ਤਾਜਾ ਖ਼ਬਰਾਂ


ਅਧਿਕਾਰੀਆਂ ਦੇ ਪਾਜ਼ੀਟਿਵ ਆਉਣ 'ਤੇ ਹੁਸ਼ਿਆਰਪੁਰ 'ਚ ਨਿਗਮ, ਤਹਿਸੀਲ ਤੇ ਡੀ. ਸੀ. ਦਫ਼ਤਰ 2 ਦਿਨਾਂ ਲਈ ਬੰਦ
. . .  11 minutes ago
ਹੁਸ਼ਿਆਰਪੁਰ, 9 ਜੁਲਾਈ (ਬਲਜਿੰਦਰਪਾਲ ਸਿੰਘ)- ਬੀਤੇ ਦਿਨੀਂ ਹੁਸ਼ਿਆਰਪੁਰ ਦੇ ਐੱਸ. ਡੀ. ਐੱਮ. ਅਮਿਤ ਮਹਾਜਨ ਅਤੇ ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ...
ਦਿਨ-ਦਿਹਾੜੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
. . .  23 minutes ago
ਘੁਮਾਣ, 9 ਜੁਲਾਈ (ਬਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਭੋਮਾ ਵਿਖੇ ਇੱਕ ਨੌਜਵਾਨ ਨੂੰ ਦਿਨ-ਦਿਹਾੜੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਹਮਲੇ 'ਚ...
ਮੱਕੀ ਦੀ ਜਿਣਸ ਘੱਟੋ-ਘੱਟ ਖ਼ਰੀਦ ਮੁੱਲ 'ਤੇ ਨਾ ਵਿਕਣ ਕਾਰਨ ਲੁਧਿਆਣਾ 'ਚ ਪ੍ਰਦਰਸ਼ਨ
. . .  34 minutes ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਲੋਕ ਲਹਿਰ ਪੰਜਾਬ ਦੇ ਆਗੂ ਅਤੇ ਖੇਤੀਬਾੜੀ ਆਰਥਿਕ ਮਾਹਿਰ ਡਾ. ਸਰਦਾਰਾ ਸਿੰਘ ਜੌਹਲ ਦੀ ਅਗਵਾਈ 'ਚ ਇੱਕ ਵਫ਼ਦ ਵਲੋਂ ਅੱਜ ਮੱਕੀ ਦੀ ਜਿਣਸ ਦੀ ਘੱਟੋ-ਘੱਟ ਖ਼ਰੀਦ ਮੁੱਲ 'ਤੇ...
ਨਗਰ ਨਿਗਮ ਪਟਿਆਲਾ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਦਫ਼ਤਰ ਅਗਲੇ ਹੁਕਮਾਂ ਤੱਕ ਕੀਤੇ ਗਏ ਬੰਦ
. . .  39 minutes ago
ਪਟਿਆਲਾ, 9 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਕੋਰੋਨਾ ਪਾਜ਼ੀਟਿਵ ਕੇਸਾਂ 'ਚ ਹੋਏ ਵਾਧੇ ਤੋਂ ਸਹਿਮੇ ਕੁਝ ਵਿਭਾਗਾਂ ਵਲੋਂ ਸਾਰੇ ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ...
ਪੰਜਾਬ 'ਚ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  51 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਅੱਜ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ...
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  57 minutes ago
ਫ਼ਿਰੋਜ਼ਪੁਰ , 9 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਕੋਰੋਨਾ ਪਾਜ਼ੀਟਿਵ ਆਉਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਜਵਾਨ ਮਮਦੋਟ ਖੇਤਰ...
ਹਰਸਿਮਰਤ ਬਾਦਲ ਨੇ ਸੁਖਬੀਰ ਬਾਦਲ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  33 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ...
ਲੁਧਿਆਣਾ 'ਚ ਯੂਥ ਅਕਾਲੀ ਦਲ ਨੇ ਪੈਟਰੋਲ ਅਤੇ ਡੀਜ਼ਲ ਦਾ ਲਾਇਆ ਲੰਗਰ
. . .  about 1 hour ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਖ਼ਿਲਾਫ਼ ਅੱਜ ਡੀਜ਼ਲ ਅਤੇ ਪੈਟਰੋਲ ਦਾ ਲੰਗਰ ਲਗਾਇਆ...
ਸੇਖਵਾਂ ਨੇ ਪਹਿਲਾਂ ਬਾਦਲ ਪਰਿਵਾਰ ਅਤੇ ਹੁਣ ਬ੍ਰਹਮਪੁਰਾ ਨਾਲ ਵੀ ਕੀਤਾ ਧੋਖਾ- ਸਾਬਕਾ ਚੇਅਰਮੈਨ ਵਾਹਲਾ
. . .  about 1 hour ago
ਬਟਾਲਾ, 9 ਜੁਲਾਈ (ਕਾਹਲੋਂ)- ਪੰਜਾਬ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਬ੍ਰਹਮਪੁਰਾ ਦਾ ਧੜਾ ਛੱਡ ਕੇ ਢੀਂਡਸਾ ਧੜੇ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ 'ਤੇ...
ਪਟਿਆਲਾ 'ਚ ਕੋਰੋਨਾ ਦਾ ਧਮਾਕਾ, 48 ਮਾਮਲੇ ਆਏ ਸਾਹਮਣੇ
. . .  about 1 hour ago
ਪਟਿਆਲਾ, 9 ਜੁਲਾਈ (ਅਮਨਦੀਪ ਸਿੰਘ, ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਪਟਿਆਲਾ 'ਚ ਅੱਜ ਕੋਰੋਨਾ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ...
ਵਾਰਾਣਸੀ 'ਚ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਵਾਲਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਗੱਲਬਾਤ
. . .  about 1 hour ago
ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਕਰਕੇ ਮਹਿਲਾ ਜੱਜ ਸਮੇਤ ਸੱਤ ਕੋਰਟ ਸਟਾਫ਼ ਮੈਂਬਰ ਹੋਏ ਹੋਮ ਕੁਆਰੰਟਾਈਨ
. . .  about 2 hours ago
ਫ਼ਿਰੋਜ਼ਪੁਰ, 9 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ 'ਚ ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਉਪਰੰਤ ਇੱਕ ਮਹਿਲਾ ਜੱਜ ਸਮੇਤ ਕੋਰਟ ਸਟਾਫ਼ ਦੇ ਸੱਤ...
ਕੋਰੋਨਾ ਕਾਰਨ ਸੁਲਤਾਨਪੁਰ ਲੋਧੀ 'ਚ ਪਹਿਲੀ ਮੌਤ
. . .  56 minutes ago
ਸੁਲਤਾਨਪੁਰ ਲੋਧੀ, 9 ਜੁਲਾਈ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ 'ਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਉਕਤ ਮਰੀਜ਼ ਦਾ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ...
ਰਾਜਸਥਾਨ 'ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਜੈਪੁਰ, 9 ਜੁਲਾਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 149 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਮੌਤਾਂ ਹੋਈਆਂ ਹਨ। ਸੂਬੇ 'ਚ ਹੁਣ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ...
ਰਾਜਨਾਥ ਸਿੰਘ ਵਲੋਂ ਜੰਮੂ 'ਚ 6 ਨਵੇਂ ਪੁਲਾਂ ਦਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 9 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ 'ਚ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਵਲੋਂ ਬਣਾਏ ਗਏ 6 ਨਵੇਂ ਪੁਲਾਂ ਦਾ ਉਦਘਾਟਨ...
ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਯੋਗੀ ਨਾਲ ਕੀਤੀ ਗੱਲਬਾਤ
. . .  about 2 hours ago
ਭੋਪਾਲ, 9 ਜੁਲਾਈ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਜੈਨ ਤੋਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ 'ਤੇ...
ਸੰਗਰੂਰ 'ਚ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ...
ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਢੀਂਡਸਾ
. . .  about 2 hours ago
ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ, ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ)- ਨਵੇਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੋਰੋਨਾ ਨੇ ਸੰਗਰੂਰ ਜ਼ਿਲ੍ਹੇ 'ਚ ਲਈ 17ਵੀਂ ਜਾਨ
. . .  about 3 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਕੋਰੋਨਾ ਨੇ ਜ਼ਿਲ੍ਹਾ ਸੰਗਰੂਰ 'ਚ ਬੀਤੀ ਰਾਤ 17ਵੇਂ ਵਿਅਕਤੀ ਦੀ ਜਾਨ ਲੈ ਲਈ ਹੈ। ਅਹਿਮਦਗੜ੍ਹ ਬਲਾਕ ਨਾਲ ਸੰਬੰਧਿਤ ਮ੍ਰਿਤਕ ਪ੍ਰਦੀਪ ਕੁਮਾਰ (59) ਸ਼ੂਗਰ ਸਮੇਤ ਹੋਰ...
ਕਾਨਪੁਰ ਪੁਲਿਸ ਕਤਲਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਗ੍ਰਿਫ਼ਤਾਰ
. . .  about 3 hours ago
ਭੋਪਾਲ, 9 ਜੁਲਾਈ- ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਕੇ ਫ਼ਰਾਰ ਹੋਏ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਲਗਭਗ...
ਆਤਮ ਸਮਰਪਣ ਕਰ ਸਕਦੈ ਵਿਕਾਸ ਦੂਬੇ
. . .  about 4 hours ago
ਨੋਇਡਾ, 9 ਜੁਲਾਈ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਦਾ ਦੋਸ਼ੀ ਫ਼ਰਾਰ ਗੈਂਗਸਟਰ ਵਿਕਾਸ ਦੂਬੇ ਆਤਮ ਸਮਰਪਣ ਕਰ ਸਕਦਾ ਹੈ। ਰਿਪੋਰਟਾਂ ਮੁਤਾਬਿਕ ਵਿਕਾਸ ਦੂਬੇ ਮੀਡੀਆ ਅੱਗੇ ਆਤਮ ਸਮਰਪਣ...
ਵਿਕਾਸ ਦੂਬੇ ਦੇ ਦੋ ਹੋਰ ਸਾਥੀ ਢੇਰ ਪਰੰਤੂ ਦਰਿੰਦਾ ਅਜੇ ਵੀ ਫ਼ਰਾਰ
. . .  about 5 hours ago
ਕਾਨਪੁਰ, 9 ਜੁਲਾਈ - ਕਾਨਪੁਰ ਕਾਂਡ 'ਚ ਫ਼ਰਾਰ ਚੱਲ ਰਹੇ ਅਤਿ ਲੁੜੀਂਦੇ ਖ਼ਤਰਨਾਕ ਅਪਰਾਧੀ ਵਿਕਾਸ ਦੂਬੇ ਦਾ ਇਕ ਹੋਰ ਕਰੀਬੀ ਸਾਥੀ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਮੁੱਠਭੇੜ ਵਿਚ ਢੇਰ ਕਰ ਦਿੱਤਾ ਹੈ। ਜਦਕਿ ਇਟਾਵਾ ਵਿਚ ਵਿਕਾਸ ਦੂਬੇ ਦਾ ਇਕ ਹੋਰ ਸਾਥੀ ਰਣਬੀਰ ਸ਼ੁਕਲਾ...
ਕੌਮੀ ਯੂਥ ਆਗੂ ਸੋਨੂੰ ਲੰਗਾਹ ਸਮੇਤ 50-60 ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ
. . .  about 5 hours ago
ਕੋਟਲੀ ਸੂਰਤ ਮੱਲ੍ਹੀ, 9 ਜੁਲਾਈ (ਕੁਲਦੀਪ ਸਿੰਘ ਨਾਗਰਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਮੀ ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੀ ਅਗਵਾਈ 'ਚ ਕੋਟਲੀ ਸੂਰਤ ਮੱਲ੍ਹੀ, ਰਾਏ ਚੱਕ ਤੇ...
ਅੱਜ ਦਾ ਵਿਚਾਰ
. . .  about 5 hours ago
ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਚੇਤ ਸੰਮਤ 552
ਵਿਚਾਰ ਪ੍ਰਵਾਹ: ਮਨੁੱਖ ਦਾ ਧਰਤੀ \'ਤੇ ਰਹਿਣਾ, ਮਨੁੱਖ ਨੇ ਹੀ ਅਸੰਭਵ ਬਣਾਇਆ ਹੈ, ਪਰਮਾਤਮਾ ਨੇ ਨਹੀਂ। -ਤੋਮਰ

ਤੁਹਾਡੇ ਖ਼ਤ

09-04-2020

 ਕੋਰੋਨਾ ਦਾ ਟਾਕਰਾ ਕਰੀਏ
ਅੱਜਕਲ੍ਹ ਕੋਰੋਨਾ ਨਾਮੀ ਬਿਮਾਰੀ ਕਾਰਨ ਅਸੀਂ ਘਰ ਵਿਚ ਆਪਣੇ-ਆਪ ਨੂੰ ਵਿਹਲੜ ਤੇ ਕੈਦੀ ਮਹਿਸੂਸ ਕਰ ਰਹੇ ਹਾਂ। ਜਦੋਂ ਕਿ ਇਸ ਸਮੇਂ ਸਾਨੂੰ ਕੁਝ ਦਿਨਾਂ ਲਈ ਘਰ ਵਿਚ ਰਹਿਣਾ ਜ਼ਰੂਰੀ ਹੈ। ਅਜਿਹਾ ਇਸ ਲਈ, ਕਿਉਂਕਿ ਘਰ ਰਹਿ ਕੇ ਅਸੀਂ ਕੋਰੋਨਾ ਦਾ ਅੰਤ ਕਰ ਸਕਦੇ ਹਾਂ। ਜੇਕਰ ਅਸੀਂ ਘਰ ਅੰਦਰ ਨਹੀਂ ਟਿਕਦੇ ਤਾਂ ਹਾਲਾਤ ਹੋਰ ਵੀ ਭਿਅੰਕਰ ਹੋ ਸਕਦੇ ਹਨ। ਮੌਜੂਦਾ ਭਿਅੰਕਰ ਹਾਲਾਤ ਨੂੰ ਠੱਲ੍ਹ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੇ ਸਾਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ। ਘਰਾਂ ਵਿਚ ਸਾਨੂੰ ਵਿਹਲਾ ਸਮਾਂ ਗੁਜ਼ਾਰਨ ਦੇ ਵੱਖ-ਵੱਖ ਤਰੀਕੇ ਲੱਭਣੇ ਚਾਹੀਦੇ ਹਨ। ਭਾਵ ਅਖ਼ਬਾਰ ਪੜ੍ਹਨਾ, ਕਿਤਾਬਾਂ ਪੜ੍ਹਨੀਆਂ, ਘਰ ਦੀ ਅਤੇ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਕਰਨੀ, ਟੀ.ਵੀ. 'ਤੇ ਵਧੀਆ ਸਿੱਖਿਆਦਾਇਕ ਪ੍ਰੋਗਰਾਮ ਦੇਖਣੇ ਅਤੇ ਘਰੇ ਹੀ ਕਸਰਤ ਜਾ ਯੋਗਾ ਕਰਨਾ। ਬੱਚਿਆਂ ਲਈ ਕਲਾਤਮਿਕ ਰੁਚੀਆਂ ਪੈਦਾ ਕਰਨਾ ਜਾਂ ਸਿੱਖਣ ਦਾ ਇਹ ਬਹੁਤ ਵਧੀਆ ਸਮਾਂ ਹੈ। ਇਸ ਤਰ੍ਹਾਂ ਕਰਨ 'ਤੇ ਸਾਡੇ ਮਨਾਂ ਵਿਚੋਂ ਇਸ ਕੋਰੋਨਾ ਵਾਇਰਸ ਦਾ ਡਰ ਵੀ ਘੱਟ ਜਾਵੇਗਾ। ਇੰਜ ਅਸੀਂ ਆਪਣੇ ਸਰੀਰ ਨੂੰ ਰੋਗ ਰਹਿਤ ਰੱਖ ਸਕਦੇ ਹਾਂ। ਜਿੰਨਾ ਵੀ ਹੋ ਸਕੇ ਆਪਣਿਆਂ ਦਾ ਹੌਸਲਾ ਵਧਾਓ। ਚੌਵੀ ਘੰਟੇ ਕੋਰੋਨਾ-ਕੋਰੋਨਾ ਕਹਿਣ ਦੀ ਬਜਾਏ ਸਾਨੂੰ ਆਪਣੇ ਵਲੋਂ ਕੁਝ ਵੱਖਰਾ ਕਰਨ ਦਾ ਹੀਲਾ-ਵਸੀਲਾ ਵੀ ਕਰਨਾ ਚਾਹੀਦਾ ਹੈ। ਥੋੜ੍ਹੇ-ਥੋੜ੍ਹੇ ਅੰਤਰਾਲ 'ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਜ਼ਰੂਰ ਧੋਵੋ।

-ਰਮਨ ਮਾਨ ਕਾਲੇਕੇ
ਪਿੰਡ ਕਾਲੇਕੇ, ਮੋਗਾ।

ਮਹਾਨ ਸ਼ਖ਼ਸੀਅਤ...
ਅੱਜ ਕੋਰੋਨਾ ਬਿਮਾਰੀ ਨੂੰ ਲੈ ਕੇ ਲੋਕ ਚਿੰਤਿਤ ਘਰਾਂ ਵਿਚ ਬੰਦ ਰਹਿ ਕੇ ਔਖੇ ਸਮੇਂ ਵਿਚ ਦੀ ਗੁਜ਼ਰ ਰਹੇ ਹਨ। ਦੇਸ਼ ਅੰਦਰ ਕੋਰੋਨਾ ਬਿਮਾਰੀ ਨੂੰ ਗੰਭੀਰ ਲੈ ਕੇ ਸਿਆਸਤਦਾਨਾਂ ਵਲੋਂ ਸਿਆਸਤ ਕੀਤੀ ਜਾ ਰਹੀ ਹੈ। ਮੈਨੂੰ ਗੱਲ ਲਿਖਦਿਆਂ ਰੋਣਾ ਆ ਰਿਹਾ ਹੈ ਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਪਦਮਸ੍ਰੀ ਐਵਾਰਡ ਜੀ ਬਿਮਾਰੀ ਦੇ ਚਲਦਿਆਂ ਅਕਾਲ ਚਲਾਣਾ ਕਰ ਗਏ, ਵੇਰਕਾ ਪਿੰਡ ਵਾਲਿਆਂ ਨੇ ਸ਼ਮਸ਼ਾਨਘਾਟ ਨੂੰ ਤਾਲੇ ਲਗਾ ਦਿੱਤੇ ਬੜੀ ਹੀ ਸ਼ਰਮਨਾਕ ਘਟਨਾ ਵਾਪਰੀ। ਸਭ ਨੂੰ ਪਤਾ ਹੈ ਕੇ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਬਹੁਤ ਹੀ ਮਹਾਨ ਸ਼ਖ਼ਸੀਅਤ ਸੀ ਤੇ ਰਹੇਗੀ। ਹਰ ਇਕ ਦੇਸ਼ ਅੰਦਰ ਸਿੱਖ ਇਕ ਵੱਖਰੀ ਪਹਿਚਾਣ ਪੈਦਾ ਕਰ ਚੁੱਕਾ ਹੈ ਤੇ ਹਰ ਮੁਸੀਬਤ ਵਿਚ ਕਿਸੇ ਵੀ ਦੇਸ਼-ਵਿਦੇਸ਼ ਦੇ ਕੋਨੇ 'ਤੇ ਜਾ ਕੇ ਸੇਵਾ ਕਰਦੇ ਹਨ।

-ਸੁਖਚੈਨ ਸਿੰਘ, ਠੱਠੀ ਭਾਈ।

ਮਾਊਂ
'ਮਾਊਂ' ਇਕ ਵਿਗੜਿਆ ਹੋਇਆ ਨਾਂਅ ਹੈ, ਅਸਲ ਵਿਚ ਪੂਰਾ ਨਾਂਅ 'ਨਸੀਰੂ-ਦੀਨ-ਮੁਹੰਮਦ ਹਿਮਾਯੂੰ' ਹੈ। ਇਹ ਇਕ ਮੁਗ਼ਲ ਬਾਦਸ਼ਾਹ ਬਾਬਰ ਦਾ ਲੜਕਾ ਸੀ। ਦੱਸਿਆ ਜਾਂਦਾ ਹੈ ਕਿ ਬਹੁਤ ਹੀ ਜ਼ਾਲਮ ਕਰੂਪ ਚਿਹਰੇ ਵਾਲਾ ਮੁਗ਼ਲ ਬਾਦਸ਼ਾਹ ਸੀ, ਇਸ ਦੀ ਦਹਿਸ਼ਤ ਬਹੁਤ ਜ਼ਿਆਦਾ ਸੀ। ਹਰ ਕਿਸੇ ਨੂੰ ਇਹਦਾ ਪੂਰਾ ਨਾਂਅ 'ਹਿਮਾਯੂੰ' ਲੈਣ ਵਿਚ ਔਖ ਹੁੰਦੀ ਸੀ, ਇਸ ਕਰਕੇ ਲੋਕ ਇਸ ਨੂੰ 'ਮਾਊਂ' ਹੀ ਕਹਿਣ ਲੱਗ ਪਏ ਸਨ। ਹਿੰਦੂ ਔਰਤਾਂ ਨੇ ਜਦ ਆਪਣੇ ਰੋਂਦੇ ਹੋਏ ਬੱਚੇ ਨੂੰ ਡਰਾ ਕੇ ਚੁੱਪ ਕਰਵਾਉਣਾ ਹੁੰਦਾ ਤਾਂ ਉਹ ਇਹੋ ਕਹਿੰਦੀਆਂ, 'ਉਹ ਆ ਗਿਆ ਮਾਊਂ'। ਇਸ ਨੇ 1531 ਤੋਂ 1540 ਤੱਕ ਫਿਰ 1555 ਤੋਂ 1556 ਤੱਕ ਦੋ ਵਾਰ ਦਿੱਲੀ 'ਤੇ ਰਾਜ ਕੀਤਾ। ਦੂਜੀ ਵਾਰ ਸਿਕੰਦਰ ਸ਼ਾਹ ਸੂਰੀ ਨੂੰ ਹਰਾ ਕੇ ਸਾਲ ਰਾਜ ਕੀਤਾ ਤੇ 1556 ਵਿਚ ਇਸ ਦੀ ਮੌਤ ਹੋ ਗਈ।

-ਮੇਜਰ ਸਿੰਘ ਬੁਢਲਾਡਾ

ਤਾਲਾਬੰਦੀ ਤੇ ਗ਼ਰੀਬ ਲੋਕ
ਦੇਸ਼ ਦਾ ਹਾਕਮ ਰਾਜਾ ਆਪਣੀ ਜਨਤਾ ਨੂੰ ਗੁੱਝੀ ਰਾਜਨੀਤੀ ਖੇਡ ਰਾਹੀਂ ਆਪਣੇ ਰਾਜ ਕਾਲ ਦੌਰਾਨ ਸਭ ਜ਼ਰੂਰੀ ਵਸਤਾਂ 'ਤੇ ਵਾਧੂ ਕਰ ਲਗਾ ਕੇ ਹੱਸ-ਹੱਸਾ ਕੇ ਖ਼ੂਬ ਲੁੱਟ ਰਿਹਾ ਸੀ। ਇਕ ਹਫ਼ਤਾ ਪਹਿਲਾਂ ਭਾਸ਼ਨ ਦੇ ਕੇ ਉਸ ਨੇ ਭਿਆਨਕ ਛੂਤ ਦੀ ਬਿਮਾਰੀ ਦਾ ਖ਼ੌਫ਼ ਜਨਤਾ ਦੇ ਮਨਾਂ ਵਿਚ ਪਾ ਕੇ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕਰ ਦਿੱਤਾ। ਤਾਲਾਬੰਦੀ ਤੋਂ ਭਾਵ ਘਰ ਨੂੰ ਤਾਲੇ ਲਗਾ ਕੇ ਅੰਦਰ ਹੀ ਰਹੋ, ਭੁੱਖੇ-ਪਿਆਸੇ ਮਰੋ, ਜੇ ਬਾਹਰ ਆਓਗੇ ਤਾਂ ਪੁਲਿਸ ਦੇ ਡੰਡੇ ਖਾਵੋਗੇ ਜਾਂ ਜੇਲ੍ਹ ਜਾਵੋਗੇ। ਜਨਤਾ ਲਈ ਖਾਣ-ਪੀਣ ਦੀਆਂ ਦੁਕਾਨਾਂ, ਬੱਸਾਂ, ਰੇਲਾਂ, ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ। ਗ਼ਰੀਬ ਜਨਤਾ ਹਫ਼ਤੇ ਤੋਂ ਪੇਟੋਂ ਭੁੱਖੀ ਆਪਣੇ ਘਰਾਂ ਝੁੱਗੀਆਂ ਵਿਚ ਰੋ-ਕੁਰਲਾ ਰਹੀ ਹੈ।

-ਹਰਜਿੰਦਰ ਸਿੰਘ ਧਾਮੀ
ਦੂਰਦਰਸ਼ਨ ਇੰਨਕਲੇਵ ਫੇਸ, ਜਲੰਧਰ ਸ਼ਹਿਰ।

ਭਾਰਤ ਵਿਚ ਤਾਲਾਬੰਦੀ
24 ਮਾਰਚ ਨੂੰ 21 ਦਿਨ ਤੱਕ ਸਾਰੇ ਦੇਸ਼ ਵਿਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਤਾਂ ਇਹ ਸਪੱਸ਼ਟ ਹੋ ਗਿਆ ਕਿ ਕੋਰੋਨਾ ਵਾਇਰਸ ਵਿਰੁੱਧ ਸੰਘਰਸ਼ ਸਾਡੀ ਸਭ ਤੋਂ ਲੰਮੀ, ਖ਼ਤਰਨਾਕ ਅਤੇ ਮਨੁੱਖੀ ਗੁਣਾਂ ਦੀ ਪਰਖ ਕਰਨ ਵਾਲੀ ਜੰਗ ਸਿੱਧ ਹੋਣ ਵਾਲੀ ਹੈ। ਪੰਜਾਬ ਵਿਚ ਵੀ ਸੂਬਾ ਸਰਕਾਰ ਵਲੋਂ ਕਰਫ਼ਿਊ ਲਾਇਆ ਗਿਆ ਹੈ। ਨਵੀਂ ਪੀੜ੍ਹੀ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੀਆਂ ਸਾਰੀਆਂ ਜੰਗਾਂ ਵੇਲੇ ਕਦੇ ਵੀ ਕਰਫ਼ਿਊ ਲਾਉਣ ਦੀ ਲੋੜ ਨਹੀਂ ਪਈ ਸੀ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧਾਂ ਵਿਚ ਭਾਰਤੀ ਸੈਨਿਕ ਤਾਂ ਯੂਰਪ, ਅਫ਼ਰੀਕਾ ਅਤੇ ਅਰਬ ਅਤੇ ਹੋਰ ਦੇਸ਼ਾਂ ਤੱਕ ਜਾ ਕੇ ਲੜੇ ਅਤੇ ਕੁਰਬਾਨੀਆਂ ਕੀਤੀਆਂ, ਪਰ ਭਾਰਤ ਵਿਚ ਇਕ ਗੋਲੀ ਵੀ ਨਹੀਂ ਸੀ ਚੱਲੀ। ਸਿਰਫ਼ ਆਜ਼ਾਦ ਹਿੰਦ ਫ਼ੌਜ ਹੀ ਸਰਹੱਦ ਨੇੜੇ ਪਹੁੰਚੀ ਸੀ। 1947-48 ਦੀ ਪਾਕਿਸਤਾਨ ਵਿਰੁੱਧ ਲੜਾਈ ਜੰਮੂ-ਕਸ਼ਮੀਰ ਤੱਕ ਹੀ ਸੀਮਤ ਰਹੀ। 1962 ਦੀ ਭਾਰਤ-ਚੀਨ ਜੰਗ ਦਾ ਵੀ ਜਨ ਜੀਵਨ 'ਤੇ ਕੋਈ ਪ੍ਰਭਾਵ ਨਹੀਂ ਪਿਆ ਸੀ। 1965 ਅਤੇ 1971 ਦੀਆਂ ਜੰਗਾਂ ਸਮੇਂ ਵੀ ਕਿਤੇ ਕਰਫ਼ਿਊ ਲਾਉਣ ਦੀ ਲੋੜ ਨਹੀਂ ਪਈ ਸੀ। ਹਵਾਈ ਹਮਲਿਆਂ ਦੇ ਡਰ ਕਾਰਨ ਸਿਰਫ਼ ਰਾਤ ਨੂੰ ਰੌਸ਼ਨੀ ਕਰਨਾ ਬਿਲਕੁਲ ਮਨ੍ਹਾਂ ਸੀ। ਸਿਰਫ਼ 1984 ਵਿਚ 'ਆਪ੍ਰੇਸ਼ਨ ਬਲੂਸਟਾਰ' ਵੇਲੇ ਕਰਫ਼ਿਊ ਲਗਾਇਆ ਗਿਆ ਸੀ। ਉਸ ਤੋਂ ਬਾਅਦ ਹੁਣ ਸਭ ਤੋਂ ਲੰਮੇ ਸਮੇਂ ਲਈ ਕਰਫ਼ਿਊ ਲਾਉਣਾ ਪਿਆ ਹੈ। ਲੰਬੇ ਸਮੇਂ ਤੱਕ ਘਰ ਬੈਠਣਾ ਵੀ ਇਕ ਕਲਾ ਹੈ। ਇਕੱਠੇ ਬੈਠਣ ਦਾ ਮੌਕਾ ਵੀ ਹੈ ਅਤੇ ਚਿੜਚਿੜਾਪਨ ਪੈਦਾ ਹੋ ਕੇ ਝਗੜੇ ਹੋਣ ਦਾ ਡਰ ਵੀ ਹੈ। ਕਿਸੇ ਸਮੇਂ ਇਕ ਮੀਟਰ ਅਤੇ ਕਿਸੇ ਸਮੇਂ ਦਸ ਮੀਟਰ ਦੂਰੀ ਜ਼ਰੂਰੀ ਹੈ। ਵਰਜਿਸ਼ ਦੀ ਕਮੀ ਘਰ ਵਿਚ ਗੇੜੇ ਲਾ ਕੇ, ਯੋਗਾ ਕਰ ਕੇ, ਕਿਆਰੀਆਂ ਗੁੱਡ ਕੇ ਜਾਂ ਬੈਡਮਿੰਟਨ ਖੇਡ ਕੇ ਪੂਰੀ ਕੀਤੀ ਜਾ ਸਕਦੀ ਹੈ। ਪੁਰਾਣੀਆਂ ਕਿਤਾਬਾਂ ਤੋਂ ਗਰਦ ਝਾੜੀ ਜਾ ਸਕਦੀ ਹੈ। ਕਲਮ ਝਰੀਟਣ ਵਾਲੇ ਨਵੀਂ ਕਿਤਾਬ ਵਿੱਢ ਸਕਦੇ ਹਨ। ਸਭ ਲਈ ਇਸ ਚੁਣੌਤੀ ਨੂੰ ਮੌਕੇ ਵਿਚ ਬਦਲਣ ਦਾ ਵਕਤ ਹੈ ਇਹ ਸੰਕਟ।

-ਪ੍ਰੋਫ਼ੈਸਰ ਬਸੰਤ ਸਿੰਘ ਬਰਾੜ, ਬਠਿੰਡਾ।

08-04-2020

 ਕੁਦਰਤ ਦੀ ਰਜ਼ਾ...
ਮਨੁੱਖ ਨੂੰ ਕੁਦਰਤ ਦੀ ਰਜ਼ਾ ਵਿਚ ਰਹਿਣਾ ਹੀ ਪਵੇਗਾ। ਕੁਦਰਤੀ ਨਿਆਮਤਾਂ ਤੋਂ ਮੁੱਖ ਮੋੜਨਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਘਾਤਕ ਸਿੱਧ ਹੋ ਸਕਦਾ ਹੈ। ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਇਨਸਾਨ ਘਰਾਂ ਅੰਦਰ ਕੈਦ ਹੋ ਕੇ ਰਹਿ ਗਿਆ ਅਤੇ ਪਿੰਜਰਿਆਂ ਤੋਂ ਆਜ਼ਾਦ ਹੋਏ ਜਾਨਵਰ ਪੰਛੀ ਸਾਫ਼-ਸੁਥਰੇ ਖੁੱਲ੍ਹੇ ਵਾਤਾਵਰਨ ਦੇ ਰੰਗਾਂ ਦਾ ਆਨੰਦ ਮਾਣ ਰਹੇ ਹਨ। ਕੁਦਰਤ ਨੇ ਮਨੁੱਖ ਨੂੰ ਇਨ੍ਹਾਂ ਰੰਗਾਂ ਨਾਲ ਇਕ-ਮਿੱਕ ਹੋਣ ਦੀ ਬਾਕਮਾਲ ਸੋਝੀ ਦਿੱਤੀ ਹੈ, ਪਰੰਤੂ ਮਨੁੱਖ ਇਨ੍ਹਾਂ ਰੰਗਾਂ ਨੂੰ ਫਿੱਕੇ ਕਰਨ ਦੀ ਕੋਝੀ ਗ਼ਲਤੀ ਕਰਨ 'ਤੇ ਉਤਰ ਆਇਆ ਅਤੇ ਲਗਾਤਾਰ ਕੁਦਰਤ ਨਾਲ ਖਿਲਵਾੜ ਕਰਨ ਲੱਗਾ ਹੈ। ਜੇਕਰ ਮਨੁੱਖ ਕੁਦਰਤ ਦੀ ਸ਼ਰਨ ਵਿਚ ਰਹਿ ਕੇ ਜ਼ਿੰਦਗੀ ਜੀਣ ਦੀ ਸਮਝ ਪਾ ਲਵੇ ਤਾਂ ਉਹ ਐਨਾ ਮਜ਼ਬੂਤ ਹੋ ਸਕਦਾ ਹੈ ਕਿ ਦੁਨੀਆ ਦਾ ਕੋਈ ਵਾਇਰਸ ਉਸ ਨੂੰ ਹਰਾ ਨਹੀਂ ਸਕੇਗਾ। ਅੱਜ ਦੇਖਿਆ ਜਾ ਸਕਦਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਸ੍ਰਿਸ਼ਟੀ ਦੇ ਹੋਰ ਪਰਜਾਤੀਆਂ ਲਈ ਜਿਊਣ ਥੀਣ ਦੀ ਆਜ਼ਾਦੀ ਮਿਲੀ ਹੋਈ ਹੈ। ਪੰਛੀਆਂ ਤੇ ਹੋਰ ਜੀਵਨ ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ। ਜਿਵੇਂ ਕੁਦਰਤ ਨੇ ਉਨ੍ਹਾਂ ਲਈ ਮਨੁੱਖ ਨੂੰ ਕੁਝ ਸਮੇਂ ਲਈ ਛੁੱਟੀ 'ਤੇ ਭੇਜਿਆ ਹੋਵੇ। ਇਸ ਸਮੇਂ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਕੁਦਰਤ ਨੇ ਇਕ ਵਾਇਰਸ ਜ਼ਰੀਏ ਮਨੁੱਖ ਨੂੰ ਮਨੁੱਖ ਬਣ ਕੇ ਰਹਿਣ ਦਾ ਪੈਗ਼ਾਮ ਭੇਜਿਆ ਹੈ। ਜੇਕਰ ਮਨੁੱਖ ਨੇ ਹਾਲੇ ਵੀ ਇਸ ਪੈਗ਼ਾਮ ਤੋਂ ਸਬਕ ਨਾ ਲਿਆ ਤਾਂ ਆਉਣ ਵਾਲਾ ਵਕਤ ਨਿਰਾ ਵਖ਼ਤ ਹੋਵੇਗਾ।

-ਬੇਅੰਤ ਗਿੱਲ ਭਲੂਰ, ਪਿੰਡ ਭਲੂਰ (ਮੋਗਾ)

ਨਰਸਿੰਗ ਸਟਾਫ਼ ਦਾ ਅਹਿਮ ਰੋਲ
ਹਰ ਸਾਲ ਵਿਸ਼ਵ ਸਿਹਤ ਦਿਵਸ 7 ਅਪ੍ਰੈਲ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਨੇ 1948 ਵਿਚ ਵਿਸ਼ਵ ਦੀ ਪਹਿਲੀ ਸਿਹਤ ਸਭਾ ਦੀ ਮੀਟਿੰਗ ਸੱਦੀ ਅਤੇ ਇਹ ਨਿਰਣਾ ਲਿਆ ਕਿ ਹਰ ਸਾਲ ਇਹ ਦਿਵਸ ਮਨਾਇਆ ਜਾਵੇਗਾ ਅਤੇ ਵਿਸ਼ਵ ਦੇ ਲੋਕਾਂ ਦੀ ਸਿਹਤ ਸਬੰਧੀ ਸੈਮੀਨਾਰ, ਗੋਸ਼ਟੀਆਂ, ਨਾਟਕ, ਨੁੱਕੜ ਨਾਟਕ ਆਦਿ ਕਰਵਾ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਵੇ। ਹਰ ਸਾਲ 7 ਅਪ੍ਰੈਲ, 2020 ਨੂੰ ਵਿਸ਼ਵ ਪੱਧਰ 'ਤੇ ਨਰਸਿੰਗ ਸਟਾਫ਼ ਵਲੋਂ ਵਿਸ਼ਵ ਨੂੰ ਤੰਦਰੁਸਤ ਰੱਖਣ ਵਿਚ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਬਾਰੇ ਯਾਦ ਦਿਵਾਉਂਦਾ ਹੈ। ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਕੋਵਿਡ-19 ਦੇ ਜਵਾਬ ਵਿਚ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੇ ਹਨ। ਨਰਸਿੰਗ ਦੁਨੀਆ ਦਾ ਸਭ ਤੋਂ ਸੇਵਾ ਵਾਲਾ ਕਿੱਤਾ ਹੈ। ਮੈਡੀਕਲ ਦਾ ਅਜਿਹਾ ਕੋਈ ਖੇਤਰ ਨਹੀਂ, ਜਿੱਥੇ ਨਰਸਾਂ ਦੀ ਜ਼ਰੂਰਤ ਨਾ ਹੋਵੇ। ਮੈਡੀਕਲ ਦੇ ਖੇਤਰ ਵਿਚ ਸਿਰਫ਼ ਡਾਕਟਰ ਹੀ ਸ਼ਾਮਿਲ ਨਹੀਂ ਹੁੰਦੇ, ਸਗੋਂ ਬਤੌਰ ਸਹਾਇਕ ਕਈ ਦੂਜੇ ਲੋਕ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਇਨ੍ਹਾਂ ਵਿਚ ਨਰਸਿੰਗ ਸਟਾਫ਼ ਮੋਹਰੀ ਰੋਲ ਅਦਾ ਕਰਦਾ ਹੈ।

-ਨਰਿੰਦਰ ਪਾਲ ਸਿੰਘ

ਸਾਡੀ ਸੂਬਾ ਸਰਕਾਰ
ਅੱਜਕਲ੍ਹ ਜੋ ਕੋਰੋਨਾ ਵਾਇਰਸ ਦਾ ਪ੍ਰਭਾਵ ਸਾਰੇ ਦੇਸ਼ਾਂ ਵਿਚ ਹੈ। ਇਸ ਕੋਰੋਨਾ ਦੇ ਬਚਾਅ ਲਈ ਸਾਡੀ ਸੂਬਾ ਸਰਕਾਰ ਨੇ ਪਿਛਲੇ ਦਿਨਾਂ ਤੋਂ ਕਰਫ਼ਿਊ ਲਾਇਆ ਹੋਇਆ ਹੈ। ਉਥੇ ਹੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਡਿਊਟੀ ਲਾਈ ਕਿ ਲੋਕ ਘਰਾਂ ਵਿਚ ਰਹਿਣ, ਤਾਂ ਜੋ ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਦੇਖਿਆ ਜਾਵੇ ਬਹੁਤੇ ਲੋਕਾਂ ਨੇ ਸਰਕਾਰ ਦਾ ਸਾਥ ਵੀ ਦਿੱਤਾ। ਪਰ ਮੈਂ ਬਹੁਤ ਵੀਡੀਓ ਦੇਖੀਆਂ ਹਨ, ਜਿਸ ਵਿਚ ਪੁਲਿਸ ਆਪਣੀ ਪਾਵਰ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ, ਉਨ੍ਹਾਂ ਵਿਚੋਂ ਹੀ ਇਕ ਵੀਡੀਓ ਸੀ। ਜਿਸ ਵਿਚ ਪੁਲਿਸ ਲੋਕਾਂ ਨੂੰ ਉਨ੍ਹਾਂ ਦੀ ਘਰਾਂ 'ਚ ਜਾ ਕੇ ਕੁੱਟਮਾਰ ਕਰ ਰਹੀ ਹੈ ਜੋ ਕਿ ਬਹੁਤ ਗ਼ਲਤ ਗੱਲ ਹੈ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਪਿਆਰ ਨਾਲ ਵੀ ਸਮਝਾ ਸਕਦੇ ਸੀ, ਕਿੳਂੁਕਿ ਕੁੱਟਮਾਰ ਕਰਨਾ ਹਰ ਇਕ ਗੱਲ ਦਾ ਹੱਲ ਨਹੀਂ ਹੁੰਦਾ। ਪੰਜਾਬ ਦੇ ਪੁਲਿਸ ਮੁਖੀ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਹੈ ਉਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਹੋਰਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਸਬਕ ਮਿਲ ਸਕੇ।

-ਅਵਤਾਰ ਸਿੰਘ ਧਾਲੀਵਾਲ
ਪਿੰਡ : ਤਾਰੇਵਾਲਾ, ਜ਼ਿਲ੍ਹਾ ਮੋਗਾ।

ਭਾਰਤ ਵਿਚ ਲਾਕਡਾਊਨ
ਭਾਰਤ ਵਿਚ ਲਾਕਡਾਊਨ ਤੋਂ ਬਾਅਦ ਜ਼ਿਆਦਾਤਰ ਲੋਕ ਘਰਾਂ ਵਿਚ ਰਹਿ ਰਹੇ ਹਨ। ਸਾਰਾ ਸਾਰਾ ਦਿਨ ਕੰਮਾਂ ਵਿਚ ਵਿਅਸਤ ਰਹਿਣ ਵਾਲੇ ਅਚਾਨਕ ਘਰਾਂ ਵਿਚ ਬੰਦ ਹੋ ਗਏ ਹਨ। ਘਰਾਂ ਵਿਚ ਵਿਹਲਿਆਂ ਸਮਾਂ ਬਿਤਾਉਣਾ ਬਹੁਤ ਮੁਸ਼ਕਲ ਲੱਗ ਰਿਹਾ ਹੈ। ਦਸੰਬਰ ਵਿਚ ਚੀਨ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੀ ਸ਼ੁਰੂਆਤ ਤੋਂ ਲੈ ਕੇ ਹਰ ਸਮੇਂ, ਹਰ ਕਿਤੇ ਇਸੇ ਵਾਇਰਸ ਦੀ ਹੀ ਚਰਚਾ ਸੁਣਨ ਨੂੰ ਮਿਲਦੀ ਹੈ। ਅਜਿਹੇ ਵਿਚ ਲੋਕਾਂ ਦੇ ਦਿਲੋ-ਦਿਮਾਗ 'ਤੇ ਕੋਰੋਨਾ ਦਾ ਡਰ ਸਾਫ਼ ਵਿਖਾਈ ਦੇ ਰਿਹਾ ਹੈ। ਮੋਬਾਈਲ ਫੋਨ, ਟੀ. ਵੀ. ਆਦਿ ਹਰ ਥਾਂ ਕੋਰੋਨਾ ਬਾਰੇ ਜਾਣਕਾਰੀਆਂ ਸੁਣ-ਸੁਣ ਕੇ ਜ਼ਿਆਦਾਤਰ ਵਿਅਕਤੀ ਮਾਨਸਿਕ ਤਣਾਅ ਕਾਰਨ ਆਪਣੇ-ਆਪ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਕਰਨ ਲੱਗ ਪਏ ਹਨ। ਅਜਿਹੇ ਮਾਨਸਿਕ ਤਣਾਅ ਦੇ ਕਾਰਨ ਲੋਕ ਸਚਮੁੱਚ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਆਪਣੇ-ਆਪ ਨੂੰ ਕਿਸੇ ਨਾ ਕਿਸੇ ਘਰੇਲੂ ਕੰਮ ਵਿਚ ਵਿਅਸਤ ਰੱਖਣਾ ਚਾਹੀਦਾ ਹੈ। ਸੋਸ਼ਲ ਮੀਡੀਆ, ਅਖ਼ਬਾਰਾਂ ਆਦਿ 'ਤੇ ਕੋਰੋਨਾ ਬਾਰੇ ਖ਼ਬਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

-ਚਾਨਣ ਦੀਪ ਸਿੰਘ ਔਲਖ

ਆਨਲਾਈਨ ਪੜ੍ਹਾਈ...
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੱਗੇ ਕਰਫ਼ਿਊ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦੇਖਣ ਨੂੰ ਤਾਂ ਬਹੁਤ ਵਧੀਆ ਉਪਰਾਲਾ ਹੈ। ਬੱਚੇ ਘਰ ਬੈਠ ਕੇ ਵੀ ਪੜ੍ਹਾਈ ਜਾਰੀ ਰੱਖ ਸਕਣਗੇ। ਪਰ ਇਕ ਤਕਲੀਫ਼ ਦੇਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਸਕੂਲਾਂ ਵਿਚ ਉਨ੍ਹਾਂ ਲੋਕਾਂ ਦੇ ਬੱਚੇ ਵੱਧ ਪੜ੍ਹਦੇ ਹਨ, ਜਿਨ੍ਹਾਂ ਨੂੰ ਆਪਣੇ ਪੇਟ ਦੀ ਅੱਗ ਸ਼ਾਂਤ ਕਰਨ ਲਈ ਹਰ ਰੋਜ਼ ਹੀ ਕੰਮ ਕਰਨਾ ਪੈਂਦਾ ਹੈ। ਕੀ ਅਸੀਂ ਸੋਚ ਸਕਦੇ ਹਾਂ ਕਿ ਇਨ੍ਹਾਂ ਲੋਕਾਂ ਕੋਲ ਉਹੋ ਜਿਹੇ ਮੋਬਾਈਲ ਫ਼ੋਨ ਹੋਣਗੇ, ਜਿਨ੍ਹਾਂ ਦੁਆਰਾ ਆਨਲਾਈਨ ਪੜ੍ਹਾਈ ਕਰਵਾਈ ਜਾ ਸਕਦੀ ਹੈ। ਆਨਲਾਈਨ ਪੜ੍ਹਾਈ ਦਾ ਵਿਚਾਰ ਬੜਾ ਵਧੀਆ ਹੈ। ਪਰ ਇਸ ਪ੍ਰਯੋਗ ਵਿਚ ਲਿਆਉਣਾ ਔਖਾ ਜਾਪਦਾ ਹੈ।

-ਅੰਮ੍ਰਿਤ ਕੌਰ
ਬਡਰੁੱਖਾਂ (ਸੰਗਰੂਰ)

07-04-2020

 ਬੇਹੱਦ ਨਿੰਦਣਯੋਗ ਘਟਨਾ

ਬੀਤੇ ਦਿਨੀਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰਾ ਗੁਰੂ ਹਰਿਰਾਇ ਸਾਹਿਬ 'ਤੇ ਕੀਤਾ ਗਿਆ ਅੱਤਵਾਦੀ ਹਮਲਾ ਬੇਹੱਦ ਨਿੰਦਣਯੋਗ ਘਟਨਾ ਹੈ। ਇਸ ਅੱਤਵਾਦੀ ਹਮਲੇ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਸਿੱਖ ਸੰਗਤ ਪੂਰੇ ਵਿਸ਼ਵ ਵਿਚ ਫੈਲੇ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਸਰਬੱਤ ਦੇ ਭਲੇ ਲਈ ਮਿਲ ਕੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੀ ਸੀ। ਇਸ ਅੱਤਵਾਦੀ ਹਮਲੇ ਵਿਚ ਤਕਰੀਬਨ 25 ਵਿਅਕਤੀ ਮਾਰੇ ਗਏ ਹਨ ਅਤੇ ਬਹੁਤ ਸਾਰੇ ਵਿਅਕਤੀ ਜ਼ਖ਼ਮੀ ਹੋਏੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇਸ ਹਮਲੇ ਦੀ ਹਰ ਪਾਸੇ ਤੋਂ ਨਿਖੇਧੀ ਹੋ ਰਹੀ ਹੈ। ਹਰ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਘੱਟ ਗਿਣਤੀ ਵਰਗ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਅਜਿਹੇ ਹਮਲੇ ਪੂਰੀ ਮਾਨਵ ਜਾਤੀ ਨੂੰ ਸ਼ਰਮਸਾਰ ਕਰਦੇ ਹਨ।

-ਜਸਪ੍ਰੀਤ ਕੌਰ ਸੰਘਾ
ਪਿੰਡ: ਤਨੂੰਲੀ।

ਭਾਈ ਨਿਰਮਲ ਸਿੰਘ ਖ਼ਾਲਸਾ ਦਾ ਵਿਛੋੜਾ

ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ ਅਚਾਨਕ ਵਿਛੋੜਾ ਸਿੱਖ ਪੰਥ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕੀਰਤਨ ਰਾਹੀਂ ਜਿੰਨੀ ਸੇਵਾ ਸਿੱਖ ਪੰਥ ਦੀ ਕੀਤੀ, ਉਹ ਬੇਸ਼ਕੀਮਤੀ ਹੈ। ਭਾਈ ਸਾਹਿਬ ਇਕ ਬੇਹੱਦ ਸਤਿਕਾਰਯੋਗ ਅਤੇ ਸਮਰਪਿਤ ਸ਼ਖ਼ਸੀਅਤ ਸਨ। ਭਾਈ ਸਾਹਿਬ ਗੁਣਾ ਦੇ ਖ਼ਜ਼ਾਨੇ ਸਨ ਅਤੇ ਆਪਣੇ-ਆਪ ਵਿਚ ਇਕ ਸੰਸਥਾ ਸਨ। ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਸਮਾਂ ਕੀਰਤਨ ਦੀ ਸੇਵਾ ਨਿਭਾਈ। ਭਾਈ ਨਿਰਮਲ ਸਿੰਘ ਖ਼ਾਲਸਾ ਇਕੋ-ਇਕ ਪਹਿਲੇ ਰਾਗੀ ਸਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਸਾਲ 2009 ਵਿਚ ਰਾਸ਼ਟਰਪਤੀ ਨੇ ਉੱਚ ਕੋਟੀ ਦਾ ਪਦਮਸ੍ਰੀ ਪੁਰਸਕਾਰ ਦੇ ਕੇ ਸਨਮਾਨਿਆ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀ ਹੋਵੇਗਾ

-ਗੁਰਪ੍ਰੀਤ ਸਿੰਘ ਬੇਦੀ
ਡੋਗਰ ਬਸਤੀ ਗਲੀ ਨੰ : 8 (ਐਲ) ਫ਼ਰੀਦਕੋਟ

ਤਾਲਾਬੰਦੀ ਤੇ ਕਰਫ਼ਿਊ

ਜਿਥੇ ਪੂਰਾ ਸੰਸਾਰ ਇਸ ਵੇਲੇ ਮੁਸ਼ਕਿਲ 'ਚ ਹੈ, ਉਥੇ ਹੀ ਪੰਜਾਬ ਵੀ ਸੰਕਟ ਵਿਚ ਹੈ। ਸਰਕਾਰ ਨੇ ਲਾਕਡਾਊਨ, ਕਰਫ਼ਿਊ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਗ਼ਰੀਬ ਅਤੇ ਆਮ ਲੋਕ ਭਾਵੇਂ ਘਰਾਂ 'ਚ ਦੁਖੀ ਹਨ ਪਰ ਇਸ ਸਮੇਂ ਕੁਝ ਚੰਗੀਆਂ ਗੱਲਾਂ ਵੀ ਉੱਭਰ ਕੇ ਸਾਹਮਣੇ ਆਈਆਂ ਹਨ। ਕੋਈ ਨੌਜਵਾਨ ਨਸ਼ੇ ਨਾਲ ਨਹੀਂ ਮਰ ਰਿਹਾ। ਕਿਤੋਂ ਕੋਈ ਨਸ਼ਾ ਵੀ ਖਾਸ ਫੜਿਆ ਨਹੀਂ ਜਾ ਰਿਹਾ। ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰ ਰਿਹਾ, ਪਿੰਡਾਂ 'ਚ ਕੋਈ ਵੱਟ-ਬੰਨ੍ਹੇ 'ਤੇ ਰੌਲਾ ਨਹੀਂ, ਕੋਈ ਵਿਆਹਾਂ, ਭੋਗਾਂ 'ਤੇ ਇਕੱਠ ਨਹੀਂ ਹੋ ਰਿਹਾ, ਬੇਲੋੜਾ ਕਰਜ਼ਾ ਨਹੀਂ ਸਿਰ ਚੜ੍ਹ ਰਿਹਾ। ਅਖੌਤੀ ਬਾਬਿਆਂ, ਪਾਖੰਡੀਆਂ ਤੋਂ ਹਮੇਸ਼ਾ ਲਈ ਬਚਿਆ ਜਾ ਸਕਦਾ ਹੈ। ਹਰੇਕ ਔਰਤ ਮਰਦ ਆਪਣੇ-ਆਪਣੇ ਘਰਾਂ ਵਿਚ ਝਾੜੂ, ਪੋਚਾ ਤੋਂ ਲੈ ਕੇ ਸਾਰੇ ਕੰਮ ਆਪ ਕਰ ਰਹੇ ਹਨ। ਰਿਸ਼ਟ-ਪੁਸ਼ਟ ਹੋ ਜਾਣ ਕਾਰਨ, ਬਿਨਾਂ ਵਜ੍ਹਾ ਦਵਾਈ ਖਾਣ ਤੋਂ ਬਚਿਆ ਜਾ ਸਕਦਾ ਹੈ। ਭਾਈਚਾਰਕ ਸਾਂਝ ਵਧ ਰਹੀ ਹੈ, ਜਾਤ-ਪਾਤ ਦਾ ਕੋਈ ਵਖਰੇਵਾਂ ਨਹੀਂ ਰਿਹਾ। ਬੇਲੋੜੀ ਰਫ਼ਤਾਰ ਨਾਲ ਅਜਾਈਂ ਮੌਤਾਂ ਨਹੀਂ ਹੋ ਰਹੀਆਂ। ਕੋਈ ਅਵਾਰਾ ਕੁੱਤਾ ਨਹੀਂ ਵੱਢ ਰਿਹਾ। ਪ੍ਰਦੂਸ਼ਣ ਦਾ ਨਾਮੋ-ਨਿਸ਼ਾਨ ਨਹੀਂ, ਵਾਤਾਵਰਨ ਸ਼ੁੱਧ ਹੋ ਗਿਆ ਹੈ। ਜਿਹੜੇ ਪਹਾੜ ਇਥੋਂ ਅੱਜ ਤੋਂ 30-40 ਸਾਲ ਪਹਿਲਾਂ ਦਿਖਾਈ ਦਿੰਦੇ ਸਨ, ਉਹ ਹੁਣ ਫਿਰ ਸਾਫ਼ ਦਿਖਾਈ ਦੇਣ ਲੱਗੇ ਹਨ। ਪਰਮਾਤਮਾ ਕਰੇ ਇਸ ਨਾਮੁਰਾਦ ਬਿਮਾਰੀ ਤੋਂ ਪੂਰੇ ਵਿਸ਼ਵ ਨੂੰ ਜਲਦੀ ਛੁਟਕਾਰਾ ਮਿਲੇ ਅਤੇ ਗੱਡੀ ਫਿਰ ਪਟੜੀ 'ਤੇ ਆ ਜਾਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

05-04-2020

 ਕਰਫਿਊ ਤੇ ਮਹਿੰਗਾਈ
ਕੋਰੋਨਾ ਵਾਇਰਸ ਕਾਰਨ ਸਾਰੇ ਪੰਜਾਬ ਵਿਚ ਕਰਫ਼ਿਊ ਲੱਗਾ ਹੋਇਆ ਹੈ | ਪਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੇ ਭਾਅ ਮਿਲ ਰਹੀਆਂ ਹਨ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨਾ ਵੀ ਔਖਾ ਹੋ ਰਿਹਾ ਹੈ | ਇਸ ਸਮੇਂ, ਖ਼ਾਸ ਕਰ ਸਰਹੱਦੀ ਇਲਾਕਿਆਂ ਵਿਚ, ਸਬਜ਼ੀਆਂ ਤੇ ਰਸੋਈ ਦਾ ਸਾਮਾਨ ਮਹਿੰਗਾ ਮਿਲ ਰਿਹਾ ਹੈ; ਦੂਸਰਾ ਇਸ ਨਾਲ ਸਬੰਧਿਤ ਦੁਕਾਨਾਂ ਵੀ ਥੋੜ੍ਹੇ ਸਮੇਂ ਅਤੇ ਗਿਣਤੀ ਪੱਖੋਂ ਘੱਟ ਖੁੱਲ੍ਹਦੀਆਂ ਹਨ | ਇਸ ਕਾਰਨ ਵਿਕਰੇਤਾ ਆਪਣੀ ਮਨਮਰਜ਼ੀ ਦਾ ਰੇਟ ਲਾ ਕੇ ਲੋਕਾਂ ਦੀ ਲੁੱਟ ਕਰਦੇ ਹਨ | ਘੱਟ ਦੁਕਾਨਾਂ ਖੁੱਲ੍ਹਣ 'ਤੇ ਜਨਤਕ ਇਕੱਤਰਤਾ ਵਧ ਜਾਂਦੀ ਹੈ ਜਿਸ ਕਾਰਨ ਕੋਰੋਨਾ ਵਾਇਰਸ ਦਾ ਖ਼ਤਰਾ ਵੀ ਵਧਦਾ ਹੈ | ਜੇਕਰ ਕਰਿਆਨੇ ਅਤੇ ਸਬਜ਼ੀ ਵਾਲੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹੋਣਗੀਆਂ ਤਾਂ ਲੋਕਾਂ ਨੂੰ ਸਾਮਾਨ ਵੀ ਅਸਾਨੀ ਨਾਲ ਮਿਲੇਗਾ ਅਤੇ ਜਨਤਕ ਇਕੱਤਰਤਾ ਵੀ ਘੱਟ ਹੋਵੇਗੀ; ਦੂਸਰਾ ਬੰਦ ਦੁਕਾਨਾਂ ਖੁੱਲ੍ਹਣ ਕਾਰਨ ਵਿਕਰੇਤਾਵਾਂ ਨੂੰ ਵਪਾਰਕ ਪੱਖੋਂ ਵੀ ਘਾਟਾ ਨਹੀਂ ਪਵੇਗਾ¢ ਦੂਸਰਾ ਵਿਚਾਰਨਯੋਗ ਪੱਖ ਇਹ ਕਿ ਸਰਹੱਦੀ ਇਲਾਕਿਆਂ ਵਿਚ ਪੈਟਰੋਲ ਪੰਪ ਘੱਟ ਖੁੱਲ੍ਹੇ ਮਿਲਦੇ ਹਨ¢ ਜਿਨ੍ਹਾਂ ਵਿਚੋਂ ਕੁਝ ਤਾਂ ਨਿਸਚਿਤ ਕੀਤੇ ਸਮੇਂ ਮੁਤਾਬਕ ਖੁੱਲ੍ਹੇ ਰਹਿੰਦੇ ਹਨ ਪਰ ਕੁਝ ਪੱਕੇ ਤੌਰ 'ਤੇ ਬੰਦ ਕੀਤੇ ਹੋਏ ਹਨ, ਜਿਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਤਾਲਾਬੰਦੀ ਤੋਂ ਬਾਅਦ ਹੀ ਖੋਲ੍ਹੇ ਜਾਣਗੇ¢ ਇਸ ਮੁਸ਼ਕਿਲ ਦਾ ਹੱਲ ਕਰਦੇ ਹੋਏ, ਨਿਸਚਿਤ ਕੀਤੇ ਸਮੇਂ ਮੁਤਾਬਕ, ਸਾਰੇ ਹੀ ਪੈਟਰੋਲ ਪੰਪ ਖੁੱਲ੍ਹਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ |

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ) |

ਪ੍ਰਹੇਜ਼ ਹੀ ਇਲਾਜ
ਅੱਜ ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਜਕੜ ਵਿਚ ਹੈ¢ ਇਹ ਵਾਇਰਸ ਬਹੁਤ ਹੀ ਭਿਆਨਕ ਹੈ | ਇਸ ਤੋਂ ਬਚਾਅ ਲਈ ਅਜੇ ਤੱਕ ਕੋਈ ਵੀ ਦਵਾਈ ਨਹੀਂ ਬਣੀ | ਸਰਕਾਰਾਂ ਵਲੋਂ ਲੋਕਾਂ ਨੂੰ ਬਚਾਉਣ ਵਿਚ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਵਿਚ ਹੀ ਰਹਿ ਕੇ ਹੀ ਇਸ ਨਾਮੁਰਾਦ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ¢
ਜਦ ਤੱਕ ਇਸ ਬਿਮਾਰੀ ਦੀ ਦਵਾਈ ਤਿਆਰ ਨਹੀਂ ਹੁੰਦੀ, ਉਦੋਂ ਤੱਕ ਸਰਕਾਰਾਂ ਵਲੋਂ ਦੱਸੇ ਜਾ ਰਹੇ ਸੁਝਾਅ ਵਰਤ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ | ਜੇਕਰ ਆਪਣੇ ਘਰਾਂ ਵਿਚ ਰਹਿ ਕੇ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਤਾਂ ਕੋਈ ਬੁਰੀ ਗੱਲ ਨਹੀ ਹੈ | ਸਾਡੀ ਜ਼ਿੰਦਗੀ ਨੂੰ ਬਚਾਉਣ ਲਈ ਹੀ ਸਰਕਾਰਾਂ ਵਲੋਂ ਕਰਫ਼ਿਊ ਲਗਾਏ ਗਏ ਹਨ, ਇਸ ਦਾ ਵਿਰੋਧ ਨਹੀਂ ਬਲਕਿ ਸਾਥ ਦੇ ਕੇ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ¢

-ਲੈਕ: ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ (ਲੁਧਿਆਣਾ) |

ਮੁਨਾਫ਼ਾਖੋਰੀ
ਜਿੱਥੇ ਸਾਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ, ਉੱਥੇ ਇਸ ਨੇ ਸਾਡੇ ਦੇਸ਼ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਸਰਕਾਰ ਅਤੇ ਪ੍ਰਸ਼ਾਸਨ ਇਸ ਨੂੰ ਰੋਕਣ ਵਾਸਤੇ ਵੱਖ-ਵੱਖ ਉਪਰਾਲੇ ਕਰ ਰਹੇ ਹਨ, ਜਿਸ ਦੇ ਤਹਿਤ ਭਾਰਤੀ ਸਰਕਾਰ ਵਲੋਂ 21 ਦਿਨਾਂ ਦੀ ਤਾਲਾਬੰਦੀ ਕੀਤੀ ਗਈ ਹੈ | ਬੜੇ ਦੁੱਖ ਵਾਲੀ ਗੱਲ ਹੈ ਕਿ ਸੰਕਟ ਦੀ ਇਸ ਘੜੀ ਦੇ ਵਿਚ ਕੁਝ ਦੁਕਾਨਦਾਰ ਕਾਲਾ ਬਾਜ਼ਾਰੀ ਅਤੇ ਮੁਨਾਫ਼ਾਖੋਰੀ ਵਿੱਚ ਰੁੱਝੇ ਹੋਏ ਹਨ¢ ਉੱਥੇ ਹੀ ਕੁਝ ਲੋਕ ਗ਼ਰੀਬ ਅਤੇ ਭੁੱਖੇ ਲੋਕਾਂ ਲਈ ਰੋਟੀ ਦਾ ਪ੍ਰਬੰਧ ਕਰ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕਰ ਰਹੇ ਹਨ | ਮੈਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਇਸ ਸੰਕਟ ਦੀ ਘੜੀ ਦੇ ਵਿਚ ਲੋਕਾਂ ਦੀ ਜ਼ਰੂਰਤ ਦਾ ਸਾਮਾਨ ਵਾਜਿਬ ਰੇਟਾਂ 'ਤੇ ਵੇਚ ਕੇ ਦੇਸ਼ ਦੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰਨ | ਇਸ ਤਰ੍ਹਾਂ ਭਾਈਚਾਰਕ ਸਾਂਝ ਨਿਭਾਉਂਦੇ ਹੋਏ ਅਸੀਂ ਇਸ ਭਿਆਨਕ ਬਿਮਾਰੀ ਨਾਲ ਲੜਨ ਦੇ ਵਿਚ ਕਾਮਯਾਬ ਹੋਵਾਂਗੇ |

-ਦਵਿੰਦਰ ਕੌਸ਼ਿਕ
ਲੁਧਿਆਣਾ |

ਸੁਰੱਖਿਆ ਯਕੀਨੀ ਬਣਾਈ ਜਾਵੇ
ਕਾਬੁਲ ਦੇ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤਾਂ ਉੱਪਰ ਹੋਏ ਹਮਲੇ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜ੍ਹੀ ਹੈ | ਭਲਾ ਉਨ੍ਹਾਂ ਲੋਕਾਂ ਦਾ ਗੁਨਾਹ ਹੀ ਕੀ ਸੀ? ਇਹੀ ਕਿ ਉਹ ਦੁਨੀਆ ਉੱਪਰ ਭਾਰੀ ਪੈ ਰਹੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਰਾਹਤ ਲਈ ਗੁਰਦੁਆਰਾ ਸਾਹਿਬ ਅੰਦਰ ਸੁਖਮਨੀ ਸਾਹਿਬ ਦਾ ਪਾਠ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰ ਰਹੇ ਸਨ | ਕੁਝ ਲੋਕਾਂ ਦੁਆਰਾ ਕੀਤੇ ਇਸ ਮਨੁੱਖਤਾ ਵਿਰੋਧੀ ਕਾਰਨਾਮੇ ਨਾਲ ਸਾਰੀ ਇਨਸਾਨੀਅਤ ਸ਼ਰਮਸਾਰ ਹੋਈ ਹੈ | ਜਦ-ਜਦ ਵੀ ਕਿਤੇ ਜ਼ੁਲਮ ਹੋਇਆ ਸਿਖ ਕੌਮ ਡਟ ਕੇ ਲੜੀ ਹੈ | ਅੱਜ ਵੀ ਕੋਰੋਨਾ ਵਾਇਰਸ ਦੀ ਭਿਆਨਕਤਾ ਨੂੰ ਵੇਖਦਿਆਂ ਕੀਤੀ ਤਾਲਾਬੰਦੀ ਦੇ ਕਾਰਨ ਜਦ ਲੋਕ ਘਰਾਂ ਅੰਦਰ ਦੜੇ ਹੋਏ ਹਨ ਉਸ ਸਮੇਂ ਸਿੱਖ ਕੌਮ ਘਰ-ਘਰ ਜਾ ਕੇ ਲੋਕਾਂ ਨੂੰ ਰਸਦ ਵੰਡ ਰਹੀ ਹੈ | ਲੋਕਾਂ ਲਈ ਲੰਗਰ ਲਗਾ ਰਹੀ ਹੈ | ਤੇ ਦੂਸਰੇ ਪਾਸੇ ਕਾਬੁਲ ਵਿਚ ਸਿੱਖਾਂ ਉੱਪਰ ਅੱਤਿਆਚਾਰ ਹੋ ਰਹੇ ਹਨ | ਅੱਜ ਜ਼ਰੂਰੀ ਹੈ ਕਿ ਵੱਖ-ਵੱਖ ਦੇਸ਼ਾਂ ਵਲੋਂ ਕਾਬੁਲ ਵਿਚਲੇ ਸਿੱਖਾਂ ਦੇ ਹੱਕ ਵਿਚ ਖਲੋਇਆ ਜਾਵੇ | ਕਾਬੁਲ ਦੀ ਸਰਕਾਰ ਨਾਲ ਗੱਲਬਾਤ ਕਰ ਕੇ ਉਥੇ ਮੌਜੂਦ ਸਿੱਖ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਜੇ ਸਿੱਖ ਪਰਿਵਾਰ ਕਾਬੁਲ ਵਿਚ ਨਹੀਂ ਰਹਿਣਾ ਚਾਹ ਰਹੇ ਤਾਂ ਉਹ ਜਿੱਥੇ ਵੀ ਰਹਿਣਾ ਚਾਹੁੰਦੇ ਹਨ ਉਨ੍ਹਾਂ ਨੂੰ ਉੱਥੇ ਪਹੁੰਚਣ ਵਿਚ ਹਰ ਸੰਭਵ ਸਹਾਇਤਾ ਕੀਤੀ ਜਾਵੇ |

-ਅਨੰਤ ਗਿੱਲ ਭਲੂਰ
ਪਿੰਡ ਤੇ ਡਾਕ: ਭਲੂਰ |

ਸਾਡਾ ਕੀ ਕਸੂਰ?
ਅੱਜ ਕੋਰੋਨਾ ਕਾਰਨ ਜੋ ਦੇਸ਼ ਦੇ ਹਾਲਾਤ ਬਣੇ ਹੋਏ ਹਨ ਇਹ ਕਿਸੇ ਤੋਂ ਲੁਕੇ ਨਹੀਂ | ਆਰਥਿਕ ਤੌਰ 'ਤੇ ਗ਼ਰੀਬ ਲੋਕਾਂ ਨੂੰ ਹੁਣ ਭੁੱਖ ਸਤਾ ਰਹੀ ਹੈ | ਅਮੀਰ ਲੋਕਾਂ ਦੇ ਹਵਾਈ ਝੂਟਿਆਂ ਨੇ ਉਨ੍ਹਾਂ ਨੂੰ ਅੱਜ ਕਈ-ਕਈ ਮੀਲ ਤੁਰਨ 'ਤੇ ਮਜਬੂਰ ਕਰ ਦਿੱਤਾ ਹੈ, ਖ਼ਾਸ ਕਰਕੇ ਉਨ੍ਹਾਂ ਪ੍ਰਵਾਸੀ ਲੋਕਾਂ ਨੂੰ ਜਿਹੜੇ ਆਪਣੇ ਪਰਿਵਾਰਾਂ ਦੇ ਢਿੱਡ ਭਰਨ ਲਈ ਦੂਸਰੇ ਰਾਜਾਂ ਵੱਲ ਵਹੀਰਾਂ ਘੱਤ ਕੇ ਆਏ ਸੀ | ਅਜਿਹੇ ਹਾਲਾਤ 'ਚ ਉਹ ਕਰਨ ਵੀ ਕੀ? ਉਹ ਸਰਕਾਰ ਦੀ ਸੁਣਨ ਜਾਂ ਆਪਣੇ ਪਰਿਵਾਰ ਦੀ | ਲੋਕਾਂ ਨੂੰ ਪੂਰਾ ਚਾਨਣ ਹੋ ਜਾਵੇਗਾ ਕਿ ਜਿਹੜੇ ਧਨਾਢ ਲੋਕਾਂ ਦੇ ਉਹ ਪ੍ਰਸੰਸਕ ਸਨ, ਜਿਨ੍ਹਾਂ ਨੂੰ ਦੇਖਣ ਲਈ ਉਹ ਆਪਣਾ ਸਾਰਾ ਕੰਮ ਛੱਡ ਕੇ ਤੇ ਕੀਮਤੀ ਸਮਾਂ ਕੱਢ ਕੇ ਜਾਂਦੇ ਸਨ, ਹੁਣ ਉਹ ਆਫਤ ਆਈ 'ਤੇ ਕੀ ਯੋਗਦਾਨ ਪਾਉਂਦੇ ਨੇ, ਕਿੰਨਾਂ ਕੁ ਨਾਲ ਖੜ੍ਹਦੇ ਤੇ ਕੀ ਆਪਣੇ ਪ੍ਰਸੰਸਕਾਂ ਲਈ ਕਰਦੇ ਹਨ | ਇਹ ਤਾਂ ਹੁਣ ਸਮਾਂ ਹੀ ਤੈਅ ਕਰੇਗਾ | ਕੋਰੋਨਾ ਨਾਲ ਬੇਸ਼ਕ ਓਨੇ ਲੋਕ ਨਾ ਮਰਨ ਜਿੰਨੇ ਗ਼ਰੀਬੀ ਨਾਲ ਮਰ ਜਾਣਗੇ | ਜੇਕਰ ਹੁਣ ਇਨ੍ਹਾਂ ਲੋਕਾਂ ਲਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਚੋਰੀ, ਲੁਟ-ਖੋਹ ਦੀਆਂ ਵਾਰਦਾਤਾਂ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਫਿਰ ਦੇਸ਼ ਡਿਜੀਟਲ ਨਹੀਂ ਫਿਰ ਗ਼ਰੀਬੀਟਾਲ ਹੋਣ ਲਈ ਜੂਝੇਗਾ |

-ਸੁਰਜੀਤ ਸਿੰਘ 'ਦਿਲਾ ਰਾਮ'
ਫਿਰੋਜ਼ਪੁਰ |

03-04-2020

 ਸਮਾਜਿਕ ਦੂਰੀ ਬਣਾਈ ਰੱਖੋ
ਕੋਰੋਨਾ ਮਹਾਂਮਾਰੀ ਕਾਰਨ ਇਸ ਸਮੇਂ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਚੀਨ, ਇਟਲੀ, ਸਪੇਨ ਵਿਚ ਇਸ ਮਹਾਂਮਾਰੀ ਦੇ ਕਾਰਨ ਬਹੁਤ ਜਾਨੀ ਨੁਕਸਾਨ ਹੋਇਆ ਹੈ। ਦੁਨੀਆ ਦੇ ਲਗਪਗ ਸਾਰੇ ਦੇਸ਼ਾਂ ਦੇ ਹਲਾਤ ਚਿੰਤਾਜਨਕ ਬਣੇ ਹੋਏ ਹਨ। ਜਿਸ ਨੂੰ ਦੇਖ ਕੇ ਸਾਡੇ ਸਾਰਿਆਂ ਦੇ ਮਨਾਂ ਵਿਚ ਡਰ ਪੈਦਾ ਹੋ ਰਿਹਾ ਹੈ। ਜੇਕਰ ਅਸੀਂ ਇਸ ਵਾਇਰਸ ਤੋਂ ਬਚਣਾ ਹੈ ਤਾਂ ਇਸ ਦਾ ਇਕ ਮਾਤਰ ਇਲਾਜ ਇਹ ਹੈ ਕਿ ਸਾਨੂੰ ਆਪਣੇ ਘਰਾਂ ਵਿਚ ਹੀ ਰਹਿਣਾ ਹੋਵੇਗਾ। ਆਪਸੀ ਇਕੱਤਰਤਾ ਨਾਲ ਇਹ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲਦਾ ਹੈ। ਇਸ ਲਈ ਦੇਸ਼ ਵਿਚ ਪਹਿਲਾਂ ਤਾਲਾਬੰਦੀ ਅਤੇ ਬਾਅਦ ਵਿਚ ਕਈ ਪ੍ਰਦੇਸ਼ਾਂ ਵਿਚ ਕਰਫ਼ਿਊ ਲਗਾਇਆ ਗਿਆ ਤਾਂ ਜੋ ਲੋਕ ਇਕ ਜਗ੍ਹਾ 'ਤੇ ਇਕੱਠੇ ਨਾ ਹੋ ਸਕਣ।
ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰੀ ਕੰਮ ਕਾਜ ਘਰੋਂ ਹੀ ਕਰਨ ਦੀ ਹਦਾਇਤ ਕੀਤੀ ਗਈ ਹੈ। ਸਰਕਾਰ ਦੁਆਰਾ ਲੋਕਾਂ ਨੂੰ ਗ਼ੈਰ-ਜ਼ਰੂਰੀ ਕੰਮਾਂ ਲਈ ਬਾਹਰ ਜਾਣ ਤੋਂ ਰੋਕਣ ਲਈ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਵੀ ਕੀਤੀ ਜਾ ਸਕਦੀ ਹੈ। ਸਾਨੂੰ ਇਸ ਬਿਮਾਰੀ ਪ੍ਰਤੀ ਗੰਭੀਰ ਹੋਣਾ ਚਾਹੀਦਾ ਤਾਂ ਕਿ ਕਿਸੇ ਵੀ ਆਉਣ ਵਾਲੀ ਮੁਸੀਬਤ ਤੋਂ ਬਚਿਆ ਜਾ ਸਕੇ। ਘਰਾਂ ਵਿਚ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਦੇ ਨਾਲ ਹੀ ਸਾਫ਼ ਤੇ ਸੰਤੁਲਿਤ ਭੋਜਨ ਖਾਧਾ ਜਾਵੇ। ਜੇਕਰ ਅਸੀਂ ਖ਼ੁਦ ਸਮਾਜਿਕ ਦੂਰੀ ਦੀ ਪਾਲਣਾ ਕਰਾਂਗੇ ਤਾਂ ਹੀ ਅਸੀਂ ਆਪਣੇ ਪਰਿਵਾਰ, ਸ਼ਹਿਰ, ਦੇਸ਼ ਨੂੰ ਸੁਰੱਖਿਅਤ ਕਰ ਸਕਦੇ ਹਾਂ।

-ਰਾਕੇਸ਼ ਕੁਮਾਰ
ਨੇੜੇ ਪਾਰਕ, ਜੈਤੋ(ਫਰੀਦਕੋਟ)।

ਕਲਾਕਾਰਾਂ 'ਤੇ ਕੇਸ
ਪਿਛਲੇ ਸਮੇਂ ਤੋਂ ਕੁਝ ਪੰਜਾਬੀ ਕਲਾਕਾਰਾਂ 'ਤੇ ਕੇਸ ਦਰਜ ਹੋ ਰਹੇ ਹਨ। ਇਨ੍ਹਾਂ ਦਰਜ ਹੋ ਰਹੇ ਕੇਸਾਂ ਨੂੰ ਪੰਜਾਬ ਨੂੰ ਪਿਆਰ ਕਰਨ ਵਾਲਾ ਹਰ ਪੰਜਾਬੀ ਸਹੀ ਠਹਿਰਾਅ ਰਿਹਾ ਹੈ ਕਿਉਂਕਿ ਉਂਗਲਾਂ 'ਤੇ ਗਿਣੇ ਜਾਣ ਵਾਲੇ ਇਨ੍ਹਾਂ ਕੁਝ ਕੁ ਅਖੌਤੀ ਕਲਾਕਾਰਾਂ ਨੇ ਪੰਜਾਬੀ ਪਰਿਵਾਰਾਂ ਦੀ ਸੁਹਜਮਈ ਸੋਚ ਨੂੰ ਬਦ ਤੋਂ ਵੀ ਬਦਤਰ ਬਣਾ ਕੇ ਰੱਖ ਦਿੱਤਾ ਹੈ। ਸਰਬੱਤ ਦਾ ਭਲਾ ਮੰਗਣ ਤੇ ਕਰਨ ਵਾਲੇ ਪੰਜਾਬੀਆਂ ਦੇ ਹੱਥਾਂ 'ਚ ਹਥਿਆਰ ਤੇ ਨਸ਼ਾ ਫੜਾਉਣ ਵਾਲਿਓ ਤੁਸੀਂ ਪੰਜਾਬ ਹਿਤੈਸ਼ੀ ਨਹੀਂ ਬਲਕਿ ਪੰਜਾਬ ਧ੍ਰੋਹੀ ਹੋ। ਤੁਸੀਂ ਪੰਜਾਬ ਦੀ ਪਵਿੱਤਰ ਫਿਜ਼ਾ ਨੂੰ ਅੱਜ ਗੰਧਲਾ ਤੇ ਅਸ਼ਲੀਲ ਕਰ ਕੇ ਰੱਖ ਦਿੱਤਾ ਹੈ। ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਇਸ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ ਹੈ। ਸ਼ੁਹਰਤ ਖੱਟਣੀ ਹੈ ਤਾਂ ਹਮੇਸ਼ਾ ਚੰਗਾ ਗਾਓ। ਪੰਜਾਬੀ ਸੰਗੀਤ ਨੂੰ ਮਣਾ-ਮੂੰਹੀ ਪਿਆਰ ਤੇ ਮਾਣ ਬਖ਼ਸ਼ਣ ਵਾਲੇ ਬਹੁਤ ਸਾਰੇ ਕਲਾਕਾਰ, ਜਿਨ੍ਹਾਂ ਦੀ ਗਾਇਕੀ ਸਦਕਾ ਅੱਜ ਪੰਜਾਬੀ ਸੰਗੀਤ ਦੁਨੀਆ 'ਚ ਸਰਾਹਿਆ ਜਾਣ ਲੱਗਾ ਹੈ। ਇਨ੍ਹਾਂ ਕਲਾਕਾਰਾਂ ਦੇ ਨਾਂਅ ਦੱਸਣ ਦੀ ਲੋੜ ਨਹੀਂ ਹੈ। ਦੁਨੀਆ ਜਾਣਦੀ ਹੈ। ਅੰਤਾਂ ਦੇ ਅਮੀਰ ਪੰਜਾਬੀ ਸੰਗੀਤ ਨੂੰ ਲੀਰੋ-ਲੀਰ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸਮੇਂ ਦਾ ਪੂਰਾ ਫਾਇਦਾ ਉਠਾਉਣ ਬੱਚੇ
ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਪੂਰਾ ਭਾਰਤ 21 ਦਿਨ ਲਈ ਬੰਦ ਹੈ। ਅਸੀਂ ਆਪਣੇ ਘਰ ਬੈਠੇ ਹਾਂ। ਘਰ ਤੋਂ ਅਸੀਂ ਬਾਹਰ ਬਿਲਕੁਲ ਵੀ ਨਹੀਂ ਨਿਕਲਣਾ ਹੈ। ਅਸੀਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣਾ ਹੈ। ਮਾਂ ਬਾਪ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਬੱਚੇ ਕਿਸ ਵਿਸ਼ੇ ਵਿਚ ਕਮਜ਼ੋਰ ਹਨ। ਸਮਾਂ ਸਾਰਨੀ ਬਣਾ ਲੈਣ ਕਿ ਸਾਡੇ ਬੱਚਿਆਂ ਨੂੰ ਕਿਸ ਵਿਸ਼ੇ ਨੂੰ ਕਿੰਨਾ ਸਮਾਂ ਚਾਹੀਦਾ ਹੈ।
ਬੱਚਿਆਂ ਨੂੰ ਵੀ ਪਤਾ ਹੈ ਕਿ ਜੇ ਉਹ ਗਣਿਤ ਵਿਚ ਕਮਜ਼ੋਰ ਹਨ ਤਾਂ ਮਾਂ ਬਾਪ ਉਨ੍ਹਾਂ ਨੂੰ ਘਰ ਹੀ ਗਣਿਤ ਦੇ ਸਵਾਲ ਕਰਵਾਉਣ। ਹਰ ਇਕ ਵਿਸ਼ੇ ਲਈ ਸਮਾਂ ਸਾਰਨੀ ਬਣਾ ਲੈਣ ਕਿ ਕਿਹੜੇ-ਕਿਹੜੇ ਸਮੇਂ ਵਿਚ ਬੱਚੇ ਨੂੰ ਕੀ ਕੀ ਪੜ੍ਹਾਉਣਾ ਹੈ। ਇਸ ਨਾਲ ਮਾਂ ਬਾਪ ਦੇ ਗਿਆਨ ਵਿਚ ਵਾਧਾ ਹੋਵੇਗਾ ਤੇ ਬੱਚਿਆਂ ਨੂੰ ਵੀ ਭਰਪੂਰ ਜਾਣਕਾਰੀ ਮਿਲੇਗੀ। ਜੇ ਘਰ ਵਿਚ ਕਿਤਾਬਾਂ ਨਹੀਂ ਹਨ ਤਾਂ ਇੰਟਰਨੈੱਟ, ਸਾਈਟਸ 'ਤੇ ਬਹੁਤ ਕੁਝ ਪਿਆ ਹੁੰਦਾ ਹੈ, ਉੱਥੋਂ ਮਾਂ ਬਾਪ ਉਹ ਡਾਊਨਲੋਡ ਕਰਨ ਕਿ ਜਿਹੜਾ ਉਨ੍ਹਾਂ ਦੇ ਬੱਚਿਆਂ ਲਈ ਸਹੀ ਰਹੇਗਾ। ਮਾਂ ਬਾਪ ਦਾ ਵੀ ਸਮਾਂ ਵਧੀਆ ਗੁਜ਼ਰੇਗਾ ਤੇ ਬੱਚੇ ਵੀ ਘਰ ਵਿਚ ਬੋਰ ਨਹੀਂ ਹੋਣਗੇ ਤੇ ਨਾ ਹੀ ਉਹ ਤੰਗ ਕਰਨਗੇ। ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਇਤਿਹਾਸ ਵੀ ਆਪਣੇ ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਚਾਹੇ ਪੰਜਾਬ ਦਾ ਹੋਵੇ ਜਾਂ ਭਾਰਤ ਦਾ ਹੋਵੇ। ਮਾਂ ਬਾਪ ਦੀ ਹੀ ਅਹਿਮ ਜ਼ਿੰਮੇਵਾਰੀ ਹੈ ਕਿ ਇਸ ਸਮੇਂ ਵਿਚ ਉਹ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾ ਸਕਦੇ ਹਨ। ਸਮੇਂ ਦਾ ਪੂਰਾ ਪੂਰਾ ਫਾਇਦਾ ਉਠਾ ਸਕਦੇ ਹਨ।

-ਸੰਜੀਵ ਸਿੰਘ ਸੈਣੀ
ਮੁਹਾਲੀ।

02-04-2020

 ਆਪਣੇ ਆਪ ਨੂੰ ਬਚਾਉਣਾ
ਹਾਲ ਹੀ ਵਿਚ ਅਸੀਂ ਵੇਖ ਰਹੇ ਹਾਂ ਕਿ ਕਿੱਦਾਂ ਪੂਰੇ ਸੰਸਾਰ ਵਿਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਰੱਖੀ ਹੈ। 22 ਮਾਰਚ ਨੂੰ ਭਾਰਤ ਸਰਕਾਰ ਨੇ ਜਨਤਾ ਕਰਫ਼ਿਊ ਦਾ ਆਦੇਸ਼ ਦਿੱਤਾ।ਲੋਕਾਂ ਨੇ ਭਾਰਤ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ। ਸਾਨੂੰ ਆਪਣੇ ਆਪ ਨੂੰ ਬਚਾਉਣਾ ਹੈ, ਜੇ ਅਸੀਂ ਆਪ ਠੀਕ ਨਹੀਂ ਰਹਾਂਗੇ ਤਾਂ ਅਸੀਂ ਆਪਣੇ ਪਰਿਵਾਰ ਨੂੰ ਕਿਵੇਂ ਬਚਾਵਾਂਗੇ। ਜੇ ਕੋਈ ਜ਼ਿਆਦਾ ਹੀ ਜ਼ਰੂਰੀ ਕੰਮ ਹੈ, ਤਾਂ ਸਿਰਫ ਘਰ ਦਾ ਇਕ ਮੈਂਬਰ ਹੀ ਬਾਹਰ ਉਹ ਕੰਮ ਕਰਨ ਜਾਵੇ।ਜੋ ਵੀ ਬੰਦਾ ਬਾਹਰ ਸਾਮਾਨ ਲੈਣ ਜਾਂਦਾ ਹੈ ਉਹ ਆਪਣਾ ਮੂੰਹ ਢੱਕ ਕੇ ਜਾਏ ਘਰ ਆ ਕੇ ਸਭ ਤੋਂ ਪਹਿਲਾਂ ਉਹ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਵੇ। ਫਿਰ ਕੋਈ ਹੋਰ ਚੀਜ਼ ਨੂੰ ਹੱਥ ਲਗਾਵੋ। ਹਰ ਅੱਧੇ ਘੰਟੇ ਬਾਅਦ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ। ਘਰ ਵਿਚ ਜਿੰਨੇ ਵੀ ਮੈਂਬਰ ਹਨ ਉਹ ਆਪਸ ਵਿਚ ਦੂਰੀ ਬਣਾ ਕੇ ਰੱਖਣ। ਸਾਵਧਾਨੀਆਂ ਰੱਖਣ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ ਸਾਨੂੰ ਸਾਫ਼ ਸੁਥਰਾ ਤੇ ਸੰਤੁਲਿਤ ਭੋਜਨ ਹੀ ਖਾਣਾ ਹੈ। ਬਾਹਰ ਦੀਆਂ ਚੀਜ਼ਾਂ ਤੋਂ ਜਿਵੇਂ ਤਲੀ ਹੋਈ ਚੀਜ਼ਾਂ ਤੋਂ ਗੁਰੇਜ਼ ਕਰਨਾ ਹੈ। ਸਾਨੂੰ ਸਰਕਾਰ ਦਾ ਪੂਰਾ ਸਹਿਯੋਗ ਦੇਣਾ ਹੈ

-ਡਾ: ਜੋਗਿੰਦਰ ਸਿੰਘ
ਡੇਰਾਬੱਸੀ।

ਕਾਨੂੰਨ ਦੀ ਉਲੰਘਣਾ
ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਪ੍ਰਭਾਵ ਸਭ ਪਾਸੇ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਆਦੇਸ਼ਾਂ ਤੋਂ ਪਹਿਲਾਂ ਹੀ ਪੰਜਾਬ ਵਿਚ ਕਰਫ਼ਿਊ ਲਗਾ ਦਿੱਤਾ ਸੀ ਤਾਂ ਲੋਕ ਆਪਣੇ ਘਰਾਂ ਵਿਚ ਹੀ ਸੁਰੱਖਿਅਤ ਰਹਿਣ। ਸਾਡੇ ਲੋਕਾਂ ਨੂੰ ਮੌਜੂਦਾ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ। ਇਸ ਨਾਲ ਜਿੱਥੇ ਅਸੀਂ ਸੁਰੱਖਿਅਤ ਹਾਂ ਤੇ ਉੱਥੇ ਸਾਡਾ ਪਰਿਵਾਰ ਵੀ ਸੁਰੱਖਿਅਤ ਹੈ। ਪਿਛਲੇ ਦਿਨਾਂ ਤੋਂ ਜਿਹੜੀਆਂ ਵੀਡੀਓ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਪੁਲਿਸ ਵਲੋਂ ਲੋਕਾਂ ਨੂੰ ਅੰਨ੍ਹੇਵਾਹ ਕੁੱਟਣ ਮਾਰਨ ਦੀਆਂ ਵਾਇਰਲ ਹੋ ਰਹੀਆਂ ਹਨ। ਉਹ ਕਾਨੂੰਨੀ ਤੌਰ 'ਤੇ ਸਹੀ ਨਹੀਂ ਹੈ। ਪੁਲਿਸ ਮੁਲਾਜ਼ਮ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰ ਸਕਦੇ ਹਨ ਪਰ ਕਿਸੇ ਵਿਅਕਤੀ ਨੂੰ ਕੁੱਟਣ ਮਾਰਨ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨਾ ਇਹ ਕਾਨੂੰਨ ਦੇ ਦਾਇਰੇ ਵਿਚ ਨਹੀਂ ਹੈ। ਇਸ ਕਰਕੇ ਸਾਡੇ ਪੁਲਿਸ ਮੁਲਾਜ਼ਮ ਕਿਤੇ ਨਾ ਕਿਤੇ ਕਾਨੂੰਨ ਦੀ ਆਪ ਵੀ ਉਲੰਘਣਾ ਕਰ ਰਹੇ ਹਨ। ਇਸ ਵਾਇਰਲ ਵੀਡਿਓ ਦਾ ਨੋਟਿਸ ਪੰਜਾਬ ਦੇ ਪੁਲਿਸ ਮੁਖੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਪ੍ਰਸ਼ਾਸਨ ਨੂੰ ਸਹਿਯੋਗ ਦਿਓ
ਕੋਰੋਨਾ ਵਾਇਰਸ ਦੇ ਹਮਲੇ ਦੇ ਕਾਰਨ ਸੰਸਾਰ ਭਰ ਵਿਚ ਕੰਮ ਕਾਜ ਠੱਪ ਹੋ ਕੇ ਰਹਿ ਗਿਆ ਹੈ। ਚੀਨ, ਅਮਰੀਕਾ, ਕੈਨੇਡਾ, ਇਟਲੀ ਵਰਗੇ ਵਿਕਾਸਸ਼ੀਲ ਮੁਲਕ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ। ਭਾਰਤ ਵਿਚ ਵੀ ਕੋਰੋਨਾ ਵਾਇਰਸ ਦਿਨ-ਪ੍ਰਤੀਦਿਨ ਆਪਣੇ ਪੈਰ ਪਸਾਰ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਲੋਕ ਅਜੇ ਵੀ ਮਹਾਂਮਾਰੀ ਨੂੰ ਮਜ਼ਾਕ ਵਿਚ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਰੋਜ਼ ਨਵੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਸਮੇਂ ਜ਼ਰੂਰੀ ਹੈ ਆਪਾਂ ਸਾਰੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਈਏ, ਕਰਫ਼ਿਊ ਦੌਰਾਨ ਆਪਣੇ ਘਰ ਵਿਚ ਬੈਠ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਈਏ। ਇਹ ਜੰਗ ਬਹੁਤ ਵੱਡੀ ਹੈ ਜਿਹੜੀ ਘਰ ਵਿਚ ਬੈਠ ਕੇ ਜਿੱਤਣੀ ਹੈ। ਆਓ, ਰਲ ਕੇ ਕੋਰੋਨਾ ਵਾਇਰਸ ਮਾਰ ਮੁਕਾਈਏ ਤੇ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਈਏ।

-ਗੁਰਮੀਤ ਕੌਰ
ਪਿੰਡ ਭੜੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

ਆਪਸੀ ਰਾਬਤਾ ਕਾਇਮ ਕਰਨ ਦੀ ਲੋੜ
ਪੰਜਾਬ ਪੁਲਿਸ ਕਿਉਂ ਵਰਤਣ ਲੱਗ ਪਈ ਡੰਡਾ? ਕੋਰੋਨਾ ਦਾ ਕਹਿਰ ਸਾਰੀ ਦੁਨੀਆ ਨੂੰ ਆਪਣੀ ਬੁੱਕਲ ਵਿਚ ਲੈ ਕੇ ਬੈਠ ਗਿਆ ਹੈ। ਇਸ ਦੀ ਬੁੱਕਲ ਵਿਚੋਂ ਬਾਹਰ ਆਉਣ ਵਾਸਤੇ ਹੁਣ ਸਮਾਂ ਲੱਗੇਗਾ, ਬੇਸ਼ੱਕ ਇਸ ਲਾਇਲਾਜ ਛੂਤ-ਛਾਤ ਬਿਮਾਰੀ ਦਾ ਅਜੇ ਕੋਈ ਉਪਾਅ ਨਹੀਂ ਮਿਲਿਆ। ਪਰ ਫਿਰ ਵੀ ਮਾਹਿਰਾਂ ਦੇ ਦੱਸਣ ਅਨੁਸਾਰ ਇਹ ਬਿਮਾਰੀ ਇਕ-ਦੂਜੇ ਦੇ ਨੇੜੇ ਰਹਿਣ, ਸੰਪਰਕ ਵਿਚ ਆਉਣ ਅਤੇ ਹੱਥ ਮਿਲਾਉਣ 'ਤੇ ਬਹੁਤ ਜਲਦੀ ਲੱਗ ਜਾਂਦੀ ਹੈ। ਇਸ 'ਤੇ ਠੱਲ੍ਹ ਪਾਉਣ ਵਾਸਤੇ ਸਰਕਾਰ ਨੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਪੁਲਿਸ ਆਪਣੇ ਅਸਲੀ ਰੂਪ ਵਿਚ ਆ ਚੁੱਕੀ ਹੈ ਜਿਹੜਾ ਵੀ ਕੋਈ ਗ਼ਲਤੀ ਕਰਦਾ ਹੈ, ਉਸ ਦੀਆਂ ਤਸੱਲੀਆਂ ਕਰਵਾ ਰਹੀ ਹੈ। ਕਈਆਂ ਦਾ ਤਾਂ ਇਹੋ ਜਿਹਾ ਹਾਲ ਬਣਾ ਦਿੱਤਾ ਹੈ ਕਿ ਉਹ ਤਾਂ ਸਾਰੀ ਉਮਰ ਇਸ ਕੋਰੋਨਾ ਵਾਇਰਸ ਦੇ ਹਮਲੇ ਨੂੰ ਯਾਦ ਰੱਖਣਗੇ। ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਕੁੱਟਮਾਰ ਦੀਆਂ ਵੀਡੀਓ ਬਹੁਤ ਹੀ ਵਾਇਰਲ ਹੋਈਆਂ ਫਿਰਦੀਆਂ ਹਨ। ਕਿਧਰੇ ਤਾਂ ਅਣਮਨੁੱਖੀ ਤਸ਼ੱਦਦ ਵੀ ਹੁੰਦੀ ਦਿਖਾਈ ਦੇ ਰਹੀ ਹੈ। ਇਹ ਕਰਫ਼ਿਊ ਕੋਈ ਦੇਸ਼ ਧ੍ਰੋਹੀਆਂ ਨੂੰ ਰੋਕਣ ਵਾਸਤੇ ਥੋੜ੍ਹਾ ਲਾਇਆ ਗਿਆ ਹੈ, ਇਹ ਤਾਂ ਸਿਰਫ ਸਿਹਤ ਵਿਭਾਗ ਵਲੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ ਇਸ ਕਰਕੇ ਲਾਇਆ ਜਾ ਰਿਹਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਲੋਕਾਂ ਨਾਲ ਆਪਸੀ ਰਾਬਤਾ ਕਾਇਮ ਕਰੇ ਨਾ ਕਿ ਬਸ ਕਰਫ਼ਿਊ ਦੇ ਨਾਂਅ 'ਤੇ ਆਪਣਾ ਗੁੱਸਾ ਉਤਾਰੇ। ਕਿਸੇ ਨੂੰ ਕੁੱਟ ਕੇ ਫਿਰ ਉਸ ਦੀ ਵੀਡੀਓ ਜਨਤਕ ਕਰਨਾ ਵੀ ਕੋਈ ਸਹੀ ਕਾਨੂੰਨ ਨਹੀਂ ਹੈ। ਪੁਲਿਸਿਓ ਵੀਰੋ ਇਹ ਲੋਕ ਕੋਈ ਬਾਹਰੋਂ ਨਹੀਂ ਆਏ ਇਹ ਵੀ ਤੁਹਾਡੇ ਹੀ ਵੀਰ ਹਨ, ਇਨ੍ਹਾਂ 'ਤੇ ਰਹਿਮ ਕਰੋ, ਸਭ ਹੌਲੀ-ਹੌਲੀ ਠੀਕ ਹੋ ਜਾਵੇਗਾ। ਜੇ ਕੋਈ ਨਹੀਂ ਮੰਨਦਾ ਤਾਂ ਉਨ੍ਹਾਂ ਦੇ ਪਰਚੇ ਕੱਟ ਦਿਉ ਆਪੇ ਤਰੀਕਾਂ ਭੁਗਤਦੇ ਫਿਰਨਗੇ ਤੇ ਹੋਰਨਾਂ ਨੂੰ ਵੀ ਸਮਝ ਆ ਜਾਵੇਗੀ। ਜ਼ਰੂਰਤ ਡੰਡੇ ਤੇ ਡਾਂਗ ਦੀ ਨਹੀਂ, ਸਗੋਂ ਪਿਆਰ ਤੇ ਸੰਯੋਗ ਦੀ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫ਼ਿਰੋਜ਼ਪੁਰ)।

01-04-2020

ਪੁਲਿਸ ਦਾ ਰਵੱਈਆ

ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਂਮਾਰੀ ਦੌਰਾਨ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਅਤੇ ਕਰਫ਼ਿਊ ਸਮੇਂ ਪੰਜਾਬ ਪੁਲਿਸ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਵਤੀਰੇ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਪੁਲਿਸ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਆਪਣੀ ਦਹਿਸ਼ਤ ਫੈਲਾ ਰਹੀ ਹੈ। ਕਾਨੂੰਨ ਕਿਤੇ ਵੀ ਇਹ ਅਧਿਕਾਰ ਨਹੀਂ ਦਿੰਦਾ ਕਿ ਕਿਸੇ ਵਿਅਖਤੀ ਨੂੰ ਜ਼ਲੀਲ ਕਰ ਕੇ, ਕੁੱਟਮਾਰ ਕਰ ਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਜਾਵੇ। ਜੇਕਰ ਕੋਈ ਵਿਅਕਤੀ ਕਾਨੂੰਨ ਦਾ ਪਾਲਣ ਨਹੀਂ ਕਰਦਾ, ਉਸ 'ਤੇ ਕੇਸ ਦਰਜ ਕੀਤਾ ਜਾ ਸਕਦਾ ਹੈ ਪਰ ਉਸ ਨੂੰ ਜ਼ਲੀਲ ਕਰਨਾ ਕਿੱਥੋਂ ਤੱਕ ਜਾਇਜ਼ ਹੈ? ਅਚਾਨਕ ਹੋਈ ਤਾਲਾਬੰਦੀ ਅਤੇ ਕਰਫ਼ਿਊ ਕਾਰਨ ਲੋਕ ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਲੋੜ ਅਨੁਸਾਰ ਜਮ੍ਹਾਂ ਨਹੀਂ ਕਰ ਸਕੇ ਅਤੇ ਬਹੁਤ ਸਾਰੇ ਲੋਕ ਏਨੇ ਸਮਰੱਥ ਵੀ ਨਹੀਂ ਕਿ ਉਹ ਨਿੱਤ ਵਰਤੋਂ ਦੀਆਂ ਚੀਜ਼ਾਂ ਜਮ੍ਹਾਂ ਕਰ ਸਕਣ। ਸਰਕਾਰ ਵਲੋਂ ਵੀ ਲੋਕਾਂ ਦੀਆਂ ਇਨ੍ਹਾਂ ਮੁਸੀਬਤਾਂ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਸਾਨੂੰ ਆਪਣੇ ਪੁਲਿਸ ਪ੍ਰਸ਼ਾਸਨ 'ਤੇ ਬਹੁਤ ਮਾਣ ਹੈ ਜੋ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਿਹਾ ਹੈ ਅਤੇ ਨਾਲ ਹੀ ਲੋੜ ਹੈ ਤਾਕਤ ਦੀ ਬਜਾਏ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਣ ਦੀ ਅਤੇ ਵਧੀਆ ਲੋਕ ਹਿੱਤੀ ਅਕਸ ਬਣਾਉਣ ਦੀ।

-ਕਮਲਵੀਰ ਸਿੰਘ

ਕੋਰੋਨਾ ਵਾਇਰਸ ਤੇ ਪੁਲਿਸ ਦਾ ਵਰਤਾਰਾ

ਪੁਲਿਸ ਨੂੰ ਇਨ੍ਹਾਂ ਦਿਨਾਂ ਵਿਚ ਦਿਨ-ਰਾਤ ਡਿਊਟੀ ਕਰਨੀ ਪੈ ਰਹੀ ਹੈ, ਜਿਸ ਕਾਰਨ ਹਰੇਕ ਵਿਅਕਤੀ ਦੇ ਮੂੰਹ 'ਚੋਂ ਪੁਲਿਸ ਪ੍ਰਤੀ ਸ਼ਲਾਘਾ ਦੇ ਸ਼ਬਦ ਨਿਕਲ ਰਹੇ ਸਨ ਪਰ ਇਸ ਦੇ ਨਾਲ-ਨਾਲ ਪੁਲਿਸ ਵਲੋਂ ਲੋਕਾਂ ਦੀ ਕੀਤੀ ਜਾ ਰਹੀ ਕੁੱਟਮਾਰ ਤੇ ਭੈੜੀ ਸ਼ਬਦਾਵਲੀ ਨੇ ਪੁਲਿਸ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਲੈ ਆਂਦਾ। ਪੁਲਿਸ ਲੋਕਾਂ ਨੂੰ ਡਾਂਗਾਂ ਨਾਲ ਇਸ ਤਰ੍ਹਾਂ ਕੁੱਟ ਰਹੀ ਹੈ ਜਿਵੇਂ ਉਨ੍ਹਾਂ ਨੂੰ ਸੱਟ ਮਹਿਸੂਸ ਨਾ ਹੁੰਦੀ ਹੋਵੇ। ਸੋਸ਼ਲ ਮਡੀਆ 'ਤੇ ਬਹੁਤ ਸਾਰੀਆਂ ਵੀਡੀਓ ਆਮ ਹੀ ਹਨ ਜਿਨ੍ਹਾਂ ਵਿਚ ਇਕ-ਇਕ ਵਿਅਕਤੀ ਨੂੰ 5-7 ਪੁਲਿਸ ਕਰਮੀ ਡਾਂਗਾਂ ਨਾਲ ਕੁੱਟ ਰਹੇ ਹਨ ਤੇ ਲੋਕਾਂ ਦੇ ਮਗਰ ਭੱਜ-ਭੱਜ ਕੇ ਕੁੱਟਿਆ ਜਾ ਰਿਹਾ ਹੈ, ਜੋ ਸਰਾਸਰ ਗ਼ਲਤ ਤੇ ਲੋਕਾਂ ਨਾਲ ਧੱਕਾ ਹੈ। ਮੇਰੀ ਮੁੱਖ ਮੰਤਰੀ ਸਾਹਿਬ ਤੇ ਪੁਲਿਸ ਦੇ ਆਲਾ ਅਧਿਕਾਰੀ ਸਾਹਿਬਾਨ ਨੂੰ ਬੇਨਤੀ ਹੈ ਕਿ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਲੋਕਾਂ ਦੀ ਮੁਸ਼ਕਿਲ ਨੂੰ ਸੁਣਿਆ ਜਾਵੇ ਤੇ ਮੁਸ਼ਕਿਲ ਵਿਚ ਫਸੇ ਵਿਅਕਤੀ ਦੀ ਵੱਧ ਤੋਂ ਵੱਧ ਮਦਦ ਕਰ ਕੇ ਉਸ ਨੂੰ ਮੁਸ਼ਕਿਲ ਵਿਚੋਂ ਕੱਢਿਆ ਜਾਵੇ। ਸਖ਼ਤੀ ਵੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤੀ ਜਾਵੇ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।

'ਧਰਮ ਨਿਰਪੱਖਤਾ ਨੂੰ ਬਚਾਉਣਾ ਜ਼ਰੂਰੀ'

ਪਿਛਲੇ ਦਿਨੀਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ਉੱਤੇ ਹੋਏ ਅੱਤਵਾਦੀ ਹਮਲੇ ਵਿਚ 25 ਤੋਂ ਵੱਧ ਬੇਕਸੂਰ ਸਿੱਖਾਂ ਦਾ ਮਾਰੇ ਜਾਣਾ ਅਤੇ 60 ਤੋਂ ਵੱਧ ਦਾ ਗੰਭੀਰ ਜ਼ਖ਼ਮੀ ਹੋ ਜਾਣਾ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਹੈ ਇਸ ਤੋਂ ਪਹਿਲਾਂ ਵੀ 2018 ਵਿਚ ਅਫ਼ਗਾਨਿਸਤਾਨ ਵਿਚ ਚੋਣਾਂ ਦੇ ਸਮੇਂ ਦੌਰਾਨ ਹੋਏ ਅੱਤਵਾਦੀ ਹਮਲੇ ਵਿਚ ਜਾਣੇ-ਪਛਾਣੇ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਅਤੇ 19 ਹੋਰ ਸਿੱਖਾਂ ਅਤੇ ਹਿੰਦੂਆਂ ਦੀ ਮੌਤ ਹੋ ਗਈ ਸੀ ਅਤੇ ਕੁਝ ਦਿਨ ਪਹਿਲਾਂ ਵੀ ਇਕ ਅੱਤਵਾਦੀ ਹਮਲੇ ਵਿਚ ਕਾਬੁਲ ਦੇ 35 ਸ਼ੀਆ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜੋ ਕੌਮ ਕਿਸੇ ਵੀ ਆਫਤ ਅਤੇ ਜ਼ਰੂਰਤ ਦੇ ਸਮੇਂ ਦੁਨੀਆ ਦੇ ਹਰ ਕੋਨੇ ਵਿਚ ਪਹੁੰਚ ਕੇ ਬਿਨਾਂ ਕਿਸੇ ਧਾਰਮਿਕ, ਸਮਾਜਿਕ ਅਤੇ ਆਰਥਿਕ ਭੇਦਭਾਵ ਤੋਂ ਮਨੁੱਖਤਾ ਦੀ ਸੇਵਾ-ਸਹਾਇਤਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ, ਉਸ ਕੌਮ ਨੂੰ ਥਾਂ-ਥਾਂ ਉੱਤੇ ਅਤੇ ਸਮੇਂ-ਸਮੇਂ ਉੱਤੇ ਆਪਣਿਆਂ ਅਤੇ ਬੇਗਾਨਿਆਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਸੰਸਾਰ ਦਾ ਕੋਈ ਵੀ ਮੁਲਕ ਉਦੋਂ ਤੱਕ ਮੁਕੰਮਲ ਤੌਰ 'ਤੇ ਵਿਕਸਿਤ ਅਤੇ ਖੁਸ਼ਹਾਲ ਨਹੀਂ ਹੋ ਸਕਦਾ ਜਦੋਂ ਤੱਕ ਉੱਥੋਂ ਦੇ ਮਾਹੌਲ ਵਿਚ ਵਿਚਾਰਕ ਅਤੇ ਵਿਹਾਰਕ ਰੂਪ ਤੋਂ ਪੂਰੀ ਤਰ੍ਹਾਂ ਨਾਲ ਧਰਮ ਨਿਰਪੱਖਤਾ ਨਹੀਂ ਆ ਜਾਂਦੀ ਅਤੇ ਉੱਥੋਂ ਦੇ ਘੱਟ ਗਿਣਤੀ ਭਾਈਚਾਰੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਸਮਝ ਲੈਂਦੇ।

-ਹਰਗੁਣਪ੍ਰੀਤ ਸਿੰਘ
137/2, ਗਲੀ ਨੰ-5, ਅਰਜਨ ਨਗਰ, ਪਟਿਆਲਾ।

31-03-2020

 ਘਰ ਤੋਂ ਹੀ ਸ਼ੁਰੂ ਕਰੋ

ਜੇਕਰ ਅਸੀਂ ਕੋਈ ਵੀ ਕੰਮ ਆਪਣੇ ਘਰ ਤੋਂ ਸ਼ੁਰੂ ਕਰੀਏ ਤਾਂ ਉਹ ਕੰਮ ਸਫਲਤਾਪੂਰਵਕ ਸਿਰੇ ਚੜ੍ਹਦਾ ਹੈ। ਜਦੋਂ ਵੀ ਅਸੀਂ ਕੋਈ ਸਾਮਾਨ ਲੈਣ ਬਾਜ਼ਾਰ 'ਚ ਜਾਈਏ ਤਾਂ ਅਸੀਂ ਆਪਣੇ ਘਰ ਤੋਂ ਥੈਲਾ ਲੈ ਕੇ ਜਾਈਏ, ਉਹ ਥੈਲਾ ਕੱਪੜੇ ਦਾ ਹੋਣਾ ਚਾਹੀਦਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਖਾਲੀ ਹੱਥੀਂ ਮਾਰਕੀਟ ਵਿਚ ਚਲੇ ਜਾਂਦੇ ਹਨ ਤੇ ਫਿਰ ਦੁਕਾਨਦਾਰ ਮਜਬੂਰ ਹੋ ਕੇ ਉਨ੍ਹਾਂ ਨੂੰ ਸਾਮਾਨ ਪਲਾਸਟਿਕ ਦੇ ਥੈਲਿਆਂ ਵਿਚ ਪਾ ਕੇ ਦਿੰਦਾ ਹੈ। ਹਾਲਾਂ ਕਿ ਮੋਦੀ ਸਰਕਾਰ ਨੇ 2 ਅਕਤੂਬਰ ਨੂੰ ਪਲਾਸਟਿਕ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ। ਇਸ ਨਾਲ ਹੋਰਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਤੇ ਹੋਰ ਵੀ ਲੋਕ ਜਾਗਰੂਕ ਹੋਣਗੇ। ਜੇ ਅਸੀਂ ਆਪਣੇ ਘਰ ਤੋਂ ਹੀ ਇਹ ਸ਼ੁਰੂਆਤ ਕਰਾਂਗੇ ਤਾਂ ਦੁਕਾਨਦਾਰ ਵੀ ਪਲਾਸਟਿਕ ਦੀ ਥੈਲੀ ਗਾਹਕਾਂ ਨੂੰ ਨਹੀਂ ਦੇਵੇਗਾ। ਇਹ ਹੁਣ ਸਾਡੇ ਉੱਤੇ ਹੀ ਨਿਰਭਰ ਕਰਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਆਪਣਾ ਕੀ ਯੋਗਦਾਨ ਦੇ ਰਹੇ ਹਾਂ?

-ਸੰਜੀਵ ਸਿੰਘ ਸੈਣੀ
ਡੇਰਾਬਸੀ, ਮੁਹਾਲੀ।

ਪੰਜਾਬ ਦੀਆਂ ਜੇਲ੍ਹਾਂ

ਅਜੋਕੇ ਸਮੇਂ ਵਿਚ ਪੰਜਾਬ ਦੀਆਂ ਜੇਲ੍ਹਾਂ ਸੁਧਾਰ ਘਰ ਦੀ ਥਾਂ ਵਿਗਾੜ ਘਰ ਬਣ ਗਈਆਂ ਹਨ। ਇਹ ਜੇਲ੍ਹਾਂ ਪੈਸੇ ਵਾਲਿਆਂ ਲਈ ਐਸ਼ਗਾਹ ਤੇ ਗ਼ਰੀਬ ਕੈਦੀਆਂ ਲਈ ਨਰਕ ਬਣ ਗਈਆਂ ਹਨ। ਜਿਵੇਂ ਕਿ ਹਰ ਰੋਜ਼ ਖ਼ਬਰਾਂ ਆ ਰਹੀਆਂ ਹਨ ਕਿ ਜੇਲ੍ਹਾਂ ਵਿਚ ਹਰ ਚੀਜ਼ ਭਾਵੇਂ ਉਹ ਨਸ਼ਾ ਹੋਵੇ ਜਾਂ ਫਿਰ ਮੋਬਾਈਲ ਹੋਵੇ, 8-10 ਗੁਣਾਂ ਮਹਿੰਗੇ ਮਿਲ ਰਹੇ ਹਨ। ਇਹ ਸਭ ਕੁਝ ਸਿਆਸੀ ਪੁਸ਼ਤ ਪਨਾਹੀ ਅਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਹ ਸਭ ਕੁਝ ਪੰਜਾਬ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ। ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੇ ਲੋਕ ਹਿਤ ਭੁੱਲ ਕੇ ਨਿੱਜੀ ਹਿਤ ਸਾਹਮਣੇ ਰੱਖ ਲਏ ਹਨ ਜਿਸ ਦੇ ਨਤੀਜੇ ਭਵਿੱਖ ਵਿਚ ਖ਼ਤਰਨਾਕ ਨਿਕਲ ਸਕਦੇ ਹਨ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਫ਼ਿਰਕੂ ਰਾਜਨੀਤੀ ਤੋਂ ਰਾਹਤ

ਦਿੱਲੀ ਦੀਆਂ ਚੋਣਾਂ ਅਤੇ ਕੰਮ ਦੇ ਆਧਾਰ 'ਤੇ ਆਮ ਆਦਮੀ ਨੂੰ ਮਿਲੀ ਵੱਡੀ ਜਿੱਤ ਸਵਾਗਤਯੋਗ ਹੈ। ਇਨ੍ਹਾਂ ਚੋਣਾਂ ਵਿਚ ਭਾਜਪਾ ਵਲੋਂ ਖੇਡਿਆ ਫ਼ਿਰਕੂ ਪੱਤਾ ਕਾਮਯਾਬ ਨਹੀਂ ਹੋਇਆ। ਇਸ ਤੋਂ ਸਿੱਧ ਹੁੰਦਾ ਹੈ ਕਿ ਮੇਰੇ ਦੇਸ਼ ਦੇ ਲੋਕ ਜਾਤ-ਪਾਤ, ਧਰਮ ਵਿਚ ਵਿਸ਼ਵਾਸ ਨਹੀਂ ਰੱਖਦੇ। ਭਾਜਪਾ ਦਾ ਇਹ ਭਰਮ ਸੀ ਕਿ ਹਿੰਦੂ ਭਾਈਚਾਰਾ ਉਨ੍ਹਾਂ ਵੱਲ ਝੁਕੇਗਾ ਪਰ ਅਜਿਹਾ ਨਹੀਂ ਹੋਇਆ। ਇਹ ਮੇਰੇ ਦੇਸ਼ ਦੀ ਖ਼ੁਸ਼ਕਿਸਮਤੀ ਹੀ ਹੈ। ਅੱਜ ਆਰਥਿਕ ਮੰਦੀ ਝਲਦੇ ਲੋਕਾਂ ਨੂੰ ਜਾਤਾਂ-ਪਾਤਾਂ ਤੇ ਧਰਮਾਂ ਵਿਚ ਵੰਡਣਾ ਕੋਝੀ ਰਾਜਨੀਤੀ ਹੈ। ਸਿਆਸੀ ਪਾਰਟੀਆਂ ਵਿਚ ਆਏ ਨਿਘਾਰ ਨੂੰ ਲੋਕਾਂ ਨੇ ਪਛਾਣ ਲਿਆ ਹੈ। ਸਿਆਸਤਦਾਨ ਹੁਣ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਸਾਰੇ ਦੇਸ਼ ਦੇ ਵੋਟਰਾਂ ਨੂੰ ਦਿੱਲੀ ਦੇ ਵੋਟਰਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਹੁਣ ਫ਼ਿਰਕੂ ਰਾਜਨੀਤੀ ਦਾ ਸਮਾਂ ਨਹੀਂ ਰਿਹਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਮੋਬਾਈਲ ਦੀ ਵਰਤੋਂ

ਅੱਜ ਮੋਬਾਈਲ ਸਾਡੇ ਜੀਵਨ ਵਿਚ ਇਕ ਮਹੱਤਵਪੂਰਨ ਵਸਤੂ ਬਣ ਗਈ ਹੈ। ਹਰ ਵੱਡੇ-ਛੋਟੇ ਅਮੀਰ, ਗ਼ਰੀਬ ਕੋਲ ਮੋਬਾਈਲ ਹੈ ਅਤੇ ਮੋਬਾਈਲ ਵੀ ਨੈੱਟ ਵਾਲੇ। ਪਰ ਇਸ ਦੀ ਵਰਤੋਂ ਜ਼ਰੂਰ ਕਰੋ ਪਰ ਸਹੀ ਤਰੀਕੇ ਨਾਲ, ਗ਼ਲਤ ਤਰੀਕੇ ਨਾਲ ਨਹੀਂ। ਮੋਟਰ ਸਾਈਕਲ ਜਾਂ ਕਾਰ ਚਲਾਉਂਦੇ ਸਮੇਂ ਇਸ ਦੀ ਵਰਤੋਂ ਨਾ ਕਰੋ, ਹੋ ਸਕੇ ਤਾਂ ਸਵਿੱਚ ਆਫ ਕਰ ਦਿਓ। ਸੜਕ ਕਿਨਾਰੇ ਤੁਰੇ ਜਾਂਦੇ ਇਸ ਦੀ ਵਰਤੋਂ ਨਾ ਕਰੋ। ਸੈਲਫ਼ੀ ਲੈਣ ਦਾ ਰਿਵਾਜ਼ ਬਹੁਤ ਹੋ ਗਿਆ ਹੈ। ਕਈ ਨਹਿਰ ਕਿਨਾਰੇ, ਦਰਿਆ ਦੇ ਪੁੱਲਾਂ ਜਾਂ ਉੱਚੇ ਪਹਾੜਾਂ ਦੀਆਂ ਟੀਸੀਆਂ 'ਤੇ ਸੈਲਫ਼ੀ ਲੈਂਦੇ ਹਨ, ਇਹ ਖ਼ਤਰਨਾਕ ਹਨ। ਮੋਬਾਈਲ 'ਤੇ ਸਹੀ ਮੈਸੇਜ ਦਿਓ, ਕਿਸੇ ਨੂੰ ਗ਼ਲਤ ਮੈਸੇਜ ਨਾ ਦਿਓ ਅਤੇ ਨਾ ਹੀ ਕਿਸੇ ਨਾਲ ਚੈਟਿੰਗ ਕਰੋ ਅਤੇ ਨਾ ਹੀ ਕਿਸੇ ਅਣਜਾਣ ਨੂੰ ਆਪਣੀ ਪ੍ਰੋਫਾਈਲ ਦਿਓ। ਮੇਰੀ ਫਿਰ ਇਹੀ ਬੇਨਤੀ ਹੈ ਕਿ ਮੋਬਾਈਲ ਦੀ ਵਰਤੋਂ ਜ਼ਰੂਰ ਕਰੋ ਪਰ ਸਹੀ ਤਰੀਕੇ ਨਾਲ। ਫਿਰ ਇਹ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋ ਸਕਦਾ ਹੈ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

ਪਾਣੀ 'ਤੇ ਚਰਚਾ

ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਮੂਹ ਵਿਧਾਇਕਾਂ ਵਲੋਂ ਇਕ ਸੁਰ ਹੋ ਕੇ ਧਰਤੀ ਹੇਠਲੇ ਪਾਣੀ ਦੇ ਬੇਹੱਦ ਡੂੰਘੇ ਚਲੇ ਜਾਣ 'ਤੇ ਕੀਤੀ ਗਈ ਚਰਚਾ ਬੇਹੱਦ ਚੰਗੀ ਗੱਲ ਹੈ। ਪੂਰੀ ਦੁਨੀਆ ਜਾਣਦੀ ਹੈ ਕਿ ਪਾਣੀ ਇਕ ਅਜਿਹਾ ਸ੍ਰੋਤ ਹੈ ਜੋ ਇਕ ਵਾਰ ਖ਼ਤਮ ਹੋ ਜਾਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਕੁਦਰਤੀ ਦਾਤ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਮੁਢਲਾ ਫ਼ਰਜ਼ ਬਣਦਾ ਹੈ। ਪੰਜ ਆਬਾਂ ਵਾਲਾ ਪੰਜਾਬ ਅੱਜ ਢਾਈ ਕੁ ਆਬਾਂ ਦਾ ਹੀ ਰਹਿ ਗਿਆ ਹੈ। ਪੰਜਾਬ ਦਾ ਅੱਜ ਵੱਡਾ ਹਿੱਸਾ ਡਾਰਕ ਜ਼ੋਨ ਭਾਵ ਕਾਲਾ ਖੇਤਰ ਐਲਾਨ ਦਿੱਤਾ ਗਿਆ ਹੈ। ਇਸ ਸਭ ਲਈ ਪੰਜਾਬ ਦੇ ਸਮੂਹ ਸਿਆਸਤਦਾਨ ਤੇ ਹੁਣ ਤੱਕ ਦੀਆਂ ਸਰਕਾਰਾਂ ਸਭ ਜ਼ਿੰਮੇਵਾਰ ਹਨ, ਜੋ ਪੰਜਾਬੀਆਂ ਲਈ ਇਸ ਵਿਸ਼ੇ 'ਤੇ ਜਵਾਬਦੇਹ ਹਨ। ਸਾਡੀ ਵਿਧਾਨ ਸਭਾ ਉਦੋਂ ਹੱਥ ਪੈਰ ਮਾਰਨ ਲੱਗੀ ਹੈ ਜਦੋਂ ਪੰਜਾਬ ਦਾ ਵੱਡਾ ਹਿੱਸਾ ਪਾਣੀ ਖੁਣੋਂ ਵਾਂਝਾ ਹੋ ਕੇ ਰਹਿ ਗਿਆ ਹੈ। ਹੁਣ ਜੇਕਰ ਸਾਡੀ ਵਿਧਾਨ ਸਭਾ ਨੇ ਇਸ ਪਾਸੇ ਕਦਮ ਪੁੱਟੇ ਹਨ ਤਾਂ ਇਹ ਕਦਮ ਸਮੱਸਿਆ ਦੇ ਹੱਲ ਹੋਣ ਤੱਕ ਜਾਰੀ ਰਹਿਣੇ ਚਾਹੀਦੇ ਹਨ।

-ਬੰਤ ਘੁਡਾਣੀ, ਲੁਧਿਆਣਾ।

ਅਣ-ਅਧਿਕਾਰਤ ਟਰੈਵਲ ਏਜੰਟ

ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ ਕਾਰਨ ਪੜ੍ਹੇ-ਲਿਖੇ ਨੌਜਵਾਨ ਕਿਸੇ ਪਾਸੇ ਵੀ ਕੋਈ ਚਾਰਾ ਨਾ ਚਲਦਾ ਵੇਖ ਕੇ ਵਿਦੇਸ਼ ਜਾਣ ਲਈ ਟਰੈਵਲ ਏਜੰਟਾਂ ਕੋਲ ਜਾਂਦੇ ਹਨ। ਉਹ ਵਿਦੇਸ਼ ਭੇਜਣ ਦੇ ਨਾਂਅ 'ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦੇ ਹਨ, ਕਿਉਂਕਿ ਨਾ ਹੀ ਵਿਦੇਸ਼ ਪਹੁੰਚਦੇ ਹਨ ਅਤੇ ਜੇਕਰ ਉਹ ਪਹੁੰਚ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਲਿਆਕਤ ਅਨੁਸਾਰ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਅਤੇ ਨਾ ਹੀ ਵਾਪਸ ਪਰਤ ਸਕਦੇ ਹਨ। ਅਜਿਹੇ ਅਣ-ਅਧਿਕਾਰਤ ਟਰੈਵਲ ਏਜੰਟਾਂ ਦੇ ਅੜਿੱਕੇ ਚੜ੍ਹੇ ਨੌਜਵਾਨਾਂ ਦੀਆਂ ਹੱਡਬੀਤੀਆਂ ਅਕਸਰ ਹੀ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਵਿਅਰਥ ਚਲੀ ਜਾਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਥੇ ਪੰਜਾਬ ਵਿਚ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰੇ, ਉਥੇ ਹੀ ਪ੍ਰਸ਼ਾਸਨ ਨੂੰ ਅਜਿਹੇ ਧੋਖੇਬਾਜ਼ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕਸਣਾ ਚਾਹੀਦਾ ਹੈ ਅਤੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਟਰੈਵਲ ਏਜੰਟ ਦੀ ਪੂਰੀ ਛਾਣ-ਬੀਣ ਕਰ ਲੈਣੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

30-03-2020

 ਜ਼ਰੂਰੀ ਵਸਤਾਂ ਦੀ ਸਪਲਾਈ
ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ, ਜਿਥੇ ਮੁੱਖ ਮੰਤਰੀ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੂਰੇ ਸੂਬੇ ਵਿਚ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਜਿਵੇਂ ਦਵਾਈਆਂ, ਸਬਜ਼ੀਆਂ, ਰਾਸ਼ਨ ਆਦਿ ਘਰ ਵਿਚ ਹੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਉਥੇ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਵਲੋਂ ਲੋਕਾਂ ਨੂੰ ਘਰ-ਘਰ ਦਵਾਈਆਂ ਅਤੇ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਦੁਕਾਨਦਾਰਾਂ ਦੇ ਫੋਨ ਨੰਬਰ ਜਾਰੀ ਕੀਤੇ ਹਨ, ਪ੍ਰੰਤੂ ਕਈ ਥਾਵਾਂ 'ਤੇ ਇਹ ਨੰਬਰ ਜਾਂ ਤਾਂ ਮਿਲਦੇ ਹੀ ਜਾਂ ਫਿਰ ਰੁਝੇ ਹੋਏ ਆਉਂਦੇ ਹਨ, ਜਿਸ ਕਾਰਨ ਲੋਕ ਕਰਫ਼ਿਊ ਲੱਗਾ ਹੋਣ ਦੇ ਬਾਵਜੂਦ ਵੀ ਘਰੇਲੂ ਸਾਮਾਨ ਖਰੀਦਣ ਲਈ ਘਰੋਂ ਤੋਂ ਬਾਹਰ ਆਉਂਦੇ ਹਨ, ਜਿਸ ਕਾਰਨ ਕਰਫ਼ਿਊ ਦੀ ਉਲੰਘਣਾ ਵੀ ਹੋ ਰਹੀ ਹੈ। ਕਈ ਥਾਵਾਂ 'ਤੇ ਕਈ ਦੁਕਾਨਦਾਰ ਇਸ ਸਮੇਂ ਵੱਧ ਭਾਅ ਵਸੂਲ ਰਹੇ ਹਨ। ਸੋ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੀਆਂ ਦੁਕਾਨਾਂ 'ਤੇ ਜੋ ਉਨ੍ਹਾਂ ਕੋਲ ਸਾਮਾਨ ਹੈ, ਉਸ ਸਾਮਾਨ ਦੀ ਭਾਅ ਸੂਚੀ ਦੁਕਾਨ 'ਤੇ ਲਗਾਈ ਜਾਵੇ, ਅਜਿਹਾ ਕਰਨ ਨਾਲ ਕੋਈ ਵੀ ਦੁਕਾਨਦਾਰ ਵਾਧੂ ਭਾਅ ਨਹੀਂ ਵਸੂਲ ਸਕੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਲਾਕਡਾਊਨ ਤੇ ਗ਼ਰੀਬ
ਸਮੁੱਚੇ ਦੇਸ਼ ਵਿਚ ਲਾਕਡਾਊਨ (ਤਾਲਾਬੰਦੀ) ਹੋਣ ਨਾਲ ਲੋਕੀਂ ਘਰਾਂ 'ਚ ਬੰਦ ਹੋ ਕੇ ਰਹਿ ਗਏ ਹਨ। ਜੋ ਕਿ ਕੋਰੋਨਾ ਦੇ ਵਾਪਰ ਰਹੇ ਕਹਿਰ ਤੋਂ ਬਚਣ ਵਾਸਤੇ ਜ਼ਰੂਰੀ ਵੀ ਸੀ। ਕਿਉਂਕਿ ਸੰਸਾਰ ਦੇ ਅਮੀਰ ਤੇ ਵਿਕਸਿਤ ਦੇਸ਼ ਵੀ ਕੋਰੋਨਾ ਦੀ ਬਿਮਾਰੀ ਅੱਗੇ ਬੇਵੱਸ ਤੇ ਮਜਬੂਰ ਹੋ ਚੁੱਕੇ ਹਨ। ਸਾਡੇ ਦੇਸ਼ ਦੀ ਜਨਸੰਖਿਆ ਤੇ ਸਿਹਤ ਸਹੂਲਤਾਂ ਨੂੰ ਮੁੱਖ ਰੱਖ ਕੇ ਹੀ ਸਰਕਾਰ ਨੇ ਲੋਕਾਂ ਨੂੰ ਘਰਾਂ 'ਚ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ, ਜੋ ਕਿ ਜ਼ਰੂਰੀ ਵੀ ਸੀ। ਪਰ ਨਾਲ ਹੀ ਗ਼ਰੀਬ ਤੇ ਰੋਜ਼ਮਰ੍ਹਾ 'ਚ ਦਿਹਾੜੀ ਡੱਪਾ ਕਰ ਕੇ ਟੱਬਰ ਦਾ ਗੁਜ਼ਾਰਾ ਕਰਨ ਵਾਲਿਆਂ ਦੀਆਂ ਮੁਸੀਬਤਾਂ ਵੱਧ ਚੁੱਕੀਆਂ ਹਨ। ਸ਼ਹਿਰੀ ਲੋਕ ਵੀ ਪੰਜ ਦਿਨ ਅੰਦਰ ਬੰਦ ਹੋਣ ਕਾਰਨ ਬੀ.ਪੀ., ਸ਼ੂਗਰ ਦੀ ਦਵਾਈ ਮੁੱਕਣ ਕਾਰਨ ਘਰਾਂ 'ਚ ਚਿੰਤਤ ਹੋਏ ਬੈਠੇ ਹਨ। ਬੇਸ਼ੱਕ ਪ੍ਰਸ਼ਾਸਨ ਨੇ ਰਾਸ਼ਨ, ਦੁੱਧ ਤੇ ਮੈਡੀਕਲ ਸਾਮਾਨ ਫੋਨ ਕਰਨ 'ਤੇ ਘਰੇ ਮੰਗਵਾਉਣ ਦਾ ਪ੍ਰਬੰਧ ਕੀਤਾ ਹੈ ਪਰ ਫੋਨ ਕਰਨ 'ਤੇ ਵੀ ਕੋਈ ਨਹੀਂ ਬਹੁੜਦਾ। ਦੇਸ਼ ਭਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਘਰ ਬਾਰ ਛੱਡ ਕੇ ਰੋਜ਼ੀ ਰੋਟੀ ਵਾਸਤੇ ਦੂਸਰੇ ਰਾਜਾਂ 'ਚ ਗਏ ਪ੍ਰਵਾਸੀ ਰੋਟੀ ਤੋਂ ਮੁਥਾਜ਼ ਤੇ ਮਕਾਨ ਮਾਲਕਾਂ ਵਲੋਂ ਮਕਾਨ ਖਾਲੀ ਕਰਨ ਦੇ ਹੁਕਮ ਨਾਲ ਬੀਵੀ ਬੱਚੇ ਲੈ ਕੇ ਭੁੱਖਣ-ਭਾਣੇ ਆਪਣੇ ਘਰਾਂ ਨੂੰ ਵਾਪਸ ਪੈਦਲ ਤੁਰ ਪਏ ਹਨ। ਬੱਚੇ ਤੇ ਜ਼ਰੂਰੀ ਭਾਰੀ ਸਾਮਾਨ ਨਾਲ ਭੁੱਖਣ-ਭਾਣੇ ਤੁਰਨਾ ਬੜਾ ਔਖਾ ਹੈ। ਕੁਝ ਮਜਬੂਰ ਦਿੱਲੀ ਦੇ ਪੰਜਾਬੀ ਬਾਗ਼ ਤੋਂ ਰਿਕਸ਼ੇ ਰੇਹੜੀ 'ਤੇ ਲਖਨਊ ਜਾ ਰਹੇ ਹਨ। ਸਰਕਾਰ ਨੂੰ ਲਾਕਡਾਊਨ ਹੁਕਮ ਦੇ ਨਾਲ ਅਜਿਹੇ ਲੋਕਾਂ ਦੇ ਘਰ ਪੁੱਜਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ।


-ਪਰਮ ਪਿਆਰ ਸਿੰਘ
ਨਕੋਦਰ।


ਅੱਤਵਾਦੀਆਂ ਦੀ ਹੈਵਾਨੀਅਤ
ਅਫ਼ਗਾਨਿਸਤਾਨ ਦੇ ਕਾਬਲ ਸ਼ਹਿਰ ਦੇ ਗੁਰਦੁਆਰੇ ਵਿਖੇ ਕੋਰੋਨਾ ਵਾਇਰਸ ਨੂੰ ਮਨੁੱਖਤਾ ਦੇ ਭਲੇ ਲਈ ਫੈਲਣ ਤੇ ਰੋਕੋਨ ਲਈ ਅਰਦਾਸ ਕਰਦੇ ਵਕਤ ਹੋਏ ਅੱਤਵਾਦੀ ਹਮਲੇ ਵਿਚ 25 ਬੇਕਸੂਰ ਤੇ ਬੇਦੋਸ਼ੇ ਸਿੱਖਾਂ ਦੇ ਮਾਰੇ ਜਾਣ ਬਾਰੇ ਸੋਗ ਦੀ ਲਹਿਰ ਹੈ। ਇਸ ਘਿਨਾਉਣੀ ਤੇ ਦਿਲ ਕੰਬਾਊ ਘਟਨਾ ਨੇ ਹਰ ਪ੍ਰਾਣੀ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ ਹੈ। ਇਨ੍ਹਾਂ ਲੋਕਾਂ ਵਿਚ ਇਨਸਾਨੀਅਤ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਇਹ ਮਨੁੱਖਤਾ ਦੇ ਦੁਸ਼ਮਣ ਹਨ। ਇਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਸਿੱਖਾਂ ਤੇ ਕਈ ਹਮਲੇ ਹੋਏ ਹਨ। ਇਸ ਘਟਨਾ ਦੀ ਹਰ ਪਾਸਿਉਂ ਨਿੰਦਾ ਹੋ ਰਹੀ ਹੈ। ਹੁਣ ਵਕਤ ਆ ਗਿਆ ਹੈ ਕਿ ਪੂਰੇ ਵਿਸ਼ਵ ਨੂੰ ਇਕ ਝੰਡੇ ਥੱਲੇ ਖੜ੍ਹੇ ਹੋਣ ਦਾ ਤੇ ਆਵਾਜ਼ ਬੁਲੰਦ ਕਰਨ ਦਾ। ਭਾਰਤ ਤੇ ਪੰਜਾਬ ਸਰਕਾਰ ਨੂੰ ਅਫ਼ਗਾਨਿਸਤਾਨ ਸਰਕਾਰ ਨੂੰ ਸਿੱਖ ਜੋ ਜਿਨ੍ਹਾਂ ਦੀ ਆਬਾਦੀ ਪਹਿਲਾਂ ਪੰਜ ਲੱਖ ਦੀ ਆਬਾਦੀ ਸੀ ਘੱਟ ਕੇ 300 ਸਿੱਖ ਪਰਿਵਾਰਾਂ ਦੇ ਕਰੀਬ ਹੋ ਗਈ, ਦੀ ਜਾਨ ਮਾਲ ਦੀ ਰਾਖੀ ਲਈ ਦਬਾਓ ਬਣਾਉਣਾ ਚਾਹੀਦਾ ਹੈ ਤੇ ਅਪੀਲ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਜੋ ਭਾਜਪਾ ਨਾਲ ਕੇਂਦਰ ਵਿਚ ਭਾਈਵਾਲ ਪਾਰਟੀ ਹੈ ਨੂੰ ਕੇਂਦਰ 'ਤੇ ਦਬਾਅ ਬਣਾ ਕੇ ਅਫ਼ਗਾਨਿਸਤਾਨ ਸਰਕਾਰ ਨੂੰ ਘੱਟ ਗਿਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਦਬਾਅ ਪਾਉਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ


ਕਿਸਾਨ ਦਾ ਦਰਦ
ਕਿਸਾਨ ਕੋਲ ਉਪਜੀਵਕਾ ਲਈ ਕੇਵਲ ਖੇਤੀਬਾੜੀ ਹੈ। ਫ਼ਸਲਾਂ ਨੂੰ ਬੀਜਣ, ਸਾਂਭ-ਸੰਭਾਲ ਅਤੇ ਵੱਢਣ ਤੱਕ ਉਸ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਚੰਗੀ ਫ਼ਸਲ ਹੋਣ ਦੀ ਆਸ 'ਤੇ ਹੀ ਉਸ ਨੇ ਆਪਣੇ ਘਰੋਗੀ ਕਾਰੋਬਾਰ ਅਤੇ ਪ੍ਰੋਗਰਾਮ ਨਿਸਚਿਤ ਕੀਤੇ ਹੁੰਦੇ ਹਨ। ਪ੍ਰੰਤੂ ਤ੍ਰਾਸਦੀ ਇਹ ਹੈ ਕਿ ਉਸ ਨੂੰ ਖੇਤੀਬਾੜੀ 'ਤੇ ਕੀਤੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਫਸਲ ਪਾਲਣ ਲਈ ਮਿੱਟੀ ਨਾਲ ਮਿੱਟੀ ਹੋਇਆ ਕਿਸਾਨ ਦਿਨ-ਰਾਤ ਇਕ ਕਰ ਕੇ ਉਸ ਨੂੰ ਪਾਲਦਾ ਹੈ। ਉਸ ਨੂੰ ਮਹਿੰਗੀਆਂ ਤੋਂ ਮਹਿੰਗੀਆਂ ਜ਼ਹਿਰਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ, ਦੂਸਰਾ ਝੋਨੇ ਦੀ ਫ਼ਸਲ ਸਮੇਂ ਪਾਣੀ ਦੀ ਵੱਧ ਲੋੜ ਹੋਣ ਕਾਰਨ ਟਰੈਕਟਰਾਂ ਜਾਂ ਜਨਰੇਟਰਾਂ ਰਾਹੀਂ ਹਜ਼ਾਰਾਂ ਦਾ ਡੀਜ਼ਲ ਬਾਲ ਕੇ ਫ਼ਸਲਾਂ ਪਾਲਣੀਆਂ ਪੈਂਦੀਆਂ ਹਨ। ਜੇਕਰ ਉਸ ਦੀ ਮਿਹਨਤ ਤੇ ਫ਼ਸਲਾਂ ਤੇ ਆਈ ਲਾਗਤ ਦਾ ਹਿਸਾਬ ਲਾਈਏ ਤਾਂ ਉਸ ਦਾ ਮੁੱਲ ਨਿਗੂਣਾ ਜਿਹਾ ਹੀ ਮਿਲਦਾ ਹੈ। ਦੂਸਾਰ ਬੇਮੌਸਮੀ ਬਰਸਾਤਾਂ ਵੀ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ। ਇਹ ਸਭ ਕਾਰਨ ਉਸ ਨੂੰ ਕਰਜਾਈ ਬਣਾਉਂਦੇ ਹਨ ਅਤੇ ਅੰਤ ਨੂੰ ਕਰਜ਼ੇ ਦਾ ਬੋਝ ਨਾ ਝੱਲਣ ਕਾਰਨ ਉਹ ਖ਼ੁਦਕੁਸ਼ੀਆਂ ਦੇ ਰਾਹ ਤੁਰ ਪੈਂਦਾ ਹੈ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨ ਦੇ ਦਰਦ ਨੂੰ ਸਮਝਦੇ ਹੋਏ ਉਸ ਦੀ ਬਾਂਹ ਫੜੇ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਪੁਲਿਸ ਤਸ਼ੱਦਦ
ਵਿਸ਼ਵ ਭਰ ਅੰਦਰ ਕੋਰੋਨਾ ਵਾਇਰਸ ਭਿਆਨਕ ਆਫ਼ਤ ਵਜੋਂ ਕਹਿਰ ਢਾਹ ਰਿਹਾ ਹੈ। ਪੰਜਾਬ 'ਚ ਕਿ ਰੋਜ਼ਾ ਲਾਕਡਾਊਨ ਤੋਂ ਬਾਅਦ ਕਰਫ਼ਿਊ ਜਾਰੀ ਹੈ। ਅਜਿਹੀ ਸਥਿਤੀ ਵਿਚ ਪੁਲਿਸ ਦੇ ਮੁਲਾਜ਼ਮ ਬੇਹੱਦ ਸਖ਼ਤ ਸਲੀਕੇ ਨਾਲ ਪੇਸ਼ ਆ ਰਹੇ ਹਨ। ਕੋਰੋਨਾ ਦੀ ਦਹਿਸ਼ਤ ਦੇ ਨਾਲ ਹੁਣ ਲੋਕਾਂ 'ਚ ਪੁਲਿਸ ਤਸ਼ੱਦਦ ਦੀ ਵੀ ਖੂਬ ਚਰਚਾ ਗਰਮ ਹੋ ਚੁੱਕੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਗਰਭਵਤੀ ਔਰਤ ਦੀ ਘਟਨਾ ਨੂੰ ਲੈ ਕੇ ਲੋਕਾਂ ਵਲੋਂ ਮੁਲਾਜ਼ਮਾਂ ਨੂੰ ਲਾਹਨਤਾਂ ਪੈ ਰਹੀਆਂ ਹਨ। ਕੁਝ ਮੁਲਾਜ਼ਮਾਂ ਵਲੋਂ ਲੋਕਾਂ ਦੀ ਮਜਬੂਰੀ ਜਾਂ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਅੰਨ੍ਹੇਵਾਹ ਲਾਠੀਆਂ ਵਰ੍ਹਾ ਦਿੱਤੀ ਜਾਂਦੀ ਹੈ। ਨੌਜਵਾਨਾਂ ਨੂੰ ਘੜੀਸ ਕੇ ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਕੁੱਟੀਆਂ ਜਾ ਰਹੀਆਂ ਹਨ, ਨੌਜਵਾਨਾਂ ਦੇ ਮੂੰਹ ਨੂੰ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਵੇਲੇ-ਕੁਵੇਲੇ ਪਸ਼ੂਆਂ ਲਈ ਚਾਰਾ ਲਿਆਉਂਦੇ ਲੋਕਾਂ ਤੋਂ ਨੱਕ ਨਾਲ ਲਕੀਰਾਂ ਅਤੇ ਡੰਡ ਬੈਠਕਾਂ ਕਢਵਾਈਆਂ ਜਾ ਰਹੀਆਂ ਹਨ। ਮੁਲਾਜ਼ਮਾਂ ਤਰਫ਼ੋਂ ਉਕਤ ਦੇ ਵੀਡੀਓ ਬਣਾ ਕੇ ਜਨਤਕ ਤੌਰ 'ਤੇ ਜਲੀਲ ਕੀਤਾ ਜਾ ਰਿਹਾ ਹੈ। ਪੁਲਿਸ ਦੇ ਇਸ ਚਿਹਰੇ ਨੂੰ ਦੇਖ ਕੇ ਹਰੇਕ ਇਨਸਾਨ ਗੁੱਸੇ ਨਾਲ ਭਰਿਆ ਬੈਠਾ ਹੈ। ਪੁਲਿਸ ਦੇ ਮੌਜੂਦਾ ਕਿਰਦਾਰ ਨੇ ਪਿੰਡਾਂ ਦੇ ਕਈ ਬਜ਼ੁਰਗਾਂ ਨੂੰ ਬੀਤੇ ਅੱਤਵਾਦ ਦੇ ਦਿਨਾਂ ਦੀ ਮੁੜ ਯਾਦ ਦਿਵਾ ਕੇ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਲਿਆ ਦਿੱਤੇ ਹਨ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇਸ ਤਰ੍ਹਾਂ ਕੋਰੋਨਾ ਤੋਂ ਬਚਾਉਣ ਲਈ ਸਖ਼ਤ ਕਦਮ ਉਠਾਏ ਜਾ ਰਹੇ ਹਨ, ਉਸੇ ਤਰ੍ਹਾਂ ਹੀ ਲੋਕਾਂ ਦੀਆਂ ਜਨਤਕ ਹੋ ਰਹੀਆਂ ਵੀਡੀਓ-ਪਾਬੰਦੀ ਲਗਾ ਕੇ ਕਾਨੂੰਨ ਮਰਿਆਦਾ ਵਿਚ ਪੁਲਿਸ ਸਖ਼ਤਾਈ ਦੇ ਕਦਮ ਉਠਾਏ ਜਾਣ।


-ਸੁਖਪਾਲ ਸਿੰਘ ਸੋਨੀ
ਭਗਤਾ ਭਾਈਕਾ (ਬਠਿੰਡਾ)

26-03-2020

 ਕੋਰੋਨਾ ਵਾਇਰਸ ਮਨੋਰੰਜਨ ਦਾ ਨਾਂਅ ਨਹੀਂ!

ਕੋਰੋਨਾ ਵਾਇਰਸ ਦੇ ਖੌਫ਼ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਾਰਮਿਕ ਸਥਾਨਾਂ ਦੇ ਦਰ ਖੁੱਲ੍ਹੇ ਹਨ ਅਤੇ ਅੰਦਰ ਰੋਜ਼ਾਨਾ ਦਾ ਮਰਿਯਾਦਾ ਅਨੁਸਾਰ ਨਿਰਵਿਘਨ ਪ੍ਰਮਾਤਮਾ ਦੀ ਉਸਤਤ ਦੇ ਸੋਹਿਲੇ ਪੜ੍ਹੇ ਜਾ ਰਹੇ ਹਨ। ਲੋਕ ਘਰਾਂ ਵਿਚ ਬੈਠੇ ਹਨ। ਜਿਨ੍ਹਾਂ ਕੋਲ ਸਮਾਂ ਨਹੀਂ ਸੀ, ਆਪਣੇ ਮਾਤਾ-ਪਿਤਾ ਲਈ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਜਾਂ ਆਪਣੇ ਆਪ ਲਈ। ਅੱਜ ਆਪਣੇ ਪਰਿਵਾਰਾਂ ਨਾਲ ਬੈਠੇ ਹਨ। ਕੁਝ ਡਰ ਕੇ ਬੈਠੇ ਹਨ, ਕੁਝ ਆਪਣਾ ਫ਼ਰਜ਼ ਸਮਝ ਕੇ। ਯਾਦ ਰੱਖਣਯੋਗ ਗੱਲ ਹੈ ਕਿ ਇਹ ਤਾਲਾਬੰਦੀ ਸਾਡੇ ਭਲੇ ਲਈ ਹੈ। ਆਉ! ਰਲਮਿਲ ਮਨੁੱਖਤਾ ਲਈ ਅਰਦਾਸ ਕਰੀਏ! ਆਪਣਾ, ਆਪਣੇ ਪਰਿਵਾਰ ਦਾ ਆਪਣੇ ਲੋਕਾਂ ਦਾ ਖਿਆਲ ਰੱਖੀਏ। ਸਾਵਧਾਨੀ ਵਰਤੀਏ। ਸੁਖੀ ਰਹੀਏ। ਲਗਾਤਾਰ ਕਰੋਨਾ ਵਾਇਰਸ ਪੀੜਤਾਂ ਦੀ ਵਧਦੀ ਗਿਣਤੀ ਅਤੇ ਹੋ ਰਹੀਆਂ ਮੌਤਾਂ ਦਾ ਵਧ ਰਿਹਾ ਅੰਕੜਾ, ਇਹ ਦੱਸਦਾ ਹੈ ਕਿ ਕੋਰੋਨਾ ਵਾਇਰਸ ਕੋਈ ਮਨੋਰੰਜਨ ਨਹੀਂ ਹੈ। ਸੋ ਆਓ! ਸਰਕਾਰੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਜੰਗ ਜਿੱਤਣ ਦੀ ਕੋਸ਼ਿਸ਼ ਕਰੀਏ।

-ਇਕਵਾਕ ਸਿੰਘ ਪੱਟੀ

ਇਲਾਜ ਨਾਲੋਂ ਪਰਹੇਜ਼ ਚੰਗਾ

ਪਿਆਰੇ ਵਿਦਿਆਰੀਓ! ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਹੱਥਾਂ ਪੈਰਾਂ, ਸਰੀਰ ਦੀ ਸਫ਼ਾਈ ਰੱਖੋ। ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਬਚਣ ਲਈ ਉਪਰਾਲੇ ਕਰ ਰਹੀ ਹੈ। ਇਸ ਤੋਂ ਬਚਣ ਦਾ ਇਕੋ-ਇਕ ਤਰੀਕਾ ਹੈ ਕਿ ਆਪਣੇ ਘਰ ਵਿਚ ਬੈਠ ਕੇ ਤੁਸੀਂ ਆਪਣੇ ਵਿਸ਼ਿਆਂ ਦੀ ਦੁਹਰਾਈ ਕਰਦੇ ਰਹੋ। ਨਿੱਛਾਂ ਆਉਣ ਵੇਲੇ ਮੂੰਹ 'ਤੇ ਰੁਮਾਲ ਜਾਂ ਮਾਸਕ ਬੰਨੋ। ਹੱਥ ਮਿਲਾਉਣ ਨਾਲੋਂ ਸਤਿ ਸ੍ਰੀ ਅਕਾਲ ਬੁਲਾਓ। ਅੱਖਾਂ, ਮੂੰਹ, ਕੰਨ ਨੂੰ ਹੱਥ ਨਾ ਲਗਾਓ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਆਪਣੇ ਹੱਥ ਸਾਬਣ ਨਾਲ ਧੋਵੋ। ਆਪਣੇ ਘਰ, ਮੁਹੱਲੇ ਵਿਚ ਸਫ਼ਾਈ ਰੱਖੋ। ਕੁਝ ਸਮਾਂ ਧੁੱਪੇ ਬੈਠੋ। ਠੰਢੀਆਂ ਚੀਜ਼ਾਂ-ਆਈਸਕਰੀਮ ਨਾ ਖਾਓ। ਹੁਣ ਪੂਰਾ ਭਾਰਤ ਦੇਸ਼ ਪੂਰੇ 21 ਦਿਨ ਲਈ 'ਲਾਕਡਾਊਨ' 14 ਅਪ੍ਰੈਲ ਤੱਕ ਕੀਤਾ ਗਿਆ ਹੈ।
ਇਹ ਵੇਲਾ ਘਬਰਾਉਣ ਦਾ ਨਹੀਂ, ਸਗੋਂ ਇਕ ਜਾਗਰੂਕ ਅਤੇ ਜ਼ਿੰਮੇਵਾਰ ਵਿਦਿਆਰਥੀ ਬਣ ਕੇ ਕੋਰੋਨਾ ਵਾਇਰਸ ਤੋਂ ਬਚਣ ਦਾ ਵੇਲਾ ਹੈ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਜਾਂ ਸਿਰਫ ਬੁਖਾਰ ਹੋਵੇ ਤਾਂ ਡਾਕਟਰ ਨੂੰ ਚੈੱਕ ਕਰਵਾ ਕੇ ਦਵਾਈ ਲਵੋ। ਘਰ ਦਾ ਬਣਿਆ ਪੋਸ਼ਟਿਕ ਭੋਜਨ ਛਕੋ। ਅਫ਼ਵਾਹਾਂ 'ਤੇ ਯਕੀਨ ਨਾ ਕਰਨਾ ਅਤੇ ਨਾ ਹੀ ਕਿਸੇ ਵੀ ਝੂਠੀ ਗੱਲ ਵੀਡੀਓ ਦਾ ਪ੍ਰਚਾਰ ਕਰਨਾ। ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੋ। ਇਕ ਜਾਗਰੂਕ, ਜ਼ਿੰਮੇਵਾਰ ਵਿਦਿਆਰਥੀ ਬਣ ਕੇ ਦਿਖਾਓ। ਮਾਨਵਤਾ, ਦੇਸ਼ ਦੀ ਖਾਤਰ ਆਪਣੇ ਘਰ ਵਿਚ ਬੈਠ ਕੇ ਕਿਤਾਬਾਂ ਪੜ੍ਹੋ, ਪੇਪਰਾਂ ਲਈ ਵਿਸ਼ਿਆਂ ਦੀ ਦੁਹਰਾਈ ਕਰੋ। ਆਂਢ-ਗੁਆਂਢ ਆਉਣ ਜਾਣ ਨਾਲੋਂ ਘਰ ਵਿਚ ਹੀ ਕੋਈ ਖੇਡ ਖੇਡੋ ਜਾਂ ਮਨੋਰੰਜਨ ਕਰੋ। ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਅਸੀਂ ਸਾਰੇ ਇਸ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ। ਮੈਨੂੰ ਪੂਰਾ ਯਕੀਨ ਹੈ ਤੁਸੀਂ ਆਦਰਸ਼, ਜਾਗਰੂਕ ਅਤੇ ਜ਼ਿੰਮੇਵਾਰ ਵਿਦਿਆਰਥੀ ਬਣ ਕੇ ਦਿਖਾਉਗੇ।

-ਅਮਰਪ੍ਰੀਤ ਸਿੰਘ ਝੀਤਾ
ਮੈਥ ਮਾਸਟਰ।

ਸਰਕਾਰਾਂ ਨੂੰ ਅਪੀਲ

ਜਿਥੇ ਕੋਰੋਨਾ ਵਾਇਰਸ ਦੇ ਡਰ ਤੋਂ ਭਾਰਤ ਵਿਚ 21 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਹੈ, ਲੋਕ ਬੜੇ ਹੀ ਪ੍ਰੇਸ਼ਾਨ ਹਨ। ਨਾ ਤਾਂ ਕੋਈ ਬਾਹਰ ਨਿਕਲ ਸਕਦਾ ਹੈ ਬੱਚੇ ਵੀ ਘਰਾਂ ਅੰਦਰ ਬਹੁਤ ਔਖੇ ਦਿਨ ਕੱਟ ਰਹੇ ਹਨ। ਸਰਕਾਰਾਂ ਨੇ ਜੋ ਫ਼ੈਸਲਾ ਜਨਤਾ ਦੀ ਭਲਾਈ ਵਾਸਤੇ ਕੀਤਾ ਹੈ, ਲੋਕ ਉਸ ਤੋਂ ਖ਼ੁਸ਼ ਵੀ ਹਨ ਤੇ ਸਰਕਾਰਾਂ ਦਾ ਸਮਰਥਨ ਕਰ ਰਹੇ ਹਨ। ਪਰ ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੋ ਦਿਹਾੜੀਦਾਰ ਮਿਹਨਤੀ ਕਾਮੇ ਬਿਨਾਂ ਕੰਮ ਤੋਂ ਘਰਾਂ ਵਿਚ ਬੈਠੇ ਹਨ, ਉਨ੍ਹਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਨਾਲ ਚੱਲੇਗਾ, ਉਨ੍ਹਾਂ ਨੂੰ ਜ਼ਰੂਰ ਕੁਝ ਨਾ ਕੁਝ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਹ ਤਾਲਾਬੰਦੀ ਜਨਤਾ ਦੀ ਭਲਾਈ ਵਾਸਤੇ ਕੀਤੀ ਗਈ ਹੈ ਤਾਂ ਕਿ ਹੋਰ ਦੇਸ਼ਾਂ ਵਿਚ ਫੈਲੀ ਭਿਆਨਕ ਬਿਮਾਰੀ ਸਾਡੇ ਦੇਸ਼ ਭਾਰਤ ਵਿਚ ਨਾ ਵੜੇ। ਜੇ ਇਹ ਬਿਮਾਰੀ ਸਾਡੇ ਦੇਸ਼ ਸਾਡੇ ਘਰਾਂ ਵਿਚ ਫੈਲ ਜਾਂਦੀ ਹੈ ਤਾਂ ਸਾਡੀਆਂ ਕਈ ਪੀੜ੍ਹੀਆਂ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਜਾਣਗੀਆਂ। ਪਿੰਡਾਂ ਵਿਚ ਪਿੰਡ ਦੇ ਨੌਜਵਾਨਾਂ ਵਲੋਂ ਬਿਮਾਰੀ ਦੇ ਬਚਾਅ ਲਈ ਸਪਰੇਅ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਵੀ ਇਸ ਕੰਮ ਲਈ ਆਪਣਾ ਸਹਿਯੋਗ ਜ਼ਰੂਰ ਕਰਨ ਤਾਂ ਕਿ ਨੌਜਵਾਨ ਵਰਗ ਦਾ ਇਸ ਸੇਵਾ ਲਈ ਉਤਸ਼ਾਹ ਵੀ ਵਧੇ।

-ਸੁਖਚੈਨ ਸਿੰਘ ਛੱਠੀ ਭਾਈ।

ਸੋਹਣੀ ਜ਼ਿੰਦਗੀ ਜਿਊਣ ਦੇ ਸੁਪਨੇ

ਅੱਜ ਦਾ ਸਮਾਂ ਸਾਡੀ ਨੌਜਵਾਨ ਪੀੜ੍ਹੀ ਲਈ ਤ੍ਰਾਸਦੀ ਭਰਿਆ ਸਮਾਂ ਹੈ। ਮਹਿੰਗੇ ਮੁੱਲ ਨਾਲ ਵਿੱਦਿਆ ਪ੍ਰਾਪਤ ਕਰਕੇ ਸਾਡੇ ਨੌਜਵਾਨ ਬੇਰੁਜ਼ਗਾਰੀ ਦਾ ਆਲਮ ਹੰਢਾਅ ਰਹੇ ਹਨ। ਉਨ੍ਹਾਂ ਦੇ ਨੈਣਾਂ ਵਿਚ ਵਸੇ ਸੋਹਣੀ ਜ਼ਿੰਦਗੀ ਦੇ ਸੁਪਨੇ ਲੰਗਾਰ ਹੋ ਰਹੇ ਹਨ। ਲੱਖਾਂ ਰੁਪਏ ਪੜ੍ਹਾਈ ਦੀਆਂ ਫੀਸਾਂ ਟਿਊਸ਼ਨਾਂ ਉੱਪਰ ਲਗਾ ਕੇ ਉਨ੍ਹਾਂ ਨੂੰ ਬੇਵਸੀ 'ਤੇ ਧੱਕਿਆ ਤੋਂ ਵੱਧ ਕੁਝ ਨਹੀਂ ਮਿਲ ਰਿਹਾ। ਉੱਚ ਵਿੱਦਿਆ ਦੀਆਂ ਡਿਗਰੀਆਂ ਲੈ ਕੇ ਛੋਟੇ-ਛੋਟੇ ਕੰਮ ਕਰਨੇ ਉਨ੍ਹਾਂ ਨੂੰ ਅੰਦਰੂਨੀ ਚੋਟ ਦਿੰਦੇ ਹਨ। ਜਦ ਕੋਈ ਗੱਲ ਨਹੀਂ ਸੁਣਦਾ ਦਿਖਦਾ ਤਾਂ ਉਨ੍ਹਾਂ ਕੋਲ ਨਿਰਾਸ਼ਾ ਲੈ ਕੇ ਘਰ ਮੁੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। ਇਹ ਸਭ ਕੀ ਹੈ? ਆਖ਼ਰ ਕਦ ਤੱਕ ਏਦਾਂ ਹੀ ਚਲਦਾ ਰਹਿਣਾ? ਸਰਕਾਰ ਦੀ ਆਪਣੇ ਨੌਜਵਾਨਾਂ ਪ੍ਰਤੀ ਇਹ ਚੁੱਪ ਇਹ ਬੇਪਰਵਾਹੀ ਇਹ ਅਣਗਹਿਲੀ ਸਾਨੂੰ ਜਿਸ ਖਾਈ ਵਿਚ ਲਿਜਾ ਕੇ ਸੁੱਟੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਆਪਣੇ ਸੁਨਹਿਰੀ ਸੁਪਨਿਆਂ ਨੂੰ ਸੱਚ ਕਰਨ ਲਈ ਸਭ ਨੌਜਵਾਨ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਚੁੱਕੇ ਹੋਣਗੇ। ਉਂਜ ਵੇਖਿਆ ਜਾਵੇ ਤਾਂ ਅੱਜ ਵੀ ਜ਼ਿਆਦਾਤਰ ਨੌਜਵਾਨ ਲਗਪਗ ਵਿਦੇਸ਼ਾਂ ਵਿਚ ਚਲੇ ਗਏ ਹਨ ਜਾਂ ਜਾਣ ਦੀ ਤਿਆਰੀ ਵਿਚ ਹਨ। ਇਸ ਲਈ ਸਰਕਾਰ ਨੂੰ ਜਾਗਣ ਦੀ ਜ਼ਰੂਰਤ ਹੈ, ਇਨ੍ਹਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਜ਼ਰੂਰਤ ਹੈ ਤਾਂ ਜੋ ਭਵਿੱਖ ਵਿਚ ਪਛਤਾਉਣਾ ਨਾ ਪਵੇ।

-ਅਨੰਤ ਗਿੱਲ, ਪਿੰਡ ਤੇ ਡਾਕ: ਭਲੂਰ।

ਸਿਆਸਤ ਵਿਚ ਉਮਰ ਦੀ ਹੱਦ

ਸਿਆਸਤ ਵਿਚ ਵੀ ਉਮਰ ਦੀ ਹੱਦ ਬੰਨ੍ਹਣੀ ਚਾਹੀਦੀ ਹੈ। ਜਿਵੇਂ ਪੰਜਾਬ ਸਰਕਾਰ ਵਿਚ 58 ਸਾਲ ਹੈ ਅਤੇ ਕੇਂਦਰ ਵਿਚ 60 ਸਾਲ ਹੈ। ਇਸੇ ਤਰ੍ਹਾਂ ਸਿਆਸਤ ਵਿਚ 70 ਸਾਲ ਹੋਣੀ ਚਾਹੀਦੀ ਹੈ। ਇਨਸਾਨ ਤਾਂ ਰੱਜਦਾ ਹੀ ਨਹੀਂ। ਜਿਸ ਤਰ੍ਹਾਂ ਮੋਦੀ ਨੇ, ਅਡਵਾਨੀ ਤੇ ਮੁਰਲੀ ਮਨੋਹਰ ਨੂੰ ਸਿਆਸਤ ਤੋਂ ਲਾਂਭੇ ਕੀਤਾ ਸੀ, ਇਸ ਤਰ੍ਹਾਂ ਪੰਜਾਬ ਵਿਚ ਅਜਿਹੀਆਂ ਹੀ ਕਈ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੂੰ ਸਿਆਸਤ ਵਿਚ ਆਪੇ ਹੀ ਬੈਠ ਜਾਣਾ ਚਾਹੀਦਾ ਹੈ। ਇਹ ਸੰਸਾਰ ਤਾਂ ਚਲਦਾ ਹੀ ਰਹਿਣਾ ਹੈ। ਇਥੇ ਕਈ ਆਏ, ਕਈ ਚਲੇ ਗਏ। ਕਈਆਂ ਨੇ ਚਲੇ ਜਾਣਾ ਹੈ। ਸਿਆਸਤ ਵੀ ਵਕਤ ਨਾਲ ਚੰਗੀ ਲਗਦੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

25-03-2020

 ਸੰਘਰਸ਼ ਤਾਂ ਕਰਨਾ ਹੀ ਪਵੇਗਾ...

ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ 'ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ' ਸ: ਹਰਚਰਨ ਸਿੰਘ ਦਾ ਲਿਖਿਆ ਕਾਲਮ ਪੜ੍ਹਿਆ, ਜਿਸ ਬਾਰੇ ਮੈਂ ਆਪਣੇ ਵਿਚਾਰ ਲਿਖ ਕੇ ਭੇਜ ਰਹੀ ਹਾਂ-ਇਹ ਠੀਕ ਹੈ ਕਿ ਵਿਦੇਸ਼ਾਂ ਵਿਚ ਗਏ ਬੱਚਿਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੁੱਢੇ ਮਾਪਿਆਂ ਦਾ ਸਹਾਰਾ ਅਤੇ ਧਨ ਵੀ ਖੁਸਦਾ ਹੈ ਪਰ ਇਥੇ ਬੱਚੇ ਰਹਿ ਕੇ ਕੀ ਕਰਨਗੇ? ਇਹੋ ਸੋਚ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਕਰਦੀ ਹੈ ਕਿਉਂਕਿ ਇਥੇ ਨਾ ਤਾਂ ਰੁਜ਼ਗਾਰ ਮਿਲਦਾ ਅਤੇ ਨਾ ਹੀ ਕੋਈ ਸਹੂਲਤ ਮਿਲਦੀ ਹੈ ਜੋ ਬੱਚਿਆਂ ਨੂੰ ਉਤਸ਼ਾਹਿਤ ਕਰੇ। ਇਸ ਲਈ ਕਹਾਵਤ 'ਕੌੜਾ ਅੱਕ ਚੱਬਣਾ', ਉਹ ਸਭ ਕੁਝ ਸਮਝਦੇ ਹੋਏ ਵੀ ਮਾਪਿਆਂ ਅਤੇ ਬੱਚਿਆਂ ਨੂੰ ਹੁਣ ਅੱਕ ਚੱਬਣਾ ਹੀ ਪੈਂਦਾ ਹੈ। ਇਥੇ ਵਿੱਦਿਆ ਲਈ ਵੀ ਸੰਜੀਦਗੀ ਨਾ ਹੋਣ ਕਰਕੇ ਬੱਚਿਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਕਿਉਂਕਿ ਸਕੂਲਾਂ, ਕਾਲਜਾਂ ਆਦਿ ਵਿਚ ਕਈ-ਕਈ ਸਾਲ ਅਸਾਮੀਆਂ ਖਾਲੀ ਰੱਖ ਕੇ ਕੰਮ ਡੰਗ ਟਪਾਊ ਵਾਲਾ ਹੀ ਜ਼ਿਆਦਾ ਚਲਦਾ ਹੈ। ਇਥੇ ਪੜ੍ਹਿਆਂ-ਲਿਖਿਆਂ ਦਾ ਚੁਫੇਰੇ ਸ਼ੋਸ਼ਣ ਹੋ ਰਿਹਾ। ਵਿਦੇਸ਼ਾਂ ਵਿਚ ਲੋਕਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਦੇ ਹੋਏ ਕਦੇ ਪ੍ਰੇਸ਼ਾਨ ਨਹੀਂ ਕਰਦੇ ਪਰ ਇਥੇ ਤਾਂ ਹੱਕ ਮੰਗਣ ਵਾਲਿਆਂ ਨੂੰ ਵੀ ਪੁਲਿਸ ਦੀਆਂ ਲਾਠੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਸੁਨਹਿਰੀ ਭਵਿੱਖ ਲਈ ਬੱਚਿਆਂ ਨੂੰ ਸੰਘਰਸ਼ ਤਾਂ ਕਰਨਾ ਹੀ ਪਵੇਗਾ ਜਿੰਨੀ ਦੇਰ ਤੱਕ ਇਥੇ ਸਭਨਾਂ ਲਈ ਬਰਾਬਰਤਾ ਦਾ ਵਿਵਹਾਰ ਨਹੀਂ ਹੁੰਦਾ।

-ਅਮਰ ਕੌਰ ਬੇਦੀ
ਲਾਲ ਨਗਰ, ਜਲੰਧਰ।

ਅਖ਼ਬਾਰ ਤੋਂ ਬਿਨਾਂ ਦਿਨ...

ਅਖ਼ਬਾਰਾਂ ਵਰਤਮਾਨ ਜੀਵਨ ਦਾ ਇਕ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਹਰ ਰੋਜ਼ ਸਵੇਰ ਸਮੇਂ ਸਭ ਤੋਂ ਪਹਿਲਾਂ ਅਖ਼ਬਾਰ ਪੜ੍ਹਨ ਦਾ ਨਸ਼ਾ ਲੱਗਿਆ ਹੁੰਦਾ ਹੈ, ਉਨ੍ਹਾਂ ਨੂੰ ਚਾਹ ਦੀਆਂ ਚੁਸਕੀਆਂ ਲੈਣ ਤੋਂ ਪਹਿਲਾਂ ਬਹੁਤ ਇੰਤਜ਼ਾਰ ਹੁੰਦਾ ਹੈ ਮੇਜ਼ 'ਤੇ ਅਖ਼ਬਾਰ ਦਾ ਕਿ ਕਦੋਂ ਅਖ਼ਬਾਰ ਆਏ ਤੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੋਇਆਂ ਅਖ਼ਬਾਰ ਵੀ ਪੜ੍ਹੀ ਜਾਵੇ। ਜਿਵੇਂ ਕਿ ਗਣਤੰਤਰ ਦਿਵਸ, ਸੁਤੰਤਰ ਦਿਵਸ, ਦਿਵਾਲੀ ਅਤੇ ਹੋਲੀ ਵਾਲੇ ਦਿਨ ਅਖ਼ਬਾਰ ਨਹੀਂ ਛਪਦਾ ਅਤੇ ਅਗਲੇ ਦਿਨ ਸਾਡੇ ਘਰਾਂ ਤੱਕ ਨਹੀਂ ਪਹੁੰਚਦਾ ਤਾਂ ਉਸ ਦਿਨ ਸਾਨੂੰ ਅਖ਼ਬਾਰ ਪੜ੍ਹੇ ਬਿਨਾਂ ਕੁਝ ਵੀ ਚੰਗਾ ਨਹੀਂ ਲਗਦਾ। ਉਸ ਦਿਨ ਕਿਸੇ ਵੀ ਕੰਮ ਵਿਚ ਮਨ ਨਹੀਂ ਲਗਦਾ ਅਤੇ ਮਨ ਅਖ਼ਬਾਰ ਨੂੰ ਲੋਚਦਾ ਹੈ ਅਤੇ ਸਾਰਾ ਦਿਨ ਧਿਆਨ ਅਖ਼ਬਾਰ ਦੀ ਤਰਫ਼ ਹੀ ਰਹਿੰਦਾ ਹੈ ਕਿ ਅੱਜ ਅਖ਼ਬਾਰ ਕਿਉਂ ਨਹੀਂ ਆਇਆ। ਸਾਰਾ ਦਿਨ ਅਖ਼ਬਾਰ ਦੀ ਯਾਦ ਵਿਚ ਦਿਨ ਉਦਾਸੀ ਭਰਿਆ ਹੀ ਗੁਜ਼ਰਦਾ ਹੈ। ਟੈਲੀਵਿਜ਼ਨ ਦੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਰਾਤ-ਦਿਨ ਖ਼ਬਰਾਂ ਪ੍ਰਸਾਰਨ ਦੇ ਬਾਵਜੂਦ ਅਖ਼ਬਾਰਾਂ ਦੀਆਂ ਖ਼ਬਰਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।

-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿ: ਗੁਰੂਹਰਸਹਾਏ, ਜ਼ਿਲ੍ਹਾ ਫ਼ਿਰੋਜ਼ਪੁਰ।

ਸਮਾਂ ਰਹਿੰਦਿਆਂ ਜਾਗੋ

ਸਾਡਾ ਸਮਾਜਿਕ ਤਾਣਾ-ਬਾਣਾ ਸ਼ੁਰੂ ਤੋਂ ਹੀ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਸਾਂਭੀ ਬੈਠਾ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਅਜਿਹੇ ਸੁਭਾਅ ਨੇ ਸਮਾਜਿਕ ਅਸੰਤੁਲਨ ਪੈਦਾ ਕੀਤੇ ਹਨ, ਜਿਸ ਦੇ ਨਤੀਜੇ ਮਾੜੇ ਹੀ ਨਿਕਲੇ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਠੋਕਰ ਖਾ ਕੇ ਜਾਗ ਜਾਂਦੇ ਹਾਂ ਪਰ ਫਿਰ ਸੌਂ ਜਾਦੇ ਹਾਂ। ਕਦੇ ਵੀ ਸਿੱਕੇ ਦੇ ਦੂਜੇ ਪਾਸੇ ਬਾਰੇ ਨਹੀਂ ਸੋਚਿਆ। ਛੋਟੀਆਂ-ਛੋਟੀਆਂ ਗੱਲਾਂ ਅਤੇ ਫ਼ੈਸਲੇ ਲੈਣ ਸਮੇਂ ਜੇ ਨਾਂਹ-ਪੱਖੀ ਪ੍ਰਭਾਵ ਦਿਖਾ ਵੀ ਦਿੱਤੇ ਜਾਣ ਤਾਂ ਨਿੱਜੀ ਮੁਫ਼ਾਦਾਂ ਲਈ ਪਰ੍ਹੇ ਕਰ ਦਿੰਦੇ ਹਾਂ। ਸਮਾਂ ਆ ਜਾਂਦਾ ਹੈ ਜਦੋਂ ਸਾਰੇ ਲਪੇਟ ਵਿਚ ਆ ਜਾਂਦੇ ਹਨ। ਫਿਰ ਇਕ-ਦੂਜੇ 'ਤੇ ਸੁੱਟਦੇ ਹਾਂ। ਧਾਰਮਿਕ, ਸਮਾਜਿਕ, ਸਾਹਿਤਕ ਨਿਯਮਾਂਵਲੀ ਇਕ ਕੰਨ ਤੋਂ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਹਾਂ, ਜਦੋਂ ਕੁਵੇਲੇ ਦੀ ਟੱਕਰ ਮਾਰ ਕੇ ਇਨ੍ਹਾਂ ਦੀ ਸਮਝ ਪੈਂਦੀ ਹੈ ਤਾਂ ਕੋਸਦੇ ਰਹਿੰਦੇ ਹਾਂ। ਗ਼ਲਤੀ ਦਾ ਦੁਹਰਾਓ ਹੋਵੇ ਤਾਂ ਸਾਡੀ ਸੂਝ-ਬੂਝ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਅੱਜ ਸਾਡੇ ਸਮਾਜ ਦਾ ਸਭ ਤੋਂ ਵੱਧ ਭਖਦਾ ਮਸਲਾ ਇਹ ਹੈ ਕਿ ਹੁਣ ਵੀ ਜਾਗ ਜਾਓ। ਇਸ ਨਾਲ 'ਦੇਰ ਆਏ ਦਰੁਸਤ ਆਏ' ਦਾ ਸਿਧਾਂਤ ਹੀ ਪੱਲੇ ਬੰਨ੍ਹ ਲਓ। ਧਾਰਮਿਕ ਹੁਕਮ ਅਤੇ ਕਾਨੂੰਨੀ ਨਿਯਮਾਂਵਲੀ ਨੂੰ ਲਾਗੂ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਹ ਇਕ ਲੋਕ ਲਹਿਰ ਵਜੋਂ ਉਤਪੰਨ ਹੋਣੇ ਚਾਹੀਦੇ ਹਨ। ਸਮਾਜ ਅਤੇ ਦੇਸ਼ ਹਿਤ ਵਿਚ ਜਾਗਣਾ ਸਾਡਾ ਸੁਭਾਅ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵੇਲਾ ਬੀਤਣ ਤੋਂ ਬਾਅਦ ਜਾਗਣ ਦੇ ਸੁਭਾਅ ਨੂੰ ਤਿਆਗਿਆ ਜਾ ਸਕੇਗਾ। ਭਵਿੱਖ ਉਜਵਲ ਅਤੇ ਸੰਭਾਵਨਾਵਾਂ ਵਾਲਾ ਬਣੇਗਾ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

ਲਾਊਡ ਸਪੀਕਰਾਂ ਤੋਂ ਪ੍ਰਹੇਜ਼

ਹਰ ਸਾਲ ਦੀ ਤਰ੍ਹਾਂ ਫਰਵਰੀ ਅਤੇ ਮਾਰਚ ਦਾ ਮਹੀਨਾ ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਮਹੀਨਾ ਹੁੰਦਾ ਹੈ। ਪਿੰਡਾਂ-ਸ਼ਹਿਰਾਂ ਵਿਚ ਬਣੇ ਗੁਰਦੁੁਆਰੇ, ਮੰਦਰ, ਮਸੀਤਾਂ ਵਿਚ ਵੀ ਉੱਚੀ ਆਵਾਜ਼ ਵਿਚ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਸਪੀਕਰਾਂ ਕਾਰਨ ਪ੍ਰੀਖਿਆਵਾਂ ਦੇ ਦਿਨਾਂ ਵਿਚ ਬੱਚੇ ਦਾ ਪੜ੍ਹਾਈ ਵਿਚ ਮਨ ਨਹੀਂ ਲਗਦਾ। ਸੜਕਾਂ ਉੱਤੇ ਜਾ ਰਹੇ ਵਾਹਨਾਂ ਵਿਚ ਵੀ ਬਹੁਤ ਉੱਚੀ ਆਵਾਜ਼ ਨਾਲ ਗਾਣੇ ਵਜਾਏ ਜਾਂਦੇ ਹਨ। ਇਹ ਬੱਚੇ ਸਾਡੇ ਸਮਾਜ ਦਾ ਆਉਣ ਵਾਲਾ ਕੱਲ੍ਹ ਹਨ।
ਇਸ ਲਈ ਸਾਨੂੰ ਸਮਾਜਿਕ ਤੌਰ 'ਤੇ ਇਹੋ ਜਿਹੀ ਵੱਡੀ ਸਮੱਸਿਆ ਨੂੰ ਸੰਜਮ ਨਾਲ ਆਪ ਹੀ ਹੱਲ ਕਰ ਲੈਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਵਿਚ ਵਿਆਹਾਂ ਦਾ ਵੀ ਸੀਜ਼ਨ ਚੱਲ ਰਿਹਾ ਹੁੰਦਾ ਹੈ। ਅੱਜਕੱਲ੍ਹ ਦੇ ਵਿਆਹ ਡੀ.ਜੇ ਤੋਂ ਬਿਨਾਂ ਅਧੂਰੇ ਹੀ ਸਮਝੇ ਜਾਂਦੇ ਹਨ। ਕਈ ਵਾਰੀ ਤਾਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਜੇ ਡੀ.ਜੇ. ਨਾ ਲਗਾਇਆ ਜਾਵੇ ਤਾਂ ਰਿਸ਼ਤੇਦਾਰ ਵੀ ਰੁੱਸ ਜਾਂਦੇ ਹਨ। ਬੇਸ਼ੱਕ ਡੀ.ਜੇ. ਦੀ ਵਰਤੋਂ ਕਰ ਲਵੋ, ਪਰ ਉਸ ਦੀ ਆਵਾਜ਼ ਨੂੰ ਆਪਣੇ ਘਰ ਤੱਕ ਹੀ ਸੀਮਤ ਰੱਖੋ ਤਾਂ ਕਿ ਸਾਡੇ ਬੱਚਿਆਂ ਦਾ ਪ੍ਰੀਖਿਆਵਾਂ ਦੇ ਦਿਨਾਂ ਵਿਚ ਕੋਈ ਨੁਕਸਾਨ ਨਾ ਹੋਵੇ। ਜੇਕਰ ਅਸੀਂ ਅਜਿਹਾ ਕਰਨ ਵਿਚ ਸਫ਼ਲ ਹੋ ਜਾਂਦੇ ਹਾਂ ਤਾਂ ਅਸੀਂ ਚੰਗੇ ਸਮਾਜ-ਸੇਵੀ ਬਣ ਸਕਦੇ ਹਾਂ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।

24-03-2020

 ਲੋਕਤੰਤਰ ਦੀ ਪਰਿਭਾਸ਼ਾ

ਜਿਸ ਰਾਜ ਦੀ ਸਰਕਾਰ ਲੋਕਾਂ ਰਾਹੀਂ, ਲੋਕਾਂ ਵਿਚੋਂ, ਲੋਕਾਂ ਲਈ ਵੋਟਾਂ ਪਾ ਕੇ ਚੁਣੀ ਜਾਂਦੀ ਹੈ। ਉਹ ਲੋਕਤੰਤਰ ਸਰਕਾਰ ਰਾਜ ਹੁੰਦਾ ਹੈ। ਲੋਕਤੰਤਰ ਰਾਜ ਵਿਚ ਨਿਯਮ ਅਤੇ ਕਾਨੂੰਨ ਸੰਵਿਧਾਨ ਅਨੁਸਾਰ ਸਭ ਲਈ ਬਰਾਬਰ ਹੁੰਦੇ ਹਨ ਤੇ ਮੰਨੇ ਵੀ ਜਾਂਦੇ ਹਨ ਤੇ ਮੰਨੇ ਵੀ ਜਾਣੇ ਚਾਹੀਦੇ ਹਨ। ਲੋਕਤੰਤਰ ਰਾਜ ਵਿਚ ਗ਼ਰੀਬ, ਅਮੀਰ, ਛੋਟਾ, ਵੱਡਾ, ਤਕੜਾ, ਮਾੜਾ, ਪੜ੍ਹਿਆ, ਅਨਪੜ੍ਹ, ਮੂਰਖ, ਅਕਲਮੰਦ, ਉੱਚ ਜਾਤੀ ਨੀਚ ਜਾਤੀ ਸਾਰੇ ਕਾਨੂੰਨ ਤੇ ਸੰਵਿਧਾਨ ਅਨੁਸਾਰ ਸਭ ਬਰਾਬਰ ਹੁੰਦੇ ਹਨ। ਸਭ ਨੂੰ ਵਧਣ ਫੁੱਲਣ ਭਾਵ ਤਰੱਕੀ ਦੇ ਮੌਕੇ ਬਰਾਬਰ ਦਿੱਤੇ ਜਾਂਦੇ ਹਨ ਤੇ ਦਿੱਤੇ ਵੀ ਜਾਣੇ ਚਾਹੀਦੇ ਹਨ। ਸਭ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਅਤੇ ਸਭ ਨੂੰ ਬਰਾਬਰ ਆਜ਼ਾਦੀ ਹੁੰਦੀ ਹੈ। ਕੋਈ ਕਿਸੇ ਨੂੰ ਤੰਗ ਨਹੀਂ ਕਰ ਸਕਦਾ ਹੈ।
ਸਰਕਾਰ ਕਿਸੇ ਇਕ ਧਰਮ ਨੂੰ ਨਹੀਂ ਅਪਣਾ ਸਕਦੀ ਭਾਵ ਕਿਸੇ ਧਰਮ ਦਾ ਫਾਇਦਾ ਤੇ ਕਿਸੇ ਧਰਮ ਦਾ ਨੁਕਸਾਨ ਨਹੀਂ ਕਰ ਸਕਦੀ। ਜੇਕਰ ਕਿਸੇ ਧਰਮ ਦਾ ਫਾਇਦਾ ਕਰੇਗੀ ਤਾਂ ਬਾਕੀ ਧਰਮਾਂ ਨੂੰ ਵੀ ਓਨਾ ਹੀ ਫਾਇਦਾ ਦੇਣਾ ਪਵੇਗਾ। ਕਿਸੇ ਧਰਮ ਸਥਾਨ ਨੂੰ ਢਾਇਆ ਨਹੀਂ ਜਾ ਸਕਦਾ ਜੋ ਸੰਨ 1947 ਵੇਲੇ ਸੀ ਉਹੀ ਰਹੇਗਾ। ਕਿਉਂਕਿ ਇਹ ਰਾਜੇ ਮਹਾਰਾਜਿਆਂ ਦਾ ਸਮਾਂ ਨਹੀਂ ਹੈ, ਇਹ ਲੋਕਤੰਤਰ ਹੈ।

-ਮਦਨ ਲਾਲ।

ਨਾਰੀ ਦਿਵਸ

8 ਮਾਰਚ ਦਾ ਦਿਨ ਕੌਮਾਂਤਰੀ ਨਾਰੀ ਦਿਵਸ ਵਜੋਂ ਜਾਣਿਆ ਜਾਂਦਾ ਹੈ। ਇਹ ਦਿਵਸ ਔਰਤ ਦੀ ਲੁੱਟ, ਅਨਿਆਂ ਅਤੇ ਨਾਰੀ 'ਤੇ ਜ਼ੁਲਮ ਦੇ ਵਿਰੋਧ ਵਿਚ ਸੰਘਰਸ਼ ਦਾ ਪੈਗਾਮ ਦਿੰਦਾ ਹੈ। ਇਹ ਸਚਾਈ ਹੈ ਕਿ ਔਰਤ ਤੇ ਮਰਦ ਦੋਵੇਂ ਮਿਲ ਕੇ ਸਮਾਜ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਭਾਵੇਂ ਅੱਜ ਵਿਸ਼ਵ ਭਰ ਦੀਆਂ ਔਰਤਾਂ ਮਰਦਾਂ ਦੇ ਬਰਾਬਰ ਉਜਰਤਾਂ, ਰਾਜਨੀਤੀ 'ਚ ਬਰਾਬਰ ਦੀ ਭਾਈਵਾਲੀ, ਆਰਥਿਕ ਤੇ ਸਮਾਜਿਕ ਬਰਾਬਰੀ, ਵੋਟ ਦੇ ਹੱਕ ਦਾ ਐਲਾਨ ਤਾਂ ਜਾਰੀ ਕੀਤੇ ਗਏ ਹਨ ਪਰ ਆਪਣੇ ਸਮਾਜ ਵਿਚ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਇਹ ਸਭ ਕਹਿਣ ਦੀਆਂ ਹੀ ਗੱਲਾਂ ਹਨ। ਅੱਜ ਸ਼ਹਿਰੀ ਖੇਤਰ ਵਿਚ ਘਰਾਂ ਵਿਚ ਕੰਮ ਕਰਨ ਵਾਲੀਆਂ ਗ਼ਰੀਬ ਔਰਤਾਂ ਨਾਲ ਜੋ ਸਾਡਾ ਪੜ੍ਹਿਆ ਲਿਖਿਆ ਵਰਗ ਸਲੂਕ ਕਰਦਾ ਹੈ, ਔਰਤਾਂ ਨਾਲ ਹੁੰਦੇ ਵਿਤਕਰੇ ਦੀ ਗਵਾਹੀ ਹੈ। ਖਪਤ ਸੱਭਿਆਚਾਰ ਨੇ ਗ਼ਰੀਬ ਔਰਤ ਨੂੰ ਇਕ ਭੋਗਣਯੋਗ ਵਸਤੂ ਬਣਾ ਕੇ ਰੱਖਿਆ ਹੈ। ਔਰਤ ਦੇ ਰੰਗੀਨ ਸੁਪਨਿਆਂ ਦਾ ਸੰਸਾਰ ਕਿੱਥੇ ਹੈ? ਨਾਰੀ ਦਿਵਸ ਮਨਾਉਣ ਵਾਲੀਆਂ ਧਿਰਾਂ ਨੂੰ ਦੱਬੀਆਂ-ਕੁਚਲੀਆਂ ਔਰਤਾਂ ਦਾ ਸਵਾਲ ਹੈ। ਔਰਤਾਂ ਖਿਲਾਫ਼ ਹਿੰਸਾ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਨਾਰੀ ਦਿਵਸ ਨੂੰ ਕਲੰਕਿਤ ਕਰਦੀਆਂ ਹਨ। ਔਰਤਾਂ ਵੀ ਆਪਣੇ ਨਾਲ ਹੁੰਦੇ ਵਿਤਕਰਿਆਂ ਪ੍ਰਤੀ ਸੁਚੇਤ ਹੋਣ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪਿਤਾ ਦੀ ਮਹੱਤਤਾ

ਬੀਤੇ ਦਿਨੀਂ 'ਅਜੀਤ' ਦੇ 'ਲੋਕ ਮੰਚ' ਅੰਕ ਵਿਚ ਮੈਡਮ ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ ਦਾ ਲੇਖ 'ਬੱਚਿਆਂ ਨੂੰ ਜ਼ਿੰਦਗੀ ਦੇ ਕਾਬਲ ਬਣਾਉਂਦਾ ਹੈ ਪਿਤਾ' ਪੜ੍ਹਿਆ ਜੋ ਕਿ ਬਹੁਤ ਹੀ ਸਲਾਹੁਣਯੋਗ ਸੀ। ਪਿਤਾ ਤੋਂ ਬਿਨਾਂ ਬੱਚਿਆਂ ਦਾ ਬਚਪਨ ਸੱਚਮੁੱਚ ਅਧੂਰਾ ਹੀ ਰਹਿ ਜਾਂਦਾ ਹੈ ਕਿਉੇਂਕਿ ਪਿਤਾ ਆਪਣੇ ਬੱਚਿਆਂ ਲਈ ਉਹ ਫਰਿਸ਼ਤਾ ਹੈ ਜੋ ਆਪ ਹਰ ਦੁੱਖ, ਦਰਦ ਆਪਣੇ ਮਨ, ਤਨ 'ਤੇ ਝੱਲ ਕੇ ਆਪਣੇ ਬੱਚਿਆਂ ਲਈ ਸੁਖਾਵਾਂ ਅਤੇ ਸ਼ਾਨਦਾਰ ਮਾਹੌਲ ਸਿਰਜਦਾ ਹੈ। ਜੇਕਰ ਮਾਂ ਰੱਬ ਦਾ ਨਾਂਅ ਹੈ ਤਾਂ ਫਿਰ ਪਿਤਾ ਵੀ ਆਪਣੇ ਬੱਚਿਆਂ ਲਈ ਕਿਸੇ ਰੱਬ ਤੋਂ ਘੱਟ ਨਹੀਂ ਹੁੰਦਾ। ਇਸ ਲਈ ਪਿਆਰੇ ਬੱਚਿਓ ਆਪਣੇ ਪਿਤਾ ਦੀਆਂ ਭਾਵਨਾਵਾਂ ਨੂੰ ਸਮਝੋ। ਸੋਚੋ ਜਿਨ੍ਹਾਂ ਬੱਚਿਆਂ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਹੁੰਦਾ, ਉਨ੍ਹਾਂ ਬੱਚਿਆਂ ਦਾ ਬਚਪਨ ਸੱਚੀਂ ਅਧੂਰਾ ਰਹਿ ਜਾਂਦਾ ਹੈ।

-ਗੁਰਮੀਤ ਸਿੰਘ, ਬੇਅੰਤ ਨਗਰ, ਮੋਗਾ।

ਕੋਰੋਨਾ ਅਤੇ ਕੁਦਰਤੀ ਕਹਿਰ

ਚੀਨ ਤੋਂ ਚੱਲੀ ਕੋਰੋਨਾ ਨਾਂਅ ਦੀ ਭਿਅੰਕਰ ਬਿਮਾਰੀ ਨੇ ਅੱਜ ਜਿਥੇ ਸਾਰੇ ਸੰਸਾਰ ਦੀਆਂ ਮਨੁੱਖੀ ਜ਼ਿੰਦਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਉਥੇ ਹੀ ਪੰਜਾਬ ਅਤੇ ਹੋਰ ਖੇਤਰਾਂ ਵਿਚ ਪਿਛਲੇ ਹਫ਼ਤੇ ਤੋਂ ਪਏ ਬੇਮੌਸਮੀ ਮੀਂਹ ਤੇ ਗੜਿਆਂ ਨੇ ਭਾਵ ਕਹਿਰ ਨੇ ਕਿਸਾਨਾਂ ਦੇ ਸਾਹਾਂ ਨੂੰ ਰੋਕ ਕੇ ਰੱਖ ਦਿੱਤਾ ਹੈ। ਉਨ੍ਹਾਂ ਦੁਆਰਾ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਤੇ ਚਾਰੇ ਪਾਸੇ ਗੜਿਆਂ ਦੀ ਚਾਦਰ ਵਿਛ ਗਈ ਸੀ। ਉਹ ਕਿਸਾਨ ਲਗਾਤਾਰ ਕਰਜ਼ੇ ਦੇ ਚੁੰਗਲ ਵਿਚ ਫਸਿਆ ਖ਼ੁਦਕੁਸ਼ੀਆਂ ਲਈ ਮਜਬੂਰ ਹੋ ਰਿਹਾ ਹੈ। ਉਸ ਨੂੰ ਲਗਾਤਾਰ ਪਿਛਲੇ ਸਮਿਆਂ ਤੋਂ ਹੀ ਬੇਵਸੀ ਦਾ ਨਤੀਜਾ ਭੁਗਤਣਾ ਪੈਂਦਾ ਹੈ। ਭਾਵ ਕੁਦਰਤ ਦੀਆਂ ਇਨ੍ਹਾਂ ਕਰੋਪੀਆਂ ਤੋਂ ਅੱਜ ਮਨੁੱਖ ਅਤੇ ਫ਼ਸਲਾਂ ਸ਼ਿਕਾਰ ਹੋ ਰਹੀਆਂ ਹਨ।
ਅੱਜ ਮਨੁੱਖ ਨੂੰ ਲੋੜ ਹੈ ਕਿ ਉਹ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਅਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਨਜਿੱਠਣ ਲਈ ਜਾਗਰੂਕ ਕਰੇ ਤਾਂ ਹੀ ਅਸੀਂ ਆਪਣੀਆਂ ਅਤੇ ਆਪਣਿਆਂ ਦੀਆਂ ਖ਼ਾਤਮੇ ਵੱਲ ਨੂੰ ਵਧ ਰਹੀਆਂ ਜ਼ਿੰਦਗੀਆਂ ਨੂੰ ਬਚਾਅ ਸਕਦੇ ਹਾਂ। ਜੇ ਇਨ੍ਹਾਂ ਸਮੱਸਿਆਵਾਂ ਨੂੰ ਸਮਾਂ ਰਹਿੰਦੇ ਨਾ ਨਜਿੱਠਿਆ ਗਿਆ ਤਾਂ ਇਹ ਸਮੱਸਿਆਵਾਂ ਆਉਣ ਵਾਲੇ ਸਮੇਂ ਵਿਚ ਭਿਅੰਕਰ ਰੂਪ ਧਾਰਨ ਕਰ ਜਾਣਗੀਆਂ, ਜਿਸ ਤੋਂ ਬਚਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ।

-ਗੁਰਸੇਵਕ ਰੰਧਾਵਾ।

ਭਰੋਸੇਯੋਗਤਾ 'ਤੇ ਪ੍ਰਸ਼ਨ ਚਿੰਨ੍ਹ

ਅੱਜ ਦੇਸ਼ ਦੇ ਮੀਡੀਆ ਦਾ ਵੱਡਾ ਹਿੱਸਾ ਸਰਕਾਰਾਂ ਦੀ ਕਠਪੁਤਲੀ ਬਣਦਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ। ਦੇਸ਼ ਦੀ ਜਨਤਾ ਦੁੱਖਾਂ-ਮੁਸੀਬਤਾਂ ਵੇਲੇ ਮੀਡੀਏ 'ਤੇ ਹੀ ਆਸ ਰੱਖਦੀ ਹੈ ਪਰ ਜਦੋਂ ਮੀਡੀਆ ਹੀ ਸਰਕਾਰਾਂ ਦੀ ਬੋਲੀ ਬੋਲਣ ਲੱਗ ਜਾਵੇ ਤਾਂ ਲੋਕਾਂ ਦਾ ਮੀਡੀਏ ਤੋਂ ਵਿਸ਼ਵਾਸ ਉੱਠਣਾ ਸੁਭਾਵਿਕ ਹੈ। ਪਿਛਲੇ ਲੰਮੇ ਸਮੇਂ ਤੋਂ ਮੀਡੀਏ ਦੇ ਇਕ ਵੱਡੇ ਹਿੱਸੇ 'ਤੇ ਉਂਗਲਾਂ ਉੱਠ ਰਹੀਆਂ ਹਨ। ਇਨ੍ਹਾਂ ਉੱਠਦੀਆਂ ਉਂਗਲਾਂ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਮੀਡੀਏ ਨਾਲ ਜੁੜੀਆਂ ਵੱਡੀਆਂ ਹਸਤੀਆਂ ਨੂੰ ਗੰਭੀਰ ਹੋਣਾ ਚਾਹੀਦਾ ਹੈ।
ਪੱਤਰਕਾਰੀ ਮਿਆਰੀ ਹੋਣੀ ਚਾਹੀਦੀ ਹੈ। ਪਿਛਲੇ ਦਿਨੀਂ ਦਿੱਲੀ ਵਿਚ ਜੋ ਕੁਝ ਹੋਇਆ, ਉਸ ਬਾਰੇ ਮੀਡੀਏ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਪੱਤਰਕਾਰੀ ਦਾ ਅਸਲ ਮਨੋਰਥ ਸਮਾਜ ਨੂੰ ਜੋੜੀ ਰੱਖਣਾ ਤੇ ਸਹੀ ਸੇਧ ਦੇਣਾ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

23-03-2020

 ਸ਼ੋਰ ਪ੍ਰਦੂਸ਼ਣ
ਬੀਤੇ ਦਿਨੀਂ 'ਅਜੀਤ' ਦੇ 'ਲੋਕਮੰਚ' ਅੰਕ ਵਿਚ ਮੈਡਮ ਪਰਮਿੰਦਰ ਕੌਰ ਸ਼ਾਂਤੀ ਕੈਂਥ ਦਾ ਲੇਖ 'ਸਮੱਸਿਆ ਬਣਿਆ ਸ਼ੋਰ ਪ੍ਰਦੂਸ਼ਣ' ਪੜ੍ਹਿਆ ਜੋ ਕਿ ਬਹੁਤ ਹੀ ਸਲਾਹੁਣਯੋਗ ਸੀ। ਸੰਗੀਤ ਸੁਣਨਾ ਤਾਂ ਬਹੁਤ ਚੰਗੀ ਗੱਲ ਹੈ, ਇਸ ਨਾਲ ਰੂਹ ਨੂੰ ਖੁਰਾਕ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਪਰ ਲਗਾਤਾਰ ਤੇਜ਼ ਆਵਾਜ਼ ਵਿਚ ਗਾਣੇ ਸੁਣਨਾ, ਕੰਨਾਂ ਦੇ ਨਾਲ-ਨਾਲ ਦਿਮਾਗ ਦੀ ਸਿਹਤ ਲਈ ਵੀ ਠੀਕ ਨਹੀਂ ਹੈ। ਧੁਨੀ, ਹਵਾ ਵਿਚ ਕੰਪਨ ਨਾਲ ਪੈਦਾ ਹੁੰਦੀ ਹੈ। ਜਦੋਂ ਕੰਪਨ ਕੰਨ ਦੇ ਪਰਦਿਆਂ 'ਤੇ ਪੈਂਦੀ ਹੈ ਤਾਂ ਸਾਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਸ਼ੋਰ ਪ੍ਰਦੂਸ਼ਣ ਰੂਲਜ਼ ਮੁਤਾਬਿਕ ਰਾਤ ਸਮੇਂ 11 ਵਜੇ ਤੋਂ ਬਾਅਦ ਸ਼ੋਰ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ। ਆਓ, ਸਭ ਮਿਲ ਕੇ ਇਸ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਲਈ ਆਪਣਾ-ਆਪਣਾ ਯੋਗਦਾਨ ਪਾਈਏ।


-ਗੁਰਮੀਤ ਸਿੰਘ
ਬੇਅੰਤ ਨਗਰ, ਮੋਗਾ।


ਜਨਤਾ ਕਰਫਿਊ
ਜਿਥੇ ਸਾਰੇ ਮੁਲਕਾਂ ਵਿਚ ਕੋਰੋਨਾ ਵਾਇਰਸ ਨਾਲ ਹਾਹਾਕਾਰ ਮਚੀ ਹੋਈ ਹੈ ਅਤੇ ਕਈ ਦਿਨਾਂ ਤੋਂ ਲੋਕ ਲਗਾਤਾਰ ਮਰ ਰਹੇ ਹਨ, ਉਥੇ ਹੀ ਪ੍ਰਧਾਨ ਮੰਤਰੀ ਵਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ 14 ਘੰਟੇ ਦਾ ਜਨਤਾ ਕਰਫਿਊ ਲਗਾਉਣ ਦੀ ਅਪੀਲ ਕੀਤੀ ਸੀ। ਕਈ ਰਾਜ ਜਿਥੇ ਇਸ ਵਾਇਰਸ ਨੂੰ ਮੁੱਖ ਰੱਖਦੇ ਹੋਏ ਲਾਕਡਾਊਨ ਦਾ ਵਿਚਾਰ ਕਰ ਰਹੇ ਹਨ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪਹਿਲ ਕਰਦਿਆਂ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ। ਪ੍ਰੰਤੂ ਕਈ ਲੋਕਾਂ ਵਲੋਂ ਜਨਤਾ ਕਰਫਿਊ ਦੀ ਪ੍ਰਵਾਹ ਨਾ ਕਰਦੇ ਹੋਏ ਕਈ ਥਾਵਾਂ 'ਤੇ ਸੜਕਾਂ 'ਤੇ ਘੁੰਮ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ-ਆਪ ਨੂੰ ਘਰਾਂ ਤੱਕ ਹੀ ਸੀਮਤ ਰੱਖਣ। ਇਸ ਨੂੰ ਮਜ਼ਾਕ ਨਹੀਂ ਸਮਝਣਾ ਚਾਹੀਦਾ ਅਤੇ ਗੰਭੀਰ ਹੋਣ ਦੀ ਲੋੜ ਹੈ। ਆਪਣੇ ਬੱਚਿਆਂ ਤੇ ਪਰਿਵਾਰ ਨੂੰ ਪਹਿਲਾਂ ਬਚਾਓ, ਜੇ ਜਾਨ ਹੈ ਤਾਂ ਜਹਾਨ ਹੈ ਅਤੇ ਕੰਮ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਲੋਕ ਸੁਚੇਤ ਹੋਣ
ਦੁਨੀਆ ਵਿਚ ਫੈਲ ਰਹੇ ਕੋਰੋਨਾ ਵਾਇਰਸ ਮਾਂਹਮਾਰੀ ਨਾਲ ਹੋ ਰਹੀਆਂ ਮੌਤਾਂ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੁਸ਼ਕਲ ਦੀ ਘੜੀ ਵਿਚ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਬਿਮਾਰੀ ਨਾਲ ਨਿਪਟਣ ਵਾਸਤੇ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਇਸ ਨੂੰ ਅਸਲੀ ਜਾਮਾ ਪਹਿਨਾਉਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਆਮ ਆਦਮੀ ਦੀ ਵੀ ਡਿਊਟੀ ਬਣਦੀ ਹੈ ਉਹ ਪ੍ਰਸ਼ਾਸਨ ਦਾ ਸਾਥ ਦੇਵੇ। ਰਾਜ ਸਰਕਾਰ ਜੋ ਨਿਰਦੇਸ਼ ਦੇ ਰਹੀ ਹੈ ਉਸ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰੇ। ਕਿਸੇ ਤਰ੍ਹਾਂ ਦੀ ਕੁਤਾਹੀ ਤੇ ਲਾਪ੍ਰਵਾਹੀ ਨਾ ਵਰਤੀ ਜਾਵੇ। ਸਾਫ਼-ਸਫਾਈ ਤੇ ਸਿਹਤ ਦੇ ਨਾਲ ਨਾਲ ਅਨੁਸ਼ਾਸਨ ਵਿਚ ਰਹਿ ਕੇ ਸਾਵਧਾਨੀਆਂ ਦੀ ਪਾਲਣਾ ਕਰੇ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਇਕ ਆਦਮੀ ਦੀ ਲਾਪ੍ਰਵਾਹੀ ਨਾਲ ਅਨੇਕਾਂ ਜਾਨਾਂ ਜਾ ਸਕਦੀਆਂ ਹਨ। ਜਿਸ ਤਰ੍ਹਾਂ ਕਈ ਮਰੀਜ਼ ਹਸਪਤਾਲ ਵਿਚੋਂ ਹੀ ਲਾਪਤਾ ਹੋ ਗਏ ਸਨ। ਅਫ਼ਵਾਹਾਂ ਤੋਂ ਬਚੋ। ਜਦੋਂ ਸਾਰੇ ਲੋਕ ਸਾਵਧਾਨ ਹੋ ਜਾਣਗੇ ਹੌਸਲਾ ਬਣਾਈ ਰੱਖਣਗੇ ਤੇ ਅਸਾਨੀ ਨਾਲ ਇਸ ਸੰਕਟ ਨੂੰ ਪਾਰ ਕਰ ਲਵੋਗੇ। ਪਰ ਇਸ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।


-ਗੁਰਮੀਤ ਸਿੰਘ ਵੇਰਕਾ


ਵਿਦੇਸ਼ਾਂ ਤੋਂ ਆਉਂਦੇ ਭਾਰਤੀ
ਇਨ੍ਹੀਂ ਦਿਨੀਂ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤੇ ਲੋਕ ਇਸ ਬਿਮਾਰੀ ਤੋ ਪੀੜਤ ਹੋ ਗਏ ਹਨ ਤੇ ਹਰੇਕ ਦੇਸ਼ ਦੀ ਸਰਕਾਰ ਆਪਣੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਨੁਕਤੇ ਦੱਸ ਰਹੀ ਹੈ। ਇਸ ਵਾਇਰਸ ਤੋਂ ਬਹੁਤ ਲੋਕ ਘਬਰਾਏ ਹੋਏ ਹਨ। ਪਰ ਇਸ ਵਾਇਰਸ ਤੋ ਘਬਰਾਉਣ ਦੀ ਥਾਂ ਇਸ ਤੋਂ ਸਾਵਧਾਨੀ ਵਰਤਣ ਦੀ ਲੋੜ ਹੈ। ਪਿਛਲੇ ਦਿਨੀਂ ਸਪੇਨ ਤੋਂ ਆਏ ਨੌਜਵਾਨਾਂ ਨੇ ਆਪਣੇ ਦੁੱਖੜੇ ਰੋਏ ਹਨ ਕਿ ਸਾਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਏਨੀ ਮਾੜੀ ਰਿਹਾਇਸ਼ ਤੇ ਰੱਖਿਆ ਹੋਇਆ ਹੈ ਤੇ ਉਨ੍ਹਾਂ ਨੌਜਵਾਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦਾ ਨਾ ਕੋਈ ਪਹਿਲਾਂ ਮੈਡੀਕਲ ਕਰਵਾਇਆ ਹੈ ਤੇ ਸਿੱਧਾ ਪ੍ਰਸ਼ਾਸਨ ਨੇ ਸਾਨੂੰ ਇਨ੍ਹਾਂ ਕਮਰਿਆਂ ਵਿਚ ਤਾੜ ਦਿੱਤਾ ਹੈ। ਵਿਦੇਸ਼ਾਂ ਤੋਂ ਆਉਂਦੇ ਭਾਰਤੀ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੂੰ ਵਧੀਆ ਰਿਹਾਇਸ਼ 'ਤੇ ਰੱਖਣਾ ਚਾਹੀਦਾ ਹੈ। ਤੇ ਉਨ੍ਹਾਂ ਦਾ ਮੈਡੀਕਲ ਸਹੀ ਹੋਣ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਭਾਰਤੀ ਨੌਜਵਾਨਾਂ ਪ੍ਰਤੀ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਆਪਣਾ ਰਵੱਈਆ ਬਦਲੇ।


-ਸੁਖਦੇਵ ਸਿੱਧੂ
ਕੁਸਲਾ ਤਹਿ: ਸਰਦੂਲਗੜ੍ਹ ਜ਼ਿਲ੍ਹਾ ਮਾਨਸਾ।


ਮਾਸੂਮ ਜਾਨਾਂ
ਆਏ ਦਿਨ ਸੜਕ ਹਾਦਸੇ ਵਿਚ ਕਿੰਨੀਆਂ ਮਾਸੂਮ ਜਾਨਾਂ ਚਲੀਆਂ ਜਾਂਦੀਆਂ ਹਨ। ਇਨ੍ਹਾਂ ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ ਹੈ। ਜ਼ਿਆਦਾਤਰ ਸੜਕ ਹਾਦਸੇ ਚਾਲਕਾਂ ਦੀ ਗਲਤੀ, ਟੁੱਟੀਆਂ ਸੜਕਾਂ, ਪਸ਼ੂਆਂ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਮੋਬਾਈਲ ਫੋਨ ਦੀ ਵਰਤੋਂ, ਅਣਜਾਣ ਬੰਦੇ ਦਾ ਡਰਾਈਵਿੰਗ ਕਰਨਾ ਕਰਕੇ ਵਾਪਰ ਰਹੇ ਹਨ। ਟਰਾਂਸਪੋਰਟ ਤੇ ਭਾਰੀ ਵਾਹਨ ਚਾਲਕਾਂ ਲਈ ਸਪੈਸ਼ਲ ਟ੍ਰੇਨਿੰਗ ਸਕੂਲ ਖੋਲ੍ਹਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਸੜਕ ਮਾਰਗਾਂ ਦਾ ਵਧੀਆ ਤਰੀਕੇ ਨਾਲ ਨਿਰਮਾਣ ਕਰਨਾ ਚਾਹੀਦਾ ਹੈ। ਜੋ ਵੀ ਗੱਡੀ ਚਲਾ ਰਿਹਾ ਹੋਵੇ ਉਸ ਨੂੰ ਆਵਾਜਾਈ ਦੇ ਨਿਯਮਾਂ ਦਾ ਪੂਰਾ ਪਤਾ ਹੋਵੇ। ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਬਿਲਕੁਲ ਵੀ ਵਰਤੋਂ ਨਾ ਕਰੇ। ਨਬਾਲਗ ਗੱਡੀ ਨਾ ਚਲਾਵੇ। ਜ਼ੈਬਰਾ ਕਰਾਸਿੰਗ ਤੇ ਵਾਹਨ ਹੌਲੀ ਚਲਾਓ। ਆਪਣੀ ਗੱਡੀ ਦਾ ਸਮੇਂ-ਸਮੇਂ 'ਤੇ ਜ਼ਰੂਰ ਚੈੱਕਅਪ ਕਰਵਾਓ ਕਿਉਂਕਿ ਜ਼ਿਆਦਾਤਰ ਹਾਦਸੇ ਟਾਇਰ ਫਟਣ ਕਾਰਨ ਵੀ ਹੁੰਦੇ ਹਨ। ਸ਼ਰਾਬ ਪੀ ਕੇ ਕਦੇ ਵੀ ਗੱਡੀ ਨਾ ਚਲਾਓ। ਹਮੇਸ਼ਾ ਆਪਣੀ ਲਾਈਨ ਵਿਚ ਰਹਿ ਕੇ ਗੱਡੀ ਚਲਾਓ। ਅਗਰ ਅਸੀਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਾਂਗੇ ਤਾਂ ਹਾਦਸੇ ਵੀ ਬਹੁਤ ਘੱਟ ਵਾਪਰਨਗੇ ਤੇ ਅਸੀਂ ਆਪਣੀ ਮੰਜ਼ਿਲ ਤੱਕ ਸਫਲਤਾ ਪੂਰਵਕ ਪੁੱਜ ਜਾਵਾਂਗੇ।


-ਸੰਜੀਵ ਸਿੰਘ ਸੈਣੀ,
ਮੁਹਾਲੀ


ਕੋਰੋਨਾ ਅਤੇ ਦਹਿਸ਼ਤ
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ, ਡਰ ਅਤੇ ਚਿੰਤਾ ਦੇ ਬੱਦਲ ਛਾਏ ਹੋਏ ਹਨ। ਹਰ ਇਨਸਾਨ ਭੈਅ-ਭੀਤ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਅਤੇ ਰੋਕ ਲਈ ਸਰਕਾਰਾਂ ਨੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਲਈ ਮਨਾਹੀ ਅਤੇ ਪੀੜਤ ਹੋਣ ਤੋਂ ਬਚਾਅ ਲਈ ਸੁਰੱਖਿਅਤ ਸਾਵਧਾਨੀਆਂ ਵਰਤਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਕੱਠ ਕਰਨ ਅਤੇ ਪਬਲਿਕ ਥਾਵਾਂ ਨੂੰ ਬੰਦ ਰੱਖਣ ਲਈ ਪ੍ਰਸ਼ਾਸਨ ਨੂੰ ਸਖ਼ਤ ਸਾਵਧਾਨੀਆਂ ਵਰਤਣ ਦੇ ਹੁਕਮ ਜਾਰੀ ਹੋ ਗਏ ਹਨ। ਭਾਵ ਜ਼ਿੰਦਗੀ 'ਚ ਖੜੋਤ ਜਿਹੀ ਆ ਗਈ ਹੈ। ਜਿੰਮ ਹਾਲ, ਵੱਡੇ-ਵੱਡੇ ਮਾਲ, ਬਾਜ਼ਾਰ, ਸਿਨੇਮਾ ਹਾਲ, ਬੱਸ ਅੱਡੇ, ਮੈਰਿਜ ਪੈਲੇਸ, ਰੇਲਵੇ ਸਟੇਸ਼ਨ, ਹਵਾਈ ਸੇਵਾਵਾਂ ਆਦਿ ਵਿਚ ਸੁੰਨ ਪਸਰੀ ਪਈ ਹੈ। ਬੇਸ਼ੱਕ ਕੋਰੋਨਾ ਵਾਇਰਸ ਕਾਰਨ ਜੀਵਨ 'ਚ ਉਥਲ-ਪੁਥਲ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਸਾਨੂੰ ਦ੍ਰਿੜ੍ਹ ਇਰਾਦਾ ਕਰਕੇ ਹੌਸਲੇ ਤੋਂ ਕੰਮ ਲੈਂਦਿਆਂ ਸੰਕੋਚ ਅਤੇ ਸਹਿਜਤਾ ਵਰਤਦਿਆਂ ਅਫ਼ਵਾਹਾਂ ਤੋਂ ਸੁਚੇਤ ਹੋਣ, ਸਾਵਧਾਨੀਆਂ ਨੂੰ ਅਮਲ 'ਚ ਲਿਆਉਣ ਲਈ ਯਤਨਸ਼ੀਲਤਾ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ। ਝੂਠੀਆਂ ਅਫ਼ਵਾਹਾਂ ਅਤੇ ਬੇਬੁਨਿਆਦ ਵਿਚਾਰਾਂ ਨੂੰ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਵੀ ਇਸ ਦੀ ਦਹਿਸ਼ਤ ਨੂੰ ਠੱਲ੍ਹ ਪਾਉਣ 'ਚ ਸਹਿਯੋਗ ਹੋਵੇਗਾ।


-ਇੰਜ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

20-03-2020

 ਪ੍ਰਾਈਵੇਟ ਬੈਂਕਾਂ ਤੇ ਆਰਥਿਕ ਮੰਦੀ

ਕੁਝ ਮਹੀਨੇ ਪਹਿਲਾਂ ਜਦੋਂ ਪੰਜਾਬ ਅਤੇ ਮਹਾਰਾਸ਼ਟਰ ਬੈਂਕ ਡੁੱਬਣ ਦੀ ਖ਼ਬਰ ਨਸ਼ਰ ਹੋਣ ਲੱਗੀ ਤਾਂ ਉਦੋਂ ਤੋਂ ਹੀ ਯੈੱਸ ਬੈਂਕ 'ਤੇ ਵੀ ਨਜ਼ਰਸਾਨੀ ਹੋਣ ਲੱਗ ਪਈ ਸੀ। ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਯੈੱਸ ਬੈਂਕ ਵਿਚੋਂ 3 ਅਪ੍ਰੈਲ ਤੱਕ ਪੈਸੇ ਕਢਵਾਉਣ ਦੀ ਸ਼ਰਤ 50 ਹਜ਼ਾਰ ਰੁਪਏ ਰੱਖ ਦਿੱਤੀ ਸੀ। 28 ਰਾਜਾਂ ਤੇ 9 ਕੇਂਦਰੀ ਰਾਜਾਂ ਵਿਚ ਉਦੋਂ ਤੋਂ ਹੀ ਗਾਹਕ ਲੰਮੀਆਂ ਲਾਈਨਾਂ ਲਗਾ ਕੇ ਭਵਿੱਖ ਪ੍ਰਤੀ ਮਾਯੂਸ ਸਨ।
ਪਾਈ-ਪਾਈ ਜੋੜ ਕੇ ਬੈਂਕਾਂ ਦੇ ਰੂਪ ਵਿਚ ਸਥਾਪਿਤ ਹੋਈਆਂ ਆਰਥਿਕ ਇਕਾਈਆਂ ਕਿਸ ਦੇ ਦਬਾਅ ਅਧੀਨ ਕੰਮ ਕਰਕੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਰਜ਼ੇ ਦੀ 'ਹਾਂ' ਕਰਦੀਆਂ ਹਨ। ਗ਼ਰੀਬ ਕਿਸਾਨ ਮਜ਼ਦੂਰ ਕੁਝ ਕੁ ਹਜ਼ਾਰ ਜਾਂ ਲੱਖ ਰੁਪਏ ਕਰਜ਼ ਲੈ ਕੇ ਨਾ ਮੋੜੇ ਤਾਂ ਬੈਂਕ ਪ੍ਰਸ਼ਾਸਨ ਘਰ ਕੁਰਕ ਕਰਵਾਉਣ ਤੱਕ ਜਾਂਦਾ ਹੈ ਪਰ ਇਨ੍ਹਾਂ ਸਿਆਸਤਦਾਨਾਂ ਦਾ ਕੋਈ ਕੀ ਵਿਗਾੜ ਲਵੇਗਾ। ਪੈਸਾ ਤਾਂ 'ਹਲਾਲ ਦੀ ਕਮਾਈ' ਜਨਤਾ ਦਾ ਡੁੱਬੇਗਾ। ਕੇਂਦਰ ਸਰਕਾਰ ਨੂੰ ਇਸ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਲੋਕ ਆਪਣਾ ਪੈਸਾ ਕਿੱਥੇ ਸੁਰੱਖਿਅਤ ਰੱਖਣ ਅਤੇ ਲੋੜ ਪੈਣ 'ਤੇ ਵਰਤਣ।

-ਮਾ: ਜਸਵੰਤ ਸਿੰਘ, ਭੱਟੀਵਾਲ, ਗੁਰਦਾਸਪੁਰ।

ਪੀੜਤ ਕਿਸਾਨਾਂ ਵੱਲ ਧਿਆਨ ਦੇਣ ਦੀ ਲੋੜ

ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਣਕ ਦੀ ਫ਼ਸਲ ਦਾ ਜੇਕਰ ਬਹੁਤਾ ਨੁਕਸਾਨ ਨਹੀਂ ਕੀਤਾ ਤਾਂ ਏਨਾ ਦਬਾਅ ਜ਼ਰੂਰ ਪਾਇਆ ਹੈ ਕਿ ਝਾੜ ਕਾਫੀ ਹੱਦ ਤੱਕ ਘੱਟ ਨਿਕਲੇਗਾ ਅਤੇ ਜਿਸ ਫ਼ਸਲ ਨੂੰ ਪਹਿਲਾਂ ਹੀ ਪਾਣੀ ਦਿੱਤਾ ਹੋਇਆ ਸੀ। ਉਹ ਤੇਜ਼ ਹਵਾ ਤੇ ਮੀਂਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਧਰਤੀ ਦੀ ਹਿੱਕ ਉੱਪਰ ਵਿਛ ਗਈ ਹੈ, ਜਿਸ ਕਾਰਨ ਫ਼ਸਲ ਦਾ ਝਾੜ ਘਟਣਾ ਲਾਜ਼ਮੀ ਹੈ ਅਤੇ ਇਸ ਕੁਦਰਤੀ ਹਮਲੇ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਲ ਸਰਵੇ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਪਹਿਲਾਂ ਹੀ ਕਮਜ਼ੋਰ ਆਰਥਿਕਤਾ 'ਚੋਂ ਗੁਜ਼ਰ ਰਹੇ ਕਿਸਾਨ ਨੂੰ ਹੋਰ ਪੀੜ ਨਾ ਝੱਲਣੀ ਪਵੇ। ਇਹ ਖ਼ਬਰਾਂ ਵੀ ਮਿਲੀਆਂ ਹਨ ਕਿ ਕੁਝ ਖੇਤਰਾਂ ਅੰਦਰ ਮਟਰ, ਆਲੂ ਅਤੇ ਕਣਕ ਦੀ ਫ਼ਸਲ ਦਾ ਤੇਜ਼ ਝੱਖੜ ਚੱਲਣ ਨਾਲ ਕਾਫੀ ਨੁਕਸਾਨ ਹੋਇਆ ਹੈ ਅਤੇ ਕਿਸਾਨੀ ਪਰਿਵਾਰ ਨਿਰਾਸ਼ਾ ਦੇ ਆਲਮ ਵਿਚ ਹਨ। ਇਸ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

-ਬੇਅੰਤ ਗਿੱਲ ਭਲੂਰ
ਨੌਜਵਾਨ ਸਾਹਿਤ ਸਭਾ, ਭਲੂਰ।

ਅਵਾਰਾ ਪਸ਼ੂਆਂ ਦੀ ਸਮੱਸਿਆ

ਪਿਛਲੇ ਸਮੇਂ ਤੋਂ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਪ੍ਰਤੀਦਿਨ ਗੰਭੀਰ ਹੁੰਦੀ ਜਾਂਦੀ ਹੈ। ਇਨ੍ਹਾਂ ਦੀ ਗਿਣਤੀ ਵੀ ਵਧਦੀ ਹੀ ਜਾਂਦੀ ਹੈ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਪਿਛਲੇ ਸਮੇਂ ਦੌਰਾਨ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਮਨੁੱਖੀ ਜਾਨੀ ਨੁਕਸਾਨ ਹੋਇਆ ਹੈ। ਇਹ ਅਵਾਰਾ ਪਸ਼ੂ ਵੱਡੀ ਗਿਣਤੀ ਵਿਚ ਸੜਕਾਂ, ਗਲੀਆਂ ਵਿਚ ਘੁੰਮਦੇ-ਫਿਰਦੇ ਰਹਿੰਦੇ ਹਨ ਅਤੇ ਖੇਤਾਂ ਵਿਚ ਫ਼ਸਲਾਂ ਦਾ ਉਜਾੜਾ ਕਰਦੇ ਹਨ, ਜੋ ਕਿ ਕਿਸਾਨਾਂ ਅਤੇ ਆਮ ਲੋਕਾਂ ਲਈ ਇਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਆਏ ਦਿਨ ਅਖ਼ਬਾਰਾਂ ਵਿਚ ਅਸੀਂ ਪੜ੍ਹਦੇ ਰਹਿੰਦੇ ਹਾਂ ਕਿ ਇਕ ਢੱਠੇ ਨੇ ਖੇਤਾਂ ਵਿਚ ਇਕ ਕਿਸਾਨ ਨੂੰ ਟੱਕਰ ਮਾਰ ਕੇ ਜਾਨੋਂ ਮਾਰ ਦਿੱਤਾ। ਇਕ ਜਗ੍ਹਾ 'ਤੇ ਤਾਂ ਸ਼ਰ੍ਹੇਆਮ ਭਰੇ ਬਾਜ਼ਾਰ ਵਿਚ ਇਕ ਵਿਅਕਤੀ ਨੂੰ ਸਿੰਗਾਂ ਉੱਪਰ ਚੁੱਕ ਕੇ ਮਾਰ ਦਿੱਤਾ। ਇਹ ਬਹੁਤ ਹੀ ਦਰਦਨਾਕ ਘਟਨਾ ਸੀ।
ਲੋਕਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਰੂਪ ਵਿਚ ਸ਼ਿਕਾਇਤ ਵੀ ਕੀਤੀ ਹੈ ਕਿ ਬਿਜਲੀ ਦੇ ਬਿੱਲਾਂ 'ਤੇ ਕਾਉ ਸੈੱਸ ਲਾ ਕੇ ਭੇਜਿਆ ਜਾ ਰਿਹਾ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਵਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ। ਸ਼ਹਿਰਾਂ ਵਿਚ ਕਈ ਥਾਂ 'ਤੇ ਕੂੜੇ ਦੇ ਢੇਰਾਂ ਵਿਚੋਂ ਇਹ ਅਵਾਰਾ ਪਸ਼ੂ ਇਕੱਠ ਦੇ ਰੂਪ ਵਿਚ ਖਾਣ ਲਈ ਇਕੱਠੇ ਹੋ ਜਾਂਦੇ ਹਨ ਅਤੇ ਸਾਰਾ ਕੂੜਾ ਖਿਲਾਰ ਦਿੰਦੇ ਹਨ, ਜਿਸ ਨਾਲ ਗੰਦਗੀ ਹੋਰ ਵੀ ਫੈਲ ਜਾਂਦੀ ਹੈ।
ਪਾਰਕਾਂ ਵਿਚ ਇਹ ਅਵਾਰਾ ਪਸ਼ੂ ਮੌਕਾ ਮਿਲਦੇ ਅੰਦਰ ਵੜ ਜਾਂਦੇ ਹਨ ਅਤੇ ਹਰੇ-ਭਰੇ ਬੂਟਿਆਂ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸਰਕਾਰਾਂ ਨੂੰ ਵੱਡੇ ਪੱਧਰ 'ਤੇ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਰੁਕ ਸਕੇ ਅਤੇ ਇਨ੍ਹਾਂ ਅਵਾਰਾ ਪਸ਼ੂਆਂ ਦੁਆਰਾ ਹੁੰਦੇ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਨਾ ਹੋਣ। ਇਸ ਸਮੱਸਿਆ ਲਈ ਪ੍ਰਸ਼ਾਸਨ ਨੂੰ ਵੱਡੇ ਪੱਧਰ 'ਤੇ ਕਦਮ ਚੁੱਕਣੇ ਚਾਹੀਦੇ ਹਨ।

-ਗੁਰਦੀਪ ਸਿੰਘ ਖਹਿਰਾ
|ਕੰਪਿਊਟਰ ਅਧਿਆਪਕ
ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਧੂਰੀ (ਸੰਗਰੂਰ)।

ਸ਼ਰਧਾਂਜਲੀ ਸਮਾਗਮ ਜਾਂ ਲੋਕ ਦਿਖਾਵਾ

ਅੱਜਕਲ੍ਹ ਖ਼ਾਸ ਕਰ ਜਦ ਕਿਸੇ ਵੱਡੀ ਉਮਰ ਦੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਭੋਗ ਸਮੇਂ ਆਉਣ ਸਾਰ ਚਾਹ ਨਾਲ ਕਈ ਕਿਸਮ ਦੇ ਪਕੌੜੇ ਅਤੇ ਮਠਿਆਈਆਂ ਪਰੋਸੀਆਂ ਜਾਂਦੀਆਂ ਹਨ। ਲਗਪਗ ਡੇਢ ਕੁ ਘੰਟੇ ਦੇ ਵਕਫ਼ੇ ਮਗਰੋਂ ਖਾਣਾ ਲਗਾ ਦਿੱਤਾ ਜਾਂਦਾ ਹੈ ਜਿਸ ਵਿਚ ਵੀ ਅਨੇਕ ਤਰ੍ਹਾਂ ਦੇ ਪਕਵਾਨ ਸ਼ਾਮਿਲ ਹੁੰਦੇ ਹਨ। ਏਨੇ ਥੋੜ੍ਹੇ ਸਮੇਂ ਵਿਚ ਕੋਈ ਕਿੰਨਾ ਕੁ ਖਾ ਸਕਦਾ ਹੈ? ਜੋ ਕਿ ਜ਼ਿਆਦਾਤਰ ਅਜਾਈਂ ਹੀ ਜਾਂਦਾ ਹੈ, ਜਿਸ ਕਾਰਨ ਇਸ ਦਿਖਾਵੇ 'ਚ ਜਿਥੇ ਪਰਿਵਾਰ ਦੀ ਆਰਥਿਕਤਾ 'ਤੇ ਅਸਰ ਪੈਂਦਾ ਹੈ, ਉਥੇ ਅੰਨ ਦੀ ਵੀ ਬੇਕਦਰੀ ਹੁੰਦੀ ਹੈ। ਦੂਸਰਾ ਸ਼ਰਧਾਂਜਲੀ ਭੇਟ ਕਰਨ ਲਈ ਪੰਜ-ਸੱਤ ਬੁਲਾਰਿਆਂ ਨੂੰ ਬੁਲਾਇਆ ਜਾਂਦਾ ਹੈ ਜੋ ਜ਼ਿਆਦਾਤਰ ਇਕੋ ਜਿਹੀਆਂ ਗੱਲਾਂ ਦੀ ਦੁਹਰਾਈ ਕਰਦੇ ਹਨ, ਜਿਸ ਕਾਰਨ ਲੋਕਾਂ ਵਿਚ ਅਕੇਵਾਂ ਮਹਿਸੂਸ ਹੋਣ ਲਗਦਾ ਹੈ। ਸੋ, ਅਜਿਹੇ ਲੋਕ ਦਿਖਾਵਿਆਂ ਤੋਂ ਉੱਪਰ ਉੱਠ ਕੇ ਸਾਦਾ ਭੋਜਨ ਪਰੋਸਿਆ ਜਾਵੇ। ਬੁਲਾਰੇ ਦੇ ਤੌਰ 'ਤੇ ਸਿਰਫ ਇਕ ਵਿਅਕਤੀ ਹੀ ਸਬੰਧਿਤ ਵਿਅਕਤੀ ਦੇ ਜੀਵਨ 'ਤੇ ਚਾਨਣਾ ਪਾਵੇ। ਉਸ ਵਿਅਕਤੀ ਦੇ ਚੰਗੇ ਗੁਣਾਂ ਨੂੰ ਜ਼ਿੰਦਗੀ 'ਚ ਅਪਣਾਉਣਾ ਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

-ਇੰਜੀ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਮੌਸਮ ਅਤੇ ਕਿਸਾਨ

ਬੀਤੇ ਦਿਨੀਂ ਪੰਜਾਬ ਦੇ ਕੁਝ ਇਲਾਕਿਆਂ 'ਚ ਪਏ ਮੀਂਹ, ਗੜੇ ਅਤੇ ਤੇਜ਼ ਰਫ਼ਤਾਰ ਹਵਾਵਾਂ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਕਣਕ ਦੀ ਫ਼ਸਲ ਚਾਦਰ ਵਾਂਗ ਧਰਤੀ 'ਤੇ ਵਿਛ ਗਈ ਹੈ। ਧਰਤੀ 'ਤੇ ਡਿਗਣ ਨਾਲ ਕਣਕ ਦਾ ਬੀਜ ਪੂਰਾ ਨਾ ਬਣਨ ਕਰਕੇ ਝਾੜ ਪੂਰਾ ਨਹੀਂ ਨਿਕਲਦਾ। ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫਿਰ ਗਿਆ ਹੈ. ਦੇਸ਼ ਦੀ ਕਿਸਾਨੀ ਪਹਿਲਾਂ ਹੀ ਮਹਿੰਗਾਈ ਦੇ ਦੁਖਦਾਈ ਅਤੇ ਮੰਦਹਾਲੀ ਦੌਰ 'ਚੋਂ ਗੁਜ਼ਰ ਰਹੀ ਹੈ ਅਤੇ ਮੰਦਹਾਲੀ ਕਾਰਨ ਆਤਮ-ਹੱਤਿਆ ਦੀ ਘਿਨਾਉਣੀ ਚੱਕੀ 'ਚ ਪਿਸ ਰਹੀ ਹੈ।
ਕੁਦਰਤੀ ਦੇ ਕਹਿਰ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਅਤੇ ਸਰਕਾਰੀ ਏਜੰਸੀਆਂ ਨੂੰ ਈਮਾਨਦਾਰੀ ਨਾਲ ਅਸਲ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਤਜਵੀਜ਼ ਲਿਆਉਣੀ ਚਾਹੀਦੀ ਹੈ। ਅਜਿਹੇ ਮਾਮਲਿਆਂ 'ਚ ਸਿਆਸੀ ਦਖ਼ਲਅੰਦਾਜ਼ੀ ਤੋਂ ਸੰਕੋਚ ਅਤੇ ਪ੍ਰਹੇਜ਼ ਅਤਿ ਜ਼ਰੂਰੀ ਹੈ। ਮਤੇ ਅਸਲੀ ਪੀੜਤ ਸਿਫ਼ਾਰਸ਼ ਦੀ ਅਣਹੋਂਦ ਕਾਰਨ ਵਾਂਝੇ ਨਾ ਰਹਿ ਸਕਣ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

19-03-2020

 ਕੋਰੋਨਾ ਵਾਇਰਸ : ਅਫ਼ਵਾਹਾਂ ਤੋਂ ਬਚਣ ਅਤੇ ਜਾਗਰੂਕ ਹੋਣ ਦੀ ਲੋੜ
ਚੀਨ ਦੇ ਸ਼ਹਿਰ ਵੁਹਾਨ ਵਿਚ ਦਸੰਬਰ 2019 ਵਿਚ ਸਭ ਤੋਂ ਪਹਿਲਾਂ ਸਾਰਸ (ਸਵਿਅਰ ਅਕਿਊਟ ਰੈਸਪਿਰੇਟਰੀ ਸਿੰਡ੍ਰਾਮ) ਜਿਹੇ ਰਹੱਸਮਈ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਵਾਇਰਸ ਨੂੰ ਹੁਣ ਸੀਓਵੀਆਈਡੀ-19 ਦਾ ਨਾਂਅ ਦਿੱਤਾ ਗਿਆ ਹੈ। ਚੀਨ ਤੋਂ ਬਾਅਦ ਇਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਪੈਰ ਪਸਾਰ ਰਿਹਾ ਹੈ। ਖ਼ਤਰਾ ਇਸ ਗੱਲ ਦਾ ਹੈ ਕਿ ਇਹ ਬੜੀ ਤੇਜ਼ੀ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਕੌਮਾਂਤਰੀ ਮਹਾਂਮਾਰੀ ਐਲਾਨ ਦਿੱਤਾ ਹੈ। ਕੋਰੋਨਾ ਵਾਇਰਸ ਨੇ ਮਨੁੱਖੀ ਜਨਜੀਵਨ 'ਤੇ ਬਹੁਤ ਬੁਰਾ ਅਸਰ ਪਾਇਆ ਹੈ। ਚੀਨ ਸਮੇਤ ਦੁਨੀਆ ਭਰ ਦੀ ਆਰਥਿਕਤਾ ਅਤੇ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਆ ਰਹੀ ਹੈ। ਖੇਡ ਸਮਾਗਮਾਂ, ਹਵਾਈ ਯਾਤਰਾ, ਇਕੱਠ ਤੇ ਮੇਲਿਆਂ ਵਿਚ ਰੁਕਾਵਟ ਆ ਗਈ ਹੈ। ਇਹ ਰੋਗ ਮਰੀਜ਼ ਦੇ ਸੰਪਰਕ ਵਿਚ ਆਉਣ, ਛੂਹਣ, ਹੱਥ ਮਿਲਾਉਣ ਜਾਂ ਬਿਨਾਂ ਮੂੰਹ ਢਕੇ ਖੰਘਣ, ਛਿਕਣ ਨਾਲ ਤੰਦਰੁਸਤ ਮਨੁੱਖ ਨੂੰ ਹੋ ਸਕਦਾ ਹੈ। ਸਾਹ ਸਬੰਧੀ ਦੂਜੀਆਂ ਬਿਮਾਰੀਆਂ ਵਾਂਗ ਬੁਖਾਰ, ਖੰਘ ਤੇ ਸਾਹ ਲੈਣ ਵਿਚ ਦਿੱਕਤ ਇਸ ਵਾਇਰਸ ਦੇ ਲੱਛਣ ਹਨ। ਸਾਨੂੰ ਇਸ ਦੇ ਬਚਾਅ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣਾ ਚਾਹੀਦਾ ਹੈ ਅਤੇ ਖਾਣ-ਪੀਣ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੱਥਾਂ ਨੂੰ ਚੰਗੀ ਤਰ੍ਹਾਂ ਵਾਰ-ਵਾਰ ਸਾਬਣ ਅਤੇ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ। ਜ਼ੁਕਾਮ ਜਾਂ ਖਾਸੀ ਸਮੇਂ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਬੈਕਟੀਰੀਆ ਅੰਦਰ ਨਾ ਜਾਣ। ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਕਰ ਲਈਆਂ ਹਨ ਪਰ ਆਮ ਲੋਕਾਂ ਨੂੰ ਵੀ ਇਸ ਨਾਲ ਨਜਿੱਠਣ ਵਾਸਤੇ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।


-ਚਾਨਣ ਦੀਪ ਸਿੰਘ
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮਾਨਸਾ।


ਬਜ਼ੁਰਗਾਂ ਨੂੰ ਵੀ ਸਮਾਂ ਦੇਵੋ
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਾਂ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਾਂ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ-ਦਿਨ ਘਰ ਵਿਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ। ਬਜ਼ੁਰਗਾਂ ਦੀ ਟੋਕਾ-ਟਾਕੀ ਬੱਚਿਆਂ ਨੂੰ ਪਸੰਦ ਨਹੀਂ। ਕਈ ਬੱਚਿਆਂ ਨੇ ਤਾਂ ਮਾਂ-ਬਾਪ ਬਿਰਧ ਆਸ਼ਰਮ 'ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਰਹਿੰਦੇ ਹਨ।
ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ਜੇ ਘਰ ਦੇ ਬਜ਼ੁਰਗ ਦੁਖੀ ਹਨ, ਕੋਈ ਫਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ। ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ ਪਰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈ। ਬਜ਼ੁਰਗ ਘਰ ਨੂੰ ਸੰਵਾਰਦੇ ਹੀ ਹਨ। ਕੋਈ ਵਿਗਾੜਦੇ ਥੋੜ੍ਹੀ ਹਨ। ਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਨੁਕਸਾਨ ਨਾ ਹੋਵੇ। ਸਮਾਂ ਕਿਹੋ ਜਿਹਾ ਆ ਗਿਆ ਹੈ, ਬਜ਼ੁਰਗਾਂ ਨੂੰ ਘਰ ਵਿਚ ਰਹਿਣ ਲਈ ਜਗ੍ਹਾ ਨਹੀਂ ਹੈ। ਨੂੰਹ-ਪੁੱਤ ਨੂੰ ਚਾਹੀਦਾ ਹੈ ਕਿ ਘਰ ਵਿਚ ਬਜ਼ੁਰਗਾਂ ਨੂੰ ਸਮਾਂ ਦੇਣ। ਇਕ ਦਿਨ ਹਰੇਕ ਨੇ ਬਜ਼ੁਰਗ ਬਣਨਾ ਹੈ, ਕਿਉਂਕਿ ਸਮਾਂ ਤਾਂ ਉਨ੍ਹਾਂ 'ਤੇ ਵੀ ਆਉਣਾ ਹੈ। ਜਿਹੋ-ਜਿਹਾ ਵਰਤਾਅ ਅਸੀਂ ਆਪਣੇ ਮਾਂ-ਬਾਪ ਨਾਲ ਕਰਾਂਗੇ, ਕੱਲ੍ਹ ਨੂੰ ਸਾਡੀ ਔਲਾਦ ਸਾਡੇ ਨਾਲ ਵੀ ਉਸੇ ਤਰ੍ਹਾਂ ਦਾ ਵਰਤਾਅ ਕਰੇਗੀ। ਕਹਿੰਦੇ ਹਨ ਪਰਮਾਤਮਾ ਹਰ ਜਗ੍ਹਾ ਨਹੀਂ ਜਾ ਸਕਦਾ। ਇਸ ਲਈ ਬਜ਼ੁਰਗਾਂ ਦਾ ਸਤਿਕਾਰ ਕਰੀਏ ਇਨ੍ਹਾਂ ਦੀ ਕਦਰ ਕਰੀਏ।


-ਇੰਜੀ: ਸੰਜੀਵ ਸਿੰਘ ਸੈਣੀ, ਮੁਹਾਲੀ।


ਕੋਰੋਨਾ ਵਾਇਰਸ ਦੀ ਦਹਿਸ਼ਤ
ਪਿਛਲੇ ਕੁਝ ਸਮੇਂ ਤੋਂ ਸਾਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਦਹਿਸ਼ਤ ਫੈਲਾਈ ਹੋਈ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਵਾਇਰਸ ਤੋਂ ਬਚਾਅ ਲਈ ਦਵਾਈ ਦੀ ਖੋਜ ਵਿਚ ਜੁਟ ਗਏ ਹਨ।
ਸਾਡੇ ਦੇਸ਼ ਦੇ ਲੋਕ ਇਸ ਵਾਇਰਸ ਤੋਂ ਬਹੁਤ ਡਰੇ ਹੋਏ ਹਨ। ਕਿਸੇ ਵੀ ਬਿਮਾਰੀ ਤੋਂ ਬਚਾਅ ਲਈ ਸਾਵਧਾਨੀ ਵਰਤਣੀ ਅਤੇ ਸਰੀਰ ਦੀ ਸਫ਼ਾਈ ਰੱਖਣੀ ਬੇਸ਼ੱਕ ਜ਼ਰੂਰੀ ਹੈ ਪਰ ਇਸ ਤਰ੍ਹਾਂ ਜ਼ਿਆਦਾ ਭੈਭੀਤ ਹੋਣ ਦੀ ਵੀ ਲੋੜ ਨਹੀਂ। ਸੋਸ਼ਲ ਮੀਡੀਆ ਦਾ ਦੁਰਉਪਯੋਗ ਕਰਕੇ ਕਈ ਗ਼ੈਰ-ਜ਼ਿੰਮੇਵਾਰ ਲੋਕ ਗ਼ਲਤ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਅ ਕੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ ਤੇ ਕਈ ਲੋਕ ਇਨ੍ਹਾਂ ਅਫ਼ਵਾਹਾਂ 'ਤੇ ਯਕੀਨ ਕਰਕੇ ਕਈ ਤਰ੍ਹਾਂ ਦੇ ਖਾਣ-ਪੀਣ ਤੋਂ ਦੂਰੀ ਬਣਾ ਰਹੇ ਹਨ, ਜੋ ਕਿ ਬਿਲਕੁਲ ਵੀ ਠੀਕ ਨਹੀਂ।


-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।


ਪੰਜਾਬੀ ਜਾਗ੍ਰਿਤੀ ਮਾਰਚ
ਪਿਛਲੇ ਦਿਨੀਂ ਜਲੰਧਰ ਵਿਖੇ ਪੰਜਾਬ ਜਾਗ੍ਰਿਤੀ ਮੰਚ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਹੰਸ ਰਾਜ ਮਹਿਲਾ ਮਹਾਂਵਿਦਿਆਲਾ ਅਤੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਵੱਖ-ਵੱਖ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਤੇ ਪੰਜਾਬੀ ਪ੍ਰੇਮੀਆਂ ਦੇ ਸਹਿਯੋਗ ਨਾਲ 10ਵਾਂ ਜਾਗ੍ਰਿਤੀ ਮਾਰਚ 'ਅਜੀਤ' ਪ੍ਰਕਾਸ਼ਨ ਸਮੂਹ ਦੀ ਅਗਵਾਈ ਹੇਠ ਕੱਢਿਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਪੰਜਾਬੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ ਦੁਪਹਿਰ ਸਮੇਂ ਦੇਸ਼ ਭਗਤ ਯਾਦਗਾਰ ਵਿਖੇ ਪੁੱਜਾ, ਜਿਥੇ ਪੰਜਾਬੀ ਦੇ ਪ੍ਰਸਿੱਧ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਮਾਂ-ਬੋਲੀ ਪੰਜਾਬੀ ਨਾਲ ਜੁੜਨ ਦਾ ਸੱਦਾ ਦਿੱਤਾ। ਪਾਕਿਸਤਾਨ ਨਾਲ ਅਮਨ ਤੇ ਦੋਸਤੀ ਲਈ ਪੰਜਾਬ ਜਾਗ੍ਰਿਤੀ ਮੰਚ ਵਲੋਂ ਹਰ ਸਾਲ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਦਾ ਉਪਰਾਲਾ ਵੀ ਸ਼ਲਾਘਾਯੋਗ ਹੈ।


-ਪਰਮਿੰਦਰ ਕੌਰ ਸ਼ਾਂਤੀ ਕੈਂਥ
ਰਾਏਕੋਟ (ਲੁਧਿਆਣਾ)।

18-03-2020

 ਖੂੰਖਾਰ ਪਿੱਟਬੁੱਲ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਮੈਡਮ ਸਰਵਿੰਦਰ ਕੌਰ ਜਲੰਧਰ ਦਾ ਅਤਿ ਮਹੱਤਵਪੂਰਨ ਲੇਖ 'ਬੇਜ਼ੁਬਾਨਾਂ ਦੀ ਜ਼ੁਬਾਨੀ...' ਪੜ੍ਹਿਆ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸੀ। ਲੇਖਿਕਾ ਨੇ ਬੜੇ ਅਹਿਮ ਮੁੱਦੇ ਉਠਾਏ ਹਨ ਅਤੇ ਪਾਠਕਾਂ ਨੂੰ ਦੱਸਿਆ ਹੈ ਕਿ ਕੁੱਤਿਆਂ ਨੂੰ ਪਿੰਜਰੇ ਵਿਚ ਰੱਖਣਾ ਜਾਂ ਫਿਰ ਹੱਡ ਭੰਨਵੀਂ ਠੰਢ ਵਿਚ ਅਤੇ ਝੁਲਸਦੀ ਗਰਮੀ ਵਿਚ ਸੰਗਲੀ ਨਾਲ ਬੰਨ੍ਹੀ ਰੱਖਣਾ ਹੀ ਇਨ੍ਹਾਂ ਦੇ ਖੂੰਖਾਰ ਹੋਣ ਦਾ ਮੁੱਖ ਕਾਰਨ ਹੈ। ਕੀ ਸਭ ਤੋਂ ਵਫ਼ਾਦਾਰ ਮੰਨੇ ਗਏ, ਇਸ ਪਾਲਤੂ ਜਾਨਵਰ ਨੂੰ ਪਿਆਰ ਭਰੀ ਪੁਚਕਾਰ ਨਹੀਂ ਚਾਹੀਦੀ? ਕਿਹਾ ਜਾਂਦਾ ਹੈ ਕਿ ਪਿਆਰ ਨਾਲ ਤਾਂ ਪਿਟਬੁੱਲ ਵਰਗੇ ਕੁੱਤਿਆਂ ਦੀ ਖੂੰਖਾਰ ਨਸਲ ਵੀ ਆਪਣਾ ਖ਼ਤਰਨਾਕ ਰੂਪ ਤਿਆਗ ਦਿੰਦੀ ਹੈ। ਕੀ ਅਸੀਂ ਇਨ੍ਹਾਂ ਨੂੰ ਖੂੰਖਾਰ ਬਣਾਉਣ ਦੇ ਜ਼ਿੰਮੇਵਾਰ ਨਹੀਂ ਹਾਂ? ਕਿਉਂ ਅਸੀਂ ਇਨ੍ਹਾਂ ਦੇ ਕੰਨਾਂ ਨੂੰ ਕੁਤਰਦੇ ਹਾਂ, ਪੂਛਾਂ ਨੂੰ ਕੱਟਦੇ ਹਾਂ। ਰੱਬ ਦੇ ਰਚੇ ਇਸ ਸੁੰਦਰ ਸੰਸਾਰ ਵਿਚ ਉਸ ਦੇ ਬਣਾਏ ਭਾਂਤ-ਭਾਂਤ ਦੇ ਬੇਅੰਤ ਦਿਲਚਸਪ ਜੀਵ ਹਨ। ਇਨ੍ਹਾਂ ਬੇਜ਼ੁਬਾਨ ਜੀਵਾਂ ਨੂੰ ਮਨੁੱਖਾਂ ਵਾਂਗ ਧਨ ਦੌਲਤ ਜਾਂ ਸ਼ੁਹਰਤ ਦੀ ਲਾਲਸਾ ਨਹੀਂ, ਇਨ੍ਹਾਂ ਨੂੰ ਤਾਂ ਬਸ ਪਿਆਰ ਦੀ ਹੀ ਭੁੱਖ ਹੈ।


-ਪਰਮਿੰਦਰ ਕੌਰ ਸ਼ਾਂਤੀ ਕੈਂਥ
ਰਾਏਕੋਟ (ਲੁਧਿਆਣਾ)।


ਬੱਚਿਆਂ ਨੂੰ ਬਣਾਉ ਚੰਗੇ ਇਨਸਾਨ
ਬੱਚਾ ਜਿਹੋ ਜਿਹੇ ਮਾਹੌਲ ਵਿਚ ਰਹਿੰਦਾ ਹੈ ਉਹੋ ਜਿਹਾ ਉਸ ਦਾ ਸੁਭਾਅ ਬਣ ਜਾਂਦਾ ਹੈ। ਜੇਕਰ ਘਰ ਦੇ ਮੈਂਬਰ ਇਕ-ਦੂਜੇ ਨਾਲ ਸਲੀਕੇ ਨਾਲ ਗੱਲਬਾਤ ਕਰਦੇ ਹਨ ਮਿਲ-ਜੁਲ ਕੇ ਰਹਿੰਦੇ ਹਨ ਅਤੇ ਸੱਭਿਅਕ ਸ਼ਬਦਾਂ ਦੀ ਵਰਤੋਂ ਕਰਦੇ ਹਨ ਤਾਂ ਬੱਚਾ ਵੀ ਉਸੇ ਪ੍ਰਕਾਰ ਦੇ ਸੱਭਿਅਕ ਸ਼ਬਦਾਂ ਦਾ ਪ੍ਰਯੋਗ ਕਰਨਾ ਸਿੱਖ ਜਾਂਦਾ ਹੈ। ਇਸ ਦੇ ਉਲਟ ਜਿਸ ਘਰ ਪਰਿਵਾਰ ਵਿਚ ਇਕ-ਦੂਜੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਘਰ ਦਾ ਬੱਚਾ ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰਨ ਲੱਗ ਜਾਂਦਾ ਹੈ। ਜ਼ਿਆਦਾਤਰ ਮਾਪਿਆਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਚੰਗੇ ਇਨਸਾਨ ਬਣਨ ਅਤੇ ਉਨ੍ਹਾਂ ਦੀ ਭਾਸ਼ਾ ਐਸੀ ਹੋਵੇ ਕਿ ਹਰ ਇਕ ਇਨਸਾਨ ਉਨ੍ਹਾਂ ਤੋਂ ਪ੍ਰਭਾਵਿਤ ਹੋਵੇ ਪਰ ਕਈ ਵਾਰ ਮਾਤਾ ਪਿਤਾ ਘਰ ਵਿਚ ਰਹਿ ਰਹੇ ਬੱਚੇ ਦੇ ਦਾਦਾ ਦਾਦੀ ਪ੍ਰਤੀ ਮਾੜਾ ਵਿਵਹਾਰ ਕਰਦੇ ਹਨ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਅਜਿਹਾ ਕਰਕੇ ਮਾਤਾ ਪਿਤਾ ਜਾਣੇ ਅਣਜਾਣੇ ਵਿਚ ਆਪਣੇ ਬੱਚਿਆਂ ਨੂੰ ਗ਼ਲਤ ਰਸਤੇ 'ਤੇ ਪਾ ਰਹੇ ਹਨ। ਅੱਜਕਲ੍ਹ ਦੇ ਭੱਜ ਦੌੜ ਦੇ ਸਮੇਂ ਵਿਚ ਮਾਤਾ ਪਿਤਾ ਦੋਵੇਂ ਹੀ ਨੌਕਰੀਸ਼ੁਦਾ ਹਨ ਜਿਸ ਕਾਰਨ ਬੱਚੇ ਘਰ ਵਿਚ ਇਕੱਲੇ ਰਹਿ ਜਾਂਦੇ ਹਨ ਅਤੇ ਕਈ ਵਾਰ ਇਕੱਲਤਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਇਕੱਲਤਾ ਤੋਂ ਬਚਣ ਲਈ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦੇ ਹਨ ਇਸ ਲਈ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਸਮਾਂ ਜ਼ਰੂਰ ਕੱਢਣ। ਇਸ ਪ੍ਰਕਾਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਮਾਤਾ ਪਿਤਾ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ।


-ਪ੍ਰਿੰਸ ਅਰੋੜਾ, ਮਲੌਦ ਲੁਧਿਆਣਾ।


ਅਧਿਆਪਕਾਂ ਦੀ ਕੁੱਟਮਾਰ
ਜਦੋਂ ਵੀ ਸਿਆਸੀ ਪਾਰਟੀਆਂ ਸੱਤਾ ਦੀ ਕੁਰਸੀ ਲੈਣ ਲਈ ਚੋਣਾਂ ਲੜਦੀਆਂ ਹਨ ਤਾਂ ਪਤਾ ਨਹੀਂ ਕਿੰਨੇ ਕੁ ਵਾਅਦੇ ਕੀਤੇ ਜਾਂਦੇ ਹਨ। ਸਭ ਨੂੰ ਹੀ ਖੁਸ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਜਦੋਂ ਸੱਤਾ ਦੀ ਕੁਰਸੀ ਹੇਠ ਆਉਂਦੀ ਹੈ ਤਾਂ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰਨ ਵਾਲੇ ਨੇਤਾ ਯਕਦਮ ਬਦਲ ਜਾਂਦੇ ਹਨ। ਅੱਜ ਇਹੀ ਕੁਝ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਹੈ। ਲੋਕ ਹੱਕੀਂ ਮੰਗਾਂ ਲਈ ਲੜਦੇ ਹਨ ਪਰ ਉਨ੍ਹਾਂ ਨੂੰ ਬੁਰੇ ਤਰੀਕੇ ਨਾਲ ਕੁੱਟ-ਕੁੱਟ ਕੇ ਹੱਕਾਂ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ। ਤਾਜ਼ੀ ਘਟਨਾ ਪਟਿਆਲੇ ਵਿਚ ਵਾਪਰੀ ਹੈ। ਸਭ ਦੇ ਲੂੰ-ਕੰਡੇ ਖੜ੍ਹੇ ਹੋ ਗਏ ਜਦੋਂ ਭਵਿੱਖ ਦੇ ਨਿਰਮਾਤਾ ਸਾਡੇ ਮਾਸਟਰਾਂ ਨੂੰ ਡੰਗਰਾਂ ਤੋਂ ਵੀ ਭੈੜੀ ਹਾਲਤ ਨਾਲ ਕੁੱਟਿਆ। ਨੌਜਵਾਨ ਨਹਿਰਾਂ ਵਿਚ ਛਾਲਾਂ ਮਾਰਨ ਲਈ ਮਜਬੂਰ ਕਰ ਦਿੱਤੇ। ਹੋਰ ਤਾਂ ਹੋਰ ਔਰਤ ਦਿਵਸ 'ਤੇ ਔਰਤਾਂ ਦੀ ਕੁੱਟਮਾਰ ਕਰ ਇਹ ਕਿਹੜਾ ਸਨਮਾਨ ਕੀਤਾ ਜਾ ਰਿਹਾ ਹੈ। ਉਹ ਸਿਰਫ ਹੱਕੀ ਮੰਗਾਂ ਲਈ ਰੋਸ ਮਾਰਚ ਕਰ ਰਹੇ ਸਨ। ਬਿਨਾਂ ਕਿਸੇ ਸਮਝ ਖਾਕੀ ਵਰਦੀ ਨੇ ਇਹ ਕੁੱਟੇ ਜਿਵੇਂ ਕੋਈ ਉਹ ਬਹੁਤ ਵੱਡਾ ਗੁਨਾਹ ਕਰ ਰਹੇ ਹੋਣ। ਉਪਰੋਂ ਏਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਚੁੱਪ ਹੈ, ਲੋਕ ਕਿਧਰ ਜਾਣ ਜਾਂ ਬਸ ਕੁੱਟ ਹੀ ਖਾਣ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਪੰਜਾਬੀਅਤ ਦੀ ਮਜ਼ਬੂਤ ਭਾਵਨਾ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ 'ਪੰਜਾਬੀਅਤ ਦੀ ਮਜ਼ਬੂਤ ਭਾਵਨਾ ਦਾ ਪ੍ਰਗਟਾਵਾ' ਡਾ: ਹਮਦਰਦ ਸਾਹਿਬ ਦੀ ਸੰਤੁਲਿਤ ਲੇਖਣੀ ਦਾ ਖੂਬਸੂਰਤ ਸੰਤੁਲਿਤ ਪ੍ਰਮਾਣ ਹੈ। ਪੰਜਾਬੀ ਮਾਂ-ਬੋਲੀ ਉੱਪਰ ਸਮੇਂ-ਸਮੇਂ 'ਤੇ ਹਮਲੇ ਹੁੰਦੇ ਆਏ ਹਨ। ਇਥੋਂ ਤੱਕ ਕਿ ਇਸ ਦੇ 'ਆਪਣਿਆਂ' ਨੇ ਵੀ ਇਸ ਨੂੰ ਖੂੰਜੇ ਲਾ ਕੇ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ। ਸਮੇਂ-ਸਮੇਂ 'ਤੇ ਕਾਨੂੰਨ ਘੜੇ ਗਏ ਅਤੇ ਸਜ਼ਾਵਾਂ ਸਬੰਧੀ ਉਪਬੰਧਾਂ ਦੀ ਵੀ ਵਿਵਸਥਾ ਹੋਈ ਪਰ ਪੰਜਾਬੀ ਭਾਸ਼ਾ ਆਪਣਾ ਬਣਦਾ ਸਤਿਕਾਰਤ ਦਰਜਾ ਪ੍ਰਾਪਤ ਨਹੀਂ ਕਰ ਸਕੀ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਵਿਚ ਜਿਹੜੇ ਹਾਅ ਦੇ ਨਾਅਰੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਕੀਰਤ ਸਿੰਘ ਕੋਟਲੀ, ਸਿਮਰਜੀਤ ਸਿੰਘ ਬੈਂਸ ਆਦਿ ਵਿਧਾਇਕਾਂ ਨੇ ਮਾਰੇ ਹਨ, ਉਨ੍ਹਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਸ ਨੂੰ ਕਿਸ ਢੰਗ ਨਾਲ ਕਿੰਨਾ ਤੇ ਕਦੋਂ ਲਾਗੂ ਕਰਵਾਉਂਦੀ ਹੈ?


-ਡਾ: ਦਰਸ਼ਨ ਸਿੰਘ 'ਆਸ਼ਟ'
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।


ਬੈਂਕਾਂ ਦੀ ਭਰੋਸੇਯੋਗਤਾ ਦਾ ਸੰਕਟ
ਹਰ ਵਿਅਕਤੀ ਆਪਣੀ ਹੱਡ ਭੰਨਵੀਂ ਮਿਹਨਤ ਦੀ ਕਮਾਈ 'ਚੋਂ ਆਪਣੇ ਬੁਢਾਪੇ ਦੇ ਸਹਾਰੇ ਜਾਂ ਆਪਣੀ ਅਗਲੀ ਪੀੜ੍ਹੀ ਦੇ ਉਜਵਲ ਭਵਿੱਖ ਲਈ ਢਿੱਡ ਬੰਨ੍ਹ ਕੇ ਅਤੇ ਆਪਣੀ ਕਬੀਲਦਾਰੀ ਦੀਆਂ ਇੱਛਾਵਾਂ ਨੂੰ ਸੀਮਤ ਰੱਖ ਕੇ ਕੁਝ ਰਾਸ਼ੀ ਜੋੜਦਾ ਹੈ। ਉਸ ਨੂੰ ਸਾਂਭਣ ਅਤੇ ਚੋਰੀ ਦੇ ਡਰੋਂ ਬੈਂਕਾਂ 'ਚ ਰੱਖ ਕੇ ਸੁਰੱਖਿਅਤ ਅਤੇ ਭਰੋਸਾ ਮਹਿਸੂਸ ਕਰਦਾ ਹੈ ਪਰ ਇਨਸਾਨ ਉਦੋਂ ਬਿਪਤਾ ਦੇ ਆਲਮ 'ਚ ਘਿਰਿਆ ਅਤੇ ਲੁੱਟਿਆ ਮਹਿਸੂਸ ਕਰਦਾ ਹੈ, ਜਦੋਂ ਦਿਨ ਦਿਹਾੜੇ ਬੈਂਕ ਦੇ ਘਾਟੇ ਕਾਰਨ ਦਿਵਾਲੀਆ ਹੋਣ ਅਤੇ ਪੈਸੇ ਵਾਪਸ ਨਾ ਹੋ ਸਕਣ ਤੋਂ ਅਸਮਰੱਥ ਹੋਣ ਬਾਰੇ ਪੜ੍ਹਦਾ ਜਾਂ ਸੁਣਦਾ ਹੈ। ਇਹ ਇਕ ਬਹੁਤ ਵੱਡੀ ਤ੍ਰਾਸਦੀ ਅਤੇ ਸਰਕਾਰਾਂ ਲਈ ਚੁਣੌਤੀ ਹੈ। ਲੋਕਾਂ ਦਾ ਬੈਂਕਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਲੋਕ ਆਪਣੀ ਜ਼ਿੰਦਗੀ ਭਰ ਦੀ ਕਮਾਈ ਪੂੰਜੀ ਨੂੰ ਕਿੱਥੇ ਸਾਂਭਣ? ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਸੰਪਾਦਕੀ 'ਬੈਂਕਾਂ 'ਤੇ ਭਰੋਸੇਯੋਗਤਾ ਦਾ ਸੰਕਟ' ਵੀ ਇਸੇ ਵਿਸ਼ੇ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ। ਸਮਝ ਨਹੀਂ ਆਉਂਦੀ ਸਰਕਾਰਾਂ 'ਚ ਜਨਤਕ ਮੁੱਦਿਆਂ ਪ੍ਰਤੀ ਸੁਹਿਰਦਤਾ, ਈਮਾਨਦਾਰੀ ਅਤੇ ਚਿੰਤਾ ਕਦੋਂ ਉਤਪੰਨ ਹੋਵੇਗੀ। ਬੈਂਕਾਂ ਨਾਲ ਫਰਾਡ ਕਰਨ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਤੁਰੰਤ ਰਾਹਤ ਦੇ ਕਾਰਜ ਆਰੰਭਣ ਦੀ ਜ਼ਰੂਰਤ ਹੁੰਦੀ ਹੈ ਪਰ ਸੱਤਾਧਾਰੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਲੁਕਵੇਂ ਤੌਰ 'ਤੇ ਅਪਰਾਧੀਆਂ ਦੀ ਪਿੱਠ ਥਾਪੜਦੇ ਹਨ। ਜੇਕਰ ਲੋਕਾਂ ਦਾ ਬੈਂਕ ਕਲਚਰ ਤੋਂ ਭਰੋਸਾ ਉੱਠ ਗਿਆ ਤਾਂ ਸਰਕਾਰਾਂ ਦੀ ਅਰਥ-ਵਿਵਸਥਾ ਡਾਵਾਂਡੋਲ ਹੀ ਨਹੀਂ, ਤਬਾਹ ਹੋ ਜਾਵੇਗੀ। ਸੋ, ਸਰਕਾਰਾਂ ਨੂੰ ਇਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਅਤੇ ਲੋਕਾਂ ਦੀ ਬੈਂਕਾਂ ਪ੍ਰਤੀ ਭਰੋਸੇਯੋਗਤਾ ਬਣਾਈ ਰੱਖਣ ਲਈ ਸਖ਼ਤ ਕਦਮ ਚੁੱਕਣ ਅਤੇ ਉੱਦਮ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ, ਬੀਂਬੜ, ਸੰਗਰੂਰ।

17-03-2020

 ਪੰਜਾਬ ਸਰਕਾਰ ਅਤੇ ਬਜਟ
ਪੰਜਾਬ ਦੇ ਖਜ਼ਾਨਾ ਮੰਤਰੀ ਨੇ 2020 ਦੇ ਬਜਟ ਦਾ ਡੱਬਾ ਖੋਲ੍ਹ ਦਿੱਤਾ ਹੈ। ਕਈਆਂ ਨੂੰ ਖੱਟਾ ਮਿਲਿਆ, ਕਈਆਂ ਨੂੰ ਮਿੱਠਾ। ਕਈਆਂ ਨੂੰ ਵਾਅਦਿਆਂ ਵਿਚ ਲਪੇਟ ਕੇ ਲੋਲੀਪੋਪ ਦੇ ਦਿੱਤੇ। ਪਤਾ ਨਹੀਂ ਕਿੰਨੇ ਖੁਸ਼ ਹੋਏ ਤੇ ਕਿੰਨੇ ਨਾਰਾਜ਼। ਅਫ਼ਸੋਸ ਦੀ ਗੱਲ ਇਹ ਹੈ ਕਿ ਬਜ਼ੁਰਗਾਂ ਨੂੰ ਤਾਂ ਵਾਅਦਾ ਵੀ ਨਹੀਂ ਮਿਲਿਆ। ਉਹ ਤਾਂ ਖਜ਼ਾਨਾ ਮੰਤਰੀ ਦੇ ਚੇਤੇ ਵਿਚ ਹੀ ਨਹੀਂ। ਸ਼ਾਇਦ ਉਹ ਸੱਚੇ ਹਨ। ਉਨ੍ਹਾਂ ਨੂੰ ਕੀ ਲੋੜ ਪਈ ਹੈ ਬੁੱਢਿਆਂ ਨੂੰ ਚੇਤੇ ਰੱਖਣ ਦੀ। ਕਿਉਂਕਿ ਉਨ੍ਹਾਂ ਨੂੰ ਤਾਂ ਬੁੱਢੇ ਹੋਣ ਤੋਂ ਪਹਿਲਾਂ ਹੀ ਪੈਨਸ਼ਨ ਮਿਲ ਜਾਣੀ ਹੈ। ਬੁੱਢਿਆਂ ਨੇ ਤਾਂ ਪੂਰੀ ਜ਼ਿੰਦਗੀ ਖੂਨ ਪਸੀਨਾ ਇਕ ਕੀਤਾ ਹੈ। ਉਸ ਤੋਂ ਬਾਅਦ ਸਰਕਾਰ ਨੇ ਅਹਿਸਾਨ ਕੀਤਾ 750 ਰੁਪਏ ਪੈਨਸ਼ਨ ਲਾ ਦਿੱਤੀ। ਅੱਜ ਦੇ ਸਮੇਂ ਵਿਚ ਤਾਂ ਇਕ ਮਹੀਨਾ ਚਾਹ ਵੀ ਨਹੀਂ ਮਿਲਦੀ 750 ਰੁਪਏ ਵਿਚ। ਗੁਆਂਢ ਦੇ ਸੂਬੇ 2500 ਰੁਪਏ ਦਿੰਦੇ ਹਨ ਬਜ਼ੁਰਗਾਂ ਨੂੰ ਪੈਨਸ਼ਨ। ਪੰਜਾਬ ਸਰਕਾਰ ਨੂੰ ਕੀ ਭੁੱਖ ਪਈ ਹੈ? ਜੋ ਇਹ ਨਹੀਂ ਦੇ ਸਕਦੀ 2500 । ਜਦੋਂ ਵੋਟਾਂ ਪਈਆਂ ਸਨ ਤਾਂ ਕੈਪਟਨ ਸਾਹਬ ਨੇ ਪੈਨਸ਼ਨ ਵਧਾਉਣ ਦਾ ਲਾਰਾ ਲਾਇਆ ਸੀ। ਕੁਰਸੀ 'ਤੇ ਬੈਠ ਕੇ ਉਹ ਭੁੱਲ ਗਏ। ਸਿਆਸੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਮਾਇਕ ਫੜ ਕੇ ਲੰਮੀਆਂ-ਲੰਮੀਆਂ ਨਾ ਛੱਡਿਆ ਕਰਨ, ਜਿਨ੍ਹਾਂ ਨੂੰ ਉਹ ਨਿਭਾਅ ਨਾ ਸਕਣ।

-ਭੁਪਿੰਦਰ ਸਿੰਘ ਬੱਸਣ।

ਪੰਜਾਬ ਦੀ ਮਾਲੀ ਹਾਲਤ
ਇਸ ਸਮੇਂ ਪੰਜਾਬ ਦੇ ਸਿਰ 2,48,805 ਕਰੋੜ ਰੁਪਏ ਕਰਜ਼ਾ ਜਿਸ ਦਾ ਸਾਲਾਨਾ ਵਿਆਜ 10,500 ਕਰੋੜ ਰੁਪਏ ਦੇਣਾ ਪੈ ਰਿਹਾ ਹੈ। ਪਰ ਵਿਰੋਧੀ ਧਿਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਪੰਜਾਬ ਸਿਰ ਕਰਜ਼ੇ ਦੀ ਰਕਮ ਲਗਪਗ ਦੁੱਗਣੀ ਹੈ। ਸਰਕਾਰ ਨੇ ਅੰਕੜੇ ਗ਼ਲਤ ਪੇਸ਼ ਕੀਤੇ। ਜੇਕਰ ਪੰਜਾਬ ਸਰਕਾਰ ਵਲੋਂ ਦਰਸਾਈ ਕਰਜ਼ੇ ਦੀ ਰਕਮ ਨੂੰ ਲੈ ਕੇ ਚੱਲੀਏ ਤਾਂ ਭਵਿੱਖ ਵਿਚ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ। ਆਉਣ ਵਾਲੇ ਕੁਝ ਹੀ ਸਾਲਾਂ ਵਿਚ ਬੇਰੁਜ਼ਗਾਰੀ, ਕਰਜ਼ੇ ਦੀਆਂ ਪੰਡਾਂ ਦਾ ਭਾਰ ਹੋਰ ਵਧ ਜਾਵੇਗਾ। ਜੇਕਰ ਸਰਕਾਰ ਦੇ ਖਜ਼ਾਨੇ ਵਿਚ ਪੈਸੇ ਹੀ ਨਹੀਂ ਹੋਵੇਗਾ ਤਾਂ ਪੰਜਾਬ ਦਾ ਵਿਕਾਸ, ਮੁਲਾਜ਼ਮਾਂ ਨੂੰ ਤਨਖਾਹਾਂ ਆਦਿ ਕਿੱਥੋਂ ਦਿੱਤੀਆਂ ਜਾਣਗੀਆਂ। ਮੌਜੂਦਾ ਸਰਕਾਰ ਨੂੰ ਇਸ ਮਸਲੇ ਪ੍ਰਤੀ ਗੰਭੀਰ ਹੋ ਕੇ ਅਰਥਸ਼ਾਸਤਰੀਆਂ ਦੀ ਸਲਾਹ ਨਾਲ ਰੈਵੀਨਿਊ ਵਧਾਉਣ ਦੇ ਨਵੇਂ ਸਾਧਨ ਜੁਟਾਉਣੇ ਬਹੁਤ ਹੀ ਜ਼ਰੂਰੀ ਹਨ। ਹੋਰ ਕਰਜ਼ਾ ਲੈ ਕੇ ਡੰਗ-ਟਪਾਉਣ ਦੀ ਨੀਤੀ ਸਰਕਾਰ ਦੀ ਇਕ ਵੱਡੀ ਗ਼ਲਤੀ ਹੋਵੇਗੀ।

-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।

ਗ਼ੈਰ-ਜ਼ਿੰਮੇਵਾਰੀ ਵਾਲੀ ਪਹੁੰਚ
ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਦੀ ਤਰਸਯੋਗ ਹਾਲਤ ਅਤੇ ਇਨ੍ਹਾਂ ਕਰਕੇ ਹੁੰਦੀਆਂ ਦੁਰਘਟਨਾਵਾਂ ਇਕ ਅਤਿ ਗੰਭੀਰ ਅਤੇ ਪੇਚੀਦਾ ਮਾਮਲਾ ਹੈ। ਸਰਕਾਰਾਂ ਗਊ ਸੈੱਸ ਦੇ ਨਾਂਅ 'ਤੇ ਕਰੋੜਾਂ ਰੁਪਏ ਇਕੱਠੇ ਕਰਕੇ ਆਪਣੇ ਮੰਤਰੀਆਂ ਦੀ ਐਸ਼ੋ ਇਸ਼ਰਤ ਲਈ ਵਰਤ ਰਹੀਆਂ ਹਨ। ਪਰ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰਾਂ ਦੇ ਮੰਤਰੀਆਂ ਦੀ ਅਜਿਹੇ ਮੁੱਦਿਆਂ ਪ੍ਰਤੀ ਚੇਤੰਨ ਹੋਣ ਬਜਾਏ ਸਥਾਈ ਹੱਲ ਲਈ ਗ਼ੈਰ-ਜ਼ਿੰਮੇਵਾਰਾ ਪਹੁੰਚ ਹੈ। ਵਿਧਾਇਕ ਅਮਨ ਅਰੋੜਾ ਵਲੋਂ ਇਸ ਪ੍ਰਤੀ ਗੰਭੀਰਤਾ ਦੀ ਪਹੁੰਚ ਅਪਣਾਉਣ ਦੀ ਕੋਸ਼ਿਸ਼ ਦਾ ਇਵਜ਼ ਰੋਸ ਪ੍ਰਦਰਸ਼ਨ ਅਤੇ ਵਿਰੋਧੀ ਮੁਜ਼ਾਹਰਿਆਂ ਵਜੋਂ ਭੁਗਤਣਾ ਪਿਆ। 'ਅਜੀਤ' ਵਲੋਂ ਸੰਪਾਦਕੀ 'ਗ਼ੈਰ-ਜ਼ਿੰਮੇਵਾਰੀ ਵਾਲੀ ਪਹੁੰਚ' ਵਿਚ ਅਵਾਰਾ ਪਸ਼ੂਆਂ ਪ੍ਰਤੀ ਦਇਆਵਾਨ ਅਤੇ ਮੁਜ਼ਾਹਰਾਕਾਰੀਆਂ ਬਾਬਤ ਚੰਗੀਆਂ ਟਕੋਰਾਂ ਕੀਤੀਆਂ ਗਈਆਂ ਹਨ ਅਤੇ ਇਸ ਮੁੱਦੇ ਨੂੰ ਉਭਾਰਨ ਵਾਲੇ ਨੁਮਾਇੰਦੇ ਦੇ ਹੌਸਲੇ ਅਤੇ ਬੁਲੰਦ ਕੀਤੀ ਆਵਾਜ਼ ਦੀ ਸਰਾਹਣਾ ਕਰਕੇ ਪਿੱਠ ਥਾਪੜੀ ਹੈ। ਲੀਡਰਾਂ ਨੂੰ ਕਿਸੇ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ ਅਤੇ ਇਨ੍ਹਾਂ ਅਵਾਰਾ ਘੁੰਮਦੇ ਪਸ਼ੂਆਂ ਦੇ ਸਥਾਈ ਹੱਲ ਲਈ ਤਰੱਦਦ ਕਰਨ ਦੀ ਲੋੜ ਹੈ।

-ਇੰਜੀ: ਸਤਨਾਮ ਸਿੰਘ ਮੱਟੂ, ਸੰਗਰੂਰ।

16-03-2020

 ਕੋਰੋਨਾ ਵਾਇਰਸ ਸਮਝਣ ਦੀ ਗ਼ਲਤੀ...
ਅੱਜ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹਾਹਾਕਾਰ ਮਚੀ ਹੋਈ ਹੈ ਟੀਵੀ ਰੇਡੀਓ ਅਖ਼ਬਾਰਾਂ ਰਸਾਲੇ ਸਭ ਕੁਝ ਕੋਰੋਨਾ ਦੇ ਡਰ ਨਾਲ ਭਰੇ ਹੋਏ ਹਨ। ਰਹਿੰਦੀ ਕਸਰ ਮੋਬਾਈਲ ਫੋਨਾਂ ਉਪਰ ਕੋਰੋਨਾ ਵਾਇਰਸ ਵਾਲੀਆਂ ਟਿਊਨਾਂ ਨੇ ਪੂਰੀ ਕਰ ਛੱਡੀ ਹੈ। ਮੀਡੀਆ ਨੇ ਜਿਸ ਤਰ੍ਹਾਂ ਚੀਕ ਚੀਕ ਕੇ ਲੋਕ ਮਨਾਂ ਅੰਦਰ ਡਰ ਭਰ ਦਿੱਤਾ ਹੈ ਇਹ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਘਾਤਕ ਹੈ। ਕਿਸੇ ਨੂੰ ਮਾਮੂਲੀ ਖੰਘ, ਜ਼ੁਕਾਮ , ਬੁਖਾਰ ਹੋ ਗਿਆ ਤਾਂ ਉਸ ਦੀ ਜਾਨ ਮੁੱਠੀ ਵਿਚ ਆ ਜਾਂਦੀ ਹੈ। ਇਹ ਗੱਲ ਠੀਕ ਹੈ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਧਿਆਨ ਰੱਖਣ ਦੀ ਜ਼ਰੂਰਤ ਹੈ ਅਸੀਂ ਹੌਂਸਲਾ ਰੱਖਣ ਦੀ ਜਗ੍ਹਾ ਹਰ ਵਕਤ ਚਿੰਤਾ ਵਿਚ ਡੁੱਬੇ ਰਹਿੰਦੇ ਹਾਂ। ਇਹ ਜਾਣਦਿਆਂ ਹੋਇਆਂ ਵੀ ਕਿ ਚਿੰਤਾ ਚਿਤਾ ਸਾਮਾਨ ਹੁੰਦੀ ਹੈ।
ਇਸ ਲਈ ਬਹੁਤ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਦਾ ਡਰ ਮਨ ਅੰਦਰੋਂ ਭਜਾ ਦਿਓ। ਟੀ.ਵੀ. ਜਾਂ ਮੋਬਾਇਲ ਵਿਚੋਂ ਨਿਕਲ ਕੇ ਕੋਰੋਨਾ ਵਾਇਰਸ ਤੁਹਾਨੂੰ ਚਿੰਬੜ ਨਹੀਂ ਸਕਦਾ ਇਸ ਗੱਲ ਦੀ ਗਰੰਟੀ ਹੈ। ਤੁਹਾਡਾ ਕੋਈ ਫਰੈਂਡ ਜਾਂ ਰਿਸ਼ਤੇਦਾਰ ਚਾਇਨਾ ਤੋਂ ਤੁਹਾਡੇ ਕੋਲ ਵੀ ਨਹੀਂ ਆਇਆ। ਘਰ ਵਿਚ ਜ਼ਰਾ ਜਿੰਨੇ ਖੰਘ ਬੁਖਾਰ ਜੁਕਾਮ ਨੂੰ ਕੋਰੋਨਾ ਸਮਝ ਕੇ ਪ੍ਰੇਸ਼ਾਨ ਹੋਣ ਦੀ ਗ਼ਲਤੀ ਹਰਗਿਜ਼ ਨਾ ਕਰੋ।
ਹਾਂ ਇਹ ਜ਼ਰੂਰੀ ਹੈ ਕਿ ਜੇ ਬਾਹਰ ਦੇ ਖਾਣੇ ਖਾਂਦੇ ਹੋ, ਪੀਜ਼ੇ ਬਰਗਰ ਇਡਲੀ ਡੋਸੇ ਜਾਂ ਦੁਕਾਨਾਂ ਤੋ ਹੋਰ ਚੀਜਾਂ ਖਾਣ ਦੇ ਸ਼ੌਕੀਨ ਹੋ ਤਾਂ ਦੋ ਚਾਰ ਮਹੀਨੇ ਘਰੇ ਬਣਾ ਕੇ ਖਾਣ ਦੀ ਖੇਚਲ ਕਰੋ। ਘਰ ਦੇ ਸਾਦੇ ਖਾਣੇਂ ਨੂੰ ਤਰਜੀਹ ਦਿਓ। ਬੱਚਿਆਂ ਨੂੰ ਸਮਝਾਓ ਜ਼ਰੂਰ ਕੇ ਸਕੂਲ ਅਤੇ ਸਕੂਲੋਂ ਘਰ ਆ ਕੇ ਚੰਗੀ ਤਰ੍ਹਾਂ ਹੱਥ ਧੋ ਕੇ ਖਾਣਾ ਖਾਓ। ਪਰ ਬੱਚਿਆਂ ਨੂੰ ਡਰਾਓ ਨਾ। ਇਸ ਲਈ ਕੋਰੋਨਾਂ ਵਾਇਰਸ ਤੋਂ ਡਰਨ ਨਹੀਂ ਪ੍ਰਹੇਜ ਰੱਖਣ ਦੀ ਜ਼ਿਆਦਾ ਜ਼ਰੂਰਤ ਹੈ।


-ਅਨੰਤ ਗਿੱਲ
ਪਿੰਡ ਤੇ ਡਾਕ: ਭਲੂਰ, ਮੋਗਾ।


ਸਮੱਸਿਆਵਾਂ 'ਚ ਘਿਰਿਆ ਪੰਜਾਬ
ਭਾਰਤ ਨੂੰ ਜਿਥੇ ਵਧਦੀ ਆਬਾਦੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਕਈ ਸਮੱਸਿਆਵਾਂ ਨੇ ਘੇਰਾ ਪਾਇਆ ਹੋਇਆ ਹੈ, ਉਥੇ ਹੀ ਪੰਜਾਬ ਵਰਗਾ ਖ਼ੁਸ਼ਹਾਲ ਸੂਬਾ ਵੀ ਨਸ਼ਿਆਂ, ਖੁਦਕੁਸ਼ੀਆਂ, ਬੇਰੁਜ਼ਗਾਰੀ ਆਦਿ 'ਚ ਘਿਰਿਆ ਹੋਇਆ ਹੈ। ਕਈ ਨੌਜਵਾਨ ਪੜ੍ਹੇ-ਲਿਖੇ ਨਸ਼ਿਆਂ ਦੇ ਰਾਹ ਤੁਰੇ ਹਨ ਅਤੇ ਕਈ ਵਿਦੇਸ਼ਾਂ ਨੂੰ ਜਾ ਰਹੇ ਹਨ, ਰਹਿੰਦੇ ਖੂੰਹਦੇ ਨੌਕਰੀਆਂ ਲਈ ਧਰਨੇ ਮਾਰ ਰਹੇ ਹਨ, ਕਿਸਾਨ ਮੁਜ਼ਾਹਰੇ ਕਰ ਰਹੇ ਹਨ। ਨੌਜਵਾਨ ਲੜਕੀਆਂ, ਬਾਲੜੀਆਂ ਸੁਰੱਖਿਅਤ ਨਹੀਂ ਹਨ। ਲੁੱਟਾਂ-ਖੋਹਾਂ ਰੋਜ਼ ਹੀ ਹੋ ਰਹੀਆਂ ਹਨ। ਅਵਾਰਾ ਪਸ਼ੂ ਗਲੀਆਂ, ਬਾਜ਼ਾਰਾਂ, ਸੜਕਾਂ 'ਤੇ ਘੁੰਮ ਰਹੇ ਹਨ। ਭਾਵੇਂ ਕਈ ਵਸਤਾਂ 'ਤੇ ਗਊ ਸੈੱਸ ਵਸੂਲ ਕੀਤਾ ਜਾ ਰਿਹਾ ਹੈ ਪ੍ਰੰਤੂ ਗਊਸ਼ਾਲਾਵਾਂ ਦੀ ਹਾਲਤ ਤਰਸਯੋਗ ਹੈ। ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਮੱਲਿਆ ਹੋਇਆ ਹੈ। ਪੰਜਾਬੀ ਪੇਂਡੂ ਮਜ਼ਦੂਰ ਤੇ ਦਿਹਾੜੀਦਾਰ ਨੂੰ ਕੋਈ ਪੁੱਛਦਾ ਨਹੀਂ। ਪੰਜਾਬ ਪੰਜਾਬੀ ਦੀ ਹੋਂਦ ਅਤੇ ਸੱਭਿਅਤਾ ਨੂੰ ਢਾਅ ਲੱਗ ਰਹੀ ਹੈ। ਸਰਕਾਰਾਂ, ਬੁੱਧੀਜੀਵੀਆਂ ਅਤੇ ਰਾਜਨੀਤਕ ਲੋਕਾਂ ਆਦਿ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਨੂੰ ਬਚਾਉਣ ਲਈ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਲੇਖਕ ਦੀ ਮਾਨਸਿਕਤਾ
ਪਿਛਲੇ ਦਿਨੀਂ ਉਪੇਂਦਰ ਪ੍ਰਸਾਦ ਦਾ ਲੇਖ 'ਦਿੱਲੀ ਪੁਲਿਸ ਚਾਹੁੰਦੀ ਤਾਂ ਦੰਗੇ ਨਾ ਹੁੰਦੇ' ਪੜ੍ਹਿਆ, ਜੋ ਹਿੰਸਾ ਦੌਰਾਨ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਬਿਆਨ ਕਰਦਾ ਹੈ। ਪਰ ਲੇਖਕ ਵਲੋਂ ਸਿੱਖ ਕੌਮ ਦੇ ਯਤਨਾਂ ਨੂੰ ਅਣਗੌਲਿਆਂ ਕਰਨਾ ਲੇਖਕ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ।


-ਜਗਰੂਪ ਸਿੰਘ ਨੰਬਰਦਾਰ
ਕੂਹਲੀ ਖੁਰਦ।


ਐੈਂਬੂਲੈਂਸ ਨੂੰ ਰਸਤਾ ਦਿਉ
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਸੜਕਾਂ 'ਤੇ ਲੱਗੇ ਜਾਮ ਕਾਰਨ ਕਈ ਵਾਰ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਾਰਨ ਜਿੱਥੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ ਉੱਥੇ ਹੀ ਵਾਰ-ਵਾਰ ਗੱਡੀ ਰੋਕਣ ਅਤੇ ਚਲਾਉਣ ਕਾਰਨ ਡੀਜ਼ਲ ਦੀ ਖਪਤ ਵੀ ਵਧ ਜਾਂਦੀ ਹੈ ਕਈ ਵਾਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਅਜਿਹੇ ਜਾਮ ਵਿਚ ਐਂਬੂਲੈਂਸ ਵੀ ਫਸ ਜਾਂਦੀ ਹੈ ਜਿਸ ਕਾਰਨ ਮਰੀਜ਼ ਅਤੇ ਉਸਦੇ ਸਕੇ ਸਬੰਧੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਇਸ ਦੇਰੀ ਦੇ ਕਾਰਨ ਮਰੀਜ਼ ਨੂੰ ਡਾਕਟਰੀ ਸਹਾਇਤਾ ਮਿਲਣ ਵਿਚ ਦੇਰੀ ਹੋ ਜਾਂਦੀ ਹੈ ਅਤੇ ਇਨਸਾਨੀ ਅਣਗਹਿਲੀ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸੜਕ ਉੱਤੇ ਵਾਹਨ ਚਲਾਉਂਦੇ ਸਮੇਂ ਐਂਬੂਲੈਂਸ ਨੂੰ ਹਰ ਹਾਲ ਵਿਚ ਰਸਤਾ ਦਿੱਤਾ ਜਾਵੇ ਜਾਂ ਫਿਰ ਐਂਬੂਲੈਂਸ ਨੂੰ ਦੇਖਦੇ ਸਾਰ ਹੀ ਆਪਣੀ ਗੱਡੀ ਦੀ ਰਫਤਾਰ ਘੱਟ ਕਰਕੇ ਉਸ ਨੂੰ ਪਹਿਲਾਂ ਲੰਘ ਜਾਣ ਦਿੱਤਾ ਜਾਵੇ ਤਾਂ ਜੋ ਮਰੀਜ਼ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ ਅਤੇ ਕੀਮਤੀ ਇਨਸਾਨੀ ਜਾਨ ਬਚਾਈ ਜਾ ਸਕੇ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।


ਸਾਫ ਸੁਥਰਾ ਮਾਹੌਲ ਸਿਰਜੀਏ
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ। ਸਭ ਤੋਂ ਪਹਿਲਾਂ ਉੱਠ ਕੇ ਸਵੇਰੇ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀਏ ਕਿ ਉਸ ਨੇ ਸਾਨੂੰ ਸੋਹਣੀ ਸਵੇਰ ਬਖ਼ਸ਼ੀ ਹੈ। ਪੇਟ ਦੀ ਸਫ਼ਾਈ ਕਰ ਕੇ ਫਿਰ ਸੈਰ ਕਰਨੀ ਬਹੁਤ ਜ਼ਰੂਰੀ ਹੈ। ਸਵੇਰ ਦੀ ਸੈਰ ਕਰਕੇ ਚਿਹਰਾ ਖਿਲ ਉੱਠਦਾ ਹੈ। ਠੰਢੀ-ਠੰਢੀ ਹਵਾ ਚੱਲ ਰਹੀ ਹੁੰਦੀ ਹੈ। ਵਧੀਆ ਵਧੀਆ ਵਿਚਾਰ ਦਿਮਾਗ ਵਿਚ ਆ ਰਹੇ ਹੁੰਦੇ ਹਨ। ਸੈਰ ਤੋਂ ਬਾਅਦ ਆ ਕੇ ਨਹਾ ਧੋ ਕੇ ਤਾਜ਼ਾ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰੀਏ। ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਫਿਰ ਆਪਣੇ ਰੋਜ਼ਮਰ੍ਹਾ ਕੰਮਾਂ ਵਿਚ ਲੱਗ ਜਾਈਏ। ਜੇ ਅਖ਼ਬਾਰ ਪੜ੍ਹਨਾ ਹੈ ਤਾਂ ਅਖ਼ਬਾਰ ਪੜ੍ਹੀਏ। ਆਪਣੀ ਯੋਜਨਾ ਦੇ ਮੁਤਾਬਕ ਹਰੇਕ ਕੰਮ ਨੂੰ ਕਰੋ। ਰਾਤ ਨੂੰ ਸਾਰਾ ਪਰਿਵਾਰ ਇਕੱਠੇ ਹੋ ਕੇ ਖਾਣਾ ਖਾਓ। ਜਲਦੀ ਸੌਣ ਦੀ ਆਦਤ ਪਾਓ, ਜੇ ਜਲਦੀ ਸੌਂਵਾਂਗੇ ਤਾਂ ਸਵੇਰੇ ਜਲਦੀ ਹੀ ਉੱਠ ਪਾਵਾਂਗੇ ਇਸ ਤਰ੍ਹਾਂ ਅਸੀਂ ਆਪਣੇ ਘਰ ਦਾ ਵਧੀਆ ਮਾਹੌਲ ਸਿਰਜ ਸਕਦੇ ਹਨ। ਸੋ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀਏ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਅਫ਼ਵਾਹਾਂ ਤੋਂ ਬਚੋ
ਅੱਜ ਪੂਰੇ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨੇ ਤਹਿਲਕਾ ਮਚਾ ਰੱਖਿਆ ਹੈ ਅਤੇ ਇਹ ਮੰਦਭਾਗੀ ਖ਼ਬਰ ਸਭ ਤੋਂ ਪਹਿਲਾ ਚੀਨ ਤੋਂ ਆਈ ਅਤੇ ਹੁਣ ਤੱਕ ਪਤਾ ਨਹੀਂ ਇਸ ਵਾਇਰਸ ਦੀ ਲਪੇਟ ਵਿਚ ਕਿੰਨੇ ਕੁ ਲੋਕ ਆ ਚੁੱਕੇ ਹਨ। ਪਰ ਹੌਲੀ-ਹੌਲੀ ਇਸ ਕੋਰੋਨਾ ਵਾਇਰਸ ਨੇ ਹੋਰਨਾ ਦੇਸ਼ਾਂ ਵਿਚ ਵੀ ਪੈਰ ਪਸਾਰੇ ਅਤੇ ਕੈਨੇਡਾ, ਅਮਰੀਕਾ, ਦਿੱਲੀ ਆਦਿ ਵਿਚ ਵੀ ਸ਼ੱਕੀ ਹਾਲਤ ਵਿਚ ਮਰੀਜ਼ ਵੀ ਪਾਏ ਗਏ। ਸ਼ੋਸਲ ਮੀਡੀਆ ਰਾਹੀਂ ਵੀ ਲੋਕਾਂ ਵਿਚ ਕੋਰੋਨਾ ਵਾਇਰਸ ਬਾਰੇ ਡਰ, ਮਜ਼ਾਕ ਅਤੇ ਇਲਾਜ਼ ਲਈ ਨੁਕਸੇ ਵੱਖ, ਵੱਖ ਲੋਕਾਂ ਰਾਹੀਂ ਦੱਸੇ ਜਾਂਦੇ ਹਨ ਅਤੇ ਹਰ ਇਨਸਾਨ ਇਸ ਤ੍ਹਰਾਂ ਦੀਆਂ ਗੱਲਾਂ ਸੁਣ ਘਬਰਾ ਜਾਂਦਾ ਹੈ।
ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਫਾਲਤੂ ਦੀਆਂ ਅਫ਼ਵਾਹਾਂ ਫੈਲਾਉਣ ਨਾਲੋਂ ਚੰਗਾ ਹੋਵੇਗਾ ਜੇਕਰ ਆਪਾਂ ਆਪੋ ਆਪਣਾ ਖਿਆਲ ਖੁਦ ਰੱਖ ਲਈਏ ਅਤੇ ਕੋਰੋਨਾ ਵਾਇਰਸ ਕਰਕੇ ਜਾਗਰੂਕ ਅਤੇ ਸੁਚੇਤ ਹੋ ਕੇ ਕੁਝ ਸਮਾਂ ਆਪਣੇ ਕੰਮਾਂਕਾਰਾਂ ਵਿਚੋਂ ਆਪਣੀ ਸਿਹਤ ਲਈ ਵੀ ਕੱਢੀਏ।


-ਪਰਮਜੀਤ ਕੌਰ ਸੋਢੀ
ਭਗਤਾ ਭਾਈਕਾ।

13-03-2020

 ਸਬਰ-ਸੰਤੋਖ
ਸਬਰ-ਸੰਤੋਖ ਇਨਸਾਨੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਹਿਣਾ ਹੈ, ਜਿਸ ਇਨਸਾਨ ਅੰਦਰ ਸਬਰ-ਸੰਤੋਖ ਹੈ, ਉਹ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਹੈ ਪਰ ਜੇਕਰ ਇਨਸਾਨ ਅੰਦਰ ਸਬਰ-ਸੰਤੋਖ ਨਾ ਹੋਵੇ ਤਾਂ ਵੱਡੀ ਤੋਂ ਵੱਡੀ ਦੌਲਤ ਵੀ ਇਨਸਾਨ ਨੂੰ ਸੰਤੁਸ਼ਟ ਨਹੀਂ ਕਰ ਸਕਦੀ। ਅੱਜ ਸਾਡੇ ਜੀਵਨ ਵਿਚ ਫੈਲੀ ਅਸੰਤੁਸ਼ਟੀ ਦਾ ਵੱਡਾ ਕਾਰਨ ਇਹੀ ਹੈ ਕਿ ਸਾਡੀਆਂ ਇੱਛਾਵਾਂ ਅੱਜ ਵਧਦੀਆਂ ਹੀ ਜਾ ਰਹੀਆਂ ਹਨ। ਆਪਣੀ ਚਾਦਰ ਦੇਖ ਕੇ ਪੈਰ ਪਸਾਰਨਾ ਅਸੀਂ ਛੱਡ ਦਿੱਤਾ ਹੈ। ਦੂਸਰਿਆਂ ਦੀਆਂ ਸੁੱਖ ਸਹੂਲਤਾਂ ਸਾਨੂੰ ਪ੍ਰਭਾਵਿਤ ਕਰਦੀਆਂ ਹਨ । ਅਸੀਂ ਹਮੇਸ਼ਾ ਪਰਮਾਤਮਾ ਨਾਲ ਉਸ ਚੀਜ਼ ਦਾ ਗਿਲਾ ਕਰਦੇ ਹਾਂ ਜੋ ਸਾਨੂੰ ਉਸ ਨੇ ਨਹੀਂ ਦਿੱਤਾ ਪਰ ਕਦੇ ਵੀ ਉਸ ਦੀਆਂ ਦਿੱਤੀਆਂ ਦਾਤਾਂ ਲਈ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਜੇਕਰ ਇਨਸਾਨ ਅੰਦਰ ਸਬਰ-ਸੰਤੋਖ ਹੋਵੇ ਤਾਂ ਕੱਚੇ ਘਰਾਂ ਵਿਚ ਵੀ ਖ਼ੁਸ਼ੀਆਂ ਦੀਆਂ ਕਿਲਕਾਰੀਆਂ ਸੁਣਾਈ ਦਿੰਦੀਆਂ ਹਨ ਪਰ ਜੇਕਰ ਇਨਸਾਨ ਅੰਦਰ ਸਬਰ-ਸੰਤੋਖ ਨਾ ਹੋਵੇ ਤਾਂ ਮਹਿਲਾਂ ਵਰਗੇ ਘਰਾਂ ਵਿਚ ਵੀ ਕਲੇਸ਼ ਹੀ ਰਹਿੰਦਾ ਹੈ। ਸਬਰ-ਸੰਤੋਖ ਨਾਲ ਭਰਿਆ ਇਨਸਾਨ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਂਦਾ ਹੈ ਅਤੇ ਸਬਰ ਵਿਹੂਣਾ ਇਨਸਾਨ ਆਪਣੀ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਕੋਸਣ ਵਿਚ ਹੀ ਬਿਤਾ ਦਿੰਦਾ ਹੈ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।


ਸ਼ਲਾਘਾਯੋਗ ਕਦਮ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਵਿਚ ਪੰਜਾਬ ਦੇ ਬਜਟ 'ਤੇ ਗੰਭੀਰਤਾ ਭਰੀ ਟਿੱਪਣੀ ਕੀਤੀ ਗਈ ਹੈ। ਇਹ ਸੱਚ ਹੈ ਕਿ ਜਿਸ ਤਰ੍ਹਾਂ ਦੀ ਪੰਜਾਬ ਦੇ ਛੋਟੇ ਕਿਸਾਨਾਂ ਦੀ ਹਾਲਤ ਹੈ, ਇਹ ਬਜਟ ਊਠ ਦੀ ਮੂੰਹ ਵਿਚ ਜ਼ੀਰੇ ਵਾਲੀ ਗੱਲ ਹੈ ਪਰ ਕਿਸਾਨਾਂ ਨੂੰ ਝੋਨੇ ਨੂੰ ਛੱਡ ਕੇ ਮੱਕੀ ਬੀਜਣ ਨੂੰ ਤਰਜੀਹ ਦੇਣ ਲਈ ਜੋ ਸਰਕਾਰ ਨੇ ਹੱਲਾਸ਼ੇਰੀ ਦਾ ਇਕ ਕਦਮ ਚੁੱਕਿਆ ਹੈ, ਉਹ ਇਕ ਸ਼ਲਾਘਾਯੋਗ ਕਦਮ ਹੈ। ਕਿਉਂਕਿ ਜਿਥੇ ਝੋਨਾ ਪਾਣੀ ਨਾਲ ਪਲਣ ਵਾਲੀ ਫ਼ਸਲ ਹੋਣ ਕਰਕੇ ਅੰਨ੍ਹੇਵਾਹ ਪਾਣੀ ਧਰਤੀ ਅੰਦਰੋਂ ਕੱਢਿਆ ਜਾ ਰਿਹਾ ਹੈ ਅਤੇ ਪੰਜਾਬ ਪਾਣੀ ਦੇ ਸੰਕਟ ਵੱਲ ਵਧ ਰਿਹਾ ਹੈ, ਉਥੇ ਝੋਨੇ ਲਈ ਜ਼ਮੀਨ ਤਿਆਰ ਅਤੇ ਖਾਦਾਂ ਆਦਿ ਦਾ ਖਰਚਾ ਵੀ ਬਾਕੀ ਫ਼ਸਲਾਂ ਨਾਲੋਂ ਜ਼ਿਆਦਾ ਹੈ। ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤੀ ਗਈ ਫਰੀ ਬਿਜਲੀ ਦੀ ਸਹੂਲਤ ਨਾਲ ਸਰਕਾਰੀ ਖਜ਼ਾਨੇ ਉੱਤੇ ਵਾਧੂ ਭਾਰ ਪੈਂਦਾ ਹੈ। ਬਿਜਲੀ ਫਰੀ ਦੇਣ ਦੀ ਬਜਾਏ ਅਗਰ ਸਰਕਾਰ ਕਿਸਾਨਾਂ ਨੂੰ ਪਿੰਡ ਲੈਵਲ ਉੱਤੇ ਖੇਤੀਯੋਗ ਜ਼ਮੀਨ ਦੇ ਹਿਸਾਬ ਨਾਲ ਸਰਕਾਰੀ ਟਿਊਬਵੈੱਲਾਂ ਵਾਂਗ, ਖੇਤੀ ਕਰਨ ਵਾਲੇ ਟੂਲ ਭਾਵ ਟ੍ਰੈਕਟਰ, ਟਰਾਲੀ, ਡੈਕਸਾਂ, ਕਲਟੀਵੇਟਰ, ਸੀਡ ਡਰਿਲ, ਵਾਟਰ ਚੈਨਲ ਮੇਕਰ ਆਦਿ ਔਜ਼ਾਰ ਮੁਹੱਈਆ ਕਰਵਾ ਦੇਵੇ ਅਤੇ ਛੋਟੇ ਕਿਸਾਨ ਨੂੰ ਖੇਤੀਯੋਗ ਮਹਿੰਗੇ ਉਪਕਰਨ ਖਰੀਦਣ ਤੇ ਨਿਜਾਤ ਦਿਵਾ ਦੇਵੇ ਤਾਂ ਯਕੀਨਨ ਹੀ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦਾ ਆਰਥਿਕ ਬੋਝ ਘਟੇਗਾ। ਸਰਕਾਰ ਦਾ ਪੰਜਾਬ ਵਿਚ ਦੋ ਨਵੇਂ ਖੇਤੀਬਾੜੀ ਕਾਲਜ ਖੋਲ੍ਹਣ ਦਾ ਕਦਮ ਵੀ ਪ੍ਰਸੰਸਾਯੋਗ ਹੈ।


-ਜਸਵੰਤ ਰਾਏ, ਚੰਡੀਗੜ੍ਹ।


ਨਾਰੀ ਦੀ ਸ਼ਖ਼ਸੀਅਤ
ਨਾਰੀ ਸਾਡੇ ਅਤੇ ਸਾਡੇ ਪੂਰੇ ਸਮਾਜ ਲਈ ਕੁਦਰਤ ਵਲੋਂ ਦਿੱਤਾ ਗਿਆ ਬੇਸ਼ਕੀਮਤੀ ਤੋਹਫ਼ਾ ਹੈ। ਕਿਉਂਕਿ ਬੇਟੀ, ਭੈਣ, ਪਤਨੀ ਅਤੇ ਫਿਰ ਮਾਂ ਬਣ ਵੱਖ-ਵੱਖ ਰਿਸ਼ਤਿਆ ਵਿਚੋਂ ਵਿਚਰਦੀ ਹੋਈ ਨਾਰੀ ਆਪਣੇ ਚੰਗੇ ਗੁਣਾਂ ਨਾਲ ਸਾਨੂੰ ਅਤੇ ਸਾਡੇ ਸਮਾਜ ਨੂੰ ਇਕ ਚੰਗੀ ਸੇਧ ਦੇ ਸਕਦੀ ਹੈ ਬਸ਼ਰਤੇ ਅਸੀਂ ਉਸ ਦੇ ਗੁਣਾਂ ਨੂੰ ਪਛਾਣ ਕੇ ਆਪਣੀ ਜ਼ਿੰਦਗੀ ਵਿਚ ਸ਼ਾਮਿਲ ਕਰੀਏ। ਪਰ ਇਕ ਔਰਤ ਹੀ ਹੈ ਜੋ ਸਮਾਜ ਵਿਚ ਤਬਦੀਲੀ ਹੀ ਨਹੀਂ ਬਲਕਿ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਜਿਵੇਂ ਕਹਿ ਦਈਏ ਇਕ ਮਾਂ ਦੀ ਵੰਗਾਰ ਪੁੱਤ ਨੂੰ ਮਾੜੇ ਕੰਮ ਤੋਂ ਰੋਕ ਲੈਂਦੀ ਹੈ ਅਤੇ ਇਕ ਬੇਟੀ ਆਪਣੇ ਪਿਤਾ ਨੂੰ ਬਿਲਕੁਲ ਉਸ ਦੀ ਮਾਂ ਵਾਂਗ ਪਿਆਰ ਕਰਦੀ ਹੈ, ਖਿਆਲ ਰੱਖਦੀ ਹੈ ਤੇ ਲੋੜ ਪੈਣ 'ਤੇ ਝਿੜਕ ਵੀ ਸਕਦੀ ਹੈ। ਇਸੇ ਤਰ੍ਹਾਂ ਜੇਕਰ ਭੈਣ ਆਪਣੇ ਭਰਾ ਨੂੰ ਕਹੇ ਕਿ ਮੈਨੂੰ ਰੱਖੜੀ 'ਤੇ ਕੁਝ ਨਹੀਂ ਚਾਹੀਦਾ ਬੱਸ ਇਹ ਵਚਨ ਦੇ ਵੀਰਾ ਕੇ ਮੇਰੇ ਵਾਂਗ ਹੋਰਾਂ ਕੁੜੀਆਂ ਨੂੰ ਵੀ ਬਣਦਾ ਮਾਣ-ਸਨਮਾਣ ਦੇਵੇਗਾ ਤਾਂ ਕੋਈ ਲੜਕਾ ਗ਼ਲਤ ਪਾਸੇ ਜਾਣ ਵੇਲੇ ਸੋਚੇਗਾ ਜ਼ਰੂਰ ਅਤੇ ਇਕ ਪਤਨੀ ਵੀ ਆਪਣੇ ਚੰਗੇ ਗੁਣਾਂ ਨਾਲ ਆਪਣੇ ਪਤੀ ਦੀਆਂ ਆਦਤਾਂ ਸੁਧਾਰ ਸਕਦੀ ਹੈ। ਇਸ ਲਈ ਭੇਣੋ ਅੱਗੇ ਆਉ ਆਪਣੇ ਚੰਗੇ ਗੁਣਾਂ ਨਾਲ ਚੰਗੇ ਸਮਾਜ ਦੀ ਸਿਰਜਣਾ ਕਰੀਏ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ, ਨਕਾਰਤਮਿਕ ਸੋਚ, ਝੂਠ ਅਤੇ ਹੁੱਲੜਬਾਜ਼ੀ ਤੋਂ ਰੋਕ ਸਮਾਜ ਨੂੰ ਗੰਧਲਾ ਹੋਣ ਤੋ ਬਚਾਈਏ ਅਤੇ ਸਾਫ਼, ਸੁੰਦਰ, ਸ਼ਾਂਤੀ ਪੂਰਕ, ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰੀਏ।


-ਪਰਮਜੀਤ ਕੌਰ ਸੋਢੀ
ਭਗਤਾ ਭਾਈਕਾ।

12-03-2020

 ਅਨੰਦ ਕਾਰਜ
ਪਿਛਲੇ ਦਿਨੀਂ ਮੈਨੂੰ ਅੰਮ੍ਰਿਤਧਾਰੀ ਜੋੜੇ ਦਾ ਅਨੰਦ ਕਾਰਜ ਅਤੇ ਵਿਆਹ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰਦੁਆਰਾ ਸਾਹਿਬ ਵਿਖੇ ਲਾਵਾਂ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੇ ਸ਼ਗਨ ਦੀ ਰਸਮ ਬਿਨਾਂ ਕਿਸੇ ਕਰਮਕਾਂਡ ਦੇ ਪੂਰਨ ਗੁਰੂ ਮਰਿਆਦਾ ਅਨੁਸਾਰ ਹੋਈ। ਲੜਕੇ ਦੀ ਝੋਲੀ ਵਿਚ ਸ਼ਗਨ ਦੇ ਤੌਰ 'ਤੇ ਇਕ ਗਿਫ਼ਟ (ਕਛਹਿਰਾ, ਕੰਘਾ, ਕੜਾ, ਕਿਰਪਾਨ, ਨਿੱਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਗੁਟਕਾ) ਭੇਟ ਕੀਤਾ ਗਿਆ। ਅਨੰਦ ਕਾਰਜ ਹੋਣ ਤੋਂ ਪਹਿਲਾਂ ਅਤੇ ਪਿੱਛੋਂ ਤੱਕ ਸਾਰੀ ਰਸਮ ਤੰਤੀ ਸਾਜ਼ਾਂ ਨਾਲ ਕੀਰਤਨ ਕਰ ਕੇ ਨਿਭਾਈ ਗਈ। ਇਸ ਉਪਰੰਤ ਪੈਲੇਸ ਵਿਚ ਸੰਗਤਾਂ ਨੂੰ ਢਾਡੀ ਜਥੇ ਨੇ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਬੀਰ ਰਸ ਵਾਰਾਂ ਸੁਣਾ ਕੇ ਸੋਨੇ ਉੱਤੇ ਸੁਹਾਗੇ ਦਾ ਕੰਮ ਕਰ ਗਿਆ। ਪੈਲੇਸ ਵਿਚ ਖਾਣ-ਪੀਣ ਵਾਲੇ ਸਟਾਲਾਂ ਤੋਂ ਇਲਾਵਾ ਗੁਰਮਤਿ ਲਿਟਰੇਚਰ ਦੇ ਲੰਗਰ ਅਤੇ ਸਮੇਂ ਦੀ ਮੰਗ ਅਨੁਸਾਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦੇ ਸਟਾਲ ਵੀ ਲਗਾਏ ਗਏ। ਅੰਤ ਵਿਚ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਗਿਆ। ਕਾਸ਼! ਸਾਡਾ ਸਮਾਜ ਖ਼ਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਅਜਿਹੇ ਪ੍ਰੋਗਰਾਮਾਂ ਤੋਂ ਕੋਈ ਸਿੱਖਿਆ ਪ੍ਰਾਪਤ ਕਰ ਕੇ ਗੁਰੂ ਮਹਾਰਾਜਾ ਦੀਆਂ ਅਸੀਸਾਂ ਪ੍ਰਾਪਤ ਕਰਦਾ ਹੋਇਆ ਭਵਿੱਖ ਦੀ ਪਨੀਰੀ ਦਾ ਰਾਹ ਦਸੇਰਾ ਬਣ ਸਕੇ।


-ਹਰਭਜਨ ਸਿੰਘ ਚਮਕ
ਕੋਟ ਈਸੇ ਖਾਂ (ਮੋਗਾ)।


ਔਰਤ ਦਾ ਮਾਣ-ਸਨਮਾਨ
8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਅਸੀਂ ਆਪਣੇ ਘਰ ਪਰਿਵਾਰ ਵਿਚ ਮਾਵਾਂ, ਭੈਣਾਂ, ਪਤਨੀਆਂ ਨੂੰ 'ਮਹਿਲਾ ਦਿਵਸ'ਦੀ ਮੁਬਾਰਕਬਾਦ ਦਿੰਦੇ ਹਨ। ਕੀ ਸਿਰਫ ਇਹ ਸਨਮਾਨ ਇਕ ਦਿਨ ਲਈ ਹੀ ਹੈ? ਇਹ ਬਹੁਤ ਹੀ ਸੋਚਣ ਵਾਲੀ ਗੱਲ ਹੈ। ਆਏ ਦਿਨ ਅਸੀਂ ਵੇਖਦੇ ਹਾਂ ਕਿ ਸਾਡੇ ਸਮਾਜ ਵਿਚ ਕਿਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮਹਿਲਾਵਾਂ 'ਤੇ ਬਹੁਤ ਅਤਿਆਚਾਰ ਹੋ ਰਹੇ ਹਨ। ਚਾਹੇ ਅਸੀਂ 21ਵੀਂ ਸਦੀ ਵਿਚ ਗੁਜ਼ਰ ਰਹੇ ਹਾਂ ਫਿਰ ਅੱਜ ਮਹਿਲਾਵਾਂ ਸੁਰੱਖਿਅਤ ਕਿਉਂ ਨਹੀਂ ਹਨ, ਧਰਤੀ ਤੋਂ ਲੈ ਕੇ ਚੰਨ ਤੱਕ ਮਹਿਲਾਵਾਂ ਨੇ ਉਡਾਰੀ ਮਾਰ ਲਈ ਹੈ। ਆਖ਼ਰ ਕਦੋਂ ਤੱਕ ਮਹਿਲਾਵਾਂ ਅਜਿਹੇ ਅਤਿਆਚਾਰ ਸਹਿੰਦੀਆਂ ਰਹਿਣਗੀਆਂ? ਕਿਉਂ ਅਸੀਂ ਸਿਰਫ ਇਕ ਦਿਨ ਹੀ ਮਾਵਾਂ, ਧੀਆਂ ਨੂੰ ਸਨਮਾਨਿਤ ਕਰੀਏ? ਸੋ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਚਾਹੇ ਅਸੀਂ ਕਿਸੇ ਵੀ ਅਦਾਰੇ ਵਿਚ ਅਫ਼ਸਰ ਹੋਈਏ, ਕਿੱਥੇ ਵੀ ਅਸੀਂ ਕੰਮ ਕਰਦੇ, ਹੁਣ ਅਸੀਂ ਮਹਿਲਾਵਾਂ ਨੂੰ ਹਰ ਦਿਨ ਸਨਮਾਨ ਦੇਈਏ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਮੰਦਭਾਗੀ ਘਟਨਾ
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੀ ਰਹਿਣ ਵਾਲੀ 19 ਸਾਲਾ ਅਨਮੋਲ ਦਾ ਅਗਵਾ ਕਰਨ ਵਾਲੇ ਨੇ ਕਤਲ ਕਰ ਦਿੱਤਾ। ਜਿਸ ਮੁੰਡੇ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਕੁੜੀ ਦਾ ਦੋਸਤ ਸੀ। ਕੁੜੀ ਆਪਣੇ ਮਾਂ-ਬਾਪ ਦੀ ਇਕੱਲੀ ਸੰਤਾਨ ਸੀ। ਅਗਵਾਕਾਰ ਮੁੰਡੇ ਨੇ ਪਰਿਵਾਰ ਕੋਲੋਂ ਕੁੜੀ ਬਦਲੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਤਾਂ ਕਰ ਦਿੱਤਾ ਹੈ। ਹੁਣ ਇਹ ਦੇਖਣ ਵਾਲਾ ਹੈ ਕਿ ਕੋਰਟ ਵਿਚ ਇਹ ਕੇਸ ਕਿੰਨਾ ਸਮਾਂ ਚੱਲੇਗਾ। ਅਸੀਂ ਦੇਖਿਆ ਕਿ ਨਿਰਭੈਆ ਕੇਸ ਵਿਚ ਫਾਂਸੀ ਦੀ ਸਜ਼ਾ 'ਤੇ ਵਾਰ-ਵਾਰ ਰੋਕ ਲਗਾਈ ਜਾ ਰਹੀ ਹੈ। ਅਜੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਜੇਕਰ ਕਾਨੂੰਨ ਵਲੋਂ ਸੁਣਾਈ ਸਜ਼ਾ ਨੂੰ ਛੇਤੀ ਅੰਜਾਮ ਤੱਕ ਪਹੁੰਚਾਇਆ ਜਾਵੇ ਤਾਂ ਅਪਰਾਧੀ ਮਾਨਸਿਕਤਾ ਨੂੰ ਠੱਲ੍ਹ ਪਵੇਗੀ।


-ਡਾ: ਬਲਵੰਤ ਸਿੰਘ ਸੈਣੀ, ਖਰੜ।

10-03-2020

 ਕੋਰੋਨਾ ਵਾਇਰਸ ਨੇ ਫਿੱਕਾ ਕੀਤਾ ਹੋਲੀ ਦਾ ਤਿਉਹਾਰ
ਰੰਗਾਂ ਦਾ ਤਿਉਹਾਰ ਹੋਲੀ ਦਿਲਾਂ ਵਿਚ ਖ਼ੁਸ਼ੀ ਦੇ ਰੰਗ ਭਰ ਦਿੰਦਾ ਹੈ। ਇਸ ਨੂੰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਹੋਲਿਕਾ ਜਲਾਈ ਜਾਂਦੀ ਹੈ ਜਿਸ ਨੂੰ ਹੋਲਿਕਾ ਦਹਿਨ ਵੀ ਕਹਿੰਦੇ ਹਨ। ਦੂਜੇ ਦਿਨ ਲੋਕ ਇਕ-ਦੂਜੇ ਦੇ ਰੰਗ ਅਤੇ ਗੁਲਾਲ ਸੁੱਟ ਕੇ ਹੋਲੀ ਮਨਾਉਂਦੇ ਹਨ। ਲੋਕੀਂ ਆਪਣੇ ਦੋਸਤਾਂ ਮਿੱਤਰਾਂ ਵਿਚ ਮਠਿਆਈਆਂ ਵੰਡਦੇ ਹਨ। ਹੋਲੀ ਦੇ ਤਿਉਹਾਰ ਤੇ ਸਪੈਸ਼ਲ ਗੁਝੀਆ ਦੀ ਮਠਿਆਈ ਵੰਡੀ ਜਾਂਦੀ ਹੈ। ਮਥੁਰਾ ਵਰਿੰਦਾਵਨ ਦੀ ਹੋਲੀ ਬਹੁਤ ਹੀ ਪ੍ਰਸਿੱਧ ਹੈ। ਦੂਰ ਦੂਰ ਤੋਂ ਲੋਕ ਮਥਰਾ ਵਰਿੰਦਾਵਨ ਵਿਚ ਹੋਲੀ ਦਾ ਤਿਉਹਾਰ ਮਨਾਉਣ ਜਾਂਦੇ ਹਨ। ਮਠਿਆਈ ਦੀਆਂ ਦੁਕਾਨਾਂ 'ਤੇ ਬਹੁਤ ਹੀ ਚਹਿਲ ਪਹਿਲ ਹੁੰਦੀ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਬਾਜ਼ਾਰਾਂ ਵਿਚ ਚਾਈਨਾ ਦਾ ਸਾਮਾਨ ਵਿਕਦਾ ਹੈ ਜਿਵੇਂ ਪਿਚਕਾਰੀਆਂ, ਮਾਸਕ, ਰੰਗ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਾਡੇ ਹਿੰਦੁਸਤਾਨ ਵਿਚ ਵੀ ਕੋਰੋਨਾ ਵਾਇਰਸ ਦੀ ਆਮਦ ਹੋ ਚੁੱਕੀ ਹੈ। ਕਈ ਸੂਬਿਆਂ ਵਿਚ ਸ਼ੱਕੀ ਮਰੀਜ਼ ਇਲਾਜ ਅਧੀਨ ਹਨ। ਸਾਨੂੰ ਹਰਬਲ ਰੰਗ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ, ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। ਸੋ , ਚਾਹੇ ਕੋਈ ਵੀ ਤਿਉਹਾਰ ਹੋਵੇ, ਸਾਨੂੰ ਆਪਣੇ ਦੇਸ਼ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਕਰਕੇ ਹੋਲੀ ਜ਼ਰੂਰ ਮਨਾਓ ਪਰ ਮਨਾਓ ਧਿਆਨ ਨਾਲ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਹੋਲੇ ਮਹੱਲੇ ਦੀਆਂ ਵਧਾਈਆਂ
ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਰਵਾਇਤੀ ਹੋਲੇ ਮਹੱਲੇ 'ਤੇ ਦੂਰੋਂ-ਦੂਰੋਂ ਆ ਕੇ ਲੱਖਾਂ ਲੋਕ ਮੱਥਾ ਟੇਕਦੇ ਹਨ, ਜਿਸ ਦਾ ਆਰੰਭ ਹੋ ਗਿਆ ਹੈ। ਅਨੰਦਪੁਰ ਸਾਹਿਬ ਉਹ ਪਵਿੱਤਰ ਧਰਤੀ ਹੈ ਜਿਥੇ ਦਸਮ ਪਿਤਾ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ੁਦ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਹ ਖ਼ਾਲਸੇ ਦੀ ਜਨਮ ਭੂਮੀ ਹੈ। ਦਸਮ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਰਵਾਇਤ ਤਿਉਹਾਰ ਹੋਲੀ ਦੀ ਥਾਂ ਆਰੰਭ ਕੀਤੀ, ਜਿਸ ਦਾ ਮਕਸਦ ਜੀਵ ਅੰਦਰ ਜੋਸ਼, ਦ੍ਰਿੜ੍ਹਤਾ, ਹਿੰਮਤ ਪੈਦਾ ਕਰਨ ਦਾ ਸੀ। ਅਨੰਦਪੁਰ ਦੀ ਧਰਤੀ ਨੀਲੇ ਤੇ ਕੇਸਰੀ ਦਸਤਾਰਾਂ ਨਾਲ ਰੰਗੀ ਨਜ਼ਰ ਆ ਰਹੀ ਹੈ। ਇਸ ਅਵਸਰ 'ਤੇ ਅਸੀਂ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਸ਼ਸਤਰਧਾਰੀ ਬਣੀਏ, ਕੌਮ ਦੀ ਚੜ੍ਹਦੀ ਕਲਾ ਲਈ ਇਕਜੁਟ ਹੋਈਏ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਬੈਂਕ ਘੁਟਾਲੇ
ਸ਼ੇਅਰ ਮਾਰਕੀਟ ਵਿਚ ਗਿਰਾਵਟ ਦਾ ਕਾਰਨ ਚੀਨ ਅਤੇ ਅਮਰੀਕਾ ਵਿਚ ਸਟਾਕ ਮਾਰਕੀਟ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਹੈ, ਜਿਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਬਣੀ ਹੋਈ ਹੈ। ਇਸ ਦਾ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਆਵਾਜਾਈ ਬੰਦ ਹੈ, ਕਾਰੋਬਾਰ ਬੰਦ ਹੈ ਅਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਚੀਨ ਅਤੇ ਅਮਰੀਕਾ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਤਾਂ ਭਾਰਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ।
ਪਿਛਲੇ ਕਈ ਦਿਨਾਂ ਤੋਂ ਬੈਂਕਿੰਗ ਖੇਤਰ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ ਅਤੇ ਭਾਰਤੀ ਬਜਟ ਵਿਚ ਵੀ ਬੈਂਕਿੰਗ ਖੇਤਰ ਨੂੰ ਕੁਝ ਚੰਗਾ ਨਹੀਂ ਮਿਲਿਆ ਹੈ। ਇਨ੍ਹਾਂ ਕਾਰਨਾਂ ਕਰਕੇ ਅਸੀਂ ਬੈਂਕਿੰਗ ਖੇਤਰ ਵਿਚ ਸਾਕਾਰਾਤਮਿਕ ਤੌਰ 'ਤੇ ਉਮੀਦ ਨਹੀਂ ਕਰ ਸਕਦੇ। ਸਰਕਾਰ ਨੇ ਹਾਲ ਹੀ ਵਿਚ ਹੋਏ ਪੀ.ਐਮ.ਸੀ. ਬੈਂਕ ਘੁਟਾਲੇ ਤੋਂ ਵੀ ਕੁਝ ਨਹੀਂ ਸਿੱਖਿਆ।

-ਨੇਹਾ, ਖਰੜ।

ਤਲਾਕ, ਲਾਲਚ ਤੇ ਅਣਜੋੜ ਵਿਆਹ
ਪੰਜਾਬ ਵਿਚ ਕਿਸੇ ਸਮੇਂ ਤਲਾਕ ਨਾਮਾਤਰ ਹੁੰਦੇ ਸਨ। ਉਸ ਸਮੇਂ ਮੁੰਡੇ ਕੁੜੀ ਦੀ ਆਰਥਿਕਤਾ ਨਹੀਂ ਦੇਖੀ ਜਾਂਦੀ ਸੀ। ਅੱਜਕਲ੍ਹ ਮੁੰਡੇ ਦੀ ਜ਼ਮੀਨ ਤਾਂ ਦੇਖੀ ਜਾਂਦੀ ਹੈ, ਮੁੰਡਾ ਨੌਕਰੀ 'ਤੇ ਲੱਗਿਆ ਇਹ ਵੀ ਵੇਖਿਆ ਜਾਂਦਾ ਪਰ ਨਾ ਤਾਂ ਮੁੰਡੇ ਬਾਰੇ ਪਤਾ ਕੀਤਾ ਜਾਂਦਾ ਕਿ ਉਹ ਨਸ਼ੇ ਤਾਂ ਨਹੀਂ ਕਰਦਾ। ਇਸ ਤੋਂ ਇਲਾਵਾ ਮੁੰਡੇ ਕੁੜੀ ਦੇ ਆਪਸੀ ਵਿਚਾਰਾਂ ਨੂੰ ਵੀ ਬਹੁਤੀ ਤਰਜੀਹ ਨਹੀਂ ਦਿੱਤੀ ਜਾਂਦੀ। ਮੁੰਡੇ ਦੇ ਜ਼ਮੀਨ ਦੇ ਕਿੱਲੇ ਦੇਖ ਕੇ ਵਿਆਹ ਕਰ ਦਿੱਤਾ ਜਾਂਦਾ। ਬਾਅਦ ਵਿਚ ਪਤਾ ਚਲਦਾ ਕਿ ਮੁੰਡਾ ਨਸ਼ੇੜੀ ਸੀ। ਫਿਰ ਤਲਾਕਾਂ 'ਤੇ ਗੱਲ ਆ ਜਾਂਦੀ ਹੈ। ਇਸ ਸਮੇਂ ਤਲਾਕਾਂ ਦੇ ਵਧਣ ਦਾ ਵੱਡਾ ਕਾਰਨ ਵੱਡੇ ਘਰਾਂ ਦੇ ਕਾਕਿਆਂ ਵਲੋਂ ਕੀਤੇ ਜਾਣ ਵਾਲੇ ਨਸ਼ੇ ਹਨ ਜੋ ਆਰਥਿਕ ਤੇ ਸਮਾਜਿਕ ਜ਼ਿੰਦਗੀ ਵਿਚ ਰੁਕਾਵਟ ਪਾਉਂਦੇ ਹਨ। ਵਿਆਹ ਸਬੰਧ ਇਕ ਅਜਿਹੀ ਸੰਸਥਾ ਹੈ ਜਿਸ ਵਿਚ ਜਾਇਦਾਦ ਬਹੁਤੇ ਮਾਅਨੇ ਨਹੀਂ ਰੱਖਦੀ। ਘੱਟ ਜਾਇਦਾਦ ਵਾਲਾ ਜੇਕਰ ਸਹੀ ਹੋਵੇ ਤਾਂ ਆਪਣੀ ਮਿਹਨਤ ਨਾਲ ਆਪਣੇ ਜੀਵਨ ਸਾਥੀ ਨੂੰ ਖ਼ੁਸ਼ ਰੱਖ ਸਕਦਾ ਹੈ। ਇਸ ਵਿਚ ਦੋਵਾਂ ਦੀ ਖ਼ੁਸ਼ੀ ਤੇ ਵਿਚਾਰ ਮਿਲਣੇ ਜ਼ਰੂਰੀ ਹਨ। ਬਹੁਤੀ ਜਾਇਦਾਦ ਦੇਖ ਕੇ ਕੀਤੇ ਵਿਆਹ ਕਈ ਵਾਰ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਇਸ ਲਈ ਕੁੜੀਆਂ ਦੇ ਮਾਤਾ-ਪਿਤਾ ਨੂੰ ਦੇਖ ਕੇ ਕਦਮ ਪੁੱਟਣਾ ਚਾਹੀਦਾ ਹੈ।

-ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ: ਦਲੇਲ ਸਿੰਘ ਵਾਲਾ (ਮਾਨਸਾ)।

ਹੱਸਦੇ ਰਹੋ, ਹਸਾਉਂਦੇ ਰਹੋ
ਐਤਵਾਰ ਦੇ 'ਅਜੀਤ ਮੈਗਜ਼ੀਨ' ਵਿਚ ਛਪੇ ਲੇਖ ਅਤੇ ਕਹਾਣੀਆਂ ਪੜ੍ਹ ਕੇ ਜਿਥੇ ਮਨ ਗਦਗਦ ਹੋ ਜਾਂਦਾ ਹੈ, ਉਥੇ ਮਾਨਸਿਕ ਤਣਾਅ ਵੀ ਖੰਭ ਲਾ ਕੇ ਉੱਡ ਜਾਂਦਾ ਹੈ। ਸ: ਮਨਜੀਤ ਸਿੰਘ ਸੌਂਦ ਦਾ ਲਿਖਿਆ ਲੇਖ 'ਹੱਸਦੇ ਰਹੋ ਹਸਾਉਂਦੇ ਰਹੋ, ਲੰਮੀਆਂ ਉਮਰਾਂ ਪਾਉਂਦੇ ਰਹੋ' ਪੜ੍ਹਿਆ। ਪੜ੍ਹ ਕੇ ਬਹੁਤ ਚੰਗਾ ਲੱਗਿਆ ਕਿ ਉਪਰੋਕਤ ਲੇਖ ਵਰਤਮਾਨ ਸਮੇਂ ਵਿਚ ਤਣਾਅ ਭਰੀ ਜ਼ਿੰਦਗੀ ਜੀਅ ਰਹੇ ਮਨੁੱਖਾਂ ਵਾਸਤੇ ਸੰਜੀਵਨੀ ਬੂਟੀ ਦਾ ਕੰਮ ਕਰੇਗਾ। ਲੇਖਕ ਨੇ ਵੱਖੋ-ਵੱਖਰੀਆਂ ਦਿਲਚਸਪ ਹੱਸਣ ਹਸਾਉਣ ਦੀਆਂ ਮਿਸਾਲਾਂ ਦਿੰਦਿਆਂ ਹੱਸਣ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸਦਿਆਂ ਹਾਸੇ ਤੋਂ ਹੀ ਮਨੁੱਖ ਦੀ ਮਾਨਸਿਕ ਸਥਿਤੀ ਜਾਨਣ ਦਾ ਚੰਗਾ ਭੇਦ ਦੱਸਿਆ ਹੈ। ਲੇਖਕ ਦਾ ਸੁਝਾਅ ਬਹੁਤ ਚੰਗਾ ਲੱਗਾ ਕਿ ਜੇਕਰ ਘਰ ਵਿਚ ਆਪਸੀ ਛੋਟੀ-ਮੋਟੀ ਨੋਕ-ਝੋਕ ਨੂੰ ਹੱਸਣ ਹਸਾਉਣ ਵਿਚ ਬਦਲ ਲਿਆ ਜਾਵੇ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਉਮਰਾਂ ਸੱਚਮੁੱਚ ਲੰਮੀਆਂ ਹੋਣਗੀਆਂ।

-ਸੁਖਬੀਰ ਸਿੰਘ ਖੁਰਮਣੀਆਂ, ਅੰਮ੍ਰਿਤਸਰ।

25-03-2020

 ਮਹਾਰਾਜਾ ਰਣਜੀਤ ਸਿੰਘ

ਬੀ.ਬੀ.ਸੀ. ਵਰਲਡ ਹਿਸਟਰੀ ਮੈਗਜ਼ੀਨ ਵਲੋਂ ਕਰਵਾਏ ਗਏ ਇਕ ਸਰਵੇਖਣ ਦੌਰਾਨ 19ਵੀਂ ਸਦੀ ਦੇ ਸਿੱਖ ਸਾਮਰਾਜ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਦੁਨੀਆ ਦੇ ਸਭ ਤੋਂ ਮਹਾਨ ਨੇਤਾ ਐਲਾਨ ਕੀਤੇ ਗਏ ਹਨ। ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲੇ ਪੰਜ ਹਜ਼ਾਰ ਪਾਠਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਾਬਲੀਅਤ ਨੂੰ ਪਛਾਣਦਿਆਂ ਉਨ੍ਹਾਂ ਦੀ ਚੋਣ ਕੀਤੀ। ਉਨ੍ਹਾਂ ਮੰਨਿਆ ਕਿ 19ਵੀਂ ਸਦੀ ਵਿਚ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਖ਼ਾਲਸਾ ਫ਼ੌਜ ਦਾ ਆਧੁਨਿਕੀਕਰਨ ਕੀਤਾ ਤੇ ਲਾਸਾਨੀ ਜਿੱਤਾਂ ਪ੍ਰਾਪਤ ਕੀਤੀਆਂ, ਉਹ ਆਪਣੇ-ਆਪ ਵਿਚ ਇਕ ਮਿਸਾਲ ਹਨ। ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਮਿਲੇ ਇਸ ਖ਼ਿਤਾਬ ਨੇ ਸਿੱਖਾਂ ਦੇ ਇਤਿਹਾਸ ਨੂੰ ਹੋਰ ਵੀ ਗੌਰਵ ਨਾਲ ਭਰ ਦਿੱਤਾ ਹੈ ਕਿ 21ਵੀਂ ਸਦੀ ਵਿਚ ਵੀ ਇਕ ਸਿੱਖ ਜਰਨੈਲ ਨੂੰ ਇਸ ਮਾਣ ਨਾਲ ਨਿਵਾਜਿਆ ਗਿਆ।
ਇਸ ਸਨਮਾਨ ਨੇ ਸਿੱਖ ਕੌਮ ਨੂੰ ਉਨ੍ਹਾਂ ਦੇ ਗੌਰਵਸ਼ਾਲੀ ਇਤਿਹਾਸ ਦੀ ਯਾਦ ਦਿਵਾਉਂਦਿਆਂ ਆਪਣੇ ਅਸਲ ਨੂੰ ਪਛਾਣਨ ਲਈ ਵੰਗਾਰਿਆ ਹੈ। ਇਸ ਲਈ ਸਿੱਖ ਕੌਮ ਅਤੇ ਸਿੱਖ ਜਥੇਬੰਦੀਆਂ ਨੂੰ ਅੱਜ ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਇਕਜੁੱਟ ਹੋ ਕੇ ਆਪਣੇ ਅੰਦਰਲੇ ਸ਼ੇਰ ਨੂੰ ਜਗਾਉਣ ਦੀ ਜ਼ਰੂਰਤ ਹੈ, ਤਾਂ ਜੋ ਸਿੱਖ ਰਹਿੰਦੀ ਦੁਨੀਆ ਤੱਕ ਇਸ ਸੰਸਾਰ ਲਈ ਸ਼ੇਰਾਂ ਦੀ ਕੌਮ ਵਜੋਂ ਪਛਾਣੇ ਜਾਂਦੇ ਰਹਿਣ।

-ਅਨੰਤ ਗਿੱਲ ਭਲੂਰ।

ਖ਼ੁਦ ਨੂੰ ਪਛਾਣੋ

ਜ਼ਿੰਦਗੀ ਵਿਚ ਤੁਸੀਂ ਕੋਈ ਵੀ ਕੰਮ ਕਰਦੇ ਹੋਵੋ, ਤੁਹਾਡੇ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੈ ਕਿ ਤੁਸੀਂ ਠੀਕ ਕਰ ਰਹੇ ਹੋ ਜਾਂ ਗ਼ਲਤ। ਇਸ ਨੂੰ ਅੰਤਰ-ਆਤਮਾ ਦੀ ਆਵਾਜ਼ ਵੀ ਕਿਹਾ ਜਾਂਦਾ ਹੈ। ਜੇਕਰ ਅਸੀਂ ਆਪਣੇ ਅੰਦਰਲੇ ਦੀ ਰਾਇ ਨਾਲ ਕੰਮ ਕਰਦੇ ਹਾਂ ਤਾਂ ਕਾਮਯਾਬ ਹੁੰਦੇ ਪਰ ਇਸ ਦੇ ਨਾਲ ਇਹ ਵੀ ਯਕੀਨਨ ਹੈ ਕਿ ਅੰਤਰ-ਆਤਮਾ ਦੀ ਆਵਾਜ਼ ਦੇ ਉਲਟ ਕੰਮ ਕਰਨ ਦੀ ਵੀ ਸਾਨੂੰ ਕੀਮਤ ਚੁਕਾਉਣੀ ਪੈਂਦੀ ਹੈ। ਦੁਨੀਆ ਰਿਸ਼ਤਿਆਂ ਨਾਲ ਚਲਦੀ ਹੈ। ਸ਼ਕਤੀਸ਼ਾਲੀ ਸਬੰਧ ਬਣਾਓ। ਚੰਗੇ ਸਬੰਧਾਂ ਦੀ ਫੁਲਵਾੜੀ ਦੀ ਮਹਿਕ ਸਾਨੂੰ ਅੰਦਰੋਂ ਤਾਕਤ ਦੇਈ ਰੱਖਦੀ ਹੈ। ਸਬੰਧੀਆਂ ਨੂੰ ਤੁਸੀਂ ਪਿਆਰ-ਮੁਹੱਬਤ, ਵਫ਼ਾਦਾਰੀ ਦੇਵੋਗੇ ਤਾਂ ਤੁਹਾਨੂੰ ਵੀ ਉਨ੍ਹਾਂ ਤੋਂ ਇਹ ਚੀਜ਼ਾਂ ਡਬਲ ਹੋ ਕੇ ਮਿਲਣਗੀਆਂ।
ਸਫ਼ਲ ਲੋਕ ਉੱਪਰੋਂ ਨਹੀਂ ਡਿਗਦੇ ਸਗੋਂ ਉਹ ਮੁਸ਼ਕਿਲਾਂ ਨਾਲ ਲੜ-ਲੜ ਕੇ ਵੱਡੇ ਹੋ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਮਿਲੋ ਜੋ ਤੁਹਾਡੇ ਰੋਲ ਮਾਡਲ ਹਨ। ਉਨ੍ਹਾਂ ਦੇ ਰੋਜ਼ਾਨਾ ਰੂਟੀਨ ਬਾਰੇ ਜਾਣੋ। ਉਨ੍ਹਾਂ ਅੰਦਰਲੀਆਂ ਚੰਗੀਆਂ ਚੀਜ਼ਾਂ ਨੂੰ ਕਾਪੀ-ਪੇਸਟ ਕਰੋ ਤੇ ਮਾੜੀਆਂ ਨੂੰ ਬਾਏ-ਬਾਏ ਕਰ ਦੇਵੋ। ਅਸੀਂ ਬਾਹਰ ਦੀ ਦੁਨੀਆ ਵਿਚ ਰੁੱਝੇ ਹੋਏ ਹਾਂ, ਕਦੇ ਆਪਣੇ ਨਾਲ ਗੱਲ ਕੀਤੀ ਹੀ ਨਹੀਂ। ਇਕਾਂਤ ਵਿਚ ਬੈਠ ਕੇ ਆਪਣੇ-ਆਪ ਨਾਲ ਸੁਹਿਰਦ ਗੱਲਾਂ ਕਰਨ ਦੀ ਕੋਸ਼ਿਸ਼ ਕਰੋ, ਤੁਹਾਡਾ ਅੰਦਰਲਾ ਤੁਹਾਨੂੰ ਮਿਲਣ ਲਈ ਵਿਆਕੁਲ ਹੈ। ਕਾਪੀ ਪੈਨ ਲਓ ਤੇ ਤਿੰਨ ਉਹ ਜੀਵਨ ਨਿਸ਼ਾਨੇ ਲਿਖ ਲਵੋ, ਜਿਨ੍ਹਾਂ ਨੂੰ ਤੁਸੀਂ ਹਰ ਹਾਲ ਵਿਚ ਪੂਰਾ ਕਰਨਾ ਚਾਹੁੰਦੇ ਹੋ। ਯੋਜਨਾ ਬਣਾਓ, ਲਗਾਤਾਰ ਯਤਨ ਕਰੋ, ਪ੍ਰਗਤੀ ਨੋਟ ਕਰੋ, ਕਮੀਆਂ ਨੂੰ ਸੁਧਾਰੋ, ਅੰਤ ਨੂੰ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ।

-ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ।

ਪਰਵਾਸ : ਇਕ ਚਿੰਤਾ ਦਾ ਵਿਸ਼ਾ

ਪਿਛਲੇ ਦਿਨੀਂ ਮੁਹੰਮਦ ਅੱਬਾਸ ਧਾਲੀਵਾਲ ਦਾ ਲੇਖ 'ਗੰਭੀਰ ਚਿੰਤਾ ਦਾ ਵਿਸ਼ਾ ਹੈ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ...' ਪੜ੍ਹ ਕੇ ਨੌਜਵਾਨਾਂ ਪੱਖੋਂ ਖਾਲੀ ਹੋ ਰਹੇ ਪੰਜਾਬ ਦੀ ਚਿੰਤਾ ਹੋਵੇ, ਵਾਜਬ ਹੈ। ਲੇਖਕ ਅਨੁਸਾਰ ਬਹੁਤ ਸਾਰੇ ਨੌਜਵਾਨ ਬਾਹਰ ਜਾ ਕੇ ਇੰਜੀਨੀਅਰ, ਡਾਕਟਰ, ਨਾਸਾ ਵਿਗਿਆਨੀ ਤੇ ਮਾਈਕ੍ਰੋਸਾਫਟ ਕੰਪਨੀ ਆਦਿ ਵਿਚ ਵੱਧ ਤੋਂ ਵੱਧ ਆਪਣਾ ਹੁਨਰ ਸਾਬਤ ਕਰਨ ਦਾ ਮੌਕਾ ਪ੍ਰਾਪਤ ਕਰ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਹੀ ਨੌਜਵਾਨਾਂ ਨੂੰ ਸਾਡੇ ਦੇਸ਼ ਵਿਚ ਆਪਣਾ ਹੁਨਰ ਸਾਬਤ ਕਰਨ ਦਾ ਮੌਕਾ ਮਿਲੇ ਤਾਂ ਸਾਡਾ ਦੇਸ਼ ਦੂਸਰਿਆਂ ਦੇ ਬਰਾਬਰ ਖੜ੍ਹ ਸਕਦਾ ਹੈ। ਪਰ ਸਾਡੇ ਰਾਜਨੀਤਕ ਢਾਂਚੇ ਦੀ ਲੋਕ ਵਿਰੋਧੀ ਸੋਚ ਕਾਰਨ, ਨੌਜਵਾਨ ਪੀੜ੍ਹੀ ਕਰਜ਼ੇ ਚੁੱਕ ਜਾਂ ਜ਼ਮੀਨਾਂ-ਜਾਇਦਾਦਾਂ ਆਦਿ ਵੇਚ ਆਪਣੀ ਮਾਂ-ਭੂਮੀ ਅਤੇ ਬਜ਼ੁਰਗ ਮਾਪਿਆਂ ਨੂੰ ਰੋਂਦੇ ਅਤੇ ਬੇਸਹਾਰਾ ਛੱਡ, ਪਰਵਾਸ ਲਈ ਮਜਬੂਰ ਹੋ ਰਹੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਏ, ਤਾਂ ਜੋ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਨਾ ਹੋਣਾ ਪਵੇ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਸਮੇਂ ਨੂੰ ਸਮਝੋ

ਸਾਡੀ ਰੋਜ਼ਾਨਾ ਦੀ ਜ਼ਿੰਦਗੀ ਉਸ ਕੰਧ 'ਤੇ ਲੱਗੀ ਘੜੀ ਨੂੰ ਵੇਖ ਕੇ ਹੀ ਲੰਘੀ ਜਾ ਰਹੀ ਹੈ। ਭਾਵੇਂ ਮਨੁੱਖ ਦੇ ਸਭ ਕੰਮ ਕਾਰ ਮਸ਼ੀਨਾਂ ਨੇ ਸਾਂਭ ਲਏ ਹਨ। ਪਰ ਹੁਣ ਮਨੁੱਖ ਪਹਿਲਾਂ ਨਾਲੋਂ ਵੀ ਵੱਧ ਵਿਅਸਥ ਹੈ। ਇਸ ਵਿਗਿਆਨਿਕ ਯੁੱਗ ਵਿਚ ਮਸ਼ੀਨੀਕਰਨ ਦੇ ਹੁੰਦੇ ਹੋਏ ਵੀ ਅਸੀਂ ਸੋਚ ਰਹੇ ਹਾਂ ਕਿ ਸਮੇਂ ਦੀ ਚਾਲ ਤੇਜ਼ ਹੋ ਗਈ ਹੈ। ਅਜਿਹੇ ਯੁੱਗ ਵਿਚ ਤਾਂ ਸਮਾਂ ਹੱਥਾਂ ਵਿਚ ਹੋਣਾ ਚਾਹੀਦਾ ਸੀ, ਜਦ ਕਿ ਸਮਾਂ ਹੁਣ ਵੀ ਸਾਡੇ ਹੱਥਾਂ 'ਚੋਂ ਨਿਕਲ ਕੇ ਬਹੁਤ ਦੂਰ ਭੱਜਿਆ ਜਾ ਰਿਹਾ ਹੈ। ਇੰਜ ਲਗਦਾ ਕਿ ਆਹ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਦੇ ਤਾਣੇ-ਬਾਣੇ ਨੂੰ, ਸਾਡੇ ਮਨੋਰੰਜਨ ਨੂੰ ਖ਼ਤਮ ਕਰ ਕੇ ਹੀ ਰੱਖ ਦਿੱਤਾ ਹੈ। ਅਸੀਂ ਆਪਣਾ ਆਨੰਦਾਇਕ ਸਮਾਂ ਹੀ ਵਿਆਸਥ ਕਰੀ ਬੈਠੇ ਹਾਂ। ਸਮਾਂ ਉਹੀ ਚਾਲ ਚਲਦਾ ਜਾ ਰਿਹਾ ਹੈ, ਬਸ ਅਸੀਂ ਹੀ ਬਿਨਾਂ ਕੰਮ ਤੋਂ ਉਲਝੇ ਹੋਏ ਆ। ਬਸ ਸਮੇਂ ਨੂੰ ਸਮਝ ਕੇ ਚੱਲਣ ਅਤੇੇ ਸੰਭਲਣ ਦੀ ਲੋੜ ਹੈ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX