ਤਾਜਾ ਖ਼ਬਰਾਂ


ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  54 minutes ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  about 2 hours ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  about 2 hours ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  about 3 hours ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  about 3 hours ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  about 3 hours ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  about 3 hours ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  about 4 hours ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  about 4 hours ago
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੌਰਾਨ ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ...
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  about 4 hours ago
ਭੁਲੱਥ, 7 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਤੋਂ ਕਾਂਗਰਸ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਯੂਥ ਕਾਂਗਰਸ ਦੀ ਚੋਣ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਮੱਘਰ ਸੰਮਤ 551
ਵਿਚਾਰ ਪ੍ਰਵਾਹ: ਪਤਾ ਲੱਗ ਜਾਣ ਮਗਰੋਂ ਵੀ ਭੁੱਲ ਨੂੰ ਨਾ ਸੋਧੀਏ ਤਾਂ ਇਕ ਹੋਰ ਭੁੱਲ ਕਰ ਰਹੇ ਹੋਵਾਂਗੇ। -ਕਨਫਿਊਸ਼ੀਅਸ

ਤੁਹਾਡੇ ਖ਼ਤ

03-12-2019

 ਬੇਲਗਾਮ ਕੀਮਤਾਂ

ਅੱਜ ਬਾਜ਼ਾਰਾਂ ਵਿਚ ਰੋਜ਼ਾਨਾ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਬੇਲਗਾਮ ਹੋ ਗਈਆਂ ਹਨ। ਮਾਰਕੀਟ ਵਿਚ ਕਿਸੇ ਕਿਸਮ ਦੀ ਥੁੜ ਨਹੀਂ। ਸਟੋਰ ਤੇ ਦੁਕਾਨਾਂ ਭਰੀਆਂ ਪਈਆਂ ਹਨ ਪਰ ਵਸਤਾਂ ਦੇ ਭਾਅ ਪੁੱਛੋ ਤਾਂ ਗ਼ਰੀਬ ਆਦਮੀ ਦੀ ਜਾਨ ਨਿਕਲ ਜਾਂਦੀ ਹੈ। ਅਮੀਰ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਲੋਕਾਂ ਨੇ ਤਾਂ ਕਦੀ ਵਸਤਾਂ ਦੇ ਭਾਅ ਹੀ ਨਹੀਂ ਪੁੱਛੇ। ਅਸਲ ਵਿਚ ਮਹਿੰਗਾਈ ਦਾ ਕਾਰਨ ਅਮੀਰ ਲੋਕ ਹੀ ਹਨ। ਕਾਰ ਵਿਚ ਸਮਾਨ ਰਖਾਇਆ, ਬਿੱਲ ਦਿੱਤਾ ਤੇ ਚਲਦੇ ਬਣੇ। ਜੇ ਆਪਾਂ ਸਬਜ਼ੀਆਂ, ਫ਼ਲਾਂ, ਦਾਲਾਂ ਆਦਿ ਦੇ ਮੁੱਲ ਦੀ ਗੱਲ ਕਰੀਏ ਤਾਂ ਇਨ੍ਹਾਂ ਫ਼ਸਲਾਂ ਦੇ ਉਗਾਉਣ ਵਾਲਿਆਂ ਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਨਾ ਹੀ ਖਾਣ ਵਾਲਿਆਂ ਦੇ। ਵਿਚਲੇ ਦਲਾਲ ਲੋਕ ਢੇਰ ਕਮਾਈਆਂ ਕਰ ਜਾਂਦੇ ਹਨ। ਆਮ ਲੋਕਾਂ ਵਿਚ ਮਚੀ ਮਹਿੰਗਾਈ ਦੀ ਹਾਹਾਕਾਰ ਸਰਕਾਰ ਨੂੰ ਸੁਣਾਈ ਨਹੀਂ ਦਿੰਦੀ। ਇਕ ਪਾਸੇ ਬੇਰੁਜ਼ਗਾਰੀ ਤੇ ਦੂਜੇ ਪਾਸੇ ਅੱਤ ਦੀ ਮਹਿੰਗਾਈ ਜਨਤਾ ਦਾ ਘਾਣ ਕਰੀ ਜਾ ਰਹੀ ਹੈ। ਲੋਕਾਂ ਨੂੰ ਜਾਗ ਜਾਣਾ ਚਾਹੀਦਾ ਹੈ। ਰਾਜਨੀਤੀਵਾਨ ਵੀ ਸਮੱਸਿਆ ਦੇ ਹੱਲ ਲਈ ਸੋਚਣ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਮੋਬਾਈਲਾਂ ਨੇ ਗੁਆਇਆ ਬੱਚਿਆਂ ਦਾ ਬਚਪਨ

ਉਹ ਬਚਪਨ ਜਿਸ ਵਿਚ ਬੱਚੇ ਕਦੇ ਸਾਈਕਲ ਦੇ ਟਾਈਰਾਂ ਨੂੰ ਡੰਡਿਆਂ ਨਾਲ ਭਜਾਈ ਜਾਂਦੇ ਸੀ, ਗਰਮੀਆਂ ਵਿਚ ਕੁਲਫੀ ਵਾਲਿਆਂ ਦੇ ਪਿੱਛੇ-ਪਿੱਛੇ ਦੌੜਦੇ-ਦੌੜਦੇ ਥੱਕਦੇ ਨਹੀਂ ਸੀ, ਉਹ ਬਚਪਨ ਖੰਭ ਲਗਾ ਕੇ ਕਿਧਰੇ ਉਡਿਆ ਜਾਪਦਾ ਹੈ। ਉਹ ਖੇਡਾਂ ਬਾਂਦਰ ਕਿੱਲਾ, ਗੁੱਲੀ ਡੰਡਾ ਕਿਧਰੇ ਗੁਆਚ ਗਈਆਂ ਹਨ। ਅੱਜ ਦੇ ਬੱਚੇ ਸਿਰਫ ਬਚਪਨ ਦੀਆਂ ਕਹਾਣੀਆਂ ਸੁਣਨ ਦਾ ਹੀ ਅਨੰਦ ਮਾਣ ਸਕਦੇ ਹਨ ਪਰ ਉਸ ਬਚਪਨ ਨੂੰ ਭੋਗ ਨਹੀਂ ਰਹੇ। ਜਿਹੜੇ ਬੱਚੇ ਦਾ ਬਚਪਨ ਹੀ ਇਕ ਮੋਬਾਈਲ ਵਰਗੇ ਡੱਬੇ ਵਿਚ ਬੰਦ ਹੋ ਕੇ ਰਹਿ ਜਾਂਦਾ ਹੈ, ਉਹ ਕਿਹੜੀਆਂ ਯਾਦਾਂ ਨੂੰ ਮਾਣੇਗਾ। ਅੱਜ ਦੇ ਬੱਚਿਆਂ ਵਿਚ ਮਾਨਸਿਕ ਤਣਾਅ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਹੈ ਮੋਬਾਈਲ ਤੇ ਵੀਡੀਓ ਗੇਮਾਂ ਤੇ ਸੋਸ਼ਲ ਮੀਡੀਆ। ਇਸ ਦੀ ਤ੍ਰਾਸਦੀ ਇਹ ਵੀ ਹੈ ਕਿ ਮਾਂ-ਬਾਪ ਚਾਹੇ ਤਾਂ ਆਪਣੇ ਲਾਡਲੇ ਬੱਚਿਆਂ ਵੱਲ ਘੱਟ ਧਿਆਨ ਦਿੰਦੇ ਹਨ ਜਾਂ ਫਿਰ ਉਨ੍ਹਾਂ ਦੀ ਹਰ ਇੱਛਾ ਨੂੰ ਅੱਖਾਂ ਬੰਦ ਪੂਰੀ ਕਰਕੇ ਪੂਰੀ ਕਰਦੇ ਹਨ। ਕੁਝ ਮਾਡਰਨ ਮਾਵਾਂ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਜੋ ਸਮਾਂ ਬੱਚਿਆਂ ਨੂੰ ਅਸੀਂ ਨਹੀਂ ਦੇ ਸਕੇ, ਉਸ ਦੀ ਘਾਟ ਇਹ ਮੋਬਾਈਲ ਪੂਰੀ ਕਰ ਦੇਵੇਗਾ। ਪਰ ਉਨ੍ਹਾਂ ਨੂੰ ਮੈਂ ਕਹਿਣਾ ਚਾਹਾਂਗੀ ਆਪਣੇ ਲਾਡਲੇ ਬੱਚਿਆਂ ਨੂੰ ਬਚਪਨ ਦਾ ਸੁੱਖ ਜ਼ਰੂਰ ਦਿਓ। ਤੁਹਾਡੀ ਅੱਜ ਦੀ ਬੇ-ਗੋਰੀ ਤੁਹਾਡੇ ਬੱਚਿਆਂ ਦਾ ਭਵਿੱਖ ਨਾ ਵਿਗਾੜ ਦੇਵੇ। ਉਨ੍ਹਾਂ ਨੂੰ ਤਣਾਅ ਰਹਿਤ ਜ਼ਿੰਦਗੀ ਦੇਣੀ ਹੈ ਤਾਂ ਉਨ੍ਹਾਂ ਨੂੰ ਮੋਬਾਈਲਾਂ ਦੀ ਜ਼ਿੰਦਗੀ ਦੀ ਥਾਂ ਅਸਲੀ ਜ਼ਿੰਦਗੀ ਜਿਊਣ ਦਿਓ।

-ਪੂਜਾ ਰਾਣੀ ਪੁੰਡਰਕ
ਸਿਖਿਆਰਥੀ ਡਾਇਟ, ਅਹਿਮਦਪੁਰ।

ਕੰਮ ਨਾਲੋਂ ਚਾਪਲੂਸੀ ਦੀ ਕਦਰ

ਅੱਜਕੱਲ੍ਹ ਹਰ ਇਕ ਖੇਤਰ ਵਿਚ ਕੰਮ ਨਾਲੋਂ ਚਾਪਲੂਸੀ ਵਿਚ ਆਓ-ਭਗਤ ਕਰਨ 'ਤੇ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ। ਚਾਪਲੂਸੀ ਕਰਦਾ ਉਹ ਹੈ ਜੋ ਆਪਣੇ ਕੰਮ ਤੋਂ ਮਨ ਚੁਰਾਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਵਿਆਕਤੀ ਕੰਮ ਕਰਨ ਵਾਲਾ ਹੈ, ਉਹ ਚਾਪਲੂਸੀ ਸ਼ਬਦ ਬਾਰੇ ਸੋਚਦਾ ਤੱਕ ਵੀ ਨਹੀਂ। ਇਕ ਮਿਹਨਤੀ ਵਿਅਕਤੀ ਸਾਰਾ ਦਿਨ ਲਾ ਕੇ ਔਖੇ ਤੋਂ ਔਖੇ ਕੰਮ ਨੂੰ ਕਰਨ ਦਾ ਯਤਨ ਕਰਦਾ ਰਹਿੰਦਾ ਹੈ, ਜਦ ਕਿ ਉਹ ਚਾਪਲੂਸ ਉਸ ਕੰਮ ਦਾ ਫਾਇਦਾ ਥੋੜ੍ਹੇ ਸਮੇਂ ਵਿਚ ਹੀ ਅਤੇ ਮਿੱਠੀਆਂ ਗੱਲਾਂ ਵਿਚ ਹੀ ਲੈ ਜਾਂਦਾ ਹੈ। ਇੰਜ ਜਾਪਦਾ ਕਿ ਉਹ ਮਿਹਨਤੀ ਵਿਅਕਤੀ ਉਸ ਚਾਪਲੂਸ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਸੰਤੁਸ਼ਟ ਜੀਵਨ ਗੁਜ਼ਾਰ ਰਿਹਾ ਹੋਵੇਗਾ। ਸੋ, ਕੰਮ ਦੀ ਕਦਰ ਬਹੁਤ ਜ਼ਰੂਰੀ ਹੈ ਤਾਂ ਕਿ ਕਿਸੇ ਮਿਹਨਤੀ ਦਾ ਦਿਲ ਨਾ ਟੁੱਟੇ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।

ਵਾਤਾਵਰਨ ਸੰਕਟ

ਵਾਤਾਵਰਨ ਬਿਨਾਂ ਜੀਵਨ ਦੀ ਕਲਪਨਾ ਵੀ ਸੰਭਵ ਨਹੀਂ। ਹਵਾ, ਪਾਣੀ ਅਤੇ ਰੁੱਖ ਇਸ ਦੇ ਮੁੱਖ ਅੰਸ਼ ਹਨ। ਆਪਣੀਆਂ ਸੁੱਖ-ਸਹੂਲਤਾਂ ਲਈ ਮਨੁੱਖ ਰੋਜ਼ਾਨਾ ਲੱਖਾਂ ਹੀ ਰੁੱਖਾਂ ਦੀ ਕਟਾਈ ਕਰ ਰਿਹਾ ਹੈ। ਮਸ਼ੀਨੀਕਰਨ ਦੇ ਯੁੱਗ ਕਾਰਨ ਕਾਰਖਾਨਿਆਂ ਦੇ ਧੂੰਏਂ ਅਤੇ ਗੰਧਲੇ ਪਾਣੀ ਕਰਕੇ ਹਵਾ, ਪਾਣੀ ਅਤੇ ਮਿੱਟੀ ਆਦਿ ਦੂਸ਼ਿਤ ਹੋ ਰਹੇ ਹਨ। ਅਜੋਕੇ ਤਕਨਾਲੋਜੀ ਵਾਲੇ ਦੌਰ ਵਿਚ ਵਾਤਾਵਰਨ ਸੰਕਟ ਦਿਨ-ਪ੍ਰਤੀਦਿਨ ਵਧਦਾ ਹੀ ਜਾ ਰਿਹਾ ਹੈ। ਗੁਰਬਾਣੀ ਅਨੁਸਾਰ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਤੁਕ ਵਿਚ ਕੁਦਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੁਦਰਤ ਨਾਲ ਮਿੱਤਰਤਾ ਕਰਕੇ ਵਾਤਾਵਰਨ ਨੂੰ ਇਸ ਗੰਭੀਰ ਸੰਕਟ 'ਚੋਂ ਬਾਹਰ ਕੱਢਣਾ ਹੀ ਪਵੇਗਾ।

-ਮਨਦੀਪ ਸ਼ੇਰੋਂ
ਦਸਮੇਸ਼ ਨਗਰ, ਮੋਰਾਂਵਾਲੀ, ਸੁਨਾਮ ਊਧਮ ਸਿੰਘ ਵਾਲਾ।

ਬੱਸ ਅੱਡਿਆਂ ਦੀ ਹਾਲਤ

ਸਾਡੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚਲੇ ਬੱਸ ਅੱਡਿਆਂ ਦੀ ਹਾਲਤ ਵਿਚ ਕਾਫੀ ਸੁਧਾਰ ਹੋਇਆ ਹੈ। ਪਰ ਹਾਲੇ ਵੀ ਬਹੁਗਿਣਤੀ ਵਿਚ ਛੋਟੇ ਸ਼ਹਿਰਾਂ, ਕਸਬਿਆਂ ਆਦਿ ਦੇ ਬੱਸ ਅੱਡੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਇਨ੍ਹਾਂ ਬੱਸ ਅੱਡਿਆਂ 'ਤੇ ਨਾ ਤਾਂ ਬੈਠਣ ਲਈ ਬੈਂਚ ਹੁੰਦੇ ਹਨ, ਨਾ ਹੀ ਪੀਣ ਲਈ ਸਾਫ਼ ਪਾਣੀ ਅਤੇ ਨਾ ਹੀ ਗਰਮੀ ਤੋਂ ਬਚਣ ਲਈ ਦਰੱਖਤ ਦੀ ਛਾਂ ਜਾਂ ਸ਼ੈੱਡ ਆਦਿ ਦਾ ਪ੍ਰਬੰਧ। ਇਨ੍ਹਾਂ ਅੱਡਿਆਂ 'ਤੇ ਕਈ ਵਾਰ ਸਵਾਰੀਆਂ ਨੂੰ ਘੰਟਿਆਂਬੱਧੀ ਬੱਸ ਦੀ ਉਡੀਕ ਕਰਨੀ ਪੈਂਦੀ ਹੈ। ਸਾਡੇ ਦੇਸ਼ ਦੇ ਬਹੁਗਿਣਤੀ ਲੋਕ ਪਿੰਡਾਂ, ਕਸਬਿਆਂ ਵਿਚ ਵਸਦੇ ਹਨ ਤੇ ਰੋਜ਼ਾਨਾ ਆਪਣੇ ਕੰਮਕਾਜ 'ਤੇ ਜਾਣ ਲਈ ਇਨ੍ਹਾਂ ਅੱਡਿਆਂ ਦੀ ਵਰਤੋਂ ਕਰਦੇ ਹਨ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਤੇ ਤਹਿ: ਗੁਰਦਾਸਪੁਰ।

ਹੱਕ ਅਤੇ ਫ਼ਰਜ਼ਾਂ ਦਾ ਸੰਤੁਲਨ

ਅੱਜ ਦੇਸ਼ ਅੰਦਰ ਅਸਥਿਰਤਾ ਅਤੇ ਅਸੰਤੁਲਨ ਦੀ ਸਥਿਤੀ ਬਣੀ ਹੋਈ ਹੈ। ਗ਼ਰੀਬੀ ਅਤੇ ਅਮੀਰੀ ਦਾ ਪਾੜਾ ਦਿਨ-ਰਾਤ ਵਧ ਰਿਹਾ ਹੈ। ਸੰਵਿਧਾਨ ਦੇ ਉਲਟ ਧਰਮ, ਜਾਤ, ਕੌਮ ਦੇ ਨਾਂਅ 'ਤੇ ਅਰਾਜਕਤਾ ਦਾ ਭਾਰੂਪਣ ਕਿਸੇ ਤੋਂ ਗੁੱਝਾ ਨਹੀਂ। ਆਪਣੇ ਹੱਕਾਂ ਅਤੇ ਅਧਿਕਾਰਾਂ ਨੂੰ ਪਹਿਲਕਦਮੀ ਦੀ ਆੜੇ ਪੂੰਜੀਵਾਦੀ, ਨੁਮਾਇੰਦੇ ਅਤੇ ਜਨਤਾ ਆਪਣੇ ਫ਼ਰਜ਼ਾਂ ਤੋਂ ਦਿਨ ਪ੍ਰਤੀਦਿਨ ਅਵੇਸਲੀ ਹੀ ਨਹੀਂ ਹੋਈ, ਮੁਨਕਰ ਵੀ ਹੋ ਗਈ ਹੈ। ਸਿਆਸੀ ਪਹੁੰਚ ਦੀ ਆੜ 'ਚ ਕੋਈ ਵੀ ਆਪਣੇ ਫ਼ਰਜ਼ਾਂ ਪ੍ਰਤੀ ਸੁਹਿਰਦ ਨਹੀਂ ਅਤੇ ਨਾ ਹੀ ਫ਼ਰਜ਼ਾਂ ਦੀ ਪੂਰਤੀ ਲਈ ਤਿਆਰ ਹੈ। ਬੀਤੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਦਾ ਸੰਪਾਦਕੀ ਲੇਖ 'ਹੱਕਾਂ ਤੇ ਫਰਜ਼ਾਂ 'ਚ ਸੰਤੁਲਨ' ਪੜ੍ਹਿਆ, ਜੋ ਇਸੇ ਵਿਸ਼ੇ 'ਤੇ ਰੌਸ਼ਨੀ ਪਾਉਂਦਾ ਹੈ, ਜਿਸ ਵਿਚ ਬੁਨਿਆਦੀ ਹੱਕਾਂ ਦੇ ਨਾਲ-ਨਾਲ ਬੁਨਿਆਦੀ ਫ਼ਰਜ਼ਾਂ ਨੂੰ ਵੀ ਅਹਿਮੀਅਤ ਦੇਣ 'ਤੇ ਜ਼ੋਰ ਦਿੱਤਾ ਗਿਆ ਹੈ। ਸੋ, ਸੰਵਿਧਾਨ ਦੀ ਭਾਵਨਾ ਨੂੰ ਬਚਾਉਣ ਲਈ ਹੱਕਾਂ ਅਤੇ ਫ਼ਰਜ਼ਾਂ 'ਚ ਸੰਤੁਲਨ ਬਣਾਉਣਾ ਅਤਿ ਜ਼ਰੂਰੀ ਹੈ।

-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

ਬਿਨਾਂ ਮਤਲਬ ਹਾਰਨ ਨਾ ਵਜਾਓ

ਸਾਡੇ ਦੇਸ਼ ਵਿਚ ਸੜਕਾਂ ਉੱਤੇ ਜਿਸ ਤਰ੍ਹਾਂ ਹਾਰਨ ਵਜਾਏ ਜਾਂਦੇ ਹਨ, ਉਹ ਕਿਸੇ ਵੀ ਸਮਾਜਿਕ ਅਪਰਾਧ ਤੋਂ ਘੱਟ ਨਹੀਂ ਹਨ। ਵਾਰ-ਵਾਰ ਹਾਰਨ ਵਜਾਉਣਾ ਜਿਥੇ ਅੱਗੇ ਚੱਲ ਰਹੇ ਵਾਹਨ ਚਾਲਕ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ, ਉਥੇ ਹੀ ਇਸ ਪ੍ਰਕਾਰ ਦਾ ਵਿਵਹਾਰ ਸਾਡੇ ਸਬਰ ਦੀ ਕਮੀ ਨੂੰ ਵੀ ਦਰਸਾਉਂਦਾ ਹੈ। ਸੜਕਾਂ ਉੱਤੇ ਬੇਲੋੜੇ ਹਾਰਨ ਵਜਾਉਣ ਨਾਲ ਲੜਾਈ ਝਗੜਾ, ਮਾਰ ਕੁਟਾਈ ਅਤੇ ਕਈ ਵਾਰ ਗੰਭੀਰ ਸੱਟਾਂ ਤੱਕ ਲੱਗ ਜਾਂਦੀਆਂ ਹਨ। ਹਾਰਨ ਦਾ ਪ੍ਰਯੋਗ ਦਰਅਸਲ ਉਸ ਵੇਲੇ ਹੀ ਕਰਨਾ ਚਾਹੀਦਾ ਹੈ ਜਦੋਂ ਇਸ ਦੀ ਜ਼ਰੂਰਤ ਬਹੁਤ ਜ਼ਿਆਦਾ ਹੋਵੇ। ਵਿਕਾਸਸ਼ੀਲ ਦੇਸ਼ਾਂ ਵਿਚ ਘੱਟ ਤੋਂ ਘੱਟ ਹਾਰਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਹਾਰਨ ਵਜਾਉਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਸਾਨੂੰ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੱਗੇ ਚੱਲ ਰਿਹਾ ਵਾਹਨ ਰਸਤਾ ਮਿਲਣ 'ਤੇ ਸਾਈਡ ਦੇਵੇਗਾ ਇਸ ਲਈ ਸਾਨੂੰ ਬਿਨਾਂ ਮਤਲਬ ਹਾਰਨ ਵਜਾ ਕੇ ਖ਼ੁਦ ਨੂੰ ਅਤੇ ਦੂਜਿਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਹਾਰਨ ਦੀ ਵਰਤੋਂ ਸਿਰਫ ਐਮਰਜੈਂਸੀ ਹਾਲਤਾਂ ਵਿਚ ਕਰਕੇ ਜਿਥੇ ਅਸੀਂ ਆਪਣੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇ ਸਕਦੇ ਹਾਂ, ਉਥੇ ਹੀ ਆਪਣੇ ਅਤੇ ਦੂਜਿਆਂ ਦੇ ਸਫ਼ਰ ਨੂੰ ਸੁਖਾਲਾ ਵੀ ਕਰ ਸਕਦੇ ਹਾਂ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

02-12-2019

 ਛੱਪੜਾਂ ਦਾ ਸੁੰਦਰੀਕਰਨ
ਪੰਜਾਬ 'ਚ ਖਾਸ ਕਰਕੇ ਪਿੰਡਾਂ ਵਿਚ ਛੱਪੜਾਂ ਦਾ ਅਹਿਮ ਸਥਾਨ ਹੁੰਦਾ ਸੀ ਕਿਉਂਕਿ ਉਸ ਵੇਲੇ ਲੋਕਾਂ ਦੇ ਘਰ ਕੱਚੇ ਹੁੰਦੇ ਸਨ ਅਤੇ ਬਾਰਿਸ਼ਾਂ ਤੋਂ ਪਹਿਲਾਂ ਲੋਕ ਛੱਪੜਾਂ 'ਚੋਂ ਮਿੱਟੀ ਕੱਢ ਕੇ ਆਪਣੇ ਘਰ ਲਿਆਉਂਦੇ ਸਨ ਅਤੇ ਉਸ ਵਿਚ ਤੂੜੀ ਰਲਾ ਕੇ ਆਪਣੇ ਕੱਚੇ ਕੋਠੇ ਲਿੱਪਦੇ, ਪੋਚਦੇ ਸਨ। ਪੁਰਾਣੇ ਸਮਿਆਂ 'ਚ ਬਰਸਾਤਾਂ ਵੀ ਬਹੁਤ ਹੁੰਦੀਆਂ ਸਨ ਅਤੇ ਕਈ-ਕਈ ਦਿਨ ਝੜੀਆਂ ਲੱਗੀਆਂ ਰਹਿੰਦੀਆਂ ਸਨ, ਜਿਸ ਕਰਕੇ ਛੱਪੜ ਨੱਕੋ-ਨੱਕ ਭਰ ਜਾਂਦੇ ਸਨ। ਛੱਪੜਾਂ ਦਾ ਪਾਣੀ ਸਾਫ਼-ਸੁਥਰਾ ਹੁੰਦਾ ਸੀ। ਛੱਪੜਾਂ ਤੋਂ ਹੀ ਪਿੰਡਾਂ ਦੇ ਲੋਕ ਸਵੇਰੇ-ਸ਼ਾਮ ਆਪਣੇ ਪਸ਼ੂਆਂ ਨੂੰ ਪਾਣੀ ਡਾਹੁੰਦੇ ਅਤੇ ਨਹਾਉਂਦੇ ਸਨ। ਪਰ ਹੁਣ ਸਮਾਂ ਬਦਲ ਗਿਆ ਹੈ, ਪਿੰਡਾਂ ਦੇ ਘਰ ਪੱਕੇ ਹੋ ਗਏ ਹਨ, ਘਰਾਂ ਵਿਚ ਮੋਟਰਾਂ ਲੱਗੀਆਂ ਹਨ ਅਤੇ ਛੱਪੜਾਂ ਦੀ ਹੁਣ ਕੋਈ ਅਹਿਮੀਅਤ ਨਹੀਂ ਰਹਿ ਗਈ। ਛੱਪੜਾਂ ਵਿਚ ਜੰਗਲੀ ਬੂਟੀ ਉੱਗੀ ਹੋਣ ਕਰਕੇ ਉਥੇ ਗੰਦਗੀ ਵਧੇਰੇ ਹੋ ਗਈ ਹੈ। ਸੋ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਛੱਪੜਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਜੋ ਛੱਪੜ ਗੰਦਗੀ ਦਾ ਰੂਪ ਧਾਰਨ ਕਰ ਚੁੱਕੇ ਹਨ, ਉਨ੍ਹਾਂ ਦੀ ਸਾਫ਼-ਸਫ਼ਾਈ ਕਰਵਾ ਕੇ ਉਥੇ ਸੁੰਦਰ ਬਗੀਚੇ/ਪਾਰਕਾਂ ਬਣਾਈਆਂ ਜਾਣ। ਇਸ ਨਾਲ ਜਿਥੇ ਵਾਤਾਵਰਨ ਸਾਫ਼-ਸੁਥਰਾ ਹੋਵੇਗਾ, ਉਥੇ ਗੰਦਗੀ ਅਤੇ ਬਿਮਾਰੀਆਂ ਤੋਂ ਵੀ ਨਿਜਾਤ ਮਿਲੇਗੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਜਾਤਾਂ ਤੋਂ ਉੱਚੀ ਹੈ ਮਨੁੱਖਤਾ
ਪਿਛਲੇ ਦਿਨੀਂ ਚੰਗਾਲੀਵਾਲਾ ਵਿਖੇ ਨੌਜਵਾਨ ਜਗਮੇਲ ਸਿੰਘ ਨੂੰ ਮਾਰਨ ਵਾਲੀ ਘਟਨਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਸੀ। ਇਹ ਸਿੱਧੇ ਤੌਰ 'ਤੇ ਇਨਸਾਨੀਅਤ ਦਾ ਹੀ ਕਤਲ ਹੈ। ਪਰ ਲਗਪਗ ਹਰ ਥਾਂ 'ਤੇ ਉਸ ਮਰਹੂਮ ਨੌਜਵਾਨ ਲਈ 'ਦਲਿਤ' ਸ਼ਬਦ ਵਰਤਿਆ ਗਿਆ ਹੈ, ਜੋ ਕਿ ਸਰਾਸਰ ਗ਼ਲਤ ਹੈ। ਕਿਸੇ ਵੀ ਵਿਅਕਤੀ ਦੀ ਜਾਤ-ਪਾਤ ਪ੍ਰਤੀ ਟਿੱਪਣੀ ਅਤੇ ਉਸ ਨੂੰ ਉਛਾਲਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ। ਉਹ ਨੌਜਵਾਨ ਜਨਰਲ ਜਾਂ ਦਲਿਤ ਹੋਣ ਤੋਂ ਪਹਿਲਾਂ ਇਕ ਇਨਸਾਨ ਵੀ ਸੀ। ਸਾਨੂੰ ਇਸ ਜਾਤ-ਪਾਤ ਅਤੇ ਨਸਲੀ ਭੇਦਭਾਵ ਤੋਂ ਉੱਪਰ ਉਠ ਕੇ ਪਹਿਲਾਂ ਕੇਵਲ ਸਹੀ ਇਨਸਾਨ ਬਣਨ ਲਈ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਅਜਿਹਾ ਵਿਤਕਰਾ ਸਾਡੀ ਸੋਚ ਨੂੰ ਕੇਵਲ ਪਛਾੜ ਹੀ ਸਕਦਾ ਹੈ। ਸੋ, ਸਾਨੂੰ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬਾਨ ਦੇ ਕਹੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਮਹਾਂਵਾਕ 'ਤੇ ਪਹਿਰਾ ਦੇਣਾ ਦੀ ਲੋੜ ਹੈ।


-ਮਨਦੀਪ ਸਿੰਘ ਸ਼ੇਰੋਂ
ਦਸਮੇਸ਼ ਨਗਰ, ਮੋਰਾਂਵਾਲੀ,
ਸੁਨਾਮ ਊਧਮ ਸਿੰਘ ਵਾਲਾ।


ਭਾਰਤੀ ਸਿਆਸਤ ਦਾ ਨਿਘਾਰ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਲਿਖੀ ਸੰਪਾਦਕੀ 'ਭਾਰਤੀ ਸਿਆਸਤ ਦਾ ਨਿਘਾਰ' ਪੜ੍ਹੀ, ਸੋਲਾਂ ਆਨੇ ਸੱਚ ਹੈ ਕਿ ਕਿਸ ਤਰ੍ਹਾਂ ਇਹ ਸਿਆਸੀ ਲਾਣੇਦਾਰ ਲੋਕਾਂ ਨੂੰ ਚਿਹਰੇ ਉੱਪਰ ਦੇਸ਼ ਭਗਤੀ ਦੇ ਮਖੌਟੇ ਚਾੜ੍ਹ ਕੇ ਬੁੱਧੂ ਬਣਾਉਂਦੇ ਹਨ। ਸਰਦਾਰ ਹਮਦਰਦ ਹੁਰਾਂ ਨੇ ਲਿਖਿਆ ਹੈ ਕਿ ਇਹ ਘਟਨਾਕ੍ਰਮ ਸਦਾਚਾਰ ਵਿਚ ਆਇਆ ਨਿਘਾਰ ਹੈ, ਜੋ ਸੱਚ ਹੈ ਪਰ ਦੇਸ਼ ਦੇ ਸਿਆਸੀ ਲਾਣੇ ਤੋਂ ਇਮਾਨਦਾਰੀ, ਸਦਾਚਾਰ, ਦੇਸ਼ ਭਗਤੀ ਤੇ ਸੱਚ ਦੀ ਉਮੀਦ ਕਰਨੀ ਸਾਡੀ ਭੁੱਲ ਹੈ ਕਿਉਂਕਿ ਜਿਸ ਪਾਰਟੀ ਵਿਰੁੱਧ ਖੜ੍ਹਾ ਕੇ ਲੋਕ ਇਨ੍ਹਾਂ ਨੂੰ ਜਿਤਾਉਂਦੇ ਹਨ, ਇਹ ਲੋੜ ਪੈਣ 'ਤੇ ਉਸੇ ਪਾਰਟੀ ਨਾਲ ਰਲ ਸਰਕਾਰ ਬਣਾ ਕੇ ਲੋਕਤੰਤਰ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਮੌਜੂ ਬਣਾ ਜਾਂਦੇ ਹਨ। ਮਹਾਰਾਸ਼ਟਰ ਤੇ ਹਰਿਆਣਾ ਦੀ ਤਾਜ਼ੀ-ਤਾਜ਼ੀ ਉਦਾਹਰਨ ਸਾਹਮਣੇ ਹੈ। ਅਜਿਹੇ ਸੱਚ ਉਜਾਗਰ ਕਰਨ ਲਈ ਅਦਾਰਾ 'ਅਜੀਤ' ਵਧਾਈ ਦਾ ਪਾਤਰ ਹੈ।


-ਜਗਰੂਪ ਸਿੰਘ ਮਾਨ
ਸ੍ਰੀ ਮਾਛੀਵਾੜਾ ਸਾਹਿਬ (ਲੁਧਿਆਣਾ)।


ਮਨੁੱਖੀ ਕਦਰਾਂ ਕੀਮਤਾਂ ਦਾ ਘਾਣ
ਅੱਜ ਵਾਲਾ ਮਨੁੱਖ ਆਪਣਿਆਂ ਕੋਲੋਂ ਸੁਰੱਖਿਅਤ ਨਹੀਂ ਹੈ। ਪਦਾਰਥਕ ਸੁੱਖ-ਸਹੂਲਤਾਂ ਵੱਲ ਲੱਗੀ ਅੰਨ੍ਹੀ ਦੌੜ ਨੇ ਉਸ ਨੂੰ ਅੰਦਰੋ-ਅੰਦਰੀ ਖੋਖਲਾ ਕਰ ਦਿੱਤਾ ਹੈ। ਅੰਦਰੋਂ ਪਾਪ ਨਾਲ ਭਰਿਆ ਮਨੁੱਖ ਕੁਝ ਵੀ ਕਰਨ ਦੀ ਤਾਕ ਵਿਚ ਹੈ। ਕਿਧਰ ਗਏ ਉਹ ਪਤੀ-ਪਤਨੀ ਦੇ ਸੱਚੇ ਸੁੱਚੇ ਰਿਸ਼ਤੇ? ਸਭ ਤੋਂ ਚੰਗਾ ਰਿਸ਼ਤਾ ਭ੍ਰਿਸ਼ਟ ਹੋ ਗਿਆ ਹੈ। ਇਸ ਨੂੰ ਪੱਛਮ ਦਾ ਜਾਂ ਟੈਲੀਵਿਜ਼ਨ ਦਾ ਪ੍ਰਭਾਵ ਕਹਿ ਕੇ ਖਹਿੜਾ ਛੁਡਾਉਣਾ ਔਖਾ ਹੈ। ਸਾਡੇ ਸਦਾਚਾਰਕ ਮਾਪ-ਤੋਲ ਡੋਲ ਗਏ ਹਨ। ਹੁਣ ਰੂਹਾਨੀ ਪਿਆਰ ਹਕੀਕੀ ਪਿਆਰ ਦੀ ਹਕੀਕਤ ਹੀ ਅਲੋਪ ਹੋ ਗਈ ਹੈ। ਮਨੁੱਖੀ ਰਿਸ਼ਤੇ ਤੇ ਸਾਂਝ-ਪ੍ਰੇਮ ਦੀ ਥਾਂ ਕਾਮ, ਕ੍ਰੋਧ ਤੇ ਲੋਭ ਨੇ ਮੱਲ ਲਈ ਹੈ। ਬਿਰਧ ਮਾਪਿਆਂ ਨੂੰ ਨਾ ਪੁੱਤ ਸਾਂਭਦੇ ਹਨ ਨਾ ਧੀਆਂ। 21ਵੀਂ ਸਦੀ ਸ਼ਰਮਸ਼ਾਰ ਹੈ ਜਦ 11-12 ਸਾਲ ਦੀਆਂ ਬਾਲੜੀਆਂ ਗਰਭਪਾਤ ਕਰਵਾ ਰਹੀਆਂ ਹਨ। ਬਹੁਤੇ ਪ੍ਰੇਮੀ ਮੁੰਡੇ ਰੱਖਣੇ ਜਾਂ ਪ੍ਰੇਮੀ ਕੁੜੀਆਂ ਰੱਖਣੀਆਂ ਸ਼ਰਮ ਦੀ ਨਹੀਂ, ਮਾਣ ਦਾ ਚਿੰਨ੍ਹ ਬਣ ਗਏ ਹਨ। ਇਹ ਸਾਰਾ ਕੁਝ ਕੌੜੀ ਹਕੀਕਤ ਹੈ। ਕ੍ਰੋਧ 'ਚ ਅੰਨ੍ਹਾ ਵਿਅਕਤੀ ਸੱਚ ਵੇਖਣ ਤੋਂ ਅਸਮਰੱਥ ਹੈ। ਰਿਸ਼ਤਿਆਂ ਦੀ ਭਾਸ਼ਾ ਦੇ ਅਰਥ ਡਾਲਰਾਂ ਨੇ ਬਦਲ ਦਿੱਤੇ ਹਨ। ਇਸ ਚਮਕ ਨਾਲ ਦੁਨੀਆ ਚੁੰਧਿਆ ਹੀ ਨਹੀਂ ਗਈ ਅੰਨ੍ਹੀ ਹੋ ਗਈ ਹੈ। ਜੇਕਰ ਅੱਜ ਰਿਸ਼ਤਿਆਂ ਦੀ ਸਾਂਝ ਨੂੰ ਬਚਾਉਣਾ ਹੈ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਨੁੱਖੀ ਕਦਰਾਂ-ਕੀਮਤਾਂ ਦੇ ਮਹੱਤਵ ਤੋਂ ਜਾਣੂ ਕਰਵਾਉਂਦੇ ਰਹਿਣਾ ਹੋਵੇਗਾ।


-ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ: ਖੋਸਾ ਪਾਂਡੋ, ਜ਼ਿਲ੍ਹਾ ਮੋਗਾ।


ਸਿਆਸਤ ਦੀ ਖੇਡ
ਮਹਾਰਾਸ਼ਟਰ ਵਿਚ ਇਕ ਮਹੀਨੇ ਤੋਂ ਚਲਦੀ ਸਿਆਸੀ ਤਿਕੜਮਬਾਜ਼ੀ ਨੇ ਕਈ ਰੂਪ ਬਦਲੇ। ਸ਼ਿਵ ਸੈਨਾ ਵਲੋਂ ਮੁੱਖ ਮੰਤਰੀ ਆਪਣਾ ਬਣਾਏ ਜਾਣ ਦੀ ਮੰਗ ਨੇ ਭਾਜਪਾ ਅਤੇ ਸ਼ਿਵ ਸੈਨਾ ਨੂੰ ਵੱਖੋ-ਵੱਖ ਕਰ ਦਿੱਤਾ। ਭਾਜਪਾ ਵਾਲਿਆਂ ਵੀ ਹੱਦ ਕਰ ਦਿੱਤੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਨੂੰ ਆਪਣੇ ਨਾਲ ਮਿਲਾ ਲਿਆ। ਰਾਤੋ-ਰਾਤ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੂੰ ਉਪ-ਮੁੱਖ ਮੰਤਰੀ ਦੀ ਰਾਜਪਾਲ ਦੁਆਰਾ ਸਹੁੰ ਵੀ ਚੁਕਵਾ ਲਈ ਪਰ ਬਹੁਮਤ ਸਾਬਤ ਨਾ ਕਰ ਸਕੇ। ਇਸ ਸਾਰੀ ਸਿਆਸੀ ਡਰਾਮੇਬਾਜ਼ੀ ਤੋਂ ਬਾਅਦ ਤਿੰਨ ਪਾਰਟੀਆਂ ਸ਼ਿਵ ਸੈਨਾ, ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਕਾਂਗਰਸ ਨੇ ਆਪਣੀ ਸਰਕਾਰ ਬਣਾ ਲਈ ਹੈ। ਕੁਰਸੀ ਦੀ ਭੁੱਖ ਕਾਰਨ ਆਪਣੀ ਸਿਧਾਂਤਕ ਵਿਚਾਰਧਾਰਾ ਨੂੰ ਕੋਈ ਵੀ ਪਾਰਟੀ ਪਿੱਛੇ ਧੱਕਣ ਲੱਗਿਆਂ ਦੇਰ ਨਹੀਂ ਲਗਾਉਂਦੀ, ਸ਼ਾਇਦ ਇਸੇ ਨੂੰ 'ਸਿਆਸਤ ਦੀ ਖੇਡ' ਆਖਦੇ ਹਨ।


-ਅੰਮ੍ਰਿਤ ਕੌਰ-
ਬਡਰੁੱਖਾਂ, ਸੰਗਰੂਰ।

29-11-2019

 ਪਿਆਜ਼ ਦੀਆਂ ਕੀਮਤਾਂ ਵਧਣ ਦੇ ਕਾਰਨ
ਸਰਕਾਰੀ ਅੰਕੜਿਆਂ ਦੇ ਅਨੁਸਾਰ ਪੂਰਾ ਦੇਸ਼ ਹਰੇਕ 1000 ਭਾਰਤੀਆਂ ਵਿਚੋਂ 908 ਭਾਰਤੀ ਪਿਆਜ਼ ਖਾਂਦੇ ਹਨ। ਇਸ ਵਿਚ ਅੱਧੇ ਤੋਂ ਜ਼ਿਆਦਾ ਪਿਆਜ਼ ਦੇਸ਼ ਦੇ ਤਿੰਨ ਰਾਜਾਂ ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਉਗਾਏ ਜਾਂਦੇ ਹਨ, ਜਦੋਂ ਕਿ ਪਿਆਜ਼ ਦਾ ਬਾਕੀ ਉਤਪਾਦਨ ਦੇਸ਼ ਦੇ ਹੋਰ 10 ਰਾਜਾਂ ਵਿਚ ਕੀਤਾ ਜਾਂਦਾ ਹੈ। ਭਾਰਤ ਵਿਚ ਪ੍ਰਤੀਦਿਨ ਆਉਣ ਵਾਲੇ ਪਿਆਜ਼ ਵਿਚ ਲਗਪਗ 50 ਫ਼ੀਸਦੀ ਦਸ ਵੱਡੇ ਬਾਜ਼ਾਰਾਂ ਵਿਚੋਂ ਹੋ ਕੇ ਆਉਂਦਾ ਹੈ, ਜਿਨ੍ਹਾਂ ਵਿਚ 6 ਮੰਡੀਆਂ ਮਹਾਰਾਸ਼ਟਰ ਤੇ ਕਰਨਾਟਕ ਵਿਚ ਹਨ। ਕੁਝ ਅਮੀਰ ਵਪਾਰੀ ਇਨ੍ਹਾਂ ਬਾਜ਼ਾਰਾਂ ਨੂੰ ਕੰਟਰੋਲ ਕਰਦੇ ਹਨ ਅਤੇ ਉਨ੍ਹਾਂ ਦੁਆਰਾ ਲਏ ਗਏ ਫ਼ੈਸਲੇ ਵਿਚ ਪਿਆਜ਼ ਦੇ ਥੋਕ ਰੇਟ ਵਿਚ ਵਾਧਾ ਕਰਨ ਦੀ ਤਾਕਤ ਹੁੰਦੀ ਹੈ। ਵਧੇ ਹੋਏ ਰੇਟਾਂ ਦਾ ਮੁੱਲ ਸਿੱਧਾ ਕਿਸਾਨਾਂ ਨੂੰ ਨਹੀਂ ਮਿਲਦਾ ਅਤੇ ਸਰਕਾਰ ਪਿਆਜ਼ ਲਈ ਘੱਟ ਤੋਂ ਘੱਟ ਸਮਰਥਨ ਰੇਟਾਂ ਦੀ ਘੋਸ਼ਣਾ ਨਹੀਂ ਕਰਦੀ, ਜਿਸ ਦਾ ਮਤਲਬ ਇਹ ਹੈ ਕਿ ਕਿਸਾਨ ਬਹੁਤ ਹੀ ਘੱਟ ਰੇਟ 'ਤੇ ਆਪਣੀ ਫ਼ਸਲ ਵੇਚਣ ਲਈ ਮਜਬੂਰ ਹੁੰਦੇ ਹਨ ਅਤੇ ਉਨ੍ਹਾਂ ਦੇ ਪੇਟ ਭਰਨ ਲਈ ਵੀ ਪ੍ਰਾਪਤ ਧਨ ਰਾਸ਼ੀ ਬਹੁਤ ਘੱਟ ਹੁੰਦੀ ਹੈ।
ਇਸ ਮੁਸੀਬਤ ਤੋਂ ਬਚਣ ਲਈ ਇਕ ਰਸਤਾ ਹੈ ਕਿ ਸਰਕਾਰ ਪਿਆਜ਼ ਦੇ ਵਿਸ਼ਾਲ ਭੰਡਾਰ ਨੂੰ ਕਿਸਾਨਾਂ ਤੋਂ ਸਿੱਧਾ ਖਰੀਦੇ ਅਤੇ ਬਾਜ਼ਾਰ ਵਿਚ ਪਿਆਜ਼ ਦੀ ਪੂਰਤੀ ਲਈ ਹੌਲੀ-ਹੌਲੀ ਪਿਆਜ਼ ਨੂੰ ਭੇਜਦੀ ਰਹੇ। ਇਸ ਪ੍ਰਕਾਰ ਪਿਆਜ਼ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਥੋਕ ਬਾਜ਼ਾਰ ਦੇ ਰੰਗ-ਢੰਗ ਬਦਲਣਾ, ਕਿਸਾਨਾਂ ਨੂੰ ਕੁਝ ਸੁਵਿਧਾਵਾਂ ਦੇਣਾ ਅਤੇ ਸਰਕਾਰ ਦੇ ਲਈ ਜ਼ਿਆਦਾ ਵਧੀਆ ਭੰਡਾਰ ਸੁਵਿਧਾਵਾਂ ਦਾ ਨਿਰਮਾਣ ਕਰਨਾ ਜ਼ਰੂਰੀ ਹੈ।


-ਮੋਨਿਕਾ ਰਾਣੀ ਹਿੰਦੀ ਮਿਸਟਰੈੱਸ
ਸਰਕਾਰੀ ਕੰਨਿਆ ਸੀ.ਸੈ. ਸਕੂਲ ਅਲਾਦੀਨਪੁਰ, ਜ਼ਿਲ੍ਹਾ ਤਰਨ ਤਾਰਨ।


ਪੰਜਾਬ ਸਰਕਾਰ ਨੂੰ ਝਟਕਾ

ਪੰਜਾਬ ਦੇ ਨੌਜਵਾਨਾਂ ਨੂੰ ਜਾਣਬੁਝ ਕੇ ਘੱਟ ਤਨਖਾਹਾਂ ਦੇ ਕੇ ਰਿਸ਼ਵਤਖੋਰੀ ਦੇ ਗਰਕ ਵਿਚ ਧੱਕਿਆ ਜਾ ਰਿਹਾ ਹੈ। 4-5 ਲੱਖ ਲਾ ਕੇ ਡਿਗਰੀਆਂ ਕਰਨ ਦੇ ਬਾਅਦ ਹਰ ਤਰ੍ਹਾਂ ਦੇ ਸਰਕਾਰੀ ਟੈਸਟ ਦੇਣ ਉਪਰੰਤ ਵੀ ਇਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਰਿਸ਼ਵਤ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਅਲੱਗ-ਅਲੱਗ ਅਦਾਰਿਆਂ ਵਿਚ ਕੰਮ ਕਰ ਰਹੇ ਨਵੇਂ ਡਾਕਟਰਾਂ, ਅਧਿਆਪਕਾਂ, ਕਲਰਕਾਂ ਅਤੇ ਬਹੁਤ ਸਾਰੇ ਪੱਧਰਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਹਿਤ ਵਿਚ ਪੰਜਾਬ ਸਰਕਾਰ ਬਨਾਮ ਡਾਕਟਰ ਵਿਸ਼ਵਦੀਪ ਸਿੰਘ 2016 ਦੇ ਫ਼ੈਸਲੇ ਖਿਲਾਫ਼ ਪੰਜਾਬ ਸਰਕਾਰ ਦੀ ਰਿਵਿਊ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਿਸਮਿਸ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਸਰਕਾਰ ਦਾ ਨਵੇਂ ਰੱਖੇ ਗਏ ਕਰਮਚਾਰੀਆਂ ਦੇ ਸ਼ੋਸ਼ਣ ਕਰਨ ਵਾਲਾ 15 ਜਨਵਰੀ, 2015 ਦੇ ਨੋਟੀਫਿਕੇਸ਼ਨ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਦੇ ਸਿੱਟੇ ਵਜੋਂ ਸਾਰੇ ਪੰਜਾਬ ਸਰਕਾਰ ਅਧੀਨ ਪੈਂਦੇ ਕਿਸੇ ਵੀ ਸਰਕਾਰੀ ਭਰਤੀ ਦੌਰਾਨ ਸਿਲੈਕਟਡ ਕਰਮਚਾਰੀਆਂ ਨੂੰ ਸ਼ੁਰੂ ਤੋਂ ਹੀ ਪੂਰੀ ਤਨਖਾਹ ਅਤੇ ਭੱਤੇ ਦੇਣੇ ਲਾਜ਼ਮੀ ਹੋਣਗੇ ਅਤੇ ਪਰੋਬੇਸ਼ਨ ਦੇ ਸਮੇਂ ਨੂੰ ਵੀ ਉਨ੍ਹਾਂ ਦੀ ਕੁੱਲ ਨੌਕਰੀ ਦੇ ਸਮੇਂ ਵਿਚ ਜੋੜਿਆ ਜਾਣਾ ਮੰਨਿਆ ਗਿਆ ਹੈ।


-ਸੰਦੀਪ ਚੌਧਰੀ।


ਵਜ਼ੀਫ਼ਾ ਸਕੀਮ ਨੇ ਗ਼ਰੀਬ ਰੋਲੇ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹੀ ਕੁਝ ਵੇਖਣ ਨੂੰ ਮਿਲਿਆ ਜੋ ਹਰ ਸਾਲ ਮਿਲਦਾ ਹੈ। ਵਿਦਿਆਰਥੀਆਂ ਦੀ ਵਜ਼ੀਫ਼ਾ ਸਕੀਮ ਲਈ ਅਪਲਾਈ ਕਰਨ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਖੱਜਲ ਖੁਆਰ ਹੁੰਦੇ ਵੇਖੇ ਗਏ। ਇਸ ਸਕੀਮ ਦਾ ਪੈਸਾ ਸਰਕਾਰ ਵਲੋਂ ਪਤਾ ਨਹੀਂ ਕਦ ਪਾਇਆ ਜਾਵੇਗਾ ਪਰ ਅੱਜ ਦੀ ਘੜੀ ਇਹ ਲੋਕ ਹਜ਼ਾਰਾਂ ਰੁਪਏ ਖਰਚ ਕਰਕੇ ਇਹ ਫਾਰਮ ਭਰ ਰਹੇ ਹਨ। ਕਈ ਕਈ ਦਿਨ ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ ਲਈ ਕਚਹਿਰੀਆਂ ਦੇ ਚੱਕਰ ਲਗਾ ਰਹੇ ਹਨ। ਇਕ ਗ਼ਰੀਬ ਆਦਮੀ ਜਿਸ ਦੀ ਕਮਾਈ ਨਾਲ ਉਸ ਦੇ ਘਰ ਦਾ ਚੁੱਲ੍ਹਾ ਚਲਦਾ ਹੈ, ਉਹ ਆਪਣੀ ਦਿਹਾੜੀ ਛੱਡ ਕੇ ਆਪਣੇ ਬੱਚੇ ਦੇ ਫਾਰਮਾਂ ਲਈ ਗੇੜੇ ਲਾ ਰਿਹਾ ਹੈ। ਅਜਿਹਾ ਕਦੋਂ ਤੱਕ ਹੋਵੇਗਾ ਜੇ ਕੋਈ ਸਕੀਮ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਭਰਨ ਲਈ ਇਸ ਨੂੰ ਹਰ ਸਾਲ ਔਖਾ ਹੀ ਕਿਉਂ ਕੀਤਾ ਜਾਂਦਾ ਹੈ? ਜੇਕਰ ਲੋਕਾਂ ਲਈ ਕੋਈ ਸਰਕਾਰ ਵਲੋਂ ਸਕੀਮ ਚਲਾਈ ਜਾਂਦੀ ਹੈ ਤਾਂ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੌਖੀ ਵਿਧੀ ਵਰਤਿਆ ਕਰੀਏ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਬੇਰੁਜ਼ਗਾਰ ਅਧਿਆਪਕ
ਪੰਜਾਬ ਸਿੱਖਿਆ ਮੰਤਰੀ ਵਿਜੈਇੰੰਦਰ ਸਿੰਗਲਾ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਇਕ ਨਿੰਦਣਯੋਗ ਘਟਨਾ ਹੈ। ਇਸ ਤਰ੍ਹਾਂ ਕਰ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਢਾਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਇਹ ਬੇਰੁਜ਼ਗਾਰ ਅਧਿਆਪਕ ਸੰਗਰੂਰ ਵਿਖੇ ਮੋਰਚਾ ਲਾ ਕੇ ਬੈਠੇੇ ਹਨ ਪਰ ਸਰਕਾਰ ਉੱਪਰ ਇਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੂਸਰੇ ਪਾਸੇ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੀ ਜਗ੍ਹਾ ਸਰਕਾਰ ਦੀਆਂ ਲਾਠੀਆਂ ਖਾਣੀਆਂ ਪੈ ਰਹੀਆਂ ਹਨ। ਇਹ ਪੰਜਾਬ ਸਰਕਾਰ ਦੀ ਵੱਡੀ ਅਸਫਲਤਾ ਹੈ। ਅਧਿਆਪਕ ਤਾਂ ਦੇਸ਼ ਦਾ ਨਿਰਮਾਤਾ ਹੁੰਦਾ ਹੈ। ਗਿਆਨ ਦਾ ਸਾਗਰ ਹੁੰਦਾ ਹੈ ਤੇ ਸਾਡੇ ਸੂਬੇ ਵਿਚ ਅਧਿਆਪਕਾਂ ਨਾਲ ਏਨਾ ਮਾੜਾ ਵਿਵਹਾਰ ਅਤਿ ਨਿੰਦਣਯੋਗ ਹੈ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।


ਅਵਾਰਾ ਪਸ਼ੂ
ਅਵਾਰਾ ਪਸ਼ੂਆਂ ਦੇ ਝੁੰਡਾਂ ਦੇ ਝੁੰਡ ਸੜਕਾਂ 'ਤੇ ਫਿਰਦੇ ਆਮ ਹੀ ਵੇਖੇ ਜਾ ਸਕਦੇ ਹਨ, ਜਿਨ੍ਹਾਂ ਤੋਂ ਜਿਥੇ ਆਮ ਲੋਕ ਪ੍ਰੇਸ਼ਾਨ ਹਨ, ਉਥੇ ਹੀ ਸ਼ਹਿਰਾਂ, ਪਿੰਡਾਂ ਵਾਲੇ ਅਤੇ ਵਪਾਰੀ ਲੋਕ ਵੀ ਪ੍ਰੇਸ਼ਾਨ ਹਨ ਜੋ ਕਿ ਫ਼ਸਲਾਂ ਦਾ ਉਜਾੜਾ ਕਰਨ ਦੇ ਨਾਲ-ਨਾਲ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ ਨੂੰ ਕੋਈ ਪਾਣੀ ਪਿਲਾਉਣ ਵਾਲਾ ਨਹੀਂ ਹੈ। ਕੋਈ ਚਾਰਾ ਪਾਉਣ ਵਾਲਾ ਨਹੀਂ ਹੈ। ਜਿਥੇ ਵੀ ਇਹ ਪਸ਼ੂ ਜਾਂਦੇ ਹਨ, ਇਨ੍ਹਾਂ ਨੂੰ ਡੰਡੇ ਹੀ ਪੈਂਦੇ ਹਨ ਜੋ ਕਿ ਜ਼ਖ਼ਮੀ ਹੋ ਜਾਣ ਨਾਲ ਤੁਰਨ-ਫਿਰਨ ਤੋਂ ਵੀ ਅਸਮਰੱਥ ਹਨ ਅਤੇ ਭੁੱਖੇ-ਭਾਣੇ ਸੜਕਾਂ 'ਤੇ ਗੰਦ-ਮੰਦ, ਪਲਾਸਟਿਕ ਆਦਿ ਖਾਣ ਨੂੰ ਮਜਬੂਰ ਹਨ। ਇਨ੍ਹਾਂ ਦੀ ਅਜਿਹੀ ਹਾਲਤ ਵੇਖ ਕੇ ਗਊ ਭਗਤਾਂ ਨੂੰ ਤਰਸ ਨਹੀਂ ਆਉਂਦਾ? ਜਿਹੜੀਆਂ ਗਊਆਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਰੱਖਣ ਦੇ ਯੋਗ ਪ੍ਰਬੰਧ ਕਰਨ ਦੇ ਨਾਲ-ਨਾਲ ਵਿਦੇਸ਼ੀ ਸਾਨ, ਫੰਡਰ ਫਿਰਦੇ ਹੋਰ ਪਸ਼ੂਆਂ ਨੂੰ ਖਰੀਦ ਕਰਨ ਤੇ ਟਰਾਂਸਪੋਰਟ 'ਤੇ ਲਾਈਆਂ ਰੋਕਾਂ ਖ਼ਤਮ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸਲੀ ਗਊ ਧਨ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਬੇਲੋੜੇ ਅਵਾਰਾ ਘੁੰਮਦੇ ਪਸ਼ੂਆਂ ਦੀ ਬਣੀ ਗੰਭੀਰ ਸਮੱਸਿਆ ਦਾ ਹੱਲ ਹੋ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ ਜਲੰਧਰ।

28-11-2019

 ਮੈਪਲ ਲਿਫ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਮੈਡਮ ਸਰਵਿੰਦਰ ਕੌਰ ਦਾ 'ਮੈਪਲ ਲਿਫ' ਬਾਰੇ ਲੇਖ ਪੜ੍ਹਿਆ ਜੋ ਕਿ ਬਹੁਤ ਹੀ ਸਲਾਹੁਣਯੋਗ ਸੀ। ਸਾਡੇ ਕਈ ਰਿਸ਼ਤੇਦਾਰ ਕੈਨੇਡਾ 'ਚ ਹਨ ਪਰ ਉਨ੍ਹਾਂ ਨੇ ਕਦੇ ਵੀ ਇਸ ਪੌਦੇ ਬਾਰੇ ਜ਼ਿਕਰ ਨਹੀਂ ਕੀਤਾ। ਇਸ ਪੌਦੇ 'ਚ ਵਿਸ਼ੇਸ਼ ਗੁਣਾਂ ਦੀ ਜਾਣਕਾਰੀ ਪ੍ਰਾਪਤ ਕਰ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ। ਅਸੀਂ ਅਦਾਰਾ 'ਅਜੀਤ' ਦੇ ਧੰਨਵਾਦੀ ਹਾਂ ਜੋ ਕਿ ਸਾਨੂੰ ਜਾਣਕਾਰੀ ਭਰਪੂਰ ਲੇਖ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ।


-ਗੁਰਮੀਤ ਸਿੰਘ
ਬੇਅੰਤ ਨਗਰ, ਮੋਗਾ।


ਅਵਾਰਾ ਪਸ਼ੂਆਂ ਦੀ ਸਮੱਸਿਆ
ਹਾਲ ਹੀ ਵਿਚ ਅਵਾਰਾ ਪਸ਼ੂਆਂ ਨੇ ਰਾਜਸਥਾਨ ਵਿਚ 13 ਲੋਕਾਂ ਦੀ ਜਾਨ ਲੈ ਲਈ। ਇਸ ਘਟਨਾ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ। ਆਏ ਦਿਨ ਕਿੰਨੀਆਂ ਹੀ ਮਾਸੂਮ ਜਾਨਾਂ ਜਾ ਰਹੀਆਂ ਹਨ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਸਰਕਾਰ ਲੱਖਾਂ ਕਰੋੜਾਂ ਰੁਪਏ ਗਊ ਸੈੱਸ ਦੇ ਰੂਪ ਵਿਚ ਇਕੱਠਾ ਕਰਦੀਆਂ ਹਨ। ਹਾਈ ਕੋਰਟ ਦੀ ਸਖ਼ਤੀ ਦੇ ਬਾਵਜੂਦ ਸੂਬਾ ਸਰਕਾਰਾਂ ਕੋਈ ਵੀ ਕਾਰਵਾਈ ਨਹੀਂ ਕਰ ਰਹੀਆਂ। ਜ਼ਿਆਦਾਤਰ ਇਹ ਅਵਾਰਾ ਡੰਗਰ ਹੀ ਬੇਕਸੂਰ ਲੋਕਾਂ ਦੀ ਜਾਨ ਲੈ ਰਹੇ ਹਨ। ਜੇਕਰ ਗਊਸ਼ਾਲਾਵਾਂ ਨੂੰ ਫੰਡ ਦੇ ਕੇ ਗਊਆਂ ਦੀ ਸੰਭਾਲ ਲਈ ਪ੍ਰਬੰਧ ਕੀਤਾ ਜਾਵੇ ਤਾਂ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਪੰਚਾਇਤਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਸਗੋਂ ਲੋਕਾਂ ਦੀ ਜਾਨ-ਮਾਲ ਨੂੰ ਧਿਆਨ ਵਿਚ ਰੱਖ ਕੇ ਇਸ ਦਾ ਤੁਰੰਤ ਹੱਲ ਕੱਢਿਆ ਜਾਵੇ।


-ਸ.ਸ. ਸੈਣੀ, ਮੁਹਾਲੀ।


ਮਿਲਾਵਟਖੋਰੀ ਨਾ ਕਰੋ
ਦੇਸ਼ ਵਿਚ ਅਜੋਕੇ ਸਮੇਂ ਵਿਚ ਮਿਲਾਵਟਖੋਰੀ ਦਾ ਧੰਦਾ ਜ਼ੋਰਾਂ 'ਤੇ ਹੈ। ਅੱਜ ਮਿਲਾਵਟਖੋਰ ਲੋਕਾਂ ਨੇ ਖਾਧ ਪਦਾਰਥਾਂ ਦੀ ਮਿਲਾਵਟ ਤੋਂ ਲੈ ਕੇ ਸਿਹਤ ਵਰਧਕ ਦਵਾਈਆਂੰ ਤੱਕ ਮਿਲਾਵਟ ਕਰਨੀ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਮਿਲਾਵਟਖੋਰ ਲੋਕਾਂ ਨੂੰ ਇਨਸਾਨੀਅਤ ਨਾਲ ਇਸ ਤਰ੍ਹਾਂ ਪੈਸਿਆਂ ਦੇ ਲਾਲਚ ਲਈ ਲੋਕਾਂ ਦੀ ਸਿਹਤ ਲਈ ਉਨ੍ਹਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਸ਼ੁੱਧਤਾ ਖ਼ਤਮ ਹੋ ਰਹੀ ਹੈ। ਆਪਣੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਤੇ ਸਰਕਾਰ ਦਾ ਸਹਿਯੋਗ ਕਰੀਏ ਅਤੇ ਸਰਕਾਰ ਨੂੰ ਮਿਲਾਵਟਖੋਰੀ ਲਈ ਸਖ਼ਤ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਸਿਹਤਮੰਦ ਰਹਿ ਸਕੀਏ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਦੁਬਈ ਦਾ ਗੁਰੂ ਘਰ
ਹਰਮਨ-ਪਿਆਰੇ 'ਅਜੀਤ' ਅਖ਼ਬਾਰ ਦੇ ਪਿਛਲੇ ਦਿਨੀਂ 'ਧਰਮ ਅਤੇ ਵਿਰਸਾ' ਅੰਕ ਵਿਚ ਪ੍ਰੋ: ਜਸਵੰਤ ਸਿੰਘ ਗੰਡਮ ਦਾ ਲੇਖ 'ਸਾਂਝੀਵਾਲਤਾ ਦਾ ਸੂਚਕ-ਗੁਰੂ ਨਾਨਕ ਦਰਬਾਰ ਸਿੱਖ ਟੈਂਪਲ, ਦੁਬਈ' ਪੜ੍ਹਿਆ। ਲੇਖ ਪੜ੍ਹ ਕੇ ਮਨ ਸਰਸ਼ਾਰ ਹੋ ਗਿਆ। ਪ੍ਰੋ: ਗੰਡਮ ਨੇ ਬੜੇ ਸਲੀਕੇ ਨਾਲ ਗੁਰੂ ਘਰ ਦੀਆਂ ਖ਼ੂਬੀਆਂ ਅਤੇ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਹੈ। ਧੰਨ ਹਨ ਇਸ ਗੁਰੂ ਘਰ ਦੇ ਪ੍ਰਬੰਧਕ ਜੋ ਇਕ ਇਸਲਾਮਿਕ ਦੇਸ਼ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਪਵਿੱਤਰ ਉਪਦੇਸ਼ ਦੁਨੀਆ ਭਰ ਵਿਚ ਫੈਲਾਅ ਰਹੇ ਹਨ। ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰੀ ਸੁਰਿੰਦਰ ਸਿੰਘ ਕੰਧਾਰੀ ਅਤੇ ਉਨ੍ਹਾਂ ਦੇ ਸਹਿਯੋਗੀ ਸੇਵਾਦਾਰ ਦੀ ਸੋਚ ਅਤੇ ਹਿੰਮਤ ਨੂੰ ਸੌ ਸਲਾਮ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ)।


ਬੇਰਹਿਮ ਹੋ ਗਏ ਹੁਣ ਲੋਕ
ਹੁਣ ਜਦੋਂ ਵੀ ਸਵੇਰੇ ਅੱਖ ਖੁੱਲ੍ਹਦੀ ਹੈ ਤਾਂ ਬਸ, ਮੂੰਹ ਵਿਚੋਂ ਇਹੀ ਲਫ਼ਜ਼ ਨਿਕਲਦੇ ਹਨ ਕਿ ਪਰਮਾਤਮਾ ਅੱਜ ਦਿਨ ਸਭਨਾਂ ਦਾ ਸੁੱਖੀਂ ਸਾਂਦੀ ਲੰਘ ਜਾਵੇ। ਪਰ ਜਦੋਂ ਸਵੇਰੇ ਅਖ਼ਬਾਰ ਆਉਣ ਤੋਂ ਪਹਿਲਾਂ ਫੇਸਬੁੱਕ ਜਾਂ ਵਟਸਐਪ ਖੋਲ੍ਹ ਕੇ ਦੇਖੀਏ ਤਾਂ ਬਸ ਰੂਹ ਕੰਬਾਉਣ ਵਾਲੀਆਂ ਵੀਡਓ ਅਤੇ ਫ਼ੋਟੋਆਂ ਸਾਡੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਵਿਚ ਮਾਰ-ਕੁੱਟ, ਕਤਲ, ਚੋਰੀ, ਠੱਗੀ ਤਾਂ ਆਮ ਜਿਹੀ ਗੱਲ ਹੋਈ ਜਾਪਦੀ ਹੈ।
ਕੋਈ ਅਣਖਾਂ ਕਰਕੇ, ਕੋਈ ਗ਼ਲਤ ਚੱਕਰਾਂ ਵਿਚ ਅਤੇ ਕੋਈ ਪੁਰਾਣੀ ਰਜੰਸ਼ ਲਈ ਬਸ ਬਿਨਾਂ ਸੋਚੇ ਕਤਲ ਕਰਨ ਨੂੰ ਪਹਿਲ ਦਿੰਦਾ ਹੈ। ਦਿਨ-ਬ-ਦਿਨ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਲੋਕਾਂ ਵਿਚ ਸਹਿਣਸ਼ੀਲਤਾ ਦੀ ਭਾਵਨਾ ਤਾਂ ਹੁਣ ਖ਼ਤਮ ਹੋ ਚੁੱਕੀ ਹੈ। ਹੁਣ ਪਹਿਲਾਂ ਦੀ ਤਰ੍ਹਾਂ ਲੋਕ ਹਮਦਰਦ ਨਹੀਂ ਰਹੇ ਤੇ ਨਾ ਹੀ ਕੋਈ ਤਰਸ ਕੀਤਾ ਜਾਂਦਾ ਹੈ, ਬਸ ਬੇਰਹਿਮੀ ਦਿਲ ਵਿਚ ਵਸਾਈ ਹੋਈ ਹੈ। ਕਿਸੇ ਵਲੋਂ ਹੋਈ ਥੋੜ੍ਹੀ ਜਿਹੀ ਗ਼ਲਤੀ ਵੀ ਕੋਈ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੈ। ਨਾ ਆਪਣੇ ਅਤੇ ਨਾ ਉਸ ਦੇ ਪਰਿਵਾਰ ਬਾਰੇ ਕੋਈ ਨਹੀਂ ਸੋਚਦਾ ਕਿ ਇਨ੍ਹਾਂ ਪਰਿਵਾਰਾਂ ਦਾ ਕੀ ਬਣੇਗਾ ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਮੁਲਾਜ਼ਮਾਂ ਵਲੋਂ ਕੀਤਾ ਗਿਆ ਕੰਨਿਆ ਦਾਨ
ਰਾਜਸਥਾਨ ਦੇ ਨਗੌਰ ਜ਼ਿਲ੍ਹੇ ਵਿਚ ਪੁਲਿਸ ਕਰਮਚਾਰੀਆਂ ਨੇ ਇਕ ਸ਼ਹੀਦ ਦੀ ਭੈਣ ਦਾ ਵਿਆਹ ਕਰ ਕੇ ਭਰਾਵਾਂ ਵਾਲਾ ਫ਼ਰਜ਼ ਨਿਭਾਇਆ। ਇਹ ਵੀ ਸਾਬਤ ਕਰ ਦਿੱਤਾ ਕਿ ਕੀ ਹੋਇਆ ਜੇ ਭੈਣ ਦਾ ਭਰਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਅਸੀਂ ਵੀ ਤੇਰੇ ਭਰਾ ਵਾਂਗ ਹੀ ਹਾਂ। ਕਿਉਂਕਿ ਭੈਣ ਹਮੇਸ਼ਾ ਭਰਾ ਦੇ ਰੱਖੜੀ ਬੰਨ੍ਹਦੀ ਸੀ, ਭਰਾ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਉਹ ਮੁਲਾਜ਼ਮਾਂ ਨੂੰ ਰੱਖੜੀ ਬੰਨ੍ਹਦੀ ਰਹੀ।
ਜਦੋਂ ਵੇਲਾ ਭੈਣ ਦੇ ਵਿਆਹ ਦਾ ਆਇਆ ਤਾਂ ਮਹਿਕਮੇ ਵਾਲਿਆਂ ਨੇ ਭਰਾ ਦੇ ਫ਼ਰਜ਼ ਪੂਰੇ ਤਨਦੇਹੀ ਨਾਲ ਨਿਭਾਏ, ਜੰਞ ਦੀ ਪੂਰੀ ਸੇਵਾ ਕੀਤੀ। ਕਾਸ਼! ਸਾਡੇ ਪੰਜਾਬ ਵਿਚ ਵੀ ਇਹੋ ਜਿਹੀ ਪਿਰਤ ਪੈ ਜਾਵੇ, ਅਨੇਕਾਂ ਕਰਮਚਾਰੀ ਡਿਊਟੀ ਦੌਰਾਨ ਸ਼ਹੀਦ ਹੋ ਜਾਂਦੇ ਹਨ ਪਰ ਪਿੱਛੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪਾਣੀ ਤੱਕ ਨਹੀਂ ਪੁੱਛਦਾ। ਹਰੇਕ ਮਹਿਕਮੇ ਦਾ ਫ਼ਰਜ਼ ਬਣਦਾ ਹੈ ਕਿ ਉਹ ਵੀ ਇਸ ਤਰ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ। ਸਾਨੂੰ ਸਾਰਿਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਹਕੀਕਤ ਵਿਚ ਇਸੇ ਤਰ੍ਹਾਂ ਕਰਨਾ ਵੀ ਚਾਹੀਦਾ ਹੈ ਜੋ ਰਾਜਸਥਾਨ ਦੀ ਪੁਲਿਸ ਨੇ ਮਿਸਾਲ ਪੇਸ਼ ਕੀਤੀ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।

26-11-2019

 ਕਿਸਾਨਾਂ ਦੀ ਸਮੱਸਿਆ

ਇਕ ਪਾਸੇ ਤਾਂ ਪੰਜਾਬ ਸਰਕਾਰ ਤੇ ਖੇਤੀਬਾੜੀ ਮਹਿਕਮਾ ਆਦਿ ਕਹਿ ਰਹੇ ਹਨ ਕਿ ਜ਼ਮੀਨ ਦਾ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ ਹੈ। ਸੋ, ਜੋ ਫ਼ਸਲਾਂ ਘੱਟ ਪਾਣੀ ਲੈਂਦੀਆਂ ਹਨ, ਉਹ ਬੀਜੀਆਂ ਜਾਣ ਜਿਵੇਂ ਬਾਸਮਪਤੀ ਝੋਨਾ, ਮੱਕੀ, ਦਾਲਾਂ, ਸਬਜ਼ੀਆਂ ਆਦਿ ਪਰ ਹੁਣ ਪੰਜਾਬ ਸਰਕਾਰ ਬਾਸਮਤੀ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਰਹੀ। ਪਰਮਲ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਦੇ ਰਹੀ ਹੈ। ਪਰਮਲ ਝੋਨਾ ਸਾਰੀਆਂ ਫ਼ਸਲਾਂ ਨਾਲੋਂ ਵੱਧ ਪਾਣੀ ਲੈਂਦਾ ਹੈ। ਸੋ, ਮੈਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ।

-ਜੀਤ ਸਿੰਘ ਘੁੜਿਆਲ।

ਦਲਿਤਾਂ 'ਤੇ ਜ਼ੁਲਮ

ਤਕੜੇ ਵਲੋਂ ਮਾੜੇ 'ਤੇ ਜ਼ੁਲਮ ਤੇ ਧੱਕਾ ਮੁੱਢ-ਕਦੀਮੋਂ ਹੀ ਚਲਦਾ ਆ ਰਿਹਾ ਹੈ। ਇਨ੍ਹਾਂ ਗੱਲਾਂਬਾਤਾਂ ਦਾ ਗਵਾਹ ਸਾਡਾ ਇਤਿਹਾਸ ਹੈ, ਜਿਥੋਂ ਧੱਕੇਸ਼ਾਹੀ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਗੁਰਾਂ ਦੇ ਨਾਂਅ ਹੇਠ ਵਸਦੇ ਪੰਜਾਬ ਵਿਚ ਵੀ ਸਮੇਂ-ਸਮੇਂ 'ਤੇ ਇਹ ਜ਼ੁਲਮ ਕਈ ਵਾਰ ਸਾਹਮਣੇ ਆ ਚੁੱਕਾ ਹੈ। ਤਾਜ਼ੀ ਘਟਨਾ ਚੰਗਾਲੀਵਾਲ ਵਾਲੀ ਨੇ ਸਭ ਦਾ ਧਿਆਨ ਖਿੱਚਿਆ ਹੈ ਕਿ ਹਾਲੇ ਵੀ ਜ਼ੁਲਮੋ-ਸਿਤਮ ਜਾਰੀ ਹੈ। ਕਿਸੇ ਮਾੜੀ-ਮੋਟੀ ਘਟਨਾ ਨੂੰ ਲੈ ਕੇ ਦਲਿਤ ਨੌਜਵਾਨ 'ਤੇ ਅੰਨਾ ਤਸ਼ੱਦਦ ਢਾਹਿਆ ਗਿਆ ਤੇ ਉਹ ਵੀ ਜ਼ਾਲਮਾਨਾ ਤਰੀਕੇ ਨਾਲ ਕੁੱਟਮਾਰ ਕਰਨ ਤੇ ਇਥੋਂ ਤੱਕ ਕਿ ਪਿਸ਼ਾਬ ਵੀ ਪਿਆਇਆ ਗਿਆ। ਜੋ ਇਨਸਾਨੀ ਕਦਰਾਂ-ਕੀਮਤਾਂ 'ਤੇ ਸਿਰੇ ਦਾ ਘਾਣ ਹੈ। ਇਹੋ ਜਿਹਾ ਜ਼ੁਲਮ ਕਰਨ ਵਾਲੇ ਇਨਸਾਨ ਨਹੀਂ ਹੈਵਾਨ ਹਨ। ਇਸ ਘਟਨਾ ਨੇ ਇਨਸਾਨੀ ਕਦਰਾਂ-ਕੀਮਤਾਂ ਦੀ ਗੱਲ ਕਰਨ ਵਾਲਿਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਰੱਬ ਕਰੇ ਹੋਰ ਜ਼ੁਲਮ ਨਾ ਹੋਵੇ।

-ਬਲਬੀਰ ਸਿੰਘ ਬੱਬੀ
ਤੱਖ਼ਰਾਂ, ਲੁਧਿਆਣਾ।

ਖਿੱਲਰੇ ਕੰਡੇ ਚੁਗਣ ਦਾ ਸਮਾਂ

ਪਿਛਲੇ ਦਿਨੀਂ 'ਅਜੀਤ' 'ਚ ਲਾਹੌਰ ਤੋਂ ਤਾਇਬਾ ਬੁਖਾਰੀ ਹੁਰਾਂ ਦਾ ਲੇਖ ਪੜ੍ਹਿਆ। ਬੁਖਾਰੀ ਸਾਹਿਬ ਪਹਿਲਾਂ ਵੀ ਪੰਜਾਬੀਆਂ ਦੀ ਆਪਸੀ ਮਿੱਤਰਤਾ ਬਾਰੇ ਲਿਖਦੇ ਰਹਿੰਦੇ ਹਨ। ਆਪਸੀ ਮੁਹੱਬਤ ਦੀਆਂ ਗੱਲਾਂ ਜੋ ਬੁਖਾਰੀ ਜੀ ਨੇ ਕੀਤੀਆਂ ਹਨ, ਦੋਵਾਂ ਦੇਸ਼ਾਂ ਦੇ ਸੁਹਿਰਦ ਲੋਕਾਂ ਦੀ ਆਵਾਜ਼ ਹਨ। ਦੋਵਾਂ ਦੇਸ਼ਾਂ ਦੇ ਲੋਕ ਆਪਣੇ ਨੇਤਾਵਾਂ ਨੂੰ ਮਜਬੂਰ ਕਰਨ ਕਿ ਲੜਾਈਆਂ 'ਚ ਕੁਝ ਨਹੀਂ ਪਿਆ। ਜਿਹੜਾ ਪਿਆਰ ਸਤਿਕਾਰ ਪਾਕਿਸਤਾਨੀ ਆਵਾਮ ਨੇ ਕਰਤਾਰਪੁਰ ਸਾਹਿਬ ਗਿਆਂ ਲੋਕਾਂ ਨੂੰ ਦਿੱਤਾ ਹੈ, ਉਸ ਪਿਆਰ ਮੁਹੱਬਤ ਦੇ ਬੂਹੇ ਨੂੰ ਖੁੱਲ੍ਹਾ ਰੱਖਣਾ ਪਵੇਗਾ। ਵਿਛੜੇ ਭਰਾ ਜੇ ਇਕ-ਦੂਜੇ ਨੂੰ ਗਲਵਕੜੀਆਂ ਪਾ ਰਹੇ ਹਨ ਤਾਂ ਇਹ ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਲਈ ਵੀ ਖ਼ੁਸ਼ਖ਼ਬਰੀ ਹੈ। ਆਓ ਧਰਮਾਂ, ਮਜ਼ਹਬਾਂ ਨੂੰ ਪਾਸੇ ਕਰ ਕੇ ਬਾਬੇ ਨਾਨਕ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਇਕ ਹੋ ਜਾਈਏ। ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਵਾਜ਼ ਸੁਣਨ।

-ਜਗਤਾਰ ਗਿੱਲ, ਅੰਮ੍ਰਿਤਸਰ।

ਨਾਦਰਸ਼ਾਹੀ ਫ਼ਰਮਾਨ

ਆਏ ਦਿਨ ਸਰਕਾਰਾਂ ਨਵੇਂ-ਨਵੇਂ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਦਿੰਦੀਆਂ ਹਨ। ਪਿਛਲੇ ਦਿਨੀਂ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਇਕ ਪੱਤਰ ਰਾਹੀਂ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਅਧਿਆਪਕ ਅਖ਼ਬਾਰਾਂ ਵਿਚ ਪੱਤਰਕਾਰੀ ਅਤੇ ਆਪਣੇ ਵਿਚਾਰ ਸੁਤੰਤਰ ਰੂਪ ਵਿਚ ਪੇਸ਼ ਨਹੀਂ ਕਰੇਗਾ। ਹਰ ਕੋਈ ਕਲਮ ਦੀ ਤਾਕਤ ਤੋਂ ਜਾਣੂ ਹੈ। ਸ਼ਾਇਦ ਇਸ ਲਈ ਵਿਚਾਰਾਂ ਨੂੰ ਬੇੜੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲਗਦਾ ਹੈ ਕਿ ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਕਲਮ ਚੁੱਕਣ ਲਈ ਵੀ ਲਾਇਸੈਂਸ ਲੈਣਾ ਪਵੇਗਾ, ਕਿਉਂਕਿ ਕਲਮ ਨਾਲ ਕੀਤਾ ਵਾਰ ਹਥਿਆਰ ਦੇ ਵਾਰ ਤੋਂ ਕਿਤੇ ਘਾਤਕ ਸਿੱਧ ਹੋ ਸਕਦਾ ਹੈ।

-ਮਨਦੀਪ ਸਿੰਘ ਸ਼ੇਰੋਂ
ਦਸਮੇਸ਼ ਨਗਰ, ਮੋਰਾਂਵਾਲੀ, ਸੁਨਾਮ ਊਧਮ ਸਿੰਘ ਵਾਲਾ।

ਪਾਣੀ ਦੀ ਗੁਣਵੱਤਾ ਘਟੀ

ਹਾਲ ਹੀ ਵਿਚ ਪਾਈਪਾਂ ਰਾਹੀਂ ਘਰਾਂ ਵਿਚ ਪਾਣੀ ਜੋ ਜਾਂਦਾ ਹੈ, ਉਸ ਦੀ ਗੁਣਵੱਤਾ ਚੈੱਕ ਕਰਵਾਈ ਗਈ। ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ 8ਵੇਂ ਨੰਬਰ 'ਤੇ ਆ ਗਿਆ। ਮੁੰਬਈ ਦੇ ਪਾਣੀ ਦੀ ਗੁਣਵੱਤਾ ਸਭ ਤੋਂ ਵਧੀਆ ਰਹੀ। ਹਵਾ ਤਾਂ ਪਲੀਤ ਹੋਈ ਸੀ ਨਾਲ ਪਾਣੀ ਵੀ ਪੀਣ ਜੋਗਾ ਨਹੀਂ ਰਿਹਾ। ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਜੇ ਗੰਦਾ ਪਾਣੀ ਪਿਆਂਗੇ ਤਾਂ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋਵਾਂਗੇ। ਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿਚ ਅਜਿਹੇ ਪਲਾਂਟ ਲਗਾਏ ਹਨ ਜੋ ਸਾਫ਼ ਤੇ ਸੁਰੱਖਿਅਤ ਪਾਣੀ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ। ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

-ਸੰਜੀਵ ਸਿੰਘ ਸੈਣੀ

ਪੰਜਾਬ ਦੀ ਅਜੋਕੀ ਸਥਿਤੀ

ਪਿਛਲੇ ਦਿਨੀਂ ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਅੱਜ ਬਹੁਪੱਖੀ ਸੰਕਟਾਂ ਦਾ ਸ਼ਿਕਾਰ ਹੈ ਪੰਜਾਬੀ ਵਸੇਬਾ' ਬਹੁਤ ਵਧੀਆ ਲੱਗਾ। ਇਸ ਲੇਖ ਵਿਚ ਲੇਖਕ ਨੇ ਅਜੋਕੀ ਪੰਜਾਬ ਦੀ ਸਥਿਤੀ ਦੇ ਹਰੇਕ ਪਹਿਲੂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਸਮੇਂ ਬਹਾਦਰ ਸੂਰਬੀਰ ਯੋਧਿਆਂ ਦੀ ਧਰਤ ਕਹਾਉਂਦਾ ਪੰਜਾਬ ਅੱਜ ਨਸ਼ੇ, ਖ਼ੁਦਕੁਸ਼ੀਆਂ, ਬਿਮਾਰੀਆਂ ਅਤੇ ਵਾਤਾਵਰਨ ਪੱਖੋਂ ਕੰਗਾਲ ਹੋਣ ਦੇ ਰਾਹ 'ਤੇ ਹੈ। ਅੱਜ ਲੱਖਾਂ ਪੰਜਾਬੀ ਨੌਜਵਾਨ ਵਹੀਰਾਂ ਘੱਤ ਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ। ਜੇਕਰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਨਾਮੋ-ਨਿਸ਼ਾਨ ਖ਼ਤਮ ਹੋ ਸਕਦਾ ਹੈ। ਸਾਨੂੰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਅੱਜ ਦੇ ਪੰਜਾਬ ਨੂੰ ਨਸ਼ੇ, ਖ਼ੁਦਕੁਸ਼ੀਆਂ, ਬਿਮਾਰੀਆਂ, ਪਰਵਾਸ ਅਤੇ ਵਾਤਾਵਰਨ ਪੱਖੋਂ ਬਚਾਉਣਾ ਪਵੇਗਾ ਅਤੇ ਇਸ ਨੂੰ ਵਿਕਾਸ ਦੇ ਰਾਹ 'ਤੇ ਤੋਰਨਾ ਹੋਵੇਗਾ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਲੋਕ ਸਭ ਜਾਣਦੇ ਹਨ

ਆਖ਼ਰ ਬਾਬਾ ਨਾਨਕ ਜੀ ਦੀ ਕ੍ਰਿਪਾ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਹੀ ਗਿਆ। ਲਾਂਘੇ ਦੀ ਗੱਲਬਾਤ ਚੱਲਣ ਦੇ ਦੌਰਾਨ ਇਸ ਮਸਲੇ 'ਤੇ ਬਹੁਤ ਨੁਕਤਾਚੀਨੀ, ਵਿਰੋਧ ਅਤੇ ਇਕ-ਦੂਜੇ 'ਤੇ ਘਟੀਆ ਦਰਜੇ ਦੀ ਇਲਜ਼ਾਮ ਤਰਾਸ਼ੀ ਵੀ ਕੀਤੀ ਗਈ। ਸਿਤਮ ਜ਼ਰੀਫ਼ੀ ਇਹ ਕਿ ਲਾਂਘੇ ਦਾ ਕੰਮ ਬੰਦ ਕਰਨ ਦੇ ਕੋਝੇ ਯਤਨ ਵੀ ਕੀਤੇ ਗਏ। ਕੁਝ ਲੋਕਾਂ ਨੇ ਇਸ ਪਵਿੱਤਰ ਕਾਰਜ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਵੀ ਕੀਤੀ। ਪਰ ਸਿੱਖ ਜਗਤ ਅਤੇ ਨਾਨਕ ਨਾਮ ਲੇਵਾ ਸਭ ਕੁਝ ਜਾਣਦੇ ਹਨ।
ਇਹ ਈਸ਼ੂ ਕਦੋਂ ਸ਼ੁਰੂ ਹੋਇਆ, ਕਿਸ ਨੇ ਕੀ-ਕੀ ਯਤਨ ਕੀਤੇ ਅਤੇ ਕੌਣ ਇਸ ਲਾਂਘੇ ਨੂੰ ਤਾਰਪੀਡੂ ਕਰ ਰਿਹਾ ਸੀ। ਸ਼ਰਧਾਲੂ ਇਸ ਬਾਰੇ ਸਾਰੀ ਜਾਣਕਾਰੀ ਰੱਖਦੇ ਹਨ। ਸ਼ਾਇਦ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਰਤਾਂ ਕੁਝ ਨਰਮ ਕਰੇ। ਬੇਲੋੜੀਆਂ ਸ਼ਰਤਾਂ ਤੋਂ ਕਈ ਦੁਖੀ ਲੋਕ ਲਾਂਘਾ ਦੇਖੇ ਬਿਨਾਂ ਵਾਪਸ ਆ ਰਹੇ ਹਨ ਤਾਂ ਜੋ ਸ਼ਰਧਾਲੂ ਇਸ ਯਾਤਰਾ ਤੋਂ ਪੂਰਨ ਲਾਭ ਉਠਾ ਸਕਣ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਣ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਕਪੂਰਥਲਾ।

25-11-2019

 ਸਿਹਤ ਸਹੂਲਤਾਂ
ਭਾਵੇਂ ਭਾਰਤ ਨੂੰ ਆਜ਼ਾਦ ਹੋਏ ਸੱਤ ਦਹਾਕੇ ਹੋ ਗਏ ਹਨ, ਪ੍ਰੰਤੂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਪੱਖੋਂ ਵਿਦੇਸ਼ਾਂ ਨਾਲੋਂ ਕਾਫ਼ੀ ਪਿੱਛੇ ਹੈ। ਜਿਸ ਦਾ ਮੁੱਖ ਕਾਰਨ ਸਰਕਾਰੀ ਹਸਪਤਾਲਾਂ ਵਿਚ ਜ਼ਰੂਰੀ ਦਵਾਈਆਂ ਦੀ ਘਾਟ, ਡਾਕਟਰਾਂ ਦੀ ਘਾਟ ਅਤੇ ਅਣਸਿਖਿਅਤ ਸਟਾਫ਼ ਦਾ ਹੋਣਾ ਹੈ, ਜਿਸ ਨਾਲ ਜੱਚਾ-ਬੱਚਾ ਦੀਆਂ ਮੌਤਾਂ ਦੀਆਂ ਖ਼ਬਰਾਂ ਆਮ ਹੀ ਪੜ੍ਹੀਆਂ ਸੁਣੀਆਂ ਜਾਂਦੀਆਂ ਹਨ। ਭਾਵੇਂ ਨਿੱਜੀ ਹਸਪਤਾਲਾਂ ਵਿਚ ਦਵਾਈਆਂ ਅਤੇ ਹੋਰ ਸੁੱਖ-ਸਹੂਲਤਾਂ ਮਰੀਜ਼ਾਂ ਨੂੰ ਮਿਲਣਯੋਗ ਹਨ, ਪ੍ਰੰਤੂ ਨਿੱਜੀ ਹਸਪਤਾਲਾਂ ਵਿਚ ਇਲਾਜ ਬਹੁਤ ਮਹਿੰਗਾ ਹੋਣ ਕਾਰਨ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਉਥੋਂ ਦੇ ਸਿਹਤਮੰਦ ਨਾਗਰਿਕਾਂ 'ਤੇ ਹੀ ਨਿਰਭਰ ਕਰਦੀ ਹੈ। ਸੋ, ਜਿਥੇ ਸਰਕਾਰਾਂ ਦਾ ਆਪਣੇ ਨਾਗਰਿਕਾਂ ਨੂੰ ਰੋਟੀ, ਕੱਪੜਾ, ਮਕਾਨ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਫ਼ਰਜ਼ ਬਣਦਾ ਹੈ, ਉਥੇ ਹੀ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪ੍ਰਦੂਸ਼ਣ ਤੇ ਦਿੱਲੀ

ਅੱਜਕਲ੍ਹ ਹਰ ਅਖ਼ਬਾਰ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਅਤੇ ਇਸ ਦਾ ਜ਼ਿੰਮੇਵਾਰ ਪੰਜਾਬ ਵਿਚ ਸੜ ਰਹੀ ਪਰਾਲੀ ਨੂੰ ਬਣਾਇਆ ਜਾ ਰਿਹਾ ਹੈ। ਸੋਚਣ ਦੀ ਲੋੜ ਹੈ ਕਿ ਕੀ ਹਵਾ ਇਕ ਜਗ੍ਹਾ ਰੁਕ ਕੇ ਖਲੋ ਸਕਦੀ ਹੈ? ਕੀ ਹਵਾ ਦਾ ਰੁਖ਼ ਹਮੇਸ਼ਾ ਇਕੋ ਬੰਨੇ ਨੂੰ ਰਹਿੰਦਾ ਹੈ? ਕੀ ਪੰਜਾਬ ਤੋਂ ਇਲਾਵਾ ਹਰਿਆਣੇ 'ਚ ਪਰਾਲੀ ਨਹੀਂ ਹੁੰਦੀ? ਪੰਜਾਬ ਦਾ ਧੂੰਆਂ ਜਦੋਂ ਹਰਿਆਣੇ ਉਤੋਂ ਦੀ ਲੰਘਦਾ ਹੈ ਤਾਂ ਉਥੇ ਕਿਉਂ ਨਹੀਂ ਖਲੋਂਦਾ। ਜਿਧਰ ਨੂੰ ਹਵਾ ਦਾ ਰੁਖ਼ ਹੋਵੇਗਾ, ਧੂੰਆਂ ਅੱਗੇ ਤੋਂ ਅੱਗੇ ਹੀ ਚਲਦਾ ਰਹੇਗਾ, ਫਿਰ ਪੰਜਾਬ ਦਾ ਧੂੰਆਂ ਦਿੱਲੀ ਜਾ ਕੇ ਕਿਵੇਂ ਖਲੋ ਜਾਂਦਾ ਹੈ? ਧੂੰਆਂ ਪਾਕਿਸਤਾਨ ਨੂੰ ਵੀ ਜਾ ਸਕਦਾ ਹੈ, ਯੂ.ਪੀ. ਤੋਂ ਵੀ ਧੂੰਆਂ ਆ ਸਕਦਾ ਹੈ ਜਾਂ ਉਧਰ ਕੋਈ ਦੀਵਾਰ ਹੈ? ਦਿੱਲੀ ਵਿਚ ਲੱਖਾਂ ਦੀ ਤਾਦਾਦ ਵਿਚ ਕਾਰਾਂ, ਟਰੱਕ, ਸਕੂਟਰ ਚੱਲਦੇ ਹਨ, ਜਨਰੇਟਰ ਚੱਲਦੇ ਹਨ, ਉਨ੍ਹਾਂ ਦਾ ਪ੍ਰਦੂਸ਼ਣ ਕਿਥੇ ਜਾਂਦਾ ਹੈ? ਸਿਰਫ਼ ਪੰਜਾਬ ਨੂੰ ਹੀ ਬਦਨਾਮ ਨਾ ਕਰੋ।


-ਜਸਵਿੰਦਰ ਸਿੰਘ
ਬਟਾਲਾ, ਪੰਜਾਬ।


ਜਾਣਕਾਰੀ ਭਰਪੂਰ ਲੇਖ

ਧਰਮ ਤੇ ਵਿਰਸਾ ਸਦਾ ਹੀ ਪਾਠਕਾਂ ਲਈ ਜਾਣਕਾਰੀ ਭਰਪੂਰ ਤੇ ਨਾਲ ਹੀ ਨਰੋਈ ਸੇਧ ਵਾਲਾ ਹੁੰਦਾ ਹੈ। ਇਸ ਵਾਰ 19 ਨਵੰਬਰ ਦੇ ਅੰਕ ਦੇ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਲੇਖ ਡਾ: ਚਮਕੌਰ ਸਿੰਘ ਦੀ ਕਲਮ ਤੋਂ ਲਿਖਿਆ ਪਾਵਨ ਗੁਰਬਾਣੀ ਦੀ ਸੇਧ ਵਿਚ ਮਨੁੱਖੀ ਜੀਵਨ ਦੀ ਦੁਰਲੱਭਤਾ ਦਾ ਡੂੰਘਾ ਅਨੁਭਵ ਕਰਾਉਂਦਾ ਹੈ। ਵਿਦਵਾਨ ਲੇਖਕ ਨੇ ਦੂਸਰੇ ਪ੍ਰਮੁੱਖ ਧਰਮ ਗ੍ਰੰਥਾਂ ਦੇ ਇਸ ਸਰੋਕਾਰ ਦੇ ਪ੍ਰਮਾਣ ਦੇ ਕੇ ਮਾਨਵਤਾਵਾਦੀ ਪਹੁੰਚ ਦ੍ਰਿਸ਼ਟੀ ਦਾ ਪ੍ਰਗਟਾਵਾ ਕਰਦਿਆਂ ਹਰ ਧਰਮ ਦੇ ਗ੍ਰੰਥ ਨੂੰ ਸਾਡੇ ਵਲੋਂ ਮਾਨਤਾ ਦੇਣ ਪ੍ਰਤੀ ਸਹਿਜ ਰੂਪ 'ਚ ਢਾਲਣ ਦਾ ਅਚੇਤ ਰੂਪ 'ਚ ਵਸੀਲਾ ਬਣਾਇਆ ਹੈ। ਲੇਖ ਪੜ੍ਹਦਿਆਂ ਵਾਰ-ਵਾਰ ਖਿਆਲ ਆਉਂਦਾ ਹੈ ਕਿ ਮਨੁੱਖੀ ਜੀਵਨ ਦੀ ਅੱਜ ਕਿੰਨੀ ਅਣਦੇਖੀ ਹੋ ਰਹੀ ਹੈ। ਸਾਨੂੰ ਇਸ ਦੀ ਦੁਰਲੱਭਤਾ ਦਾ ਲੋੜੀਂਦੀ ਸ਼ਿੱਦਤ ਨਾਲ ਜੇ ਅਹਿਸਾਸ ਹੋ ਜਾਵੇ ਤਾਂ ਸੰਸਾਰ ਕਿੰਨਾ ਸੁਖੀ ਹੋ ਜਾਵੇ।


-ਸੁਰਿੰਦਰ ਸਿੰਘ ਨਿਮਾਣਾ


ਫਰਵਰੀ 'ਚ ਹੋਣ ਸਕੂਲੀ ਪ੍ਰੀਖਿਆਵਾਂ
ਪੰਜਾਬ ਸਕੂਲ ਬੋਰਡ ਨੇ 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮਾਰਚ ਵਿਚ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਰ ਸਾਲ ਸਕੂਲੀ ਪ੍ਰੀਖਿਆਵਾਂ ਵੀ ਮਾਰਚ ਵਿਚ ਹੁੰਦੀਆਂ ਹਨ, ਜਿਸ ਨਾਲ ਅਧਿਆਪਕਾਂ ਨੂੰ ਅਨੇਕਾਂ ਸਮੱਸਿਆਵਾਂ ਆਉਂਦੀਆਂ ਹਨ।
ਅਧਿਆਪਕਾਂ ਦੀਆਂ ਡਿਊਟੀਆਂ ਬੋਰਡ ਪ੍ਰੀਖਿਆਵਾਂ ਵਿਚ ਲੱਗ ਜਾਂਦੀਆਂ ਹਨ। ਸਕੂਲੀ ਪ੍ਰੀਖਿਆਵਾਂ ਕਰਵਾਉਣ ਵਿਚ ਮੁਸ਼ਕਿਲ ਆਉਂਦੀ ਹੈ। ਦੂਜਾ ਪੇਪਰ ਚੈਕਿੰਗ ਦਾ ਕੰਮ ਬੋਰਡ ਤੇ ਸਕੂਲੀ ਪ੍ਰੀਖਿਆਵਾਂ ਦਾ ਇਕੱਠਾ ਹੁੰਦਾ ਹੈ, ਜਿਸ ਨਾਲ ਅਧਿਆਪਕ ਵਰਗ ਪ੍ਰੇਸ਼ਾਨ ਹੁੰਦਾ ਹੈ। ਜੇਕਰ ਸਕੂਲੀ ਪ੍ਰੀਖਿਆਵਾਂ ਫਰਵਰੀ ਵਿਚ ਹੋ ਜਾਣ ਤਾਂ ਸਭ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।


-ਸੁਖਵਿੰਦਰ ਸਿੰਘ 'ਅਕੂ ਮਸਤੇ ਕੇ'
ਗੱਟੀ ਰਾਜ਼ੋ ਕੇ (ਫਿਰੋਜ਼ਪੁਰ)।


ਬਾਲ ਦਿਵਸ ਤੇ ਬਾਲ ਮਜ਼ਦੂਰੀ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਗੁਰਤੇਜ ਸਿੰਘ ਦਾ ਬਾਲ ਦਿਵਸ ਦੀ ਸਾਰਥਿਕਤਾ ਬਾਰੇ ਲੇਖ ਪੜ੍ਹਿਆ। ਸਾਡੇ ਦੇਸ਼ ਵਿਚ 14 ਨਵੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਪਰ ਆਜ਼ਾਦੀ ਤੋਂ 7 ਦਹਾਕਿਆਂ ਤੋਂ ਬਾਅਦ ਵੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਅੱਜ ਸਭ ਤੋਂ ਜ਼ਿਆਦਾ ਸਮੱਸਿਆ ਗਰੀਬੀ ਦੀ ਹੈ। ਇਸੇ ਵਜ੍ਹਾ ਕਰਕੇ ਗਰੀਬਾਂ ਦੇ ਬੱਚੇ ਗਰੀਬੀ ਅਤੇ ਭੁੱਖਮਰੀ ਦੀ ਹਾਲਤ ਵਿਚ ਬਾਲ ਮਜ਼ਦੂਰੀ ਵਿਚ ਪਏ ਹੋਏ ਹਨ। ਪਰ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ, ਜਿਸ ਕਾਰਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਜਾਗਰੂਕ ਲੋਕਾਂ ਅਤੇ ਦਿਲ ਵਿਚ ਦਰਦ ਰੱਖਦੀਆਂ ਸੰਸਥਾਵਾਂ ਨੂੰ ਇਸ ਵਿਕਰਾਲ ਰੂਪ ਧਾਰੀ ਸਮੱਸਿਆ ਬਾਰੇ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਬਾਲ ਦਿਵਸ ਮਨਾਇਆ ਤਾਂ ਹੀ ਸਾਰਥਿਕ ਹੋ ਸਕਦਾ ਹੈ ਜੇ ਗੁਰੂਆਂ, ਪੀਰਾਂ ਦੀ ਧਰਤੀ ਤੋਂ ਇਹ ਭਿਆਨਕ ਬਿਮਾਰੀ ਖ਼ਤਮ ਹੋਵੇ ਤੇ ਮੇਰੇ ਦੇਸ਼ ਦਾ ਬਚਪਨ ਦਰਿੰਦਿਆਂ ਦੀ ਹਵਸ਼ ਦਾ ਸ਼ਿਕਾਰ ਨਾ ਬਣੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਬਾਗੋ-ਬਾਗ ਹੋ ਰਹੇ ਹਨ ਸ਼ਰਧਾਲੂ
ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਆ ਰਹੇ ਸ਼ਰਧਾਲੂਆਂ ਦੇ ਚਿਹਰੇ ਦੀ ਮੁਸਕਾਨ ਇਸ ਗੱਲ ਦੀ ਗਵਾਹੀ ਬਿਨਾਂ ਬੋਲੇ ਹੀ ਭਰ ਰਹੀ ਹੈ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਮੌਕੇ ਪਾਕਿਸਤਾਨ ਵਾਸੀਆਂ ਅਤੇ ਪਾਕਿ ਸਰਕਾਰ ਵਲੋਂ ਕੀਤੇ ਸਵਾਗਤ ਦੇ ਸਦਾ ਰਿਣੀ ਰਹਿਣਗੇ। ਵੰਡ ਤੋਂ ਬਾਅਦ ਤੋਂ ਹੀ ਸਿੱਖ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦੇ ਆਏ ਹਨ ਆਖਿਰ ਇਸ ਅਰਦਾਸ ਨੂੰ ਪ੍ਰਮਾਤਮਾ ਨੇ 72 ਸਾਲਾਂ ਬਾਅਦ ਬੂਰ ਪਾਇਆ ਹੈ।
ਸਾਰੀ ਦੁਨੀਆ ਵਿਚ ਵੱਸਦੇ ਹਰ ਇਕ ਭਾਰਤੀ ਨਾਗਰਿਕ ਦੀ ਇਨ੍ਹਾਂ ਦਰਸ਼ਨਾਂ ਲਈ ਦਿਲੋਂ ਤਾਮੰਨਾ ਹੈ। ਆਸ ਕਰਦੇ ਹਾਂ ਇਸ ਖੁੱਲ੍ਹੇ ਲਾਂਘੇ ਦੀ ਤਰ੍ਹਾਂ ਬਾਕੀ ਰਹਿੰਦੇ ਗੁਰਧਾਮਾਂ, ਮੰਦਰਾਂ, ਮਸਜਿਦਾ ਦੇ ਲਾਂਘੇ ਵੀ ਛੇਤੀ ਤੋਂ ਛੇਤੀ ਖੁੱਲ੍ਹ ਜਾਣ, ਤਾਂ ਕਿ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਖ਼ਤਮ ਹੋਵੇ ਅਤੇ ਅਮਨ ਕਾਇਮ ਹੋ ਸਕੇ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਵਿਚਾਰਾਂ ਦੀ ਖ਼ੂਬਸੂਰਤੀ
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਹਰ ਇਨਸਾਨ ਬਾਹਰੀ ਸੁੰਦਰਤਾ ਦਾ ਦੀਵਾਨਾ ਹੋਇਆ ਪਿਆ ਹੈ। ਅੱਜ ਅਕਲ ਨਾਲੋਂ ਸ਼ਕਲ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਸਮਾਜ ਵਿਚ ਆ ਰਹੀ ਗਿਰਾਵਟ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਅੱਜ ਸੀਰਤ ਨਾਲੋਂ ਜ਼ਿਆਦਾ ਮੁੱਲ ਸੂਰਤ ਦਾ ਪੈ ਰਿਹਾ ਹੈ। ਸਾਦਗੀ ਅੱਜ ਅਨਪੜ੍ਹਤਾ ਦੀ ਨਿਸ਼ਾਨੀ ਸਮਝੀ ਜਾਣ ਲੱਗੀ ਹੈ। ਅਸੀਂ ਭੁੱਲ ਚੁੱਕੇ ਹਾਂ ਕਿ ਸਰੀਰਕ ਸੁੰਦਰਤਾ ਸਿਰਫ ਸਾਡਾ ਭਰਮ ਹੈ। ਅਸਲੀ ਖ਼ੂਬਸੂਰਤੀ ਤਾਂ ਵਿਚਾਰਾਂ ਦੀ ਹੁੰਦੀ ਹੈ। ਸਰੀਰਕ ਸੁੰਦਰਤਾ ਉਮਰ ਦੇ ਨਾਲ-ਨਾਲ ਢਲ ਜਾਂਦੀ ਹੈ, ਜਦਕਿ ਵਿਚਾਰਾਂ ਦੀ ਖੂਬਸੂਰਤੀ ਹਮੇਸ਼ਾ ਰਹਿੰਦੀ ਹੈ। ਸੋਹਣੇ ਵਿਚਾਰ ਅਤੇ ਉੱਚੀ ਸੋਚ ਇਨਸਾਨ ਨੂੰ ਹਮੇਸ਼ਾ ਖੂਬਸੂਰਤ ਬਣਾਈ ਰੱਖਦੇ ਹਨ। ਅੱਜ ਹਰ ਇਨਸਾਨ ਸੁੰਦਰ ਦਿੱਸਣਾ ਚਾਹੁੰਦਾ ਹੈ ਤੇ ਸੁੰਦਰਤਾ ਦੇ ਅਰਥ ਅਸੀਂ ਸਿਰਫ ਬਾਹਰੀ ਸੁੰਦਰਤਾ ਤੋਂ ਲੈਂਦੇ ਹਾਂ। ਇਸੇ ਕਾਰਨ ਤਾਂ ਅੱਜ ਸਕੂਲਾਂ, ਕਾਲਜਾਂ, ਲਾਇਬ੍ਰੇਰੀਆਂ ਨਾਲੋਂ ਜ਼ਿਆਦਾ ਥਾਂ-ਥਾਂ ਪਾਰਲਰ ਖੁੱਲ੍ਹ ਚੁੱਕੇ ਹਨ ਪਰ ਸੱਚ ਇਹੀ ਹੈ ਕਿ ਸਾਨੂੰ ਬਾਹਰੀ ਸੁੰਦਰਤਾ ਨਾਲੋਂ ਆਪਣੀ ਸੋਚ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਹੈ, ਕਿਉਂਕਿ ਉੱਚੀ ਸੋਚ ਹੀ ਮਨੁੱਖ ਨੂੰ ਅੱਗੇ ਵਧਾਉਂਦੀ ਹੈ ।


-ਜਸਪ੍ਰੀਤ ਕੌਰ ਸੰਘਾ-
ਪਿੰਡ ਤਨੂੰਲੀ ।

22-11-2019

 ਲੱਚਰ ਗੀਤਾਂ ਬਾਰੇ
ਗੀਤਾ ਗਾਉਣਾ ਅਤੇ ਵਜਾਉਣਾ ਕੋਈ ਨਵੀਂ ਗੱਲ ਨਹੀਂ ਹੈ। ਅਨੰਦ ਮਾਨਣ ਵਾਸਤੇ ਸੰਗੀਤ ਬਹੁਤ ਜ਼ਰੂਰੀ ਹੈ। ਚਾਹੇ ਕੋਈ ਵੀ ਉਮਰ ਹੋਵੇ, ਇਨਸਾਨ ਮਨੋਰੰਜਨ ਕਰਦਾ ਹੀ ਹੈ। ਪਰ ਜੋ ਲੱਚਰ ਗੀਤ ਆਮ ਤੌਰ 'ਤੇ ਟਰਾਲੀਆਂ ਤੇ ਹੋਰ ਵਾਹਨਾਂ 'ਤੇ ਵਜਾਏ ਜਾਂਦੇ ਹਨ, ਉਹ ਵੀ ਬੜੀ ਉੱਚੀ ਆਵਾਜ਼ ਵਿਚ, ਬੜੇ ਹੀ ਡਿਸਟਰਬ ਕਰਨ ਵਾਲੇ ਅਤੇ ਬੁਰੇ ਪ੍ਰਭਾਵ ਵਾਲੇ ਹੁੰਦੇ ਹਨ। ਇਸ ਕਰਕੇ ਪ੍ਰਸ਼ਾਸਨ ਨੂੰ ਵੀ ਇਹ ਕੰਮ ਚਾਲਾਨ ਦੇ ਅਧੀਨ ਲਿਆਉਣਾ ਚਾਹੀਦਾ ਹੈ, ਤਾਂ ਕਿ ਆਮ ਜਨਤਾ ਨੂੰ ਪ੍ਰੇਸ਼ਾਨੀ ਅਤੇ ਆਵਾਜ਼ ਪ੍ਰਦੂਸ਼ਣ ਤੋਂ ਬਚਾਇਆ ਜਾਵੇ। ਆਮ ਪ੍ਰਸ਼ਾਸਨ ਇਸ ਵੱਲ ਜ਼ਰੂਰ ਧਿਆਨ ਦੇਵੇ।


-ਕ੍ਰਿਸ਼ਨ ਖੇੜਾ, ਲੋਹੀਆਂ ਖ਼ਾਸ।


ਕਾਬਲੀਅਤ ਦੀ ਲੋੜ
ਜਦੋਂ ਵੀ ਕਿਸੇ ਦੇ ਹੁਨਰ ਅਤੇ ਕਾਬਲੀਅਤ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਰੰਗ ਤੇ ਮੈਲੇ-ਕੁਚੈਲੇ ਕੱਪੜਿਆਂ 'ਤੇ ਵੀ ਪਰਦਾ ਪਾ ਦਿੰਦਾ ਹੈ ਪਰ ਅੱਜਕੱਲ੍ਹ ਰੰਗ ਤੇ ਮੈਲੇ-ਕੁਚੈਲੇ ਕੱਪੜੇ ਕਾਬਲੀਅਤ ਦੇ ਉੱਪਰ ਆਪਣਾ ਰੰਗ ਦਿਖਾ ਕੇ ਕਾਬਲੀਅਤ ਨੂੰ ਦਬਾਉਣ ਵਿਚ ਕਾਮਯਾਬ ਹੋ ਰਿਹਾ ਹੈ ਜਿਸ ਨੂੰ ਕਿ ਸਹੀ ਨਹੀਂ ਮੰਨਿਆ ਜਾ ਸਕਦਾ। ਇਸ ਦੇ ਨਾਲ ਫਾਇਦਾ ਹੋਣ ਦੀ ਬਜਾਏ ਉਸ ਵਿਅਕਤੀ ਦੀ ਕਾਬਲੀਅਤ ਕਿਸੇ ਨਾ ਕਿਸੇ ਕੋਨੇ ਦੇ ਵਿਚ ਦਬ ਕੇ ਰਹਿ ਜਾਂਦੀ ਹੈ। ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਵੀ ਹੈ ਤੇ ਨਾਲ-ਨਾਲ ਸਮੇਂ ਦੀ ਮੰਗ ਵੀ ਹੈ। ਇਸ ਕਾਰਜ ਦੀ ਸ਼ੁਰੂਆਤ ਸਕੂਲਾਂ ਤੇ ਕਾਲਜਾਂ ਤੋਂ ਹੋਣੀ ਚਾਹੀਦੀ ਹੈ। ਸਕੂਲਾਂ ਤੇ ਕਾਲਜਾਂ 'ਚ ਇਸ ਦਾ ਆਰੰਭ ਹੋਇਆ ਤਾਂ ਹੈ ਪਰ ਉਹ ਵੀ ਕਾਰਜ 'ਤੇ ਜ਼ਿਆਦਾ ਜਾਣ-ਪਛਾਣ ਤੇ ਵਾਕਫੀਅਤ ਦੇ ਨਾਲ-ਨਾਲ ਪੈਸੇ ਦਾ ਜ਼ੋਰ ਪੈਂਦਾ ਦਿਖਾਈ ਦਿੰਦਾ ਹੈ ਤੇ ਹੁਨਰ ਤੇ ਕਾਬਲੀਅਤ ਲੁਪਤ ਹੁੰਦੀ ਜਾ ਰਹੀ ਹੈ ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਕਲਾ ਤੇ ਕਾਬਲੀਅਤ ਦਾ ਪੱਧਰ 'ਤੇ ਡਿਗਦਾ ਡਿਗਦਾ ਏਨਾ ਡਿਗ ਜਾਵੇਗਾ ਕਿ ਕੋਈ ਵੀ ਲੇਖਕ, ਕਲਾਕਾਰ ਅਤੇ ਹੁਨਰ ਸਾਹਮਣੇ ਨਹੀਂ ਆਵੇਗਾ। ਜੋ ਕਿ ਸਮਾਜ ਲਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ।


-ਮਨਪ੍ਰੀਤ ਸਿੰਘ ਮੰਨਾ
ਮਕਾਨ ਨੰਬਰ 86ਏ, ਵਾਰਡ ਨੰਬਰ 5, ਗੜ੍ਹਦੀਵਾਲਾ।


ਘਟਦੀ ਵਿਦਿਆਰਥੀਆਂ ਦੀ ਗਿਣਤੀ
ਕੋਈ ਸਮਾਂ ਸੀ ਜਦੋਂ ਪੰੰਜਾਬ ਦੋ ਕਾਲਜਾਂ ਵਿਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿਚ ਬਹੁਤ ਜੋਸ਼ ਹੁੰਦਾ ਸੀ। ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਸੀ ਕਿ ਉਹ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਖ਼ਤਮ ਕਰਕੇ ਕਿਸੇ ਕਾਲਜ ਵਿਚ ਦਾਖ਼ਲਾ ਲਵੇ। ਪਰ ਹੁਣ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਬੱਚਿਆਂ ਨੂੰ ਕਾਲਜਾਂ ਵਿਚ ਪੜ੍ਹਨ ਤੋਂ ਬਾਅਦ ਕੋਈ ਚੰਗੀ ਨੌਕਰੀ ਨਹੀਂ ਮਿਲਦੀ। ਇਸ ਲਈ ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਦਾ ਰੁਝਾਨ ਵਿਦੇਸ਼ਾਂ ਵੱਲ ਹੋ ਗਿਆ ਹੈ। ਪਰ ਸਰਕਾਰਾਂ ਦੇ ਸਿਰ 'ਤੇ ਇਸ ਚਿੰਤਾਜਨਕ ਮੁੱਦੇ ਦਾ ਕੋਈ ਅਸਰ ਨਹੀਂ ਹੈ। ਸਾਡਾ ਨੌਜਵਾਨ ਤੇ ਤੇਜ਼ ਦਿਮਾਗ ਬਾਹਰ ਜਾ ਰਿਹਾ ਹੈ। ਕਾਲਜਾਂ ਦੇ ਨਾਲ-ਨਾਲ ਪੰਜਾਬ ਦੇ ਪਿੰਡ ਤੇ ਸ਼ਹਿਰ ਵੀ ਖਾਲੀ ਹੋ ਰਹੇ ਹਨ। ਕਿਤੇ ਆਉਣ ਵਾਲੇ ਸਮੇਂ ਵਿਚ ਇਹ ਕਾਲਜ, ਯੂਨੀਵਰਸਿਟੀਆਂ ਕਿਤੇ ਲੋਕਾਂ ਦੇ ਵੇਖਣ ਲਈ ਸਿਰਫ ਇਤਿਹਾਸਕ ਸਥਾਨ ਹੀ ਨਾ ਬਣ ਕੇ ਰਹਿ ਜਾਣ। ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਪੜ੍ਹੇ-ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇਵੇ ਅਤੇ ਕਾਲਜਾਂ ਵਿਚ ਪਹਿਲਾਂ ਵਾਲੀ ਰੌਣਕ ਨੂੰ ਵਾਪਸ ਲਿਆਵੇ।


-ਪ੍ਰੋ: ਗੁਰਸ਼ਰਨ ਸਿੰਘ ਲੋਪੋਕੇ।


ਸਰਲ ਪ੍ਰਕਿਰਿਆ ਦੀ ਲੋੜ
ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀਆਂ ਲਈ ਕੀਤੀ ਜਾਂਦੀ ਭਰਤੀ ਦੀ ਪ੍ਰਕਿਰਿਆ ਕਈ ਵਿਭਾਗਾਂ ਵਿਚ ਤਾਂ ਏਨੀ ਢਿੱਲੀ ਹੈ ਕਿ ਤਿੰਨ ਤੋਂ ਚਾਰ ਸਾਲ ਤੱਕ ਹੀ ਪੂਰੀ ਹੁੰਦੀ ਹੈ। ਇਸ ਢਿੱਲੀ ਭਰਤੀ ਪ੍ਰਕਿਰਿਆ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈਂਦਾ ਹੈ। ਕਿਉਂਕਿ ਅਗਰ ਉਹ ਟੈਸਟ ਦਿੰਦੇ ਹਨ ਤਾਂ ਜਲਦੀ ਨਤੀਜਾ ਨਹੀਂ ਘੋਸ਼ਿਤ ਕੀਤਾ ਜਾਂਦਾ ਅਤੇ ਜੇਕਰ ਨਤੀਜਾ ਆ ਜਾਵੇ ਤਾਂ ਵਿਭਾਗਾਂ ਦੀ ਵੰਡ ਨਹੀਂ ਜਲਦੀ ਕੀਤੀ ਜਾਂਦੀ। ਇਹ ਇਕ ਸੋਚਣ ਦਾ ਵਿਸ਼ਾ ਹੈ। ਢਿੱਲੀ ਭਰਤੀ ਪ੍ਰਕਿਰਿਆ ਦੇ ਕਾਰਨ ਨੌਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਕਿਸੇ ਵੀ ਵਿਭਾਗ ਵਿਚ ਕੀਤੀ ਜਾਂਦੀ ਭਰਤੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਦਾ ਨੁਕਸਾਨ ਨਾ ਹੋ ਸਕੇ।


-ਬਲਜੀਤ ਸਿੰਘ ਕਚੂਰਾ
ਮਮਦੋਟ, ਤਹਿ: ਤੇ ਜ਼ਿਲ੍ਹਾ ਫਿਰੋਜ਼ਪੁਰ।


ਪੰਜਾਬੀ ਫ਼ਿਲਮਾਂ ਦਾ ਮਿਆਰ
ਅੱਜ ਦੇ ਦੌਰ ਵਿਚ ਪੰਜਾਬੀ ਫ਼ਿਲਮਾਂ ਵੱਡੀ ਗਿਣਤੀ ਵਿਚ ਰਿਲੀਜ਼ ਹੋ ਰਹੀਆਂ ਹਨ ਪਰ ਇਨ੍ਹਾਂ ਵਿਚੋਂ ਕੁਝ ਕੁ ਨੂੰ ਛੱਡ ਕੇ ਬਾਕੀ ਫ਼ਿਲਮਾਂ ਮਿਆਰ ਪੱਖੋਂ ਅਤੇ ਗੁਣਾਤਮਿਕ ਪੱਖੋਂ ਨੀਵੇਂ ਦਰਜੇ ਦੀਆਂ ਹਨ। ਇਨ੍ਹਾਂ ਫ਼ਿਲਮਾਂ ਦੇ ਨਾਇਕ ਗਾਲ੍ਹਾਂ ਕੱਢਦੇ, ਕਤਲ ਕਰਦੇ, ਹੇਰਾਫੇਰੀਆਂ ਕਰਦੇ, ਨਜ਼ਾਇਜ਼ ਧੰਦੇ ਅਪਣਾਉਂਦੇ ਕਾਲਜਾਂ ਨੂੰ ਆਸ਼ਕੀ ਦੇ ਅੱਡੇ ਬਣਾਉਂਦੇ, ਹਥਿਆਰਾਂ/ਗੈਂਗਵਾਰ ਨੂੰ ਉਤਸ਼ਾਹਿਤ ਅਤੇ ਹੋਰ ਅਸੱਭਿਅਕ ਕਿਸਮ ਦੀ ਬਣਾਉਟੀ ਜਿਹੀ ਐਕਟਿੰਗ ਕਰਦੇ ਦਿਖਾਈ ਦਿੰਦੇ ਹਨ।
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਫ਼ਿਲਮਾਂ ਨਾਲ ਜੁੜਿਆ ਦਰਸ਼ਕ ਉਕਤ ਕਾਰਨਾਂ ਕਰਕੇ ਹੀ ਇਨ੍ਹਾਂ ਤੋਂ ਮੂੰਹ ਮੋੜਨ ਲੱਗ ਪਿਆ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਹਰੇਕ ਗਾਉਣ ਵਾਲਾ ਵਧੀਆ ਐਕਟਰ ਵੀ ਹੋਵੇ। ਜੇ ਕਿਸੇ ਗਾਇਕ ਦਾ ਇਕ ਅੱਧਾ ਗੀਤ ਹੀ ਹਿੱਟ ਹੋ ਜਾਵੇ ਤਾਂ ਉਹ ਹੀਰੋ ਬਣਨ ਲਈ ਬੇਤਾਬ ਹੋ ਜਾਂਦਾ ਹੈ। ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨੂੰ ਜੋੜਨ ਲਈ ਇਸ ਖੇਤਰ ਦੇ ਪੇਸ਼ੇਵਰ ਲੋਕਾਂ ਨੂੰ ਅੱਗੇ ਆਉਣਾ ਪਵੇਗਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਹਵਾ ਤੋਂ ਬਾਅਦ ਪਾਣੀ
ਦੂਸ਼ਿਤ ਹਵਾ ਦੀ ਖ਼ਬਰ ਤਾਂ ਸਾਨੂੰ ਸਭ ਨੂੰ ਸੀ ਪਰ ਸਰਕਾਰ ਨੇ ਸਨਿਚਰਵਾਰ ਜੋ 21 ਸ਼ਹਿਰਾਂ ਦੀ ਰਿਪੋਰਟ ਪੇਸ਼ ਕੀਤੀ, ਉਸ ਰਿਪੋਰਟ ਨੇ ਸਾਨੂੰ ਸਭ ਨੂੰ ਹੈਰਾਨ ਕਰ ਦਿੱਤਾ, ਸਾਨੂੰ ਇਹ ਤਾਂ ਪਤਾ ਸੀ ਕਿ ਸਾਡੇ ਦੇਸ਼ ਵਿਚ ਪਾਣੀ ਦੀ ਮਾਤਰਾ ਘਟਦੀ ਜਾ ਰਹੀ ਹੈ ਪਰ ਇਹ ਨਹੀਂ ਪਤਾ ਸੀ ਕਿ ਇਹ ਘਟਦੀ ਮਾਤਰਾ ਵਾਲਾ ਪਾਣੀ ਵੀ ਸਭ ਤੋਂ ਦੂਸ਼ਿਤ ਹੈ। ਦਿੱਲੀ ਵਰਗੇ ਸ਼ਹਿਰ ਜਿਥੇ ਪਹਿਲਾਂ ਤੋਂ ਹੀ ਪ੍ਰਦੂਸ਼ਿਤ ਹਵਾ ਦੀ ਮਾਰ ਲੋਕਾਂ ਨੂੰ ਸਹਿਣੀ ਪੈ ਰਹੀ ਹੈ, ਉਸ ਦਾ ਪਾਣੀ ਵੀ ਦੂਸ਼ਿਤ ਸਾਬਤ ਹੋ ਜਾਣਾ ਦਿੱਲੀ ਸਰਕਾਰ ਦੀ ਇਕ ਵੱਡੀ ਨਾਕਾਮੀ ਹੈ। ਸਰਬਉੱਚ ਅਦਾਲਤ ਨੇ ਵੀ ਇਸ ਰਿਪੋਰਟ ਤੋਂ ਬਾਅਦ ਸਰਕਾਰ 'ਤੇ ਉਂਗਲੀ ਚੁੱਕੀ ਪਰ ਹੁਣ ਵੀ ਕੁਝ ਨਹੀਂ ਹੋਵੇਗਾ ਬਸ ਸਰਕਾਰਾਂ ਇਕ-ਦੂਜੇ ਵੱਲ ਉਂਗਲੀ ਕਰਕੇ ਅੰਤ ਵਿਚ ਇਸ ਮੁੱਦੇ ਨੂੰ ਭੁੱਲ ਜਾਣਗੀਆਂ। ਸਰਕਾਰਾਂ ਨੂੰ ਹੁਣ ਇਹ ਸਮਝਣਾ ਚਹੀਦਾ ਹੈ ਕਿ ਦੇਸ਼ ਵਿਚ ਵੱਡੇ-ਵੱਡੇ ਸਤੰਭ ਬਣਾ ਕੇ ਤੇ ਬਾਹਰੀ ਵਿਕਾਸ ਕਰ ਕੇ ਦੇਸ਼ ਵਿਕਸਤ ਨਹੀਂ ਹੋਵੇਗਾ, ਕਿਉਂਕਿ ਅਸਲ ਵਿਕਸਤ ਦੇਸ਼ ਉਹ ਹੀ ਹੁੰਦਾ ਹੈ, ਜਿਸ ਦੇ ਨਾਗਰਿਕ ਨੂੰ ਉਨ੍ਹਾਂ ਦੀਆਂ ਸਾਰੀਆਂ ਮੂਲ ਚੀਜ਼ਾਂ ਸ਼ੁੱਧ ਮਿਲਣ।


-ਜਾਨਵੀ ਬਿੱਠਲ, ਜਲੰਧਰ।

21-11-2019

 ਰੁਜ਼ਗਾਰ ਦੀ ਥਾਂ ਡਾਂਗਾਂ-ਸੋਟੀਆਂ
ਪੰਜਾਬ ਵਿਚ ਬੇਰੁਜ਼ਗਾਰੀ ਅਮਰ ਵੇਲ ਵਾਂਗ ਵਧ ਰਹੀ ਹੈ। ਹਰ ਸੜਕ 'ਤੇ ਧਰਨੇ ਮੁਜ਼ਾਹਰੇ ਵੇਖਣ ਨੂੰ ਮਿਲਦੇ ਹਨ। ਮੁਰਦਾਬਾਦ, ਹਾਏ-ਹਾਏ ਦੇ ਨਾਅਰੇ ਹੀ ਸੁਣਨ ਨੂੰ ਮਿਲਦੇ ਹਨ। ਪਿਛਲੇ ਦਿਨੀਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਰੋਸ ਕਰਦੇ ਸਨ। ਉਨ੍ਹਾਂ ਉੱਪਰ ਅੰਨ੍ਹੇਵਾਹ ਡਾਂਗਾਂ ਸੋਟੀਆਂ ਦੀ ਵਰਖਾ ਕੀਤੀ ਗਈ। ਪਾਣੀ ਦੀ ਬੁਛਾੜਾਂ ਛੱਡੀਆਂ ਗਈਆਂ। ਅਨੇਕਾਂ ਹੀ ਬੇਰੁਜ਼ਗਾਰ ਜ਼ਖ਼ਮੀ ਹਾਲਤ ਵਿਚ ਹਨ। ਵੋਟਾਂ ਵੇਲੇ ਇਹੋ ਮੰਤਰੀ ਅਨੇਕਾਂ ਝੂਠੇ ਵਾਅਦੇ ਕਰਦੇ ਹਨ। ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਅਜਿਹੀਆਂ ਨੀਤੀਆਂ ਲਾਗੂ ਕਰ ਰਹੇ ਹਨ। ਰੁਜ਼ਗਾਰ ਲਈ ਖਜ਼ਾਨਾ ਖਾਲੀ ਵਿਖਾਇਆ ਜਾਂਦਾ ਹੈ। ਧੀਆਂ ਭੈਣਾਂ ਨੂੰ ਸ਼ਰੇਆਮ ਗੁੱਤੋਂ ਫੜ ਘਸੀਟਿਆ ਜਾਂਦਾ ਹੈ। ਇਹ ਅੱਤਿਆਚਾਰ ਕਦੋਂ ਬੰਦ ਹੋਣਗੇ। ਪਹਿਲਾਂ ਕਰਜ਼ਈ ਵਿਅਕਤੀ ਕਰਜ਼ੇ ਦਾ ਸਤਾਇਆ ਖ਼ੁਦਕੁਸ਼ੀ ਕਰਦਾ ਸੀ ਪਰ ਦੁੱਖ ਦੀ ਗੱਲ ਹੁਣ ਬੇਰੁਜ਼ਗਾਰੀ ਹੱਥੋਂ ਤੰਗ ਵਿਅਕਤੀ ਵੀ ਖ਼ੁਦਕੁਸ਼ੀ ਕਰ ਰਿਹਾ ਹੈ।


-ਮੱਖਣ ਸ਼ੇਰੋਂ ਵਾਲਾ।


ਅਧਿਆਪਕਾਂ ਦਾ ਸੰਘਰਸ਼
ਸਾਡੀਆਂ ਸਰਕਾਰਾਂ ਸ਼ੁਰੂ ਤੋਂ ਹੀ ਖ਼ਾਸ ਕਰ ਅਧਿਆਪਕ ਵਰਗ ਨਾਲ ਧੱਕਾ ਕਰਦੀਆਂ ਆਈਆਂ ਹਨ। ਜਦੋਂ ਕਿ ਅਧਿਆਪਕ ਦਾ ਰੁਤਬਾ ਸਮਾਜ ਵਿਚ ਸਭ ਤੋਂ ਉੱਤਮ ਮੰਨਿਆ ਗਿਆ ਹੈ। ਪਿਛਲੇ ਦਿਨੀਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜੋ ਸਲੂਕ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨਾਲ ਕੀਤਾ ਗਿਆ, ਉਸ ਤੋਂ ਹਰ ਕੋਈ ਜਾਣੂ ਹੈ। ਸਮਾਜ ਦੀ ਹੋਂਦ ਬਰਕਰਾਰ ਰੱਖਣ ਵਾਲੇ ਦੀ ਅੱਜ ਆਪਣੀ ਹੋਂਦ ਖ਼ਤਰੇ ਵਿਚ ਹੈ। ਸਰਕਾਰ ਨੇ ਮਹਿੰਗੀਆਂ ਡਿਗਰੀਆਂ ਅਤੇ ਮਿਹਨਤ ਦਾ ਮੁੱਲ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਮੋੜਿਆ ਹੈ। ਪ੍ਰਸ਼ਾਸਨ ਅਨੁਸਾਰ ਲਾਠੀਚਾਰਜ ਤੋਂ ਪੱਲਾ ਝਾੜਦੇ ਹੋਏ ਕੇਵਲ ਪਾਣੀ ਦੀਆਂ ਬੁਛਾੜਾਂ ਕਰਨ ਬਾਰੇ ਹੀ ਦੱਸਿਆ ਗਿਆ। ਪਰ ਜੇਕਰ ਦੇਖਿਆ ਜਾਵੇ ਕਿ 'ਪਾਣੀ ਦੀਆਂ ਬੁਛਾੜਾਂ' ਕੀ ਕਿਸੇ ਸਨਮਾਨ ਚਿੰਨ੍ਹ ਦਾ ਨਾਂਅ ਹੈ? ਮੋਮਬੱਤੀ ਵਾਂਗ ਬਲ ਕੇ ਦੂਜਿਆਂ ਨੂੰ ਰੌਸ਼ਨੀ ਦੇਣ ਵਾਲੇ ਦਾ ਆਪਣਾ ਭਵਿੱਖ ਹਨ੍ਹੇਰੇ ਵਿਚ ਹੈ।


-ਮਨਦੀਪ ਸਿੰਘ ਸ਼ੇਰੋਂ, ਸੁਨਾਮ।


ਮੁਹੱਬਤ ਦਾ ਪੈਗ਼ਾਮ
ਪਿਛਲੇ ਦਿਨੀਂ ਲਾਹੌਰ ਤੋਂ ਤਾਇਬਾ ਬੁਖਾਰੀ ਦਾ ਲੇਖ 'ਹੁਣ ਸਮਾਂ ਆਇਆ ਹੈ ਗੱਲਾਂ ਕਰਨ ਦਾ ਤੇ ਅੱਗੇ ਵਧਣ ਦਾ' ਦਿਲ ਨੂੰ ਛੂਹ ਗਿਆ। ਸੱਚਮੁੱਚ ਕਰਤਾਰਪੁਰ ਲਾਂਘੇ ਨੇ ਮੁਹੱਬਤ ਦਾ ਪੈਗ਼ਾਮ ਦਿੱਤਾ ਹੈ। ਆਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗਾਂ ਹੁੰਦੀਆਂ ਰਹੀਆਂ ਨੇ ਅਤੇ ਕਈ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਪਤਨੀਆਂ ਦੇ ਪਤੀ ਅਤੇ ਬੱਚਿਆਂ ਦੇ ਬਾਪ ਉਨ੍ਹਾਂ ਨੂੰ ਵਿਲਕਦੇ ਛੱਡ, ਅੰਧ-ਰਾਸ਼ਟਰਵਾਦ ਦੀ ਹਨੇਰੀ 'ਚ ਸਮਾਅ ਗਏ। ਅਜੋਕੇ ਵਿਕਾਸ ਦੇ ਯੁੱਗ ਵਿਚ ਦੋਵਾਂ ਦੇਸ਼ਾਂ ਨੂੰ ਮਿਲ ਬੈਠ ਕੇ ਪਿਆਰ ਭਰੀਆਂ ਸਾਂਝਾਂ ਪਾਉਣ ਦੀ ਲੋੜ ਹੈ। ਅੱਜ ਅਸੀਂ ਕਰਤਾਰਪੁਰ ਲਾਂਘੇ ਦੁਆਰਾ ਗੁਰੂ ਦੇ ਦਰਬਾਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਦੇ ਹਾਂ ਅਤੇ ਹੁਣ ਅਗਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਲੋਕ ਵੀ ਡੇਰਾ ਬਾਬਾ ਨਾਨਕ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ। ਪਹਿਲਾਂ ਇਕ ਦਰਵਾਜ਼ਾ ਖੁੱਲ੍ਹਾ, ਫਿਰ ਦੂਜਾ ਅਤੇ ਫਿਰ ਸਹਿਜੇ-ਸਹਿਜੇ ਸਾਰੇ ਦਰਵਾਜ਼ੇ ਖੋਲ੍ਹ ਦੇਈਏ ਅਤੇ ਸਾਰੀ ਦੁਨੀਆ ਵਿਚ ਮੁਹੱਬਤ ਦੇ ਪੈਗ਼ਾਮ ਵੰਡੀਏ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਸ਼ਲਾਘਾਯੋਗ ਕਦਮ
ਪਰਾਲੀ ਨਾ ਸਾੜਨ ਵਾਲੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੇ ਜਾ ਰਹੇ 2500 ਇਕ ਸ਼ਲਾਘਾਯੋਗ ਕਦਮ ਹੈ। ਜੇਕਰ ਇਸ ਵਿਚ ਹੋਰ ਸੁਧਾਰ ਕਰਦੇ ਹੋਏ ਪ੍ਰਤੀ ਏਕੜ 1000 ਰੁਪਏ ਅਤੇ 10 ਤੋਂ 15 ਏਕੜ ਵਾਲੇ ਕਿਸਾਨਾਂ ਨੂੰ ਵੀ ਇਹ ਸਹਾਇਤਾ ਦਿੱਤੀ ਜਾਵੇ ਤਾਂ ਇਹ ਪਰਾਲੀ ਸਾੜਨ ਦਾ ਮਸਲਾ ਪੂਰੀ ਤਰ੍ਹਾਂ ਹੱਲ ਹੋ ਸਕਦਾ ਹੈ। ਜੇਕਰ ਇਹ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਸਤੰਬਰ ਮਹੀਨੇ ਪਾ ਦਿੱਤੇ ਜਾਣ ਤਾਂ ਕਿਸਾਨ ਯਕੀਨੀ ਤੌਰ 'ਤੇ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਫਿਰ ਵੀ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਜਾਇਜ਼ ਹੋਵੇਗੀ। ਜੇਕਰ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਣ ਤਾਂ ਕਿਸਾਨਾਂ ਦੀ ਖੱਜਲ-ਖੁਆਰੀ ਘਟੇਗੀ। ਕਈ ਪਿੰਡਾਂ ਵਿਚ ਸਿਆਸੀ ਬਦਲਾਖੋਰੀ ਵੀ ਹਾਵੀ ਹੁੰਦੀ ਹੈ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।


ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ

ਜੇਕਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬੇਸ਼ਕੀਮਤੀ ਜਾਨਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਕਿ ਕਿਸੇ ਅਨਹੋਣੀ ਤੋਂ ਬਚਿਆ ਜਾ ਸਕੇ। ਅਸੀਂ ਸਾਰੇ ਆਮ ਤੌਰ 'ਤੇ ਹੀ ਛੋਟੇ ਬੱਚਿਆਂ ਨੂੰ ਥੋੜ੍ਹੀ ਜਿਹੀ ਸਿਖਲਾਈ ਦੇ ਕੇ ਵਾਹਨ ਫੜਾ ਦਿੰਦੇ ਹਾਂ ਅਤੇ ਬੱਚੇ ਸੜਕਾਂ 'ਤੇ ਵਾਹਨ ਲੈ ਜਾਂਦੇ ਹਨ। ਜਦੋਂ ਹਾਦਸਾ ਵਾਪਰ ਜਾਂਦਾ ਹੈ ਤਾਂ ਅਸੀਂ ਹਾਦਸੇ ਦਾ ਜ਼ਿੰਮੇਵਾਰ ਸਾਹਮਣੇ ਵਾਲੇ ਨੂੰ ਠਹਿਰਾਉਂਦੇ ਹਾਂ। ਇਸ ਲਈ ਮੇਰੀ ਸਾਰੇ ਮਾਪਿਆਂ, ਵੀਰਾਂ, ਭੈਣਾਂ ਨੂੰ ਬੇਨਤੀ ਹੈ ਕਿ ਆਪ ਵੀ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰੋ ਅਤੇ ਬੱਚਿਆਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੋ।


-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।


ਕੁੜੱਤਣ ਭਰੇ ਬੋਲ
ਪਿਛਲੇ ਦਿਨੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਭਾਰਤ ਵਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਲਈ ਦੇਸ਼ ਦੇ ਸਿਆਸੀ ਅਤੇ ਧਾਰਮਿਕ ਨੇਤਾ ਪੁੱਜੇ ਹੋਏ ਸਨ। ਇਹ ਸਮਾਂ ਸਮੁੱਚੇ ਸਿੱਖ ਜਗਤ ਅਤੇ ਮਾਨਵਤਾ ਲਈ ਖੁਸ਼ੀਆਂ ਭਰਪੂਰ ਸੀ। ਪਰ ਦੁੱਖ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੀ ਹਊਮੈ ਨੂੰ ਪੱਠੇ ਪਾਉਂਦਿਆਂ ਦੋਵਾਂ ਮੁਲਕਾਂ ਵਿਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਦੀ ਬਜਾਏ, ਪਾਕਿਸਤਾਨ ਪ੍ਰਤੀ ਧਮਕੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ। ਅਜਿਹੇ ਕੁੜੱਤਣ ਭਰੇ ਬੋਲ ਦੋਵਾਂ ਮੁਲਕਾਂ ਵਿਚ ਦੂਰੀਆਂ ਹੀ ਪੈਦਾ ਕਰਦੇ ਹਨ। ਸਿਆਸੀ ਨੇਤਾਵਾਂ ਨੂੰ ਸੂਝ-ਬੂਝ ਤੋਂ ਕੰਮ ਲੈਂਦਿਆਂ ਇਹ ਦੂਰੀਆਂ ਮਿਟਾਉਣ ਵਾਲੇ ਸ਼ਬਦਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।


-ਇੰਜ: ਰਛਪਾਲ ਸਿੰਘ ਚੰਨੂਵਾਲਾ, ਮੋਗਾ।

20-11-2019

 ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ
ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਸਿੱਖਿਆਵਾਂ ਵਿਚੋਂ ਇਕ ਹੈ ਕਿ ਹੱਥੀਂ ਕਿਰਤ ਕਰੋ। ਬਹੁਤ ਘੱਟ ਲੋਕ ਅਜਿਹੇ ਹਨ ਜੋ ਕਿ ਇਸ ਨੂੰ ਅਪਣਾਉਂਦੇ ਹਨ। ਮਨੁੱਖ ਨੂੰ ਹਮੇਸ਼ਾ ਕਿਰਤ ਕਰਦੇ ਰਹਿਣਾ ਚਾਹੀਦਾ ਹੈ। ਵਿਹਲ ਬਿਮਾਰੀਆਂ ਅਤੇ ਬੁਰਾਈਆਂ ਦਾ ਘਰ ਹੈ। ਜੇਕਰ ਹਰ ਵਿਅਕਤੀ 'ਹੁਕਮ' ਚਲਾਉਣ ਦੀ ਬਿਰਤੀ ਛੱਡ ਕੇ ਸਿੱਖਿਆ ਦਾ ਧਾਰਨੀ ਬਣ ਜਾਵੇ ਤਾਂ ਸ਼ਾਇਦ ਹਰ ਵਿਅਕਤੀ ਇਕ ਸਫ਼ਲ, ਨਿਰੋਗੀ, ਖੁਸ਼ੀ ਭਰਪੂਰ ਅਤੇ ਅਨੰਦਦਾਇਕ ਜ਼ਿੰਦਗੀ ਗੁਜ਼ਾਰ ਸਕਦਾ ਹੈ। ਅਸੀਂ ਗੁਰੂ ਨਾਨਕ ਦੇਵ ਜੀ ਤੋਂ ਸੁਚੱਜੇ ਤੇ ਸਫ਼ਲ ਜੀਵਨ ਪ੍ਰਤੀ ਸੇਧ ਪ੍ਰਾਪਤ ਕਰ ਸਕਦੇ ਹਾਂ।


-ਹਰਿੰਦਰਜੀਤ ਸਿੰਘ ਦਿਲਮੋਹਨ ਗਰਚਾ
ਆਤਮ ਨਗਰ, ਜਗਰਾਉਂ।


ਕੁਦਰਤੀ ਖੇਤੀ ਵੱਲ ਪਰਤਣ ਦੀ ਲੋੜ
ਜੈਵਿਕ ਖੇਤੀ ਵੱਲ ਪਰਤਣਾ ਸਮੇਂ ਦੀ ਸਖ਼ਤ ਜ਼ਰੂਰਤਹੈ। ਇਸ ਸਬੰਧੀ ਗੱਲ ਕਰਦੇ ਹੋਏ ਵੱਖ-ਵੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਾਨੂੰ ਰਸਾਇਣਕ ਅੱਤਵਾਦ ਦੇ ਖਾਤਮੇ ਵਾਸਤੇ ਕੁਦਰਤੀ ਖੇਤੀ ਵੱਲ ਪਰਤਣਾ ਪਵੇਗਾ। ਇਨ੍ਹਾਂ ਰਸਾਇਣਾਂ ਦਾ ਤਿਆਗ ਕਰਨਾ ਪਵੇਗਾ। ਨਹੀਂ ਤਾਂ ਇਸ ਦਾ ਨੁਕਸਾਨ ਜਾਪਾਨ ਦੇ ਸ਼ਹਿਰਾਂ ਨਾਗਾਸਾਕੀ ਤੇ ਹੀਰੋਸ਼ੀਮਾ ਤੋਂ ਵੀ ਬੁਰਾ ਹੋਵੇਗਾ। ਰਸਾਇਣਕ ਅੱਤਵਾਦ ਇਸ ਪ੍ਰਮਾਣੂ ਬੰਬ ਵਾਂਗ ਬਹੁਤ ਖ਼ਤਰਨਾਕ ਹੈ।
ਇਸ ਤੋਂ ਬਚਣ ਦੀ ਜ਼ਰੂਰਤ ਹੈ। ਕਿਸੇ ਸਮੇਂ ਗੁਰੂਆਂ-ਪੀਰਾਂ ਦੀ ਧਰਤੀ ਸੋਨਾ ਪੈਦਾ ਕਰਨ ਵਾਲੀ ਜ਼ਮੀਨ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਰੰਗਲਾ ਪੰਜਾਬ ਅੱਜ ਬਿਮਾਰੀਆਂ ਦਾ ਸੂਬਾ ਬਣ ਕੇ ਰਹਿ ਗਿਆ ਹੈ। ਸਾਡੀਆਂ ਹੀ ਗ਼ਲਤੀਆਂ ਦੇ ਨਾਲ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਸਰਕਾਰਾਂ ਦਾ ਇਸ ਵੱਲ ਘੱਟ ਹੀ ਖਿਆਲ ਹੈ ਜਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਪ੍ਰਾਈਵੇਟ ਹਸਪਾਤਲ ਖੁੰਭਾਂ ਵਾਂਗ ਬਣ ਰਹੇ ਹਨ। ਸਰਕਾਰ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਗੂੜ੍ਹੀ ਨੀਂਦ ਸੁੱਤੇ ਹਨ।


-ਜਗਜੀਤ ਸਿੰਘ ਝੱਤਰਾ
ਪਿੰਡ ਝੱਤਰੇ, ਤਹਿ: ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ।


ਪਰਾਲੀ ਨੂੰ ਅੱਗ
ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਰਹਿੰਦ-ਖੂੰਹਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਕੇ ਜਿਥੇ ਕੁਦਰਤੀ ਵਾਤਾਵਰਨ ਦੀ ਸ਼ੁੱਧ ਹਵਾ ਨੂੰ ਪਲੀਤ ਕਰਦੇ ਹਨ, ਉਥੇ ਆਮ ਲੋਕਾਂ ਲਈ ਖ਼ਤਰਨਾਕ ਅਤੇ ਮਾਰੂ ਗੈਸਾਂ ਦੀ ਬਹੁਤਾਤ ਨਾਲ ਗੰਭੀਰ ਬਿਮਾਰੀਆਂ ਦੀ ਸਥਿਤੀ ਵੀ ਪੈਦਾ ਕਰ ਦਿੰਦੇ ਹਨ। ਹਜ਼ਾਰਾਂ ਕਿਸਾਨਾਂ 'ਤੇ ਪਰਾਲੀ ਸਾੜਨ ਕੇਸ ਦਰਜ ਕਰਨ ਅਤੇ ਜੁਰਮਾਨੇ ਕਰਨ ਦੇ ਦਿਖਾਵੇ ਅਤੇ ਦਾਅਵੇ ਕੀਤੇ ਜਾਂਦੇ ਹਨ ਪਰ ਅਫ਼ਸੋਸ ਸਭ ਕਾਗਜ਼ੀ ਕਾਰਵਾਈ ਤੱਕ ਸੀਮਤ ਹੈ। ਸਿਆਸੀ ਬੇਲੋੜੀ ਦਖ਼ਲਅੰਦਾਜ਼ੀ ਬੰਦ ਕੀਤੇ ਬਿਨਾਂ ਇਸ ਸਮੱਸਿਆ ਨੂੰ ਕਾਬੂ ਕਰਨ ਦੇ ਯਤਨ ਨਿਹਫਲ ਹਨ। ਪਰ ਇਸ ਵਾਰ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਆਰਥਿਕ ਮਦਦ ਦੇਣਾ ਸ਼ਲਾਘਾਯੋਗ ਉੱਦਮ ਅਤੇ ਵਿਲੱਖਣ ਕਦਮ ਹੈ। ਇਹ ਇਕ ਚੰਗੀ ਅਤੇ ਉਸਾਰੂ ਸੋਚ ਦਾ ਸਿੱਟਾ ਹੈ। ਖੇਤਾਂ 'ਚ ਅੱਗ ਲਗਾਉਣ ਨਾਲ ਜਿਥੇ ਪ੍ਰਦੂਸ਼ਣ ਫੈਲਦਾ ਹੈ, ਉਥੇ ਅਨੇਕਾਂ ਜੀਵ ਜੰਤੂ, ਪੰਛੀ, ਪਸ਼ੂ ਜਾਨਵਰ ਅਤੇ ਦਰੱਖਤ ਸੜ ਜਾਂਦੇ ਹਨ ਜਾਂ ਜ਼ਖ਼ਮੀ ਹੋ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਵਾਤਾਵਰਨ ਦੀ ਗੁਣਵੱਤਾ ਬਰਕਰਾਰ ਰੱਖਣ ਅਤੇ ਮਨੁੱਖਤਾ ਦੀ ਭਲਾਈ ਲਈ ਲਿਆ ਗਿਆ ਇਹ ਫ਼ੈਸਲਾ ਸ਼ਲਾਘਾਯੋਗ ਹੈ।


-ਸਤਨਾਮ ਸਿੰਘ ਮੱਟੂ, ਬੀਂਬੜ, ਸੰਗਰੂਰ।


ਦਲਿਤ ਹੱਤਿਆਕਾਂਡ
ਲਹਿਰਾਗਾਗਾ ਨੇੜਲੇ ਪਿੰਡ ਚੰਗਾਲੀਵਾਲਾ ਵਿਖੇ ਇਕ ਦਲਿਤ ਪਰਿਵਾਰ ਦੇ ਨੌਜਵਾਨ ਜਗਮੇਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨਾਲ ਵਹਿਸ਼ੀਆਨਾ ਤਸ਼ੱਦਦ ਮਗਰੋਂ ਹੋਈ ਮੌਤ ਨੇ ਅੱਜ ਦਲਿਤ ਆਗੂ ਭੀਮ ਟਾਂਕ ਹੱਤਿਆਕਾਂਡ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਇਨ੍ਹਾਂ ਦਲਿਤ ਨੌਜਵਾਨਾਂ ਨਾਲ ਕੁਝ ਧਨਾਢ ਸ਼ਰਾਰਤੀ ਅਨਸਰਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਅਤੇ ਉਨ੍ਹਾਂ ਦੇ ਅੰਗ ਪੈਰ ਕੱਟ ਕੇ ਤੇਜ਼ਾਬ ਪਾ ਕੇ ਹੱਤਿਆ ਕਰ ਦਿੱਤੀ। ਇਸ ਹੱਤਿਆਕਾਂਡ 'ਤੇ ਕਿਸ ਨੂੰ ਜਵਾਬਦੇਹ ਬਣਾਇਆ ਜਾਵੇ।
ਸੂਬੇ ਵਿਚ ਅਪਰਾਧਕ ਅਨਸਰਾਂ ਅਤੇ ਕਾਨੂੰਨ ਵਿਵਸਥਾ ਦਾ ਡਰ ਬਿਲਕੁਲ ਉੱਠ ਚੁੱਕਿਆ ਹੈ ਅਤੇ ਜਗਮੇਲ ਹੱਤਿਆਕਾਂਡ 'ਚ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਜਲਦੀ ਤੋਂ ਜਲਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਪੀੜਤ ਦਲਿਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।


-ਮਲਕੀਤ ਸਿੰਘ ਧਤੋਦਾ।


ਅਣਮਨੁੱਖੀ ਤਸ਼ੱਦਦ
'ਅਜੀਤ' ਅਖ਼ਬਾਰ ਦੇ ਮੇਨ ਸਫ਼ੇ 'ਤੇ ਖ਼ਬਰ ਤਸ਼ੱਦਦ ਦੇ ਸ਼ਿਕਾਰ ਸੰਗਰੂਰ ਦੇ ਨੌਜਵਾਨ ਦੀ ਪੀ.ਜੀ.ਆਈ. 'ਚ ਮੌਤ, ਬੜਾ ਦੁੱਖ ਲੱਗਾ ਤੇ ਰੌਂਗਟੇ ਖੜ੍ਹੇ ਹੋ ਗਏ। ਜਦੋਂ ਪਿੰਡ ਦੇ ਹੀ ਮੁੰਡਿਆਂ ਨੇ ਉਸ 'ਤੇ ਅਣਮਨੁੱਖੀ ਤਸ਼ੱਦਦ ਢਾਹਿਆ ਅਤੇ ਹਸਪਤਾਲਾਂ ਵਿਚ ਉਸ ਕੋਲ ਪੈਸੇ ਨਾ ਹੋਣ ਕਾਰਨ ਇਲਾਜ ਨਹੀਂ ਕੀਤਾ ਤੇ ਉਸ ਨੂੰ ਮੌਤ ਦੇ ਮੂੰਹ ਵਿਚ ਜਾਣਾ ਪਿਆ। ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਪੂਰੀ ਦੁਨੀਆ ਵਿਚ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਛੂਤ-ਛਾਤ, ਜਾਤ-ਪਾਤ ਦੇ ਭੇਤਭਾਵ ਮਿਟਾ ਕੇ ਕਿਰਤ ਕਰਨ ਵਾਲਿਆਂ, ਦਲਿਤਾਂ ਨੂੰ ਬਰਾਬਰੀ ਦਾ ਦਰਜਾ ਦੇ ਕੇ ਉਸ ਵੇਲੇ ਦੀ ਸੁੱਤੀ ਆਤਮਾ ਨੂੰ ਜਗਾਇਆ।
ਇਸ ਤੋਂ ਪਹਿਲਾਂ ਵੀ ਦਲਿਤਾਂ 'ਤੇ ਜੁਰਮ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਅਜਿਹੇ ਘਿਨਾਉਣੇ ਜੁਰਮ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਨੂੰ ਕਾਨੂੰਨ ਵਿਚ ਸੋਧ ਕਰਕੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਅਜਿਹੇ ਅਪਰਾਧਾਂ 'ਤੇ ਠੱਲ੍ਹ ਪਾਈ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸੰਘਰਸ਼ ਕਰਦੇ ਅਧਿਆਪਕ
ਪਿਛਲੇ ਦਿਨੀਂ ਜਦ ਅਖ਼ਬਾਰ ਖੋਲ੍ਹੀ ਤਾਂ ਪਹਿਲੇ ਹੀ ਸਫ਼ੇ 'ਤੇ ਇਕ ਖ਼ਬਰ ਪੜ੍ਹੀ। ਪੁਲਿਸ ਨੇ ਸੰਗਰੂਰ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨਾਲ ਮਾਰ ਕੁੱਟ ਕੀਤੀ। ਤਕਰੀਬਨ ਦੋ ਮਹੀਨੇ ਤੋਂ ਆਪਣਾ ਹੱਕ ਮੰਗ ਰਹੇ ਅਧਿਆਪਕਾਂ ਨਾਲ ਇਹ ਸਲੂਕ ਮੈਨੂੰ ਸ਼ਰਮਸਾਰ ਲੱਗਾ ਕਿਉਂਕਿ ਇਕ ਪਾਸੇ ਜਿਥੇ ਸਰਕਾਰ ਰੁਜ਼ਗਾਰ ਅਵਸਰ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ, ਉਥੇ ਹੀ ਸਾਡੇ ਸਮਾਜ ਦਾ ਉਹ ਵਰਗ ਜੋ ਸਿੱਖਿਆ ਖੇਤਰ ਵਿਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ, ਉਹ ਇੰਜ ਸੜਕਾਂ 'ਤੇ ਰੁਲ ਰਿਹਾ ਹੈ। ਅਜਿਹੀ ਹਾਲਤ ਨੂੰ ਦੇਖ ਕੇ ਹੀ ਦੇਸ਼ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ।
ਅਜਿਹੇ ਰੁਜ਼ਗਾਰ ਮੇਲੇ ਲਗਵਾਉਣ ਦਾ ਜਾਂ ਚੋਣਾਂ ਵੇਲੇ ਏਨੇ ਵਾਅਦੇ ਕਰਨ ਦਾ ਕੀ ਲਾਭ? ਸੂਬੇ ਦੇ ਹਰ ਇਕ ਵਰਗ ਨੇ ਸਰਕਾਰ 'ਤੇ ਵਿਸ਼ਵਾਸ ਕਰਕੇ ਉਸ ਨੂੰ ਸੱਤਾ ਵਿਚ ਲਿਆਂਦਾ ਹੈ ਤਾਂ ਇਹ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਕਿ ਉਹ ਸੂਬੇ ਦੇ ਹਰ ਇਕ ਵਰਗ ਦੀਆਂ ਜ਼ਰੂਰਤਾਂ ਬਿਨਾਂ ਅਣਦੇਖੀ ਤੇ ਬਿਨਾਂ ਮਾਰਕੁਟ ਤੋਂ ਪੂਰੀਆਂ ਕਰੇ।


-ਜਾਨਵੀ ਬਿੱਠਲ
ਜਲੰਧਰ।

19-11-2019

 ਕਰਤਾਰਪੁਰ ਲਾਂਘਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿ ਸਰਕਾਰ ਵਲੋਂ ਭਾਰਤੀਆਂ ਨੂੰ ਅਤੇ ਸਿੱਖ ਭਾਈਚਾਰੇ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਵੱਡਾ ਇਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਹਰ ਰੋਜ਼ ਦੋ ਵੇਲੇ ਦੀ ਅਰਦਾਸ ਵਿਚ ਵਿਛੜੇ ਗੁਰੂਧਾਮਾਂ ਦੇ ਦਰਸ਼ਨਾਂ ਦੇ ਦੀਦਾਰ ਦੀ ਮੰਗ ਨੂੰ ਪ੍ਰਮਾਤਮਾ ਨੇ ਪ੍ਰਵਾਨ ਕਰ ਲਿਆ ਹੈ। ਲੰਘੇ ਦਿਨੀਂ ਰਸਤੇ ਨੂੰ ਦੋਵਾਂ ਪਾਸਿਓਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇਹ ਰਸਮ ਅਦਾ ਕੀਤੀ। ਹਰ ਇਕ ਲੀਡਰ, ਸ਼ਰਧਾਲੂ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਸੀ। ਸਾਰਾ ਸੰਸਾਰ ਇਸ ਗੱਲ ਦਾ ਗਵਾਹ ਹੈ ਕਿ ਪ੍ਰਮਾਤਮਾ ਨੇ ਇਹ ਮਹਾਨ ਕਾਰਜ ਦਾ ਸਿਹਰਾ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਰ ਸਜਾਇਆ ਹੈ। 72 ਸਾਲਾਂ ਤੋਂ ਜੋ ਤਾਂਘ ਸੀ ਉਸ ਨੂੰ ਬੂਰ ਪਿਆ ਹੈ। ਇਸ ਮੌਕੇ ਪਾਕਿ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹੌਲੀ-ਹੌਲੀ ਉਹ ਸਾਰੇ ਗੁਰੂਧਾਮਾਂ ਨੂੰ ਖੁੱਲ੍ਹਵਾਉਣ ਦਾ ਯਤਨ ਕਰ ਰਹੇ ਹਨ। 9 ਨਵੰਬਰ ਦਾ ਦਿਨ ਇਤਿਹਾਸ ਦੇ ਪੰਨਿਆ ਉੱਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।

ਟੈਟੂ ਬਣਵਾਉਣਾ ਹਾਨੀਕਾਰਕ
21ਵੀਂ ਸਦੀ ਦੇ ਦੌਰ ਵਿਚ ਸਾਡੀ ਅਜੋਕੀ ਪੀੜ੍ਹੀ ਮਨ ਆਏ ਸ਼ੌਕ ਪੂਰੇ ਕਰ ਰਹੀ ਹੈ। ਬੁਲੇਟ ਦੇ ਪਟਾਕੇ, ਇੰਟਰਨੈੱਟ ਦਾ ਨਸ਼ਾ, ਸੈਲਫ਼ੀ ਅਤੇ ਪਬ ਜੀ ਗੇਮ ਦਾ ਚਸਕਾ ਅਤੇ ਹੁਣ ਨੌਜਵਾਨੀ 'ਟੈਟੂ' ਬਣਵਾਉਣ ਵੱਲ ਆਕਰਸ਼ਿਤ ਹੋ ਰਹੀ ਹੈ। ਮੁੰਡੇ-ਕੁੜੀਆਂ ਹਜ਼ਾਰਾਂ ਰੁਪਏ ਖਰਚ ਕੇ ਸਰੀਰ ਉੱਪਰ ਸਥਾਈ ਤੌਰ 'ਤੇ ਰੰਗ-ਬਿਰੰਗੇ ਟੈਟੂ ਖੁਣਵਾ ਰਹੇ ਹਨ। ਕੈਮੀਕਲਾਂ ਤੋਂ ਤਿਆਰ ਕੀਤੀ ਸਿਆਹੀ ਜੋ ਉਮਰ ਭਰ ਨਹੀਂ ਮਿਟਦੀ, ਉਹ ਕਿੰਨੀ ਭਿਆਨਕ ਹੋਵੇਗੀ। ਇਕੋ ਸੂਈ ਦੀ ਵਰਤੋਂ ਕਰਨ ਨਾਲ ਏਡਜ਼ ਅਤੇ ਕਾਲੇ ਪੀਲੀਏ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਸੰਚਾਰ ਹੋ ਸਕਦਾ ਹੈ। ਸਰੀਰ ਦੇ ਅੰਦਰ ਡੂੰਘਾਈ ਤੱਕ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਦਾ ਹੈ। ਕਈ ਵਾਰ ਸੋਜ਼, ਜਲਣ, ਇਨਫੈਕਸ਼ਨ ਅਤੇ ਐਲਰਜੀ ਰੋਗ ਵੀ ਪੈਦਾ ਹੁੰਦੇ ਹਨ। ਨੌਜਵਾਨ ਵਰਗ ਅਜਿਹੇ ਹਾਨੀਕਾਰਕ ਅਤੇ ਫੋਕੇ ਵਿਖਾਵਿਆਂ ਦਾ ਤਿਆਗ ਕਰਕੇ ਜ਼ਿੰਦਗੀ ਦੇ ਯਥਾਰਥ ਨੂੰ ਸਮਝਣ ਵੱਲ ਧਿਆਨ ਕੇਂਦਰਿਤ ਕਰੇ। ਤਨ ਨਾਲੋਂ ਮਨ ਨੂੰ ਵੱਧ ਸੰਵਾਰਨਾ ਚਾਹੀਦਾ ਹੈ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਮਿਹਨਤ ਦੀ ਬੇਕਦਰੀ
ਅੱਜਕਲ੍ਹ ਤੁਹਾਨੂੰ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਵਿਚ ਖੁਸ਼ਾਮੰਦ ਪਸੰਦ ਲੋਕ, ਚਾਪਲੂਸ ਆਮ ਮਿਲ ਜਾਣਗੇ। ਕੰਮਾਂ ਵਿਚ ਦਮ ਨਹੀਂ ਰਿਹਾ ਕਿਉਂਕਿ ਅੱਜਕਲ੍ਹ ਕੰਮ ਘੱਟ ਗੱਲੀਂਬਾਤੀਂ 'ਸ਼ਬਦੀ ਤੀਰਾਂ' ਦੇ ਜ਼ਿਆਦਾ ਕਾਇਲ ਹਨ। ਕੰਮ ਦੀ ਕਦਰ ਉਨ੍ਹਾਂ ਲੋਕਾਂ ਨੂੰ ਹੈ ਜਿਨ੍ਹਾਂ ਨੇ ਆਪਣੇ ਪਿੰਡਿਆਂ 'ਤੇ ਧੁੱਪਾਂ ਤੇ ਮਿਹਨਤ ਕਰਦਿਆਂ ਗੋਡੇ ਰਗੜਾਏ ਹੁੰਦੇ ਨੇ, ਚਾਂਦੀ ਦੇ ਚਮਚੇ ਵਿਚ ਗੁੜ੍ਹਤੀ ਲੈ ਕੇ ਪਲਿਆਂ ਨੂੰ ਕੀ ਪਤੈ ਕਿਵੇਂ ਹੁੰਦੀਆਂ ਨੇ ਮੁਸ਼ੱਕਤਾਂ। ਜੇਕਰ ਇਸ ਮਹਾਨ ਦੇਸ਼ ਅੰਦਰ ਮਿਹਨਤ ਦਾ ਸਹੀ ਮੁੱਲ ਅਤੇ ਕਦਰ ਹੁੰਦੀ ਤਾਂ ਅੱਜ ਕੈਨੇਡਾ ਜਾਣ ਵਾਲਿਆਂ ਦੀ ਭੀੜ ਨਾ ਹੁੰਦੀ। ਆਓ! ਆਪਣੇ ਤੌਰ 'ਤੇ ਦੇਸ਼ ਦੇ ਸਿਸਟਮ ਨੂੰ ਬਦਲਣ ਦਾ ਯਤਨ ਕਰੀਏ ਤਾਂ ਮਿਹਨਤ ਦਾ ਸਹੀ ਮੁੱਲ ਹਰ ਕਿਸੇ ਦੇ ਹਿੱਸੇ ਆਵੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਲੁਧਿਆਣਾ।

ਨਸ਼ੇ ਦੀ ਸਪਲਾਈ
ਬੜੀ ਹੈਰਾਨੀ ਹੋਈ ਜਦੋਂ ਇਹ ਖ਼ਬਰ ਪੜ੍ਹੀ ਕਿ ਬਠਿੰਡਾ ਦੇ ਇਕ ਨਸ਼ਾ ਕਾਰੋਬਾਰੀ ਨੂੰ ਐਸ.ਟੀ.ਐਫ. ਨੇ ਕਰੋੜਾਂ ਦੀ ਕੀਮਤ ਦੀ ਹੈਰੋਇਨ ਸਮੇਤ ਕਾਬੂ ਕੀਤਾ। ਜਦੋਂ ਉਸ ਕੋਲੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਸਪਲਾਈ ਦਿੱਲੀ ਵਿਚ ਰਹਿ ਰਿਹਾ ਇਕ ਨਾਈਜੀਰੀਆ ਦਾ ਨਾਗਰਿਕ ਸਾਨੂੰ ਵੇਚਣ ਵਾਸਤੇ ਦਿੰਦਾ ਹੈ। ਉਸ ਅੱਗੇ ਅਸੀਂ ਸਿਰਫ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਪਲਾਈ ਕਰਦੇ ਹਾਂ। ਕੀ ਪਹਿਲਾਂ ਪੰਜਾਬ ਵਿਚ ਨਸ਼ਾ ਤਸਕਰ ਘੱਟ ਹਨ ਜਿਸ ਕਰਕੇ ਵਿਦੇਸ਼ੀਆਂ ਦੀ ਜ਼ਰੂਰਤ ਪੈ ਗਈ ਹੈ। ਸਾਡਾ ਤਾਂ ਪੰਜਾਬ ਪਹਿਲਾਂ ਹੀ ਨਸ਼ੇ ਦੀ ਦਲਦਲ ਵਿਚ ਫਸਿਆ ਪਿਆ ਹੈ, ਸਾਡੀ ਨੌਜਵਾਨੀ ਖ਼ਤਮ ਹੋਣ ਦੇ ਕਗਾਰ 'ਤੇ ਪਹੁੰਚ ਚੁੱਕੀ ਹੈ। ਹੁਣ ਤਾਂ ਲੋੜ ਸਾਨੂੰ ਹੈ ਮੱਲ੍ਹਮ ਪੱਟੀ ਦੀ ਨਾ ਕਿ ਨਸ਼ੇ ਦੀ ਸਪਲਾਈ ਦੀ। ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੀ ਹਰਕਤ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਧਾਰਾ ਤਹਿਤ ਵੱਧ ਤੋਂ ਵੱਧ ਸਜ਼ਾ ਦੇਵੇ। ਨਸ਼ਾ ਕਾਰੋਬਾਰੀਆਂ ਦੀ ਜਾਇਦਾਦ ਜ਼ਬਤ ਕਰ ਕੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹੀ ਹਰਕਤ ਨਾ ਕਰੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।

ਕਿਤਾਬੀ ਮੋਹ ਹੋਇਆ ਭੰਗ
ਚੰਗੀਆਂ ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ। ਕਿਤਾਬਾਂ ਸਾਡੀ ਨਿਰਾਸ਼ਤਾ ਅਤੇ ਇਕੱਲਤਾ ਨੂੰ ਦੂਰ ਕਰਦੀਆਂ ਹਨ ਅਤੇ ਚੰਗਾ ਨਰੋਆ ਸਮਾਜ ਸਿਰਜਣ, ਸਾਨੂੰ ਚੰਗਾ ਮਨੁੱਖ ਬਣਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਅਜੋਕੇ ਸਮੇਂ ਵਿਚ ਇੰਟਰਨੈੱਟ ਦੀ ਲੋੜ ਤੋਂ ਵੱਧ ਵਰਤੋਂ ਕਰਕੇ ਅਸੀਂ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜੇ ਇੰਟਰਨੈੱਟ ਸਮੇਂ ਦੀ ਲੋੜ ਹੈ ਪਰ ਚੰਗੀਆਂ ਕਿਤਾਬਾਂ ਤੋਂ ਮੋਹ ਭੰਗ ਕਰਨਾ ਵੀ ਸਾਡੇ ਲਈ ਚੰਗਾ ਨਹੀਂ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ।

ਪਾਣੀ ਦੀ ਸਮੱਸਿਆ
ਪਿਛਲੇ ਦਿਨੀਂ 'ਅਜੀਤ' 'ਚ ਡਾ: ਸ.ਸ. ਛੀਨਾ ਦਾ ਲੇਖ 'ਦੇਸ਼ ਵਿਚ ਗੰਭੀਰ ਹੋ ਰਹੀ ਧਰਤੀ ਹੇਠਲੇ ਪਾਣੀ ਦੀ ਸਮੱਸਿਆ' ਪੜ੍ਹਿਆ। ਡਾ: ਹੁਰਾਂ ਇਸ ਗੰਭੀਰ ਸਮੱਸਿਆ ਬਾਰੇ ਫ਼ਿਕਰ ਜ਼ਾਹਰ ਕੀਤਾ ਹੈ। ਇਸ ਗੰਭੀਰ ਸਮੱਸਿਆ ਬਾਰੇ ਨਾ ਤਾਂ ਲੋਕ ਗੰਭੀਰ ਹਨ ਤੇ ਨਾ ਹੀ ਸਰਕਾਰਾਂ। ਅੱਜ ਜਦੋਂ 177 ਫ਼ੀਸਦੀ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ ਪਰ ਰੀਚਾਰਜ ਕੇਵਲ 100 ਫ਼ੀਸਦੀ ਹੋ ਰਿਹਾ ਹੋਵੇ ਤਾਂ ਸੋਚਣਾ ਪਵੇਗਾ ਪੰਜਾਂ ਪਾਣੀਆਂ ਦੀ ਧਰਤੀ ਜ਼ਹਿਰੀਲੇ ਪਾਣੀਆਂ ਦੀ ਧਰਤੀ ਬਣਦੀ ਜਾ ਰਹੀ ਹੈ। ਸਰਕਾਰਾਂ ਦੇ ਤਾਂ ਹੋਰ ਹੀ ਕੰਮ ਨਹੀਂ ਮੁੱਕਦੇ। ਸਾਡੇ ਨੇਤਾ ਵੀ ਇਸ ਗੰਭੀਰ ਸਮੱਸਿਆ ਬਾਰੇ ਕਦੇ ਨਹੀਂ ਸੋਚਦੇ। ਸਰਕਾਰੀ ਪ੍ਰੋਗਰਾਮਾਂ 'ਚ ਪਾਣੀ ਦੀਆਂ ਖਾਲੀ ਬੋਤਲਾਂ ਖਿਲਾਰ ਕੇ ਤੁਰ ਜਾਂਦੇ ਹਨ। ਪਾਣੀ ਦੀ ਸੰਭਾਲ ਬਾਰੇ ਪ੍ਰਾਂਤਾਂ ਦੀਆਂ ਸਰਕਾਰਾਂ ਅਤੇ ਕੇਂਦਰ ਦੀ ਸਰਕਾਰ ਨੂੰ ਗੰਭੀਰ ਹੋਣਾ ਪਵੇਗਾ। ਜੇ ਵਾਤਾਵਰਨ ਨਾ ਬਚਿਆ, ਧਰਤੀ ਹੇਠ ਪਾਣੀ ਨਾ ਬਚਿਆ, ਮਨੁੱਖੀ ਜਾਤ ਖ਼ਤਰੇ 'ਚ ਪੈ ਜਾਵੇਗੀ ਤੇ ਰਾਜ ਕਿੱਥੇ ਕਰੋਗੇ? ਅੱਜ ਹੀ ਸੋਚਣਾ ਪਵੇਗਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

18-11-2019

 ਖੁੱਲ੍ਹ ਗਿਆ ਕਰਤਾਰਪੁਰ ਲਾਂਘਾ
ਭਾਵੇਂ ਦੋਵਾਂ ਦੇਸ਼ਾਂ 'ਚ ਆਪਸੀ ਮਿਲਵਰਤਨ, ਉਮੀਦ, ਬੇ-ਉਮੀਦ ਅਤੇ ਕਸ਼ਮਕਸ਼ ਚਲਦੀ ਰਹੀ ਪਰ ਆਖਰਕਾਰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਵਲੋਂ ਰੋਜ਼ਾਨਾ ਕੀਤੀਆਂ ਜਾਂਦੀਆਂ ਅਰਦਾਸਾਂ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਕੀਤੇ ਗਏ ਸਹਿਯੋਗ ਅਤੇ ਉਸਾਰੂ ਉਪਰਾਲਿਆਂ ਸਦਕਾ 7 ਦਹਾਕਿਆਂ ਬਾਅਦ 5 ਕੁ ਕਿਲੋਮੀਟਰ ਦਾ ਰਾਹ ਪਾਰ ਕਰਕੇ ਕਰਤਾਰਪੁਰ ਲਾਂਘਾ ਦੋਵਾਂ ਪਾਸਿਆਂ ਤੋਂ ਖੋਲ੍ਹ ਦਿੱਤਾ ਗਿਆ। ਪਰਮਾਤਮਾ ਕਰੇ ਦੋਵਾਂ ਦੇਸ਼ਾਂ 'ਚ ਅਮਨ-ਸ਼ਾਂਤੀ ਬਣੀ ਰਹੇ ਅਤੇ ਪਾਕਿਸਤਾਨ 'ਚ ਸਥਿਤ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਇਸੇ ਤਰ੍ਹਾਂ ਦੇ ਉਸਾਰੂ ਉਪਰਾਲੇ ਹੁੰਦੇ ਰਹਿਣ ਤਾਂ ਜੋ ਸਿੱਖਾਂ ਅਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਵਲੋਂ ਰੋਜ਼ਾਨਾ ਕੀਤੀਆਂ ਜਾਂਦੀਆਂ ਅਰਦਾਸਾਂ ਨੂੰ ਸੰਪੂਰਨ ਰੂਪ 'ਚ ਬੂਰ ਪੈ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਨੌਜਵਾਨਾਂ ਦਾ ਕੰਮਾਂ 'ਚ ਘਟ ਰਿਹਾ ਝੁਕਾਅ
ਕੋਈ ਸਮਾਂ ਸੀ, ਜਦੋਂ ਕਿਸੇ ਸਾਂਝੇ ਕੰਮ ਲਈ ਇਕ ਨੌਜਵਾਨ ਨੂੰ ਹੋਕਾ ਮਾਰਿਆ ਜਾਂਦਾ ਸੀ ਤਾਂ ਚਾਰ ਨੌਜਵਾਨ ਤੁਰ ਆਉਂਦੇ ਸਨ ਪਰ ਅੱਜ ਆਵਾਜ਼ ਚਾਰ ਨੌਜਵਾਨਾਂ ਨੂੰ ਮਾਰੀ ਜਾਂਦੀ ਹੈ ਪਰ ਬਹੁੜਦਾ ਇਕ ਵੀ ਨਹੀਂ ਪਰ ਕਿਉਂ? ਅੱਜ ਇਹ ਹਾਲਾਤ ਕਿਉਂ ਬਣ ਗਏ, ਇਨ੍ਹਾਂ ਨੌਜਵਾਨਾਂ ਦੇ ਸਾਂਝੇ ਕੰਮਾਂ ਵੱਲ ਘਟ ਰਹੇ ਝੁਕਾਅ ਦਾ ਕਾਰਨ ਕੀ ਹੈ? ਅਸਲ ਖੇਡਾਂ ਨੂੰ ਛੱਡ ਉਹ ਨੌਜਵਾਨ ਮੋਬਾਈਲ ਦੀਆਂ ਕੰਪਿਊਟਰ ਖੇਡਾਂ ਵਿਚ ਜੁਟ ਗਏ ਨੇ, ਜਿਥੇ ਉਨ੍ਹਾਂ ਦਾ ਸਰੀਰਕ ਵਿਕਾਸ ਹੋਣ ਦੀ ਬਜਾਏ ਸਰੀਰਕ ਕਮੀਆਂ ਦਾ ਸ਼ਿਕਾਰ ਹੋ ਰਹੇ ਹਨ। ਪਤਾ ਨਹੀਂ ਉਨ੍ਹਾਂ ਕੋਲ ਫੁਰਸਤ ਹੀ ਨਹੀਂ ਕਿ ਉਹ ਕੋਈ ਸਮਾਜਿਕ ਕੰਮ ਲਈ ਸਮਾਂ ਕੱਢ ਸਕਣ ਜਾਂ ਉਨ੍ਹਾਂ ਨੂੰ ਸਹੀ ਤਰ੍ਹਾਂ ਉਤਸ਼ਾਹਿਤ ਹੀ ਨਹੀਂ ਕੀਤਾ ਗਿਆ। ਅੱਜ ਹਾਲਾਤ ਇਹ ਬਣ ਗਏ ਹਨ ਕਿ ਜ਼ਿਆਦਾਤਰ ਪੌਦੇ ਜੋ ਕਦੇ ਪਿੰਡਾਂ ਵਿਚ ਨੌਜਵਾਨ ਕਲੱਬਾਂ ਦੇ ਰੂਪ ਵਿਚ ਲਗਾਉਂਦੇ ਸਨ, ਉਹ ਹੁਣ ਪੰਚਾਇਤਾਂ ਮਜ਼ਦੂਰਾਂ ਤੋਂ ਲਵਾ ਰਹੀਆਂ ਹਨ। ਅੱਜ ਰਾਜਨੀਤੀ ਨੇ ਐਨਾ ਭਿਆਨਕ ਰੂਪ ਲੈ ਲਿਆ ਹੈ ਕਿ ਸਾਂਝੇ ਕੰਮਾਂ ਨੂੰ ਵੀ ਸਿਆਸੀ ਅੱਖ ਨਾਲ ਦੇਖਿਆ ਜਾਂਦਾ ਹੈ। ਅੱਜ ਕਲੱਬਾਂ ਵਿਚ ਅਹੁਦਿਆਂ ਨੂੰ ਲੈ ਕੇ ਵੀ ਤੂੰ-ਤੂੰ, ਮੈਂ-ਮੈਂ ਹੁੰਦੀ ਦਿਖਾਈ ਦਿੰਦੀ ਹੈ। ਪਿੰਡ ਦੇ ਲੋਕ ਭਲਾਈ ਦੇ ਕੰਮਾਂ ਨੂੰ ਕਰਨ ਨਾਲ ਕੋਈ ਆਰਥਿਕ ਫਾਇਦਾ ਨਹੀਂ ਹੁੰਦਾ, ਬਲਕਿ ਮਨੁੱਖ ਦੀ ਸਵੈ-ਆਤਮਾ ਨੂੰ ਸ਼ਾਂਤੀ ਜ਼ਰੂਰ ਮਿਲਦੀ ਹੈ। ਅੱਜ ਦੇ ਇਨ੍ਹਾਂ ਨੌਜਵਾਨਾਂ ਵਿਚ ਪਤਾ ਨਹੀਂ ਇਹ ਸਵੈ-ਸ਼ਾਂਤੀ ਦੀ ਭੁੱਖ ਕਿੱਥੇ ਗੁੰਮ ਹੋ ਗਈ। ਸੋ, ਨੌਜਵਾਨਾਂ ਨੂੰ ਮੁੜ ਲੋਕ ਭਲਾਈ ਦੇ ਕੰਮਾਂ ਵੱਲ ਉਤਸ਼ਾਹਿਤ ਹੋਣਾ ਚਾਹੀਦਾ ਹੈ।


-ਗੁਰਪ੍ਰੀਤ ਨੰਦਗੜ੍ਹ
ਬੀ. ਲਿਬ, ਭਾਗ-ਪਹਿਲਾ, ਗੁਰੂ ਨਾਨਕ ਕਾਲਜ, ਬੁਢਲਾਡਾ।


ਪਲਾਸਟਿਕ 'ਤੇ ਰੋਕ
ਪਲਾਸਟਿਕ ਪ੍ਰਦੂਸ਼ਣ ਦੇ ਜ਼ਹਿਰੀਲੇ ਵਾਤਾਵਰਨ ਤੋਂ ਬਚਣ ਲਈ ਸਾਰੀ ਮਨੁੱਖਤਾ ਨੂੰ ਸੰਕਲਪ ਲੈ ਕੇ ਪਲਾਸਟਿਕ ਦੀ ਜਗ੍ਹਾ ਕੱਚ ਦੀਆਂ ਬੋਤਲਾਂ ਦੀ ਵਰਤੋਂ, ਦਫ਼ਤਰਾਂ ਵਿਚ ਪਾਣੀ ਦੀ ਬੋਤਲ ਨਾ ਵਰਤ ਕੇ ਗਿਲਾਸ 'ਚ ਪਾਣੀ ਪੀਓ, ਪਲਾਸਟਿਕ ਦੇ ਖਿਡੌਣੇ ਬੱਚਿਆਂ ਨੂੰ ਨਾ ਦੇਵੋ, ਵਾਤਾਵਰਨ ਅਨੁਕੂਲ ਸੈਨਟਰੀ ਨੈਪਕਿਨ ਦੀ ਵਰਤੋਂ ਕਰੋ, ਰਸੋਈ ਵਿਚ ਪਲਾਸਟਿਕ ਦੇ ਕੰਟੇਨਰ ਦੀ ਵਰਤੋਂ ਨਾ ਕਰੋ, ਦੁਕਾਨਦਾਰ ਪੋਲੀਥੀਨ ਬੈਗ ਗਾਹਕਾਂ ਨੂੰ ਨਾ ਦੇਣ, ਗਾਹਕ ਕੱਪੜੇ ਦਾ ਬਣਿਆ ਬੈਗ ਜਾਂ ਝੋਲਾ ਵਰਤਣ, ਪਲਾਸਟਿਕ ਤੋਂ ਬਣੇ ਉਤਪਾਦਨ ਤੇ ਥੈਲੀਆਂ 'ਤੇ ਸਰਕਾਰ ਵਲੋਂ ਮੁਕੰਮਲ ਰੋਕ ਲਗਾਉਣੀ ਚਾਹੀਦੀ ਹੈ ਤਾਂ ਕਿ ਲੋਕ ਪਲਾਸਟਿਕ ਤੋਂ ਬਚ ਸਕਣ।


-ਸੁਮਿਤ ਕੌਰ ਢੱਡਾ


ਮੌਕਾਪ੍ਰਸਤ ਰਾਜਨੀਤੀ
ਭਾਰਤ ਵਰਗੇ ਦੇਸ਼ ਵਿਚ ਲੋਕਤੰਤਰ ਇਕ ਬਹੁਤ ਹੀ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਤੇ ਅਸਲ ਵਿਚ ਇਸ ਲੋਕਤੰਤਰ ਵਿਚ ਬਹੁਤ ਤਾਕਤ ਹੁੰਦੀ ਹੈ ਕਿਉਂਕਿ ਇਹ ਕਿਸੇ ਵੀ ਦਲ ਨੂੰ ਅਸਮਾਨ ਦੀ ਉਚਾਈ 'ਤੇ ਲੈ ਕੇ ਆ ਜਾ ਸਕਦਾ ਹੈ ਤੇ ਕਿਸੇ ਨੂੰ ਵੀ ਹੇਠਾਂ ਧਰਾਤਲ 'ਤੇ ਲੈ ਕੇ ਜਾ ਸਕਦਾ ਹੈ। ਪਰ ਅੱਜ ਦੇ ਇਸ ਸਮੇਂ ਵਿਚ ਅਵਸਰਵਾਦੀ ਰਾਜਨੀਤੀ ਕਾਰਨ ਕਿਤੇ ਨਾ ਕਿਤੇ ਇਹ ਲੋਕਤੰਤਰ ਗੁੰਮ ਗਿਆ ਹੈ। ਗੱਲ ਚਾਹੇ ਹਰਿਆਣਾ ਚੋਣਾਂ ਦੀ ਹੋਵੇ ਜਾਂ ਫੇਰ ਮਹਾਰਾਸ਼ਟਰ ਚੋਣਾਂ ਦੀ, ਰਾਜਨੇਤਾ ਸਰਕਾਰ ਦੀ ਕੁਰਸੀ 'ਤੇ ਬੈਠਣ ਦੇ ਲਈ ਤੇ ਸੱਤਾ ਨੂੰ ਜਨਮ ਦੇਣ ਦੇ ਲਈ ਕਿਸੇ ਦਾ ਹੱਥ ਫੜ ਸਕਦੇ ਹਨ ਤੇ ਕਿਸੇ ਨੂੰ ਵੀ ਛੱਡ ਸਕਦੇ ਹਨ। ਅਜਿਹੇ ਮਾਹੌਲ ਵਿਚ ਜਨਤਾ ਦੇ ਮੱਤਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਚੋਣ ਤੋਂ ਪਹਿਲਾਂ ਕੋਈ ਕਿਸੇ ਨਾਲ ਹੁੰਦਾ ਹੈ ਪਰ ਚੋਣਾਂ ਤੋਂ ਬਾਅਦ ਸਭ ਕੁਝ ਹੀ ਨਵਾਂ ਹੋ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਦ ਆਪਣੀ ਸੋਚ ਨੂੰ ਅਲੱਗ-ਅਲੱਗ ਕਹਿਣ ਵਾਲੇ ਤੇ ਇਕ-ਦੂਜੇ ਦੀ ਸ਼ਕਲ ਨਾ ਦੇਖਣ ਦੀ ਗੱਲ ਕਹਿਣ ਵਾਲੇ ਦਲ ਆਪਸ ਵਿਚ ਮਿਲ ਜਾਂਦੇ ਹਨ, ਭਾਵ ਕਿ ਰਾਜਨੀਤੀ ਵਿਚ ਕਿਸੇ ਦਾ ਕੋਈ ਭਰੋਸਾ ਨਹੀਂ ਕਿ ਉਹ ਸੱਚਾ ਹੈ ਜਾਂ ਝੂਠਾ।


-ਜਾਨਵੀ ਬਿੱਠਲ
ਜਲੰਧਰ।


ਸ਼ਲਾਘਾਯੋਗ ਕਦਮ
ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੁਆਰਾ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕੁਝ ਰਾਹਤ ਦਿੰਦੇ ਹੋਇਆਂ ਛੋਟੇ ਕਿਸਾਨਾਂ ਨੂੰ 2400 ਰੁਪਏ ਪ੍ਰਤੀ ਏਕੜ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਨਾਲ ਵਾਤਾਵਰਨ ਨੂੰ ਬਚਾਉਣ ਵਾਲੇ ਕਿਸਾਨਾਂ ਦੀ ਆਰਥਿਕ ਸਹਾਇਤਾ ਹੋਵੇਗੀ, ਉਥੇ ਅਗਾਊਂ ਭਵਿੱਖ ਵਿਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪਰਾਲੀ ਸਾੜਨ ਦੇ ਰੁਝਾਨ ਵਿਚ ਕਮੀ ਆਵੇਗੀ। ਇਸ ਦੀ ਜ਼ਿੰਮੇਵਾਰੀ ਪੰਚਾਇਤਾਂ ਦੀ ਲਾਈ ਗਈ ਹੈ ਕਿ ਉਹ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਸਹੀ ਸ਼ਨਾਖਤ ਕਰਕੇ ਸਬੰਧਿਤ ਖੇਤੀਬਾੜੀ ਵਿਭਾਗ ਨੂੰ ਦੇਣ। ਲੋੜ ਹੈ ਸਰਕਾਰ ਦੁਆਰਾ ਇਸ ਫੈਸਲੇ ਨੂੰ ਜ਼ਮੀਨੀ ਪੱਧਰ 'ਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ।


-ਕੇ. ਬਰਾੜ


ਕਲਮ ਦਾ ਮੂੰਹ ਕੀਤਾ ਬੰਦ
ਪੰਜਾਬ ਸਰਕਾਰ ਨੇ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਹੈ ਕਿ ਸਿੱਖਿਆ ਵਿਭਾਗ 'ਚ ਨੌਕਰੀ ਕਰਨ ਵਾਲਾ ਕੋਈ ਵੀ ਪੱਤਰਕਾਰੀ ਨਹੀਂ ਕਰ ਸਕੇਗਾ। ਨਾ ਕੋਈ ਕਿਸੇ ਅਖ਼ਬਾਰ ਨਾਲ ਆਪਣਾ ਰਾਬਤਾ ਕਾਇਮ ਕਰੇਗਾ। ਕਿਸੇ ਵੀ ਕੀਮਤ ਵਿਚ ਕੋਈ ਵੀ ਕਿਸੇ ਪ੍ਰਕਾਰ ਦਾ ਆਰਟੀਕਲ ਲਿਖ ਕੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਨਹੀਂ ਕਰੇਗਾ। ਪਹਿਲਾਂ ਮੂੰਹ ਬੰਦ ਕੀਤਾ ਸੀ ਹੁਣ ਕਲਮ ਬੰਦ ਕਰ ਦਿੱਤੀ ਗਈ ਹੈ। ਕਲਮ ਤਾਂ ਆਵਾਜ਼ ਚੁੱਕਦੀ ਹੈ ਕਲਮ ਹੀ ਸਭ ਕੁਝ ਲਿਖਦੀ ਹੈ। ਜਿਥੇ ਤਲਵਾਰ ਕੰਮ ਨਾ ਕਰ ਸਕਦੀ ਹੋਵੇ ਉਥੇ ਜਾ ਕੇ ਕਲਮ ਆਪਣਾ ਕੰਮ ਕਰਦੀ ਹੈ। ਇਹ ਕਿੰਨਾ ਕੁ ਜਾਇਜ਼ ਫ਼ੈਸਲਾ ਲਿਆ ਗਿਆ ਹੈ, ਇਹ ਵੇਖਣਾ ਹੋਵੇਗਾ। ਇਸ ਪ੍ਰਤੀ ਨਾਅਰਾ ਜ਼ਰੂਰ ਵੱਜਣਾ ਚਾਹੀਦਾ ਹੈ। ਕਿਉਂਕਿ ਸਿੱਖਿਆ ਵਿਭਾਗ ਵਿਚ ਬਹੁਤ ਸਾਰੇ ਪੜ੍ਹੇ-ਲਿਖੇ ਲਿਖਣ ਵਾਲੇ ਬੈਠੇ ਹਨ। ਇਥੋਂ ਤੱਕ ਕਿਹਾ ਗਿਆ ਹੈ ਕਿ ਕੋਈ ਵੀ ਕਿਤਾਬ ਲਿਖਣੀ ਹੋਵੇ ਜਾਂ ਛਾਪਣੀ ਹੋਵੇ ਤਾਂ ਵੀ ਵਿਭਾਗ ਦੀ ਇਜਾਜ਼ਤ ਲੈਣੀ ਪਵੇਗੀ। ਹੁਣ ਲੇਖਕ ਕੀ ਕਰਨਗੇ, ਕਿ ਵਾਕਿਆ ਹੀ ਹੁਣ ਕਲਮ ਬੰਦ ਕਰ ਦੇਣਗੇ, ਆਪਣੇ ਜਜ਼ਬਾਤਾਂ ਨੂੰ ਮਾਰ ਦੇਣਗੇ ਜਾਂ ਫਿਰ ਇਸ ਦੇ ਵਿਰੁੱਧ ਆਪਣੀ ਆਵਾਜ਼ ਉਠਾਉਣਗੇ। ਇਹ ਹੁਣ ਆਉਣ ਵਾਲੇ ਸਮੇਂ ਵਿਚ ਵੇਖਣਾ ਹੋਵੇਗਾ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।

15-11-2019

ਪਿੰਡਾਂ ਵਿਚਲੀਆਂ ਸੁੰਗੜਦੀਆਂ ਸ਼ਾਮਲਾਟਾਂ
ਪੰਜਾਬ ਦਾ ਨਾਂਅ ਜ਼ਿਹਨ ਵਿਚ ਆਉਂਦਿਆਂ ਹੀ ਸਾਡੇ ਸਾਹਮਣੇ ਖੂਹ ਟੋਭੇ, ਬੋਹੜ, ਪਿੱਪਲ, ਸੱਥਾਂ ਅਤੇ ਸ਼ਾਮਲਾਟਾਂ ਦੀ ਤਸਵੀਰ ਅੱਖਾਂ ਅੱਗੇ ਉੱਭਰ ਆਉਂਦੀ ਹੈ। ਪੁਰਾਣੇ ਪੰਜਾਬ ਵਿਚ ਇਨ੍ਹਾਂ ਸਾਰੀਆਂ ਥਾਵਾਂ 'ਤੇ ਕਦੇ ਖੂਬ ਰੌਣਕ ਹੋਇਆ ਕਰਦੀ ਸੀ। ਪੰਜਾਬ ਦੇ ਲੋਕ ਬਿਨਾਂ ਭੇਦਭਾਵ ਦੇ ਇਨ੍ਹਾਂ ਥਾਵਾਂ 'ਤੇ ਇਕੱਠੇ ਹੁੰਦੇ ਸਨ ਤੇ ਉਹ ਆਪਣੇ ਹਾਸੇ ਠੱਠੇ, ਦੁੱਖ-ਸੁੱਖ ਇਕ-ਦੂਜੇ ਨਾਲ ਸਾਂਝੇ ਕਰਦੇ ਸਨ। ਗਰਮੀਆਂ ਵਿਚ ਆਪਣੇ ਕੰਮਾਂ ਧੰਦਿਆਂ ਤੋਂ ਵਿਹਲੇ ਹੋ ਕੇ ਇਥੇ ਸਮਾਂ ਗੁਜ਼ਾਰਦੇ ਸਨ। ਹਾਲੀ ਪਾਲੀ ਵੀ ਦੁਪਹਿਰ ਸਮੇਂ ਆਪਣੇ ਪਸ਼ੂਆਂ ਸਮੇਤ ਇਨ੍ਹਾਂ ਥਾਵਾਂ 'ਤੇ ਥਕਾਵਟ ਦੂਰ ਕਰਨ ਆਉਂਦੇ ਸਨ। ਸਿਆਲਾਂ ਵਿਚ ਇਨ੍ਹਾਂ ਥਾਵਾਂ 'ਤੇ ਧੂਣੀਆਂ ਦੁਆਲੇ ਗੱਭਰੂ, ਬਜ਼ੁਰਗ ਜੁੜਦੇ ਅਤੇ ਗੱਲਾਂ ਦਾ ਨਿੱਘ ਮਾਣਦੇ ਸਨ। ਪਰ ਵਕਤ ਦੇ ਗੇੜ ਨਾਲ ਇਹ ਥਾਵਾਂ ਦਿਨੋ-ਦਿਨ ਪਿੰਡਾਂ ਵਿਚੋਂ ਅਲੋਪ ਹੋ ਰਹੀਆਂ ਹਨ। ਛੱਪੜਾਂ ਦੇ ਕਿਨਾਰੇ ਲੱਗੇ ਬੋਹੜ, ਪਿੱਪਲ ਬੀਤੇ ਯੁੱਗ ਦੀ ਗੱਲ ਬਣਦੇ ਜਾ ਰਹੇ ਹਨ। ਪਰ ਅਜੋਕੇ ਸਮੇਂ ਵਿਚ ਇਹ ਥਾਵਾਂ ਦਿਨੋ-ਦਿਨ ਸੁੰਗੜ ਰਹੀਆਂ ਹਨ ਤੇ ਪਿੰਡਾਂ ਵਿਚੋਂ ਸਾਂਝੀਆਂ ਥਾਵਾਂ ਲਗਾਤਾਰ ਘਟ ਰਹੀਆਂ ਹਨ। ਪਰ ਮੁੱਖ ਕਾਰਨ ਇਨ੍ਹਾਂ ਥਾਵਾਂ ਦੇ ਸੁੰਗੜਨ ਦਾ ਪਿੰਡਾਂ ਵਿਚ ਰਾਜਨੀਤੀ ਦਾ ਹੇਠਲੇ ਪੱਧਰ ਤੱਕ ਸ਼ਾਮਿਲ ਹੋਣਾ ਹੈ। ਰਾਜਨੀਤੀ ਦੇ ਘਰ-ਘਰ ਪ੍ਰਵੇਸ਼ ਕਰਨ ਨਾਲ ਪਿੰਡਾਂ ਦੇ ਸਾਂਝੇ ਕੰਮ ਦਿਨੋ-ਦਿਨ ਰੁਕ ਰਹੇ ਹਨ। ਕਦੇ ਛੱਪੜ ਪੂਰੇ ਪਿੰਡ ਲਈ ਪਾਣੀ ਦਾ ਸੋਮਾ ਹੁੰਦੇ ਸਨ। ਪਰ ਅੱਜ ਸਥਿਤੀ ਇਹ ਹੈ ਕਿ ਹਰ ਪਿੰਡ ਦੇ ਛੱਪੜ ਵਿਚ ਗੰਦਗੀ ਦੇ ਅੰਬਾਰ ਲੱਗੇ ਹੋਏ ਹਨ। ਕੁਝ ਜ਼ਿਲ੍ਹਿਆਂ ਵਿਚ ਛੱਪੜਾਂ ਦੀ ਸਫ਼ਾਈ ਵੱਲ ਲੋਕਾਂ ਨੇ ਭਾਵੇਂ ਆਪਣੇ ਤੌਰ 'ਤੇ ਮੁਹਿੰਮਾਂ ਚਲਾਈਆਂ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

-ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)।

ਸ਼ਰੇਆਮ ਵਰਤੇ ਜਾ ਰਹੇ ਹਥਿਆਰ
ਆਏ ਦਿਨ ਕਈ ਅਜਿਹੇ ਬਦਮਾਸ਼ਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਵਿਚ ਉਹ ਸ਼ਰੇਆਮ ਹਥਿਆਰਾਂ ਭਾਵ ਬੰਦੂਕਾਂ ਚਲਾ ਕੇ ਆਪਣੀ ਪਾਰਟੀ ਦੇ ਜਸ਼ਨ ਮਨਾ ਰਹੇ ਹੁੰਦੇ ਹਨ ਜੋ ਕਿ ਸਰਾਸਰ ਗ਼ਲਤ ਹੈ ਕਿਉਂਕਿ ਇਸ ਦੇ ਨਾਲ-ਨਾਲ ਆਮ ਨਾਗਰਿਕ ਜਾਂ ਉਥੇ ਵਸਦੇ ਲੋਕਾਂ ਲਈ ਵੀ ਇਕ ਦਹਿਸ਼ਤ ਭਰਿਆ ਮਾਹੌਲ ਪੈਦਾ ਹੁੰਦਾ ਹੈ। ਇਹ ਸ਼ਰੇਆਮ ਵਰਤੇ ਜਾ ਰਹੇ ਹਥਿਆਰਾਂ ਵਿਚ ਪੰਜਾਬ ਹੀ ਨਹੀਂ, ਬਾਕੀ ਵੀ ਕਈ ਸੂਬੇ ਸ਼ਾਮਿਲ ਹਨ। ਸਰਕਾਰ ਨੂੰ ਵੀ ਇਸ ਤਰ੍ਹਾਂ ਦੀ ਫਾਇਰਿੰਗ 'ਤੇ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਜਨਤਾ 'ਤੇ ਪੈਂਦਾ ਹੈ ਤੇ ਦੂਜਾ ਜਿਹੜੀ ਸ਼ਹਿਰ ਵਿਚ ਦਹਿਸ਼ਤ ਫੈਲਦੀ ਹੈ ਉਹ ਵੱਖਰੀ।

-ਜਾਨਵੀ ਬਿੱਠਲ
ਜਲੰਧਰ।

ਖ਼ਬਰਾਂ ਵਿਚੋਂ ਇਕ ਖ਼ਬਰ
ਪਿਛਲੇ ਦਿਨੀਂ ਪਟਿਆਲ਼ਾ ਜ਼ਿਲ੍ਹੇ ਦੇ ਇਕ ਕਸਬੇ ਦੀ ਇਕ ਖ਼ਬਰ ਪੜ੍ਹਨ ਨੂੰ ਮਿਲੀ, ਜਿਸ ਵਿਚ ਇਕ ਗ਼ਰੀਬ ਸਬਜ਼ੀ ਵਾਲੇ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜੋ ਆਪਣੇ ਰੇਹੜੇ 'ਤੇ ਬਿਨਾਂ ਮਨਜ਼ੂਰੀ ਲਏ ਲਾਊਡ ਸਪੀਕਰ ਲਾ ਕੇ ਉੱਚੀ-ਉੱਚੀ ਆਵਾਜ਼ ਵਿਚ ਹਰ ਰੋਜ਼ ਸਬਜ਼ੀ ਵੇਚਦਾ ਹੈ, ਜਿਸ ਨਾਲ ਸ਼ੋਰ ਪ੍ਰਦਸ਼ੂਣ ਫੈਲਦਾ ਹੈ। ਮੰਨਿਆ ਕਿ ਉਸ ਨੇ ਆਪਣੀ ਸੀਮਤ ਜਿਹੀ ਦੁਕਾਨਦਾਰੀ ਹੋਣ ਕਾਰਨ ਮਨਜ਼ੂਰੀ ਨਹੀਂ ਲਈ ਹੋਵਗੀ ਪਰ ਉਹ ਆਪਣੀ ਹੱਕ-ਸੱਚ ਦੀ ਕਿਰਤ ਤਾਂ ਕਰ ਰਿਹਾ ਹੈ। ਕਿੰਨੇ ਕੁ ਲੋਕ ਧਾਰਮਿਕ ਪ੍ਰੋਗਰਾਮਾਂ ਵਾਲੇ, ਮਸ਼ਹੂਰੀਆਂ ਦਾ ਹੋਕਾ ਦੇਣ ਵਾਲੇ ਜਾਂ ਖੁਸ਼ੀ ਦੇ ਪ੍ਰੋਗਰਾਮਾਂ ਦੇ ਨਾਂਅ 'ਤੇ ਲੋਕਾਂ ਦੀ ਨੀਂਦ ਖ਼ਰਾਬ ਕਰਨ ਵਾਲੇ ਸਪੀਕਰ ਦੀ ਜਾਂ ਡੀ.ਜੇ. ਚਲਾਉਣ ਦੀ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਂਦੇ ਹਨ? ਉਨ੍ਹਾਂ ਖਿਲਾਫ਼ ਕੋਈ ਆਵਾਜ਼ ਨਹੀਂ ਚੁੱਕਦਾ ਹੈ। ਅਸੀਂ ਤਕੜੇ ਖਿਲਾਫ਼ ਬੋਲਦੇ ਨਹੀਂ ਜਦੋਂ ਕਿ ਗ਼ਰੀਬ ਦੀ ਆਵਾਜ਼ ਨੂੰ 'ਸ਼ੋਰ ਪ੍ਰਦੂਸ਼ਣ' ਸਿੱਧ ਕਰਨ ਤੇ ਤੁਲੇ ਹੋਏ ਹਾਂ। ਉਂਜ ਵੀ ਅੰਗਰੇਜ਼ੀ ਦੀ ਪ੍ਰਸਿੱਧ ਕਹਾਣੀ 'ਆਲ ਅਬਾਊਟ ਏ ਡੌਗ' ਇਹ ਦਸਦੀ ਹੈ ਕਿ ਜੇਕਰ ਕਿਸੇ ਦੀ ਭਲਾਈ ਲਈ ਕੁਝ ਨਿਯਮ ਟੁੱਟ ਵੀ ਜਾਣ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਰੁੱਖਾਂ ਦੀ ਕਟਾਈ
ਰੁੱਖਾਂ ਦੀ ਬੇਹਿਸਾਬ ਕਟਾਈ, ਕਾਰਖਾਨਿਆਂ ਤੋਂ ਨਿਕਲਦਾ ਧੂੰਆਂ, ਪੈਟਰੋਲ ਅਤੇ ਡੀਜ਼ਲ ਦੇ ਜਲਣ ਨਾਲ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਤੇ ਪਲਾਸਟਿਕ ਦਾ ਅੰਧਾਧੁੰਦ ਇਸਤੇਮਾਲ ਖੇਤੀ ਲਈ ਜ਼ਰੂਰਤ ਤੋਂ ਜ਼ਿਆਦਾ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਵਾਤਾਵਰਨ ਨੂੰ ਖਰਾਬ ਕਰਨ ਵਿਚ ਅਸੀਂ ਹੀ ਜ਼ਿੰਮੇਵਾਰ ਹਾਂ। ਸਾਡੀ ਧਰਤੀ ਜ਼ਹਿਰੀਲੀ ਹੋ ਗਈ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਵਧੀਆ ਅਨਾਜ ਤੋਂ ਵਾਂਝੀਆਂ ਰਹਿ ਜਾਣਗੀਆਂ, ਬਿਮਾਰੀਆਂ ਅਣਗਿਣਤ ਹੋ ਰਹੀਆਂ ਹਨ। ਅੱਜ ਉਦਾਸ ਹੈ ਕੁਦਰਤ, ਖ਼ਰਾਬ ਹੈ ਵਾਤਾਵਰਨ, ਜ਼ਹਿਰੀਲਾ ਹੈ ਧਰਤੀ 'ਤੇ ਫੈਲਿਆ ਪ੍ਰਦੂਸ਼ਣ, ਗੰਧਲਾ ਜਲ, ਖੋ ਗਈ ਸ਼ੁੱਧਤਾ, ਘਟ ਰਹੀ ਹਰਿਆਲੀ, ਬਦਲਿਆ ਜਲਵਾਯੂ, ਮੌਸਮ ਹੈ ਬਾਗੀ, ਵਿਧਵਾ ਹੈ ਧਰਤੀ, ਦਮ ਤੋੜ ਰਿਹਾ ਹੈ ਵਾਤਾਵਰਨ ਪਰ ਮਨੁੱਖ ਲਾਲਚ ਦੀ ਪੱਟੀ ਅੱਖਾਂ 'ਤੇ ਬੰਨ੍ਹ ਆਪਣੀਆਂ ਜੜ੍ਹਾਂ ਤੋਂ ਪੈਰ ਛੱਡ ਰਿਹਾ ਹੈ। ਜਾਗੋ ਕੁਦਰਤ ਨੂੰ ਬਚਾਈਏ।

-ਜਗਜੀਤ ਸਿੰਘ
ਪਿੰਡ ਝੱਤਰੈ, ਤਹਿ: ਜੀਰਾ, ਜ਼ਿਲ੍ਹਾ ਫਿਰੋਜ਼ਪੁਰ।

ਸੋਚ ਨੂੰ ਬਦਲੀਏ
ਅੱਜਕਲ੍ਹ ਲੋਕ ਖ਼ਾਸ ਕਰਕੇ ਨੌਜਵਾਨ ਵਰਗ ਜੋ ਇੰਟਰਨੈਂਟ 'ਤੇ ਹੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਰਦਾ ਹੈ, ਜਦੋਂ ਵੀ ਕਿਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਵਕਤ ਉਨ੍ਹਾਂ ਦੁਰਘਟਨਾਗ੍ਰਸਤ ਲੋਕਾਂ ਦੀ ਮਦਦ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਵੱਖ-ਵੱਖ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਪਤਾ ਨਹੀਂ ਏਨੀ ਕਾਹਲੀ ਉਨ੍ਹਾਂ ਨੂੰ ਕਾਹਦੀ ਹੁੰਦੀ ਹੈ ਜਿਵੇਂ ਕੋਈ ਇਨਾਮ ਮਿਲਣਾ ਹੋਵੇ।ਜਿਨ੍ਹਾਂ ਲੋਕਾਂ ਕੋਲ ਇਹ ਤਸਵੀਰਾਂ ਭੇਜੀਆਂ ਜਾਂਦੀਆਂ ਹਨ, ਉਹ ਵੀ ਜਲਦੀ ਤੋਂ ਜਲਦੀ ਇਨ੍ਹਾਂ ਨੂੰ ਅੱਗੇ ਭੇਜ ਦਿੰਦੇ ਹਨ। ਕੱਲ੍ਹ ਨੂੰ ਇਹ ਹਾਦਸਾ ਸਾਡੇ ਨਾਲ ਵੀ ਵਾਪਰ ਸਕਦਾ ਹੈ, ਜੇਕਰ ਉਸ ਸਮੇਂ ਸਾਡੀ ਕੋਈ ਮਦਦ ਕਰਨ ਦੀ ਬਜਾਏ ਸਾਡੀਆਂ ਤਸਵੀਰਾਂ ਖਿੱਚਣ ਵਿਚ ਹੀ ਲੱਗਾ ਰਹੇਗਾ ਤਾਂ ਸਾਨੂੰ ਕਿਸ ਤਰ੍ਹਾਂ ਦਾ ਲੱਗੇਗਾ। ਆਓ ਅਸੀਂ ਆਪਣੀ ਸੋਚ ਨੂੰ ਬਦਲੀਏ ਤੇ ਸੜਕ ਹਾਦਸੇ ਹੋਣ ਸਮੇਂ ਜ਼ਖ਼ਮੀਆਂ ਦੀ ਮਦਦ ਨੂੰ ਪਹਿਲ ਦੇਈਏ।

-ਪਾਰਸ ਬਾਂਸਲ
ਸ੍ਰੀ ਮੁਕਤਸਰ ਸਾਹਿਬ।

14-11-2019

 ਵਧ ਰਹੀਆਂ ਕੀਮਤਾਂ
ਪਿਛਲੇ ਛੇ ਕੁ ਦਹਾਕਿਆਂ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸੰਸਾਰ ਭਰ ਵਿਚ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਅੱਜਕੱਲ੍ਹ ਤਾਂ ਕਈ ਵਸਤਾਂ ਦੇ ਭਾਅ ਸਵੇਰੇ ਕੁਝ ਤੇ ਸ਼ਾਮੀਂ ਕੁਝ ਹੁੰਦੇ ਹਨ, ਜਿਸ ਨਾਲ ਖਾਧ ਪਦਾਰਥਾਂ, ਲੋਹਾ, ਸੀਮੈਂਟ, ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਭਿਆਨਕ ਵਾਧਾ, ਦਾਲਾਂ, ਸਬਜ਼ੀਆਂ ਤੇ ਖੰਡ ਦੇ ਭਾਵਾਂ ਦੇ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਧ ਰਹੀ ਬੇਰੁਜ਼ਗਾਰ ਨੇ ਉਪਰੋਂ ਬਲਦੀ ਉਤੇ ਤੇਲ ਪਾ ਦਿੱਤਾ ਹੈ। ਇਸੇ ਤਰ੍ਹਾਂ ਹੀ ਸਫ਼ਰ ਦੇ ਕਿਰਾਏ ਵਿਚ ਵਾਧਾ, ਸੰਚਾਰ ਸਾਧਨਾਂ ਦੇ ਨਾਲ ਹੀ ਬਿਜਲੀ ਖਪਤ ਦੀਆਂ ਦਰਾਂ ਵਿਚ ਮਹਿੰਗਾਈ ਵੀ ਲਗਾਤਾਰ ਵਧ ਰਹੀ ਹੈ। ਸਰਕਾਰ ਨੂੰ ਵਧਦੀ ਹੋਈ ਮਹਿੰਗਾਈ ਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ।


-ਮੋਨਿਕਾ
ਜਲੰਧਰ।


ਗ਼ਲਤ ਗੀਤਾਂ ਨੂੰ ਨੱਥ ਪਾਈ ਜਾਵੇ
ਬੇਸ਼ੱਕ ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ। ਇਸ ਦੀ ਮਦਦ ਨਾਲ ਮਾਨਸਿਕ ਤੇ ਸਰੀਰਕ ਥਕਾਵਟ ਨੂੰ ਦੂਰ ਕੀਤਾ ਜਾਂਦਾ ਹੈ। ਪਰ ਉਹ ਸੰਗੀਤ ਸਾਨੂੰ ਚੰਗੇ ਪਾਸੇ ਲੈ ਕੇ ਜਾਣ ਵਾਲਾ ਵੀ ਹੋਣਾ ਚਾਹੀਦਾ ਹੈ। ਅੱਜਕਲ੍ਹ ਅਸੀਂ ਸੁਣਦੇ ਤੇ ਵੇਖ ਹੀ ਰਹੇ ਹਾਂ। ਕਿਹੋ ਜਿਹਾ ਸੰਗੀਤ ਸਾਡੀ ਝੋਲੀ ਪੈ ਰਿਹਾ ਹੈ। ਗੰਦਮੰਦ, ਬਦਮਾਸ਼ੀ, ਫੁਕਰਪੁਣਾ ਤੇ ਨੰਗਪੁਣੇ ਤੋਂ ਬਿਨਾਂ ਹੋਰ ਕੱਖ ਨਹੀਂ। ਗੀਤਕਾਰਾਂ ਤੇ ਕਲਾਕਾਰਾਂ ਨੇ ਸ਼ਰਮ ਨੂੰ ਗਹਿਣੇ ਧਰ ਰੱਖਿਆ ਹੈ। ਹਰ ਗੀਤ ਵਿਚ ਰਫ਼ਲਾਂ, ਪਿਸਤੌਲ, ਨਸ਼ਾ, ਵਾੜ ਰੱਖਿਆ ਹੈ ਅਤੇ ਇਨ੍ਹਾਂ ਗੀਤਾਂ 'ਚ ਇਸਤਰੀ ਦੀ ਇੱਜ਼ਤ ਨੂੰ ਸ਼ਰੇਆਮ ਰੋਲਿਆ ਜਾ ਰਿਹਾ ਹੈ। ਇਸ ਵਿਚ ਕਸੂਰ ਇਕੱਲੇ ਕਲਾਕਾਰ ਤੇ ਗੀਤਕਾਰਾਂ ਦਾ ਹੀ ਨਹੀਂ। ਸਭ ਤੋਂ ਵੱਧ ਕਸੂਰਵਾਰ ਅਸੀਂ ਸਾਰੇ ਲੋਕ ਹਾਂ ਜੋ ਗੰਦਮੰਦ ਸਾਨੂੰ ਪਰੋਸ ਕੇ ਦਿੱਤਾ ਜਾਂਦਾ ਹੈ, ਅਸੀਂ ਪ੍ਰਵਾਨ ਕਰ ਰਹੇ ਹਾਂ। ਇਨ੍ਹਾਂ ਦਾ ਵਿਰੋਧ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਤਾਂ ਹੀ ਇਨ੍ਹਾਂ ਨੂੰ ਨੱਥ ਪਵੇਗੀ।


-ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ: ਸ਼ੇਰੋਂ, ਤਹਿ: ਤੇ ਜ਼ਿਲ੍ਹਾ ਸੰਗਰੂਰ।


ਮਿਲਾਵਟੀ ਵਸਤਾਂ
ਸਮੇਂ-ਸਮੇਂ ਸਿਰ ਸਰਵੇਖਣ ਟੀਮਾਂ ਵਲੋਂ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ ਅਤੇ ਖਾਣ ਵਾਲੇ ਪਦਾਰਥਾਂ ਨੂੰ ਵੀ ਜ਼ਬਤ ਕੀਤਾ ਜਾਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿਚ ਵੱਖ-ਵੱਖ ਕਿਸਮ ਦੀਆਂ ਮਠਿਆਈਆਂ, ਖੋਆ, ਦੁੱਧ, ਪਨੀਰ, ਘਿਓ ਆਦਿ ਵਿਚ ਮਿਲਾਵਟ ਜ਼ੋਰਾਂ 'ਤੇ ਕੀਤੀ ਜਾਂਦੀ ਹੈ, ਇਥੋਂ ਤੱਕ ਕਿ ਰੋਜ਼ਮਰ੍ਹਾ ਵਰਤੋਂ ਵਿਚ ਆਉਣ ਵਾਲੀਆਂ ਦਾਲਾਂ, ਸਬਜ਼ੀਆਂ ਵੀ ਮਿਲਾਵਟ ਤੋਂ ਨਹੀਂ ਬਚੀਆਂ, ਜਿਸ ਨਾਲ ਇਹ ਲੋਕ ਆਪਣੇ ਤੁਸ਼ ਸਵਾਰਥ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪਿਛੇਲ ਦਿਨੀਂ ਕਈ ਸ਼ਹਿਰਾਂ ਵਿਚ ਮਿਲਾਵਟੀ ਵਸਤਾਂ ਦੇ ਵੱਡੇ ਜ਼ਖੀਰੇ ਵੀ ਫੜੇ ਗਏ ਸਨ। ਵਿਦੇਸ਼ਾਂ ਵਿਚ ਮਿਲਾਵਟ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਅਤੇ ਕਿਸੇ ਵੀ ਖਰੀਦਦਾਰ ਦੇ ਮਨ ਵਿਚ ਇਹ ਖਿਆਲ ਨਹੀਂ ਆਉਂਦਾ ਕਿ ਇਸ ਵਿਚ ਮਿਲਾਵਟ ਵੀ ਹੋ ਸਕਦੀ ਹੈ। ਹੋਰ ਅਪਰਾਧਾਂ ਵਾਂਗ ਮਿਲਾਵਟਖੋਰੀ ਵੀ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਅਤੇ ਲੋਕ ਕਾਨੂੰਨ ਦੀ ਆਪਣੇ-ਆਪ ਪਾਲਣਾ ਕਰਦੇ ਹਨ। ਕਾਨੂੰਨ ਭਾਵੇਂ ਇਥੇ ਵੀ ਸਖ਼ਤ ਹਨ ਪ੍ਰੰਤੂ ਸਖ਼ਤੀ ਕਰਨ ਤੋਂ ਬਿਨਾਂ ਕੋਈ ਪਾਲਣਾ ਹੀ ਨਹੀਂ ਕਰਦਾ। ਲੋੜ ਹੈ ਜਿਥੇ ਮਿਲਾਵਟਖੋਰੀ ਦੀ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੀ, ਉਥੇ ਹੀ ਸਰਕਾਰ ਨੂੰ ਇਹ ਘਿਨਾਉਣਾ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਨੌਜਵਾਨਾਂ ਦਾ ਸੰਤਾਪ
ਭਾਰਤ ਇਕ ਦੇਸ਼ ਨਹੀਂ ਬਲਕਿ ਨੌਜਵਾਨਾਂ ਨੂੰ ਵੇਚਣ ਵਾਲਾ ਵਪਾਰੀ ਦੇਸ਼ ਬਣ ਗਿਆ ਹੈ। ਆਪਣੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਬਾਹਰ ਕੱਢਦਾ ਜਾ ਰਿਹਾ ਹੈ। ਇਥੇ ਬੇਰੁਜ਼ਗਾਰੀ ਦਾ ਬਿਗਲ ਵਜਾ ਕੇ ਆਪ ਚੁੱਪ ਕਰ ਬੈਠ ਜਾਂਦੇ ਹਨ, ਜਿਹੜਾ ਵੀ ਗੱਦੀ ਉਤੇ ਬੈਠ ਜਾਂਦਾ ਹੈ, ਉਹ ਫਿਰ ਆਪਣੇ ਹੀ ਢਿੱਡ ਬਾਰੇ ਸੋਚਦਾ ਹੈ, ਹੋਰ ਕਿਸੇ ਬਾਰੇ ਇਨ੍ਹਾਂ ਕੋਲ ਸੋਚਣ ਦਾ ਵਿਹਲ ਹੀ ਨਹੀਂ ਹੁੰਦੀ। ਜਦੋਂ ਨੌਜਵਾਨ ਵਰਗ ਵੀ ਸਭ ਕੁਝ ਵੇਖਦਾ ਹੈ ਕਿ ਇਥੇ ਸਾਡਾ ਭਵਿੱਖ ਨਹੀਂ ਬਣਨਾ, ਫਿਰ ਉਹ ਗ਼ਲਤ ਤਰੀਕੇ ਨਾਲ ਬਾਹਰ ਚਲੇ ਜਾਂਦੇ ਹਨ। ਕਈ ਸਫ਼ਲ ਵੀ ਹੋ ਜਾਂਦੇ ਹਨ ਤੇ ਕਈ ਰਾਹ ਵਿਚ ਫਸ ਜਾਂਦੇ ਹਨ। ਹੁਣੇ-ਹੁਣੇ ਮੈਕਸੀਕੋ ਨੇ 300 ਤੋਂ ਵੱਧ ਨੌਜਵਾਨਾਂ ਨੂੰ ਫੜ ਕੇ ਵਾਪਸ ਭਾਰਤ ਭੇਜ ਦਿੱਤਾ ਹੈ, ਉਹ ਨੌਜਵਾਨ ਨਾ ਘਰ ਦੇ ਰਹੇ ਨਾ ਘਾਟ ਦੇ ਰਹੇ। ਹੁਣ ਉਨ੍ਹਾਂ ਦੇ ਭਵਿੱਖ ਦਾ ਕੀ ਬਣੇਗਾ, ਇਹ ਸੋਚਣ ਦਾ ਵਿਸ਼ਾ ਹੈ।


-ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫ਼ਿਰੋਜ਼ਪੁਰ)।


ਧਰਤੀ ਦੀ ਪੁਕਾਰ
ਅੱਜ ਸਾਡੀ ਧਰਤੀ ਮਾਂ ਸਾਨੂੰ ਵਾਰ-ਵਾਰ ਪੁਕਾਰ ਰਹੀ ਹੈ ਕਿ ਮੇਰੇ ਪਿਆਰੇ ਪੁੱਤਰੋ ਤਰਸ ਕਰੋ ਤੁਸੀਂ ਮੇਰੇ 'ਤੇ ਮੇਰੀ ਹੂਕ ਸੁਣੋ। ਮੇਰਾ ਸੀਨਾ ਨਾ ਤਪਾਓ। ਮੈਂ ਕਿਸ-ਕਿਸ ਨੂੰ ਰੋਕਾਂ, ਕੋਈ ਪਟਾਕੇ ਚਲਾ ਰਿਹਾ, ਕੋਈ ਫੈਕਟਰੀਆਂ ਦੇ ਧੂੰਏਂ ਨਾਲ, ਕੋਈ ਪਰਾਲੀ ਸਾੜ ਕੇ ਅਤੇ ਕੋਈ ਪੌਦੇ ਕੱਟ ਕੇ ਪ੍ਰਦੂਸ਼ਣ ਫੈਲਾਅ ਰਿਹਾ ਹੈ। ਕਿਰਪਾ ਕਰਕੇ ਐਸੇ ਕੰਮਾਂ ਤੋਂ ਗੁਰੇਜ਼ ਕਰੋ। ਸਗੋਂ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਕੁਦਰਤੀ ਸੋਮਿਆਂ ਨੂੰ ਬਚਾਇਆ ਜਾ ਸਕੇ। ਇਸ ਨਾਲ ਪਸੂ, ਪੰਛੀਆਂ ਅਤੇ ਮਨੁੱਖਤਾ ਦਾ ਵਧ ਰਹੀ ਤਪਸ਼ ਨਾਲ ਨੁਕਸਾਨ ਵੀ ਨਹੀਂ ਹੋਵੇਗਾ। ਜੇਕਰ ਤੁਸੀਂ ਸਾਰੇ ਮੇਰੀ ਪੁਕਾਰ ਸੁਣ ਕੇ, ਸਮਝ ਜਾਵੋਗੇ ਤਾਂ ਕਿਸੇ ਅਣਹੋਣੀ ਤੋਂ ਬਚ ਜਾਵੋਗੇ ਤਾਂ ਆਉਣ ਵਾਲਾ ਸਮਾਂ ਵੀ ਤੁਹਾਡੇ ਲਈ ਲਾਹੇਵੰਦ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ। ਸੋ, ਕਿਰਪਾ ਕਰਕੇ ਧਰਤੀ ਮਾਂ ਦੀ ਪੁਕਾਰ ਸੁਣੋ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਓ।


-ਪਰਮਜੀਤ ਕੌਰ ਸੋਢੀ
ਭਗਤਾ ਭਈ ਕਾ।


ਫ਼ਸਲਾਂ ਦਾ ਸਮਰਥਨ ਮੁੱਲ
ਹਾਲ ਹੀ ਵਿਚ ਕੇਂਦਰ ਸਰਕਾਰ ਨੇ ਕਣਕ ਦੇ ਸਮਰਥਨ ਮੁੱਲ ਵਿਚ 85 ਰੁਪਏ ਦਾ ਵਾਧਾ ਕੀਤਾ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰੇ 'ਤੇ ਖ਼ੁਸ਼ੀ ਨਹੀਂ ਆਈ। ਪੰਜਾਬ, ਹਰਿਆਣਾ, ਯੂ.ਪੀ. ਕਣਕ ਪੈਦਾ ਕਰਨ ਵਿਚ ਮੋਹਰੀ ਸੂਬੇ ਹਨ। ਅਸੀਂ ਦੇਖਦੇ ਹਾਂ ਕਿ ਕਿਸਾਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਸੋਕਾ ਤੇ ਕਦੇ ਹੜ੍ਹ। ਖੇਤੀ ਜਿਣਸਾਂ ਦੀ ਉਤਪਾਦਨ ਲਾਗਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵੀ ਠੀਕ ਤਰ੍ਹਾਂ ਲਾਗੂ ਨਹੀਂ ਹਨ। ਭਾਵੇਂ ਸਰਕਾਰ ਛੋਟੇ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਸਾਲਾਨਾ ਦੇ ਰਹੀ ਹੈ, ਕੀ ਇਸ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਜਾਏਗੀ। ਹਾਲੇ ਹੋਰ ਵੀ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ, ਤਾਂ ਹੀ ਸਰਕਾਰ ਕਿਸਾਨਾਂ ਦਾ ਮਸੀਹਾ ਬਣ ਸਕਦੀ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।

13-11-2019

 ਪੰਜਾਬ ਦੀ ਜਵਾਨੀ ਦਾ ਪਰਵਾਸ
ਪੰਜਾਬ ਦੀ ਜਵਾਨੀ ਧੜਾਧੜ ਵਿਦੇਸ਼ਾਂ ਵੱਲ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਵਿਦੇਸ਼ੀ ਸਰਕਾਰਾਂ ਦੀਆਂ ਖੁੱਲ੍ਹਦਿਲੀ ਵਾਲੀਆਂ ਨੀਤੀਆਂ ਕਾਰਨ ਇਹ ਪ੍ਰਵਾਸ ਹੋਰ ਵਧ ਸਕਦਾ ਹੈ। ਅਜਿਹਾ ਹੋਣ ਨਾਲ ਨਾ ਕੇਵਲ ਪੰਜਾਬ ਦਾ ਭਵਿੱਖ ਗੁਆਚ ਰਿਹਾ ਹੈ ਬਲਕਿ ਪੰਜਾਬ ਦਾ ਕੀਮਤੀ ਸਰਮਾਇਆ ਵੀ ਵਿਦੇਸ਼ਾਂ ਵੱਲ ਜਾ ਰਿਹਾ ਹੈ। ਮੁਢਲੇ ਅਨੁਮਾਨਾਂ ਅਨੁਸਾਰ ਆਈਲਟਸ ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਤੋਂ 13000 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਹਰ ਸਾਲ 30 ਕਰੋੜ ਦੀ ਰਾਸ਼ੀ ਕੇਵਲ ਆਈਲਟਸ ਕਰਾਉਣ ਵਾਲੀਆਂ ਏਜੰਸੀਆਂ ਲੈ ਜਾਂਦੀਆਂ ਹਨ ਜਦੋਂ ਕਿ ਕੋਚਿੰਗ ਸੈਂਟਰਾਂ ਦੀ ਫੀਸ ਵੱਖਰੀ ਹੈ। ਵਿਦੇਸ਼ੀ ਪੜ੍ਹਾਈ ਦੀ ਫੀਸ ਦੇ ਖਰਚੇ ਦੇ ਰੂਪ ਪੰਜਾਬ ਦਾ 50 ਹਜ਼ਾਰ ਕਰੋੜ ਦਾ ਸਰਮਾਇਆ ਵੀ ਵਿਦੇਸ਼ਾਂ ਨੂੰ ਜਾ ਰਿਹਾ ਹੈ। ਅੱਜ ਪੰਜਾਬ ਨੂੰ ਲੋੜ ਹੈ ਕਿ ਜਵਾਨੀ ਨੂੰ ਗਲੋਂ ਲਾਹੁਣ ਵਾਲੀਆਂ ਨੀਤੀਆਂ ਛੱਡ ਕੇ ਨੌਜਵਾਨਾਂ ਲਈ ਰੁਜ਼ਗਾਰ ਪੱਖੀ ਨੀਤੀਆਂ ਬਣਾਈਆਂ ਜਾਣ ਅਤੇ ਨੌਜਵਾਨੀ ਨੂੰ ਗੁੰਮਰਾਹ ਕਰਨ ਵਾਲੇ ਮਾਹੌਲ ਨੂੰ ਲਗਾਮ ਲਗਾਈ ਜਾਵੇ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ ਬੀ-ਪਟਿਆਲਾ।


ਪ੍ਰਦੂਸ਼ਣ ਦੇ ਕਾਰਨ
ਇਸ ਵਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ 'ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕਰ ਦਿੱਤੀ ਗਈ ਹੈ ਤੇ ਜੁਰਮਾਨੇ ਵੀ ਕੀਤੇ ਜਾ ਰਹੇ ਹਨ, ਕਿਉਂਕਿ ਪਰਾਲੀ ਨੂੰ ਅੱਗ ਲਾਉਣਾ ਗ਼ੈਰ-ਕਾਨੂੰਨੀ ਹੈ। ਪਰ ਪੰਜਾਬ ਵਿਚ ਕਾਨੂੰਨ ਹੈ ਕਿੱਥੇ, ਕੋਈ ਦੱਸ ਸਕਦਾ ਹੈ? ਰਾਵਣ ਨੂੰ ਸਾੜਨ ਦੀ ਕਿਸ ਕਾਨੂੰਨ ਨੇ ਮਨਜ਼ੂਰੀ ਦਿੱਤੀ ਹੈ? ਦੀਵਾਲੀ 'ਤੇ ਬਾਰੂਦ ਸਾੜਨਾ, ਨੇਤਾਵਾਂ ਦੀਆਂ ਜਿੱਤਾਂ 'ਤੇ ਬਾਰੂਦ ਫੂਕਣਾ ਕਿਸ ਕਾਨੂੰਨ ਵਿਚ ਆਉਂਦਾ ਹੈ? ਜੋ ਵੱਡੀਆਂ ਰੈਲੀਆਂ ਕਰਕੇ ਲੱਖਾਂ ਸਾਧਨ ਇਕੱਠੇ ਕੀਤੇ ਜਾਂਦੇ ਹਨ, ਕੀ ਉਹ ਪ੍ਰਦੂਸ਼ਣ ਨਹੀਂ ਛੱਡਦੇ, ਉਨ੍ਹਾਂ ਵਾਰੀ ਸਾਡਾ ਕਾਨੂੰਨ ਕਿੱਥੇ ਹੈ?
ਸਾਡੇ ਨੇਤਾਵਾਂ 'ਤੇ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ। ਮੈਂ ਪ੍ਰਦੂਸ਼ਣ ਫੈਲਾਉਣ ਦੇ ਪੱਖ ਵਿਚ ਨਹੀਂ ਹਾਂ ਪਰ ਇਹ ਸਮਝਦਾ ਹਾਂ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ।


-ਤਰਸੇਮ ਔਲਖ ਕੋਟਲੀ।


ਅਵਾਰਾ ਕੁੱਤਿਆਂ ਦਾ ਖੌਫ਼
ਅਵਾਰਾ ਕੁੱਤੇ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਇਕੱਲੇ ਪੰਜਾਬ 'ਚ ਸਾਲ 2018 ਵਿਚ 1 ਲੱਖ 13 ਹਜ਼ਾਰ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਸੀ। ਲਗਾਤਾਰ ਇਹ ਅੰਕੜਾ ਵਧ ਰਿਹਾ ਹੈ। ਸਰਕਾਰ ਖ਼ਤਰਨਾਕ ਕਿਸਮ ਦੀਆਂ ਨਸਲਾਂ ਉੱਪਰ ਰੋਕ ਲਗਾਵੇ ਅਤੇ ਇਸ 'ਤੇ ਭਾਰੀ ਜੁਰਮਾਨਾ ਲਗਾਵੇ। ਸਰਕਾਰ ਦੀ ਸਖ਼ਤੀ ਨਾਲ ਹੀ ਇਹ ਮੁਸੀਬਤ ਖ਼ਤਮ ਹੋ ਸਕਦੀ ਹੈ।


-ਮਨਪ੍ਰੀਤ ਸਿੰਘ
ਅੰਮ੍ਰਿਤਸਰ।


ਪ੍ਰਦੂਸ਼ਿਤ ਵਾਤਾਵਰਨ
ਸਾਡੇ ਗੁਰੂਆਂ ਨੇ ਸਾਨੂੰ 'ਪਵਣੁ ਗੁਰੂ ਪਾਣੀ ਪਿਤਾ' ਦਾ ਸੰਦੇਸ਼ ਦਿੱਤਾ ਸੀ ਪਰ ਅਸੀ ਉਸੇ ਪੌਣ-ਪਾਣੀ ਨੂੰ ਆਪਣੇ ਹੱਥੀਂ ਦੂਸ਼ਿਤ ਕਰ ਰਹੇ ਹਾਂ। ਅਸਲ ਵਿਚ ਇਹ ਸਾਡੀ ਬੇਵਕੂਫੀ ਹੈ ਕਿਉਂਕਿ ਅਜਿਹਾ ਕਰਕੇ ਅਸੀਂ ਆਪਣੇ ਹੱਥੀਂ ਆਪਣਾ ਜੀਵਨ ਨਸ਼ਟ ਕਰ ਰਹੇ ਹਾਂ। ਅੱਜ ਜਿੱਥੇ ਦੂਸ਼ਿਤ ਪਾਣੀ ਕਾਰਨ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਘਰ-ਘਰ ਪਹੁੰਚ ਚੁੱਕੀ ਹੈ ਉੱਥੇ ਹੀ ਹਵਾ ਨੂੰ ਦੂਸ਼ਿਤ ਕਰਨ ਵਿਚ ਵੀ ਅਸੀਂ ਕੋਈ ਕਸਰ ਨਹੀ ਛੱਡੀ। ਫੈਕਟਰੀਆਂ ਦਾ ਗੰਦਾ ਧੂੰਆਂ, ਤਿਉਹਾਰਾਂ ਦੇ ਨਾਂਅ 'ਤੇ ਪਟਾਕਿਆਂ ਦਾ ਪ੍ਰਦੂਸ਼ਣ, ਕਿਸਾਨਾਂ ਦੁਆਰਾ ਪਰਾਲੀ ਸਾੜ ਕੇ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਇਨ੍ਹਾਂ ਸਭ ਨੇ ਮਿਲ ਕੇ ਹਵਾ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਹੈ। ਹਵਾ ਪ੍ਰਦੂਸ਼ਣ ਕਾਰਨ ਜਿੱਥੇ ਇਨਸਾਨ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ, ਉੱਥੇ ਹੀ ਇਹ ਪ੍ਰਦੂਸ਼ਣ ਹੋਰ ਅਨੇਕਾਂ ਬਿਮਾਰੀਆਂ ਦੀ ਜੜ੍ਹ ਹੈ। ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।


ਪ੍ਰੀਖਿਆਵਾਂ ਵਿਚ ਪਾਰਦਰਸ਼ਤਾ
ਹਰ ਸੂਬਾ ਸਰਕਾਰ ਸੂਬੇ ਵਿਚ ਨੌਕਰੀਆਂ ਲਈ ਇਸ਼ਤਿਹਾਰ ਦਿੰਦੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਮਿਲ ਸਕੇ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰੀਖਿਆ ਪੂਰੀ ਪਾਰਦਰਸ਼ਤਾ ਨਾਲ ਲਈ ਜਾਵੇ। ਜ਼ਿਆਦਾਤਰ ਅਸੀਂ ਆਮ ਦੇਖਦੇ ਹਾਂ ਕਿ ਕਲਾਸ-1 ਦੀ ਪ੍ਰੀਖਿਆਵਾਂ ਵਿਵਾਦਾਂ ਵਿਚ ਘਿਰ ਜਾਂਦੀਆਂ ਹਨ ਕਿਉਂਕਿ ਜਿਹੜਾ ਕਮਿਸ਼ਨ ਪ੍ਰੀਖਿਆ ਲੈਂਦਾ ਹੈ, ਉਹ ਨਿਯਮਾਂ ਮੁਤਾਬਿਕ ਨਹੀਂ ਚਲਦਾ। ਪ੍ਰੀਖਿਆਰਥੀ ਫਿਰ ਹਾਈ ਕੋਰਟਾਂ ਦਾ ਸਹਾਰਾ ਲੈਂਦੇ ਹਨ।
ਜੋ ਵੀ ਗਰੁੱਪ-ਏ ਦੀ ਭਰਤੀ ਹੁੰਦੀ ਹੈ, ਉਹ ਪਾਰਦਰਸ਼ਤਾ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਉਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੁੰਦਾ ਹੈ। ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਹੋਣਹਾਰ ਵਿਦਿਆਰਥੀ ਪਿੱਛੇ ਰਹਿ ਜਾਂਦੇ ਹਨ ਤੇ ਨਾਲਾਇਕ ਵਿਦਿਆਰਥੀ ਅੱਗੇ ਨਿਕਲ ਜਾਂਦੇ ਹਨ। ਪੇਪਰ ਚੈਕਿੰਗ ਵੀ ਧਿਆਨ ਨਾਲ ਹੋਣੀ ਚਾਹੀਦੀ ਹੈ। ਜੇ ਪ੍ਰੀਖਿਆਵਾਂ ਵਿਚ ਪਾਰਦਰਸ਼ਤਾ ਹੋਵੇਗੀ, ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਨੂੰ ਵੀ ਘੱਟ ਉਡਾਰੀ ਮਾਰਨਗੇ। ਅਸੀਂ ਦੇਖਿਆ ਹੀ ਹੈ ਕਿ ਕਈ ਸੂਬਿਆਂ ਦੇ ਮੰਤਰੀ ਨੌਕਰੀ ਘੁਟਾਲੇ ਵਿਚ ਜੇਲ੍ਹਾਂ ਵਿਚ ਬੈਠੇ ਹਨ।


-ਸ.ਸ. ਸੈਣੀ, ਮੁਹਾਲੀ।


ਪੰਜਾਬ ਦੀ ਅਸਲ ਤਸਵੀਰ
ਪਿਛਲੇ ਦਿਨੀਂ 'ਅਜੀਤ' ਵਿਚ ਛਪੇ ਆਪਣੇ ਇਕ ਲੇਖ ਵਿਚ ਸਵਰਨ ਸਿੰਘ ਟਹਿਣਾ ਨੇ ਤਿੰਨ ਸਾਈਨ ਬੋਰਡਾਂ ਸਬੰਧੀ ਪੰਜਾਬ ਦੀ ਅਸਲ ਤਸਵੀਰ ਦੀ ਗੱਲ ਕੀਤੀ ਹੈ। ਪਹਿਲੇ ਦੋ ਬੋਰਡ ਤਾਂ ਬਿਲਕੁਲ ਸਹੀ ਹਰ ਥਾਂ 'ਤੇ ਨਜ਼ਰ ਪੈਂਦੇ ਹਨ ਪਰ ਤੀਸਰਾ ਬੋਰਡ ਨਸ਼ੇ ਛੁਡਵਾਉਣ ਸਬੰਧੀ ਟਾਵਾਂ-ਟਾਵਾਂ ਹੀ ਵਿਖਾਈ ਦੇ ਸਕਦਾ ਹੈ। ਇਕ ਹੋਰ ਸਾਈਨ ਬੋਰਡ ਥਾਂ-ਥਾਂ 'ਤੇ ਜ਼ਰੂਰ ਵਿਖਾਈ ਦੇ ਰਿਹਾ ਹੈ ਕਿ ਏਨੇ ਕਿੱਲੇ ਜ਼ਮੀਨ, ਕੋਠੀ, ਮਸ਼ੀਨਰੀ ਖਰੀਦਣ ਲਈ ਸੰਪਰਕ ਕਰੋ ਸਸਤੇ ਭਾਅ 'ਤੇ। ਪੰਜਾਬ ਦੀ ਤਰਾਸਦੀ ਰੰਗਲਾ ਹੱਸਦਾ-ਵਸਦਾ ਉਜੜ ਰਿਹਾ ਹੈ।


-ਸਿਮਰਜੀਤ ਸਿੰਘ ਰੰਧਾਵਾ
ਪਿੰਡ ਦੇ ਡਾਕ : ਮੀਮਸਾ (ਸੰਗਰੂਰ)।


ਵਕੀਲ-ਪੁਲਿਸ ਤਕਰਾਰ
ਦਿੱਲੀ ਅੰਦਰ ਪੁਲਿਸ ਅਤੇ ਵਕੀਲਾਂ ਦਾ ਝਗੜਾ ਜਿਸ ਤਰ੍ਹਾਂ ਦੀ ਸ਼ਕਲ ਅਖ਼ਤਿਆਰ ਕਰ ਗਿਆ, ਲਗਦਾ ਸੀ ਜਿਵੇਂ ਸੜਕਸ਼ਾਪ ਗੁੰਡਿਆਂ ਦੀ ਆਪਸੀ ਲੜਾਈ ਹੋਵੇ। ਲੱਗਿਆ ਹੀ ਨਹੀਂ ਕਿ ਇਹ ਪੜ੍ਹੇ-ਲਿਖੇ ਲੋਕਾਂ ਦੇ ਸਮਾਜ ਦਾ ਅੰਗ ਹਨ। ਕਾਨੂੰਨ ਵਿਵਸਥਾ ਦਾ ਜੋ ਹਸ਼ਰ ਇਨ੍ਹਾਂ ਦੋਵਾਂ ਮਹੱਤਵਪੂਰਨ ਅੰਗਾਂ ਨੇ ਕੀਤਾ ਹੈ, ਸ਼ਾਇਦ ਹੀ ਕਿਸੇ ਦੇਸ਼ ਅੰਦਰ ਅਜਿਹਾ ਹੋਇਆ ਹੋਵੇਗਾ। ਅਜਿਹੇ ਹਾਲਾਤ ਅੰਦਰ ਇਕ ਆਮ ਆਦਮੀ ਇਨਸਾਫ਼ ਖਾਤਰ ਕਿਸ ਦਰ 'ਤੇ ਦਸਤਕ ਦੇਵੇ? ਅਜਿਹੇ ਹਾਲਾਤ ਅੰਦਰ ਗ਼ੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕ ਵੀ ਹੋਰ ਸਰਗਰਮ ਹੋ ਸਕਦੇ ਹਨ। ਆਸ ਕਰਦੇ ਹਾਂ ਕਿ ਪਰਮਾਤਮਾ ਦੋਵਾਂ ਧਿਰਾਂ ਨੂੰ ਸੁਮੱਤ ਬਖਸ਼ੇ ਤਾਂ ਜੋ ਹਾਲਾਤ ਕਾਬੂ ਤੋਂ ਬਾਹਰ ਨਾ ਹੋ ਜਾਵੇ।


-ਡਾ: ਜਸਬੀਰ ਸਿੰਘ ਥਲਾ
ਫਿਲੌਰ।

12-11-2019

 ਅਖ਼ਬਾਰ ਤੋਂ ਬਿਨਾਂ ਇਕ ਦਿਨ
ਸਾਲ ਵਿਚ 4 ਦਿਨ ਦੀਵਾਲੀ, ਹੋਲੀ, 26 ਜਨਵਰੀ ਅਤੇ 15 ਅਗਸਤ ਤੋਂ ਅਗਲੇ ਦਿਨ ਅਖ਼ਬਾਰ ਨਹੀਂ ਛਪਦੇ ਹਨ। ਜਿਸ ਵਿਅਕਤੀ ਨੂੰ ਅਖ਼ਬਾਰ ਦਾ ਨਸ਼ਾ ਲੱਗਿਆ ਹੋਵੇ ਉਸ ਨੂੰ ਅਖ਼ਬਾਰ ਤੋਂ ਬਿਨਾਂ ਦਿਨ ਬਤੀਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਭਾਵੇਂ ਬਿਜਲਈ ਮੀਡੀਆ ਵੀ ਖ਼ਬਰਾਂ/ਮਨੋਰੰਜਨ ਆਦਿ ਪੇਸ਼ ਕਰਦਾ ਹੈ ਪਰ ਉਹ ਭਰੋਸੇਯੋਗਤਾ ਪੱਖੋਂ ਅਖ਼ਬਾਰ ਦਾ ਬਦਲ ਨਹੀਂ ਬਣ ਸਕਿਆ ਹੈ। ਕੇਵਲ 3 ਤੋਂ 5 ਰੁਪਏ ਵਿਚ ਦੁਨੀਆ ਭਰ ਦਾ ਗਿਆਨ ਬਿਖੇਰਨਾ ਅਖ਼ਬਾਰ ਦੇ ਹਿੱਸੇ ਹੀ ਆਉਂਦਾ ਹੈ। ਇਸ ਦੀਆਂ ਲਿਖਤਾਂ ਨੂੰ ਲੰਮੇ ਸਮੇਂ ਲਈ ਸਾਂਭਿਆ ਜਾ ਸਕਦਾ ਹੈ। ਇਸ ਲਿਖਤ ਨੂੰ ਕੋਈ ਸਾਹਿਤਕ ਰਚਨਾ ਰਚਣ ਸਮੇਂ ਹਵਾਲੇ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਦੁਨੀਆ ਦੇ ਹਰ ਇਕ ਮਹਾਨ ਵਿਅਕਤੀ ਦਾ ਕਿਤਾਬਾਂ/ਅਖ਼ਬਾਰਾਂ ਨਾਲ ਨੇੜਲਾ ਰਿਸ਼ਤਾ ਰਿਹਾ ਹੈ। ਦੁੱਖ ਹੁੰਦਾ ਹੈ ਜਦੋਂ ਨੌਜਵਾਨ ਪੀੜ੍ਹੀ ਨੂੰ ਅਖ਼ਬਾਰਾਂ ਵਰਗਾ ਗਿਆਨ ਦਾ ਸੋਮਾ ਛੱਡ ਕੇ ਮੋਬਾਈਲਾਂ 'ਤੇ ਊਲ-ਜਲੂਲ ਵੇਖਣ ਲਈ ਤਰਲੋ-ਮੱਛੀ ਹੁੰਦੇ ਵੇਖਦੇ ਹਾਂ। ਲੋੜ ਹੈ ਕਿ ਨੌਜਵਾਨ ਵੀ ਅਖ਼ਬਾਰਾਂ ਵਿਚੋਂ ਸਾਰਥਿਕ ਗਿਆਨ ਹਾਸਲ ਕਰਨ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ ਬੀ-ਪਟਿਆਲਾ।

ਇਤਿਹਾਸਕ ਦਿਨ
ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਵਾਲੀ ਜਗ੍ਹਾ ਆਈ.ਸੀ.ਪੀ. ਪਹੁੰਚ ਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰੀਬ 1 ਵੱਜ ਕੇ 21 ਮਿੰਟ 'ਤੇ ਕਰਕੇ ਸਿੱਖ ਕੌਮ ਦੀਆਂ 72 ਸਾਲਾਂ ਤੋਂ ਕੀਤੀਆਂ ਅਰਦਾਸਾਂ ਸਦਕਾ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿਚ ਰਵਾਨਾ ਕੀਤਾ ਗਿਆ। ਸ਼ਰਧਾਲੂ ਉਸ ਜਗ੍ਹਾ ਦੇ ਦਰਸ਼ਨ ਕਰਨਗੇ, ਜਿਥੇ ਲੰਮੇ ਸਮੇਂ ਤੋਂ ਗੁਰੂ ਜੀ ਨੇ ਸਮਾਂ ਗੁਜ਼ਾਰਿਆ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਆਪਣੀ ਇੱਛਾ ਸ਼ਕਤੀ ਜਗ੍ਹਾ ਕੇ ਦੋਵਾਂ ਮੁਲਕਾਂ ਵਿਚ ਤਲਖੀ ਹੋਣ ਦੇ ਬਾਵਜੂਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਲਾਂਘਾ ਖੋਲ੍ਹ ਕੇ ਇਕ ਚੰਗੀ ਸੋਚ ਦਾ ਮੁਜ਼ਾਹਰਾ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਆਵਾਮ ਵਿਚ ਪ੍ਰੇਮ ਭਾਵਨਾ ਤੇ ਮਾਣ-ਸਤਿਕਾਰ ਵਧੇਗਾ, ਕਿਉਂਕਿ ਸਾਡੀ ਸੰਸਕ੍ਰਿਤੀ, ਰੀਤੀ-ਰਿਵਾਜ, ਸੱਭਿਆਚਾਰ ਉਨ੍ਹਾਂ ਨਾਲ ਮਿਲਦੇ ਹਨ, ਜੋ ਦੇਸ਼ ਦੀ ਵੰਡ ਹੋਣ ਕਾਰਨ ਵੰਡੇ ਗਏ ਸਨ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਟੋਲ ਪਲਾਜ਼ੇ ਮੁਆਫ਼ ਕੀਤੇ ਜਾਣ
ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ 'ਤੇ ਪੂਰੀ ਖੁੱਲ੍ਹਦਿਲੀ ਨਾਲ ਖਰਚ ਕੀਤਾ ਹੈ। ਸੁਲਤਾਨਪੁਰ ਲੋਧੀ ਦੀ ਦਿੱਖ ਨੂੰ ਵੀ ਸੁੰਦਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਗਈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਹਿਯੋਗ ਕੀਤਾ ਜਾ ਰਿਹਾ ਹੈ, ਉਥੇ ਹੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਘੱਟੋ-ਘੱਟ ਇਕ ਹਫ਼ਤੇ ਲਈ ਟੋਲ ਪਲਾਜਿਆਂ ਤੋਂ ਵਸੂਲ ਕੀਤਾ ਜਾਂਦਾ ਟੋਲ ਮੁਆਫ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਦਰਸ਼ਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਇਸ ਫੀਸ ਤੋਂ ਵੀ ਰਾਹਤ ਮਿਲ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

550ਵਾਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਸਦਾ ਲਈ ਪ੍ਰੇਰਨਾ ਸਰੋਤ ਬਣੇ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਨ ਨੂੰ ਮਨਾਉਂਦਿਆਂ ਇਸ ਨੂੰ ਪ੍ਰੇਰਨਾ ਵਜੋਂ ਲਿਆ ਜਾਣਾ ਚਾਾਹੀਦਾ ਹੈ।
ਸਮਾਜ ਵਿਚ ਪੈਦਾ ਹੋਈਆਂ ਨਾਂਹ-ਪੱਖੀ ਕਦਰਾਂ-ਕੀਮਤਾਂ ਨੂੰ ਨਕਾਰਿਆ ਜਾਣਾ ਚਾਹੀਦਾ ਹੈ। ਸਾਡੇ ਲਈ ਇਸ ਇਤਿਹਾਸਕ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣਾ ਬਣਦਾ ਹੈ। ਪਾਕਿਸਤਾਨ ਸਰਕਾਰ ਵੀ ਪ੍ਰਸੰਸਾ ਦੀ ਪਾਤਰ ਹੈ, ਜੋ ਇਸ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਲਈ ਸਹਿਯੋਗ ਦੇ ਰਹੀ ਹੈ। ਸ਼ਾਇਦ ਕਰਤਾਰਪੁਰ ਲਾਂਘਾ ਹੀ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮੇਲ ਵਿਚ ਸਹਾਈ ਹੋ ਸਕੇ।

-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ
ਬੇਅੰਤ ਨਗਰ, ਮੋਗਾ।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਪੂਰੇ ਦੱਖਣੀ ਏਸ਼ੀਆ ਵਿਚ ਸਿੱਖ, ਹਿੰਦੂ, ਮੁਸਲਮਾਨ ਸ਼ਰਧਾਲੂ ਪੱਬਾਂ ਭਾਰ ਹਨ। ਇਸ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਦੁਹਰਾਉਣ ਦੀ ਸਖ਼ਤ ਲੋੜ ਹੈ। ਹਵਾ ਨੂੰ ਅਸੀਂ ਕਾਰਖਾਨਿਆਂ, ਗੱਡੀਆਂ ਮੋਟਰਾਂ ਦੇ ਧੂੰਏਂ ਨਾਲ ਪਲੀਤ ਕਰ ਛੱਡਿਆ ਹੈ ਤੇ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਕੇ ਸ਼ੁੱਧ ਹਵਾ ਦੇਣ ਵਾਲੇ ਰੁੱਖ ਜਿਵੇਂ ਪਿੱਪਲ, ਬੋਹੜ ਗੁਆਉਂਦੇ ਜਾ ਰਹੇ ਹਾਂ।
ਮਨੁੱਖ ਕੁਦਰਤ ਨਾਲੋਂ ਨਾਤਾ ਤੋੜ ਕੇ ਅਖੌਤੀ ਵਿਕਾਸ (ਵਿਨਾਸ਼) ਵੱਲ ਵਧ ਰਿਹਾ ਹੈ। ਖੇਤੀ ਦੇ ਵਾਧੇ ਲਈ ਅੰਨ੍ਹੇਵਾਹ ਰਸਾਇਣਕ ਖਾਦਾਂ, ਰਸਾਇਣਕ ਜ਼ਹਿਰਾਂ ਦੀ ਵਰਤੋਂ ਕਰਕੇ ਧਰਤੀ 'ਤੇ ਰਹਿਣ ਵਾਲੇ ਕਰੋੜਾਂ ਜੀਵ-ਜੰਤੂ, ਪਸ਼ੂ, ਪੰਛੀ ਆਪਣੀ ਹੋਂਦ ਗੁਆਉਂਦੇ ਜਾ ਰਹੇ ਹਨ। ਲੋੜ ਹੈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਮਾਗਮ ਕਰ ਕੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਪਕੇਰਾ ਕਰਨ ਦੀ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਇਕ ਦਰਦ ਭਰੀ ਅਪੀਲ
27 ਅਕਤੂਬਰ ਦਾ ਦਿਨ ਚੜ੍ਹਿਆ। ਹਰ ਆਦਮੀ ਨੇ ਆਹਮੋ-ਸਾਹਮਣੇ ਜਾਂ ਫੋਨਾਂ ਰਾਹੀਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਪਰੰਤ ਕਿਸੇ ਨੇ ਮਿਠਾਈਆਂ ਖਰੀਦੀਆਂ, ਕਿਸੇ ਨੇ ਨਵੇਂ ਭਾਂਡੇ ਖਰੀਦੇ ਅਤੇ ਕਿਸੇ ਨੇ ਨਵੇਂ ਕੱਪੜੇ ਖਰੀਦੇ। ਸਾਰਾ ਦਿਨ ਬਾਜ਼ਾਰਾਂ, ਵਿਚ ਤੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਚਹਿਲ-ਪਹਿਲ ਦਿਖਾਈ ਦਿੱਤੀ ਪਰ ਜਿਉਂ-ਜਿਉਂ ਰਾਤ ਪਈ, ਰਾਤ ਪੈਣ ਤੋਂ ਪਹਿਲਾਂ ਹੀ ਆਕਾਸ਼ ਧੁੰਦਲਾ ਹੋ ਗਿਆ। ਬਿਮਾਰ ਵਿਅਕਤੀ ਪਿਛਲੇ ਕਮਰਿਆਂ ਵਿਚ ਲੁਕਣ ਲੱਗੇ। ਬਸ ਫਿਰ ਕੀ ਸੀ ਵੇਖਦਿਆਂ-ਵੇਖਦਿਆਂ ਆਕਾਸ਼ ਜ਼ਹਿਰੀਲਾ ਹੋ ਗਿਆ।
ਹਾਲਾਤ ਦੇ ਮੱਦੇਨਜ਼ਰ ਆਤਿਸ਼ਬਾਜ਼ੀ ਦੇ ਨਾਂਅ ਤੋਂ ਗੁਰੇਜ਼ ਤੇ ਪ੍ਰਹੇਜ਼ ਕੀਤਾ ਜਾਵੇ ਤਾਂ ਕਿ ਧਰਤੀ ਦੀ ਪੁਕਾਰ, ਬਨਸਪਤੀ, ਦਰੱਖਤਾਂ ਦੀ ਪੁਕਾਰ ਨੂੰ ਧੀਰਜ ਮਿਲ ਸਕੇ। ਵਾਤਾਵਰਨ ਨੂੰ ਹਜ਼ਾਰਾਂ, ਲੱਖਾਂ, ਕਰੋੜਾਂ ਦੀ ਆਤਿਸ਼ਬਾਜ਼ੀ ਚਲਾ ਕੇ ਗੰਧਲਾ ਨਾ ਕਰੋ। ਅਜਿਹਾ ਨਾ ਹੋਵੇ ਕਿ ਰੱਬ ਦੇ ਬੰਦਿਆਂ ਨੂੰ ਸਾਹ ਲੈਣਾ ਔਖਾ ਹੋ ਜਾਵੇ। ਤੁਹਾਡੀ ਕੀਤੀ ਹੋਈ ਪਹਿਲ ਇਕ ਨਵਾਂ ਇਤਿਹਾਸ ਬਣ ਜਾਵੇਗੀ।

-ਜਗੀਰ ਸਿੰਘ ਗੋਲਡਨ
ਰਈਆ ਮੰਡੀ।

11-11-2019

 'ਲਾਇਬ੍ਰੇਰੀ ਮੁਹਿੰਮ' ਸਮੇਂ ਦੀ ਲੋੜ
ਸਮਾਜ ਵਿਚ ਜਿਸ ਤਰ੍ਹਾਂ ਦਾ ਮਾਹੌਲ ਪਨਪ ਰਿਹਾ ਹੈ, ਇਸ ਦਾ ਵੱਡਾ ਕਾਰਨ ਲੋਕਾਂ ਵਿਚ ਚੰਗੀਆਂ ਕਿਤਾਬਾਂ ਤੇ ਸਾਹਿਤ ਪੜ੍ਹਨ ਦੀ ਰੁਚੀ ਦਾ ਨਾ ਹੋਣਾ ਹੈ। ਲੋਕਾਂ ਦੀ ਭਟਕਣ ਨੂੰ ਠੱਲ੍ਹ ਚੰਗੇ ਸਾਹਿਤ ਦੀਆਂ ਕਿਤਾਬਾਂ ਆਮ ਲੋਕਾਂ ਦੇ ਹੱਥਾਂ ਵਿਚ ਪਹੁੰਚਾ ਕੇ ਹੀ ਪਾਈ ਜਾ ਸਕਦੀ ਹੈ। ਸਾਡੇ ਸਮਾਜ ਵਿਚ ਸਾਹਿਤਕ ਕਿਤਾਬਾਂ ਦੀਆਂ ਦੁਕਾਨਾਂ ਦੀ ਸਭ ਤੋਂ ਵੱਧ ਬੇਕਦਰੀ ਹੋ ਰਹੀ ਹੈ। 14 ਜ਼ਿਲ੍ਹਾ ਪੱਧਰੀ ਅਤੇ ਬਾਕੀ ਲਾਇਬ੍ਰੇਰੀਆਂ ਸਰਕਾਰੀ ਅਣਦੇਖੀ ਦਾ ਸ਼ਿਕਾਰ ਹਨ।
ਇਨ੍ਹਾਂ ਵਿਚ 1994 ਤੋਂ ਬਾਅਦ ਮੁਲਾਜ਼ਮਾਂ ਦੀ ਭਰਤੀ ਹੀ ਨਹੀਂ ਹੋਈ ਅਤੇ ਹੋਰ ਅਨੇਕਾਂ ਮੁਢਲੀਆਂ ਸਹੂਲਤਾਂ ਦੀ ਘਾਟ ਦਾ ਸ਼ਿਕਾਰ ਹਨ। ਪੰਜਾਬ ਦੀ ਸਭ ਤੋਂ ਵੱਡੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸੈਂਟਰਲ ਲਾਇਬ੍ਰੇਰੀ ਦਮ ਤੋੜਦੀ ਜਾ ਰਹੀ ਹੈ। ਸਾਡੇ ਲੋਕ ਪਦਾਰਥਵਾਦੀ ਵਸਤੂਆਂ 'ਤੇ ਬੇਲੋੜਾ ਖਰਚ ਕਰ ਦਿੰਦੇ ਹਨ ਪਰ ਗਿਆਨ ਦਾ ਸਭ ਤੋਂ ਸਸਤਾ ਸੋਮਾ ਅਖ਼ਬਾਰ, ਕਿਤਾਬਾਂ ਪੜ੍ਹਨ ਨੂੰ ਫਜੂਲ ਖਰਚੀ ਸਮਝਦੇ ਹਨ। ਪੜ੍ਹਨ ਦੀ ਰੁਚੀ ਪੈਦਾ ਹੋਣੀ ਲਾਜ਼ਮੀ ਹੈ। ਇਸ ਸਬੰਧੀ ਪਿੰਡ-ਪਿੰਡ ਲਾਇਬ੍ਰੇਰੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਪਰਿਵਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਘੱਟੋ-ਘੱਟ 550 ਕਿਤਾਬਾਂ ਦਾ ਪ੍ਰਸ਼ਾਦ ਵੰਡੇ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਤ੍ਰਿਸ਼ਨਾ ਜਾਂ ਤਮ੍ਹਾਂ
ਅਨੇਕਾਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਅੱਜ ਮਨੁੱਖ ਦੇ ਚਿਹਰੇ 'ਤੇ ਰੌਣਕ ਨਹੀਂ ਹੈ। ਕਾਰਨ ਕੁਝ ਵੀ ਹੋਵੇ ਪਰ ਵਿਰਲਾ ਬੰਦਾ ਹੀ ਖ਼ੁਸ਼ ਦਿਖਾਈ ਦਿੰਦਾ ਹੈ। ਅਨੇਕਾਂ ਲੋਕ ਬੇਰੁਜ਼ਗਾਰੀ, ਗ਼ਰੀਬੀ, ਰਿਸ਼ਵਤਖੋਰੀ ਕਾਰਨ ਜ਼ਿੰਦਗੀ 'ਚ ਮਾਯੂਸ ਹੋ ਜਾਂਦੇ ਹਨ। ਵੈਸੇ ਸਾਨੂੰ ਇਨ੍ਹਾਂ ਕਾਮਨਾਵਾਂ ਨੂੰ ਛੱਡ ਕੇ ਆਪਣੇ ਤੇ ਛੋਟੇ ਜਾਂ ਗ਼ਰੀਬ ਬੰਦਿਆਂ ਵੱਲ ਵੇਖਣਾ ਚਾਹੀਦਾ ਹੈ। ਸਾਰੀ ਉਮਰ ਬੰਦੇ ਦੀ 'ਤ੍ਰਿਸ਼ਨਾ' ਨਹੀਂ ਬੁਝਦੀ ਇਸ ਤੋਂ ਬਚਣਾ ਚਾਹੀਦਾ ਹੈ।


-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਨਵਾਂਸ਼ਹਿਰ।


ਸੁਲਝੇ ਲੋਕ ਅੱਗੇ ਆਉਣ
ਕਦੇ ਪੰਜਾਬ ਦੇ ਜਨਮਿਆਂ ਨੂੰ ਭਾਗੀਸ਼ਾਲੀ ਮੰਨਿਆ ਜਾਂਦਾ ਸੀ ਪਰ ਹੁਣ ਵਧਦੇ ਨਸ਼ੇ, ਅਪਰਾਧ ਅਤੇ ਬੇਰੁਜ਼ਗਾਰੀ ਕਾਰਨ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ। ਮਿਲਾਵਟਖੋਰੀ ਦਾ ਧੰਦਾ ਜ਼ੋਰਾਂ 'ਤੇ ਹੈ, ਵਿਅਕਤੀ ਨੂੰ ਪੈਸੇ ਖਰਚ ਕਰਕੇ ਵੀ ਨਕਲੀ ਖੁਰਾਕੀ ਪਦਾਰਥ ਮਿਲਦੇ ਹਨ। ਅੱਜ ਦੇ ਲਾਲਚੀ ਇਨਸਾਨ ਨੇ ਚੰਦ ਪੈਸਿਆਂ ਦੀ ਖਾਤਰ ਦੁੱਧ ਨੂੰ ਅੰਮ੍ਰਿਤ ਤੋਂ ਜ਼ਹਿਰ ਬਣਾ ਦਿੱਤਾ ਹੈ। ਸ਼ੁੱਧਤਾ ਖਤਮ ਹੁੰਦੀ ਜਾ ਰਹੀ ਹੈ। ਫਲ-ਫਰੂਟ ਅਤੇ ਸਬਜ਼ੀਆਂ ਵੀ ਜ਼ਹਿਰੀਲੀਆਂ ਸਪਰੇਆਂ ਅਤੇ ਕੈਮੀਕਲਾਂ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ।
ਸਰਕਾਰੀ ਹਸਪਤਾਲਾਂ ਵਿਚ ਇਲਾਜ ਨਾ ਦੇ ਬਰਾਬਰ ਹੈ ਅਤੇ ਨਿੱਜੀ ਹਸਪਤਾਲ ਲੁੱਟ ਦਾ ਕੇਂਦਰ ਬਣੇ ਹੋਏ ਹਨ। ਲਹੂ ਚਿੱਟਾ ਅਤੇ ਮਨਾਂ ਵਿਚ ਤਰੇੜਾਂ ਪੈ ਗਈਆਂ ਹਨ। ਮਨਾਂ ਵਿਚ ਵੈਰ-ਵਿਰੋਧ ਵਧੇਰੇ ਅਤੇ ਭਾਈਚਾਰਕ ਸਾਂਝ ਘਟਦੀ ਜਾ ਰਹੀ ਹੈ। ਜ਼ਮੀਨਾਂ ਖਾਤਰ ਕਤਲ ਹੋ ਰਹੇ ਹਨ, ਸਾਂਝੇ ਪਰਿਵਾਰ ਟੁੱਟ ਗਏ ਹਨ ਅਤੇ ਰਿਸ਼ਤੇ ਨਾਤੇ ਧਨ-ਦੌਲਤ 'ਤੇ ਨਿਰਭਰ ਰਹਿ ਗਏ ਹਨ। ਅਜਿਹੇ ਵੇਲੇ ਪੜ੍ਹੇ-ਲਿਖੇ ਵਰਗ, ਬੁੱਧੀਜੀਵੀਆਂ, ਧਾਰਮਿਕ, ਸਮਾਜਿਕ ਅਤੇ ਰਾਜਸੀ ਆਗੂਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਨਾਗਰਿਕਾਂ ਨੂੰ ਉਸਾਰੂ ਸੇਧ ਅਤੇ ਵਧੀਆ ਸਰਕਾਰੀ ਪ੍ਰਬੰਧ ਦੇਣ ਲਈ ਠੋਸ ਉਪਰਾਲੇ ਕਰਨ ਦੀ ਸਖ਼ਤ ਲੋੜ ਹੈ।

ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।


ਪਰਾਲੀ ਨਾ ਸਾੜੋ
ਪੰਜਾਬ ਸਰਕਾਰ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ ਸਾੜਨ 'ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਅਤੇ ਉਲੰਘਣ ਕਰਨ ਵਾਲਿਆਂ 'ਤੇ ਕਈ ਕਿਸਮ ਦੀਆਂ ਕਾਰਵਾਈਆਂ ਦੇ ਆਦੇਸ਼ ਜਾਰੀ ਕੀਤੇ ਹਨ। ਪਰ ਕਈ ਕਿਸਾਨਾਂ ਵਲੋਂ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਗਈ। ਪਿਛਲੇ ਦਿਨੀਂ ਅਸਮਾਨ 'ਤੇ ਧੂੰਏਂ ਦੇ ਬੱਦਲ ਛਾ ਗਏ ਸਨ, ਜਿਸ ਕਾਰਨ ਸੂਰਜ ਦੀ ਰੌਸ਼ਨੀ ਮੱਧਮ ਹੋ ਗਈ ਅਤੇ ਸਵੇਰੇ ਲੋਕਾਂ ਨੂੰ ਸੈਰ ਕਰਨ ਵੇਲੇ ਵੀ ਸਾਹ ਲੈਣ 'ਚ ਮੁਸ਼ਕਿਲ ਪੇਸ਼ ਆਈ ਹੈ। ਸੋ ਲੋੜ ਹੈ ਕਿ ਅਦਾਲਤਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਉਥੇ ਹੀ ਪਰਾਲੀ ਸਾੜਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਤਰਨਪ੍ਰੀਤ ਸਿੰਘ ਅਕਸ਼
ਬੇਅੰਤ ਨਗਰ, ਮੋਗਾ।


ਨਸ਼ੇ ਦਾ ਕਾਰੋਬਾਰੀ
ਅੱਜਕਲ੍ਹ ਐਸ.ਟੀ.ਐਫ. ਦੀ ਬੱਲੇ-ਬੱਲੇ ਹੋ ਰਹੀ ਹੈ ਕਿਉਂਕਿ ਆਏ ਦਿਨ ਨਵੇਂ-ਨਵੇਂ ਅਹਿਮ ਖੁਲਾਸੇ ਸਾਹਮਣੇ ਆ ਰਹੇ ਹਨ। ਦੋ ਦਿਨ ਪਹਿਲਾਂ ਇਕ ਥਾਣੇਦਾਰਨੀ ਕਾਬੂ ਕੀਤੀ ਅਤੇ ਫਿਰ ਉਸ ਦਾ ਪਤੀ ਕਾਬੂ ਕੀਤਾ। ਹੁਣ ਥਾਣੇਦਾਰ ਦਾ ਨੂੰਹ-ਪੁੱਤ ਵੀ ਫੜਿਆ ਗਿਆ ਹੈ, ਜਿਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਫੜੀ ਗਈ। ਹੁਣ ਸੋਚਣ ਵਾਲੀ ਗੱਲ ਹੈ ਕਿ ਆਮ ਨਸ਼ੇੜੀ ਨਸ਼ਾ ਵੇਚਣਾ ਛੱਡ ਗਏ ਨੇ ਤੇ ਹੁਣ ਉਨ੍ਹਾਂ ਦੀ ਪੂਰਤੀ ਪੁਲਿਸ ਮੁਲਾਜ਼ਮ ਕਰ ਰਹੇ ਹਨ। ਉੱਚ ਪੁਲਿਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜੋ ਵੀ ਨਸ਼ੇ ਦੇ ਕਾਰੋਬਾਰ ਨਾਲ ਸਬੰਧਿਤ ਹੈ, ਉਸ ਨੂੰ ਤੁਰੰਤ ਕਾਬੂ ਕੀਤਾ ਜਾਵੇ ਉਸ ਨੂੰ ਤੁਰੰਤ ਨੌਕਰੀ ਤੋਂ ਹਟਾ ਕੇ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਫਿਰੋਜ਼ਪੁਰ।


ਰਲ-ਮਿਲ ਕੇ ਰਹੀਏ
ਸਮਾਜ ਵਿਚ ਰਹਿੰਦਿਆਂ ਸਾਡੇ ਆਮ ਲੋਕਾਂ ਨਾਲ ਰਿਸ਼ਤੇ ਬਣਦੇ ਤੇ ਟੁਟਦੇ ਭੱਜਦੇ ਰਹਿੰਦੇ ਹਨ। ਇਸ ਕਾਰਨ ਸਾਡੇ ਮਨਾਂ ਵਿਚ ਇਨ੍ਹਾਂ ਰਿਸ਼ਤਿਆਂ ਪ੍ਰਤੀ ਪਿਆਰ ਅਤੇ ਨਫ਼ਰਤ ਜਿਹੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਰਿਸ਼ਤਿਆਂ ਵਿਚ ਪਿਆਰ ਮੁਹੱਬਤ ਤੇ ਸਤਿਕਾਰ ਤਾਂ ਮੁਬਾਰਕ ਹੈ ਪਰ ਕੁੜੱਤਣ ਤੇ ਨਫ਼ਰਤ ਭਰੇ ਵਿਚਾਰ ਸਾਡੀ ਜ਼ਿੰਦਗੀ ਜਿਊਣ ਦਾ ਸੁਆਦ ਹੀ ਵਿਗਾੜ ਦਿੰਦੇ ਹਨ।
ਅਸੀਂ ਮਹਾਨ ਗੁਰੂਆਂ ਦੇ ਪਿਆਰ ਭਰੇ ਸੰਦੇਸ਼ ਨੂੰ ਭੁੱਲ ਜਾਂਦੇ ਹਾਂ। ਮਨੁੱਖ ਮਨੁੱਖ ਨੂੰ ਪਿਆਰ ਕਰੇ ਉਸ ਦਾ ਸਤਿਕਾਰ ਕਰੇ ਅਜਿਹੇ ਸੰਦੇਸ਼ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਦਿੱਤੇ। ਸੋ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਜ਼ਿੰਦਗੀ ਵਿਚ ਗੁਰੂ ਦੀ ਮੱਤ ਅਪਣਾ ਕੇ ਗੁਰੂ ਜੀ ਪ੍ਰਤੀ ਪਿਆਰ ਦਾ ਇਜ਼ਹਾਰ ਕਰ ਕੇ ਮਾਨਵਵਾਦੀ ਬਣੀਏ।


-ਓਮ ਪ੍ਰਕਾਸ਼ ਪੂਨੀਆ
ਗਿੱਦੜਬਾਹਾ।

08-11-2019

 ਦੁਧਾਰੂ ਪਸ਼ੂਆਂ ਦਾ ਮਾਮੂਲੀ ਵਾਧਾ

ਬੀਤੇ ਦਿਨੀਂ 'ਅਜੀਤ' 'ਚ ਸ੍ਰੀ ਮੁਕਤਸਰ ਸਾਹਿਬ ਤੋਂ ਖ਼ਬਰ ਪ੍ਰਕਾਸ਼ਿਤ ਹੋਈ ਕਿ ਦੇਸ਼ ਵਿਚ ਆਬਾਦੀ ਤਾਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪਰ ਦੁਧਾਰੂ ਪਸ਼ੂਆਂ ਦੇ ਵਾਧੇ ਦੀ ਦਰ ਬਹੁਤ ਘੱਟ ਹੈ। ਜੇ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਦੁਧਾਰੂ ਪਸ਼ੂਆਂ ਦੀ ਵਾਧੇ ਦੀ ਦਰ ਥੋੜ੍ਹੀ ਬਹੁਤੀ ਵੀ ਨਹੀਂ ਮਿਲਣੀ, ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਦਾ ਪਸ਼ੂਆਂ ਨਾਲ ਮੋਹ ਹੀ ਨਹੀਂ ਹੈ। ਨੌਜਵਾਨੀ ਤਾਂ ਇਥੋਂ ਵਿਦੇਸ਼ਾਂ ਨੂੰ ਭੱਜ ਰਹੀ ਹੈ ਤੇ ਬੁੱਢੇ ਆਦਮੀ ਦੇ ਪਸ਼ੂ ਰੱਖਣਾ ਵੱਸ ਦੀ ਗੱਲ ਨਹੀਂ ਹੈ। ਦੂਜੇ ਪਾਸੇ ਸਰਕਾਰ ਦੁੱਧ ਦਾ ਸਹੀ ਮੁੱਲ ਵੀ ਕਿਸਾਨਾਂ ਨੂੰ ਨਹੀਂ ਦੇ ਰਹੀ। ਨਾ ਹੀ ਸਰਕਾਰ ਵਲੋਂ ਪਸ਼ੂਆਂ ਦੀਆਂ ਚੰਗੀਆਂ ਦੁਧਾਰੂ ਨਸਲਾਂ ਵੀ ਕਿਸਾਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਨਕਲੀ ਦੁੱਧ ਜਾਂ ਇਸ ਤੋਂ ਬਣਨ ਵਾਲੀਆਂ ਚੀਜ਼ਾਂ ਫੜੀਆਂ ਤਾਂ ਜਾਂਦੀਆਂ ਹਨ ਪਰ ਇਨ੍ਹਾਂ ਨੂੰ ਵੇਚਣ ਵਾਲੇ ਲੋਕਾਂ ਨੂੰ ਸਜ਼ਾ ਬਹੁਤ ਘੱਟ ਮਿਲਦੀ ਹੈ। ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਵਾਤਾਵਰਨ, ਵਪਾਰ ਅਤੇ ਸਖ਼ਤ ਸਰਕਾਰ

ਅੱਜ ਦੇਸ਼ ਦੇ ਵਾਤਾਵਰਨ ਕਰ ਕੇ ਬਣੇ ਮਾਹੌਲ ਨੇ ਆਉਣ ਵਾਲੀਆਂ ਦੁਸ਼ਵਾਰੀਆਂ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਕਰ ਦਿੱਤਾ। ਅੱਜ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਜਨਤਾ ਵਲੋਂ ਪਟਾਕੇ ਚਲਾਏ ਜਾਣ ਦਾ ਕਾਰਨ ਦੱਸ ਕੇ ਉਨ੍ਹਾਂ ਸਿਰ ਭਾਂਡਾ ਭੰਨਦੀ ਹੋਈ ਦੋਵੇਂ ਇਕਜੁਟ ਹੋ ਕੇ ਬਚਣਾ ਚਾਹੁੰਦੀਆਂ ਹਨ। ਪਰ ਇਸ ਪਲੀਤ ਮਾਹੌਲ ਲਈ ਲੋਕਾਈ ਦੇ ਨਾਲੋਂ-ਨਾਲ ਸਰਕਾਰਾਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਜਦੋਂ ਪਾਣੀ ਸਿਰੋਂ ਉੱਪਰ ਲੰਘਣ ਲੱਗਾ ਤਾਂ ਨਾਦਰਸ਼ਾਹੀ ਫੁਰਮਾਨਾਂ ਨਾਲ ਲੋਕਾਂ ਨੂੰ ਨਰੜਿਆ ਜਾ ਰਿਹਾ ਹੈ। ਕਦੇ ਇਹ ਨਹੀਂ ਸੁਣਿਆ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਜੰਗਲਾਂ ਤੇ ਰੁੱਖਾਂ ਨੂੰ ਬਚਾਉਣ ਲਈ ਸਰਕਾਰ ਨੇ ਕੋਈ ਨੀਤੀ ਐਲਾਨੀ ਹੋਵੇ? ਇਸ ਮਾਹੌਲ ਤੋਂ ਨਿਜਾਤ ਦਿਵਾਉਣ ਲਈ ਸਰਕਾਰੀ ਤੰਤਰ ਵਿਚ ਨੇਕਦਿਲੀ ਨਾਲ ਬਚਾਓ ਨੀਤੀਆਂ ਨੂੰ ਲਾਗੂ ਕਰਨਾ ਤੇ ਅਮਲ ਵਿਚ ਲਿਆਉਣਾ ਜ਼ਰੂਰੀ ਹੈ। ਸਜ਼ਾਵਾਂ ਤੇ ਕਠੋਰ ਹੁਕਮਾਂ ਨਾਲ ਜਨਤਾ ਨੂੰ ਡਰਾਇਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਹਰਿਆਲੀ ਲਿਆਉਣੀ ਸੰਭਵ ਨਹੀਂ। ਲੋਕ ਪੱਖੀ ਨੀਤੀਆਂ, ਖੇਤ ਵਿਭਿੰਨਤਾ ਦੇ ਨਾਲ ਸਮਾਜ ਤੇ ਸਰਕਾਰ ਦੇ ਸਾਂਝੇ ਉਪਰਾਲੇ ਵੀ ਇਸ ਮਸਲੇ ਦੇ ਹੱਲ ਲਈ ਸਹਾਈ ਹੋ ਸਕਦੇ ਹਨ।

-ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, ਜ਼ਿਲ੍ਹਾ ਸੰਗਰੂਰ।

ਉਲਟੀ ਵਾੜ ਖੇਤ ਨੂੰ ਖਾਏ

ਕਈ ਦਿਨਾਂ ਤੋਂ ਖ਼ਬਰ ਚਰਚਾ ਵਿਚ ਹੈ ਕਿ ਇਕ ਔਰਤ ਪੁਲਿਸ ਅਫ਼ਸਰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੀ ਗਈ। ਇਕ ਹੋਰ ਖ਼ਬਰ ਕਿ ਥਾਣੇਦਾਰ ਦੇ ਪੁੱਤਰ ਦੇ ਘਰੋਂ ਇਕ ਕਿਲੋ ਹੈਰੋਇਨ ਬਰਾਮਦ। ਜਨਤਾ ਕੂਕ-ਕੂਕ ਕੇ ਆਖ ਰਹੀ ਹੈ ਕਿ ਪੁਲਿਸ ਵਾਲਿਆਂ ਦੀ ਮਿਲੀਭੁਗਤ ਤੋਂ ਬਿਨਾਂ ਨਸ਼ੇ ਨਹੀਂ ਵਿਕ ਸਕਦੇ। ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੇ ਸੈਂਕੜੇ ਪੁਲਿਸ ਕਰਮਚਾਰੀਆਂ ਵਿਚੋਂ ਇਕ ਦੀ ਵੀ ਅਪਰਾਧੀਆਂ ਨਾਲ ਮਿਲੀਭੁਗਤ ਹੁੰਦੀ ਹੈ ਤਾਂ ਆਪਣੇ ਫਰਜ਼ ਨੂੰ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਅਫ਼ਸਰਾਂ ਦੀ ਕੀਤੀ ਮਿਹਨਤ ਡੋਬ ਕੇ ਰੱਖ ਦਿੰਦੀ ਹੈ। ਤਸੱਲੀਬਖ਼ਸ਼ ਤਨਖਾਹਾਂ ਹੋਣ ਦੇ ਬਾਵਜੂਦ ਇਹੋ ਜਿਹੇ ਲੋਕ ਹੋਰ ਕੀ ਚਾਹੁੰਦੇ ਹਨ? ਜਨਤਾ ਨੂੰ ਸਮਝ ਨਹੀਂ ਆਉਂਦੀ ਕਿ ਫਰਿਆਦ ਕਿੱਥੇ ਕੀਤੀ ਜਾਵੇ, ਕਿਉਂਕਿ ਰਾਖੇ ਹੀ ਸ਼ੈਤਾਨ ਬਿਰਤੀ ਧਾਰਨ ਕਰੀ ਬੈਠੇ ਹਨ।

-ਅੰਮ੍ਰਿਤ ਕੌਰ,
ਬਡਰੁੱਖਾਂ, ਸੰਗਰੂਰ।

ਕਰਤਾਰਪੁਰ ਲਾਂਘਾ

ਦੇਸ਼ ਦੀ ਵੰਡ ਦੌਰਾਨ ਸਿੱਖਾਂ ਦੇ ਕਈ ਇਤਿਹਾਸਕ ਗੁਰੂ ਘਰ ਪਾਕਿਸਤਾਨ 'ਚ ਰਹਿ ਗਏ ਸਨ। ਸੰਗਤਾਂ ਨੇ ਉਨ੍ਹਾਂ ਗੁਰੂ ਘਰਾਂ ਦੀ ਇਕ ਝਲਕ ਅਤੇ ਸਜਦਾ ਕਰਨ ਦੀ ਤਾਂਘ ਨੂੰ ਅਰਦਾਸਾਂ ਰਾਹੀਂ ਪੂਰਨ ਕਰਨ ਦੀਆਂ ਅਰਜੋਈਆਂ ਚਰਨ ਛੋਹ ਪ੍ਰਾਪਤ ਧਰਤੀ ਦਾ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦਰਸ਼ਨਾਂ ਦੀ ਇਜਾਜ਼ਤ ਮਿਲਣਾ ਹੈ। ਇਹ ਇਕ ਬੇਹੱਦ ਸ਼ਲਾਘਾਯੋਗ ਅਤੇ ਭਾਈਚਾਰਕ ਸਾਂਝੀਵਾਲਤਾ ਦਾ ਕਦਮ ਹੈ। ਬੇਸ਼ੱਕ ਪਾਕਿਸਤਾਨ ਦੇ ਭਾਰਤ ਨਾਲ ਸਬੰਧਾਂ 'ਚ ਕੁੜੱਤਣ ਚੱਲੀ ਆ ਰਹੀ ਹੈ ਪਰ ਦੋਵਾਂ ਦੇਸ਼ਾਂ ਵਲੋਂ ਲਾਂਘਾ ਖੋਲ੍ਹਣਾ ਫਰਾਖਦਿਲੀ ਦੀ ਉਦਾਹਰਨ ਹੈ।

-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਫੋਟੋ ਦੀ ਸ਼ੋਸ਼ੇਬਾਜ਼ੀ

ਉਂਜ ਤਾਂ ਬਨਾਉਟੀ ਚੀਜ਼ ਹੋਵੇ, ਕੰਮ ਹੋਵੇ, ਟੌਹਰ, ਸਾਮਾਨ ਆਦਿ ਹੋਵੇ, ਉਸ ਦੀ ਪਛਾਣ ਸਮਝਦਾਰ ਬੰਦਾ ਤਾਂ ਕਰ ਹੀ ਲੈਂਦਾ ਹੈ। ਬਨਾਉਟੀ ਜਿਹਾ 'ਦਿਖਲਾਵਾ' ਚੰਗਾ ਨਹੀਂ ਲਗਦਾ। ਹੁਣ 'ਫੋਟੋ' ਦੀ ਗੱਲ ਹੀ ਲੈ ਲਓ, ਅਖ਼ਬਾਰਾਂ, ਰਸਾਲੇ, ਟੀ.ਵੀ., ਮੋਬਾਈਲਾਂ ਆਦਿ ਵਿਚ ਆਮ ਤੌਰ 'ਤੇ ਜੇਕਰ ਕਿਤੇ ਇਕ ਗਮਲੇ ਦਾ ਵੀ ਉਦਘਾਟਨ ਕਰਨਾ ਹੋਵੇ, ਉਸ ਨਾਲ ਫੋਟੋ ਖਿਚਵਾਉਣ ਨੂੰ ਲੋਕ ਤਰਲੋਮੱਛੀ ਹੋਏ ਪਏ ਹੁੰਦੇ ਹਨ। ਠੀਕ ਹੈ ਫੋਟੋ ਕਰਵਾਓ ਪਰ ਐਵੇਂ ਬੂਟੇ ਲਗਾਉਣ, ਗਮਲੇ ਰੱਖਣ, ਗੁਲਦਸਤੇ ਭੇਟ ਆਦਿ ਅਨੇਕਾਂ ਮੌਕਿਆਂ ਦੀਆਂ ਤਸਵੀਰਾਂ ਵੇਖਣ 'ਤੇ ਐਵੇਂ ਸ਼ੋਸ਼ੇਬਾਜ਼ੀ ਜਿਹੀ ਪ੍ਰਤੀਤ ਹੁੰਦੀ ਹੈ। ਕਿੰਨਾ ਚੰਗਾ ਹੋਵੇ ਜੇ ਦਿਖਾਵਾ ਤੇ ਫੋਟੋਗ੍ਰਾਫੀ ਘੱਟ ਕਰ ਕੇ ਅਸਲ ਵਿਚ ਸਾਰੇ ਬਣਦੇ ਕੰਮ 'ਤੇ ਡਿਊਟੀਆਂ ਤਨਦੇਹੀ ਨਾਲ ਕੀਤੇ ਜਾਣ।

-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।

ਪਰਾਲੀ ਸਾੜਨ ਦਾ ਰੁਝਾਨ

ਪਰਾਲੀ ਸਾੜਨ ਦਾ ਰੁਝਾਨ ਕਾਫੀ ਸਮੇਂ ਤੋਂ ਚਲਿਆ ਆ ਰਿਹਾ ਹੈ। ਦਰਅਸਲ ਗੱਲ ਇਹ ਹੈ ਕਿ ਕਿਸਾਨ ਪਹਿਲਾਂ (ਕਣਕ-ਝੋਨਾ) ਦਾਤਰੀ ਨਾਲ ਵੱਢਦਾ ਸੀ, ਜਿਸ ਕਰਕੇ ਇਸ ਦੀ ਕਟਾਈ ਥੱਲੇ ਜ਼ਮੀਨ ਪੱਧਰ ਤੱਕ ਹੋ ਜਾਂਦੀ ਸੀ ਪਰ ਹੁਣ ਮਸ਼ੀਨਰੀ ਯੁੱਗ ਕਰਕੇ ਕੰਬਾਈਨ ਨਾਲ ਫ਼ਸਲਾਂ ਕਾਫੀ ਉਪਰੋਂ ਕੱਟੀਆਂ ਜਾਂਦੀਆਂ ਹਨ। ਪਰਾਲੀ ਸੜਦੀ ਨਹੀਂ ਬਲਕਿ ਧੁਖਦੀ ਰਹਿੰਦੀ ਹੈ, ਜਿਸ ਕਰਕੇ ਇਸ ਦਾ ਪ੍ਰਦੂਸ਼ਣ ਜ਼ਿਆਦਾ ਹੋ ਜਾਂਦਾ ਹੈ। ਜੇਕਰ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਸਖ਼ਤੀ ਵਰਤਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਸਾਨੂੰ ਦੀਵਾਲੀ ਵੀ ਦੀਵੇ ਅਤੇ ਮੋਮਬੱਤੀਆਂ ਬਾਲ ਕੇ ਕਰਨੀ ਚਾਹੀਦੀ ਹੈ ਅਤੇ ਪਟਾਕਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

07-11-2019

 20 ਡਾਲਰ 'ਤੇ ਸਿਆਸਤ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੋਵੇਂ ਦੇਸ਼ ਬੜੀ ਧੂਮ-ਧਾਮ ਨਾਲ ਮਨਾ ਰਹੇ ਹਨ। ਹਰ ਰੋਜ਼ ਸਾਡੇ ਵਲੋਂ ਕੀਤੀ ਜਾਂਦੀ ਅਰਦਾਸ ਨੂੰ ਬੂਰ ਪਿਆ ਹੈ। ਸਾਡੇ ਤੋਂ ਵਿਛੜੇ ਗੁਰੂਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਹੈ। ਪਾਕਿ ਸਰਕਾਰ ਨੇ ਇਸ ਲਈ 20 ਡਾਲਰ ਦੀ ਫੀਸ ਰੱਖੀ ਹੈ। ਉਸ ਨੂੰ ਵੀ ਦੋ ਵਿਸ਼ੇਸ਼ ਦਿਨਾਂ ਲਈ ਬੰਦ ਕਰ ਦਿੱਤਾ ਹੈ। ਇਸ ਗੱਲ ਉੱਪਰ ਸਾਡੇ ਦੇਸ਼ ਦੀਆਂ ਪਾਰਟੀਆਂ, ਲੀਡਰ ਕਈ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਏਕਤਾ ਅਤੇ ਮਿੱਠਤ ਦੀ ਭਾਵਨਾ ਬਣਾਈਏ। ਇਸ ਉੱਪਰ ਸਿਆਸਤ ਕਰਨ ਤੋਂ ਗੁਰੇਜ਼ ਕਰੀਏ। ਸਭ ਸਾਂਝੀਵਾਲ ਬਣ ਕੇ ਇਕਮਿੱਕ ਹੋਣ ਦੇ ਸੁਨੇਹੇ ਨਾਲ ਖੁਸ਼ੀ-ਖੁਸ਼ੀ ਇਸ ਪਵਿੱਤਰ ਦਿਹਾੜੇ ਨੂੰ ਮਨਾਈਏ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ, ਲੁਧਿਆਣਾ।


ਧਿਆਨ ਦੇਣਯੋਗ ਗੱਲਾਂ
ਅੱਜਕਲ੍ਹ ਦੇ ਸਮੇਂ 'ਚ ਕਈ ਲੋਕ ਤਿਉਹਾਰਾਂ 'ਚ ਆਨਲਾਈਨ ਸ਼ਾਪਿੰਗ ਕਰਦੇ ਹਨ। ਲੋਕ ਬਾਜ਼ਾਰ 'ਚ ਜਾਣਾ ਪਸੰਦ ਨਹੀਂ ਕਰਦੇ। ਉਹ ਸੋਚਦੇ ਹਨ ਕਿ ਘਰ ਬੈਠੇ ਆਨਲਾਈਨ ਸ਼ਾਪਿੰਗ ਕਰ ਲਈ ਜਾਵੇ। ਇਹ ਨਹੀਂ ਪਤਾ ਕਿ ਕਈ ਵਾਰ ਅਸੀਂ ਆਨਲਾਈਨ ਸ਼ਾਪਿੰਗ ਵਿਚ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਇਸ ਸਾਲ ਆਫਲਾਈਨ ਰਿਟੇਲ 'ਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਪਰ ਹੁਣ ਗਾਹਕਾਂ ਨੂੰ ਵੀ ਸਮਝ ਆ ਗਿਆ ਹੈ ਕਿ ਆਨਲਾਈਨ ਖਰੀਦਦਾਰੀ ਭਰੋਸੇਯੋਗ ਨਹੀਂ ਹੈ ਤੇ ਦੁਕਾਨਾਂ 'ਤੇ ਤਾਜ਼ਾ ਤੇ ਸਾਫ਼-ਸੁਥਰਾ ਸਾਮਾਨ ਮਿਲਦਾ ਹੈ।


-ਸੰਜੀਪ ਸਿੰਘ ਸੈਣੀ
ਮੁਹਾਲੀ।


ਚੜ੍ਹਦੇ ਸੂਰਜ ਨੂੰ ਸਲਾਮ
ਦੁਨੀਆ ਦਾ ਦਸਤੂਰ ਬਹੁਤ ਅਵੱਲਾ ਹੈ। ਇਹ ਹਮੇਸ਼ਾ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਦੀ ਹੈ। ਜਦੋਂ ਕਿਸੇ ਵਿਅਕਤੀ ਦੇ ਸਿਤਾਰੇ ਬੁਲੰਦੀਆਂ ਉੱਪਰ ਹੁੰਦੇ ਹਨ ਤਾਂ ਦੁਨੀਆ ਵਾਲੇ ਆਪਣੀ ਸਾਰੀ ਤਾਕਤ ਉਸ ਵਿਆਕਤੀ ਨਾਲ ਆਪਣਾ ਸਭ ਤੋਂ ਨੇੜਲਾ ਸਬੰਧ ਦਰਸਾਉਣ ਵਿਚ ਲੱਗੇ ਰਹਿੰਦੇ ਹਨ। ਜੇਕਰ ਉਸੇ ਵਿਅਕਤੀ ਦੇ ਸਿਤਾਰੇ ਗਰਦਿਸ਼ ਵਿਚ ਚਲੇ ਜਾਣ ਤਾਂ ਉਹੀ ਲੋਕ ਇਹ ਸਿੱਧ ਕਰਨ ਵਿਚ ਲੱਗੇ ਰਹਿੰਦੇ ਹਨ ਕਿ ਉਨ੍ਹਾਂ ਦਾ ਤਾਂ ਸਬੰਧਿਤ ਵਿਅਕਤੀ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਹੈ। ਸਦੀਆਂ ਤੋਂ ਹੀ ਅਜਿਹਾ ਵਰਤਾਰਾ ਚੱਲ ਰਿਹਾ ਹੈ। ਕਿੰਨੇ ਹੀ ਇਤਿਹਾਸਕ ਹਵਾਲੇ ਮਿਲਦੇ ਹਨ ਕਿ ਵਕਤ ਪੈਣ ਤੇ ਕਿੰਨੇ ਹੀ ਰਾਜੇ-ਮਹਾਰਾਜੇ, ਧਾਰਮਿਕ ਵਿਅਕਤੀਆਂ ਅਤੇ ਰਾਜਨੀਤਕ ਆਗੂਆਂ ਦਾ ਆਪਣਿਆਂ ਨੇ ਵੀ ਸਾਥ ਛੱਡ ਦਿੱਤਾ ਸੀ। ਇਹ ਪ੍ਰਵਿਰਤੀ ਅੱਜ ਵੀ ਬਾਦਸਤੂਰ ਜਾਰੀ ਹੈ। ਸਿਆਣਿਆਂ ਦਾ ਨਿਚੋੜ ਸੱਚ ਹੈ ਕਿ ਹੱਸਣ ਸਮੇਂ ਤਾਂ ਸਾਰੇ ਸਾਥ ਦਿੰਦੇ ਹਨ ਪਰ ਰੋਣਾ ਇਕੱਲਿਆਂ ਨੂੰ ਹੀ ਪੈਂਦਾ ਹੈ। ਹਾਂ, ਜਿਹੜੇ ਵਿਆਕਤੀ ਅਜਿਹੇ ਸਮੇਂ ਵਿਚ ਸੱਚੇ ਦਿਲੋਂ ਸਾਥ ਦਿੰਦੇ ਹਨ ਉਹ ਇਨਸਾਨੀਅਤ ਦੇ ਪੁਜਾਰੀ ਹੁੰਦੇ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਕਿਸਾਨ ਖ਼ੁਦਕੁਸ਼ੀਆਂ
ਕਿਸਾਨ ਖ਼ੁਦਕੁਸ਼ੀਆਂ ਕਰਕੇ ਸਿਰ ਚੜ੍ਹੇ ਭਾਰੀ ਕਰਜ਼ੇ ਤੋਂ ਖਹਿੜਾ ਛੁਡਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਹੈ, ਰੋਜ਼ਾਨਾ ਅਖ਼ਬਾਰਾਂ ਦੇ ਪੰਨਿਆਂ 'ਤੇ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਛਪਦੀਆਂ ਹਨ, ਇਹ ਅਖ਼ਬਾਰਾਂ ਮੁੱਖ ਮੰਤਰੀ ਸਮੇਤ ਉਸ ਦੇ ਮੰਤਰੀਆਂ ਤੱਕ ਵੀ ਪਹੁੰਚਦੀਆਂ ਹੋਣਗੀਆਂ ਪਰ ਸਰਕਾਰ ਕੋਲ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਮੁਕਤੀ ਲਈ ਕੋਈ ਨੀਤੀ ਨਹੀਂ ਹੈ, ਜੋ ਕਿ ਅਫਸੋਸ ਦੀ ਗੱਲ ਹੈ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ, ਉਨ੍ਹਾਂ ਦੇ ਕਿਸਾਨਾਂ ਪ੍ਰਤੀ ਦਿਖਾਏ ਪਿਆਰ ਅਤੇ ਸਤਿਕਾਰ ਨੂੰ ਸਿਰ ਝੁਕਦਾ ਹੈ। ਫ਼ਸਲ ਪਾਲਣ ਵਾਲੇ ਕਿਸਾਨ ਦੀ ਫ਼ਸਲ ਦਾ ਮੁੱਲ ਵੀ ਲਾਗਤ ਦੇ ਹਿਸਾਬ ਨਾਲ ਨਹੀਂ ਮਿਲਦਾ। ਕਿਸਾਨਾਂ ਦੀ ਇਹ ਆਰਥਿਕ ਦੁਰਦਸ਼ਾ ਉਸ ਦੇਸ਼ ਵਿਚ ਹੈ ਜਿੱਥੇ ਤਕਰੀਬਨ 70 ਫ਼ੀਸਦੀ ਆਬਾਦੀ ਖੇਤੀਬਾੜੀ ਕਿੱਤੇ ਨਾਲ ਸਬੰਧ ਰੱਖਦੀ ਹੈ। ਇਮਾਨਦਾਰ ਮਿਹਨਤ ਕਰਨ ਵਾਲਾ ਕਿਸਾਨ ਦੇਸ਼ ਦੇ ਵੱਡੇ ਵਪਾਰੀਆਂ ਦੀ ਲੁੱਟ ਦਾ ਸ਼ਿਕਾਰ ਬਣ ਰਿਹਾ ਹੈ। ਪਰਿਵਾਰਾਂ ਦੇ ਪਰਿਵਾਰ ਬੱਚ ਜਾਣਗੇ ਜੇਕਰ ਸਰਕਾਰ ਇਮਾਨਦਾਰੀ ਨਾਲ ਕੋਈ ਕਿਸਾਨ ਪੱਖੀ ਉੱਦਮ ਕਰੇ, ਇਹ ਸਰਕਾਰ ਲਈ ਵੀ ਇਤਿਹਾਸ 'ਚ ਇੱਕ ਵੱਡੀ ਪ੍ਰਾਪਤੀ ਵਾਂਗ ਉਕਰ ਜਾਵੇਗਾ ਜੋ ਮਿਟਾਇਆਂ ਵੀ ਨਹੀ ਮਿਟਾਇਆ ਜਾਣਾ।


-ਪ੍ਰੋ: ਧਰਮਜੀਤ ਸਿੰਘ ਮਾਨ
ਸ੍ਰੀ ਫਤਹਿਗੜ੍ਹ ਸਾਹਿਬ।


ਸਫ਼ਲਤਾ ਦਾ ਮੁੱਲ
ਅੱਜ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ। ਅੱਜ ਅਸੀਂ ਜਿਨ੍ਹਾਂ ਸਹੂਲਤਾਂ ਦਾ ਅਨੰਦ ਮਾਣ ਰਹੇ ਹਾਂ, ਕੁਝ ਦਹਾਕੇ ਪਹਿਲਾਂ ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਸ ਕਾਰਨ ਸਾਡੀ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਪਰ ਨਾਲ ਹੀ ਸਾਡੀ ਜ਼ਿੰਦਗੀ ਵਿਚ ਤਣਾਅ ਤੇ ਚਿੰਤਾ ਵਿਚ ਵੀ ਵਾਧਾ ਹੋਇਆ ਹੈ। ਸਫ਼ਲਤਾ ਦੀ ਅੰਨੀ ਦੌੜ ਵਿਚ ਅਸੀਂ ਆਪਣੇ ਮਨ ਦੀ ਸ਼ਾਂਤੀ ਤੇ ਰਿਸ਼ਤਿਆਂ ਨੂੰ ਖੋਹ ਰਹੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਚਾਹੇ ਕਿੰਨੇ ਵੀ ਸਫ਼ਲ ਹੋ ਜਾਈਏ, ਸਾਡੀਆਂ ਮੁਢਲੀਆਂ ਲੋੜਾਂ ਸੀਮਤ ਹੁੰਦੀਆਂ ਹਨ। ਅਸੀਂ ਇੱਛਾਵਾਂ ਤੇ ਲੋੜਾਂ ਵਿਚਲਾ ਫ਼ਰਕ ਭੁੱਲ ਜਾਂਦੇ ਹਾਂ।


-ਹਰਜੀਤ ਕੌਰ
ਬਣਾਂਵਾਲੀ।


ਪੱਖਪਾਤੀ ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ ਪੰਜਾਬ ਦੇ 25 ਪਿੰਡਾਂ ਦੀ ਖੇਤੀਯੋਗ ਜ਼ਮੀਨ 'ਤੇ ਉਲੀਕਿਆ ਗਿਆ। ਜ਼ਮੀਨਾਂ ਦੇ ਮਾਲਕ ਲਾਲ ਡੋਰਿਆਂ ਦੇ ਅੰਦਰ ਡੱਕ ਦਿੱਤੇ ਗਏ। ਪ੍ਰਵਾਸੀਆਂ ਦੀ ਆਮਦ ਸ਼ੁਰੂ ਹੋ ਗਈ। ਉਨ੍ਹਾਂ ਨੇ ਧੱਕੇ ਨਾਲ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰਕੇ ਕਾਲੋਨੀਆਂ ਵਸਾਈਆਂ। ਪ੍ਰਸ਼ਾਸਨ ਨੇ ਉਨ੍ਹਾਂ ਧਾਕੜਾਂ ਨੂੰ ਬਿਜਲੀ ਤੇ ਪਾਣੀ ਦੇ ਕੁਨੈਕਸ਼ਨਾਂ ਨਾਲ ਨਿਵਾਜਿਆ। ਇਹ ਸਾਰਾ ਕੁਝ ਚੰਡੀਗੜ੍ਹ ਦੀ ਮੂਲ ਯੋਜਨਾ ਨੂੰ ਛਿੱਕੇ ਟੰਗ ਕੇ ਵੋਟਾਂ ਦੀ ਗੰਦੀ ਰਾਜਨੀਤੀ ਨੇ ਕਰਵਾਇਆ।
ਦੂਜੇ ਪਾਸੇ ਹਾਲਾਤ ਇਹ ਹੈ ਕਿ ਜੇਕਰ ਚੰਡੀਗੜ੍ਹ ਦੇ ਪਿੰਡਾਂ ਦਾ ਕੋਈ ਮੂਲ ਨਿਵਾਸੀ ਲਾਲ ਡੋਰੇ ਤੋਂ ਬਾਹਰ ਆਪਣੀ ਜੱਦੀ ਜ਼ਮੀਨ ਤੇ ਡੰਗਰਾਂ (ਪਸ਼ੂਆਂ) ਵਾਸਤੇ ਆਰਜ਼ੀ ਢਾਰਾ ਬਣਾਉਂਦਾ ਹੈ ਤਾਂ ਪ੍ਰਸ਼ਾਸਨ ਦੀ ਜੇ.ਸੀ.ਬੀ. ਦਾ ਪੰਜਾ ਝਟ ਧਮਕ ਪੈਂਦਾ ਹੈ। ਪ੍ਰਵਾਸੀਆਂ ਨੂੰ ਕਰੋੜਾਂ ਰੁਪਏ ਮੁੱਲ ਵਾਲੀ ਜ਼ਮੀਨ 'ਤੇ ਥਾਂ-ਥਾਂ ਤਰ੍ਹਾਂ-ਤਰ੍ਹਾਂ ਦੇ ਕਾਰੋਬਾਰ ਕਰਨ ਦੀ ਖੁੱਲ੍ਹ ਹੈ। ਇਹ ਸਾਰਾ ਕੁਝ ਪ੍ਰਸ਼ਾਸਨ ਅਤੇ ਰਾਜਨੀਤਕ ਨੇਤਾਵਾਂ ਦੀ ਦੇਣ ਹੈ। ਇਹ ਨਹੀਂ ਹੋਣਾ ਚਾਹੀਦਾ। ਕਾਨੂੰਨ ਮੁਤਾਬਿਕ ਸਭ ਨਾਲ ਬਰਾਬਰ ਵਰਤਾਓ ਹੋਣਾ ਚਾਹੀਦਾ ਹੈ।


-ਹਰਬੰਸ ਸਿੰਘ
ਮਜਾਰਾ (ਨਵਾਂਸ਼ਹਿਰ)।


ਓਵਰ ਲੋਡਿੰਗ ਬਣੀ ਮੁਸੀਬਤ
ਅੱਜਕਲ੍ਹ ਝੋਨੇ ਦੀ ਵਾਢੀ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਸਰਕਾਰ ਵੀ ਚਾਹੁੰਦੀ ਹੈ ਕਿ ਸਾਰੇ ਦਾ ਸਾਰਾ ਝੋਨਾ ਜਲਦੀ ਤੋਂ ਜਲਦੀ ਟਿਕਾਣੇ ਲਾਇਆ ਜਾਵੇ। ਪਰ ਟਰੱਕਾਂ, ਟਰਾਲੀਆਂ ਵਾਲੇ ਇਸ ਦਾ ਨਾਜਾਇਜ਼ ਫਾਇਦਾ ਲੈ ਰਹੇ ਹਨ। ਸਰਕਾਰ ਦੇ ਸਾਰੇ ਹੁਕਮਾਂ ਨੂੰ ਛਿਕੇ ਟੰਗ ਕੇ ਏਨਾ ਕੁ ਓਵਰ ਲੋਡ ਕਰ ਲੈਂਦੇ ਹਨ ਕਿ ਕੋਲੋਂ ਲੰਘਣ ਵਾਲਿਆਂ ਦਾ ਦਿਲ ਡੋਲ ਜਾਂਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਓਵਰ ਲੋਡਿੰਗ 'ਤੇ ਪਾਬੰਦੀ ਲਗਾਈ ਜਾਵੇ ਜਾਂ ਫਿਰ ਬਾਈਪਾਸ ਇਨ੍ਹਾਂ ਨੂੰ ਭੇਜਿਆ ਜਾਵੇ। ਲੋਡ ਤੇ ਉਚਾਈ ਦੀ ਕੋਈ ਸੀਮਾ ਹੋਣੀ ਚਾਹੀਦੀ ਹੈ। ਕਈ-ਕਈ ਟਰਾਲੇ ਤਾਂ ਅਸਮਾਨ ਨੂੰ ਛੂੰਹਦੇ ਹੋਏ ਸੜਕਾਂ 'ਤੇ ਚੱਲ ਰਹੇ ਹਨ। ਸਰਕਾਰ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵੱਲ ਖ਼ਾਸ ਧਿਆਨ ਦੇਵੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਫਿਰੋਜ਼ਪੁਰ।

06-11-2019

 ਬੇਰੁਜ਼ਗਾਰੀ ਦੀ ਮਾਰ
ਅੱਜ ਭਾਰਤ ਦੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਘਰ-ਘਰ ਰੁਜ਼ਗਾਰ ਦੇਣ ਦੇ ਲੋਕਾਂ ਨਾਲ ਲੱਖ ਦਾਅਵੇ ਕਰਦੀਆਂ ਹਨ। ਪਰ ਪਿਛਲੇ ਦਿਨੀਂ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਲਈ ਅਮਰੀਕਾ ਜਾਣ ਦੇ ਉਤਾਵਲੇ 311 ਨੌਜਵਾਨਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਗਿਆ ਜੋ ਕਿ ਸਰਕਾਰੀ ਦਾਅਵਿਆਂ ਦੀ ਫੂਕ ਕੱਢਦੇ ਹਨ। ਕਰਜ਼ੇ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਉਪਰੋਕਤ ਵਿਦੇਸ਼ ਜਾਣ ਲਈ ਉਤਾਵਲੇ ਨੌਜਵਾਨ ਹੁਣ ਦਰ-ਦਰ ਭਟਕਣ ਲਈ ਮਜਬੂਰ ਹੋਣਗੇ। ਕੋਈ ਨਸ਼ਿਆਂ 'ਚ ਪਵੇਗਾ, ਕੋਈ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ।


-ਇੰਜ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਅਵਾਰਾ ਪਸ਼ੂਆਂ ਦੀ ਭਰਮਾਰ
ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ-ਸ਼ਹਿਰ ਜਾਂ ਗਲੀ-ਮੁਹੱਲਾ ਹੋਵੇ ਜਿੱਥੇ ਇਨ੍ਹਾਂ ਅਵਾਰਾ ਫਿਰਦੇ ਪਸ਼ੂਆਂ ਦੇ ਝੁੰਡ ਨਾ ਦਿਖਾਈ ਦਿੰਦੇ ਹੋਣ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਆਏ ਦਿਨੀਂ ਬਹੁਤ ਸਾਰੀਆਂ ਖ਼ਬਰਾਂ ਸੜਕੀ ਹਾਦਸਿਆਂ ਦੀਆਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ, ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਕਿ ਪਸ਼ਾਸਨ ਵਲੋਂ ਗਊਂ ਸੈਸ ਰਾਹੀਂ ਲੱਖਾਂ ਰੁਪਏ ਇੱਕਠੇ ਕੀਤੇ ਜਾਂਦੇ ਹਨ, ਪਰ ਫਿਰ ਵੀ ਇਨ੍ਹਾਂ ਅਵਾਰਾ ਫਿਰਦੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਠੋਸ ਕਦਮ ਨਹੀ ਚੁੱਕਿਆ ਜਾਂਦਾ। ਸੋ ਪ੍ਰਸ਼ਾਸਨ ਨੂੰ ਇਸ ਸਮੱਸਿਆਂ ਨੂੰ ਹੱਲ ਕਰਨ ਲਈ ਫੌਰੀ ਤੌਰ 'ਤੇ ਕੋਈ ਨਾ ਕੋਈ ਨੀਤੀ ਜ਼ਰੂਰ ਅਪਣਾਉਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਵੀ ਚੈਨ ਦੀ ਨੀਂਦ ਸੌ ਸਕੇ।


-ਸ਼ੰਕਰ, ਮੋਗਾ।


ਅਵਾਰਾ ਪਸ਼ੂਆਂ ਦਾ ਹੱਲ ਲੱਭੋ
ਹਰ ਰੋਜ਼ ਕਿਧਰੇ ਨਾ ਕਿਧਰੇ ਅਵਾਰਾ ਪਸ਼ੂਆਂ ਦੇ ਸੜਕ ਉੱਤੇ ਘੁੰਮਣ ਨਾਲ ਕਿਸੇ ਨਾ ਕਿਸੇ ਦੀ ਮੌਤ ਹੋ ਜਾਂਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਲੱਗ ਗਿਆ ਹੈ ਕਿ ਅਵਾਰਾ ਪਸ਼ੂ ਲੋਕਾਂ ਦੀ ਜਾਨ ਲੈ ਰਹੇ ਹਨ। ਪਰ ਕਿਸੇ ਦੇ ਕੰਨ 'ਤੇ ਜੂੰ ਸਿਰਕਦੀ ਨਜ਼ਰ ਨਹੀਂ ਆਉਂਦੀ। ਬੀਤੇ ਦਿਨੀਂ ਹੀ ਫਾਜ਼ਿਲਕਾ ਅਬੋਹਰ ਸੜਕ 'ਤੇ ਅਵਾਰਾ ਪਸ਼ੂਆਂ ਕਾਰਨ ਨਾਨੀ-ਦੋਹਤੇ ਦੀ ਮੌਤ ਨੇ ਦੋਵਾਂ ਪਰਿਵਾਰਾਂ ਵਿਚ ਮੌਤ ਦਾ ਸੱਥਰ ਵਿਛਾ ਦਿੱਤਾ ਹੈ। ਪਤਾ ਨਹੀਂ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਅਵੇਸਲੀ ਰਹੀ ਤਾਂ ਹੋਰ ਕਿੰਨੀਆਂ ਕੁ ਮੌਤਾਂ ਕਰਵਾ ਕੇ ਸਾਹ ਲਵੇਗੀ। ਪਿੰਡਾਂ ਵਿਚ ਸ਼ਾਮਲਾਤ ਜ਼ਮੀਨ ਵੀ ਬਹੁਤ ਜ਼ਿਆਦਾ ਹੈ। ਚਲੋ, ਇਕ ਪਿੰਡ ਨਹੀਂ ਤਾਂ ਬਲਾਕ ਪੱਧਰ 'ਤੇ ਹੀ ਕੋਈ ਗਊਸ਼ਾਲਾ ਬਣਵਾ ਕੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਉਨ੍ਹਾਂ ਵਿਚ ਡੱਕ ਦਿੱਤਾ ਜਾਵੇ। ਕੀ ਜੇ ਸਰਕਾਰ ਚਾਹੇ ਤਾਂ ਅਵਾਰਾ ਪਸ਼ੂਆਂ ਨੂੰ ਨਹੀਂ ਸਾਂਭ ਸਕਦੀ? ਸਭ ਹੋ ਸਕਦਾ ਹੈ ਇਕ ਸਰਕਾਰ ਦੀ ਨਿਯਤ ਖੋਟੀ ਹੈ। ਕਿਤੇ ਸੜਕਾਂ 'ਤੇ ਬੇਰੁਜ਼ਗਾਰ ਧਰਨਿਆਂ 'ਤੇ ਬੈਠੇ ਹਨ ਤੇ ਕਿਧਰੇ ਅਵਾਰਾ ਪਸ਼ੂ ਸੜਕਾਂ 'ਤੇ। ਸਰਕਾਰ ਹੀ ਇਸ ਦਾ ਕੋਈ ਹੱਲ ਲੱਭੇ। ਨਹੀਂ ਤਾਂ ਇਕ ਦਿਨ ਤਾਂ ਅਜਿਹਾ ਜ਼ਰੂਰ ਆਵੇਗਾ ਜਿਸ ਦਿਨ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਪੈਣਗੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਅਸਮਾਨੀ ਧੂੜ
ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਲੋਕਾਂ ਨੇ ਦੀਵਾਲੀ ਵਾਲੇ ਦਿਨ-ਰਾਤ ਪਟਾਕੇ ਚਲਾਏ। ਅਸਮਾਨ ਵਿਚ ਮਿੱਟੀ ਦੀ ਧੂੜ ਚੜ੍ਹੀ ਹੋਈ ਹੈ, ਜਿਸ ਦਾ ਅਸਰ ਮਨੁੱਖ, ਪਸ਼ੂ, ਪੰਛੀਆਂ, ਜਾਨਵਰਾਂ 'ਤੇ ਕਹਿਰ ਬਣ ਕੇ ਛਾਇਆ ਹੋਇਆ ਹੈ। ਦਮੇ ਤੇ ਦਿਲ ਦੇ ਰੋਗੀ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਪਿੱਛੇ ਇਨਸਾਨ ਹੀ ਜ਼ਿੰਮੇਵਾਰ ਹੈ, ਜੋ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਰਿਹਾ ਹੈ। ਦਰੱਖਤਾਂ ਦਾ ਮਨੁੱਖ ਆਪ ਹੀ ਸਫ਼ਾਇਆ ਕਰੀ ਜਾ ਰਿਹਾ ਹੈ। ਪਰਾਲੀ ਸਾੜ ਕੇ ਆਪ ਹੀ ਵਾਤਾਵਰਨ ਖ਼ਰਾਬ ਕਰ ਰਿਹਾ ਹੈ। ਫੈਕਟਰੀਆਂ ਦਾ ਗੰਦਾ ਧੂੰਆਂ ਤੇ ਪਾਣੀ ਇਨਸਾਨ ਆਪ ਹੀ ਛੱਡ ਕੇ ਪ੍ਰਦੂਸ਼ਣ ਫੈਲਾਅ ਰਿਹਾ ਹੈ। ਇਨਸਾਨ ਕੁਦਰਤ ਦਾ ਨਿਯਮ ਤੋੜ ਕੇ ਮਨੁੱਖਤਾ ਨਾਲ ਖਿਲਵਾੜ ਕਰ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਹ ਸਰਕਾਰਾਂ ਉੱਪਰ ਵੀ ਸਵਾਲੀਆ ਨਿਸ਼ਾਨ ਹੈ। ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾ ਕੇ ਜੋ ਲੋਕ ਇਸ ਦੇ ਜ਼ਿੰਮੇਵਾਰ ਹਨ, ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ.


-ਗੁਰਮੀਤ ਸਿੰਘ ਵੇਰਕਾ


ਹਰ ਖੁਸ਼ੀ ਦਾ ਅਨੰਦ ਮਾਣੋ
ਜ਼ਿੰਦਗੀ ਦੀ ਕੋਈ ਠੋਸ ਪਰਿਭਾਸ਼ਾ ਨਹੀਂ ਹੈ। ਹਰ ਕੋਈ ਇਸ ਨੂੰ ਆਪਣੇ ਢੰਗ, ਆਪਣੀ ਸੋਚ, ਆਪਣੇ ਵਰਤਾਓ ਤੇ ਆਪਣੇ ਹਾਲਾਤ ਅਨੁਸਾਰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਇਕ ਸੱਚਾਈ ਹੈ ਕਿ ਜ਼ਿੰਦਗੀ ਵਿਚ ਸਮਾਂ ਹਮੇਸ਼ਾ ਇਕ ਚਾਲ ਨਾਲ ਨਹੀਂ ਚਲਦਾ। ਪਰ ਕਈ ਵਾਰ ਅਸੀਂ ਕਿਸੇ ਖ਼ਾਸ ਖੁਸ਼ੀ ਜਾਂ ਵਿਸ਼ੇਸ਼ ਮੌਕੇ ਦੇ ਇੰਤਜ਼ਾਰ ਵਿਚ ਜ਼ਿੰਦਗੀ ਦੇ ਕਾਫੀ ਕੀਮਤੀ ਤੇ ਸੁਨਹਿਰੀ ਭਾਗ ਨੂੰ ਮਨਾਉਣ, ਉਸ ਨੂੰ ਸਮਝਣ, ਉਸ ਦਾ ਲੁਤਫ਼ ਉਠਾਉਣ, ਉਸ ਨੂੰ ਹੰਢਾਉਣ ਤੋਂ ਅਣਜਾਣਪੁਣੇ ਵਿਚ ਕਿਨਾਰਾ ਕਰ ਜਾਂਦੇ ਹਾਂ। ਜ਼ਿੰਦਗੀ ਦੇ ਛੋਟੇ-ਵੱਡੇ ਲਮਹੇ, ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਾਨਣ, ਉਨ੍ਹਾਂ ਨੂੰ ਸਮਝਣ ਨੂੰ ਤਵੱਜੋ ਦੇਣੀ ਚਾਹੀਦੀ ਹੈ, ਕਿਉਂਕਿ ਛੋਟੇ-ਛੋਟੇ ਫੁੱਲਾਂ ਦੇ ਇਕੱਠ ਮਾਧਿਅਮ ਰਾਹੀਂ ਇਕ ਸੁੰਦਰ ਅਤੇ ਕਲਾਮਈ ਗੁਲਦਸਤਾ ਬਣਦਾ ਹੈ। ਸਭ ਦਾ ਭਲਾ ਸੋਚੋ, ਸਭ ਦਾ ਭਲਾ ਕਰੋ, ਰੱਬ 'ਤੇ ਭਰੋਸਾ ਰੱਖੋ, ਹਰ ਛੋਟੀ-ਵੱਡੀ ਖੁਸ਼ੀ ਨੂੰ ਮਨਾਓ, ਉਸ ਦਾ ਆਨੰਦ ਲਓ, ਕਿਉਂਕਿ ਜ਼ਿੰਦਗੀ ਦਾ ਬੀਤਿਆ ਇਕ-ਇਕ ਪਲ, ਇਕ-ਇਕ ਲਮਹਾ, ਇਕ-ਇਕ ਦਿਨ ਕਦੇ ਵਾਪਸ ਨਹੀਂ ਆਉਣਾ, ਨਾ ਹੀ ਬੀਤਿਆ ਹੋਇਆ ਸਮਾਂ ਕਦੇ ਵਾਪਸ ਆਉਂਦਾ ਹੈ।


-ਮਾ: ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ


ਸੱਚੀ ਸ਼ਰਧਾਂਜਲੀ
ਸ੍ਰੀ ਨਾਨਕ ਮੱਤਾ ਗੁਰਦੁਆਰੇ ਤੋਂ ਰੀਠਾ ਸਾਹਿਬ ਗੁਰਦੁਆਰੇ ਤੱਕ ਪਹੁੰਚਣ ਦਾ ਘੱਟ ਦੂਰੀ ਦੇ ਰਸਤੇ ਰੂਟ ਖਟੀਮਾ, ਟਣਕਪੁਰ, ਚੰਪਾਬੰਤ, ਖੇਤੀਖਣ ਅਤੇ ਡੂਘਾਗਾਟ ਰਾਹੀਂ ਰੀਠਾ ਸਾਹਿਬ ਗੁਰਦੁਆਰੇ ਪਹੁੰਚਦਾ ਹੈ। ਲੰਮੇ ਰੂਟ ਦਾ ਰਸਤਾ ਤਕਰੀਬਨ ਛੋਟੇ ਰੂਟ ਦੇ ਰਸਤੇ ਨਾਲੋਂ 70 ਕਿਲੋਮੀਟਰ ਜ਼ਿਆਦਾ ਹੈ, ਜੋ ਕਿ ਲੋਹਗੜ੍ਹ, ਪਿਥੋਰਾਗੜ੍ਹ ਰਾਹੀਂ ਰੀਠਾ ਸਾਹਿਬ ਜਾਂਦਾ ਹੈ ਅਤੇ ਇਸ ਰਸਤੇ ਰਾਹੀਂ ਸਮਾਂ ਵੀ ਕਾਫੀ ਜ਼ਿਆਦਾ ਲਗਦਾ ਹੈ। ਮੈਂ ਪਿਛਲੇ ਦਿਨੀਂ ਗੁਰਦੁਆਰਾ ਰੀਠਾ ਸਾਹਿਬ ਤੋਂ ਨਾਨਕ ਮੱਤਾ ਸਾਹਿਬ ਘੱਟ ਦੂਰੀਦੇ ਰਸਤੇ ਰਾਹੀਂ ਸਫ਼ਰ ਕੀਤਾ। ਇਸ ਸਫ਼ਰ ਦੌਰਾਨ ਦੇਖਿਆ ਕਿ ਇਸ ਘੱਟ ਦੂਰੀ ਦੇ ਰਸਤੇ ਵਿਚ ਤਕਰੀਬਨ 25 ਕਿਲੋਮੀਟਰ ਰਸਤਾ ਸੜਕ ਕੱਚੀ ਹੈ। ਇਸ ਰਸਤੇ ਦੇ ਤਕਰੀਬਨ 25 ਕਿਲੋਮੀਟਰ ਬਜਰੀ ਲੁੱਕ ਪਾਉਣ ਦਾ ਕੰਮ ਰਹਿੰਦਾ ਹੈ। ਰਸਤਾ ਕੱਚਾ ਹੋਣ ਕਾਰਨ ਗੁਰਦੁਆਰਾ ਨਾਨਕ ਮੱਤਾ ਤੋਂ ਰੀਠਾ ਸਾਹਿਬ ਜਾਣ ਵਾਲੇ ਸ਼ਰਧਾਲੂ, ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਵਿਚਾਰ ਅਨੁਸਾਰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉੱਤਰਾਖੰਡ ਸਰਕਾਰ ਨੂੰ 25 ਕਿਲੋਮੀਟਰ ਸੜਕ ਪੱਕੀ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਿਚ ਪ੍ਰੇਸ਼ਾਨੀ ਨਾ ਆਵੇ ਜੀ।


-ਇੰਜ: ਦਲਜੀਤ ਪਾਲ ਸਿੰਘ, ਮੁਹਾਲੀ।


ਇਕ ਨਵੀਂ ਸ਼ੁਰੂਆਤ
ਕਰਤਾਰਪੁਰ ਲਾਂਘਾ ਸ਼ੁਰੂ ਕਰਨ ਲਈ ਭਾਰਤ ਤੇ ਪਾਕਿਸਤਾਨ ਵਲੋਂ ਸਮਝੌਤੇ 'ਤੇ ਦਸਤਖ਼ਤ ਹੋਣ ਨਾਲ ਸਿੱਖ ਸੰਗਤਾਂ 'ਚ ਖੁਸ਼ਨੁਮਾ ਮਾਹੌਲ ਪੈਦਾ ਹੋ ਗਿਆ ਹੈ। ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ 'ਤੇ ਹੋਏ ਇਸ ਸਮਝੌਤੇ ਨਾਲ ਹੁਣ ਸ਼ਰਧਾਲੂ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਬਿਨਾਂ ਵੀਜ਼ਾ ਦੇ ਕਰ ਸਕਦੇ ਹਨ। ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਦੇਸ਼ਾਂ ਲਈ ਇਕ ਨਵੀਂ ਸ਼ੁਰੂਆਤ ਮੰਨੀ ਜਾ ਸਕਦੀ ਹੈ। ਵੰਡ ਤੋਂ ਬਾਅਦ ਅਲੱਗ ਹੋਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸਕਣਗੇ।


-ਹਰਪ੍ਰੀਤ ਸਿੰਘ, ਨਾਭਾ ਕੈਂਟ।

05-11-2019

 550 ਸਾਲਾ ਦਿਵਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਦਾ ਆਧਾਰ ਗੁਰੂ ਸਾਹਿਬ ਜੀ ਦੀ ਜੀਵਨ ਸ਼ੈਲੀ ਤੇ ਸਮਾਜ ਵਿਚ ਬਦਲਾਅ ਲਿਆਉਣ ਲਈ ਕੀਤੀ ਗਈ ਜੱਦੋ-ਜਹਿਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਹਾਕਮ ਵਲੋਂ ਕੀਤੇ ਜਾਂਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ। ਸਤੀ ਪ੍ਰਥਾ, ਪਖੰਡਵਾਦ, ਵਹਿਮਾਂ-ਭਰਮਾਂ, ਜਾਤ-ਪਾਤ ਆਦਿ ਨਿਆਮਤਾਂ ਦਾ ਸਖ਼ਤ ਵਿਰੋਧ ਕੀਤਾ। ਬੁਢਾਪੇ ਵਿਚ ਉਨ੍ਹਾਂ ਵਲੋਂ ਕੀਤੀ ਗਈ ਖੇਤੀ ਹੱਥੀਂ ਕਿਰਤ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਅੱਜ ਅਸੀਂ ਹੱਥੀਂ ਕੰਮ ਕਰਨਾ ਘੱਟ ਕਰ ਦਿੱਤਾ ਹੈ ਤੇ ਬਿਮਾਰੀਆਂ ਨੂੰ ਦਾਅਵਤ ਦੇ ਦਿੱਤੀ। ਵਸੇ ਹੋਏ ਸਵਾਰਥ ਕਾਰਨ ਰਾਜਨੀਤਕ ਲੋਕਾਂ ਨੇ ਦੇਸ਼ ਦੀ ਵਾਗਡੋਰ ਨੂੰ ਆਪਣੀ ਪਰਿਵਾਰਕ ਜਗੀਰ ਸਮਝ ਲਿਆ। ਅੱਜ ਦਾ ਹਾਕਮ ਆਪਣੇ ਰਾਜ ਭਾਗ ਵਿਚ ਮਸਤ ਲੋਕਾਂ ਦੀ ਪਹੁੰਚ ਤੋਂ ਪਰ੍ਹੇ ਹੈ। ਇਕ ਲੱਖ ਦੇਸੀ ਘਿਉ ਦੇ ਦੀਵੇ ਬਾਲਣ ਨਾਲੋਂ ਕਿਉਂ ਨਾ ਇਹ ਘਿਉ ਉਨ੍ਹਾਂ ਧੀਆਂ-ਭੈਣਾਂ ਨੂੰ ਦਿੱਤਾ ਜਾਵੇ ਜੋ ਗ਼ਰੀਬੀ ਵਿਚ ਕਰੋਪੋਸ਼ਿਤ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹਨ। ਕਿਉਂਕਿ ਗੁਰੂ ਸਾਹਿਬ ਜੀ ਦੀ ਸਮੂਹਿਕ ਜੱਦੋ-ਜਹਿਦ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਸੀ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਕਲੇਰ ਕਲਾਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।

ਗੁਰੂ ਜੀ ਦੀ ਵਿਚਾਰਧਾਰਾ
ਵਿਸ਼ਵ ਦੇ ਕੋਨੇ-ਕੋਨੇ ਵਿਚ ਸਿੱਖ ਸੰਗਤਾਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਉਤਸਵ ਬਹੁਤ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿਚ ਅਵਤਾਰ ਧਾਰਿਆ ਤੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਅੱਜ ਅਸੀਂ ਜਿੱਥੇ ਪੂਰੀ ਸ਼ਾਨੌ-ਸ਼ੋਕਤ ਨਾਲ ਇਸ ਪ੍ਰਕਾਸ਼ ਉਤਸਵ ਨੂੰ ਮਨਾ ਰਹੇ ਹਾਂ, ਉਥੇ ਬਹੁਤ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਗਏ ਮਾਰਗ 'ਤੇ ਵੀ ਚੱਲੀਏ। ਗੁਰੂ ਜੀ ਨੇ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਸੀ ਪਰ ਅਸੀਂ ਅੱਜ ਜਿਥੇ ਪਰਮਾਤਮਾ ਤੋਂ ਬੇਮੁੱਖ ਹੋਏ ਪਏ ਹਾਂ, ਉਥੇ ਹੀ ਸੱਚੀ ਕਿਰਤ ਦੇ ਸਿਧਾਂਤ ਤੋਂ ਵੀ ਕੋਹਾਂ ਦੂਰ ਜਾ ਰਹੇ ਹਾਂ। ਆਓ ਮਿਲ ਕੇ ਪ੍ਰਣ ਕਰੀਏ ਕਿ 550 ਸਾਲਾਂ ਪ੍ਰਕਾਸ਼ ਉਤਸਵ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਮਨਾਉਣਾ ਹੈ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।

ਕੰਮ ਕਰਨ ਦੀ ਇੱਛਾ
ਸਭ ਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਵਿਚ ਸਰਕਾਰੀ ਛੁੱਟੀਆਂ ਬਹੁਤ ਹਨ। ਪੰਜਾਬ ਵਿਚ ਤਾਂ ਸਰਕਾਰੀ ਛੁੱਟੀਆਂ ਹੋਰ ਸੂਬਿਆਂ ਨਾਲੋਂ ਵੱਧ ਹਨ। ਬੰਦੇ ਨੂੰ ਛੁੱਟੀਆਂ ਦੀ ਜ਼ਰੂਰਤ ਹੈ ਕਿਉਂਕਿ ਘਰੇਲੂ, ਸਮਾਜਿਕ, ਸੱਭਿਆਚਾਰਕ, ਧਾਰਮਿਕ ਕੰਮ ਧੰਦਿਆਂ ਲਈ ਛੁੱਟੀ ਹੋਣੀ ਹੈ। ਪਰ ਜੇ ਬਾਹਰਲੇ ਮੁਲਕਾਂ ਦੀ ਜਾਂ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ, ਉਥੇ ਏਨੀਆਂ ਛੁੱਟੀਆਂ ਨਹੀਂ ਹਨ। ਉਥੇ ਕੰਮ ਨੂੰ ਤੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਜਿਹੜੀ ਸਾਡੇ ਨਹੀਂ ਹੈ। ਕਿਸੇ ਵੀ ਮੁਲਾਜ਼ਮ ਨੂੰ ਲੋੜ ਪੈਣ 'ਤੇ ਛੁੱਟੀ ਤੋਂ ਰੋਕਿਆ ਨਾ ਜਾਵੇ। ਕੋਈ ਫਾਰਮੂਲਾ ਅਜਿਹਾ ਬਣਾਇਆ ਜਾਵੇ, ਛੁੱਟੀ ਵੀ ਮਿਲ ਜਾਏ, ਕੰਮ ਵੀ ਨਾ ਰੁਕੇ। ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ, ਚਾਹੇ ਮੁਲਾਜ਼ਮ ਹੋਣ ਜਾਂ ਲੋਕ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਨਿਯਮ ਬਣਾ ਦੇਵੇ ਕਿ ਛੁੱਟੀ ਕਰਨੀ ਕੋਈ 'ਲਾਜ਼ਮੀ' ਨਹੀਂ ਜੇ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਹੈ, ਕਿਸੇ ਦੀ 'ਕੰਮ ਕਰਨ ਦੀ ਇੱਛਾ' ਹੋਵੇ, ਉਹ ਕਰ ਸਕਦਾ ਹੈ। ਸੋ, ਇਹ ਤਜਰਬਾ ਜ਼ਰੂਰ ਕਰਨਾ ਚਾਹੀਦਾ ਹੈ।

-ਗੁਰਚਰਨ ਸਿੰਘ
ਪਿੰਡ ਮਜਾਰਾ, ਜ਼ਿਲ੍ਹਾ ਨਵਾਂਸ਼ਹਿਰ।

ਹਰਿਆਵਲ ਲਹਿਰ ਸਾਰਥਕ ਕਿਵੇਂ ਹੋ ਸਕਦੀ ਹੈ?
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਹਰਿਆਵਲ ਲਹਿਰ ਚੱਲ ਰਹੀ ਹੈ, ਜਿਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਸਾਰੇ ਬੂਟੇ ਲਗਾਏ ਗਏ ਹਨ। ਸਰਕਾਰ ਨੇ 'ਆਈ ਹਰਿਆਲੀ' ਐਪ ਜ਼ਰੀਏ ਲੱਖਾਂ ਬੂਟੇ ਮੁਫ਼ਤ ਵਿਚ ਲੋਕਾਂ ਤੱਕ ਪਹੁੰਚਾਏ। ਪਰ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਸਾਂਭ-ਸੰਭਾਲ ਨਾ ਹੋਣ ਕਾਰਨ ਬਹੁਤ ਸਾਰੇ ਬੂਟੇ ਨਸ਼ਟ ਹੋ ਗਏ ਹਨ। ਹਵਾ ਦਿਨੋ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਪਰ ਨਾ ਤਾਂ ਸਰਕਾਰ ਇਸ ਪ੍ਰਤੀ ਗੰਭੀਰ ਹੈ ਅਤੇ ਨਾ ਹੀ ਸਾਡਾ ਸਮਾਜ। ਸਰਕਾਰ ਅਤੇ ਸਮਾਜ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਮੁਕੰਮਲ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਪਹਿਲੇ ਪਲ ਚੁੱਕੇ ਰੁੱਖਾਂ ਦੀ ਕਟਾਈ ਰੋਕਣੀ ਚਾਹੀਦੀ ਹੈ, ਤਾਂ ਹੀ ਹਰਿਆਵਲ ਲਹਿਰ ਸਾਰਥਕ ਸਿੱਧ ਹੋਵੇਗੀ।

-ਗਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਚੰਗਾ ਵੇਖੋ ਅਤੇ ਚੰਗਾ ਸੁਣੋ
ਪੰਜਾਬੀ ਗਾਇਕੀ ਬਾਰੇ ਹਰ ਰੋਜ਼ ਬੜੇ ਲੇਖ, ਖ਼ਬਰਾਂ ਇਸ ਵਿਸ਼ੇ ਬਾਰੇ ਪੜ੍ਹਨ ਸੁਣਨ ਨੂੰ ਮਿਲਦੇ ਹਨ। ਪਰ ਸਾਡੇ 'ਤੇ ਇਸ ਦਾ ਕੋਈ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬੀ ਗਾਇਕਾਂ 'ਤੇ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਕਈ-ਕਈ ਲੱਖ ਖਰਚ ਕਰ ਕੇ ਵੀਡੀਓ ਬਣਾਈ ਜਾਂਦੀ ਹੈ, ਚੈਨਲ 'ਤੇ ਚਲਾੳੇਣ ਦਾ ਵੀ ਬਹੁਤ ਖਰਚ ਆਉਂਦਾ ਹੈ। ਜੇਕਰ ਸਰੋਤੇ ਇਨ੍ਹਾਂ ਚੀਜ਼ਾਂ ਨੂੰ ਪਸੰਦ ਕਰਦੇ ਹਨ, ਤਾਂ ਹੀ ਐਨੇ ਪੈਸੇ ਕੋਈ ਗਾਇਕ ਖਰਚ ਕਰੇਗਾ। ਹਰ ਇਕ ਬੰਦੇ ਦਾ ਕਾਮਯਾਬ ਹੋਣ ਨੂੰ ਬੜਾ ਦਿਲ ਕਰਦਾ ਹੈ, ਉਹ ਪੈਸੇ ਦੀ ਪ੍ਰਵਾਹ ਨਹੀਂ ਕਰਦਾ। ਇਸ ਲੱਚਰਤਾ ਗਾਇਕੀ ਨੂੰ ਸੁਣਨ ਅਤੇ ਵੇਖਣ ਵਿਚ ਅਸੀਂ ਵੀ ਵੱਡੇ ਦੋਸ਼ੀ ਹਾਂ। ਅਸੀਂ ਹੀ ਨਵੇਂ ਆ ਰਹੇ ਗਾਣੇ ਨੂੰ ਸੁਪਰਹਿੱਟ ਬਣਾਉਣ ਵਿਚ ਬਹੁਤ ਵੱਡਾ ਰੋਲ ਅਦਾ ਕਰਦੇ ਹਾਂ। 'ਯੂਟਿਊਬ' ਉੱਤੇ ਕਮਾਈ ਵੀ ਸਾਡੇ ਕਰਕੇ ਹੀ ਕਰ ਰਹੇ ਹਨ। ਕਈ ਵਾਰ ਚੰਗੇ ਗਾਣਿਆਂ ਦੇ ਵਿਊ ਸਾਡੇ ਨਾ ਵੇਖਣ-ਸੁਣਨ ਕਰਕੇ ਉਹ ਚੰਗਾ ਗਾਣਾ ਹਿੱਟ ਨਹੀਂ ਹੁੰਦਾ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਚੰਗਾ ਵੇਖੀਏ ਅਤੇ ਚੰਗਾ ਸੁਣੀਏ। ਮੈਨੂੰ ਉਮੀਦ ਹੈ ਕਿ ਗਾਇਕ ਅਤੇ ਗੀਤਕਾਰ ਵੀ ਅਜਿਹਾ ਲਿਖਣਾ ਗਾਉਣਾ ਬੰਦ ਕਰ ਦੇਣਗੇ, ਜੇਕਰ ਅਸੀਂ ਸਮਰਥਨ ਨਹੀਂ ਕਰਾਂਗੇ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਫੇਸਬੁੱਕ ਅਤੇ ਵਿਦਿਆਰਥੀ
ਅੱਜਕਲ੍ਹ ਹਰ ਉਹ ਵਿਅਕਤੀ ਫੇਸਬੁੱਕ ਵਰਤਦਾ ਹੈ, ਜਿਸ ਦੇ ਮੋਬਾਈਲ ਵਿਚ ਇਸ ਦੀ ਸੁਵਿਧਾ ਹੈ। ਇਹ ਰੁਜ਼ਗਾਰ ਪ੍ਰਾਪਤ ਵਿਅਕਤੀਆਂ ਲਈ ਵਕਤ ਗੁਜ਼ਾਰਨ ਦਾ ਸਾਧਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਅਕਤੀਆਂ ਦੁਆਰਾ ਆਪਣੇ-ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸ ਨੂੰ ਵਰਤਿਆ ਜਾਂਦਾ ਹੈ। ਇਸ ਨੂੰ ਵਰਤਣ ਵੇਲੇ ਵਕਤ ਗੁਜ਼ਰਨ ਦਾ ਪਤਾ ਹੀ ਨਹੀਂ ਲਗਦਾ ਕਿ ਕਦੋਂ ਪੰਜ ਦਸ ਮਿੰਟਾਂ ਦੀ ਥਾਂ ਕਈ-ਕਈ ਘੰਟੇ ਲੰਘ ਜਾਂਦੇ ਹਨ। ਇਸ ਲਈ ਜਿਥੇ ਇਹ ਰੁਜ਼ਗਾਰ ਪ੍ਰਾਪਤ ਵਿਅਕਤੀਆਂ ਲਈ ਵਿਹਲੇ ਸਮੇਂ ਨੂੰ ਗੁਜ਼ਾਰਨ ਲਈ ਵਰਦਾਨ ਹੈ, ਉਥੇ ਉਸ ਦੇ ਉਲਟ ਵਿਦਿਆਰਥੀਆਂ ਲਈ ਸਰਾਪ, ਕਿਉਂਕਿ ਉਨ੍ਹਾਂ ਦਾ ਪਲ-ਪਲ ਕੀਮਤੀ ਹੈ। ਜਦ ਤੱਕ ਉਹ ਆਪਣੇ ਉਦੇਸ਼ਾਂ ਦੀ ਪੂਰਤੀ ਨਹੀਂ ਕਰ ਲੈਂਦੇ, ਉਸ ਸਮੇਂ ਤੱਕ ਸਮੇਂ ਦੀ ਬਰਬਾਦੀ ਦਾ ਮਤਲਬ ਹੈ ਆਪਣੇ ਸੁਪਨਿਆਂ ਦੀ ਬਰਬਾਦੀ। ਇਸ ਲਈ ਪਾਠਕਾਂ ਨੂੰ ਇਹ ਸਲਾਹ ਹੈ ਕਿ ਆਪਣੇ ਬੱਚਿਆਂ ਨੂੰ ਫੇਸ ਬੁੱਕ ਤੋਂ ਦੂਰ ਰੱਖਣ, ਤਾਂ ਬੱਚੇ ਜੋ ਸਾਡਾ ਭਵਿੱਖ ਹਨ, ਉਨ੍ਹਾਂ ਨੂੰ ਸਹੀ ਰਸਤੇ 'ਤੇ ਜਾਣ ਵਿਚ ਕੋਈ ਦਿੱਕਤ ਨਾ ਆ ਸਕੇ ਅਤੇ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਸਕਣ।

-ਸੁਖਦੀਪ ਸਿੰਘ ਗਿੱਲ, ਮਾਨਸਾ।

04-11-2019

 ਬੇਰੁਜ਼ਗਾਰੀ
ਪੰਜਾਬ ਵਿਚ ਨੌਜਵਾਨ ਲੜਕੇ-ਲੜਕੀਆਂ ਚੰਗੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਉਹ ਬਾਹਰਲੇ ਮੁਲਕਾਂ ਵੱਲ ਆਪਣੇ ਮਾਪਿਆਂ ਨੂੰ ਕਰਜ਼ਈ ਕਰਕੇ ਵਹੀਰਾਂ ਘੱਤ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈ ਗ਼ਲਤ ਏਜੰਟਾਂ ਦੇ ਹੱਥ ਚੜ੍ਹ ਜਾਂਦੇ ਹਨ ਅਤੇ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚ ਡੱਕੇ ਜਾਂਦੇ ਹਨ। ਕਈ ਨੌਜਵਾਨ ਵੇਹਲੇ, ਬੇਰੁਜ਼ਗਾਰ ਹੋਣ ਕਾਰਨ ਨਸ਼ੇ, ਲੁੱਟਾਂ-ਖੋਹਾਂ ਕਰਦੇ ਹਨ, ਜਿਸ ਨਾਲ ਮਾਪਿਆਂ ਦੀ ਬਦਨਾਮੀ ਹੋਣ ਦੇ ਨਾਲ-ਨਾਲ ਪੰਜਾਬ ਵਿਚ ਦਿਨੋ-ਦਿਨ ਜੁਰਮ 'ਚ ਵਾਧਾ ਹੋ ਰਿਹਾ ਹੈ। ਸਰਕਾਰੀ ਮੁਲਾਜ਼ਮਾਂ ਨੂੰ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਦੋ ਸਾਲ ਦਾ ਹੋਰ ਵਾਧਾ ਦਿੱਤਾ ਹੋਇਆ ਹੈ, ਜਿਸ ਨਾਲ ਬੇਰੁਜ਼ਗਾਰੀ ਹੋਰ ਵਧ ਰਹੀ ਹੈ । ਸਰਕਾਰ ਨੂੰ ਜਿਥੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਮੌਕੇ ਵਧਾਉਣੇ ਚਾਹੀਦੇ ਹਨ, ਉਥੇ ਹੀ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਦਿੱਤੇ ਜਾਂਦੇ ਦੋ ਸਾਲ ਦੇ ਵਾਧੇ 'ਤੇ ਵੀ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਦੀਵਿਆਂ ਤੱਕ ਸੀਮਤ ਰਹੀ ਦੀਵਾਲੀ
ਹਰ ਆਏ ਸਾਲ ਹਰ ਤਿਉਹਾਰ ਦੀ ਮਿਠਾਸ ਮਹਿੰਗਾਈ ਦੇ ਕਾਰਨ ਫਿੱਕੀ ਪੈਣ ਲੱਗ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਵਿਖਾਵੇ ਦੀ ਜ਼ਿੰਦਗੀ ਜਿਊਣ ਵਿਚ ਰੁੱਝੇ ਹੋਏ ਹਨ। ਦਿਨੋ ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਵਾਰ ਲੋਕਾਂ ਨੇ ਆਪਣੇ ਘਰ ਵਿਚ ਬਣਨ ਵਾਲੇ ਪਕਵਾਨ ਨੂੰ ਹੀ ਪਹਿਲ ਦਿੱਤੀ ਤਾਂ ਕਿ ਕਿਸੇ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਪਟਾਕਿਆਂ ਤੋਂ ਵੀ ਕਾਫੀ ਹੱਦ ਤੱਕ ਪ੍ਰਹੇਜ ਨਜ਼ਰ ਆਇਆ। ਲੋਕ ਇਸ ਗੱਲ ਤੋਂ ਵੀ ਅਣਜਾਣ ਨਹੀਂ ਕਿ ਧੂੰਆਂ ਸਾਨੂੰ ਆਕਸੀਜਨ ਲੈਣ ਵਿਚ ਪ੍ਰੇਸ਼ਾਨੀ ਪੈਦਾ ਕਰਦਾ ਹੈ। ਇਨ੍ਹਾਂ ਵਸਤਾਂ ਦੀ ਖਰੀਦਦਾਰੀ ਲਈ ਹੀ ਲੋਕ ਬਜ਼ਾਰ ਜਾਂਦੇ ਸਨ, ਜਿਸ ਕਰਕੇ ਦੀਵਾਲੀ ਦੇ ਤਿਉਹਾਰ ਨੂੰ ਬਜ਼ਾਰਾਂ ਵਿਚ ਪਹਿਲਾਂ ਵਾਲੀ ਰੌਣਕ ਵੇਖਣ ਨੂੰ ਨਹੀਂ ਮਿਲੀ। ਇਸ ਤਰਾਂ ਦੀਵਾਲੀ ਤੇਲ ਵਾਲਿਆਂ ਦੀਵਿਆਂ ਤੱਕ ਹੀ ਸੀਮਤ ਰਹੀ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)


ਮਿਲਾਵਟਖੋਰੀ
ਅੱਜ ਜੇਕਰ ਆਪਾਂ ਬਜ਼ਾਰੀ ਖਾਣ-ਪੀਣ ਦੀਆ ਵਸਤੂਆਂ ਵੱਲ ਦੇਖੀਏ ਤਾਂ ਜਿਵੇਂ ਕਹਿ ਲਵੋ ਕਿ ਹਰ ਚੀਜ਼ ਵਿਚ ਹੀ ਮਿਲਾਵਟ ਹੈ ਅਤੇ ਲੱਗ ਰਿਹਾ ਹੋਵੇ ਜਿਵਂੇ ਆਪਾਂ ਖਾਣੇ ਦੇ ਨਾਲ ਨਾਲ ਜ਼ਹਿਰ ਪਰੋਸ ਰਹੇ ਹੋਈਏ। ਪਰ ਹਰ ਇਕ ਨਕਲੀ ਚੀਜ਼ ਅਸਲੀ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸਾਨੂੰ ਜੀ ਸੱਚ ਪੁੱਛੋ ਤਾਂ ਅਸੀਂ ਖਾਣੇ ਦੇ ਨਾਲ, ਨਾਲ ਜ਼ਹਿਰ ਖਾ ਰਹੇ ਹਾਂ ਜੀ। ਜੋ ਮੁਨੱਖੀ ਜਾਨਾਂ ਲਈ ਬਹੁਤ ਘਾਤਕ ਰੂਪ ਧਾਰ ਰਿਹਾ ਹੈ ਜੀ। ਇਹ ਮਿਲਾਵਟ ਰੂਪੀ ਜ਼ਹਿਰ ਸਾਡੇ ਸਰੀਰ ਉੱਤੇ ਐਸਾ ਅਸਰ ਪਾਉਂਦਾ ਹੈ ਜਿਸ ਦਾ ਕਦੇ ਅਸੀਂ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ। ਸੋ ਅਜਿਹੀ ਮਿਲਾਵਟਖੋਰੀ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟਖੋਰਾਂ ਨੂੰ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਪਟਾਕਿਆਂ ਦਾ ਸ਼ੋਰ...
ਅੱਜ ਦੇ ਦਿਨ ਜੇਕਰ ਕਾਇਨਾਤ ਦਾ ਸਿਰਜਕ ਧਰਤੀ 'ਤੇ ਆ ਕੇ ਵੇਖਦਾ ਤਾਂ ਬਰੂਦੀ ਪਟਾਕਿਆਂ ਦੇ ਸ਼ੋਰ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ ਵਿਚ ਪਲੀਤ ਹੋ ਰਹੇ ਵਾਤਾਵਰਨ ਨੂੰ ਵੇਖ ਕੇ ਕੁਰਲਾ ਉੱਠਦਾ। ਉਸ ਨੇ ਕੰਨ ਪਾੜੂ ਠਾਹ-ਠਾਹ ਸੁਣ ਕੇ ਅਤੇ ਧੂੰਏਂ ਕਾਰਨ ਦੁਬ ਕੇ ਬੈਠੇ ਜਾਨਵਰਾਂ ਦੀ ਹੋਣੀ ਤੇ ਹੰਝੂ ਕੇਰਨੇ ਸਨ। ਧਮਾਕਿਆਂ ਦੇ ਸ਼ੋਰ ਤੋਂ ਸਹਿਮ ਕੇ ਆਲ੍ਹਣਿਆਂ ਦੀ ਓਟ ਲੈ ਕੇ ਰਾਤ ਮੁੱਕਣ ਦੀ ਉਡੀਕ ਕਰ ਰਹੇ ਪੰਛੀਆਂ ਵੱਲ ਵੇਖ ਕੇ ਉਦਾਸ ਹੋ ਜਾਣਾ ਸੀ। ਉਸ ਨੇ ਖੁਸ਼ੀਆਂ ਦੇ ਨਾਂਅ ਉੱਪਰ ਸੜ ਰਹੀ ਹਰਿਆਲ਼ੀ ਅਤੇ ਆਤਿਸ਼ਬਾਜ਼ੀਆਂ ਨਾਲ਼ ਲੱਗ ਰਹੀਆਂ ਅੱਗਾਂ ਨੂੰ ਵੇਖ ਕੇ ਆਪਣਾ ਸਿਰ ਫੜ ਬੈਠ ਜਾਣਾ ਸੀ। ਖੁਸ਼ੀ ਮਨਾਉਣ ਦੇ ਹੋਰ ਬੜੇ ਤਰੀਕੇ ਹਨ। ਜੇਕਰ ਆਪਣੇ ਲਈ ਨਹੀਂ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਹੀ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਲਈ ਕੀ ਛੱਡ ਕੇ ਜਾ ਰਹੇ ਹਾਂ? ਸਰਕਾਰਾਂ ਚਾਹੁਣ ਤਾਂ ਇਸ ਸਬੰਧੀ ਵੋਟ ਰਾਜਨੀਤੀ ਤੋਂ ਉੱਪਰ ਉੱਠ ਕੇ ਸਖਤ ਫ਼ੈਸਲੇ ਲੈ ਸਕਦੀਆਂ ਹਨ।


-ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਚੋਣ ਨਤੀਜਿਆਂ ਦਾ ਅਸਰ
ਪੰਜਾਬ ਵਿਚ ਵੋਟਰਾਂ ਨੇ ਪਾਰਟੀ ਬਾਜ਼ੀ ਤੋਂ ਪਰ੍ਹੇ ਹੋ ਕੇ ਉਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਜੋ ਵੋਟਰਾਂ ਨਾਲ ਧੋਖਾ ਕਰ ਕੇ ਜਾਂ ਤਾਂ ਆਪਣਾ ਅਰਸਾ ਵਿਚ ਹੀ ਛੱਡ ਕੇ ਸੰਸਦ ਵਿਚ ਚਲੇ ਗਏ ਜਾਂ ਆਪਣਾ ਅਰਸਾ ਵਿਚੇ ਹੀ ਛੱਡ ਅਸਤੀਫ਼ੇ ਦੇ ਗਏ। ਜਿਨ੍ਹਾਂ ਵੋਟਰਾਂ ਨੇ ਵੋਟਾਂ ਪਾਈਆਂ ਸਨ ਉਹ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਇਸੇ ਤਰ੍ਹਾਂ ਹੀ ਪੰਜਾਬ ਵਿਚ ਹੋਰ ਉਮੀਦਵਾਰ ਵੀ ਆਪਣੀ ਪਾਰਟੀ ਛੱਡ ਦੂਸਰੀ ਪਾਰਟੀ ਵਿਚ ਚਲੇ ਗਏ ਹਨ ਜਾਂ ਲੋਕ ਸਭਾ ਚੋਣਾਂ ਕਰਕੇ ਅਸਤੀਫ਼ਾ ਦੇ ਗਏ, ਉਨ੍ਹਾਂ ਦੀ ਸੁਣਵਾਈ ਸਪੀਕਰ ਕੋਲ ਹੈ। ਜੇਕਰ ਦੁਬਾਰਾ ਵੋਟਾਂ ਪੈਂਦੀਆਂ ਹਨ ਤਾਂ ਵੋਟਰ ਇਨ੍ਹਾਂ ਉਮੀਦਵਾਰਾਂ ਦਾ ਬੁਰਾ ਹਾਲ ਕਰਨਗੇ, ਜਿਸ ਤਰ੍ਹਾਂ ਹੁਣ ਹੋਈਆਂ ਜ਼ਿਮਨੀ ਚੋਣਾਂ 'ਚ ਹੋਇਆ ਹੈ। ਜੋ ਦਲ ਬਦਲਦੇ ਹਨ ਉਨ੍ਹਾਂ 'ਤੇ ਸਦਾ ਵਾਸਤੇ ਚੋਣ ਲੜਨ 'ਤੇ ਪਾਬੰਦੀ ਲਗਾਈ ਜਾਵੇ। ਵਾਰ-ਵਾਰ ਵੋਟਾਂ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਪਵੇਗਾ। ਜਿੰਨਾ ਹੋ ਸਕੇ ਦਲਬਦਲੂਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਫਾਲਤੂ ਖਰਚੇ ਨੂੰ ਬਚਾਇਆ ਜਾ ਸਕੇ।


-ਗੁਰਮੀਤ ਸਿੰਘ ਵੇਰਕਾ


ਮਹਿਕਮਿਆਂ ਦੀ ਖੁੱਲ੍ਹੀ ਪੋਲ
ਪਿਛਲੇ ਦਿਨੀਂ ਡੀ.ਸੀ. ਬਠਿੰਡਾ ਵਲੋਂ ਬੁਲਾਈ ਗਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਪਰਾਲੀ ਸਾੜਨ ਵਾਲਿਆਂ ਕਿਸਾਨਾਂ ਦੀ ਨਿਗਰਾਨੀ ਕੀਤੀ ਜਾਵੇ। ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ, ਜਿਥੇ ਵੀ ਅੱਗ ਦੀ ਖਬਰ ਮਿਲੇ ਤੁਰੰਤ ਨਿਗਰਾਨ ਅਮਲੇ ਉਥੇ ਪਹੁੰਚ ਜਾਣ। ਨਾਲ ਦੀ ਨਾਲ ਕਿਸਾਨਾਂ ਨੂੰ ਵਾਤਾਵਰਨ ਬਾਰੇ ਜਾਗਰੂਕ ਵੀ ਕੀਤਾ ਜਾਵੇ। ਸਾਰੀਆਂ ਰਿਪੋਰਟਾਂ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਭੇਜੀਆਂ ਜਾਣ। ਡੀ.ਸੀ. ਸਾਹਬ ਨੇ ਸਾਰੀਆਂ ਹਿਦਾਇਤਾਂ ਪੂਰੀ ਤਰ੍ਹਾਂ ਦੱਸ ਦਿੱਤੀਆਂ, ਇਨ੍ਹਾਂ 'ਤੇ ਇਨ-ਬਿਨ ਪਾਲਣਾ ਕੀਤੀ ਜਾਵੇ। ਮਹਿਕਮਿਆਂ ਵਾਲਿਆਂ ਨੇ ਚੁੱਕ ਕੇ ਉਨ੍ਹਾਂ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਜਾਂ ਤਾਂ ਉਹ ਮਰ ਚੁੱਕੇ ਸਨ ਜਾਂ ਉਹ ਸੇਵਾਮੁਕਤ ਹੋ ਚੁੱਕੇ ਸਨ। ਅਧਿਕਾਰੀਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਅਧੀਨ ਕਿਹੜੇ ਕਰਮਚਾਰੀ ਕੰਮ ਕਰ ਰਹੇ ਹਨ ਤੇ ਕਿਹੜੇ ਨਹੀਂ। ਇਹ ਬੜੀ ਸ਼ਰਮ ਦੀ ਗੱਲ ਹੈ। ਸਦਾ ਕੰਮ ਸਹੀ ਸਲਾਮਤ ਹੋ ਜਾਵੇਗਾ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਮਮਦੋਟ (ਫਿਰੋਜ਼ਪੁਰ)

31-10-2019

 ਸੰਗਤ ਵਿਚ ਉਤਸ਼ਾਹ
ਜਿਵੇਂ-ਜਿਵੇਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਦਿਨ ਨੇੜੇ ਆ ਰਿਹਾ ਹੈ, ਸੰਗਤ ਵਿਚ ਉਤਸ਼ਾਹ ਵਧ ਰਿਹਾ ਹੈ। ਬਸ ਉਸ ਦਿਨ ਦੀ ਉਡੀਕ ਹੈ ਜਿਸ ਦਿਨ ਲਈ ਸਮੂਹ ਸੰਗਤ ਨੇ ਲਗਾਤਾਰ ਅਰਦਾਸ ਕੀਤੀ। ਕਈ ਸ਼ਰਧਾਲੂ ਹੁਣ ਤਿਆਰ-ਬਰ-ਤਿਆਰ ਹਨ ਤਾਂ ਕਿ ਉਹ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਲੈਣ। ਹੁਣ ਇਹ ਸਬੱਬ ਬਣਿਆ ਹੈ ਕਿ ਦੋਵੇਂ ਪਾਸਿਉਂ ਸਰਹੱਦ ਦੇ ਆਰ-ਪਾਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਹੋ ਰਹੇ ਹਨ ਪਰ ਇਸ ਸਦਭਾਵਨਾ ਦੇ ਬਣੇ ਮਾਹੌਲ ਵਿਚ ਵੀ ਉਹੀ ਭੜਕਾਹਟ ਭਰੀਆਂ ਕਾਰਵਾਈਆਂ ਕਰਨ ਦੇ ਯਤਨ ਹੋ ਰਹੇ ਹਨ। ਦੋਵੇਂ ਪਾਸੇ ਅਜਿਹੇ ਅਨਸਰ ਹਨ ਜੋ ਇਸ ਪੁਨਰ ਮਿਲਣ ਵਿਚ ਰੁਕਾਵਟ ਪਾਉਣਾ ਚਾਹੁੰਦੇ ਹਨ। ਪਿਛਲੇ ਦਿਨੀਂ ਕਸ਼ਮੀਰ ਦੇ ਮੁੱਦੇ 'ਤੇ ਪਕਿਸਤਾਨ ਵਲੋਂ ਪੂਰੀ ਤਰ੍ਹਾਂ ਗੋਲੀਬੰਦੀ ਕੀਤੀ ਗਈ ਤਾਂ ਕਿ ਭਾਰਤ ਨੂੰ ਘੇਰਿਆ ਜਾਵੇ। ਇਧਰ ਭਾਰਤ ਵਿਚ ਵੀ ਮੀਡੀਆ ਰਾਹੀਂ ਅਜਿਹਾ ਵਾਤਾਵਰਨ ਬਣਾਇਆ ਗਿਆ ਕਿ ਹੁਣੇ ਜੰਗ ਲੱਗ ਜਾਵੇਗੀ। ਦੋਵੇਂ ਦੇਸ਼ ਘੋਰ ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਮਾਰ ਹੇਠ ਹਨ। ਜੇ ਇਸ ਧਾਰਮਿਕ ਮੁੱਦੇ ਰਾਹੀਂ ਹੀ ਇਹ ਦੇਸ਼ ਮਿਲਦੇ ਹਨ ਤਾਂ ਇਸ ਖਿੱਤੇ ਲਈ ਲਾਹੇਵੰਦ ਹੈ। ਦੋਵੇਂ ਪੰਜਾਬ ਤਰੱਕੀ ਦੇ ਰਾਹ ਤੁਰ ਸਕਦੇ ਹਨ। ਇਨ੍ਹਾਂ ਦਾ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪ੍ਰਫੁਲਿਤ ਹੋ ਸਕਦੀ ਹੈ। ਕਦੇ ਸਿੰਧ ਜਲ ਸਮਝੌਤੇ ਨੂੰ ਤੋੜਨ ਦੀ ਗੱਲ ਕੀਤੀ ਜਾਂਦੀ ਹੈ। ਸਦਭਾਵਨਾ ਦੇ ਮਾਹੌਲ ਨੂੰ ਜੇਕਰ ਜੰਗ ਵਿਚ ਬਦਲਿਆ ਗਿਆ ਤਾਂ ਇਨ੍ਹਾਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ।


-ਵਿਵੇਕ
ਕੋਟ ਈਸੇ ਖਾਂ (ਮੋਗਾ)।


550 ਸਾਲਾ ਪ੍ਰਕਾਸ਼ ਪੁਰਬ
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਵਿਸ਼ਵ ਭਰ ਵਿਚ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਪਰ ਮੇਰੇ ਹਿਸਾਬ ਨਾਲ ਇਸ ਪ੍ਰਕਾਸ਼ ਪੁਰਬ ਮੌਕੇ ਕਿਸੇ ਵੀ ਕਿਸਮ ਦੀ ਕੋਈ ਸਿਆਸਤ ਜਾਂ ਤੇਰ-ਮੇਰ ਨਹੀਂ ਹੋਣੀ ਚਾਹੀਦੀ। ਸਗੋਂ ਸਾਂਝੇ ਤੌਰ 'ਤੇ ਸਾਰਿਆਂ ਨੂੰ ਰਲ-ਮਿਲ ਕੇ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਸਰਬੱਤ ਦੇ ਭਲੇ ਲਈ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀ। ਇਸ ਲਈ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇ ਸਾਂਝੇ ਤੌਰ 'ਤੇ ਹੀ ਹੋਵੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਅੱਛੇ ਦਿਨ ਆਨੇ ਵਾਲੇ ਹੈਂ...
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਇਹ ਨਾਅਰਾ ਦੇ ਕੇ 'ਬੁਰੇ ਦਿਨ ਜਾਨੇ ਵਾਲੇ ਹੈਂ, ਅੱਛੇ ਦਿਨ ਆਨੇ ਵਾਲੇ ਹੈਂ' ਦੋ ਵਾਰ ਪ੍ਰਧਾਨ ਮੰਤਰੀ ਬਣੇ। ਸੱਚਮੁੱਚ ਚੰਗੇ ਦਿਨ ਆ ਗਏ ਹਨ। ਲੋਕ ਗ਼ਰੀਬ ਤੋਂ ਅਮੀਰ ਬਣ ਗਏ ਹਨ। ਕਾਨੂੰਨ ਤਾਂ ਕੈਨੇਡਾ ਵਰਗੇ ਮੁਲਕ ਤੋਂ ਵੀ ਵਧੀਆ ਹਨ। ਰਿਸ਼ਵਤ ਖ਼ਤਮ ਹੋ ਚੁੱਕੀ ਹੈ। ਭਾਜਪਾ ਦੀ ਮਿਹਰਬਾਨੀ ਸਦਕਾ ਲੋਕ ਖੁਸ਼ ਹਨ। ਅਮਨ ਤੇ ਕਾਨੂੰਨ ਦਾ ਕੋਈ ਮਸਲਾ ਨਹੀਂ। ਸਾਰੇ ਲੋਕ ਸੁਰੱਖਿਅਤ ਹਨ। ਖੇਤਾਂ ਵਿਚ ਹਰਿਆਲੀ ਹੈ। ਕਿਸਾਨਾਂ ਦੇ ਚਿਹਰੇ 'ਤੇ ਰੌਣਕ ਹੈ। ਬੇਰੁਜ਼ਗਾਰੀ ਖੰਭ ਲਾ ਕੇ ਉੱਡ ਗਈ। ਔਰਤਾਂ ਨਾਲ ਜਬਰ-ਜਨਾਹ ਵੀ ਬੰਦ ਹੋ ਗਏ ਹਨ। ਇਥੇ ਹੁਣ ਕੋਈ ਗ਼ਰੀਬ ਨਹੀਂ ਰਿਹਾ। ਕਾਂਗਰਸ ਦਾ ਨਾਅਰਾ 'ਗ਼ਰੀਬੀ ਹਟਾਓ' ਉਹ ਵੀ ਖੋਹ ਲਿਆ ਹੈ। ਨਸ਼ੇ ਦੀ ਤਸਕਰੀ ਬੰਦ ਹੋ ਗਈ ਹੈ। ਹੁਣ ਜਵਾਨੀ ਚਮਕ ਰਹੀ ਹੈ। ਚੋਰ, ਡਾਕੂ ਅਤੇ ਲੁਟੇਰੇ ਸਭ ਫਰਾਰ ਹੋ ਗਏ ਹਨ। ਮੋਦੀ ਜੀ ਦੇ ਸਦਕੇ ਮੂੰਹ ਜ਼ਬਾਨੀ ਚੰਗੇ ਦਿਨ ਆ ਗਏ ਹਨ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।


ਮੈਕਸੀਕੋ ਦੇ ਰਾਹ
ਵਿਦੇਸ਼ ਜਾਣ ਦੀ ਤ੍ਰਿਸ਼ਨਾ ਨੌਜਵਾਨਾਂ ਨੂੰ ਕੁਝ ਵੀ ਕਰਵਾ ਸਕਦੀ ਹੈ। ਪਿਛਲੇ ਦਿਨਾਂ ਵਿਚ ਮੈਕਸੀਕੋ ਰਾਹੀਂ ਅਮਰੀਕਾ ਪੁੱਜਣ ਵਾਲੇ ਕਾਫੀ ਨੌਜਵਾਨ ਵਾਪਸ ਆ ਗਏ ਹਨ। ਏਜੰਟਾਂ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਮੈਕਸੀਕੋ ਤੱਕ ਭੇਜ ਕੇ ਉੱਥੋਂ ਕੰਧ ਰਾਹੀਂ ਅਮਰੀਕਾ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਪਰ ਇਹ ਰਾਹ ਕੋਈ ਆਸਾਨ ਰਾਹ ਨਹੀਂ ਸਗੋਂ ਬੜ੍ਹਾ ਖ਼ਤਰਨਾਕ ਹੈ। ਨੌਜਵਾਨ ਆਪਣੀ ਜ਼ਮੀਨ, ਜਾਇਦਾਦ ਵੇਚ ਕੇ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਹਨ ਅਤੇ ਉਹ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ। ਮੈਕਸੀਕੋ ਤੱਕ ਪਹੁੰਚਣ ਲਈ ਨੌਜਵਾਨ ਕਈ ਦਿਨ ਭੁੱਖੇ, ਪਿਆਸੇ ਮੌਤ ਨੂੰ ਹੱਥ ਉੱਤੇ ਰੱਖ ਜ਼ਹਿਰੀਲੇ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਰੱਖਦੇ ਜਾਂਦੇ ਹਨ। ਰਸਤੇ ਵਿਚ ਕਈ ਨੌਜਵਾਨਾਂ ਨੂੰ ਤਾਂ ਅਮਰੀਕਾ ਦੀ ਥਾਂ ਮੌਤ ਹੀ ਨਸੀਬ ਹੋ ਗਈ। ਕੁਝ ਦਿਨ ਪਹਿਲਾਂ ਮੈਕਸੀਕੋ ਤੋਂ ਕਾਫੀ ਨੌਜਵਾਨ ਡਿਪੋਰਟ ਹੋ ਕੇ ਆਏ, ਜਿਨ੍ਹਾਂ ਦਾ ਬਹੁਤ ਜ਼ਿਆਦਾ ਪੈਸਾ ਖਰਾਬ ਹੋ ਗਿਆ ਹੈ। ਸੋ ਗੁਜ਼ਾਰਿਸ਼ ਹੈ ਉਨ੍ਹਾਂ ਨੌਜਵਾਨ ਵੀਰਾਂ ਨੂੰ ਕਿ ਸਹੀ ਤਰੀਕੇ ਦੇ ਨਾਲ ਹੀ ਵਿਦੇਸ਼ਾਂ ਨੂੰ ਜਾਓ। ਗ਼ਲਤ ਤਰੀਕੇ ਨਾਲ ਆਪਣੀ ਜ਼ਿੰਦਗੀ ਅਤੇ ਕਮਾਈ ਖਰਾਬ ਨਾ ਕਰੋ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।


ਰੱਜ ਕੇ ਚੱਲੇ ਦੀਵਾਲੀ 'ਤੇ ਪਟਾਕੇ
ਪੰਜਾਬ ਸਰਕਾਰ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ ਸਾੜਨ 'ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਅਤੇ ਉਲੰਘਣਾ ਕਰਨ ਵਾਲਿਆਂ 'ਤੇ ਕਈ ਕਿਸਮ ਦੀਆਂ ਕਾਰਵਾਈਆਂ ਦੇ ਆਦੇਸ਼ ਜਾਰੀ ਕੀਤੇ ਹਨ ਪਰ ਦੀਵਾਲੀ ਮੌਕੇ ਮਿੱਥੇ ਸਮੇਂ ਤੋਂ ਬਾਅਦ ਦੇਰ ਰਾਤ ਤੱਕ ਪਟਾਕੇ ਰੱਜ ਕੇ ਚਲਾਏ ਗਏ, ਉਥੇ ਹੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਵੀ ਨਹੀਂ ਕੀਤੀ ਗਈ। ਭਾਵੇਂ ਇਸ ਵਾਰ ਦੀਵਾਲੀ 'ਤੇ ਪ੍ਰਦੂਸ਼ਣ ਦਾ ਸੁਧਾਰ ਹੋਇਆ ਦੱਸਿਆ ਗਿਆ ਹੈ, ਪਰ ਦੀਵਾਲੀ ਤੋਂ ਅਗਲੇ ਦਿਨ ਸਵੇਰੇ ਆਸਮਾਨ 'ਤੇ ਧੂੰਏਂ ਦੇ ਬੱਦਲ ਛਾ ਗਏ, ਜਿਸ ਕਾਰਨ ਸੂਰਜ ਦੀ ਰੌਸ਼ਨੀ ਉਸ ਦਿਨ ਤੋਂ ਹੀ ਮੱਧਮ ਹੋ ਗਈ ਅਤੇ ਸਵੇਰ ਵੇਲੇ ਲੋਕਾਂ ਨੂੰ ਸੈਰ ਕਰਨ ਵੇਲੇ ਵੀ ਸਾਹ ਲੈਣ 'ਚ ਮੁਸ਼ਕਿਲ ਪੇਸ਼ ਆਈ। ਸੋ, ਲੋੜ ਹੈ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਉਥੇ ਹੀ ਸਰਕਾਰ ਵਲੋਂ ਪਰਾਲੀ ਸਾੜਨ 'ਤੇ ਕੀਤੀ ਸਖ਼ਤੀ ਵਾਂਗ ਅਜਿਹੇ ਮਹੱਤਵਪੂਰਨ ਪ੍ਰਦੂਸ਼ਿਤ ਤਿਉਹਾਰਾਂ 'ਤੇ ਵੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

30-10-2019

 ਮੁਲਾਜ਼ਮਾਂ ਦੀ ਵੀ ਸੁਣੋ
ਕਿਹਾ ਜਾਂਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀ ਮਾਂ ਹੁੰਦੀ ਹੈ ਅਤੇ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪਰ ਪਿਛਲੇ ਢਾਈ ਸਾਲ ਤੋਂ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵੱਲ ਧਿਆਨ ਨਹੀਂ ਦੇ ਰਹੀ। ਜਦ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇ ਰਹੀਆਂ ਹਨ ਤਾਂ ਪੰਜਾਬ ਸਰਕਾਰ ਕਿਸ ਨਾਲੋਂ ਮਾੜੀ ਲਿੱਸੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵਾਂ ਦੀ ਖ਼ੁਸ਼ੀ ਵਿਚ ਸਰਕਾਰਾਂ ਕੈਦੀਆਂ ਦੀ ਰਿਹਾਈ ਦੇ ਹੁਕਮ ਦੇ ਰਹੀਆਂ ਹਨ, ਕਿਉਂ ਨਾ ਸਰਕਾਰੀ ਮੁਲਾਜ਼ਮਾਂ ਨੂੰ ਵੀ ਇਸ ਪਵਿੱਤਰ ਮੌਕੇ 'ਤੇ ਕੋਈ ਸੁਗਾਤ ਦੇ ਕੇ ਨਿਵਾਜਿਆ ਜਾਵੇ। ਇਸ ਲਈ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਅਟੁੱਟ ਅੰਗ ਮੁਲਾਜ਼ਮਾਂ ਨੂੰ ਬਣਦਾ ਡੀ.ਏ. ਅਤੇ ਉਸ ਦੇ ਬਕਾਏ ਸਮੇਤ ਪੇਅ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।


-ਮਹਿੰਦਰ ਸਿੰਘ ਬਾਜਵਾ
ਸੇਵਾ-ਮੁਕਤ ਸੀ.ਐਚ.ਟੀ.।


ਵਧੀਆ ਰਚਨਾਵਾਂ
'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੇ ਜੋ ਲੇਖ ਛਪਦੇ ਹਨ, ਸਾਰੇ ਹੀ ਭਰਪੂਰ ਜਾਣਕਾਰੀ ਵਾਲੇ ਹੁੰਦੇ ਹਨ। ਜੇਕਰ ਇਨ੍ਹਾਂ ਲੇਖਾਂ ਨੂੰ ਧਿਆਨ ਨਾਲ ਬੱਚੇ ਪੜ੍ਹਨ ਤਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਹੁਤ ਹੀ ਆਸਾਨੀ ਨਾਲ ਪਾਸ ਕਰ ਸਕਦੇ ਹਨ। ਡਾ: ਬਰਜਿੰਦਰ ਸਿੰਘ ਹਮਦਰਦ ਜੀ ਹਰ ਇਕ ਵਿਸ਼ੇ 'ਤੇ ਬਹੁਤ ਵਧੀਆ ਲਿਖਦੇ ਹਨ। ਇਸ ਤੋਂ ਇਲਾਵਾ ਜਿਹੜੇ ਲੇਖਕਾਂ ਦੀਆਂ ਰਚਨਾਵਾਂ ਸੰਪਾਦਕੀ ਸਫ਼ੇ 'ਤੇ ਛਪਦੀਆਂ ਹਨ, ਬਹੁਤ ਹੀ ਵਧੀਆ ਹੁੰਦੀਆਂ ਹਨ। ਉਮੀਦ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਵਧੀਆ ਰਚਨਾਵਾਂ ਛਪਦੀਆਂ ਰਹਿਣਗੀਆਂ। ਮੈਂ ਖ਼ੁਦ ਆਈ.ਏ.ਐਸ. (ਐਸਪੀਰੈਂਟ) ਹਾਂ। ਮੇਰੇ 'ਅਜੀਤ' ਅਖ਼ਬਾਰ ਪੜ੍ਹਨ ਨਾਲ ਗਿਆਨ ਵਿਚ ਕਾਫੀ ਵਾਧਾ ਹੋਇਆ ਹੈ। ਪੂਰੀ 'ਅਜੀਤ' ਦੀ ਟੀਮ ਵਧਾਈ ਦੀ ਪਾਤਰ ਹੈ।


-ਸੰਜੀਵ ਸਿੰਘ ਸੈਣੀ (ਇੰ:)
ਮੁਹਾਲੀ।


ਪੰਚਾਇਤਾਂ ਆਪਣਾ ਮੂਲ ਪਛਾਣਨ
ਪੰਜਾਬ ਦੇ ਵੱਖ-ਵੱਖ ਪਿੰਡਾਂ 'ਚੋਂ ਅਕਸਰ ਹੀ ਕਿਸੇ ਨਾ ਕਿਸੇ ਪਿੰਡ ਦੇ ਨਰੇਗਾ ਮਜ਼ਦੂਰ ਸੜਕ ਕਿਨਾਰੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਏਨੀ ਵੱਡੀ ਗਿਣਤੀ ਵਿਚ ਮਜ਼ਦੂਰ ਹੋਣ ਦੇ ਬਾਵਜੂਦ ਨਾਮਾਤਰ ਜਿਹਾ ਕੰਮ ਹੋ ਰਿਹਾ ਹੁੰਦਾ ਹੈ। ਬਾਰਿਸ਼ਾਂ ਕਾਰਨ ਆਮ ਹੀ ਸੜਕਾਂ ਦੇ ਕਿਨਾਰਿਆਂ ਤੋਂ ਮਿੱਟੀ ਖੁਰ ਕੇ ਡੂੰਘੇ ਟੋਏ ਪਏ ਹੁੰਦੇ ਹਨ। ਉਨ੍ਹਾਂ ਟੋਇਆਂ ਨੂੰ ਪੂਰਨ ਦੀ ਥਾਂ ਐਵੇਂ ਮਾੜਾ-ਮੋਟਾ ਘਾਹ-ਫੂਸ ਪੁੱਟ ਕੇ ਟਾਈਮ ਟਪਾਇਆ ਜਾਂਦਾ ਹੈ। ਜੇਕਰ ਪੰਚਾਇਤ ਪਿੰਡ ਦੇ ਇਹੋ ਜਿਹੇ ਨਿੱਕੇ-ਮੋਟੇ ਕੰਮਾਂ ਨੂੰ ਸਹੀ ਸੇਧ ਦੇ ਕੇ ਕਰਵਾਏ ਤਾਂ ਜਿਥੇ ਲਾਂਘੇ-ਟਾਂਪੇ ਵਾਲਿਆਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਬਚਾਅ ਹੋ ਸਕਦਾ ਹੈ, ਉਥੇ ਹੀ ਪਿੰਡ ਦੀ ਦਿੱਖ 'ਚ ਵੀ ਸੁਧਾਰ ਆਵੇਗਾ। ਬੱਸ ਲੋੜ ਹੈ ਪੰਚਾਇਤਾਂ ਨੂੰ ਸਿਆਸੀ ਪਿਛਲੱਗ ਬਣਨ ਦੀ ਬਜਾਏ ਸੰਵੇਦਨਸ਼ੀਲ ਬਣਨ ਦੀ। ਪੰਚਾਇਤਾਂ ਨੂੰ ਆਪਣਾ ਮੰਤਵ ਪਛਾਣਨ ਦੀ ਲੋੜ ਹੈ ਨਾ ਕਿ ਸਿਆਸੀ ਸ਼ਰੀਕੇਬਾਜ਼ੀ ਪੁਗਾਉਣ ਦੀ।


-ਜਗਮੀਤ ਸਿੰਘ
ਪਿੰਡ ਦੋਦਾ, ਸ੍ਰੀ ਮੁਕਤਸਰ ਸਾਹਿਬ।


ਵਧਦੀ ਆਬਾਦੀ
ਕੁਝ ਹੀ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋਈ ਸੀ ਜਿਸ ਵਿਚ ਨੌਜਵਾਨਾਂ ਦੁਆਰਾ ਭਾਜਪਾ ਸਰਕਾਰ ਨੂੰ 'ਟੂ ਚਾਈਲਡ ਪਾਲਿਸੀ' ਲਾਗੂ ਕਰਨ ਲਈ ਕਿਹਾ ਗਿਆ ਸੀ। ਇਹ ਗੱਲ ਵਧੇਰੇ ਮਹੱਤਵਪੂਰਨ ਅਤੇ ਅਪਣਾਉਣਯੋਗ ਹੈ, ਜੇਕਰ ਅਜਿਹੀ ਕੋਈ ਪਾਲਿਸੀ ਲਾਗੂ ਕੀਤੀ ਜਾਵੇ ਤਾਂ ਦੇਸ਼ ਦੀ ਆਬਾਦੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਭਾਰਤ ਆਬਾਦੀ ਦੇ ਆਧਾਰ 'ਤੇ ਤੀਸਰੇ ਸਥਾਨ 'ਤੇ ਦਰਜ ਸੀ ਪਰ ਹੁਣ ਭਾਰਤ ਦਾ ਨਾਂਅ ਦੂਸਰੇ ਥਾਂ 'ਤੇ ਪਹੁੰਚ ਗਿਆ ਹੈ ਅਤੇ ਜੇ ਅਜਿਹੀ ਕੋਈ ਸਖ਼ਤ ਧਾਰਨਾ ਨਹੀਂ ਅਪਣਾਈ ਗਈ ਤੇ ਮੁਲਕ ਦੀ ਵਧਦੀ ਆਬਾਦੀ ਦਾ ਅਰਥ ਕਿਤੇ ਨਾ ਕਿਤੇ ਭਾਰਤ ਦੀ ਕਮਜ਼ੋਰ ਨੀਤੀ ਪ੍ਰਣਾਲੀ ਵੱਲ ਇਸ਼ਾਰਾ ਹੈ।


-ਗੁਰਮੀਤ ਕੌਰ
ਦੋਆਬਾ ਕਾਲਜ, ਜਲੰਧਰ।


ਸਹੀ ਗ਼ਲਤ ਪਛਾਣੋ
ਅਕਸਰ ਹੀ ਲੋਕਾਂ ਤੋਂ ਇਹ ਕਹਿੰਦੇ ਸੁਣਿਆ ਹੈ ਕਿ ਕਿਸੇ ਨੂੰ ਦੋਸ਼ ਨਾ ਦਿਓ ਪਹਿਲਾਂ ਆਪਣੇ-ਆਪ ਵੱਲ ਝਾਤੀ ਮਾਰੋ ਜਾਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੋ। ਇਹ ਅਖਾਣ ਐਵੇਂ ਹੀ ਨਹੀਂ ਬਣੇ ਇਹ ਤਜਰਬਿਆਂ 'ਚੋਂ ਨਿਕਲੇ ਬੋਲ ਹਨ ਤੇ ਇਨ੍ਹਾਂ ਲਫ਼ਜ਼ਾਂ ਦੇ ਡੂੰਘੇ ਮਤਲਬ ਹੁੰਦੇ ਹਨ। ਕਈ ਵਾਰ ਜੋ ਸਾਨੂੰ ਦਿੱਸਦਾ ਹੈ, ਉਹ ਹੁੰਦਾ ਨਹੀਂ ਤੇ ਅਸੀਂ ਗ਼ਲਤ ਮਨੁੱਖ 'ਤੇ ਭਰੋਸਾ ਕਰ ਸਹੀ ਇਨਸਾਨ ਨੂੰ ਬੁਰਾ ਬਣਾਉਣ ਲੱਗਿਆਂ ਦੇਰ ਨਹੀਂ ਲਾਉਂਦੇ। ਬਥੇਰੇ ਦੋਸ਼ੀ ਲੋਕ ਜੱਜ ਕੋਲੋਂ ਬਚ ਜਾਂਦੇ ਹਨ ਤੇ ਨਿਰਦੋਸ਼ ਲੋਕ ਜੇਲ੍ਹਾਂ 'ਚ ਬੈਠੇ ਉਨ੍ਹਾਂ ਦੀ ਸਜ਼ਾ ਕੱਟ ਰਹੇ ਹੁੰਦੇ ਹਨ। ਇਥੇ ਝੂਠ ਜਿੱਤ ਜਾਂਦਾ ਹੈ ਤੇ ਸੱਚ ਹਾਰ ਜਾਂਦਾ ਹੈ। ਅਜਿਹੇ ਹਾਦਸਿਆਂ ਦੇ ਹੋਣ ਦਾ ਕਾਰਨ ਮਨੁੱਖ ਦੇ ਅੰਦਰੋਂ ਸਬਰ, ਸੰਤੋਖ ਤੇ ਨਿਮਰਤਾ ਆਦਿ ਵਰਗੇ ਗੁਣਾਂ ਦਾ ਮਰ ਜਾਣਾ ਤੇ ਗ਼ਲਤ ਸੰਗਤ ਦੇ ਪ੍ਰਭਾਵ ਹੇਠਾਂ ਆ ਜਾਣਾ ਹੈ। ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਵੱਡੇ ਹੋ ਕੇ ਨਸ਼ੇੜੀ, ਗੈਂਗਸਟਰ, ਅੱਤਵਾਦੀ ਜਾਂ ਕੁਝ ਹੋਰ ਬਣਨ, ਇਹ ਸਭ ਬਣਨ ਦਾ ਕਾਰਨ ਬੇਰੁਜ਼ਗਾਰੀ, ਗ਼ਲਤ ਸੰਗਤ, ਗ਼ਰੀਬੀ ਆਦਿ ਹੋ ਸਕਦਾ ਹੈ।
ਅਸਲ ਵਿਚ ਜੇਕਰ ਮਨੁੱਖ ਅੰਦਰ ਦੂਸਰੇ ਮਨੁੱਖਾਂ ਪ੍ਰਤੀ ਪਿਆਰ, ਦਇਆ, ਸੰਤੋਖ, ਸਬਰ, ਨਿਮਰਤਾ, ਕਿਰਤ ਕਰਨਾ, ਬਰਾਬਰਤਾ ਨਾਲ ਦੇਖਣ ਵਰਗੇ ਗੁਣ ਆ ਜਾਣ ਤਾਂ ਉਸ ਮਨੁੱਖ ਨੂੰ ਸੰਤ ਮਹਾਤਮਾ ਕਹਿਣਾ ਬੇਲੋੜਾ ਨਹੀਂ ਹੋਵੇਗਾ।


-ਸੁਰਜੀਤ ਸਿੰਘ
ਪਿੰਡ ਦਿਲਾ ਰਾਮ, ਜ਼ਿਲ੍ਹਾ ਫ਼ਿਰੋਜ਼ਪੁਰ।


ਲੋਕ ਕਲਾਵਾਂ ਦੀ ਤ੍ਰਾਸਦੀ
ਜਦੋਂ ਮਨੁੱਖ ਨੇ ਜੰਗਲੀ ਜੀਵਨ ਛੱਡ ਕੇ ਪਿੰਡਾਂ/ਸ਼ਹਿਰਾਂ ਵਿਚ ਰਹਿਣਾ ਸ਼ੁਰੂ ਕੀਤਾ ਹੈ, ਉਦੋਂ ਹੀ ਉਸ ਨੇ ਆਪਣੇ ਗੁਜ਼ਰ-ਬਸਰ ਲਈ ਕਈ ਤਰ੍ਹਾਂ ਦੀਆਂ ਵਸਤੂਆਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ। ਇਹੀ ਵਸਤੂਆਂ ਦਾ ਨਿਰਮਾਣ ਹੌਲੀ-ਹੌਲੀ ਲੋਕ ਕਲਾਵਾਂ ਦਾ ਰੂਪ ਧਾਰਨ ਕਰ ਗਿਆ ਜੋ ਪੀੜ੍ਹੀ-ਦਰ-ਪੀੜ੍ਹੀ ਸਾਡੇ ਤੱਕ ਪਹੁੰਚ ਰਿਹਾ ਹੈ। ਪਰ ਅੱਜ ਦੇ ਮਸ਼ੀਨੀ ਯੁੱਗ ਵਿਚ ਇਹ ਲੋਕ ਕਲਾਵਾਂ ਦਮ ਤੋੜਦੀਆਂ ਜਾ ਰਹੀਆਂ ਹਨ ਅਤੇ ਇਸ ਦੇ ਸਿਰਜਕ ਮਾਯੂਸੀ ਦੇ ਆਲਮ ਵਿਚ ਹਨ। ਕੱਪੜੇ ਬੁਣਨਾ, ਦਰੀਆਂ ਬੁਣਨਾ, ਟੋਕਰੇ ਬਣਾਉਣਾ, ਮਿੱਟੀ ਦੇ ਭਾਂਡੇ, ਲੱਕੜ ਦੇ ਖਿਡੌਣੇ, ਕੱਤਣਾ, ਕਢਾਈ ਅਤੇ ਹੋਰ ਕਈ ਤਰ੍ਹਾਂ ਦਾ ਕਿੱਤਾ ਕਰਨ ਵਾਲੇ ਜਾਂ ਤਾਂ ਕੰੰਮ ਛੱਡ ਚੁੱਕੇ ਹਨ ਜਾਂ ਫਿਰ ਗਾਹਕ ਨਾ ਹੋਣ ਕਾਰਨ ਨਿਰਾਸ਼ ਹਨ। ਮਿਹਨਤ ਵੱਧ ਅਤੇ ਕਮਾਈ ਘੱਟ ਹੋਣ ਕਾਰਨ ਨਵੀਂ ਪੀੜ੍ਹੀ ਤਾਂ ਮੂਲੋਂ ਹੀ ਇਨ੍ਹਾਂ ਕਲਾਵਾਂ ਤੋਂ ਮੂੰਹ ਮੋੜ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹ ਦਸਤਕਾਰੀ ਜਾਂ ਲੋਕ ਕਲਾਵਾਂ ਬਿਲਕੁਲ ਖ਼ਤਮ ਹੋ ਜਾਣਗੀਆਂ। ਇਸ ਸਬੰਧੀ ਆਮ ਮਨੁੱਖ ਨੂੰ ਅਤੇ ਸਰਕਾਰਾਂ ਨੂੰ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ।
ਹਰ ਦਿਨ-ਤਿਉਹਾਰ 'ਤੇ ਹੱਥੀਂ ਬਣੀਆਂ ਵਸਤੂਆਂ ਦੀ ਖ਼ਰੀਦ ਕਰਕੇ ਅਸੀਂ ਇਨ੍ਹਾਂ ਕਲਾਵਾਂ ਨੂੰ ਬਚਾਉਣ ਵਿਚ ਸਹਾਈ ਹੋ ਸਕਦੇ ਹਾਂ। ਜੇਕਰ ਸਰਕਾਰ ਇਨ੍ਹਾਂ ਵਸਤੂਆਂ ਦੇ ਨਿਰਮਾਣ ਦਾ ਉੱਚਿਤ ਮੰਡੀਕਰਨ ਕਰਵਾਵੇ ਤਾਂ ਇਹ ਲੋਕ ਕਲਾਵਾਂ ਜੀਵਤ ਰਹਿ ਸਕਦੀਆਂ ਹਨ। ਨਹੀਂ ਤਾਂ ਛੇਤੀ ਹੀ ਇਹ 'ਅਜਾਇਬ ਘਰ' ਦਾ ਸ਼ਿੰਗਾਰ ਬਣ ਜਾਣਗੀਆਂ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

29-10-2019

 ਮੰਗ ਅਤੇ ਪੈਦਾਵਾਰ

ਮੰਗ ਅਤੇ ਪੈਦਾਵਾਰ ਇਕੋ ਸਿੱਕੇ ਦੇ ਦੋ ਪਹਿਲੂ ਹਨ। ਜਿੰਨੀ ਕਿਸੇ ਚੀਜ਼ ਦੀ ਮੰਗ ਵਧਦੀ ਹੈ, ਓਨੀ ਹੀ ਉਸ ਦੀ ਪੈਦਾਵਾਰ ਵਧਾਉਣੀ ਪੈਂਦੀ ਹੈ। ਜੇਕਰ ਕਿਸੇ ਚੀਜ਼ ਦੀ ਮੰਗ ਰਹੇ ਹੀ ਨਾ ਤਾਂ ਪੈਦਾਵਾਰ ਦੀ ਲੋੜ ਹੀ ਨਹੀਂ। ਭਾਵ ਬੇਲੋੜੀਆਂ ਚੀਜ਼ਾਂ ਪੈਦਾ ਕਰਨ ਦਾ ਕਿਸੇ ਨੂੰ ਭਲਾ ਕੀ ਲਾਭ? ਜਿਵੇਂ ਕਿ ਨਸ਼ਾ ਅਤੇ ਅਜੋਕੀ ਗਾਇਕੀ ਇਸ ਦੀਆਂ ਮੁਢਲੀਆਂ ਉਦਾਹਰਨਾਂ ਹਨ। ਨਸ਼ੇ ਦੀ ਜੇਕਰ ਮੰਗ ਹੈ ਤਾਂ ਹੀ ਪੈਦਾ ਹੋ ਰਿਹਾ ਹੈ। ਸਮਾਜ ਵਿਚ ਵਧੇਰੇ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ ਨਸ਼ੇ ਦੇ ਆਦੀ ਹੋ ਰਹੇ ਹਨ। ਇਸੇ ਕਰਕੇ ਹੀ ਨਸ਼ੇ ਦੀ ਪੈਦਾਵਾਰ ਵੀ ਵਧ ਰਹੀ ਹੈ। ਜੇਕਰ ਕੋਈ ਨਸ਼ਾ ਮੰਗੇ ਹੀ ਨਾ ਤਾਂ ਨਸ਼ੇ ਬਣਾਉਣ ਵਾਲੀਆਂ ਕੰਪਨੀਆਂ ਨਸ਼ਾ ਵੇਚਣਗੀਆਂ ਕਿਸ ਨੂੰ? ਇਸੇ ਤਰ੍ਹਾਂ ਪੰਜਾਬੀ ਗਾਇਕੀ ਵੀ ਹਥਿਆਰਾਂ, ਨਸ਼ਿਆਂ ਅਤੇ ਲੱਚਰਤਾ ਨਾਲ ਭਰੀ ਹੈ। ਕਿਉਂਕਿ ਸਮਾਜ ਦੀ ਮੰਗ ਹੀ ਇਹੋ ਜਿਹੀ ਹੈ। ਪੈਸੇ ਖਾਤਰ ਹਰ ਕੋਈ ਮੰਗ ਨੂੰ ਹੀ ਪੂਰ ਰਿਹਾ ਹੈ। ਇਹ ਸਾਰੀਆਂ ਸਮਾਜਿਕ ਬੁਰਾਈਆਂ ਹਨ ਜੋ ਕਿ ਸਮਾਜ ਨੂੰ ਹੀ ਇਕਜੁਟ ਹੋ ਕੇ ਖ਼ਤਮ ਕਰਨੀਆਂ ਪੈਣੀਆਂ ਹਨ।

-ਮਨਦੀਪ ਸਿੰਘ ਸ਼ੇਰੋਂ
ਸੁਨਾਮ, ਊਧਮ ਸਿੰਘ ਵਾਲਾ।

ਲੰਮੀ ਉਮਰ ਲਈ ਦੋਸਤਾਂ ਦੀ ਜ਼ਰੂਰਤ

ਲੰਮੀ ਉਮਰ ਜਿਊਣ ਲਈ ਸਿਰਫ ਚੰਗੇ ਭੋਜਨ ਜਾਂ ਨਿਰੰਤਰ ਕਸਰਤ ਹੀ ਜ਼ਰੂਰੀ ਨਹੀਂ ਹੈ ਸਗੋਂ ਦੋਸਤੀ ਦਾ ਘੇਰਾ ਵਧਾਉਣਾ ਬੇਹੱਦ ਜ਼ਰੂਰੀ ਹੈ। ਅੱਜਕਲ੍ਹ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਤਣਾਅ ਵਧ ਰਿਹਾ ਹੈ। ਜਿਸ ਕਾਰਨ ਕਈ ਬਿਮਾਰੀਆਂ ਦੇ ਚੁੰਗਲ 'ਚ ਅੱਜ ਦਾ ਇਨਸਾਨ ਆ ਰਿਹਾ ਹੈ। ਇਸ ਲਈ ਤਣਾਅ ਨੂੰ ਘੱਟ ਕਰਨ ਲਈ ਦੋਸਤਾਂ ਦਾ ਘੇਰਾ ਵਧਾਉਣ ਦੀ ਜ਼ਰੂਰਤ ਹੈ। ਦੋਸਤਾਂ ਨਾਲ ਕੀਤੀ ਗਈ ਗੱਪ-ਸ਼ੱਪ ਤਣਾਅ ਘੱਟ ਕਰਨ ਦਾ ਬਿਹਤਰ ਜ਼ਰੀਆ ਹੈ। ਦੋਸਤਾਂ ਨਾਲ ਖੁੱਲ੍ਹ ਕੇ ਕੀਤੀ ਗੱਲਬਾਤ ਨਾਲ ਤਣਾਅ, ਬੇਚੈਨੀ, ਚਿੜਚਿੜਾਪਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

-ਹਰਪ੍ਰੀਤ ਸਿੰਘ, ਨਾਭਾ ਕੈਂਡ।

ਪ੍ਰਦੂਸ਼ਣ ਦਾ ਖ਼ਤਰਨਾਕ ਪੱਧਰ

ਇਨ੍ਹਾਂ ਦਿਨਾਂ ਵਿਚ ਪੰਜਾਬ, ਹਰਿਆਣਾ, ਯੂ.ਪੀ. ਅਤੇ ਰਾਜਧਾਨੀ ਦਿੱਲੀ ਵਿਚ ਆਬੋ-ਹਵਾ ਇਸ ਕਦਰ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਲੋਕਾਂ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ। ਲੋਕਾਂ ਵਿਚ ਅੱਖਾਂ, ਕੰਨ, ਗਲਾ ਅਤੇ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਹੋ ਗਿਆ ਹੈ। ਬੇਸ਼ਕ ਇਕੱਲਾ ਤਾਂ ਨਹੀ ਕਿਹਾ ਜਾ ਸਕਦਾ ਪਰ ਤਾਂ ਵੀ ਇਸ ਵਧਦੇ ਪ੍ਰਦੂਸ਼ਣ ਦਾ ਇਕ ਅਹਿਮ ਕਾਰਨ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣਾ ਸਮਝਿਆ ਜਾ ਰਿਹਾ ਹੈ। ਜੇਕਰ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੀ ਪੁਰਜ਼ੋਰ ਕੋਸ਼ਿਸ਼ ਦੇ ਬਾਵਜੂਦ ਪਰਾਲੀ ਨੂੰ ਸਾੜਨ ਦਾ ਰੁਝਾਨ ਬਾਦਸਤੂਰ ਜਾਰੀ ਹੈ। ਘਟਣ ਦੀ ਥਾਂ 'ਤੇ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ 433 ਮਾਮਲੇ ਵੱਧ ਨੋਟ ਕੀਤੇ ਗਏ ਹਨ। ਇਸ ਸਬੰਧੀ ਡਾਕਟਰਾਂ ਨੇ ਤਾਂ ਲੋਕਾਂ ਨੂੰ ਮਾਸਕ ਪਹਿਨ ਕੇ ਬਾਹਰ ਨਿਕਲਣ ਦੀ ਤਾਕੀਦ ਕਰ ਦਿੱਤੀ ਹੈ। ਹੁਣ ਜਦੋਂ ਕਿ ਸਮੁੱਚਾ ਵਿਸ਼ਵ ਵਧ ਰਹੇ ਪ੍ਰਦੂਸ਼ਣ ਤੋਂ ਚਿੰਤਤ ਹੈ ਤਾਂ ਸਾਡੀ ਸਰਕਾਰ ਨੂੰ ਵੀ ਇਸ ਦੀ ਰੋਕਥਾਮ ਲਈ ਹੋਰ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਮੁੱਚਾ ਖਿੱਤਾ ਰਹਿਣ ਦੇ ਯੋਗ ਨਹੀਂ ਰਹੇਗਾ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਅਵਾਰਾ ਪਸ਼ੂਆਂ ਦਾ ਕਹਿਰ

ਅੱਜ ਪੰਜਾਬ 'ਚ ਅਵਾਰਾ ਪਸ਼ੂਆਂ ਦੀ ਇਹ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਰੋਜ਼ਾਨਾ ਇਨ੍ਹਾਂ ਅਵਾਰਾ ਪਸ਼ੂਆਂ ਦੇ ਕਹਿਰ ਕਾਰਨ ਸ਼ਹਿਰਾਂ ਅਤੇ ਸੜਕਾਂ 'ਤੇ ਮੌਤਾਂ ਹੋ ਰਹੀਆਂ ਹਨ। ਸੰਗਰੂਰ ਵਿਚ ਹੀ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ 9 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਹੋਰ ਸ਼ਹਿਰਾਂ ਵਿਚ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਪ੍ਰਸ਼ਾਸਨ ਤੇ ਸਰਕਾਰ 'ਤੇ ਇਸ ਦਾ ਕੋਈ ਅਸਰ ਨਹੀਂ। ਜੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕਹਿਰ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਹਰ ਆਮ ਨਾਗਰਿਕ ਦਾ ਸ਼ਹਿਰਾਂ 'ਚ ਜਾਣਾ ਮੁਸ਼ਕਿਲ ਹੋ ਜਾਵੇਗਾ। ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਖ਼ਤਰਨਾਕ ਹਾਦਸੇ ਨਾ ਵਾਪਰਨ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

ਆਸ ਦੀ ਕਿਰਨ

ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਰਚਨਾ 'ਕੈਨੇਡਾ ਦੀਆਂ ਚੋਣਾਂ 'ਚ ਟਰੂਡੋ ਦੀ ਜਿੱਤ' ਪੜ੍ਹੀ, ਕਾਬਲੇ ਗ਼ੌਰ ਸੀ। ਭਾਵੇਂ ਪੰਜਾਬ ਵਿਚ ਜ਼ਿਮਨੀ ਚੋਣਾਂ ਅਤੇ ਹਰਿਆਣਾ ਵਿਚ 21 ਅਕਤੂਬਰ ਨੂੰ ਵੋਟਾਂ ਪਈਆਂ ਸਨ। ਉਸੇ ਦਿਨ ਹੀ ਕੈਨੇਡਾ ਵਿਚ ਵੋਟਾਂ ਪਈਆਂ ਪਰ ਪੰਜਾਬੀਆਂ ਨੇ ਪੰਜਾਬ ਦੀਆਂ ਵੋਟਾਂ ਵਿਚ ਕੋਈ ਦਿਲਚਸਪੀ ਨਹੀਂ ਲਈ, ਸਾਰਿਆਂ ਦੀਆਂ ਨਜ਼ਰਾਂ ਟਰੂਡੋ ਸਰਕਾਰ ਨੂੰ ਦੁਬਾਰਾ ਜਿਤਾਉਣ 'ਤੇ ਸਨ ਤੇ ਅਰਦਾਸਾਂ ਕਰ ਰਹੇ ਸੀ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਟਰੂਡੋ ਸਰਕਾਰ ਨੂੰ ਵੋਟਾਂ ਪਾਉਣ ਲਈ ਆਗਾਹ ਕਰ ਰਹੇ ਸੀ। ਕਿਉਂਕਿ ਟਰੂਡੋ ਸਰਕਾਰ ਨੇ ਇਮੀਗ੍ਰੇਸ਼ਨ ਵਿਚ ਪੰਜਾਬੀਆਂ ਲਈ ਕਈ ਰਿਆਇਤਾਂ ਦਿੱਤੀਆਂ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਕੋਈ ਹੋਰ ਸਰਕਾਰ ਆ ਜਾਵੇਗੀ, ਇਮੀਗ੍ਰੇਸ਼ਨ ਵਿਚ ਸਖ਼ਤੀ ਹੋ ਜਾਵੇਗੀ। ਨੌਜਵਾਨ ਪੀੜ੍ਹੀ ਪੰਜਾਬ ਦੇ ਆਗੂਆਂ ਤੋਂ ਨਾਰਾਜ਼ ਹੈ। ਪੜ੍ਹ-ਲਿਖ ਕੇ ਨੌਕਰੀ ਨਹੀਂ ਮਿਲ ਰਹੀ, ਨਿਰਾਸ਼ਾ ਦੇ ਆਲਮ ਵਿਚ ਬਾਹਰ ਜਾ ਰਹੀ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਨਾਲੋਂ ਟਰੂਡੋ ਸਰਕਾਰ ਤੋਂ ਆਸ ਦੀ ਕਿਰਨ ਨਜ਼ਰ ਆਈ ਹੈ। ਪਰ ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀ ਸਾਰ ਲੈਣ ਲਈ ਸੰਜੀਦਗੀ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕੇ ਵਧ ਰਹੇ ਬਾਹਰ ਜਾਣ ਦੇ ਰੁਝਾਨ ਤੇ ਪੈਸੇ ਨੂੰ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਮਿਲਾਵਟਖ਼ੋਰੀ

ਅੱਜ ਜੇਕਰ ਆਪਾਂ ਬਾਜ਼ਾਰੀ ਖਾਣ-ਪੀਣ ਦੀਆਂ ਵਸਤੂਆਂ ਵੱਲ ਦੇਖੀਏ ਤਾਂ ਜਿਵੇਂ ਕਹਿ ਲਵੋ ਕਿ ਹਰ ਚੀਜ਼ ਵਿਚ ਹੀ ਮਿਲਾਵਟ ਹੈ ਅਤੇ ਲੱਗ ਰਿਹਾ ਹੋਵੇ ਜਿਵੇਂ ਆਪਾਂ ਖਾਣੇ ਦੇ ਨਾਲ-ਨਾਲ ਜ਼ਹਿਰ ਪਰੋਸ ਰਹੇ ਹੋਈਏ, ਜੋ ਮੁਨੱਖੀ ਜਾਨਾਂ ਲਈ ਬਹੁਤ ਘਾਤਕ ਰੂਪ ਧਾਰ ਰਿਹਾ ਹੈ। ਇਹ ਮਿਲਾਵਟ ਰੂਪੀ ਜ਼ਹਿਰ ਸਾਡੇ ਸਰੀਰ ਉੱਤੇ ਅਜਿਹਾ ਅਸਰ ਪਾਉਂਦੀ ਹੈ ਜਿਸ ਦਾ ਕਦੇ ਅਸੀਂ ਅੰਦਾਜ਼ਾ ਵੀ ਨਹੀਂ ਲਗਾਇਆ ਹੁੰਦਾ। ਸੋ, ਅਜਿਹੀ ਮਿਲਾਵਟਖੋਰੀ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਕਿਰਪਾ ਕਰਕੇ ਮਿਲਾਵਟਖੋਰਾਂ ਨੂੰ ਫੜਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

25-10-2019

 ਆਓ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

ਦੀਵਾਲੀ ਦਾ ਤਿਉਹਾਰ ਦੇਸ਼ ਦੇ ਕੋਨੇ-ਕੋਨੇ ਵਿਚ ਮਨਾਇਆ ਜਾਣਾ ਹੈ। ਇਸ ਮੌਕੇ ਜਿਥੇ ਲੋਕ ਮਿਲਾਵਟੀ ਮਿਠਾਈ ਦੀ ਖ਼ਰੀਦਦਾਰੀ ਕਰਨਗੇ, ਉਥੇ ਇਸ ਤਿਉਹਾਰ ਮੌਕੇ ਖੂਬ ਪਟਾਕੇ ਵੀ ਚਲਾਉਣਗੇ। ਸਾਨੂੰ ਦਿਵਾਲੀ ਲੰਘਣ ਤੋਂ ਬਾਅਦ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦਿਨ ਕਈ ਲੋਕ ਖੂਬ ਸ਼ਰਾਬ ਪੀਂਦੇ ਹਨ ਤੇ ਪੀ ਕੇ ਆਪਣੇ ਘਰ ਵਿਚ ਲੜਾਈ-ਝਗੜਾ ਕਰਦੇ ਹਨ। ਲੋਕਾਂ ਨੂੰ ਇਸ ਦਿਨ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਵਿਚ ਬੈਠ ਕੇ ਖੁਸ਼ੀ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਪਟਾਕਿਆਂ ਤੇ ਬਾਜ਼ਾਰੀ ਚੀਜ਼ਾਂ ਤੋਂ ਸਾਡੇ ਲੋਕਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਪਟਾਕੇ ਚਲਾ ਕੇ ਜਿਥੇ ਅਸੀਂ ਪੈਸੇ ਦੀ ਬਰਬਾਦੀ ਕਰਦੇ ਹਾਂ, ਉਥੇ ਪ੍ਰਦੂਸ਼ਣ ਵੀ ਆਪਣੀ ਸਿਹਤ ਲਈ ਮੁੱਲ ਲੈਂਦੇ ਹਾਂ ਤੇ ਦੂਜੇ ਬਾਜ਼ਾਰੀ ਮਿਠਾਈਆਂ ਨਾਲ ਅਸੀਂ ਬਿਮਾਰੀਆਂ ਸਹੇੜਦੇ ਹਾਂ। ਪਦਾਰਥਵਾਦੀ ਯੁੱਗ ਵਿਚ ਲੋਕ ਪੈਸਾ ਕਮਾਉਣ ਦੀ ਲੱਗੀ ਅੰਨ੍ਹੀ ਦੌੜ ਕਰਕੇ ਦੂਜੇ ਮਨੁੱਖਾਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗੇ ਹੋਏ ਹਨ। ਇਸ ਕਰਕੇ ਸਾਡੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੀਵਾਲੀ ਮੌਕੇ ਪਟਾਕੇ ਨਾ ਖਰੀਦਣ ਤੇ ਆਪਣੇ ਘਰ ਦੀਆਂ ਬਣੀਆਂ ਹੀ ਚੀਜ਼ਾਂ ਬਣਾ ਕੇ ਖਾਣ ਤੇ ਜਿਸ ਨਾਲ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ ਤੇ ਆਓ ਸਾਰੇ ਰਲ ਕੇ ਇੰਜ ਦੀਵਾਲੀ ਦਾ ਤਿਉਹਾਰ ਮਨਾਈਏ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

* ਦੀਵਾਲੀ ਦੇ ਤਿਉਹਾਰ ਨੂੰ ਕੁਝ ਕੁ ਹੀ ਦਿਨ ਬਚੇ ਹਨ। ਪਰ ਇਸ ਤਿਉਹਾਰ ਦੇ ਸਬੰਧ ਵਿਚ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਬਿਲਕੁਲ ਚੁੱਪ ਹਨ। ਇਸ ਦਿਨ ਨੂੰ ਧਾਰਮਿਕ ਮਹੱਤਤਾ ਨਾਲੋਂ ਮਨੋਰੰਜਨ ਨਜ਼ਰੀਏ ਨਾਲ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਕਿਉਂਕਿ ਲੋਕ ਇਸ ਦਿਨ ਖ਼ਰੀਦੋ-ਫਰੋਖ਼ਤ, ਖਾਂਦੇ-ਪੀਂਦੇ ਅਤੇ ਰਾਤ ਨੂੰ ਪਟਾਕੇ ਚਲਾਉਂਦੇ ਹਨ। ਪਟਾਕਿਆਂ ਸਬੰਧੀ ਹੁਣ ਤੱਕ ਕਿਸੇ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਕਿ ਪਟਾਕੇ ਚਲਾਉਣ ਦਾ ਟਾਈਮ ਕੀ ਹੋਵੇਗਾ, ਦੁਕਾਨਦਾਰ ਕਿਹੋ ਜਿਹੀ ਆਤਿਸ਼ਬਾਜ਼ੀ ਵੇਚ ਸਕਦੇ ਹਨ ਜਾਂ ਲੋਕਾਂ ਨੂੰ ਪ੍ਰਦੂਸ਼ਣ ਦਾ ਵਾਸਤਾ ਪਾ ਕੇ ਆਤਿਸ਼ਬਾਜ਼ੀ ਚਲਾਉਣ ਤੋਂ ਪ੍ਰਹੇਜ਼ ਕਰਨ ਲਈ ਉਤਸ਼ਾਹਿਤ ਕਰਨਾ ਆਦਿ। ਜਿਹੜੇ ਲੋਕ ਪਟਾਕੇ ਚਲਾਉਂਦੇ ਹਨ, ਉਹ ਉਨ੍ਹਾਂ ਲੋਕਾਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੰਦੇ ਹਨ, ਜਿਹੜੇ ਲੋਕ ਪਟਾਕੇ ਨਹੀਂ ਚਲਾਉਂਦੇ। ਸੋ, ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਟਾਕੇ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤੇ ਇਸ ਸ਼ੁੱਭ ਅਵਸਰ 'ਤੇ ਪੌਦੇ ਲਗਾਉਣ ਤੇ ਸਾਂਭਣ ਦੀ ਪਹਿਲ ਕਰਨੀ ਚਾਹੀਦੀ ਹੈ। ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਇਹ ਪਟਾਕੇ ਜਾਨਲੇਵਾ ਸਾਬਤ ਹੋ ਸਕਦੇ ਹਨ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ : ਗੁਰਦਾਸਪੁਰ।

* ਦੀਵਾਲੀ ਸਾਡੇ ਦੇਸ਼ ਦਾ ਮੁੱਖ ਤਿਉਹਾਰ ਹੈ। ਇਹ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਦਿਨ ਪਟਾਕਿਆਂ ਦੇ ਰੂਪ ਵਿਚ ਅਰਬਾਂ ਰੁਪਿਆਂ ਦਾ ਬਾਰੂਦ ਫੂਕਿਆ ਜਾਂਦਾ ਹੈ। ਇਸ ਨਾਲ ਸਾਡਾ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦਾ ਹੈ, ਇਹ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਇਸ ਨਾਲ ਪ੍ਰਦੂਸ਼ਣ ਦਾ ਲੈਵਲ ਆਮ ਦਿਨਾਂ ਨਾਲੋਂ ਕਈ ਗੁਣਾਂ ਵਧ ਜਾਂਦਾ ਹੈ। ਇਕ ਰਿਪੋਰਟ ਮੁਤਾਬਿਕ ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 14 ਸ਼ਹਿਰ ਸਾਡੇ ਦੇਸ਼ ਵਿਚ ਮੌਜੂਦ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਦੇਸ਼ ਵਿਚ ਪ੍ਰਦੂਸ਼ਣ ਪਹਿਲਾਂ ਹੀ ਕਾਫੀ ਜ਼ਿਆਦਾ ਹੈ। ਅਸੀਂ ਦੀਵਾਲੀ ਵਾਲੇ ਦਿਨ ਪਤਾ ਹੀ ਨਹੀਂ ਕਿੰਨੇ ਕੁ ਪਟਾਕੇ ਚਲਾਉਂਦੇ ਹਾਂ। ਇਨ੍ਹਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਗੈਸਾਂ ਦੇ ਨਾਲ ਆਮ ਵਿਅਕਤੀ ਨੂੰ ਸਾਹ ਲੈਣ ਵਿਚ ਤਕਲੀਫ਼ ਆਉਂਦੀ ਹੈ, ਅੱਖਾਂ ਵਿਚ ਜਲਣ ਹੁੰਦੀ ਹੈ, ਦਮ ਘੁਟਦਾ ਹੈ ਅਤੇ ਚਮੜੀ ਦੇ ਰੋਗ ਆਦਿ ਹੋ ਸਕਦੇ ਹਨ। ਦੂਸਰਾ ਪਟਾਕੇ ਫਟਣ ਨਾਲ ਸ਼ੋਰ ਪ੍ਰਦੂਸ਼ਣ ਹੁੰਦਾ ਹੈ। ਸਾਨੂੰ ਪਟਾਕਿਆਂ ਦੇ ਰੁਝਾਨ ਨੂੰ ਘੱਟ ਕਰਕੇ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

-ਗੁਰਚਰਨ ਸਿੰਘ ਉੱਪਲ।

* ਪੰਜਾਬ ਵਿਚ ਇਸ ਵਾਰ ਵੱਖ-ਵੱਖ ਥਾਵਾਂ 'ਤੇ ਪਟਾਕਾ ਫੈਕਟਰੀਆਂ ਵਿਚ ਹੋਏ ਧਮਾਕੇ ਕਾਰਨ ਕਈ ਘਰਾਂ ਦੇ ਚਿਰਾਗ ਸਦਾ ਲਈ ਬੁੱਝ ਗਏ ਹਨ ਅਤੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ, ਜਿਸ ਕਾਰਨ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ, ਸੜਕਾਂ, ਖਾਲੀ ਥਾਵਾਂ ਅਤੇ ਪਾਰਕਾਂ ਆਦਿ ਵਿਚ ਪੌਦੇ ਲਗਾ ਕੇ 'ਗਰੀਨ ਦੀਵਾਲੀ' ਮਨਾਉਣ। ਇਸ ਤੋਂ ਇਲਾਵਾ ਹਵਾ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਸਾਰਿਆਂ ਨੂੰ ਵਾਤਾਵਰਨ ਅਤੇ ਸਵੱਛਤਾ ਨੂੰ ਮੁੱਖ ਰੱਖਦੇ ਹੋਏ ਵਾਤਾਵਰਨ ਪ੍ਰਤੀ ਅਨੁਕੂਲ ਹੀ ਪਟਾਕੇ ਚਲਾਉਣੇ ਚਾਹੀਦੇ ਹਨ। ਜ਼ਿਆਦਾ ਆਵਾਜ਼ ਕਰਨ ਵਾਲੇ ਖ਼ਤਰਨਾਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੁਹੱਲੇ ਵਿਚ ਖੁੱਲ੍ਹੀ ਥਾਂ ਜਾਂ ਘਰ ਵਿਚ ਸੁਰੱਖਿਅਤ ਥਾਂ 'ਤੇ ਹੀ ਪਟਾਕੇ ਚਲਾਉਣੇ ਚਾਹੀਦੇ ਹਨ। ਬੱਚਿਆਂ ਨੂੰ ਵੀ ਦੇਖ-ਰੇਖ ਹੇਠ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜੇਕਰ ਹੋ ਸਕੇ ਤਾਂ ਨੇੜੇ-ਤੇੜੇ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਤਾਂ ਜੋ ਅਣਮਨੁੱਖੀ ਘਟਨਾ ਨਾ ਵਾਪਰ ਸਕੇ ਅਤੇ ਸਾਰਿਆਂ ਦੀ ਜਾਨ-ਮਾਲ ਦੀ ਹਿਫਾਜ਼ਤ ਹੋ ਸਕੇ। ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ, ਗੁਰਪੁਰਬ ਅਤੇ ਪ੍ਰਭਾਤ-ਫੇਰੀਆਂ 'ਤੇ ਵੀ ਭਾਰੀ ਆਤਿਸ਼ਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਰਹਿਤ ਹੀ ਪਟਾਕੇ ਚਲਾਉਣੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਰਕਾਰੀ ਵਿਕਾਸ ਮਾਡਲ....?

ਪਿਛਲੇ ਦਿਨੀਂ ਨਵਤੇਜ ਸਿੰਘ ਮੱਲ੍ਹੀ ਦਾ ਲਿਖਿਆ ਲੇਖ 'ਲੋਕ ਪੱਖੀ ਨਹੀਂ ਹੈ ਅਜੋਕਾ ਵਿਕਾਸ ਮਾਡਲ' ਸਰਕਾਰੀ ਵਿਕਾਸ ਮਾਡਲ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਅਜੋਕਾ ਵਿਕਾਸ ਮਾਡਲ ਸਿਰਫ ਲਾਰੇ ਲੱਪਿਆਂ ਦਾ ਵਿਕਾਸ ਹੈ। ਵਿਕਾਸ ਤਾਂ ਅਸਲ ਵਿਚ ਵੱਡੇ-ਵੱਡੇ ਘਰਾਣਿਆਂ ਦਾ ਹੀ ਹੋ ਰਿਹਾ ਹੈ। ਲੋਕਾਂ ਨਾਲ ਜਿਹੜੇ ਵਿਕਾਸ ਦੇ ਵਾਅਦੇ ਕੀਤੇ ਜਾਂਦੇ ਹਨ, ਉਹ ਅਸਲ ਵਿਚ ਕਾਗਜ਼ਾਂ ਦੀ ਰੱਦੀ ਬਣ ਕੇ ਰਹਿ ਜਾਂਦੇ ਹਨ। ਸਰਕਾਰੀ ਵਿਕਾਸ ਮਾਡਲ ਨੂੰ ਅਸੀਂ ਸਹੀ ਤਾਂ ਹੀ ਕਹਿ ਸਕਦੇ ਹਾਂ ਜੇਕਰ ਸਮਾਜ ਦੇ ਸਭ ਲੋਕ ਖੁਸ਼ਹਾਲ ਹੋਣ।

-ਹਰਨੰਦ ਸਿੰਘ ਭੁੱਲਰ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

24-10-2019

 ਜਦ ਵਾੜ ਹੀ ਖੇਤ ਨੂੰ ਖਾਣ ਲੱਗੇ
ਪੰਜਾਬ ਦੇ (ਸਰਕਾਰੀ) ਸਕੂਲਾਂ ਵਿਚ ਸਮਾਰਟ ਸਕੂਲ ਦੇ ਨਾਂਅ 'ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਮੀਡੀਅਮ ਰਖਵਾਉਣ ਲਈ ਸਕੂਲ ਮੁਖੀਆਂ, ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਸੂਬੇ ਦੇ ਮਾਣਯੋਗ ਮੁੱਖ ਮੰਤਰੀ ਦਾ ਅੰਗਰੇਜ਼ੀ ਨਾਲ ਕਿੰਨਾ ਮੋਹ ਹੈ, ਬਾਰੇ ਸਾਨੂੰ ਸਭ ਨੂੰ ਪਤਾ ਹੀ ਹੈ। ਲਗਦਾ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਸਿੱਖਿਆ ਸੁਧਾਰ ਦੇ ਨਾਂਅ 'ਤੇ ਵੱਡੇ ਸਿੱਖਿਆ ਅਧਿਕਾਰੀਆਂ ਨੂੰ ਸਕੂਲ ਅੰਗਰੇਜ਼ੀ ਮੀਡੀਅਮ ਕਰਨ ਦੇ ਸਬਜ਼ਬਾਗ ਦਿਖਾਉਣ ਲਈ ਥਾਪੜਾ ਦਿੱਤਾ ਹੋਇਆ। ਇਸ ਬਾਰੇ ਸਾਡੇ ਵੱਡੇ ਅਤੇ ਪ੍ਰਸਿੱਧ ਲੇਖਕ, ਕਵੀ, ਪੱਤਰਕਾਰ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ, ਪ੍ਰਚਾਰ ਨੂੰ ਲੱਗ ਰਹੇ ਖੋਰੇ ਬਾਰੇ ਚੁੱਪ ਹਨ। ਮਾਂ-ਬੋਲੀ ਨਾਲ ਮੋਹ ਵਿਦੇਸ਼ ਜਾ ਕੇ ਹੀ ਜਾਗਦਾ ਹੈ। ਜੇਕਰ ਸਰਕਾਰ ਸੱਚੀਂ ਪੰਜਾਬੀਆਂ ਦੀ ਸਿੱਖਿਆ ਲਈ ਸੁਹਿਰਦ, ਫ਼ਿਕਰਮੰਦ ਹੈ ਤਾਂ ਹਰ ਸਰਕਾਰੀ ਸਕੂਲ ਵਿਚ ਸਭ ਪੋਸਟਾਂ ਨੂੰ ਰੈਗੂਲਰ ਭਰਿਆ ਜਾਵੇ। ਅੰਗਰੇਜ਼ੀ ਭਾਸ਼ਾ ਪ੍ਰਤੀ ਹੇਜ਼ ਪੂਰਾ ਕਰਨ ਲਈ ਹਰ ਪ੍ਰਾਇਮਰੀ ਸਕੂਲ ਵਿਚ ਅੰਗਰੇਜ਼ੀ ਅਧਿਆਪਕਾਂ ਦੀ ਪੋਸਟ ਦਿੱਤੀ ਜਾਵੇ। ਅੰਗਰੇਜ਼ੀ ਬਾਕੀ ਭਾਸ਼ਾਵਾਂ ਵਾਂਗ ਇਕ ਭਾਸ਼ਾ ਹੈ ਨਾ ਕਿ ਬੁੱਧੀਮਾਨ ਹੋਣ ਦਾ ਸਰਟੀਫਿਕੇਟ। ਭਾਰਤ ਦੇ ਦੱਖਣੀ ਰਾਜਾਂ ਵਿਚ ਸਰਕਾਰੀ ਕੰਮ ਕਾਜ ਮਾਤ-ਭਾਸ਼ਾ ਵਿਚ ਹੁੰਦਾ, ਮੰਤਰੀ ਵੀ ਦੱਬ ਕੇ ਆਪਣੇ ਦੱਖਣੀ ਪਹਿਰਾਵੇ ਦੇ ਨਾਲ-ਨਾਲ ਆਪਣੀ ਮਾਤ ਭਾਸ਼ਾ ਬੋਲਦੇ ਨੇ। ਸਾਡਾ ਗੁਆਂਢੀ ਦੇਸ਼ ਚੀਨ ਵੀ ਚੀਨੀ ਭਾਸ਼ਾ ਦਾ ਪ੍ਰਯੋਗ ਕਰਕੇ ਵਿਕਾਸ ਦੀਆਂ ਮੱਲਾਂ ਮਾਰ ਰਿਹਾ। ਫਿਰ ਪੰਜਾਬ ਸਰਕਾਰ, ਪੰਜਾਬ ਸਿੱਖਿਆ ਵਿਭਾਗ ਕਿਉਂ ਸਕੂਲਾਂ ਦੀ ਦਸ਼ਾ ਸੁਧਾਰਨ ਦੀ ਬਜਾਏ ਸਾਡੀ ਮਾਂ-ਬੋਲੀ ਪੰਜਾਬੀ ਦੇ ਖ਼ਾਤਮੇ ਲਈ ਰਾਹ ਪੱਧਰਾ ਕਰਨ ਲੱਗਾ ਹੋਇਆ ਹੈ? ਤ੍ਰਾਸਦੀ ਹੈ ਕਿ ਕਈ ਪ੍ਰਾਈਵੇਟ ਸਕੂਲਾਂ ਵਿਚ ਮਾਂ-ਬੋਲੀ ਪੰਜਾਬੀ ਬੋਲਣ 'ਤੇ ਜੁਰਮਾਨਾ ਲਾਇਆ ਜਾਂਦਾ ਹੈ। ਸਾਡੇ ਵਿਦਵਾਨ, ਬੁੱਧੀਜੀਵੀ, ਲੇਖਕ ਅਤੇ ਕਵੀ ਸਾਡੇ ਵਿਭਾਗ ਦੀ ਯੋਗ ਅਗਵਾਈ ਕਰਕੇ ਸਿੱਖਿਆ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਪ੍ਰਚਾਰ ਲਈ ਸੱਚੇ ਦਿਲੋਂ ਉੱਦਮ ਕਰਕੇ ਮਾਂ ਬੋਲੀ ਦੇ ਸਪੁੱਤਰ ਹੋਣ ਦਾ ਸਬੂਤ ਦੇਣ।

-ਅਮਰਪ੍ਰੀਤ ਸਿੰਘ ਝੀਤਾ, ਨੰਗਲ ਅੰਬੀਆ।

ਡਿਸਪੋਜ਼ਲ ਦੀ ਵਰਤੋਂ ਘੱਟ ਕਰੋ
ਅੱਜਕਲ੍ਹ ਬਹੁਤੇ ਸਮਾਜਿਕ ਪ੍ਰੋਗਰਾਮਾਂ ਵਿਚ ਡਿਸਪੋਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਭਾਵੇਂ ਉਹ ਪਲਾਸਟਿਕ ਦੇ ਬਣੇ ਗਲਾਸ, ਚਮਚੇ ਜਾਂ ਕੌਲੀਆਂ ਹੋਣ। ਇਸ ਤੋਂ ਬਿਨਾਂ ਥਰਮਕੋਲ ਨਾਲ ਬਣਾਏ ਜਾਂਦੇ ਗਲਾਸ ਅਤੇ ਹੋਰ ਸਾਮਾਨ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪ੍ਰਕਾਰ ਦੇ ਡਿਸਪੋਜ਼ਲ ਵਿਚ ਖਾਣਾ ਖਾਣ ਨਾਲ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ, ਕਿਉਂਕਿ ਪਲਾਸਟਿਕ ਜਾਂ ਥਰਮਾਕੋਲ ਨਾਲ ਬਣੇ ਬਰਤਨ ਦੀ ਵਰਤੋਂ ਖਾਣਾ ਖਾਣ ਲਈ ਜਾਂ ਪਾਣੀ ਪੀਣ ਲਈ ਕਰਨ ਨਾਲ ਇਹ ਆਪਣਾ ਕੁਝ ਨਾ ਕੁਝ ਅਸਰ ਛੱਡਦੇ ਹਨ, ਜੋ ਕਿ ਇਨਸਾਨੀ ਸਰੀਰ ਵਿਚ ਲਗਾਤਾਰ ਜਾ ਕੇ ਇਨਸਾਨ ਨੂੰ ਬਿਮਾਰ ਕਰਦਾ ਹੈ। ਅਕਸਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਇਸ ਦੀ ਵਰਤੋਂ ਕਰਨ ਤੋਂ ਬਾਅਦ ਡਿਸਪੋਜ਼ਲ ਨੂੰ ਸੜਕਾਂ ਦੇ ਆਲੇ-ਦੁਆਲੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਇਹ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਦਾ ਹੈ, ਉਥੇ ਹੀ ਅਵਾਰਾ ਜਾਨਵਰਾਂ ਅਤੇ ਪੰਛੀਆਂ ਵਲੋਂ ਭੋਜਨ ਦੀ ਤਲਾਸ਼ ਵਿਚ ਇਸ ਜਗ੍ਹਾ 'ਤੇ ਆਪਣੇ ਡੇਰੇ ਲਾ ਲਏ ਜਾਂਦੇ ਹਨ। ਜੇ ਇਸ ਨੂੰ ਸਾੜਿਆ ਵੀ ਜਾਂਦਾ ਹੈ ਤਾਂ ਇਸ ਤੋਂ ਨਿਕਲਿਆ ਧੂੰਆਂ ਇਨਸਾਨੀ ਸਿਹਤ ਅਤੇ ਵਾਤਾਵਰਨ ਲਈ ਖ਼ਤਰਨਾਕ ਸਾਬਤ ਹੁੰਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਡਿਸਪੋਜ਼ਲ ਦੀ ਵਰਤੋਂ ਘੱਟ ਤੋਂ ਘੱਟ ਕਰੀਏ, ਇਸ ਨਾਲ ਅਸੀਂ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਚਮਕਦੇ ਸੇਬ ਨਾਲ ਕੈਂਸਰ ਦਾ ਖ਼ਤਰਾ
ਕਹਿੰਦੇ ਹਨ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਂਜ ਹੀ ਹਰ ਚਮਕਦਾ ਸੇਬ ਫਾਇਦੇਮੰਦ ਨਹੀਂ ਹੁੰਦਾ। ਬਾਜ਼ਾਰ 'ਚ ਵਿਕਣ ਵਾਲੇ ਚਮਕਦਾਰ ਸੇਬਾਂ 'ਤੇ ਕੈਮੀਕਲ ਵੈਕਸ ਦੀ ਤਹਿ ਚੜ੍ਹਾ ਕੇ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ ਅਤੇ ਜੇਕਰ ਤੁਸੀਂ ਇਸ ਦੀ ਸੁੰਦਰਤਾ ਦੇ ਚੱਕਰ ਵਿਚ ਇਸ ਨੂੰ ਵਧੀਆ ਅਤੇ ਸਾਫ਼-ਸੁਥਰਾ ਮੰਨ ਕੇ ਖਰੀਦ ਰਹੇ ਹੋ ਤਾਂ ਤੁਸੀਂ ਆਪਣੀ ਸਿਹਤ ਨਾਲ ਸਮਝੌਤਾ ਕਰ ਰਹੇ ਹੋ। ਸੇਬ 'ਤੇ ਦਿੱਤੀ ਜਾਣ ਵਾਲੀ ਇਹ ਕੈਮੀਕਲ ਵੈਕਸ ਦੀ ਕੋਟਿੰਗ ਲਿਵਰ ਅਤੇ ਕਿਡਨੀ 'ਤੇ ਅਸਰ ਪਾਉਂਦੀ ਹੈ, ਜਿਸ ਦੇ ਨਾਲ ਕੈਂਸਰ ਵਰਗਾ ਜਾਨਲੇਵਾ ਰੋਗ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੈਮੀਕਲ ਕੋਟਿੰਗ ਵਾਲੇ ਸੇਬ ਦੀ ਵਿਕਰੀ ਦੀ ਰੋਕਥਾਮ ਲਈ ਕਈ ਵਾਰ ਅਭਿਆਨ ਚਲਾਏ ਜਾਂਦੇ ਹਨ ਅਤੇ ਕੁਝ ਦਿਨ ਬਾਅਦ ਬਿਮਾਰੀਆਂ ਫੈਲਾਉਣ ਵਾਲੇ ਇਹ ਸੇਬ ਫਿਰ ਤੋਂ ਬਾਜ਼ਾਰ ਵਿਚ ਵਿਕਣ ਲਗਦੇ ਹਨ। ਅੱਜਕਲ੍ਹ ਬਾਜ਼ਾਰਾਂ ਵਿਚ ਸੇਬ 'ਤੇ ਕੈਮੀਕਲ ਵਾਲੇ ਵੈਕਸ ਦੀ ਮੋਟੀ ਤਹਿ ਚੜ੍ਹੀ ਮਿਲਦੀ ਹੈ। ਨਿਯਮ ਦੇ ਅਨੁਸਾਰ ਨੈਚੂਰਲ ਵੈਕਸ ਅਤੇ ਵੈਜੀਟੇਬਲ ਵੈਕਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਜ਼ਿਆਦਾਤਰ ਦੁਕਾਨਦਾਰ ਕੈਮੀਕਲ ਵੈਕਸ ਦਾ ਇਸਤੇਮਾਲ ਕਰਦੇ ਹਨ, ਜੋ ਸਾਡੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੈ।

-ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ, ਜ਼ਿਲ੍ਹਾ ਫਿਰੋਜ਼ਪੁਰ।

550ਵਾਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੇ ਵਿਸ਼ਵ ਵਿਚ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਸਦਾ ਲਈ ਪ੍ਰੇਰਨਾ ਸਰੋਤ ਬਣੇ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਨ ਨੂੰ ਮਨਾਉਂਦਿਆਂ ਇਸ ਨੂੰ ਪ੍ਰੇਰਨਾ ਵਜੋਂ ਲਿਆ ਜਾਣਾ ਚਾਹੀਦਾ ਹੈ। ਸਮਾਜ ਵਿਚ ਪੈਦਾ ਹੋਈਆਂ ਨਾਂਹ-ਪੱਖੀ ਕਦਰਾਂ-ਕੀਮਤਾਂ ਨੂੰ ਨਕਾਰਿਆ ਜਾਣਾ ਚਾਹੀਦਾ ਹੈ। ਸਾਡੇ ਲਈ ਇਸ ਇਤਿਹਾਸਕ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣਾ ਬਣਦਾ ਹੈ। ਪਾਕਿਸਤਾਨ ਸਰਕਾਰ ਵੀ ਪ੍ਰਸੰਸਾ ਦੀ ਪਾਤਰ ਹੈ, ਜੋ 550ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਲਈ ਸਹਿਯੋਗ ਦੇ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪਾਕਿਸਤਾਨ ਵਲੋਂ ਭਾਰਤ ਨੂੰ ਦਿੱਤਾ ਜਾ ਰਿਹਾ ਇਕ ਤੋਹਫ਼ਾ ਹੈ। ਸ਼ਾਇਦ ਇਹ ਲਾਂਘਾ ਹੀ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮੇਲ ਵਿਚ ਸਹਾਈ ਹੋ ਸਕੇ।

-ਪ੍ਰਵਿੰਦਰ ਕੌਰ, ਰਾਏਕੋਟ।

ਪੰਜਾਬ ਵਿਚ ਪੂੰਜੀ ਕਿਉਂ ਨਹੀਂ ਲਾਉਂਦੇ?
ਪੰਜਾਬ ਦੀ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਅਤੇ ਨਿੱਘਰਦੀ ਜਾ ਰਹੀ ਹੈ। ਰੁਜ਼ਗਾਰ ਦੀ ਭਾਲ 'ਚ ਨੌਜਵਾਨੀ ਵਿਦੇਸ਼ੀ ਉਡਾਰੀਆਂ ਮਾਰ ਰਹੀ ਹੈ। ਸਰਕਾਰਾਂ ਇਸ ਭਵਿੱਖੀ ਚੁਣੌਤੀ ਨੂੰ ਸਹਿਜ ਲੈ ਕੇ ਸਿਰਫ ਵੋਟ ਬੈਂਕਾਂ ਦੀ ਸਥਾਪਿਤੀ ਲਈ ਯਤਨਸ਼ੀਲ ਹਨ। ਹੁਕਮਰਾਨਾਂ ਵਲੋਂ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਕੋਸ਼ਿਸ਼ਾਂ ਵੀ ਅਸਫ਼ਲ ਸਿੱਧ ਹੋ ਰਹੀਆਂ ਹਨ। ਪ੍ਰਵਾਸੀ ਪੰਜਾਬੀ ਵੀ ਪੰਜਾਬ ਤੋਂ ਮੋਹ ਭੰਗ ਕਰੀ ਬੈਠੇ ਹਨ। ਇਸੇ ਦੁਖਾਂਤ ਦੀ ਰੌਸ਼ਨੀ 'ਚ ਬੀਤੇ ਦਿਨੀਂ 'ਅਜੀਤ' 'ਚ ਛਪਿਆ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ 'ਪੰਜਾਬ 'ਚ ਪੂੰਜੀ ਕਿਉਂ ਨਹੀਂ ਲਾਉਂਦੇ ਪ੍ਰਵਾਸੀ ਪੰਜਾਬੀ?' ਪੜ੍ਹਿਆ।
ਲੇਖਕ ਨੇ ਪੰਜਾਬੀਅਤ ਦਾ ਵਿਦੇਸ਼ਾਂ 'ਚ ਝੰਡਾ ਬਰਦਾਰ ਕਰਨ ਦੇ ਜਿੱਥੇ ਸੋਹਿਲੇ ਗਾਏ ਹਨ, ਉਥੇ ਹੁਕਮਰਾਨਾਂ ਦੀਆਂ ਪ੍ਰਵਾਸੀਆਂ ਪ੍ਰਤੀ ਅਣਦੇਖੀਆਂ ਨੂੰ ਉਜਾਗਰ ਕੀਤਾ ਹੈ। ਹਰ ਕੰਮ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਹਰ ਉਦਯੋਗਪਤੀ ਇਥੋਂ ਦੇ ਸਿਸਟਮ ਦੀ ਮਾਰ ਨਹੀਂ ਰਹਿ ਸਕਦਾ। ਮੌਕੇ ਦੀਆਂ ਸਰਕਾਰਾਂ ਨੂੰ ਆਪਣੀ ਠਾਠ-ਬਾਠ ਦੀ ਜ਼ਿੰਦਗੀ ਅਤੇ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸੂਬਿਆਂ ਦੀ ਭਲਾਈ ਲਈ ਸੁਹਿਰਦਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਪ੍ਰਵਾਸ ਨੂੰ ਰੋਕਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ।

-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

23-10-2019

 ਹੌਸਲਾ ਸਫਲਤਾ ਦੀ ਪੌੜ੍ਹੀ ਹੈ
ਕਹਿੰਦੇ ਹਨ ਕਾਮਯਾਬੀ ਸਰੀਰਕ ਬਣਤਰ ਨਾਲ ਨਹੀਂ, ਸਗੋਂ ਮਿਹਨਤ ਤੇ ਹੌਸਲੇ ਨਾਲ ਮਿਲਦੀ ਹੈ ਪਰ ਅੱਜ ਸਰੀਰਕ ਬਣਤਰ ਤੋਂ ਠੀਕ ਤੇ ਤੰਦਰੁਸਤ ਨੌਜਵਾਨ ਵੀ ਨਿੱਕੀ ਜਿਹੀ ਗੱਲ 'ਤੇ ਹੌਸਲਾ ਛੱਡ ਦਿੰਦਾ ਹੈ। ਸਾਡੀ ਜ਼ਿੰਦਗੀ ਵਿਚ ਕਦੇ ਨਾ ਕਦੇ ਅਜਿਹਾ ਸਮਾਂ ਆ ਜਾਂਦਾ ਹੈ ਜੋ ਕਦੇ ਨਹੀਂ ਸੋਚਿਆ ਹੁੰਦਾ।
ਜੋ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਬਦਲ ਜਾਂਦਾ ਹੈ ਜਾਂ ਕਹੋ ਤਾਂ ਜਦ ਕੋਈ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਇਹ ਸੋਚਦਾ ਹੈ ਕਿ ਮੇਰੀ ਜ਼ਿੰਦਗੀ ਖ਼ਤਮ ਹੈ ਜਾਂ ਫਿਰ ਉਹ ਕਿਸੇ ਦਾ ਮੁਹਤਾਜ਼ ਬਣ ਗਿਆ ਹੈ ਪਰ ਇਹ ਹੀ ਉਹ ਸਮਾਂ ਹੁੰਦਾ ਹੈ ਜਦ ਹੌਸਲੇ ਨੂੰ ਵਧਾਉਣਾ ਚਾਹੀਦਾ ਹੈ। ਮਿਸਾਲ ਕਾਇਮ ਕਰਕੇ ਤੇ ਦੂਜਿਆਂ ਲਈ ਇਕ ਉਦਾਹਰਨ ਬਣ ਕੇ ਸਾਹਮਣੇ ਆਈ ਪ੍ਰਾਂਜਲ ਪਾਟਿਲ ਜੋ ਪਹਿਲੀ ਨੇਤਰਹੀਣ ਮਹਿਲਾ ਆਈ.ਏ.ਐਸ. ਬਣੀ। ਛੇ ਸਾਲ ਦੀ ਉਮਰ ਤੋਂ ਨੇਤਰਹੀਣ ਪ੍ਰਾਂਜਲ ਸਾਡੇ ਸਾਰਿਆਂ ਲਈ ਇਕ ਅਜਿਹੀ ਮਿਸਾਲ ਹੈ ਜਿਸ ਨੂੰ ਵੇਖ ਕੇ ਇਕ ਤੰਦਰੁਸਤ ਸਰੀਰ ਵੀ ਸੁਪਨੇ ਪੂਰੇ ਕਰਨ ਤੁਰ ਪਵੇ। ਇਸ ਲਈ ਸਾਨੂੰ ਜ਼ਿੰਦਗੀ ਦੇ ਹਰ ਇਕ ਮੋੜ ਲਈ ਤਿਆਰ ਤੇ ਸਾਕਾਰਾਤਮਿਕ ਸੋਚ ਰੱਖਣੀ ਚਾਹੀਦੀ ਹੈ।


-ਜਾਨਵੀ ਬਿੱਠਲ, ਜਲੰਧਰ।


ਮਿਲਾਵਟੀ ਚੀਜ਼ਾਂ ਦਾ ਬੋਲਬਾਲਾ
ਜਿਵੇਂ ਹੀ ਅੱਸੂ ਦੇ ਨੌਰਾਤੇ ਹੁੰਦੇ ਹਨ ਤਾਂ ਲੋਕਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਬਾਜ਼ਾਰਾਂ 'ਚ ਚਹਿਲ-ਪਹਿਲ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਰੀਦਦੇ ਹਨ ਪਰ ਅੱਜ ਦੇ ਸਮੇਂ ਵਿਚ ਮਹਿੰਗਾਈ ਬਹੁਤ ਵਧ ਗਈ ਹੈ। ਭਾਰਤ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਮਿਲਾਵਟ ਦਾ ਵੀ ਪੂਰਾ ਬੋਲਬਾਲਾ ਹੋ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਮਿਲਾਵਟੀ ਸਾਮਾਨ ਬਹੁਤ ਵਿਕਦਾ ਹੈ। ਚਾਹੇ ਉਹ ਸੋਨੇ ਦਾ, ਸਟੀਲ ਦਾ, ਮਿਠਾਈ ਜਾਂ ਕੱਪੜਾ। ਅਸੀਂ ਅਕਸਰ ਸੁਣਦੇ ਹੀ ਹਾਂ ਕਿ ਸਿਹਤ ਵਿਭਾਗ ਵਾਲੇ ਮਠਿਆਈਆਂ ਦੇ ਗੋਦਾਮਾਂ 'ਤੇ ਛਾਪੇ ਮਾਰਦੇ ਹਨ ਤੇ ਕੁਇੰਟਲਾਂ ਦੇ ਹਿਸਾਬ ਨਾਲ ਮਿਠਾਈ ਜ਼ਬਤ ਕਰਦੇ ਹਨ। ਹਲਵਾਈਆਂ ਦੇ ਫਿਰ ਜੁਰਮਾਨੇ ਠੋਕੇ ਜਾਂਦੇ ਹਨ। ਸਿਹਤ ਵਿਭਾਗ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਘਰ ਦੀਆਂ ਬਣੀਆਂ ਚੀਜ਼ਾਂ ਦੇਸੀ ਹਲਵਾ, ਮਿੱਠੇ ਚਾਵਲ ਖਾਣੇ ਚਾਹੀਦੇ ਹਨ। ਹੋ ਸਕੇ ਤਾਂ ਜਲੇਬੀ ਜਾਂ ਅਮਰਤੀ ਖਾਓ। ਜੇ ਕਿਸੇ ਨੂੰ ਉਪਹਾਰ ਦੇਣਾ ਹੈ ਤਾਂ ਕੋਈ ਵਧੀਆ ਕਿਤਾਬ ਦੇਵੋ, ਜਿਸ ਨਾਲ ਉਸ ਦੇ ਗਿਆਨ ਵਿਚ ਵਾਧਾ ਹੋਵੇਗਾ।


-ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ, ਡੇਰਾਬੱਸੀ (ਮੁਹਾਲੀ)।


'ਡਿਸਕਾਊਂਟ ਸਕੀਮਾਂ' ਵਿਚ ਉਲਝੀ ਮਾਨਸਿਕਤਾ
ਅਜੋਕਾ ਵਪਾਰ ਇਸ਼ਤਿਹਾਰਬਾਜ਼ੀ ਦੇ ਸਹਾਰੇ ਵਧਦਾ ਫੁਲਦਾ ਹੈ। ਹਰ ਅਖ਼ਬਾਰ, ਟੀ.ਵੀ. ਚੈਨਲ, ਮੈਗਜ਼ੀਨ, ਸੋਸ਼ਲ ਸਾਈਟਾਂ, ਜਨਤਕ ਥਾਵਾਂ 'ਤੇ ਹੋਰਡਿੰਗਜ਼ ਅਤੇ ਢੰਡੋਰਚੀ ਵੱਖ-ਵੱਖ ਉਤਪਾਦਾਂ ਦਾ ਖੂਬ ਪ੍ਰਚਾਰ ਕਰਦੇ ਹਨ। ਇਹ ਇਸ਼ਤਿਹਾਰ ਹਰ ਏਜ ਗਰੁੱਪ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਜਾਂਦੇ ਹਨ। ਜਿਵੇਂ ਹੀ ਕੋਈ ਲੋਕ ਲੁਭਾਊ 'ਡਿਸਕਾਊਂਟ' ਸਬੰਧੀ ਸਕੀਮ ਸ਼ੁਰੂ ਹੁੰਦੀ ਹੈ ਤਾਂ ਲੋਕ ਬਿਨਾਂ ਵਜ੍ਹਾ ਹੀ ਖਰੀਦਦਾਰੀ ਸ਼ੁਰੂ ਕਰ ਦਿੰਦੇ ਹਨ। ਬਿਨਾਂ ਲੋੜ ਤੋਂ ਛੋਟੀ ਜਾਂ ਵੱਡੀ ਵਸਤੂ ਖਰੀਦਣੀ ਕੋਈ ਸਮਝਦਾਰੀ ਨਹੀਂ ਹੈ। ਅੱਜ ਦੇ ਸਮੇਂ ਵਿਚ ਕੋਈ ਵਸਤੂ ਅਜਿਹੀ ਨਹੀਂ ਹੈ ਜੋ ਮੁੜ ਕੇ ਨਾ ਮਿਲਣ ਵਾਲੀ ਹੋਵੇ।
ਅਸੀਂ ਲੋਕ ਇਨ੍ਹਾਂ ਲੁਭਾਉਣੀਆਂ ਸਕੀਮਾਂ ਰਾਹੀਂ ਵੇਚੇ ਜਾ ਰਹੇ ਸਾਮਾਨ ਨੂੰ 'ਮੁਫ਼ਤ' ਦਾ ਮਾਲ ਸਮਝ ਕੇ ਖਰੀਦਣ ਲੱਗ ਜਾਂਦੇ ਹਨ। ਵਪਾਰ ਦਾ ਇਹ ਨਿਯਮ ਹੈ ਕਿ ਜ਼ਹਿਰ ਵੀ ਮੁਫ਼ਤ ਨਹੀਂ ਮਿਲਦੀ ਤਾਂ ਫਿਰ ਇਹ ਸਮਝ ਲੈਣਾ ਮੂਰਖਤਾ ਹੈ ਕਿ ਖਰੀਦੀ ਜਾਣ ਵਾਲੀ ਵਸਤੂ ਸਾਨੂੰ ਮੁਫ਼ਤ ਵਾਂਗ ਹੀ ਮਿਲ ਰਹੀ ਹੈ। ਬਿਨਾਂ ਲੋੜ ਤੋਂ ਸਕੀਮਾਂ/ਡਿਸਕਾਊਂਟਾਂ ਦੇ ਚੱਕਰ ਵਿਚ ਨਹੀਂ ਫਸਣਾ ਚਾਹੀਦਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਰਿਸ਼ਤਿਆਂ ਵਿਚ ਮਤਲਬੀਪੁਣਾ

ਅਜੋਕੇ ਸਮੇਂ ਰਿਸ਼ਤਿਆਂ ਵਿਚ ਪੁਰਾਣੇ ਸਮਿਆਂ ਵਾਲੀ ਅਪਣੱਤ ਅਤੇ ਨਿਰਸਵਾਰਥਪੁਣਾ ਘਟਦਾ ਨਜ਼ਰ ਆਉਂਦਾ ਹੈ ਕਿ ਕਿਵੇਂ ਕਾਫੀ ਪਰਿਵਾਰਾਂ ਵਿਚ ਲਾਲਚ ਭਾਰੂ ਹੋਣ ਕਾਰਨ ਜਾਇਦਾਦ ਦੇ ਝਗੜੇ, ਹੋਰ ਵੰਡ ਵੰਡਾਵੇ ਆਦਿ ਸਬੰਧੀ ਵੇਖਣ ਨੂੰ ਮਿਲਦੇ ਹਨ। ਪੁਰਾਣੇ ਸਮਿਆਂ ਵਿਚ ਇਨਸਾਨ ਬਾਹਰੋਂ ਅਤੇ ਅੰਦਰੋਂ ਇਕ ਹੁੰਦਿਆਂ ਰਿਸ਼ਤਿਆਂ ਨੂੰ ਨਿਭਾਉਂਦੇ ਸਨ ਪਰ ਅੱਜ ਜੋ ਮੂੰਹੋਂ ਕੁਝ ਅਤੇ ਅੰਦਰੋਂ ਕੁਝ ਹੋਣ ਕਾਰਨ ਰਿਸ਼ਤੇ ਨਿਭਾਉਂਦੇ ਹਨ, ਜੋ ਪ੍ਰਪੱਕ ਤੌਰ 'ਤੇ ਨਹੀਂ ਨਿਭਦੇ ਅਤੇ ਜੋ ਛੇਤੀ ਦਮ ਤੋੜ ਜਾਂਦੇ ਹਨ। ਅੱਜ ਰਿਸ਼ਤਿਆਂ ਵਿਚ ਅਪਣੱਤ ਨੂੰ ਖੋਰਾ ਲੱਗ ਰਿਹਾ ਹੈ। ਸਾਨੂੰ ਆਪਣੇ ਰਿਸ਼ਤੇ ਬਿਨਾਂ ਕਿਸੇ ਮਤਲਬ ਲਾਲਚ ਤੋਂ ਨਿਭਾਉਣੇ ਚਾਹੀਦੇ ਹਨ ਤਾਂ ਜੋ ਰਿਸ਼ਤਿਆਂ ਦੀ ਨਿੱਘ ਨੂੰ ਆਉਣ ਵਾਲੀਆਂ ਪੁਸ਼ਤਾਂ ਮਾਣ ਸਕਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਪਰਾਲੀ ਪ੍ਰਦੂਸ਼ਣ
ਹਰ ਸਾਲ ਦੀ ਤਰ੍ਹਾਂ ਕਿਸਾਨ ਇੱਥੇ ਆ ਕੇ ਸੋਚਾਂ ਵਿਚ ਪੈ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਜਾਂਦਾ ਹੈ। ਹਰ ਰੋਜ਼ ਕਿਹਾ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਲਾਉਣ 'ਤੇ ਭਾਰੀ ਜਰਮਾਨਾ ਕੀਤਾ ਜਾਵੇਗਾ। ਪਰਾਲੀ ਸਾੜਨ ਦੇ ਭਾਰੀ ਜੁਰਮਾਨੇ ਦਾ ਡਰ ਕਿਸਾਨ ਨੂੰ ਸਤਾਉਂਦਾ ਹੈ । ਕਿਉਂ ਇਨ੍ਹਾਂ ਮਸਲਿਆਂ ਦੇ ਹੱਲ ਕੱਢਣ ਤੋਂ ਸਰਕਾਰਾਂ ਭੱਜ ਰਹੀਆਂ ਹਨ?
ਇਸ ਵਾਰ ਵੀ ਕਿਸਾਨਾਂ ਨੂੰ ਕੋਈ ਨਵਾਂ ਲਾਰਾ ਲਾਇਆ ਜਾਵੇਗਾ ਕਿ ਪਰਾਲੀ ਨੂੰ ਖਤਮ ਕਰਨ ਵਾਲੀ ਸਬਸਿਡੀ 'ਤੇ ਨਵੀਂ ਮਸ਼ੀਨ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਸਰਕਾਰ ਵਲੋਂ ਦਿੱਤੀ ਜਾਵੇਗੀ। ਪਰ ਚੌਲਾਂ ਦਾ ਸੀਜ਼ਨ ਖਤਮ ਹੁੰਦਿਆਂ ਹੀ ਵਿਚਾਰਾ ਕਿਸਾਨ ਵੀ ਭੁੱਲ ਜਾਂਦਾ ਅਤੇ ਸਰਕਾਰਾਂ ਵੀ ਆਪਣਾ ਸਮਾਂ ਲੰਘਾ ਜਾਂਦੀਆ ਹਨ। ਹਰ ਇਕ ਚੀਜ ਦਾ ਹੱਲ ਸੰਭਵ ਹੈ, ਜੇਕਰ ਕਰਨਾ ਹੋਵੇ। ਸੋ ਸਰਕਾਰ ਨੂੰ ਪਰਾਲੀ ਪ੍ਰਦੂਸ਼ਣ 'ਤੇ ਰੋਕ ਵੀ ਲਗਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਵੀ ਇਸ ਸਮੱਸਿਆ ਨਾਲ ਨਿਪਟਨ ਲਈ ਕੋਈ ਜਲਦੀ ਤੋਂ ਪਹਿਲਾਂ ਹੱਲ ਕੱਢ ਕੇ ਦੇਣਾ ਚਾਹੀਦਾ ਹੈ। ਆਓ, ਆਪਾ ਸਾਰੇ ਇਸ ਸੰਕਟ ਵਿਚੋਂ ਨਿਕਲਣ ਲਈ ਇਕ ਹੋਈਏ।


-ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਆਵਾਜਾਈ ਦੇ ਨਿਯਮਾਂ ਦੀ ਸਖ਼ਤਾਈ
ਸਾਡੇ ਦੇਸ਼ ਵਿਚ ਹਰੇਕ ਸਾਲ ਹਜ਼ਾਰਾਂ ਲੋਕ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਨਿਯਮ ਸਖ਼ਤ ਕਰ ਦਿੱਤੇ, ਜੁਰਮਾਨੇ, ਸਜ਼ਾ ਆਦਿ ਦੁੱਗਣੇ ਕਰ ਦਿੱਤੇ ਤਾਂ ਕਿ ਲੋਕ ਕਾਨੂੰਨ ਤੇ ਜੁਰਮਾਨੇ ਤੋਂ ਡਰਦੇ ਸਾਰੇ ਆਪਣੇ-ਆਪ ਨੂੰ ਸੁਧਾਰਨਗੇ। ਬੜੀ ਚੰਗੀ ਗੱਲ ਹੈ ਕਿ ਆਵਾਜਾਈ ਦੇ ਨਿਯਮਾਂ ਨੂੰ ਸਰਕਾਰ ਨੇ ਲੋਕਾਂ ਦੇ ਭਲੇ ਲਈ ਸਖ਼ਤ ਕੀਤਾ ਹੈ ਤਾਂ ਕਿ ਹਾਦਸੇ ਘੱਟ ਹੋਣ, ਮੌਤਾਂ ਘੱਟ ਹੋਣ, ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਚਮਕਦੀਆਂ ਟੇਪਾਂ ਵਾਲੇ ਹਰੇਕ ਤਰ੍ਹਾਂ ਦੇ ਬੋਰਡ ਲਾਏ ਜਾਣ। ਟੁੱਟੀਆਂ ਸੜਕਾਂ ਨਾਲੋ-ਨਾਲ ਠੀਕ ਕੀਤੀਆਂ ਜਾਣ। ਅਸਲ 'ਸੁਧਾਰ' ਲੋਕਾਂ ਅਤੇ ਸਰਕਾਰਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ।


-ਅਮਰਜੀਤ ਸਿੰਘ ਜੱਸਲ
ਰਾਏਕੋਟ।

22-10-2019

 ਮੋਬਾਈਲ ਇੰਟਰਨੈੱਟ ਦੀ ਬੇਲੋੜੀ ਵਰਤੋਂ
ਵਰਤਮਾਨ ਸਮੇਂ ਇੰਟਰਨੈਸ਼ਨਲ ਨੈੱਟਵਰਕ ਤਕਰੀਬਨ ਹਰੇਕ ਇਨਸਾਨ ਦੀ ਪਹੁੰਚ ਵਿਚ ਆ ਚੁੱਕਾ ਹੈ, ਜਿਸ ਦੇ ਬੁਰੇ ਪ੍ਰਭਾਵ ਵਧੇਰੇ ਕਰਕੇ ਨੌਜਵਾਨ ਵਰਗ 'ਤੇ ਪੈ ਰਹੇ ਹਨ। ਬੇਰੁਜ਼ਗਾਰ ਅਤੇ ਵਿਹਲੇ ਹੁੰਦੇ ਹੋਏ ਵੀ ਨੌਜਵਾਨਾਂ ਨੂੰ 'ਇਕ ਪਲ' ਦੀ ਫੁਰਸਤ ਨਹੀਂ ਮਿਲ ਰਹੀ। ਆਪਣੀ ਸਾਰੀ ਊਰਜਾ ਅਤੇ ਗਿਆਨ ਇੰਟਰਨੈੱਟ 'ਤੇ ਹੀ ਬਰਬਾਦ ਕਰ ਰਹੇ ਹਨ। ਬੇਰੁਜ਼ਗਾਰੀ ਅਤੇ ਭਵਿੱਖ ਨੂੰ ਲੈ ਕੇ ਫ਼ੈਸਲੇ ਕਰਨ ਦਾ ਸਮਾਂ ਹੀ ਨਹੀਂ ਮਿਲ ਪਾ ਰਿਹਾ। ਇਸ ਭੈੜੀ ਅਲਾਮਤ ਤੋਂ ਅੱਜ ਹਰ ਮਾਂ-ਬਾਪ ਚਿੰਤਤ ਹੈ ਪਰ ਮਾਪੇ, ਬੱਚਿਆਂ ਸਾਹਮਣੇ ਬੇਵੱਸ ਨਜ਼ਰ ਆ ਰਹੇ ਹਨ। ਪੰਜਾਬੀ ਮੁੰਡੇ-ਕੁੜੀਆਂ ਇਸ ਦੀ ਆਦਤ ਨਾਲ ਸਿਹਤ ਪੱਖੋਂ ਨਕਾਰਾ ਹੋ ਰਹੇ ਹਨ। ਅਜੋਕੀ ਪੀੜ੍ਹੀ ਨੂੰ ਘੱਟ ਸਮੇਂ ਅਤੇ ਜ਼ਰੂਰਤ ਅਨੁਸਾਰ ਹੀ ਮੋਬਾਈਲ ਇੰਟਰਨੈੱਟ ਦਾ ਉਪਯੋਗ ਕਰਨਾ ਚਾਹੀਦਾ ਹੈ। ਜੀਵਨ ਦੇ ਹੋਰਨਾਂ ਅਹਿਮ ਪੱਖਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਖ਼ਾਸ ਲੋੜ ਹੈ, ਤਾਂ ਹੀ ਜ਼ਿੰਦਗੀ 'ਚ ਕਾਮਯਾਬ ਹੋਇਆ ਜਾ ਸਕਦਾ ਹੈ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਸਵੱਛਤਾ ਅਭਿਆਨ...?
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਚਲਾਇਆ ਗਿਆ 'ਸਵੱਛ ਭਾਰਤ ਅਭਿਆਨ' ਇਕ ਸ਼ਲਾਘਾਯੋਗ ਉਪਰਾਲਾ ਹੈ। ਪਰ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਿਹਾਇਸ਼ੀ ਕਾਲੋਨੀਆਂ ਵਿਚ ਖਾਲੀ ਪਏ ਪਲਾਟਾਂ ਨੇੜੇ ਰਹਿੰਦੇ ਲੋਕਾਂ ਲਈ ਕਈ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੇ ਹਨ। ਲੋਕ ਆਪਣੇ ਘਰ ਦਾ ਕੂੜਾ ਕਰਕਟ ਇਨ੍ਹਾਂ ਪਲਾਟਾਂ ਵਿਚ ਸੁੱਟ ਦਿੰਦੇ ਹਨ, ਜੋ ਕਿ ਸੜਾਂਦ ਮਾਰਦਾ ਰਹਿੰਦਾ ਹੈ। ਗਲੀ-ਮੁਹੱਲੇ ਵਿਚੋਂ ਲੰਘ ਰਹੇ ਰਾਹਗੀਰ ਅਜਿਹੇ ਖਾਲੀ ਪਏ ਪਲਾਟਾਂ ਦੀ ਵਰਤੋਂ ਪਿਸ਼ਾਬ ਕਰਨ ਲਈ ਅਕਸਰ ਕਰ ਲੈਂਦੇ ਹਨ, ਜਿਸ ਕਾਰਨ ਚਾਰੇ ਪਾਸੇ ਬਦਬੂ ਫੈਲਦੀ ਰਹਿੰਦੀ ਹੈ।
ਹਰ ਕਸਬੇ ਅਤੇ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਘੁੰਮਦੇ-ਫਿਰਦੇ ਅਵਾਰਾ ਪਸ਼ੂ ਅਜਿਹੇ ਖਾਲੀ ਪਏ ਪਲਾਟਾਂ ਵਿਚ ਆਰਾਮ ਕਰਨ ਲਈ ਆ ਖੜੋਂਦੇ ਹਨ ਜਾਂ ਬਹਿ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਖਾਲੀ ਪਏ ਪਲਾਟਾਂ ਵਿਚ ਘਾਹ ਫੂਸ ਅਤੇ ਹੋਰ ਗਾਜਰ ਬੂਟੀ ਉੱਗਦੀ, ਵਧਦੀ, ਫੈਲਦੀ ਰਹਿੰਦੀ ਹੈ। ਜਿਸ ਕਰਕੇ ਇਥੇ ਸੱਪ ਸਲੂਟੀ, ਮੱਛਰ, ਮੱਖੀ ਆਦਿ ਕੀਟ ਪਤੰਗੇ ਪਲਦੇ ਰਹਿੰਦੇ ਹਨ। ਮੱਛਰ ਮੱਖੀ ਕਈ ਭਿਆਨਕ ਬਿਮਾਰੀਆਂ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਨਸ਼ੇ ਕਰਨ ਵਾਲੇ ਲੋਕ ਅਜਿਹੇ ਖਾਲੀ ਪਏ ਪਲਾਟਾਂ ਦੀ ਵਰਤੋਂ ਇਕ ਓਹਲੇ ਵਜੋਂ ਕਰਦੇ ਰਹਿੰਦੇ ਹਨ। ਸਰਕਾਰਾਂ, ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਇਨ੍ਹਾਂ ਕਾਲੋਨੀਆਂ ਵਿਚ ਵਸਦੇ ਲੋਕ ਸੁੱਖ ਦਾ ਸਾਹ ਲੈ ਸਕਣ।

-ਡਾ: ਇਕਬਾਲ ਸਿੰਘ
ਗਲੀ ਨੰ: 6, ਥਲੇਸ ਬਾਗ ਕਾਲੋਨੀ, ਸੰਗਰੂਰ।

ਮਿਲਾਵਟੀ ਚੀਜ਼ਾਂ ਦਾ ਜ਼ਮਾਨਾ
ਅੱਜ ਤੋਂ ਕੁਝ ਕੁ ਦਹਾਕੇ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਬਿਲਕੁਲ ਸ਼ੁੱਧ ਹੁੰਦੀਆਂ ਸਨ, ਜਿਸ ਕਰਕੇ ਉਸ ਵੇਲੇ ਲੋਕ ਚੰਗੀ ਸਿਹਤ ਦੇ ਮਾਲਕ ਹੁੰਦੇ ਸਨ ਅਤੇ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਸਨ। ਸ਼ੁੱਧ ਖੁਰਾਕਾਂ ਖਾਧੀਆਂ ਹੋਣ ਕਰਕੇ ਹੱਥੀਂ ਮਿਹਨਤ ਵੀ ਜ਼ਿਆਦਾ ਕਰਦੇ ਸਨ ਅਤੇ ਲੰਬੀ ਉਮਰ ਜਿਊਂਦੇ ਸਨ ਪਰ ਅੱਜ ਦਾ ਜ਼ਮਾਨਾ ਮਿਲਾਵਟ ਦਾ ਜ਼ਮਾਨਾ ਹੋ ਗਿਆ ਹੈ। ਮਨੋਬਿਰਤੀ ਇਹ ਬਣ ਗਈ ਹੈ ਕਿ ਆਪਣੇ ਨਿੱਜੀ ਲਾਭ ਖਾਤਰ ਉਹ ਦੂਜੇ ਇਨਸਾਨ ਦੀਆਂ ਜ਼ਿੰਦਗੀਆਂ ਨਾਲ ਖੇਲਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਮਿਲਾਵਟ ਕਰਨ ਵਾਲਿਆਂ ਸਬੰਧੀ ਖ਼ਬਰਾਂ ਆਉਂਦੀਆਂ ਹਨ, ਇਨ੍ਹਾਂ ਮਿਲਾਵਟ ਕਰਨ ਵਾਲਿਆਂ ਨੇ ਨਵੇਂ-ਨਵੇਂ ਢੰਗ ਈਜਾਦ ਕਰ ਲਏ ਹਨ ਤੇ ਅੱਜ ਲਗਪਗ ਹਰ ਚੀਜ਼ ਵਿਚ ਮਿਲਾਵਟ ਹੈ। ਕਈ ਵਾਰ ਨਾਮੀ ਕੰਪਨੀਆਂ ਦੇ ਥੈਲੇ ਜਾਂ ਬੋਤਲਾਂ ਵਰਤ ਕੇ ਉਨ੍ਹਾਂ ਵਿਚ ਘਟੀਆ ਸਮੱਗਰੀ ਪਾ ਦਿੱਤੀ ਜਾਂਦੀ ਹੈ, ਇਥੋਂ ਤੱਕ ਨਕਲੀ ਆਈ.ਐਸ.ਆਈ. ਦੇ ਮਾਰਕੇ ਵੀ ਲਗਾ ਦਿੱਤੇ ਜਾਂਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਮਿਲਾਵਟੀ ਚੀਜ਼ਾਂ ਫੜਨ ਦੀਆਂ ਖ਼ਬਰਾਂ ਆਉਂਦੀਆਂ ਹਨ ਪਰ ਬਾਅਦ ਵਿਚ ਪਰਨਾਲਾ ਉਥੇ ਦਾ ਉਥੇ ਰਹਿਣ ਵਾਲੀ ਗੱਲ ਹੁੰਦੀ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਜੇਕਰ ਕਿਸੇ ਪ੍ਰਯੋਗਸ਼ਾਲਾ ਵਿਚ ਕਰਵਾ ਲਈ ਜਾਵੇ ਤਾਂ ਬਹੁਤੀਆਂ ਵਸਤਾਂ ਇਸ ਰਿਪੋਰਟ ਵਿਚ ਫੇਲ੍ਹ ਹੋ ਜਾਣਗੀਆਂ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਖਿਲਾਫ਼ ਸਖ਼ਤ ਅਤੇ ਮਿਸਾਲੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

ਗਾਲ੍ਹਾਂ ਤੱਕ ਪੁੱਜੀ ਪੰਜਾਬੀ ਗਾਇਕੀ
ਪੰਜਾਬੀਆਂ ਲਈ ਲੱਚਰ ਗਾਇਕੀ ਅੱਜ ਬੇਹੱਦ ਜਟਿਲ ਸਮੱਸਿਆ ਬਣੀ ਹੋਈ ਹੈ। ਗਾਇਕ ਜਿਹੋ ਜਿਹੇ ਗੀਤ ਗਾ ਰਹੇ ਹਨ, ਉਸ ਹਿਸਾਬ ਨਾਲ ਤਾਂ ਇਕ ਦਿਨ ਸੱਚਮੁਚ ਪੰਜਾਬ 'ਗੈਂਗਲੈਂਡ' ਬਣ ਜਾਣਾ ਹੈ। ਬਿਨਾਂ ਸ਼ੱਕ, ਲੱਚਰ ਗਾਇਕੀ ਦਾ ਭੂਤ ਸਾਡੇ ਘਰਾਂ, ਵਿਆਹ-ਸ਼ਾਦੀਆਂ, ਮੈਰਿਜ ਪੈਲੇਸਾਂ, ਪ੍ਰਾਈਵੇਟ ਬੱਸਾਂ 'ਤੇ ਹੁੰਦਾ ਹੋਇਆ ਸਮਾਜ ਦੀ ਸੋਚਣ ਸ਼ਕਤੀ 'ਤੇ ਇਸ ਕਦਰ ਭਾਰੂ ਹੋ ਗਿਆ ਹੈ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਆਦੀ ਹੋ ਗਏ ਹਾਂ। ਜਦੋਂ ਸਾਡੇ ਸਾਹਮਣੇ ਬੇਹਯਾਈ ਭਰੇ ਇਹ ਗੀਤ ਸਾਡੇ ਕੰਨਾਂ ਵਿਚ ਪੈਂਦੇ ਹਨ ਤਾਂ ਅਸੀਂ ਉਸ ਸਮੇਂ ਚੁੱਪ ਰਹਿ ਕੇ ਆਪਣੇ ਬੇਗ਼ੈਰਤ ਹੋਣ ਦਾ ਸਬੂਤ ਦਿੰਦੇ ਹਾਂ। ਘੱਟੋ-ਘੱਟ ਅਸੀਂ ਅਜਿਹੇ ਗੀਤ ਗਾਉਣ ਵਾਲਿਆਂ ਨੂੰ ਇਸ ਬਾਰੇ ਕੁਝ ਸਵਾਲ ਤਾਂ ਕਰ ਹੀ ਸਕਦੇ ਹਾਂ ਪਰ ਅਸੀਂ ਅਜਿਹਾ ਨਹੀਂ ਕਰ ਰਹੇ। ਸਾਡੀ ਮਾਨਸਿਕਤਾ ਮਾੜੇ ਗੀਤ ਸੰਗੀਤ ਨੂੰ ਪ੍ਰਵਾਨ ਕਰ ਚੁੱਕੀ ਹੈ। ਅਸੀਂ ਲੱਚਰ ਗੀਤ ਗਾਉਣ ਵਾਲੇ ਗਾਇਕਾਂ 'ਤੇ ਲੱਖਾਂ ਰੁਪਏ ਲੁਟਾ ਦਿੰਦੇ ਹਾਂ ਪਰ ਚੰਗਿਆਂ ਨੂੰ ਆਪਣੇ ਘਰ ਦੀ ਦਹਿਲੀਜ਼ ਨਹੀਂ ਟੱਪਣ ਦਿੰਦੇ। ਸਾਡੇ ਘਰਾਂ ਅੰਦਰ ਫੁਕਰੇ ਕਲਾਕਾਰਾਂ ਦੀਆਂ ਤਸਵੀਰਾਂ ਤਾਂ ਮਿਲ ਜਾਂਦੀਆਂ ਹਨ ਪਰ ਮਾਂ-ਬੋਲੀ ਦੀ ਕਦਰ ਕਰਨ ਵਾਲੇ ਗਵੱਈਆਂ ਤੋਂ ਅਸੀਂ ਦੂਰੀ ਬਣਾਈ ਹੋਈ ਹੈ।

-ਸੰਦੀਪ ਕੰਬੋਜ, ਫ਼ਿਰੋਜ਼ਪੁਰ।

21-10-2019

 ਕੀਮਤੀ ਜਾਨਾਂ
ਪੰਜਾਬ ਦੀ ਧਰਤੀ 'ਤੇ ਨਿੱਤ ਕੋਈ ਨਾ ਕੋਈ ਨਵਾਂ ਤੇ ਅਜੀਬ ਹਾਦਸਾ ਵਾਪਰਦਾ ਹੈ ਤੇ ਅਨੇਕਾਂ ਹੀ ਕੀਮਤੀ ਇਨਸਾਨੀ ਜਾਨਾਂ ਪਲਾਂ ਵਿਚ ਹੀ ਖਤਮ ਹੋ ਜਾਂਦੀਆਂ ਹਨ। ਕਈ ਹਾਦਸੇ ਸਾਡੀਆਂ ਆਪਣੀਆਂ ਗ਼ਲਤੀਆਂ ਕਾਰਨ ਵਾਪਰਦੇ ਹਨ ਤੇ ਹੱਸਦੇ-ਵਸਦੇ ਘਰ ਉਜੜਨ ਨੂੰ ਸਮਾਂ ਨਹੀਂ ਲਗਦਾ। ਤਾਜ਼ਾ ਵਾਪਰੇ ਬਟਾਲਾ ਕਾਂਡ ਵੱਲ ਹੀ ਦੇਖ ਲਓ, ਬਿਨਾਂ ਕਿਸੇ ਸਰਕਾਰੀ ਲਾਇਸੈਂਸ ਜਾਂ ਮਨਜ਼ੂਰੀ ਦੇ ਪਟਾਕਾ ਫੈਕਟਰੀ ਕਿੰਨੇ ਘਰ ਉਜਾੜ ਗਈ। ਪ੍ਰਸ਼ਾਸਨ ਨੂੰ ਇੰਨੀ ਵੱਡੀ ਸਾਰੀ ਇਮਾਰਤ ਵਿਚ ਚਲਦੀ ਮੌਤ ਦੀ ਫੈਕਟਰੀ ਨਜ਼ਰ ਹੀ ਨਾ ਪਈ। ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ, ਫਿਰ ਵੀ ਕਿਸੇ ਨੇ ਚੈਕਿੰਗ (ਜਾਂਚ-ਪੜਤਾਲ) ਨਹੀਂ ਕੀਤੀ। ਦੂਜੇ ਪਾਸੇ ਕਈ ਵਾਰ ਕਿਸੇ ਗਰੀਬ ਦੀ ਕੇਲਿਆਂ ਦੀ ਰੇਹੜੀ ਵੀ ਸੜਕਾਂ 'ਤੇ ਨਹੀਂ ਲੱਗਣ ਦਿੰਦੇ, ਫਿਰ ਅਸੀਂ ਇਸ ਸਾਰੇ ਸਿਸਟਮ ਨੂੰ ਕੀ ਕਹੀਏ? ਚੰਦ ਪੈਸਿਆਂ ਦੇ ਲਾਲਸ ਵਿਚ ਫਸ ਕੇ ਸ਼ਾਇਦ ਸਾਰੇ ਹੀ ਅੰਨ੍ਹੇ ਹੋ ਜਾਂਦੇ ਹਨ। ਪਹਿਲਾਂ ਵੀ ਕਈ ਫੈਕਟਰੀਆਂ 'ਚ ਹਾਦਸੇ ਸਾਹਮਣੇ ਆਏ ਹਨ। ਪੀੜਤਾਂ ਨੂੰ ਕੁਝ ਪੈਸੇ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਫਿਰ ਸਰਕਾਰੀ ਸਹਿਮਤੀ ਨਾਲ ਸਭ ਕੁਝ ਪਹਿਲਾਂ ਵਾਂਗ ਹੀ ਚੱਲਣ ਲੱਗ ਪੈਂਦਾ ਹੈ। ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਸਭ ਦੀਆਂ ਅੱਖਾਂ ਖੁੱਲ੍ਹਦੀਆਂ ਹਨ। ਇਨਸਾਨੀ ਜਾਨਾਂ ਦੀ ਕਿੇਸ ਨੂੰ ਕੋਈ ਪ੍ਰਵਾਹ ਨਹੀਂ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਖੇਡ ਮੰਤਰਾਲੇ ਦੀ ਭੂਮਿਕਾ
ਪਹਿਲੀ ਗੱਲ ਤਾਂ ਭਾਰਤ ਦੀ ਰਾਜਨੀਤੀ ਤੇ ਖੇਡ ਮੰਤਰਾਲੇ ਨੇ ਸ਼ਰਮਨਾਕ ਹਾਲਤ ਵਿਚ ਰਾਸ਼ਟਰ ਮੰਡਲ ਅਥਲੈਟਿਕ 2019 ਖੇਡਾਂ ਵਿਚ ਕੋਈ ਕਾਬਲ ਖਿਡਾਰੀ ਭੇਜਿਆ ਹੀ ਨਹੀਂ। ਜੋ ਵੀ ਖਿਡਾਰੀ ਉਪਰੋਕਤ ਖੇਡਾਂ ਵਿਚ ਹਿੱਸਾ ਲੈਣ ਗਏ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮੀਡੀਆ ਨੇ ਤਹਿਸ-ਨਹਿਸ ਕਰ ਦਿੱਤਾ। ਕਿਸੇ ਖਿਡਾਰੀ ਨੂੰ ਆਪਣਾ ਖੇਡ ਪ੍ਰਦਰਸ਼ਨ ਕਰਦੇ ਵਿਖਾਇਆ ਨਹੀਂ ਗਿਆ। ਬਸ ਇਕ-ਦੋ ਮਿੰਟ ਦੀ ਮਾਮੂਲੀ ਝਲਕ ਹੀ ਦਿਖਾਈ। ਖੇਡ ਪ੍ਰੇਮੀ ਟੀ.ਵੀ. 'ਤੇ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਖੇਡਦੇ ਦੇਖਣ ਲਈ ਤਰਸ ਗਏ। ਭਾਰਤੀ ਖੇਡ ਮੰਤਰਾਲੇ ਨੂੰ ਸ਼ਾਇਦ ਭਾਰਤ ਦੇ ਲੰਬੇ ਜਵਾਨ ਖਿਡਾਰੀ ਨਹੀਂ ਦਿਸਦੇ ਅਥਲੈਟਿਕ ਵਾਸਤੇ। ਭਾਰਤ ਤਾਂ ਸਿਰਫ ਕ੍ਰਿਕਟ ਅਤੇ ਬੈਡਮਿੰਟਨ ਦਾ ਦੀਵਾਨਾ ਹੈ, ਜਿਸਦੇ ਖਿਡਾਰੀ ਹਰ ਹਫ਼ਤੇ ਕਿਤੇ ਨਾ ਕਿਤੇ ਖੇਡ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਸ਼ਰਮਨਾਕ ਹਾਰ ਲਈ ਖੇਡ ਮੰਤਰਾਲਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜੇ ਖੇਡ ਮੰਤਰਾਲਾ ਚਾਹੇ ਤਾਂ ਇਕੱਲੇ ਪੰਜਾਬ 'ਚੋਂ ਅਥਲੈਟਿਕਸ ਦੇ ਚੋਟੀ ਦੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।


-ਸਰਵਨ ਸਿੰਘ ਪਤੰਗ
ਪਿੰਡ ਮਾਣੂਕੇ, ਜ਼ਿਲ੍ਹਾ ਮੋਗਾ।


ਰਿਸ਼ਤਿਆਂ 'ਚ ਤਰੇੜਾਂ
ਅਜੋਕੇ ਭੌਤਿਕਵਾਦੀ ਯੁੱਗ ਅੰਦਰ ਮਨੁੱਖ ਦੀ ਪਦਾਰਥਵਾਦੀ ਸੋਚ ਕਾਰਨ ਆਪਸੀ ਰਿਸ਼ਤਿਆਂ ਵਿਚ ਤਰੇੜਾਂ ਆ ਰਹੀਆਂ ਹਨ। ਚੰਦ ਕੁ ਗਿੱਠਾਂ ਦੀ ਥਾਂ ਖਾਤਰ ਆਪਣੇ ਹੀ ਜਾਨ ਕੱਢ ਲੈਂਦੇ ਹਨ। ਰਿਸ਼ਤੇ ਨਾਤੇ ਲੀਰੋ-ਲੀਰ ਹੋ ਰਹੇ ਹਨ। ਜਿਨ੍ਹਾਂ ਰਿਸ਼ਤਿਆਂ ਉੱਪਰ ਸਾਨੂੰ ਮਾਣ ਹੁੰਦਾ ਸੀ, ਉਨ੍ਹਾਂ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਅਪਣੱਤ ਨਹੀਂ ਰਹੀ। ਬਜ਼ੁਰਗਾਂ ਨੂੰ ਬਿਰਧ ਆਸ਼ਰਮ ਸੰਭਾਲ ਰਹੇ ਹਨ। ਜਿਹੜੇ ਮਨੁੱਖ ਨੇ ਆਪਣੇ ਸੁਪਨੇ ਸਿਰਜੇ ਹੁੰਦੇ ਹਨ ਉਹ ਸਿਰਫ਼ ਸੁਪਨੇ ਬਣ ਕੇ ਰਹਿ ਗਏ ਹਨ। ਸਮੇਂ ਦੀ ਬਜ਼ੁਰਗਾਂ ਉੱਪਰ ਐਸੀ ਮਾਰ ਪਈ ਹੈ ਕਿ ਉਹ ਆਪਣੇ-ਆਪ ਨੂੰ ਝੁਰਦੇ ਨਜ਼ਰ ਆਉਂਦੇ ਹਨ। ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਕੇ ਆਪਣੇ-ਆਪ ਨੂੰ ਭਾਗਸ਼ਾਲੀ ਸਮਝਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਹੀ ਜ਼ਿੰਦਗੀ ਦੇ ਰਾਹ ਦਸੇਰੇ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਅਸੀਂ ਆਪਣੀ ਜ਼ਿੰਦਗੀ 'ਚ ਨਿਖਾਰ ਲਿਆ ਸਕਦੇ ਹਾਂ।


-ਓਮ ਪ੍ਰਕਾਸ਼ ਪੂਨੀਆ
ਗਿੱਦੜਬਾਹਾ।


ਪ੍ਰਵਾਸੀਆਂ ਨੇ ਦੱਬਿਆ...
ਪੰਜਾਬ ਦੇ ਬਾਹਰੋਂ ਕੋਈ ਵੀ ਵਿਅਕਤੀ ਪੰਜਾਬ ਆ ਕੇ ਜ਼ਮੀਨ-ਜਾਇਦਾਦ ਜਾਂ ਨੌਕਰੀ ਕਰ ਸਕਦਾ ਹੈ। ਇਸ ਦਾ ਅਸਰ ਲੁਧਿਆਣਾ ਜ਼ਿਲ੍ਹੇ 'ਤੇ ਪਿਆ ਹੈ। ਇਥੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਆ ਕੇ ਨਿੱਜੀ ਫੈਕਟਰੀਆਂ ਜਾਂ ਦੁਕਾਨਾਂ 'ਤੇ ਘੱਟ ਤਨਖਾਹਾਂ ਤੇ ਵਧੇਰੇ ਘੰਟੇ ਕੰਮ ਕਰਨ ਵਿਚ ਪ੍ਰਵਾਸੀ ਲੋਕਾਂ ਦਾ ਵਧੇਰੇ ਯੋਗਦਾਨ ਹੈ। ਕਾਰਖਾਨਿਆਂ ਵਿਚ ਵੀ ਕੰਮ ਵੱਧ ਤੋਂ ਵੱਧ 11 ਜਾਂ 12 ਘੰਟੇ ਹੁੰਦਾ ਹੈ। ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਜਾਂਦੀਆਂ ਹਨ। ਕਾਰਖਾਨੇ ਦੇ ਬਾਹਰ ਕੰਮ ਸਬੰਧੀ ਕੋਈ ਵੀ ਨੋਟਿਸ ਬੋਰਡ ਨਹੀਂ ਲਗਾਇਆ ਜਾਂਦਾ। ਠੇਕੇ 'ਤੇ ਵੀ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾਂਦਾ ਹੈ। ਕਈ ਪ੍ਰਵਾਸੀ ਲੋਕ ਘੱਟ ਪੜ੍ਹੇ-ਲਿਖੇ ਹੋਣ ਕਰਕੇ ਆਪਣੇ ਹੱਕਾਂ ਤੋਂ ਵੀ ਅਣਜਾਣ ਹੁੰਦੇ। ਜ਼ਿਆਦਾਤਰ ਕਾਰਖਾਨਿਆਂ ਵਿਚ ਪ੍ਰਵਾਸੀ ਲੋਕ ਹੀ ਕੰਮ ਕਰਦੇ ਹਨ। ਸਕਿਊਰਿਟੀ ਗਾਰਡ ਦੀ ਨੌਕਰੀ 'ਚ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ। ਕੰਮ 12 ਘੰਟੇ ਲਿਆ ਜਾਂਦਾ ਹੈ। ਸਰਕਾਰ ਜਾਗੇ ਸਖ਼ਤ ਕਾਨੂੰਨ ਬਣਾਏ।


-ਹਰਜਿੰਦਰ ਪਾਲ ਸਿੰਘ
ਜਵੱਦੀਕਲਾਂ, ਲੁਧਿਆਣਾ।


ਪਰਾਲੀ ਸਾੜਨ 'ਤੇ ਹੋਈ ਸਖ਼ਤੀ
ਇਕ ਪਾਸੇ ਜਿਥੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਪਰਾਲੀ ਸਾੜਨ ਸਬੰਧੀ ਚੁੱਕੇ ਕਦਮਾਂ ਦੀ ਰਿਪੋਰਟ ਮੰਗੀ ਹੈ। ਉਥੇ ਪੰਜਾਬ ਸਰਕਾਰ ਨੇ ਇਨ੍ਹੀਂ ਦਿਨੀਂ ਵਧ ਰਹੇ ਹਵਾ 'ਚ ਪ੍ਰਦੂਸ਼ਣ ਦੀ ਰੋਕਥਾਮ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਹਰੇਕ ਕਿਸਮ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਮੁਲਾਜ਼ਮਾਂ, ਆੜ੍ਹਤੀਆਂ, ਨੰਬਰਦਾਰਾਂ ਦੀ ਮਾਲਕੀ ਵਾਲੇ ਖੇਤਾਂ 'ਚ ਪਰਾਲੀ ਸਾੜਨ ਵਾਲਿਆਂ ਦੀ ਜਵਾਬਦੇਹੀ ਹੀ ਫਿਕਸ ਕਰਨ ਦੇ ਨਾਲ-ਨਾਲ ਠੇਕੇ 'ਤੇ ਜ਼ਮੀਨਾਂ ਦੇਣ ਵਾਲੇ ਮਾਲਕਾਂ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਕਰਨ ਅਤੇ ਜ਼ਮੀਨ ਦੀ ਗਿਰਦਾਵਰੀ 'ਚ ਰੈੱਡ ਐਂਟਰੀ ਕਰਨ ਦੇ ਆਦੇਸ਼ ਵੀ ਦਿੱਤੇ ਹਨ ਤਾਂ ਜੋ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਮੁੱਖ ਕਾਰਨ ਮਹਿੰਗੀ ਮਸ਼ੀਨਰੀ ਅਤੇ ਛੋਟੇ ਕਿਸਾਨਾਂ ਵਲੋਂ ਕਿਰਾਏ 'ਤੇ ਪਰਾਲੀ ਸੰਭਾਲ ਕਰਨਾ ਮੁਸ਼ਕਿਲ ਹੈ। ਜਿਥੇ ਸਰਕਾਰ ਨੂੰ ਪਰਾਲੀ ਸੰਭਾਲ ਮਸ਼ੀਨਰੀ 'ਤੇ ਵੱਧ ਤੋਂ ਵੱਧ ਸਬਸਿਡੀ ਦੇਣੀ ਚਾਹੀਦੀ ਹੈ, ਉਥੇ ਹੀ ਛੋਟੇ ਕਿਸਾਨਾਂ ਨੂੰ ਵੀ ਜਾਗਰੂਕ ਰਾਹਤ ਮਿਲਣੀ ਚਾਹੀਦੀ ਹੈ। ਕਿਸਾਨਾਂ ਨੂੰ ਵੀ ਮੌਜੂਦਾ ਹਵਾ ਵਿਚ ਬਣੇ ਪ੍ਰਦੂਸ਼ਣ ਨੂੰ ਧਿਆਨ 'ਚ ਰੱਖਦਿਆਂ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸਾਨਾਂ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਡਾਕਟਰੀ ਸਹਾਇਤਾ ਦੀ ਲੋੜ
ਪਿਛਲੇ ਦਿਨਾਂ ਦੌਰਾਨ ਭਾਖੜਾ ਡੈਮ ਤੋਂ ਛੱਡੇ ਪਾਣੀ ਦੇ ਤੇਜ਼ ਵਹਾਅ ਕਾਰਨ ਪੰਜਾਬ ਦੇ ਦਰਿਆ ਨੇੜਲੇ ਪਿੰਡਾਂ ਵਿਚ ਆਏ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ। ਹੜ੍ਹ ਨੇ ਕਈ ਘਰਾਂ ਦਾ ਉਜਾੜਾ ਕਰ ਕੇ ਰੱਖ ਦਿੱਤਾ। ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ਅਤੇ ਕਈ ਘਰਾਂ 'ਚ ਰੱਖੇ ਪਸ਼ੂ ਵੀ ਇਨ੍ਹਾਂ ਦੀ ਮਾਰ ਹੇਠ ਆ ਗਏ। ਪਰ ਇਸ ਪਿੱਛੋਂ ਜੋ ਸਭ ਜਿੰਮਾ ਨੌਜਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਨੇ ਸੰਭਾਲਿਆ ਉਹ ਕਾਬਲੇ ਤਾਰੀਫ ਹੈ, ਚਾਹੇ ਗੱਲ ਪੀੜਤਾਂ ਲਈ ਰੋਟੀ-ਪਾਣੀ ਦੀ ਹੋਵੇ ਚਾਹੇ ਪਸ਼ੂਆਂ ਦੇ ਚਾਰੇ ਦੀ, ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀੇ। ਪਰ ਹੁਣ ਦੇਖਿਆ ਇਹ ਗਿਆ ਹੈ ਕਿ ਕਾਫੀ ਪਿੰਡਾਂ ਵਿਚ ਪਾਣੀ ਦਾ ਪੱਧਰ ਤਾਂ ਥੱਲੇ ਹੋ ਗਿਆ ਪਰ ਜੋ ਪਾਣੀ ਖੜ੍ਹਾ ਹੈ ਉਹ ਕਾਲਾ ਹੋ ਚੁੱਕਿਆ ਹੈ ਅਤੇ ਉਸ ਪਾਣੀ ਵਿਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗੀ ਹੈ। ਸੋ, ਹੁਣ ਇਸ ਪਾਣੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਹੁਣ ਜਿੱਥੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਡਾਕਟਰਾਂ ਦੀਆਂ ਵੱਧ ਤੋਂ ਵੱਧ ਟੀਮਾਂ ਇਨ੍ਹਾਂ ਪਿੰਡਾਂ ਵਿਚ ਭੇਜੇ ਉੱਥੇ ਸਾਰੀਆਂ ਹੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੱਧਰ 'ਤੇ ਡਾਕਟਰਾਂ ਦੀਆਂ ਟੀਮਾਂ ਇਨ੍ਹਾਂ ਪਿੰਡਾਂ ਵਿਚ ਲੈ ਕੇ ਜਾਣ ਤਾਂ ਜੋ ਕੋਈ ਵੀ ਬਿਮਾਰੀ ਫੈਲਣ ਤੋਂ ਪਹਿਲਾਂ ਬਚਾਅ ਕੀਤਾ ਜਾ ਸਕੇੇ।


-ਸ਼ੰਕਰ, ਮੋਗਾ।

18-10-2019

 ਬਜ਼ੁਰਗ ਹਨ ਸਮਾਜ ਦਾ ਸਰਮਾਇਆ
ਕਹਿੰਦੇ ਹਨ ਕਿ ਸਿਆਣੇ ਘਰ ਦੇ ਜਿੰਦਰੇ ਹੁੰਦੇ ਹਨ ਅੱਜਕਲ੍ਹ ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਕ ਹੀ ਛੱਤ ਦੇ ਥੱਲੇ ਪੂਰਾ ਪਰਿਵਾਰ ਰਹਿੰਦਾ ਸੀ। ਪਿਆਰ ਸੀ। ਘਰ ਵਿਚ ਬਜ਼ੁਰਗ ਦੀ ਚਲਦੀ ਸੀ। ਉਸ ਨੂੰ ਲਾਣੇਦਾਰ ਕਿਹਾ ਜਾਂਦਾ ਸੀ। ਘਰੇਲੂ ਖਰਚਾ, ਵਿਆਹਾਂ 'ਤੇ ਖਰਚਾ ਉਹੀ ਕਰਦਾ ਸੀ। ਸਮਾਂ ਬੀਤਦਾ ਗਿਆ। ਵੱਡੇ ਪਰਿਵਾਰ ਛੋਟੇ ਪਰਿਵਾਰਾਂ ਵਿਚ ਆ ਗਏ। ਬਜ਼ੁਰਗਾਂ ਦੀ ਬੇਕਦਰੀ ਹੋਣ ਲੱਗੀ। ਜੇ ਪਰਿਵਾਰ ਵਿਚ ਦੋ ਮੁੰਡੇ ਹਨ, ਉਨ੍ਹਾਂ ਨੇ ਬਜ਼ੁਰਗ ਵੀ ਵੰਡ ਲਏ। ਇਕ ਨੇ ਮਾਂ ਤੇ ਦੂਜੇ ਨੇ ਪਿਤਾ। ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੁੰਦਾ ਹੈ। ਕਿਉਂਕਿ ਮੁੰਡੇ ਨੂੰਹ ਨੇ ਉਨ੍ਹਾਂ ਤੋਂ ਪੈਨਸ਼ਨ ਲੈਣੀ ਹੁੰਦੀ ਹੈ। ਪੁਰਾਣਾ ਸਮਾਂ ਬਹੁਤ ਚੰਗਾ ਸੀ। ਅੱਜਕਲ੍ਹ ਦੀਆਂ ਨੂੰਹਾਂ ਆਪਣੇ ਸੱਸ ਸਹੁਰੇ ਨਾਲ ਨਹੀਂ ਰਹਿ ਸਕਦੀਆਂ। ਉਨ੍ਹਾਂ ਤੋਂ ਅੱਡ ਰਹਿ ਰਹੀਆਂ ਹਨ। ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਨ੍ਹਾਂ ਦੀ ਬਦੋਲਤ ਅਸੀਂ ਇਥੇ ਤੱਕ ਪੁੱਜੇ ਹਾਂ, ਉਨ੍ਹਾਂ ਦਾ ਤਹਿ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਕੱਲ੍ਹ ਨੂੰ ਬਜ਼ੁਰਗ ਅਸੀਂ ਵੀ ਬਣਨਾ ਹੈ। ਕਦੇ ਕੱਲ੍ਹ ਨੂੰ ਸਾਡੇ ਨਾਲ ਇਹੀ ਵਤੀਰਾ ਨਾ ਹੋਵੇ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਹਰ ਮਨੁੱਖ ਲਾਏ ਇਕ ਰੁੱਖ
ਮਨੁੱਖ ਅਤੇ ਰੁੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਰੁੱਖ ਸਾਡੇ ਸੱਚੇ ਸਾਥੀ ਹਨ। ਮੀਂਹ ਲਿਆਉਣ ਵਿਚ ਸਹਾਈ ਹੁੰਦੇ ਹਨ, ਹਵਾ ਸਾਫ਼ ਕਰਦੇ ਹਨ। ਊਰਜਾ ਦਾ ਸਾਧਨ ਵੀ ਰੁੱਖ ਹਨ। ਇਹ ਸਾਡੀਆਂ ਦਵਾਈ-ਬੂਟੀਆਂ ਦਾ ਸਰੋਤ ਹਨ। ਕੁਦਰਤੀ ਨਿਆਮਤਾਂ ਨਾਲ ਸਾਨੂੰ ਨਿਵਾਜਦੇ ਸਾਡੇ ਭਰਾਵਾਂ ਵਰਗੇ ਦਾਨੇ ਰੁੱਖ ਮਨੁੱਖਤਾ ਤੋਂ ਵੱਡੀ ਆਸ ਰੱਖਦੇ ਹਨ। ਪਾਣੀ ਦੀ ਅੰਧਾਧੁੰਦ ਵਰਤੋਂ, ਰੁੱਖਾਂ ਦੀ ਨਾਜਾਇਜ਼ ਕਟਾਈ ਆਉਣ ਵਾਲੇ ਸਮੇਂ ਲਈ ਕੋਈ ਬਹੁਤਾ ਵਧੀਆ ਸੰਕੇਤ ਨਹੀਂ। ਰੁੱਖਾਂ 'ਤੇ ਹਮਲਾ ਆਪਣੇ-ਆਪ 'ਤੇ ਹਮਲਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਸਿਰਫ 5 ਫ਼ੀਸਦੀ ਰਕਬਾ ਜੰਗਲਾਂ ਹੇਠ ਹੈ। ਅਸੀਂ ਜੰਗਲਾਂ ਦੀ ਕਟਾਈ ਕਰਕੇ ਫ਼ਸਲਾਂ ਨੂੰ ਆਮਦਨ ਦਾ ਸਾਧਨ ਬਣਾ ਲਿਆ ਹੈ। ਅਸੀਂ ਰੁੱਖਾਂ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ ਹੈ। ਰੁੱਖ ਸਾਥੋਂ ਕੁਝ ਨਹੀਂ ਮੰਗਦੇ, ਸਗੋਂ ਸਾਡੀ ਭਲਾਈ ਲਈ ਹੀ ਤਤਪਰ ਹਨ। 'ਹਰ ਮਨੁੱਖ ਲਾਵੇ ਇਕ ਰੁੱਖ' ਦੇ ਨਾਅਰੇ ਨੂੰ ਜੇਕਰ ਅਸੀਂ ਆਪਣੇ ਜ਼ਿਹਨ ਵਿਚ ਵਸਾ ਕੇ ਚੱਲੀਏ ਤਾਂ ਹਰੇ-ਭਰੇ ਚੌਗਿਰਦੇ ਦੀ ਨੀਂਹ ਰੱਖੀ ਜਾ ਸਕਦੀ ਹੈ।


-ਪ੍ਰਵਿੰਦਰ ਕੌਰ, ਰਾਏਕੋਟ।


ਸਾਦੇ ਸਮਾਜਿਕ ਸਮਾਗਮਾਂ ਦੀ ਲੋੜ
ਅਜੋਕੇ ਮਹਿੰਗਾਈ ਦੇ ਦੌਰ ਵਿਚ ਖਰਚੀਲੇ ਸਮਾਜਿਕ ਸਮਾਗਮ ਫੌਕੀ ਸ਼ੋਹਰਤ ਹਨ। ਅੱਜ ਸਮੇਂ ਦੀ ਲੋੜ ਹੈ ਕਿ ਵਿਆਹ-ਸ਼ਾਦੀ, ਜਨਮ ਦਿਨ, ਮਰਗ ਦੇ ਭੋਗਾਂ ਆਦਿ ਸਮਾਜਿਕ ਸਮਾਗਮਾਂ ਨੂੰ ਸਾਦੇ ਢੰਗ ਨਾਲ ਕਰਨਾ ਚਾਹੀਦਾ ਹੈ। ਬਹੁਤੇ ਲੋਕਾਂ ਵਲੋਂ ਕਰਜ਼ਾ ਚੁੱਕ ਕੇ ਕੀਤੇ ਸਮਾਗਮ ਬਾਅਦ ਵਿਚ ਗੰਭੀਰ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਵਿਆਹ-ਸ਼ਾਦੀ ਬਿਨਾਂ ਦਾਜ ਦਹੇਜ ਦੇ ਕਰਨੇ ਚਾਹੀਦੇ ਹਨ, ਬਜ਼ੁਰਗਾਂ ਦੀ ਬੁਢਾਪੇ ਵਿਚ ਸੇਵਾ ਕਰਨੀ ਚਾਹੀਦੀ ਹੈ, ਮਰਗ ਦੇ ਭੋਗਾਂ ਤੇ ਮਿਠਾਈਆਂ ਜਾਂ ਹੋਰ ਫੌਕੀਆਂ ਰਸਮਾਂ ਨੂੰ ਬੰਦ ਕਰਨਾ ਚਾਹੀਦਾ ਹੈ, ਸਾਦੇ ਭੋਗਾਂ ਦੇ ਸਮਾਗਮ ਕਰਨੇ ਚਾਹੀਦੇ ਹਨ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ (ਪਟਿਆਲਾ)।


ਮਿਲਾਵਟਖ਼ੋਰਾਂ ਦੀ ਚਾਂਦੀ ਸ਼ੁਰੂ
ਮਿਲਾਵਟਖ਼ੋਰੀ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਦੁੱਧ ਤੋਂ ਬਣੀਆਂ ਵਸਤਾਂ ਖੋਆ, ਪਨੀਰ, ਘਿਓ ਆਦਿ ਵਿਚ ਦੁਕਾਨਦਾਰਾਂ ਵਲੋਂ ਵੱਧ ਮੁਨਾਫ਼ਾ ਕਮਾਉਣ ਲਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਿਛਲੇ ਸਾਲ ਸਿਹਤ ਵਿਭਾਗ ਨੇ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਪੰਜਾਬ ਵਿਚ 30 ਫ਼ੀਸਦੀ ਖੁਰਾਕੀ ਪਦਾਰਥ ਮਿਲਾਵਟੀ ਹਨ। ਪਰ ਫਿਰ ਵੀ ਸਿਹਤ ਵਿਭਾਗ ਇਨ੍ਹਾਂ ਉੱਤੇ ਸ਼ਿਕੰਜਾ ਕਿਉਂ ਨਹੀਂ ਕੱਸ ਰਿਹਾ। ਬਹੁਤ ਸਾਰੇ ਸਮਝਦਾਰ ਲੋਕ ਇਨ੍ਹਾਂ ਇਸ ਸਮੱਸਿਆ ਵਿਚੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਖ਼ਰੀਦਦਾਰੀ ਬੰਦ ਕਰ ਦਿੱਤੀ ਹੈ। ਇਨ੍ਹਾਂ ਸਮੱਸਿਆਵਾਂ 'ਤੇ ਸਰਕਾਰਾਂ ਆਸਾਨੀ ਨਾਲ ਨੱਥ ਪਾ ਸਕਦੀਆਂ ਹਨ। ਜੇਕਰ ਸਾਡੇ ਆਪਣੇ ਦੇਸ਼ ਵਿਚ ਨਾ ਸਪਰੇਆਂ ਅਤੇ ਮਿਲਾਵਟਾਂ ਹੋਣਗੀਆਂ, ਸਾਨੂੰ ਹਰ ਇਕ ਚੀਜ਼ ਵਧੀਆ ਮਿਲੇਗੀ ਤਾਂ ਅਸੀਂ ਦੁੱਗਣੀ ਉਮਰ ਹੰਢਾ ਕੇ ਜਾਵਾਂਗੇ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਮੋਬਾਈਲ ਫੋਨ ਗੁਰੂ, ਬੱਚਾ ਚੇਲਾ
ਅੱਜ ਤਕਨਾਲੋਜੀ ਨੇ ਸਾਨੂੰ ਏਨਾ ਮਸਰੂਫ਼ ਕਰ ਦਿੱਤਾ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੀ ਕਿ ਅਸੀਂ ਮਸਰੂਫ ਨਹੀਂ ਸਗੋਂ ਇਕੱਲੇ ਹੋ ਰਹੇ ਹਾਂ। ਬੱਚਿਆਂ ਵਿਚ ਵਧ ਰਹੀ ਸਮਾਰਟ ਫੋਨ ਦੀ ਆਦਤ ਨੇ ਬਚਪਨ ਨੂੰ ਤਕਨਾਲੋਜੀ ਦਾ ਗੁਲਾਮ ਬਣਾ ਦਿੱਤਾ ਹੈ। ਇਹ ਆਦਤ ਸਾਰੇ ਨਸ਼ਿਆਂ ਤੋਂ ਖ਼ਤਰਨਾਕ ਸਿੱਧ ਹੋ ਰਹੀ ਹੈ। ਅੱਜਕਲ੍ਹ ਬੱਚਾ ਤੁਰਨਾ ਬਾਅਦ ਵਿਚ ਸਿੱਖਦਾ ਹੈ, ਸਮਾਰਟ ਫੋਨ ਨੂੰ ਚਲਾਉਣਾ ਪਹਿਲਾਂ। ਜੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਾਰਨ ਹੈ ਮਾਪਿਆਂ ਕੋਲ ਸਮੇਂ ਦੀ ਘਾਟ। ਸਾਰਾ ਦਿਨ ਸਿਰ ਝੁਕਾ ਕੇ ਫੋਨ ਵੇਖਣ ਨਾਲ ਸਰੀਰ ਦੇ ਢਾਂਚੇ ਵਿਚ ਵੀ ਵਿਗਾੜ ਆਉਣ ਲਗਦੇ ਹਨ। ਅੱਖਾਂ ਦੀ ਰੌਸ਼ਨੀ 'ਤੇ ਮਾੜਾ ਅਸਰ ਪੈਂਦਾ ਹੈ। ਬੱਚਿਆਂ ਦੀ ਰਚਨਾਤਮਕ ਸ਼ਕਤੀ 'ਤੇ ਵੀ ਮਾਰੂ ਅਸਰ ਪੈਂਦੇ ਹਨ। ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਇਹ ਵੀ ਧਿਆਨ ਰੱਖੋ ਕਿ ਅੱਗੇ ਡਿਜੀਟਲ ਯੁੱਗ ਹੈ। ਉਨ੍ਹਾਂ ਨੂੰ ਇਸ ਨੂੰ ਸੀਮਤ ਢੰਗ ਨਾਲ ਵਰਤਣਾ ਵੀ ਸਿਖਾਓ, ਪਰ ਬੱਚਿਆਂ ਨੂੰ ਸਕਰੀਨ ਦੇ ਆਦੀ ਹੋਣ ਤੋਂ ਬਚਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ।


-ਸੰਨੀ
ਬਸਤੀ ਬਾਵਾ ਖੇਲ, ਜਲੰਧਰ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX