ਤਾਜਾ ਖ਼ਬਰਾਂ


ਨਾਭਾ ਵਿਚ ਸਕੂਲ ਕਾਲਜ ਵੈਨਾਂ ਦੀ ਹੋਈ ਚੈਕਿੰਗ
. . .  5 minutes ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਜ਼ਿਲ੍ਹਾ ਸੰਗਰੂਰ ਦੇ ਲੌਂਗੋਵਾਲ ਵਿਖੇ ਸਕੂਲ ਵੈਨ ਦੀ ਵਾਪਰੀ ਘਟਨਾ ਉਪਰੰਤ ਨਾਭਾ ਵਿਖੇ ਐੱਸ.ਡੀ.ਐੱਮ ਸੂਬਾ ਸਿੰਘ ਵੱਲੋਂ ਸਕੂਲ ਕਾਲਜਾਂ ਦੀਆਂ ਵੈਨਾਂ ਦੀ ਸਖ਼ਤੀ ਕਰਦਿਆਂ ਸਵੇਰੇ ਵਿਸ਼ੇਸ਼ ਤੌਰ 'ਤੇ ਆਪ ਚੈਕਿੰਗ ਕੀਤੀ ਗਈ ਅਤੇ ਬਹੁਗਿਣਤੀ ਵਿਚ ਜਿੱਥੇ ਗੱਡੀਆਂ...
ਭਾਰਤ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਤਿੰਨ ਮਰੀਜ਼ ਹੋਏ ਠੀਕ
. . .  27 minutes ago
ਨਵੀਂ ਦਿੱਲੀ, 17 ਫਰਵਰੀ - ਚੀਨ ਸਮੇਤ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ ਵੱਧ ਰਿਹਾ ਹੈ। ਹਾਲਾਂਕਿ ਭਾਰਤ ਨੇ ਕੋਰੋਨਾ ਵਾਇਰਸ 'ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਤਿੰਨਾਂ ਭਾਰਤੀਆਂ ਦਾ ਵਾਇਰਸ ਖ਼ਤਮ ਹੋ ਗਿਆ ਹੈ। ਕੇਰਲ ਵਿਚ ਕੋਰੋਨਾ...
ਦਿੱਲੀ 'ਚ ਸਵੇਰੇ ਸਵੇਰੇ ਦੋ ਗੈਂਗਸਟਰ ਢੇਰ
. . .  48 minutes ago
ਨਵੀਂ ਦਿੱਲੀ, 17 ਫਰਵਰੀ - ਦਿੱਲੀ ਪੁਲਿਸ ਨੇ ਅੱਜ ਸਵੇਰੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲ ਪ੍ਰਹਿਲਾਦਪੁਰ ਇਲਾਕੇ ਵਿਚ ਹੋਏ ਮੁਕਾਬਲੇ ਵਿਚ ਦਿੱਲੀ ਪੁਲਿਸ ਨੇ ਦੋ ਖਤਰਨਾਕ ਗੈਂਗਸਟਰਾਂ ਨੂੰ ਮਾਰ ਦਿੱਤਾ ਹੈ। ਦਿੱਲੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਜਾ ਕੁਰੈਸ਼ੀ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ....
ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੰਗਰੂਰ ਵੈਨ ਦਰਦਨਾਕ ਹਾਦਸੇ ਵਿਚ 4 ਬੱਚਿਆਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਾਣਕਾਰੀ...
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵੀਂ ਦਿੱਲੀ, 16 ਫਰਵਰੀ- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਜਾਨ ਲੇਵਾ ਵਾਇਰਸ ਦੀ ਲਪੇਟ 'ਚ...
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਚੰਡੀਗੜ੍ਹ, 16 ਫਰਵਰੀ- ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ...
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ) - ਲੌਂਗੋਵਾਲ ਵਿਖੇ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਵਿਨਰਜੀਤ ...
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਬਠਿੰਡਾ, 16 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਦੋ ਲੱਖ ਰੁਪਏ ਲੁੱਟਣ...
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਕਿਤਾਬਾਂ

26-01-2020

 ਟੁੱਟੇ ਹੋਏ ਪੁਲ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 168.
ਸੰਪਰਕ : 98760-62329.

ਹਥਲੀ ਸਵੈ-ਜੀਵਨੀ ਇਕ ਵੱਖਰੇ ਅੰਦਾਜ਼ ਵਿਚ ਪਾਠਕਾਂ ਦੇ ਸਨਮੁੱਖ ਹੈ। ਲੇਖਕ ਧਰਮ ਸਿੰਘ ਕੰਮੇਆਣਾ ਕਿਸਾਨੀ ਪਰਿਵਾਰ ਵਿਚੋਂ ਪੈਦਾ ਹੋ ਕੇ ਸੰਘਰਸ਼ਸ਼ੀਲ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ ਉੱਚ ਸ਼੍ਰੇਣੀ ਤੱਕ ਦੀ ਵਿੱਦਿਆ ਪ੍ਰਾਪਤ ਕਰ ਚੁੱਕਾ ਵਿਅਕਤੀ ਹੈ। ਸਾਧਾਰਨ ਪੇਂਡੂ ਜੀਵਨ ਤੋਂ ਲੈ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪੰਜਾਬ ਭਾਸ਼ਾ ਵਿਭਾਗ ਪਟਿਆਲਾ ਤੱਕ ਦੇ ਹੰਢਾਏ ਜੀਵਨ ਸਫ਼ਰ ਨੂੰ ਉਸ ਨੇ ਇਸ ਵਿਚ ਬੇਬਾਕ ਹੋ ਕੇ ਪ੍ਰਗਟਾਇਆ ਹੈ। ਉਸ ਦੇ ਜੀਵਨ ਕਾਲ ਵਿਚ ਸਕੂਲੀ ਵਿੱਦਿਆ ਸੰਸਥਾਵਾਂ, ਧਾਰਮਿਕ ਅਸਥਾਨਾਂ ਅਤੇ ਸਮਾਜਿਕ ਤੌਰ 'ਤੇ ਪੇਂਡੂ ਘਰ, ਗਲੀਆਂ ਅਤੇ ਪਿੰਡਾਂ ਵਿਚ ਕਥਿਤ ਨੀਵੀਆਂ ਜਾਤਾਂ ਨਾਲ ਹੁੰਦੇ ਵਿਤਕਰਿਆਂ ਆਦਿ ਦਾ ਉਸ ਨੇ ਬਾਖੂਬੀ ਚਿਤਰਨ ਇਸ ਪ੍ਰਕਾਰ ਪ੍ਰਗਟਾਇਆ ਹੈ ਕਿ ਮਾਨਵ ਦੀ ਜਾਤ ਇਕੋ ਨੂੰ ਕਿਉਂ ਵੰਡੀਆਂ 'ਚ ਪਾਇਆ ਜਾ ਰਿਹਾ ਹੈ। ਸਵੈ-ਜੀਵਨੀਕਾਰ ਦਾ ਚਿੰਤਨ ਵਿਸ਼ੇਸ਼ਤਰ ਪੰਜਾਬ ਦੇ ਮਾਲਵੇ ਦੇ ਖੇਤਰ ਵਿਚ ਹੁੰਦੇ ਜਾਤੀ ਵਿਤਕਰਿਆਂ, ਧਾਰਮਿਕ ਰਹੁ ਰੀਤਾਂ ਅਤੇ ਨੈਤਿਕ ਵਰਤਾਰਿਆਂ ਦੇ ਨਿਘਾਰ ਵਿਚੋਂ ਪੈਦਾ ਹੋਏ ਸਰੋਕਾਰਾਂ ਨੂੰ ਵੀ ਪਾਠਕਾਂ ਦੇ ਦ੍ਰਿਸ਼ਟਮਾਣ ਕਰਦਾ ਹੈ। ਲੇਖਕ ਬੜੀ ਬੇਬਾਕੀ ਨਾਲ ਮਾਲਵੇ ਖੇਤਰ ਦੇ ਮੁੰਡੇ ਕੁੜੀਆਂ ਦੀਆਂ ਅੰਤਰੀਵੀ ਅਤੇ ਬਾਹਰੀ ਭਾਵਨਾਵਾਂ, ਤੰਗੀਆਂ ਤੁਰਸ਼ੀਆਂ ਅਤੇ ਸੰਤੁਸ਼ਟੀ ਪ੍ਰਾਪਤ ਕਰਨ ਦੀਆਂ ਭਾਵਨਾਵਾਂ ਨੂੰ ਵੀ ਖੂਬ ਦ੍ਰਿਸ਼ਟਮਾਣ ਕਰਦਾ ਹੈ। ਇਸ ਸਵੈ-ਜੀਵਨੀ ਦਾ ਮਹੱਤਵਪੂਰਨ ਪੱਖ ਉਹ ਵੀ ਹੈ, ਜਿਥੇ ਉਹ ਆਪਣੇ ਮੁਢਲੇ ਜੀਵਨ ਤੋਂ ਲੈ ਕੇ ਪ੍ਰਸਿੱਧ ਗੀਤਕਾਰਾਂ, ਸਾਹਿਤਕਾਰਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਰਚਨਾਤਮਿਕ ਵਿਵੇਕ ਨੂੰ ਪੈਦਾ ਕਰਦਾ ਹੋਇਆ ਪੁਸਤਕ ਰੂਪ 'ਚਂਨਵੀਆਂ ਪੈੜਾਂ, ਉਪਰਾਮ ਮੌਸਮ, ਆਪਣੇ ਬਿਗਾਨੇ, ਉਖੜੇ ਸੁਰ, ਸ਼ਹਿਰ ਵੱਲ ਜਾਂਦੀ ਸੜਕ, ਉਮਰਾਂ ਦੀ ਫੁਲਕਾਰੀ ਆਦਿ ਵਿਭਿੰਨ ਸਾਹਿਤਕ ਵਿਧਾਵਾਂ ਤੋਂ ਇਲਾਵਾ ਹਿੰਦੀ ਭਾਸ਼ਾ ਜ਼ਰੀਏ ਵੀ ਸਾਹਿਤ ਸਿਰਜਦਾ ਰਿਹਾ ਹੈ ਅਤੇ ਪ੍ਰਸਿੱਧ ਗਾਇਕਾਂ ਲਈ ਗੀਤਕਾਰੀ, ਸਾਹਿਤਕਤਾ ਅਤੇ ਹੋਰ ਮਾਨ ਦੰਡਾਂ ਨੂੰ ਪਾਠਕਾਂ ਦੇ ਸਨਮੁੱਖ ਕਰਦਾ ਰਿਹਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਸਿੱਖ ਇਤਿਹਾਸ ਦੇ ਕੁਝ ਅਣਫਰੋਲੇ ਪੱਤਰੇ
ਲੇਖਕ : ਰਣਜੀਤ ਸਿੰਘ ਖੜਗ
ਸੰਪਾਦਕ : ਮਨਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 450 ਰੁਪਏ, ਸਫ਼ੇ : 320
ਸੰਪਰਕ : 89683-86290.

ਸ: ਰਣਜੀਤ ਸਿੰਘ ਖੜਗ ਗੁਰਬਾਣੀ, ਗੁਰਇਤਿਹਾਸ ਅਤੇ ਗੁਰਸਿੱਖੀ ਦੀ ਵਿਆਖਿਆ ਨੂੰ ਸਮਰਪਿਤ ਇਕ ਵਿਦਵਾਨ ਖੋਜੀ ਸੀ। ਖੜਗ ਸਾਹਿਬ 1971 ਈ: ਵਿਚ ਅਕਾਲ ਚਲਾਣਾ ਕਰ ਗਏ ਸਨ। ਬੇਸ਼ੱਕ ਉਨ੍ਹਾਂ ਦੀਆਂ ਕਈ ਪੁਸਤਕਾਂ ਜੀਂਦੇ-ਜੀਅ ਪ੍ਰਕਾਸ਼ਿਤ ਹੋ ਚੁੱਕੀਆਂ ਸਨ ਪਰ ਉਹ ਉਪਲਬਧ ਸਨ। ਬਹੁਤ ਸਾਰੀ ਸਮੱਗਰੀ ਪ੍ਰਕਾਸ਼ਨਾਰਥ ਵੀ ਸੀ। ਇਹ ਸਾਰਾ ਕਾਰਜ ਉਨ੍ਹਾਂ ਦੇ ਸਪੁੱਤਰ ਇੰਜੀਨੀਅਰ ਕਰਮਜੀਤ ਸਿੰਘ ਮਿਸ਼ਨਰੀ ਸਪਿਰਿਟ ਨਾਲ ਕਰ-ਕਰਵਾ ਰਿਹਾ ਹੈ। ਸ: ਮਨਿੰਦਰ ਸਿੰਘ ਵਲੋਂ ਸੰਪਾਦਿਤ '..... ਅਣਫਰੋਲੇ ਪੱਤਰੇ' ਵੀ ਕਰਮਜੀਤ ਸਿੰਘ ਦੀ ਪ੍ਰੇਰਨਾ ਨਾਲ ਹੀ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਵਿਚ ਸਿੱਖ ਇਤਿਹਾਸ, ਇਤਿਹਾਸਕਾਰੀ, ਵਿਆਖਿਆ ਅਤੇ ਵਿਸ਼ਲੇਸ਼ਣ ਆਦਿ ਸਰੋਕਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਸ: ਖੜਗ ਇਤਿਹਾਸਕ ਸੱਚ ਨੂੰ ਪਰੰਪਰਾ ਨਾਲ ਰਲਗੱਡ ਕਰਨ ਦਾ ਹਾਮੀ ਨਹੀਂ ਹੈ। ਉਹ ਸਵਾਲ ਕਰਦਾ ਹੈ ਕਿ ਕੀ ਕਾਰਨ ਹੈ ਕਿ ਸਾਰੇ ਸਿੱਖਾਂ ਨੂੰ ਮਾਲੂਮ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 3 ਵਿਸਾਖ ਦੀ ਦੀ ਬਜਾਏ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਏ ਜਾਣ ਦੀ ਜ਼ਿੱਦ ਕੀਤੀ ਜਾ ਰਹੀ ਹੈ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਕਈ ਮਿਥਿਆ ਤੱਥ (ਦੀਵਾਨ ਚੰਦੂ ਲਾਲ) ਜੋੜ ਕੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਧੂਮਿਲ ਕੀਤਾ ਜਾ ਰਿਹਾ ਹੈ। ਗੁਰਬਾਣੀ ਦੀ ਤੋਤਾਰਟਣੀ ਸ਼ੁਰੂ ਹੋ ਗਈ ਹੈ, ਜਦੋਂ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਗਾਇਨ ਅਥਵਾ ਕੀਰਤਨ ਦਾ ਉਪਦੇਸ਼ ਕੀਤਾ ਸੀ। ਕੀਰਤਨ ਅਤੇ ਗਾਇਨ, ਮਨੁੱਖੀ ਚਿੱਤ ਨੂੰ ਵਿਸਮਾਦ ਵਿਚ ਲੈ ਆਉਂਦੇ ਹਨ। ਇਹ ਖੁੱਲ੍ਹ ਜਾਂਦਾ ਹੈ ਅਤੇ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈ ਕੇ ਪ੍ਰਭੂ ਨਾਲ ਇਕਮਿਕ ਹੋ ਜਾਂਦਾ ਹੈ। ਇੰਜ ਸ: ਖੜਗ ਇਤਿਹਾਸਕ ਪ੍ਰਸੰਗਾਂ ਅਤੇ ਗੁਰਬਾਣੀ ਵਿਆਖਿਆ ਦਾ ਪੁਨਰ-ਲੇਖਣ ਕਰਦਾ ਹੈ। ਇਸ ਪੁਸਤਕ ਵਿਚ ਸੰਕਲਿਤ ਕਈ ਲੇਖ ਸਮਕਾਲੀ ਦੌਰ ਵਿਚ ਉਤਪੰਨ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵੀ ਨਜਿੱਠਦੇ ਨਜ਼ਰ ਆਉਂਦੇ ਹਨ। ਜਿਵੇਂ : ਭਾਰਤੀ ਭਾਈਚਾਰੇ ਵਿਚ ਗਊ ਦਾ ਦਰਜਾ, ਗੁਰਮਤਿ ਪ੍ਰਚਾਰ ਦੀ ਅਧੋਗਤੀ, ਸਾਡੀ ਦੇਸ਼ ਭਗਤੀ ਪਰੰਪਰਾ... ਇਤਿਹਾਦਿ। ਉਸ ਦਾ ਹਰ ਲੇਖ ਅੰਗਰੇਜ਼ੀ, ਫ਼ਾਰਸੀ, ਬ੍ਰਜੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਮਾਣਿਕ ਲੇਖਕਾਂ ਦੀਆਂ ਟੂਕਾਂ ਨਾਲ ਅਲੰਕ੍ਰਿਤ ਹੁੰਦਾ ਹੈ। ਇਹ ਲੇਖ ਦਲੇਰ ਖਾਲਸਾ ਲਾਹੌਰ, ਗੁਰਮਤਿ ਪ੍ਰਕਾਸ਼ ਅੰਮ੍ਰਿਤਸਰ, ਰਾਮਗੜ੍ਹੀਆ-ਬੀਰ ਅੰਮ੍ਰਿਤਸਰ, ਫ਼ਤਹਿ ਦਿੱਲੀ ਅਤੇ ਗੁਰੂ ਸੰਦੇਸ਼ ਵਰਗੇ ਪ੍ਰਸਿੱਧ ਪੱਤਰਾਂ-ਪੱਤ੍ਰਿਕਾਵਾਂ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਸਨ ਅਤੇ ਪਾਠਕ ਬੜੀ ਰੀਝ ਨਾਲ ਇਨ੍ਹਾਂ ਨੂੰ ਪੜ੍ਹਦੇ ਸਨ। ਮੈਂ ਇਸ ਬਹੁਮੁੱਲੀ ਪੋਥੀ ਦਾ ਭਰਪੂਰ ਸਵਾਗਤ ਕਰਦਾ ਹਾਂ ਕਿਉਂਕਿ ਹਰ ਪੰਜਾਬੀ ਪਾਠਕ ਲਈ ਇਹ ਪੋਥੀ ਇਕ ਸ੍ਰੋਤ-ਪੁਸਤਕ ਦਾ ਕੰਮ ਕਰੇਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਆਧੁਨਿਕ ਪੰਜਾਬੀ ਕਵਿਤਾ
ਲੇਖਿਕਾ : ਡਾ: ਕਮਲਪ੍ਰੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 99880-73674.

ਆਧੁਨਿਕ ਪੰਜਾਬੀ ਕਵਿਤਾ ਬਹੁ-ਦਿਸ਼ਾਵੀ, ਬਹੁ-ਪਰਤੀ, ਬਹੁਰੰਗੀ, ਬਹੁ-ਅਰਥੀ, ਬਹੁਪੱਖੀ, ਜਟਿਲ, ਸੂਖ਼ਮ, ਗਤੀਸ਼ੀਲ ਸਾਂਸਕ੍ਰਿਤਕ ਵਰਤਾਰਾ ਹੈ। ਅਜਿਹੀ ਬਹੁਲਤਾ-ਵਾਦੀ ਸਥਿਤੀ ਨੂੰ ਇਹ ਕਵਿਤਾ ਮੱਧਕਾਲ ਤੋਂ ਅਨੇਕਾਂ ਕਰਵਟਾਂ ਲੈਂਦੀ ਅੱਪੜੀ ਹੈ। ਲੇਖਿਕਾ ਦਾ ਮੱਤ ਹੈ ਕਿ ਵਧੀਆ ਕਵਿਤਾ ਲਈ ਸੁਨਹਿਰੀ ਸਮੇਂ ਦਾ ਹੋਣਾ ਜ਼ਰੂਰੀ ਨਹੀਂ। ਭੈੜੇ ਤੋਂ ਭੈੜੇ ਸਮੇਂ ਵੀ ਸਰਬੋਤਮ ਕਵਿਤਾ ਰਚੀ ਗਈ ਹੈ। ਅਜੋਕੀ ਕਵਿਤਾ ਨੂੰ ਭਿੰਨ-ਭਿੰਨ ਨਾਂਅ ਦਿੱਤੇ ਜਾ ਸਕਦੇ ਹਨ, ਮਸਲਨ : ਨਵੀਂ ਕਵਿਤਾ, ਸਮਕਾਲੀ ਕਵਿਤਾ, ਸਮਾਨਾਂਤਰ ਕਵਿਤਾ, ਨਾਬਰੀ ਪ੍ਰਵਚਨ ਦਾ ਕਾਵਿ, ਉੱਤਰ-ਆਧੁਨਿਕ ਕਾਵਿ ਆਦਿ। ਲੇਖਿਕਾ ਨੇ ਮੱਧਕਾਲ ਤੋਂ ਅਜੋਕੇ ਸਮੇਂ ਤੱਕ ਪੰਜਾਬੀ ਕਾਵਿ ਦਾ ਮੁੱਲਵਾਨ ਸਰਵੇਖਣ ਕੀਤਾ ਹੈ। ਅਜਿਹੇ ਸਰਵੇਖਣ ਉਪਰੰਤ ਲੇਖਿਕਾ ਨੇ ਜਿਹੜੇ ਕਵੀਆਂ ਦੇ ਕਾਵਿ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕੀਤਾ ਹੈ, ਉਨ੍ਹਾਂ ਵਿਚ ਸ਼ਾਮਿਲ ਹਨਂਪ੍ਰੋ: ਮੋਹਨ ਸਿੰਘ, ਜਗਤਾਰ, ਦੇਵਨੀਤ, ਸੁਰਜੀਤ ਪਾਤਰ ਤੇ ਜਗਮੋਹਨ ਆਦਿ। ਪ੍ਰੋ: ਮੋਹਨ ਸਿੰਘ ਦਾ ਕਾਵਿ ਰੁਮਾਨੀ ਕਿਸਮ ਦਾ ਕਾਵਿ ਹੈ। ਉਹ ਇਸ਼ਕ ਤੋਂ ਕ੍ਰਾਂਤੀ ਤੱਕ ਦਾ ਪੈਂਡਾ ਤੈਅ ਕਰਦਾ ਹੋਇਆ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਜਗਤਾਰ ਦੇ ਕਾਵਿ ਦੀ ਧੁਨੀ ਪ੍ਰਸ਼ਨਵਾਚੀ ਹੈ; ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਹੈ; ਉਪ-ਭੋਗੀ ਸੱਭਿਆਚਾਰ ਦੀ ਪ੍ਰਸਤੁਤੀ ਹੈ। ਉਸ ਨੇ ਗ਼ਜ਼ਲ ਵਿਧਾ ਨੂੰ ਉਰਦੂ/ਫ਼ਾਰਸੀ ਦੀ ਜਕੜ ਤੋਂ ਮੁਕਤ ਕੀਤਾ ਹੈ। ਉਸ ਦੀ ਗ਼ਜ਼ਲ ਕਦੇ ਵੀ ਨਾਅਰਾ ਨਹੀਂ ਬਣਦੀ। ਦੇਵਨੀਤ ਨੇ ਕਿਸਾਨਾਂ ਦੀ ਆਰਥਿਕ ਤ੍ਰਾਸਦੀ ਨੂੰ ਰੂਪਮਾਨ ਕੀਤਾ ਹੈ। ਉਸ ਦਾ ਕਾਵਿ ਲਤਾੜੀਆਂ ਧਿਰਾਂ ਲਈ ਹਾਅ ਦਾ ਨਾਅਰਾ ਮਾਰਦਾ ਹੈ ਅਤੇ ਮੁਕਤੀ ਦਾ ਸੰਕਲਪ ਪੇਸ਼ ਕਰਦਾ ਹੈ। ਸੁਰਜੀਤ ਪਾਤਰ ਦਾ ਪੰਜਾਬੀ ਕਾਵਿ ਵਿਚ ਵਿਸ਼ੇਸ਼ ਮੁਕਾਮ ਹੈ। ਉਸ ਦੀ ਕਵਿਤਾ ਸਵੈ-ਰੱਖਿਆ ਦੀ ਢਾਲ ਵੀ ਹੈ, ਵਿਚਾਰਧਾਰਕ ਹਥਿਆਰ ਵੀ ਹੈ। ਮਾਨਵੀ ਤਣਾਅ ਅਤੇ ਟਕਰਾਅ ਤੋਂ ਛੁਟਕਾਰੇ ਦਾ ਸੰਕੇਤ ਦਿੰਦਾ ਹੈ। ਜਗਮੋਹਨ ਸਮਾਜਿਕ ਯਥਾਰਥ ਦੇ ਅਹਿਮ ਪੱਖਾਂ ਨੂੰ ਲੈ ਕੇ ਕਵਿਤਾ ਦਾ ਜਾਮਾ ਪਹਿਨਾਉਂਦਾ ਹੈ। ਉਸ ਦੇ ਸੰਦੇਸ਼ ਵਿਚ ਨਿੱਘ ਹੈ। ਉਹ ਪੁਰਖਿਆਂ ਦੀ ਪਰੰਪਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਛੁਕ ਹੈ। ਵਿਸ਼ਵੀਕਰਨ ਅਤੇ ਨਾਰੀ-ਕਾਵਿ ਦੇ ਅੰਤਰ-ਸਬੰਧਾਂ ਬਾਰੇ ਚਿਤਵਦਿਆਂ ਲੇਖਿਕਾ ਨੂੰ ਦੁੱਖ ਹੈ ਕਿ ਮੰਡੀ ਦੀ ਚਕਾਚੌਂਧ ਕਾਰਨ ਨਾਰੀ ਗੁਲਾਮੀ 'ਚੋਂ ਨਿਕਲਣਾ ਹੀ ਨਹੀਂ ਚਾਹੁੰਦੀ। ਸਮਾਜਿਕ ਸਿਸਟਮ ਵੀ ਉਸ ਨੂੰ 'ਵਸਤੂ' ਦੀ ਸਥਿਤੀ 'ਚੋਂ ਕੱਢਣਾ ਨਹੀਂ ਚਾਹੁੰਦਾ। ਲੇਖਿਕਾ ਨੇ ਔਰਤ ਦੀ ਸਵੈ-ਪਛਾਣ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੇਕਾਂ ਪੰਜਾਬੀ ਕਵਿਤਰੀਆਂ (ਸਿਮਰਤ ਗਗਨ, ਗੁਰਮਿੰਦਰ ਸਿੱਧੂ, ਭੁਪਿੰਦਰ ਕੌਰ ਪ੍ਰੀਤ, ਅਰਵਿੰਦਰ ਸੰਧੂ, ਨੀਰੂ ਅਸੀਮ) ਦੀ ਗਿਣਾਤਮਿਕ ਅਤੇ ਗੁਣਾਤਮਿਕ ਪੱਖੋਂ ਨਿਸ਼ਾਨਦੇਹੀ ਕੀਤੀ ਹੈ। ਸੰਖੇਪ ਇਹ ਕਿ ਆਲੋਚਕਾਂ ਨੂੰ ਆਪਣੇ ਵਿਸ਼ੇ 'ਤੇ ਅਬੂਰ ਹਾਸਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਆਦਲ ਕਾਵਿ-ਰੰਗ
ਲੇਖਕ : ਆਦਲ ਦਿਆਲਪੁਰੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 99146-27035.

ਸਿੱਧ ਯੋਗੀ ਚਰਪਟ ਨਾਥ ਦੇ ਵਸਾਏ ਪਿੰਡ ਦਿਆਲਪੁਰ ਜੇ ਕਿਸੇ ਅਨਪੜ੍ਹ ਵਿਦਵਾਨ ਦੇ ਦਰਸ਼ਨ ਦੀਦਾਰੇ ਕਰਨੇ ਹੋਣ ਤਾਂ ਉਹ ਤੁਹਾਨੂੰ ਇਸ ਪਿੰਡ ਦੇ ਸ਼ਾਇਰ ਆਦਲ ਦਿਆਲਪੁਰੀ ਦੇ ਦਰਸ਼ਨ ਕਰਕੇ ਪੂਰੀ ਤਸੱਲੀ ਹੋ ਜਾਵੇਗੀ। ਸਿਰਫ ਤਿੰਨ ਜਮਾਤਾਂ ਤੱਕ ਦੀ ਵਿੱਦਿਆ ਪ੍ਰਾਪਤ ਕਰ ਸਕਿਆ ਹੈ ਅਤੇ ਰੋਟੀ ਰੋਜ਼ੀ ਲਈ ਹਮੀਰਾ ਸ਼ਰਾਬ ਮਿੱਲ ਤੋਂ ਸੇਵਾ-ਮੁਕਤੀ ਉਪਰੰਤ ਸਟੋਵ ਰੀਪੇਅਰ ਦਾ ਕੰਮ ਵੀ ਕਰਦਾ ਰਿਹਾ ਹੈ। ਇਸੇ ਕਰਕੇ ਇਹ ਲੋਕ ਕਵੀ ਲੋਕਾਂ ਦੀਆਂ ਸਮੱਸਿਆਵਾਂ ਜੜ੍ਹਾਂ ਤੱਕ ਫੜਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਵਿਦਵਤਾ ਪੜ੍ਹ-ਸੁਣ ਕੇ ਯੂਨੀਵਰਸਿਟੀਆਂ ਦੇ ਵਿਦਵਾਨ ਵੀ ਦੰਗ ਰਹਿ ਜਾਂਦੇ ਹਨ। ਉਸ ਨੇ ਪਿੰਗਲ ਦਾ ਗਿਆਨ ਵੈਦ ਆਤਮਾ ਸਿੰਘ ਤੋਂ ਪ੍ਰਾਪਤ ਕਰਨ ਉਪਰੰਤ ਧਾਰਮਿਕ ਤੇ ਵੈਦਿਕ ਗ੍ਰੰਥਾਂ ਦਾ ਡੂੰਘਾ ਮੁਤਾਲਿਆ ਕੀਤਾ। ਪਿੰਗਲ ਪੜ੍ਹਨ ਗੁੜ੍ਹਨ ਦਾ ਫਾਇਦਾ ਇਹ ਹੋਇਆ ਕਿ ਉਸ ਨੂੰ ਸ਼ਬਦ ਜੜਤ ਅਤੇ ਸ਼ਾਇਰੀ ਵਿਚ ਰਵਾਨਗੀ ਦੇ ਰੰਗ ਭਰਨ ਦੀ ਮੁਹਾਰਤ ਹੋ ਗਈ। ਸ਼ਾਇਰੀ ਦੀ ਵਧੇਰੀ ਕਾਰਗਰ ਸਿਨਫ਼ ਵਿਅੰਗ ਉਸ ਦੀ ਪਸੰਦੀਦਾ ਸਿਨਫ਼ ਹੈ। ਉਹ ਵਿਅੰਗ ਦੇ ਅਜਿਹੇ ਬਾਣ ਛੱਡਦਾ ਹੈ ਤਾਂ ਕਿ ਨਿਸ਼ਾਨਾ ਸਹੀ ਨਿਸ਼ਾਨੇ 'ਤੇ ਲੱਗੇ। ਜਿਵੇਂ ਚੰਗਾ ਸਰਜਨ ਸਰਜਰੀ ਤੋਂ ਬਾਅਦ ਰੋਗੀ ਨੂੰ ਸਿਹਤਯਾਬ ਕਰ ਦਿੰਦਾ ਹੈ। ਉਸੇ ਤਰ੍ਹਾਂ ਇਹ ਸ਼ਾਇਰ ਵਿਅੰਗ ਦੀ ਸਰਜਰੀ ਨਾਲ ਸਮਾਜ ਵਿਚੋਂ ਗੰਦਾ ਸੁਆਦ ਕੱਢ ਕੇ ਸਿਰਜਨਾਤਮਕ ਸਮਾਜ ਸਿਰਜਣ ਦੇ ਆਹਰ ਵਿਚ ਹੈ। ਉਹ ਵਿਭਿੰਨ ਵਰਤਾਰਿਆਂ 'ਤੇ ਨਸ਼ਤਰ ਚਲਾਉਣ ਦਾ ਮਾਹਿਰ ਵਿਅੰਗਕਾਰ ਹੈ ਪਰ ਵਧੇਰੇ ਕਰਕੇ ਜੋ ਰਾਜਨੀਤਕ ਨੇਤਾਵਾਂ ਦੇ ਜਿਸ ਤਰ੍ਹਾਂ ਬਖੀਏ ਉਖੇੜਦਾ ਹੈ, ਉਹ ਆਪਣੀ ਮਿਸਾਲ ਆਪ ਹੀ ਹਨ। ਉਸ ਦੀ ਵਿਅੰਗਕਾਰੀ ਦਾ ਬਾਣ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹਾਂ 'ਜਿਹੜਾ ਜ਼ਜ਼ੀਆ ਸੁਲਤਾਨਾ ਤੋਂ ਨਹੀਂ ਲੱਗਾ, ਅੱਜ ਉਹ ਆਪਣੇ ਨਗਦ ਉਗਰਾਹ ਰਹੇ ਨੇ। ਲੋਟੂ ਬਣੇ ਦੁਆਈਆਂ ਦੇ ਕਾਰਖਾਨੇ, ਪ੍ਰਿੰਟ ਰੇਟ ਹੀ ਰੋਜ਼ ਵਧਾ ਰਹੇ ਨੇ। ਮਗਰਮੱਛ ਤੋਂ ਵੱਧ ਤੋਂ ਵੱਧ ਭੁੱਖੇ, ਤੋੜ-ਤੋੜ ਮਨੁੱਖਤਾ ਖਾ ਰਹੇ ਨੇ। ਡੀਜ਼ਲ ਅਤੇ ਪੈਟਰੋਲ ਦਾ ਭਾਅ ਦੱਸੇ 'ਅੱਛੇ ਦਿਨ' ਹੁਣ ਦੇਸ਼ ਦੇ ਆ ਰਹੇ ਨੇ।'

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਸੁਪਨਾ ਸੁਰਖ਼ ਸਵੇਰ ਜਿਹਾ
ਗ਼ਜ਼ਲਕਾਰ : ਗੁਰਜੀਤ ਸਹੋਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98156-83248.

ਗੁਰਜੀਤ ਸਹੋਤਾ ਪੰਜਾਬੀ ਦਾ ਪੁਰਾਣਾ ਤੇ ਸਾਊ ਗ਼ਜ਼ਲਕਾਰ ਹੈ ਜੋ ਚੁਪ-ਚੁਪੀਤੇ ਸਿਰਜਣਾ ਕਰਦੇ ਰਹਿਣ ਵਿਚ ਵਿਸ਼ਵਾਸ ਰੱਖਦਾ ਹੈ। ਦੋ ਪੁਸਤਕਾਂ ਦੇ ਸੰਪਾਦਨ ਤੋਂ ਬਾਅਦ 'ਸੁਪਨਾ ਸੁਰਖ਼ ਸਵੇਰ ਜਿਹਾ' ਉਸ ਦਾ ਪਹਿਲਾ ਮੌਲਿਕ ਗ਼ਜ਼ਲ ਸੰਗ੍ਰਹਿ ਹੈ ਜੋ ਕਾਫ਼ੀ ਦੇਰ ਬਾਅਦ ਛਪਿਆ ਹੈ। ਇਸ ਵਿਚ ਸ਼ਾਮਿਲ ਗ਼ਜ਼ਲਾਂ ਸਰਲ ਭਾਸ਼ਾ ਵਿਚ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਤੇ ਅਰਥਾਂ ਤੱਕ ਉਤਰਦਿਆਂ ਪਾਠਕ ਦਾ ਵਕਤ ਖ਼ਰਾਬ ਨਹੀਂ ਹੁੰਦਾ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰ ਭਾਵੇਂ ਸਰਲ ਹਨ ਪਰ ਇਹ ਡੂੰਘੇ ਅਰਥ ਰੱਖਦੇ ਹਨ। ਹਰ ਗ਼ਜ਼ਲ ਨੂੰ ਸਿਰਲੇਖ ਦਿੱਤਾ ਗਿਆ ਹੈ ਜਿਸ ਨਾਲ ਵਨ-ਸੁਵੰਨਤਾ ਪੈਦਾ ਹੋਈ ਹੈ। ਸਹੋਤਾ ਦੀ ਪਹਿਲੀ ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ ਤੇ ਇਸ ਦਾ ਮਤਲਾ ਤਾਂ ਬਹੁਤ ਹੀ ਬੁਲੰਦ ਹੈ। ਗ਼ਜ਼ਲਕਾਰ ਕਹਿੰਦਾ ਹੈ ਕਿ ਜੋ ਆਪਣੀ ਹਥੇਲੀ 'ਤੇ ਸਿਰ ਲੈ ਕੇ ਗਏ ਸਨ ਉਹ ਸਿਰ ਗੁਆ ਕੇ ਵਾਪਸ ਪਰਤੇ ਹਨ। ਉਹ ਆਖਦਾ ਹੈ ਪਹਿਲਾਂ ਧਰਤੀ ਦਾ ਹਨ੍ਹੇਰਾ ਦੂਰ ਕਰ ਲਵੋ ਫਿਰ ਚੰਨ 'ਤੇ ਦੀਵੇ ਜਗਾ ਕੇ ਧਰ ਆਉਣਾ। ਉਸ ਨੂੰ ਦਰਬਾਰੀ ਕਿਸਮ ਦੇ ਲੋਕਾਂ 'ਤੇ ਗੁੱਸਾ ਆਉਂਦਾ ਹੈ ਤੇ ਡੌਰੂ ਵਜਾ ਕੇ ਮਦਾਰੀਆਂ ਵਾਲਾ ਕੰਮ ਕਰਨ ਵਾਲੇ ਲੋਕ ਉਸ ਨੂੰ ਬਿਲਕੁਲ ਚੰਗੇ ਨਹੀਂ ਲਗਦੇ। ਗ਼ਜ਼ਲਕਾਰ ਅੱਖਾਂ ਵਿਚ ਰਾਂਗਲੇ ਸੁਪਨੇ ਸਜਾ ਕੇ ਤੁਰਨ ਵਾਲੇ ਕਾਫ਼ਲਿਆਂ ਨੂੰ ਸ਼ਾਬਾਸ਼ ਦਿੰਦਾ ਹੈ ਤੇ ਕਦਮ ਮੇਲ ਕੇ ਫ਼ਾਸਲਾ ਬਣਾਉਣ ਵਾਲੇ ਲੋਕ ਉਸ ਨੂੰ ਦੁੱਖ ਦਿੰਦੇ ਹਨ। ਸਹੋਤਾ ਆਸ਼ਾਵਾਦੀ ਗ਼ਜ਼ਲਕਾਰ ਹੈ ਤੇ ਔਖੀ ਹਾਲਤ ਵਿਚ ਜੀਅ ਰਹੇ ਲੋਕਾਂ ਦੀ ਧਿਰ ਬਣਦਾ ਹੈ। ਉਹ ਲੁੱਟਣ ਤੇ ਕੁੱਟਣ ਵਾਲੇ ਪ੍ਰਬੰਧ ਤੇ ਨਿਜ਼ਾਮ ਦੇ ਵਿਰੁੱਧ ਡਟ ਕੇ ਬੋਲਦਾ ਹੈ। ਗ਼ਜ਼ਲਕਾਰ ਮਹਿਜ਼ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਹੀ ਨਹੀਂ ਉਲਝਿਆ ਹੋਇਆ ਬਲਕਿ ਸਾਰੀ ਲੋਕਾਈ ਦਾ ਦਰਦ ਉਸ ਨੂੰ ਆਪਣਾ ਮਹਿਸੂਸ ਹੁੰਦਾ ਹੈ। ਕਿਸੇ ਵੀ ਸ਼ਾਇਰ ਲਈ ਇਹ ਦ੍ਰਿਸ਼ਟੀਕੋਨ ਜ਼ਰੂਰੀ ਵੀ ਹੈ ਤੇ ਇਹ ਸੋਚ ਲਿਖਤਾਂ ਨੂੰ ਮੁੱਲਵਾਨ ਬਣਾਉਂਦੀ ਹੈ। ਗ਼ਜ਼ਲਕਾਰ ਗ਼ਜ਼ਲ ਦੇ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਹੋਇਆਂ ਦਮਦਾਰ ਸ਼ਿਅਰ ਕਹਿਣ ਦਾ ਮਾਹਿਰ ਹੈ ਤੇ ਉਸ ਦੇ ਕਈ ਸ਼ਿਅਰ ਤਾਂ ਬਹੁਤ ਉਚਪਾਏ ਦੇ ਹਨ। ਇਹ ਗ਼ਜ਼ਲ ਸੰਗ੍ਰਹਿ ਅਕੇਵਾਂ ਤੇ ਥਕੇਵਾਂ ਪੈਦਾ ਕਰਨ ਵਾਲੇ ਗ਼ਜ਼ਲ ਸੰਗ੍ਰਹਿਾਂ ਦੀ ਭੀੜ ਦਾ ਹਿੱਸਾ ਨਾ ਹੋ ਕੇ ਆਪਣੀ ਅਲੱਗ ਪਹਿਚਾਣ ਬਣਾਉਂਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਜੀਨ ਤਕਨਾਲੋਜੀ ਅਤੇ ਸਾਡੀ ਖੇਤੀ
ਮੂਲ ਲੇਖਕ : ਨਰ ਸਿੰਘ ਦਿਆਲ
ਅਨੁਵਾਦ : ਬਲਤੇਜ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98550-22508.

ਲਗਪਗ ਡੇਢ ਸੌ ਸਾਲ ਪਹਿਲਾਂ ਮੈਂਡਲ ਨਾਂਅ ਦੇ ਵਿਗਿਆਨੀ ਨੇ ਮਟਰਾਂ ਦੇ ਪੌਦਿਆਂ ਉੱਤੇ ਲੰਮੇ ਸਮੇਂ ਲਈ ਤਜਰਬੇ ਕਰ ਕੇ ਇਨ੍ਹਾਂ ਦੇ ਫੁਲਾਂ/ਦਾਣਿਆਂ ਦੇ ਨਸਲ ਦਰ ਨਸਲ ਪਰਿਵਰਤਨ ਨੂੰ ਸਮਝਣ ਦਾ ਯਤਨ ਕੀਤਾ। ਉਸ ਨੇ ਇਸ ਦੇ ਸਿੱਟੇ ਵਜੋਂ ਕੁਝ ਨੇਮ ਸਥਾਪਿਤ ਕੀਤੇ ਜੋ ਹੌਲੀ-ਹੌਲੀ ਜਾਨਵਰਾਂ ਅਤੇ ਮਨੁੱਖਾਂ ਦੇ ਪੀੜ੍ਹੀ ਦਰ ਪੀੜ੍ਹੀ ਪਰਿਵਰਤਨ ਅਤੇ ਵਿਰਸੇ ਵਿਚ ਮਿਲੇ ਗੁਣਾਂ/ਔਗੁਣਾਂ ਦੇ ਵਿਸ਼ਲੇਸ਼ਣ ਅਤੇ ਵਿਗਿਆਨ ਦੇ ਪ੍ਰੇਰਨਾ ਸ੍ਰੋਤ ਬਣੇ। ਇਹ ਨਵਾਂ ਵਿਗਿਆਨ ਅੱਜ ਜੈਨੇਟਿਕਸ ਵਜੋਂ ਜਾਣਿਆ ਜਾਂਦਾ ਹੈ। ਮਨੁੱਖ, ਜਾਨਵਰ, ਪੌਦੇ, ਬਨਸਪਤੀ, ਫ਼ਸਲਾਂ, ਖੇਤੀ ਸਾਰੇ ਹੀ ਇਸੇ ਵਿਗਿਆਨ ਦੇ ਘੇਰੇ ਵਿਚ ਆ ਚੁੱਕੇ ਹਨ। ਸਭ ਵਿਚ ਸੈੱਲ ਹਨ, ਡੀ.ਐਨ.ਏ. ਕਰੋਮੋਸੋਮ ਤੇ ਜੀਨਜ਼ ਹਨ। ਹਰ ਇਕ ਵਿਚ ਇਨ੍ਹਾਂ ਦੀ ਗਿਣਤੀ ਵੱਖ ਹੈ। ਜੀਨਜ਼ ਕਰੋਮੋਸੋਮਾਂ ਉੱਤੇ ਸਵਾਲ ਹਨ ਅਤੇ ਦੋਵਾਂ ਦੀ ਮੂਲ ਸਮੱਗਰੀ ਡੀ.ਐਨ.ਏ. ਹਨ। ਡੀ.ਐਨ.ਏ. ਹੀ ਹਰ ਕਿਸੇ ਦੇ ਰੰਗ/ਰੂਪ, ਗੁਣ/ਔਗੁਣ, ਬਿਮਾਰੀ/ਤੰਦਰੁਸਤੀ ਦਾ ਨਿਰਣਾ ਕਰਦਾ ਹੈ। ਮਨੁੱਖ ਵਿਚ ਤੇਈ ਜੋੜੇ ਕਰੋਮੋਜ਼ੋਮਾਂ ਦੇ ਹਨ। ਉਨ੍ਹਾਂ ਉੱਤੇ 25-30 ਹਜ਼ਾਰ ਜੀਨ ਹਨ। ਇਹ ਸਾਰੇ ਚਾਰ ਕਿਸਮ ਦੇ ਨਿਊਕਲੀਓਟਾਈਡਾਂ ਦੇ ਬਣੇ ਹੋਏ ਹਨ, ਜਿਨ੍ਹਾਂ ਨੂੰ ਸੰਖੇਪ ਰੂਪ ਵਿਚ ਏ.ਟੀ.ਸੀ.ਜੀ. ਨਾਲ ਪ੍ਰਗਟ ਕੀਤਾ ਜਾਂਦਾ ਹੈ। ਮਨੁੱਖ ਦੇ ਹਰ ਸੈੱਲ ਵਿਚ ਡੇਢ ਅਰਬ ਜੋੜੇ ਹਨ, ਨਿਊਕਲੀਓਟਾਈਡਾਂ ਦੇ। ਹਰ ਜਾਨਵਰ/ਫ਼ਸਲ ਵਿਚ ਇਨ੍ਹਾਂ ਦੀ ਗਿਣਤੀ ਵੱਖ ਹੈ। ਇਹ ਕਿਤਾਬ ਜੈਨੇਟਿਕਸ ਦੇ ਇਸ ਵਿਗਿਆਨ ਨੂੰ ਖੇਤੀ ਨਾਲ ਜੋੜ ਕੇ ਇਕ ਗੰਭੀਰ ਸਮਾਜਿਕ ਮਸਲੇ ਉੱਤੇ ਸੰਵਾਦ ਛੇੜਦੀ ਹੈ।
ਇਹ ਮਸਲਾ ਹੈ ਜੀ.ਐਮ. ਅਤੇ ਬੀ.ਟੀ. ਫ਼ਸਲਾਂ ਦਾ। ਇਹ ਫ਼ਸਲਾਂ ਕੁਦਰਤੀ ਰੂਪ ਵਿਚ ਪ੍ਰਾਪਤ ਫ਼ਸਲ ਦੇ ਡੀ.ਐਨ.ਏ. ਨੂੰ ਮਨਮਰਜ਼ੀ ਨਾਲ ਬਦਲ ਕੇ ਬਾਜ਼ਾਰ ਵਿਚ ਉਤਾਰੀਆਂ ਜਾ ਰਹੀਆਂ ਹਨ। ਬੀ.ਟੀ. ਕਾਟਨ (ਨਰਮਾ), ਬੀ.ਟੀ. ਬੈਂਗਨ ਇਸ ਦੀ ਮਿਸਾਲ ਹਨ। ਹੋਰ ਫ਼ਸਲਾਂ, ਬੀਜਾਂ ਤੱਕ ਇਸ ਦਾ ਘੇਰਾ ਫੈਲ ਚੁੱਕਾ ਹੈ। ਮਲਟੀਨੈਸ਼ਨਲ ਕੰਪਨੀ ਮੋਸੈਂਟੋ ਤੇ ਮਹਾਰਾਸ਼ਟਰ ਦੀ ਮਹਿਕੋ ਵਰਗੀਆਂ ਕੰਪਨੀਆਂ ਇਸ ਆਸਰੇ ਕਰੋੜਾਂ, ਅਰਬਾਂ ਰੁਪਏ ਕਮਾ ਰਹੀਆਂ ਹਨ। ਨੁਕਤੇ ਕਈ ਹਨ। ਬਨਾਵਟੀ ਜੀਨਾਂ ਵਾਲੀਆਂ ਫ਼ਸਲਾਂ ਸਾਡੇ ਖਾਣ, ਵਰਤਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ। ਇਨ੍ਹਾਂ ਦੇ ਬੀਜ ਉੱਤੇ ਕੰਪਨੀਆਂ ਦੀ ਮਨੋਪਲੀ ਹੈ। ਕਿਸਾਨ ਨੂੰ ਮਨਰਮਰਜ਼ੀ ਨਾਲ ਅਗਲੀ ਫ਼ਸਲ ਲਈ ਬੀਜ ਬਚਾਉਣ ਦੀ ਕਾਨੂੰਨੀ ਮਨਾਹੀ ਹੈ। ਕੁਦਰਤ ਦੀ ਫ਼ਸਲੀ ਵਿਭਿੰਨਤਾ ਦਾ ਸਾਰਾ ਤਾਣਾ-ਬਾਣਾ ਇਨ੍ਹਾਂ ਨਾਲ ਹਿਲਿਆ ਹੈ। ਖਾਦਾਂ/ਕੀਟਨਾਸ਼ਕਾਂ ਦਾ ਖਰਚਾ ਘਟਣ ਦੀ ਥਾਂ ਵਧ ਰਿਹਾ ਹੈ। ਇਹ ਕਿਤਾਬ ਇਨ੍ਹਾਂ ਨੁਕਤਿਆਂ ਨੂੰ ਕਿਸਾਨ/ਆਮ ਆਦਮੀ ਦੇ ਨੁਕਤਾ-ਨਿਗਾਹ ਤੋਂ ਵੇਖਣ ਸਮਝਣ ਦਾ ਪ੍ਰਸੰਸਾਯੋਗ ਉਪਰਾਲਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸ਼ਰਾਰਤੀ ਤੱਤ
ਮੌਤ ਤੋਂ ਜੀਵਨ ਵੱਲ...

ਲੇਖਕ : ਮੰਗਾ ਸਿੰਘ ਅੰਟਾਲ
ਪ੍ਰਕਾਸ਼ਕ : ਜੇ.ਪੀ. ਪਬਲਿਸ਼ਰਜ਼, ਪਟਿਆਲਾ
ਮੁੱਲ : 250 ਰੁਪਏ, 15 ਡਾਲਰ, 10 ਪੌਂਡ, ਸਫ਼ੇ : 272
ਸੰਪਰਕ : 85449-17521.

ਇਕੋ ਹੀ ਵਰ੍ਹੇ ਵਿਚ ਇਸ ਪੁਸਤਕ ਦੀ ਚੌਥੀ ਐਡੀਸ਼ਨ ਪ੍ਰਕਾਸ਼ਿਤ ਹੋਈ ਹੈ। ਇਹ ਇਸ ਲਈ ਕਿ ਇਹ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਆਉਣ ਦੀ ਸੱਚੀ ਕਹਾਣੀ ਹੈ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿੱਤਾ ਹੈ। ਨਸ਼ੇੜੀ ਆਪ ਤਾਂ ਮਰਦੇ ਹੀ ਹਨ, ਆਪਣੇ ਪਰਿਵਾਰਾਂ ਨੂੰ ਵੀ ਬਰਬਾਦ ਕਰ ਜਾਂਦੇ ਹਨ। ਨਸ਼ਿਆਂ ਦੇ ਕੋਹੜ ਨੇ ਲੰਮੇ ਲੰਮੇ ਗੱਭਰੂਆਂ ਨੂੰ ਘੁਣ ਵਾਂਗ ਖਾ ਲਿਆ ਹੈ, ਉਨ੍ਹਾਂ ਦਾ ਸਦਾਚਾਰਕ ਅਤੇ ਆਰਥਿਕ ਪਤਨ ਕਰ ਦਿੱਤਾ ਹੈ। ਹੁਣ ਤਾਂ ਸਕੂਲਾਂ ਦੇ ਬੱਚੇ ਵੀ ਨਸ਼ੇ ਕਰਨ ਲੱਗੇ ਹਨ। ਇਨ੍ਹਾਂ ਦੀ ਜਕੜ ਵਿਚ ਆਇਆ ਬੰਦਾ ਜਿਊਂਦੇ ਜੀਅ ਹੀ ਮਰ ਜਾਂਦਾ ਹੈ। ਉਸ ਲਈ ਕੋਈ ਰਿਸ਼ਤਾ ਕੋਈ ਅਰਥ ਨਹੀਂ ਰੱਖਦਾ। ਮਾਂ-ਬਾਪ, ਭੈਣ-ਭਰਾਵਾਂ ਤੋਂ ਖੋਹ ਖਿੰਝ ਕੇ, ਚੋਰੀਆਂ ਕਰਕੇ, ਅਨੈਤਿਕ ਕੰਮ ਕਰਕੇ ਨੌਜਵਾਨ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਦੇ ਹਨ। ਇਨ੍ਹਾਂ ਦੀ ਗ੍ਰਿਫ਼ਤ ਵਿਚੋਂ ਬਾਹਰ ਆਉਣਾ ਬਹੁਤ ਹੀ ਔਖਾ ਹੈ। ਇਸ ਪੁਸਤਕ ਦੇ ਲੇਖਕ ਨੇ ਆਪਣੀ ਸੱਚੀ ਕਹਾਣੀ ਬਿਆਨ ਕੀਤੀ ਹੈ ਕਿ ਉਹ ਨਸ਼ਿਆਂ ਵਿਚ ਗਰਕ ਹੋ ਕੇ ਜੁਰਮ ਦੀ ਦੁਨੀਆ ਵਿਚ ਘਿਰ ਗਿਆ ਸੀ। ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ। ਕਿਸਮਤ ਨਾਲ ਉਸ ਨੂੰ ਅਜਿਹੀ ਜੀਵਨ ਸਾਥਣ ਨਸੀਬ ਹੋਈ, ਜਿਸ ਨੇ ਪਿਆਰ, ਸਿਰੜ, ਹਿੰਮਤ, ਹਮਦਰਦੀ ਅਤੇ ਪ੍ਰੇਰਨਾ ਨਾਲ ਉਸ ਨੂੰ ਡੁੱਬਣ ਤੋਂ ਬਚਾ ਲਿਆ। ਇਹ ਪੁਸਤਕ ਜਿਥੇ ਨਸ਼ਿਆਂ ਵਿਚ ਗਰਕ ਹੋ ਰਹੀ ਜਵਾਨੀ ਨੂੰ ਸੁਚੇਤ ਕਰਦੀ ਹੈ, ਉਥੇ ਹੀ ਮਾਂ-ਬਾਪ ਨੂੰ ਵੀ ਚੇਤੰਨ ਕਰਦੀ ਹੈ ਕਿ ਆਪਣੇ ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਬੱਚਿਆਂ ਦਾ ਧਿਆਨ ਰੱਖਣ. ਵਿਗੜੇ ਹੋਏ ਲਾਡਲੇ ਤਾਂ ਮਾਪਿਆਂ ਤੋਂ ਧੱਕੇ ਨਾਲ ਜਾਂ ਝੂਠ ਬੋਲ ਕੇ ਪੈਸੇ ਲੈ ਜਾਂਦੇ ਹਨ। ਪਰਿਵਾਰਾਂ, ਰਿਸ਼ਤੇਦਾਰਾਂ, ਸਰਕਾਰਾਂ ਅਤੇ ਸਮਾਜ ਦੇ ਰਲਵੇਂ ਹੰਭਲੇ ਨਸ਼ਿਆਂ ਦੇ ਮਾਰੂ ਹਮਲਿਆਂ ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ ਪਰ ਸਭ ਤੋਂ ਜ਼ਰੂਰੀ ਆਤਮ-ਵਿਸ਼ਵਾਸ, ਆਸ ਅਤੇ ਰੱਬੀ ਧਰਵਾਸ ਹੁੰਦਾ ਹੈ। ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

25-01-2020

 ਪੈੜਾਂ ਸਿੱਖ ਸਾਮਰਾਜ ਦੀਆਂ
ਲੇਖਕ : ਤਰਸੇਮ ਸਿੰਘ ਰਿਐਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98761-33022.

1469 ਵਿਚ ਜਨਮੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1708 ਵਿਚ ਜੋਤੀ ਜੋਤਿ ਸਮਾਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਤੇ ਜੀਵਿਕ ਵਿਹਾਰ ਨਾਲ ਸਦੀਆਂ ਦੀ ਗੁਲਾਮੀ ਭੋਗ ਰਹੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਤੌਰ 'ਤੇ ਪਤਨ ਗ੍ਰਸਤ ਭਾਰਤ ਦੇ ਲੋਕਾਂ ਨੂੰ ਸਵੈਮਾਣ ਨਾਲ ਜੀਣਯੋਗ ਬਣਾ ਕੇ ਰਾਜ ਕਰਨਾ ਸਿਖਾਇਆ। ਤਖ਼ਤ ਉੱਤੇ ਬਹਿ ਕੇ ਤਖ਼ਤ ਦੇ ਲਾਇਕ ਬਣਨ ਦੀ ਸੋਝੀ ਦਿੱਤੀ। ਰਾਜ ਮਿਲਣ 'ਤੇ ਰਾਜ ਲਈ ਸੰਘਰਸ਼ ਕਰਨ ਸਮੇਂ ਤੇ ਜ਼ੁਲਮ ਦਾ ਟਾਕਰਾ ਕਰਦੇ ਸਮੇਂ ਕਦੇ ਵੀ ਸਰਬੱਤ ਦੇ ਭਲੇ ਵਾਲੀ ਉਦਾਰ, ਪਨੂਰਲ, ਸਰਬ ਸਾਂਝੀ ਨਿਆਸ਼ੀਲ ਦ੍ਰਿਸ਼ਟੀ ਤੋਂ ਨਾ ਥਿੜਕਣ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ। ਧਰਮ, ਜਾਤ, ਰੰਗ, ਨਸਲ, ਲਿੰਗ ਦੇ ਨਾਂਅ 'ਤੇ ਕਿਸੇ ਵੀ ਵਿਤਕਰੇ ਤੋਂ ਮੁਕਤ ਰਾਜ ਦੇ ਉਹ ਪ੍ਰਤੀਮਾਨ ਸਥਾਪਤ ਕੀਤੇ, ਜੋ ਸੰਪਰਦਾਇਕਤਾ ਦੇ ਜ਼ਹਿਰ ਨਾਲ ਰੰਗੀ ਨਫ਼ਰਤ ਭਰੀ ਉਲਾਰ ਤੇ ਭ੍ਰਿਸ਼ਟ ਸਿਆਸਤ ਲਈ ਮਾਰਗ ਦਰਸ਼ਨ ਬਣ ਸਕਦੇ ਹਨ। ਤਰਸੇਮ ਸਿੰਘ ਰਿਐਤ ਨੇ ਸਮਕਾਲੀ ਭਾਰਤ ਹੀ ਨਹੀਂ, ਸਮੁੱਚੇ ਵਿਸ਼ਵ ਲਈ ਮਾਡਲ ਬਣਨ ਯੋਗ ਇਸ ਰਾਜ ਲਈ ਹੋਏ ਸੰਘਰਸ਼, ਇਸ ਦੀਆਂ ਪ੍ਰਾਪਤੀਆਂ ਤੇ ਇਸ ਦੇ ਆਰ-ਪਾਰ ਦੂਰ ਤੱਕ ਦੀਆਂ ਪੈੜਾਂ ਇਸ ਕਿਤਾਬ ਵਿਚ ਉਲੀਕੀਆਂ ਹਨ। ਉਸ ਦਾ ਬਿਰਤਾਂਤ ਨਿਰਪੱਖ, ਸਟੀਕ, ਬੇਬਾਕ, ਉਸਾਰੂ, ਪ੍ਰੇਰਨਾਜਨਕ ਤੇ ਸਬਕ-ਆਮੇਜ਼ ਹੈ। ਇਹ ਕੇਵਲ ਮੁਗ਼ਲਾਂ, ਅੰਗਰੇਜ਼ਾਂ ਦੁਆਰਾ ਸਿੱਖਾਂ ਨਾਲ ਹੋਏ ਅਨਿਆਂ ਅਤੇ ਉਸ ਵਿਰੁੱਧ ਸੰਘਰਸ਼ ਦੀ ਕਹਾਣੀ ਹੀ ਨਹੀਂ ਕਹਿੰਦਾ। ਇਹ ਸੁਤੰਤਰ ਭਾਰਤ ਵਿਚ ਆਪਣਿਆਂ ਵਲੋਂ ਹੀ ਆਪਣੇ ਨਾਲ ਵਾਰ-ਵਾਰ ਹੋਏ ਤੇ ਹੋ ਰਹੇ ਅਨਿਆਂ ਦੀਆਂ ਬਾਤਾਂ ਵੀ ਪਾਉਂਦਾ ਹੈ।
ਸਿੱਖੀ ਪਛਾਣ, ਸਿੱਖ ਰਾਜ ਲਈ ਸੰਘਰਸ਼, ਸਿੱਖ ਰਾਜ ਦਾ ਉਭਾਰ ਤੇ ਪਤਨ, ਨਾਮਧਾਰੀ/ਨਿਰੰਕਾਰੀ ਲਹਿਰਾਂ, ਗਾਂਧੀ/ਨਹਿਰੂ ਦੇ ਸਿੱਖਾਂ ਨਾਲ ਵਾਅਦੇ ਤੇ ਵਿਸਾਹਘਾਤ, ਪੰਜਾਬੀ ਸੂਬੇ ਲਈ ਸੰਘਰਸ਼, ਸਾਕਾ ਨੀਲਾ ਤਾਰਾ, ਦੇਸ਼ ਵਿਆਪੀ ਸਿੱਖਾਂ ਦੀ ਨਸਲਕੁਸ਼ੀ, ਸਿੱਖੀ ਵਿਰੋਧੀ ਸਾਜਿਸ਼ੀ ਏਜੰਡੇ, ਬਾਦਲ ਤੇ ਕੈਪਟਨ ਅਮਰਿੰਦਰ ਦੀ ਸਿਆਸਤ, ਹਿੰਦੂ/ਸਿੱਖ ਸਬੰਧ, ਡੇਰਿਆਂ ਦੀ ਰਾਜਨੀਤੀ ਅਤੇ ਦੇਸ਼ ਆਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦੇ ਸਮੁੱਚੇ ਪਸਾਰੇ ਦੇ ਹਰ ਮਹੱਤਵਪੂਰਨ ਮਸਲੇ/ਪ੍ਰਸ਼ਨ ਨੂੰ ਇਸ ਪੁਸਤਕ ਵਿਚ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਲੇਖਕ ਦੀ ਪਹੁੰਚ ਸਿੱਖ ਸਮਾਜ ਪ੍ਰਤੀ ਹਮਦਰਦੀ ਵਾਲੀ ਹੈ ਪਰ ਉਹ ਕਿਤੇ ਵੀ ਸਰਬੱਤ ਦੇ ਭਲੇ ਵਾਲੀ ਮਾਨਵਵਾਦੀ ਪਹੁੰਚ ਦਾ ਲੜ ਨਹੀਂ ਛੱਡਦਾ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸਮਕਾਲੀ ਪੰਜਾਬੀ ਕਹਾਣੀ
(ਨਵੇਂ ਪ੍ਰਤੀਮਾਨ)

ਲੇਖਿਕਾ : ਡਾ: ਰਮਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 130
ਸੰਪਰਕ : 94632-75592.

ਡਾ: ਰਮਿੰਦਰ ਕੌਰ ਦੀ ਇਹ ਪੁਸਤਕ ਸਮਕਾਲੀ ਪੰਜਾਬੀ ਕਹਾਣੀ ਵਿਚ ਆਏ ਕੁਝ ਨਵੇਂ ਪੈਰਾਡਾਈਮਜ਼ ਦਾ ਵਿਸ਼ਲੇਸ਼ਣ ਕਰਦੀ ਹੈ। ਡਾ: ਰਮਿੰਦਰ ਨੇ ਧਨਵੰਤ ਕੌਰ, ਬਲਦੇਵ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਨਿਰਾਲਾ ਅਤੇ ਰਜਨੀਸ਼ ਬਹਾਦਰ ਸਿੰਘ ਤੋਂ ਪ੍ਰੇਰਨਾ ਅਤੇ ਅਗਵਾਈ ਹਾਸਲ ਕਰ ਕੇ ਸਮਕਾਲੀ ਪੰਜਾਬੀ ਕਹਾਣੀ ਨੂੰ ਹੰਘਾਲਣ ਦਾ ਇਕ ਸਫ਼ਲ ਯਤਨ ਕੀਤਾ ਹੈ।
ਪੁਸਤਕ ਦੇ ਵਿਭਿੰਨ ਕਾਂਡਾਂ ਵਿਚ ਉਸ ਨੇ ਅਜੋਕੇ ਮਨੁੱਖ ਦੀ ਅਸਹਿਜ ਕਾਮ ਪ੍ਰਵਿਰਤੀ, ਵਿਆਹੁਤਾ ਰਿਸ਼ਤਿਆਂ ਦੀ ਬਦਲ ਚੁੱਕੀ ਗਰਾਮਰ, ਪਰਿਵਾਰਕ ਰਿਸ਼ਤਿਆਂ ਵਿਚ ਆਏ ਗੰਧਲੇਪਣ, ਸਮਲਿੰਗੀ ਪ੍ਰਵਿਰਤੀ, ਜਾਤੀ ਚੇਤਨਾ, ਪਰਵਾਸੀ ਜੀਵਨ ਦੇ ਸਰੋਕਾਰ ਅਤੇ ਮਹਾਂਨਗਰੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਬਾਰੇ ਸੰਵਾਦ ਰਚਾਇਆ ਹੈ। ਇਸ ਮੰਤਵ ਲਈ ਉਸ ਨੇ ਪ੍ਰੇਮ ਪ੍ਰਕਾਸ਼, ਡਾ: ਅਜੀਤ ਸਿੰਘ, ਗੁਰਮੇਲ ਮਡਾਹੜ, ਅਤਰਜੀਤ ਅਤੇ ਐਸ. ਬਲਵੰਤ ਵਰਗੇ ਕੁਝ ਸਥਾਪਿਤ ਹਸਤਾਖ਼ਰਾਂ ਦੇ ਸਮਵਿੱਥ ਸੁਖਜੀਤ, ਤਲਵਿੰਦਰ ਸਿੰਘ, ਪਰਵੇਜ਼ ਸੰਧੂ, ਵੀਨਾ ਵਰਮਾ, ਬਲਬੀਰ ਪਰਵਾਨਾ, ਜਿੰਦਰ, ਮੇਜਰ ਮਾਂਗਟ, ਹਰਜੀਤ ਅਟਵਾਲ, ਜਤਿੰਦਰ ਹਾਂਸ, ਹਰਜਿੰਦਰ ਸਿੰਘ ਸੂਰੇਵਾਲੀਆ, ਬਲਵਿੰਦਰ ਗਰੇਵਾਲ, ਸੁਕੀਰਤ, ਗੁਰਮੀਤ ਕੜਿਆਲਵੀ, ਬਲਦੇਵ ਸਿੰਘ, ਖ਼ਾਲਦ ਫਰਹਾਦ, ਤ੍ਰਿਪਤਾ ਕੇ. ਸਿੰਘ, ਗੁਰਚਰਨ ਕੌਰ ਥਿੰਦ, ਰਸ਼ਪਿੰਦਰ ਰਿਸ਼ਮ, ਭਗਵੰਤ ਰਸੂਲਪੁਰੀ ਅਤੇ ਵੀਨਾ ਵਰਮਾ ਵਰਗੇ ਲਗਪਗ 50 ਸਮਕਾਲੀ ਪੰਜਾਬੀ ਕਹਾਣੀਕਾਰਾਂ ਦੀਆਂ ਪ੍ਰਤੀਨਿਧ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਡਾ: ਰਮਿੰਦਰ ਕੌਰ ਪੰਜਾਬੀ ਸਮਾਜ ਅਤੇ ਸੱਭਿਆਚਾਰ ਵਿਚ ਆਏ ਉਲਾਰਾਂ-ਵਿਗਾੜਾਂ ਤੋਂ ਚਿੰਤਿਤ ਹੈ। ਇਕ ਮਾਨਵਵਾਦੀ ਅਤੇ ਪ੍ਰਗਤੀਸ਼ੀਲ ਮਹਿਲਾ ਹੋਣ ਦੇ ਨਾਤੇ ਉਹ ਪੰਜਾਬੀ ਸਮਾਜ ਨੂੰ ਸਵੱਸਥ ਅਤੇ ਸਿਹਤਮੰਦ ਵੇਖਣਾ ਲੋਚਦੀ ਹੈ। ਪਰ ਉਪਭੋਗਤਾਵਾਦ ਅਤੇ ਉੱਤਰ ਪੂੰਜੀਵਾਦ ਦੇ ਵੈਸ਼ਵਿਕ ਦਬਾਵਾਂ ਦੇ ਕਾਰਨ ਸਾਡੇ ਸਮਾਜ ਦਾ ਵੀ ਹੋਰ ਸਮਾਜਾਂ ਵਾਂਗ ਟੁੱਟਣਾ-ਭੱਜਣਾ ਲਾਜ਼ਮੀ ਹੈ। ਹੁਣ ਕੋਈ ਵੀ ਦੇਸ਼ ਜਾਂ ਸਮਾਜ ਇਕੱਲੇ-ਇਕਹਿਰੇ ਰਹਿਣ ਦੀ ਸਥਿਤੀ ਵਿਚ ਨਹੀਂ ਹੈ। ਇਹ ਪੁਸਤਕ ਪੰਜਾਬੀ ਕਹਾਣੀ-ਆਲੋਚਨਾ ਵਿਚ ਇਕ ਨਵਾਂ ਅਤੇ ਮਹੱਤਵਪੂਰਨ ਅਧਿਆਇ ਜੋੜਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਈਓ ਨੀ!
ਮੈਂ ਸਈਆਂ ਪਾਇਆ
ਕਵੀ : ਨਿਰਮਲ ਸਿੰਘ ਕਾਹਲੋਂ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 75891-75819.

ਹਥਲੀ ਕਾਵਿ ਪੁਸਤਕ ਸ੍ਰੀ ਨਿਰਮਲ ਸਿੰਘ ਕਾਹਲੋਂ ਦੀ ਦੂਜੀ ਕਾਵਿ-ਪੁਸਤਕ ਹੈ। ਇਹ ਪੁਸਤਕ 392 ਬੰਦਾਂ ਵਿਚ ਮੁਕੰਮਲ ਕੀਤੀ ਗਈ ਹੈ। ਹਰ ਬੰਦ ਵਿਚ ਸੱਤ ਸਤਰਾਂ ਹਨ। ਪਹਿਲੀਆਂ ਪੰਜ ਸਤਰਾਂ ਮਸ਼ਹੂਰ ਛੰਦ ਬੈਂਤ ਵਿਚ ਹਨ ਪਰ ਛੇਵੀਂ ਸਤਰ ਅੱਧੀ ਤਾਂ ਬੈਂਤ ਵਿਚ ਹੀ ਹੈ ਪਰ ਅਗਲੀ ਅੱਧੀ ਤਿੰਨ ਫੇਲੁਨ ਫੇ ਯਾਨਿ 14 ਕੁ ਮਾਤਰਾਂ ਦੀ ਹੈ, ਜਿਸ ਦਾ ਕਾਫ਼ੀਆ ਅਲਿਫ ਯਾਨਿ ਕੰਨੇ ਵਾਲਾ ਹੈ। ਇਹ ਛੇਵੀਂ ਸਤਰ ਆਖਰੀ ਸਤਵੀਂ ਸਤਰ ਦੇ ਕਾਫੀਏ ਨਾਲ ਮੇਲ ਖਾਂਦੀ ਹੈ। ਇਵੇਂ ਲਗਦਾ ਹੈ ਕਵੀ ਨੇ ਆਖਰੀ 2 ਸਤਰਾਂ ਸੂਫੀ ਕਾਵਿ ਵਿਚ ਆਈਆਂ ਕਾਫ਼ੀਆਂ ਦੇ ਬਰਅਕਸ ਰੱਖੀ ਹੈ। ਕਵੀ ਨਿਰਮਲ ਸਿੰਘ ਕਾਹਲੋਂ ਦਾ ਖਿਆਲ ਪੱਖੋਂ ਤਾਂ ਸੂਫ਼ੀ ਸੰਤਾਂ ਵਲੋਂ ਸੂਫ਼ੀਆਨਾ ਸਿਖਿਆਤਮਿਕ ਅੰਦਾਜ਼ ਵਿਚ ਹਨ। ਇਸ ਨੂੰ ਮਨੁੱਖ ਵਾਸਤੇ ਕਾਦਰ ਨੂੰ ਮੱਦੇਨਜ਼ਰ ਰੱਖਣਾ ਅਤੇ ਸਿੱਧੇ ਰਸਤੇ ਤੁਰਨ ਦਾ ਨਸੀਹਤ ਨਾਂਅ ਵੀ ਕਿਹਾ ਜਾ ਸਕਦਾ ਹੈ। ਕਵੀ ਨੇ ਭਾਵੇਂ ਸੀਹਰਫੀ ਕਾਵਿ ਦੀ ਪ੍ਰਥਾਇ ਬੰਦ ਸਿਰਜੇ ਹਨ ਪਰ ਉਸ ਨੇ ਸ਼ਾਹਮੁਖੀ ਦੇ ਸਾਰੇ ਹਰਫ਼ਾਂ ਵਿਚੋਂ ਕੇਵਲ 'ਮੀਮ' ਸ਼ਬਦ ਚੁਣਿਆ ਹੈ ਤੇ ਹਰ ਬੰਦ ਮੀਮ ਯਾਨਿ 'ਮ' ਤੋਂ ਆਰੰਭ ਹੁੰਦਾ ਹੈ ਜਿਵੇਂ :
-ਮੀਮ-ਮਸਤੀਉਂ ਤਤੜੀ ਤਾਉ ਨਾਹੀਂ, ਬੁਰੀ ਹੁੰਦੀ ਵਿਛੋੜੇ ਦੀ ਆਹ ਅੜੀਓ (3)
-ਮੀਮ-ਮੁਕੱਦਰਾਂ ਨਾਲ ਨੇ ਮੇਲ ਹੁੰਦੇ ਯੁਗਾਂ ਯੁਗਾਂ ਤੋਂ ਸਤ ਕਹਾਣੀਆਂ ਨੇ (98)
-ਮੀਮ-ਮੋਹ ਮਾਇਆ ਤੇ ਕਿਸ਼ਤੇ ਪਾਕ ਮੀਆਂ-ਮੋਇਆਂ ਨਾਲ ਨਾ ਕੁਝ ਵੀ ਜਾਂਵਦਾ ਈ
(179)
-ਮੀਮ-ਮੁਕਤੇਸ਼ਵਰ ਮੁਕਤੀ ਕਰੇ ਦਾਤਾ, ਭੇਦ ਮੁਕਤੀ ਵਾਲੜਾ ਕੋਈ ਜਾਣਦਾ ਨਹੀਂ
(321)
ਕਵੀ ਨੇ ਇਨ੍ਹਾਂ ਬੰਦਾਂ ਵਿਚ ਵੱਖ-ਵੱਖ ਖਿਆਲ ਪੇਸ਼ ਕੀਤੇ ਹਨ ਪਰਮਾਤਮਾ ਦੀ ਹੋਂਦ, ਮੁਕਤੀ ਦਾ ਪ੍ਰਵਚਨ, ਮੌਤ ਦਾ ਚੇਤਾ, ਨਿੰਦਕ ਅਤੇ ਸਚਿਆਰ-ਕੂੜਿਆਰ ਦੀ ਵਿਆਖਿਆ, ਸ਼ਹਾਦਤ ਦੀ ਵਡਿਆਈ, ਖੰਡਾਂ ਬ੍ਰਹਿਮੰਡਾਂ, ਧਰਤੀਆਂ-ਸਾਗਰਾਂ ਦੀ ਸਚਾਈ ਦੀ ਕਲਪਨਾ ਅਤੇ ਮਨੁੱਖੀ ਚੇਤਨਾ ਦੀ ਸੀਮਾ ਆਦਿ ਵਿਸ਼ੇ ਬੜੇ ਕਾਵਿਕ ਤੇ ਸੂਫ਼ੀਆਨਾ ਅੰਦਾਜ਼ ਵਿਚ ਪੇਸ਼ ਕੀਤੇ ਹਨ। ਕਵੀ ਦੀ ਭਾਸ਼ਾ ਲਹਿੰਦੀ ਅਤੇ ਸੂਫ਼ੀ ਕਾਵਿ ਵਰਗੀ ਹੈ। ਕੁੱਲ ਮਿਲਾ ਕੇ ਇਹ 392 ਬੰਦ ਭਾਵੇਂ ਅਧਿਆਤਮਵਾਦੀ ਹਨ। ਪਰ ਅਲੰਕਾਰਾਂ ਅਤੇ ਚਿੰਨ੍ਹਾਂ ਨਾਲ ਇਨ੍ਹਾਂ ਵਿਚ ਸੁੰਦਰ ਵਿਲੱਖਣਤਾ ਪੈਦਾ ਕੀਤੀ ਗਈ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਕੀ ਜਾਣਾ ਮੈਂ ਕੌਣ?
ਲੇਖਿਕਾ : ਹਰਪਿੰਦਰ ਰਾਣਾ
ਪ੍ਰਕਾਸ਼ਕ : ਡਰੀਮਜ਼ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 320
ਸੰਪਰਕ : 95010-09177.

ਇਹ ਨਾਵਲ ਸਕੂਲ ਅਧਿਆਪਕਾ ਹਰਪਿੰਦਰ ਰਾਣਾ ਦੀ ਕਿਰਤ ਹੈ। ਉਸ ਦੇ ਇਸ ਨਾਵਲ ਦਾ ਵਿਸ਼ਾ ਹਿਜੜਿਆਂ/ਕਿੰਨਰਾਂ/ਟ੍ਰਾਂਸਜੈਂਡਰਾਂ/ਖੁਸਰਿਆਂ ਦੀ ਹਿਰਦੇਵੇਧਕ ਦਾਸਤਾਂ ਨਾਲ ਸਬੰਧਿਤ ਹੈ। ਇਹ ਨਾਵਲ ਇਕ ਪ੍ਰਕਾਰ ਦਾ ਖੋਜ-ਨਿਬੰਧ ਹੈ। ਇਸ ਦੀ ਸਮੱਗਰੀ ਇਕੱਤਰ ਕਰਨ ਲਈ ਲੇਖਿਕਾ ਨੂੰ ਪੂਰਬੀ ਅਤੇ ਪੱਛਮੀ ਅਨੇਕਾਂ ਪੁਸਤਕਾਂ ਦਾ ਅਧਿਐਨ ਕਰਨਾ ਪਿਆ। ਅਨੇਕਾਂ ਫ਼ਿਲਮਾਂ ਦੇਖਣੀਆਂ ਪਈਆਂ। ਕਿੰਨਰਾਂ ਦੇ ਡੇਰਿਆਂ 'ਚ ਜਾ ਕੇ ਫੀਲਡ ਵਰਕ ਕਰਨਾ ਪਿਆ। ਅਜਿਹੀ ਬੇਸ਼ੁਮਾਰ ਇਕੱਤ੍ਰਿਤ ਸਮੱਗਰੀ 'ਚੋਂ ਇਹ ਨਾਵਲ ਹੋਂਦ ਵਿਚ ਆਇਆ। ਇਸ ਨਾਵਲ ਦੇ 17 ਕਾਂਡ ਇਸ ਦੀ ਫੇਬੁਲਾ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਫੇਬੁਲਾ ਕੁਝ ਇਸ ਪ੍ਰਕਾਰ ਹੈ। ਇਕ ਪਰਿਵਾਰ ਦੀ ਲੜਕੀ ਕੁੰਨਰ ਸਰੀਰ ਲੈ ਕੇ ਜਨਮ ਲੈਂਦੀ ਹੈ। ਉਸ ਦੀ ਮਾਂ ਉਸ ਦੀ ਸਰੀਰਕ ਹੋਂਦ ਦੀ ਰਾਖੀ ਕਰਦੀ ਹੈ। ਬੇਟੀ ਨੂੰ ਕਿਰਤ ਕਰਨ ਦੀ ਆਦਤ ਪਾਉਂਦੀ ਹੈ। ਪਰ ਬਾਪ ਸਮਾਜ ਤੋਂ ਡਰਦਾ ਉਸ ਨੂੰ ਕਿਸੇ ਕਿੰਨਰ ਮਹੰਤ ਨੂੰ, ਮਾਂ ਤੋਂ ਚੋਰਿਉਂ ਸੌਂਪ ਦਿੰਦਾ ਹੈ। ਉਸ ਦਾ 15 ਵਰ੍ਹੇ ਛੋਟਾ ਭਰਾ ਜੋ ਪੁਲਿਸ ਮੁਲਾਜ਼ਮ ਹੈ, ਮਾਂ ਦੀ ਮਮਤਾ ਨੂੰ ਸ਼ਾਂਤ ਕਰਨ ਲਈ ਆਪਣੀ ਵਿਛੜੀ ਭੈਣ ਲੱਭ ਕੇ ਮਾਂ ਨੂੰ ਮਿਲਾਉਣਾ, ਜੀਵਨ ਉਦੇਸ਼ ਮਿਥਦਾ ਹੈ। ਉਹ ਆਪਦੇ ਯਤਨਾਂ ਨੂੰ ਆਪਣੀ ਮਾਂ, ਹੋਣ ਵਾਲੀ ਜੀਵਨ-ਸਾਥਨ ਪੱਤਰਕਾਰ ਤੋਂ; ਅਤੇ ਹੋਰ ਸਭਨਾਂ ਤੋਂ ਗੁਪਤ ਰੱਖਦਾ ਹੈ। ਉਸ ਨੇ ਕੁੰਨਰਾਂ ਦੇ ਡੇਰਿਆਂ, ਉਥੇ ਵਸਦੇ ਕੁੰਨਰਾਂ, ਚਕਲੇ ਵਰਗੀਆਂ ਥਾਵਾਂ, ਏਡਜ਼ ਦੇ ਮਰੀਜ਼ਾਂ ਨੂੰ ਛਾਣ ਮਾਰਿਆ। ਫੇਸਬੁੱਕਾਂ ਰਾਹੀਂ ਆਪਣੀ ਭੈਣ ਨੂੰ ਲੱਭਣ ਦੇ ਅਣਥੱਕ ਯਤਨ ਕੀਤੇ ਪਰ ਸਭ ਵਿਅਰਥ। ਨਾਵਲ ਦੇ ਅੰਤ 'ਤੇ ਆਪਣੀ ਮਹਿਬੂਬਾ ਪੱਤਰਕਾਰ ਦੇ ਯਤਨਾਂ ਨਾਲ ਮਾਂ-ਧੀ ਦਾ ਮਿਲਾਪ ਕਰਵਾਉਣ ਵਿਚ ਸਫਲਤਾ ਪ੍ਰਾਪਤ ਕੀਤੀ।
ਬੇਸ਼ੱਕ 15-4-14 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਕੁੰਨਰਾਂ ਨੂੰ ਨਾਗਰਿਕਤਾ ਵਿਚ ਬਰਾਬਰੀ ਹਾਸਲ ਹੋ ਗਈ ਹੈ ਤਾਂ ਵੀ ਨਾਵਲਕਾਰਾ ਨੇ ਖੁਸਰਿਆਂ ਦੇ ਅਸਤਿਤਵ ਨੂੰ ਠੇਸ ਪਹੁੰਚਾਉਣ ਵਾਲੀਆਂ ਅਨੇਕਾਂ ਉਦਾਹਰਨਾਂ ਦੀ ਨਿਸ਼ਾਨਦੇਹੀ ਕੀਤੀ ਹੈ, ਮਸਲਨ : ਬੱਸ ਵਿਚ ਕਿਸੇ ਸਵਾਰੀ ਦਾ ਉਨ੍ਹਾਂ ਨਾਲ ਨਾ ਬੈਠਣਾ, ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਤੋਂ ਜਵਾਬ, ਆਧਾਰ ਕਾਰਡ ਬਣਾਉਣ ਵਿਚ ਔਖਿਆਈ, ਕਿਸੇ ਵੀ ਧਰਮ ਵਲੋਂ ਉਨ੍ਹਾਂ ਦੇ ਬਿਜਨਿਸ ਦਾ ਮਹੂਰਤ ਨਾ ਕਰਨਾ, ਹੂਟਿੰਗ ਹੋਣਾ, ਉਨ੍ਹਾਂ ਲਈ ਕੋਈ ਬਿਰਧ ਆਸ਼ਰਮ ਨਾ ਹੋਣਾ ਆਦਿ ਤਾਂ ਵੀ ਇਨ੍ਹਾਂ ਦੇ ਡੇਰੇ ਅਨੁਸ਼ਾਸਨਬੱਧ ਹਨ। ਲੇਖਿਕਾ ਨੇ ਆਪਣੇ ਬਿਰਤਾਂਤ ਲਈ ਡਾਇਰੀ, ਕੰਪਿਊਟਰ, ਪਿਛਲ-ਝਾਤ, ਮੁਲਾਕਾਤਾਂ ਸੁਪਨ-ਤਕਨੀਕ ਆਦਿ ਦੀ ਵਰਤੋਂ ਕੀਤੀ ਹੈ। ਕੁੰਨਰਾਂ ਦੇ 7 ਘਰਾਣਿਆਂ (ਸਾਜਕੀਏ, ਰਾਇਕੇ, ਮੋਨੇ, ਮਤਰਾਣੇ, ਟੱਪ ਕਈਏ, ਸਰਹੰਦੀਏ, ਲਸ਼ਕਰੀਏ) ਆਦਿ ਬਾਰੇ ਜਾਣਕਾਰੀ ਦਿੱਤੀ ਹੈ। ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਨਾਂਅ ਨਾਲ 'ਕੌਰ', ਰਾਣੀ.... ਆਦਿ ਨਹੀਂ ਲਗਦਾ। ਮੁੱਖ ਪਾਤਰ ਸਾਰੇ ਨਾਵਲ ਵਿਚ ਹਾਜ਼ਰ ਹੈ। ਸਮੇਂ ਦਾ ਮਾਨਵੀਕਰਨ ਕੀਤਾ ਗਿਆ ਹੈ।
ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਲੇਖਿਕਾ ਨੇ ਨਾਇਕ ਵੀਰੇ ਅਤੇ ਕੁੰਨਰ ਭੈਣ ਦਾ ਮਿਲਾਪ ਅੰਗਾਂ ਦੀ 'ਹਰਕਤੀ ਸਾਂਝ' ਦੁਆਰਾ ਕਰਵਾ ਕੇ, ਆਰ.ਪੀ. ਬਲੈਕਮੂਰ (ਅਮਰੀਕੀ ਨਵ-ਆਲੋਚਕ) ਦੇ ਸਿਧਾਂਤ 'ਲੈਂਗੂਏਜ਼ ਐਜ਼ ਜੈਸਚਰ' ਦੀ ਸੁਚੇਤ ਜਾਂ ਅਚੇਤ ਸਫ਼ਲ ਵਰਤੋਂ ਕੀਤੀ ਹੈ। ਇੰਜ ਇਹ ਨਾਵਲ ਕੁੰਨਰਾਂ ਦੇ ਜੀਵਨ ਦੀ ਯਥਾਰਥਕ ਪੇਸ਼ਕਾਰੀ ਦਾ ਅਹਿਮ ਦਸਤਾਵੇਜ਼ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਰੂਹ ਰੇਜ਼ਾ
ਕਵੀ : ਡਾ: ਗੁਰਬਖ਼ਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95011-45039.

ਡਾ: ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਸਾਹਿਤ ਜਗਤ 'ਚ ਨਿਰੰਤਰ ਲੇਖਣੀ ਦਾ ਹਸਤਾਖ਼ਰ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਸੁਖਨ-ਸੰਬੂਰੀ' ਤੋਂ ਸ਼ੁਰੂ 'ਯਾਦ ਨੂੰ ਸੱਜਦਾ' ਤੱਕ 53 ਕਵਿਤਾਵਾਂ ਰਾਹੀਂ ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ 'ਤੇ ਕੀਤੇ ਗਏ ਕਾਰਜਾਂ ਦੀ ਸਵੈ-ਪੜਚੋਲ ਕਰਦਿਆਂ ਆਪੇ ਦੀ ਸ਼ਨਾਖ਼ਤ ਕਰਨ ਦਾ ਆਹਰ ਸਿਰਜਦੀਆਂ ਹਨ। ਇਸ ਲਈ ਇਨ੍ਹਾਂ ਕਵਿਤਾਵਾਂ ਨੂੰ ਅੰਤਹਿਕਰਣ ਦੀ ਕਵਿਤਾ ਵੀ ਕਿਹਾ ਜਾ ਸਕਦਾ ਹੈ। ਮਨੁੱਖੀ ਜੀਵਨ ਸੁਤੰਤਰ ਹੋਂਦ ਗ੍ਰਹਿਣ ਕਰਦਾ ਹੋਇਆ ਵੀ ਸਮਾਜਿਕ ਸਰੋਕਾਰਾਂ ਦੀ ਗ੍ਰਿਫ਼ਤ 'ਚ ਹਮੇਸ਼ਾ ਜਕੜਿਆ ਰਹਿੰਦਾ ਹੈ। ਘਰ, ਸਮਾਜ, ਕੌਮ, ਭਾਈਚਾਰਾ, ਧਰਮ, ਸੱਭਿਆਚਾਰ ਜਿਥੇ ਮਨੁੱਖ ਦੀ ਹੋਂਦ ਦਾ ਯਕੀਨ ਕਰਵਾਉਂਦੇ ਹਨ, ਉਥੇ ਇਸ ਨੂੰ ਇਨ੍ਹਾਂ ਦਾਇਰਿਆਂ 'ਚ ਵਿਵਹਾਰਕ ਪੱਧਰ 'ਤੇ ਸਮਾਜੀ-ਫ਼ਰਜ਼ ਨਿਭਾਉਣ ਦੀ ਨਸੀਹਤ ਅਤੇ ਤਾਕੀਦ ਵੀ ਕਰਦੇ ਹਨ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜਿਥੇ ਮਨੁੱਖੀ ਜੀਵਨ ਨਾਲ ਸਬੰਧਿਤ ਪਰਤਾਂ ਨਾਲ ਬਾ-ਵਸਤਾ ਕਰਵਾਉਂਦੀਆਂ ਹਨ, ਉਥੇ ਇਹ ਕੁਲ ਬ੍ਰਹਿਮੰਡ 'ਚ ਵਿਚਰਦੀਆਂ ਸ਼ੈਆਂ ਨਾਲ ਵੀ ਮਨੁੱਖ ਦੀ ਸਾਂਝ ਦਾ ਪ੍ਰਗਟਾ ਵੀ ਕਰਵਾਉਂਦੀਆਂ ਹਨ। ਇਸ ਲਈ ਇਹ ਕਵਿਤਾਵਾਂ ਭੂਤ ਅਤੇ ਭਵਿੱਖ ਦੇ ਨਕਸ਼ੇ ਬਣਾਉਂਦੀਆਂ ਮਨੁੱਖੀ ਜੀਵਨ ਦੇ ਵਰਤਮਾਨ ਦੇ ਵਾਸਤਵਿਕ ਜੀਵਨ ਦੀ ਥਾਹ ਦਾ ਆਭਾਸ ਕਰਵਾਉਂਦੀਆਂ ਹਨ। ਕਵਿਤਾਵਾਂ ਦੇ ਸਿਰਲੇਖਾਂ ਲਈ ਚੁਣੇ ਸ਼ਬਦ, ਸੁੱਖਣ ਸਬੂਰੀ, ਕੀਰਤੀ, ਜਿੰਦੇ ਨੀ, ਧੁੱਪ, ਧੂਣੀ, ਸੁਪਨਾ, ਅੱਗ, ਨਦੀ, ਫੁੱਲ, ਪੰਛੀ, ਅੰਬਰ, ਲਿਲਕੜੀ, ਹੰਝੂ, ਪਲ, ਤਾਰਾ, ਸੂਰਜ, ਦੁੱਖ, ਲੋਕ, ਉਦਾਸੀ, ਅੰਬਰ ਅਤੇ ਹੋਰ ਅਨੇਕਾਂ ਸ਼ਬਦ ਮਨੁੱਖੀ ਹੋਂਦ ਅਤੇ ਸਹਿਹੋਂਦ ਦਾ ਅਨੂਠਾ ਸੁਮੇਲ ਪੇਸ਼ ਕਰਦੇ ਹਨ। ਡਾ: ਭੰਡਾਲ ਦੀ ਸ਼ਾਇਰੀ ਦਰਅਸਲ ਅਜੋਕੇ ਮਨੁੱਖੀ ਵਰਤਾਰੇ ਪ੍ਰਤੀ ਫ਼ਿਕਰਮੰਦੀ ਦੀ ਸ਼ਾਇਰੀ ਹੈ, ਜਿਥੇ ਮਨੁੱਖ ਵਿਸ਼ਵੀ-ਪਿੰਡ ਦੀ ਜੱਦ 'ਚ ਆਇਆ, ਮਨੁੱਖੀ ਰਿਸ਼ਤਿਆਂ ਦੇ ਖੋਖਲੇਪਨ ਦਾ ਇਜ਼ਹਾਰ ਕਰਦਾ ਹੈ :
ਫੇਸਬੁੱਕ 'ਤੇ ਹਰ ਪਲ ਬਦਲਦੀ ਅੱਪਡੇਟ
ਟਵਿਟਰਾਂ 'ਤੇ ਪੇਤਲੀ ਪ੍ਰਕਿਰਿਆ
ਵੱਟਸਅੱਪ 'ਤੇ ਪਾਏ ਕੁਮੈਂਟ
ਦੋ ਹਰਫ਼ੀ ਈ ਮੇਲ
ਜਾਂ ਯੈਸ ਨੋ 'ਚ ਸਿਮਟੀ ਚੈਟਿੰਗ ਬਣ ਗਏ ਹਾਂ।
ਕਵੀ ਨੂੰ ਮਲਾਲ ਹੈ ਕਿ ਮਨੁੱਖੀ ਜ਼ਿੰਦਗੀ 'ਚੋਂ ਸੰਵਾਦ ਸਮਾਪਤ ਹੋ ਰਿਹਾ ਹੈ। ਮਨੁੱਖ ਖਲਾਅ 'ਚ ਭਟਕਦਾ ਤ੍ਰਿਸ਼ੰਕੂ ਬਣ ਰਿਹਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਰਾਹੀਂ ਮਨੁੱਖੀ ਆਤਮਾਵਾਂ ਨੂੰ ਜਗਾਉਣ ਦਾ ਆਹਰ ਕਰ ਰਿਹਾ ਹੈ। ਇਹੀ ਇਨ੍ਹਾਂ ਕਵਿਤਾਵਾਂ ਦਾ ਹਾਸਲ ਹੈ ਕਿ ਭਵਿੱਖ ਨੂੰ ਆਸ਼ਾਮੁਖੀ ਨਜ਼ਰ ਨਾਲ ਤੱਕਦਾ ਹੈ। ਆਮੀਨ

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਖ਼ਾਬ ਤੋਂ ਕਿਤਾਬ ਤੱਕ
ਲੇਖਕ : ਜੁਗਰਾਜ ਸਿੰਘ ਚੀਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 88
ਸੰਪਰਕ : 98722-20273.

ਹੋਣਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ ਨੂੰ ਜੇ ਪੰਜਾਬੀ ਵਿਚ ਕਹਿਣਾ ਹੋਵੇ ਤਾਂ ਕਹਾਂਗੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਤੇ ਅੰਗਰੇਜ਼ੀ ਵਿਚ ਜੇ ਕਹਿਣਾ ਹੋਵੇ ਤਾਂ ਕਹਾਂਗੇ ਕਮਿੰਗ ਈਵੈਂਟਸ ਕਾਸਟ ਦੇਅਰ ਸ਼ੈਡੋਜ਼ ਬੀਫੋਰ। ਇਹ ਅਖਾਣ ਉੱਭਰਦੇ ਵਿਦਿਆਰਥੀ ਕਵੀ ਜੁਗਰਾਜ ਸਿੰਘ ਚੀਮਾ ਦੀ ਇਸ ਪਲੇਠੀ ਕਾਵਿ ਕਿਤਾਬ 'ਖ਼ਾਬ ਤੋਂ ਕਿਤਾਬ ਤੱਕ' ਦੀ ਪੜ੍ਹਤ ਤੋਂ ਪਤਾ ਲਗਦਾ ਹੈ। ਸ਼ਾਇਰ ਹੱਡੀ ਹੰਢਾਏ ਰੁਮਾਂਸ ਦੇ ਪਲਾਂ ਅਤੇ ਹੋਰ ਵਿਭਿੰਨ ਪਸਾਰਾਂ ਨੂੰ ਕਲਮਬੰਦ ਕਰਦਾ ਹੈ। ਉਹ ਧਰਮ ਨੂੰ ਸਿਉਂਕ ਦੀ ਸੰਗਿਆ ਦਿੰਦਾ ਹੈ। ਇਤਿਹਾਸ ਦਸਦਾ ਹੈ ਕਿ ਜੋ ਹੁਣ ਤੱਕ ਜੰਗਾਂ ਲੜੀਆਂ ਜਾ ਚੁੱਕੀਆਂ ਹਨ, ਉਨ੍ਹਾਂ ਵਿਚੋਂ ਦੋ ਤਿਹਾਈ ਜੰਗਾਂ ਧਰਮ ਦੇ ਨਾਂਅ 'ਤੇ ਹੀ ਲੜੀਆਂ ਗਈਆਂ ਹਨ। ਤਾਹੀਓਂ ਤਾਂ ਕਾਰਲ ਮਾਰਕਸ ਧਰਮ ਨੂੰ ਅਫ਼ੀਮ ਦੀ ਸੰਗਿਆ ਦਿੰਦਾ ਹੈ। ਜਿਥੇ ਉਹ ਰਾਜਨੀਤਕ ਨੇਤਾਵਾਂ ਦੇ ਦੰਭ ਦੇ ਬਖੀਏ ਉਖੇੜਦਾ ਹੈ, ਉਤੇ ਭਰੂਣ ਹੱਤਿਆ ਅਤੇ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ 'ਤੇ ਚਿੰਤਾ ਵੀ ਕਰਦਾ ਹੈ ਅਤੇ ਚਿੰਤਨ ਵੀ। ਜਦੋਂ ਉਹ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਦੇ ਵਿਦੇਸ਼ ਜਾ ਰਹੇ ਮੁਹਾਣ ਨੂੰ ਦੇਖਦਾ ਹੈ ਅਤੇ ਅਮੀਰੀ ਗ਼ਰੀਬੀ ਨੂੰ ਰੱਬ ਦੀ ਦੇਣ ਕਹਿੰਦਾ ਤਾਂ ਸ਼ਾਇਰ ਦੀ ਵਿਚਾਰਧਾਰਾ ਝੋਕ ਮਾਰਦੀ ਨਜ਼ਰ ਆਉਂਦੀ ਹੈ। ਸ਼ਾਇਰ ਨੂੰ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਰਚਨਾਵਾਂ ਵਿਚ ਕਲਾਤਮਿਤਕ ਪ੍ਰਗਟਾਵਾ ਬਿਹਤਰ ਸੁਚਾਰੂ ਢੰਗ ਨਾਲ ਹੋ ਸਕੇ। ਸ਼ਾਇਰ ਕਾਲਜ ਦੀ ਵਕਤੀ ਬੱਲੇ-ਬੱਲੇ ਅਤੇ ਸਟੇਜੀ ਰੁਮਾਨੀਅਤ ਨੂੰ ਜੇ ਤਿਲਾਂਜਲੀ ਦੇ ਸਕੇ ਤਾਂ ਭਵਿੱਖੀ ਰਚਨਾਵਾਂ ਕਾਵਿਕ ਧਰਮ ਦੇ ਮੇਚ ਦੀਆਂ ਹੋ ਜਾਣਗੀਆਂ। ਇਹ ਕੋਈ ਹਦਾਇਤ ਨਹੀਂ, ਨਾ ਨਸੀਹਤ ਸਗੋਂ ਇਕ ਸੁਝਾਅ ਮਾਤਰ ਹੀ ਹੈ। ਖ਼ੈਰ 'ਆਗਾਜ਼ ਤੋਂ ਅੱਛਾ ਹੈ, ਅੰਜਾਮ ਖ਼ੁਦਾ ਜਾਨੇ।'

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

19-01-2019

  ਸਦਾ ਸਫਲ ਹਨੂੰਮਾਨ
ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਸਫ਼ੇ : 198, ਮੁੱਲ : 200 ਰੁਪਏ
ਸੰਪਰਕ : 78377-18723.

ਇਸ ਪੁਸਤਕ ਦਾ ਪੰਜਾਬੀ ਅਨੁਵਾਦ ਬਹੁਤ ਖ਼ੂਬਸੂਰਤ ਢੰਗ ਨਾਲ ਹੋਇਆ ਹੈ | ਇਹ ਪੁਸਤਕ ਮਨੁੱਖ ਦੇ ਮਨੋਵਿਗਿਆਨਕ ਪੱਧਰ ਨਾਲ ਜੁੜੀ ਹੋਈ ਹੈ | ਲੇਖਕ ਨੇ ਇਤਿਹਾਸਕ ਅਤੇ ਧਾਰਮਿਕ ਪਾਤਰਾਂ ਦੁਆਰਾ ਆਪਣੇ ਵਿਸ਼ੇ ਦੀ ਪੇਸ਼ਕਾਰੀ ਸੁਚੱਜੇ ਢੰਗ ਨਾਲ ਕੀਤੀ ਹੈ | ਉਹ ਮਨੁੱਖ ਨੂੰ ਕੋਈ ਵੀ ਵੱਡਾ ਕੰਮ ਕਰਨ ਲਈ ਪਹਿਲਾਂ ਮਨੋਵਿਗਿਆਨਕ ਪੱਧਰ 'ਤੇ ਮਜ਼ਬੂਤ ਬਣਾਉਂਦਾ ਹੈ | ਬਹੁਤ ਮੌਕਿਆਂ 'ਤੇ ਸਹਿਜ ਰਹਿਣਾ ਕਈ ਪੱਖਾਂ ਤੋਂ ਲਾਹੇਵੰਦ ਸਿੱਧ ਹੋ ਜਾਂਦਾ ਹੈ | ਪੁਸਤਕ 'ਚ ਲੇਖਕ ਦੇ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ 14 ਲੇਖ ਹਨ | ਸਾਰੇ ਲੇਖਾਂ ਦੇ ਸਿਰਲੇਖ ਬੜੇ ਢੁੱਕਵੇਂ ਹਨ | ਜਿਵੇਂ ਹਨੂੰਮਾਨ : ਇਕ ਹੈਰਾਨੀਜਨਕ ਸ਼ਖ਼ਸੀਅਤ, ਸਭ ਹੈ ਮਨ ਦੀ ਖੇਡ, ਕਰਮ ਦਾ ਸੁਹੱਪਣ, ਕੰਮ ਵਿਚ ਆਰਾਮ ਕਿੱਥੇ, ਮਰਿਆਦਾ ਦਾ ਬੰਧਨ, ਕੰਮ ਦੀ ਚੋਣ, ਹਾਊਮੈਂ ਨੂੰ ਤਿਲਾਂਜਲੀ ਆਦਿ | ਉਪਰੋਕਤ ਲੇਖਾਂ ਨੂੰ ਪੜ੍ਹਨ ਤੋਂ ਪਹਿਲਾਂ ਹੀ ਵਿਸ਼ੇ ਬਾਰੇ ਜਾਣਕਾਰੀ ਹਾਸਲ ਹੋ ਜਾਂਦੀ ਹੈ | ਲੇਖਕ ਨੇ ਪਹਿਲੇ ਲੇਖ 'ਚ ਇਤਿਹਾਸਕ ਪਾਤਰ ਹਨੂੰਮਾਨ ਜੀ ਦੀ ਸ਼ਖ਼ਸੀਅਤ ਸਬੰਧੀ ਜਾਣਕਾਰੀ ਦਿੱਤੀ ਹੈ | ਇਸ ਵਿਚ ਉਨ੍ਹਾਂ ਦੇ ਸੁਭਾਅ, ਵਿਚਰਨ ਦਾ ਢੰਗ, ਅਤਿ ਮਹੱਤਵਪੂਰਨ ਮੌਕਿਆਂ 'ਤੇ ਸਹਿਜ ਰਹਿਣ ਆਦਿ ਸਬੰਧੀ ਜਾਣਕਾਰੀ ਦਿੱਤੀ ਹੈ | ਲੇਖਕ ਦੱਸਦਾ ਹੈ ਕਿ ਹਨੂੰਮਾਨ ਜੀ ਸੱਚਮੁੱਚ ਦੇ ਵੀਰ ਸਨ | ਉਹ ਚਾਰ ਸੌ ਕੋਹ ਬਿਨਾਂ ਰੁਕੇ ਸਮੁੰਦਰ ਪਾਰ ਕਰ ਕੇ ਲੰਕਾ ਪਹੁੰਚਦੇ ਹਨ, ਪਰ ਇਸ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਿਮਰ ਸਮਝਦੇ ਹਨ | 'ਹਾਊਮੈਂ ਨੂੰ ਤਿਲਾਂਜਲੀ' ਲੇਖ 'ਚ ਲੇਖਕ ਮਨੁੱਖ ਨੂੰ ਹਾਊਮੈ ਦਾ ਤਿਆਗ ਕਰਨ ਦਾ ਉਪਦੇਸ਼ ਦਿੰਦਾ ਹੋਇਆ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ | 'ਨਿਡਰਤਾ', 'ਖੁੱਲਿ੍ਹਆ ਹੋਇਆ ਮਨ' ਅਤੇ ਹੋਰ ਰਚਨਾਵਾਂ ਵੀ ਮਨੁੱਖ ਨੂੰ ਆਦਰਸ਼ ਜੀਵਨ ਜਿਊਣ 'ਚ ਸਹੀ ਅਗਵਾਈ ਪ੍ਰਦਾਨ ਕਰਦੀਆਂ ਹਨ | ਅਜੋਕੇ ਸਮੇਂ ਅੰਦਰ ਜਿੱਥੇ ਆਪਾ-ਧਾਪੀ, ਪਦਾਰਥਵਾਦੀ ਦੌੜ ਅਤੇ ਈਰਖਾ ਆਦਿ ਵਧ ਚੁੱਕੇ ਹਨ ਤਾਂ ਅਜਿਹੇ ਦੌਰ 'ਚ ਚੰਗੀਆਂ ਪੁਸਤਕਾਂ ਸਾਨੂੰ ਲਾਜ਼ਮੀ ਪੜ੍ਹਨੀਆਂ ਚਾਹੀਦੀਆਂ ਹਨ |

—ਮੋਹਰ ਗਿੱਲ ਸਿਰਸੜੀ
ਮੋ: 98156-59110
c c c

ਉਡਾਰੀਆਂ ਭਰਦੇ ਲੋਕ
ਲੇਖਕ : ਬਲਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 98882-75913.

ਉਡਾਰੀਆਂ ਭਰਦੇ ਲੋਕ ਪੁਸਤਕ 176 ਪੰਨਿਆਂ ਵਿਚ 50 ਰੌਚਕ ਜਾਣਕਾਰੀ ਭਰਪੂਰ ਤੇ ਪ੍ਰੇਰਨਾਜਨਕ ਵਾਰਤਕ ਨਿਬੰਧਾਂ ਦਾ ਸੰਕਲਨ ਹੈ | ਪੁਸਤਕ ਦੇ ਚਾਰ ਭਾਗਾਂ ਵਿਚੋਂ ਤਿੰਨਾਂ ਦੀਆਂ ਲਿਖਤਾਂ ਤਾਂ ਕਿਤਾਬ ਦੇ ਨਾਂਅ ਦੇ ਅਨੁਕੂਲ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿਚ ਉੱਚੀਆਂ ਉਡਾਰੀਆਂ ਲਾਉਣ ਵਾਲੇ ਲੋਕਾਂ ਦੇ ਜੀਵਨ, ਸੰਘਰਸ਼, ਪ੍ਰਾਪਤੀਆਂ ਦੀਆਂ ਬਾਤਾਂ ਪਾਉਂਦੀਆਂ ਹਨ | ਚੌਥਾ ਭਾਗ ਵੱਖਰਾ ਜਿਹਾ ਹੈ | ਚੰਗਾ ਹੁੰਦਾ ਲੇਖਕ ਇਸ ਨੂੰ ਇਸ ਕਿਤਾਬ ਦਾ ਹਿੱਸਾ ਨਾ ਬਣਾਉਂਦਾ | ਇਹ ਵਿਅਕਤੀਆਂ ਬਾਰੇ ਨਹੀਂ, ਸੈਰਾਂ, ਭਵਨਾਂ, ਪਿੰਡਾਂ, ਸ਼ਹਿਰਾਂ ਦੇ ਬਿਰਤਾਂਤ ਪੇਸ਼ ਕਰਦਾ ਹੈ | ਔਰੰਗਾਬਾਦ ਦੀਆਂ ਇਤਿਹਾਸਕ ਥਾਵਾਂ, ਬਡੌਗ ਦਾ ਰੇਲਵੇ ਸਟੇਸ਼ਨ, ਚੈਲ, ਚੁੰਗਥਾਂਗ ਦਾ ਇਤਿਹਾਸਕ ਗੁਰਦੁਆਰਾ, ਮੰਦਰ ਮਹਾਂਕਾਲੀ, ਦੌਲਤਾਬਾਦ ਦਾ ਕਿਲ੍ਹਾ, ਡਿਕਸ਼ਈ ਦਾ ਫਾਂਸੀ ਰੂਮ, ਥਾਰ ਦਾ ਮਾਰੂਥਲ, ਪਿਥੋ ਤੇ ਬੀਹਲਾ ਦੇ ਪਿੰਡ—ਕਿਤੇ ਵੀ ਕਿਸੇ ਨਿਬੰਧ ਦਾ ਕਿਤਾਬ ਦੇ ਸਿਰਲੇਖ ਨਾਲ ਰਿਸ਼ਤਾ ਨਹੀਂ ਬਣਦਾ |
ਚੌਥੇ ਭਾਗ ਦੇ ਬਾਰਾਂ ਸੈਰ ਸਪਾਟਾ ਕੇਂਦਰਿਤ ਨਿਬੰਧਾਂ ਨੂੰ ਪਾਸੇ ਕਰਕੇ ਬਾਕੀ ਦੇ 38 ਨਿਬੰਧਾਂ ਦੇ ਵਿਸ਼ੇ ਵੱਡੀਆਂ ਪ੍ਰਾਪਤੀਆਂ ਵਾਲੇ ਲੋਕਾਂ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਹੀ ਹਨ | ਪਹਿਲੇ ਭਾਗ ਵਿਚ ਵਿਗਿਆਨ ਲਈ ਸ਼ਹੀਦ ਹੋਣ ਵਾਲਾ ਬਰੂਨੋ, ਕੁਰਬਾਨੀ ਵਾਲਾ ਕਮਿਊਨਿਸਟ ਨੇਤਾ ਤੇਜਾ ਸਿੰਘ ਸੁਤੰਤਰ, ਬਹਾਦਰ ਡਾਕੂ ਫੂਲਨ ਦੇਵੀ, ਅਸੂਲ ਪ੍ਰਸਤ ਸੇਵਾ ਸਿੰਘ ਕਿਰਪਾਨ ਬਹਾਦਰ, ਪਹਿਲੀ ਔਰਤ ਮੰਤਰੀ ਰਾਜ ਕੁਮਾਰੀ ਔਰਤ ਕੌਰ, ਪਹਿਲਾ ਜੰਗੀ ਪਾਇਲਟ ਹਰਦਿਤ ਸਿੰਘ ਮਲਿਕ, ਗਦਰੀਆਂ ਦੀ ਸਮਰਥਕ ਮੈਗਨੀਜ਼ ਸਮੈਡਲੀ ਜਿਹੇ 15 ਨਿਬੰਧ ਹਨ | ਦੂਜੇ ਭਾਗ ਵਿਚ ਪੰਜਾਬੀ ਗਾਇਕਾਂ ਦਾ ਬਿਰਤਾਂਤ ਹੈ | ਇਸ ਵਿਚ ਰੇਸ਼ਮਾ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਨੂਰ ਜਹਾਂ, ਪ੍ਰਕਾਸ਼ ਕੌਰ, ਜ਼ੁਬੈਦਾ ਖਾਨਮ, ਦੀਦਾਰ ਸੰਧੂ, ਸ਼ਮਸ਼ਾਦ ਬੇਗਮ ਜਿਹੀਆਂ ਹਸਤੀਆਂ ਬਾਰੇ 11 ਨਿਬੰਧ ਹਨ | ਤੀਜੇ ਭਾਗ ਵਿਚ 12 ਪੰਜਾਬੀ ਸਾਹਿਤਕਾਰ ਹਨ | ਇਨ੍ਹਾਂ ਵਿਚ ਨੂਰਪੁਰੀ, ਉਸਤਾਦ ਦਾਮਨ, ਅਫ਼ਜ਼ਲ ਅਹਿਸਨ ਰੰਧਾਵਾ, ਕ੍ਰਿਸ਼ਨਾ ਸੋਬਤੀ, ਅੱਲਾ ਯਾਰ ਖਾਨ, ਬਿਸਮਿਲ ਫ਼ਰੀਦਕੋਟੀ, ਸੰਤ ਰਾਮ ਉਦਾਸੀ ਜਿਹੇ ਸਾਹਿਤਕਾਰ ਹਨ | ਇਸ ਭਾਗ ਵਿਚ ਵੀ ਪਿਕਾਸੋ ਤੇ ਮਦੀਹਾ ਗੌਹਰ ਚਿੱਤਰਕਾਰ ਅਤੇ ਨਾਟ-ਕਰਮੀ ਹਨ—ਸਾਹਿਤਕਾਰ ਨਹੀਂ |
ਭੁੱਲਰ ਦੇ ਇਹ ਨਿਬੰਧ ਤੇ ਇਹ ਕਿਤਾਬ ਭਾਵੇਂ ਵਿਸ਼ਿਆਂ ਪੱਖੋਂ ਸੰਗਠਿਤ ਨਹੀਂ ਪਰ ਪਾਠਕ ਨੂੰ ਆਦਿ ਤੋਂ ਅੰਤ ਤੱਕ ਬੰਨ੍ਹ ਕੇ ਬਿਠਾਉਣ ਵਾਲੀ ਸਮੱਗਰੀ ਲਈ ਬੈਠੀ ਹੈ | ਉਸ ਦੁਆਰਾ ਪੇਸ਼ ਜਾਣਕਾਰੀ ਵਿਚ ਬਹੁਤ ਸਾਰੇ ਨਵੇਂ ਤੱਥ ਹਨ | ਮਨੋਰੰਜਕ ਵੇਰਵੇ ਹਨ | ਪ੍ਰੇਰਨਾਜਨਕ, ਸੰਘਰਸ਼ ਭਰਪੂਰ ਘਟਨਾਵਾਂ ਹਨ | ਵੱਖ-ਵੱਖ ਖੇਤਰਾਂ ਵਿਚ ਸਿਖਰਾਂ ਛੋਂਹਦੇ ਲੋਕਾਂ ਦੇ ਜੀਵੰਤ ਚਿੱਤਰ ਹਨ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਸ਼ੁੱਧ ਵੈਸ਼ਨੂੰ ਢਾਬਾ
ਵਿਅੰਗਕਾਰ : ਸੁਰਜੀਤ ਸਿੰਘ ਕਾਲੇਕੇ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ (ਹਰਿਆਣਾ)
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 94174-10736.

ਕਵੀ ਤੋਂ ਵਿਅੰਗ ਖੇਤਰ ਵਿਚ ਪੁਲਾਂਘ ਪੁੱਟਣ ਵਾਲੇ ਸੁਰਜੀਤ ਸਿੰਘ ਕਾਲੇਕੇ ਆਪਣੀ ਪਲੇਠੀ ਵਿਅੰਗ ਪੁਸਤਕ 'ਸ਼ੁੱਧ ਵੈਸ਼ਨੂੰ ਢਾਬਾ' ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ | 21 ਵਿਅੰਗ ਲੇਖਾਂ ਦੇ ਇਸ ਸੰਗ੍ਰਹਿ ਨੂੰ ਪੜ੍ਹਦਿਆਂ ਪਾਠਕ ਨੂੰ ਲੇਖਕ ਦੀ ਵਿਅੰਗ ਸ਼ੈਲੀ, ਸੋਚ, ਨਜ਼ਰੀਏ ਅਤੇ ਵਿਅੰਗ ਪ੍ਰਤੀ ਉਸ ਦੀ ਗੰਭੀਰਤਾ ਦਾ ਸਹਿਜ ਹੀ ਪਤਾ ਲੱਗ ਜਾਂਦਾ ਹੈ |
ਵਿਅੰਗ ਲੇਖਕ ਨੇ ਸਮਾਜ ਵਿਚ ਪਸਰੇ ਕੂੜ, ਕੁਰੀਤੀਆਂ, ਵਿਕਰਤੀਆਂ ਨੂੰ ਤਾਂ ਵਿਅੰਗ ਦਾ ਕੇਂਦਰ ਬਿੰਦੂ ਬਣਾਇਆ ਹੀ ਹੈ ਬਲਕਿ ਨੈਤਿਕਤਾ, ਲੇਖਕਾਂ, ਬੁੱਧੀਜੀਵੀਆਂ, ਪੰਜਾਬ ਦੀ ਵੰਡ, ਪ੍ਰਦੂਸ਼ਣ, ਫਰਲੋ, ਅਲੋਚਕ, ਚੋਣਾਂ ਆਦਿ ਆਮ ਜਿਹੇ ਵਿਸ਼ਿਆਂ ਅਤੇ ਸਥਿਤੀਆਂ ਤੋਂ ਵਿਅੰਗ ਪੈਦਾ ਕਰ ਕੇ ਰੌਚਿਕਤਾ ਪੈਦਾ ਕੀਤੀ ਹੈ | ਵਿਅੰਗ ਲੇਖਨ ਵਿਚ ਸੁਰਜੀਤ ਸਿੰਘ ਕਾਲੇਕੇ ਦੀ ਸਿਰਲੇਖ ਚੋਣ ਤੋਂ ਲੈ ਕੇ ਵਾਕ ਬਣਤਰ, ਵਿਸ਼ੇ ਦੀ ਪਕੜ, ਡੂੰਘਾ ਅਨੁਭਵ ਅਤੇ ਬਿਹਤਰ ਜਾਣਕਾਰੀ, ਸ਼ਬਦ ਚੋਣ ਤੇ ਨਿਭਾਅ ਇਨ੍ਹਾਂ ਰਚਨਾਵਾਂ ਨੂੰ ਵਧੀਆ ਵਿਅੰਗ ਲੇਖਾਂ ਦੀ ਸ਼੍ਰੇਣੀ ਵਿਚ ਦਰਜ ਕਰਾਉਣ ਦੀ ਸਮਰੱਥਾ ਰੱਖਦੇ ਹਨ | ਕੁਝ ਸਿਰਲੇਖ-ਜੇਬ ਵਿਚ ਜ਼ਿਲ੍ਹਾ, ਦਾਸਤਾਨੇ-ਦਾਰੂ, ਪ੍ਰਦੂਸ਼ਣ ਲਾਇਲੈਂਸ, ਫਾਟਕ ਬੰਦ ਹੈ ਜੀ, ਸਰਕਾਰੀ ਥੈਲਾ, ਫਰਲੋਅਇਜ਼ਮ ਆਦਿ ਵਿਅੰਗ ਲੇਖ ਹੋਣ ਦੀ ਪੁਸ਼ਟੀ ਕਰ ਦਿੰਦੇ ਹਨ | ਇਸੇ ਤਰ੍ਹਾਂ ਇਨ੍ਹਾਂ ਲੇਖਾਂ ਵਿਚ ਲੇਖਕ ਦੀ ਵਾਕ ਬਣਤਰ ਵਿਚ ਵੀ ਪਾਠਕ ਲਈ ਰੌਚਿਕਤਾ ਪੈਦਾ ਕਰਦੀ ਹੋਈ ਟਕੋਰ ਕਰਦੀ ਜਾਂਦੀ ਹੈ | ਜਿਵੇਂ ਇਨ੍ਹਾਂ ਦਾ ਗਰਾਫ਼ ਤਾਂ ਬਾਬਾ ਲੈਨਿਨ ਤੋਂ ਹੀ ਡਿਗਦਾ ਤੁਰਿਆ ਆਉਂਦਾ ਹੈ ਅਤੇ ਅੱਜ ਦੀ ਘੜੀ ਤਾਂ ਕਾਮਰੇਡੀ ਵਿਚਾਰੀ ਕੌਮਾ 'ਚ ਪਈ ਸਾਹ ਫਰੋਲਦੀ ਹੈ | ਇਨ੍ਹਾਂ ਦੇ ਤੀਜੇ ਮੋਰਚੇ ਵਾਲਾ ਊਠ ਦਾ ਬੁਲ੍ਹ ਨਾ ਕਦੇ ਡਿਗਿਆ ਹੈ ਅਤੇ ਨਾ ਕਦੇ ਡਿਗਣਾ ਹੈ | 'ਸ਼ੁੱਧ ਵੈਸ਼ਨੂੰ ਢਾਬਾ' ਮੁਹਾਵਰੇ ਵਾਲੀ ਸ਼ੈਲੀ ਦੀ ਵਰਤੋਂ ਅਖੇ ਖਾਂਦੇ ਦੀ ਦਾੜ੍ਹੀ ਹਿਲਦੀ ਐ, ਝੋਟਿਆਂ ਵਾਲੇ ਘਰੋਂ ਲੱਸੀ ਮਿਲਣ ਦੀ ਕੋਈ ਗੁੰਜਾਇਸ਼ ਹੈ ਜਾਂ ਮੱਝ ਅੱਗੇ ਬੀਨ ਵਜਾਉਣ ਦੀ ਕੋਈ ਤੁੱਕ ਹੈ, ਰੋਟੀ ਚੱਜ ਦੀ ਖਾਈਏ ਜੀ, ਭਾਵੇਂ ਪਾਕਿਟਮਾਰੀ ਕਰੀਏ | ਲੇਖਕ ਨੇ ਇਨ੍ਹਾਂ ਚੋਣਵੇ ਵਿਅੰਗ ਲੇਖਾਂ ਰਾਹੀਂ ਵਿਅੰਗ ਖੇਤਰ ਵਿਚ ਪੁਖ਼ਤਾ ਪੁਲਾਂਘ ਪੁੱਟੀ ਹੈ | ਕੁਝ ਰਚਨਾਵਾਂ ਨੂੰ ਸੰਖੇਪ ਰੱਖ ਕੇ ਉਨ੍ਹਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਸੀ | ਇਹ ਵਿਅੰਗ ਲੇਖ ਬਹੁਪਸਾਰੀ ਤੇ ਬਹੁਪੱਖੀ ਹਨ | ਭਾਸ਼ਾ ਦੀ ਚੁਸਤੀ ਤੇ ਵਿਅੰਗ ਦੀ ਤੀਬਰਤਾ, ਰਚਨਾਵਾਂ ਨੂੰ ਰੌਚਕ ਅਤੇ ਉਤੇਜਕ ਬਣਾਉਂਦੀ ਹੈ |

—ਡਾ: ਧਰਮ ਪਾਲ ਸਾਹਿਲ
ਮੋ: 98761-56964.
c c c

ਚਹਾਰ ਦਰ
ਲੇਖਕ : ਅਸਗਰ ਵਜਾਹਤ
ਅਨੁਵਾਦਕ : ਡਾ: ਜਸਵਿੰਦਰ ਕੌਰ ਬਿੰਦਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98681-82835.

ਇਹ ਪੁਸਤਕ ਹਿੰਦੀ ਤੋਂ ਪੰਜਾਬੀ ਵਿਚ ਕੀਤਾ ਅਨੁਵਾਦ ਹੈ | ਅਨੁਵਾਦਕ ਦਾ ਇਸ ਖੇਤਰ ਵਿਚ ਪਹਿਲਾਂ ਵੀ ਵੱਡਾ ਯੋਗਦਾਨ ਹੈ | 1947 ਦੀ ਇਤਿਹਾਸਕ ਦੇਸ਼ ਵੰਡ ਦੇ ਕਥਾਨਕ ਦੇ ਵੱਖ-ਵੱਖ ਕਾਂਡ ਨਹੀਂ ਬਣਾਏ ਗਏ | ਪੱਤਰਕਾਰ ਸਾਇਮਾ ਹਿੰਦ ਪਾਕਿ ਦੀ ਵੰਡ ਸਮੇਂ ਅੰਮਿ੍ਤਸਰ ਤੇ ਪੱਛਮੀ ਪੰਜਾਬ ਦੇ ਲਾਹੌਰ ਸ਼ਹਿਰ ਵਿਚ ਇਤਿਹਾਸਕ ਥਾਂਵਾਂ ਵੇਖ ਕੇ ਵਿਚੋਂ ਟੁੱਟ ਚੁੱਕੀ ਸਾਂਝ ਦੀ ਨਿਸ਼ਾਨਦੇਹੀ ਕਰਨ ਲਈ ਆਉਂਦੀ ਹੈ | ਉਸ ਦੇ ਨਾਲ ਪੱਤਰਕਾਰੀ ਕਰ ਰਹੇ ਮੁੰਡੇ ਕੁੜੀਆਂ ਵੀ ਹਨ | ਇਹ ਸਾਰੇ ਰਲ ਮਿਲ ਕੇ ਪੁਰਾਤਨ ਮਸਜਿਦਾਂ, ਦਰਗਾਹਾਂ, ਕਬਰਾਂ, ਗੁਰਦੁਆਰਿਆਂ ਦੀ ਜ਼ਿਆਰਤ ਕਰਦੇ ਹਨ | ਲੋਕਾਂ ਦਾ ਰਹਿਣ ਸਹਿਣ, ਕਾਰੋਬਾਰ, ਗੁਰੂ ਕੇ ਲੰਗਰ ਤੇ ਹੋਰ ਬਹੁਤ ਕੁਝ ਵੇਖਦੇ ਹਨ | ਲਾਹੌਰ ਦੇ ਬਾਜ਼ਾਰ ਅਨਾਰਕਲੀ ਤੇ ਅੰਮਿ੍ਤਸਰ ਵਿਚ ਹਰਿਮੰਦਰ ਸਾਹਿਬ ਜਾਂਦੇ ਹਨ | ਸਾਈਾ ਮੀਆਂ ਮੀਰ ਤੋਂ ਨੀਂਹ ਰਖਾਉਣ ਦਾ ਤਰਕ, ਪ੍ਰੀਤ ਨਗਰ ਦਾ ਐਕਟਿਵਟੀ ਸਕੂਲ, ਨਾਵਲਕਾਰ ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਹਿਰਦੇਪਾਲ ਨਵਤੇਜ ਸਿੰਘ, ਪਿਆਰਾ ਸਿੰਘ ਸ਼ਹਿਰਾਈ ਆਦਿ ਦੀਆਂ ਰਿਹਾਇਸ਼ਗਾਹਾਂ ਵੇਖਦੇ ਹਨ | ਤੇ ਉਨ੍ਹਾਂ ਨਾਲ ਸਾਹਿਤਕ ਗੱਲਾਂ ਕਰਦੇ ਹਨ | ਸਾਇਮਾ ਦਾ ਇਸ ਵਿਚ ਵੱਡਾ ਯੋਗਦਾਨ ਹੈ | ਇਹ ਸਭ ਅੱਖੀਂ ਡਿੱਠੇ ਦੀ ਰਿਪੋਰਟ ਤਿਆਰ ਕਰ ਕੇ ਸਾਰੇ ਅਖ਼ਬਾਰਾਂ ਨੂੰ ਭੇਜਦੇ ਹਨ | ਇਕ ਪਾਤਰ ਸ਼ੇਰ ਅਲੀ ਲਾਹੌਰ ਤੋਂ ਸਰਹੱਦ ਟਪ ਕੇ ਅੰਮਿ੍ਤਸਰ ਆਉਂਦਾ ਹੈ | ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ | ਇਧਰ ਉਸ ਦੀ ਨੇੜਤਾ ਤੇ ਭਾਵਕ ਸਾਂਝ ਅੰਮਿ੍ਤ ਨਾਲ ਹੁੰਦੀ ਹੈ | ਪੱਤਰਕਾਰ ਉਸ ਦੀ ਪੂਰੀ ਤਹਿ ਤੱਕ ਜਾਂਦੇ ਹਨ | ਸਾਰੀ ਰਿਪੋਰਟ ਛਪਣ 'ਤੇ ਸਿਆਸਤ ਵਿਚ ਭੁਚਾਲ ਆ ਜਾਂਦਾ ਹੈ | ਸਾਇਮਾ ਨੂੰ ਮੁਸ਼ਕਿਲ ਬਣ ਜਾਂਦੀ ਹੈ | ਨਾਵਲ ਵਿਚ ਮੋਹ ਪਿਆਰ ਦੇ ਗੀਤ ਵਜਦੇ ਹਨ | ਲੇਖਕ ਨੇ ਦੇਸ਼ ਵੰਡ ਸਮੇਂ ਟੁੱਟੀ ਸਾਂਝ ਨੂੰ ਜੋੜਨ ਦਾ ਸੁਪਨਾ ਇਸ ਨਾਵਲ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ | ਆਧੁਨਿਕ ਤਕਨੀਕ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ | ਪਾਤਰਾਂ ਦੀ ਬੋਲੀ ਵਿਚ ਮਿਠਾਸ ਤੇ ਮੁਹਬੱਤ ਦੀ ਖੁਸ਼ਬੋ ਹੈ |

—ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
c c c

ਕਤਰਾ ਕਤਰਾ ਨੀਰ
ਕਵੀ : ਪੂਰਨ ਸਿੰਘ ਸ਼ਾਹਕੋਟ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 160 ਰੁਪਏ, ਸਫ਼ੇ : 119
ਸੰਪਰਕ : 98723-02276.

ਪੂਰਨ ਸਿੰਘ ਸ਼ਾਹਕੋਟੀ ਇਕ ਹੰਢਿਆ ਵਰਤਿਆ ਤੇ ਉਮਰ ਦਰਾਜ ਕਵੀ ਹੈ | ਸ਼ਾਹਕੋਟੀ ਤਾਅ ਉਮਰ ਕਿਸਾਨੀ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਵਿਚ ਕਾਰਜਸ਼ੀਲ ਰਹੇ | ਕਵਿਤਾਵਾਂ ਵਿਚ ਹੱਕ ਸੱਚ ਦੀ ਆਵਾਜ਼ ਉੱਚੀ ਹੋਵੇਗੀ | ਪਰ ਅਜਿਹਾ ਵੀ ਨਹੀਂ ਕਿ ਉਸ ਨੇ ਕਵਿਤਾ ਨੂੰ ਨਾਅਰਾ ਬਣਾ ਕੇ ਪੇਸ਼ ਕੀਤਾ ਹੋਵੇ ਸਗੋਂ ਉਸ ਦੀਆਂ ਗ਼ਜ਼ਲਾਂ, ਗੀਤਾਂ, ਰੁਬਾਈਆਂ ਵਿਚ ਪੂਰਨ ਕਲਾ ਦਰਸ਼ਨ ਹੁੰਦੇ ਹਨ | ਉਸ ਦੇ ਗੀਤਾਂ ਦੇ ਮੁਖੜੇ ਅਤੇ ਕੁਝ ਸ਼ਿਅਰ ਇਥੇ ਹਾਜ਼ਰ ਹਨ :
-ਛੱਡ ਦੇ ਪੁੜੀਆਂ ਜੱਟਾ ਤੇਰੀ ਗੁਡੀਆ ਕਰੇ ਪੁਕਾਰ
ਤੂੰ ਤੇ ਤੇਰੇ ਪੰਜਾਬ ਦਾ ਹੋ ਜਾਏ ਬੇੜਾ ਪਾਰ
-ਮਨੂੰ ਦੀ ਇਹ ਚਤੁਰਾਈ ਸੀ ਕਿਸ ਅਕਲ ਨਾਲ ਤੋਲੀ ਗਈ
ਬ੍ਰਾਹਮਣ, ਕਸ਼ਤਰੀ ਵੈਸ਼ ਸ਼ੂਦਰ ਦੀ ਜੋ ਬੋਲੀ ਬੋਲੀ ਗਈ |
ਪੂਰਨ ਸਿੰਘ ਸ਼ਾਹਕੋਟ ਦੀਆਂ ਗ਼ਜ਼ਲਾਂ ਵਿਚ ਸੱਚੀ ਪ੍ਰੀਤ ਅਤੇ ਸੁੱਚੇ ਆਚਰਨ ਦੀ ਖਾਹਿਸ਼ ਠਾਠਾਂ ਮਾਰਦੀ ਹੈ :
-ਮੁਹੱਬਤ ਦਾ ਜਾਦੂ ਜਗਾਉਂਦਾ ਚਲਾ ਜਾ,
ਜੇ ਲੱਗੀ ਏ ਲਾ ਕੇ ਨਿਭਾਉਂਦਾ ਚਲਾ ਜਾ |
-ਮੁਹੱਬਤ ਨੂੰ ਦੋਸਤੋ ਬਲਾ ਕਹਿਣਾ ਠੀਕ ਨਹੀਂ,
ਇਸ਼ਕ ਨੂੰ ਹਾਏ ਬੁਰਾ ਕਹਿਣਾ ਠੀਕ ਨਹੀਂ |
-ਪੂਰਨ ਛੱਡ ਖਹਿੜਾ ਦੁਨੀਆ ਦਾ ਇਸ ਦੁਨੀਆ ਨੂੰ ਕੋਈ ਸਾਰ ਨਹੀਂ,
ਪੱਥਰਾਂ ਦੀ ਪੂਜਾ ਕਰਨ ਲਈ ਫੁੱਲਾਂ ਦਾ ਜੋਬਨ ਰੁਲਦਾ ਹੈ |
ਕਵੀ ਦੀਆਂ ਕਵਿਤਾਵਾਂ ਵਿਚ ਕੋਮਲਤਾ ਭਰਿਆ ਅਹਿਸਾਸ ਅਤੇ ਜਗਤ ਸੰਵੇਦਨਾ ਹੈ | ਉਹ ਕਿਸੇ ਨੂੰ ਉਦਾਸ ਨਹੀਂ ਵੇਖਣਾ ਚਾਹੁੰਦਾ | ਉਹ 'ਮਾਂ' ਦੇ ਸਨਮਾਨ ਵਿਚ ਲਿਖਦਾ ਹੈ :
-ਮਾਂ ਬਦੌਲਤ ਦੁਨੀਆ ਦੌਲਤ ਵੇ ਲੋਕਾ, ਪੈਰਾਂ ਦੇ ਵਿਚ ਰੁਲੇ,
ਮਾਂ ਦੀ ਇਕ ਅਸੀਸ ਬਰਾਬਰ ਨਾ ਕੋਈ ਹੀਰਾ ਮੋਤੀ ਤੁਲੇ |
-ਮਾਂ ਦੀ ਪੂਜਾ ਰੱਬ ਦੀ ਪੂਜਾ ਵੇ ਲੋਕਾ ਬਾਕੀ ਭਰਮ ਭੁਲੇਖੇ,
ਜਿਹੜਾ ਵੀ ਰੱਬ ਤੱਕਣਾ ਚਾਹੇ ਲੋਕਾ ਮਾਂ ਦੀ ਅੱਖ ਵਿਚ ਝਾਕੇ |
ਕਵੀ ਪੂਰਨ ਸਿੰਘ ਸ਼ਾਹਕੋਟ ਦੀਆਂ ਕਵਿਤਾਵਾਂ ਲੈਅ ਯੁਕਤ ਹਨ ਭਾਵੇਂ ਕਿਤੇ-ਕਿਤੇ ਛੰਦ ਬਹਿਰ ਵਿਚ ਥੋੜ੍ਹੀ ਬਹੁਤ ਕਮੀ ਰਹੀ ਹੋਵੇ ਪਰ ਆਮ ਕਰਕੇ ਹਰ ਕਵਿਤਾ ਛੰਦਾਂ ਵਿਚ ਪੂਰੀ ਹੈ |

—ਸੁਲੱਖਣ ਸਰਹੱਦੀ
ਮੋ: 94174-84337.
c c c

ਨਾਨਕ ਸ਼ਾਇਰ ਇਵ ਕਹਿਆ
ਲੇਖਕ : ਰਣਜੀਤ ਸਿੰਘ ਖੜਗ
ਸੰਪਾਦਕ : ਇੰਜੀ: ਕਰਮਜੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 222
ਸੰਪਰਕ : 98728-13128.

ਸ: ਰਣਜੀਤ ਸਿੰਘ ਖੜਗ ਦੁਆਬੇ ਦਾ ਇਕ ਸਿਰੜੀ ਵਿਦਵਾਨ ਸੀ, ਜਿਸ ਨੇ ਨਿਰੋਲ ਆਪਣੇ ਬਲਬੂਤੇ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਸਟੀਕ ਅਧਿਐਨ ਕਰਨ ਦੀ ਇਕ ਸਵਸਥ ਪਰਿਪਾਟੀ ਚਲਾਈ | ਉਸ ਨੇ ਦਿੱਲੀ ਵਿਚ ਪੰਜਾਬੀ ਸਾਹਿਤ ਸਭਾ ਦਾ ਸੰਗਠਨ ਕੀਤਾ, ਸ਼ਿਮਲੇ ਵਿਚ ਭਾਈਆ ਈਸ਼ਰ ਸਿੰਘ ਨਾਲ ਮਿਲ ਕੇ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਪ੍ਰਫੱੁਲਿਤ ਕਰਨ ਲਈ 'ਕਾਵਿ-ਗੁਲਜ਼ਾਰ' ਦਾ ਸੰਗਠਨ ਕੀਤਾ ਅਤੇ ਲਾਹੌਰ ਵਿਚ ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ | 'ਨਾਨਕ ਸ਼ਾਇਰ ਇਵ ਕਹਿਆ' ਵਿਚ ਗੁਰੂ ਨਾਨਕ ਸਾਹਿਬ ਦੇ ਬਾਣੀ-ਸੰਸਾਰ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਬਾਰੇ ਅਠਾਰਾਂ ਲੇਖ ਸੰਗ੍ਰਹਿਤ ਹਨ | ਇਸ ਪੁਸਤਕ ਦਾ ਪ੍ਰਥਮ ਪ੍ਰਕਾਸ਼ਨ 2010 ਈ: ਵਿਚ ਖੜਗ ਸਾਹਿਬ ਦੇ ਪ੍ਰਬੁੱਧ ਸਪੁੱਤਰ ਇੰਜੀ: ਕਰਮਜੀਤ ਸਿੰਘ ਨੇ ਕਰਵਾਇਆ ਸੀ | ਹੁਣ 2019 ਈ: ਵਿਚ ਸਤਿਗੁਰਾਂ ਦੇ ਪੰਜ ਸੌ ਪੰਜਾਹਵੇਂ ਵਰ੍ਹੇ ਦੇ ਹਰਸ਼-ਉੱਲਾਸ ਵਿਚ ਇਸ ਦਾ ਦੂਜਾ ਸੋਧਿਆ ਹੋਇਆ ਸੰਸਕਰਣ ਪ੍ਰਕਾਸ਼ਿਤ ਕੀਤਾ ਗਿਆ ਹੈ |
ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੇ ਨਿਰਾਲੇ ਪੰਥ ਦੀ ਵਿਆਖਿਆ ਨਾਲ ਸ਼ੁਰੂ ਹੁੰਦੀ ਹੈ | ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਸੀ : ਨਾ ਕੋ ਹਿੰਦੂ ਨਾ ਮੁਸਲਮਾਨ | ਇਸੇ ਕਥਨ ਦੀ ਵਿਆਖਿਆ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਨੇ ਭੈਰਉ ਰਾਗ ਵਿਚ ਅੰਕਿਤ ਕੀਤਾ ਸੀ :
ਨਾ ਹਮ ਹਿੰਦੂ ਨ ਮੁਸਲਮਾਨ¨
ਅਲਹ ਰਾਮ ਕੇ ਪਿੰਡੁ ਪਰਾਨ¨ 4¨
(ਅੰਗ 1134)
ਗੁਰੂ ਸਾਹਿਬ ਦਾ ਉਦੇਸ਼ ਹਿੰਦੂ ਅਤੇ ਮੁਸਲਮਾਨ ਧਰਮ ਵਿਚ ਆ ਚੁੱਕੀਆਂ ਕੁਰੀਤੀਆਂ ਅਤੇ ਕਰਮ-ਕਾਂਡਾਂ ਨੂੰ ਦੂਰ ਕਰ ਕੇ ਇਕ ਨਵੇਂ ਧਰਮ ਦੀ ਸਥਾਪਨਾ ਕਰਨਾ ਸੀ, ਜਿਥੇ ਮਨੁੱਖ ਆਜ਼ਾਦੀ ਨਾਲ ਜੀਵਨ ਬਤੀਤ ਕਰ ਸਕੇ | ਉਸ ਨੂੰ ਕਿਸੇ ਪ੍ਰਕਾਰ ਦੀ ਵਿਵਸਥਾ ਦਾ ਖੌਫ਼ ਨਾ ਹੋਵੇ | ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੀ ਜਨਮ-ਤਿਥੀ, ਬਗਦਾਦ ਫੇਰੀ ਅਤੇ ਭਾਈ ਲਾਲੋ ਪ੍ਰਤੀ ਸਨੇਹ-ਭਾਵਨਾ ਦਾ ਵੀ ਉੱਲੇਖ ਕੀਤਾ ਗਿਆ ਹੈ | ਮੂਲ ਮੰਤਰ, ਆਸਾ ਦੀ ਵਾਰ ਅਤੇ ਮਾਝ ਦੀ ਵਾਰ ਬਾਰੇ ਵਿਆਖਿਆਤਮਕ ਲੇਖ ਸੰਕਲਿਤ ਹਨ | ਕੁਝ ਨਵੇਂ ਵਿਸ਼ਿਆਂ ਬਾਰੇ ਵੀ ਵਿਚਾਰ ਵਿਅਕਤ ਕੀਤੇ ਗਏ ਹਨ | ਜਿਵੇਂ : ਗੁਰੂ ਨਾਨਕ ਦੇਵ ਜੀ ਦਾ ਵਿੱਦਿਆ ਬਾਰੇ ਸੰਕਲਪ, ਵਿਗਿਆਨਵੇਤਾ ਗੁਰੂ ਨਾਨਕ, ਗੁਰੂ ਨਾਨਕ ਅਤੇ ਮੁਸਲਮਾਨ ਤਵਾਰੀਖ਼ਦਾਨ...... ਇਤਿਆਦਿ | ਸ: ਖੜਗ ਦੇ ਸਾਰੇ ਲੇਖ ਗੁਰਬਾਣੀ ਦੀਆਂ ਟੂਕਾਂ ਅਤੇ ਪ੍ਰਸਿੱਧ ਇਤਿਹਾਸਕਾਰਾਂ ਦੀਆਂ ਟੂਕਾਂ ਨਾਲ ਪ੍ਰਮਾਣਿਕ ਬਣਾਏ ਗਏ ਹਨ | ਗੁਰੂ ਨਾਨਕ ਸਾਹਿਬ ਦੀ ਬਾਣੀ, ਜੀਵਨ-ਬਿਰਤਾਂਤ ਅਤੇ ਵਿਚਾਰਧਾਰਾ ਨੂੰ ਸਮਝਣ ਵਾਸਤੇ ਇਹ ਇਕ ਆਧਾਰ-ਗ੍ਰੰਥ ਦਾ ਕੰਮ ਕਰਨ ਵਾਲੀ ਰਚਨਾ ਹੈ |

—ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

ਕਲਮਾਂ ਦਾ ਕਾਫ਼ਿਲਾ
ਪੇਸ਼ਕਸ਼ : ਮਹਿਫ਼ਲ-ਏ-ਅਦੀਬ
ਪ੍ਰਕਾਸ਼ਕ : ਮਹਿਫ਼ਲ-ਏ-ਅਦੀਬ, ਜਗਰਾਓਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98886-31634.

'ਕਲਮਾਂ ਦਾ ਕਾਫ਼ਿਲਾ' ਮਹਿਫ਼ਿਲ-ਏ-ਅਦੀਬ, ਜਗਰਾਓਾ ਦੀ ਦੂਸਰੀ ਪ੍ਰਕਾਸ਼ਨਾ ਹੈ ਤੇ ਇਸ ਵਿਚ ਸਤਾਈ ਅਦੀਬਾਂ ਦੀਆਂ 104 ਰਚਨਾਵਾਂ ਸ਼ਾਮਿਲ ਹਨ | ਪਾਠਕ ਨੂੰ ਇਸ ਵਿਚ ਕਵਿਤਾ, ਗੀਤ, ਗ਼ਜ਼ਲ, ਵਾਰਤਕ, ਕਹਾਣੀ ਤੇ ਮਿੰਨੀ ਕਹਾਣੀ ਪੜ੍ਹਨ ਨੂੰ ਮਿਲਦੀ ਹੈ | ਇਸ ਵਿਚ ਸੰਸਥਾ ਨਾਲ ਸਬੰਧਿਤ ਕੁਝ ਪੁਰਾਣੇ, ਜਾਣੇਂ-ਪਹਿਚਾਣੇਂ ਤੇ ਨਵੇਂ ਹਸਤਾਖ਼ਰ ਰੂਬਰੂ ਹੁੰਦੇ ਹਨ | 'ਕਲਮਾਂ ਦਾ ਕਾਫ਼ਿਲਾ' ਦੇ ਕਲਮਕਾਰਾਂ ਵਿਚ ਰਾਜਿੰਦਰਪਾਲ ਸ਼ਰਮਾ, ਮਹਿੰਦਰ ਸਿੰਘ ਸਿੱਧੂ, ਪੂਰਨ ਸਿੰਘ ਗਗੜਾ, ਕਾਂਤਾ ਦੇਵੀ, ਨਛੱਤਰ ਸਿੰਘ ਜਗਰਾਓਾ, ਗਿਆਨੀ ਦਲਜੀਤ ਸਿੰਘ ਮਸਤ, ਕਰਨਲ ਗੁਰਦੀਪ ਸਿੰਘ, ਡਾ: ਬਲਦੇਵ ਸਿੰਘ, ਅਵਤਾਰ ਸਿੰਘ ਜਗਰਾਓਾ, ਚਰਨਜੀਤ ਕੌਰ ਗਰੇਵਾਲ ਗਗੜਾ, ਜਸਵੰਤ ਭਾਰਤੀ, ਅਵਤਾਰ ਸਿੰਘ ਭੁੱਲਰ, ਰੁਪਿੰਦਰ ਰਸੂਲਪੁਰ, ਮਨਬੀਰ ਸਿੰਘ ਗਰੇਵਾਲ, ਗੁਰਦੀਪ ਮਣਕੂ, ਰਾਜਦੀਪ ਸਿੰਘ ਤੂਰ, ਮੇਜਰ ਸਿੰਘ ਛੀਨਾ, ਜਸਵਿੰਦਰ ਸਿੰਘ ਬਰਾੜ, ਰਾਜ ਜਗਰਾਓਾ, ਧਰਮਿੰਦਰ ਸਿੰਘ ਨੀਟਾ, ਬਚਿੱਤਰ ਸਿੰਘ ਕਲਿਆਣ, ਮੁਨੀਸ਼ ਸਰਗਮ, ਨਗਿੰਦਰ ਸਿੰਘ ਮਡਿਆਣੀ, ਜਸਵਿੰਦਰ ਛਿੰਦਾ ਦੇਹੜਕੇ, ਜੋਤ ਧਾਲੀਵਾਲ ਤੇ ਸੰਦੀਪ ਕੌਰ ਅਰਸ਼ ਸ਼ਾਮਿਲ ਹਨ ਤੇ ਰਛਪਾਲ ਸਿੰਘ ਚਕਰ ਦੀ ਸੰਸਥਾ ਬਾਰੇ ਜਾਣਕਾਰੀ ਛਾਪੀ ਗਈ ਹੈ | 'ਕਲਮਾਂ ਦਾ ਕਾਫ਼ਿਲਾ' ਦੀ ਸ਼ੁਰੂਆਤ ਰਾਜਿੰਦਰਪਾਲ ਸ਼ਰਮਾ ਦੀਆਂ ਮਿੰਨੀ ਕਹਾਣੀਆਂ ਤੋਂ ਕੀਤੀ ਗਈ ਹੈ ਗ਼ਜ਼ਲ ਭਾਗ ਵਿਚ ਕਈ ਵਧੀਆ ਗ਼ਜ਼ਲਾਂ ਪੜ੍ਹਨ ਨੂੰ ਮਿਲਦੀਆਂ ਹਨ ਤੇ ਕਈ ਗੀਤ ਧਿਆਨ ਖਿੱਚਦੇ ਹਨ | ਕਰਨਲ ਗੁਰਦੀਪ ਸਿੰਘ ਦੀ ਵਾਰਤਕ ਰੌਚਕ ਹੈ ਤੇ ਮੰਡਿਆਣੀ ਦੀ ਕਹਾਣੀ ਵੀ ਸੰਤੁਸ਼ਟ ਕਰਦੀ ਹੈ | ਇਹ ਪੁਸਤਕ ਆਪਣੇ ਮੰਤਵ ਵਿਚ ਸਫਲ ਹੈ ਤੇ ਅਜਿਹੀਆਂ ਪੁਸਤਕਾਂ ਛਪਵਾਉਣੀਆਂ ਕਠਿਨ ਹੁੰਦੀਆਂ ਹਨ | ਜਸਵਿੰਦਰ ਸਿੰਘ ਛਿੰਦਾ ਨੇ ਇਸ ਪ੍ਰਕਾਸ਼ਨਾ ਲਈ ਰਚਨਾਵਾਂ ਇਕੱਤਰ ਕਰਨ ਦੀ ਮੁਸ਼ਕਿਲ ਜ਼ਿੰਮੇਵਾਰੀ ਨਿਭਾਈ ਹੈ | ਨਿਸਚੇ ਹੀ ਇਸ ਪੁਸਤਕ ਨਾਲ ਉਨ੍ਹਾਂ ਨਵੇਂ ਲੇਖਕਾਂ ਦਾ ਹੌਸਲਾ ਵਧਿਆ ਹੋਵੇਗਾ ਜਿਨ੍ਹਾਂ ਨੇ ਅਜੇ ਆਪਣੇ ਕਲਮੀ ਸਫ਼ਰ ਦੀ ਸ਼ੁਰੂਆਤ ਹੀ ਕੀਤੀ ਹੈ ਤੇ ਜਿਹੜੇ ਆਰਥਿਕ ਪੱਖੋਂ ਪੁਸਤਕ ਛਪਵਾਉਣ ਦੇ ਸਮਰੱਥ ਨਹੀਂ ਸਨ |

—ਗੁਰਦਿਆਲ ਰੌਸ਼ਨ
ਮੋ: 9988444002
c c c

18-01-2020

 ਮੇਰੇ ਬਾਬਲਾ
ਲੇਖਕ : ਇਕਬਾਲ ਘਾਰੂ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਸਫ਼ੇ : 150 ਰੁਪਏ, ਸਫ਼ੇ : 104
ਸੰਪਰਕ : 98552-19724.

ਇਕਬਾਲ ਘਾਰੂ ਦਾ ਇਹ ਗੀਤ ਸੰਗ੍ਰਹਿ 'ਧੀਆਂ ਦਾ ਸਤਿਕਾਰ ਕਰੋ' ਵਿਸ਼ੇ ਉੱਤੇ ਆਧਾਰਿਤ ਹੈ। ਅੱਜ ਸਮਾਜ ਵਿਚ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਪਰਚਮ ਬੁਲੰਦ ਹੋ ਰਿਹਾ ਹੈ ਪਰ ਇਹ ਨਾਅਰੇ ਕਿੰਨੇ ਕੁ ਸਾਰਥਿਕ ਹਨ, ਬਾਰੇ ਲੇਖਕ ਨੇ ਆਪਣੀਆਂ ਕਵਿਤਾਵਾਂ ਰਾਹੀਂ ਦੱਸਣ ਦਾ ਉਪਰਾਲਾ ਕੀਤਾ ਹੈ।
ਅਸਲ ਵਿਚ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਹਨ ਤੇ ਵਿਖਾਉਣ ਦੇ ਹੋਰ। ਧੀਆਂ-ਭੈਣਾਂ ਦਾ ਸਮਾਜ ਵਿਚ ਕੀ ਹਸ਼ਰ ਹੋ ਰਿਹਾ ਹੈ, ਕਿਸੇ ਤੋਂ ਗੁੱਝਾ ਨਹੀਂ। ਇਹ ਠੀਕ ਹੈ ਕਿ ਇਕ ਵਰਗ ਔਰਤਾਂ ਦਾ ਬਹੁਤ ਪੜ੍ਹਿਆ ਲਿਖਿਆ ਤੇ ਸੁਰੱਖਿਅਤ ਹੈ ਪਰ ਸਮੁੱਚੇ ਤੌਰ 'ਤੇ ਔਰਤ ਵਰਗ ਉੱਤੇ ਝਾਤ ਮਾਰੀਏ ਤਾਂ ਅੱਜ ਵੀ ਉਹ ਦਾਜ ਦੀ ਬਲੀ ਚੜ੍ਹ ਰਹੀ, ਸਾੜੀ ਜਾਂਦੀ, ਵਧੀਕੀਆਂ ਦਾ ਸ਼ਿਕਾਰ ਤੇ ਵਿਸ਼ੇਸ਼ ਕਰਕੇ 'ਰੇਪ' ਵਰਗੀਆਂ ਦਰਿੰਦਗੀ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀ ਹੈ। ਲੇਖਕ ਨੇ ਵਧੇਰੇ ਕਰਕੇ ਇਸ ਤ੍ਰਾਸਦੀ ਨੂੰ ਹੀ ਗੀਤਾਂ ਦਾ ਵਿਸ਼ਾ ਬਣਾਇਆ ਹੈ ਜਦੋਂ ਉਹ ਲਿਖਦਾ ਹੈ :
ਨੰਨੀਆਂ ਛਾਵਾਂ ਦੇ ਨਾਅਰੇ ਲਗਦੇ ਪਿਆਰੇ
ਇਨ੍ਹਾਂ ਨਾਅਰਿਆਂ ਨਾ ਕੀਤੇ ਪਾਰ ਉਤਾਰੇ
ਵੋਟ ਬੈਂਕ ਦਾ ਬਣ ਗਏ ਉਹ ਸਿਰਨਾਵਾਂ
ਧੀਏ ਨੀ ਗ਼ਰੀਬ ਦੀਏ ਤੈਨੂੰ ਕਿਹੜੀ ਪਟਾਰੀ ਪਾਵਾਂ
ਅਤੇ
ਦਾਜ ਦਹੇਜ ਦੀ ਲਾਹਨਤ ਨੇ ਛਿੱਕੇ ਉੱਤੇ ਟੰਗਿਆ
ਧੀ ਭੈਣ ਦੀ ਦੇਣ ਅਹੁਤੀ ਜੇ ਨਹੀਂ ਮਿਲਿਆ ਮੰਗਿਆ।
ਕਈ ਗੀਤਾਂ ਵਿਚ ਧੀ ਤਰਲੇ ਪਾਂਦੀ ਹੈ ਮਾ ਨੂੰ ਕਿ ਮੈਨੂੰ ਗਰਭ ਵਿਚ ਨਾ ਮਾਰ, ਉਹ ਜਿਊਣਾ ਲੋਚਦੀ ਹੈ, ਪੁੱਤਾਂ ਤੋਂ ਵੱਧ ਸੇਵਾ ਕਰਨਾ ਲੋਚਦੀ ਹੈ, ਸੰਸਾਰ ਵਿਚ ਆਉਣਾ ਚਾਹੁੰਦੀ ਹੈ। ਇਕ ਗੀਤ ਵਿਚ ਉਹ ਬਾਪ ਨੂੰ ਅਸੀਸਾਂ ਵੀ ਦਿੰਦੀ ਹੈ
ਮੈਨੂੰ ਕੁੱਖ ਵਿਚ ਮਰਨੋਂ ਬਚਾਇਆ
ਤੂੰ ਜਿਉਂ ਦਾ ਰਹੁ ਵੇ ਮੇਰੇ ਬਾਬਲਾ
ਇਸ ਵਿਸ਼ੇ ਦੇ ਨਾਲ-ਨਾਲ ਲੇਖਕ ਨੇ ਸਮਾਜ ਵਿਚ ਪ੍ਰਚਲਿਤ ਹੋਰ ਬੁਰਾਈਆਂ ਨੂੰ ਵੀ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ ਜਿਵੇਂ ਕਿ ਬੇਰੁਜ਼ਗਾਰੀ, ਦਸ਼ਾ, ਅਨਪੜ੍ਹਤਾ, ਗ਼ਰੀਬੀ, ਦਾਜ ਦਹੇਜ, ਰਾਜਨੀਤਕ ਮੌਕਾਪ੍ਰਸਤੀ ਤੇ ਹੋਰ ਸਮਾਜਿਕ ਕੁਰੀਤੀਆਂ। ਬੇਰੁਜ਼ਗਾਰੀ ਦੀ ਮਾਰ ਨੇ ਨੌਜਵਾਨਾਂ ਨੂੰ ਵਿਦੇਸ਼ੀ ਧਰਤੀ ਵੱਲ ਧਕੇਲਿਆ ਹੈ।
ਇਕਬਾਲ ਘਾਰੂ ਲੋਕਾਂ ਦਾ ਕਵੀ ਹੈ, ਲੋਕ ਮਨਾਂ ਦੀ ਖਾਹ ਪਾ ਕੇ ਉਨ੍ਹਾਂ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸ ਕਰਦਾ ਤੇ ਸਮਾਜ ਦੇ ਬਦਲਾਅ ਦੀ ਆਸ ਵੀ ਕਰਦਾ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਪੰਜਾਬੀ ਦਾ ਮੁੱਢ
ਲੇਖਕ : ਨਾਜਰ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 450 ਰੁਪਏ, ਸਫ਼ੇ : 94
ਸੰਪਰਕ : 89684-89599.

ਸਾਡੇ ਸਨਾਤਨੀ ਵਿਦਵਾਨ ਪੰਜਾਬੀ ਜ਼ਬਾਨ ਦੀ ਉਤਪਤੀ ਨੂੰ ਵੇਦਿਕ, ਸੰਸਕ੍ਰਿਤ, ਪ੍ਰਾਕਿਰਤਾਂ ਅਤੇ ਅਪਭ੍ਰੰਸ਼ਾਂ ਨਾਲ ਜੋੜ ਕੇ ਵੇਖਦੇ ਹਨ। ਡਾ: ਵਿਦਿਆ ਭਾਸਕਰ ਅਰੁਣ, ਡਾ: ਪ੍ਰੇਮ ਪ੍ਰਕਾਸ਼ ਸਿੰਘ ਅਤੇ ਕੁਝ ਹੋਰ ਭਾਸ਼ਾ ਵਿਗਿਆਨੀਆਂ ਦਾ ਇਹੀ ਮਤਿ ਸੀ। ਪਰ ਸ: ਨਾਜਰ ਸਿੰਘ ਇਸ ਤਰ੍ਹਾਂ ਨਹੀਂ ਸੋਚਦਾ। ਉਸ ਅਨੁਸਾਰ ਪੰਜਾਬੀ ਲੋਕ ਇਕ ਗ਼ੈਰ-ਆਰੀਆ ਰਹਿਤਲ ਨਾਲ ਸਬੰਧ ਰੱਖਦੇ ਹਨ ਅਤੇ ਇਹ ਰਹਿਤਲ ਸਾਢੇ ਪੰਜ ਹਜ਼ਾਰ ਵਰ੍ਹੇ ਪੁਰਾਣੀ ਹੈ। ਪੰਜਾਬੀ ਦਾ ਵਿਆਕਰਨ ਦੱਸਦਾ ਹੈ ਕਿ ਇਸ ਦਾ ਸੰਸਕ੍ਰਿਤ, ਪ੍ਰਾਕਿਰਤਾਂ ਅਤੇ ਪਾਲੀ ਆਦਿ ਭਾਸ਼ਾਵਾਂ ਨਾਲ ਕੋਈ ਸਬੰਧ ਨਹੀਂ; ਸੈਮੇਟਿਕ, ਮੰਗੋਲਾਇਡ ਅਤੇ ਨੀਗਰੋ ਆਦਿ ਨਾਲ ਵੀ ਇਸ ਦਾ ਕੋਈ ਸਬੰਧ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਸੰਸਕ੍ਰਿਤ, ਪ੍ਰਾਕਿਰਤਾਂ ਅਤੇ ਪਾਲੀ ਆਦਿ ਨੇ ਪੰਜਾਬੀ ਸਮੇਤ ਇੰਡੀਅਨ ਸਬ-ਕਾਂਟੀਨੈਂਟ ਦੀਆਂ ਬੋਲੀਆਂ ਨੂੰ ਦਬਾਈ ਰੱਖਿਆ ਹੈ।
ਪੰਜਾਬੀ ਭਾਸ਼ਾ ਦੀ ਬਦਕਿਸਮਤੀ ਇਹ ਰਹੀ ਹੈ ਕਿ ਪੰਜਾਬ ਦੇ ਲੋਕ ਤਿੰਨ ਵੱਖ-ਵੱਖ ਧਰਮਾਂ ਨਾਲ ਜੁੜੇ ਹੋਏ ਸਨ। ਮੁਸਲਮਾਨਾਂ ਨੇ ਉਰਦੂ ਨੂੰ ਅਪਣਾ ਲਿਆ, ਹਿੰਦੂਆਂ ਨੇ ਹਿੰਦੀ ਅਤੇ ਦੇਵਨਾਗਰੀ ਦੀ ਵਕਾਲਤ ਕੀਤੀ ਅਤੇ ਕੇਵਲ ਸਿੱਖ ਹੀ ਇਸ ਦੇ ਹੱਕ ਵਿਚ ਨਿਤਰੇ। ਪੱਛਮੀ ਪੰਜਾਬ ਵਿਚ ਅੱਜ ਵੀ ਉਰਦੂ ਦਾ ਬੋਲਬਾਲਾ ਹੈ। ਵਿਸ਼ਵ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਨੌਵੇਂ ਦਰਜੇ 'ਤੇ ਆਉਂਦੀ ਹੈ। ਇਸ ਤਰ੍ਹਾਂ ਇਸ ਨੂੰ ਬੋਲਣ ਵਾਲੇ ਲੋਕਾਂ ਦਾ ਇਕ ਬਹੁਤ ਤਕੜਾ ਗਰੁੱਪ ਹੈ। ਜੇ ਅਸੀਂ ਪੂਰੀ ਵਚਨਬੱਧਤਾ ਨਾਲ ਪੰਜਾਬੀ ਭਾਸ਼ਾ ਦੇ ਹੱਕ ਵਿਚ ਨਿਤਰ ਖੜੋਈਏ ਤਾਂ ਸਾਡਾ ਸ਼ੁਮਾਰ ਦੁਨੀਆ ਦੇ ਤਾਕਤਵਰ ਗਰੁੱਪਾਂ ਵਿਚ ਹੋ ਸਕਦਾ ਹੈ। ਉਸ ਦਾ ਵਿਚਾਰ ਹੈ ਕਿ ਆਰੀਆ ਲੋਕਾਂ ਨੇ ਭਾਰਤ ਆ ਕੇ ਜਿਹੜਾ ਸਾਹਿਤ (ਵੇਦ, ਉਪਨਿਸ਼ਦ ਆਦਿਕ) ਰਚਿਆ, ਉਹ ਭਾਰਤ ਦੀ ਕਿਸੇ ਵੀ ਪ੍ਰਾਚੀਨ ਬੋਲੀ ਨਾਲ ਮੇਲ ਨਹੀਂ ਖਾਂਦਾ ਬਲਕਿ ਉਨ੍ਹਾਂ ਦੇ ਸਾਹਿਤ ਦੀ ਬੋਲੀ ਪਾਰਸੀ ਧਰਮ ਦੇ ਗ੍ਰੰਥਾਂ ਨਾਲ ਮੇਲ ਖਾਂਦੀ ਹੈ। ਇਹ ਵੀ ਪਤਾ ਚਲਦਾ ਹੈ ਕਿ ਆਰੀਆ ਲੋਕਾਂ ਨੇ ਟਵਰਗ (ਟ, ਠ, ਡ, ਢ, ਣ) ਦੇ ਸਾਰੇ ਅੱਖਰ ਇਥੋਂ ਪੰਜਾਬੀ ਦੀ ਪੁਰਾਣੀ ਮੂਲ ਬੋਲੀ ਵਿਚੋਂ ਲਏ ਸਨ। ਪੰਜਾਬੀ ਦੇ ਬਹੁਤ ਸਾਰੇ ਸ਼ਬਦ ਰਿਗਵੇਦ ਵਿਚ ਮੌਜੂਦ ਹਨ ਜਿਵੇਂ : ਖੱਬਾ, ਆਯੂ, ਵਾਯੂ, ਦਸਯੂ, ਕਰਮਾ ਅਤੇ ਸੱਤਾ ਆਦਿਕ। (ਪੰਨਾ 7) ਗਿਆਨੀ ਨਾਜਰ ਸਿੰਘ ਦੀ ਖੋਜ ਅਤਿਅੰਤ ਮੌਲਿਕ ਹੈ ਪਰ ਇਸ ਦੀ ਪ੍ਰਮਾਣਿਕਤਾ ਬਾਰੇ ਕਾਫੀ ਸ਼ੰਕਾ ਹੈ। ਉਸ ਨੂੰ ਇਸ ਵਿਸ਼ੈ ਬਾਰੇ ਧੁਨੀ ਵਿਗਿਆਨ, ਰੂਪ ਵਿਗਿਆਨ ਅਤੇ ਵਾਕ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਕਾਫੀ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਹੀ ਉਸ ਦੀ ਘਾਲ ਥਾਇੰ ਪਏਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸੁਪਨਿਆਂ ਨੂੰ ਸਾਕਾਰ ਕਰੋ
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 128
ਸੰਪਰਕ : 94631-89432.

ਦੋ ਕਹਾਣੀ ਸੰਗ੍ਰਹਿ ਅਤੇ ਚਾਰ ਪ੍ਰੇਰਨਾਦਾਇਕ ਲੇਖ ਸੰਗ੍ਰਹਿਆਂ ਦੀ ਰਚਨਾ ਕਰਨ ਵਾਲੇ ਅਨੁਭਵੀ ਲੇਖਕ ਗੁਰਸ਼ਰਨ ਸਿੰਘ ਕੁਮਾਰ ਦਾ ਇਹ ਪੰਜਵਾਂ ਲੇਖ ਸੰਗ੍ਰਹਿ ਹੈ। ਉਸ ਦੀ ਵਾਰਤਕ ਕਲਾ ਦਾ ਇਹ ਮੀਰੀ ਗੁਣ ਹੈ ਕਿ ਉਹ ਆਪਣੇ ਖ਼ਿਆਲਾਂ ਨੂੰ ਬੋਝਲ ਨਹੀਂ ਹੋਣ ਦਿੰਦਾ ਅਤੇ ਪਾਠਕ ਨੂੰ ਉੱਚੇ-ਸੁੱਚੇ ਕਿਰਦਾਰ ਵਾਲੇ ਮਨੁੱਖ ਬਣਨ ਦੀ ਅਛੋਪਲੇ ਹੀ ਪ੍ਰੇਰਨਾ ਦੇ ਦਿੰਦਾ ਹੈ। ਉਸ ਦਾ ਇਹੋ ਗੁਣ ਹੀ ਉਸ ਨੂੰ ਅਜੋਕੀ ਵਾਰਤਕ ਰਚਨਾ ਵਿਚ ਵਿਸ਼ੇਸ਼ ਸਥਾਨ ਬਖ਼ਸ਼ਦਾ ਹੈ। ਇਸ ਲੇਖ ਸੰਗ੍ਰਹਿ ਦੇ ਮੁੱਖ ਬੰਦ ਲੇਖਕ ਡਾ: ਭਗਵੰਤ ਸਿੰਘ ਨੇ ਲਿਖਿਆ ਹੈ, 'ਲੇਖਕ ਕੁਮਾਰ ਨੇ ਆਪਣੇ ਲੇਖਾਂ ਵਿਚ ਸਮਾਜ ਨੂੰ ਆਪਣੇ ਅਕੀਦਿਆਂ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਸ ਦੇ ਲੇਖ ਬਾਹਰਮੁਖੀ ਦ੍ਰਿਸ਼ਟੀ ਤੋਂ ਵਿਗਿਆਨਕ ਨਜ਼ਰੀਏ ਦੇ ਅਨੁਸਾਰੀ ਹਨ।' ਵਾਰਤਕਕਾਰ ਨੇ ਆਪਣੇ ਇਨ੍ਹਾਂ ਲੇਖਾਂ ਵਿਚ ਲੋਕਾਂ ਨੂੰ ਭਰਮਾਂ-ਭੁਲੇਖਿਆਂ ਤੋਂ ਦੂਰ ਰਹਿਣ, ਤਰਕਸ਼ੀਲਤਾ, ਜੀਵਨ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੇ ਧਾਰਨੀ ਬਣਨ ਦੀਆਂ ਜੁਗਤੀਆਂ ਸਮਝਾਈਆਂ ਹਨ। 'ਖ਼ੁਦੀ ਨੂੰ ਕਰ ਬੁਲੰਦ' ਲੇਖ 'ਚ ਉਨ੍ਹਾਂ ਸਾਨੂੰ ਆਤਮ ਸ਼ਕਤੀ ਦੀ ਪਛਾਣ ਕਰਨ ਲਈ ਕਿਹਾ ਹੈ। 'ਕੰਡਿਆਲੇ ਰਾਹਾਂ ਦਾ ਸਫ਼ਰ', 'ਵਿਗਿਆਨ ਅਤੇ ਕਲਿਆਣ', 'ਸੁਪਨਿਆਂ ਨੂੰ ਸਾਕਾਰ ਕਰੋ', 'ਪਹਿਲੀ ਜਿੱਤ', 'ਵਿਨਾਸ਼ ਤੋਂ ਵਿਕਾਸ ਵੱਲ' ਆਦਿ ਲੇਖ ਉਸ ਦੀ ਬਿਹਤਰੀਨ ਵਾਰਤਕ ਸ਼ੈਲੀ ਦੀ ਮਿਸਾਲ ਤਾਂ ਹਨ ਹੀ ਨਾਲ ਆਪਣੇ ਵਿਸ਼ੇ ਨਾਲ ਇਨਸਾਫ਼ ਵੀ ਕਰਦੇ ਹਨ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444

c c c

ਯੁੱਗ ਪੁਰਸ਼
ਲੇਖਿਕਾ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 98555-84298.

ਹਥਲੀ ਪੁਸਤਕ ਪੰਜਾਬ ਹੀ ਨਹੀਂ ਭਾਰਤੀ ਚਿੰਤਨਧਾਰਾ ਵਿਚ ਯੁੱਗ ਪਲਟਾਊ ਕੀਰਤੀਮਾਣ ਸਥਾਪਿਤ ਕਰਨ ਵਾਲਿਆਂ ਵਿਚੋਂ 10 ਮਹਾਨ ਸ਼ਖ਼ਸੀਅਤਾਂ ਦੇ ਜੀਵਨ ਬਿਓਰੇ, ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ, ਕੌਮੀਅਤ ਲਈ ਦਿੱਤੀਆਂ ਸ਼ਹੀਦੀਆਂ, ਗੁਰਮਤਿ ਧਾਰਾ ਸਬੰਧੀ ਕੀਤੇ ਗਏ ਵਖਿਆਣ, ਮਾਨਵੀ ਸੇਵਾ ਦੇ ਪੁੰਜ, ਉਨ੍ਹਾਂ ਦੁਆਰਾ ਰਚੇ ਗਏ ਸ਼ਬਦ ਕੋਸ਼, ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਕਾਰਜਾਂ ਵਿਚ ਉੱਘਾ ਯੋਗਦਾਨ ਪਾਉਣ ਵਾਲਿਆਂ ਦਾ ਵਰਣਨ ਹੈ। ਪੁਸਤਕ ਵਿਚ ਅੰਕਿਤ ਇਹ ਮਹਾਨ ਸ਼ਖਸੀਅਤਾਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਾਈ ਗੁਰਦਾਸ ਜੀ, ਮਹਾਂਕਵੀ ਭਾਈ ਸੰਤੋਖ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਘਨੱਈਆ ਜੀ, ਭਗਤ ਪੂਰਨ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਸ਼ਹੀਦ ਊਧਮ ਸਿੰਘ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਹਨ। ਇਨ੍ਹਾਂ ਸਭਨਾਂ ਮਹਾਨ ਸ਼ਖ਼ਸੀਅਤਾਂ ਨੇ ਜਿਸ ਕਦਰ ਮਾਨਵਤਾ ਵਿਚ ਸਮਾਜਿਕ, ਆਰਥਿਕ, ਧਾਰਮਿਕ, ਨੈਤਿਕ ਅਤੇ ਰਾਜਸੀ ਚੇਤਨਾ ਪੈਦਾ ਕੀਤੀ ਅਤੇ ਉਚੇਰਾ ਮਨੁੱਖੀ ਕਿਰਦਾਰ ਸਿਰਜਣ ਦਾ ਵਿਧੀ-ਵਿਧਾਨ ਦੱਸਿਆ, ਉਸ ਸਭ ਕੁਝ ਨੂੰ ਲੇਖਿਕਾ ਨੇ ਨੀਝ ਨਾਲ ਪ੍ਰਗਟਾਇਆ ਹੈ। ਲੇਖਿਕਾ ਦੀ ਸੋਚ-ਦ੍ਰਿਸ਼ਟੀ ਵਿਗਿਆਨਿਕ ਅਤੇ ਮਨੁੱਖਤਾਵਾਦੀ ਪ੍ਰਤੀਤ ਹੁੰਦੀ ਹੈ। ਇਸ ਦਾ ਪ੍ਰਗਟਾਵਾ ਉਕਤ ਮਹਾਨ ਸ਼ਖ਼ਸੀਅਤਾਂ ਦੇ ਇਤਿਹਾਸਕ, ਸਾਹਿਤਕ ਅਤੇ ਸੇਵਾ ਪ੍ਰਦਾਨ ਕਰਨ ਜਿਹੇ ਹਵਾਲਿਆਂ ਨਾਲ ਪੇਸ਼ ਕੀਤਾ ਗਿਆ ਹੈ। ਸੱਚਮੁੱਚ ਇਹ ਪੁਸਤਕ ਸ਼ਬਦ ਰਚਣਹਾਰਿਆਂ, ਸ਼ਬਦ ਨੂੰ ਅਮਲੀ ਰੂਪ ਵਿਚ ਜਾਮਾ ਪਹਿਨਾਉਣ ਵਾਲਿਆਂ ਅਤੇ ਸਬਰ ਸਿਦਕ ਦੀ ਜ਼ਿੰਦਗੀ ਬਸਰ ਕਰਨ ਦੇ ਰਾਹ ਦਸੇਰਿਆਂ ਦਾ ਬੋਧ ਕਰਾਉਂਦੀ ਹੈ, ਨਾਲ ਦੀ ਨਾਲ ਭਾਰਤੀ ਕੌਮ ਦੀ ਸੁਰੱਖਿਆ ਹਿਤ ਤਸੀਹੇ ਝੱਲ ਕੇ ਸ਼ਹੀਦੀਆਂ ਪਾ ਜਾਣ ਵਾਲੇ ਮਰਜੀਵੜਿਆਂ ਦੀ ਗਾਥਾ ਵੀ ਦਰਸਾਉਂਦੀ ਹੈ ਅਤੇ ਮਾਨਵੀ ਹੱਕਾਂ ਦੀ ਪ੍ਰਾਪਤੀ ਲਈ ਖ਼ੁਦ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਖੰਡਰਾਂ ਦਾ ਵਿਰਲਾਪ
ਲੇਖਕ : ਪਰਵਾਨਾ ਪੁੜੈਣ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94172-67398.

ਪਰਵਾਨਾ ਪੁੜੈਣ (ਗੁਰਦਿਆਲ ਸਿੰਘ) ਦਾ ਇਹ ਦੂਸਰਾ ਨਾਵਲ ਹੈ। ਇਸ ਤੋਂ ਪਹਿਲਾਂ ਉਸ ਦੇ ਚਾਰ ਕਾਵਿ ਸੰਗ੍ਰਹਿ ਤੇ ਇਕ ਨਾਵਲ ਛਪ ਚੁੱਕਾ ਹੈ। ਇਹ ਨਾਵਲ ਇਕ ਪ੍ਰਸਿੱਧ ਆਸ਼ਰਮ ਦੇ ਪ੍ਰਬੰਧਾਂ ਦੇ ਪਤਨ ਦੀ ਗਾਥਾ ਹੈ। ਆਸ਼ਰਮ ਵਿਚ ਸੰਨ ਸੰਤਾਲੀ ਦੇ ਰਿਫ਼ੀਊਜੀ ਲੋਕ ਆ ਕੇ ਰਹਿਣ ਲੱਗੇ ਸਨ। ਸਿਆਸੀ ਸ਼ਖ਼ਸੀਅਤਾਂ ਦਾ ਆਸ਼ਰਮ ਵਿਚ ਆਉਣ-ਜਾਣ ਹੈ। ਭੂਮਿਕਾ ਵਿਚ ਲੇਖਕ ਅਨੁਸਾਰ ਨਾਵਲ ਦਾ ਬਿਰਤਾਂਤ ਅੱਖੀਂ ਵੇਖੀਂ ਦਾਸਤਾਨ ਹੈ। ਨਾਵਲ ਆਸ਼ਰਮ ਦਾ ਬੀਤਿਆ ਇਤਿਹਾਸ ਸਾਂਭਣ ਦਾ ਯਤਨ ਹੈ। ਨਾਵਲ ਦਾ ਮੁੱਖ ਪਾਤਰ ਸੱਜਣ ਹੈ। ਆਸ਼ਾ, ਸੁਮੀਤ ਤੇ ਆਸ਼ਰਮ ਦੀ ਪ੍ਰਬੰਧਕ ਮਲਿਕਾ ਹਨ। ਸੱਜਣ ਪੜ੍ਹ-ਲਿਖ ਕੇ ਨੌਕਰੀ ਲਈ ਆਸ਼ਰਮ ਵਿਚ ਆਉਂਦਾ ਹੈ। ਸਕੂਲ ਅਧਿਆਪਕ ਨਿਯੁਕਤ ਹੁੰਦਾ ਹੈ। ਉਸ ਦੇ ਨਾਲ ਆਸ਼ਾ ਅਧਿਆਪਕਾ ਹੈ। ਦੋਵੇਂ ਅਗਾਂਹਵਧੂ ਵਿਚਾਰਾਂ ਵਾਲੇ ਹਨ। ਕੁਝ ਸਮੇਂ ਬਾਅਦ ਸੱਜਣ ਆਸ਼ਰਮ ਦੇ ਅਖ਼ਬਾਰ ਦਾ ਸੰਪਾਦਕ ਬਣ ਜਾਂਦਾ ਹੈ। ਆਸ਼ਾ ਤੇ ਸੱਜਣ ਦੀ ਨੇੜਤਾ ਹੋ ਜਾਂਦੀ ਹੈ। ਦੋਵਾਂ ਦਾ ਅੰਤਰਜਾਤੀ ਵਿਆਹ ਹੁੰਦਾ ਹੈ। ਇਸ ਵਿਚ ਸੁਮੀਤ ਦੀ ਭੂਮਿਕਾ ਵਿਚੋਲਣ ਵਾਲੀ ਹੈ। ਉਹ ਆਸ਼ਰਮ ਵਿਚ ਕੋਰਸ ਕਰ ਰਹੀ ਹੈ। ਪਾਤਰ ਕਰਮਬੀਰ ਹੈ ਜਿਸ ਨੂੰ ਸੁਮੀਤ ਦਿਲੋਂ ਚਾਹੁੰਦੀ ਹੈ। ਪਰ ਕਰਮਬੀਰ ਉਸ ਨਾਲ ਕੇਵਲ ਦੋਸਤੀ ਰੱਖਣੀ ਚਾਹੁੰਦਾ ਹੈ। ਸਮੇਂ ਨਾਲ ਉਸ ਦਾ ਵਿਆਹ ਇਕ ਐਸੇ ਨੌਜਵਾਨ ਨਾਲ ਹੋ ਜਾਂਦਾ ਹੈ, ਜਿਸ ਨਾਲ ਉਸ ਦੇ ਵਿਚਾਰ ਨਹੀਂ ਮਿਲਦੇ। ਕੁਝ ਸਮੇਂ ਪਿੱਛੋਂ ਉਸ ਦਾ ਤਲਾਕ ਹੋ ਜਾਂਦਾ ਹੈ। ਉਹ ਕਰਮਬੀਰ ਨੂੰ ਬਹੁਤ ਯਾਦ ਕਰਦੀ ਹੈ। ਮਲਿਕਾ ਦੀਆਂ ਨੀਤੀਆਂ ਦੇ ਖ਼ਿਲਾਫ਼ ਆਸ਼ਰਮ ਦੇ ਸਾਰੇ ਕਰਮਚਾਰੀ ਹਨ। ਹੜਤਾਲਾਂ, ਧਰਨੇ, ਮਰਨਵਰਤ, ਮਲਿਕਾ ਤੋਂ ਸ਼ਕਤੀਆਂ ਵਾਪਸ ਹੋਣ ਕਾਰਨ ਸਦਮੇ ਵਿਚ ਉਸ ਦੀ ਮੌਤ, ਇਹ ਸਭ ਕੁਝ ਨਾਵਲ ਵਿਚ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.

c c c

ਖ਼ਾਮੋਸ਼ੀ ਦੀ ਆਹਟ
ਲੇਖਕ : ਵੇਦਪਾਲ ਭਾਟੀਆ ਸੋਨੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 79
ਸੰਪਰਕ : 098020-18800.

ਖ਼ਾਮੋਸ਼ੀ ਦੀ ਆਹਟ ਵੇਦਪਾਲ ਭਾਟੀਆ ਦਾ ਤੀਜਾ ਕਾਵਿ ਸੰਗ੍ਰਹਿ ਹੈ। ਰਾਸ਼ਟਰੀ ਪੁਰਸਕਾਰ ਸਨਮਾਨਿਤ ਪੁਸਤਕ 'ਸਾਜਿਸ਼ਾਂ ਦੀ ਮਹਿਕ' ਤੋਂ ਬਾਅਦ ਖ਼ਾਮੋਸ਼ੀ ਦੀ ਆਹਟ ਵਿਚ ਕਵੀ ਵੇਦਪਾਲ ਭਾਟੀਆ ਦੀਆਂ 44 ਕਵਿਤਾਵਾਂ ਹਨ। ਖ਼ਾਮੋਸ਼ੀ ਦੀ ਆਹਟ ਅਜੋਕੇ ਪਦਾਰਥਵਾਦੀ ਯੁੱਗ ਦੇ ਮਨੁੱਖ ਦੀ ਸਵੈ ਕੇਂਦਰਿਤ ਰੁਚੀ ਤੇ ਸੋਚ ਵਿਚ ਗਵਾਚੀ ਉਸ ਦੀ ਹੋਂਦ ਦੀ ਆਹਟ ਨੂੰ ਪੇਸ਼ ਕਰਦੀ ਹੈ। ਕਵੀ ਨੇ ਇਸ ਸੰਗ੍ਰਹਿ ਵਿਚ ਮਨੁੱਖੀ ਜਜ਼ਬਿਆਂ ਵਿਚ ਆ ਰਹੀ ਉਪਰਾਮਤਾ ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।
ਬੇਈਮਾਨੀ ਅੱਜਕੱਲ੍ਹ ਹਿਟਲਰ ਹੈ
ਮਾਰਦੀ ਜਾ ਰਹੀ ਇਨਸਾਫ਼ ਨੂੰ
ਲੋਕਾਂ ਦਾ ਖੂਨ ਸਫ਼ੇਦ ਬੱਦਲ ਵਾਂਗ ਹੈ
ਜਿਹੜੇ ਬਸ ਦਿਸਦੇ ਨਹੀਂ ਕਰਦੇ ਅੰਮ੍ਰਿਤ ਦੀ ਬਾਰਿਸ਼ (ਪੰਨਾ 3)
ਕਵੀ ਨੇ ਆਪਣੇ ਸਮੁੱਚੇ ਸਿਸਟਮ ਨਾਲ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਨਿਰਾਸ਼ਾ ਭਰਪੂਰ ਕਈ ਕਵਿਤਾਵਾਂ ਕਵੀ ਦੇ ਮਾਨਸਿਕ ਤੌਰ 'ਤੇ ਅਸੰਤੁਸ਼ਟਾ ਨੂੰ ਪ੍ਰਗਟਾਉਂਦੀਆਂ ਹਨ। ਉਸ ਅਨੁਸਾਰ ਮਨੁੱਖ ਦੇ ਆਦਰਸ਼ਾਂ ਤੋਂ ਲਾਂਭੇ ਹੋ ਜਾਣਾ ਹੀ ਉਸ ਦੀ ਅੰਦਰਲੀ ਨਿਰਾਸ਼ਾ ਦਾ ਪ੍ਰਗਟਾਵਾ ਕਰਦਾ ਹੈ। ਕਿਤੇ-ਕਿਤੇ ਕਵੀ ਦੀ ਸੁਰ ਰੁਮਾਂਟਿਕ ਵੀ ਹੈ, ਉਹ ਸੁਹਜਤਾ ਅਤੇ ਰੁਮਾਂਸ ਨਾਲ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਤਲਾਸ਼ ਕਰਦਾ ਨਜ਼ਰ ਆਉਂਦਾ ਹੈ। ਮਜ਼੍ਹਬੀ ਫ਼ਾਸਲੇ ਧਰਮਾਂ ਦੇ ਨਾਂਅ 'ਤੇ ਹੁੰਦੀ ਜੰਗ ਕਵੀ ਨੂੰ ਪ੍ਰੇਸ਼ਾਨ ਕਰਦੀ ਹੈ। ਪ੍ਰਦੂਸ਼ਣ ਦੀ ਸਮੱਸਿਆ ਤੇ ਵਾਤਾਵਰਨ ਬਚਾਉਣ ਲਈ ਮਨੁੱਖ ਨੂੰ ਉਤਸ਼ਾਹਿਤ ਕਰਦੀ ਕਵੀ ਦੀ ਕਵਿਤਾ ਸਾਨੂੰ ਆਪਣੇ ਸਮਾਜਿਕ ਫ਼ਰਜ਼ ਨਿਭਾਉਣ ਪ੍ਰਤੀ ਵੀ ਸੁਚੇਤ ਕਰਦੀ ਹੈ। ਰਿਸ਼ਤਿਆਂ ਵਿਚ ਆ ਰਹੇ ਖੋਖਲੇਪਣ ਅਤੇ ਸਵਾਰਥ ਦੇ ਭਾਵ ਕਵੀ ਦੀ ਮਾਨਸਿਕ ਅਸੰਤੁਸ਼ਟਤਾ ਦਾ ਪ੍ਰਗਟਾਵਾ ਕਰਦੇ ਹਨ। ਬਾਪ ਤੇ ਔਲਾਦ ਦੇ ਰਿਸ਼ਤੇ ਵਿਚਲੇ ਅਹਿਸਾਸ ਦੀ ਸੂਖ਼ਮ ਪੇਸ਼ਕਾਰੀ ਵੀ ਕਵੀ ਦੀ ਕਵਿਤਾ ਦਾ ਵਿਸ਼ਾ ਬਣੀ ਹੈ।
ਅੱਜ ਸਭ ਕੁਝ ਨਾਲ ਹੈ
ਫਿਰ ਵੀ ਤਲਾਸ਼ ਹੈ
ਆਪਣੇ-ਆਪ ਦੀ
ਦੋਸਤਾਂ ਨਾਲ ਬਹਿ ਯਾਦ ਕਰਨਾ
ਬਾਪੂ ਦੀਆਂ ਝਿੜਕਾਂ!
ਆਧੁਨਿਕ ਯੁੱਗ ਦੀਆਂ ਬਦਲਦੀਆਂ ਪਦਾਰਥਕ ਲੋੜਾਂ ਵਾਂਗ ਕਵੀ ਦੀ ਸ਼ਬਦਾਵਲੀ ਵਿਚ ਵੀ ਰੋਮਿੰਗ, ਟਾਵਰ, ਰੇਂਜ, ਮਿਸਡ ਕਾਲ, ਵੈਲੀਡਿਟੀ, ਸਿਮ, ਰਿਚਾਰਜ ਆਦਿ ਸ਼ਬਦ ਆਏ ਹਨ। ਇਸ ਸਬੰਧੀ ਰੋਮਿੰਗ ਕਵਿਤਾ ਵੇਖੀ ਜਾ ਸਕਦੀ ਹੈ। ਸਮੁੱਚੇ ਤੌਰ 'ਤੇ ਖ਼ਾਮੋਸ਼ੀ ਦੀ ਆਹਟ ਕਵਿਤਾ ਨਿਰਾਸ਼ਾ ਭਰਪੂਰ ਕਵਿਤਾਵਾਂ ਦਾ ਕਾਵਿ ਸੰਗ੍ਰਹਿ ਹੈ ਜਿਸ ਰਾਹੀਂ ਕਵੀ ਸਮਾਜਿਕ, ਆਰਥਿਕ ਧਾਰਮਿਕ ਅਤੇ ਰਾਜਨੀਤਕ ਸਮੱਸਿਆਵਾਂ ਵਿਚ ਘਿਰੇ ਮਨੁੱਖੀ ਮਨ ਦੀ ਅਸ਼ਾਂਤ ਸਥਿਤੀ ਦਾ ਪ੍ਰਗਟਾਵਾ ਕਰਦਾ ਹੈ।

ਕੁਲਜੀਤ ਕੌਰ
c c c

ਗਿਲਿਗੁੱਡੂ
ਨਾਵਲਕਾਰ : ਚਿਤਰਾ ਮੁਦਗਲ
ਪੰਜਾਬੀ ਅਨੁਵਾਦ :
ਡਾ: ਜਸਵਿੰਦਰ ਕੌਰ ਬਿੰਦਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99151-03490.

ਇਹ ਇਕ ਹਿੰਦੀ ਨਾਵਲ ਦਾ ਅਨੁਵਾਦ ਹੈ ਜਿਸ ਵਿਚ ਬਜ਼ੁਰਗਾਂ ਦੀ ਹੋਣੀ ਦੱਸੀ ਗਈ ਹੈ। ਇਹ ਉਨ੍ਹਾਂ ਬੇਵੱਸ ਪ੍ਰਾਣੀਆਂ ਦੀ ਕਹਾਣੀ ਹੈ ਜੋ ਆਪਣੇ ਬੱਚਿਆਂ ਦੇ ਸਤਾਏ ਹੋਏ, ਦੁਰਕਾਰੇ ਹੋਏ ਦਰਦਨਾਕ ਜੀਵਨ ਜੀਅ ਰਹੇ ਹਨ। ਜਿਨ੍ਹਾਂ ਨੇ ਸਾਰੀ ਉਮਰ ਆਪਣੇ ਬੱਚਿਆਂ ਦੇ ਲੇਖੇ ਲਾ ਦਿੱਤੀ, ਉਨ੍ਹਾਂ ਨੂੰ ਅੰਤਲੇ ਸਾਲਾਂ ਵਿਚ ਅਜਿਹਾ ਤ੍ਰਿਸਕਾਰ, ਬੇਰੁਖ਼ੀ ਅਤੇ ਅਪਮਾਨ ਮਿਲਿਆ ਕਿ ਉਨ੍ਹਾਂ ਦੇ ਦਿਲ ਲਹੂ ਦੇ ਹੰਝੂ ਰੋਣ ਲੱਗੇ। ਨਾਵਲ ਦੇ ਪਾਤਰਾਂ ਵਿਚੋਂ ਬਾਬੂ ਜਸਵੰਤ ਸਿੰਘ ਨੂੰ ਨੂੰਹ ਪੁੱਤਰ ਵਲੋਂ ਬਹੁਤ ਜ਼ਲੀਲ ਕੀਤਾ ਜਾਂਦਾ ਹੈ। ਉਹ ਆਪਣੇ ਦੁੱਖ-ਸੁੱਖ ਆਪਣੇ ਬਜ਼ੁਰਗ ਦੋਸਤ ਕਰਨਲ ਸਵਾਮੀ ਨਾਲ ਸਾਂਝੇ ਕਰਦਾ ਹੈ। ਕਰਨਲ ਬਹੁਤ ਜ਼ਿੰਦਾਦਿਲ ਇਨਸਾਨ ਹੈ ਜੋ ਭਾਵੇਂ ਅੰਦਰੋਂ ਟੁੱਟਿਆ ਹੋਇਆ ਹੈ ਪਰ ਆਲੇ-ਦੁਆਲੇ ਹਾਸੇ ਵੰਡਦਾ ਰਹਿੰਦਾ ਹੈ। ਉਹ ਗ਼ਰੀਬ ਬੱਚਿਆਂ ਨੂੰ ਪੜ੍ਹਾਉਂਦਾ ਹੈ, ਹੋਰਾਂ ਦੇ ਅੱਥਰੂ ਪੂੰਝਦਾ ਹੈ ਅਤੇ ਆਪਣੇ ਦੁੱਖਾਂ ਦਾ ਅਹਿਸਾਸ ਕਿਸੇ ਨੂੰ ਨਹੀਂ ਹੋਣ ਦਿੰਦਾ। ਆਖ਼ਰ ਇਕੱਲਾ ਹੀ ਉਹ ਦਿਲ ਦੇ ਦੌਰੇ ਨਾਲ ਮਰ ਜਾਂਦਾ ਹੈ ਪਰ ਉਸ ਦੇ ਬੱਚਿਆਂ ਕੋਲ ਇਸ ਦੀ ਕ੍ਰਿਆ ਕਰਮ ਕਰਨ ਦਾ ਵੀ ਸਮਾਂ ਨਹੀਂ। ਬਹੁਤੇ ਬਜ਼ੁਰਗ ਪਿਆਰ ਅਤੇ ਸਤਿਕਾਰ ਵਿਹੂਣੇ ਹੀ ਦੁਨੀਆ ਤੋਂ ਤੁਰ ਜਾਂਦੇ ਹਨ। ਉਨ੍ਹਾਂ ਦੇ ਬੱਚਿਆਂ ਦੀ ਅੱਖ ਸਿਰਫ ਉਨ੍ਹਾਂ ਦੇ ਪੈਸੇ ਅਤੇ ਜਾਇਦਾਦ 'ਤੇ ਹੁੰਦੀ ਹੈ। ਬੱਚੇ ਉਨ੍ਹਾਂ ਦੇ ਆਚਰਣ 'ਤੇ ਵੀ ਸ਼ੱਕ ਕਰਦੇ ਹਨ। ਅੰਤਾਂ ਦੀ ਪੀੜ, ਇਕਲਾਪੇ ਅਤੇ ਉਦਾਸੀ ਦੇ ਮਾਰੇ ਹੋਏ ਬਜ਼ੁਰਗ ਇਸ ਤਰ੍ਹਾਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਰਹੇ ਹਨ। ਇਹ ਨਾਵਲ ਸਾਨੂੰ ਝੰਜੋੜ ਕੇ ਵੱਡਿਆਂ ਪ੍ਰਤੀ ਸੁਚੇਤ ਕਰਦਾ ਹੈ। ਇਸ ਨਾਵਲ ਤੋਂ ਸਭ ਨੂੰ ਸੇਧ ਲੈਣੀ ਬਣਦੀ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

12-01-2020

ਸਮੱਧ ਖੇੜਾ
ਲੇਖਕ : ਹਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98143-65265.

ਇਕ ਤਲਖ਼ ਹਕੀਕਤ ਪੰਜਾਬ ਦੇ ਕਰੀਬ ਹਰੇਕ ਖੇਤਰ ਵਿਚ ਆਮ ਹੀ ਵਰਤਦੀ ਹੈ ਕਿ ਮੂਲ ਨਿਵਾਸ ਨੂੰ ਛੱਡ ਕੇ ਹੋਰ ਕਿਤੇ ਜਾਂ ਵਿਦੇਸ਼ਾਂ 'ਚ ਵਸਣ ਵਾਲੇ ਦੇ ਆਪਣੇ ਹੀ ਉਨ੍ਹਾਂ ਦੀ ਮੂਲ ਜਾਇਦਾਦ 'ਤੇ ਹੜੱਪੂ ਨਾਗ ਕੁੰਡਲੀ ਮਾਰਨ ਵਿਚ ਕੋਈ ਕਸਰ ਨਹੀਂ ਛੱਡਦੇ | ਪਰ ਲੇਖਕ ਨੇ ਮੋਗੇ ਜ਼ਿਲ੍ਹੇ ਦੇ ਪਿੰਡ ਸਮੱਧ ਖੇੜਾ ਰਾਹੀਂ ਇਸ ਰਿਸਦੇ ਦਰਦ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ | ਇਸ ਨਾਵਲ ਦੀ ਕਹਾਣੀ ਮੁਤਾਬਿਕ ਸ਼ੇਰ ਸਿੰਘ ਤੇ ਵੀਰ ਸਿੰਘ ਇਕੋ ਮਾਂ ਦੇ ਜਾਏ ਸਨ | ਵੀਰੂ ਮਲੇਸ਼ੀਆ ਜਾ ਵਸਿਆ ਤੇ ਸ਼ੇਰਾ ਵੀਰੂ ਦੇ ਹਿੱਸੇ ਦੀ ਪੈਲੀ ਵੀ ਵਾਹੁਣ ਲੱਗ ਪਿਆ | ਅੱਗੋਂ ਸ਼ੇਰਾ ਦਾ ਮੁੰਡਾ ਸ਼ਾਮੀ ਇਸ ਪੈਲੀ ਆਪਣੀ ਮਾਲਕੀ ਹੀ ਸਮਝੀ ਬੈਠਾ ਸੀ ਪਰ ਜਦ ਵੀਰੂ ਦੇ ਮੁੰਡੇ ਬਹਾਲ ਸਿੰਘ ਨੇ ਆਣ ਸਿਰ ਕੱਢਿਆ ਤਾਂ ਸ਼ਾਮੀ ਨੇ ਉਤੋਂ ਪੂਰੀ ਚਲਾਕੀ ਨਾਲ 'ਸੱਜਣ ਠੱਗ' ਵਾਲੀ ਖ਼ਾਤਰਦਾਰੀ ਕਰਕੇ ਰਾਤ ਨੂੰ ਮਾਰ ਖਪਾਣ ਦੀ ਅਸਫ਼ਲ ਕੋਸ਼ਿਸ਼ ਕੀਤੀ | ਬਚ-ਬਚਾ ਕੇ ਨਿਕਲੇ ਬਹਾਲ ਸਿੰਘ ਨੇ ਵਾਪਸ ਵਤਨ ਕੀ ਆਉਣਾ ਸੀ, ਸਗੋਂ ਆਪਣੇ ਬੱਚਿਆਂ ਨੂੰ ਭੁੱਲ ਕੇ ਵੀ ਪੰਜਾਬ ਨਾ ਵੜਨ ਦੀ ਹਦਾਇਤ ਕਰਕੇ ਜਹਾਨੋਂ ਤੁਰ ਗਿਆ | ਇਧਰ ਸ਼ਾਮੀ ਦੀ ਅਗਲੇਰੀ ਔਲਾਦ ਵਿਚ ਉਜੜ ਗਿਆਂ ਦੀ ਪੈਲੀ 'ਤੇ ਕਬਜ਼ਾ ਕਰਨ ਦੀ ਐਸੀ ਆਪਸੀ ਹੋੜ ਲੱਗੀ ਕਿ 'ਲੁੱਟ ਦਾ ਮਾਲ ਡਾਂਗਾ ਦੇ ਗਜ' ਚਲਣੇ ਸ਼ੁਰੂ ਹੋ ਗਏ |'
ਪਰ ਸਮੇਂ ਦਾ ਹਲਟ ਪੁੱਠਾ ਗਿੜਨ ਨਾਲ 'ਕੰਬਲ ਦੇ ਭੁਲੇਖੇ ਜਦ ਰਿੱਛ ਨੂੰ ਜੱਫਾ' ਪੈ ਗਿਆ ਜਾਣੀ ਕਾਨੂੰਨ ਦੇ ਰਾਖਿਆਂ ਦਾ ਟੋਕਾ ਚਲਣਾ ਸ਼ੁਰੂ ਹੋ ਗਿਆ | ਚੋਰਾਂ ਨੂੰ ਮੋਰ | ਛੋਟੇ ਰੁਤਬੇ ਵਾਲਾ ਭਿ੍ਸ਼ਟਾਚਾਰੀ ਆਪਣੇ ਸ਼ਿਕੰਜੇ ਫਸੇ ਵੱਡੇ ਰੁਤਬੇ ਦੇ ਭਿ੍ਸ਼ਟਾਚਾਰੀਆਂ ਦੀਆਂ ਪੂਰੀਆਂ ਨੱਕ ਨਾਲ ਲਕੀਰਾਂ ਕਢਵਾ ਦੇਣੀਆਂ | ਮੋਮੋ ਠੱਗੀ ਦੀ ਚਾਲ ਚੱਲ ਕੇ ਆਪਸੀ ਸਮਝੌਤੇ ਕਰਦਿਆਂ ਉਨ੍ਹਾਂ ਵਿਦੇਸ਼ੀਆਂ (ਜੋ ਆਪਣਾ ਹਿੱਸਾ ਖ਼ੁਦ ਆਪਣੇ ਕਰੀਬੀਆਂ ਦੇ ਸਪੁਰਦ ਕਰਨ ਤੇ ਹੋਰ ਸਮਾਜ ਸੇਵਾ ਲਈ ਦਾਨ ਕਰਨ ਦੀ ਤਰਜੀਹ ਖ਼ਾਤਰ ਆਉਂਦੇ ਹਨ) ਨਾਲ ਵਿਸ਼ਵਾਸਘਾਤ ਕਰਨਾ ਇਸ ਨਾਵਲ ਦਾ ਚੀਸ ਭਰਿਆ ਸਿਖਰ ਹੋ ਨਿਬੜਦਾ ਹੈ |' ਸਮੱਧ ਖੇੜਾ'ਨਾਵਲ ਇਹ ਸਾਰਥਿਕ ਸੰਦੇਸ਼ ਪਹੁੰਚਾਉਣ 'ਚ ਵੀ ਪੂਰਾ ਸਫ਼ਲ ਹੋਇਆ ਹੈ |

—ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
c c c

ਬਦਲਦੇ ਦੌਰ ਦਾ ਸਫ਼ਰ
ਸ਼ਾਇਰਾ : ਸੰਦੀਪ ਕੌਰ ਸੋਖਲ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94658-10524.

'ਬਦਲਦੇ ਦੌਰ ਦਾ ਸਫ਼ਰ' ਸੰਦੀਪ ਕੌਰ ਸੋਖਲ ਦਾ ਨਵਾਂ ਕਾਵਿ-ਸੰਗ੍ਰਹਿ ਹੈ | ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਜ਼ਿੰਦਗੀ ਦੀ ਤੋਰ ਹਮੇਸ਼ਾ ਹੀ ਇਕਸਾਰ ਨਹੀਂ ਰਹਿੰਦੀ, ਸਗੋਂ ਬਦਲਦੀ ਰਹਿੰਦੀ ਹੈ ਅਤੇ ਜ਼ਿੰਦਗੀ ਦੀ ਇਸ ਪੈੜ ਚਾਲ ਦੇ ਨਾਲ-ਨਾਲ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਵੀ ਬਦਲਦੀਆਂ ਹਨ | ਇਹ ਬਦਲਾਅ ਜੇਕਰ ਹਾਂ-ਵਾਚੀ ਹੋਵੇ ਤਾਂ ਸਮਾਜ ਸਵਰਗ ਬਣ ਸਕਦਾ ਹੈ ਪਰ ਜੇਕਰ ਇਹੀ ਬਦਲਾਅ ਨਾਂਹ-ਵਾਚੀ ਹੋਵੇ ਤਾਂ ਸਮਾਜ ਗਿਰਾਵਟ ਵੱਲ ਚਲਾ ਜਾਂਦਾ ਹੈ | ਸੰਦੀਪ ਕੌਰ ਸੋਖਲ ਨੇ ਆਪਣੇ ਇਸ ਕਾਵਿ-ਸੰਗ੍ਰਹਿ ਵਿਚ ਸਮਾਜ ਦੀਆਂ ਉਨ੍ਹਾਂ ਢਾਹੂ ਅਤੇ ਮਾਨਵਤਾ ਮਾਰੂ ਕਿਰਿਆਵਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨਾਲ ਸਮੁੱਚੀ ਮਾਨਵਤਾ ਹੀ ਉਦਾਸੀ ਭਰੇ ਗ਼ਮਗੀਨ ਵਾਤਾਵਰਨ ਵਿਚ ਜਿਊ ਰਹੀ ਹੈ | ਮਿਸਾਲ ਵਜੋਂ ਸਾਡੇ ਸਮਾਜ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਸਵਾਰਥ ਦੀ ਪ੍ਰਧਾਨਤਾ ਹੋਣ ਕਰਕੇ ਇਕ ਕੁੜੱਤਣ ਭਰਿਆ ਵਰਤਾਰਾ ਵਰਤ ਰਿਹਾ ਹੈ | ਦੋਗਲੇ ਕਿਰਦਾਰ ਵਾਲੇ ਵਿਅਕਤੀ ਆਪਣਾ ਉੱਲੂ ਸਿੱਧਾ ਕਰ ਰਹੇ ਹਨ ਅਤੇ ਮਨੁੱਖੀ ਹਮਦਰਦੀ ਦੀ ਸੰਵੇਦਨਸ਼ੀਲਤਾ ਆਪਾ ਗੁਆ ਰਹੀ ਹੈ ਜਿਵੇਂ ਸ਼ਾਇਰਾ ਲਿਖਦੀ ਹੈ :
ਆਪਣੇ ਮਨੋਰੰਜਨ ਲਈ ਲੋਕੀਂ
ਪਤਾ ਨੀ ਕੀ-ਕੀ ਕਰਦੇ ਨੇ
ਕਿਸੇ ਨੂੰ ਦੁੱਖ ਦਿੰਦੇ ਨੇ
ਕਿਸੇ ਦਾ ਦੁੱਖ ਹਰਦੇ ਨੇ
ਕਿਸੇ ਦੀ ਰੋਟੀ ਖੋਂਹਦੇ ਨੇ
ਕਿਸੇ ਦਾ ਪੇਟ ਭਰਦੇ ਨੇ |
ਸ਼ਾਇਰਾ ਨੂੰ ਸਮੇਂ ਦੀਆਂ ਲੋਟੂ ਸਰਕਾਰਾਂ ਅਤੇ ਲੋਕਮਾਰੂ ਨੀਤੀਆਂ 'ਤੇ ਵੀ ਗਿਲਾ ਹੈ ਕਿਉਂਕਿ ਸਿਆਸਤਦਾਨ ਆਪਣੀ ਕੁਰਸੀ ਸਲਾਮਤ ਰੱਖਣ ਲਈ ਕੁਝ ਵੀ ਕਰ ਸਕਦੇ ਹਨ ਪਰ ਸ਼ਾਇਰਾ ਇਹੋ ਜਿਹੀ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਸਮਝਦੀ ਉਸ ਦੀ ਕਵਿਤਾ ਤਾਂ ਆਦਰਸ਼ਵਾਦੀ ਮਨੁੱਖ ਦੀ ਕਾਮਨਾ ਕਰਦੀ ਹੈ ਜੋ ਦੂਜਿਆਂ ਦੀ ਭਲਾਈ ਲਈ ਜੀਵੇ ਵੀ ਅਤੇ ਚੰਗਿਆਈ ਦੇ ਮੀਲ ਪੱਥਰ ਵੀ ਸਥਾਪਿਤ ਕਰੇ | ਉਸ ਦੀ ਕਵਿਤਾ ਦੀ ਸੁਰ ਪ੍ਰਗਤੀਵਾਦੀ ਹੈ ਅਤੇ ਸਮਾਜ ਦੀ ਅਸਾਵੀਂ ਵੰਡ ਬਾਰੇ ਵੀ ਉਹ ਨਿਧੜਕ ਪ੍ਰਤੀਕਰਮ ਪੇਸ਼ ਕਰਦੀ ਹੈ | ਅਸਲ ਵਿਚ ਉਸ ਦੀ ਕਵਿਤਾ 'ਅਮਲੀ' ਜ਼ਿੰਦਗੀ ਜਿਊਣ ਦੀ ਪ੍ਰੇਰਨਾ ਕਰਦੀ ਹੈ, ਜਿਥੇ ਭਾਸ਼ਨ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਇਕ ਕੁੜੀ ਇਕੱਲੀ
ਲੇਖਿਕਾ : ਵੀਨਾ ਵਰਮਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 425 (ਪੇਪਰ ਬੈਕ : 300 ਰੁਪਏ), ਸਫ਼ੇ : 357
ਸੰਪਰਕ : 01123280657.

ਬੇਇਨਸਾਫ਼ੀਆਂ, ਬੇਬਰਾਬਰੀਆਂ, ਬੇਕਦਰੀਆਂ ਅਤੇ ਬੇਵਸੀਆਂ ਸਾਹਮਣੇ ਹਿੱਕ ਤਾਣ ਕੇ ਖੜ੍ਹੀਆਂ ਕੁੜੀਆਂ ਦੇ ਨਾਂਅ ਲਿਖੀ ਗਈ ਵੀਨਾ ਵਰਮਾ ਦੀ ਇਹ ਕਿਤਾਬ 'ਇਕ ਕੁੜੀ ਇਕੱਲੀ' 20 ਕਹਾਣੀਆਂ ਦਾ ਸੰਗ੍ਰਹਿ ਹੈ | ਵੀਨਾ ਵਰਮਾ ਔਰਤ ਮਨ ਦੀ ਬੇਬਾਕ ਆਵਾਜ਼ ਦਾ ਨਾਂਅ ਹੈ | ਮਰਦ ਪ੍ਰਧਾਨ ਸਮਾਜ ਵਿਚ ਪਿਸ ਰਹੀ ਔਰਤ ਦੀਆਂ ਵੰਗਾਰਾਂ ਨੂੰ ਕਠੋਰ ਸ਼ਬਦਾਂ ਵਿਚ ਚਿਤਰਨ ਵਾਲੀ ਵੀਨਾ ਵਰਮਾ, ਉਨ੍ਹਾਂ ਔਰਤ ਕਹਾਣੀਕਾਰਾਂ ਵਿਚੋਂ ਹੈ ਜਿਹੜੀ ਬੋਦੀਆਂ ਕਦਰਾਂ-ਕੀਮਤਾਂ ਲਈ ਲਿਲਕ ਨਹੀਂ ਲਲਕਾਰ ਬਣਦੀਆਂ ਹਨ | ਪਰ ਇਹ ਲਲਕਾਰ, ਉਨ੍ਹਾਂ ਨਾਹਰਾਵਾਦੀਆਂ ਨਾਲੋਂ ਵੱਖਰੀ ਹੈ, ਜਿਹੜੇ ਔਰਤ ਦੇ ਮਨੋਭਾਵਾਂ ਨੂੰ ਉਨ੍ਹਾਂ ਦੀਆਂ ਪ੍ਰਸਥਿਤੀਆਂ ਅਨੁਸਾਰ ਸਮਝਣ ਦੀ ਬਜਾਏ, ਆਪਣੀ ਵਿਚਾਰਧਾਰਕ ਅਕਾਂਖਿਆਂ ਨੂੰ ਉਨ੍ਹਾਂ ਉੱਪਰ ਠੋਸ ਦਿੰਦੇ ਹਨ | 'ਮੁੱਲ ਦੀ ਤੀਵੀਂ' ਅਤੇ 'ਰਜਾਈ' ਵਰਗੀਆਂ ਬੇਬਾਕ ਕਹਾਣੀਆਂ ਦੀ ਰਚੇਤਾ ਵੀਨਾ ਵਰਮਾ ਦਾ ਇਹ ਚੌਥਾ ਸੰਗ੍ਰਹਿ ਹੈ | ਉਸ ਦੇ ਸਾਰੇ ਸੰਗ੍ਰਹਿਾਂ ਵਿਚ ਆਉਂਦੇ ਸ਼ਬਦ—ਤੀਵੀਂ, ਨੂੰ ਹ, ਧੀ ਅਤੇ ਕੁੜੀ ਸਪੱਸ਼ਟ ਸੰਕੇਤ ਕਰਦੇ ਹਨ ਕਿ ਉਹ ਔਰਤ ਦੇ ਵੱਖ-ਵੱਖ ਕਿਰਦਾਰਾਂ ਦੀ ਰਚੇਤਾ ਹੈ | ਇਹ ਸੰਗ੍ਰਹਿ ਹਨ—'ਮੁੱਲ ਦੀ ਤੀਵੀਂ, 'ਫਰੰਗੀਆਂ ਦੀ ਨੂੰ ਹ', 'ਜੋਗੀਆਂ ਦੀ ਧੀ' ਅਤੇ 'ਇਕ ਕੁੜੀ ਇਕੱਲੀ' | ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ, ਉਨ੍ਹਾਂ ਔਰਤ ਪਾਤਰਾਂ ਦੀਆਂ ਕਹਾਣੀਆਂ ਹਨ ਜਿਹੜੀਆਂ ਬਦਲ ਰਹੀ ਜ਼ਿੰਦਗੀ ਦੇ ਬਦਲ ਰਹੇ ਵਰਤਾਰਿਆਂ ਨਾਲ ਵਰ ਮੇਚ ਕੇ ਚੱਲਣ ਦਾ ਯਤਨ ਕਰਦੀਆਂ ਹੋਈਆਂ, ਸਮਾਜ ਦੀਆਂ ਜਰਜ਼ਰੀਆਂ ਕੀਮਤਾਂ ਦੇ ਪੁੜਾਂ ਵਿਚ ਪਿਸ ਰਹੀਆਂ ਹਨ ਪਰ ਹਿੰਮਤ ਨਹੀਂ ਹਾਰ ਰਹੀਆਂ | ਵੀਨਾ ਦੀ ਕਲਮ ਦਾ ਕਮਾਲ ਇਹ ਹੈ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਦੇ ਅਜਿਹੇ ਸ਼ਬਦ ਚਿੱਤਰ ਉਜਾਗਰ ਕਰਦੀ ਹੈ ਕਿ ਪਾਠਕ ਜਿਥੇ ਮੁੱਖ ਕਿਰਦਾਰ ਨਾਲ ਹਮਦਰਦੀ ਭਰਿਆ ਰਿਸ਼ਤਾ ਜੋੜ ਲੈਂਦਾ ਹੈ, ਉਥੇ ਵਿਪਰੀਤ ਪਾਤਰਾਂ ਅਤੇ ਸਮਾਜਿਕ ਹਾਲਤਾਂ ਨਾਲ ਘਿ੍ਣਾ ਦਾ ਮਨ-ਮੰਡਲ ਵੀ ਉਸਾਰ ਲੈਂਦਾ ਹੈ | ਇਹੀ ਉਸ ਦੀ ਕਹਾਣੀ ਕਲਾ ਦੀ ਖੂਬਸੂਰਤੀ ਹੈ ਜਿਹੜੀ ਉਸ ਨੂੰ ਰਵਾਇਤੀ ਕਹਾਣੀਕਾਰਾਂ ਨਾਲੋਂ ਨਿਖੇੜਦੀ ਹੈ—ਫਿਰ ਕਹਾਣੀ ਭਾਵੇਂ 'ਮੈਂ ਜੀਣਾ ਚਾਹੁੰਦਾ ਹੈ' ਹੋਵੇ, ਭਾਵੇਂ 'ਇਕ ਵਾਰੀ ਹੋਰ ਸਹੀ' ਹੋਵੇ, 'ਜਿਸਮਾਂ ਤੋਂ ਪਾਰ' ਹੋਵੇ ਜਾਂ 'ਇਕ ਕੁੜੀ ਇਕੱਲੀ' ਅਤੇ ਪਾਤਰ ਚਾਹੇ ਮੀਮੀ ਹੋਵੇ, ਚਾਹੇ ਕਮਲ ਹੋਵੇ, ਜਸਪ੍ਰੀਤ ਹੋਵੇ ਜਾਂ ਕੋਈ ਹੋਰ | ਰਿਸ਼ਤਿਆਂ ਦੀ ਪਾਕੀਜ਼ਗੀ ਕਿਵੇਂ ਜ਼ਿੰਦਗੀ ਦੀਆਂ ਕਠੋਰ ਅਵਸਥਾਵਾਂ ਅੱਗੇ ਹੀਣੀ ਹੁੰਦੀ ਹੈ ਅਤੇ ਮਨਾਂ ਦਾ ਮੋਹ ਕਿਵੇਂ ਰਿਸ਼ਤਿਆਂ ਦੇ ਜ਼ਖ਼ਮਾਂ ਲਈ ਮਰਹਮ ਵੀ ਹੋ ਸਕਦਾ ਹੈ, ਇਸ ਨੂੰ ਪਕੜਨਾ ਅਤੇ ਚਿਤਰਨਾ ਵੀਨਾ ਵਰਮਾ ਨੂੰ ਬਾਖ਼ੂਬੀ ਆਉਂਦਾ ਹੈ | ਕਠੋਰ ਸ਼ਬਦਾਂ ਨਾਲ ਸੂਖ਼ਮ ਕਹਾਣੀ ਰਸ ਉਸਾਰਨਾ ਕੋਈ ਸੌਖਾ ਕਾਰਜ ਨਹੀਂ ਹੁੰਦਾ | ਪਰ ਵੀਨਾ ਵਰਮਾ ਨੂੰ ਇਸ ਦਾ ਆਬੂਰ ਹਾਸਲ ਹੈ, ਜਿਸ ਦੀ ਮਿਸਾਲ ਹੈ ਉਸ ਦੀ ਕਹਾਣੀ 'ਟਰਾਈ' | ਸਪਨਾ ਅਤੇ ਮਿਨਾਕਸ਼ੀ ਦੀ ਵਾਰਤਾਲਾਪ ਰਾਹੀਂ ਹਰਸ਼ਵਰਧਨ ਦੇ ਪਾਤਰ ਨੂੰ ਉਸਾਰਨਾ ਅਤੇ ਸਿਖ਼ਰ 'ਤੇ ਲਿਜਾ ਕੇ ਇਕ ਅਦਭੁਤ ਮਰਦਊ ਯਥਾਰਥ ਤੋਂ ਪਰਦਾ ਚੁੱਕਣਾ, ਵੀਨਾ ਵਰਮਾ ਦੀ ਨਿਵੇਕਲੀ ਕਲਾ ਦਾ ਨਮੂਨਾ ਹੈ, ਜੋ ਉਸ ਦੀਆਂ ਕਹਾਣੀਆਂ ਵਿਚ ਅਕਸਰ ਪੇਸ਼ ਹੁੰਦਾ ਹੈ |
ਲੰਮੇ ਸਮੇਂ ਤੋਂ ਬਰਤਾਨੀਆ ਵਿਚ ਰਹਿਣ ਵਾਲੀ ਵੀਮਾ ਵਰਮਾ ਬੁਢਲਾਡੇ ਦੇ ਮਲਵਈ ਪਿਛੋਕੜ ਨੂੰ ਬੋਲੀ ਅਤੇ ਅੰਦਾਜ਼ ਰਾਹੀਂ ਜਿਊਾਦਾ ਰੱਖਦੀ ਹੋਈ ਪੰਜਾਬੀ ਪਾਤਰਾਂ ਨੂੰ , ਜਿਸ ਖੂਬਸੂਰਤੀ ਨਾਲ ਚਿਤਰਦੀ ਹੈ, ਉਹ ਉਸ ਨੂੰ ਕਹਾਣੀਧਾਰਾ ਦੀ ਮੁੱਖ ਸੁਰ ਨਾਲ ਸਹਿਜ ਹੀ ਜੋੜੀ ਰੱਖਦਾ ਹੋਇਆ, ਆਪਣੇ ਬੇਬਾਕ ਅੰਦਾਜ਼ ਕਰਕੇ ਨਿਖੇੜਦਾ ਹੈ | ਕਹਾਣੀ-ਰਸ, ਬੇਬਾਕੀ ਅਤੇ ਪਾਤਰ ਚਿਤਰਨ ਦੇ ਤਿ੍ਵੇਣੀ ਸੰਗਮ ਨੂੰ ਖੁਸ਼ਆਮਦੀਦ |

—ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812
c c c

ਡੰਡਾ ਊਾਚਾ ਰਹੇ ਹਮਾਰਾ
ਲੇਖਕ : ਡਾ: ਮੋਨੋਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 86
ਸੰਪਰਕ : 094191-39906.

'ਡੰਡਾ ਊਾਚਾ ਰਹੇ ਹਮਾਰਾ' ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਡਾ: ਮੋਨੋਜੀਤ ਦਾ ਨਵਾਂ ਵਿਅੰਗ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 12 ਵਿਅੰਗ ਲੇਖ ਸ਼ਾਮਿਲ ਕੀਤੇ ਹਨ | ਡਾ: ਮੋਨੋਜੀਤ ਆਪਣੇ ਪਾਠਕਾਂ ਨੂੰ ਉਸ ਗਲੇ-ਸੜੇ ਸਮਾਜ ਦੀ ਤਸਵੀਰ ਦਿਖਾਉਂਦਾ ਹੈ, ਜਿਸ ਦੀਆਂ ਰਹੁ ਰੀਤਾ ਬੋਸੀਦਾ ਹੋ ਚੁੱਕੀਆਂ ਹਨ | ਭਿ੍ਸ਼ਟਾਚਾਰ ਤੇ ਬੇਇਮਾਨੀ ਜਿਸ ਦਾ ਧਰਮ ਬਣ ਚੁੱਕਿਆ ਹੈ | ਉਸ ਦਾ ਕਿਰਦਾਰ ਤੇ ਗੁਫ਼ਤਾਰ ਦੋਗਲਾ ਹੋ ਗਿਆ ਹੈ | ਮਨੁੱਖ-ਮਨੁੱਖ ਨਾ ਰਹਿ ਕੇ ਪਸ਼ੂ ਬਣਦਾ ਜਾ ਰਿਹਾ ਹੈ | ਸਮੇਂ ਦੇ ਉਲਟ-ਫੇਰ ਨਾਲ ਸਮਾਜ 'ਚੋਂ ਜੋ ਹੋ ਰਿਹਾ ਹੈ, ਉਸ ਦਾ ਅਕਸ ਉਹ ਆਪਣੇ ਲੇਖਾਂ ਵਿਚਪੇਸ਼ ਕਰਨ ਦਾ ਯਤਨ ਕਰਦਾ ਹੈ | ਇਨ੍ਹਾਂ ਲੇਖਾਂ ਵਿਚ ਬਨਾਵਟੀ ਰਾਸ਼ਟਰਵਾਦ, ਵਿਖਾਊ ਦੇਸ਼ ਭਗਤੀ, ਗਊ ਪ੍ਰਤੀ ਸਾਡੀ ਦੋਗਲੀ ਨੀਤੀ ਤੇ ਨੇਤਾਵਾਂ ਦੀਆਂ ਗਿਰਗਟੀ ਚਾਲਾਂ ਦੇ ਵੇਰਵੇ ਦਰਜ ਕੀਤੇ ਗਏ ਹਨ | ਡਾ: ਮੋਨੋਜੀਤ ਸ਼ਬਦਾਂ ਦਾ ਵਲ ਫੇਰ ਨਾਲ ਵੀ ਵਿਅੰਗ ਪੈਦਾ ਕਰਦਾ ਹੈ | ਭਾਸ਼ਾ ਦੀ ਵਕਰੋਕ੍ਰਿਤੀ ਰਾਹੀਂ ਸੁਹਣਾ ਵਿਅੰਗ ਸਿਰਜਿਆ ਜਾ ਸਕਦਾ ਹੈ | ਜਿਵੇਂ ਇਸ ਪੁਸਤਕ ਦਾ ਲੇਖ 'ਡੰਡਾ ਊਾਚਾ ਰਹੇ ਹਮਾਰਾ' ਨੂੰ ਹੀ ਲੈ ਲਉ | ਅਸੀਂ ਆਪਣੀ ਦੇਸ਼ ਭਗਤੀ ਦਾ ਮੁਜ਼ਾਹਰਾ ਕਰਨ ਵੇਲੇ 'ਝੰਡਾ ਊਾਚਾ ਰਹੇ ਹਮਾਰਾ' ਦਾ ਨਾਅਰਾ ਲਾਉਂਦੇ ਹਾਂ | ਪਰ ਡੰਡੇ ਦੀ ਥਾਂ ਡੰਡਾ ਕਰ ਦੇਣ ਨਾਲ ਹੀ ਵਿਅੰਕ ਪੈਦਾ ਹੋ ਗਿਆ ਹੈ | ਉਹੋ ਜਿਹੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਇਸ ਪੁਸਤਕ 'ਚੋਂ ਲੱਭੀਆਂ ਜਾ ਸਕਦੀਆਂ ਹਨ |
ਉਸ ਕੋਲ ਵਿਟ ਅਤੇ ਤਰਕ ਦੋ ਸ਼ਕਤੀਆਂ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਵਿਅੰਗ ਸਿਰਜਦਾ ਹੈ | ਉਹ ਹਰ ਬਿਮਾਰੀ ਨੂੰ ਸਰਜਨ ਵਾਂਗ ਤਰਕ ਦੀ ਕਸਵੱਟੀ 'ਤੇ ਪਰਖਦਾ ਨਜ਼ਰੀਂ ਪੈਂਦਾ ਹੈ | ਉਸ ਦੀ ਭਾਸ਼ਾ ਸ਼ੈਲੀ ਸਰਲ ਤੇ ਰਸਦਾਰ ਹੈ | ਇਸੇ ਲਈ ਉਸ ਦੇ ਵਿਅੰਗ ਲੇਖਾਂ ਨੂੰ ਪੜ੍ਹ ਕੇ ਅਨੰਦ ਵੀ ਆਉਂਦਾ ਹੈ ਤੇ ਅਕਲ ਵੀ | ਚੰਗੇ ਵਿਅੰਗ ਦੀ ਇਹੋ ਪਛਾਣ ਹੁੰਦੀ ਹੈ |

—ਕੇ. ਐਲ. ਗਰਗ
ਮੋ: 94635-37050
c c c

ਲੰਡਨ ਲਾਹੌਰ ਵਰਗਾ ਏ
ਮੂਲ ਲੇਖਕ : ਜਮੀਲ ਅਹਿਮਦ ਪਾਲ
ਲਿੱਪੀਅੰਤਰ ਕਰਤਾ :
ਮਹਿੰਦਰ ਬੇਦੀ ਜੈਤੋ

ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 125 ਰੁਪਏ, ਸਫ਼ੇ : 95
ਸੰਪਰਕ : 94177-30600.

ਹਥਲਾ ਸਫ਼ਰਨਾਮਾ ਪੰਜਾਬੀ ਭਾਸ਼ਾ, ਪੰਜਾਬੀਆਂ ਦੀ ਸੱਭਿਆਚਾਰਕ ਚੇਤਨਾ ਅਤੇ ਵਿਦੇਸ਼ਾਂ ਵਿਚ ਪੰਜਾਬੀਅਤ ਦੀ ਪਛਾਣ ਦਾ ਸਮੂਹਿਕ ਦਰਪਣ ਹੈ | ਮੂਲ ਲੇਖਕ ਜਮੀਲ ਅਹਿਮਦ ਪਾਲ ਜਿਹੜਾ ਕਿ ਲਾਹੌਰ ਵਿਚ ਉੱਚ ਸਿੱਖਿਆ ਦੇ ਪੰਜਾਬੀ ਪ੍ਰਾਅਧਿਆਪਕ ਵਜੋਂ ਸੇਵਾ ਨਿਭਾਅ ਰਿਹਾ ਸੀ, ਉਹ 2001 ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਲੰਡਨ ਵਿਖੇ ਆਯੋਜਿਤ ਪੰਜਾਬੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਹਿੱਤ ਆਪਣੇ ਕਰੀਬੀ ਪਾਕਿਸਤਾਨੀ ਉੱਘੇ ਸਾਹਿਤਕਾਰਾਂ ਜਿਨ੍ਹਾਂ ਵਿਚ ਫਖਰ ਜ਼ਮਾਨ, ਅੱਬਾਸ ਨਜ਼ਮੀ, ਰਿਜਵਾਨ ਅਤੇ ਰਾਵਲ ਰਾਠ ਆਦਿ ਪ੍ਰਮੁੱਖ ਹਨ ਦੇ ਸਾਥ ਵਿਚ ਲੰਡਨ ਲਈ ਜਾਂਦਾ ਹੈ, ਦਾ ਵਿਸਤਾਰਪੂਰਵ ਵਰਣਨ ਅੱਠ ਕਾਂਡਾਂ ਵਿਚ ਕੀਤਾ ਗਿਆ ਹੈ |
ਪਾਕਿਸਤਾਨ ਵਿਚੋਂ ਜਾਣ ਸਮੇਂ ਜਿਹੜੀਆਂ ਮੁਸ਼ਕਿਲਾਂ ਅੰਬੈਸੀ ਵਿਚ ਆਉਂਦੀਆਂ ਹਨ ਅਤੇ ਉਨ੍ਹਾਂ ਦਾ ਹੱਲ ਕਿਵੇਂ ਸੰਭਵ ਹੁੰਦਾ ਹੈ, ਢੁੱਕਵੀਆਂ ਅਤੇ ਬੇਲੋੜੀਆਂ ਪੁੱਛਾਂ-ਗਿੱਛਾਂ ਕਿਵੇਂ ਹੁੰਦੀਆਂ ਹਨ ਦਾ ਕਹਾਣੀ ਰਸ ਜ਼ਰੀਏ ਵਰਣਨ ਕੀਤਾ ਹੈ | ਲੇਖਕ ਦੇ ਸਾਥੀ ਅਤੇ ਲੇਖਕ ਵੱਖ-ਵੱਖ ਹਵਾਈ ਅੱਡਿਆਂ 'ਤੇ ਵਿਭਿੰਨ ਦੇਸ਼ਾਂ ਦੇ ਲੋਕਾਂ ਦੇ ਚਿਹਰਿਆਂ ਤੋਂ, ਉਨ੍ਹਾਂ ਦੇ ਵਿਚਰਨ, ਖਾਣ-ਪੀਣ ਅਤੇ ਪਹਿਰਾਵੇ ਤੋਂ ਜਿਸ ਕਦਰ ਪ੍ਰਭਾਵਿਤ ਹੁੰਦੇ ਹਨ ਜਾਂ ਅਚੰਭਿਤ ਹੁੰਦੇ ਹਨ, ਦਾ ਵਿਵਰਣ ਠੇਠ ਮੁਹਾਵਰੇਦਾਰ ਪੰਜਾਬੀ ਵਿਚ ਕੀਤਾ ਹੈ ਜਿਸ ਨੂੰ ਲਿੱਪੀ-ਅੰਤਰਕਾਰ ਮਹਿੰਦਰ ਬੇਦੀ ਜੈਤੋ ਨੇ ਬਾਖੂਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ | ਲੰਡਨ 'ਚ ਵਸਦੇ ਪੰਜਾਬੀਆਂ, ਬਰਤਾਨਵੀਆਂ, ਚੀਨੀਆਂ, ਯਹੂਦੀਆਂ ਆਦਿ ਲੋਕਾਂ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੀ ਕਾਰਜਸ਼ੀਲਤਾ ਵਿਚਲੇ ਅਨੁਸ਼ਾਸਨ ਨੂੰ ਲੇਖਕ ਨੇ ਬਾਰੀਕੀ ਨਾਲ ਪਛਾਣਿਆ ਹੈ | ਸਫ਼ਾਰਤਖਾਨਿਆਂ, ਪੱਬਾਂ, ਸ਼ਰਾਬਖਾਨਿਆਂ, ਬਾਗ਼ਾਂ-ਬਗੀਚਿਆਂ, ਪੁਲਾਂ ਅਤੇ ਬਾਜ਼ਾਰਾਂ ਦਾ ਵਰਣਨ ਕਰਦਿਆਂ ਲੇਖਕ ਨੇ ਪਾਠਕਾਂ ਨੂੰ ਕੀਲ੍ਹ ਕੇ ਬੰਨ੍ਹ ਲੈਣ ਦੀ ਸਮਰੱਥਾ ਦਾ ਇਜ਼ਹਾਰ ਕੀਤਾ ਹੈ |
ਬਰਤਾਨੀਆਂ ਦੇ ਸੱਤ ਵੱਡੇ ਸ਼ਹਿਰ, ਥੇਮਜ਼ ਦਰਿਆ ਅਤੇ ਉਸ ਉੱਤੇ ਬਣੇ ਪੁਲ ਦਾ ਜੋ ਬਿ੍ਤਾਂਤ ਦਿੱਤਾ ਹੈ ਉਹ ਸੱਚਮੁੱਚ ਵਿਲੱਖਣ ਜਾਣਕਾਰੀ ਹੈ | ਲੇਖਕ ਨੂੰ ਜਿਸ ਤਰ੍ਹਾਂ ਉਸ ਦੇ ਹੱਡੀਂ ਰਚਿਆ ਹੋਇਆ ਲਾਹੌਰ, ਅੰਮਿ੍ਤਸਰ ਅਤੇ ਜਲੰਧਰ ਆਦਿ ਥਾਵਾਂ ਦੀ ਪੰਜਾਬੀ ਭਾਸ਼ਾ ਪ੍ਰਤੀ ਸਨੇਹ ਹੈ ਉਸੇ ਤਰ੍ਹਾਂ ਦਾ ਉਸ ਨੂੰ ਅਹਿਸਾਸ ਲੰਡਨ ਦੇ ਪੰਜਾਬੀ ਲੋਕਾਂ ਦੁਆਰਾ ਬੋਲੀ ਜਾਂਦੀ ਪੰਜਾਬੀ ਭਾਸ਼ਾ ਵਿਚੋਂ ਪ੍ਰਾਪਤ ਹੋਇਆ ਹੈ | ਲੇਖਕ ਨੂੰ ਮਹਿਸੂਸ ਨਹੀਂ ਹੋਇਆ ਕਿ ਉਹ ਬੇਗਾਨਗੀ ਦੇ ਹਸ਼ਰ ਵਿਚ ਹੈ ਸਗੋਂ ਉਸ ਦੀ ਆਭਾ ਹੈ ਕਿ ਉਹ ਮੁੜ ਲੰਡਨ ਜਾ ਕੇ ਵੇਖਣੋ ਰਹਿ ਗਈਆਂ ਥਾਵਾਂ, ਸੰਸਥਾਵਾਂ ਅਤੇ ਲੋਕਾਂ ਵਿਚ ਮੁੜ ਵਿਚਰ ਸਕੇ |

—ਡਾ: ਜਗੀਰ ਸਿੰਘ ਨੂਰ
ਮੋ: 98142-09732
c c c

ਮਿੱਟੀ ਨਾ ਫਰੋਲ ਜੋਗੀਆ
ਕਵੀ : ਚੰਨ ਬੋਲ਼ੇਵਾਲੀਆ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 98785-56130.

'ਮਿੱਟੀ ਨਾ ਫਰੋਲ ਜੋਗੀਆ' ਕਾਵਿ ਸੰਗ੍ਰਹਿ 'ਚ ਕਵੀ ਚੰਨ ਬੋਲ਼ੇਵਾਲੀਆ ਦੀਆਂ 75 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਗੀਤ ਹਨ | ਕਵੀ ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ-ਪ੍ਰਤੀਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭੋਲੇ-ਭਾਲੇ ਲੋਕਾਂ ਦੀ ਅਖੌਤੀ ਬਾਬਿਆਂ ਹੱਥੋਂ ਕੀਤੀ ਜਾ ਰਹੀ ਲੁੱਟ ਤੋਂ ਡਾਹਢਾ ਚਿੰਤਤ ਹੈ | ਉਸ ਨੂੰ ਭਿ੍ਸ਼ਟ ਰਾਜਨੀਤਕ ਵਰਤਾਰੇ ਤੋਂ ਸਖ਼ਤ ਘਿ੍ਣਾ ਹੈ ਅਤੇ ਅੱਜਕਲ੍ਹ ਦੇ ਬਨਾਉਟੀ ਅਤੇ ਮਤਲਬੀ ਰਿਸ਼ਤੇ ਮਿੱਠਾ ਜ਼ਹਿਰ ਲੱਗਦੇ ਹਨ | ਅਜੋਕੇ ਸਮਾਜ 'ਚ ਧੀਆਂ ਦੀਆਂ ਪੀੜਾਂ ਅਤੇ ਦਰਦਾਂ ਦਾ ਦਿ੍ਸ਼ ਚਿਤਰਨ ਕਰਦਾ ਕਵੀ ਲਿਖਦਾ ਹੈ :
ਬਾਬਲ ਦੇ ਘਰ ਝਿੜਕਾਂ, ਸਹੁਰੇ ਮਾਰਾਂ ਨੇ |
ਪੈਰ-ਪੈਰ 'ਤੇ ਸੂਲਾਂ, ਕੰਡੇ, ਖਾਰਾਂ ਨੇ |
ਸਭ ਪੀੜਾਂ ਜਰ ਜਾਣ, ਇਨ੍ਹਾਂ ਕੜੀਆਂ ਦਾ ਕੀ ਏ |
ਕਵੀ ਨੂੰ ਸ਼ਹਿਰ ਦਾ ਬਸ਼ਿੰਦਾ ਬਣ ਕੇ ਆਪਣੇ ਗਰਾਂ ਦਾ ਹੇਰਵਾ ਸਤਾਉਂਦਾ ਹੈ | ਪਿੱਪਲ, ਬੋਹੜਾਂ ਦੀਆਂ ਸੰਘਣੀਆਂ ਛਾਵਾਂ, ਸਰ੍ਹੋਂ ਦੇ ਸਾਗ, ਮੱਕੀ ਦੀਆਂ ਰੋਟੀਆਂ ਦੀ ਖਿੱਚ ਸੀਨੇ ਧੂਹ ਪਾਉਂਦੀ ਹੈ | ਇਸ ਕਾਵਿ ਸੰਗਿ੍ਹ ਦੀਆਂ ਕਾਵਿ ਰਚਨਾਵਾਂ 'ਚ ਸੱਜਣਾਂ ਦੇ ਵਿਛੋੜਿਆਂ ਦੀ ਚੀਸ, ਬਿਰਧ ਆਸ਼ਰਮਾਂ 'ਚ ਰੁਲਦੇ ਮਾਪਿਆਂ ਦੀ ਚਿੰਤਾ, ਭਰ ਜੁਆਨੀ 'ਚ ਗੁਜ਼ਰੇ ਪੁੱਤ ਦਾ ਗ਼ਮ, ਕੁੱਖਾਂ 'ਚ ਕਤਲ ਹੋ ਰਹੀਆਂ ਧੀਆਂ ਦੀ ਪੀੜ, ਕਰਜ਼ੇ ਦੇ ਬੋਝ ਥੱਲੇ ਖ਼ੁਦਕੁਸ਼ੀਆਂ ਦੇ ਰਾਹ ਤੁਰੇ ਕਿਸਾਨ ਦੀ ਬੇਵਸੀ ਝਲਕਦੀ ਹੈ | ਭਿ੍ਸ਼ਟ ਨਿਜ਼ਾਮ ਦੀ ਹਨੇਰ ਗਰਦੀ ਅਤੇ ਕਿਸਾਨਾਂ-ਮਜ਼ਦੂਰਾਂ, ਕਿਰਤੀ ਲੋਕਾਂ ਦੀ ਲੁੱਟ-ਖਸੁੱਟ ਿਖ਼ਲਾਫ਼ ਸੁਚੇਤ ਕਰਦਾ ਕਵੀ ਲਿਖਦਾ ਹੈ :
ਹਾਲੀ ਤਾਂ ਮੇਰੇ ਖੇਤਾਂ 'ਚ ਟਾਵੀਂ-ਟਾਵੀਂ ਹਰਿਆਲੀ ਏ |
ਹੈ ਅਜੇ ਆਖ਼ਰੀ ਸਾਹਾਂ 'ਤੇ, ਏਥੋਂ ਦਾ ਹਾਲੀ-ਪਾਲੀ ਏ |
ਏਥੋਂ ਦੇ ਕਿਰਤੀ-ਕਾਮੇ ਦਾ, ਜਦ ਸਾਹ ਟੁੱਟੂ ਤਾਂ ਜਾਗਾਂਗੇ |
ਕਵੀ ਚੰਨ ਬੋਲ਼ੇਵਾਲੀਆ ਦੀਆਂ ਕਾਵਿ ਰਚਨਾਵਾਂ ਜਿੱਥੇ ਵਿਸ਼ਾ-ਵਸਤੂ ਅਤੇ ਰੂਪਕ ਪੱਖ ਤੋਂ ਖ਼ੂਬਸੂਰਤੀ ਦਾ ਪ੍ਰਮਾਣ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ, ਉਥੇ ਇਨ੍ਹਾਂ ਰਚਨਾਵਾਂ 'ਚ ਰਵਾਨਗੀ ਵੀ ਕਾਬਲੇ ਜ਼ਿਕਰ ਹੈ |

—ਮਨਜੀਤ ਸਿੰਘ ਘੜੈਲੀ
ਮੋ: 98153-91625
c c c

ਕਾਲੀ ਗੁਫ਼ਾ
ਲੇਖਕ : ਸੁਰਜੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 98553-71313.

ਨਾਮਵਰ ਆਲੋਚਕ ਤੇ ਬਹੁਪੱਖੀ ਲੇਖਕ ਦੀ ਇਹ ਪੁਸਤਕ ਉਸ ਦਾ ਤੀਸਰਾ ਕਹਾਣੀ ਸੰਗ੍ਰਹਿ ਹੈ | ਵੱਖ-ਵੱਖ ਵੰਨਗੀਆਂ ਦੀਆਂ 20 ਕਿਤਾਬਾਂ ਹੁਣ ਤੱਕ ਛਪ ਚੁੱਕੀਆਂ ਹਨ | ਹਥਲੀ ਪੁਸਤਕ ਵਿਚ 11 ਬਿਹਤਰੀਨ ਕਹਾਣੀਆਂ ਹਨ | ਆਰੰਭ ਵਿਚ ਲੇਖਕ ਨੇ ਸਪੱਸ਼ਟ ਲਿਖਿਆ ਹੈ ਕਿ ਇਹ ਕਹਾਣੀਆਂ ਮੈਨੂੰ ਚੰਗੀਆਂ ਲੱਗਦੀਆਂ ਹਨ ਪਰ ਇਹ ਜ਼ਰੂਰੀ ਨਹੀਂ ਕਿ ਮੇਰੇ ਪਾਠਕਾਂ ਤੇ ਆਲੋਚਕਾਂ ਨੂੰ ਵੀ ਮੇਰੇ ਵਾਂਗ ਚੰਗੀਆਂ ਲੱਗਣ | ਕਹਾਣੀਆਂ ਪੜ੍ਹਨ 'ਤੇ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਸਾਹਮਣੇ ਆਉਂਦੇ ਹਨ | ਲੇਖਕ ਕੋਲ ਮੱਨੁਖੀ ਮਨੋਵਿਗਿਆਨ ਦਾ ਤਿੱਖਾ ਅਨੁਭਵ ਹੈ | ਖ਼ਾਸ ਕਰਕੇ ਔਰਤ ਮਨੋਵਿਗਿਆਨ, ਔਰਤ ਦਾ ਵਿਆਹ ਬਾਹਰੇ ਸੰਬੰਧ ਬਣਾਉਣ ਪਿੱਛੇ ਮਰਦ ਦੀ ਜ਼ਿੰਮੇਵਾਰੀ ਦੀਆਂ ਕਈ ਪਰਤਾਂ ਲੇਖਕ ਫਰੋਲਦਾ ਹੈ | ਪਤੀ ਦੀ ਥਾਂ ਪ੍ਰੇਮੀ ਨੂੰ ਤਰਜੀਹ ਦੇਣ ਵਾਲੀ ਔਰਤ ਦੀ ਖ਼ੂਨੀ ਪ੍ਰਵਿਰਤੀ ਕਹਾਣੀਆਂ ਵਿਚ ਹੈ (ਕਾਲੀ ਗੁਫਾ, ਦੂਜੀ ਖ਼ੁਦਾਈ, ਕੁਸ਼ੈਲੀ ਜ਼ਿੰਦਗੀ) ਦੇ ਪਾਤਰ ਇਸ ਕਿਸਮ ਦੇ ਹਨ | 'ਪਿੰਡ ਦੀ ਮੌਤ' ਦਾ ਫ਼ੌਜੀ ਪਿੰਡ ਦਾ ਸਰਪੰਚ ਬਣਨ ਲਈ ਤਰਲੋਮਛੀ ਹੁੰਦਾ ਹੈ | ਪਤਨੀ ਦੇ ਰੋਕਣ ਦੇ ਬਾਵਜੂਦ ਸਰਪੰਚ ਬਣ ਕੇ ਅਨਾੜੀਪੁਣੇ ਵਿਚ ਹਦੋਂ ਵੱਧ ਖ਼ਰਚ ਕਰ ਕੇ ਝੁੱਗਾ ਚੌੜ ਕਰਵਾ ਬਹਿੰਦਾ ਹੈ | 'ਪਰੇਤ' ਵਿਚ ਪਤੀ ਜਾਤੀਵਾਦ ਦਾ ਸ਼ਿਕਾਰ ਹੈ | ਹਸਪਤਾਲ 'ਚ ਬਿਮਾਰ ਪਿਆ ਹੈ ਪਰ ਪਤਨੀ ਵਿਚਾਰੀ ਨੂੰ ਗੱਲ-ਗੱਲ ਤੇ ਗੰਦੀਆਂ ਗਾਲ੍ਹਾਂ ਕੱਢਦਾ ਹੈ | ਪੜ੍ਹੀ ਲਿਖੀ ਅਧਿਆਪਕ ਪਤਨੀ ਇਹੋ ਜਿਹੇ ਦੇ ਲੜ ਲੱਗ ਕੇ ਪਛਤਾਉਂਦੀ ਹੈ | ਕਹਾਣੀ ਵਿਚ ਉਹ ਆਪਣੀ ਚੁੰਬਕੀ ਸ਼ਖ਼ਸੀਅਤ ਤੇ ਪਤੀ ਦੀ ਪਰੇਤ ਵਰਗੀ ਸ਼ਕਲ ਦੀ ਤੁਲਨਾ ਵਾਲੇ ਵਾਕ ਮਨਬਚਨੀ ਦੀ ਵਧੀਆ ਮਿਸਾਲਾਂ ਹਨ (ਪੰਨਾ 141) | ਕਹਾਣੀਆਂ ਦੁਖਦਾਈ ਸ਼ਵਾਲ, ਭਰਵੀਂ ਫ਼ਸਲ ਵਿਚ ਘਟਨਾਵਾਂ ਦੇ ਤਿੱਖੇ ਮੋੜ ਹਨ | ਗ਼ਰੀਬ ਕਿਰਤੀ ਧੱਕੇ ਖਾਂਦੇ ਹਨ ਤੇ ਅਖੀਰ ਅੱਤਵਾਦੀ ਬਣ ਜਾਂਦੇ ਹਨ | ਪੰਜਾਬ ਦੇ ਕਾਲੇ ਦਿਨਾਂ ਦੀ ਕਹਾਣੀ 'ਮੌਤ ਵੱਡੀ ਚੀਜ਼ ਨਹੀਂ' ਪੜ੍ਹ ਕੇ ਰੌਾਗਟੇ ਖੜ੍ਹੇ ਹੋ ਜਾਂਦੇ ਹਨ | 'ਕੁੰਡੀ' ਵਿਚ ਜੁਗਾੜੀ ਸਿਆਸਤ ਦੀ ਦਿਲਚਸਪ ਤਸਵੀਰ ਹੈ |

—ਪਿ੍ੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
c c c

 

11-01-2020

 ਹਿੰਦੁਸਤਾਨ ਦੇ ਸੁਲਤਾਨ
ਲੇਖਕ : ਨੂਰ ਮੁਹੰਮਦ ਨੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 328
ਸੰਪਰਕ : 98555-51359.

ਨੂਰ ਮੁਹੰਮਦ ਨੂਰ 1990 ਤੋਂ ਗ਼ਜ਼ਲ ਲਿਖ ਰਿਹਾ ਹੈ। ਬੀਤੇ 5-6 ਸਾਲ ਤੋਂ ਉਸ ਨੇ ਵਾਰਤਕ ਦੇ ਖੇਤਰ ਵਿਚ ਪੈਰ ਪਸਾਰੇ ਹਨ ਅਤੇ ਪਸਾਰੇ ਵੀ ਤੇਜ਼ੀ ਨਾਲ ਹਨ। ਇਸਲਾਮ ਧਰਮ, ਵਿਰਸੇ, ਸੱਭਿਆਚਾਰ ਉੱਤੇ ਉਸ ਦਾ ਅਧਿਐਨ ਖਾਸਾ ਵਿਸ਼ਾਲ ਹੈ। ਉਰਦੂ ਭਾਸ਼ਾ 'ਤੇ ਉਸ ਦੀ ਪਕੜ ਹੈ। ਇਸ ਕਰਕੇ ਪਰਸ਼ੀਅਨ ਲਿੱਪੀ ਵਿਚ ਪ੍ਰਾਪਤ ਪ੍ਰਾਥਮਿਕ ਸ੍ਰੋਤਾਂ ਤੱਕ ਜਿਸ ਆਸਾਨੀ ਨਾਲ ਉਹ ਪਹੁੰਚ ਸਕਦਾ ਹੈ, ਉਹ ਯੋਗਤਾ ਸਾਡੀ ਨਵੀਂ ਪੀੜ੍ਹੀ ਦੇ ਪੰਜਾਬੀਆਂ ਕੋਲ ਬਹੁਤ ਵਿਰਲੀ ਹੈ। ਅੰਗਰੇਜ਼ੀ ਤੇ ਪੰਜਾਬੀ ਦਾ ਉਸ ਦਾ ਗਿਆਨ ਵੀ ਭਰੋਸੇਯੋਗ ਹੈ। ਇਸ ਲਈ ਉਹ ਨਿੱਠ ਕੇ ਨਵੇਂ-ਨਵੇਂ ਵਿਸ਼ਿਆਂ 'ਤੇ ਲਿਖਣ ਲੱਗਾ ਹੈ ਅਤੇ ਉਸ ਦੀਆਂ ਲਿਖਤਾਂ ਨੂੰ ਪੰਜਾਬੀ ਦੇ ਸੂਝਵਾਨ ਪਾਠਕ ਵਰਗ ਨੇ ਉਨ੍ਹਾਂ ਵਿਚ ਪ੍ਰਾਪਤ ਸਮਗਰੀ ਦੀ ਨਵੀਨਤਾ ਤੇ ਵਖਰੇਪਨ ਕਾਰਨ ਖੁੱਲ੍ਹੇ ਦਿਲ ਨਾਲ ਸਵੀਕ੍ਰਿਤੀ ਦਿੱਤੀ ਹੈ। ਹਿੰਦੁਸਤਾਨ ਦੇ ਸੁਲਤਾਨ ਪੁਸਤਕ ਭਾਰਤ ਦੇ ਇਤਿਹਾਸ ਬਾਰੇ ਖਾਸੀ ਮੁੱਲਵਾਨ ਅਤੇ ਨਵੀਂ ਜਾਣਕਾਰੀ ਵਾਲੀ ਉਸ ਦੀ ਨਵੀਂ ਕਿਤਾਬ ਹੈ।
ਨੂਰ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਨੇ ਆਪਣੇ ਹਿਤਾਂ ਲਈ ਦੇਸ਼ ਵਿਚ ਹਿੰਦੂ ਮੁਸਲਮਾਨਾਂ ਨੂੰ ਪਾੜਿਆ ਤੇ ਸੰਪਰਦਾਇਕ ਵਿਰੋਧਾਂ ਨੂੰ ਹਵਾ ਦਿੱਤੀ। ਸਵਾਲ ਹੈ ਕਿ ਅੱਜ ਤਾਂ ਦੇਸ਼ ਵਿਚ ਅੰਗਰੇਜ਼ ਨਹੀਂ। ਹਕੀਕਤ ਇਹ ਹੈ ਕਿ ਸੰਪਰਦਾਇਕ ਪੱਧਰ ਉੱਤੇ ਜਿੰਨਾ ਜ਼ਹਿਰੀਲਾ ਮਾਹੌਲ ਅੱਜ ਹੈ, ਏਨਾ ਕਦੇ ਵੀ ਨਹੀਂ ਸੀ ਹੋਇਆ। ਅੰਗਰੇਜ਼ ਤਾਂ ਸੰਪਰਦਾਇਕ ਪਾੜੇ ਲੁਕ-ਛਿਪ ਕੇ ਪਾਉਂਦੇ ਹੋਣਗੇ, ਅੱਜ ਤਾਂ ਦੇਸ਼ ਵਿਚ ਗੱਜ ਵੱਜ ਕੇ ਸ਼ਰ੍ਹੇਆਮ ਫ਼ਿਰਕੂ ਨਫ਼ਰਤ ਫੈਲਾਈ ਜਾ ਰਹੀ ਹੈ। ਨੂਰ ਨੂੰ ਹੀ ਨਹੀਂ, ਸਮੂਹ ਪੰਜਾਬੀਆਂ ਤੇ ਭਾਰਤੀਆਂ ਨੂੰ ਇਸ ਬਾਰੇ ਫ਼ਿਕਰ ਕਰਕੇ ਇਸ ਸਥਿਤੀ ਨੂੰ ਸੁਧਾਰਨ ਲਈ ਯਤਨ ਕਰਨੇ ਪੈਣਗੇ। ... ਖੈਰ ਨੂਰ ਨੇ ਇਸ ਕਿਤਾਬ ਵਿਚ ਮੁਹੰਮਦ ਬਿਨ ਕਾਸਮ (716 ਈ:) ਤੋਂ ਲੈ ਕੇ ਇਸਲਾਮ ਸ਼ਾਹ ਸੂਰੀ (1553) ਤੱਕ 23 ਮੁਸਲਮਾਨ ਸੁਲਤਾਨਾਂ ਦੇ ਜੀਵਨ ਸੰਘਰਸ਼ ਤੇ ਰਾਜ ਕਾਜ ਨਾਲ ਜਾਣ-ਪਛਾਣ ਕਰਵਾਈ ਹੈ। ਉਸ ਨੇ ਇਹ ਵੀ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਇਨ੍ਹਾਂ ਸੁਲਤਾਨਾਂ ਦੀ ਸੋਚ ਸੰਪਰਦਾਇਕ ਜ਼ਹਿਰ ਤੋਂ ਪਾਕ ਸੀ। ਇਹ ਲੋਕ ਹਿਤੂ ਸੁਲਤਾਨ ਸਨ ਜੋ ਹਿੰਦੂ, ਮੁਸਲਮਾਨ ਵਿਚ ਮਜ਼ਹਬੀ ਆਧਾਰ 'ਤੇ ਵਿਤਕਰਾ ਨਹੀਂ ਕਰਦੇ ਸਨ। ਉਹ ਬੁੱਤ ਪ੍ਰਸਤ ਨਹੀਂ ਸਨ ਪਰ ਬੁੱਤ ਜਾਂ ਮੰਦਰ ਤੋੜਨਾ ਉਨ੍ਹਾਂ ਦੇ ਸੁਭਾਅ ਦਾ ਅੰਗ ਨਹੀਂ ਸੀ। ਗੌਰੀ, ਗਜ਼ਨੀ, ਦਾਸ, ਤੁਗਲਕ, ਖਿਲਜੀ, ਲੋਧੀ ਤੇ ਸੂਰੀ ਵੰਸ਼ਾਂ ਦੇ ਮੁੱਖ ਸੁਲਤਾਨਾਂ ਬਾਰੇ ਇਸ ਬਿਰਤਾਂਤ ਵਿਚ ਕਈ ਕੁਝ ਵੱਖਰਾ ਅਤੇ ਨਵਾਂ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮਨ ਪਰਦੇਸੀ
ਲੇਖਕ : ਗੁਰਭਜਨ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 104
ਸੰਪਰਕ : 98726-31119.

ਪ੍ਰੋ: ਗੁਰਭਜਨ ਗਿੱਲ ਲਈ ਜੀਵਨ ਦਾ ਇਕ ਮਕਸਦ ਪਾਠਕਾਂ ਨਾਲ ਨਿਰੰਤਰ ਸੰਵਾਦ ਰਚਾਈ ਰੱਖਣਾ ਵੀ ਹੈ। ਜਦੋਂ ਵੀ ਉਹ ਆਹਤ ਜਾਂ ਅਚੰਭਿਤ ਹੁੰਦਾ ਹੈ ਤਾਂ ਉਸ ਦੇ ਮਨ-ਮਸਤਿਕ ਵਿਚ ਸਿਰਜਣਾਤਮਕ ਤਰੰਗਾਂ ਜਾਗ੍ਰਿਤ ਹੋ ਜਾਂਦੀਆਂ ਹਨ ਅਤੇ ਹੌਲੀ-ਹੌਲੀ ਨਿਰਾਕਾਰ ਤੋਂ ਆਕਾਰਯੁਕਤ ਹੋ ਜਾਂਦੀਆਂ ਹਨ। ਲਿਖਣਾ ਅਤੇ ਬੋਲਣਾ (ਸੁਣਨਾ ਵੀ), ਮਨੁੱਖ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ। ਗੁਰੂ ਸਾਹਿਬਾਨ ਨੇ ਵੀ ਇਹੋ ਦ੍ਰਿੜ੍ਹਾਇਆ ਸੀ ਕਿ ਜਦ ਤੱਕ ਜੀਂਦੇ ਹੋ, ਕੁਝ ਸੁਣੋ, ਕੁਝ ਕਹੋ। ਅਸੀਂ ਗਿੱਲ ਸਾਹਿਬ ਦੇ ਧੰਨਵਾਦੀ ਹਾਂ ਕਿ ਨਾ ਕੇਵਲ ਉਹ ਆਪਣੇ ਮਨੋਭਾਵਾਂ ਨੂੰ ਬਲਕਿ ਸਮੂਹ ਪੰਜਾਬੀਆਂ ਦੇ ਮਨਾਂ ਵਿਚ ਉੱਠਣ ਵਾਲੇ ਭਾਵਾਂ ਨੂੰ ਵੀ ਨਿਰੰਤਰ ਜ਼ਬਾਨ ਦਿੰਦਾ ਰਿਹਾ ਹੈ। 'ਮਨ ਪਰਦੇਸੀ' ਉਸ ਦੀਆਂ ਗ਼ਜ਼ਲਾਂ ਦਾ ਪੰਜਵਾਂ ਸੰਗ੍ਰਹਿ ਹੈ। ਹੁਣ ਤੱਕ ਉਹ ਲਗਪਗ 700 ਗ਼ਜ਼ਲਾਂ ਦੀ ਸਿਰਜਣਾ ਕਰ ਚੁੱਕਾ ਹੈ, ਜੋ ਆਪਣੇ-ਆਪ ਵਿਚ ਇਕ ਮਾਨਮੱਤੀ ਪ੍ਰਾਪਤੀ ਹੈ। ਪ੍ਰੋ: ਗਿੱਲ ਦੀਆਂ ਗ਼ਜ਼ਲਾਂ ਦਾ ਇਕ ਖਾਸਾ ਇਹ ਵੀ ਹੈ ਕਿ ਗ਼ਜ਼ਲ ਦੇ ਮਾਧਿਅਮ ਦੁਆਰਾ ਉਹ ਖ਼ੁਦਨੁਮਾਈ (ਆਤਮ-ਪ੍ਰਦਰਸ਼ਨ) ਨਹੀਂ ਕਰਦਾ ਹਾਲਾਂਕਿ ਉਸ ਦੇ ਬਹੁਤੇ ਸਮਕਾਲੀ ਸ਼ਾਇਰ ਇੰਜ ਕਰਦੇ ਰਹਿੰਦੇ ਹਨ। ਸ਼ਾਇਦ ਉਨ੍ਹਾਂ ਨੂੰ ਆਤਮ-ਭਰੋਸਾ ਨਹੀਂ ਹੁੰਦਾ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਵਿਚ ਪੰਜਾਬ ਦੇ ਸੱਚੇ-ਸੁੱਚੇ ਸੱਭਿਆਚਾਰ ਦੀ ਪੇਸ਼ਕਾਰੀ ਹੋਈ ਹੈ। ਕੁਝ ਅਸ਼ਆਰ ਦੇਖੋ :
ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ।
ਮਾਣ ਕਰੋ ਨਾ ਐਵੇਂ ਤੇਗਾਂ ਤੀਰਾਂ ਦੇ।
ਗੁੜ ਦੇ ਚੌਲ ਨਿਆਜ ਖਾਣ ਨੂੰ ਤਰਸੇ ਹਾਂ,
ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।
ਮੱਝੀਆਂ ਦੀ ਥਾਂ ਮਾਪਿਆਂ ਨੂੰ ਅੱਜ ਚਾਰ ਰਹੇ
ਫਿਰਦੇ ਵੱਗ ਅਵਾਰਾ ਰਾਂਝੇ ਹੀਰਾਂ ਦੇ।
ਅਜੋਕੇ ਮਨੁੱਖ ਦੇ ਸੰਸੇ ਅਤੇ ਖੌਫ਼ ਵੀ ਉਸ ਦੀਆਂ ਇਨ੍ਹਾਂ ਗ਼ਜ਼ਲਾਂ ਦੀ ਭਾਵ-ਸਮਗਰੀ ਬਣੇ ਹਨ। ਅਨਿਸਚਤਾ ਅਤੇ ਬੇਚੈਨੀ ਦੇ ਇਸ ਦੌਰ ਵਿਚ ਕੋਈ ਵੀ ਮਨੁੱਖ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਉਹ ਹਰ ਸਮੇਂ ਕੋਈ ਨਾ ਕੋਈ ਬਾਨ੍ਹਣੂ ਬੰਨ੍ਹਦਾ ਰਹਿੰਦਾ ਹੈ। ਹਰ ਬੰਦਾ 'ਹੁਣ' ਵਿਚ ਜੀਣਾ ਭੁੱਲ ਹੀ ਗਿਆ ਹੈ। ਸਿੱਟੇ ਵਜੋਂ ਮਨੁੱਖੀ ਜੀਵਨ ਕੋਈ ਸੌਗਾਤ ਨਹੀਂ ਰਿਹਾ ਬਲਕਿ ਇਕ ਬੋਝ ਬਣ ਗਿਆ ਹੈ। ਕਵੀ ਅਜੋਕੇ ਮਨੁੱਖ ਦੀ ਇਸ ਤਕਲੀਫ਼ ਨੂੰ ਵੀ ਜ਼ਬਾਨ ਦਿੰਦਾ ਹੈ :
ਮਰਨ ਮਾਰਨ ਦਾ ਜੋ ਚਲਦਾ ਸਿਲਸਿਲਾ।
ਮੁੱਕ ਜਾਵਾਂਗੇ ਇਹ ਖਾਵੇ ਤੌਖ਼ਲਾ।
ਹੁਣ ਸਾਧਾਰਨ ਆਦਮੀ ਬੇਚੈਨ ਹੈ,
ਓਸ ਦੇ ਹਰ ਕਦਮ ਅੱਗੇ ਕਰਬਲਾ।
ਫ਼ਿਕਰ ਦਾ ਤਾਣਾ ਤੇ ਪੇਟਾ ਸਹਿਮ ਦਾ
ਆਦਮੀ ਏ ਤੁਰਦਾ ਫਿਰਦਾ ਮਕਬਰਾ।
ਅਜੋਕੇ ਦੌਰ ਦੀਆਂ ਅਜਿਹੀਆਂ ਪ੍ਰਮਾਣੀਕ ਝਾਕੀਆਂ ਪੇਸ਼ ਕਰਨ ਲਈ ਮੈਂ ਹਰ ਪਾਠਕ ਨੂੰ ਇਹ ਗ਼ਜ਼ਲ ਸੰਗ੍ਰਹਿ ਪੜ੍ਹਨ ਦੀ ਬੇਨਤੀ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਮਾਜ ਇਕ ਸ਼ੀਸ਼ੈ
ਲੇਖਕ : ਗੁਰਚਰਨ ਸਿੰਘ ਜ਼ਿਲੇਦਾਰ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97810-07157.

ਹਥਲੀ ਕਾਵਿ ਕਿਤਾਬ 'ਸਮਾਜ ਇਕ ਸ਼ੀਸ਼ੈ' ਤੋਂ ਪਹਿਲਾਂ ਸ਼ਾਇਰ ਗੁਰਚਰਨ ਸਿੰਘ ਜ਼ਿਲੇਦਾਰ ਚਾਰ ਕਿਤਾਬਾਂ ਪੰਜਾਬੀ ਅਦਬ ਦੀ ਝੋਲੀ ਪਾ ਚੁੱਕਾ ਹੈ। ਸ਼ਾਇਰ ਨੇ ਸਮਾਜ ਦੇ ਵਿਭਿੰਨ ਵਰਤਾਰਿਆਂ 'ਤੇ ਕਲਮ ਅਜ਼ਮਾਈ ਕੀਤੀ ਹੈ। ਨਜ਼ਮਾਂ ਰਵਾਇਤੀ ਸਟੇਜੀ ਰੰਗਣ ਦੀਆਂ ਹਨ ਜੋ ਵਿਚਾਰਧਾਰਕ ਪਕਿਆਈ ਦੀ ਮੰਗ ਕਰਦੀਆਂ ਹਨ। ਅਜਿਹੀਆਂ ਨਜ਼ਮਾਂ ਵੱਖਰੇ ਪਾਠਕ ਵਰਗ ਦੀ ਮੰਗ ਕਰਦੀਆਂ ਹਨ। ਧਾਰਮਿਕ ਕਵਿਤਾਵਾਂ ਜ਼ਿਆਦਾ ਕਰਕੇ ਸ਼ਰਧਾ ਮੂਲਕ ਹਨ ਜੋ ਤਰਕ ਦੀ ਕਸੌਟੀ ਦੀ ਮੰਗ ਕਰਦੀਆਂ ਹਨ। ਸ਼ਾਇਰ ਜਿਥੇ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ 'ਤੇ ਚਿੰਤਾ ਕਰਦਾ ਹੈ, ਉਥੇ ਕਰਜ਼ਿਆਂ ਦੇ ਝੰਬੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਤੋਂ ਕਿਨਾਰਾ ਕਰਨ ਲਈ ਸੰਘਰਸ਼ ਦੇ ਰਾਹ ਪੈਣ ਲਈ ਵੰਗਾਰਦਾ ਹੈ। ਉਹ ਲੜਕੀਆਂ ਨੂੰ ਜਦੋਂ ਵਿਦੇਸ਼ ਨਾ ਜਾਣ ਦੀ ਸਲਾਹ ਦਿੰਦਾ ਹੈ ਅਤੇ ਹੱਕਾਂ ਦੀ ਰਾਖੀ ਲਈ ਧਰਨਿਆਂ 'ਤੇ ਬੈਠੇ ਧਰਨਾਧਾਰੀਆਂ ਦੇ ਧਰਨਿਆਂ ਨੂੰ ਨਾਂਹ ਵਾਚਕ ਨਜ਼ਰੀਏ ਤੋਂ ਦੇਖਦਾ ਹੈ ਤਾਂ ਵਿਚਾਰਧਾਰਕ ਝੋਲ ਸਾਫ਼ ਨਜ਼ਰ ਆਉਂਦੀ ਹੈ। ਸ਼ਾਇਰ ਦਾ ਕੰਮ ਨਜ਼ਰ ਨੂੰ ਨਜ਼ਰੀਏ ਵਿਚ ਬਦਲਣਾ ਹੁੰਦਾ ਹੈ ਤਾਂ ਕਿ ਕਲਾਤਮਿਕ ਪ੍ਰਗਟਾਵਾ ਬਿਹਤਰ ਢੰਗ ਨਾਲ ਹੋ ਸਕੇ। ਸ਼ਾਇਰ ਉਮਰ ਦੇ ਛੇ ਦਹਾਕਿਆਂ ਦੀਆਂ ਬਹਾਰਾਂ ਮਾਣ ਚੁੱਕਿਆ ਹੈ। ਉਮਰ ਦੀਆਂ ਤਿਰਕਾਲਾਂ ਤੋਂ ਬਾਅਦ ਇਹ ਸੂਰਜ ਜੇ ਲਿਸ਼ਕੋਰ ਮਾਰ ਕੇ ਛਿਪੇਗਾ ਤਾਂ ਗਹਿਰ ਗੰਭੀਰ ਰਚਨਾਵਾਂ ਦੀ ਪਾਠਕਾਂ ਨੂੰ ਉਡੀਕ ਰਹੇਗੀ। ਕਿਤਾਬ ਦਾ ਸਰਵਰਕ ਤਾਂ ਬਹੁਤ ਹੀ ਖੂਬਸੂਰਤ ਹੈ।

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਜਦੋਂ ਤੁਰੇ ਸੀ
(ਤੇਲੀਆ ਵੱਲ)

ਲੇਖਕ : ਹਰਕੀਰਤ ਸਿੰਘ 'ਸੰਧਰ'
ਪ੍ਰਕਾਸ਼ਕ : ਆਪ
ਸਫ਼ੇ : 160
ਸੰਪਰਕ : +61431209323.

ਵਿਚਾਰ-ਗੋਚਰੀ ਦਿਲਕਸ਼ ਤੇ ਪ੍ਰਭਾਵਸ਼ਾਲੀ ਪੁਸਤਕ ਨੌਜਵਾਨ ਲੇਖਕ ਹਰਕੀਰਤ ਸਿੰਘ 'ਸੰਧਰ' ਵਲੋਂ ਲਿਖਿਆ ਗਿਆ ਸਫ਼ਰਨਾਮਾ ਹੈ, ਆਸਟਰੇਲੀਆ ਦੀ ਪਹਿਲੀ ਪੀੜ੍ਹੀ ਦੇ ਲੋਕ ਖ਼ਾਸ ਕਰ ਦੁਆਬੀਏ ਜਟਕੀ ਬੋਲੀ ਵਿਚ ਆਸਟਰੇਲੀਆ ਨੂੰ 'ਤੇਲੀਆ' ਕਹਿੰਦੇ ਮੈਂ ਸੁਣੇ ਹਨ। ਨਵੀਂ ਪੀੜ੍ਹੀ ਨਾਲ ਸਬੰਧਿਤ ਹਰਕੀਰਤ ਦੀ ਇਕ ਰੌਚਕ ਵੱਡ ਆਕਾਰੀ ਪੁਸਤਕ ਉਸ ਵਲੋਂ ਪੜ੍ਹੀਆਂ ਇਤਿਹਾਸਕ ਲਿਖਤਾਂ 'ਤੇ ਆਧਾਰਿਤ ਹੈ। ਉਸ ਅਨੁਸਾਰ ਪੰਜਾਬੀ (ਸਾਡੇ ਵੱਡ ਵਡੇਰੇ) 4000 ਸਾਲ ਪਹਿਲਾਂ ਆਸਟਰੇਲੀਆ ਜਾ ਪੁੱਜੇ। ਇਸ ਪੁਸਤਕ ਦੀ ਰਚਨਾ ਨਵੀਂ ਨਸਲ ਨੂੰ ਆਪਣੇ ਪੁਰਖਿਆਂ ਦੇ ਮਾਣ-ਮੱਤੇ ਵਿਰਸੇ ਨਾਲ ਜੋੜਨਾ ਹੈ। ਉਸ ਮੁਤਾਬਿਕ ਇਸ ਪੁਸਤਕ ਨੂੰ ਲਿਖਣ ਲਈ ਉਸ ਦੇ ਪ੍ਰੇਰਨਾ ਸ੍ਰੋਤ ਭਾਜੀ ਡਾ: ਬਰਜਿੰਦਰ ਸਿੰਘ 'ਹਮਦਰਦ' ਹਨ। ਆਸਟਰੇਲੀਆ ਬਾਰੇ ਵਡਮੁੱਲੀ ਜਾਣਕਾਰੀ, ਜਿੰਨੀ ਇਸ ਪੁਸਤਕ 'ਚੋਂ ਮਿਲਦੀ ਹੈ, ਸ਼ਾਇਦ ਹੀ ਕਿਸੇ ਹੋਰ ਤੋਂ ਮਿਲੇ। ਪੁਸਤਕ ਨੂੰ ਪੜ੍ਹਨ ਨਾਲ ਹੋਰ ਅੱਗੇ ਪੜ੍ਹਨ ਤੇ ਜਾਣਨ ਦੀ ਰੁਚੀ ਵਧਦੀ ਜਾਂਦੀ ਹੈ। ਇਹ ਇਸ ਪੁਸਤਕ ਦੀ ਖੂਬੀ ਹੈ।
ਪੁਸਤਕ ਵਿਚਲੇ ਸਾਰੇ ਲੇਖ ਸ਼ਾਨਦਾਰ ਤੇ ਮੂੰਹੋਂ ਬੋਲਦੀਆਂ ਰੰਗੀਨ ਤਸਵੀਰਾਂ ਨਾਲ ਜੁੜੇ ਹੋਏ ਹਨ। 'ਆਸਟਰੇਲੀਆ ਵਿਚ ਆਪਣੇ' ਪ੍ਰਥਮ ਲੇਖ ਹੈ ਅਤੇ ਆਸਟਰੇਲੀਆ ਬਾਰੇ ਰੌਚਕ ਤੱਥ ਇਸ ਕਮਾਲ ਦੀ ਪੁਸਤਕ ਦਾ ਛੇਕੜਲਾ ਲੇਖ ਹੈ। ਸੰਧਰ ਅਨੁਸਾਰ 'ਆਸਟਰੇਲੀਆ ਸ਼ਬਦ ਲਾਤੀਨੀ ਭਾਸ਼ਾ ਦਾ ਮੰਨਿਆ ਗਿਆ ਹੈ, ਜਿਸ ਦਾ ਅਰਥ ਹੈ ਦੱਖਣੀ ਅਣਜਾਣੀ ਧਰਤੀ '"ਆਅਰਮਅ ਛਰਚਵੀਕਗਅ :਼ਅਦ' (ਪੰਨਾ 11) ਉਸ ਅਨੁਸਾਰ, ਸਾਡੇ ਦੇਸ਼ ਨਾਲ ਉਸ ਦੇਸ਼ ਦੇ ਸਬੰਧ 4 ਹਜ਼ਾਰ ਸਾਲ ਪੁਰਾਣੇ ਹਨ। 'ਆਸਟਰੇਲੀਆ ਅੰਦਰ ਵਸਿਆ ਪੰਜ-ਆਬ' ਬਹੁਤ ਉਮਦਾ ਲੇਖ ਹੈ। 'ਕੁਈਨਜ਼ਲੈਂਡ ਇਲਾਕੇ ਵਿਚ ਇਕ ਪੰਜ ਆਬ, 142 ਸਾਲ ਪਹਿਲਾਂ ਹੀ ਬਣਾ ਕੇ ਰੱਖ ਦਿੱਤਾ ਸੀ।' (ਪੰਨਾ 17) 'ਨਵਾਂ ਤੇਲੀਆ ਪੁਰਾਣਾ ਤੇਲੀਆ' 'ਪੰਜਾਬੀ ਭਾਸ਼ਾ' 'ਪਹਿਲਵਾਨ' 'ਰੇਸ਼ਮ ਸਿੰਘ ਪਹਿਲੇ ਪਗੜੀਧਾਰੀ ਐਂਬੂਲੈਂਸ ਵਿਚ', 'ਪਹਿਲਾਂ ਸਿੱਖ ਕੌਂਸਲਰ ਪਾਲਾ ਸਿੰਘ', 'ਪਹਿਲਾ ਸਿੱਖ ਐਮ.ਪੀ.', 'ਪਹਿਲਾ ਅਖੰਡ ਪਾਠ', 'ਆਸਟਰੇਲੀਆ ਦੇ ਪਹਿਲੇ ਗੁਰਦੁਆਰੇ ਦੀ ਭਾਰਤੀ ਗ੍ਰੰਥੀ ਲੇਖ ਬਹੁਤ ਰੌਚਕ ਤੇ ਜਾਣਕਾਰੀ ਭਰਪੂਰ ਹਨ। 'ਆਸਟਰੇਲੀਆ ਦੇ ਪਹਿਲੇ ਗੁਰਦੁਆਰੇ ਦੀ ਗ੍ਰੰਥੀ ਹੋਣ ਦਾ ਮਾਣ ਬੀਬੀ ਸੁਰਜੀਤ ਕੌਰ ਜੀ (ਪਿੰਡ ਕਦਿਆਲ ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਪ੍ਰਾਪਤ ਹੋਇਆ। (ਪੰਨਾ 49) 'ਆਸਟਰੇਲੀਆ ਵਿਚ ਗੁਰਦੁਆਰੇ ਤੇ ਮੰਦਰ', 'ਆਸਟਰੇਲੀਆ ਵਿਚ ਪੰਜਾਬੀ ਅਖ਼ਬਾਰ', 'ਪੰਜਾਬੀ ਸੰਗੀਤ ਸੈਂਟਰ-ਸਿਡਨੀ' ਅਤੇ 'ਲੁਧਿਆਣੇ ਤੋਂ ਆਸਟਰੇਲੀਆ ਸਕੂਟਰ 'ਤੇ ਪੁੱਜੇ ਸਰਦਾਰ' ਸਮੇਤ ਤਸਵੀਰਾਂ ਨਾਲ ਸਜੇ ਸਾਰੇ ਹੀ ਲੇਖ ਗਹੁ ਨਾਲ ਪੜ੍ਹਨ ਵਾਲੇ ਹਨ। ਇਹ ਲੇਖ ਪਾਠਕ ਨੂੰ ਨਾਲ ਜੋੜੀ ਰੱਖਦੇ ਹਨ। ਅੰਤ ਵਿਚ ਹਵਾਲਾ ਸੂਚੀ ਹੈ।
ਹਰਕੀਰਤ ਇਸ ਅਨੂਠੀ ਰਚਨਾ ਲਈ ਬਹੁਤ ਸ਼ਲਾਘਾ ਦਾ ਪਾਤਰ ਹੈ।

ਂਤੀਰਥ ਸਿੰਘ ਢਿੱਲੋਂ
ਮੋ: 98154-61710.
ਫ ਫ ਫ

ਅੱਜ 9ਵੀਂ ਬਰਸੀ ਮੌਕੇ ਵਿਸ਼ੇਸ਼
ਅਮਰਜੀਤ ਸਿੰਘ ਕਾਂਗ ਰਚਨਾਵਲੀ
ਇਕ ਜਾਇਜ਼ਾ

ਡਾ: ਅਮਰਜੀਤ ਸਿੰਘ ਕਾਂਗ ਆਧੁਨਿਕ ਪੰਜਾਬੀ ਸਾਹਿਤ ਚਿੰਤਨ ਅਤੇ ਸਾਹਿਤ ਸਮੀਖਿਆ ਦਾ ਇਕ ਪ੍ਰੋੜ੍ਹ ਅਤੇ ਸਥਾਪਿਤ ਵਿਦਵਾਨ ਸੀ। ਉਸ ਦੇ ਸਾਹਿਤ ਅਧਿਐਨ ਦਾ ਘੇਰਾ ਬਹੁਤ ਵਿਸ਼ਾਲ ਹੈ। ਉਨ੍ਹਾਂ ਦੇ ਇਸ ਬਹੁ-ਪੱਖੀ ਅਤੇ ਬਹੁ-ਪਾਸਾਰੀ ਅਧਿਐਨ ਅਤੇ ਖੋਜ ਕਾਰਜ ਨੂੰ ਇਕਤ੍ਰਿਤ ਕਰਨ ਦਾ ਕਠਿਨ ਕਾਰਜ ਉਸ ਦੀ ਸੁਹਿਰਦ ਅਤੇ ਸੂਝਵਾਨ ਅਰਧਾਂਗਨੀ ਪ੍ਰੋਫੈਸਰ ਜਸਪਾਲ ਕੌਰ ਕਾਂਗ ਅਤੇ ਉਸ ਦੇ ਪਰਮ ਮਿੱਤਰ ਪ੍ਰੋਫੈਸਰ ਸਤੀਸ਼ ਕੁਮਾਰ ਵਰਮਾ ਵਲੋਂ ਨਿਭਾਇਆ ਗਿਆ ਅਤੇ ਆਪਣੀ ਕੁਸ਼ਲ ਸੰਪਾਦਨ ਕਲਾ ਰਾਹੀਂ ਇਸ ਨੂੰ ਇਕ ਵੱਡ-ਆਕਾਰੀ ਗ੍ਰੰਥ ਵਿਚ ਵਿਧੀਬਧ ਢੰਗ ਨਾਲ ਵਿਉਂਤਿਆ ਗਿਆ ਹੈ। ਇਹ ਵੱਡ-ਆਕਾਰੀ ਗ੍ਰੰਥ ਅਮਰਜੀਤ ਸਿੰਘ ਕਾਂਗ ਰਚਨਾਵਲੀ ਸਿਰਲੇਖ ਅਧੀਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਇਕ ਪ੍ਰਸੰਸਾਯੋਗ ਕਾਰਜ ਹੈ।
ਡਾ: ਅਮਰਜੀਤ ਸਿੰਘ ਕਾਂਗ ਇਕ ਸੁਹਿਰਦ ਇਨਸਾਨ ਹੋਣ ਦੇ ਨਾਲ-ਨਾਲ ਇਕ ਸੂਝਵਾਨ ਅਤੇ ਪ੍ਰਤਿਭਾਸ਼ਾਲੀ ਚਿੰਤਕ, ਅਧਿਆਪਕ ਅਤੇ ਖੋਜੀ ਵੀ ਸੀ। ਉਸ ਨੇ ਆਪਣੇ ਗਹਿਰ-ਗੰਭੀਰ ਅਧਿਐਨ, ਬੌਧਿਕ ਸੂਝ, ਇਕਾਗਰ ਬਿਰਤੀ, ਬਹੁ-ਅਨੁਸ਼ਾਸਨੀ ਅਤੇ ਸੰਤੁਲਿਤ ਦ੍ਰਿਸ਼ਟੀ ਰਾਹੀਂ ਪੰਜਾਬੀ ਦੇ ਮੱਧਕਾਲੀਨ ਅਤੇ ਆਧੁਨਿਕ ਸਾਹਿਤ ਦੇ ਭਾਵ-ਪ੍ਰਬੰਧ ਅਤੇ ਸੁਹਜ-ਪ੍ਰਬੰਧ ਦੇ ਅੰਤਰਵੀ ਸਾਰ ਦੀ ਦਰੁਸਤ ਪਛਾਣ ਅਤੇ ਵਿਆਖਿਆ ਕਰਨ ਦਾ ਰਿਸ਼ੀ ਕਾਰਜ ਨਿਭਾਇਆ ਹੈ। ਮੱਧਕਾਲੀ ਪੰਜਾਬੀ ਸਾਹਿਤ ਦੇ ਬਹੁਤੇ ਦੂਜੇ ਵਿਦਵਾਨਾਂ ਵਾਂਗ ਉਸ ਨੇ ਸਿਧੀ ਵਿਆਖਿਆ ਵਿਧੀ ਦੀ ਥਾਂ ਆਪਣੀ ਵਿਵੇਕਮਈ ਅਤੇ ਪੈਨੀ ਦ੍ਰਿਸ਼ਟੀ ਰਾਹੀਂ ਇਨ੍ਹਾਂ ਪਾਠਾਂ ਵਿਚ ਪ੍ਰਵੇਸ਼ ਕਰਕੇ ਇਨ੍ਹਾਂ ਦੀ ਡੂੰਘ-ਸੰਰਚਨਾ ਵਿਚ ਨਿਹਿਤ ਉਸ ਵੇਲੇ ਦੀਆਂ ਦੋ ਪਰਸਪਰ ਵਿਰੋਧੀ ਸੰਸਕ੍ਰਿਤੀਆਂ ਵਿਚਲੇ ਉਨ੍ਹਾਂ ਸਾਂਝੇ ਧਰਾਤਲਾਂ ਦੀ ਪਛਾਣ ਕਰਵਾਉਣ ਦਾ ਬਹੁ-ਮੁੱਲਾ ਕਾਰਜ ਕੀਤਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਵੱਡਆਕਾਰੀ ਅਮਰਜੀਤ ਸਿੰਘ ਕਾਂਗ ਰਚਨਾਵਲੀ ਨਿਸ਼ਚੈ ਹੀ ਇਕ ਪ੍ਰਸੰਸਾਯੋਗ ਕਾਰਜ ਹੈ, ਜਿਹੜਾ ਭਾਰਤ ਦੀ ਸਾਂਝੀ ਸੰਸਕ੍ਰਿਤੀ, ਏਕਤਾ ਅਤੇ ਸਮਤਾ ਦੀ ਚੇਤਨਾ ਜਗਾਉਣ ਵਾਲਾ ਸੀ। ਅਜਿਹਾ ਇਸ ਲਈ ਸੰਭਵ ਹੋ ਸਕਿਆ ਹੈ, ਕਿਉਂਕਿ ਉਨ੍ਹਾਂ ਦੇ ਅਧਿਐਨ, ਚਿੰਤਨ ਅਤੇ ਅਮਲੀ ਵਿਹਾਰ ਦਾ ਆਧਾਰ ਗੁਰਬਾਣੀ ਦਾ ਉਹ ਮਹਾਵਾਕ ਸੀ ਜਿਹੜਾ 'ਸਭੇ ਸਾਂਝੀਵਾਲ ਸਦਾਇਨਿ' ਦੀ ਭਾਵ-ਸੰਵੇਦਨਾ ਅਤੇ ਚੇਤਨਾ ਦਾ ਸੰਦੇਸ਼ ਦਿੰਦਾ ਹੈ।
ਮੱਧਕਾਲੀ ਪੰਜਾਬੀ ਸਾਹਿਤ ਦੇ ਅਧਿਐਨ ਮਸਲੇ ਬਾਰੇ ਉਨ੍ਹਾਂ ਦੀ ਇਹ ਧਾਰਨਾ ਬਹੁਤ ਹੀ ਸਾਰਥਕ ਹੈ ਕਿ ਇਸ ਸਾਹਿਤ ਨੂੰ ਨਵੀਆਂ ਅਨੁਸ਼ਾਸਨੀ ਅੰਤਰ-ਦ੍ਰਿਸ਼ਟੀਆਂ ਰਾਹੀਂ ਗ੍ਰਹਿਣ ਕਰਕੇ ਇਸ ਦੇ ਗੌਰਵਮਈ ਵਿਰਸੇ ਨੂੰ ਸਮਕਾਲੀ ਪ੍ਰਸੰਗਾਂ ਅਤੇ ਸਰੋਕਾਰਾਂ ਨਾਲ ਜੋੜਨ ਦੀ ਲੋੜ ਹੈ। ਦੂਜੀ ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਅਰਥਾਂ ਤੋਂ ਪਾਰ ਜਾ ਕੇ ਇਸ ਦੀਆਂ ਅੰਦਰਲੀਆਂ ਭਾਵਮਈ/ਕਲਾਤਮਕ ਸ਼ਕਤੀਆਂ ਨੂੰ ਉਜਾਗਰ ਕਰਨ ਦੀ ਹੈ। ਇਉਂ ਡਾ: ਕਾਂਗ ਨੇ ਪੰਜਾਬੀ ਸਾਹਿਤ ਅਧਿਐਨ ਲਈ ਪਰੰਪਰਕ ਸਮੀਖਿਆ ਵਿਧੀਆਂ ਦੁਆਰਾ ਪ੍ਰਚਲਿਤ ਵਿਆਖਿਆਮਈ ਤੇ ਕਾਵਿ-ਸ਼ਾਸਤਰੀ ਅਧਿਐਨ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ ਇਸ ਦੇ ਸਮੱਗਰੀ ਅਧਿਐਨ ਦਾ ਇਕ ਨਵਾਂ ਅਤੇ ਸਾਰਥਕ ਮਾਡਲ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਅਧਿਐਨ ਅਤੇ ਚਿੰਤਨ ਵਿਚ ਡਾ: ਕਾਂਗ ਦੀ ਇਹ ਦੇਣ ਬਹੁਮੁਲੀ ਅਤੇ ਚਿਰ-ਸਥਾਈ ਹੈ। ਹਥਲੀ ਪੁਸਤਕ ਦੀ ਸਮੁੱਚੀ ਸਮੱਗਰੀ ਦੇ ਕੇਂਦਰ ਵਿਚ ਡਾ: ਕਾਂਗ ਦੀ ਇਹੀ ਸੂਝ ਤੇ ਪਹੁੰਚ-ਦ੍ਰਿਸ਼ਟੀ ਕਾਰਜਸ਼ੀਲ ਹੈ, ਇਸੇ ਲਈ ਇਸ ਰਚਨਾਵਲੀ ਦਾ ਮੁੱਲ ਹੈ।
ਹਥਲਾ ਵੱਡ-ਆਕਾਰੀ ਗ੍ਰੰਥ ਅੱਠ ਉਪਭਾਗਾਂ ਵਿਚ ਵੰਡਿਆ ਗਿਆ ਹੈ। ਵੰਡ ਦਾ ਆਧਾਰ ਤਾਰਕਿਕ ਅਤੇ ਵਸਤੂ-ਭਾਵ ਅਨੁਸਾਰ ਹੈ। ਪਹਿਲੇ ਭਾਗ ਵਿਚ ਡਾ: ਕਾਂਗ ਦੀਆਂ ਅੱਠ ਪੁਸਤਕਾਂ ਦੀ ਸਮੱਗਰੀ ਦਰਜ ਕੀਤੀ ਗਈ ਹੈ। ਅਗਲੇ ਭਾਗਾਂ ਵਿਚ ਕ੍ਰਮਵਾਰ ਖੋਜ-ਪੱਤਰ ਤੇ ਲੇਖ; ਸੰਪਾਦਨ ਪੁਸਤਕਾਂ; ਭੂਮਿਕਾਵਾਂ; ਵਿਦਿਆਰਥੀਆਂ ਲਈ ਸਮੀਖਿਆ-ਸਮੱਗਰੀ; ਡਾ: ਕਾਂਗ ਦੀ ਨਿਗਰਾਨੀ ਹੇਠ ਹੋਏ ਖੋਜ ਕਾਰਜ ਦਾ ਵੇਰਵਾ; ਯਾਦਗਾਰੀ ਮੁਲਾਕਾਤਾਂ ਅਤੇ ਅੰਤ ਵਿਚ ਡਾ: ਕਾਂਗ ਦੀ ਜੀਵਨ ਯਾਤਰਾ ਦੇ ਵੇਰਵੇ ਅੰਕਿਤ ਕੀਤੇ ਗਏ ਹਨ। ਇਸ ਗ੍ਰੰਥ ਦੀ ਗੁਣਵੱਤਤਾ ਵਿਚ ਸੰਪਾਦਕਾਂ ਦੀ ਉਹ ਸਾਧਨਾ ਅਤੇ ਅਕਾਦਮਿਕ ਸੁਹਿਰਦਤਾ ਵੀ ਸਪੱਸ਼ਟ ਝਲਕਦੀ ਹੈ, ਜਿਹੜੀ ਡਾ: ਕਾਂਗ ਦੁਆਰਾ ਲਿਖੇ ਇਕ-ਇਕ ਅੱਖਰ ਤੱਕ ਦੀ ਖੋਜ ਕਰਨ ਅਤੇ ਉਸ ਨੂੰ ਇਸ ਗ੍ਰੰਥ ਵਿਚ ਸ਼ਾਮਿਲ ਕਰਨ ਲਈ ਉਤਸੁਕ ਰਹੀ ਹੈ। ਇਹ ਇਸੇ ਕਰਕੇ ਸੰਭਵ ਹੋ ਸਕਿਆ ਕਿ ਉਨ੍ਹਾਂ ਦੀਆਂ ਕੁਝ ਮੌਲਿਕ ਸਿਰਜਣਾਤਮਕ ਰਚਨਾਵਾਂ ਵੀ ਇਸ ਗ੍ਰੰਥ ਵਿਚ ਸ਼ਾਮਿਲ ਹੋ ਸਕੀਆਂ ਹਨ। ਇਹ ਰਚਨਾਵਾਂ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਦਰਸਾਉਣ ਵਾਲੀਆਂ ਹਨ। ਇਨ੍ਹਾਂ ਵਿਚ ਕੁਝ ਰੇਖਾ-ਚਿੱਤਰ, ਸੰਸਮਰਣ, ਕਵਿਤਾਵਾਂ ਅਤੇ ਡਾਇਰੀ ਦੇ ਪੰਨੇ ਹਨ, ਜਿਹੜੇ ਇਸ ਗ੍ਰੰਥ ਵਿਚ ਸ਼ਾਮਿਲ ਹਨ ਅਤੇ ਡਾ: ਅਮਰਜੀਤ ਸਿੰਘ ਕਾਂਗ ਦੀ ਬਹੁ-ਪੱਖੀ ਪ੍ਰਤਿਭਾ ਅਤੇ ਵਿਅਕਤੀਤਵ ਦੀ ਅੰਦਰੂਨੀ ਸੰਵੇਦਨਾ ਦੇ ਆਕਾਰ ਨੂੰ ਹੋਰ ਵਿਸਾਰਦੇ ਹਨ। ਆਕਾਰ ਤੇ ਭਾਵ ਪਖੋਂ ਇਹ ਵੱਡ-ਆਕਾਰੀ ਗ੍ਰੰਥ ਪੰਜਾਬੀ ਦੇ ਆਲੋਚਨਾਤਮਕ ਸਾਹਿਤ ਵਿਚ ਇਕ ਅਰਥਵਾਕ ਵਾਧਾ ਹੈ। ਮੈਂ ਜਿਥੇ ਦੋਵੇਂ ਸੰਪਾਦਕਾਂ ਦੀ ਪ੍ਰਸੰਸਾ ਕਰਦਾ ਹਾਂ, ਉਥੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਪਬਲੀਕੇਸ਼ਨ ਬਿਊਰੋ ਦੀ ਇਸ ਗੱਲ ਲਈ ਤਾਰੀਫ਼ ਕਰਦਾ ਹਾਂ ਕਿ ਉਨ੍ਹਾਂ ਦੀ ਮਿਹਨਤ ਅਤੇ ਸੁਹਜਮਈ ਸੂਝ ਨੇ ਇਸ ਗ੍ਰੰਥ ਨੂੰ ਇਕ ਸੁੰਦਰ ਦਿਖ ਪ੍ਰਦਾਨ ਕੀਤੀ ਹੈ। ਇਹ ਗ੍ਰੰਥ ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕਾਂ, ਖੋਜੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਮੁੱਲਾ ਹੈ। ਮੈਂ ਇਸ ਗ੍ਰੰਥ ਦੇ ਪੜ੍ਹੇ ਜਾਣ ਦੀ ਸਿਫ਼ਾਰਸ਼ ਕਰਦਾ ਹਾਂ।

ਂਡਾ: ਸੁਰਿੰਦਰ ਕੁਮਾਰ ਦਵੇਸ਼ਵਰ
ਮੋ: 98550-59696
ਫ ਫ ਫ

05-01-2020

ਪ੍ਰਵਾਜ਼, ਅਤੰਕੀ ਦੀ
ਲੇਖਕ : ਮੁਹਿੰਦਰ ਸਿੰਘ ਰਿਖੀ
ਪ੍ਰਕਾਸ਼ਕ : ਰਿਖੀ ਪ੍ਰਕਾਸ਼ਨ, ਜੰਮੂ
ਮੁੱਲ : 280 ਰੁਪਏ, ਸਫ਼ੇ : 136
ਸੰਪਰਕ : 099068-73045.

ਕਵੀ ਨੇ ਇਸ ਪੁਸਤਕ ਦਾ ਆਰੰਭ ਤਾਂ ਨਵੇਂ ਸਾਲ ਦੇ ਗੀਤ ਨਾਲ ਕੀਤਾ ਹੈ ਜੋ ਆਸ਼ਾਵਾਦੀ ਨਜ਼ਰੀਏ ਦਾ ਪ੍ਰਤੀਕ ਹੈ। ਕਵੀ ਦਾ ਇਹ ਨਜ਼ਰੀਆ ਇਨ੍ਹਾਂ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ ਕਿ ਡਿਗੇ ਢੱਠੇ ਨੂੰ ਉਠਾਉਣ ਦਾ ਯਤਨ ਕੋਈ ਵਿਰਲਾ ਹੀ ਕਰਦਾ ਹੈ ਪਰ ਇਕ ਕਵੀ ਮਨ ਤੋਂ ਇਹ ਆਸ ਕੀਤੀ ਜਾ ਸਕਦੀ ਹੈ। ਰਿਖੀ ਨੇ ਸਮਾਜ ਵਿਚ ਟੁੱਟਦੇ ਰਿਸ਼ਤਿਆਂ ਦੀ ਤ੍ਰਾਸਦੀ ਨੂੰ, ਭ੍ਰਿਸ਼ਟਾਚਾਰ, ਧਾਰਮਿਕ ਆਗੂਆਂ ਦੇ ਸਵਾਰਥੀ ਢੰਗ, ਪ੍ਰੇਮ-ਪਿਆਰ ਵਸਲ, ਨਿਹੋਰੇ ਜਿਹੇ ਵਿਸ਼ਿਆਂ ਨੂੰ ਕਾਵਿ ਰੂਪ ਦਿੱਤਾ ਹੈ। ਉਸ ਨੇ ਖੁੱਲ੍ਹ ਕੇ ਲਿਖਿਆ ਹੈ ਕਿ ਨੇਤਾ ਦੀ ਕੁਰਸੀ ਸਦਾ ਨਹੀਂ ਰਹਿੰਦੀ ਪਰ ਉਸ ਦੇ ਕੀਤੇ ਚੰਗੇ, ਮੰਦੇ ਕਰਮ ਸਦਾਯਾਦ ਰਹਿੰਦੇ ਹਨ ਪਰ ਅੱਜ ਦਾ ਨੇਤਾ ਤਾਂ ਭ੍ਰਿਸ਼ਟਾਚਾਰ ਦਾ ਸਿਰਾ ਹੈ (ਗੁਲਾਮ ਕਿਟਾਨੂ)। ਕਸ਼ਮੀਰ ਜਿਸ ਨੂੰ ਹੁਣ ਤੱਕ ਧਰਤੀ ਦਾ ਸਵਰਗ ਮੰਨਿਆ ਜਾਂਦਾ ਰਿਹਾ ਹੈ, ਉਥੇ ਆਤੰਕੀਆਂ ਨੇ ਜੋ ਹਾਲਾਤ ਬਣਾ ਦਿੱਤੇ ਹਨ, ਬਾਸ਼ਿੰਦਿਆਂ ਦੀ ਜੋ ਮਾੜੀ ਆਰਥਿਕ ਹਾਲਤ ਹੈ, ਕਵਿਤਾ 'ਦੁਖਾਂਤ ਕਸ਼ਮੀਰਨ ਦਾ' ਵਿਚ ਪੇਸ਼ ਕੀਤੀ ਹੈ :
ਮਲੂਕ ਜਿੰਦੜੀ ਤੇ ਸਹਿ ਰਹੀ ਹਾਂ ਮੈਂ
ਰਬਾ ਸੋਗ ਪੀੜਾਂ ਦੀ ਡਾਢੀ ਮਾਰ।
ਕਰਮ ਕਰ ਬਖ਼ਸ਼ ਦੇ ਅਸਾਂ ਕਸ਼ਮੀਰੀਆਂ ਨੂੰ
ਤੇ ਸਾਰੇ ਜਹਾਨ ਦੇ ਪਰਵਰਦੀਗਾਰ।
ਅੱਜ ਸਥਿਤੀ ਇਹ ਹੈ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਲਚ ਦੇ ਕੇ ਆਤੰਕੀ ਬਣਾਇਆ ਜਾ ਰਿਹਾ ਹੈ, ਜਿਹੜੇ ਨਹੀਂ ਮੰਨਦੇ ਉਹ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ। ਕਸ਼ਮੀਰ ਦੇ ਮਾੜੇ ਦਿਨ ਮਨੁੱਖ ਦਰ-ਦਰ ਭਟਕ ਰਿਹਾ ਹੈ।
ਕਵੀ ਨੇ ਇਨਕਲਾਬ ਦੀ ਗੱਲ ਕੀਤੀ ਹੈ, ਦੇਸ਼ ਪਿਆਰ ਦੀ ਬਾਤ ਪਾਈ ਹੈ, ਕਿਸਾਨ ਦੀ ਅਜੋਕੀ ਤਰਸਯੋਗ ਹਾਲਤ ਨੂੰ ਪੇਸ਼ ਕੀਤਾ ਹੈ। ਉਸ ਨੇ ਇਰਾਕੀ ਯੁੱਧ ਤੇ ਕਤਲੇਆਮ ਬਾਰੇ ਵੀ ਵਿਸਥਾਰ ਨਾਲ ਲਿਖ ਕੇ ਉਸ ਸਮੇਂ ਦੇ ਹਾਲਾਤ ਨੂੰ ਚਿਤਰਿਆ ਹੈ। ਉਹ ਜਾਣਦਾ ਹੈ ਕਿ ਜੇਹਾਦੀ ਮੁਸਲਮਾਨ ਨਹੀਂ ਹੋ ਸਕਦਾ, ਉਹ ਚਾਹਵਾਨ ਹੈ ਸ਼ਾਂਤੀ ਤੇ ਅਮਨ ਦਾ, ਦੇਸ਼ ਪਿਆਰ ਉਸ ਦੀ ਰਗ-ਰਗ ਵਿਚ ਸਮਾਇਆ ਹੋਇਆ ਹੈ। ਰਿਖੀ ਨੇ 'ਮਲਾਲਾ' ਬਾਰੇ ਕਵਿਤਾ ਵਿਚ ਉਸ ਦੀ ਬਹਾਦਰੀ ਤੇ ਦ੍ਰਿੜ੍ਹਤਾ ਨੂੰ ਬਾਖੂਬੀ ਉਘਾੜਿਆ ਹੈ ਤੇ ਨਾਲ ਹੀ ਧੀਆਂ ਦੀ ਪੁਕਾਰ ਨੂੰ ਵੀ ਉਲੀਕਿਆ ਹੈ ਜੋ ਜਿਊਣਾ ਚਾਹੁੰਦੀ ਹੈ, ਕੁਝ ਕਰਨਾ ਚਾਹੁੰਦੀ ਹੈ। ਏਨਾ ਹੀ ਨਹੀਂ, ਮਾਂ ਬੋਲੀ ਪੰਜਾਬੀ ਨਾਲ ਉਸ ਨੂੰ ਪਿਆਰ ਹੈ ਤੇ ਇਸ ਭਾਸ਼ਾ ਦੀ ਉਹ ਸਿਫ਼ਤ ਕਰਦਾ ਹੈ :
ਉਸ ਗੁੜ ਤੋਂ ਮਿੱਠੀ ਬੋਲੀ ਨੂੰ
ਨਹੀਂ ਬੋਲਣ ਤੋਂ ਕਦੀ ਸ਼ਰਮਾਣਾ ਹੈ।
ਕਵੀ ਨੇ ਇਲਾਹੀ ਬਾਣੀ ਦਾ ਤਰਾਨਾ ਵੀ ਲਿਖਿਆ ਹੈ ਜੋ ਸਾਡੀ ਮਾਂ-ਬੋਲੀ ਵਿਚ ਲਿਖੀ ਗਈ ਹੈ। ਕਵੀ ਦੀ ਸਮੁੱਚੀ ਰਚਨਾ ਸਮਾਜ ਦੇ ਸੁਖਾਵੇਂ, ਅਣਸੁਖਾਵੇਂ ਯਥਾਰਥ 'ਤੇ ਆਧਾਰਿਤ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਮੈਂ ਪਿਛਾਂਹ ਪਰਤਾਂਗਾ...
ਲੇਖਕ : ਤਰਸੇਮ ਰਾਣਾ
ਸੰਪਦਕਾ : ਦਲਬੀਰ ਕੌਰ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 94175-04844.

ਮੈਂ ਪਿਛਾਂਹ ਪਰਤਾਂਗਾ ਪੁਸਤਕ ਦੀ ਸੰਪਾਦਕਾ ਦਲਬੀਰ ਕੌਰ ਨੇ ਆਪਣੇ ਸਵਰਗੀ ਪਤੀ ਪ੍ਰੋ: ਤਰਸੇਮ ਰਾਣਾ ਦੀ ਨਿੱਘੀ ਮਿੱਠੀ ਯਾਦ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਪੁਸਤਕ ਰੂਪ ਵਿਚ ਕੀਤੀ ਹੈ। ਕਵੀ ਤਰਸੇਮ ਰਾਣਾ ਨੇ ਫ਼ੌਜੀ ਜੀਵਨ ਦੇ ਬਹਾਦਰੀ ਭਰੇ ਪੱਖਾਂ ਦੇ ਨਾਲ-ਨਾਲ ਇਕ ਫ਼ੌਜੀ ਜਵਾਨ ਦੀ ਆਪਣੇ ਰਿਸ਼ਤਿਆਂ, ਪਿਆਰ ਅਤੇ ਜ਼ਿੰਮੇਵਾਰੀਆਂ ਭਰੀ ਜ਼ਿੰਦਗੀ ਦੇ ਅਣਗਿਣਤ ਪਹਿਲੂਆਂ ਨੂੰ ਚਿਤਰਿਆ ਹੈ। 'ਮਾਂ ਵੱਲ ਇਕ ਖ਼ਤ' ਇਸ ਦੀ ਖੂਬਸੂਰਤ ਉਦਾਹਰਨ ਹੈ, ਜਿਥੇ ਫ਼ੌਜੀ ਜਵਾਨ ਆਪਣੀ ਬੁੱਢੀ ਮਾਂ ਤੇ ਪਰਿਵਾਰ ਨੂੰ ਮਿਲਣ ਨਹੀਂ ਜਾ ਸਕਦਾ ਹੈ। ਉਹ ਦੇਸ਼ ਦੇ ਬਾਹਰੀ ਦੁਸ਼ਮਣਾਂ ਉੱਪਰ ਤਾਂ ਨਜ਼ਰ ਰੱਖ ਰਿਹਾ ਹੈ ਪਰ ਦੇਸ਼ ਦੇ ਅੰਦਰ ਹਿੰਸਾ, ਫ਼ਿਰਕਾਪ੍ਰਸਤੀ, ਬੇਰੁਜ਼ਗਾਰੀ ਵਰਗੀਆਂ ਸਥਿਤੀਆਂ ਵੀ ਉਸ ਨੂੰ ਦੁਸ਼ਮਣ ਹੀ ਜਾਪਦੀਆਂ ਹਨ।
ਕੋਈ ਕੇਸਰੀ ਕੋਈ ਖਾਕੀ
ਕੋਈ ਲਾਲ ਕੋਈ ਚਿੱਟਾ
ਖ਼ਬਰਦਾਰ ਇਸ ਖੇਡ ਤੋਂ ਲੋਕੋ
ਰੰਗਾਂ ਦੀ ਮਰੀ ਜ਼ਮੀਰ।
(ਪੰਨਾ : 40)
ਜਦੋਂ ਤੱਕ ਕੋਈ ਸੈਨਿਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੈ, ਉਹ ਆਪਣੀਆਂ ਭਾਵਨਾਵਾਂ ਨੂੰ ਇਕ ਅਨੁਸ਼ਾਸਨ ਦੇ ਦਾਇਰੇ ਵਿਚ ਰਹਿ ਕੇ ਬਿਆਨ ਕਰਦਾ ਹੈ ਪਰ ਤਰਸੇਮ ਰਾਣਾ ਜੀ ਨੇ ਇਹ ਕਵਿਤਾਵਾਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਮਨ ਦੇ ਪ੍ਰਗਟਾਵੇ ਨਾਲ ਰਚੀਆਂ ਹਨ :
ਸੁਣਦੇ ਹਾਂ ਸਰਹੱਦ ਦੇ ਉਸ ਪਾਰ ਤੋਂ
ਚੱਲ ਰਹੀ ਹੈ ਅਣ-ਐਲਾਨੀ ਜੰਗ
... ਜਗਮਗ ਕਰਦੀਆਂ ਨੇ
ਫਿਰ ਵੀ ਕੁਰਸੀਆਂ ਇਧਰ ਵੀ ਉਧਰ ਵੀ।
(ਪੰਨਾ : 49)
ਕਵੀ ਦੀ ਕਾਵਿਕ ਭਾਸ਼ਾ ਵੀ ਉਸ ਦੇ ਫ਼ੌਜੀ ਜੀਵਨ ਵਿਚਲੇ ਦ੍ਰਿਸ਼ਟਾਂਤਾਂ ਤੋਂ ਪ੍ਰਭਾਵਿਤ ਹੈ, ਗੋਲੇ, ਬੰਬ, ਤੋਪਾਂ ਦਾ ਜ਼ਿਕਰ ਬਹੁਤ ਸਾਰੀਆਂ ਕਵਿਤਾਵਾਂ ਵਿਚ ਮਿਲਦਾ ਹੈ। ਆਪਣੇ ਪ੍ਰਾਕ੍ਰਿਤਕ, ਸਮਾਜਿਕ ਤੇ ਆਰਥਿਕ ਵਿਸ਼ਿਆਂ ਉੱਪਰ ਵੀ ਕਾਵਿ ਰਚਨਾਵਾਂ ਕੀਤੀਆਂ ਹਨ। ਇਸ ਪੁਸਤਕ ਦੀਆਂ ਕੁਝ ਰਚਨਾਵਾਂ ਜਿਵੇਂ ਮੁਕਾਬਲੇ ਦੀ ਦੌੜ, ਕਿਰਤ ਦੀ ਵੰਗਾਰ, ਬੈਠਾ ਹਾਂ ਟੀਸੀ 'ਤੇ, ਜੰਮੂ-ਕਸ਼ਮੀਰ ਦੇ ਜੰਗੀ ਮੁਹਾਜ਼ ਦੇ ਨਾਂਅ, ਮੌਨ-ਬੁੱਤ, ਸੇਵਾ-ਮੁਕਤੀ ਤੋਂ ਬਾਅਦ, ਚਲਣਾ ਹੀ ਦਸਤੂਰ, ਦੋਸਤੋ ਆਦਿ ਸਲਾਹੁਣਯੋਗ ਹਨ ਜੋ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸ ਪੁਸਤਕ ਵਿਚ ਜਿਥੇ ਮੂਲ ਲੇਖਕ ਤਰਸੇਮ ਰਾਣਾ ਜੀ ਦੀਆਂ ਕਾਵਿਕ ਭਾਵਨਾਵਾਂ ਦਾ ਪ੍ਰਗਟਾਵਾ ਹੈ, ਉਥੇ ਸੰਪਾਦਕਾ ਦਲਬੀਰ ਕੌਰ ਦੀ ਮਿਹਨਤ ਅਤੇ ਵਿਦਵਤਾ ਵੀ ਵੇਖੀ ਜਾ ਸਕਦੀ ਹੈ। ਅਜਿਹੀਆਂ ਪੁਸਤਕਾਂ ਜੀਵਨ ਅਨੁਭਵਾਂ ਦਾ ਨਿਚੋੜ ਹੁੰਦੀਆਂ ਹਨ ਜੋ ਪਾਠਕਾਂ ਦਾ ਰਾਹ ਰੁਸ਼ਨਾਉਂਦੀਆਂ ਹਨ।

ਂਪ੍ਰੋ: ਕੁਲਜੀਤ ਕੌਰ
ਫ ਫ ਫ

ਸ਼ਬਦ ਨਿਧੀ
ਸੰਕਲਨ ਕਰਤਾ ਅਤੇ ਸੰਪਾਦਕ :
ਡਾ: ਅਮਰ ਕੋਮਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 232
ਸੰਪਰਕ : 84378-73565.

ਸ਼ਬਦ ਸਾਡੇ ਜੀਵਨ ਦਾ ਆਧਾਰ ਹੈ। ਜਨਮ ਤੋਂ ਹੀ ਬੱਚੇ ਦੇ ਕੰਨ ਜੋ ਧੁਨੀਆਂ ਜਾਂ ਆਵਾਜ਼ਾਂ ਸੁਣਦੇ ਹਨ, ਉਸ ਨੂੰ ਧੁਨੀਆਤਮਕ ਸ਼ਬਦ ਕਿਹਾ ਜਾਂਦਾ ਹੈ। ਵੱਡਾ ਹੋ ਕੇ ਉਹ ਵਰਣਾਤਮਕ ਸ਼ਬਦਾਂ ਨੂੰ ਸਮਝਣ ਯੋਗ ਹੋ ਜਾਂਦਾ ਹੈ। ਸ਼ਬਦ ਦੀ ਮਹਿਮਾ ਅਸੀਮ ਹੈ। ਸ਼ਬਦ ਪਰਮਾਤਮਾ ਦਾ ਵਾਚਕ ਹੈ। ਇਸ ਵਿਚ ਗਿਆਨ ਅਤੇ ਅਰਥ ਸਮੋਏ ਹੋਏ ਹਨ। ਵਿਦਵਾਨ ਲੇਖਕ ਨੇ ਸਾਰਥਕ ਸ਼ਬਦਾਂ ਨੂੰ ਸੰਕਲਨ ਕਰਕੇ ਇਨ੍ਹਾਂ ਦੇ ਅਰਥਾਂ ਦਾ ਖਜ਼ਾਨਾ ਸਾਡੇ ਸਨਮੁੱਖ ਕੀਤਾ ਹੈ। ਗੁਰਮੁਖੀ ਦੇ ਪੈਂਤੀ ਅੱਖਰਾਂ ਦੀ ਆਰਤੀ ਉਤਾਰਦੇ ਹੋਏ ਉਸ ਨੇ ਸਾਰਥਕ ਸ਼ਬਦਾਂ ਦੇ ਪਰਿਭਾਸ਼ਿਤ ਅਰਥ ਅਤੇ ਵਿਆਖਿਆ ਸਾਡੇ ਰੂਬਰੂ ਕੀਤੀ ਹੈ। ਬਹੁਤ ਹੀ ਲਗਨ, ਮਿਹਨਤ, ਖੋਜ ਅਤੇ ਅਧਿਐਨ ਉਪਰੰਤ ਉਸ ਨੇ ਸ਼ਬਦਾਂ ਦੀ ਜੋਤ ਜਗਾਉਂਦਿਆਂ ਇਨ੍ਹਾਂ ਨੂੰ ਰਾਹ ਦਸੇਰੇ ਬਣਾਇਆ ਹੈ। ਇਹ ਸ਼ਬਦ ਸੰਦੇਸ਼ ਦਿੰਦੇ ਹਨ ਕਿ ਇਨ੍ਹਾਂ ਨੂੰ ਪਾਵਨਤਾ, ਸੁੱਚਤਾ ਅਤੇ ਸੁਚੇਤਤਾ ਨਾਲ ਵਰਤਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਮੁੱਖ ਵਿਚੋਂ ਨਿਕਲੀ ਹੋਈ ਗੁਰਮੁਖੀ ਦਾ ਸਤਿਕਾਰ ਕਰਦਿਆਂ ਆਪਣੇ ਸ਼ਬਦਾਂ ਨੂੰ ਕਦੇ ਵੀ ਨੀਵੇਂ, ਨਿਰਾਰਥਕ ਜਾਂ ਅਸ਼ਲੀਲ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਸੁੰਦਰ, ਕਲਿਆਣਕਾਰੀ, ਸੁਹਜਾਤਮਕ ਸ਼ਬਦ ਸਾਡੇ ਦਿਲਾਂ ਨੂੰ ਮਹਿਕਾਉਂਦੇ ਅਤੇ ਦਿਮਾਗਾਂ ਨੂੰ ਰੁਸ਼ਨਾਉਂਦੇ ਹਨ। ਅੱਖਰਾਂ ਦਾ ਪਰਤਾਪੀ ਰੂਪ ਹੀ ਸ਼ਬਦ ਹੈ ਅਤੇ ਸੁੰਦਰ, ਸੁਚੱਜੇ ਸ਼ਬਦ ਹੀ ਸਾਹਿਤ ਬਣਾਉਂਦੇ ਹਨ। ਸ਼ਬਦਾਂ ਰਾਹੀਂ ਹੀ ਅਸੀਂ ਆਪਣੇ ਮਨੋਭਾਵ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ। ਸੁਜਿੰਦ ਸ਼ਬਦ ਸਾਡੇ ਹਮਸਫ਼ਰ ਹਨ। ਇਨ੍ਹਾਂ ਵਿਚ ਇਤਿਹਾਸ, ਵਿਗਿਆਨ, ਸੰਗੀਤ, ਦਰਸ਼ਨ ਅਤੇ ਧਰਮ ਦੀ ਖੁਸ਼ਬੂ ਸਮੋਈ ਹੋਈ ਹੈ। ਇਹ ਕਲਾ ਅਤੇ ਮੁਹੱਬਤ ਦਾ ਸਿਰਨਾਵਾਂ ਹਨ। ਇਨ੍ਹਾਂ ਦੀ ਪਹੁੰਚ ਪ੍ਰਭੂ ਦੇ ਦੇਸ਼ ਤੱਕ ਹੈ। ਇਸ ਸੁੰਦਰ, ਨਿਵੇਕਲੀ, ਨਦਰਿ ਨਿਹਾਲੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਦਲਿਤ
ਮੂਲ ਲੇਖਕ : ਵਿਜੈ ਸੌਦਾਈ
ਅਨੁਵਾਦਕ : ਮਲਕੀਅਤ ਬਸਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 400
ਸੰਪਰਕ : 94172-81854.

'ਦਲਿਤ' ਵਿਜੈ ਸੌਦਾਈ ਰਚਿਤ ਵੱਡੇ ਕੈਨਵਸ ਦਾ ਨਾਵਲ ਹੈ। ਇਸ ਵੱਡ ਆਕਾਰੀ ਰਚਨਾ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਮਲਕੀਅਤ ਬਸਰਾ ਨੇ ਕੀਤਾ ਹੈ। 'ਦਲਿਤ' ਨਾਵਲ ਸਾਡੇ ਸਿਸਟਮ, ਰਾਜਨੀਤੀ, ਰਾਜਨੀਤਕ ਦਲਾਂ ਅਤੇ ਰਾਜਨੀਤਕ ਲੀਡਰਾਂ ਦੀ ਪੋਲ ਨੂੰ ਬਾਖੂਬੀ ਖੋਲ੍ਹਦਾ ਹੈ। ਨਾਵਲ ਪੜ੍ਹਨ ਉਪਰੰਤ ਪਤਾ ਲਗਦਾ ਹੈ ਕਿ ਕਿਸ ਤਰ੍ਹਾਂ ਦਲਿਤਾਂ ਦੇ ਨਾਂਅ ਨੂੰ ਵਰਤ ਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਆਪਣਾ ਵੋਟ ਬੈਂਕ ਮਜ਼ਬੂਤ ਕਰਦੀਆਂ ਅਤੇ ਵਧਾਉਂਦੀਆਂ ਹਨ। ਨਾਵਲ ਦੀ ਪਾਤਰ ਕਹਿੰਦੀ ਹੈ ਕਿ ਸੱਚਮੁੱਚ ਹੀ ਰਾਜਨੀਤੀ ਇਕ ਦਲਦਲ ਹੈ। ਨੈਤਿਕਤਾ, ਆਦਰਸ਼ਵਾਦ ਅਤੇ ਸਚਾਈ ਦਾ ਰਾਜਨੀਤੀ ਵਿਚ ਕੋਈ ਮੁੱਲ ਨਹੀਂ। ਨਾਵਲ ਵਿਚ ਸਪੱਸ਼ਟ ਹੈ ਕਿ ਕਿਸ ਤਰ੍ਹਾਂ ਵੱਡੇ-ਵੱਡੇ ਲੀਡਰ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਭਲੇਮਾਣਸ ਅਤੇ ਲੋਕਾਂ ਵਿਚ ਹਰਮਨ ਪਿਆਰੇ ਸਮਝੇ ਜਾਂਦੇ ਲੋਕਾਂ ਨੂੰ ਮੋਹਰੇ ਬਣਾਉਂਦੇ ਹਨ ਅਤੇ ਫਿਰ ਵੋਟ ਬੈਂਕ ਮਜ਼ਬੂਤ ਕਰਨ ਲਈ ਆਪ ਹੀ ਉਨ੍ਹਾਂ ਦੀ ਹੱਤਿਆ ਕਰਵਾ ਦਿੰਦੇ ਹਨ ਅਤੇ ਆਪ ਹੀ ਹਤਿਆਰਿਆਂ ਦੀ ਹਮਾਇਤ ਕਰਦੇ ਹਨ। ਦਲਿਤ ਕੌਣ ਹੈ? ਇਹ ਕਿਸ ਦੁਆਰਾ ਬਣਾਏ ਜਾਂਦੇ ਹਨ? ਇਨ੍ਹਾਂ ਦੀਆਂ ਮਜਬੂਰੀਆਂ ਅਤੇ ਹੱਦ-ਸੀਮਾਂ ਕੀ ਹਨ? ਅਤੇ ਕਿਹੜਾ ਕਥਿਤ ਦਲਿਤ ਕਦੋਂ ਤੱਕ ਦਲਿਤ ਸ਼੍ਰੇਣੀ ਵਿਚ ਹੈ? ਆਦਿ ਪ੍ਰਸ਼ਨਾਂ ਦਾ ਉਤਰ ਵੀ ਇਸ ਨਾਵਲ ਵਿਚ ਵਰਣਿਤ ਹੈ। ਸੱਚਮੁੱਚ ਹੀ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਪੁਰਸਕ੍ਰਿਤ ਇਹ ਨਾਵਲ ਰੋਚਕ, ਸ਼ਬਦਾਵਲੀ ਸਾਧਾਰਨ, ਮੁਹਾਵਰੇਦਾਰ ਢੁਕਵੀਂ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀ ਵਿਚ ਅਨੁਵਾਦਕ ਰਚਨਾਵਾਂ ਵਿਚੋਂ ਸਿਰਮੌਰ ਰਚਨਾ ਹੈ। ਪੜ੍ਹਦੇ ਸਮੇਂ ਇਹ ਜ਼ਰਾ ਵੀ ਅਹਿਸਾਸ ਨਹੀਂ ਹੁੰਦਾ ਕਿ ਇਹ ਅਨੁਵਾਦਕ ਰਚਨਾ ਹੈ, ਸਗੋਂ ਮੂਲ ਰਚਨਾ ਹੀ ਲਗਦੀ ਹੈ। ਇਸ ਸਭ ਕਾਸੇ ਲਈ ਮਲਕੀਅਤ ਬਸਰਾ ਵਧਾਈ ਦੀ ਹੱਕਦਾਰ ਹੈ ਜਿਸ ਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਇਸ ਰਚਨਾ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਪਹਿਲਾ ਪਿਆਰ ਅਤੇ ਹੋਰ ਲੇਖ
ਲੇਖਕ : ਬਰਜਿੰਦਰ ਸਿੰਘ ਸਿੱਧੂ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 97819-43772.

30 ਦੇ ਕਰੀਬ ਲੇਖਾਂ ਦੇ ਸੰਗ੍ਰਹਿ ਵਾਲੀ ਇਸ ਪੁਸਤਕ ਵਿਚਲੇ ਲੇਖਾਂ ਦੇ ਵਿਸ਼ੇ ਜੀਵਨ ਦੇ ਹਰੇਕ ਪੱਖ ਨੂੰ ਆਪਣੇ ਕਲੇਵਰ ਵਿਚ ਲੈਂਦੇ ਹਨ। ਲੇਖਕ ਆਪਣਾ ਸਮਾਂ ਭਾਰਤ ਅਤੇ ਅਮਰੀਕਾ ਵਿਚ ਗੁਜ਼ਾਰਦਾ ਹੈ, ਜਿਸ ਕਾਰਨ ਉਹ ਕਈ ਲੇਖਾਂ ਵਿਚ ਦੋਵਾਂ ਦੇਸ਼ਾ ਦੇ ਤੁਲਨਾਤਮਕ ਅਧਿਐਨ ਨੂੰ ਵੀ ਪੇਸ਼ ਕਰਦਾ ਹੈ। ਮਸਲਨ ਦੋਵਾਂ ਦੇਸ਼ਾ ਦਾ ਕੰਮ ਸੱਭਿਆਚਾਰ, ਰਹਿਣ-ਸਹਿਣ ਦੇ ਢੰਗ ਆਦਿ ਨੂੰ ਉਸ ਨੇ ਆਪਣੇ ਵਿਚਾਰਾਂ ਰਾਹੀਂ ਪ੍ਰਗਟਾਇਆ ਹੈ। ਲੇਖਕ ਦੇ ਜੀਵਨ ਅਨੁਭਵਾਂ ਨਾਲ ਸਬੰਧਿਤ ਇਨ੍ਹਾਂ ਲੇਖਾਂ ਵਿਚ ਸਾਕਾਰਾਤਮਕ ਸੇਧ ਦੇ ਨਾਲ-ਨਾਲ ਕਈ ਜਗ੍ਹਾ ਤਿੱਖਾ ਵਿਅੰਗ ਵੀ ਨਜ਼ਰ ਆਉਂਦਾ ਹੈ। ਕਿਸਾਨੀ ਸਮਾਜ ਦੀਆਂ ਸਮੱਸਿਆਵਾਂ, ਪੰਜਾਬ ਅਤੇ ਅਮਰੀਕਾ ਦੀ ਆਪਸੀ ਤੁਲਨਾ, ਦੇਸ਼ ਪਿਆਰ ਆਦਿ ਲੇਖਾਂ ਵਿਚ ਲੇਖਕ ਕਈ ਅਜਿਹੇ ਵੇਰਵੇ ਪੇਸ਼ ਕਰਦਾ ਹੈ, ਜਿਹੜੇ ਰੌਚਕ ਹੋਣ ਦੇ ਨਾਲ-ਨਾਲ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਮਾਤਾ ਦਿਵਸ, ਪਿਤਾ ਦਿਵਸ, ਖ਼ੁਦਗਰਜ਼ ਮਾਪੇ, ਭੁਰਦੇ ਖੁਰਦੇ ਰਿਸ਼ਤੇ ਨਾਤੇ ਲੇਖਾਂ ਵਿੱਚ ਲੇਖਕ ਨੇ ਅਜੋਕੇ ਸਮਾਜ ਵਿਚ ਰਿਸ਼ਤਿਆਂ ਦੀ ਘਟ ਰਹੀ ਅਹਿਮੀਅਤ ਅਤੇ ਵਧ ਰਹੇ ਸਵਾਰਥ ਬਾਰੇ ਚਰਚਾ ਕੀਤੀ ਹੈ। ਮੇਰਾ ਪਹਿਲਾ ਪਿਆਰ ਲੇਖਕ ਦੀ ਇਕ ਖੂਬਸੂਰਤ ਰਚਨਾ ਹੈ, ਜਿਸ ਵਿਚ ਉਸ ਨੇ ਕੁਦਰਤ ਨਾਲ, ਮਾਨਵੀ ਗੁਣਾ ਨਾਲ ਅਤੇ ਜੀਵਨ ਵਿੱਚ ਵਾਪਰੀ ਹਰ ਖੂਬਸੂਰਤ ਘਟਨਾ ਨਾਲ ਆਪਣੇ ਪਹਿਲੇ ਪਿਆਰ ਦੇ ਹੋਣ ਦਾ ਜ਼ਿਕਰ ਬੜੀ ਹੀ ਖੂਬਸੂਰਤੀ ਨਾਲ ਕੀਤਾ ਹੈ। ਲੇਖਕ ਦਾ ਇਹ ਪਿਆਰ ਮਹਿਜ਼ ਦੁਨਿਆਵੀਂ ਨਹੀਂ, ਸਗੋਂ ਮਨ ਦੀਆਂ ਅਵਸਥਾਵਾਂ ਨਾਲ ਜੁੜਿਆ ਹੈ। ਪਸ਼ੂ ਬਿਰਤੀ ਅਤੇ ਭੇਡਚਾਲ ਵਿਚ ਲੇਖਕ ਪਸ਼ੂ ਅਤੇ ਇਨਸਾਨੀ ਬਿਰਤੀ ਦਾ ਵਰਣਨ ਬਾਖੂਬੀ ਕਰਦਾ ਹੈ। ਬਹਾਨੇਬਾਜ਼ੀ ਨੂੰ ਲੋਕ ਕਿਸ ਤਰ੍ਹਾਂ ਆਪਣੇ ਜੀਵਨ ਵਿਚ ਹਥਿਆਰ ਬਣਾਉਂਦੇ ਹਨ, ਇਸ ਦੀ ਉਦਾਹਰਨ ਮਨ ਹਰਾਮੀ ਹੁੱਜਤਾਂ ਢੇਰ ਲੇਖ ਹੈ। ਵਿਦੇਸ਼ ਵਿਚ ਵਿਆਹ ਦੇ ਨਾਂਅ 'ਤੇ ਹੋ ਰਹੇ ਧੋਖਿਆਂ ਨੂੰ ਲੇਖਕ ਵਿਆਹ ਦੇ ਨਾਂਅ 'ਤੇ ਕਲੰਕ ਲੇਖ ਵਿਚ ਪੇਸ਼ ਕਰਦਾ ਹੈ। ਕਈ ਲੇਖਾਂ ਦੇ ਅੰਤ ਵਿਚ ਦਿੱਤੀ ਅੰਤਿਕਾ ਲੇਖ ਨੂੰ ਸਮਝਣ ਵਿਚ ਸਹਾਇਕ ਹੋਣ ਦੇ ਨਾਲ-ਨਾਲ ਸਿੱਖਿਆਦਾਇਕ ਵੀ ਹੈ। ਪੁਸਤਕ ਮਾਨਣਯੋਗ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਲਾਹ ਕੇ ਛੱਲਾ
ਕਵੀ : ਇੰਦਰਜੀਤ ਸਿੰਘ ਗਰੇਵਾਲ (ਥਰੀਕੇ)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98152-98459.

ਉਕਤ ਕਾਵਿ ਪੁਸਤਕ ਅਮਰੀਕਾ ਵਸਦੇ ਪੰਜਾਬੀ ਨੌਜਵਾਨ ਇੰਦਰਜੀਤ ਸਿੰਘ ਗਰੇਵਾਲ (ਥਰੀਕੇ) ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਹਨ। 128 ਸਫ਼ਿਆਂ ਵਿਚ ਫੈਲੀਆਂ ਇਨ੍ਹਾਂ ਕਾਵਿ ਰਚਨਾਵਾਂ ਦੀ ਕੁੱਲ ਗਿਣਤੀ 91 ਹੈ। ਜਿਥੇ ਬਹੁਤ ਭਾਵਪੂਰਤ ਅਤੇ ਸੰਵੇਦਨਸ਼ੀਲ ਕਵਿਤਾਵਾਂ ਇਕਹਿਰੇ ਸਫ਼ੇ ਉੱਤੇ ਸੁਸੱਜਿਤ ਹਨ, ਉਤੇ ਕਈ ਲੰਮੀਆਂ ਕਵਿਤਾਵਾਂ ਵੀ ਸ਼ੋਭਾਮਾਨ ਹਨ। ਆਮ ਕਰਕੇ ਵੇਖਿਆ ਗਿਆ ਹੈ ਕਿ ਸਾਡੇ ਸਟੇਜੀ ਗੀਤ ਲਿਖਣ ਵਾਲੇ ਗੀਤਕਾਰ ਬਹੁਤ ਸਤਹੀ ਗੀਤਕਾਰੀ ਤੱਕ ਚਲੇ ਜਾਂਦੇ ਹਨ। ਭਾਵੇਂ ਇੰਦਰਜੀਤ ਇਕ ਵਧੀਆ ਗੀਤਕਾਰ ਹੈ, ਉਥੇ ਸ਼ਾਨਦਾਰ ਗ਼ਜ਼ਲਾਂ ਅਤੇ ਕਵਿਤਾਵਾਂ ਸਿਰਜ ਕੇ ਉਸ ਨੇ ਆਪਣੇ-ਆਪ ਨੂੰ ਇਕ ਵਧੀਆ ਕਵੀ ਸਾਬਤ ਕੀਤਾ ਹੈ। ਉਸ ਦੇ ਗੀਤਾਂ ਤੇ ਕਵਿਤਾਵਾਂ ਵਿਚ ਸਮਾਜਿਕ ਸਰੋਕਾਰ ਹਨ। ਲੀਹੋਂ ਲੱਥੀ ਰਾਜਨੀਤੀ ਉੱਤੇ ਵੀ ਉਹ ਜੁਰਅਤ ਨਾਲ ਉਂਗਲ ਚੁੱਕਦਾ ਹੈ। ਪੰਜਾਬ ਮਾਤਾ ਤੋਂ ਦੂਰ ਵਸਦੇ ਇਸ ਕਵੀ ਨੇ ਆਪਣੀ ਮਾਂ ਬੋਲੀ ਪ੍ਰਤੀ ਕਦੇ ਬੇਮੁਖਤਾ ਨਹੀਂ ਵਿਖਾਈ। ਅਜਿਹੇ ਪੰਜਾਬੀ ਸਪੂਤਾਂ ਸਦਕਾ ਪੰਜਾਬੀ ਭਾਸ਼ਾ ਕੁੱਲ ਸੰਸਾਰ ਦੇ ਕੁੱਲ ਦੇਸ਼ਾਂ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਬੈਠੀ ਹੈ। ਗਰੇਵਾਲ (ਥਰੀਕੇ) ਲਿਖਦਾ ਹੈ :
ਇਕ ਮਾਂ ਨੇ ਪੈਦਾ ਕਰਕੇ, ਇਹ ਦੁਨੀਆ ਦਿਖਾਈ ਆ
ਦੂਜੀ ਮਾਂ ਬੋਲੀ ਪੰਜਾਬੀ, ਜਿਸ ਨੇ ਅਕਲ ਸਿਖਾਈ ਆ....
ਥਰੀਕੇ ਮਾਂ ਬੋਲੀ ਨਾ ਭੁੱਲੋ, ਏਸੇ ਵਿਚ ਵਡਿਆਈ ਆ।
ਉਸ ਨੇ ਆਪਣੇ ਚਲਾਵੇਂ ਸਟੇਜੀ ਗੀਤਾਂ ਨੂੰ ਵੀ ਫ਼ਾਹਸ਼ ਸਥਿਤੀ ਵਿਚ ਨਹੀਂ ਲਿਆਂਦਾ। ਉਸ ਦੇ ਗੀਤ ਦਾ ਇਕ ਮੁਖੜਾ ਵੇਖੋ :
ਸੋਹਣਾ ਰੰਗਰੂਪ ਤੇ ਮਾਇਆ,
ਹੋਵੇ ਮਾਪਿਆਂ ਦਾ ਸਿਰ ਸਾਇਆ,
ਭੈਣਾਂ ਭਾਈ ਤੇ ਰਿਸ਼ਤੇਦਾਰ,
ਬਈ ਰੱਬ ਤੋਂ ਵਧ ਕੇ ਜਿਗਰੀ ਯਾਰ,
ਹੋ ਮਿਲਦੇ ਭਾਗਾਂ ਵਾਲਿਆਂ ਨੂੰ,
ਸੱਚਾ ਪਿਆਰ ਸੁਚੱਜੀ ਨਾਰ.....।
ਕਵੀ ਕਵਿਤਾ ਸਬੰਧੀ ਵੀ ਆਪਣੇ ਸ਼ਿਅਰਾਂ ਵਿਚ ਭਾਵਪੂਰਤ ਗੱਲ ਕਰਦਾ ਹੈ :
ਵਿਰਲਾ ਕਵੀ ਕੋਈ ਭਰਦਾ,
ਗਾਗਰ ਦੇ ਵਿਚ ਸਾਗਰ ਆ,
ਉਂਜ ਹਰ ਇਕ ਸਿਰ ਟਿਕਾਈ
ਪਾਣੀ ਭਰ ਕੇ ਗਾਗਰ ਆ।
ਨੈਤਿਕ ਵਿਹਾਰ ਸਬੰਧੀ ਉਹ ਲਿਖਦਾ ਹੈ :
ਹਰ ਇਕ ਨੂੰ ਜੀ ਕਹਿ ਕੇ ਸਦਦਾ, ਅਤੇ ਬੁਲਾਉਂਦਾ ਜੋ
ਉਸਦਾ ਲੋਕੀਂ ਸਦਾ ਥਰੀਕੇ ਕਰਦੇ ਆਦਰ ਹੈ..........।
ਕੋਮਲ ਕੋਮਲ ਫੁੱਲਾਂ ਵਰਗੇ ਗੀਤ, ਸ਼ਿਅਰ ਅਤੇ ਕਵਿਤਾਵਾਂ ਵਿਚ ਕਵੀ ਨੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਆਰਜੂ ਕੀਤੀ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਮਮਤਾ ਦੀ ਪਿਆਸ
ਲੇਖਕ : ਰਾਮ ਸਿੰਘ ਬੀਹਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94651-96959.

ਇਸ ਸੰਗ੍ਰਹਿ ਵਿਚ ਸ਼ਾਮਿਲ ਸਾਰੀਆਂ ਕਹਾਣੀਆਂ ਹੀ ਮਾਨਵੀ ਰਿਸ਼ਤਿਆਂ ਨਾਲ ਸਬੰਧਿਤ ਹਨ। ਸ਼ਹਿਰੀ ਜੀਵਨ ਦੀ ਚਕਾਚੌਂਧ ਤੇ ਪੂੰਜੀਵਾਦ ਦੇ ਮਤਲਬੀ ਰਿਸ਼ਤਿਆਂ ਕਾਰਨ ਇਨ੍ਹਾਂ ਸਬੰਧਾਂ ਵਿਚ ਫਿੱਕ ਵੀ ਪੈਂਦੀ ਹੈ ਤੇ ਮਨੁੱਖ ਦੀ ਆਸਥਾ ਵੀ ਹਿਲਦੀ ਪ੍ਰਤੀਤ ਹੁੰਦੀ ਹੈ।
'ਮਮਤਾ ਦੀ ਪਿਆਸ' ਮਾਂ ਦੀਆਂ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਦੀ ਗੱਲ ਕਰਨ ਵਾਲੀ ਕਹਾਣੀ ਹੈ। ਲੋੜ ਪੈਣ 'ਤੇ ਮਾਂ ਆਪਣੇ ਬੱਚਿਆਂ ਲਈ ਆਪਣੀ ਜਾਨ ਦੀ ਬਾਜ਼ੀ ਤੱਕ ਵੀ ਲਗਾ ਦਿੰਦੀ ਹੈ। ਇਸ ਮਾਮਲੇ ਵਿਚ ਮਨੁੱਖਾਂ ਅਤੇ ਜਾਨਵਰਾਂ, ਪੰਛੀਆਂ ਦੀ ਇਕੋ ਜਿਹੀ ਰੀਤ ਹੈ। 'ਬੇਨਾਮ ਰਿਸ਼ਤੇ' ਕਹਾਣੀ ਵਿਚ ਵੀ ਪੈਸੇ ਦੇ ਪੁੱਤ ਮਾਨਵੀ ਕਦਰਾਂ-ਕੀਮਤਾਂ ਦਾ ਪਾਲਣ ਕਰਨ ਵਾਲੇ ਆਪਣੇ ਪਿਉ ਬੰਤ ਸਿੰਘ ਦੀਆਂ ਭਾਵਨਾਵਾਂ ਨੂੰ ਸਹੀ ਅਰਥਾਂ ਵਿਚ ਨਹੀਂ ਸਮਝ ਪਾਉਂਦੇ। ਬੰਤ ਸਿੰਘ ਦੇ ਦੋਵਾਂ ਪੁੱਤਰਾਂ ਦੀ ਸੋਚ ਪੈਸੇ ਨਾਲ ਹੀ ਜੁੜੀ ਹੋਈ ਪ੍ਰਤੀਤ ਹੁੰਦੀ ਹੈ।
'ਘਾਹ ਤੇ ਬੁੱਢਾ' ਅਤੇ 'ਪ੍ਰਲੋਕ ਪੁਰੀ 'ਚ ਲੋਕ ਪੁਰੀ' ਫੰਤਾਸੀ ਆਧਾਰਿਤ ਕਹਾਣੀਆਂ ਹਨ, ਜਿਨ੍ਹਾਂ ਵਿਚ ਮਤਲਬੀ ਰਿਸ਼ਤਿਆਂ ਅਤੇ ਭ੍ਰਿਸ਼ਟਾਚਾਰ 'ਤੇ ਵਿਅੰਗ ਕੱਸਿਆ ਗਿਆ ਹੈ। ਰਾਜਨੀਤੀ ਦਾ ਭ੍ਰਿਸ਼ਟ ਚਿਹਰਾ ਬੇਨਕਾਬ ਕੀਤਾ ਗਿਆ ਹੈ। 'ਚੋਰ ਮਹਾਰਾਜ ਕੀ ਜੈ' ਵਿਅੰਗ ਪ੍ਰਧਾਨ ਕਹਾਣੀ ਹੈ ਜਿਸ ਵਿਚ ਚੋਰਾਂ ਦੇ ਡਰੋਂ ਸ਼ਹਿਰੀ ਨੂੰਹ ਪੁੱਤ ਆਪਣੇ ਪਿੰਡ ਰਹਿੰਦੇ ਪਿਉ ਦੀ ਸ਼ਹਿਰ ਲਿਆ ਕੇ ਦੇਖ ਭਾਲ ਕਰਦੇ ਹਨ। ਇਹ ਕਹਾਣੀ ਹਾਸ-ਪਰਿਹਾਸ ਦੀ ਵਧੀਆ ਮਿਸਾਲ ਹੈ। 'ਅਪਨੋਂ ਸੇ ਬਚੇਂ' ਵੀ ਮਨੁੱਖ ਦੇ ਆਪਸੀ ਰਿਸ਼ਤਿਆਂ ਦੀ ਕਹਾਣੀ ਹੈ ਜਿਥੇ ਪੈਸੇ ਦੀ ਖਾਤਰ ਆਪਣਾ ਸਕਾ ਖੂਨ ਵੀ ਧੋਖਾ ਦੇਣੋਂ ਗੁਰੇਜ਼ ਨਹੀਂ ਕਰਦਾ। 'ਰੰਗ ਜ਼ਮਾਨੇ ਦੇ' ਅਤੇ 'ਜੱਟ ਤੇ ਘਾਹ' ਪ੍ਰਵਾਸੀ ਜੀਵਨ ਨਾਲ ਜੁੜੀਆਂ ਕਹਾਣੀਆਂ ਹਨ ਜਿਥੇ ਪੰਜਾਬੀ ਬੰਦੇ ਮਿਹਨਤ ਦੇ ਸਿਰ 'ਤੇ ਆਰਥਿਕ ਤੌਰ 'ਤੇ ਖੁਸ਼ਹਾਲ ਹੁੰਦੇ ਦਿਖਾਏ ਗਏ ਹਨ। ਬਨਾਉਟੀ ਫੁੱਲ, ਅਹਿਸਾਸ, 'ਪੇਟ ਦੀ ਅੱਗ' ਵਿਗੜ ਰਹੇ ਮਾਨਵੀ ਰਿਸ਼ਤਿਆਂ ਦੀ ਬਾਤ ਪਾਉਣ ਵਾਲੀਆਂ ਕਹਾਣੀਆਂ ਹਨ ਜਿਥੇ ਮਾਨਵੀ ਬਿਰਤੀ ਕੁਚਾਲਾਂ 'ਚ ਫਸ ਕੇ ਆਪਸੀ ਰਿਸ਼ਤਿਆਂ ਨੂੰ ਤਿਲਾਂਜਲੀ ਦੇਣ ਦੀ ਹਿਮਾਕਤ ਕਰਦੀ ਦਿਖਾਈ ਪੈਂਦੀ ਹੈ।
ਲੇਖਕ ਨੇ ਸਿੱਧੀ ਸਾਦੀ ਤੇ ਸਰਲ ਭਾਸ਼ਾ ਵਿਚ ਆਪਣੀਆਂ ਕਹਾਣੀਆਂ ਦੀ ਰਚਨਾ ਕੀਤੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ 

23-12-2019

 ਦਰਿਆ ਬੁਰਦ
ਲੇਖਕ : ਨਜ਼ੀਰ ਕਹੂਟ
ਲਿ:ਅੰ: ਪਾਲ ਸਿੰਘ ਵੱਲਾ/ਡਾ: ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 304
ਸੰਪਰਕ : 98152-18545.

'ਦਰਿਆ ਬੁਰਦ' ਨਾਵਲ ਪਾਤਰ ਪ੍ਰਧਾਨ ਨਾਵਲ ਹੈ ਜਿਸ ਦੀਆਂ ਲਗਪਗ ਸਾਰੀਆਂ ਮੁੱਖ ਘਟਨਾਵਾਂ ਸ਼ਾਏਗਾਨ ਨਾਇਕ ਦੇ ਆਲੇ-ਦੁਆਲੇ ਪ੍ਰਕਰਮਾ ਕਰਦੀਆਂ ਹਨ, ਉਸ ਦੀ ਹੋਣੀ ਨਾਲ ਘੜੀ-ਮੁੜੀ ਛੇੜਛਾੜ ਕਰਦੀਆਂ ਹਨ। ਕਦੇ ਉਸ ਦਾ ਅਸਤਿਤਵ ਬੁਲੰਦ ਹੋ ਜਾਂਦਾ ਹੈ, ਕਦੇ ਨਿੱਘਰ ਜਾਂਦਾ ਹੈ। ਸੰਖੇਪ ਵਿਚ ਇਸ ਨਾਵਲ ਦੀ ਆਊਟਲਾਈਨ ਇਉਂ ਹੈ। ਸ਼ਾਏਗਾਨ ਦਾ ਡੰਗਰ-ਵਸਤੀ ਦਾ ਜੰਮਪਲ ਹੋਣਾ, ਕੈਲੀਫੋਰਨੀਆ ਵਸਤੀ ਨਾਲ ਤੁਲਨਾ ਕਰਨਾ, ਡੰਗਰ-ਵਸਤੀ 'ਚ ਸਹੂਲਤਾਂ ਕਿਉਂ ਨਹੀਂ-ਸੋਚਣਾ, ਡੰਗਰ-ਵਸਤੀ ਦੇ ਹੱਕਾਂ ਲਈ ਸਰਕਾਰ ਨਾਲ ਸੰਘਰਸ਼, ਪੜ੍ਹਾਈ ਦੇ ਨਾਲ-ਨਾਲ ਮਾਲੀ ਜਾਂ ਕੁਲੀ ਵਜੋਂ ਕਿਰਤ, ਐਮ.ਬੀ.ਏ.. ਕਰਕੇ ਬੈਂਕ-ਕਲਰਕੀ, ਦੀਨਾ-ਸੇਠ ਦੀ ਭਾਣਜੀ ਸਹਰਬਾਨੋ ਨਾਲ ਨਿਕਾਹ, ਉਸ ਨਾਲ ਅਮਰੀਕਾ ਜਾਣਾ, ਸਹਰਬਾਨੋ ਦਾ ਗੁਆਂਢੀ ਵੁਲਫ਼ ਹੱਥੋਂ ਗਰਭਵਤੀ ਹੋਣਾ, ਸ਼ਾਏਗਾਨ ਦੇ ਅਸਤਿਤਵ ਨੂੰ ਠੇਸ, ਅਮਰੀਕਾ 'ਚ 9/11 ਦੀ ਮੰਦਭਾਗੀ ਘਟਨਾ, ਸਾਰੇ ਮੁਸਲਿਮਾਂ ਨੂੰ ਅੱਤਵਾਦੀ ਸਮਝਿਆ ਜਾਣਾ, ਪੂੰਜੀ ਇਕੱਤਰ ਕਰਕੇ ਪਾਕਿਸਤਾਨ ਵਾਪਸੀ, ਆਰਥਿਕ ਵਿਕਾਸ, ਗੁਆਂਢੀਆਂ ਦੀ ਈਰਖਾ ਦਾ ਸ਼ਿਕਾਰ, ਦਹਿਸ਼ਤਗਰਦ ਅਤੇ ਲੁਟੇਰਾ ਹੋਣ ਦੀਆਂ ਸ਼ਿਕਾਇਤਾਂ, ਪੁਲਿਸ ਵਲੋਂ 7 ਸਾਲ ਜੇਲ੍ਹ ਵਿਚ ਦੁਰਵਿਵਹਾਰ, ਬੈਂਕ ਵਲੋਂ ਜਾਇਦਾਦ ਦੀ ਕੁਰਕੀ, 'ਚਾਨਣ' ਮੰਗਤੇ ਨਾਲ ਮੰਗਤਾ ਬਣਨਾ, ਸਹਰਬਾਨੋ ਦਾ ਭੱਜ ਕੇ ਅਮਰੀਕਾ ਜਾਣਾ ਤੇ ਫਿਰ ਅਮਰੀਕਾ ਤੋਂ ਵਾਪਸੀ, ਹੋਟਲ 'ਚ ਦੁਬਾਰਾ ਕਿਨਾਹ ਕਰਨਾ, ਮਾਨਸਿਕ ਵਿਗਾੜ ਕਾਰਨ ਹੋਟਲ ਦੀ 12ਵੀਂ ਮੰਜ਼ਲ ਤੋਂ ਛਾਲ ਮਾਰ ਕੇ ਮਰਨਾ, ਸਹਰਬਾਨੋ ਵਲੋਂ ਵੀ ਛਾਲ ਮਾਰਨ ਲੱਗਣਾ ਪਰ ਲੋਕਾਂ ਵਲੋਂ ਬਚਾਈ ਜਾਣਾ। ਇੰਜ ਨਾਵਲ ਦੀਆਂ ਮੁੱਖ ਘਟਨਾਵਾਂ ਨਾਲ ਅੰਤ 'ਚ ਖੁੱਲ੍ਹਾ ਪਾਠ ਹੋਂਦ ਵਿਚ ਆਉਣਾ ਆਦਿ।
ਇੰਜ ਇਹ ਨਾਵਲ ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਵਿਚਾਰੇ ਜਾਣ ਦੇ ਯੋਗ ਹੈ। ਇਸ ਵਿਚ ਗ਼ਰੀਬੀ-ਅਮੀਰੀ 'ਚ ਤੁਲਨਾ, ਪੂਰਬ-ਪੱਛਮ ਕਲਚਰ ਤੁਲਨਾ, ਭਰਵੇਂ ਰੂਪ 'ਚ ਉਜਾਗਰ ਹੁੰਦੀ ਹੈ। ਇਹ ਸਮਕਾਲੀ ਸੰਸਾਰ ਦੀ ਦਾਸਤਾਂ ਹੈ। ਸਿੱਖਿਆ ਇਹ ਮਿਲਦੀ ਹੈ ਕਿ ਜੀਵਨ ਵਿਚ ਇਕ-ਇਕ 'ਪਲ' ਦਾ ਮਹੱਤਵ ਹੈ। ਜੇ ਕਿਸੇ ਚੰਗੀ ਸੋਚ ਨਾਲ 'ਪਲ' ਨੂੰ ਸੰਭਾਲਿਆ ਜਾਵੇ ਤਾਂ ਜੀਵਨ 'ਸੁਰਗ' ਬਣ ਸਕਦਾ ਹੈ। ਨਿਰਸੰਦੇਹ, ਪੱਛਮੀ ਕਲਚਰ ਦੇ ਪ੍ਰਭਾਵ ਅਧੀਨ 'ਸਹਰਬਾਨੋ' ਤੋਂ ਗੁਨਾਹ ਹੋ ਗਿਆ ਪਰ ਉਹਨੇ ਬੜਾ ਪਸ਼ਚਾਤਾਪ ਕੀਤਾ, ਮੁਆਫ਼ੀ ਮੰਗੀ, ਜੇ ਕਿਤੇ ਸ਼ਾਏਗਾਨ ਮੁਆਫ਼ ਕਰ ਦਿੰਦਾ ਇਹ ਦੁਖਾਂਤ ਕਦੀ ਨਾ ਵਾਪਰਦਾ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਧੁੱਪ ਦੀਆਂ ਕਣੀਆਂ
ਲੇਖਕ : ਡਾ: ਗੁਰਬਖ਼ਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98152-98459.

ਡਾ: ਗੁਰਬਖ਼ਸ਼ ਸਿੰਘ ਭੰਡਾਲ ਦਾਰਸ਼ਨਿਕ ਬਿਰਤੀ ਦਾ ਲੇਖਕ ਹੈ। ਉਸ ਦੀ ਲਿਖਣ-ਵਿਧੀ ਫਿਨਾਮੇਨਾਲੋਜੀਕਲ ਹੈ। ਉਹ ਹੈਡੇਗਰ ਵਾਂਗ ਜੀਵਨ ਦੇ ਪ੍ਰਪੰਚ ਨੂੰ ਬਹੁਤ ਸਾਰੇ ਕੋਣਾਂ ਅਤੇ ਵਿੱਥਾਂ (ਦੂਰੀਆਂ) ਤੋਂ ਦੇਖਦਾ ਹੈ। ਇਹੀ ਕਾਰਨ ਹੈ ਕਿ ਉਸ ਦੁਆਰਾ ਬਿਆਨ ਕੀਤਾ ਹਰ ਫਿਨਾਮੇਨਾ ਸਜੀਵ ਅਤੇ ਅਦਭੁੱਤ ਪ੍ਰਤੀਤ ਹੋਣ ਲਗਦਾ ਹੈ। ਹਥਲੀ ਪੁਸਤਕ ਵਿਚ ਉਸ ਦੇ 26 ਲਲਿਤ ਨਿਬੰਧ ਸੰਕਲਿਤ ਹਨ, ਜਿਨ੍ਹਾਂ ਵਿਚ ਉਸ ਨੇ ਧੁੱਪ, ਚਾਨਣੀ, ਸੁੰਦਰਤਾ, ਪੀੜ, ਸ਼ਾਇਸਤਰੀ, ਨੀਂਦ, ਭੁੱਖ, ਅੱਥਰੂ, ਪੌਣ, ਮਿੱਟੀ, ਬਿਰਖਾਂ, ਪਰਬਤਾਂ, ਬੱਦਲਾਂ, ਦਰਿਆਵਾਂ, ਸਮੁੰਦਰਾਂ ਅਤੇ ਦਿਨਾਂ-ਰਾਤਾਂ ਆਦਿ ਵਿਭਿੰਨ ਵਿਸ਼ਿਆਂ ਨੂੰ ਸੰਵੇਦਨਾ ਦੇ ਪੱਧਰ ਉੱਪਰ ਰੱਖ ਕੇ ਮਹਿਸੂਸਿਆ ਅਤੇ ਬਿਆਨ ਕੀਤਾ ਹੈ। ਹਰ ਲੇਖ 6-7 ਪੰਨਿਆਂ ਵਿਚ ਫੈਲਿਆ ਹੋਇਆ ਹੈ। ਕੇਵਲ ਦੋ ਲੇਖ (ਬੱਚਿਆਂ ਦੀਆਂ ਬਰਕਤਾਂ ਅਤੇ ਦਰਦਵੰਝੀ ਦੀ ਹੂਕ) ਆਕਾਰ ਵਿਚ ਲੰਮੇ ਹਨ। ਇਨ੍ਹਾਂ ਲੇਖਾਂ ਨੂੰ ਉਸ ਨੇ ਕਾਵਿ ਟੁਕੜੀਆਂ ਨਾਲ ਵੀ ਸ਼ਿੰਗਾਰਿਆ ਹੈ। 'ਬੱਚਿਆਂ ਦੀਆਂ ਬਰਕਤਾਂ' ਦੀ ਇਕ ਕਾਵਿ ਟੁਕੜੀ ਵਿਚ ਉਹ ਲਿਖਦਾ ਹੈ :
ਬੱਚੇ, ਰਿਸ਼ਤੇ ਸਿਰਜਦੇ
ਕਦੇ ਰਿਸ਼ਤਿਆਂ ਵਿਚ ਰੰਗ ਭਰਦੇ
ਅਤੇ ਕਦੇ ਰਿਸ਼ਤਿਆਂ ਦਾ ਬੋਝ ਢੋਂਦੇ
ਬੱਚੇ, ਕਦੇ ਟੁੱਕ ਦਾ ਆਹਰ ਬਣਦੇ
ਕਦੇ ਆਹਰ ਦਾ ਟੁੱਕ ਬਣਦੇ
ਬੱਚੇ ਤਾਂ ਬੱਚੇ ਹੁੰਦੇ...... (ਪੰਨਾ 134)
'ਦਰਦਵੰਝੀ ਹੂਕ' ਵਿਚ ਲੇਖਕ ਨੇ ਇਕ ਬਾਪ ਦੇ 'ਕੌਮਾ' ਵਿਚ ਜਾਣ ਅਤੇ ਫਿਰ ਤਿਲ-ਤਿਲ ਕਰ ਕੇ ਮ੍ਰਿਤੂ ਦੀ ਆਗੋਸ਼ ਵਿਚ ਤਿਲਕ ਜਾਣ ਦਾ ਇਕ ਕਾਲਜਾ-ਵਲੂੰਧਰਵਾਂ ਬਿਰਤਾਂਤ ਸਿਰਜਿਆ ਹੈ। ਅਜਿਹਾ ਬਿਰਤਾਂਤ ਕੋਈ ਹਾਈਪਰ-ਸੰਵੇਦਨਸ਼ੀਲ ਵਿਅਕਤੀ ਹੀ ਚਿਤਰ ਸਕਦਾ ਹੈ।
ਡਾ: ਭੰਡਾਲ ਨੇ ਇਨ੍ਹਾਂ ਲੇਖਾਂ ਦੀ ਟੈਕਸਟ ਤਿਆਰ ਕਰਨ ਲਈ ਮੁਸ਼ਕਿਲ ਵਿਧੀ ਅਪਣਾਈ ਹੈ। ਉਹ ਜਿਹੜੇ ਵੀ ਵਿਸ਼ੇ (ਧੁੱਪ, ਚਾਨਣੀ, ਸੁੰਦਰਤਾ ਆਦਿ) ਬਾਰੇ ਲੇਖ ਲਿਖਦਾ ਹੈ, ਉਸ ਦੇ ਹਰ ਪੈਰੇ ਦਾ ਆਰੰਭ ਉਸ ਵਿਸ਼ੇ ਦਾ ਨਾਂਅ ਲੈ ਕੇ ਕਰਦਾ ਹੈ। ਇੰਜ ਇਨ੍ਹਾਂ ਲੇਖਾਂ ਵਿਚ ਪ੍ਰਗੀਤਕਤਾ ਪੈਦਾ ਹੋ ਗਈ ਹੈ। ਸ਼ਾਇਸਤਰੀ, ਸਹਿਜ ਅਤੇ ਸੁਰੀਲਾਪਣ ਇਨ੍ਹਾਂ ਲੇਖਾਂ ਦੇ ਕੁਝ ਹੋਰ ਲੱਛਣ ਹਨ। ਇਹ ਸਾਰੀਆਂ ਰਚਨਾਵਾਂ ਸਹਿਜ ਅਤੇ ਠਰ੍ਹੰਮੇ ਨਾਲ ਪੜ੍ਹਨ ਵਾਲੀਆਂ ਹਨ। ਪੁਸਤਕ ਨੂੰ ਖ਼ਤਮ ਕਰਨ ਦੀ ਕਾਹਲੀ ਕਰਨ ਵਾਲੇ ਪਾਠਕ ਇਨ੍ਹਾਂ ਰਚਨਾਵਾਂ ਦਾ ਭਰਪੂਰ ਆਨੰਦ ਨਹੀਂ ਉਠਾ ਸਕਣਗੇ। ਇਹ ਲੇਖਕ ਦੀ ਵਿਕਲਪਕ ਦ੍ਰਿਸ਼ਟੀ ਦਾ ਪ੍ਰਮਾਣ ਹਨ। ਉਹ ਮਨੁੱਖੀ ਜੀਵਨ ਅਤੇ ਇਸ ਨਾਲ ਸਬੰਧਿਤ ਵਰਤਾਰਿਆਂ ਨੂੰ ਵੱਖਰੀ ਤਰ੍ਹਾਂ ਨਾਲ ਵੇਖਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਪੰਜਾਬ ਦੇ ਲੋਕ ਨਾਚ ਅਤੇ ਪੇਸ਼ਕਾਰੀ
ਲੇਖਕ : ਡਾ: ਇੰਦਰਜੀਤ ਸਿੰਘ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 95309-07779.

'ਪੰਜਾਬ ਦੇ ਲੋਕ ਨਾਚ ਅਤੇ ਪੇਸ਼ਕਾਰੀ' ਉੱਘੇ ਨ੍ਰਿਤ-ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਵਲੋਂ ਲਿਖੀ ਗਈ ਅਜਿਹੀ ਪੁਸਤਕ ਹੈ ਜਿਸ ਨੂੰ ਬਦਲਦੇ ਸਮੇਂ ਦੇ ਨਾਲ-ਨਾਲ ਲੋਕਨਾਚਾਂ ਦੀ ਬਦਲ ਰਹੀ ਨੁਹਾਰ ਦੀ ਦਸਤਾਵੇਜ਼ ਕਿਹਾ ਜਾ ਸਕਦਾ ਹੈ। ਲੋਕ ਵਿਰਾਸਤ ਦੇ ਵੱਖ-ਵੱਖ ਰੂਪਾਂ ਦੀ ਸਾਂਭ-ਸੰਭਾਲ ਇਸ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਨਾਚਾਂ ਦੀ ਪੇਸ਼ਕਾਰੀ ਉੱਤੇ ਨਵੀ ਜ਼ਿੰਦਗੀ ਦੀ ਕਠੋਰਤਾ ਆਪਣੀ ਪੁੱਠ ਚਾੜ੍ਹ ਰਹੀ ਹੈ ਜਿਸ ਨਾਲ ਨਾਚਾਂ ਦਾ ਵਿਰਾਸਤੀ ਰੂਪ ਬਦਲ ਵੀ ਰਿਹਾ ਹੈ ਅਤੇ ਵਿਗੜ ਵੀ ਰਿਹਾ ਹੈ। ਮੇਲੇ ਮੁਸਾਫ਼ੇ ਅਲੋਪ ਹੋ ਰਹੇ ਹਨ। ਖੁਸ਼ੀਆਂ ਖੇੜਿਆਂ ਵੇਲੇ ਨਿਭਣ ਵਾਲੀਆਂ ਰਸਮਾਂ ਭਸਮ ਹੋ ਰਹੀਆਂ ਹਨ। ਖੁਸ਼ੀ ਮਨਾਉਣ ਦੇ ਰੰਗ-ਢੰਗ ਬਦਲਣ ਦੀ ਹੋੜ ਨੇ ਲੋਕ ਨਾਚਾਂ ਨੂੰ ਅਣਡਿੱਠ ਕੀਤਾ ਹੋਇਆ ਹੈ। ਇਹ ਸਭ ਕੁਝ ਜੇਕਰ ਕਿਤੇ ਜਿਊਂਦਾ ਰੱਖਿਆ ਜਾ ਰਿਹਾ ਹੈ ਤਾਂ ਉਹ ਕਾਲਜਾਂ-ਯੂਨੀਵਰਸਿਟੀਆਂ ਦੇ ਯੁਵਕ ਮੇਲੇ ਹੀ ਹਨ। ਪੰਜਾਬ ਦੀ ਖੁਸ਼ਕਿਸਮਤੀ ਹੀ ਸਮਝੋ ਕਿ ਪਿਛਲੇ ਲੰਮੇ ਸਮੇਂ ਤੱਕ ਇਨ੍ਹਾਂ ਯੁਵਕ ਮੇਲਿਆਂ ਵਿਚ ਮੋਹਰੀ ਰਹਿਣ ਦਾ ਸੁਭਾਗ ਡਾ: ਇੰਦਰਜੀਤ ਸਿੰਘ ਨੂੰ ਰਿਹਾ ਹੈ। ਇਸੇ ਕਰਕੇ ਇਹ ਲੋਕ ਨਾਚ ਬਦਲਦੇ ਸਰੂਪਾਂ ਦੇ ਬਾਵਜੂਦ ਆਪਣੀ ਵਿਰਾਸਤੀ ਪੁੱਠ ਤੋਂ ਵਿਰਵੇ ਨਹੀਂ ਹੋਏ। ਇਨ੍ਹਾਂ ਨਾਚਾਂ ਦੇ ਬੁਨਿਆਦੀ ਨਿਯਮਾਂ ਨੂੰ ਬਰਕਰਾਰ ਰੱਖਣ ਵਿਚ ਨਿਭਾਈ ਗਈ ਡਾ: ਇੰਦਰਜੀਤ ਸਿੰਘ ਦੀ ਭੂਮਿਕਾ ਜ਼ਿਕਰਯੋਗ ਹੈ। ਇਹ ਕਿਤਾਬ ਉਸ ਦੇ ਇਨ੍ਹਾਂ ਯਤਨਾਂ ਦਾ ਹੀ ਅਗਲਾ ਪਸਾਰ ਹੈ। ਪੰਜਾਬੀ ਲੋਕਧਾਰਾ ਦੇ ਪ੍ਰਮੁੱਖ ਨਾਚਾਂ-ਭੰਗੜਾ, ਗਿੱਧਾ, ਝੂਮਰ, ਲੁੱਡੀ, ਸੰਮੀ ਅਤੇ ਤਮਾਸ਼ਾ ਦੀਆਂ ਬਰੀਕੀਆਂ ਨੂੰ ਕਲਮਬੱਧ ਕਰਨਾ ਅਤੇ ਇਨ੍ਹਾਂ ਨਾਚਾਂ ਨਾਲ ਪਾਈਆਂ ਜਾਣ ਵਾਲੀਆਂ ਬੋਲੀਆਂ ਨੂੰ ਸ਼ਬਦਬੱਧ ਕਰਕੇ ਸੰਭਾਲਣਾ ਇਸ ਕਿਤਾਬ ਦਾ ਅਹਿਮ ਪੱਖ ਹੈ। ਇਨ੍ਹਾਂ ਲੋਕ ਨਾਚਾਂ ਨਾਲ ਵਜਾਏ ਜਾਣ ਵਾਲੇ ਸਾਜ਼, ਕਲਾਕਾਰਾਂ ਵਲੋਂ ਪਹਿਨੀਆਂ ਜਾਣ ਵਾਲੀਆਂ ਪੁਸ਼ਾਕਾਂ, ਨਾਚਾਂ ਦੀ ਪੇਸ਼ਕਾਰੀ ਵਲੋਂ ਵਰਤੇ ਜਾਣ ਵਾਲੀ ਸਮੱਗਰੀ ਅਤੇ ਇਥੋਂ ਤੱਕ ਕਿ ਕਲਾਕਾਰਾਂ ਵਲੋਂ ਪਹਿਨੇ ਜਾਣ ਵਾਲੇ ਗਹਿਣਿਆਂ ਤੱਕ ਦੀ ਨਿਸ਼ਾਨਦੇਹੀ ਕਰਦੇ ਹੋਏ, ਨਾਚਾਂ ਦੀ ਵਿਰਾਸਤੀ ਦਿੱਖ ਨੂੰ ਬਦਲਦੀ ਨੁਹਾਰ ਨਾਲ ਮੇਚ ਕੇ, ਅੱਗੇ ਵਧਾਉਣ ਦੇ ਯਤਨਾਂ ਦੀ ਅਗਵਾਈ ਕਰਨਾ, ਇਸ ਕਿਤਾਬ ਦਾ ਵਡਮੁੱਲਾ ਹਾਸਲ ਹੈ। ਇਹ ਪੁਸਤਕ ਜਿਥੇ ਲੋਕ ਨਾਚਾਂ ਦੇ ਭਾਵ ਨੂੰ ਅੰਕਿਤ ਕਰਦੀ ਹੈ, ਉਥੇ ਇਨ੍ਹਾਂ ਦੇ ਇਤਿਹਾਸ, ਇਨ੍ਹਾਂ ਦੇ ਸਰੂਪ, ਇਨ੍ਹਾਂ ਦੀ ਗਤੀਸ਼ੀਲਤਾ ਅਤੇ ਇਨ੍ਹਾਂ ਦੇ ਲੋਕ-ਮਹੱਤਵ ਨੂੰ ਵੀ ਉਜਾਗਰ ਕਰਦੀ ਹੈ। ਪੰਜਾਬੀ ਲੋਕ ਨਾਚਾਂ ਦਾ ਪਿਛਲੀ ਅੱਧੀ ਸਦੀ ਦਾ ਸਫ਼ਰ ਇਸ ਕਿਤਾਬ ਵਿਚ ਸਮੋ ਕੇ ਡਾ: ਇੰਦਰਜੀਤ ਸਿੰਘ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਆਧਾਰ ਸਮੱਗਰੀ ਤਿਆਰ ਕਰ ਦਿੱਤੀ ਹੈ, ਜਿਹੜੀ ਨਾ ਸਿਰਫ ਲੋਕ ਕਲਾਕਾਰਾਂ ਲਈ ਮੁੱਲਵਾਨ ਪੂੰਜੀ ਹੈ ਸਗੋਂ ਲੋਕਧਾਰਾ ਦੇ ਖੋਜਾਰਥੀਆਂ ਲਈ ਵੀ ਰਾਹ-ਦਸੇਰਾ ਹੈ। ਨੇੜੇ ਤੋਂ ਵੇਖੇ ਅਤੇ ਖ਼ੁਦ ਜੀਵੇ ਲੋਕ ਨਾਚਾਂ ਦੇ ਇਤਿਹਾਸ ਅਤੇ ਪਾਸਾਰ ਨੂੰ ਸ਼ਬਦਬੱਧ ਕਰਕੇ ਡਾ: ਇੰਦਰਜੀਤ ਸਿੰਘ ਨੇ ਪੰਜਾਬੀ ਲੋਕਧਾਰਾ ਦੀ ਪ੍ਰਫੁਲਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਇਸ ਕਿਤਾਬ ਨੂੰ ਖੁਸ਼ਆਮਦੀਦ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812

c c c

ਧਨੁ ਲੇਖਾਰੀ ਨਾਨਕਾ
ਸੰਪਾਦਕ : ਸ਼ੇਲਿੰਦਰਜੀਤ ਸਿੰਘ ਰਾਜਨ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ (ਬਾਬਾ ਬਕਾਲਾ)
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 98157-69164.

ਨੌਜਵਾਨ ਲੇਖਕ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਵਿ-ਸੰਗ੍ਰਹਿ ਹੈ। ਉਸ ਦੀ ਸੰਪਾਦਨਾ ਹੇਠਲੀ ਇਸ ਪੁਸਤਕ ਵਿਚ ਉਸ ਦੀ ਆਪਣੀ ਰਚਨਾ ਸਮੇਤ ਵੱਖ-ਵੱਖ ਕਵੀਆਂ ਦੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ। ਰਾਜਨ ਇਸ ਤੋਂ ਪਹਿਲਾਂ ਹਾਸ-ਵਿਅੰਗ, ਕਹਾਣੀ-ਸੰਗ੍ਰਹਿ, ਮਿੰਨੀ ਸੰਗ੍ਰਹਿ ਸਮੇਤ 6 ਪੁਸਤਕਾਂ ਦੀ ਸੰਪਾਦਨਾ ਕਰ ਚੁੱਕਾ ਹੈ। ਜਿਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਇਸ ਵਿਚ ਸ਼ਾਮਿਲ ਹਨ, ਉਹ ਉੱਭਰਦੇ ਹੋਏ ਕਵੀ ਹਨ ਪਰ ਰਚਨਾਵਾਂ ਵਿਚ ਪ੍ਰਪੱਕਤਾ ਝਲਕਦੀ ਹੈ। 'ਗੁਰੂ ਨਾਨਕ ਜੀ ਇਕ ਤਾਂ ਗੇੜੀ ਲਾਉਣੀ ਪਊ' ਪੁਸਤਕ ਦੀ ਪਲੇਠੀ ਰਚਨਾ ਹੈ ਜਦ ਕਿ 'ਕਲਯੁੱਗ ਵਿਚ ਅਵਤਾਰ ਧਾਰਿਆ' ਅੰਤਮ ਕਾਵਿ-ਕ੍ਰਿਤ ਹੈ। ਸਾਰੀਆਂ ਹੀ ਕਾਵਿਕ ਰਚਨਾਵਾਂ ਰਾਹੀਂ ਜਗਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ, ਉਨ੍ਹਾਂ ਦੀ ਮਾਨਵਤਾ ਨੂੰ ਮਹਾਨ ਦੇਣ ਅਤੇ ਫਲਸਫ਼ੇ (ਸਿਧਾਂਤਾਂ) ਦਾ ਗੁਣ-ਗਾਨ ਕੀਤਾ ਗਿਆ ਹੈ। ਪੇਸ਼ ਹਨ ਕੁਝ ਵੰਨਗੀਆਂ :
'ਗੁਰੂ ਨਾਨਕ ਜੀ ਇਕ ਤਾਂ ਗੇੜੀ ਲਾਉਣੀ ਪਊ।
ਅੰਧ ਕਾਰ ਵਿਚ ਸੱਚ ਦੀ ਜੋਤ ਜਗਾਉਣੀ ਪਊ।'
(ਪੰਨਾ 14)
ਦੂਜੀ ਕਵਿਤਾ ਦੇ ਸ਼ਾਇਰ ਦੀ ਅਰਜ਼ੋਈ ਬਿਲਕੁਲ ਵੱਖਰੀ ਹੈ।
ਬਾਬਾ ਜੀ ਮੇਰੀ ਅਰਜੋਈ,
ਮੁੜ ਨਾ ਫੇਰਾ ਪਾਇਓ
ਧਰਤੀ 'ਤੇ ਵਸਦੇ ਰੱਬਾਂ ਤੋਂ,
ਆਪਣਾ ਆਪ ਬਚਾਇਓ। (ਪੰਨਾ 16)
ਕੀਤੇ ਜੋ ਉਪਕਾਰ ਉਨ੍ਹਾਂ ਨੇ,
ਅਸੀਂ ਦੇਣ ਨਹੀਂ ਦੇ ਸਕਦੇ
ਅਸੀਂ ਉਨ੍ਹਾਂ ਨੂੰ ਯਾਦ ਕਰਨ ਲਈ,
ਵਾਹਿਗੁਰੂ-ਵਾਹਿਗੁਰੂ ਕਹਿ ਸਕਦੇ।
(ਪੰਨਾ 28)
ਬੇਈਮਾਨ ਇਹ ਭੁੱਲ ਕੇ ਬੈਠੇ,
ਨਾਲ ਨਹੀਂ ਜਾਣੀ ਮਾਇਆ
ਇਸ ਧਰਤੀ 'ਤੇ ਸਤਿਗੁਰ ਬਾਬੇ ਨਾਨਕ ਨਾਮ ਰਖਾਇਆ।
ਕਵੀਜਨਾਂ ਨੇ ਧਾਰਮਿਕ ਕਰਮਕਾਂਡਾਂ, ਗ਼ਰੀਬਾਂ ਦੀ ਲੁੱਟ-ਖਸੁੱਟ, ਡੇਰਾਵਾਦ ਦੇ ਪਸਾਰ, ਕਰਤਾਰਪੁਰ ਲਾਂਘੇ, ਸਿੱਖੀ ਫ਼ਲਸਫ਼ੇ ਸਮੇਤ ਅਨੇਕਾਂ ਵਿਸ਼ੇ ਛੋਹੇ ਹਨ। ਪੁਸਤਕ ਵਿਚਲੇ ਕੁਝ ਸ਼ੇਅਰ ਤੇ 92 ਤੋਂ 94 ਪੰਨੇ 'ਤੇ ਕੁਝ ਬੋਲੀਆਂ ਸੋਨੇ 'ਤੇ ਸੁਹਾਗੇ ਵਾਂਗ ਹਨ।
ਸ਼ੇਲਿੰਦਰਜੀਤ ਸਿੰਘ ਰਾਜਨ ਦਾ ਉਪਰਾਲਾ ਨਿਰਸੰਦੇਹ ਸ਼ਲਾਘਾਯੋਗ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710.

c c c
ਪੀ ਜੀ ਦ ਪੇਇੰਗ ਗੈਸਟ
ਨਾਟਕਕਾਰ : ਸੰਜੀਵਨ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 70
ਸੰਪਰਕ : 94174-60656.

'ਪੀ ਜੀ-ਦ ਪੇਇੰਗ ਗੈਸਟ' ਸੰਜੀਵਨ ਸਿੰਘ ਦਾ ਨਵਾਂ ਨਾਟਕ ਹੈ ਜਿਸ ਵਿਚ ਨਾਟਕਕਾਰ ਨੇ ਸਾਡੇ ਸਮਾਜ ਵਿਚ ਪੈਦਾ ਹੋਏ ਪੀ.ਜੀ. ਕਲਚਰ ਬਾਰੇ ਨਾਟਕੀ ਰੂਪਾਂਤਰਣ ਪੇਸ਼ ਕੀਤਾ ਹੈ। ਪਹਿਲਾਂ ਪਹਿਲ ਵਿਦਿਆਰਥੀਆਂ ਲਈ ਹੋਸਟਲ ਵਿਚ ਰਹਿਣਾ ਅਤੇ ਹੋਸਟਲਰ ਅਖਵਾਉਣਾ ਬੜੀ ਅਰਥਪੂਰਨ ਗੱਲ ਹੁੰਦੀ ਸੀ ਪਰ ਅਜੋਕੇ ਦੌਰ ਵਿਚ ਪੀ.ਜੀ. ਵਿਚ ਰਹਿਣਾ ਇਕ ਬੜੀ ਖੂਬੀ ਵਾਲੀ ਮਹੱਤਵਪੂਰਨ ਗੱਲ ਮੰਨੀ ਜਾਣ ਲੱਗੀ ਹੈ। ਪੀ.ਜੀ. ਦਾ ਨਾਂਅ ਲੈਣਾ ਅਤੇ ਪੀ.ਜੀ. ਵਿਚ ਰਹਿਣਾ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਯੁਕਤ ਪਰਿਵਾਰਾਂ ਤੋਂ ਇਕੱਲੇ ਇਕਹਿਰੇ ਪਰਿਵਾਰ ਅਤੇ ਅੱਜ ਸਾਡੇ ਸਮਾਜ ਨੇ ਪੀ.ਜੀ. ਤੱਕ ਦਾ ਸਫ਼ਰ ਤੈਅ ਕਰ ਲਿਆ ਹੈ ਪਰ ਪੀ.ਜੀ. ਦੀ ਜ਼ਿੰਦਗੀ ਵਿਚ ਰਹਿੰਦਿਆਂ ਮਨੁੱਖ ਕਿਹੜੇ-ਕਿਹੜੇ ਅੰਤਰ-ਵਿਰੋਧਾਂ ਦਾ ਸ਼ਿਕਾਰ ਹੁੰਦਾ ਹੈ, ਉਸ ਦੇ ਵਿਸਤ੍ਰਿਤ ਵੇਰਵੇ ਇਸ ਨਾਟਕ ਨੂੰ ਪੜ੍ਹਦਿਆਂ ਮਿਲ ਜਾਂਦੇ ਹਨ ਬਲਕਿ ਨਾਟਕ ਇਸ ਪੀ.ਜੀ. ਕਲਚਰ ਦੀ ਤਹਿ ਥੱਲੇ ਛੁਪੀ ਫੋਕੀ ਜਿਹੀ ਜ਼ਿੰਦਗੀ ਨੂੰ ਪਾਠਕਾਂ ਨਾਲ ਭਾਵਪੂਰਤ ਰੂਪ ਸਾਂਝੀ ਕਰ ਜਾਂਦਾ ਹੈ। ਜਦੋਂ ਬੱਚੇ ਆਪਣੇ ਮਾਪਿਆਂ ਤੋਂ ਦੂਰ ਪੀ.ਜੀ. ਵਿਚ ਰਹਿੰਦੇ ਹਨ ਤਾਂ ਸਿਰ 'ਤੇ ਕੁੰਡਾ ਨਾ ਹੋਣ ਕਰਕੇ ਕਈ ਪ੍ਰਕਾਰ ਦੀਆਂ ਖੁੱਲ੍ਹਾਂ ਵੀ ਮਾਣਦੇ ਹਨ ਤੇ ਇਹ ਖੁੱਲ੍ਹਾਂ ਕਈ ਵਾਰੀਂ ਜ਼ਿੰਦਗੀ ਨੂੰ ਵੀ ਤਬਾਹ ਕਰ ਦਿੰਦੀਆਂ ਹਨ। ਇਸ ਦਾ ਵੇਰਵਾ ਵੀ ਇਸ ਨਾਟਕ ਵਿਚ ਮਿਲਦਾ ਹੈ। ਵੱਖ-ਵੱਖ ਖਿੱਤਿਆਂ ਅਤੇ ਉਪ ਭਾਸ਼ਾਈ ਖੇਤਰਾਂ ਨਾਲ ਸਬੰਧ ਰੱਖਦੇ ਇਸ ਨਾਟਕ ਦੇ ਪਾਤਰ ਪੀ.ਜੀ. ਵਿਚ ਹੀ ਇਕੱਠੇ ਹੁੰਦੇ ਹਨ, ਜਿਥੇ ਉਹ ਇਸ ਵੱਖਰੇ ਸੱਭਿਆਚਾਰਕ ਆਲੇ-ਦੁਆਲੇ ਵਿਚ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਵਿਚ ਕਿੰਨੇ ਕੁ ਸਫ਼ਲ ਹੁੰਦੇ ਹਨ, ਇਸ ਬਾਰੇ ਨਾਟਕਕਾਰ ਨੇ ਬੜੀ ਬਾਰੀਕੀ ਨਾਲ ਚਾਨਣਾ ਪਾਇਆ ਹੈ। ਨਾਟਕਕਾਰ ਨੇ ਇਹ ਵੀ ਸਮੱਸਿਆ ਪਾਠਕਾਂ ਦੇ ਰੂ-ਬਰੂ ਕੀਤੀ ਹੈ। ਇਹ ਭੜਕ-ਤੜਕ ਦੀ ਜ਼ਿੰਦਗੀ ਜਿਊਣ ਵਾਲੀ ਜਵਾਨੀ ਆਪਣੇ ਇਤਿਹਾਸ, ਧਰਮ ਅਤੇ ਭੂਗੋਲ ਤੋਂ ਪੂਰੀ ਤਰ੍ਹਾਂ ਅਭਿੱਜ ਹੈ ਜਿਵੇਂ ਇਸ ਨਾਟਕ ਵਿਚ ਸੈਂਡੀ, ਸੁੱਖੀ, ਜਸਵਿੰਦਰ, ਗੈਰੀ ਆਦਿ ਪਾਤਰਾਂ ਦੀ ਗੱਲਬਾਤ ਤੋਂ ਸਪੱਸ਼ਟ ਹੋ ਰਿਹਾ ਹੈ। ਨਾਟਕਕਾਰ ਨੇ ਨਾਟਕ ਵਿਚ ਆਪਣੇ ਮੱਤ ਨੂੰ ਹੋਰ ਪੁਖਤਾ ਕਰਨ ਅਤੇ ਰੌਚਿਕਤਾ ਲਈ ਕਾਵਿ ਟੁਕੜੀਆਂ ਦਾ ਵੀ ਇਸਤੇਮਾਲ ਕੀਤਾ ਹੈ। ਇਸ ਨਿਵੇਕਲੇ ਮਸਲੇ ਨੂੰ ਨਟਕਕਾਰ ਨੇ ਬਾਖੂਬੀ ਪੇਸ਼ ਕੀਤਾ ਹੈ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਪੈਰਾਂ ਹੇਠ ਮਿੱਧੇ ਰਿਸ਼ਤੇ
ਲੇਖਕ : ਸੁਖਵਿੰਦਰ ਸਿੰਘ ਮੁੱਲਾਂਪੁਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 99141-84794.

ਲੇਖਕ ਦਾ ਇਹ ਪਹਿਲਾ ਕਹਾਣੀ ਸੰਗ੍ਰਹਿ ਹੈ। ਨਾਵਲਕਾਰ ਨਾਨਕ ਸਿੰਘ ਤੋਂ ਪ੍ਰਭਾਵਿਤ ਹੋ ਕੇ ਲੇਖਕ ਨੂੰ ਕਹਾਣੀਆਂ ਲਿਖਣ ਦੀ ਚੇਟਕ ਪੈਦਾ ਹੋਈ। ਕਿਤਾਬ ਵਿਚ 9 ਕਹਾਣੀਆਂ ਹਨ। ਪੁਸਤਕ ਸਿਰਲੇਖ ਵਾਲੀ ਕਹਾਣੀ ਵੱਡੇ ਆਕਾਰ ਦੀ ਹੈ। ਰਚਨਾਵਾਂ ਵਿਚ ਪੀੜ੍ਹੀ ਦਰ ਪੀੜ੍ਹੀ ਬਿਰਤਾਂਤ ਹੈ। ਸਕੂਲ ਮਾਸਟਰ ਦੀ ਵੱਡੀ ਧੀ ਦੇ ਵਿਆਹ, ਵਿਆਹ ਪਿੱਛੋਂ ਦੇ ਦੁੱਖ, ਦਾਜ ਪਿੱਛੇ ਗੱਲ ਤਲਾਕ ਤੱਕ। ਫਿਰ ਦੂਸਰਾ ਵਿਆਹ। ਪਰ ਰਿਸ਼ਤਾ ਕਰਨ ਵਿਚ ਧੋਖਾ। ਦੂਸਰੇ ਪਤੀ ਦੀ ਬੈਂਕ ਵਿਚ ਨੌਕਰੀ। ਤਲਾਕ ਸ਼ੁਦਾ, ਦੋ ਜਵਾਨ ਮੁੰਡਿਆਂ ਦਾ ਬਾਪ। ਪਰ ਨਸ਼ਈ ਪੁੱਜ ਕੇ। ਦੂਜੀ ਵਾਰੀ ਫਿਰ ਤਲਾਕ। ਨਰਸਿੰਗ ਕੋਰਸ ਕਰਕੇ ਕੁੜੀ ਵਿਦੇਸ਼ ਵਿਚ ਚਲੀ ਗਈ। ਵਿਦੇਸ਼ ਵਿਚ ਤੀਸਰਾ ਵਿਆਹ। ਮੁੰਡੇ ਦੀ ਪੱਕੇ ਹੋਣ ਦੀ ਮਜਬੂਰੀ ਸੀ। ਵਿਦੇਸ਼ਾਂ ਵਿਚ ਰਿਸ਼ਤਿਆਂ ਨੂੰ ਟੁੱਟਣ ਵਿਚ ਦੇਰ ਨਹੀਂ ਲਗਦੀ। ਇਸ ਕਹਾਣੀ ਵਿਚ ਤੇ ਹੋਰਨਾਂ ਕਹਾਣੀਆਂ ਵਿਚ ਪੰਜਾਬੀ ਪਰਵਾਸੀਆਂ ਦੀਆਂ ਪਰਿਵਾਰਕ ਸਮੱਸਿਆਵਾਂ ਨੂੰ ਲੇਖਕ ਨੇ ਬਹੁਤ ਸ਼ਿੱਦਤ ਨਾਲ ਲਿਖਿਆ ਹੈ। ਪੰਜਾਬੀਆਂ ਦੀ ਵਿਦੇਸ਼ ਜ਼ਿੰਦਗੀ ਵਿਚ ਮੋਹ ਪਿਆਰ ਤੇ ਆਪਸੀ ਦੁੱਖ-ਸੁੱਖ ਦੀ ਸਾਂਝ ਵੀ ਹੈ। (ਵਤਨਾਂ ਦੇ ਵਾਸੀ, ਪੰਜ ਡਾਲਰ ਦਾ ਨੋਟ) ਸੁੱਕੇ ਖੂਹ ਦਾ ਪਾਣੀ ਦੀ ਔਰਤ ਪਾਤਰ ਨੂੰ ਘਰ ਵਿਚ ਲੱਗੇ ਖੂਹ ਦੇ ਪਾਣੀ ਨਾਲ ਬਹੁਤ ਪਿਆਰ ਹੈ। ਥੇਹ ਵਾਲਾ ਜਿੰਨ ਦੀ ਔਰਤ ਪੁੱਜ ਕੇ ਅੰਧ-ਵਿਸ਼ਵਾਸੀ ਹੈ। ਮੜ੍ਹੀਆਂ ਮਸਾਣਾਂ 'ਤੇ ਜਾਂਦੀ ਹੈ। ਪੁੱਤਰ ਨੂੰ ਵੀ ਕਹਿੰਦੀ ਹੈ। ਪੁੱਤਰ ਵਿਦੇਸ਼ ਤੋਂ ਆ ਕੇ ਮਾਂ ਨੂੰ ਏਨਾ ਪ੍ਰਭਾਵਿਤਕਰਦਾ ਹੈ ਕਿ ਉਹ ਅੰਧ-ਵਿਸ਼ਵਾਸ ਬਿਲਕੁਲ ਛੱਡ ਜਾਂਦੀ ਹੈ। ਹੋਰ ਕਹਾਣੀਆਂ ਦੇ ਵਿਸ਼ੇ, ਪ੍ਰਦੂਸ਼ਣ, ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਆਦਿ ਹਨ। ਸਿੱਧੇ ਭਾਸ਼ਨ ਕਰਕੇ ਕਹਾਣੀਆਂ ਦਾ ਕਲਾ ਪੱਖ ਕਮਜ਼ੋਰ ਹੋ ਜਾਂਦਾ ਹੈ। ਅਧੂਰਾ ਸੁਪਨਾ, ਗਵਾਚੇ ਰਿਸ਼ਤੇ, ਜ਼ਹਿਰੀਲਾ ਨਾਗ ਚੰਗੀਆਂ ਕਹਾਣੀਆਂ ਹਨ।

ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋ: 098148-56160.
c c c

22-12-2019

  ਅਣਕੱਜੇ ਬੋਲ
ਲੇਖਕ : ਕਿਸ਼ੋਰ ਡਿਮਾਣਾ
ਪ੍ਰਕਾਸ਼ਕ : ਪੰਜ-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 68
ਸੰਪਰਕ : 98143-98826.

'ਅਣਕੱਜੇ ਬੋਲ' ਕਵੀ ਕਿਸ਼ੋਰ ਡਿਮਾਣਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੇ ਦਿਲ ਦੇ ਵਲਵਲਿਆਂ ਅਤੇ ਜੀਵਨ ਅਨੁਭਵ ਦੇ ਸੂਖ਼ਮ ਮਸਲਿਆਂ ਨੂੰ ਕਾਵਿ-ਰੂਪਾਂਤਰਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਲੇਖਕ ਦੇ ਸਮੁੱਚੇ ਜੀਵਨ ਅਨੁਭਵ ਦਾ ਆਵੇਸ਼ ਹਨ ਜਿਨ੍ਹਾਂ ਦੇ ਸਰੋਕਾਰ ਉਸ ਦੇ ਸਵੈ ਤੋਂ ਪਾਰ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਅਵਿਵਸਥਾ ਨਾਲ ਜੁੜੇ ਹੋਏ ਹਨ। ਲੇਖਕ ਭ੍ਰਿਸ਼ਟ ਨਿਜ਼ਾਮ 'ਤੇ ਕਟਾਕਸ਼ ਕਰਦਾ ਹੋਇਆ ਮਨੁੱਖੀ ਸੰਤਾਪ ਦੀ ਗੱਲ ਕਰਦਾ ਹੈ :
ਕੁੱਲੀ ਰੁੜ੍ਹ ਜਾਵੇ ਜਾਂ ਉਸ ਨੂੰ ਅੱਗ ਲੱਗੇ
ਵਸਣ ਵਾਲੇ ਦਾ ਅੱਥਰੂ ਕਿਸੇ ਮੁੱਲ ਦਾ ਨਹੀਂ
ਪਰਵਾਸ ਦਾ ਰੁਝਾਨ, ਖੁਰ ਰਹੀ ਸੱਭਿਆਚਾਰਕ ਵਿਰਾਸਤ, ਧਰਮ ਅਤੇ ਰਾਜਨੀਤੀ ਦਾ ਗੱਠਜੋੜ, ਮਾਤ-ਭਾਸ਼ਾ ਪ੍ਰਤੀ ਉਦਾਸੀਨਤਾ, ਪਦਾਰਥਵਾਦੀ ਸੋਚ, ਕਰਮ ਕਾਂਡਾਂ ਦਾ ਤਿਆਗ, ਵਿਗਿਆਨਕ ਸੋਚ ਅਤੇ ਰੋਜ਼ਮਰਾ ਦੇ ਸੂਖ਼ਮ ਮਸਲੇ ਆਦਿ ਉਸ ਦੇ ਕਾਵਿ ਸਰੋਕਾਰ ਹਨ।
ਲੇਖਕ ਦਾ ਨਜ਼ਰੀਆ ਆਸ਼ਾਵਾਦੀ ਅਤੇ ਮਾਨਵਵਾਦੀ ਹੈ। ਉਹ ਸਮਾਜ ਵਿਚ ਹੁੰਦੇ ਅਨਿਆਂ, ਅਮੀਰ-ਗ਼ਰੀਬ ਦੇ ਵਧਦੇ ਪਾੜੇ ਅਤੇ ਮਾਂ-ਬੋਲੀ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਅਤੇ ਵਾਤਾਵਰਨ ਵਿਗਾੜ ਤੋਂ ਚਿੰਤਤ ਹੈ। ਉਹ 'ਸੁਣ ਵੇ ਮੇਰੇ ਬਾਬਲਾ' ਕਵਿਤਾ ਰਾਹੀਂ ਲੋਕਾਈ ਨੂੰ ਧੀਆਂ ਪ੍ਰਤੀ ਨਜ਼ਰੀਆ ਬਦਲਣ ਦੀ ਅਰਜੋਈ ਕਰਦਾ ਹੈ :
ਕਹਿ ਕੇ ਕੁਲੱਛਣੀ ਕਰ ਦਿੰਦੇ, ਮੈਨੂੰ ਕੱਖੋਂ ਹੌਲਾ
ਮੇਰੇ ਜੰਮਣ ਤੇ ਕਿਉਂ ਘਰ ਵਿਚ ਪੈਂਦਾ ਸੋਗੀ ਰੌਲਾ
ਮੈਂ ਖੁਸ਼ੀ ਹਾਂ ਕੁੱਲ ਜਹਾਨ ਦੀ ਬਾਬਲਾ ਰੱਖ ਭਰੋਸਾ
ਮੈਂ ਸੁੱਖ ਨਾਲ ਝੋਲੀ ਭਰ ਦਿਆਂ, ਇਕ ਦੇ ਦੇ ਮੌਕਾ।
ਪ੍ਰਗਤੀਵਾਦੀ ਸੁਭਾਅ ਵਾਲੀ ਕਿਸ਼ੋਰ ਡਿਮਾਣਾ ਦੀ ਕਵਿਤਾ ਪਾਠਕ ਨਾਲ ਸੁਹਜਮਈ ਰਿਸ਼ਤਾ ਸਿਰਜਦੀ ਹੈ। ਵਿਚਾਰਾਂ ਦੀ ਮੌਲਿਕਤਾ, ਪ੍ਰਤੀਕਾਤਮਕਤਾ ਅਤੇ ਭਾਸ਼ਾ ਦੀ ਕਾਵਿਕ ਪੇਸ਼ਕਾਰੀ ਉਸ ਦੀ ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ।

ਂਪ੍ਰੋ: ਸੁਖਵਿੰਦਰ ਸਿੰਘ
ਮੋ: 95924-18152.
ਫ ਫ ਫ

ਲਾਲਾ ਦੀ ਕਹਾਣੀ
ਲੇਖਕ : ਸੇਰਜਿਓ ਸਕੈਪਾਗਨਿਨੀ
ਪੰਜਾਬੀ ਰੂਪ : ਹਰਪ੍ਰੀਤ ਕੌਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 188
ਸੰਪਰਕ : 098685-22008.

ਬਾਲ ਸਾਹਿਤ ਦੀ ਕਿਤਾਬ ਪੰਜ ਸੌ ਰੁਪਏ ਵਿਚ ਖ਼ਰੀਦਣ ਵਾਲੇ ਪੰਜਾਬੀ ਵਿਚ ਪੜ੍ਹਨ ਲਿਖਣ ਵਾਲੇ ਬਹੁਤ ਲੋਕ ਨਹੀਂ ਹੋਣੇ। ਗਲੇਜ਼ਡ ਕਾਗਜ਼, ਪੱਕੀ ਜਿਲਦ ਕਾਪੀ ਰਾਈਟ, ਅਨੁਵਾਦ, ਰੰਗੀ ਚਿੱਤਰ ਵਰਗੇ ਕਾਰਨ ਉਚੇਰੀ ਕੀਮਤ ਨੂੰ ਉਚਿਤ ਠਹਿਰਾਉਣ ਲਈ ਦਿੱਤੇ ਜਾਣਗੇ ਪਰ ਸਾਡੀ ਭਾਸ਼ਾ, ਆਰਥਿਕਤਾ ਦਾ ਆਪਣਾ ਵਿਵੇਕ ਇਨ੍ਹਾਂ ਤੋਂ ਸ਼ਾਇਦ ਵਡੇਰਾ ਹੈ। ਉਂਜ ਇਹ ਬਾਲ ਨਾਵਲ ਰੌਚਕ ਪ੍ਰੇਰਨਾਜਨਕ ਤੇ ਦੇਸ਼, ਕਾਲ ਤੋਂ ਪਾਰ ਪੜ੍ਹੇ ਜਾਣ ਯੋਗ ਹੈ। ਬਾਲ ਨਾਵਲ ਦੇ ਪਾਤਰ, ਘਟਨਾਵਾਂ, ਦ੍ਰਿਸ਼, ਵਾਰਤਾਲਾਪ, ਵਰਨਣ, ਬਿਰਤਾਂਤ, ਭਾਸ਼ਾ, ਸ਼ੈਲੀ ਕਿਹੋ ਜਿਹੇ ਹੋਣ? ਇਹ ਪ੍ਰਸ਼ਨ ਇਸ ਨਾਵਲ ਨੂੰ ਪੜ੍ਹਦੇ ਸਮੇਂ ਨਿਰੰਤਰ ਮੇਰੇ ਮਨ ਵਿਚ ਆਉਂਦੇ ਰਹੇ। ਹਰ ਇਕ ਦਾ ਉੱਤਰ ਇਹੀ ਸੀ ਜਿਹੋ ਜਿਹੇ ਇਸ ਨਾਵਲ ਵਿਚ ਹਨ। ਮੇਰਾ ਇਹ ਪ੍ਰਭਾਵ ਇਸ ਕਿਤਾਬ ਦੀ ਸਫਲਤਾ ਅਤੇ ਸਮਰੱਥਾ ਦਾ ਸਿਰ ਚੜ੍ਹ ਕੇ ਬੋਲਦਾ ਜਾਦੂ ਹੈ।
ਕੋਈ ਵੱਡੇ ਦਾਅਵੇ, ਉੱਚੇ, ਵੱਡੇ ਸੁਪਨੇ, ਵੱਡੀਆਂ ਔਖੀਆਂ ਮੁਹਿੰਮਾਂ, ਵੱਡੇ ਆਦਰਸ਼ਾਂ ਲਈ ਮਾਰਾ-ਮਾਰੀ ਨਹੀਂ। ਸਾਧਾਰਨ ਭਾਰਤੀ ਨਿਮਨ ਵਰਗੀ ਪਰਿਵਾਰ ਦਾ ਬੱਚਾ ਹੈ ਲਾਲਾ। ਨਿੱਕੀ ਜਿਹੀ ਕਿਰਸਾਨੀ। ਰੋਟੀ ਖਾਣ ਲਈ ਸਖ਼ਤ ਮਿਹਨਤ। ਉਸ ਦਾ ਫਲ ਵੀ ਕੁਦਰਤ, ਮੌਸਮ ਉੱਤੇ ਨਿਰਭਰ। ਹਾਲਾਤ ਦਾ ਮਾਰਿਆ ਲਾਲਾ ਮਾਤਾ, ਪਿਤਾ ਲਈ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਪਿੰਡੋਂ ਘਰੋਂ ਨਿਕਲ ਤੁਰਦਾ ਹੈ। ਡਾਂਗ ਉਤੇ ਡੇਰਾ। ਮਾਸੂਮ ਬੱਚਾ। ਪਿੰਡੋਂ ਨਗਰ, ਮਹਾਂਨਗਰ। ਗੱਡੇ ਤੋਂ ਗੱਡੀਆਂ ਬੱਸਾਂ ਮਾਲ ਗੱਡੀਆਂ। ਵੱਡੀਆਂ ਬਿਲਡਿੰਗਾਂ ਤੇ ਭਾਂਤ-ਭਾਤ ਦੇ ਅਣਪਛਾਤੇ ਲੋਕ। ਦੋਸਤ ਦੁਸ਼ਮਣ, ਚੋਰ, ਡਾਕੂ, ਪੁਲਿਸ। ਜ਼ਾਲਮ ਵੀ ਤੇ ਹਮਦਰਦ ਵੀ। ਮੇਲੇ, ਬਾਜ਼ਾਰ, ਸਮੁੰਦਰੀ ਬੀਚਾਂ, ਹੋਟਲ। ਸੁਪਨਿਆਂ ਦੀ ਪੂਰਤੀ ਹੁੰਦੇ-ਹੁੰਦੇ ਅਚਾਨਕ ਅਸਫਲਤਾ ਅਤੇ ਮੁੜ ਸਫਲਤਾ ਲਈ ਕਿਸੇ ਅਣਜਾਤੇ ਰਾਹ ਉੱਤੇ ਯਾਤਰਾ। ਬਸ ਇਸੇ ਤਰ੍ਹਾਂ ਹੀ ਆਦਿ ਤੋਂ ਅੰਤ ਤੱਕ ਚਲਦੀ ਹੈ ਲਾਲਾ ਨਾਮ ਦੇ ਬੱਚੇ ਦੀ ਕਹਾਣੀ। ਇਸ ਦਾ ਸਹਿਜ ਬਿਰਤਾਂਤ ਸਹਿਜ ਰੂਪ ਵਿਚ ਹੀ ਆਪਣਾ ਪ੍ਰਭਾਵ ਬਾਲ ਮਨ ਉੱਤੇ ਅੰਕਿਤ ਕਰਦਾ ਹੈ। ਇਸ ਵਿਚ ਕੋਈ ਉਚੇਚ ਨਹੀਂ। ਇਸੇ ਲਈ ਇਹ ਪੜ੍ਹਨਯੋਗ ਰਚਨਾ ਬਣ ਗਿਆ ਹੈ। ਬੱਚਿਆਂ ਨੂੰ ਤਾਂ ਇਹ ਪੜ੍ਹਨਾ ਹੀ ਚਾਹੀਦਾ ਹੈ। ਉਹ ਬੋਰ ਨਹੀਂ ਹੋਣਗੇ। ਅਚੇਤ ਰੂਪ ਵਿਚ ਕਈ ਕੁਝ ਸਿੱਖਣਗੇ ਇਸ ਤੋਂ। ਵੱਡਿਆਂ ਨੂੰ ਵੀ ਇਹ ਨਾਵਲ ਪੜ੍ਹਨਾ ਚਾਹੀਦਾਹੈ। ਕਿਉਂ? ਬਾਲਾਂ ਦੀ ਮਾਨਸਿਕਤਾ ਸਮਝਣ ਲਈ। ਅਤੇ ਪੰਜਾਬੀ ਬਾਲ ਲੇਖਕਾਂ ਨੂੰ ਇਸ ਲਈ ਕਿ ਉਹ ਜਾਣ ਸਕਣ ਕਿ ਵਧੀਆ ਬਾਲ ਸਾਹਿਤ ਕਿਹੋ ਜਿਹਾ ਹੁੰਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ
ਲੇਖਕ : ਅਲੀ ਰਾਜਪੁਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 94176-79302.

ਨੌਜਵਾਨ ਲੇਖਕ ਅਲੀ ਰਾਜਪੁਰਾ ਨੇ 'ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ' ਪੁਸਤਕ ਦੀ ਰਚਨਾ ਕਰਕੇ ਇਕ ਪਵਿੱਤਰ ਕਾਰਜ ਨੂੰ ਸਰੰਜਾਮ ਦਿੱਤਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅਨੇਕ ਮੁਸਲਮਾਨ ਵੀਰ ਸਤਿਗੁਰਾਂ ਲਈ ਸ਼ਰਧਾ ਅਤੇ ਸਤਿਕਾਰ ਪ੍ਰਗਟ ਕਰਦੇ ਰਹੇ ਅਤੇ ਉਨ੍ਹਾਂ ਦੀ ਸੇਵਾ ਵਿਚ ਪੂਰੀ ਤਰ੍ਹਾਂ ਨਾਲ ਸਮਰਪਿਤ ਰਹੇ। ਅਸਲ ਵਿਚ ਸਿੱਖਾਂ ਪ੍ਰਤੀ ਮੁਸਲਮਾਨਾਂ ਦੀ ਕਥਿਤ ਦੂਰੀ ਦਾ ਵੱਡਾ ਕਾਰਨ ਮੁਸਲਮਾਨ ਰਾਜਿਆਂ-ਰਜਵਾੜਿਆਂ ਦਾ ਭਾਰਤ ਉੱਪਰ ਕਾਬਜ਼ ਹੋਣਾ ਸੀ। ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਭਾਰਤ ਵਾਸੀਆਂ ਨੂੰ ਸੁਤੰਤਰ, ਨਿਰਭੈ ਅਤੇ ਨਿਰਵੈਰ ਬਣਾਉਣਾ ਸੀ। ਇਸੇ ਕਾਰਨ ਬਾਬੇ-ਕਿਆਂ ਅਤੇ ਬਾਬਰ-ਕਿਆਂ ਵਿਚਕਾਰ ਸਦਾ ਠਨੀ ਰਹੀ। ਗੁਰੂ ਗੋਬਿੰਦ ਸਿੰਘ ਦੇ ਮੁਢਲੇ ਯੁੱਧ, ਜੋ ਭੰਗਾਣੀ ਅਤੇ ਨਦੌਣ ਦੇ ਸਥਾਨ 'ਤੇ ਲੜੇ ਗਏ ਸਨ, ਉਹ ਹਿੰਦੂ ਰਾਜਪੂਤ ਰਾਜਿਆਂ ਦੇ ਵਿਰੁੱਧ ਸਨ, ਜੋ ਤੁਰਕਾਂ ਅਤੇ ਮੁਗ਼ਲਾਂ ਦੀ ਹਕੂਮਤ ਦੇ ਦੌਰਾਨ ਪਹਾੜੀ ਰਿਆਸਤਾਂ ਉੱਪਰ ਆ ਵਸੇ ਸਨ।
ਅਲੀ ਰਾਜਪੁਰਾ ਨੇ ਸਿੱਖ ਇਤਿਹਾਸ ਦੇ ਅਣਗੌਲੇ ਪੰਨੇ ਫੋਲ ਕੇ ਕੁਝ ਉਨ੍ਹਾਂ ਮੁਸਲਮਾਨ ਵਿਅਕਤੀਆਂ ਦਾ ਸੰਖੇਪ ਇਤਿਹਾਸ ਬਿਆਨ ਕੀਤਾ ਹੈ, ਜੋ ਵੱਖ-ਵੱਖ ਸਤਿਗੁਰਾਂ ਦੀ ਸੇਵਾ ਵਿਚ ਸਮਰਪਿਤ ਰਹੇ ਸਨ। ਇਨ੍ਹਾਂ ਵਿਚੋਂ ਰਾਏ ਬੁਲਾਰ, ਦੌਲਤ ਖਾਨ ਲੋਧੀ, ਭਾਈ ਮਰਦਾਨਾ, ਸਾਈ ਮੀਆਂ ਮੀਰ, ਰਾਇ ਬਲਵੰਤ ਅਤੇ ਸੱਤਾ ਰਬਾਬੀ, ਦਾਰਾ ਸ਼ਿਕੋਹ, ਸੈਫ਼ ਖਾਨ, ਭੀਖਣ ਸ਼ਾਹ, ਪੀਰ ਬੁੱਧੂ ਸ਼ਾਹ, ਗ਼ਨੀ ਖਾਂ-ਨਬੀ ਖਾਂ, ਰਾਇ ਕਲ੍ਹਾ ਜੀ ਅਤੇ ਝੰਡੇ ਸ਼ਾਹ ਜੀ ਵਰਗੀਆਂ ਪਾਕਿ ਰੂਹਾਂ ਨੂੰ ਭਲਾ ਕਿਹੜਾ ਗੁਰਸਿੱਖ ਨਹੀਂ ਜਾਣਦਾ? ਗੁਰੂ ਨਾਨਕ ਸ਼ਾਹ ਦੇ ਜੋਤੀ ਜੋਤਿ ਸਮਾਉਣ ਸਮੇਂ, ਉਨ੍ਹਾਂ ਦੇ ਹਿੰਦੂ-ਮੁਸਲਮਾਨਾਂ ਦਾ ਸਾਂਝਾ ਪੀਰ ਹੋਣ ਦੀ ਸਾਖੀ ਵੀ ਸਾਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ। ਲੇਖਕ ਨੇ ਇਤਿਹਾਸ ਦੀਆਂ ਪ੍ਰਮਾਣਿਕ ਪੁਸਤਕਾਂ ਦੇ ਗੰਭੀਰ ਅਧਿਐਨ ਦੁਆਰਾ ਇਸ ਪੁਸਤਕ ਦੀ ਰਚਨਾ ਕੀਤੀ ਹੈ। ਤਿੱਥਾਂ, ਤਰੀਕਾਂ ਅਤੇ ਸੰਨ-ਸੰਮਤਾਂ ਦਾ ਵੀ ਪੂਰਾ ਧਿਆਨ ਰੱਖਿਆ ਹੈ। ਹਰ ਪੰਜਾਬੀ ਅਤੇ ਭਾਰਤੀ ਪਾਠਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ, ਤਾਂ ਜੋ ਆਪਣੇ ਧਰਮ/ਸੰਪਰਦਾਇ ਦੀਆਂ ਮਰਯਾਦਾਵਾਂ ਵਿਚ ਉਲਝ ਕੇ ਅਸੀਂ ਮਨੁੱਖੀ ਧਰਮ ਤੋਂ ਅਵੇਸਲੇ ਨਾ ਹੋ ਜਾਈਏ : ਸਮੁੱਚਾ ਵਿਸ਼ਵ ਹੀ ਇਕ ਸਾਂਝਾ ਭਾਈਚਾਰਾ ਹੈ (ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥)

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਜਦਾ
ਸ਼ਾਇਰ : ਕਲਿਆਣ ਅੰਮ੍ਰਿਤਸਰੀ
ਸੰਪਾਦਕ : ਸਰਬਜੀਤ ਸਿੰਘ
ਪ੍ਰਕਾਸ਼ਕ : ਸੰਭਾਵਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 80543-81351.

ਕਲਿਆਣ ਅੰਮ੍ਰਿਤਸਰੀ ਲੰਮੇ ਅਰਸੇ ਤੋਂ ਗ਼ਜ਼ਲ ਸਿਰਜ ਵੀ ਰਿਹਾ ਹੈ ਅਤੇ ਪਾਠਕਾਂ ਦੇ ਮੇਲਿਆਂ ਵਿਚ ਗ਼ਜ਼ਲਾਂ ਪੇਸ਼ ਵੀ ਕਰਦਾ ਆ ਰਿਹਾ ਹੈ। ਉਸ ਦੇ ਸ਼ਿਅਰਾਂ ਵਿਚ ਜਿਥੇ ਮਾਨਵੀ ਸਰੋਕਾਰਾਂ ਪ੍ਰਤੀ ਫ਼ਿਕਰਮੰਦੀ ਹੈ, ਉਥੇ ਰਾਜਨੀਤਕ ਅਤੇ ਧਾਰਮਿਕ ਮੋਰਚਿਆਂ ਉੱਤੇ ਹੋ ਰਹੀਆਂ ਬੇਨਿਯਮੀਆਂ ਅਤੇ ਜਿੱਤ ਵਾਸਤੇ ਅਨੈਤਿਕ ਹਮਲਿਆਂ ਨੂੰ ਵੀ ਦਲੇਰੀ ਨਾਲ ਆਪਣੀ ਉਂਗਲੀ ਦੀ ਸੇਧ ਵਿਚ ਕਰਦਾ ਹੈ। ਇਹ ਕਿਸੇ ਦਰਿਆ ਵਰਗੀ ਮੈਦਾਨੀ ਤੋਰੇ ਤੁਰਦਾ ਸ਼ਾਇਰ ਜੁਗਾੜਾਂ ਅਤੇ ਇਨਾਮਾਂ ਖਰਾਮਾਂ ਤੋਂ ਦੂਰ ਸ਼ਾਇਰੀ ਦੀ ਆਪਣੀ ਹੀ ਦੁਨੀਆ ਦਾ ਵਾਸੀ ਹੈ। ਇਹ ਮਹਿਕ ਵਰਗਾ ਸ਼ਿਅਰਕਾਰ ਸ਼ਾਇਰੀ ਦੀਆਂ ਮਹਿਕਾਂ ਵੰਡਦਾ-ਵੰਡਦਾ ਭਾਵੇਂ ਉਮਰ ਦਰਾਜੀ ਦੀ ਦਹਿਲੀਜ਼ 'ਤੇ ਖੜ੍ਹਾ ਹੈ ਪਰ ਇਹ ਹਮੇਸ਼ਾ ਗੁਲਾਬ ਵਾਂਗ ਮਹਿਕਦਾ ਹੈ। ਇਸ ਦੀਆਂ ਗ਼ਜ਼ਲਾਂ ਵਿਚ ਸੰਸਾਰ ਭਰ ਦੇ ਫ਼ਿਕਰ ਅਤੇ ਵਿਸ਼ੇ ਹਨ ਪਰ ਮਨੁੱਖੀ ਦਰਦ ਹਰ ਗ਼ਜ਼ਲ ਵਿਚ ਬੋਲਦਾ ਹੈ। ਇਸ ਦੇ ਅਨੇਕਾਂ ਸ਼ਿਅਰ ਤਾਰੀਫ਼ ਦੇ ਕਾਬਲ ਅਤੇ ਕੋਟ ਕਰਨ ਯੋਗ ਹਨ। ਪਾਠਕਾਂ ਲਈ ਸ਼ਿਅਰ ਹਾਜ਼ਰ ਹਨ :
-ਬਹੁਤੇ ਥੋਹਰਾਂ ਵਰਗੇ ਜਾਂ ਫਿਰ ਖਾਰਾਂ ਵਰਗੇ ਨੇ,
ਫਿਰ ਵੀ ਏਥੇ ਕੁਝ ਇਕ ਲੋਕ ਬਹਾਰਾਂ ਵਰਗੇ ਨੇ।
-ਕਦ ਆਵਣਗੇ ਨਜ਼ਰੀਂ ਉਸ ਨੂੰ ਪਿਆਸੇ ਬੰਜਰ ਪਤਾ ਨਹੀਂ,
ਸਾਗਰ 'ਤੇ ਹੀ ਬਹੁਤ ਵਰ੍ਹਦਾ ਕਿਉਂ ਹੈ ਇੰਦਰ ਪਤਾ ਨਹੀਂ।
-ਇੰਕਲਾਬ ਕਦੋਂ ਆਉਂਦੇ ਨੇ, ਤੀਰ ਹਵਾ ਵਿਚ ਛੱਡਣ ਨਾਲ,
ਸੇਧ ਨਿਸ਼ਾਨ ਕਰਨਾ ਪੈਣਾ ਤੈਨੂੰ ਵੀ ਤੇ ਮੈਨੂੰ ਵੀ।
ਕਲਿਆਣ ਅੰਮ੍ਰਿਤਸਰੀ ਦੇ ਸਾਰੇ ਸ਼ਿਅਰ ਨਿਰਧਾਰਤ ਛੰਦਾਂ ਬਹਿਰਾਂ ਵਿਚ ਹਨ। ਬਹੁਤੇ ਸ਼ਿਅਰ ਉਸ ਦੇ ਚਲੰਤ ਪੰਜਾਬੀ ਛੰਦਾਂ ਵਿਚ ਹਨ। ਇਨ੍ਹਾਂ ਗ਼ਜ਼ਲਾਂ ਵਿਚ ਜਬਰੀਂ ਹੀ ਜ਼ਹੀਨਤਾ ਨਹੀਂ ਭਰੀ ਗਈ। ਚਿਰਾਂ ਬਾਅਦ ਹੀ ਅਜਿਹੀ ਮਹਿਕਦੀ ਸ਼ਾਇਰੀ ਦੀ ਪੁਸਤਕ ਛਪਦੀ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਅੰਤਰ ਯਾਤਰਾ
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਗੁਰਮੇਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 101
ਸੰਪਰਕ : 98557-11380.

ਡਾ: ਧਰਮਿੰਦਰ ਸਿੰਘ ਉੱਭਾ ਪੰਜਾਬੀ ਦਾ ਸਰਬਾਂਗੀ ਸਾਹਿਤਕਾਰ ਹੈ। ਉਸ ਨੇ ਪੰਜਾਬੀ ਸਾਹਿਤ ਵਿਚ ਕਵਿਤਾ, ਲੇਖ, ਗਿਆਨ ਸਾਹਿਤ, ਪ੍ਰੇਰਨਾ ਸਾਹਿਤ ਅਤੇ ਅਨੁਵਾਦ ਨਾਲ ਸਬੰਧਿਤ ਲਗਪਗ 28 ਕੁ ਪੁਸਤਕਾਂ ਲਿਖ ਕੇ ਬਹੁਮੁੱਲਾ ਯੋਗਦਾਨ ਪਾਇਆ ਹੈ। 'ਅੰਤਰ-ਯਾਤਰਾ' ਉਸ ਦਾ 29ਵਾਂ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 101 ਛੋਟੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਔਰਤਾਂ ਨੂੰ ਸਤਿਕਾਰ ਦੇਣ ਦੇ ਸੰਦੇਸ਼ ਦਾ ਅਨੁਸਰਨ ਕਰਦਿਆਂ ਆਪਣੀਆਂ ਧੀਆਂ 'ਸਿਰਜਣ' ਅਤੇ 'ਸੁਖਨ' ਨੂੰ ਸਮਰਪਿਤ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਉਸ ਨੇ ਮਾਨਵੀ ਸਰੋਕਾਰਾਂ ਨਾਲ ਜੁੜੇ ਮਸਲਿਆਂ ਨੂੰ ਗਹਿਰ-ਗੰਭੀਰ ਚਿੰਤਨ ਰਾਹੀਂ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ। ਗੁਰਬਾਣੀ ਦਾ ਉਸ ਦੇ ਧੁਰ ਅੰਦਰ ਵਸਿਆ ਹੋਣਾ ਹੀ, ਉਸ ਦੀਆਂ ਕਵਿਤਾਵਾਂ ਵਿਚੋਂ ਆਪਣੇ ਅੰਦਰੋਂ ਉਗ਼ਮਦੇ ਪ੍ਰਕਾਸ਼ ਦੀ ਸਮਰੱਥਾ ਨੂੰ ਪਛਾਨਣਾ ਅਤੇ ਕਾਵਿ-ਪਾਠਕਾਂ ਨਾਲ ਸਾਂਝਿਆਂ ਕਰਨ ਦਾ ਉਪਰਾਲਾ ਹੀ ਹੈ। ਆਤਮ-ਪਛਾਣ ਹੀ ਮਨੁੱਖ ਦਾ ਲਕਸ਼ ਹੋਣਾ ਚਾਹੀਦਾ ਹੈ ਅਤੇ 'ਸਚਿਆਰ' ਹੋਣ ਦੀ ਪ੍ਰਕਿਰਿਆ 'ਚੋਂ ਗੁਜ਼ਰਦੀ ਮਾਨਵੀ ਸਰੋਕਾਰਾਂ ਨਾਲ ਜੁੜੀ ਫ਼ਿਕਰ ਦੀ ਚਾਹ ਨੂੰ ਸੰਜੀਦਗੀ ਅਤੇ ਗੰਭੀਰਤਾ ਨਾਲ ਸਮਝਣਾ ਅਤੇ ਫਿਰ ਉਸ ਨੂੰ ਬਿਨਾਂ ਕਿਸੇ ਭੈਅ ਦੇ ਦਲੇਰੀ ਨਾਲ ਚਿਤਰਣਾ, ਇਨ੍ਹਾਂ ਕਵਿਤਾਵਾਂ ਦਾ ਮੂਲ ਮਨੋਰਥ ਹੈ। ਅਜਿਹੀ ਧੁਨੀ, ਪਾਠਕ 'ਅੰਤਰ ਜੋਤ', 'ਮਾਂ', 'ਪਾਰਸ ਛੂਹ', 'ਤਲਾਸ਼', 'ਤੀਰਥ ਇਸ਼ਨਾਨ', 'ਮੁਹੱਬਤ ਸਦੀਵੀ', 'ਰੋਜ਼' ਅਤੇ 'ਅੰਤਰ-ਯਾਤਰਾ' ਦੇ ਨਾਲ-ਨਾਲ ਹੋਰ ਵੀ ਅਨੇਕਾਂ ਕਵਿਤਾਵਾਂ ਵਿਚ ਵੀ ਗੂੰਜਦੀ ਮਹਿਸੂਸ ਕਰ ਸਕਦਾ ਹੈ। ਕਵਿਤਾ ਦਰਅਸਲ ਹੈ ਹੀ ਸੂਖਮ ਭਾਵੀ ਸ਼ਬਦਾਂ ਰਾਹੀਂ ਅੰਤਰ-ਆਤਮਾ ਦੀ ਧੁਨੀ ਨੂੰ ਸੁਣਨਾ ਅਤੇ ਪੇਸ਼ ਕਰਨਾ। ਜੋ ਤਪਦੀਆਂ ਰੂਹਾਂ ਨੂੰ ਸ਼ਬਦਾਂ ਰਾਹੀਂ ਸ਼ਾਂਤ ਕਰ ਸਕੇ। ਡਾ: ਉੱਭਾ ਨੇ ਉਪਯੁਕਤ ਭਾਸ਼ਾ ਦਾ ਪ੍ਰਯੋਗ ਕਰਦਿਆਂ ਮਨੁੱਖ ਦੀ ਅੰਦਰਲੀ ਤਲਾਸ਼ ਦੇ ਨਾਲ ਸੁਚੱਜੇ, ਢੁਕਵੇਂ ਸ਼ਬਦਾਂ ਰਾਹੀਂ ਬਿੰਬਾਵਲੀ ਅਤੇ ਪ੍ਰਤੀਕ ਘੜਨ ਦਾ ਸੁਹਿਰਦ ਯਤਨ ਕੀਤਾ ਹੈ। ਇਹ ਕਵਿਤਾਵਾਂ ਮਨੁੱਖ ਅੰਦਰ ਆਸ਼ਾਮਈ ਭਵਿੱਖ ਦਾ ਸੁਪਨਾ ਵੀ ਸਾਕਾਰ ਸਿਰਜਦੀਆਂ ਪ੍ਰਤੀਤ ਹੁੰਦੀਆਂ ਹਨ। ਵਿਰੋਧੀ ਜੁੱਟਾਂ 'ਚ ਪ੍ਰਸਥਿਤੀਆਂ ਨੂੰ ਪੇਸ਼ ਕਰਦਿਆਂ ਹਰੇਕ ਸਮੇਂ ਨੂੰ ਪਰਿਵਰਤਨ ਦੀ ਸਥਿਤੀ ਵੱਲ ਸੰਕੇਤ ਦੇਣ ਕਰਕੇ ਉਮੀਦ ਦਾ ਪੱਲਾ ਫੜਾਉਂਦੀਆਂ ਨੇ। ਮੇਰੀ ਜਾਚੇ ਇਹ ਕਵਿਤਾਵਾਂ ਮਨੁੱਖ ਅੰਦਰ ਭਰੋਸੇ ਦਾ ਭਾਵ ਜਗਾ ਕੇ ਜ਼ਿੰਦਗੀ 'ਚ ਨਿਰੰਤਰ ਸਫ਼ਰ 'ਤੇ ਤੁਰੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਇਹੀ ਇਨ੍ਹਾਂ ਕਵਿਤਾਵਾਂ ਦਾ ਹਾਸਲ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਮਹਿਕ ਪੰਜਾਬੀ ਵਿਰਸੇ ਦੀ
ਲੇਖਕ : ਮਨਜੀਤ ਸਿੰਘ ਘੜੈਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98153-91625.

ਮਨਜੀਤ ਸਿੰਘ ਘੜੈਲੀ ਦੀ ਇਹ ਪੁਸਤਕ ਉਨ੍ਹਾਂ ਰਹੁ-ਰੀਤਾਂ, ਆਦਤਾਂ, ਕਿਰਿਆਵਾਂ ਅਤੇ ਵਸਤਾਂ ਦੀ ਸ਼ਨਾਖ਼ਤ ਕਰਦੀ ਹੈ, ਜੋ ਕਦੀ ਪੰਜਾਬੀ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਜ਼ਰੂਰੀ ਤੇ ਅਨਿੱਖੜਵਾਂ ਅੰਗ ਹੋਇਆ ਕਰਦੀਆਂ ਸਨ। ਇਨ੍ਹਾਂ ਨਾਲ ਸਾਡੇ ਦੁੱਖ-ਸੁੱਖ, ਆਦਤਾਂ ਅਤੇ ਜੀਵਨ-ਜਾਚ ਜੁੜੀ ਹੋਈ ਸੀ, ਜਿਨ੍ਹਾਂ ਦੀ ਵਰਤੋਂ ਕਰਦਿਆਂ ਅਸੀਂ ਤਕੜੇ ਪੰਜਾਬੀ ਸੱਭਿਆਚਾਰ ਦੀ ਸਿਰਜਣਾ ਵੱਲ ਰੁਚਿਤ ਹੁੰਦੇ ਸਾਂ।
ਲੇਖਕ ਨੇ ਇਸ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ 'ਪੰਜਾਬੀ ਲੋਕ ਵਿਰਸਾ' ਹੈ, ਜਿਸ ਵਿਚ ਉਹ ਸਾਡੇ ਖਾਣ-ਪੀਣ, ਸਾਡੀ ਆਰਥਿਕਤਾ ਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦਾ ਜ਼ਿਕਰ ਕਰਦਾ ਹੈ। ਉਨ੍ਹਾਂ ਵਿਚ ਕੁਝ ਕੁ ਜਾਂ ਉਨ੍ਹਾਂ ਦੇ ਚਿੰਨ੍ਹ ਮਾਤਰ ਹਾਲੇ ਵੀ ਪੰਜਾਬੀ ਸਮਾਜ ਵਿਚ ਪ੍ਰਚੱਲਿਤ ਹਨ ਤੇ ਕਈ ਵਸਤਾਂ ਤੇ ਰਿਵਾਜ ਬੀਤੇ ਦੀ ਗੱਲ ਹੋ ਗਏ ਹਨ। ਆਜੜੀ, ਤਵਿਆਂ ਵਾਲੇ ਸਪੀਕਰ, ਘੱਗਰੇ, ਚਰਖਾ, ਪੱਖੀ, ਚੱਕੀ, ਫੁਲਕਾਰੀ, ਬੇੜਾਂ ਵੱਟਣਾ, ਮਿੱਟੀ ਦੇ ਹਾਰੇ, ਹਲਟ, ਭੱਠੀਆਂ, ਮਣਾਂ ਬੰਨ੍ਹਣਾ ਆਦਿ ਹੁਣ ਸਾਡੀ ਨਵੀਂ ਪੀੜ੍ਹੀ ਲਈ ਅਲੋਕਾਰੀ ਚੀਜ਼ਾਂ ਤੇ ਰਸਮਾਂ ਹਨ।
ਦੂਸਰੇ ਭਾਗ ਵਿਚ 'ਵਿਆਹ ਸਮੇਂ ਦੀਆਂ ਰਸਮਾਂ' ਦਾ ਜ਼ਿਕਰ ਹੈ, ਜਿਨ੍ਹਾਂ 'ਚੋਂ ਕੁਝ ਕੁ ਹਾਲੇ ਵੀ ਚਿੰਨ੍ਹ ਮਾਤਰ ਕਦੀ-ਕਦੀ ਵਿਆਹਾਂ ਸ਼ਾਦੀਆਂ ਵੇਲੇ ਕਰ ਲਈਆਂ ਜਾਂਦੀਆਂ ਹਨ। ਸਿਹਰਾਬੰਦੀ, ਸੁਰਮਾ ਪਵਾਈ, ਜਾਗੋ, ਪਾਣੀ ਵਾਰਨਾ, ਮਿੱਟੀ ਕੱਢਣਾ, ਕੰਗਣਾ ਖੇਡਣਾ ਹਾਲੇ ਵੀ ਪੰਜਾਬੀ ਵਿਆਹਾਂ 'ਚ ਹੋਣ ਵਾਲੀਆਂ ਰਸਮਾਂ ਹਨ, ਜੋ ਥੋੜ੍ਹੀ ਜਾਂ ਬਹੁਤੀ ਮਿਕਦਾਰ 'ਚ ਕਰ ਲਈਆਂ ਜਾਂਦੀਆਂ ਹਨ।
ਤੀਸਰੇ ਭਾਗ ਵਿਚ 'ਪੰਜਾਬੀ ਵਿਰਸੇ ਦੀਆਂ ਹੋਰ ਅਹਿਮ ਰਸਮਾਂ' ਜਿਵੇਂ ਸੰਧਾਰਾ ਭੇਜਣਾ, ਨਿੰਮ ਬੰਨ੍ਹਣਾ, ਹਕਾਮਾ ਆਦਿ ਦੇ ਵੇਰਵੇ ਦਰਜ ਹਨ। ਚੌਥੇ ਭਾਗ ਵਿਚ 'ਅਲੋਪ ਹੋ ਰਹੇ ਅਹਿਮ ਖੇਤੀ ਸੰਦਾਂ' ਦਾ ਵੇਰਵਾ ਹੈ, ਜੋ ਖੇਤੀ ਦੇ ਢੰਗ ਬਦਲ ਜਾਣ ਨਾਲ ਵਰਤੋਂ ਵਿਚ ਨਹੀਂ ਆ ਰਹੇ। ਲੇਖਕ ਦੀ ਬੋਲੀ ਮਲਵਈ ਸ਼ੈਲੀ ਵਿਚ ਹੈ ਤੇ ਬਹੁਤ ਹੀ ਸੌਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਹ ਪੁਸਤਕ ਸਾਡੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਨਵੀਂ ਪੀੜ੍ਹੀ ਲਈ ਯਾਦ-ਯੰਤਰ ਦਾ ਕੰਮ ਦੇਵੇਗੀ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਸਮੇਂ ਦਾ ਨਾਦ
ਲੇਖਕ : ਮਾਸਟਰ ਸੀਤਲ ਰਾਮ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 120
ਸੰਪਰਕ : 98158-10630.

ਮਾਸਟਰ ਸੀਤਲ ਰਾਮ ਇਕੋ ਸਮੇਂ ਕਵੀ, ਵਾਰਤਕਕਾਰ ਅਤੇ ਕਹਾਣੀਕਾਰ ਵੀ ਹੈ। ਉਸ ਦੀ ਨਵਪ੍ਰਕਾਸ਼ਿਤ ਪੁਸਤਕ 'ਸਮੇਂ ਦਾ ਨਾਦ' ਉਸ ਦੀਆਂ 13 ਕਵਿਤਾਵਾਂ, 21 ਵਾਰਤਕ ਲੇਖਾਂ ਅਤੇ 4 ਕਹਾਣੀਆਂ ਦਾ ਮੁਜੱਸਮਾ ਹੈ। ਕਵੀ ਸੀਤਲ ਰਾਮ ਦੀ ਕਵਿਤਾ ਵਿਚ ਜਿੱਥੇ ਲੋਕਾਈ ਪ੍ਰਤੀ ਸੁਹਿਰਦਤਾ ਹੈ, ਉਥੇ ਨਾਬਰਾਬਰੀ ਪ੍ਰਤੀ ਬਗ਼ਾਵਤੀ ਸੁਰਾਂ ਵੀ ਹਨ। ਇਹ ਕਵਿਤਾਵਾਂ ਆਪਣੀ ਹੋਣੀ ਜਾਂ ਵਿਵਸਥਾ ਪ੍ਰਤੀ ਦੁੱਖ ਨਹੀਂ, ਸਗੋਂ ਰੋਹ ਤੇ ਵਗਾਰ ਪੈਦਾ ਕਰਨ ਵਾਲੀਆਂ ਕਵਿਤਾਵਾਂ ਹਨ। ਪਾਠਕ ਨੂੰ ਡੂੰਘਿਆਈ ਵਿਚ ਲੈ ਜਾਣ ਦੇ ਸਮਰੱਥ ਹਨ। ਕੁਝ ਨਵੇਂ ਪ੍ਰਤੀਕ ਇਲਮ ਦੀ ਛਿੱਟ, ਕਿਰਨਾਂ ਦਾ ਭੱਥਾ, ਚਾਕਵ ਦਾ ਰੱਥ, ਕਿਰਨਾਂ ਦੇ ਘੋੜੇ ਆਦਿ ਕਵਿਤਾਵਾਂ ਵਿਚ ਸੱਜਰਾਪਣ ਪੈਦਾ ਕਰਦੇ ਹਨ।
ਪੁਸਤਕ ਵਿਚ ਸ਼ਾਮਿਲ 21 ਲੇਖਾਂ ਰਾਹੀਂ ਸਮਕਾਲੀ ਸਮਾਜ ਅਤੇ ਵਿਵਸਥਾ ਦਾ ਮੰਥਨ ਕੀਤਾ ਗਿਆ ਹੈ। ਇਨ੍ਹਾਂ ਵਿਚ ਨਸ਼ੇ, ਧੀਆਂ ਦੀ ਬੇਪਤੀ, ਬੇਰੁਜ਼ਗਾਰੀ, ਪ੍ਰਬੰਧਕੀ ਅਰਾਜਕਤਾ, ਮੰਦਹਾਲੀ, ਗ਼ਰੀਬੀ, ਗੁਰਬਤ, ਜ਼ਿਆਦਤੀਆਂ, ਬੇਇਨਸਾਫ਼ੀਆਂ, ਹੱਕਾਂ ਦੀ ਲੁੱਟ-ਖੋਹ ਆਦਿ ਨੂੰ ਵਿਸ਼ਾ ਬਣਾਇਆ ਗਿਆ ਹੈ। ਇਨ੍ਹਾਂ ਰਚਨਾਵਾਂ ਨੂੰ ਪੜ੍ਹ ਕੇ ਪਾਠਕ ਅੰਦਰ ਗੁੱਸਾ, ਰੋਹ ਤੇ ਬਗ਼ਾਵਤ ਪੈਦਾ ਹੁੰਦੀ ਹੈ। ਮਿਥਿਹਾਸ ਤੇ ਇਤਿਹਾਸਕ ਪਾਤਰਾਂ ਨੂੰ ਲੈ ਕੇ ਸਮਾਜ ਤੇ ਪ੍ਰਕ੍ਰਿਤੀ ਦੇ ਅਸਲ ਸੱਚ ਨੂੰ ਪ੍ਰਗਟ ਕਰਨ ਦੀ ਜਾਚ ਮਾਸਟਰ ਸੀਤਲ ਰਾਮ ਪਾਸ ਹੈ। ਉਸ ਨੇ ਜੀਵਨ ਦੀਆਂ ਗੁੰਝਲਾਂ, ਉਲਝਣਾਂ ਅਤੇ ਤੰਗੀਆਂ-ਤੁਰਸ਼ੀਆਂ ਦੇ ਡੂੰਘੇ ਅਨੁਭਵਾਂ ਦਾ ਸੱਤ ਇਨ੍ਹਾਂ ਲੇਖਾਂ ਤੇ ਕਹਾਣੀਆਂ ਵਿਚ ਨਿਚੋੜ ਦਿੱਤਾ ਹੈ।
ਲੇਖਕ ਦੇ ਆਪਣੇ ਸ਼ਬਦਾਂ ਵਿਚ ਉਸ ਨੇ ਆਪਣੀਆਂ ਇਨ੍ਹਾਂ ਕਿਰਤਾਂ ਰਾਹੀਂ ਆਪਣੀ ਧਰਤੀ ਮਾਂ, ਰੁੱਤਾਂ, ਮਿੱਟੀ, ਹਵਾ, ਪਾਣੀ, ਭਾਈਚਾਰੇ ਤੇ ਮਾਂ-ਬੋਲੀ ਦਾ ਕਰਜ਼ਾ ਲਾਹੁਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਜ਼ਬਾ ਮਾਸਟਰ ਸੀਤਲ ਰਾਮ ਨੂੰ ਆਮ ਮਨੁੱਖ ਤੋਂ ਪਰਮ ਮਨੁੱਖ ਦੀ ਯਾਤਰਾ 'ਤੇ ਲੈ ਜਾਂਦਾ ਹੈ ਤੇ ਹਰੇਕ ਰੋਗ, ਮੁਸ਼ਕਿਲ ਦੇ ਹੱਲ ਲਈ ਆਪਣਾ ਡਾਕਟਰ ਆਪ ਬਣਨ ਦੀ ਪ੍ਰੇਰਨਾ ਦਿੰਦਾ ਹੈ। ਮਾਸਟਰ ਸੀਤਲ ਰਾਮ ਦੀ ਸਾਧਾਰਨਤਾ ਵਿਚ ਅਸਾਧਾਰਨਤਾ ਹੈ। ਸਰਲਤਾ ਵਿਚ ਵਿਲੱਖਣਤਾ ਹੈ ਅਤੇ ਸਹਿਜਤਾ ਵਿਚ ਮਾਨਸਿਕ ਅਸਹਿਜਤਾ ਵੀ ਹੈ। ਉਸ ਦੀ ਚਿੰਤਾ, ਉਸ ਦੀ ਕਵਿਤਾ ਵਿਚ ਇੰਜ ਸਿਖ਼ਰ ਛੋਂਹਦੀ ਹੈਂ
'ਇਕ ਦੋ ਹੁੰਦੇ ਟੁੱਟੇ ਧਾਗੇ ਗੰਢ ਲੈਂਦੇ
ਐਪਰ ਮੇਰੇ ਦੇਸ਼ ਦੀ ਟੁੱਟੀ ਤਾਣੀ ਹੈ
ਹਰ ਰੋਜ਼ ਮੁੱਖ ਖ਼ਬਰ ਜੋ ਹੁੰਦੀ
ਰੇਪ, ਘਪਲੇ, ਲੁੱਟਾਂ-ਖੋਹਾਂ ਦੀ ਕਹਾਣੀ ਹੈ।'

ਂਡਾ: ਧਰਮ ਪਾਲ ਸਾਹਿਲ
ਮੋ: 98761-56964.
ਫ ਫ ਫ

21-12-2019

 ਜਾਗੋ ਇੰਟਰਨੈਸ਼ਨਲ
ਮੁੱਖ ਸੰਪਾਦਕ : ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, 50 ਡਾਲਰ, ਸਫ਼ੇ : 464
ਸੰਪਰਕ : 98148-51500.

ਜਾਗੋ ਇੰਟਰਨੈਸ਼ਨਲ ਦਾ ਇਹ ਵਿਸ਼ੇਸ਼ ਅੰਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ 'ਤੇ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਬਹੁਤ ਸਾਰੇ ਵਿਦਵਾਨ ਲੇਖਕਾਂ ਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ, ਜੀਵਨ ਦਰਸ਼ਨ, ਸਰਬ ਵਿਆਪੀ ਸੋਚ, ਸਮਾਜ ਸੁਧਾਰਕ ਪ੍ਰਵਿਰਤੀ ਅਤੇ ਨਿਰਾਲੇ ਪੰਥ ਬਾਰੇ ਲੇਖਕਾਂ ਨੇ ਆਪੋ-ਆਪਣੇ ਵਿਚਾਰ ਦਿੱਤੇ ਹਨ। ਗੁਰੂ ਸਾਹਿਬ ਜੀ ਦੀਆਂ ਉਦਾਸੀਆਂ ਦੌਰਾਨ ਉਨ੍ਹਾਂ ਦੇ ਪਾਵਨ ਚਰਨਾਂ ਨਾਲ ਸੁਗੰਧਿਤ ਹੋਈਆਂ ਧਰਤੀਆਂ ਬਾਬਤ ਜਾਣਕਾਰੀ ਦਿੱਤੀ ਗਈ ਹੈ। ਮਹਾਰਾਜ ਜੀ ਦੀ ਅਮਰ ਬਾਣੀ ਦੀ ਸੰਗੀਤਾਤਮਕਤਾ, ਕਾਵਿਕਤਾ, ਸੁੱਚਮਤਾ ਅਤੇ ਦਾਰਸ਼ਨਿਕਤਾ ਬਾਰੇ ਚਾਨਣ ਪਾਇਆ ਗਿਆ ਹੈ। ਵੱਖੋ-ਵੱਖ ਅਸਥਾਨਾਂ 'ਤੇ ਸਾਂਭੀਆਂ ਹੋਈਆਂ ਪਹਿਲੇ ਪਾਤਸ਼ਾਹ ਜੀ ਦੀਆਂ ਯਾਦਗਾਰੀ ਨਿਸ਼ਾਨੀਆਂ ਦਾ ਵੇਰਵਾ ਦਿੱਤਾ ਗਿਆ ਹੈ ਜਿਵੇਂ ਚੋਲਾ ਸਾਹਿਬ (ਡੇਰਾ ਬਾਬਾ ਨਾਨਕ), ਵੱਟੇ (ਸੁਲਤਾਨਪੁਰ ਲੋਧੀ), ਸੇਲ੍ਹੀ ਟੋਪੀ (ਕਰਤਾਰਪੁਰ) ਪੋਥੀ ਤੇ ਮਾਲਾ (ਗੁਰੂ ਹਰ ਸਹਾਏ), ਕੰਧ ਸਾਹਿਬ (ਬਟਾਲਾ), ਬਹੁਕੀਮਤੀ ਪੱਥਰ ਪਦਮ ਆਦਿ ਮਹਾਰਾਜ ਜੀ ਦੀ ਛੋਹ ਪ੍ਰਾਪਤ ਰੁੱਖ ਬੂਟੇ, ਸਰੋਵਰ, ਨਦੀਆਂ, ਖੂਹ, ਰੁਮਾਲ, ਪਹਾੜ ਆਦਿ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਸਮੋਈ ਬੈਠੇ ਹਨ। ਪੰਜਾ ਸਾਹਿਬ, ਮਿੱਠੇ ਰੀਠੇ, ਪੱਥਰ ਸਾਹਿਬ ਅਤੇ ਖੜਾਵਾਂ ਸਾਡੇ ਦਿਲਾਂ ਅੰਦਰ ਪਿਆਰ ਭਾਵਨਾ ਜਗਾਉਂਦੇ ਹਨ। ਕਈ ਲੇਖਕਾਂ ਨੇ ਗੁਰੂ ਸਾਹਿਬ ਜੀ ਦੀ ਅਨਮੋਲ ਬਾਣੀ ਨਾਲ ਜਾਣ-ਪਛਾਣ ਕਰਵਾਈ ਹੈ। ਆਪ ਜੀ ਦੀ ਬਾਣੀ ਦੇ ਵਿਗਿਆਨਕ ਅਤੇ ਸਮਾਜਿਕ ਸਰੋਕਾਰਾਂ ਵੱਲ ਝਾਤ ਪੁਆਈ ਹੈ। ਆਪ ਜੀ ਦੀਆਂ ਯਾਦਗਾਰਾਂ, ਧਰਮਸ਼ਾਲਾਂ ਅਤੇ ਗੁਰਦੁਆਰਿਆਂ ਬਾਬਤ ਵੇਰਵੇ ਦਿੱਤੇ ਗਏ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਬਾਰੇ ਉਤਕ੍ਰਿਸ਼ਟ ਪੁਸਤਕਾਂ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਪੁਸਤਕ ਦੇ ਕਵਿਤਾ ਭਾਗ ਵਿਚ ਕੁਝ ਕਵੀਆਂ ਵਲੋਂ ਮਹਾਰਾਜ ਜੀ ਨੂੰ ਕਾਵਿ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ। ਪੁਸਤਕ ਦਾ ਲਗਪਗ ਸਾਰਾ ਮੈਟਰ ਹੀ ਸ਼ਲਾਘਾਯੋਗ ਹੈ। ਗੁਰੂ ਮਹਾਰਾਜ ਜੀ ਦੀ ਅਗੰਮੀ, ਅਪਾਰ, ਅਨੋਖੀ, ਅਨਮੋਲ ਅਤੇ ਅਗਾਧ ਵਡਿਆਈ ਅੱਖਰਾਂ ਤੋਂ ਪਾਰ ਦੀ ਗੱਲ ਹੈ। ਫਿਰ ਵੀ ਆਪ ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਾ ਇਹ ਵਡਆਕਾਰੀ ਵਿਸ਼ੇਸ਼ ਅੰਕ ਇਕ ਸਲਾਹੁਣਯੋਗ ਕਾਰਜ ਹੈ। ਇਸ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਅਸੀਂ ਨਾਨਕ ਦੇ ਕੀ ਲਗਦੇ ਹਾਂ
ਲੇਖਕ : ਜਸਵੰਤ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 99888-03277.

ਕਵੀ ਜਸਵੰਤ ਜ਼ਫ਼ਰ ਨੇ ਪਹਿਲੀ ਵਾਰ ਇਹ ਪ੍ਰਸ਼ਨ 2001 ਈ: ਵਿਚ ਪੁੱਛਿਆ ਸੀ : ਅਸੀਂ ਨਾਨਕ ਦੇ ਕੀ ਲਗਦੇ ਹਾਂ? ਹੁਣ 19 ਵਰ੍ਹਿਆਂ ਦੇ ਬਾਅਦ ਵੀ ਅਸੀਂ ਇਸ ਪ੍ਰਸ਼ਨ ਦਾ ਉੱਤਰ ਤਸੱਲੀਬਖ਼ਸ਼ ਢੰਗ ਨਾਲ ਨਹੀਂ ਦੇ ਸਕਦੇ। ਏਨਾ ਜ਼ਰੂਰ ਹੈ ਕਿ ਦੁਨੀਆ ਦੇ ਲੋਕ ਸਾਨੂੰ ਗੁਰੂ ਨਾਨਕ ਦੇ ਸਿੱਖ ਜ਼ਰੂਰ ਆਖ ਦਿੰਦੇ ਹਨ। ਇਹ ਪ੍ਰਾਪਤੀ ਵੀ ਕੋਈ ਘੱਟ ਨਹੀਂ ਹੈ। ਗੁਰੂ ਨਾਨਕ ਦੇ ਕੁਝ ਲੱਗਣ ਲਈ 'ਸਚਿਆਰੁ' ਬਣਨਾ ਪਵੇਗਾਂਨਿਰਭਉ ਅਤੇ ਨਿਰਵੈਰ। ਪ੍ਰਭੂ ਦੇ ਹੁਕਮ ਵਿਚ ਚੱਲਣਾ ਪਵੇਗਾ। ਸਭ ਸੰਕਲਪਾਂ-ਵਿਕਲਪਾਂ ਤੋਂ ਉੱਪਰ ਉੱਠਣਾ ਪਵੇਗਾ ਅਤੇ ਇਸ ਗੱਲ ਦੀ ਸਾਨੂੰ ਸਾਡੀ ਹਊਮੈ ਇਜਾਜ਼ਤ ਨਹੀਂ ਦਿੰਦੀ। ਪਰ ਫਿਰ ਵੀ ਜਸਵੰਤ ਜ਼ਫ਼ਰ ਦੇ ਇਸ ਪ੍ਰਸ਼ਨ ਨੇ ਸਾਨੂੰ ਸਭ ਨੂੰ ਸੋਚਣ ਜ਼ਰੂਰ ਲਾ ਦਿੱਤਾ ਹੈ। ਇਸ ਸੰਗ੍ਰਹਿ ਦੀਆਂ ਚਾਰ-ਪੰਜ ਕਵਿਤਾਵਾਂ ਵਿਚ ਕਵੀ ਗੁਰੂ ਨਾਨਕ ਸਾਹਿਬ ਦੀ ਅਜਮਤ ਅਤੇ ਵਿਚਾਰਧਾਰਾ ਦਾ ਨਿਰੂਪਣ ਕਰਦਾ ਹੈ। ਬਾਕੀ ਕਵਿਤਾਵਾਂ ਆਧੁਨਿਕ ਵਿਅਕਤੀ ਦੀ ਬੇਬਸੀ ਅਤੇ ਦੁਬਿਧਾ ਦਾ ਅੰਕਣ ਕਰਦੀਆਂ ਹਨ। ਕਵੀ ਪੂਰਬੀ ਜੀਵਨ-ਸ਼ੈਲੀ ਅਤੇ ਪੱਛਮੀ ਵਿਚਾਰਧਾਰਾ ਦਾ ਤੁਲਨਾਤਮਕ ਅਧਿਐਨ ਕਰਨ ਸਮੇਂ ਪੂਰਬੀ ਜੀਵਨ ਧਾਰਾ ਨੂੰ ਉਲਟੇ ਪਿਰਾਮਿਡ ਨਾਲ ਤੁਲਨਾ ਦਿੰਦਾ ਹੈ, ਜੋ ਆਪਣੀ ਨੋਕ ਉੱਪਰ ਖੜ੍ਹਾ ਹੈ। ਬੇਸ਼ੱਕ ਇਸ ਦੇ ਉੱਪਰ ਖੂਬ ਖੁੱਲ੍ਹਾ-ਡੁੱਲ੍ਹਾ ਆਧਾਰ ਹੈ ਪਰ ਉੱਪਰ ਚੜ੍ਹਿਆ ਹੀ ਨਹੀਂ ਜਾ ਸਕਦਾ। ਜੇ ਖਾਹਿਸ਼ਾਂ ਅਤੇ ਇੱਛਾਵਾਂ ਹੀ ਮਰ ਗਈਆਂ ਤਾਂ ਉੱਪਰ ਚੜ੍ਹਨ ਲਈ ਅਟਕਲ ਜਾਂ ਹੌਸਲਾ ਕਿੱਥੋਂ ਲਿਆਉਗੇ? ਦੂਜੇ ਪਾਸੇ ਪੱਛਮੀ ਜੀਵਨ ਧਾਰਾ ਦੀ ਪਿਰਾਮਿਡ ਸਿੱਧੀ ਸਥਿਤੀ ਵਿਚ ਹੈ। ਇਸ ਦੇ ਆਧਾਰ 'ਤੇ ਆਲੇ-ਦੁਆਲੇ ਘੁੰਮਿਆ ਜਾ ਸਕਦਾ ਹੈ, ਪੂਰਾ ਜ਼ੋਰ ਲਾ ਕੇ ਚੜ੍ਹਾਈ ਸ਼ੁਰੂ ਵੀ ਕੀਤੀ ਜਾ ਸਕਦੀ ਹੈ ਪਰ ਸਿਖ਼ਰ 'ਤੇ ਇਕ ਬੰਦੇ ਜੋਗੀ ਥਾਂ ਵੀ ਨਹੀਂ। ਇਸ ਵਿਸੰਗਤੀ ਦਾ ਹੱਲ ਕਿਸੇ ਪਾਸ ਨਹੀਂ। ਹਥਲੇ ਕਾਵਿ ਸੰਗ੍ਰਹਿ ਵਿਚ ਕਵੀ ਨੇ 'ਕੰਕਰੀਟ ਪੋਇਟਰੀ' ਉੱਪਰ ਵੀ ਕਲਮ ਅਜਮਾਈ ਹੈ। ਇਹ ਇਕ ਪ੍ਰਕਾਰ ਦਾ ਦ੍ਰਿਸ਼-ਕਾਵਿ ਹੁੰਦੀ ਹੈ। ਜਸਵੰਤ ਜ਼ਫ਼ਰ, ਆਪਣੇ ਕੁਝ ਹੋਰ ਪ੍ਰਤਿਭਾਸ਼ੀਲ ਸਾਥੀਆਂ ਨਾਲ ਮਿਲ ਕੇ ਆਧੁਨਿਕ ਪੰਜਾਬੀ ਕਾਵਿ ਨੂੰ ਨਵੀਂ ਸ਼ਨਾਖ਼ਤ ਅਤੇ ਊਰਜਾ ਪ੍ਰਦਾਨ ਕਰਨ ਦਾ ਆਹਰ ਕਰ ਰਿਹਾ ਹੈ। ਖ਼ੁਦਾ ਭਲੀ ਕਰੇ!

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮੁੱਠ ਕੁ ਦਾਣੇ
ਕਵੀ : ਗੁੱਲੂ ਅੱਛਣਪੁਰੀਆ
ਪ੍ਰਕਾਸ਼ਕ : ਕੈਫੇ ਵਰਲਡ, ਪੰਜਾਬ
ਮੁੱਲ : 120 ਰੁਪਏ, ਸਫ਼ੇ : 50
ਸੰਪਰਕ : 99140-22845.

'ਮੁੱਠ ਕੁ ਦਾਣੇ' ਕਾਵਿ ਸੰਗ੍ਰਹਿ 'ਚ ਕਵੀ ਗੁੱਲੂ ਅੱਛਣਪੁਰੀਆ ਦੀਆਂ 50 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਸ਼ਾਇਰ ਨੇ ਮਨੁੱਖੀ ਜ਼ਿੰਦਗੀ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਹੈ। ਇਨ੍ਹਾਂ ਰਚਨਾਵਾਂ 'ਚ ਵਿਚ ਅਧੂਰੇ ਖਾਬਾਂ ਦੀ ਚੀਸ, ਧੀਆਂ ਦੇ ਬਾਪ ਦਾ ਫ਼ਿਕਰ, ਮਨੁੱਖੀ ਜ਼ਿੰਦਗੀ ਦੀਆਂ ਉਲਝਣਾਂ ਦੇ ਮੱਕੜੀ ਜਾਲ 'ਚ ਉਲਝ ਰਹੇ ਮਨੁੱਖ ਦੀ ਬੇਚੈਨੀ, ਜਾਤਾਂ-ਪਾਤਾਂ ਦੇ ਬੰਧਨ 'ਚੋਂ ਨਿਕਲਣ ਦੀ ਪ੍ਰੇਰਣਾ ਅਤੇ ਬੁਜ਼ਦਿਲ ਬੰਦਿਆਂ ਲਈ ਹੌਸਲੇ ਦੀ ਇਕ ਚਿਣਗ ਹੈ :
ਬੁਜ਼ਦਿਲ ਬੰਦੇ ਡਰ ਜਾਂਦੇ ਨੇ, ਥੱਕ ਹਾਰ ਬਹਿ ਘਰ ਜਾਂਦੇ ਨੇ।
ਹਨੇਰਿਆਂ ਦੀਆਂ ਚੀਰ ਕੇ ਹਿੱਕਾਂ, ਸੂਰਜ ਇੱਥੇ ਚੜ੍ਹ ਜਾਂਦੇ ਨੇ।
ਕਵੀ ਗੁੱਲੂ ਅੱਛਣਪੁਰੀਆ ਦੀਆਂ ਕਾਵਿ ਰਚਨਾਵਾਂ 'ਚ ਹੱਕਾਂ ਲਈ ਲੜਨ ਦਾ ਹੋਕਾ ਹੈ, ਮਿਹਨਤ-ਮਸ਼ੱਕਤ ਦਾ ਜ਼ਜਬਾ ਹੈ, ਗੁਰਬਤ ਦੇ ਮਾਰਿਆਂ ਦਾ ਦਰਦ ਹੈ। ਅਮੀਰੀ ਅਤੇ ਗਰੀਬੀ ਦੇ ਪਾੜੇ ਸਬੰਧੀ ਤਿੱਖੀ ਟਕੋਰ ਕਰਦਾ ਕਵੀ ਲਿਖਦਾ ਹੈ :
ਹੱਥ ਨਾ ਲਾਵੀਂ, ਇਹ ਨੇ ਦਾਣੇ ਅਮੀਰਾਂ ਦੇ।
ਸਾਰੇ ਕੋਟ -ਕਚਹਿਰੀ, ਠਾਣੇ ਅਮੀਰਾਂ ਦੇ।
ਇਸ ਕਾਵਿ ਸੰਗ੍ਰਹਿ 'ਚ ਜ਼ਿਆਦਾਤਰ ਕਾਵਿ ਰਚਨਾਵਾਂ ਨੂੰ ਕਵੀ ਵਲੋਂ ਸਿਰਫ ਦੋ-ਤਿੰਨ ਸ਼ਿਅਰਾਂ ਵਿਚ ਸਮੇਟ ਕੇ ਅਜੋਕੇ ਸਮਾਜ ਲਈ ਕੋਈ ਸਾਰਥਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿਚ ਕਵੀ ਕਾਫੀ ਹੱਦ ਤੱਕ ਸਫਲ ਵੀ ਰਿਹਾ ਹੈ। ਇਸ ਪੁਸਤਕ ਦੇ ਕੁਝ ਸ਼ਿਅਰ ਵਿਸ਼ੇਸ਼ ਧਿਆਨ ਖਿੱਚਦੇ ਹਨ :
ਹੁਣ ਮੋਮ ਦੇ ਓਹਲੇ ਹੋ ਕੇ ਬਚਿਆ ਜਾਣਾ ਨਹੀਂ,
ਲੱਭਣ ਵਾਲਾ ਅੱਗਾਂ ਬਾਲੀ ਬੈਠਾ ਏ।

ਂਮਨਜੀਤ ਸਿੰਘ ਘੜੈਲੀ
ਮੋ: 98153-91625
ਫ ਫ ਫ

ਸ਼ੌਕ ਦਾ ਕੋਈ ਮੁੱਲ ਨਹੀਂ
ਲੇਖਕ : ਜੰਗਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 172
ਸੰਪਰਕ : 98723-81820.

ਪੁਸਤਕ ਲੇਖਕ ਦੇ ਆਪਣੇ ਦੁਨੀਆ ਦੇਖਣ ਦੇ ਸ਼ੌਕ ਲਈ ਕੀਤੀਆਂ ਯਾਤਰਾਵਾਂ ਦੀ ਗਾਥਾ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਵਿਚ ਮਿਲੇ ਅਵਸਰਾਂ ਦਾ ਲਾਭ ਉਠਾਉਦਿਆਂ ਅਤੇ ਅਵਸਰ ਬਣਾਉਂਦਿਆਂ ਨਵੇਂ ਰਾਹਾਂ ਨੂੰ ਜਾਣਿਆ ਅਤੇ ਮਾਣਿਆ। ਦੋ ਹਿੱਸਿਆਂ ਵਿਚ ਵੰਡੀ ਇਸ ਪੁਸਤਕ ਵਿਚ ਪਹਿਲਾ ਹਿੱਸਾ ਇਕ ਸਫ਼ਰਨਾਮਾ ਹੈ ਜਿਸ ਵਿਚ ਲੇਖਕ ਵੱਖ-ਵੱਖ ਦਿਸ਼ਾਵਾਂ ਅਤੇ ਦੇਸ਼ਾ ਦੇਸ਼ਾਂਤਰਾਂ ਦੀਆਂ ਕੀਤੀਆਂ ਆਪਣੀਆਂ ਯਾਤਰਾਵਾਂ ਦਾ ਜ਼ਿਕਰ ਬੜੇ ਹੀ ਸਹਿਜ ਅਤੇ ਸਰਲ ਢੰਗ ਨਾਲ ਕਰਦਾ ਹੈ। ਆਪਣੇ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਦੀ ਯਾਤਰਾ ਤੋਂ ਸ਼ੁਰੂ ਹੋ ਕੇ ਲੇਖਕ ਇਸ ਭਾਗ ਵਿਚ ਉਸ ਦੁਆਰਾ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਵਿਚੋਂ ਪਾਠਕਾਂ ਦਾ ਸਫ਼ਰ ਤੈਅ ਕਰਾਉਂਦਾ ਹੋਇਆ ਇਸ ਭਾਗ ਨੂੰ ਯੂਰਪ ਯਾਤਰਾ 'ਤੇ ਖ਼ਤਮ ਕਰਦਾ ਹੈ। ਇਨ੍ਹਾਂ ਯਾਤਰਾਵਾਂ ਦੌਰਾਨ ਹੋਏ ਕਈ ਦਿਲਚਸਪ ਅਨੁਭਵਾਂ ਨੂੰ ਵੀ ਉਹ ਇਸ ਭਾਗ ਵਿਚ ਸ਼ਾਮਿਲ ਕਰਦਾ ਹੈ। ਪੁਸਤਕ ਦਾ ਦੂਸਰਾ ਹਿੱਸਾ ਲੇਖਕ ਦੇ ਜੀਵਨ ਨਾਲ ਸਬੰਧਿਤ ਹੈ ਜਿਸ ਵਿਚ ਉਸ ਨੇ ਆਪਣੇ ਜੀਵਨ ਵਿਚ ਰੇਡੀਓ ਅਤੇ ਸਿਨੇਮਾ ਲਈ ਆਪਣੇ ਸ਼ੌਕ ਨੂੰ ਪੁਗਾਉਣ ਲਈ ਕੀਤੇ ਕੰਮਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। 'ਕਿਤਾਬਾਂ' ਸਿਰਲੇਖ ਅਧੀਨ ਉਹ ਆਪਣੇ ਕਿਤਾਬਾਂ ਪੜ੍ਹਨ ਦੇ ਸ਼ੌਕ ਦੀ ਪਾਠਕਾਂ ਨਾਲ ਚਰਚਾ ਕਰਦਾ ਹੈ, ਜਿਸ ਵਿਚ ਉਹ ਆਪਣੀਆਂ ਪੜ੍ਹੀਆਂ ਕਿਤਾਬਾਂ, ਉਨ੍ਹਾਂ ਦੀ ਸੰਭਾਲ ਅਤੇ ਲ਼ੇਖਕਾਂ ਦੇ ਨਾਲ ਆਪਣੇ ਅਨੁਭਵਾਂ ਨੂੰ ਬਿਆਨਦਾ ਹੈ। ਰਿਸ਼ਵਤ ਲੈਣ ਕਾਰਨ ਆਪਣੇ ਜੀਵਨ ਵਿਚ ਆਏ ਬਦਲਾਅ ਅਤੇ ਇਸ ਤੋਂ ਕਿਨਾਰਾ ਕਰਨ ਦੀ ਕਹਾਣੀ ਉਸ ਨੇ ਰਿਸ਼ਵਤ ਸਿਰਲੇਖ ਅਧੀਨ ਪੇਸ਼ ਕੀਤੀ ਹੈ। ਲੇਖਕ ਦੇ ਸਾਰੇ ਸ਼ੌਕ ਅਤੇ ਉਨ੍ਹਾਂ ਨੂੰ ਪੂਰੇ ਕਰਨ ਲਈ ਕੀਤੇ ਸਾਰੇ ਹੀਲੇ-ਵਸੀਲਿਆਂ ਦੀ ਗਾਥਾ ਇਸ ਪੁਸਤਕ ਨੂੰ ਰੌਚਕ ਬਣਾਉਂਦੀ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
ਫ ਫ ਫ

ਸਟੂਡੈਂਟ ਅਤੇ ਸ਼ਿਸ਼ਟਾਚਾਰ
ਲੇਖਕ : ਗੌਤਮ ਮਸਾਣੀਆਂ
ਅਨੁ: ਹਰਵਿੰਦਰ ਕੌਰ, ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 78377-18723.

ਇਸ ਪੁਸਤਕ ਦਾ ਮਨੋਰਥ ਵਿਦਿਆਰਥੀਆਂ ਨੂੰ ਖ਼ਾਸ ਕਰਕੇ ਅਤੇ ਹਰ ਬੰਦੇ ਨੂੰ ਆਮ ਕਰਕੇ ਸ਼ਿਸ਼ਟਾਚਾਰ ਸਿਖਾਉਂਦਾ ਹੈ। ਸ਼ਿਸ਼ਟਾਚਾਰ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਲੇਖਕ ਦਾ ਮੱਤ ਹੈ ਕਿ 'ਇਹ ਇਕ ਰਵੱਈਆ ਹੈ, ਜੋ ਕਿਸੇ ਵੀ ਚੀਜ਼ ਦੀ ਸਹੀ ਸਮਝ ਤੋਂ ਪੈਦਾ ਹੁੰਦਾ ਹੈ।' ਇਹ ਤਾਂ ਇਕ ਅੰਤਰੀਵੀ ਖੂਬੀ ਹੈ। ਇਸ ਦੁਆਰਾ ਵਿਅਕਤੀ ਆਪਣਾ ਸਵੈ-ਮਾਣ ਰੱਖਦੇ ਹੋਏ, ਦੂਜਿਆਂ ਦੇ ਮਾਣ-ਸਨਮਾਨ ਵਿਚ ਵਾਧਾ ਕਰਦਾ ਹੈ। ਆਪਣੇ ਉਦੇਸ਼ ਦੀ ਪੂਰਤੀ ਲਈ ਲੇਖਕ ਸ਼ਿਸ਼ਟਾਚਾਰ ਨੂੰ ਦੋ ਮੁੱਖ ਭਾਗਾਂ ਵਿਚ ਵੰਡ ਕੇ, ਨਿੱਠ ਕੇ, ਵਿਚਾਰ ਪ੍ਰਸਤੁਤ ਕਰਦਾ ਹੈ। ਇਹ ਭਾਗ ਹਨ : ਪਹਿਲਾ ਮਨੁੱਖਤਾਵਾਦੀ ਸ਼ਿਸ਼ਟਾਚਾਰ, ਦੂਜਾ ਸੰਸਕ੍ਰਿਤਕ ਸ਼ਿਸ਼ਟਾਚਾਰ। ਮਨੁੱਖਤਾਵਾਦੀ ਸ਼ਿਸ਼ਟਾਚਾਰ ਦੇ ਅੰਤਰਗਤ ਲੇਖਕ ਆਪਣੇ ਸਵੈ ਪ੍ਰਤੀ, ਪ੍ਰਕਿਰਤੀ ਪ੍ਰਤੀ, ਦੂਜਿਆਂ ਦੀ ਸੁਤੰਤਰਤਾ ਪ੍ਰਤੀ, ਮੁਸੀਬਤ ਵਿਚ ਫਸੇ ਲੋਕਾਂ ਪ੍ਰਤੀ, ਪੇਸ਼ਾਵਰ ਕੀਮਤਾਂ ਪ੍ਰਤੀ, ਆਪਣੇ ਸਿੱਖਿਆ-ਮੁਖੀ ਵਿਚਾਰ ਪ੍ਰਗਟ ਕਰਦਾ ਹੈ। ਸੰਸਕ੍ਰਿਤਕ ਸ਼ਿਸ਼ਟਾਚਾਰ ਵਾਲੇ ਵਿਸਤ੍ਰਿਤ ਭਾਗ ਵਿਚ ਘਰ, ਬਜ਼ੁਰਗਾਂ, ਔਰਤਾਂ, ਗੁਆਂਢੀਆਂ, ਹੋਰ ਲੋਕਾਂ, ਅਧਿਆਪਕਾਂ, ਦੋਸਤਾਂ, ਰਾਹੀਆਂ, ਹਸਪਤਾਲਾਂ, ਵਿਆਹ ਸਮਾਗਮਾਂ, ਧਾਰਮਿਕ, ਇਤਿਹਾਸਕ, ਜਨਤਕ ਥਾਵਾਂ, ਰੇਲਾਂ, ਵਿਵਸਥਾ-ਕਾਨੂੰਨ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਆਦਿ ਨੂੰ ਆਪਣੀ ਦੀਰਘ ਦ੍ਰਿਸ਼ਟੀ ਦੇ ਕਲਾਵੇ ਵਿਚ ਲੈਂਦਾ ਹੈ। ਗੱਲ ਕੀ ਜੀਵਨ ਦੇ ਹਰ ਖੇਤਰ ਵਿਚ ਸ਼ਿਸ਼ਟਾਚਾਰ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।
ਲੇਖਕ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਆਪ-ਬੀਤੀਆਂ, ਜੱਗ-ਬੀਤੀਆਂ, ਇਤਿਹਾਸਕ, ਮਿਥਿਹਾਸਕ, ਧਾਰਮਿਕ, ਵਿਗਿਆਨਕ ਖੇਤਰਾਂ 'ਚੋਂ ਉਦਾਹਰਨਾਂ ਸਹਿਤ ਸਮੱਗਰੀ ਪ੍ਰਦਾਨ ਕਰਦਾ ਹੈ। ਵਿਦਿਆਰਥੀਆਂ ਦੀ ਕਲਾਸ ਦੀ ਪੇਸ਼ਕਾਰੀ ਕਰਦਿਆਂ ਅਧਿਆਪਕਾਂ ਨਾਲ ਵਿਚਾਰਾਂ ਦੇ ਆਦਾਨ-ਪ੍ਰਦਾਨ ਸਮੇਂ ਸ਼ਿਸ਼ਟਾਚਾਰ ਦਾ ਦ੍ਰਿਸ਼ ਪੇਸ਼ ਕਰਦਾ ਹੈ। ਲੇਖਕ ਨੇ ਵਿਸ਼ਵ ਭਰ ਦੇ ਵਿਦਵਾਨਾਂ ਦੇ ਵਿਚਾਰਾਂ ਤੋਂ ਲਾਭ ਉਠਾਇਆ ਪਰ ਅਮਰੀਕੀ ਵਿਦਵਾਨਾਂ ਦਾ ਯੋਗਦਾਨ ਸਭ ਤੋਂ ਵੱਧ ਹੈ। ਕਿਹਾ ਜਾ ਸਕਦਾ ਹੈ ਕਿ ਲੇਖਕ ਦਾ ਅਧਿਐਨ ਵਿਸ਼ਾਲ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX