਕੇ ਜਾਵਾਂਗੇ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਮੋਬਾਈਲ ਫੋਨ ਗੁਰੂ, ਬੱਚਾ ਚੇਲਾ
ਅੱਜ ਤਕਨਾਲੋਜੀ ਨੇ ਸਾਨੂੰ ਏਨਾ ਮਸਰੂਫ਼ ਕਰ ਦਿੱਤਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੀ ਕਿ ਅਸੀਂ ਮਸਰੂਫ ਨਹੀਂ ਸਗੋਂ ਇਕੱਲੇ ਹੋ ਰਹੇ ਹਾਂ। ਬੱਚਿਆਂ ਵਿਚ ਵਧ ਰਹੀ ਸਮਾਰਟ ਫੋਨ ਦੀ ਆਦਤ ਨੇ ਬਚਪਨ ਨੂੰ ਤਕਨਾਲੋਜੀ ਦਾ ਗੁਲਾਮ ਬਣਾ ਦਿੱਤਾ ਹੈ। ਇਹ ਆਦਤ ਸਾਰੇ ਨਸ਼ਿਆਂ ਤੋਂ ਖ਼ਤਰਨਾਕ ਸਿੱਧ ਹੋ ਰਹੀ ਹੈ। ਅੱਜਕਲ੍ਹ ਬੱਚਾ ਤੁਰਨਾ ਬਾਅਦ ਵਿਚ ਸਿੱਖਦਾ ਹੈ, ਸਮਾਰਟ ਫੋਨ ਨੂੰ ਚਲਾਉਣਾ ਪਹਿਲਾਂ। ਜੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਾਰਨ ਹੈ ਮਾਪਿਆਂ ਕੋਲ ਸਮੇਂ ਦੀ ਘਾਟ। ਸਾਰਾ ਦਿਨ ਸਿਰ ਝੁਕਾ ਕੇ ਫੋਨ ਵੇਖਣ ਨਾਲ ਸਰੀਰ ਦੇ ਢਾਂਚੇ ਵਿਚ ਵੀ ਵਿਗਾੜ ਆਉਣ ਲਗਦੇ ਹਨ। ਅੱਖਾਂ ਦੀ ਰੌਸ਼ਨੀ 'ਤੇ ਮਾੜਾ ਅਸਰ ਪੈਂਦਾ ਹੈ। ਬੱਚਿਆਂ ਦੀ ਰਚਨਾਤਮਕ ਸ਼ਕਤੀ 'ਤੇ ਵੀ ਮਾਰੂ ਅਸਰ ਪੈਂਦੇ ਹਨ। ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਇਹ ਵੀ ਧਿਆਨ ਰੱਖੋ ਕਿ ਅੱਗੇ ਡਿਜੀਟਲ ਯੁੱਗ ਹੈ। ਉਨ੍ਹਾਂ ਨੂੰ ਇਸ ਨੂੰ ਸੀਮਤ ਢੰਗ ਨਾਲ ਵਰਤਣਾ ਵੀ ਸਿਖਾਓ, ਪਰ ਬੱਚਿਆਂ ਨੂੰ ਸਕਰੀਨ ਦੇ ਆਦੀ ਹੋਣ ਤੋਂ ਬਚਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ।


-ਸੰਨੀ
ਬਸਤੀ ਬਾਵਾ ਖੇਲ, ਜਲੰਧਰ।

17-101-2019

 ਬਸਤੇ ਹੇਠਲਾ ਬਚਪਨ
ਬਚਪਨ ਇਕ ਅਜਿਹੀ ਅਵਸਥਾ ਹੈ, ਜਿਸ ਨੂੰ ਸ਼ਾਇਦ ਕੋਈ ਵੀ ਨਹੀਂ ਗਵਾਉਣਾ ਚਾਹੁੰਦਾ। ਵਰਤਮਾਨ ਸਮੇਂ ਦਾ ਬਚਪਨ ਤਾਂ ਸਕੂਲੀ ਬਸਤਿਆਂ ਨੇ ਦੱਬ ਲਿਆ ਹੈ। ਦਿਨੋ-ਦਿਨ ਇਨ੍ਹਾਂ ਬਸਤਿਆਂ ਦਾ ਭਾਰ ਵਧਦਾ ਹੀ ਜਾ ਰਿਹਾ ਹੈ। ਇਕੋ ਵਿਸ਼ੇ ਦੀਆਂ ਕਈ-ਕਈ ਕਿਤਾਬਾਂ ਲੱਗਣ ਅਤੇ ਅਜੋਕੇ ਪਾਠਕ੍ਰਮ ਨਾਲ ਵੀ ਬਸਤੇ ਵਿਚ ਭਾਰੀਪਣ ਆਇਆ ਹੈ। ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਅਨੇਕਾਂ ਕਿਸਮ ਦੀਆਂ ਕਾਪੀਆਂ, ਕਿਤਾਬਾਂ ਲਗਾ ਦਿੱਤੀਆਂ ਜਾਂਦੀਆਂ ਹਨ, ਜੋ ਕਿ ਮੋਢਿਆਂ 'ਤੇ ਭਾਰ ਬਣਨ ਤੋਂ ਇਲਾਵਾ ਦਿਮਾਗੀ ਚਿੰਤਾ ਵੀ ਬਣਦੀਆਂ ਹਨ। ਗਰਮੀ ਵਿਚ ਦੁਪਹਿਰ ਵੇਲੇ ਬਸਤਾ ਚੁੱਕਣਾ ਸਜ਼ਾ ਵਾਂਗ ਜਾਪਦਾ ਹੈ। ਬਸਤੇ ਭਾਰੀ ਹੋਣ ਕਰਕੇ ਬਹੁਤੇ ਮਾਪੇ ਬੱਚਿਆਂ ਨੂੰ ਸਕੂਲ ਬੱਸ ਤੱਕ ਛੱਡਣ ਅਤੇ ਛੁੱਟੀ ਸਮੇਂ ਲੈਣ ਵੀ ਜਾਂਦੇ ਹਨ। ਭਾਰੇ ਬਸਤੇ ਹੋਣ ਕਾਰਨ ਬੱਚਿਆਂ ਨੂੰ ਕੁੱਬ ਪੈਣਾ, ਪਿੱਠ ਦਰਦ ਅਤੇ ਸਰਵਾਈਕਲ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਸਰਕਾਰੀ ਨਿਯਮਾਂ ਅਨੁਸਾਰ ਬਸਤੇ ਦਾ ਭਾਰ ਬੱਚੇ ਦੇ ਭਾਰ ਤੋਂ ਲਗਪਗ ਦਸ ਗੁਣਾ ਘੱਟ ਹੋਣਾ ਲਾਜ਼ਮੀ ਹੈ। ਲੋੜ ਹੈ ਕਿ ਪਾਠਕ੍ਰਮ ਵਿਚ ਤਬਦੀਲੀ ਕਰਕੇ ਅਤੇ ਵਿਸ਼ਾ ਵਾਰ ਸਮਾਂ-ਸਾਰਨੀ ਨੂੰ ਦਿਨਾਂ ਦੀ ਵੰਡ ਦੇ ਰੂਪ ਵਿਚ ਲਾਗੂ ਕਰਵਾਇਆ ਜਾਵੇ ਜਾਂ ਫਿਰ ਕੋਈ ਹੋਰ ਢੁਕਵਾਂ ਹੱਲ ਕੱਢ ਕੇ ਬਸਤੇ ਹੇਠਾਂ ਦੱਬੇ ਬਚਪਨ ਨੂੰ ਸਹਾਰਾ ਦੇ ਕੇ ਭਵਿੱਖ ਕਾਇਮ ਕੀਤਾ ਜਾਵੇ।\

-ਮਨਦੀਪ ਸਿੰਘ ਸ਼ੇਰੋਂ
ਸੁਨਾਮ (ਸੰਗਰੂਰ)।

ਆਉਣਾ ਜਾਂ ਆਇਆ ਹੋਣਾ
ਕਈ ਵਾਰ ਕਿਸੇ ਮੁਹੱਲੇ, ਪਿੰਡ, ਕਸਬੇ, ਸ਼ਹਿਰ 'ਚ ਸਫ਼ਾਈਆਂ, ਲਾਈਟਾਂ, ਸੜਕਾਂ ਆਦਿ ਦੀਆਂ ਮੁਰੰਮਤਾਂ ਹੋ ਰਹੀਆਂ ਹੋਣ ਤਾਂ ਦਿਲ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਇਲਾਕੇ ਨੂੰ ਸੁੰਦਰ ਤੇ ਸੁਨੱਖਾ ਬਣਾਇਆ ਜਾ ਰਿਹਾ ਹੋਵੇ ਤਾਂ ਵਧੀਆ ਲਗਦਾ ਹੈ। ਘਰ ਫਿਰ ਚਾਰ ਕੁ ਦਿਨ ਬਾਅਦ ਪਤਾ ਲਗਦਾ ਹੈ ਕਿ ਜੀ ਇਥੇ ਤਾਂ ਫਲਾਣੇ ਮੰਤਰੀ, ਲੀਡਰ, ਬੜੇ ਅਫਸਰ ਸਾਹਿਬ ਨੇ 'ਆਉਣਾ' ਸੀ।
ਚਲੋ ਖੈਰ, ਸੁਧਾਰ ਤਾਂ ਹੋਇਆ। ਦੂਜੇ ਪਾਸੇ ਜੇ ਕਿਤੇ ਕਿਸੇ ਇਲਾਕੇ ਦੀ ਸੜਕ ਜਾਂ ਖੁੱਲ੍ਹੀ ਜਗ੍ਹਾ 'ਤੇ ਗੰਦ-ਮੰਦ, ਕੂੜਾ ਕਰਕਟ ਖਿਲਰਿਆ ਦਿਖਾਈ ਦੇਵੇ ਤਾਂ ਸਮਝੋ ਇਥੇ ਕੋਈ ਆਇਆ ਹੋਣਾ, ਫੰਕਸ਼ਨ ਹੋ ਕੇ ਹਟਿਆ ਹੋਣਾ। ਕਿਸੇ ਵੀ ਮੰਤਰੀ ਜਾਂ ਲੀਡਰ, ਵੱਡੇ ਅਫਸਰ ਦੇ ਆਉਣ ਤੋਂ ਪਹਿਲਾਂ ਜਿੰਨੀ ਸਫਾਈ ਹੁੰਦੀ ਹੈ, ਉਸ ਨਾਲੋਂ ਕਿਤੇ ਜ਼ਿਆਦਾ, ਗੰਦਗੀ ਉਸ ਦੇ ਜਾਣ ਤੋਂ ਬਾਅਦ ਉਸ ਜਗ੍ਹਾ 'ਤੇ ਦਿਸਦੀ ਹੈ। ਚਾਹੀਦਾ ਤਾਂ ਇਹ ਹੈ ਕਿ ਲੋਕ ਤੇ ਸਾਰੇ ਮਹਿਕਮੇ 'ਸਹੀ ਵਕਤ' ਤੇ ਆਪਣੇ-ਆਪਣੇ ਕੰਮ ਨੂੰ ਵਧੀਆ ਤੇ ਸੁਚਾਰੂ ਤਰੀਕੇ ਨਾਲ 'ਲਗਾਤਾਰ' ਕਰਦੇ ਰਹਿਣ ਨਾ ਕਿ ਕਿਸੇ ਦੀ ਆਮਦ 'ਤੇ ਹੀ ਕਰਨ।

-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਨਵਾਂਸ਼ਹਿਰ।

ਕੂੜੇ 'ਤੇ ਰੁਲਦਾ ਬਚਪਨ
ਕਿਸੇ ਵੀ ਦੇਸ਼ ਦਾ ਭਵਿੱਖ ਉਥੋਂ ਦਾ ਬਚਪਨ ਹੁੰਦਾ ਹੈ ਅਤੇ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦੀ ਸਿਹਤ ਆਦਿ, ਬੱਚਿਆਂ ਦਾ ਭਵਿੱਖ ਹੀ ਤੈਅ ਨਹੀਂ ਕਰਦਾ, ਸਗੋਂ ਦੇਸ਼ ਦਾ ਭਵਿੱਖ ਉਨ੍ਹਾਂ 'ਤੇ ਨਿਰਭਰ ਹੁੰਦਾ ਹੈ। ਭਾਵੇਂ ਕਿ ਦੇਸ਼ ਆਜ਼ਾਦ ਹੋਏ ਨੂੰ ਕਈ ਸਾਲ ਹੋ ਗਏ ਹਨ ਪਰ ਦੇਸ਼ ਵਿਚੋਂ ਗੁਰਬਤ ਅਜੇ ਪੂਰੀ ਤਰ੍ਹਾਂ ਨਹੀਂ ਗਈ। ਛੋਟੇ-ਛੋਟੇ ਬੱਚੇ ਕੂੜੇ ਦੇ ਢੇਰਾਂ 'ਤੇ ਕਾਗਜ਼, ਲਿਫ਼ਾਫ਼ੇ ਇਕੱਠੇ ਕਰਦੇ, ਘਰਾਂ 'ਚ ਛੋਟੀਆਂ ਲੜਕੀਆਂ, ਲੜਕੇ ਪੋਚੇ ਲਾਉਣ, ਬਰਤਨ ਸਾਫ਼ ਕਰਨ, ਢਾਬਿਆਂ, ਭੱਠਿਆਂ 'ਤੇ ਬਾਲ ਮਜ਼ਦੂਰੀ ਕਰਨ ਅਤੇ ਚੌਕਾਂ 'ਤੇ ਭੀਖ ਮੰਗਦੇ ਆਮ ਹੀ ਵੇਖੇ ਜਾ ਸਕਦੇ ਹਨ।
ਦੇਸ਼ ਦੇ ਰਬਿਹਰਾਂ ਨੂੰ ਇਨ੍ਹਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਚੰਗੀ ਵਿੱਦਿਆ ਦੇਣੀ ਹੁੰਦੀ ਹੈ। ਭਾਵੇਂ ਕਿ ਬੱਚਿਆਂ ਦੀ ਭਲਾਈ ਤੇ ਵਿਕਾਸ ਲਈ ਕਈ ਵਿਭਾਗ ਵੀ ਕੰਮ ਕਰ ਰਹੇ ਹਨ ਪਰ ਇਨ੍ਹਾਂ ਨੂੰ ਵੇਖ ਕੇ ਲਗਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਸੁਪਨੇ ਅਜੇ ਅਧੂਰੇ ਹੀ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੇ ਵਸੇਬੇ ਅਤੇ ਬੱਚਿਆਂ ਦੀ ਭਲਾਈ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ

ਝੋਨੇ ਦੀ ਪਰਾਲੀ ਨਾ ਸਾੜੋ
ਪੰਜਾਬ ਵਿਚ ਆਮ ਕਰਕੇ ਕਣਕ ਤੇ ਝੋਨੇ ਵਾਲਾ ਹੀ ਫ਼ਸਲ ਚੱਕਰ ਅਪਣਾਇਆ ਜਾਂਦਾ ਹੈ। ਕਣਕ ਦੀ ਰਹਿੰਦ-ਖੂੰਹਦ ਤਾਂ ਪਸ਼ੂਆਂ ਦੇ ਚਾਰੇ ਦੇ ਕੰਮ ਆ ਜਾਂਦੀ ਹੈ ਪਰ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਬਹੁਤ ਘੱਟ ਵਰਤੋਂ ਵਿਚ ਆਉਂਦੀ ਹੈ। ਇਸ ਲਈ ਸਾਡੇ ਕਿਸਾਨ ਵੀਰਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਿਕ ਲਗਪਗ 14 ਤੋਂ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਆਮ ਕਰਕੇ ਸਾਡੇ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਲਈ ਪਰਾਲੀ ਨੂੰ ਖੇਤ ਵਿਚ ਹੀ ਅੱਗ ਲਾ ਦਿੰਦੇ ਹਨ। ਇਸ ਨਾਲ ਸਾਡੇ ਵਾਤਾਵਰਨ ਵਿਚ ਕਈ ਖ਼ਤਰਨਾਕ ਗੈਸਾਂ ਪੈਦਾ ਹੁੰਦੀਆਂ ਹਨ।
ਪਰਾਲੀ ਸਾੜਨ ਨਾਲ ਮਨੁੱਖ ਨੂੰ ਸਾਹ ਲੈਣ ਵਿਚ ਤਕਲੀਫ਼ ਆਉਂਦੀ ਹੈ, ਅੱਖਾਂ ਵਿਚ ਜਲਣ ਹੁੰਦੀ ਹੈ। ਖ਼ਾਸ ਕਰਕੇ ਦਮੇ ਦੇ ਮਰੀਜ਼ ਲਈ ਸਾਹ ਲੈਣਾ ਬਹੁਤ ਖ਼ਤਰਨਾਕ ਹੁੰਦਾ ਹੈ। ਪਰਾਲੀ ਸਾੜਨ ਨਾਲ ਧਰਤੀ ਵਿਚਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਸੂਖਮ ਜੀਵ ਜੰਤੂ ਜਿਹੜੇ ਸਾਡੇ ਫ਼ਸਲੀ ਚੱਕਰ ਲਈ ਲਾਭਦਾਇਕ ਹੁੰਦੇ ਹਨ, ਉਹ ਵੀ ਮਾਰੇ ਜਾਂਦੇ ਹਨ। ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ਵਿਚ ਹੀ ਵਾਹ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਓ ਅਤੇ ਨਾਲ ਦੀ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਓ।

-ਗੁਰਚਰਨ ਸਿੰਘ ਉੱਪਲ।

16-10-2019

 ਸੋਚ ਦੀ ਸ਼ਲਾਘਾ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਦਾ ਲੇਖ 'ਭਾਰਤ ਹਿੰਦੂ ਰਾਸ਼ਟਰ ਨਹੀਂ ਹੈ' ਪੜ੍ਹਿਆ, ਜੋ ਬਹੁਤ ਹੀ ਜਾਣਕਾਰੀ ਭਰਪੂਰ, ਪ੍ਰਭਾਵਸ਼ਾਲੀ, ਪ੍ਰਮਾਣਿਕ ਅਤੇ ਸੱਚੀ ਲਿਖਤ ਹੈ। ਮੈਂ ਹਮਦਰਦ ਜੀ ਦੀ ਸੋਚ ਦੀ ਸ਼ਲਾਘਾ ਕਰਦਾ ਹਾਂ। ਕਿਰਪਾ ਕਰਕੇ ਅਗਾਂਹ ਵੀ ਅਜਿਹੇ ਲੇਖ ਛਾਪਦੇ ਰਹਿਣਾ।


-ਵਿਕਾਸ ਸ਼ਾਂਤ, ਜਲੰਧਰ।


ਹੱਦਾਂ ਬੰਨ੍ਹੇ ਟੱਪੀ ਪੰਜਾਬੀ ਗਾਇਕੀ
ਕੋਈ ਦੋ ਕੁ ਦਹਾਕੇ ਪਹਿਲਾਂ ਤੋਂ ਪੰਜਾਬੀ ਸੱਭਿਆਚਾਰ ਦੇ ਨਾਂਅ ਹੇਠ ਪੰਜਾਬੀ ਗਾਇਕੀ ਅੰਦਰ ਗ਼ਲਤ ਚੀਜ਼ਾਂ ਪੇਸ਼ ਹੋਣੀਆਂ ਸ਼ੁਰੂ ਹੋਈਆਂ। ਇਹ ਗ਼ਲਤੀਆਂ ਛੋਟੀਆਂ ਤੋਂ ਏਨੀਆਂ ਵੱਡੀਆਂ ਹੋ ਗਈਆਂ ਕਿ ਕਿਸੇ ਨੇ ਬਹੁਤਾ ਧਿਆਨ ਹੀ ਨਾ ਦਿੱਤਾ। ਹੁਣ ਜਦ ਕੰਮ ਹੱਦੋਂ ਪਾਰ ਹੋ ਗਿਆ ਤਾਂ ਰੌਲਾ ਪੈ ਰਿਹਾ, ਰੌਲਾ ਵੀ ਕੁਝ ਕੁ ਹੀ ਪਾ ਰਹੇ ਹਨ। ਬਹੁਗਿਣਤੀ ਪੰਜਾਬੀਆਂ ਨੇ ਤਾਂ ਗ਼ਲਤ ਗਾਇਕੀ ਨੂੰ ਸਿਰਫ ਮਨੋਰੰਜਨ ਦੇ ਤੌਰ 'ਤੇ ਅਪਣਾ ਹੀ ਲਿਆ। ਕੀ ਨਵੇਂ ਤੇ ਕੀ ਪੁਰਾਣੇ ਫੱਟੇ ਚੱਕੀ ਜਾ ਰਹੇ ਹਨ। ਮੈਂ ਸਭ ਦੀ ਗੱਲ ਨਹੀਂ ਕਰ ਰਿਹਾ। ਚੰਗੀਆਂ ਸੁਰਾਂ ਬਹੁਤ ਚੰਗਾ ਵੀ ਪੇਸ਼ ਕਰ ਰਹੀਆਂ ਹਨ। ਜਦੋਂ ਅੱਜ ਦੇਸੀ ਤੇ ਵਿਦੇਸ਼ੀ ਗਾਇਕ ਕਲਾਕਾਰਾਂ ਦੀਆਂ ਵੀਡੀਓਜ਼ ਦੇਖਦੇ ਹਾਂ ਤਾਂ ਦੰਗ ਰਹਿ ਜਾਈਦਾ ਕਿ ਇਹ ਕਿਹੜਾ ਪੰਜਾਬ ਵਿਖਾ ਰਹੇ ਹਨ। ਪੰਜਾਬ ਪੰਜਾਬੀਅਤ ਅੱਜ ਦੇ ਪੰਜਾਬੀ ਗੀਤਾਂ 'ਚ ਦਿਸਣ 'ਤੇ ਵੀ ਨਹੀਂ ਦਿਸਦੀ। ਉਪਰੋਂ ਗੀਤ ਦੇ ਬੋਲ ਵੀ ਸਮਝ ਨਹੀਂ ਆਉਂਦੇ। ਹਾਂ ਕੰਨ-ਪਾੜਵਾਂ ਸੰਗੀਤ ਜ਼ਰੂਰ ਦੈਂਗੜ-ਦੈਂਗੜ ਕਰਦਾ। ਪੰਜਾਬੀ ਗੀਤਾਂ, ਨੰਗੇਜ਼ ਤਾਂ ਹੁਣ ਹਾਲੀਵੁੱਡ ਤੋਂ ਵੀ ਉੱਪਰ ਹੋ ਗਿਆ, ਜੋ ਗ਼ਲਤ ਗਾ ਰਿਹਾ ਉਹੀ ਸਟਾਰ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਕਰਤਾਰਪੁਰ ਲਾਂਘਾ
ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਪਾਕਸਤਾਨ ਵਾਲੇ ਪਾਸੇ ਤੋਂ ਦਿਨ-ਰਾਤ ਕੰਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਦੁਆਰੇ ਤੋਂ 'ਜ਼ੀਰੋ ਲਾਈਨ' ਤੱਕ ਸਾਰੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਵੀ 'ਤੇ ਉਸਾਰਿਆ ਜਾਣ ਵਾਲਾ ਪੁਲ, ਲੰਗਰ ਹਾਲ ਆਦਿ ਦਾ ਕੰਮ ਵੀ ਕਾਫੀ ਹੱਦ ਤੱਕ ਮੁਕੰਮਲ ਹੋਣ ਦੇ ਕਿਨਾਰੇ ਹੈ। ਪਾਕਿਸਤਾਨ ਨੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂਅ ਵੀ 'ਬਾਬਾ ਗੁਰੂ ਨਾਨਕ' ਰੱਖ ਦਿੱਤਾ ਹੈ ਜੋ ਕਿ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਭਾਰਤ ਵਾਲੇ ਪਾਸੇ ਤੋਂ ਵੀ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਪਰਮਾਤਮਾ ਕਰੇ ਦੋਵਾਂ ਦੇਸ਼ਾਂ 'ਚ ਨਫ਼ਰਤ ਦੀ ਥਾਂ ਸ਼ਾਂਤੀ ਬਣੀ ਰਹੇ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਦੋਵਾਂ ਦੇਸ਼ਾਂ ਵਲੋਂ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਵੇ ਤਾਂ ਜੋ ਭਾਰਤ ਦੇ ਲੋਕ ਆਪਣੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕਣ।


-ਅਮਰਜੀਤ ਸਿੰਘ ਜੱਸਲ
ਪ੍ਰਧਾਨ ਨਾਮਦੇਵ ਭਵਨ ਸਭਾ, ਰਾਏਕੋਟ।


ਕਦ ਬਦਲੇਗੀ ਅੰਨਦਾਤਾ ਦੀ ਕਿਸਮਤ
ਦੇਸ਼ ਦੇ ਅੰਨਦਾਤਾ ਦਾ ਜੀਵਨ ਦਿਨੋ-ਦਿਨ ਮੁਸ਼ਕਿਲਾਂ, ਔਕੜਾਂ ਤੇ ਕਰਜ਼ਿਆਂ ਵਿਚ ਘਿਰਦਾ ਜਾ ਰਿਹਾ ਹੈ। ਖੇਤੀ ਲਾਗਤਾਂ ਦਾ ਵਧਣਾ, ਦਵਾਈਆਂ ਖਾਦਾਂ ਦਾ ਮਹਿੰਗਾ ਹੋਣਾ ਤੇ ਜ਼ਮੀਨਾਂ ਦਾ ਘਟਣਾ ਕਿਸਾਨੀ ਦੇ ਪਤਨ ਦਾ ਮੁੱਖ ਕਾਰਨ ਹੈ। ਸਮਾਜਿਕ ਰੀਤੀ ਰਿਵਾਜਾਂ, ਮਹਿੰਗੇ ਵਿਆਹਾਂ, ਵੱਡੇ ਟਰੈਕਟਰਾਂ ਤੇ ਸਰਕਾਰਾਂ ਦੇ ਲਾਰਿਆਂ ਨੇ ਕਿਸਾਨ ਦੇ ਸਿਰ 'ਤੇ ਜੋ ਕਰਜ਼ੇ ਦੀ ਪੰਡ ਸੀ, ਉਸ ਦਾ ਭਾਰ ਹੋਰ ਵਧਾ ਦਿੱਤਾ। ਕਿਸਾਨੀ ਕਣਕ-ਝੋਨੇ ਤੱਕ ਹੀ ਸੀਮਤ ਰਹਿ ਗਈ। ਘਰ ਦਾ ਗੁੜ, ਦੁੱਧ, ਘਿਓ, ਤੇਲ, ਦਾਲਾਂ, ਆਂਡੇ ਮੀਟ ਆਦਿ ਦਾ ਉਤਪਾਦਨ ਖ਼ਤਮ ਹੋ ਗਿਆ। ਲੋੜ ਹੈ ਕਿ ਕਿਸਾਨ ਆਪਣੇ ਖਰਚੇ ਘਟਾਏ, ਸਹਾਇਕ ਧੰਦੇ ਅਪਣਾਏ, ਆਪਣੇ ਬੱਚਿਆਂ ਨੂੰ ਪੜ੍ਹਾਏ, ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਨੂੰ ਵੱਧ ਤੋਂ ਵੱਧ ਘਰ ਵਿਚ ਪੈਦਾ ਕਰੇ। ਫ਼ਸਲ ਦਾ ਸਹੀ ਰੇਟ ਦੇਣਾ, ਸਹੀ ਮੰਡੀਕਰਨ ਕਰਨਾ, ਖੇਤੀ ਮਸ਼ੀਨਰੀ, ਖਾਦਾਂ ਦਵਾਈਆਂ ਆਦਿ 'ਤੇ ਸਬਸਿਡੀ ਦੇਣਾ, ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਤੋਂ ਫ਼ਸਲ ਦੀ ਪੈਦਾਵਾਰ ਕਰਵਾਉਣੀ ਆਦਿ ਸਰਕਾਰ ਦੀਆਂ ਜ਼ਿੰਮੇਵਾਰੀਆਂ ਹਨ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।


ਕਾਰਪੋਰੇਟ ਖੇਤਰ ਨੂੰ ਰਿਆਇਤਾਂ
ਡਾ: ਸ. ਸ. ਛੀਨਾ ਇਕ ਉੱਘੇ ਅਰਥ-ਸ਼ਾਸਤਰੀ ਹਨ। ਉਹ ਸਮੇਂ-ਸਮੇਂ 'ਅਜੀਤ' ਰਾਹੀਂ ਆਰਥਿਕ ਸੰਕਟ ਅਤੇ ਖੇਤੀ ਸੰਕਟ ਬਾਰੇ ਆਪਣੇ ਵਿਚਾਰ ਰੱਖਦੇ ਰਹਿੰਦੇ ਹਨ। ਇਕ ਲੇਖ ਰਾਹੀਂ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕਾਰਪੋਰੇਟ ਖੇਤਰ ਨੂੰ ਰਿਆਇਤਾਂ ਦੇਣ ਨਾਲ ਦੇਸ਼ ਨੂੰ ਆਰਥਿਕ ਮੰਦੀ 'ਚੋਂ ਕੱਢਿਆ ਜਾ ਸਕਦਾ ਹੈ? ਰਿਆਇਤਾਂ ਤਾਂ ਹੇਠਲੀ ਸ਼੍ਰੇਣੀ ਨੂੰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਰੁਜ਼ਗਾਰ ਵਿਚ ਵਾਧਾ ਹੋਵੇ ਤੇ ਉਨ੍ਹਾਂ ਦੀ ਖਰੀਦ ਸ਼ਕਤੀ ਵਧੇ। ਰੋਜ਼ਾਨਾ ਘਰੇਲੂ ਵਸਤਾਂ ਖਰੀਦਣ ਲਈ ਉਨ੍ਹਾਂ ਕੋਲ ਪੈਸਾ ਹੋਵੇ ਤੇ ਪੈਸਾ ਤਾਂ ਰੁਜ਼ਗਾਰ ਰਾਹੀਂ ਹੀ ਉਨ੍ਹਾਂ ਕੋਲ ਆਵੇਗਾ? ਅਮੀਰਾਂ ਦੇ ਤਹਿਖਾਨੇ ਤਾਂ ਦੋ ਨੰਬਰ ਦੇ ਧਨ ਨਾਲ ਭਰੇ ਪਏ ਹਨ। ਗ਼ਰੀਬ ਹੋਰ ਗ਼ਰੀਬ ਹੋਈ ਜਾ ਰਿਹਾ ਹੈ ਅਤੇ ਧਨਵਾਨ ਦੇਸ਼ ਦਾ ਪੈਸਾ ਲੈ ਕੇ ਅਜੇ ਵੀ ਬਾਹਰ ਤੁਰੀ ਜਾ ਰਹੇ ਹਨ। ਕਾਰਪੋਰੇਟ ਖੇਤਰ ਨੂੰ ਟੈਕਸਾਂ ਵਿਚ ਦੇਣ ਵਾਲੀਆਂ ਰਿਆਇਤਾਂ ਅਤੇ ਬੈਂਕਾਂ ਦਾ ਵਿਆਜ ਘਟਾਉਣ ਨਾਲ ਇਹ ਗਹਿਰਾ ਸੰਕਟ ਹੱਲ ਨਹੀਂ ਹੋਣਾ। ਦੇਸ਼ ਦੀ ਰੀੜ੍ਹ ਦੀ ਹੱਡੀ ਤਾਂ ਮਜ਼ਦੂਰ ਤੇ ਕਿਸਾਨ ਹੀ ਹਨ ਜੋ ਇਹ ਵੇਲੇ ਕੰਗਾਲੀ ਹੰਢਾਅ ਰਹੇ ਹਨ। ਵਿਗੜਦੇ ਆਰਥਿਕ ਢਾਂਚੇ ਨੂੰ ਲੀਹਾਂ 'ਤੇ ਲਿਆਉਣ ਲਈ ਸਰਕਾਰ ਨੂੰ ਗੰਭੀਰ ਹੋਣਾ ਪਵੇਗਾ। ਛੀਨਾ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਸੰਦੀਪ ਸਿੰਘ ਧਾਲੀਵਾਲ ਕਿਸੇ ਨਹੀਂ ਬਣ ਜਾਣਾ
ਸੰਦੀਪ ਸਿੰਘ ਧਾਲੀਵਾਲ ਅਮਰੀਕਾ ਵਿਚ ਪਹਿਲਾ ਪਗੜੀਧਾਰੀ ਪੁਲਿਸ ਅਫਸਰ ਸੀ, ਜਿਸ ਨੂੰ ਡਿਊਟੀ ਦੌਰਾਨ ਸ਼ਹੀਦ ਕਰ ਦਿੱਤਾ ਗਿਆ। ਪੁਲਿਸ ਦੀ ਨੌਕਰੀ ਬੜੀ ਜੋਖਮ ਭਰੀ ਹੈ। ਚੋਰਾਂ, ਡਾਕੂਆਂ, ਲੁਟੇਰਿਆਂ, ਸਮੱਗਲਰਾਂ, ਬਦਮਾਸ਼ਾਂ, ਸਿਰ ਫਿਰਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਸੰਦੀਪ ਸਿੰਘ ਆਮ ਲੋਕਾਂ ਨਾਲੋਂ ਵੱਖਰਾ ਕੰਮ ਕਰਨਾ ਚਾਹੁੰਦਾ ਸੀ। ਉਹ ਪੁਲਿਸ ਵਿਚ ਭਰਤੀ ਹੋ ਕੇ ਸਿੱਖਾਂ ਦੀ ਵੱਖਰੀ ਪਛਾਣ ਦਸਤਾਰ ਦੀ ਹੋਂਦ ਨੂੰ ਕਾਇਮ ਰੱਖਣ ਦਾ ਹੋਕਾ ਦੇਣਾ ਚਾਹੁੰਦਾ ਸੀ, ਜਿਸ ਵਿਚ ਉਹ 2015 ਵਿਚ ਅਮਰੀਕਾ ਵਿਚ ਦਸਤਾਰ ਸਜਾਉਣ ਦੀ ਆਗਿਆ ਲੈਣ 'ਚ ਕਾਮਯਾਬ ਹੋ ਗਿਆ। ਉਸ ਦੀ ਮੌਤ 'ਤੇ ਉਸ ਨੂੰ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਅਤੇ ਪਾਪਾ ਜੌਹਨਸ ਵਲੋਂ 78 ਰੈਸਟੋਰੈਂਟਾਂ ਵਲੋਂ ਕਮਾਈ ਦੇਣ ਦਾ ਐਲਾਨ ਕੀਤਾ। ਜੱਜ ਨੇ ਕਾਤਲ ਨੂੰ ਜ਼ਮਾਨਤ ਨਾ ਦੇ ਕੇ ਟਿੱਪਣੀ ਕੀਤੀ ਕਿ ਕਾਤਲ ਦੀ ਸਜ਼ਾ ਮੌਤ ਹੀ ਹੋ ਸਕਦੀ ਹੈ। ਸਾਨੂੰ ਇਸ ਬਹਾਦਰ ਪੁਲਿਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਹੋ ਹੀ ਸੰਦੀਪ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਸਿਰ ਫਿਰੇ ਇਹੋ ਜਿਹੀਆਂ ਘਿਨੌਣੀਆਂ ਹਰਕਤਾਂ ਕਰਦੇ ਹਨ, ਉਨ੍ਹਾਂ ਨੂੰ ਸਖ਼, ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਪੰਜਾਬ ਅਤੇ ਭਾਰਤ ਦੇ ਸਮੂਹ ਵਾਸੀਆਂ ਨੂੰ ਸੰਦੀਪ 'ਤੇ ਮਾਣ ਹੈ ਤੇ ਉਸ ਦੀ ਸੋਚ ਨੂੰ ਸਲਾਮ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

15-10-2019

 ਪੰਜਾਬੀ ਗਾਇਕੀ : ਦਸ਼ਾ ਤੇ ਦਿਸ਼ਾ
ਗੀਤ ਪੰਜਾਬੀ ਸਾਹਿਤ ਦਾ ਪਦ ਰੂਪ ਹੈ। ਅਜੋਕੇ ਸਮੇਂ ਹੋਰਨਾਂ ਸਾਹਿਤ ਵਿਧਾਵਾਂ ਦੇ ਨਿਸਬਤ ਪੰਜਾਬੀ ਗੀਤ ਸੰਗੀਤ ਜਨ-ਮਾਨਸ ਨੂੰ ਵਧੇਰੇ ਪ੍ਰਭਾਵਿਤ ਕਰ ਰਹੇ ਹਨ। ਪ੍ਰਭਾਵ ਵੀ ਉਸਾਰੂ ਨਹੀਂ ਮਾਰੂ ਹੀ ਪੈ ਰਿਹਾ ਹੈ। ਗੀਤ ਕਿਸੇ ਖਿੱਤੇ ਦੇ ਸਮਾਜ ਸੱਭਿਆਚਾਰ ਦੇ ਨਕਸ਼-ਨੁਹਾਰ ਹੁੰਦੇ ਹਨ, ਪਰੰਤੂ ਅਜੋਕਾ ਗੀਤ-ਸੰਗੀਤ ਮੰਡੀ ਮਾਨਸਿਕਤਾ ਦਾ ਗੁਲਾਮ ਬਣ ਪੰਜਾਬੀਅਤ ਦੀ ਨੁਹਾਰ ਨੂੰ ਦਾਗ਼ਦਾਰ ਕਰ ਰਿਹਾ ਹੈ। ਅਜੋਕੀ ਪੰਜਾਬੀ ਗਾਇਕੀ ਨੌਜਵਾਨੀ ਨੂੰ ਨਸ਼ੇ, ਹਥਿਆਰਾਂ, ਨੰਗੇਜਵਾਦ ਲਈ ਉਕਸਾ ਰਹੀ ਹੈ ਜਿਸ ਕਾਰਨ ਅਣਮਨੁੱਖੀ ਘਟਨਾਵਾਂ ਨਿੱਤ-ਦਿਨ ਵਾਪਰ ਰਹੀਆਂ ਹਨ। ਨਸ਼ਿਆਂ ਦੇ ਸੋਹਲੇ ਗਾਉਂਦੇ ਗੀਤ ਨੌਜਵਾਨੀ ਨੂੰ ਮਾੜੀ ਲਤ ਲਾ ਰਹੇ ਹਨ। ਅਜੋਕੇ ਗੀਤ-ਵੀਡੀਓ ਵਿਚ ਮੁੰਡੇ-ਕੁੜੀਆਂ ਸ਼ਰੇਆਮ ਹਥਿਆਰ ਚੁੱਕੀ, ਧੂੰਏ ਦੇ ਛੱਲੇ ਉਡਾਉਂਦੇ ਅੱਧ-ਨੰਗੇ ਘੁੰਮਦੇ ਨਜ਼ਰੀਂ ਪੈਂਦੇ ਹਨ। ਗੀਤਾਂ ਦੇ ਅੱਧ ਤੋਂ ਜ਼ਿਆਦਾ ਅੰਗਰੇਜ਼ੀ ਵਿਚ ਬੋਲੇ ਬੋਲ ਆਮ ਤਬਕੇ ਦੀ ਸਮਝ ਤੋਂ ਬਾਹਰ ਹਨ। ਸਮਾਜਿਕ ਸੇਧ ਦੇਣ ਅਤੇ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਕਰਨ ਵਾਲੇ ਗੀਤ ਆਟੇ ਵਿਚ ਲੂਣ ਵਾਂਗ ਹਨ। ਪੰਜਾਬੀ ਗੀਤ ਇੰਡਸਟਰੀ ਲਈ ਵੀ ਕੋਈ ਸੈਂਸਰ ਬੋਰਡ ਹੋਣਾ ਚਾਹੀਦਾ ਹੈ, ਤਾਂ ਜੋ ਪੰਜਾਬੀਅਤ ਦਾ ਘਾਣ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ।

-ਜਗਦੀਪ ਸਿੰਘ ਭੁੱਲਰ
ਪਿੰਡ-ਜੋਗਾਨੰਦ, ਜ਼ਿਲ੍ਹਾ ਬਠਿੰਡਾ।

ਕੀ ਅਸੀਂ ਧਾਰਮਿਕ ਹਾਂ
ਹਰ ਵਿਅਕਤੀ ਕਿਸੇ ਧਰਮ, ਗੁਰੂ-ਪੀਰ ਵਿਚ ਵਿਸ਼ਵਾਸ ਰੱਖਦਾ ਹੈ। ਇਨ੍ਹਾਂ ਧਾਰਮਿਕ ਗੁਰੂ-ਪੀਰਾਂ ਨੇ ਜਿਹੜੀਆਂ ਬੁਰਾਈਆਂ ਤੋਂ ਸਾਨੂੰ ਵਰਜਿਆ, ਅਸੀਂ ਉਨ੍ਹਾਂ ਨੂੰ ਮੰਨਦੇ ਨਹੀਂ, ਸਗੋਂ ਧਰਮ ਨੂੰ ਆਪਣੀ ਸਵਾਰਥੀ ਤੇ ਨਿੱਜੀ ਸੋਚ ਨਾਲ ਚਲਾਉਣ ਲੱਗ ਪਏ ਹਾਂ। ਧਰਮ ਸਾਨੂੰ ਸਾਦਗੀ, ਵਫ਼ਾਦਾਰੀ, ਇਮਾਨਦਾਰੀ, ਝੂਠ ਨਾ ਬੋਲਣ, ਠੱਗੀ ਨਾ ਮਾਰਨਾ, ਕੁਦਰਤ ਨਾਲ ਪਿਆਰ, ਕਿੱਤੇ ਪ੍ਰਤੀ ਜ਼ਿੰਮੇਵਾਰੀ ਆਦਿ ਦਾ ਪਾਠ ਪੜ੍ਹਾਉਂਦਾ ਹੈ। ਅਸੀਂ ਆਪਣੇ ਅੰਦਰੂਨੀ ਝਾਤ ਮਾਰ ਕੇ ਨਹੀਂ ਦੇਖਦੇ ਕਿ ਸਾਡਾ ਜੀਵਨ ਇਨ੍ਹਾਂ ਚੰਗਿਆਈਆਂ ਅਨੁਸਾਰ ਚੱਲ ਰਿਹਾ ਹੈ ਜਾਂ ਨਹੀਂ। ਵਿਕਸਤ ਦੇਸ਼ਾਂ ਦੇ ਲੋਕ ਧਾਰਮਿਕ ਵਿਖਾਵੇ ਨਾਲੋਂ ਮਨੁੱਖੀ ਕਦਰਾਂ-ਕੀਮਤਾਂ ਨੂੰ ਤਰਜੀਹ ਦਿੰਦੇ ਹਨ। ਪਰ ਅਸੀਂ ਇਸ ਦੇ ਬਿਲਕੁਲ ਉਲਟ ਹਾਂ। ਅਸੀਂ ਹਰ ਸੁਧਾਰ ਦੀ ਉਮੀਦ ਦੂਸਰੇ ਕੋਲੋਂ ਰੱਖਦੇ ਹਾਂ, ਜਦ ਕਿ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਆਪਣੇ ਆਂਢ-ਗੁਆਂਢ ਦਾ ਖਿਆਲ ਰੱਖੀਏ ਕਿ ਕਿਤੇ ਸਾਡੇ ਕਰਕੇ ਕੋਈ ਦੁਖੀ ਤਾਂ ਨਹੀਂ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਗੁਰਦਾਸਪੁਰ।

ਬਿਜਲੀ ਦੀ ਬੱਚਤ ਕਰਨੀ ਅਤਿ ਜ਼ਰੂਰੀ
ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਇਹ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਫ਼ ਹੈ। ਇਸ ਤੋਂ ਬਿਨਾਂ ਸਾਡਾ ਜੀਵਨ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ। ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ਹਨ। ਇਹ ਚੀਜ਼ਾਂ ਉਨ੍ਹਾਂ ਕਾਰਖਾਨਿਆਂ ਵਿਚ ਬਣਦੀਆਂ ਹਨ, ਜੋ ਬਿਜਲੀ ਨਾਲ ਚਲਦੇ ਹਨ। ਕਾਰਖਾਨਿਆਂ ਤੋਂ ਬਿਨਾਂ ਖੇਤੀਬਾੜੀ ਦਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ ਹੈ।
ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜ਼ਰੂਰੀ ਲੋੜ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਖਪਤਕਾਰ ਇਕ ਯੂਨਿਟ ਦੀ ਬੱਚਤ ਕਰਦਾ ਹੈ ਤਾਂ ਉਸ ਦੀ ਬੱਚਤ ਕੌਮੀ ਪੱਧਰ 'ਤੇ ਸਵਾ ਯੂਨਿਟ ਦੇ ਬਰਾਬਰ ਹੁੰਦੀ ਹੈ। ਇਸ ਪ੍ਰਕਾਰ ਬਚਾਈ ਗਈ ਬਿਜਲੀ ਦਾ ਲਾਭ ਭਾਰੀ ਖਰਚ ਨਾਲ ਪੈਦੀ ਕੀਤੀ ਗਈ ਬਿਜਲੀ ਨਾਲੋਂ ਵਧੇਰੇ ਹੁੰਦਾ ਹੈ। ਇਸ ਸਮੇਂ ਦੇਸ਼ ਵਿਚ 10 ਫ਼ੀਸਦੀ ਬਿਜਲੀ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਦਾ ਇਕੋ-ਇਕ ਤਰੀਕਾ ਬਿਜਲੀ ਦੀ ਬੱਚਤ ਹੈ। ਜੇਕਰ ਅਸੀਂ ਇਸ ਦੀ ਵਰਤੋਂ ਵਿਚ ਸੰਜਮ ਤੋਂ ਕੰਮ ਲਈਏ।

-ਸੰਦੀਪ ਕੰਬੋਜ ਗੋਲੂ ਕਾ ਮੋੜ
ਤਹਿ: ਗੁਰੂਹਰਸਹਾਏ, ਜ਼ਿਲ੍ਹਾ ਫ਼ਿਰੋਜ਼ਪੁਰ।

ਸਵੈ ਦੀ ਪੜਚੋਲ ਜ਼ਰੂਰੀ
ਦੂਸਰੇ ਵਿਚ ਗਲਤੀਆਂ ਜਾਂ ਨੁਕਸ ਕੱਢ ਦੇਣੇ ਬੜੇ ਅਸਾਨ ਹੁੰਦੇ ਹਨ। ਪਰ ਆਪਣੀ ਗਲਤੀ ਜਾਂ ਨੁਕਸ ਵੀ ਇਨਸਾਨ ਨੂੰ ਦਿਖਾਈ ਨਹੀਂ ਦਿੰਦਾ ਹੈ, ਸਗੋਂ ਇਹ ਉਸ ਨੂੰ ਬਹੁਤ ਵੱਡਾ ਗੁਣ ਲੱਗਦਾ ਹੈ। ਜੇਕਰ ਕੋਈ ਕੰਮ 'ਮੈਂ' ਕਰਦਾ ਹਾਂ ਤਾਂ ਬਹੁਤ ਠੀਕ, ਪਰ ਜੇਕਰ ਉਹੀ ਕੰਮ ਕੋਈ 'ਹੋਰ' ਕਰੇ ਤਾਂ ਉਹ ਬਹੁਤ ਗਲਤ ਹੈ। ਇਕ ਹੀ ਕੰਮ ਪ੍ਰਤੀ ਅਸੀਂ ਦੂਹਰੇ ਮਾਪਦੰਡ ਕਿਉਂ ਅਪਣਾ ਜਾਂਦੇ ਹਾਂ? ਅਸੀਂ ਆਪਣੇ ਹੱਥ ਦੀ ਇਕ ਉਂਗਲ ਕਿਸੇ ਵੱਲ ਕਰਨ ਸਮੇਂ ਇਹ ਭੁੱਲ ਜਾਂਦੇ ਹਾਂ ਕਿ ਹੱਥ ਦੀਆਂ ਤਿੰਨ ਉਂਗਲਾਂ ਦਾ ਮੂੰਹ ਤਾਂ ਸਾਡੇ ਖ਼ੁਦ ਵੱਲ ਨੂੰ ਹੁੰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਨੂੰ ਕਿਸੇ ਦੀਆਂ ਕਮੀਆਂ ਕੱਢਣ ਨਾਲੋਂ ਪਹਿਲਾਂ ਖ਼ੁਦ ਦੀ ਪੜਚੋਲ ਕਰਨੀ ਚਾਹੀਦੀ ਹੈ। ਪੰਜਾਬੀ ਦਾ ਮਸ਼ਹੂਰ ਅਖਾਣ 'ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ' ਵੀ ਇਸ ਕਥਨ ਦੀ ਪ੍ਰੋੜਤਾ ਕਰਦਾ ਹੈ। ਚਾਣਕਿਆ ਨੀਤੀ ਕਹਿੰਦੀ ਹੈ ਕਿ ਆਪਣਾ ਕੰਮ ਛੱਡ ਕੇ ਦੂਸਰੇ ਦੇ ਕੰਮਾਂ 'ਤੇ ਟੀਕਾ ਟਿੱਪਣੀਆਂ ਕਰਨ ਵਾਲਾ ਖ਼ੁਦ ਨੀਵੇਂ ਪੱਧਰ ਦਾ ਇਨਸਾਨ ਹੁੰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਖ਼ੁਦ ਦੀ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਦੇਖੀਏ ਕਿ ਕਿਤੇ ਅਸੀਂ ਆਪਣੀ ਸ਼ਕਤੀ ਇਸ ਨੀਵੇਂ ਪੱਧਰ ਦੇ ਕੰਮ ਵਿਚ ਅਜਾਈਂ ਹੀ ਤਾਂ ਨਹੀਂ ਗੁਆਉਂਦੇ ਜਾ ਰਹੇ? ਇਹ ਥੋੜ੍ਹਚਿਰੀ ਜ਼ਿੰਦਗੀ ਪ੍ਰਮਾਤਮਾ ਨੇ ਵਿਆਰਥ ਦੇ ਕੰਮਾਂ ਵਿਚ ਪੈ ਕੇ ਬਤੀਤ ਕਰਨ ਲਈ ਨਹੀਂ ਦਿੱਤੀ ਹੈ। ਜਿੰਨਾ ਹੋ ਸਕੇ ਦੂਸਰੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਨਾਲੋਂ ਆਪੇ ਦੀ ਪੜਚੋਲ ਕਰਕੇ ਖ਼ੁਦ ਨੂੰ ਹੀ ਚੰਗੇ ਬਣਾ ਲਈਏ।

-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ, ਬੀ, ਪਟਿਆਲਾ।

ਛੋਟਾ ਪਰਿਵਾਰ ਹੁਣ ਨਹੀਂ ਸੁਖੀ
ਆਪਣੇ ਦੇਸ਼ ਦੀ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਸੀ ਕਿ 'ਛੋਟਾ ਪਰਿਵਾਰ ਸੁਖੀ ਪਰਿਵਾਰ' ਹੋਵੇਗਾ। ਪਰ ਸਮੇਂ ਦੀ ਚਾਲ ਅਤੇ ਵਿਦੇਸ਼ਾਂ ਦੀ ਭੱਜ-ਦੌੜ ਨੇ ਇਨ੍ਹਾਂ ਛੋਟੇ ਪਰਿਵਾਰਾਂ ਵਿਚ ਵਸਦੇ ਜੀਅ ਝੰਜੋੜ ਕੇ ਰੱਖ ਦਿੱਤੇ। ਇਕ ਛੋਟੇ ਪਰਿਵਾਰ ਵਿਚ ਪਤੀ ਪਤਨੀ ਅਤੇ ਦੋ ਬੱਚੇ ਹਨ। ਜਦੋਂ ਬੱਚੇ ਆਪਣੇ ਆਪ ਵਿਚ ਹੋ ਜਾਂਦੇ ਹਨ ਤਾਂ ਉਹ ਮਾਪਿਆਂ ਕੋਲੋਂ ਆਪ ਹੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਆਪਣੇ ਘਰ ਵਿਚ ਅਲੱਗ-ਅਲੱਗ ਕਮਰੇ ਵਿਚ ਰਹਿਣ ਲੱਗ ਜਾਂਦੇ ਹਨ। ਇਨ੍ਹਾਂ ਦੂਰੀਆਂ ਵਿਚ ਬੱਚੇ ਮਾਤਾ-ਪਿਤਾ ਦੀ ਅੱਖਾਂ ਤੋਂ ਓਹਲੇ ਹੋ ਕੇ ਗ਼ਲਤ ਵਧੀਕੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਨਾ ਮਾਪਿਆਂ ਕੋਲ ਆਪਣੇ ਬੱਚਿਆਂ ਲਈ ਸਮਾਂ ਹੈ ਅਤੇ ਬੱਚਿਆਂ ਕੋਲ ਤਾਂ ਹੋਣਾ ਹੀ ਕਿੱਥੋਂ ਹੈ। ਜ਼ਿਆਦਾਤਰ ਬੱਚਿਆਂ ਦੇ ਨਸ਼ਿਆ ਦਾ ਸ਼ਿਕਾਰ ਹੋਣ ਦੀ ਵੀ ਇਹੀ ਵਜ੍ਹਾ ਹੈ। ਭਾਵੇਂ ਪਹਿਲਾਂ ਪਰਿਵਾਰ ਵੱਡੇ ਸਨ, ਪਰ ਪਰਿਵਾਰ ਦਾ ਆਪਸੀ ਮੇਲ-ਜੋਲ, ਰਹਿਣ- ਸਹਿਣ, ਮਿਲਵਰਤਣ ਅੱਜ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣੇ ਦੇਸ਼ ਪੜ੍ਹਨ ਦੀ ਬਜਾਏ ਵਿਦੇਸ਼ਾਂ ਨੂੰ ਪਹਿਲ ਦੇ ਰਹੀ ਹੈ। ਜਿੱਥੇ ਜਾ ਕੇ ਉਹ ਹੋਰ ਆਜ਼ਾਦ ਹੋ ਜਾਂਦੇ ਹਨ ਅਤੇ ਮਾਪੇ ਇੱਥੇ ਇਕੱਲੇ ਵਿਚਾਰੇ ਤੜਫ਼ ਰਹੇ ਹਨ। ਇਸ ਤਰ੍ਹਾਂ ਕਈ ਪਰਿਵਾਰ ਇਸ ਤਣਾਅ ਦਾ ਸ਼ਿਕਾਰ ਬਣੇ ਹੋਏ ਹਨ। ਆਪਣੇ ਹੱਥੀ ਬਣਾਈਆਂ ਖਾਲੀ ਪਈਆਂ ਕੋਠੀਆਂ ਅੱਜ ਮਾਪਿਆਂ ਨੂੰ ਨਰਕ ਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀਆਂ ਹਨ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

ਅਵਾਰਾ ਕੁੱਤਿਆਂ ਦੇ ਕਹਿਰ ਤੋਂ ਬਚੋ
ਅਵਾਰਾ ਕੁੱਤਿਆਂ ਦੇ ਸੜਕਾਂ ਤੇ ਗਲੀਆਂ 'ਚ ਬੈਠੇ ਜਾਂ ਘੁੰਮਦੇ ਝੁੰਡਾਂ ਤੋਂ ਲੋਕ ਹਰ ਵੇਲੇ ਦਹਿਸ਼ਤ 'ਚ ਰਹਿੰਦੇ ਹਨ। ਕਈ ਵਾਰੀ ਤਾਂ ਬੱਚਿਆਂ ਨੂੰ ਇਨ੍ਹਾਂ ਤੋਂ ਬਚਦਿਆਂ ਹੀ ਵੱਡੀਆਂ ਸੱਟਾਂ ਲੱਗ ਜਾਂਦੀਆਂ ਹਨ ਤੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਨ੍ਹਾਂ ਕੁੱਤਿਆਂ ਦੇ ਸ਼ਿਕਾਰ ਵਿਅਕਤੀ ਜਿਥੇ ਸਰੀਰਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ, ਉਥੇ ਆਰਥਿਕ ਤੌਰ 'ਤੇ ਵੀ ਐਵੇਂ ਹੀ ਖਮਿਆਜ਼ਾ ਭੁਗਤ ਰਹੇ ਹਨ। ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਨੂੰ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ।

-ਸੰਨੀ ਰਾਏ।

14-10-2019

 ਵਿਰਸੇ ਨਾਲ ਜੁੜਨ ਦੀ ਲੋੜ
ਪਿਛਲੇ ਦਿਨੀਂ ਮੁਹੰਮਦ ਬਸ਼ੀਰ ਦੀ ਰਚਨਾ 'ਲੋੜ ਹੈ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ' ਪੜ੍ਹੀ। ਕਾਬਲ-ਏ-ਤਾਰੀਫ਼ ਸੀ। ਸਾਡੇ ਨੌਜਵਾਨਾਂ ਦੀ ਸੋਚ ਕਿਧਰ ਨੂੰ ਹੋ ਤੁਰੀ ਹੈ। ਜਦੋਂ ਅਸੀਂ ਛੋਟੇ ਸੀ ਸਵੇਰੇ ਸਾਜਰੇ ਉੱਠ ਡੰਗਰਾਂ ਲਈ ਪੱਠੇ ਲਿਆਉਂਦੇ ਸੀ, ਫਿਰ ਸਕੂਲ ਤੋਂ ਆ ਕੇ ਡੰਗਰ ਚਾਰਦੇ ਸੀ। ਸ਼ਾਮ ਨੂੰ ਸਾਥੀਆਂ ਨਾਲ ਲੁਕਣਮੀਚੀ, ਪਿੱਠੂ ਗਰਮ, ਪਿੰਨੀ ਪੱਚੀ, ਛਟਾਪੂ, ਕੋਟਲਾ ਛਪਾਕੀ, ਬਾਂਟੇ, ਖਿੱਦੂ-ਖੂੰਡੀ, ਕਬੱਡੀ ਆਦਿ ਖੇਡਦੇ ਸੀ। ਰਿਸ਼ਟ-ਪੁਸ਼ਟ ਰਹਿੰਦੇ ਸੀ। ਪਿੰਡ ਦੀਆਂ ਧੀਆਂ-ਭੈਣਾਂ ਨੂੰ ਹਰ ਬੰਦਾ ਆਪਣੀ ਧੀ-ਭੈਣ ਸਮਝਦਾ ਸੀ। ਨਸ਼ਿਆਂ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਕੂਲਾਂ ਵਿਚ ਨਕਲ ਦਾ ਰੁਝਾਨ ਨਹੀਂ ਸੀ। ਮਾਸਟਰ ਵਧੀਆ ਪੜ੍ਹਾਉਂਦੇ ਸਨ ਤੇ ਬੱਚੇ ਵੀ ਉਨ੍ਹਾਂ ਦੀ ਕਦਰ ਤੇ ਇੱਜ਼ਤ ਕਰ ਪੜ੍ਹਦੇ ਸਨ। ਉਦੋਂ ਦੇ ਪੜ੍ਹੇ ਬੱਚੇ ਵਧੀਆ ਪੋਸਟਾਂ ਤੋਂ ਸੇਵਾਮੁਕਤ ਹੋਏ ਹਨ। ਹੁਣ ਦੀ ਨੌਜਵਾਨ ਪੀੜ੍ਹੀ ਮਹਿੰਗੇ ਤੋਂ ਮਹਿੰਗੇ ਮੋਬਾਈਲ, ਮੋਟਰਸਾਈਕਲ, ਕਾਰਾਂ ਤੇ ਮਹਿੰਗੇ ਕੈਮਰਿਆਂ ਨਾਲ ਪਾਰਕਾਂ ਵਿਚ ਵੀਡੀਓ ਸ਼ੂਟ ਕਰ ਫੇਸ ਬੁੱਕ 'ਤੇ ਪਾਉਂਦੇ ਹਨ। ਤਿੰਨ-ਤਿੰਨ ਜਣੇ ਮੋਟਰ ਸਾਈਕਲ 'ਤੇ ਚੜ੍ਹ ਪਟਾਕੇ ਮਾਰਦੇ ਤੇਜ਼ ਭਜਾਉਂਦੇ ਰਹਿੰਦੇ ਹਨ। ਮਾਂ-ਪਿਓ ਵੀ ਇਨ੍ਹਾਂ ਤੋਂ ਲਾਚਾਰ ਮਹਿੰਗੀਆਂ ਚੀਜ਼ਾਂ ਲੈ ਕੇ ਦੇ ਰਹੇ ਹਨ ਕਿਤੇ ਕੁਝ ਕਰ ਨਾ ਲੈਣ। ਪਰ ਮੌਜੂਦਾ ਸਮੇਂ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ। ਲੋੜ ਹੈ ਬੱਚਿਆਂ ਨੂੰ ਸਕੂਲ ਪੱਧਰ 'ਤੇ ਜਾਗਰੂਕ ਕਰ ਕੇ ਆਪਣੇ ਵਿਰਸੇ ਨਾਲ ਜੋੜਨ ਦੀ ਜੋ ਆਪਣੇ ਪੁਰਾਣੇ ਸੱਭਿਆਚਾਰ ਵਿਰਸੇ ਤੋਂ ਬਿਲਕੁਲ ਅਣਜਾਣ ਹਨ।

-ਗੁਰਮੀਤ ਸਿੰਘ ਵੇਰਕਾ

ਦੁਰਘਟਨਾਵਾਂ ਨੂੰ ਸੱਦਾ...
ਸੜਕਾਂ 'ਤੇ ਵਾਹਨਾਂ ਨੂੰ ਚਲਾਉਣ ਸਮੇਂ ਚਾਲਕ ਦਾ ਧਿਆਨ ਭੰਗ ਹੋਣ 'ਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਗੱਡੀ ਵਿਚ ਵਜਦਾ ਸੰਗੀਤ ਵੀ ਗੱਡੀ ਚਲਾਉਣ ਵਾਲੇ ਦਾ ਧਿਆਨ ਭੰਗ ਕਰ ਸਕਦਾ ਹੈ। ਪਰ ਸਭ ਤੋਂ ਖ਼ਤਰਨਾਕ ਹੈ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ। ਇਕ ਪਾਸੇ ਤਾਂ ਪੰਜਾਬ ਦੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੀ ਬਹੁਤਾਤ ਹੈ ਜੋ ਕਿਸੇ ਵੀ ਸਮੇਂ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੇ ਹਨ। ਦੂਜਾ ਸੜਕਾਂ ਦੀ ਮਾੜੀ ਹਾਲਤ ਤੇ ਉਪਰੋਂ ਮੋਬਾਈਲ ਫੋਨ ਦੀ ਵਰਤੋਂ ਦੁਰਘਟਨਾਵਾਂ ਲਈ ਜ਼ਿੰਮੇਵਾਰ ਬਣ ਰਹੇ ਹਨ। ਜਿਥੇ ਇਕ ਵਾਹਨ ਚਾਲਕ ਦਾ ਸੜਕ 'ਤੇ ਚੱਲਣਾ ਅਧਿਕਾਰ ਹੈ, ਉਥੇ ਉਸ ਦਾ ਇਹ ਫ਼ਰਜ਼ ਵੀ ਬਣਦਾ ਹੈ ਕਿ ਉਹ ਦੂਜੇ ਵਾਹਨਾਂ ਦੀ ਸੁਰੱਖਿਆ ਬਾਰੇ ਗੰਭੀਰਤਾ ਨਾਲ ਸੋਚੇ। ਉਨ੍ਹਾਂ ਚਾਲਕਾਂ ਦਾ ਇਹ ਫ਼ਰਜ਼ ਹੋਰ ਵੀ ਵੱਧ ਹੈ ਜੇ ਉਹ ਸਕੂਲ ਬੱਸ, ਸਕੂਲ ਵੈਨ ਜਾਂ ਹੋਰ ਸਵਾਰੀਆਂ ਵਾਲੇ ਵਾਹਨਾਂ ਨੂੰ ਚਲਾ ਰਹੇ ਹੋਣ। ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਦੇ ਹੋਏ ਗੱਡੀ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ 'ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਕਿਸੇ ਇਕ ਦੀ ਗ਼ਲਤੀ ਕਾਰਨ ਬੇਕਸੂਰ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਨਾ ਹੋਵੇ।

-ਸੁਖਦੀਪ ਸਿੰਘ ਗਿੱਲ
ਮਾਨਸਾ।

ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ
ਪਿਛਲੇ ਦਿਨੀਂ 'ਅਜੀਤ' 'ਚ ਡਾ: ਸ. ਸ. ਛੀਨਾ ਦਾ ਲੇਖ 'ਹੰਢਣਸਾਰ ਨਹੀਂ ਹੋ ਸਕਦੀ ਰਸਾਇਣਾਂ ਆਧਾਰਿਤ ਖੇਤੀ' ਪੜ੍ਹਿਆ। ਡਾ: ਹੁਰੀਂ ਅੱਗੇ ਵੀ ਖੇਤੀ ਸੰਕਟ ਬਾਰੇ ਲਿਖਦੇ ਰਹਿੰਦੇ ਹਨ। ਜਿਹੜਾ ਜ਼ਿਕਰ ਇਸ ਲੇਖ ਰਾਹੀਂ ਕੀਤਾ ਹੈ, ਖੇਤੀ ਵਿਗਿਆਨੀਆਂ ਅਤੇ ਜਾਗਰੂਕ ਕਿਸਾਨਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੇ ਇਸੇ ਤਰ੍ਹਾਂ ਧਰਤੀ ਹੇਠੋਂ ਪਾਣੀ ਘਟਦਾ ਗਿਆ ਅਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਧਦੀ ਗਈ ਤਾਂ ਧਰਤੀ ਦੀ ਸਿਹਤ ਤਾਂ ਖਰਾਬ ਹੋਣੀ ਹੀ ਹੈ, ਨਾਲ ਹੀ ਪੈਦਾ ਹੋਣ ਵਾਲਾ ਅਨਾਜ, ਫਲ, ਸਬਜ਼ੀਆਂ ਆਦਿ ਖਾਧ ਪਦਾਰਥ ਮਨੁੱਖਤਾ ਲਈ ਜ਼ਹਿਰ ਬਣ ਜਾਣਗੇ। ਖੇਤੀ ਵਿਗਿਆਨੀ ਯੂਨੀਵਰਸਿਟੀਆਂ 'ਚ ਬੈਠ ਕੇ ਕੁਝ ਚੋਣਵੇਂ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰ ਕੇ ਬੁੱਤਾ ਸਾਰਦੇ ਰਹਿੰਦੇ ਹਨ। ਪਸ਼ੂ ਧਨ ਘੱਟ ਹੋਣ ਕਰਕੇ ਗੋਹੇ ਦੀ ਖਾਦ ਅਤੇ ਹਰੀਆਂ ਖਾਦਾਂ ਦੀ ਵਰਤੋਂ ਵੀ ਘਟ ਰਹੀ ਹੈ। ਰਹਿੰਦੀ ਕਸਰ ਨਾੜ ਅਤੇ ਪਰਾਲੀ ਦੀ ਅੱਗ ਨੇ ਪੂਰੀ ਕਰ ਦਿੱਤੀ ਹੈ। ਅੱਗ ਅਤੇ ਰਸਾਇਣਾਂ ਨੇ ਖੇਤਾਂ 'ਚੋਂ ਸਾਡੇ ਮਿੱਤਰ ਕੀੜਿਆਂ ਦਾ ਸਫ਼ਾਇਆ ਕਰ ਦਿੱਤਾ ਹੈ। ਡਾ: ਹੁਰਾਂ ਠੀਕ ਹੀ ਕਿਹਾ ਹੈ ਕਿ ਮੁਫ਼ਤ ਬਿਜਲੀ ਨੇ ਧਰਤੀ ਹੇਠਲੇ ਪਾਣੀ ਨੂੰ ਅੰਨ੍ਹੇਵਾਹ ਕੱਢ ਕੇ ਪਾਣੀ ਸੰਕਟ ਪੈਦਾ ਕਰ ਦਿੱਤਾ ਹੈ। ਜੇ ਇਸੇ ਤਰ੍ਹਾਂ ਖੇਤੀ ਖੇਤਰ ਵਿਚ ਰਸਾਇਣਾਂ ਦੀ ਵਰਤੋਂ ਹੁੰਦੀ ਰਹੀ ਤਾਂ ਧਰਤੀ ਅਤੇ ਮਨੁੱਖੀ ਜੀਵਨ ਸਦਾ ਤੰਦਰੁਸਤ ਨਹੀਂ ਰਹਿ ਸਕਦਾ। ਇਹ ਫ਼ਿਕਰ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਕਿਉਂਕਿ ਧਰਤੀ ਸਾਡੇ ਸਾਰਿਆਂ ਜੀਵਾਂ ਦੀ ਮਾਂ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਚਿੜੀਆਂ ਦੀ ਚੀਂ...ਚੀਂ...
ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹੱਦ ਪਿਆਰੇ ਲਗਦੇ ਹਨ। ਖਾਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ-ਬਰੰਗੇ ਪਿਆਰੇ-ਪਿਆਰੇ ਪੰਛੀ ਬੜੇ ਮਨਮੋਹਣੇ ਤੇ ਸੁਖਦਾਇਕ ਲਗਦੇ ਹਨ। ਜਿਵੇਂ-ਜਿਵੇਂ ਧਰਤੀ 'ਤੇ ਮਨੁੱਖ ਦੀ ਦਾਅਵੇਦਾਰੀ ਵਧ ਰਹੀ ਹੈ। ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ। ਮੌਸਮ 'ਚ ਆ ਰਹੇ ਬਦਲਾਅ, ਬਦਲਦਾ ਚੱਕਰਵਾਤ, ਧਰਤੀ ਦਾ ਗਰਮ ਹੋਣਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਵਿਚ ਪਾਣੀ ਦਾ ਵਧਣਾ ਅਤੇ ਕੱਟੇ ਜਾ ਰਹੇ ਜੰਗਲਾਂ ਕਾਰਨ ਬਨਸਪਤੀ ਦੇ ਨਾਲ ਹੀ ਬੇਜ਼ੁਬਾਨ ਅਤੇ ਬੇਕਸੂਰ, ਅਨਮੋਲ ਅਣਭੋਲ ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ। ਜਿਨ੍ਹਾਂ ਵਿਚ ਬਹੁਤ ਘੱਟ ਪ੍ਰਜਾਤੀਆਂ ਬਦਲ ਰਹੇ ਹਾਲਾਤ ਦਾ ਟਾਕਰਾ ਕਰ ਕੇ ਆਪਣੇ-ਆਪ ਨੂੰ ਬਚਾ ਰਹੀਆਂ ਹਨ। ਪਿਛਲੇ ਦੋ ਦਹਾਕਿਆਂ ਅੰਦਰ ਪੰਜਾਬ ਵਿਚ ਦਰੱਖਤਾਂ ਤੋਂ ਪੱਧਰੀ ਹੋ ਰਹੀ ਜ਼ਮੀਨ ਵੀ ਕਈ ਪ੍ਰਜਾਤੀਆਂ ਦੇ ਖਤਮ ਹੋਣ ਦਾ ਕਾਰਨ ਹੈ। ਪੰਛੀ ਕੁਦਰਤ ਦਾ ਅਨਮੋਲ ਤੋਹਫਾ ਤੇ ਧਰਤੀ ਦਾ ਸ਼ਿੰਗਾਰ ਹਨ। ਕਿਤੇ ਨਾ ਕਿਤੇ ਇਨਸਾਨ ਦਾ ਉਹ ਕਿਰਦਾਰ ਵੀ ਜ਼ਿੰਮੇਵਾਰ ਹੈ ਜੋ ਇਨਸਾਨ ਦੇ ਰੂਪ 'ਚ ਹੈਵਾਨ ਬਣ ਕੇ ਨਾ ਕੇਵਲ ਪੰਛੀਆਂ ਦੀ ਹੋਂਦ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਸਗੋਂ ਮਨੁੱਖ ਤੇ ਕੁਦਰਤ ਦੀ ਪੰਛੀਆਂ ਨਾਲ ਯੁੱਗਾਂ ਪੁਰਾਣੀ ਸਾਂਝ ਨੂੰ ਤੋੜ ਕੇ ਭਵਿੱਖ ਲਈ ਤਬਾਹੀ ਦੇ ਬੀਜ ਬੀਜ ਰਿਹਾ ਹੈ।

-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿ: ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।

ਮਿਲਾਵਟੀ ਵਸਤਾਂ ਦੀ ਭਰਮਾਰ
ਸਿਹਤ ਨਾਲ ਖਿਲਵਾੜ ਕਰ ਰਹੇ ਇਹ ਲੋਕ ਏਨੇ ਗਿਰ ਚੁੱਕੇ ਹਨ ਕਿ ਇਨ੍ਹਾਂ ਨੂੰ ਕਿਸੇ ਦੇ ਮਰਨ-ਜਿਊਣ ਦਾ ਕੋਈ ਗ਼ਮ ਨਹੀਂ ਹੁੰਦਾ। ਇਹ ਤਾਂ ਬੱਸ ਆਪਣਾ ਹੀ ਦੇਖਦੇ ਹਨ। ਇਹ ਮਿਲਾਵਟ ਖੋਰ ਲੋਕ ਸਮਾਜ ਵਿਚ ਜ਼ਹਿਰ ਵੇਚ ਕੇ ਲੋਕਾਈ ਨਾਲ ਨਾ-ਮੁਆਫ਼ ਕਰਨ ਯੋਗ ਧੋਖਾ ਕਮਾ ਰਹੇ ਹਨ। ਦਾਲਾਂ ਤੱਕ ਵਿਚ ਮਿਲਾਵਟ ਭਰੀ ਨਜ਼ਰ ਆਉਂਦੀ ਹੈ। ਹੋਰ ਤਾਂ ਹੋਰ ਸੀਮੈਂਟ ਵਿਚ ਸਵਾਹ ਮਿਲਾ ਕੇ ਪੈਕਿੰਗ ਕਰ ਲਈ ਜਾਂਦੀ ਹੈ। ਇਕ ਤਾਂ ਵੈਸੇ ਹੀ ਜ਼ਹਿਰੀਲੀਆਂ ਦਵਾਈਆਂ ਨੇ ਲੋਕਾਂ ਨੂੰ ਮਾਰ ਸੁੱਟਿਆ ਉੱਪਰੋਂ ਮਿਲਾਵਟਖੋਰਾਂ ਨੇ ਧੰਨ-ਧੰਨ ਕਰਵਾਈ ਹੋਈ ਹੈ। ਮਿਲਾਵਟ ਕਰਨ ਵਾਲੇ ਜ਼ਹਿਰੀਲੇ ਤੋਂ ਜ਼ਹਿਰੀਲੇ ਤੱਤਾਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਮਠਿਆਈਆਂ ਵਿਚ ਦੀਵਾਰਾਂ ਨੂੰ ਕਰਨ ਵਾਲੀ ਕਲੀ ਤੱਕ ਵਰਤ ਲਈ ਜਾਂਦੀ ਹੈ। ਮਿਲਾਵਟ ਕਰਨ ਲਈ ਫੈਕਟਰੀਆਂ ਤੱਕ ਲਗਾਈਆਂ ਜਾਂਦੀਆਂ ਹਨ। ਇਕ ਨਰੋਏ ਸਮਾਜ ਲਈ ਮਿਲਾਵਟ ਰਹਿਤ ਚੀਜ਼ਾਂ ਦਾ ਹੋਣਾ ਹੀ ਇਕ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ।

-ਅਸ਼ਵਨੀ ਕੁਮਾਰ ਪੰਡੋਰੀ
ਸ. ਸ. ਸ. ਸ. ਝੰਜੌੜੀ (ਗੁਰਦਾਸਪੁਰ)

ਇਮਾਨਦਾਰੀ ਦੀ ਕਮਾਈ
ਭੋਜਨ ਧਰਤੀ 'ਤੇ ਸਭ ਪ੍ਰਾਣੀਆਂ ਦੇ ਸਰੀਰ ਦੇ ਪੋਸ਼ਣ ਲਈ ਲਾਜ਼ਮੀ ਹੈ, ਕਿਉਂਕਿ ਇਸ ਨਾਲ ਤਨ ਨੂੰ ਤਾਕਤ ਮਿਲਦੀ ਹੈ ਅਤੇ ਮਨ ਨੂੰ ਸੰਸਕਾਰ। ਪਵਿੱਤਰਤਾ, ਮਿਹਨਤ ਅਤੇ ਇਮਾਨਦਾਰੀ ਵਾਲੀ ਕਮਾਈ ਨਾਲ ਜੁਟਾਇਆ ਭੋਜਨ ਮਨ ਨੂੰ ਤੰਦਰੁਸਤ ਰੱਖਦਾ ਹੈ ਅਤੇ ਤਨ ਨੂੰ ਸ਼ੁੱਧ ਕਰਦਾ ਹੈ। ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਛਿਪਣ ਤੋਂ ਪਹਿਲਾਂ ਖਾਧਾ ਗਿਆ ਭੋਜਨ ਹੀ ਲਾਭਦਾਇਕ ਹੁੰਦਾ ਹੈ। ਚੰਗੇ ਭੋਜਨ ਮਗਰੋਂ ਵਿਅਕਤੀ ਕਿਸੇ ਨੂੰ ਵੀ ਮੁਆਫ਼ ਕਰ ਸਕਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭੋਜਨ ਬਾਰੇ ਉਕਤ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ।

-ਪਰਵਿੰਦਰ ਕੌਰ
ਰਾਏਕੋਟ।

11-10-2019

 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਬਾਰੇ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਇਸ ਵਿਚ ਕੋਈ ਮੇਰ ਤੇਰ ਜਾਂ ਸਿਆਸਤ ਨਹੀਂ ਹੋਣੀ ਚਾਹੀਦੀ। ਸਾਨੂੰ ਸਾਰੀ ਸਿੱਖ ਕੌਮ ਨੂੰ ਹੋਰਾਂ ਭਾਈਚਾਰਿਆਂ ਨਾਲ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਇਥੇ ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਐਸ.ਜੀ.ਪੀ.ਸੀ. ਆਪਣਾ ਕੰਮ ਕਰ ਰਹੀ ਹੈ। ਜੋ ਵੀ ਪ੍ਰੋਗਰਾਮ ਉਲੀਕਣਾ ਹੈ, ਇਕੱਠੇ ਹੋ ਕੇ ਉਲੀਕਣਾ ਚਾਹੀਦਾ ਹੈ ਤੇ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ, ਇਸ ਵਿਚ ਹੀ ਸਿੱਖੀ ਦੀ ਸ਼ਾਨ ਹੈ। ਜਦੋਂ ਇਸ ਵਿਚ ਵੱਖਰੇ-ਵੱਖਰੇ ਮਨਾਉਣ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਭਾਵਨਾ ਵਿਚ ਤਰੇੜਾਂ ਪਾਉਣ ਦੀ ਗੱਲ ਆ ਜਾਂਦੀ ਹੈ, ਜੋ ਦੁਨੀਆ ਵਿਚ ਗ਼ਲਤ ਸੰਦੇਸ਼ ਪਹੁੰਚਾਉਂਦੀ ਹੈ। ਇਸ ਦੇ ਨਾਲ-ਨਾਲ ਫਜ਼ੂਲ ਖਰਚੇ ਤੋਂ ਵੀ ਬਚਣਾ ਹੈ। ਕਈ ਵਾਰੀ ਅਸੀਂ ਗੁਰ ਘਰ ਦੀ ਗੋਲਕ ਨੂੰ ਫਜ਼ੂਲ ਖਰਚੀ ਵਿਚ ਖਰਚ ਕਰ ਜਾਂਦੇ ਹਾਂ। ਸੋ ਸਾਡੀ ਬੇਨਤੀ ਹੈ ਕਿ ਸਾਡੇ ਮੁੱਖ ਮੰਤਰੀ ਜੀ ਨੂੰ ਅਤੇ ਪ੍ਰਧਾਨ ਸਾਹਿਬ ਨੂੰ ਇਕੱਠੇ ਮਿਲ ਕੇ, ਬੈਠ ਕੇ ਸ਼ਰਧਾ, ਭਾਵਨਾ ਨਾਲ ਇਹ ਦਿਨ ਮਨਾਉਣਾ ਚਾਹੀਦਾ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਖ਼ਤਰਨਾਕ ਰੁਝਾਨ
ਖ਼ੁਦਕੁਸ਼ੀ ਤੇ ਸਮਾਜਿਕ ਤਾਣਾਬਾਣਾ ਅਜੋਕੇ ਯੁੱਗ ਦਾ ਸਭ ਤੋਂ ਖ਼ਤਰਨਾਕ ਰੁਝਾਨ ਹੈ। ਆਪਾਂ ਰੋਜ਼ਾਨਾ ਅਖ਼ਬਾਰਾਂ ਵਿਚ 2-4 ਖ਼ਬਰਾਂ ਖ਼ੁਦਕੁਸ਼ੀ ਕਰਕੇ ਮਰਨ ਵਾਲਿਆਂ ਦੀਆਂ ਪੜ੍ਹਦੇ ਹਾਂ, ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਸ਼ੁਮਾਰ ਹੁੰਦੇ ਹਨ। ਖ਼ੁਦਕੁਸ਼ੀ ਕਰਨ ਵਾਲਾ ਕਿਸੇ ਵੀ ਮਸਲੇ ਨੂੰ ਠੰਢੇ ਦਿਮਾਗ ਨਾਲ ਵਿਚਾਰਨ ਦੀ ਬਜਾਏ ਇਕ ਦਮ ਭੜਕ ਉੱਠਦਾ ਹੈ। ਕਿਸੇ ਨੂੰ ਮਾਰ ਦਿਓ ਜਾਂ ਮਰ ਜਾਓ' ਦੀਆਂ ਗੱਲਾਂ ਕਰਦੇ ਹਨ। ਜ਼ਿਆਦਾ ਖ਼ੁਦਕੁਸ਼ੀ ਕਰਨ ਲਈ ਪ੍ਰੇਮ ਪ੍ਰਸੰਗ, ਮਨੋਰੋਗ, ਅਖੌਤੀ ਸਮਾਜਿਕ ਰੀਤੀ-ਰਿਵਾਜ਼ ਬਜ਼ੁਰਗਾਂ ਦਾ ਇਕੱਲਾਪਣ ਅੰਧ-ਵਿਸ਼ਵਾਸ, ਆਰਥਿਕ ਤੰਗੀ, ਬੇਰੁਜ਼ਗਾਰੀ, ਅਖੌਤੀ ਤਾਂਤਰਿਕ ਕਾਰਨ ਇਹ ਕਦਮ ਵਧਾਉਂਦਾ ਹੈ। ਨੌਜਵਾਨਾਂ ਦਾ ਦੇਖੋ-ਦੇਖੀ ਵਿਦੇਸ਼ਾਂ ਨੂੰ ਜਾਣ, ਅੱਡੀਆਂ ਚੁੱਕ ਕੇ ਫਾਹਾ ਲੈਣ ਦੇ ਬਰਾਬਰ ਹੈ।
ਜਜ਼ਬਾਤਾਂ ਨੂੰ ਜੇ ਸਬਰ ਨਾਲ ਮਾਰੋ ਤਾਂ ਖ਼ੁਦਕੁਸ਼ੀ ਦਾ ਫੁਰਨਾ ਕਦੇ ਵੀ ਮਨ ਵਿਚ ਨਹੀਂ ਆਵੇਗਾ। ਮੁਸ਼ਕਿਲ ਮੁਹਰੇ ਗੋਡੇ ਨਾ ਟੇਕੋ, ਸਗੋਂ ਸਾਹਮਣੇ ਕਰੋ। ਜੇ ਮਨੁੱਖੀ ਜੀਵਨ ਰਹੇਗਾ ਤਦ ਮਨੁੱਖ ਹਰ ਮੁਸ਼ਕਿਲ ਦਾ ਹੱਲ ਕਰ ਲਵੇਗਾ। ਜੇ ਖ਼ੁਦਕੁਸ਼ੀ ਕਰਾਂਗੇ ਤਾਂ ਸਾਡੇ ਹੋਰ ਪਰਿਵਾਰਕ ਮੈਂਬਰ ਪੂਰੀ ਜ਼ਿੰਦਗੀ ਮੁਸ਼ਕਿਲਾਂ ਦੇ ਦੌਰ 'ਚੋਂ ਲੰਘਣਗੇ। ਖ਼ੁਦਕਸ਼ੀ ਦਾ ਵਿਚਾਰ ਮਨ ਵਿਚ ਨਾ ਲਿਆਓ ।


-ਡਾ: ਰਾਜ ਨਰਿੰਦਰ ਝਬੇਲਵਾਲੀ,
ਪਿੰਡ ਤੇ ਡਾਕ: ਝਬੇਲਵਾਲੀ, ਮੁਕਤਸਰ ਸਾਹਿਬ।


ਮਨ ਵੀ ਸਵੱਛ ਕਰਨਾ ਜ਼ਰੂਰੀ
ਸਾਡੇ ਦੇਸ਼ ਵਿਚ ਨਿਵੇਕਲੀ ਕਿਸਮ ਦੀ 'ਸਵੱਛ ਭਾਰਤ' ਨਾਂਅ ਦੀ ਮੁਹਿੰਮ ਚਲਾਈ ਗਈ ਹੈ ਜੋ ਹੁਣ ਤੱਕ ਨਿਰੰਤਰ ਜਾਰੀ ਹੈ। ਇਸ ਮੁਹਿੰਮ ਦੇ ਜਿਸ ਤਰ੍ਹਾਂ ਦੇ ਸਿੱਟਿਆਂ ਦੀ ਆਸ ਸੀ, ਉਸ ਤਰ੍ਹਾਂ ਦੇ ਸਿੱਟੇ ਪ੍ਰਾਪਤ ਨਹੀਂ ਹੋਏ। ਥੋੜ੍ਹੀ ਸਰਗਰਮੀ ਤੋਂ ਬਾਅਦ ਫਿਰ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਬਾਹਰੀ ਕੂੜੇ ਦੀ ਸਫ਼ਾਈ ਦੇ ਨਾਲ-ਨਾਲ ਮਨ ਦੇ ਕੂੜ-ਕਬਾੜ ਦੀ ਵੀ ਸਫ਼ਾਈ ਕਰਨੀ ਚਾਹੀਦੀ ਹੈ। ਅਸੀਂ ਆਪਣੇ ਘਰ ਦਾ ਕੂੜਾ ਗੁਆਂਢੀਆਂ ਦੇ ਘਰ ਅੱਗੇ ਸੁੱਟਣ ਵਿਚ ਵਿਸ਼ਵਾਸ ਰੱਖਣ ਵਾਲੇ ਹਾਂ। ਅਸੀਂ ਕਿਸੇ ਵੀ ਪੱਧਰ 'ਤੇ ਦੂਸਰੇ ਨੂੰ ਆਪਣੇ ਨਾਲੋਂ ਸਾਫ਼ ਨਹੀਂ ਦੇਖ ਸਕਦੇ ਕਿਉਂਕਿ ਸਾਡੇ ਮਨ ਵਿਚ ਦੂਸਰਿਆਂ ਨਾਲੋਂ ਹਰਫ਼ਨ-ਮੌਲਾ ਹੋਣ ਦਾ ਭਰਮ ਭਰਿਆ ਪਿਆ ਹੈ।
ਅਸੀਂ ਕੇਵਲ ਆਪਣੇ-ਆਪ ਬਾਰੇ ਸੋਚਦੇ ਹਾਂ ਤਦ ਹੀ ਸਾਡੇ ਦੁਆਰਾ ਸੁੱਟੇ ਕੂੜਾ-ਕਰਕਟ ਵਿਚੋਂ ਹੋਣ ਵਾਲੀਆਂ ਹਾਨੀਆਂ ਬਾਰੇ ਕਦੇ ਵਿਚਾਰ ਨਹੀਂ ਕਰਦੇ। ਇਸ ਲਈ ਇਸ ਮੁਹਿੰਮ ਦੀ ਕਾਮਯਾਬੀ ਲਈ ਹਰ ਕਿਸੇ ਨੂੰ ਆਪਣੇ ਵਿਚਾਰਾਂ ਵਿਚ ਤਬਦੀਲੀ ਲਿਆ ਕੇ ਇਸ ਨੂੰ ਦਿਖਾਵੇ ਦੀ ਥਾਂ ਅਮਲੀ ਰੂਪ ਵਿਚ ਸਵੀਕਾਰ ਕਰਨਾ ਪਵੇਗਾ। ਦੂਸਰਾ ਸੁੱਟੇ ਗਏ ਕੂੜਾ-ਕਰਕਟ ਤੋਂ ਕੋਈ ਸਮਾਜ ਲਈ ਉਪਯੋਗੀ 'ਪਾਵਰ ਪ੍ਰੋਸੈਸਿੰਗ ਯੂਨਿਟ' ਸਥਾਪਿਤ ਕਰਨੇ ਚਾਹੀਦੇ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਗੀਤਾਂ 'ਚ ਲੱਚਰਤਾ
ਅੱਜਕਲ੍ਹ ਹਰ ਕੋਈ ਪੰਜਾਬੀ ਗੀਤਾਂ 'ਚ ਵਧ ਰਹੀ ਲੱਚਰਤਾ ਤੋਂ ਦੁਖੀ ਹੈ। ਕਿਉਂਕਿ ਅਜੋਕੇ ਗੀਤ ਪੰਜਾਬੀ ਸਮਾਜ ਦੇ ਕੱਦ ਅਨੁਸਾਰ ਨਹੀਂ ਹਨ ਪਰ ਜੇ ਸੋਚਿਆ ਜਾਵੇ ਕਿ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ? ਇਹ ਵੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਗੀਤ ਅਕਸਰ ਹੀ ਸਮੇਂ ਦੇ ਹਾਣੀ ਹੁੰਦੇ ਹਨ। ਕਿਸੇ ਗਾਇਕ ਨੇ ਆਪਣੀ ਇੰਟਰਵਿਊ ਵਿਚ ਵੀ ਕਿਹਾ ਸੀ ਕਿ ਅਸੀਂ ਉਹੀ ਗਾਉਂਦੇ ਹਾਂ ਜੋ ਲੋਕਾਂ ਦੀ ਪਸੰਦ ਹੈ। ਪਰ ਅਸਲੀਅਤ ਅਤੇ ਸਚਾਈ ਇਹ ਹੈ ਕਿ ਪੰਜਾਬੀ ਸਮਾਜ ਦਾ ਹੀ ਕੱਦ ਹੁਣ ਉਹ ਨਹੀਂ ਰਿਹਾ ਜੋ ਕਦੇ ਉਸ ਦੇ ਵਿਰਾਸਤੀ ਅਤੇ ਲੋਕ ਗੀਤਾਂ ਅਨੁਸਾਰ ਢੁਕਵਾਂ ਸੀ।


-ਮਨਦੀਪ ਸਿੰਘ ਸੇਰੋਂ
ਦਸਮੇਸ਼ ਨਗਰ, ਸੁਨਾਮ (ਸੰਗਰੂਰ)।


ਮਸਲਾ ਅਵਾਰਾ ਜਾਨਵਰਾਂ ਦਾ
ਅਜੋਕੇ ਸਮੇਂ ਸਾਡੇ ਸਮਾਜ ਨੂੰ ਇਕ ਅਹਿਮ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਲੋਕ ਡਾਢੇ ਦੁਖੀ ਅਤੇ ਪ੍ਰੇਸ਼ਾਨ ਹਨ। ਉਹ ਮਸਲਾ ਹੈ ਅਵਾਰਾ ਜਾਨਵਰਾਂ ਦਾ। ਇਨ੍ਹਾਂ ਜਾਨਵਰਾਂ ਵਿਚ ਕੁੱਤੇ, ਡੰਗਰ ਅਤੇ ਜੰਗਲੀ ਸੂਰ ਸ਼ਾਮਿਲ ਹਨ। ਬਿਨਾਂ ਸ਼ੱਕ ਇਹ ਅਵਾਰਾ ਕੁੱਤੇ, ਜੰਗਲੀ ਸੂਰ ਅਤੇ ਪਸ਼ੂ ਲੋਕਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ। ਆਏ ਦਿਨ ਅਖ਼ਬਾਰਾਂ ਵਿਚ ਅਵਾਰਾ ਕੁੱਤਿਆਂ ਵਲੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਨੋਚ ਕੇ ਖਾ ਜਾਣ, ਅਵਾਰਾ ਡੰਗਰਾਂ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ, ਜੰਗਲੀ ਸੂਰਾਂ ਵਲੋਂ ਅਤੇ ਅਵਾਰਾ ਡੰਗਰਾਂ ਵਲੋਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਹੁੰਦੇ ਨੁਕਸਾਨ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਕੋਈ ਵੀ ਸਮੱਸਿਆ ਜਾਂ ਮਸਲਾ ਅਜਿਹਾ ਨਹੀਂ ਹੁੰਦਾ, ਜਿਸ ਦਾ ਕੋਈ ਹੱਲ ਨਾ ਹੋਵੇ ਪਰ ਉਸ ਦੇ ਹੱਲ ਲਈ ਸੰਜੀਦਾ ਯਤਨਾਂ ਦੀ ਲੋੜ ਹੁੰਦੀ ਹੈ।
ਸੋ, ਸਮੇਂ ਦੀ ਸਰਕਾਰ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਲੋਕ ਹਿਤ ਵਿਚ ਇਸ ਮਸਲੇ ਵੱਲ ਵਿਸ਼ੇਸ਼ ਧਿਆਨ ਦੇ ਕੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੱਢਿਆ ਜਾ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

10-10-2019

 ਮਿਲਾਵਟੀ ਮਿਠਾਈਆਂ
ਜਿਵੇਂ-ਜਿਵੇਂ ਹੁਣ ਸਾਲ ਦਾ ਅੰਤ ਨੇੜੇ ਆ ਰਿਹਾ ਹੈ, ਉਂਜ ਹੀ ਤਿਉਹਾਰਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਇਕ ਹੋਰ ਚੀਜ਼ ਦਾ ਦੌਰ ਸ਼ੁਰੂ ਹੋਣ ਲੱਗਾ ਹੈ, ਜੋ ਮਿਲਾਵਟੀ ਮਿਠਾਈਆਂ ਦਾ, ਹਾਲੇ ਤਾਂ ਤਿਉਹਾਰ ਸ਼ੁਰੂ ਵੀ ਨਹੀਂ ਹੋਏ ਪਰ ਇਸ ਤੋਂ ਪਹਿਲਾਂ ਹੀ ਫੂਡ ਸੇਫਟੀ ਟੀਮ ਨੇ ਬਠਿੰਡਾ ਤੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ, ਜਿਸ ਵਿਚ ਵੱਡੀ ਮਾਤਰਾ ਵਿਚ ਨਕਲੀ ਦੇਸੀ ਘਿਓ ਤੇ ਹੋਰ ਸਾਮਾਨ ਨੂੰ ਬਰਾਮਦ ਕੀਤਾ ਗਿਆ। ਜਨਵਰੀ 2018 ਤੋਂ ਲੈ ਕੇ ਮਾਰਚ 2019 ਤੱਕ ਫੂਡ ਸੇਫਟੀ ਵਿਭਾਗ ਨੇ 1120 ਤਰ੍ਹਾਂ ਦੇ ਸੈਂਪਲ ਲਏ ਸਨ, ਜਿਸ ਵਿਚ 160 ਸੈਂਪਲ ਫੇਲ੍ਹ ਪਾਏ ਗਏ ਪਰ ਸ਼ਾਇਦ ਕਾਰਵਾਈ ਦੇ ਹਿੱਸੇ ਮਹਿਜ਼ ਦੋ-ਤਿੰਨ ਕੇਸ ਹੋਣਗੇ ਤੇ ਇਸੇ ਚੱਕਰ ਵਿਚ ਦੁਕਾਨਦਾਰ ਇਸ ਚੀਜ਼ ਨੂੰ ਹਲਕੇ ਵਿਚ ਲੈ ਲੈਂਦੇ ਹਨ ਕਿ ਪ੍ਰਸ਼ਾਸਨ ਆਏਗਾ, ਚੈਕਿੰਗ ਕਰੇਗਾ ਪਰ ਮੁੜ ਸਜ਼ਾ ਦੇਣ ਤਾਂ ਕਦੇ ਨਹੀਂ ਆਏਗਾ ਤਾਂ ਹੀ ਹਾਲਾਤ ਨਹੀਂ ਸੁਧਰ ਰਹੇ। ਜਦੋਂ ਤੱਕ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਹੋ ਹੀ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਰਹਿਣਗੇ।


-ਜਾਨਵੀ ਬਿੱਠਲ, ਜਲੰਧਰ।


ਅਨੋਖਾ ਉਪਗ੍ਰਹਿ ਚੰਦ
ਭਾਰਤੀ ਲੋਕਾਂ ਨੂੰ ਪਾਖੰਡਵਾਦੀ ਧਾਰਨਾਵਾਂ 'ਚੋਂ ਉਭਾਰ ਕੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਦੇ ਉਪਰਾਲਿਆਂ ਦੀ ਉਪਮਾ ਕਰਨ ਅਤੇ ਸਹਿਯੋਗ ਦੇਣ ਦੀ ਪਹਿਲਕਦਮੀ ਕਰਨਾ ਚੰਗੀ ਸੋਚ ਹੈ। ਯੁੱਗਾਂ-ਯੁਗਾਂਤਰਾਂ ਤੋਂ ਵਿਗਿਆਨਕ ਜਾਣਕਾਰੀ ਦੀ ਅਣਹੋਂਦ ਕਾਰਨ ਲੋਕਾਂ ਨੂੰ ਪਾਖੰਡਵਾਦ ਨਾਲ ਆਰਥਿਕ ਅਤੇ ਮਾਨਸਿਕ ਪੱਖੋਂ ਖੂਬ ਲੁੱਟਿਆ ਜਾਂਦਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਸ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਵਿਗਿਆਨੀਆਂ ਨੇ ਵੀ ਬੁੱਧ, ਸ਼ੁੱਕਰ, ਧਰਤੀ, ਦਿਨਾਂ, ਮਹੀਨਿਆਂ, ਰੁੱਤਾਂ, ਸ਼ਨੀ, ਗ੍ਰਹਿਣ ਆਦਿ ਦੇ ਡਰਾਵਿਆਂ ਤੋਂ ਮੁਕਤ ਕਰਨ ਲਈ ਵਿਗਿਆਨਕ ਖੋਜਾਂ ਨਾਲ ਇਨ੍ਹਾਂ ਪ੍ਰਤੀ ਵਿਗਿਆਨਕ ਜਾਣਕਾਰੀ ਮੁਹੱਈਆ ਕਰ ਦਿੱਤੀ ਹੈ। ਇਸੇ ਕੋਸ਼ਿਸ਼ਾਂ ਦੀ ਲਗਾਤਾਰਤਾ 'ਚ 6 ਅਕਤੂਬਰ ਦੇ 'ਅਜੀਤ' ਮੈਗਜ਼ੀਨ 'ਚ ਚੰਦਰਮਾ ਸਬੰਧੀ ਵਿਗਿਆਨਕ ਜਾਣਕਾਰੀ ਭਰਪੂਰ ਡਾ: ਸੁਰਜੀਤ ਸਿੰਘ ਢਿੱਲੋਂ ਦਾ ਲੇਖ 'ਅਨੋਖਾ ਉਪਗ੍ਰਹਿ ਚੰਦ' ਪੜ੍ਹਿਆ, ਬਹੁਤ ਵਧੀਆ ਲੱਗਾ। ਭਾਰਤੀ ਲੋਕਾਂ 'ਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਦੀ ਯਤਨਸ਼ੀਲਤਾ ਦੀ ਲੜੀ 'ਚ ਅਜਿਹੇ ਲੇਖਾਂ ਦੀ ਅਹਿਮੀਅਤ ਵਡਮੁੱਲੀ ਹੀ ਨਹੀਂ, ਅਣਮੁੱਲੀ ਹੁੰਦੀ ਹੈ। ਲੇਖਕ ਨੇ ਚੰਦਰਮਾ ਬਾਬਤ ਸਬੂਤਾਂ ਤਹਿਤ ਨਿਕਾਸ, ਵਿਕਾਸ, ਧਰਤੀ ਤੋਂ ਦੂਰੀ, ਵਾਤਾਵਰਨ, ਰੁੱਤਾਂ, ਦਿਨ, ਸਮਾਂ ਆਦਿ ਵਿਸਥਾਰਤ ਜਾਣਕਾਰੀ ਪਾਠਕਾਂ ਦੇ ਰੂਬਰੂ ਕੀਤੀ ਹੈ। ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਅਦਾਰੇ ਨੂੰ ਵੀ ਅਜਿਹੀਆਂ ਰਚਨਾਵਾਂ ਨੂੰ ਪਹਿਲਕਦਮੀ ਨਾਲ ਲੈਣਾ ਚਾਹੀਦਾ ਹੈ।


-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।


ਅੱਜ ਦੇ ਰਾਵਣ ਵੀ ਸਾੜੋ...
ਹਰ ਸਾਲ ਦੁਸਹਿਰੇ ਵਾਲੇ ਦਿਨ ਤ੍ਰੇਤਾ ਯੁੱਗ ਦੇ ਖਲਨਾਇਕ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਨੂੰ ਬੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਸਮਾਜ ਵਿਚੋਂ ਬੁਰਾਈ ਖ਼ਤਮ ਨਹੀਂ ਹੋ ਰਹੀ। ਅੱਜ ਦੇ ਸਮੇਂ ਪਤਾ ਨਹੀਂ ਕਿੰਨੇ ਕੁ 'ਰਾਵਣ' ਸਾਡੇ ਸਮਾਜ ਵਿਚ ਦਨਦਨਾਉਂਦੇ ਫਿਰ ਰਹੇ ਹਨ। ਇਨ੍ਹਾਂ ਆਧੁਨਿਕ ਯੁੱਗ ਦੇ ਰਾਵਣਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਪਤਾ ਨਹੀਂ ਕਦੋਂ, ਕਿੱਥੇ ਅਤੇ ਕਿਹੜੇ ਮੋੜ 'ਤੇ ਕਿਸ ਨਾਲ ਕੀ ਵਾਪਰ ਜਾਵੇ। ਭਾੜੇ ਦੇ ਕਾਤਲਾਂ, ਨਸ਼ੇੜੀਆਂ, ਲੱਠ-ਮਾਰਾਂ, ਲੁਟੇਰਿਆਂ ਅਤੇ ਧੀਆਂ-ਭੈਣਾਂ ਦੇ ਦੋਖੀਆਂ ਨੇ ਆਮ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ। ਸਮਾਜ ਵਿਚ ਬਦਅਮਨੀ ਪਨਪ ਰਹੀ ਹੈ। ਇਸ ਲਈ ਸਮਾਜ ਨੂੰ ਚਾਹੀਦਾ ਹੈ ਕਿ ਤੇਤਾ ਯੁੱਗ ਦੇ ਰਾਵਣ ਦੇ ਨਾਲ-ਨਾਲ ਕਲਯੁੱਗ ਦੇ ਰਾਵਣਾਂ ਦੇ ਪੁਤਲੇ ਵੀ ਸਾੜੀਏ। ਨਾਲੋ-ਨਾਲ ਅਸੀਂ ਆਪਣੇ ਮਨ ਵਿਚਲੇ ਰਾਵਣ ਨੂੰ ਖ਼ਤਮ ਕਰੀਏ। ਤਦ ਹੀ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਹੈ।


-ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


ਪਰਾਲੀ ਸਾੜਨ ਵਿਰੁੱਧ ਮੁਹਿੰਮ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਸੰਪਾਦਕੀ 'ਸੰਭਾਲਣ ਦਾ ਸਮਾਂ' ਪੜ੍ਹੀ, ਜਿਸ ਵਿਚ ਉਨ੍ਹਾਂ ਨੇ ਪਰਾਲੀ ਨੂੰ ਸਾੜਨ ਬਾਰੇ ਆਪਣੇ ਕੀਮਤੀ ਵਿਚਾਰ ਬਿਆਨ ਕੀਤੇ ਹਨ ਅਤੇ ਇਸ ਤੋਂ ਪੈਣ ਵਾਲੇ ਬੁਰੇ ਪ੍ਰਭਾਵਾਂ 'ਤੇ ਚਿੰਤਾ ਜਤਾਈ ਹੈ। ਪਿਛਲੇ ਸਾਲ ਪਰਾਲੀ ਸਾੜਨ ਦੀਆਂ ਮੁਹਿੰਮਾਂ ਕਾਰਨ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਸੀ। ਪੰਜਾਬ ਵਿਚ ਮਸ਼ੀਨਰੀ ਦੀ ਖਰੀਦ ਨੇ ਰਿਕਾਰਡ ਪੈਦਾ ਕੀਤਾ ਸੀ। ਇਸ ਸਾਲ ਵੀ ਪੰਜਾਬ 'ਚ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਏ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜੋ ਸ਼ਲਾਘਾਯੋਗ ਕਦਮ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਹਰ ਪ੍ਰਾਣੀ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਪਰਾਲੀ ਨਹੀਂ ਸਾੜਾਂਗੇ, ਵਾਤਾਵਰਨ ਬਚਾਵਾਂਗੇ। ਇਹ ਹੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਕ ਤਾਂ ਇਸ ਤਰ੍ਹਾਂ ਕਰਨ ਨਾਲ ਵਾਤਾਵਰਨ ਪਲੀਤ ਨਹੀਂ ਹੋਵੇਗਾ, ਭਿਆਨਕ ਬਿਮਾਰੀਆਂ ਨੇੜੇ ਨਹੀਂ ਆਉਣਗੀਆਂ। ਮਿੱਟੀ ਦੇ ਪੌਸ਼ਟਿਕ ਤੱਤ ਖ਼ਤਮ ਨਹੀਂ ਹੋਣਗੇ, ਵਾਤਾਵਰਨ, ਜ਼ਮੀਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਦਮੇ ਵਰਗੀ ਜਾਨਲੇਵਾ ਬਿਮਾਰੀ ਤੋਂ ਬਚੋਗੇ। ਮੇਰੇ ਕਿਸਾਨ ਵੀਰ ਬਹੁਤ ਹੀ ਪੜ੍ਹੇ-ਲਿਖੇ ਅਤੇ ਅਗਾਂਹਵਧੂ ਕਿਸਾਨ ਹਨ। ਮੈਨੂੰ ਉਮੀਦ ਹੈ ਕਿ ਉਹ ਚਲਾਈ ਗਈ ਮੁਹਿੰਮ ਦੀਆਂ ਇਨ੍ਹਾਂ ਗੱਲਾਂ 'ਤੇ ਜ਼ਰੂਰ ਅਮਲ ਕਰਨਗੇ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸੁੱਕੇ ਦਰੱਖਤ
ਭਾਵੇਂ ਭਾਰਤ ਤੇ ਪੰਜਾਬ ਸਰਕਾਰ ਨੇ ਵੱਖ-ਵੱਖ ਸਕੀਮਾਂ, ਵਣ-ਮਹਾਂਉਤਸਵਾਂ ਤਹਿਤ ਧਰਤੀ ਨੂੰ ਹਰਿਆ-ਭਰਿਆ ਬਣਾਈ ਰੱਖਣ ਲਈ ਯਤਨ ਜਾਰੀ ਰੱਖੇ ਹਨ ਪਰ ਦੂਸਰੇ ਪਾਸੇ ਕਈ ਸੜਕਾਂ ਤੇ ਰੇਲਵੇ ਲਾਈਨਾਂ ਦੇ ਦੋਵੇਂ ਪਾਸੇ ਕਿਸੇ ਸਮੇਂ ਹਰਿਆਵਲ ਦਾ ਸ਼ਿੰਗਾਰ ਬਣੇ ਹੋਏ ਕਿੱਕਰ ਅਤੇ ਟਾਹਲੀਆਂ ਆਦਿ ਦੇ ਰੁੱਖ ਉਮਰ ਪੂਰੀ ਕਰ ਜਾਣ ਕਾਰਨ ਸੁੱਕ ਗਏ ਹਨ ਅਤੇ ਬੁੱਤ ਬਣੇ ਖੜ੍ਹੇ ਹਨ। ਕਈ ਥਾਈਂ ਇਹ ਸੁੱਕੇ ਦਰੱਖਤ ਧਰਤੀ 'ਤੇ ਡਿੱਗ ਚੁੱਕੇ ਹਨ, ਜਿਨ੍ਹਾਂ ਨੂੰ ਜਲਵਾਯੂ ਦੀ ਮਾਰ ਕਾਰਨ ਕਈ ਬਿਮਾਰੀਆਂ ਨੇ ਘੇਰਿਆ ਹੈ। ਪੁਰਾਣੇ ਸਮਿਆਂ ਵਿਚ ਤਰਖਾਣ ਟਾਹਲੀ ਦੀ ਲੱਕੜ ਦੇ ਮੰਜੇ-ਪੀੜੇ ਆਦਿ ਬਣਾਉਂਦੇ ਸਨ ਅਤੇ ਕਿੱਕਰ ਦੀ ਲੱਕੜ ਕਿਸਾਨੀ ਸੰਦ ਬਣਾਉਣ ਦੇ ਕੰਮ ਆਉਂਦੀ ਸੀ। ਭਾਵੇਂ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਸੁੱਕੇ ਰੁੱਖਾਂ ਦੀ ਕਟਾਈ 'ਤੇ ਵੀ ਰੋਕ ਹੈ ਪਰ ਫਿਰ ਵੀ ਜੰਗਲਾਤ ਵਿਭਾਗ, ਜਿਥੇ ਹਰੇਕ ਸਾਲ ਨਵੇਂ ਬੂਟੇ ਲਗਾਉਂਦਾ ਹੈ, ਉਥੇ ਹੀ ਇਨ੍ਹਾਂ ਉਮਰ ਵਿਹਾਅ ਚੁੱਕੇ ਸੁੱਕੇ ਦਰੱਖਤਾਂ ਦਾ ਨਿਪਟਾਰਾ ਕਰਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਜਲੰਧਰ।

09-10-2019

 ਸਰਕਾਰੀ ਅਸਫਲਤਾ ਤੇ ਕੁਤਾਹੀ
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਉੱਪਰ ਲਿਖਿਆ ਵਿਸ਼ਾ ਪੜ੍ਹਿਆ। ਪੜ੍ਹ ਕੇ ਚੰਗਾ ਲੱਗਾ। ਇਹ ਠੀਕ ਹੈ ਕਿ ਜਾਨਵਰਾਂ, ਪਸ਼ੂਆਂ ਦੀ ਸੇਵਾ ਕਰੀਏ। ਜਦੋਂ ਹੱਦੋਂ ਵੱਧ ਅਵਾਰਾ ਕੁੱਤੇ ਫਿਰਨਗੇ ਤਾਂ ਲੋਕਾਂ ਦਾ ਨੁਕਸਾਨ ਕਰਨਗੇ। ਕਈ ਵਾਰੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਬੱਚਿਆਂ ਨੂੰ ਕੱਟ ਦਿੱਤਾ ਤੇ ਕਈ ਵਾਰੀ ਐਕਸੀਡੈਂਟ ਵੀ ਹੁੰਦੇ ਹਨ। ਪਿੱਛੇ ਜਿਹੇ ਮੈਨੂੰ ਵੀ ਬੰਗਲੌਰ ਜਾਣ ਦਾ ਮੌਕਾ ਮਿਲਿਆ ਤਾਂ ਦੇਖਿਆ ਕੁਝ ਔਰਤਾਂ ਨੇ ਮਿਲ ਕੇ ਅਵਾਰਾ ਕੁੱਤੇ ਸਾਂਭੇ ਹੋਏ ਹਨ। ਮੈਂ ਫੋਨ 'ਤੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ 100 ਤੋਂ ਵੱਧ ਹਨ। ਉਨ੍ਹਾਂ ਦੀ ਖੁਰਾਕ ਤੇ ਸਫ਼ਾਈ ਦਾ ਇੰਤਜ਼ਾਰ ਕੀਤਾ ਹੋਇਆ ਹੈ। ਲੋਕਾਂ ਦੇ ਦਾਨ ਖਾਤੇ ਨਾਲ ਚਲਾ ਰਹੇ ਹਨ। ਮੇਰੀ ਰਾਇ ਹੈ ਕਿ ਐਨ.ਜੀ.ਓ. ਤੇ ਸਰਕਾਰਾਂ ਨੂੰ ਮਿਲ ਕੇ ਹੱਲ ਲੱਭਣਾ ਚਾਹੀਦਾ ਹੈ। ਜਿਹੜੇ ਲੋਕ ਪਾਲਤੂ ਕੁੱਤੇ ਰੱਖਦੇ ਹਨ, ਉਨ੍ਹਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਰਸਤਿਆਂ ਵਿਚ ਪੋਟੀਆਂ ਨਾ ਕਰਾਉਣ। ਬਾਹਰਲੇ ਦੇਸ਼ਾਂ ਵਿਚ ਤੇ ਦੱਖਣੀ ਭਾਰਤ ਵਿਚ ਘਰੋਂ ਪਿੱਕਰ ਲੈ ਜਾਂਦੇ ਹਨ ਤੇ ਘਰ ਆ ਕੇ ਫਲੱਸ਼ ਕਰਦੇ ਹਨ। ਇਹ ਸਮੱਸਿਆ ਗੰਭੀਰ ਹੈ ਤੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ।


-ਦਵਿੰਦਰ ਕੌਰ
35 ਨਿਊ ਜਵਾਹਰ ਨਗਰ, ਜਲੰਧਰ।


ਹਨੇਰੇ 'ਚ ਮਸ਼ਾਲ
ਅਜੋਕੇ ਸਮੇਂ ਜਦੋਂ ਪੰਜਾਬ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਸ਼ਾ ਦੇ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ ਅਤੇ ਲੋਕਾਂ ਨੂੰ ਖ਼ਬਰਾਂ ਤੇ ਜਾਣਕਾਰੀ ਦੇ ਰਹੇ ਹਨ, ਉਨ੍ਹਾਂ ਸਾਰਿਆਂ ਵਿਚ ਸਭ ਤੋਂ ਜ਼ਿਆਦਾ ਭਰੋਸੇਯੋਗ ਅਤੇ ਸਤਿਕਾਰਯੋਗ ਅਖ਼ਬਾਰ ਅਸੀਂ 'ਅਜੀਤ' ਨੂੰ ਕਹਿ ਸਕਦੇ ਹਾਂ। ਅਸੀਂ ਪਿਛਲੇ 30 ਸਾਲਾਂ ਤੋਂ 'ਅਜੀਤ' ਨਾਲ ਭਾਵਨਾਤਮਕ ਰੂਪ ਵਿਚ ਜੁੜੇ ਹੋਏ ਹਾਂ। ਅਸ਼ਲੀਲ ਸਮੱਗਰੀ ਤੋਂ ਕੋਹਾਂ ਦੂਰ ਰਹਿਣ ਵਾਲਾ ਪਿਆਰਾ 'ਅਜੀਤ' ਤਕਰੀਬਨ ਹਰ ਇਕ ਘਰ ਅਤੇ ਗੁਰੂ ਘਰ ਵਿਚ ਵੀ ਪਹੁੰਚਦਾ ਹੈ। ਸ਼ਿੱਦਤ ਨਾਲ ਮਾਂ-ਬੋਲੀ ਦੀ ਸੇਵਾ ਕਰਨ ਵਾਲਾ 'ਅਜੀਤ' ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਡਾ: ਬਰਜਿੰਦਰ ਸਿੰਘ ਹਮਦਰਦ ਦੀ ਯੋਗ ਅਗਵਾਈ ਵਿਚ 'ਅਜੀਤ' ਹਨ੍ਹੇਰੇ ਵਿਚ ਮਸ਼ਾਲ ਬਣ ਕੇ ਅਗਿਆਨ ਰੂਪੀ ਹਨੇਰਿਆਂ ਨੂੰ ਰੌਸ਼ਨ ਕਰਨ ਦਾ ਆਪਣਾ ਫਰਜ਼ ਬਾਖੂਬੀ ਨਿਭਾਉਂਦਾ ਰਹੇ, ਅਜਿਹੀ ਅਸੀਂ ਕਾਮਨਾ ਕਰਦੇ ਹਾਂ।


-ਭਾਈ ਮਾਨ ਸਿੰਘ ਜੰਡੋਲੀ
ਰਾਗੀ ਅਤੇ ਕਥਾਵਾਚਕ।


ਜੇ ਕੁਝ ਇਸ ਤਰ੍ਹਾਂ ਹੋਵੇ
ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਇਸ ਦਿਵਸ 'ਤੇ ਹਰ ਤਰ੍ਹਾਂ ਦਾ ਜ਼ੋਰ ਲਗਾ ਰਹੀ ਹੈ। ਇਸ ਮੌਕੇ 'ਤੇ ਹੀ ਸੰਗਤਾਂ ਨੂੰ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਇਕ-ਦੂਜੇ ਤੋਂ ਵਧ ਕੇ ਸਹਿਯੋਗ ਪਾ ਰਹੀਆਂ ਹਨ। ਹਰਿਆ-ਭਰਿਆ ਵਾਤਾਵਰਨ ਬਣਾਉਣ ਲਈ ਸਰਕਾਰ ਵਲੋਂ 550 ਬੂਟੇ ਹਰ ਪਿੰਡ ਨੂੰ ਦਿੱਤੇ ਗਏ ਹਨ।
ਰਾਜ ਵਿਚ ਚੱਲ ਰਹੀਆਂ ਸਕੂਲ ਖੇਡਾਂ ਵੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਇਸ ਮੌਕੇ 'ਤੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਵਧ-ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਮੈਨੂੰ ਲਗਦਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ਿਆਂ ਵਰਗੇ ਮਸਲਿਆਂ ਨੂੰ ਵੀ ਠੱਲ੍ਹ ਪਾ ਕੇ ਇਸ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਦੁੱਗਣਾ ਕਰਨ। ਇਸ ਮੌਕੇ 'ਤੇ ਹਰ ਇਕ ਵਸਤਾਂ ਦਾ ਰੇਟ ਘਟਾਇਆ ਜਾਵੇ। ਹੋਰ ਤਾਂ ਹੋਰ ਹਰ ਸਰਕਾਰੀ ਮਹਿਕਮੇ ਵਿਚ 550 ਨੌਕਰੀਆਂ ਜ਼ਰੂਰ ਦਿੱਤੀਆਂ ਜਾਣ। ਇਸ ਤਰ੍ਹਾਂ ਕਰਕੇ ਅਸੀਂ ਸ੍ਰੀ ਨਾਨਕ ਦੇਵ ਜੀ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲ ਸਕਦੇ ਹਾਂ। ਇਹੋ ਜਿਹੇ ਕੰਮ ਸਦਕਾ ਅਸੀਂ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਤੇ ਮਾਣ ਅਤੇ ਖੁਸ਼ੀ ਮਹਿਸੂਸ ਕਰਾਂਗੇ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਮੰਦਭਾਗਾ ਵਿਵਾਦ
ਪਿਛਲੇ ਦਿਨੀਂ ਉਪਰੋਕਤ ਵਿਸ਼ੇ ਸਬੰਧੀ ਪੰਜਾਬ ਦੀ ਆਵਾਜ਼ 'ਅਜੀਤ' ਦੇ ਮੁੱਖ ਸਫ਼ੇ 'ਤੇ ਆਪ ਜੀ ਦਾ ਵਿਸ਼ੇਸ਼ ਲੇਖ ਪੜ੍ਹਨ ਨੂੰ ਮਿਲਿਆ ਜੋ ਸਰਬਪੱਖੀ ਜਾਣਕਾਰੀ ਦੇ ਗਿਆ। ਬਿਨਾਂ ਸ਼ੱਕ ਇਸ ਲੇਖ ਦੀ ਸ਼ਬਦਾਵਲੀ ਬੜੀ ਢੁਕਵੀਂ ਅਤੇ ਪ੍ਰਭਾਵਸ਼ਾਲੀ ਸੀ ਜੋ ਕਿ ਹਰ ਪੰਜਾਬੀ ਪਿਆਰੇ ਦੇ ਜਜ਼ਬਾਤ ਦੀ ਤਰਜਮਾਨੀ ਕਰਨ ਵਾਲੀ ਸੀ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਬਹੁਕੌਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਜੇਕਰ ਇਹ ਕੌਮਾਂ ਅਤੇ ਭਾਸ਼ਾਵਾਂ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਦੇਸ਼ ਦੀ ਵੱਡੀ ਤਾਕਤ ਬਣਦੀਆਂ ਹਨ ਪਰ ਇਸ ਦੇ ਉਲਟ ਇਨ੍ਹਾਂ ਦੇ ਬਿਖਰਨ ਨਾਲ ਦੇਸ਼ ਦੀ ਸ਼ਕਤੀ ਘਟਦੀ ਹੈ। ਸੋ, ਜਿਥੋਂ ਤੱਕ ਸੰਭਵ ਹੋ ਸਕੇ, ਹਰ ਇਕ ਵਿਅਕਤੀ, ਚਾਹੇ ਉਹ ਆਮ ਹੋਵੇ ਜਾਂ ਖ਼ਾਸ, ਦੇਸ਼ ਦੀ ਤਾਕਤ ਨੂੰ ਮਜ਼ਬੂਤ ਕਰਨ ਦੇ ਹੀ ਯਤਨ ਕਰਨੇ ਚਾਹੀਦੇ ਹਨ, ਨਾ ਕਿ ਕਮਜ਼ੋਰ ਕਰਨ ਦੇ। ਪੰਜਾਬੀ ਮਾਂ-ਬੋਲੀ ਅਤੇ ਭਾਸ਼ਾ ਹਰ ਪੰਜਾਬੀ ਪਿਆਰੇ ਦੀ ਜਿੰਦ-ਜਾਨ ਹੈ। ਜੇਕਰ ਕੋਈ ਇਸ ਦੀ ਨਿਰਾਦਰੀ ਕਰਦਾ ਹੈ, ਚਾਹੇ ਉਹ ਕਿੱਡਾ ਵੀ ਕੱਦਾਵਰ ਵਿਅਕਤੀ ਕਿਉਂ ਨਾ ਹੋਵੇ, ਉਹ ਪੰਜਾਬੀ ਪਿਆਰਿਆਂ ਦੇ ਰੋਹ-ਰੋਸ ਤੋਂ ਬਚ ਨਹੀਂ ਸਕਦਾ। ਸੋ, ਲੋੜ ਹੈ ਦੇਸ਼ ਦੀ ਹਰ ਬੋਲੀ ਅਤੇ ਭਾਸ਼ਾ ਦਾ ਸਤਿਕਾਰ ਕਰਨ ਦੀ। ਅਜਿਹਾ ਕਰਕੇ ਹੀ ਅਸੀਂ ਦੇਸ਼ ਨੂੰ ਸਹੀ ਅਰਥਾਂ ਵਿਚ ਤਰੱਕੀ ਦੇ ਰਾਹ 'ਤੇ ਲਿਜਾ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਪਗੜੀ ਸਿੱਖਾਂ ਦਾ ਤਾਜ
ਪੱਗ ਸਿੱਖਾਂ ਦਾ ਤਾਜ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਇੱਜ਼ਤ ਤੇ ਅਣਖ ਹੈ। ਜੇ ਕਿਸੇ ਮਾਪਿਆਂ ਨੇ ਆਪਣੇ ਲੜਕੇ ਨੂੰ ਮਾੜੇ ਕੰਮ ਤੋਂ ਝਿੜਕਣਾ ਹੋਵੇ ਤੇ ਉਹ ਆਪਣੀ ਪੱਗ ਦਾ ਵਾਸਤਾ ਦਿੰਦੇ ਹਨ। ਹਜ਼ਾਰਾਂ ਲੋਕਾਂ ਵਿਚੋਂ ਪੱਗ ਵਾਲਾ ਸਿੱਖ ਪਹਿਚਾਣਿਆ ਜਾਂਦਾ ਹੈ। ਪੱਗ ਨੇ ਪਾਣੀ ਵਿਚ ਡੁੱਬਦਿਆਂ ਬੰਦਿਆਂ ਦੀਆਂ ਵੀ ਜਾਨਾਂ ਬਚਾਈਆਂ ਹਨ। ਪੱਗ ਦੀ ਮਹਾਨਤਾ ਦਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਆਸਟਰੇਲੀਆ ਆਪਣੇ ਬੱਚੇ ਕੋਲ ਗਿਆ ਜੋ ਗੋਰੇ ਮੇਰੀ ਪਗੜੀ ਦੇਖ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਸਨ। ਹੁਣ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿਚ ਵੀ ਸਿੱਖੀ ਸਰੂਪ ਪਗੜੀਧਾਰੀ ਨੂੰ ਵੀ ਹਰਮਨ-ਪਿਆਰਤਾ ਮਿਲ ਰਹੀ ਹੈ। ਜੋ ਨੌਜਵਾਨ ਪੀੜ੍ਹੀ ਦੇਖੋ ਦੇਖੀ ਕਲੀਨ ਸ਼ੇਵ ਹੋ ਰਹੀ ਹੈ, ਵਾਲ ਕਟਵਾ ਵੱਖਰੇ-ਵੱਖਰੇ ਡਿਜ਼ਾਈਨ ਬਣਾ ਰਹੀ ਹੈ, ਨਵੀਂ ਪੀੜ੍ਹੀ ਨੂੰ ਪੱਗ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਜਿਸ ਤੋਂ ਉਨ੍ਹਾਂ ਨੂੰ ਪ੍ਰੇਰਨਾ ਮਿਲੇਗੀ।


-ਗੁਰਮੀਤ ਸਿੰਘ ਵੇਰਕਾ
-ਸੇਵਾ-ਮੁਕਤ ਇੰਸਪੈਕਟਰ।


ਵੱਡਿਆਂ ਦਾ ਸਤਿਕਾਰ
ਬਜ਼ੁਰਗਾਂ ਨੂੰ ਸਤਿਕਾਰ ਨਾ ਦੇਣਾ ਚਿੰਤਾ ਦਾ ਵਿਸ਼ਾ ਹੈ। ਬਿਰਧ ਆਸ਼ਰਮ ਸਾਡਾ ਸੱਭਿਆਚਾਰ ਨਹੀਂ ਹੈ ਕਿਉਂਕਿ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਦੁੱਖਾਂ-ਸੁੱਖਾਂ ਵਿਚ ਰਹਿੰਦੇ ਹੋਏ ਸਾਨੂੰ ਪਾਲਿਆ ਹੁੰਦਾ ਹੈ। ਬੁਢਾਪੇ ਵਿਚ ਉਨ੍ਹਾਂ ਨੂੰ ਸੰਭਾਲਣ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਅਸੀਂ ਪੱਛਮ ਦੀ ਅੰਨ੍ਹੇਵਾਹ ਕੀਤੀ ਜਾਂਦੀ ਨਕਲ ਦਾ ਸ਼ਿਕਾਰ ਹੋ ਰਹੇ ਹਾਂ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਵਡਮੁੱਲਾ ਖਜ਼ਾਨਾ ਹੁੰਦਾ ਹੈ ਜਿਸ ਤੋਂ ਸੇਧ ਲੈ ਕੇ ਅਸੀਂ ਆਪਣੀ ਜ਼ਿੰਦਗੀ ਬਸਰ ਕਰਨੀ ਹੁੰਦੀ ਹੈ। ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਛੋਟੇ ਬੱਚਿਆਂ ਨੇ ਵੱਡੇ ਹੋ ਕੇ ਸਾਨੂੰ ਸਤਿਕਾਰ ਤਾਂ ਹੀ ਦੇਣਾ ਹੈ ਜੇ ਅਸੀਂ ਵੱਡਿਆਂ ਦਾ ਸਤਿਕਾਰ ਕੀਤਾ ਹੋਵੇਗਾ।


-ਪਰਗਟ ਸਿੰਘ ਵਜੀਦਪੁਰ, ਪਟਿਆਲਾ।

08-10-2019

 ਗਰਮੀ ਦੀ ਤਪਸ਼
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਗਰਮੀ ਜ਼ਿਆਦਾ ਮਹਿਸੂਸ ਹੋਈ ਪਰ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ। ਲੋਕਾਂ ਦੇ ਸਰੀਰ ਸਹੂਲਤਾਂ ਨੇ ਏਨੇ ਜ਼ਿਆਦਾ ਨਾਜ਼ੁਕ ਬਣਾ ਦਿੱਤੇ ਹਨ ਕਿ ਲੋਕ ਗਰਮੀ ਨੂੰ ਸਹਿ ਨਹੀਂ ਸਕਦੇ। ਜਿਥੇ ਵੀ ਬਹਿੰਦੇ-ਉਠਦੇ ਸੀ ਬਸ ਇਕੋ ਹੀ ਗੱਲ ਸੁਣਨ ਨੂੰ ਮਿਲੀ ਸੀ ਕਿ ਇਸ ਵਾਰ ਪਿਛਲੀਆਂ ਗਰਮੀਆਂ ਨਾਲੋਂ ਜ਼ਿਆਦਾ ਗਰਮੀ ਪਈ ਹੈ, ਪਰ ਜਦੋਂ ਸਿਆਲ ਸ਼ੁਰੂ ਹੋਵੇਗਾ ਤਾਂ ਲੋਕ ਇਸ ਤਪਸ਼ ਨੂੰ ਭੁੱਲ ਕੇ ਇਸ ਵਾਰ ਠੰਢ ਬਹੁਤ ਜ਼ਿਆਦਾ ਪੈ ਰਹੀ ਹੈ, ਦੀਆਂ ਗੱਲਾਂ ਕਰਦੇ ਸਾਨੂੰ ਆਮ ਹੀ ਮਿਲਣਗੇ। ਪਰ ਇੰਜ ਲਗਦੈ ਕਿ ਸਮਾਂ ਵੀ ਪਹਿਲਾਂ ਵਾਲਾ ਹੀ ਹੈ ਅਤੇ ਮਹੀਨੇ ਵੀ ਉਸ ਤਰ੍ਹਾਂ ਦੇ ਹੀ ਹਨ ਪਰ ਸਾਨੂੰ ਆਹ ਬਾਜ਼ਾਰੀ ਸਹੂਲਤਾਂ ਨੇ ਕਾਫ਼ੀ ਜ਼ਿਆਦਾ ਬਦਲ ਦਿੱਤਾ ਹੈ। ਸਾਡੇ ਸਰੀਰ ਲਈ ਸੰਤੁਲਿਤ ਖੁਰਾਕ ਨਾ ਮਿਲਣ ਕਰਕੇ ਸਾਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਅਸੀਂ ਆਪਣੇ ਕੰਮਕਾਰ ਮਸ਼ੀਨਾਂ ਨੂੰ ਦੇ ਦਿੱਤੇ ਹਨ ਅਤੇ ਅਸੀਂ ਵਿਹਲੇ ਤੇ ਸੋਲ੍ਹ ਹੋ ਗਏ ਹਾਂ। ਜਿਸ ਕਰਕੇ ਅਸੀਂ ਕੋਈ ਵੀ ਮੌਸਮ ਦਾ ਅਨੰਦ ਪਹਿਲਾਂ ਵਾਂਗ ਨਹੀਂ ਲੈ ਸਕਦੇ।

-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਨਸ਼ਾ
ਸਾਡੇ ਦੇਸ਼ ਵਿਚ ਨਸ਼ੇ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ। ਨਸ਼ਾ ਇਕ ਬਿਮਾਰੀ ਦਾ ਘਰ ਹੈ। ਸਾਡੇ ਦੇਸ਼ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਜਿਥੇ ਸਰਕਾਰ ਨੂੰ ਨਸ਼ੇ 'ਤੇ ਰੋਕਥਾਮ ਲਈ ਸੰਜੀਦਾ ਕਦਮ ਚੁੱਕਣੇ ਚਾਹੀਦੇ ਹਨ, ਉਥੇ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਗ਼ਲਤ ਸੰਗਤ ਦਾ ਸ਼ਿਕਾਰ ਨਾ ਹੋਣ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਦਿਨ-ਬ-ਦਿਨ ਵਿਗਾੜ ਆ ਰਿਹਾ ਹੈ। ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ, ਉਹ ਸਮਾਜ ਤੇ ਦੇਸ਼ 'ਤੇ ਭਾਰ ਬਣਦੇ ਹਨ, ਉਨ੍ਹਾਂ ਦੇ ਨਸ਼ੇੜੀ ਹੋਣ ਕਾਰਨ ਮਾਪੇ ਵੀ ਬਹੁਤ ਦੁਖੀ ਹੁੰਦੇ ਹਨ। ਨਸ਼ੇ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ।

-ਸੁਮਿਤ ਕੌਰ

ਇੰਜ ਮਨਾਈਏ ਤਿਉਹਾਰ
ਆਓ, ਆਪਾਂ ਆਉਣ ਵਾਲੇ ਤਿਉਹਾਰਾਂ ਜਿਵੇਂ ਦੁਸਹਿਰਾ, ਦੀਵਾਲੀ ਮੌਕੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖੀਏ ਕਿਉਂਕਿ ਪੰਜਾਬ ਵਿਚ ਹੜ੍ਹ ਆਉਣ ਕਰਕੇ ਸਥਿਤੀ ਕਾਫੀ ਗੰਭੀਰ ਹੋ ਚੁੱਕੀ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ਅਤੇ ਸਿਹਤ ਉਤੇ ਵੀ ਕਾਫ਼ੀ ਅਸਰ ਹੋਇਆ ਹੈ। ਜਿਥੇ ਖੜ੍ਹੇ ਪਾਣੀ ਨਾਲ ਬਿਮਾਰੀਆਂ ਪੈਦਾ ਹੋਈਆਂ ਹਨ, ਉਥੇ ਫਸਲਾਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੇ ਪ੍ਰਦੂਸ਼ਣ ਵੀ ਕਾਫ਼ੀ ਹੱਦ ਤੱਕ ਵਧਿਆ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਦੁਸਹਿਰੇ ਤੇ ਦੀਵਾਲੀ ਨੂੰ ਇਕ ਤਾਂ ਰਾਵਣ ਦੇ ਪੁਤਲੇ ਬਣਾ ਕੇ ਨਾ ਫੂਕੇ ਜਾਣ ਤੇ ਨਾ ਹੀ ਦੀਵਾਲੀ 'ਤੇ ਪਟਾਕੇ ਚਲਾਏ ਜਾਣ ਜਿਥੇ ਸਾਡੇ ਪੈਸੇ ਦੀ ਬੱਚਤ ਹੋਵੇਗੀ, ਉਥੇ ਸਾਡਾ ਆਲਾ-ਦੁਆਲਾ ਵੀ ਪ੍ਰਦੂਸ਼ਣ ਰਹਿਤ ਹੋਵੇਗਾ ਤੇ ਜੋ ਪੈਸਾ ਇਨ੍ਹਾਂ ਗਲਤ ਕੰਮਾਂ ਤੋਂ ਬਚੇਗਾ ਉਹ ਹੀ ਪੈਸਾ ਕਿਸੇ ਗਰੀਬ ਕਿਸਾਨ ਨੂੰ ਦੇ ਕੇ ਉਨ੍ਹਾਂ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ। ਦੁਸਹਿਰਾ ਤੇ ਦੀਵਾਲੀ ਦਾ ਮੰਤਵ ਸਿਰਫ਼ ਪਟਾਕੇ ਚਲਾਉਣਾ ਜਾਂ ਪੁਤਲੇ ਫੂਕਣਾ ਨਹੀਂ ਸਗੋਂ ਸਮੁੱਚੇ ਭਾਈਚਾਰੇ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ। ਬਜ਼ਾਰੋਂ ਲਿਆਉਣ ਵਾਲੀਆਂ ਮਠਿਆਈਆਂ ਦਾ ਵੀ ਖਾਸ ਧਿਆਨ ਰੱਖਿਆ ਜਾਵੇ, ਕਿਉਂਕਿ ਮਿਲਾਵਟਖੋਰੀ ਬਹੁਤ ਜ਼ਿਆਦਾ ਵਧ ਚੁੱਕੀ ਹੈ। ਘਰਾਂ ਵਿਚ ਹੀ ਵਧੀਆ ਸਾਫ਼-ਸੁਥਰੇ ਪਦਾਰਥ ਤਿਆਰ ਕਰ ਕੇ ਖਾਧੇ ਜਾਣ, ਇਸ ਤਰ੍ਹਾਂ ਕਰਨ ਨਾਲ ਸਿਹਤ ਵੀ ਸਹੀ ਰਹੇਗੀ ਤੇ ਬੋਲੇੜੇ ਖਰਚੇ ਤੋਂ ਵੀ ਬਚਿਆ ਜਾ ਸਕੇਗਾ।

-ਸੁਖਚੈਨ ਸਿੰਘ, ਠੱਠੀ ਭਾਈ (ਯੂ.ਏ.ਈ.)

ਭਰੇ ਮਨ ਤੇ ਖਾਲੀ ਪੇਟ
ਪਿਛਲੇ ਦਿਨੀਂ ਨਵਜੋਤ ਸਿੰਘ ਜੱਖੂ ਦਾ 'ਸਮਾਜਿਕ ਬਰਾਬਰੀ ਦਾ ਸੁਪਨਾ' ਪੜ੍ਹਿਆ। ਥੋੜ੍ਹੇ ਤੇ ਭਾਵਪੂਰਤ ਸ਼ਬਦ ਦਿਲ ਨੂੰ ਛੂਹ ਗਏ। ਕੀ ਅਸੀਂ ਆਪਣੇ ਦੇਸ਼ ਨੂੰ ਲੋਕਤੰਤਰ ਦੀਆਂ ਲੀਹਾਂ 'ਤੇ ਚੱਲਣ ਵਾਲਾ ਕਹੀਏ? ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕੀ ਖੱਟਿਆ, ਕਿਥੇ ਹੈ ਬਰਾਬਰੀ? ਜਿਥੇ ਕਿਰਤੀ ਭੁੱਖੇ ਮਰਨ ਤੇ ਵਿਹਲੜ ਐਸ਼ ਕਰਨ, ਕਾਹਦਾ ਮਾਣ ਹੈ, ਆਪਣੇ ਦੇਸ਼ 'ਤੇ, ਜਿਸ ਦੇਸ਼ ਵਿਚ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਵੀ ਪੇਟ ਭਰ ਰੋਟੀ ਨਾ ਮਿਲੇ। 70 ਸਾਲ ਤੋਂ ਉੱਪਰ ਹੋ ਗਏ ਹਨ, ਗਰੀਬੀ ਢੋਂਹਦਿਆਂ? ਕਦੋਂ ਆਉਣਗੇ ਭਲੇ ਦਿਨ? ਹਾਕਮਾਂ ਦੀਆਂ ਡੀਂਗਾਂ ਹੁਣ ਨਹੀਂ ਸੁਣੀਆਂ ਜਾਂਦੀਆਂ। ਮਜ਼ਦੂਰ ਤੇ ਕਾਰੀਗਰ ਮਹਿਲ ਉਸਾਰਦੇ ਰਹਿ ਜਾਂਦੇ ਹਨ ਤੇ ਉਸਾਰਨ ਵਾਲੇ ਖੁੱਲ੍ਹੇ ਅਸਮਾਨ ਹੇਠਾਂ ਠੰਢੀਆਂ-ਤੱਤੀਆਂ ਰਾਤਾਂ ਗੁਜ਼ਾਰਦੇ ਹਨ।
ਸਿਆਸਤ ਅੰਦਰ ਸਰਮਾਏਦਾਰੀ ਤੇ ਧੱਕੇਸ਼ਾਹੀ ਵਧਦੀ ਹੀ ਜਾ ਰਹੀ ਹੈ। ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਦੀ ਕੋਈ ਨਜ਼ਰ ਨਹੀਂ ਆ ਰਿਹਾ। ਇਸ ਬੁਰੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਜਾਗਰੂਕ ਲੋਕ ਅਗਵਾਈ ਲਈ ਅੱਗੇ ਆਉਣ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪਾਣੀ ਦੀ ਬੱਚਤ
ਝੋਨੇ ਦੀ ਫਸਲ, ਫੈਕਟਰੀਆਂ ਆਦਿ ਵਿਚ ਹੁੰਦੀ ਪਾਣੀ ਦੀ ਵਰਤੋਂ ਅਤੇ ਰੋਜ਼ਾਨਾ ਹੋ ਰਹੀ ਪਾਣੀ ਦੀ ਦੁਰਵਰਤੋਂ ਨੇ ਪਾਣੀ ਨੂੰ ਪਤਾਲ ਤੱਕ ਪਹੁੰਚਾ ਦਿੱਤਾ ਹੈ। ਜੇਕਰ ਸਮਾਂ ਰਹਿੰਦੇ ਪਾਣੀ ਦੀ ਬੱਚਤ ਨਾ ਕੀਤੀ ਅਤੇ ਸੁਚੱਜੀ ਖੇਤੀ ਤਕਨੀਕ ਨਾ ਅਪਣਾਈ ਤਾਂ ਸਾਡੀ ਧਰਤੀ ਜਲਦੀ ਹੀ ਮਾਰੂਥਲ ਬਣ ਜਾਵੇਗੀ। ਸਰਕਾਰ ਨੂੰ ਉਨ੍ਹਾਂ ਲੋਕਾਂ 'ਤੇ ਸਖਤੀ ਵਰਤਣੀ ਚਾਹੀਦੀ ਹੈ ਜੋ ਲੋਕ ਸਵੇਰੇ-ਸ਼ਾਮ ਪਾਣੀ ਨਾਲ ਗੱਡੀਆਂ ਧੋਣ, ਪਾਰਕਾਂ ਵਿਚ ਬੇਲੋੜਾ ਖੁੱਲ੍ਹਾ ਪਾਣੀ ਛੱਡਣ ਦੀ ਦੁਰਵਰਤੋਂ ਕਰਦੇ ਹਨ। ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਬਾਹਰ ਨਿਕਲਣ ਲਈ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਰਨਾ ਚਾਹੀਦਾ ਹੈ। ਇਸ ਵਿਸ਼ੇ ਸਬੰਧੀ ਕੁਝ ਦਿਨ ਪਹਿਲਾਂ ਜਲੰਧਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਮੀਨਾਰ ਵੀ ਕਰਵਾਇਆ ਗਿਆ। ਅਜਿਹੇ ਹੀ ਸੈਮੀਨਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਰਵਾ ਕੇ ਕਿਸਾਨਾਂ ਨੂੰ, ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਫਸਲੀ ਚੱਕਰ ਵਿਚੋਂ ਨਿਕਲਣ ਅਤੇ ਸਮਾਂ ਰਹਿੰਦੇ ਕੁਦਰਤ ਦੀ ਅਣਮੁੱਲੀ ਦਾਤ ਪਾਣੀ ਨੂੰ ਬਚਾਇਆ ਜਾ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਵਿਦੇਸ਼ ਜਾਓ ਪਰ ਸਹੀ ਤਰੀਕੇ
ਅੱਜ ਨੌਜਵਾਨਾਂ ਦਾ ਬਾਹਰ ਵਿਦੇਸ਼ਾਂ 'ਚ ਜਾਣ ਦਾ ਰੁਝਾਨ ਇਸ ਕਦਰ ਵਧ ਗਿਆ ਹੈ ਕਿ ਉਹ ਕਈ ਵਾਰ ਬਾਹਰ ਜਾਣ ਦੀ ਖਾਤਰ ਆਪਣੇ ਮਾਂ-ਬਾਪ ਨੂੰ ਜ਼ਮੀਨ ਵੇਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅਸੀਂ ਤਾਂ ਬਾਹਰ ਹੀ ਜਾਣਾ ਹੈ। ਜਦਕਿ ਬਾਹਰ ਜਾ ਕੇ ਵੀ ਕੰਮ ਕਰਨਾ ਪੈਣਾ ਹੈ। ਕਈ ਨੌਜਵਾਨ 15-20 ਲੱਖ ਰੁਪਏ ਖਰਚ ਕੇ ਨਾਜਾਇਜ਼ ਤਰੀਕੇ ਨਾਲ ਬਾਹਰ ਜਾਂਦੇ ਹਨ, ਕਈ ਘਰ ਗਲਤ ਧੋਖੇਬਾਜ਼ ਏਜੰਟਾਂ ਦੇ ਜਾਲ 'ਚ ਫਸ ਕੇ ਪੈਸਾ ਵੀ ਗੁਆ ਲੈਂਦੇ ਹਨ ਅਤੇ ਆਪਣੇ ਬੱਚਿਆਂ ਦੀ ਜਾਨ ਵੀ। ਮੇਰੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੈ ਕਿ ਜੇ ਬਾਹਰ ਜਾਣਾ ਹੈ ਤਾਂ ਸਹੀ ਤਰੀਕੇ ਕਿਸੇ ਚੰਗੀ ਕੰਪਨੀ ਰਾਹੀਂ, ਸਹੀ ਏਜੰਟ ਦੀ ਚੋਣ ਕਰ ਕੇ ਜਿਸ ਕੋਲ ਲਾਇਸੰਸ ਹੋਵੇ। ਫਿਰ ਹੀ ਵਿਦੇਸ਼ ਜਾਣਾ ਚਾਹੀਦਾ ਹੈ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

07-10-2019

 ਆਈਲਟਸ ਸੈਂਟਰ...
ਅੱਜ ਦੇ ਦੌਰ ਵਿਚ ਪੰਜਾਬ ਵਿਚੋਂ ਆਏ ਦਿਨ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ। ਜ਼ਿਆਦਾਤਰ ਮੁੰਡੇ-ਕੁੜੀਆਂ 10+2 ਪਾਸ ਕਰਕੇ ਆਈਲਟਸ ਦੀ ਤਿਆਰੀ ਵਿਚ ਲੱਗ ਜਾਂਦੇ ਹਨ। ਜ਼ਿਆਦਾਤਰ ਕੁੜੀਆਂ ਆਈਲਟਸ ਵਿਚੋਂ ਚੰਗੇ ਬੈਂਡ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ ਤੇ ਉਹ ਇੱਧਰ ਵਿਆਹ ਕਰਵਾ ਕੇ ਵਿਦੇਸ਼ ਚਲੀਆਂ ਜਾਂਦੀਆਂ ਹਨ। ਇਸ ਨਾਲ ਕਾਲਜਾਂ ਵਿਚ ਦਾਖਲਾ ਘਟਣ ਲੱਗ ਪਿਆ ਹੈ। ਕਈ ਪ੍ਰਾਈਵੇਟ ਕਾਲਜਾਂ ਵਾਲੇ ਵੀ ਹੁਣ ਕਾਲਜ ਬੰਦ ਕਰਕੇ ਆਈਲਟਸ ਸੈਂਟਰ ਖੋਲ੍ਹਣ ਦੀ ਤਿਆਰੀ ਵਿਚ ਲੱਗੇ ਹੋਏ ਹਨ। ਬੇਰੁਜ਼ਗਾਰੀ, ਅਵਾਰਾ ਪਸ਼ੂ, ਖੁਦਕੁਸ਼ੀਆਂ ਦੇ ਰਾਹ ਪੈ ਰਹੇ ਕਿਸਾਨ, ਰੁਜ਼ਗਾਰ ਮੌਕਿਆਂ ਦੀ ਘਾਟ, ਸਿਹਤ ਸਹੂਲਤਾਂ ਦੀ ਘਾਟ, ਪ੍ਰਦੂਸ਼ਿਤ ਵਾਤਾਵਰਨ, ਮਹਿੰਗਾਈ, ਮਾਪਿਆਂ ਨੂੰ ਬੱਚਿਆਂ ਦੇ ਅਸੁਰੱਖਿਅਤ ਭਵਿੱਖ ਦਾ ਡਰ ਆਦਿ ਕਾਰਨ ਮਾਪੇ ਆਪਣੇ ਕਾਲਜੇ ਦੇ ਟੁਕੜੇ ਨੂੰ ਵਿਦੇਸ਼ਾਂ 'ਚ ਭੇਜਣ ਲਈ ਮਜਬੂਰ ਹਨ। ਇਹੋ ਹਾਲ ਰਿਹਾ ਤਾਂ 10+2 ਤੋਂ ਬਾਅਦ ਆਈਲਟਸ ਸੈਂਟਰ ਹੀ ਰਹਿ ਜਾਣਗੇ ਤੇ ਨੌਕਰੀਆਂ ਦੀ ਕਮੀ ਹੋਰ ਹੋ ਜਾਵੇਗੀ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।


-ਸੁਖਦੀਪ ਸਿੰਘ ਗਿੱਲ


ਇਕ ਧੀ ਦੇਈਂ ਵੇ ਰੱਬਾ...
ਕਿਸੇ ਵਿਦਵਾਨ ਦਾ ਕਥਨ ਹੈ ਕਿ ਪਰਿਵਾਰ ਵਿਚ ਇਕ ਧੀ ਲਾਜ਼ਮੀ ਹੋਣੀ ਚਾਹੀਦੀ ਹੈ। ਧੀ ਦੀ ਮੌਜੂਦਗੀ ਵਿਚ ਇਨਸਾਨ ਦਾ ਵਿਚਰਨ ਅਤੇ ਬੋਲਚਾਲ ਦਾ ਤਰੀਕਾ ਸੱਭਿਅਕ ਬਣਦਾ ਹੈ। ਮਾਂ ਤੋਂ ਬਾਅਦ ਧੀ ਹੀ ਪਿਤਾ ਦੀ ਸਭ ਤੋਂ ਵੱਧ ਫਿਕਰ ਕਰਦੀ ਹੈ। ਉਹ ਧੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿਚ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਉਂਦੀ ਹੈ। ਜਿਸ ਘਰ ਵਿਚ ਪੁੱਤ ਨਾ ਹੋਵੇ ਉਥੇ ਹੀ ਉਹ ਮਾਂ-ਬਾਪ ਨੂੰ ਪੁੱਤ ਬਣ ਕੇ ਦੱਸਦੀ ਹੈ। ਮੁਕਤਸਰ ਦੀ ਇਕ ਧੀ ਆਪਣੇ ਪੋਲੀਓਗ੍ਰਸਤ ਪਿਤਾ ਦੀ ਮਦਦ ਲਈ ਉਸ ਨਾਲ ਬੈਠ ਕੇ ਦੇਰ ਤੱਕ ਆਟੋ ਚਲਾਉਂਦੀ ਹੈ। ਅਮਲੋਹ ਦੀ ਇਕ ਧੀ ਨੇ ਆਪਣੀ ਪੜ੍ਹਾਈ ਛੱਡ ਕੇ ਪਹਿਲਾਂ ਕੈਂਸਰ ਪੀੜਤ ਮਾਂ ਅਤੇ ਫਿਰ ਪਿਤਾ ਦੀ ਅਜਿਹੀ ਮਿਸਾਲੀ ਸੇਵਾ ਕੀਤੀ ਕਿ ਉਸ ਦਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ 'ਸਰਵਣ ਧੀ' ਦਾ ਐਵਾਰਡ ਦੇ ਕੇ ਸਨਮਾਨ ਕੀਤਾ ਹੈ। ਇਸ ਤੋਂ ਬਿਨਾਂ ਪਤਾ ਨਹੀਂ ਹੋਰ ਕਿੰਨੀਆਂ ਕੁ ਧੀਆਂ ਹਨ ਜੋ ਆਪਣੇ ਪਰਿਵਾਰ ਲਈ ਆਪਣੀਆਂ ਸੱਧਰਾਂ ਦੀ ਬਲੀ ਦੇ ਕੇ ਆਪਣੇ ਪਰਿਵਾਰ ਨੂੰ ਖੁਸ਼ ਦੇਖਣਾ ਚਾਹੁੰਦੀਆਂ ਹਨ। ਅੱਜ ਜਦੋਂ ਸੁੱਖਾਂ ਲੱਧੇ ਪੁੱਤ ਵਲੋਂ ਨਸ਼ਿਆਂ ਦੀ ਖਾਤਰ ਮਾਂ-ਬਾਪ ਦੀ ਕੁੱਟ-ਮਾਰ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਤਾਂ ਜੀਅ ਕਰਦਾ ਹੈ ਕਿ ਰੱਬ ਪੁੱਤਾਂ ਦੇ ਨਾਲ-ਨਾਲ ਇਕ ਧੀ ਵੀ ਸਭ ਨੂੰ ਦੇਵੇ।


-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।


ਇਨਸਾਨ ਦੇ ਵਿਨਾਸ਼ ਦਾ ਕਾਰਨ
ਅੱਜਕਲ੍ਹ ਇਨਸਾਨ ਵਿਚ ਗੁੱਸਾ ਏਨਾ ਜ਼ਿਆਦਾ ਵਧ ਗਿਆ ਹੈ ਕਿ ਗੁੱਸੇ ਨੇ ਪੂਰੀ ਤਰ੍ਹਾਂ ਪ੍ਰੇਮ ਨੂੰ ਆਪਣੇ ਕਾਬੂ ਵਿਚ ਲੈ ਲਿਆ ਹੈ। ਜਦੋਂ ਵੀ ਇਨਸਾਨ ਨੂੰ ਗੁੱਸਾ ਆਉਂਦਾ ਹੈ ਤਾਂ ਇਨਸਾਨ ਉਸ ਗੁੱਸੇ 'ਤੇ ਆਪਣਾ ਕਾਬੂ ਨਹੀਂ ਕਰ ਪਾਉਂਦਾ ਅਤੇ ਗੁੱਸੇ ਵਿਚ ਆਪਣਾ ਜਾਂ ਦੂਸਰੇ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਜਦੋਂ ਨੁਕਸਾਨ ਹੋਣ ਤੋਂ ਬਾਅਦ ਇਨਸਾਨ ਗੁੱਸੇ ਵਿਚ ਹੋਈ ਗ਼ਲਤੀ ਬਾਰੇ ਸੋਚ ਕੇ ਪਛਤਾਵਾ ਵੀ ਕਰਦਾ ਹੈ ਪਰ ਜਦੋਂ ਦੁਬਾਰਾ ਫਿਰ ਗੁੱਸਾ ਆਉਂਦਾ ਹੈ ਤਾਂ ਫਿਰ ਗੁੱਸੇ 'ਤੇ ਕਾਬੂ ਨਹੀਂ ਕਰ ਪਾਉਂਦਾ। ਇਨਸਾਨ ਦਾ ਗੁੱਸਾ ਸਿਰਫ 1-2 ਮਿੰਟ ਦਾ ੁਹੰਦਾ ਹੈ ਪਰ ਉਹ ਇਕ ਮਿੰਟ ਵਿਚ ਹੀ ਗੁੱਸੇ ਵਿਚ ਬਹੁਤ ਵੱਡਾ ਨੁਕਸਾਨ ਕਰ ਲੈਂਦਾ ਹੈ। ਜੇਕਰ ਇਨਸਾਨ 1-2 ਮਿੰਟ ਆਪਣੇ ਗੁੱਸੇ 'ਤੇ ਕਾਬੂ ਕਰਨਾ ਸਿੱਖ ਲਵੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ।


-ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ, ਤਹਿ: ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।


ਸੜਕਾਂ ਦੀ ਹਾਲ
ਮੈਂ 'ਕੱਲ੍ਹਾ ਨਹੀਂ ਕਹਿੰਦਾ ਇਹ ਗੱਲ ਹਰ ਕੋਈ ਕਹਿੰਦਾ ਹੈ ਕਿ ਸਰਕਾਰ ਨੇ ਸਾਰੇ ਹੀ ਜੀ.ਟੀ. ਰੋਡ ਬੜੇ ਵਧੀਆ ਬਣਾ ਦਿੱਤੇ ਹਨ। ਜਦੋਂ ਕਦੇ ਦੂਰ-ਦੁਰਾਡੇ ਜਾਣ ਦਾ ਸਮਾਂ ਮਿਲਦਾ ਹੈ ਤਾਂ ਰੋਡ ਨੂੰ ਵੇਖ ਕੇ ਸਰਕਾਰ ਦੀ ਸਿਫ਼ਤ ਕੀਤੀ ਜਾਂਦੀ ਹੈ। ਬੇਸ਼ੱਕ ਇਹ ਪ੍ਰਾਈਵੇਟ ਲਿਮਟਿਡ ਠੇਕੇਦਾਰਾਂ ਵਲੋਂ ਬਣਾਏ ਹਨ ਪਰ ਇਸ ਦੇ ਉਲਟ ਜੋ ਸੰਪਰਕ ਸੜਕਾਂ ਸਾਡੇ ਪਿੰਡਾਂ ਨੂੰ ਇਕ-ਦੂਜੇ ਨਾਲ ਆਪਸ ਵਿਚ ਮਿਲਾਉਂਦੀਆਂ ਹਨ ਉਨ੍ਹਾਂ ਦੀ ਸਾਰ ਕਿਉਂ ਨਹੀਂ ਲਈ ਜਾਂਦੀ। ਇਹ ਲਿੰਕ ਸੜਕਾਂ ਦੀ ਚੌੜਾਈ ਅੱਜ ਦੀ ਮਸ਼ੀਨਰੀ ਨੂੰ ਦੇਖ ਕੇ ਕਿਉਂ ਨਹੀਂ ਵਧਾਈ ਜਾਂਦੀ। ਅਸੀਂ ਕਦੇ ਤੋਂ ਦੇਖਦੇ ਆ ਰਹੇ ਹਾਂ ਇਹ ਸੜਕਾਂ ਨੂੰ ਪ੍ਰੀਮਿਕਸ ਪਾ ਕੇ ਨਵੀਂ ਤਾਂ ਬਣਾ ਦਿੱਤਾ ਜਾਂਦਾ ਹੈ ਪਰ ਇਸ ਨੂੰ ਸਮੇਂ ਦੀ ਚਾਲ ਦੇ ਅਨੁਸਾਰ ਚੌੜਾ ਨਹੀਂ ਕੀਤਾ ਗਿਆ। ਜਦੋਂ ਕੋਈ ਦੋ ਗੱਡੀਆਂ ਇਨ੍ਹਾਂ ਸੜਕਾਂ 'ਤੇ ਇਕੱਠੀਆਂ ਆ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਗੱਡੀਆਂ ਨੂੰ ਲੰਘਾਉਣ ਵਿਚ ਕਾਫੀ ਪ੍ਰੇਸ਼ਾਨੀ ਵੀ ਆਉਂਦੀ ਹੈ। ਸਰਕਾਰ ਨੂੰ ਇਨ੍ਹਾਂ ਸੜਕਾਂ ਦੀ ਚੌੜਾਈ ਨੂੰ ਵਧਾ ਕੇ ਕੋਈ ਐਕਟ ਅਧੀਨ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਪਿੰਡਾਂ 'ਚ ਕੋਠੀਆਂ ਦਾ ਰੁਝਾਨ
25-26 ਸਾਲ ਪਹਿਲਾਂ ਸਾਡੇ ਪਿੰਡ ਵਿਚ ਕੋਈ ਚੁਬਾਰਾ ਨਹੀਂ ਸੀ ਅਤੇ ਨਾ ਹੀ ਕੋਈ ਖਾਸ ਕੋਠੀ ਸੀ, ਪਰ ਜਿਉਂ ਹੀ ਮੈਂ ਇਕ ਮੰਜ਼ਲਾ ਕੋਠੀ ਬਣਾਈ ਤਾਂ ਫਿਰ ਕੀ ਸੀ, ਪਿੰਡ 'ਚ ਵੇਖਦਿਆਂ-ਵੇਖਦਿਆਂ ਹੀ ਦੋ-ਦੋ, ਤਿੰਨ-ਤਿੰਨ ਮੰਜ਼ਲਾਂ ਮੇਰੀ ਕੋਠੀ ਤੋਂ ਉੱਚੀਆਂ ਕੋਠੀਆਂ ਪੈ ਗਈਆਂ। ਇਸੇ ਹੀ ਤਰ੍ਹਾਂ ਪੰਜਾਬ ਦੇ ਬਾਕੀ ਪਿੰਡਾਂ ਵਿਚ ਵੀ ਲੋੜ ਨਹੀਂ ਸਗੋਂ ਰੀਸੋ-ਰੀਸੀ ਇਕ-ਦੂਜੇ ਤੋਂ ਉੱਚੀਆਂ ਕੋਠੀਆਂ ਪਾਉਣ ਦਾ ਰੁਝਾਨ ਵਧਿਆ ਹੈ। ਕਈ ਕਿਸਾਨ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਮਹਿਲਨੁਮਾ ਕੋਠੀਆਂ ਬਣਾ ਲੈਂਦੇ ਹਨ। ਅਮੀਰ ਲੋਕਾਂ ਲਈ ਕੋਠੀਆਂ ਬਣਾਉਣਾ ਔਖਾ ਨਹੀਂ, ਪਰ ਦੇਖੋ-ਦੇਖੀ ਆਮ ਬੰਦਾ ਅੱਡੀਆਂ ਚੁੱਕ-ਚੁੱਕ ਕੇ ਜ਼ੋਰ ਲਗਾ ਕੇ ਆਪਣਾ ਕਚੂੰਮਰ ਕੱਢ ਲੈਂਦਾ ਹੈ। ਘਰ ਹੋਣਾ ਪਰਿਵਾਰ ਦੀ ਮੁੱਖ ਲੋੜ ਹੈ ਪਰ ਇਸ ਨੂੰ ਆਪਣੀ ਲੋੜ ਮੁਤਾਬਿਕ ਹੀ ਬਣਾਉਣਾ ਚਾਹੀਦਾ ਹੈ। ਪਿੰਡਾਂ ਵਿਚ ਵੀ ਸਧਾਰਨ ਤੇ ਵੱਡੇ ਅਤੇ ਸਾਂਝੇ ਪਰਿਵਾਰ ਬਹੁਤ ਘੱਟ ਹਨ, ਜਦੋਂ ਕਿ ਪਰਿਵਾਰ ਛੋਟੇ ਹੋਣ ਕਾਰਨ ਲਗਪਗ ਹਰੇਕ ਪਰਿਵਾਰ ਦਾ ਬੱਚਾ ਵਿਦੇਸ਼ ਗਿਆ ਹੈ। ਅਜਿਹਾ ਨਾ ਹੋਵੇ ਕਿ ਬੱਚੇ ਵਿਦੇਸ਼ 'ਚ ਸਥਾਪਤ ਹੋ ਜਾਣ ਤੇ ਮਗਰੋਂ ਕੋਠੀਆਂ 'ਚ ਕਬੂਤਰ ਅਤੇ ਵਢੇਰੀ ਉਮਰ ਕਾਰਨ ਤੁਸੀਂ ਕੋਠੀ ਦੀਆਂ ਸਾਰੀਆਂ ਪੌੜੀਆਂ ਚੜ੍ਹ ਕੇ ਕਮਰੇ ਵੇਖਣ ਤੋਂ ਵੀ ਅਸਮਰੱਥ ਹੋਵੋ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਲਾਸਟਿਕ ਨੂੰ ਅਲਵਿਦਾ
2 ਅਕਤੂਬਰ ਗਾਂਧੀ ਜੈਅੰਤੀ ਵਾਲੇ ਦਿਨ ਪਲਾਸਟਿਕ ਨੂੰ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ। ਅਸੀਂ ਦੇਖਦੇ ਹਾਂ ਕਿ ਪਲਾਸਟਿਕ ਨਾਲ ਕਿੰਨਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਹ ਗਲਦਾ ਵੀ ਨਹੀਂ ਹੈ। ਕਈ ਅਵਾਰਾ ਪਸ਼ੂਆਂ ਦੀਆਂ ਪਲਾਸਟਿਕ ਦੇ ਲਿਫ਼ਾਫੇ ਖਾਣ ਨਾਲ ਜਾਨਾਂ ਜਾ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਦਮ ਸ਼ਲਾਘਾਯੋਗ ਹੈ। ਸਾਨੂੰ ਤੇ ਸਰਕਾਰਾਂ ਨੂੰ ਮਿਲ ਕੇ ਇਸ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ। ਅਸੀਂ ਪ੍ਰਣ ਕਰੀਏ ਕਿ ਜੇ ਅਸੀਂ ਮਾਰਕੀਟ ਜਾਂ ਸਬਜ਼ੀ ਵਾਲੇ ਕੋਲ ਜਾਂਦੇ ਹਾਂ ਤਾਂ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਜਾਈਏ ਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ। ਸਾਡੇ ਭਰਪੂਰ ਯੋਗਦਾਨ ਨਾਲ ਪਾਲਸਟਿਕ ਦੀ ਵਰਤੋਂ 'ਤੇ ਰੋਕ ਲੱਗ ਸਕਦੀ ਹੈ ਤਾਂ ਹੀ ਵਾਤਾਵਰਨ ਨੂੰ ਸਾਫ-ਸੁਥਰਾ ਰੱਖਿਆ ਜਾ ਸਕਦਾ ਹੈ।


-ਸੰਜੀਵ ਸਿੰਘ ਸੈਣੀ
ਦੇਸੂਮਾਜਰਾ।

04-10-2019

 ਵਾਤਾਵਰਨ ਦੀ ਸੰਭਾਲ
ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਲਿਖੀ ਰਚਨਾ ਗ੍ਰੇਟਾ ਥੁਨਬਰਗ ਦੀ ਚਿਤਾਵਨੀ ਪੜ੍ਹੀ, ਜਿਸ ਵਿਚ ਲੇਖਕ ਨੇ ਵਾਤਾਵਰਨ ਦੀ ਸੰਭਾਲ ਬਾਰੇ ਗ੍ਰੇਟਾ ਥੁਨਬਰਗ ਵਲੋਂ ਮੌਸਮ ਪਰਿਵਰਤਨ 'ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਦਿੱਤੀ ਚਿਤਾਵਨੀ ਬਾਰੇ ਭਰਪੂਰ ਜਾਣਕਾਰੀ ਵਿਸਥਾਰ ਸਹਿਤ ਬਿਆਨ ਕੀਤੀ ਹੈ। ਵਾਤਾਵਰਨ ਪ੍ਰੇਮੀ ਗ੍ਰੇਟਾ ਥੁਨਬਰਗ ਨੂੰ ਪੌਣ-ਪਾਣੀ ਤਬਦੀਲੀ ਅੰਦੋਲਨ ਲਈ ਬਦਲਵਾਂ ਨੋਬਲ ਕਹਾਉਣ ਵਾਲਾ ਪੁਰਸਕਾਰ ਮਿਲਿਆ ਹੈ। ਹਰ ਪ੍ਰਾਣੀ ਨੂੰ ਗ੍ਰੇਟਾ ਵਲੋਂ ਸੇਧ ਲੈ ਕੇ ਆਪਣੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਗ੍ਰੇਟਾ ਨੇ ਸਵੀਡਨ ਦੀ ਸੰਸਦ ਸਾਹਮਣੇ ਧਰਨਾ ਦਿੰਦੇ ਹੋਏ। ਪਿਛਲੇ ਸਾਲ ਅਗਸਤ ਤੋਂ ਗਲੋਬਲ ਕਲਾਈਮੇਟ ਮੂਵਮੈਂਟ ਫ੍ਰਾਈਡੇਜ਼ ਫਾਰ ਫਿਊਚਰ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਪ੍ਰੇਰਿਤ ਹੋ ਕੇ ਲੰਘੇ ਸ਼ੁੱਕਰਵਾਰ ਨੂੰ 40 ਲੱਖ ਤੋਂ ਜ਼ਿਆਦਾ ਲੋਕ ਗਲੋਬਰ ਕਲਾਈਮੇਟ ਸਟ੍ਰਾਇਕ ਵਿਚ ਸ਼ਾਮਿਲ ਹੋਏ। ਇਹ ਲੋਕ ਦੁਨੀਆ ਭਰ ਦੇ ਆਗੂਆਂ ਨੂੰ ਪੌਣ-ਪਾਣੀ ਤਬਦੀਲੀ 'ਤੇ ਠੋਸ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਦੁਨੀਆ ਭਰ ਵਿਚ ਧਰਤੀ ਦਾ ਵਧ ਰਿਹਾ ਤਾਪਮਾਨ ਖ਼ਤਰੇ ਦੀ ਘੰਟੀ ਹੈ। ਭਾਰਤ ਨੂੰ ਦੁਨੀਆ ਸਾਹਮਣੇ ਵਾਤਾਵਰਨ ਨੂੰ ਸੰਭਾਲਣ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸਮੇਂ ਦੀ ਦੁਰਵਰਤੋਂ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਮੇਂ ਦਾ ਸਾਡੀ ਜ਼ਿੰਦਗੀ ਵਿਚ ਕਿੰਨਾ ਮਹੱਤਵ ਹੈ ਅਤੇ ਜਿਹੜੇ ਇਨਸਾਨ ਸਮੇਂ ਦੇ ਅਨੁਸਾਰ ਚਲਦੇ ਹਨ, ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰ ਜਾਂਦੇ ਹਨ। ਪਰ ਕਾਲਜ ਦੇ ਵਿਦਿਆਰਥੀਆਂ ਨੂੰ ਵੇਖ ਅਕਸਰ ਹੈਰਾਨੀ ਹੁੰਦੀ ਹੈ ਜਦੋਂ ਉਹ ਸਮੇਂ ਦੀ ਦੁਰਵਰਤੋਂ ਕਰਦੇ ਹਨ। ਅਸੀਂ ਅਕਸਰ ਵੇਖਦੇ ਹਾਂ ਕਿ ਅੱਜ ਦੇ ਸਮੇਂ ਵਿਚ ਕਾਲਜ ਦੇ ਵਿਦਿਆਰਥੀ ਆਪਣਾ ਵਧੇਰੇ ਸਮਾਂ ਮੋਬਾਈਲ ਫੋਨ ਉੱਤੇ ਚੈਟ ਕਰਨ ਤੇ ਕਾਲਜ ਦੇ ਲੈਕਚਰ ਬੰਕ ਕਰਨ ਵਿਚ ਲੰਘਾ ਦਿੰਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕੁਝ ਸਾਲਾਂ ਬਾਅਦ ਪਤਾ ਲਗਦਾ ਹੈ। ਜਦੋਂ ਉਨ੍ਹਾਂ ਨੂੰ ਪੈਸਾ ਕਮਾਉਣ ਲਈ ਅਨਪੜ੍ਹ ਲੋਕਾਂ ਦੀ ਤਰ੍ਹਾਂ ਦਿਹਾੜੀਆਂ ਕਰਨੀਆਂ ਪੈਂਦੀਆਂ ਹਨ ਤੇ ਆਪਣੇ ਪਰਿਵਾਰ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਇਸ ਗੱਲ ਦੀ ਬਿਲਕੁੱਲ ਵੀ ਚਿੰਤਾ ਨਹੀਂ ਕਰਦੇ ਕਿ ਉਨ੍ਹਾਂ ਦੇ ਭਵਿੱਖ ਦਾ ਕੀ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਜ਼ਿੰਦਗੀ ਵਿਚ ਪੜ੍ਹਨਾ ਲਿਖਣਾ ਜ਼ਰੂਰੀ ਨਹੀਂ ਹੁੰਦਾ। ਪਰ ਅਸਲ ਵਿਚ ਪੜ੍ਹਾਈ ਦੀ ਕੀਮਤ ਉਨ੍ਹਾਂ ਨੂੰ ਉਸ ਸਮੇਂ ਪਤਾ ਲਗਦੀ ਹੈ ਜਦੋਂ ਉਨ੍ਹਾਂ ਦੇ ਹੁਸ਼ਿਆਰ ਹਮਜਮਾਤੀ ਡਿਗਰੀਆਂ ਲੈ ਕੇ ਵਧੀਆ ਨੌਕਰੀਆਂ 'ਤੇ ਲੱਗ ਜਾਂਦੇ ਹਨ ਤੇ ਸਮੇਂ ਦੀ ਕਦਰ ਨਾ ਕਰਨ ਵਾਲੇ ਵਿਅਕਤੀ ਮਜ਼ਦੂਰੀਆਂ ਕਰ ਆਪਣਾ ਸਮਾਂ ਗ਼ਰੀਬੀ ਵਿਚ ਲੰਘਾਉਂਦੇ ਹਨ। ਸਮੇਂ ਦੀ ਕਦਰ ਨਾ ਕਰਨ ਵਾਲੇ ਵਿਦਿਆਰਥੀ ਹਮੇਸ਼ਾ ਆਪਣੇ ਭੂਤਕਾਲ ਨੂੰ ਚੇੇਤੇ ਕਰ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ। ਇਸ ਲਈ ਮੈਂ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਮੇਂ ਦੀ ਕਦਰ ਕਰਨੀ ਸਿੱਖੋ ਤਾਂ ਹੀ ਸਮਾਂ ਤੁਹਾਡੀ ਕਦਰ ਕਰੇਗਾ। ਜੇਕਰ ਤੁਸੀਂ ਅੱਜ ਪੜ੍ਹਨਾ ਲਿਖਣਾ ਛੱਡ ਦਿੱਤਾ ਤਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਤੇ ਸਮਾਜ ਵੀ ਅਨਪੜ੍ਹ ਹੀ ਹੋਵੇਗਾ। ਸੋ, ਇਸ ਲਈ ਕੁਝ ਤਾਂ ਸੋਚ ਵਿਚਾਰ ਕਰੋ।


-ਸੁਖਪ੍ਰੀਤ ਸਿੰਘ
ਹਰਫ਼ ਕਾਲਜ, ਮਲੇਰਕੋਟਲਾ।


ਪ੍ਰਦੂਸ਼ਣ ਗੰਭੀਰ ਸਮੱਸਿਆ
ਪੰਜਾਬ 'ਚ ਪ੍ਰਦੂਸ਼ਣ ਦੀ ਸਮੱਸਿਆ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਾਣੀ ਦੇ ਦੂਸ਼ਿਤ ਹੋਣ ਕਰਕੇ ਸੂਬੇ ਵਿਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਠੋਸ ਨੀਤੀ ਬਣਾਉਣ ਦੀ ਲੋੜ ਹੈ। ਪੈਦਾ ਹੋਣ ਵਾਲੀਆਂ ਫ਼ਸਲਾਂ ਤੇ ਪਾਣੀ ਵਿਚ ਜ਼ਹਿਰੀਲੇ ਤੱਤਾਂ ਦਾ ਰਲੇਵਾਂ ਹੋਇਆ ਹੈ, ਜਿਸ ਨਾਲ ਲਗਾਤਾਰ ਮਨੁੱਖੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਲੁਧਿਆਣਾ ਜ਼ਿਲ੍ਹੇ ਵਿਚ ਬੁੱਢਾ ਨਾਲਾ ਪਾਣੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਅਜਿਹੀ ਸਨਅਤਾਂ ਦੇ ਲਾਇਸੰਸ ਕੈਂਸਲ ਕਰਨੇ ਚਾਹੀਦੇ ਹਨ। ਸੂਬਾ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਸਨਅਤਕਾਰਾਂ ਦੇ ਸਾਂਝੇ ਯਤਨ ਸਦਕਾ ਹੀ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।


-ਸ.ਸ. ਸੈਣੀ (ਇੰ:)
ਦੇਸੂਮਾਜਰਾ, ਡੇਰਾਬੱਸੀ।


ਕਣਕ ਅਤੇ ਆਲੂਆਂ ਦੀ ਮੰਗ ਵਧੀ
ਪੰਜਾਬ ਦੇ ਲੋਕਾਂ ਵਿਚ ਬਾਹਰਲੇ ਰਾਜਾਂ ਦੀ ਕਣਕ ਦੀ ਮੰਗ ਵਧ ਰਹੀ ਹੈ। ਬਾਜ਼ਾਰ ਵਿਚ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਕਣਕ ਤੇ ਆਟਾ ਆਮ ਵਿਕ ਰਿਹਾ ਹੈ। ਲੋਕ ਮਹਿੰਗੇ ਭਾਅ ਵਿਚ ਆਟਾ ਖਰੀਦ ਰਹੇ ਹਨ। ਬਾਜ਼ਾਰ ਵਿਚ ਇਸ ਕਣਕ ਦੀ ਕੀਮਤ 30 ਰੁਪਏ ਕਿਲੋ ਦੇ ਆਸ-ਪਾਸ ਹੈ। ਲੋਕ ਇਸ ਤਰ੍ਹਾਂ ਇਸ ਲਈ ਕਰਦੇ ਹਨ ਕਿਉਂਕਿ ਇਨ੍ਹਾਂ ਰਾਜਾਂ ਵਿਚ ਯੂਰੀਆ, ਡੀ.ਏ.ਪੀ. ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘੱਟ ਹੁੰਦੀ ਹੈ। ਪੰਜਾਬ ਵਿਚ ਵੀ ਕਈ ਕਿਸਾਨ ਆਪਣੇ ਘਰ ਖਾਣ ਲਈ ਰੇਅ-ਸਪਰੇਅ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਕਣਕ ਬੀਜਦੇ ਹਨ। ਅਮੀਰ ਜਾਂ ਹੈਸੀਅਤ ਵਾਲੇ ਲੋਕ ਤਾਂ ਬਾਹਰਲੇ ਰਾਜਾਂ ਤੋਂ ਕਣਕ ਤੇ ਹੋਰ ਸਾਮਾਨ ਜਿਵੇਂ ਆਲੂ ਮੰਗਵਾ ਜਾਂ ਖਰੀਦ ਸਕਦਾ ਹੈ ਪਰ ਆਮ ਲੋਕ ਕੀ ਕਰਨ? ਮੁਨਾਫਾ ਲੈਣਾ ਮਾੜੀ ਗੱਲ ਨਹੀਂ ਪਰ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਕਰ ਕੇ ਮੁਨਾਫਾ ਕਮਾਉਣਾ ਗ਼ਲਤ ਹੈ। ਜੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਪੰਜਾਬ ਦੇ ਕਿਸਾਨ ਵੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਵਾਂਗ ਬਿਨਾਂ ਰੇਹਾਂ-ਸਪਰੇਆਂ ਤੋਂ ਆਰਗੈਨਿਕ ਖੇਤੀ ਕਰਨ ਤਾਂ ਪੰਜਾਬ ਦੇ ਲੋਕ ਵੀ ਥੋੜ੍ਹਾ ਜਿਹਾ ਹੋਰ ਧਨ ਖਰਚ ਕਰਕੇ ਚੰਗੀ ਚੀਜ਼ ਖਰੀਦ ਸਕਦੇ ਹਨ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।


-ਸੁਖਦੀਪ ਸਿੰਘ ਗਿੱਲ

03-10-2019

 ਹੈਲਮਟ ਜ਼ਰੂਰ ਪਾਓ
ਦੋ ਪਹੀਆ ਵਾਹਨਾਂ ਦੀ ਵਰਤੋਂ ਕਰਨ ਸਮੇਂ ਹੈਲਮਟ ਦੀ ਵਰਤੋਂ ਬਹੁਤ ਜ਼ਰੂਰੀ ਹੋ ਜਾਂਦੀ ਹੈ, ਕਿਉਂ ਹੈਲਮਟ ਸਾਨੂੰ ਕੇਵਲ ਧੂੜ ਮਿੱਟੀ ਤੋਂ ਹੀ ਨਹੀਂ ਬਚਾਉਂਦਾ, ਸਗੋਂ ਕਿਸੇ ਵੀ ਅਣਹੋਣੀ ਹੋਣ ਤੋਂ ਵਾਹਨ ਚਾਲਕ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਹੈਲਮਟ ਵਾਹਨ ਚਲਾਉਂਦੇ ਸਮੇਂ ਚਾਲਕ ਨੂੰ ਅੱਖਾਂ ਵਿਚ ਧੂੜ, ਮੱਛਰ ਆਦਿ ਪੈ ਕੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਵੀ ਮਹਿਫੂਜ਼ ਰੱਖਦਾ ਹੈ। ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਦੋ ਪਹੀਆ ਵਾਹਨ ਦੇ ਪਿੱਛੇ ਬੈਠੇ ਹੋਏ ਵਿਅਕਤੀ ਨੂੰ ਵੀ ਹੈਲਮਟ ਜ਼ਰੂਰ ਪਹਿਨਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੀ ਸੁਰੱਖਿਆ ਲਈ ਵਾਹਨ ਚਲਾਉਂਦੇ ਸਮੇਂ ਸਾਨੂੰ ਵਾਹਨ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣੀ ਚਾਹੀਦੀ ਤੇ ਮੋਬਾਈਲ ਫੋਨ 'ਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੁੱਕਦੀ ਗੱਲ ਹੈ ਕਿ ਹੈਲਮਟ ਜਿਥੇ ਵਾਹਨ ਚਾਲਕ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ, ਉਥੇ ਹੀ ਇਹ ਸਾਨੂੰ ਭਾਰੀ ਜੁਰਮਾਨੇ ਤੋਂ ਵੀ ਬਚਾਉਂਦਾ ਹੈ। ਇਸ ਲਈ ਆਪਣੇ ਅਤੇ ਆਪਣਿਆਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਹੈਲਮਟ ਜ਼ਰੂਰ ਪਾਓ, ਕਿਉਂਕਿ ਹੈਲਮਟ ਹੈ ਤਾਂ ਜ਼ਿੰਦਗੀ ਹੈ।


-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।


ਵੈਨਸ ਬਾਰੇ ਬਹੁਮੁੱਲੀ ਜਾਣਕਾਰੀ
'ਅਜੀਤ ਪ੍ਰਕਾਸ਼ਨ ਸਮੂਹ' ਦੇ ਚੀਫ਼ ਐਗਜ਼ੀਕਿਊਟਿਵ ਸ੍ਰੀਮਤੀ ਸਰਵਿੰਦਰ ਕੌਰ ਵਲੋਂ ਪਾਣੀ ਦੀਆਂ ਸੜਕਾਂ ਦੇ ਸ਼ਹਿਰ ਵੈਨਸ ਬਾਰੇ ਐਤਵਾਰ 'ਚ ਲਿਖਿਆ ਲੇਖ ਬਹੁਮੁੱਲੀਆਂ ਜਾਣਕਾਰੀਆਂ ਦੇ ਗਿਆ। ਦੋ ਕਿਸ਼ਤਾਂ 'ਚ ਛਪੇ ਇਸ ਲੇਖ ਨੂੰ ਪੜ੍ਹ ਕੇ ਹੈਰਾਨੀ ਹੋਈ ਕਿ ਕਿਵੇਂ ਸਰਕਾਰਾਂ ਅਤੇ ਲੋਕਾਂ ਨੇ ਆਪਣੇ-ਆਪ ਨੂੰ ਸਮੁੰਦਰੀ ਲਹਿਰਾਂ ਦੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਕੀਤਾ ਹੋਇਆ ਹੈ। ਘਰਾਂ ਦਾ ਰੰਗ ਬਦਲਣ ਲਈ ਵੀ ਸਰਕਾਰਾਂ ਤੋਂ ਇਜਾਜ਼ਤ ਲੈਣ ਦੀ ਪ੍ਰਕਿਰਿਆ ਜਨਤਾ ਅਤੇ ਸਰਕਾਰਾਂ ਦੇ ਆਪਸੀ ਵਿਸ਼ਵਾਸ ਭਰਪੂਰ ਰਿਸ਼ਤੇ ਦਾ ਪ੍ਰਤੱਖ ਪ੍ਰਮਾਣ ਹੈ। ਇਸ ਸ਼ਹਿਰ ਦੇ ਲੋਕਾਂ ਦੇ ਜੀਵਨ ਤੋਂ ਲੈ ਕੇ ਸੱਭਿਆਚਾਰ ਅਤੇ ਲੈਸ ਆਦਿ ਦੇ ਘਰੇਲੂ ਉਦਯੋਗਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਨਾਲ ਲਬਰੇਜ਼ ਲੇਖ ਇਕ ਤਰ੍ਹਾਂ ਨਾਲ ਦਸਤਾਵੇਜ਼ ਹੀ ਹੈ।


-ਬਿੰਦਰ ਸਿੰਘ ਖੁੱਡੀ ਕਲਾਂ
ਗਲੀ ਨੰ: 1, ਸ਼ਕਤੀ ਨਗਰ, ਬਰਨਾਲਾ।


ਮਾਂ-ਬੋਲੀ ਦਾ ਮਾਣ...
'ਪੰਜਾਬੀਏ ਜ਼ਬਾਨੇ ਰਕਾਨੇ ਮੇਰੇ ਦੇਸ਼ ਦੀਏ....' ਵਰਗੇ ਮਾਂ-ਬੋਲੀ ਦੇ ਗੀਤ ਗਾਉਣ ਵਾਲੇ ਗੁਰਦਾਸ ਮਾਨ ਨੂੰ ਪਤਾ ਕਿਉਂ ਹੁਣ 'ਮਾਸੀ ਬੋਲੀ' ਦਾ ਹੇਜ ਸਤਾਉਣ ਲੱਗ ਪਿਆ ਹੈ। ਇਹ ਗਾਇਕ ਸਰੋਤਿਆਂ ਨੂੰ ਦਲੀਲ ਨਾਲ ਗੱਲ ਦਾ ਜਵਾਬ ਦੇਣ ਦੀ ਥਾਂ ਅਸੱਭਿਅਕ ਤਰੀਕੇ ਨਾਲ ਪੇਸ਼ ਆਇਆ। ਜੇਕਰ 'ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ....' ਵਾਲੀ ਗੱਲ ਸੱਚ ਹੈ ਤਾਂ ਜਿਸ ਮਾਂ ਬੋਲੀ ਨੇ ਨਾਂਅ ਅਤੇ ਨਾਮਾ ਦਿੱਤਾ ਹੋਵੇ ਉਸ ਦਾ ਬੁਰਾ ਕਿਉਂ ਮੰਗਿਆ ਜਾ ਰਿਹਾ ਹੈ? ਭਾਵੇਂ ਚਾਚੀਆਂ, ਤਾਈਆਂ ਅਤੇ ਮਾਸੀਆਂ ਲੱਖ ਹੋਵਣ ਪਰ ਜੋ ਕੁਝ ਬੱਚੇ ਲਈ ਮਾਂ ਕਰ ਸਕਦੀ ਹੈ ਉਹ ਕੋਈ ਹੋਰ ਨਹੀਂ। ਉਂਜ ਹੀ 95 ਫ਼ੀਸਦੀ ਗਾਇਕ ਅਤੇ 'ਆਪਣੇ' ਪਹਿਲਾਂ ਹੀ ਮਾਂ ਬੋਲੀ ਦਾ ਅਕਸ ਵਿਗਾੜਨ ਦੇ ਰਾਹ ਤੁਰੇ ਹੋਏ ਹਨ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਪੰਜਾਬੀ ਦਾ ਕੁਝ ਸੰਵਾਰ ਨਹੀਂ ਸਕਦੇ ਤਾਂ ਇਸ ਦਾ ਅੱਗਾ ਵਿਗਾੜਨ ਵਰਗੀਆਂ ਕਾਰਵਾਈਆਂ ਵੀ ਨਾ ਕਰੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਪਲਾਸਟਿਕ ਦੇ ਖ਼ਾਤਮੇ ਬਾਰੇ
ਪਲਾਸਟਿਕ ਦੇ ਖ਼ਾਤਮੇ ਬਾਰੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਬਿਆਨ ਦਿੱਤਾ ਸੀ, ਸ਼ਲਾਘਾਯੋਗ ਕਦਮ ਹੈ। ਗੱਲ ਇਹ ਹੈ ਕਿ ਪਲਾਸਟਿਕ ਦਾ ਵਾਧਾ ਹੀ ਏਨਾ ਹੋ ਗਿਆ ਹੈ ਕਿ ਇਸ ਨੂੰ ਖ਼ਤਮ ਕਰਨ ਵਿਚ ਕੁਝ ਹੱਦ ਤੱਕ ਸਮਾਂ ਤਾਂ ਲੱਗੇਗਾ ਹੀ ਪਰ ਇਸ ਨਾਲ ਜੋ ਨੁਕਸਾਨ ਹੋ ਰਿਹਾ ਸੀ, ਉਹ ਰੁਕ ਜਾਏਗਾ।
ਸੋ, ਪਹਿਲਾਂ ਇਹ ਜ਼ਰੂਰੀ ਹੈ ਕਿ ਜਿਥੋਂ ਇਹ ਲਿਫ਼ਾਫ਼ੇ ਤਿਆਰ ਹੋ ਕੇ ਦੁਕਾਨਾਂ ਤੱਕ ਪਹੁੰਚਦੇ ਹਨ, ਉਨ੍ਹਾਂ ਫੈਕਟਰੀਆਂ ਨੂੰ ਬੰਦ ਕਰਨਾ ਚਾਹੀਦਾ ਹੈ। ਆਪੇ ਹੀ ਲੋਕ ਆਪਣਾ ਥੈਲਾ ਨਾਲ ਲਿਆਉਣ ਦੀ ਆਦਤ ਪਾ ਲੈਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਰਖਾਨਿਆਂ ਬਾਰੇ ਜਿਥੇ ਇਹ ਸਾਮਾਨ ਤਿਆਰ ਹੁੰਦਾ ਹੈ, ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਬਾਰੇ ਵੀ ਸੋਚਣਾ ਪੈਣਾ ਹੈ। ਕਿਉਂਕਿ ਕਾਫੀ ਲੋਕ ਜੋ ਇਸ ਨਾਲ ਜੁੜੇ ਹੋਏ ਹਨ, ਵਿਹਲੇ ਹੋ ਜਾਣਗੇ, ਬੇਰੁਜ਼ਗਾਰ ਹੋ ਜਾਣਗੇ।


-ਬਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਚੰਦਰਮਾ ਤੋਂ ਸਿਵਿਆਂ ਤੱਕ
ਅਸੀਂ ਬੜੇ ਵੱਡੇ-ਵੱਡੇ ਦਾਅਵੇ ਕਰਦੇ ਹਾਂ ਕਿ ਦੁਨੀਆ ਚੰਦਰਮਾ ਤੱਕ ਪਹੁੰਚ ਗਈ ਹੈ। ਅਸੀਂ ਨਵੇਂ ਜ਼ਮਾਨੇ ਵਿਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਾਂ ਅਤੇ ਆਪਣੇ-ਆਪ ਨੂੰ ਉੱਚੀ ਸੋਚ ਦੇ ਹਾਣੀ ਦੱਸਦੇ ਹਾਂ। ਪਰ ਮੈਨੂੰ ਉਦੋਂ ਬਹੁਤ ਹੀ ਹੈਰਾਨੀ ਹੋਈ ਜਦੋਂ ਲੋਕ ਮੇਰੇ ਆਲੇ-ਦੁਆਲੇ 40-50 ਸਾਲ ਪੁਰਾਣੇ ਰੀਤੀ-ਰਿਵਾਜਾਂ ਨੂੰ ਫੁੱਲ ਚੜ੍ਹਾਉਂਦੇ ਹਨ।
ਜਿਵੇਂ ਕਿ ਕੁਝ ਦਿਨ ਪਹਿਲਾਂ ਮੇਰੇ ਗੁਆਂਢ ਵਿਚ ਹੀ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਸਿਵਿਆਂ ਵਿਚ ਲਿਜਾਣ ਤੋਂ ਪਹਿਲਾਂ ਰਿਸ਼ਤੇਦਾਰ ਕਹਿਣ ਲੱਗੇ ਬਜ਼ੁਰਗ ਔਰਤ ਦੀਆਂ ਨੂੰਹਾਂ ਬਿਨਾਂ ਚੱਪਲਾਂ ਤੋਂ ਨੰਗੇ ਪੈਰੀਂ ਸਿਵਿਆਂ ਵੱਲ ਜਾਣਗੀਆਂ, ਹੋਇਆ ਵੀ ਇੰਜ ਹੀ। ਉਹ ਤਪਦੀ ਸੜਕ ਤੋਂ ਨੰਗੇ ਪੈਰੀਂ ਸਿਵਿਆਂ ਵੱਲ ਗਈਆਂ। ਅਸੀਂ ਕਿਵੇਂ ਕਹਿੰਦੇ ਹਾਂ ਕਿ ਅਸੀਂ ਚੰਦਰਮਾ ਤੱਕ ਪਹੁੰਚ ਗਏ ਹਾਂ ਅਜੇ ਤਾਂ ਅਸੀਂ ਧਰਤੀ 'ਤੇ ਚੱਲਣਾ ਵੀ ਨਹੀਂ ਸਿੱਖਿਆ।


-ਕਮਲਜੀਤ ਕੌਰ
ਈ.ਟੀ.ਟੀ. ਅਧਿਆਪਕਾ, ਸ:ਐ:ਸ: ਮੈਹਣੀਆਂ ਬ੍ਰਾਹਮਣਾ, ਅੰਮ੍ਰਿਤਸਰ।


ਦੋਸਤਾਂ ਬਿਨਾਂ ਜ਼ਿੰਦਗੀ ਅਧੂਰੀ
ਮਨੁੱਖ ਇਕ ਜੀਵ ਹੈ। ਹਰ ਇਕ ਜੀਵ ਨੂੰ ਜ਼ਿੰਦਗੀ ਵਿਚ ਸਲਾਹ-ਮਸ਼ਵਰਾ ਕਰਨ ਲਈ ਦੋਸਤ ਚਾਹੀਦੇ ਹੁੰਦੇ ਹਨ, ਤਾਂ ਕਿ ਉਹ ਆਪਣਾ ਦੁੱਖ-ਸੁੱਖ ਵੰਡ ਸਕੇ। ਦੋਸਤਾਂ ਦਾ ਜ਼ਿੰਦਗੀ ਵਿਚ ਅਹਿਮ ਰੋਲ ਹੁੰਦਾ ਹੈ। ਅੱਜ ਦੇ ਸਮੇਂ ਵਿਚ ਸੱਚੇ ਤੇ ਵਫ਼ਾਦਾਰ ਮਿੱਤਰ ਘੱਟ ਮਿਲਦੇ ਹਨ। ਝੂਠ ਬੇਇਮਾਨੀ ਦਾ ਜ਼ਿਆਦਾ ਬੋਲਬਾਲਾ ਹੈ। ਦੋ ਵਿਅਕਤੀ ਦੋਸਤ ਉਦੋਂ ਬਣਦੇ ਹਨ ਜਦੋਂ ਉਨ੍ਹਾਂ ਦੇ ਸੁਭਾਅ, ਵਿਚਾਰ ਇਕ ਹੁੰਦੇ ਹਨ। ਦੋਸਤੀ ਅਜਿਹੀ ਹੋਣੀ ਚਾਹੀਦੀ ਜੇ ਕੋਈ ਮਨ-ਮੁਟਾਵ ਵੀ ਹੋ ਜਾਏ, ਤੀਜੇ ਬੰਦੇ ਦੀ ਬਿਨਾਂ ਸਲਾਹ ਤੋਂ ਆਪਣੇ ਦੋਵਾਂ ਵਿਚਕਾਰ ਮਸ਼ਵਰਾ ਕਰ ਲਿਆ ਜਾਵੇ। ਸੱਚਾ ਮਿੱਤਰ ਮਨੁੱਖੀ ਜੀਵਨ ਵਿਚ ਅੰਮ੍ਰਿਤ ਸਮਾਨ ਹੁੰਦਾ ਹੈ। ਪਰ ਸੱਚਾ ਮਿੱਤਰ ਮਿਲਣਾ ਬਹੁਤ ਔਖਾ ਹੈ। ਸਾਨੂੰ ਮਤਲਬੀ ਤੇ ਮੂਰਖ ਲੋਕਾਂ ਦੀ ਮਿੱਤਰਤਾ ਤੋਂ ਬਚਣਾ ਚਾਹੀਦਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।

02-10-2019

 ਆਖਰ ਕਦੋਂ ਤੱਕ?
ਅਵਾਰਾ ਪਸ਼ੂਆਂ ਕਾਰਨ ਵਾਪਰ ਰਹੀਆਂ ਘਟਨਾਵਾਂ ਦੀ ਗਿਣਤੀ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਪਤਾ ਨਹੀਂ ਪ੍ਰਸ਼ਾਸਨ ਦੀ ਜਾਗ ਕਦੋਂ ਖੁੱਲ੍ਹੇਗੀ? ਪਿਛਲੇ ਦਿਨੀਂ ਸ਼ਹਿਰ ਮਾਨਸਾ ਤਿਕੋਨੀ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਰੂਹ ਤੱਕ ਕੰਬਾ ਦਿੱਤੀ। ਅਵਾਰਾ ਪਸ਼ੂਆਂ ਨੂੰ ਬਚਾਉਂਦੇ-ਬਚਾਉਂਦੇ ਦੋ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ, ਜਿਸ ਦੇ ਵਿਰੋਧ ਵਿਚ ਬੀਤੇ 13 ਸਤੰਬਰ ਨੂੰ ਮਾਨਸਾ ਬੰਦ ਰਿਹਾ ਤੇ ਧਰਨੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਸ਼ਹਿਰਾਂ ਦੇ ਲੋਕ ਅਵਾਰਾ ਪਸ਼ੂਆਂ ਤੋਂ ਬਹੁਤ ਪ੍ਰੇਸ਼ਾਨ ਹਨ। ਦੂਜੇ ਪਾਸੇ ਕਿਸਾਨ ਆਪਣੀਆਂ ਫ਼ਸਲਾਂ ਖਰਾਬ ਹੋਣ ਦੇ ਡਰੋਂ ਸਾਰਾ-ਸਾਰਾ ਦਿਨ ਰਾਖੀ ਕਰਦਾ ਹੈ। ਜਦੋਂ ਕਿਸਾਨ ਖੇਤਾਂ ਵਲੋਂ ਇਨ੍ਹਾਂ ਨੂੰ ਦਵੱਲ ਦਿੰਦੇ ਹਨ ਤਾਂ ਭੁੱਖ ਦੇ ਸਤਾਏ ਇਹ ਪਸ਼ੂ ਵਸੋਂ ਵੱਲ ਨੂੰ ਤੁਰ ਪੈਂਦੇ ਹਨ। ਸੜਕਾਂ, ਬਾਜ਼ਾਰ, ਚੌਕ ਆਦਿ ਇਨ੍ਹਾਂ ਨਾਲ ਭਰੇ ਦਿਖਾਈ ਦਿੰਦੇ ਹਨ ਤੇ ਢੱਠੇ ਦੁਆਰਾ ਮਾਰਨ, ਗਾਂ ਦੇ ਅੱਗੇ ਆਉਣ ਕਾਰਨ ਐਕਸੀਡੈਂਟ ਜਿਹੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਏਨੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਸਰਕਾਰ ਵਲੋਂ ਕੋਈ ਪ੍ਰਤੀਕਰਮ ਨਹੀਂ ਦਿਖਾਇਆ ਜਾ ਰਿਹਾ। ਆਖ਼ਰ ਕਦੋਂ ਤੱਕ ਕਿਸਾਨ ਫ਼ਸਲ ਦੀ ਬਰਬਾਦੀ ਦਾ ਨੁਕਸਾਨ ਸਹਿੰਦਾ ਰਹੇਗਾ? ਆਖ਼ਰ ਕਦੋਂ ਤੱਕ ਬੇਕਸੂਰ ਲੋਕਾਂ ਦੀਆਂ ਜਾਨਾਂ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਜਾਂਦੀਆਂ ਰਹਿਣਗੀਆਂ। ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਹੀ ਸੁੱਤਾ ਰਿਹਾ ਤਾਂ ਭਵਿੱਖ ਵਿਚ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਨੀਂਦ ਤੋਂ ਜਾਗ ਕੇ ਠੋਸ ਕਦਮ ਚੁੱਕਣ ਦੀ ਵਿਸ਼ੇਸ਼ ਲੋੜ ਹੈ।


-ਅਮਰਜੀਤ ਕੌਰ ਲਾਲਪੁਰ, ਰੋਪੜ।


ਸਮਾਰਟ ਸਿਟੀ
ਆਪਣੇ ਇਸ਼ਤਿਹਾਰਾਂ ਵਿਚ ਤਾਂ ਸਰਕਾਰ ਸਿਟੀ ਦੇ ਅੱਗੇ ਸਮਾਰਟ ਸ਼ਬਦ ਲਗਾ ਦਿੰਦੀ ਹੈ ਪਰ ਕੀ ਅਸਲ ਵਿਚ ਅੱਜ ਦੇ ਸ਼ਹਿਰ ਸਮਾਰਟ ਹਨ? ਉੱਤਰ ਇਹ ਹੀ ਹੈ ਕਿ ਨਹੀਂ! ਜਗ੍ਹਾ-ਜਗ੍ਹਾ ਤਾਂ ਕੂੜੇ ਦੇ ਢੇਰ ਪਏ ਹਨ, ਜਿਸ ਦੀ ਗੰਦੀ ਬਦਬੂ ਨਾਲ ਨਾ ਸਿਰਫ ਆਉਣ-ਜਾਣ ਵਾਲਿਆਂ ਦਾ ਬੁਰਾ ਹਾਲ ਹੁੰਦਾ ਹੈ, ਸਗੋਂ ਸਭ ਤੋਂ ਔਖਾ ਤਾਂ ਉਥੇ ਰਹਿਣ ਵਾਲਿਆਂ ਦਾ ਹੁੰਦਾ ਹੈ। ਸਮਾਰਟ ਸਿਟੀ ਦੀ ਗੱਲ ਇਥੇ ਹੀ ਨਹੀਂ ਮੁਕਦੀ, ਇਹ ਉਹ ਸਮਾਰਟ ਸਿਟੀ ਹੈ ਜੋ ਬਰਸਾਤ ਦੀਆਂ ਦੋ ਬੂੰਦਾਂ ਨਾਲ ਸ਼ਹਿਰ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੰਦੀ ਹੈ। ਥਾਂ-ਥਾਂ ਅਵਾਰਾ ਪਸ਼ੂ ਫਿਰ ਰਹੇ ਹਨ, ਜਿਨ੍ਹਾਂ ਕਾਰਨ ਨਾ ਜਾਣੇ ਅਕਾਰਨ ਕਿੰਨੀਆਂ ਕੁ ਮੌਤਾਂ ਹੋ ਗਈਆਂ ਹਨ। ਸੀਵਰੇਜ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ, ਟੁੱਟੀਆਂ ਸੜਕਾਂ ਸਾਡੀਆਂ ਜਾਨਾਂ ਲੈ ਰਹੀਆਂ ਹਨ। ਜੇ ਅਜਿਹੀਆਂ ਸਮੱਸਿਆਵਾਂ ਤੋਂ ਜੂਝਦੀ ਸਿਟੀ ਨੂੰ ਸਮਾਰਟ ਸਿਟੀ ਕਹਿੰਦੇ ਹਨ ਤਾਂ ਅਜਿਹੀ ਸਮਾਰਟ ਸਿਟੀ ਸਾਨੂੰ ਨਹੀਂ ਚਾਹੀਦੀ।


-ਜਾਨਵੀ ਬਿੱਠਲ।


ਰੁਜ਼ਗਾਰ ਦਿਓ, ਸਮਾਰਟ ਫੋਨ ਨਹੀਂ
ਅੱਜ ਪੰਜਾਬ ਵਿਚ ਬੇਰੁਜ਼ਗਾਰੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਲੱਖਾਂ ਨੌਜਵਾਨ ਐਮ.ਏ.ਬੀ.ਐੱਡ., ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਵੀ ਬੇਰੁਜ਼ਗਾਰ ਹਨ। ਨਾ ਸਰਕਾਰੀ ਨੌਕਰੀ ਮਿਲ ਰਹੀ ਹੈ, ਨਾ ਹੀ ਪ੍ਰਾਈਵੇਟ। ਜੇ ਪ੍ਰਾਈਵੇਟ ਨੌਕਰੀ ਮਿਲਦੀ ਵੀ ਹੈ ਤਾਂ ਇਕ ਐਮ.ਏ.ਬੀ.ਐੱਡ. ਨੂੰ 5-6 ਹਜ਼ਾਰ ਦੀ, ਇਸ ਨਾਲ ਕੀ ਬਣਦਾ ਹੈ। ਹਾਲਾਂ ਕਿ ਕੈਪਟਨ ਸਾਹਿਬ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਭਾਵ ਥਾਂ-ਥਾਂ ਰੁਜ਼ਗਾਰ ਮੇਲੇ ਲੱਗ ਰਹੇ ਹਨ ਪਰ ਉਥੋਂ ਵੀ ਨੌਜਵਾਨਾਂ ਨੂੰ ਨਿਰਾਸ਼ ਹੀ ਪਰਤਣਾ ਪੈ ਰਿਹਾ ਹੈ। ਕਿਉਂਕਿ ਜੋ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਮੇਲਿਆਂ ਵਿਚ ਸ਼ਿਰਕਤ ਕਰਦੀਆਂ ਹਨ, ਉਹ ਬਹੁਤ ਘੱਟ ਤਨਖਾਹ ਦਿੰਦੀਆਂ ਹਨ। ਹੁਣ ਸਮਾਰਟ ਫੋਨ ਵੀ ਦਸੰਬਰ 'ਚ 11ਵੀਂ ਅਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ, ਬਾਕੀ ਨੌਜਵਾਨਾਂ ਨੂੰ ਨਹੀਂ। ਵਿਦਿਆਰਥਣਾਂ ਨੂੰ ਸਮਾਰਟ ਫੋਨ ਦੇਣ ਦਾ ਕੀ ਮਹੱਤਵ? ਇਸ ਲਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ, ਸਮਾਰਟ ਫੋਨਾਂ ਦੀ ਨਹੀਂ।


-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।


ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹੈ ਪਿਆਜ਼
ਪਿਆਜ਼ ਸਾਡੀ ਰਸੋਈ ਦਾ ਮਹੱਤਵਪੂਰਨ ਹਿੱਸਾ ਹੈ। ਇਹ ਰਸੋਈ ਵਿਚ ਹਰ ਰੋਜ਼ ਵਰਤੀ ਜਾਣ ਵਾਲੀ ਚੀਜ਼ ਹੈ। ਇਹ ਹਰ ਤਰ੍ਹਾਂ ਦੀ ਦਾਲ ਸਬਜ਼ੀ ਵਿਚ ਜ਼ਰੂਰੀ ਹੈ। ਇਸ ਤੋਂ ਬਿਨਾਂ ਚੰਗੇ ਸਵਾਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਲੋਕ ਸਲਾਦ ਦੇ ਰੂਪ ਵਿਚ ਵੀ ਇਸ ਨੂੰ ਬਹੁਤ ਪਸੰਦ ਕਰਦੇ ਹਨ। 'ਫਾਸਟ ਫੂਡ' ਨੂੰ ਸੁਆਦ ਬਣਾਉਣ ਲਈ ਵੀ ਪਿਆਜ਼ ਦਾ ਕਾਫੀ ਯੋਗਦਾਨ ਹੈ। ਪਰ ਅੱਜਕਲ੍ਹ ਪਿਆਜ਼ ਦੀਆਂ ਕੀਮਤਾਂ ਵਿਚ ਦਿਨੋ-ਦਿਨ ਵਾਧਾ ਇਸ ਨੂੰ ਸਲਾਦ ਦੀ ਪਲੇਟ ਵਿਚੋਂ ਗਾਇਬ ਕਰ ਰਿਹਾ ਹੈ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਸਬਜ਼ੀਆਂ ਦੇ ਭਾਅ ਤਾਂ ਪਹਿਲਾਂ ਹੀ ਅਸਮਾਨ ਛੂਹ ਰਹੇ ਸਨ, ਇਸ ਲਈ ਪਹਿਲਾਂ ਲੋਕ ਟਮਾਟਰ ਤੇ ਪਿਆਜ਼ ਦੀ ਚਟਨੀ ਬਣਾ ਕੇ ਗੁਜ਼ਾਰਾ ਕਰ ਲੈਂਦੇ ਸਨ ਪਰ ਹੁਣ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਇਹ ਚਟਨੀ ਵੀ ਉਨ੍ਹਾਂ ਦੇ ਵਸੋਂ ਬਾਹਰ ਹੋ ਗਈ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਆਮ ਲੋਕਾਂ ਨੂੰ ਰੋਟੀ ਖਾਣੀ ਵੀ ਮੁਸ਼ਕਿਲ ਹੋ ਰਹੀ ਹੈ।


-ਸੁਖਦੀਪ ਸਿੰਘ ਗਿੱਲ।


ਨਵੀਂ ਪੈਨਸ਼ਨ ਤੋਂ ਕਿਤੇ ਬਿਹਤਰ .....
ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਬਲਵੀਰ ਕੁਮਾਰ ਦਾ ਲੇਖ 'ਨਵੀਂ ਪੈਨਸ਼ਨ ਤੋਂ ਕਿਤੇ ਬਿਹਤਰ ਹੈ ਪੁਰਾਣੀ ਪੈਨਸ਼ਨ ਯੋਜਨਾ' ਬਹੁਤ ਜਾਣਕਾਰੀ ਭਰਪੂਰ ਸੀ। ਲੇਖਕ ਨੇ ਵਿਸਥਾਰ ਵਿਚ ਦੋਵੇਂ ਤਰ੍ਹਾਂ ਦੀਆਂ ਪੈਨਸ਼ਨਾਂ ਦੇ ਨਫ਼ੇ-ਨੁਕਸਾਨ ਤੋਂ ਜਾਣੂ ਕਰਵਾਇਆ। ਨਵੀਂ ਪੈਨਸ਼ਨ ਨੀਤੀ ਲਗਪਗ ਮੁਲਾਜ਼ਮਾਂ ਦੇ ਖ਼ਿਲਾਫ਼ ਹੀ ਹੈ। ਇਹ ਬਹੁਤ ਗੁੰਝਲਦਾਰ ਹੈ। ਹਰ ਕੋਈ ਇਸ 'ਤੇ ਵਿਚਾਰ ਨਹੀਂ ਕਰ ਸਕਦਾ। ਬੁਢਾਪੇ ਵਿਚ ਸਹਾਰੇ ਦਾ ਦੂਜਾ ਨਾਂਅ ਪੈਨਸ਼ਨ ਹੈ। ਅਸਲ ਵਿਚ ਪੁਰਾਣੀ ਪੈਨਸ਼ਨ ਹੀ ਮੁਲਾਜ਼ਮਾਂ ਦੀ ਬੁਢਾਪੇ ਦੀ ਸੋਟੀ ਹੈ। ਪਰ ਸਰਕਾਰ ਨੇ ਨਵੀਂ ਪੈਨਸ਼ਨ ਯੋਜਨਾ ਲਾਗੂ ਕਰਕੇ ਆਉਣ ਵਾਲੇ ਸਮੇਂ ਵਿਚੋਂ ਮੁਲਾਜ਼ਮਾਂ ਹੱਥੋਂ ਉਨ੍ਹਾਂ ਦੀ ਬੁਢਾਪੇ ਦੀ ਸੋਟੀ ਖੋਹ ਲਈ ਹੈ। ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੀ ਪਿਛਲੇ ਲੰਮੇ ਸਮੇਂ ਤੋਂ 'ਪੁਰਾਣੀ ਪੈਨਸ਼ਨ' ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਹੁਣ ਦੇਖੋ ਇਹ ਸੁੱਤੀ ਸਰਕਾਰ ਕਦੋਂ ਜਾਗਦੀ ਹੈ? ਹੈਰਾਨੀਜਨਕ ਗੱਲ ਇਹ ਹੈ ਕਿ ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰਨ ਵਾਲੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਖ਼ੁਦ ਅੰਤਿਮ ਸਮੇਂ ਤੱਕ ਕਈ ਪੈਨਸ਼ਨਾਂ ਲੈ ਰਹੇ ਸਨ।


-ਮਨਦੀਪ ਸਿੰਘ ਸ਼ੇਰੋਂ
ਦਸਮੇਸ਼ ਨਗਰ, ਸੁਨਾਮ ਊਧਮ ਸਿੰਘ ਵਾਲਾ।

01-10-2019

 ਪਲਾਸਟਿਕ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਲੋੜ
ਸਾਡੇ ਭਾਰਤ ਦੇਸ਼ ਵਿਚ ਇਕ ਗੰਦੀ ਆਦਤ ਨੇ ਕਈ ਸਾਲਾਂ ਤੋਂ ਸਾਨੂੰ ਜਕੜਿਆ ਹੋਇਆ ਹੈ। ਉਹ ਹੈ ਪਲਾਸਟਿਕ ਤੋਂ ਬਣੇ ਸਮੱਗਰੀ ਦੀ ਵਰਤੋਂ ਕਰਨ ਦੀ ਆਦਤ ਜਿਵੇਂ ਪਲਾਸਟਿਕ ਤੋਂ ਬਣੇ ਥੈਲਿਆਂ (ਲਿਫਾਫ਼ੇ) ਦੀ ਵਰਤੋਂ ਦਿਨ-ਬਦਿਨ ਵਧਦੀ ਜਾ ਰਹੀ ਹੈ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਸਾਡਾ ਵਾਤਾਵਰਨ ਖਰਾਬ ਹੁੰਦਾ ਹੈ। ਪਰ ਅਸੀਂ ਫਿਰ ਵੀ ਇਸ ਦੀ ਵਰਤੋਂ ਕਰਨਾ ਨਹੀਂ ਛੱਡਦੇ ਪਰ ਹੁਣ ਸਾਨੂੰ ਇਸ ਦੀ ਵਰਤੋਂ 'ਤੇ ਰੋਕ ਲਗਾਉਣੀ ਪਵੇਗੀ। ਪਰ ਪਲਾਸਟਿਕ ਦੀ ਵਰਤੋਂ 'ਤੇ ਰੋਕ ਲੱਗੇਗੀ ਕਿਵੇਂ? ਜਦੋਂ ਅਸੀਂ ਖ਼ੁਦ ਪਲਾਸਟਿਕ ਦੇ ਲਿਫਾਫ਼ੇ ਦੀ ਵਰਤੋਂ ਕਰਨਾ ਬੰਦ ਕਰਾਂਗੇ, ਜਦੋਂ ਅਸੀਂ ਕਿਸੇ ਹੋਰ ਨੂੰ ਨਾ ਦੇਖ ਖ਼ੁਦ ਤੋਂ ਸ਼ੁਰੂਆਤ ਕਰਾਂਗੇ।

-ਰਾਜੂ,
ਲੰਮਾ ਪਿੰਡ, ਜਲੰਧਰ।

ਪਰਾਲੀ ਨਾ ਸਾੜੋ
ਭਾਵੇਂ ਪਿਛਲੇ ਕੁਝ ਸਾਲਾਂ ਨਾਲੋਂ ਹੁਣ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ ਪਰ ਫਿਰ ਵੀ ਕਈ ਕਿਸਾਨ ਅਜੇ ਵੀ ਖੇਤਾਂ ਵਿਚ ਹੀ ਪਰਾਲੀ ਸਾੜਨ ਨੂੰ ਮਜਬੂਰ ਹਨ। ਪਰਾਲੀ ਨੂੰ ਖੇਤਾਂ ਵਿਚ ਸਾੜਨ ਨਾਲ ਨਿਕਲਦੇ ਧੂੰਏਂ ਨਾਲ ਜਿਥੇ ਵਾਤਾਵਰਨ ਪਲੀਤ ਹੁੰਦਾ ਹੈ, ਭਿਆਨਕ ਬਿਮਾਰੀਆਂ ਫੈਲਦੀਆਂ ਹਨ ਅਤੇ ਦੁਰਘਟਨਾਵਾਂ ਵਾਪਰਦੀਆਂ ਹਨ, ਉਥੇ ਹੀ ਖੇਤਾਂ ਵਿਚ ਅੱਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਕੀੜੇ-ਮਕੌੜੇ ਸੜਦੇ ਹਨ, ਅਤੇ ਆਲੇ-ਦੁਆਲੇ ਰੁੱਖ ਸੜਨ ਦੇ ਨਾਲ-ਨਾਲ ਰੁੱਖਾਂ 'ਤੇ ਬਣਾਏ ਪੰਛੀਆਂ ਵਲੋਂ ਆਲ੍ਹਣੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਕਿਸਾਨਾਂ ਨੂੰ ਜਿਥੇ ਖੇਤਾਂ ਵਿਚ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਅਤਿ ਆਧੁਨਿਕ ਸੰਦਾਂ ਤੇ ਭਾਰੀ ਸਬਸਿਡੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਨੂੰ ਖੇਤਾਂ ਵਿਚ ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਨਸ਼ੇ ਦਾ ਰੁਝਾਨ
ਪਿਛਲੇ ਦਿਨੀਂ ਸੰਪਾਦਕੀ ਨਸ਼ੇ ਦਾ ਰੁਝਾਨ ਪੜ੍ਹਿਆ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੀ ਵਰਤੋਂ ਦੀ ਸਮੱਸਿਆ ਬਹੁਤ ਹੀ ਗੰਭੀਰ ਬਣ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਰਕਾਰਾਂ ਇਸ ਮਸਲੇ 'ਤੇ ਬਿਲਕੁਲ ਵੀ ਗੰਭੀਰ ਨਹੀਂ। ਜੇ ਪੁਲਿਸ ਕੋਈ ਵੱਡਾ ਐਕਸ਼ਨ ਲੈਣ ਲਗਦੀ ਹੈ ਤਾਂ ਕੁਝ ਰਾਜਨੀਤਕ ਲੀਡਰਾਂ ਦਾ ਉਨ੍ਹਾਂ 'ਤੇ ਦਬਾਅ ਪੈ ਜਾਂਦਾ ਹੈ। ਜਿਸ ਕਰਕੇ ਨਸ਼ੇ ਨੂੰ ਰੋਕਣਾ ਸ਼ਾਇਦ ਪੁਲਿਸ ਪ੍ਰਸ਼ਾਸਨ ਦੇ ਵੱਸ ਦਾ ਕੰਮ ਨਹੀਂ ਰਿਹਾ। ਸਮਾਜ ਦੇ ਵੱਡੇ ਵਰਗ ਦੇ ਲੋਕਾਂ ਦਾ ਮੰਨਣਾ ਹੈ ਕਿ ਸੂਬੇ ਵਿਚ ਨਸ਼ੇ ਦੀ ਮਹਾਮਾਰੀ 'ਤੇ ਜੇਕਰ ਰੋਕ ਲਗਾਉਣੀ ਹੈ ਤਾਂ ਸੂਬੇ ਦੀ ਪੁਲਿਸ ਸਿਆਸੀ ਲੋਕਾਂ ਅਤੇ ਤਸਕਰਾਂ ਦੇ ਬਣੇ ਗੱਠਜੋੜ ਨੂੰ ਤੋੜਨਾ ਬਹੁਤ ਹੀ ਜ਼ਰੂਰੀ ਹੋਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਅੱਧੀ ਤੋਂ ਜ਼ਿਆਦਾ ਜਵਾਨੀ ਇਸ ਅੱਗ ਵਿਚ ਪੂਰੀ ਤਰ੍ਹਾਂ ਝੁਲਸ ਜਾਵੇਗੀ। ਸਰਕਾਰਾਂ ਨੂੰ ਅਜੇ ਵੀ ਇਸ ਮਸਲੇ ਵਿਚ ਗੰਭੀਰ ਹੋਣਾ ਚਾਹੀਦਾ, ਨਸ਼ੇ ਦੀ ਰੋਕਥਾਮ ਦੇ ਨਾਲ-ਨਾਲ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਵੀ ਦੂਰ ਕਰਨ ਨਾਲ ਰਾਜਾਂ ਵਿਚ ਤਰੱਕੀ ਹੋਵੇਗੀ।

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ।

ਲੱਚਰ ਗੀਤਾਂ 'ਤੇ ਲਾਈ ਜਾਏ ਪਾਬੰਦੀ
ਸਾਡੇ ਪੰਜਾਬ ਵਿਚ ਹੁਣ ਲੱਚਰ ਗੀਤਾਂ ਦੀ ਗਿਣਤੀ ਬਹੁਤ ਹੀ ਵਧ ਗਈ ਹੈ। ਕੋਈ ਵੀ ਗੀਤ ਹੁਣ ਪਹਿਲਾਂ ਵਾਂਗ ਪਰਿਵਾਰ ਦੇ ਮੈਂਬਰਾਂ ਵਿਚ ਇਕੱਠੇ ਬੈਠ ਕੇ ਸੁਣਨ ਵਾਲਾ ਨਹੀਂ ਰਿਹਾ, ਜਿਸ ਨਾਲ ਸਾਡੇ ਸਮਾਜ ਦਾ ਸਿਰ ਸ਼ਰਮ ਨਾਲ ਝੁਕਦਾ ਹੈ। ਕਈ ਵਾਰ ਬੱਸਾਂ ਵਿਚ ਭੱਦੀ ਸ਼ਬਦਾਵਲੀ ਦੇ ਗੀਤ ਚਲਦੇ ਹੁੰਦੇ ਹਨ। ਉਂਜ ਭਾਵੇਂ ਸਰਕਾਰ ਵਲੋਂ ਬੱਸਾਂ ਵਿਚ ਅਸ਼ਲੀਲ ਗਾਣੇ ਚਲਾਉਣ 'ਤੇ ਪਾਬੰਦੀ ਹੈ। ਸਾਡੇ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੇ ਗਾਣੇ ਗਾਉਣ ਵਾਲੇ ਕਲਾਕਾਰਾਂ ਦਾ ਜਨਤਕ ਵਿਰੋਧ ਕਰਨ ਤਾਂ ਕਿ ਹੋਰਾਂ ਕਲਾਕਾਰਾਂ ਨੂੰ ਵੀ ਸਬਕ ਮਿਲੇ, ਜਦੋਂ ਤੱਕ ਸਾਡੇ ਲੋਕ ਇਹੋ ਜਿਹੇ ਅਸ਼ਲੀਲ ਗਾਣੇ ਚੁੱਪਚਾਪ ਸੁਣਦੇ ਰਹਿਣਗੇ, ਉਦੋਂ ਤੱਕ ਇਹੋ ਜਿਹੇ ਗਾਣੇ ਕਲਾਕਾਰ ਗਾਉਂਦੇ ਰਹਿਣਗੇ। ਅਜਿਹੇ ਗੀਤਾਂ ਕਾਰਨ ਸਾਡੀ ਨੌਜਵਾਨ ਪੀੜ੍ਹੀ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਬਹੁਤ ਵਿਰਲੇ ਹੀ ਕਲਾਕਾਰ ਹਨ ਜੋ ਸਾਡੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਨਹੀਂ ਤਾਂ ਸਾਰੇ ਕਲਾਕਾਰ ਲੱਚਰ ਗੀਤ ਗਾਉਣ ਨੂੰ ਹੀ ਪਹਿਲ ਦੇ ਰਹੇ ਹਨ। ਸਾਡੀਆਂ ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੱਚਰਤਾ ਵਾਲੇ ਗੀਤਾਂ 'ਤੇ ਪੂਰਨ ਪਾਬੰਦੀ ਲਾਉਣ ਤੇ ਅਸ਼ਲੀਲ ਗਾਣੇ ਲਿਖਣ ਵਾਲੇ ਗੀਤਕਾਰਾਂ 'ਤੇ ਬਣਦੀ ਕਾਰਵਾਈ ਕਰਨ ਤਾਂ ਕਿ ਅਸ਼ਲੀਲ ਗੀਤ ਸਾਡੇ ਸਮਾਜ ਵਿਚ ਨਾ ਆਉਣ।

-ਸੁਖਦੇਵ ਸਿੱਧੂ ਕੁਸਲਾ,
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਚੰਗੇ ਉਪਰਾਲੇ 'ਚ ਸਹਿਯੋਗ
ਅੱਜ ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤਖੋਰੀ, ਹੇਰਾਫੇਰੀ ਆਦਿ ਕਈ ਹੋਰ ਅਲਾਮਤਾਂ ਦਾ ਮਾਰਿਆ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾਣ ਦੀ ਸੋਚ ਰਿਹਾ ਹੈ ਜਾਂ ਫਿਰ ਜਾ ਰਿਹਾ ਹੈ। ਸਰਕਾਰੀ ਨੌਕਰੀਆਂ ਸੀਮਤ ਹਨ, ਪੜ੍ਹੇ-ਲਿਖੇ, ਬੇਰੁਜ਼ਗਾਰਾਂ ਦਾ ਕੋਈ ਅੰਤ ਨਹੀਂ। ਪੜ੍ਹਾਈ ਦੇ ਮੇਚ ਦੀ ਨੌਕਰੀ ਤਾਂ ਇਕ ਪਾਸੇ ਕੋਈ ਛੋਟੀ-ਮੋਟੀ ਨੌਕਰੀ ਲਈ ਵੀ ਧੱਕੇ ਮਿਲ ਰਹੇ ਹਨ। ਪਰ ਹੁਣ ਕਈ ਪਾਸੇ ਸਰਕਾਰੀ ਅਦਾਰਿਆਂ ਵਲੋਂ ਕੱਚੇ ਮੁਲਾਜ਼ਮਾਂ ਨੂੰ ਕੁਝ ਵਧੀਆ ਤਨਖਾਹ ਦੇਣ ਦੇ ਚਰਚੇ ਚੱਲ ਰਹੇ ਹਨ ਜੋ ਕਿ ਇਕ ਵਧੀਆ ਖ਼ਬਰ ਹੈ। ਸਰਕਾਰ ਚਾਹੇ ਜਿਸ ਤਰ੍ਹਾਂ ਦੀ ਵੀ ਭਰਤੀ ਕਰੇ, ਗੁਜ਼ਾਰੇ ਯੋਗੀ ਤਨਖਾਹ ਜ਼ਰੂਰ ਦੇਵੇ।

-ਗੁਰਚਰਨ ਸਿੰਘ, ਪਿੰਡਾ ਮਜਾਰਾ (ਨਵਾਂਸ਼ਹਿਰ)।

ਬੱਚਿਆਂ ਬਾਰੇ ਛੋਟੀ ਜਿਹੀ ਗੱਲ
ਜਦੋਂ ਬਾਲ ਦਿਵਸ ਆਉਂਦਾ ਹੈ ਜਾਂ ਬੱਚਿਆਂ ਨਾਲ ਸਬੰਧਿਤ ਕੋਈ ਦਿਨ ਜਾਂ ਤਿਉਹਾਰ ਆਉਂਦਾ ਹੈ ਤਾਂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦਾ ਨੇਤਾ ਦੱਸਿਆ ਜਾਂਦਾ ਹੈ ਪਰ ਜਦੋਂ ਛੋਟੇ-ਛੋਟੇ ਬੱਚੇ ਬੱਸਾਂ ਵਿਚ ਗਾ-ਗਾ ਕੇ ਭੀਖ ਮੰਗਦੇ ਦਿਖਾਈ ਦਿੰਦੇ ਹਨ ਤਾਂ ਉਹ ਗੱਲਾਂ ਇਸ ਤਰ੍ਹਾਂ ਲਗਦੀਆਂ ਹਨ ਜਿਵੇਂ ਕਿ ਬੁਰਾਈਆਂ ਨੂੰ ਛੱਡਣ ਲਈ ਕਿਹਾ ਜਾ ਰਿਹਾ ਹੈ ਪਰ ਬੁਰਾਈਆਂ ਉਸੇ ਤਰ੍ਹਾਂ ਕਾਇਮ ਹਨ। ਇਨ੍ਹਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਮਾਪਿਆਂ ਦਾ ਵੀ ਦੋਸ਼ ਹੈ ਕਿ ਉਹ ਬੱਚਿਆਂ ਨੂੰ ਇਸ ਤਰ੍ਹਾਂ ਕਿੱਦਾਂ ਬੱਸਾਂ ਅਤੇ ਸੜਕਾਂ 'ਤੇ ਭੇਜ ਦਿੰਦੇ ਹਨ। ਇਹ ਇਕ ਬਹੁਤ ਹੀ ਵੱਡੀ ਨਾਕਾਮੀ ਹੈ, ਜਿਸ ਦਾ ਕੋਈ ਜਵਾਬ ਕਿਸੇ ਕੋਲ ਵੀ ਨਹੀਂ ਹੈ ਕਿ ਕਮੀ ਕਿੱਥੇ ਹੈ। ਡਿਪਟੀ ਕਮਿਸ਼ਨਰਾਂ ਵਲੋਂ ਬਾਲ ਮਜ਼ਦੂਰੀ ਅਤੇ ਭੀਖ ਮੰਗਣ ਵਾਲੇ ਬੱਚਿਆਂ ਦੇ ਮਾਪਿਆਂ ਅਤੇ ਜੋ ਭੀਖ ਮੰਗਵਾਉਂਦੇ ਹਨ, ਉਨ੍ਹਾਂ 'ਤੇ ਨਜ਼ਰ ਰੱਖ ਕੇ ਸਖ਼ਤ ਕਾਰਵਾਈ ਦੀ ਗੱਲ ਕਹੀ ਜਾਂਦੀ ਹੈ ਪਰ ਸਚਾਈ ਕੋਹਾਂ ਦੂਰ ਹੈ। ਅੱਜਕਲ੍ਹ ਬੱਚੇ ਬੱਸਾਂ ਵਿਚ ਮੰਗਦੇ ਹੋਏ ਦੇਖੇ ਜਾ ਸਕਦੇ ਹਨ। ਇਸ ਨਾਕਾਮੀ ਨੂੰ ਦੂਰ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯੋਗਦਾਨ ਦੇਣਾ ਹੋਵੇਗਾ।

-ਮਨਪ੍ਰੀਤ ਸਿੰਘ।

30-09-2019

 ਮੰਦਭਾਗਾ ਵਿਵਾਦ
ਪਿਛਲੇ ਦਿਨੀਂ 'ਅਜੀਤ' ਦੇ ਮੁੱਖ ਪੰਨੇ 'ਤੇ ਛਪੀ ਸੰਪਾਦਕੀ ਸਲਾਹੁਣਯੋਗ ਸੀ। 'ਮੰਦਭਾਗਾ ਵਿਭਾਗ' ਦੇ ਸਿਰਲੇਖ ਹੇਠ ਛਪੀ ਸੰਪਾਦਕੀ 'ਚ ਪੰਜਾਬੀ ਮਾਂ-ਬੋਲੀ ਦੇ ਸਤਿਕਾਰ ਦੀ ਗੱਲ ਕੀਤੀ ਗਈ। ਡਾ: ਬਰਜਿੰਦਰ ਸਿੰਘ ਹਮਦਰਦ ਲਿਖਦੇ ਹਨ ਕਿ ਹਿੰਦੀ ਭਾਸ਼ਾ ਨੂੰ ਸਾਡੇ ਦੇਸ਼ ਦੇ ਲੋਕ, ਹਿੰਦੀ ਨੂੰ ਸੰਪਰਕ ਭਾਸ਼ਾ ਦੇ ਤੌਰ 'ਤੇ ਤਾਂ ਵਰਤ ਹੀ ਰਹੇ ਹਨ ਪ੍ਰੰਤੂ ਜੇਕਰ ਇਸ ਨੂੰ ਜ਼ਬਰਦਸਤੀ ਲੋਕਾਂ 'ਤੇ ਠੋਸਿਆ ਜਾਂਦਾ ਹੈ ਤਾਂ ਇਹ ਇਕ ਬਗੀਚੇ ਵਿਚ ਵੱਖ-ਵੱਖ ਕਿਸਮਾਂ, ਰੰਗਾਂ ਦੇ ਫੁੱਲਾਂ ਨੂੰ ਖਿੜਨ ਤੋਂ ਰੋਕਣ ਦੇ ਬਰਾਬਰ ਹੈ।
ਭਾਸ਼ਾ ਜਾਂ ਬੋਲੀ ਦਾ ਭਗਵਾਂਕਰਨ ਕਰਨਾ ਇਕ ਨਾਂਹ-ਪੱਖੀ ਵਰਤਾਰਾ ਹੈ। ਬਾਕੀ ਜੋ ਸ਼ਬਦ ਗੁਰਦਾਸ ਮਾਨ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਮੈਂ ਸਮਝਦਾ ਹਾਂ ਕਿ ਉਸ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ।


-ਭੁਪਿੰਦਰ ਸਿੰਘ
ਪਿੰਡ ਤੇ ਡਾਕ: ਗਿੱਲ, ਜ਼ਿਲ੍ਹਾ ਫਿਰੋਜ਼ਪੁਰ।


ਮਾਂ-ਬੋਲੀ ਪੰਜਾਬੀ ਨਾ ਭੁੱਲੋ...
ਅਖ਼ਬਾਰਾਂ, ਟੈਲੀਵਿਜ਼ਨ, ਰੇਡੀਓ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਖ਼ਬਰਾਂ ਸੁਣੀਆਂ ਅਤੇ ਪੜ੍ਹੀਆਂ, ਜਿਸ ਵਿਚ ਗੁਰਦਾਸ ਮਾਨ ਵਲੋਂ ਵਰਤੀ ਮਾੜੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਗਈ ਹੈ। ਪੰਜਾਬੀ ਮਾਂ ਨੂੰ ਪੜ੍ਹੇ-ਲਿਖੇ ਅਮੀਰ ਘਰਾਣੇ ਦੇ ਲੋਕ, ਜੋ ਸਾਡੇ ਹੀ ਸਮਾਜ ਦਾ ਹਿੱਸਾ ਹਨ, ਗਵਾਰਾਂ ਦੀ ਭਾਸ਼ਾ ਕਹਿ ਕੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਵਿਚ ਤਾਲੀਮ ਦਿਵਾ ਰਹੇ ਹਨ। ਸਰਕਾਰੀ ਦਫਤਰੀ, ਪ੍ਰਾਈਵੇਟ ਅਦਾਰਿਆਂ, ਕੋਰਟ ਕਚਹਿਰੀਆਂ ਵਿਚ ਪੰਜਾਬੀ ਨੂੰ ਅਣਗੌਲਿਆਂ ਕਰ ਅੰਗਰੇਜ਼ੀ ਵਿਚ ਕੰਮ ਹੋ ਰਿਹਾ ਹੈ। ਜੇ ਪੰਜਾਬੀ ਨੂੰ ਸਾਂਭ ਕੇ ਰੱਖਿਆ ਹੈ ਤਾਂ ਉਹ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਹਨ, ਜੋ ਗੋਰਿਆਂ ਦੇ ਸਕੂਲ ਵਿਚ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੀ ਤਲੀਮ ਦੇ ਨਾਲ-ਨਾਲ ਗੁਰਦੁਆਰਿਆਂ 'ਚ ਮਾਂ-ਬੋਲੀ ਪੰਜਾਬੀ ਦੀ ਤਲੀਮ ਦੇ ਰਹੇ ਹਨ। ਜਿਸ ਤਰ੍ਹਾਂ ਸਾਰਾ ਪੰਜਾਬੀ ਸਮੂਹ ਦੇਸ਼-ਵਿਦੇਸ਼ ਵਿਚ ਗੁਰਦਾਸ ਮਾਨ ਦੇ ਖਿਲਾਫ਼ ਮਾਂ-ਬੋਲੀ ਨੂੰ ਬਚਾਉਣ ਦਾ ਹੋਕਾ ਦੇ ਰਿਹਾ ਹੈ। ਕੀ ਅਕਾਲੀ ਦਲ ਅਤੇ ਬੁੱਧੀਜੀਵੀਆਂ ਨੂੰ ਅੱਗੇ ਆ ਕੇ ਮਾਂ-ਬੋਲੀ ਪੰਜਾਬੀ ਨੂੰ ਬਚਾਉਣ ਲਈ ਉਪਰਾਲੇ ਨਹੀਂ ਕਰਨੇ ਚਾਹੀਦੇ? ਜੇ ਤੁਸੀਂ ਪੰਜਾਬੀ ਸੂਬੇ ਵਿਚ ਹੀ ਪੂਰੀ ਤਰ੍ਹਾਂ ਪੰਜਾਬੀ ਲਾਗੂ ਨਹੀਂ ਕਰ ਸਕਦੇ ਤਾਂ ਬਾਹਰ ਤੁਸੀਂ ਕਿਵੇਂ ਮਾਂ-ਬੋਲੀ ਨੂੰ ਬਚਾਅ ਸਕਦੇ ਹੋ? ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ ਤੇ ਇਸ 'ਤੇ ਕਾਰਵਾਈ ਕਰਨ ਦੀ ਲੋੜ ਹੈ ਤਦ ਹੀ ਸਾਡੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਹੋਵੇਗਾ।


-ਗੁਰਮੀਤ ਸਿੰਘ ਵੇਰਕਾ


ਪੰਜਾਬੀ ਪ੍ਰਤੀ ਮੰਦਭਾਗੀਆਂ ਟਿੱਪਣੀਆਂ
ਪਿਛਲੇ ਦਿਨੀਂ ਹਿੰਦੀ ਦਿਵਸ ਤੋਂ ਸ਼ੁਰੂ ਹੋਇਆ ਮਾਂ-ਬੋਲੀ ਪੰਜਾਬੀ ਪ੍ਰਤੀ ਵਿਵਾਦ ਬਹੁਤ ਮੰਦਭਾਗਾ ਹੈ। ਪੰਜਾਬੀ ਬੋਲੀ ਦਾ ਨਿਰਾਦਰ ਅਤੇ ਟਿੱਪਣੀਆਂ ਅਤਿ ਨਿੰਦਣਯੋਗ ਹਨ।
ਜ਼ਿੰਦਗੀ 'ਚ ਕਾਮਯਾਬੀ ਲਈ ਭਾਵੇਂ ਹੋਰ ਭਾਸ਼ਾਵਾਂ ਦੀ ਜਾਣਕਾਰੀ ਲੈਣਾ ਚੱਗਾ ਉੱਦਮ ਹੈ, ਪਰ ਆਪਣੀ ਮਾਤ ਭਾਸ਼ਾ ਨੂੰ ਵਿਸਾਰਨਾ ਅਤੇ ਇਤਰਾਜ਼ਯੋਗ ਟਿੱਪਣੀਆਂ ਉਸ ਦੇ ਸਨਮਾਨ ਨੂੰ ਗਹਿਰੀ ਸੱਟ ਹੁੰਦੀ ਹੈ। ਸਾਡੇ ਲਈ ਪੰਜਾਬੀ ਮਾਂ-ਬੋਲੀ ਦਾ ਦਰਜਾ ਸਭ ਤੋਂ ਉੱਤਮ ਹੈ, ਕਿਉਂਕਿ ਅਸੀਂ ਇਸ ਵਿਚ ਬੋਲਣਾ ਸਿੱਖਿਆ, ਮਾਂ ਦੀਆਂ ਲੋਰੀਆਂ, ਦਾਦਾ-ਦਾਦੀ ਦਾ ਪਿਆਰ, ਬਾਪੂ ਦਾ ਉਲਾਰ, ਭੂਆ ਅਤੇ ਭੈਣਾਂ ਦੇ ਚਾਅ ਨੂੰ ਮਹਿਸੂਸ ਕੀਤਾ ਮਾਣਿਆ ਹੈ। ਪਰ ਇਥੇ ਆਪਣੇ ਹੀ ਮਾਂ-ਬੋਲੀ ਪੰਜਾਬੀ ਦੇ ਮਾਣ-ਸਤਿਕਾਰ ਨੂੰ ਢਾਅ ਲਾ ਰਹੇ ਹਨ। ਸਾਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਦੀ ਇੱਜ਼ਤ ਅਤੇ ਮਾਣ-ਸਨਮਾਨ ਦੀ ਬਹਾਲੀ ਲਈ ਜੱਦੋ-ਜਹਿਦ ਭਰਪੂਰ ਸਹਿੋਯਗ ਕਰਨਾ ਚਾਹੀਦਾ ਹੈ।


-ਇੰਜ; ਸਤਨਾਮ ਸਿੰਘ ਮੱਟੂ
ਬੀਂਬੜ ਸੰਗਰੂਰ।


ਪੰਜਾਬੀ ਮਾਂ-ਬੋਲੀ ਦਾ ਸਤਿਕਾਰ
ਹਰ ਰਾਜ ਦੀ ਭਾਸ਼ਾ ਅਲੱਗ ਹੈ, ਅਸੀਂ ਪੰਜਾਬ ਵਿਚ ਰਹਿੰਦੇ ਆਂ, ਸਾਡੀ ਮਾਂ-ਬੋਲੀ ਪੰਜਾਬੀ ਹੈ। ਹਰ ਕੋਈ ਪੰਜਾਬੀ ਬੱਚਾ ਜਦ ਜਨਮ ਲੈਂਦਾ ਹੈ ਤਾਂ ਉਸ ਸਮੇਂ ਤੋਂ ਹੀ ਪੰਜਾਬੀ ਸੁਣਨੀ ਸ਼ੁਰੂ ਕਰ ਦਿੰਦਾ ਹੈ ਅਤੇ ਹੌਲੀ-ਹੌਲੀ ਪੰਜਾਬੀ ਦੇ ਹੁੰਗਾਰਿਆਂ ਦੇ ਨਾਲ ਉਹ ਪੰਜਾਬੀ ਬੋਲਣੀ ਸਿੱਖ ਲੈਂਦਾ ਹੈ। ਬੇਸ਼ੱਕ ਜਿਥੇ ਵੀ ਜਾਓ, ਪਰ ਆਪਣੀ ਮਾਂ-ਬੋਲੀ ਦਾ ਸਤਿਕਾਰ ਜ਼ਰੂਰ ਕਰੋ। ਜਿਸ ਦਿਨ ਅਸੀਂ ਆਪਣੀ ਮਾਂ-ਬੋਲੀ ਨੂੰ ਭੁੱਲ ਗਏ ਤਾਂ ਉਸ ਦਿਨ ਅਸੀਂ ਆਪਣੇ-ਆਪ ਨੂੰ ਮਰਿਆ ਮਹਿਸੂਸ ਕਰਾਂਗੇ। ਅਸੀਂ ਲੱਖ ਬਾਕੀ ਭਾਸ਼ਾਵਾਂ ਸਿੱਖ ਲਈਏ ਪਰ ਆਪਣੀ ਮਾਂ ਦਾ ਸਤਿਕਾਰ ਸਦਾ ਕਾਇਮ ਰੱਖੋ। ਪਿਛਲੇ ਦਿਨਾਂ 'ਚ ਮਾਂ-ਬੋਲੀ ਪ੍ਰਤੀ ਸੋਸ਼ਲ ਮੀਡੀਆ 'ਤੇ ਬੜਾ ਕੁਝ ਵਾਇਰਲ ਹੋ ਰਿਹਾ ਹੈ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਮਾਂ-ਬੋਲੀ ਬਾਰੇ ਕੁਝ ਵੀ ਮੰਦਾ ਨਹੀਂ ਸੁਣ ਸਕਦੇ। ਕਿਉਂਕਿ ਮਾਂ-ਬੋਲੀ ਹੀ ਸਾਡੀ ਅਸਲ ਪਹਿਚਾਣ ਹੈ। ਆਓ, ਆਪਾਂ ਮਾਂ-ਬੋਲੀ ਪ੍ਰਤੀ ਹਮੇਸ਼ਾ ਵਫਾਦਾਰ ਬਣ ਕੇ ਰਹੀਏ। ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਕਰਦੇ ਰਹੀਏ।


-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਦਿਲਾਂ ਨੂੰ ਠੇਸ
'ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ਼ ਨਹੀਂ ਭੰਡੀਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ' ਗੁਰਦਾਸ ਮਾਨ ਨੇ ਇਸ ਗੀਤ ਨਾਲ ਏਨੀ ਕੁ ਵਾਹ-ਵਾਹ ਖੱਟੀ ਕਿ ਇਹ ਇਕ ਆਮ ਲੋਕਾਂ ਵਿਚ ਕਹਾਵਤ ਬਣ ਗਈ। ਪਰ ਦੁੱਖ ਉਦੋਂ ਹੋਇਆ, ਜਦੋਂ ਗੁਰਦਾਸ ਮਾਨ ਆਪ ਹੀ ਇਨ੍ਹਾਂ ਉਤੇ ਚੱਲ ਨਾ ਸਕਿਆ। ਸਾਰੀ ਉਮਰ ਮਾਂ-ਬੋਲੀ ਪੰਜਾਬੀ ਦੀ ਖੱਟੀ ਖਾਂਦਾ ਰਿਹਾ, ਸੰਸਾਰ ਭਰ ਵਿਚ ਸ਼ੋਹਰਤ ਵੀ ਖੱਟੀ, ਉਨ੍ਹਾਂ ਕਿਹਾ ਪੰਜਾਬੀ ਬੋਲੀ ਸਾਡੀ ਮਾਂ ਹੈ ਪਰ ਹਿੰਦੀ ਸਾਡੀ ਮਾਸੀ ਲਗਦੀ ਹੈ। ਕਹਿੰਦੇ ਹਨ ਮਾਂ ਵਰਗਾ ਪਿਆਰ ਮਾਸੀ ਦੇ ਨਹੀਂ ਸਕਦੀ, ਮਾਂ ਵਰਗੇ ਦੁੱਖ ਮਾਸੀ ਸਹਿ ਨਹੀਂ ਸਕਦੀ ਤੇ ਮਾਂ ਦਾ ਰੁਤਬਾ ਮਾਸੀ ਲੈ ਨਹੀਂ ਸਕਦੀ। ਜੇ ਕਿਸੇ ਸਰੋਤੇ ਨੇ ਮਾਂ ਤੇ ਮਾਸੀ ਵਿਚਾਲੇ ਰਿਸ਼ਤੇ ਬਾਰੇ ਪੁੱਛ ਹੀ ਲਿਆ ਤਾਂ ਏਨਾ ਭੜਕਣ ਦੀ ਕੀ ਲੋੜ ਸੀ ਕਿ ਸਿੱਧਾ ਗਾਲ੍ਹਾਂ ਕੱਢਣ ਦੀ ਨੌਬਤ ਆ ਗਈ। ਇਹ ਗੱਲ ਏਨੇ ਵੱਡੇ ਫ਼ਨਕਾਰ ਵਾਸਤੇ ਸ਼ੋਭਾ ਨਹੀਂ ਦਿੰਦੀ। ਪੰਜਾਬੀਆਂ ਨੇ ਮਾਨ ਨੂੰ ਏਨਾ ਮਾਣ ਬਖਸ਼ਿਆ ਤੇ ਆਪਣੀਆਂ ਪਲਕਾਂ 'ਤੇ ਬਿਠਾਇਆ ਤੇ ਮਾਨ ਨੇ ਉਨ੍ਹਾਂ ਦੇ ਹੀ ਦਿਲ ਨੂੰ ਠੇਸ ਪਹੁੰਚਾਈ। ਇਸ ਵਿਵਾਦ ਨੂੰ ਖਤਮ ਕਰਨ ਲਈ ਗੁਰਦਾਸ ਮਾਨ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।


-ਸੂਬੇਦਾਰ ਜਸਵਿੰਦਰ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਪ੍ਰਾਈਵੇਟ ਸਕੂਲ ਤੇ ਪੰਜਾਬੀ
ਰੁਜ਼ਗਾਰ ਦਾ ਜੋ ਹਾਲ ਦੇਸ਼ ਵਿਚ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਲੱਖਾਂ ਦੀ ਗਿਣਤੀ ਵਿਚ ਡਿਗਰੀਧਾਰਕ ਨੌਜਵਾਨ ਵਿਹਲੇ ਭਟਕ ਰਹੇ ਹਨ। ਬਾਹਰ ਜਾਣ ਲਈ ਮਜਬੂਰ ਹਨ। ਅੱਜ ਬਹੁਤ ਸਾਰੇ ਲੋਕ ਇਸ ਭਰਮ ਵਿਚ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ, ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬੀ ਮਾਧਿਅਮ/ਪੰਜਾਬੀ ਵਿਸ਼ੇ ਵਾਲੇ ਸਕੂਲ ਘਟੀਆ ਹਨ, ਅਸਲ ਵਿਚ ਐਸਾ ਨਹੀਂ ਹੈ। ਸਕੂਲ ਕੋਈ ਮਾੜਾ ਨਹੀਂ ਹੈ। ਪ੍ਰਾਈਵੇਟ ਸਕੂਲ ਵਿਚ ਜਿਥੇ ਪੜ੍ਹਾਈ ਵਧੀਆ, ਬਿਲਡਿੰਗ ਵਧੀਆ, ਵਰਦੀ ਵਧੀਆ, ਮਾਹੌਲ ਚੰਗਾ-ਅਨੁਸ਼ਾਸਨ ਪੂਰਾ ਆਦਿ ਬਹੁਤ ਸਾਰੀਆਂ ਖੂਬੀਆਂ ਹਨ, ਉਥੇ ਫੀਸ ਤਾਂ ਵੱਧ ਹੋਵੇਗੀ ਹੀ ਪਰ 'ਕਿੰਨਾ ਚੰਗਾ ਹੋਵੇ' ਜੇ ਇਹ ਪ੍ਰਾਈਵੇਟ ਸਕੂਲ 'ਪੰਜਾਬੀ' ਭਾਸ਼ਾ ਵਿਚ ਉਸ ਦਾ ਬਣਦਾ ਸਤਿਕਾਰ ਦੇਣ, ਪੰਜਾਬੀ ਮਾਧਿਅਮ ਨਾ ਵੀ ਹੋਵੇ ਪਰ 'ਪੰਜਾਬੀ ਵਿਸ਼ਾ' ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਵਿਸ਼ੇ 'ਤੇ ਪੁਨਰ ਸੋਚਣ ਤੇ ਸਮਝਣ। ਇਸ ਨਾਲ ਲੋਕ ਤੇ ਸਕੂਲ ਵਧਾਈ ਦੇ ਪਾਤਰ ਬਣਨਗੇ, ਸੱਚਮੁੱਚ ਪੰਜਾਬ ਤੇ ਪੰਜਾਬੀਅਤ ਦੇ ਆਲੰਬੜਦਾਰ ਕਹਿਲਾਉਣਗੇ।


-ਗੁਰਚਰਨ ਸਿੰਘ
ਪਿੰਡ ਮਜਾਰਾ (ਨਵਾਂਸ਼ਹਿਰ)।

27-09-2019

 ਨਿੱਤ ਦਿਨ ਦੇ ਰੋਡ ਜਾਮ
ਸਾਡੇ ਦੇਸ਼ ਦਾ ਕਾਨੂੰਨ ਏਨਾ ਲਚਕੀਲਾ ਹੈ ਕਿ ਇੱਥੇ ਇਨਸਾਫ਼ ਲੈਣ ਲਈ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਇਸ ਲਈ ਪਤਾ ਹੀ ਨਹੀਂ ਹੁੰਦਾ ਕਿ ਸਫ਼ਰ 'ਤੇ ਜਾਂਦਿਆਂ ਕਿਸ ਸੜਕ 'ਤੇ ਵਿਰੋਧ ਪ੍ਰਦਰਸ਼ਨ ਕਾਰਨ ਜਾਮ ਲੱਗਿਆ ਮਿਲ ਜਾਵੇ। ਜਦੋਂ ਹੀ ਆਮ ਲੋਕਾਂ, ਮੁਲਾਜ਼ਮਾਂ ਤੇ ਕਿਸਾਨਾਂ ਨੂੰ ਲਗਦਾ ਹੈ ਕਿ ਸਾਡੇ ਨਾਲ ਇਨਸਾਫ਼ ਨਹੀਂ ਹੋ ਰਿਹਾ ਤਾਂ ਸਰਕਾਰ ਦਾ ਧਿਆਨ ਖਿੱਚਣ ਲਈ ਤੁਰੰਤ ਰੁਝੇਵਿਆਂ ਭਰੀ ਸੜਕ ਨੂੰ ਜਾਮ ਕਰ ਦਿੱਤਾ ਜਾਂਦਾ ਹੈ। ਪੀੜਤ ਧਿਰ ਨੂੰ ਲਗਦਾ ਹੈ ਕਿ ਇਨਸਾਫ਼ ਲੈਣ ਦਾ ਇਹ ਸੌਖਾ ਤਰੀਕਾ ਹੈ ਪਰ ਇਸ ਜਾਮ ਨਾਲ ਆਮ ਜਨਤਾ, ਵਿਦਿਆਰਥੀਆਂ, ਮੁਲਾਜ਼ਮਾਂ, ਮਰੀਜ਼ਾਂ ਅਤੇ ਦੁੱਖ-ਸੁੱਖ ਵੰਡਾਉਣ ਜਾ ਰਹੇ ਲੋਕਾਂ ਨੂੰ ਅੰਤਾਂ ਦੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕਈ ਵਾਰ ਬੇਕਸੂਰ ਲੋਕਾਂ ਦੀ ਸਬੰਧਿਤ ਧਿਰ ਨਾਲ਼ ਬਹਿਸ ਵੀ ਹੋ ਜਾਂਦੀ ਹੈ। ਇਸ ਲਈ ਰੋਡ ਜਾਮ ਕਰਨਾ ਵਿਰੋਧ ਦਾ ਕੋਈ ਵਧੀਆ ਤਰੀਕਾ ਨਹੀਂ ਕਿਹਾ ਜਾ ਸਕਦਾ। ਇਸ ਵਿਰੋਧ ਦਾ ਕੋਈ ਹੋਰ ਸਾਰਥਿਕ ਤਰੀਕਾ ਲੱਭਿਆ ਜਾਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਕੇ ਪੂਰੀ ਤਰ੍ਹਾਂ ਜਵਾਬਦੇਹ ਬਣਾਉਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਇਨਸਾਫ਼ ਲਈ ਭਟਕਣਾ ਨਾ ਪਵੇ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਪੋਲੀਥੀਨ ਮੁਕਤ ਭਾਰਤ
ਪੋਲੀਥੀਨ ਲਿਫ਼ਾਫਿਆਂ ਨਾਲ ਅੱਜਕਲ੍ਹ ਗੰਦਗੀ ਵਿਚ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਵੀ ਅਸੀਂ ਖ਼ੁਦ ਹਾਂ ਕਿਉਂਕਿ ਕੋਈ ਵੀ ਵਿਅਕਤੀ ਬਾਜ਼ਾਰ ਜਾਣ ਲਈ ਝੋਲਾ ਚੁੱਕਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦਾ ਹੈ। ਇਸ ਲਈ ਹਰ ਚੀਜ਼ ਸਾਂਭਣ ਲਈ ਪੋਲੀਥੀਨ ਲਿਫ਼ਾਫ਼ੇ ਦਾ ਇਸਤੇਮਾਲ ਹੋ ਰਿਹਾ ਹੈ। ਅਸੀਂ ਭਾਂਡਾ ਜਾਂ ਝੋਲਾ ਦੁਕਾਨ 'ਤੇ ਨਹੀਂ ਲੈ ਕੇ ਜਾਂਦੇ। ਇਸ ਦੀਆਂ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਵੀ ਹਨ, ਜਿਨ੍ਹਾਂ ਨੇ ਸਮੇਂ ਰਹਿੰਦੇ ਪੋਲੀਥੀਨ ਲਿਫ਼ਾਫ਼ਿਆਂ 'ਤੇ ਪਾਬੰਦੀ ਨਹੀਂ ਲਗਾਈ। ਕਈ ਵਾਰ ਇਨ੍ਹਾਂ 'ਤੇ ਰੋਕ ਲਗਾਉਣ ਦੇ ਉਪਰਾਲੇ ਕੀਤੇ ਗਏ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਛੋਟੇ ਦੁਕਾਨਦਾਰਾਂ 'ਤੇ ਜੁਰਮਾਨਾ ਲਗਾ ਦਿੱਤਾ ਗਿਆ। ਇਨ੍ਹਾਂ ਨੂੰ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਰੋਕ ਨਹੀਂ ਲਗਾਈ ਗਈ। ਆ ਰਹੀਆਂ ਖ਼ਬਰਾਂ ਅਨੁਸਾਰ ਹੁਣ ਕੇਂਦਰ ਸਰਕਾਰ ਵਲੋਂ 2 ਅਕਤੂਬਰ ਤੋਂ ਪੋਲੀਥੀਨ 'ਤੇ ਮੁਕੰਮਲ ਰੋਕ ਲਗਾ ਦਿੱਤੀ ਜਾਵੇਗੀ। ਇਹ ਇਕ ਚੰਗਾ ਉਪਰਾਲਾ ਹੋਵੇਗਾ। ਇਸ ਦੇ ਬਦਲ ਵਿਚ ਆਲੂਆਂ ਤੇ ਮੱਕੀ ਤੋਂ ਬਣੇ ਲਿਫ਼ਾਫ਼ੇ ਤੇ ਝੋਲੇ ਸਸਤੇ ਰੇਟਾਂ 'ਤੇ ਸਰਕਾਰ ਵਲੋਂ ਦਿੱਤੇ ਜਾਣਗੇ। ਇਹ ਲਿਫ਼ਾਫ਼ੇ ਤੇ ਝੋਲਿਆਂ ਦੀ ਖਾਸੀਅਤ ਇਹ ਹੈ ਕਿ ਇਹ ਚਾਰ-ਪੰਜ ਮਹੀਨਿਆਂ ਵਿਚ ਆਪਣੇ-ਆਪ ਹੀ ਗਲ ਜਾਣਗੇ ਜਾਂ ਇਨ੍ਹਾਂ ਨੂੰ ਆਵਾਰਾ ਪਸ਼ੂ ਖਾ ਜਾਣਗੇ। ਇਸ ਤਰ੍ਹਾਂ ਕੂੜੇ ਦੇ ਅੰਬਾਰਾਂ ਤੋਂ ਛੁਟਕਾਰਾ ਮਿਲੇਗਾ ਪਰ ਪਲਾਸਟਿਕ ਦੀਆਂ ਬੋਤਲਾਂ ਦਾ ਬਦਲ ਕੀ ਹੋਵੇਗਾ ਤੇ ਕਦੋਂ ਹੋਵੇਗਾ, ਇਸ ਬਾਰੇ ਸਮਾਂ ਰਹਿੰਦੇ ਹੱਲ ਕਰਨਾ ਜ਼ਰੂਰੀ ਹੈ।


-ਸੁਖਦੀਪ ਸਿੰਘ ਗਿੱਲ।


ਪਾਣੀ ਦੇ ਨੀਵੇਂ ਪੱਧਰ ਲਈ ਜ਼ਿੰਮੇਵਾਰ ਕੌਣ?
ਗੁਰਬਾਣੀ ਦੇ ਅਨੁਸਾਰ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜਿਹੜੀਆਂ ਹੁਣ ਤਿੰਨੇ ਪਲੀਤ ਹੋ ਚੁੱਕੀਆਂ ਹਨ। ਇਨ੍ਹਾਂ ਦੇ ਪਲੀਤ ਹੋਣ ਦਾ ਕਾਰਨ ਮਨੁੱਖ ਵਲੋਂ ਕੁਦਰਤ ਨਾਲ ਛੇੜਛਾੜ ਕਰਨਾ ਹੈ। ਹਰੀ ਕ੍ਰਾਂਤੀ ਆਉਣ ਨਾਲ ਦੇਸ਼ ਦੀ ਭੁਖਮਰੀ ਨੂੰ ਦੂਰ ਕਰਨ ਲਈ ਪੰਜਾਬੀਆਂ ਨੇ ਆਪਣੇ ਧਰਤੀ ਹੇਠਲੇ ਪਾਣੀ ਦੀ ਪਰਵਾਹ ਨਾ ਕਰਦੇ ਹੋਏ ਅਨਾਜ ਭੰਡਾਰ ਨੂੰ ਭਰਿਆ, ਪੰਜਾਬ ਅੰਦਰ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਜਾਣ ਨਾਲ ਬਿਜਲੀ ਤੇ ਡੀਜ਼ਲ ਦੀ ਖਪਤ ਵਧੇਰੇ ਹੋਣ ਲੱਗੀ ਹੈ। 'ਵਾਟਰ ਰੀਸਾਈਕਲਿੰਗ' ਵਿਧੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਲਈ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਡੂੰਘੇ ਟੋਏ ਪੁੱਟ ਕੇ, ਪਾਣੀ ਜਮ੍ਹਾ ਕਰਨ ਦੀ ਲੋੜ ਹੈ। ਆਓ, ਖ਼ੁਦ ਪਹਿਲ ਕਰਦੇ ਹੋਏ ਪਲੀਤ ਹੋਏ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਸੁਚੱਜਾ ਬਣਾਉਣ ਦਾ ਪ੍ਰਣ ਕਰੀਏ ਤਾਂ ਕਿ ਆਉਣ ਵਾਲੀ ਪੁਸ਼ਤਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ, ਡੇਰਾਬੱਸੀ।


ਮਤਲਬ ਦੀ ਦੁਨੀਆ
ਅੱਜ ਦਾ ਸਮਾਂ ਮਤਲਬ ਦਾ ਸਮਾਂ ਹੈ, ਜ਼ਿਆਦਾਤਰ ਇਨਸਾਨਾਂ ਵਲੋਂ ਰਿਸ਼ਤੇ ਨਾਤੇ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਲੋੜ ਪੈਣ 'ਤੇ ਆਪਣਾ ਮਤਲਬ ਕੱਢਿਆ ਜਾ ਸਕੇ। ਜਦ ਤੱਕ ਇਨਸਾਨ ਨੂੰ ਕਿਸੇ ਤੱਕ ਮਤਲਬ ਹੁੰਦਾ ਹੈ, ਉਦੋਂ ਤੱਕ ਇਨਸਾਨ ਦੂਜੇ ਦੀ ਖ਼ੁਸ਼ੀ ਦਾ ਖਿਆਲ ਰੱਖਦਾ ਹੈ, ਹਾਲ-ਚਾਲ ਪੁੱਛਦਾ ਹੈ ਅਤੇ ਇਹ ਦਿਖਾਉਣ ਦਾ ਯਤਨ ਕਰਦਾ ਹੈ ਕਿ ਉਹ ਉਸ ਦਾ ਸਭ ਤੋਂ ਵੱਡਾ ਚਿੰਤਕ ਹੈ ਪਰ ਇਕ ਵਾਰ ਆਪਣਾ ਮਤਲਬ ਪੂਰਾ ਕਰਨ ਤੋਂ ਬਾਅਦ ਅਜਿਹੇ ਲੋਕਾਂ ਦੇ ਵਿਚਾਰ ਪਹਿਲਾਂ ਨਾਲੋਂ ਬਿਲਕੁਲ ਬਦਲ ਜਾਂਦੇ ਹਨ। ਮਤਲਬ ਨਿਕਲਣ ਤੋਂ ਬਾਅਦ ਇਹ ਹਾਲ-ਚਾਲ ਪੁੱਛਣਾ ਤਾਂ ਦੂਰ ਦੂਜੇ ਇਨਸਾਨ ਨੂੰ ਪਛਾਨਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਬੜੇ ਸੱਚੇ-ਸੁੱਚੇ ਹੁੰਦੇ ਸਨ, ਜੋ ਉਨ੍ਹਾਂ ਦੇ ਦਿਲ ਵਿਚ ਹੁੰਦਾ ਸੀ, ਉਹੀ ਜ਼ਬਾਨ ਉੱਤੇ ਹੁੰਦਾ ਸੀ ਅਤੇ ਉਹ ਲੋਕ ਰਿਸ਼ਤਿਆਂ ਦੀ ਕਦਰ ਕਰਨਾ ਜਾਣਦੇ ਸਨ। ਸਾਨੂੰ ਰਿਸ਼ਤੇ ਬਿਨਾਂ ਕਿਸੇ ਮਤਲਬ ਅਤੇ ਲਾਲਚ ਤੋਂ ਨਿਭਾਉਣੇ ਚਾਹੀਦੇ ਹਨ ਅਤੇ ਆਪਣੇ ਮਤਲਬ ਲਈ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

26-09-2019

 ਗੀਤਾਂ ਵਿਚ ਲੱਚਰਤਾ ਤੇ ਗੁੰਡਾਗਰਦੀ
ਅਜੋਕੇ ਗੀਤਾਂ ਵਿਚ ਲੱਚਰਤਾ ਅਤੇ ਗੁੰਡਾਗਰਦੀ ਦਾ ਬੋਲਬਾਲਾ ਵਧ ਗਿਆ ਹੈ। ਪੰਜਾਬੀ ਗੀਤਾਂ ਵਿਚ ਸੁਰ ਨਾ ਸਾਜ ਹੁੰਦਾ ਹੈ, ਸਿਰਫ ਧਮਕ ਹੀ ਸੁਣਨ ਨੂੰ ਮਿਲਦੀ ਹੈ। ਅਜੋਕੇ ਗਾਇਕਾਂ ਨੂੰ ਨਾ ਤਾਂ ਸੁਰ ਦਾ ਪਤਾ ਲਗਦਾ ਹੈ, ਨਾ ਹੀ ਸਾਜ ਦਾ। ਤੂੰਬੀ ਤਾਂ ਗੀਤਾਂ ਵਿਚ ਘੱਟ ਹੀ ਸੁਣਨ ਨੂੰ ਮਿਲਦੀ ਹੈ। ਗੀਤਾਂ ਵਿਚ ਜੱਟ ਨੂੰ ਗੁੰਡਾ, ਆਸ਼ਕ ਜਾਂ ਸ਼ਰਾਬੀ, ਐਸ਼ਪ੍ਰਸਤ ਸਰਦਾਰ ਦਿਖਾਇਆ ਜਾਂਦਾ ਹੈ ਪਰ ਅਸਲ ਵਿਚ ਕਿਸਾਨ (ਜੱਟ) ਦਾ ਕੀ ਹਾਲ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਗੀਤਾਂ ਵਿਚ ਲੱਚਰਤਾ ਏਨੀ ਵਧ ਗਈ ਹੈ ਕਿ ਗੀਤਾਂ ਨੂੰ ਪਰਿਵਾਰ ਵਿਚ ਬੈਠ ਕੇ ਸੁਣਨਾ ਔਖਾ ਹੋ ਗਿਆ ਹੈ। ਇਨ੍ਹਾਂ ਗਾਇਕਾਂ ਤੋਂ ਅਖਾੜਾ ਵੀ ਨਹੀਂ ਲਗਾਇਆ ਜਾਂਦਾ। ਕੁਝ ਗਾਇਕ ਤਾਂ ਅਖਾੜਾ ਲਾਉਣ ਵੇਲੇ ਪਿੱਛੇ ਸਪੀਕਰ 'ਚ ਆਪਣਾ ਗੀਤ ਚਲਾ ਕੇ ਟਾਈਮ ਪਾਸ ਕਰਦੇ ਹਨ। ਇਨ੍ਹਾਂ ਗੀਤਾਂ ਦਾ ਬੁਰਾ ਪ੍ਰਭਾਵ ਸਾਡੀਆਂ ਨਵੀਆਂ ਪੀੜ੍ਹੀਆਂ 'ਤੇ ਪੈ ਰਿਹਾ ਹੈ, ਜੋ ਇਨ੍ਹਾਂ ਗੀਤਾਂ ਨੂੰ ਸੁਣ-ਸੁਣ ਕੇ ਆਪਣੇ ਅਸਲੀ ਮੰਤਵ ਨੂੰ ਭੁੱਲ ਗਈ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਜਿਥੇ ਸਾਡੇ ਬਜ਼ੁਰਗ ਅਤੇ ਬੁੱਧੀਮਾਨ ਚਿੰਤਤ ਹਨ, ਉਥੇ ਹੀ ਸਾਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਗਾਇਕਾਂ ਨਾਲੋਂ ਵਧੀਆ ਸੱਭਿਆਚਾਰਕ ਗਾਇਕਾਂ ਨੂੰ ਉਤਸ਼ਾਹਿਤ ਕਰੀਏ। ਨਹੀਂ ਤਾਂ ਇਹ ਲੱਚਰਤਾ ਅਤੇ ਗੁੰਡਾਗਰਦੀ ਪੰਜਾਬ ਨੂੰ ਬਰਬਾਦ ਕਰ ਦੇਵੇਗੀ।


-ਗੁਰਪ੍ਰੀਤ ਨੰਦਗੜ੍ਹ
ਬੀ.ਲਿਬ. ਭਾਗ-ਪਹਿਲਾ, ਗੁਰੂ ਨਾਨਕ ਕਾਲਜ, ਬੁਢਲਾਡਾ।


ਘਾਤਕ ਹੈ ਪਲਾਸਟਿਕ ਦੀ ਵਰਤੋਂ
ਪ੍ਰਧਾਨ ਮੰਤਰੀ ਨੇ ਹਰ ਨਾਗਰਿਕ ਨੂੰ ਇਕ ਵਾਰ ਵਰਤੋਂ (ਸਿੰਗਲ ਯੂਜ਼ ਪਲਾਸਟਿਕ) 'ਚ ਆਉਣ ਵਾਲੇ ਪਲਾਸਟਿਕ ਤੋਂ ਮੁਕਤੀ ਦਾ ਅਹਿਦ ਲੈਣ ਲਈ ਕਿਹਾ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਰਕਾਰ ਨੂੰ ਪਲਾਸਟਿਕ ਦੀਆਂ 64 ਵਸਤੂਆਂ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। 12 ਵਸਤੂਆਂ 'ਤੇ ਤੁਰੰਤ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰ ਵਿਭਾਗ ਵੀ ਨੁਕਸਾਨ ਪਹੁੰਚਾਉਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਬੰਦ ਕਰਨ ਦੀਆਂ ਤਿਅਰੀਆਂ 'ਚ ਜੁਟ ਗਏ ਹਨ। ਪਲਾਸਟਿਕ ਭੋਜਨ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ। ਇਕ ਵਾਰ ਵਰਤੋਂ 'ਚ ਆਉਣ ਵਾਲੇ ਪਲਾਸਟਿਕ ਦਾ ਸਾਮਾਨ ਕਈ-ਕਈ ਸਾਲ ਨਸ਼ਟ ਨਹੀਂ ਹੁੰਦਾ ਅਤੇ ਨਾ ਹੀ ਰੀਸਾਈਕਲ (ਸਿਰਫ 6 ਫ਼ੀਸਦੀ) ਹੁੰਦਾ ਹੈ। ਦੁਨੀਆ ਭਰ ਵਿਚ ਕਰੋੜਾਂ ਟਨ ਪਲਾਸਟਿਕ ਜਮ੍ਹਾਂ ਹੈ। ਪਲਾਸਟਿਕ ਦੀ ਵਰਤੋਂ ਖਿਲਾਫ਼ ਜਾਗਰੂਕਤਾ ਲਹਿਰ ਉਸਾਰਨੀ ਹੋਵੇਗੀ। ਸਰਕਾਰ ਦੀ ਇੱਛਾ ਸ਼ਕਤੀ ਅਤੇ ਪ੍ਰਸ਼ਾਸਨ ਦੀ ਵੀ ਅਹਿਮ ਭੂਮਿਕਾ ਹੋਵੇਗੀ।


-ਮੁਖਤਾਰ ਗਿੱਲ
ਪ੍ਰੀਤ ਨਗਰ, ਅੰਮ੍ਰਿਤਸਰ।


ਆਪਣਾ ਫ਼ਰਜ਼ ਪਛਾਣੋ
ਮਾਨਸ ਜੀਵ ਭਿਆਨਕ ਐਕਸੀਡੈਂਟ ਦਾ ਸ਼ਿਕਾਰ ਹੋਇਆ ਹੁੰਦਾ ਹੈ ਤੇ ਲੋਕ ਉਸ ਦੀ ਵੀਡੀਓ ਬਣਾ ਰਹੇ ਹੁੰਦੇ ਹਨ... ਨੈੱਟ 'ਤੇ ਅਪਲੋਡ ਕਰਨ ਲਈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜਕਲ੍ਹ ਸੜਕ 'ਤੇ ਜਦੋਂ ਵੀ ਕਿਸੇ ਦਾ ਐਕਸੀਡੈਂਟ ਹੋਇਆ ਪਿਆ ਹੋਵੇ ਤਾਂ ਜ਼ਿਆਦਾਤਰ ਲੋਕ ਐਕਸੀਡੈਂਟ ਹੋਏ ਵਿਅਕਤੀਆਂ ਨੂੰ ਚੁੱਕ ਕੇ ਮਦਦ ਨਹੀਂ ਕਰਦੇ, ਸਗੋਂ ਉਸ ਦੀਆਂ ਫੋਟੋਆਂ ਕਰਨੀਆਂ, ਉਸ ਸਥਾਨ 'ਤੇ ਸੈਲਫੀਆਂ ਕਰਨੀਆਂ ਅਤੇ ਫੇਸਬੁੱਕ 'ਤੇ ਲਾਈਵ ਹੋ ਜਾਂਦੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਸਾਨੂੰ ਸਾਰਿਆਂ ਨੂੰ ਇਹੀ ਪ੍ਰਣ ਲੈਣਾ ਚਾਹੀਦਾ ਹੈ ਕਿ ਜਦੋਂ ਵੀ ਕਿਤੇ ਵੀ ਸੜਕ 'ਤੇ ਕੋਈ ਐਕਸੀਡੈਂਟ ਹੋਇਆ ਹੋਵੇ ਤਾਂ ਸਾਨੂੰ ਸੈਲਫੀਆਂ ਕਰਨ ਦੀ ਬਜਾਏ, ਉਸ ਮਰੀਜ਼ ਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਐਂਬੂਲੈਂਸ ਨੂੰ ਫੋਨ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ।


-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿ: ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।


ਨਵੇਂ ਮੋਹਰ ਵਹੀਕਲ ਬਿੱਲ ਦੇ ਜੁਰਮਾਨੇ
ਕੇਂਦਰ ਸਰਕਾਰ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਲਗਾਏ ਜਾਣ ਵਾਲੇ ਭਾਰਤੀ ਜੁਰਮਾਨਿਆਂ ਦਾ ਰੌਲਾ ਸੋਸ਼ਲ ਮੀਡੀਆ 'ਤੇ ਪੈ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜਦ ਅਸੀਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੀ ਨਾ ਕਰਾਂਗੇ ਤਦ ਸਾਨੂੰ ਜੁਰਮਾਨੇ ਦਾ ਕੀ ਡਰ। ਪਰ ਗੱਲ ਤਾਂ ਇਹ ਹੈ ਕਿ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾ ਸਾਰੇ ਨਹੀਂ ਕਰਦੇ। ਗ਼ਰੀਬ ਬੰਦਾ ਆਪਣੇ ਵਾਹਨ ਤੋਂ ਦੁੱਗਣੀ ਕੀਮਤ ਦਾ ਚਲਾਨ ਕਿਵੇਂ ਭਰੇ? ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਦੇਖਣ ਨੂੰ ਮਿਲੀਆਂ ਹਨ ਕਿ ਵਾਹਨ ਦਾ ਮਾਲਕ ਆਪਣਾ ਵਾਹਨ ਹੀ ਛੱਡ ਜਾਂਦਾ ਹੈ। ਸਰਕਾਰ ਨੇ ਨਵਾਂ ਮੋਟਰ ਵਹੀਕਲ ਬਿੱਲ ਪਾਸ ਕਰਕੇ ਇਕੋ ਦਮ ਲਾਗੂ ਕਰ ਦਿੱਤਾ। ਜੇ ਸਰਕਾਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਦੀ ਤੇ ਕਾਗਜ਼ ਪੱਤਰ ਪੂਰੇ ਕਰਨ ਦਾ ਸਮਾਂ ਦਿੰਦੀ ਤਾਂ ਅੱਜ ਤੱਕ ਸਭ ਦੀਆਂ ਖਾਮੀਆਂ ਦੂਰ ਹੋ ਜਾਂਦੀਆਂ ਤੇ ਸਰਕਾਰ ਨੂੰ ਕਮਾਈ ਵੀ ਹੁੰਦੀ। ਭਾਰੀ ਜੁਰਮਾਨਾ ਲਗਾਉਣ ਦੀ ਥਾਂ ਮੌਕੇ 'ਤੇ ਰਹਿੰਦੇ ਕਾਗਜ਼ ਵੀ ਪੂਰੇ ਕਰਨੇ ਤੇ ਹੈਲਮਟ ਆਦਿ ਮੌਕੇ 'ਤੇ ਦੇ ਕੇ ਕੀਮਤ ਵਸੂਲੀ ਜਾਵੇ ਨਾ ਕਿ ਜੁਰਮਾਨਾ।


-ਸੁਖਦੀਵ ਸਿੰਘ ਗਿੱਲ।


ਪਹਿਰਾਵਾ ਕਿੰਨਾ ਕੁ ਜ਼ਿੰਮੇਵਾਰ?
ਕਈ ਵਾਰ ਹੋ ਰਹੇ ਜਬਰ ਜਨਾਹ ਦਾ ਮੁੱਦਾ ਗਰਮਾਉਂਦਾ ਹੈ, ਜਿਸ ਵਿਚ ਕਿਤੇ ਨਾ ਕਿਤੇ ਕੁੜੀ ਦੁਆਰਾ ਪਹਿਨੇ ਗਏ ਪਹਿਰਾਵੇ ਨੂੰ ਵਿਸ਼ਾ ਬਣਾਇਆ ਜਾਂਦਾ ਹੈ। ਜਿਥੋਂ ਤੱਕ ਮੈਨੂੰ ਲਗਦਾ ਹੈ ਕਿ ਜਬਰ ਜਨਾਹ ਦਾ ਕਾਰਨ ਪਹਿਰਾਵਾ ਨਹੀਂ, ਸਗੋਂ ਵਿਅਕਤੀ ਦੀ ਛੋਟੀ ਅਤੇ ਗੰਦੀ ਮਾਨਸਿਕਤਾ ਹੈ। ਕਿਉਂਕਿ ਇਥੇ ਛੋਟੀਆਂ-ਛੋਟੀਆਂ ਬੱਚੀਆਂ ਨਾਲ ਵੀ ਜਬਰ ਜਨਾਹ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ, ਕੀ ਉਨ੍ਹਾਂ ਲਈ ਪਹਿਰਾਵਾ ਜ਼ਿੰਮੇਵਾਰ ਹੈ? ਜਿਥੋਂ ਤੱਕ ਪਹਿਰਾਵੇ ਦਾ ਸਵਾਲ ਹੈ, ਭਾਰਤ ਇਕ ਸੱਭਿਅਕ ਦੇਸ਼ ਹੈ। ਇਥੋਂ ਦੀਆਂ ਜ਼ਿਆਦਾਤਰ ਕੁੜੀਆਂ ਦਾ ਪਹਿਰਾਵਾ ਸਲਵਾਰ ਕਮੀਜ਼ ਤੇ ਸਾੜ੍ਹੀ ਆਦਿ ਹੈ, ਜਿਸ ਨਾਲ ਪੂਰਾ ਤਨ ਢਕਿਆ ਜਾਂਦਾ ਹੈ। ਜਿੰਨੀਆਂ ਵੀ ਕੁੜੀਆਂ ਨਾਲ ਜਬਰ ਜਨਾਹ ਹੋਏ ਹਨ, ਉਨ੍ਹਾਂ 'ਚੋਂ ਕਿੰਨੀਆਂ ਕੁ ਬੇਢੰਗੇ ਪਹਿਰਾਵੇ ਵਾਲੀਆਂ ਸਨ? ਬਹੁਤ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਵੇਗੀ ਪਰ ਇਸ ਗੱਲ 'ਤੇ ਵਿਚਾਰ ਜ਼ਰੂਰ ਕਰਿਓ ਕਿ ਜਬਰ ਜਨਾਹ ਦੇ ਕਾਰਨਾਂ ਵਿਚੋਂ ਪਹਿਰਾਵਾ ਕਿਸ ਹੱਦ ਤੱਕ ਜ਼ਿੰਮੇਵਾਰ ਹੈ?


-ਅਮਰਜੀਤ ਕੌਰ।

 

ਧੰਨਵਾਦੀ ਹਾਂ
ਅਸੀਂ ਲੰਮੇ ਸਮੇਂ ਤੋਂ 'ਅਜੀਤ' ਨਾਲ ਜੁੜੇ ਹੋਏ ਹਾਂ। ਅਸੀਂ ਬਹੁਤ ਹੀ ਧੰਨਵਾਦੀ ਹਾਂ। 'ਅਜੀਤ' ਵਿਚੋਂ ਸਾਨੂੰ ਚੰਗੀਆਂ ਖ਼ਬਰਾਂ, ਕਹਾਣੀਆਂ, ਨਾਵਲ, ਬੱਚਿਆਂ ਸਬੰਧੀ ਜਾਣਕਾਰੀ, ਰਸੋਈ ਬਾਰੇ, ਆਪਣੀ ਸਿਹਤ ਬਾਰੇ, ਗੱਲ ਕੀ ਹਰ ਵਿਸ਼ੇ ਬਾਰੇ ਜਾਣਕਾਰੀ ਘਰ ਬੈਠਿਆਂ ਹੀ ਮਿਲ ਜਾਂਦੀ ਹੈ। ਅਸੀਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ 'ਅਜੀਤ' ਤਰੱੱਕੀ ਦੀਆਂ ਹੋਰ ਮੰਜ਼ਿਲਾਂ ਛੂਹੇ ਅਤੇ ਦੁਨੀਆ ਭਰ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕਰੇ।


-ਪਰਵਿੰਦਰ ਕੌਰ, ਰਾਏਕੋਟ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX