ਤਾਜਾ ਖ਼ਬਰਾਂ


ਨਹਿਰ ਵਿਚ ਡੁੱਬੇ ਦੋ ਨੌਜਵਾਨ ਵਿੱਚੋਂ ਇਕ ਦੀ ਲਾਸ਼ ਹੋਈ ਬਰਾਮਦ, ਦੂਜੇ ਦੀ ਭਾਲ ਜਾਰੀ
. . .  33 minutes ago
ਕਰਨਾਲ, 3 ਅਗਸਤ (ਗੁਰਮੀਤ ਸਿੰਘ ਸੱਗੂ ) -ਬੀਤੀ ਦੇਰ ਸ਼ਾਮ ਨੂੰ ਪਿੰਡ ਘੋਘੜੀਪੁਰ ਦੇ ਨਾਲੋ ਲੰਘਦੀ ਪਛਮੀ ਯਮੁਨਾ ਨਹਿਰ ਵਿਚ ਨਹਾਉਂਦੇ ਹੋਏ ਤਿਨ ਨੌਜਵਾਨ ਵਿੱਚੋਂ ਦੋ ਨੌਜਵਾਨ ਨਹਿਰ ਵਿਚ ਡੁੱਬ ਗਏ ਜਿਨ੍ਹਾਦੀ ਭਾਲ ਬੀਤੀ ਰਾਤ ਤੋ ...
ਕੋਵਿਡ : 19 -ਇਮਰਾਨ ਖਾਨ ਨੇ ਨਿਯੁਕਤ ਕੀਤਾ ਨਵਾਂ ਸਿਹਤ ਮੰਤਰੀ
. . .  43 minutes ago
ਇਸਲਾਮਾਬਾਦ ,3 ਅਗਸਤ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੀਜਾ ਸਿਹਤ ਮੰਤਰੀ ਨਿਯੁਕਤ ਕੀਤਾ ਹੈ । ਇਹ 2 ਸਾਲ 'ਚ ਸਿਹਤ ਮੰਤਰੀ ਦੀ ਤੀਜੀ ਨਿਯੁਕਤੀ ਹੈ । ਪਾਕਿਸਤਾਨ 'ਚ ਕੋਰੋਨਾ ਦੇ 2 ਲਖ 80 ਹਜ਼ਾਰ ...
ਪਿੰਡ ਕੰਗ ਕਲਾਂ ਦੇ ਕਤਲ ਕੇਸ 'ਚ ਫਰਾਰ 'ਗੋਲਡੀ' ਨੂੰ ਪੁਲਿਸ ਨੇ ਨੱਪਿਆ, 8 ਤੱਕ ਮਿਲਿਆ ਰਿਮਾਂਡ
. . .  about 1 hour ago
ਲੋਹੀਆਂ ਖਾਸ {ਜਲੰਧਰ}, 3 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ ) -ਲੰਘੀ 17 ਜੁਲਾਈ ਦੀ ਰਾਤ ਨੂੰ ਹੋਈ ਲੜਾਈ 'ਚ ਮਾਰੇ ਗਏ ਪਿੰਡ ਕੰਗ ਕਲਾਂ ਦੇ ਅਨਮੋਲਦੀਪ ਸਿੰਘ ਪੁੱਤਰ ਅਜੀਤ ਸਿੰਘ ਦੇ ਕਤਲ ਕੇਸ ...
ਜੰਡਿਆਲਾ ਗੁਰੂ ਵਿਖੇ ਸ਼ਰਾਬ ਪੀਣ ਨਾਲ ਇਕ ਹੋਰ ਵਿਅਕਤੀ ਦੀ ਮੌਤ , ਮੌਤਾਂ ਦੀ ਗਿਣਤੀ 2 ਹੋਈ
. . .  about 1 hour ago
ਜੰਡਿਆਲਾ ਗੁਰੂ , 03 ਅਗਸਤ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਖੇ ਇਕ ਹੋਰ ਵਿਅਕਤੀ ਦੀ ਸ਼ਰਾਬ ਪੀਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਮੌਤਾਂ ਦੀ ਗਿਣਤੀ ਹੁਣ 2 ਹੋ ...
ਸੁੱਚਾ ਸਿੰਘ ਲੰਗਾਹ ਮਾਮਲਾ : ਭਾਈ ਲੌਂਗੋਵਾਲ ਨੇ ਕੀਤੀ ਕਾਰਵਾਈ
. . .  about 1 hour ago
ਅੰਮ੍ਰਿਤਸਰ, 3 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਸੁੱਚਾ ਸਿੰਘ ਲੰਗਾਹ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਵਾਈ ਕਰਦੇ ਹੋਏ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਤਿੰਨ...
ਪੰਜਾਬ 'ਚ ਪਿਛਲੇ 24 ਘµਟਿਆਂ ਦੌਰਾਨ ਕੋਰੋਨਾ ਕਾਰਨ 19 ਮੌਤਾਂ, 677 ਨਵੇਂ ਮਾਮਲੇ
. . .  about 2 hours ago
ਚੰਡੀਗੜ੍ਹ, 3 ਅਗਸਤ - ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 19 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 677 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 18527 ਹੋ ਗਈ ਹੈ, ਜਿਨ੍ਹਾਂ ਵਿਚੋਂ 11882 ਡਿਸਚਾਰਜ...
ਸ਼ਾਹਕੋਟ (ਜਲੰਧਰ) ਇਲਾਕੇ 'ਚ ਨਿੱਜੀ ਬੈਂਕ ਮੁਲਾਜ਼ਮ ਦੇ ਪਤੀ ਸਮੇਤ 2 ਕੋਰੋਨਾ ਪਾਜ਼ੀਟਿਵ
. . .  about 2 hours ago
ਸ਼ਾਹਕੋਟ, 3 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਰੱਖੜੀ ਵਾਲੇ ਦਿਨ ਵੀ ਇਲਾਕੇ ਵਿਚ 2 ਕੋਰੋਨਾ ਮਰੀਜ਼ ਮਿਲੇ, ਜਿਸ ਵਿਚ...
ਈ.ਡੀ ਵੱਲੋਂ ਸੁਸ਼ਾਂਤ ਰਾਜਪੂਤ ਦੇ ਸੀ.ਏ ਤੋਂ ਪੁੱਛਗਿੱਛ
. . .  about 2 hours ago
ਮੁੰਬਈ, 3 ਅਗਸਤ - ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਅੱਜ ਈ.ਡੀ ਨੇ ਸੁਸ਼ਾਂਤ ਰਾਜਪੂਤ ਦੇ ਸੀ.ਏ ਸੰਦੀਪ ਸ੍ਰੀਧਰ ਤੋਂ ਪੁੱਛਗਿੱਛ...
ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਰਾਜਪਾਲ ਪਾਸੋਂ ਤੁਰੰਤ ਐਕਸ਼ਨ ਦੀ ਮੰਗ
. . .  about 2 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਰਾਬ ਨਾਲ ਹੋਈਆਂ ਮੌਤਾਂ...
ਮਾਨਸਾ 'ਚ 2 ਗੁੱਟਾਂ ਦੀ ਲੜਾਈ ਦੌਰਾਨ ਇਕ ਦੀ ਮੌਤ, 1 ਜ਼ਖ਼ਮੀ
. . .  about 2 hours ago
ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਅੱਜ ਦੇਰ ਸ਼ਾਮ ਸਥਾਨਕ ਲੱਲੂਆਣਾ ਰੋਡ 'ਤੇ ਹੇਅਰ ਡਰੈਸਰ ਦੀ ਦੁਕਾਨ 'ਤੇ 2 ਗੁੱਟਾਂ ਦੀ ਲੜਾਈ ਦੌਰਾਨ ਗੋਲੀ ਲੱਗਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਨਾਲ ਇਕ ਨੌਜਵਾਨ ਦੀ ਮੌਤ...
ਹਰੀ ਸਿੰਘ ਜ਼ੀਰਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਮੁਲਤਵੀ
. . .  about 2 hours ago
ਚੰਡੀਗੜ੍ਹ, 3 ਅਗਸਤ - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਹਰੀ ਸਿੰਘ ਜ਼ੀਰਾ ਦੇ ਦੇਹਾਂਤ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ...
ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਨਹੀਂ ਰਹੇ
. . .  about 2 hours ago
ਜ਼ੀਰਾ, 3 ਅਗਸਤ (ਪ੍ਰਤਾਪ ਸਿੰਘ ਜ਼ੀਰਾ) - ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਵੇਲੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦ ਜ਼ੀਰਾ ਤੋਂ ਪੰਜ ਵਾਰ ਵਿਧਾਇਕ ਬਣਨ ਵਾਲੇ ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਦਾ ਅਚਾਨਕ...
ਢੈਪਈ (ਲੁਧਿਆਣਾ) 2 ਕਾਰਾਂ ਤੇ ਮੋਟਰਸਾਈਕਲ ਦੀ ਟੱਕਰ 'ਚ ਬਜ਼ੁਰਗ ਦੀ ਮੌਤ
. . .  about 3 hours ago
ਜੋਧਾਂ, 2 ਅਗਸਤ (ਗੁਰਵਿੰਦਰ ਸਿੰਘ ਹੈਪੀ)- ਜ਼ਿਲ੍ਹਾ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਢੈਪਈ ਨਹਿਰ ਪੁਲ ਨਜ਼ਦੀਕ 2 ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਦੀ ਮੌਤ ਹੋਣ ਅਤੇ ਉਸ ਦੇ ਪੁੱਤਰ ਦੀ ਜ਼ਖਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ...
ਬਠਿੰਡਾ 'ਚ ਕੋਰੋਨਾ ਦੇ 75 ਨਵੇਂ ਮਾਮਲੇ ਪਾਜ਼ੀਟਿਵ
. . .  about 3 hours ago
ਬਠਿੰਡਾ, 3 ਅਗਸਤ (ਨਾਇਬ ਸਿੱਧੂ) - ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਅੰਦਰ ਸੋਮਵਾਰ ਦੀ ਸ਼ਾਮ ਤੱਕ 29 ਹੋਰ ਵਿਅਕਤੀ ਕੋਰੋਨਾ ਨੂੰ ਹਰਾ ਕੇ ਘਰ ਪਰਤ ਗਏ ਹਨ। ਬੀਤੇ 24...
ਲੁਧਿਆਣਾ 'ਚ ਕੋਰੋਨਾ ਦਾ ਫਿਰ ਵੱਡਾ ਧਮਾਕਾ, 9 ਮਰੀਜ਼ਾਂ ਦੀ ਮੌਤ-228 ਨਵੇਂ ਮਾਮਲੇ
. . .  about 3 hours ago
ਲੁਧਿਆਣਾ, 3 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਫਿਰ ਵੱਡਾ ਧਮਾਕਾ ਹੋਇਆ ਹੈ, ਜਿਸ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 9 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ...
ਮੋਗਾ 'ਚ ਕੋਰੋਨਾ ਦੇ 23 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮੋਗਾ, 3 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਕੋਰੋਨਾ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 459 ਹੋ ਗਈ...
ਹੁਸ਼ਿਆਰਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ ਅੱਜ ਕੋਰੋਨਾ ਦੇ 12 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 587 ਹੋ ਗਈ ਹੈ। ਇਸ ਸੰਬੰਧੀ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਹੋਰ ਮਾਮਲੇ ਆਏ ਸਾਹਮਣੇ, 2 ਹਜ਼ਾਰ ਤੋਂ ਪਾਰ ਹੋਇਆ ਕੁੱਲ ਅੰਕੜਾ
. . .  about 4 hours ago
ਅੰਮ੍ਰਿਤਸਰ, 3 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਹੋਰ ਮਾਮਲੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ...
ਖਡੂਰ ਸਾਹਿਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ, ਤੀਜੇ ਦੀ ਹਾਲਤ ਗੰਭੀਰ
. . .  1 minute ago
ਖਡੂਰ ਸਾਹਿਬ, 3 ਅਗਸਤ (ਰਸ਼ਪਾਲ ਸਿੰਘ ਕੁਲਾਰ)- ਮਾਝੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੁਣ ਜ਼ਿਲ੍ਹਾ ਤਰਨ...
ਜੰਡਿਆਲਾ ਦੇ ਸਿਹਤ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਜੰਡਿਆਲਾ ਮੰਜਕੀ, 3 ਅਗਸਤ (ਸੁਰਜੀਤ ਸਿੰਘ ਜੰਡਿਆਲਾ)- ਜਲੰਧਰ ਦੇ ਕਸਬੇ ਜੰਡਿਆਲਾ ਮੰਜਕੀ 'ਚ ਅੱਜ ਇੱਕ ਸਿਹਤ ਮੁਲਾਜ਼ਮ ਮੂਲਾ ਰਾਮ (60) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਕਸਬੇ...
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਸਾਬਕਾ ਸਰਪੰਚ ਗੁਰਚਰਨ ਫੱਲੜ ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ
. . .  about 5 hours ago
ਰਾਮਾਂ ਮੰਡੀ, 3 ਅਗਸਤ (ਅਮਰਜੀਤ ਲਹਿਰੀ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਫੱਲੜ 'ਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ...
ਫ਼ਾਜ਼ਿਲਕਾ 'ਚ 9 ਸਾਲਾ ਬੱਚੀ ਸਣੇ 14 ਹੋਰਨਾਂ ਨੂੰ ਹੋਇਆ ਕੋਰੋਨਾ
. . .  about 5 hours ago
ਫ਼ਾਜ਼ਿਲਕਾ, 3 ਅਗਸਤ (ਪ੍ਰਦੀਪ ਕੁਮਾਰ )- ਫ਼ਾਜ਼ਿਲਕਾ ਜ਼ਿਲ੍ਹੇ 'ਚ ਇੱਕ 9 ਸਾਲਾ ਦੀ ਬੱਚੀ ਸਣੇ ਕੋਰੋਨਾ ਦੇ 14 ਹੋਰ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਸੀ. ਐੱਮ...
ਕੋਰੋਨਾ ਜ਼ਿਲ੍ਹਾ ਸੰਗਰੂਰ 'ਚ 29 ਵੀਂ ਮੌਤ
. . .  about 5 hours ago
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ ਅੱਜ ਇੱਕ ਹੋਰ ਮੌਤ ਹੋ ਗਈ। ਕੋਰੋਨਾ ਤੋਂ ਪੀੜਤ ਧੂਰੀ ਦੀ 33 ਸਾਲਾ ਸੁਨੈਨਾ ਗੁਪਤਾ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ...
ਕਾਂਗਰਸ ਸਰਕਾਰ ਦੇ ਖ਼ਿਲਾਫ਼ ਪੂਰੇ ਪੰਜਾਬ 'ਚ ਭਲਕੇ ਅਰਥੀ ਫੂਕ ਮੁਜ਼ਾਹਰੇ ਕਰੇਗੀ ਬਸਪਾ : ਜਸਵੀਰ ਗੜ੍ਹੀ
. . .  about 6 hours ago
ਬਲਾਚੌਰ, 3 ਅਗਸਤ (ਸ਼ਾਮ ਸੁੰਦਰ ਮੀਲੂ)- ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ 'ਚ 4 ਅਗਸਤ ਨੂੰ ਨਕਲੀ ਅਤੇ ਜ਼ਹਿਰੀਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੱਤਾਟਿੱਬਾ ਨਾਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552
ਵਿਚਾਰ ਪ੍ਰਵਾਹ: ਬਹਾਦਰ ਹੋਣ ਲਈ ਪਹਿਲੀ ਸ਼ਰਤ ਹੈ ਭਰੋਸੇਮੰਦ ਹੋਣਾ। -ਸਿਸਰੋ

ਤੁਹਾਡੇ ਖ਼ਤ

3-07-2020

ਕੋਰੋਨਾ ਦਾ ਨਹੀਂ, ਚੋਣਾਂ ਦਾ ਫ਼ਿਕਰ
ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਇਕ ਕਰੋੜ ਤੋਂ ਪਾਰ ਹੋ ਚੁੱਕੇ ਹਨ। ਜਿਸ ਵਿਚ 55 ਲੱਖ ਦੇ ਕਰੀਬ ਮਰੀਜ਼ ਠੀਕ ਹੋਏ ਤੇ 5 ਲੱਖ ਦੇ ਕਰੀਬ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ। ਹਰ ਪਾਰਟੀ ਦੇ ਆਗੂ ਪੰਜਾਬ ਸੂਬੇ ਦੀਆਂ 2022 ਦੀਆਂ ਚੋਣਾਂ ਲਈ ਚਿੰਤਤ ਹਨ ਤੇ ਪਾਰਟੀਆਂ ਦੇ ਆਗੂ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖ ਰਹੇ। ਪੁਲਿਸ ਵਿਭਾਗ ਬਿਨਾਂ ਮਾਸਕ, ਤਾਲਾਬੰਦੀ ਦੌਰਾਨ ਦੁਕਾਨਾਂ ਖੋਲ੍ਹਣ ਤੇ ਜੁਰਮਾਨੇ ਵਸੂਲ ਰਿਹਾ ਹੈ ਪਰ ਮੰਤਰੀਆਂ ਤੇ ਵਿਧਾਇਕਾਂ ਦੇ ਹੋ ਰਹੇ ਇਕੱਠ 'ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਹੈ ਤੇ ਆਮ ਵਰਗ ਦੇ ਚਾਲਾਨ ਕੱਟ ਕੇ ਉੱਚ ਅਧਿਕਾਰੀਆਂ ਤੋਂ ਸ਼ਾਬਾਸ਼ ਲੈ ਰਹੇ ਹਨ। 2022 ਦੀਆਂ ਚੋਣਾਂ ਨੇੜੇੇ-ਨੇੜੇ ਆਉਂਦੀਆਂ ਵੇਖ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਿਆਸੀ ਆਗੂਆਂ ਦੀਆਂ ਅਖ਼ਬਾਰਾਂ ਵਿਚ ਇਕੱਠ ਦੀਆਂ ਤਸਵੀਰਾਂ ਸਾਫ਼ ਨਜ਼ਰ ਆਉਂਦੀਆਂ ਹਨ। ਭਾਵੇਂ ਕਿ ਧਰਨੇ, ਪ੍ਰਦਰਸ਼ਨ ਸਰਕਾਰ ਦੇ ਖਿਲਾਫ਼ ਸੀਮਤ ਇਕੱਠ ਹੋ ਰਹੇ ਹਨ ਪਰ ਸਮਾਜਿਕ ਦੂਰੀ ਨਹੀਂ ਬਣਾਈ ਜਾ ਰਹੀ।

-ਮਾ: ਜਗੀਰ ਸਿੰਘ ਸਫਰੀ, ਸਠਿਆਲਾ, ਅੰਮ੍ਰਿਤਸਰ।

ਆਨਲਾਈਨ ਪੜ੍ਹਾਈ
ਕੋਰੋਨਾ ਮਹਾਂਮਾਰੀ ਨਾਲ ਦੇਸ਼ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਪਏ ਹਨ ਅਤੇ ਵਿਦਿਆਰਥੀ ਘਰ ਵਿਚ ਹੀ ਰਹਿਣ ਲਈ ਮਜਬੂਰ ਹਨ। ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਕਰਨ ਦੀ ਹਦਾਇਤ ਦਿੱਤੀ ਗਈ ਹੈ ਤਾਂ ਕਿ ਸਿਲੇਬਸ ਪਿੱਛੇ ਨਾ ਰਹਿ ਜਾਵੇ। ਜ਼ੂਮ, ਗੂਗਲ ਮੀਟ ਅਤੇ ਕਈ ਹੋਰ ਵੀਡੀਓ ਕਾਨਫ਼ਰੰਸਿੰਗ ਐਪ ਦੀ ਵਰਤੋਂ ਨਾਲ ਪੜ੍ਹਾਇਆ ਜਾ ਰਿਹਾ ਹੈ। ਭਾਵੇਂ ਇਸ ਕੋਰੋਨਾ ਕਾਲ ਵਿਚ ਆਨਲਾਈਨ ਪੜ੍ਹਾਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਪਰ ਜੇਕਰ ਧਰਾਤਲ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਕੁਝ ਕਮੀਆਂ ਵੀ ਹਨ। ਘਰ ਵਿਚ ਜਮਾਤ ਵਰਗਾ ਮਾਹੌਲ ਪੈਦਾ ਨਹੀਂ ਕੀਤਾ ਜਾ ਸਕਦਾ। ਦੂਸਰਾ ਇਸ ਵਿਚ ਬੱਚੇ ਪ੍ਰਯੋਗ ਜਾਂ ਸਰਗਰਮੀ ਤੋਂ ਸੱਖਣੇ ਰਹਿ ਜਾਂਦੇ ਹਨ ਕਈ ਘਰਾਂ ਵਿਚ ਸਿਰਫ਼ ਮਾਂ-ਬਾਪ ਕੋਲ ਹੀ ਸਮਾਰਟ ਫੋਨ ਹਨ ਅਤੇ ਕੰਮ-ਕਾਰ 'ਤੇ ਜਾਣ ਕਰਕੇ ਕਈ ਬੱਚੇ ਇਸ ਪ੍ਰਣਾਲੀ ਦਾ ਫਾਇਦਾ ਨਹੀਂ ਉਠਾ ਪਾਉਂਦੇ, ਜੋ ਆਨਲਾਈਨ ਸਿੱਖਿਆ ਪ੍ਰਣਾਲੀ ਵਿਚ ਅੜਿੱਕਾ ਬਣਦੇ ਹਨ।

-ਹਰਪ੍ਰੀਤ ਸਿੰਘ , ਕੇ.ਵੀ ਨਾਭਾ।

ਪੰਜਾਬ ਦੀਆਂ ਜੜ੍ਹਾਂ ਆਪ ਵੱਢ ਰਹੇ
ਪਿਛਲੇ ਦਿਨੀਂ 'ਅਜੀਤ' ਵਿਚ ਪ੍ਰਿੰ: ਸਰਵਣ ਸਿੰਘ ਦਾ ਲੇਖ 'ਪੰਜਾਬ ਮਾਰੂਥਲ ਨਹੀਂ ਬਣੇਗਾ ਤਾਂ ਕੀ ਬਣੇਗਾ?' ਭਾਰੀ ਹਲੂਣਾ ਦਿੰਦਾ ਹੈ ਕਿ ਪੰਜਾਬ ਦੀ 75 ਲੱਖ ਏਕੜ ਜ਼ਮੀਨ ਵਿਚ ਝੋਨਾ ਲੱਗੇਗਾ। ਚਾਰ-ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਲੁਆਈ ਹੈ। ਮੁਫ਼ਤ ਬਿਜਲੀ ਪਾਣੀ ਕੁਲੰਜੀ ਜਾਂਦੀ ਹੈ। ਕੀਹਨੂੰ ਪਰਵਾਹ ਹੈ ਪੰਜਾਬ ਦੇ ਮਾਰੂਥਲ ਬਣ ਜਾਣ ਦੀ? ਚੌਲ ਪੰਜਾਬੀਆਂ ਦਾ ਖਾਜਾ ਨਹੀਂ। ਝੋਨੇ ਕਰਕੇੇ ਪੰਜਾਬ ਪਹਿਲਾਂ ਖੁਸ਼ਹਾਲ ਹੋਇਆ, ਪਿੱਛੋਂ ਕੰਗਾਲ। ਫਾਇਦਾ ਚੌਲ ਖਾਣੇ ਸੂਬਿਆਂ ਦੀਆਂ ਸਰਕਾਰਾਂ ਤੇ ਖਪਤਕਾਰਾਂ ਨੂੰ ਹੁੰਦਾ ਹੈ। ਲੇਖਕ ਦਾ ਸੁਝਾਅ ਵਜ਼ਨਦਾਰ ਹੈ ਕਿ ਸਾਲਾਨਾ 6500 ਕਰੋੜ ਰੁਪਏ ਦੀ ਸਬਸਿਡੀ ਟਿਊਬਵੈਲਾਂ ਨੂੰ ਮੁਫ਼ਤ ਦੇਣ ਦੀ ਥਾਂ ਨਕਦ ਦੇਣੀ ਚਾਹੀਦੀ ਹੈ। ਸਹੀ ਚਿੰਤਾ ਹੈ, ਪੰਜਾਬ ਸਰਕਾਰ ਤੇ ਪੰਜਾਬੀ ਕਿਸਾਨ ਆਪਣੇ ਰੁੱਖ ਦੀਆਂ ਜੜ੍ਹਾਂ ਆਪ ਹੀ ਵੱਢ ਰਹੇ ਹਨ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।

ਵਿਚਾਰ ਕਰਨ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਨਿਸ਼ਾਨ ਸਿੰਘ ਦਾ ਲੇਖ 'ਸਿਲੇਬਸ ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ' ਪੜ੍ਹਿਆ। ਡਾ: ਸਾਹਿਬ ਨੇ ਠੀਕ ਹੀ ਕਿਹਾ ਹੈ ਕਿ ਗਿਆਨ ਦਾ ਕੋਈ ਅੰਤ ਨਹੀਂ ਪਰ ਗਿਆਨ ਪ੍ਰਾਪਤੀ ਜ਼ਰੂਰੀ ਵੀ ਹੈ। ਸਾਡੇ ਦੇਸ਼ ਵਿਚ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ 'ਤੇ ਸਕੂਲੀ ਸਿਲੇਬਸ ਦਾ ਬਹੁਤ ਜ਼ਿਆਦਾ ਬੋਝ ਹੈ। ਇਤਿਹਾਸ ਉਹ ਪੜ੍ਹਾਇਆ ਜਾਵੇ ਜੋ ਅੱਜ ਵੀ ਜਿਊਂਦਾ ਹੈ। ਸਾਡੇ ਮਹਾਨ ਯੋਧੇ, ਜਰਨੈਲ, ਸੂਰਮੇ, ਸ਼ਹੀਦ ਅਤੇ ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀਆਂ ਦੀਆਂ ਕਥਾਵਾਂ ਪੜ੍ਹਾਈਆਂ ਜਾਣ ਤਾਂ ਕਿ ਇਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਜੀਵਨ-ਜਾਚ ਸਿੱਖ ਸਕਣ, ਵਿਦਿਆਰਥੀ ਨੈਤਿਕ ਗੁਣਾਂ ਵਾਲੇ ਨਾਗਰਿਕ ਬਣਨ ਤਾਂ ਕਿ ਭਵਿੱਖ ਵਿਚ ਹੋਣ ਵਾਲੇ ਝਗੜਿਆਂ ਅਤੇ ਅਪਰਾਧਾਂ ਤੋਂ ਬਚਿਆ ਜਾ ਸਕੇ। ਸੋ, ਸਮੇਂ ਦੀ ਸਰਕਾਰ ਅਤੇ ਸਿੱਖਿਆ ਘਾੜਿਆਂ ਨੂੰ ਸਿਲੇਬਸ ਬਾਰੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਵਿਦਿਆਰਥੀ ਅੱਜ ਨੂੰ ਸਹੀ ਸੇਧ ਦੇ ਸਕਣ।

-ਰਣਜੀਤ ਕੌਰ
ਸੇਵਾ-ਮੁਕਤ ਲੈਕ: ਕੋਟਕਪੂਰਾ।

ਮਤਰੇਆਂ ਵਾਲਾ ਸਲੂਕ
ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ 1966 ਵਿਚ ਦਿੱਤਾ ਗਿਆ ਜਿਸ ਦਾ ਭਾਵ ਇਹ ਕਿ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿਚ ਕੰਮਕਾਜ ਦੀ ਭਾਸ਼ਾ ਦਾ ਮਾਧਿਅਮ ਪੰਜਾਬੀ ਹੋਵੇਗਾ। ਪਰ ਸ਼ਾਇਦ ਅੱਜ ਸਾਡੀ ਸਰਕਾਰ ਇਹ ਗੱਲ ਭੁੱਲ ਚੁੱਕੀ ਹੈ ਜਾਂ ਫਿਰ ਸ਼ਾਇਦ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਿਚ ਇਹ ਭੁੱਲ ਚੁੱਕੇ ਹਨ ਕਿ ਸਕੂਲ ਵੀ ਸਰਕਾਰੀ ਅਦਾਰਿਆਂ ਦਾ ਅਹਿਮ ਹਿੱਸਾ ਹਨ। ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਪਹਿਲੀ ਜਮਾਤ ਤੋਂ ਹੀ ਬੱਚਿਆਂ ਦੀ ਸਿੱਖਿਆ ਦਾ ਮਾਧਿਅਮ ਪੰਜਾਬੀ ਤੋਂ ਅੰਗਰੇਜ਼ੀ ਕਰਨ ਵਿਚ ਮਿਹਨਤ ਤੇ ਮਦਦ ਕੀਤੀ ਹੈ। ਸਰਕਾਰ ਬੱਚਿਆਂ ਨੂੰ ਗੁੜ੍ਹਤੀ ਹੀ ਅੰਗਰੇਜ਼ੀ ਭਾਸ਼ਾ ਵਿਚ ਦੇ ਰਹੀ ਹੈ ਤਾਂ ਅਸੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਇਹ ਪੀੜ੍ਹੀ ਭਵਿੱਖ ਵਿਚ ਮਾਂ-ਬੋਲੀ ਦੇ ਪ੍ਰਚਾਰ ਵਿਚ ਸਹਾਈ ਹੋਵੇਗੀ? ਕੀ ਵਿਭਾਗ ਨੂੰ ਲਗਦਾ ਹੈ ਕਿ ਪੰਜਾਬੀ ਭਾਸ਼ਾ ਰਾਹੀਂ ਦਿੱਤੀ ਸਿੱਖਿਆ ਗੁਣਾਤਮਕ ਨਹੀਂ ਹੋਵੇਗੀ? ਜਾਂ ਫਿਰ ਸਰਕਾਰ ਅਜਿਹੀਆਂ ਨੀਤੀਆਂ ਪਾਸ ਕਰਕੇ ਆਪਣੀ ਘਰ-ਘਰ ਨੌਕਰੀ ਵਾਲੇ ਵਾਅਦੇ ਨੂੰ ਨਾ ਪੂਰਾ ਕਰ ਸਕਣ ਦਾ ਸਬੂਤ ਦੇ ਰਹੀ ਹੈ? ਕਿਸੇ ਸਹੀ ਹੀ ਕਿਹਾ ਸੀ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜੋ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ ਹੈ...। ਸਰਕਾਰ ਨੂੰ ਇਨ੍ਹਾਂ ਦੋਗਲੀਆਂ ਚਾਲਾਂ ਨੂੰ ਛੱਡ ਆਪਣੀ ਮਾਂ-ਬੋਲੀ ਪੰਜਾਬੀ ਦੇ ਮਾਧਿਅਮ ਵਿਚ ਹੀ ਗੁਣਾਤਮਕ ਸਿੱਖਿਆ ਦੇ ਕੇ ਵਿਦਿਆਰਥੀਆਂ ਦਾ ਹਰ ਪੱਖੋਂ ਉੱਤਮ ਵਿਕਾਸ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

-ਪ੍ਰਿਆ ਸੁਮਨ

2-07-2020

 ਦੂਰਅੰਦੇਸ਼ੀ ਸਮਝ ਦੀ ਲੋੜ
ਇਸ ਸਮੇਂ ਚੀਨ ਤੇ ਭਾਰਤ ਦੇ ਆਪਸੀ ਤਣਾਅ ਕਾਰਨ ਇਹ ਵਿਰੋਧ ਹੋ ਰਿਹਾ ਹੈ ਕਿ ਚੀਨੀ ਵਸਤੂਆਂ ਦਾ ਭਾਰਤ ਵਿਚੋਂ ਬਾਈਕਾਟ ਕੀਤਾ ਜਾਵੇ। ਦਰਅਸਲ ਭਾਰਤ ਦਾ ਜ਼ਿਆਦਾਤਰ ਵਪਾਰ ਚੀਨੀ ਵਸਤੂਆਂ 'ਤੇ ਨਿਰਭਰ ਹੈ। ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਆਉਂਦਾ ਹੈ, ਜਿਥੇ ਜ਼ਿਆਦਾਤਰ ਲੋਕ ਆਰਥਿਕ ਥੁੜਾਂ ਕਾਰਨ ਜੂਝ ਰਹੇ ਹਨ। ਮਹਿੰਗੀਆਂ ਵਸਤੂਆਂ ਖ਼ਰੀਦਣਾ ਉਨ੍ਹਾਂ ਦੇ ਵੱਸੋਂ ਬਾਹਰੀ ਹੈ। ਇਸ ਤੋਂ ਇਲਾਵਾ ਜੋ ਵਸਤੂਆਂ ਅਸੀਂ ਆਪਣੇ ਦੇਸ਼ ਵਿਚ ਬਣਾਉਂਦੇ ਹਾਂ, ਉਸ ਵਿਚ ਵੀ ਜ਼ਿਆਦਾਤਰ ਚੀਨੀ ਵਸਤੂਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਗੱਲ ਕਰੀਏ ਤਾਂ ਇਸ ਵਿਚ ਵਧੇਰੇ ਤਕਨੀਕ ਤੇ ਮਸ਼ਨੀਰੀ ਚੀਨ 'ਤੇ ਆਧਾਰਿਤ ਹੈ। ਇਸ ਲਈ ਚੀਨੀ ਵਪਾਰ ਸਬੰਧੀ ਸਰਕਾਰ ਨੂੰ ਦੂਰਅੰਦੇਸ਼ੀ ਸਮਝ ਅਪਣਾਉਣੀ ਪਵੇਗੀ, ਕਿਉਂਕਿ ਮਹਿੰਗੀਆਂ ਵਸਤੂਆਂ ਦੀ ਮਾਰ ਸਾਧਾਰਨ ਵਿਅਕਤੀ ਸਹਿਣ ਨਹੀਂ ਕਰ ਸਕਦਾ। ਜੇਕਰ ਸੱਚਮੁੱਚ ਹੀ ਅਸੀਂ ਚੀਨੀ ਵਸਤੂਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਚੀਨ ਦੀ ਤਰਜ਼ 'ਤੇ ਆਧਾਰਿਤ ਵਸਤਾਂ ਦਾ ਨਿਰਮਾਣ ਕਰਨਾ ਪਏਗਾ, ਤਕਨੀਕ ਤੇ ਮਸ਼ੀਨੀ ਵਸਤੂਆਂ ਦੀ ਮੁਹਾਰਤ ਸਾਡੇ ਦੇਸ਼ ਵਿਚ ਸਥਾਪਤ ਕਰਨੀ ਪਵੇਗੀ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਨਾਦਰਸ਼ਾਹੀ ਫ਼ਰਮਾਨ
ਬੀਤੇ ਦਿਨੀਂ ਸੰਪਾਦਕੀ ਪੰਨੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਦੁਆਰਾ ਲਿਖਿਆ ਲੇਖ ਬਹੁਤ ਹੀ ਕਾਬਲੇ ਤਾਰੀਫ਼ ਸੀ, ਜਿਸ ਵਿਚ ਉਨ੍ਹਾਂ ਨੇ ਬਿਨਾਂ ਝਿਜਕ ਇਹ ਗੱਲ ਕਹੀ ਕਿ ਇਕ ਪਾਸੇ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪੁਰਬ ਮਨਾ ਰਹੇ ਹਾਂ। ਇਹ ਸਾਰਾ ਕੁਝ ਜਾਣਦੇ ਹੋਏ ਵੀ ਅਸੀਂ ਕਿਸੇ ਦਾ ਭਲਾ ਤਾਂ ਕੀ ਕਰਨਾ ਹੈ, ਰੋਜ਼ੀ-ਰੋਟੀ ਜ਼ਰੂਰ ਖੋਹਣ ਦਾ ਉਪਰਾਲਾ ਕਰਦੇ ਰਹਿੰਦੇ ਹਾਂ। ਫਿਰ ਇਹ ਕਹਿਣਾ ਵੀ ਬਣਦਾ ਹੈ ਸਾਡੇ ਨਾਲੋਂ ਤਾਂ ਪਾਕਿਸਤਾਨ ਹੀ ਇਸ ਕੰਮ ਵਿਚ ਚੰਗਾ ਹੈ ਜਿਸ ਨੇਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਬਣਾ ਦਿੱਤੀ ਹੈ ਤੇ ਅਸੀਂ ਗੁਰੂ ਦੇ ਨਾਂਅ 'ਤੇ ਬਣੀਆਂ ਹੋਈਆਂ ਯਾਦਗਾਰਾਂ 'ਤੇ ਏਨੇ ਵੱਡੇ ਥਰਮਲ ਪਲਾਂਟ ਨੂੰ ਮਿੱਟੀ ਵਿਚ ਮਿਲਾਉਣ ਦੇ ਮਤੇ ਪਾਸ ਕਰ ਦਿੱਤੇ ਹਨ। ਇਹ ਕਹਿ ਕੇ ਕੇ ਬਿਜਲੀ ਸਰਪਲੱਸ ਹੋ ਗਈ ਹੈ ਕਿੰਨਿਆਂ ਹਜ਼ਾਰਾਂ ਲੋਕਾਂ ਦੇ ਚੁੱਲ੍ਹੇ ਵਿਚ ਥਰਮਲ ਪਲਾਂਟ ਦੀ ਹੋਂਦ ਆਉਣ ਨਾਲ ਰੋਟੀ ਪੱਕਦੀ ਪਈ ਸੀ, ਹੁਣ ਸਾਰੇ ਕਿੱਧਰ ਨੂੰ ਜਾਣਗੇ, ਉਨ੍ਹਾਂ ਨੂੰ ਰੁਜ਼ਗਾਰ ਕੌਣ ਦੇਵੇਗਾ। ਕੀ ਇਹ ਮੀਟਿੰਗ ਵਿਚ ਸਹੀ ਮਾਰਨ ਤੋਂ ਪਹਿਲਾਂ ਇਸ ਬਾਰੇ ਵੀ ਕੋਈ ਚਰਚਾ ਕੀਤੀ ਹੈ। ਵੇਖੋ ਇਹ ਨਾਦਰਸ਼ਾਹੀ ਫ਼ਰਮਾਨ ਨੂੰ ਵਾਪਸ ਲਿਆ ਜਾਂਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।

ਖ਼ੁਦਕੁਸ਼ੀ ਕਿਉਂ ਕਰਦੇ ਹਨ ਫ਼ਿਲਮੀ ਸਿਤਾਰੇ?
ਬੀਤੇ ਦਿਨੀਂ 'ਅਜੀਤ' ਵਿਚੋਂ ਪ੍ਰੋ: ਐਚ.ਐਸ. ਡਿੰਪਲ ਵਲੋਂ ਲਿਖਿਆ ਗਿਆ ਲੇਖ 'ਖ਼ੁਦਕੁਸ਼ੀ ਕਿਉਂ ਕਰਦੇ ਹਨ ਫ਼ਿਲਮ ਸਿਤਾਰੇ?' ਪੜ੍ਹਨ ਨੂੰ ਮਿਲਿਆ, ਜੋ ਜਾਣਕਾਰੀ ਭਰਪੂਰ ਸੀ। ਜਿਸ ਵਿਚ ਉਨ੍ਹਾਂ ਪਿਛਲੇ ਦਿਨੀਂ ਆਤਮ-ਹੱਤਿਆ ਕਰਨ ਵਾਲੇ ਫ਼ਿਲਮ ਸਟਾਰਾਂ ਸੁਸ਼ਾਂਤ ਸਿੰਘ ਰਾਜਪੂਤ, ਜੀਆ ਖ਼ਾਨ, ਦਿਵਿਆ ਭਾਰਤੀ, ਮਾਰਲਿਨ ਮੁਨਰੋ, ਟੀ.ਵੀ. ਅਦਾਕਾਰ ਮਨਮੀਤ ਗਰੇਵਾਲ ਦੇ ਹਵਾਲੇ ਨਾਲ ਇਹ ਲੇਖ ਲਿਖਿਆ ਹੈ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਆਤਮ-ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਅਖੀਰ ਵਿਚ ਪ੍ਰੋਫੈਸਰ ਡਿੰਪਲ ਨੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ, ਜਿਵੇਂ ਜੀਵਨ ਵਿਚ ਸਿਰਫ ਪੈਸਾ ਸਭ ਕੁਝ ਨਹੀਂ ਹੁੰਦਾ। ਮਜ਼ਬੂਤ ਮਾਨਸਿਕਤਾ ਚੰਗੇ ਅਤੇ ਉਸਾਰੂ ਵਿਚਾਰ, ਸਾਹਿਤ ਅਤੇ ਅਨੁਭਵ ਤੋਂ ਹਾਸਲ ਹੁੰਦੀ ਹੈ, ਅਸਫਲ ਹੋਣ ਦਾ ਅਰਥ ਜ਼ਿੰਦਗੀ ਦਾ ਖ਼ਾਤਮਾ ਨਹੀਂ। ਸੋ, ਦੋਸਤੋ, ਮੇਰੇ ਵਲੋਂ ਇਹ ਕਹਿਣਾ ਬਣਦਾ ਹੈ ਕਿ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਦਾ ਭਰਪੂਰ ਅਨੰਦ ਲਓ, ਜ਼ਿੰਦਗੀ ਜਿਊਣੀ ਸਿੱਖੋ, ਦੋਸਤਾਂ, ਪਰਿਵਾਰਾਂ ਨਾਲ ਹੱਸੋ, ਖੇਡੋ, ਆਪਣੇ ਅੰਦਰਲੇ ਬੱਚੇ ਨੂੰ ਜਿਊਂਦਾ ਰੱਖੋ, ਕਦੇ-ਕਦੇ ਕੁਦ ਬੱਚਿਆਂ ਵਾਲੀਆਂ ਹਰਕਤਾਂ ਕਰੋ।

-ਧਰਵਿੰਦਰ ਸਿੰਘ ਔਲਖ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।

ਭੰਗ ਤੇ ਗਾਜਰ ਬੂਟੀ
ਗਾਜਰ ਬੂਟੀ ਜੋ ਕਿ 6-7 ਦਹਾਕੇ ਪਹਿਲਾਂ ਅਮਰੀਕਾ 'ਚੋਂ ਕਣਕ ਦੇ ਨਾਲ ਆਈ ਸੀ, ਨੇ ਜਿਥੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਵਿਚ ਪੈਰ ਪਸਾਰੇ ਹਨ, ਉਥੇ ਹੀ ਭੰਗ ਵੀ ਆਮ ਹੀ ਉੱਗੀ ਵੇਖੀ ਜਾ ਸਕਦੀ ਹੈ। ਇਹ ਦੋਵੇਂ ਬੂਟੀਆਂ ਖਾਲੀ ਥਾਵਾਂ, ਪਲਾਟਾਂ, ਸੜਕਾਂ ਦੇ ਕੰਢੇ, ਰੇਲਵੇ ਟਰੈਕਾਂ ਆਦਿ 'ਤੇ ਆਮ ਹੀ ਹੁੰਦੀ ਹੈ। ਭੰਗ ਮੁਫਤ ਦਾ ਨਸ਼ਾ ਹੋਣ ਕਾਰਨ ਕਈ ਨੌਜਵਾਨ ਇਸ ਦਾ ਸੇਵਨ ਕਰਦੇ ਹਨ, ਜਿਥੇ ਇਹ ਉਨ੍ਹਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਉਥੇ ਹੀ ਗਾਜਰ ਬੂਟੀ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਇਹ ਦੋਵੇਂ ਬੂਟੀਆਂ ਵੀ ਪੂਰੀ ਹਰਿਆਲੀ ਮਾਰਨ ਲੱਗ ਜਾਣਗੀਆਂ ਅਤੇ ਇਨ੍ਹਾਂ ਦਾ ਬੀਜ ਪੱਕ ਕੇ ਫਿਰ ਧਰਤੀ 'ਤੇ ਡਿੱਗੇਗਾ, ਜਿਸ ਨਾਲ ਅਗਲੇ ਸਾਲ ਇਨ੍ਹਾਂ ਬੂਟੀਆਂ ਦੀ ਪੈਦਾਵਾਰ ਵਿਚ ਹੋਰ ਵਾਧਾ ਹੋ ਜਾਵੇਗਾ। ਜਿਥੇ ਲੋਕਾਂ ਨੂੰ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ, ਉਥੇ ਹੀ ਇਨ੍ਹਾਂ ਬੂਟੀਆਂ ਦੇ ਮੁਕੰਮਲ ਖਾਤਮੇ ਲਈ ਸਰਕਾਰ, ਪ੍ਰਸ਼ਾਸਨ, ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀ ਸੰਸਥਾਵਾਂ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ, ਜਲੰਧਰ।

ਆਰਡੀਨੈਂਸਾਂ ਦਾ ਪ੍ਰਭਾਵ
ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਸੁਧਾਰ ਆਰਡੀਨੈਂਸਾਂ ਨਾਲ ਸੂਬਿਆਂ ਦੇ ਮਾਲੀਏ 'ਤੇ ਵੀ ਅਸਰ ਪਵੇਗਾ। ਰਾਜ ਸਰਕਾਰਾਂ ਨੂੰ ਜੋ ਆਮਦਨ ਹੁੰਦੀ ਸੀ, ਇਨ੍ਹਾਂ ਦੇ ਲਾਗੂ ਹੋਣ ਨਾਲ ਸਰਕਾਰਾਂ ਦੀ ਆਮਦਨ 'ਚ ਕਮੀ ਆਏਗੀ। ਜਿਨ੍ਹਾਂ ਕਿਸਾਨਾਂ ਦੀ ਹੈਸੀਅਤ ਬਾਹਰ ਦੀਆਂ ਮੰਡੀਆਂ 'ਚ ਮਾਲ ਖੜਨ ਦੀ ਨਹੀਂ ਹੋਵੇਗੀ, ਵੱਡੇ ਵਪਾਰੀ ਉਨ੍ਹਾਂ ਛੋਟੇ ਕਿਸਾਨਾਂ ਦਾ ਫਾਇਦਾ ਉਠਾਉਣਗੇ। ਆਪਣੀਆਂ ਸ਼ਰਤਾਂ ਮਨਾ ਉਨ੍ਹਾਂ ਦਾ ਸ਼ੋਸ਼ਣ ਕਰਨਗੇ। ਇਸ ਦਾ ਸਿਰਫ ਵੱਡੇ ਵਪਾਰੀ ਤੇ ਵੱਡੇ ਜ਼ਿਮੀਂਦਾਰਾਂ ਨੂੰ ਫਾਇਦਾ ਹੋਵੇਗਾ। ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਵਾਜਬ ਫ਼ਸਲਾਂ ਦੇ ਰੇਟ ਦਿੱਤੇ ਜਾਣ, ਖੇਤੀ ਦੇ ਉਪਕਰਨ ਸਸਤੇ ਦਿੱਤੇ ਜਾਣ, ਖਾਦਾਂ, ਦਵਾਈਆਂ ਸਸਤੀਆਂ, ਸਸਤਾ ਕਰਜ਼ਾ, ਝੋਨੇ ਦੀ ਤੇ ਕਣਕ ਦੀ ਬਿਜਾਈ ਸਮੇਂ ਪੂਰੀ ਬਿਜਲੀ ਮੁਹੱਈਆ ਕੀਤੀ ਜਾਵੇ। ਬੱਚਿਆਂ ਦੀ ਮੁਫ਼ਤ ਪੜ੍ਹਾਈ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ। ਇਸ ਨਾਲ ਰਾਜ ਸਰਕਾਰ ਦਾ ਮਾਲੀਆ ਵੀ ਬਚਿਆ ਰਹੇਗਾ ਤੇ ਛੋਟੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਇਸ 'ਤੇ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ।

1-07-2020

 ਸਿੱਖਿਆ ਦਾ ਡਿੱਗ ਰਿਹਾ ਪੱਧਰ

ਅੱਜ ਦੀ ਸਿੱਖਿਆ ਪ੍ਰਾਪਤ ਕਰਨ ਦਾ ਮੁਢਲਾ ਮਕਸਦ ਨੌਕਰੀ ਹੈ ਜਦ ਕਿ ਹਰੇਕ ਪੜ੍ਹੇ-ਲਿਖੇ ਨੂੰ ਨੌਕਰੀ ਮਿਲੇ, ਸੰਭਵ ਨਹੀਂ ਹੈ। ਮੇਰੀ ਨਿੱਜੀ ਸੋਚ ਅਨੁਸਾਰ ਜੇਕਰ ਹਿਸਾਬ ਦੇ ਸਿਲੇਬਸ ਦੀ ਗੱਲ ਕਰੀਏ ਤਾਂ ਸਾਡੀ ਰੋਜ਼ਾਨਾ ਦੇ ਵਰਤਾਰੇ ਵਿਚ ਜਮ੍ਹਾਂ, ਘਟਾਉ, ਗੁਣਾ, ਤਕਸੀਮ ਜਾਂ ਫਿਰ ਕੁਝ ਵਰਤੋਂ ਪਹਾੜਿਆਂ ਦੀ ਹੁੰਦੀ ਹੈ। ਜ਼ਮੀਨ ਦੀ ਗਿਣਤੀ, ਜਿਸ ਦੀ ਕਿ ਹਰ ਇਕ ਵਿਅਕਤੀ ਨੂੰ ਸਮਝ ਹੋਣੀ ਜ਼ਰੂਰੀ ਹੈ ਕਿ ਕਿਵੇਂ ਮਰਲੇ ਕੱਢਣੇ, ਇਕ ਮਰਲੇ ਵਿਚ ਕਿੰਨੇ ਫੁੱਟ ਹੁੰਦੇ ਹਨ, ਇਕ ਕਿੱਲੇ ਵਿਚ ਕਿੰਨੇ ਫੁੱਟ, ਕਿੰਨੀਆਂ ਕਰਮਾਂ ਆਦਿ ਹੁੰਦੀਆਂ ਹਨ। ਪਰ ਇਹ ਸਭ ਕੁਝ ਪੜ੍ਹਨ ਵਾਲਿਆਂ ਬੱਚਿਆਂ ਦੀਆਂ ਕਿਤਾਬਾਂ ਵਿਚ ਨਹੀਂ ਮਿਲਦਾ। ਇਸ ਦੇ ਨਾਲ-ਨਾਲ ਛੋਟੇ ਬੱਚਿਆਂ ਤੋਂ ਲੈ ਕੇ ਸੈਕੰਡਰੀ ਤੱਕ ਦੇ ਬੱਚਿਆਂ ਲਈ ਸਿਲੇਬਸ ਵਿਚ ਟ੍ਰੈਫਿਕ ਦੇ ਨਿਯਮ, ਕਾਨੂੰਨੀ ਸਹਾਇਤਾ, ਸ਼ਹੀਦਾਂ ਦੀਆਂ ਕਹਾਣੀਆਂ, ਕਿੱਤੇ ਨਾਲ ਸਬੰਧਿਤ ਟ੍ਰੇਨਿੰਗ ਆਦਿ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਸਮੇਂ ਕਾਗਜ਼ੀ ਕਾਰਵਾਈ ਬਹੁਤ ਵਧ ਗਈ ਹੈ ਪਰ ਸਿੱਖਿਆ ਦਾ ਪੱਧਰ ਗਿਰਾਵਟ ਵੱਲ ਜਾ ਰਿਹਾ ਹੈ। ਬੱਚੇ ਦੀ ਦਿਲਚਸਪੀ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।

-ਗੁਰਿੰਦਰ ਕਲੇਰ, ਗੁਰਦਾਸਪੁਰ।

ਪੰਜਾਬ ਦਾ ਪੁੱਤਰ

ਆਪਾਂ ਪੰਜਾਬ ਦੇ ਪੁੱਤਰ ਸੋਨੂੰ ਸੂਦ ਦੀ ਗੱਲ ਕਰਦੇ ਹਾਂ ਜੋ ਕਿ ਅੱਜਕਲ੍ਹ ਮੀਡੀਆ 'ਤੇ ਪੰਜਾਬ ਤੇ ਪੰਜਾਬੀਅਤ ਦਾ ਨਾਂਅ ਉੱਚਾ ਕਰ ਰਿਹਾ ਹੈ। ਸੋਨੂੰ ਸੂਦ ਨੇ ਉਹ ਕਰਕੇ ਦਿਖਾ ਦਿੱਤਾ ਜੋ ਮਹਾਰਾਸ਼ਟਰ ਦੀ ਸਰਕਾਰ ਵੀ ਨਹੀਂ ਕਰ ਸਕੀ। ਭਾਵੇਂ ਕਿ ਇਹ ਤ੍ਰਾਸਦੀ ਪੂਰੇ ਵਿਸ਼ਵ ਦੀ ਹੈ ਪਰ ਭਾਰਤ ਦੇ ਹਿਸਾਬ ਨਾਲ ਉਪਰੋਕਤ ਰਾਜ ਦਾ ਬੁਰਾ ਹਾਲ ਹੈ। ਇਥੋਂ ਦੇ ਸ਼ਿਵ ਸੈਨਾ ਦੇ ਇਕ ਮੌਜੂਦਾ ਸੰਸਦ ਮੈਂਬਰ ਸੰਜੇ ਰਾਉਤ ਨੇ ਇਹ ਹਾਸੋਹੀਣਾ ਜਿਹਾ ਬਿਆਨ ਦਿੱਤਾ ਹੈ ਕਿ ਅਚਾਨਕ ਸੋਨੂੰ ਸੂਦ ਅੱਗੇ ਆ ਗਿਆ ਮਹਾਤਮਾ ਬਣ ਕੇ। ਇਹ ਭਾਜਪਾ ਦੀ ਸਾਜਿਸ਼ ਹੈ। ਸੰਜੇ ਰਾਉਤ ਨੂੰ ਜਿਥੇ ਇਸ ਪੰਜਾਬ ਦੇ ਪੁੱਤਰ ਦੀ ਸ਼ਲਾਘਾ ਕਰਨੀ ਚਾਹੀਦੀ ਸੀ, ਉਥੇ ਇਹ ਬਿਆਨ ਹਜ਼ਮ ਹੋਣ ਤੋਂ ਬਾਹਰ ਹੈ ਕਿਉਂਕਿ ਉਸ ਨੇ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਕੇ ਹੀ ਨਹੀਂ ਦੇਖਿਆ। ਅਮਰੀਕੀ ਰਾਸ਼ਟਰਪਤੀ ਨੇ ਵੀ ਸ਼ਲਾਘਾ ਕੀਤੀ ਹੈ।

-ਪ੍ਰਭਜੋਤ ਸਿੰਘ ਪੱਬਾ, (ਬਿਆਸ)।

ਜਿਊਣ ਦਾ ਸਹੀ ਢੰਗ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ। ਇਹ ਹੁਣ ਸਾਡੇ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜੀਅ ਰਹੇ ਹਨ। ਅੱਜਕਲ੍ਹ ਜੋ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਬਾਪ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣ। ਕੱਲ੍ਹ ਨੂੰ ਬੱਚੇ ਵੱਡੇ ਵੀ ਹੁੰਦੇ ਹਨ, ਸੋ ਕਾਲਜਾਂ, ਯੂਨੀਵਰਸਿਟੀਆਂ ਵਿਚ ਗੱਲਾਂ ਹੋ ਜਾਂਦੀਆਂ ਹਨ ਤਾਂ ਬੱਚੇ ਬਿਨਾਂ ਬੇਝਿਜਕ ਆਪਣੇ ਮਾਂ-ਬਾਪ ਨੂੰ ਦੱਸਣਗੇ। ਸੋ, ਮਾਂ ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਵੇ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗਲਤ ਕਦਮ ਨਾ ਚੁੱਕਣ। ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ।

-ਸੰਜੀਵ ਸਿੰਘ ਸੈਣੀ,
ਮੁਹਾਲੀ।

30-06-2020

 ਲਾਵਾਰਸ ਮਜ਼ਦੂਰ

ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਪ੍ਰਵਾਸੀ ਮਜ਼ਦੂਰਾਂ ਦੀ ਅਚਾਨਕ ਉੱਠੀ ਹਿਜਰਤ ਨੇ ਹਰ ਇਕ ਦੇਸ਼ ਵਾਸੀ 'ਚ ਹੈਰਾਨਗੀ ਪੈਦਾ ਕਰ ਦਿੱਤੀ। ਇਸ ਗੰਭੀਰ ਤੇ ਦੁਖਦਾਈ ਹਿਜਰਤ ਨੇ ਦੇਸ਼ ਦੀ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪਾ ਦਿੱਤੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਕੇਂਦਰ ਤੇ ਸੂਬਾ ਸਰਕਾਰਾਂ ਇਸ ਹਿਜਰਤ ਨੂੰ ਰੋਕਣ ਲਈ ਬੇਵੱਸ ਹੋ ਗਈਆਂ ਹੋਣ। ਭਾਵੇਂ ਬਾਅਦ ਵਿਚ ਸਰਕਾਰਾਂ ਵਲੋਂ ਮਜ਼ਦੂਰਾਂ ਨੂੰ ਮੰਜ਼ਿਲ 'ਤੇ ਪਹੁੰਚਦਾ ਕਰਨ ਲਈ ਰੇਲ ਗੱਡੀਆਂ ਤੇ ਬੱਸਾਂ ਚਲਾਉਣੀਆਂ ਪਈਆਂ। ਪਰ ਇਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਜੇਕਰ ਕੇਂਦਰ ਤੇ ਸੂਬਾ ਸਰਕਾਰਾਂ ਦਿਲੋਂ ਚਾਹੁੰਦੀਆਂ ਤਾਂ ਉਹ ਮਜ਼ਦੂਰਾਂ ਦੀ ਹਿਜਰਤ ਨੂੰ ਰੋਕ ਸਕਦੀਆਂ ਸਨ। ਪਰ ਅਜਿਹਾ ਨਹੀਂ ਹੋਇਆ। ਹਿਜਰਤ ਦੌਰਾਨ ਮਜ਼ਦੂਰਾਂ ਨੇ ਜੋ ਅੰਤਾਂ ਦਾ ਦੁੱਖ ਝੱਲਿਆ, ਉਹ ਬਿਆਨ ਕਰਨਾ ਔਖਾ ਹੈ। ਉਪਰੋਕਤ ਕੁੱਲ ਵਰਤਾਰਾ ਸਪੱਸ਼ਟ ਕਰਦਾ ਸੀ ਜਿਵੇਂ ਕਿ ਇਹ ਮਜ਼ਦੂਰ ਲਾਵਾਰਸ ਹੋਣ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਸਹੀ ਕਦਮ

ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ 'ਸਹੀ ਕਦਮ' ਪੜ੍ਹਿਆ, ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਸੀ। ਦੇਸ਼ 'ਚ ਤਾਲਾਬੰਦੀ ਦੇ ਪੰਜਵੇਂ ਪੜਾਅ ਦੇ ਐਲਾਨ 'ਚ ਤਿੰਨ ਪੜਾਅ ਰਾਹੀਂ ਤਾਲਾਬੰਦੀ ਨੂੰ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਵਲੋਂ ਦਿੱਤੀ ਗਈ ਢਿੱਲ ਨੂੰ ਬਹੁਤੇ ਲੋਕ ਸਰਸਰੀ ਤੌਰ 'ਤੇ ਲੈ ਰਹੇ ਹਨ, ਜਿਸ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨਾ, ਮੂੰਹ 'ਤੇ ਮਾਸਕ ਨਾ ਲਗਾਉਣਾ ਆਦਿ ਦੀ ਉਲੰਘਣਾ ਕਰ ਰਹੇ ਹਨ। ਸਰਕਾਰ ਵਲੋਂ ਜੁਰਮਾਨੇ ਦੇ ਰੇਟਾਂ 'ਚ ਭਾਰੀ ਵਾਧਾ ਕਰਨਾ ਵੀ ਗ਼ਲਤ ਹੈ, ਇਸ ਨਾਲ ਕੋਈ ਜ਼ਿਆਦਾ ਫ਼ਰਕ ਨਹੀਂ ਪੈਣਾ। ਲਾਕਡਾਊਨ ਅਤੇ ਕਰਫ਼ਿਊ ਦੇ ਲੱਗਣ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਹੀ ਜ਼ਿਆਦਾ ਡਾਵਾਂਡੋਲ ਹੋ ਚੁੱਕੀ ਹੈ। ਇਸ ਨੂੰ ਠੀਕ ਕਰਨ ਲਈ ਪਤਾ ਨਹੀਂ ਕਿੰਨਾ ਕੁ ਵਕਤ ਲੱਗੇਗਾ। ਸਾਡੇ ਸਾਰਿਆਂ ਲਈ ਹਾਲੇ ਵੀ ਚੁਣੌਤੀ ਵਾਲੇ ਦਿਨ ਸਾਹਮਣੇ ਖੜ੍ਹੇ ਹਨ, ਜਿਸ ਲਈ ਇਸ ਦੇ ਬਚਾਅ ਲਈ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਏ ਹੱਥ ਧੋਣ, ਮਾਸਕ ਪਹਿਨਣ, ਸਮਾਜਿਕ ਦੂਰੀ, ਜ਼ਿਆਦਾ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਹੀ ਜ਼ਰੂਰੀ ਹੈ।

-ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕ: ਘਰਾਚੋਂ, ਜ਼ਿਲ੍ਹਾ ਸੰਗਰੂਰ।

ਖਾਦਾਂ, ਸਪਰੇਆਂ ਤੇ ਪਾਣੀ

ਅੱਜ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਅਸੀਂ ਛੋਟੇ ਹੁੰਦੇ ਪਸ਼ੂਆਂ ਨੂੰ ਬਾਹਰ ਚਾਰਨ ਵਾਸਤੇ ਲੈ ਕੇ ਜਾਇਆ ਕਰਦੇ ਸੀ। ਜਦੋਂ ਦੁਪਹਿਰ ਦਾ ਵੇਲਾ ਹੁੰਦਾ ਸੀ ਤਾਂ ਪਸ਼ੂਆਂ ਨੂੰ ਛਾਵੇਂ ਕਰਕੇ ਅਸੀਂ ਪਾਣੀ ਪੀਣ ਲਈ ਨੀਵੀਂ ਜਗ੍ਹਾ 'ਤੇ ਜਾ ਕੇ ਟੋਆ ਪੁੱਟਣਾ ਤੇ ਥੋੜ੍ਹਾ ਜਿਹਾ ਹੀ ਪੁੱਟਣ 'ਤੇ ਥੱਲਿਉਂ ਪਾਣੀ ਨਿਕਲ ਆਉਣਾ ਤੇ ਅਸੀਂ ਸਾਰਿਆਂ ਨੇ ਰੱਜ ਕੇ ਪਾਣੀ ਪੀ ਲੈਣਾ। ਮੇਰੇ ਦੱਸਣ ਦਾ ਮਤਲਬ ਇਹ ਹੈ ਕਿ ਪਾਣੀ ਬਹੁਤ ਉੱਚਾ ਹੁੰਦਾ ਸੀ। ਅੱਜ ਅਸੀਂ ਧਰਤੀ ਦੀ ਹਿੱਕ ਪਾੜ-ਪਾੜ ਕੇ ਧੜਾਧੜ ਬੋਰ ਕਰੀ ਜਾ ਰਹੇ ਹਾਂ। ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਖ਼ਤਮ ਕਰ ਰਹੇ ਹਾਂ, ਜੋ ਆਉਣ ਵਾਲੇ ਸਮੇਂ ਲਈ ਬਹੁਤ ਹੀ ਸੰਕਟ ਪੈਦਾ ਕਰ ਸਕਦਾ ਹੈ। ਜੇਕਰ ਅਸੀਂ ਪਾਣੀ ਪ੍ਰਤੀ ਜਾਗਰੂਕ ਨਾ ਹੋਏ ਤਾਂ ਸਾਨੂੰ ਇਸ ਦਾ ਖਮਿਆਜ਼ਾ ਬਹੁਤ ਜਲਦੀ ਹੀ ਭੁਗਤਣਾ ਪਏਗਾ। ਅੱਜ ਸਾਨੂੰ ਸਾਰਿਆਂ ਨੂੰ ਪਾਣੀ ਦੀ ਬੱਚਤ 'ਤੇ ਵਿਚਾਰ ਕਰਨ ਦੀ ਲੋੜ ਹੈ।

-ਵੀਰ ਸਿੰਘ ਵੀਰਾ।

ਕੀ ਬੱਚੇ ਸੱਚਮੁੱਚ ਪੜ੍ਹਾਈ ਕਰ ਰਹੇ ਹਨ?

ਅੱਜ ਪੂਰੀ ਦੁਨੀਆ ਕੋਰੋਨਾ ਤੋਂ ਪੀੜਤ ਹੈ। ਸਾਡੇ ਵਿਦਿਆਰਥੀ ਵਰਗ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਦਸਵੀਂ ਤੱਕ ਦੇ ਵਿਦਿਆਰਥੀ ਬੱਸ ਏਦਾਂ ਹੀ ਪਾਸ ਕਰ ਦਿੱਤੇ ਗਏ ਹਨ। ਹੋ ਸਕਦੈ ਕਿ ਕੱਲ੍ਹ ਨੂੰ 12ਵੀਂ ਕਲਾਸ ਨੂੰ ਵੀ ਪਾਸ ਐਲਾਨ ਦਿੱਤਾ ਜਾਵੇ। ਇਹ ਇਕ ਮਜਬੂਰੀ ਵੱਸ ਲਿਆ ਗਿਆ ਫ਼ੈਸਲਾ ਹੈ। ਪਰ ਦੂਜੇ ਪਾਸੇ ਸਰਕਾਰ ਵਲੋਂ ਇਸ ਦੇ ਬਦਲਵੇਂ ਪ੍ਰਬੰਧ ਕਰਕੇ ਟੈਲੀਵਿਜ਼ਨ ਉੱਪਰ ਵੀ ਵੱਖ-ਵੱਖ ਸਿੱਖਿਆ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਅਧਿਆਪਕ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ। ਪਰ ਦੂਜੇ ਪਾਸੇ ਇਹ ਵੀ ਖਿਆਲ ਰੱਖਣਾ ਬਣਦਾ ਹੈ ਕਿ ਸਾਡਾ ਬੱਚਾ ਸੱਚਮੁੱਚ ਹੀ ਪੜ੍ਹ ਰਿਹਾ ਹੈ ਜਾਂ ਨਹੀਂ? ਕਿਤੇ ਉਹ 'ਪੱਬ ਜੀ' ਵਰਗੀਆਂ ਜਾਨਲੇਵਾ ਖੇਡਾਂ ਤਾਂ ਨਹੀਂ ਖੇਡ ਰਿਹਾ ਜਾਂ ਟਾਈਮ ਪਾਸ ਤਾਂ ਨਹੀਂ ਕਰ ਰਿਹਾ। ਸੋ, ਮਾਪੇ ਜ਼ਰੂਰ ਧਿਆਨ ਦੇਣ ਕਿ ਉਨ੍ਹਾਂ ਦੇ ਬੱਚੇ ਫੋਨ ਉੱਪਰ ਸੱਚਮੁੱਚ ਪੜ੍ਹਾਈ ਕਰ ਰਹੇ ਹਨ ਜਾਂ ਨਹੀਂ? ਇਹ ਵੀ ਇਕ ਅਹਿਮ ਜ਼ਿੰਮੇਵਾਰੀ ਬਣਦੀ ਹੈ।

-ਹੀਰਾ ਸਿੰਘ ਤੂਤ, ਜ਼ਿਲ੍ਹਾ ਫ਼ਿਰੋਜ਼ਪੁਰ।

ਮਾਨਸਿਕ ਦਬਾਅ ਦੀ ਸਮੱਸਿਆ

21 ਜੂਨ, 2020 ਨੂੰ ਉਪਮਾ ਡਾਗਾ ਪਾਰਥ ਦਾ ਲਿਖਿਆ 'ਬਹੁਤ ਗੰਭੀਰ ਹੈ ਮਾਨਸਿਕ ਦਬਾਅ ਦੀ ਸਮੱਸਿਆ' ਪੜ੍ਹਿਆ। ਅੱਜ 10 ਵਿਚੋਂ ਇਕ ਆਦਮੀ ਖ਼ੁਦਕੁਸ਼ੀ ਕਰਦਾ ਹੈ। ਇਹ ਗੰਭੀਰ ਮਾਨਸਿਕ ਰੋਗ ਹੈ। ਡਾਕਟਰਾਂ ਨੂੰ ਮਿਲ ਕੇ ਛੇਤੀ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਘਰ ਵਾਲਿਆਂ ਦਾ ਸਹਿਯੋਗ ਜ਼ਰੂਰੀ ਹੈ। ਮਰੀਜ਼ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਹਿੰਗਾਈ, ਬੇਰੁਜ਼ਗਾਰੀ, ਇਕੱਲਾਪਨ, ਪੈਸੇ ਪਿੱਛੇ ਦੌੜ-ਭੱਜ ਮੁੱਖ ਕਾਰਨ ਕਰਕੇ ਆਦਮੀ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਗੰਭੀਰ ਰੋਗ ਬਣ ਜਾਂਦਾ ਹੈ। ਖ਼ੁਦਕੁਸ਼ੀ ਕਿਸੇ ਚੀਜ਼ ਦਾ ਹੱਲ ਨਹੀਂ। ਆਪਾਂ ਸਾਰਿਆਂ ਨੂੰ ਉਸਾਰੂ ਪਹੁੰਚ ਰੱਖਣੀ ਚਾਹੀਦੀ ਹੈ। ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਕਿਤੇ ਵਿਗੜ ਨਾ ਜਾਏ ਮਾਨਸਿਕ ਸਿਹਤ

ਅੱਜ ਇਸ ਪਦਾਰਥਵਾਦੀ ਯੁੱਗ ਵਿਚ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੀ ਲਪੇਟ ਵਿਚ ਹਨ। ਇਸ ਦਾ ਅਸਰ ਨਾ ਸਿਰਫ ਉਨ੍ਹਾਂ ਦੇ ਆਪਣੇ ਸਰੀਰ 'ਤੇ ਬਲਕਿ ਸਾਰੇ ਪਰਿਵਾਰ 'ਤੇ ਪੈਂਦਾ ਹੈ। ਮਾਨਸਿਕ ਤਣਾਅ ਦੀ ਸਭ ਤੋਂ ਵੱਡੀ ਵਜ੍ਹਾ ਹੈ 'ਨਿਰਾਸ਼ਾ'। ਤਣਾਅ ਕਾਰਨ ਇਨਸਾਨ ਦੀ ਸਹਿਣ ਸ਼ਕਤੀ ਘਟ ਜਾਂਦੀ ਹੈ। ਜ਼ਰਾ ਜਿਹੀ ਗੱਲ 'ਤੇ ਗੁੱਸਾ ਆਉਣਾ, ਇਕੱਲਾਪਨ, ਚਿੜਚਿੜਾਪਨ ਅਤੇ ਲੋਕਾਂ ਤੋਂ ਦੂਰੀ ਬਣਾਈ ਰੱਖਣਾ ਮਾਨਸਿਕ ਤਣਾਅ ਦੇ ਲੱਛਣ ਹਨ। ਕਿਸੇ ਸਮੇਂ ਤਾਂ ਇਹ ਬਿਮਾਰੀ ਐਨਾ ਭਿਆਨਕ ਰੂਪ ਲੈ ਲੈਂਦੀ ਹੈ ਕਿ ਇਨਸਾਨ ਜ਼ਿੰਦਗੀ ਤੋਂ ਮਾਯੂਸ ਹੋ ਕੇ ਖ਼ੁਦਕੁਸ਼ੀ ਕਰਨ ਦੀ ਸੋਚ ਲੈਂਦਾ ਹੈ ਅਤੇ ਜ਼ਿੰਦਗੀ ਤੋਂ ਹਾਰ ਜਾਂਦਾ ਹੈ। ਪਿੱਛੇ ਜਿਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (34) ਵਲੋਂ ਆਪਣੀ ਰਿਹਾਇਸ਼ 'ਤੇ ਖ਼ੁਦਕੁਸ਼ੀ ਕਰ ਲਈ ਗਈ। ਇਸ ਤੋਂ ਸਪੱਸ਼ਟ ਹੈ ਕਿ ਨਾ ਪੈਸਾ ਜ਼ਰੂਰੀ ਹੈ ਨਾ ਸ਼ੁਹਰਤ। ਜ਼ਰੂਰੀ ਹੈ ਤਾਂ ਚੰਗੀ ਮਾਨਸਿਕ ਸਿਹਤ। ਇਸ ਲਈ ਦੋਸਤੋ ਧਿਆਨ ਰੱਖਣਾ ਕਿਤੇ ਮਾਨਸਿਕ ਸਿਹਤ ਨਾ ਵਿਗੜ ਜਾਏ। ਉਤਾਰ -ਚੜ੍ਹਾਓ, ਖੁਸ਼ੀ-ਗਮੀ ਜ਼ਿੰਦਗੀ ਦਾ ਹਿੱਸਾ ਹਨ। ਅਗਰ ਅੱਜ ਦੁੱਖ ਹੈ ਕੱਲ੍ਹ ਸੁੱਖ ਵੀ ਆਏਗਾ। ਜ਼ਿੰਦਗੀ ਨੂੰ ਬੋਝ ਨਹੀਂ ਸਮਝਣਾ। ਆਪਣੇ ਆਪ ਨੂੰ ਕੰਮਕਾਰ ਵਿਚ ਲਾਈ ਰੱਖਣਾ, ਰੋਜ਼ਾਨਾ ਕਸਰਤ ਕਰਨਾ, ਸੈਰ ਕਰਨਾ, ਦੋਸਤਾਂ ਨਾਲ ਘੁਲੋ-ਮਿਲੋ। ਆਪਣਾ ਆਤਮਬਲ ਵਧਾਓ। ਚੰਗਾ ਖਾਣਾ ਅਤੇ ਸਮੇਂ ਸਿਰ ਅਰਾਮ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਦੀ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਤਣਾਅ, ਉਦਾਸਹੀਣਤਾ ਅਤੇ ਥਕਾਨ ਨਹੀਂ ਸਤਾਉਂਦੀ।

-ਹਰਪ੍ਰੀਤ ਸਿੰਘ, ਕੇ. ਵੀ ਨਾਭਾ ਕੈਂਟ।

29-06-2020

 ਦੇਸ਼ ਦੇ ਰਖਵਾਲੇ
ਸਾਡੇ ਦੇਸ਼ ਦੇ ਰਖਵਾਲੇ ਫ਼ੌਜੀ ਵੀਰ ਹੀ ਹਨ। ਜਿਹੜੇ ਆਪਣੇ ਪਰਿਵਾਰ ਘਰਾਂ ਵਿਚ ਛੱਡ ਕੇ ਦੇਸ਼ ਦੀ ਖਾਤਰ ਸਰਹੱਦਾਂ 'ਤੇ ਲੜਦੇ ਹੋਏ ਸ਼ਹੀਦ ਹੋ ਜਾਂਦੇ ਹਨ। ਇਸ ਲਈ ਸਾਡਾ ਅਤੇ ਸਾਡੀ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ ਕਿ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਸਾਰੇ ਫ਼ੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪੂਰਾ ਸਹਿਯੋਗ ਅਤੇ ਮਾਣ-ਸਨਮਾਨ ਕੀਤਾ ਜਾਵੇ। ਜਿਵੇਂ ਹੁਣ ਹੀ ਚੀਨ ਤੇ ਭਾਰਤ ਦਰਮਿਆਨ ਤਣਾਅ ਹੈ ਤੇ ਸਾਡੇ 20 ਜਵਾਨ ਸ਼ਹੀਦ ਹੋ ਗਏ ਹਨ। ਇਸ ਤਰ੍ਹਾਂ ਲਗਾਤਾਰ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ, ਜ਼ਰਾ ਸੋਚੋ ਕੀ ਹਾਲ ਹੋਵੇਗਾ ਉਨ੍ਹਾਂ ਦੇ ਪਰਿਵਾਰਾਂ ਦਾ, ਪੁੱਤ, ਪਤੀ, ਭਰਾ ਅਤੇ ਪਿਤਾ ਤਾਂ ਵਾਪਸ ਨਹੀਂ ਮਿਲਦੇ ਪਰਿਵਾਰ ਨੂੰ ਪਰ ਜੇਕਰ ਸਰਕਾਰ ਪਰਿਵਾਰ ਦਾ ਸਹਿਯੋਗ ਦੇਵੇ ਤਾਂ ਪਿਛੇ ਪਰਿਵਾਰ ਬਾਕੀ ਰਹਿੰਦੀ ਉਮਰ ਥੋੜੀ ਸੌਖੀ ਕੱਟ ਲੈਣਗੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਪੰਜਾਬੀ ਬੋਲੀ
ਭਾਵੇਂ ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ, ਪੰਜਾਬੀ ਜ਼ੁਬਾਨ ਨੂੰ ਲਾਗੂ ਕਰਨ ਲਈ ਕਈ ਅਹਿਮ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਸ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਭਾਸ਼ਾ ਵਿਭਾਗ ਵੀ ਕੰਮ ਕਰ ਰਿਹਾ ਹੈ ਪ੍ਰੰਤੂ ਫਿਰ ਵੀ ਪੰਜਾਬੀ ਨੂੰ ਪੰਜਾਬ ਵਿਚ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਸ਼ਹਿਰਾਂ ਵਿਚ ਕਈ ਲੋਕ ਖਾਸ ਕਰਕੇ ਉਨ੍ਹਾਂ ਦੇ ਬੱਚੇ ਪੰਜਾਬੀ ਬੋਲਣ ਤੋਂ ਪਾਸਾ ਵੱਟ ਰਹੇ ਹਨ। ਇਥੋਂ ਤੱਕ ਕਿ ਜਦੋਂ ਉਹ ਆਪਣੇ ਘਰੇਲੂ ਕੰਮਾਂਕਾਰਾਂ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਦਿੰਦੇ ਹਨ ਤਾਂ ਉਨ੍ਹਾਂ ਨਾਲ ਪੰਜਾਬੀ ਦੀ ਬਜਾਏ ਹਿੰਦੀ ਵਿਚ ਹੀ ਗੱਲ ਕਰਦੇ ਹਨ। ਅਜਿਹਾ ਕਰਕੇ ਉਹ ਪੰਜਾਬੀ ਬੋਲੀ, ਪੰਜਾਬੀ ਜ਼ਬਾਨ ਦਾ ਵੀ ਨਿਰਾਦਰ ਕਰ ਰਹੇ ਹਨ। ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਅਜਿਹਾ ਧ੍ਰੋਹ ਨਹੀਂ ਕਮਾਉਣਾ ਚਾਹੀਦਾ। ਸੋ, ਸਾਰਿਆਂ ਨੂੰ ਅਪੀਲ ਹੈ ਕਿ ਪੰਜਾਬੀ ਲਿਖਣ, ਪੰਜਾਬੀ ਬੋਲਣ ਵਿਚ ਆਪਣਾ ਮਾਣ ਮਹਿਸੂਸਕਰਨ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਪ੍ਰਣਾਮ ਸ਼ਹੀਦਾਂ ਨੂੰ
ਕਿਸੇ ਦੇਸ਼ ਦੀ ਬਾਹਰੀ ਸਰੁੱਖਿਆ ਜਿੰਨੀ ਮਜ਼ਬੂਤ ਹੋਵੇਗੀ,ਓਨੀ ਹੀ ਉਸ ਦੇਸ਼ ਦੀ ਅੰਦਰੂਨੀ ਸਰੱਖਿਆ ਮਜ਼ਬੂਤ ਹੁੰਦੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਦੇਸ਼ ਦੇ ਸੈਨਿਕ ਜ਼ਾਂਬਾਜ਼, ਬਹਾਦਰ, ਤਾਕਤਵਰ, ਅਨੁਸਾਸ਼ਿਤ ਅਤੇ ਕੁਰਬਾਨੀ ਦੇ ਮੁਜੱਸਮੇ ਹੋਣਗੇ। ਇਨ੍ਹਾਂ ਗੁਣਾਂ ਦੇ ਧਾਰਨੀ ਸਾਡੇ ਦੇਸ਼ ਦੇ 20 ਸੈਨਿਕ ਚੀਨ ਦੇ ਨਾਪਾਕ ਇਰਾਦਿਆਂ ਨੂੰ ਅਸਫ਼ਲ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਹਨ। ਇਨ੍ਹਾਂ ਸੂਰਬੀਰ ਸੈਨਿਕਾਂ ਦੀ ਕੁਰਬਾਨੀ ਅੱਗੇ ਹਰ ਭਾਰਤੀ ਦਾ ਸਿਰ ਝੁਕਦਾ ਹੈ। ਆਓ ਆਪਾਂ ਵੀ ਇਨ੍ਹਾਂ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਕਰੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਸਿਆਸੀ ਸਿਉਂਕ
24 ਜੂਨ, 2020 ਨੂੰ 'ਅਜੀਤ' ਅਖ਼ਬਾਰ ਦੀ ਸੰਪਾਦਕੀ ਅਤੇ ਕੁਝ ਖ਼ਬਰਾਂ ਪੜ੍ਹ ਕੇ ਪਤਾ ਲੱਗਾ ਹੈ ਕਿ ਹੁਣ ਇਸ ਸਿਉਂਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣੇ ਥਰਮਲ ਪਲਾਂਟ ਨੂੰ ਵੀ ਵਾਢਾ ਲਾ ਲਿਆ ਹੈ। ਸੰਪਾਦਕੀ ਪੜ੍ਹ ਕੇ ਇਹ ਵੀ ਪਤਾ ਲੱਗਾ ਹੈ ਕਿ ਪਿਛਲੀ ਸਰਕਾਰ ਨੇ ਇਸ ਪਲਾਂਟ ਨੂੰ ਨਵਿਆਉਣ ਦੇ ਨਾਂਅ 'ਤੇ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਦੇ 751 ਕਰੋੜ ਰੁਪਏ ਖੂਹ ਖਾਤੇ ਪਾ ਦਿੱਤੇ। ਸਾਡੇ ਬੁੱਧੀਜੀਵੀ, ਚਿੰਤਕ ਅਖ਼ਬਾਰਾਂ ਦੇ ਸੰਪਾਦਕ ਅਤੇ ਲੇਖਕ ਬਰਬਾਦ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਦਿਨ-ਰਾਤ ਸੋਚ ਰਹੇ ਹਨ ਅਤੇ ਢੁਕਵੇਂ ਯਤਨ ਕਰ ਰਹੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਿਆਸੀ ਸਿਉਂਕ ਬੇਪ੍ਰਵਾਹ ਆਪਣੇ ਕੰਮ 'ਤੇ ਲੱਗੀ ਹੋਈ ਹੈ। ਰੱਬ ਖ਼ੈਰ ਕਰੇ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।


ਕਸੂਰ ਪੁੱਛਦੇ...
ਅੱਜਕਲ ਅਚਾਨਕ ਪੰਜਾਬਨੂੰ ਕੀ ਹੋ ਗਿਆ ਹੈ। ਪਿਛਲੇ ਦਿਨਾਂ ਤੋਂ ਕੋਈ ਜ਼ਿਆਦਾ ਹੀ ਕਤਲਾਂ ਦਾ ਸਿਲਸਿਲਾ ਵਧ ਗਿਆ ਹੈ। ਬੀਤੇ ਦਿਨ ਪਰਵਾਸੀ ਮਜ਼ਦੂਰ ਵਲੋਂ ਇਕੱਠੇ ਤਿੰਨ ਕਤਲਾਂ ਦੀ ਖ਼ਬਰ ਨੇ ਲੋਕਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਤੇ ਫਿਰ ਤਰਨਤਾਰਨ ਦੇ ਕੈਰੋਂ ਪਿੰਡ ਵਿਚ ਪੰਜ ਜਣਿਆਂ ਦੀ ਮੌਤ ਦੀ ਖ਼ਬਰ ਆ ਗਈ। ਕੀ ਕਿੱਧਰੇ ਸਾਡੇ ਸਮਾਜ ਨੂੰ ਜਿਹੜਾ ਗਾਇਕ ਆਪਣੇ ਗੀਤਾਂ ਵਿਚ ਇਹ ਕਹਿੰਦੇ ਹਨ ਕਿ 'ਪਹਿਲਾਂ ਬੰਦਾ ਮਾਰ ਫਿਰ ਕਸੂਰ ਪੁੱਛਦੇ' ਵਾਲਾ ਮਾਹੌਲ ਤਾਂ ਸ਼ੁਰੂ ਨਹੀਂ ਹੋ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਤਿਆਰਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ। ਗੁਨਾਹ ਕਰਨ ਵਾਲੇ ਨੂੰ ਜੇਕਰ ਕਾਨੂੰਨ ਦਾ ਡਰ ਹੋਵੇ ਤਾਂ ਸ਼ਾਇਦ ਇਹੋ ਜਿਹੀਆਂ ਘਟਨਾਵਾਂ ਤੋਂ ਕੋਈ ਰਾਹਤ ਮਿਲ ਹੀ ਜਾਵੇ।


-ਸੂਬੇ: ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)

26-06-2020

 ਮੁੜ ਪੱਛਮ ਤੋਂ ਪੂਰਬ ਵੱਲ ਪਰਤੀਏ
ਅਜੋਕੇ ਸਮੇਂ ਵਿਚ 24 ਮਾਰਚ ਤੋਂ ਅਸੀਂ ਤਾਲਾਬੰਦੀ ਹੰਢਾਅ ਰਹੇ ਹਾਂ। ਆਫ਼ਤ ਕੋਈ ਵੀ ਹੋਵੇ, ਕੁਦਰਤੀ ਜਾਂ ਮਨੁੱਖੀ, ਕਈ ਤਰ੍ਹਾਂ ਦੇ ਤਜਰਬੇ ਮਨੁੱਖ ਨੂੰ ਦੇ ਕੇ ਜਾਂਦੀ ਹੈ। ਕੋਰੋਨਾ ਵਾਇਰਸ ਜਾਂ ਕੋਵਿਡ-19 ਇਕ ਅਜਿਹੀ ਭਿਆਨਕ ਆਫਤ ਉਤਰ ਕੇ ਸਾਹਮਣੇ ਆਈ ਹੈ, ਜਿਸ ਨੇ ਚੰਨ ਤੇ ਮੰਗਲ ਵਰਗੇ ਅਣਸੁਲਝੇ ਰਹੱਸਾਂ ਨੂੰ ਸੁਲਝਾਉਣ ਵਾਲੇ ਮਨੁੱਖ ਨੂੰ ਮੁੜ ਤੋਂ ਧਰਤੀ 'ਤੇ ਲਿਆ ਪਟਕਿਆ ਹੈ। ਇਸ ਤਾਲਾਬੰਦੀ ਦੇ ਸਮੇਂ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ ਹੈ। ਸਭ ਤੋਂ ਪਹਿਲਾਂ ਜ਼ਿੰਦਗੀ ਦੀ ਭੱਜ-ਦੌੜ ਵਿਚ ਪਰਿਵਾਰਕ ਸਾਂਝ ਜੋ ਕਿ ਖ਼ਤਮ ਹੁੰਦੀ ਜਾ ਰਹੀ ਸੀ, ਉਹ ਸਾਂਝ ਹੁਣ ਉੱਭਰ ਕੇ ਸਾਹਮਣੇ ਆਈ ਹੈ। ਇਸ ਪਰਿਵਾਰਕ ਸਾਂਝ ਰਾਹੀਂ ਇਕ-ਦੂਜੇ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਹੈ। ਜੇਕਰ ਅਸੀਂ ਭਵਿੱਖ ਨੂੰ ਉਜਵਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਪੂਰਬੀ ਸੱਭਿਅਤਾ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਇਕ ਨਵਾਂ-ਨਰੋਆ ਜੀਵਨ ਜੀ ਸਕੀਏ। ਸਾਨੂੰ ਸਾਡੀ ਅਮੀਰ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਅਪਣਾਉਣਾ ਚਾਹੀਦਾ ਹੈ। ਹੱਥ ਨਾ ਮਿਲਾ ਕੇ ਨਮਸਤੇ ਜਾਂ ਸਤਿ ਸ੍ਰੀ ਅਕਾਲ ਬੁਲਾਉਣੀ ਚਾਹੀਦੀ ਹੈ। ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਪਾਣੀ ਦੀ ਸੰਭਾਲ ਕਰੀਏ, ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਰਾਲੇ ਕਰੀਏ ਤੇ ਆਪਣੀ ਅਮੀਰ ਸੱਭਿਅਤਾ (ਪੂਰਬੀ ਸੱਭਿਅਤਾ) ਨੂੰ ਅਪਣਾਈਏ।

-ਹੇਮਾ
ਪੰਜਾਬੀ ਮਿਸਟ੍ਰੈੱਸ, ਸ.ਹ. ਸਕੂਲ ਡਰੋਲੀ (ਪਟਿਆਲਾ)।

ਵਧ ਰਹੇ ਬੇਦਖ਼ਲੀ ਨੋਟਿਸ
ਹਰ ਇਕ ਅਖ਼ਬਾਰ ਦੇ ਨਿਰਧਾਰਤ ਪੰਨੇ ਉੱਪਰ ਵੱਖ-ਵੱਖ ਜਨਤਕ ਇਸ਼ਤਿਹਾਰ ਛਪਦੇ ਹਨ। ਇਨ੍ਹਾਂ ਇਸ਼ਤਿਹਾਰਾਂ ਵਿਚ ਪਰਿਵਾਰਕ 'ਬੇਦਖ਼ਲੀ ਨੋਟਿਸਾਂ' ਦੀ ਆਏ ਦਿਨ ਵਧ ਰਹੀ ਗਿਣਤੀ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਵਿਚ ਦਿਨੋ-ਦਿਨ ਵਧ ਰਹੀ ਕੜਵਾਹਟ ਅਤੇ ਟੁੱਟ-ਭੱਜ ਵੱਲ ਸੰਕੇਤ ਕਰਦੀ ਹੈ। ਆਪਣੇ ਸਕੇ ਧੀਆਂ, ਪੁੱਤਰਾਂ, ਨੂੰਹਾਂ ਅਤੇ ਪੋਤੇ-ਪੋਤੀਆਂ ਨੂੰ ਬੇਦਖ਼ਲ ਕਰਨ ਤੱਕ ਦੀ ਨੌਬਤ ਆਉਣ ਪਿੱਛੇ ਜ਼ਰੂਰ ਹੀ ਕੁਝ ਅਜਿਹੇ ਕਾਰਨ ਤੇ ਹਾਲਾਤ ਹੋਣਗੇ ਜੋ ਘਰ ਦੀਆਂ ਬਰੂਹਾਂ ਟੱਪ ਕੇ ਤਹਿਸੀਲਾਂ ਦੇ ਦਰ ਤੱਕ ਪੁੱਜਦੇ ਹਨ। ਜਿਹੜੇ ਮਾਂ-ਬਾਪ ਲੱਖਾਂ ਹੀ ਜ਼ਫ਼ਰ ਜਾਲ ਕੇ ਧੀਆਂ ਪੁੱਤਰਾਂ ਨੂੰ ਵੱਡੇ ਕਰਦੇ ਹਨ, ਉਹੀ ਧੀਆਂ-ਪੁੱਤ 'ਵੱਡੇ' ਹੋ ਗਏ ਮਾਪਿਆਂ ਨੂੰ ਭਾਰ ਤੇ ਬੇਕਾਰ ਸਮਝਣ ਲੱਗ ਜਾਂਦੇ ਹਨ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਨਵੀਂ ਪੀੜ੍ਹੀ ਕੋਲ ਗਿਆਨ ਦੇ ਵਧੇਰੇ ਸੋਮੇ ਹਨ, ਪਰ ਮਾਂ-ਬਾਪ ਕੋਲ ਵੀ ਉਮਰਾਂ ਦਾ ਤਜਰਬਾ ਹੁੰਦਾ ਹੈ। ਇਨ੍ਹਾਂ ਦੋਵਾਂ ਵਿਚ ਸਾਂਝ ਦਾ ਪੁਲ ਉਸਾਰਨਾ ਹੀ ਪੈਣਾ ਹੈ। ਨਾਲੇ ਜ਼ਿੰਦਗੀ ਤਾਂ ਹੈ ਹੀ ਸਮਝੌਤੇ ਦਾ ਦੂਸਰਾ ਨਾਂਅ ਹੈ। ਜੋ ਸਮਝੌਤਾ ਨਹੀਂ ਕਰ ਪਾਉਂਦੇ, ਉਹ ਬੇਦਖ਼ਲ ਕਰਨ ਵਾਲੇ ਵੀ ਅਤੇ ਬੇਦਖ਼ਲ ਹੋਣ ਵਾਲੇ ਵੀ ਪਛਤਾਵੇ ਦੀ ਭੱਠੀ ਵਿਚ ਸੜਦੇ ਰਹਿੰਦੇ ਹਨ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਸ਼ਿਸ਼ਟਾਚਾਰ
ਇਕ ਚੰਗੇ ਢੰਗ ਨਾਲ ਜੀਵਨ ਜਿਊਣ ਲਈ ਕਿਤਾਬਾਂ ਅਤੇ ਪੜ੍ਹਾਈ ਬਹੁਤ ਅਹਿਮ ਰੋਲ ਨਿਭਾਉਂਦੀਆਂ ਹਨ ਅਤੇ ਇਸ ਕਿਰਦਾਰ ਦਾ ਰੂਪ ਹੋਰ ਨਿਖਾਰਦਾ ਹੈ ਤੁਹਾਡਾ ਸ਼ਿਸ਼ਟਾਚਾਰ। ਜੇਕਰ ਪੜ੍ਹ ਕੇ ਤਾਂ ਡਿਗਰੀਆਂ ਹਾਸਲ ਕਰ ਲਈਆਂ ਪਰ ਸ਼ਿਸ਼ਟਾਚਾਰ ਦਾ ਢੰਗ ਸਿੱਖਿਆ ਹੀ ਨਹੀਂ, ਸਭ ਇਥੇ ਵਿਅਰਥ ਹੋ ਜਾਂਦਾ ਹੈ। ਸਕੂਲਾਂ ਦੀ ਪੜ੍ਹਾਈ ਦੇ ਨਾਲ-ਨਾਲ ਸ਼ਖ਼ਸੀਅਤ ਉਸਾਰੀ ਕਲਾਸਾਂ ਵੀ ਜ਼ਰੂਰੀ ਹਨ। ਉਦੋਂ ਮਾਣ ਮਹਿਸੂਸ ਹੁੰਦਾ ਹੈ ਪਰ ਜਦ ਕੋਈ ਘਰਦਿਆਂ ਨੂੰ ਆ ਕੇ ਕਹਿੰਦਾ ਹੈ ਤੁਹਾਡਾ ਮੁੰਡਾ ਬਹੁਤ ਸਿਆਣਾ ਹੈ, ਸਭ ਨੂੰ ਇੱਜ਼ਤ ਦੇ ਕੇ ਬੁਲਾਉਂਦਾ ਹੈ। ਸ਼ੁਕਰਗੁਜ਼ਾਰ ਹਾਂ ਆਪਣੇ ਅਧਿਆਪਕਾਂ ਦਾ ਜਿਨ੍ਹਾਂ ਨੇ ਨਿੱਕੀਆਂ-ਨਿੱਕੀਆਂ ਗੱਲਾਂ ਸਿਖਾ ਕੇ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕੀਤੀ। ਅੱਜ ਦੇ ਸਮੇਂ ਵਿਚ ਜਿਥੇ ਹਰ ਇਕ ਇਨਸਾਨ ਆਪਣੀ ਹਉਮੈ ਵਿਚ ਜਿਉ ਰਿਹਾ ਹੈ, ਉਥੇ ਹੀ ਸਾਨੂੰ ਲੋੜ ਹੈ ਦੂਜਿਆਂ ਬਾਰੇ ਸੋਚਣ ਲਈ ਵੀ। ਤੁਹਾਡਾ ਇਕ ਬੋਲਿਆ ਹੋਇਆ ਮਾੜਾ ਬੋਲ ਕਿਸੇ ਦਾ ਸਾਰਾ ਦਿਨ ਖ਼ਰਾਬ ਕਰ ਸਕਦਾ ਹੈ, ਇਹੀ ਫਰਿਆਦ ਹੈ ਦੋਸਤੋ 'ਖੁਸ਼ੀਆਂ ਬੀਜੋ ਤੇ ਹਾਸੇ ਵੰਡੋ।'

-ਪੁਸ਼ਪਿੰਦਰ ਜੀਤ ਸਿੰਘ ਭਲੂਰੀਆ, ਫਰੀਦਕੋਟ।

25-06-2020

 ਅਜੋਕਾ ਸਮਾਂ ਅਤੇ ਸਹਿਣਸ਼ੀਲਤਾ
ਅਜੋਕੇ ਸਮੇਂ ਸਾਡੇ ਸਮਾਜ ਵਿਚ ਸਹਿਣਸ਼ੀਲਤਾ ਵਰਗੇ ਰੱਬੀ ਗੁਣ ਦੀ ਘਾਟ ਕਾਫੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ, ਸਗੋਂ ਇਸ ਦੀ ਜਗ੍ਹਾ ਅਸਹਿਣਸ਼ੀਲਤਾ ਦਾ ਬੋਲਬਾਲਾ ਹੈ। ਸਿੱਟੇ ਵਜੋਂ ਸਮਾਜ ਵਿਚ ਆਪੋ-ਧਾਪੀ ਦਾ ਮਾਹੌਲ ਬਣਿਆ ਹੋਇਆ ਹੈ। ਅਗਰ ਕੋਈ ਵਿਅਕਤੀ ਕਿਸੇ ਨੂੰ ਸਹੀ ਅਤੇ ਨੇਕ ਸਲਾਹ ਕਿਸੇ ਵਿਸ਼ੇ ਸਬੰਧੀ ਦਿੰਦਾ ਹੈ ਤਾਂ ਜਿਸ ਵਿਅਕਤੀ ਨੂੰ ਸਲਾਹ ਦਿੱਤੀ ਜਾਂਦੀ ਹੈ, ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਉਸ ਉੱਪਰ ਗ਼ੌਰ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਏ ਪਰ ਅਜਿਹਾ ਨਹੀਂ ਹੁੰਦਾ। ਕਿਉਂਕਿ ਸਾਡੀ ਇਹ ਫ਼ਿਤਰਤ ਹੀ ਬਣ ਚੁੱਕੀ ਹੈ ਕਿ ਅਸੀਂ ਪਹਿਲਾਂ ਤਾਂ ਕਿਸੇ ਦੀ ਸਹੀ ਤੇ ਨੇਕ ਸਲਾਹ, ਭਾਵੇਂ ਉਹ ਮੁਫ਼ਤ ਵਿਚ ਹੀ ਕਿਉਂ ਨਾ ਮਿਲਦੀ ਹੋਵੇ, ਲੈਣ ਲਈ ਤਿਆਰ ਨਹੀਂ, ਉਸ ਨੂੰ ਮੰਨਣਾ ਜਾਂ ਅਮਲੀ ਜਾਮਾ ਪਹਿਨਾਉਣਾ ਤਾਂ ਦੂਰ ਦੀ ਗੱਲ ਹੈ। ਸਹਿਣ ਜਾਂ ਬਰਦਾਸ਼ਤ ਕਰਨ ਦਾ ਮਾਦਾ ਸਾਡੇ ਮਨਾਂ ਵਿਚੋਂ ਇਸ ਕਦਰ ਘਟ ਗਿਆ ਹੈ ਕਿ ਅਸੀਂ ਕਿਸੇ ਦੀ ਮਾਮੂਲੀ ਜਿਹੀ ਕਹੀ ਗੱਲ 'ਤੇ ਅੱਗ ਬਾਬੂਲਾ ਹੋ ਜਾਂਦੇ ਹਾਂ। ਉਸ ਨੂੰ ਬੁਰਾ ਭਲਾ ਕਹਿਣ ਤੋਂ ਇਲਾਵਾ ਨਫ਼ਰਤ ਵੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਹ ਅਸਹਿਣਸ਼ੀਲਤਾ ਦੀ ਨਿਸ਼ਾਨੀ ਹੀ ਤਾਂ ਹੈ। ਸਹਿਣਸ਼ੀਲਤਾ ਵਰਗਾ ਕੁਦਰਤੀ ਗੁਣ ਹਾਸਲ ਕਰਨ ਲਈ ਜਿਥੇ ਸਾਨੂੰ ਪਰਉਪਕਾਰ ਦੇ ਕਾਰਜ ਕਰਨ ਦੀ ਸਖ਼ਤ ਜ਼ਰੂਰਤ ਹੈ, ਉਥੇ ਨਾਮ ਬਾਣੀ ਨਾਲ (ਸਿਮਰਨ ਨਾਲ) ਜੁੜਨ ਦੀ ਵੱਡੀ ਲੋੜ ਹੈ। ਅਜਿਹਾ ਕਰਕੇ ਹੀ ਅਸੀਂ ਆਪਣੇ ਜੀਵਨ ਨੂੰ ਸੁਖੀ ਅਤੇ ਸੁਖਾਲਾ ਬਣਾ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਸੋਸ਼ਲ ਮੀਡੀਆ ਦੀ ਦੁਰਵਰਤੋਂ
ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜਲੰਧਰ ਸ਼ਹਿਰ ਵਿਚ ਪੈਂਦੇ ਇਕ ਪਿੰਡ ਦੇ ਇਕ ਮੁੰਡੇ ਵਲੋਂ ਇਕ ਕੁੜੀ ਦੇ ਪਿਆਰ ਕਰਕੇ ਖ਼ੁਦਕੁਸ਼ੀ ਕਰਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਜਿਥੇ ਉਸ ਮੁੰਡੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਥੇ ਉਸ ਕੁੜੀ ਦੀਆਂ ਵੀ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਸ ਕੁੜੀ ਨੂੰ ਉਸ ਮੁੰਡੇ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜੋ ਗ਼ਲਤ ਹੈ। ਉਸ ਮੁੰਡੇ ਦੀ ਮੌਤ ਦੇ ਕਾਰਨ ਉਸ ਕੁੜੀ ਮੁੰਡੇ ਦੇ ਪਰਿਵਾਰ ਹੀ ਜਾਣਦੇ ਹਨ। ਪਰ ਉਸ ਕੁੜੀ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਪੂਰੀ ਹਕੀਕਤ ਦਾ ਪਤਾ ਨਹੀਂ ਹੁੰਦਾ, ਉਂਜ ਹੀ ਲਾਈਕ ਲੈਣ ਲਈ ਧੜਾ-ਧੜਾ ਪੋਸਟਾਂ ਪਾਈ ਜਾਂਦੇ ਹਨ। ਸੋਸ਼ਲ ਮੀਡੀਆ ਦੀ ਸਾਡੇ ਲੋਕਾਂ ਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਮੁੰਡਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੁੜੀ ਦੇ ਪਿਆਰ ਵਿਚ ਕੋਈ ਵੀ ਗ਼ਲਤ ਕਦਮ ਨਾ ਚੁੱਕਣ। ਬਾਅਦ ਵਿਚ ਮਾਪਿਆਂ ਦਾ ਬੁਢਾਪਾ ਰੁਲ ਜਾਂਦਾ ਹੈ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।


ਖੇਤੀ ਖੇਤਰ, ਆਰਥਿਕਤਾ ਅਤੇ ਸਿਹਤ
ਖੇਤੀ ਦਾ ਵਿਸ਼ਾ ਅਤੇ ਕਿੱਤਾ ਪਵਿੱਤਰ ਅਤੇ ਉੱਤਮ ਹੈ। ਇਸ ਕਿੱਤੇ ਨੂੰ ਵਿਸ਼ਾ ਬਣਾ ਕੇ ਚੋਣ ਮੁੱਦੇ ਬਣੇ। ਪਰ ਖੇਤੀ ਖੇਤਰ ਆਰਥਿਕਤਾ, ਮਨੁੱਖੀ ਅਤੇ ਜ਼ਮੀਨੀ ਸਿਹਤ ਪੱਖੋਂ ਕਿਆਸਾਂ ਵਿਚੋਂ ਨਿਕਲ ਕੇ ਹਕੀਕਤ ਵਿਚ ਨਹੀਂ ਬਦਲਿਆ। ਸਰਕਾਰ ਵਲੋਂ ਪੁਖਤਾ ਇੰਤਜ਼ਾਮ ਅਤੇ ਉਪਰਾਲੇ ਹੋਏ ਪਰ ਸੁਧਾਰਾਂ ਦੇ ਖੇਤਰ ਵਿਚ ਤਾਲਮੇਲ ਤੋਂ ਬਿਨਾਂ ਲਟਕੇ ਪਏ ਹਨ।
ਖੇਤੀ ਦਾ ਪਿਤਾਮਾ ਕਿਸਾਨ ਨੂੰ ਅੰਨਦਾਤੇ ਦਾ ਖਿਤਾਬ ਤਾਂ ਮਿਲਿਆ ਪਰ ਮਨਭਾਉਂਦਾ ਖਾਣਾ ਅਤੇ ਹੰਢਾਉਣਾ ਨਹੀਂ ਮਿਲਿਆ। ਮਨੁੱਖੀ ਅਤੇ ਜ਼ਮੀਨੀ ਸਿਹਤ ਲਈ ਹਰੀ ਕ੍ਰਾਂਤੀ ਨੇ ਨਾਂਹ-ਪੱਖੀ ਪ੍ਰਭਾਵ ਪਾਇਆ। ਸਿਫਾਰਸ਼ ਤੋਂ ਵੱਧ ਕੀਟਨਾਸ਼ਕ ਅਤੇ ਖਾਦਾਂ ਦਾ ਨਸ਼ਾ ਜ਼ਮੀਨ ਨੂੰ ਦਿੱਤਾ। 2018-19 ਵਿਚ ਪੰਜਾਬ ਦੀ ਉਪਜਾਊ ਜ਼ਮੀਨ ਨੇ 29.16 ਲੱਖ ਮੀਟ੍ਰਿਕ ਟਨ ਯੂਰੀਆ ਅਤੇ 5543 ਲੱਖ ਟਨ ਕੀਟਨਾਸ਼ਕ ਖਾਧੇ। ਇਸ ਦਾ ਸਿੱਧਾ ਸਬੰਧ ਮਨੁੱਖੀ ਸਿਹਤ ਨਾਲ ਜੁੜਿਆ ਹੋਇਆ ਹੈ। ਅੱਜ ਭਖਦਾ ਮਸਲਾ ਇਹ ਹੈ ਕਿ ਸਰਕਾਰ ਇਕ ਵਾਰ ਦੁਬਾਰਾ ਟੀਚਾ ਮਿੱਥ ਕੇ ਖੇਤੀ ਖੇਤਰ, ਕਿਸਾਨੀ ਜੀਵਨ ਅਤੇ ਸਿਹਤ ਦੇ ਖੇਤਰ ਦੀ ਪੜਚੋਲ ਕਰਕੇ ਸਖ਼ਤ ਨੀਤੀਆਂ ਤਿਆਰ ਕਰੇ। ਦੂਜੇ ਪਾਸੇ ਕਿਸਾਨ ਵੀ ਜਿਣਸ ਦੀ ਪੂਰੀ ਕੀਮਤ ਲੈਣ ਲਈ ਸਰਕਾਰ ਨਾਲ ਤਾਲਮੇਲ ਬਿਠਾਵੇ। ਆਪਣੀ ਜਿਣਸ ਦਾ ਛੋਟੇ ਪੱਧਰ 'ਤੇ ਮੰਡੀਕਰਨ ਕਰਨ ਲਈ ਸ਼ਰਮ ਦੂਰ ਕਰੇ। ਦਵਾਈਆਂ ਅਤੇ ਖਾਦਾਂ ਸਿਫ਼ਾਰਸ਼ ਅਨੁਸਾਰ ਹੀ ਵਰਤੇ। ਇਸ ਨਾਲ ਹੀ ਖੇਤੀ ਖੇਤਰ ਵਿਚ ਸੁਧਾਰ ਕਰਕੇ ਸਮਾਜਿਕ ਅਤੇ ਆਰਥਿਕ ਸੰਤੁਲਨ ਦੀ ਗੁੰਜ਼ਾਇਸ਼ ਬੱਝੇਗੀ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਕਿਸਾਨਾਂ ਦੇ ਜ਼ਮੀਨਾਂ ਕਾਰਨ ਹੋ ਰਹੇ ਝਗੜੇ
ਕਿਸਾਨਾਂ ਦੇ ਬੰਨਿਆਂ ਤੋਂ ਅਕਸਰ ਲੜਾਈ-ਝਗੜੇ ਹੋ ਜਾਂਦੇ ਹਨ। ਇਨ੍ਹਾਂ ਝਗੜਿਆਂ ਕਾਰਨ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਕਈ ਕਿਸਾਨਾਂ ਵਿਚ ਬੰਨੇ ਵੱਢਣ ਤੇ ਕਿਸੇ ਦੀ ਪੈਲੀ ਨੂੰ ਆਪਣੀ ਪੈਲੀ ਵਿਚ ਮਿਲਾਉਣ ਦੀ ਭੈੜੀ ਆਦਤ ਹੁੰਦੀ ਹੈ। ਜੇਕਰ ਇਹ ਲੋਕ ਇਹ ਸੋਚ ਕੇ ਦੇਖਣ ਕਿ ਹੁਣ ਤੱਕ ਅਸੀਂ ਗੁਆਂਢੀ ਕਿਸਾਨ ਦੇ ਬੰਨੇ ਵੱਢ ਕੇ ਉਸ ਦੀ ਕਿੰਨੀ ਕੁ ਪੈਲੀ ਆਪਣੀ ਪੈਲੀ ਵਿਚ ਰਲਾ ਲਈ ਹੈ ਤੇ ਉਸ ਰਲਾਈ ਹੋਈ ਪੈਲੀ ਤੋਂ ਕਿੰਨੇ ਕਿ ਪੈਸੇ ਕਮਾ ਰਹੇ ਹਾਂ ਤਾਂ ਪੈਸਿਆਂ ਦੀ ਗਿਣਤੀ ਕੁਝ ਕੁ ਸੌ ਰੁਪਏ ਹੋਵੇਗੀ ਨਾ ਕਿ ਹਜ਼ਾਰਾਂ ਵਿਚ। ਇਸ ਤਰ੍ਹਾਂ ਦੀ ਮਾੜੀ ਮਾਨਸਿਕਤਾ ਵਾਲੇ ਕਿਸਾਨ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਦੁਸ਼ਮਣ ਪੈਦਾ ਕਰ ਦਿੰਦੇ ਹਨ। ਕਿਸਾਨ ਕਈ ਵਾਰ ਝਗੜੇ ਤੋਂ ਡਰਦੇ ਹੋਏ ਪੁਲਿਸ ਕੋਲ ਸ਼ਿਕਾਇਤ ਕਰਦਾ ਹੈ ਪਰ ਪੁਲਿਸ ਕਾਰਵਾਈ ਡੰਗ-ਟਪਾਊ ਹੀ ਹੁੰਦੀ ਹੈ। ਜ਼ਿਆਦਾਤਰ ਫ਼ੈਸਲਾ ਅਗਲੀ ਛਿਮਾਹੀ 'ਤੇ ਪਾ ਦਿੱਤਾ ਜਾਂਦਾ ਹੈ। ਇਨ੍ਹਾਂ ਜ਼ਮੀਨਾਂ ਦੀ ਗਿਣਤੀ ਕਰਨ ਤੋਂ ਮਹਿਕਮਾ ਵੀ ਕੰਨੀ ਕਤਰਾਉਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਕੋਈ ਠੋਸ ਨੀਤੀ ਤਿਆਰ ਕਰੇ। ਕਿਸਾਨ ਭਰਾਵਾਂ ਨੂੰ ਵੀ ਆਪਣੇ ਹੱਕ 'ਤੇ ਰਹਿੰਦੇ ਹੋਏ ਹੱਕ ਦੀ ਕਮਾਈ ਨਾਲ ਵੱਧ ਤੋਂ ਵੱਧ ਆਪਣੇ ਬੱਚੇ ਪੜ੍ਹਾਉਣੇ ਚਾਹੀਦੇ ਹਨ।


-ਗੁਰਿੰਦਰ ਕਲੇਰ
ਗੁਰਦਾਸਪੁਰ।

24-06-2020

 ਮੌਜੂਦਾ ਸਮੇਂ ਦਾ ਉਲਟਾ ਵਹਿਣ
ਸਿਆਣਿਆਂ ਦਾ ਕਥਨ ਹੈ ਕਿ ਸਮਾਂ ਆਪਣੇ ਆਪ ਵਿਚ ਬਹੁਤ ਬਲਵਾਨ ਹੈ। ਇਸ ਦੀ ਸਿੱਧੀ ਜਾਂ ਉਲਟੀ ਤੋਰ ਮਨੁੱਖ ਨੂੰ ਕਈ ਤਰ੍ਹਾਂ ਨਾਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਮੌਜੂਦਾ ਸਮਾਂ ਵੀ ਆਪਣੇ ਸਿਖਰੀ ਰੰਗ ਦਿਖਾ ਕੇ ਹਟਿਆ ਹੈ ਅਤੇ ਦਿਖਾ ਰਿਹਾ ਹੈ। ਜਿਹੜੇ ਵਿਅਕਤੀਆਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਉਹੀ ਵਿਆਕਤੀ ਆਪਣੀ ਵਿਹਲ ਵਿਚੋਂ ਸਿਰ ਖੁਰਚਣ ਦੇ ਸਮੇਂ ਜਿੰਨਾ ਕੁ 'ਕੰਮ' ਕਰਨ ਨੂੰ ਤਰਸਦੇ ਰਹੇ। ਆਧੁਨਿਕ ਦੌਰ ਦੀ ਤਕਨਾਲੋਜੀ ਦੇ ਦੌਰ ਵਿਚ ਅੱਖੋਂ-ਪਰੋਖੇ ਹੋ ਰਹੇ ਦੂਰਦਰਸ਼ਨ ਦੇ ਸਦਾਬਹਾਰ ਸੀਰੀਅਲਾਂ ਦੀ ਟੀ.ਆਰ.ਪੀ. ਵਿਚ ਫਿਰ ਤੋਂ ਝੰਡੀ ਹੋਈ। ਇਹ ਵੀ ਸਮੇਂ ਦਾ ਫੇਰ ਨਹੀਂ ਤਾਂ ਹੋਰ ਕੀ ਹੈ ਕਿ ਜਿਹੜੀ ਪੁਲਿਸ ਪਿਛਲੇ ਸਮੇਂ ਮੂੰਹ ਢਕ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟਦੀ ਸੀ, ਅੱਜ ਉਹੀ ਪੁਲਿਸ ਬਿਨਾਂ ਮੂੰਹ ਢਕੇ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਕੱਟ ਰਹੀ ਹੈ। ਜਿਸ ਵਿਆਕਤੀ ਨੂੰ ਵੇਖਣ ਲਈ ਅੱਖਾਂ ਤਰਸ ਜਾਂਦੀਆਂ ਸਨ ਉਸ ਤੋਂ ਖ਼ੁਦ ਹੀ ਦੂਰ ਰਹਿਣਾ ਵਧੀਆ ਅਤੇ ਸਿਆਣਪ ਲੱਗਣ ਲੱਗਿਆ। ਸਦੀਆਂ ਬਾਅਦ ਪਸ਼ੂ-ਪੰਛੀ ਅਤੇ ਜਾਨਵਰ ਘੁੰਮਦੇ ਫਿਰ ਰਹੇ ਸਨ ਪਰ ਮਨੁੱਖ ਘਰਾਂ ਵਿਚ ਕੈਦ ਰਿਹਾ। ਸਮੇਂ ਦੇ ਫੇਰ ਨੇ ਸਾਡਾ ਵਾਤਾਵਰਨ, ਦਰਿਆ, ਪ੍ਰਦੂਸ਼ਣ ਅਤੇ ਖੁਸ਼ੀ ਗ਼ਮੀ ਦੇ ਮੌਕਿਆਂ ਵਿਚ ਸ਼ੁੱਧਤਾ ਲਿਆ ਦਿੱਤੀ। ਇਸ ਵਰਤਾਰੇ ਕਾਰਨ ਪਾਣੀ ਸਾਫ਼ ਹੋ ਗਿਆ, ਦੂਰੋਂ ਪਹਾੜਾਂ ਦੇ ਕੁਦਰਤੀ ਨਜ਼ਾਰੇ ਦਿਖਾਈ ਦਿੱਤੇ ਅਤੇ ਖੁਸ਼ੀ-ਗ਼ਮੀ ਦੇ ਮੌਕੇ ਬੇਲੋੜੇ ਦਿਖਾਵਿਆਂ ਤੋਂ ਮੁਕਤ ਹੋ ਗਏ ਸਨ। ਹੋਰ ਪਤਾ ਨਹੀਂ ਥੋੜ੍ਹੇ ਸਮੇਂ ਵਿਚ ਹੀ ਇਸ ਸਮੇਂ ਦੀ ਤੋਰ ਨੇ ਕਿੰਨੇ ਕੁ ਮਨੁੱਖੀ ਤਲਿੱਸਮ ਤੋੜ ਦਿੱਤੇ। ਕਈ ਇਤਿਹਾਸਿਕ ਤੱਥ ਵੀ ਇਸ ਸਮੇਂ ਦੀ ਤੋਰ ਨੂੰ ਸਵੀਕਾਰ ਕਰਦੇ ਹਨ। ਮੁੱਕਦੀ ਗੱਲ ਸਮੇਂ ਦੀ ਤੋਰ ਨਾਲ ਤੁਰ ਕੇ ਹੀ ਮਨੁੱਖ ਕਾਮਯਾਬ ਹੋ ਸਕਦਾ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।

ਪ੍ਰਵਾਸੀ ਮਜ਼ਦੂਰਾਂ ਦੀ ਦਾਸਤਾਨ
ਤਾਲਾਬੰਦੀ ਤੋਂ ਬਾਅਦ ਜਿਹੜੇ ਲੋਕ ਕਾਰਖਾਨਿਆਂ ਦੇ ਮਾਲਕਾਂ ਲਈ ਮੁਨਾਫ਼ਾ ਪੈਦਾ ਕਰਦੇ ਸਨ, ਉਨ੍ਹਾਂ ਮਾਲਕਾਂ ਵਲੋਂ ਮਜ਼ਦੂਰਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਤੋਂ ਪੈਰ ਪਿਛਾਂਹ ਖਿੱਚ ਲੈ ਗਏ। ਫਿਰ ਸ਼ੁਰੂ ਹੋਈ ਇਨ੍ਹਾਂ ਦੀ ਦਰਦ ਭਰੀ ਦਾਸਤਾਨ। ਜਦੋਂ ਇਹ ਲੋਕ ਆਪਣੇ ਵਤਨਾਂ ਨੂੰ ਪੈਦਲ ਹੀ ਚੱਲ ਪਏ। ਕੋਈ ਰਸਤੇ ਵਿਚ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ, ਕੁਝ ਲੋਕ ਰੇਲ ਪਟੜੀਆਂ 'ਤੇ ਸੌਣ ਕਾਰਨ ਮਾਲ ਗੱਡੀ ਦੁਆਰਾ ਕੁਚਲੇ ਗਏ, ਕਈ ਲੰਮਾ ਰਸਤਾ ਤੈਅ ਕਰਦੇ-ਕਰਦੇ ਆਪਣੇ ਸਵਾਸ ਤਿਆਗ ਗਏ। ਇਥੋਂ ਤੱਕ ਕਿ ਕਈ ਗਰਭਵਤੀ ਔਰਤਾਂ ਪੈਦਲ ਚੱਲ ਪਈਆਂ, ਰਾਹ ਵਿਚ ਬੱਚੇ ਨੂੰ ਜਨਮ ਦਿੱਤਾ ਅਤੇ ਫਿਰ ਆਪਣਾ ਪੰਧ ਮੁਕਾਉਣਾ ਸ਼ੁਰੂ ਕਰ ਦਿੱਤਾ। ਅੰਤ ਸਰਕਾਰ ਨੀਂਦ ਵਿਚੋਂ ਜਾਗੀ ਅਤੇ ਉਨ੍ਹਾਂ ਨੇ ਪ੍ਰਵਾਸੀ ਲੋਕਾਂ ਨੂੰ ਘਰ-ਘਰ ਪਹੁੰਚਾਉਣ ਲਈ ਕੁਝ ਰੇਲਾਂ ਦਾ ਪ੍ਰਬੰਧ ਕਰ ਦਿੱਤਾ, ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਰੇਲਾਂ ਵੀ ਆਪਣੇ ਰਸਤੇ ਤੋਂ ਭਟਕ ਗਈਆਂ। ਹੈਰਾਨੀ ਹੁੰਦੀ ਹੈ ਕਿ ਅਸੀਂ ਬਾਹਰਲੇ ਮੁਲਕਾਂ ਵਿਚ ਫਸੇ ਲੋਕਾਂ ਨੂੰ ਲਿਆ ਸਕਦੇ ਹਾਂ, ਪਰ ਵਤਨ ਵਸਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਨਹੀਂ ਕਰ ਸਕਦੇ। ਸਾਡੇ ਦੇਸ਼ ਵਿਚ ਸਰਕਾਰ ਕੋਲ ਪੂੰਜੀਪਤੀ ਘਰਾਣਿਆਂ ਦੀ ਦੇਖਭਾਲ ਤੋਂ ਫੁਰਸਤ ਹੀ ਕਿੱਥੇ ਹੈ?

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਧਿਆਨ ਦੇਣ ਦੀ ਲੋੜ
ਕੁਝ ਦਿਨਾਂ ਤੋਂ ਮੌਸਮ ਨੇ ਇਕਦਮ ਆਪਣੇ ਤੇਵਰ ਬਦਲਦਿਆਂ ਜਿਊਣਾ ਮੁਹਾਲ ਕਰ ਦਿੱਤਾ ਹੈ। ਇਕਦਮ ਵਧੇ ਤਾਪਮਾਨ ਨੇ ਜਿਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਗਲੀਆਂ, ਬਾਜ਼ਾਰਾਂ 'ਚ ਸੁੰਨਸਾਨ ਪਸਾਰ ਦਿੱਤੀ ਹੈ, ਉਥੇ ਹੀ ਵਗਦੀ ਗਰਮ ਲੂ ਨੇ ਪੌਦੇ, ਪਸ਼ੂ ਅਤੇ ਪੰਛੀਆਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਘਰੇਲੂ ਬਗੀਚੀਆਂ ਅਤੇ ਖੇਤਾਂ ਵਿਚ ਲਾਈ ਸਬਜ਼ੀ ਕੁਮਲਾ ਗਈ ਹੈ। ਇਸ ਸਮੇਂ ਜਿਥੇ ਖ਼ੁਦ ਗਰਮੀ ਤੋਂ ਬਚਣ ਦੀ ਲੋੜ ਹੈ, ਉਥੇ ਹੀ ਨਿੱਕੜੇ ਬਾਲਾਂ, ਪਸ਼ੂਆਂ, ਪੰਛੀਆਂ ਅਤੇ ਪੌਦਿਆਂ ਵੱਲ ਉਚੇਚਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸ਼ਾਮ ਸਵੇਰੇ ਨਿੱਕੇ ਪੌਦਿਆਂ ਅਤੇ ਦਰੱਖਤਾਂ ਨੂੰ ਪਾਣੀ ਪਾਉਣਾ ਨਹੀਂ ਭੁੱਲਣਾ ਚਾਹੀਦਾ। ਪੰਛੀਆਂ ਲਈ ਵੀ ਘਰ ਦੀ ਛੱਤ ਜਾਂ ਵਿਹੜੇ ਵਿਚ ਛੋਟੇ ਬਰਤਨਾਂ/ਕੂੰਡਿਆਂ 'ਚ ਪਾਣੀ ਪਾ ਕੇ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਬਰਤਨਾਂ 'ਚੋਂ ਰੋਜ਼ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ। ਇਸ ਗੱਲ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਛੱਤਾਂ ਉੱਤੇ ਰੱਖੀਆਂ ਟੈਂਕੀਆਂ ਦੇ ਢੱਕਣ ਜ਼ਰੂਰ ਲੱਗੇ ਹੋਣ ਕਿਉਂਕਿ ਗਰਮੀ ਵਿਚ ਅਕਸਰ ਪੰਛੀ ਇਨ੍ਹਾਂ ਖੁੱਲ੍ਹੇ ਮੂੰਹ ਵਾਲੀਆਂ ਟੈਂਕੀਆਂ 'ਚੋਂ ਪਾਣੀ ਪੀਂਦਿਆਂ ਟੈਂਕੀ ਵਿਚ ਡਿਗ ਕੇ ਮਰ ਜਾਂਦੇ ਹਨ। ਪੈ ਰਹੀ ਇਸ ਅੱਤ ਦੀ ਗਰਮੀ ਦੇ ਮੌਸਮ ਤੋਂ ਬਚਣ ਲਈ ਵੀ ਆਪਣੇ ਕੰਮਕਾਜ ਸਵੇਰੇ-ਸਵੇਰੇ ਨਿਬੇੜ ਕੇ ਘਰਾਂ ਅੰਦਰ ਵੜ ਜਾਣਾ ਹੀ ਬਿਹਤਰ ਉਪਾਅ ਹੈ।

-ਅਨੰਤ ਗਿੱਲ ਭਲੂਰ, ਮੋਗਾ।

ਰਾਹਗੀਰਾਂ ਦੀ ਸਮੱਸਿਆ
ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਆਪਣੇ ਨਿੱਜੀ ਕੰਮਾਂ ਲਈ ਘਰ ਤੋਂ ਬਾਹਰ ਲੋਕਾਂ ਨੇ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ਪੂਰੇ ਜ਼ੋਰਾਂ 'ਤੇ ਹੈ। ਲੂ ਚੱਲ ਰਹੀ ਹੈ। ਅਕਸਰ ਆਮ ਦੇਖਿਆ ਜਾਂਦਾ ਹੈ ਕਿ ਸ਼ਹਿਰੀ ਖੇਤਰਾਂ ਵਿਚ ਟ੍ਰੈਫਿਕ ਦੀ ਸਮੱਸਿਆ ਦਿਨ-ਪ੍ਰਤੀਦਿਨ ਵਧ ਰਹੀ ਹੈ। ਜੋ ਪੁਲ ਦੇ ਨੀਚੇ ਰਸਤੇ ਖੁੱਲ੍ਹੇ ਹੁੰਦੇ ਹਨ, ਉਹ ਕਰਾਸਿੰਗ ਲਈ ਹੁੰਦੇ ਹਨ। ਜੋ ਲੋਕਾਂ ਨੂੰ ਕਰਾਸਿੰਗ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਲੋਕ ਇਥੇ ਆਪਣੇ ਚਾਰ ਪਹੀਆ ਵਾਹਨ ਜਾਂ ਵੱਡੇ ਵਾਹਨ ਖੜ੍ਹਾ ਕਰਦੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕੋਈ ਪਾਰਕਿੰਗ ਨਹੀਂ ਹੈ। ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਖਿਲਾਫ਼ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

23-06-2020

 ਆਨਲਾਈਨ ਪੜ੍ਹਾਈ
ਕੋਵਿਡ 19 ਦੇ ਕਾਰਨ ਲਗਪਗ ਸਾਰਾ ਸੰਸਾਰ ਘਰਾਂ ਵਿਚ ਰਹਿਣ ਨੂੰ ਮਜਬੂਰ ਹੈ। ਇਸ ਕਰਕੇ ਹਰ ਇਕ ਇਨਸਾਨ ਨੂੰ ਕੁਝ ਨਾ ਕੁਝ ਨੁਕਸਾਨ ਜ਼ਰੂਰ ਉਠਾਉਣਾ ਪਿਆ ਹੈ, ਫਿਰ ਭਾਵੇਂ ਉਹ ਮਜ਼ਦੂਰ, ਵਪਾਰੀ ਜਾਂ ਦੁਕਾਨਦਾਰ ਹੋਵੇ। ਇਸੇ ਕੜੀ ਵਿਚ ਬੱਚਿਆਂ ਦੀ ਸੁਰੱਖਿਆ ਕਰਕੇ ਪਿਛਲੇ ਕਾਫੀ ਸਮੇਂ ਤੋਂ ਸਕੂਲ ਬੰਦ ਕੀਤੇ ਗਏ ਹਨ ਪਰ ਬੱਚਿਆਂ ਨੂੰ ਲਗਾਤਾਰ ਪੜ੍ਹਾਈ ਨਾਲ ਜੋੜੀ ਰੱਖਣ ਲਈ ਸਿੱਖਿਆ ਵਿਭਾਗ ਉਪਰਾਲੇ ਕਰ ਰਿਹਾ ਹੈ। ਅਧਿਆਪਕ ਸਾਹਿਬਾਨ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਰੋਜ਼ਾਨਾ ਉਨ੍ਹਾਂ ਨਾਲ ਮੋਬਾਈਲ ਦੇ ਮਾਧਿਅਮ ਰਾਹੀਂ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਵਿਦਿਆਰਥੀ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਅਧਿਆਪਕ ਫੋਨ ਕਰਕੇ ਉਸ ਨੂੰ ਕੰਮ ਸਮਝਾ ਰਹੇ ਹਨ। ਜਿਨ੍ਹਾਂ ਵਿਦਿਆਰਥੀਆਂ ਕੋਲ ਸਮਾਰਟ ਫੋਨ ਹਨ, ਉਨ੍ਹਾਂ ਦਾ ਕੰਮ ਚੈੱਕ ਕਰਕੇ ਵਾਪਸ ਭੇਜਿਆ ਜਾਂਦਾ ਹੈ, ਨਾਲੋ-ਨਾਲ ਸਿੱਖਿਆ ਵਿਭਾਗ ਵਲੋਂ ਦੂਰਦਰਸ਼ਨ 'ਤੇ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਿਤ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜਿਸ ਵਿਚ ਔਖੇ ਅਤੇ ਰੌਚਕ ਢੰਗ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਪ੍ਰੋਗਰਾਮ ਤੋਂ ਬਾਅਦ ਬੱਚਿਆਂ ਨੂੰ ਉਸ ਵਿਸ਼ੇ ਨਾਲ ਸਬੰਧਿਤ ਕੰਮ ਵੀ ਦਿੱਤਾ ਜਾਂਦਾ ਹੈ। ਇਸ ਔਖੀ ਘੜੀ ਵਿਚ ਸਿੱਖਿਆ ਵਿਭਾਗ ਅਤੇ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ ਜੋ ਕਿ ਸਲਾਹੁਣ ਯੋਗ ਉਪਰਾਲਾ ਹੈ।


-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।


ਕਿਰਤ ਦਾ ਨਿਰਾਦਰ
ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ, ਭਗਤਾਂ ਅਤੇ ਹੋਰ ਮਹਾਂਪੁਰਖਾਂ ਨੇ ਸੁੱਚੀ ਕਿਰਤ ਨੂੰ ਅਪਣਾਇਆ ਵੀ ਤੇ ਵਡਿਆਇਆ ਵੀ। ਪਰ ਮੌਜੂਦਾ ਮਾਹੌਲ ਵਿਚ ਕਿਰਤੀ ਵਰਗ ਦੀ ਹੋ ਰਹੀ ਦੁਰਦਸ਼ਾ ਵੇਖ ਕੇ ਹਰ ਹਸਾਸ ਵਿਅਕਤੀ ਨੂੰ ਅਕਹਿ ਦੁੱਖ ਹੁੰਦਾ ਹੈ। ਜਿਸ ਨਾਟਕੀ ਢੰਗ ਨਾਲ ਤਾਲਾਬੰਦੀ ਲਾਗੂ ਕਰਕੇ ਕਿਰਤੀ ਨਾਲ ਜੋ ਭੈੜਾ ਸਲੂਕ ਕੀਤਾ ਗਿਆ, ਹਰ ਪੱਖੋਂ ਨਿੰਦਣਯੋਗ ਹੈ। ਭਾਵੇਂ ਮਨੁੱਖਤਾ ਦੇ ਹਿਤੈਸ਼ੀ ਆਪਣੀ ਸਮਰੱਥਾ ਅਨੁਸਾਰ ਸਹਾਇਤਾ ਕਰ ਰਹੇ ਹਨ ਪਰ ਸਮੇਂ ਦੀ ਸਰਕਾਰ ਵਲੋਂ ਵਿਖਾਈ ਗਈ ਅਣਗਹਿਲੀ ਤੇ ਕਠੋਰਤਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਅਸੀਂ ਕਦੋਂ ਸੁਧਰਾਂਗੇ
ਸਮਾਂ ਬਦਲ ਰਿਹਾ ਹੈ, ਇਨਸਾਨ ਬਦਲ ਰਿਹਾ ਹੈ। ਖਾਣ-ਪੀਣ, ਕੱਪੜੇ, ਰਹਿਣ-ਸਹਿਣ ਅਤੇ ਚੱਲਣ-ਫਿਰਨ ਵਿਚ ਬਹੁਤ ਵੱਡੀ ਤਬਦੀਲੀ ਆ ਗਈ ਹੈ। ਮਹਿੰਗੇ ਬਰਤਨ, ਮਹਿੰਗੀਆਂ ਕਾਰਾਂ, ਕੋਠੀਆਂ ਅਤੇ ਇਥੋਂ ਤੱਕ ਕਿ ਪਾਲਤੂ ਜਾਨਵਰ ਵੀ ਆਪਣੇ ਮਿਆਰ ਅਨੁਸਾਰ ਰੱਖੇ ਜਾਣ ਲੱਗੇ ਹਨ। ਜਿਸ ਜਾਨਵਰ ਦੀ ਮੈਂ ਗੱਲ ਕਰਨ ਲੱਗਾ ਹਾਂ ਉਹ ਹੈ ਕੁੱਤਾ। ਕੁੱਤਾ ਸ਼ਾਇਦ ਇਨਸਾਨੀ ਸੱਭਿਅਤਾ ਦੀ ਹੱਦ ਤੋਂ ਹੀ ਮਨੁੱਖ ਨਾਲ ਰਹਿੰਦਾ ਆ ਰਿਹਾ ਹੈ। ਬਾਕੀ ਜਾਨਵਰਾਂ ਗਾਂ, ਮੱਝ, ਬਲਦ ਆਦਿ ਵਾਂਗ ਇਹ ਵੀ ਪਰਿਵਾਰ ਦਾ ਇਕ ਹਿੱਸਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਬਾਕੀ ਜਾਨਵਰ ਘਰਾਂ ਵਿਚੋਂ ਅਲੋਪ ਹੋ ਰਹੇ ਹਨ, ਕੁੱਤੇ ਪ੍ਰਤੀ ਨਜ਼ਰੀਆ ਉਸੇ ਤਰ੍ਹਾਂ ਕਾਇਮ ਹੈ। ਘਰ ਦੀ ਰਾਖੀ ਵਾਲੀ ਗੱਲ ਤਾਂ ਸ਼ਾਇਦ ਪਿੱਛੇ ਰਹਿ ਗਈ, ਹੁਣ ਤਾਂ ਕੁੱਤਾ ਮਿਆਰ ਦੀ ਨਿਸ਼ਾਨੀ ਬਣ ਗਿਆ ਹੈ। ਮਹਿੰਗੀਆਂ ਅਤੇ ਵਿਦੇਸ਼ੀ ਨਸਲਾਂ ਦੇ ਕੁੱਤੇ ਵੱਡੀਆਂ ਕੋਠੀਆਂ ਦਾ ਸ਼ਿੰਗਾਰ ਬਣ ਗਏ ਹਨ। ਸਵੇਰੇ-ਸ਼ਾਮ ਕੁੱਤੇ ਲੈ ਕੇ ਘੁੰਮਦੇ ਲੋਕਾਂ ਨੂੰ ਤੁਸੀਂ ਆਮ ਹੀ ਦੇਖਦੇ ਹੋਵੋਗੇ। ਬਹੁਤੀ ਵਾਰ ਆਪਣੀ ਸੈਰ ਦਾ ਮਤਲਬ ਵੀ ਕੁੱਤੇ ਨੂੰ ਮਲ-ਮੂਤਰ ਲਈ ਬਾਹਰ ਲੈ ਕੇ ਜਾਣਾ ਹੁੰਦਾ ਹੈ। ਫਿਰ ਇਸ ਕੰਮ ਲਈ ਹਰ ਥਾਂ, ਗਲੀ, ਸੜਕ ਆਮ ਹੀ ਵਰਤੀ ਜਾਂਦੀ ਹੈ ਅਤੇ ਬਹੁਤੀ ਵਾਰ ਤਾਂ ਸੜਕ ਜਾਂ ਗਲੀ ਦੇ ਵਿਚਕਾਰ ਸਾਫ਼-ਸੁਥਰੀ ਥਾਂ ਨੂੰ ਹੀ ਗੰਦਾ ਕੀਤਾ ਜਾਂਦਾ ਹੈ। ਆਪਣੀ ਚੰਦ ਪਲਾਂ ਦੀ ਸੌਖ ਲਈ ਸਾਰਾ ਦਿਨ ਲੰਘਣ ਵਾਲੇ ਦੂਜਿਆਂ ਨੂੰ ਔਖ ਨਾ ਦੇਈਏ। ਹੱਕਾਂ ਦੇ ਨਾਲ-ਨਾਲ ਫ਼ਰਜ਼ਾਂ ਨੂੰ ਵੀ ਪਛਾਣੀਏ। ਸਾਫ਼-ਸਫ਼ਾਈ ਲਈ ਸਮੂਹਿਕ ਜ਼ਿੰਮੇਵਾਰੀ ਜਾਣੀਏ।


-ਗੁਰਮੀਤ ਸਿੰਘ ਮਰਾੜ੍ਹ।


ਚੂਹਿਆਂ ਦੀ ਭਰਮਾਰ ਤੇ ਝੋਨਾ
ਕਿਸਾਨੀ ਫ਼ਸਲ ਨੂੰ ਨਿੱਕੀ ਤੋਂ ਨਿੱਕੀ ਚੀਜ਼ ਤੇਲਾ, ਜੂੰ, ਆਦਿ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਖਾ ਰਹੀ ਹੈ। ਇਨ੍ਹਾਂ 'ਚ ਇਕ ਜਾਨਵਰ ਹੈ ਚੂਹਾ ਜੋ ਅੱਜਕਲ੍ਹ ਬਹੁਤ ਵੱਡੀ ਤਾਦਾਦ ਵਿਚ ਖੇਤਾਂ ਵਿਚ ਫਿਰ ਰਿਹਾ ਹੈ। ਪਿੱਛੇ ਜਿਹੇ ਖ਼ਬਰਾਂ ਮਿਲੀਆਂ ਕਿ ਚੂਹਾ ਖੇਤ ਵਿਚਲਾ ਨਰਮਾ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਅੱਜਕਲ੍ਹ ਚੂਹਾ ਝੋਨੇ ਦੀ ਫ਼ਸਲ ਨੂੰ ਵੀ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਖ਼ਾਸ ਕਰਕੇ ਜਿਹੜੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਕਾਫੀ ਰਾਹਤ ਲੇਬਰ, ਪਾਣੀ ਆਦਿ ਦੀ ਮਿਲਦੀ ਹੈ ਪਰ ਇਸ ਲਈ ਚੂਹਾ ਵੱਡੀ ਸਮੱਸਿਆ ਬਣ ਰਿਹਾ ਹੈ। ਕੁਝ ਸਾਲ ਪਹਿਲਾਂ ਸਰਕਾਰ ਚੂਹੇ ਦੇ ਹੱਲ ਲਈ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਚੂਹੇਮਾਰ ਦਵਾਈ ਭੇਜਦੀ ਸੀ। ਕਿਸਾਨ ਉਸ ਦਵਾਈ ਨੂੰ ਇਕੱਠੇ ਹੋ ਕੇ ਪਾਉਂਦੇ ਸਨ ਤਾਂ ਕੁਝ ਰਾਹਤ ਹੁੰਦੀ ਸੀ। ਪਰ ਹੁਣ ਸਰਕਾਰ ਨੇ ਇਹ ਦਵਾਈ ਬੰਦ ਕਰ ਦਿੱਤੀ ਹੈ। ਬਾਜ਼ਾਰ 'ਚ ਮਿਲਦੀ ਦਵਾਈ ਦੀ ਕੀਮਤ ਬਹੁਤ ਹੈ। ਕਰਜ਼ੇ ਥੱਲੇ ਦੱਬਿਆ ਕਿਸਾਨ ਇਹ ਦਵਾਈ ਖ਼ਰੀਦਣ ਤੋਂ ਝਿਜਕਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਚੂਹੇਮਾਰ ਦਵਾਈ ਮੁਫ਼ਤ ਦੇਵੇ।


-ਜਸਕਰਮ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

22-06-2020

 ਪ੍ਰਣਾਮ ਸ਼ਹੀਦਾਂ ਨੂੰ
ਚੀਨ ਅਕਸਰ ਹੀ ਭਾਰਤ ਨਾਲ ਲੱਗਦੀ ਸਰਹੱਦ 'ਤੇ ਛੇੜ-ਛਾੜ ਕਰਦਾ ਰਹਿੰਦਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚ ਤਣਾਅ ਬਣਿਆ ਰਹਿੰਦਾ ਹੈ। ਪਿਛਲੇ ਦਿਨੀਂ ਗਲਵਾਨ ਘਾਟੀ 'ਤੇ ਦੋਵਾਂ ਮੁਲਕਾਂ ਦੇ ਸੈਨਿਕਾਂ ਵਿਚ ਝੜਪਾਂ ਹੋਈਆਂ ਅਤੇ ਜਿਸ ਨਾਲ ਜਿਥੇ ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਉਥੇ ਹੀ ਭਾਰਤੀ ਸੈਨਿਕ ਵੀ ਸ਼ਹੀਦ ਹੋਏ, ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਸਨ। ਭਾਵੇਂ ਪੰਜਾਬ ਸਰਕਾਰ ਨੇ ਇਨ੍ਹਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਅਤੇ ਆਰਥਿਕ ਮਦਦ ਦਾ ਐਲਾਨ ਕੀਤਾ ਹੈ, ਪ੍ਰੰਤੂ ਭਾਰਤ ਸਰਕਾਰ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਰਾਜ ਸਰਕਾਰਾਂ ਨੂੰ ਇਨ੍ਹਾਂ ਜਾਂਬਾਜ਼ ਸ਼ਹੀਦਾਂ ਦੀ ਯਾਦ ਵਿਚ ਢੁਕਵੀਆਂ ਯਾਦਗਾਰਾਂ ਬਣਵਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਤੋਂ ਸੇਧ ਮਿਲ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਨੌਜਵਾਨ ਪੀੜ੍ਹੀ ਤੇ ਬਜ਼ੁਰਗ
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਮਾਂ-ਬਾਪ ਦੀ ਕਿਰਪਾ ਨਾਲ ਅਸੀਂ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਾਂ। ਮਾਂ-ਬਾਪ ਨੂੰ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿ ਸਾਡੇ ਬੱਚੇ ਲਾਇਕ ਬਣਨ, ਸਾਡਾ ਸਮਾਜ ਵਿਚ ਮਾਣ ਵਧੇਗਾ ਤੇ ਬੁਢਾਪੇ ਵੇਲੇ ਸਾਡੀ ਸੇਵਾ ਕਰਨ। ਪਰ ਅੱਜ ਸਮਾਂ ਬਦਲ ਰਿਹਾ ਹੈ, ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਕੋਲ ਮਾਂ-ਬਾਪ ਲਈ ਸਮਾਂ ਨਹੀਂ ਹੈ। ਜ਼ਿੰਦਗੀ ਇੰਨੀ ਜ਼ਿਆਦਾ ਸੰਘਰਸ਼ਸ਼ੀਲ ਹੋ ਚੁੱਕੀ ਹੈ ਕਿ ਮਾਂ-ਬਾਪ ਨੂੰ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਜਾਂਦਾ। ਕਈ ਘਰਾਂ ਵਿਚ ਬਜ਼ੁਰਗਾਂ ਦੀ ਟੋਕਾਟਾਕੀ ਬਹੁਤ ਹੁੰਦੀ ਹੈ, ਜਿਸ ਕਰਕੇ ਘਰ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਬਜ਼ੁਰਗਾਂ ਨੂੰ ਸਮੇਂ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ ਜੇ ਘਰ ਵਿਚ ਉਹ ਬੱਚਿਆਂ ਦੇ ਮਾਮਲਿਆਂ ਵਿਚ ਜ਼ਿਆਦਾ ਟੋਕਾ-ਟਾਕੀ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਘਰ ਵਿਚ ਸਤਿਕਾਰ ਬੁਹਤ ਹੋਵੇਗਾ ਤੇ ਨੌਜਵਾਨ ਬੱਚਿਆਂ ਨੂੰ ਵਧੀਆ ਲੱਗੇਗਾ ਕਿ ਸਾਡੇ ਮਾਂ-ਬਾਪ ਸਾਡੇ ਫ਼ੈਸਲੇ ਤੋਂ ਖ਼ੁਸ਼ ਹਨ। ਪਰ ਕਈ ਘਰਾਂ ਵਿਚ ਬਜ਼ੁਰਗ ਸ਼ਾਂਤ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ। ਇਸ ਗੱਲ ਵਿਚ ਤਾਂ ਬੱਚਿਆਂ ਦਾ ਹੀ ਕਸੂਰ ਹੈ ਕਿ ਉਹ ਆਖਿਰ ਆਪਣੇ ਮਾਂ-ਬਾਪ ਨੂੰ ਕਿਉਂ ਨਹੀਂ ਪੁੱਛਦੇ? ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਜਿਸ ਕਾਰਨ ਬਜ਼ੁਰਗਾਂ ਨੂੰ ਇਹ ਨਹੀਂ ਲੱਗੇਗਾ ਕਿ ਘਰ ਵਿਚ ਉਨ੍ਹਾਂ ਦੀ ਪੁੱਛਗਿੱਛ ਬਿਲਕੁਲ ਵੀ ਨਹੀਂ ਹੈ। ਇਸ ਨਾਲ ਘਰ ਵੀ ਸਵਰਗ ਬਣ ਜਾਵੇਗਾ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਬੇਖੌਫ਼ ਕੋਰੋਨਾ
ਕੋਰੋਨਾ ਦੇ ਸੂਬੇ ਵਿਚ ਵਧ ਰਹੇ ਪ੍ਰਕੋਪ ਦੇ ਚਲਦੇ ਪੰਜਾਬ ਸਰਕਾਰ ਵਲੋਂ 23 ਮਾਰਚ ਨੂੰ ਸੂਬੇ ਭਰ ਵਿਚ ਲਾਕਡਾਊਨ ਲਾ ਦਿੱਤਾ ਗਿਆ। ਇਸ ਲਾਕਡਾਊਨ ਦੇ ਸ਼ੁਰੂ-ਸ਼ੁਰੂ ਵਿਚ ਕੋਰੋਨਾ ਵਾਇਰਸ ਦਾ ਡਰ ਲੋਕਾਂ 'ਚ ਪਾਇਆ ਗਿਆ ਅਤੇ ਲੋਕ ਸਹਿਮੇ ਹੋਏ ਮਹਿਸੂਸ ਕਰ ਰਹੇ ਸਨ। ਪਰ ਲਾਕਡਾਊਨ ਦੇ ਖੁੱਲ੍ਹਣ ਦੇ ਕੁਝ ਦਿਨਾਂ ਉਪਰੰਤ ਇਸ ਵਾਇਰਸ ਤੋਂ ਬੇਖੌਫ ਲੋਕ ਪਿੰਡਾਂ ਵਿਚ ਤਾਸ਼ ਖੇਡਦੇ ਅਤੇ ਫਿਰਨੀਆਂ ਵਿਚ ਝੁੰਡ ਬਣਾ ਕੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਬੈਂਕਾਂ ਅਤੇ ਹੋਰ ਜਨਤਕ ਸਥਾਨਾਂ 'ਚ ਸ਼ੋਸਲ ਡਿਸਟੈਂਸਿੰਗ ਦੀਆਂ ਧੱਜੀਆਂ ਹੁਣ ਤੱਕ ਉਡਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਇਸ ਲਾਕਡਾਊਨ ਦੇ ਚਲਦੇ ਕੁਝ ਲੋਕਾਂ ਦੇ ਚਲਾਨ ਕੱਟ ਕੇ ਆਪਣੀ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਸ ਸਮੇਂ ਦੇਸ਼ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ ਲੱਖਾਂ 'ਤੇ ਪਹੁੰਚ ਗਈ ਹੈ ਅਤੇ ਰੋਜ਼ਾਨਾ ਹਜ਼ਾਰਾਂ ਲੋਕ ਮਰ ਰਹੇ ਹਨ। ਇਸ ਮਹਾਂਮਾਰੀ ਬਿਮਾਰੀ ਦਾ ਅਜੇ ਤੱਕ ਕੋਈ ਵੀ ਦੇਸ਼ ਇਲਾਜ ਕੱਢਣ ਵਿਚ ਕਾਮਯਾਬ ਨਹੀਂ ਹੋ ਸਕਿਆ। ਜੇਕਰ ਇਸ ਕੋਰੋਨਾ ਤੋਂ ਬੇਖੌਫ਼ ਜਨਤਾ ਇਸੇ ਤਰ੍ਹਾਂ ਲਾਕਡਾਊਨ ਦੀ ਉਲੰਘਣਾ ਕਰਦੀ ਰਹੀ ਤਾਂ ਇਸ 'ਤੇ ਇਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ ਇਹ ਬੁਹਤ ਹੀ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ।


-ਹਰਪਾਲ ਸਿੰਘ ਭੱਟੀ
ਪਿੰਡ ਕਾਲਰਾਂ (ਗੜ੍ਹਦੀਵਾਲਾ) ਜ਼ਿਲ੍ਹਾ ਹੁਸ਼ਿਆਰਪੁਰ।


ਤੰਦਰੁਸਤੀ ਦਾ ਖਜ਼ਾਨਾ ਸਾਈਕਲ
ਦੋਸਤੋ ਸਾਈਕਲ ਚਲਾਉਣਾ ਮਨੁੱਖ ਲਈ ਵਰਦਾਨ ਸਾਬਤ ਹੁੰਦਾ ਹੈ। ਸਾਈਕਲ ਚਲਾਉਣ ਨਾਲ ਸਰੀਰ ਦੇ ਬਹੁਤ ਸਾਰੇ ਅੰਗਾਂ ਦੀ ਕਸਰਤ ਹੋ ਜਾਂਦੀ ਹੈ, ਢਿੱਡ ਵੀ ਨਹੀਂ ਵਧਦਾ ਅਤੇ ਭਾਰ ਵੀ ਕਾਬੂ 'ਚ ਰਹਿੰਦਾ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਸਾਨੂੰ ਘਰ ਦੇ ਛੋਟੇ-ਮੋਟੇ ਕੰਮ ਜਿਵੇਂ ਕਿ ਬਜ਼ਾਰੋਂ ਸਬਜ਼ੀ, ਦੁੱਧ, ਘਰ ਦਾ ਰਾਸ਼ਨ ਆਦਿ ਲਿਆਉਣਾ ਸਾਈਕਲ 'ਤੇ ਹੀ ਕਰਨੇ ਚਾਹੀਦੇ ਹਨ ਅਤੇ ਕਬੀਲਦਾਰੀ ਦੇ ਛੋਟੇ-ਛੋਟੇ ਕੰਮ ਕਰਨ ਲਈ ਵੀ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੈਟਰੋਲ, ਡੀਜ਼ਲ ਉਤੇ ਖਰਚ ਹੁੰਦੇ ਪੈਸੇ ਤਾਂ ਬਚਦੇ ਹੀ ਹਨ ਅਤੇ ਵਾਤਾਵਰਨ ਵਿਚ ਪ੍ਰਦੂਸ਼ਣ ਵੀ ਨਹੀਂ ਫੈਲਦਾ ਅਤੇ ਤੇਲ ਦੀ ਵੀ ਬੱਚਤ ਹੁੰਦੀ ਹੈ। ਆਓ ਆਪਾਂ ਸਾਈਕਲ ਚਲਾਉਣ ਦੀ ਆਦਤ ਪਾਈਏ ਅਤੇ ਸਰੀਰ ਨੂੰ ਤੰਦਰੁਸਤ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਈਏ।


-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।


ਪੁਰਾਣਾ ਸੱਭਿਆਚਾਰ
ਸਮੇਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲਣਾ ਤਾਂ ਚੱਗੀ ਗੱਲ ਹੈ ਪਰ ਆਪਣਾ ਪਿਛੋਕੜ ਰੀਤੀ-ਰਿਵਾਜ ਪੁਰਾਣੇ ਵਿਰਸੇ ਨੂੰ ਭੁੱਲਣਾ ਕੋਈ ਚੰਗੀ ਗੱਲ ਨਹੀਂ ਹੈ। ਹੁਣ ਨਾ ਪਿੱਪਲਾਂ 'ਤੇ ਪੀਂਘਾਂ ਪਾਉਂਦੀਆਂ, ਨਾ ਦੁੱਧ ਰਿੜਕਣ ਵਾਲੀਆਂ ਮੁਟਿਆਰਾਂ, ਨਾ ਹੀ ਚਰਖੇ ਦੀ ਘੂਕ, ਨਾ ਖੂਹ 'ਤੇ ਪਾਣੀ ਭਰਦੀਆਂ ਮੁਟਿਆਰਾਂ, ਨਾ ਹੀ ਭੱਠੀ 'ਤੇ ਦਾਣੇ ਭੁੰਨਦੀ ਮਾਈ, ਤੀਆਂ, ਲੋਹੜੀ, ਤ੍ਰਿੰਝਣਾਂ, ਸੱਥਾਂ, ਮੋੜਾਂ ਤੇ ਮਹਿਫਲਾਂ ਨਾ ਹੀ ਪੰਜਾਬੀ ਲੋਕ-ਗੀਤ, ਪਹਿਰਾਵਾ, ਰੀਤੀ-ਰਿਵਾਜ, ਸੱਭਿਆਚਾਰ ਨਜ਼ਰ ਆਉਂਦਾ ਹੈ, ਜੋ ਹੁਣ ਸਟੇਜਾਂ, ਟੈਲੀਵਿਜ਼ਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਕਿਲੋ ਦੋ ਕਿਲੋ ਕਾੜ੍ਹਨੇ ਵਿਚੋਂ ਦੁੱਧ ਕੱਢ ਕੇ ਪੀ ਜਾਣਾ, ਕਾੜਨੇ ਦੀ ਮਲਾਈ ਬੀਬੀ ਤੋਂ ਚੋਰੀ ਦੁੱਧ ਤੋਂ ਲਾਹ ਕੇ ਖਾ ਜਾਣੀ, ਪਤਾ ਲੱਗਣ'ਤੇ ਕਹਿਣਾ ਬਿੱਲੀ ਖਾ ਗਈ। ਜੋ ਇਹਦੀ ਜਗ੍ਹਾ ਹੁਣ ਚਾਈਨੀ ਫੂਡ ਨੇ ਲੈ ਲਈ ਹੈ। ਪੀਜ਼ਾ, ਨਿਊਡਲ, ਸਨੈਕਸ, ਬਾਜ਼ਾਰੀ ਟੌਫੀਆਂ, ਚਾਕਲੇਟ, ਆਈਸ ਕਰੀਮ, ਬਰਗਰ, ਮੈਗੀ, ਕੋਲਡ ਡਰਿੰਕ, ਬਾਜ਼ਾਰੀ ਜੂਸ, ਬਾਜ਼ਾਰੀ ਬਿਸਕੁਟ ਆਦਿ ਨੇ ਲੈ ਲਈ। ਬੱਚੇ ਬਾਜ਼ਾਰੀ ਚੀਜ਼ਾਂ ਖਾ ਕੇ ਬਿਮਾਰ ਹੋ ਰਹੇ ਹਨ। ਪਹਿਲਾਂ ਬੱਚੇ ਹਰੀਆਂ ਸਬਜ਼ੀਆਂ, ਦੁੱਧ, ਘਿਓ, ਮੱਖਣ ਰਿਸ਼ਟ-ਪੁਸ਼ਟ ਖਾਣਾ ਖਾਂਦੇ ਸਨ। ਨਵੀਂ ਪੀੜ੍ਹੀ ਨੂੰ ਆਪਣੇ ਪੁਰਾਣੇ ਸੱਭਿਆਚਾਰ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ, ਜੋ ਅਲੋਪ ਹੋ ਗਿਆ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਇੰਸਪੈਕਟਰ।

19-06-2020

ਨੇੜਲੇ ਰਿਸ਼ਤਿਆਂ ਦੇ ਕਤਲ
ਲੁਧਿਆਣਾ ਵਿਖੇ ਪੁੱਤ ਵਲੋਂ ਮਾਂ ਨਾਲ ਰਲ ਕੇ ਪਿਤਾ ਦਾ ਕਤਲ, ਲੁਧਿਆਣਾ ਵਿਖੇ ਹੀ ਪਿਤਾ ਵਲੋਂ ਭਾਂਡੇ ਧੋਣ ਪਿੱਛੇ ਪੁੱਤ ਦਾ ਕਤਲ; ਸ਼ਾਹਕੋਟ ਵਿਖੇ ਆਪਣੇ 6 ਸਾਲ ਦੇ ਸਕੇ ਪੁੱਤਰ ਦੀ ਹੱਤਿਆ; ਬਰਨਾਲਾ ਵਿਖੇ ਗੁਆਂਢੀ ਨੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਨਾਲ ਕੀਤਾ ਹਲਾਕ; ਰਾਜਪੁਰਾ ਵਿਖੇ ਪਤੀ ਵਲੋਂ ਗਰਭਵਤੀ ਪਤਨੀ ਨੂੰ ਚਾਕੂ ਨਾਲ ਵਿੰਨਿਆ; ਮੋਗਾ ਵਿਖੇ ਨੌਜਵਾਨ ਵਲੋਂ ਤਫ਼ਤੀਸ਼ ਕਰਨ ਆਈ ਪੁਲਿਸ ਪਾਰਟੀ ਦਾ ਹੌਲਦਾਰ ਕਤਲ, ਸੰਗਰੂਰ ਵਿਖੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ ਅਤੇ ਪਤਨੀ ਵਲੋਂ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ। ਪੰਜਾਬ ਦੇ ਅਖ਼ਬਾਰਾਂ ਦੀਆਂ ਪਿਛਲੇ 2-3 ਦਿਨਾਂ ਦੀਆਂ ਇਹ ਦੁਖਦਾਈ ਖ਼ਬਰਾਂ ਪੰਜਾਬੀ ਲੋਕਾਂ ਦੀ ਵਿਗੜ ਰਹੀ ਮਾਨਸਿਕ ਸਥਿਤੀ ਅਤੇ ਘਟ ਰਹੀ ਸਹਿਣਸ਼ੀਲਤਾ ਦਾ ਸੰਕੇਤ ਹਨ। ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਨਾਲ ਲੋਕਾਂ ਦੇ ਖਰਚੇ ਵਧੇ ਹਨ ਅਤੇ ਕੰਮਕਾਰਾਂ ਵਿਚ ਮੰਦੀ ਦਾ ਰੁਝਾਨ ਆਇਆ ਹੈ, ਇਸ ਨਾਲ ਲੋਕ ਤਣਾਅ ਦਾ ਸ਼ਿਕਾਰ ਹੋ ਗਏ ਹਨ। ਇਹ ਤਣਾਅ ਗ੍ਰਸਤੀ ਹੀ ਘਟ ਰਹੀ ਸਹਿਣਸ਼ੀਲਤਾ ਦਾ ਵੱਡਾ ਕਾਰਨ ਹੈ। ਉਂਜ ਵੀ ਸਮਾਜ ਦੇ ਹਾਲਾਤ ਅਤੇ ਫੋਕੀ ਦਿਖਾਵੇਬਾਜ਼ੀ ਕਾਰਨ ਹਰ ਕੋਈ ਆਪਣੇ ਆਪ ਨੂੰ 'ਪਿੱਛੇ' ਰਹਿ ਗਿਆ ਸਮਝ ਰਿਹਾ ਹੈ ਅਤੇ 'ਅੱਗੇ' ਲੰਘਣ ਦੀ ਦੌੜ ਵਿਚ ਉਹ ਆਪਣੇ-ਬਿਗਾਨੇ, ਪਰਿਵਾਰਕ ਮੈਂਬਰ, ਸਾਕ-ਸਬੰਧੀ, ਦੋਸਤ-ਮਿੱਤਰ, ਭੈਣ-ਭਾਈ ਅਤੇ ਨੇੜਲੇ ਰਿਸ਼ਤਿਆਂ ਦੀ ਮਹੱਤਤਾ ਭੁੱਲ ਗਿਆ ਹੈ। ਉਪਰੋਕਤ ਸੁਰਖੀਆਂ ਇਸ ਤੱਥ ਨੂੰ ਭਲੀ-ਭਾਂਤ ਸਪੱਸ਼ਟ ਕਰਦੀਆਂ ਹਨ। ਚੰਗਾ ਹੋਵੇ ਅਸੀਂ ਪੰਜਾਬੀ ਆਤਮ ਵਿਸ਼ਲੇਸ਼ਣ ਕਰੀਏ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


ਛੱਪੜਾਂ ਦੀ ਸਫਾਈ

ਪੁਰਾਣੇ ਸਮਿਆਂ 'ਚ ਛੱਪੜਾਂ ਦਾ ਪਿੰਡਾਂ ਵਿਚ ਅਹਿਮ ਸਥਾਨ ਹੁੰਦਾ ਸੀ ਕਿਉਂਕਿ ਲੋਕ ਛੱਪੜਾਂ 'ਚੋਂ ਚੀਕਣੀ ਮਿੱਟੀ ਕੱਢ ਕੇ ਆਪਣੇ ਕੱਚੇ ਕੋਠੇ, ਕੰਧਾਂ ਲਿੱਪਦੇ, ਪੋਚਦੇ ਹੁੰਦੇ ਸਨ ਅਤੇ ਪਸ਼ੂਆਂ ਨੂੰ ਪਾਣੀ ਵੀ ਪਿਆਉਂਦੇ ਸਨ, ਪ੍ਰੰਤੂ ਹੁਣ ਛੱਪੜਾਂ 'ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ ਜਾਂ ਹੋ ਚੁੱਕੇ ਹਨ। ਹੁਣ ਆਧੁਨਿਕੀਕਰਨ ਹੋਣ ਕਾਰਨ ਪਿੰਡਾਂ ਦਾ ਗੰਦਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ ਤੇ ਘਰ-ਘਰ ਮੋਟਰਾਂ ਲੱਗਣ ਕਾਰਨ ਪਾਣੀ ਦੀ ਬਰਬਾਦੀ ਵੀ ਵਧ ਗਈ ਹੈ ਤੇ ਅਜਿਹਾ ਪਾਣੀ ਹੀ ਛੱਪੜਾਂ 'ਚ ਪੈ ਰਿਹਾ ਹੈ। ਹੁਣ ਤੰਦਰੁਸਤ ਮਿਸ਼ਨ ਤਹਿਤ ਪੰਜਾਬ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਤੇ ਸਵੱਛ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਪਿੰਡਾਂ ਦੇ ਛੱਪੜਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਅਤੇ ਉਨ੍ਹਾਂ ਵਿਚੋਂ ਗਾਰ, ਬੂਟੀ ਆਦਿ ਦੀ ਸਫਾਈ ਪਿੰਡਾਂ ਦੇ ਹੀ ਕਿਰਤੀ ਮਜ਼ਦੂਰਾਂ ਪਾਸੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਪਿੰਡ ਵਿਚ ਹੀ ਰੁਜ਼ਗਾਰ ਮਿਲ ਸਕੇ।


-ਅਮਰੀਕ ਸਿੰਘ ਚੀਮਾ, ਜਲੰਧਰ।


ਗਿਆਨ ਭਰਪੂਰ ਲੇਖ

ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ 'ਜੀਵਨ ਅਤੇ ਜੀਵਨ ਸਰੋਤ ਸਮੁੰਦਰ' ਸਿਰਲੇਖ ਅਧੀਨ 'ਲੇਖਿਕਾ ਸਤਵਿੰਦਰ ਕੌਰ ਦਾ ਲੇਖ ਪੜ੍ਹਿਆ, ਜੋ ਕਿ ਬਹੁਤ ਹੀ ਰੋਚਕ, ਗਿਆਨ ਭਰਪੂਰ ਤੇ ਕਾਬਲ-ਏ-ਤਾਰੀਫ਼ ਹੈ। ਲੇਖਿਕਾ ਨੇ ਬਹੁਤ ਹੀ ਸੁਚੱਜੀ ਸ਼ਬਦਾਵਲੀ ਰਾਹੀਂ ਵਿਖਿਆਨ ਕਰਦਿਆਂ ਗਿਆਤ ਕਰਵਾਇਆ ਹੈ ਕਿ ਧਰਤੀ ਉੱਪਰ ਜੋ ਵੀ ਮਨੁੱਖ, ਪਸ਼ੂ, ਪੰਛੀ, ਪੇੜ-ਪੌਦੇ ਆਦਿ ਅਤੇ ਪਾਣੀ ਦੇ ਅੰਦਰ ਦੇ ਜੀਵ-ਜੰਤੂਆਂ ਦਾ ਜਿਊਂਦਾ ਰਹਿਣਾ ਸਿਰਫ ਤੇ ਸਿਰਫ ਪਾਣੀ ਉੱਪਰ ਹੀ ਨਿਰਭਰ ਹੈ। ਜਲ ਕਰਕੇ ਹੀ ਦੁਨੀਆ ਭਰ ਦੇ ਜੰਗਲ ਬੇਲਿਆਂ ਵਿਚ ਜਾਨਵਰਾਂ, ਪਸ਼ੂ-ਪੰਛੀਆਂ ਆਦਿ ਦਾ ਰੈਣ ਵਸੇਰਾ ਸੰਭਵ ਹੈ। ਆਪਾਂ ਪੰਜਾਬ ਦੀ ਧਰਤੀ 'ਤੇ ਵੀ ਦੇਖ ਸਕਦੇ ਹਾਂ ਕਿ ਪਾਣੀ ਦੀਆਂ ਰੱਖਾਂ 'ਤੇ ਦੂਰ-ਦੁਰਾਡੇ ਤੋਂ ਹਜ਼ਾਰਾਂ ਮੀਲਾਂ ਦਾ ਪੈਂਡਾ ਤੈਅ ਕਰਕੇ ਹਰ ਸਾਲ ਲੱਖਾਂ ਹੀ ਵੰਨ-ਸੁਵੰਨੇ ਤੇ ਮਨਮੋਹਣੇ ਪੰਛੀ ਆ ਕੇ ਇਨ੍ਹਾਂ ਜਲਗਾਹਾਂ ਨੂੰ ਹੋਰ ਵੀ ਸੁੰਦਰ ਤੇ ਦਿਲਕਸ਼ ਬਣਾ ਦਿੰਦੇ ਹਨ। ਪਰ ਮਨੁੱਖ ਨੇ ਨਿਰਮਲ ਨੀਰ ਨੂੰ ਇਸ ਕਦਰ ਪਲੀਤ ਕਰ ਦਿੱਤਾ ਹੈ ਕਿ ਇਹ ਪੀਣ ਦੇ ਯੋਗ ਵੀ ਨਹੀਂ ਰਿਹਾ, ਜਿਸ ਦੇ ਨਤੀਜੇ ਵਜੋਂ ਅੱਜ ਸਾਡੇ ਘਰਾਂ ਤੇ ਸਿਹਤ ਕੇਂਦਰਾਂ 'ਚ ਕਰੋੜਾਂ ਲੋਕ ਲਾਇਲਾਜ ਬਿਮਾਰੀਆਂ ਨਾਲ ਗ੍ਰਸੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਸੋ, ਜਿਥੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਲ ਸੋਮਿਆਂ ਦੀ ਸਵੱਛਤਾ ਯਕੀਨੀ ਬਣਾਉਣ ਲਈ ਇਮਾਨਦਾਰੀ ਨਾਲ ਯਤਨ ਕਰਨ, ਉਥੇ ਸਾਨੂੰ ਸਾਰਿਆਂ ਨੂੰ ਵੀ ਸੁਚੇਤ ਹੋ ਕੇ ਸੁਹਿਰਦ ਸੋਚ ਨਾਲ ਬੇਸ਼ਕੀਮਤੀ ਜਲ ਸਰੋਤਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪਹਿਲ ਦੇ ਆਧਾਰ 'ਤੇ ਅੱਗੇ ਆਉਣਾ ਚਾਹੀਦਾ ਹੈ। ਇਸੇ ਵਿਚ ਹੀ ਮਨੁੱਖਤਾ ਦਾ ਭਲਾ ਹੈ।


-ਮੰਗਲਮੀਤ ਪੱਤੋ, ਮੋਗਾ।


ਕਿਸਾਨਾਂ 'ਤੇ ਸਰਕਾਰੀ ਬਿੱਲਾਂ ਦੀ ਮਾਰ

ਸਰਕਾਰ ਦੁਆਰਾ ਕਿਸਾਨਾਂ ਲਈ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਹਨ, ਉਨ੍ਹਾਂ ਪ੍ਰਤੀ ਖੇਤੀ ਮਾਹਿਰਾਂ ਦੀ ਜੋ ਪ੍ਰਤੀਕਿਰਿਆ ਹੋ ਰਹੀ ਹੈ, ਪੜ੍ਹ ਕੇ ਪਤਾ ਲਗਦਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਵਿਰੋਧੀ ਬਿੱਲ ਦੁਆਰਾ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਾ ਦੇਣਾ ਚਾਹੁੰਦੀ ਹੈ। ਪ੍ਰਾਈਵੇਟ ਕੰਪਨੀਆਂ ਵਲੋਂ ਗੰਨੇ ਦੀ ਫ਼ਸਲ ਦੁਆਰਾ ਕੀਤੀ ਜਾਂਦੀ ਕਿਸਾਨਾਂ ਦੀ ਲੁੱਟ ਪ੍ਰਤੀ ਅਸੀਂ ਚੰਗੀ ਤਰ੍ਹਾਂ ਵਾਕਫ਼ ਹਾਂ। ਗੰਨੇ ਦੀ ਫ਼ਸਲ ਵੇਚਣ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਪੈਸੇ ਲਈ ਸਾਲਾਂਬੱਧੀ ਸੰਘਰਸ਼ ਕਰਨਾ ਪੈਂਦਾ ਹੈ। ਕਿਸਾਨ ਵਿਰੋਧੀ ਬਿੱਲਾਂ ਦਾ ਜੋ ਆਰਡੀਨੈਂਸ ਸਰਕਾਰ ਦੁਆਰਾ ਲਿਆਂਦੇ ਗਏ, ਇਸ ਵਿਚ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਤੋਂ ਆਪਣੀ ਮਨਮਰਜ਼ੀ ਦਾ ਫ਼ਸਲੀ ਮੁੱਲ ਖ਼ਰੀਦ ਸਕਦੀਆਂ ਹਨ, ਦੂਸਰਾ ਕਿਸਾਨਾਂ ਤੋਂ ਫ਼ਸਲਾਂ ਦੇ ਮਾਲਕੀ ਹੱਕ ਕਾਫੀ ਹੱਦ ਤੱਕ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿਚ ਚਲੇ ਜਾਣਗੇ, ਤੀਸਰਾ ਰਾਜਾਂ ਦੇ ਅਧਿਕਾਰ ਖ਼ਤਮ ਕਰਕੇ ਉਨ੍ਹਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਸਰਕਾਰ ਦੁਆਰਾ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੇ ਪੱਖ ਵਿਚ ਦੱਸਿਆ ਜਾ ਰਿਹਾ ਹੈ ਪਰ ਅਸੀਂ ਹੁਣ ਤੱਕ ਵੇਖਦੇ ਆ ਰਹੇ ਹਾਂ ਕਿ ਪ੍ਰਾਈਵੇਟ ਅਦਾਰੇ ਆਪਣੇ ਮੁਨਾਫ਼ੇ ਨੂੰ ਪਹਿਲ ਦਿੰਦੇ ਹਨ। ਜੇਕਰ ਗੰਭੀਰਤਾ ਨਾਲ ਸੋਚੀਏ ਤਾਂ ਕਿਸਾਨਾਂ ਦਾ ਨੁਕਸਾਨ ਤਾਂ ਹੋਵੇਗਾ ਹੀ, ਨਾਲ ਦੀ ਨਾਲ ਮੰਡੀਕਰਨ ਨਾਲ ਜੁੜੇ ਲੱਖਾਂ ਕਾਮੇ ਵੀ ਬੇਰੁਜ਼ਗਾਰ ਹੋ ਜਾਣਗੇ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੁਆਰਾ ਪਾਸ ਕੀਤੇ ਬਿੱਲ ਲੋਕ ਹਿਤਾਂ ਦੀ ਪੂਰਤੀ ਨਹੀਂ ਕਰਦੇ।


-ਹਰਨੰਦ ਸਿੰਘ ਬੱਲਿਆਂਵਾਲਾ, ਤਰਨ ਤਾਰਨ।

18-06-2020

 ਪੰਜਾਬ ਦੀ ਆਰਥਿਕਤਾ
ਜਿਥੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦਾ ਹਰ ਵਰਗ ਪ੍ਰਭਾਵਿਤ ਹੋਣ ਨਾਲ ਦੇਸ਼ ਦੀ ਆਰਥਿਕਤਾ 'ਤੇ ਅਸਰ ਪਿਆ ਹੈ, ਉਥੇ ਹੀ ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਤੋਂ ਤਾਲਾਬੰਦੀ, ਕਰਫ਼ਿਊ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਦਾ ਪ੍ਰਵਾਸ, ਛੋਟੇ-ਛੋਟੇ ਹਰ ਕਿਸਮ ਦਾ ਮਾਲੀਆ ਬੰਦ ਹੋ ਜਾਣ ਨਾਲ ਪੰਜਾਬ ਦੀ ਆਰਥਿਕਤਾ 'ਤੇ ਵੀ ਬੁਰਾ ਅਸਰ ਪਿਆ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਵਲੋਂ ਭਾਵੇਂ ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਢੰਗ ਨਾਲ ਮਦਦ ਕੀਤੀ ਜਾਂਦੀ ਰਹੀ ਹੈ ਪਰ ਉਹ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ। ਜੇਕਰ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਨੇ ਝੰਬਿਆ ਸੀ ਤੇ ਹੁਣ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਦੀ ਚਾਰਦੀਵਾਰੀ ਵਿਚ ਘਿਰ ਗਏ, ਜਿਸ ਨਾਲ ਉਨ੍ਹਾਂ ਨੂੰ ਪਰਿਵਾਰ ਦੇ ਫ਼ਿਕਰ ਅਤੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ, ਪਰਮਾਤਮਾ ਕਰੇ ਹਰ ਇਨਸਾਨ ਇਸ ਆਰਥਿਕ ਸੰਕਟ ਤੋਂ ਗੁਜ਼ਰ ਕੇ ਮੁੜ ਆਪਣੇ ਰੁਜ਼ਗਾਰ ਮਿਲਣ ਨਾਲ ਪੰਜਾਬ ਦੀ ਆਰਥਿਕਤਾ ਦੀ ਗੱਡੀ ਫਿਰ ਪਟੜੀ 'ਤੇ ਦੌੜਨ ਲੱਗ ਪਵੇ, ਜਿਸ ਨਾਲ ਸਭ ਦਾ ਕਲਿਆਣ ਹੋ ਸਕੇ ਤੇ ਸਭ ਦੀਆਂ ਮੁਢਲੀਆਂ ਨਿੱਜੀ ਲੋੜਾਂ ਪੂਰੀਆਂ ਹੋ ਸਕਣ, ਜਿਸ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।

-ਪ੍ਰੋ: ਜਸਵਿੰਦਰ ਕੌਰ
ਫਿਰੋਜ਼ਪੁਰ ਸ਼ਹਿਰ।

ਦਸਵੀਂ ਓਪਨ ਵੀ ਪਾਸ ਹੋਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਓਪਨ ਦੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਨੀਤੀ ਵਿਚ ਬਦਲਾਅ ਕੀਤਾ ਗਿਆ ਹੈ। ਇਕੋ ਕਲਾਸ ਲਈ ਬੋਰਡ ਵਲੋਂ ਦੂਹਰੇ ਮਾਪਦੰਡ ਅਪਣਾਉਣਾ ਜਾਇਜ਼ ਨਹੀਂ ਹੈ। ਓਪਨ ਵਿਦਿਆਰਥੀਆਂ ਨੂੰ ਪਿਛਲੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਗ੍ਰੇਡ ਦੇ ਹਿਸਾਬ ਪਾਸ ਕੀਤਾ ਜਾ ਸਕਦਾ ਹੈ। ਉਂਜ ਵੀ ਸਿੱਖਿਆ ਬੋਰਡ ਵਲੋਂ ਪਾਸ ਕੀਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਉੱਪਰ ਕੋਵਿਡ-20 ਮਹਾਂਮਾਰੀ ਵੱਸ ਗ੍ਰੇਡ ਅੰਕ ਦੇਣ ਦੀ ਮਜਬੂਰੀ ਦਰਜ ਕੀਤੀ ਜਾਣੀ ਹੈ। ਵਿਦਿਆਰਥੀਆਂ ਨੂੰ ਆਪਣਾ ਭਵਿੱਖ ਚੁਣਨ ਦਾ ਅਧਿਕਾਰ 12ਵੀਂ ਕਲਾਸ ਤੋਂ ਬਾਅਦ ਹੀ ਮਿਲਦਾ ਹੈ। ਅਸੀਂ ਸਿੱਖਿਆ ਬੋਰਡ ਨੂੰ ਬੇਨਤੀ ਕਰਦੇ ਹਾਂ ਕਿ ਉਹ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਭਵਿੱਖ ਅਤੇ ਕੋਵਿਡ-19 ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖ ਕੇ ਸਾਰੇ ਬੱਚਿਆਂ ਨੂੰ ਪਾਸ ਕਰਨ ਦਾ ਫ਼ੈਸਲਾ ਲਵੇ ਤਾਂ ਕਿ ਵਿਦਿਆਰਥੀ ਸਮਾਂ ਰਹਿੰਦੇ 11ਵੀਂ ਕਲਾਸ ਵਿਚ ਦਾਖ਼ਲਾ ਲੈ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਣ ਅਤੇ ਆਪਣਾ ਭਵਿੱਖ ਸੰਵਾਰ ਸਕਣ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਵਿਦੇਸ਼ਾਂ ਵਿਚ ਫਸ ਗਏ ਜੋ...
ਜਿੱਥੇ ਵਿਦੇਸ਼ਾਂ ਵਿਚ ਫਸੇ ਹੋਏ ਭਾਰਤੀਆਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਆਪਣੇ ਦੇਸ਼ ਵਿਚ ਵਾਪਸ ਲਿਆਉਣਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ, ਉਥੇ ਇਨ੍ਹਾਂ ਤੋਂ ਵਾਜਬ ਕਿਰਾਇਆ ਲੈਣਾ ਹੀ ਬਣਦਾ ਹੈ ਅਤੇ ਇਸ ਲਈ ਸਰਕਾਰ ਨੂੰ 'ਨਾ ਲਾਭ, ਨਾ ਹਾਨੀ' ਨੀਤੀ ਅਪਣਾਉਣੀ ਚਾਹੀਦੀ ਹੈ। ਨਾਲ ਹੀ, ਸੀਨੀਅਰ ਨਾਗਰਿਕਾਂ (ਵਿਸ਼ੇਸ਼ ਕਰਕੇ ਸੱਤਰ ਸਾਲ ਤੋਂ ਉੱਪਰ ਵਾਲਿਆਂ) ਦੀਆਂ ਲੋੜਾਂ ਤੇ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਭਾਰਤ ਪਹੁੰਚਣ 'ਤੇ ਹੋਮ ਕੁਆਰਨਟੀਨ ਕਰਨਾ ਚਾਹੀਦਾ ਹੈ, ਨਾ ਕਿ ਸੰਸਥਾਗਤ ਕੁਆਰਨਟੀਨ।

-ਡਾ: ਹਰਨੇਕ ਸਿੰਘ ਕੈਲੇ, ਲੁਧਿਆਣਾ।

ਲਿਖਣ ਲੱਗਿਆਂ ਪ੍ਰੋ ਦੇਵੋ ਮੋਤੀ
ਸਾਫ਼ ਲਿਖਣਾ ਵੀ ਇਕ ਕਲਾ ਹੈ। ਆਪਣੀ ਸੁੰਦਰ ਲਿਖਾਈ ਨਾਲ ਪ੍ਰੀਖਿਆਵਾਂ ਪਾਸ ਕਰਕੇ ਹੀ ਬੰਦਾ ਨਿਰਧਾਰਤ ਟੀਚੇ 'ਤੇ ਪਹੁੰਚਦਾ ਹੈ। ਅਕਸਰ ਅਸੀਂ ਆਮ ਸੁਣਦੇ ਹਾਂ ਕਿ ਸੁੰਦਰ ਲਿਖਾਈ ਤੋਂ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਅਕਸਰ ਮਾਂ-ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਫ਼-ਸੁਥਰਾ ਲਿਖਿਆ ਕਰੋ। ਸਾਫ਼-ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਅਧਿਆਪਕ ਵੀ ਬੱਚਿਆਂ 'ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਪ੍ਰੇਰਨਾਵਾਂ ਤਾਂ ਬੱਚਿਆਂ ਨੂੰ ਆਮ ਦਿੱਤੀਆਂ ਜਾਂਦੀਆਂ ਹਨ। ਕਈ ਵਿਦਿਆਰਥੀ, ਕਈ ਇਨਸਾਨ ਏਨਾ ਸੋਹਣਾ ਲਿਖਦੇ ਹਨ ਕਿ ਜਿਵੇਂ ਉਨ੍ਹਾਂ ਨੇ ਮੋਤੀ ਹੀ ਪ੍ਰੋ ਦਿੱਤੇ ਹਨ। ਅਜਿਹੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਬਹੁਤ ਹੀ ਵਧੀਆ ਪ੍ਰਦਰਸ਼ਨ ਦਿਖਾਉਂਦੇ। ਜਿਨ੍ਹਾਂ ਬੱਚਿਆਂ ਦੀ ਲਿਖਾਈ ਬਿਲਕੁਲ ਵੀ ਸੁੰਦਰ ਨਹੀਂ ਹੈ, ਉਹ ਹਰ ਰੋਜ਼ ਆਪਣੇ ਘਰ ਬੈਠ ਕੇ ਸੁੰਦਰ ਲਿਖਾਈ ਲਈ ਕੋਸ਼ਿਸ਼ ਕਰਨ। ਨਾਲ ਉਨ੍ਹਾਂ ਦੀ ਲਿਖਾਈ ਬਹੁਤ ਹੀ ਜ਼ਿਆਦਾ ਸੁੰਦਰ ਬਣ ਜਾਵੇਗੀ। ਇਸੇ ਲਿਖਾਈ ਦੇ ਜ਼ਰੀਏ ਉਹ ਆਪਣੀ ਮੰਜ਼ਿਲ ਨੂੰ ਵਧੀਆ ਸਰ ਕਰ ਲੈਣਗੇ। ਸੋ, ਸੁੰਦਰ ਲਿਖਾਈ ਤੋਂ ਹੀ ਬੰਦੇ ਦੀ ਚੰਗੀ ਸ਼ਖ਼ਸੀਅਤ ਹੋਣ ਦਾ ਪਤਾ ਲਗਦਾ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੋਰੋਨਾ ਮਹਾਂਮਾਰੀ ਨਾਲ ਵਧੀ ਬੇਰੁਜ਼ਗਾਰੀ
ਅੱਜ ਭਾਰਤ ਦੁਨੀਆ ਵਿਚ ਚੌਥੇ ਸਥਾਨ 'ਤੇ ਆ ਗਿਆ ਹੈ। ਦੇਸ਼ 'ਚ ਹੁਣ ਤੱਕ ਕੋਰੋਨਾ ਦੇ ਮਾਮਲੇ 2 ਲੱਖ ਤਿੰਨ ਹਜ਼ਾਰ ਦੇ ਪਾਰ ਹਨ। ਸੂਬੇ ਦੀਆਂ ਸਰਕਾਰਾਂ ਨੇ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਘਰਬੰਦੀ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਲੋਕ ਘਰਾਂ ਵਿਚ ਸੁਰੱਖਿਅਤ ਰਹਿ ਸਕਣ ਪਰ ਪੰਜਾਬ ਸਰਕਾਰ ਵਲੋਂ ਹਫ਼ਤੇ ਦੇ ਅਖੀਰਲੇ ਦੋ ਦਿਨ ਸਨਿਚਰਵਾਰ ਤੇ ਐਤਵਾਰ ਨੂੰ ਕਾਰੋਬਾਰ ਬੰਦ ਕਰਕੇ ਘਰਬੰਦੀ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਵਿਰੋਧੀ ਦਲ ਦੇ ਸਿਆਸੀ ਆਗੂ ਤੇ ਦੁਕਾਨਦਾਰਾਂ ਵਲੋਂ ਘਰਬੰਦੀ 'ਤੇ ਤਿੱਖੇ ਰੋਸ ਜਤਾਏ ਜਾ ਰਹੇ ਹਨ। ਦੁਕਾਨਦਾਰਾਂ ਤੇ ਹੋਰ ਕਾਰੋਬਾਰੀ ਲੋਕਾਂ ਨੂੰ ਆਰਥਿਕ ਮੰਦੀ ਦਾ ਫ਼ਿਕਰ ਹੋ ਗਿਆ ਹੈ ਕਿ ਕੋਰੋਨਾ ਦੀ ਮਹਾਂਮਾਰੀ ਨਾਲ ਤਾਂ ਨਹੀਂ ਮਰਦੇ ਪਰ ਕਾਰੋਬਾਰ ਠੱਪ ਹੋਣ ਨਾਲ, ਗ਼ਰੀਬੀ ਤੇ ਭੁੱਖਮਰੀ ਨਾਲ ਜ਼ਰੂਰ ਮਰਾਂਗੇ। ਪ੍ਰਾਈਵੇਟ ਸਕੂਲ ਮਾਲਕ ਤੇ ਮਾਪਿਆਂ ਦੀ ਆਨਲਾਈਨ ਪੜ੍ਹਾਈ ਤੇ ਅਦਾਲਤ 'ਚ ਕੇਸ ਕਰਨ ਨਾਲ ਅਧਿਆਪਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਨਾ ਖੁਸ ਜਾਵੇ। ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸਰਕਾਰ ਤੋਂ ਨੌਕਰੀ ਦੀ ਆਸ 'ਤੇ ਦਿਨ ਲੰਘਾ ਰਹੇ ਹਨ। ਬੇਰੁਜ਼ਗਾਰ ਨੌਜਵਾਨ ਪੰਜਾਬ ਪੁਲਿਸ ਵਲੰਟੀਅਰ ਦੇ ਤੌਰ 'ਤੇ ਘਰੋਂ ਰੋਟੀ ਤੇ ਜੇਬ ਖ਼ਰਚ ਨਾਲ ਕੋਵਿਡ-19 ਵਿਚ ਫ੍ਰੀ ਸੇਵਾ ਪਲਿਸ ਮੁਲਾਜ਼ਮਾਂ ਨਾਲ ਜੋਖ਼ਮ ਭਰੀ ਡਿਊਟੀ ਨਿਭਾਅ ਰਹੇ ਹਨ ਕਿ ਸ਼ਾਇਦ ਸੂਬਾ ਸਰਕਾਰ ਨੌਕਰੀ ਪਰੋਸ ਦੇਵੇ। ਕੋਰੋਨਾ ਮਹਾਂਮਾਰੀ ਕਰਕੇ ਵਪਾਰੀ, ਦੁਕਾਨਦਾਰ, ਮਿੰਨੀ ਬੱਸ ਮਾਲਕ ਤੇ ਹੋਰ ਨਿਤ ਦੀ ਰੋਜ਼ੀ ਕਮਾਉਣ ਵਾਲੇ ਲੋਕਾਂ 'ਤੇ ਬੇਰੁਜ਼ਗਾਰੀ ਦੇ ਕਾਲੇ ਬੱਦਲ ਛਾਏ ਹੋਏ ਹਨ।

-ਮਾ: ਜਗੀਰ ਸਿੰਘ ਸਫਰੀ
ਸਠਿਆਲਾ, ਅੰਮ੍ਰਿਤਸਰ।

17-06-2020

 ਮਾਰਗ ਦਰਸ਼ਕ ਹਨ ਪੁਸਤਕਾਂ
ਪੁਸਤਕਾਂ ਸਾਡੇ ਜੀਵਨ ਭਰ ਦੀਆਂ ਮਿੱਤਰ ਹੁੰਦੀਆਂ ਹਨ। ਪੁਸਤਕਾਂ ਸਾਡਾ ਸਹੀ ਮਾਰਗ ਦਰਸ਼ਨ ਕਰਦੀਆਂ ਹਨ। ਇਕੱਲ ਦੇ ਸਮੇਂ ਵਿਚ ਇਹ ਸਾਡਾ ਦਿਲਪ੍ਰਚਾਵਾ ਕਰਦੀਆਂ ਹਨ ਅਤੇ ਜ਼ਿੰਦਗੀ ਦੇ ਫ਼ਿਕਰਾਂ ਅਤੇ ਮੁਸ਼ਕਿਲਾਂ ਦੇ ਵਿਚੋਂ ਨਿਕਲਣ ਦਾ ਰਾਹ ਦੱਸਦੀਆਂ ਹਨ, ਪੁਸਤਕਾਂ ਸਾਡੇ ਗਿਆਨ ਵਿਚ ਵਾਧਾ ਕਰਦੀਆਂ ਹਨ। ਇਹ ਸਾਨੂੰ ਸਹੀ ਸੂਝ-ਬੂਝ ਵੱਲ ਪ੍ਰੇਰਿਤ ਕਰਦੀਆਂ ਹਨ। ਇਕ ਚੰਗੀ ਪੁਸਤਕ ਵਿਚ ਲੇਖਕ ਦੇ ਜੀਵਨ ਭਰ ਦੇ ਬਹੁਮੁੱਲੇ ਅਨੁਭਵਾਂ ਦੀ ਉਪਜ ਹੁੰਦੀ ਹੈ। ਮਹਾਨ ਲੇਖਕਾਂ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਸਦੀਵੀ ਮਹੱਤਤਾ ਰੱਖਦੀਆਂ ਹਨ। ਇਹ ਪੁਸਤਕਾਂ ਮਨੁੱਖੀ ਬੁੱਧੀ ਅਤੇ ਬਲ ਦੇ ਵਿਕਾਸ ਵਿਚ ਹਿੱਸਾ ਪਾਉਂਦੀਆਂ ਹਨ। ਇਸ ਲਈ ਸਾਨੂੰ ਸਭ ਨੂੰ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਇਹ ਸਾਨੂੰ ਬਚਪਨ ਵਿਚ ਖੁਸ਼ੀ, ਜਵਾਨੀ ਵਿਚ ਸੇਧ ਅਤੇ ਬੁਢਾਪੇ ਵਿਚ ਸੁੱਖ ਦਿੰਦੀਆਂ ਹਨ। ਪੁਸਤਕਾਂ ਵਿਅਕਤੀ ਦੀ ਜੀਵਨ ਪੂੰਜੀ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ। ਪੁਸਤਕਾਂ ਸਭ ਲਈ ਵਰਦਾਨ ਸਿੱਧ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਭਵਿੱਖ ਵਿਚ ਕਿਸੇ ਦਾ ਵੀ ਮਾਰਗ ਦਰਸ਼ਨ ਕਰ ਸਕਦੇ ਹਾਂ। ਇਹ ਲੇਖਕ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਬਿਆਨ ਕਰਦੀਆਂ ਹਨ। ਇਹ ਮਨੁੱਖੀ ਜੀਵਨ ਲਈ ਮਹੱਤਵਪੂਰਨ ਸੇਧ ਹਨ।

-ਪ੍ਰੋ: ਜਸਵਿੰਦਰ ਕੌਰ
ਫ਼ਿਰੋਜ਼ਪੁਰ ਸ਼ਹਿਰ।

ਅਵਾਰਾ ਕੁੱਤਿਆਂ ਦਾ ਹਮਲਾ
ਪੰਜਾਬ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਏਨੀ ਵਧ ਗਈ ਹੈ ਕਿ ਗਲੀਆਂ, ਮੁਹੱਲਿਆਂ ਅਤੇ ਸੜਕਾਂ 'ਤੇ ਇਨ੍ਹਾਂ ਦੇ ਝੁੰਡ ਆਮ ਦੇਖਣ ਨੂੰ ਮਿਲਦੇ ਹਨ। ਬੀਤੇ ਦਿਨੀਂ ਸਮਾਣਾ ਦੇ ਪਿੰਡ ਮਵੀ ਸੱਪਾਂ ਦੇ ਇਕ ਕਿਸਾਨ ਨਿਰਮਲ ਸਿੰਘ 'ਤੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਸੀ ਤੇ ਉਸ ਨੂੰ ਏਨੀ ਬੁਰੀ ਤਰ੍ਹਾਂ ਨਾਲ ਨੋਚਿਆ ਕਿ ਉਸ ਦੀ ਮੌਤ ਹੋ ਗਈ। ਇਹ ਪੰਜਾਬ ਵਿਚ ਕੋਈ ਪਹਿਲੀ ਘਟਨਾ ਨਹੀਂ ਹੈ। ਕੁੱਤਿਆਂ ਦੁਆਰਾ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਆਦਿ 'ਤੇ ਹਮਲੇ ਦੀਆਂ ਖ਼ਬਰਾਂ ਨਿੱਤ ਹੀ ਸੁਣਨ ਨੂੰ ਮਿਲਦੀਆਂ ਹਨ। ਇਹ ਕੁੱਤੇ ਮੁੱਖ ਮਾਰਗਾਂ 'ਤੇ ਕਈ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ, ਜਿਸ ਨਾਲ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਸਿਰਫ ਏਨਾ ਹੀ ਨਹੀਂ, ਅਵਾਰਾ ਕੁੱਤਿਆਂ ਦੁਆਰਾ ਹੋਰ ਪਸ਼ੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਅਵਾਰਾ ਕੁੱਤਿਆਂ ਨੇ ਫ਼ਰੀਦਕੋਟ ਦੇ ਵਿਰਾਸਤੀ ਕਿਲ੍ਹੇ ਵਿਚੋਂ ਦਾਣੇ ਚੁਗਣ ਲਈ ਬਾਹਰ ਆਏ ਮੋਰ ਨੂੰ ਨਿਸ਼ਾਨਾ ਬਣਾਇਆ ਸੀ ਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਖਾਧਾ ਸੀ। ਸਬੰਧਿਤ ਵਿਭਾਗਾਂ ਨੂੰ ਇਨ੍ਹਾਂ ਦੀ ਵਧ ਰਹੀ ਆਬਾਦੀ 'ਤੇ ਰੋਕ ਲਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਵਾਰਾ ਕੁੱਤਿਆਂ ਦੀ ਦਹਿਸ਼ਤ ਨੂੰ ਨੱਥ ਪਾਈ ਜਾ ਸਕੇ।

-ਸਿਫਤੀ ਸੋਢੀ
ਫ਼ਰੀਦਕੋਟ।

ਤਾਲਾਬੰਦੀ ਖੁੱਲ੍ਹਣ ਦੀ ਸ਼ੁਰੂਆਤ
ਅੱਜ ਭਾਰਤ ਵਿਚ ਤਾਲਾਬੰਦੀ ਦੌਰਾਨ ਵਧ ਰਹੇ ਕੋਰੋਨਾ ਦੇ ਕੇਸ ਸਮੁੱਚੇ ਭਾਰਤ ਲਈ ਖ਼ਤਰਨਾਕ ਹਨ। ਸੰਭਾਵਨਾ ਹੈ ਕਿ ਭਾਰਤ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਅਮਰੀਕਾ ਅਤੇ ਬ੍ਰਾਜ਼ੀਲ ਦੇ ਬਰਾਬਰ ਹੋ ਸਕਦੀ ਹੈ। ਲੋਕਾਂ ਵਿਚ ਅੱਜ ਵੀ ਕੋਰੋਨਾ ਨੂੰ ਲੈ ਕੇ ਅਧੂਰੀ ਜਾਗਰੂਕਤਾ ਹੋਣ ਕਾਰਨ ਇਨ੍ਹਾਂ ਕੇਸਾਂ ਦੀ ਗਿਣਤੀ ਵਿਚ ਇਜ਼ਾਫ਼ਾ ਹੋ ਰਿਹਾ ਹੈ। ਭਾਰਤ ਵਿਚ ਅੱਜ ਵੀ ਲੋਕ ਕੋਰੋਨਾ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੇ। ਜੇਕਰ ਸਰਕਾਰ ਵਲੋਂ ਦੁਬਾਰਾ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਹੋ ਸਕਦਾ ਹੈ ਇਸ ਦਾ ਨਤੀਜਾ ਬਹੁਤ ਘਾਤਕ ਸਾਬਤ ਹੋਵੇ। ਇਸ ਲਈ ਸਰਕਾਰ ਨੂੰ ਲੋਕਾਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਜਲਦੀ ਨਵੇਂ ਕਦਮ ਚੁੱਕਣੇ ਪੈਣਗੇ।

-ਪ੍ਰਤੀਕ ਸਕਸੈਨਾ
ਬਠਿੰਡਾ (ਪੰਜਾਬ)।

ਜ਼ਿੰਦਗੀ ਦੀ ਕੀਮਤ
ਜਿਉਂ ਹੀ ਤਾਲਾਬੰਦੀ ਖੁੱਲ੍ਹਣੀ ਸ਼ੁਰੂ ਹੋਈ ਹੈ, ਸਮਾਜ ਦਾ ਤਾਣਾ-ਬਾਣਾ ਫਿਰ ਬਿਖਰਿਆ ਨਜ਼ਰ ਆਉਣ ਲੱਗਾ ਹੈ। ਆਏ ਦਿਨ ਪ੍ਰਦੂਸ਼ਣ, ਤਸਕਰੀ, ਲੜਾਈਆਂ-ਝਗੜੇ, ਮਾਰ-ਕੁੱਟ, ਉਧਾਲੇ, ਕਤਲ, ਸੜਕ ਦੁਰਘਟਨਾਵਾਂ, ਖ਼ੁਦਕੁਸ਼ੀਆਂ, ਚੋਰੀਆਂ, ਲੁੱਟਾਂ-ਖੋਹਾਂ ਵਰਗੀਆਂ ਮਾੜੀਆਂ ਘਟਨਾਵਾਂ ਦਾ ਗ੍ਰਾਫ਼ ਵਧ ਗਿਆ ਹੈ। ਤਾਲਾਬੰਦੀ ਦੀ ਪਾਲਣਾ ਦੌਰਾਨ ਇਹ ਮਾੜੀਆਂ ਘਟਨਾਵਾਂ 'ਤੇ ਇਕ ਤਰ੍ਹਾਂ ਨਾਲ ਵਿਰਾਮ ਹੀ ਲੱਗ ਗਿਆ ਸੀ। ਇਹ ਵੀ ਹਕੀਕਤ ਹੈ ਕਿ ਜ਼ਿੰਦਗੀ ਦੀ ਗਤੀਸ਼ੀਲਤਾ ਲਈ ਤਾਲਾਬੰਦੀ ਵਰਗੀ ਕਿਰਿਆ ਹਮੇਸ਼ਾ ਲਈ ਜਾਰੀ ਨਹੀਂ ਰੱਖੀ ਜਾ ਸਕਦੀ। ਜੇਕਰ ਅਸੀਂ ਇਸ ਤਾਲਾਬੰਦੀ ਦੌਰਾਨ ਘਰ ਬੈਠ ਕੇ ਜ਼ਿੰਦਗੀ ਦੀ ਕੀਮਤ ਹੀ ਨਹੀਂ ਸਮਝ ਸਕੇ ਤਾਂ ਸਾਡੇ ਦੇਸ਼ ਸਮੇਤ ਸਮੁੱਚੇ ਵਿਸ਼ਵ ਨੂੰ ਤਾਲਾਬੰਦੀ ਵਰਗੇ ਸਖ਼ਤ ਕਦਮ ਚੁੱਕ ਕੇ ਅਰਬਾਂ-ਖਰਬਾਂ ਰੁਪਏ ਦਾ ਘਾਟਾ ਖਾਣ ਦੀ ਕੀ ਲੋੜ ਸੀ? ਚਾਹੀਦਾ ਤਾਂ ਇਹ ਸੀ ਕੀ ਅਸੀਂ ਘਰ ਬੈਠ ਕੇ ਜ਼ਿੰਦਗੀ ਦੀ ਕੀਮਤ ਦਾ ਮੁਲਾਂਕਣ ਕਰਦੇ ਪਰ ਸ਼ਾਇਦ ਅਸੀਂ ਅਜਿਹਾ ਨਹੀਂ ਕਰ ਸਕੇ। ਚੰਗਾ ਹੋਵੇ ਜੇਕਰ ਮਨੁੱਖ ਮਨੁੱਖਤਾ ਵਿਰੋਧੀ ਕੋਝੀਆਂ ਹਰਕਤਾਂ ਛੱਡ ਕੇ ਵਿਸ਼ਵ ਕਲਿਆਣ ਲਈ ਸੋਚੇ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਲੇਖਕਾਂ ਨੂੰ ਮਾਣ-ਸਨਮਾਨ
ਕੋਰੋਨਾ ਦੀ ਮਹਾਂਮਾਰੀ ਦਿਨ-ਬਦਿਨ ਘਟਣ ਦਾ ਨਾਂਅ ਨਹੀਂ ਲੈ ਰਹੀ। ਜਿਥੇ ਬੇਸ਼ੱਕ ਡਾਕਟਰ, ਨਰਸਿੰਗ ਸਟਾਫ਼, ਪੁਲਿਸ ਅਤੇ ਸਫ਼ਾਈ ਸੇਵਕ ਜੀਅ ਜਾਨ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ, ਉਥੇ ਪੰਜਾਬੀ, ਹਿੰਦੀ ਦੇ ਲੇਖਕ ਵੀ ਹਰ ਰੋਜ਼ ਕੋਰੋਨਾ ਦੇ ਵਿਰੁੱਧ ਆਪਣੀ ਕਲਮ ਨੂੰ ਬੜੇ ਜੋਸ਼ ਨਾਲ ਵਰਤ ਰਹੇ ਹਨ।
ਅਖ਼ਬਾਰਾਂ, ਮੈਗਜ਼ੀਨਾਂ ਵਿਚ ਕੋਰੋਨਾ ਖਿਲਾਫ਼ ਇਸ ਤੋਂ ਬਚਣ ਦੇ ਉਪਾਅ ਤੇ ਕੋਰੋਨਾ ਪੀੜਤਾਂ ਦੀ ਬਿਨਾਂ ਝਿਜਕ ਸੇਵਾ ਕਰਨ ਸਬੰਧੀ ਆਪਣੀਆਂ ਕਵਿਤਾਵਾਂ ਲੇਖਾਂ ਆਦਿ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਅਖ਼ਬਾਰਾਂ ਵਿਚ ਕੋਰੋਨਾ ਦੇ ਸਬੰਧ ਵਿਚ ਵੱਡੇ-ਵੱਡੇ ਲੇਖ ਰੋਜ਼ ਪੜ੍ਹਨ ਨੂੰ ਮਿਲਦੇ ਹਨ। ਪਰ ਅੱਜ ਤੱਕ ਕਿਸੇ ਸਰਕਾਰੀ ਅਦਾਰੇ, ਸਭਾ ਸੁਸਾਇਟੀਆਂ ਨੇ ਕਿਸੇ ਲੇਖਕ ਨੂੰ ਮਾਣ-ਸਨਮਾਨ ਦੇਣ ਦਾ ਉਪਰਾਲਾ ਨਹੀਂ ਕੀਤਾ। ਅੱਜਕਲ੍ਹ ਲੋਕ ਟੀ.ਵੀ. ਘੱਟ ਤੇ ਅਖ਼ਬਾਰ ਪੜ੍ਹਨ ਵਿਚ ਜ਼ਿਆਦਾ ਰੁਚੀ ਰੱਖਦੇ ਹਨ। ਇਸ ਕਰਕੇ ਲੇਖਕਾਂ ਦੀਆਂ ਰਚਨਾਵਾਂ ਮੱਦੇਨਜ਼ਰ ਲੇਖਕ ਨੂੰ ਬਣਦਾ ਮਾਣ ਮਿਲਣਾ

ਚਾਹੀਦਾ ਹੈ।
-ਸਰਵਨ ਸਿੰਘ ਪਤੰਗ

16-06-2020

 ਮਾਨਸਿਕ ਸਿਹਤ ਜ਼ਰੂਰੀ
ਅੱਜ ਦਾ ਸਮਾਂ ਭੱਜ-ਦੌੜ ਦਾ ਸਮਾਂ ਹੈ। ਹਰ ਇਨਸਾਨ ਨੂੰ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲੀ ਹੈ। ਫਿਰ ਭਾਵੇਂ ਉਹ ਪਦਾਰਥਵਾਦੀ ਵਸਤਾਂ ਹੋਣ, ਧਨ ਦੌਲਤ ਹੋਵੇ ਜਾਂ ਫਿਰ ਨਾਂਅ ਕਮਾਉਣਾ ਹੋਵੇ, ਜ਼ਿਆਦਾਤਰ ਇਨਸਾਨ ਇਕ-ਦੂਜੇ ਨਾਲ ਤੁਲਨਾ ਕਰਦੇ ਹਨ ਕਿ ਉਸ ਕੋਲ ਮਹਿੰਗੀ ਗੱਡੀ ਜਾਂ ਵੱਡੀ ਕੋਠੀ ਹੈ। ਇਸ ਲਈ ਮੈਨੂੰ ਵੀ ਉਸ ਤਰ੍ਹਾਂ ਹੀ ਵੱਡੀ ਕੋਠੀ/ਗੱਡੀ ਲੈਣੀ ਚਾਹੀਦੀ ਹੈ ਭਾਵੇਂ ਕਿ ਇਸ ਲਈ ਉਸ ਦੀ ਜੇਬ ਇਜਾਜ਼ਤ ਨਾ ਦੇਵੇ। ਦੂਜਿਆਂ ਨਾਲ ਤੁਲਨਾ ਕਰਕੇ ਇਨਸਾਨ ਜਿਥੇ ਬੇਲੋੜੀਆਂ ਚੀਜ਼ਾਂ ਸਿਰਫ ਝੂਠੀ ਸ਼ਾਨ ਦਿਖਾਉਣ ਲਈ ਖਰੀਦਦਾ ਹੈ, ਉਥੇ ਹੀ ਆਪਣੇ ਅਤੇ ਪਰਿਵਾਰ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਕਰਜ਼ੇ ਲੈ ਕੇ ਬਣਾਈ ਅਜਿਹੀ ਝੂਠੀ ਸ਼ਾਨ ਕਾਰਨ ਉਸ ਦੀ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਕਈ ਵਾਰ ਇਨਸਾਨ ਜ਼ਿੰਦਗੀ ਖ਼ਤਮ ਕਰਨ ਬਾਰੇ ਵੀ ਸੋਚ ਲੈਂਦਾ ਹੈ। ਬਹੁਤੇ ਮਾਮਲਿਆਂ ਵਿਚ ਅਜਿਹਾ ਹੁੰਦਾ ਵੀ ਹੈ ਕਿ ਇਨਸਾਨ ਮਾਨਸਿਕ ਬੋਝ ਨਾ ਸਹਾਰਦਾ ਹੋਇਆ ਖ਼ੁਦਕੁਸ਼ੀ ਕਰ ਲੈਂਦਾ ਹੈ। ਧਨ ਦੌਲਤ ਨਾਲ ਸਹੂਲਤਾਂ ਜ਼ਰੂਰ ਖ਼ਰੀਦੀਆਂ ਜਾ ਸਕਦੀਆਂ ਹਨ ਪਰ ਮਾਨਸਿਕ ਖੁਸ਼ੀ ਨਹੀਂ ਖ਼ਰੀਦੀ ਜਾ ਸਕਦੀ। ਇਸ ਲਈ ਤੁਹਾਨੂੰ ਆਪਣਿਆਂ ਦੀ ਲੋੜ ਪੈਂਦੀ ਹੈ। ਹਰ ਇਨਸਾਨ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਹਰ ਹਾਲਤ ਵਿਚ ਆਪਣੀ ਮਾਨਸਿਕ ਸਿਹਤ ਨੂੰ ਮਜ਼ਬੂਤ ਰੱਖੇ ਅਤੇ ਕਿਸੇ ਵੀ ਗੱਲ ਨੂੰ ਦਿਲ ਨਾਲ ਨਾ ਲਗਾਵੇ। ਮਾਨਸਿਕ ਪ੍ਰੇਸ਼ਾਨੀ ਦੀ ਸਥਿਤੀ ਵਿਚ ਕਿਸੇ ਨਾ ਕਿਸੇ ਨਾਲ ਜ਼ਰੂਰ ਗੱਲ ਕਰਕੇ ਮਾਨਸਿਕ ਪ੍ਰੇਸ਼ਾਨੀ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਕਿਸਾਨਾਂ ਦਾ ਸੰਕਟ
ਬਿਲਕੁਲ ਅੱਜ ਕਿਸਾਨ ਜੋ ਸੰਕਟ ਦਾ ਸਾਹਮਣਾ ਕਰ ਰਹੇ ਹਨ, ਸਾਨੂੰ ਸਭ ਨਾਲ ਸਾਂਝਾ ਕਰਨਾ ਬਣਦਾ ਹੈ। ਕਿਉਂਕਿ ਪਹਿਲਾਂ ਤਾਂ ਕਣਕ ਦੀ ਕਟਾਈ, ਛੰਡਾਈ ਅਤੇ ਤੂੜੀ ਆਦਿ ਦੇ ਕੰਮਾਂ ਵਿਚ ਮਹਿੰਗੇ ਮੁੱਲ ਦੀ ਮਜ਼ਦੂਰੀ ਪਾਈ ਹੈ ਅਤੇ ਹੁਣ ਝੋਨੇ ਦੀ ਲਵਾਈ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਸਾਨਾਂ ਲਈ, ਕਿਉਂਕਿ ਪ੍ਰਵਾਸੀ ਮਜ਼ਦੂਰ ਨਾ ਹੋਣ ਕਰਕੇ ਕਿਸਾਨੀ 'ਤੇ ਖ਼ਰਚਿਆ ਦਾ ਬੋਝ ਹੋਰ ਵੀ ਵਧ ਗਿਆ ਹੈ। ਸੋ, ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਬਣਦੀ ਮਦਦ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ ਅਤੇ ਆਪਣੇ ਪਰਿਵਾਰ ਪਾਲ ਸਕਣ। ਕਿਉਂਕਿ ਕਿਸਾਨ ਸਾਡੇ ਸਭਨਾਂ ਦਾ ਅੰਨਦਾਤਾ ਹੈ ਅਤੇ ਸਖ਼ਤ ਮਿਹਨਤ ਨਾਲ ਆਪਣੀ ਫ਼ਸਲ ਉਗਾ ਕੇ ਸਭ ਦਾ ਪੇਟ ਪਾਲਦਾ ਹੈ।

-ਪਰਮਜੀਤ ਕੌਰ ਸੋਢੀ,
ਭਗਤਾ ਭਾਈ ਕਾ।

'ਹਰ ਵੇਲੇ ਸਿਖਰ ਨਹੀਂ ਮਾਣ ਸਕਦਾ ਇਨਸਾਨ'
ਲੇਖਿਕਾ ਬੱਬੂ ਤੀਰ ਵਲੋਂ ਲਿਖਿਆ ਲੇਖ 'ਹਰ ਵੇਲੇ ਸਿਖਰ ਨਹੀਂ ਮਾਣ ਸਕਦਾ ਇਨਸਾਨ' ਪੜ੍ਹਿਆ, ਜੋ ਇਨਸਾਨ ਨੂੰ ਸਿਖਰ 'ਤੇ ਪਹੁੰਚ ਕੇ ਮਾਨਵਤਾ ਨੂੰ ਸਮਰਪਿਤ ਹੋ ਕੇ ਮਦਦ ਕਰਨ ਦੀ ਪ੍ਰੇਰਨਾ ਦਿੰਦਾ ਹੈ ਕਿਉਂਕਿ ਇਨਸਾਨ ਸਮਾਜਿਕ ਜੀਵ ਹੈ। ਉਸ ਨੂੰ ਖ਼ੁਦਗਰਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸਮਾਜ ਵਿਚ ਰਹਿੰਦਾ ਹੈ। ਉਹ ਇਕ-ਦੂਜੇ ਦੀ ਗੱਲ ਸੁਣੇ, ਹਮਦਰਦੀ ਰੱਖੇ, ਅਗਲੇ ਦਾ ਵਕਤ ਸੁਖਾਲਾ ਕਰੇ। ਜ਼ਿੰਦਗੀ ਵਿਚ ਦੂਜਿਆਂ ਲਈ ਮਦਦਗਾਰ ਬਣਨਾ, ਰਿਸ਼ਤਿਆਂ ਦੀ ਨਿੱਘ ਨੂੰ ਬਰਕਰਾਰ ਰੱਖਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਜਿਵੇਂ ਕਰੜੀ ਧੁੱਪ ਤੇ ਲੂ ਵਿਚ ਛਤਰੀ ਲੈ ਕੇ ਤੁਰਨਾ, ਜੇ ਬਹੁਤਾ ਨਹੀਂ ਤਾਂ ਧੁੱਪ ਵਿਚ ਤੁਰਨ ਲਈ ਹੌਸਲਾ ਨਹੀਂ ਟੁੱਟਣ ਦਿੰਦੀ। ਇਸੇ ਤਰ੍ਹਾਂ ਦੁਨੀਆ ਵਿਚ ਛਤਰੀ ਜਿਹਾ ਆਸਰਾ ਦੇਣ ਵਾਲੇ ਲੋਕਾਂ ਦੀ ਲੋੜ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਡਾਕਟਰੀ ਕੋਰਸ ਫੀਸਾਂ ਵਿਚ ਵਾਧਾ
ਪੰਜਾਬ ਸਰਕਾਰ ਵਲੋਂ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ. ਕੋਰਸ ਦੀਆਂ ਫੀਸਾਂ ਵਿਚ 80 ਫ਼ੀਸਦੀ ਦਾ ਵਾਧਾ ਕਰਨਾ ਮੱਧਵਰਗੀ ਪਰਿਵਾਰਾਂ ਦੇ ਕਾਬਲ ਬੱਚਿਆਂ ਨਾਲ ਬੇਇਨਸਾਫ਼ੀ ਹੈ। ਪੰਜਾਬ ਸਰਕਾਰ ਵਲੋਂ ਕੋਰਸ ਦੀ ਫੀਸ 4 ਲੱਖ 40 ਹਜ਼ਾਰ ਰੁਪਏ ਤੋਂ ਵਧਾ ਕੇ 7 ਲੱਖ 70 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਮੱਧਵਰਗੀ ਪਰਿਵਾਰਾਂ ਦੇ ਕਾਬਲ ਬੱਚਿਆਂ ਦਾ ਡਾਕਟਰ ਬਣਨ ਦਾ ਸੁਪਨਾ ਚਕਨਾਚੂਰ ਹੋ ਜਾਵੇਗਾ। ਪੰਜਾਬ ਦੇ ਮੁਕਾਬਲੇ ਦੂਜੇ ਰਾਜਾਂ ਵਿਚ ਇਸ ਡਾਕਟਰੀ ਕੋਰਸ ਦੀ ਫੀਸ ਬਹੁਤ ਘੱਟ ਹੈ। ਪੰਜਾਬ ਸਰਕਾਰ ਨੂੰ ਇਸ ਮੈਡੀਕਲ ਕੋਰਸ ਦੀ ਫੀਸ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

-ਭੁਪਿੰਦਰ ਸਿੰਘ
ਪਿੰਡ ਕੋਹਾਲੀ, ਜ਼ਿਲ੍ਹਾ ਅੰਮ੍ਰਿਤਸਰ।

ਕਿਸਾਨ ਤੇ ਮਜ਼ਦੂਰ...
ਝੋਨੇ ਦੀ ਲੁਆਈ ਦਾ ਕੰਮ ਜ਼ੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ। ਪਰ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਝੋਨੇ ਦੀ ਲੁਆਈ ਦਾ ਕੰਮ ਜ਼ਿਆਦਾਤਰ ਪੰਜਾਬੀ ਮਜ਼ਦੂਰਾਂ 'ਤੇ ਹੀ ਨਿਰਭਰ ਹੋ ਗਿਆ। ਜਿਸ ਕਰਕੇ ਕਈ ਪਿੰਡਾਂ 'ਚ ਝੋਨੇ ਦੇ ਰੇਟ ਨੂੰ ਲੈ ਕੇ ਕਿਸਾਨ ਤੇ ਖੇਤ ਮਜ਼ਦੂਰਾਂ ਵਿਚਕਾਰ ਤਿੱਖੀਆਂ ਚੁੰਝ-ਚਰਚਾਵਾਂ ਦਾ ਬਾਜ਼ਾਰ ਵੀ ਗਰਮਾਇਆ ਹੈ। ਜੋ ਕਿ ਸਾਡੇ ਪੇਂਡੂ ਸਮਾਜ ਲਈ ਵੱਡੀ ਚਿੰਤਾਜਨਕ ਗੱਲ ਹੈ। ਮਜ਼ਦੂਰ ਵਰਗ ਬੇਲਗਾਮ ਹੋਈ ਮਹਿੰਗਾਈ ਦੀ ਦੁਹਾਈ ਦਿੰਦਿਆਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਲੁਆਈ ਦਾ ਮਿਹਨਤਾਨਾ ਕੁਝ ਜ਼ਿਆਦਾ ਲੈਣ ਦੀ ਗੱਲ ਕਰ ਰਿਹਾ ਸੀ, ਜਦਕਿ ਕਿਸਾਨ ਵਰਗ ਆਰਥਿਕ ਮੰਦਹਾਲੀ ਦਾ ਰੋਣਾ ਰੋਂਦਿਆਂ ਬਹੁਤਾ ਰੇਟ ਦੇਣ ਤੋਂ ਅਸਮਰੱਥਾ ਪ੍ਰਗਟਾਉਂਦਾ ਨਜ਼ਰ ਆਇਆ। ਸਾਡੀ ਜਾਚੇ ਇਹ ਦੋਵੇਂ ਵਰਗ ਆਪਣੀ-ਆਪਣੀ ਜਗ੍ਹਾ ਸੱਚੇ ਤੇ ਸਹੀ ਹਨ। ਸੋ, ਪੰਜਾਬ ਦੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਦੇ ਰੇਟ ਵਗੈਰਾ ਨੂੰ ਲੈ ਕੇ ਇਕ-ਦੂਜੇ ਨਾਲ ਖਹਿਬੜਨ ਦੀ ਬਜਾਏ ਅਜਿਹੇ ਮਸਲੇ ਆਪਸ ਵਿਚ ਰਲ-ਮਿਲ ਕੇ ਪਿਆਰ ਨਾਲ ਹੱਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।

-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

15-06-2020

 ਕਿਸਾਨ ਅਤੇ ਮਜ਼ਦੂਰ ਹੋਏ ਮਜਬੂਰ
ਸ: ਬਲਬੀਰ ਸਿੰਘ ਰਾਜੇਵਾਲ ਦੇ ਲ਼ੇਖ ਵਿਚੋਂ ਇਕ ਮਾਣਮੱਤੀ ਪ੍ਰਾਪਤੀ ਦਾ ਦਰਸ਼ਨ ਹੋਇਆ ਕਿ ਕੇਂਦਰ ਸਰਕਾਰ ਨੇ ਸੰਨ 1974 ਵਿਚ ਇਕ ਰਾਜ ਤੋਂ ਦੂਜੇ ਰਾਜ ਨੂੰ ਅਨਾਜ ਭੇਜਣ ਉਤੇ ਪਾਬੰਦੀ ਲਾ ਦਿੱਤੀ। ਖੇਤੀਬਾੜੀ ਯੂਨੀਅਨ (ਭਾਰਤੀ ਕਿਸਾਨ ਯੂਨੀਅਨ ਬਣੀ) ਨੇ ਪਾਬੰਦੀਆਂ ਵਿਰੁੱਧ ਮੋਰਚਾ ਲਾ ਕੇ ਜੇਲ੍ਹਾਂ ਕੱਟੀਆਂ ਤੇ ਸ਼ਹੀਦੀਆਂ ਵੀ ਦਿੱਤੀਆਂ। ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ 1976 ਵਿਚ ਫ਼ੈਸਲਾ ਕਿਸਾਨਾਂ ਦੇ ਹੱਕ ਵਿਚ ਆ ਗਿਆ। 1977 ਵਿਚ ਕੇਂਦਰ ਵਿਚ ਬਣੀ ਜਨਤਾ ਪਾਰਟੀ ਸਰਕਾਰ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਮੋਰਚੇ ਦੀ ਫ਼ਤਿਹ ਲਈ ਯੂਨੀਅਨ ਨੂੰ ਵਧਾਈ ਦਿੱਤੀ। ਇਹ ਵੀ ਕਿ ਪੰਜਾਬ ਅਤੇ ਹਰਿਆਣੇ ਵਿਚ ਖੇਤੀ ਜਿਣਸਾਂ ਲਈ ਹਜ਼ਾਰਾਂ ਬਿਹਤਰੀਨ ਮੰਡੀਆਂ ਦੇ ਢਾਂਚੇ ਪਿੱਛੇ ਵੀ ਮੁੱਖ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ। ਸ: ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਨੇ ਆਪਣੇ ਲੇਖ 'ਪ੍ਰਵਾਸੀ ਮਜ਼ਦੂਰਾਂ ਦੇ ਕਾਫ਼ਲਿਆਂ ਦਾ ਦਰਦ' ਵਿਚ ਦੋ ਤਸਵੀਰਾਂ ਸਾਹਮਣੇ ਰੱਖੀਆਂ ਹਨ। ਇਕ ਤਰਫ਼ ਹਮਵਤਨ ਮਜ਼ਦੂਰਾਂ ਦੇ ਦਰਦਾਂ ਦੀ ਕੁਰਲਾਹਟ ਹੈ ਅਤੇ ਦੂਜੇ ਪਾਸੇ ਅਮਰੀਕਾ ਦੇ ਸਭ ਤੋਂ ਵੱਡੇ ਸਟੇਡੀਅਮ ਦੀ ਫ਼ਸੀਲ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰਥਚਾਰੇ ਨੂੰ 50 ਖਰਬ ਤੱਕ ਅਪੜਾਉਣ ਦੇ ਦਾਅਵਿਆਂ ਦੀ ਗੂੰਜ ਹੈ। ਕਮਾਲ ਦਾ ਸਵਾਲ ਕੀਤਾ ਕਿ ਰਾਜਨੀਤੀ ਦਾ ਨਿਜ਼ਾਮ ਐਨਾ ਨਿਲੱਜ ਵੀ ਹੋ ਸਕਦਾ ਹੈ। ਦੁਸ਼ਯੰਤ ਕੁਮਾਰ ਦਾ ਪੇਸ਼ ਕੀਤਾ ਸ਼ੇਅਰ ਬਹੁਤ ਹੀ ਢੁਕਵਾਂ ਹੈ : ਪਕ ਗਈ ਹੈਂ ਆਦਤੇਂ, ਬਾਤੋਂ ਸੇ ਸਰ ਹੋਂਗੀ ਨਹੀਂ। ਕੋਈ ਹੰਗਾਮਾ ਕਰੋ, ਅਬ ਐਸੇ ਗੁਜ਼ਰ ਹੋਗੀ ਨਹੀਂ। ਸਮੇਂ ਦੀ ਵੰਗਾਰ ਹੈ ਕਿ ਕਿਸਾਨ ਤੇ ਮਜ਼ਦੂਰ ਲਾਮਬੰਦ ਹੋਣ। ਸਰਕਾਰ ਵੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੜਫਦੇ ਰਹਿਣ ਲਈ ਮਜਬੂਰ ਨਾ ਕਰੇ। ਸਿਰਜੋ ਸਿਹਤਮੰਦ ਸਮਾਜ।

-ਰਸ਼ਪਾਲ ਸਿੰਘ ਹੁਸ਼ਿਆਰਪੁਰ

ਅਪਰਾਧਿਕ ਵਾਰਦਾਤਾਂ
ਜਿਉਂ ਹੀ ਤਾਲਾਬੰਦੀ, ਕਰਫ਼ਿਊ ਖੁੱਲ੍ਹਿਆ ਹੈ ਤੇ ਜਨ-ਜੀਵਨ ਆਮ ਵਾਂਗ ਹੋ ਰਿਹਾ ਹੈ, ਉਥੇ ਹੀ ਹਰ ਵਰਗ ਵਿਚ ਅਪਰਾਧਿਕ ਘਟਨਾਵਾਂ ਵੀ ਵਧ ਗਈਆਂ ਹਨ। ਇਥੋਂ ਤੱਕ ਕਿ ਨਿੱਕੀ-ਨਿੱਕੀ ਗੱਲ ਤੋਂ ਕਤਲ ਕਰ ਦਿੱਤੇ ਜਾਂਦੇ ਹਨ। ਇਸੇ ਹੀ ਤਰ੍ਹਾਂ ਜ਼ਿਮੀਂਦਾਰਾਂ ਵਿਚ ਵੀ ਜ਼ਮੀਨ, ਵੱਟ, ਬੰਨੇ, ਖਾਲਾਂ, ਪਾਣੀ ਅਤੇ ਦਰੱਖਤਾਂ ਨੂੰ ਲੈ ਕੇ ਮਾਮੂਲੀ ਜਿਹੀ ਗੱਲ ਤੋਂ ਹੀ ਆਪਣੇ ਹੀ ਆਪਣੇ ਖ਼ੂਨੀ ਰਿਸ਼ਤਿਆਂ ਦੇ ਕਤਲ ਕਰ ਰਹੇ ਹਨ। ਪਿਛਲੇ ਦਿਨੀਂ ਤਰਨ ਤਾਰਨ ਦੇ ਇਕ ਪਿੰਡ ਵਿਚ ਜਿਥੇ ਇਕ ਦਰੱਖਤ ਤੋਂ ਹੋਏ ਝਗੜੇ ਤੋਂ ਭਰਾ ਨੇ ਆਪਣੇ 2 ਵੱਡੇ ਭਰਾ ਹੀ ਕਤਲ ਕਰ ਦਿੱਤੇ, ਉਥੇ ਹੀ ਨਕੋਦਰ ਵਿਚ ਵੀ ਮਾਮੂਲੀ ਜਿਹੀਆਂ ਗੱਲਾਂ ਤੋਂ ਭਰਾ, ਭਰਾ ਦੇ ਕਾਤਲ ਬਣ ਗਏ, ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਵੇਖੋ ਮਰਨ ਵਾਲਾ ਤੇ ਮਰ ਜਾਂਦਾ ਹੈ, ਉਥੇ ਹੀ ਉਸ ਨੂੰ ਮਾਰਨ ਵਾਲਾ ਸਾਰੀ ਉਮਰ ਜੇਲ੍ਹਾਂ ਵਿਚ ਸੜਦਾ ਹੈ ਅਤੇ ਦੋਵਾਂ ਦੇ ਪਰਿਵਾਰ ਬਰਬਾਦ ਹੋ ਜਾਂਦੇ ਹਨ। ਜੇਕਰ ਜ਼ਮੀਨੀ ਵੰਡ ਦੌਰਾਨ ਇਕ ਭਰਾ ਨੂੰ ਵੱਟ, ਮਰਲਾ, ਰੁੱਖ ਵੱਧ ਚਲਾ ਜਾਂਦਾ ਹੈ ਤਾਂ ਫਿਰ ਕੀ ਹੈ। ਉਹ ਵੀ ਤੇ ਤੁਹਾਡੀ ਮਾਂ ਦਾ ਹੀ ਜਾਇਆ ਹੈ। ਉਹੀ ਭਰਾ ਹੁੰਦੇ ਹਨ ਜੋ ਇਕੱਠੇ ਖੇਡਦੇ-ਮੱਲਦੇ ਤੇ ਜਵਾਨ ਹੁੰਦੇ ਹਨ ਪ੍ਰੰਤੂ ਵਿਆਹਾਂ ਤੋਂ ਬਾਅਦ ਪਤਾ ਨਹੀਂ ਇਨ੍ਹਾਂ ਦੀ ਸੋਚ ਨੂੰ ਕੀ ਹੋ ਜਾਂਦਾ ਹੈ। ਸੋ, ਲੋੜ ਹੈ ਆਪਸ 'ਚ ਮਿਲ ਬੈਠ ਕੇ ਜਾਂ ਮੋਹਤਬਰ ਬੰਦਿਆਂ ਨੂੰ ਵਿਚ ਪਾ ਕੇ ਛੋਟੇ-ਮੋਟੇ ਮਸਲੇ ਹੱਲ ਕਰਨ ਦੀ, ਤਾਂ ਜੋ ਜਿਥੇ ਆਪਸੀ ਪਿਆਰ ਬਣਿਆ ਰਹੇਗਾ, ਉਥੇ ਹੀ ਕੋਰਟ, ਕਚਹਿਰੀਆਂ, ਤਹਿਸੀਲਾਂ ਤੋਂ ਬਚਿਆ ਜਾ ਸਕੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਕਾਨੂੰਨ ਦੀ ਉਲੰਘਣਾ
ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ। ਲੱਖਾਂ ਹੀ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਦੇਖਣ ਵਿਚ ਆ ਰਿਹਾ ਹੈ ਕਿ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਭਾਰਤ ਵਿਚ ਇਸ ਬਿਮਾਰੀ ਦੀ ਚਪੇਟ ਵਿਚ ਦਿਨ ਪ੍ਰਤੀ ਦਿਨ ਆ ਰਹੇ ਹਨ। ਇਹ ਸਾਡੇ ਲਈ ਹੁਣ ਸੰਭਲਣ ਦਾ ਵੇਲਾ ਹੈ। ਸਾਨੂੰ ਸੋਚ ਸਮਝ ਕੇ ਹੀ ਬਾਹਰ ਜਾਣਾ ਚਾਹੀਦਾ ਹੈ। ਚਲੋ ਜਿਸ ਨੇ ਰੁਜ਼ਗਾਰ ਲਈ ਬਾਹਰ ਜਾਣਾ ਹੈ, ਉਸ ਦੀ ਤਾਂ ਮਜਬੂਰੀ ਹੈ, ਬਿਨਾਂ ਮਤਲਬ ਤੋਂ ਕਈ ਲੋਕ ਦੋ ਪਹੀਆ ਵਾਹਨਾਂ 'ਤੇ ਬਿਨਾਂ ਮਾਸਕ ਤੋਂ ਘੁੰਮਦੇ ਫਿਰਦੇ ਨਜ਼ਰ ਆ ਰਹੇ ਹਨ। ਆਪਣਾ ਮੂੰਹ ਚੰਗੀ ਤਰ੍ਹਾਂ ਢਕ ਕੇ ਜਾਓ। ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿਓ। ਦੇਖਣ ਵਿਚ ਵੀ ਆ ਰਿਹਾ ਹੈ ਕਿ ਲੋਕ ਮੂੰਹ ਢਕ ਕੇ ਨਹੀਂ ਜਾ ਰਹੇ ਹਨ। ਦੇਖਣ ਵਿਚ ਆਉਂਦਾ ਹੈ ਕਿ ਸ਼ਾਮ ਦੇ ਸਮੇਂ ਕਈ ਲੋਕ ਟੋਲੇ ਬਣਾਕੇ ਗਲੀਆਂ ਦੇ ਮੋੜਾਂ 'ਤੇ ਖੜ੍ਹ ਜਾਂਦੇ ਹਨ ਤੇ ਮੂੰਹ ਵੀ ਕੱਪੜੇ ਨਾਲ ਨਹੀਂ ਢੱਕਿਆ ਹੁੰਦਾ। ਆਪ ਤਾਂ ਅਸੀਂ ਪ੍ਰਭਾਵਿਤ ਹੋਵਾਂਗੇ ਹੀ ਤੇ ਆਪਣੇ ਪੂਰੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਾਂ। ਸੋ, ਜਿੰਨਾ ਹੋ ਸਕਦਾ ਹੈ, ਪੂਰੀ ਸਾਵਧਾਨੀ ਵਰਤੋ। ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਵੋ। ਕਾਨੂੰਨ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਵੋ।

-ਸੰਜੀਵ ਸਿੰਘ ਸੈਣੀ,
ਮੁਹਾਲੀ।

ਕੋਰੋਨਾ ਦਾ ਪ੍ਰਭਾਵ
ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਹੀ ਮਹੀਨਿਆਂ ਤੋਂ ਉਦਯੋਗਿਕ ਇਕਾਈਆਂ ਤੇ ਆਵਾਜਾਈ ਦੇ ਸਾਧਨ ਠੱਪ ਹੋਣ ਨਾਲ ਦੇਸ਼ ਦੀ ਆਬੋ-ਹਵਾ ਤੇ ਜਲ ਸਰੋਤ ਕਾਫੀ ਸਾਫ਼ ਹੋ ਚੁੱਕੇ ਹਨ। ਜਿਨ੍ਹਾਂ ਨਦੀਆਂ-ਦਰਿਆਵਾਂ ਨੂੰ ਕਰੋੜਾਂ ਰੁਪਏ ਖਰਚ ਕਰਕੇ ਵੀ ਸਰਕਾਰਾਂ ਸਾਫ਼ ਨਾ ਕਰਾ ਸਕੀਆਂ ਇਕ ਹੀ ਝਟਕੇ ਨਾਲ ਕੁਦਰਤ ਨੇ ਉਹ ਅਸੰਭਵ ਕਾਰਜ ਵੀ ਸੰਭਵ ਕਰ ਦਿਖਾਇਆ। ਮਨੁੱਖ ਨੇ ਕਾਫੀ ਸਾਲਾਂ ਬਾਅਦ ਬਹੁਤ ਨੇੜਿਉਂ ਹੋ ਕੇ ਕੁਦਰਤ ਦੀ ਹੋਂਦ ਨੂੰ ਮਹਿਸੂਸ ਕੀਤਾ। ਮੌਸਮ ਸੁਹਾਵਣਾ ਹੋਣ ਕਾਰਨ ਸਵੇਰੇ ਸੈਰ ਕਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ। ਦੂਰ ਦੂਰ ਤੱਕ ਵਸਦੇ ਪਿੰਡ, ਡੇਰੇ, ਦਰੱਖਤ ਤੇ ਕਦੀ ਨਾ ਦਿਸਣ ਵਾਲੇ ਬਰਫਾਂ ਲੱਦੇ ਪਹਾੜ ਵੀ ਦਿਸਣ ਲੱਗੇ। ਸਵੇਰ ਦੀ ਠੰਢੀ, ਸਾਫ਼ ਤੇ ਨਿਰਮਲ ਹਵਾ ਦਾ ਆਪਣਾ ਹੀ ਅਨੰਦ ਹੁੰਦਾ ਸੀ। ਪਰ ਜਿਹੜੇ ਲੋਕ ਨੀਂਦ ਦਾ ਅਨੰਦ ਲੈਂਦੇ ਹੋਏ ਇਸ ਸਮੇਂ ਤੋਂ ਉੱਕ ਗਏ ਉਹ ਇਹ ਅਨੰਦ ਜ਼ਿੰਦਗੀ 'ਚ ਦੁਬਾਰਾ ਨਹੀਂ ਲੈ ਸਕਦੇ। ਇਹ ਸਾਫ਼ ਵਾਤਾਵਰਨ ਦਾ ਹੀ ਨਤੀਜਾ ਸੀ, ਸਾਨੂੰ ਸਵੇਰੇ ਵੇਲੇ ਕੁਝ ਮਨਮੋਹਕ ਤੇ ਸੁਰੀਲੀ ਆਵਾਜ਼ 'ਚ ਚਹਿਕਦੇ ਪੰਛੀ ਵੇਖਣ ਨੂੰ ਮਿਲਦੇ ਹਨ। ਕਾਰਨ ਸਾਫ਼ ਹੈ ਕਿ ਸਭ ਕੁਝ ਬੰਦ ਹੋਣ ਕਾਰਨ ਲੋਕੀਂ ਹੁਣ ਹੋਟਲਾਂ ਦੀ ਬਜਾਏ ਘਰ ਦਾ ਬਣਿਆ ਤਾਜ਼ਾ ਤੇ ਸ਼ੁੱਧ ਖਾਣਾ ਖਾ ਰਹੇ ਹਨ। ਸਿੱਟੇ ਵਜੋਂ ਬੀ.ਪੀ., ਸ਼ੂਗਰ ਦੇ ਮਰੀਜ਼ਾਂ 'ਚ ਵੀ ਸੁਧਾਰ ਹੋਇਆ ਹੈ।

-ਪਰਮ ਪਿਆਰ ਸਿੰਘ
ਨਕੋਦਰ।

12-06-2020

 ਸਿੱਖਿਆ ਪ੍ਰਣਾਲੀ ਵਿਚ ਡਿਜੀਟਲ ਲਹਿਰ
ਕੋਰੋਨਾ ਮਹਾਂਮਾਰੀ ਕਾਰਨ ਸਕੂਲੀ ਪੜ੍ਹਾਈ ਵਿਚ ਆਈ ਰੁਕਾਵਟ ਨੂੰ ਦੂਰ ਕਰਨ ਲਈ ਵਰਚੂਅਲ ਕਲਾਸਾਂ ਵੱਲ ਧੱਕੇ ਨਾਲ 'ਭਾਰਤ ਪੜ੍ਹੋ ਆਨਲਾਈਨ' ਦੇ ਨਾਂਅ ਤੇਜ਼ ਹੋ ਰਿਹਾ ਹੈ। ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ ਤਾਂ ਕਿ ਬੱਚੇ ਆਪਣੇ ਸਿਲੇਬਸ ਤੋਂ ਪਿੱਛੇ ਨਾ ਰਹਿ ਜਾਣ। ਇਸ ਲਈ ਅਧਿਆਪਕਾਂ ਨੇ ਜੂਮ, ਸਕਾਈਪ ਵਟਸਐਪ, ਗੂਗਲ ਮੀਟ ਅਤੇ ਹੋਰ ਵੀਡੀਓ ਕਾਨਫ਼ਰੰਸਿੰਗ ਐਪ ਵਰਗੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਸੰਸਾਰ ਦੀ ਪਹਿਲੀ ਘਟਨਾ ਹੈ ਜਦੋਂ ਸਾਰੇ ਅਧਿਆਪਕ ਅਤੇ ਵਿਦਿਆਰਥੀ ਆਨਲਾਈਨ ਆ ਰਹੇ ਹਨ। ਨਤੀਜੇ ਵਜੋਂ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵੇਂ ਤਜਰਬੇ ਵੀ ਮਿਲ ਰਹੇ ਹਨ। ਹਾਲਾਂਕਿ ਬਹੁਤ ਸਾਰੇ ਤਰੀਕਿਆਂ ਦੇ ਬਾਵਜੂਦ ਆਨਲਾਈਨ ਮੋਡ ਕੁਝ ਵਿਦਿਆਰਥੀ ਸਿਰਫ ਇਕ ਵਰਚੂਅਲ ਕਲਾਸ ਰੂਮ ਨੂੰ ਰਵਾਇਤੀ ਤੌਰ 'ਤੇ ਰੁਝੇਵਿਆਂ ਵਾਂਗ ਨਹੀਂ ਲੱਭਦੇ। ਵਿਅਕਤੀਗਤ ਸੰਚਾਰ ਦੀ ਘਾਟ ਉਨ੍ਹਾਂ ਵਿਦਿਆਰਥੀਆਂ ਲਈ ਮੁਸ਼ਕਿਲ ਹੋ ਸਕਦੀ ਹੈ ਜਿਹੜੇ ਕੋਰਸ ਦੀ ਸਮੱਗਰੀ ਨੂੰ ਸਮਝਣ ਲਈ ਸੰਘਰਸ਼ ਕਰ ਰਹੇ ਹਨ। ਵਿਦਿਆਰਥੀ ਇੰਸਟਰਕਟਰਾਂ ਅਤੇ ਵਿਦਿਆਰਥੀਆਂ ਨਾਲ ਸਿੱਧੇ ਰੁਝੇਵਿਆਂ ਲਈ ਸਿੱਖਣ ਦੇ ਇਸ ਮੋਡ ਨਾਲ, ਵਿਦਿਆਰਥੀ ਵਿਸਤ੍ਰਿਤ ਵਟਾਂਦਰੇ ਕਰਨ, ਬਹੁਤ ਸਾਰੇ ਪ੍ਰਸ਼ਨ ਪੁੱਛਣ ਅਤੇ ਇਕ ਵਿਸ਼ੇ ਵਿਚ ਬਹੁਤ ਸਾਰੀਆਂ ਧਾਰਾਵਾਂ ਨੂੰ ਕਵਰ ਕਰਨ ਦੇ ਸਮਰੱਥ ਹਨ। ਹਾਲਾਂਕਿ ਇਹ ਬਦਕਿਸਮਤ ਹਾਲਾਤ ਵਿਚ ਸੁਰੱਖਿਆ ਵਿਚ ਆ ਗਿਆ ਹੈ ਹੁਣ ਸਮਾਂ ਆ ਗਿਆ ਕਿ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਇਸ ਸੰਦ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਣ।

-ਮਹਿਕ ਜੋਨਜੁਆ, ਚੰਡੀਗੜ੍ਹ।

ਕੋਰੋਨਾ ਚਲਾਕ ਜਾਂ ਵਫ਼ਾਦਾਰ?
ਕੋਰੋਨਾ ਦੀ ਇਕ ਗੱਲ ਸਮਝ ਨਹੀਂ ਆਉਂਦੀ ਕਿ ਇਹ ਆਖ਼ਰ ਕਰ ਕੀ ਰਿਹਾ ਹੈ...? ਪਰਿਵਾਰ ਦੇ ਇਕ ਮੈਂਬਰ 'ਤੇ ਹੀ ਹਮਲਾ ਕਰਦਾ ਹੈ, ਬਾਕੀ ਸਭ ਦਾ ਬਾਲ ਵੀ ਵਿੰਗਾ ਹੋਣ ਨਹੀਂ ਦਿੰਦਾ। ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹ ਉਸ ਦੀ ਵਫ਼ਾਦਾਰੀ ਹੈ ਜਾਂ ਚਲਾਕੀ...। ਪਰਿਵਾਰਕ ਮੈਂਬਰਾਂ ਨਾਲ ਰਹਿੰਦੇ ਹੋਏ ਵੀ ਇਹ ਇਕ ਬੰਦੇ 'ਤੇ ਅੱਤਿਆਚਾਰ ਕਰਦਾ ਹੈ, ਬਾਕੀ ਕਿਸੇ ਮੈਂਬਰ ਨੂੰ ਹੱਥ ਤੱਕ ਨਹੀਂ ਲਾਉਂਦਾ, ਚਾਹੇ ਕੋਰੋਨਾ ਪੋਜ਼ੀਟਿਵ ਮਰੀਜ਼ ਜਿੰਨਾ ਮਰਜ਼ੀ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਆਇਆ ਹੋਵੇ ਪਰ ਇਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਕੁਝ ਕਹਿੰਦਾ। ਬੜਾ ਇਮਾਨਦਾਰ ਹੈ ਕਹਿੰਦਾ ਹੋਣਾ ਜਿੰਨੇ ਮਰਜ਼ੀ ਟੈਸਟ ਕਰਵਾ ਲਓ ਪਰ ਮੈਂ ਨਮਕ ਹਲਾਲੀ ਕਰਨੀ ਹੈ, ਨਮਕ ਹਰਾਮੀ ਨਹੀਂ ਕਰਨੀ। ਇਹੀ ਕਾਰਨ ਹੈ ਪਰਿਵਾਰ ਦਾ ਇਕ ਮੈਂਬਰ ਜੋ ਕੋਰੋਨਾ ਪੋਜ਼ੀਟਿਵ ਆ ਜਾਂਦਾ ਹੈ ਤੇ ਬਾਕੀ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਨੈਗੇਟਿਵ ਆਉਂਦੇ ਹਨ ਤੇ ਅਸੀਂ ਐਵੇਂ ਸੋਚ-ਸੋਚ ਪ੍ਰੇਸ਼ਾਨ ਹੋ ਰਹੇ ਹਾਂ ਕਿ ਮਸਲਾ ਹੈ ਕੀ...?

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਕੁਦਰਤੀ ਕਰੋਪੀ ਦੀ ਮਾਰ
ਬੀਤੇ ਕੁਝ ਮਹੀਨਿਆਂ ਤੋਂ ਕੋਰੋਨਾ ਵਾਇਰਸ ਮਹਾਂਮਾਰੀ ਨੇ ਨਾ ਸਿਰਫ ਭਾਰਤ ਬਲਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਜਿਨ੍ਹਾਂ ਵਿਚ ਚੀਨ, ਇਟਲੀ, ਅਮਰੀਕਾ ਅਤੇ ਸਪੇਨ ਆਦਿ ਸ਼ਾਮਿਲ ਹਨ, ਵਿਚ ਵੱਡੀ ਤਬਾਹੀ ਮਚਾਈ ਹੈ ਭਾਵ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਦੇਸ਼ ਭਾਵੇਂ ਕੋਈ ਵਿਕਸਿਤ ਸੀ ਜਾਂ ਅਣਵਿਕਸਿਤ, ਵਿਅਕਤੀ ਭਾਵੇਂ ਕੋਈ ਅਮੀਰ ਸੀ ਜਾਂ ਗ਼ਰੀਬ, ਇਸ ਭਿਆਨਕ ਅਤੇ ਨਾਮੁਰਾਦ ਬਿਮਾਰੀ ਨੇ ਸਭ ਨੂੰ ਆਪਣਾ ਸ਼ਿਕਾਰ ਬਣਾਇਆ ਭਾਵ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੁੰਦਾ ਹੈ। ਇਸ ਬਿਮਾਰੀ ਸਬੰਧੀ ਵੀ ਇਹੋ ਗੱਲ ਪੂਰੀ ਤਰ੍ਹਾਂ ਢੁਕਦੀ ਹੈ ਕਿਉਂਕਿ ਇਸ ਦੀ ਅਜੇ ਕੋਈ ਢੁਕਵੀਂ ਦਵਾਈ ਹੋਂਦ ਵਿਚ ਨਹੀਂ ਆਈ, ਜਿਸ ਕਰਕੇ ਇਸ ਸਬੰਧੀ ਪ੍ਰਹੇਜ਼ ਹੀ ਕਰਨਾ ਬਣਦਾ ਹੈ ਭਾਵ ਬਚਾਓ ਵਿਚ ਹੀ ਬਚਾਓ ਹੈ। ਸ਼ਾਇਦ ਇਹ ਇਸ ਕਰਕੇ ਹੋਇਆ ਕਿ ਅਸੀਂ ਕਾਦਰ ਦੀ ਕੁਦਰਤ ਨਾਲ ਖਿਲਵਾੜ ਕਰਨਾ ਅਤੇ ਉਸ ਦੀ ਬਰਾਬਰੀ ਕਰਨਾ ਆਪਣਾ ਸ਼ੁਗਲ ਹੀ ਬਣਾ ਲਿਆ ਸੀ। ਅਜਿਹੇ ਵਿਚ ਕੁਦਰਤ ਵਲੋਂ ਸਜ਼ਾ ਦਾ ਮਿਲਣਾ ਕੋਈ ਗ਼ੈਰ-ਕੁਦਰਤੀ ਨਹੀਂ ਹੈ। ਮਿਸਾਲ ਵਜੋਂ ਅਸੀਂ ਬੇਤਹਾਸ਼ਾ ਜੰਗਲ ਕੱਟ ਦਿੱਤੇ, ਸਾਫ਼-ਸੁਥਰੀ ਹਵਾ ਅਤੇ ਪਾਣੀ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਪ੍ਰਦੂਸ਼ਿਤ ਕਰ ਦਿੱਤਾ। ਸੋ, ਲੋੜ ਹੈ ਸਾਨੂੰ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰਕੇ ਵਾਤਾਵਰਨ ਪ੍ਰੇਮੀ ਬਣਨ ਦੀ ਅਤੇ ਇਸ ਨਾਲ ਪਿਆਰ ਕਰਨ ਦੀ, ਅਜਿਹਾ ਕਰਕੇ ਹੀ ਅਸੀਂ ਅਜਿਹੀਆਂ ਕੁਦਰਤੀ ਕਰੋਪੀਆਂ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਬਲਬੀਰ ਸਿੰਘ ਸੀਨੀਅਰ
ਡਾ: ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਰਚਨਾ ਖੇਡ ਜਗਤ ਦਾ ਚਮਕਦਾ ਸਿਤਾਰਾ ਪੜ੍ਹੀ, ਜਿਸ ਬਾਰੇ ਉਨ੍ਹਾਂ ਨੇ ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ਉਸ ਦੇ ਖੇਡ ਜਗਤ ਵਿਚ ਪਾਏ ਯੋਗਦਾਨ ਬਾਰੇ ਬਿਆਨ ਕੀਤਾ ਹੈ। ਉਹ ਭਾਰਤੀ ਹਾਕੀ ਦਾ ਮਹਾਨ ਖਿਡਾਰੀ ਜਿਸ ਨੂੰ ਇਹ ਮਾਣ ਹੈ ਕਿ ਉਹ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਲਗਾਤਾਰ ਤਿੰਨ ਉਲੰਪਿਕ ਖੇਡਾਂ ਵਿਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ 'ਚ ਪਾਏ। ਉਲੰਪਿਕ ਖੇਡਾਂ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਉਸ ਦਾ ਰਿਕਾਰਡ ਹੈ। ਉਨ੍ਹਾਂ ਨੂੰ ਇਸ ਪ੍ਰਾਪਤੀ 'ਤੇ ਪਦਮਸ੍ਰੀ ਐਵਾਰਡ ਮਿਲਿਆ ਸੀ। ਇਸ ਮਹਾਨ ਖਿਡਾਰੀ ਦਾ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਜਦੋਂ ਸਾਰੀ ਦੁਨੀਆ ਕੋਰੋਨਾ ਵਾਇਰਸ ਦੀ ਲੜਾਈ ਲੜ ਰਹੀ ਹੈ, ਬਹੁਤ ਹੀ ਦੁਖਦ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁੱਖ ਦੀ ਘੜੀ ਵਿਚ ਜਿਸ ਤਰ੍ਹਾਂ ਉਨ੍ਹਾਂ ਨੇ ਖੇਡ ਦੇ ਮੈਦਾਨ ਵਿਚ ਅਣਥੱਕ ਮਿਹਨਤ ਕਰ ਕੇ, ਸਿਰੜ ਤੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰ ਕੇ ਭਾਰਤ ਦੀ ਝੋਲੀ ਵਿਚ ਲਗਾਤਾਰ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ 'ਚ ਪਾਏ ਸਾਨੂੰ ਵੀ ਕੋਰੋਨਾ ਵਾਇਰਸ ਦੇ ਵਿਰੁੱਧ ਅਣਥੱਕ ਲੜਾਈ ਲੜ ਕੇ ਨਿਯਮਾਂ ਤੇ ਸਾਵਧਾਨੀਆਂ ਵਰਤ ਕੇ ਉਨ੍ਹਾਂ ਵਾਂਗ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਹੀ ਉਨ੍ਹਾਂ ਨੂੰ ਅੰਤਿਮ ਸੱਚੀ ਸ਼ਰਧਾਂਜਲੀ ਹੋਵੇਗੀ।

-ਗੁਰਮੀਤ ਸਿੰਘ ਵੇਰਕਾ।

11-06-2020

 ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਈਏ
ਅਜੋਕੇ ਸਮੇਂ 'ਚ ਵੱਡੀ ਤਾਦਾਦ 'ਚ ਸਾਡੇ ਨੌਜਵਾਨ ਤਰ੍ਹਾਂ-ਤਰ੍ਹਾਂ ਦੇ ਮਾਰੂ ਨਸ਼ਿਆਂ ਦੀ ਗ੍ਰਿਫ਼ਤ 'ਚ ਆ ਚੁੱਕੇ ਹਨ। ਸਾਡੀ ਸਮਝ ਮੁਤਾਬਿਕ ਨੌਜਵਾਨ ਪੀੜ੍ਹੀ 'ਚ ਨਸ਼ਿਆਂ ਦਾ ਰੁਝਾਨ ਪੈਦਾ ਹੋਣ ਦੇ ਕਈ ਕਾਰਨ ਹਨ। ਸਭ ਤੋਂ ਪਹਿਲੀ ਗੱਲ, ਕਈ ਮਾਪੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਉਸਾਰੂ ਤੇ ਚੰਗੀ ਸਿੱਖਿਆ ਨਹੀਂ ਦੇ ਪਾਉਂਦੇ ਅਤੇ ਉਨ੍ਹਾਂ ਦਾ ਬੁਰੇ ਲੋਕਾਂ ਨਾਲ ਬਹਿਣ-ਉੱਠਣ ਦਾ ਧਿਆਨ ਨਹੀਂ ਰੱਖਦੇ। ਅਜਿਹੀ ਹਾਲਤ ਵਿਚ ਬੱਚੇ ਅਕਸਰ ਹੀ ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਸਾਡੀਆਂ ਸਰਕਾਰਾਂ ਇਸ ਸਮੱਸਿਆ ਪ੍ਰਤੀ ਕੋਈ ਬਹੁਤੀਆਂ ਗੰਭੀਰ ਨਹੀਂ ਹਨ। ਅਕਸਰ ਖ਼ਬਰਾਂ ਵਿਚ ਪੜ੍ਹਦੇ ਹਾਂ ਕਿ ਨਸ਼ਿਆਂ ਦੀ ਤਸਕਰੀ ਕਰਨ ਵਿਚ ਕਈ ਲੀਡਰ ਤੇ ਉਨ੍ਹਾਂ ਦੇ ਚਹੇਤੇ ਪੁਲਿਸ ਦੀ ਛਤਰ-ਛਾਇਆ ਹੇਠ ਘਿਨੌਣਾ ਯੋਗਦਾਨ ਪਾ ਰਹੇ ਹਨ। ਸਰਹੱਦ 'ਤੇ ਕਰੋੜਾਂ ਦੀ ਜਾਅਲੀ ਕਰੰਸੀ ਤੇ ਹੈਰੋਇਨ ਫੜਨ ਦੇ ਸਮਾਚਾਰ ਵੀ ਅਕਸਰ ਹੀ ਆਉਂਦੇ ਰਹਿੰਦੇ ਹਨ। ਪਰ ਫੜੇ ਗਏ ਤਸਕਰਾਂ ਬਾਰੇ ਕਦੇ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਦਾ ਕੀ ਹੋਇਆ? ਸਾਡੇ ਧਾਰਮਿਕ ਆਗੂ ਜਾਂ ਪ੍ਰਚਾਰਕ ਵੀ ਵੱਡੀ ਗਿਣਤੀ 'ਚ ਅਜਿਹੇ ਹਨ ਜੋ ਆਪਣੀਆਂ ਤਿਜੌਰੀਆਂ ਤੇ ਗੋਲਕਾਂ ਭਰਨ ਤੱਕ ਹੀ ਸੀਮਤ ਹਨ। ਇਨ੍ਹਾਂ ਨੇ ਵੀ ਨਸ਼ਿਆਂ ਖਿਲਾਫ਼ ਕਦੇ ਕੋਈ ਠੋਸ ਪ੍ਰਚਾਰ ਜਾਂ ਉਪਰਾਲਾ ਨਹੀਂ ਕੀਤਾ। ਜੇਕਰ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਸੱਚਮੁੱਚ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਡੀਆਂ ਸਰਕਾਰਾਂ ਦੇ ਨਾਲ-ਨਾਲ ਸਾਨੂੰ ਸਭ ਨੂੰ ਵੀ ਇਸ ਬੁਰਾਈ ਖਿਲਾਫ਼ ਜੰਗੀ ਪੱਧਰ ਦੇ ਸੱਚੇ ਮਨੋਂ ਉਪਰਾਲੇ ਕਰਨੇ ਪੈਣਗੇ।

-ਸੁਖਦਰਸ਼ਨ ਬਾਈ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਡੁੱਬਦੀ ਆਰਥਿਕਤਾ
ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਦੇ ਕਾਰਨ ਪੂਰੇ ਵਿਸ਼ਵ ਵਿਚ ਆਰਥਿਕ ਮੰਦੀ ਦੇ ਸੰਘਣੇ ਬੱਦਲ ਛਾਏ ਹੋਏ ਹਨ, ਜਿਸ ਨਾਲ ਕਈ ਦੇਸ਼ਾਂ ਲਈ ਆਪਣੀ ਆਰਥਿਕ ਵਿਕਾਸ ਦਰ ਨੂੰ ਬਣਾਈ ਰੱਖਣਾ ਬੜਾ ਮੁਸ਼ਕਿਲ ਹੋ ਗਿਆ ਹੈ। ਮਨੁੱਖ ਦੀਆਂ ਲੋੜਾਂ ਨੂੰ ਦਰਕਿਨਾਰ ਕਰ ਕੇ ਸਿਰਫ ਆਰਥਿਕ ਤੌਰ 'ਤੇ ਵੱਧ ਤੋਂ ਵੱਧ ਉਤਪਾਦਨ ਲੈਣ ਦੀ ਲਾਲਸਾ ਅਤੇ ਸਿਰਫ ਮੁਨਾਫ਼ੇ ਲੈਣ ਦੀ ਹੋੜ ਇਸ ਕਦਰ ਲੱਗੀ ਸੀ ਕਿ ਲੋਕ ਜ਼ਿੰਦਗੀ ਜਿਊਣ ਦੇ ਤਰੀਕੇ ਹੀ ਭੁੱਲ ਚੁੱਕੇ ਹਨ, ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਮੁਢਲੀਆਂ ਲੋੜਾਂ ਨੂੰ ਅੱਖੋਂ-ਪਰੋਖੇ ਕਰਨਾ, ਇਸ ਕਦਰ ਭਾਰੀ ਪਵੇਗਾ ਸ਼ਾਇਦ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਕੁਦਰਤ ਦੇ ਨਿਯਮ ਇਸ ਪੂਰੀ ਪ੍ਰਕਿਰਤੀ 'ਤੇ ਲਾਗੂ ਹੁੰਦੇ ਹਨ ਤੇ ਉਨ੍ਹਾਂ ਨਿਯਮਾਂ ਨੂੰ ਤੋੜਨਾ, ਉਲੰਘਣਾ ਕਰਨੀ ਕਿਸ ਕਦਰ ਭਾਰੀ ਪੈਂਦੀ ਹੈ, ਇਹ ਸਾਡੇ ਸਾਹਮਣੇ ਹੈ। ਮਨੁੱਖ ਦੇ ਕੁਦਰਤ ਨਾਲ ਕੀਤੇ ਖਿਲਵਾੜ ਦੇ ਕਾਰਨ ਹੀ ਸਮੁੱਚੀ ਪ੍ਰਿਥਵੀ ਨੂੰ ਸਮੇਂ-ਸਮੇਂ ਕਈ ਪ੍ਰਕਾਰ ਦੀਆਂ ਆਫ਼ਤਾਂ ਨਾਲ ਜੂਝਣਾ ਪਿਆ ਹੈ। ਅਜੇ ਸੰਭਲਣ ਦਾ ਮੌਕਾ ਹੈ ਕਿ ਕੁਦਰਤ ਸਾਧਨਾਂ ਦੀ ਸੰਭਾਲ ਕਰੀਏ ਕਿਉਂਕਿ ਕੁਦਰਤ ਹੀ ਮਨੁੱਖ ਨੂੰ ਸਾਂਭਦੀ ਹੈ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕੋਰੋਨਾ ਨੇ ਸਿਖਾਈ ਇੰਗਲਿਸ਼
ਜਦੋਂ ਕੋਰੋਨਾ ਵਾਇਰਸ ਦੀਆਂ ਖਬਰਾਂ ਚੀਨ ਵਲੋਂ ਲੋਕ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ 'ਤੇ ਪੜ੍ਹ ਰਹੇ ਸਨ ਤੇ ਹੌਲੀ-ਹੌਲੀ ਕੋਰੋਨਾ ਮਹਾਂਮਾਰੀ ਦਾ ਕਹਿਰ ਭਾਰਤ ਦੇਸ਼ ਵਿਚ ਵੀ ਪੈਰ ਪਸਾਰਨ ਲੱਗਾ ਤਾਂ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਫੈਲ ਗਈ ਸੀ। ਕੋਰੋਨਾ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ 'ਚ ਬਿਠਾ ਕੇ ਅੰਗਰੇਜ਼ੀ ਸਿਖਾ ਦਿੱਤੀ ਹੈ। ਭਾਰਤ ਦੇ ਲੋਕਾਂ ਨੇ ਕਰਫ਼ਿਊ ਸ਼ਬਦ ਤਾਂ ਸੁਣਿਆ ਸੀ ਪਰ ਜਦੋਂ 20 ਮਾਰਚ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 21 ਦਿਨ ਦਾ ਲੌਕਡਾਊਨ ਲਗਾ ਦਿੱਤਾ ਤਾਂ ਲੋਕ ਹੈਰਾਨ ਹੋ ਗਏ ਸਨ। ਜਦੋਂ ਪਿੰਡਾਂ ਦੇ ਆਮ ਲੋਕਾਂ ਨੇ ਕਰਫ਼ਿਊ ਤੋਂ ਬਾਅਦ ਇੰਗਲਿਸ਼ ਸ਼ਬਦ ਲੌਕਡਾਊਨ (ਤਾਲਾਬੰਦੀ) ਆਈਸੋਲੇਸ਼ਨ (ਇਕਾਂਤ, ਅਲੱਗ ਤੇ ਇਕੱਲਾ ਕਰਨਾ), ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ ਭਾਵ ਇਕ ਇਲਾਕੇ ਦੀ ਦੂਜੇ ਇਲਾਕੇ ਤੋਂ ਦੂਰੀ ਬਣਾਉਣਾ), ਫਿਜ਼ੀਕਲ ਡਿਸਟੈਂਸਿੰਗ (ਸਰੀਰਕ ਦੂਰੀ ਭਾਵ ਇਕ-ਦੂਜੇ ਤੋਂ ਦੂਰੀ) ਹੈਡ-ਹਾਈਜੀਨ (ਹੱਥਾਂ ਦੀ ਸਫ਼ਾਈ) ਮਾਸਕ, ਫੇਸ ਕਵਰ, (ਚਿਹਰੇ ਨੂੰ ਢੱਕਣਾ) ਕਨਟੇਨਮੈਂਟ (ਕਾਬੂ) ਵਾਇਰਸ (ਮਹਾਂਮਾਰੀ) ਮੋਮਿੰਟ (ਗਤੀ), ਇੰਨਫਕਸ਼ਨ (ਫੈਲਣਾ), ਸੈਨੇਟਾਈਜ਼ਰ, ਕੋਵਿਡ-19, ਸਟੇਗਮਾ (ਕਲੰਕ), ਕੁਆਰਨਟਾਈਨ (41 ਦਿਨ ਦਾ ਇਕਾਂਤਵਾਸ) ਅਨਲੌਕ (ਖੋਲ੍ਹਣਾ)-1, ਫੇਸ -1 (ਪੜਾਅ) , ਫੇਸ (ਪੜਾਅ)-2, ਫੇਸ (ਪੜਾਅ)-3 ਦਾ ਜ਼ਿਕਰ ਆਇਆ ਹੈ ਪਰ ਕੁਝ ਅਨਪੜ੍ਹ ਔਰਤਾਂ ਤੇ ਮਰਦਾਂ ਨੇ ਲੌਕਡਾਉਨ ਨੂੰ ਨਾਕਾਡਾਊਨ ਤੇ ਕਰਫ਼ਿਊ ਨੂੰ ਕਲਫੂ ਕਹਿਣਾ ਸਿੱਖ ਲਿਆ ਹੈ।

-ਮਾ: ਜਗੀਰ ਸਿੰਘ ਸਫਰੀ
ਸਠਿਆਲਾ, ਅੰਮ੍ਰਿਤਸਰ।

ਰੁੱਖ ਲਗਾਓ, ਪਾਣੀ ਬਚਾਓ
ਪਿਛਲੇ ਕਾਫੀ ਦਿਨ੍ਹਾਂ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਲਈ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਗਰਮੀ ਦਾ ਕਹਿਰ ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਨਤੀਜਾ ਹੈ। ਅਸੀਂ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਾਂ, ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਧਰਤੀ ਮਾਂ ਨੂੰ ਜ਼ਹਿਰੀਲਾ ਬਣਾ ਰਹੇ ਹਾਂ। ਅਜਿਹੇ ਵਿਚ ਗਰਮੀ ਦਾ ਕਹਿਰ, ਹਨੇਰੀਆਂ, ਤੂਫ਼ਾਨ, ਜ਼ਹਿਰੀਲੀ ਹਵਾ ਇਹ ਸਭ ਕੁਦਰਤੀ ਕਰੋਪੀ ਦੀਆਂ ਨਿਸ਼ਾਨੀਆਂ ਹਨ। ਸਾਡੀ ਆਪਣੀ ਅਣਗਹਿਲੀ ਕਾਰਨ ਸਾਡਾ ਹਰਿਆ-ਭਰਿਆ ਪੰਜਾਬ ਮਾਰੂਥਲ ਬਣਦਾ ਜਾ ਰਿਹਾ ਹੈ। ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਤੇ ਰੁੱਖਾਂ ਦੀ ਅੰਨੇਵਾਹ ਕਟਾਈ ਕਰ ਮਨੁੱਖ ਆਪਣਾ ਅੰਤ ਆਪ ਨੇੜੇ ਲਿਆ ਰਿਹਾ ਹੈ। ਰੁੱਖਾਂ ਨਾਲ ਮਨੁੱਖ ਦੀ ਸਾਂਝ ਬਹੁਤ ਗੂੜ੍ਹੀ ਹੈ। ਜਿਊਂਦੇ ਜੀਅ ਮਨੁੱਖ ਇਸ ਦੀ ਠੰਢੀ ਛਾਂ ਮਾਣਦਾ ਹੈ ਅਤੇ ਮੌਤ ਤੋਂ ਬਾਅਦ ਇਨ੍ਹਾਂ ਰੁੱਖਾਂ ਦੀ ਲੱਕੜੀ ਹੀ ਮਨੁੱਖ ਦੇ ਸੰਸਕਾਰ ਦੇ ਕੰਮ ਆਉਂਦੀ ਹੈ, ਪਰ ਫਿਰ ਵੀ ਮਨੁੱਖ ਰੁੱਖ ਦੀ ਕੀਮਤ, ਉਸ ਦਾ ਮਹੱਤਵ ਨਹੀਂ ਸਮਝ ਰਿਹਾ। ਜੇਕਰ ਧਰਤੀ 'ਤੇ ਰੁੱਖ ਨਹੀਂ ਹੋਣਗੇ, ਪਾਣੀ ਨਹੀਂ ਹੋਵੇਗਾ ਤਾਂ ਇਹ ਧਰਤੀ ਬੰਜਰ ਬਣ ਜਾਵੇਗੀ। ਜੇਕਰ ਧਰਤੀ ਮਾਂ ਨੂੰ ਹਰਿਆ-ਭਰਿਆ ਬਣਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਲਗਾਓ, ਕਿਉਂਕਿ ਇਹ ਰੁੱਖ ਜੀਵਨਦਾਤਾ ਹਨ।

ਰੁੱਖ ਲਗਾਓ, ਪਾਣੀ ਬਚਾਓ, ਧਰਤੀ ਨੂੰ ਖ਼ੁਸ਼ਹਾਲ ਬਣਾਓ।
-ਜਸਪ੍ਰੀਤ ਕੌਰ ਸੰਘਾ, ਪਿੰਡ - ਤਨੂੰਲੀ।

ਦੂਰਦਰਸ਼ਨ ਦੇ ਧਿਆਨ ਹਿਤ
ਅਕਸਰ ਵੇਖਦੇ ਹਾਂ ਕਿ ਰੇਡੀਓ ਜਾਂ ਦੂਰਦਰਸ਼ਨ ਤੋਂ ਗੀਤ ਪੇਸ਼ ਕਰਦਿਆਂ ਸਿਰਫ ਗਾਇਕ ਦਾ ਨਾਂਅ ਹੀ ਦੱਸਿਆ ਜਾਂਦਾ ਹੈ ਅਤੇ ਗੀਤਕਾਰ ਦਾ ਨਾਂਅ ਨਹੀਂ ਦੱਸਿਆ ਜਾਂਦਾ। ਮੇਰੀ ਜਾਚੇ ਇਹ ਬੇਇਨਸਾਫ਼ੀ ਹੈ। ਇਸ ਤੋਂ ਪ੍ਰਬੰਧਕਾਂ ਦੀ ਗ਼ੈਰ-ਜ਼ਿੰਮੇਵਾਰੀ ਅਤੇ ਅਗਿਆਨਤਾ ਵੀ ਝਲਕਦੀ ਹੈ ਜੋ ਨਹੀਂ ਹੋਣੀ ਚਾਹੀਦੀ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

10-06-2020

ਕੀ ਹੈ ਰੇਨਵਾਟਰ ਹਾਰਵੈਸਟਿੰਗ
ਦਿਨੋ-ਦਿਨ ਵਧਦੀ ਹੋਈ ਪਾਣੀ ਦੀ ਖਪਤ, ਡੂੰਘੇ ਹੋ ਰਹੇ ਸਰੋਤ ਅਤੇ ਪ੍ਰਦੂਸ਼ਿਤ ਹੋ ਰਹੇ ਪਾਣੀ ਕਰਕੇ ਰੇਨਵਾਟਰ ਹਾਰਵੈਸਟਿੰਗ ਦੀ ਵਿਧੀ ਬਾਰੇ ਜਾਣਨਾ ਅਤੇ ਇਸ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ | ਰੇਨਵਾਟਰ ਹਾਰਵੈਸਟਿੰਗ ਦਾ ਅਰਥ ਹੈ ਮੀਂਹ ਦੇ ਪਾਣੀ ਦੀ ਸੰਭਾਲ ਸਟੋਰੇਜ ਕਰਕੇ ਉਸ ਦੀ ਸੁਚੱਜੀ ਵਰਤੋਂ ਕਰਨਾ ਹੈ | ਪਰ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਨਾ ਹੋਣ ਕਰਕੇ, ਇਸ ਵਿਧੀ ਨੂੰ ਲੋਕਾਂ ਵਲੋਂ ਵਰਤੋਂ ਵਿਚ ਨਹੀਂ ਲਿਆਂਦਾ ਜਾ ਰਿਹਾ | ਰੇਨਵਾਟਰ ਹਾਰਵੈਸਟਿੰਗ ਇਕ ਅਜਿਹੀ ਵਿਧੀ ਹੈ ਜਿਸ ਨਾਲ ਅਸੀਂ ਮੀਂਹ ਦੇ ਸਾਫ਼ ਪਾਣੀ ਨੂੰ ਅਨੇਕ ਤਰ੍ਹਾਂ ਨਾਲ ਵਰਤੋਂ ਵਿਚ ਲਿਆ ਸਕਦੇ ਹਾਂ | ਜੋ ਮੀਂਹ ਦਾ ਪਾਣੀ ਸਾਡੇ ਘਰਾਂ ਦੀਆਂ ਛੱਤਾਂ ਤੋਂ ਵਹਿ ਕੇ ਪਰਨਾਲਿਆਂ ਰਾਹੀਂ ਗਲੀ ਦੀਆਂ ਨਾਲੀਆਂ ਵਿਚ ਵਹਿ ਜਾਂਦਾ ਹੈ, ਉਸ ਨੂੰ ਰੋਕ ਕੇ, ਇਕ ਸਾਧਾਰਨ ਫਿਲਟਰ ਲਗਾ ਕੇ ਅਤੇ ਜ਼ਮੀਨ ਵਿਚ ਟੈਂਕ ਬਣਾ ਕੇ ਸਟੋਰ ਕਰ ਸਕਦੇ ਹਾਂ | ਉਂਜ ਤਾਂ ਮੀਂਹ ਦਾ ਪਾਣੀ ਬਹੁਤ ਸ਼ੁੱਧ ਹੁੰਦਾ ਹੈ ਪਰ ਸਾਡੇ ਘਰਾਂ ਦੀਆਂ ਛੱਤਾਂ ਦੀ ਮਿੱਟੀ ਅਤੇ ਹੋਰ ਕਣ ਉਸ ਵਿਚ ਮਿਲਣ ਕਰਕੇ ਉਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ | ਇਹ ਪਾਣੀ ਨਹਾਉਣ, ਕੱਪੜੇ ਧੋਣ ਅਤੇ ਫੁੱਲਾਂ ਬੂਟਿਆਂ ਲਈ ਵਰਤਿਆ ਜਾ ਸਕਦਾ ਹੈ | ਮੀਂਹ ਦਾ ਪਾਣੀ ਫੁੱਲਾਂ ਬੂਟਿਆਂ ਲਈ ਸੌਗਾਤ ਦਾ ਕੰਮ ਕਰਦਾ ਹੈ ਜਦ ਕਿ ਧਰਤੀ ਹੇਠਲੇ ਖਾਰੇ ਪਾਣੀ ਨਾਲ ਬੂਟਿਆਂ ਨੂੰ ਸੜਦੇ ਹੋਏ ਅਸੀਂ ਆਮ ਤੌਰ 'ਤੇ ਹੀ ਦੇਖਿਆ ਹੈ | ਮੀਂਹ ਦਾ ਫਿਲਟਰ ਕੀਤਾ ਹੋਇਆ ਇਹ ਪਾਣੀ ਉਬਾਲ ਕੇ ਪੀਣ ਦੇ ਕੰਮ ਵੀ ਆ ਸਕਦਾ ਹੈ | ਰੇਨਵਾਟਰ ਹਾਰਵੈਸਟਿੰਗ ਨੂੰ ਪੰਜਾਬ ਸਰਕਾਰ ਨੇ ਵੀ ਅਪਣਾ ਲਿਆ ਹੈ ਅਤੇ ਸਰਕਾਰੀ ਇਮਾਰਤਾਂ ਦੇ ਤਖਮੀਨਿਆਂ ਵਿਚ ਰੇਨਵਾਟਰ ਹਾਰਵੈਸਟਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਇਸ ਸੌਗਾਤ ਨੂੰ ਅਜਾੲੀਂ ਨਾ ਗਵਾਇਆ ਜਾਵੇ | ਕਈ ਸਰਕਾਰੀ ਅਦਾਰੇ ਇਸ ਸਬੰਧ ਵਿਚ ਉਚੇਚੇ ਤੌਰ 'ਤੇ ਕੰਮ ਕਰ ਰਹੇ ਹਨ | ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਵਿਧੀ ਰਾਹੀਂ ਆਪਣੇ ਘਰਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |

-ਇੰਜ: ਪਰਨੀਤ ਸਿੰਘ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ |

ਗਰਮੀ ਕਦੋਂ ਆਵੇਗੀ?
ਕੋਰੋਨਾ ਮਹਾਂਮਾਰੀ ਕਰਕੇ ਲੱਗੀ ਤਾਲਾਬੰਦੀ ਨੇ ਪ੍ਰਦੂਸ਼ਣ ਖ਼ਤਮ ਕਰਕੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸ਼ੁੱਧ ਕਰ ਦਿੱਤਾ ਹੈ | ਅਪ੍ਰੈਲ ਤੋਂ ਹੀ ਮੌਸਮ ਸੁਹਾਵਣਾ ਹੋ ਗਿਆ ਹੈ | ਲਗਦਾ ਹੈ ਗਰਮੀ ਹੁਣ ਪਵੇਗੀ, ਹੁਣ ਪਵੇਗੀ ਪਰ ਮੌਸਮ ਫਿਰ ਠੰਢਾ ਹੋ ਜਾਂਦਾ ਹੈ | ਜੂਨ ਦਾ ਪਹਿਲਾ ਹਫ਼ਤਾ ਵੀ ਲੰਘ ਗਿਆ ਪਰ ਅਜੇ ਗਰਮੀ ਦਾ ਨਾਮੋਨਿਸ਼ਾਨ ਨਹੀਂ | ਅਜੇ ਪਸੀਨੇ ਅਤੇ ਗਰਮ ਲੋਅ ਵਾਲੀ ਗਰਮੀ ਆਪਣੇ ਸਮੇਂ ਤੋਂ ਬਹੁਤ ਦੂਰ ਹੈ | ਪਹਿਲਾਂ ਕਣਕ ਦੀ ਵਾਢੀ ਸਮੇਂ ਕਿੰਨੀ ਗਰਮੀ ਹੋ ਜਾਂਦੀ ਸੀ ਅਤੇ ਵਿਸਾਖੀ 13 ਅਪ੍ਰੈਲ ਤੱਕ ਭੜਾਸ ਅਤੇ ਅੱਤ ਦੀ ਗਰਮੀ ਹੋ ਜਾਂਦੀ ਸੀ | ਏ.ਸੀ., ਕੂਲਰ, ਪੱਖੇ ਚਾਲੂ ਹੋ ਜਾਂਦੇ ਸਨ |
ਇਸ ਗਰਮ ਰੁੱਤ ਦੀ ਤਬਦੀਲੀ ਨੇ ਹਜ਼ਾਰਾਂ ਯੂਨਿਟ ਬਿਜਲੀ ਵੀ ਬਚਾ ਦਿੱਤੀ ਹੈ | ਲਗਦਾ ਹੈ ਨਿੰਬੂ ਪਾਣੀ, ਸੱਤੂ, ਕੁਲਫੀਆਂ, ਕੋਲਡ ਡਰਿੰਕ ਦੀ ਵਰਤੋਂ ਵਿਚ ਵਾਧਾ ਵੀ ਬਹੁਤ ਹੌਲੀ ਹੋ ਰਿਹਾ ਹੈ | ਹਰ ਰੁੱਤ ਦੀ ਆਪਣੀ ਚਾਲ ਅਤੇ ਆਪਣੀ ਖੂਬਸੂਰਤੀ ਹੁੰਦੀ ਹੈ ਪਰ ਲਗਦਾ ਹੈ ਇਸ ਵਾਰ ਗਰਮੀ ਰੁੱਤ ਦਾ ਹੁਸਨ ਫਿੱਕਾ ਅਤੇ ਇਸ ਦੀ ਜਵਾਨੀ ਦਾ ਕਾਰਜਕਾਲ ਥੋੜ੍ਹਾ ਹੈ |

-ਗੌਰਵ ਸ਼ਰਮਾ
ਸਟੇਟ ਐਵਾਰਡੀ ਅਧਿਆਪਕ, ਧਰਮਕੋਟ (ਮੋਗਾ) |

ਮਤਲਬ ਦੇ ਰਿਸ਼ਤੇ
ਪਿਛਲੇ ਦਿਨੀਂ ਬੱਬੂ ਤੀਰ ਵਲੋਂ ਲਿਖਿਆ 'ਹਰ ਵੇਲੇ ਸਿਖ਼ਰ ਨਹੀਂ ਮਾਣ ਸਕਦਾ ਇਨਸਾਨ' ਬਹੁਤ ਵਧੀਆ ਲੱਗਾ | ਲੇਖਕਾ ਨੇ ਜ਼ਿੰਦਗੀ ਨੂੰ ਬੜੀ ਨੇੜਿਓਾ ਲਿਖਿਆ ਹੈ | ਬਚਪਨ ਵਿਚ ਸਾਡੇ ਰਿਸ਼ਤੇ ਅਜਿਹੇ ਜਾਪਦੇ ਹਨ ਜਿਵੇਂ ਸਾਰੀ ਉਮਰ ਹੀ ਨਾਲ ਨਿਬੜਨਗੇ | ਪਰ ਜਿਉਂ-ਜਿਉਂ ਜ਼ਿੰਦਗੀ ਗੁਜ਼ਰਦੀ ਹੈ, ਮਾਂ-ਬਾਪ ਆਪਣੀ ਉਮਰ ਪੂਰੀ ਕਰ ਜਾਂ ਅੱਧਵਾਟੇ ਛੱਡ ਚਲੇ ਜਾਂਦੇ ਹਨ ਅਤੇ ਭੈਣ, ਭਰਾ ਵਿਆਹਾਂ ਤੋਂ ਬਾਅਦ ਆਪੋ-ਆਪਣੀਆਂ ਕਬੀਲਦਾਰੀਆਂ 'ਚ ਰੁੱਝ ਜਾਂਦੇ ਹਨ | ਇਹ ਗੱਲ ਬਿਲਕੁਲ ਜ਼ਿੰਦਗੀ ਦੇ ਕਰੀਬ ਹੈ ਕਿ ਮੈਂ ਰਿਸ਼ਤਿਆਂ ਖਾਤਰ, ਕੰਮਕਾਜ ਖਾਤਰ ਤੇ ਜ਼ਿੰਦਗੀ ਖਾਤਰ ਆਪਣੀ ਕੋਸ਼ਿਸ਼ ਨੂੰ ਸੌਦੇਬਾਜ਼ ਨਹੀਂ ਬਣਾਇਆ | ਸਾਰੀ ਵਾਹ ਲਗਾ ਦਿੱਤੀ ਜਾਂਦੀ ਹੈ ਕਿ ਰਿਸ਼ਤੇ ਕਾਇਮ ਰਹਿਣ ਪਰ ਅਖੀਰ ਵਿਚ ਮਿਲਦਾ ਧੋਖਾ ਹੀ ਹੈ | ਦੁਨੀਆ ਮਤਲਬ ਦੀ ਕੋਈ ਨਾ ਕਿਸੇ ਦਾ ਬੇਲੀ | ਸੋ, ਸਮਾਜ ਨੂੰ , ਪਰਿਵਾਰ, ਖੂਨੀ ਰਿਸ਼ਤਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ |

ਕਿਰਤ ਕਾਨੂੰਨਾਂ 'ਚ ਬਦਲਾਅ
ਸਰਕਾਰ ਦੁਆਰਾ ਕਿਰਤੀਆਂ ਪ੍ਰਤੀ ਪਾਸ ਕੀਤੇ ਕਾਨੂੰਨ ਮੁਤਾਬਿਕ ਕਿਰਤੀ ਨੂੰ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨਾ ਪਵੇਗਾ ਅਤੇ ਉਹ ਯੂਨੀਅਨ ਬਣਾ ਕੇ ਆਪਣੇ ਹੱਕਾਂ ਪ੍ਰਤੀ ਲੜਨ ਲਈ ਮਾਲਕਾਂ ਦਾ ਵਿਰੋਧ ਵੀ ਨਹੀਂ ਕਰ ਸਕਦੇ। ਅੱਜ ਤੋਂ ਤਿੰਨ ਸਦੀਆਂ ਪਹਿਲਾਂ ਕਾਰਲ ਮਾਰਕਸ ਨੇ ਕਿਰਤੀਆਂ ਦੇ ਹੱਕ ਵਿਚ ਉਨ੍ਹਾਂ ਦੇ ਕੰਮ ਦੇ ਘੰਟੇ ਨਿਸਚਿਤ ਕਰਨ ਲਈ ਆਵਾਜ਼ ਉਠਾਈ ਸੀ। ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਅਜੇ ਸਾਡੇ ਦਿਮਾਗ ਵਿਚ ਤਾਜ਼ਾ ਹੈ। ਜੱਦੋ-ਜਹਿਦ ਨਾਲ ਪੜਾਅ ਵਾਰ 18 ਤੋਂ 8 ਘੰਟੇ ਤੱਕ ਪਹੁੰਚਿਆ ਕਿਰਤੀਆਂ ਦੇ ਸੰਘਰਸ਼ ਦੀ ਲਾਮਿਸਾਲ ਦਾਸਤਾਨ ਹੈ। ਅੱਜ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਕਿਰਤੀ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਕੋਲ ਖਾਣ ਲਈ ਭੋਜਨ ਵੀ ਨਹੀਂ ਤਾਂ ਫਾਸ਼ੀਵਾਦੀ ਸਰਕਾਰਾਂ ਉਨ੍ਹਾਂ ਦੇ ਕੰਮ ਦੇ ਘੰਟੇ ਵਧਾ ਕੇ ਇਕ ਵਾਰ ਫਿਰ ਉਨ੍ਹਾਂ ਨੂੰ ਪਿਛੋਕੜ ਵੱਲ ਧੱਕ ਦੇਣਾ ਚਾਹੁੰਦੀਆਂ ਹਨ। ਇਤਿਹਾਸ 'ਤੇ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਕਿਰਤੀਆਂ ਨੂੰ ਕਿਸ ਹੱਦ ਤੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਵਿਚ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਬਿਤਾਉਣ ਦਾ ਸਮਾਂ ਵੀ ਨਹੀਂ ਸੀ ਮਿਲਦਾ ਤੇ ਹਰ ਵਕਤ ਕਾਲੇ ਧੂੰਏਂ ਵਾਲੀਆਂ ਫੈਕਟਰੀਆਂ ਦੀਆਂ ਕਾਲ ਕੋਠੜੀਆਂ ਵਿਚ ਰਹਿਣਾ ਪੈਂਦਾ ਸੀ। ਲੰਮੇ ਸੰਘਰਸ਼ ਤੋਂ ਬਾਅਦ ਜਦੋਂ ਉਨ੍ਹਾਂ ਦਾ ਸਾਹ ਸੌਖਾ ਹੋਇਆ ਤਾਂ ਇਕ ਵਾਰ ਫਿਰ ਸਾਡੀਆਂ ਸਰਕਾਰਾਂ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰ ਕੇ ਉਨ੍ਹਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਦੇਣਾ ਚਾਹੁੰਦੀਆਂ ਹਨ। ਇਸ ਲਈ ਸਭ ਕਿਰਤੀਆਂ ਨੂੰ ਮਿਲ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।

-ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)।

09-06-2020

 ਸਿੱਖ ਕੌਮ ਦੀ ਨਿਸ਼ਕਾਮ ਸੇਵਾ ਦਾ ਝੰਡਾ ਫਿਰ ਲਹਿਰਾਇਆ
ਬਿਪਤਾ ਪਈ ਤੋਂ ਸਿੱਖ ਕੌਮ ਦਾ ਪੀੜਤਾਂ ਨਾਲ ਖੜ੍ਹਨਾ ਇਸ ਕੌਮ ਦੀ ਦਰਿਆਦਿਲੀ ਅਤੇ ਦਿਆ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ, ਸ਼ਾਇਦ ਹੀ ਕੋਈ ਅਜਿਹੀ ਕੁਦਰਤੀ ਆਫਤ ਹੋਵੇਗੀ ਜਿਸ ਦੀ ਤਬਾਹੀ 'ਚ ਤਬਾਹ ਹੋ ਚੁੱਕਿਆਂ ਲਈ ਸਿੱਖ ਬਿਨਾਂ ਕਿਸੇ ਜਾਤ-ਪਾਤ, ਮਜ਼੍ਹਬ ਅਤੇ ਧਰਮ ਦੇ ਵਿਤਕਰੇ ਤੋਂ ਹਟ ਕੇ ਮਦਦ ਲਈ ਨਾ ਪਹੁੰਚੇ ਹੋਣ। ਪਿੱਛੇ ਜਿਹੇ ਕੇਰਲ ਸੂਬੇ 'ਚ ਹੜ੍ਹਾਂ ਦੀ ਮਾਰ ਦੇ ਮਾਰੇ ਦੱਖਣੀ ਭਾਰਤੀਆਂ ਲਈ ਸਿੱਖ ਮਸੀਹਾ ਬਣ ਕੇੇ ਪਹੁੰਚੇ, ਹੜ੍ਹ ਪ੍ਰਭਾਵਿਤ ਲੋਕਾਂ ਦੇ ਮਿੱਟੀ ਨਾਲ ਭਰ ਚੁੱਕੇ ਘਰਾਂ ਨੂੰ ਸਿੱਖ ਵੀਰਾਂ ਨੇ ਸਾਫ ਕੀਤਾ, ਧਾਰਮਿਕ ਸਥਾਨਾਂ ਦੀ ਸਫ਼ਾਈ ਕੀਤੀ, ਭੁੱਖੇ ਮਰ ਰਹੇ ਲੋਕਾਂ ਲਈ ਲੰਗਰ ਲਗਾਏ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਅਨੁਸਾਰ ਮਨੁੱਖਤਾ ਦੇ ਭਲੇ ਲਈ ਆਪਣੀ ਜਾਨ ਦਾਅ 'ਤੇ ਲਾ ਦਿੱਤੀ। ਇਹ ਕੋਈ ਪਹਿਲੀ ਵਾਰ ਨਹੀ ਹੋਇਆ। ਇਸ ਤੋਂ ਪਹਿਲਾਂ ਵੀ ਆਫ਼ਤਾਂ ਸਮੇਂ ਸਿੱਖ ਕੌਮ ਪੀੜਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਰਹੀ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨੇ ਦੁਨੀਆ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਚੀਨ, ਇਟਲੀ ਅਤੇ ਈਰਾਨ ਵਰਗੇ ਮੁਲਕਾਂ 'ਚ ਇਸ ਬਿਮਾਰੀ ਨਾਲ ਮਰਨ ਕਰਕੇ ਲਾਸ਼ਾਂ ਦੇ ਢੇਰ ਲੱਗ ਗਏ, ਜਿਨ੍ਹਾਂ ਨੂੰ ਟਿਕਾਣੇ ਲਾਉਣ ਲਈ ਫ਼ੌਜ ਦੀ ਮਦਦ ਲੈਣੀ ਪਈ ਹੈ। ਇਕ ਖ਼ਬਰ ਅਨੁਸਾਰ ਕੋਰੋਨਾ ਬਿਮਾਰੀ ਦੀ ਮਚਾਈ ਤਰਥੱਲੀ ਦੇ ਦਰਮਿਆਨ ਅਮਰੀਕਾ ਵਰਗੇ ਵਿਕਸਿਤ ਮੁਲਕ ਦੇ ਇਕ ਸੂਬੇ ਦੇ ਮੇਅਰ ਵਲੋਂ ਸਿੱਖ ਕੌਮ ਕੋਲੋਂ ਮਦਦ ਮੰਗਣਾ ਇਸ ਕੌਮ ਦਾ ਮਾਣ ਨਾਲ ਸਿਰ ਉੱਚਾ ਕਰ ਗਿਆ। ਸੰਨ 2014 'ਚ ਇੰਗਲੈਂਡ 'ਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਵਲੋਂ ਦਿਖਾਈ ਸੇਵਾ ਭਾਵਨਾ ਦੀ ਤਾਰੀਫ਼ ਉਸ ਵੇਲੇ ਦੇ ਅੰਗਰੇਜ਼ ਪ੍ਰਧਾਨ ਮੰੰਤਰੀ ਵਲੋਂ ਕੀਤੀ ਗਈ ਸੀ ਜਿਸ ਨੇ ਸਿੱਖ ਕੌਮ ਦਾ ਸਿਰ ਪੂਰੇ ਵਿਸ਼ਵ 'ਚ ਮਾਣ ਨਾਲ ਉੱਚਾ ਕਰ ਦਿੱਤਾ, ਕਿਉਂਕਿ ਆਰਥਿਕ ਤੌਰ 'ਤੇ ਕਮਜ਼ੋਰ ਮੁਲਕਾਂ ਦੇ ਮੁਕਾਬਲੇ ਜਦੋਂ ਵਿਕਸਿਤ ਦੇਸ਼ ਕਿਸੇ ਕੌਮ ਤੋਂ ਸੇਵਾ ਮੰਗਣ ਤਾਂ ਉਸ ਦੇ ਆਪਣੇ ਹੀ ਅਰਥ ਹੁੰਦੇ ਹਨ। ਦੁਨੀਆ ਦੇ ਨਕਸ਼ੇ 'ਤੇ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸਿੱਖਾਂ ਨੇ ਇਸ ਔਖੀ ਘੜੀ 'ਚ ਚੁਣੌਤੀ ਨੂੰ ਸਵੀਕਾਰ ਕਰਕੇ ਇਕ ਵੱਖਰਾ ਇਤਿਹਾਸ ਲਿਖਿਆ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦਾ ਰਹੇਗਾ।

-ਪ੍ਰੋ: ਡਾ: ਧਰਮਜੀਤ ਸਿੰਘ ਜਲਵੇੜਾ
ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਜ਼ਿਲ੍ਹਾ ਸ੍ਰੀ ਫਤਹਿਗੜ ਸਾਹਿਬ।

ਹੈਵਾਨੀਅਤ ਜ਼ਿੰਦਾ ਹੈ...
ਇਨਸਾਨੀਅਤ ਦੇ ਨਾਲ ਹੀ ਹੈਵਾਨੀਅਤ ਵੀ ਇਸ ਦੁਨੀਆ ਤੇ ਮੁੱਢ-ਕਦੀਮੋਂ ਹੀ ਮੌਜੂਦ ਰਹੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਕੇਰਲਾ ਪ੍ਰਾਂਤ ਦੇ ਮਲਾਪੁਰਮ ਜ਼ਿਲ੍ਹੇ ਵਿਚ ਇਕ ਹੈਵਾਨੀਅਤ ਭਰੀ ਘਟਨਾ ਵਾਪਰੀ ਹੈ। ਉਥੇ ਕੁਝ ਮੂਰਖਾਂ ਨੇ ਇਕ ਭੁੱਖੀ-ਪਿਆਸੀ ਭਟਕ ਕੇ ਪਿੰਡ ਵਿਚ ਚਲੀ ਗਈ ਇਕ ਗਰਭਵਤੀ ਹਥਣੀ ਨਾਲ ਕੋਝੀ ਹਰਕਤ ਕੀਤੀ ਹੈ। ਉਨ੍ਹਾਂ ਨੇ ਇਕ ਅਨਾਨਾਸ ਵਿਚ ਬਾਰੂਦੀ ਪਟਾਕੇ ਭਰ ਕੇ ਉਸ ਮਜ਼ਲੂਮ ਨੂੰ ਖੁਆ ਦਿੱਤੇ ਜੋ ਉਸ ਦੇ ਪੇਟ ਵਿਚ ਜਾ ਕੇ ਫਟ ਗਏ। ਇਨ੍ਹਾਂ ਪਟਾਕਿਆਂ ਨਾਲ ਨਾ ਕੇਵਲ ਅਭਾਗਣ ਹਥਣੀ ਹੀ ਤੜਪ-ਤੜਪ ਕੇ ਮਰ ਗਈ, ਨਾਲ ਹੀ ਉਸ ਦੇ ਪੇਟ ਵਿਚ ਪਲਦਾ ਬੱਚਾ ਵੀ ਮਰ ਗਿਆ। ਜੇਕਰ ਕਿਸੇ ਭੁੱਖੇ ਨੂੰ ਭੋਜਨ ਨਹੀਂ ਦੇ ਸਕਦੇ ਤਾਂ ਅਜਿਹੇ ਸ਼ਰਮਨਾਕ ਕਾਰੇ ਕਰਨ ਦਾ ਵੀ ਮਨੁੱਖ ਨੂੰ ਕੀ ਹੱਕ ਹੈ? ਅਜਿਹੇ ਘੋਰ ਅਪਰਾਧ ਲਈ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਰੁੱਖ ਮੰਗਦੇ ਸੁੱਖ
ਜੋ ਇਨਸਾਨ ਕੁਦਰਤ ਨੂੰ ਸਮਝਣ, ਜਾਚਣ ਦੀ ਸੋਝੀ ਜਾਣਦੇ ਹਨ, ਉਹ ਰੁੱਖਾਂ ਤੋਂ ਮੂੰਹ ਨਹੀਂ ਫੇਰਦੇ। ਪਿਛਲੇ ਦਿਨੀਂ ਲਖਵਿੰਦਰ ਚੱਕ ਰਾਜਾ ਦੀ (ਅਜੀਤ) ਖ਼ਬਰ 'ਲੋਕਾਂ ਵਲੋਂ ਧੜਾਧੜਾ ਸੁਕਾਏ ਜਾ ਰਹੇ ਨੇ ਸਰਕਾਰੀ ਰੁੱਖ' ਨੇ ਕਾਫ਼ੀ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਕਿਉਂਕਿ ਵਾਤਾਵਰਨ ਦਿਵਸ 'ਤੇ ਜੋ ਲੋਕ ਆਪਣੀਆਂ ਭਾਵਨਾਵਾਂ ਨੂੰ ਮੁੱਖ ਰੱਖ ਅਗਲੇਰੇ ਭਵਿੱਖ ਪ੍ਰਤੀ ਚਿੰਤਤ ਹੋ ਰੁੱਖ ਲਾਉਂਦੇ ਨੇ ਕੀ? ਉਹ ਗ਼ਲਤ ਹਨ। ਸਮਾਜ 'ਤੇ ਵੱਡਾ ਕਲੰਕ ਹਨ ਉਹ ਲੋਕ ਜੋ ਕਿਸੇ ਪਾਲੇ ਪਲੋਸੇ ਰੁੱਖ ਦੀਆਂ ਜੜ੍ਹਾਂ 'ਚ ਕੈਮੀਕਲ ਪਾ ਉਸ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਸੁਕਾ ਰਹੇ ਹਨ। ਪੰਘੂੜੇ ਤੋਂ ਅਰਥੀ ਤੱਕ ਸਾਡਾ ਸਾਥ ਦੇਣ ਵਾਲੇ ਰੁੱਖ ਸਾਡੇ ਲਈ ਘਾਤਕ ਕਿਵੇਂ ਹੋ ਸਕਦੇ ਹਨ। ਵਾਤਾਵਰਨ ਦੇ ਦੁਸ਼ਮਣ ਹਨ ਉਹ ਲੋਕ ਜੋ ਰੁੱਖਾਂ ਪ੍ਰਤੀ ਨਫ਼ਰਤ ਪਾਲੀ ਬੈਠੇ ਹਨ। ਪਰ ਉਹ ਕੀ ਜਾਨਣ ਰੁੱਖਾਂ ਦੀਆਂ ਛਾਵਾਂ ਦੀ ਕਦਰ ਜੋ 'ਤਪਦੀਆਂ ਦੁਪਹਿਰਾਂ' ਬਨਾਉਟੀ ਏ.ਸੀ. ਦੀ ਠੰਢਕ 'ਚ ਲੰਘਾਉਂਦੇ ਹਨ ਪਰ ਕੁਦਰਤ ਬਲਵਾਨ ਹੈ। ਇਸ ਨਾਲ ਨੇੜਤਾ ਕਰਕੇ ਹੀ ਅਸੀਂ ਬਿਮਾਰੀ ਮੁਕਤ ਹੋ ਸਕਦੇ ਹਾਂ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਲੁਧਿਆਣਾ।

08-06-2020

 ਨਾਨਕ ਨਾਮ ਚੜ੍ਹਦੀ ਕਲਾ...
ਅੱਜ ਜਦੋਂ ਕੋਰੋਨਾ ਵਾਇਰਸ ਦੁਨੀਆ ਪੱਧਰ 'ਤੇ ਫੈਲ ਚੁੱਕਿਆ ਹੈ ਤਾਂ ਗੁਰੂਆਂ ਵਲੋਂ ਬਖਸ਼ਿਸ਼ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਅੱਜ ਵੀ ਬੜਾ ਕਾਰਗਰ ਸਾਬਤ ਹੋ ਰਿਹਾ ਹੈ। ਜੋ ਲੋਕ ਅਜਿਹੇ ਸਮੇਂ ਵੀ ਆਪਣੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਤੇ ਹੋਰਨਾਂ ਦਾ ਵੀ ਭਲਾ ਕਰਦੇ ਹਨ, ਉਨ੍ਹਾਂ ਵਿਚ ਆਤਮ-ਵਿਸ਼ਵਾਸ ਵਧਦਾ ਹੈ। ਕੋਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਸੋ, ਸਾਨੂੰ ਚੜ੍ਹਦੀ ਕਲਾ ਵਿਚ ਰਹਿ ਕੇ ਸਰਬੱਤ ਦਾ ਭਲਾ ਮੰਗਣਾ ਤੇ ਕਰਨਾ ਚਾਹੀਦਾ ਹੈ।


-ਇੰਜ: ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।


ਵਾਤਾਵਰਨ ਤੇ ਪ੍ਰਦੂਸ਼ਣ
ਜਿਥੇ ਕਾਫ਼ੀ ਸਮੇਂ ਤੋਂ ਧਰਤੀ, ਪਾਣੀ, ਹਵਾ, ਆਕਾਸ਼ ਆਦਿ ਪ੍ਰਦੂਸ਼ਤ ਹੋ ਗਏ ਸਨ, ਉਥੇ ਹੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਤਾਲਾਬੰਦੀ, ਕਰਫ਼ਿਊ ਲੱਗਣ ਕਾਰਨ ਸਾਰਾ ਕੁਝ ਬੰਦ ਹੋ ਜਾਣ ਕਾਰਨ ਇਨ੍ਹਾਂ ਕੁਦਰਤੀ ਸਰੋਤਾਂ ਵਿਚ ਮਿਸਾਲੀ ਸੁਧਾਰ ਹੋਇਆ ਸੀ, ਪ੍ਰੰਤੂ ਹੁਣ ਲਾਕਡਾਊਨ, ਕਰਫ਼ਿਊ ਖੁੱਲ੍ਹ ਜਾਣ ਕਾਰਨ ਗੱਡੀਆਂ ਦੇ ਧੂੰਏਂ, ਫੈਕਟਰੀਆਂ 'ਚੋਂ ਨਿਕਲਦੇ ਧੂੰਏਂ, ਦਰਿਆਵਾਂ 'ਚ ਪੈਂਦੇ ਜ਼ਹਿਰੀਲੇ ਪਾਣੀ, ਫ਼ਸਲੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾਉਣ ਨਾਲ ਜਿਥੇ ਕੁਦਰਤੀ ਸਰੋਤ ਫਿਰ ਤੋਂ ਗੰਧਲੇ ਹੋ ਰਹੇ ਹਨ, ਉਥੇ ਹੀ ਵਾਤਾਵਰਨ ਵੀ ਪ੍ਰਦੂਸ਼ਤ ਹੋ ਰਿਹਾ ਹੈ। ਸੜਕਾਂ 'ਤੇ ਇਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿਚ ਦੁਰਘਟਨਾਵਾਂ ਵਧਣ ਨਾਲ ਮੌਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਹਵਾ, ਪਾਣੀ, ਬਨਸਪਤੀ ਇਹ ਕੁਦਰਤੀ ਸਰੋਤ ਹਨ, ਇਨ੍ਹਾਂ ਨੂੰ ਸਾਫ਼-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਸਾਰਿਆਂ ਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹੁਣ ਤੋਂ ਹੀ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਵਾਤਾਵਰਨ ਨੂੰ ਫਿਰ ਤੋਂ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


10ਵੀਂ ਦੀ ਪ੍ਰੀਖਿਆ
ਕੋਵਿਡ-19 ਮਹਾਂਮਾਰੀ ਕਰਕੇ ਪ੍ਰਭਾਵਿਤ ਹੋਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਆਫ ਡਾਇਰੈਕਟਰਜ਼ ਵਲੋਂ ਗਠਿਤ 4 ਮੈਂਬਰੀ ਕਮੇਟੀ ਨੇ ਨਤੀਜਿਆਂ ਸਬੰਧੀ ਤਿਆਰ ਕੀਤੀ ਨੀਤੀ 'ਚ 5ਵੀਂ, 8ਵੀਂ ਤੇ 10ਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਰੀ-ਅਪੀਅਰ ਵਾਲੇ ਪ੍ਰੀਖਿਆਰਥੀਆਂ ਦੇ ਸੀ.ਸੀ.ਈ. ਅੰਕਾਂ ਦੇ ਆਧਾਰ 'ਤੇ ਨਤੀਜੇ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਦਕਿ 10ਵੀਂ ਓਪਨ ਸਕੀਮ ਰਾਹੀਂ ਅਪੀਅਰ ਹੋਏ ਬੱਚਿਆਂ ਦੇ ਇਮਤਿਹਾਨ ਲੈਣ ਦੀ ਗੱਲ ਕਹੀ ਹੈ। ਜੇਕਰ ਪ੍ਰੀਖਿਆ ਲੈਣੀ ਜ਼ਰੂਰੀ ਹੋਵੇ ਤਾਂ ਫਿਰ 10ਵੀਂ ਓਪਨ ਵਾਲੇ ਬੱਚਿਆਂ ਦੀ ਪ੍ਰੀਖਿਆ ਅਧਿਐਨ ਕੇਂਦਰ ਪੱਧਰ 'ਤੇ ਹੀ ਕਰਵਾਈ ਜਾਵੇ। ਇਸ ਤਰ੍ਹਾਂ ਕਰਨ ਨਾਲ ਪ੍ਰੀਖਿਆ ਵੀ ਜਲਦੀ ਹੋ ਜਾਵੇਗੀ ਅਤੇ ਜ਼ਿਆਦਾ ਇਕੱਠ ਹੋਣ ਦੀ ਨੌਬਤ ਵੀ ਨਹੀਂ ਆਵੇਗੀ। ਸੋ, ਇਸ ਫੈਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ।


-ਬਲਜਿੰਦਰ ਸਿੰਘ ਔਲਖ
ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)


ਬਦਲਾਅ ਜ਼ਰੂਰੀ
ਅਸੀਂ ਅਕਸਰ ਤਣਾਅ, ਚਿੰਤਾ ਤੇ ਸਿਹਤ ਸਬੰਧੀ ਅਣਦੇਖੀ ਦਾ ਸ਼ਿਕਾਰ ਹੋ ਜਾਂਦੇ ਹਾਂ। ਦੂਜਾ ਸਾਡੇ ਸਮਾਜ ਵਿਚ ਪੁਰਾਣੇ ਸਮੇਂ ਤੋਂ ਪਾਏ ਗਏ ਵਹਿਮ-ਭਰਮ ਵੀ ਸਾਡੀ ਮਾੜੀ ਸਿਹਤ ਨੂੰ ਵਧਾਵਾ ਦਿੰਦੇ ਹਨ। ਤੀਜਾ ਕਿਸੇ ਸਮਾਜਿਕ ਜਾਂ ਪਰਿਵਾਰਕ ਲੜਾਈ-ਝਗੜੇ ਕਾਰਨ ਗੁੱਸੇ ਦਾ ਸ਼ਿਕਾਰ ਹੋ ਜਾਣਾ ਹੈ। ਇਨ੍ਹਾਂ ਦਰਸਾਏ ਕਾਰਨਾਂ ਦਾ ਜੇਕਰ ਨਿਚੋੜ ਕੱਢੀਏ ਤਾਂ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਡਰ, ਚਿੰਤਾ, ਤਣਾਅ, ਵਹਿਮ, ਗੁੱਸਾ, ਸਰੀਰਕ ਕਸਰਤ ਦੀ ਘਾਟ ਆਦਿ ਅਜਿਹੇ ਕਾਰਨ ਹਨ ਜੋ ਸਾਡੀ ਸਿਹਤ ਵਿਚ ਵਿਕਾਰ ਪੈਦਾ ਕਰ ਦਿੰਦੇ ਹਨ। ਇਹੀ ਸਭ ਤੋਂ ਵੱਡੇ ਕਾਰਨ ਹਨ ਜੋ ਸਾਨੂੰ ਬਿਮਾਰੀਆਂ ਵਿਚ ਜਕੜ ਦਿੰਦੇ ਹਨ। ਜੇਕਰ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਕਰਨਾ ਹੋਵੇ ਤਾਂ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਣੇ ਪੈਣਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਸਵੇਰ ਦੀ ਸ਼ੁਰੂਆਤ ਸਮੇਂ ਸਿਰ ਉੱਠ ਕੇ ਸੈਰ ਜਾਂ ਸਰੀਰਕ ਕਸਰਤ ਨੂੰ ਲਾਜ਼ਮੀ ਬਣਾਉਣ ਨਾਲ ਕਰਨੀ ਪਵੇਗੀ। ਦੂਸਰਾ ਵਿਹਲੇ ਸਮੇਂ ਨੂੰ ਚੰਗੀਆਂ ਪੁਸਤਕਾਂ, ਅਖ਼ਬਾਰਾਂ ਜਾਂ ਕੁਦਰਤ ਦੀ ਗੋਦ ਵਿਚ ਬਿਤਾਉਣ ਨਾਲ ਵੀ ਸਾਨੂੰ ਮਾਨਸਿਕ ਤੇ ਸਰੀਰਕ ਵਿਕਾਰਾਂ ਤੋਂ ਛੁਟਕਾਰਾ ਮਿਲਦੇ ਹੈ।


-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।


ਦਸਵੀਂ ਕਲਾਸ ਦੇ ਨਤੀਜੇ
ਕੋਵਿਡ-19 ਦੀ ਮਹਾਂਮਾਰੀ ਦੇ ਚਲਦਿਆਂ 10ਵੀਂ ਕਲਾਸ ਦੇ ਇਮਤਿਹਾਨਾਂ ਵਿਚ ਹੋਈ ਦੇਰੀ ਕਾਰਨ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਵਲੋਂ ਬਿਨਾਂ ਪ੍ਰੀਖਿਆ ਸਾਰੇ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਦੇ ਹਿਸਾਬ ਨਾਲ ਪਾਸ ਕਰਨਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਦੇ ਭਵਿੱਖ ਦਾ ਖਿਆਲ ਰਖਦਿਆਂ ਹੁਣ ਨਤੀਜੇ ਜਲਦ ਐਲਾਨ ਦੇਣੇ ਚਾਹੀਦੇ ਹਨ। ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਲੱਗੀਆਂ 90 ਦਿਨ ਦੀਆਂ ਕਲਾਸਾਂ ਜਾਂ ਮਾਰਚ 2019 ਦੌਰਾਨ ਦਿੱਤੇ ਇਮਤਿਹਾਨਾਂ ਦੀ ਕਾਰਗੁਜ਼ਾਰੀ ਨੂੰ ਆਧਾਰ ਮੰਨ ਕੇ ਪਾਸ ਕਰਨ ਦਾ ਪੈਮਾਨਾ ਅਖਤਿਆਰ ਕੀਤਾ ਜਾ ਸਕਦਾ ਹੈ ਭਾਵੇਂ ਉਹ 9ਵੀਂ ਪਾਸ, 10ਵੀਂ ਫੇਲ੍ਹ ਜਾਂ ਰੀਪੀਅਰ ਵਾਲਾ ਨਤੀਜਾ ਹੋਵੇ। ਉਮੀਦ ਹੈ ਸਾਡੀ ਸਰਕਾਰ ਅਤੇ ਸਿੱਖਿਆ ਬੋਰਡ ਓਪਨ ਸਕੂਲ ਦੇ ਵਿਦਿਆਰਥੀਆਂ ਪ੍ਰਤੀ ਵੀ ਖੁੱਲ੍ਹਦਿਲੀ ਅਤੇ ਨਰਮ ਰੁਖ਼ ਅਖ਼ਤਿਆਰ ਕਰੇਗਾ ਜੋ ਇਨ੍ਹਾਂ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਕੰਮ ਹੋਵੇਗਾ।


-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

05-06-2020

 ਅਨੋਖੀ ਹੈਸੀਅਤ
ਜੀਵਨ ਦੇ ਬਹੁਤ ਵਰ੍ਹੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਸਾਹਿਬ ਨੇ ਇਕ ਸਥਾਪਤ ਪੱਤਰਕਾਰ, ਲੇਖਕ ਅਤੇ ਪ੍ਰਪੱਕ ਕਾਲਮ-ਨਵੀਸ ਵਜੋਂ ਸਾਹਿਤ ਅਤੇ ਮਾਂ ਬੋਲੀ ਦੇ ਲੇਖੇ ਲਾਏ ਹਨ। ਉਨ੍ਹਾਂ ਦੇ ਲਿਖੇ ਲੇਖ ਰਾਜਨੀਤਕ ਸੋਚ ਅਤੇ ਦੇਸ਼ ਦੀ ਆਰਥਿਕਤਾ 'ਚ ਬਦਲਾਅ ਲਿਆਉਣ ਦੀ ਅਨੋਖੀ ਹੈਸੀਅਤ ਰੱਖਦੇ ਹਨ। ਜਿੱਥੇ ਉਨ੍ਹਾਂ ਦੀਆਂ ਲਿਖਤਾਂ ਵਿਚ ਚਾਨਣ-ਚੇਤਨਾ ਕਿਰਨਾਂ ਦਾ ਪ੍ਰਭਾਵ ਮਿਲਦਾ ਹੈ ਉੱਥੇ ਇਕ ਕਵੀ-ਹਿਰਦੇ ਦੇ ਇਕ ਅਦੁੱਤੀ ਤੇਜ ਦੇ ਲਿਸ਼ਕਾਰੇ ਦਾ ਸੁਹੱਪਣ ਵੀ ਅੱਜ ਸਾਹਮਣੇ ਆਇਆ ਹੈ। ਅਜੋਕੇ ਸੰਗੀਤਕ ਸ਼ੋਰ-ਸ਼ਰਾਬੇ ਅੰਦਰ ਅਜੇ ਵੀ ਸੰਗੀਤ ਅਤੇ ਸ਼ਬਦਾਂ ਦੀ ਸ਼ਕਤੀ ਪਛਾਣਨ ਵਾਲੇ ਲੋਕ ਹਨ ਜੋ ਕਿ ਹਮੇਸ਼ਾ ਹੀ ਹਨੇਰੀ ਰਾਤ ਵਿਚ ਟਟਹਿਣਿਆਂ ਵਰਗੇ ਬੋਲਾਂ ਦੀ ਉਡੀਕ ਕਰਦੇ ਹਨ। ਉਮੀਦ ਕਰਦੇ ਹਾਂ ਕਿ ਉਨ੍ਹਾਂ ਦੁਆਰਾ ਕਲਮ-ਬੱਧ ਕੀਤੇ ਬੋਲ ਦਲਜੀਤ ਸਿੰਘ ਹੋਰਾਂ ਦੀਆਂ ਸੰਗੀਤ ਦੀਆਂ ਧੁਨਾਂ ਨਾਲ ਇਕਮਿਕ ਹੋ ਕੇ ਯਾਕੂਬ ਗਿੱਲ ਦੀ ਆਵਾਜ਼ 'ਚ ਸਰੋਤਿਆਂ ਦੇ ਕੰਨਾਂ 'ਚ ਹਮੇਸ਼ਾ ਹੀ ਰਸ ਘੋਲਦੇ ਅਤੇ ਪੰਡਾਲਾਂ ਅੰਦਰ ਉਤਸ਼ਾਹ ਤੇ ਨਵਾਂ ਉਭਾਰ ਪੈਦਾ ਕਰਦੇ ਰਹਿਣਗੇ।

-ਬਰਾੜ ਆਰ. ਸਿੰਘ (ਡਾ:)
ਦਾਨ ਸਿੰਘ ਵਾਲਾ, ਬਠਿੰਡਾ।

ਸੋਚ ਬਦਲਣ ਦੀ ਲੋੜ
ਪਿਛਲੇ ਸਾਲ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਨੂੰ ਮੁੱਖ ਰੱਖ ਕੇ ਪੰਜਾਬ ਦੇ 12858 ਪਿੰਡਾਂ ਦੀਆਂ ਪੰਚਾਇਤਾਂ ਨੂੰ 550 ਬੂਟੇ ਪ੍ਰਤੀ ਪੰਚਾਇਤ ਦੇ ਹਿਸਾਬ ਨਾਲ ਤਕਰੀਬਨ 72 ਲੱਖ ਬੂਟੇ ਵੰਡੇ ਸਨ, ਜਿਨ੍ਹਾਂ 'ਚੋਂ ਬਹੁਤੇ ਬੂਟੇ ਸੁੱਕ ਗਏ ਹਨ। ਪੰਚਾਇਤਾਂ ਦਾ ਕਹਿਣਾ ਹੈ ਕਿ ਜੰਗਲਿਆਂ ਦੀ ਘਾਟ ਅਤੇ ਬੂਟੇ ਕਮਜ਼ੋਰ ਹੋਣ ਕਰਕੇ ਸੁੱਕੇ ਹਨ ਜਦੋਂ ਕਿ ਇਹਦੇ ਨਾਲ-ਨਾਲ ਬੂਟਿਆਂ ਦੀ ਸਹੀ ਸੰਭਾਲ ਨਾ ਹੋਣਾ ਵੀ ਇਕ ਕਾਰਨ ਹੈ। ਇਸ ਦੇ ਨਾਲ-ਨਾਲ ਕੋਈ ਵੀ ਸਮਾਜ ਭਲਾਈ ਦੇ ਕਿਸੇ ਵੀ ਕੰਮ ਨੂੰ ਓਨਾ ਚਿਰ ਸਿਰੇ ਲਾਉਣਾ ਔਖਾ ਹੁੰਦਾ ਹੈ ਜਦੋਂ ਤੱਕ ਲੋਕ ਆਪ ਮੁਹਰੇ ਇਸ ਪਾਸੇ ਨਾ ਤੁਰ ਪੈਣ। ਸੋ, ਅੱਜ ਬੂਟੇ ਲਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਸੋਚ ਵਿਚ ਵਾਤਾਵਰਨ ਪ੍ਰਤੀ ਪਿਆਰ ਭਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਹਰ ਆਦਮੀ ਵਾਤਾਵਰਨ ਪ੍ਰੇਮੀ ਹੋਵੇ ਤੇ ਉਹ ਆਪਣੇ ਆਸੇ-ਪਾਸੇ ਵਾਤਾਵਰਨ ਦਾ ਖਿਆਲ ਰੱਖੇ। ਜਦੋਂ ਅਸੀਂ ਸਾਰੇ ਖਿਆਲ ਕਰਨ ਲੱਗੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਸਾਡਾ ਆਲਾ-ਦੁਆਲਾ ਸਾਫ਼-ਸੁਥਰਾ ਤੇ ਹਰਿਆ-ਭਰਿਆ ਹੋਵੇਗਾ। ਸੋ, ਅੱਜ ਲੋੜ ਹੈ ਸਾਡੀ ਸੋਚ ਬਦਲਣ ਦੀ।

-ਜਸਕਰਨ ਲੰਡੇ
ਪਿੰਡ ਤੇ ਡਾਕ : ਲੰਡੇ, ਜ਼ਿਲ੍ਹਾ ਮੋਗਾ।

04-06-2020

 ਬਦਲਣ ਜੇ ਢੰਗ...
ਆਪਣੇ ਬਾਜ਼ਾਰਾਂ ਅਤੇ ਵਪਾਰ ਵਰਗ ਦਾ ਚਲਿਆ ਆ ਰਿਹਾ ਸਿਸਟਮ ਬਹੁਤ ਹੀ ਪੁਰਾਣਾ, ਘਿਸਿਆ-ਪਿਟਿਆ ਅਤੇ ਸਮਾਂਬੱਧਤਾ ਵਾਲਾ ਨਹੀਂ ਹੈ ਜਿਵੇਂ ਕਿ ਕੁਝ ਦੁਕਾਨਦਾਰ ਵੀਰ ਸਵੇਰੇ ਉੱਠਦੇ ਹੀ ਗੱਦੀ 'ਤੇ ਬੈਠ ਜਾਂਦੇ ਹਨ ਅਤੇ ਦੇਰ ਰਾਤ ਤੱਕ ਉਨ੍ਹਾਂ ਨੂੰ ਦੁਕਾਨਾਂ 'ਤੇ ਬੈਠਣਾ ਪੈਂਦਾ ਹੈ ਕਿਉਂਕਿ ਮਾਰੋ-ਮਾਰ ਦੇ ਇਸ ਦੌਰ ਵਿਚ ਆਪਣਾ ਵਪਾਰ ਛੱਡਣਾ ਬਹੁਤ ਔਖਾ ਹੈ ਕਿ ਉਨ੍ਹਾਂ ਦਾ ਗਾਹਕ ਕਿਸੇ ਹੋਰ ਕੋਲ ਨਾ ਚਲਾ ਜਾਵੇ। ਕਿਤੇ ਨਾ ਕਿਤੇ ਇਸ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਲੋਕ ਆਪਣੇ ਪਰਿਵਾਰ ਅਤੇ ਆਪਣਿਆਂ ਨੂੰ ਸਮਾਂ ਦੇਣਾ ਭੁੱਲ ਜਾਂਦੇ ਹਨ ਜਾਂ ਕਹੀਏ ਕਿ ਚਾਹ ਕੇ ਵੀ ਆਪਣਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ, ਜੋ ਕਿ ਉਨ੍ਹਾਂ ਲਈ ਤਣਾਅ ਅਤੇ ਬਿਮਾਰੀਆਂ ਦੇ ਵੱਲ ਵਧਣ ਦਾ ਇਕ ਮੁੱਖ ਕਾਰਨ ਹੈ। ਸਮੇਂ-ਸਮੇਂ 'ਤੇ ਬਦਲਾਅ, ਜ਼ਿੰਦਗੀ ਅਤੇ ਹਰ ਸਿਸਟਮ ਲਈ ਜ਼ਰੂਰੀ ਹੈ ਜਿਵੇਂ ਕਿ ਸਿਆਣੇ ਕਹਿੰਦੇ ਹਨ 'ਖੜ੍ਹਾ ਤਾਂ ਪਾਣੀ ਵੀ ਮੁਸ਼ਕ ਜਾਂਦਾ ਹੈ'। ਮੈਂ ਚਾਰ ਕੁ ਸਾਲ ਨਿਊਜ਼ੀਲੈਂਡ ਬਿਤਾਏ ਅਤੇ ਉਥੇ ਦੇ ਜੀਵਨ ਅਤੇ ਆਪਣੇ ਲੋਕਾਂ ਦੇ ਜੀਵਨ ਬਿਤਾਉਣ ਦੇ ਢੰਗ ਨੇ ਕਾਫੀ ਪ੍ਰਭਾਵਿਤ ਕੀਤਾ ਜਿਵੇਂ ਕਿ ਉਥੇ ਸਿਟੀ ਸੈਂਟਰ ਦੀਆਂ ਦੁਕਾਨਾਂ ਸ਼ਾਮ ਪੰਜ ਵਜੇ ਬੰਦ ਹੋ ਜਾਂਦੀਆਂ ਹਨ। ਉਸ ਤੋਂ ਬਾਅਦ ਉਹ ਲੋਕ ਆਪਣੇ-ਆਪ ਅਤੇ ਆਪਣਿਆਂ ਨੂੰ ਸਮਾਂ ਦਿੰਦੇ ਹਨ। ਜੇਕਰ ਇਹੀ ਨਿਯਮ ਆਪਣੇ ਲੋਕਾਂ ਉੱਤੇ ਅਪਲਾਈ ਕਰੀਏ ਤਾਂ ਆਪਸ ਵਿਚ ਨੇੜਤਾ, ਮੇਲ ਜੋਲ, ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਵਿਚ ਬਹੁਤ ਫ਼ਰਕ ਪਵੇਗਾ। ਇਸ ਨਾਲ ਲੋਕਾਂ ਦਾ ਜੀਵਨ ਮਿਆਰ ਵੀ ਉੱਚਾ ਹੋਵੇਗਾ ਅਤੇ ਰੈਸਟੋਰੈਂਟ, ਸਿਨੇਮਾ ਵਰਗੇ ਵਪਾਰਾਂ ਵਿਚ ਵੀ ਵਾਧਾ ਹੋਵੇਗਾ ਅਤੇ ਮਾਰਕੀਟ ਵਿਚ ਪੈਸੇ ਦਾ ਲੈਣ-ਦੇਣ ਹੋਰ ਵਧੇਗਾ ਜੋ ਕਿ ਫਾਇਦੇਮੰਦ ਸਿੱਧ ਹੋਵੇਗਾ।

-ਪੁਸ਼ਪਿੰਦਰ ਜੀਤ ਸਿੰਘ ਭਲੂਰੀਆ
ਗਲੀ ਨੰ: 4, ਦੇਵੀ ਵਾਲਾ ਰੋਡ, ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ।

ਕਿਸਾਨ ਤੇ ਮਜ਼ਦੂਰ ਦੀ ਸਾਂਝ
ਕਿਸਾਨ ਤੇ ਮਜ਼ਦੂਰ ਦੀ ਸਾਂਝ ਸਦੀਆਂ ਪੁਰਾਣੀ ਹੈ। ਇਨ੍ਹਾਂ ਦਾ ਇਕ-ਦੂਜੇ ਬਿਨਾਂ ਕਦੇ ਵੀ ਸਰ ਨਹੀਂ ਸਕਦਾ। ਇਨ੍ਹਾਂ ਦੀ ਸਾਂਝ ਨੂੰ ਜੇਕਰ ਨਹੁੰ-ਮਾਸ ਦੇ ਰਿਸ਼ਤੇ ਦਾ ਨਾਂਅ ਦਿੱਤਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਪ੍ਰੰਤੂ ਅੱਜ ਦੀ ਘੜੀ 'ਚ ਪ੍ਰਵਾਸੀ ਮਜ਼ਦੂਰਾਂ ਦੀ ਪੈਦਾ ਹੋਈ ਵੱਡੀ ਕਮੀ ਦੇ ਚਲਦਿਆਂ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਵਿਚਕਾਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਅਸਥਿਰਤਾ ਪੈਦਾ ਕਰਨ ਵਾਲੀਆਂ ਪੋਸਟਾਂ ਪਾ ਕੇ ਇਨ੍ਹਾਂ ਦੋਵਾਂ ਭਾਈਚਾਰਿਆਂ 'ਚ ਕੁੜੱਤਣ ਭਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਅਖ਼ਬਾਰਾਂ 'ਚ ਵੀ ਪੜ੍ਹਿਆ ਹੈ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਆਪ-ਮੁਹਾਰੇ ਹੀ (ਕਿਸਾਨ ਤੇ ਮਜ਼ਦੂਰਾਂ ਦੀ ਸਹਿਮਤੀ ਤੋਂ ਬਿਨਾਂ ਹੀ) ਝੋਨੇ ਦੀ ਲਵਾਈ ਦੇ ਭਾਅ ਤੈਅ ਕਰ ਦਿੱਤੇ ਹਨ, ਜੋ ਕਿ ਸਾਡੇ ਸਮਾਜ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ। ਅਸੀਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਝੋਨੇ ਦੀ ਲਵਾਈ ਦੇ ਰੇਟ ਦਾ ਮਸਲਾ ਰਲ-ਮਿਲ ਕੇ ਹੱਲ ਕਰਵਾਉਣ ਤਾਂ ਜੋ ਕਿਸਾਨ ਤੇ ਮਜ਼ਦੂਰ ਦੇ ਰਿਸ਼ਤੇ ਨੂੰ ਬੁਰੀਆਂ ਨਜ਼ਰਾਂ ਲੱਗਣ ਤੋਂ ਬਚਾਇਆ ਜਾ ਸਕੇ।

-ਮੰਗਲਮੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਕੋਰੋਨਾ ਸੰਕਟ ਕਾਰਨ ਬੱਚੇ ਦੁਖੀ
ਉਂਜ ਤਾਂ ਬਿਮਾਰੀ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਇਹ ਕੋਰੋਨਾ ਦੀ ਬਿਮਾਰੀ ਤਾਂ ਅਜਿਹੀ ਦੇਖੀ ਹੈ ਜਿਸ ਨੇ ਸਾਰਾ ਸੰਸਾਰ ਹੀ ਬਿਪਤਾ ਵਿਚ ਪਾ ਦਿੱਤਾ ਹੈ। ਸਰੀਰਕ ਕਸ਼ਟਾਂ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਸੰਕਟਾਂ ਨੇ ਵੀ ਮਨੁੱਖ ਦੀ ਸੂਰਤ ਗੁੰਮ ਕਰ ਦਿੱਤੀ ਹੈ। ਹਰ ਕੋਈ ਇਹੀ ਸੋਚਦਾ ਹੈ ਕਿ ਇਹ ਮਨੁੱਖ ਦੀ ਕਿਸੇ ਵੱਡੀ ਭੁੱਲ ਦਾ ਜਾਂ ਉਸ ਦੇ ਹੰਕਾਰ ਦਾ ਅਦਿੱਖ ਸੰਤਾਪ ਹੈ। ਪਰ ਕੋਰੋਨਾ ਸੰਕਟ ਵਿਚ ਸਭ ਤੋਂ ਵੱਧ ਦੁਖੀ ਛੋਟੇ ਬੱਚੇ ਹਨ ਜੋ ਆਪਣਾ ਬਚਪਨ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਇਕ ਤਾਂ ਬੱਚੇ ਸੁਭਾਵਿਕ ਤੌਰ 'ਤੇ ਡਰਨ ਵਾਲੇ ਹੁੰਦੇ ਹਨ, ਦੂਜਾ ਕੋਰੋਨਾ ਵੀ 10 ਸਾਲ ਤੋਂ ਘੱਟ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਦੇ ਬਜ਼ੁਰਗਾਂ ਨੂੰ ਵੱਧ ਡਰਾਉਂਦਾ ਹੈ।
ਬਚਪਨ ਵਿਚ ਬੱਚਿਆਂ ਨੂੰ ਸਭ ਤੋਂ ਪਿਆਰੀ ਖੇਡ ਹੁੰਦੀ ਹੈ ਅਤੇ ਉਨ੍ਹਾਂ ਦੀ ਪਿਆਰੀ ਖੇਡ ਉਨ੍ਹਾਂ ਨੂੰ ਭੁੱਲਦੀ ਹੀ ਜਾ ਰਹੀ ਹੈ ਕਿਉਂਕਿ ਉਹ ਖੇਡਣ ਲਈ ਬਾਹਰ ਨਹੀਂ ਜਾ ਸਕਦੇ ਅਤੇ ਘਰ ਵਿਚ ਅੰਦਰੂਨੀ ਖੇਡਾਂ ਖੇਡਣਾ ਉਨ੍ਹਾਂ ਦਾ ਚਾਅ ਪੂਰਾ ਨਹੀਂ ਕਰਦੀਆਂ ਹਨ। ਜੇ ਬੱਚਿਆਂ ਨੂੰ ਆਨਲਾਈਨ ਪੜ੍ਹਾਉਣਾ ਜਾਂ ਕੰਮ ਦੇਣਾ ਬਹੁਤ ਹੀ ਜ਼ਰੂਰੀ ਹੈ ਤਾਂ ਇਸ ਦੀ ਸਮਾਂ ਸੀਮਾਂ ਨਿਸਚਿਤ ਹੋਣੀ ਚਾਹੀਦੀ ਹੈ ਨਾ ਕਿ ਬੱਚੇ ਸਾਰਾ ਦਿਨ ਸਿਰ 'ਤੇ ਭਾਰ ਚੁੱਕੀ ਫਿਰੀ ਜਾਣ। ਆਓ, ਸਭ ਤੋਂ ਪਹਿਲਾਂ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸ ਕਰੀਏ।

-ਬਹਾਦਰ ਸਿੰਘ ਗੋਸਲ।

ਗਾਜਰ ਬੂਟੀ
ਪੰਜਾਬ ਦੇ ਕਰੀਬ ਸਾਰਿਆਂ ਹੀ ਇਲਾਕਿਆਂ ਵਿਚ ਗਾਜਰ ਬੂਟੀ ਦੀ ਭਰਮਾਰ ਹੋ ਗਈ ਹੈ। ਇਸ ਬੂਟੀ ਨੂੰ ਫੁੱਲ ਵੀ ਲੱਗ ਗਏ ਹਨ। ਜਦੋਂ ਇਸ ਬੂਟੀ ਦੇ ਫੁੱਲ ਟੁੱਟ ਕੇ ਜਾਂ ਝੜ ਕੇ ਹੇਠਾਂ ਡਿਗਦੇ ਹਨ ਤਾਂ ਉਨ੍ਹਾਂ ਫੁੱਲਾਂ ਦੇ ਬੀਜਾਂ ਵਿਚੋਂ ਅਨੇਕਾਂ ਹੋਰ ਬੂਟੇ ਗਾਜਰ ਬੂਟੀ ਦੇ ਉੱਗ ਪੈਂਦੇ ਹਨ। ਜਿਸ ਕਾਰਨ ਇਹ ਬੂਟੀ ਦਿਨੋ ਦਿਨ ਵਧ ਰਹੀ ਹੈ। ਇਹ ਗਾਜਰ ਬੂਟੀ ਬਹੁਤ ਖ਼ਤਰਨਾਕ ਹੁੰਦੀ ਹੈ। ਸਿਹਤ ਮਾਹਰਾਂ ਅਨੁਸਾਰ ਇਸ ਗਾਜਰ ਬੂਟੀ ਤੋਂ ਕਈ ਕਿਸਮ ਦੀਆਂ ਚਮੜੀ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਗਾਜਰ ਬੂਟੀ ਗਲੀਆਂ, ਸੜਕਾਂ ਦੇ ਕਿਨਾਰਿਆਂ, ਖਾਲੀ ਪਲਾਟਾਂ ਅਤੇ ਹੋਰ ਥਾਂਵਾਂ ਉਪਰ ਵੱਡੀ ਗਿਣਤੀ ਵਿਚ ਉਗੀ ਹੋਈ ਹੈ।
ਇਸ ਖ਼ਤਰਨਾਕ ਬੂਟੀ ਦੇ ਖ਼ਾਤਮੇ ਲਈ ਵੱਡੀ ਮੁਹਿੰਮ ਚਲਾਉਣ ਦੀ ਲੋੜ ਹੈ। ਇਸ ਕੰਮ ਵਿਚ ਸਥਾਨਕ ਪ੍ਰਸ਼ਾਸਨ ਭਾਵ ਪੰਚਾਇਤਾਂ, ਨਗਰ ਕੌਂਸਲਾਂ ਅਤੇ ਨਗਰ ਨਿਗਮ ਮੋਹਰੀ ਭੂੁਮਿਕਾ ਨਿਭਾਅ ਸਕਦੇ ਹਨ ਅਤੇ ਆਮ ਲੋਕਾਂ ਨੂੰ ਪ੍ਰੇਰ ਕੇ ਗਾਜਰ ਬੂਟੀ ਦਾ ਸਫਾਇਆ ਕੀਤਾ ਜਾ ਸਕਦਾ ਹੈ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੀ ਸਫ਼ਾਈ ਕਰਨ ਦੇ ਨਾਲ ਨਾਲ ਆਪਣੇ ਘਰ ਦੇ ਆਲੇ ਦੁਆਲੇ ਵੀ ਸਫਾਈ ਰੱਖਣ ਅਤੇ ਆਪਣੇ ਘਰਾਂ ਦੇ ਨੇੜੇ ਉਗੀ ਹੋਈ ਗਾਜਰ ਬੂਟੀ ਅਤੇ ਗਲੀਆਂ-ਸੜਕਾਂ ਦੇ ਕਿਨਾਰਿਆਂ 'ਤੇ ਉਗੀ ਹੋਈ ਗਾਜਰ ਬੂਟੀ ਦਾ ਸਫਾਇਆ ਕਰ ਦੇਣ। ਇਸ ਕੰਮ ਲਈ ਸਥਾਨਕ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਸਾਂਝੀ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਸ ਵਿਚ ਨੌਜਵਾਨ ਕਲੱਬਾਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ।

-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ ਵਿਦਿਆ ਨਗਰ, ਪਟਿਆਲਾ।

03-06-2020

 ਕੋਰੋਨਾ ਤੇ ਮੱਧ ਵਰਗ ਦੀ ਮਜਬੂਰੀ
ਕੋਰੋਨਾ ਦਾ ਕਹਿਰ, ਅਮੀਰ, ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ 'ਤੇ ਮਾਰ ਕਰ ਰਿਹਾ ਹੈ। ਅਮੀਰ ਵਰਗ ਨੂੰ ਤਾਲਾਬੰਦੀ ਤਹਿਤ ਮਿਲਣ ਵਾਲੀਆਂ ਸਭ ਪ੍ਰਕਾਰ ਦੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਮਿਲ ਰਹੀਆਂ ਹਨ। ਉਨ੍ਹਾਂ ਨੂੰ ਰਾਸ਼ਨ, ਸਬਜ਼ੀ, ਦੁੱਧ, ਫਲ, ਦਵਾਈਆਂ ਅਤੇ ਹਰ ਇਕ ਆਰਾਮ ਅਤੇ ਮਨੋਰੰਜਕ ਖੇਡਾਂ ਦਾ ਸਾਮਾਨ ਮਿਲ ਰਿਹਾ ਹੈ। ਗ਼ਰੀਬ ਵਰਗ ਨੂੰ ਰਾਸ਼ਨ ਵੀ ਅਤੇ ਸਹਾਇਤਾ, ਵਿੱਤੀ ਵੀ ਮਿਲ ਰਹੀ ਹੈ ਪਰ ਮੱਧ ਵਰਗ ਨੂੰ ਨਾ ਤਾਂ ਅਮੀਰਾਂ ਵਾਂਗ ਸਹੂਲਤਾਂ ਮਿਲ ਰਹੀਆਂ ਹਨ। ਆਪਣੇ-ਆਪ ਅਤੇ ਨਾ ਹੀ ਉਹ ਗ਼ਰੀਬ ਵਰਗ ਵਾਂਗ ਮੰਗ ਕੇ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ। ਸਮਾਜ ਸੇਵੀ ਸੰਸਥਾਵਾਂ ਵੀ ਗ਼ਰੀਬ ਪਰਿਵਾਰਾਂ ਦੀ ਮਦਦ ਕਰ ਰਹੀਆਂ ਹਨ। ਮੱਧ ਵਰਗੀ ਲੋਕ ਆਪਣੇ ਸਵੈ-ਅਭਿਮਾਨ ਕਾਰਨ ਰਾਸ਼ਨ ਦੀ ਮੰਗ ਵੀ ਨਹੀਂ ਕਰ ਰਹੇ। ਇਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਮੱਧ ਵਰਗ ਤੱਕ ਸਹੂਲਤਾਂ, ਸਾਮਾਨ, ਜ਼ਰੂਰੀ ਚੀਜ਼ਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ।

-ਗੌਰਵ ਸ਼ਰਮਾ
ਅਧਿਆਪਕ, ਸਟੇਟ ਐਵਾਰਡੀ, ਧਰਮਕੋਟ।

ਬਜ਼ੁਰਗਾਂ ਦੇ ਤਜਰਬੇ
ਅੱਜ ਦਾ ਯੁੱਗ ਭੱਜ ਦੌੜ ਦਾ ਯੁੱਗ ਹੈ, ਇਸ ਭੱਜ ਦੌੜ ਦੇ ਕਾਰਨ ਇਨਸਾਨ ਆਪਣਾ ਜੀਵਨ ਜਿਊਣਾ ਭੁੱਲ ਗਿਆ ਹੈ। ਅੱਜ ਹਰ ਕੋਈ ਤੇਜ਼ੀ ਦੇ ਵਿਚ ਹੈ ਅਤੇ ਕਿਸੇ ਕੋਲ ਵੀ ਦੂਜੇ ਲਈ ਸਮਾਂ ਨਹੀਂ ਹੈ। ਬਾਹਰ ਵਾਲੇ ਤਾਂ ਦੂਰ ਦੀ ਗੱਲ ਹੈ ਘਰ ਵਿਚ ਰਹਿੰਦੇ ਹੋਏ ਬਜ਼ੁਰਗਾਂਨਾਲ ਵੀ ਬੱਚਿਆਂ ਦੀ ਕਦੇ-ਕਦਾਈਂ ਹੀ ਗੱਲ ਹੁੰਦੀ ਹੈ। ਜੇਕਰ ਬਜ਼ੁਰਗ ਬੱਚਿਆਂ ਨੂੰ ਕੋਈ ਗੱਲ ਪੁੱਛਦੇ ਹਨ ਤਾਂ ਬੱਚਿਆਂ ਨੂੰ ਉਹ ਗੱਲ ਆਪਣੀ ਆਜ਼ਾਦੀ ਵਿਚ ਅੜਿੱਕਾ ਲਗਦੀ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂਦੇ ਦਾਦਾ-ਦਾਦੀ ਫਾਲਤੂ ਸਵਾਲ ਕਰ ਕੇ ਉਨ੍ਹਾਂ ਨੂੰ ਜ਼ਿੰਦਗੀ ਦਾ ਖੁੱਲ੍ਹ ਕੇ ਆਨੰਦ ਨਹੀਂ ਮਾਨਣ ਦੇ ਰਹੇ ਜੋ ਕਿ ਸਹੀ ਨਹੀਂ ਹੈ। ਘਰ ਵਿਚ ਰਹਿ ਰਹੇ ਬਜ਼ੁਰਗਾਂ ਕੋਲ ਉਮਰ ਭਰ ਦਾ ਤਜਰਬਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਬੱਚਿਆਂ ਲਈ ਕੀ ਸਹੀ ਹੈ ਅਤੇ ਕੀ ਗ਼ਲਤ। ਕਈ ਵਾਰ ਬੱਚੇ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਅਣਦੇਖਾ ਕਰਦੇ ਹਨ। ਕਿਸੇ ਕਾਰਨ ਨੁਕਸਾਨ ਹੋ ਜਾਂਦਾ ਹੈ ਤਾਂ ਬੱਚੇ ਬੈਠ ਕੇ ਸੋਚਦੇ ਹਨ ਕਿ ਮੈਨੂੰ ਇਸ ਕੰਮ ਲਈ ਬਜ਼ੁਰਗਾਂ ਦੀ ਸਲਾਹ ਪਹਿਲਾਂ ਹੀ ਮੰਨ ਲੈਣੀ ਚਾਹੀਦੀ ਸੀ ਪਰ ਉਸ ਵੇਲੇ ਤੱਕ ਸਮਾਂ ਲੰਘ ਚੁੱਕਿਆ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਕੁਝ ਨਾ ਕੁਝ ਸਮਾਂ ਕੱਢ ਕੇ ਆਪਣੇ ਬਜ਼ੁਰਗਾਂ ਕੋਲ ਜ਼ਰੂਰ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਤਜਰਬੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਅੱਜਕਲ੍ਹ ਜਿਹੋ ਜਿਹਾ ਸਮਾਂ ਚਲ ਰਿਹਾ ਹੈ, ਉਸ ਵਿਚ ਹਰ ਇਕ ਇਨਸਾਨ ਕੋਲ ਸਮਾਂ ਹੀ ਸਮਾਂ ਹੈ, ਇਸ ਲਈ ਘਰ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਕੁਝ ਨਾ ਕੁਝ ਸਮਾਂ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਸੇਧ ਲੈ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਪੰਜਾਬੀਆਂ ਦੀ ਹੌਸਲਾ ਅਫਜ਼ਾਈ
ਸੰਪਾਦਕੀ ਸਫ਼ੇ 'ਤੇ ਸ੍ਰੀ ਸਤਨਾਮ ਸਿੰਘ ਮਾਣਕ ਨੇ ਆਪਣੇ ਲੇਖ ਰਾਹੀਂ ਪੰਜਾਬੀਆਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੇ ਰੋਲ ਦੀ ਚਰਚਾ ਕੀਤੀ ਹੈ। ਜੇਕਰ ਪਿੱਛੇ ਇਤਿਹਾਸ ਦੀ ਗੱਲ ਕਰੀਏ ਤਾਂ ਹਰ ਮੁਸੀਬਤ ਦੇ ਸਮੇਂ ਪੰਜਾਬੀ ਬੇਮਿਸਾਲ, ਦ੍ਰਿੜ੍ਹਤਾ, ਦਲੇਰੀ ਦਾ ਪ੍ਰਗਟਾਵਾ ਕਰਦੇ ਆਏ ਹਨ। ਕੋਰੋਨਾ ਵਾਇਰਸ ਦੇ ਸੰਕਟ ਵਿਚ ਪੰਜਾਬੀਆਂ ਖ਼ਾਸ ਕਰਕੇ 'ਸਿੱਖ ਭਾਈਚਾਰੇ' ਨੇ ਦੁਨੀਆ ਵਿਚ ਆਪਸੀ ਮਿਸਾਲ ਕਾਇਮ ਕੀਤੀ ਹੈ। ਦੁਨੀਆ ਭਰ ਦੇ ਗੁਰੂ ਘਰ ਵਿਚ ਇਸ ਸਮੇਂ ਲੋੜਵੰਦਾਂ ਨੂੰ ਖੁਰਾਕ ਤੇ ਹੋਰ ਲੋੜਾਂ ਪੂਰੀਆਂ ਕਰਨ ਵਾਲਾ ਸਾਮਾਨ ਮੁਹੱਈਆ ਕਰਵਾ ਰਹੇ ਹਨ। ਭਾਵੇਂ ਤਾਲਾਬੰਦੀ ਦੌਰਾਨ ਪੰਜਾਬ ਦੀ ਆਰਥਿਕਤਾ ਵੀ ਪ੍ਰਭਾਵਿਤ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬੀਆਂ ਨੇ ਲੋੜਵੰਦਾਂ ਦੀ ਮਦਦ ਕਰਨ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਕਣਕ ਦੇ ਸੀਜ਼ਨ ਦੌਰਾਨ ਪ੍ਰਸ਼ਾਸਨ, ਆੜ੍ਹਤੀਆਂ ਤੇ ਕਿਸਾਨਾਂ ਨੇ ਆਪਣੀ ਸਹਿਯੋਗ ਨਾਲ ਇਸ ਵੱਡੇ ਕੰਮ ਨੂੰ ਕਾਫੀ ਹੱਦ ਤੱਕ ਸਿਰੇ ਚੜ੍ਹਾ ਲਿਆ ਹੈ। ਸਾਨੂੰ ਪੰਜਾਬੀਆਂ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਆਪਣੇ ਹੌਸਲੇ ਬਣਾਈ ਰੱਖਣੇ ਹੋਣਗੇ ਅਤੇ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਹੋਵੇਗੀ। ਇਹੀ ਸਾਡੀ ਆਪਣੇ ਗੁਰੂ ਸਾਹਿਬਾਨ, ਸੂਫ਼ੀ ਫ਼ਕੀਰਾਂ ਅਤੇ ਭਗਤੀ ਲਹਿਰ ਦੇ ਸੰਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਵਿਸ਼ਵ ਸਾਈਕਲ ਦਿਵਸ
ਤੇਜ਼ ਰਫ਼ਤਾਰ ਆਵਾਜਾਈ ਦੇ ਸਾਧਨਾਂ ਦੀ ਹੋਂਦ ਵਿਚ ਇਕ ਗਵਾਚਿਆ ਹੋਇਆ ਆਵਾਜਾਈ ਦਾ ਸ਼ਾਹਅਸਵਾਰ ਸਾਧਨ ਹੈ ਸਾਈਕਲ। ਸਾਈਕਲ ਇਕ ਅਜਿਹਾ ਆਵਾਜਾਈ ਦਾ ਸਾਧਨ ਹੈ, ਜਿਸ ਨੂੰ ਚਲਾਉਣ ਲਈ ਪੈਟਰੋਲ ਜਾਂ ਹੋਰ ਕਿਸੇ ਪ੍ਰਕਾਰ ਦੇ ਈਂਧਣ ਦੀ ਜ਼ਰੂਰਤ ਨਹੀਂ ਪੈਂਦੀ। ਅਪ੍ਰੈਲ 2018 ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ 3 ਜੂਨ ਨੂੰ ਅੰਤਰਰਾਸ਼ਟਰੀ ਸਾਈਕਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਸਾਈਕਲ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਦਾ ਸਭ ਤੋਂ ਵਧੀਆ ਸਾਧਨ ਹੈ। ਅੱਜ ਦੇ ਸਮੇਂ ਵਿਚ ਬਹੁਤੇ ਲੋਕ ਇਸ ਨੂੰ ਚਲਾਉਣ ਤੋਂ ਕੰਨੀ ਕਤਰਾਉਂਦੇ ਹਨ। ਸਾਈਕਲ ਚਲਾਉਣਾ ਬਹੁਤ ਹੀ ਆਸਾਨ ਹੈ, ਜਿਸ ਕਰਕੇ ਬੱਚੇ, ਜਵਾਨ ਅਤੇ ਬਜ਼ੁਰਗ ਆਸਾਨੀ ਨਾਲ ਇਸ ਨੂੰ ਚਲਾ ਕੇ ਜਿਥੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ, ਉਥੇ ਹੀ ਉਹ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ ਰਹਿ ਕੇ ਵਧੀਆ ਜੀਵਨ ਦਾ ਅਨੰਦ ਵੀ ਮਾਣ ਸਕਦੇ ਹਨ। ਸਾਈਕਲ ਨੂੰ ਚਲਾਉਣ ਤੋਂ ਬਾਅਦ ਸਰੀਰ ਬਿਲਕੁਲ ਹਲਕਾ-ਫੁਲਕਾ ਜਿਹਾ ਮਹਿਸੂਸ ਹੁੰਦਾ ਹੈ। ਲੋੜ ਹੈ ਕਿ ਥੋੜ੍ਹੀ ਦੂਰੀ ਦੀਆਂ ਥਾਵਾਂ 'ਤੇ ਜਾਣ ਲਈ ਆਵਾਜਾਈ ਦੇ ਹੋਰ ਸਾਧਨਾਂ ਦੀ ਜਗ੍ਹਾ ਸਾਈਕਲ ਨੂੰ ਥਾਂ ਦੇਈਏ ਤਾਂ ਕਿ ਜਿਥੇ ਅਸੀਂ ਸੜਕਾਂ ਦੇ ਟ੍ਰੈਫਿਕ ਨੂੰ ਘੱਟ ਕਰਨ ਵਿਚ ਯੋਗਦਾਨ ਪਾਵਾਂਗੇ, ਉਥੇ ਹੀ ਸਾਈਕਲ ਸੜਕੀ ਆਵਾਜਾਈ ਲਈ ਇਕ ਸੁਰੱਖਿਅਤ ਸਾਧਨ ਹੈ। ਸਰੀਰਕ ਤੰਦਰੁਸਤੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਇਸ ਨੂੰ ਤਰਜੀਹ ਦੇਈਏ।

-ਲਖਵੀਰ ਸਿੰਘ, ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

02-06-2020

ਡਰ ਬਨਾਮ ਕੋਰੋਨਾ
ਸੋਸ਼ਲ ਮੀਡੀਆ ਲੋਕਾਂ ਵਿਚ ਇਹ ਕਹਿ ਕੇ ਦਹਿਸ਼ਤ ਫੈਲਾ ਰਿਹਾ ਹੈ ਕਿ ਕੋਰੋਨਾ ਵਾਇਰਸ ਏਨੀ ਘਾਤਕ ਬਿਮਾਰੀ ਹੈ ਕਿ ਇਸ ਦਾ ਅਜੇ ਕੋਈ ਇਲਾਜ ਨਹੀਂ ਹੈ ਤੇ ਨਾ ਇਸ ਦੀ ਕੋਈ ਦਵਾ ਬਣੀ ਹੈ। ਡਰ ਇਹੋ ਜਿਹੀ ਮਾਨਸਿਕ ਬਿਮਾਰੀ ਹੈ ਜੋ ਸਰੀਰਕ ਬਿਮਾਰੀ ਤੋਂ ਵੀ ਵੱਧ ਨੁਕਸਾਨਦੇਹ ਹੈ। ਮੈਂ ਸ਼ਹਿਰ ਦੇ ਇਕ ਵੱਡੇ ਹਸਪਤਾਲ ਚਲਾ ਗਿਆ। ਆਪਣੀਆਂ ਰਿਪੋਰਟਾਂ ਨਿੱਕੇ ਡਾਕਟਰਾਂ ਨੂੰ ਦਿਖਾਈਆਂ, ਜਿਨ੍ਹਾਂ ਨੇ ਦੇਖਦੇ ਸਾਰ ਹੀ ਮੈਨੂੰ ਏਨਾ ਡਰਾ ਦਿੱਤਾ ਕਿ ਮੇਰਾ ਚਿਹਰਾ ਇਕਦਮ ਉਤਰ ਗਿਆ। ਇਹ ਗੱਲ ਵੱਡੇ ਡਾਕਟਰ ਨੇ ਨੋਟ ਕਰ ਲਈ ਤੇ ਮੇਰੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਇਕ ਗੋਲੀ ਇਕ ਮਹੀਨੇ ਲਈ ਖਾਣ ਲਈ ਕਹਾ। ਮੈਂ ਕਿਹਾ ਦੁਬਾਰਾ ਕਦੋਂ ਦਿਖਾਉਣਾ ਹੈ। ਤੂੰ ਬਿਲਕੁਲ ਠੀਕ ਹੈ। ਇਹ ਗੋਲੀ ਇਕ ਮਹੀਨਾ ਖਾਣ ਤੋਂ ਬਾਅਦ ਜ਼ਰੂਰਤ ਨਹੀਂ ਪਵੇਗੀ। ਇਹ ਗੱਲ ਡਾਕਟਰ ਦੀ ਸੁਣਨ ਤੋਂ ਬਾਅਦ ਮੇਰੇ ਚਿਹਰੇ 'ਤੇ ਰੌਣਕ ਆ ਗਈ ਤੇ ਮੈਂ ਆਪਣੇ-ਆਪ ਨੂੰ ਘੋੜੇ ਵਰਗਾ ਮਹਿਸੂਸ ਕਰਨ ਲੱਗ ਪਿਆ।
ਜਿਥੋਂ ਤੱਕ ਸਵਾਲ ਹੈ ਲੋਕਾਂ ਦਾ ਘਰਾਂ ਵਿਚ ਰਹਿ ਕੇ ਤਾਲਾਬੰਦੀ ਦੀ ਪਾਲਣਾ ਕਰਨ ਦਾ ਠੀਕ ਹੈ ਪਰ ਲੋਕਾਂ ਨੂੰ ਏਨਾ ਵੀ ਨਾ ਡਰਾਓ ਕਿ ਉਹ ਜਿਊਂਦੇ ਜੀਅ ਮਰ ਜਾਣ। ਸਰਕਾਰ ਨੂੰ ਜੋ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਂਦੇ ਹਨ, ਇਨ੍ਹਾਂ ਦੇ ਕੇਸ ਸਾਈਬਰ ਥਾਣੇ ਵਿਚ ਲਗਾ ਕੇ ਪਰਚੇ ਦਰਜ ਕਰ ਸਜ਼ਾ ਦਿਵਾਈ ਜਾਵੇ ਤਾਂ ਜੋ ਲੋਕਾਂ ਵਿਚ ਪਹੁੰਚਾਉਣ ਵਾਲੀ ਦਹਿਸ਼ਤ ਰੁਕ ਸਕੇ।

-ਗੁਰਮੀਤ ਸਿੰਘ ਵੇਰਕਾ।

ਮੁਫ਼ਤ ਹੈਲਪਲਾਈਨਾਂ
ਕੋਰੋਨਾ ਵਾਇਰਸ ਨੇ ਪੂਰੇ ਸੰਸਾਰ ਵਿਚ ਆਪਣੇ ਪੈਰ ਪਸਾਰ ਲਏ ਹਨ ਅਤੇ ਰੋਜ਼ਾਨਾ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਅਤੇ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਧਦੇ ਹੀ ਜਾ ਰਹੇ ਹਨ। ਪੰਜਾਬ ਸਰਕਾਰ ਨੇ ਤਾਂ ਪਹਿਲ ਕਦਮੀ ਕਰਦਿਆਂ ਆਮ ਜਨਤਾ ਲਈ ਇਸ ਔਖੀ ਘੜੀ ਵਿਚ ਕੁਝ ਮੁਫ਼ਤ ਹੈਲਪਲਈਨਾਂ ਜਾਰੀ ਕਰ ਦਿੱਤੀਆਂ ਹਨ। ਟੋਲ-ਫਰੀ ਨੰਬਰ 112 ਡਾਇਲ ਕਰ ਤੁਸੀਂ ਕਾਨੂੰਨ ਤੇ ਵਿਵਸਥਾ, ਕਰਫ਼ਊ, ਪੁਲਿਸ ਵਿਭਾਗ ਨਾਲ ਸਬੰਧਿਤ ਜਾਣਕਾਰੀ ਜਾਂ ਕੋਈ ਤਕਲੀਫ਼ ਦੱਸ ਸਕਦੇ ਹੋ। 104 ਨੰਬਰ ਰਾਹੀਂ ਤੁਸੀਂ ਘਰ ਬੈਠਿਆਂ ਸਿਹਤ ਸੇਵਾਵਾਂ, ਸਹੂਲਤਾਂ, ਸਕੀਮਾਂ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹੋ।
108 ਨੰਬਰ ਐਂਬੂਲੈਂਸ ਦੀ ਸੁਵਿਧਾ ਲਈ ਹੈ। ਸਰਕਾਰ ਵਲੋਂ ਨੰਬਰ 1905 ਆਮ ਮਦਦ-ਜ਼ਰੂਰੀ ਵਸਤੂਆਂ ਅਤੇ ਸਪਲਾਈ ਸਬੰਧੀ ਸਥਾਪਿਤ ਕੀਤਾ ਗਿਆ ਹੈ। 1800-180-4104 ਹੈਲਪਲਈਨ ਨੰਬਰ ਡਾਇਲ ਕਰਕੇ ਤੁਸੀਂ ਡਾਕਟਰੀ ਸਲਾਹ ਪ੍ਰਾਪਤ ਕਰ ਸਕਦੇ ਹੋ। ਇਸੇ ਤਰ੍ਹਾਂ ਉਹ ਲੋਕ ਜੋ ਸਿਹਤ-ਮੈਡੀਕਲ ਐਮਰਜੈਂਸੀ, ਮੈਨੂਫੈਕਚਰਰਿੰਗ, ਟ੍ਰਾਂਸਪੋਰਟ, ਸਟੋਰੇਜ, ਬੈਂਕਿੰਗ, ਦੁਕਾਨਾਂ ਅਤੇ ਮੀਡੀਆ ਪਰਸਨਜ਼ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਉਨ੍ਹਾਂ ਲਈ epasscov}d੧੯.pa}s.net.}n ਵੈਬਸਾਈਟ ਜਾਰੀ ਕੀਤੀ ਗਈ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਸਰਕਾਰ ਇਹ ਸਾਰੀਆਂ ਸਹੂਲਤਾਂ ਸੂਬਾ ਵਾਸੀਆਂ ਲਈ ਇਸ ਲਈ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਉਹ ਇਸ ਮਾਹੌਲ ਵਿਚ ਘਰਬਰਾਉਣ ਨਾ ਤੇ ਹੌਂਸਲਾ ਰੱਖਣ ਅਤੇ ਸਰਕਾਰ ਦਾ ਸਹਿਯੋਗ ਦੇਣ-ਸਰਕਾਰ ਦਾ ਸਾਥ ਦੇਣ।

-ਡਾ: ਪ੍ਰਭਦੀਪ ਸਿੰਘ ਚਾਵਲਾ
ਬਲਾਕ ਐਕਸਟੈਂਸ਼ਨ ਐਜੂਕੇਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ।

ਮੇਰੇ ਦੇਸ਼ ਦੇ ਮਜ਼ਦੂਰ
ਭਾਰਤ ਦੇ ਮਜ਼ਦੂਰਾਂ ਦੀਆਂ 'ਦਿਲ ਚੀਰਵੀਆਂ' ਖ਼ਬਰਾਂ ਅਤੇ 'ਮਾਯੂਸੀ ਅਤੇ ਤਰਾਸਦੀ' ਵਾਲੀਆਂ ਤਸਵੀਰਾਂ ਨੇ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਇਹ ਮਰੀਅਲ ਜਿਹੇ ਲਤਾੜੇ ਲੋਕ ਜਿਨ੍ਹਾਂ ਵਿਚ ਬੱਚੇ, ਬੁੱਢੇ ਅਤੇ ਔਰਤਾਂ ਵੀ ਸ਼ਾਮਿਲ ਹਨ, ਜੰਗਲਾਂ, ਪਾਣੀਆਂ, ਸੜਕਾਂ ਅਤੇ ਰੇਲਾਂ ਦੀਆਂ ਪਗਡੰਡੀਆਂ ਰਾਹੀਂ ਆਪਣੇ 'ਦੇਸ਼' ਜਾ ਰਹੇ ਹਨ। ਲਗਪਗ 40 ਕੁ ਦਿਨਾਂ ਤੋਂ ਸੈਂਕੜੇ ਮੀਲਾਂ ਦੀ ਪਰਵਾਹ ਦੀ ਨਾ ਕਰਦੇ ਹੋਏ ਬਸ ਜਾਈ ਜਾ ਰਹੇ ਹਨ। ਇਨ੍ਹਾਂ ਕਾਮਿਆਂ ਦੇ 'ਜ਼ਿੱਦੀ ਹੌਸਲੇ' ਦੀ 'ਆਤਮ-ਨਿਰਭਰਤਾ' ਨੂੰ ਦੇਖਦੇ ਹੋਏ ਲਗਦਾ ਹੈ ਕਿ ਸਰਕਾਰ ਦੀ 'ਸੰਵੇਦਨਸ਼ੀਲਤਾ ਵੀ ਕਮਲਾ' ਗਈ ਹੈ। ਲਾਚਾਰ ਅਤੇ ਭੁੱਖ ਨਾਲ ਬੇਹਾਲ ਮਜ਼ਦੂਰਾਂ ਦੀ ਮਾਨਸਿਕ ਪੀੜਾ, ਚੀਸ ਅਤੇ ਦਰਦ ਨੂੰ ਬਿਆਨ ਕਰਨ ਲਈ 'ਵੀਹ ਲੱਖ ਕਰੋੜ ਸਫੇ ਵੀ ਠੁੱਸ' ਜਾਪਦੇ ਹਨ। ਏਨਾ ਸੋਚਿਆ ਨਹੀਂ ਹੋਣਾ ਕਿ ਜਿਨ੍ਹਾਂ ਹਾਈਵੇ ਅਤੇ ਐਕਸਪ੍ਰੈੱਸ ਵੇਅ ਨੂੰ ਉਨ੍ਹਾਂ ਨੇ ਬਣਾਇਆ ਸੀ, ਅੱਜ ਉਨ੍ਹਾਂ ਦੇ ਇਹ ਕੌਡੀ ਦੇ ਕੰਮ ਨਹੀਂ ਰਹਿਣਗੇ।
ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿਰਤੀ ਲੋਕ ਹੀ ਦੇਸ਼ ਦੇ 'ਅਰਥਚਾਰੇ 'ਚ ਕਿਰਿਆ' ਲਿਆਉਣ ਵਾਲੇ ਹਨ। ਜੇ ਮਜ਼ਦੂਰ ਤਬਕਾ ਬੈਠਦਾ ਹੈ ਤਾਂ 'ਦੇਸ਼-ਤਰੱਕੀ ਦੀਆਂ ਗਰਾਰੀਆਂ' ਵੀ ਜਾਮ ਹੋ ਜਾਂਦੀਆਂ ਹਨ। ਇਸ ਵੇਲੇ ਕਾਮਿਆਂ ਨੂੰ ਆਰਥਿਕ ਅਤੇ ਭਾਵਨਾਤਮਿਕ ਤੌਰ 'ਤੇ ਮਜ਼ਬੂਤ ਕਰਨ ਦੀ ਲੋੜ ਹੈ। ਇਸ ਔਖੇ ਵੇਲੇ ਇਹ ਜ਼ਰੂਰੀ ਹੈ ਕਿ ਮਜ਼ਦੂਰਾਂ ਦੇ 'ਵਲਵਲੇ, ਸੱਧਰਾਂ, ਰੀਝਾਂ ਤੇ ਚਾਵਾਂ ਦੀ ਗਠੜੀ' ਨੂੰ ਚੁੱਕ ਕੇ ਇਨ੍ਹਾਂ ਨੂੰ ਇਨ੍ਹਾਂ ਦੀ 'ਮਰਜ਼ੀ ਦੇ ਘਰ' ਪਹੁੰਚਾਈਏ।

-ਜਨਕ ਰਾਜ ਸਾਰੰਗਲ
ਜੇਲ੍ਹ ਰੋਡ, ਗੁਰਦਾਸਪੁਰ।

'ਦਰਦ 2020 ਦਾ'
ਮੈਂ ਕੋਰੋਨਾ ਮਹਾਂਮਾਰੀ 'ਚ ਫਸੇ ਲੋਕਾਂ ਦੀ ਦਾਸਤਾਨ ਪੇਸ਼ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਸੈਂਕੜੇ ਮਜ਼ਦੂਰ ਪੈਦਲ ਘਰਾਂ ਨੂੰ ਤੁਰ ਪਏ ਤੇ ਕਈ ਲੋਕ ਟਰੇਨਾਂ ਦੀ ਪਟੜੀ ਦੀ ਸੇਧ ਨਾਲ ਘਰਾਂ ਨੂੰ ਤੁਰੇ ਥੱਕੇ ਹਾਰੇ ਗੂੜ੍ਹੀ ਨੀਂਦ ਸੁੱਤੇ ਦੁਨੀਆ ਤੋਂ ਚੱਲ ਵਸੇ ਹਨ। ਦੁਨੀਆ ਦੇ ਇਤਿਹਾਸ ਵਿਚ ਪਰਿਵਾਰਾਂ ਦੇ ਮੋਹ ਦੀ ਖਿਚ ਨਾਲ ਮਜ਼ਦੂਰਾਂ ਦੇ ਹਿਜਰਤ ਕਰਨ ਦੀਆਂ ਦੁਖਦਾਇਕ ਘਟਨਾਵਾਂ ਵੇਖਣ ਤੇ ਪੜ੍ਹਨ ਨੂੰ ਮਿਲੀਆਂ ਹਨ। ਇਹ ਦਰਦ 2020 ਦਾ ਕੋਰੋਨਾ ਮਹਾਂਮਾਰੀ ਵਿਚ ਫਸੇ ਲੋਕਾਂ ਨੇ ਸਰਕਾਰ ਅੱਗੇ ਹਾੜ੍ਹੇ ਕੱਢੇ ਪਰ ਸਬਰ ਦਾ ਪਿਆਲਾ ਭਰ ਜਾਣ ਨਾਲ ਭੁੱਖ ਭਾਣੇ ਲੋਕਾਂ ਨੇ ਰੋਸ ਮੁਹਜ਼ਾਰੇ ਕਾਰਨ ਪੁਲਿਸ ਦੀਆਂ ਲਾਠੀਆਂ ਖਾਧੀਆਂ ਤੇ ਕਿਉਂਕਿ ਕਾਰੋਬਾਰ ਬੰਦ ਹੋਣ ਕਾਰਨ ਲੋਕ ਵਿਹਲੇ 20 ਮਾਰਚ, 2020 ਤੋਂ ਹੋ ਗਏ ਸਨ ਪਰ ਕਈ ਲੋਕਾਂ ਨੂੰ ਰਾਸ਼ਨ ਮਿਲਿਆ ਤੇ ਕਈ ਸਿਆਸਤ ਦੀ ਭੇਟ ਚੜ੍ਹ ਗਏ ਸਨ।
ਇਸ ਦਰਦ 'ਚ ਸ਼੍ਰੋਮਣੀ ਕਮੇਟੀ ਤੇ ਰਾਧਾ ਸੁਆਮੀ ਅਤੇ ਹੋਰ ਜਥੇਬੰਦੀਆਂ ਨੇ ਗ਼ਰੀਬਾਂ ਦੀ ਬਾਂਹ ਫੜੀ ਹੈ। ਇਸ ਘਟਨਾਕ੍ਰਮ ਦਾ ਜ਼ਿਆਦਾ ਦੁੱਖ ਇਹ ਹੋਇਆ ਹੈ ਕਿ ਜਦ ਲੋਕ ਸੜਕ 'ਤੇ ਉਤਰ ਆਏੇ ਜਿਸ ਵਿਚ ਛੋਟੇ ਬੱਚੇ, ਬਜ਼ੁਰਗ ਔਰਤਾਂ, ਮਰਦਾਂ ਦੀ ਦੁਰਦਸ਼ਾ ਵੇਖਣ ਨੂੰ ਮਿਲੀ ਹੈ। ਤਾਲਾਬੰਦੀ ਦੇ ਸੰਕਟ ਵਿਚ ਲੁੱਟਾਂ ਖੋਹਾਂ, ਚੋਰੀਆਂ, ਨਸ਼ੀਲੇ ਪਦਾਰਥ ਤੇ ਕਤਲ ਵਰਗੇ ਜੁਰਮ ਵਿਚ ਕੋਈ ਕਮੀ ਨਹੀਂ ਆਈ ਹੈ।
ਮੈਂ ਦਰਦ 1947 ਦਾ ਪਿੰਡੇ 'ਤੇ ਨਹੀਂ ਹੰਢਾਇਆ ਪਰ ਉਸ ਸਮੇਂ ਲੋਕਾਂ ਦਾ ਉਜਾੜਾ ਤੇ ਕਤਲੇਆਮ, ਮਾਰਥਾੜ ਹੋਈ ਜੋ 'ਅਜੀਤ ਵੈੱਬ ਟੀ.ਵੀ.' ਦੇ ਪੱਤਰਕਾਰਾਂ ਵਲੋਂ 'ਦਰਦ 1947' ਨੂੰ ਦਿਖਾਇਆ ਗਿਆ, ਹੁਣ ਉਸ ਨੂੰ ਮਹਿਸੂਸ ਕੀਤਾ 'ਦਰਦ 2020' ਦੇ ਵਿਚ ਲੋਕਾਂ ਦਾ ਉਜਾੜਾ ਬੇਰੁਜ਼ਗਾਰੀ ਤੇ ਭੁੱਖਮਰੀ ਤੇ ਕਾਰੋਬਾਰ ਠੱਪ ਹੋਣ ਕਾਰਨ ਹਿਜਰਤ ਬਿਹਾਰ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਵੱਲ ਮਜ਼ਦੂਰਾਂ ਨੂੰ ਮਜਬੂਰਨ ਹਿਜਰਤ ਕਰਨੀ ਪਈ। ਇਹ ਦਰਦ 2020 ਦਾ ਇਤਿਹਾਸ ਦੇ ਪੰਨੇ 'ਤੇ ਨਿਸ਼ਚਿਤ ਰੂਪ ਵਿਚ ਲਿਖਿਆ ਗਿਆ ਹੈ ਤੇ ਆਉਣ ਵਾਲੀ ਪੀੜ੍ਹੀ ਲਈ ਇਕ ਯਾਦਗਾਰ ਇਤਿਹਾਸ ਹੈ।

-ਮਾ: ਜਗੀਰ ਸਿੰਘ ਸਫਰੀ
ਸਠਿਆਲਾ ਅੰਮ੍ਰਿਤਸਰ।

31-05-2020

ਝੋਨੇ ਦੀ ਸਿੱਧੀ ਬਿਜਾਈ
ਪੰਜਾਬ ਸਰਕਾਰ ਵਲੋਂ ਭਾਵੇਂ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਤ ਕੀਤਾ ਜਾਂਦਾ ਰਿਹਾ ਹੈ, ਪੰ੍ਰਤੂ ਕਿਸਾਨ ਕੱਦੂ ਕਰਕੇ ਹੀ ਮਜ਼ਦੂਰਾਂ ਪਾਸੋਂ ਝੋਨਾ ਲਗਵਾਉਣ ਨੂੰ ਤਰਜੀਹ ਦਿੰਦੇ ਹਨ | ਹੁਣ ਕੋਵਿਡ-19 ਦੀ ਫੈਲੀ ਭਿਆਨਕ ਮਹਾਂਮਾਰੀ ਕਾਰਨ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ-ਆਪਣੇ ਰਾਜਾਂ ਨੂੰ ਚਲੇ ਜਾਣ ਕਾਰਨ ਮਜ਼ਦੂਰਾਂ ਦੀ ਹੋ ਰਹੀ ਘਾਟ ਕਾਰਨ ਪੰਜਾਬ ਦੇ ਕਈ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ | ਅਜਿਹਾ ਕਰਨ ਨਾਲ ਜਿਥੇ ਬਹੁਮੁੱਲੇ ਪਾਣੀ ਦੀ ਬੱਚਤ ਹੋਵੇਗੀ, ਉਥੇ ਹੀ ਜ਼ਮੀਨ ਵੀ ਕੱਦੂ ਕਰਾਈ, ਪਨੀਰੀ ਪੁੱਟ ਕੇ ਝੋਨਾ ਲਵਾਈ ਦਾ ਖਰਚਾ ਬਚਣ ਦੇ ਨਾਲ-ਨਾਲ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰਤਾ ਵੀ ਘੱਟ ਜਾਵੇਗੀ | ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਤ ਕਰਨ ਦੇ ਨਾਲ-ਨਾਲ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕੁਦਰਤੀ ਸਰੋਤ ਪਾਣੀ ਨੂੰ ਬਚਾਇਆ ਜਾ ਸਕੇ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ |

ਵਾਤਾਵਰਨ ਦੇ ਦੁਸ਼ਮਣ
ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ | ਭਾਰਤ ਵਿਚ ਤਕਰੀਬਨ 22 ਮਾਰਚ ਤੋਂ ਲਾਕਡਾਊਨ ਹੈ | ਵਾਤਾਵਰਨ ਸਾਫ਼ ਹੋ ਚੁੱਕਿਆ ਹੈ | ਫੈਕਟਰੀਆਂ ਦੀ ਰਹਿੰਦ-ਖੰੂਹਦ ਨੂੰ ਦਰਿਆਵਾਂ ਵਿਚ ਵੀ ਨਹੀਂ ਸੁੱਟਿਆ ਜਾ ਰਿਹਾ | ਦਰਿਆਵਾਂ ਦੇ ਕੰਢੇ ਪੰਛੀ ਅਠਖੇਲੀਆਂ ਕਰ ਰਹੇ ਹਨ | ਸਾਰੇ ਪਾਸੇ ਹਰਿਆਲੀ ਹੈ | ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਵਾਤਾਵਰਨ ਸਾਫ-ਸੁਥਰਾ ਹੋ ਚੁੱਕਿਆ ਹੈ | ਅਖ਼ਬਾਰਾਂ ਵਿਚ ਖ਼ਬਰਾਂ ਆ ਰਹੀਆਂ ਹਨ ਕਿ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾ ਰਹੇ ਸਨ, ਜਿਸ ਨਾਲ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ | ਮਾਨਸਾ ਜ਼ਿਲ੍ਹੇ ਦੀ ਕਿਸਾਨੀ ਜਥੇਬੰਦੀਆਂ ਨੇ ਪ੍ਰਣ ਕੀਤਾ ਸੀ ਕਿ ਖੇਤ ਵਿਚ ਕੋਈ ਵੀ ਨਾੜ ਨੂੰ ਅੱਗ ਨਹੀਂ ਲਗਾਏਗਾ, ਜੋ ਕਿ ਸ਼ਲਾਘਾਯੋਗ ਪਹਿਲ ਹੈ | ਪੰਜਾਬ ਦੇ ਕਈ ਅਹਿਮ ਜ਼ਿਲਿ੍ਹਆਂ ਵਿਚ ਕਿਸਾਨਾਂ ਰਾਹੀਂ ਨਾੜ ਨੂੰ ਅੱਗ ਲਗਾਉਣ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ | ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਜੋ ਕਿਸਾਨ ਖੇਤਾਂ ਵਿਚ ਨਾੜ ਨੂੰ ਅੱਗ ਲਗਾਉਂਦੇ ਸਨ, ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸੀ | ਜਦੋਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਰਾਹਗੀਰਾਂ ਲਈ ਸੜਕ ਤੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ | ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ ਤੇ ਜੋ ਕਿਸਾਨਾਂ ਦੇ ਮਿੱਤਰ ਕੀੜੇ ਵੀ ਹੁੰਦੇ ਹਨ, ਉਹ ਵੀ ਮਰ ਜਾਂਦੇ ਹਨ | ਜਦੋਂ ਇਹ ਖੇਤ ਰਿਹਾਇਸ਼ੀ ਖੇਤਰਾਂ ਵਿਚ ਹੁੰਦੇ ਹਨ ਤਾਂ ਉਥੇ ਰਹਿ ਰਹੇ ਲੋਕਾਂ ਨੂੰ ਸਾਹ ਲੈਣ ਵਿਚ ਬਹੁਤ ਜ਼ਿਆਦਾ ਤਕਲੀਫ਼ ਹੁੰਦੀ ਹੈ | ਜਿਸ ਕਰਕੇ ਫੇਫੜੇ, ਦਿਲ ਦੇ ਰੋਗੀਆਂ ਲਈ ਸਮਾਂ ਗੁਜ਼ਾਰਨਾ ਮੁਸ਼ਕਿਲ ਹੋ ਜਾਂਦਾ ਹੈ | ਹੁਣ ਕਿਸਾਨ ਨਾੜ ਨੂੰ ਅੱਗ ਲਗਾ ਕੇ ਵਾਤਾਵਰਨ ਦੇ ਦੁਸ਼ਮਣ ਨਾ ਬਣਨ ਤੇ ਇਸ ਨੂੰ ਸਾਫ਼-ਸੁਥਰਾ ਰੱਖਣ ਵਿਚ ਆਪਣਾ ਸਹਿਯੋਗ ਦੇਣ |

-ਸੰਜੀਵ ਸਿੰਘ ਸੈਣੀ, ਮੋਹਾਲੀ |

29-05-2020

 ਸਰਕਾਰੀ ਕਣਕ ਵੰਡ

ਹੁਸ਼ਿਆਰਪੁਰ ਦੇ ਮੁਹੱਲਾ ਰੂਪ ਨਗਰ ਵਿਚ ਜਦੋਂ ਕਣਕ ਵੰਡੀ ਜਾਣ ਲੱਗੀ ਤਾਂ ਵੱਡੀ ਭੀੜ ਉਮੜ ਆਈ। ਦੇਹੀ ਦੀ ਦੂਰੀ ਦੀਆਂ ਹਦਾਇਤਾਂ ਦਾ ਕਿਸੇ ਨੂੰ ਧਿਆਨ ਤੱਕ ਨਹੀਂ ਸੀ। ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਡਿਪੂਆਂ ਵਿਚ ਕਣਕ ਭੇਜੀ, ਪਰ ਅਫ਼ਸੋਸ ਕਿ ਇਹ ਅਸਲ ਲਾਭਪਾਤਰਾਂ ਦੀ ਥਾਂ ਖੁਸ਼ਹਾਲ ਲੋਕਾਂ ਵਿਚ ਵੰਡੀ ਜਾ ਰਹੀ ਸੀ। ਕਣਕ ਦੀ ਪ੍ਰਾਪਤੀ ਲਈ ਸਿਵਲ ਤੇ ਫ਼ੌਜ ਦੇ ਸੇਵਾ-ਮੁਕਤ ਪੈਨਸ਼ਨਰ, ਆਰਥਿਕ ਸਮਰੱਥ ਵਪਾਰੀ ਅਤੇ ਜ਼ਿਮੀਂਦਾਰ ਕਤਾਰਾਂ ਵਿਚ ਲੱਗੇ ਦੇਖੇ ਗਏ। ਡਿਪੂ ਦੀ ਕਣਕ ਲੈ ਕੇ ਡੇਅਰੀ ਮਾਲਕਾਂ ਨੂੰ ਵੇਚਣ ਦਾ ਕਾਰੋਬਾਰ ਵੀ ਚੱਲ ਰਿਹਾ ਹੈ। ਲੋੜਵੰਦ ਲੋਕਾਂ ਦੇ ਤਾਂ ਕਣਕ ਲੈਣ ਲਈ ਕਾਰਡ ਬਣੇ ਨਹੀਂ ਪਰ ਸੰਪੰਨ ਲੋਕਾਂ ਦੇ ਹੱਥਾਂ ਵਿਚ ਕਾਰਡ ਹਨ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲੱਖਾਂ ਕਰੋੜਾਂ ਦੀ ਮਾਲੀ ਮਦਦ ਲੋੜਵੰਦਾਂ ਨੂੰ ਦਿੱਤੇ ਜਾਣ ਦੇ ਦਾਅਵੇ ਫੋਕੇ ਸਿੱਧ ਹੋਏ। ਸਰਕਾਰ ਕੋਲੋਂ ਮੰਗ ਹੈ ਕਿ ਅਸਲ ਲੋੜਵੰਦਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਜਾਅਲਸਾਜ਼ੀ ਵਿਰੁੱਧ ਕਾਰਵਾਈ ਕੀਤੀ ਜਾਵੇ। ਕੋਰੋਨਾ ਮਹਾਂਮਾਰੀ ਦੌਰਾਨ ਮੱਧ-ਵਰਗ ਤੇ ਨਿਮਨ ਵਰਗ ਨੂੰ ਰੋਟੀ-ਰੋਜ਼ੀ ਦੇ ਸੰਧੇ ਪਏ ਹੋਏ ਹਨ। ਬਿਜਲੀ ਕਾਰਪੋਰੇਸ਼ਨ ਨੇ ਬਿਨਾਂ ਮੀਟਰ ਪੜ੍ਹਤ ਦੇ ਪਿਛਲੇ ਵੱਧ ਰਾਸ਼ੀ ਵਾਲੇ ਬਿੱਲ ਦੇ ਆਧਾਰ 'ਤੇ ਬਿੱਲ ਵਸੂਲ ਲਏ ਹਨ। ਜਦ ਕਿ ਤਾਲਾਬੰਦੀ ਦੌਰਾਨ ਠੱਪ ਹੋਏ ਕਾਰੋਬਾਰਾਂ ਦੇ ਬਦਲੇ ਛੋਟੇ ਕਾਰੋਬਾਰੀਆਂ ਅਤੇ ਗ਼ਰੀਬਾਂ ਦੇ ਬਿਲ ਮੁਆਫ਼ ਕੀਤੇ ਜਾਣੇ ਚਾਹੀਦੇ ਸਨ।

-ਰਾਜਿੰਦਰ ਸਿੰਘ, ਰੂਪ ਨਗਰ, ਹੁਸ਼ਿਆਰਪੁਰ।

ਕੀ ਹੈ ਡਬਲਿਊ.ਐਚ.ਓ.?

ਲੇਖਿਕਾ ਸਰਵਿੰਦਰ ਕੌਰ ਚੀਫ ਐਗਜ਼ੀਕਿਊਟਿਵ 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਐਤਵਾਰ ਦੇ 'ਅਜੀਤ ਮੈਗਜ਼ੀਨ' 'ਚ ਕੀ ਹੈ W8® (ਡਬਲਿਊ.ਐਚ.ਓ.)? ਬਾਰੇ ਕਾਲਮ ਪੜ੍ਹ ਕੇ ਬਹੁਤ ਭਰਪੂਰ ਜਾਣਕਾਰੀ ਮਿਲੀ ਹੈ। ਕੋਵਿਡ-19 ਦੌਰਾਨ W8® ਬਾਰੇ ਚਰਚਾ ਰਹੀ ਹੈ। ਇਹ ਕਾਲਮ ਆਮ ਲੋਕਾਂ ਤੋਂ ਇਲਾਵਾ ਵਿਦਿਆਰਥੀਆਂ ਲਈ ਵਰਦਾਨ ਹੈ। ਇਸ ਡਬਲਿਊ.ਐਚ.ਓ. ਦਾ ਪੂਰਾ ਨਾਂਅ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਹੈ, ਜਿਸ ਦਾ ਦਫ਼ਤਰ ਸਵਿਟਜ਼ਰਲੈਂਡ ਜੀਨੇਵਾ ਸ਼ਹਿਰ ਵਿਚ ਹੈ, 6 ਖੇਤਰੀ ਦਫ਼ਤਰ ਤੇ 150 ਫੀਲਡ ਖੇਤਰ ਹਨ। ਜਿਸ ਦੇ 194 ਦੇਸ਼ ਮੈਂਬਰ ਹਨ ਤੇ 7 ਅਪ੍ਰੈਲ, 1948 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਂਦ ਵਿਚ ਆਇਆ ਤੇ ਇਸ ਦਾ ਕੰਮ ਮਹਾਂਮਰੀਆਂ ਤੋਂ ਦੁਨੀਆ ਨੂੰ ਬਚਾਉਣਾ ਹੈ। ਪੂਰੇ ਵਿਸ਼ਵ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਤੋਂ ਮੁਕਤ ਕਰਨਾ ਤਾਂ ਕਿ ਲੋਕ ਦੁਬਾਰਾ ਫਿਰ ਆਪਣੀ ਜ਼ਿੰਦਗੀ ਦਾ ਅਨੰਦ ਲੈ ਸਕਣ ਤੇ ਲੋਕ ਆਪਣੇ ਰਿਸ਼ਤਿਆਂ ਦੀਆਂ ਮੋਹ ਤੰਦਾਂ 'ਚ ਬੱਝ ਸਕਣ। ਇਹ ਲੇਖ ਸਾਂਭਣਯੋਗ ਤੇ ਪਾਠ ਪੁਸਤਕਾਂ 'ਚ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ।

-ਮਾ: ਜਗੀਰ ਸਿੰਘ ਸਫਰੀ, ਅੰਮ੍ਰਿਤਸਰ।

ਬੇਚੈਨੀ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ ਅੰਨਦਾਤਾ

ਕੋਰੋਨਾ ਦੁਖਾਂਤ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਵਲੋਂ ਆਪੋ-ਆਪਣੇ ਪਿਤਰੀ ਸੂਬਿਆਂ ਵੱਲ ਪਰਵਾਸ ਕਰਨ ਦੀ ਸੂਰਤ ਵਿਚ ਸਾਡੇ ਸੂਬੇ ਵਿਚ ਬਾਹਰਲੇ ਕਾਮਿਆਂ ਦੀ ਹੋ ਰਹੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਬੇਸ਼ੱਕ ਰਾਜ ਦੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਇਸ ਵਾਰ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਲਵਾਈ ਦਾ ਕੰਮ 20 ਜੂਨ ਦੀ ਬਜਾਏ, 10 ਦਿਨ ਪਹਿਲਾਂ ਸ਼ੁਰੂ ਕਰਨ ਲਈ ਆਖ ਦਿੱਤਾ ਹੈ। ਪੰਜਾਬੀਆਂ ਨਾਲੋਂ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਦੇ ਕੰਮ ਵਿਚ ਵੱਧ ਮੁਹਾਰਤ ਰੱਖਦੇ ਹੋਣ ਕਰਕੇ ਸਾਡੇ ਕਿਸਾਨ ਭਰਾਵਾਂ ਦੀ ਪਹਿਲੀ ਪਸੰਦ ਇਹੋ ਕਾਮੇ ਬਣੇ ਹੋਏ ਹਨ। ਇਸੇ ਕਰਕੇ ਹੀ ਉਹ ਸੀਜ਼ਨ ਦੇ ਦਿਨਾਂ ਦੇ ਸ਼ੁਰੂ ਹੁੰਦਿਆਂ ਹੀ ਅਗੇਤੇ ਹੀ ਰੇਲਵੇ ਸਟੇਸ਼ਨਾਂ 'ਤੇ ਜਾ ਡੇਰੇ ਲਗਾਉਂਦੇ ਰਹੇ ਹਨ। ਪਹਿਲੇ ਸੀਜ਼ਨਾਂ ਦੌਰਾਨ ਆਲਮ ਇਹ ਹੁੰਦਾ ਸੀ ਕਿ ਸਾਡੇ ਕਿਸਾਨ ਵੀਰ ਗੱਡੀਉਂ ਉਤਰਦੇ ਕਾਮਿਆਂ ਦੁਆਰੇ ਘੇਰਾ ਘੱਤ ਲੈਂਦੇ ਸਨ ਤੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਆਪਣੇ ਨਾਲ ਪਿੰਡ ਲਿਆ ਕੇ ਖ਼ੁਦ ਨੂੰ ਬੜਾ ਵਡਭਾਗੀ ਸਮਝਦੇ ਸਨ ਪਰ ਇਸ ਵਾਰ ਹਾਲਾਤ ਇਸ ਦੇ ਉਲਟ ਬਣ ਚੁੱਕੇ ਹਨ, ਜਿਸ ਨੇ ਇਥੋਂ ਦੇ ਅੰਨਦਾਤੇ ਨੂੰ ਡਾਢੀ ਚਿੰਤਾ 'ਚ ਪਾ ਰੱਖਿਆ ਹੈ। ਲੇਬਰ ਦੀ ਥੁੜ ਪੈਦਾ ਹੋਣ ਕਾਰਨ ਫੀ ਏਕੜ ਲਵਾਈ ਦੇ ਰੇਟ ਵਧਣ ਦੇ ਸ਼ੰਕਿਆਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਜੱਗ ਜ਼ਾਹਰ ਹੈ ਕਿ ਕਿਸਾਨ ਦੀ ਆਰਥਿਕ ਹਾਲਤ ਪਹਿਲਾਂ ਹੀ ਅਸਲੋਂ ਤਰਸਯੋਗ ਬਣੀ ਹੋਈ ਹੈ, ਜਦ ਕਿ ਅੱਜ ਦੇ ਇਨ੍ਹਾਂ ਮਾੜੇ ਹਾਲਾਤ ਨੇ ਬਿਨਾਂ ਕਸੂਰੋਂ ਪੰਜਾਬ ਦੇ ਕਿਸਾਨਾਂ ਖ਼ਾਸ ਕਰਕੇ ਛੋਟੇ ਕਿਸਾਨਾਂ ਨੂੰ ਘਾਟਾ ਸਹਿਣ ਲਈ ਮਜਬੂਰ ਕਰ ਦੇਣਾ ਹੈ, ਜਿਸ ਕਰਕੇ ਬੇਵੱਸ ਤੇ ਮਜਬੂਰ ਕਿਸਾਨ ਨਮੋਸ਼ੀ ਭਰੀ ਬੇਚੈਨੀ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ। ਸਾਡੀ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਸਮੁੱਚੇ ਦੇਸ਼ ਦਾ ਢਿੱਡ ਭਰਨ ਵਾਲੇ ਦੀਆਂ ਤੰਗੀਆਂ ਤੁਰਸ਼ੀਆਂ ਭਰੀ ਜ਼ਿੰਦਗੀ ਨੂੰ ਦੇਖਦੇ ਹੋਏ ਇਸ ਨੂੰ ਕੋਈ ਨਾ ਕੋਈ ਆਰਥਿਕ ਪੱਖੋਂ ਜ਼ਰੂਰ ਮਦਦ ਦਿੱਤੀ ਜਾਵੇ।

-ਮੰਗਲਮੀਤ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਘੁਲਾਟੀਏ ਬਨਾਮ ਘੁਟਾਲੀਏ

ਵਿਰਾਸਤ ਵਿਚ ਸਾਨੂੰ ਸਾਡਾ ਦੇਸ਼ ਬਹੁਤ ਮਹਾਨ ਮਿਲਿਆ ਪਰ ਅਜੋਕੇ ਸਮੇਂ ਵਿਚ ਕੁਝ ਸਵਾਰਥੀ ਲੋਕ ਦੇਸ਼ ਨੂੰ ਬਰਬਾਦ ਕਰਨ 'ਤੇ ਤੁਲ ਚੁੱਕੇ ਹਨ। ਪੁਰਾਣੇ ਸਮੇਂ ਵਿਚ ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੇ ਲਈ ਲੜਾਈਆਂ ਲੜੀਆਂ ਪਰ ਅੱਜ ਕੋਈ ਘੁਲਾਟੀਆ ਤਾਂ ਨਜ਼ਰ ਨਹੀਂ ਆਉਂਦਾ ਪਰ ਘੁਟਾਲੀਏ ਬਹੁਤ ਹਨ, ਜੋ ਆਏ ਦਿਨ ਕਰੋੜਾਂ-ਅਰਬਾਂ ਦੇ ਘੁਟਾਲੇ ਕਰ ਰਹੇ ਹਨ ਜੋ ਕਿ ਸਾਡੇ ਮਹਾਨ ਦੇਸ਼ ਨੂੰ ਅੰਦਰੋ-ਅੰਦਰੀ ਖੋਖਲਾ ਕਰ ਰਹੇ ਹਨ। ਗ਼ਰੀਬ ਲੋਕਾਂ ਦੀ ਜ਼ਿੰਦਗੀ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ ਅਤੇ ਦਰਮਿਆਨੇ ਵਰਗ ਦਾ ਵੀ 'ਤੋਰੀ-ਫੁਲਕਾ' ਸੜਨਾ ਸ਼ੁਰੂ ਹੋ ਗਿਆ ਹੈ। ਇਹ ਘੁਟਾਲੀਆਂ ਦੀ ਨਸਲ ਹਰ ਪੰਜ ਸਾਲ ਬਾਅਦ ਦਿਖਾਈ ਜ਼ਰੂਰ ਦਿੰਦੀ ਹੈ ਪਰ ਫਿਰ ਅਲੋਪ ਹੋ ਜਾਂਦੀ ਹੈ। ਇਹ ਸਾਡੇ ਸਮਾਜ ਨੂੰ ਵਧਣ-ਫੁਲਣ ਤੋਂ ਰੋਕਣ ਲਈ ਕੋਹੜ ਦੇ ਰੋਗ ਤੋਂ ਵੀ ਖ਼ਤਰਨਾਕ ਹਨ। ਸਾਡੇ ਸਮਾਜ ਨੂੰ ਇਨ੍ਹਾਂ ਨੂੰ ਪਛਾਣ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਪੈ ਸਕਦਾ ਹੈ ਨਹੀਂ ਤਾਂ ਕੰਮ ਔਖਾ ਹੀ ਜਾਪਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਉੱਪਰ ਸਵਰਗਾਂ ਵਿਚ ਬੈਠੇ ਮਹਾਨ ਸ਼ਹੀਦ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ, ਉਹ ਕੀ ਸੋਚਦੇ ਹੋਣਗੇ।

-ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ।

28-05-2020

 ਵਿਸ਼ਵ ਸਿਹਤ ਸੰਗਠਨ ਬਾਰੇ
ਐਤਵਾਰ ਦਾ ਮੈਗਜ਼ੀਨ ਸਾਰਾ ਹੀ ਬੜੇ ਗਹੁ ਨਾਲ ਪੜ੍ਹਨ ਵਾਲਾ ਹੁੰਦਾ ਹੈ। ਇਸ ਵਿਚ ਛਪਦੇ ਲੇਖ, ਮਿੰਨੀ ਕਹਾਣੀਆਂ ਅਤੇ ਹੋਰ ਹਲਕਾ ਫੁਲਕਾ ਮੈਟਰ ਚੰਗਾ ਅਤੇ ਸਿੱਖਿਆਦਾਇਕ ਹੁੰਦਾ ਹੈ। ਪਾਠਕ ਇਸ ਨਾਲ ਲੰਬਾ ਸਮਾਂ ਖ਼ੂਬ ਮਨੋਰੰਜਨ ਕਰਦੇ ਹਨ। ਵੰਨ-ਸੁਵੰਨਤਾ ਐਤਵਾਰ ਮੈਗਜ਼ੀਨ ਨੂੰ ਚਾਰਚੰਨ ਲਾਉਂਦੀ ਹੈ। ਲੇਖਿਕਾ ਸਰਵਿੰਦਰ ਕੌਰ ਦੁਆਰਾ ਲਿਖਿਆ ਗਿਆ ਲੇਖ 'ਵਿਸ਼ਵ ਸਿਹਤ ਸੰਗਠਨ' ਸਬੰਧੀ ਕਾਫ਼ੀ ਗਿਆਨ ਵਧਾਊ ਅਤੇ ਰੌਚਕ ਸੀ। ਲੇਖਿਕਾ ਨੇ ਇਸ ਸੰਗਠਨ ਦੀ ਸਥਾਪਨਾ, ਲੋੜ, ਕੰਮ ਅਤੇ ਮਨੁੱਖੀ ਜੀਵਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਿਭਾਈ ਜਾ ਰਹੀ ਭੂਮਿਕਾ ਸਬੰਧੀ ਨਿੱਠ ਕੇ ਜਾਣਕਾਰੀ ਦਿੱਤੀ ਹੈ। ਸਾਡੇ ਦੇਸ਼ ਭਾਰਤ ਦੀ ਇਹ ਖ਼ੁਸ਼ਕਿਸਮਤੀ ਹੈ ਕਿ ਇਹ ਸੰਯੁਕਤ ਰਾਸ਼ਟਰ ਸੰਘ ਅਤੇ ਵਿਸ਼ਵ ਸਿਹਤ ਸੰਗਠਨ ਦਾ ਵੀ ਮੋਢੀ ਮੈਂਬਰ ਹੈ। ਕੋਵਿਡ-19 ਨੂੰ ਵਿਸ਼ਵ ਸਿਹਤ ਸੰਗਠਨ ਵਲੋਂ 13 ਮਾਰਚ ਨੂੰ ਮਹਾਂਮਾਰੀ ਐਲਾਨਦਿਆਂ ਇਸ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਅਗਾਊਂ ਸੁਚੇਤ ਕਰ ਦਿੱਤਾ ਗਿਆ ਸੀ।

-ਮੋਹਰ ਗਿੱਲ ਸਿਰਸੜੀ
ਪਿੰਡ : ਸਿਰਸੜੀ, ਨੇੜੇ : ਕੋਟਕਪੂਰਾ, ਫ਼ਰੀਦਕੋਟ।

ਵਧਦੀ ਦਿਖਾਵੇਬਾਜ਼ੀ
ਅਜੋਕੇ ਦੌਰ ਵਿਚ ਦਿਖਾਵੇਬਾਜ਼ੀ ਸਿਖਰਾਂ ਛੂਹ ਰਹੀ ਹੈ। ਇਨਸਾਨ ਆਪਣੇ ਨੈਤਿਕ ਫਰਜ਼ਾਂ ਨੂੰ ਘੱਟ ਨਿਭਾਅ ਕੇ ਦਿਖਾਵੇਬਾਜ਼ੀ ਵੱਲ ਜ਼ਿਆਦਾ ਕੇਂਦਰਿਤ ਹੋ ਗਿਆ ਹੈ। ਕਹਿੰਦੇ ਹਨ ਅਸਲੀ ਵਡਿਆਈ ਉਹ ਹੈ ਜੋ ਦੁਨੀਆ ਖ਼ੁਦ ਸਲਾਹੇ ਪਰ ਅਜੋਕੇ ਦੌਰ ਵਿਚ ਖ਼ੁਦ ਮੀਆਂ ਮਿੱਠੂ ਬਣਨ ਦੀ ਹੋੜ ਲੱਗੀ ਹੋਈ ਹੈ, ਜਿਸ ਵਿਚ ਸੋਸ਼ਲ ਮੀਡੀਆ ਦੇ ਵਟਸਐਪ ਸਟੇਟਸ ਅਤੇ ਫੇਸਬੁੱਕ ਨੇ ਇਨ੍ਹਾਂ ਲੋਕਾਂ ਦਾ ਪੂਰਾ ਸਾਥ ਦਿੱਤਾ। ਪੁਰਾਣੇ ਸਮਿਆਂ ਵਿਚ ਵੀ ਭਾਵੇਂ ਕੁਝ ਕੁ ਖੁਸ਼ਾਮਦ ਪਸੰਦ ਲੋਕ ਛੋਟਾ-ਮੋਟਾ ਕੰਮ ਕਰਕੇ ਆਪਣੇ ਨਾਂਅ ਦੀ ਤਖ਼ਤੀ ਜਾਂ ਪੱਥਰ 'ਤੇ ਲਿਖਵਾ ਕੇ ਇਹ ਕੰਮ ਕਰ ਲੈਂਦੇ ਸਨ ਪਰ ਅੱਜ ਦਾ ਦਿਖਾਵਾ ਅਤੇ ਡਰਾਮੇਬਾਜ਼ੀ ਤੇ ਇਸ ਤਰ੍ਹਾਂ ਸ਼ੇਅਰ ਕਰਦਾ ਹੈ, ਜਿਵੇਂ ਕੋਈ ਖ਼ਬਰਾਂ ਦਾ ਲਾਈਵ ਚੈਨਲ ਸਮੇਂ-ਸਮੇਂ 'ਤੇ ਰਿਪੋਰਟ ਦਿੰਦਾ ਹੋਵੇ। ਅਜੋਕੀ ਪੀੜ੍ਹੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੇ ਮੁਢਲੀ ਸਹਾਇਤਾ ਅਤੇ ਮਦਦ ਕਰਨ ਦੀ ਬਜਾਏ ਆਪਣੀ ਜੇਬ 'ਚੋਂ ਸਮਾਰਟ ਫੋਨ ਕੱਢ ਕੇ ਵੀਡੀਓ ਬਣਾਉਣ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਈ ਹੈ ਜੋ ਕਿ ਦੁਨੀਆ ਦੇ ਵਿਨਾਸ਼ ਦੀ ਨਿਸ਼ਾਨੀ ਹੈ। ਆਓ, ਆਪਣੇ ਫ਼ਰਜ਼ਾਂ ਨੂੰ ਸਮਝਦੇ ਹੋਏ ਝੂਠੀ ਦਿਖਾਵੇਬਾਜ਼ੀ ਤੋਂ ਬਚੀਏ ਅਤੇ ਮਨੁੱਖਤਾ ਦੀ ਸੱਚੇ ਦਿਲੋਂ ਸੇਵਾ ਕਰਦੇ ਹੋਏ ਸੱਚੀਂ ਕੁਝ ਕਰ ਦਿਖਾਈਏ।

-ਗੁਰਾਂਦਿੱਤਾ ਸਿੰਘ ਮਨੂ
ਮੈਥ ਮਾਸਟਰ, ਸ.ਹ. ਸਕੂਲ ਇੰਦਰਗੜ੍ਹ (ਮੋਗਾ)।

ਸ਼ਰਾਬ, ਅਸੀਂ ਤੇ ਸਰਕਾਰ
ਅੱਜ ਪੰਜਾਬ ਵਿਚ ਹਰ ਤਰ੍ਹਾਂ ਦੇ ਨਸ਼ੇ ਚੱਲ ਰਹੇ ਹਨ। ਮੇਰੀ ਸਮਝ ਅਨੁਸਾਰ ਸ਼ਰਾਬ ਹਰ ਨਸ਼ੇ ਦੀ ਮਾਂ ਹੈ। ਕਿਉਂਕਿ ਬਹੁਤੇ ਨਸ਼ੇੜੀ ਸਭ ਤੋਂ ਪਹਿਲਾਂ ਨਸ਼ਾ ਸ਼ਰਾਬ ਤੋਂ ਹੀ ਸ਼ੁਰੂ ਕਰਦਾ ਹੈ। ਸ਼ਰਾਬ ਨੂੰ ਤਾਂ ਸਾਡੀ ਸਰਕਾਰ ਨਸ਼ਾ ਹੀ ਨਹੀਂ ਮੰਨਦੀ। ਕਿਉਂਕਿ ਸਰਕਾਰ ਦੀ ਆਮਦਨ ਦਾ ਬਹੁਤ ਵੱਡਾ ਸ੍ਰੋਤ ਸ਼ਰਾਬ ਹੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀ ਸੱਭਿਆਚਾਰ ਵਿਚ ਸ਼ਰਾਬ ਦੀ ਕੋਈ ਥਾਂ ਨਹੀਂ ਸੀ ਹੁੰਦੀ। ਕੋਈ ਵੀ ਵਿਅਕਤੀ ਆਪਣੇ ਤੋਂ ਵੱਡੇ ਆਦਮੀ ਸਾਹਮਣੇ ਸ਼ਰਾਬ ਨਹੀਂ ਸੀ ਪੀਂਦਾ। ਆਪਣੇ ਮਾਂ-ਬਾਪ, ਦਾਦਾ-ਦਾਦੀ ਸਾਹਮਣੇ ਸ਼ਰਾਬ ਪੀਣ ਵਾਲੇ ਨੂੰ ਲੋਕ ਬਹੁਤ ਹੀ ਬੁਰਾ ਸਮਝਦੇ ਸੀ। ਅਜਿਹੇ ਆਦਮੀ ਨਾਲ ਆਪਣੇ ਬੱਚਿਆਂ ਨੂੰ ਕਦੇ ਵੀ ਨਹੀਂ ਸੀ ਰਲਣ ਦਿੰਦੇ। ਪਰ ਹੁਣ ਸਮੇਂ ਨੇ ਅਜਿਹੀ ਕਰਵਟ ਲਈ ਕਿ ਲੋਕ ਇਕ ਥਾਂ ਪਿਤਾ, ਪੁੱਤਰ, ਦਾਦਾ, ਨਾਨਾ ਆਦਿ ਇਕੱਠੇ ਸ਼ਰਾਬ ਪੀਣ ਲੱਗ ਪਏ ਹਨ। ਲੋਕ ਸ਼ਰਾਬੀ ਹੋਣ ਕਰਕੇ ਦੁਰਘਟਨਾ ਵੀ ਕਰ ਬੈਠਦੇ ਹਨ। ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਸਖ਼ਤ ਲੋੜ ਹੈ। ਅਜਿਹਾ ਕਰਨ ਲਈ ਧਾਰਮਿਕ ਜਥੇਬੰਦੀਆਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਨਾਲ ਹੀ ਪੰਜਾਬ ਸਰਕਾਰ ਨੂੰ ਵੀ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਸ਼ਾਲਾਘਾਯੋਗ ਉੱਦਮ
ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਹੈ ਕਿ ਇਸ ਤਾਲਾਬੰਦੀ ਦੀ ਸਥਿਤੀ ਵਿਚ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਚਾਹੇ ਅਧਿਆਪਕ, ਬੱਚੇ, ਬੱਚਿਆਂ ਦੇੇ ਮਾਪੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਹਨ ਪਰ ਫਿਰ ਵੀ ਇਹ ਬਹੁਤ ਹੀ ਵਧੀਆ ਤੇ ਸਲਾਹੁਣਯੋਗ ਉਪਰਾਲਾ ਹੈ। ਇਸ ਸਮੇਂ ਦੌਰਾਨ ਤਿਆਰ ਕੀਤੇ ਇਹ ਪਾਠ ਅਤੇ ਵੀਡੀਓ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਬੱਚਿਆਂ, ਅਧਿਆਪਕਾਂ ਅਤੇ ਸਕੂਲਾਂ ਦੀ ਮਦਦ ਕਰਨਗੇ, ਜਿਥੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਘਾਟ ਹੈ। ਪੰਜਾਬ ਦਾ ਕੋਈ ਹੀ ਸਕੂਲ ਹੋਵੇਗਾ, ਜਿਥੇ ਸਾਰੇ ਅਧਿਆਪਕ ਪੂਰੇ ਹੋਣ। ਅਧਿਆਪਕਾਂ ਦੀ ਘਾਟ ਦੇ ਚਲਦਿਆਂ ਅਕਸਰ ਹੀ ਹੋਰ ਵਿਸ਼ਿਆਂ ਦੇ ਅਧਿਆਪਕਾਂ ਨੂੰ ਦੂਜੇ ਵਿਸ਼ੇ ਵੀ ਪੜ੍ਹਾਉਣੇ ਪੈਂਦੇ ਹਨ। ਮਾਹਿਰ ਅਧਿਆਪਕਾਂ ਤੋਂ ਪੂਰੇ ਸਿਲੇਬਸ ਦੇ ਵੀਡੀਓਜ਼ ਅਤੇ ਨੋਟਿਸ ਬਣਵਾ ਕੇ ਐਜੂਸੈਟ ਜਾਂ ਈ ਕੰਟੈਂਟ ਰਾਹੀਂ ਸਕੂਲਾਂ ਨੂੰ ਮੁਹੱਈਆ ਕਰਵਾਏ ਜਾ ਸਕਦੇ ਹਨ, ਜਿਸ ਨਾਲ ਬੱਚਿਆਂ ਦਾ ਸਿੱਖਣ ਪੱਧਰ ਤਾਂ ਉੱਚਾ ਹੋਵੇਗਾ ਹੀ, ਦੂਸਰੇ ਵਿਸ਼ੇ ਦਾ ਅਧਿਆਪਕ ਵੀ ਉਸ ਵਿਸ਼ੇ ਨੂੰ ਪੜ੍ਹਾਉਂਦੇ ਸਮੇਂ ਉਨ੍ਹਾਂ ਵੀਡੀਓ ਅਤੇ ਨੋਟਿਸਾਂ ਦੀ ਮਦਦ ਨਾਲ ਬੱਚਿਆਂ ਨੂੰ ਸਿਖਾ, ਪੜ੍ਹਾ, ਲਿਖਾ ਸਕਦਾ ਹੈ ਅਤੇ ਆਪ ਵੀ ਉਸ ਵਿਸ਼ੇ ਬਾਰੇ ਬਹੁਤ ਕੁਝ ਨਵਾਂ ਸਿੱਖ ਸਕਦਾ ਹੈ।

-ਗੁਰਪ੍ਰੀਤ ਕੌਰ ਧਾਲੀਵਾਲ
ਸ.ਸ.ਸ.ਸ.ਸ. ਘੁਡਾਣੀ ਕਲਾਂ, ਲੁਧਿਆਣਾ।

ਜਾਣੀਏ, ਸਮਝੀਏ ਤੇ ਆਪਣੇ ਬੱਚਿਆਂ ਨੂੰ ਪੜ੍ਹਾਈਏ
ਕੋਰੋਨਾ ਦੇ ਕਹਿਰ ਤੋਂ ਨਿਜਾਤ ਪਾਉਣ ਲਈ ਸਭ ਦੀਆਂ ਨਿਗਾਹਾਂ ਵਿਗਿਆਨੀਆਂ 'ਤੇ ਲੱਗੀਆਂ ਹੋਈਆਂ ਹਨ ਕਿ ਕਦੋਂ ਕੋਈ ਦਵਾਈ ਤਿਆਰ ਕੀਤੀ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਪਰ ਸੋਚਣ ਦਾ ਵਿਸ਼ਾ ਇਹ ਹੈ ਕਿ ਸਾਡੇ ਦੇਸ਼ ਵਿਚ ਹਰ ਇਕ ਇਲਾਕੇ ਵਿਚ ਕੋਈ ਨਾ ਕੋਈ ਸਾਧੂ-ਸੰਤ, ਬ੍ਰਹਮ ਗਿਆਨੀ ਆਦਿ ਵਸਿਆ ਹੋਇਆ ਹੈ, ਜਿਨ੍ਹਾਂ ਨੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਦੁੱਖਾਂ-ਕਲੇਸ਼ਾਂ, ਬਿਮਾਰੀਆਂ ਆਦਿ ਤੋਂ ਬਚਾਅ ਕੇ ਰੱਖਣ ਦੇ ਵਿਸ਼ਵਾਸ ਤਹਿਤ ਆਪਣੇ ਨਾਲ ਜੋੜਿਆ ਹੋਇਆ ਹੈ। ਸਿਰਫ ਸਾਨੂੰ ਸਿਆਣੇ ਬਣਨ ਤੇ ਸਮਝਣ ਦੀ ਲੋੜ ਹੈ। ਇਨ੍ਹਾਂ ਬਿਮਾਰੀਆਂ ਦਾ ਇਲਾਜ ਵਿਗਿਆਨ ਹੀ ਲੱਭ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਲਈ ਕੁਝ ਵਧੀਆ ਕਰ ਸਕਣ। ਜੇਕਰ ਇਨ੍ਹਾਂ ਲੋਕਾਂ ਦਾ ਅਸਲੀ ਚਿਹਰਾ ਅਸੀਂ ਹੁਣ ਵੀ ਨਾ ਪਛਾਣ ਸਕੇ ਤਾਂ ਫਿਰ ਕਦੀ ਵੀ ਨਹੀਂ ਪਛਾਣ ਪਾਵਾਂਗੇ।

-ਗੁਰਿੰਦਰ ਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਗੁਰਦਾਸਪੁਰ।

27-05-2020

 ਕਿਰਸਾਨੀ ਦਾ ਮੁੱਦਾ
ਦਿੱਲੀ ਵਿਚ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਲੋਕਾਂ ਨੇ ਪੰਜਾਬ ਵਿਚ ਨਵੀਂ ਆਉਣ ਵਾਲੀ ਸਰਕਾਰ ਹੁਣ ਤੋਂ ਹੀ ਕਿਆਫ਼ੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਅਤੇ ਪੰਜਾਬ ਦੇ ਮੁੱਦੇ ਵੱਖ-ਵੱਖ ਹੋ ਸਕਦੇ ਹਨ। ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਬਿਜਲੀ, ਪਾਣੀ, ਸਿੱਖਿਆ ਅਤੇ ਸਿਹਤ ਸਹੂਲਤਾਂ ਜਿਹੇ ਮੁੱਖ ਮੁੱਦਿਆਂ 'ਤੇ ਕੰਮ ਕੀਤਾ ਅਤੇ ਤੀਜੀ ਵਾਰ ਸਰਕਾਰ ਬਣਾਈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਥੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣੀ ਮੁੱਖ ਮੁੱਦਾ ਰਹੇਗਾ। ਮੌਜੂਦਾ ਕੈਪਟਨ ਸਰਕਾਰ ਆਪਣੇ ਇਸ ਮਿਸ਼ਨ ਵਿਚ ਬਹੁਤਾ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਲਈ ਕਿਸਾਨ ਖ਼ੁਦਕੁਸ਼ੀਆਂ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਥੋਂ ਦੇ ਲੋਕ ਆਪਣੀ ਕਿਸੇ ਖੇਤਰੀ ਭਰੋਸੇਯੋਗ ਪਾਰਟੀ ਦੀ ਹੀ ਸਰਕਾਰ ਬਣਾਉਣਗੇ, ਜਿਸ ਦੀ ਕਹਿਣੀ ਅਤੇ ਕਰਨੀ ਵਿਚ ਫ਼ਰਕ ਨਾ ਹੋਵੇ। ਜੋ ਸਹੀ ਮਾਇਨੇ ਵਿਚ ਕਿਸਾਨ ਪੱਖੀ ਕਹਾਉਣ ਦੀ ਹੱਕਦਾਰ ਹੋਵੇਗੀ।

-ਲਖਵਿੰਦਰ ਸਿੰਘ 'ਗਿੱਲ'
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਮਦਦ ਦੀ ਲੋੜ
ਮਦਦ ਬਹੁਤ ਹੀ ਛੋਟਾ ਸ਼ਬਦ ਹੈ। ਪਰ ਜਦੋਂ ਕਿਸੇ ਨੂੰ ਲੋੜ ਪੈਣ 'ਤੇ ਮਦਦ ਹੋ ਜਾਵੇ ਤਾਂ ਉਸ ਦੀ ਬਹੁਤ ਵੱਡੀ ਮੁਸ਼ਕਿਲ ਹੱਲ ਹੋ ਜਾਂਦੀ ਹੈ। ਪਰ ਹੁਣ ਦੇ ਚੱਲ ਰਹੇ ਹਾਲਾਤ ਅਨੁਸਾਰ ਹਰ ਇਕ ਵਿਅਕਤੀ ਨੂੰ ਮਦਦ ਦੀ ਬਹੁਤ ਲੋੜ ਹੈ। ਜ਼ਰੂਰੀ ਹੈ ਕਿ ਜ਼ਰੂਰੀ ਵਸਤੂਆਂ ਮਹਿੰਗੀਆਂ ਨਾ ਹੋਣ, ਜੋ ਕਿ ਆਮ ਹੀ ਦੇਖਣ ਵਿਚ ਗੱਲ ਆਈ ਹੈ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਹਰ ਪੱਖੋਂ ਸਫ਼ਾਈ ਵੱਲ ਧਿਆਨ ਦੇਈਏ। ਹਰੇਕ ਵਿਅਕਤੀ ਦੀ ਮਦਦ ਲਈ ਤਿਆਰ ਰਹੀਏ।
ਕਿਉਂਕਿ ਹੁਣ ਇਸ ਵਕਤ ਜੋ ਕੋਰੋਨਾ ਦੇ ਕਾਰਨ ਸਮਾਜ ਵਿਚ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਨਾਲ ਨਜਿੱਠਣ ਦੀ ਲੋੜ ਹੈ। ਸਾਨੂੰ ਭਾਈਚਾਰਕ ਸਾਂਝ ਜਾਂ ਸਮਾਜ ਪ੍ਰਤੀ ਜੋ ਵੀ ਸਾਡੇ ਫ਼ਰਜ਼ ਬਣਦੇ ਹਨ, ਉਨ੍ਹਾਂ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਹੈ, ਤਾਂ ਹੀ ਅਸੀਂ ਉੱਚੀ ਸੋਚ ਅਤੇ ਚੰਗੇ ਨਾਗਰਿਕ ਕਹਾਵਾਂਗੇ ਅਤੇ ਸਾਨੂੰ ਹਰੇਕ ਵਿਅਕਤੀ ਨੂੰ ਇਸ ਭੈੜੀ ਬਿਮਾਰੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ, ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਹਾਲਾਤ ਏਨੇ ਭਿਆਨਕ ਹੋ ਗਏ ਹਨ ਕਿ ਹਰੇਕ ਵਿਅਕਤੀ ਦਾ ਕੰਮਕਾਰ ਠੱਪ ਹੋ ਚੁੱਕਾ ਹੈ। ਅਜਿਹੇ ਹਾਲਾਤ ਵਿਚ ਸਰਕਾਰ ਦੁਆਰਾ ਅਜਿਹੇ ਲੋਕਾਂ ਦੀ ਰੋਟੀ ਦੇ ਹੱਲ ਬਾਰੇ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ ਹੈ।

-ਰਮਨ ਮਾਨ ਕਾਲੇਕੇ।

26-05-2020

 ਆਨਲਾਈਨ ਪੜ੍ਹਾਈ ਇਕ ਵੱਡੀ ਚੁਣੌਤੀ
ਅੱਜ ਦੇ ਸਮੇਂ ਚੱਲ ਰਹੀ ਭਿਆਨਕ ਬਿਮਾਰੀ ਨੇ ਸਾਰੇ ਹੀ ਸੰਸਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਜਿਥੇ ਆਮ ਲੋਕਾਂ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਸਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਵਿਦਿਆਰਥੀ ਵੀ ਘਰ ਵਿਚ ਵਿਹਲੇ ਬੈਠ ਕੇ ਪ੍ਰੇਸ਼ਾਨ ਹੋ ਰਹੇ ਸਨ। ਸਾਰੇ ਹੀ ਸਕੂਲ ਵਲੋਂ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਲਈ ਕਿਹਾ ਗਿਆ। ਸ਼ੁਰੂਆਤੀ ਸਮੇਂ ਇਹ ਹਰ ਅਧਿਆਪਕ ਵਾਸਤੇ ਇਕ ਚੁਣੌਤੀ ਸੀ। ਕਿਉਂਕਿ ਹਰ ਕੋਈ ਮਾਪੇ ਅੱਜ ਦੇ ਯੁੱਗ ਦੀ ਤਕਨਾਲੋਜੀ ਤੋਂ ਵਾਕਿਫ ਨਹੀਂ ਹਨ। ਇਸ ਤੋਂ ਬਾਅਦ ਹਰ ਕੋਈ ਅਧਿਆਪਕ ਆਪਣੇ 24 ਘੰਟਿਆਂ 'ਚੋਂ 10 ਘੰਟੇ ਇਸ ਕੰਮ ਵਿਚ ਦੇਣ ਲੱਗਾ ਤਾਂ ਕਿ ਉਨ੍ਹਾਂ ਦੇ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਰਬਾਦ ਨਾ ਹੋਵੇ ਤੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਗਿਆਨ ਦਿੱਤਾ ਜਾਵੇ। 90 ਫ਼ੀਸਦੀ ਮਾਪਿਆਂ ਵਲੋਂ ਇਸ ਨੂੰ ਸਲਾਹਿਆ ਗਿਆ ਕਿ ਸਕੂਲ ਨੂੰ ਸਾਡੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਪਰ ਅੱਜਕਲ੍ਹ ਕੁਝ ਲੋਕਾਂ ਵਲੋਂ ਅਧਿਆਪਕਾਂ ਦੀ ਇਸ ਮਿਹਨਤ 'ਤੇ ਪਾਣੀ ਫੇਰਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਕੂਲ ਵਲੋਂ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਫੀਸਾਂ ਇਕੱਠੀਆਂ ਕਰਨ ਲਈ ਡਰਾਮਾ ਕੀਤਾ ਜਾ ਰਿਹਾ ਹੈ ਜੋ ਕਿ ਇਕ ਇਨਸਾਨੀਅਤ ਦੇ ਨਾਤੇ ਬਹੁਤ ਗ਼ਲਤ ਹੈ। ਜੇਕਰ ਅਸੀਂ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਤੋਂ ਅਸੀਂ ਕੀ ਉਮੀਦ ਰੱਖਾਂਗੇ ਕਿ ਉਹ ਆਪਣੇ ਅਧਿਆਪਕ ਦੀ ਇੱਜ਼ਤ ਕਰਨਗੇ। ਅਧਿਆਪਕ ਦਾ ਪੇਸ਼ਾ ਇਕ ਧੰਨਵਾਦੀ ਪੇਸ਼ਾ ਹੈ। ਸਾਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਉਕਿ ਆਪਣੇ ਘਰ ਬੈਠਿਆਂ ਵੀ ਇਸ ਮੁਸ਼ਕਿਲ ਦੇ ਸਮੇਂ ਵਿਚ ਉਨ੍ਹਾਂ ਨੂੰ ਸਾਡੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ।

-ਜਗਦੇਵ ਸਿੰਘ।

ਹਾਲਾਤ ਤੋਂ ਸੁਚੇਤ ਰਹੋ
ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਤੇ ਭਾਰਤ ਵਿਚ ਉਨ੍ਹਾਂ ਗਿਆਰਾਂ ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਵਿਚ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੋਂ ਜ਼ਿਆਦਾ ਹੈ। ਹਰ ਰੋਜ਼ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਸੰਖਿਆ 5000 ਤੋਂ ਜ਼ਿਆਦਾ ਹੋਣ ਲੱਗੀ ਹੈ। ਸਰਕਾਰ ਜ਼ਿਆਦਾ ਸਮਾਂ ਤਾਲਾਬੰਦੀ ਨਹੀਂ ਰੱਖ ਸਕਦੀ। ਤਕਰੀਬਨ ਸਾਰੇ ਦੇਸ਼ਾਂ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ, ਇਸ ਲਈ ਸਾਰੇ ਦੇਸ਼ ਥੋੜ੍ਹੀ-ਥੋੜ੍ਹੀ ਢਿੱਲ ਦੇ ਰਹੀ ਹੈ। ਤਾਲਾਬੰਦੀ ਦੀ ਦਿੱਤੀ ਢਿੱਲ ਜਾਂ ਹਟ ਰਹੇ ਕਰਫਿਊ ਦਾ ਕਾਰਨ ਇਹ ਨਾ ਸਮਝਣਾ ਕਿ ਕੋਰੋਨਾ ਖਤਮ ਹੈ। ਬਿਲੁਕਲ ਨਹੀਂ। ਕੋੋਰੋਨਾ ਨੂੰ ਖਤਮ ਹੋਣ 'ਚ ਲੰਮਾ ਸਮਾਂ ਲੱਗ ਸਕਦਾ ਹੈ ਤੇ ਸਾਰੇ ਦੇਸ਼ਾਂ ਦੀ ਅਰਥ-ਵਿਵਸਥਾ ਲੰਮੇ ਸਮੇਂ ਤੱਕ ਕਮਜ਼ੋਰ ਹੋਵੇਗੀ। ਇਥੋਂ ਤੱਕ ਕਿ ਬਹੁਤ ਸਾਰੇ ਦੇਸ਼ ਘਾਟੇ ਵਿਚ ਜਾਣ ਕਾਰਨ ਖ਼ਤਮ ਵੀ ਹੋ ਸਕਦੇ ਹਨ ਜਾਂ ਖਤਮ ਹੋਣ ਦੀ ਕਗਾਰ ਜਾ ਸਕਦੇ ਹਨ। ਇਸ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਸਾਨੂੰ ਘਰਾਂ 'ਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੇਸ਼ੱਕ ਬਹੁਤ ਸਾਰੇ ਦੇਸ਼ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਤੇ ਕੁਝ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਵੈਕਸੀਨ ਬਣਾ ਲਈ ਹੈ ਪ੍ਰੰਤੂ ਜਿੰਨਾ ਚਿਰ ਉਹ ਵਰਤੋਂ ਵਿਚ ਨਹੀਂ ਆਉਂਦੀ, ਓਨਾ ਚਿਰ ਆਪਣੀ ਸਿਹਤ ਦਾ ਧਿਆਨ ਰੱਖਣ ਵਿਚ ਹੀ ਸਿਆਣਪ ਹੈ।

-ਸੁਰਜੀਤ ਸਿੰਘ 'ਦਿਲਾ ਰਾਮ'
ਫਿਰੋਜ਼ਪੁਰ।

ਪੰਜਾਬ ਦੀ ਆਰਥਿਕਤਾ
ਜਿਥੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦਾ ਹਰ ਵਰਗ ਪ੍ਰਭਾਵਿਤ ਹੋਣ ਨਾਲ ਦੇਸ਼ ਦੀ ਆਰਤਿਕਤਾ 'ਤੇ ਅਸਰ ਪਿਆ ਹੈ, ਉਥੇ ਹੀ ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਤੋਂ ਲਾਕਡਾਊਨ, ਕਰਫ਼ਿਊ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ, ਛੋਟੇ-ਛੋਟੇ ਹਰ ਕਿਸਮ ਦਾ ਮਾਲੀਆ ਬੰਦ ਹੋ ਜਾਣ ਨਾਲ ਪੰਜਾਬ ਦੀ ਆਰਥਿਕਤਾ 'ਤੇ ਵੀ ਬੁਰਾ ਅਸਰ ਪਿਆ ਹੈ। ਸਵੈ-ਸੇਵੀ ਸੰਸਥਾਵਾਂ ਅਤੇ ਸਰਕਾਰ ਵਲੋਂ ਭਾਵੇਂ ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਢੰਗ ਨਾਲ ਮਦਦ ਕੀਤੀ ਜਾਂਦੀ ਰਹੀ ਹੈ ਪਰ ਉਹ ਕਾਫੀ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ, ਜਿਸ ਨਾਲ ਪੰਜਾਬ ਦੀ ਅਰਥ-ਵਿਵਸਥਾ ਇਕ ਵਾਰੀ ਤੇ ਚਿਰਮਰਾ ਗਈ ਹੈ। ਉਧਰ ਪਹਿਲਾਂ ਹੀ ਆਰਥਿਕ ਮੰਦਵਾੜੇ 'ਚੋਂ ਗੁਜ਼ਰ ਰਹੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਨੇ ਝੰਬਿਆ ਸੀ ਤੇ ਹੁਣ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਦੀ ਚਾਰਦੀਵਾਰੀ ਵਿਚ ਘਿਰ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਪਰਿਵਾਰ ਦੇ ਫਿਕਰ ਅਤੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪਰਮਾਤਮਾ ਕਰੇ ਸਭ ਕੁਝ ਆਮ ਵਰਗਾ ਹੋ ਜਾਵੇ ਅਤੇ ਸਾਰੇ ਕੰਮਕਾਰ ਫਿਰ ਉਸੇ ਤਰ੍ਹਾਂ ਚੱਲ ਪੈਣ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਣ ਨਾਲ ਪੰਜਾਬ ਦੀ ਆਰਥਿਕਤਾ ਦੀ ਗੱਡੀ ਫਿਰ ਪਟੜੀ 'ਤੇ ਦੌੜਨ ਲੱਗ ਪਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਸੋਸ਼ਲ ਮੀਡੀਏ ਦੀ ਸੁਚੱਜੀ ਵਰਤੋਂ
ਪੂਰੀ ਦੁਨੀਆ ਵਿਚ ਭਿਅੰਕਰ ਮਹਾਂਮਾਰੀ ਕੋਰੋਨਾ ਦਾ ਕਹਿਰ ਜਾਰੀ ਹੈ, ਜਿਸ ਦੀ ਕਿ ਖਤਮ ਹੋਣ ਦੀ ਕੋਈ ਨਿਸ਼ਚਿਤ ਮਿਤੀ ਨਹੀਂ ਹੈ। ਇਸੇ ਹੀ ਦੌਰਾਨ ਬਹੁਤ ਦੇਸ਼ਾਂ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ ਪਰ ਸੋਸ਼ਲ ਮੀਡੀਆ ਨਿਰੰਤਰ ਜਾਰੀ ਹੈ। ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਜੋੜਨ ਤੇ ਸਹੀ ਜਾਣਕਾਰੀ ਦੇਣ, ਮੁਸ਼ਕਿਲਾਂ ਸੁਣਨ ਤੇ ਲੋਕਾਂ ਨੂੰ ਸੁਚੇਤ ਕਰਨ ਦਾ ਸੋਸ਼ਲ ਮੀਡੀਆ ਇਕ ਸ੍ਰੇਸ਼ਠ ਸਾਧਨ ਹੈ ਪਰ ਕੁਝ ਲੋਕ ਨਿੱਜੀ ਸਵਾਰਥ ਜਾਂ ਅਰਾਜਕਤਾ ਫੈਲਾਉਣ ਖ਼ਾਤਰ ਸੋਸ਼ਲ ਮੀਡੀਏ ਦੀ ਗ਼ਲਤ ਵਰਤੋਂ ਕਰਦੇ ਹਨ, ਜਿਨ੍ਹਾਂ ਨੂੰ ਕਿ ਇਸ ਔਖੀ ਘੜੀ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ, ਸੋ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੋਸ਼ਲ ਮੀਡੀਏ ਦੀ ਸੁਚੱਜੀ ਵਰਤੋਂ ਕਰਨ ਦੀ ਜ਼ਰੂਰਤ ਹੈ।

-ਲਵਪ੍ਰੀਤ ਸਿੰਘ ਨਰਕਟ

ਸੇਧ ਲੈਣ ਦੀ ਲੋੜ
ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਕਹਿਰ ਨੇ ਜਿਥੇ ਇਕ ਪਾਸੇ ਸਮੁੱਚੀ ਦੁਨੀਆ ਵਿਚ ਘਬਰਾਹਟ ਅਤੇ ਦਹਿਸ਼ਤ ਪੈਦਾ ਕੀਤੀ ਹੋਈ ਹੈ, ਉਥੇ ਦੂਸਰੇ ਪਾਸੇ ਇਸ ਨੇ ਸਾਡੇ ਸੋਚਣ, ਸਮਝਣ ਅਤੇ ਵਿਚਰਨ ਦੇ ਢੰਗ ਉੱਤੇ ਵੀ ਗਹਿਰਾ ਅਸਰ ਪਾਇਆ ਹੈ।
ਭਾਵੇਂ ਡਰ ਜਾਂ ਬਚਾਅ ਕਰਕੇ ਹੀ ਸਹੀ, ਇਸ ਨਾਲ ਕਿਤੇ ਨਾ ਕਿਤੇ ਸਾਡੀ ਭੱਜ-ਦੌੜ ਅਤੇ ਅਸਥਿਰ ਜ਼ਿੰਦਗੀ ਵਿਚ ਕੁਝ ਸਮੇਂ ਲਈ ਸਥਿਰਤਾ ਅਤੇ ਟਿਕਾਅ ਜ਼ਰੂਰ ਪੈਦਾ ਹੋਇਆ ਹੈ, ਕਿਉਂਕਿ ਘਰ ਰਹਿਣ ਨਾਲ ਜਿਥੇ ਸਾਨੂੰ ਆਪਣੇ-ਆਪ ਨਾਲ ਅਤੇ ਆਪਣੇ ਪਰਿਵਾਰ ਨਾਲ ਜੁੜਨ ਦਾ ਅਵਸਰ ਪ੍ਰਾਪਤ ਹੋਇਆ ਹੈ, ਉਥੇ ਸਾਨੂੰ ਸਬਰ-ਸੰਤੋਖ ਨਾਲ ਆਪਣਾ ਜੀਵਨ ਜਿਊਣ ਅਤੇ ਸਾਦਗੀ ਨਾਲ ਆਪਣੇ ਸਭ ਕਾਰ-ਵਿਹਾਰ ਕਰਨ ਦਾ ਵੀ ਵਿਵੇਕ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਕੁਦਰਤ ਦੇ ਸਭ ਜੀਵ-ਜੰਤੂਆਂ, ਪਸ਼ੂ-ਪੰਛੀਆਂ ਅਤੇ ਝੀਲਾਂ-ਦਰਿਆਵਾਂ ਨੂੰ ਵੀ ਕੁਝ ਸਮੇਂ ਲਈ ਮਨੁੱਖ ਦੁਆਰਾ ਫੈਲਾਏ ਜਾਂਦੇ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਵੱਡੀ ਰਾਹਤ ਮਿਲ ਗਈ ਹੈ। ਇਸ ਲਈ ਸਾਨੂੰ ਸਭ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਗ੍ਰਹਿਣ ਕੀਤੀਆਂ ਚੰਗੀਆਂ ਆਦਤਾਂ ਅਤੇ ਹਾਸਲ ਕੀਤੇ ਲਾਭਕਾਰੀ ਤਜਰਬਿਆਂ ਦਾ ਅਸੀਂ ਭਵਿੱਖ ਵਿਚ ਵੀ ਆਪਣੇ ਪਰਿਵਾਰ, ਸਮਾਜ ਅਤੇ ਮਾਨਵਤਾ ਦੀ ਭਲਾਈ ਲਈ ਨਿਰੰਤਰ ਉਪਯੋਗ ਕਰਦੇ ਰਹਾਂਗੇ।

-ਹਰਗੁਣਪ੍ਰੀਤ ਸਿੰਘ
137/2, ਗਲੀ ਨੰ: 5, ਅਰਜਨ ਨਗਰ, ਪਟਿਆਲਾ।

25-05-2020

 ਕਲਾਕਾਰਾਂ ਦੀ ਆਪਸੀ ਲੜਾਈ
ਇਕ ਪਾਸੇ ਤਾਂ ਅੱਜਕਲ੍ਹ ਕੁਝ ਕਲਾਕਾਰ ਭੜਕਾਊ ਗਾਣੇ ਬੋਲ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਦੂਜੇ ਪਾਸੇ ਇਹ ਨੌਜਵਾਨਾਂ ਦੀ ਆਪਸੀ ਰੰਜਿਸ਼ ਵਧਾ ਰਹੇ ਹਨ। ਆਏ ਦਿਨ ਹੀ ਇਨ੍ਹਾਂ ਕਲਾਕਾਰਾਂ ਦੇ ਆਪਸ ਵਿਚ ਪੰਗੇ ਪੈਂਦੇ ਆਮ ਹੀ ਦੇਖੇ ਜਾ ਸਕਦੇ ਹਨ। ਪਹਿਲਾਂ ਤਾਂ ਇਹ ਆਮ ਹੀ ਆਪਣੇ ਸਟੇਜ ਸ਼ੋਆਂ 'ਤੇ ਇਕ-ਦੂਜੇ ਦੇ ਪ੍ਰਤੀ ਚੰਗਾ ਮਾੜਾ ਬੋਲਦੇ ਹਨ। ਬਾਅਦ ਵਿਚ ਇਨ੍ਹਾਂ ਦੇ ਪਿਛਲੱਗ ਪ੍ਰਸੰਸਕ ਸੋਸ਼ਲ ਮੀਡੀਆ 'ਤੇ ਆਪੋ-ਆਪਣੇ ਤਰੀਕੇ ਨਾਲ ਆਪਣੇ ਮਨਪਸੰਦ ਕਲਾਕਾਰ ਦੀ ਹਮਾਇਤ ਵਿਚ ਆ ਕੇ ਇਕ-ਦੂਜੇ ਪ੍ਰਤੀ ਮਨਾਂ ਦੀ ਭੜਾਸ ਕੱਢਦੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਿਛੇ ਨਾ ਲੱਗ ਕੇ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚਣ ਤੇ ਇਨ੍ਹਾਂ ਪਿਛੇ ਲੱਗ ਕੇ ਆਪਣਾ ਵਰਤਮਾਨ ਸਮਾਂ ਤੇ ਭਵਿੱਖ ਨਾ ਬਰਬਾਦ ਕਰਨ। ਇਨ੍ਹਾਂ ਦੀ ਤਾਂ ਰੋਟੀ ਚੱਲੀ ਜਾਂਦੀ ਹੈ। ਸੋ, ਇਨ੍ਹਾਂ ਪਿਛੇ ਨਾ ਲੱਗੋ ਅਤੇ ਆਪਣੇ ਵਰਤਮਾਨ ਸਮੇਂ ਨੂੰ ਆਪਣਾ ਭਵਿੱਖ ਬਣਾਉਣ ਵਿਚ ਲਗਾਇਆ ਜਾਵੇ।

-ਬਲਜੀਤ ਸਿੰਘ ਮਮਦੋਟ
ਮਮਦੋਟ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ।

ਪੁਸਤਕਾਂ ਚੰਗੀਆਂ ਮਿੱਤਰ
ਪੁਸਤਕਾਂ ਸਾਡੇ ਜੀਵਨ ਭਰ ਦੀਆਂ ਮਿੱਤਰ ਹੁੰਦੀਆਂ ਹਨ। ਇਕੱਲ ਦੇ ਸਮੇਂ ਵਿਚ ਇਹ ਸਾਡਾ ਦਿਲ ਪ੍ਰਚਾਵਾ ਕਰਦੀਆਂ ਹਨ ਅਤੇ ਜ਼ਿੰਦਗੀ ਦੇ ਫਿਕਰਾਂ ਅਤੇ ਮੁਸ਼ਕਿਲਾਂ ਦੇ ਵਿਚੋਂ ਨਿਕਲਣ ਦਾ ਰਾਹ ਦੱਸਦੀਆਂ ਹਨ, ਸਾਡੇ ਗਿਆਨ ਨੂੰ ਵਧਾਉਂਦੀਆਂ ਹਨ ਅਤੇ ਸੂਝ ਨੂੰ ਤਿੱਖਾ ਕਰਦੀਆਂ ਹਨ। ਇਕ ਚੰਗੀ ਪੁਸਤਕ ਉਸ ਦੇ ਲੇਖਕ ਦੇ ਜੀਵਨ ਭਰ ਦੇ ਬਹੁ ਮੁੱਲੇ ਅਨੁਭਵਾਂ ਦੀ ਉਪਜ ਹੁੰਦੀਆਂ ਹਨ। ਮਹਾਨ ਲੇਖਕਾਂ ਦੁਆਰਾ ਲਿਖੀਆਂ ਪੁਸਤਕਾਂ ਸਦੀਵੀ ਮਹੱਤਵ ਰੱਖਦੀਆਂ ਹਨ ਅਤੇ ਸਦੀਆਂ ਤੋਂ ਮਨੁੱਖੀ ਬੁੱਧੀ ਅਤੇ ਬਲ ਦੇ ਵਿਕਾਸ ਵਿਚ ਹਿੱਸਾ ਪਾਉਂਦੀਆਂ ਹਨ। ਇਸੇ ਕਰਕੇ ਸਾਨੂੰ ਆਪਣੇ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ, ਇਹ ਸਾਨੂੰ ਬਚਪਨ ਵਿਚ ਖੁਸ਼ੀ, ਜਵਾਨੀ ਵਿਚ ਸੇਧ ਅਤੇ ਬੁਢਾਪੇ ਵਿਚ ਸੁਖ ਦਿੰਦੀਆਂ ਹਨ।

-ਸਿਮਰਨਪ੍ਰੀਤ ਕੌਰ
ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ।

ਨਸ਼ਿਆਂ 'ਚ ਖੜੋਤ
ਭਾਵੇਂ ਸਰਕਾਰ ਵਲੋਂ ਹਰੇਕ ਕਿਸਮ ਦੇ ਨਸ਼ੇ ਖਤਮ ਕਰਨ ਦੀ ਪੂਰੀ ਵਾਹ ਲਗਾਈ ਜਾਂਦੀ ਰਹੀ ਹੈ ਅਤੇ ਇਸ ਦੇ ਖਾਤਮੇ ਜਾਂ ਇਸ 'ਚ ਠੱਲ੍ਹ ਪੈਣ ਵਿਚ ਕੋਈ ਖਾਸ ਸਫ਼ਲਤਾ ਪ੍ਰਾਪਤ ਨਹੀਂ ਹੋਈ ਸੀ ਪ੍ਰੰਤੂ ਜਿਉਂ ਹੀ ਕੋਰੋਨਾ ਮਹਾਂਮਾਰੀ ਨਾਲ ਲਾਕਡਾਊਨ, ਕਰਫ਼ਿਊ ਦਾ ਐਲਾਨ ਹੋਇਆ ਹੈ, ਕਰੀਬ ਦੋ ਮਹੀਨੇ ਇਨ੍ਹਾਂ ਨਸ਼ਿਆਂ ਵਿਚ ਖੜੋਤ ਆ ਗਈ ਸੀ ਅਤੇ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਵੀ ਘਟ ਗਈਆਂ ਸਨ। ਭਾਵੇਂ ਲੋਕਾਂ ਨੂੰ ਸਾਰੇ ਕਾਰੋਬਾਰ ਬੰਦ ਹੋ ਜਾਣ ਕਾਰਨ ਆਰਥਿਕ ਤੰਗੀ ਝੱਲਣੀ ਪੈ ਰਹੀ ਸੀ ਪਰ ਲੋਕ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਸੁਖੀ ਸਨ। ਹੁਣ ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਜਿਥੇ ਦੂਸਰੇ ਨਸ਼ੇ ਵੀ ਸਿਰ ਚੁੱਕ ਰਹੇ ਹਨ, ਉਥੇ ਹੀ ਐਡੀ ਮਹਿੰਗੀ ਸ਼ਰਾਬ ਖਰੀਦ ਕੇ ਪੀਣ ਨਾਲ ਪਹਿਲਾਂ ਹੀ ਆਰਥਿਕ ਮੰਦੀ 'ਚ ਗੁਜਰ ਰਹੇ ਪਰਿਵਾਰਾਂ ਵਿਚ ਤੰਗੀ-ਤੁਰਸ਼ੀ ਅਤੇ ਘਰੇਲੂ ਹਿੰਸਾ ਵਧ ਗਈ ਹੈ। ਭਾਵੇਂ ਸਰਕਾਰ ਨੂੰ ਸ਼ਰਾਬ ਤੋਂ ਕਾਫੀ ਮਾਲੀਆ ਇਕੱਠਾ ਹੁੰਦਾ ਹੈ ਪ੍ਰੰਤੂ ਲੋਕਾਂ ਦੀ ਸਿਹਤ ਅਤੇ ਆਰਥਿਕ ਮੰਦਹਾਲੀ ਕਾਰਨ ਹੋਰਨਾਂ ਕਈ ਰਾਜਾਂ ਵਾਂਗ ਪੰਜਾਬ ਵਿਚ ਵੀ ਦੂਜੇ ਨਸ਼ਿਆਂ ਵਾਂਗ ਸ਼ਰਾਬ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਂ ਹੀ ਪੰਜਾਬ ਵਿਚ ਸੰਪੂਰਨ ਰੂਪ ਵਿਚ ਨਸ਼ਿਆਂ ਦਾ ਖਾਤਮਾ ਹੋ ਸਕਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਕੁਦਰਤੀ ਸਰੋਤਾਂ ਦੀ ਸੰਭਾਲ
ਜੇ ਮਨੁੱਖ ਨੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕੀਤੀ ਹੁੰਦੀ, ਹਵਾ-ਪਾਣੀ, ਚੌਗਿਰਦੇ ਅਤੇ ਧਰਤ ਨੂੰ ਸ਼ੁੱਧ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਕੋਰੋਨਾ ਵਾਇਰਸ ਵਰਗਾ ਕੋਈ ਡਰ ਮਨੁੱਖੀ ਜੀਵਨ ਲਈ ਨਾ ਬਣਦਾ। ਮਨੁੱਖ ਨੇ ਕੁਦਰਤੀ ਸਰੋਤਾਂ ਨੂੰ ਤਹਿਸ-ਨਹਿਸ ਕਰਕੇ ਆਪਣਾ ਜੀਵਨ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੁਦਰਤ ਨਾਲ ਛੇੜ-ਛਾੜ ਕਰਕੇ ਮਨੁੱਖ ਆਪਣਾ ਜੀਵਨ ਸੁਖਾਲਾ ਕਰ ਲਵੇਗਾ। ਕੁਦਰਤ ਨੇ ਆਪਣੇ ਅੰਦਰ ਇਕ ਸੰਤੁਲਨ ਬਣਾ ਕੇ ਰੱਖਿਆ ਹੈ। ਮਨੁੱਖ ਨੂੰ ਸੰਤੁਲਨ ਦੀ ਰਾਖੀ ਕਰਨੀ ਚਾਹੀਦੀ ਹੈ ਨਾ ਕਿ ਉਸ ਨਾਲ ਛੇੜਛਾੜ। ਮਨੁੱਖ ਦੀ ਆਧੁਨਿਕਤਾ ਭਰਪੂਰ ਜੀਵਨ ਸ਼ੈਲੀ ਕਦੇ ਵੀ ਆਰਾਮਦਾਇਕ ਨਹੀਂ ਹੋ ਸਕਦੀ। ਮਨੁੱਖ ਨੂੰ ਵਿਖਾਵੇ ਵਾਲੀ ਜ਼ਿੰਦਗੀ ਛੱਡ ਕੇ ਕੁਦਰਤ ਨਾਲ ਇਕ-ਮਿਕ ਹੋਣਾ ਚਾਹੀਦਾ ਹੈ। ਅੱਜ ਇਸ ਗੱਲ ਦੀ ਫਿਰ ਲੋੜ ਜਾਪੀ ਹੈ ਕਿ ਮਨੁੱਖ ਕੁਦਰਤ ਵੱਲ ਮੁੜੇ ਅਤੇ ਕੁਦਰਤੀ ਸਰੋਤਾਂ ਨੂੰ ਸੰਭਾਲੇ।

-ਪ੍ਰੋ: ਸ਼ੇਰ ਸਿੰਘ ਸੰਧੂ
ਪਿੰਡ ਤੇ ਡਾਕ: ਕੰਧਵਾਲਾ ਹਾਜ਼ਰ ਖਾਂ, ਜ਼ਿਲ੍ਹਾ ਫਾਜ਼ਿਲਕਾ।

ਆਪਸੀ ਟਕਰਾਅ
ਤੇ ਮਤਭੇਦ

ਬਿਲਕੁਲ ਸੱਚ ਜੀ ਅੱਜ ਪੂਰਨ ਤੌਰ 'ਤੇ ਧਾਰਮਿਕ, ਬ੍ਰਹਮਗਿਆਨੀ, ਧਾਰਮਿਕ ਜਥੇਬੰਦੀਆਂ ਅਤੇ ਧਰਮੀ ਬਾਬਿਆਂ ਦਾ ਆਪਸੀ ਟਕਰਾਅ ਅਤੇ ਵੱਧ ਰਹੇ ਮਤਭੇਦ ਦੇਸ਼ ਲਈ ਘਾਤਕ ਸਿੱਧ ਹੋ ਰਹੇ ਹਨ ਤੇ ਉਪਰੋਂ ਧਾਰਮਿਕ ਪ੍ਰੰਪਰਾਵਾਂ ਤੋਂ ਜਮਾ ਹੀ ਮੁਨਕਰ ਹੋ ਚੁੱਕੀ ਹੈ ਅੱਜ ਦੀ ਲੀਡਰਸ਼ਿਪ ਅਤੇ ਨੌਜਵਾਨ ਪੀੜ੍ਹੀ। ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਇਨ੍ਹਾਂ ਆਪਸੀ ਮਤਭੇਦ ਅਤੇ ਖਿਚੋਤਾਣ ਵਿਚ ਹੀ ਸਮਾਂ ਖਰਾਬ ਕਰਦੇ ਰਹਾਂਗੇ? ਜਾਂ ਦੇਸ਼ ਨੂੰ ਅੱਗੇ ਤਰੱਕੀ ਦੀਆਂ ਰਾਹਾਂ ਵੱਲ ਵੀ ਲੈ ਜਾਣ ਦੀ ਸੋਚਾਂਗੇ?
ਮੈਂ ਇਹੀ ਕਹਾਂਗੀ ਕਿ ਧਾਰਮਿਕ ਜਥੇਬੰਦੀਆਂ ਦੇ ਟਕਰਾਅ ਅਤੇ ਆਪਸੀ ਮਤਭੇਦ ਸਾਡੇ ਲਈ ਅਤੇ ਦੇਸ਼ ਦੀ ਲਈ ਸ਼ੁੱਭ ਸੰਕੇਤ ਨਹੀਂ ਹਨ ਜੀ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਕਮੁੱਠ ਹੋ ਕੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰੀਏ ਅਤੇ ਕੋਈ ਪੁਖਤਾ ਹੱਲ ਕਰੀਏ ਤਾਂ ਜੋ ਮੁਸ਼ਕਿਲਾਂ ਤੋਂ ਪੱਕੇ ਤੌਰ'ਤੇ ਛੁਟਕਾਰਾ ਪਾਇਆ ਜਾਵੇ। ਇਸ ਲਈ ਧਰਮ ਦੇ ਨਾਮ 'ਤੇ ਲੜਾਈ, ਝਗੜੇ ਨਾ ਕਰੀਏ ਅਤੇ ਨਾ ਹੀ ਧਰਮ ਦੀਆਂ ਵੰਡੀਆਂ ਪਾਈਏ। ਸਗੋਂ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਕੇ ਆਪਸੀ ਪਿਆਰ ਵਧਾਈਏ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

ਸੋਚ-ਸਮਝ ਕੇ ਚੱਲੋ
ਕਾਹਲੀ ਵਿਚ ਕੀਤੇ ਕੰਮ ਨਾਲ ਸਾਡਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੁੰਦਾ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕਈ ਲੋਕ ਸਪੀਡ ਲਿਮਟ ਵਾਲੇ ਸਥਾਨਾਂ ਜਾਂ ਬਜ਼ਾਰਾਂ ਵਿਚੋਂ ਗੁਜ਼ਰਦੇ ਹੋਏ ਆਪਣੇ ਵਹੀਕਲ ਓਵਰ ਸਪੀਡ ਨਾਲ ਚਲਾਉਂਦੇ ਹਨ। ਕਈ ਵਾਹਨ ਚਲਾਉਂਦੇ ਸਮੇਂ ਨਸ਼ੇ ਦੀ ਹਾਲਤ ਵਿਚ ਆਪਣਾ ਵਹੀਕਲ ਸਾਰੀ ਸੜਕ 'ਤੇ ਹੀ ਘੁਮਾਉਂਦੇ ਨਜ਼ਰੀਂ ਪੈਂਦੇ ਹਨ, ਜੇ ਇਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਵੇ ਤਾਂ ਇਹ ਅੱਗੋਂ ਗ਼ਲਤ ਬੋਲਣ ਤੱਕ ਜਾਂਦੇ ਹਨ। ਅਜਿਹੇ ਮਨੁੱਖ ਜਿਥੇ ਕਈ ਵਾਰ ਆਪਣਾ ਨੁਕਸਾਨ ਤਾਂ ਕਰਦੇ ਹੀ ਹਨ ਉਥੇ ਸਾਹਮਣੇ ਤੋਂ ਆ ਰਹੇ ਕਈ ਬੇਕਸੂਰਾਂ ਨੂੰ ਸਦਾ ਲਈ ਅਪਾਹਜ ਕਰਕੇ ਸੁੱਟ ਦਿੰਦੇ ਹਨ। ਹਮੇਸ਼ਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਲਈ ਅਸੀਂ ਮੁਸੀਬਤ ਦਾ ਕਾਰਨ ਨਾ ਬਣੀਏ।

-ਰਮੇਸ਼ ਸਹਿਗਲ
ਨਿਊ ਕ੍ਰਿਸ਼ਨਾ ਕਲਾਥ ਹਾਊਸ, ਮੇਨ ਬਾਜ਼ਾਰ ਭੁਲੱਥ, ਜ਼ਿਲ੍ਹਾ ਕਪੂਰਥਲਾ।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX