ਤਾਜਾ ਖ਼ਬਰਾਂ


ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  8 minutes ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  9 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  10 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  16 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  29 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  30 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  40 minutes ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  51 minutes ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  55 minutes ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  58 minutes ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9ਮਾਘ ਸੰਮਤ 551
ਵਿਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਤੁਹਾਡੇ ਖ਼ਤ

22-01-2020

 ਜੰਗ ਜਾਂ ਅਮਨ
ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਸਗੋਂ ਵਿਨਾਸ਼ ਤੇ ਤਬਾਹੀ ਦਾ ਮੰਜ਼ਰ ਹੁੰਦੀ ਹੈ। ਜਦੋਂ ਜੰਗ ਤੋਂ ਬਾਅਦ ਵੀ ਮੇਜ਼ 'ਤੇ ਬੈਠ ਕੇ ਹੀ ਫਿਰ ਸਮਝੌਤੇ 'ਤੇ ਗੱਲ ਮੁੱਕਣੀ ਹੁੰਦੀ ਹੈ ਫਿਰ ਜਾਨ-ਮਾਲ ਦਾ ਨੁਕਸਾਨ ਕਿਉਂ ਕਰਨਾ ਹੈ? ਪਿਛਲੇ ਦੋ ਵਿਸ਼ਵ ਯੁੱਧਾਂ ਵਿਚ ਲੱਖਾਂ ਜਾਨਾਂ ਚਲੀਆਂ ਗਈਆਂ, ਖ਼ਰਬਾਂ ਰੁਪਏ ਦੀ ਜਾਇਦਾਦ ਖ਼ਰਾਬ ਹੋ ਗਈ ਪਰ ਆਮ ਲੋਕਾਂ ਨੇ ਕੀ ਖੱਟਿਆ? ਹੁਣ ਫਿਰ ਅਸੀਂ ਤੀਸਰੇ ਵਿਸ਼ਵ ਯੁੱਧ ਵੱਲ ਵਧ ਰਹੇ ਹਾਂ। ਤੀਸਰਾ ਵਿਸ਼ਵ ਯੁੱਧ ਪੂਰਨ ਵਿਨਾਸ਼ਕਾਰੀ ਹੋਵੇਗਾ। ਲਗਪਗ ਹਰ ਦੇਸ਼ ਕੋਲ ਪ੍ਰਮਾਣੂ ਸ਼ਕਤੀ ਹੈ ਸੋਚੋ ਕੀ ਹੋਵੇਗਾ। ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਦੂਸਰੇ ਵਿਸ਼ਵ ਯੁੱਧ ਵਿਚ ਵਰਤੇ ਪ੍ਰਮਾਣੂਆਂ ਦੀ ਅੱਗ ਅੱਜ ਤੱਕ ਧੁਖ ਰਹੀ ਹੈ। ਸਮੁੱਚੀ ਮਾਨਵਤਾ ਨੂੰ ਜੰਗ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਨਹੀਂ ਤਾਂ ਪੁਰਾਤਨ ਸੱਭਿਅਤਾਵਾਂ ਵਾਂਗ ਅਸੀਂ ਵੀ ਸੱਭਿਅਤਾ ਦਾ ਇਕ ਹਿੱਸਾ ਮਾਤਰ ਰਹਿ ਜਾਵਾਂਗੇ।


-ਦਿਲਪ੍ਰੀਤ ਸਿੰਘ ਕਾਹਲੋਂ
ਪਿੰਡ ਸਹਿਗੇ, ਦਸੂਹਾ।


ਸਾਦੇ ਵਿਆਹ ਦੀ ਪਿਰਤ
ਇਕ ਨਾਮੀਂ ਹੈਸੀਅਤ ਦੇ ਮਾਲਕ ਵਿਅਕਤੀ ਨੇ ਆਪਣੀ ਧੀ ਦਾ ਵਿਆਹ ਸਾਦੀਆਂ ਰਸਮਾਂ ਨਾਲ ਕਰ ਕੇ ਵਧੀਆ ਉਦਾਹਰਨ ਪੇਸ਼ ਕੀਤੀ ਹੈ। ਉਸ ਨੇ ਵਿਆਹ ਦਾ ਸੱਦਾ ਪੱਤਰ ਬੜੀ ਨਿਮਰਤਾ ਸਹਿਤ ਵੱਟਸਐਪ ਰਾਹੀਂ ਬਿਨਾਂ ਕਿਸੇ ਉਚੇਚ ਤੋਂ ਆਪਣੇ ਜਾਣਕਾਰਾਂ ਨੂੰ ਭੇਜਿਆ ਹੈ। ਨਾਲ ਹੀ ਸਭ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵਿਆਹ ਵਿਚ ਸਮੇਂ ਸਿਰ ਪਹੁੰਚਣ ਅਤੇ ਕੋਈ ਸ਼ਗਨ ਜਾਂ ਤੋਹਫ਼ੇ ਨਾ ਲਿਆਉਣ ਦੀ ਬੇਨਤੀ ਕੀਤੀ ਗਈ। ਜੇਕਰ ਉਹ ਚਾਹੁੰਦਾ ਤਾਂ ਆਪਣੀ ਹੈਸੀਅਤ ਮੁਤਾਬਿਕ ਲੱਖਾਂ ਰੁਪਏ ਇਕੱਠੇ ਕਰ ਸਕਦਾ ਸੀ। ਪਰ ਕਈ ਨੇੜਲੇ ਨਾਰਾਜ਼ ਹੋਣ ਦੇ ਬਾਵਜੂਦ ਉਸ ਵਲੋਂ ਕਿਸੇ ਤੋਂ ਕੋਈ ਸ਼ਗਨ ਜਾਂ ਤੋਹਫ਼ਾ ਨਹੀਂ ਲਿਆ ਗਿਆ। ਇਸ ਨਿਵੇਕਲੀ ਪਿਰਤ ਦੇ ਵਿਆਹ ਨੂੰ ਸਮੇਂ ਦੀ ਲੋੜ ਅਨੁਸਾਰ ਸ਼ੁਭ ਸੰਦੇਸ਼ ਸਮਝਣਾ ਚਾਹੀਦਾ ਹੈ। ਅੱਜਕਲ੍ਹ ਵਿਆਹਾਂ ਸ਼ਾਦੀਆਂ ਵਿਚ ਨੱਕ ਉੱਚਾ ਰੱਖਣ ਲਈ ਬਹੁਤ ਜ਼ਿਆਦਾ ਖਰਚਾ ਅਤੇ ਦਿਖਾਵਾ ਕੀਤਾ ਜਾ ਰਿਹਾ ਹੈ। ਕਈ ਬੇਲੋੜੀਆਂ ਰਸਮਾਂ ਉੱਪਰ ਰੁਪਈਏ ਪਾਣੀ ਵਾਂਗ ਵਹਾਏ ਜਾਂਦੇ ਹਨ। ਵਿਆਹਾਂ ਵਿਚ ਧਨ ਅਤੇ ਅੰਨ ਦੀ ਬਰਬਾਦੀ ਹੁੰਦੀ ਹੈ। ਇਸ ਤੋਂ ਬਿਨਾਂ ਦਿਖਾਵੇ ਵਾਲੇ ਵਿਆਹਾਂ ਕਾਰਨ ਪੈਦਾ ਹੁੰਦੀ ਟ੍ਰੈਫਿਕ, ਪ੍ਰਦੂਸ਼ਣ, ਖਰੂਦ, ਲੜਾਈ ਝਗੜੇ, ਕਰਜ਼ਾ ਅਤੇ ਸ਼ਰਾਬ ਦੀ ਅੰਨ੍ਹੀ ਵਰਤੋਂ ਸਮਾਜ ਲਈ ਘਾਤਕ ਹੈ, ਜਿਸ ਦੇ ਦੁਰਗਾਮੀ ਸਿੱਟੇ ਭਿਆਨਕ ਹੋਣਗੇ। ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਸਾਦੇ ਕਿਸਮ ਦੇ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਸੱਚੇ ਦੋਸਤ ਦੀ ਭਾਲ
ਅੱਜਕਲ੍ਹ ਅਸੀਂ ਸੱਚੀ ਦੋਸਤੀ ਹੋਣ ਦੇ ਬੜੇ ਭਰਮ ਪਾਲ ਲੈਂਦੇ ਹਾਂ। ਉਂਜ ਸਾਡੇ ਦੋਸਤ ਤਾਂ ਬਹੁਤ ਹੁੰਦੇ ਹਨ ਪਰ ਓਨੇ ਦੋਸਤ ਸਾਡੇ ਕਰੀਬੀ ਨਹੀਂ ਹੁੰਦੇ, ਜਿੰਨੇ ਅਸੀਂ ਸਮਝਦੇ ਹਾਂ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸੱਚੇ ਦੋਸਤ ਲੱਭਣੇ ਬੜੇ ਔਖੇ ਹੋ ਗਏ ਹਨ। ਹੁਣ ਦੇ ਬਹੁਤੇ ਲੋਕ ਦੋਸਤੀ ਆਪਣੇ ਮਤਲਬ ਤੱਕ ਹੀ ਸੀਮਤ ਰੱਖਦੇ ਹਨ। ਪਹਿਲਾਂ ਵਾਲੇ ਲੋਕ ਦੋਸਤੀ ਸੱਚੀ ਨਿਭਾਉਂਦੇ ਸੀ ਤੇ ਦੋਸਤ ਦੀ ਭੈਣ ਨੂੰ ਵੀ ਦਿਲੋਂ ਆਪਣੀ ਭੈਣ ਮੰਨਦੇ ਸੀ। ਹੁਣ ਸੱਚੀ ਦੋਸਤੀ ਸਾਨੂੰ ਬਹੁਤ ਹੀ ਘੱਟ ਮਿਲਦੀ ਹੈ। ਹੁਣ ਨਵਾਂ ਦੋਸਤ ਬਣਾਉਣ ਵਾਲੇ ਇਹੀ ਡਰ ਲਗਦਾ ਰਹਿੰਦਾ ਹੈ ਕਿ ਕਦੇ ਇਹ ਇਨਸਾਨ ਆਪਣੇ ਮਤਲਬ ਤੱਕ ਤਾਂ ਨਹੀਂ ਇਸ ਦੋਸਤੀ ਦਾ ਫ਼ਰਜ਼ ਨਿਭਾਅ ਰਿਹਾ? ਇਸ ਕਰਕੇ ਸੱਚਾ ਦੋਸਤ ਕੋਈ ਕੋਈ ਹੀ ਬਣਦਾ ਹੈ। ਨਹੀਂ ਤਾਂ ਉਂਜ ਦੋਸਤ ਗਿਣਤੀ ਦੇ ਹੀ ਹੁੰਦੇ ਹਨ। ਆਓ, ਸਾਰੇ ਰਲ ਕੇ ਆਪਾਂ ਸੱਚੇ ਦੋਸਤ ਹੋਣ ਦਾ ਸਬੂਤ ਦੇਈਏ।


-ਸੁਖਦੇਵ ਸਿੰਘ ਕੁਸਲਾ
ਤਹਿ: ਸਰਦੂਲਗੜ੍ਹ ਮਾਨਸਾ।


ਸੜਕਾਂ 'ਤੇ ਸੈਲਫ਼ੀਆਂ ਦਾ ਰੁਝਾਨ
ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਨੌਜਵਾਨ ਲੜਕੇ-ਲੜਕੀਆਂ ਗੱਡੀ ਜਾਂ ਮੋਟਰਸਾਈਕਲ ਸੜਕ ਕਿਨਾਰੇ ਲਾ ਕੇ ਸੈਲਫੀਆਂ ਲੈਣ ਲੱਗ ਜਾਂਦੇ ਹਨ ਅਤੇ ਬਿਨਾਂ ਧਿਆਨ ਕੀਤਿਆਂ ਹੀ ਅੱਗੇ-ਪਿੱਛੇ ਹੋ ਰਹੇ ਹੁੰਦੇ ਹਨ ਅਤੇ ਕਈ ਵਾਰ ਤਾਂ ਸੜਕਾਂ ਦੇ ਵਿਚ ਆ ਜਾਂਦੇ ਹਨ, ਜਿਸ ਕਾਰਨ ਸੈਲਫੀ ਲੈਣ ਵਾਲਾ ਆਪਣੇ ਨਾਲ-ਨਾਲ ਕਿਸੇ ਰਾਹਗੀਰ ਦੀ ਜਾਨ ਵੀ ਖ਼ਤਰੇ ਵਿਚ ਪਾ ਸਕਦਾ ਹੈ। ਸੜਕਾਂ 'ਤੇ ਸੈਲਫੀਆਂ ਲੈਣ ਦਾ ਰੁਝਾਨ ਜਾਨਲੇਵਾ ਸਾਬਤ ਹੋ ਸਕਦਾ ਹੈ।


-ਬੂਟਾ ਅਰਮਾਨ।


ਸਾਵਧਾਨੀ ਵਰਤਣ ਦੀ ਲੋੜ
ਸਰਦੀਆਂ ਦਾ ਸੀਜ਼ਨ ਜ਼ੋਰਾਂ 'ਤੇ ਹੈ। ਅਸੀਂ ਦੇਖਦੇ ਹਾਂ ਕਿ ਕਿੰਨੀ ਸਰਦੀ ਪੈ ਰਹੀ ਹੈ। ਧੁੱਪਾਂ ਵੀ ਬਹੁਤ ਘੱਟ ਨਿਕਲਦੀਆਂ ਹਨ। ਸੂਰਜ ਦੇ ਦਰਸ਼ਨ ਵੀ ਦੁਰਲੱਭ ਹੋ ਗਏ ਹਨ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ ਦੀ ਵਰਤੋਂ ਕਰਦੇ ਹਾਂ ਤਾਂ ਕਿ ਸਾਡਾ ਸਰੀਰ ਗਰਮ ਰਹੇ। ਅਕਸਰ ਲੋਕ ਸਾਰੀ ਰਾਤ ਕਮਰੇ ਵਿਚ ਹੀਟਰ ਲਗਾ ਕੇ ਸੌਂ ਜਾਂਦੇ ਹਨ। ਪਿੱਛੇ ਵੀ ਅਸੀਂ ਦੇਖਿਆ ਕਿ ਕਮਰੇ ਵਿਚ ਸਾਰੀ ਰਾਤ ਅੰਗੀਠੀ ਜਲਾਉਣ ਨਾਲ ਪਰਿਵਾਰ ਦੇ 5 ਜੀਅ ਮਰ ਗਏ। ਅਜਿਹਾ ਇਸ ਕਾਰਨ ਹੁੰਦਾ ਹੈ ਕਿ ਸਾਰੀ ਰਾਤ ਜੇਕਰ ਅਸੀਂ ਹੀਟਰ ਜਾਂ ਅੰਗੀਠੀ ਬਾਲਦੇ ਹਾਂ ਤਾਂ ਕਮਰੇ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅੱਜਕਲ੍ਹ ਦੀ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ। 24 ਘੰਟੇ ਹੀਟਰਾਂ ਦੇ ਮੂਹਰੇ ਬੈਠਦੇ ਹਨ। ਜੇ ਹੀਟਰ ਦੀ ਵਰਤੋਂ ਕਰਨੀ ਹੈ ਤਾਂ ਕਮਰੇ ਵਿਚ ਗਿੱਲੇ ਕੱਪੜੇ ਜਾਂ ਪਾਣੀ ਦੀ ਬਾਲਟੀ ਭਰ ਕੇ ਰੱਖੋ। ਕਮਰੇ ਵਿਚ ਖਿੜਕੀਆਂ, ਦਰਵਾਜ਼ੇ ਖੋਲ੍ਹ ਕੇ ਰੱਖੋ। ਕਿਉਂਕਿ ਘਰ ਵਿਚ 'ਵੈਂਟੀਲੇਸ਼ਨ' ਬਹੁਤ ਜ਼ਰੂਰੀ ਹੈ। ਚਮੜੀ ਵੀ ਖੁਸ਼ਕ ਜਿਹੀ ਹੋ ਜਾਂਦੀ ਹੈ। ਹੀਟਰ ਦੀ ਜ਼ਿਆਦਾ ਵਰਤੋਂ ਅੱਖਾਂ ਦੀ ਨਮੀ ਨੂੰ ਵੀ ਖ਼ਤਮ ਕਰਦੀ ਹੈ, ਜਿਸ ਨਾਲ ਅੱਖਾਂ ਸਬੰਧੀ ਰੋਗ ਪੈਦਾ ਹੋ ਜਾਂਦੇ ਹਨ। ਉਂਜ ਤਾਂ ਹੀਟਰਾਂ, ਬਲੋਅਰਾਂ ਤੋਂ ਗੁਰੇਜ਼ ਕਰੋ। ਕਿਉਂਕਿ ਇਨ੍ਹਾਂ ਚੀਜ਼ਾਂ ਦੇ ਫਾਇਦੇ ਘੱਟ, ਨੁਕਸਾਨ ਜ਼ਿਆਦਾ ਹਨ। ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ। ਨਹੀਂ ਤਾਂ ਡਾਕਟਰਾਂ ਕੋਲ ਜਾਣਾ ਪਏਗਾ। ਕਿਸੇ ਨੇ ਠੀਕ ਹੀ ਕਿਹਾ ਹੈ, 'ਸਿਹਤ ਹੈ ਤਾਂ ਜਹਾਨ ਹੈ'।


-ਸੰਜੀਪ ਸਿੰਘ ਸੈਣੀ
ਦੇਸੂ ਮਾਜਰਾ, ਡੇਰਾਬੱਸੀ, ਮੁਹਾਲੀ

21-01-2020

 ਛੱਪੜਾਂ ਦੀ ਦਸ਼ਾ
ਪੇਂਡੂ ਜਨਜੀਵਨ ਦਾ ਅਨਿੱਖੜਵਾਂ ਅੰਗ ਰਹੇ ਪਿੰਡਾਂ ਦੇ ਛੱਪੜ ਜੋ ਕਿਸੇ ਸਮੇਂ ਪਸ਼ੂਆਂ ਨੂੰ ਪਾਣੀ ਪਿਆਉਣ, ਨਹਾਉਣ, ਮੱਛੀ ਪਾਲਣ, ਸੁਆਣੀਆਂ ਵਲੋਂ ਛੱਪੜਾਂ ਵਿਚਲੀ ਚੀਕਣੀ ਮਿੱਟੀ ਨਾਲ ਘਰਾਂ 'ਚ ਲਿੱਪਾ ਪੋਚੀ ਕਰਨ ਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਸਨ, ਉਹ ਅੱਜ ਲਾਲਚੀ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਪਣੀ ਹੋਂਦ ਗੁਆ ਚੁੱਕੇ ਹਨ। ਨਾਜਾਇਜ਼ ਕਬਜ਼ੇ ਹੋਣ ਕਾਰਨ ਘਰਾਂ ਦਾ ਨਿਕਾਸੀ ਪਾਣੀ ਨਾਲੀਆਂ, ਸੜਕਾਂ ਤੇ ਖੇਤਾਂ ਵਿਚ ਖੜ੍ਹ ਰਿਹਾ ਹੈ, ਜਿਸ ਕਰਕੇ ਲੜਾਈ-ਝਗੜੇ ਹੋ ਰਹੇ ਹਨ ਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਫ਼ਾਈ ਨਾ ਹੋਣ ਕਰਕੇ ਛੱਪੜਾਂ ਦਾ ਦੂਸ਼ਿਤ ਪਾਣੀ ਪਿੰਡ ਦੇ ਜ਼ਮੀਨਦੋਜ਼ ਪਾਣੀਆਂ ਨੂੰ ਵੀ ਵਿਗਾੜ ਰਿਹਾ ਹੈ। ਸਰਪੰਚ ਨੂੰ ਚਾਹੀਦਾ ਹੈ ਕਿ ਮਨਰੇਗਾ ਸਕੀਮ ਤਹਿਤ ਆਉਂਦੀ ਗਰਾਂਟ ਸਿਰਫ ਛੱਪੜ ਦੀ ਸਫ਼ਾਈ ਲਈ ਹੀ ਵਰਤੇ ਤੇ ਵੋਟ ਤੋਂ ਉੱਪਰ ਉੱਠ ਕੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਅੱਗੇ ਆਏ। ਛੱਪੜਾਂ ਦੀ ਹੋਂਦ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਮਾਲ ਵਿਭਾਗ ਤੋਂ ਨਿਸ਼ਾਨਦੇਹੀ ਲੈ ਕੇ ਪਿੰਡ ਦੇ ਛੱਪੜ ਦਾ ਰਕਬਾ ਪੂਰਾ ਕਰ ਕੇ ਇਨ੍ਹਾਂ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਲਿਆਉਣਾ ਚਾਹੀਦਾ ਹੈ। ਸੀਚੇਵਾਲ ਮਾਡਲ ਵਾਂਗ ਪੰਜਾਬ ਦੇ ਹੋਰਨਾਂ ਪਿੰਡਾਂ ਦੇ ਛੱਪੜਾਂ ਦੀ ਹਾਲਤ ਵੀ ਸੁਧਾਰੀ ਜਾਵੇ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗਦੇ ਮਿਆਰ ਨੂੰ ਸੁਧਾਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਛੱਪੜ ਦਾ ਪਾਣੀ ਇਕੱਠਾ ਕਰਕੇ ਸਿੰਜਾਈ ਲਈ ਵਰਤਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਸਹਾਇਤਾ ਲੈ ਕੇ ਛੱਪੜਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਤਾਂ ਹੀ ਅਸੀਂ ਅਗਾਂਹਵਧੂ ਤੇ ਖੁਸ਼ਹਾਲ ਪਿੰਡ ਬਾਰੇ ਸੋਚ ਸਕਦੇ ਹਾਂ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਵਧ ਰਹੀ ਆਬਾਦੀ ਦੀ ਚੁਣੌਤੀ
ਸੰਪਾਦਕੀ ਸਫ਼ੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਲੇਖ 'ਵਧ ਰਹੀ ਆਬਾਦੀ ਦੀ ਚੁਣੌਤੀ' ਭਾਰਤ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦਾ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ। ਆਬਾਦੀ ਪੱਖੋਂ ਚੀਨ ਵਿਸ਼ਵ ਦਾ ਪਹਿਲਾ ਦੇਸ਼ ਹੈ। ਪਰ ਜੋ ਤਾਜ਼ਾ ਅੰਕੜੇ ਸਾਡੇ ਸਾਹਮਣੇ ਆਏ ਹਨ, ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਚੀਨ ਤੋਂ ਮੂਹਰੇ ਲੰਘ ਜਾਏਗਾ। ਚੀਨ ਵਿਚ ਆਬਾਦੀ 'ਤੇ ਕੰਟਰੋਲ ਕਰਨ ਲਈ ਯੋਜਨਾਵਾਂ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਵਧਦੀ ਆਬਾਦੀ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਵਧੇਗੀ। ਪਹਿਲਾਂ ਹੀ ਭਾਰਤ ਦੀ ਅਰਥ-ਵਿਵਸਥਾ ਮੰਦੀ 'ਚੋਂ ਗੁਜ਼ਰ ਰਹੀ ਹੈ। ਆਬਾਦੀ ਵਧੇਗੀ ਤਾਂ ਅਨਪੜ੍ਹਤਾ ਵੀ ਵਧੇਗੀ। ਸਰਕਾਰਾਂ ਨੂੰ ਪਿੰਡਾਂ ਤੇ ਬਲਾਕ ਲੈਵਲ ਤੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ, ਜਿਸ ਨਾਲ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ ਮਿਲੇ। ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਖੇਤੀਯੋਗ ਜ਼ਮੀਨ ਘਟ ਰਹੀ ਹੈ। ਗਰਮੀ ਵਧ ਰਹੀ ਹੈ। ਹਰ ਜਗ੍ਹਾ ਲੋਕਾਂ ਦੀ ਭੀੜ ਹੀ ਭੀੜ ਦਿਖਦੀ ਹੈ। ਆਬਾਦੀ ਨੂੰ ਕੰਟਰੋਲ ਕਰਨ ਲਈ ਔਰਤਾਂ ਨੂੰ ਸਿੱਖਿਅਤ ਕਰਨਾ, ਸਿਹਤ ਸਹੂਲਤਾਂ ਵਿਚ ਸੁਧਾਰ ਕਰਨਾ, ਸਿੱਖਿਆ ਦਾ ਪ੍ਰਸਾਰ ਕਰਨਾ, ਨਸਬੰਦੀ ਕਰਨੀ। ਆਮ ਲੋਕਾਂ ਨੂੰ ਆਪਣੇ ਫ਼ਰਜ਼ਾਂ ਤੋਂ ਜਾਣੂ ਕਰਵਾਉਣਾ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮਨੁੱਖੀ ਅਧਿਕਾਰਾਂ ਦੀ ਰਾਖੀ
ਜਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਪੀੜਤ ਲੋਕ ਨਿਆਂਪਾਲਿਕਾ ਦਾ ਸਹਾਰਾ ਲੈਂਦੇ ਹਨ। ਪਰ ਅੱਜ ਦੇ ਦੌਰ ਵਿਚ ਨਿਆਂਪਾਲਿਕਾ ਰਾਜਨੀਤੀਵਾਨਾਂ ਦੇ ਹੱਥਾਂ ਵਿਚ ਚਲੀ ਗਈ ਹੈ। ਆਮ ਆਦਮੀ ਸੋਚਣ ਲੱਗ ਪਿਆ ਹੈ ਕਿ ਉਹ ਨਿਆਂ ਲਈ ਕਿਸ ਅੱਗੇ ਫਰਿਆਦ ਕਰੇ। ਅੱਜ ਜਦੋਂ ਕੋਈ ਪੀੜਤ ਨਿਆਂ ਲੈਣ ਲਈ ਸਰਬਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੈ ਤਾਂ ਸਰਬਉੱਚ ਅਦਾਲਤ ਪੀੜਤ ਨੂੰ ਹੇਠਲੀ ਅਦਾਲਤ ਵਿਚ ਜਾਣ ਲਈ ਕਹਿੰਦੀ ਹੈ ਤਾਂ ਨਿਆਂ ਲੈਣ ਵਾਲਾ ਆਪਣੇ ਬੁਨਿਆਦੀ ਹੱਕਾਂ ਤੋਂ ਵਾਂਝਾ ਮਹਿਸੂਸ ਕਰਦਾ ਹੈ। ਬੁਨਿਆਦੀ ਅਧਿਕਾਰਾਂ ਦੀ ਜ਼ਿੰਮੇਵਾਰੀ ਜੇ ਨਿਆਂਪਾਲਿਕਾ ਨੇ ਨਹੀਂ ਲੈਣੀ ਤਾਂ ਪੀੜਤ ਕਿੱਥੇ ਜਾਵੇ? ਅੱਜ ਜੋ ਕੁਝ ਦੇਸ਼ ਵਿਚ ਹੋ ਰਿਹਾ ਹੈ, ਕੀ ਨਿਆਂਪਾਲਿਕਾ ਵੇਖ ਨਹੀਂ ਰਹੀ? ਅਜੋਕੀ ਨਿਆਂ ਵਿਵਸਥਾ ਨੇ ਭਾਰਤੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਖ਼ਾਸ ਤੌਰ 'ਤੇ ਘੱਟ-ਗਿਣਤੀ ਭਾਈਚਾਰਾ ਬੇਨਿਯਮੀਆਂ ਵਿਚ ਪਿਸ ਰਿਹਾ ਹੈ। ਅਸਫਲ ਹੋ ਰਹੀ ਨਿਆਂਪਾਲਿਕਾ ਨੂੰ ਆਪਣੇ ਫ਼ਰਜ਼ ਪਛਾਣਦਿਆਂ ਪੀੜਤ ਲੋਕਾਂ ਦੇ ਹੱਕ ਵਿਚ ਆਉਣਾ ਚਾਹੀਦਾ ਹੈ। ਅੱਜ ਸਾਡੀ ਸਰਬਉੱਚ ਅਦਾਲਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਗੱਲ ਨਹੀਂ ਕਰਦੀ ਤਾਂ ਸਾਡੇ ਭਾਰਤ ਵਾਸੀਆਂ ਦੀ ਬਦਕਿਸਮਤੀ ਹੈ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

ਮਾਂ-ਬੋਲੀ ਦੇ ਸੇਵਕ
ਪੰਜਾਬੀ ਗਾਇਕਾਂ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਚਲਦਾ ਹੀ ਰਹਿੰਦਾ ਹੈ। ਇਹ ਵਿਵਾਦ ਭਾਵੇਂ ਉਨ੍ਹਾਂ ਦੇ ਆਪਸੀ ਕਾਟੋ ਕਲੇਸ਼ ਦਾ ਹੋਵੇ ਜਾਂ ਫਿਰ ਉਨ੍ਹਾਂ ਦੇ ਕਿਸੇ ਅਜਿਹੇ ਗੀਤ ਨੂੰ ਲੈ ਕੇ ਜੋ ਹਥਿਆਰਾਂ, ਲੜਾਈ-ਝਗੜਿਆਂ ਅਤੇ ਲੱਚਰਤਾ ਨੂੰ ਵਧਾਵਾ ਦੇ ਰਿਹਾ ਹੁੰਦਾ ਹੈ। ਜਦੋਂ ਕੋਈ ਅਖ਼ਬਾਰ ਜਾਂ ਟੀ.ਵੀ. ਚੈਨਲ ਇਨ੍ਹਾਂ ਗਾਇਕਾਂ ਨੂੰ ਅਸੱਭਿਅਕ ਗੀਤਾਂ ਲਈ ਲੱਗ ਰਹੇ ਇਲਜ਼ਾਮਾਂ ਬਾਰੇ ਸਵਾਲ ਕਰਦਾ ਹੈ ਤਾਂ ਇਨ੍ਹਾਂ ਹਰ ਇਕ ਦਾ ਇਹੀ ਘੜਿਆ-ਘੜਾਇਆ ਜਵਾਬ ਹੁੰਦਾ ਕਿ ਅਸੀਂ ਉਹੀ ਗਾ ਰਹੇ ਹਾਂ ਜੋ ਲੋਕ ਪਸੰਦ ਕਰਦੇ ਹਨ। ਪਰ ਇਹ ਜਵਾਬ ਗ਼ਲਤ ਉਸ ਸਮੇਂ ਹੁੰਦਾ ਜਦੋਂ ਇਨ੍ਹਾਂ ਹੀ ਗਾਇਕਾਂ ਦੇ ਮੂੰਹੋਂ ਬਹੁਤ ਵਾਰ ਇੰਟਰਵਿਊ ਰਾਹੀਂ ਬੋਲਦਿਆਂ ਇਹ ਵੀ ਸੁਣਿਆ ਕਿ ਅਸੀਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ। ਅੱਜ ਦੇ ਦੌਰ ਵਿਚ ਇਹ ਦੋਵੇਂ ਗੱਲਾਂ ਵਿਰੋਧੀ ਹਨ। ਸਿਰਫ ਪੈਸਾ ਅਤੇ ਸ਼ੋਹਰਤ ਕਮਾਉਣ ਲਈ ਗਾਉਣਾ ਤਾਂ ਪੰਜਾਬੀ ਸੱਭਿਆਚਾਰ ਅਤੇ ਬੋਲੀ ਦੀ ਸੇਵਾ ਨਹੀਂ ਹੋ ਸਕਦੀ। ਜੇਕਰ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਮਹਾਨ ਪੰਜਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਨਾਂਅ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦੀ ਇਕ ਕਿਤਾਬ ਛਪ ਕੇ ਦੂਜੀ ਨੂੰ ਛਾਪਣ ਜੋਗੇ ਪੈਸੇ ਭਾਵੇਂ ਨਾ ਬਣਨ ਪਰ ਉਨ੍ਹਾਂ ਨੇ ਆਪਣੀ ਕਲਮ ਨਾਲ ਸਮਝੌਤਾ ਨਹੀਂ ਕੀਤਾ। ਜੇ ਚਾਹੁੰਦੇ ਤਾਂ ਉਹ ਵੀ ਆਪਣੀ ਕਲਮ ਵਿਚ ਸ਼ੋਹਰਤ ਤੇ ਪੈਸੇ ਦੀ ਕਮਾਈ ਵਾਲੀ ਸਿਆਹੀ ਭਰ ਸਕਦੇ ਸਨ ਪਰ ਜਾਗਦੀ ਜ਼ਮੀਰ ਵਾਲੇ ਅਜਿਹਾ ਨਹੀਂ ਕਰਦੇ।

-ਗੁਰਦੀਪ ਸਿੰਘ ਬਰਾੜ, ਕੋਟਲੀ ਅਬਲੂ।

ਚਾਇਨਾ ਡੋਰ
ਭਾਵੇਂ ਸਰਕਾਰ ਵਲੋਂ ਚਾਇਨਾ ਡੋਰ ਦੀ ਵਿਕਰੀ 'ਤੇ ਪੂਰੀ ਪਾਬੰਦੀ ਲਗਾਈ ਹੋਈ ਹੈ ਅਤੇ ਗਾਹੇ-ਬਗਾਹੇ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਚਾਇਨਾ ਡੋਰ ਦੀ ਵਿਕਰੀ ਹੋ ਰਹੀ ਹੈ। ਬੱਚੇ, ਜਵਾਨ ਸ਼ਰ੍ਹੇਆਮ ਅਜਿਹੀ ਡੋਰ ਨਾਲ ਪਤੰਗਾਂ ਉਡਾ ਰਹੇ ਹਨ, ਜਿਸ ਨਾਲ ਕਈ ਵਾਰ ਹਾਦਸੇ ਹੋਣ ਦੇ ਨਾਲ-ਨਾਲ ਪੰਛੀਆਂ ਅਤੇ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣਦੀ ਹੈ। ਅਕਸਰ ਹੀ ਜਿਥੇ ਅਸਮਾਨ ਵਿਚ ਉਡਣ ਵਾਲੇ ਪੰਛੀ ਇਸ ਡੋਰ ਵਿਚ ਫਸ ਜਾਂਦੇ ਹਨ ਅਤੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਉਥੇ ਹੀ ਇਹ ਡੋਰ ਪਤੰਗਾਂ ਦੇ ਨਾਲ ਬਿਜਲੀ ਦੀਆਂ ਤਾਰਾਂ ਵਿਚ ਫਸ ਜਾਂਦੀ ਹੈ ਜੋ ਕਿ ਖਿੱਚਣ ਨਾਲ ਟੁੱਟਦੀ ਨਹੀਂ। ਇਸ ਦੀ ਵਿਕਰੀ 'ਤੇ ਸੰਪੂਰਨ ਰੂਪ ਵਿਚ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਕੁਤਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

-ਅਮਰੀਕ ਚੀਮਾ, ਸ਼ਾਹਬਾਦੀਆ, ਜਲੰਧਰ।

20-01-2020

 ਵੱਡਾ ਟੀਚਾ ਰੱਖ ਕੇ ਜ਼ਿੰਦਗੀ ਜੀਓ
ਜ਼ਿੰਦਗੀ ਇਕ ਕਲਾ ਹੈ। ਜ਼ਿੰਦਗੀ ਤੋਂ ਬਹੁਤ ਕੁਝ ਸਿੱਖੋ। ਜ਼ਿੰਦਗੀ ਸਾਨੂੰ ਜੀਵਨ ਜੀਣ ਦਾ ਢੰਗ ਸਿਖਾਉਂਦੀ ਹੈ। ਜ਼ਿੰਦਗੀ ਨੂੰ ਵਧੀਆ ਨਿਖਾਰਨ ਲਈ ਇਕ ਟੀਚਾ ਰੱਖੋ। ਜੇ ਸਾਡਾ ਟੀਚਾ ਵਧੀਆ ਹੋਏਗਾ ਤਾਂ ਹੀ ਅਸੀਂ ਮੰਜ਼ਿਲ ਸਰ ਕਰ ਸਕਦੇ ਹਾਂ। ਕਈ ਲੋਕ ਸੋਚਦੇ ਹਨ ਕਿ ਮੈਂ ਵੱਡੀ ਗੱਡੀ ਲੈ ਲਈ ਜਾਂ ਮੈਂ ਵੱਡੀ ਕੋਠੀ ਜਾਂ ਮਕਾਨ ਲੈ ਲਿਆ ਜਾਂ ਸ਼ਹਿਰ ਵਿਚ ਬਹੁਤ ਜ਼ਿਆਦਾ ਜਾਇਦਾਦ ਬਣਾ ਲਈ ਇਸ ਨੂੰ ਜ਼ਿੰਦਗੀ ਦਾ ਉਦੇਸ਼ ਸਮਝਦੇ ਹਨ ਪਰ ਇਸ ਨੂੰ ਜ਼ਿੰਦਗੀ ਦਾ ਉਦੇਸ਼ ਨਹੀਂ ਕਹਿ ਸਕਦੇ। ਹਰ ਇਕ ਦਾ ਉਦੇਸ਼ ਹੁੰਦਾ ਹੈ ਕਿ ਜ਼ਿੰਦਗੀ ਵਿਚ ਉੱਚਾ ਤੇ ਵਧੀਆ ਟੀਚਾ ਹੋਵੇ ਹਰ ਇਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਇਕ ਦਿਨ ਨੂੰ ਵਧੀਆ ਜੀਓ। ਹਮੇਸ਼ਾ ਵਧੀਆ ਸੋਚੋ। ਪਲਾਨਿੰਗ ਮੁਤਾਬਿਕ ਹਰ ਦਿਨ ਨੂੰ ਢਾਲੋ। ਜਦੋਂ ਤੁਸੀਂ ਟੀਚੇ ਤੇ ਪੁੱਜ ਜਾਂਦੇ ਹੋ ਉਹੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ। ਕਦੇ ਵੀ ਝੂਠ ਦਾ ਸਹਾਰਾ ਨਾ ਲਵੋ। ਜੇ ਝੂਠ ਬੋਲਦੇ ਰਹਾਂਗੇ ਤਾਂ ਸਾਡਾ ਟੀਚਾ ਪੂਰਨ ਨਹੀਂ ਹੋਏਗਾ। ਆਪਣੇ ਮਨ ਨੂੰ ਚਾਹੇ ਟੀਚੇ ਤੱਕ ਮਿਹਨਤ ਨਾਲ ਪੁੱਜਣਾ ਹੀ ਤਰੱਕੀ ਹੈ। ਕਾਰਾਂ, ਕੋਠੀਆਂ, ਬੰਗਲੇ ਇਹ ਕੋਈ ਤਰੱਕੀ ਨਹੀਂ ਹੈ। ਜੇ ਤੁਸੀਂ ਜ਼ਿੰਦਗੀ ਵਿਚ ਆਪਣਾ ਉਦੇਸ਼ ਹਾਸਲ ਕਰ ਲਿਆ ਉਹੀ ਤਰੱਕੀ ਹੈ। ਜਦੋਂ ਵੀ ਮਾੜਾ ਸਮਾਂ ਆਉਂਦਾ ਡੋਲੋ ਨਾ। ਕਈ ਵਾਰ ਕਹਿੰਦੇ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਤੁਸੀਂ ਆਪਣਾ ਕੰਮ ਕਰਦੇ ਰਹੋ ਤਾਂ ਹੀ ਤੁਸੀਂ ਵਧੀਆ ਟੀਚਾ ਹਾਸਲ ਕਰ ਸਕਦੇ ਹੋ।


-ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ, ਮੁਹਾਲੀ।


ਭ੍ਰਿਸ਼ਟ ਰਾਜਨੀਤਕ ਵਿਵਸਥਾ ਤੇ ਪ੍ਰਵਾਸੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਗੁਰਮੀਤ ਸਿੰਘ ਪਲਾਹੀ ਦਾ ਲੇਖ 'ਭ੍ਰਿਸ਼ਟ ਰਾਜਨੀਤਕ ਵਿਵਸਥਾ ਤੋਂ ਪ੍ਰੇਸ਼ਾਨ ਹਨ ਪ੍ਰਵਾਸੀ' ਪੜ੍ਹਿਆ। ਜੋ ਕਿ ਪ੍ਰਵਾਸੀਆਂ ਖਾਸ ਕਰ ਪੰਜਾਬੀ ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈ। ਵਾਕਈ ਅੱਜ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ, ਘਰਾਂ 'ਤੇ ਭੂ-ਮਾਫੀਏ ਅਤੇ ਰਿਸ਼ਤੇਦਾਰਾਂ ਵਲੋਂ ਕਬਜ਼ੇ ਕੀਤੇ ਜਾ ਰਹੇ ਹਨ। ਸਰਕਾਰਾਂ ਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਨ.ਆਰ.ਆਈ. ਸਭਾ ਅਤੇ ਐਨ.ਆਰ.ਆਈ. ਥਾਣਿਆਂ ਦਾ ਗਠਨ ਕੀਤਾ ਸੀ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਲੋੜ ਪੈਣ 'ਤੇ ਨਾ ਹੀ ਐਨ.ਆਰ.ਆਈ. ਸਭਾ ਪ੍ਰਵਾਸੀਆਂ ਦੀ ਬਾਂਹ ਫੜਦੀ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਤੋਂ ਮੁਕਤ ਇਨਸਾਫ਼ ਐਨ.ਆਰ.ਆਈ. ਥਾਣਿਆਂ ਤੋਂ ਮਿਲਦਾ ਹੈ। ਲੋੜ ਹੈ ਪ੍ਰਵਾਸੀਆਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਇਨਸਾਫ਼ ਦਿਵਾਇਆ ਜਾਵੇ ਤਾਂ ਕਿ ਪ੍ਰਵਾਸੀਆਂ ਦਾ ਆਪਣੀ ਮਾਤ-ਭੂਮੀ ਨਾਲ ਮੋਹ ਬਣਿਆ ਰਹੇ।


-ਇੰਜ: ਰਛਪਾਲ ਸਿੰਘ ਚਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਨਿਆਇਕ ਪ੍ਰਕਿਰਿਆ ਵਿਚ ਦੇਰੀ
ਦੇਸ਼ ਦੀਆਂ ਮਾਣਯੋਗ ਅਦਾਲਤਾਂ ਵਿਚ ਲਟਕ ਰਹੇ ਕੇਸਾਂ ਕਾਰਨ ਆਮ ਲੋਕਾਂ ਨੂੰ ਨਿਆਂ ਲੈਣ ਲਈ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਬਹੁਤੇ ਆਮ ਲੋਕਾਂ ਦੀ 50 ਸਾਲ ਉਮਰ ਵਿਚ ਨਿਆਂ ਦੇ ਇੰਤਜ਼ਾਰ ਵਿਚ ਲੰਘ ਜਾਂਦੀ ਹੈ, ਬਹੁਤੇ ਕੇਸਾਂ ਵਿਚ 'ਦੇਰੀ ਨਾਲ ਮਿਲਿਆ ਨਿਆਂ ਵੀ ਅਨਿਆਂ' ਵਰਗਾ ਹੁੰਦਾ ਹੈ। ਅਦਾਲਤਾਂ ਵਿਚ ਕੇਸਾਂ ਦਾ ਵਧਣਾ ਆਬਾਦੀ ਦਾ ਵੱਧ ਹੋਣਾ ਵੀ ਹੈ। ਅਦਾਲਤਾਂ ਵਿਚ ਤਰੀਕ 'ਤੇ ਤਰੀਕ ਵਾਲੀ ਸਥਿਤੀ ਵੀ ਬਦਲਣੀ ਚਾਹੀਦੀ ਹੈ। ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਅਤੇ ਨਿਆਂਪਾਲਿਕਾ ਕਿਸੇ ਵੀ ਰਾਸ਼ਟਰ ਦੇ ਥੰਮ੍ਹ ਹਨ, ਆਮ ਲੋਕਾਂ ਦਾ ਭਰੋਸਾ ਨਿਆਂਪਾਲਿਕਾ 'ਤੇ ਹੀ ਟਿਕਦਾ ਹੈ। ਨਿਆਂਪਾਲਿਕਾ ਨੂੰ ਸੱਭਿਅਕ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਉੱਚ ਅਦਾਲਤ ਤੇ ਸਰਕਾਰਾਂ ਨੂੰ ਖਾਲੀ ਜੱਜਾਂ ਦੀਆਂ ਥਾਵਾਂ ਨੂੰ ਭਰਨਾ ਅਤੇ ਹੋਰ ਨਵੀਆਂ ਨਿਯੁਕਤੀਆਂ ਕਰਨੀਆਂ ਚਾਹੀਦੀਆਂ ਹਨ। ਆਮ ਲੋਕਾਂ ਨੂੰ ਨਿਆਂ ਬਿਨਾਂ ਦੇਰੀ ਤੋਂ ਮਿਲਣਾ ਚਾਹੀਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਭੁੱਖ ਬੁਰੀ...
ਭੁੱਖ ਇਨਸਾਨ ਨੂੰ ਕੀ ਕੁਝ ਕਰਨ ਲਈ ਮਜਬੂਰ ਕਰ ਦਿੰਦੀ ਹੈ, ਇਸ ਦੀ ਇਕ ਭਿਆਨਕ ਤਸਵੀਰ ਝਾਰਖੰਡ ਵਿਚ ਦੇਖਣ ਲਈ ਮਿਲੀ ਹੈ। ਇਥੇ ਕਈ ਦਿਨਾਂ ਤੋਂ ਭੁੱਖੀ ਇਕ ਔਰਤ ਨੂੰ ਜਦੋਂ ਖਾਣ ਲਈ ਕੁਝ ਹੋਰ ਨਾ ਮਿਲਿਆ ਤਾਂ ਉਸ ਨੇ ਇਕ ਕਬੂਤਰ ਫੜ ਕੇ ਜਿਊਂਦਾ ਹੀ ਖਾਣਾ ਸ਼ੁਰੂ ਕਰ ਦਿੱਤਾ। ਹੋਰ ਵੀ ਦੁਖਾਂਤਕ ਪਹਿਲੂ ਹੈ ਕਿ ਉਥੇ ਤਮਾਸ਼ਬੀਨਾਂ ਦੀ ਭੀੜ ਮਹਾਨ ਭਾਰਤ ਦੀ ਹੋਣੀ ਨੂੰ ਮੋਬਾਈਲਾਂ ਵਿਚ ਕੈਦ ਕਰਦੀ ਰਹੀ। ਕੂੜੇ ਦੇ ਢੇਰਾਂ ਵਿਚੋਂ ਭੁੱਖ ਮਿਟਾਉਣ ਦਾ ਯਤਨ ਹਰ ਸ਼ਹਿਰ ਦੀ ਕਹਾਣੀ ਬਣਦੀ ਜਾ ਰਹੀ ਹੈ। ਆਏ ਦਿਨ ਰੋਟੀ ਖੁਣੋਂ ਮੌਤ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੇ ਅੰਕੜੇ ਹਿਰਦੇ-ਵੇਦਕ ਹਨ। ਉਂਜ ਵੀ 'ਗਲੋਬਲ ਹੰਗਰ ਇੰਡੈਕਸ' ਦੀ ਰਿਪੋਰਟ ਅਨੁਸਾਰ ਭੁੱਖਮਰੀ ਵਿਚ 120 ਦੇਸ਼ਾਂ ਵਿਚੋਂ ਭਾਰਤ ਦਾ 107ਵਾਂ ਸਥਾਨ ਹੈ। ਇਸ ਤਰ੍ਹਾਂ ਸਾਡੇ ਦੇਸ਼ ਵਿਚ ਭੁੱਖਮਰੀ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਬਜਟ ਵਿਚ ਭੁੱਖਮਰੀ ਦੂਰ ਕਰਨ ਲਈ ਠੋਸ ਯਤਨ ਸ਼ੁਰੂ ਕਰੇ।


-ਲੈਕ: ਰਜਿੰਦਰ ਸਿੰਘ ਪਹੇੜੀ


ਕੰਮ ਦੀ ਭਾਲ
ਕੁਝ ਦਹਾਕੇ ਪਹਿਲਾਂ ਪਿੰਡਾਂ, ਸ਼ਹਿਰਾਂ ਵਿਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਆਮ ਹੀ ਹੁੰਦੀਆਂ ਸਨ, ਜਿਥੋਂ ਕਿ ਲੋਕ ਦਾਣੇ, ਖ਼ਾਸ ਕਰਕੇ ਮੂੰਗਫਲੀ, ਮੱਕੀ ਅਤੇ ਛੋਲੇ ਆਦਿ ਭੁਨਾ ਕੇ ਖਾਂਦੇ ਸਨ। ਭੱਠੀਆਂ 'ਤੇ ਖਾਸ ਕਰਕੇ ਲੋਹੜੀ 'ਤੇ ਰੌਣਕ ਵੇਖਣ ਵਾਲੀ ਹੀ ਹੁੰਦੀ ਸੀ। ਪੰਜਾਬਣਾਂ ਵਲੋਂ ਸਰਦੀਆਂ ਦੇ ਮੌਸਮ ਵਿਚ ਸਰਦੀ ਤੋਂ ਬਚਣ ਲਈ ਰੂੰ-ਪਿੰਜਣ ਵਾਲੀਆਂ ਮਸ਼ੀਨਾਂ 'ਤੇ ਜਾ ਕੇ ਨਵਾਂ ਜਾਂ ਪੁਰਾਣਾ ਰੂੰ ਪਿੰਜਾ ਕੇ ਰਜਾਈਆਂ/ਤਲਾਈਆਂ ਆਪ ਭਰੀਆਂ ਜਾਂਦੀਆਂ ਸਨ। ਪ੍ਰੰਤੂ ਕੰਮ ਦੀ ਭਾਲ ਵਿਚ ਪੰਜਾਬ ਆਏ ਪ੍ਰਵਾਸੀ ਮਜ਼ਦੂਰਾਂ ਨੇ ਤਕਰੀਬਨ ਹੁਣ ਇਹ ਕੰਮ ਖਾਸ ਕਰਕੇ ਸ਼ਹਿਰਾਂ ਅਤੇ ਕਈ ਪਿੰਡਾਂ ਵਿਚ ਸੰਭਾਲ ਹੀ ਲਿਆ ਹੈ ਅਤੇ ਉਥੇ ਹੀ ਦਾਣੇ ਭੁੰਨਣ ਦਾ ਕੰਮ ਵੀ ਜ਼ਿਆਦਾਤਰ ਪ੍ਰਵਾਸੀਆਂ ਵਲੋਂ ਸੜਕਾਂ ਕਿਨਾਰੇ ਜਾਂ ਰੇਹੜੀਆਂ 'ਤੇ ਕੀਤਾ ਜਾਂਦਾ ਆਮ ਦੇਖਿਆ ਜਾਂਦਾ ਹੈ, ਜਿਥੇ ਉਹ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਦੇ ਹਨ ਪਰ ਪ੍ਰਵਾਸੀ ਮਜ਼ਦੂਰਾਂ ਵਲੋਂ ਕੰਮ ਸਾਂਭਣ ਦੇ ਕਾਰਨ ਹੁਣ ਪੰਜਾਬੀ ਨੌਜਵਾਨ ਰੁਜ਼ਗਾਰ ਤੋਂ ਸੱਖਣੇ ਹੋ ਗਏ ਹਨ, ਜਿਸ ਕਰਕੇਜ਼ਿਆਦਾਤਰ ਪੰਜਾਬੀ ਵਿਦੇਸ਼ਾਂ ਵੱਲ ਨੂੰ ਕੰਮ ਦੀ ਭਾਲ ਵਿਚ ਜਾ ਰਹੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸ਼ਾਹਾਂ ਦਾ ਕਰਜ਼ ਬੁਰਾ
ਸਵਰਗੀ ਗਾਇਕਾ ਜਗਮੋਹਨ ਕੌਰ ਦੇ ਗੀਤ ਦੀ ਪਹਿਲੀ ਤੁਕ 'ਸ਼ਾਹਾਂ ਦਾ ਕਰਜ਼ ਬੁਰਾ' ਕਾਫੀ ਕੁਝ ਸੋਚਣ ਲਈ ਮਜਬੂਰ ਕਰਦੀ ਹੈ। 'ਕਰਜ਼ਾ, ਬਿਮਾਰੀ ਅਤੇ ਦੁਸ਼ਮਣ ਨੂੰ ਕਦੇ ਛੋਟਾ ਨਾ ਸਮਝੋ' ਦਿਖਾਵੇ ਲਈ ਕਰਜ਼ਾ ਚੁੱਕਣਾ ਸਿਆਣਪ ਨਹੀਂ। ਸਾਈਕਲ ਤੋਂ ਲੈ ਕੇ ਵੱਡੇ ਵਾਹਨ ਕਰਜ਼ੇ 'ਤੇ ਆਸਾਨੀ ਨਾਲ ਮਿਲਦੇ ਹਨ। ਸਿਆਣੇ ਬਜ਼ੁਰਗ ਕਰਜ਼ੇ ਚੁੱਕਣ ਨਾਲੋਂ ਅੱਧੀ ਰੋਟੀ ਖਾ ਲਵੋ ਚੰਗਾ ਸਮਝਦੇ ਸਨ। ਭੋਗ ਜਾਂ ਵਿਆਹਾਂ 'ਤੇ ਕਰਜ਼ਾ ਚੁੱਕਣਾ ਸਿਆਣਪ ਨਹੀਂ। ਬੈਂਕਾਂ ਨਾਲੋਂ ਫਾਈਨਾਸਰਾਂ ਜਾਂ ਆੜ੍ਹਤੀਏ ਦਾ ਵਿਆਜ ਵਧ ਹੈ। ਕਰਜ਼ਾ ਲੈਣ ਵੇਲੇ ਸਸਤੇ ਵਿਆਜ 'ਤੇ ਵੀ ਫੈਸਲਾ ਕਰੋ। ਬੈਂਕਾਂ ਦੀ ਪ੍ਰੋਸੈਂਸਿੰਗ ਫੀਸ ਜਿਸ ਦੀ ਘੱਟ ਹੋਵੇ, ਉਥੇ ਹੀ ਕਰਜ਼ਾ ਲਵੋ। ਕਰਜ਼ੇ ਦੀ ਕਿਸ਼ਤ ਟੁੱਟਣ ਨਾ ਦੇਵੋ।


-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

17-01-2020

 ਚੰਗਾ ਲਿਖੋ, ਚੰਗਾ ਗਾਓ ਅਤੇ ਚੰਗਾ ਸੁਣੋ
ਪਿਛਲੇ ਦਿਨੀਂ ਸਵਰਨ ਸਿੰਘ ਟਹਿਣਾ ਦਾ ਲਿਖਿਆ, ਬੇਲੋੜੇ ਵਿਵਾਦਾਂ ਅਤੇ ਊਲ-ਜਲੂਲ ਗਾਉਣ ਵਾਲੇ ਗਾਇਕਾਂ ਦੇ ਨਾਂਅ ਰਿਹਾ ਵਰ੍ਹਾ 2019 ਪੜ੍ਹਿਆ। ਸੰਗੀਤ ਨੂੰ ਰੂਹ ਦੀ ਖ਼ੁਰਾਕ ਕਿਹਾ ਜਾਂਦਾ ਹੈ। ਗੀਤ ਸੰਗੀਤ ਸਾਡੇ ਦਿਲਾਂ ਨੂੰ ਸਕੂਨ ਦੇਣ ਦਾ ਸਭ ਤੋਂ ਵਧੀਆ ਸਾਧਨ ਹੈ। ਇਹ ਸਾਧਨ ਹੈ, ਭਗਤੀ ਹੈ ਤੇ ਰੱਬ ਨਾਲ ਜੋੜਨ ਦਾ ਰਸਤਾ ਵੀ ਹੈ। ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਦਾ ਸੁਹੱਪਣ ਨੈਣ ਨਕਸ਼ ਸਾਰੇ ਭਾਰਤ ਵਿਚੋਂ ਸੋਹਣੇ ਹਨ। ਪਰ ਅੱਜਕਲ੍ਹ ਦੇ ਗੀਤਕਾਰਾਂ, ਅਖੌਤੀ ਗਾਇਕਾਂ ਨੇ ਇਨ੍ਹਾਂ ਨੂੰ ਅੱਯਾਸ਼ੀ (ਬਦਮਾਸ਼ੀ) ਆਸ਼ਕੀ ਵਿਚ ਸਮੋ ਲਿਆ ਹੈ। ਹੋਰ ਤਾਂ ਹੋਰ ਪੰਜਾਬੀ ਨੂੰ ਝਗੜਾਲੂ, ਨਸ਼ਈ ਆਦਿ ਕਹਿ ਕੇ ਪੰਜਾਬੀਆਂ ਦਾ ਅਕਸ ਵਿਗਾੜ ਦਿੱਤਾ ਹੈ। ਅੱਜ ਦੇ ਗੀਤਕਾਰ ਗੰਦਾ ਲਿਖੀ ਜਾ ਰਹੇ ਹਨ ਅਤੇ ਕਲਾਕਾਰ ਗੰਦਾ ਹੀ ਪੇਸ਼ ਕਰਕੇ ਪੈਸਾ ਕਮਾ ਰਹੇ ਹਨ। ਮੇਰੀ ਤਾਂ ਇਹੋ ਸਲਾਹ ਹੈ ਕਿ ਚੰਗਾ ਲਿਖੋ, ਚੰਗਾ ਗਾਓ ਅਤੇ ਚੰਗਾ ਸੁਣੋ, ਨਹੀਂ ਤਾਂ ਸਾਡਾ ਅੱਲਾ ਬੇਲੀ।


-ਡਾ: ਰਾਜ ਨਰਿੰਦਰ ਝਬੇਲਵਾਲੀ
ਪਿੰਡ ਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਜ਼ਬਰਦਸਤੀ ਗੱਲ ਮੰਨਵਾਉਣਾ
ਬਹੁਤ ਸਾਰੇ ਟੀ.ਵੀ. ਚੈਨਲਾਂ 'ਤੇ ਹਰ ਰੋਜ਼ ਦੇਸ਼ ਵਿਚ ਭਖ ਰਹੇ ਮੁੱਦਿਆਂ 'ਤੇ ਬਹਿਸਬਾਜ਼ੀ ਕਰਵਾਈ ਜਾਂਦੀ ਹੈ। ਉਸ ਬਹਿਸ ਵਿਚ ਹਿੱਸਾ ਲੈਣ ਵਾਲੇ ਜਿੰਨੇ ਵੀ ਮਨੁੱਖ ਹਾਜ਼ਰ ਹੁੰਦੇ ਹਨ, ਉਹ ਆਪਣੇ ਵਲੋਂ ਪੂਰੀ ਵਾਹ ਲਾ ਦਿੰਦੇ ਹਨ ਕਿ ਅਸੀਂ ਆਪਣੀ ਗੱਲ ਮੰਨਵਾ ਸਕੀਏ ਤੇ ਸੁਣਨ ਵਾਲਿਆਂ ਵਿਚ ਆਪਣਾ ਰਸੂਖ ਕਾਇਮ ਕਰ ਸਕੀਏ। ਚਾਹੇ ਉਹ ਕੋਈ ਪੱਤਰਕਾਰ ਹੋਵੇ, ਰਾਜਨੀਤਕ ਨੇਤਾ, ਲੇਖਕ ਜਾਂ ਕੋਈ ਹੋਰ। ਹਰ ਇਕ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਨ੍ਹਾਂ ਬਹਿਸਾਂ ਵਿਚੋਂ ਕੋਈ ਨਿਚੋੜ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਜਿਹੜਾ ਮੁੱਦਾ ਛੇੜਿਆ ਜਾਂਦਾ ਹੈ, ਉਹ ਇਕ ਮੁੱਦਾ ਹੀ ਬਣ ਕੇ ਰਹਿ ਜਾਂਦਾ ਹੈ। ਆਖ਼ਰ ਕਿਉਂ? ਕੀ ਇਨ੍ਹਾਂ ਬਹਿਸਾਂ ਵਿਚ ਜ਼ਬਰਦਸਤੀ ਆਪਣੀ ਗੱਲ ਮੰਨਵਾਉਣਾ ਕੋਈ ਬਹਾਦਰੀ ਹੈ? ਇਹ ਗੱਲ ਇਕੱਲੀ ਟੀ.ਵੀ. ਚੈਨਲਾਂ ਦੀ ਨਹੀਂ ਜਿਥੇ ਕਿਤੇ ਵੀ ਕੋਈ ਆਮ ਮਨੁੱਖ ਆਪਣੇ ਵਿਚਾਰ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਗੱਲ ਦਬਾ ਕੇ ਆਪਣੀ ਗੱਲ ਥੋਪੀ ਜਾਂਦੀ ਹੈ। ਸਾਨੂੰ ਲਗਦਾ ਹੈ ਕਿ ਅਸੀਂ ਆਪਣੀ ਗੱਲ ਥੋਪ ਕੇ ਬਹੁਤ ਸਨਮਾਨ ਖੱਟ ਲਿਆ ਹੈ ਪਰ ਨਹੀਂ, ਤੁਸੀਂ ਸਨਮਾਨ ਨਹੀਂ ਆਪਣੀ ਕਦਰ ਘਟਾ ਲਈ ਹੈ। ਕਿਉਂਕਿ ਸਾਹਮਣੇ ਵਾਲੇ ਮਨੁੱਖ ਅੰਦਰ ਤੁਹਾਡੇ ਪ੍ਰਤੀ ਗ਼ਲਤ ਵਿਚਾਰ ਉੱਠਣੇ ਸ਼ੁਰੂ ਹੋ ਜਾਂਦੇ ਹਨ। ਸਮਾਜ ਵਿਚ ਕਦਰ ਉਨ੍ਹਾਂ ਲੋਕਾਂ ਦੀ ਕੀਤੀ ਜਾਂਦੀ ਹੈ ਜੋ ਘੱਟ ਬੋਲਣ ਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ। ਅਸੀਂ ਵੀ ਆਪਣਾ ਸੁਭਾਅ ਬਦਲੀਏ।


-ਸੁਰਜੀਤ ਸਿੰਘ 'ਦਿਲਾ ਰਾਮ'
ਜ਼ਿਲ੍ਹਾ ਫਿਰੋਜ਼ਪੁਰ।


ਮਨੁੱਖੀ ਰੂਹ ਨੂੰ ਹਲੂਣਾ
ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦਾ ਲੇਖ 'ਸਾਰਥਕ ਸੁਨੇਹਾ' ਮਨੁੱਖੀ ਰੂਹ ਨੂੰ ਹਲੂਣਾ ਦਿੰਦਾ ਹੈ। ਇਸ ਲੇਖ ਵਿਚ ਉਨ੍ਹਾਂ ਨੇ ਸਾਡੇ ਸਮਾਜ ਦੀ ਨਾਂਹ-ਪੱਖੀ ਤਸਵੀਰ ਵੱਲ ਇਸ਼ਾਰਾ ਕੀਤਾ ਹੈ। ਜਿਵੇਂ ਅੰਧ-ਵਿਸ਼ਵਾਸਾਂ, ਜਾਦੂ-ਟੂਣਿਆਂ ਅਤੇ ਅਣਹੋਣੀਆਂ ਵਿਚ ਜਕੜੀ ਮਾਨਸਿਕਤਾ। ਅੱਜ ਅਸੀਂ ਅਜਿਹੀ ਮਾਨਸਿਕਤਾ ਕਰਕੇ ਹੀ ਰਸਾਤਲ ਵੱਲ ਜਾ ਰਹੇ ਹਾਂ ਅਤੇ ਹਾਕਮ ਧਿਰਾਂ ਸਾਨੂੰ ਅਜਿਹੇ ਕੰਮਾਂ ਵਿਚ ਉਲਝਾਈ ਰੱਖਣਾ ਚਾਹੁੰਦੀਆਂ ਹਨ। ਅਜਿਹੀ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੀ ਹਾਕਮ ਧਿਰਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਤਾਂ ਜੋ ਉਹ ਜੋ ਮਰਜ਼ੀ ਕਾਨੂੰਨ ਪਾਸ ਕਰੀ ਜਾਣ ਅਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਾ ਹੋਵੇ। ਸਮਾਂ ਮੰਗ ਕਰਦਾ ਹੈ ਕਿ ਅਸੀਂ ਅੱਜ ਅਜਿਹੀ ਮਾਨਸਿਕਤਾ ਵਿਚੋਂ ਬਾਹਰ ਆ ਕੇ ਸੱਚ ਨੂੰ ਪਛਾਨਣ ਦੀ ਕੋਸ਼ਿਸ਼ ਕਰੀਏ ਅਤੇ ਜੋ ਸਾਡੇ ਵਿਰੁੱਧ ਕਾਨੂੰਨ ਪਾਸ ਕੀਤੇ ਜਾ ਰਹੇ ਹਨ, ਉਨ੍ਹਾਂ ਵਿਰੁੱਧ ਲਾਮਬੰਦ ਹੋਈਏ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਨਿਰਭੈਆ ਕਾਂਡ ਵਿਚ ਫਾਂਸੀ ਦੀ ਸਜ਼ਾ
ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਕਤਲ ਕਾਂਡ ਵਿਚ ਦਿੱਲੀ ਦੀ ਅਦਾਲਤ ਵਲੋਂ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਇਹ ਫਾਂਸੀ 22 ਜਨਵਰੀ ਨੂੰ ਸਵੇਰੇ 7 ਵਜੇ ਦਿੱਤੀ ਜਾਵੇਗੀ। ਇਸ ਸਬੰਧ ਵਿਚ ਦੋਸ਼ੀਆਂ ਦਾ ਡੈਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਨਿਰਭੈਆ ਦੀ ਮਾਂ ਨੂੰ ਏਨੀ ਲੰਮੀ ਲੜਾਈ ਤੋਂ ਬਾਅਦ ਆਖ਼ਰ ਇਨਸਾਫ਼ ਮਿਲਿਆ ਤੇ ਕਾਨੂੰਨ ਦੀ ਜਿੱਤ ਹੋਈ। ਇਨ੍ਹਾਂ ਕੇਸਾਂ ਵਿਚ ਫਾਸਟ ਟਰੈਕ ਕੋਰਟਾਂ ਵਿਚ ਵਾਧਾ ਕਰ ਇਨ੍ਹਾਂ ਕੇਸਾਂ ਵਿਚ ਪੜ੍ਹੀਆਂ-ਲਿਖੀਆਂ ਤਫ਼ਤੀਸ਼ ਵਿਚ ਮਾਹਿਰ ਮਹਿਲਾ ਸਬਇੰਸਪੈਕਟਰ ਤੇ ਸਟਾਫ਼ ਲਗਾਉਣਾ ਚਾਹੀਦਾ ਹੈ। ਫਾਰੈਂਸਿਕ ਸਾਇੰਸ ਤੇ ਲੈਬਾਰਟਰੀ ਦੀ ਮਦਦ ਲੈ ਕੇ ਵਿਗਿਆਨਕ ਤਰੀਕੇ ਨਾਲ ਤਫ਼ਤੀਸ਼ ਕਰ ਦੋਸ਼ੀਆਂ ਦੇ ਖਿਲਾਫ਼ ਵੱਧ ਤੋਂ ਵੱਧ ਸਬੂਤ ਇਕੱਠੇ ਕਰ ਸਜ਼ਾ ਦਿਵਾਉਣੀ ਚਾਹੀਦੀ ਹੈ। ਕੋਰਟ ਵਿਚ ਪੈਰਵਾਈ ਅਫ਼ਸਰ ਤੇ ਸਰਕਾਰੀ ਵਕੀਲ ਸਪੈਸ਼ਲ ਲਗਾ ਕੇ ਗਵਾਹਾਂ ਨੂੰ ਗਵਾਹੀ ਪੜ੍ਹਾ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਦੋਸ਼ੀ ਬਚ ਨਾ ਸਕੇ। ਫਿਰ ਨਿਰਭੈਆ ਵਰਗੇ ਕਾਂਡ ਨਾ ਹੋ ਸਕਣ। ਮੇਰੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਸਿਆਸੀ ਕਾਨਫਰੰਸ ਕਿਉਂ?
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦੀ ਸਮਾਗਮਾਂ ਵਿਚ ਸਿਆਸੀ ਕਾਨਫ਼ਰੰਸਾਂ ਭਾਰੂ ਰਹੀਆਂ। ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਹੁੰਮ-ਹਮਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਅਤੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆਉਂਦੀਆਂ ਹਨ ਜਦ ਕਿ ਇਨ੍ਹਾਂ ਸ਼ਹੀਦੀ ਦਿਹਾੜਿਆਂ ਵਾਲੇ ਦਿਨਾਂ ਵਿਚ ਸਿਆਸੀ ਪਾਰਟੀਆਂ ਆਪਣੀ ਕਾਨਫ਼ਰੰਸ ਰੱਖ ਕੇ ਦੂਰੋਂ-ਦੂਰੋਂ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ਆਏ ਇਨ੍ਹਾਂ ਸ਼ਰਧਾਲੂਆਂ ਨੂੰ ਖੱਜਲ-ਖੁਆਰ ਕਰ ਦਿੰਦੇ ਹਨ। ਕਦੋਂ ਤੱਕ ਅਜਿਹਾ ਹੁੰਦਾ ਰਹੇਗਾ। ਅੱਜ ਦੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਸ਼ਹੀਦੀ ਦਿਨਾਂ ਦਾ ਇਤਿਹਾਸ ਵੀ ਪਤਾ ਨਹੀਂ ਹੈ। ਪਰ ਸਿਆਸੀ ਪਾਰਟੀਆਂ ਦਾ ਜ਼ਰੂਰ ਪਤਾ ਹੈ। ਇਸ ਤਰ੍ਹਾਂ ਇਹ ਸਿਆਸੀ ਕਾਨਫ਼ਰੰਸ ਛੱਡ ਕੇ ਸਾਨੂੰ ਸਾਂਝੇ ਤੌਰ 'ਤੇ ਧਾਰਮਿਕ ਸਮਾਗਮ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਬੱਚੇ, ਸਾਡੀ ਨਵੀਂ ਪੀੜ੍ਹੀ, ਸਾਡੇ ਧਰਮ, ਸਾਡੇ ਇਤਿਹਾਸ, ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਸਕਣ, ਕੁਝ ਸਿੱਖ ਸਕਣ। ਆਪਣੀ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਲੋੜ ਹੈ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

16-01-2020

 ਆਖ਼ਰ ਇਨਸਾਫ਼ ਹੋ ਗਿਆ
ਬੀਤੇ ਦਿਨੀਂ 'ਨਿਰਭੈਆ ਜਬਰ ਜਨਾਹ ਮਾਮਲਾ-ਆਖਰ ਇਨਸਾਫ਼ ਹੋ ਗਿਆ', ਸੰਪਾਦਕੀ ਲੇਖ ਪੜ੍ਹਿਆ ਇਹ ਸਾਡੀ ਸਾਰਿਆਂ ਦੀ ਜਿੱਤ ਹੈ। ਮੈਨੂੰ ਯਾਦ ਹੈ 1967 ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਲੋਂ ਇਸਤਰੀਆਂ ਵਿਰੁੱਧ ਭੇਦ-ਭਾਵ ਨੂੰ ਸਮਾਪਤ ਕਰਨ ਦਾ ਐਲਾਨਨਾਮਾ ਪਾਸ ਕਰਦਿਆਂ ਕਿਹਾ ਗਿਆ ਕਿ ਔਰਤਾਂ ਵਿਰੁੱਧ ਵਿਤਕਰਾ ਬੁਨਿਆਦੀ ਤੌਰ 'ਤੇ ਅਨਿਆਂ-ਪੂਰਨ ਹੈ ਅਤੇ ਮਨੁੱਖੀ ਆਨ-ਸ਼ਾਨ ਦੇ ਵਿਰੁੱਧ ਇਕ ਅਪਰਾਧ ਹੈ। ਮੌਜੂਦਾ ਕਾਨੂੰਨਾਂ, ਰਸਮਾਂ, ਨਿਯਮਾਂ ਅਤੇ ਰਿਵਾਜਾਂ ਨੂੰ ਹਟਾਉਣ ਲਈ ਅਚਿੱਤ ਕਰਵਾਈ ਕੀਤੀ ਜਾਵੇਗੀ ਪਰ ਭਾਰਤ ਵਿਚ ਜਬਰ ਜਨਾਹ ਦੀ ਕਿਤੇ ਰੋਕਥਾਮ ਨਹੀਂ ਹੋਈ। ਉਮੀਦ ਹੈ ਕਿ ਇਸ ਫ਼ੈਸਲੇ ਨਾਲ ਗੁੰਡਿਆਂ ਦੀ ਮਾਨਸਿਕਤਾ ਵਿਚ ਕੋਈ ਡਰ ਪੈਦਾ ਹੋਵੇਗਾ।


-ਡਾ: ਰਾਜ ਨਰਿੰਦਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਪਿੰਡ ਵਿਕਾਸ ਤੋਂ ਵਾਂਝੇ
ਪੰਜਾਬ ਵਿਚ ਅਨੇਕਾਂ ਹੀ ਪਿੰਡ ਇਹੋ ਜਿਹੇ ਹੋਣਗੇ, ਜਿਨ੍ਹਾਂ ਵਿਚ ਸਰਕਾਰੀ ਗ੍ਰਾਂਟਾਂ ਆਉਣ ਦੀ ਕੋਈ ਕਮੀ ਹੀ ਨਹੀਂ ਆਈ ਹੋਣੀ ਪਰ ਪਿੰਡਾਂ ਵਿਚ ਪਾਰਟੀਬਾਜ਼ੀ ਹੋਣ ਕਰਕੇ ਉਹ ਸਰਕਾਰੀ ਗ੍ਰਾਂਟਾਂ ਪਿੰਡਾਂ ਦੇ ਵਿਕਾਸ ਕੰਮਾਂ 'ਤੇ ਨਹੀਂ ਲੱਗ ਸਕੀਆਂ ਤੇ ਅਖ਼ੀਰ ਬਾਅਦ ਵਿਚ ਉਹ ਸਰਕਾਰੀ ਪੈਸਾ ਸਰਕਾਰੀ ਖਜ਼ਾਨੇ ਨੂੰ ਹੀ ਵਾਪਸ ਚਲਾ ਗਿਆ ਹੈ ਤੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਉਥੇ ਦੀਆਂ ਉਥੇ ਹੀ ਰਹਿ ਗਈਆਂ ਹਨ। ਪਿੰਡਾਂ ਦੇ ਮੁਹਤਬਰਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਪਿੰਡਾਂ ਦੇ ਵਿਕਾਸ ਲਈ ਧੜੇਬੰਦੀ ਤੋਂ ਉੱਪਰ ਹੋ ਕੇ ਪਿੰਡ ਦਾ ਵਿਕਾਸ ਕਰਨ ਤੇ ਇਹ ਵਰਕਰ ਪਾਰਟੀਬਾਜ਼ੀ ਨੂੰ ਛੱਡ ਕੇ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ। ਪਿੰਡ ਵਿਚ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਪਹਿਲਾਂ ਸਾਡੇ ਲੋਕ ਹੀ ਕੰਮ ਆਉਂਦੇ ਹਨ ਨਾ ਕਿ ਇਹ ਲੀਡਰ। ਪੰਜਾਬ ਵਿਚ ਇਹੋ ਜਿਹੇ ਪਿੰਡ ਵੀ ਹਨ, ਜਿਨ੍ਹਾਂ ਦੀਆਂ ਪੰਚਾਇਤਾਂ ਨੇ ਪਿੰਡ ਨੂੰ ਇਕ ਮਾਡਲ ਬਣਾਇਆ ਹੋਇਆ ਹੈ ਤੇ ਕੋਈ ਵੀ ਪਿੰਡ ਵਿਚ ਪਾਰਟੀਬਾਜ਼ੀ ਨਹੀਂ ਹੈ ਤੇ ਲੋਕ ਪਿਆਰ ਨਾਲ ਆਪਣੇ ਪਿੰਡ ਦੀ ਤਰੱਕੀ ਕਰ ਰਹੇ ਹਨ। ਇਨ੍ਹਾਂ ਪਿੰਡਾਂ ਤੋਂ ਸਾਡੇ ਹੋਰਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤੇ ਪਾਰਟੀਬਾਜ਼ੀ ਤੋਂ ਮੁਕਤ ਹੋ ਕੇ ਆਪਣੇ ਪਿੰਡ ਦਾ ਵਿਕਾਸ ਕਰਨ ਦੀ ਲੋੜ ਹੈ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।


ਜ਼ਿੰਮੇਵਾਰੀ ਤੈਅ ਹੋਵੇ
ਰਾਜਸਥਾਨ ਦੇ ਸ਼ਹਿਰ ਕੋਟਾ ਦੇ ਜੇ.ਕੇ. ਲੋਨ ਹਸਪਤਾਲ ਵਿਚ ਪਿਛਲੇ ਦਿਨੀਂ 100 ਤੋਂ ਵੱਧ ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿਚ 111 ਅਤੇ ਅਹਿਮਦਾਬਾਦ ਵਿਚ 85 ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਰਾਜਕੋਟ ਦੇ ਪੰਡਤ ਦੀਨ ਦਿਆਲ ਉਪਾਧਿਆਇ ਹਸਪਤਾਲ ਵਿਚ ਅਕਤੂਬਰ ਮਹੀਨੇ 87 ਅਤੇ ਨਵੰਬਰ ਵਿਚ 71 ਬੱਚਿਆਂ ਦੀ ਮੌਤ ਹੋਈ। ਇਸੇ ਤਰ੍ਹਾਂ ਦਸੰਬਰ ਮਹੀਨੇ ਜੋਧਪੁਰ ਦੇ ਹਸਪਤਾਲ ਵਿਚ ਵੀ 100 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਹੋਈਆਂ। ਸਾਲ 2019 ਵਿਚ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਗਰਮੀਆਂ ਦੇ 5 ਮਹੀਨਿਆਂ 'ਚ 111 ਬੱਚਿਆਂ ਦੀ ਮੌਤ ਦਰਜ ਕੀਤੀ ਗਈ। ਵਰਨਣਯੋਗ ਹੈ ਕਿ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਲਕੇ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ਹਸਪਤਾਲ ਵਿਚ ਪੰਜ ਦਿਨਾਂ 'ਚ 64 ਬੱਚਿਆਂ ਦੀ ਮੌਤ ਹੋਈ, ਜਿਸ ਦਾ ਕਾਰਨ ਆਕਸੀਜਨ ਦੀ ਘਾਟ ਦੱਸੀ ਗਈ ਸੀ। ਸਰਕਾਰਾਂ ਨੇ ਸਿਹਤ ਅਤੇ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਨੂੰ ਉਤਸ਼ਾਹਿਤ ਕੀਤਾ ਹੈ। ਹਸਪਤਾਲਾਂ ਦੇ ਸੁਧਾਰ ਦੇ ਨਾਲ ਬੱਚਿਆਂ ਦੇ ਮਾਹਰ ਡਾਕਰਾਂ ਨੂੰ ਨਿਯੁਕਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਆਖਰ ਇਹ ਬੱਚੇ ਦੇਸ਼ ਦਾ ਭਵਿੱਖ ਹਨ ਸੋ ਇਨ੍ਹਾਂ ਦੀਆਂ ਜਾਨਾਂ ਬਹੁਤ ਕੀਮਤੀ ਹਨ।


-ਮੁਖਤਾਰ ਗਿੱਲ, ਪ੍ਰੀਤ ਨਗਰ (ਅੰਮ੍ਰਿਤਸਰ)।


ਅੰਤਿਮ ਸੰਸਕਾਰ ਸਮੇਂ ਮਾਨਸਿਕਤਾ
ਸ਼ਾਇਦ ਕੋਈ ਵਿਅਕਤੀ ਅਜਿਹਾ ਹੋਵੇ ਜੋ ਕਦੀ ਕਿਸੇ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਨਾ ਗਿਆ ਹੋਵੇ। ਅਜਿਹੇ ਸਮੇਂ ਹਰ ਕੋਈ ਵਿਅਕਤੀ ਕੁਝ ਸਮੇਂ ਲਈ ਗਮਗੀਨ ਹੋ ਜਾਂਦਾ ਹੈ। ਮ੍ਰਿਤਕ ਵਿਅਕਤੀ ਦੇ ਸੁਆਹ/ਖ਼ਾਕ ਹੋਣ ਸਮੇਂ ਪਲ ਦੀ ਪਲ ਮਨੁੱਖ ਮਨ ਹੀ ਮਨ ਆਪਣੇ ਜਾਣੇ/ਅਣਜਾਣੇ ਕੀਤੇ ਗੁਨਾਹਾਂ ਪ੍ਰਤੀ ਵੀ ਸੋਚਦਾ ਹੈ। ਅਜਿਹੇ ਸਮੇਂ ਹਰ ਕੋਈ ਜ਼ਿਆਦਾਤਰ ਮ੍ਰਿਤਕ ਦੇ ਚੰਗੇ ਗੁਣਾਂ ਨੂੰ ਹੀ ਚਿਤਾਰਦਾ ਹੈ। ਉਂਜ ਵੀ ਸਵਰਗ-ਧਾਮ ਵਿਚ ਸੰਸਾਰੀ ਨਾਸ਼ਵਾਨਤਾ ਦੀਆਂ ਲਿਖੀਆਂ ਗੱਲਾਂ ਹਰ ਇਕ ਨੂੰ ਕੁਝ ਸਮੇਂ ਨਿਰਮਲ ਬਣਾ ਦਿੰਦੀਆਂ ਹਨ। ਇਸ ਲਈ ਹੀ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਜਦੋਂ ਕਦੀ ਜ਼ਿਆਦਾ ਹੰਕਾਰ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਇਕ ਗੇੜਾ ਕਿਸੇ ਸ਼ਮਸ਼ਾਨਘਾਟ ਜਾਂ ਹਸਪਤਾਲ ਦਾ ਮਾਰ ਲੈਣਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


ਬੱਚਿਆਂ ਦੀਆਂ ਵਧਦੀਆਂ ਮੌਤਾਂ ਬਾਰੇ
ਬੜੇ ਵੱਡੇ-ਵੱਡੇ ਦਾਅਵੇ ਕਰ ਕੇ ਲੋਕਾਂ ਤੋਂ ਵੋਟਾਂ ਲੈਣ ਵਾਲੇ ਗੱਦੀਨਸ਼ੀਨ ਹੋਣ ਤੋਂ ਬਾਅਦ ਚੁੱਪ ਵੱਟ ਜਾਂਦੇ ਹਨ। ਕਿਸੇ ਨੂੰ ਕੋਈ ਖਿਆਲ ਹੀ ਨਹੀਂ ਰਹਿੰਦਾ ਕਿ ਅਸੀਂ ਹੁਣ ਲੋਕ ਹਿਤ ਵਾਸਤੇ ਕੀ ਕਰਨਾ ਹੈ, ਜਿਸ ਦਾ ਨਤੀਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਜਿਵੇਂ ਅੱਜ ਗ਼ਰੀਬਾਂ ਦੇ ਬੱਚੇ ਭੁਗਤ ਰਹੇ ਹਨ ਜੋ ਇਸ ਜਹਾਨ ਵਿਚ ਪੈਰ ਪਾਉਣ ਤੋਂ ਪਹਿਲਾਂ ਹੀ ਰੁਖ਼ਸਤ ਹੁੰਦੇ ਜਾ ਰਹੇ ਹਨ। ਇਸ ਨੂੰ ਅਸੀਂ ਰੱਬ ਦੀ ਕਰਨੀ ਆਖ ਕੇ ਅੱਖੋਂ-ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਡਾਕਟਰ ਨਹੀਂ ਹਨ, ਦਵਾਈਆਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਨਿੱਜੀਕਰਨ ਵਿਚ ਵਾਧਾ ਸਭ ਤੋਂ ਵੱਡਾ ਕਾਰਨ ਬਣਿਆ ਹੋਇਆ ਹੈ। ਇਸ ਪ੍ਰਤੀ ਸਾਨੂੰ ਸਾਰਿਆਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ ਜੋ 2019 ਦੇ ਬੱਚਿਆਂ ਦੀ ਮੌਤ ਦੇ ਅੰਕੜੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਭਾਰਤ ਦੇ ਸਾਹਮਣੇ ਆਏ ਹਨ। ਇਕ ਆਵਾਜ਼ ਉਠਾਉਣ ਦੀ ਜ਼ਰੂਰਤ ਹੈ ਤਾਂ ਕਿ ਗ਼ਰੀਬਾਂ ਦੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚੋਂ ਕੱਢਿਆ ਜਾ ਸਕੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਸੋਸ਼ਲ ਮੀਡੀਆ
ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ 'ਤੇ ਨੌਜਵਾਨ ਤੇ ਹਰ ਕੋਈ ਲੋਕਾਂ ਸਾਹਮਣੇ ਆਪਣੀ ਰਾਇ ਆਦਿ ਪ੍ਰਗਟ ਕਰ ਸਕਦਾ ਹੈ। ਫੇਸਬੁੱਕ, ਵੱਟਸਐਪ, ਯੂ-ਟਿਊਬ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਦਾ ਪ੍ਰਮੁੱਖ ਅੰਗ ਹੈ। ਇਨ੍ਹਾਂ ਦੀ ਵਰਤੋਂ ਕਰ ਕੇ ਅਸੀਂ ਬੈਠੇ-ਬਿਠਾਏ ਪੂਰੀ ਦੁਨੀਆ ਨਾਲ ਜੁੜ ਸਕਦੇ ਹਾਂ। ਨਵੇਂ ਦੋਸਤ ਬਣਾ ਸਕਦੇ ਹਾਂ, ਪੁਰਾਣੇ ਦੋਸਤਾਂ ਨੂੰ ਲੱਭ ਸਕਦੇ ਹਾਂ ਅਤੇ ਜਾਣਕਾਰੀ 'ਚ ਵਾਧੇ ਲਈ ਮਿਆਰੀ ਵੀਡੀਓ ਦੇਖ ਸਕਦੇ ਹਾਂ। ਆਪਣੀ ਕਲਾ ਅਤੇ ਪੜ੍ਹਾਈ ਅਤੇ ਅਧਿਐਨ ਲਈ ਸਮੱਗਰੀ ਵਿਦਿਆਰਥੀ ਪ੍ਰੀਖਿਆਵਾਂ ਦੇ ਦਿਨਾਂ 'ਚ ਪੜ੍ਹਨਯੋਗ ਸਮੱਗਰੀ ਤੇ ਨੋਟਿਸ ਆਦਿ ਹਾਸਲ ਕਰ ਸਕਦੇ ਹਨ, ਪਰ ਕੁਝ ਲੋਕ ਝੂਠੀ ਜਾਣਕਾਰੀ ਇਸ 'ਤੇ ਅਪਲੋਡ ਕਰ ਦਿੰਦੇ ਹਨ ਜੋ ਨੁਕਸਾਨਦੇਹ ਵੀ ਹੈ। ਸੋ ਇਸ ਦੀ ਸਹੀ ਵਰਤੋਂ ਹੀ ਫਾਇਦੇਮੰਦ ਹੈ।


-ਮਲਕੀਤ ਸਿੰਘ ਧਤੋਦਾ
ਜ਼ਿਲ੍ਹਾ ਫਤਹਿਗੜ੍ਹ ਸਾਹਿਬ।

15-01-2020

 ਬੇਰੁਜ਼ਗਾਰ ਨੌਜਵਾਨ
ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਲੁਭਾਉਣੇ ਵਾਅਦੇ ਕਰਦੀਆਂ ਹਨ ਪਰ ਸੱਤਾ ਦੇ ਨਸ਼ੇ ਵਿਚ ਸਰਕਾਰ ਬਣਾਉਣ ਤੋਂ ਬਾਅਦ ਸਭ ਕੁਝ ਇਕ ਵੱਡੇ ਝੂਠ ਦੇ ਰੂਪ ਵਿਚ ਬਦਲ ਜਾਂਦਾ ਹੈ। ਚੋਣ ਕਮਿਸ਼ਨ ਨੂੰ ਇਹੋ ਜਿਹੀਆਂ ਸਿਆਸੀ ਪਾਰਟੀਆਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਜੋ ਵਾਅਦੇ ਕਰਕੇ ਮੁੱਕਰਦੀਆਂ ਹਨ। ਮਹਿੰਗਾਈ ਦੇ ਜ਼ਮਾਨੇ ਵਿਚ ਮਹਿੰਗੇ ਮੁੱਲ ਦੇ ਡਿਪਲੋਮੇ-ਡਿਗਰੀਆਂ ਚੁੱਕੀ ਫਿਰਦੇ ਨੌਜਵਾਨ ਲੜਕੇ-ਲੜਕੀਆਂ ਦੇ ਮਾਪੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਤੇ ਗਹਿਣੇ ਵੇਚ ਕੇ ਆਪਣੀ ਔਲਾਦ ਨੂੰ ਪੜ੍ਹਾਈ ਕਰਵਾ ਚੁੱਕੇ ਹਨ ਪਰ ਨੌਕਰੀ ਦੀ ਬਜਾਏ ਨਸੀਬਾਂ ਵਿਚ ਲਾਠੀਚਾਰਜ ਤੇ ਧਰਨੇ-ਮੁਜ਼ਾਹਰੇ ਹਨ। ਬੇਰੁਜ਼ਗਾਰ ਪਿਛਲੇ ਚਾਰ-ਚਾਰ ਮਹੀਨਿਆਂ ਤੋਂ ਘਰ ਛੱਡ ਕੇ ਤੰਬੂਆਂ ਵਿਚ ਪੱਕੇ ਮੋਰਚੇ ਲਗਾ ਕੇ ਨੌਕਰੀਆਂ ਦੀ ਮੰਗ ਲਈ ਸੜਕਾਂ ਉੱਪਰ ਜ਼ਲੀਲ ਹੋ ਰਹੇ ਹਨ। ਇਨ੍ਹਾਂ ਬੇਰੁਜ਼ਗਾਰਾਂ ਦੇ ਨਾਅਰਿਆਂ ਤੋਂ ਘਰ-ਘਰ ਰੁਜ਼ਗਾਰ ਦੇਣ ਵਾਲੀ ਕੈਪਟਨ ਸਰਕਾਰ ਬੇਖ਼ਬਰ ਜਾਪ ਰਹੀ ਹੈ। ਬੇਰੁਜ਼ਗਾਰੀ ਦੀ ਮਾਰ ਦੇ ਝੰਬੇ ਨੌਜਵਾਨਾਂ ਦੇ ਹਾਲਾਤ ਨੂੰ ਵੇਖ ਕੇ ਨਵੀਂ ਪੀੜ੍ਹੀ ਦੇ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਪ੍ਰਵਾਸੀ ਬਣਨ ਨੂੰ ਤਰਜੀਹ ਦੇ ਰਹੇ ਹਨ ਜੋ ਆਉਣ ਵਾਲੇ ਭਵਿੱਖ ਲਈ ਪੰਜਾਬ ਤੇ ਪੰਜਾਬੀਅਤ ਲਈ ਖ਼ਤਰਨਾਕ ਸਾਬਤ ਹੋਵੇਗੀ, ਜਿਸ ਬਾਰੇ ਸਾਰੀ ਜ਼ਿੰਮੇਵਾਰੀ ਖਾਲੀ ਖਜ਼ਾਨੇ ਵਾਲੀ ਸਰਕਾਰ ਦੀ ਹੋਵੇਗੀ।


-ਸਿਮਰਨਜੀਤ ਕੌਰ ਗਿੱਲ
ਪ੍ਰੋ: ਵਿੱਦਿਆ ਸਾਗਰ ਕਾਲਜ, ਧੂਰੀ।


ਈਦੂ ਸ਼ਰੀਫ਼ ਦਾ ਚਲਾਣਾ
ਪੰਜਾਬੀ ਗੀਤ-ਸੰਗੀਤ ਵਿਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਤੇ ਮਹਾਨ ਸੰਗੀਤਕ ਹਸਤੀ ਜਨਾਬ ਈਦੂ ਸ਼ਰੀਫ਼ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਉਹ ਸੰਗੀਤ ਦੀ ਬਹੁਤ ਹੀ ਵੱਡੀ ਚਲਦੀ-ਫਿਰਦੀ ਇਕ ਮਹਾਨ ਲਾਇਬ੍ਰੇਰੀ ਸੀ। ਉਨ੍ਹਾਂ ਦੇ ਸੰਗੀਤਕ ਖਜ਼ਾਨੇ ਵਿਚ ਅਨੇਕਾਂ ਹੀ ਅਨਮੋਲ ਸੰਗੀਤਕ ਚੀਜ਼ਾਂ ਸਨ, ਜਿਨ੍ਹਾਂ ਦੀ ਸਾਡੇ ਸਮਾਜ ਜਾਂ ਸੰਗੀਤਕ ਖੇਤਰ ਨੇ ਬਹੁਤੀ ਕਦਰ ਨਹੀਂ ਪਾਈ। ਈਦੂ ਜੀ ਸੱਚ ਹੀ ਸੰਗੀਤ ਦੀ ਰੱਬੀ ਇਬਾਦਤ ਨਿਭਾਉਂਦੇ ਰਹੇ। ਜੇ ਅੱਜ ਵੇਖੀਏ ਤਾਂ ਗ਼ਲਤ ਤੇ ਲੱਚਰ ਗਾਉਣ ਵਾਲੇ ਪਤਾ ਨਹੀਂ ਕਿਵੇਂ ਰਾਤੋ-ਰਾਤ ਸਟਾਰ ਬਣ ਮਹਿੰਗੇ ਘਰ, ਕਾਰਾਂ, ਕੋਠੀਆਂ ਆਦਿ ਦੇ ਮਾਲਕ ਬਣ ਜਾਂਦੇ ਹਨ। ਪਰ ਇਥੇ ਈਦੂ ਜੀ ਨੇ ਵੀ ਰੱਜ ਕੇ ਹੀ ਗੁਰਬਤ ਹੰਢਾਈ। ਬੇਸ਼ੱਕ ਸਮੇਂ ਦੀ ਸਰਕਾਰ ਨੇ ਉਨ੍ਹਾਂ ਦੀ ਬਿਮਾਰੀ ਲਈ ਕੁਝ ਰਾਸ਼ੀ ਵੀ ਭੇਟ ਕੀਤੀ ਪਰ ਸੰਗੀਤਕ ਮਹਾਂਰਥੀਆਂ ਨੇ ਈਦੂ ਹੁਰਾਂ ਵੱਲ ਝਾਕਣ ਦੀ ਕੋਸ਼ਿਸ਼ ਨਾ ਕੀਤੀ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਜੰਗ ਦੇ ਖ਼ਤਰਨਾਕ ਸਿੱਟੇ
ਇਨ੍ਹਾਂ ਦਿਨਾਂ ਵਿਚ ਅਮਰੀਕਾ ਅਤੇ ਇਰਾਕ ਦਰਮਿਆਨ ਜੰਗ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕਾਰਨ ਭਾਵੇਂ ਕੁਝ ਵੀ ਹੋਣ ਪਰ ਜੰਗ ਕਦੀ ਵੀ ਆਮ ਜਨਤਾ ਲਈ ਸੁਖਦ ਅਹਿਸਾਸ ਨਹੀਂ ਹੈ। ਜੰਗ ਵਿਚ ਕਿੰਨੇ ਹੀ ਸਰੂ ਵਰਗੇ ਫ਼ੌਜੀ ਨੌਜਵਾਨ ਅਤੇ ਆਮ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਅਰਬਾਂ-ਖਰਬਾਂ ਦੀ ਸੰਪਤੀ ਦਾ ਨੁਕਸਾਨ ਹੋ ਜਾਂਦਾ ਹੈ। ਇਹ ਜੰਗ ਕੁਦਰਤੀ ਸਾਧਨਾਂ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਨ੍ਹਾਂ ਜੰਗਾਂ ਦੀ ਬਰਬਾਦੀ ਦਾ ਅਸਰ ਕਿੰਨ੍ਹਾ ਹੀ ਚਿਰ ਤੱਕ ਅੱਲ੍ਹੇ ਜ਼ਖ਼ਮਾਂ ਦੀ ਤਰ੍ਹਾਂ ਰਿਸਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਵੱਡੀਆਂ ਤੋਂ ਵੱਡੀਆਂ ਜੰਗਾਂ ਦਾ ਅੰਤ ਆਖਰ ਗੱਲਬਾਤ ਹੀ ਹੈ। ਮੇਰੇ ਖਿਆਲ ਵਿਚ ਅੱਜ ਦੇ ਸਮੇਂ ਵਿਚ ਜੰਗ ਦੀ ਨੌਬਤ ਆਉਣੀ ਹੀ ਨਹੀਂ ਚਾਹੀਦੀ। ਇਸ ਸਮੇਂ ਸਾਰੀ ਦੁਨੀਆ ਹੀ ਇਕ ਪਿੰਡ ਬਣਦਾ ਜਾ ਰਿਹਾ ਹੈ। ਇਸ ਲਈ ਇਸ ਸੰਸਾਰ ਰੂਪੀ ਪਿੰਡ ਵਿਚ ਚੰਗੇ ਗੁਆਂਢੀ ਬਣ ਕੇ ਰਹਿਣ ਦੀ ਜ਼ਰੂਰਤ ਹੈ। ਅਜੋਕੇ ਸਮੇਂ ਦੇ ਜੰਗ ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਕੰਮ ਤੇ ਔਖਾ ਹੈ ਪਰ...
ਪਿਛਲੇ ਦਿਨੀਂ 'ਅਜੀਤ' 'ਚ ਮੋਹਨ ਸ਼ਰਮਾ ਦਾ ਲੇਖ 'ਨਸ਼ਿਆਂ ਕਾਰਨ ਹੜ੍ਹਦੇ ਪੰਜਾਬ ਨੂੰ ਬਚਾਇਆ ਜਾ ਸਕਦੈ' ਪੜ੍ਹਿਆ। ਮੋਹਨ ਸ਼ਰਮਾ ਪਹਿਲਾਂ ਵੀ ਆਪਣੀ ਲੇਖਣੀ ਰਾਹੀਂ ਇਸ ਗੰਭੀਰ ਸਮੱਸਿਆ ਬਾਰੇ ਪਾਠਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਮਿਸ਼ਨ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਜਿੱਲ੍ਹਣ ਵਿਚੋਂ ਕੱਢਣ ਦਾ ਹੈ। ਇਹ ਕੰਮ ਔਖਾ ਜ਼ਰੂਰ ਹੈ ਪਰ ਹਿੰਮਤ ਦੀ ਲੋੜ ਹੈ। ਅਜਿਹੇ ਬੁਰੇ ਸਮੇਂ ਆਪਸ ਵਿਚ ਘੁਸਰ-ਮੁਸਰ ਕਰਨ ਦੀ ਬਜਾਏ ਨਸ਼ਿਆਂ ਦੇ ਸੌਦਾਗਰਾਂ ਨੂੰ ਸਮਾਜ ਵਿਚ ਨੰਗਿਆਂ ਕਰਨ ਲਈ ਸੋਚ ਵਾਲੇ ਲੋਕਾਂ ਨੂੰ ਅੱਗੇ ਆਉਣਾ ਪੈਣਾ ਹੈ। ਉਨ੍ਹਾਂ ਦੇ ਇਸ ਕਾਲੇ ਕਾਰੋਬਾਰ ਨੂੰ ਨੰਗਿਆਂ ਕਰਨ ਲਈ ਹਿੰਮਤ ਤੇ ਦਲੇਰੀ ਦੀ ਲੋੜ ਹੈ। ਇਨ੍ਹਾਂ 'ਪਤਵੰਤੇ' ਸੱਜਣਾਂ ਦਾ ਭਾਂਡਾ ਸਾਰੇ ਲੋਕ ਰਲ ਕੇ ਹੀ ਭੰਨ ਸਕਦੇ ਹਨ, ਸਿਰਫ ਮੋਹਨ ਸ਼ਰਮਾ ਵਰਗੇ ਲੋਕਾਂ ਦੇ ਕਾਫਲੇ ਵਿਚ ਸ਼ਾਮਿਲ ਹੋਣ ਦੀ ਹਿੰਮਤ ਚਾਹੀਦੀ ਹੈ। ਨਸ਼ਿਆਂ ਦੀ ਲੱਗੀ ਅੱਗ ਨੂੰ ਬੁਝਾਉਣ ਲਈ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਮੁਹਿੰਮ ਚਲਾਉਣ ਦਾ ਸਮਾਂ ਆ ਗਿਆ ਹੈ। ਆਓ, ਹਿੰਮਤ ਤੇ ਦਲੇਰੀ ਤੋਂ ਕੰਮ ਲਈਏ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਨਸ਼ੇ ਕਰਨ ਪਿੱਛੇ ਅਸਲੀ ਕਾਰਨ
ਹਰ ਰੋਜ਼ ਹਰ ਜ਼ਿਲ੍ਹੇ ਦੇ ਹਰ ਕਸਬੇ ਵਿਚ ਅਨੇਕਾਂ ਲੋਕ ਨਸ਼ੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਹ ਸਮੱਸਿਆ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਬਹੁਤ ਸਖ਼ਤ ਕਦਮ ਉਠਾਏ ਹਨ ਪਰ ਫਿਰ ਵੀ ਹੁਣ ਤੱਕ ਨਸ਼ੇ ਨੂੰ ਜੜ੍ਹੋਂ ਖ਼ਤਮ ਨਹੀਂ ਕੀਤਾ ਜਾ ਸਕਿਆ। ਪਹਿਲਾ ਪਹਿਲ ਇਸ ਦਾ ਸੇਵਨ ਇਕੱਲੇ ਮੁੰਡੇ ਹੀ ਕਰਦੇ ਸਨ ਪਰ ਅੱਜਕਲ੍ਹ ਨਸ਼ੇ ਦੇ ਖੇਤਰ ਵਿਚ ਕੁੜੀਆਂ ਵੀ ਪਿੱਛੇ ਨਹੀਂ ਹਨ। ਨਸ਼ੇ ਨੂੰ ਖ਼ਤਮ ਕਰਨ ਲਈ ਸਾਨੂੰ ਇਸ ਦੀ ਜੜ੍ਹ ਤੱਕ ਜਾਣਾ ਪਵੇਗਾ। ਨਸ਼ੇ ਦੀ ਜੜ੍ਹ ਤੋਂ ਭਾਵ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ ਨਹੀਂ ਸਗੋਂ ਇਹ ਜਾਣਨਾ ਕਿ ਲੋਕਾਂ ਦੀ ਨਸ਼ੇ ਕਰਨ ਜਾਂ ਨਸ਼ੇ ਵੇਚਣ ਪਿੱਛੇ ਅਸਲੀ ਮਜਬੂਰੀ ਕੀ ਹੈ? ਕਿਉਂ ਉਹ ਇਹ ਸਭ ਗ਼ਲਤ ਕੰਮ ਕਰਨ ਲਈ ਮਜਬੂਰ ਹਨ। ਦਿਨ-ਪ੍ਰਤੀਦਿਨ ਰੁਜ਼ਗਾਰ ਘਟ ਰਿਹਾ ਹੈ ਤੇ ਮਹਿੰਗਾਈ ਵਧ ਰਹੀ ਹੈ। ਇਕ ਆਰਥਿਕ ਤੌਰ 'ਤੇ ਤੰਗ ਆਦਮੀ ਇਨ੍ਹਾਂ ਮੁਸੀਬਤਾਂ ਨੂੰ ਦੇਖਦਾ ਹੋਇਆ ਨਸ਼ੇ ਦਾ ਸੇਵਨ ਕਰਦਾ ਹੈ। ਨਸ਼ੇ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਵੀ ਕਰਦੇ ਹਨ, ਜਿਨ੍ਹਾਂ ਦਾ ਸਮਾਜਿਕ ਸ਼ੋਸ਼ਣ ਹੋ ਰਿਹਾ ਹੁੰਦਾ ਹੈ। ਜਾਂ ਜਿਨ੍ਹਾਂ ਨੂੰ ਅਦਾਲਤਾਂ ਵਲੋਂ ਸਹੀ ਨਿਆਂ ਨਹੀਂ ਮਿਲਦਾ। ਉਹ ਵਿਅਕਤੀ ਸਮਾਜ ਤੋਂ ਤੰਗ ਆ ਕੇ ਨਸ਼ਾ ਕਰਨ ਲਗਦੇ ਹਨ। ਇਸ ਤਰ੍ਹਾਂ ਨਸ਼ੇ ਦੀ ਵਧ ਰਹੀ ਵਰਤੋਂ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ।


-ਮਨਿੰਦਰ ਕੌਰ ਧੁੰਨਾ
ਸਿਖਿਆਰਥੀ ਡਾਇਟ ਅਹਿਮਦਪੁਰ।

14-01-2020

 ਕਾਇਰਤਾ ਭਰੀ ਘਟਨਾ

ਪੰਜਾਬੀ 'ਅਜੀਤ' ਅਖ਼ਬਾਰ ਦੇ ਮੇਨ ਸਫ਼ੇ 'ਤੇ ਖ਼ਬਰ ਪਾਕਿਸਤਾਨ ਵਿਚ ਸਿੱਖ ਪੱਤਰਕਾਰ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਪੜ੍ਹੀ। ਪਾਕਿ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਹਮਲੇ ਦੀ ਘਟਨਾ ਦੇ ਦੋ ਦਿਨ ਬਾਅਦ ਪਰਵਿੰਦਰ ਸਿੰਘ ਦੀ ਹੱਤਿਆ ਨਾਲ ਸਿੱਖ ਕੌਮ ਵਿਚ ਗੁੱਸੇ ਤੇ ਸੋਗ ਦੀ ਲਹਿਰ ਦੌੜ ਪਈ ਹੈ। ਇਸ ਘਿਨਾਉਣੀ ਤੇ ਦਰਿੰਦਿਆਂ ਵਲੋਂ ਕੀਤੀ ਦਰਿੰਦਗੀ ਦੀ ਹਰ ਪਾਸਿਉਂ ਨਿਖੇਧੀ ਕਰ ਪਾਕਿ ਸਰਕਾਰ ਨੂੰ ਇਨ੍ਹਾਂ ਦਰਿੰਦਿਆਂ ਨੂੰ ਫੜ ਕੇ ਸਜ਼ਾ ਦੇਣ ਲਈ ਦੁਹਾਈ ਦਿੱਤੀ ਜਾ ਰਹੀ ਹੈ। ਹੁਣ ਸਿੱਖ ਕੌਮ ਨੂੰ ਇਕਮੁੱਠ ਹੋਣਾ ਚਾਹੀਦਾ ਹੈ ਕਿਉਂਕਿ ਵਿਰੋਧੀ ਨਹੀਂ ਚਾਹੁੰਦੇ ਕਿ ਇਹ ਇਕੱਠੇ ਹੋਣ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਸੈਂਟਰ ਦੀ ਸਰਕਾਰ 'ਤੇ ਜ਼ੋਰ ਪਾ ਕੇ ਘੱਟ-ਗਿਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਬਾਰੇ ਦਬਾਅ ਪਾਉਣਾ ਚਾਹੀਦਾ ਹੈ। ਇਕ ਪਾਸੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਤਾਰਪੁਰ ਲਾਂਘਾ ਖੋਲ੍ਹ ਸਿੱਖਾਂ ਨਾਲ ਹਮਦਰਦੀ ਕਰ ਰਹੇ ਹਨ, ਦੂਜੇ ਪਾਸੇ ਅਜਿਹੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ, ਰੋਕਣ ਲਈ ਕੁਝ ਨਹੀਂ ਕਰ ਰਹੇ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਨਵਾਂ ਵਰ੍ਹਾ ਨਵੇਂ ਵਿਚਾਰ

ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਸਾਲ 2019 ਦੌਰਾਨ ਜਿਥੇ ਆਰਥਿਕ ਮੰਦਹਾਲੀ ਨਾਲ ਸਾਡੇ ਕਿਸਾਨ ਵੀਰ ਨਿਰਾਸ਼ ਹੋਏ ਹਨ, ਆਉਣ ਵਾਲਾ ਸਮਾਂ ਵੀ ਮੇਰੇ ਖਿਆਲ ਨਾਲ ਕਾਫੀ ਮਹਿੰਗਾ ਹੋ ਸਕਦਾ ਹੈ। ਮੇਰੇ ਦੇਸ਼ ਦੇ ਹਾਲਾਤ ਦੇਖਦੇ ਹੋਏ, ਪਹਿਲਾਂ ਤੋਂ ਹੀ ਘਰਾਂ ਦੇ ਵਧਾਏ ਹੋਏ ਬੇਲੋੜੇ ਖ਼ਰਚਿਆਂ ਤੋਂ ਪਰਹੇਜ਼ ਕੀਤਾ ਜਾਵੇ। ਵਿਆਹ-ਸ਼ਾਦੀਆਂ ਵਿਚ ਫਾਲੂਤ ਪੈਸਾ ਤੇ ਸਮਾਂ ਨਾ ਬਰਬਾਦ ਕੀਤਾ ਜਾਵੇ। ਸਾਦੇ ਵਿਆਹ ਤੇ ਸਾਦੇ ਭੋਗ ਪਾਏ ਜਾਣ। ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਆਪਣੇ ਖਾਣ-ਪੀਣ ਤੇ ਕਾਰੋਬਾਰ ਦੇ ਹਿਸਾਬ ਨਾਲ ਕਸਰਤ ਕਰਨੀ ਵੀ ਜ਼ਰੂਰੀ ਹੈ। ਵਧ ਰਹੀਆਂ ਸੜਕੀ ਦੁਰਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਕਿ ਅਸੀਂ ਗੱਡੀ ਆਦਿ ਨੂੰ ਚਲਾਉਂਦੇ ਹੋਏ ਸੁਰੱਖਿਅਤ ਰਹੀਏ। ਦੇਸ਼ ਵਿਚ ਵਧ ਰਹੀ ਬੇਰੁਜ਼ਗਾਰੀ ਤੇ ਨਸ਼ੇ ਖਿਲਾਫ਼ ਡਟ ਕੇ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਜਿਹਾ ਕਰਨ ਨਾਲ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨਸ਼ਿਆਂ ਤੋਂ ਬਚ ਸਕਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਆਪਣੇ ਮਾਣਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਦਲੀਪ ਸਿੰਘ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਧਰਮ ਦੇ ਫਲਸਫ਼ੇ ਅੰਦਰ ਨਿਪੁੰਨ ਰਹੇ।

-ਸੁਖਚੈਨ ਸਿੰਘ
ਠੱਠੀ ਭਾਈ, (ਯੂ.ਏ.ਈ.)।

ਗੁਰਦੁਆਰਾ ਸਾਹਿਬ 'ਤੇ ਪਥਰਾਅ ਅਤਿ ਨਿੰਦਣਯੋਗ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੱਟੜਪੰਥੀਆਂ ਵਲੋਂ ਪਥਰਾਅ ਕਰਨਾ ਅਤਿ ਨਿੰਦਣਯੋਗ ਘਟਨਾ ਹੈ, ਜਿਸ ਨਾਲ ਸਿੱਖ ਸੰਗਤਾਂ 'ਚ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਧਾਰਮਿਕ ਸਥਾਨ ਸਭਨਾਂ ਦੇ ਸਾਂਝੇ ਹੁੰਦੇ ਹਨ, ਸਿੱਖਾਂ ਨੇ ਕਦੇ ਵੀ ਕਿਸੇ ਵੀ ਧਰਮ 'ਤੇ ਪਥਰਾਅ ਨਹੀਂ ਕੀਤਾ ਅਤੇ ਨਾ ਹੀ ਕਿਸੇ ਧਰਮ ਨੂੰ ਮਾੜਾ ਕਿਹਾ ਹੈ, ਸਗੋਂ ਦੂਸਰੇ ਧਰਮਾਂ ਲਈ ਵੀ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਜਿਸ ਦੀ ਇਤਿਹਾਸ ਗਵਾਹੀ ਭਰਦਾ ਹੈ। ਪਰ ਇਸ ਦੇ ਉਲਟ ਸਿੱਖਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ। ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ 'ਤੇ ਪੱਥਰਬਾਜ਼ੀ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

-ਰਵਿੰਦਰ ਸਿੰਘ ਖਿਆਲਾ
ਪਿੰਡ ਤੇ ਡਾਕ: ਮਲਕਪੁਰ, ਖਿਆਲਾ ਕਲਾਂ, ਤਹਿ: ਤੇ ਜ਼ਿਲ੍ਹਾ ਮਾਨਸਾ।

ਜਾਨਲੇਵਾ ਸਾਬਤ ਹੋ ਸਕਦਾ ਹੈ ਗੈਸ ਗੀਜ਼ਰ

ਸਰਦੀਆਂ ਦੇ ਮੌਸਮ ਵਿਚ ਗਰਮ ਪਾਣੀ ਨਾਲ ਨਹਾਉਣਾ ਜ਼ਰੂਰਤ ਬਣ ਜਾਂਦੀ ਹੈ। ਪਾਣੀ ਨੂੰ ਗਰਮ ਕਰਨ ਲਈ ਗੀਜ਼ਰ ਇਸ ਲਈ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਬਸ ਇਕ ਸਵਿੱਚ ਦਬਾਉਂਦੇ ਹੀ ਤੁਹਾਨੂੰ ਗਰਮ ਪਾਣੀ ਮਿਲ ਜਾਂਦਾ ਹੈ। ਸਰਦੀਆਂ 'ਚ ਗਰਮ ਪਾਣੀ ਕਰਨ ਲਈ ਵਰਤੋਂ 'ਚ ਲਿਆਂਦੇ ਜਾ ਰਹੇ ਗੈਸ ਗੀਜ਼ਰ ਲਾਪਰਵਾਹੀ ਕਾਰਨ ਜਾਨਲੇਵਾ ਬਣ ਸਕਦੇ ਹਨ। ਗੈਸ ਗੀਜ਼ਰ ਅੱਜਕਲ੍ਹ ਕਾਫੀ ਵਰਤੋਂ ਵਿਚ ਹੈ। ਇਸ ਵਿਚ ਪਾਣੀ ਨੂੰ ਗਰਮ ਕਰਨ ਲਈ ਐਲਪੀ.ਜੀ. ਗੈਸ ਦਾ ਇਸਤੇਮਾਲ ਹੁੰਦਾ ਹੈ। ਇਸ ਵਿਚ ਪਾਣੀ ਨੂੰ ਗਰਮ ਕਰਨ ਲਈ ਗੈਸ ਬਰਨਰ ਦਾ ਇਸਤੇਮਾਲ ਹੁੰਦਾ ਹੈ। ਇਸ ਦੇ ਲਈ ਵੱਡੇ ਬਾਥਰੂਮ ਦੇ ਨਾਲ ਚੰਗੇ ਵੈਂਟੀਲੇਟਰ ਦੀ ਜ਼ਰੂਰਤ ਵੀ ਹੁੰਦੀ ਹੈ। ਇਸ ਦਾ ਖ਼ਰਚਾ ਇਲੈਕਟ੍ਰਾਨਿਕ ਗੀਜ਼ਰ ਦੀ ਤੁਲਨਾ ਵਿਚ ਲਗਪਗ ਅੱਧਾ ਹੁੰਦਾ ਹੈ। ਹਰ ਸਾਲ ਸਰਦੀਆਂ 'ਚ ਬੰਦ ਬਾਥਰੂਮਾਂ 'ਚ ਲੱਗੇ ਗੈਸ ਗੀਜ਼ਰ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਘਰੇਲੂ ਰਸੋਈ ਗੈਸ ਜਦੋਂ ਗੈਸ ਗੀਜ਼ਰ 'ਚ ਵਰਤੀ ਜਾਂਦੀ ਹੈ ਤਾਂ ਹਵਾ ਨਾਲ ਮਿਲ ਕੇ ਕਾਰਬਨ ਮੋਨੋਆਕਸਾਈਡ ਗੈਸ ਬਣ ਜਾਂਦੀ ਹੈ, ਜੋ ਖ਼ਤਰਨਾਕ ਹੁੰਦੀ ਹੈ। ਜਿਵੇਂ-ਜਿਵੇਂ ਵਿਅਕਤੀ ਬੰਦ ਗੁਸਲਖਾਨੇ 'ਚ ਨਹਾਉਂਦੇ ਸਮੇਂ ਸਾਹ ਲੈਂਦਾ ਹੈ ਤਾਂ ਉਕਤ ਗੈਸ ਉਸ ਨੂੰ ਹੌਲੀ-ਹੌਲੀ ਬੇਹੋਸ਼ ਕਰ ਦਿੰਦੀ ਹੈ, ਜਿਸ ਦਾ ਵਿਅਕਤੀ ਨੂੰ ਪਤਾ ਨਹੀਂ ਲਗਦਾ ਤੇ ਇਹ ਗੈਸ ਬਾਅਦ 'ਚ ਜਾਨਲੇਵਾ ਬਣ ਜਾਂਦੀ ਹੈ। ਬੰਦ ਗੁਸਲਖਾਨਿਆਂ 'ਚ ਘਰੇਲੂ ਰਸੋਈ ਗੈਸ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ।

-ਸੰਦੀਪ ਕੰਬੋਜ
ਗੋਲੂ ਕਾ ਮੋੜ, ਫਿਰੋਜ਼ਪੁਰ।

ਮਿਹਨਤੀ ਲੋਕ

ਸਾਲ 2019 ਦੇ ਆਖਰੀ ਦਿਨਾਂ ਵਿਚ ਕਿਸੇ ਮਿੱਤਰ ਦਾ ਮੋਬਾਈਲ 'ਤੇ ਸੰਦੇਸ਼ ਆਇਆ ਕਿ ਉਨ੍ਹਾਂ ਸਭ ਸੱਜਣਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਸਾਲ ਭਰ ਤੁਹਾਡੀ ਖੁਸ਼ੀ, ਸਲਾਮਤੀ, ਗਿਆਨ ਅਤੇ ਤੁਹਾਡੇ ਅਨੰਦ ਦਾ ਕਾਰਨ ਬਣੇ ਹਨ। ਮੇਰੇ ਵਲੋਂ ਇਸ ਪੱਧਰ ਦੇ ਕੀਤੇ ਵਿਸ਼ਲੇਸ਼ਣ ਵਿਚ ਉਨ੍ਹਾਂ ਅਖ਼ਬਾਰੀ ਹਾਕਰਾਂ ਦਾ ਧਿਆਨ ਆਇਆ ਜੋ ਮੀਂਹ, ਹਨ੍ਹੇਰੀ, ਗਰਮੀ, ਸਰਦੀ ਅਤੇ ਹੁਨਾਲ਼ੇ ਦੇ ਦਿਨਾਂ ਵਿਚ ਵੀ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ-ਪਹਿਲਾਂ ਅਖ਼ਬਾਰ ਘਰ ਦੀ ਦਹਿਲੀਜ਼ ਉੱਪਰ ਲਿਆ ਸੁੱਟਦੇ ਹਨ। ਜਿਸ ਵਕਤ ਅਸੀਂ ਬਿਸਤਰੇ ਉੱਪਰ ਲੇਟੇ ਹੁੰਦੇ ਹਾਂ ਉਸ ਸਮੇਂ ਇਹ ਸਿਰੜੀ ਲੋਕ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਕਿਸੇ ਹੋਰ ਸਥਾਨ ਉੱਪਰ ਅਖ਼ਬਾਰਾਂ ਦੀ ਉਡੀਕ ਕਰ ਰਹੇ ਹੁੰਦੇ ਹਨ। ਅਖ਼ਬਾਰ ਪ੍ਰਾਪਤ ਕਰਕੇ ਛਾਂਟੀ ਕਰਨੀ, ਇਨ੍ਹਾਂ ਵਿਚ ਇਸ਼ਤਿਹਾਰ ਪਾਉਣੇ ਅਤੇ ਫੇਰ ਘਰ-ਘਰ ਪਹੁੰਚਾਉਣਾ ਕਿਸੇ ਭਗਤੀ ਤੋਂ ਘੱਟ ਨਹੀਂ ਹੈ। ਇਸ ਅਣਥੱਕ ਕਾਰਜ ਵਿਚ ਨਾ ਕੋਈ ਛੁੱਟੀ ਹੈ ਅਤੇ ਨਾ ਹੀ ਕੋਈ ਵਧੇਰੇ ਕਮਾਈ ਹੈ। ਇਸ ਲਈ ਸਾਡੇ ਤੱਕ ਗਿਆਨ ਦਾ ਪ੍ਰਮੁੱਖ ਅਤੇ ਸਸਤਾ ਸੋਮਾ ਪਹੁੰਚਾਉਣ ਵਾਲੇ ਇਹ ਅਖ਼ਬਾਰੀ ਹਾੱਕਰ ਬੀਤੇ ਲਈ ਅਤੇ ਵਰਤਮਾਨ ਲਈ ਵੀ ਸਿਜਦੇ ਦੇ ਕਾਬਿਲ ਹਨ।

-ਲੈਕ: ਰਜਿੰਦਰ ਸਿੰਘ ਪਹੇੜੀ, ਪਟਿਆਲਾ।

13-01-2020

 ਆਦਰਸ਼ ਸਮਾਜ
ਸਾਡੇ ਮੌਜੂਦਾ ਸਮਾਜ ਨੂੰ ਫਰੋਲਿਆ ਜਾਵੇ ਤਾਂ ਅਨੇਕਾਂ ਹੀ ਸਮੱਸਿਆਵਾਂ ਸਾਡੇ ਸਾਹਮਣੇ ਮੂੰਹ ਅੱਡ ਕੇ ਖਲੋਤੀਆਂ ਮਿਲਣਗੀਆਂ ਤੇ ਅਸੀਂ ਉਨ੍ਹਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਸਿੱਧੇ ਤੌਰ 'ਤੇ ਦੂਜਿਆਂ ਅਤੇ ਵਿਵਸਥਾ ਨੂੰ ਦੇ ਛੱਡਾਂਗੇ, ਜੋ ਕਿ ਸਾਡੀ ਅੰਤਰਝਾਤ ਤੋਂ ਮੂੰਹ ਮੋੜਨਾ ਹੈ। ਇਹ ਸਾਡਾ ਸੁਭਾਅ ਬਣ ਚੁੱਕਾ ਹੈ ਕਿ ਮੈਂ ਸੱਚਾ ਬਾਕੀ ਸਭ ਝੂਠ, ਜਦਕਿ ਅਸਲੀਅਤ ਇਸ ਤੋਂ ਵੱਖਰੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ ਸਾਡੇ ਸਮਾਜ ਵਿਚ ਹਰ ਬੰਦਾ ਸਮਾਜਿਕ ਸਮੱਸਿਆਵਾਂ ਦੀ ਪੰਡ ਲਈ ਬੈਠਾ ਹੈ ਤਾਂ ਦੋਸ਼ੀ ਦੂਜਿਆਂ ਨੂੰ ਸਮਝ ਰਿਹਾ ਹੈ ਤਾਂ ਇਹ ਕੋਈ ਅਤਿ ਕਥਨੀ ਨਹੀਂ। ਆਪਣੇ ਚਰਿੱਤਰ ਦਾ ਨਿਰਮਾਣ ਕਰਨਾ ਇਕ ਆਦਰਸ਼ ਸਮਾਜ ਦੀ ਸਥਾਪਨਾ ਦਾ ਮੂਲ ਹੈ। ਸਵੈ-ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਕਹਿਣਾ ਜਿੰਨਾ ਆਸਾਨ ਲੱਗ ਰਿਹਾ ਹੈ ਅਸਲ 'ਚ ਓਨਾ ਹੀ ਔਖਾ ਹੈ ਕਿਉਂਕਿ ਆਪਣੇ ਸਾਧਾਰਨ ਵਿਵਹਾਰਕ ਵਿਚ ਸੁਧਾਰ ਸੌਖਾਲਿਆਂ ਨਹੀਂ ਆਉਂਦਾ, ਇਸ ਲਈ ਦ੍ਰਿੜ੍ਹ ਇੱਛਾ ਸ਼ਕਤੀ ਤੇ ਦ੍ਰਿੜ੍ਹ ਸੰਕਲਪ ਤੋਂ ਕੰਮ ਲਿਆ ਜਾ ਸਕਦਾ ਹੈ। ਆਦਰਸ਼ ਸਮਾਜ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਬਾਸ਼ਿੰਦਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਜਿਥੇ ਕਿਤਾਬਾਂ ਤੁਹਾਨੂੰ ਆਪਣੇ ਬਾਰੇ ਦੱਸਦੀਆਂ ਹਨ, ਉਥੇ ਹੀ ਤੁਹਾਨੂੰ ਦੂਜਿਆਂ ਬਾਰੇ ਵੀ ਦੱਸਦੀਆਂ ਹਨ।


-ਗੋਬਿੰਦਰ ਸਿੰਘ 'ਬਰੜ੍ਹਵਾਲ'
ਪਿੰਡ ਤੇ ਡਾਕ: ਬਰੜ੍ਹਵਾਲ (ਧੂਰੀ), ਜ਼ਿਲ੍ਹਾ ਸੰਗਰੂਰ।


ਸਮਾਰਟ ਫੋਨ ਦੀ ਲਤ
ਅੱਜ ਦਾ ਸਮਾਂ ਤਕਨਾਲੋਜੀ ਦਾ ਸਮਾਂ ਹੈ ਅਤੇ ਇਸ ਤਕਨਾਲੋਜੀ ਦੀਆਂ ਮਹੱਤਵਪੂਰਨ ਖੋਜਾਂ ਵਿਚੋਂ ਸਮਾਰਟ ਫੋਨ ਇਕ ਹੈ ਜੋ ਕਿ ਸਹੂਲਤਾਂ ਨਾਲ ਭਰਪੂਰ ਹੈ ਫਿਰ ਭਾਵੇਂ ਉਹ ਗੱਲਬਾਤ ਕਰਨੀ ਹੋਵੇ, ਮਨੋਰੰਜਨ ਕਰਨਾ ਹੋਵੇ, ਵਪਾਰ ਕਰਨਾ ਹੋਵੇ ਜਾਂ ਸ਼ੋਸ਼ਲ ਸਾਈਟ ਦੀ ਵਰਤੋਂ ਹੋਵੇ। ਅੱਜ ਤੋਂ ਕੁਝ ਕੁ ਸਾਲ ਪਹਿਲਾਂ ਫੋਨ ਸਿਰਫ ਗੱਲਬਾਤ ਕਰਨ ਦਾ ਸਾਧਨ ਹੁੰਦੇ ਸੀ ਜਿਸ ਨਾਲ ਅਸੀਂ ਵੇਲੇ ਕੁਵੇਲੇ ਆਪਣੇ ਸਕੇ-ਸਬੰਧੀਆਂ ਨਾਲ ਰਾਬਤਾ ਕਾਇਮ ਕਰ ਸਕਦੇ ਸੀ ਪਰ ਅੱਜ ਦੇ ਯੁੱਗ ਦਾ ਸਮਾਰਟ ਫੋਨ ਸਾਡਾ ਏਨਾ ਸਾਥੀ ਬਣ ਗਿਆ ਹੈ ਕਿ ਇਸ ਤੋਂ ਬਿਨਾਂ ਇਕ ਪਲ ਲੰਘਾਉਣਾ ਵੀ ਮੁਸ਼ਕਿਲ ਜਾਪਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੇ ਚੱਕਰਾਂ ਵਿਚ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੀ ਅਤੇ ਇਹ ਸਮਾਰਟ ਫੋਨ ਕਈ ਨੌਜਵਾਨਾਂ ਦੀ ਮੌਤ ਦਾ ਕਾਰਨ ਵੀ ਬਣ ਚੁੱਕਿਆ ਹੈ। ਹਰ ਇਨਸਾਨ ਆਪਣੇ ਕੰਮ ਤੋਂ ਹਫਤੇ ਵਿਚ ਇਕ ਦਿਨ ਛੁੱਟੀ ਕਰਦਾ ਹੈ ਤਾਂ ਜੋ ਉਹ ਆਪਣੇ ਦਿਮਾਗ਼ ਅਤੇ ਸਰੀਰ ਨੂੰ ਆਰਾਮ ਦੇ ਕੇ ਨਵੇਂ ਹਫ਼ਤੇ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰ ਸਕੇ। ਸਮਾਰਟ ਫੋਨ ਦੀ ਵਰਤੋਂ ਕਰਨ ਵੇਲੇ ਵੀ ਇਨਸਾਨ ਨੂੰ ਹਫਤੇ ਵਿਚ ਇਕ ਦਿਨ ਇਸ ਦੀ ਵਰਤੋਂ ਤੋਂ ਬਿਨਾਂ ਗੁਜ਼ਾਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਲੋਕਾਂ ਨਾਲ ਮੇਲ-ਜੋਲ ਰੱਖੀਏ ਅਤੇ ਸਮਾਰਟ ਫੋਨ ਨੂੰ ਵਰਤਣ ਦਾ ਇਕ ਨਿਸਚਿਤ ਸਮਾਂ ਅਤੇ ਨਿਯਮ ਬਣਾ ਲਈਏ। ਘਰ ਜਾਂ ਦਫ਼ਤਰ ਵਿਚ ਕੁਝ ਖਾਸ ਖੇਤਰ ਵਿਚ ਫੋਨ ਦੀ ਐਂਟਰੀ ਬਿਲਕੁਲ ਨਹੀਂ ਹੋਣੀ ਚਾਹੀਦੀ ਪਹਿਲਾਂ ਪਹਿਲ ਇਹ ਗੱਲ ਔਖੀ ਜ਼ਰੂਰ ਲੱਗ ਸਕਦੀ ਹੈ ਪਰ ਹੌਲੀ-ਹੌਲੀ ਇਹ ਸਾਡੀ ਆਦਤ (ਸੁਭਾਅ) ਬਣ ਜਾਵੇਗੀ। ਅੱਜ ਦੀ ਪੀੜ੍ਹੀ ਇਸ ਸਮਾਰਟ ਫੋਨ ਦੀ ਬੇਲੋੜੀ ਵਰਤੋਂ ਨਾਲ ਆਪਣਾ ਕੀਮਤੀ ਸਮਾਂ, ਕੀਮਤੀ ਸਿਹਤ ਅਤੇ ਅਨਮੋਲ ਰਿਸ਼ਤੇ ਨਾਤਿਆਂ ਨੂੰ ਖਰਾਬ ਕਰ ਰਹੀ ਹੈ ਸਾਨੂੰ ਲੋੜ ਹੈ ਇਸ ਲਤ ਤੋਂ ਖੁਦ ਨੂੰ ਬਚਾ ਕੇ ਰੱਖਿਆ ਜਾਵੇ ਅਤੇ ਆਪਣੇ ਸਕੇ ਸਬੰਧੀਆਂ ਨਾਲ ਰਹਿੰਦੇ ਹੋਏ ਜੀਵਨ ਦਾ ਅਨੰਦ ਮਾਣਿਆ ਜਾ ਸਕੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਰੈਣ ਬਸੇਰੇ
ਭਾਵੇਂ ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕਰਕੇ ਕਈ ਸ਼ਹਿਰਾਂ ਵਿਚ ਰੈਣ ਬਸੇਰੇ ਬਣਾਏ ਗਏ ਹਨ, ਪਰ ਇਨ੍ਹਾਂ ਵਿਚ ਸਹੂਲਤਾਂ ਦੀ ਘਾਟ ਕਾਰਨ ਬੇਘਰੇ ਇਨ੍ਹਾਂ ਵਿਚ ਨਹੀਂ ਆ ਰਹੇ। ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਜਿਥੇ ਬੇਘਰੇ ਇਨ੍ਹਾਂ ਰੈਣ-ਬਸੇਰਿਆਂ ਵਿਚ ਨਹੀਂ ਰਹਿੰਦੇ ਸਗੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਚੌਕਾਂ, ਫੁਟਪਾਥਾਂ ਅਤੇ ਧਾਰਮਿਕ ਅਸਥਾਨਾਂ 'ਤੇ ਮੰਗਣ ਲਈ ਬੈਠੇ ਰਹਿੰਦੇ ਹਨ, ਉਥੇ ਹੀ ਪੁਲਾਂ ਦੇ ਥੱਲੇ, ਕੂੜੇ ਦੇ ਢੇਰਾਂ ਅਤੇ ਗੰਦਗੀ ਵਾਲੀਆਂ ਥਾਵਾਂ 'ਤੇ ਠੰਢ ਤੋਂ ਬਚਣ ਲਈ ਅੱਗ ਸੇਕਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਅਜਿਹੀ ਤਰਸਯੋਗ ਹਾਲਤ ਵੇਖ ਕੇ ਕਈ ਸੰਸਥਾਵਾਂ ਵਲੋਂ ਕੰਬਲ, ਗਰਮ ਕੱਪੜੇ ਵੀ ਵੰਡੇ ਜਾਂਦੇ ਹਨ। ਜਿਥੇ ਇਨ੍ਹਾਂ ਰੈਣ ਬਸੇਰਿਆਂ ਵਿਚ ਪੂਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਉਥੇ ਹੀ ਪ੍ਰਸ਼ਾਸਨ ਨੂੰ ਜਨਤਕ ਥਾਵਾਂ 'ਤੇ ਬੈਠੇ ਤੇ ਭੀਖ ਮੰਗਦੇ ਇਨ੍ਹਾਂ ਲੋਕਾਂ ਨੂੰ ਰੈਣ ਬਸੇਰਿਆਂ ਵਿਚ ਭੇਜਣ ਲਈ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਦਾ ਠੰਢ ਤੋਂ ਬਚਾਅ ਹੋ ਸਕੇ ਅਤੇ ਸ਼ਹਿਰਾਂ ਦੀ ਖਰਾਬ ਹੁੰਦੀ ਦਿੱਖ ਵਿਚ ਸੁਧਾਰ ਆਵੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਨੌਜਵਾਨ ਤੇ ਨਸ਼ਾ
ਜੀ ਹਾਂ! ਅੱਜ ਆਪਾਂ ਗੱਲ ਕਰਦੇ ਹਾਂ ਨਸ਼ਾ ਕਿਉਂ ਕਰਦੇ ਹਨ ਅੱਜ ਦੇ ਨੌਜਵਾਨ ਅਤੇ ਚਾਹੁੰਦੇ ਹੋਏ ਵੀ ਕਿਉਂ ਨਹੀਂ ਛੱਡ ਸਕਦੇ ਨਸ਼ਾ ਇਹ ਬੱਚੇ? ਜੇਕਰ ਸਰਕਾਰ ਨਸ਼ੇ 'ਤੇ ਪੱਕੇ ਤੌਰ 'ਤੇ ਪਾਬੰਦੀ ਲਾ ਕੇ ਬੰਦ ਕਰ ਦੇਵੇ ਤਾਂ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਸੁਹਾਗਣਾਂ ਦੇ ਸੁਹਾਗ ਅਤੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉਠੇ। ਕਈ ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਨਸ਼ੇ ਤਾਂ ਛੱਡਣਾ ਚਾਹੁੰਦੇ ਹਾਂ ਜੇਕਰ ਮਾਪੇ, ਸਮਾਜ ਅਤੇ ਸਰਕਾਰ ਸਾਡਾ ਸਾਥ ਦੇਣ ਕਿਉਂਕਿ ਮਾਪੇ ਅਤੇ ਰਿਸ਼ਤੇਦਾਰ ਸਾਡੇ 'ਤੇ ਭਰੋਸਾ ਕਰਨ, ਸਮਾਜ ਸਾਨੂੰ ਨਸ਼ੇ ਛੱਡਣ ਤੋਂ ਬਾਅਦ ਵੀ ਨਸ਼ੇੜੀ ਕਹਿ ਕੇ ਬਲਾਉਂਦਾ ਹੈ ਤਾਂ ਬਹੁਤ ਦੁੱਖ ਲਗਦਾ ਹੈ। ਸਾਨੂੰ ਸਮਾਜ ਪੂਰਾ ਪਿਆਰ ਸਤਿਕਾਰ ਦੇਵੇ ਅਤੇ ਨਸ਼ੇੜੀ ਕਹਿ ਕੇ ਨਾ ਬੁਲਾਵੇ ਅਤੇ ਸਰਕਾਰ ਸਾਨੂੰ ਯੋਗਤਾ ਮੁਤਾਬਿਕ ਕੰਮ ਦੇਵੇ। ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕਰਨ ਦੀ ਸਿਖਲਾਈ ਅਤੇ ਲੋੜ ਮੁਤਾਬਿਕ ਘੱਟ ਵਿਆਜ 'ਤੇ ਕਰਜ਼ਾ ਵਗੈਰਾ ਦੇਵੇ। ਸੋ ਆਓ ਸਾਰੇ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਲੈ ਆਈਏ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਖ਼ਤਰਨਾਕ ਡੋਰ ਵੇਚਣ ਵਾਲੇ...
ਹਰ ਸਾਲ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ, ਸੁਣਦੇ ਹਾਂ ਕਿ ਚਾਈਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਹੋ ਗਈ? ਕਈ ਮਨੁੱਖ ਵੀ ਇਸ ਦਾ ਸ਼ਿਕਾਰ ਹੋਏ, ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ। ਪਿਛਲੇ ਸਾਲ ਖੰਨਾ ਸ਼ਹਿਰ ਵਿਚ ਅਜਿਹੀ ਵਾਰਦਾਤ ਹੋਈ ਕਿ ਬੰਦੇ ਦੀ ਗਰਦਨ ਵੱਢੀ ਗਈ। ਹਾਲਾਂਕਿ ਉਸ ਦੀ ਜਾਨ ਬਚ ਗਈ ਫਿਰ ਵੀ ਉਸ ਦੀ ਗਰਦਨ 'ਤੇ ਕਾਫੀ ਟਾਂਕੇ ਲੱਗੇ। ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ ਜੋ ਚਾਈਨਾ ਡੋਰ ਵੇਚਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਵੇ। ਕਈ ਸਮਾਜਿਕ ਸੰਗਠਨਾਂ ਨੇ ਅੱਖਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਾਰਨ ਟੁਟਦੀ ਵੀ ਨਹੀਂ ਤੇ ਜਿਥੇ ਵੀ ਸਰੀਰ ਨਾਲ ਛੂੰਹਦੀ ਹੈ, ਕੱਟ ਦਿੰਦੀ ਹੈ। ਚਾਈਨਾ ਡੋਰ ਜਾਂ ਜਾਨ-ਲੇਵਾ ਡੋਰ 'ਤੇ ਪਾਬੰਦੀ ਬਹੁਤ ਜ਼ਰੂਰੀ ਹੈ। ਬਸੰਤ ਪੰਚਮੀ ਦਾ ਤਿਉਹਾਰ ਖ਼ੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਪਤੰਗ ਉਡਾਓ ਪਰ ਚਾਈਨਾ ਜਾਂ ਖ਼ਤਰਨਾਕ ਡੋਰ ਦਾ ਪ੍ਰਯੋਗ ਬਿਲਕੁਲ ਨਾ ਕਰੋ। ਆਓ, ਅਸੀਂ ਸਾਰੇ ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।


-ਸੰਜੀਵ ਸਿੰਘ ਸੈਣੀ, ਮੋਹਾਲੀ।

10-01-2020

 ਨਵੇਂ ਵ੍ਹਰੇ ਦਿਆ ਸੂਰਜਾ
ਜਿਵੇਂ ਆਪਾਂ ਸਾਰੇ ਹੀ ਕਹਿੰਦੇ ਹਾਂ ਕਿ ਨਵੇਂ ਵ੍ਹਰੇ ਦਿਆ ਸੂਰਜਾ ਸਭ ਸੋਹਣਾ ਲੈ ਕੇ ਆ। ਮੇਰੇ ਹਿਸਾਬ ਨਾਲ ਪੁਰਾਣਾ ਵ੍ਹਰਾ ਜਿਹੜਾ ਬੀਤ ਗਿਆ ਉਸ ਦੇ ਚੰਗੇ, ਮਾੜੇ ਤਜਰਬੇ ਸਾਨੂੰ ਬਹੁਤ ਕੁਝ ਸਿਖਾ ਗਏ। ਕੁਝ ਮਾਂਵਾ ਦੇ ਪੁੱਤ ਖਾ ਲਏ ਨਸ਼ਿਆਂ ਨੇ ਤੇ ਕੁਝ ਕੈਨੇਡਾ ਖੋਹ ਕੇ ਲੈ ਗਿਆ, ਕੁਝ ਹੋਇਆ ਅਜਿਹਾ ਧੀਆਂ ਨਾਲ ਜੋ ਸਹਿਣਾ ਬੜਾ ਹੀ ਮੁਸ਼ਕਿਲ ਸੀ, ਕੁਝ ਲੱਕ ਤੋੜ ਮਹਿੰਗਾਈ ਨੇ ਸਾਨੂੰ ਦੁਨੀਆਦਾਰੀ ਸਿਖਾ ਦਿੱਤੀ, ਕੁਝ ਸਿੱਖਿਆ ਮਿਲੀ ਬੇਰੁਜ਼ਗਾਰੀ ਤੋਂ ਜਿਸ ਨੇ ਹੱਥੀਂ ਮਿਹਨਤ ਕਰਨੀ ਸਿਖਾ ਦਿੱਤੀ। ਪਰ ਜੋ ਬੀਤ ਗਿਆ ਉਸ ਤੋਂ ਸਬਕ ਸਿੱਖੀਏ ਅਤੇ ਨਵੇਂ ਵਰ੍ਹੇ ਦੀ ਸ਼ੁਰੂਆਤ ਚੰਗੀ ਸੋਚ, ਆਪਸੀ ਪਿਆਰ, ਵਿਸ਼ਵਾਸ, ਅੋਰਤਾਂ ਦੇ ਸਤਿਕਾਰ, ਨਸ਼ੇ ਰਹਿਤ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਤੋਂ ਸ਼ੁਰੂ ਕਰੀਏ। ਅਤੇ ਸਾਡੀ ਸਰਕਾਰ ਮਹਿੰਗਾਈ ਨੂੰ ਠੱਲ੍ਹ ਪਾਵੇ ਅਤੇ ਬੇਰੁਜ਼ਗਾਰੀ ਖ਼ਤਮ ਕਰੇ ਤਾਂ ਜੋ ਹਰ ਵਰਗ ਆਪਣੇ ਭਾਰਤ ਵਿਚ ਰਹਿ ਕੇ ਹੀ ਖੁਸ਼ ਹੋਵੇ। ਮੇਰੀ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਨਵੇਂ ਵਰ੍ਹੇ ਦਾ ਸੂਰਜ ਸਭਨਾਂ ਲਈ ਖੁਸ਼ੀਆਂ ਲੈ ਕੇ ਆਵੇ।


-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।


ਨਸ਼ੇ ਦਾ ਕਹਿਰ
ਪੰਜਾਬ ਵਿਚ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ ਹੈ। ਕੋਈ ਦਿਨ ਅਜਿਹਾ ਹੋਣਾ ਜਦੋਂ ਅਖ਼ਬਾਰ ਵਿਚ ਇਹ ਖ਼ਬਰ ਨਾ ਛਪੇ ਕਿ ਅੱਜ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ। ਹੁਣ ਤਾਂ ਕੁੜੀਆਂ ਵੀ ਇਸ ਦੀਆਂ ਆਦੀ ਹੋ ਗਈਆਂ ਹਨ। ਨਸ਼ਾ ਸਪਲਾਈ ਕਰਨ ਵਾਲੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਜਦੋਂ ਕਾਂਗਰਸ ਸਰਕਾਰ ਹੋਂਦ ਵਿਚ ਆਈ, ਕੁਝ ਨਸ਼ਾ ਮਗਰਮੱਛਾਂ ਨੂੰ ਫੜਿਆ ਪਰ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਹੋਇਆ। ਨਸ਼ੇ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਡਿਗਰੀਆਂ ਹੱਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀਆਂ ਉਮੀਦਾਂ 'ਤੇ ਨਾ ਉਤਰਨਾ ਵੀ ਨਸ਼ੇ ਨੂੰ ਗ੍ਰਹਿਣ ਕਰਨਾ ਵੱਡਾ ਕਾਰਨ ਹੈ। ਭਾਵੇਂ ਸਰਕਾਰ ਨੇ ਨਸ਼ਾ-ਮੁਕਤੀਕੇਂਦਰ ਖੋਲ੍ਹੇ ਹਨ ਪਰ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਮਨੋਵਿਗਿਆਨਕਾਂ ਦੀ ਘਾਟ ਹੈ। ਕੋਈ ਕੌਂਸਲਿੰਗ ਨਹੀਂ ਨਾ ਦਵਾਈਆਂ। ਕਈ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ਾਂ ਦੀ ਚੰਗੀ ਲੁੱਟ-ਖਸੁੱਟ ਕਰ ਰਹੇ ਹਨ। 10 ਹਜ਼ਾਰ ਤੋਂ 25 ਹਜ਼ਾਰ ਤੱਕ ਵਸੂਲਦੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਪੁੱਟਣ ਦੀ ਜ਼ਰੂਰਤ ਹੈ। ਨਸ਼ਾ ਇਕ ਕੋਹੜ ਵਰਗੀ ਬਿਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ।


-ਸ: ਸਿੰਘ ਸੈਣੀ, ਦੇਸੂ ਮਾਜਰਾ।


ਬਾਲ ਮਜ਼ਦੂਰੀ
ਭਾਵੇਂ ਕੁਝ ਸਮਾਂ ਪਹਿਲਾਂ ਬਾਲ ਮਜ਼ਦੂਰੀ ਰੋਕਣ ਲਈ ਐਕਟ ਬਣਿਆ ਹੋਇਆ ਹੈ ਪਰ ਫਿਰ ਵੀ ਘਰਾਂ, ਜਨਤਕ ਥਾਵਾਂ, ਇੱਟਾਂ ਦੇ ਭੱਠਿਆਂ ਅਤੇ ਵਪਾਰਕ ਥਾਵਾਂ 'ਤੇ ਰੇੜੀਆਂ ਆਦਿ 'ਤੇ ਬਾਲ ਮਜ਼ਦੂਰੀ ਸ਼ਰ੍ਹੇਆਮ ਹੋ ਰਹੀ ਹੈ, ਜਿਸ ਨਾਲ ਜਿਥੇ ਬੱਚਿਆਂ ਦਾ ਭਵਿੱਖ ਤਾਂ ਖਰਾਬ ਹੋ ਹੀ ਰਿਹਾ ਹੈ, ਉਥੇ ਉਨ੍ਹਾਂ ਦਾ ਸ਼ੋਸ਼ਣ ਵੀ ਹੋ ਰਿਹਾ ਹੈ। ਬੱਚਿਆਂ ਦੇ ਵਿਕਾਸ ਲਈ ਕਈ ਵਿਭਾਗ ਵੀ ਕੰਮ ਕਰ ਰਹੇ ਹਨ ਪਰ ਬਾਲ ਮਜ਼ਦੂਰੀ ਬਿਨਾਂ ਰੋਕ-ਟੋਕ ਚੱਲ ਰਹੀ ਹੈ। ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਦਾ ਬਚਪਨ ਹੀ ਰੁਲ ਗਿਆ ਤਾਂ ਦੇਸ਼ ਦੇ ਭਵਿੱਖ ਦਾ ਕੀ ਬਣੂ। ਸੋ, ਲੋੜ ਹੈ ਜਿਥੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਪ੍ਰਮੁੱਖਤਾ ਨਾਲ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ, ਉਥੇ ਹੀ ਸਬੰਧਿਤ ਵਿਭਾਗ ਨੂੰ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ


ਪ੍ਰਦੂਸ਼ਣ ਦਾ ਰੋਗ
ਪ੍ਰਦੂਸ਼ਣ ਸਾਡੇ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਇਕ ਬਹੁਤ ਵੱਡੀ ਸਮੱਸਿਆ ਹੈ, ਜੋ ਕਿ ਸਾਨੂੰ ਤਾਂ ਮੁਸ਼ਕਿਲ ਵਿਚ ਪਾ ਹੀ ਰਿਹਾ ਹੈ ਅਤੇ ਸਾਡੀਆਂ ਪੀੜ੍ਹੀਆਂ ਨੂੰ ਵੀ ਖਤਰੇ ਵਿਚ ਪਾ ਰਿਹਾ ਹੈ। ਸਾਡੇ ਪੰਜਾਬ ਵਿਚ ਤਾਂ ਹੁਣ ਬਹੁਤ ਜ਼ਿਆਦਾ ਨਹੀਂ ਪਰ ਦਿੱਲੀ 'ਚ ਬਹੁਤ ਹੀ ਪ੍ਰਦੂਸ਼ਣ ਦੇ ਰੋਗੀ ਹਨ। ਪ੍ਰਦੂਸ਼ਣ ਨਾਲ ਕਈ ਰੋਗ ਜਿਵੇਂ ਸਾਹ ਦਾ ਰੁਕਣਾ, ਦਮਾ, ਚਮੜੀ ਦੇ ਰੋਗ ਅਤੇ ਅੱਖਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਾਨੂੰ ਪਤਾ ਹੀ ਹੈ ਕਿ ਕੁਝ ਸਮੇਂ ਪਹਿਲਾਂ ਸਾਡੇ ਪੰਜਾਬ ਨੂੰ ਦਿੱਲੀ ਕੋਲੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸਨ। ਸਾਨੂੰ ਪਤਾ ਹੈ ਕਿ ਪ੍ਰਦੂਸ਼ਣ ਦੇ ਪਰਾਲੀ, ਸਨਅਤਾਂ, ਉਦਯੋਗਾਂ, ਗੱਡੀਆਂ-ਮੋਟਰਾਂ ਅਤੇ ਬਹੁਤ ਸਾਰੇ ਅਜਿਹੇ ਕਾਰਨ ਹਨ, ਜਿਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰਦੂਸ਼ਣ ਜ਼ਿਆਦਾ ਪਰਾਲੀ ਨਾਲ ਪੈਦਾ ਹੁੰਦਾ ਹੈ ਪਰ ਕਿਸਾਨ ਕੀ ਕਰਨ, ਜੇ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਉਨ੍ਹਾਂ ਦੀ ਫ਼ਸਲ ਖਰਾਬ ਹੋ ਜਾਂਦੀ ਹੈ। ਸਰਕਾਰ ਤਾਂ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਪਰ ਉਹ ਕਰਨ ਤਾਂ ਕੀ ਕਰਨ। ਇਸ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਵਿਚ ਪੈਦਾ ਹੋਣ ਵਾਲੀ ਇਸ ਸਮੱਸਿਆ ਨਾਲ ਲੜਨਾ ਚਾਹੀਦਾ ਹੈ, ਨਹੀਂ ਤਾਂ ਸਾਡੀਆਂ ਪੀੜ੍ਹੀਆਂ ਵੀ ਮੁਸ਼ਕਿਲ ਵਿਚ ਪੈ ਜਾਣਗੀਆਂ।


-ਗੁਰਮਿੰਦਰ ਸਿੰਘ।


ਅਵਾਰਾ ਪਸ਼ੂਆਂ ਦਾ ਹੱਲ ਜ਼ਰੂਰੀ
ਕਿਸੇ ਵੀ ਸਮੱਸਿਆ ਵਲੋਂ ਅੱਖਾਂ ਮੀਟ ਲੈਣਾ ਉਸ ਸਮੱਸਿਆ ਨੂੰ ਵਿਕਰਾਲ ਰੂਪ ਧਾਰ ਲੈਣ ਦਾ ਮੌਕਾ ਦੇਣਾ ਹੈ। ਇਹੀ ਕੁਝ ਹੋਇਆ ਅਵਾਰਾ ਪਸ਼ੂਆਂ ਦੇ ਮਸਲੇ ਵਿਚ। ਪਹਿਲਾਂ ਟਰਾਲੀਆਂ ਭਰ ਕੇ ਇਕ ਪਿੰਡੋਂ ਦੂਜੇ ਪਿੰਡ, ਦੂਜਿਓਂ ਤੀਜੇ, ਇਸੇ ਤਰ੍ਹਾਂ ਚਲਦਾ ਸੀ। ਪਰ ਇਹ ਕੋਈ ਹੱਲ ਨਹੀਂ ਸੀ, ਸਿਰਫ ਆਪਣਾ ਬਚਾਅ ਕਰਕੇ ਦੂਜੇ ਨੂੰ ਮੁਸ਼ਕਿਲ ਵਿਚ ਪਾਉਣ ਵਾਲੀ ਗੱਲ ਸੀ। ਜਦੋਂ ਇਹ ਸਮੱਸਿਆ ਛੋਟੀ ਸੀ ਇਸ ਦਾ ਕੋਈ ਹੱਲ ਨਾ ਹੋ ਸਕਿਆ। ਗਊ ਸੈੱਸ ਲਾਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ। ਕੀਮਤੀ ਜਾਨਾਂ ਜਾਣ ਲੱਗੀਆਂ। ਹੁਣ ਵੀ ਸਿਰਫ ਰੌਲਾ ਰੱਪਾ ਹੀ ਸੁਣਾਈ ਦਿੰਦਾ ਹੈ। ਪਰ ਕੋਈ ਹੱਲ ਨਹੀਂ। ਸੜਕਾਂ 'ਤੇ 15-15, 20-20 ਪਸ਼ੂ ਤੁਰੇ ਫਿਰਦੇ ਹਨ। ਲੋਕ ਦਿਨ ਵੇਲੇ ਵੀ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਣ 'ਤੇ ਮਜਬੂਰ ਹੋ ਚੁੱਕੇ ਹਨ। ਇਨ੍ਹਾਂ ਪਸ਼ੂਆਂ ਕਰਕੇ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ। ਜਿਸ ਸਮੱਸਿਆ ਨਾਲ ਮਨੁੱਖੀ ਜਾਨਾਂ ਜਾਣ ਲੱਗ ਪੈਣ, ਉਸ ਦਾ ਹੱਲ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਰਕਾਰਾਂ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਵਚਨਬੱਧ ਹੁੰਦੀਆਂ ਹਨ। ਪਰ ਹਰ ਕੰਮ ਵਿਚ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੁੰਦਾ ਹੈ। ਸੋ, ਇਸ ਮਸਲੇ 'ਤੇ ਸਰਕਾਰਾਂ ਅਤੇ ਜਨਤਾ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰ ਹੈ ਤਾਂ ਕਿ ਕੀਮਤੀ ਜਾਨਾਂ ਅਜਾਈਂ ਨਾ ਜਾਣ।


-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।


ਵਟਸਐਪ 'ਤੇ ਜ਼ਿੰਦਗੀ
ਜਦ ਕਿਤੇ ਪੁਰਾਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਤਾਂ ਉਸ ਲੰਘੇ ਸਮੇਂ 'ਚ ਲੁੱਟੇ ਨਜ਼ਾਰੇ ਅੱਜ ਨਾਲੋਂ ਕਿਤੇ ਵਧੀਆ ਜਾਪਦੇ ਨੇ। ਅੱਜ ਦੀ ਪੀੜ੍ਹੀ ਸਾਰਾ ਦਿਨ ਵਟਸਐਪ ਨੂੰ ਦੇਖ ਦੇਖ ਹੀ ਸਮਾਂ ਲੰਘਾ ਰਹੀ ਹੈ। ਬੜਾ ਅਜੀਬ ਲਗਦਾ ਜਦ ਕੋਈ ਖਾਣ ਵਾਲੀ ਚੀਜ਼ ਵੀ ਬਾਜ਼ਾਰ 'ਚੋਂ ਖ਼ਰੀਦ ਲਈਏ, ਉਹਦਾ ਸਟੇਟਸ ਜ਼ਰੂਰ ਲਾਉਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਅਸੀਂ ਵਧੀਆਂ ਚੀਜ਼ਾਂ ਖਾਂਦੇ ਹਾਂ। ਦੂਜੇ ਪਾਸੇ ਰਿਪਲਾਈ ਵਾਲਾ ਵੀ ਤਿਆਰ ਹੀ ਰਹਿੰਦਾ ਹੈ। ਜੇਕਰ ਕੋਈ ਵਟਸਐਪ ਉੱਤੇ ਮੈਸਿਜ ਦੇਖ ਕੇ ਰਿਪਲਾਈ ਨਾ ਕਰੇ ਤਾਂ ਵੀ ਦੁਨੀਆ ਲੜਨ ਤੱਕ ਪਹੁੰਚ ਜਾਂਦੀ ਹੈ। ਕੀ ਬੱਸ ਇਹੀ ਜ਼ਿੰਦਗੀ ਹੈ? ਰੋਟੀ ਲਈ ਸਮਾਂ ਮਿਲੇ ਜਾ ਨਾ ਪਰ ਵਟਸਐਪ ਲਈ ਸਮਾਂ ਕੱਢਣਾ ਜ਼ਰੂਰੀ ਹੋ ਗਿਆ। ਸਮਾਂ ਅੱਜ ਵੀ ਪਹਿਲਾਂ ਵਾਲੀ ਚਾਲ ਹੀ ਚੱਲ ਰਿਹਾ ਹੈ ਪਰ ਅਸੀਂ ਮੋਬਾਈਲ ਹੱਥਾਂ ਵਿਚ ਫੜ ਕੇ ਆਪਣਾ ਸਮਾਂ ਆਪ ਖਰਾਬ ਕਰਨ ਲੱਗੇ ਹੋਏ ਹਾਂ। ਇਕ ਦਿਨ ਮੋਬਾਈਲ ਨੂੰ ਆਪਣੇ ਹੱਥਾਂ ਵਿਚੋਂ ਪਰ੍ਹੇ ਕਰ ਦੇਵੋ, ਤੁਹਾਨੂੰ ਸਮੇਂ ਦੀ ਚਾਲ ਹੌਲੀ ਨਜ਼ਰ ਆਵੇਗੀ। ਮਨ ਨੂੰ ਸਕੂਨ ਜਿਹਾ ਮਹਿਸੂਸ ਹੋਵੇਗਾ, ਸਾਡਾ ਮਨ ਬੜਾ ਅਰਾਮਦਾਇਕ ਮਹਿਸੂਸ ਕਰੇਗਾ। ਸੋ ਆਓ ਇਨ੍ਹਾਂ ਚੀਜ਼ਾਂ ਦੀ ਵਰਤੋਂ ਨੂੰ ਆਪਣੇ ਦਾਇਰੇ ਵਿਚ ਰੱਖੀਏ, ਨਾ ਕਿ ਇਨ੍ਹਾਂ ਚੀਜ਼ਾਂ ਦੇ ਗੁਲਾਮ ਰਹਿ ਕੇ ਜ਼ਿੰਦਗੀ ਬਤਾਈਏ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

09-01-2020

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਰਹੇ ਹਮਦਰਦ ਜੀ
2020 ਨੂੰ ਸੰਪਾਦਕੀ ਸਫ਼ੇ 'ਤੇ ਪ੍ਰੋ: ਪਿਆਰਾ ਸਿੰਘ ਭੋਗਲ ਦੁਆਰਾ ਲਿਖਿਆ ਲੇਖ ਪੰਜਾਬੀ 'ਅਜੀਤ' ਦੇ ਬਾਨੀ ਡਾ: ਸਾਧੂ ਸਿੰਘ ਹਮਦਰਦ ਜੀ ਦੀਆਂ ਜ਼ਿੰਦਗੀ ਦੀਆਂ ਅਹਿਮ ਗੱਲਾਂ ਉਨ੍ਹਾਂ ਦੇ 104ਵੇਂ ਜਨਮ ਦਿਹਾੜੇ ਵਾਲੇ ਦਿਨ ਸਾਂਝੀਆਂ ਕੀਤੀਆਂ। ਵਾਕਿਆ ਹੀ ਭਾਵੇਂ ਡਾ: ਸਾਧੂ ਸਿੰਘ ਹਮਦਰਦ ਨੇ ਪੰਜਾਬੀ ਨੂੰ ਮੁੱਖ ਭਾਸ਼ਾ ਬਣਾਉਣ ਵਾਸਤੇ ਪੱਤਰਕਾਰੀ ਜ਼ਰੀਆ ਬਣਾਇਆ ਸੀ। ਇਨ੍ਹਾਂ ਦੇ ਸਮਕਾਲੀ ਪੱਤਰਕਾਰ ਭਾਵੇਂ ਇਨ੍ਹਾਂ ਦਾ ਸਾਥ ਛੱਡ ਗਏ ਸੀ ਪਰ ਹਮਦਰਦ ਜੀ ਨੇ ਆਪਣਾ ਹੱਠ ਨਹੀਂ ਛੱਡਿਆ ਸੀ। ਲਾਹੌਰ ਤੋਂ ਜਲੰਧਰ ਵਿਚ ਆ ਕੇ ਦੁਬਾਰਾ ਅਖ਼ਬਾਰ ਨੂੰ ਸੁਰਜੀਤ ਕੀਤਾ। ਕਰੋੜਾਂ ਲੋਕਾਂ ਦੇ ਦਿਲ ਵਿਚ ਥਾਂ ਬਣਾਈ। ਜਿੰਨਾ ਸ਼ਾਇਦ ਆਪ ਨੂੰ ਪੰਜਾਬ ਤੇ ਪੰਜਾਬੀ ਨਾਲ ਪਿਆਰ ਸੀ, ਓਨਾ ਕਿਸੇ ਹੋਰ ਕੋਲੋਂ ਵੇਖਣ ਨੂੰ ਨਹੀਂ ਮਿਲਿਆ। ਆਪ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਉਭਾਰਦੇ ਰਹੇ। ਹਰੇਕ ਘਟਨਾਵਾਂ 'ਤੇ ਗਹਿਰੀ ਨਜ਼ਰ ਬਣਾ ਕੇ ਰੱਖਦੇ ਸਨ। ਜਦੋਂ ਵੀ ਪੰਜਾਬ ਜਾਂ ਪੰਜਾਬੀਅਤ ਨਾਲ ਧੱਕਾ ਹੋਇਆ, ਆਪ ਸਭ ਤੋਂ ਪਹਿਲਾਂ ਅੱਗੇ ਖੜ੍ਹਦੇ ਸੀ ਤੇ ਉਸ ਮੁੱਦੇ 'ਤੇ ਗੱਲ ਕਰਦੇ ਰਹੇ। ਅੱਜ ਉਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੇ ਫਰਜੰਦ ਡਾ: ਬਰਜਿੰਦਰ ਸਿੰਘ ਹਮਦਰਦ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਨ। ਭਾਵੇਂ ਗ਼ਜ਼ਲੋ-ਗ਼ਜ਼ਲੀ ਹੋਵੇ ਤੇ ਭਾਵੇਂ ਐਡੀਟੋਰੀਅਲ ਲਿਖਤ ਹੋਵੇ, ਹਰੇਕ ਮਸਲੇ ਨੂੰ ਬਿਨਾਂ ਝਿਜਕ ਲੋਕਾਂ ਦੇ ਰੂਬਰੂ ਕਰ ਰਹੇ ਹਨ। ਵਾਹਿਗੁਰੂ ਇਨ੍ਹਾਂ ਨੂੰ ਹੋਰ ਬਲ ਬਖਸ਼ੇ ਤੇ ਇਹ ਹਮਦਰਦ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਦੇ ਰਹਿਣ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਬੱਚਿਆਂ 'ਤੇ ਰਾਜਨੀਤੀ
ਪਿਛਲੇ ਕੁਝ ਦਿਨਾਂ ਵਿਚ ਰਾਜਸਥਾਨ ਦੇ ਸ਼ਹਿਰ ਕੋਟਾ ਦੇ ਇਕ ਹਸਪਤਾਲ ਵਿਚ 104 ਬੱਚਿਆਂ ਮੌਤ ਦੀ ਇਕ ਦਰਦਨਾਕ ਘਟਨਾ ਘਟੀ ਹੈ, ਜੋ ਕਿ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਗੱਲ ਹੈ। ਰਾਜਨੀਤਕ ਲੋਕਾਂ ਵਲੋਂ ਇਸ ਘਟਨਾਕ੍ਰਮ 'ਤੇ ਕੀਤੀ ਜਾ ਰਹੀ ਰਾਜਨੀਤੀ ਬਹੁਤ ਹੀ ਸ਼ਰਮਨਾਕ ਹੈ। ਇਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਵਿਚ ਇਕ ਬੱਚਾ ਬੋਰਵੇਲ ਦੇ ਵਿਚ ਡਿਗਿਆ ਸੀ ਤਾਂ ਕਾਫੀ ਰਾਜਨੀਤੀ ਹੋਈ ਸੀ ਜੇਕਰ ਹੁਣ ਉਸ ਘਰ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਹਾਲਾਤ ਪਹਿਲਾਂ ਵਾਂਗ ਹੀ ਹੋਣਗੇ ਪਰ ਹੁਣ ਕੋਈ ਰਾਜਨੀਤੀ ਵਾਲੇ ਲੋਕ ਕੋਈ ਵੀ ਉਥੇ ਨਹੀਂ ਆਉਂਦਾ ਹੋਵੇਗਾ। ਆਉਣਾ ਤਾਂ ਦੂਰ ਦੀ ਗੱਲ ਕੋਈ ਘਰ ਦੇ ਮੈਂਬਰ ਨੂੰ ਫੋਨ ਵੀ ਨਹੀਂ ਕਰਦਾ ਹੋਵੇਗਾ। ਇਸੇ ਤਰ੍ਹਾਂ ਬਿਹਾਰ ਵਿਚ ਜੂਨ 2019 ਦੇ ਵਿਚ 150 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਸੀ, ਜਿਸ ਨੂੰ ਲੈ ਕੇ ਵੀ ਕਾਫੀ ਰਾਜਨੀਤੀ ਹੋਈ ਸੀ, ਜੋ ਕਿ ਸਹੀ ਨਹੀਂ ਮੰਨਿਆ ਜਾ ਸਕਦਾ। ਸਮੂਹਿਕ ਰਾਜਨੀਤਕ ਪਾਰਟੀਆਂ ਨੂੰ ਇਸ 'ਤੇ ਸੋਚ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਕੋਈ ਬਿਮਾਰੀ ਜਾਂ ਸਮੱਸਿਆ ਛੋਟੀ ਹੁੰਦੀ ਹੈ ਤਾਂ ਉਸੇ ਵੇੇਲੇ ਹੀ ਸੱਤਾਧਾਰੀ ਪਾਰਟੀਆਂ ਨੂੰ ਇਸ 'ਤੇ ਗ਼ੌਰ ਕਰ ਲੈਣਾ ਚਾਹੀਦਾ ਹੈ, ਤਾਂ ਜੋ ਛੋਟੇ-ਛੋਟੇ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


-ਮਨਪ੍ਰੀਤ ਸਿੰਘ
ਹੁਸ਼ਿਆਰਪੁਰ।


ਵਿਦਿਆਰਥੀਆਂ 'ਤੇ ਹਮਲੇ ਅਸਹਿਣਯੋਗ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੈਂਪਸ ਅੰਦਰ ਹੋਏ ਘਿਨਾਉਣੇ ਹਿੰਸਕ ਘਟਨਾਕ੍ਰਮ ਦਾ ਦੇਸ਼ ਭਰ ਵਿਚ ਵਿਰੋਧ ਹੋਣਾ ਸੁਭਾਵਿਕ ਹੈ। ਲੋਹੇ ਦੀਆਂ ਰਾਡਾਂ, ਹਥੌੜਿਆਂ ਅਤੇ ਬੋਤਲਾਂ ਨਾਲ ਲੈਸ ਨਕਾਬਪੋਸ਼ਾਂ ਵਲੋਂ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ ਅਤੇ ਕਿਸੇ ਵੀ ਨਕਾਬਪੋਸ਼ ਦਾ ਫੜਿਆ ਨਾ ਜਾਣਾ ਹਰ ਭਾਰਤੀ ਨਾਗਰਿਕ ਨੂੰ ਚਿੰਤਤ ਕਰਦੀ ਹੈ। ਜੇ ਸੁਰੱਖਿਆ ਕਰਮੀ ਹੋਣ ਦੇ ਬਾਵਜੂਦ ਵਿਦਿਆਰਥੀ ਕੈਂਪਸ ਦੇ ਅੰਦਰ ਵੀ ਸੁਰੱਖਿਅਤ ਨਹੀਂ ਤਾਂ ਇਸ ਤੋਂ ਵੱਡੀ ਚਿੰਤਾ ਦੀ ਗੱਲ ਕੀ ਹੋ ਸਕਦੀ ਹੈ। ਜੋ ਵੀ ਦੇਸ਼ ਅੰਦਰ ਮੰਦਭਾਗੀਆਂ ਘਟਨਾਵਾਂ ਹੋ ਰਹੀਆਂ ਹਨ, ਇਨ੍ਹਾਂ ਨਾਲ ਸਾਰੇ ਦੇਸ਼ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਜੇ ਸਮਾਂ ਰਹਿੰਦੇ ਸਹੀ-ਤਰੀਕੇ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਗਈਆਂ ਅਤੇ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਇਹ ਮਾਹੌਲ ਦੇਸ਼ ਅਤੇ ਸਮਾਜ ਲਈ ਘਾਤਕ ਸਿੱਧ ਹੋਵੇਗਾ।


-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।


ਸੱਭਿਅਕ ਹਾਸਾ
ਹਾਸਾ ਹਰ ਇਕ ਵਿਆਕਤੀ ਅਤੇ ਕੌਮ ਲਈ ਇਕ ਊਰਜਾ ਦਾ ਕੰਮ ਕਰਦਾ ਹੈ। ਪਰ ਕਿਸੇ ਅੰਗਹੀਣ, ਬਿਮਾਰ, ਮਜਬੂਰ, ਬਜ਼ੁਰਗ, ਗ਼ਰੀਬ ਉੱਪਰ ਅਤੇ ਬੇਢੰਗਾ ਹਾਸਾ ਅਸੱਭਿਅਕ ਅਖਵਾਉਂਦਾ ਹੈ। ਇਸ ਲਈ ਹੀ ਜਨਤਕ ਥਾਵਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਕੇਵਲ ਮੁਸਕਰਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਬਚਪਨ ਦਾ ਹਾਸਾ ਨਿਰਛਲ, ਜਵਾਨੀ ਵਾਲਾ ਛਲ ਭਰਪੂਰ ਅਤੇ ਬੁਢਾਪੇ ਵਿਚਲਾ ਹਾਸਾ ਮਜਬੂਰੀ ਵਾਲਾ ਹਾਸਾ ਹੁੰਦਾ ਹੈ। ਇਸ ਉਮਰ ਵਿਚ ਚਾਹ ਕੇ ਵੀ ਸਰੀਰ ਹੱਸਣ ਵਿਚ ਸਾਥ ਨਹੀਂ ਦਿੰਦਾ। ਇਸ ਲਈ ਹਾਸਾ ਕੇਵਲ ਸੱਭਿਅਕ ਕਿਸਮ ਦਾ ਹੀ ਹੱਸਣਾ ਚਾਹੀਦਾ ਹੈ, ਜੋ ਕਿਸੇ ਹੋਰ ਲਈ ਪੀੜਾਦਾਇਕ ਨਾ ਬਣੇ। ਹੱਸਣ ਸਮੇਂ ਸਮਾਂ, ਸਥਾਨ ਅਤੇ ਸਥਿਤੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਲੋੜ ਅਨੁਸਾਰ ਹਾਸੇ ਉੱਪਰ ਕੰਟਰੋਲ ਦੀ ਜਾਂਚ ਆਉਣੀ ਚਾਹੀਦੀ ਹੈ ਪਰ ਦੋਸਤਾਂ-ਮਿੱਤਰਾਂ ਅਤੇ ਪਰਿਵਰਕ ਮੈਂਬਰਾਂ ਵਿਚ ਬੈਠ ਕੇ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਜੇ.ਐਨ.ਯੂ. 'ਚ ਗੁੰਡਾਗਰਦੀ
ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਰਚਨਾ 'ਮੰਦਭਾਗਾ ਘਟਨਾਕ੍ਰਮ' ਪੜ੍ਹੀ, ਜਿਸ ਬਾਰੇ ਲੇਖਕ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਕਾਬਪੋਸ਼ਾਂ ਵਲੋਂ ਕੀਤੀ ਗਈ ਹਿੰਸਾ ਬਾਰੇ ਵਰਨਣ ਕਰ ਚਿੰਤਾ ਜਤਾਈ ਹੈ, ਕਾਬਲੇ ਗ਼ੌਰ ਸੀ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮੰਦਰ ਦਾ ਦਰਜਾ ਦਿੱਤਾ ਹੈ। ਜੇਕਰ ਇਸ ਮੰਦਰ ਵਿਚ ਕੋਈ ਖੂਨੀ ਜੰਗ ਖੇਡ ਨੰਗਾ ਨਾਚ ਕਰਦਾ ਹੈ, ਇਹ ਬਰਦਾਸ਼ਤ ਕਰਨਾ ਔਖਾ ਹੈ। ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਜ਼ਿੰਮੇਵਾਰ ਨਕਾਬਪੋਸ਼ ਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ, ਉਨ੍ਹਾਂ ਦੇ ਚਿਹਰੇ ਨੰਗੇ ਕਰਕੇ ਹਿੰਸਾ ਦੇ ਨਾਲ-ਨਾਲ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਤਲ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਵੀ ਦਰਜ ਕਰ ਉਨ੍ਹਾਂ ਦੀ ਪਛਾਣ ਕਰਕੇ ਜੇਲ੍ਹਾਂ ਦੀਆਂ ਸਲਾਖਾਂ ਵਿਚ ਸੁੱਟ ਕੇ ਸਜ਼ਾ ਦਿਵਾਉਣੀ ਚਾਹੀਦੀ ਹੈ। ਪ੍ਰਾਪਰਟੀ ਦੇ ਨੁਕਸਾਨ ਦੀ ਭਰਪਾਈ ਇਨ੍ਹਾਂ ਤੋਂ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਨੂੰ ਖੂਨੀ ਵਿਦਿਆਰਥੀ ਸਿਆਸਤ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

08-01-2020

 ਛੁੱਟੀਆਂ ਵਾਲਾ ਦੇਸ਼ ਭਾਰਤ
ਜੀ ਹਾਂ, ਸ਼ਾਇਦ ਦੁਨੀਆ ਦਾ ਸਭ ਤੋਂ ਵੱਧ ਛੁੱਟੀਆਂ ਵਾਲਾ ਦੇਸ਼ ਭਾਰਤ ਹੀ ਹੈ। 25 ਦਸੰਬਰ ਦੇ 'ਅਜੀਤ' ਅਖ਼ਬਾਰ ਨੇ ਦੱਸਿਆ ਕਿ ਸਰਕਾਰ ਨੇ 2020 ਦੀਆਂ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਵਿਚ ਮੁਲਾਜ਼ਮਾਂ ਨੂੰ 137 ਛੁੱਟੀਆਂ ਮਿਲਣਗੀਆਂ। ਇਥੇ ਹਰ ਹਫ਼ਤੇ ਸ਼ਨੀ, ਐਤਵਾਰ ਤੇ ਇਕ ਅੱਧੀ ਗਜ਼ਟ ਛੁੱਟੀ ਹੁੰਦੀ ਹੀ ਹੈ। ਕਦੇ ਮੁਲਾਜ਼ਮ ਵੀ ਛੁੱਟੀ ਕਰ ਲੈਂਦੇ ਹਨ। ਦੂਜਾ ਜ਼ਿਆਦਾਤਰ ਦਫ਼ਤਰਾਂ, ਸਕੂਲਾਂ ਵਿਚ ਸਟਾਫ਼ ਪੂਰਾ ਨਹੀਂ ਹੈ। ਅਜਿਹੇ ਹਾਲਾਤ ਵਿਚ ਦਫ਼ਤਰਾਂ ਦਾ ਕੰਮ ਅਤੇ ਸਕੂਲਾਂ 'ਚ ਪੜ੍ਹਾਈ ਦਾ ਪੂਰਾ ਹੋਣਾ ਮੁਸ਼ਕਿਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲਾਂ ਵਿਚ ਬੱਚਿਆਂ ਦੇ ਰਹਿਣ ਲਈ ਅਜਿਹੀ ਜਗ੍ਹਾ ਬਣਾਵੇ ਸਕੂਲਾਂ ਵਿਚ ਗਰਮੀ ਸਰਦੀ ਦੀਆਂ ਛੁੱਟੀਆਂ ਘੱਟ ਕਰਨੀਆਂ ਪੈਣ। ਦੂਜਾ ਕਿਸੇ ਧਾਰਮਿਕ ਗੁਰੂ ਪੀਰ, ਸ਼ਹੀਦ ਦੇ ਨਾਂਅ 'ਤੇ ਛੁੱਟੀਆਂ ਨਾ ਕਰਨ, ਸਗੋਂ ਉਸ ਦਿਨ ਸਾਰਾ ਸਟਾਫ਼ ਤੇ ਸਕੂਲਾਂ ਵਿਚ ਬੱਚੇ ਇਕੱਠੇ ਹੋ ਕੇ ਘੰਟਾ ਦੋ ਘੰਟੇ ਉਹਦੇ ਬਾਰੇ ਵਿਚਾਰ ਚਰਚਾ ਕਰਨ। ਤਿਉਹਾਰਾਂ ਨੂੰ ਲੋਹੜੀ ਵਾਂਗ ਇਕੱਠੇ ਹੋ ਕੇ ਮਨਾਇਆ ਜਾਵੇ। ਇਸ ਤਰ੍ਹਾਂ ਕਰਨ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਜੇ ਸਰਕਾਰ ਨੇ ਇਸੇ ਤਰ੍ਹਾਂ ਛੁੱਟੀਆਂ ਜਾਰੀ ਰੱਖੀਆਂ ਤਾਂ ਸਾਡਾ ਦੇਸ਼ ਦੂਜੇ ਦੇਸ਼ਾਂ ਦੇ ਮੁਕਾਬਲੇ ਹਰ ਖੇਤਰ ਵਿਚ ਪਛੜ ਜਾਵੇਗਾ।


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਜਮ੍ਹਾਂਖੋਰ ਤੇ ਮੁਨਾਫ਼ਾਖੋਰ ਲੋਕ
ਦੇਸ਼ ਵਿਚ ਚੀਜ਼ਾਂ ਜਮ੍ਹਾ ਕਰਕੇ ਚੀਜ਼ਾਂ ਦੀ ਥੁੜ ਪੈਦਾ ਕਰਨੀ ਤੇ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਮੁਨਾਫ਼ਾਖੋਰੀ ਕਰਨਾ, ਅਰਥ-ਵਿਵਸਥਾ ਨੂੰ ਢਾਅ ਲਗਾਉਣਾ, ਇਨਸਾਨੀਅਤ ਵਾਲੇ ਕੰਮ ਨਹੀਂ ਹਨ। ਇਨ੍ਹਾਂ ਲੋਕਾਂ ਨੂੰ ਮਿਹਨਤਕਸ਼ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਅੱਜ ਗ਼ਰੀਬ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿਚ ਪਿਸਣਾ ਪੈ ਰਿਹਾ ਹੈ। ਸਾਨੂੰ ਸਭ ਨੂੰ ਜਮ੍ਹਾਂਖੋਰ ਤੇ ਮੁਨਾਫ਼ਾਖੋਰ ਲੋਕਾਂ ਨੂੰ ਨੱਥ ਪਾਉਣ ਲਈ ਸਰਕਾਰਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ, ਸਰਕਾਰਾਂ ਨੂੰ ਸਖ਼ਤ ਕਾਨੂੰਨਾਂ ਰਾਹੀਂ ਇਨ੍ਹਾਂ ਲੋਕਾਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਬਾਜ਼ਾਰ ਵਿਚ ਇਨ੍ਹਾਂ ਅਲਾਮਤਾਂ ਦਾ ਖ਼ਾਤਮਾ ਹੋ ਸਕੇ ਅਤੇ ਦੇਸ਼ ਹੋਰ ਆਰਥਿਕ ਤਰੱਕੀ ਤੇ ਖੁਸ਼ਹਾਲੀ ਪ੍ਰਾਪਤ ਕਰ ਸਕੇ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਨਵਾਂ ਸਾਲ ਤੇ ਤੋਹਫ਼ੇ
ਲੋਕ ਨਵੇਂ ਸਾਲ 'ਤੇ ਸੱਜਣਾਂ-ਮਿੱਤਰਾਂ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਖ਼ੁਸ਼ੀਆਂ ਸਾਂਝੀਆਂ ਕਰ ਨਵੇਂ ਸਾਲ ਦਾ ਸਵਾਗਤ ਕਰ ਰਹੇ ਸਨ। ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਖ਼ਾਸ ਦਿਨ 'ਤੇ ਆਮ ਲੋਕਾਂ ਨੂੰ ਜੋ ਮਹਿੰਗਾਈ ਨਾਲ ਜੂਝ ਰਹੇ ਸਨ, ਨੂੰ ਤੋਹਫ਼ੇ ਦੇ ਕੇ ਨਿਵਾਜਿਆ। ਪਹਿਲਾ ਤੋਹਫ਼ਾ ਪੰਜਾਬ ਸਰਕਾਰ ਨੇ ਦਿੱਤਾ ਹੈ ਆਵਾਜਾਈ ਦੇ ਸਾਧਨਾਂ ਦਾ ਭਾਵ ਆਮ ਲੋਕਾਂ ਲਈ ਪੰਜਾਬ ਵਿਚ ਬੱਸਾਂ ਦੇ ਕਿਰਾਏ ਵਿਚ ਚੁੱਪ-ਚੁਪੀਤੇ ਹੀ ਵਾਧਾ ਕੀਤਾ ਹੈ। ਉਸ ਤੋਂ ਬਾਅਦ ਪੰਜਾਬ ਵਿਚ ਪਹਿਲਾਂ ਹੀ ਮਹਿੰਗੀ ਬਿਜਲੀ ਕਰ ਦੇਣ ਦਾ ਤੋਹਫ਼ਾ ਵੀ ਨਵੇਂ ਸਾਲ ਨੂੰ ਹੀ ਦਿੱਤਾ ਹੈ। ਜੇ ਪੰਜਾਬ ਸਰਕਾਰ ਨੇ ਕਿਰਾਏ 'ਤੇ ਬਿਜਲੀ ਵਧਾਏ ਹਨ ਤਾਂ ਕੇਂਦਰ ਸਰਕਾਰ ਵੀ ਇਸ ਦਿਨ 'ਤੇ ਪਿੱਛੇ ਨਹੀਂ ਰਹੀ। ਕੇਂਦਰ ਨੇ ਵੀ ਆਮ ਲੋਕਾਂ ਦੇ ਸਾਧਨ ਰੇਲਵੇ ਸਫ਼ਰ ਵਿਚ ਵੀ ਇਜ਼ਾਫ਼ਾ ਕੀਤਾ ਹੈ। ਹਰ ਪਾਸਿਉਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦਾ ਹੋਰ ਕਚੂੰਮਰ ਕੱਢਿਆ ਜਾਵੇਗਾ। ਸਾਡੀਆਂ ਜੁੱਤੀਆਂ ਸਾਡਾ ਹੀ ਸਿਰ ਹਰ ਪਾਸੇ ਹੈ।


-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।


ਬੇਇਨਸਾਫ਼ੀ ਕਿਉਂ?
ਸਮਾਜਿਕ ਕਾਰਜਕਰਤਾ ਵਕੀਲ ਸ੍ਰੀ ਦਿਨੇਸ਼ ਚੱਢਾ ਨੇ ਆਰ.ਟੀ.ਆਈ. ਤਹਿਤ ਜਾਣਕਾਰੀ ਲੈਂਦਿਆਂ ਖੁਲਾਸਾ ਕੀਤਾ ਹੈ ਕਿ ਦੇਸ਼ ਦੇ ਕਾਨੂੰਨ ਘਾੜਿਆਂ (ਰਾਜ ਸਭਾ ਮੈਂਬਰਾਂ) ਨੇ ਆਪਣੀ ਤਨਖਾਹ ਤੋਂ ਕਈ ਗੁਣਾਂ ਵੱਧ ਟੀ.ਏ., ਡੀ.ਏ. ਸਾਲ 2018-19 ਦੌਰਾਨ ਕਲੇਮ ਕੀਤਾ ਹੈ, ਜੋ ਕਿ ਔਸਤਨ 17 ਲੱਖ 30 ਹਜ਼ਾਰ ਰੁਪਏ ਪ੍ਰਤੀ ਮੈਂਬਰ ਬਣਦਾ ਹੈ। ਇਕ ਰਾਜ ਸਭਾ ਮੈਂਬਰ ਦੀ ਤਨਖਾਹ ਲਗਪਗ ਇਕ ਲੱਖ ਰੁਪਏ ਪ੍ਰਤੀ ਮਹੀਨਾ ਹੈ। ਇਸ ਦੇ ਉਲਟ ਮੁਲਾਜ਼ਮ, ਪੈਨਸ਼ਨਰ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਆਪਣੀਆਂ ਰੁਕੀਆਂ ਤਨਖਾਹਾਂ ਲਈ ਧਰਨੇ-ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਨੂੰ ਕਈ-ਕਈ ਮਹੀਨੇ ਦਾ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਜਾ ਰਹੀ। ਅਜਿਹੀ ਬੇਇਨਸਾਫ਼ੀ ਖਿਲਾਫ਼ ਮੁਲਾਜ਼ਮਾਂ, ਪੈਨਸ਼ਨਰਾਂ 'ਚ ਸਖ਼ਤ ਰੋਹ ਪਾਇਆ ਜਾ ਰਿਹਾ ਹੈ।


-ਇੰਜੀ: ਰਛਪਾਲ ਸਿੰਘ 'ਚਨੂੰਵਾਲਾ', ਮੋਗਾ।


ਪੁਲਿਸ ਦੀ ਮਿਲੀਭੁਗਤ
ਜੋ ਤੱਥ ਹੁਣ ਸਾਹਮਣੇ ਆ ਰਹੇ ਹਨ ਕਿ ਪੁਲਿਸ ਤੇ ਨਸ਼ਾ ਸਮੱਗਲਰ ਆਪਸ ਵਿਚ ਮਿਲੇ-ਜੁਲੇ ਹਨ। ਇਹ ਕੋਈ ਅਤਿ ਕਥਨੀ ਹੋਵੇਗੀ ਸਗੋਂ ਬਿਲਕੁਲ ਸੱਚ ਹੈ ਜਿਵੇਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਜਤਿੰਦਰ ਦੇਵਗਨ ਨੇ ਆਪਣੇ ਲੇਖ 'ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਉਸ ਖੇਤ ਦਾ ਕੀ ਬਣੇਗਾ' ਵਿਚ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਨਸ਼ੇ ਦਾ ਕਾਰੋਬਾਰ ਕਰਦੇ ਪੁਲਿਸ ਕਰਮਚਾਰੀਆਂ ਦੇ ਨਾਂਅ ਉਜਾਗਰ ਹੋ ਰਹੇ ਹਨ। ਜੇ ਦੋ-ਚਾਰ ਕਰਮਚਾਰੀਆਂ 'ਤੇ ਸਖ਼ਤ ਕਾਰਵਾਈ ਹੋ ਜਾਵੇ ਤਾਂ ਸ਼ਾਇਦ ਨਸ਼ੇ ਦੀ ਗੰਦੀ ਲਾਹਨਤ ਸਾਡੇ ਸਮਾਜ ਵਿਚੋਂ ਖ਼ਤਮ ਹੋ ਹੀ ਜਾਵੇ। ਪਰ ਜੇ ਕੋਈ ਇਮਾਨਦਾਰੀ ਨਾਲ ਆਪਣਾ ਫ਼ਰਜ਼ ਸਮਝੇ ਤਾਂ ਹੀ ਇਹ ਸਭ ਕੁਝ ਸੰਭਵ ਹੋ ਸਕਦਾ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।

07-01-2020

 ਔਰਤ ਕੀ ਕਰੇ?

ਪਿਛਲੇ ਕੁਝ ਦਿਨਾਂ ਵਿਚ ਅਖ਼ਬਾਰੀ ਟੀ.ਵੀ. ਖ਼ਬਰਾਂ ਵਿਚ ਔਰਤਾਂ ਬਾਰੇ ਬਹੁਤ ਹੀ ਦਰਦਨਾਕ ਤੇ ਨਾ ਸਹਿਣਯੋਗ ਖ਼ਬਰਾਂ ਪੜ੍ਹ-ਸੁਣ ਰਹੇ ਹਾਂ। ਸਮਝ ਨਹੀਂ ਆ ਰਹੀ ਕਿ ਸਮਾਜ ਦੇ ਕੁਝ ਲੋਕਾਂ ਦੀ ਸੋਚ ਕਿਹੜੇ ਪਾਸੇ ਜਾ ਕੇ ਕਿਹੋ ਜਿਹੇ ਜ਼ੁਲਮ ਕਰ ਰਹੀ ਹੈ। ਹਾਲੇ ਇਕ ਕੇਸ ਮੁੱਕਦਾ ਨਹੀਂ, ਦੂਜੇ ਦਿਨ ਨਵਾਂ ਹੀ ਚੰਨ ਚੜ੍ਹਿਆ ਨਜ਼ਰ ਆਉਂਦਾ ਹੈ। ਰੋਜ਼ਾਨਾ ਹੀ ਪੂਰੇ ਭਾਰਤ ਵਿਚ ਕਈ ਥਾਵਾਂ ਤੋਂ ਲੜਕੀਆਂ ਜਾਂ ਔਰਤਾਂ ਨਾਲ ਸ਼ਰਮਨਾਕ ਕਾਰੇ ਦੀਆਂ ਖ਼ਬਰਾਂ ਤਾਂ ਆਉਂਦੀਆਂ ਹੀ ਹਨ। ਕਈ ਇਲਾਕਿਆਂ ਵਿਚੋਂ ਤਾਂ ਇਹੋ ਜਿਹੀਆਂ ਘਟਨਾਵਾਂ ਰੋਜ਼ਾਨਾ ਹੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਰ ਮਨ ਦੁਖੀ ਉਸ ਵੇਲੇ ਹੋਰ ਵੀ ਹੁੰਦਾ ਹੈ ਜਦੋਂ ਇਨ੍ਹਾਂ ਗ਼ਲਤ ਘਟਨਾਵਾਂ ਦਾ ਸਬੰਧ ਰਾਜਨੀਤਕ ਲੋਕਾਂ ਨਾਲ ਜੁੜਦਾ ਹੈ ਤੇ ਉਹ ਕਿਸੇ ਨਾ ਕਿਸੇ ਰੂਪ ਵਿਚ ਦੋਸ਼ੀਆਂ ਦੀ ਮਦਦ ਕਰਦੇ ਵੀ ਦਿਸਦੇ ਹਨ। ਇਹ ਵਧੀਆ ਦੇਸ਼ ਜਾਂ ਸਮਾਜ ਦੀ ਨਿਸ਼ਾਨੀ ਨਹੀਂ।

-ਬਲਬੀਰ ਸਿੰਘ ਬੱਬੀ, ਤੱਖਰਾਂ, ਲੁਧਿਆਣਾ।

ਬੇਰੁਜ਼ਗਾਰੀ

ਸੂਬੇ ਵਿਚ ਰਾਜ ਕਰਨ ਵਾਲੀਆਂ ਸਰਕਾਰਾਂ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਇੱਛਾ ਹੱਦ ਤੋਂ ਵੱਧ ਸਿਰ ਚੜ੍ਹ ਕੇ ਬੋਲ ਰਹੀ ਹੈ। ਕਿਸਾਨੀ ਧੰਦੇ ਨਾਲ ਜੁੜੇ ਹੋਏ ਨੌਜਵਾਨ ਇਥੇ ਵਾਹੀ ਇਸ ਲਈ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਕਿਸਾਨੀ ਧੰਦਾ ਆਰਥਿਕ ਤੌਰ 'ਤੇ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਲੱਖਾਂ ਰੁਪਏ ਖਰਚ ਕਰਕੇ ਅਨੇਕਾਂ ਸਾਲ ਹੱਡ ਭੰਨਵੀਂ ਮਿਹਨਤ ਉਪਰੰਤ ਪ੍ਰਾਪਤ ਕੀਤੀਆਂ ਡਿਗਰੀਆਂ ਨਾਲ ਅੱਜ ਦੇ ਸਮੇਂ ਵਿਚ ਬੇਰੁਜ਼ਗਾਰਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ। ਜੇਕਰ ਸਰਕਾਰਾਂ ਨੇ ਬੇਰੁਜ਼ਗਾਰਾਂ ਲਈ ਨੌਕਰੀਆਂ ਪੈਦਾ ਕਰਨ ਦੇ ਵਸੀਲੇ ਪੈਦਾ ਨਾ ਕੀਤੇ ਤਾਂ ਜਲਦੀ ਹੀ ਪੰਜਾਬ ਵਿਚ ਰਹਿੰਦੀ-ਖੂੰਹਦੀ ਪਨੀਰੀ ਵੀ ਵਿਦੇਸ਼ਾਂ ਵੱਲ ਭੱਜ ਜਾਵੇਗੀ। ਇਸ ਲਈ ਸਰਕਾਰ ਨੂੰ ਨੌਕਰੀਆਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ, ਉਥੇ ਹੀ ਯੋਗਤਾ ਅਨੁਸਾਰ ਤਨਖਾਹ ਵੀ ਦੇਣੀ ਯਕੀਨੀ ਬਣਾਉਣੀ ਚਾਹੀਦੀ ਹੈ।

-ਅੰਗਰੇਜ਼ ਸਿੰਘ ਹੁੰਦਲ, ਪਿੰਡ ਬੰਡਾਲਾ।

ਰੁਜ਼ਗਾਰ ਮੰਗਦੇ ਅਧਿਆਪਕ

ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਘਰ-ਘਰ ਨੌਕਰੀ ਅਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਨੌਜਵਾਨਾਂ ਨਾਲ ਕੀਤਾ ਸੀ। ਸਰਕਾਰ ਬਣਨ ਦੇ ਤਿੰਨ ਸਾਲ ਮਗਰੋਂ ਵੀ ਅਜੇ ਸਰਕਾਰੀ ਵਾਅਦਿਆਂ ਨੂੰ ਬੂਰ ਨਹੀਂ ਪੈ ਰਿਹਾ। ਸਰਕਾਰ ਦੇ ਵਾਅਦੇ ਲਾਰਿਆਂ ਵਿਚ ਤਬਦੀਲ ਹੋਣ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣਾ ਘਰ-ਬਾਰ ਛੱਡ ਮਜਬੂਰਨ ਵਿਦੇਸ਼ਾਂ ਵੱਲ ਤੁਰੀ ਜਾ ਰਹੀ ਹੈ। ਭਾਰਤ ਦੀਆਂ ਸ਼ਰਤਾਂ ਪੂਰੀਆਂ ਕਰ ਨੌਕਰੀ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਦੀ ਮਾਰ ਝੱਲਣੀ ਪੈ ਰਹੀ ਹੈ। ਉੱਪਰੋਂ ਸਿੱਖਿਆ ਮੰਤਰੀ ਜੀ ਗਾਲ੍ਹਾਂ ਕੱਢ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ। ਜੇਕਰ ਟੈੱਟ ਦੀ ਕਠਿਨ ਪ੍ਰੀਖਿਆ ਪਾਸ ਅਧਿਆਪਕਾਂ ਨਾਲ ਸਰਕਾਰ ਦੁਆਰਾ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ ਤਾਂ ਬਾਕੀ ਦੇ 30-40 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ? ਸਕੂਲ ਖਾਲੀ ਪਏ ਹਨ ਅਤੇ ਅਧਿਆਪਕ ਨੌਕਰੀ ਲਈ ਧਰਨੇ 'ਤੇ ਬੈਠੇ ਹਨ। ਸਰਕਾਰ ਨੂੰ ਨੀਤੀ ਵਿਚ ਬਦਲਾਅ ਕਰਕੇ ਸਿੱਖਿਆ ਵਿਭਾਗ ਦੇ ਖਾਲੀ ਪਏ ਅਹੁਦੇ ਭਰਨ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਨੌਕਰੀ ਪੂਰੀ ਕਰ ਚੁੱਕੇ, ਮੁਲਾਜ਼ਮਾਂ ਦੇ ਸੇਵਾਕਾਲ ਵਿਚ ਵਾਧਾ ਬੰਦ ਹੋਣਾ ਚਾਹੀਦਾ ਹੈ। ਸਮਾਜ ਦੇ ਨਿਰਮਾਤੇ ਅਧਿਆਪਕਾਂ ਨੂੰ ਡਾਂਗਾਂ ਦੀ ਬਜਾਏ ਨੌਕਰੀ ਮਿਲਣੀ ਚਾਹੀਦੀ।

-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।

ਅਧਿਆਪਕਾਂ 'ਤੇ ਲਾਠੀਚਾਰਜ

ਬੱਚੇ ਦੀ ਸ਼ੁਰੂਆਤੀ ਜ਼ਿੰਦਗੀ ਵਿਚ ਮਾਪਿਆਂ ਦੇ ਪਾਲਣ ਪੋਸ਼ਣ ਦੇ ਨਾਲ-ਨਾਲ ਇਕ ਅਧਿਆਪਕ ਦੁਆਰਾ ਆਪਣੀ ਨਿਭਾਈ ਜਾਂਦੀ ਭੂਮਿਕਾ ਨੂੰ ਹਰ ਵਿਅਕਤੀ ਆਪਣੇ ਜੀਵਨ ਦੌਰਾਨ ਗਿਆਨ ਪ੍ਰਦਾਨ ਕਰਵਾਉਣ ਵਾਲੇ ਅਧਿਆਪਕ ਨੂੰ ਕਦੇ ਵੀ ਭੁਲਾ ਨਹੀਂ ਸਕਦਾ। ਪਰ ਜੋ ਹਾਉਕੇ ਭਰਦੀ ਤਰਾਸਦੀ ਅੱਜ ਪੰਜਾਬ ਦੀਆਂ ਸੜਕਾਂ, ਸੌ-ਸੌ ਫੁੱਟ ਉੱਚੀਆਂ ਪਾਣੀ ਵਾਲੀਆਂ ਟੈਂਕੀਆਂ ਉੱਪਰ ਮਨੁੱਖ ਦਾ ਤੀਜਾ ਨੇਤਰ ਖੋਲ੍ਹਣ ਵਾਲੇ ਅਧਿਆਪਕਾਂ ਪ੍ਰਤੀ ਆਪਣੇ ਹੱਕ ਮੰਗੇ ਜਾਣ 'ਤੇ ਸਰਕਾਰ ਦੁਆਰਾ ਕੀਤੀ ਜਾਂਦੀ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਇੱਥੇ ਇਹ ਗੱਲ੍ਹ ਵੀ ਬੜੇ ਅਫਸੋਸ ਨਾਲ ਆਖੀ ਜਾ ਰਹੀ ਹੈ ਕਿ ਕੋਰਸ ਦੀ ਡਿਗਰੀ ਹਾਸਲ ਕਰਨ ਉਪਰੰਤ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਦੇ ਨਾਲ-ਨਾਲ ਵਿਸ਼ੇ ਨਾਲ ਸਬੰਧਿਤ ਪੇਪਰ ਦੇਣਾ ਵੀ ਲਾਜ਼ਮੀ ਕਰਕੇ ਅੜਿੱਕਾ ਬਣਨ ਲਈ ਰੁਜ਼ਗਾਰ ਪ੍ਰਾਪਤੀ ਵਿਚ ਖੜ੍ਹੇ ਕੀਤੇ ਗਏ ਸਾਜਿਸ਼ਾਂ ਭਰੇ ਬੈਰੀਕੇਡ ਪਾਰ ਕਰਨ 'ਤੇ ਵੀ ਘਰ-ਘਰ ਨੌਕਰੀ ਦੇਣ ਵਾਲੀ ਸਰਕਾਰ ਵਲੋਂ ਪੁਲਿਸ ਦੀਆਂ ਡਾਂਗਾਂ, ਖਿੱਚ-ਧੂਹ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਭੱਦੀ ਸ਼ਬਦਾਵਲੀ ਇਕ ਅਧਿਆਪਕ ਦੇ ਹਿੱਸੇ ਦੇ ਕੇ ਕੀ ਸਾਬਤ ਕੀਤਾ ਜਾ ਰਿਹਾ ਹੈ।

-ਪ੍ਰੋ: ਸਿਮਰਨਜੀਤ ਕੌਰ ਗਿੱਲ।

ਵਿੱਦਿਆ ਦਾ ਅਧਿਕਾਰ

ਵਿੱਦਿਆ ਉਪਰ ਹਰ ਇਕ ਦਾ ਅਧਿਕਾਰ ਹੈ। ਇਹ ਕਥਨ ਕਾਫੀ ਸਮੇਂ ਤੋਂ ਵਰਤਿਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿਚ ਇਹ ਕਥਨ ਝੂਠਾ ਪੈ ਰਿਹਾ ਹੈ। ਅੱਜ ਵਿੱਦਿਆ ਉੱਪਰ ਉਸੇ ਦਾ ਅਧਿਕਾਰ ਹੈ ਜੋ ਅਮੀਰ ਹੈ। ਕਿਉਂਕਿ ਵਿੱਦਿਆ ਪ੍ਰਾਪਤ ਕਰਨਾ ਏਨਾ ਮਹਿੰਗਾ ਹੋ ਗਿਆ ਹੈ ਕਿ ਗ਼ਰੀਬ ਬੱਚਾ ਪੜ੍ਹਨ ਬਾਰੇ ਸੋਚ ਵੀ ਨਹੀਂ ਸਕਦਾ। ਬਹੁਤੇ ਸਕੂਲਾਂ ਵਿਚ ਤਾਂ ਵਿੱਦਿਆ ਦਾ ਵਪਾਰ ਹੀ ਹੋ ਰਿਹਾ ਹੈ। ਬੱਚਿਆਂ ਕੋਲੋਂ ਕਈ-ਕਈ ਮਹੀਨਿਆਂ ਦੀ ਫੀਸ ਪਹਿਲਾਂ ਹੀ ਲੈ ਲਈ ਜਾਂਦੀ ਹੈ ਤਾਂ ਜੋ ਬੱਚੇ ਛੇਤੀ ਸਕੂਲ ਨਾ ਛੱਡ ਸਕਣ। ਇਨ੍ਹਾਂ ਸਕੂਲਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਵਪਾਰੀ ਸਕੂਲਾਂ ਉੱਪਰ ਸ਼ਿਕੰਜਾ ਕੱਸਿਆ ਜਾਵੇ, ਸਕੂਲ ਦੇ ਮਾਲਕਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਖ਼ਤ ਹਿਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਬੱਚਿਆਂ ਕੋਲੋਂ ਜਾਇਜ਼ ਫੀਸ ਲਈ ਜਾਵੇ ਅਤੇ ਉਨ੍ਹਾਂ ਨੂੰ ਸਹੀ ਵਿੱਦਿਆ ਦਿੱਤੀ ਜਾਵੇ ਅਤੇ ਬੱਚਿਆਂ ਦਾ ਸਮਾਂ ਬਰਬਾਦ ਕਰਕੇ ਪਾਪ ਨਾ ਕਮਾਉਣ।

-ਗੁਰਲੀਨ ਸਿੰਘ
ਪਿੰਡ ਢਡਿਆਲਾ ਨੱਤ, ਬਟਾਲਾ।

ਹਾਲੋਂ ਬੇਹਾਲ ਮੇਰਾ ਪੰਜਾਬ

ਪਿਛਲੇ ਦਿਨੀਂ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੁਆਰਾ ਲਿਖਿਆ ਸੰਪਾਦਕੀ ਲੇਖ 'ਗੰਭੀਰ ਆਰਥਿਕ ਸੰਕਟ' ਕਾਬਲੇ ਤਾਰੀਫ਼ ਸੀ। ਪੰਜਾਬ ਸਰਕਾਰ ਅੱਜਕਲ੍ਹ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਵਰਗਾ ਖੁਸ਼ਹਾਲ ਸੂਬਾ ਅੱਜ ਕੰਗਾਲ ਦਿਖਾਈ ਦਿੰਦਾ ਹੈ। ਚੰਗੀ ਅਰਥ-ਵਿਵਸਥਾ ਕਿਸੇ ਰਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜਿਸ ਨਾਲ ਕਿਸੇ ਸੂਬੇ ਦਾ ਸਾਰਾ ਢਾਂਚਾ ਚੁਸਤ-ਦਰੁਸਤ ਰਹਿੰਦਾ ਹੈ। ਅੱਜ ਪੰਜਾਬ ਵਰਗੇ ਖੁਸ਼ਹਾਲ ਸੂਬੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਖਜ਼ਾਨਾ ਖਾਲੀ ਹੈ, ਬੇਰੁਜ਼ਗਾਰ ਨੂੰ ਰੁਜ਼ਗਾਰ ਨਹੀਂ ਡਾਂਗਾਂ ਮਿਲ ਰਹੀਆਂ ਹਨ, ਕਾਨੂੰਨ ਵਿਵਸਥਾ ਡਾਵਾਂਡੋਲ ਹੈ, ਸ਼ਰ੍ਹੇਆਮ ਗੁੰਡਾਗਰਦੀ ਵਧ ਰਹੀ ਹੈ। ਅਪਾਹਜ ਤੇ ਬਜ਼ੁਰਗ ਪੈਨਸ਼ਨ ਉਡੀਕ ਰਹੇ ਹਨ, ਕਿਸਾਨਾਂ ਦੇ ਗੰਨੇ ਦੇ ਬਕਾਏ ਨਹੀਂ ਮਿਲੇ। ਬੇਰੁਜ਼ਗਾਰ, ਕਿਸਾਨ, ਮਜ਼ਦੂਰ ਹਾਲੋਂ-ਬੇਹਾਲ ਫਿਰ ਕਾਹਦੀ ਸਰਕਾਰ।

-ਕਾਜਲ
ਪੱਤਰਕਾਰੀ ਵਿਭਾਗ, ਪਟਿਆਲਾ ਯੂਨੀਵਰਸਿਟੀ।

ਨਾਗਰਿਕਤਾ ਕਾਨੂੰਨ

ਪਿਛਲੇ ਦਿਨੀਂ ਸੰਸਦ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਬਣਨ ਤੋਂ ਬਾਅਦ ਧਰਮ-ਨਿਰਪੱਖ ਅਖਵਾਉਣ ਵਾਲੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਪਜੇ ਅੰਦੋਲਨ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਰਮ ਅਤੇ ਜਾਤੀ ਤੋਂ ਉੱਪਰ ਉੱਠ ਕੇ ਇਸ ਕਾਨੂੰਨ ਦੀ ਵੱਡੇ ਪੱਧਰ 'ਤੇ ਆਲੋਚਨਾ ਹੋਈ ਹੈ। ਸੋ, ਇਸ ਕਰਕੇ ਇਹ ਵਿਸ਼ਵਾਸ ਜ਼ਰੂਰ ਪੱਕਾ ਹੋ ਗਿਆ ਹੈ ਕਿ ਅੱਗੇ ਤੋਂ ਦੇਸ਼ ਦੀਆਂ ਨੀਤੀਆਂ ਫ਼ਿਰਕੂ ਲੀਹਾਂ 'ਤੇ ਨਹੀਂ ਘੜੀਆਂ ਜਾਣੀਆਂ ਚਾਹੀਦੀਆਂ। ਦੇਸ਼ ਵਿਆਪੀ ਅਸਰ ਪਾਉਣ ਵਾਲੇ ਕਾਨੂੰਨ ਵਿਚ ਸੋਧ ਕਰਨ ਤੋਂ ਪਹਿਲਾਂ ਲੋਕ ਰਾਇ ਲਈ ਜਾਣੀ ਚਾਹੀਦੀ ਹੈ। ਲੋਕਤੰਤਰ ਵਿਚ ਕੋਈ ਵੀ ਕਾਨੂੰਨ ਲੋਕਾਂ ਦੀ ਭਲਾਈ ਲਈ ਬਣਨਾ ਚਾਹੀਦਾ ਹੈ ਨਾ ਕਿ ਕਿਸੇ ਖ਼ਾਸ ਧਰਮ, ਜਾਤੀ ਜਾਂ ਘੱਟ-ਗਿਣਤੀ ਉੱਪਰ ਠੋਸਿਆ ਜਾਣਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

06-01-2020

 ਸਿਰਜਣਹਾਰ ਚਿਹਰੇ
ਪਿਛਲੇ ਦਿਨੀਂ (27 ਦਸੰਬਰ ਨੂੰ) 'ਅਜੀਤ' ਦੇ ਨਾਰੀ ਅੰਕ ਵਿਚ ਔਰਤਾਂ ਦੀਆਂ ਦੇਸ਼ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਖੇਤਰਾਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਨੂੰ ਤਸਵੀਰਾਂ ਸਮੇਤ ਦਿਖਾਇਆ ਗਿਆ ਹੈ, ਜੋ ਕਿ ਔਰਤਾਂ ਲਈ ਬੜੇ ਫ਼ਖਰ ਵਾਲੀ ਗੱਲ ਹੈ। ਨੌਜਵਾਨ ਲੜਕੀਆਂ ਲਈ ਪ੍ਰੇਰਨਾ ਸਰੋਤ ਹਨ। ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰ ਰਹੀਆਂ ਹਨ। ਜੇ ਮਾਪਿਆਂ, ਸਮਾਜ ਅਤੇ ਸਰਕਾਰਾਂ ਵਲੋਂ ਲੜਕੀਆਂ ਦੀ ਤਰੱਕੀ ਲਈ ਸਾਜ਼ਗਾਰ ਮਾਹੌਲ ਮਿਲਦਾ ਰਹੇ ਤਾਂ ਇਹ ਹੋਰ ਵੀ ਗੌਰਵਮਈ ਇਤਿਹਾਸ ਸਿਰਜਣ 'ਚ ਆਪਣਾ ਯੋਗਦਾਨ ਪਾ ਸਕਦੀਆਂ ਹਨ।


-ਇੰਜ: ਰਛਪਾਲ ਸਿੰਘ ਚਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਪੰਜਾਬ ਨਾਲ ਵਿਤਕਰਾ
ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਸਨਅਤੀ ਵਿੱਤੀ ਰਿਆਇਤਾਂ ਦਿੱਤੀਆਂ ਗਈਆਂ ਸਨ ਅਤੇ ਇਸ ਵਿਚ ਵੀ ਪੰਜਾਬ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਸੀ ਪਰ ਹੁਣ ਫਿਰ ਇਕ 'ਜਲ ਯੋਜਨਾ' ਅਧੀਨ ਗੁਆਂਢੀ ਸੂਬਿਆਂ ਨੂੰ ਤਾਂ ਸ਼ਾਮਿਲ ਕੀਤਾ ਗਿਆ ਹੈ ਅਤੇ ਇਨ੍ਹਾਂ ਸੂਬਿਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਰੱਖ ਕੇ ਯੋਜਨਾਬੰਦੀ ਕੀਤੀ ਗਈ ਹੈ ਜਦੋਂ ਕਿ ਪੰਜਾਬ ਨੂੰ ਇਸ ਯੋਜਨਾ ਤੋਂ ਫਿਰ ਲਾਂਭੇ ਕਰ ਦਿੱਤਾ ਗਿਆ ਹੈ, ਜੋ ਕਿ ਪੰਜਾਬ ਨਾਲ ਫਿਰ ਸਰਾਸਰ ਵਿਤਕਰਾ ਤੇ ਬੇਇਨਸਾਫ਼ੀ ਹੋਈ ਹੈ। ਧਰਤੀ ਹੇਠਲੇ ਪਾਣੀ ਦੀ ਹਾਲਤ ਇਹ ਹੈ ਕਿ ਸੂਬੇ 'ਚ ਬੁਹਤੇ ਬਲਾਕਾਂ ਵਿਚ ਪਾਣੀ ਖਤਮ ਹੋ ਰਿਹਾ ਹੈ ਅਤੇ ਕਈ ਹਿੱਸੇ ਡਾਰਕ ਜ਼ੋਨ ਕਰਾਰ ਦਿੱਤੇ ਗਏ ਹਨ। ਬਦਲਵੀਆਂ ਫ਼ਸਲਾਂ ਦਾ ਕੋਈ ਚੰਗਾ ਮੰਡੀਕਰਨ ਨਾ ਹੋਣ ਕਾਰਨ ਕਿਸਾਨ ਅਜੇ ਤੱਕ ਕਣਕ, ਝੋਨੇ ਦੇ ਫਸਲੀ ਚੱਕਰ ਵਿਚੋਂ ਨਹੀਂ ਨਿਕਲ ਸਕਿਆ, ਜਿਸ ਕਾਰਨ ਸੂਬੇ ਵਿਚ ਲੱਗੇ ਟਿਊਬਵੈੱਲ ਬੇਫਿਕਰੀ ਨਾਲ ਧਰਤੀ ਹੇਠਲਾ ਪਾਣੀ ਮੁਕਾਈ ਜਾ ਰਹੇ ਹਨ। ਕੇਂਦਰ ਸਰਕਾਰ ਤੋਂ ਜਿਥੇ ਦੂਜੇ ਰਾਜਾਂ ਨੂੰ ਰਿਆਇਤਾਂ ਮਿਲਦੀਆਂ ਹਨ, ਉਸ ਵਿਚ ਪੰਜਾਬ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਮਾਮਲਾ ਕੇਂਦਰ ਸਰਕਾਰ ਕੋਲ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਗਿਆਨ ਭਰੀ ਸੰਪਾਦਕੀ
ਹਾਲ ਹੀ ਵਿਚ ਕੇਂਦਰ ਸਰਕਾਰ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ। ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸਾਨੂੰ ਇਸ ਦੇ ਫਾਇਦੇ ਤੇ ਨੁਕਸਾਨ ਦੱਸੇ। ਸੰਪਾਦਕ ਨੇ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਕੀ ਹੈ? ਕਿਉਂਕਿ ਜਦੋਂ ਤੱਕ ਸਾਨੂੰ ਇਸ ਕਾਨੂੰਨ ਦੇ ਬਾਰੇ ਨਹੀਂ ਪਤਾ ਲੱਗੇਗਾ ਕਿ ਇਹ ਕਾਨੂੰਨ ਕਿਉਂ ਬਣਾਇਆ ਗਿਆ? ਅਸੀਂ ਕਿਸੇ ਨੂੰ ਕੀ ਦੱਸਾਂਗੇ। ਸੰਪਾਦਕ ਸਾਹਬ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ। ਜੇ ਬੱਚੇ ਅਜੀਤ ਅਖ਼ਬਾਰ ਦੇ ਸਾਰੇ ਲੇਖ ਧਿਆਨ ਨਾਲ ਪੜ੍ਹਨ ਤੇ ਉਨ੍ਹਾਂ ਵਿਚੋਂ ਆਪਣੀ ਡਾਇਰੀ ਵਿਚ ਜ਼ਰੂਰੀ ਗੱਲਾਂ ਲਿਖਣ ਤਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਅੱਵਲ ਪਾਸ ਕਰ ਸਕਦੇ ਹਨ। ਵੈਸੇ ਤਾਂ ਪੂਰੀ 'ਅਜੀਤ' ਦੀ ਟੀਮ ਵਧਾਈ ਦੀ ਪਾਤਰ ਹੈ।


-ਸੰਜੀਵ ਸਿੰਘ ਸੈਣੀ, ਦੇਸੂ ਮਾਜਰਾ।


ਖਰੂਦੀ ਜਸ਼ਨ ਕਿਉਂ?
ਹਰ ਸਾਲ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੇ ਨਾਂਅ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਪਾਰਟੀਆਂ ਵਿਚ ਨੌਜਵਾਨ ਪੀੜ੍ਹੀ ਭਰਵੀਂ ਸ਼ਮੂਲੀਅਤ ਕਰਦੀ ਹੈ। ਇਨ੍ਹਾਂ ਪਾਰਟੀਆਂ ਵਿਚ ਕੰਨ ਪਾੜਨ ਵਾਲਾ ਸੰਗੀਤ, ਡਾਂਸ ਅਤੇ ਨਸ਼ਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਮੀਡੀਆ ਦੀਆਂ ਖ਼ਬਰਾਂ ਹਨ ਕਿ ਇਨਾਂ ਪਾਰਟੀਆਂ ਵਿਚ ਪਾਬੰਦੀਸ਼ੁਦਾ ਡਰੱਗਜ਼ ਦੇ ਨਾਲ਼-ਨਾਲ਼ 'ਸਨੇਕ ਬਾਈਟ' ਵਰਗਾ ਜਾਨਲੇਵਾ ਨਸ਼ਾ ਵੀ ਕੀਤਾ ਜਾਂਦਾ ਹੈ। ਅਜਿਹੀਆਂ ਪਾਰਟੀਆਂ ਵਿਚ ਖਰੂਦ, ਲੜਾਈ-ਝਗੜੇ ਅਤੇ ਮਾਰ-ਕੁੱਟ ਵਰਗੀਆਂ ਘਟਨਾਵਾਂ ਅਕਸਰ ਹੀ ਵਾਪਰ ਜਾਂਦੀਆਂ ਹਨ। ਸਵਾਲ ਇਹ ਹੈ ਕਿ ਨਵੇਂ ਸਾਲ ਦੀ ਏਨੀ ਵੀ ਖੁਸ਼ੀ ਕਾਹਦੀ ਹੁੰਦੀ ਹੈ? ਅਸਲ ਵਿਚ ਤਾਂ ਇਹ ਜਸ਼ਨ ਵਿਦੇਸ਼ੀ ਸੱਭਿਆਚਾਰ ਦੀ ਦੇਣ ਹਨ। ਸਾਡੇ ਬਹੁਤੇ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਦੇਸੀ ਕੈਲੰਡਰ ਕਦੋਂ ਸ਼ੁਰੂ ਹੁੰਦਾ ਹੈ? ਜੇਕਰ ਵੇਖਿਆ ਜਾਵੇ ਤਾਂ ਹਰ ਦਿਨ ਹੀ ਸਾਲ ਬਾਅਦ ਆਉਂਦਾ ਹੈ ਇਸ ਲਈ ਇਨ੍ਹਾਂ ਜਸ਼ਨਾਂ ਨੂੰ ਤਹਿਜ਼ੀਬ ਯਾਫਤਾ ਢੰਗ ਨਾਲ ਦੋਸਤਾਂ ਮਿੱਤਰਾਂ ਨੂੰ ਸ਼ੁਭ ਕਾਮਨਾਵਾਂ ਦੇ ਕੇ ਮਨਾਉਣਾ ਚਾਹੀਦਾ ਹੈ।


-ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।


ਦਵਾਈਆਂ ਦਾ ਲੰਗਰ
ਪਿਛਲੇ ਦਿਨੀਂ 'ਲੋਕ ਮੰਚ' ਵਿਚ ਸਿਕੰਦਰ ਸਿੰਘ ਬਰਾੜ ਜਰਮਨ ਦਾ ਛਪਿਆ ਲੇਖ 'ਸਮੇਂ ਦੀ ਮੁੱਖ ਲੋੜ ਦਵਾਈਆਂ ਦੇ ਲੰਗਰ' ਵਧੀਆ ਅਤੇ ਸਾਨੂੰ ਸਾਰਿਆਂ ਨੂੰ ਨੇਕ ਸਲਾਹ ਦੇਣ ਵਾਲਾ ਲੇਖ ਹੈ। ਇਸ ਵਿਚ ਕੋਈ ਸ਼ੱਕ ਨਹੀਂ ਪੰਜਾਬ ਬਿਮਾਰੀਆਂ ਦਾ ਘਰ ਨਹੀਂ। ਅੱਜ ਅਨੇਕਾਂ ਲੋਕ ਪੈਸੇ ਦੀ ਘਾਟ ਕਾਰਨ ਮਹਿੰਗੇ ਇਲਾਜ ਖੁਣੋਂ ਮਰ ਰਹੇ ਹਨ ਪਰ ਅਸੀਂ ਸਸਤੀ ਸ਼ੁਹਰਤ ਜਾਂ ਮਜਬੂਰੀ ਵੱਸ ਮਹਿੰਗੇ ਵਿਆਹ, ਭੋਗਾਂ, ਪਾਰਟੀਆਂ ਅਤੇ ਹੋਰ ਅਨੇਕਾਂ ਪ੍ਰੋਗਰਾਮਾਂ 'ਤੇ ਫਜ਼ੂਲ ਖਰਚ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਸ ਲੇਖ ਤੋਂ ਸੇਧ ਲੈ ਕੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਵਾਈਆਂ ਦੇ ਲੰਗਰ ਲਗਾਉਣੇ ਚਾਹੀਦੇ ਹਨ।


-ਦਰਸ਼ਨ ਸਿੰਘ ਬੰਗੜ
ਪਿੰਡ ਤੇ ਡਾਕ; ਕੱਟੂ, ਜ਼ਿਲ੍ਹਾ ਬਰਨਾਲਾ।


ਸਹਿਣ ਸ਼ਕਤੀ
ਅਕਸਰ ਹੀ ਅਸੀਂ ਉਨ੍ਹਾਂ ਮਨੁੱਖਾਂ ਦੁਆਰਾ ਕੀਤੇ ਹੋਏ ਮਜ਼ਾਕ ਦਾ ਗੁੱਸਾ ਕਰ ਜਾਂਦੇ ਹਾਂ ਜਿਹੜੇ ਸਾਡੇ ਖਾਸ ਜਾਂ ਜਿਨ੍ਹਾਂ ਨੂੰ ਖਾਸ ਸਮਝਦੇ ਹੁੰਦੇ ਹਾਂ। ਅਸਲ ਵਿਚ ਸਾਡੇ ਵਿਚ ਸਹਿਣ ਸ਼ਕਤੀ ਦੀ ਘਾਟ ਹੁੰਦੀ ਹੈ ਕਿਉਂਕਿ ਅਸੀਂ ਘਰ ਪਰਿਵਾਰ 'ਚ ਰਹਿੰਦੇ ਹੋਏ ਕਦੇ ਬੇਬੇ-ਬਾਪੂ, ਭੈਣ-ਭਰਾਵਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੇ। ਇਹ ਸਾਡੀ ਆਦਤ ਬਣ ਜਾਂਦੀ। ਅਜੋਕੇ ਸਮੇਂ ਵਿਚ ਬਹੁਗਿਣਤੀ ਨੌਜਵਾਨ ਕੁੜੀਆਂ ਦੇ ਹੋ ਰਹੇ ਤਲਾਕ ਦਾ ਕਾਰਨ ਵੀ ਸਹਿਣਸ਼ੀਲਤਾ ਦੀ ਕਮੀ ਹੈ। ਨਿੱਕੀ-ਨਿੱਕੀ ਗੱਲ ਤੋਂ ਗੁੱਸੇ ਹੋਣਾ ਇਹ ਸਾਡਾ ਸੁਭਾਅ ਬਣ ਜਾਂਦਾ ਹੈ ਤੇ ਸਾਡਾ ਮਨੁੱਖੀ ਸਰੀਰ ਵੀ ਉਸੇ ਸੁਭਾਅ ਅਨੁਸਾਰ ਕੰਮ ਕਰਨ ਲੱਗ ਪੈਂਦਾ ਹੈ। ਮਨੁੱਖ ਅੰਦਰ ਸਹਿਣਸ਼ੀਲਤਾ ਤੇ ਸਬਰ ਵਰਗੇ ਗੁਣਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਅਜਿਹੇ ਗੁਣ ਸਾਡੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਹਨ।


-ਸੁਰਜੀਤ ਸਿੰਘ
ਪਿੰਡ ਦਿਲਾ ਰਾਮ, ਜ਼ਿਲ੍ਹਾ ਫਿਰੋਜ਼ਪੁਰ।


ਰੂਹ ਦੀ ਖੁਰਾਕ
ਪੰਜਾਬੀ ਅਖ਼ਬਾਰ ਅੱਜ ਦੇਸ਼-ਵਿਦੇਸ਼ ਵਿਚ ਆਪਣੀ ਪਕੜ ਬਣਾਈ ਬੈਠੇ ਹਨ। ਬੇਸ਼ੱਕ ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ਬੁਹਤ ਜਲਦੀ ਤੇ ਮਿੰਟ-ਮਿੰਟ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਿਹਾ ਹੈ ਪਰ ਜਿਹੜੇ ਲੋਕ ਅਖ਼ਬਾਰਾਂ ਨਾਲ ਜੁੜੇ ਹੋਏ ਹਨ, ਉਹ ਕਦੇ ਵੀ ਨਹੀਂ ਟੁੱਟ ਸਕਦੇ, ਇਹ ਵੀ ਹਕੀਕਤ ਹੈ। ਕਿਉਂਕਿ ਅਖ਼ਬਾਰਾਂ ਬੜੇ-ਬੜੇ ਸਹੀ ਤੱਥ ਸਾਹਮਣੇ ਲਿਆ ਕੇ ਰੱਖ ਦਿੰਦੀਆਂ ਹਨ ਫਿਰ ਉਹ ਹੁੰਦੀਆਂ ਵੀ ਬਹੁਤ ਹੱਦ ਤੱਕ ਸਚਾਈ ਦੇ ਨੇੜੇ ਹਨ। ਅਖ਼ਬਾਰਾਂ ਲੋਕਾਂ ਦੀ ਰੂਹ ਦੀ ਖੁਰਾਕ ਬਣ ਚੁੱਕੀਆਂ ਹਨ ਇਹ ਗੱਲ ਸੱਚ ਹੈ। ਉਮੀਦ ਹੈ ਕਿ ਜਿਵੇਂ ਮੀਡੀਆ ਦੁਨੀਆ ਦੀ ਤੀਜੀ ਅੱਖ ਬਣ ਕੇ ਆਪਣਾ ਫਰਜ਼ ਨਿਭਾਅ ਰਿਹਾ ਹੈ, ਇਸੇ ਤਰ੍ਹਾਂ ਇਸ ਸਾਲ ਵੀ ਅਖਬਾਰਾਂ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਰਹਿਣ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ।


-ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ, ਫਿਰੋਜ਼ਪੁਰ।

03-01-2020

 ਸਮੇਂ ਦੀ ਲੋੜ ਹੈ ਸਾਦੇ ਸਮਾਗਮ
ਅੱਜ ਅਸੀਂ ਵੇਖਦੇ ਹਾਂ ਕਿ ਲੋਕ ਸਮਾਗਮਾਂ 'ਤੇ ਆਪਣੀ ਸਮਰੱਥਾ ਤੋਂ ਵਧ ਕੇ ਬੇਲੋੜਾ ਖ਼ਰਚ ਕਰਦੇ ਹਨ। ਇਹ ਖ਼ਰਚ ਬੱਚਿਆਂ ਦੇ ਜਨਮ ਦਿਨ, ਵਿਆਹਾਂ ਤੇ ਸ਼ੋਕ ਸਮਾਗਮਾਂ 'ਤੇ ਕੀਤੇ ਜਾਂਦੇ ਹਨ। ਗ਼ਰੀਬ ਆਦਮੀ ਵੀ ਅਮੀਰਾਂ ਵੱਲ ਵੇਖ, ਉਨ੍ਹਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਚਾਦਰ ਤੋਂ ਵਧ ਕੇ ਪੈਰ ਪਸਾਰ ਲੈਂਦਾ ਹੈ। ਇਸ ਤਰ੍ਹਾਂ ਕਈ ਵਾਰ ਕਰਜ਼ੇ ਦੇ ਬੋਝ ਥੱਲੇ ਆ ਕੇ ਉਹ ਖ਼ੁਦਕੁਸ਼ੀ ਦੇ ਰਾਹ ਵੀ ਤੁਰ ਜਾਂਦਾ ਹੈ। ਦੂਸਰਾ ਵੱਡੇ-ਵੱਡੇ ਸਮਾਗਮਾਂ 'ਤੇ ਅਸੀਂ ਵੇਖਦੇ ਹਾਂ ਕਿ ਖਾਣਾ ਬਹੁਤ ਮਾਤਰਾ ਵਿਚ ਖ਼ਰਾਬ ਹੋ ਜਾਂਦਾ ਹੈ ਅਤੇ ਪਲਾਸਟਿਕ ਪੇਪਰ ਵਿਚ ਪਏ ਖਾਣੇ ਕਾਰਨ ਕਚਰਾ ਵੀ ਪੈਦਾ ਹੁੰਦਾ ਹੈ, ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਜੇਕਰ ਇਹ ਖਾਣਾ ਗ਼ਰੀਬਾਂ ਲਈ ਵਰਤਿਆ ਜਾਵੇ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਜਿਸ ਤਰ੍ਹਾਂ ਲੋਕ ਅੱਜ ਮੰਦਹਾਲੀ ਵਿਚ ਗੁਜ਼ਰ ਰਹੇ ਹਨ, ਤਾਂ ਸਮਾਂ ਮੰਗ ਕਰਦਾ ਹੈ ਕਿ ਉਹ ਸਾਦੇ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਅਤੇ ਆਪਣੀ ਹੱਡ ਭੰਨਵੀਂ ਮਿਹਨਤ ਦੁਆਰਾ ਕੀਤੀ ਕਮਾਈ ਨੂੰ ਖੋਰਾ ਲੱਗਣ ਤੋਂ ਬਚਾਉਣ। ਅੱਜ ਅਸੀਂ ਵੇਖਿਆ ਹੈ ਕਿ ਕਈ ਅਮੀਰ ਲੋਕ ਵੀ ਸਾਦੇ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹ ਸਮਾਜ ਲਈ ਇਕ ਚੰਗਾ ਸੰਦੇਸ਼ ਹੈ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਮੁਫ਼ਤ ਸਹੂਲਤਾਂ ਦੀ ਥਾਂ ਰੁਜ਼ਗਾਰ ਹੋਵੇ
ਚੀਨ ਦੀ ਇਕ ਕਹਾਵਤ ਹੈ ਕਿ ਬੱਚੇ ਨੂੰ ਮੱਛੀ ਨਾ ਦਿਓ ਬਲਕਿ ਉਸ ਨੂੰ ਮੱਛੀ ਫੜ੍ਹਨ ਦੀ ਜਾਚ ਸਿਖਾ ਦਿਓ ਤਾਂ ਕਿ ਉਹ ਸਾਰੀ ਉਮਰ ਇਸ ਕਾਬਲੀਅਤ ਦੀ ਬਦੌਲਤ ਆਪਣੇ ਜੀਵਨ ਵਿਚ ਕਿਸੇ ਦਾ ਮੁਹਤਾਜ਼ ਨਾ ਬਣੇ। ਇਹ ਅਖਾਣ ਸਾਡੇ ਦੇਸ਼ ਵਿਚ ਕੋਈ ਮਾਅਨੇ ਨਹੀਂ ਰੱਖਦਾ। ਇੱਥੇ ਹਰ ਛੋਟਾ ਵੱਡਾ ਦੂਜੇ ਦੇ ਹੱਥਾਂ ਵੱਲ ਝਾਕ ਰਿਹਾ ਹੈ। ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਸਮੇਂ ਨੌਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਦਾ ਐਲਾਨ ਕੀਤਾ ਜਾਂਦਾ ਹੈ। ਕਿਉਂ ਅਜਿਹੇ ਰੁਜ਼ਗਾਰ ਦਾ ਐਲਾਨ ਨਹੀਂ ਕੀਤਾ ਜਾਂਦਾ ਜਿਸ ਨਾਲ ਹਰ ਇਨਸਾਨ ਸਬੰਧਿਤ ਸਹੂਲਤਾਂ ਪ੍ਰਾਪਤ ਕਰਨ ਦੇ ਯੋਗ ਹੋ ਜਾਵੇ। ਜੇਕਰ ਅਜਿਹਾ ਹੋ ਜਾਵੇ ਤਾ ਸਾਡੇ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਾਡੇ ਬਹੁਤੇ ਨੌਜਵਾਨਾਂ ਨੂੰ 'ਮੱਛੀ ਫੜਨ' ਦੀ ਕਲਾ ਤਾਂ ਇਕ ਪਾਸੇ ਬਲਕਿ ਉਹ ਆਪਣੇ ਜੀਵਨ ਦੇ ਟੀਚੇ ਬਾਰੇ ਹੀ ਸਪੱਸ਼ਟ ਨਹੀਂ ਹੁੰਦੇ। ਉਹ ਆਪਣੀ ਹੀ ਪ੍ਰਤਿਭਾ ਤੋਂ ਅਣਜਾਣ ਰਹਿੰਦੇ ਹਨ ਜਾਂ ਦੂਸਰਿਆਂ ਵੱਲ ਵੇਖਦਿਆਂ ਆਪਣੀ ਪ੍ਰਤਿਭਾ ਨੂੰ ਗੁਆ ਬੈਠਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ਵੀ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਇਸ ਕਾਰਨ ਤਾਂ ਕਈ ਨੌਜਵਾਨ ਸਾਰੀ ਜ਼ਿੰਦਗੀ ਆਪਣੀ ਮੁਹਾਰਤ ਦੇ ਚੌਰਸ ਕਿੱਲੇ ਨੂੰ ਮਜਬੂਰੀ ਦੇ ਗੋਲ ਸੁਰਾਖ਼ਾਂ ਵਿਚ ਫਿੱਟ ਕਰੀ ਜਾਂਦੇ ਹਨ ਜਿਸ ਨਾਲ ਨਾ ਤਾਂ ਨੌਜਵਾਨਾਂ ਨੂੰ ਸਕੂਨ ਮਿਲਦਾ ਹੈ ਤਾਂ ਨਾ ਹੀ ਕੋਈ ਉਸਾਰੂ ਪ੍ਰਾਪਤੀ ਹੁੰਦੀ ਹੈ। ਬੱਚੇ ਦੇ ਰੁਜ਼ਗਾਰ ਸਬੰਧੀ ਟੀਚਾ ਪੜ੍ਹਾਈ ਦੇ ਮੁਢਲੇ ਦਿਨਾਂ ਵਿਚ ਹੀ ਨਿਰਧਾਰਤ ਹੋ ਜਾਣਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਪੰਜਾਬ ਦੀ ਦੁਰਦਸ਼ਾ
ਹਰਪ੍ਰੀਤ ਕੌਰ ਦੀ ਰਚਨਾ 'ਕਿੱਥੇ ਗਵਾਚ ਗਿਆ ਮੇਰਾ ਰੰਗਲਾ ਪੰਜਾਬ' ਪੜ੍ਹੀ, ਜਿਸ ਵਿਚ ਲੇਖਿਕਾ ਨੇ ਪੁਰਾਤਨ ਪੰਜਾਬ ਅਤੇ ਵਰਤਮਾਨ ਪੰਜਾਬ ਦਾ ਵਿਵਰਨ ਕਰਕੇ ਵਿਸਥਾਰ ਪੂਰਵਕ ਮੁਕਾਬਲਾ ਕਰਕੇ ਬਿਆਨ ਕੀਤਾ ਹੈ ਤੇ ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦਾ ਰੁਝਾਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨੌਜਵਾਨਾਂ ਦਾ ਵਿਦੇਸ਼ 'ਚ ਪ੍ਰਵਾਸ ਬਾਰੇ ਚਿੰਤਾ ਜਤਾਈ ਹੈ। ਕਾਬਲੇ ਤਾਰੀਫ਼ ਹੈ। ਪਹਿਲਾਂ ਪੰਜਾਬ ਵਿਚ ਦਰੀਆਂ ਬੁਣਨਾ ਔਰਤਾਂ ਦਾ ਸ਼ੌਕ ਹੁੰਦਾ ਸੀ। ਫੁਲਕਾਰੀਆਂ ਕੱਢਣਾ, ਖੇਸ ਬੁਣਨੇ, ਪੱਖੀਆਂ ਬਣਾਉਣਾ, ਚਰਖੇ ਕੱਤਣੇ, ਜੀਵਨ ਦਾ ਅਹਿਮ ਕੰਮ ਹੁੰਦਾ ਸੀ। ਕੁੜੀਆਂ ਪੜ੍ਹਾਈ ਦੀ ਜਗ੍ਹਾ ਸਿਲਾਈ, ਕਢਾਈ, ਕਤਾਈ 'ਤੇ ਜ਼ੋਰ ਦਿੰਦੀਆਂ ਸਨ। ਮਿੱਟੀ ਦੇ ਭਾਂਡੇ, ਲੱਕੜ ਦੇ ਖਿਡਾਉਣੇ ਬਣਾਏ ਜਾਂਦੇ ਸਨ। ਧਾਤੂ ਕਲਾ, ਚਿੱਤਰਕਾਰੀ ਦਾ ਬੋਲਬਾਲਾ ਸੀ। ਪੁਰਾਣੇ ਸਾਜ਼, ਧੁੰਨਾਂ ਜੋ ਅੱਜਕਲ੍ਹ ਪੰਜਾਬ ਵਿਚੋਂ ਅਲੋਪ ਹੋ ਗਿਆ ਹੈ, ਦੁੱਧ, ਘਿਉ, ਮੱਖਣ ਕਾੜ੍ਹਨੇ ਦੀ ਮਲਾਈ ਚਾਟੀ ਦੀ ਲੱਸੀ, ਹਰੀਆਂ ਤਾਜ਼ੀਆਂ ਪੋਸ਼ਟਕ ਸਬਜ਼ੀਆਂ ਦੀ ਥਾਂ ਚਾਈਨੀ ਫੂਡ ਨੇ ਲੈ ਲਈ ਹੈ। ਹੁਣ ਦੇ ਪੰਜਾਬ ਵਿਚ ਬੇਰੁਜ਼ਗਾਰੀ ਕਾਰਨ ਲੋਕ ਨਸ਼ਿਆਂ ਦੇ ਆਦੀ ਹੋ ਗਏ ਹਨ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਭਰੂਣ ਹੱਤਿਆ ਵਿਚ ਵਾਧਾ ਹੋਇਆ ਹੈ। ਇਸ ਸਬੰਧ ਵਿਚ ਬੁੱਧੀਜੀਵੀਆਂ, ਸਮਾਜਿਕ ਜਥੇਬੰਦੀਆਂ, ਖ਼ੁਦ ਲੋਕਾਂ ਨੂੰ ਅੱਗੇ ਆ ਕੇ ਪੰਜਾਬ ਬਾਰੇ ਸੋਚਣ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਮਾਲਵੇ ਵਿਚ ਏਮਜ਼ ਦੀ ਸ਼ੁਰੂਆਤ
ਖੇਤਰ ਦੇ ਬਠਿੰਡਾ ਜ਼ਿਲ੍ਹੇ ਵਿਚ ਵਿਸ਼ਾਲ ਸਿਹਤ ਕੇਂਦਰ ਏਮਜ਼ ਹਸਪਤਾਲ ਕੇਂਦਰ ਸਰਾਕਰ ਨੇ ਖੋਲ੍ਹ ਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਹਸਪਤਾਲ ਖੁੱਲ੍ਹਣ ਤੋਂ ਪਹਿਲਾਂ ਲੋਕ ਜ਼ਿਆਦਾਤਰ ਰਾਜਸਥਾਨ ਦੇ ਗੰਗਾਨਗਰ ਵਿਚ ਕੈਂਸਰ ਦੇ ਹਸਪਤਾਲ ਵਿਚ ਜਾਂਦੇ ਹਨ। ਇਥੋਂ ਤੱਕ ਕਿ ਜਿਹੜੀ ਟ੍ਰੇਨ ਬਠਿੰਡਾ ਤੋਂ ਚਲਦੀ ਹੈ, ਲੋਕਾਂ ਨੇ ਉਸ ਟ੍ਰੇਨ ਦਾ ਨਾਂਅ ਵੀ ਕੈਂਸਰ ਟ੍ਰੇਨ ਹੀ ਰੱਖ ਦਿੱਤਾ ਸੀ। ਮਾਲਵੇ ਦੇ ਦੂਰ-ਦੂਰਾਡੇ ਇਲਾਕਿਆਂ ਵਿਚ ਜਿਥੇ ਹੋਰ ਸਾਫ਼ ਪਾਣੀ ਦੀਆਂ ਸਹੂਲਤਾਂ ਨਹੀਂ ਹਨ, ਫਿਰ ਮਜਬੂਰਨ ਲੋਕਾਂ ਨੂੰ ਨਹਿਰਾਂ ਦਾ ਪਾਣੀ ਵਰਤਣਾ ਪੈ ਰਿਹਾ ਹੈ, ਜਿਸ ਕਰਕੇ ਸਭ ਤੋਂ ਜ਼ਿਆਦਾ ਕੈਂਸਰ ਦਾ ਰੋਗ ਵੀ ਮਾਲਵੇ ਦੇ ਲੋਕਾਂ ਨੂੰ ਹੋ ਰਿਹਾ ਹੈ। ਹੁਣ ਜਿਵੇਂ ਦੱਸਿਆ ਗਿਆ ਹੈ ਕਿ ਇਕ ਦਿਨ ਵਿਚ ਇਕ ਹਜ਼ਾਰ ਮਰੀਜ਼ ਆਪਣਾ ਚੈੱਕ ਅੱਪ ਕਰਵਾ ਸਕਣਗੇ ਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਸਮਰੱਥਾ ਪੰਜ ਹਜ਼ਾਰ ਮਰੀਜ਼ ਚੈੱਕ ਕਰਵਾਉਣ ਦੀ ਹੋ ਜਾਵੇਗੀ। ਜੇਕਰ ਇਹ ਅੰਕੜੇ ਸਹੀ ਹਨ ਤਾਂ ਹੋ ਸਕਦਾ ਹੈ ਕਿ ਬਹੁਤ ਮਰੀਜ਼ ਇਥੋਂ ਆਪਣਾ ਇਲਾਜ ਕਰਵਾ ਸਕਣਗੇ। ਪਰ ਇਹ ਨਾ ਹੋਵੇ ਕਿ ਰਾਜਸਥਾਨ ਦੇ ਡਾਕਟਰਾਂ ਵਾਂਗ ਓ.ਪੀ.ਡੀ. ਵਿਚ ਘੱਟ ਤੇ ਘਰਾਂ ਵਿਚ ਬਣਾਏ ਕਲੀਨਿਕਾਂ ਵਿਚ ਜ਼ਿਆਦਾ ਮਰੀਜ਼ ਚੈੱਕ ਹੋਣੇ ਸ਼ੁਰੂ ਹੋ ਜਾਣ। ਬਿਲਡਿੰਗਾਂ ਭਾਵੇਂ ਘੱਟ ਉਸਰ ਜਾਣ, ਮਸ਼ੀਨਾਂ ਵੀ ਘੱਟ ਖਰੀਦਣ ਪਰ ਇਥੇ ਸੇਵਾ ਭਾਵਨਾ ਵਾਲੇ ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਡਾਕ: ਮਮਦੋਟ (ਫਿਰੋਜ਼ਪੁਰ)

02-01-2020

 ਨੌਜਵਾਨ ਵਿਹੂਣਾ ਪੰਜਾਬ
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਫੈਲੇ ਵੱਡੀ ਪੱਧਰ 'ਤੇ ਨਸ਼ਿਆਂ, ਰੁਜ਼ਗਾਰ ਦੀ ਘਾਟ ਅਤੇ ਸਿਸਟਮ ਦੀ ਖ਼ਰਾਬੀ ਤੋਂ ਅੱਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ। ਮਾਪੇ ਆਪਣੇ ਲੜਕੇ ਜਾਂ ਲੜਕੀ ਨੂੰ 12ਵੀਂ ਕਰਾਉਣ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਦੇ ਬਣੇ ਰੁਝਾਨ ਕਾਰਨ ਜਿਥੇ ਪੰਜਾਬ ਵਿਚ ਅਨੇਕਾਂ ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਬਾਝੋਂ ਉੱਲੂ ਬੋਲਦੇ ਨਜ਼ਰ ਆ ਰਹੇ ਹਨ, ਉਥੇ ਪੰਜਾਬ ਵਿਚ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਕੱਲੇ-ਇਕੱਲੇ ਬੱਚਿਆਂ ਦੇ ਬਾਹਰ ਜਾਣ ਕਾਰਨ ਇਥੇ ਬੁੱਢੇ ਮਾਪੇ ਆਪਣੇ ਬੱਚਿਆਂ ਦੇ ਵਿਛੋੜੇ ਦਾ ਸੰਤਾਪ ਹੰਢਾਅ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਸਮਾਂ ਰਹਿੰਦੇ ਪੰਜਾਬ ਅੰਦਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਇਹ ਪੰਜਾਬ ਨੌਜਵਾਨ ਵਿਹੂਣਾ ਪੰਜਾਬ ਹੀ ਬਣ ਕੇ ਰਹਿ ਜਾਵੇਗਾ।


-ਰਾਜਾ ਗਿੱਲ ਚੜਿੱਕ
ਚੜਿੱਕ (ਮੋਗਾ)।


ਮਹਿੰਗਾਈ ਦੀ ਮਾਰ
ਅੱਜ ਲੱਕ ਤੋੜਵੀਂ ਮਹਿੰਗਾਈ ਨੇ ਸਭ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਪਰ ਸਾਡੀ ਸਰਕਾਰ ਤਾਂ ਇੰਜ ਗੂੜ੍ਹੀ ਨੀਂਦੇ ਸੁੱਤੀ ਹੋਈ ਹੈ ਜਿਵੇਂ ਇਹ ਸਭ ਕੁਝ ਆਪਣੇ ਦੇਸ਼ ਵਿਚ ਨਹੀਂ ਕਿਤੇ ਹੋਰ ਵਾਪਰ ਰਿਹਾ ਹੋਵੇ। ਕੀ ਕਰੇ ਕੋਈ ਅੱਗੇ ਤਾਂ ਲੋਕ ਕਹਿ ਦਿੰਦੇ ਸਨ ਜੇਕਰ ਦਾਲ, ਸਬਜ਼ੀ ਨਹੀਂ ਤਾਂ ਕੂੰਡਾ, ਘੋਟਾ ਚੁੱਕੋ, ਗੰਢਾ ਕੁੱਟ ਲਵੋ ਚਟਨੀ ਨਾਲ ਗੁਜ਼ਾਰਾ ਕਰ ਲੈਨੇ ਆ ਪਰ ਅੱਜ ਦੇ ਸਮੇਂ ਵਿਚ ਤਾਂ ਕੋਈ ਅਮੀਰਜ਼ਾਦਾ ਹੀ ਚਟਨੀ ਖਾ ਸਕਦਾ ਹੈ ਕਿਉਂਕਿ ਪਿਆਜ਼ ਤਾਂ ਅਮੀਰਾਂ ਦੀ ਰਸੋਈ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਮੱਧ ਵਰਗੀ ਅਤੇ ਗ਼ਰੀਬ ਲੋਕ ਕਿੱਧਰ ਜਾਣ? ਕਿਵੇਂ ਗੁਜ਼ਾਰਾ ਕਰਨ? ਭੁੱਖੇ ਰੱਖਣ ਆਪਣੇ ਬੱਚਿਆਂ ਨੂੰ, ਕਿਉਂ ਫ਼ਿਕਰ ਨਹੀਂ ਹੈ ਆਪਣੇ ਦੇਸ਼ ਦੇ ਲੋਕਾਂ ਦਾ ਸਾਡੀ ਸਰਕਾਰ ਨੂੰ? ਇਕ ਤਾਂ ਕੜਾਕੇ ਦੀ ਠੰਢ ਨੇ ਜ਼ੋਰ ਫੜ ਲਿਆ ਹੈ ਤੇ ਉੱਤੋਂ ਮਹਿੰਗਾਈ ਦਾ ਕਹਿਰ। ਸਰਕਾਰ ਨੂੰ ਇਸ ਸਮੱਸਿਆ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।


-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।


ਅੰਧ-ਵਿਸ਼ਵਾਸ ਦੇ ਅਦਿੱਖ ਸੰਗਲ
ਪਿਛਲੇ ਦਿਨੀਂ 'ਅਜੀਤ' 'ਚ ਗੁਰਚਰਨ ਸਿੰਘ ਨੂਰਪੁਰ ਹੁਰਾਂ ਦਾ ਵਿਗਿਆਨਕ ਸੋਚ ਬਾਰੇ ਲੇਖ ਪੜ੍ਹਿਆ। ਨੂਰਪੁਰ ਹੁਰੀਂ ਅੱਗੇ ਵੀ ਸਮਾਜਿਕ ਚੇਤਨਾ ਅਤੇ ਸਮਾਜਿਕ ਸਮੱਸਿਆਵਾਂ ਬਾਰੇ ਕੀਮਤੀ ਵਿਚਾਰ ਆਪਣੇ ਲੇਖਾਂ ਰਾਹੀਂ 'ਅਜੀਤ' ਦੇ ਪਾਠਕਾਂ ਨੂੰ ਦਿੰਦੇ ਰਹਿੰਦੇ ਹਨ। ਅੱਜ ਬਹੁਤੇ ਭਾਰਤੀਆਂ ਦੀ ਸੋਚ ਵਿਗਿਆਨਕ ਲੀਹਾਂ ਤੋਂ ਲਹਿ ਰਹੀ ਹੈ। ਵਿਗਿਆਨਕ ਸੋਚ ਹੀ ਸਮਾਜ ਦੀ ਤਰੱਕੀ ਦਾ ਰਾਹ ਹੈ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਦੇਸ਼ ਦੇ ਨੇਤਾ ਪੁਲਾੜ ਵਿਚ ਵਾਹਨ ਭੇਜਣ ਲੱਗਿਆਂ ਜਾਂ ਵਿਗਿਆਨਕ ਕਾਰਜਾਂ ਦੀ ਸ਼ੁਰੂਆਤ ਨਾਰੀਅਲ ਭੰਨਣ ਜਾਂ ਮੰਤਰ ਉਚਾਰਣ ਨਾਲ ਕਰਦੇ ਹਨ। ਖੋਖਲੇ ਉਪਦੇਸ਼ ਸਾਡੀ ਮਾਨਸਿਕਤਾ ਨੂੰ ਜੰਦਰੇ ਮਾਰ ਰਹੇ ਹਨ। ਅੱਜ ਫਿਰ ਗਲੈਲੀਓ ਵਰਗਾ ਵਿਗਿਆਨੀ ਇਕੱਲਾ ਪੈ ਰਿਹਾ ਹੈ। ਰਾਜਸੀ ਧਾਰਮਿਕ ਜਮਾਤਾਂ ਸਮਾਜ ਨੂੰ ਹਨੇਰੇ ਵਿਚ ਰੱਖਣਾ ਚਾਹੁੰਦੀਆਂ ਹਨ। ਉਹ ਲੋਕ ਨਹੀਂ ਚਾਹੁੰਦੇ ਕਿ ਲੋਕਾਂ ਵਿਚ ਜਾਗ੍ਰਿਤੀ ਪੈਦਾ ਹੋਵੇ। ਅਖੌਤੀ ਧਾਰਮਿਕ ਡੇਰੇ ਵੀ ਰਾਜਨੀਤੀਵਾਨਾਂ ਦੀ ਛਤਰ-ਛਾਇਆ ਹੇਠ ਹੋਰ ਵਧ ਫੁੱਲ ਰਹੇ ਹਨ। ਅੱਜ ਵੀ ਨੌਜਵਾਨ ਪੀੜ੍ਹੀ ਨੂੰ ਰੂੜ੍ਹੀਵਾਦੀ ਵਿਚਾਰਾਂ ਅਤੇ ਲੁਟੇਰੀਆਂ ਜਮਾਤਾਂ ਤੋਂ ਬਚਾਉਣ ਦੀ ਲੋੜ ਹੈ। ਸਮਾਜ ਵਿਚੋਂ ਜਾਤਾਂ-ਪਾਤਾਂ ਅਤੇ ਫ਼ਿਰਕਿਆਂ ਦੇ ਭੇਦਭਾਵਾਂ ਨੂੰ ਮਿਟਾਉਣ ਦੀ ਲੋੜ ਹੈ। ਰਾਜਸੀ ਲਾਹਾ ਲੈਣ ਵਾਲਿਆਂ ਤੋਂ ਬਚਣਾ ਪਵੇਗਾ, ਜ਼ਿੰਦਗੀ ਦਾ ਮੂੰਹ-ਮੁਹਾਂਦਰਾ ਵੀ ਤਾਂ ਹੀ ਬਦਲਣਾ ਹੈ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਚੰਗੇ ਉਪਰਾਲੇ ਦੀ ਲੋੜ
ਅੱਜਕਲ੍ਹ ਸਾਡੇ ਸਮਾਜ ਵਿਚ ਨਸ਼ਾ ਹਵਾ ਵਾਂਗ ਫੈਲ ਰਿਹਾ ਹੈ, ਖ਼ਾਸ ਤੌਰ 'ਤੇ ਨੌਜਵਾਨਾਂ ਵਾਸਤੇ। ਨਸ਼ਾ ਵਸੇ-ਵਸਾਏ ਘਰ ਉਜਾੜ ਕੇ ਰੱਖ ਦਿੰਦਾ ਹੈ। ਕੀ ਸਾਡਾ ਦੇਸ਼ ਤਰੱਕੀ ਵੱਲ ਜਾ ਰਿਹਾ ਹੈ? ਕਿੱਲੋ-ਕਿੱਲੋ ਹੈਰੋਈਨ ਤੇ ਸ਼ਰਾਬ ਬਰਾਮਦ ਕੀਤੀ ਗਈ ਹੈ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੇ ਦੇਸ਼ ਵਿਚ ਨੌਕਰੀਆਂ ਦੀ ਬਹੁਤ ਹੀ ਕਮੀ ਹੈ। ਵਿਦਿਆਰਥੀ ਵੀ ਇਸ ਕਾਰਨ ਆਪਣੇ ਨਿਸ਼ਾਨੇ 'ਤੇ ਨਹੀਂ ਪਹੁੰਚ ਸਕਦੇ ਤੇ ਹਿੰਮਤ ਹਾਰ ਜਾਂਦੇ ਹਨ ਤਾਂ ਉਹ ਵੀ ਦੁਖੀ ਹੋ ਕੇ ਗ਼ਲਤ ਰਸਤੇ ਤੁਰ ਪੈਂਦੇ ਹਨ। ਸਭ ਤੋਂ ਪਹਿਲਾਂ ਜੋ ਵਿਦਿਆਰਥੀ ਸਕੂਲਾਂ ਜਾਂ ਕਾਲਜਾਂ ਵਿਚ ਪੜ੍ਹਦੇ ਹਨ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਓ ਤੇ ਸੁਚੇਤ ਕਰਾਓ। ਜਿਹੜੀਆਂ ਕੰਪਨੀਆਂ ਦੁਆਰਾ ਨਸ਼ਿਆਂ ਦੀ ਸਪਲਾਈ ਹੁੰਦੀ ਹੈ, ਉਨ੍ਹਾਂ ਨੂੰ ਬੰਦ ਜਾਂ ਸੀਲ ਕੀਤਾ ਜਾਵੇ। ਸਮੱਗਲਰਾਂ ਨੂੰ ਉਮਰ ਭਰ ਦੀ ਸਜ਼ਾ ਜਾਂ ਜੇਲ੍ਹ ਹੋਣੀ ਚਾਹੀਦੀ ਹੈ।


-ਰਾਜਬੀਰ ਕੌਰ, ਪਿੰਡ ਢਡਿਆਲਾ ਨੱਤ, ਬਟਾਲਾ।


ਸੋਸ਼ਲ ਮੀਡੀਆ ਦੀ ਦੁਰਵਰਤੋਂ
ਆਪਣੇ ਜੀਵਨ ਨੂੰ ਸੁੱਖ ਭਰਪੂਰ ਬਣਾਉਣ ਲਈ ਮਨੁੱਖ ਨੇ ਬਹੁਤ ਸਾਰੀਆਂ ਕਾਢਾਂ ਕੱਢੀਆਂ ਹਨ। ਇਸ ਦਿਸ਼ਾ ਵਿਚ ਹੀ ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪ, ਮੋਬਾਈਲ, ਫੇਸਬੁੱਕ, ਟਵਿੱਟਰ, ਯੂ-ਟਿਊਬ, ਵੱਟਸਐਪ ਆਦਿ ਵਿਕਸਿਤ ਹੋਏ ਹਨ। ਜਿੱਥੇ ਸੋਸ਼ਲ ਮੀਡੀਆ ਦੇ ਅਨੇਕਾਂ ਲਾਭ ਹਨ, ਉਥੇ ਹੀ ਅਨੇਕਾਂ ਹੀ ਅਪਰਾਧ, ਗੁੰਝਲਦਾਰ ਅਤੇ ਕਈ ਵਾਰ ਤਣਾਅ ਭਰਪੂਰ ਸਥਿਤੀਆਂ ਵੀ ਪੈਦਾ ਹੋ ਰਹੀਆਂ। ਕਈ ਵਾਰ ਅਫ਼ਵਾਹਾਂ ਤੇ ਫ਼ਿਰਕੂ ਨਫ਼ਤਰ ਵੀ ਫੈਲਾਈ ਜਾਂਦੀ ਹੈ। ਬੱਚੇ ਅਤੇ ਨੌਜਵਾਨ ਖੇਡਾਂ ਤੋਂ ਦੂਰ ਹੋ ਰਹੇ ਹਨ, ਉਥੇ ਪੜ੍ਹਾਈ ਦਾ ਸਮਾਂ ਵੀ ਖ਼ਰਾਬ ਕਰ ਰਹੇ ਹਨ। ਅਜਿਹੀ ਸਥਿਤੀ ਨੂੰ ਭਵਿੱਖ ਦੇ ਸੱਭਿਆਚਾਰ ਲਈ ਸਿਹਤਮੰਦ ਨਹੀਂ ਕਿਹਾ ਜਾ ਸਕਦਾ। ਸਾਡੀ ਸਰਕਾਰ ਅਤੇ ਬੁੱਧੀਜੀਵੀ ਵਰਗ ਨੂੰ ਸੁਚੇਤ ਹੋ ਕੇ ਸੋਸ਼ਲ ਮੀਡੀਆ ਦੀ ਦੁਰਵਤਰੋਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।


-ਸਿਮਰਨਪ੍ਰੀਤ ਕੌਰ (ਅੰਮ੍ਰਿਤਸਰ)।


ਵਿਆਹਾਂ ਵਿਚ ਕੈਟਰਿੰਗ
ਅੱਜਕਲ੍ਹ ਵਿਆਹਾਂ ਵਿਚਲੀ ਖੇਚਲ ਘੱਟ ਕਰਨ ਲਈ ਕੈਟਰਿੰਗ ਕਰ ਲਈ ਜਾਂਦੀ ਹੈ। ਸਾਧਾਰਨ ਤਬਕੇ ਦੇ ਵਿਆਹਾਂ ਵਿਚ ਲਗਪਗ ਇਕ ਹਜ਼ਾਰ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਪਲੇਟ ਲੜਕੀ ਵਾਲਿਆਂ ਤੋਂ ਪੈਸੇ ਲਏ ਜਾਂਦੇ ਹਨ। ਆਮ ਤੌਰ 'ਤੇ ਲੜਕੇ ਵਾਲਿਆਂ ਦੀ ਮੰਗ ਹੁੰਦੀ ਹੈ ਕਿ ਲੈਣਾ-ਦੇਣਾ ਕੁਝ ਨਹੀਂ, ਬਰਾਤ ਦੀ ਸੇਵਾ ਪੂਰੀ ਹੋਣੀ ਚਾਹੀਦੀ ਹੈ ਅਤੇ ਅਸੀਂ ਬਰਾਤ ਵੀ ਘੱਟ ਲੈ ਕੇ ਆਵਾਂਗੇ। ਜਦ ਵਿਆਹ ਖ਼ਤਮ ਹੋ ਜਾਂਦਾ ਹੈ ਤਾਂ ਇਸ ਕੈਟਰਿੰਗ ਦਾ ਖ਼ਰਚਾ ਲੱਖਾਂ ਵਿਚ ਬਣਿਆ ਹੁੰਦਾ ਹੈ, ਜਿਸ ਦਾ ਕਾਰਨ ਵਰਤੀਆਂ ਗਈਆਂ ਪਲੇਟਾਂ ਦੀ ਗਿਣਤੀ ਅਸੀਂ ਰਿਸ਼ਤੇਦਾਰਾਂ ਅਨੁਸਾਰ ਤਾਂ ਲਗਾ ਲੈਂਦੇ ਹਾਂ ਪਰ ਜਿਹੜੇ ਹਲਵਾਈ, ਬਹਿਰੇ, ਬੈਂਡ ਬਾਜੇ ਵਾਲੇ, ਡੀ.ਜੇ. ਵਾਲੇ, ਡੈਕੋਰੇਸ਼ਨ ਵਾਲੇ ਆਦਿ ਸੌ ਜਾਂ ਸੌ ਤੋਂ ਵੱਧ ਬੰਦੇ ਬਣ ਜਾਂਦੇ ਹਨ, ਉਨ੍ਹਾਂ ਨੂੰ ਅਸੀਂ ਗਿਣਦੇ ਹੀ ਨਹੀਂ। ਸੋ, ਸਾਨੂੰ ਆਪਣੇ ਘਰਾਂ ਵਿਚ ਸਾਦੇ ਵਿਆਹ ਕਰਨੇ ਚਾਹੀਦੇ ਹਨ। ਇਹ ਪੈਸੇ ਦੋਵਾਂ ਪਰਿਵਾਰਾਂ ਨੂੰ ਤੋਹਫ਼ੇ ਵਜੋਂ ਵਿਆਹ ਵਾਲੇ ਜੋੜੇ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਆਹੁਤਾ ਜੋੜਾ ਇਕ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਕਰ ਸਕੇਗਾ ਅਤੇ ਅਸੀਂ ਮੁਫ਼ਤ ਦੇ ਤਣਾਅ ਅਤੇ ਕਰਜ਼ੇ ਤੋਂ ਬਚ ਸਕਾਂਗੇ।


-ਗੁਰਿੰਦਰਜੀਤ ਸਿੰਘ ਕਲੇਰ, ਗੁਰਦਾਸਪੁਰ।

01-01-2020

 ਧਿਆਨ ਰੱਖਣ ਵਾਲੀ ਗੱਲ
ਅੱਜਕਲ੍ਹ ਅਸੀਂ ਦੇਖ ਰਹੇ ਹਾਂ ਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਹਨ। ਸੜਕਾਂ 'ਤੇ ਸੰਗਤਾਂ ਵਲੋਂ ਲੰਗਰ ਲਗਾਏ ਜਾ ਰਹੇ ਹਨ। ਕਾਰਾਂ, ਸਕੂਲਾਂ ਤੇ ਹੋਰ ਰਾਹ ਜਾਂਦੇ ਬੰਦੇ ਚਾਹ, ਹੋਰ ਤਰ੍ਹਾਂ ਦੇ ਲੰਗਰ ਛਕਦੇ ਹਨ। ਵਰਤਾਉਣ ਵਾਲੇ ਅਖ਼ਬਾਰਾਂ ਜਾਂ ਡਿਸਪੋਜ਼ਲ ਪਲੇਟ ਪ੍ਰਯੋਗ ਕਰਦੇ ਹਨ। ਜੋ ਲੰਗਰ ਇੰਚਾਰਜ ਹੁੰਦੇ ਹਨ, ਉਨ੍ਹਾਂ ਨੂੰ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਸਾਰੀ ਜ਼ਿੰਮੇਵਾਰੀ ਕਮੇਟੀ ਦੀ ਬਣਦੀ ਹੈ ਕਿ ਲੰਗਰ ਬਣਾਉਣ ਵਾਲੀ ਟੀਮ ਸਾਫ਼-ਸੁਥਰੀ ਹੋਵੇ ਕਿਉਂਕਿ ਅੱਜਕਲ੍ਹ ਬਿਮਾਰੀਆਂ ਬਹੁਤ ਹਨ। ਦੂਜਾ ਰਾਹਗੀਰ ਚਾਹ, ਪਕੌੜੇ ਜਾਂ ਲੰਗਰ ਖਾ ਕੇ ਡਿਸਪੋਜ਼ਲ ਸੜਕ ਦੇ ਕੰਢੇ ਸੁੱਟ ਦਿੰਦੇ ਹਨ। ਉਹ ਫਿਰ ਇਧਰ ਉਧਰ ਉੱਡਦੇ ਰਹਿੰਦੇ ਹਨ। ਪ੍ਰਬੰਧਕਾਂ ਨੂੰ 4 ਜਾਂ 5 ਬੰਦੇ ਅਜਿਹੇ ਰੱਖਣੇ ਚਾਹੀਦੇ, ਜੋ ਸਫ਼ਾਈ ਦਾ ਧਿਆਨ ਰੱਖਣ। ਜੂਠੀਆਂ ਪਲੇਟਾਂ ਤੇ ਗਿਲਾਸ, ਗੰਦੀਆਂ ਅਖ਼ਬਾਰਾਂ ਇਕ ਡਰੰਮ ਵਿਚ ਰੱਖਣ ਜਾਂ ਕੋਈ ਟਰਾਲੀ ਦਾ ਬੰਦੋਬਸਤ ਕਰਨ। ਉਂਜ ਤਾਂ ਡਿਸਪੋਜ਼ਲ ਪਲੇਟਾਂ ਪ੍ਰਯੋਗ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਇਸ ਦੇ ਮਾਰੂ ਪ੍ਰਭਾਵ ਹਨ। ਪੱਤਿਆਂ ਵਾਲੀ ਪੱਤਲਾਂ ਜਾਂ ਸਟੀਲ ਗਲਾਸ ਚਾਹ ਲਈ ਪ੍ਰਯੋਗ ਕਰੋ। ਚਾਹ ਪੀਣ ਵਾਲੇ ਤੇ ਲੰਗਰ ਛਕਣ ਵਾਲੇ ਨੂੰ ਵੀ ਅਨੰਦ ਆਏਗਾ ਤੇ ਵਾਤਾਵਰਨ ਵੀ ਸਾਫ਼-ਸੁਥਰਾ ਰਹੇਗਾ।


-ਸੰਜੀਵ ਸਿੰਘ ਸੈਣੀ,
ਦੇਸੂ ਮਾਜਰਾ।


ਬੇਟੀ ਬਚਾਓ, ਬੇਟੀ ਪੜ੍ਹਾਓ
ਭਾਵੇਂ ਸਰਕਾਰ ਵਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਹੋਇਆ, ਪਰ ਜਿਥੇ ਔਰਤਾਂ ਦਾ ਪਿਛਾ ਕਰਨ, ਛੇੜਛਾੜ ਕਰਨ, ਛੂਹਣ ਆਦਿ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ, ਉਥੇ ਹੀ ਰੋਜ਼ਾਨਾ ਔਰਤਾਂ ਨੌਜਵਾਨ ਲੜਕੀਆਂ ਅਤੇ ਬਾਲੜੀਆਂ ਨਾਲ ਜਬਰ ਜਨਾਹ ਤੋਂ ਬਾਅਦ ਜ਼ਿੰਦਾ ਜਲਾਉਣ ਅਤੇ ਹੱਤਿਆਵਾਂ ਕਰ ਦੇਣ ਵਰਗੀਆਂ ਦਿਲ ਕੰਬਾਊ ਤੇ ਸ਼ਰਮਸ਼ਾਰ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਨੂੰ ਵੇਖ ਕੇ ਲਗਦਾ ਹੈ ਕਿ ਦੇਸ਼ ਵਿਚ ਜੰਗਲ ਰਾਜ ਹੋ ਗਿਆ ਹੈ। ਅਜਿਹੇ ਕੁਕਰਮਾਂ ਨੂੰ ਰੋਕਣ ਲਈ ਭਾਵੇਂ ਫਾਸਟ ਟਰੈਕ ਅਦਾਲਤਾਂ ਕਾਇਮ ਕੀਤੀਆਂ ਹੋਈਆਂ ਹਨ। ਜਬਰ ਜਨਾਹ ਦੀ ਦਹਿਸ਼ਤਗਰਦੀ ਨੂੰ ਬੰਦ ਕਰਨ ਲਈ ਦੋਸ਼ੀਆਂ ਨੂੰ ਥੋੜ੍ਹੇ ਸਮੇਂ ਵਿਚ ਹੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਸੰਗੀਨ ਜੁਰਮਾਂ ਦੀ ਜਾਂਚ ਲਈ ਅਨੁਭਵੀ ਅਧਿਕਾਰੀਆਂ ਦੀ ਕਮੇਟੀ ਬਣਾਉਣ ਦੇ ਨਾਲ-ਨਾਲ ਵਿਸ਼ੇਸ਼ ਅਦਾਲਤਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।


ਛੋਟੇ ਸਾਹਿਬਜ਼ਾਦੇ
ਸਰਹਿੰਦ ਵਿਖੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਦੀਆਂ ਬੀਤਣ ਤੋਂ ਬਾਅਦ ਵੀ ਲਗਦਾ ਹੈ ਕਿ ਅਜੇ ਕੱਲ੍ਹ ਦੀ ਗੱਲ ਹੋਵੇ। ਉਹ ਦਿਨ ਯਾਦ ਕਰਕੇ ਰੌਂਗਟੇ ਖੜ੍ਹੇ ਹੋ ਜਾਂਦੇ ਕਿ ਏਨੀ ਕਹਿਰ ਦੀ ਸਰਦੀ ਜਦੋਂ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ। ਗੁਰੂ ਦੇ ਲਾਲਾਂ ਨੇ ਅਨੇਕਾਂ ਤਸੀਹੇ ਝੱਲਦਿਆਂ ਜਾਨ ਦੇ ਦਿੱਤੀ ਪਰ ਸਿਦਕੋਂ ਨਾ ਡੋਲੇ।
ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਪੜ੍ਹੇ-ਲਿਖੇ ਬੱਚੇ ਦਸ ਗੁਰੂਆਂ, ਪੰਜਾਂ ਪਿਆਰਿਆਂ ਤੇ ਸਾਹਿਬਜ਼ਾਦਿਆਂ ਦੇ ਨਾਂਅ ਨਹੀਂ ਦੱਸ ਸਕਦੇ। ਦੁੱਖ ਤੇ ਸੋਚਣ ਦੀ ਗੱਲ ਹੈ। ਕੀ ਕਰਨਾ ਅਜਿਹੀਆਂ ਪੜ੍ਹਾਈਆਂ ਦਾ। ਮਾਂ-ਪਿਉ ਦਾ ਫ਼ਰਜ਼ ਬਣਦਾ ਹੈ ਵਧੀਆ ਪੜ੍ਹਾਈ ਤੇ ਹੋਰ ਸੁੱਖ ਸਹੂਲਤਾਂ ਦੇਣ ਨਾਲ ਜ਼ਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ ਬਲਕਿ ਆਪਣੇ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਦੇ ਨਾਲ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਵੀ ਜਾਣਕਾਰੀ ਦਿੰਦੇ ਰਹੀਏ।


-ਪਰਮ ਪਿਆਰ ਸਿੰਘ, ਨਕੋਦਰ।


ਲਾਸਾਨੀ ਸ਼ਹਾਦਤਾਂ
ਹਰ ਸਾਲ ਦਾ ਦਸੰਬਰ ਮਹੀਨਾ ਸੰਸਾਰ ਵਿਚ ਸ਼ਹਾਦਤਾਂ ਭਰਿਆ ਹੁੰਦਾ ਹੈ, ਵਿਸ਼ੇਸ਼ ਕਰਕੇ ਸਿੱਖ ਸਮਾਜ ਲਈ। ਸਭ ਤੋਂ ਮਹੱਤਵਪੂਰਨ ਸ਼ਹਾਦਤ ਚਾਰ ਸਾਹਿਬਜ਼ਾਦਿਆਂ ਦੀ ਹੈ। ਇਸ ਛੋਟੀ ਉਮਰਾਂ ਵਿਚ ਅੱਜ ਜਦੋਂ ਸਾਡੇ ਬੱਚੇ ਵੀਡੀਓ ਗੇਮਜ਼, ਸੰਸਾਰਿਕ ਸੁਖਾਂ ਦਾ ਅਨੰਦ ਮਾਣ ਰਹੇ ਹੁੰਦੇ ਹਨ, ਦਸਮੇਸ਼ ਪਿਤਾ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਦੇ ਜੰਗੇ ਮੈਦਾਨ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਦੀਵਾਰ ਵਿਚ ਜਿਊਂਦੇ ਚਿਣ ਦਿੱਤੇ ਗਏ।
ਯਾਦ ਕਰ ਰਿਹਾ ਹਾਂ ਉਹ ਪੁਰਾਣੇ ਦਿਨ ਜਦੋਂ ਫ਼ਤਹਿਗੜ੍ਹ ਸਾਹਿਬ ਦੇ ਵਾਸੀਆਂ ਦੇ ਦਰ ਖੁੱਲ੍ਹੇ ਹੁੰਦੇ ਸਨ, ਕੋਈ ਵੀ ਆ ਕੇ ਸ਼ਰਨ ਲੈ ਸਕਦਾ ਸੀ। ਹੈਰਾਨ ਹੋਵੋਗੇ ਕਿ ਇਨ੍ਹੀਂ ਦਿਨੀਂ ਸਭਾ ਵਾਲੇ ਤਿੰਨੋ ਦਿਨ ਫ਼ਤਹਿਗੜ੍ਹ ਸਾਹਿਬ ਵਿਚ ਕਿਸੇ ਦੇ ਚੁੱਲ੍ਹੇ ਅੱਗ ਨਹੀਂ ਪੈਂਦੀ ਸੀ, ਉਦੋਂ ਦਾ ਸਮਾਜ ਭੁੱਖੇ ਪਿਆਸੇ ਗੁਰਬਾਣੀ ਦਾ ਜਾਪ ਕਰਦਾ ਤੇ ਵੈਰਾਗਮਈ ਕੀਰਤਨ ਕਰਦੇ। ਤੀਸਰੇ ਦਿਨ ਵਿਵਾਨ ਨਿਕਲਦਾ ਅਤੇ ਜੋਤੀ ਸਰੂਪ ਵਿਖੇ ਵਿਵਾਨ ਵਿਚ ਆਈ ਦੋ ਰੁਮਾਲੇ ਸਸਕਾਰ ਵਾਲੀ ਥਾਂ 'ਤੇ ਵਿਛਾ ਦਿੱਤੇ ਜਾਂਦੇ, ਅਰਦਾਸ ਹੁੰਦੀ ਅਤੇ ਮਰਿਆਦਾ ਪੂਰਵਕ ਦੇਗ ਵਰਤੀ ਅਤੇ ਆਏ ਲੋਕ ਆਪਣੇ-ਆਪਣੇ ਘਰ ਮੁੜ ਜਾਂਦੇ। ਦੇਗ ਪ੍ਰਾਪਤੀ ਬਾਅਦ ਹੀ ਲੋਕ ਚਾਹ ਪਾਣੀ ਛਕਦੇ ਸਨ।
ਪਰ ਜੇਕਰ ਅੱਜਕਲ੍ਹ ਦੇ ਸਮੇਂ ਵੱਲ ਝਾਤੀ ਮਾਰੀਏ ਤਾਂ ਇਨ੍ਹੀਂ ਦਿਨੀਂ ਸਾਡਾ ਸਮਾਜ ਬਰੈੱਡ ਪਕੌੜਿਆਂ, ਖੀਰ ਅਤੇ ਪਤਾ ਨਹੀਂ ਕਿਸ-ਕਿਸ ਦਾ ਲੰਗਰ ਲਗਾ ਰਹੇ ਹੁੰਦੇ ਹਾਂ। ਓਏ ਸਮਾਜ ਵਾਲਿਓ ਕਿਵੇਂ ਲੰਘਦੀਆਂ ਹਨ ਤੁਹਾਡੇ ਹਲਕ ਵਿਚੋਂ ਅਜਿਹੀ ਗੁਰਾਹੀਆਂ ਤੇ ਕਿਵੇਂ ਤੁਹਾਡੇ ਹੱਥ ਬਣਾਉਂਦੇ ਨੇ ਲਜੀਜ਼ ਪਕਵਾਨ। ਸਾਨੂੰ ਸਾਦਗੀ ਨਾਲ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਹੈ।


-ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ, ਪਟਿਆਲਾ।

31-12-2019

 ਕਰਤਾਰਪੁਰ ਦਾ ਲਾਂਘਾ
ਬੀਤੇ ਦਿਨੀਂ ਸਿੱਖ ਕੌਮ ਵਲੋਂ ਕੌਮੀ ਪੱਧਰ 'ਤੇ ਧੰਨ-ਧੰਨ ਸਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਏ ਗਏ। ਭਾਰਤ ਵਿਚ ਇਸ ਸਬੰਧੀ ਮੁੱਖ ਸਮਾਗਮ ਸੁਲਤਾਨਪੁਰ ਲੋਧੀ (ਕਪੂਰਥਲਾ), ਪੰਜਾਬ ਵਿਚ ਕਰਵਾਏ ਗਏ, ਜਿਥੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਬਿਹਾਰ, ਪੰਜਾਬ ਅਤੇ ਹਰਿਆਣਾ ਸ਼ਾਮਿਲ ਹਨ, ਨੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਅਤੇ ਵੱਡੀ ਪੱਧਰ 'ਤੇ ਸੰਗਤ ਨੇ ਵੀ ਹਾਜ਼ਰੀ ਭਰੀ। ਦੂਸਰੇ ਪਾਸੇ ਇਸ ਸਬੰਧੀ ਮੁੱਖ ਸਮਾਗਮ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਏ, ਜਿਥੇ ਲੱਖਾਂ ਦੀ ਤਦਾਦ ਵਿਚ ਸੰਗਤ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ 'ਤੇ ਨਤਮਸਤਕ ਹੋ ਕੇ ਹਾਜ਼ਰੀਆਂ ਭਰੀਆਂ।
ਇਸੇ ਦੌਰਾਨ ਦੋਵਾਂ ਹੀ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਵੀ ਕੀਤਾ ਗਿਆ। ਇਨ੍ਹਾਂ ਦੇ ਪ੍ਰਬੰਧਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਸਰਕਾਰ, ਸਮੂਹ ਸਿੱਖ ਸੰਸਥਾਵਾਂ, ਜਥੇਬੰਦੀਆਂ, ਸਭਾ ਸੁਸਾਇਟੀਆਂ, ਸਿੱਖ ਕੌਮ ਵਲੋਂ ਇਨ੍ਹਾਂ ਕਾਰਜਾਂ ਦੀ ਸਫਲਤਾ ਲਈ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ, ਉਥੇ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਧੰਨਵਾਦ ਦੇ ਹੱਕਦਾਰ ਹਨ, ਜਿਨ੍ਹਾਂ ਨੇ ਕੌਮ ਪ੍ਰਤੀ ਬਿਹਤਰ ਸੋਚਿਆ ਅਤੇ ਕੀਤਾ ਹੈ।

-ਜਗਤਾਰ ਸਿੰਘ ਝੋਜੜ, ਹੁਸ਼ਿਆਰਪੁਰ।

ਅਪਾਹਜ ਵਿਅਕਤੀ ਦਾ ਸਤਿਕਾਰ
ਸਾਨੂੰ ਕਦੇ ਵੀ ਅਪੰਗ ਵਿਅਕਤੀ ਦਾ ਮਜ਼ਾਕ ਉਡਾ ਕੇ ਉਸ ਵਿਚ ਹੀਣਭਾਵਨਾ ਪੈਦਾ ਨਹੀਂ ਕਰਨੀ ਚਾਹੀਦੀ, ਜਿਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਉਹ ਆਪਣੇ-ਆਪ ਨੂੰ ਨੀਵਾਂ ਅਤੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋ ਕੇ ਸਮਾਜ ਨਾਲੋਂ ਕੱਟ ਹੋ ਜਾਵੇ। ਅਜਿਹੀਆਂ ਕਈ ਅਪੰਗ ਵਿਅਕਤੀਆਂ ਦੀਆਂ ਉਦਾਹਰਨਾਂ ਮਿਲਦੀਆਂ ਹਨ, ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਨਾਲ ਪੈਰਾ ਉਲੰਪਿਕ ਖੇਡਾਂ ਅਤੇ ਹੋਰ ਖੇਤਰਾਂ ਵਿਚ ਬਾਜ਼ੀਆਂ ਮਾਰੀਆਂ ਹਨ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਤੁਸੀਂ ਚਿੱਟੀ ਚਮੜੀ ਨਾਲ ਸੁੰਦਰ ਨਹੀਂ ਬਣ ਸਕਦੇ ਤੁਹਾਡੇ ਅੰਦਰ ਦੀ ਸੁੰਦਰਤਾ ਨਜ਼ਰ ਆਉਣੀ ਚਾਹੀਦੀ ਹੈ। ਭਾਵ ਤੁਹਾਡੇ ਵਿਚ ਹਰ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਅਪੰਗ ਵਿਅਕਤੀ ਨਾਲ ਹਮਦਰਦੀ ਕਰਕੇ ਤੁਸੀਂ ਉਸ ਦੀ ਹੀਣਭਾਵਨਾ ਦੀ ਕਦਰ ਕਰੋਗੇ ਤੇ ਜਿਸ ਨੂੰ ਤੁਸੀਂ ਰਿਸ਼ਟ-ਪੁਸ਼ਟ ਸਮਝ ਕੇ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹੋ, ਉਸ ਨਾਲੋਂ ਉਹ ਤੁਹਾਨੂੰ ਵੱਧ ਸਤਿਕਾਰ ਤੇ ਇੱਜ਼ਤ ਕਰੇਗਾ। ਸਾਨੂੰ ਸਮਾਜ ਵਿਚ ਰਹਿ ਰਹੇ ਇਹੋ ਜਿਹੇ ਸੌੜੀ ਸੋਚ ਵਾਲੇ ਲੋਕ ਜਿਨ੍ਹਾਂ ਨੇ ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ ਹੈ, ਜੋ ਅੰਗਹੀਣ, ਅਪਾਹਜ ਵਿਅਕਤੀਆਂ ਨੂੰ ਪ੍ਰੇਸ਼ਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬੁਰਾ ਮਹਿਸੂਸ ਹੁੰਦਾ ਹੈ। ਜੋ ਵਿਅਕਤੀ ਅਜਿਹਾ ਕਰਦੇ ਹਨ, ਉਨ੍ਹਾਂ ਦੇ ਮੂੰਹ 'ਤੇ ਨਾਂਹ ਦੀ ਚਪੇੜ ਮਾਰਨੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ, ਸੇਵਾ-ਮੁਕਤ ਇੰਸਪੈਕਟਰ।

ਕਾਂਗਰਸੀ ਮੰਤਰੀਆਂ ਦੀ ਬੋਲੀ
ਕਾਂਗਰਸ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਬਦਸਲੂਕੀਆਂ ਅਤੇ ਆਪਣਾ ਰੋਹਬ, ਅਫ਼ਸਰਾਂ 'ਤੇ ਝਾੜਨਾ ਤਾਂ ਹੁਣ ਆਮ ਜਿਹਾ ਹੁੰਦਾ ਜਾਪਦਾ ਹੈ। ਕੁਝ ਸਮਾਂ ਪਹਿਲਾਂ ਜੰਗਲਾਤ ਮਹਿਕਮੇ ਦੇ ਮੰਤਰੀ ਵਲੋਂ ਸਕੂਲ ਦੀ ਇਕ ਮਹਿਲਾ ਅਧਿਆਪਕਾਂ ਨਾਲ ਕੀਤੀ ਬਦਸਲੂਕੀ, ਫ਼ਿਰ ਨੌਜਵਾਨ ਵਿਧਾਇਕ ਵਲੋਂ ਮਹਿਲਾ ਪੁਲਿਸ ਅਫ਼ਸਰ ਨਾਲ ਕੀਤੀ ਬਦਸਲੂਕੀ, ਫ਼ਿਰ ਖ਼ੁਰਾਕ ਸਪਲਾਈ ਵਿਭਾਗ ਦੇ ਮੰਤਰੀ ਵਲੋਂ ਮਹਿਲਾਂ ਪ੍ਰਿੰਸੀਪਲ ਨਾਲ ਅਤੇ ਸੀਨੀਅਰ ਪੁਲਿਸ ਅਫ਼ਸਰ ਨਾਲ ਬਦਸਲੂਕੀ ਅਤੇ ਹੁਣ ਸਿੱਖਿਆ ਮੰਤਰੀ ਵਲੋਂ ਅਧਿਆਪਕ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਇਸ ਦੀ ਤਾਜ਼ਾ ਮਿਸਾਲ ਹੈ। ਭਾਵੇਂ ਕਿ ਪੰਜਾਬ ਦੇ ਮਸਲਿਆਂ ਵਾਗੂੰ ਇਨ੍ਹਾਂ ਬਦਸਲੂਕੀਆਂ ਨੂੰ ਵੀ ਮੁੱਖ ਮੰਤਰੀ ਵਲੋਂ ਕਦੇ ਗੰਭੀਰਤਾ ਵਿਚ ਨਹੀਂ ਲਿਆ ਗਿਆ। ਜਿਸ ਕਰਕੇ ਰੋਜ਼ਾਨਾ ਹੀ ਇਸ ਤਰ੍ਹਾ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਚੋਣਾਂ ਵੇਲੇ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੇ ਜਨਤਾ ਦੀ ਸੇਵਾ-ਖਿਦਮਤ ਕਰਨ ਲਈ ਵੋਟਾਂ ਮੰਗੀਆਂ ਸਨ, ਪਰੰਤੂ ਜਿੱਤਣ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਦਾ ਰਵੱਈਆ ਹੀ ਬਦਲ ਜਾਂਦਾ ਹੈ। ਜੇਕਰ ਮੰਤਰੀਆਂ/ਵਿਧਾਇਕਾਂ ਨੂੰ ਧਰਨਿਆਂ ਤੋਂ ਇੰਨੀ ਹੀ ਘਿਰਣਾ ਹੁੰਦੀ ਹੈ ਤਾਂ ਸਮੇਂ ਸਿਰ ਸਹੂਲਤਾਂ ਮੁਹੱਈਆਂ ਕਰਵਾਉਣ ਨਹੀਂ ਤਾਂ ਇਹੋ ਜਿਹੇ ਮੰਤਰੀਆਂ/ਵਿਧਾਇਕਾਂ ਨੂੰ ਅਹੁਦੇ 'ਤੇ ਬਰਕਰਾਰ ਰੱਖਣਾ ਜਨਤਾ ਲਈ ਹਾਨੀਕਾਰਕ ਹੋ ਸਕਦਾ ਹੈ।

-ਪਰਗਟ ਸੇਹ
ਪਿੰਡ ਤੇ ਡਾਕ: ਸੇਹ, ਜ਼ਿਲ੍ਹਾ ਲੁਧਿਆਣਾ।

ਮਿਠਤੁ ਨੀਵੀ ਨਾਨਕਾ
ਅਜੋਕੇ ਦੌਰ ਵਿਚ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜ਼ਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸਚਾਈ ਹੈ ਕਿ ਜਦੋਂ ਇਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਸਾਂਝ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਭਾਵ ਸਾਡੀ ਬੋਲ ਬਾਣੀ ਤੋਂ ਪੈਂਦਾ ਹੈ। ਸਾਡੇ ਜੀਵਨ ਵਿਚ ਸ਼ੁੱਭ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਨ੍ਹਾਂ ਗੁਣਾਂ ਵਿਚੋਂ ਹੀ ਅਹਿਮ ਗੁਣ ਹੈ ਸਾਡੇ ਬੋਲਾਂ ਦੀ ਮਿਠਾਸ ਭਾਵ ਮਿੱਠਾ ਬੋਲਣਾ। ਜੋ ਸਾਡੇ ਕਿਰਦਾਰ ਨੂੰ ਹੋਰ ਵੀ ਉੱਚਾ ਕਰਦਾ ਹੈ। ਸਾਡੀ ਬੋਲ ਬਾਣੀ ਤੋਂ ਹੀ ਸਾਡੇ ਖਾਨਦਾਨ, ਸਾਡੀ ਵਿਰਾਸਤ ਅਤੇ ਸੱਭਿਆਚਾਰ ਦੀ ਪਛਾਣ ਹੁੰਦੀ ਹੈ। ਪਰ ਯਾਦ ਰਹੇ ਕੇਵਲ ਲੋਕ ਵਿਖਾਵੇ ਖਾਤਰ ਝੂਠੀ ਨਿਮਰਤਾ ਧਾਰਨ ਕਰਨੀ ਜਾਂ ਮਿੱਠਾ ਬੋਲਣਾ ਵੀ ਇਕ ਅਪਰਾਧ ਦੀ ਤਰ੍ਹਾਂ ਹੈ। ਇਸ ਲਈ ਹਮੇਸ਼ਾ ਮਿੱਠਾ ਬੋਲੀਏ ਤੇ ਲੋਕਾਂ ਦਾ ਭਲਾ ਕਰੀਏ।

-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਸਾਵਧਾਨੀ ਦੀ ਲੋੜ
ਇਸ ਮੌਸਮ ਵਿਚ ਹਰ ਕੋਈ ਸਰਦੀ ਤੋਂ ਬਚਣ ਲਈ ਹਰ ਕੋਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਕਈ ਵਿਅਕਤੀ ਅੰਗੀਠੀ ਬਾਲ ਕੇ ਸੌਂ ਜਾਂਦੇ ਹਨ, ਇਹ ਬਾਲੀ ਹੋਈ ਅੰਗੀਠੀ ਕਈ ਵਾਰੀ ਦਮ ਘੁਟਣ ਨਾਲ ਮੌਤ ਦਾ ਕਾਰਨ ਬਣ ਜਾਂਦੀ ਹੈ। ਬੰਦ ਕਮਰੇ ਵਿਚ ਆਕਸੀਜਨ ਦੀ ਘਾਟ ਅਤੇ ਅੰਗੀਠੀ ਵਿਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਕਾਰਨ ਅਜਿਹਾ ਵਾਪਰਦਾ ਹੈ। ਇਸ ਲਈ ਕਦੀ ਵੀ ਬੰਦ ਕਮਰੇ ਵਿਚ ਸੌਣ ਸਮੇਂ ਅੰਗੀਠਾ ਬਾਲ ਕੇ ਨਹੀਂ ਸੌਣਾ ਚਾਹੀਦਾ।

-ਰਾਜਿੰਦਰ ਸਿੰਘ ਪਹੇੜੀ, ਪਟਿਆਲਾ।

30-12-2019

 ਖ਼ਤਰੇ 'ਚ ਪੰਛੀਆਂ ਦੀ ਹੋਂਦ
ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਪੁਰਾਣੇ ਸ਼ਹਿਰਾਂ ਤੇ ਖਾਸ ਕਰਕੇ ਪਿੰਡਾਂ ਵਿਚ ਕਾਨੇ, ਸਿਰਕੀਆਂ, ਬਾਲਿਆਂ ਤੇ ਸ਼ਤੀਰੀਆਂ ਆਦਿ ਨਾਲ ਪਾਈਆਂ ਘਰਾਂ ਦੀਆਂ ਕੱਚੀਆਂ ਛੱਤਾਂ ਹੁੰਦੀਆਂ ਸਨ। ਕਾਵਾਂ ਤੋਂ ਡਰਦੀਆਂ ਚਿੜੀਆਂ ਇਨ੍ਹਾਂ ਕੱਚੀਆਂ ਛੱਤਾਂ ਵਿਚ ਹੀ ਆਲ੍ਹਣੇ ਪਾਉਂਦੀਆਂ ਸਨ। ਜਿਥੇ ਘਰਾਂ ਵਿਚ ਟਾਹਲੀ, ਤੂਤ, ਧਰੇਕਾਂ, ਬੇਰੀਆਂ ਤੇ ਜਾਮਨ ਆਦਿ ਦੇ ਦਰੱਖਤ ਵਧੇਰੇ ਹੁੰਦੇ ਸਨ, ਉਥੇ ਹੀ ਜ਼ਮੀਨਾਂ ਦੇ ਖਾਲਾਂ, ਨਹਿਰੀ ਖਾਲਾਂ 'ਤੇ ਲੱਗੇ ਦਰੱਖਤਾਂ ਤੇ ਘੁੱਗੀਆਂ, ਤੋਤਿਆਂ, ਗਟਾਰਾਂ ਅਤੇ ਬਿਜੜਿਆਂ ਨੇ ਆਲ੍ਹਣੇ ਪਾਏ ਹੁੰਦੇ ਸਨ। ਪਿੰਡਾਂ ਦੀਆਂ ਹੱਡਾਂ-ਰੋੜੀਆਂ ਵਿਚ ਲੱਗੇ, ਬੋਹੜਾਂ, ਪਿੱਪਲਾਂ ਤੇ ਇੱਲ੍ਹਾਂ, ਗਿਰਝਾਂ ਦੇ ਝੁੰਡਾਂ ਦੇ ਝੁੰਡ ਬੈਠੇ ਹੁੰਦੇ ਸਨ। ਪ੍ਰੰਤੂ ਹੁਣ ਸਮੇਂ ਨਾਲ ਅਜਿਹਾ ਵਿਕਾਸ ਹੋਇਆ ਕਿ ਪਿੰਡਾਂ ਵਿਚ ਘਰ ਪੱਕੇ ਬਣ ਗਏ ਹਨ, ਦਰੱਖਤਾਂ ਦੀ ਬੇਸ਼ੁਮਾਰ ਕਟਾਈ ਹੋਈ, ਜਿਸ ਨਾਲ ਇਨ੍ਹਾਂ ਅਣਮੁੱਲੇ ਪੰਛੀਆਂ ਖਾਸ ਕਰਕੇ ਚਿੜੀਆਂ ਦੀ ਗਿਣਤੀ ਨਾਮਾਤਰ ਹੀ ਰਹਿ ਗਈ ਹੈ। ਇਸੇ ਕਰ ਕੇ ਹੁਣ ਪ੍ਰਵਾਸੀ ਪੰਛੀਆਂ ਦੀ ਆਮਦ ਵੀ ਅੱਗੇ ਨਾਲੋਂ ਘਟ ਗਈ ਹੈ, ਜੋ ਸਰਦੀਆਂ/ਗਰਮੀਆਂ ਦੇ ਰੁੱਤੇ ਲੰਬਾ ਸਫ਼ਰ ਤੈਅ ਕਰ ਕੇ ਇਥੇ ਆਇਆ ਕਰਦੇ ਸਨ। ਸੋ, ਹੁਣ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੀਆਂ ਲਾਗਲੀਆਂ ਥਾਵਾਂ 'ਤੇ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ, ਜਿਸ ਨਾਲ ਜਿਥੇ ਵਾਤਾਵਰਨ ਸਾਫ਼-ਸੁਥਰਾ ਹੋਵੇਗਾ, ਉਥੇ ਪੰਛੀਆਂ ਦੀ ਹੋਂਦ ਵਿਚ ਵੀ ਵਾਧਾ ਹੋਵੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅਮਰੀਕੀ ਢੱਠਿਆਂ ਦੀ ਵਿਚਾਰ-ਗੋਸ਼ਟੀ
'ਅਜੀਤ' 'ਚ 14 ਦਸੰਬਰ ਨੂੰ ਸੰਪਾਦਕੀ ਸਫ਼ੇ 'ਤੇ ਸ੍ਰੀ ਅਮਨ ਅਰੋੜਾ ਵਿਧਾਇਕ ਸੁਨਾਮ ਦਾ ਲਿਖਿਆ ਵਿਅੰਗਮਈ ਲੇਖ ਨੈਸ਼ਨਲ ਹਾਈਵੇ 'ਤੇ 'ਅਮਰੀਕੀ ਢੱਠਿਆਂ ਦੀ ਵਿਚਾਰ-ਗੋਸ਼ਟੀ' ਪੜ੍ਹਿਆ। ਜੋ ਕਿ ਸੂਬਾ ਸਰਕਾਰਾਂ/ਕੇਂਦਰ ਸਰਕਾਰ ਅਤੇ ਅੰਧ-ਵਿਸ਼ਵਾਸੀ ਲੋਕਾਂ ਦੀ ਕਾਰਗੁਜ਼ਾਰੀ 'ਤੇ ਬੜੀ ਕਰਾਰੀ ਚੋਟ ਹੈ। ਗਊ ਸੈੱਸ ਦੇ ਨਾਂਅ 'ਤੇ ਸਰਕਾਰਾਂ ਫੰਡ ਤਾਂ ਉਗਰਾਹ ਰਹੀਆਂ ਹਨ ਪਰ ਅਵਾਰਾ ਡੰਗਰਾਂ ਅਤੇ ਅਵਾਰਾ ਕੁੱਤਿਆਂ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਜਾ ਰਿਹਾ। ਜਿਸ ਕਾਰਨ ਜਿਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਉਥੇ ਬੇਸ਼ੁਮਾਰ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਅਜਿਹੇ ਸਮੇਂ 'ਤੇ ਜਿਥੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ, ਉਥੇ ਸਰਕਾਰਾਂ ਖਿਲਾਫ਼ ਵੀ ਸਖ਼ਤ ਸੰਘਰਸ਼ ਦੀ ਲੋੜ ਹੈ, ਤਾਂ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।


-ਇੰਜ: ਰਛਪਾਲ ਸਿੰਘ ਚਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਨਵੀਂ ਸਿੱਖਿਆ ਨੀਤੀ
ਪਿਛਲੇ ਦਿਨੀਂ 'ਅਜੀਤ' ਵਿਚ ਤਿੰਨ ਕਿਸ਼ਤਾਂ ਵਿਚ ਡਾ: ਪਰਮਜੀਤ ਸਿੰਘ ਢੀਂਗਰਾ ਦਾ ਲੇਖ 'ਨਵੀਂ ਸਿੱਖਿਆ ਨੀਤੀ ਅਤੇ ਭਾਸ਼ਾਵਾਂ ਦੇ ਮਸਲੇ' ਬਹੁਤ ਹੀ ਵਧੀਆ ਖੋਜ ਭਰਪੂਰ ਅਤੇ ਸਿੱਖਿਆ ਪ੍ਰਤੀ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਉਜਾਗਰ ਕਰਨ ਵਾਲਾ ਸੀ। ਨਵੀਂ ਸਿੱਖਿਆ ਨੀਤੀ ਅਨੁਸਾਰ ਸਿੱਖਿਆ ਦੇ ਖੇਤਰ ਵਿਚ ਰਾਜਾਂ ਦੀ ਸ਼ਮੂਲੀਅਤ ਖਤਮ ਕਰ ਕੇ ਇਕ ਦੇਸ਼ ਇਕ ਭਾਸ਼ਾ ਦਾ ਸੁਪਨਾ ਦੇਖਿਆ ਜਾ ਰਿਹਾ ਹੈ, ਜੋ ਬੜਾ ਘਾਤਕ ਹੈ। ਦੁਨੀਆ ਭਰ ਦੇ ਸਿੱਖਿਆ ਮਾਹਿਰ ਮੰਨਦੇ ਹਨ ਕਿ ਬੱਚੇ ਦੀ ਸਿੱਖਿਆ ਉਸ ਦੀ ਮਾਤ ਭਾਸ਼ਾ ਵਿਚ ਹੋਣੀ ਚਾਹੀਦੀ ਹੈ ਅਤੇ ਹੋਰ ਲੋੜੀਂਦੀਆਂ ਭਾਸ਼ਾਵਾਂ ਨੂੰ ਵੱਖਰੇ ਤੌਰ 'ਤੇ ਇਕ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਣਾ ਚਾਹੀਦਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਜਿਹੀ ਲੋਕ ਮਾਰੂ ਸਿੱਖਿਆ ਨੀਤੀ ਦੇ ਸਿੱਟਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨ ਤਾਰਨ।


ਅਧਿਆਪਕ ਯੋਗਤਾ ਟੈਸਟ
ਅਧਿਆਪਕ ਯੋਗਤਾ ਟੈਸਟ ਜੋ ਕਿ ਪੰਜਾਬ ਸਰਕਾਰ ਵਲੋਂ 22 ਦਸੰਬਰ, 19 ਨੂੰ ਲਿਆ ਜਾਣਾ ਸੀ ਪਰ ਸਰਕਾਰ ਮੁਤਾਬਿਕ ਪ੍ਰਬੰਧਕੀ ਕਾਰਨਾਂ ਕਰਕੇ ਇਸ ਟੈਸਟ ਨੂੰ ਹੁਣ 5 ਜਨਵਰੀ, 2020 ਨੂੰ ਲਏ ਜਾਣ ਬਾਰੇ ਨੋਟਿਸ ਜਾਰੀ ਕੀਤਾ ਗਿਆ ਹੈ। ਅਧਿਆਪਕ ਯੋਗਤਾ ਟੈਸਟ ਜਦ ਵੀ ਲਿਆ ਜਾਂਦਾ ਹੈ ਤਕਰੀਬਨ ਹਰ ਵਾਰ ਹੀ ਕੋਈ ਨਾ ਕੋਈ ਸਮੱਸਿਆ ਸਾਹਮਣੇ ਆ ਜਾਂਦੀ ਹੈ, ਕਦੇ ਤਾਂ ਪੇਪਰ ਵਿਚ ਪ੍ਰਸ਼ਨ ਗਲਤ ਆ ਜਾਂਦੇ ਹਨ ਜਾਂ ਕਦੇ ਨਤੀਜਿਆਂ ਵਿਚ ਗੜਬੜੀ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ। ਬੇਰੁਜ਼ਗਾਰ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਭਾਵ ਪ੍ਰੀਖਿਆ ਦੇ ਕੇਂਦਰ ਇੰਨੀ ਦੂਰ ਤੱਕ ਦੇ ਦਿੱਤੇ ਕਿ ਜਿਥੇ ਸਮੇਂ ਸਿਰ ਪਹੁੰਚਣਾ ਬੇਹੱਦ ਮੁਸ਼ਕਿਲ ਸੀ। ਇਹੋ ਜਿਹੇ ਮੌਸਮ ਵਿਚ ਇੰਨੀ ਦੂਰ ਜਾਣਾ ਬਹੁਤ ਕਠਿਨ ਹੈ। ਇਨ੍ਹਾਂ ਪ੍ਰੇਸ਼ਾਨੀਆਂ 'ਚ ਕੌਣ ਪ੍ਰੀਖਿਆ ਦੇ ਸਕੇਗਾ ਹੱਦ ਤਾਂ ਇਹ ਵੀ ਹੋ ਗਈ ਕਿ ਰੋਲ ਨੰਬਰ ਅਤੇ ਕੇਂਦਰ ਦਿੱਤੇ ਜਾਣ ਤੋਂ ਬਾਅਦ ਸਰਕਾਰ ਨੇ ਇਹ ਪ੍ਰੀਖਿਆ ਮੁਲਤਵੀ ਕਰਦੇ ਹੋਏ ਇਸ ਪ੍ਰੀਖਿਆ ਦਾ ਸਮਾਂ ਅਗਾਂਹ ਵਧਾ ਕੇ 5 ਜਨਵਰੀ, 2020 ਵੀ ਰੱਖ ਦਿੱਤਾ। ਪ੍ਰੀਖਿਆਰਥੀਆਂ ਵਿਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਹੁਣ ਜੇ ਦੁਬਾਰਾ ਪ੍ਰੀਖਿਆ ਮਿਤੀ ਰੱਖੀ ਜਾਂਦੀ ਹੈ ਤਾਂ ਇਲਾਕੇ, ਸ਼ਹਿਰ, ਜ਼ਿਲ੍ਹੇ ਨੂੰ ਧਿਆਨ ਵਿਚ ਰੱਖ ਕੇ ਹੀ ਪ੍ਰੀਖਿਆ ਕੇਂਦਰ ਬਣਾਏ ਜਾਣ ਦਾ ਭਾਵ ਲੋਕਲ ਸਥਾਨਾਂ 'ਤੇ ਆਸਾਨੀ ਨਾਲ ਪ੍ਰੀਖਿਆਰਥੀ ਪਹੁੰਚ ਸਕਣ, ਉਹੀ ਬਣਾਏ ਜਾਣ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨਾਲ ਖਿਲਵਾੜ ਨਾ ਹੋ ਸਕੇ।


-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਜ਼ਿਲ੍ਹਾ ਹੁਸ਼ਿਆਰਪੁਰ।


ਸੂਚਨਾ ਅਧਿਕਾਰ ਐਕਟ
ਅਨਿਲ ਕੁਮਾਰ ਬੱਗਾ ਨੇ ਆਪਣੇ ਲੇਖ ਦੁਆਰਾ ਸੂਚਨਾ ਅਧਿਕਾਰ ਐਕਟ ਦੀ ਸਾਰਥਿਕਤਾ ਬਾਰੇ ਕਾਫੀ ਵਧੀਆ ਜਾਣਕਾਰੀ ਦਿੱਤੀ ਹੈ। ਮੈਂ ਨਾਲ ਹੀ ਦੱਸਣਾ ਚਾਹੁੰਦਾ ਹਾਂ ਕਿ ਇਸ ਐਕਟ ਰਾਹੀਂ ਜਾਣਕਾਰੀ ਲੈਣ ਲੱਗਿਆਂ ਕਿਸੇ ਵਕੀਲ ਜਾਂ ਪ੍ਰੋਫੈਸ਼ਨਲ ਦੀ ਜ਼ਰੂਰਤ ਨਹੀਂ ਇਸ ਨੂੰ ਆਮ ਆਦਮੀ ਵੀ ਵਰਤ ਸਕਦਾ ਹੈ। ਪਰ ਨਾਲ ਹੀ ਲੇਖਕ ਦੇ ਦੱਸਣ ਅਨੁਸਾਰ ਇਸ ਐਕਟ ਰਾਹੀਂ ਮੰਗੀ ਜਾਣਕਾਰੀ ਨੂੰ ਦੇਣ ਲੱਗਿਆਂ ਅਫਸਰਸ਼ਾਹੀ ਲਮਕਾ ਦਿੰਦੀ ਹੈ। ਆਰ.ਟੀ.ਆਈ. ਕਾਰਕੁੰਨਾਂ ਉੱਪਰ ਅਫਸਰਸ਼ਾਹੀ ਦੁਆਰਾ ਹਮਲੇ ਕਰਵਾਉਣੇ ਅਤੇ ਝੂਠੇ ਕੇਸ ਬਣਾਉਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਉੱਚ ਅਦਾਲਤਾਂ ਵਲੋਂ ਜ਼ਿੰਮੇਵਾਰ ਅਫਸਰਾਂ ਉੱਪਰ ਸ਼ਿਕੰਜਾ ਕੱਸਣਾ ਚਾਹੀਦਾ ਹੈ ਕਿਉਂਕਿ ਭ੍ਰਿਸ਼ਟ ਅਫ਼ਸਰ ਹੀ ਅਜਿਹਾ ਕਰਵਾਉਂਦੇ ਹਨ। ਇਮਾਨਦਾਰ ਅਫਸਰ ਬਿਨਾਂ ਕਿਸੇ ਦੇਰੀ ਤੋਂ ਆਰ.ਟੀ.ਆਈ. ਰਾਹੀਂ ਮੰਗੀ ਜਾਣਕਾਰੀ ਉਪਲਬੱਧ ਕਰਵਾ ਦਿੰਦੇ ਹਨ।


-ਮਾ: ਸਰਤਾਜ ਸਿੰਘ
ਪਿੰਡ ਤੇ ਡਾਕ: ਘੁੰਗਰਾਲੀ, ਰਾਜਪੂਤਾਂ (ਲੁਧਿਆਣਾ)।


ਸਭਨਾਂ ਦੀ ਖੈਰ ਮੰਗੀਏ
ਮਨੁੱਖ ਨੇ ਸਮੇਂ ਨੂੰ ਆਪਣੇ ਹਿਸਾਬ ਨਾਲ ਇਸ ਤਰ੍ਹਾਂ ਵੰਡਿਆ ਕਿ ਉਸ ਦੁਆਰਾ ਕੀਤੇ ਗਏ ਕੰਮਾਂ ਦੀ ਸਵੈ-ਪੜਚੋਲ ਕਰ ਸਕੇ। ਉਸ ਹਿੱਸੇ ਦੌਰਾਨ ਹੋਈਆਂ ਗ਼ਲਤੀਆਂ ਕੁਤਾਹੀਆਂ ਅਣਗਹਿਲੀਆਂ ਦਾ ਮੁਲਾਂਕਣ ਹੋ ਸਕੇ ਅਤੇ ਅਗਲੇ ਹਿੱਸੇ ਵਿਚ ਇਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਵਿਚ ਸੁਧਾਰ ਕੀਤਾ ਜਾਵੇ। ਇਸ ਦੌਰਾਨ ਮਨੁੱਖ ਨੇ ਬਹੁਤ ਭੁੱਲਾਂ ਗ਼ਲਤੀਆਂ ਕੀਤੀਆਂ ਜੋ ਇਕ ਸੱਭਿਅਕ ਸਮਾਜ ਲਈ ਸੋਭਾ ਨਹੀਂ ਦਿੰਦੀਆਂ। ਕਈ ਤਰ੍ਹਾਂ ਅਣਮਨੁੱਖੀ ਤੇ ਦਿਲ ਕੰਬਾਊ ਘਟਨਾਵਾਂ ਸਾਡੇ ਸਮਾਜ ਦੇ ਚਿਹਰੇ 'ਤੇ ਕਾਲਾ ਧੱਬਾ ਹੋ ਨਿਬੜਦੀਆਂ ਹਨ। ਇਹ ਕੌੜੀਆਂ ਕੁਸੈਲੀਆਂ ਘਟਨਾਵਾਂ ਭਵਿੱਖ ਵਿਚ ਨਾ ਵਾਪਰਨ ਅਜਿਹੀ ਨਵੀਂ ਸੋਚ ਤੇ ਸਮੇਂ ਦੇ ਪਹਿਰੇਦਾਰ ਤਾਂ ਅਸੀਂ ਹੀ ਬਣਨਾ ਹੈ। ਆਓ ਸਮੇਂ ਦੇ ਨਵੇਂ ਹਿੱਸੇ ਨੂੰ ਖੁਸ਼ਆਮਦੀਦ ਕਹੀਏ। ਸਭਨਾਂ ਦੀ ਖੈਰ ਮੰਗੀਏ।


-ਓਮ ਪ੍ਰਕਾਸ਼ ਪੂਨੀਆ
ਗਿੱਦੜਬਾਹਾ।

27-12-2019

 ਸੱਜਰੇ ਵਰ੍ਹੇ ਦੀ ਆਮਦ
ਅਸੀਂ ਸਾਲ ਦੇ ਆਖਰੀ ਮਹੀਨੇ ਵਿਚੋਂ ਗੁਜ਼ਰ ਰਹੇ ਹਾਂ। ਪੂਰਾ ਸਾਲ ਪਤਾ ਹੀ ਨਹੀਂ ਲਗਦਾ ਕਿਵੇਂ ਗੁਜ਼ਰ ਜਾਂਦਾ ਹੈ। ਸਾਲ ਵਿਚ ਜਾਣੇ-ਅਣਜਾਣੇ ਵਿਚ ਸਾਡੇ ਕੋਲੋਂ ਬਹੁਤ ਗ਼ਲਤੀਆਂ ਹੁੰਦੀਆਂ ਹਨ, ਕਈ ਵਾਰੀ ਅਸੀਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜੋ ਕਿਸੇ ਦਾ ਤਨ, ਮਨ ਫੂਕ ਦਿੰਦੇ ਹਨ। ਆਓ, ਸਾਲ ਦੇ ਆਖਰੀ ਦਿਨਾਂ ਵਿਚ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿਨ੍ਹਾਂ-ਕਿਨ੍ਹਾਂ ਦਾ ਦਿਲ ਦੁਖਾਇਆ ਤਾਂ ਕਿ ਨਵੇਂ ਵਰ੍ਹੇ ਵਿਚ ਅਸੀਂ ਉਹ ਗ਼ਲਤੀ ਨਾ ਕਰੀਏ। ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗੀਏ ਜਿਨ੍ਹਾਂ ਦਾ ਸਾਡੇ ਕਰਕੇ ਦਿਲ ਦੁਖਿਆ। ਨਵੇਂ ਵਰ੍ਹੇ 'ਚ ਉਹ ਗੱਲਾਂ ਨਾ ਦੁਹਰਾਈਏ ਜਿਨ੍ਹਾਂ ਕਾਰਨ ਰਿਸ਼ਤਿਆਂ ਵਿਚ ਕੁੜਤਣ ਪੈਦਾ ਹੋਵੇ। ਰਿਸ਼ਤਾ ਚਾਹੇ ਕੋਈ ਵੀ ਹੋਵੇ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ। ਜੇ ਪੁਲਾਂ ਹੇਠੋਂ ਇਕ ਵਾਰ ਪਾਣੀ ਨਿਕਲ ਜਾਂਦਾ ਹੈ, ਉਹ ਵਾਪਸ ਨਹੀਂ ਆਉਂਦਾ। ਸਮਾਂ ਬਹੁਤ ਕੀਮਤੀ ਹੈ। ਫਿਰ ਮਨ 'ਚ ਪਛਤਾਵਾ ਹੀ ਰਹਿੰਦਾ ਹੈ।


-ਸੰਜੀਵ ਸਿੰਘ ਸੈਣੀ, ਦੇਸੂ ਮਾਜਰਾ।


ਸਿਦਕਵਾਨ ਲੋਕਾਂ ਦੀ ਲੋੜ
ਅੱਜ ਪੰਜਾਬੀਆਂ ਦਾ ਵੱਡਾ ਹਿੱਸਾ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਮਾਨਸਿਕ ਬਿਮਾਰੀਆਂ ਦਾ ਵੀ ਵੱਡੇ ਪੱਧਰ 'ਤੇ ਸ਼ਿਕਾਰ ਹੋ ਕੇ ਰਹਿ ਗਿਆ ਹੈ। ਜਿਸ ਕਰਕੇ ਅੱਜ ਪੰਜਾਬ ਮੈਡੀਸਨ ਦੀ ਵੱਡੀ ਖਪਤ ਮੰਡੀ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਇਸ ਤੋਂ ਇਲਾਵਾ ਅਖੌਤੀ ਵਿਕਾਸ ਦੇ ਨਾਂਅ 'ਤੇ ਵੀ ਰੁੱਖ ਵੱਡੀ ਗਿਣਤੀ ਵਿਚ ਵੱਢ ਦਿੱਤੇ ਜਾਂਦੇ ਹਨ। ਮਨੁੱਖੀ ਜੀਵਨ ਨੂੰ ਬਣਾਈ ਰੱਖਣ ਲਈ ਰੁੱਖਾਂ ਦਾ ਵੱਡੀ ਤਦਾਦ ਵਿਚ ਹੋਣਾ ਅਤਿ ਜ਼ਰੂਰੀ ਹੈ। ਪੰਜਾਬ 'ਚ ਅੱਜ ਤੰਦਰੁਸਤੀ ਦੇ ਅਰਥ ਗੁਆਚਦੇ ਜਾ ਰਹੇ ਹਨ। ਸ਼ਹਿਰੀ ਫੈਕਟਰੀਆਂ ਦਾ ਗੰਦਾ ਪਾਣੀ ਤੇ ਸ਼ਹਿਰੀ ਕੂੜੇ ਨੇ ਵੀ ਪੰਜਾਬ 'ਚ ਬੋਅ ਪੈਦਾ ਕਰ ਦਿੱਤੀ ਹੈ। ਕੁੱਲ ਮਿਲਾ ਕੇ ਪੰਜਾਬ ਵੱਡੇ ਸੰਕਟ 'ਚੋਂ ਗੁਜ਼ਰ ਰਿਹਾ ਹੈ। ਇਸ ਦੇ ਬਾਚਅ ਲਈ ਅੱਜ ਸਿਦਕਵਾਨ ਲੋਕਾਂ ਦੀ ਅਤਿ ਲੋੜ ਹੈ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀਕਲਾਂ, ਜ਼ਿਲ੍ਹਾ ਲੁਧਿਆਣਾ।


72 ਸਾਲਾਂ ਬਾਅਦ...
ਭਾਰਤੀਆਂ ਲਈ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਵਾਂ ਦੇਸ਼ਾਂ ਲਈ ਸਾਂਝ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੀ ਦੁਨੀਆ ਵਿਚ ਵਸਦੇ ਪੰਜਾਬੀਆਂ ਦੇ ਦਿਲ ਇਸ ਮਹਾਨ ਕਾਰਜ ਨਾਲ ਜਿੱਤ ਲਏ ਗਏ ਹਨ। ਦੋਵੇਂ ਦੇਸ਼ਾਂ ਦੀ ਵੰਡ ਤੋਂ ਬਾਅਦ ਪੂਰੇ 72 ਸਾਲਾਂ ਬਾਅਦ ਸੰਗਤਾਂ ਨੂੰ ਇਸ ਮਹਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣੇ ਸ਼ੁਰੂ ਹੋਏ ਹਨ। ਦਿਨ-ਬਦਿਨ ਸੰਗਤਾਂ ਦਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਸੰਗਤਾਂ ਪਾਕਿ ਵਲੋਂ ਲਗਾਏ 20 ਡਾਲਰ ਵੀ ਖੁਸ਼ੀ-ਖੁਸ਼ੀ ਦੇ ਰਹੇ ਹਨ। ਸੰਗਤਾਂ ਕਹਿ ਰਹੀਆਂ ਹਨ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਾਨੂੰ ਇਹ ਭੇਟਾ ਤਾਂ ਕੋਈ ਬਹੁਤੀ ਨਹੀਂ ਹੈ। ਜਦੋਂ ਸ਼ਰਧਾਲੂ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਕੇ ਆਉਂਦੇ ਹਨ ਤਾਂ ਆਪਣੇ-ਆਪ ਨੂੰ ਧੰਨਭਾਗਾ ਮਹਿਸੂਸ ਕਰਦੇ ਹਨ।


-ਸੁਖਦੀਪ ਸਿੰਘ 'ਸੁਖਾਣਾ'
ਸੁਖਾਣਾ, ਜ਼ਿਲ੍ਹਾ-ਲੁਧਿਆਣਾ।


ਸਰਕਾਰ ਦਾ ਵਤੀਰਾ ਗ਼ਲਤ
ਸਰਕਾਰ ਨੇ ਗ਼ਲਤ ਵਤੀਰਾ ਧਾਰਨ ਕੀਤਾ ਹੋਇਆ ਹੈ। ਖਜ਼ਾਨਾ ਖਾਲੀ ਦੱਸ ਕੇ ਤੇ ਅਕਾਲੀਆਂ ਸਿਰ ਦੋਸ਼ ਮੜ੍ਹ ਕੇ ਕਰੀਬ ਤਿੰਨ ਸਾਲ ਪੂਰੇ ਕਰ ਲਏ ਹਨ। ਸਰਕਾਰੀ ਕਰਮਚਾਰੀ, ਜਿਸ ਦਾ ਦਾਰੋਮਦਾਰ ਹੀ ਤਨਖਾਹ 'ਤੇ ਹੈ ਉਸ ਦਾ ਗੁਜ਼ਾਰਾ ਕਿਵੇਂ ਚੱਲੇਗਾ? ਸਰਕਾਰ ਆਪਣਾ ਖਰਚਾ ਘੱਟ ਕਰਨ ਨੂੰ ਤਿਆਰ ਨਹੀਂ। ਪੰਜਾਬ ਇਕ ਅਜਿਹਾ ਸੂਬਾ ਹੈ, ਜੋ ਦੇਸ਼ ਵਿਚ ਸਭ ਤੋਂ ਖੁਸ਼ਹਾਲ ਸੂਬੇ ਵਜੋਂ ਜਾਣਿਆ ਜਾਂਦਾ ਸੀ। ਪਰ ਹੁਣ ਇਸ ਨੂੰ ਕੇਂਦਰ ਸਰਕਾਰ ਵੱਲ ਦੇਖਣਾ ਪੈ ਰਿਹਾ ਹੈ। ਹਰਿਆਣਾ ਤੇ ਹਿਮਾਚਲ, ਪੰਜਾਬ ਤੋਂ ਉੱਪਰ ਹੋ ਗਏ ਹਨ ਅਤੇ ਖੁਸ਼ਹਾਲੀ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਚੋਣਾਂ ਸਮੇਂ ਸੁਚੇਤ ਹੋ ਕੇ ਹੀ ਵੋਟਾਂ ਪਾਉਣ ਅਤੇ ਲੋਕ ਲੁਭਾਊ ਵਾਅਦਿਆਂ ਤੋਂ ਦੂਰ ਰਹਿਣ।


-ਹਰਜਿੰਦਰ ਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਨਾਗਰਿਕਤਾ ਸੋਧ ਨੂੰ ਸੰਬੋਧਨ ਸੰਪਾਦਕੀਆਂ
'ਅਜੀਤ' 17 ਦਸੰਬਰ 2019 ਦੀ ਸੰਪਾਦਕੀ 'ਨੁਕਸਾਨਦੇਹ ਕਾਨੂੰਨ' ਵਿਚ ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਕਾਰਨ ਦੇਸ਼ ਦੇ ਨੁਕਸਾਨ ਦੇ ਨਾਲ-ਨਾਲ ਕੌਮਾਂਤਰੀ ਪੱਧਰ 'ਤੇ ਭਾਰਤੀ ਅਕਸ ਦੇ ਨੁਕਸਾਨ ਦਾ ਜ਼ਿਕਰ ਕਰਦਿਆਂ ਭਾਜਪਾ ਸਰਕਾਰ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਸਾਰਾ ਦੋਸ਼ ਕੇਵਲ ਵਿਰੋਧੀਆਂ ਪਾਰਟੀਆਂ ਸਿਰ ਨਹੀਂ ਮੜ੍ਹਿਆ ਜਾ ਸਕਦਾ। ਇਹ ਵੀ ਕਿਹਾ ਕਿ ਇਹ ਕੇਵਲ ਮੋਦੀ ਸਰਕਾਰ ਲਈ ਨਹੀਂ ਸਗੋਂ ਦੇਸ਼ ਲਈ ਘਾਟੇ ਵਾਲਾ ਸੌਦਾ ਹੈ। ਗੜਬੜ 'ਚ ਵਾਧੇ ਦੇ ਸਨਮੁੱਖ ਫਿਰ 20 ਦਸੰਬਰ 2019 ਨੂੰ ਸੰਪਾਦਕੀ 'ਅੰਦੋਲਨ ਦੀ ਭਾਵਨਾ' ਤਹਿਤ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੇਸ਼ ਅੰਦਰ ਫ਼ਿਰਕੂ ਫਸਾਦ ਵੀ ਹੁੰਦੇ ਰਹੇ ਹਨ। ਜਾਤਾਂ-ਬਰਾਦਰੀਆਂ ਦਾ ਬੋਲਬਾਲਾ ਵੀ ਰਿਹਾ। ਏਥੋਂ ਤੱਕ ਕਿ ਚੋਣਾਂ ਵੇਲੇ ਜਾਤਾਂ-ਬਰਾਦਰੀਆਂ ਅਤੇ ਧਰਮਾਂ ਨੂੰ ਵੀ ਤੱਕੜੀ ਵਿਚ ਤੋਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਪਿਛਲੇ 70 ਸਾਲਾਂ ਤੋਂ ਵਧੇਰੇ ਸਮੇਂ ਵਿਚ ਸੰਵਿਧਾਨ ਅਨੁਸਾਰ ਧਰਮ-ਨਿਰਪੱਖਤਾ ਦੀਆਂ ਪਰੰਪਰਾਵਾਂ ਬਣੀਆਂ ਰਹੀਆਂ ਹਨ।
ਲੋਕ ਵਿਰੋਧ ਦੀ ਭਾਵਨਾ ਨੂੰ ਕੁਚਲਣ ਲਈ ਬੱਚਿਆਂ ਵਿਦਿਆਰਥੀਆਂ, ਵਿਦਵਾਨਾਂ, ਲੋਕ-ਨਾਇਕਾਂ ਅਤੇ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਣਾ ਤੇ ਜੇਲ੍ਹਾਂ ਵਿਚ ਡੱਕਣ ਦਾ ਤੌਰ-ਤਰੀਕਾ ਬੇਗਾਨਗੀ ਦਾ ਅਹਿਸਾਸ ਕਰਾਉਣ ਵਾਲਾ ਹੈ। ਇਸ ਸੰਕਟ ਦੀ ਘੜੀ ਵਿਚ ਹਿੰਸਕ ਪਹੁੰਚ ਵੀ ਭਾਰੀ ਨੁਕਸਾਨਦੇਹ ਹੈ। ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਦੇ ਜ਼ਰੂਰੀ ਕੰਮਾਂ ਅਤੇ ਆਵਾਜਾਈ ਵਿਚ ਆ ਰਹੀਆਂ ਅੜਚਣਾਂ ਨਾਲ ਉਹ ਮੌਕੇ ਗੁਆਚ ਰਹੇ ਹਨ, ਜੋ ਮੁੜ ਹੱਥ ਨਹੀਂ ਆ ਸਕਦੇ। ਸਰਕਾਰ ਦਾ ਧਰਮ ਹੈ ਕਿ ਸ਼ਾਂਤੀ ਬਹਾਲ ਕਰਨ ਵਾਲੀ ਦਿਸ਼ਾ ਵੱਲ ਸੋਚੇ।


-ਰਸ਼ਪਾਲ ਸਿੰਘ
ਐਸ.ਜੇ.ਐਸ.ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।


ਅਨੁਸਾਸ਼ਨਬੱਧਤਾ ਦੀ ਉਦਾਹਰਨ
ਕੁਦਰਤ ਆਪਣੇ ਨਿਯਮਬੱਧ ਅਨੁਸਾਸ਼ਨ ਅਨੁਸਾਰ ਹਰ ਕਿਰਿਆ ਕਰਦੀ ਹੈ। ਦਿਨ, ਰਾਤ, ਗਰਮੀ, ਸਰਦੀ, ਬਾਰਸ਼ ਅਤੇ ਹੋਰ ਸਾਰੀਆਂ ਕਿਰਿਆਵਾਂ ਕੁਦਰਤ ਦੀ ਅਨੁਸਾਸ਼ਨਬੱਧਤਾ ਦੀ ਉਦਾਹਰਨ ਹਨ। ਇਨ੍ਹਾਂ ਕੁਦਰਤੀ ਕਿਰਿਆਵਾਂ ਦੀ ਉਪਲੱਬਧਤਾ ਬਿਨਾਂ ਕੋਈ ਭੇਦ-ਭਾਵ ਕੀਤਿਆਂ ਸਭ ਲਈ ਬਰਾਬਰ ਹੈ।
ਕੁਦਰਤ ਦੀਆਂ ਇਨ੍ਹਾਂ ਕਿਰਿਆਵਾਂ ਦੀ ਹੋਂਦ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਹੀ ਨਹੀਂ ਹੈ। ਪਰ ਮਨੁੱਖ ਏਨਾ ਅਕ੍ਰਿਤਘਣ ਹੋ ਚੁੱਕਿਆ ਹੈ ਕਿ ਇਹ ਕੁਦਰਤ ਨਾਲ ਹੀ ਖਿਲਵਾੜ ਕਰੀ ਜਾ ਰਿਹਾ ਹੈ। ਮਨੁੱਖੀ ਜੀਵਨ ਵਿਚ ਕੋਈ ਅਨੁਸਾਸ਼ਨ ਨਹੀਂ ਹੈ। ਮਨੁੱਖ ਦੀ ਹਰ ਇਕ ਕਿਰਿਆ ਵਿਚੋਂ ਹੀ ਅਨੁਸਾਸ਼ਨਹੀਣਤਾ ਝਲਕਦੀ ਹੈ। ਉਹ ਪਾਣੀ, ਹਵਾ, ਮਿੱਟੀ, ਜੰਗਲ ਅਤੇ ਹੋਰ ਕੁਦਰਤੀ ਦਾਤਾਂ ਨੂੰ ਹੀ ਦੂਸ਼ਿਤ ਕਰੀ ਜਾ ਰਿਹਾ ਹੈ। ਉਹ ਕੁਦਰਤ ਦੀ ਹਰੇਕ ਦਾਤ ਦੀ ਦੁਰਵਰਤੋਂ ਕਰਕੇ ਜਲ ਅਤੇ ਥਲ ਉੱਪਰ ਕਬਜ਼ੇ ਦੀ ਭਾਵਨਾ ਪਾਲ਼ ਕੇ ਬੈਠਾ ਹੈ।
ਉਸ ਦੀ ਇਹ ਭਾਵਨਾ ਸਮੁੱਚੀ ਦੁਨੀਆ ਦੀ ਹੋਂਦ ਲਈ ਖਤਰਾ ਸਿੱਧ ਹੋ ਰਹੀ ਹੈ। ਇਸ ਸਬੰਧੀ ਭਾਵੇਂ ਦੁਨੀਆ ਭਰ ਵਿਚ ਆਵਾਜ਼ ਉੱਠ ਰਹੀ ਹੈ ਤਾਂ ਵੀ ਮਨੁੱਖੀ ਲਾਲਸਾ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਸਬੰਧੀ ਸਮੁੱਚੇ ਵਿਸ਼ਵ ਨੂੰ ਜਾਗ੍ਰਿਤ ਹੋਣ ਦੀ ਲੋੜ ਹੈ ਨਹੀਂ ਤਾਂ ਮਨੁੱਖੀ ਜੀਵਨ ਲਈ ਅਨੇਕਾਂ ਔਕੜਾਂ ਖ਼ਤਰਨਾਕ ਸਿੱਧ ਹੋਣਗੀਆਂ।


-ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

26-12-2019

 ਧੜੇਬੰਦੀ ਖ਼ਤਮ ਕਰਨ ਦੀ ਲੋੜ
ਭਾਰਤੀ ਸੰਵਿਧਾਨ ਦੇਸ਼ ਦੇ ਹਰ ਇਕ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਇਸ ਵੋਟ ਦੇ ਅਧਿਕਾਰ ਦੀ ਵਰਤੋਂ ਨਾਲ ਹੀ ਦੇਸ਼ ਵਿਚ ਸਰਕਾਰਾਂ ਦੀ ਚੋਣ ਕੀਤੀ ਜਾਂਦੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਵੱਖ-ਵੱਖ ਲੋਕ ਆਪਣੀ ਆਪਣੀ ਵਿਚਾਰਧਾਰਾ ਅਤੇ ਪਸੰਦ ਨਾਲ ਵੱਖੋ-ਵੱਖਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਵੱਖੋ-ਵੱਖਰੀਆਂ ਪਾਰਟੀਆਂ ਦੇ ਵੱਖੋ-ਵੱਖਰੇ ਵਰਕਰ ਹਨ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਵੋਟਾਂ ਦੇ ਸਮੇਂ ਹਰ ਇਕ ਪਾਰਟੀ ਦੇ ਵਰਕਰ ਆਪਣੀ ਆਪਣੀ ਪਾਰਟੀ ਨੂੰ ਜਿਤਾਉਣ ਲਈ ਜ਼ੋਰ ਲਗਾਉਂਦੇ ਹਨ ਅਤੇ ਇਸ ਸਮੇਂ ਦੌਰਾਨ ਲੋਕ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਮਾੜੀ ਸ਼ਬਦਾਵਾਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ ਜਿਸ ਕਰਕੇ ਲੋਕਾਂ ਵਿਚ ਆਪਸੀ ਪਿਆਰ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਪਿੰਡਾਂ ਵਿਚ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਪਿੰਡ ਦੇ ਲੋਕ ਆਪਸੀ ਭਾਈਚਾਰੇ ਨਾਲ ਮਿਲ ਜੁਲ ਕੇ ਰਹਿ ਸਕਣ ਅਤੇ ਰਲ ਮਿਲ ਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਵਿਕਾਸ ਕਰ ਸਕਣ।


-ਪ੍ਰਿੰਸ ਅਰੋੜਾ, ਮਲੌਦ ਲੁਧਿਆਣਾ।


ਪੰਜਾਬ ਸਰਕਾਰ ਦੇ ਮੰਤਰੀ
ਮੌਜੂਦਾ ਸਮੇਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਹੋਰ ਮੰਤਰੀਆਂ-ਸੰਤਰੀਆਂ ਦੀਆਂ ਨਵੀਆਂ ਤੇ ਅਜੀਬ ਗੱਲਾਂਬਾਤਾਂ ਸਾਹਮਣੇ ਆ ਰਹੀਆਂ ਹਨ, ਜਿਵੇਂ ਇਹ ਚੁਣੇ ਹੋਏ ਨੁਮਾਇੰਦੇ ਨਾ ਹੋ ਕੇ ਰਾਜਾਸ਼ਾਹੀ ਹੀ ਚਲਾ ਰਹੇ ਹੋਣ। ਕੋਈ ਮੰਤਰੀ ਸਾਡੇ ਸਤਿਕਾਰਯੋਗ ਅਧਿਆਪਕ ਵਰਗ ਨੂੰ ਹੀ ਗਾਲੀ-ਗਲੋਚ ਕਰ ਰਿਹਾ ਹੈ। ਕੋਈ ਮੰਤਰੀ ਆਪਣੇ-ਆਪ ਨੂੰ ਸਹੀ ਸਾਬਤ ਕਰਨ ਲਈ ਪੁਲਿਸ ਅਫ਼ਸਰਾਂ ਨੂੰ ਹੀ ਸਸਪੈਂਡ ਕਰਵਾ ਰਿਹਾ ਹੈ। ਕੋਈ ਗੈਂਗਸਟਰਾਂ ਦੀ ਪੁਸ਼ਤ-ਪਨਾਹੀ ਦੇ ਇਲਜ਼ਾਮ ਝੱਲ ਰਿਹਾ ਹੈ, ਵਗੈਰਾ-ਵਗੈਰਾ। ਪਰ ਮੈਨੂੰ ਇਹ ਦੇਖ ਕੇ ਬਹੁਤ ਦੁੱਖ ਲੱਗਾ ਕਿ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਬੀਤੇ ਦਿਨੀਂ ਸਾਡੇ ਇਲਾਕੇ ਮਾਛੀਵਾੜੇ ਵਿਚ ਆਏ। ਉਹ ਇਕ ਪ੍ਰਾਈਵੇਟ ਹਸਪਤਾਲ ਦਾ ਉਦਘਾਟਨ ਕਰਨ ਆਏ। ਉਸ ਵੱਡੇ ਹਸਪਤਾਲ ਦਾ ਉਦਘਾਟਨ ਕਰਨ ਸਮੇਂ ਮੰਤਰੀ ਜੀ ਕਹਿ ਰਹੇ ਸਨ ਕਿ ਪੰਜਾਬ ਸਰਕਾਰ ਗ਼ਰੀਬਾਂ ਦਾ ਮੁਫ਼ਤ ਇਲਾਜ ਕਰੇਗੀ, ਪਰ ਉਸ ਹਸਪਤਾਲ ਵਿਚ ਗ਼ਰੀਬ ਬੰਦਾ ਇਲਾਜ ਹੀ ਨਹੀਂ ਕਰਵਾ ਸਕਦਾ। ਇੰਜ ਗੱਲਾਂ ਦਾ ਇਸ਼ਾਰਾ ਕੀ ਸਮਝੀਏ? ਇਸ ਫੇਰੀ ਦੀ ਸਾਡੇ ਇਲਾਕੇ ਵਿਚ ਤਾਂ ਬਹੁਤ ਚਰਚਾ ਹੈ ਪਰ ਕੌਣ ਆਖੇ ਸਾਹਿਬ ਨੂੰ....।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਬੋਲੋ, ਪਰ ਸੋਚ-ਸਮਝ ਕੇ
ਵਾਕਈ ਸਾਨੂੰ ਸਾਰਿਆਂ ਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਬਿਨਾਂ ਸੋਚੇ-ਸਮਝੇ ਕਈ ਵਾਰ ਅਸੀਂ ਏਨਾ ਮਾੜਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਇਕ ਕਹਾਵਤ ਵੀ ਹੈ 'ਬੋਲ਼ਿਆਂ ਨੇ ਬੋਲ ਵਿਗਾੜੇ, ਮਿੰਨਿਆਂ ਨੇ ਘਰ ਉਜਾੜੇ।' ਜਦੋਂ ਅਸੀਂ ਸੋਚ-ਸਮਝ ਕੇ ਬੋਲਦੇ ਹਾਂ ਤਾਂ ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ, ਘਰ ਵਿਚ ਅਕਸਰ ਉਹ ਲੜਾਈ-ਝਗੜਾ ਵੀ ਕਰਦਾ ਹੈ। ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਤੇ ਪਹਿਰਾਵਾ ਵੀ ਬਹੁਤ ਆਦਰਸ਼ਕ ਹੁੰਦਾ ਪਰ ਜ਼ਬਾਨ ਏਨੀ ਕੌੜੀ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਤੁਹਾਡੀ ਜ਼ਬਾਨ ਹੀ ਤੁਹਾਨੂੰ ਉਚਾਈਆਂ ਤੱਕ ਲੈ ਜਾਂਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੋਸਤ ਰਿਸ਼ਤੇਦਾਰ, ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੀਏ, ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਾਂ।


-ਸੰਜੀਵ ਸਿੰਘ ਸੈਣੀ
ਦੇਸੂ ਮਾਜਰਾ।


ਭੁੱਖ ਨਾਲ ਮਰ ਰਹੇ ਲੋਕ
ਇਕ ਪਾਸੇ ਤਾਂ ਅੰਕੜੇ ਇਹ ਦੱਸਦੇ ਹਨ ਕਿ ਦੇਸ਼ ਵਿਚ ਹਰ ਸਾਲ 2100 ਕਰੋੜ ਕਿੱਥੋਂ ਕਣਕ ਸਾਂਭ-ਸੰਭਾਲ ਪੱਖੋਂ ਖ਼ਰਾਬ ਹੋ ਜਾਂਦੀ ਹੈ ਤੇ ਦੂਜੇ ਪਾਸੇ ਅੰਕੜੇ ਇਹ ਵੀ ਦੱਸਦੇ ਹਨ ਕਿ ਹਰ ਸਾਲ ਦੇਸ਼ ਵਿਚ 19 ਕਰੋੜ ਲੋਕ ਭੁੱਖ ਨਾਲ ਮਰ ਜਾਂਦੇ ਹਨ। ਇਹ ਭਿਆਨਕ ਵਰਤਾਰਾ ਹੈਰਾਨ ਕਰਨ ਵਾਲਾ ਨਹੀਂ ਹੈ ਤਾਂ ਹੋਰ ਕੀ ਹੈ? ਦੇਸ਼ ਨੂੰ ਆਜ਼ਾਦ ਹੋਇਆਂ ਪੌਣੀ ਸਦੀ ਹੋ ਚੱਲੀ ਹੈ। ਪਰ ਲੋਕ ਆਜ਼ਾਦੀ ਦੇ ਮੁਢਲੇ ਹੱਕਾਂ ਤੋਂ ਅੱਜ ਵੀ ਵਿਰਵੇ ਹਨ। ਹੁਣ ਸਮਾਂ ਹੈ ਕਿ ਆਮ ਲੋਕਾਂ ਦੀ ਬਾਂਹ ਫੜੀ ਜਾਵੇ। ਲੋਕਾਂ ਦੇ ਦੁੱਖ-ਦਰਦ ਸਮਝੇ ਜਾਣ। ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਇਸ ਤਰ੍ਹਾਂ ਦੀਆਂ ਨੀਤੀਆਂ ਲਾਗੂ ਕੀਤੀਆਂ ਜਾਣ, ਜਿਸ ਨਾਲ ਦੇਸ਼ ਦਾ ਹਰ ਆਮ ਬੰਦਾ ਜਿਥੇ ਇੱਜ਼ਤ ਮਾਣ ਨਾਲ ਜੀਅ ਸਕੇ, ਉਥੇ ਉਹ ਦੋ ਵਕਤ ਦੀ ਰੋਟੀ ਬੜੇ ਫ਼ਖਰ ਨਾਲ ਖਾ ਸਕੇ ਤੇ ਆਪਣੇ-ਆਪ 'ਤੇ ਭਾਰਤ ਦੇਸ਼ ਦਾ ਵਾਸੀ ਹੋਣ 'ਤੇ ਮਾਣ ਮਹਿਸੂਸ ਕਰ ਸਕੇ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਬਿਮਾਰ ਹੋਇਆ ਪੰਜਾਬ
ਹਾਲ ਹੀ ਵਿਚ ਪੰਜਾਬ ਦੇ ਸਿਹਤ ਮਹਿਕਮੇ ਨੇ ਇਕ ਸਰਵੇਖਣ ਕਰਵਾਇਆ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਲਗਪਗ 25 ਲੱਖ ਲੋਕ ਸ਼ੂਗਰ, ਉੱਚ ਖੂਨ ਦਬਾਅ, ਏਡਜ਼, ਕੈਂਸਰ, ਅਧਰੰਗ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹਨ। ਇਨ੍ਹਾਂ ਵਿਚੋਂ 30 ਫ਼ੀਸਦੀ ਪੰਜਾਬੀ ਲੋਕ ਤਾਂ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹਨ। ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਵੱਡੀ ਗਿਣਤੀ ਲੋਕਾਂ ਵਲੋਂ ਆਰਥਿਕ ਥੁੜਾਂ ਕਾਰਨ ਆਪਣਾ ਸਹੀ ਇਲਾਜ ਨਹੀਂ ਕਰਵਾਇਆ ਜਾ ਰਿਹਾ। ਉਹ ਜਾਂ ਤਾਂ ਵਹਿਮਾਂ-ਭਰਮਾਂ ਦੇ ਚੱਕਰ ਵਿਚ ਪਏ ਹੋਏ ਹਨ ਜਾਂ ਫਿਰ ਚੁੱਪ-ਚਾਪ ਮੌਤ ਨੂੰ ਉਡੀਕ ਰਹੇ ਹਨ। ਉਂਜ ਗੀਤਾਂ, ਫ਼ਿਲਮਾਂ ਵਿਚ ਹੀ ਪੰਜਾਬ ਦੀ ਅਮੀਰੀ ਝਲਕਦੀ ਹੈ, ਅਸਲ ਵਿਚ ਤਾਂ ਲੋਕ ਸਮੱਸਿਆਵਾਂ ਤੇ ਮਾੜੀ ਆਰਥਿਕਤਾ ਨੇ ਬੁਰੀ ਤਰ੍ਹਾਂ ਝੰਬੇ ਪਏ ਹਨ। ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਕਿਰਤ ਸੱਭਿਆਚਾਰ ਦਾ ਅਲੋਪ ਹੋਣਾ, ਕਸਰਤ ਦੀ ਘਾਟ, ਨਸ਼ੇ, ਜੰਕ ਫੂਡ ਅਤੇ ਬੇਲੋੜੀਆਂ ਇੱਛਾਵਾਂ ਆਦਿ ਹਨ। ਜੇਕਰ ਇਹੀ ਹਾਲਾਤ ਰਹੇ ਤਾਂ ਛੇਤੀ ਹੀ ਬਹਾਦਰਾਂ ਦੀ ਕੌਮ ਕਹਾਉਣ ਵਾਲਾ ਸੂਬਾ ਕਿਤੇ ਬਿਮਾਰਾਂ ਦੀ ਕੌਮ ਵਾਲਾ ਸੂਬਾ ਨਾ ਬਣ ਜਾਵੇ।


-ਰਜਿੰਦਰ ਸਿੰਘ 'ਪਹੇੜੀ'।


ਮਾਨਸਿਕ ਗੁਲਾਮੀ
ਅੱਜ ਦੇ ਦੌਰ ਵਿਚ ਪੰਜਾਬੀ ਸੱਭਿਆਚਾਰ 'ਤੇ ਪੱਛਮੀ ਸੱਭਿਆਚਾਰ ਭਾਰੂ ਹੋਣ ਕਾਰਨ ਪੰਜਾਬ ਦੇ ਲੋਕ ਮਾਨਸਿਕ ਤੌਰ 'ਤੇ ਵੀ ਗੁਲਾਮ ਹੁੰਦੇ ਨਜ਼ਰ ਆ ਰਹੇ ਹਨ। ਸਿੱਖ ਰਾਜ ਮੌਕੇ ਮਹਾਰਾਜਾ ਰਣਜੀਤ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ ਦਾ ਨਾਂਅ ਸੁਣ ਕੇ ਕਾਬੁਲ-ਕੰਧਾਰ ਦੀਆਂ ਕੰਧਾਂ ਤੱਕ ਵੀ ਥਰ-ਥਰ ਕੰਬਦੀਆਂ ਸਨ। ਸਿੱਖ ਰਾਜ ਤੋਂ ਬਾਅਦ ਦੇਸ਼ ਬਰਤਾਨਵੀ ਹਕੂਮਤ ਦੇ ਹੱਥਾਂ ਵਿਚ ਚਲਾ ਗਿਆ ਅਤੇ ਗੁਲਾਮ ਹੋ ਗਿਆ। ਜਿਸ ਤੋਂ ਆਜ਼ਾਦ ਕਰਵਾਉਣ ਲਈ ਵਤਨ ਪ੍ਰੇਮੀਆਂ ਅਤੇ ਆਜ਼ਾਦੀ ਲਈ ਸੂਲੀ 'ਤੇ ਚੜ੍ਹਨ ਵਾਲੇ ਮਹਾਨ ਨਾਇਕਾਂ ਨੇ ਬਿਨਾਂ ਕੋਈ ਪ੍ਰਵਾਹ ਕੀਤੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਅੱਜ ਉਨ੍ਹਾਂ ਨਾਇਕਾਂ ਦੇ ਆਜ਼ਾਦ ਦੇਸ਼ ਵਿਚ ਜਦੋਂ ਉਨ੍ਹਾਂ ਦੀ ਯਾਦ ਵਿਚ ਮੇਲੇ ਅਤੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਅਤੇ ਸ਼ਹੀਦੀ ਸਮਾਗਮ ਵਿਚ ਹਿੱਸਾ ਲੈਣ ਲਈ ਜਾਣ ਵਾਲੇ ਨੌਜਵਾਨਾਂ ਦੇ ਮੋਟਰਸਾਈਕਲਾਂ, ਕਾਰਾਂ ਅਤੇ ਟਰੈਕਟਰਾਂ ਉੱਪਰ ਕਿਸੇ ਹੋਰ ਦੇਸ਼ ਦੇ ਝੰਡੇ ਲੱਗੇ ਹੋਏ ਨਾਇਕਾਂ ਦੀ ਸ਼ਹੀਦ ਹੋ ਕੇ ਦਿਵਾਈ ਆਜ਼ਾਦੀ ਨੂੰ ਨੱਕ ਚਿੜਾ ਰਹੇ ਹੁੰਦੇ ਹਨ। ਸ਼ਹੀਦਾਂ ਦੇ ਵਾਰਸ ਬਿਗਾਨੇ ਦੇਸ਼ਾਂ ਦੇ ਝੰਡੇ ਲਗਾ ਕੇ ਆਪਣੀ ਮਾਨਸਿਕ ਗੁਲਾਮੀ ਦਾ ਪ੍ਰਗਟਾਵਾ ਕਰਦੇ ਹਰ ਥਾਂ ਆਮ ਹੀ ਨਜ਼ਰ ਆਉਂਦੇ ਰਹਿੰਦੇ ਹਨ।


-ਪਰਗਟ ਸੇਹ
ਪਿੰਡ ਤੇ ਡਾਕ: ਸੇਹ ਜ਼ਿਲ੍ਹਾ ਲੁਧਿਆਣਾ।

25-12-2019

 ਸਕੂਲਾਂ ਵਿਚ ਈ-ਕੰਟੈਂਟ ਦੀ ਉਪਯੋਗਤਾ

'ਈ-ਕੰਟੈਂਟ' ਸਿੱਖਿਆ ਦੇ ਖੇਤਰ ਵਿਚ ਅੱਜ ਦੀ ਲੋੜੀਂਦੀ ਅਤੇ ਜ਼ਰੂਰੀ ਤਕਨੀਕ ਰਾਹੀਂ ਕ੍ਰਾਂਤੀ ਲਿਆ ਰਹੀ ਹੈ। ਈ-ਕੰਟੈਂਟ ਨੇ ਸਾਡਾ ਵਿਦਿਅਕ ਮਾਹੌਲ ਪ੍ਰਭਾਵਸ਼ਾਲੀ ਚਿਰ ਸਥਾਈ, ਰੌਚਕ ਅਤੇ ਸਮੇਂ ਦਾ ਹਾਣੀ ਬਣਾ ਦਿੱਤਾ ਹੈ। ਈ-ਕੰਟੈਂਟ ਤਕਨੀਕ ਨੂੰ ਸਕੂਲਾਂ ਵਿਚ ਐਲ.ਸੀ.ਡੀ., ਟੈਲੀਵਿਜ਼ਨ, ਪ੍ਰਾਜੈਕਟ, ਮੋਬਾਈਲ ਰਾਹੀਂ ਸਬੰਧਿਤ ਵਿਸ਼ੇ ਦਾ ਅਪਲੋਡ ਪਾਠ ਵਾਈਜ਼ ਸਿਲੇਬਸ ਦਰਜ ਕਰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਇਸ ਵਿਚ ਵਿਸ਼ਾ ਮਾਹਿਰ ਦਾ ਆਪਣੇ ਲੈਕਚਰ ਰਾਹੀਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵਿੱਦਿਆ ਨਾਲ ਜੁੜਨ ਦਾ ਉਪਰਾਲਾ ਹੈ। ਵਿਸ਼ੇ ਦੀ ਮੁਢਲੀ ਜਾਣਕਾਰੀ ਚਾਰਟ, ਮਾਡਲਾਂ ਰਾਹੀਂ ਵਿਸਥਾਰ ਨਾਲ ਵਿਦਿਆਰਥੀ ਤੱਕ ਪਹੁੰਚ ਕਰ ਰਹੀ। ਈ-ਕੰਟੈਂਟ ਤਕਨੀਕ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿਚ ਮੀਲ ਪੱਥਰ ਸਾਬਤ ਹੋ ਰਹੀ ਹੈ। ਅੱਜ ਇਕ ਸਰਕਾਰੀ ਸਕੂਲ ਦਾ ਵਿਦਿਆਰਥੀ ਇਸ ਤਕਨੀਕ ਰਾਹੀਂ ਸੁਚੱਜੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ।

-ਮਾ: ਗੌਰਵ ਮੁੰਜਾਲ
ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ।

ਗੰਦਗੀ ਦੇ ਢੇਰ

ਥਾਂ ਥਾਂ ਲੱਗੇ ਗੰਦਗੀ ਦੇ ਢੇਰ ਇਹ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅੱਜ ਦਾ ਮਨੁੱਖ ਜਾਨਵਰਾਂ ਤੋਂ ਵੀ ਅੱਗੇ ਲੰਘ ਚੁੱਕਾ ਹੈ। ਇਹ ਗੰਦਗੀ ਦੇ ਢੇਰ ਜਿੱਥੇ ਇਕ ਪਾਸੇ ਬਿਮਾਰੀਆਂ ਫੈਲਾ ਰਹੇ ਹਨ ਉਥੇ ਹੀ ਦੂਸਰੇ ਪਾਸੇ ਇਹ ਸਬੂਤ ਵੀ ਪੇਸ਼ ਕਰਦੇ ਹਨ ਕਿ ਮਨੁੱਖ ਹੁਣ ਸੱਭਿਅਕ ਸਮਾਜ ਵਿਚ ਰਹਿਣ ਦੇ ਯੋਗ ਨਹੀਂ ਰਿਹਾ। ਗੱਲ ਪਿੰਡਾਂ ਦੀ ਕਰ ਲਉ ਚਾਹੇ ਸ਼ਹਿਰਾਂ ਦੀ ਗੰਦਗੀ ਦਾ ਹਾਲ ਹਰ ਜਗ੍ਹਾ ਇਕੋ ਜਿਹਾ ਹੀ ਹੈ। ਇਕ ਪਾਸੇ ਅਸੀ 'ਸਵੱਛ ਭਾਰਤ' ਦਾ ਨਾਅਰਾ ਲਾਉਂਦੇ ਹਾਂ ਤੇ ਦੂਸਰੇ ਪਾਸੇ ਗੰਦਗੀ ਦੇ ਢੇਰਾਂ ਦੇ ਢੇਰ ਸੜਕਾਂ, ਗਲੀਆਂ ਵਿਚ ਲਗਾਈ ਜਾ ਰਹੇ ਹਾਂ। ਅਸੀ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਾਂ ਤੇ ਕੂੜਾ ਕਰਕਟ ਚੁੱਕ ਕੇ ਗਲੀਆਂ ਜਾਂ ਸੜਕਾਂ ਦੇ ਕਿਨਾਰਿਆਂ 'ਤੇ ਸੁੱਟ ਦਿੰਦੇ ਹਾਂ। ਇਹ ਸਾਡੀ ਕਿਥੋਂ ਦੀ ਅਕਲਮੰਦੀ ਹੈ। ਸਿਰਫ ਆਪਣੇ ਘਰਾਂ ਦੀ ਸਫ਼ਾਈ ਕਰਕੇ ਭਾਰਤ ਨੂੰ ਸਵੱਛ ਨਹੀ ਬਣਾਇਆ ਜਾ ਸਕਦਾ। ਇਸ ਦੇ ਲਈ ਆਪਣੇ ਆਲੇ ਦੁਆਲੇ ਨੂੰ ਵੀ ਸਾਫ਼-ਸੁਥਰਾ ਰੱਖਣਾ ਪਵੇਗਾ ਤਦ ਹੀ ਸਹੀ ਅਰਥਾਂ ਵਿਚ 'ਸਵੱਛ ਭਾਰਤ' ਦਾ ਨਿਰਮਾਣ ਹੋਵੇਗਾ।

-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।

ਸਮੱਸਿਆਵਾਂ 'ਚ ਘਿਰਿਆ ਪੰਜਾਬ

ਪੰਜਾਬ ਵਿਚ ਹਰ ਖੇਤਰ 'ਚ ਬੇਸ਼ੁਮਾਰ ਤਰੱਕੀ ਤੇ ਵਿਕਾਸ ਹੋਇਆ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਾਸੀਆਂ ਨੂੰ ਅਨੇਕਾਂ ਸਮੱਸਿਆਵਾਂ ਨੇ ਘੇਰਾ ਪਾਇਆ ਹੈ। ਸੂਬੇ 'ਚੋਂ ਸਨਅਤ ਗਾਇਬ ਹੋ ਰਹੀ ਹੈ, ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ, ਕਿਸਾਨ ਖ਼ੁਦਕੁਸ਼ੀਆਂ ਕਰਨ ਨੂੰ ਮਜਬੂਰ ਹੈ, ਨੌਜਵਾਨਾਂ ਨੂੰ ਨਸ਼ਿਆਂ ਨੇ ਖਾ ਲਿਆ ਹੈ ਅਤੇ ਛੋਟਾ ਕਿਸਾਨ, ਖੇਤ ਮਜ਼ਦੂਰ ਤੰਗੀਆਂ-ਤੁਰਸ਼ੀਆਂ 'ਚੋਂ ਲੰਘ ਰਿਹਾ ਹੈ, ਕਿਸਾਨੀ ਧੰਦਾ ਮੁਨਾਫ਼ੇ ਵਾਲਾ ਨਹੀਂ ਰਿਹਾ। ਪੰਜਾਬ ਦਾ ਪਾਣੀ ਮੁੱਕਣ ਦੇ ਨਾਲ-ਨਾਲ ਗੰਧਲਾ ਹੋ ਰਿਹਾ ਹੈ, ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਰੇਤ ਮਾਫ਼ੀਆ ਭੂ-ਮਾਫ਼ੀਆ ਦਾ ਬੋਲਬਾਲਾ ਹੈ। ਮੌਕੇ ਦੀਆਂ ਸਰਕਾਰਾਂ ਨੂੰ ਸੂਬੇ ਦੀ ਖੁਸ਼ਹਾਲੀ ਲਈ ਜ਼ਮੀਨੀ ਪੱਧਰ 'ਤੇ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਮਜ਼ੋਰ ਮਾਨਸਿਕਤਾ

ਸਰਕਾਰ ਵਲੋਂ ਅਧਿਆਪਕ ਯੋਗਤਾ ਪ੍ਰੀਖਿਆ ਦੀ ਤਾਰੀਖ਼ ਲਗਾਤਾਰ ਬਦਲੀ ਜਾ ਰਹੀ ਹੈ। ਪਹਿਲਾਂ ਤਾਂ ਇਹ ਪ੍ਰੀਖਿਆ ਵਿਦਿਆਰਥੀਆਂ ਦੇ ਲੰਮੇ ਸੰਘਰਸ਼ ਸਦਕਾ ਲਗਪਗ 2 ਸਾਲ ਬਾਅਦ 15 ਦਸੰਬਰ, 2019 ਨੂੰ ਲਈ ਜਾਣੀ ਸੀ, ਫਿਰ ਇਸ ਦੀ ਤਾਰੀਖ਼ ਬਦਲ ਕੇ 22 ਦਸੰਬਰ, 2019 ਕਰ ਦਿੱਤੀ ਗਈ। ਜਦੋਂ ਰੋਲ ਨੰਬਰ ਜਾਰੀ ਕੀਤੇ ਗਏ ਤਾਂ ਪ੍ਰੀਖਿਆ ਕੇਂਦਰ 250-300 ਕਿਲੋਮੀਟਰ ਦੀ ਦੂਰੀ 'ਤੇ ਬਣੇ ਵੇਖ ਕੇ ਵਿਦਿਆਰਥੀਆਂ ਵਿਚ ਹਾਹਾਕਾਰ ਮਚ ਗਈ। ਮਸਲਾ ਉਲਝਦਾ ਦੇਖ ਸਰਕਾਰ ਨੇ ਫਿਰ ਇਹ ਪ੍ਰੀਖਿਆ ਮੁਲਤਵੀ ਕਰਕੇ ਹੁਣ 5 ਜਨਵਰੀ, 2020 ਨੂੰ ਕਰਵਾਉਣ ਦਾ ਫ਼ੈਸਲਾ ਲਿਆ ਹੈ। ਅਜਿਹੇ ਫ਼ੈਸਲੇ ਸਰਕਾਰ ਦੀ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦੇ ਹਨ।

-ਮਨਦੀਪ ਸਿੰਘ ਸ਼ੇਰੋਂ
ਵਾਰਡ ਨੰ: 23, ਸੁਨਾਮ ਊਧਮ ਸਿੰਘ ਵਾਲਾ।

ਸਬੰਧਿਤ ਜ਼ਿਲ੍ਹੇ ਵਿਚ ਹੀ ਹੋਵੇ ਪ੍ਰੀਖਿਆ

ਸਿੱਖਿਆ ਵਿਭਾਗ ਪੰਜਾਬ ਵਲੋਂ ਲਏ ਜਾ ਰਹੇ ਅਧਿਆਪਕ ਯੋਗਤਾ ਟੈਸਟ ਦੇ ਸੈਂਟਰ ਅਲੱਗ-ਅਲੱਗ ਦੂਰ-ਦੁਰਾਡੇ ਜ਼ਿਲ੍ਹਿਆਂ ਵਿਚ ਦਿੱਤੇ ਗਏ ਹਨ, ਜੋ ਕਿ ਬੇਰੁਜ਼ਗਾਰਾਂ ਨਾਲ ਸਰਾਸਰ ਧੱਕਾ ਹੈ। ਸਭ ਤੋਂ ਪਹਿਲਾਂ ਤਾਂ ਵਿਭਾਗ ਇਹ ਟੈਸਟ 2018 ਦਾ ਲੈ ਰਿਹਾ ਹੈ, ਕਿਉਂਕਿ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਟੈਸਟ ਉਹ 2018 'ਚ ਲੈਣ ਦੀ ਬਜਾਏ 2019 ਵਿਚ ਲੈ ਰਹੇ ਹਨ। ਠੰਢ ਦੇ ਮੌਸਮ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਸਟ ਦੇਣ ਵਾਲੇ ਜ਼ਿਆਦਾਤਰ ਨੌਜਵਾਨ ਮੁੰਡੇ ਅਤੇ ਕੁੜੀਆਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਂਦੇ ਹਨ। ਇਨ੍ਹਾਂ ਸਭ ਨੂੰ ਐਨੀ ਦੂਰ ਜਾਣ ਲਈ ਮਾਨਸਿਕ ਪ੍ਰੇਸ਼ਾਨੀ ਦੇ ਨਾਲ-ਨਾਲ ਆਰਥਿਕ ਬੋਝ ਵੀ ਝੱਲਣਾ ਪਵੇਗਾ। ਸਰਕਾਰ ਦੀ ਨੀਤੀ ਤਾਂ ਇਹ ਹੈ ਕਿ ਨਾ ਕੋਈ ਇਹ ਟੈਸਟ ਪਾਸ ਕਰੇ ਤੇ ਨਾ ਹੀ ਸਰਕਾਰ ਪਾਸੋਂ ਨੌਕਰੀ ਦੀ ਮੰਗ ਕਰੇ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਉਮੀਦਵਾਰ ਦੇ ਸਬੰਧਿਤ ਜ਼ਿਲ੍ਹੇ ਵਿਚ ਹੀ ਉਸ ਦੀ ਪ੍ਰੀਖਿਆ ਲਵੇ।

-ਬਲਜੀਤ ਸਿੰਘ ਕਚੂਰਾ
ਮਮਦੋਟ, ਤਹਿ: ਤੇ ਜ਼ਿਲ੍ਹਾ ਫਿਰੋਜ਼ਪੁਰ।

ਖਾਲੀ ਹੋ ਰਿਹਾ ਪੰਜਾਬ

ਪਰਵਾਸ ਦਾ ਸਬੰਧ ਓਨਾ ਹੀ ਪੁਰਾਣਾ ਹੈ ਜਿੰਨਾ ਕਿ ਦੁਨੀਆ। ਰੋਜ਼ੀ-ਰੋਟੀ ਦੇ ਸਬੰਧ ਵਿਚ ਦੇਸ-ਪ੍ਰਦੇਸ ਜਾਣਾ ਕੋਈ ਮਾੜੀ ਗੱਲ ਨਹੀਂ। ਅੱਜ ਜੋ ਰੁਖ਼ ਪੰਜਾਬ ਵਾਸੀਆਂ ਦਾ ਵਿਦੇਸ਼ ਵਿਚ ਹਰ ਹੀਲੇ ਉਡਾਰੀ ਮਾਰਨ ਦਾ ਹੈ, ਉਹ ਹੁਣ ਠੀਕ ਨਹੀਂ ਕਿਹਾ ਜਾ ਸਕਦਾ ਤੇ ਭਵਿੱਖ ਵਿਚ ਗ਼ਲਤ ਪਸਾਰਾ ਹੀ ਸਿੱਧ ਹੋਵੇਗਾ। ਇਸੇ ਤ੍ਰਾਸਦੀ ਨੂੰ ਖੁੱਲ੍ਹ ਕੇ ਸਬੂਤਾਂ ਸਮੇਤ ਪੇਸ਼ ਕਰਦਾ ਲੇਖ 'ਅਜੀਤ' ਵਿਚ ਮਨਜਿੰਦਰ ਸਿੰਘ ਕਾਲਾ ਸਰੌਦ ਦਾ ਪੜ੍ਹਿਆ। ਲੇਖ ਵਿਚ ਸਭ ਕੁਝ ਵਧੀਆ ਤਰੀਕੇ ਨਾਲ ਹੂ-ਬਹੂ ਹੀ ਲਿਖਿਆ ਸੀ। ਜੋ ਵਰਤਾਰਾ ਅੱਜ ਪੰਜਾਬ ਵਿਚ ਵਿਦੇਸ਼ ਜਾਣ ਦਾ ਹੋ ਰਿਹਾ ਹੈ ਤੇ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡੀ ਢਾਅ ਲੱਗ ਰਹੀ ਹੈ। ਦੂਜੇ ਪਾਸੇ ਸਾਡੀ ਨੌਜਵਾਨੀ ਇਧਰ ਵਧੀਆ ਕੰਮ ਕਰਨ ਦੀ ਬਜਾਏ ਉਧਰ ਜਾ ਮਜਦੂਰੀ ਨੂੰ ਵੀ ਹੱਸ ਕੇ ਤਰਜੀਹ ਦੇ ਰਹੀ ਹੈ। ਅਨੇਕਾਂ ਗੱਲਾਂਬਾਤਾਂ ਨਿੱਤ ਸਾਡੇ ਸਾਹਮਣੇ ਵੀ ਆ ਰਹੀਆਂ ਹਨ। ਪਰ ਇਹ ਕੰਮ ਰੁਕਣ ਜਾਂ ਘੱਟ ਹੋਣ ਦੀ ਥਾਂ ਵਧ ਰਿਹਾ ਹੈ ਤੇ ਚਿੰਤਾਜਨਕ ਹੈ।

-ਬਲਬੀਰ ਸਿੰਘ ਬੱਬੀ
ਤੱਖਰਾਂ (ਲੁਧਿਆਣਾ)।

24-12-2019

 ਮੁਲਾਜ਼ਮਾਂ ਦੀ ਸਮਾਜਿਕ ਜ਼ਿੰਦਗੀ ਮਨਫ਼ੀ ਕਿਉਂ?
ਆਮ ਲੋਕਾਂ ਦੀ ਤਰਜ਼ 'ਤੇ ਘੋਖ ਕੇ ਦੇਖਿਆ ਜਾਵੇ ਤਾਂ ਪਿਛਲੇ ਇਕ ਦਹਾਕੇ ਤੋਂ ਕਈ ਵਿਭਾਗਾਂ ਵਿਚ ਮੁਲਾਜ਼ਮਾਂ ਦੀ ਜ਼ਿੰਦਗੀ ਮਨਫ਼ੀ ਹੁੰਦੀ ਜਾ ਰਹੀ ਹੈ। ਇਸ ਪਿੱਛੇ ਮੁਲਾਜ਼ਮਾਂ ਦੀ ਘੱਟ ਨਫਰੀ ਅਤੇ ਬਿਮਾਰ ਮਾਨਸਿਕਤਾ ਕੰਮ ਕਰਦੀ ਹੈ। ਡਿਊਟੀ ਖ਼ਤਮ ਹੋਣ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਬੇਅਰਥੇ ਫੋਨ, ਵਟਸਅਪ ਸੁਨੇਹੇ ਸਾਰਾ ਸੰਤੁਲਨ ਵਿਗਾੜ ਦਿੰਦੇ ਹਨ। ਕਈ ਵਾਰ ਸਥਿਤੀ ਅਜਿਹੀ ਆ ਜਾਂਦੀ ਹੈ ਕਿ ਅਜੇ ਵੀ ਗੁਲਾਮ ਹੀ ਲੱਗ ਰਹੇ ਹੁੰਦੇ ਹਾਂ। ਛੁੱਟੀ ਵਾਲੇ ਦਿਨ ਮੁਲਾਜ਼ਮਾਂ ਨੂੰ ਖਾਹਮਖਾਹ ਕੰਮ ਕਰਨ ਨੂੰ ਮਜਬੂਰ ਕਰਨ ਲਈ ਅਜਿਹੀ ਨੀਤੀ ਹੋਣੀ ਚਾਹੀਦੀ ਹੈ ਕਿ ਹਦਾਇਤ ਕਰਨ ਵਾਲਾ ਜੁਰਅਤ ਹੀ ਨਾ ਰੱਖੇ। ਹੈਰਾਨੀ ਹੁੰਦੀ ਹੈ ਜਦੋਂ ਦਿਨ ਤਿਉਹਾਰ ਮਨਾਉਣ ਵੇਲੇ ਵੀ ਟਿਕਣ ਨਹੀਂ ਦਿੱਤਾ ਜਾਂਦਾ। ਮੁਲਾਜ਼ਮ ਦਵਾਈ ਘੁੱਟੀ ਅਤੇ ਪਰਿਵਾਰਕ ਰੁਝੇਵਿਆਂ ਦਾ ਪਲਾਨ ਬਣਾ ਹੀ ਨਹੀਂ ਸਕਦਾ, ਕਿਉਂਕਿ ਗਾਹਕ ਵਾਂਗ ਪਤਾ ਨਹੀਂ ਕਦੋਂ ਅਫਸਰ ਦਾ ਫੋਨ ਆ ਜਾਣਾ ਹੈ। ਹਾਂ ਇਕ ਗੱਲ ਜ਼ਰੂਰ ਹੈ ਕਿ ਸੂਝਵਾਨ ਫੋਨ ਕਰਤਾ ਮਾਹੌਲ ਨੂੰ ਸੰਭਾਲ ਕੇ ਛੋਟੇ ਮੁਲਾਜ਼ਮ ਦੇ ਜਜ਼ਬਾਤਾਂ ਅਨੁਸਾਰ ਮਾਹੌਲ ਸਾਂਭ ਵੀ ਲੈਂਦਾ ਹੈ। ਭਾਵੇਂ ਸਿਵਿਲ ਸਰਵਿਸ ਰੂਲਾਂ ਵਿਚ ਮੁਲਾਜ਼ਮ 24 ਘੰਟੇ ਹਾਜ਼ਰ ਰਹਿੰਦਾ ਹੈ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਛੋਟੇ ਮੁਲਾਜ਼ਮ ਦੀ ਸਮਾਜਿਕ ਪਰਿਵਾਰਕ ਜ਼ਿੰਦਗੀ ਮਨਫ਼ੀ ਕਰ ਦਿੱਤੀ ਜਾਵੇ। ਅੱਜ ਲੋੜ ਹੈ ਛੋਟੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਸਹੀ ਕਰਨਾ ਤਾਂ ਜੋ ਸਰਕਾਰ ਅਤੇ ਮੁਲਾਜ਼ਮਾਂ ਦੇ ਮੇਲ-ਜੋਲ ਨਾਲ ਲੋਕ ਭਲਾਈ ਅਤੇ ਵਿਕਾਸ ਦੀ ਗਤੀ ਹੋਰ ਵੀ ਤੇਜ਼ ਹੋ ਸਕੇ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

ਡਿਜ਼ਨੀ ਦੀ ਦੁਨੀਆ...
ਬੀਤੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਮੈਡਮ ਸਰਵਿੰਦਰ ਕੌਰ ਦਾ ਲੇਖ 'ਡਿਜ਼ਨੀ ਦੀ ਦੁਨੀਆ...' ਪੜ੍ਹਿਆ ਜੋ ਕਿ ਬਹੁਤ ਹੀ ਸਲਾਹੁਣਯੋਗ ਸੀ। ਲੇਖਿਕਾ ਨੇ ਪਾਠਕਾਂ ਨੂੰ ਦੱਸਿਆ ਹੈ ਕਿ ਦੁਨੀਆ ਦਾ ਪਹਿਲਾ ਡਿਜ਼ਨੀ ਲੈਂਡ (ਥੀਮ ਪਾਰਕ) 1955 ਵਿਚ ਵਾਲਟ ਡਿਜ਼ਨੀ ਨੇ ਕੈਲੀਫੋਰਨੀਆ (ਅਮਰੀਕਾ) ਵਿਚ ਸ਼ੁਰੂ ਕੀਤਾ। ਇਥੇ ਬੱਚਿਆਂ ਅਤੇ ਵੱਡਿਆਂ ਲਈ ਕਈ ਤਰ੍ਹਾਂ ਦੇ ਝੂਲੇ, ਖੇਡਾਂ ਅਤੇ ਬਹੁਤ ਸਾਰੇ ਮਨੋਰੰਜਨ ਦੇ ਸਾਧਨ ਬਣਾਏ ਗਏ ਸਨ। ਦੁਨੀਆ ਭਰ ਵਿਚ ਇਹ ਥੀਮ ਪਾਰਕ, ਡਿਜ਼ਨੀ ਲੈਂਡ ਅਤੇ ਡਿਜ਼ਨੀ ਵਰਲਡ ਕਈ ਦੇਸ਼ਾਂ ਜਿਵੇਂ ਅਮਰੀਕਾ, ਯੂਰਪ ਦੇ ਵੱਖ-ਵੱਖ ਦੇਸ਼ਾਂ, ਜਾਪਾਨ, ਚੀਨ ਅਤੇ ਹਾਂਗਕਾਂਗ ਆਦਿ ਵਿਚ ਸਥਿਤ ਹਨ ਅਤੇ ਇਨ੍ਹਾਂ ਦੀ ਕੁੱਲ ਗਿਣਤੀ 14 ਹੈ।

-ਗੁਰਮੀਤ, ਮਿਊਜ਼ਿਕ ਸੈਂਟਰ, ਬੇਅੰਤ ਨਗਰ, ਮੋਗਾ।

ਫੋਕੀ ਵਾਹ-ਵਾਹ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਡਾ: ਰਣਜੀਤ ਸਿੰਘ ਦਾ ਲਿਖਿਆ 'ਪੰਜਾਬੀ ਗੀਤ ਸੰਗੀਤ 'ਚ ਵਧ ਰਹੇ ਲੱਚਰਪੁਣੇ ਵਿਰੁੱਧ ਮੁਹਿੰਮ ਰਹੀ ਬੇਅਸਰ' ਬਹੁਤ ਹੀ ਵਧੀਆ ਲੱਗਾ। ਮੈਂ ਤਾਂ ਇਹ ਕਹਿੰਦਾ ਹਨ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਖੁੰਬਾਂ ਵਾਂਗੂ ਉੱਗੇ ਕਲਾਕਾਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਵੇਂ ਗੈਂਗਸਟਰਾਂ ਵਿਰੁੱਧ ਕਾਰਵਾਈ ਸਰਕਾਰ ਕਰ ਰਹੀ ਇਸੇ ਤਰ੍ਹਾਂ ਇਨ੍ਹਾਂ ਦੇ ਵਿਰੁੱਧ ਵੀ ਇਹੋ ਜਿਹਾ ਹਸ਼ਰ ਹੀ ਹੋਣਾ ਚਾਹੀਦਾ ਹੈ। ਪੰਜਾਬ ਵਿਚ ਕਿਸਾਨਾਂ ਦੇ ਪੁੱਤਰਾਂ ਦੇ ਹੱਥਾਂ ਵਿਚ ਬੰਦੂਕਾਂ ਫੜਾਉਣ ਵਾਲੇ ਇਹੀ ਕਲਾਕਾਰ ਜ਼ਿੰਮੇਵਾਰ ਹਨ। ਕਿਸਾਨ ਖ਼ੁਦਕੁਸ਼ੀਆਂ ਕਰਕੇ ਮਰ ਰਹੇ ਹਨ ਤੇ ਇਹ ਕਿਸਾਨਾਂ ਨੂੰ ਫੁਕਰੇ ਤੇ ਬੰਦੇ ਮਾਰਨ ਵਾਲੇ ਦੱਸ-ਦੱਸ ਕੇ ਉਨ੍ਹਾਂ ਨੂੰ ਐਵੇਂ ਫੋਕੀ ਹਵਾ ਦਿੱਤੀ ਜਾ ਰਹੀ ਹੈ। ਜਿਨ੍ਹਾਂ ਅੱਖਰਾਂ 'ਚ ਸਾਡੇ ਗੁਰੂਆਂ ਨੇ ਗੁਰਬਾਣੀ ਰਚੀ, ਅੱਜ ਉਨ੍ਹਾਂ ਅੱਖ਼ਰਾਂ ਵਿਚ ਇਹ ਚੰਦ ਕੁ ਬੰਦੇ ਆਪਣੀ ਫੋਕੀ ਵਾਹ-ਵਾਹ ਖੱਟਣ ਲਈ ਗੰਦ ਘੋਲ ਰਹੇ ਹਨ। ਸਾਰੇ ਬੁੱਧੀਜੀਵੀਆਂ ਨੂੰ ਇਨ੍ਹਾਂ ਵਿਰੁੱਧ ਡਟ ਕੇ ਲਿਖਣਾ ਚਾਹੀਦਾ ਹੈ। ਜਿਥੇ ਤਲਵਾਰ ਵਾਰ ਨਾ ਕਰ ਸਕਦੀ ਹੋਵੇ ਆਵਾਜ਼ ਨਾ ਪਹੁੰਚਦੀ ਹੋਵੇ, ਉਥੇ-ਉਥੇ ਕਲਮ ਪਹੁੰਚ ਕਰਦੀ ਹੈ। ਸਾਰੇ ਇਕੱਠੇ ਹੋ ਕੇ ਇਕ ਆਵਾਜ਼ ਕਰਾਂਗੇ ਤਾਂ ਅਸੀਂ ਆਪਣੀ ਮਾਂ ਬੋਲੀ ਬਚਾ ਕੇ ਰੱਖ ਸਕਦੇ ਹਾਂ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।

ਸਮਾਜ ਦਾ ਅਤਿ ਘਿਨਾਉਣਾ ਚਿਹਰਾ
ਅੱਜ ਜਦੋਂ ਭਾਰਤ 'ਚ 8 ਮਿੰਟ ਬਾਅਦ ਇਕ ਜਬਰ ਜਨਾਹ ਦੀ ਖ਼ਬਰ ਆ ਰਹੀ ਹੈ ਤਾਂ ਸਾਨੂੰ ਚਿੰਤਤ ਤਾਂ ਹੋਣਾ ਹੀ ਪਵੇਗਾ। ਜਦੋਂ ਇਕ 26 ਸਾਲਾ ਵੈਟੇਰਨਰੀ ਡਾਕਟਰ ਕੁੜੀ ਦਾ ਜਬਰ ਜਨਾਹ ਤੋਂ ਬਾਅਦ ਅੱਗ ਲਾ ਕੇ ਸਾੜ ਦੇਣਾ ਅਤਿ ਦੁਖਦਾਈ ਲਗਦਾ ਹੈ। ਅੰਕੜੇ ਕੁਝ ਹੋਰ ਦੱਸਦੇ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਕਈ ਵਾਰ ਸਾਡੇ ਸਮਾਜ ਵਿਚ ਔਰਤਾਂ ਵਿਰੁੱਧ ਜੁਰਮਾਂ ਨੂੰ ਇੱਜ਼ਤ ਦੇ ਨਾਂਅ 'ਤੇ ਅਕਸਰ ਪੁਲਿਸ, ਸਰਕਾਰ ਜਾਂ ਜਨ-ਸੰਚਾਰ ਤੋਂ ਦੂਰ ਰੱਖਿਆ ਜਾਂਦਾ ਹੈ।
ਅੱਜ ਅੰਕੜੇ ਦੱਸਦੇ ਹਨ ਕਿ ਮੇਰੇ ਦੇਸ਼ 'ਤੇ ਰਾਜ ਕਰ ਰਹੀ ਪਾਰਟੀ ਦੇ ਸਾਂਸਦ ਅਜਿਹੇ ਅਪਰਾਧਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਅਪਰਾਧੀਆਂ ਨੂੰ ਚੋਣ ਲੜਨ ਲਈ ਟਿਕਟਾਂ ਹੀ ਕਿਉਂ ਦਿੱਤੀਆਂ ਜਾਂਦੀਆਂ ਹਨ? ਜਦੋਂ ਨੇਤਾ ਹੀ ਅਜਿਹੇ ਘਿਨਾਉਣੇ ਕੰਮ ਕਰਨ ਤਾਂ ਆਮ ਅਪਰਾਧੀਆਂ ਨੂੰ ਤੁਸੀਂ ਕੀ ਕਹੋਗੇ। ਮਨੁੱਖੀ ਅਧਿਕਾਰ ਅਤੇ ਔਰਤਾਂ ਖਿਲਾਫ਼ ਹਿੰਸਾ 'ਚ ਸਾਡੀ ਅਸਫ਼ਲਤਾ ਅਕਸਰ ਸਾਡੇ ਕਰਤੱਵਾਂ 'ਚ ਅਸਫ਼ਲਤਾ ਤੋਂ ਪੈਦਾ ਹੁੰਦੀ ਹੈ। ਸਕੂਲਾਂ ਕਾਲਜਾਂ 'ਚ ਨੈਤਿਕ ਸਿੱਖਿਆ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ, ਸਮਾਜ ਤਾਂ ਹੀ ਸੁੰਦਰ ਬਣੇਗਾ ਜੇ ਸਮਾਜ ਵਿਚ ਔਰਤ ਦਾ ਸਤਿਕਾਰ ਹੋਵੇਗਾ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

ਜਬਰ ਜਨਾਹੀ ਕਹਿਰ
ਔਰਤ ਦੀ ਪੱਤ ਉੱਤੇ ਕਹਿਰ ਲਗਾਤਾਰ ਜਾਰੀ ਹੈ। ਮਾਸੂਮ ਬੱਚੀਆਂ ਨੂੰ ਸ਼ਿਕਾਰ ਬਣਾ ਰਹੇ ਰਾਖਸ਼ ਦਰਿੰਦਗੀ ਦੀਆਂ ਹੱਦਾਂ ਟੱਪ ਰਹੇ ਹਨ। ਹਰ ਰੋਜ਼ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਜੋ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀਆਂ ਹਨ ਅਤੇ ਖੋਜੀ ਇਸ ਗੱਲ ਨੂੰ ਸਮਝਣ ਵਿਚ ਲਗਾਤਾਰ ਅਸਫ਼ਲ ਹੋ ਰਹੇ ਹਨ ਕਿ ਅਜਿਹੀਆਂ ਸ਼ਰਮਨਾਕ ਘਟਨਾਵਾਂ ਦੇ ਪਿੱਛੇ ਮੂਲ ਕਾਰਨ ਕੀ ਹਨ ਅਤੇ ਇਨ੍ਹਾਂ ਨੂੰ ਨੱਥ ਕਿਵੇਂ ਪਾਈ ਜਾ ਸਕਦੀ ਹੈ। ਕੀ ਇਹ ਪਰਦੇ 'ਤੇ ਦਿਖਾਏ ਜਾ ਰਹੇ ਨੰਗੇਜ਼ ਦਾ ਅਸਰ ਹੈ ਜਾਂ ਸੋਸ਼ਲ ਮੀਡੀਆ ਦਾ?
ਆਖ਼ਰ ਇਨਸਾਨ ਆਪਣੀਆਂ ਇੰਦਰੀਆਂ ਨੂੰ ਵੱਸ ਵਿਚ ਰੱਖਣ ਲਈ ਅਯੋਗ ਕਿਵੇਂ ਸਿੱਧ ਹੋ ਰਿਹਾ ਹੈ, ਕਿਵੇਂ ਉਸ ਦਾ ਦਿਮਾਗ ਵਹਿਸ਼ੀਪੁਣੇ ਦੀਆਂ ਹੱਦਾਂ ਟੱਪ ਰਿਹਾ ਹੈ। ਹਰ ਕੋਈ ਸਰਕਾਰਾਂ ਨੂੰ ਦੋਸ਼ ਦੇਣ ਲੱਗਾ ਹੈ। ਪਰ ਸਰਕਾਰਾਂ ਦੇ ਕੰਨ ਬਿਲਕੁਲ ਬੰਦ ਜਾਪ ਰਹੇ ਹਨ। ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਪਿੱਛੇ ਸਭ ਤੋਂ ਵੱਡਾ ਮੂਲ ਕਾਰਨ ਗਿਆਨ ਦੀ ਅਣਹੋਂਦ ਹੈ। ਨੈਤਿਕਤਾ ਦੀ ਸਿੱਖਿਆ ਲਈ ਕੋਈ ਖ਼ਾਸ ਯਤਨ ਨਹੀਂ ਕੀਤੇ ਜਾ ਰਹੇ ਪਰ ਕਾਮ ਨੂੰ ਪ੍ਰੋਤਸਾਹਿਤ ਕਰਨ ਦੇ ਯਤਨ ਦਿਨ-ਰਾਤ ਜਾਰੀ ਹਨ।
ਮਨੁੱਖ ਸਾਹਿਤ ਨਾਲੋਂ ਬਿਲਕੁਲ ਟੁੱਟ ਚੁੱਕਾ ਹੈ ਅਤੇ ਦਿਨ-ਰਾਤ ਸੋਸ਼ਲ ਮੀਡੀਆ ਦੀ ਬੋਤਲ ਵਿਚੋਂ ਜ਼ਹਿਰ ਦੀਆਂ ਘੁੱਟਾਂ ਭਰਨ ਵਿਚ ਮਸਤ ਹੈ। ਬਹੁਤ ਸਾਰੇ ਲੋਕ ਜਬਰ ਜਨਾਹ ਦੀਆਂ ਦਰਦਨਾਕ ਘਟਨਾਵਾਂ ਨੂੰ ਅਜੇ ਵੀ ਰੱਬੀ ਭਾਣਾ ਮੰਨ ਕੇ ਸਬਰ ਪਿਆਲੇ ਭਰੀ ਬੈਠੇ ਹਨ। ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਧਾਰਮਿਕ ਸਥਾਨਾਂ ਵਿਚੋਂ ਰੱਬ ਗਾਇਬ ਹੈ। ਰੱਬ ਹੋਵੇ ਜਾਂ ਨਾ ਹੋਵੇ ਪਰ ਅਸੀਂ ਹਾਂ। ਅਸੀਂ ਉਠਾਵਾਂਗੇ ਆਵਾਜ਼ ਉਨ੍ਹਾਂ ਬੱਚੀਆਂ ਦੇ ਇਨਸਾਫ਼ ਲਈ, ਅਸੀਂ ਇਕ ਹੋਵਾਂਗੇ ਨੈਤਿਕਤਾ ਦੇ ਪ੍ਰਸਾਰ ਦੀ ਇਸ ਮਹਾਨ ਲਹਿਰ ਵਿਚ, ਜਿਥੋਂ ਤੱਕ ਹੋ ਸਕੇਗਾ, ਤੁਰਾਂਗੇ ਤੇ ਪਹੁੰਚਾਂਗੇ ਵੀ।

-ਅਮਨ ਜੱਖਲਾਂ।

23-12-2019

 ਸਰਕਾਰੀ ਸਕੂਲ ਵਾਤਾਨੁਕੂਲਿਤ ਕਿਉਂ ਨਹੀਂ?
ਸਾਨੂੰ ਸਭ ਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਗਰੀਬ ਬੱਚੇ ਪੜ੍ਹਦੇ ਹਨ। ਕਈ ਬੱਚਿਆਂ ਕੋਲ ਪਹਿਨਣ ਲਈ ਬੂਟ ਅਤੇ ਜਰਸੀਆਂ ਨਹੀਂ ਹੁੰਦੀਆਂ। ਕੜਾਕੇ ਦੀ ਪੈ ਰਹੀ ਠੰਢ ਵਿਚ ਬੱਚੇ ਕਲਾਸਾਂ ਅੰਦਰ ਬੈਠੇ ਠਰੂੰ-ਠਰੂੰ ਕਰਦੇ ਹਨ, ਜਿਸ ਕਾਰਨ ਉਹ ਠੀਕ ਤਰੀਕੇ ਨਾਲ ਪੜ੍ਹ ਵੀ ਨਹੀਂ ਸਕਦੇ। ਇਸ ਦਾ ਹੱਲ ਹੈ ਕਿ ਸਕੂਲਾਂ ਨੂੰ ਵਾਤਾਵਰਨ-ਅਨੁਕੂਲਿਤ ਕੀਤਾ ਜਾਵੇ। ਜੇਕਰ ਬੈਂਕ ਜਾਂ ਹੋਰ ਸਰਕਾਰੀ ਅਦਾਰੇ ਵਾਤਾਅਨੁਕੂਲਿਤ ਹੋ ਗਏ ਹਨ ਤਾਂ ਫਿਰ ਸਕੂਲ ਜਿਥੇ ਨਿੱਕੇ-ਨਿੱਕੇ ਗਰੀਬ ਬੱਚੇ ਪੜ੍ਹਦੇ ਹਨ, ਵਾਤਾਅਨੁਕੂਲਿਤ ਕਿਉਂ ਨਹੀਂ ਹਨ?


-ਸ਼ਰਨਜੀਤ ਕੌਰ 'ਅੱਕੂ ਮਸਤੇ ਕੇ',
ਗੋਲਡਨ ਇਨਕਲੇਵ, ਫਿਰੋਜ਼ਪੁਰ।


ਚੰਗਾ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰੋ
ਅੱਜਕਲ੍ਹ ਕੋਈ ਟਾਵੇਂ-ਟਾਵੇਂ ਅਧਿਆਪਕ ਅਤੇ ਮਾਪੇ ਹੀ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਵਿਚ ਕਾਮਯਾਬ ਹੋਏ ਹੋਣਗੇ। ਜਦੋਂ ਮਾਹੌਲ ਬਣਿਆ ਹੁੰਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ, ਯਾਤਰਾਵਾਂ ਤੇ ਸਿੱਖਿਆਵਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਸੀ। ਇਸੇ ਤਰ੍ਹਾਂ ਦਸੰਬਰ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਰੂਹ ਕੰਬਾ ਦੇਣ ਵਾਲੀਆਂ ਕੁਰਬਾਨੀਆਂ ਦੇ ਦਿਨ ਆਉਂਦੇ ਹਨ। ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਅੰਦਰ ਹੋਰ ਜਾਣਨ ਦੀ ਭੁੱਖ ਪੈਦਾ ਕੀਤੀ ਜਾਵੇ। ਇਥੇ ਜ਼ਿਕਰਯੋਗ ਹੈ ਕਿ ਉਰਦੂ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਨੇ 'ਗੰਜ-ਏ-ਸ਼ਹੀਦਾਂ' ਅਤੇ 'ਸ਼ਹੀਦਾਨ-ਏ-ਵਫ਼ਾ' ਦੋ ਮਰਸੀਏ ਲਿਖੇ ਹਨ, ਜਿਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਬਿਆਨ ਕੀਤਾ ਹੈ। ਇਨ੍ਹਾਂ ਦਿਨਾਂ ਵਿਚ ਇਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਕਿਹਾ ਜਾਵੇ ਜਾਂ ਖੁਦ ਪੜ੍ਹ ਕੇ ਸੁਣਾਈਆਂ ਜਾ ਸਕਦੀਆਂ ਹਨ। ਜੇ ਇੱਛਾ ਹੋਵੇ ਤਾਂ ਇੰਟਰਨੈੱਟ ਦੇ ਜ਼ਰੀਏ ਬੜਾ ਕੁਝ ਚੰਗਾ ਵੀ ਹਾਸਲ ਕੀਤਾ ਜਾ ਸਕਦਾ ਹੈ। ਮੁੱਕਦੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਚੰਗਾ ਉਸਾਰੂ ਸਾਹਿਤ ਪੜ੍ਹਨ ਦੀ ਆਦਤ ਪਾਉਣੀ ਜ਼ਰੂਰੀ ਹੈ।


-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)।


ਭੁੱਲਰ ਸਾਹਿਬ ਦਾ ਜਾਣਾ
ਸ਼ੰਗਾਰਾ ਸਿੰਘ ਭੁੱਲਰ ਦੇ ਚਲਾਣੇ ਕਾਰਨ ਪੰਜਾਬੀ ਪੱਤਰਕਾਰੀ ਵਿਚ ਪਏ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਚਲਾਣੇ ਕਾਰਨ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸੱਚਮੁੱਚ ਉਨ੍ਹਾਂ ਨਿਰਪੱਖਤਾ ਨਾਲ ਪੱਤਰਕਾਰੀ ਕਰ ਕੇ ਨਵੀਆਂ ਪੈੜਾਂ ਪਾਈਆਂ ਸਨ। ਭੁੱਲਰ ਸਾਹਿਬ ਦੇ ਰੂਬਰੂ ਹੋਣ ਦਾ ਮੈਨੂੰ 4-5 ਵਾਰ ਮੌਕਾ ਮਿਲਿਆ ਸੀ। ਉਨ੍ਹਾਂ ਦੇ ਵਤੀਰੇ ਵਿਚ ਅਪਣੱਤ ਹੁੰਦੀ ਸੀ। ਉਹ ਨਵੇਂ ਪਾਠਕਾਂ ਅਤੇ ਲੇਖਕਾਂ ਨੂੰ ਉਤਸ਼ਾਹਿਤ ਕਰਦੇ ਸਨ। ਭੁੱਲਰ ਸਾਹਿਬ ਦੇ ਤੁਰ ਜਾਣ ਕਾਰਨ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਪੰਜਾਬੀ ਪੱਤਰਕਾਰੀ ਦੇ ਪਿੰਡੇ ਤੋਂ ਕੋਈ ਅੰਗ ਵੱਖ ਹੋ ਗਿਆ ਹੋਵੇ।


-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ,
ਬੇਅੰਤ ਨਗਰ, ਮੋਗਾ।


ਪੋਹ ਦਾ ਮਹੀਨਾ
ਸਿੱਖ ਧਰਮ ਦੇ ਇਤਿਹਾਸ ਵਿਚ ਪੋਹ ਦਾ ਮਹੀਨਾ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਮਹੀਨੇ ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਧਰਮ ਲਈ ਵਾਰ ਦਿੱਤਾ। ਰੂਹ ਕੰਬਾਉਣ ਵਾਲੇ ਇਸ ਮਹੀਨੇ ਵਿਚ ਜਿੱਥੇ ਸਿੱਖ ਭਾਈਚਾਰਾ ਬੜਾ ਦਰਦ ਮਹਿਸੂਸ ਕਰਦਾ ਹੈ, ਉਥੇ ਸਿੱਖ ਹੋਣ ਦਾ ਮਾਣ ਮਹਿਸੂਸ ਕਰਦਾ ਹੈ। ਇਸ ਮਹੀਨੇ ਵਿਚ ਆਪਣੇ ਪਰਿਵਾਰਕ ਖੁਸ਼ੀ ਵਾਲੇ ਕਾਰਜਾਂ ਤੋਂ ਵੀ ਸੰਕੋਚ ਕਰਦੇ ਹਨ। ਬੇਸ਼ੱਕ ਅੱਜ ਅਸੀਂ ਅੱਤ ਦੀ ਸਰਦੀ ਵਿਚ ਆਪ ਅਤੇ ਆਪਣੇ ਬੱਚਿਆਂ ਨੂੰ ਬੜਾ ਸਾਂਭ ਕੇ ਰੱਖਦੇ ਹਾਂ ਪਰ ਕਦੇ ਸਾਹਿਬਜ਼ਾਦਿਆਂ ਦੀ ੳਮਰ ਉੱਤੇ ਝਾਤ ਮਾਰ ਕੇ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਿੱਖੀ ਸਾਨੂੰ ਕਿਵੇਂ ਪ੍ਰਾਪਤ ਹੋਈ ਹੈ। ਮਾਤਾ ਗੁਜਰੀ ਦੇ ਠੰਢੇ ਬੁਰਜ ਦੀਆਂ ਰਾਤਾਂ ਨੂੰ ਵੀ ਕਿਤੇ ਭੁੱਲ ਨਾ ਜਾਈਏ। ਆਓ ਉਨ੍ਹਾਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਪਣੇ-ਆਪ ਨੂੰ ਬਦਲ ਲਈਏ ਕਿ ਇਨਸਾਨੀਅਤ ਦੀ ਕਦਰ ਕਰਿਆ ਕਰੀਏ, ਕਿਸੇ ਨੂੰ ਮਾੜਾ ਨਾ ਕਹੀਏ ਅਤੇ ਨਾ ਹੀ ਕਿਸੇ ਨੂੰ ਮਾੜਾ ਰਹਿਣ ਦਈਏ। ਹਰ ਇਕ ਮਨੁੱਖੀ ਦੇਹ ਪਰਮਾਤਮਾ ਦਾ ਹੀ ਰੂਪ ਹੈ, ਸਭ ਦਾ ਸਤਿਕਾਰ ਹੀ ਸਾਡਾ ਨੇਕੀ ਦਾ ਰਾਸਤਾ ਹੈ।


-ਲੈਕਚਰਾਰ ਸੁਖਦੀਪ ਸਿੰਘ
ਪਿੰਡ ਸੁਖਾਣਾ (ਲੁਧਿਆਣਾ)।


ਵਧੀਆ ਸਰੋਤਾ ਬਣਨਾ ਜ਼ਰੂਰੀ
ਵਧੀਆ ਵਕਤਾ ਹੋਣ ਨਾਲੋਂ ਵਧੀਆ ਸਰੋਤਾ ਹੋਣਾ ਵੱਡੀ ਗੱਲ ਹੈ। ਸਰੋਤਿਆਂ ਤੋਂ ਬਿਨਾਂ ਵੱਡੇ ਤੋਂ ਵੱਡੇ ਵਕਤਾ ਦਾ ਭਾਸ਼ਣ ਵੀ ਕੋਈ ਮਾਅਨੇ ਨਹੀਂ ਰੱਖਦਾ। ਇਹ ਸਰੋਤੇ ਹੀ ਹੁੰਦੇ ਹਨ ਜੋ ਕਿਸੇ ਦੇ ਵਿਚਾਰਾਂ ਨੂੰ ਮਾਨਤਾ ਦਿਵਾਉਂਦੇ ਹਨ। ਨਹੀਂ ਤਾਂ ਮਨ ਹੀ ਮਨ ਵਿਚ ਵਿਚਾਰਾਂ ਦਾ ਪਿਟਾਰਾ ਤਾਂ ਸਾਰਿਆਂ ਕੋਲ ਹੁੰਦਾ ਹੈ, ਉਨ੍ਹਾਂ ਦੀ ਕੋਈ ਵੁੱਕਤ ਨਹੀਂ ਪੈਂਦੀ ਹੈ। ਸਰੋਤਿਆਂ ਦੀ ਕੀਤੀ ਵਾਹ-ਵਾਹ ਅਤੇ ਉਸਾਰੂ ਆਲੋਚਨਾ ਕਿਸੇ ਵੀ ਵਕਤਾ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਦੀ ਹੈ। ਜੇਕਰ ਸਰੋਤੇ ਕਿਸੇ ਵਕਤਾ ਦੇ ਭਾਸ਼ਣ ਦੌਰਾਨ ਟੋਕਾ-ਟਾਕੀ ਸ਼ੁਰੂ ਕਰ ਦੇਣ ਜਾਂ ਹੋ-ਹੱਲਾ ਕਰ ਦੇਣ ਤਾਂ ਚੰਗੇ ਤੋਂ ਚੰਗਾ ਵਕਤਾ ਵੀ ਅਸਹਿਜ ਮਹਿਸੂਸ ਕਰਦਾ ਹੈ। ਵਧੀਆ ਸਰੋਤੇ ਹੋਣਾ ਆਪਣੇ-ਆਪ ਵਿਚ ਇਕ ਵੱਡਾ ਮਨੁੱਖੀ ਗੁਣ ਹੈ। ਵਧੀਆ ਸਰੋਤਾ ਹੋਣ ਲਈ ਅੰਤਾਂ ਦਾ ਧੀਰਜਵਾਨ, ਵਿਚਾਰਵਾਨ, ਗੁਣਵਾਨ ਅਤੇ ਕਦਰਦਾਨ ਬਣਨਾ ਪੈਂਦਾ ਹੈ। ਅੱਜ ਦੇ ਸਮੇਂ ਵਿਚ ਤਾਂ ਹਰ ਕੋਈ ਆਪਣੀ ਹੀ ਸੁਣਾਉਣਾ ਚਾਹੁੰਦਾ ਹੈ, ਸੁਣਨੀ ਕਿਸੇ ਦੀ ਨਹੀਂ। ਇਸ ਲਈ ਕਿਸੇ ਵੀ ਵਿਅਕਤੀ ਨੂੰ ਵਧੀਆ ਵਕਤਾ ਬਣਨ ਤੋਂ ਪਹਿਲਾਂ ਇਕ ਵਧੀਆ ਸਰੋਤਾ ਬਣਨਾ ਚਾਹੀਦਾ ਹੈ।


-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

20-12-2019

ਅਧਿਆਪਕ-ਵਿਦਿਆਰਥੀ ਰਿਸ਼ਤਾ
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਇਕ ਮਹੱਤਵਪੂਰਨ ਰਿਸ਼ਤਾ ਹੁੰਦਾ ਹੈ। ਅਸੀਂ ਅਕਸਰ ਹੀ ਇਹ ਪੜ੍ਹਦੇ-ਸੁਣਦੇ ਹਾਂ ਕਿ ਅਧਿਆਪਕ ਉਹ ਮੋਮਬੱਤੀ ਹੈ ਜੋ ਆਪ ਬਲ ਕੇ ਦੂਸਰਿਆਂ ਨੂੰ ਚਾਨਣ ਦਿੰਦੀ ਹੈ। ਅਧਿਆਪਕ ਸਾਰੀ ਜ਼ਿੰਦਗੀ ਹੀ ਆਪਣੇ ਚੇਲੇ ਵਿਦਿਆਰਥੀ ਦੀ ਜ਼ਿੰਦਗੀ ਨੂੰ ਸ਼ਿੰਗਾਰਨ ਲਈ ਤਤਪਰ ਰਹਿੰਦਾ ਹੈ। ਵਿਦਿਆਰਥੀ ਭਾਵੇਂ ਬਾਅਦ ਵਿਚ ਕਿੰਨਾ ਵੀ ਉਚਾਈਆਂ ਨੂੰ ਛੂਹ ਲਵੇ ਪਰ ਉਹ ਅਧਿਆਪਕ ਗੁਰੂ ਦੀਆਂ ਨਜ਼ਰਾਂ ਵਿਚ ਇਕ ਵਿਦਿਆਰਥੀ ਹੀ ਹੁੰਦਾ ਹੈ। ਸਾਨੂੰ ਜ਼ਿੰਦਗੀ ਵਿਚ ਵਿਦਿਆਰਥੀ ਬਣ ਕੇ ਜੀਵਨ ਵਿਚ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਅਧਿਆਪਕ ਨੂੰ ਅਸੀਂ ਮਾਰਗ ਦਰਸ਼ਕ ਮੰਨਦੇ ਹੋਏ ਹਮੇਸ਼ਾ ਹੀ ਉਨ੍ਹਾਂ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਜੀਵਨ ਵਿਚ ਕੁਝ ਚੰਗਾ ਕਰਨ ਦੇ ਸਮਰੱਥ ਹੁੰਦੇ ਹਾਂ। ਅਧਿਆਪਕ ਦਾ ਸਤਿਕਾਰ ਹੀ ਮਾਂ-ਬਾਪ ਦਾ ਸਤਿਕਾਰ ਹੈ।


-ਓਮ ਪ੍ਰਕਾਸ਼ ਪੂਨੀਆ, ਗਿੱਦੜਬਾਹਾ।


ਮਹਿੰਗਾਈ ਨੇ ਮਾਰੇ ਲੋਕ
ਅੱਜ ਦੇਸ਼ ਵਿਚ ਮਹਿੰਗਾਈ ਦੀ ਮਾਰ ਪੂਰੇ ਦੇਸ਼ ਵਾਸੀਆਂ 'ਤੇ ਭਾਰੂ ਪਈ ਹੋਈ ਹੈ, ਖ਼ਾਸ ਕਰਕੇ ਆਮ ਤਬਕੇ ਨੂੰ ਇਸ ਦੀ ਮਾਰ ਨੇ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ। ਰੋਜ਼ਾਨਾ ਦੀ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਪਿਆਜ਼, ਸਬਜ਼ੀਆਂ, ਦਾਲਾਂ ਆਦਿ ਨੇ ਨੱਕ ਵਿਚ ਦਮ ਕਰ ਰੱਖਿਆ ਹੈ। ਮਹਿੰਗਾਈ ਦੇ ਕਾਰਨ ਕੀ ਹਨ? ਲੋਕਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕ ਤਾਂ ਇਹ ਚਾਹੁੰਦੇ ਹਨ ਕਿ ਰੋਜ਼ਾਨਾ ਦੀ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਉਨ੍ਹਾਂ ਦੇ ਬਜਟ ਅਨੁਸਾਰ ਹੋਣ। ਅਰਥ-ਸ਼ਾਸਤਰੀਆਂ ਦਾ ਵਾਰ-ਵਾਰ ਇਹ ਕਹਿਣਾ ਕਿ ਮਹਿੰਗਾਈ ਦੀ ਮਾਰ ਹਾਲੇ ਹੋਰ ਸਮਾਂ ਰਹੇਗੀ। ਅਜਿਹੀ ਬਿਆਨਬਾਜ਼ੀ ਆਮ ਲੋਕਾਂ ਨੂੰ ਮਾਨਸਿਕ ਕਸ਼ਟ ਦੇ ਰਹੀ ਹੈ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਮਹਿੰਗਾਈ ਦੇ ਕਾਰਨ ਲੱਭੇ ਜਾਣ। ਵਪਾਰੀਆਂ ਵਲੋਂ ਕੀਤੀ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਨੂੰ ਠੱਲ੍ਹ ਪਾਈ ਜਾਵੇ। ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣਾ ਤੇ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦਾ ਕੰਮ ਹੈ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।


-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।


ਕਰਤਾਰਪੁਰ ਲਾਂਘਾ
ਦੇਸ਼ ਦੀ ਵੰਡ ਦੌਰਾਨ ਸਿੱਖਾਂ ਦੇ ਕਈ ਇਤਿਹਾਸਕ ਗੁਰੂ ਘਰ ਪਾਕਿਸਤਾਨ 'ਚ ਰਹਿ ਗਏ ਸਨ। ਸੰਗਤਾਂ ਨੇ ਉਨ੍ਹਾਂ ਗੁਰੂ ਘਰਾਂ ਦੀ ਇਕ ਝਲਕ ਅਤੇ ਸਿਜਦਾ ਕਰਨ ਦੀ ਤਾਂਘ ਨੂੰ ਅਰਦਾਸਾਂ ਰਾਹੀਂ ਪੂਰਨ ਕਰਨ ਦੀਆਂ ਅਰਜੋਈਆਂ ਚਰਨ ਛੋਹ ਪ੍ਰਾਪਤ ਧਰਤੀ ਦਾ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦਰਸ਼ਨਾਂ ਦੀ ਇਜਾਜ਼ਤ ਮਿਲਣਾ ਹੈ। ਇਹ ਇਕ ਬੇਹੱਦ ਸ਼ਲਾਘਾਯੋਗ ਅਤੇ ਭਾਈਚਾਰਕ ਸਾਂਝੀਵਾਲਤਾ ਦਾ ਕਦਮ ਹੈ। ਬੇਸ਼ੱਕ ਪਾਕਿਸਤਾਨ ਦੇ ਭਾਰਤ ਨਾਲ ਸਬੰਧਾਂ 'ਚ ਕੁੜੱਤਣ ਚੱਲੀ ਆ ਰਹੀ ਹੈ ਪਰ ਦੋਵਾਂ ਦੇਸ਼ਾਂ ਵਲੋਂ ਲਾਂਘਾ ਖੋਲ੍ਹਣਾ ਫਰਾਖਦਿਲੀ ਦੀ ਉਦਾਹਰਨ ਹੈ।


-ਤਰਨ ਪ੍ਰੀਤ ਸਿੰਘ ਤਰਨ
ਗੁਰਮੀਤ ਇਲੈਕਟ੍ਰਾਨਿਕਸ, ਬੇਅੰਤ ਨਗਰ, ਮੋਗਾ।


ਜਬਰ ਜਨਾਹ, ਔਰਤ ਅਤੇ ਸੁਰੱਖਿਆ
ਸਾਡੇ ਮੁਲਕ ਵਿਚ ਜਬਰ ਜਨਾਹ ਘਟਣ ਦਾ ਨਾਂਅ ਨਹੀਂ ਲੈ ਰਹੇ ਸਗੋਂ ਦੂਣ ਸਵਾਏ ਹੋ ਕੇ ਵਧ ਰਹੇ ਹਨ, ਜਿਹੜਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੁਲਿਸ ਦੁਆਰਾ ਮੁਲਜ਼ਮਾਂ ਨੂੰ ਪੈਸੇ ਲੈ ਕੇ ਛੱਡ ਦੇਣਾ, ਕਾਨੂੰਨ ਦਾ ਲਚਕੀਲਾ ਹੋਣਾ, ਕੇਸ ਦਾ ਲੰਮੀ ਦੇਰ ਤੱਕ ਚੱਲਣਾ, ਚੋਰ ਮੋਰੀਆਂ ਰਾਹੀਂ ਕੇਸ ਨੂੰ ਕਮਜ਼ੋਰ ਕਰਨਾ, ਨਿਆਂ ਵਿਚ ਦੇਰੀ, ਅਜਿਹੇ ਕਈ ਕਾਰਨ ਹਨ ਜੋ ਪੀੜਤਾਂ ਨੂੰ ਨਿਰਾਸ਼ ਤੇ ਮੁਜ਼ਰਮਾਂ ਦੇ ਹੌਸਲੇ ਬੁਲੰਦ ਕਰਦੇ ਹਨ ਤੇ ਕਿਤੇ ਨਾ ਕਿਤੇ ਇਹ ਤੱਥ ਸਾਡੇ ਪੁਲਿਸ ਪ੍ਰਸ਼ਾਸਨ, ਅਦਾਲਤੀ ਪ੍ਰਕਿਰਿਆ ਦੀ ਢਿੱਲੀ ਤੇ ਮਾੜੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਵੀ ਖੜ੍ਹੇ ਕਰਦੇ ਹਨ। ਹੁਣੇ ਜਿਹੇ ਹੈਦਰਾਬਾਦ ਤੇ ਉਨਾਓ ਯੂ. ਪੀ. ਵਿਚ ਹੋਏ ਗੈਂਗਰੇਪ ਨੇ ਸਮੁੱਚੇ ਭਾਰਤ ਦਾ ਸੰਸਾਰ ਵਿਚ ਸਿਰ ਨੀਵਾਂ ਕਰ ਦਿੱਤਾ ਹੈ। ਇਸ ਤਰ੍ਹਾਂ ਦਾ ਵਹਿਸ਼ੀ ਕਾਰਾ ਅਤਿ ਨਿੰਦਣਯੋਗ ਹੈ। ਸਾਨੂੰ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਏ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਪੁਲਿਸ ਤੇ ਅਦਾਲਤਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਸੁਹਿਰਦ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਮੁਲਕ ਵਿਚ ਮੁੜ ਕਦੇ ਵੀ ਇਹੋ ਜਿਹੇ ਕਾਂਡ ਮੁੜ ਕੇ ਨਾ ਵਾਪਰ ਸਕਣ ਤੇ ਸਾਡੀ ਹਰ ਧੀ ਭੈਣ ਭਾਰਤ ਸਮੇਤ ਸੰਸਾਰ ਵਿਚ ਕਿਤੇ ਵੀ ਬਿਨਾਂ ਡਰ ਭੈਅ ਤੋਂ ਮੁਕਤ ਹੋ ਕੇ ਆਜ਼ਾਦੀ ਨਾਲ ਘੁੰਮ ਫਿਰ ਤੇ ਕੰਮ ਕਰ ਸਕੇ।


-ਜੱਗਾ ਨਿੱਕੂਵਾਲ, ਸ੍ਰੀ ਅਨੰਦਪੁਰ ਸਾਹਿਬ।


ਬਾਬੇ ਨਾਨਕ ਦਾ ਸੰਦੇਸ਼
ਅੱਜ ਸਾਰਾ ਸਿੱਖ ਜਗਤ ਬਾਬੇ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਮਨਾ ਰਿਹਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਵੀ ਬਹੁਤ ਹੀ ਖੁੱਲ੍ਹਦਿਲੀ ਦਾ ਸਬੂਤ ਦਿੰਦਿਆਂ ਸਿੱਖਾਂ ਵਲੋਂ ਕੀਤੀ ਜਾਂਦੀ ਅਰਦਾਸ ਨੂੰ ਪੂਰਿਆਂ ਕਰਦਿਆਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਬਾਬੇ ਦੀ ਧਰਤੀ ਨੂੰ ਸਵਰਗ ਦਾ ਰੂਪ ਦੇ ਦਿੱਤਾ ਹੈ ਤੇ ਪਾਕਿਸਤਾਨੀ ਲੋਕ ਨਾਨਕ-ਨਾਮ ਲੇਵਾ ਸੰਗਤ ਨੂੰ ਆਦਰ ਸਤਿਕਾਰ ਨਾਲ ਉਡੀਕ ਰਹੇ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਬਾਬੇ ਨਾਨਕ ਨੇ ਜਿਹੜਾ ਉਪਦੇਸ਼ ਲੋਕਾਈ ਨੂੰ ਉਸ ਵੇਲੇ ਦਿੱਤਾ, ਵਹਿਮਾਂ-ਭਰਮਾਂ, ਸਹਿਣਸ਼ੀਲਤਾ ਤੇ ਸਦਭਾਵਨਾ ਤੇ ਜਾਤ-ਪਾਤ ਦੇ ਵਖਰੇਵਿਆਂ ਨੂੰ ਦੂਰ ਕਰਨ ਲਈ ਲੰਮੀਆਂ ਯਾਤਰਾਵਾਂ ਦੌਰਾਨ ਲੋਕਾਂ ਨੂੰ ਸਮਝਾਇਆ ਕੀ ਅਸੀਂ ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਅੱਜ ਅਮਲ ਕਰ ਰਹੇ ਹਾਂ? ਅੱਜ ਸਾਰੇ ਪਾਸੇ ਸੱਜਣਾਂ, ਕੌਡਿਆਂ ਤੇ ਵਲੀਆਂ ਦੀਆਂ ਧਾੜਾਂ ਦਨਦਨਾ ਰਹੀਆਂ ਹਨ। ਲਾਲੋਆਂ ਨੂੰ ਅੱਜ ਪੁੱਛਦਾ ਕੋਈ ਨਹੀਂ। ਭਾਗੋਆਂ ਦਾ ਬੋਲਬਾਲਾ ਹੈ। ਬਾਬੇ ਨੇ ਸਾਨੂੰ ਚਾਨਣ ਦਾ ਰਸਤਾ ਵਿਖਾਇਆ ਸੀ, ਅਸੀਂ ਚਾਨਣ ਤੋਂ ਮੁੱਖ ਮੋੜ ਹਨੇਰਿਆਂ ਦੇ ਰਾਹ ਪੈ ਗਏ ਹਾਂ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਅਮਨ ਅਰੋੜਾ ਵਲੋਂ ਅਵਾਰਾ ਪਸ਼ੂਆਂ ਦਾ ਵਰਗੀਕਰਨ
ਅਮਨ ਅਰੋੜਾ ਐਮ.ਐਲ.ਏ. ਸਾਹਿਬ ਨੇ ਅਵਾਰਾ ਪਸ਼ੂਆਂ ਸਬੰਧੀ ਆਪਣਾ ਦੂਜਾ ਲੇਖ ਪਿਛਲੇ ਦਿਨੀਂ ਪਾਠਕਾਂ ਦੇ ਸਨਮੁੱਖ ਕੀਤਾ। ਪੜ੍ਹ ਕੇ ਬੜਾ ਅਜੀਬ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਅਵਾਰਾ ਪਸ਼ੂਆਂ ਦੀ ਵੀ ਕਤਾਰਬੰਦੀ ਕਰ ਦਿੱਤੀ ਹੈ। ਕੀ ਅਵਾਰਾ ਦੇਸੀ ਢੱਟੇ ਅਤੇ ਗਾਵਾਂ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਨਹੀਂ ਕਰਦੇ? ਜਦੋਂ ਕਿ ਇਨ੍ਹਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਹਾਂ ਪਰ ਦੇਸੀ ਤਾਂ ਆਪਣੇ ਹਨ ਅਤੇ ਵਿਚਾਰੇ ਵੀ। ਅਵਾਰਾ ਦੇਸੀ ਕੁੱਤਿਆਂ ਦਾ ਵਰਗੀਕਰਨ ਨਹੀਂ ਕਰ ਸਕੇ ਅਰੋੜਾ ਸਾਹਿਬ। ਕਿਉਂਕਿ ਜਰਮਨ ਸ਼ੈਫਰਡ ਅਤੇ ਲੈਬਰਾ ਆਦਿ ਵਿਦੇਸ਼ੀ ਨਸਲਾਂ ਦੇ ਕੁੱਤੇ ਅਵਾਰਾ ਸੜਕਾਂ 'ਤੇ ਘੁੰਮਦੇ ਅੱਜ ਤੱਕ ਦਿਖਾਈ ਨਹੀਂ ਦੇ ਰਹੇ। ਅਸੀਂ ਤਾਂ ਇਨ੍ਹਾਂ ਵਿਚੋਂ ਪੰਜਾਬ ਦੇ ਰੌਸ਼ਨ ਭਵਿੱਖ ਦੀ ਤਲਾਸ਼ ਕਰ ਰਹੇ ਸੀ। ਪਰ ਆਪਣੀਆਂ ਮਜਬੂਰੀਆਂ ਵੱਸ ਕਿਸੇ ਖ਼ਾਸ ਧਿਰ ਨੂੰ ਨਾਰਾਜ਼ ਕਰ ਲੈਣ ਦੇ ਡਰ ਤੋਂ ਸਚਾਈ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 14 ਦਸੰਬਰ ਨੂੰ ਹੀ 'ਅਜੀਤ' ਦੇ ਵਿਚਾਰ-ਪ੍ਰਵਾਹ ਵਿਚ ਹੈਨਰੀ ਐਡਮਜ ਦਾ ਕਥਨ 'ਸਿਆਸੀ ਅਮਲ ਵਿਚ ਤੱਥਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ' ਬਿਲਕੁਲ ਸੱਚ ਹੈ।


-ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।


ਲਾਲਚੀ ਮਨੁੱਖ
ਮਨੁੱਖ ਨੂੰ ਪੈਸੇ ਚਾਹੀਦੇ ਹਨ, ਮਨੁੱਖ ਦੀ ਜਾਨ ਦੀ ਕੋਈ ਕੀਮਤ ਨਹੀਂ। ਥੋੜ੍ਹੇ ਦਿਨ ਹੋਏ ਅਖ਼ਬਾਰ ਵਿਚ ਆਇਆ ਕਿ ਇਕ ਮਨੁੱਖ ਨੇ ਆਪਣੇ ਜੀਵਨ ਬੀਮੇ ਦੀ ਰਾਸ਼ੀ ਕੈਸ਼ ਕਰਾਉਣ ਲਈ ਕੀ ਕਾਰਾ ਕੀਤਾ, ਆਪਣਾ ਹੀ ਨੌਕਰ ਮਾਰ ਕੇ ਉਸ ਦੀ ਲਾਸ਼ ਸਾੜ ਕੇ ਸੜਕ ਕਿਨਾਰੇ ਸੁੱਟ ਦਿੱਤੀ। ਥੋੜ੍ਹੀ ਖਾ ਲਓ, ਸਬਰ, ਸੰਤੋਖ ਦੀ ਖਾਓ, ਉਸੇ ਵਿਚ ਹੀ ਬਰਕਤ ਹੈ। ਲਾਲਚ ਕਰਕੇ ਪਿੱਛੇ ਜਿਹੇ ਇਕ (ਲੇਡੀ ਏ.ਐਸ.ਆਈ.) ਚਿੱਟਾ ਵੇਚਦੀ ਪੱਟੀ ਇਲਾਕੇ ਵਿਚ ਫੜੀ ਗਈ ਤੇ ਫਿਰ ਬਾਅਦ ਵਿਚ ਇਸੇ ਹੀ ਕੇਸ ਵਿਚ ਉਸ ਦਾ ਘਰ ਵਾਲਾ ਏ.ਐਸ.ਆਈ., ਜੋ ਪਟਿਆਲੇ ਲੱਗਾ ਸੀ, ਫੜਿਆ ਗਿਆ, ਦੋਵਾਂ 'ਤੇ ਹੀ ਪਰਚਾ ਦਰਜ ਹੋਇਆ। ਹੁਣ ਦੋਵੇਂ ਹੀ ਜੇਲ੍ਹ ਵਿਚ ਹਨ। ਮਨੁੱਖ ਨੂੰ ਲਾਲਚ ਹੀ ਮਾਰਦਾ ਹੈ। ਇਸ ਕਰਕੇ ਇਸ ਤੋਂ ਬਚਣਾ ਚਾਹੀਦਾ ਹੈ।


-ਹਰਜਿੰਦਰ ਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX