ਤਾਜਾ ਖ਼ਬਰਾਂ


ਨਹਿਰ ਵਿਚ ਡੁੱਬੇ ਦੋ ਨੌਜਵਾਨ ਵਿੱਚੋਂ ਇਕ ਦੀ ਲਾਸ਼ ਹੋਈ ਬਰਾਮਦ, ਦੂਜੇ ਦੀ ਭਾਲ ਜਾਰੀ
. . .  53 minutes ago
ਕਰਨਾਲ, 3 ਅਗਸਤ (ਗੁਰਮੀਤ ਸਿੰਘ ਸੱਗੂ ) -ਬੀਤੀ ਦੇਰ ਸ਼ਾਮ ਨੂੰ ਪਿੰਡ ਘੋਘੜੀਪੁਰ ਦੇ ਨਾਲੋ ਲੰਘਦੀ ਪਛਮੀ ਯਮੁਨਾ ਨਹਿਰ ਵਿਚ ਨਹਾਉਂਦੇ ਹੋਏ ਤਿਨ ਨੌਜਵਾਨ ਵਿੱਚੋਂ ਦੋ ਨੌਜਵਾਨ ਨਹਿਰ ਵਿਚ ਡੁੱਬ ਗਏ ਜਿਨ੍ਹਾਦੀ ਭਾਲ ਬੀਤੀ ਰਾਤ ਤੋ ...
ਕੋਵਿਡ : 19 -ਇਮਰਾਨ ਖਾਨ ਨੇ ਨਿਯੁਕਤ ਕੀਤਾ ਨਵਾਂ ਸਿਹਤ ਮੰਤਰੀ
. . .  about 1 hour ago
ਇਸਲਾਮਾਬਾਦ ,3 ਅਗਸਤ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੀਜਾ ਸਿਹਤ ਮੰਤਰੀ ਨਿਯੁਕਤ ਕੀਤਾ ਹੈ । ਇਹ 2 ਸਾਲ 'ਚ ਸਿਹਤ ਮੰਤਰੀ ਦੀ ਤੀਜੀ ਨਿਯੁਕਤੀ ਹੈ । ਪਾਕਿਸਤਾਨ 'ਚ ਕੋਰੋਨਾ ਦੇ 2 ਲਖ 80 ਹਜ਼ਾਰ ...
ਪਿੰਡ ਕੰਗ ਕਲਾਂ ਦੇ ਕਤਲ ਕੇਸ 'ਚ ਫਰਾਰ 'ਗੋਲਡੀ' ਨੂੰ ਪੁਲਿਸ ਨੇ ਨੱਪਿਆ, 8 ਤੱਕ ਮਿਲਿਆ ਰਿਮਾਂਡ
. . .  about 1 hour ago
ਲੋਹੀਆਂ ਖਾਸ {ਜਲੰਧਰ}, 3 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ ) -ਲੰਘੀ 17 ਜੁਲਾਈ ਦੀ ਰਾਤ ਨੂੰ ਹੋਈ ਲੜਾਈ 'ਚ ਮਾਰੇ ਗਏ ਪਿੰਡ ਕੰਗ ਕਲਾਂ ਦੇ ਅਨਮੋਲਦੀਪ ਸਿੰਘ ਪੁੱਤਰ ਅਜੀਤ ਸਿੰਘ ਦੇ ਕਤਲ ਕੇਸ ...
ਜੰਡਿਆਲਾ ਗੁਰੂ ਵਿਖੇ ਸ਼ਰਾਬ ਪੀਣ ਨਾਲ ਇਕ ਹੋਰ ਵਿਅਕਤੀ ਦੀ ਮੌਤ , ਮੌਤਾਂ ਦੀ ਗਿਣਤੀ 2 ਹੋਈ
. . .  about 1 hour ago
ਜੰਡਿਆਲਾ ਗੁਰੂ , 03 ਅਗਸਤ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਖੇ ਇਕ ਹੋਰ ਵਿਅਕਤੀ ਦੀ ਸ਼ਰਾਬ ਪੀਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਮੌਤਾਂ ਦੀ ਗਿਣਤੀ ਹੁਣ 2 ਹੋ ...
ਸੁੱਚਾ ਸਿੰਘ ਲੰਗਾਹ ਮਾਮਲਾ : ਭਾਈ ਲੌਂਗੋਵਾਲ ਨੇ ਕੀਤੀ ਕਾਰਵਾਈ
. . .  about 2 hours ago
ਅੰਮ੍ਰਿਤਸਰ, 3 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਸੁੱਚਾ ਸਿੰਘ ਲੰਗਾਹ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਵਾਈ ਕਰਦੇ ਹੋਏ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਤਿੰਨ...
ਪੰਜਾਬ 'ਚ ਪਿਛਲੇ 24 ਘµਟਿਆਂ ਦੌਰਾਨ ਕੋਰੋਨਾ ਕਾਰਨ 19 ਮੌਤਾਂ, 677 ਨਵੇਂ ਮਾਮਲੇ
. . .  about 2 hours ago
ਚੰਡੀਗੜ੍ਹ, 3 ਅਗਸਤ - ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 19 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 677 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 18527 ਹੋ ਗਈ ਹੈ, ਜਿਨ੍ਹਾਂ ਵਿਚੋਂ 11882 ਡਿਸਚਾਰਜ...
ਸ਼ਾਹਕੋਟ (ਜਲੰਧਰ) ਇਲਾਕੇ 'ਚ ਨਿੱਜੀ ਬੈਂਕ ਮੁਲਾਜ਼ਮ ਦੇ ਪਤੀ ਸਮੇਤ 2 ਕੋਰੋਨਾ ਪਾਜ਼ੀਟਿਵ
. . .  about 2 hours ago
ਸ਼ਾਹਕੋਟ, 3 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਰੱਖੜੀ ਵਾਲੇ ਦਿਨ ਵੀ ਇਲਾਕੇ ਵਿਚ 2 ਕੋਰੋਨਾ ਮਰੀਜ਼ ਮਿਲੇ, ਜਿਸ ਵਿਚ...
ਈ.ਡੀ ਵੱਲੋਂ ਸੁਸ਼ਾਂਤ ਰਾਜਪੂਤ ਦੇ ਸੀ.ਏ ਤੋਂ ਪੁੱਛਗਿੱਛ
. . .  about 2 hours ago
ਮੁੰਬਈ, 3 ਅਗਸਤ - ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਅੱਜ ਈ.ਡੀ ਨੇ ਸੁਸ਼ਾਂਤ ਰਾਜਪੂਤ ਦੇ ਸੀ.ਏ ਸੰਦੀਪ ਸ੍ਰੀਧਰ ਤੋਂ ਪੁੱਛਗਿੱਛ...
ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਰਾਜਪਾਲ ਪਾਸੋਂ ਤੁਰੰਤ ਐਕਸ਼ਨ ਦੀ ਮੰਗ
. . .  about 2 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਰਾਬ ਨਾਲ ਹੋਈਆਂ ਮੌਤਾਂ...
ਮਾਨਸਾ 'ਚ 2 ਗੁੱਟਾਂ ਦੀ ਲੜਾਈ ਦੌਰਾਨ ਇਕ ਦੀ ਮੌਤ, 1 ਜ਼ਖ਼ਮੀ
. . .  about 3 hours ago
ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਅੱਜ ਦੇਰ ਸ਼ਾਮ ਸਥਾਨਕ ਲੱਲੂਆਣਾ ਰੋਡ 'ਤੇ ਹੇਅਰ ਡਰੈਸਰ ਦੀ ਦੁਕਾਨ 'ਤੇ 2 ਗੁੱਟਾਂ ਦੀ ਲੜਾਈ ਦੌਰਾਨ ਗੋਲੀ ਲੱਗਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਨਾਲ ਇਕ ਨੌਜਵਾਨ ਦੀ ਮੌਤ...
ਹਰੀ ਸਿੰਘ ਜ਼ੀਰਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਮੁਲਤਵੀ
. . .  about 3 hours ago
ਚੰਡੀਗੜ੍ਹ, 3 ਅਗਸਤ - ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਹਰੀ ਸਿੰਘ ਜ਼ੀਰਾ ਦੇ ਦੇਹਾਂਤ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ...
ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਨਹੀਂ ਰਹੇ
. . .  about 3 hours ago
ਜ਼ੀਰਾ, 3 ਅਗਸਤ (ਪ੍ਰਤਾਪ ਸਿੰਘ ਜ਼ੀਰਾ) - ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਵੇਲੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦ ਜ਼ੀਰਾ ਤੋਂ ਪੰਜ ਵਾਰ ਵਿਧਾਇਕ ਬਣਨ ਵਾਲੇ ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਦਾ ਅਚਾਨਕ...
ਢੈਪਈ (ਲੁਧਿਆਣਾ) 2 ਕਾਰਾਂ ਤੇ ਮੋਟਰਸਾਈਕਲ ਦੀ ਟੱਕਰ 'ਚ ਬਜ਼ੁਰਗ ਦੀ ਮੌਤ
. . .  about 3 hours ago
ਜੋਧਾਂ, 2 ਅਗਸਤ (ਗੁਰਵਿੰਦਰ ਸਿੰਘ ਹੈਪੀ)- ਜ਼ਿਲ੍ਹਾ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਢੈਪਈ ਨਹਿਰ ਪੁਲ ਨਜ਼ਦੀਕ 2 ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਦੀ ਮੌਤ ਹੋਣ ਅਤੇ ਉਸ ਦੇ ਪੁੱਤਰ ਦੀ ਜ਼ਖਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ...
ਬਠਿੰਡਾ 'ਚ ਕੋਰੋਨਾ ਦੇ 75 ਨਵੇਂ ਮਾਮਲੇ ਪਾਜ਼ੀਟਿਵ
. . .  about 3 hours ago
ਬਠਿੰਡਾ, 3 ਅਗਸਤ (ਨਾਇਬ ਸਿੱਧੂ) - ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਅੰਦਰ ਸੋਮਵਾਰ ਦੀ ਸ਼ਾਮ ਤੱਕ 29 ਹੋਰ ਵਿਅਕਤੀ ਕੋਰੋਨਾ ਨੂੰ ਹਰਾ ਕੇ ਘਰ ਪਰਤ ਗਏ ਹਨ। ਬੀਤੇ 24...
ਲੁਧਿਆਣਾ 'ਚ ਕੋਰੋਨਾ ਦਾ ਫਿਰ ਵੱਡਾ ਧਮਾਕਾ, 9 ਮਰੀਜ਼ਾਂ ਦੀ ਮੌਤ-228 ਨਵੇਂ ਮਾਮਲੇ
. . .  about 4 hours ago
ਲੁਧਿਆਣਾ, 3 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਅੱਜ ਫਿਰ ਵੱਡਾ ਧਮਾਕਾ ਹੋਇਆ ਹੈ, ਜਿਸ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 9 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ...
ਮੋਗਾ 'ਚ ਕੋਰੋਨਾ ਦੇ 23 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮੋਗਾ, 3 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਕੋਰੋਨਾ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 459 ਹੋ ਗਈ...
ਹੁਸ਼ਿਆਰਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ ਅੱਜ ਕੋਰੋਨਾ ਦੇ 12 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 587 ਹੋ ਗਈ ਹੈ। ਇਸ ਸੰਬੰਧੀ...
ਅੰਮ੍ਰਿਤਸਰ 'ਚ ਕੋਰੋਨਾ ਦੇ 47 ਹੋਰ ਮਾਮਲੇ ਆਏ ਸਾਹਮਣੇ, 2 ਹਜ਼ਾਰ ਤੋਂ ਪਾਰ ਹੋਇਆ ਕੁੱਲ ਅੰਕੜਾ
. . .  about 5 hours ago
ਅੰਮ੍ਰਿਤਸਰ, 3 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 47 ਹੋਰ ਮਾਮਲੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ...
ਖਡੂਰ ਸਾਹਿਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ, ਤੀਜੇ ਦੀ ਹਾਲਤ ਗੰਭੀਰ
. . .  about 5 hours ago
ਖਡੂਰ ਸਾਹਿਬ, 3 ਅਗਸਤ (ਰਸ਼ਪਾਲ ਸਿੰਘ ਕੁਲਾਰ)- ਮਾਝੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੁਣ ਜ਼ਿਲ੍ਹਾ ਤਰਨ...
ਜੰਡਿਆਲਾ ਦੇ ਸਿਹਤ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਜੰਡਿਆਲਾ ਮੰਜਕੀ, 3 ਅਗਸਤ (ਸੁਰਜੀਤ ਸਿੰਘ ਜੰਡਿਆਲਾ)- ਜਲੰਧਰ ਦੇ ਕਸਬੇ ਜੰਡਿਆਲਾ ਮੰਜਕੀ 'ਚ ਅੱਜ ਇੱਕ ਸਿਹਤ ਮੁਲਾਜ਼ਮ ਮੂਲਾ ਰਾਮ (60) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਕਸਬੇ...
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਸਾਬਕਾ ਸਰਪੰਚ ਗੁਰਚਰਨ ਫੱਲੜ ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ
. . .  about 5 hours ago
ਰਾਮਾਂ ਮੰਡੀ, 3 ਅਗਸਤ (ਅਮਰਜੀਤ ਲਹਿਰੀ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਫੱਲੜ 'ਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ...
ਫ਼ਾਜ਼ਿਲਕਾ 'ਚ 9 ਸਾਲਾ ਬੱਚੀ ਸਣੇ 14 ਹੋਰਨਾਂ ਨੂੰ ਹੋਇਆ ਕੋਰੋਨਾ
. . .  about 5 hours ago
ਫ਼ਾਜ਼ਿਲਕਾ, 3 ਅਗਸਤ (ਪ੍ਰਦੀਪ ਕੁਮਾਰ )- ਫ਼ਾਜ਼ਿਲਕਾ ਜ਼ਿਲ੍ਹੇ 'ਚ ਇੱਕ 9 ਸਾਲਾ ਦੀ ਬੱਚੀ ਸਣੇ ਕੋਰੋਨਾ ਦੇ 14 ਹੋਰ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਸੀ. ਐੱਮ...
ਕੋਰੋਨਾ ਜ਼ਿਲ੍ਹਾ ਸੰਗਰੂਰ 'ਚ 29 ਵੀਂ ਮੌਤ
. . .  about 6 hours ago
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ ਅੱਜ ਇੱਕ ਹੋਰ ਮੌਤ ਹੋ ਗਈ। ਕੋਰੋਨਾ ਤੋਂ ਪੀੜਤ ਧੂਰੀ ਦੀ 33 ਸਾਲਾ ਸੁਨੈਨਾ ਗੁਪਤਾ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ...
ਕਾਂਗਰਸ ਸਰਕਾਰ ਦੇ ਖ਼ਿਲਾਫ਼ ਪੂਰੇ ਪੰਜਾਬ 'ਚ ਭਲਕੇ ਅਰਥੀ ਫੂਕ ਮੁਜ਼ਾਹਰੇ ਕਰੇਗੀ ਬਸਪਾ : ਜਸਵੀਰ ਗੜ੍ਹੀ
. . .  about 6 hours ago
ਬਲਾਚੌਰ, 3 ਅਗਸਤ (ਸ਼ਾਮ ਸੁੰਦਰ ਮੀਲੂ)- ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ 'ਚ 4 ਅਗਸਤ ਨੂੰ ਨਕਲੀ ਅਤੇ ਜ਼ਹਿਰੀਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੱਤਾਟਿੱਬਾ ਨਾਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਹਾੜ ਸੰਮਤ 552
ਵਿਚਾਰ ਪ੍ਰਵਾਹ: ਬਹਾਦਰ ਹੋਣ ਲਈ ਪਹਿਲੀ ਸ਼ਰਤ ਹੈ ਭਰੋਸੇਮੰਦ ਹੋਣਾ। -ਸਿਸਰੋ

ਕਿਤਾਬਾਂ

04-07-2020

 ਗਾਥਾ ਸ੍ਰੀ ਚਮਕੌਰ ਸਾਹਿਬ
ਲੇਖਕ : ਡਾ: ਗੁਰਬਚਨ ਸਿੰਘ ਮਾਵੀ
ਪ੍ਰਕਾਸ਼ਕ : ਗੁਰਬਾਣੀ ਇਸੁ ਜਗ ਮਹਿ ਚਾਨਣੁ ਸੰਸਥਾ (ਮੁਹਾਲੀ)
ਭੇਟਾ : 150 ਰੁਪਏ, ਸਫ਼ੇ : 245
ਸੰਪਰਕ : 98781-49511

ਲੇਖਕ, ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਤੇ ਸਮਰਪਿਤ ਹੈ। ਇਹ ਪੁਸਤਕ ਉਸ ਨੇ, 19 ਸਾਲ ਦੀ ਭਰ ਜਵਾਨੀ ਵੇਲੇ ਸੰਸਾਰ ਤੋਂ ਤੁਰ ਗਏ ਆਪਣੇ ਸਪੁੱਤਰ, ਆਤਮਜੀਤ ਸਿੰਘ ਨੂੰ ਸਮਰਪਿਤ ਕੀਤੀ ਹੈ। ਕੀਟ ਵਿਗਿਆਨੀ ਡਾ: ਮਾਵੀ ਨੇ 'ਚਮਕੌਰ ਦੀ ਗਾਥਾ' ਨੂੰ ਜਿਸ ਵਿਸਤ੍ਰਿਤ ਖੋਜ ਤੇ ਸ਼ਿੱਦਤ ਨਾਲ ਕਲਮਬੰਦ ਕੀਤਾ ਹੈ, ਉਹ ਆਪਣੇ ਆਪ ਵਿਚ ਅਤਿ ਸਲਾਹੁਣਯੋਗ ਕਾਰਜ ਹੈ। ਸੂਖ਼ਤਮਾ, ਇਸ ਪੁਸਤਕ ਦੀ ਇਕ ਖ਼ਾਸ ਖ਼ੂਬੀ ਹੈ। ਪਹਿਲੀ ਵਾਰ, ਕਿਸੇ ਨੇ, ਚਮਕੌਰ ਸਾਹਿਬ ਨਗਰ ਬਾਰੇ ਏਨੀ ਵਿਸ਼ੇਸ਼ ਤੇ ਡੂੰਘੀ ਜਾਣਕਾਰੀ, ਪਾਠਕਾਂ ਨਾਲ ਸਾਂਝੀ ਕੀਤੀ ਹੈ।
ਲੇਖਕ ਮੁਤਾਬਿਕ ਚਮਕੌਰ ਸਾਹਿਬ ਦੀ ਅਸਾਵੀਂ ਜੰਗ ਵਿਚ ਕੁੱਲ 37 ਜਾਂਬਾਜ਼ ਤੇ ਸਿਰਲੱਥ ਸਿੰਘ ਸੂਰਮਿਆਂ ਨੇ, 10 ਲੱਖ ਦੀ ਨਫ਼ਰੀ ਵਾਲੇ ਟਿੱਡੀ ਦਲ ਦਾ ਡਟ ਕੇ ਮੁਕਾਬਲਾ ਕੀਤਾ।
ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ, ਸ੍ਰੀ ਚਮਕੌਰ ਸਾਹਿਬ ਦੇ ਪਿਛੋਕੜ ਤੇ ਇਤਿਹਾਸਕ ਗੁਰਧਾਮਾਂ ਬਾਰੇ ਵਡਮੁੱਲੀ ਜਾਣਕਾਰੀ ਹੈ। ਦੂਜੇ ਅਧਿਆਏ ਵਿਚ, ਗੁਰੂ ਸਾਹਿਬ ਵਲੋਂ ਕਿਲ੍ਹਾ ਅਨੰਦਪੁਰ ਛੱਡਣ, ਨਦੀ ਸਰਸਾ ਕੰਢੇ ਜੰਗ ਤੇ ਚਮਕੌਰ ਦੀ ਗੜ੍ਹੀ ਤੱਕ ਪਹੁੰਚਣ ਦੇ ਰੌਚਕ ਵੇਰਵਾ ਹੈ। ਤੀਜੇ ਅਧਿਆਏ ਵਿਚ ਦੁਨੀਆ ਦੀ ਅਨੋਖੀ ਜੰਗ ਦਾ ਵੇਰਵਾ, ਪਾਠਕ ਨੂੰ ਕੀਲ ਕੇ ਰੱਖ ਦੇਣ ਵਾਲਾ ਹੈ। ਜੰਗ ਦੀ ਹਰ ਛੋਟੀ ਵੱਡੀ ਘਟਨਾ ਨੂੰ ਪਾਠਕਾਂ ਸਾਂਹਵੇਂ ਪ੍ਰਸਤੁਤ ਕੀਤਾ ਗਿਆ ਹੈ। ਚੌਥਾ ਭਾਗ-ਚਮਕੌਰ ਦੀ ਜੰਗ ਵਿਚ ਜਾਮੇ-ਸ਼ਹਾਦਤ ਪੀਣ ਵਾਲੇ ਸਿੰਘਾਂ ਦੇ ਨਾਵਾਂ ਦਾ ਇਤਿਹਾਸ ਵਿਸ਼ਲੇਸ਼ਣ ਅਤੇ ਸ਼ਹੀਦ ਸਿੰਘਾਂ ਦੀ ਸੂਚੀ ਸਬੰਧੀ ਹੈ ਅਤੇ ਅੰਤਲਾ ਭਾਗ-ਸ਼ਹੀਦ ਸਿੰਘਾਂ ਦੇ ਜੀਵਨ ਬਿਰਤਾਂਤ ਬਾਰੇ ਹੈ। ਪੁਸਤਕ ਵਿਚ, ਗੁਰਬਾਣੀ ਦੇ ਢੁਕਵੇਂ ਪ੍ਰਮਾਣ, ਕਾਵਿਕ ਟੂਕਾਂ, ਇਤਿਹਾਸਕ ਹਵਾਲੇ ਤੇ ਨੋਟ ਸ਼ਾਮਿਲ ਹਨ, ਜਿਹੜੇ ਇਸ ਪੁਸਤਕ ਨੂੰ ਹਰ ਪੁਖ਼ਤਗੀ ਪ੍ਰਦਾਨ ਕਰਦੇ ਹਨ। ਪੁਸਤਕ ਵਿਚ ਕਈ ਰੰਗੀਨ ਇਤਿਹਾਸਕ ਤਸਵੀਰਾਂ ਵੀ ਸ਼ਾਮਿਲ ਹਨ ਅਤੇ ਅੰਤ ਵਿਚ, ਸਹਾਇਕ ਪੁਸਤਕਾਂ ਦੀ ਪੂਰੀ ਸੂਚੀ ਦਿੱਤੀ ਗਈ ਹੈ। ਜ਼ਫ਼ਰਨਾਮੇ ਦੇ ਕੁਝ ਫ਼ਾਰਸੀ ਸ਼ੇਅਰ, ਹਰਫ਼-ਬ-ਹਰਫ਼, ਅਰਥਾਂ ਸਮੇਤ ਸ਼ਾਮਿਲ ਕੀਤੇ ਗਏ ਹਨ।
ਤੁਰਾ ਗਰ ਨਜ਼ਰ ਅਸਤ ਬਰ ਫ਼ੌਜ ਓ-ਜਰ
ਬਾ ਮਾ ਰਾ ਨਿਗਿਹ ਅਸਤ, ਯਜ਼ਦਾ ਸ਼ੁਕਰ
(ਪੰਨਾ 78)
ਤੁਰਾ-ਤੇਰੀ। ਨਿਗਿਹ ਅਸਤ-ਨਜ਼ਰ ਹੈ। ਯਜ਼ਦਾ-ਸ਼ੁਕਰ ਖ਼ੁਦਾ ਵਲ। ਪੁਸਤਕ, ਤਾਰੀਖ਼ੀ ਤੇ ਅਹਿਮ ਦਸਤਾਵੇਜ਼ ਹੈ।

ਤੀਰਥ ਸਿੰਘ ਢਿੱਲੋਂ
tirathsinghdhillon04@gmail.com

c c c

ਪੰਜਾਬੀ ਲੋਕਧਾਰਾ ਦੇ ਵਿਸਰਦੇ ਵਰਤਾਰੇ
ਲੇਖਕ : ਡਾ: ਪ੍ਰਿਤਪਾਲ ਸਿੰਘ ਮਹਿਰੋਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 182
ਸੰਪਰਕ : 98885-10185.

ਹਥਲੀ ਪੁਸਤਕ ਪੰਜਾਬੀ ਜਨਜੀਵਨ ਦੇ ਅਨਮੋਲ ਵਿਰਾਸਤੀ ਵਰਤਾਰੇ ਜਿਨ੍ਹਾਂ ਨੂੰ ਅਜੋਕੇ ਸਮੇਂ ਵਿਚ ਜਾਂ ਤਾਂ ਵਿਸਾਰ ਦਿੱਤਾ ਗਿਆ ਜਾਂ ਹੌਲੀ-ਹੌਲੀ ਭੁੱਲਦਿਆਂ-ਭੁੱਲਦਿਆਂ ਖ਼ਤਮ ਕਰ ਦਿੱਤਾ ਜਾ ਰਿਹਾ ਹੈ ਆਦਿ ਦਾ ਉਸਾਰੂ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਦਰਪਣ ਹੈ। ਲੇਖਕ ਕੋਲ ਅਨੰਤ ਸੱਭਿਆਚਾਰਕ ਅਤੇ ਲੋਕਧਾਰਾਈ ਗਿਆਨ ਹੈ, ਪਰ ਇਸ ਪੁਸਤਕ ਨੂੰ ਵਿਧੀਵਤ ਰੂਪ ਦੇਣ ਲਈ ਉਸ ਨੇ ਪੰਜ ਖੰਡਾਂ ਵਿਚ ਪੰਜਾਬੀ ਵਿਰਾਸਤੀ ਰੰਗਾਂ ਨੂੰ ਪੇਸ਼ ਕੀਤਾ ਹੈ। ਜਿਨ੍ਹਾਂ ਵਿਚ ਵਿਸ਼ੇਸ਼ਤਰ ਵਿਸਰਦੇ ਵਰਤਾਰੇ ਦੀ ਗੱਲ ਪ੍ਰਬਲ ਰੂਪ ਵਿਚ ਕੀਤੀ ਹੈ। ਪਹਿਲੇ ਖੰਡ ਵਿਚ 'ਲੋਕ-ਕਲਾ ਅਤੇ ਲੋਕ-ਨਾਚ' ਸਿਰਲੇਖ ਦੇ ਅੰਤਰਗਤ ਡਾ: ਮਹਿਰੋਕ ਨੇ ਵਿਸਰ ਰਹੇ ਵਰਤਾਰੇ ਵਿਚੋਂ ਲੋਕ-ਖੇਡਾਂ, ਲੋਕ-ਨਾਚਾਂ ਅਤੇ ਲੋਕ-ਕਾਵਿ ਰੂਪਾਂ ਜਿਨ੍ਹਾਂ ਵਿਚ ਹੇਅਰਾ, ਖੇਡ ਗੀਤਾਂ ਜਿਵੇਂ ਥਾਲ, ਕਿੱਕਲੀ ਦੇ ਗੀਤ ਅਤੇ ਜਾਗੋ ਆਦਿ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਹੈ। ਲੇਖਕ ਨੇ ਲੋਕ-ਕਲਾਵਾਂ, ਸਾਧਾਰਨ ਲੋਕਾਂ ਦੀਆਂ ਲੋੜਾਂ ਅਤੇ ਲੋੜਾਂ ਦੀ ਪੂਰਤੀ ਲਈ ਵਰਤੇ ਜਾਂਦੇ ਸੰਦਾਂ ਬਾਬਤ ਵੀ ਆਪਣੀ ਜਾਗਰੂਕ ਸੋਝੀ ਪ੍ਰਗਟਾਈ ਹੈ, ਇਸ ਦਾ ਵਿਵਰਣ ਘਰ ਦੇ ਚੁੱਲ੍ਹੇ-ਚੌਂਕੇ, ਚੱਕੀਆਂ, ਹਾਰੇ, ਭੱਠੀਆਂ, ਚਰਖੇ, ਤ੍ਰਿਝਣਾਂ ਅਤੇ ਕੱਤਣੀਆਂ ਦਾ ਉਲੇਖ ਵਿਵਹਾਰਕ ਜੀਵਨ ਦੇ ਅੰਤਰਗਤ ਲੋਕ ਗੀਤਾਂ ਦੇ ਹਵਾਲਿਆਂ ਨਾਲ ਇਨ੍ਹਾਂ ਦੀ ਅਹਿਮੀਅਤ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਸੇ ਪ੍ਰਸੰਗਤਾ ਵਿਚ ਪੰਜਾਬੀ ਜਨਜੀਵਨ ਵਿਚ ਪ੍ਰਚਲਿਤ ਰਸਮਾਂ, ਵਿਆਹ ਤੋਂ ਪਹਿਲਾਂ ਚੁੱਕੀਆਂ ਝੋਣੀਆਂ, ਸੁਹਾਗ ਘੋੜੀਆਂ ਗਾਉਣੀਆਂ, ਕਲੀਰੇ ਅਤੇ ਸਿਹਰੇ ਬੰਨ੍ਹਣੇ, ਖਾਰੇ ਚੜ੍ਹਾਉਣਾ ਆਦਿ ਦਾ ਵਿਵਰਣ ਸੱਚਮੁੱਚ ਪੰਜਾਬੀ ਜੀਵਨ ਵਰਤਾਰੇ ਵਿਚ ਰਹੀ ਰੰਗੀਨੀ ਦਾ ਦਰਪਣ ਪੇਸ਼ ਕੀਤਾ ਗਿਆ ਹੈ। ਪੁਸਤਕ ਦਾ ਚੌਥਾ ਖੰਡ ਪੰਜਾਬਣਾਂ ਦੇ ਹਾਰ ਸ਼ਿੰਗਾਰ ਅਤੇ ਉਨ੍ਹਾਂ ਦੀ ਹੱਥੀਂ ਨਿਰਮਿਤ ਲੋਕ-ਕਲਾ, ਜਿਸ ਵਿਚ ਸੁਹਜ ਸਜਾਵਟ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਜਿਵੇਂ ਆਪੇ ਬਣਾਇਆ ਪਰਾਂਦਾ, ਆਪੇ ਪੀਸਿਆ ਸੁਰਮਾ, ਸੱਜਣ ਲਈ ਕੱਢਿਆ ਰੁਮਾਲ, ਸੁਨਿਆਰੇ ਤੋਂ ਘੜਾਈਆਂ ਚਾਂਦੀ ਦੀਆਂ ਝਾਂਜਰਾਂ ਅਤੇ ਹੋਰ ਗਹਿਣਿਆਂ ਦੀ ਸੱਭਿਆਚਾਰਕ ਸਾਰਥਿਕਤਾ ਦਾ ਉਲੇਖ ਸੱਚਮੁੱਚ ਅਮੀਰ ਪੰਜਾਬੀ ਵਿਰਸੇ ਦੀ ਹੋਂਦ ਦਾ ਪ੍ਰਗਟਾਵਾ ਜਾਪਦਾ ਹੈ। ਪੁਸਤਕ ਦਾ ਅੰਤਿਮ ਖੰਡ ਪੰਜਾਬੀ ਲੋਕਾਂ ਦੇ ਸ਼ੌਕਾਂ, ਰੁਝੇਵਿਆਂ ਅਤੇ ਮਨੋਰੰਜਨ ਦੇ ਰਸੀਲੇਪਣ ਦਾ ਪ੍ਰਗਟਾਵਾ ਤਾਂ ਕਰਦਾ ਹੀ ਹੈ ਨਾਲ ਦੀ ਨਾਲ ਵਿਸਰ ਗਏ ਚਿੱਠੀ-ਪੱਤਰ ਦੇ ਸਾਧਨਾਂ, ਲੋਕ-ਕਾਵਿ ਕਸੀਦਾ-ਕਾਰੀ, ਲੋਕ-ਨਾਟਾਂ, ਭੰਡਾਂ ਦੀਆਂ ਨਕਲਾਂ, ਸਵਾਂਗ, ਕਠਪੁਤਲੀਆਂ ਦੇ ਤਮਾਸ਼ਿਆਂ ਅਤੇ ਨੌਟੰਕੀ ਜੋ ਪੰਜਾਬੀਆਂ ਨੂੰ ਬਿਲਕੁਲ ਵਿਸਰ ਚੁੱਕੇ ਹਨ ਬਾਬਤ ਵੀ ਭਰਪੂਰ ਜਾਣਕਾਰੀ ਦਿੱਤੀ ਹੈ। ਲੇਖਕ ਦਾ ਚਿੰਤਨ ਹੈ ਕਿ ਪੰਜਾਬੀ ਲੋਕਾਂ ਵਿਚ ਪ੍ਰਵੇਸ਼ ਕਰ ਚੁੱਕੀਆਂ ਖਪਤਕਾਰੀ ਰੁਚੀਆਂ ਦਾ ਪ੍ਰਵਾਹ ਜੇ ਪ੍ਰਬਲ ਨਾ ਹੋਏ ਅਤੇ ਰਿਸ਼ਤਿਆਂ ਦੀ ਬੇਗਾਨਗੀ ਨਾ ਆਵੇ ਤਾਂ ਇਸ ਵਿਸਰਦੇ ਵਰਤਾਰੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਬਚਾਅ ਕੇ ਅਗਲੀਆਂ ਪੀੜ੍ਹੀਆਂ ਤਕ ਪ੍ਰਵਾਹਮਾਨ ਕੀਤਾ ਜਾ ਸਕਦਾ ਹੈ। ਨਿਰਸੰਦੇਹ, ਇਹ ਪੁਸਤਕ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾਈ ਪਹਿਲੂਆਂ ਦੇ ਮਹੱਤਵਪੂਰਨ ਪੱਖਾਂ ਦਾ ਰੌਚਕ ਵਰਣਨ ਹੈ।

ਡਾ: ਜਗੀਰ ਸਿੰਘ ਨੂਰ
ਮੋ: 98142-09732

c c c

ਸਤਿਗੁਰੂ ਨਾਨਕ ਪ੍ਰਗਟਿਆ
ਲੇਖਕ : ਡਾ: ਰਤਨ ਸਿੰਘ ਜੱਗੀ
ਸਫ਼ੇ : 74
ਸੰਪਰਕ : 98141-00211.

ਡਾ: ਰਤਨ ਸਿੰਘ ਜੱਗੀ, ਪ੍ਰੋਫੈਸਰ ਐਮੀਰੈਟਸ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੇਵਾ-ਮੁਕਤ ਹਨ। ਸਿੱਖ ਧਰਮ, ਇਤਿਹਾਸ, ਸਾਹਿਤ, ਸਮਾਜ ਅਤੇ ਦਾਰਸ਼ਨਿਕਤਾ ਬਾਰੇ ਡਾ: ਜੱਗੀ ਦੀਆਂ ਕਈ ਕਿਤਾਬਾਂ ਨੇ ਵਿਸ਼ਵ ਪੱਧਰ 'ਤੇ ਮਕਬੂਲੀਅਤ ਪ੍ਰਾਪਤ ਕੀਤੀ ਹੈ। ਸਾਹਿਤ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਮੈਗਜ਼ੀਨ 'ਖੋਜ ਪ੍ਰਤਿਕਾ' ਦੇ ਪ੍ਰਮੁੱਖ ਸੰਪਾਦਕ ਰਹਿ ਚੁੱਕੇ ਹਨ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਉਨ੍ਹਾਂ ਦੀ ਨਵੀਂ ਕਿਤਾਬ 'ਸਤਿਗੁਰੂ ਨਾਨਕ ਪ੍ਰਗਟਿਆ' ਪ੍ਰਕਾਸ਼ਿਤ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਛੇ ਪ੍ਰਮੁੱਖ ਵਿਸ਼ਿਆਂ ਵਿਅਕਤਿੱਤਵ, ਅਨੁਭਵੀ ਚਿੰਤਕ, ਰਹੱਸਵਾਦੀ ਸਾਧਕ, ਕਲਿਆਣਕਾਰੀ ਸੁਧਾਰਕ, ਧਾਰਮਿਕ ਮਾਨਤਾਵਾਂ ਅਤੇ ਜੀਵਨ-ਜਾਚ 'ਤੇ ਆਧਾਰਿਤ ਇਹ ਕਿਤਾਬ ਕੁੱਲ 74 ਪੰਨਿਆਂ ਦੀ ਭੇਟਾ ਰਹਿਤ ਹੈ, ਜਿਸ ਵਿਚ ਗੁਰਦੁਆਰਾ ਜਨਮ ਸਥਾਨ ਅਤੇ ਪੰਜਾ ਸਾਹਿਬ ਦੀਆਂ ਫੋਟੋਆਂ ਹਨ। ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਆਧਾਰ ਬਣਾ ਕੇ ਕਿਤਾਬ ਲਿਖੀ ਗਈ ਹੈ। ਵਿਦਵਾਨ ਲੇਖਕ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਵਿਅਕਤਿੱਤਵ ਬੜਾ ਅਦਭੁੱਤ ਸੀ। ਉਹ ਨਬੀ, ਲੋਕ ਨਾਇਕ, ਸਾਧਕ, ਪ੍ਰਭੂ ਦੁਆਰ ਦੇ ਢਾਡੀ, ਸ਼ਾਇਰ, ਵਿਰਕਤ ਅਤੇ ਗ੍ਰਹਿਸਥੀ ਵੀ ਸਨ। ਲੇਖਕ ਅਨੁਸਾਰ ਗੁਰੂ ਜੀ ਕਿਸੇ ਸਾਧਨਾ ਮਾਰਗ ਦੇ ਵਿਰੋਧੀ ਨਹੀਂ ਸਨ। ਉਹ ਭਾਵੁਕ ਚਿੰਤਕ ਸਨ। ਗੁਰੂ ਨਾਨਕ ਦੇਵ ਜੀ ਇਕ ਮਹਾਨ ਰਹੱਸਵਾਦੀ ਸਾਧਕ ਸਨ। ਲੇਖਕ ਅਨੁਸਾਰ ਗੁਰੂ ਜੀ ਦੇ ਰਹੱਸਵਾਦੀ ਕਾਵਿ ਦੀਆਂ ਚਾਰ ਪ੍ਰਮੁੱਖ ਵਿਰਤੀਆਂ ਅਧਿਆਤਮਿਕ ਸ਼ਰਧਾ, ਆਤਮ ਸ਼ੁੱਧੀ, ਅਦੈਵਤਾ ਅਤੇ ਪ੍ਰੇਮ ਭਾਵਨਾ ਹਨ। ਕਲਿਆਣਕਾਰੀ ਸੁਧਾਰਕ ਵਜੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਸ਼ਵ-ਮਾਨਵਤਾ ਦੇ ਕਲਿਆਣ ਲਈ ਮੱਧ ਯੁੱਗ ਦੇ ਹੋਰ ਸੂਫ਼ੀਆਂ, ਦਰਵੇਸ਼ਾਂ ਅਤੇ ਸੰਤਾਂ ਤੋਂ ਅਨਿੱਖੜਵੀਂ ਤੇ ਅਦਭੁੱਤ ਹੈ। ਲੇਖਕ ਵਲੋਂ ਗੁਰੂ ਨਾਨਕ ਦੇਵ ਦੀ ਬਾਣੀ ਦਾ ਰਾਜਨੀਤਕ ਤੇ ਸਮਾਜਿਕ ਦ੍ਰਿਸ਼ਟੀਕੋਣਾਂ ਤੋਂ ਗਹਿਰਾਈ ਨਾਲ ਮੁਲਾਂਕਣ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀਆਂ ਧਾਰਮਿਕ ਮਾਨਤਾਵਾਂ ਅਤੇ ਸਥਾਪਨਾਵਾਂ ਬਾਰੇ ਲੇਖਕ ਦਾ ਦ੍ਰਿਸ਼ਟੀਕੋਣ ਬੜਾ ਸਪੱਸ਼ਟ ਹੈ। ਉਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਧਰਮ ਸੁਧਾਰਕ, ਉਨ੍ਹਾਂ ਦਾ ਉਦੇਸ਼ ਹਿੰਦੂ ਤੇ ਮੁਸਲਮਾਨੀ ਧਰਮਾਂ ਵਿਚਕਾਰ ਤਾਲਮੇਲ ਸਥਾਪਤ ਕਰਨਾ, ਉਨ੍ਹਾਂ ਦੇ ਧਰਮ ਵਿਚ ਕੁਝ ਮੌਲਿਕਤਾ ਅਤੇ ਉਨ੍ਹਾਂ ਦਾ ਉਦੇਸ਼ ਇਕ ਬਿਲਕੁਲ ਨਵੇਂ ਧਰਮ ਦੀ ਸਥਾਪਨਾ ਕਰਨਾ ਸੀ। (ਪੰਨਾ 56) ਗੁਰੂ ਨਾਨਕ ਦੇਵ ਜੀ ਦੀ ਜੀਵਨ-ਜਾਚ ਵਿਚ ਡਾ: ਜੱਗੀ ਅਨੁਸਾਰ ਗੁਰਮਤਿ ਸਦਾਚਾਰ ਸੀ। ਸੰਖੇਪ ਵਿਚ ਗੁਰੂ ਨਾਨਕ ਬਾਣੀ ਅਨੁਸਾਰ ਨਾਮ ਜਪਣਾ, ਕਿਰਤ ਕਰਨਾ ਅਤੇ ਵੰਡ ਛਕਣਾ ਹੀ ਪ੍ਰਮੁੱਖ ਸਦਾਚਾਰ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਮਾਨਵਤਾ ਕਲਿਆਣ ਦਾ ਮੂਲ ਆਧਾਰ ਹੈ। ਮਰਦ-ਏ-ਕਾਮਿਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਦੇ ਵੱਖ-ਵੱਖ ਪੱਖਾਂ 'ਤੇ ਆਧਾਰਿਤ ਇਹ ਕਿਤਾਬ ਸਮਕਾਲੀਨ ਪੰਜਾਬੀ ਸਮਾਜ ਨੂੰ ਫ਼ਿਰਕਾਪ੍ਰਸਤੀ, ਛੂਤ-ਛਾਤ, ਨਸਲ, ਰੰਗ, ਜਾਤ, ਧਰਮ, ਖਿੱਤੇ ਆਦਿ 'ਤੇ ਆਧਾਰਿਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਅਕਾਦਮਿਕ, ਬੌਧਿਕ, ਸਰਲ ਲਿਖਤ, ਪ੍ਰਭਾਵਸ਼ਾਲੀ, ਸਪੱਸ਼ਟ, ਵਿਚਾਰਾਤਮਕ ਅਤੇ ਪ੍ਰੇਰਨਾਮਈ ਤੇ ਸਲਾਹੁਣਯੋਗ ਉਪਰਾਲਾ ਹੈ।

ਡਾ: ਮੁਹੰਮਦ ਇਦਰੀਸ
ਮੋ: 98141-71786

c c c

ਕੈਂਡਲ ਮਾਰਚ
ਲੇਖਕ : ਕਮਲ ਗਿੱਲ
ਪ੍ਰਕਾਸ਼ਕ : ਹਰਨੂਰ ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98154-33166.

ਵੱਖ-ਵੱਖ ਸਾਹਿਤਕ ਵਿਧਾਵਾਂ ਵਿਚ ਲਗਪਗ 9 ਪੁਸਤਕਾਂ ਰਚ ਚੁੱਕੀ ਸਾਹਿਤਕਾਰਾ ਕਮਲ ਗਿੱਲ ਆਪਣੇ ਨਵੇਂ ਨਾਵਲ 'ਕੈਂਡਲ ਮਾਰਚ' ਨਾਲ ਹਾਜ਼ਰ ਹੈ। ਸਮਾਜ ਦੀ ਮਾਨਸਿਕਤਾ ਅਤੇ ਆਧੁਨਿਕ ਯਥਾਰਥਵਾਦ ਨੂੰ ਚਿਤਰਤ ਕਰਦਾ ਇਹ ਨਾਵਲ ਲੇਖਿਕਾ ਦੀ ਪਰਿਪੱਕ ਸੋਝੀ ਦੀ ਹਾਮੀ ਭਰਦਾ ਹੈ। ਨਾਵਲਕਾਰਾ ਦੀ ਲੇਖਣੀ ਵਿਚ ਪਾਠਕ ਨੂੰ ਕਹਾਣੀ ਦੇ ਨਾਲ-ਨਾਲ ਤੋਰਨ ਦਾ ਗੁਣ ਹੈ ਅਤੇ ਨਾਲ ਹੀ ਪਾਠਕ ਨਾਵਲ ਵਿਚਲੇ ਪਾਤਰਾਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਹਾਲਤਾਂ ਵਿਚ ਮਹਿਸੂਸ ਕਰਦਾ ਹੈ। ਮਨੋਵਿਗਿਆਨਕ ਢੰਗ ਨਾਲ ਪਾਤਰ ਚਿਤਰਨ ਦੀ ਕਲਾ ਇਕ ਪਾਸੇ ਤਾਂ ਚੰਗੀ ਤਰਬੀਅਤ ਅਤੇ ਪਾਲਣ-ਪੋਸ਼ਣ ਨੂੰ ਸਲਾਹੁੰਦੀ ਹੈ ਪਰ ਨਾਲ ਹੀ ਪਾਲਣ-ਪੋਸ਼ਣ ਵਿਚ ਅਣਗਹਿਲੀ ਕਰਕੇ ਸਮਾਜ ਦੀਆਂ ਨੀਹਾਂ ਨੂੰ ਖੋਖਲਾ ਕਰ ਰਹੇ ਮਾਪਿਆਂ ਦੇ ਵਿਹਾਰ ਨੂੰ ਨਿੰਦਦੀ ਹੈ। ਇਸੇ ਕਾਰਨ ਪੇਂਡੂ, ਵਿਦਿਆਰਥੀ ਅਤੇ ਆਮ ਪਰਿਵਾਰਕ ਜੀਵਨ ਬਾਰੇ ਬਿਰਤਾਂਤ ਸਿਰਜਣ ਸਮੇਂ ਨਾਵਲਕਾਰਾ ਨੇ ਆਦਰਸ਼ ਪਾਤਰਾਂ ਦੇ ਨਾਲ-ਨਾਲ ਬੁਰੇ ਪਾਤਰ ਵੀ ਚਿਤਰੇ ਹਨ। ਇਸ ਨਾਵਲ ਦੀ ਮੁੱਖ ਕਥਾ ਦੀਪ ਨਾਂਅ ਦੇ ਮੁੰਡੇ ਦੀ ਹੈ ਜੋ ਸਕੂਲ, ਕਾਲਜ ਅਤੇ ਫਿਰ ਯੂਨੀਵਰਸਿਟੀ 'ਚ ਪੜ੍ਹਦੇ ਹੋਏ ਆਪਣੇ ਪਿਤਾ ਅਤੇ ਅਧਿਆਪਕ ਕਸ਼ਮੀਰਾ ਸਿੰਘ ਦੀਆਂ ਸਿੱਖਿਆਵਾਂ ਅਤੇ ਸੰਘਰਸ਼ਸ਼ੀਲ ਸੋਚ ਦੀ ਰਾਖੀ ਕਰਦਾ ਹੈ ਅਤੇ ਭਗਤ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੇ ਪਦ-ਚਿੰਨ੍ਹਾਂ 'ਤੇ ਚੱਲ ਕੇ ਦੇਸ਼ ਵਿਚ ਆਰਥਿਕ ਬਰਾਬਰੀ ਚਾਹੁੰਦੀ ਅਸਲ ਆਜ਼ਾਦੀ ਲਈ ਸੰਘਰਸ਼ ਕਰਦਾ ਹੈ। ਉਹ ਇਸ ਲਹਿਰ ਵਿਚ ਕਈ ਹੋਰ ਨੌਜਵਾਨਾਂ ਨੂੰ ਵੀ ਸ਼ਾਮਿਲ ਕਰਦਾ ਹੈ ਅਤੇ ਕਈ ਸਮਾਜਿਕ ਕੁਰੀਤੀਆਂ ਜਿਵੇਂ ਸਮੂਹਿਕ ਬਲਾਤਕਾਰ, ਕਾਲਾ ਬਾਜ਼ਾਰੀ, ਭ੍ਰਿਸ਼ਟਾਚਾਰ ਅਤੇ ਗੰਦੀ ਰਾਜਨੀਤੀ ਵਿਰੁੱਧ ਆਵਾਜ਼ ਉਠਾਉਂਦਾ ਹੈ। ਇਸੇ ਵਿਦਰੋਹ ਨੂੰ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣ ਲਈ ਉਹ ਦਿੱਲੀ ਵਿਚ ਕੈਂਡਲ ਮਾਰਚ ਕਰਦੇ ਹਨ। ਇਸ ਨਾਵਲ ਵਿਚ ਸਰਲ ਪੰਜਾਬੀ ਜਿਸ ਉੱਪਰ ਇਲਾਕਾਈ ਉਪਭਾਸ਼ਾ ਮਾਝੀ ਦਾ ਅਸਰ ਹੈ ਵਰਤੀ ਗਈ ਹੈ ਅਤੇ ਬਿਰਤਾਂਤ ਗੁੰਝਲਦਾਰ ਨਹੀਂ ਹੈ ਸਗੋਂ ਸਰਲ ਬਿਆਨੀਆ ਵਰਣਨਾਤਮਿਕ ਸ਼ੈਲੀ ਵਰਤੀ ਗਈ ਹੈ। ਅਜੋਕੇ ਯੁੱਗ ਦੇ ਉਸਾਰੂ ਸਾਹਿਤ ਵਿਚ ਇਸ ਨੂੰ ਮਹੱਤਵਪੂਰਨ ਥਾਂ ਪ੍ਰਾਪਤ ਹੋਣ ਦੀ ਆਸ ਕੀਤੀ ਜਾਂਦੀ ਹੈ।

ਡਾ: ਸੰਦੀਪ ਰਾਣਾ
ਮੋ: 98728-87551

c c c

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਨਮੋਲ ਬਚਨ
ਲੇਖਕ : ਡਾ: ਰਣਜੋਧ ਸਿੰਘ
ਪ੍ਰਕਾਸ਼ਕ : ਵਿਜ਼ਡਮ ਕੁਲੈਕਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 406
ਸੰਪਰਕ : 98144-22744

ਗੁਰਬਾਣੀ ਦੇ ਪ੍ਰਸਿੱਧ ਵਿਦਵਾਨ ਡਾ: ਰਣਜੋਧ ਸਿੰਘ ਦੀ ਅਣੱਥਕ ਮਿਹਨਤ ਨੂੰ ਵਾਰ-ਵਾਰ ਦਾਦ ਦੇਣ ਨੂੰ ਜੀਅ ਕਰਦਾ ਹੈ। ਨਾਨਕ-ਬਾਣੀ ਅਸਗਾਹ ਸਾਗਰ ਹੈ। ਇਸ ਵਿਚੋਂ ਮੋਤੀ ਇਕੱਤਰ ਕਰਨ ਲਈ ਸਾਧਕ ਨੂੰ ਡੂੰਘੀ ਟੁੱਭੀ ਮਾਰਨੀ ਪੈਂਦੀ ਹੈ। ਮਿਹਨਤ ਅਤੇ ਲਗਨ ਵਾਲੀ ਵਿਦਵਤਾ ਨਾਲ ਲਬਰੇਜ਼ ਸ਼ਖ਼ਸੀਅਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਮੋਲ ਬਚਨਾਂ ਦੇ ਸੰਗ੍ਰਹਿ ਦਾ ਅਧਿਐਨ ਕਰਨ ਵੇਲੇ ਸੁਭਾਵਿਕ ਹੀ ਸੰਸਾਰ ਪ੍ਰਸਿੱਧ ਵਿਦਵਾਨ 'ਬਰਡੋਅ' ਦੇ ਸ਼ਬਦ ਯਾਦ ਆ ਜਾਂਦੇ ਹਨ ਜਦੋਂ ਉਹ ਕਹਿੰਦਾ ਹੈਸੋਨੇ ਦੀਆਂ ਡਲੀਆਂ, ਹੀਰੇ, ਮੋਤੀ, ਜਵਾਹਰ ਰਾਹਾਂ 'ਚ ਨਹੀਂ ਰੁਲਦੇ ਫਿਰਦੇ। ਇਵੇਂ ਜਨਣ-ਪ੍ਰਕਿਰਿਆ ਵਿਚ ਯੋਗਦਾਨ ਪਾਏ ਬਿਨਾਂ ਮਧੂਮੱਖੀ ਫੁੱਲਾਂ ਤੋਂ ਸ਼ਹਿਦ ਇਕੱਤਰ ਨਹੀਂ ਕਰ ਸਕਦੀ। ਪਾਤਿਸ਼ਾਹਾਂ ਦੇ ਖਜ਼ਾਨੇ ਮਜ਼ਬੂਤ ਬਕਸਿਆਂ ਵਿਚ ਬੰਦ ਹੁੰਦੇ ਹਨ। ਇਵੇਂ ਹੀ ਨਾਨਕ ਪਾਤਿਸ਼ਾਹ ਦੀ ਬਾਣੀ 'ਚੋਂ ਅਨਮੋਲ ਬਚਨ ਇਕੱਤਰ ਕਰਨੇ ਹਾਰੀ-ਸਾਰੀ ਦੇ ਵੱਸ ਦਾ ਰੋਗ ਨਹੀਂ। ਭਾਈ ਗੁਰਦਾਸ ਵਾਲੀ 'ਕੁੰਜੀ' ਵੀ ਸੰਭਾਲ ਕੇ ਵਰਤਣੀ ਪੈਂਦੀ ਹੈ। ਨਿਰਸੰਦੇਹ, ਸੰਗ੍ਰਹਿ-ਕਰਤਾ ਨੇ ਨਾਨਕ ਨਾਮ-ਲੇਵਾ ਸੰਗਤ ਲਈ ਵਡਮੁੱਲਾ ਕਾਰਜ ਕੀਤਾ ਹੈ। ਇਸੇ ਲਈ ਪੰਜਾਬੀ ਸਾਹਿਤ-ਰਤਨ ਡਾ: ਰਤਨ ਸਿੰਘ ਜੱਗੀ ਨੂੰ ਕਹਿਣਾ ਪਿਆ ਹੈ, 'ਅਜਿਹੇ ਲੋਕ-ਨਾਇਕ ਮਹਾਂਪੁਰਸ਼ ਗੁਰੂ ਨਾਨਕ ਦੇਵ ਜੀ ਦੇ ਇਸ ਪੁਰਬ ਤੇ ਸ: ਰਣਜੋਧ ਸਿੰਘ ਨੇ ਗੁਰੂ ਨਾਨਕ ਬਾਣੀ ਵਿਚੋਂ 550 ਕਥਨਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਰੂਪਾਂਤਰ ਲੋਕ-ਅਰਪਿਤ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਧਰਮ ਪ੍ਰਚਾਰ ਦੀ ਇਹ ਸਾਤਵਿਕ ਸੇਵਾ ਹੈ। .....' ਇਨ੍ਹਾਂ ਕਥਨਾਂ ਦੀ ਚੋਣ ਵੱਖ-ਵੱਖ ਬਾਣੀਆਂ ਵਿਚੋਂ ਗਿਣਤੀ ਅਨੁਸਾਰ (ਭੁੱਲ-ਚੁੱਕ ਮਾਫ਼) ਇਸ ਪ੍ਰਕਾਰ ਹੈ। ਜਪੁ-ਜੀ ਸਾਹਿਬ 'ਚੋਂ (ਮੂਲ ਮੰਤਰ ਸਮੇਤ) 11, ਵੱਖ-ਵੱਖ ਰਾਗਾਂ ਵਿਚੋਂਸਿਰੀ ਰਾਗ (69), ਮਾਝ (32), ਗਉੜੀ (29), ਆਸਾ (96), ਗੁਜਰੀ (05), ਬਿਹਾਗੜਾ (03), ਵਡਹੰਸ (10), ਸੋਰਠਿ (12), ਧਨਾਸਰੀ (19), ਤਿਲੰਗ (10), ਸੂਹੀ (26), ਬਿਲਾਵਲ (13), ਰਾਮਕਲੀ (63), ਮਾਰੂ (31), ਤੁਖ਼ਾਰੀ (19), ਭੈਰਉ (04), ਬਸੰਤ (14), ਸਾਰੰਗ (14), ਮਲਾਰ (32), ਪ੍ਰਭਾਤੀ (20), ਸਲੋਕ ਵਾਰਾਂ ਤੋਂ ਵਧੀਕ (01), ਸਲੋਕ (17) ਆਦਿ। ਅੰਗਰੇਜ਼ੀ ਅਨੁਵਾਦ ਪਹਿਲਾਂ ਅਤੇ ਸਰਲ ਪੰਜਾਬੀ ਅਨੁਵਾਦ ਬਾਅਦ ਵਿਚ ਦਿੱਤਾ ਗਿਆ ਹੈ। 'ਦਰਸ਼ਨ' ਅਤੇ ਆਮ ਜੀਵਨ ਨਾਲ ਸਬੰਧਿਤ ਸਿਰਲੇਖ ਅਨੁਵਾਦ ਸਹਿਤ ਨਾਲੋ-ਨਾਲ ਦਿੱਤੇ ਗਏ ਹਨ। ਇਹ ਪੁਸਤਕ ਪੰਜਾਬੀ ਜਗਤ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦੇ ਵਿਸ਼ਵ-ਵਿਆਪਕ ਨਾਨਕ-ਨਾਮ ਲੇਵਿਆਂ ਲਈ ਇਕ ਸਹਿਜ ਮਾਰਗ-ਦਰਸ਼ਕ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਗਾਥਾ ਇਕ ਸੂਰਮੇ ਦੀ
(ਸ਼ਹੀਦ ਬਲਦੇਵ ਸਿੰਘ ਮਾਨ)

ਸੰਪਾਦਕ : ਹਰਭਗਵਾਨ ਭੀਖੀ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 170 ਰੁਪਏ, ਸਫ਼ੇ : 237
ਸੰਪਰਕ : 98768-96122.

'ਗਾਥਾ ਇਕ ਸੂਰਮੇ ਦੀ' ਹਰਭਗਵਾਨ ਭੀਖੀ ਦੁਆਰਾ ਸੰਪਾਦਿਤ ਕੀਤੀ ਪੁਸਤਕ ਕਾਮਰੇਡ ਬਲਦੇਵ ਸਿੰਘ ਮਾਨ ਦੇ ਜੀਵਨ ਕਮਿਊਨਿਸਟ ਲਹਿਰ ਪ੍ਰਤੀ ਉਸ ਦੇ ਸਮਰਪਣ ਤੇ ਜਾਨ ਦੀ ਬਾਜ਼ੀ ਲਾ ਜਾਣ ਦੇ ਪਰੀਦ੍ਰਿਸ਼ ਨੂੰ ਪੇਸ਼ ਕਰਦੀ ਪੁਸਤਕ ਹੈ। ਸੰਪਾਦਕ ਨੇ ਭਾਵੇਂ ਵੱਖ-ਵੱਖ ਲੇਖਕਾਂ ਅਤੇ ਮਾਨ ਦੇ ਸਾਥੀਆਂ ਦੀ ਨਜ਼ਰ ਵਿਚ ਮਾਨ ਦੇ ਰੁਤਬੇ ਅਤੇ ਸ਼ਖ਼ਸੀਅਤ ਦੀ ਗੱਲ ਕੀਤੀ ਹੈ ਪਰ ਸਮਕਾਲੀ ਰਾਜਨੀਤੀ ਅਤੇ ਸਿਆਸਤ ਬਾਰੇ ਵੀ ਵਿਸਤਾਰ ਪੂਰਵਕ ਚਾਨਣਾ ਪਾਇਆ ਹੈ। ਇਸ ਵਿਚ ਕਰੀਬ ਦੋ ਦਰਜਨ ਤੋਂ ਉੱਪਰ ਮਾਨ ਦੇ ਜੀਵਨ ਅਤੇ ਘਟਨਾਵਾਂ ਨਾਲ ਜੁੜੇ ਉਸ ਦੇ ਸਾਥੀਆਂ ਦੇ ਲੇਖ ਪੇਸ਼ ਹਨ, ਜਿਨ੍ਹਾਂ ਵਿਚ ਲੇਖਕਾਂ ਨੇ ਉਸ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ਅਤੇ ਉਸ ਵੇਲੇ ਦੇ ਸਿਆਸੀ ਵਾਤਾਵਰਨ ਵਿਚਲੀ ਉਥਲ-ਪੁਥਲ ਦੇ ਦ੍ਰਿਸ਼ ਵੀ ਪੇਸ਼ ਕੀਤੇ ਹਨ। ਬਲਦੇਵ ਸਿੰਘ ਮਾਨ ਦੁਆਰਾ ਇਲਾਕੇ ਵਿਚ ਕੀਤੇ ਕੰਮਾਂ ਬਾਰੇ ਵੀ ਕਾਫੀ ਵਿਸਤਾਰ ਵਿਚ ਚਰਚਾ ਕੀਤੀ ਹੈ। ਪੁਸਤਕ ਵਿਚ ਸੰਪਾਦਕ ਨੇ ਅਵਤਾਰ ਸਿੰਘ ਓਠੀ ਦੁਆਰਾ ਮਾਨ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸਾਥੀਆਂ ਨਾਲ ਉਸ ਦੀ ਸ਼ਖ਼ਸੀਅਤ ਬਾਰੇ ਕੀਤੀਆਂ ਮੁਲਾਕਾਤਾਂ ਵੀ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਵਿਚ ਬਲਦੇਵ ਸਿੰਘ ਦੀ ਮਾਤਾ ਗੁਰਦੀਪ ਕੌਰ, ਪਤਨੀ ਪਰਮਜੀਤ ਕੌਰ, ਭਰਾ ਸੁਖਚੈਨ ਸਿੰਘ, ਕਾਮਰੇਡ ਭਗਵੰਤ ਸਿੰਘ ਹੌਲਦਾਰ, ਕਾਮਰੇਡ ਸੁਖਰਾਜ ਛੀਨਾ, ਸਾਥੀਆਂ ਸਰਬਜੀਤ ਸਿੰਘ, ਹਰਦੇਵ ਸਿੰਘ ਤੇ ਕਰਮਜੀਤ ਸਿੰਘ ਛੀਨਾ ਆਦਿ ਦੇ ਨਾਂਅ ਪ੍ਰਮੁੱਖ ਹਨ। ਇਸ ਪੁਸਤਕ ਦੇ ਅਖੀਰ ਵਿਚ ਕਾਮਰੇਡ ਬਲਦੇਵ ਸਿੰਘ ਮਾਨ ਵਲੋਂ ਆਪਣੀ ਧੀ ਦੇ ਨਾਂਅ ਲਿਖੇ ਲੰਬੀ ਕਵਿਤਾ ਦੇ ਰੂਪ ਵਿਚ ਖ਼ਤ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਰਭਿੰਦਰ ਅਤੇ ਗੁਰਦਾਵਰ ਸਿੰਘ ਦੀਆਂ ਦੋ ਕਵਿਤਾਵਾਂ ਤੋਂ ਇਲਾਵਾ ਬੇਟੀ ਸੋਨੀਆ ਮਾਨ ਦੇ ਸ਼ਬਦ ਵੀ ਪੁਸਤਕ ਵਿਚ ਪ੍ਰਕਾਸ਼ਿਤ ਹੋਏ ਹਨ।

ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

27-06-2020

 ਅੰਤਰਗਤਿ
ਲੇਖਕ : ਸਤਿਬੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 88
ਸੰਪਰਕ : 0172-5027427.

'ਅੰਤਰਗਤਿ' ਕਾਵਿ-ਸੰਗ੍ਰਹਿ ਸਤਿਬੀਰ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 2014 ਈ: ਵਿਚ ਉਸ ਦਾ ਪਹਿਲਾ ਕਾਵਿ-ਸੰਗ੍ਰਹਿ 'ਕਮਲੀ ਜਹੀ ਜਗਿਆਸਾ' ਪ੍ਰਕਾਸ਼ਿਤ ਹੋਇਆ ਸੀ। ਸਤਿਬੀਰ ਦਾ ਇਹ ਕਥਨ : 'ਅਜਾਈਂ ਨਾ ਜਾਣ ਦਿਉ, ਕਲਪਨਾ ਦੀ ਸਲੇਟ ਖਾਲੀ ਨਾ ਰੱਖੋ, ਆਪਣੇ ਜਜ਼ਬਿਆਂ ਦੇ ਕਾਤਬ ਤੁਸੀਂ ਖ਼ੁਦ ਹੋ। ' ਇਸ ਕਥਨ ਦੇ ਅੰਤਰਗਤ ਹੀ 'ਅੰਤਰ ਗਤਿ' ਕਾਵਿ-ਸੰਗ੍ਰਹਿ ਵਿਚਲੀਆਂ 'ਭੂ-ਵ-ਭ' ਤੋਂ ਲੈ ਕੇ 'ਭਾਰਤੀ' ਤੱਕ ਦੀਆਂ 71 ਕਵਿਤਾਵਾਂ ਨੂੰ ਸਮਝਿਆ, ਮਹਿਸੂਸਿਆ ਅਤੇ ਮਾਣਿਆ ਜਾ ਸਕਦਾ ਹੈ। ਬਾਹਰਲੀ ਚੁੱਪ ਅੰਦਰ ਅਸ਼ਾਂਤ ਸ਼ੋਰ, ਆਦਿ ਤੋਂ ਹੁਣ ਤੱਕ ਦੇ ਖੋਖਲੇ ਰਿਸ਼ਤਿਆਂ ਦੀ ਪਛਾਣ, ਸਿਮਰਤੀ ਅਤੇ ਸੁਰਤ ਦਾ ਦਵੰਦ, ਅਦ੍ਰਿਸ਼ ਮ੍ਰਿਗ-ਤ੍ਰਿਸ਼ਨਾ ਦੀ ਮਨ-ਮਸਤਕ 'ਚ ਨਿੱਘੀ ਦਸਤਕ, ਉਸ ਬਿਰਖ ਦੀ ਤਲਾਸ਼ ਜੋ ਛਾਂ ਦਾ ਸਬੱਬ ਬਣ ਸਕੇ, ਆਦਿ ਵਿਸ਼ਿਆਂ ਨਾਲ ਸੰਜੋਈਆਂ ਲਘੂ ਅਤੇ ਲੰਮੀਆਂ ਨਜ਼ਮਾਂ ਹਨ।
ਇਸ ਮਿੱਟੀ ਨੂੰ ਨਹੀਂ ਪਤਾ
ਕਿਸ ਨੂੰ ਚੂੰਡ ਰਿਹਾਂ ਆਦਿ ਕਾਲ ਤੋਂ
ਖੰਡਰ ਤੇ ਖੋਖਲੇ ਹੜੱਪ ਰਿਸ਼ਤਿਆਂ 'ਚੋਂ
.. .. ..
ਪਰ ਮੈਂ ਤਾਂ ਲੱਭਦਾਂ
ਉਹ ਉਦਾਸ ਬਿਰਖ
ਜੋ ਉਡੀਕ ਰਿਹਾ ਮੈਨੂੰ
ਛਾਂ ਦਰ ਛਾਂ
ਰੁੱਤ ਦਰ ਰੁੱਤ।
ਮਨੁੱਖੀ ਸਮਾਜ ਵਲੋਂ ਸਿਰਜੀਆਂ ਰਵਾਇਤਾਂ ਮਨੁੱਖ ਲਈ ਸੀਮਾਵਾਂ, ਭਟਕਣ ਅਤੇ ਤਲਾਸ਼ ਦਾ ਮਾਰਗ ਮਨੁੱਖ ਲਈ ਪੇਸ਼ ਕਰਦੀਆਂ ਹਨ। ਅਜਿਹੇ ਭਾਵਾਂ ਦੀ ਤਰਜਮਾਨੀ ਕਰਦੀਆਂ ਕਵਿਤਾਵਾਂ : 'ਸ਼ੀਸ਼ਾ' 'ਵੇਟਿੰਗ ਰੂਮ', 'ਖਲਾਅ', 'ਯੁਗਾਂਤਰ', 'ਭੂਰੀ ਕੀੜੀ', 'ਪੁਨਰ ਜਨਮ', 'ਬੋਧੀ ਬਿਰਖ', 'ਅੰਤਰ ਗਤਿ', 'ਬੈਠੇ ਬੁੱਧ ਨਾਲ ਸੰਵਾਦ', 'ਕਿਤਾਬ', 'ਸਿਰਨਾਵਾਂ' ਅਤੇ 'ਅਚਨਚੇਤੀ ਵਿਦਾਇਗੀ' ਆਦਿ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਸਬੰਧ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਮੋਹ, ਪਿਆਰ, ਡਰ, ਗੁੱਸਾ, ਲੋਭ, ਹੰਕਾਰ ਆਦਿ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ। ਬਾਹਰਲੇ ਸੰਸਾਰ ਦੀ ਥਾਵੇਂ, ਮਨੁੱਖ ਦੇ ਅੰਦਰਲੇ ਅਸ਼ਾਂਤ ਵਾਤਾਵਰਨ ਨੂੰ ਇਹ ਕਵਿਤਾਵਾਂ ਬਾਖੂਬੀ ਪੇਸ਼ ਕਰਨ 'ਚ ਸਫ਼ਲ ਕਹੀਆਂ ਜਾ ਸਕਦੀਆਂ ਹਨ।
ਕੁਝ ਟੁੱਟਣ ਦੀ ਅਜਨਬੀਅਤ ਆਵਾਜ਼
ਸ਼ੀਸ਼ੇ 'ਚ ਦੋਫਾੜ ਹੋਇਆ
ਮੈਂ ਆਪਣੇ ਆਪ ਨੂੰ ਤੱਕਦਾ
ਰੂਹ ਦੀ ਤਰਜਮਾਨੀ ਕਰਦੀ ਸ਼ਾਇਰੀ ਦਾ ਸੰਗ੍ਰਹਿ ਪੇਸ਼ ਕਰਨ ਲਈ ਸਤਿਬੀਰ ਨੂੰ ਵਧਾਈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096

c c c

ਦੋਹਾ ਸਰਗਮ
ਲੇਖਕ : ਡਾ: ਹਰਨੇਕ ਸਿੰਘ ਕੋਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 72
ਸੰਪਰਕ : 93177-61414.

ਡਾ: ਹਰਨੇਕ ਸਿੰਘ ਕੋਮਲ ਪੰਜਾਬੀ ਦੇ ਉਨ੍ਹਾਂ ਲੇਖਕਾਂ ਵਿਚੋਂ ਹੈ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉੱਤੇ ਕਲਮ ਅਜ਼ਮਾਈ ਹੈ। ਪਰ ਮੂਲ ਰੂਪ ਵਿਚ ਉਹ ਕਵੀ ਹੈ ਅਤੇ ਉਸ ਨੇ ਪੰਜਾਬੀ ਕਵਿਤਾ ਦੇ ਵੱਖ-ਵੱਖ ਰੂਪਾਂ ਦੀਆਂ ਦਸ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਚਾਰ ਪੁਸਤਕਾਂ ਸਿਰਫ ਦੋਹਾ ਸਿਨਫ਼ ਨੂੰ ਅਪਣਾਈਆਂ ਹੋਈਆਂ ਹਨ। ਇਹ ਨਵੀਂ ਕਿਤਾਬ ਦੋਹਾ ਸਰਗਮ 500 ਦੋਹਿਆਂ ਨਾਲ ਸ਼ਿੰਗਾਰੀ ਗਈ ਹੈ। ਡਾ: ਹਰਨੇਕ ਕੋਮਲ ਦੀ ਵਿਸ਼ੇਸ਼ਤਾ ਹੈ ਕਿ ਉਹ ਸਮਾਜਿਕ ਸਰੋਕਾਰਾਂ ਅਤੇ ਮਾਨਵੀ ਸੰਵੇਦਨਾ ਨੂੰ ਪ੍ਰਣਾਇਆ ਹੋਇਆ ਕਵੀ ਹੈ। ਇਸ ਕਿਤਾਬ ਵਿਚ ਅੰਕਤ ਉਸ ਦੇ ਦੋਹੇ ਵੀ ਮਨੁੱਖੀ ਦਿਮਾਗਾਂ ਨੂੰ ਰੌਸ਼ਨ ਕਰਨ ਦੇ ਮਨਸ਼ੇ ਨਾਲ ਇਕ ਸਾਰਥਕ ਸੇਧ ਪ੍ਰਦਾਨ ਕਰਨ ਦੇ ਆਸ਼ੇ ਨਾਲ ਭਰਪੂਰ ਹਨ।
ਪੱਲੇ ਜਿਸ ਦੇ ਨਮਕ ਹੈ, ਮਲ੍ਹਮ ਨਾ ਜਿਸ ਕੋਲ
ਉਸ ਦੇ ਮੂਹਰੇ ਬੈਠ ਕੇ, ਮਨ ਦੀ ਗੰਢ ਨਾ ਖੋਲ੍ਹ
ਬੰਦੇ ਮਿਲਣ ਕੁਲੱਛਣੇ, ਵੰਡਣ ਸਭ ਨੂੰ ਦੁੱਖ
ਵੰਡਣ ਛਾਵਾਂ ਠੰਢੀਆਂ, ਰੁੱਖਾਂ ਜਿਹੇ ਮਨੁੱਖ
-- -- -- -- -- -- -- -- --
ਚਾਰ ਚੁਫ਼ੇਰੇ ਵੰਡ ਦੇ, ਜੋ ਹੈ ਤੇਰੇ ਪਾਸ
ਬਖ਼ਸ਼ੀ ਤੈਨੂੰ ਰੱਬ ਨੇ, ਸ਼ਬਦਾਂ ਦੀ ਜੋ ਰਾਸ
-- -- -- -- -- -- -- -- --
ਅੱਕ, ਕਰੇਲੇ ਨਿੰਮ ਤੇ ਤੁੰਮੇ ਉਸ ਦੇ ਕੋਲ
ਖ਼ੂਬ ਜ਼ਿੰਦਗੀ ਵਿਚ ਹੈ, ਰਿਹਾ ਕੁੜੱਤਣ ਘੋਲ।
ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਨੂੰ ਸਿੱਖਿਆਦਾਇਕ ਅੰਦਾਜ਼ ਵਿਚ ਸ਼ਬਦਾਂ ਵਿਚ ਢਾਲ ਕੇ ਦੋਹਾ ਕਾਵਿ ਰੂਪ ਦੀ ਸਿਰਜਣਾ ਕਰਨਾ ਸਦੀਆਂ ਸਦੀਆਂ ਤੋਂ ਪੰਜਾਬੀ ਕਵਿਤਾ ਦਾ ਦਸਤੂਰ ਰਿਹਾ ਹੈ। ਇਸ ਰਵਾਇਤੀ ਕਾਵਿ ਰੂਪ ਨੂੰ ਆਧੁਨਿਕ ਸੰਵੇਦਨਾ ਦਾ ਵਾਹਕ ਬਣਾਉਣਾ ਡਾ: ਕੋਮਲ ਦੀ ਵਿਸ਼ੇਸ਼ਤਾ ਹੈ। ਇਹ ਕਾਰਜ ਉਹ ਪਿਛਲੇ 15 ਸਾਲ ਤੋਂ ਨਿਭਾਉਂਦੇ ਹੋਏ ਇਸ ਪੁਰਾਤਨ ਕਾਵਿ ਰੂਪ ਨੂੰ ਨਵੀਂ ਪੁੱਠ ਚਾੜ੍ਹ ਰਹੇ ਹਨ

ਦੋਹੇ ਅੰਦਰ ਰੰਗ ਨਿਵੇਕਲਾ
ਭਰਿਆ ਹੈ ਹੁਣ 'ਕੋਮਲ' ਨੇ
ਸੁਰ ਦੇ ਅੰਦਰ ਰਾਗ ਨਵਾਂ ਹੈ
ਭਾਵੇਂ ਸਾਜ਼ ਪੁਰਾਣਾ ਹੈ
ਪੁਰਾਣੇ ਸਾਜ਼ ਵਿਚੋਂ ਨਵੇਂ ਰਾਗ ਪੈਦਾ ਕਰਨਾ ਅਤੇ ਸ਼ਬਦ ਦੇ ਕਰਤਾਰੀ ਰੂਪ ਦੀ ਵਿਆਖਿਆ ਕਰਦਿਆਂ ਕਵਿਤਾ ਦੀ ਸ਼ਕਤੀ ਨੂੰ ਦੋਹੇ ਵਿਚ ਢਾਲਣਾ, ਇਸ ਕਾਰਜ ਦਾ ਉੱਘੜਵਾਂ ਰੰਗ ਹੈ
ਵਰਤੀਂ ਸ਼ਬਦ ਸੰਭਾਲ ਕੇ,
ਇਹ ਨੇ ਤੀਰ ਕਮਾਨ
ਰਿਸ਼ਤੇ ਨਾਤੇ ਚੀਰਦੀ,
ਤਿੱਖੀ ਤੇਜ਼ ਜ਼ਬਾਨ
-- -- --
ਪੁਸਤਕ ਸੂਰਜ ਵਾਂਗ ਹੈ, ਪੁਸਤਕ ਹੈ ਮਹਿਤਾਬ
ਅੱਖਰ ਵੰਡਦੇ ਰੌਸ਼ਨੀ, ਮਰਦੀ ਨਹੀਂ ਕਿਤਾਬ
ਇਨ੍ਹਾਂ ਦੋਹਿਆਂ ਵਿਚ ਸਮਾਜ ਅਤੇ ਸਿਸਟਮ ਦੇ ਦੋਹਰੇ ਕਿਰਦਾਰਾਂ ਉੱਤੇ ਤਿੱਖੀ ਚੋਟ ਹੈ। ਰਾਜਨੀਤੀ ਦੇ ਮਖੌਟਿਆਂ ਉੱਤੇ ਤਿੱਖਾ ਵਿਅੰਗ ਹੈ। ਰਿਸ਼ਤਿਆਂ ਦੇ ਪੇਤਲੇਪਨ ਅਤੇ ਸਵਾਰਥੀਪਨ ਉੱਤੇ ਤਿੱਖਾ ਵਾਰ ਹੈ। ਵਰਤਮਾਨ ਮਨੁੱਖ ਵਲੋਂ ਵਿਕਾਸ ਦੇ ਨਾਂਅ 'ਤੇ ਵਾਤਾਵਰਨ ਵਿਗਾੜਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਪ੍ਰਤੀ ਜਾਗਰੂਕਤਾ ਦਾ ਅਹਿਦ ਹੈ
ਕੀਤਾ ਬੜਾ ਵਿਕਾਸ ਹੈ, ਖ਼ੁਸ਼ ਹੈ ਬੜਾ ਮਨੁੱਖ
ਪੱਕੀ ਸੜਕ ਬਣਾ ਲਈ, ਵੱਢ ਕੇ ਸਾਰੇ ਰੁੱਖ
ਸਰਲ ਸਾਦੀ ਭਾਸ਼ਾ ਵਿਚ ਸੰਖੇਪ ਅੰਦਾਜ਼ ਨਾਲ ਸਪੱਸ਼ਟ ਸਿੱਖਿਆ ਦਾ ਸੰਦੇਸ਼ ਦੇਣਾ, ਇਨ੍ਹਾਂ ਦੋਹਿਆਂ ਦਾ ਸਹਿਜ ਹੈ। ਇਹ ਕਿਤਾਬ ਜਿਥੇ ਇਕ ਸਮਰੱਥ ਸਾਹਿਤ ਰੂਪ ਦੀ ਮੁੜ ਸੁਰਜੀਤੀ ਨੂੰ ਪੁਖਤਗੀ ਪ੍ਰਦਾਨ ਕਰਦੀ ਹੈ, ਉਥੇ ਡਾ: ਹਰਨੇਕ ਕੋਮਲ ਦੀ ਕਾਵਿ ਸਮਰੱਥਾ ਨੂੰ ਵੀ ਉਜਾਗਰ ਕਰਦੀ ਹੈ। ਇਸ ਰਵਾਇਤੀ ਪਰ ਵਿਲੱਖਣ ਕਿਤਾਬ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਇਕੱਤੀ ਕਹਾਣੀਆਂ
ਲੇਖਕ : ਨਛੱਤਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 550 ਰੁਪਏ, ਸਫ਼ੇ : 352
ਸੰਪਰਕ : 093132-92863.

ਸਥਾਪਤ ਹੋ ਚੁੱਕੇ ਪੰਜਾਬੀ ਕਹਾਣੀਕਾਰਾਂ ਦੀ ਮਾਲਾ ਵਿਚ ਨਛੱਤਰ ਇਕ ਆਕਰਸ਼ਿਕ ਮਣਕਾ ਹੈ। ਉਸ ਨੇ 1970 ਤੋਂ 2018 ਤੱਕ ਕੁੱਲ 68 ਕਹਾਣੀਆਂ ਲਿਖੀਆਂ, ਜਿਨ੍ਹਾਂ ਵਿਚੋਂ 31 ਕਹਾਣੀਆਂ ਇਸ ਪੁਸਤਕ 'ਚ ਸੰਕਲਿਤ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਦੀ ਚਿੱਤਰਸ਼ਾਲਾ ਵਿਚ ਪਿੰਡ ਤੋਂ ਲੈ ਕੇ ਮਹਾਂਨਗਰੀ ਤੱਕ ਅਨੇਕ ਰੰਗ ਪੇਸ਼ ਹੋਏ ਹਨ ਮਸਲਨ: ਬੇਜ਼ਮੀਨੇ ਖੇਤ ਮਜ਼ਦੂਰ ਅਤੇ ਛੋਟੀ ਕਿਰਸਾਨੀ ਦੀਆਂ ਸਮੱਸਿਆਵਾਂ, ਬੰਦਿਆਂ ਦੇ ਦੂਹਰੇ ਕਿਰਦਾਰ, ਧੀਆਂ ਦੇ ਹੱਥ ਰੰਗਣ ਦੀ ਚਿੰਤਾ, ਧੀ ਦਾ ਮੋਹ-ਸਮਾਜਿਕ ਨੱਕ, ਨਸ਼ਿਆਂ ਕਾਰਨ ਔਰਤਾਂ/ਧੀਆਂ ਦਾ ਵਪਾਰ, ਆਚਰਣਹੀਣ ਮਾਵਾਂ ਕਾਰਨ ਬੱਚਿਆਂ ਦੀ ਆਤਮ-ਹੱਤਿਆ, ਗੁਨਾਹਗਾਰ ਔਰਤਾਂ ਦਾ ਪਸਚਾਤਾਪ, ਅਬਾਰਸ਼ਨ ਬਨਾਮ ਨਸਬੰਦੀ, ਅਸਤਿੱਤਵੀ ਬੁਲੰਦੀ ਤੋਂ ਅਸਤਿੱਤਵੀ ਗਿਰਾਵਟ, ਸੁਧਾਰ ਤੋਂ ਵਿਗਾੜ ਦੀ ਪ੍ਰਕਿਰਿਆ, ਚੰਗੇ ਅਹੁਦੇ 'ਤੇ ਪੁੱਜੇ ਪੁੱਤਰਾਂ ਵਲੋਂ ਮਾਪਿਆਂ ਨਾਲ ਦੁਰਵਿਹਾਰ, ਮਾਪਿਆਂ ਨੂੰ ਬੇਗਾਨਗੀ ਦਾ ਅਨੁਭਵ, ਦਲਿਤ ਵਰਗ ਦੇ ਨਾਇਕ ਵਲੋਂ ਆਪਣੀ ਜਾਤ ਦੇ ਲੁਕਾ ਦੀ ਚਿੰਤਾ; ਪੰਜਾਬ-ਸੰਤਾਪ-ਦਿੱਲੀ ਦੰਗਿਆਂ ਦਾ ਨਿਰੂਪਣ, ਦਹੇਜ ਦਾ ਦੁਖਾਂਤ, ਦਬਬਦਲੂ ਰਾਜਨੀਤੀ, ਪ੍ਰਵਾਸੀਆਂ ਦੀ ਖੋਜ, ਆਰਥਿਕ ਤੰਗੀਆਂ ਦਾ ਮਾਰਮਿਕ ਚਿੱਤਰਨ, ਲੇਖਕ ਦੇ ਜੀਵਨ ਦੀਆਂ ਆਤਮਕਥਾਈ ਝਲਕਾਂ ਆਦਿ। ਗੱਲ ਕੀ ਵਿਹੜਿਆਂ ਦੀ ਦਸ਼ਾ ਤੋਂ ਲੈ ਕੇ ਮਹਾਂਨਗਰੀ ਦੇ ਫਲੈਟਾਂ ਦਾ ਵਾਸਤਵਿਕ ਜੀਵਨ ਇਨ੍ਹਾਂ ਕਥਾਵਾਂ ਦੇ ਕਲਾਵੇ ਵਿਚੋਂ ਵੇਖਿਆ ਜਾ ਸਕਦਾ ਹੈ।
ਕਲਾਤਮਿਕ ਪੱਖੋਂ ਘਟਨਾਵਾਂ ਦਾ ਬਿਰਤਾਂਤ ਨਿਰੰਤਰ ਜਾਰੀ ਰੱਖਦਾ ਹੋਇਆ ਲੇਖਕ ਸ਼ੰਕਾ ਨੂੰ ਬਾਦਸਤੂਰ ਕਾਇਮ ਰੱਖਦਾ ਹੈ। ਪਾਠਕ ਦੇ ਮਨ ਵਿਚ ਜਿਗਿਆਸਾ ਜਿਉਂ ਦੀ ਤਿਉਂ ਕਾਇਮ ਰਹਿੰਦੀ ਹੈ। ਕਹਾਣੀ ਦਾ ਅੰਤ ਵੇਖ ਕੇ ਪਾਠਕ ਨੂੰ ਝਟਕਾ ਜਿਹਾ ਲਗਦਾ ਹੈ'ਆ ਕੀ ਹੋ ਗਿਆ?' ਕਹਾਣੀਆਂ ਖੁੱਲ੍ਹਾ ਪਾਠ ਸਿਰਜਦੀਆਂ ਹਨ। ਡੇ. ਡਰੀਮਿੰਗ ਅਤੇ ਸੁਪਨ-ਤਕਨੀਕ ਦੁਆਰਾ ਕਥਾ-ਗਤੀ ਦੇ ਗੀਅਰ ਬਦਲਦੇ ਰਹਿੰਦੇ ਹਨ। ਬਿਰਤਾਂਤ ਮੁੜ-ਘਿੜ ਕੇ ਆਨੇ ਵਾਲੀ ਥਾਂ 'ਤੇ ਆ ਜਾਂਦਾ ਹੈ। ਘਟਨਾ ਸਮਾਂ, ਰੁੱਤ, ਮਹੀਨਾ, ਮੌਸਮ ਲਗਪਗ ਹਰ ਕਥਾ ਦਾ ਅੰਗ ਹਨ। ਬਾਰੰਬਾਰਤਾ (ਫਰੀਕੁਐਂਸੀ) ਦੇ ਲੱਛਣ ਕਹਾਣੀਆਂ ਵਿਚ ਭਾਰੂ ਹਨ : ਮਸਲਨਪਾਤਰਾਂ ਦਾ ਮੁੜ੍ਹਕਾ, ਸਿਰ ਤੋਂ ਪੈਰਾਂ ਤੱਕ ਕਾਂਬਾ, ਮਨ ਦੀ ਗੱਲ, ਇੱਛਾ ਦੇ ਬਾਵਜੂਦ, ਕਹਿ ਨਹੀਂ ਸਕਦੇ, ਰੋਟੀ ਖਾ ਨਹੀਂ ਸਕਦੇ, ਬੁਰਕੀ ਮੂੰਹ ਦੇ ਵਿਚ ਫੁੱਲ ਜਾਂਦੀ ਹੈ, ਪਿਆਂ ਪਿਆਂ ਸੋਚੀਂ ਜਾਂਦੇ ਨੇ ਵਿਹੜੇ ਜਾਂ ਛੱਤ 'ਤੇ ਘੁੰਮਣ ਲਗਦੇ ਨੇ। ਆਬਜ਼ੈਕਟਿਵ ਕੋਰੀਲੇਟਿਵ 'ਪੌੜੀਆਂ' (ਕਹਾਣੀ-ਮਹਿਕ ਦੀ ਮੌਤ) ਅਤੇ 'ਮੀਂਹ' (ਕਹਾਣੀ-ਲਾਸ਼) ਆਦਿ ਵਿਚ ਨੋਟ ਕੀਤਾ ਜਾ ਸਕਦਾ ਹੈ। ਪਾਠਕਾਂ ਨੂੰ 68 'ਚੋਂ ਬਾਕੀ 37 ਕਹਾਣੀਆਂ ਦੇ ਸੰਕਲਨ ਦੀ ਉਡੀਕ ਰਹਿਣੀ ਸੁਭਾਵਿਕ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਫ਼ਸਲ ਧੁੱਪਾਂ ਦੀ
ਗ਼ਜ਼ਲਕਾਰ : ਅੰਮ੍ਰਿਤਪਾਲ ਸਿੰਘ ਸ਼ੈਦਾ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 98552-32575.

ਇਸ ਪੁਸਤਕ ਵਿਚ ਅੰਮ੍ਰਿਤਪਾਲ ਸਿੰਘ ਸ਼ੈਦਾ ਦੀਆਂ ਸੱਠ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਹਨ। ਉਂਝ ਸ਼ੈਦਾ ਬਤੌਰ ਗ਼ਜ਼ਲਕਾਰ ਉਰਦੂ ਤੇ ਹਿੰਦੀ ਵਿਚ ਵੀ ਮਕਬੂਲ ਹੈ। ਪੁਸਤਕ ਦੇ ਸ਼ੁਰੂ ਵਿਚ ਅਮਰ ਕੋਮਲ ਦਾ ਮੁੱਖ ਬੰਦ ਸ਼ੈਦਾ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਵਿਚ ਅੰਬਰ, ਧਰਤੀ ਤੇ ਸਮੁੰਦਰ ਨੂੰ ਕਲਾਵੇ ਵਿਚ ਲੈਣ ਦੀ ਲੋਚਾ ਹੈ ਤੇ ਲਸ਼ਕਰ ਨੂੰ ਹਉਮੈ ਦੇ ਨਿਗਲ ਜਾਣ ਦਾ ਡਰ ਹੈ। ਹਵਾਵਾਂ ਰਦੀਫ਼ ਵਾਲੀ ਦੂਸਰੀ ਗ਼ਜ਼ਲ ਵੀ ਸੂਖ਼ਮਤਾ ਤੇ ਸੰਵੇਦਨਾ ਦਾ ਸੁਮੇਲ ਹੈ। ਤੀਸਰੀ ਗ਼ਜ਼ਲ ਚੁਸਤ ਕਾਫ਼ੀਏ ਵਾਲੀ ਹੈ ਤੇ ਵੱਖਰੀ ਤਾਸੀਰ ਵਾਲੀ ਹੈ। ਇਹ ਗ਼ਜ਼ਲਾਂ ਪਾਠਕ ਨੂੰ ਸਮਾਜ ਦੇ ਸਮੁੱਚ ਤੋਂ ਜਾਣੂ ਕਰਵਾਉਂਦੀਆਂ ਹਨ ਤੇ ਉਤਸ਼ਾਹ ਸਿਰਜਦੀਆਂ ਹਨ। ਸ਼ੈਦਾ ਦੇ ਸ਼ਿਅਰ ਨਿਰੋਲ ਪੰਜਾਬੀ ਭਾਸ਼ਾ ਵਿਚ ਹਨ। ਇਹ ਕਿਤੇ ਵੀ ਹੋਰਨਾਂ ਭਾਸ਼ਾਵਾਂ ਦਾ ਪੰਜਾਬੀ ਵਿਚ ਪ੍ਰਚਲਿਤ ਸ਼ਬਦਾਂ ਬਿਨਾਂ ਪ੍ਰਭਾਵ ਨਹੀਂ ਕਬੂਲਦੇ। ਕਈਆਂ ਭਾਸ਼ਾਵਾਂ ਵਿਚ ਲਿਖਣ ਵਾਲੇ ਸਾਹਿਤਕਾਰ ਲਈ ਅਜਿਹਾ ਕਰਨਾ ਮੁਸ਼ਕਿਲ ਹੁੰਦਾ ਹੈ। ਅੰਮ੍ਰਿਤਪਾਲ ਸਿੰਘ ਸ਼ੈਦਾ ਪਿਛਲੇ ਤਿੰਨ ਦਹਾਕਿਆਂ ਤੋਂ ਗ਼ਜ਼ਲ ਨਾਲ ਇਕਮਿਕ ਹੈ ਤੇ ਇਹੀ ਕਾਰਨ ਹੈ ਕਿ ਲੰਬੇ ਅਭਿਆਸ ਤੇ ਪਰਪੱਕ ਅਦੀਬਾਂ ਦੀ ਸੰਗਤ ਕਾਰਨ ਉਸ ਦੇ ਸ਼ਿਅਰਾਂ ਦਾ ਮੁਕਾਮ ਉੱਚ ਦਰਜੇ ਦਾ ਹੈ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਉਸ ਦੀ ਸ਼ਬਦਾਬਲੀ ਨਿਰਮਲ, ਸੂਖ਼ਮ ਤੇ ਬਾਤਰਤੀਬ ਹੈ। ਗ਼ਜ਼ਲ ਦੇ ਅਸੂਲਾਂ 'ਤੇ ਵੀ ਪਹਿਰਾ ਦਿੱਤਾ ਗਿਆ ਹੈ ਤੇ ਵਧੇਰੇ ਕਰਕੇ ਅਰੂਜ਼ ਦੀ ਪਾਲਣਾ ਕੀਤੀ ਹੋਈ ਮਿਲਦੀ ਹੈ। ਦਰਅਸਲ ਸ਼ੈਦਾ ਗ਼ਜ਼ਲ ਦੇ ਸੁਭਾਅ ਤੋਂ ਜਾਣੂ ਹੈ ਤੇ ਤੇ ਸ਼ਿਅਰ ਦੀ ਘਾੜਤ ਦੀ ਉਸ ਨੂੰ ਮੁਹਾਰਤ ਹਾਸਲ ਹੈ। ਪੁਸਤਕ ਪੰਜਾਬੀ ਗ਼ਜ਼ਲ ਸਾਹਿਤ ਲਈ ਜ਼ਿਕਰਯੋਗ ਪ੍ਰਾਪਤੀ ਹੈ। ਇਸ ਦੇ ਅੰਤ ਵਿਚ ਗ਼ਜ਼ਲਕਾਰ ਨਾਲ ਲੰਬੀ ਮੁਲਾਕਾਤ ਵੀ ਛਾਪੀ ਗਈ ਹੈ। 'ਫ਼ਸਲ ਧੁੱਪਾਂ ਦੀ' ਨਿਸਚੇ ਹੀ ਨਿੱਗਰ ਪੁਸਤਕ ਹੈ ਤੇ ਨਵੇਂ ਗ਼ਜ਼ਲਕਾਰਾਂ ਲਈ ਇਹ ਲਾਹੇਵੰਦੀ ਸਾਬਤ ਹੋ ਸਕਦੀ ਹੈ।

ਗੁਰਦਿਆਲ ਰੌਸ਼ਨ
ਮੋ: 99884-44002

c c c

ਵਲ ਖਾਂਦੀ ਲਾਲ ਲਕੀਰ
ਲੇਖਕ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ ਰਜਿ., ਔੜ
(ਸ.ਭ.ਸ. ਨਗਰ)
ਮੁੱਲ : 200 ਰੁਪਏ, ਸਫ਼ੇ : 134
ਸੰਪਰਕ : 98146-99569.

ਦਲਜੀਤ ਗਿੱਲ ਦੀ ਹੱਥਲੀ ਕਾਵਿ ਪੁਸਤਕ 'ਵਲ ਖਾਂਦੀ ਲਾਲ ਲਕੀਰ' ਉਸ ਦਾ 16ਵਾਂ ਕਾਵਿ ਸੰਗ੍ਰਹਿ ਹੈ। ਇਸ ਕਾਵਿ ਪੁਸਤਕ 'ਚ ਉਸ ਦੀਆਂ 100 ਕਵਿਤਾਵਾਂ ਅਤੇ 13 ਗੀਤ ਸ਼ਾਮਿਲ ਕੀਤੇ ਗਏ ਹਨ। ਲੇਖਕ ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਦਿਨ ਪ੍ਰਤੀ ਦਿਨ ਹੋਰ ਉਲਝ ਰਹੀਆਂ ਗੁੰਝਲਾਂ ਅਤੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਤੋਂ ਡਾਹਢਾ ਚਿੰਤਾਵਾਨ ਜਾਪਦਾ ਹੈ।
ਅਜੋਕੇ ਸਮਾਜ 'ਚ ਲੀਰੋ-ਲੀਰ ਹੋ ਰਹੇ ਖੂਨ ਦੇ ਰਿਸ਼ਤਿਆਂ ਦੀ ਚੀਸ, ਨਹਿਰਾਂ, ਕੱਸੀਆਂ 'ਚ ਘੁਲ ਰਹੇ ਫੈਕਟਰੀਆਂ ਦੇ ਰਸਾਇਣਾਂ ਵਾਲੇ ਦੂਸ਼ਿਤ ਪਾਣੀਆਂ, ਰੁੱਖਾਂ ਦੇ ਵੱਢੇ ਜਾਣਾ, ਵਾਤਾਵਰਨ ਦਾ ਗੰਧਲਾ ਹੋਣਾ ਉਸ ਨੂੰ ਬੇਚੈਨ ਕਰਦਾ ਹੈ। ਕਵੀ ਔਰਤ ਨੂੰ ਅਥਾਹ ਮਾਣ ਸਤਿਕਾਰ ਦਿੰਦਾ ਅਜੋਕੇ ਸਮਾਜ 'ਚ ਮਰਦ ਸੰਗ ਬਰਾਬਰਤਾ ਦਾ ਮੁਦੱਈ ਹੈ :
ਔਰਤ, ਔਰਤ ਹੈ
ਕੋਈ ਜ਼ਮੀਨ ਜਾਂ ਸ਼ੈਅ ਨਹੀਂ,
ਕੋਈ ਖਰੀਦਦਾਰ ਮੁੱਲ ਤਾਰੇ 'ਤੇ
ਹੱਕ ਜਮਾ ਲਵੇ,
ਉਸ ਦੇ ਵੀ ਅਰਮਾਨ ਹਨ,
ਇੱਛਾਵਾਂ ਹਨ, ਚਾਅ ਹਨ।
ਕਵੀ ਦੀ ਨਜ਼ਰ 'ਚ ਅੱਜ ਦਾ ਮਨੁੱਖ ਨਕਲੀ ਸੁੰਦਰਤਾ ਦਾ ਲੇਪ ਚਾੜ੍ਹ ਕੇ ਆਪਣਾ ਅਸਲੀਪਣ ਗੁਆ ਰਿਹਾ ਹੈ। ਉਸ ਦੀਆਂ ਕਾਵਿ ਰਚਨਾਵਾਂ 'ਚ ਵੋਟ-ਵਟੋਰੂ ਸਰਕਾਰਾਂ ਦੇ ਝੂਠੇ ਲਾਰਿਆਂ, ਵਾਅਦਿਆਂ ਖਿਲਾਫ਼ ਵਿਦਰੋਹ ਹੈ। ਜਾਤਾ-ਪਾਤਾਂ, ਮਜ੍ਹਬਾਂ ਦੇ ਝਗੜੇ-ਝੇੜਿਆਂ ਨੂੰ ਮਿਟਾਉਣ ਲਈ ਵੇਦਨਾ ਝਲਕਦੀ ਹੈ। ਕਵੀ ਅਨੁਸਾਰ ਮਸ਼ੀਨ ਬਣਿਆ ਮਨੁੱਖ ਜ਼ਿੰਦਗੀ ਨੂੰ ਸਾਵਾਂ ਰੱਖਣ ਲਈ ਅਸਮਰੱਥ ਜਾਪਦਾ ਹੈ। ਕਿਸਾਨਾਂ-ਕਿਰਤੀ ਲੋਕਾਂ ਦੀ ਲੁੱਟ-ਖਸੁੱਟ, ਖ਼ੁਦਕੁਸ਼ੀਆਂ ਅਤੇ ਵਧ ਰਹੇ ਨਸ਼ਿਆਂ ਦੇ ਰੁਝਾਨ ਬਾਰੇ ਗਿੱਲ ਲਿਖਦਾ ਹੈ :
ਮਜਬੂਰੀ ਵਸ ਕੋਈ ਖ਼ੁਦਕੁਸ਼ੀ ਕਰ ਗਿਆ,
ਦੇਸ਼ ਦਾ ਅੰਨਦਾਤਾ ਬੇ-ਆਈ ਮੌਤ ਮਰ ਗਿਆ,
ਕੋਈ ਗੱਭਰੂ ਲੈ ਨਸ਼ਾ ਘਰ ਕਰ ਗਿਆ ਤਬਾਹ ਹੈ।
ਇਸ ਸੰਗ੍ਰਹਿ ਦੇ ਅੰਤ 'ਚ ਸ਼ਾਮਿਲ ਗੀਤਾਂ 'ਚ ਮੁਹੱਬਤੀ ਤਰਾਨੇ ਵੀ ਹਨ, ਵਿਛੋੜਿਆਂ ਦਾ ਸੱਲ ਅਤੇ ਮੋਈਆਂ ਸੱਧਰਾਂ ਦਾ ਵੈਰਾਗ ਵੀ ਹੈ। ਇਨ੍ਹਾਂ ਕਾਵਿ ਰਚਨਾਵਾਂ ਦੀ ਸ਼ਬਦਾਵਲੀ ਸਰਲ ਹੋਣ ਦੇ ਨਾਲ ਅਰਥ ਭਰਪੂਰ ਵੀ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

c c c

ਉਡੀਕਾਂ
ਲੇਖਕ : ਗੁਰਬਖ਼ਸ਼ ਸਿੰਘ ਕੋਟੀਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 94172-11424.

ਲੇਖਕ ਨੂੰ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਣ ਦਾ ਸ਼ੌਕ ਹੈ। ਹਥਲੀ ਪੁਸਤਕ 'ਚ ਉਸ ਦੀਆਂ 21 ਮਿੰਨੀ ਕਹਾਣੀਆਂ ਅਤੇ 10 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਰਚਨਾਵਾਂ ਦੇ ਵਿਸ਼ੇ ਵੱਖ-ਵੱਖ ਹਨ ਅਤੇ ਲੇਖਕ ਵਲੋਂ ਉਨ੍ਹਾਂ ਦੀ ਪੇਸ਼ਕਾਰੀ ਵੀ ਸੁਚੱਜੇ ਢੰਗ ਨਾਲ ਕਰਨ ਦਾ ਯਤਨ ਕੀਤਾ ਗਿਆ ਹੈ। ਅਸਲ 'ਚ ਰਚਨਾਵਾਂ ਲੇਖਕ ਦੀ ਚੇਤੰਨ ਬਿਰਤੀ ਦਾ ਸਾਹਿਤਕ ਰੂਪ ਹੁੰਦੀਆਂ ਹਨ। ਉਹ ਜਿਹੋ ਜਿਹਾ ਸੋਚਦਾ, ਮਹਿਸੂਸ ਕਰਦਾ ਹੈ, ਉਹੋ ਜਿਹਾ ਹੀ ਲਿਖਦਾ ਹੈ। ਜਿੰਨਾ ਕਿਸੇ ਦਾ ਅਨੁਭਵ ਅਤੇ ਚਿੰਤਨ ਵਿਸ਼ਾਲ ਹੁੰਦਾ ਹੈ, ਬਹੁਤੀ ਵਾਰ ਓਨੀ ਹੀ ਰਚਨਾਕਾਰੀ ਕਮਾਲ ਦੀ ਹੁੰਦੀ ਹੈ। ਕਹਾਣੀਆਂ 'ਚੋਂ 'ਗਿਰਦਾਵਰੀ' ਮਨੋਵਿਗਿਆਨਕ, 'ਚੱਲ ਅਗਲੀ ਬੋਲ' ਅਖੌਤੀ ਬਾਬਿਆਂ ਦੇ ਕਿਰਦਾਰ ਨੂੰ ਨੰਗਾ ਕਰਦੀ ਹੈ। 'ਮਹਾਂਪਾਪ' 'ਚ ਧੀਆਂ ਨੂੰ ਵਰਦਾਨ ਦਰਸਾਇਆ ਗਿਆ ਹੈ। ਕਹਾਣੀਆਂ 'ਉਡੀਕ', 'ਦਿਲ ਦੀਆਂ ਅੱਖਾਂ', 'ਕਿਸ਼ਤਾਂ', 'ਚੋਟੀ', 'ਔਰਤ', 'ਕੁੱਤਾ', 'ਪਟਾਕੇ', 'ਮਦਾਰੀ' ਅਤੇ ਹੋਰ ਠੀਕ ਨਿਭੀਆਂ ਹਨ। ਲੇਖਕ ਨੂੰ ਕਹਾਣੀਆਂ ਜ਼ਿਆਦਾ ਪੜ੍ਹਨ ਦੀ ਲੋੜ ਹੈ। ਕਹਾਣੀਆਂ ਤਕਨੀਕੀ ਸੁਧਾਰ ਦੀ ਮੰਗ ਕਰਦੀਆਂ ਹਨ। ਕਵਿਤਾਵਾਂ 'ਹਾਸਾ', 'ਗਵਾਚੇ ਦੀ ਭਾਲ', 'ਕਲਮ', 'ਸੱਚਾ ਪਿਆਰ', 'ਘਰ',' ਨਖ਼ਰੇ' ਵਿਚ ਲੇਖਕ ਨੇ ਆਪਣੇ ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। 'ਦੋਸਤ' 'ਚ ਉਹ ਆਪਣੇ ਮਨ ਦੀ ਵੇਦਨਾ ਇਉਂ ਪ੍ਰਗਟ ਕਰਦਾ ਹੈ :
ਜਾਣ ਨਾ ਭਾਵੇਂ ਜਾਣ ਦੋਸਤਾ,
ਤੂੰ ਦਿਲ ਦੀ ਹੈਂ ਸ਼ਾਨ ਦੋਸਤਾ।
ਸੱਚੀਂ ਤੂੰ ਹੈ ਫ਼ੁੱਲਾਂ ਵਰਗਾ,
ਭੌਰ ਭੁਲੇਖਾ ਖਾਣਾ ਦੋਸਤਾ।
ਅੰਤ 'ਚ ਇਹੀ ਕਹਾਂਗਾ ਕਿ ਲੇਖਕ ਸਮਾਜ ਦਾ ਚੇਤੰਨ ਵਿਅਕਤੀ ਹੁੰਦਾ ਹੈ, ਉਸ ਨੂੰ ਲੋਕ ਚੇਤਨਾ ਪੈਦਾ ਕਰਨ ਵਾਲੀਆਂ ਰਚਨਾਵਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110

c c c

20-06-2020

 ਯੁੱਗ ਪੁਰਸ਼ ਗੁਰੂ ਨਾਨਕ ਦੇਵ ਤੇ ਭਗਤੀ ਲਹਿਰ
ਲੇਖਕ : ਡਾ: ਗੁਰਬਚਨ ਸਿੰਘ ਨਈਅਰ
ਡਾ: ਕਵਿਤਾ ਰਾਣੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ 150, ਸਫ਼ੇ : 88
ਸੰਪਰਕ : 98141-97841.


ਡਾ: ਗੁਰਬਚਨ ਸਿੰਘ ਨਈਅਰ ਨੇ ਪੰਜਾਬੀ ਵਿਚ ਅੱਠ ਅਤੇ ਅੰਗਰੇਜ਼ੀ ਵਿਚ 7 ਪੁਸਤਕਾਂ ਦੀ ਰਚਨਾ ਕੀਤੀ ਹੈ। ਸੱਜਰੀ ਪੁਸਤਕ ਉਨ੍ਹਾਂ ਅਤੇ ਡਾ: ਕਵਿਤਾ ਰਾਣੀ ਦਾ ਸਾਂਝਾ ਉਪਰਾਲਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਪੁਸਤਕ ਵਿਚ ਖੋਜ ਭਰਪੂਰ 6 ਅਧਿਆਏ ਸ਼ਾਮਿਲ ਹਨ। ਇਸ ਪੁਸਤਕ ਦੇ ਜ਼ਰੀਏ ਵੱਖ-ਵੱਖ ਵਿਸ਼ਿਆਂ ਰਾਹੀਂ ਗੁਰੂ ਸਾਹਿਬ ਦੀ ਅਜ਼ੀਮ ਸ਼ਖ਼ਸੀਅਤ ਦਾ ਚਿਤਰਣ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਸਰਬੋਤਮ ਫ਼ਲਸਫ਼ੇ, ਪਰਮੇਸ਼ਵਰ ਦੀ ਸਰਬ-ਕਾਲਿਕ ਤੇ ਸਦੀਵੀ ਹੋਂਦ, ਸੁਚੱਜੀ ਜੀਵਨ ਜੁਗਤਿ ਤੇ ਜਨਮ ਸਾਖੀਆਂ ਸਮੇਤ ਸਾਰੇ ਅਧਿਆਇ ਬਹੁਤ ਬਾਰੀਕਬੀਨੀ ਨਾਲ, ਠੋਸ ਦਲੀਲਾਂ ਅਤੇ ਗੁਰਬਾਣੀ ਵਿਚੋਂ ਅਨੇਕਾਂ ਢੁੱਕਵੇਂ ਪ੍ਰਮਾਣ ਦੇ ਕੇ ਤਰਤੀਬ ਦਿੱਤੇ ਗਏ ਹਨ। ਜਾਤੀ ਵਿਤਕਰੇ ਦੀ ਕੁਪ੍ਰਥਾ ਬਾਰੇ ਪ੍ਰਮਾਣ:-
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਮਨ ਤੇ ਕਾਬੂ ਪਾਉਣਾ ਹੈ, ਨਾ ਕਿ ਸਰੀਰਕ ਕਸ਼ਟਾਂ ਰਾਹੀਂ, ਪ੍ਰਭੂ ਪ੍ਰਾਪਤੀ ਦੇ ਵਿਅਰਥ ਯਤਨ ਕਰਨੇ ਹਨ :
ਵਰਮੀ ਮਾਰੀ ਸਾਪੁ ਨ ਮੂਆ॥ (ਪੰਨਾ 27)
ਭਗਤੀ ਲਹਿਰ ਵਾਲੇ ਭਾਗ ਵਿਚ ਗੁਰੂ ਜੀ ਵਲੋਂ ਸੰਸਾਰ ਵਿਚ ਬਹੁਵਾਦੀ ਸਮਾਜ ਦੀ ਪ੍ਰਗਤੀ ਨੂੰ ਚਿੱਤਰਿਆ ਗਿਆ ਹੈ। ਏਸੇ ਤਰ੍ਹਾਂ ਅਗਲੇ ਭਾਗ ਵਿਚ ਇਹ ਮੱਤ ਦ੍ਰਿੜ੍ਹ ਕਰਾਈ ਗਈ ਹੈ ਕਿ ਪਾਰਗਾਮੀ ਤੇ ਸਰਬਵਿਆਪੀ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਸਿਧਾਂਤਾਂ ਦਾ ਮੂਲ-ਆਧਾਰ ਹੈ। 'ਵਾਰਾਂ ਭਾਈ ਗੁਰਦਾਸ ਜੀ ਵਿਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦਾ ਪ੍ਰਤੀਬਿੰਬ' ਇਕ ਹੋਰ ਉਸ ਦਾ ਭਾਗ ਹੈ। ਭਾਈ ਸਾਹਿਬ ਦਾ ਨੁਕਤਾ-ਨਿਗਾਹ ਵੇਖੋ :
ਬਾਬੇ ਭੇਖ ਬਣਾਇਆ। ਉਦਾਸੀ ਕੀ ਰੀਤਿ ਚਲਾਈ॥
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਪੰਨਾ 54)
ਵਿਦਵਾਨ ਲੇਖਕਾਂ ਨੇ, ਅਗਲੇ ਅਧਿਆਏ ਵਿਚ ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ, ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦਾ ਵਿਵਰਣ ਦਿੱਤਾ ਹੈ। ਲੰਗਰ ਤੇ ਸੰਗਤ ਵਾਲਾ ਅੰਤਮ ਭਾਗ ਹੈ। ਲੇਖਕਾਂ ਨੇ ਹਰ ਭਾਗ ਦੇ ਅੰਤ 'ਤੇ ਟਿੱਪਣੀਆਂ ਅਤੇ ਹਵਾਲੇ ਦੇਣ ਦੇ ਨਾਲ-ਨਾਲ ਹੋਰਨਾਂ ਮੰਨੇ ਪ੍ਰਮੰਨੇ ਵਿਦਵਾਨਾਂ ਦੇ ਵਿਚਾਰ ਵੀ ਦਿੱਤੇ ਹਨ। ਕਰੜੀ ਮਿਹਨਤ ਤੇ ਖੋਜ ਨਾਲ ਲਿਖੀ ਗਈ ਇਹ ਪੁਸਤਕ, ਗਿਆਨ ਦਾ ਦੀਪਕ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com


ਕਥਾ ਸਰਾਪੇ ਬਿਰਖ ਦੀ

ਲੇਖਕ : ਬੀਬਾ ਬਲਵੰਤ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98552-94356.


ਬੀਬਾ ਬਲਵੰਤ ਬਹੁ-ਪ੍ਰਤਿਭਾਸ਼ਾਲੀ ਸ਼ਖ਼ਸੀਅਤ ਹੈ। ਉਹ ਕਵੀ, ਚਿੱਤਰਕਾਰ, ਆਰਟ, ਫੋਟੋਗ੍ਰਾਫਰ ਅਤੇ ਅਦਾਕਾਰ ਹੈ। 'ਕਥਾ ਸਰਾਪੇ ਰੁੱਖ ਦੀ' ਉਸ ਦਾ ਚੌਥਾ ਕਾਵਿ-ਸੰਗ੍ਰਹਿ ਜੋ 2004 ਈ: ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ। 15 ਸਾਲ ਬਾਅਦ ਇਸ ਕਾਵਿ-ਸੰਗ੍ਰਹਿ ਦੀ ਪੁਨਰ ਪ੍ਰਕਾਸ਼ਨਾ ਆਪਣੇ-ਆਪ ਹੀ ਇਸ ਤੱਥ ਨੂੰ ਤਸਦੀਕ ਕਰਦੀ ਹੈ ਕਿ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਅੱਜ ਵੀ ਓਨੀਆਂ ਹੀ ਸਾਰਥਕ ਹਨ, ਜਿੰਨੀਆਂ ਉਸ ਸਮੇਂ ਅਤੇ ਅਗਾਂਹ ਵੀ ਇਨ੍ਹਾਂ ਦੀ ਸਾਰਥਕਤਾ ਬਣੀ ਰਹੇਗੀ। ਇਸ ਸੰਗ੍ਰਹਿ ਦੇ ਚਾਰ ਭਾਗ ਹਨ। ਪਹਿਲਾ ਭਾਗ 'ਬੀਬਾ ਬਲਵੰਤ : ਕਬਰ 'ਤੇ ਉੱਗਿਆ ਕਾਲਾ ਗੁਲਾਬ' ਕਾਵਿ-ਚਿੱਤਰ ਹੈ ਜੋ ਕਿ ਰਵਿੰਦਰ (ਡਾ:) ਨੇ ਲਿਖਿਆ ਹੈ। ਇਸ ਕਾਵਿ-ਚਿੱਤਰ ਬੀਬਾ ਬਲਵੰਤ ਦੀ ਸ਼ਾਇਰੀ ਦੀ ਸਿਰਜਣ-ਪ੍ਰਕਿਰਿਆ ਨੂੰ ਸਮਝਿਆ ਜਾ ਸਕਦਾ ਹੈ। ਰਵਿੰਦਰ (ਡਾ:) ਉਸ ਦੀ ਕਵਿਤਾ ਬਾਰੇ ਇੰਜ ਸੰਕੇਤ ਕਰਦੇ ਹਨ :
ਸੂਰਜ ਉੱਗਦਾ ਹੈ ਤਾਂ ਕਾਲੇ ਦਿਨ ਦੀ ਆਮਦ ਹੁੰਦੀ ਹੈ
ਉਹਦੀ ਕਵਿਤਾ 'ਚ ਤਿੜਕਦੇ ਰਿਸ਼ਤਿਆਂ ਦੀ ਬੇਬਸੀ ਵੀ ਹੈ
ਕੱਟੇ ਪਰਾਂ ਵਾਲੇ ਜ਼ਖ਼ਮੀ ਪਰਿੰਦਿਆਂ ਦਾ ਰੁਦਨ ਵੀ।
ਦੂਸਰੇ ਭਾਗ ਵਿਚ ਉਸ ਦੀਆਂ 'ਅਰਜੋਈ' ਤੋਂ ਲੈ ਕੇ 'ਉਤਸਵ 1-2' ਤੱਕ 24 ਕਵਿਤਾਵਾਂ ਹਨ ਜੋ ਤਿੜਕਦੇ ਰਿਸ਼ਤਿਆਂ ਤੋਂ ਲੈ ਕੇ ਰਿਸ਼ਤਿਆਂ ਦੇ ਪੁਨਰ ਸੁਰਜੀਤ ਹੋਣ ਦੀ ਆਸ਼ਾ ਨਾਲ ਜੁੜੀਆਂ, ਰਿਸ਼ਤਿਆਂ ਦੀਆਂ ਵੱਖ-ਵੱਖ ਪਰਤਾਂ ਨੂੰ ਗਲੋਟੇ ਵਾਂਗ ਉਧੇੜਦੀਆਂ ਜਾਂਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਕੇਂਦਰੀ ਨੁਕਤਾ ਹਨੇਰੇ ਤੋਂ ਚਾਨਣ ਤੱਕ ਦਾ ਸਫ਼ਰ ਤੈਅ ਕਰਨ ਦੀ ਤੌਫ਼ੀਕ ਕਾਵਿ-ਪਾਤਰ ਨੂੰ ਬਖ਼ਸ਼ੇ ਤਾਂ ਜੋ ਉਸ ਦੇ ਦਿਲ ਅੰਦਰ ਸੁੱਤੀ ਪਈ ਬੰਜਰ ਧਰਤੀ ਫਿਰ ਤੋਂ ਮੌਲ ਪਏ :
ਤੂੰ ਸੂਰਜ।
ਮੇਰੀ ਅਰਜੋਈ
ਤੇਰੇ ਕੋਲ ਨੇ ਕਿਰਨਾਂ ਕਿਰਨਾਂ
ਤੂੰ ਅੰਬਰ ਰੁਸ਼ਨਾਇਆ।
'ਕਥਾ ਸਰਾਪੇ ਬਿਰਖ ਦੀ' ਦੀ ਕਵਿਤਾ ਦਾ ਮਾਨਵੀਕਰਨ ਕੀਤਾ ਹੈ। 'ਬਿਰਖ' ਬੰਦਾ ਬਣ ਪਾਠਕ ਸਾਹਵੇਂ ਆਉਂਦਾ ਹੈ। ਬਿਰਖ ਦੀ ਤਰ੍ਹਾਂ ਹੀ ਉਸ ਬੰਦੇ ਨੂੰ ਵਿਛੜ ਗਏ ਪੰਛੀ ਦੀ ਉਡੀਕ ਹੈ :
ਮੈਂ ਜੋ ਸਰਾਪਿਆ ਬਿਰਖ ਹਾਂ
ਜਿਸ ਨੂੰ ਧੁਰ ਜੜ੍ਹਾਂ ਤੋਂ ਲੈ ਕੇ ਸਿਖਰ ਤੱਕ
ਤੇਰੀ ਚਾਹਤ ਹੈ-
ਚਹਿਕਦੇ ਗਾਉਂਦੇ ਪੰਛੀ ਦੀ
ਫਿਰ ਕਦੇ ਪਰਤਣ ਦੀ ਉਡੀਕ ਕਰਾਂਗਾ
ਤੇਰੇ ਗੀਤ ਦਾ/ਤੇਰੇ ਸੰਗੀਤ ਦਾ
ਸਦਾ ਹੀ ਦਮ ਭਰਾਂਗਾ।
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ, ਬਿਹਰਾ ਦੀ ਤੜਪ ਤੋਂ ਲੈ ਕੇ ਵਸਲ ਪਲਾਂ ਤੱਕ ਦੇ ਅਨੇਕਾਂ ਪੜਾਵਾਂ 'ਚੋਂ ਗੁਜ਼ਰਦੀ ਆਸ/ਉਮੀਦ ਦਾ ਪੱਲਾ ਫੜੀ ਸੂਖ਼ਮ-ਭਾਵੀ ਪ੍ਰਵਚਨ ਸਿਰਜਦੀ, ਸੂਖ਼ਮ ਭਾਸ਼ਾਈ ਪਰਿਪੇਖ ਥੀਂ ਗੁਜ਼ਰਦੀ ਪਾਠਕ ਨੂੰ ਭਾਵਮਈ ਸੰਸਾਰ 'ਚ ਲਈ ਤੁਰੀ ਜਾਂਦੀ ਹੈ। ਇਹੀ ਕਵਿਤਾ ਦੀ ਅਜ਼ਮਤ ਹੁੰਦੀ ਹੈ ਕਿ ਕਾਵਿ-ਪਾਠਕ ਨੂੰ ਆਪਣੇ ਨਾਲ ਵਾਹੋਦਾਹੀ ਟੋਰੀ ਰੱਖੇ। ਇਸ ਸੰਗ੍ਰਹਿ ਦਾ ਤੀਸਰਾ ਭਾਗ ਬੀਬਾ ਬਲਵੰਤ ਦੇ ਇਤਿਹਾਸ ਨਾਲ ਸਬੰਧਿਤ ਹੈ। ਚੌਥਾ ਭਾਗ ਆਰਟਿਸਟ ਪ੍ਰੇਮ ਸਿੰਘ ਦੇ ਰੇਖਾ ਚਿੱਤਰ ਹਨ, ਜੋ ਕਵਿਤਾਵਾਂ ਦੇ ਅੰਤਰੀਵ ਭਾਵ ਨੂੰ ਪਾਠਕ/ਦਰਸ਼ਕ ਤੱਕ ਮਾਨਣ ਅਤੇ ਮਹਿਸੂਸਣ ਦਾ ਜ਼ਰੀਆ ਬਣਦੇ ਹਨ। ਆਮੀਨ।


-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਮਲਕੀਤ ਜੌੜਾ ਦਾ ਕਾਵਿ-ਚਿੰਤਨ
ਸੰਪਾਦਕ : ਡਾ: ਬਲਵਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 116
ਸੰਪਰਕ : 80549-31839.


ਇਸ ਪੁਸਤਕ ਵਿਚ ਮਲਕੀਤ ਜੌੜਾ ਦੇ ਤਿੰਨ ਕਾਵਿ-ਸੰਗ੍ਰਹਿਆਂ 'ਨਿੱਜ ਤੋਂ ਪਰ ਵੱਲ' (2009), 'ਵਿਲਕਦਾ ਰੁੱਖ' (2010) ਅਤੇ 'ਗ੍ਰਹਿਣੇ ਸੂਰਜ' (2013) ਨੂੰ ਅਧਿਐਨ ਵਸਤੂ ਵਜੋਂ ਅਪਣਾ ਕੇ ਵੱਖ-ਵੱਖ ਵਿਦਵਾਨਾਂ (ਡਾ: ਪ੍ਰਿਤਪਾਲ ਸਿੰਘ ਮਹਿਰੋਕ, ਡਾ: ਬਲਜੀਤ ਸਿੰਘ, ਡਾ: ਬਲਵਿੰਦਰ ਸਿੰਘ, ਡਾ: ਸੰਤੋਖ ਸਿੰਘ, ਡਾ: ਅਮਰਜੀਤ ਸਿੰਘ, ਡਾ: ਗੁਰਦੀਪ ਸਿੰਘ ਤੋਂ ਬਿਨਾਂ ਖੋਜ ਵਿਦਿਆਰਥੀਆਂ-ਬਲਵੀਰ ਮੰਨਣ, ਪਮਦੀਪ, ਗੁਰਜੋਧ ਕੌਰ, ਹਰਪਰਵੀਨ ਕੌਰ ਆਦਿ) ਵਲੋਂ ਆਪੋ-ਆਪਣੇ ਮੁਲਾਂਕਣ ਦੀ ਪੇਸ਼ਕਾਰੀ ਕੀਤੀ ਗਈ ਹੈ। ਮੁਲਾਂਕਣਕਾਰਾਂ ਦੇ ਵਿਚਾਰਾਂ ਦਾ ਅਧਿਐਨ ਕਰਦਿਆਂ ਪਾਠਕ ਸਹਿਜੇ ਹੀ ਇਹ ਮਹਿਸੂਸ ਕਰਨ ਲਗਦਾ ਹੈ ਕਿ ਮਲਕੀਤ ਜੌੜਾ ਦਾ ਕਾਵਿ ਦਲਿਤ-ਸਮਾਜ ਦੇ ਸਮਾਜਿਕ ਅਤੇ ਆਰਥਿਕ ਸਰੋਕਾਰਾਂ ਨਾਲ ਪੀਡੀ ਤਰ੍ਹਾਂ ਜੁੜਿਆ ਹੋਇਆ ਹੋਣ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਪੀੜ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਉਸ ਦਾ ਕਾਵਿ ਸ਼ੋਸ਼ਿਤ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ। ਕਵੀ ਦਾ ਕਹਿਣਾ ਹੈ ਕਿ ਗ਼ਰੀਬਾਂ ਨੂੰ ਇਕਮੁੱਠ ਹੋਣ ਦੀ ਲੋੜ ਹੈ। ਨਾ ਕੇਵਲ ਦਲਿਤ ਮਨੁੱਖ ਸਗੋਂ ਔਰਤਾਂ ਵੀ ਹਾਸ਼ੀਆਕ੍ਰਿਤ ਜੀਵਨ ਹੰਢਾਉਣ ਲਈ ਬੇਵੱਸ ਹਨ। ਮਲਕੀਤ ਜੌੜਾ ਦੀ ਕਾਵਿ-ਮੈਂ (ਨਾਇਕ ਵਜੋਂ) ਉਸ ਦੀ ਅਸਤਿੱਤਵਵਾਦੀ ਕਾਵਿ-ਸੰਵੇਦਨਾ ਦਾ ਪ੍ਰਗਟਾਵਾ ਕਰਦੀ ਨਜ਼ਰ ਆਉਂਦੀ ਹੈ ਪਰ ਦਲਿਤ-ਪਛਾਣ ਦੇ ਅਰਥਾਂ ਦਾ ਪ੍ਰਗਟਾਵਾ ਕਰਦੀ ਹੈ। ਉਸ ਦਾ ਕਾਵਿ ਦਲਿਤ ਅਫ਼ਸਰਾਂ ਦੇ ਆਪਣਿਆਂ ਪ੍ਰਤੀ ਵਿਵਹਾਰ ਵੱਲ ਸੰਕੇਤ ਕਰਦਾ ਹੈ। ਦਲਿਤ ਕਾਵਿ ਲੋਕਾਂ ਦੀਆਂ ਆਪਣੀਆਂ ਸੰਭਾਵਿਤ ਕਮਜ਼ੋਰੀਆਂ ਦੀ ਵੀ ਨਿਸ਼ਾਨਦੇਹੀ ਕਰਦਾ ਹੈ। ਕਵੀ ਦਲਿਤ ਲੋਕਾਈ ਨੂੰ ਘਟੀਆ ਸਮਝਣ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਪਰਦਾ ਵੀ ਫਾਸ਼ ਕਰਦਾ ਹੈ। ਇਕ ਵਿਦਵਾਨ ਨੇ ਕਵੀ ਦੇ ਦਾਰਸ਼ਨਿਕ ਮੁਹਾਵਰੇ ਨੂੰ ਡੂੰਘਾਈ ਨਾਲ ਸਮਝਣ ਦਾ ਨਿੱਠ ਕੇ ਯਤਨ ਕੀਤਾ ਹੈ ਅਤੇ ਮੁੱਲਵਾਨ ਉਲੇਖਨੀਯ ਵਿਚਾਰ ਪ੍ਰਸਤੁਤ ਕੀਤੇ ਹਨ 'ਕਾਵਿ-ਆਲੋਚਕਾਂ ਦੀ ਬਹੁਤੀ ਵਾਰ ਸਮੱਸਿਆ ਇਹ ਹੁੰਦੀ ਹੈ ਕਿ ਉਹ ਕੇਵਲ ਰਾਜਸੀ ਸੱਤਾ ਦੇ ਵਿਦਰੋਹ ਦੀ ਕਵਿਤਾ ਨੂੰ ਹੀ ਵਿਦਰੋਹੀ ਕਵਿਤਾ ਮੰਨਦੇ ਹਨ ਜਦੋਂ ਕਿ ਵਿਦਰੋਹ ਦੇ ਰੂਪ ਬਹੁਤ ਸੂਖ਼ਮ ਹੁੰਦੇ ਹਨ।' ਪੰ: 68. ਆਲੋਚਨਾਤਮਿਕ ਨਿਬੰਧਾਂ ਦੇ ਜ਼ਿਆਦਾਤਰ ਨਿਬੰਧਾਂ ਦੇ ਲੇਖਕ ਪਹਿਲਾਂ ਭੂਮਿਕਾ ਬੰਨ੍ਹਦੇ ਹਨ ਅਤੇ ਕੁਝ ਇਕ ਜੌੜਾ-ਕਾਵਿ ਵਿਚ ਸਿੱਧਾ ਪ੍ਰਵੇਸ਼ ਕਰਦੇ ਹਨ। ਕਈ ਵਿਦਵਾਨ ਪਹਿਲਾ ਜੌੜਾ-ਕਾਵਿ ਵਿਚ ਕਿਸੇ ਵਿਚਾਰ ਦੀ ਵਿਆਖਿਆ ਕਰ ਕੇ ਬਾਅਦ ਵਿਚ ਕਾਵਿ 'ਚੋਂ ਚੁਣੀਆਂ ਉਦਾਹਰਨਾਂ ਦੇ ਕੇ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦੇ ਹਨ। ਆਲੋਚਨਾ ਦੇ ਵਿਕਾਸ ਲਈ ਨਵ-ਆਲੋਚਕਾਂ ਦੀ ਚੋਣ ਸ਼ੁੱਭ ਸੰਕੇਤ ਹਨ।


-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਬੇਚੈਨ ਥੇਮਜ਼
ਲੇਖਕ : ਮਹਿੰਦਰ ਪਾਲ ਸਿੰਘ ਧਾਲੀਵਾਲ
ਪ੍ਰਕਾਸ਼ਨ : ਪੀਪਲਜ਼ ਫੋਰਮ, ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 312
ਸੰਪਰਕ : 98729-89313.


ਇਸ ਨਾਵਲ ਦਾ ਕਥਾ ਬਿਰਤਾਂਤ ਇਕ ਵੱਡੇ ਵਿਸ਼ਵ ਵਰਤਾਰੇ ਨੂੰ ਆਪਣੇ ਕਲੇਵਰ ਵਿਚ ਸਮਾਉਂਦਾ ਹੈ, ਜਿਸ ਵਿਚ ਬਰਤਾਨੀਆ ਅਤੇ ਉਥੇ ਦੇ ਸਮਾਜਿਕ ਜੀਵਨ ਦੇ ਨਾਲ-ਨਾਲ ਵਿਸ਼ਵ ਭਰ ਵਿਚ ਵਾਪਰਦੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਅੰਤਰ ਸਬੰਧਾਂ ਨੂੰ ਦਰਸਾਇਆ ਗਿਆ ਹੈ। ਨਾਵਲ ਦੀ ਸ਼ੁਰੂਆਤ ਇਕ ਮੱਧਵਰਗੀ ਪਰਿਵਾਰ ਦੀ ਕਹਾਣੀ ਪੇਸ਼ ਕਰਦਿਆਂ ਸਾਧਾਰਨ ਬਰਤਾਨਵੀ ਨਾਗਰਿਕਾਂ ਦੀਆਂ ਇੱਛਾਵਾਂ ਅਤੇ ਉਮੀਦਾਂ ਦੇ ਤਾਣੇ-ਬਾਣੇ ਨੂੰ ਬੁਣਦਿਆਂ ਨਾਵਲਕਾਰ ਨਾਵਲ ਨੂੰ ਅੱਗੇ ਵਧਾਉਂਦਾ ਹੈ।
ਨਾਵਲ ਦੇ ਇਸ ਸਫ਼ਰ ਵਿਚ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਸੰਘਰਸ਼, ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ, ਵਿਸ਼ਵ ਯੁੱਧ ਦੀ ਸ਼ੁਰੂਆਤ ਅਤੇ ਉਸ ਦੇ ਵਿਸ਼ਵ ਦੀ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵ, ਔਰਤਾਂ ਦੇ ਹੱਕਾਂ ਲਈ ਚੱਲੀ ਲਹਿਰ ਅਤੇ ਬਰਤਾਨਵੀਆ ਦੀ ਉਸ ਪ੍ਰਤੀ ਸੋਚ, ਵਿਰੋਧ, ਪੱਖ ਨੂੰ ਬੜੀ ਬਾਖੂਬੀ ਦਰਸਾਇਆ ਗਿਆ ਹੈ। ਨਾਵਲ ਪੜ੍ਹਦਿਆਂ ਕਈ ਜਗ੍ਹਾ ਪਾਠਕ ਨਾਵਲਕਾਰ ਦੀ ਬਾਰੀਕਬੀਨੀ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਜਿਸ ਖੂਬਸੂਰਤੀ ਨਾਲ ਉਸ ਨੇ ਵਿਸ਼ਵ ਪੱਧਰੀ ਘਟਨਾਵਾਂ ਨੂੰ ਇਕ ਲੜੀ ਵਿਚ ਪਰੋਇਆ ਹੈ, ਉਹ ਕਾਬਿਲੇ ਤਾਰੀਫ਼ ਹੈ। ਨਾਵਲ ਵਿਚ ਬਹੁਤ ਸਾਰੇ ਪਾਤਰ ਆਉਂਦੇ ਜਾਂਦੇ ਰਹਿੰਦੇ ਹਨ। ਪੁਰਾਣੀ ਪੀੜ੍ਹੀ ਦੀ ਥਾਂ ਨਵੀਂ ਲੈ ਲੈਂਦੀ ਹੈ ਅਤੇ ਇਸੇ ਅਨੁਸਾਰ ਨਾਵਲ ਦੀ ਕਹਾਣੀ ਅੱਗੇ ਵਧਦੀ ਰਹਿੰਦੀ ਹੈ।
ਮਨੁੱਖੀ ਮਾਨਸਿਕਤਾ ਨੂੰ ਸਮਾਜਿਕ ਜੀਵਨ ਤਬਦੀਲੀਆਂ ਕਿਸ ਕਦਰ ਪ੍ਰਭਾਵਿਤ ਕਰਦੀਆਂ ਹਨ ਅਤੇ ਇਸ ਦਾ ਬਰਤਾਨਵੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਪਹਿਲੂਆਂ 'ਤੇ ਪੈ ਰਹੇ ਪ੍ਰਭਾਵਾਂ ਨੂੰ ਪੇਸ਼ ਕਰਦਿਆਂ ਯਥਾਰਥਕ ਨਾਵਲ ਬਣਾਉਣ ਦਾ ਯਤਨ ਕੀਤਾ ਹੈ। ਕਦੇ-ਕਦੇ ਨਾਵਲ ਏਨੇ ਪਾਤਰਾਂ ਵਿਚ ਥੋੜ੍ਹਾ ਉਲਝ ਗਿਆ ਮਹਿਸੂਸ ਹੁੰਦਾ ਹੈ ਪਰ ਜਲਦ ਹੀ ਟਰੈਕ 'ਤੇ ਆ ਜਾਂਦਾ ਹੈ ਕਿਉਂਕਿ ਇਹ ਸਾਰੇ ਹੀ ਪਾਤਰ ਨਾਵਲ ਦੀ ਕਹਾਣੀ ਨੂੰ ਅੱਗੇ ਵਧਾਉਣ ਵਿਚ ਸਹਾਇਕ ਹਨ। ਥੇਮਜ਼ ਦੀ ਬੇਚੈਨੀ ਇਕ ਆਮ ਬਰਤਾਨਵੀ ਨਾਗਰਿਕ ਦੀ ਬੇਚੈਨੀ ਵਜੋਂ ਨਜ਼ਰੀ ਪੈਂਦੀ ਹੈ ਜੋ ਤਬਦੀਲੀਆਂ ਦੇ ਦੌਰ ਅਤੇ ਸਮਾਜਿਕ ਵਿਸ਼ਵੀਕਰਨ ਦੀ ਸ਼ੁਰੂਆਤ ਕਾਰਨ ਹੈ।


-ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823


ਮਜ਼ਾਹੀਆ ਚਿੱਤਰਕਾਰੀ
ਚਿੱਤਰਕਾਰ : ਤੇਜਿੰਦਰ ਸਿੰਘ ਮਨਚੰਦਾ
ਪ੍ਰਕਾਸ਼ਕ : ਪੰਜਾਬ ਟਾਈਮਜ਼ (ਯੂ.ਕੇ.)
ਸਫ਼ੇ : 51
ਸੰਪਰਕ :Manchanda-arts@live.frਨੌਜਵਾਨ ਵਿਅੰਗ ਚਿੱਤਰਕਾਰ ਤੇਜਿੰਦਰ ਮਨਚੰਦਾ ਦੇ ਚਿੱਤਰਾਂ ਦੀ ਇਕ ਪੁਸਤਕ ਪ੍ਰਕਾਸ਼ਿਤ ਹੋਈ ਹੈ। ਅੱਜ ਦੇ ਭੱਜ-ਦੌੜ ਅਤੇ ਮੁਕਾਬਲੇ ਭਰੇ ਯੁੱਗ ਵਿਚ ਕਿਸੇ ਦਾ ਮਨੋਰੰਜਨ ਕਰ ਕੇ ਕਿਸੇ ਨੂੰ ਹਸਾ ਦੇਣਾ ਮਹਾਂਭਾਰਤ ਵਰਗੀ ਜੰਗ ਜਿੱਤਣ ਦੇ ਬਰਾਬਰ ਹੈ। ਮੇਰੀ ਨਜ਼ਰ ਵਿਚ ਵਿਅੰਗ ਲਿਖ ਕੇ ਹਸਾਉਣਾ ਇਕ ਸੌਖਾ ਕਾਰਜ ਹੈ, ਪਰ ਇਕ ਚਿੱਤਰ ਸਿਰਜ ਕੇ ਹਸਾ ਦੇਣਾ ਇਕ ਵਚਿੱਤਰ ਕਲਾ ਹੈ। ਜਿਵੇਂ ਅਸੀਂ ਅਰਦਾਸ ਵਿਚ ਹਰ ਰੋਜ਼ ਪੜ੍ਹਦੇ ਹਾਂ, 'ਕਲਾ ਵਾਹਿਗੁਰੂ ਜੀ ਕੀ ਵਰਤੇ....!' ਕਲਾ ਤਾਂ ਹਰ ਰੋਜ਼ ਅਤੇ ਹਰ ਜਗ੍ਹਾ ਉਸ ਵਾਹਿਗੁਰੂ ਜੀ ਕੀ ਹੀ ਵਰਤਦੀ ਹੈ, ਪਰ ਵਰਤਦੀ ਉਸ ਉੱਪਰ ਹੀ ਹੈ, ਜਿਸ ਉੱਪਰ ਉਸ ਦੀ ਅਪਾਰ ਕਿਰਪਾ ਹੋਵੇ। ਮੈਨੂੰ ਅਥਾਹ ਮਾਣ ਹੈ ਕਿ ਤੇਜਿੰਦਰ ਮਨਚੰਦਾ ਮੇਰਾ ਪਰਮ-ਮਿੱਤਰ ਹੈ ਅਤੇ ਮੈਂ ਉਸ ਨੂੰ ਕਈ ਵਾਰ ਪੈਰਿਸ ਵਿਚ ਮਿਲ ਚੁੱਕਾ ਹਾਂ। ਉਸ ਤੋਂ ਵੀ ਵੱਡਾ ਮਾਣ ਇਹ ਹੈ ਕਿ ਉਸ ਦਾ ਉਸਤਾਦ, ਮਰਹੂਮ ਬਾਈ ਸੁਖਵੰਤ ਆਰਟਿਸਟ ਵੀ ਮੇਰਾ ਜਿਗਰੀ ਯਾਰ ਸੀ ਅਤੇ ਮੇਰੇ ਤਕਰੀਬਨ ਸਾਰੇ ਨਾਵਲਾਂ ਦੇ ਟਾਈਟਲ ਸਰੀਰਕ ਤੌਰ 'ਤੇ ਵਿੱਛੜ ਗਏ ਮਿੱਤਰ 'ਸੁਖਵੰਤ' ਦੇ ਹੀ ਬਣਾਏ ਹੋਏ ਹਨ।
ਮੇਰੇ ਨਿੱਜੀ ਤਜਰਬੇ ਜਾਂ ਅੰਦਾਜ਼ੇ ਅਨੁਸਾਰ ਓਨੀ ਜਲਦੀ ਗੱਲ ਆਦਮੀ ਪੂਰੇ ਨਾਵਲ ਜਾਂ ਕਹਾਣੀ ਵਿਚ ਨਹੀਂ ਕਹਿ ਸਕਦਾ, ਜਿੰਨੀ ਜਲਦੀ ਅਤੇ ਸਪੱਸ਼ਟ ਇਕ ਕਾਰਟੂਨ ਬਣਾ ਕੇ ਕਹੀ ਜਾ ਸਕਦੀ ਹੈ। ਪਰ ਸਬੰਧਿਤ ਜਾਂ ਢੁਕਵੇਂ ਵਿਸ਼ੇ ਉੱਪਰ ਚਿਤਰਣ ਦੀ ਕਲਾ ਹੋਣੀ ਚਾਹੀਦੀ ਹੈ! .....ਤੇ ਉਹ ਉਤਮ ਕਲਾ ਰੱਬ ਨੇ ਤੇਜਿੰਦਰ ਮਨਚੰਦਾ ਨੂੰ ਬਖਸ਼ੀ ਹੋਈ ਹੈ। ਚਾਹੇ ਚਿੱਤਰ ਮਜ਼ਾਹੀਆ ਹੋਣ ਕਾਰਨ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਬਣਦੇ ਹਨ, ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦੇ ਉੱਪਰ ਗੱਲ ਢੁਕਦੀ ਹੁੰਦੀ ਹੈ, ਉਨ੍ਹਾਂ ਦੇ ਕਿਵੇਂ ਠੂੰਹੇਂ ਵਾਂਗ ਲੜਦੀ ਹੈ। ਤੇਜਿੰਦਰ ਮਨਚੰਦਾ ਦੀਆਂ ਕਲਾ-ਕਿਰਤਾਂ ਦੀਆਂ ਤੇਜ਼-ਤਰਾਰ ਟਿੱਪਣੀਆਂ ਅਤੇ ਕੋਝੇ ਡੰਗ ਖ਼ਾਸ ਤੌਰ 'ਤੇ ਬੇਈਮਾਨ ਸਿਆਸਤਦਾਨਾਂ ਦੀ ਨੀਂਦ ਜ਼ਰੂਰ ਹਰਾਮ ਕਰਦੇ ਹੋਣਗੇ। ਚਿੱਤਰਕਾਰ ਜਾਂ ਕਲਾਕਾਰ ਕੋਈ ਰਾਤੋ-ਰਾਤ ਨਹੀਂ ਬਣ ਜਾਂਦਾ। ਇਸ ਮਗਰ ਉਸ ਦੀ ਦਹਾਕਿਆਂ ਬੱਧੀ ਮਿਹਨਤ, ਸਿਰੜ ਅਤੇ ਲਗਨ ਕੰਮ ਕਰਦੀ ਹੈ। ਜੇ ਅੰਦਰ ਸਰੀਰਕ ਬਲ ਨਾ ਹੋਵੇ ਤਾਂ ਘਣ ਵਰਗੀ ਸੱਟ ਨਹੀਂ ਵੱਜਦੀ, ਤੇ ਜੇ ਕਲਾਕਾਰ ਦੀ ਘਾਲਣਾ ਨਾ ਹੋਵੇ ਤਾਂ ਸਮਾਜਿਕ ਬੁਰਾਈਆਂ, ਰਾਜਨੀਤਕ ਹੇਰਾਫ਼ੇਰੀਆਂ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਉਪਰ ਦੁਰਮਟ ਵਰਗੇ ਵਾਰ ਨਹੀਂ ਹੁੰਦੇ! ਮੈਂ ਤੇਜਿੰਦਰ ਮਨਚੰਦਾ ਦੀ ਇਸ ਵਿਅੰਗ ਚਿੱਤਰਕਾਰੀ ਦੀ ਕਿਤਾਬ ਨੂੰ ਦੋਵੇਂ ਬਾਂਹਾਂ ਅੱਡ ਕੇ 'ਜੀ ਆਇਆਂ' ਆਖਦਾ ਹੋਇਆ ਅਸੀਸ ਦਿੰਦਾ ਹਾਂ ਕਿ ਪੁੱਤਰਾਂ ਵਰਗਾ ਸਾਡਾ ਨਿੱਕਾ ਵੀਰ ਭਵਿੱਖ ਵਿਚ ਹੋਰ ਵੀ ਬੁਲੰਦੀਆਂ ਨੂੰ ਜੱਫੇ ਮਾਰੇ!!


-ਸ਼ਿਵਚਰਨ ਜੱਗੀ ਕੁੱਸਾ


ਸੱਚ ਦਾ ਸੁਨੇਹਾ
ਲੇਖਿਕਾ : ਗੁਰਮੀਨ ਕੌਰ
ਪ੍ਰਕਾਸ਼ਕ : ਸ੍ਰੀ ਸਾਹਿਤਯਾ ਪ੍ਰਕਾਸ਼ਨ, ਤਰਨ ਤਾਰਨ
ਮੁੱਲ : 151 ਰੁਪਏ, ਸਫ਼ੇ : 92
ਸੰਪਰਕ : gurmeensran21@gmail.com


ਸੱਚ ਦਾ ਸੁਨੇਹਾ ਅਸਲੋਂ ਨਵੀਂ ਸ਼ਾਇਰਾ ਗੁਰਮੀਨ ਕੌਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਲੇਖਿਕਾ ਦੀਆਂ ਪੰਜਾਹ ਦੇ ਕਰੀਬ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਕਵਿਤਾਵਾਂ ਵਿਚ ਲੇਖਿਕਾ ਨੇ ਸਾਡੇ ਸਮਾਜ ਦੇ ਵਿਭਿੰਨ ਵਸਤੂ ਵਰਤਾਰਿਆਂ ਨੂੰ ਆਪਣੀ ਕਵਿਤਾ ਵਿਚ ਚਿਤਰਿਆ ਹੈ। ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਵਿਚ ਲੇਖਿਕਾ ਨੇ ਆਪਣੇ ਨਿੱਜੀ ਭਾਵਾਂ ਨੂੰ ਆਪਣੀ ਕਵਿਤਾ ਵਿਚ ਅਭਿਵਿਅਕਤ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਇਕ ਨੌਜਵਾਨ ਹਿਰਦੇ ਦੀਆਂ ਉਮੰਗਾਂ, ਤਰੰਗਾਂ, ਉਦਾਸੀ ਤੇ ਵੇਦਨਾਵਾਂ ਸਭ ਕੁਝ ਮਿਲਿਆ ਜੁਲਿਆ ਪ੍ਰਤੀਤ ਹੁੰਦਾ ਹੈ, ਕੁਝ ਕਵਿਤਾਵਾਂ ਮਮਤਾ ਦੇ ਭਾਵਾਂ ਨੂੰ ਚਿਤਰਦੀਆਂ ਹਨ
ਹਨੇਰੀਆਂ ਰਾਤਾਂ ਤੋਂ ਡਰ ਲਗਦਾ ਨੀ ਮਾਂ
ਲੋਕਾਂ ਦੀਆਂ ਬਾਤਾਂ ਤੋਂ ਡਰ ਲਗਦਾ ਨੀ ਮਾਂ
ਕੁਝ ਕਵਿਤਾਵਾਂ ਸਾਡੇ ਸਮਾਜ ਵਿਚ ਨਾਰੀ ਦੀ ਦਸ਼ਾ ਨਾਲ ਸਬੰਧਿਤ ਹਨ। ਇਹ ਕਵਿਤਾਵਾਂ ਕਰੁਣਾ ਭਾਵ ਨਾਲ ਲਬਰੇਜ਼ ਹਨ। ਇਨ੍ਹਾਂ ਕਵਿਤਾਵਾਂ ਵਿਚਲੀ ਨਾਰੀ ਆਧੁਨਿਕ ਯੁੱਗ ਦੀ ਹੌਸਲੇ ਵਾਲੀ ਤੇ ਸੰਘਰਸ਼ ਕਰਨ ਵਾਲੀ ਨਾਰੀ ਨਹੀਂ ਸਗੋਂ ਇਹ ਰਵਾਇਤੀ ਕਿਸਮ ਦੀ ਨਾਰੀ ਹੈ ਜੋ ਅਜੇ ਵੀ ਪਰੰਪਰਕ ਕਦਰਾਂ-ਕੀਮਤਾਂ ਦੀ ਪੂਜਕ ਹੈ
ਜੰਮੀ ਸੀ ਮੈਂ ਰੁੱਤ ਪੀੜਾਂ ਦੀ
ਜਾਂ ਮੈਂ ਪੀੜਾਂ ਦੀ ਹਾਂ ਜਾਈ
ਪੀੜਾਂ ਦੀ ਮੈਨੂੰ ਮਿਲ ਗਈ ਗੁੜ੍ਹਤੀ
ਤੇ ਮੈਂ ਪੀੜਾਂ ਨਾਲ ਵਿਆਹੀ।
ਇਹ ਕਵਿਤਾਵਾਂ ਇਕ ਉਦਾਸ ਮਨ ਦੀਆਂ ਕਵਿਤਾਵਾਂ ਹਨ। ਹਰ ਕਵਿਤਾ ਵਿਚ ਇਕ ਉਦਾਸੀ ਤੇ ਨਿਰਾਸ਼ਾ ਸ਼ਬਦਾਂ ਦੇ ਆਰ-ਪਾਰ ਫੈਲੀ ਹੋਈ ਹੈ। ਆਉਂਦੇ ਸਮੇਂ ਵਿਚ ਗੁਰਮੀਨ ਤੋਂ ਹੋਰ ਵਧੇਰੇ ਪੁਖ਼ਤਾ ਤੇ ਸੰਜੀਦਾ ਕਵਿਤਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।


-ਡਾ: ਅਮਰਜੀਤ ਕੌਂਕੇ।

13-06-2020

 ਅਰਸ਼ੀ ਨੂਰ
ਕ੍ਰਾਂਤੀਕਾਰੀ ਗੁਰੂ ਨਾਨਕ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 275
ਸੰਪਰਕ : 98141-45047.

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਪੁਸਤਕ ਲੇਖਿਕਾ ਨੇ ਡੂੰਘੇ ਪਿਆਰ ਵਿਚ ਭਿੱਜ ਕੇ ਲਿਖੀ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਸਮੇਂ ਦੇਸ਼ ਦੀ ਕੀ ਹਾਲਤ ਸੀ, ਧਰਤੀ ਕਿਵੇਂ ਪਾਪਾਂ ਦੇ ਬੋਝ ਥੱਲੇ ਦੱਬੀ ਹੋਈ ਪੁਕਾਰ ਕਰ ਰਹੀ ਸੀ, ਰਾਜਨੀਤਕ ਅਤੇ ਸਮਾਜਿਕ ਹਾਲਾਤ ਕਿੰਨੇ ਨਿੱਘਰੇ ਹੋਏ ਸਨ, ਸੜਦਾ ਬਲਦਾ ਸੰਸਾਰ ਕਿਵੇਂ ਸੰਤਾਪ ਭੋਗ ਰਿਹਾ ਸੀ, ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਕਿਵੇਂ ਅਰਸ਼ੀ ਨੂਰ ਨੇ ਧਰਤੀ 'ਤੇ ਉਤਾਰਾ ਕੀਤਾ, ਕਿਵੇਂ ਦੁਨੀਆ ਦਾ ਉਧਾਰ ਕੀਤਾ, ਇਹ ਸਭ ਵੇਰਵੇ ਪੁਸਤਕ ਵਿਚ ਦਰਜ ਹਨ।
ਮਹਾਰਾਜ ਜੀ ਨੇ ਕੂੜ, ਕੁਫ਼ਰ, ਅੰਧਵਿਸ਼ਵਾਸ, ਜ਼ੁਲਮ ਨੂੰ ਦੂਰ ਕਰਨ ਲਈ ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਇਸਤਰੀ ਦੇ ਹੱਕ ਲਈ ਕ੍ਰਾਂਤੀ ਲਿਆਂਦੀ। ਪਾਤਸ਼ਾਹ ਜੀ ਦਾ ਕੋਮਲ ਹਿਰਦਾ ਜਗਤ ਦੀ ਪੀੜਾ ਨਾ ਸਹਾਰ ਸਕਿਆ। ਆਪ ਜੀ ਨੇ ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕਰ ਕੇ ਉਜਾੜਾਂ ਅਤੇ ਮਾਰੂਥਲਾਂ ਵਰਗੇ ਹਿਰਦਿਆਂ ਵਿਚ ਨਾਮ, ਬਾਣੀ, ਪ੍ਰੇਮ ਅਤੇ ਇਨਸਾਨੀਅਤ ਦੀ ਹਰਿਆਲੀ ਭਰੀ। ਆਪ ਜੀ ਪਰਉਪਕਾਰੀ ਬੱਦਲ ਬਣ ਕੇ ਕਾਇਨਾਤ ਤੇ ਬਰਸਦੇ ਰਹੇ ਅਤੇ ਖ਼ੁਸ਼ਕ ਟੋਇਆਂ ਟਿੱਬਿਆਂ ਨੂੰ ਰਹਿਮਤ ਦੀ ਬਾਰਿਸ਼ ਨਾਲ ਗੁਲਜ਼ਾਰਾਂ ਵਿਚ ਬਦਲਦੇ ਰਹੇ।
ਆਪ ਜੀ ਦੀ ਬਾਣੀ ਜ਼ਿੰਦਗੀ ਦਾ ਦਰਿਆ ਬਣ ਕੇ ਸੁਰਤੀਆਂ ਦੇ ਵਹਿਣ ਮੋੜਦੀ ਹੈ। ਵਿਦਵਾਨ ਲੇਖਿਕਾ ਨੇ ਮਹਾਰਾਜ ਜੀ ਦੀਆਂ ਉਦਾਸੀਆਂ, ਉਪਦੇਸ਼ਾਂ ਅਤੇ ਸੰਦੇਸ਼ਾਂ ਦਾ ਵੇਰਵਾ ਦਿੰਦੇ ਹੋਏ ਅਜੋਕੀ ਪੀੜ੍ਹੀ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕੀਤਾ ਹੈ। ਅੱਜ ਫਿਰ ਮਨੁੱਖਤਾ ਨਿਘਾਰ ਵੱਲ ਜਾ ਰਹੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੀਵਨ ਅਤੇ ਬਾਣੀ ਤੋਂ ਚਾਨਣਾ ਲੈ ਕੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਤੁਰਨਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਸਾਦੇ, ਭਾਵਪੂਰਤ, ਸ਼ਰਧਾਮਈ ਅੱਖਰਾਂ ਵਿਚ ਰਚੀ ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਕਦਮਾਂ ਦੇ ਨਿਸ਼ਾਨ
ਲੇਖਕ : ਐਸ. ਬਲਵੰਤ
ਪ੍ਰਕਾਸ਼ਕ : ਮੈਰੀਡੇਲ ਪਬਲਿਸ਼ਿੰਗ, ਵੁਲਵਰਹੈਂਪਟਨ, ਯੂ.ਕੇ.

ਸਫ਼ੇ : 128

ਪੁਸਤਕ 'ਕਦਮਾਂ ਦੇ ਨਿਸ਼ਾਨ' ਇੰਗਲੈਂਡ ਵਿਚ ਸਥਾਪਤ ਪੰਜਾਬੀ ਸਨਅਤਕਾਰ ਮਨਮੋਹਨ ਸਿੰਘ ਮਹੇੜੂ ਦੇ ਜੀਵਨ ਉੱਤੇ ਆਧਾਰਿਤ ਪ੍ਰਸਿੱਧ ਲੇਖਕ ਐਸ. ਬਲਵੰਤ ਰਾਹੀਂ ਲਿਖੀ ਗਈ ਹੈ, ਜਿਸ ਦਾ ਪੱਤਰਕਾਰੀ ਤੇ ਪ੍ਰਕਾਸ਼ਨ ਦੇ ਖੇਤਰ ਵਿਚ ਸਥਾਪਤ ਨਾਂਅ ਹੈ। ਇਸ ਪੁਸਤਕ ਦਾ ਜਨਮ ਕਿਵੇਂ ਹੋਇਆ, ਬਾਰੇ ਲੇਖਕ ਦੱਸਦਾ ਹੈ ਕਿ ਉਹ ਵਿਲਾਇਤ ਕਿਉਂ ਗਿਆ, ਕੁਝ ਘਰੇਲੂ ਮਜਬੂਰੀਆਂ ਤੇ ਕੁਝ ਰਾਜਸੀ ਪ੍ਰਸਥਿਤੀਆਂ। ਵਿਲਾਇਤ ਜਾ ਕੇ ਉਹ ਸਭ ਤੋਂ ਪਹਿਲਾਂ ਮਿਲਿਆ ਵੁਲਵਰਹੈਂਪਟਨ ਵਿਖੇ ਰਹਿੰਦੇ ਮਨਮੋਹਨ ਸਿੰਘ ਨੂੰ। ਮਨਮੋਹਨ ਸਿੰਘ ਦੇ ਜੀਵਨ ਬਾਰੇ ਇਹ ਇਕ ਅਹਿਮ ਦਸਤਾਵੇਜ਼ ਵੀ ਕਿਹਾ ਜਾ ਸਕਦਾ ਹੈ ਤੇ ਇਸ ਵਿਚੋਂ ਮਨੁੱਖੀ ਤੇ ਸਮਾਜਿਕ ਰਿਸ਼ਤਿਆਂ ਦੀ ਗੰਢ-ਤੁੱਪ ਵੀ ਭਾਲੀ ਜਾ ਸਕਦੀ ਹੈ। ਲੇਖਕ ਨੇ ਪੁਸਤਕ ਦਾ ਮੁੱਢ ਬੰਨ੍ਹਿਆ ਹੈ ਕਿ ਮੋਹਨ ਨੇ ਵਿਲਾਇਤ ਜਾਣ ਦਾ ਫ਼ੈਸਲਾ ਕਿਉਂ ਤੇ ਕਿਵੇਂ ਲਿਆ। ਵਿਲਾਇਤ ਤੋਂ ਆਇਆ ਐਂਪਲਾਇਮੈਂਟ ਵਾਊਚਰ ਜ਼ਿੰਦਗੀ ਲਈ ਇਕ ਨਵਾਂ ਮੋੜ ਸੀ, ਸਾਲ 1965 ਵਿਚ। ਉਸ ਨੂੰ ਇੰਗਲੈਂਡ ਦੀ ਧਰਤੀ, ਜਿਥੋਂ ਦੇ ਮਹਾਨ ਸਾਹਿਤਕਾਰਾਂ ਸ਼ੈਕਸਪੀਅਰ, ਜੇਨ ਆਸਟਿਨ, ਚਾਰਲਸ ਡਿਕਨਜ਼ ਤੇ ਟਾਮਸ ਹਾਰਡੀ ਦੀ ਧਰਤੀ ਦੇ ਦਰਸ਼ਨ ਕਰਨ ਦੀ ਉਸ ਨੂੰ ਤਾਂਘ ਸੀ। ਪਰ ਉਥੇ ਪੁੱਜ ਕੇ ਉਸ ਦੇ ਸਾਹਮਣੇ ਵਿਛਿਆ ਪਿਆ ਸੀ, ਉਸ ਦਾ ਭਵਿੱਖ ਜਿਥੇ ਉਸ ਨੂੰ ਸਭ ਤੋਂ ਪਹਿਲਾਂ ਫੈਕਟਰੀ ਵਰਕਰ ਦੇ ਤੌਰ 'ਤੇ ਕੰਮ ਕਰਨਾ ਪਿਆ, ਨੌਕਰੀ ਤੋਂ ਬਰਖ਼ਾਸਤਗੀ ਤੇ ਫਿਰ ਨੌਕਰੀ ਦੀ ਤਲਾਸ਼। ਵੱਡੀ ਫੈਕਟਰੀ ਵਿਚ ਕੰਮ ਮਿਲ ਜਾਣਾ ਤੇ ਜੀਵਨ ਦਾ ਰੂਟੀਨ ਸ਼ੁਰੂ ਹੋ ਜਾਣਾ। ਲੇਖਕ ਨੇ ਮਨਮੋਹਨ ਦੇ ਸਾਹਿਤਕ ਪਿਛੋਕੜ ਤੇ ਉਸ ਦੀਆਂ ਸਾਹਿਤਕ ਰੁਚੀਆਂ ਦਾ ਵਰਨਣ ਕੀਤਾ ਹੈ। ਪੰਜਾਬੀ ਸਾਹਿਤਕਾਰਾਂ ਦੇ ਨਾਲ-ਨਾਲ ਪੱਛਮੀ ਸਾਹਿਤ ਵਿਚ ਵੀ ਰੁਚੀ ਰੱਖਣੀ ਤੇ ਜਿੰਨਾ ਸਮਾਂ ਮਿਲਦਾ, ਉਹ ਲਾਇਬ੍ਰੇਰੀਆਂ ਵਿਚ ਬਿਤਾਉਂਦਾ, ਜਿਥੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪੁਸਤਕਾਂ ਦੀ ਖੋਘ ਪੜਤਾਲ ਕਰਦਾ। ਪੰਜਾਬ ਸ਼ਬਦ ਕਿੱਥੋਂ ਆਇਆ ਤੇ ਕਿਵੇਂ ਪ੍ਰਚੱਲਿਤ ਹੋਇਆ, ਵਿਦੇਸ਼ੀ ਧਾੜਵੀਆਂ ਦਾ ਪੰਜਾਬ ਨੂੰ ਲੁੱਟਣਾ ਤੇ ਫਿਰ ਅੰਗਰੇਜ਼ਾਂ ਦਾ ਰਾਜ ਸਥਾਪਤ ਹੋਣ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਕੀਤੀ। ਪੰਜਾਬ ਦਾ ਵੱਡਾ ਸੰਤਾਪ ਸਿੱਖ ਇਤਿਹਾਸ ਦਾ ਸਿੱਖ ਬੱਚਿਆਂ ਤੋਂ ਹੀ ਲੁਕੋ ਰੱਖਿਆ ਜਾਣਾ ਸੀ। ਪੰਜਾਬ ਦੀ ਬਦਨਸੀਬੀ ਹੀ ਉਸ ਲਈ ਇਕ ਰਾਜਨੀਤਕ ਉਦਾਸੀ ਦਾ ਕਾਰਨ ਸੀ। ਲੇਖਕ ਨੇ ਮਨਮੋਹਨ ਦੀਆਂ ਯਾਦਾਂ 'ਚ ਪਏ ਕੁਝ ਮਹਿਫੂਜ਼ ਪਲਾਂ ਦਾ ਵੀ ਵਿਸਥਾਰ ਨਾਲ ਵਰਨਣ ਕੀਤਾ ਹੈ। ਅੰਗਰੇਜ਼ੀ ਰਾਜ ਵੇਲੇ ਭਾਰਤ ਦੇ ਲੋਕਾਂ ਵਿਚ ਦੋਫਾੜ ਪਾਉਣਾ, ਮਨਮੋਹਨ ਦਾ ਵਿਆਹ, ਪਤਨੀ ਦਾ ਇੰਗਲੈਂਡ ਆਉਣਾ, ਕੰਮਕਾਰ ਦੀ ਭਰਮਾਰ, ਮਨਮੋਹਨ ਦਾ ਖੇਡਾਂ, ਮੀਡੀਆ ਨਾਲ ਸਬੰਧ, ਪੰਜ ਲੱਖ ਪੌਂਡ ਦਾ ਘਾਟਾ ਪੈਣਾ, ਮਾਂ ਬੋਲੀ ਪੰਜਾਬੀ ਨਾਲ ਪਿਆਰ, ਸਾਹਿਤਕ ਖੇਤਰ ਵਿਚ ਸਥਾਪਿਤ ਨਾ ਹੋਣਾ ਅਤੇ ਮਨਮੋਹਨ ਵਲੋਂ ਖ਼ੁਦ ਦੀਆਂ ਪੈੜਾਂ 'ਤੇ ਇਕ ਝਾਤ ਇਸ ਪੁਸਤਕ ਦੇ ਪ੍ਰਮੁੱਖ ਕਾਂਡ ਹਨ।

ਜਗਦੀਸ਼ ਕੌਰ ਵਾਡੀਆ
ਮੋ: 98555-84298

c c c

ਸੁਪਨ ਬਲੌਰੀ
ਲੇਖਿਕਾ : ਸਵਿੰਦਰ ਸੰਧੂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫ਼ੇ : 136
ਸੰਪਰਕ : 94639-60845.

'ਸੁਪਨ ਬਲੌਰੀ' ਸਵਿੰਦਰ ਸੰਧੂ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਬੁੱਲਾ ਪੁਰੇ ਦੀ ਵਾਅ ਦਾ' (2017) ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਜਗਤ 'ਚ ਭਰਵੀਂ ਹਾਜ਼ਰੀ ਲਗਵਾ ਚੁੱਕੀ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਪਿੱਪਲ-ਬੋਹੜ ਦੀਆਂ ਛਾਵਾਂ ਆਪਣੇ ਸਤਿਕਾਰਯੋਗ ਪਿਤਾ ਸਵ: ਸ: ਸੰਪੂਰਨ ਸਿੰਘ ਅਤੇ ਮਾਤਾ ਬਲਦੇਵ ਕੌਰ ਦੀ ਯਾਦ ਨੂੰ ਸਮਰਪਿਤ ਕਰਦਿਆਂ ਬੇਟੀ ਵਜੋਂ ਉਨ੍ਹਾਂ ਨੂੰ ਅਕੀਦਤ ਅਤੇ ਸ਼ਰਧਾਂਜਲੀ ਦਿੰਦਿਆਂ, ਇਸ ਤੱਥ ਨੂੰ ਪ੍ਰਮਾਣਿਤ ਕੀਤਾ ਹੈ ਕਿ ਪੁੱਤਰਾਂ ਵਾਂਗ ਧੀਆਂ ਵੀ ਮਾਪਿਆਂ ਦੀ ਉੱਚੀ ਸ਼ਾਨ ਬਣ ਸਕਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਸੁਪਨ ਬਲੌਰੀ' ਤੋਂ ਲੈ ਕੇ 'ਮਿਲਦੇ ਗਿਲਦੇ ਰਿਹਾ ਕਰੋ' ਤੱਕ 54 ਸਰੋਦੀ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਉਸ ਨੇ ਇਨ੍ਹਾਂ ਕਵਿਤਾਵਾਂ ਵਿਚ ਮਾਨਵ ਦੇ ਸੁੱਖ-ਦੁੱਖ, ਚੈਨ, ਬੇਚੈਨੀ, ਹੱਕ, ਨਾ ਹੱਕ ਮਨੁੱਖੀ ਲੋੜਾਂ : ਕੁੱਲੀ, ਜੁੱਲੀ, ਸਿਹਤ, ਸਿੱਖਿਆ, ਸੁਰੱਖਿਆ, ਰੁਜ਼ਗਾਰ ਦੇ ਮਸਲਿਆਂ ਨੂੰ ਕਵਿਤਾਇਆ ਹੈ। ਲੋਕ ਰਾਜ ਦਾ ਦਮ ਭਰਦੀ ਰਾਜਸੀ ਜਮਾਤ ਦੇ ਦੰਭ ਦੀਆਂ ਛਿਲਤਰਾਂ ਵੀ ਵਿਅੰਗਾਤਮਕ ਵਿਧੀਆਂ ਨਾਲ ਲਾਹੀਆਂ ਹਨ ਜੋ ਧਰਮ, ਜਾਤ, ਮਜ਼ਹਬ, ਫ਼ਿਰਕਿਆਂ ਦੇ ਨਾਂਅ 'ਤੇ ਲੋਕਾਂ 'ਚ ਵੰਡੀਆਂ ਪਾ, ਫੋਕੇ ਲਾਰਿਆਂ ਨਾਲ ਸੱਤਾ ਤਾਂ ਹਥਿਆ ਲੈਂਦੇ ਨੇ ਪਰ ਵਕਤ ਬਦਲਦਿਆਂ ਹੀ ਫਿਰ ਵਾਅਦਾ ਖਿਲਾਫ਼ੀ ਕਰ, ਭੋਲੀ-ਭਾਲੀ ਜਨਤਾ ਨੂੰ ਵਿਸਾਰ ਦਿੰਦੇ ਹਨ। ਫਿਰ ਉਨ੍ਹਾਂ ਨੂੰ ਨਾ ਤਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਹੱਕ ਮੰਗਦੇ ਲੋਕਾਂ ਦੇ ਝੁੰਡ, ਬੇਰੁਜ਼ਗਾਰਾਂ ਦੀਆਂ ਭੀੜਾਂ ਨਜ਼ਰ ਆਉਂਦੀਆਂ ਨੇ, ਸਗੋਂ ਮਾਨਵੀ-ਜਬਰ ਰਾਹੀਂ ਜਨਤਾ ਨੂੰ ਆਪਣੇ ਹੁਕਮਰਾਨ ਹੋਣ ਦਾ ਸੰਦੇਸ਼ ਹੀ ਦਿੰਦੇ ਹਨ :
ਬੜੀ ਛੇਤੀ ਬਦਲਿਆ/ਮਿਜਾਜ ਮੌਸਮ ਦਾ
ਪਲ ਭਰ 'ਚ ਵਟ ਗਿਆ/ਮਖੌਟਾ ਮੁਖੜੇ ਦਾ।
ਮਨੁੱਖ ਦੀ ਪਦਾਰਥਵਾਦੀ ਸੋਚ ਨੇ ਮਨੁੱਖਾਂ-ਮਨੁੱਖਾਂ ਵਿਚ ਸਮਾਜਿਕ, ਭਾਈਚਾਰਿਆਂ ਵਿਚ ਸਾਂਝ ਦੀਆਂ ਤੰਦਾਂ ਨੂੰ ਢਿੱਲਿਆਂ ਹੀ ਨਹੀਂ ਕੀਤਾ, ਸਗੋਂ ਟੁੱਟਣ ਦੀ ਸਥਿਤੀ 'ਚ ਲਿਆ ਖੜ੍ਹਾ ਕੀਤਾ ਹੈ। ਅਜਿਹੀਆਂ ਪ੍ਰਵਿਰਤੀਆਂ ਦੀ ਸਾਰ ਪਾਠਕ ਨੂੰ ਸਹਿਜੇ ਹੀ, 'ਹੁਕਮ ਦਾ ਰਾਜਾ ਸ਼ਤਰੰਜ ਦੀ ਰਾਣੀ', 'ਬੌਣਿਆਂ ਦਾ ਜ਼ਮਾਨਾ', 'ਖ਼ਤਰੇ ਦਾ ਨਿਸ਼ਾਨ', 'ਮਾਰੂਥਲ', 'ਗਲਿੰਝਾਂ', 'ਘਰ', 'ਤਿਰੰਗਾ ਰੋ ਪਿਆ', 'ਦੂਸ਼ਿਤ ਦਿਸ਼ਾ', ਅਤੇ 'ਪਨਾਹਗੀਰ' ਆਦਿ ਪੜ੍ਹਦਿਆਂ ਹੋ ਜਾਂਦੀ ਹੈ। ਕਵਿੱਤਰੀ ਦਾ ਨਜ਼ਰੀਆ ਆਸ਼ਾਵਾਦੀ ਹੈ, ਇਸੇ ਲਈ ਉਮੀਦ ਕਰਦੀ ਹੈ ਕਿ ਭਵਿੱਖ 'ਚ ਨੌਜਵਾਨ ਪੀੜ੍ਹੀ ਆਪਣੇ ਹੱਕਾਂ ਲਈ ਉੱਠੇਗੀ, ਸੰਘਰਸ਼ ਕਰੇਗੀ ਤੇ ਫਿਰ ਇਹ ਮੌਜੂਦਾ ਵਿਵਸਥਾ ਨੂੰ ਅਵੱਸ਼ ਹੀ ਬਦਲ ਦੇਵੇਗੀ।
ਜੇ ਮਾਲੀ ਬਣ ਕੇ ਸਿੰਜਿਆ ਬਾਗ਼ਬਾਨ
ਬਣ ਜੁ ਸਾਰੇ ਜਹਾਨ ਸੇ ਅੱਛਾ ਹਿੰਦੁਸਤਾਨ।
'ਸੁਪਨ ਬਲੌਰੀ' ਕਾਵਿ ਸੰਗ੍ਰਹਿ ਪੜ੍ਹਦਿਆਂ ਹਾਰਦਿਕ ਪ੍ਰਸੰਨਤਾ ਹੋਈ ਹੈ। ਆਸ ਕਰਦਾ ਹਾਂ ਕਿ ਪੰਜਾਬੀ ਕਵਿਤਾ ਦੇ ਪਾਠਕ ਇੰਜ ਹੀ ਮਹਿਸੂਸ ਕਰਨਗੇ। ਲੇਖਿਕਾ ਨੂੰ ਵਧਾਈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਸੋਵੀਨਰ
ਕਲਿ ਤਾਰਣਿ ਗੁਰੁ ਨਾਨਕ ਆਇਆ

ਸੰਪਾਦਕ : ਸਤਵਿੰਦਰ ਸਿੰਘ ਫੂਲਪੁਰ
ਡਾ: ਅਮਰਜੀਤ ਕੌਰ
ਪ੍ਰਕਾਸ਼ਕ : ਧਰਮ ਪ੍ਰਚਾਰ ਕਮੇਟੀ, ਸ਼੍ਰੋ: ਗੁ: ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਸਫ਼ੇ : 160

ਸ਼੍ਰੋਮਣੀ ਕਮੇਟੀ ਹੇਠਲੀ ਧਰਮ ਪ੍ਰਚਾਰ ਕਮੇਟੀ, ਧਰਮ ਪ੍ਰਚਾਰ ਲਈ, ਹੋਰਨਾਂ ਉੱਦਮਾਂ ਦੇ ਨਾਲ-ਨਾਲ ਅਮੁੱਲਾ ਸਾਹਿਤ ਵੀ ਪ੍ਰਕਾਸ਼ਿਤ ਕਰਦੀ ਹੈ। ਸੱਜਰੀ ਪ੍ਰਕਾਸ਼ਨਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਇਕ ਵਿਸ਼ੇਸ਼ ਵਿਲੱਖਣ ਤੇ ਬੇਸ਼ਕੀਮਤੀ ਸੋਵੀਨਰ ਹੈ, ਜਿਸ ਵਿਚ ਵਿਦਵਾਨ ਸੰਪਾਦਕਾਂ ਸਤਵਿੰਦਰ ਸਿੰਘ ਫੂਲਪੁਰ ਤੇ ਡਾ: ਅਮਰਜੀਤ ਕੌਰ ਨੇ 33 ਪ੍ਰਮੁੱਖ ਖੋਜ-ਭਰਪੂਰ ਲੇਖ ਸ਼ਾਮਿਲ ਕੀਤੇ ਹਨ। ਇਨ੍ਹਾਂ ਲੇਖਾਂ ਦੇ ਲੇਖਕ, ਪ੍ਰਸਿੱਧ ਖੋਜਾਰਥੀ ਅਤੇ ਵਿਦਵਾਨ ਸੱਜਣ ਹਨ।
ਸੋਵੀਨਰ ਦੇ ਆਰੰਭ ਵਿਚ, ਨਾਮਵਰ ਸਿੱਖ (ਪੰਥਕ) ਸ਼ਖ਼ਸੀਅਤਾਂ ਦੇ ਸੰਦੇਸ਼ ਦਰਜ ਕੀਤੇ ਗਏ ਹਨ। ਫੂਲਪੁਰ ਦੀ ਸੰਪਾਦਕੀ ਤੇ ਇਕ ਲੇਖ ਵੀ ਸੋਵੀਨਰ ਦਾ ਹਿੱਸਾ ਹੈ। ਜਿਨ੍ਹਾਂ ਹੋਰ ਪ੍ਰਮੁੱਖ ਵਿਦਵਾਨਾਂ ਦੇ ਲੇਖ, ਸੋਵੀਨਰ ਦੀ ਜ਼ੀਨਤ ਹਨ, ਉਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬੰਡੂਗਰ, ਪ੍ਰਮੁੱਖ ਸਕੱਤਰ ਡਾ: ਰੂਪ ਸਿੰਘ, ਸ: ਹਰਵਿੰਦਰ ਸਿੰਘ ਖ਼ਾਲਸਾ, ਡਾ: ਪਰਮਵੀਰ ਸਿੰਘ, ਸਿਮਰਜੀਤ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ: ਬਲਵਿੰਦਰ ਸਿੰਘ ਜੌੜਾ ਸਿੰਘਾ, ਪ੍ਰੋ: ਪੂਰਨ ਸਿੰਘ ਤੇ ਹੋਰ ਸ਼ਾਮਿਲ ਹਨ। ਅੰਤਲਾ ਲੇਖ, ਅੰਗਰੇਜ਼ੀ ਵਿਚ ਹੈ, ਜਿਸ ਨੂੰ ਅਪਿੰਦਰ ਸਿੰਘ ਨੇ ਮੁਰੱਤਬ ਕੀਤਾ ਹੈ।
ਸਾਰੇ ਲੇਖਾਂ ਵਿਚ ਗੁਰੂ ਸਾਹਿਬ ਦੇ ਜੀਵਨ, ਉਪਦੇਸ਼ਾਂ/ਸਿਧਾਂਤਾਂ, ਫ਼ਲਸਫ਼ੇ, ਮਹਾਨ ਦੇਣ ਦੇ ਨਾਲ-ਨਾਲ, ਗੁਰੂ ਸਾਹਿਬ ਦੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਦੇ ਸਾਹਿਤਕ ਪੱਖ, ਨਾਨਕ ਬਾਣੀ ਦੀ ਪਾਰ-ਸੰਪਰਦਾਇਕ ਅੰਤਰ ਦ੍ਰਿਸ਼ਟੀ, ਆਸਾ ਦੀ ਵਾਰ-ਯੁੱਗ ਪਰਿਵਰਤਨ ਦੇ ਸੰਦਰਭ ਵਿਚ, ਧਰਮ ਖੰਡ ਤੋਂ ਸਚਖੰਡ ਤੱਕ ਦਾ ਫ਼ਲਸਫ਼ਾ, ਬਾਰਾਮਾਹਾ ਤੁਖਾਰੀ ਵਿਚ ਬਿਰਹਾ ਚਿਤ੍ਰਣ, ਕਸ਼ਮੀਰ ਅਤੇ ਗੁਰੂ ਨਾਨਕ ਸਾਹਿਬ, ਨੇਪਾਲ ਵਿਚ ਗੁਰੂ ਨਾਨਕ ਦੇਵ ਜੀ ਵਰਗੇ ਲੇਖਾਂ ਸਮੇਤ ਸਾਰੇ ਲੇਕ, ਬੇਹੱਦ ਖੋਜ-ਭਰਪੂਰ, ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ, ਇਤਿਹਾਸਕ ਹਵਾਲਿਆਂ ਨਾਲ ਓਤਪੋਤ ਹਨ। ਸ: ਜਗਮੋਹਨ ਸਿੰਘ ਦਾ ਲੇਖ, ਨਾਨਕ ਪੰਥੀ ਸੰਗਤ ਨੂੰ ਨੇੜੇ ਲਿਆਉਣ ਤੇ ਜਾਇਦਾਦ ਦੀ ਵਿਉਂਤਬੰਦੀ, ਵਿਚਾਰਨਯੋਗ ਹੈ। ਸੋਵੀਨਰ ਦੀ ਦਿੱਖ, ਦਿਲਕਸ਼ ਹੈ। ਸਮੁੱਚੇ ਤੌਰ 'ਤੇ, ਇਹ ਸੋਵੀਨਰ ਪੜ੍ਹਨ, ਵਿਚਾਰਨ ਤੇ ਸੰਭਾਲਣਯੋਗ ਰਚਨਾ ਹੈ।

ਤੀਰਥ ਸਿੰਘ ਢਿੱਲੋਂ
tirathsinghdhillon04@gmail.com

c c c

ਮੋਹ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 98148-03254.

ਇਸ ਕਹਾਣੀ ਸੰਗ੍ਰਹਿ ਵਿਚ ਹਿੰਦੀ ਤੋਂ ਅਨੁਵਾਦਿਤ ਸੱਤ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਕਥਾ ਕਾਲ 1980-2018 ਤੱਕ ਦਾ ਹੈ। ਇਸ ਸਮੇਂ ਦੌਰਾਨ ਵਾਪਰੀਆਂ ਤਬਦੀਲੀਆਂ ਅਤੇ ਮਾਨਵੀ ਸੰਵੇਦਨਾਵਾਂ ਵਿਚ ਆਏ ਪਰਿਵਰਤਨਾਂ ਦੀ ਝਲਕ ਇਨ੍ਹਾਂ ਕਹਾਣੀਆਂ ਵਿਚ ਦੇਖਣ ਨੂੰ ਮਿਲਦੀ ਹੈ। ਵੱਖੋ-ਵੱਖਰੇ ਵਿਸ਼ਿਆਂ ਨਾਲ ਸਬੰਧਿਤ ਹਰ ਕਹਾਣੀ ਦੀ ਬਣਤਰ ਅਤੇ ਬੁਣਤਰ ਕਮਾਲ ਦੀ ਹੈ। ਹਰ ਕਹਾਣੀ ਪੜ੍ਹਦਿਆਂ ਪਾਠਕ ਉਸ ਦੇ ਰਸ ਵਿਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। 'ਏ ਕੁੜੀਏ' ਇਸ ਸੰਗ੍ਰਹਿ ਦੀ ਸਭ ਤੋਂ ਖੂਬਸੂਰਤ ਕਹਾਣੀ ਹੈ, ਜਿਸ ਵਿਚ ਮਾਂ ਅਤੇ ਧੀ ਦੀ ਵਾਰਤਾਲਾਪ ਜ਼ਿੰਦਗੀ ਅਤੇ ਮੌਤ ਦੇ ਅਨੇਕਾਂ ਅਹਿਮ ਪੱਖਾਂ ਦੇ ਰੂਬਰੂ ਕਰਾਉਂਦੀ ਹੈ। ਕਹਾਣੀ ਵਿਚ ਮੰਜੇ 'ਤੇ ਬਿਮਾਰ ਪਈ ਮਾਂ ਆਪਣੀ ਧੀ ਨਾਲ ਗੱਲਾਂ ਕਰਦੀ ਉਸ ਨੂੰ ਜੀਵਨ ਅਤੇ ਮੌਤ ਦੇ ਅਨੇਕਾਂ ਰਹੱਸਾਂ ਤੋਂ ਜਾਣੂ ਕਰਾ ਉਸ ਨੂੰ ਭਰਪੂਰਤਾ ਨਾਲ ਜੀਵਨ ਜਿਊਣ ਦਾ ਸਬਕ ਦੇ ਆਪਣੇ ਆਖ਼ਰੀ ਸਫ਼ਰ ਨੂੰ ਤੈਅ ਕਰਦੀ ਹੈ। ਗਹਿਰੇ ਅਰਥਾਂ ਵਾਲੇ ਛੋਟੇ-ਛੋਟੇ ਵਾਕਾਂ ਨਾਲ ਘੜੀ ਇਹ ਕਹਾਣੀ ਮਨੁੱਖੀ ਜੀਵਨ ਦੇ ਕਈ ਸੱਚ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। 'ਕੱਲ੍ਹ ਫੇਰ ਆਵੀਂ' ਕਹਾਣੀ ਵਿਚ ਜੀਵਨ ਦੀ ਇਕ ਹੋਰ ਹਕੀਕਤ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਰੀਮਾ ਆਪਣੇ ਪਤੀ ਦੁਆਰਾ ਅਣਗੌਲੇ ਜਾਣ ਅਤੇ ਦੈਹਿਕ ਸੁੱਖ ਤੋਂ ਵਾਂਝੀ ਰਹਿਣ ਕਰਕੇ ਇਕ ਚੋਰ ਨੂੰ ਫਿਰ ਆਉਣ ਦੀ ਤਾਕੀਦ ਕਰਦੀ ਹੈ। ਸਹਿਜ ਤੋਰ ਤੁਰਦੀ ਇਸ ਕਹਾਣੀ ਦਾ ਅੰਤ ਕਿਸੇ ਵਿਸਫੋਟ ਵਰਗਾ ਹੈ। 'ਬੇਤਾਲ ਦਾ ਜੀਵਨ ਕਿੰਨਾ ਕੱਲਾ' ਆਧੁਨਿਕ ਜੀਵਨ ਸ਼ੈਲੀ 'ਤੇ ਝਾਤ ਪੁਆਉਂਦੀ ਕਹਾਣੀ ਹੈ, ਜਿਸ ਵਿਚਲਾ ਮੁੱਖ ਪਾਤਰ ਸੰਦੀਪ ਅਤੇ ਪਾਰਕ ਵਿਚ ਬੈਠੇ ਬਜ਼ੁਰਗ ਨਾਲ ਗੱਲਬਾਤ ਕਰਦਿਆਂ ਆਧੁਨਿਕ ਦੌਰ ਵਿਚ ਮਾਪਿਆਂ ਦੇ ਕੱਲੇ ਰਹਿ ਜਾਣ ਦੇ ਦਰਦ ਅਤੇ ਬੱਚਿਆਂ ਦੇ ਵਿਦੇਸ਼ਾਂ ਵਿਚ ਸੈੱਟ ਹੋਣ ਦੇ ਸੁਪਨਿਆਂ ਨੂੰ ਇਕ ਵੱਖਰੇ ਅੰਦਾਜ਼ ਨਾਲ ਪੇਸ਼ ਕੀਤਾ ਹੈ। ਦੂਜੇ ਪਾਸੇ ਸੰਦੀਪ ਹੈ ਜੋ ਵਿਦੇਸ਼ ਜਾ ਕੇ ਕੰਮ ਕਰਨ ਦੀ ਇੱਛਾ ਵਿਚ ਵਰਤਮਾਨ ਅਤੇ ਭਵਿੱਖ ਦੇ ਤ੍ਰਿਸ਼ੰਕੂ ਵਿਚ ਲਟਕ ਰਿਹਾ ਹੈ। ਆਪਣੇ ਇਸ ਫ਼ੈਸਲੇ ਨਾਲ ਉਹ ਜਿਥੇ ਆਪਣੇ ਮਾਪਿਆਂ ਦੇ ਉਦਾਸੇ ਚਿਹਰੇ ਦੇਖਦਾ ਹੈ, ਉਥੇ ਹੀ ਉਹ ਬਜ਼ੁਰਗ ਦੀ ਸੰਵੇਦਨਾ ਵੀ ਮਹਿਸੂਸ ਕਰਦਾ ਹੈ। ਕਹਾਣੀ 'ਅਪਰਾਧ' ਨਕਸਲੀ ਲਹਿਰ ਦੇ ਨਾਲ-ਨਾਲ ਸੱਤਾ ਅਤੇ ਨਿਆਂ ਦੇ ਆਪਸੀ ਸਬੰਧਾਂ ਨੂੰ ਪੇਸ਼ ਕਰਦੀ ਕਹਾਣੀ ਹੈ, ਜਿਸ ਵਿਚ ਸੱਤਾ ਦੀ ਜਿੱਤ ਜ਼ਰੂਰ ਹੁੰਦੀ ਹੈ ਪਰ ਸੰਵੇਦਨਾਵਾਂ ਮਰਦੀਆਂ ਨਹੀਂ, ਸਗੋਂ ਉਹ ਮੁੱਖ ਪਾਤਰ ਦੇ ਰੋਹ ਦੇ ਰੂਪ ਵਿਚ ਆਪਣੀ ਹੋਂਦ ਦ੍ਰਿੜ੍ਹਾਉਂਦੀਆਂ ਹਨ। ਵਾਰਨ ਹੇਸਟਿੰਗਜ਼ ਦੀਆਂ ਮੋਹ, ਅਖਾੜਾ ਵੀ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਇਕ ਵੱਖਰੇ ਰੌਂਅ ਵਿਚੋਂ ਗੁਜ਼ਰਦਾ ਹੈ।

ਡਾ:ਸੁਖਪਾਲ ਕੌਰ ਸਮਰਾਲਾ
ਮੋ: 83606-83823.

c c c

ਮੁਖੌਟਿਆਂ ਦੀ ਭੀੜ ਵਿਚ
ਲੇਖਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ :96
ਸੰਪਰਕ : 98158-94856.

ਦਰਸ਼ਨ ਬੋਪਾਰਾਏ ਇਕ ਸੰਜੀਦਾ ਸ਼ਾਇਰ ਹੈ। ਇਸੇ ਸੰਜੀਦਗੀ ਕਾਰਨ ਉਸ ਦੀ ਹਰ ਕਵਿਤਾ ਆਪਣੇ ਵਸਤੂ ਅਤੇ ਕਲਾ ਪੱਖ ਤੋਂ ਗੰਭੀਰ ਰਚਨਾ ਦਾ ਨਮੂਨਾ ਪੇਸ਼ ਕਰਦੀ ਹੈ। ਆਧੁਨਿਕ ਦੌਰ ਵਿਚ ਇਨਸਾਨ ਅਨੇਕ ਪਰਤਾਂ ਹੇਠਾਂ ਢਕਿਆ ਹੋਇਆ ਹੈ। ਉਹ ਜੋ ਹੈ ਉਹ ਦਿਸਦਾ ਨਹੀਂ ਤੇ ਜੋ ਦਿਸਦਾ ਹੈ ਉਹ ਹੈ ਨਹੀਂ। ਇਸੇ ਅਹਿਸਾਸ ਨੂੰ ਬੋਪਾਰਾਏ ਆਪਣੀ ਕਵਿਤਾ ਵਿਚ ਇਸ ਤਰ੍ਹਾਂ ਪੇਸ਼ ਕਰਦਾ ਹੈ :
ਮੁਖੌਟਿਆਂ ਦੀ ਭੀੜ ਵਿਚ
ਬੜੇ ਰੰਗ ਪੇਸ਼ ਆਉਂਦੇ ਹਨ
ਦਿਲ ਦੀ ਗੱਲ ਕਈ ਵਾਰ
ਸਾਹਾਂ ਤੋਂ ਵੀ ਲੁਕਾਉਣੀ ਪੈਦੀ ਹੈ...
ਬੋਪਾਰਾਏ ਦੀ ਸ਼ਾਇਰੀ ਜੀਵਨ ਦੇ ਦਰਸ਼ਨ ਦੀ ਸ਼ਾਇਰੀ ਹੈ। ਉਸ ਦੀਆਂ ਕਵਿਤਾਵਾਂ ਵਿਚ ਜੀਵਨ ਦੇ ਰਹੱਸਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਨੇਕ ਕਵਿਤਾਵਾਂ ਵਿਚ ਉਹ ਜੀਵਨ ਮੌਤ ਬ੍ਰਹਿਮੰਡ ਕੁਦਰਤ ਦੇ ਰਹੱਸਾਂ ਨੂੰ ਆਪਣੀ ਕਾਵਿ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ।
ਕੁਝ ਵੀ ਸਥਿਰ ਨਹੀਂ ਹੈ ਇਥੇ
ਇਸ ਬ੍ਰਹਿਮੰਡ ਵਿਚ
ਸਾਰੀ ਅਨੰਤ ਅਪਾਰ
ਕਾਇਨਾਤ ਦਾ ਪਸਾਰ ਗਤੀਮਾਨ ਹੈ...
ਅਨੇਕ ਕਵਿਤਾਵਾਂ ਵਿਚ ਕਵੀ ਇਤਿਹਾਸਕ ਮਿਥਿਹਾਸਕ ਤੱਥਾਂ ਦਾ ਪੁਨਰ ਵਿਵੇਚਨ ਕਰਦਾ ਹੋਇਆ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਦਾ ਹੈ। ਇਥੇ ਉਹ ਪਰੰਪਰਕ ਸੋਚ ਦੇ ਸਾਹਵੇਂ ਸਵਾਲ ਖੜ੍ਹੇ ਕਰਦਾ ਹੈ
ਇਕ ਦਰਾਵਿੜ ਰਾਜਕੁਮਾਰੀ ਨੇ
ਇਕ ਆਰੀਆ ਰਾਜਕੁਮਾਰ ਨਾਲ
ਜੀਵਨ ਸਾਥ ਦਾ ਸੁਪਨਾ ਪਾਲਿਆ
ਤਾਂ ਸਜ਼ਾ ਤਾਂ ਸੁਪਨਿਆਂ ਨੂੰ ਮਿਲਦੀ ਹੀ ਹੈ
ਦਰਸ਼ਨ ਸਿੰਘ ਬੋਪਾਰਾਏ ਦੀ ਕਵਿਤਾ ਲੀਹਾਂ ਦਾ ਅਨੁਸਰਨ ਨਹੀਂ ਕਰਦੀ। ਇਹ ਆਪਣੀਆਂ ਨਵੀਆਂ ਲੀਹਾਂ ਦੀ ਸਿਰਜਣਾ ਕਰਦੀ ਹੈ। ਇਸ ਕਵਿਤਾ ਵਿਚ ਜੀਵਨ ਦਾ ਚਿੰਤਨ ਝਲਕਦਾ ਹੈ।

ਡਾ: ਅਮਰਜੀਤ ਕੌਂਕੇ।

c c c

06-06-2020

 ਪੰਜਾਬੀ ਸਾਹਿਤ
ਸੰਵਾਦ ਤੇ ਸੰਵੇਦਨਾ

ਲੇਖਕ : ਗੁਰਚਰਨ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 126
ਸੰਪਰਕ : 97802-86276.

ਇਸ ਪੁਸਤਕ ਵਿਚ ਚੇਤਨਾ, ਵੇਦਨਾ ਅਤੇ ਸੰਵੇਦਨਾ ਨਾਲ ਸੰਵਾਦ ਰਚਾਉਂਦੇ ਵਿਭਿੰਨ ਵਿਸ਼ਿਆਂ 'ਤੇ 'ਚਾਰ' ਸਾਹਿਤਕ ਚਿੰਤਨਸ਼ੀਲ ਨਿਬੰਧ ਸ਼ਾਮਿਲ ਕੀਤੇ ਗਏ ਹਨ। ਪਹਿਲੇ ਨਿਬੰਧ ਵਿਚ ਵਿਸ਼ਵੀਕਰਨ ਤੇ ਸਰਬਪੱਖੀ ਸੰਵਾਦ ਰਚਾਇਆ ਗਿਆ ਹੈ। ਵਿਸ਼ਵੀਕਰਨ ਨੂੰ ਵਿਚਾਰਧਾਰਾ ਵਜੋਂ ਜਟਿਲ ਸਮਕਾਲੀ ਵਰਤਾਰੇ ਦਾ ਅੰਗ ਮੰਨਿਆ ਗਿਆ ਹੈ। ਇਸ ਵਿਚਾਰਧਾਰਾ ਦੇ ਵਿਕਾਸ ਵਿਚ ਮੀਡੀਆ, ਟੈਲੀਵਿਜ਼ਨ, ਕੰਪਿਊਟਰ ਆਦਿ ਯੋਗਦਾਨ ਪਾ ਰਹੇ ਹਨ। ਸੂਚਨਾ ਤਕਨਾਲੋਜੀ ਨਾਲ ਵਿਸ਼ਵ ਇਕ ਪਿੰਡ ਬਣ ਗਿਆ ਹੈ। ਉਪਭੋਗਤਾਵਾਦ ਮਾਨਵ ਦੀ ਮਾਨਸਿਕਤਾ 'ਤੇ ਭਾਰੂ ਹੋ ਚੁੱਕਾ ਹੈ। ਯੁੱਗ-ਬੋਧ ਸਮੇਂ-ਸਮੇਂ ਧਰਮ (ਵੈਦਿਕ ਕਾਲ), ਦਰਸ਼ਨ (ਉਪਨਿਸ਼ਦਿਕ ਕਾਲ) ਰੱਬ ਵਿਚ ਆਸਥਾ (ਭਗਤੀ ਕਾਲ) ਅਤੇ ਵਿਗਿਆਨਕ (ਜਾਗ੍ਰਿਤੀ ਕਾਲ) ਬੋਧ ਵਿਚ ਤਬਦੀਲ ਹੁੰਦਾ ਰਿਹਾ ਹੈ। ਪਰੰਪਰਾ/ਆਧੁਨਿਕਤਾ; ਵਿਅਕਤੀ/ਸਮਾਜ; ਸਮਾਜ ਤੇ ਸੱਭਿਆਚਾਰ ਅਟੁੱਟ ਸਬੰਧਾਂ ਵਿਚ ਬੱਝੇ ਹੋਏ ਹਨ। ਦੂਜੇ ਨਿਬੰਧ ਵਿਚ ਪੰਜਾਬੀ ਕਹਾਣੀ 'ਤੇ ਫੋਕਸ ਕੀਤਾ ਗਿਆ ਹੈ। ਕਹਾਣੀ ਚਾਰ ਮੁੱਖ ਪੜਾਵਾਂ ਵਿਚੋਂ ਲੰਘੀ ਹੈ। ਪਹਿਲਾ ਪੜਾਅ ਆਦਰਸ਼ਵਾਦੀ; ਦੂਜਾ ਪ੍ਰਗਤੀਵਾਦੀ; ਤੀਜਾ ਵਰਜਿਤ ਖੇਤਰਾਂ ਦੀ ਬੇਬਾਕ ਪੇਸ਼ਕਾਰੀ ਅਤੇ ਚੌਥਾ ਜਟਿਲ ਬਿਰਤਾਂਤਾਂ ਦੀ ਜਟਿਲ ਪ੍ਰਸਤੁਤੀ ਆਦਿ। ਇੱਕੀਵੀਂ ਸਦੀ 'ਚ ਕਹਾਣੀ ਗਲੋਬਲੀ ਸਰੋਕਾਰਾਂ ਨਾਲ ਲਬਰੇਜ਼ ਹੈ। ਤੀਜੇ ਨਿਬੰਧ ਵਿਚ ਪੰਜਾਬੀ ਨਾਰੀਵਾਦੀ ਕਵਿਤਾ ਦਾ ਵਿਕਾਸ ਮਨੁੱਖੀ ਅਧਿਕਾਰਾਂ ਦੀ ਰੌਸ਼ਨੀ ਵਿਚ ਸਮਝਿਆ-ਸਮਝਾਇਆ ਗਿਆ ਹੈ। ਨਾਰੀਵਾਦੀ ਕਾਵਿ ਵਿਚ ਉਨ੍ਹਾਂ ਵਿਸ਼ਿਆਂ ਨੂੰ ਕਵਿਤਾਇਆ ਗਿਆ ਹੈ, ਜਿਨ੍ਹਾਂ ਵਿਚ ਸਮਾਜਿਕ ਕਦਰਾਂ-ਕੀਮਤਾਂ ਔਰਤ ਦਾ ਦਮਨ ਕਰਦੀਆਂ ਹਨ। ਕਾਵਿ ਅਜਿਹੀ ਦਸ਼ਾ ਦਾ ਚੇਤਨ ਪੱਧਰ 'ਤੇ ਸਖ਼ਤ ਵਿਰੋਧ ਕਰਦਾ ਹੈ। ਆਖ਼ਰੀ ਨਿਬੰਧ ਵਿਚ ਮਹਿੰਦਰ ਸਿੰਘ ਦੁਸਾਂਝ, ਗੁਰਮੀਤ ਕੱਲਰਮਾਜਰੀ ਅਤੇ ਮਦਨ ਵੀਰਾ ਦੇ ਕਾਵਿ ਦਾ ਤੁਲਨਾਤਮਿਕ ਅਧਿਐਨ ਵਿਸ਼ਾ-ਮੂਲਕ ਦ੍ਰਿਸ਼ਟੀ ਤੋਂ ਕੀਤਾ ਗਿਆ ਹੈ। ਮਦਨ ਵੀਰਾ ਨੂੰ ਅਜੇ ਆਪਣੇ ਆਦਰਸ਼ ਨਾਇਕ ਦੀ ਤਲਾਸ਼ ਹੈ। 'ਦੁਸਾਂਝ' ਮੱਧਵਰਗੀ ਲੋਕਾਂ ਦੇ ਜੀਵਨ ਨੂੰ ਸੂਖ਼ਮਤਾ ਨਾਲ (ਨਿੱਕੀਆਂ ਵਸਤੂਆਂ ਰਾਹੀਂ) ਚਿਤਰਦਾ ਹੈ। 'ਕੱਲਰਮਾਜਰੀ' ਦੀ ਕਾਵਿ-ਸੰਵੇਦਨਾ 'ਤੇ ਪੇਂਡੂ/ਸ਼ਹਿਰੀ ਅਤੇ ਜਾਤੀ ਪੀੜਾ ਦਾ ਪ੍ਰਭਾਵ ਹੈ। ਉਸ ਦੇ ਕਾਵਿ ਦਾ ਕੇਂਦਰੀ-ਥੀਮ ਦਲਿਤਾਂ ਦੀ ਦਸ਼ਾ ਹੈ। ਇਸ ਪੁਸਤਕ ਦਾ ਸੰਵਾਦ ਸੀਮਤ ਦਾਇਰੇ 'ਚ ਡੂੰਘਾਈ ਵਾਲਾ ਹੋ ਨਿੱਬੜਿਆ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਕਿਤਾਬ 'ਚ ਲੁਕ ਗਿਆ ਕੋਈ...
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 160 ਰੁਪਏ, ਸਫ਼ੇ : 136
ਸੰਪਰਕ : 98152-98459.

'ਕਿਤਾਬ 'ਚ ਲੁਕ ਗਿਆ ਕੋਈ...' ਪਰਮਿੰਦਰ ਸੋਢੀ ਦਾ ਨੌਵਾਂ ਕਾਵਿ ਸੰਗ੍ਰਹਿ ਹੈ। ਜਾਪਾਨ ਵਿਚ ਰਹਿੰਦਾ ਇਹ ਪੰਜਾਬੀ ਲੇਖਕ ਖੂਬਸੂਰਤ ਵਾਰਤਕ ਵੀ ਲਿਖਦਾ ਹੈ ਅਤੇ ਦੂਸਰੀਆਂ ਭਾਸ਼ਾਵਾਂ ਵਿਚ ਲਿਖੇ ਗਏ ਸਾਹਿਤ ਅਤੇ ਫ਼ਲਸਫ਼ੇ ਨੂੰ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਕਾਰਜ ਵੀ ਕਰਦਾ ਰਹਿੰਦਾ ਹੈ। 113 ਕਵਿਤਾਵਾਂ ਵਾਲੇ ਇਸ ਸੰਗ੍ਰਹਿ ਵਿਚ ਮੂਲ ਰੂਪ ਵਿਚ ਲਘੂ ਕਵਿਤਾਵਾਂ ਹਨ, ਜਿਹੜੀਆਂ ਕਵੀ ਮਨ ਵਿਚ ਉੱਠੇ ਵਲਵਲੇ ਨੂੰ ਸ਼ਬਦਾਂ ਦੇ ਸਹਿਜ ਵੇਗ ਨਾਲ ਕਾਗਜ਼ ਉੱਤੇ ਉਤਾਰ ਰਹੀਆਂ ਹਨ। ਇਸ ਵੇਗ ਵਿਚ ਕੋਈ ਉਚੇਚ ਨਹੀਂ ਹੈ। ਕਵਿਤਾ ਲਿਖਣਾ ਕਵੀ ਦਾ ਸੁਭਾਵਿਕ ਅਮਲ ਹੈ, ਜਿਸ ਨੂੰ ਉਹ ਇਸ ਸੰਗ੍ਰਹਿ ਦੀ ਪਹਿਲੀ ਹੀ ਕਵਿਤਾ ਵਿਚ ਇਸ ਤਰ੍ਹਾਂ ਅੰਕਿਤ ਕਰਦਾ ਹੈ
ਛਲਕਦੀਆਂ ਮੇਰੇ
ਦਿਲ ਵਾਲੇ ਕਾਸੇ 'ਚੋਂ
ਅਛੋਪਲੇ ਜਿਹੇ
ਬਾਹਰ ਆ ਡਿਗਦੀਆਂ...
ਮਹਿਜ਼ ਕਣੀਆਂ ਨੇ
ਮੌਨਸੂਨ ਦੀਆਂ
ਕਵਿਤਾਵਾਂ ਮੇਰੀਆਂ...
(ਪੰਨਾ 11)
ਮਨ ਦੀ ਮੌਨਸੂਨ ਵਿਚ ਕਣੀਆਂ ਵਾਂਗ ਕਾਗਜ਼ ਉੱਤੇ ਉਤਰਦੀਆਂ ਇਹ ਕਵਿਤਾਵਾਂ, ਉਹ ਨਿੱਕੇ-ਨਿੱਕੇ ਪਰ ਗਹਿਰੇ ਅਹਿਸਾਸ ਹਨ, ਜੋ ਨਜ਼ਰਾਂ ਤੋਂ ਨਜ਼ਰਾਂ ਤੱਕ ਤੈਰਦੇ ਹਨਦਿਲਾਂ ਤੋਂ ਦਿਲਾਂ ਤੱਕ ਦਾ ਸਫ਼ਰ ਕਰਦੇ ਹਨ ਅਤੇ ਮੁਹੱਬਤਾਂ ਦੇ ਮੁਜੱਸਮੇ ਬਣ ਕੇ ਪਾਠਕ ਨੂੰ ਸਵੈ ਨਾਲ ਜੋੜਨ, ਸਵੈ ਨੂੰ ਸਮਝਣ ਅਤੇ ਸਵੈ ਨਾਲ ਸੰਵਾਦ ਰਚਾਉਣ ਦਾ ਸਹਿਜ ਪ੍ਰਦਾਨ ਕਰਦੇ ਹੋਏ ਜ਼ਿੰਦਗੀ ਦੇ ਸੁਹਜ ਨਾਲ ਇਕਸੁਰ ਕਰਨ ਦਾ ਯਤਨ ਕਰਦੇ ਹਨ।
ਤੇਰੀਆਂ ਅੱਖਾਂ ਵੱਲ ਦੇਖਿਆ
ਜਾਪਿਆ ਜਿਵੇਂ
ਸਾਰਾ ਕੁਝ ਹੀ ਦੇਖ ਲਿਆ
ਤੇਰੀਆਂ ਅੱਖਾਂ ਨੇ
ਮੇਰੇ ਵੱਲ ਦੇਖਿਆ ਤਾਂ ਲੱਗਿਆ
ਜਿਵੇਂ ਸਭ ਕਾਸੇ ਨੇ ਮੈਨੂੰ ਦੇਖ ਲਿਆ
(ਪੰਨਾ 15)
ਕੋਮਲ ਅਹਿਸਾਸਾਂ ਦੀ ਇਹ ਕਵਿਤਾ ਮੁਹੱਬਤ ਦੀ ਜ਼ੁਬਾਨ ਹੈ, ਇਸ ਵਿਚ ਜ਼ਿੰਦਗੀ ਜਿਊਣ ਦੀ ਤੇਹ ਹੈ, ਇਹ ਸਾਹਾਂ ਵਿਚ ਵਗਦੀ ਪਿਆਸ ਦੀ ਨਦੀ ਵਾਂਗ ਹੈ, ਜੋ ਸੁਪਨਿਆਂ ਵਿਚ ਸੁਪਨਾ ਹੋਣਾ ਲੋਚਦੀ ਹੈ, ਹਵਾ ਵਿਚ ਘੁਲ-ਮਿਲ ਕੇ ਪ੍ਰਕਿਰਤੀ ਨਾਲ ਅਭੇਦ ਹੋਣਾ ਚਾਹੁੰਦੀ ਹੈ।
ਮੈਂ ਕਵਿਤਾ ਬਣ
ਤੇਰੀ ਕਿਸੇ ਕਿਤਾਬ 'ਚ
ਲੁੱਕ ਛਿਪ ਜਾਵਾਂ...
... ... ... ... ... ...
ਤੈਨੂੰ ਪਿਆਸ ਲੱਗਣੀ
ਮੈਂ ਪਾਣੀ 'ਚ ਘੁਲ ਜਾਵਾਂ
ਫਿਰ ਤੇਰੇ ਬੁੱਲਾਂ ਨੂੰ ਛੂਹ
ਤੇਰੇ ਅੰਦਰ ਕਿਤੇ ਉਤਰ ਜਾਵਾਂ....।
(ਪੰਨਾ 81)
ਪਾਠਕ ਦੇ ਅੰਦਰ ਉਤਰ ਜਾਣ ਵਾਲੀ ਇਹ ਕਵਿਤਾ ਜ਼ਿੰਦਗੀ ਦੇ ਸ਼ੋਰ ਵਿਚ ਛਿਪੇ ਹੋਏ ਸਕੂਨ ਦੀ ਕਵਿਤਾ ਹੈ। ਇਹ ਜਿਸਮਾਂ ਦੇ ਫ਼ਾਸਲੇ ਨੂੰ ਰੂਹਾਂ ਨਾਲ ਮੇਟਣ ਦੀ ਕਵਿਤਾ ਹੈਇਹ ਸਰਘੀ ਵੇਲੇ ਚਿਹਰਿਆਂ 'ਤੇ ਜ਼ਿੰਦਗੀ ਦੇ ਛਿੱਟੇ ਮਾਰਨ ਦਾ ਯਤਨ ਕਰਦੀ ਦਿਸਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਛੁਪਿਆ ਹੋਇਆ ਹੈ ਬੇਗਾਨੀਆਂ ਹੋ ਰਹੀਆਂ ਰੂਹਾਂ ਦਾ ਦਰਦ ਅਤੇ ਆਪਣੇ ਹੋਣ ਦੇ ਦੁੱਖਾਂ ਦੀ ਦਾਸਤਾਨ। ਇਹ ਹਨੇਰੇ 'ਚ ਡੁੱਬਦਾ ਤਾਰਾ ਵੀ ਹੈ, ਉਦਾਸੀ 'ਚ ਡੁੱਬਦਾ ਹਉਕਾ ਵੀ ਹੈ, ਹੋਠਾਂ 'ਤੇ ਬੈਠੀ ਜੁਬਿੰਸ਼ ਵੀ ਹੈ ਅਤੇ ਤਵਾਰੀਖ ਦਾ ਸੁਪਨਾ ਵੀ ਹੈ। ਸੂਖਮ ਭਾਵੀ ਇਨ੍ਹਾਂ ਕਵਿਤਾਵਾਂ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਸ਼ੀਸ਼ੇ ਦਾ ਰੱਬ
ਲੇਖਕ : ਜਗਜੀਤ ਸਿੰਘ ਵਜੀਦਕੇ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 79
ਸੰਪਰਕ : 98144-24875.

ਇਸ ਕਹਾਣੀ-ਸੰਗ੍ਰਹਿ ਵਿਚ ਲੇਖਕ ਨੇ 13 ਕਹਾਣੀਆਂ ਦੀ ਸਿਰਜਣਾ ਕੀਤੀ ਹੈ, ਜੋ ਕੋਈ ਨਾ ਕੋਈ ਸੁਨੇਹਾ ਦਿੰਦੀਆਂ ਕਹਾਣੀਆਂ ਹਨ ਅਤੇ ਸਾਰੀਆਂ ਕਹਾਣੀਆਂ ਹੀ ਆਪਣੇ ਆਲੇ-ਦੁਆਲੇ ਵਿਚੋਂ ਲਈਆਂ ਗਈਆਂ ਹਨ। ਕਹਾਣੀਆਂ ਦਾ ਵਿਸ਼ਾ ਸਮਾਜਿਕ ਹੈ। ਸਮਾਜ ਵਿਚ ਜੋ ਹੋ ਰਿਹਾ ਹੈ, ਉਸ ਦੀ ਪੇਸ਼ਕਾਰੀ ਹੀ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਵਿਚ ਕੀਤੀ ਹੈ। ਪਹਿਲੀ ਕਹਾਣੀ 'ਕਾਸ਼! ਮੈਂ ਮੁੰਡਾ ਹੁੰਦੀ' ਵਿਚ ਮੁੰਡੇ-ਕੁੜੀ ਦੇ ਵਿਤਕਰੇ ਬਾਰੇ ਦੱਸਿਆ ਗਿਆ ਹੈ ਕਿ ਸਾਰੀ ਉਮਰ ਹੀ ਨਾਜੋ ਅਜਿਹੇ ਵਿਤਕਰੇ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਅਗਲੀ ਕਹਾਣੀ 'ਸ਼ੀਸ਼ੇ ਦਾ ਰੱਬ' ਇਮਾਨਦਾਰੀ, ਸੱਚ ਤੇ ਵਿਸ਼ਵਾਸ ਨੂੰ ਦਰਸਾਉਂਦੀ ਕਹਾਣੀ ਹੈ ਕਿ ਇਕ ਫੋਟੋ ਦੇ ਟੁੱਟ ਜਾਣ 'ਤੇ ਵੀ ਬੇਬੇ ਨੂੰ ਇਸੇ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ ਕਿ ਸੱਚਮੁੱਚ ਹੀ ਉਸ ਦਾ ਰੱਬ ਟੁੱਟ ਗਿਆ ਅਤੇ ਫਿਰ ਉਹ ਰੱਬ ਵੇਚਣ ਵਾਲੇ ਭਾਈ ਨੂੰ ਗਾਲ੍ਹਾਂ ਕੱਢਣ ਲਗਦੀ ਹੈ। ਇਹ ਇਕ ਭਰਮ-ਭੁਲੇਖੇ ਵਾਲੀ ਕਹਾਣੀ ਹੈ। ਇਸੇ ਪ੍ਰਕਾਰ ਹੀ ਅਗਲੀ ਕਹਾਣੀ ਦਿਲ ਦਾ ਛੇਕ ਵਿਚ ਇਕ ਸਕੂਲ ਦੀ ਮੈਡਮ ਦਾ ਦਿਲ ਵਿਚ ਛੇਕ ਹੋਣ ਵਾਲੀ ਬੱਚੀ ਨਾਲ ਬਹੁਤ ਹੀ ਗੂੜ੍ਹਾ ਪਿਆਰ ਦਰਸਾਇਆ ਗਿਆ ਹੈ। 'ਮੇਮਣੇ' ਕਹਾਣੀ ਵੀ ਇਕ ਬਾਲ ਕਹਾਣੀ ਹੈ, ਜਿਸ ਵਿਚ ਇਕ ਵਿਗੜੇ ਹੋਏ ਬੱਚੇ ਨੂੰ ਸੁਧਾਰਨ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਬੱਚਾ ਆਪਣੇ ਮਾਂ-ਪਿਓ ਨੂੰ ਪਿਆਰ ਅਤੇ ਆਦਰ ਨਾਲ ਨਹੀਂ ਬੋਲਦਾ ਹੁੰਦਾ, ਪਰ ਜਦੋਂ ਉਸ ਨੂੰ ਬੱਕਰੀ ਅਤੇ ਮੇਮਣਿਆਂ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਆਪਣੇ ਮਾਂ-ਬਾਪ ਨੂੰ ਮੇਮਣਿਆਂ ਨੂੰ ਉਸ ਦੇ ਮਾਂ-ਪਿਓ ਕੋਲ ਵਾਪਸ ਛੱਡਣ ਲਈ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਇਨ੍ਹਾਂ ਦਾ ਖ਼ਿਆਲ ਇਨ੍ਹਾਂ ਦਾ ਮਾਂ-ਪਿਓ ਹੀ ਰੱਖੂ। ਇਸੇ ਪ੍ਰਕਾਰ ਹੀ ਅਗਲੀ ਕਹਾਣੀ 'ਧੀ ਜੰਮੀ ਚੰਗੀ' ਵਿਚ ਦੱਸਿਆ ਗਿਆ ਹੈ ਕਿ ਮਾੜੇ ਪੁੱਤਰਾਂ ਨਾਲੋਂ ਇਕ ਧੀ ਦਾ ਹੋਣਾ ਹੀ ਬਿਹਤਰ ਹੁੰਦਾ ਹੈ, ਜੋ ਕਹਾਣੀ ਵੀ ਸੰਦੇਹ ਵਰਧਕ ਹੈ। ਅਖੀਰਲੀ ਕਹਾਣੀ 'ਕਰਮੀ' ਵਿਚ ਕਰਮੀ ਦੇ ਦੁੱਖਾਂ ਨੂੰ ਦਰਸਾਇਆ ਗਿਆ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਦੀਆਂ ਸਾਰੀਆਂ ਕਹਾਣੀਆਂ ਹੀ ਆਮ ਬੋਲਚਾਲ ਦੀ ਭਾਸ਼ਾ ਵਿਚ ਲਿਖੀਆਂ ਗਈਆਂ ਹਨ, ਪਰ ਕਲਾ ਦੀ ਘਾਟ ਰੜਕਦੀ ਹੈ।

ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161

c c c

ਏਕਾਮਾਈ
ਲੇਖਕ : ਮਨਭਾਵਨ ਕਾਹਲੋਂ
ਪ੍ਰਕਾਸ਼ਕ : ਏਕਾਮਾਈ ਪੁਸਤਕ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 94179-47716.

'ਏਕਾਮਾਈ' ਪੁਸਤਕ ਦਾ ਸਿਰਲੇਖ ਲੇਖਕ ਨੇ ਪਵਿੱਤਰ ਗੁਰਬਾਣੀ 'ਚੋਂ ਲਿਆ ਹੈ। ਇਸ ਸਿਰਲੇਖ ਨੂੰ ਸਪੱਸ਼ਟ ਕਰਦਾ ਹੋਇਆ ਲੇਖਕ ਲਿਖਦਾ ਹੈ ਕਿ ਏਕਾਮਾਈ ਤੋਂ ਭਾਵ ਸਾਰੇ ਕੁਝ ਦੀ ਇਕੋ ਮਾਤਾ ਅਰਥਾਤ ਸਾਰੇ ਜੀਆਂ, ਪਾਣੀਆਂ, ਮਿੱਟੀਆਂ, ਪੱਥਰਾਂ, ਪਰਬਤਾਂ, ਜੰਗਲਾਂ, ਸਾਰੇ ਸੂਖ਼ਮ ਤੇ ਸਥੂਲਾਂ ਦੀ ਜਨਮਦਾਤੀ ਅਤੇ ਪਾਲਣਹਾਰੀ : ਧਰਤੀ। ਪੁਸਤਕ ਲੇਖਕ ਦੀਆਂ 28 ਭਾਵਪੂਰਨ ਕਵਿਤਾਵਾਂ, ਦੋ ਲੰਮੀਆਂ ਕਵਿਤਾਵਾਂ ਅਤੇ 7 ਲੇਖ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹੈ। ਪੁਸਤਕ ਦਾ ਸਮੁੱਚਾ ਦ੍ਰਿਸ਼ਟੀਕੋਣ ਰਹੱਸਵਾਦੀ ਹੈ। ਦੁਨਿਆਵੀ ਚਿਤਰਨ ਕਰਦਿਆਂ ਲੇਖਕ 'ਮਾਤਾਨ ਕਉ ਨਮਨ' ਵਿਚ ਮਾਂ ਦੀ ਮਹੱਤਤਾ ਨੂੰ ਇਨ੍ਹਾਂ ਖੂਬਸੂਰਤ ਸ਼ਬਦਾਂ 'ਚ ਪੇਸ਼ ਕਰਦਾ ਹੈ :
ਮਾਂ ਵਸੇਬਾਂ ਦੀ ਨੂੰ ਜੀ
ਮੈਂ ਸੌ-ਸੌ ਮੱਥੇ ਟੇਕਦਾ
ਜਿਸ ਪੀੜ੍ਹੇ ਜੱਗ ਨੂੰ ਜੰਮੀ
ਮੈਂ ਵੀ ਜਣਿਆ ਉਸੇ ਸੇਕ ਦਾ।
ਲੇਖਕ ਧਰਤੀ ਦਾ ਬੇਹੱਦ ਸਤਿਕਾਰ ਕਰਦਾ ਹੈ ਅਤੇ ਉਹ ਉਸ ਦੀ ਪਵਿੱਤਰਤਾ ਬਣਾਈ ਰੱਖਣ ਲਈ ਵਧੇਰੇ ਖਾਦਾਂ, ਕੀੜੇਮਾਰ ਦਵਾਈਆਂ ਨਾ ਵਰਤਣ ਦਾ ਸੁਨੇਹਾ ਦਿੰਦਾ ਹੈ। 'ਨਾਨਕ ਜੀ' ਕਵਿਤਾ 'ਚ ਗੁਰੂ ਜੀ ਦੀ ਉਪਮਾ ਕੀਤੀ ਗਈ ਹੈ। 'ਜੀਵਨ ਰੇਖਾ' ਕਵਿਤਾ 'ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਹ ਲਿਖਦਾ ਹੈ :
ਹੁਸੈਨੀਵਾਲੇ ਵੀ ਰਲੀ ਸੀ ਆਤਮਾ
ਲਹੂ ਨਾ ਸਾਮਰਾਜਾਂ ਅੱਗੇ ਯਰਕਿਆ।
ਲੇਖਕ ਦੀ ਕੁਦਰਤ ਬਾਰੇ ਸਮਝ ਵਿਸ਼ਾਲ ਹੈ ਅਤੇ ਉਹ ਕੁਦਰਤ ਦੀ ਹੋਂਦ ਨੂੰ ਮਨੁੱਖੀ ਜੀਵਨ ਦੇ ਅੰਗ-ਸੰਗ ਸਮਝਦਾ ਹੈ। 'ਸੁਪਾਤਰਤਾ' ਲੇਖ 'ਚ ਉਹ ਲਿਖਦਾ ਹੈ ਕਿ ਕੁਦਰਤ ਆਪਣੇ-ਆਪ 'ਚ ਇਕ ਵੱਡਾ ਮੰਚ ਹੈ ਅਤੇ ਇਸ ਉੱਪਰ ਸਾਰੇ ਆਪਣਾ-ਆਪਣਾ ਕਿਰਦਾਰ ਨਿਭਾਅ ਰਹੇ ਹਨ। ਇਕ ਹੋਰ ਰਚਨਾ 'ਚ ਉਹ ਪੰਜਾਬੀ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੰਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹਥਿਆਰਾਂ ਤੋਂ ਦੂਰ ਰਹਿਣ ਲਈ ਪ੍ਰੇਰਦਾ ਹੈ। ਉਹ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੁੜਨ ਲਈ ਆਖਦਾ ਹੈ ਅਤੇ ਰਵਾਇਤੀ ਫ਼ਸਲਾਂ ਜੋ ਅਸੀਂ ਬੀਜਣੀਆਂ ਛੱਡ ਗਏ ਹਾਂ, ਦੀ ਮੁੜ ਕਾਸ਼ਤ ਕਰਨ ਦਾ ਸੁਨੇਹਾ ਦਿੰਦਾ ਹੈ। 'ਗੱਗਾ-ਗੁਰੂ' ਅਤੇ 'ਧਰਤ-ਧਰਮ' 'ਚ ਦੋਵਾਂ ਦੀ ਮਹੱਤਤਾ ਦੱਸੀ ਗਈ ਹੈ। ਜੀਵਨ 'ਚ ਕਿਸੇ ਦੇ ਕੰਮ ਆ ਸਕਣਾ ਹੀ ਸੱਚਾ ਤੇ ਵਧੀਆ ਧਰਮ ਹੈ। ਨਿਰਸੰਦੇਹ ਇਹ ਪੁਸਤਕ ਸਾਨੂੰ ਕੁਦਰਤ ਨਾਲ ਜੋੜਦੀ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110.

c c c

31 ਦਲਿਤ ਕਹਾਣੀਆਂ
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 485
ਸੰਪਰਕ : 98720-92101.

ਅਨੇਮਨ ਸਿੰਘ ਦਾ ਨਾਂਅ ਹਾਸ਼ੀਆਗਤ ਲੋਕਾਂ ਨਾਲ ਸਬੰਧਿਤ ਸਾਹਿਤ ਦਾ ਅਨੁਵਾਦ ਜਾਂ ਸੰਪਾਦਨ ਕਰ ਕੇ ਇਨ੍ਹਾਂ ਲੋਕਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਪੰਜਾਬੀ ਪਾਠਕਾਂ ਦੇ ਨਜ਼ਰੀਂ ਕਰਨ ਵਾਲੇ ਵਿਦਵਾਨ ਚਿੰਤਕਾਂ ਵਿਚ ਸ਼ੁਮਾਰ ਹੁੰਦਾ ਹੈ। ਉਸ ਦੁਆਰਾ ਸੰਪਾਦਿਤ ਅਤੇ ਆਰਸੀ ਪਬਲਿਸ਼ਰਜ਼ ਦਿੱਲੀ ਵਲੋਂ ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ '31 ਦਲਿਤ ਕਹਾਣੀਆਂ' ਵੀ ਦਲਿਤ ਚਿੰਤਨ ਦੀ ਪਛਾਣ ਅਤੇ ਪਾਸਾਰ ਨੂੰ ਸੇਧ ਦਿੰਦਾ ਹੈ। ਸਾਡੇ ਸਮਾਜ ਵਿਚ ਆਰਥਿਕਤਾ ਦੇ ਆਧਾਰ 'ਤੇ ਕੀਤੀਆਂ ਹੱਦਬੰਦੀਆਂ ਇਤਿਹਾਸਕ ਮਾਨਤਾ ਨਾਲ ਸਮਾਜਿਕ ਅਤੇ ਰਾਜਨੀਤਕ ਬਣਤਰ ਉੱਤੇ ਪ੍ਰਭਾਵ ਪਾਉਂਦੀਆਂ ਹਨ। ਇਸੇ ਆਧਾਰ 'ਤੇ ਇਸ ਕਹਾਣੀ-ਸੰਗ੍ਰਹਿ ਵਿਚ ਜਾਤੀ ਵਿਤਕਰਾ, ਸਮਾਜਿਕ ਅਨਿਆਂ, ਔਰਤਾਂ ਦਾ ਸ਼ੋਸ਼ਣ, ਸਮਾਜਿਕ ਬਾਈਕਾਟ, ਆਰਥਿਕ ਦਬਾਓ, ਛੂਤ-ਛਾਤ, ਜਾਤੀਵਾਦੀ ਬੌਧਿਕਤਾ ਆਦਿ ਕਹਾਣੀਆਂ ਦੇ ਵਿਸ਼ੇ ਬਣਦੇ ਹਨ। ਸੰਪਾਦਕ ਨੇ ਇਸ ਕਹਾਣੀ-ਸੰਗ੍ਰਹਿ ਵਿਚ ਪੰਜਾਬੀ ਕਹਾਣੀ ਦੇ ਦੂਜੇ ਦੌਰ ਦੇ ਕਹਾਣੀਕਾਰਾਂ ਤੋਂ ਸ਼ੁਰੂਆਤ ਕਰ ਕੇ ਚਾਰ ਕਹਾਣੀਕਾਰ ਗੁਰਦਿਆਲ ਸਿੰਘ, ਪ੍ਰੇਮ ਪ੍ਰਕਾਸ਼, ਮਨਮੋਹਨ ਬਾਵਾ ਅਤੇ ਲਾਲ ਸਿੰਘ ਵਲੋਂ ਰਚੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ ਜਿਨ੍ਹਾਂ ਵਿਚ ਦਲਿਤ ਮਸਲਿਆਂ ਨੂੰ ਪ੍ਰਗਤੀਸ਼ੀਲ ਵਿਚਾਰਧਾਰਾ ਅਧੀਨ ਉਪਜੀ ਮਾਨਸਿਕਤਾ ਨੂੰ ਉਲੀਕਿਆ ਗਿਆ ਹੈ। ਪ੍ਰਗਤੀਸ਼ੀਲ ਯਥਾਰਥਵਾਦ ਦੇ ਪ੍ਰਭਾਵ ਹੇਠ ਤੀਜੇ ਦੌਰ ਵਿਚ ਰਚੀਆਂ ਦਲਿਤ ਕਹਾਣੀਆਂ ਵਿਚੋਂ ਇਸ ਕਹਾਣੀ-ਸੰਗ੍ਰਹਿ ਵਿਚ ਵੀ ਅਤਰਜੀਤ, ਕਿਰਪਾਲ ਕਜ਼ਾਕ, ਬਲਦੇਵ ਸਿੰਘ, ਵਰਿਆਮ ਸਿੰਘ ਸੰਧੂ ਅਤੇ ਦਲਬੀਰ ਚੇਤਨ ਆਦਿ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਕਹਾਣੀ ਦਾ ਅਗਲਾ ਦੌਰ ਦਲਿਤਾਂ ਦੇ ਉੱਭਰਨ ਅਤੇ ਹੀਣਤਾ ਤਿਆਗ ਕੇ ਸਮਾਜਿਕ ਬੰਦਿਸ਼ਾਂ ਨੂੰ ਭੰਡਣ ਦਾ ਦੌਰ ਹੈ। ਇਸ ਦੌਰ ਦੇ ਕਹਾਣੀਕਾਰਾਂ ਵਿਚ ਜਿੰਦਰ, ਜਸਵਿੰਦਰ ਸਿੰਘ, ਸਰੂਪ ਸਿਆਲਵੀ, ਭਗਵੰਤ ਰਸੂਲਪੁਰੀ ਅਤੇ ਗੁਰਮੀਤ ਕੜਿਆਲਵੀ ਦੀ ਕਹਾਣੀ ਸਮਰੱਥਾ ਇਸ ਕਹਾਣੀ-ਸੰਗ੍ਰਹਿ ਵਿਚ ਵੀ ਆਪਣਾ ਸਥਾਨ ਬਣਾਉਂਦੀ ਹੈ। ਅੱਜ ਦੇ ਇੰਟਰਨੈੱਟ ਅਤੇ ਮੋਬਾਈਲ ਵਰਤ ਰਹੇ ਤਕਨੀਕੀ ਸਮਾਜ ਵਿਚ ਨਿਮਨ ਜਾਤ ਵਿਚ ਆਈ ਚੇਤਨਤਾ ਅਤੇ ਉੱਚ ਜਾਤ ਵਿਚ ਆਏ ਸਮਾਜ ਦੀ ਬਰਾਬਰੀ ਦੇ ਅਹਿਸਾਸ ਨੇ ਕਹਾਣੀ ਦੇ ਪ੍ਰਯੋਜਨ ਨੂੰ ਵੀ ਸਹੀ ਦਿਸ਼ਾ ਵਿਚ ਮੋੜਿਆ ਹੈ ਅਤੇ ਅਨੇਮਨ ਸਿੰਘ ਦੁਆਰਾ ਸੰਪਾਦਿਤ ਇਹ ਕਹਾਣੀ-ਸੰਗ੍ਰਹਿ ਅਸਲ ਵਿਚ ਦਲਿਤ ਕਹਾਣੀ ਦੇ ਇਤਿਹਾਸ ਦੀ ਮੂੰਹ ਬੋਲੀ ਤਸਵੀਰ ਹੋ ਨਿੱਬੜਦਾ ਹੈ ਅਤੇ ਦਲਿਤ ਚੇਤਨਾ ਰਾਹੀਂ ਸਮਾਜਿਕ ਵਿਕਾਸ ਦੀ ਹਾਮੀ ਵੀ ਭਰਦਾ ਹੈ।

ਡਾ: ਸੰਦੀਪ ਰਾਣਾ
ਮੋ: 98728-87551

c c c

ਦੋ ਛੱਜ ਮਿੱਟੀ
ਕਵੀ : ਕਾਮਰੇਡ ਮੇਘ ਰਾਜ ਫ਼ੌਜੀ
ਪ੍ਰਕਾਸ਼ਕ : ਬਾਗਪੁਰ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94631-48536.

'ਦੋ ਛੱਜ ਮਿੱਟੀ' ਕਾਵਿ ਸੰਗ੍ਰਹਿ ਕਾਮਰੇਡ ਮੇਘ ਰਾਜ ਫ਼ੌਜੀ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਸਾਹਿਤਕ ਪੱਖ ਤੋਂ ਭਾਵੇਂ ਕੁਝ ਊਣਤਾਈਆਂ ਵੀ ਨਜ਼ਰੀਂ ਪੈਂਦੀਆਂ ਹਨ ਪਰ ਕਵੀ ਆਪਣੇ ਦਿਲ ਦੇ ਵਲਵਲਿਆਂ ਨੂੰ ਆਪਣੇ ਹੀ ਅੰਦਾਜ਼ 'ਚ ਕਹਿਣ 'ਚ ਸਫਲ ਰਿਹਾ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਸਰਕਾਰਾਂ ਵਲੋਂ ਪੂੰਜੀਪਤੀਆਂ ਅਤੇ ਵੱਡੇ ਘਰਾਣਿਆਂ ਦਾ ਪੱਖ ਪੂਰਨ ਅਤੇ ਗ਼ਰੀਬਾਂ ਦਾ ਕਚੂਮਰ ਕੱਢੇ ਜਾਣ ਦਾ ਦਰਦ ਝਲਕਦਾ ਹੈ। ਰੋਜ਼ਮਰਾ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਛੋਟੇ ਕਿਸਾਨਾਂ-ਮਜ਼ਦੂਰਾਂ ਦੀ ਦਿਨ-ਪ੍ਰਤੀਦਿਨ ਬਦ ਤੋਂ ਬਦਤਰ ਹੋ ਰਹੀ ਹਾਲਤ ਤੋਂ ਉਹ ਚਿੰਤਾਤੁਰ ਹੈ। ਅਜੋਕੇ ਵਿਗਿਆਨਕ ਯੁੱਗ 'ਚ ਮੜ੍ਹੀਆਂ-ਮਸਾਣੀਆਂ ਨੂੰ ਪੂਜਣਾ ਛੱਡ ਕੇ ਕਵੀ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੰਦਾ ਆਖਦਾ ਹੈ :
ਸਾਇੰਸ ਯੁੱਗ ਹੈ ਚੱਲ ਰਹਿਆ,
ਯੁੱਗ ਦੇ ਨਾਲ ਹੀ ਪਲਟਾ ਖਾਈਏ।
ਬਹੁਤ ਪੂਜੀਆਂ ਮੜ੍ਹੀਆਂ-ਮਸਾਣੀਆਂ,
ਹੁਣ ਤਾਂ ਖਹਿੜਾ ਛੁਡਾਈਏ।
ਕਵੀ ਸਮਾਜਿਕ ਤਬਦੀਲੀ ਲਈ ਕਾਰਪੋਰੇਟ ਘਰਾਣਿਆਂ ਦੀ ਜਕੜ ਤੋੜਨ, ਅਮੀਰ ਗ਼ਰੀਬ ਵਿਚਲਾ ਪਾੜਾ ਮਿਟਾਉਣ ਲਈ ਲੋਕ ਲਹਿਰ ਉਸਾਰਨ ਦਾ ਸੱਦਾ ਦਿੰਦਾ ਜਾਪਦਾ ਹੈ। ਵਾਤਾਵਰਨ ਪ੍ਰਦੂਸ਼ਣ, ਅਵਾਰਾ ਪਸ਼ੂਆਂ ਦੇ ਠੋਸ ਹੱਲ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ, ਭ੍ਰਿਸ਼ਟ ਨਿਜਾਮ ਬਦਲਣ ਲਈ ਲਾਮਬੰਦ ਹੋਣ, ਨਵੀਂ ਸਾਇੰਸ ਤਕਨਾਲੋਜੀ ਨੂੰ ਜੀ ਆਇਆਂ ਆਖਦਾ ਕਵੀ ਇਸ ਤਕਨਾਲੋਜੀ ਦਾ ਸਾਰਥਕ ਉਪਯੋਗ ਕਰਨ ਦਾ ਹੋਕਾ ਦਿੰਦਾ ਜਾਪਦਾ ਹੈ। ਕਵੀ ਦੇਸ਼ ਭਗਤਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਦਾ ਹੈ। ਉਹ ਬੇਲੋੜੇ ਰਸਮਾਂ ਰਿਵਾਜਾਂ, ਖ਼ਰਚਿਆਂ ਤੋਂ ਮਨੁੱਖਤਾ ਨੂੰ ਬਚਣ ਦੀ ਨਸੀਹਤ ਦਿੰਦਾ ਜਾਪਦਾ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

c c c

30-05-2020

 ਪ੍ਰੇਮ ਜਯੋਤੀ
ਲੇਖਕ : ਕਸ਼ਮੀਰੀ ਲਾਲ ਚਾਵਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 98148-14791.

ਅਕਸਰ ਭਾਸ਼ਾਵਾਂ, ਕੌਮਾਂ ਅਤੇ ਮੁਲਕਾਂ ਵਿਚੋਂ ਸਾਹਿਤਕ ਵਿਧਾਵਾਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਇਸ ਆਦਾਨ-ਪ੍ਰਦਾਨ ਅਧੀਨ ਜਾਪਾਨ ਦੀਆਂ ਬਹੁਤ ਸਾਰੀਆਂ ਸਾਹਿਤਕ ਵਿਧਾਵਾਂ ਨੇ ਪੰਜਾਬੀ ਸਾਹਿਤ ਵਿਚ ਪਰਿਵੇਸ਼ ਕੀਤਾ, ਜਿਨ੍ਹਾਂ ਵਿਚ ਹਾਇਕੂ, ਤਾਂਕਾ, ਚੌਕਾ, ਸੇਦੋਕਾ, ਹਾਇਗਾ ਅਤੇ ਹਾਇਬਨ ਸ਼ਾਮਿਲ ਹਨ। ਇਹ ਵਿਧਾਵਾਂ ਭਾਰਤ ਦੀਆਂ ਹੀ ਨਹੀਂ ਬਲਕਿ ਦੁਨੀਆ ਦੀਆਂ ਸਾਰੀਆਂ ਵਿਧਾਵਾਂ ਵਿਚ ਸ਼ਾਮਿਲ ਹੋ ਚੁੱਕੀਆਂ ਹਨ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਹੀ ਇਨ੍ਹਾਂ ਵਿਧਾਵਾਂ ਨੂੰ ਹਰਮਨ-ਪਿਆਰਤਾ ਮਿਲੀ। ਇਸੇ ਲੜੀ ਵਿਚ ਕਸ਼ਮੀਰੀ ਲਾਲ ਚਾਵਲਾ ਦਾ ਸੇਦੋਕਾ ਸੰਗ੍ਰਹਿ ਪ੍ਰੇਮ ਜਯੋਤੀ ਪ੍ਰਕਾਸ਼ਿਤ ਹੋਇਆ ਹੈ। ਸੇਦੋਕਾ 5,7,7,5,7,7, ਵਰਣਾਂ ਦੀਆਂ ਛੇ ਪਦੀ ਦੋ ਖੰਡਾਂ ਵਿਚ ਵੰਡੀ ਹੋਈ ਰਚਨਾ ਹੈ। ਇਸ ਵਿਚ ਪਹਿਲੀਆਂ ਤਿੰਨ ਪੰਕਤੀਆਂ ਆਪਣੇ-ਆਪ ਵਿਚ ਪੂਰਨ ਸੁਤੰਤਰ ਭਾਵ ਰੱਖਦੀਆਂ ਹਨ ਤੇ ਫਿਰ ਛੇ ਪੰਕਤੀਆਂ ਇਕੱਠੀਆਂ ਆਪਣੇ-ਆਪ ਵਿਚ ਪੂਰਨ ਭਾਵ ਕਾਵਿ ਅਭਿਵਿਅਕਤ ਕਰਦੀਆਂ ਹਨ। ਇਹੋ ਹੀ ਸੇਦੋਕਾ ਦੀ ਆਪਣੀ ਅਲੱਗ ਤੇ ਖ਼ਾਸ ਪਛਾਣ ਹੈ।
ਉਪਰੋਕਤ ਪ੍ਰਸੰਗ ਵਿਚ ਜਦੋਂ ਅਸੀਂ ਕਸ਼ਮੀਰੀ ਲਾਲ ਚਾਵਲਾ ਦੇ ਇਸ ਸੰਗ੍ਰਹਿ ਨੂੰ ਵਾਚਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਚਾਵਲਾ ਦੇ ਸੇਦੋਕਾ ਵਿਧਾ ਪੱਖ ਤੋਂ ਪੂਰੇ ਢੁੱਕਦੇ ਹਨ। ਇਨ੍ਹਾਂ ਦਾ ਵਸਤੂ ਕੁਦਰਤ ਦੇ ਵਿਭਿੰਨ ਰੰਗਾਂ ਦੀ ਚਿੱਤਰਕਾਰੀ ਕਰਦਾ ਹੈ।
ਦੇਸ਼ੋਂ-ਵਿਦੇਸ਼ੋਂ, ਰੰਗ-ਬਰੰਗੇ ਪੰਛੀ, ਚੋਗੇ ਲਈ ਆਉਂਦੇ, ਪ੍ਰੇਮ ਦੀ ਘਾਟੀ, ਕਰਦੀ ਸੁਆਗਤ, ਕੱਠੇ ਮਿਲ ਬਹਿੰਦੇ। ਪ੍ਰੇਮ ਇਨ੍ਹਾਂ ਰਚਨਾਵਾਂ ਦਾ ਕੇਂਦਰੀ ਸੂਤਰ ਹੈ। ਹਰ ਸੇਦੋਕਾ ਪ੍ਰੇਮ ਦੇ ਦੁਆਲੇ ਘੁੰਮਦਾ ਹੈ। ਸਾਰੀ ਪੁਸਤਕ ਵਿਚ ਕੋਈ ਸੇਦੋਕਾ ਅਜਿਹਾ ਨਹੀਂ ਜਿਸ ਵਿਚ ਪ੍ਰੇਮ ਸ਼ਬਦ ਨਾ ਆਇਆ ਹੋਵੇ। ਕੁਦਰਤ ਤੇ ਪ੍ਰੇਮ ਇਥੇ ਇਕਮਿਕ ਹੋਏ ਪ੍ਰਤੀਤ ਹੁੰਦੇ ਹਨ।
ਪ੍ਰੇਮ ਕਿਸ਼ਤੀ, ਬਸ ਡੋਲਦੀ ਰਹੀ, ਮੰਝਧਾਰ ਦੇ ਵਿਚਕਾਰ, ਜੋ ਡੋਬ ਗਿਆ, ਬਸ ਖੋਟਾ ਮਲਾਹ, ਕਿਨਾਰਿਆਂ ਤੋਂ ਦੂਰ। ਇਸੇ ਤਰ੍ਹਾਂ ਪੂਰੀ ਪੁਸਤਕ ਵਿਚ ਕੁਦਰਤ ਆਪਣੇ ਵਿਲੱਖਣ ਰੰਗਾਂ ਵਿਚ ਝਲਕਦੀ ਮਹਿਸੂਸ ਕੀਤੀ ਜਾ ਸਕਦੀ ਹੈ। ਕਸ਼ਮੀਰੀ ਲਾਲ ਚਾਵਲਾ ਹੁਣ ਤੱਕ 36 ਕਿਤਾਬਾਂ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਇਸ ਪੁਸਤਕ ਨਾਲ ਉਨ੍ਹਾਂ ਨੇ ਇਕ ਨਵੀਂ ਵਿਧਾ ਨੂੰ ਪੰਜਾਬੀ ਸਾਹਿਤ ਨਾਲ ਮਿਲਵਾਇਆ ਹੈ, ਇਸ ਲਈ ਉਨ੍ਹਾਂ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ।

ਡਾ: ਅਮਰਜੀਤ ਕੌਂਕੇ।

c c c

ਸ਼ਬਦ ਸ਼ਬਦ ਨਾਨਕ
(ਗੁਰੂ ਨਾਨਕ ਦੇਵ ਜੀ ਬਾਰੇ ਸਿਰਜੀ ਚੋਣਵੀਂ ਪੰਜਾਬੀ ਕਵਿਤਾ)
ਸੰਪਾ: ਤਰਸੇਮ, ਡਾ: ਕੁਲਦੀਪ ਸਿੰਘ ਦੀਪ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 256
ਸੰਪਰਕ : 98159-76485.

ਵਿਚਾਰਾਧੀਨ ਪੁਸਤਕ ਗੁਰੂ ਨਾਨਕ ਦੇਵ ਜੀ ਸਬੰਧੀ ਸਿਰਜੀ ਚੋਣਵੀਂ ਕਵਿਤਾ ਦਾ ਅਨੋਖਾ ਕੋਲਾਜ ਪੇਸ਼ ਕਰਦੀ ਹੈ। ਇਸ ਕੋਲਾਜ ਵਿਚ ਉਨ੍ਹਾਂ ਦੇ ਬਹੁਪੱਖੀ ਸ਼ਖ਼ਸੀਅਤ ਦੇ ਝਲਕਾਰੇ ਮਿਲਦੇ ਹਨ। ਇਸ ਕਾਵਿ-ਸੰਗ੍ਰਹਿ ਨੂੰ ਸੂਝਵਾਨ ਸੰਪਾਦਕਾਂ ਨੇ 7 ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਲੋਕ-ਕਾਵਿ (ਖੇਡ ਗੀਤ, ਢੋਲਾ, ਬੋਲੀਆਂ, ਸਿੱਠਣੀਆਂ, ਘੋੜੀਆਂ, ਧਾਰਨਾਵਾਂ) ਦੀਆਂ ਵਿਭਿੰਨ ਵੰਨਗੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਦੂਜੇ ਭਾਗ ਵਿਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਚੋਣਵੇਂ ਅੰਸ਼ ਸੰਕਲਿਤ ਕੀਤੇ ਗਏ ਹਨ। ਤੀਜੇ ਭਾਗ ਵਿਚ ਉਨ੍ਹਾਂ 22 ਕਵੀਆਂ ਨੂੰ ਸੰਮਿਲਤ ਕੀਤਾ ਗਿਆ ਹੈ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ। ਚੌਥੇ ਭਾਗ ਵਿਚ ਆਧੁਨਿਕ ਦੌਰ ਦੇ 67 ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਸਥਾਨ ਦਿੱਤਾ ਗਿਆ ਹੈ। ਪੰਜਵੇਂ ਭਾਗ ਵਿਚ ਮਨਮੋਹਕ ਗੀਤਾਂ/ਕਵੀਸ਼ਰੀ ਦੀ ਗਿਣਤੀ 9 ਹੈ। ਛੇਵੇਂ ਭਾਗ ਵਿਚ 7 ਸ਼ੇਅਰ ਹਨ। ਸੱਤਵੇਂ ਭਾਗ ਵਿਚ ਸਾਰੀ ਕਿਤਾਬ ਵਿਚੋਂ ਉਜਾਗਰ ਹੁੰਦੇ ਵਿਸ਼ੇਸ਼ ਪ੍ਰਵਚਨਾਂ (ਵਿਸਮਾਦ, ਪ੍ਰਸੰਸਾ, ਨਿਖੇਧ, ਤਤਕਾਲ, ਰਿਸ਼ਤੇ, ਦਾਰਸ਼ਨਿਕਤਾ, ਸਰਬ ਸਾਂਝੇ ਨਾਇਕ, ਬਿੰਬ ਸਥਾਪਨ ਤੇ ਵਿਸਥਾਪਨ ਆਦਿ) ਬਾਰੇ ਸੰਪਾਦਕ ਦੇ ਮੁੱੱਲਵਾਨ ਅਤੇ ਖੋਜ ਭਰਪੂਰ ਵਿਚਾਰ ਪ੍ਰਸਤੁਤ ਕੀਤੇ ਗਏ ਹਨ।
ਇਸ ਕਾਵਿ-ਸੰਗ੍ਰਹਿ ਦਾ ਅਧਿਐਨ ਕਰਦਿਆਂ ਪਾਠਕ ਨੂੰ ਆਨੰਦ ਤਾਂ ਮਿਲਦਾ ਹੀ ਹੈ ਪਰ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੀ ਵਿਸ਼ਵ-ਵਿਆਪੀ ਅਮਿੱਟ ਛਾਪ ਦਾ ਵੀ ਆਭਾਸ ਹੋਣਾ ਸੁਭਾਵਿਕ ਹੈ। ਅਨੇਕ ਵਿਸ਼ੇ ਮਸਲਨ: ਅਧਿਆਤਮਕ, ਰਹੱਸਾਤਮਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਵੀ ਰੂਪਮਾਨ ਹੁੰਦੇ ਵੇਖੇ ਜਾ ਸਕਦੇ ਹਨ। ਉਨ੍ਹਾਂ ਦਾ ਪਰਉਪਕਾਰੀ ਹੋਣਾ, ਵਲੀਆਂ ਦਾ ਵਲੀ ਹੋਣਾ, ਖ਼ੁਦ ਨੂੰ ਨਿਮਰਤਾ ਸਹਿਤ ਢਾਡੀ ਬੇਕਾਰ ਸਮਝਣਾ, ਮਰਦਾਨੇ ਤੇ ਉਸ ਦੀ ਰਬਾਬ ਨਾਲ ਸਦੀਵੀ ਸਾਂਝ, ਉਨ੍ਹਾਂ ਦੀਆਂ ਉਦਾਸੀਆਂ, ਮੂਲ ਮੰਤਰ, ਭਾਈ ਲਾਲੋ ਨਾਲ ਸਬੰਧ, ਵੇਈਂ ਪ੍ਰਵੇਸ਼, ਨਾਨਕੀ ਦੇ ਵੀਰੇ ਦੀ ਨਾਮ ਖ਼ੁਮਾਰੀ, ਕਵੀਆਂ ਵਲੋਂ ਉਨ੍ਹਾਂ ਦੇ ਪਰਤ ਆਉਣ ਲਈ ਕੀਤੀਆਂ ਅਰਜੋਈਆਂਗੱਲ ਕੀ ਇਨ੍ਹਾਂ ਕਵਿਤਾਵਾਂ ਵਿਚ ਉਨ੍ਹਾਂ ਦੇ ਵਿਅਕਤਿਤਵ ਨਾਲ ਸਬੰਧਿਤ ਕੋਈ ਵੀ ਵਿਸ਼ਾ ਅਣਛੋਹਿਆ ਨਹੀਂ ਰਿਹਾ।
ਪ੍ਰੋ: ਮੋਹਨ ਸਿੰਘ ਉਨ੍ਹਾਂ ਨੂੰ ਇੰਜ ਆਵਾਜ਼ਾਂ ਮਾਰਦਾ ਹੈ :
ਆ ਬਾਬਾ ਤੇਰਾ ਵਤਨ ਵੀਰਾਨ ਹੋ ਗਿਆ
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ
ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ।
ਸੁਰਜੀਤ ਪਾਤਰ ਦਾ ਕਾਵਿ ਇੰਜ ਕਹਿੰਦਾ ਹੈ :
ਜੋਤੀ ਜੋਤ ਸਮਾਇਆ ਉਹ ਤਾਂ
ਦੇਹ ਤੇ ਪੈ ਗਿਆ ਝੇੜਾ
ਅਗਨੀ ਆਖੇ ਮੇਰਾ ਹੈ ਉਹ
ਮਿੱਟੀ ਆਖੇ ਮੇਰਾ।
ਜਸਵਿੰਦਰ ਦਾ ਸ਼ੇਅਰ ਵੇਖੋ :
ਦੂਰ ਦੇ ਰਾਹੀਆਂ ਨੂੰ ਕੀ ਭੁੱਖਾਂ ਅਤੇ ਕੀ ਨੀਂਦਰਾਂ
ਚਲ ਬਈ ਮਰਦਾਨਿਆ ਹੁਣ ਚੱਲੀਏ ਅਗਲੇ ਗਰਾਂ
550ਵੇਂ ਪ੍ਰਕਾਸ਼ ਉਤਸਵ 'ਤੇ ਅਜਿਹਾ ਵਿਲੱਖਣ ਕਾਵਿ-ਸੰਗ੍ਰਹਿ ਤਿਆਰ ਕਰਨ ਲਈ ਸੰਪਾਦਕ ਵਧਾਈ ਦੇ ਪਾਤਰ ਹਨ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਵਾਕਿਆ-ਜੰਗ-ਏ-ਸਿੱਖਾਂ
ਮੂਲ ਫ਼ਾਰਸੀ ਲੇਖਕ : ਦੀਵਾਨ ਅਯੁਧਿਆ ਪ੍ਰਸਾਦ
ਅਨੁ: ਖੋਜੀ ਕਾਫ਼ਿਰ

ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 99150-48005.

ਪੰਜਾਬੀ ਦੀਵਾਨ ਆਨੰਦ ਕੁਮਾਰ ਨੂੰ ਜ਼ਰੂਰ ਜਾਣਦੇ ਹੋਣਗੇ। ਪੰਜਾਬ ਯੂਨੀਵਰਸਿਟੀ ਦਾ ਸ਼ਾਹੀ ਵਾਈਸ ਚਾਂਸਲਰ। ਦੀਵਾਨ ਅਯੁਧਿਆ ਪ੍ਰਸਾਦ ਉਸ ਦਾ ਪੜਦਾਦਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਦੀਵਾਨ। ਦੀਵਾਨ ਨੇ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਬਾਰੇ ਜੋ ਵੇਰਵੇ ਆਪਣੀ ਡਾਇਰੀ ਵਿਚ ਲਿਖੇ, ਉਨ੍ਹਾਂ ਦਾ ਅਨੁਵਾਦ ਹੈ ਇਸ ਕਿਤਾਬ ਵਿਚ। ਇਸ ਵਾਸਤੇ ਵੀ.ਐਸ. ਸੂਰੀ ਦੇ ਅੰਗਰੇਜ਼ੀ ਤਰਜਮੇ ਨੂੰ ਵੀ ਲੇਖਕ ਨੇ ਵਰਤਿਆ ਹੈ। ਕਿਤਾਬ ਦੀ ਸਮੱਗਰੀ, ਲੇਖਕ ਨਾਲ ਪੰਜਾਬੀ ਅਨੁਵਾਦ, ਸੰਪਾਦਕ ਖੋਜੀ ਕਾਫ਼ਿਰ ਦਾ ਭਾਵੁਕ ਰਿਸ਼ਤਾ ਹੈ। ਉਸ ਨੇ ਦੀਵਾਨ ਆਨੰਦ ਕੁਮਾਰ ਦੇ ਨਿੱਜੀ ਸਹਾਇਕ ਵਜੋਂ ਕੰਮ ਕੀਤਾ ਹੈ ਅਤੇ ਪੰਜਾਬੀ ਸਰਦਾਰ ਹੈ ਆਪ ਵੀ। ਆਮ ਪੰਜਾਬੀ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਬਾਰੇ ਭਾਵੁਕ ਹਨ ਅਤੇ ਇਸ ਬਾਰੇ ਕੇਵਲ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਵੇਰਵਿਆਂ ਤੋਂ ਹੀ ਵਾਕਿਫ਼ ਹਨ। ਦੀਵਾਨ ਅਯੁਧਿਆ ਪ੍ਰਸਾਦ ਦੀ ਲਿਖਤ ਉਪਰੋਕਤ ਜੰਗਨਾਮੇ ਤੋਂ ਦਸ ਕੁ ਸਾਲ ਪਹਿਲਾਂ ਦੀ ਹੈ। ਇਸ ਵਿਚ ਦਿੱਤੇ ਵੇਰਵੇ ਸ਼ਾਹ ਮੁਹੰਮਦ ਨਾਲੋਂ ਵੱਖਰੇ ਹਨ। ਇਨ੍ਹਾਂ ਵਿਚ ਪਹਾੜੀਆਂ, ਡੋਗਰਿਆਂ, ਅੰਗਰੇਜ਼ਾਂ ਦੀਆਂ ਸਾਜਿਸ਼ਾਂ, ਗ਼ਦਾਰੀਆਂ ਦਾ ਜ਼ਿਕਰ ਨਹੀਂ, ਜੋ ਸ਼ਾਹ ਮੁਹੰਮਦ ਵਿਚ ਹੈ। ਲੜਾਈ ਦੇ ਮੈਦਾਨ ਵਿਚ ਵੀ ਅੰਗਰੇਜ਼ ਭਾਰੀ ਦਿਸਦੇ ਹਨ। ਅਨੁਵਾਦਕ ਸੰਪਾਦਕ ਨੇ ਇਸ ਮਾਮਲੇ 'ਤੇ ਵਿਸਤਾਰ ਨਾਲ ਵਿਸ਼ਲੇਸ਼ਣ ਕਰਕੇ ਨਿਰਣਾ ਕੀਤਾ ਹੈ ਕਿ ਦੀਵਾਨ ਸਾਹਿਬ ਦਾ ਬਿਰਤਾਂਤ ਪ੍ਰਾਪਤ ਇਤਿਹਾਸਕ ਹਵਾਲਿਆਂ ਅਨੁਸਾਰ ਖਰਾ ਨਹੀਂ, ਪਰ ਇਸ ਨੂੰ ਪੂਰੀ ਤਰ੍ਹਾਂ ਨਕਾਰਨਾ ਵੀ ਉਚਿਤ ਨਹੀਂ।
ਦੀਵਾਨ ਸਾਹਿਬ ਦੇ ਬਿਰਤਾਂਤ ਦੀਆਂ ਸੀਮਾਵਾਂ, ਸਚਾਈ ਦੀ ਵੱਖ-ਵੱਖ ਪਹਿਲੂਆਂ ਤੋਂ ਛਾਣ-ਬੀਣ ਕਰਕੇ ਖੋਜੀ ਕਾਫ਼ਿਰ ਕਹਿੰਦਾ ਹੈ ਕਿ ਸਾਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਹੈ। ਮਹਾਰਾਜੇ ਦੀ ਮੌਤ ਉਪਰੰਤ ਆਪ ਮੁਹਾਰੀ ਸਿੱਖ ਫ਼ੌਜ, ਭਰਾ ਮਾਰੂ ਜੰਗ ਤੇ ਲਾਹੌਰ ਦਰਬਾਰ ਦੀ ਗੱਦੀ 'ਤੇ ਬਹਿਣ ਵਾਲੇ ਹਾਕਮਾਂ ਵਿਚ ਸਥਿਤੀਆਂ ਨਾਲ ਨਿਪਟਣ ਦੀ ਅਯੋਗਤਾ ਵੀ ਇਸ ਦੁਖਾਂਤ ਦੇ ਕਾਰਨ ਹਨ। ਅੰਗਰੇਜ਼ ਦੁਸ਼ਮਣ ਹੈ। ਉਹ ਤਾਂ ਪੰਜਾਬ ਨੂੰ ਫ਼ਤਹਿ ਕਰਨ ਲਈ ਸਭ ਕੁਝ ਕਰੇਗਾ ਹੀ। ਡੋਗਰੇ ਤੇ ਮਿਸਰ ਵੀ ਸਵਾਰਥੀ ਹੋ ਕੇ ਅੰਗਰੇਜ਼ਾਂ ਨਾਲ ਗੰਢ-ਤੁਪ ਕਰ ਸਕਦੇ ਹਨ। ਲਾਹੌਰ ਦੇ ਤਖ਼ਤ 'ਤੇ ਬੈਠਣ ਵਾਲਿਆਂ ਕੋਲ ਇਹ ਯੋਗਤਾ ਨਹੀਂ ਸੀ ਕਿ ਉਹ ਇਸ ਸਾਰੇ ਕੁਝ ਨੂੰ ਸਮਝ ਕੇ ਬਾਨ੍ਹਣੂੰ ਬੰਨ੍ਹ ਸਕਦੇ। ਉਹ ਭਰਾ ਮਾਰੂ ਜੰਗ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਅਸਫਲ ਰਹੇ। ਇਹੀ ਨਹੀਂ ਸਿੱਖ ਫ਼ੌਜ ਦਾ ਬੇਮੁਹਾਰਾਪਣ ਵੀ ਇਸ ਦੁਖਾਂਤ ਦਾ ਇਕ ਕਾਰਨ ਬਣਿਆ। ਅੰਗਰੇਜ਼, ਮਿਸ਼ਰ ਬ੍ਰਾਹਮਣ, ਡੋਗਰੇ ਹੀ ਨਹੀਂ, ਸਾਡੀਆਂ ਆਪਣੀਆਂ ਕਮਜ਼ੋਰੀਆਂ ਵੀ ਸਾਡੇ ਪਤਨ ਦੀਆਂ ਜ਼ਿੰਮੇਵਾਰ ਹਨ। ਕਾਫ਼ਰ ਦਾ ਨਿਰਣਾ ਹੈ ਕਿ ਅਸੀਂ 20ਵੀਂ, 21ਵੀਂ ਸਦੀ ਵਿਚ ਪਹੁੰਚ ਕੇ ਵੀ ਭਰਾ ਮਾਰੂ ਜੰਗ ਤੇ ਦੁਸ਼ਮਣ ਨੂੰ ਸਮਝਣ ਬਾਰੇ ਚੇਤਨ ਨਹੀਂ ਹੋਏ।

ਕੁਲਦੀਪ ਸਿੰਘ ਧੀਰ
ਮੋ: 98722-60550

c c c

ਸ਼ਬਦਾਂ ਦੀ ਜੰਗ
ਲੇਖਕ : ਜਗਤਾਰ ਸਮਾਲਸਰ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94670-95953.

ਵਾਰਤਕ ਸਾਹਿਤ-ਵਿਧਾ ਦੀ ਇਸ ਪੁਸਤਕ ਵਿਚ ਲੇਖਕ ਨੇ ਤਿੰਨ ਦਰਜਨ ਲੇਖ ਪਾਠਕਾਂ ਦੀ ਨਜ਼ਰ ਕੀਤੇ ਹਨ, ਜਿਨ੍ਹਾਂ ਵਿਚ ਉਸ ਨੇ ਘੋਖਵੀਂ ਅਤੇ ਤਿੱਖੀ ਨਜ਼ਰ ਦੁਆਰਾ ਕਈ ਸੰਵੇਦਨਸ਼ੀਲ ਸਮਾਜਿਕ ਮੁੱਦਿਆਂ ਨੂੰ ਉਭਾਰਦਿਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ। ਕਈ ਰਚਨਾਵਾਂ 'ਚ ਉਸ ਨੇ ਪੰਜਾਬੀ ਸੱਭਿਆਚਾਰ ਦੇ ਖੁਰ ਚੁੱਕੇ ਰੰਗਾਂ, ਉੱਤਰ ਆਧੁਨਿਕਤਾ ਕਰਕੇ ਆਈਆਂ ਦੁਖੀ ਕਰਨ ਵਾਲੀਆਂ ਤਬਦੀਲੀਆਂ ਪ੍ਰਤੀ ਉਦਾਸੀ ਅਤੇ ਉਦਰੇਵਾਂ ਜ਼ਾਹਰ ਕੀਤਾ ਹੈ। ਆਕਾਰ ਪੱਖੋਂ ਜਗਤਾਰ ਸਮਾਲਸਰ ਦੇ ਇਨ੍ਹਾਂ ਲੇਖਾਂ ਨੂੰ 'ਮਿੰਨੀ ਲੇਖ' ਕਹਿਣਾ ਅਤਿ ਢੁੱਕਵਾਂ ਹੋਵੇਗਾ। ਸਾਧਾਰਨ ਅਤੇ ਸਰਲ ਭਾਸ਼ਾ, ਸੌਖੇ-ਸਾਦੇ ਸ਼ਬਦਾਂ ਦੁਆਰਾ ਉਸ ਨੇ ਸੰਜੀਦਾ ਸ਼ੈਲੀ ਨੂੰ ਸਿਰਜਿਆ ਹੈ। ਇਕ ਪੱਤਰਕਾਰ ਵਾਲੀ ਤਿਰਛੀ ਅੱਖ ਅਤੇ ਸੋਚ ਨੇ ਉਸ ਦੇ ਇਨ੍ਹਾਂ ਲੇਖਾਂ ਵਿਚ ਯਥਾਰਥ ਦੇ ਤੱਤ ਨੂੰ ਖੂਬ ਸੰਚਾਰਿਆ ਹੈ। ਕਹਾਣੀ-ਰਸ ਉਸ ਦੀਆਂ ਇਨ੍ਹਾਂ ਰਚਨਾਵਾਂ ਦੀ ਜਿੰਦਜਾਨ ਹੈ। 'ਵਿਛੋੜੇ ਦੇ ਸੰਤਾਪ ਨੂੰ ਹੰਢਾਉਂਦਿਆਂ ਦਿਲ ਵਿਚੋਂ ਨਿਕਲਦੀਆਂ ਹੂਕਾਂ ਦਾ ਦਰਦ' ਵਰਗੇ ਲੇਖ ਪੰਜਾਬੀ ਸਮਾਜ 'ਚੋਂ ਮਿਲਦੇ ਮਾਨਸਿਕ ਦੁੱਖਾਂ ਕਰਕੇ ਪੰਜਾਬੀਆਂ ਦੇ ਦੁੱਖਾਂ ਦੀ ਹੂਕ ਨੂੰ ਬਿਆਨਦੇ ਹਨ। ਵਿਦਿਆਰਥੀਆਂ ਦੇ ਮਨਾਂ 'ਚ ਆਪਣੇ ਅਧਿਆਪਕਾਂ ਪ੍ਰਤੀ ਘਟ ਰਹੇ ਸਤਿਕਾਰ ਬਾਰੇ ਲਿਖਦਿਆਂ ਉਸ ਨੇ ਇਸ ਸਮੱਸਿਆ ਦਾ ਕਾਰਨ ਲਿਖਣ ਦਾ ਯਤਨ ਕੀਤਾ ਹੈ। ਵਹਿਮਾਂ-ਭਰਮਾਂ, ਧਾਗੇ ਤਵੀਤਾਂ ਦਾ ਖੰਡਨ ਕਰਦਿਆਂ ਉਸ ਦੀ ਤਰਕਸ਼ੀਲ ਸੋਚ ਪਾਠਕ ਨੂੰ ਇਨ੍ਹਾਂ ਵਿਰੁੱਧ ਡਟਣ ਲਈ ਵੰਗਾਰਦੀ ਹੈ। ਹੋਰ ਲੇਖਾਂ ਵਿਚ 'ਬਿਜੜੇ ਦੀ ਮਿਹਨਤ', 'ਸੁਧਾਰ ਘਰਾਂ ਦੇ ਅਸਲ ਮਾਅਨੇ ਸਮਝਣ ਦੀ ਲੋੜ', 'ਟੂਣੇ ਵਾਲੀਆਂ ਵੰਗਾਂ' ਵਰਗੇ ਲੇਖ ਪਾਠਕ ਨੂੰ ਸਮੁੱਚਾ ਲੇਖ ਸੰਗ੍ਰਹਿ ਤੁਰੰਤ ਨਿਬੇੜਨ ਲਈ ਪ੍ਰੇਰਿਤ ਕਰਦੇ ਹਨ। ਜਗਤਾਰ ਦੇ ਇਸ ਪਲੇਠੇ ਲੇਖ ਸੰਗ੍ਰਹਿ ਦਾ ਚਾਅ ਨਾਲ ਸਵਾਗਤ ਕੀਤਾ ਜਾਣਾ ਬਣਦਾ ਹੈ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

c c c

ਦਲਜੀਤ ਮੋਖਾ ਦੀਆਂ 25 ਕਵਿਤਾਵਾਂ
ਚੋਣਕਾਰ : ਰਵਿੰਦਰ ਸਹਿਰਾਅ, ਸੁਰਿੰਦਰ ਸੋਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 95011-45039.

ਰਵਿੰਦਰ ਸਹਿਰਾਅ ਅਤੇ ਸੁਰਿੰਦਰ ਸੋਹਲ ਪੰਜਾਬੀ ਕਾਵਿ-ਜਗਤ 'ਤ ਜਾਣੇ-ਪਛਾਣੇ ਕਾਵਿ-ਹਸਤਾਖ਼ਰ ਹਨ। ਉਨ੍ਹਾਂ ਵਲੋਂ ਦਲਜੀਤ ਮੋਖਾ ਨੂੰ ਅਕੀਦਤ ਵਜੋਂ 'ਦਲਜੀਤ ਮੋਖਾ ਦੀਆਂ 25 ਕਵਿਤਾਵਾਂ' (ਚੋਣਵਾਂ ਕਾਵਿ-ਸੰਗ੍ਰਹਿ) ਪੰਜਾਬੀ ਕਾਵਿ-ਪਾਠਕਾਂ ਨੂੰ ਭੇਟ ਕਰਕੇ ਸਲਾਹੁਣਯੋਗ ਕਾਰਜ ਕੀਤਾ ਹੈ। ਦਲਜੀਤ ਮੋਖਾ ਨੇ 1986 'ਚ 'ਸਮੁੰਦਰੀ ਹਵਾ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਸੀ। ਰਵਿੰਦਰ ਸਹਿਰਾਅ ਅਤੇ ਸੁਰਿੰਦਰ ਸੋਹਲ ਉਸ ਨੂੰ ਸਾਡੇ ਸਮਿਆਂ ਦਾ ਵੱਡਾ ਕਵੀ ਮੰਨਦੇ ਹਨ। ਇਸ ਦੇ ਨਾਲ ਹੀ ਉਸ ਦੇ ਸੁਭਾਅ ਵਾਂਗ ਉਸ ਦੀ ਕਵਿਤਾ ਵੀ ਸਹਿਜ-ਮਤੇ ਵਾਲੀ ਹੈ। ਉਸ ਦੀ ਕਵਿਤਾ ਵਿਖਾਵੇ ਦੀ ਥਾਵੇਂ ਧਰਤੀ ਨਾਲ ਜੁੜੇ ਲੋਕਾਂ ਦੇ ਸਰੋਕਾਰਾਂ ਦੀ ਬਾਤ ਪਾਉਂਦੀ ਹੈ। ਉਸ ਦੀ ਕਵਿਤਾ ਸੀਰਤ ਅਤੇ ਸਰੂਪ ਵਜੋਂ ਬੌਧਿਕ ਅੰਦਾਜ਼ ਵਾਲੀ ਤਾਂ ਹੈ ਹੀ ਪਰ ਮਾਨਵੀ ਸਰੋਕਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਅਤੇ ਮਨੁੱਖੀ ਹਮਦਰਦੀ ਦਾ ਪ੍ਰਗਟਾ ਵੀ ਕਰਦੀ ਹੈ। ਇਸ ਦੀ ਖਾਸ ਵਜ੍ਹਾ ਇਹ ਹੈ ਕਿ ਉਹ ਅਗਾਂਹਵਧੂ ਸੋਚ ਨੂੰ ਪ੍ਰਣਾਇਆ ਹੋਇਆ ਕਵੀ ਹੈ। ਮਨੁੱਖੀ ਹੋਂਦ ਨਾਲ ਜੁੜੇ ਅਜ਼ਲੀ ਪ੍ਰਸ਼ਨਾਂ ਨਾਲ ਜੂਝਦੀ ਉਸ ਦੀ ਕਵਿਤਾ ਮਾਨਵ-ਹਿਤੈਸ਼ੀ ਹੋਣ ਦਾ ਪਰਚਮ ਲਹਿਰਾਉਂਦੀ ਹੋਈ, ਮਾਨਵੀ ਦਮਨਕਾਰੀ ਸ਼ਕਤੀਆਂ ਖਿਲਾਫ਼ ਦੇ ਕੇ ਅਤੇ ਸੰਘਰਸ਼ ਰਾਹੀਂ ਡਟਣ ਦਾ ਸੰਦੇਸ਼ ਦਿੰਦੀ ਹੈ। ਇਸ ਪ੍ਰਸੰਗ 'ਚ 'ਖਾਲੀ', 'ਜੜ੍ਹਾਂ', 'ਮਦਾਰੀ', 'ਡਾਇਲਾਗ' ਅਤੇ 'ਕੁੜੀਆਂ' ਕਵਿਤਾਵਾਂ ਨੂੰ ਦੇਖਿਆ ਜਾ ਸਕਦਾ ਹੈ। ਦਲਜੀਤ ਮੋਖਾ ਯੁੱਗ ਦੇ ਆਰ-ਪਾਰ ਦੇਖਣ ਵਾਲਾ ਬੌਧਿਕ ਕਵੀ ਹੋਣ ਕਰਕੇ ਆਪਣੀਆਂ ਕਵਿਤਾਵਾਂ 'ਚ ਸਮਕਾਲ 'ਚ ਵਾਪਰਦੇ ਦੁਖਾਂਤ, ਤਣਾਓ, ਹਿੰਸਾ, ਦੁੱਖ, ਡਰ, ਦਹਿਸ਼ਤ, ਭਵਿੱਖ ਪ੍ਰਤੀ ਨਾਂਹ-ਮੁਖੀ ਸੋਚ ਦਾ ਪੁੰਗਰਲਾ, ਸੁਪਨਿਆਂ ਦਾ ਮਰਨਾ ਦੇ ਭਾਵਾਂ ਨੂੰ ਪ੍ਰਗਟ ਕਰਦਿਆਂ, ਇਸ ਸੰਕਟਮਈ ਸਥਿਤੀ 'ਚੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਦਾ ਵੀ ਸੰਕੇਤ ਕਰਦਾ ਹੈ :
ਕੰਧਾਂ ਕਮਰੇ ਕੰਬ ਜਾਂਦੇ ਨੇ
ਘਰ ਦਾ ਜਦ ਦਰਵਾਜ਼ਾ ਖੜਕੇ।
ਤਾਰੇ ਟੁੱਟੇ ਚਾਨਣ ਮੋਇਆ,
ਚੰਨ ਰਾਤ ਦੇ ਵਿਹੜੇ ਸਿਸਕੇ।
ਮਹਿਕਾਂ ਦੀ ਰੁੱਤ ਹੈ ਕੈਸੀ,
ਆਈਆਂ ਵਾਵਾਂ, ਜ਼ਹਿਰਾਂ ਭਰ ਕੇ।
ਰਵਿੰਦਰ ਸਹਿਰਾਅ ਅਤੇ ਸੁਰਿੰਦਰ ਸੋਹਲ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਕਾਵਿ-ਸੰਗ੍ਰਹਿ ਰਾਹੀਂ ਅਜ਼ੀਮ ਸ਼ਾਇਰ ਦਲਜੀਤ ਮੋਖਾ ਦੀ ਪੁਨਰ ਸਾਂਝ ਪੰਜਾਬੀ ਕਾਵਿ-ਪਾਠਕਾਂ ਨਾਲ ਕਰਵਾਉਣ ਦਾ ਸਾਰਥਿਕ ਯਤਨ ਕੀਤਾ ਹੈ। ਆਸ ਕਰਦਾ ਹਾਂ ਕਿ ਇਸ ਕਾਵਿ-ਸੰਗ੍ਰਹਿ ਖੋਜਾਰਥੀ ਅਤੇ ਪੰਜਾਬੀ ਪਾਠਕ ਦਲਜੀਤ ਮੋਖਾ ਦੀ ਕਾਵਿ-ਦ੍ਰਿਸ਼ਟੀ ਅਤੇ ਕਾਵਿ-ਚਿੰਤਨ ਪ੍ਰਤੀ ਆਪਣਾ ਭਰਵਾਂ ਹੁੰਗਾਰਾ ਭਰਨਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਤਲੀ 'ਤੇ ਬੈਠਾ ਰੱਬ ਦਾ ਆਲੋਚਨਾਤਮਕ ਵਿਸ਼ਲੇਸ਼ਣ
ਸੰਪਾਦਕ : ਪ੍ਰੋ: ਸਰਬਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 95100-84002.

'ਤਲੀ 'ਤੇ ਬੈਠਾ ਰੱਬ ਦਾ ਆਲੋਚਨਾਤਮਕ ਵਿਸ਼ਲੇਸ਼ਣ' ਪ੍ਰੋ: ਸਰਬਜੀਤ ਕੌਰ ਨੇ ਵੱਖ-ਵੱਖ ਵਿਦਵਾਨਾਂ ਦੁਆਰਾ ਲਿਖੇ ਗਏ 22 ਲੇਖਾਂ ਦੀ ਸੰਪਾਦਨਾ ਇਸ ਪੁਸਤਕ ਵਿਚ ਕੀਤੀ ਹੈ, ਜਿਨ੍ਹਾਂ ਵਿਚ ਪ੍ਰਸਿੱਧ ਕਵੀ ਬੇਜ਼ਾਰ ਨਾਗਾ ਦੀ ਪੁਸਤਕ 'ਤਲੀ 'ਤੇ ਬੈਠਾ ਰੱਬ' ਬਾਰੇ ਆਲੋਚਨਾਤਮਕ ਲੇਖ ਲਿਖਵਾਏ ਗਏ ਹਨ। ਜਿਵੇਂ ਕਿ ਪਹਿਲਾ ਲੇਖ ਡਾ: ਗੁਰਪ੍ਰੀਤ ਕੌਰ ਦੁਆਰਾ ਲਿਖਿਆ ਗਿਆ ਹੈ, ਜਿਸ ਵਿਚ ਆਧੁਨਿਕ ਬੰਦੇ ਦੀਆਂ ਮਾਨਸਿਕ ਗੁੰਝਲਾਂ ਨੂੰ ਦਰਸਾਇਆ ਗਿਆ ਹੈ ਅਤੇ ਸਮਾਜ ਵਿਚ ਹੋ ਰਹੀ ਦੁਰਦਸ਼ਾ ਨੂੰ ਬਿਆਨ ਕੀਤਾ ਗਿਆ ਹੈ। ਅਗਲਾ ਲੇਖ ਡਾ: ਸੁਖਵਿੰਦਰ ਕੌਰ ਦੁਆਰਾ ਲਿਖਿਆ ਗਿਆ ਹੈ, ਜਿਸ ਵਿਚ ਸ਼ਬਦਾਂ ਦੀ ਸ਼ਕਤੀ ਵਿਚ ਬਦਲਾਅ ਦੀ ਇੱਛਾ ਸ਼ਕਤੀ ਨੂੰ ਦਰਸਾਇਆ ਗਿਆ ਹੈ। ਡਾ: ਮਨਪ੍ਰੀਤ ਕੌਰ ਨੇ ਤਲੀ 'ਤੇ ਬੈਠਾ ਰੱਬ ਵਿਚਲੇ ਨਿੱਜੀ ਅਨੁਭਵਾਂ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਇਸੇ ਪ੍ਰਕਾਰ ਹੀ ਡਾ: ਰੁਪਿੰਦਰਜੀਤ ਗਿੱਲ ਅਤੇ ਡਾ: ਸੁਖਵਿੰਦਰ ਕੌਰ ਨੇ ਆਪ ਹੰਢਾਏ ਸੱਚ ਦੀ ਪੇਸ਼ਕਾਰੀ ਤਲੀ 'ਤੇ ਬੈਠਾ ਰੱਬ ਵਿਚਲੀਆਂ ਕਵਿਤਾਵਾਂ ਦੇ ਆਧਾਰ 'ਤੇ ਕੀਤੀ ਹੈ। ਡਾ: ਹਰਜਿੰਦਰ ਕੌਰ ਅਤੇ ਡਾ: ਗੁਰਬਿੰਦਰ ਕੌਰ ਬਰਾੜ ਨੇ ਇਸ ਕਾਵਿ-ਸੰਗ੍ਰਹਿ ਵਿਚਲੇ ਅਹਿਮ ਪਹਿਲੂਆਂ ਨੂੰ ਲੈ ਕੇ ਆਲੋਚਨਾਤਮਕ ਲੇਖ ਲਿਖੇ ਹਨ, ਜਿਵੇਂ ਵਿਸਾਖੀ ਕਵਿਤਾ ਵਿਚ ਹਰ ਸਾਲ ਆਉਣ ਵਾਲੀ ਵਿਸਾਖੀ ਤੇ ਕਵੀ ਨੇ ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਵਰਗੀਆਂ ਘਟਨਾਵਾਂ ਦਾ ਇਤਿਹਾਸਕ ਬਿਰਤਾਂਤ ਸਿਰਜਿਆ ਹੈ। ਜਿਵੇਂ :
'ਕਦੋਂ ਆਵੇਗੀ ਇਕ ਹੋਰ/ਇਹੋ ਜਿਹੀ ਵਿਸਾਖੀ
ਜਦੋਂ ਅਗਲੇ ਯੁੱਗ ਦੀ ਗੀਤਾ/ਮੈਂ ਲਿਖਾਂਗਾ।'
ਕਵਿਤਾ ਵਿਚ ਦੱਸਿਆ ਗਿਆ ਹੈ ਕਿ ਇਤਿਹਾਸ ਬਹੁਤ ਜ਼ਬਰਦਸਤ ਹੁੰਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਲੇਖਕਾਂ ਨੇ ਵੱਖ-ਵੱਖ ਲੇਖਾਂ ਦੁਆਰਾ ਇਸ ਪੁਸਤਕ ਨੂੰ ਅਨੁਭਵ ਕਰਕੇ ਵਿਸ਼ਲੇਸ਼ਣਾਤਮਕ ਅਧਿਐਨ ਕੀਤਾ ਹੈ। ਸੰਪਾਦਕਾ ਵਧਾਈ ਦੀ ਪਾਤਰ ਹੈ।

ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161.

c c c

23-05-2020

 ਰਿਜ਼ਕ
ਲੇਖਕ : ਅਵਤਾਰ ਸਿੰਘ ਬਿਲਿੰਗ
ਪ੍ਰਕਾਸ਼ਕ : ਐਵਿਸ਼ ਪਬਲੀਕੇਸ਼ਨ, ਦਿੱਲੀ-ਪੰਜਾਬ
ਮੁੱਲ : 595 ਰੁਪਏ, ਸਫ਼ੇ : 445
ਸੰਪਰਕ : 82849-09596.

'ਰਿਜ਼ਕ' ਪੰਜਾਬੀ ਦੇ ਪ੍ਰਬੁੱਧ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਦਾ ਨਵਾਂ ਨਾਵਲ ਹੈ। ਅਵਤਾਰ ਸਿੰਘ ਬਿਲਿੰਗ ਨੂੰ ਪੰਜਾਬੀ ਗਲਪਕਾਰੀ ਵਿਚ ਪੰਜਾਬ ਦੇ ਕਿਸਾਨੀ ਜੀਵਨ ਦੀਆਂ ਰਹਿਤਲਾਂ ਨੂੰ ਉਨ੍ਹਾਂ ਦੇ ਭਰਪੂਰ ਪਾਸਾਰਾਂ ਸਮੇਤ ਪੁਨਰ ਸਿਰਜਿਤ ਕਰਨ ਵਾਲੇ ਸਫ਼ਲ ਰਚੇਤਾ ਵਜੋਂ ਜਾਣਿਆ ਜਾਂਦਾ ਹੈ। ਮੱਧ ਵਰਗੀ ਕਿਸਾਨੀ ਦੀਆਂ ਫੋਕੀਆਂ ਚੜ੍ਹਤਾਂ ਅਤੇ ਕਿਸਾਨੀ ਯਥਾਰਥ ਦੀਆਂ ਗਹਿਰੀਆਂ ਰਮਜ਼ਾਂ ਨੂੰ ਪਛਾਨਣ ਅਤੇ ਪਕੜਨ ਵਿਚ ਉਸ ਦੀ ਮੁਹਾਰਤ ਸਮਕਾਲੀ ਨਾਵਲ ਦਾ ਨਿਵੇਕਲਾ ਹਾਸਲ ਹੈ। ਇਸ ਨਾਵਲ ਵਿਚ ਉਸ ਨੇ ਆਪਣੇ ਪਰਵਾਸੀ ਅਨੁਭਵ ਨੂੰ ਜੋੜ ਕੇ ਸਮਕਾਲੀ ਪੰਜਾਬੀ ਯਥਾਰਥ ਦੀ ਜੋ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਹੈ, ਇਹ ਆਪਣੇ-ਆਪ ਵਿਚ ਇਕ ਵੱਖਰਾ ਯਤਨ ਹੈ। ਪਰਵਾਸੀ ਪੰਜਾਬੀਆਂ ਦਾ ਪੰਜਾਬ ਵਿਚ ਰਹਿ ਗਏ ਪਰਿਵਾਰਕ ਮੈਂਬਰਾਂ ਨਾਲ ਰਵਾਇਤੀ ਤਣਾਓ ਅਤੇ ਪੱਛਮੀ ਚਕਾਚੌਂਧ ਦਾ ਮੂਲ ਪੰਜਾਬੀ ਸੁਭਾਅ ਨਾਲ ਟਕਰਾਓ ਇਸ ਨਾਵਲ ਦੇ ਅਜਿਹੇ ਮੋਟਿਫ਼ ਹਨ, ਜਿਨ੍ਹਾਂ ਰਾਹੀਂ ਉਸਰ ਰਿਹਾ ਇਸ ਨਾਵਲ ਦਾ ਕਥਾਨਕ, ਨਾਵਲ ਨੂੰ ਇਕੋ ਵੇਲੇ ਰਵਾਇਤੀ ਕਥਾਕਾਰੀ ਤੱਕ ਸੀਮਤ ਕਰਦਾ ਹੋਇਆ ਵੀ ਤਣਾਓ-ਸੁਲਝਾਓ ਦੀਆਂ ਜੁਗਤਾਂ ਅਤੇ ਲੁਕਾਉਣ ਪ੍ਰਗਟਾਉਣ ਦੀਆਂ ਵਿਧੀਆਂ ਰਾਹੀਂ ਪ੍ਰਮਾਣਿਕ ਨਾਵਲੀ-ਬਿੰਬ ਦੀ ਸਿਰਜਣਾ ਤੱਕ ਵਿਸਤਾਰ ਦਿੰਦਾ ਹੈ।
ਆਪਣੇ ਪ੍ਰੇਰਨਾ ਸਰੋਤ ਹੈਡਮਾਸਟਰ ਗੁਰਦਿਆਲ ਸਿੰਘ ਬਰਮਾ ਨੂੰ ਸਮਰਪਿਤ ਕੀਤੇ ਹੋਏ ਇਸ ਨਾਵਲ ਦੇ ਕੇਂਦਰੀ ਪਾਤਰ ਬੰਤਾ ਸਿੰਘ ਅਤੇ ਉਸ ਦੇ ਆਲੇ ਦੁਆਲੇ ਵਿਚਰ ਰਹੇ ਬਹੁਤੇ ਪਾਤਰ, ਉਸ ਰਵਾਇਤੀ ਪੰਜਾਬੀ ਮਾਨਸਿਕਤਾ ਦੇ ਪ੍ਰਤੀਨਿਧ ਪਾਤਰ ਹਨ, ਜੋ ਤਰ੍ਹਾਂ-ਤਰ੍ਹਾਂ ਦੇ ਜਫ਼ਰ ਜਾਲ ਕੇ, ਏਜੰਟਾਂ ਦੀ ਲੁੱਟ-ਘਸੁੱਟ ਦਾ ਸ਼ਿਕਾਰ ਹੋ ਕੇ, ਕੱਚੇ ਪੱਕੇ ਵਿਆਹ ਕਰਵਾ ਕੇ, ਝੂਠੀਆਂ-ਮੂਠੀਆਂ ਸ਼ਰਨਾਂ ਲੈ ਕੇ ਪੰਜਾਬ ਨੂੰ ਅਲਵਿਦਾ ਆਖਦੇ ਹੋਏ ਅਮਰੀਕਾ ਵਿਚ ਪ੍ਰਵੇਸ਼ ਪਾਉਂਦੇ ਹਨ। ਪਰ ਆਪਣੇ ਧੁਰ ਅੰਦਰ ਵਸਦੀ ਹੋਈ ਪੰਜਾਬੀ ਤਾਸੀਰ ਤੋਂ ਪਿੱਛਾ ਛੁਡਵਾ ਸਕਣਾ, ਉਨ੍ਹਾਂ ਦੇ ਵੱਸ ਵਿਚ ਨਹੀਂ ਹੈ। ਪਰਵਾਸੀ ਜੀਵਨ ਦੀਆਂ ਭਿੰਨ-ਭਿੰਨ ਪਰਤਾਂ ਨੂੰ ਪ੍ਰਗਟਾਉਣ ਵਾਲੇ ਲਗਪਗ ਸਾਰੇ ਵੇਰਵੇ ਇਸ ਨਾਵਲ ਦਾ ਹਿੱਸਾ ਬਣਦੇ ਹਨ, ਜਿਨ੍ਹਾਂ ਨਾਲ ਮੂਲ ਪੰਜਾਬ ਅਤੇ 'ਪਰਵਾਸੀ ਪੰਜਾਬ' ਜੂਝ ਰਿਹਾ ਹੈ। ਹੋਰ ਅਤੇ ਹੋਰ ਬਿਹਤਰ ਜ਼ਿੰਦਗੀ ਜਿਊਣ ਦੀ ਤੜਫ਼, ਦੇਖਾ-ਦੇਖੀ ਬਾਹਰ ਜਾਣ ਦੀ ਲਾਲਸਾ, ਪੈਸੇ ਕਮਾ ਕੇ ਪਰਤ ਆਉਣ ਦੀ ਕਸਕ, ਪਰਵਾਸੀ ਪੂੰਜੀ ਪ੍ਰਧਾਨ ਸਮਾਜ ਵਿਚ ਸਮਾ ਜਾਣ ਦੀ ਅਸਮਰੱਥਾ, ਪਿੱਛੇ ਰਹਿ ਗਏ ਪਰਿਵਾਰਾਂ ਨਾਲ ਸ਼ਰੀਕੇਬਾਜ਼ੀ ਦੀ ਠੰਢੀ ਜੰਗ, ਮੂਲ ਪੰਜਾਬ ਨੂੰ ਬਦਲਣ ਦੀ ਗੁੱਝੀ ਤੜਫ਼, ਸੁੱਖ ਭੋਗਣ ਦੀ ਲਾਲਸਾ ਵਿਚ ਗਰਕ ਹੋ ਰਹੀਆਂ ਅਮੀਰ ਪੰਜਾਬੀ ਰਵਾਇਤਾਂ ਅਤੇ ਇਸ ਦੇ ਉਲਟ ਪੰਜਾਬੀਅਤ ਦੀ ਪਛਾਣ ਨੂੰ ਬਣਾਈ ਰੱਖਣ ਲਈ ਗਹਿਰੇ ਹੋ ਰਹੇ ਮਾਨਸਿਕ ਸੰਕਟ, ਇਹ ਸਾਰੇ ਵੇਰਵੇ ਇਕੋ ਨਾਵਲ ਵਿਚ ਪਰੋ ਕੇ ਪੰਜਾਬੀਆਂ ਦੇ ਦਿਨੋ-ਦਿਨ ਗਹਿਰੇ ਹੋ ਰਹੇ ਆਰਥਿਕ, ਸਮਾਜਿਕ, ਸੱਭਿਆਚਾਰਕ, ਭਾਸ਼ਾਈ ਅਤੇ ਮਾਨਸਿਕ ਸਰੋਕਾਰਾਂ ਨੂੰ ਮੁਖਾਤਿਬ ਹੋਣਾ ਇਸ ਨਾਵਲ ਦਾ ਹਾਸਲ ਹੈ। ਬੰਤਾ ਸਿੰਘ, ਨੱਥਾ ਸਿੰਘ, ਝੰਡਾ ਸਿੰਘ, ਸੱਜਣ ਸਿੰਘ, ਜਿੰਦਰ ਅਤੇ ਜੀਤਾਂ ਦੇ ਨਾਲ-ਨਾਲ ਰਿਜ਼ਕ ਅਤੇ ਸੱਭਿਆਚਾਰਕ ਪਛਾਣ ਵੀ ਇਸ ਨਾਵਲ ਦੇ ਪਾਤਰਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਦਾ ਆਪਸੀ ਤਣਾਓ ਇਸ ਦੇ ਨਾਵਲੀ ਬਿੰਬ ਨੂੰ ਉਸਾਰਨ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ। ਅਵਤਾਰ ਸਿੰਘ ਬਿਲਿੰਗ ਵਲੋਂ ਸਖ਼ਤ ਮਿਹਨਤ ਨਾਲ ਕੀਤੀ ਗਈ ਇਸ ਵਡ-ਆਕਾਰੀ ਸੂਖਮ ਸਿਰਜਣਾ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਸਾਡਾ ਵਿਰਸਾ : ਸਾਡੇ ਲੋਕ
(ਪੰਜਾਬੀ ਸੱਭਿਆਚਾਰ : ਇਕ ਦਸਤਾਵੇਜ਼)
ਲੇਖਕ : ਬਾਬੂ ਸਿੰਘ ਰੈਹਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94784-83529.

ਇਸ ਪੁਸਤਕ ਵਿਚ ਲੁਪਤ ਹੋ ਰਹੇ ਪੇਂਡੂ ਪੰਜਾਬੀ ਸੱਭਿਆਚਾਰ 'ਤੇ ਡੂੰਘੀ ਝਾਤ ਪੁਆਈ ਗਈ ਹੈ। ਬੇਸ਼ੱਕ ਸ਼ਹਿਰੀ ਪੰਜਾਬੀ ਸੱਭਿਆਚਾਰ ਵੀ ਇਸ ਤੋਂ ਬਹੁਤਾ ਅੱਡਰਾ ਨਹੀਂ ਹੈ। ਲੇਖਕ ਨੇ ਕਿਤਾਬ ਵਿਚ ਮਨਫ਼ੀ ਹੋ ਰਹੇ ਸੱਭਿਆਚਾਰ ਸਬੰਧੀ 15 ਨਿਬੰਧ ਸ਼ਾਮਿਲ ਕੀਤੇ ਹਨ। ਪਹਿਲਾ ਨਿਬੰਧ 'ਸਾਡਾ ਗੌਰਵਮਈ ਇਤਿਹਾਸ, ਸੱਭਿਆਚਾਰ ਤੇ ਵਿਰਸਾ' ਇਨ੍ਹਾਂ ਨਿਬੰਧਾਂ ਨੂੰ ਆਧਾਰ-ਭੂਮੀ ਪ੍ਰਦਾਨ ਕਰਦਾ ਹੈ। ਇਨ੍ਹਾਂ ਨਿਬੰਧਾਂ ਦਾ ਵਾਰਤਕ-ਕੋਡ 'ਰੁਖ਼ਸਤ ਹੋ ਰਿਹਾ ਸੱਭਿਆਚਾਰ' ਨਿਸਚਤ ਕੀਤਾ ਜਾ ਸਕਦਾ ਹੈ। ਸੱਭਿਆਚਾਰ ਦੇ ਵਰਣਿਤ ਸਾਰੇ ਪੱਖ 'ਉਹ ਵੀ ਦਿਨ ਸਨ' ਤੋਂ ਲੈ ਕੇ 'ਕਿੱਧਰ ਗਏ ਉਹ ਦਿਨ' ਤੱਕ ਨੂੰ ਆਪਣੇ ਕਲਾਵੇ ਵਿਚ ਲੈਂਦੇ ਹਨ। ਪੁਸਤਕ ਦਾ ਡੂੰਘਾ ਅਧਿਐਨ ਕਰਦਿਆਂ ਲੇਖਕ ਦੀ ਪ੍ਰੌੜ ਉਮਰ ਅਤੇ ਚਿੰਤਨ ਦ੍ਰਿਸ਼ਟੀ 'ਯਾਦਾਂ' ਦੁਆਰਾ ਬਚਪਨ ਅਤੇ ਚੜ੍ਹਦੀ ਜਵਾਨੀ ਤੇ ਫ਼ੋਕਸੀਕਰਨ ਕਰਦੀ ਰੁੱਝੀ ਵੇਖੀ ਜਾ ਸਕਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਵੱਖ-ਵੱਖ ਨਿਬੰਧਾਂ ਵਿਚ ਅਲਿਖਤੀ ਲੋਕ ਸਾਹਿਤ, ਲੁਪਤ ਹੋ ਰਿਹਾ ਪੁਰਾਤਨ ਵਿਰਸਾ, ਵਿਆਹਾਂ ਦੀਆਂ ਰਸਮਾਂ, ਆਚਾਰ-ਵਿਹਾਰ, ਤਿੱਥ-ਤਿਉਹਾਰ, ਖੇਡਾਂ, ਮਨੋਰੰਜਨ, ਚਰਖੇ-ਤ੍ਰਿੰਞਣ, ਫ਼ਸਲਾਂ, ਖੂਹ-ਟੋਭੇ, ਡੰਗਰ ਚਰਦੇ ਪਾਲੀ ਅਤੇ ਉਨ੍ਹਾਂ ਦੀਆਂ ਚਰਾਗਾਹਾਂ, ਕਿਸਾਨ ਅਤੇ ਉਸ ਦੇ ਖੇਤੀ-ਸਹਾਇਕ ਲਾਗੀ ਸਭੇ ਹੀ ਸਾਂਝੇ ਸੱਭਿਆਚਾਰ ਦੀ ਝਾਕੀ ਪੇਸ਼ ਕਰਦੇ ਹੋਏ, ਹੁਣ ਪੱਛਮੀ-ਸੱਭਿਆਚਾਰ ਦੇ ਗਲਬੇ ਵਿਚ ਆ ਕੇ ਤਬਦੀਲੀ ਗ੍ਰਹਿਣ ਕਰਦੇ ਹੋਏ ਆਪਣੇ ਮੂਲ ਤੋਂ ਪਰਾਹਣ ਕਰਕੇ ਹੋਰ ਦੇ ਹੋਰ ਹੋ ਗਏ ਹਨ। ਲੇਖਕ ਦੇ ਨਿਬੰਧਾਂ ਦੀ ਖੂਬੀ ਇਸ ਤੱਥ ਵਿਚ ਨਿਹਿਤ ਹੈ ਕਿ ਸੂਖਮ ਤੋਂ ਸੂਖਮ, ਅਣਗੌਲੀਆਂ ਵਰਤਾਰੇ ਦੀਆਂ ਘਟਨਾਵਾਂ ਨੂੰ ਬੜੀ ਪ੍ਰਮਾਣਿਕਤਾ ਸਹਿਤ ਪ੍ਰਸਤੁਤ ਕੀਤਾ ਗਿਆ ਹੈ। ਇੰਜ ਲਗਦਾ ਹੈ ਜਿਵੇਂ ਇਨ੍ਹਾਂ ਵਰਤਾਰਿਆਂ ਨੂੰ ਆਪਣੇ ਅੱਖੀਂ ਵੇਖਿਆ, ਬਜ਼ੁਰਗਾਂ ਤੋਂ ਸੁਣਿਆ ਅਤੇ ਹੱਡੀਂ ਵੀ ਹੰਢਾਇਆ ਹੋਵੇ। ਪੇਂਡੂ ਲੋਕਾਂ ਦੀ ਸਾਧਾਰਨਤਾ, ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੀ ਸਾਂਝ ਨੂੰ ਉਜਾਗਰ ਕੀਤਾ ਗਿਆ ਹੈ। ਬੇਸ਼ੁਮਾਰ ਭੁੱਲੀ-ਵਿਸਰੀ ਸ਼ਬਦਾਵਲੀ ਨੋਟ ਕੀਤੀ ਜਾ ਸਕਦੀ ਹੈ ਮਸਲਨ: ਹਾਲਾ, ਹਾਰਾ, ਵੱਛੀਕੇ, ਸੁੱਬ, ਪੰਨ੍ਹੀ, ਤਾੜਾ, ਛੋਪਾ, ਕੋਰੇ, ਪੱਤਲ, ਕੱਥਨ, ਨਾੜਕਾ, ਵਹਿੰਗੀ, ਲੱਲ੍ਹੇ, ਨੂਣ-ਨਿਹਾਣੀ ਆਦਿ। ਪ੍ਰਕਿਰਤੀ ਜਾਂ ਹੋਰ ਕੋਈ ਦ੍ਰਿਸ਼-ਚਿਤਰਣ ਸਮੇਂ ਲੇਖਕ ਦੀ ਕਾਵਿ-ਸ਼ੈਲੀ ਰੂਪਮਾਨ ਹੁੰਦੀ ਹੈ। ਰਤਾ ਵੇਖੋ : '... ਵਗਦੀ ਹਵਾ ਨਾਲ ਮੱਲੇ ਹੋਏ ਇੱਖ ਵਿਚੋਂ ਦੀ ਸਰਕਦੀ ਹਵਾ ਨਾਲ ਸਾਂ ਸਾਂ ਦੀ ਆਵਾਜ਼ ਪੈਦਾ ਹੁੰਦੀ ਹੈ। ਆਗਾਂ ਨਾਲ ਆਗ ਖਹਿੰਦੇ। ਗਲਵਕੜੀਆਂ ਪਾਉਂਦੇ। ਇਕ ਅੱਡਰੀ ਤਰ੍ਹਾਂ ਦਾ ਸੰਗੀਤ ਪਸਰਦਾ।'... ਪੰ. 67
ਲਗਪਗ ਹਰ ਨਿਬੰਧ ਪੁਰਾਤਨ ਵਿਰਸੇ ਲਈ ਹੇਰਵੇ ਨਾਲ ਬੰਦ ਹੁੰਦਾ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਪਿਆਸੀ ਨਦੀ
ਕਵਿੱਤਰੀ : ਪਰਵਿੰਦਰ ਗੋਗੀ
ਪ੍ਰਕਾਸ਼ਕ : ਰਹਾਉ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 130 ਰੁਪਏ, ਸਫ਼ੇ : 96
ਸੰਪਰਕ : 78890-06635.

'ਪਿਆਸੀ ਨਦੀ' ਕਾਵਿ-ਸੰਗ੍ਰਹਿ ਕਵਿੱਤਰੀ ਪਰਵਿੰਦਰ ਗੋਗੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਹਥਲੇ ਸੰਗ੍ਰਹਿ 'ਚ ਉਸ ਦੀਆਂ 61 ਕਾਵਿ ਰਚਨਾਵਾਂ ਸ਼ਾਮਿਲ ਹਨ। ਉਸ ਦੀ ਕਵਿਤਾ ਬੰਦਿਆਂ ਦੀ ਭੀੜ 'ਚੋਂ ਇਨਸਾਨ ਨੂੰ ਤਲਾਸ਼ਦੀ ਪ੍ਰਤੀਤ ਹੁੰਦੀ ਹੈ। ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਨਸ਼ੇ, ਆਰਥਿਕ ਪੱਖ ਤੋਂ ਕੱਖੋਂ ਹੌਲੇ ਹੋ ਰਹੇ ਕਿਸਾਨ ਦਾ ਖ਼ੁਦਕੁਸ਼ੀਆਂ ਦੇ ਰਾਹ ਤੁਰਨਾ, ਸਿਆਸਤ ਦੀ ਗੰਧਲੀ ਖੇਡ, ਹਵਾਵਾਂ 'ਚ ਘੁਲ ਰਹੇ ਪ੍ਰਦੂਸ਼ਣ ਰੂਪੀ ਜ਼ਹਿਰ ਤੋਂ ਚਿੰਤਾਤੁਰ ਹੋ ਕੇ ਉਹ ਪਿੰਡਾਂ ਦੀ ਖੁਸ਼ਗਵਾਰ ਫ਼ਿਜ਼ਾ ਅਤੇ ਬੀਤੇ ਭਲੇ ਜ਼ਮਾਨੇ ਪਰਤਣ ਦੀ ਉਡੀਕ ਕਰਦੀ ਜਾਪਦੀ ਹੈ। ਦੇਸ਼ ਦੀ ਆਜ਼ਾਦੀ ਨਾਲ ਹੀ ਧਰਤੀ ਦੀ ਹਿੱਕ 'ਤੇ ਉਕਰੀ ਗਈ ਵੰਡ ਦੀ ਲੀਕ ਉਸ ਨੂੰ ਬੇਚੈਨ ਕਰਦੀ ਹੈ। ਉਸ ਦੀ ਕਵਿਤਾ ਵਸਲ ਨੂੰ ਤਾਂਘਦੀ ਹੈ, ਕਦੇ ਹਿਜਰਾਂ ਦੀਆਂ ਪੂਣੀਆਂ ਕੱਤਦੀ ਹੈ :
ਜਿਸਮ ਚਰਖੜੇ ਉੱਤੇ ਢੋਲਾ,
ਮਾਹਲ ਮੁਹੱਬਤ ਤੇਰੀ ਵੇ।
ਹਿਜਰਾਂ ਦੀਆਂ ਕੱਤਾਂ ਪੂਣੀਆਂ,
ਹਾਉਕਿਆਂ ਦੀ ਤੰਦ ਲੰਮੇਰੀ ਵੇ।
ਇਨ੍ਹਾਂ ਕਾਵਿ ਰਚਨਾਵਾਂ 'ਚ ਝਗੜੇ-ਝੇੜੇ, ਨਫ਼ਰਤਾਂ ਨੂੰ ਖ਼ਤਮ ਕਰਕੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਹੋਕਾ ਹੈ। ਸ਼ਾਇਰਾ ਨੂੰ ਪੇਕੇ ਪਿੰਡ ਦੀ ਹਰ ਸ਼ੈਅ ਦੁਨੀਆ ਦੀ ਸਭ ਤੋਂ ਮੁੱਲਵਾਨ ਵਸਤੂ ਜਾਪਦੀ ਹੈ। ਅਜੋਕੇ ਸਮਾਜ 'ਚ ਗਰਜ਼ਾਂ ਨਾਲ ਬੱਝੇ ਰਿਸ਼ਤਿਆਂ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ। ਉਸ ਦੀ ਕਵਿਤਾ ਹਵਸ 'ਚ ਅੰਨ੍ਹੇ ਰਾਖ਼ਸ਼ਾਂ ਵਲੋਂ ਮਾਸੂਮ ਬਾਲੜੀਆਂ ਦੇ ਬਚਪਨ ਕੋਹੇ ਜਾਣ 'ਤੇ ਫਟਕਾਰਾਂ ਲਗਾਉਂਦੀ ਹੈ ਅਤੇ ਰੁੱਖਾਂ-ਕੁੱਖਾਂ 'ਤੇ ਮੰਡਰਾਅ ਰਹੇ ਖ਼ਤਰੇ ਤੋਂ ਸੁਚੇਤ ਕਰਦੀ ਹੈ। ਸ਼ਾਇਰਾ ਔਰਤ ਨੂੰ ਆਪਣੇ ਹਿੱਸੇ ਦਾ ਮਹਾਂਭਾਰਤ ਖ਼ੁਦ ਲੜਨ ਲਈ ਅੱਗੇ ਵਧਣ ਲਈ ਉਤਸ਼ਾਹਿਤ ਕਰਦੀ ਹੈ। ਇਸ ਸੰਗ੍ਰਹਿ ਦੀਆਂ ਕਾਵਿ-ਰਚਨਾਵਾਂ ਦੇ ਕੁਝ ਸ਼ਿਅਰ ਕਾਬਲੇ ਜ਼ਿਕਰ ਹਨ :
ਧਰਤ ਤੋਂ ਅਸਮਾਨ ਦੇ,
ਮਿਣਦੀ ਰਹੀ ਮੈਂ ਫ਼ਾਸਲੇ,
ਦਿਲ ਤੋਂ ਦਿਲ ਦੀ ਦੂਰੀ,
ਪਰ ਸਕੀ ਨਾ ਨਾਪ ਮੈਂ।

ਮਨਜੀਤ ਸਿੰਘ ਘੜੈਲੀ
ਮੋ: 98153-91625.

c c c

ਫਿਕਰ ਆਪੋ ਆਪਣਾ
ਲੇਖਕ : ਡਾ: ਰਾਜ ਕੁਮਾਰ ਗਰਗ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99152-64598.

'ਫ਼ਿਕਰ ਆਪੋ-ਆਪਣਾ' ਡਾ: ਰਾਜ ਕੁਮਾਰ ਗਰਗ ਦਾ ਸੱਤਵਾਂ ਨਾਵਲ ਹੈ ਜਿਸ ਵਿਚ ਉਸ ਨੇ ਕਰਜ਼ਾ ਲੈ ਕੇ ਵਾਪਸ ਨਾ ਕਰਨ ਵਾਲੇ ਜੱਟਾਂ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਨੂੰ ਦਰਸਾਇਆ ਹੈ। ਜਿਵੇਂ : 1. ਉਹ ਕਿਸਾਨ ਜਿਹੜਾ ਜ਼ਮੀਨ ਠੇਕੇ 'ਤੇ ਦਿੰਦਾ ਹੈ ਤੇ ਆਪ ਖੇਤੀ ਨਹੀਂ ਕਰਦਾ 2. ਜਿਹੜਾ ਕਿਸਾਨ ਖੇਤੀ ਕਰਦਾ ਹੈ। 3. ਵਿਹਲੜ ਕਿਸਾਨ, ਜਿਹੜਾ ਕੁਝ ਕਰਦਾ ਵੀ ਨਾ ਹੋਵੇ ਤੇ ਪਾਰਟੀਬਾਜ਼ੀ ਵਿਚ ਹਿੱਸਾ ਲੈਂਦਾ ਹੋਵੇ 4. ਨੰਗ-ਮਲੰਗ ਹੋਇਆ ਕਰਜ਼ਾਈ ਕਿਸਾਨ, ਜਿਹੜਾ ਸ਼ਰਮ ਲਾਹ ਕੇ ਦਿਹਾੜੀ-ਦੱਪਾ ਕਰਦਾ ਹੈ।
ਇਸ ਤਰ੍ਹਾਂ ਸਮੁੱਚੇ ਨਾਵਲ ਨੂੰ ਉਸ ਨੇ ਕੁੱਲ 47 ਕਾਂਡਾਂ ਵਿਚ ਵੰਡਿਆ ਹੈ ਅਤੇ ਇਸ ਨਾਵਲ ਵਿਚ ਉਸ ਨੇ ਜਿਊਂਦੇ ਜਾਗਦੇ ਪਾਤਰ ਲੈ ਕੇ ਉਨ੍ਹਾਂ ਦੇ ਜੀਵਨ ਵਿਚਲੀ ਕਸ਼ਮਕਸ਼ ਨੂੰ ਬਿਆਨ ਕੀਤਾ ਹੈ। ਲੇਖਕ ਨੇ ਕਰਜ਼ੇ ਹੇਠ ਆਏ ਹੋਏ ਕਿਸਾਨਾਂ ਦੇ ਜੀਵਨ ਦੀ ਪੇਸ਼ਕਾਰੀ ਬਾਖੂਬੀ ਕੀਤੀ ਹੈ ਅਤੇ ਕਾਰਜ ਦੀਆਂ ਸਮੱਸਿਆਵਾਂ ਜਿਵੇਂ, ਕਰਜ਼ ਲੈਣ ਵਾਲੇ ਤੇ ਲੈ ਕੇ ਨਾ ਮੋੜਨ ਵਾਲਿਆਂ ਦਾ ਗਲਪੀ ਪੈਰਾਡਾਇਮ ਦਾ ਅਜਿਹਾ ਬਿਰਤਾਂਤ ਸਿਰਜਿਆ ਹੈ ਕਿ ਸ਼ਾਹੂਕਾਰਾਂ ਤੇ ਕਿਸਾਨਾਂ ਵਿਚ ਜੋ ਗੁਫਤਗੂ ਚਲਦੀ ਹੈ, ਉਸ ਦੇ ਯਥਾਰਥ ਦੀ ਹੀ ਪੇਸ਼ਕਾਰੀ ਕੀਤੀ ਹੈ। ਅੱਗੋਂ ਸ਼ਾਹੂਕਾਰ ਵੀ ਕਿਸਾਨਾਂ ਨੂੰ ਉਨ੍ਹਾਂ ਦਾ ਪਿਛੋਕੜ ਦੇਖ ਕੇ ਹੀ ਕਰਜ਼ਾ ਦਿੰਦੇ ਹਨ ਤੇ ਕਿਸ ਤਰ੍ਹਾਂ ਕਿਸਾਨ ਪ੍ਰੇਸ਼ਾਨੀ ਵਿਚ ਰਹਿੰਦਾ ਹੈ, ਬਾਰੇ ਨਾਵਲਕਾਰ ਨੇ ਖੁੱਲ੍ਹ ਕੇ ਚਰਚਾ ਕੀਤੀ ਹੈ, ਜੋ ਅਜੋਕੇ ਸਮੇਂ ਵਿਚ ਵੀ ਪ੍ਰਸੰਗਿਕ ਹੈ। ਨਾਵਲ ਕੁਝ ਅਜਿਹੀ ਸਥਿਤੀ ਨੂੰ ਬਿਆਨ ਕਰਦਾ ਹੈ ਜੋ ਅਜੋਕੀ ਆਰਥਿਕਤਾ ਨਾਲ ਜੁੜੀ ਹੋਈ ਹੈ ਅਤੇ ਨਾਵਲਕਾਰ ਸਾਰੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਕਰਜ਼ਿਆਂ ਤੋਂ ਬਚਣ ਦੀ ਨਸੀਹਤ ਵੀ ਦਿੰਦਾ ਹੈ। ਇਸ ਤਰ੍ਹਾਂ ਨਾਵਲਕਾਰ ਨੇ ਆਪਣੇ ਨਾਵਲ ਵਿਚ ਸ਼ਾਹੂਕਾਰਾਂ, ਸੁਸਾਇਟੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਦੀ ਗੱਲ ਬਾਖੂਬੀ ਕੀਤੀ ਹੈ। ਉਸ ਨੇ ਖੇਤੀ ਵਿਕਾਸ ਅਫ਼ਸਰ, ਡੀ.ਸੀ. ਅਤੇ ਗ਼ੈਰ-ਕਾਨੂੰਨੀ ਦਵਾਈਆਂ ਵੇਚਣ ਵਾਲਿਆਂ ਦਾ ਬਿਰਤਾਂਤ ਵੀ ਸਿਰਜਿਆ ਹੈ। ਸਮੁੱਚੇ ਰੂਪ ਵਿਚ ਨਾਵਲ ਵਿਚ ਸਮਾਜਿਕ ਯਥਾਰਥ ਦੀ ਹੀ ਪੇਸ਼ਕਾਰੀ ਕੀਤੀ ਗਈ ਹੈ।

ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161.

c c c

ਕਗਾਰ ਦੀ ਅੱਗ
ਲੇਖਕ : ਹਿਮਾਂਸ਼ੂ ਜੋਸ਼ੀ
ਪੰਜਾਬੀ ਰੂਪ : ਮਹੇਸ਼ ਸੀਲਵੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125, ਸਫ਼ੇ : 95.
ਸੰਪਰਕ : 99151-03490.

ਕਗਾਰ ਦੀ ਅੱਗ ਮੂਲ ਰੂਪ ਵਿਚ ਇਕ ਛੋਟਾ ਹਿੰਦੀ ਨਾਵਲ ਹੈ ਜਿਸ ਵਿਚ ਇਕ ਔਰਤ ਦੇ ਜ਼ਿੰਦਗੀ ਜਿਊਣ ਦੇ ਸੰਘਰਸ਼ ਨੂੰ ਬੜੀ ਹੀ ਖੂਬਸੂਰਤੀ ਨਾਲ ਬਿਆਨਿਆ ਗਿਆ ਹੈ। ਨਾਵਲ ਦੀ ਮੁੱਖ ਪਾਤਰ ਗੋਮਤੀ ਦਾ ਇਹ ਸੰਘਰਸ਼ ਨਾ ਸਿਰਫ ਆਪਣੀ ਹੋਂਦ ਬਚਾਉਣ ਲਈ ਸੀ, ਸਗੋਂ ਇਹ ਉਸ ਦੇ ਸਰਾਪੇ ਜੀਵਨ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਵੀ ਸੀ ਜਿਸ ਵਿਚ ਉਹ ਸਫ਼ਲ ਹੁੰਦੀ ਹੋਈ ਵੀ ਅਸਫ਼ਲ ਰਹਿੰਦੀ ਹੈ। ਸਰਾਪੇ ਹੋਏ ਲੋਕਾਂ, ਹਾਸ਼ੀਆਗਤ ਲੋਕਾਂ ਦੀ ਜੀਵਨ ਗਾਥਾ ਨੂੰ ਸਮਰਪਿਤ ਇਸ ਨਾਵਲ ਦੀ ਕਹਾਣੀ ਵਿਚ ਮੁੱਖ ਪਾਤਰ ਗੋਮਤੀ ਹੈ, ਜਿਸ ਦੀ ਖੂਬਸੂਰਤੀ ਉਸ ਲਈ ਸਰਾਪ ਬਣ ਜਾਂਦੀ ਹੈ।
ਸਿਧਰੇ ਜਿਹੇ ਪਿਰਮਾ ਨਾਲ ਵਿਆਹੀ ਗੋਮਤੀ ਅਕਸਰ ਹੀ ਆਪਣੇ ਚਾਚੇ ਸਹੁਰੇ ਅਤੇ ਉਸ ਦੇ ਮੁੰਡੇ ਦੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਸ਼ਿਕਾਰ ਹੁੰਦੀ ਹੈ। ਦੋਵੇਂ ਹੀ ਉਸ 'ਤੇ ਬੁਰੀ ਨਜ਼ਰ ਰੱਖਦੇ ਹਨ। ਪਿਰਮਾ ਉਨ੍ਹਾਂ ਦੋਵਾਂ ਦੇ ਮੁਕਾਬਲੇ ਹਰ ਪੱਖੋਂ ਹੀ ਕਮਜ਼ੋਰ ਹੈ, ਇਸ ਕਰਕੇ ਉਹ ਇਕ ਹਾਸ਼ੀਆਗਤ ਧਿਰ ਹੈ ਜੋ ਸਭ ਕੁਝ ਆਪਣੀਆਂ ਅੱਖਾਂ ਸਾਹਵੇਂ ਵਾਪਰਦਾ ਦੇਖ ਕੇ ਉਸ ਦਾ ਵਿਰੋਧ ਕਰਨ ਵਿਚ ਅਸਮਰੱਥ ਹੈ। ਇਨ੍ਹਾਂ ਜ਼ੁਲਮਾਂ ਤੋਂ ਤੰਗ ਆ ਗੋਮਤੀ ਮਰਨ ਦਾ ਨਿਸਚਾ ਕਰ ਕੇ ਘਰੋਂ ਨਿਕਲਦੀ ਹੈ ਜਿਥੇ ਇਕ ਹੋਰ ਵਿਅਕਤੀ ਦੁਆਰਾ ਉਸ ਨੂੰ ਬਚਾਏ ਜਾਣ ਅਤੇ ਉਸ ਨੂੰ ਆਪਣੇ ਘਰ ਲੈ ਜਾਣ ਤੇ ਉਸ ਦੇ ਦੁੱਖਾਂ ਦੀ ਇਕ ਨਵੀਂ ਕਹਾਣੀ ਸ਼ੁਰੂ ਹੁੰਦੀ ਹੈ, ਜਿਥੇ ਉਹ ਆਪਣੇ ਜੀਵਨ ਦੇ ਸਾਰੇ ਸੁਖ ਭੋਗਦੀ ਹੈ ਪਰ ਆਪਣੇ ਪੁੱਤਰ ਨੂੰ ਕਦੇ ਵੀ ਭੁੱਲ ਨਹੀਂ ਪਾਉਂਦੀ। ਆਪਣੇ ਪੁੱਤਰ ਨੂੰ ਮਿਲਣ ਲਈ ਉਹ ਆਪਣਾ ਮੁੱਲ ਤਾਰਨ ਵਾਲੇ ਖੁਸ਼ਾਲ ਨੂੰ ਪੈਸੇ ਦੇਣ ਲਈ ਇਕ ਹੋਰ ਸੰਘਰਸ਼ ਦੇ ਰਾਹ ਪੈਂਦੀ ਹੈ। ਆਖਰ ਜਦੋਂ ਉਹ ਆਪਣੇ ਪੁੱਤਰ ਅਤੇ ਪਤੀ ਨੂੰ ਮਿਲਣ ਆਉਂਦੀ ਹੈ ਤਾਂ ਉਸ ਨੂੰ ਆਪਣੇ ਪਤੀ ਦੇ ਜਲਾਏ ਜਾਣ ਦੀ ਖ਼ਬਰ ਮਿਲਦੀ ਹੈ, ਉਹ ਪਾਗਲਾਂ ਦੀ ਤਰ੍ਹਾਂ ਦੌੜਦੀ ਹੈ ਪਰ ਉਦੋਂ ਤੱਕ ਸਭ ਕੁਝ ਖ਼ਤਮ ਹੋ ਜਾਂਦਾ ਹੈ।
ਨਾਵਲ ਦੀ ਇਸ ਏਨੀ ਕੁ ਕਹਾਣੀ ਵਿਚ ਨਾਵਲਕਾਰ ਨੇ ਜਿਸ ਤਰ੍ਹਾਂ ਗੋਮਤੀ ਦੇ ਸੰਘਰਸ਼ ਨੂੰ ਦਿਖਾਇਆ ਹੈ, ਉਹ ਬਾਕਮਾਲ ਹੈ। ਗੋਮਤੀ ਕਿਤੇ ਵੀ ਹਾਰਦੀ ਦਿਖਾਈ ਨਹੀਂ ਦਿੰਦੀ। ਅੰਤ ਆਪਣੇ ਦੁਸ਼ਮਣਾਂ ਨੂੰ ਜਲਾ ਉਹ ਕਾਲ ਭੈਰਵੀਂ ਦਾ ਰੂਪ ਦਿਖਾਈ ਦਿੰਦੀ ਹੈ। ਨਾਵਲ ਜਿਥੇ ਔਰਤ ਦੀ ਤਾਕਤ ਨੂੰ ਦਰਸਾਉਂਦਾ ਹੈ, ਉਥੇ ਹੀ ਸਮਾਜ ਦੀ ਅਜਿਹੇ ਲੋਕਾਂ ਪ੍ਰਤੀ ਉਦਾਸੀਨਤਾ ਨੂੰ ਵੀ ਪੇਸ਼ ਕਰਦਾ ਹੈ। ਇਹ ਪੜ੍ਹਨਯੋਗ ਰਚਨਾ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823.

c c c

ਮੈਂ ਦੀਪਕ ਦੀ ਲੋਅ
ਲੇਖਕ : ਦੀਪ ਲੁਧਿਆਣਵੀ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ,
ਸਾਦਿਕ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 80542-31824.

ਦੀਪ ਲੁਧਿਆਣਵੀ ਕਵਿਤਾ ਦੇ ਖੇਤਰ ਵਿਚ ਨਵਾਂ ਨਾਂਅ ਹੈ। ਮੈਂ ਦੀਪਕ ਦੀ ਲੋਅ ਉਸ ਦੀ ਪਲੇਠੀ ਕਾਵਿ ਪੁਸਤਕ ਹੈ, ਜਿਸ ਵਿਚ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਉਸ ਦੀਆਂ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਕਵਿਤਾਵਾਂ ਵਿਚੋਂ ਗੁਜ਼ਰਦਿਆਂ ਮਹਿਸੂਸ ਹੁੰਦਾ ਹੈ ਕਿ ਲੇਖਿਕਾ ਨੇ ਆਪਣੇ ਜੀਵਨ ਵਿਚ ਆਏ ਉਤਰਾਵਾਂ-ਚੜ੍ਹਾਵਾਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ ਹੈ, ਜਿਥੇ ਉਸ ਨੇ ਇਨ੍ਹਾਂ ਕਵਿਤਾਵਾਂ ਵਿਚ ਨਿੱਜੀ ਵਲਵਲਿਆਂ ਅਤੇ ਅਨੁਭਵਾਂ ਨੂੰ ਆਪਣੀ ਕਵਿਤਾ ਦੇ ਮੂਲ ਵਸਤੂ ਵਜੋਂ ਪੇਸ਼ ਕੀਤਾ ਹੈ, ਉਥੇ ਹੀ ਉਸ ਨੇ ਸਮਾਜਿਕ ਚੌਗਿਰਦੇ ਵਿਚ ਪਸਰੇ ਅਨੇਕ ਮਸਲਿਆਂ ਨੂੰ ਵੀ ਕਾਵਿਕ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।
ਦੀਪ ਲੁਧਿਆਣਵੀ ਦੀ ਇਸ ਪੁਸਤਕ ਵਿਚ ਵਿਸ਼ਿਆਂ ਦੀ ਬਹੁਰੰਗਤਾ ਹੈ। ਪੁਸਤਕ ਵਿਚ ਕਵਿਤਾ ਦੀਆਂ ਵਿਭਿੰਨ ਵੰਨਗੀਆਂ ਦੇਖਣ ਨੂੰ ਮਿਲਦੀਆਂ ਹਨ।
ਜਿਥੇ ਇਸ ਪੁਸਤਕ ਵਿਚ ਖੁੱਲ੍ਹੀਆਂ ਕਵਿਤਾਵਾਂ ਸ਼ਾਮਿਲ ਹਨ, ਉਥੇ ਇਸ ਵਿਚ ਗੀਤ, ਗ਼ਜ਼ਲ ਵੀ ਸ਼ਾਮਿਲ ਕਰਕੇ ਲੇਖਿਕਾ ਨੇ ਆਪਣੇ ਪ੍ਰਤਿਭਾਸ਼ਾਲੀ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਵਿਚ ਲੇਖਕ ਨੇ ਸਾਡੇ ਸਮਾਜ ਦੇ ਸਮਕਾਲੀਨ ਵਰਤਾਰਿਆਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।
ਬੁਢੜਾ ਬਾਪ ਚੜ੍ਹਾਈਆਂ ਕਰ ਜੇ
ਆੜ੍ਹਤੀਆਂ ਦਾ ਕਰਜ਼ਾ ਚੜ੍ਹ ਜੇ
ਵਖਤਾਂ ਨਾਲ ਵਕਤ ਖਲੋ ਜਾਂਦਾ
ਮਾਵਾਂ ਅੰਦਰ ਵੜ ਵੜ ਰੋਂਦੀਆਂ ਨੇ
ਜਦ ਪੁੱਤ ਪ੍ਰਦੇਸੀ ਹੋ ਜਾਂਦਾ...
ਇਸ ਤਰ੍ਹਾਂ ਦੀ ਲੋਕ-ਪੱਖੀ ਮਸਲਿਆਂ ਦੀ ਕਵਿਤਾ ਸਿਰਜਣ ਵਾਲੀ ਦੀਪ ਲੁਧਿਆਣਵੀ ਨੂੰ ਇਸ ਪਲੇਠੀ ਪੁਸਤਕ ਲਈ ਮੁਬਾਰਕਬਾਦ ਦੇਣੀ ਬਣਦੀ ਹੈ।

ਡਾ: ਅਮਰਜੀਤ ਕੌਂਕੇ।

c c c

16-05-2020

 ਹੰਝੂਆਂ ਵਿਚ ਨੀਰ
ਲੇਖਕ : ਡਾ: ਹਰਦੀਪ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : ਸਫ਼ੇ : 180
ਸੰਪਰਕ : 94171-46113.

ਡਾ: ਹਰਦੀਪ ਸਿੰਘ ਦੁਆਰਾ ਲਿਖਿਆ ਨਾਵਲ 'ਹੰਝੂਆਂ ਵਿਚ ਨੀਰ' ਮੁੱਖ ਤੌਰ 'ਤੇ ਕੈਂਸਰ ਵਰਗੀ ਮਾਰੂ ਬਿਮਾਰੀ ਨਾਲ ਸਬੰਧਿਤ ਹੈ, ਜਿਸ ਦਾ ਨਾਂਅ ਸੁਣ ਕੇ ਮਨੁੱਖ ਅੱਧ ਮਰਿਆ ਹੋ ਜਾਂਦਾ ਹੈ। ਪਰ ਲੇਖਕ ਨੇ ਇਸ ਬਿਮਾਰੀ ਨੂੰ ਹਊਆ ਨਾ ਬਣਾ ਕੇ ਜੀਵਨ ਜਿਊਣ ਵੱਲ ਪ੍ਰੇਰਿਤ ਕੀਤਾ ਹੈ ਜੋ ਸਬਰ ਸੰਤੋਖ ਤੇ ਹਾਂ-ਪੱਖੀ ਸੋਚ 'ਤੇ ਨਿਰਭਰ ਕਰਦਾ ਹੈ।
ਨਾਵਲ ਦੀ ਪਾਤਰ ਗੀਤਾ ਕੈਂਸਰ ਰੋਗ ਨਾਲ ਪੀੜਤ ਹੈ ਅਤੇ ਡਾਕਟਰ ਕੈਂਸਰ ਦੀ ਆਖਰੀ ਸਟੇਜ ਕਹਿ ਕੇ ਇਕ-ਦੋ ਦਿਨ ਕੱਟਣ ਵੱਲ ਇਸ਼ਾਰਾ ਕਰ ਦਿੰਦੇ ਹਨ ਜੋ ਪਤੀ ਦੀਪਕ ਲਈ ਦਿਲ ਝੰਜੋੜਨ ਵਾਲੀ ਖ਼ਬਰ ਹੈ। ਉਸ ਨੂੰ ਘਰ ਪਰਿਵਾਰ, ਛੋਟੀ ਬੱਚੀ ਸਭ ਕੁਝ ਖਿੰਡਦਾ ਜਾਪਦਾ ਹੈ ਪਰ ਸਬਰ ਨਾਲ ਪਤਨੀ ਦੇ ਸਾਹਮਣੇ ਹੱਸਦਾ ਹੋਇਆ ਜਾਂਦਾ ਹੈ। ਉਸ ਵਾਰਡ ਵਿਚ ਹੋਰ ਵੀ ਕਈ ਮਰੀਜ਼ ਹਨ। ਇਥੇ ਇਕ ਗੱਲ ਲੇਖਕ ਨੇ ਸਪੱਸ਼ਟ ਕੀਤੀ ਹੈ ਕਿ ਹਸਪਤਾਲ ਵਿਚ ਕੋਈ ਭੇਦਭਾਵ ਨਹੀਂ ਹੁੰਦਾ ਸਗੋਂ ਸਾਰੇ ਇਕ-ਦੂਸਰੇ ਨਾਲ ਹਮਦਰਦੀ ਰੱਖਦੇ ਤੇ ਪਿਆਰ ਕਰਦੇ, ਇਕ-ਦੂਜੇ ਦੇ ਕੰਮ ਆਉਂਦੇ ਹਨ। ਦੂਜੀ ਗੱਲ ਜੋ ਲੇਖਕ ਦੀ ਅਗਾਂਹਵਧੂ ਤੇ ਹਾਂ-ਪੱਖੀ ਸੋਚ ਦੀ ਪ੍ਰਤੀਕ ਹੈ ਕਿ ਇਕ ਡਾਕਟਰ ਮਰੀਜ਼ ਨੂੰ ਮੌਤ ਦੇ ਮੂੰਹ ਵੱਲ ਧਕੇਲਦਾ ਨਿਰਾਸ਼ ਕਰਦਾ ਹੈ ਜਦੋਂ ਕਿ ਦੂਸਰਾ ਡਾਕਟਰ ਜੀਵਨਦਾਨ ਦੇਣ 'ਤੇ ਤੁਲਿਆ ਹੋਇਆ ਹੈ, ਪਰਿਵਾਰ ਨੂੰ ਹੌਸਲਾ ਦਿੰਦਾ, ਕੋਲੋਂ ਪੈਸੇ ਖਰਚਣ ਲਈ ਤਿਆਰ ਹੈ। ਉਸ ਵਿਚ ਸੇਵਾ ਭਾਵਨਾ ਤੇ ਲੋਕ ਭਲਾਈ ਤੇ ਚੜ੍ਹਦੀ ਕਲਾ ਦਾ ਜਜ਼ਬਾ ਹੈ ਅਤੇ ਇਹੀ ਜਜ਼ਬਾ ਮਰੀਜ਼ ਗੀਤਾ ਨੂੰ ਠੀਕ ਕਰਕੇ ਘਰ ਭੇਜਦਾ ਤੇ ਪਰਿਵਾਰ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ। ਡਾਕਟਰੀ ਪੇਸ਼ੇ ਵਿਚ ਦੁਵੱਲੀ ਸੋਚ ਨੂੰ ਰੂਪਮਾਨ ਕੀਤਾ ਹੈ।
ਇਸ ਨਾਵਲ ਵਿਚ ਮਾਂ ਦੀ ਮਮਤਾ ਤੇ ਪੁੱਤਰਾਂ ਦੀ ਬੇਰੁਖ਼ੀ ਨੂੰ ਵੀ ਪੇਸ਼ ਕੀਤਾ ਹੈ ਜੋ ਮਾਂ ਨੂੰ ਆਖ਼ਰੀ ਸਮੇਂ ਮਿਲਣ ਤੋਂ ਮਜਬੂਰ ਹੁੰਦਾ ਹੈ। ਇਸ ਤੋਂ ਇਲਾਵਾ ਪਤੀ-ਪਤਨੀ ਦਾ ਪਿਆਰ, ਮਾਨਸਿਕ ਕਸ਼ਮਕਸ਼, ਦਇਆਲੂ ਭਾਵਨਾ ਆਦਿ ਵਿਸ਼ੇ ਵੀ ਉੱਭਰ ਕੇ ਸਾਹਮਣੇ ਆਉਂਦੇ ਹਨ। ਇਸ ਦੇ ਨਾਲ ਹੀ ਲੇਖਕ ਨੇ ਰੇਪ ਕੇਸ ਬਾਰੇ ਵਾਪਰੀ ਘਟਨਾ ਦਾ ਵੀ ਵਰਨਣ ਕੀਤਾ ਹੈ ਕਿ ਕਿਵੇਂ ਛੋਟੀਆਂ ਬੱਚੀਆਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ ਪਰ ਹਸਪਤਾਲ ਦੀ ਨਰਸ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਚਾਹੁੰਦੀ ਹੈ ਪਰ ਜਦੋਂ ਪਤਾ ਲਗਦਾ ਹੈ ਕਿ ਉਸ ਦਾ ਪੁੱਤਰ ਵੀ ਮੁਜਰਮ ਹੈ ਤਾਂ ਉਸ ਦੀ ਸੋਚ ਹੀ ਬਦਲ ਜਾਂਦੀ ਹੈ, ਪੁੱਤਰ ਨੂੰ ਹਰ ਹੀਲੇ ਬਚਾਉਣਾ ਲੋਚਦੀ ਹੈ ਪਰ ਨਮੋਸ਼ੀ ਤੋਂ ਡਰਦੀ ਹੋਈ ਮੌਤ ਕਬੂਲਦੀ ਹੈ।
ਨਾਵਲ ਦੀ ਕਹਾਣੀ ਮਨੋਰੰਜਨ, ਵਾਰਤਾਲਾਪ ਢੁਕਵਾਂ ਤੇ ਪਾਤਰਾਂ ਦੀ ਮਾਨਸਿਕ ਅਵਸਥਾ ਨੂੰ ਬਾਖੂਬੀ ਚਿਤਰਿਆ ਗਿਆ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਜ਼ਿੰਦਗੀ ਦੇ ਆਰ-ਪਾਰ
ਲੇਖਕ : ਮਨਮੋਹਨ ਸਿੰਘ ਢਿੱਲੋਂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98784-47635.

ਮਨਮੋਹਨ ਸਿੰਘ ਢਿੱਲੋਂ ਨੇ ਜ਼ਿੰਦਗੀ ਦੇ ਲੰਮੇ ਅਨੁਭਵ ਤੋਂ ਪ੍ਰਾਪਤ ਸਿਆਣਪ ਨਾਲ ਜ਼ਿੰਦਗੀ ਦੇ ਆਰ-ਪਾਰ ਝਾਕਣ ਦਾ ਯਤਨ ਵਿਚਾਰ ਅਧੀਨ ਪੁਸਤਕ ਵਿਚ ਕੀਤਾ ਹੈ। ਜੀਵਨ ਯਾਤਰਾ ਵਿਚ ਮਿਲੇ ਲੋਕ, ਵਪਾਰੀਆਂ ਘਟਨਾਵਾਂ ਤੇ ਖੱਟੇ-ਮਿੱਠੇ, ਕੌੜੇ ਅਨੁਭਵ ਹਰ ਬੰਦੇ ਦੇ ਮਨ ਨੂੰ ਪ੍ਰਭਾਵਿਤ ਕਰਦੇ ਹਨ। ਸਿੱਖਿਆ, ਸਿਆਣਪ ਤੇ ਪ੍ਰੇਰਨਾ ਨਾਲ ਉਸ ਨੂੰ ਬਦਲਦੇ ਹਨ। ਇਹ ਬਦਲਾਅ ਕਿਤਾਬਾਂ, ਅਧਿਆਪਕਾਂ ਜਾਂ ਬਜ਼ੁਰਗਾਂ ਦੀ ਸਿੱਖਿਆ ਤੋਂ ਇਸ ਗੱਲੋਂ ਵੱਖਰਾ ਹੁੰਦਾ ਹੈ ਕਿ ਇਹ ਸਹਿਜ ਰੂਪ ਵਿਚ ਸਾਨੂੰ ਸਵੀਕਾਰ ਹੋ ਜਾਂਦਾ ਹੈ। ਅਸੀਂ ਇਸ ਤੋਂ ਬਗ਼ਾਵਤ ਨਹੀਂ ਕਰਦੇ। ਇਹ ਹੀ ਨਹੀਂ ਇਸ ਅਨੁਭਵ ਦਾ ਬਿਰਤਾਂਤ ਵੀ ਨਿੱਕੀ-ਨਿੱਕੀ ਕਣੀਂ ਦੇ ਮੀਂਹ ਵਾਂਗ ਪੜ੍ਹਨ ਸੁਣਨ ਵਾਲੇ ਦੀ ਮਾਨਸਿਕਤਕਾ ਨੂੰ ਪ੍ਰਭਾਵਸ਼ਾਲੀ ਮੋੜ ਦੇਣ ਦੇ ਸਮਰੱਥ ਹੁੰਦਾ ਹੈ। ਢਿੱਲੋਂ ਦੇ ਇਨ੍ਹਾਂ ਬਿਰਤਾਂਤਾਂ ਦਾ ਮਹੱਤਵ ਇਸੇ ਸਚਾਈ ਵਿਚ ਹੈ। ਲੇਖਕ ਨੇ ਇਸ ਕਿਤਾਬ ਵਿਚ ਆਏ ਨਿੱਕੇ-ਨਿੱਕੇ ਨਿਬੰਧਾਂ ਵਿਚ ਜ਼ਿੰਦਗੀ ਦੇ ਅਨੁਭਵ ਅਤੇ ਚਿੰਤਨ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਵਿਚਲੇ ਵਿਅਕਤੀ ਤੇ ਘਟਨਾਵਾਂ ਆਪਣੀ ਸਾਦਗੀ, ਸੁਹਿਰਦਤਾ, ਦ੍ਰਿੜ੍ਹਤਾ, ਵਿਚਿਤਰਤਾ ਜਿਹੇ ਕਿਸੇ ਨਾ ਕਿਸੇ ਪੱਖੋਂ ਪਾਠਕ ਨੂੰ ਪਹਿਲੀ ਨਜ਼ਰੇ ਹੀ ਬੰਨ੍ਹ ਲੈਂਦੇ ਹਨ। ਬਿਰਤਾਂਤ ਦੇ ਅੰਤ ਤੱਕ ਪੁੱਜਾ ਪਾਠਕ ਇਸ ਤੋਂ ਕੋਈ ਸੇਧ, ਸਬਕ ਆਪ ਮੁਹਾਰੇ ਹੀ ਲੈਣ ਲਈ ਮਜਬੂਰ ਹੋ ਜਾਂਦਾ ਹੈ। ਉਦਾਹਰਨ ਲਈ ਪਹਿਲੀ ਹੀ ਰਚਨਾ ਸਮੇਂ ਦੀ ਪਾਬੰਦੀ ਲਓ। ਰਿਟਾਇਰਡ ਕਰਨਲ ਸਮੇਂ ਦੀ ਪਾਬੰਦੀ 'ਤੇ ਪਹਿਰਾ ਦਿੰਦੇ ਹੋਏ ਧੀ ਦੀ ਸ਼ਾਦੀ ਸਮੇਂ ਲੇਟ ਆਈ ਬਰਾਤ ਨੂੰ ਨਾਸ਼ਤੇ ਤੋਂ ਬਿਨਾਂ ਹੀ ਅਨੰਦ ਕਾਰਜ 'ਤੇ ਲੈ ਜਾਂਦਾ ਹੈ ਅਤੇ ਸਭ ਲਈ ਮਿਸਾਲ ਪੈਦਾ ਕਰਦਾ ਹੈ। ਤਾਂਤ੍ਰਿਕਾਂ ਦੀ ਦੁਕਾਨਦਾਰੀ ਭੋਲੇ ਲੋਕਾਂ ਦੇ ਸਿਰ 'ਤੇ ਤੁਰ ਰਹੀ ਹੈ। ਇਨ੍ਹਾਂ ਨਾਲ ਰਤਾ ਕੁ ਸਖ਼ਤ ਹੋਵੋ ਤਾਂ ਇਹ ਭੱਜ ਜਾਂਦੇ ਹਨ। ਲੇਖਕ ਇਸ ਬਾਰੇ ਆਪਣੇ ਨਿੱਜੀ ਅਨੁਭਵ ਆਸਰੇ ਹੀ ਗੱਲ ਕਰਦਾ ਹੈ। ਨਿੱਜੀ ਅਨੁਭਵ ਦੇ ਆਧਾਰ 'ਤੇ ਹੀ ਉਹ ਡਾਕਟਰ (ਲੇਖਕ) ਦੀਪਤੀ ਦੀ ਬੇਟੀ ਦੇ ਸਾਦੇ ਵਿਆਹ ਦਾ ਪ੍ਰੇਰਨਾਜਨਕ ਬਿਰਤਾਂਤ ਪੇਸ਼ ਕਰਦਾ ਹੈ। ਪਟਵਾਰੀਆਂ ਦਾ ਬੇਈਮਾਨੀ ਵਾਲਾ ਸੁਭਾਅ ਨੰਗਾ ਕਰਦਾ ਹੈ। ਬੱਚਿਆਂ ਵਲੋਂ ਮਾਤਾ-ਪਿਤਾ ਦੀ ਕਦਰ ਨਾ ਪਾਉਣ ਦਾ ਦੁਖਾਂਤ ਪੇਸ਼ ਕਰਦਾ ਹੈ। ਦੋਸਤ ਬਣ ਕੇ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਤੋਂ ਆਗਾਹ ਕਰਦਾ ਹੈ। ਮਾਂ/ਬਾਪ ਤੋਂ ਮਿਲੇ ਸੰਸਕਾਰਾਂ ਦਾ ਮਹੱਤਵ ਸਮਝਾਉਂਦਾ ਹੈ। ਰੱਬ ਨਾਲ ਦੁਕਾਨਦਾਰੀ ਕਰਨ ਵਾਲੇ ਦੰਭੀ ਆਸਤਿਕਾਂ 'ਤੇ ਚੋਟ ਕਰਦਾ ਹੈ। ਵਾਈਸ ਚਾਂਸਲਰ ਸਮੁੰਦਰੀ ਵਲੋਂ ਯੋਗ, ਲੋੜਵੰਦ ਬੰਦਿਆਂ ਨੂੰ ਨੌਕਰੀ ਦੇਣ ਸਮੇਂ ਦਿਖਾਈ ਉਦਾਰਤਾ ਦਾ ਜ਼ਿਕਰ ਕਰਦਾ ਹੈ। ਵਾਹਗੇ ਦੇ ਆਰ-ਪਾਰ ਫ਼ਿਰਕਾਪ੍ਰਸਤੀ ਦੇ ਜ਼ਹਿਰ ਤੋਂ ਮੁਕਤ ਪੰਜਾਬੀਆਂ ਦੇ ਪ੍ਰੇਮ ਦੇ ਕਿੱਸੇ ਸੁਣਾਉਂਦਾ ਹੈ। ਢਿੱਲੋਂ ਦੇ ਬਿਰਤਾਂਤ ਉਸਾਰੂ ਤੇ ਸਵੱਛ ਸੋਚ ਦਾ ਛੱਟਾ ਦਿੰਦੇ ਹਨ। ਅਜੋਕੀ ਗੰਧਲੀ, ਫ਼ਿਰਕੂ ਰਾਜਨੀਤੀ ਦੇ ਜ਼ਹਿਰ ਨੂੰ ਕੱਟਣ ਵਾਲੇ ਇਨ੍ਹਾਂ ਬਿਰਤਾਂਤਾਂ ਦਾ ਸਵਾਗਤ ਕਰਨਾ ਬਣਦਾ ਹੈ।

ਕੁਲਦੀਪ ਸਿੰਘ ਧੀਰ
ਮੋ: 98722-60550

c c c

ਕੋਈ ਨੀ ਕਿਸੇ ਦਾ
ਨਾਵਲਕਾਰ : ਗੁਰਸੇਵਕ ਸਿੰਘ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 87270-03457.

ਨੌਜਵਾਨ ਨਾਵਲਕਾਰ ਗੁਰਸੇਵਕ ਸਿੰਘ ਸੰਧੂ ਆਪਣੇ ਇਸ ਪਲੇਠੇ ਨਾਵਲ ਨਾਲ ਪਾਠਕਾਂ-ਆਲੋਚਕਾਂ ਦੀ ਕਚਹਿਰੀ 'ਚ ਹਾਜ਼ਰ ਹੋਇਆ ਹੈ। ਤਕਨੀਕੀ ਪੱਖੋਂ ਚੰਦ ਕਮੀਆਂ ਦੇ ਬਾਵਜੂਦ ਉਸ ਨੇ ਇਕ ਮੁਕੰਮਲ ਨਾਵਲ ਦੇ ਅਨੇਕਾਂ ਤੱਤਾਂ 'ਤੇ ਪਹਿਰਾ ਦਿੰਦਿਆਂ ਇਸ ਨਾਵਲ ਨੂੰ ਸਫਲਤਾ ਨਾਲ ਮੁਕੰਮਲ ਕੀਤਾ ਹੈ। ਇਸ ਨਾਵਲ 'ਚ ਉਸ ਨੇ ਮਨਿੰਦਰ ਸਿੰਘ ਨਾਂਅ ਦੇ ਨੌਜਵਾਨ ਦੀ ਕਾਲਜ ਨਾਲ ਜੁੜੀ ਜ਼ਿੰਦਗੀ ਨੂੰ ਨਾਵਲ ਦਾ ਵਿਸ਼ਾ-ਵਸਤੂ ਬਣਾਇਆ ਹੈ, ਜਿਸ ਵਿਚ ਮਨਿੰਦਰ ਆਪਣੇ ਹੀ ਪਿੰਡ ਦੀ ਇਕ ਲੜਕੀ ਦੇ ਪਿਆਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦਾ ਹੈ। ਇਹ ਨਾਵਲ ਵਿਸ਼ੇਸ਼ ਤੌਰ 'ਤੇ ਕਾਲਜ ਪੜ੍ਹਨ ਵਾਲੇ ਅੱਲ੍ਹੜ ਮੁੰਡੇ-ਕੁੜੀਆਂ ਲਈ ਇਹ ਵੱਡਾ ਸਬਕ ਪੇਸ਼ ਕਰਨ ਵਿਚ ਸਫ਼ਲ ਸਿੱਧ ਹੁੰਦਾ ਹੈ ਕਿ ਕਾਲਜ ਦੀ ਜ਼ਿੰਦਗੀ ਕੇਵਲ ਤੇ ਕੇਵਲ 'ਮੁੰਡੇ-ਕੁੜੀ' ਵਾਲੇ ਪਿਆਰ ਦੀ ਭਾਵਨਾ ਵਿਚ ਵਹਿ ਜਾਣ ਦੀ ਹੀ ਨਹੀਂ, ਸਗੋਂ ਵਿੱਦਿਆ ਦਾ ਗਹਿਣਾ ਹਾਸਲ ਕਰ ਕੇ ਜ਼ਿੰਦਗੀ ਦੇ ਯਥਾਰਥ ਨੂੰ ਸਮਝਦਿਆਂ ਸਫਲ ਸਮਾਜਿਕ ਜ਼ਿੰਦਗੀ ਜਿਊਣ ਦੇ ਕਾਬਲ ਇਨਸਾਨ ਬਣਨ ਦਾ ਨਾਂਅ ਵੀ ਹੈ। ਨਾਵਲ ਦਾ ਮੁੱਖ ਪਾਤਰ ਮਨਿੰਦਰ ਇਸ ਸੱਚ ਤੋਂ ਭੱਜਿਆ ਹੈ ਅਤੇ ਇਹ ਅਸਫਲ ਨੌਜਵਾਨ ਵਜੋਂ ਅੰਤ ਵਿਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ। ਨਾਵਲਕਾਰ ਨੇ ਇਸ ਕਹਾਣੀ ਦੀ ਪੇਸ਼ਕਾਰੀ ਦੇ ਨਾਲ-ਨਾਲ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਬਾਰੇ, ਖੇਤੀਬਾੜੀ ਦੀ ਦੁਰਦਸ਼ਾ, ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੌਜਵਾਨਾਂ ਬਾਰੇ, ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਵੀ ਨਾਵਲ ਵਿਚ ਤੱਥ ਪੇਸ਼ ਕੀਤੇ ਹਨ। ਨਾਵਲ ਦੀ ਪਾਤਰ ਉਸਾਰੀ ਹੋਰ ਵਧੀਆ ਹੋ ਸਕਦੀ ਹੈ। ਨੌਜਵਾਨ ਨਾਵਲਕਾਰ ਸੰਧੂ ਨੂੰ ਅੱਗੋਂ ਸੁਚੇਤ ਹੋਣਾ ਚਾਹੀਦਾ ਹੈ। ਉਸ ਦਾ ਨਾਵਲ ਜਗਤ ਵਲੋਂ ਖ਼ੁਸ਼ੀ ਅਤੇ ਚਾਅ ਨਾਲ ਸਵਾਗਤ ਹੋਣਾ ਚਾਹੀਦਾ ਹੈ।

ਸੁਰਿੰਦਰ ਸਿੰਘ ਕਰਮ 'ਲਧਾਣਾ'
ਮੋ: 98146-81444.

c c c

ਪਿੱਛਾ ਰਹਿ ਗਿਆ ਦੂਰ
ਲੇਖਿਕਾ : ਦੀਪਤੀ ਬਬੂਟਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ
ਮੁੱਲ : 250 ਰੁਪਏ, ਸਫ਼ੇ : 288
ਸੰਪਰਕ : 88378-67176.

ਵਿਚਾਰਾਧੀਨ ਕਹਾਣੀ ਸੰਗ੍ਰਹਿ ਵਿਚ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਥਾਵਾਂ ਵਿਚ ਸਮਕਾਲੀ ਜੀਵਨ ਦੇ ਵਿਭਿੰਨ ਵਿਸ਼ਿਆਂ ਦਾ ਗਲਪੀਕਰਨ ਕੀਤਾ ਗਿਆ ਹੈ। ਪਹਿਲੀ ਕਹਾਣੀ ਹੈ 'ਤੇਰੇ ਬਗੈਰ' ਜਿਸ ਵਿਚ ਪਤੀ-ਪਤਨੀ ਸਮੇਂ-ਸਮੇਂ ਝਗੜਦੇ ਰਹਿੰਦੇ ਹਨ। ਪਿਆਰ ਵੀ ਕਰਦੇ ਹਨ। ਇਕ-ਦੂਜੇ ਦੀ ਬਿਮਾਰੀ ਸਮੇਂ ਆਪਾ ਵਾਰਨ ਨੂੰ ਤਿਆਰ ਵੀ ਰਹਿੰਦੇ ਹਨ। ਪਤਨੀ ਦੀ ਬਿਮਾਰੀ ਸਮੇਂ ਪਤੀ ਕਹਿੰਦਾ ਹੈ, 'ਤੇਰੇ ਬਿਨਾਂ ਮੈਂ ਕਾਸੇ ਜੋਗਾ ਨਹੀਂ, ਜੇ ਤੂੰ ਮਰ ਗੀ ਤਾਂ ਮੈਂ ਲੜਾਂਗਾ ਕੀਹਦੇ ਨਾਲ?' ਪੰ. 27. 'ਠਹਿਰੇ ਪਲ' ਕਹਾਣੀ ਵਿਚ ਮਰਦਾਂ ਦੀਆਂ ਅਵੈਧ ਹਰਕਤਾਂ, ਬੇਵਫ਼ਾਈ ਅਤੇ ਅਖ਼ੀਰ ਨਾਇਕਾ ਦੇ ਲੇਸਬੀਅਨ ਵਿਚ ਪ੍ਰਵੇਸ਼ ਦੀ ਪ੍ਰਸਤੁਤੀ ਹੈ।
'ਬਦਨਾਮ ਬਸਤੀ' ਕਹਾਣੀ ਦਾ ਵਿਸ਼ਾ ਅਮੀਰਾਂ ਦੁਆਰਾ ਗ਼ਰੀਬਾਂ ਦੀ ਬਸਤੀ ਦਾ ਸ਼ੋਸ਼ਣ ਹੈ। ਇਸ ਜਟਿਲ ਕਥਾ ਦਾ ਵਿਸ਼ਾ ਇਨ੍ਹਾਂ ਸ਼ਬਦਾਂ ਵਿਚ ਬੰਦ ਹੈ : 'ਜੇ ਇਹ ਰੱਜੇ-ਪੁੱਜੇ ਇੱਜ਼ਤਦਾਰ ਮੇਰੀ ਬਸਤੀ ਵੱਲ ਨਾ ਝਾਕਣ ਤਾਂ ਸਾਡਾ ਮਾਤ੍ਹੜਾਂ ਦਾ ਕੀ ਬਣੇ? ... ਜੇ ਅੱਜ ਮੇਰੀ ਬਸਤੀ ਮੂੰਹ ਮੋੜ ਲਵੇ, ਬਚਦੇ ਇਹ ਸ਼ਰੀਫ਼ਜ਼ਾਦੇ ਵੀ ਨਹੀਂ। ... ਤਨ, ਮਨ ਤੇ ਢਿੱਡ ਦੀ ਭੁੱਖ ਨਾਲ ਜੁੜੇ ਧੰਦੇ ਨੇ। ਤਿੰਨਾਂ ਭੁੱਖਾਂ ਦਾ ਇਲਾਜ ਹੈਪੈਸਾ।' ਪੰ. 81. 'ਭਗਵੇਂ ਪਸ਼ੂਆਂ 'ਚ ਫਸੇ ਸਿੰਗ' ਅੱਜਕਲ੍ਹ ਆਵਾਰਾ ਪਸ਼ੂਆਂ ਨਾਲ ਵਿਭਿੰਨ ਪੱਖਾਂ ਤੋਂ ਯਥਾਰਥਕ ਪੇਸ਼ਕਾਰੀ ਕੀਤੀ ਗਈ ਹੈ। ਲਿੰਚਿੰਗ ਦੇ ਦ੍ਰਿਸ਼ ਵੀ ਹਨ। ਭੀੜ ਦਾ ਕੋਈ ਸਿਰ ਨਹੀਂ ਹੁੰਦਾ। (ਪੰ. 46) 'ਅੰਨ੍ਹੇ ਮੋੜ ਤੇ' ਕਹਾਣੀ ਦਾ ਵਿਸ਼ਾ ਭਾਸ਼ਾ ਦੀ ਸਮੱਸਿਆ ਬਾਹਰ ਜਾਣ ਵਾਲੇ ਬੱਚਿਆਂ ਵੱਲ ਮੋੜ ਕੱਟਦੀ ਹੈ। ਲੇਖਿਕਾ ਬੇਬਾਕ ਹੋ ਕੇ ਲਿਖਦੀ ਹੈ, 'ਬਾਲਾਂ ਨੂੰ ਰਟਾਉਣੀ ਆ ਅੰਗਰੇਜ਼ੀ ਤੇ ਬਚਾਉਣੀ ਆ ਪੰਜਾਬੀ। ਪਾਖੰਡੀ, ਦਗਾਬਾਜ਼, ਢੌਂਗੀ... ਨਾ ਦੋਗਲੇ ਵੀ ਕਦੇ ਕਿਸੇ ਦੇ ਹੋਏ ਨੇ।' (109), ਜੜ੍ਹ ਨਾਲੋਂ ਟੁੱਟਿਆ ਦਰੱਖਤ ਛਾਂ ਨਹੀਂ ਦਿੰਦਾ, ਆਖਰ ਬਾਲਣ ਬਣ ਜਾਂਦਾ ਹੈ। ਅਸੀਂ ਅੰਨ੍ਹੇ ਮੋੜ 'ਤੇ ਆ ਖੜ੍ਹੋਤੇ ਹਾਂ.. ਪੰ. 112. 'ਮੇਲ੍ਹਦੀ ਨਾਗਣ' ਕਹਾਣੀ ਦਾ ਵਿਸ਼ਾ ਗਲਨੈੜ/ਅਣਜੋੜ ਵਿਆਹ ਦੀ ਯਥਾਰਥਕ ਪੇਸ਼ਕਾਰੀ ਹੈ। 'ਗੌਤਮੀ ਤੋਂ ਸ਼ਬਨਮ ਵਾਇਆ ਰੁਲੀਆ' ਝੌਂਪੜੀ ਦੇ ਵਾਸੀਆਂ ਨਾਲ ਜ਼ਿਮੀਂਦਾਰਾਂ ਦੇ ਦੁਰਵਿਵਹਾਰ ਨੂੰ ਦਰਸਾਇਆ ਗਿਆ ਹੈ।
ਸੰਵਿਧਾਨ ਦੀ ਰਾਖੀ ਨਹੀਂ ਕਰ ਸਕਿਆ। 'ਪਿੱਛਾ ਰਹਿ ਗਿਆ ਦੂਰ' ਵਿਚ ਨਾਇਕਾ (ਪਤਨੀ), ਪਤੀ ਅਸਤਿਤਵ ਦਾ ਵਿਕਾਸ ਕਰਦੀ ਹੋਈ ਕਾਰਡੀਐਨ ਅਟੈਕ ਨਾਲ ਮਰਦੀ ਹੈ। 'ਡਾਂਸ ਫਲੋਰ' ਕਹਾਣੀ ਦਾ ਨਤੀਜਾ ਇੰਜ ਹੈ 'ਅਸਲ ਵਿਚ ਜ਼ਿੰਦਗੀ ਹੈ ਹੀ ਡਾਂਸ ਫਲੋਰ, ਕੋਈ ਨੱਚ ਲੈਂਦੈ, ਕੋਈ ਨਚਾ ਲੈਂਦੈ ਤੇ ਕੋਈ ਹੱਥ ਪੈਰ ਮਾਰਦਾ ਰਹਿ ਜਾਂਦੈ।' ਪੰ. 226. 'ਪੋਸਟਰ ਰਿਲੀਜ਼' ਦਾ ਅਖ਼ਬਾਰੀ ਕਹਾਣੀਕਾਰ ਵਿਭਿੰਨ ਵਿਸ਼ੇ ਲੈ ਕੇ ਫ਼ਿਲਮਾਂ ਦੇ ਡਾਇਰੈਕਟਰ ਪਾਸ ਵਾਰ-ਵਾਰ ਜਾਂਦਾ ਹੈ, ਸਾਰੇ ਸਮਕਾਲੀ ਵਿਸ਼ੇ ਰਿਜੈਕਟ ਹੋ ਜਾਂਦੇ ਨੇ। ਅਖ਼ੀਰ ਡਾਇਰੈਕਟਰ ਦਾ ਪੁੱਤਰ ਥੀਏਟਰ ਵਿਚ ਸਾਰੀਆਂ ਸਮੱਸਿਆਵਾਂ ਦਾ ਪੋਸਟਰ ਰਿਲੀਜ਼ ਕਰਦਾ ਹੈ। ਕਹਾਣੀਕਾਰ ਸਨਮਾਨਿਤ ਹੁੰਦਾ ਹੈ।
ਇਨ੍ਹਾਂ ਸਾਰੀਆਂ ਕਹਾਣੀਆਂ ਵਿਚ ਦੋ ਵਿਰੋਧੀ ਜੁੱਟਾਂ ਦਰਮਿਆਨ ਤਣਾਓ ਹੈ। ਦ੍ਰਿਸ਼ਾਂ ਦੀ ਪੇਸ਼ਕਾਰੀ ਸਜੀਵ ਹੈ। ਪਾਤਰਾਂ ਦਾ ਮਨੋਵਿਸ਼ਲੇਸ਼ਣ ਕਮਾਲ ਹੈ। ਬਦਲਵਾਂ ਫੋਕਸੀਕਰਨ ਹੈ। ਹਾਸ-ਵਿਅੰਗ ਵੀ ਹੈ। ਸੰਵਾਦਾਂ ਵਿਚ ਕਾਵਿਕ ਰੰਗਣ ਹੈ। ਅਸ਼ਲੀਲ ਦ੍ਰਿਸ਼ਾਂ ਦੀ ਪੇਸ਼ਕਾਰੀ ਸੰਭਲ-ਸੰਭਲ ਕੇ ਕੀਤੀ ਗਈ ਹੈ।
ਕੁੱਲ ਮਿਲਾ ਕੇ ਕਹਾਣੀ ਸੰਗ੍ਰਹਿ ਸਮਕਾਲੀ ਸਮੱਸਿਆਵਾਂ ਦੀ ਪੇਸ਼ਕਾਰੀ ਵਿਚ ਸਫਲ ਆਖਿਆ ਜਾ ਸਕਦਾ ਹੈ। ਕਹਾਣੀਆਂ ਦੇ ਪਲਾਟ ਜਟਿਲ ਹਨ। ਅਜੋਕਾ ਜੀਵਨ ਤਾਂ ਜਟਿਲ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਸ਼ੀਸ਼ਾ
ਲੇਖਿਕਾ : ਤਾਹਿਰਾ ਸਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98152-98459.

ਤਾਹਿਰਾ ਸਰਾ ਪਾਕਿਸਤਾਨ ਵਿਚ ਵਸਦੀ ਸ਼ਾਇਰਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਸ਼ਾਇਰੀ ਦੀ ਸ਼ੁਰੂਆਤ ਕੀਤੀ। ਉਸ ਦਾ ਵਿਲੱਖਣ ਅੰਦਾਜ਼ ਵਿਚ ਨਜ਼ਮ ਪੜ੍ਹਨਾ ਤੇ ਸਰੋਤਿਆਂ ਤੋਂ ਭਰਪੂਰ ਦਾਦ ਲੈਣੀ ਸਾਬਤ ਕਰਦਾ ਸੀ ਕਿ ਉਸ ਦੀ ਸ਼ਾਇਰੀ ਵਿਚ ਵੀ ਕੁਝ ਨਿਵੇਕਲਾਪਣ ਹੈ ਜੋ ਉਸ ਨੂੰ ਆਮ ਸਰੋਤਿਆਂ ਵਿਚ ਏਨੀ ਮੁਹੱਬਤ ਦਿਵਾਉਂਦਾ ਹੈ। ਇਸ ਸ਼ਾਇਰਾ ਦੀ ਨਵਪ੍ਰਕਾਸ਼ਿਤ ਪੁਸਤਕ 'ਸ਼ੀਸ਼ਾ' ਉਸ ਦੀਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ ਦਾ ਨਵਾਂ ਮਜਮੂਆਂ ਹੈ, ਜਿਸ ਵਿਚ ਉਸ ਦੀ ਸ਼ਾਇਰੀ ਦੇ ਦੀਦਾਰ ਕੀਤੇ ਜਾ ਸਕਦੇ ਹਨ।
ਤਾਹਿਰਾ ਸਰਾ ਇਕ ਸੰਵੇਦਨਸ਼ੀਲ ਸ਼ਾਇਰਾ ਹੈ। ਉਸ ਕੋਲ ਇਸ ਗੱਲ ਦਾ ਹੁਨਰ ਵੀ ਹੈ ਕਿ ਇਸ ਸੰਵੇਦਨਾ ਨੂੰ ਸ਼ਾਇਰੀ ਵਿਚ ਕਿਵੇਂ ਪ੍ਰਸਤੁਤ ਕਰਨਾ ਹੈ। ਮਿਸਾਲ ਦੇਖੀ ਜਾ ਸਕਦੀ ਹੈ :
ਕਿੰਨੇ ਸ਼ਿਅਰ ਨਿਤਾਰੇ ਸੋਚਾਂ
ਜਦ ਵੀ ਤੇਰੇ ਬਾਰੇ ਸੋਚਾਂ
ਅੱਜ ਕਿਉਂ ਚਾਰੇ ਕੱਠੇ ਹੋ ਗਏ
ਜੰਝੂ, ਯਾਦ, ਸਿਤਾਰੇ, ਸੋਚਾਂ।
ਸ਼ਬਦਾਂ ਨੂੰ ਇਸ ਤਰ੍ਹਾਂ ਮਨਚਾਹਿਆ ਨ੍ਰਿਤ ਕਰਵਾਉਣ ਦੀ ਕਲਾ ਹਰ ਕਵੀ ਕੋਲ ਨਹੀਂ ਹੁੰਦੀ। ਤਾਹਿਰਾ ਸਰਾ ਦੀ ਕਲਮ ਨੂੰ ਇਹ ਅਬੂਰ ਹਾਸਲ ਹੈ ਕਿ ਉਹ ਸ਼ਬਦਾਂ ਨੂੰ ਮਨਚਾਹੇ ਰੰਗਾਂ ਤੇ ਸ਼ੇਡਾਂ ਵਿਚ ਪੇਸ਼ ਕਰਨ ਦਾ ਹੁਨਰ ਰੱਖਦੀ ਹੈ। ਬੜੇ ਸਰਲ ਸਾਧਾਰਨ ਲਹਿਜ਼ੇ ਵਿਚ ਉਹ ਲਫ਼ਜ਼ਾਂ ਨੂੰ ਕਮਾਲ ਦੀਆਂ ਕਲਾਬਾਜ਼ੀਆਂ ਲਵਾਉਂਦੀ ਹੈ ਤੇ ਰਚਨਾ ਦੇ ਮਿਆਰ ਨੂੰ ਵੀ ਪੇਤਲਾ ਨਹੀਂ ਪੈਣ ਦਿੰਦੀ।
ਮੇਰਾ ਸੀ ਜੋ ਮੇਰਾ ਨਹੀਂ
ਹੁਣ ਕੋਈ ਡਰ ਖ਼ਤਰਾ ਨਹੀਂ
ਉਹ ਆਪਣੇ ਘਰ ਮੈਂ ਆਪਣੇ ਘਰ
ਰੌਲਾ ਮੁੱਕਾ ਚੰਗਾ ਨਹੀਂ?
ਇਸ ਸੰਗ੍ਰਹਿ ਵਿਚ ਤਾਹਿਰਾ ਦੀਆਂ ਕੁਝ ਛੋਟੀਆਂ ਕਵਿਤਾਵਾਂ ਵੀ ਸ਼ਾਮਿਲ ਹਨ। ਇਨ੍ਹਾਂ ਛੋਟੀਆਂ ਕਵਿਤਾਵਾਂ ਵਿਚ ਵੀ ਉਹ ਦਿਲ ਦੇ ਵੱਡੇ ਮਸਲਿਆਂ ਨੂੰ ਆਪਣੀ ਹੀ ਸ਼ੈਲੀ ਵਿਚ ਦਰਜ ਕਰਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਬਹੁਤ ਹੀ ਸੂਖ਼ਮ ਅਹਿਸਾਸਾਂ ਨੂੰ ਬੜੀ ਸੰਜਮਤਾ ਨਾਲ ਬਿਆਨ ਕੀਤਾ ਗਿਆ ਹੈ :
ਸੋਨੇ ਚਾਂਦੀ ਦੇ ਇਹ ਗਹਿਣੇ
ਕੀਮਤੀ ਗਹਿਣੇ
ਅੱਧੀ ਔਰਤ
ਪੂਰਿਆਂ ਹੋਣ ਦੀ ਕੋਸ਼ਿਸ਼ ਕਰਦੀ ਪਈ ਏ...
ਇਸ ਪੁਸਤਕ ਵਿਚ ਲੇਖਿਕਾ ਦੇ ਕੁਝ ਗੀਤ ਤੇ ਕੁਝ ਟੱਪੇ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਅਹਿਸਾਸਾਂ ਦੀ ਤਾਜ਼ਗੀ ਤੇ ਪੁਖ਼ਤਗੀ ਦਾ ਅਨੁਭਵ ਕੀਤਾ ਜਾ ਸਕਦਾ ਹੈ। ਪੰਜਾਬੀ ਕਵੀ ਤਰਲੋਕ ਸਿੰਘ ਬੀਰ ਵਲੋਂ ਇਸ ਸ਼ਾਇਰੀ ਨੂੰ ਗੁਰਮੁਖੀ ਲਿੱਪੀ ਵਿਚ ਲਿਪੀਅੰਤਰ ਕੀਤਾ ਗਿਆ ਹੈ। ਨਿਰਸੰਦੇਹ ਸ਼ਾਇਰੀ ਦਾ ਇਹ ਪਰਾਗਾ ਚੜ੍ਹਦੇ ਪੰਜਾਬ ਦੇ ਪਾਠਕਾਂ ਲਈ ਇਕ ਤਾਜ਼ੀ ਮਹਿਕਦੀ ਹਵਾ ਦੇ ਬੁੱਲ੍ਹੇ ਵਾਂਗ ਹੈ।

ਡਾ: ਅਮਰਜੀਤ ਕੌਂਕੇ।

c c c

ਮੰਦੇ ਹਾਲ ਵਿਚੋਂ ਕਿਵੇਂ ਨਿਕਲੇ ਪੰਜਾਬ?
ਲੇਖਕ : ਜਸਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ, ਪੰਜਾਬ
ਮੁੱਲ : 80 ਰੁਪਏ, ਸਫ਼ੇ : 79
ਸੰਪਰਕ : 93567-29532.

ਹਥਲੀ ਪੁਸਤਕ ਦੇ ਨਾਂਅ ਤੋਂ ਹੀ ਬਹੁਤ ਕੁਝ ਸਪੱਸ਼ਟ ਹੋ ਰਿਹਾ ਹੈ ਕਿ ਇਹ ਪੁਸਤਕ ਲੇਖਕ ਨੇ ਦੇਸ਼ ਦੇ ਸਭ ਤੋਂ ਖੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਨੂੰ ਮੰਦਹਾਲੀ ਦੇ ਦੌਰ 'ਚੋਂ ਕੱਢੇ ਜਾਣ ਦੇ ਉਦੇਸ਼ ਨਾਲ ਲਿਖੀ ਹੈ। ਲੇਖਕ ਆਪਣੀਆਂ ਵੱਖ-ਵੱਖ ਲਿਖਤਾਂ ਦੁਆਰਾ ਪੰਜਾਬ ਦੀਆਂ ਇਸ ਸਮੇਂ ਭਖਦੀਆਂ ਸਮੱਸਿਆਵਾਂ ਨੂੰ ਤੱਥਾਂ ਸਹਿਤ ਉਭਾਰਦਾ ਹੈ ਅਤੇ ਨਾਲ-ਨਾਲ ਇਹ ਵੀ ਦੱਸਦਾ ਹੈ ਕਿ ਸਮੱਸਿਆਵਾਂ ਦਾ ਹੱਲ ਅਸਲੀਅਤ 'ਚ ਕੀ ਹੈ। ਲੇਖਕ ਵਲੋਂ ਪੇਸ਼ ਕੀਤੀ ਜਾਣਕਾਰੀ ਪ੍ਰਮਾਣਿਕ ਅਤੇ ਤਰਕ ਵਾਲੀ ਹੈ। ਉਸ ਦਾ ਵੱਖ-ਵੱਖ ਵਿਸ਼ਿਆਂ, ਸਮੱਸਿਆਵਾਂ ਪ੍ਰਤੀ ਡੂੰਘੀ ਸੋਚ ਅਤੇ ਚਿੰਤਨ ਹੈ। ਇਸ ਚਿੰਤਨ 'ਚੋਂ ਹੀ ਇਸ ਵਾਰਤਕ ਰੂਪੀ ਪੁਸਤਕ ਨੇ ਜਨਮ ਲਿਆ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਲੇਖਕ ਦੀ ਕਾਵਿ ਅਤੇ ਵਾਰਤਕ ਦੋਵਾਂ ਸਾਹਿਤਕ ਸਿਨਫ਼ਾਂ 'ਤੇ ਪਕੜ ਹੈ। ਇਸ ਤੋਂ ਪਹਿਲਾਂ ਉਸ ਨੇ ਚਾਰ ਕਾਵਿ ਸੰਗ੍ਰਹਿ ਅਤੇ ਦੋ ਵਾਰਤਕ ਪੁਸਤਕਾਂ ਲਿਖੀਆਂ ਹਨ। ਲੇਖਕ ਦੀਆਂ ਰਚਨਾਵਾਂ ਅਕਸਰ ਮਿਆਰੀ ਅਖ਼ਬਾਰਾਂ ਅਤੇ ਰਸਾਲਿਆਂ 'ਚ ਛਪਦੀਆਂ ਰਹਿੰਦੀਆਂ ਹਨ। ਹਥਲੀ ਪੁਸਤਕ ਭਾਵੇਂ ਛੋਟੇ ਆਕਾਰ ਦੀ ਲਗਦੀ ਹੈ ਪਰ ਵਿਸ਼ਿਆਂ ਦੀ ਪੇਸ਼ਕਾਰੀ ਇਸ ਨੂੰ ਛੋਟਾ ਬਿਲਕੁਲ ਹੀ ਮਹਿਸੂਸ ਹੋਣ ਨਹੀਂ ਦਿੰਦੀ। ਪੁਸਤਕ 'ਚ ਵੱਖ-ਵੱਖ ਅਹਿਮ ਵਿਸ਼ਿਆਂ 'ਤੇ ਲਿਖੇ ਡੇਢ ਦਰਜਨ ਲੇਖ ਹਨ। ਇਨ੍ਹਾਂ ਵਿਚਲੀ ਜਾਣਕਾਰੀ ਮਨੁੱਖੀ ਸੂਝ-ਬੂਝ 'ਚ ਅਥਾਹ ਵਾਧਾ ਕਰਦੀ ਹੈ ਅਤੇ ਤੱਥਾਂ 'ਤੇ ਆਧਾਰਿਤ ਹੈ। ਨਿੱਜੀ ਬਿਜਲੀ ਕੰਪਨੀਆਂ ਵਲੋਂ ਲੋਕਾਂ ਦੀ ਲੁੱਟ, ਪਾਣੀ, ਪੰਜਾਬ ਰੋਡਵੇਜ਼ ਨੂੰ ਘਾਟਾ, ਅਵਾਰਾ ਕੁੱਤਿਆਂ ਦੀ ਸਮੱਸਿਆ, ਸੜਕ ਹਾਦਸੇ, ਪ੍ਰਦੂਸ਼ਣ, ਸੱਭਿਆਚਾਰਕ ਗਿਰਾਵਟ, ਕਿਸਾਨੀ ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਨਸ਼ੇ, ਲੱਚਰਤਾ ਵਾਲੀ ਗਾਇਕੀ, ਬਾਲ ਵਰੇਸੇ ਜਬਰ ਜਨਾਹ ਵਰਗੀਆਂ ਹਿੰਸਕ ਘਟਨਾਵਾਂ ਪ੍ਰਤੀ ਲੇਖਕ ਫ਼ਿਕਰਮੰਦ ਹੈ। ਉਹ ਪੰਜਾਬ ਨੂੰ ਇਨ੍ਹਾਂ ਅਲਾਮਤਾਂ 'ਚੋਂ ਕੱਢ ਕੇ ਖੁਸ਼ਹਾਲੀ ਲੋਚਦਾ ਹੈ। ਉਹ ਸਮੁੱਚੇ ਪ੍ਰਬੰਧ ਅੰਦਰ ਦੀਆਂ ਖਾਮੀਆਂ ਵੱਲ ਵੀ ਇਸ਼ਾਰਾ ਕਰਦਾ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110.

c c c

09-05-2020

 ਖ਼ੂਨ ਦੇ ਹੰਝੂ
ਲੇਖਕ : ਮੱਖਣ ਸਿੰਘ ਖੁਡਾਲ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 145 ਰੁਪਏ, ਸਫ਼ੇ : 88
ਸੰਪਰਕ : 98784-23407.

ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ।
ਮੋਇਆਂ ਦੇ ਦੁੱਖ ਭੁੱਲ ਜਾਂਦੇ ਨੇ, ਧਰਤੀ ਦੇ ਰੁੱਖ ਵੱਡੇ।
ਧਰਮ ਛੜੀ ਨੇ ਮੇਰੇ ਦੇਸ਼ ਦੀ, ਹਿੱਕ 'ਤੇ ਲੀਕਰ ਪਾ ਕੇ,
ਸਾਰੇ ਵਸਨੀਕਾਂ ਦੇ ਜੁੱਸੇ, ਲਹੂ ਲਹੂ ਕਰ ਛੱਡੇ।
ਇਹ ਨਾਵਲ 1947 ਦੀ ਵੰਡ ਨਾਲ ਸਬੰਧਿਤ ਹੈ ਜਿਸ ਨੇ ਖ਼ੂਨ ਦੇ ਰਿਸ਼ਤੇ ਲੀਰੋ-ਲੀਰ ਕਰ ਛੱਡੇ, ਭਰਾ-ਭਰਾ ਦੇ ਖ਼ੂਨ ਦਾ ਪਿਆਸਾ ਹੋ ਗਿਆ, ਰੋਟੀ-ਬੋਟੀ ਦੀ ਸਾਂਝ ਵਾਲੇ ਹਿੰਦੂ-ਮੁਸਲਿਮ ਭਰਾ ਦੁਸ਼ਮਣ ਬਣ ਗਏ। ਇਸ ਦੁਖਾਂਤ ਨੂੰ ਲੇਖਕ ਨੇ ਨਾਵਲ ਵਿਚ ਪੇਸ਼ ਕਰਦੇ ਹੋਏ ਇਸ ਦੇ ਕਾਰਨਾਂ ਨੂੰ ਵੀ ਦਰਸਾਇਆ ਹੈ ਕਿ ਰਾਜਨੀਤੀ ਤੇ ਧਰਮ ਦੋਵਾਂ ਦੀ ਕੁਰਸੀ ਦੀ ਭੁੱਖ ਤੇ ਹਉਮੈ ਨੇ ਮਾਸੂਮ ਲੋਕਾਂ ਦਾ ਘਾਣ ਕਰ ਦਿੱਤਾ, ਉਨ੍ਹਾਂ ਦੀ ਚੌਧਰ ਕਾਰਨ ਬੇਦੋਸ਼ੇ ਲੱਖਾਂ ਲੋਕ ਜੋ ਅੱਜ ਵੀ ਖ਼ੂੁਨ ਦੇ ਹੰਝੂ ਵਹਾਉਂਦੇ ਹਨ। ਇਸ ਨਾਵਲ ਵਿਚ ਲੇਖਕ ਨੇ ਬਚਪਨ ਵਿਚ ਨਾਨਕੇ ਪਿੰਡ ਹਰਿਆਊ ਦੀਆਂ ਯਾਦਾਂ ਨੂੰ ਸਮੇਟਣ ਤੇ ਅਣਦਿਸਦੇ ਉਸ ਸੰਸਾਰ ਨੂੰ ਬੰਦ ਦਰਵਾਜ਼ਿਆਂ ਦੀਆਂ ਝੀਥਾਂ ਰਾਹੀਂ ਵੇਖਣ ਦਾ ਯਤਨ ਕੀਤਾ ਹੈ। ਨਾਇਕ ਸੁਰਜਨ ਦੀ ਪ੍ਰੇਮ ਕਹਾਣੀ ਦਾ ਮੁੱਢ ਬੱਝਦਾ ਹੈ ਇਕ ਅਮੀਰ ਘਰ ਦੀ ਧੀ ਨਾਲ, ਪਰ ਵੰਡ ਕਾਰਨ ਇਹ ਰਿਸ਼ਤਾ ਨੇਪਰੇ ਨਾ ਚੜ੍ਹਿਆ ਤੇ ਨਾ ਹੀ ਚੜ੍ਹਣਾ ਸੀਧੀਆਂ ਭੈਣਾਂ ਦੀ ਬੇਪੱਤੀ ਹੋਈ, ਕੁਝ ਮਹੁਰਾ ਖਾ ਕੇ ਮਰੀਆਂ, ਕੁਝ ਡੁੱਬ ਕੇ ਤੇ ਕੁਝ ਨੂੰ ਹਿੰਦੂ-ਮੁਸਲਮਾਨਾਂ ਨੇ ਆਪਣੇ ਘਰੀਂ ਵਸਾ ਲਿਆ ਪਰ ਉਹ ਰਹਿੰਦੀ ਉਮਰ ਤੱਕ ਆਪਣੇ ਪਿਛੋਕੜ ਨੂੰ ਨਾ ਭੁੱਲ ਸਕੀਆਂ। ਰੋਜ਼ ਦਿਹਾੜੀ ਵੰਡ ਦੀਆਂ ਖ਼ਬਰਾਂ ਨੇ ਲੋਕਾਈ ਦੇ ਸਾਹ ਸੂਤ ਲਏ ਸਨ, ਭਾਵੇਂ ਹਿੰਦੂ, ਮੁਸਲਿਮ ਭਰਾਵਾਂ ਵਾਲਾ ਵਰਤਾਓ ਕਰ ਕੇ ਇਕ-ਦੂਸਰੇ ਨੂੰ ਘਰਾਂ ਅੰਦਰ ਵੜ ਕੇ ਬਚਾਉਣ ਦਾ ਯਤਨ ਕਰਦੇ ਰਹੇ ਪਰ ਕਦੋਂ ਤੱਕ ਇੰਜ ਹੁੰਦਾ। ਜਦੋਂ ਪੁਲਿਸ ਨੂੰ ਪਤਾ ਲਗਦਾ ਉਹ ਜ਼ਬਰਦਸਤੀ ਪਰਿਵਾਰਾਂ ਕੋਲ ਭੇਜ ਦਿੰਦੇ ਤਾਂ ਕਿ ਜਾਨਾਂ ਬਚ ਜਾਣ ਪਰ ਵੱਢ-ਟੁੱਕ ਤਾਂ ਹੋਣੀ ਸੀ ਤੇ ਹੋਈ, ਲੱਖਾਂ ਲੋਕ ਇਸ ਦਾ ਸ਼ਿਕਾਰ ਹੋਏ, ਗੱਡੀਆਂ ਦੀਆਂ ਗੱਡੀਆਂ ਬੰਦੇ, ਬੱਚੇ, ਬੁੱਢੇ ਤੇ ਨੌਜਵਾਨ ਵੱਢੇ-ਟੁੱਕੇ ਗਏ। ਕਾਕਾ ਸੂੰ ਅਜਿਹਾ ਪਰਿਵਾਰ ਸੀ ਜੋ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ ਪਰ ਉਸ ਦੇ ਵੱਸ ਵਿਚ ਵੀ ਕੁਝ ਨਹੀਂ ਸੀ। ਇਸ ਤਰ੍ਹਾਂ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਗਏ, ਆਪਣੇ ਬੇਗਾਨੇ ਹੋ ਗਏ। ਇਨਸਾਨੀਅਤ ਜਿਵੇਂ ਖੰਭ ਲਾ ਕੇ ਉੱਡ ਗਈ ਸੀ। ਲੇਖਕ ਨੇ ਨਾਵਲ ਵਿਚ ਜ਼ਿਕਰ ਕੀਤੇ ਪਿੰਡਾਂ ਤੇ ਇਮਾਰਤਾਂ ਦਾ ਆਪ ਜਾ ਕੇ ਅਧਿਐਨ ਕੀਤਾ ਤੇ ਬਜ਼ੁਰਗਾਂ ਤੋਂ ਸੁਣ ਕੇ ਘਟਨਾਵਾਂ ਨੂੰ ਨਾਵਲ ਦਾ ਵਿਸ਼ਾ ਬਣਾਇਆ ਹੈ। ਪਾਤਰ ਤੇ ਉਨ੍ਹਾਂ ਦੀ ਵਾਰਤਾਲਾਪ ਪੇਂਡੂ ਹੈ ਜਿਹੜੇ ਇਲਾਕਿਆਂ ਦੇ ਉਹ ਵਸਨੀਕ ਸਨ। ਸ਼ਬਦਾਂ ਦਾ ਭੰਡਾਰ ਲੇਖਕ ਕੋਲ ਚੋਖਾ ਹੈ, ਜੋ ਨਾਵਲ ਪੜ੍ਹ ਕੇ ਹੀ ਪਤਾ ਲਗਦਾ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਪੰਥਕ ਦਸਤਾਵੇਜ਼
(ਭਾਗ ਪਹਿਲਾ)

ਸੰਪਾਦਕ : ਕਮਰਜੀਤ ਸਿੰਘ, ਨਰਾਇਣ ਸਿੰਘ
ਪ੍ਰਕਾਸ਼ਕ : ਅਕਾਲ ਫੈਡਰੇਸ਼ਨ (ਰਾਹੀਂ) ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 750 ਰੁਪਏ, ਸਫ਼ੇ : 702
ਸੰਪਰਕ : 99150-91063.

ਪੰਥ ਦੀ ਚੜ੍ਹਦੀ ਕਲਾ ਅਤੇ ਗੁਰ-ਸਥਾਨਾਂ ਦੀ ਪਵਿੱਤਰਤਾ ਨੂੰ ਸਮਰਪਿਤ ਇਹ ਗ੍ਰੰਥ ਇਕ ਵੱਡਾਕਾਰੀ ਰਚਨਾ ਹੈ, ਜਿਸ ਵਿਚ 1960 ਈ: ਤੋਂ ਲੈ ਕੇ 2010 ਈ: ਤੱਕ ਪੰਥ ਦੇ ਇਨਕਲਾਬੀ ਯੋਧਿਆਂ ਵਲੋਂ ਕੀਤੇ ਗਏ ਸੰਘਰਸ਼ ਅਤੇ ਉਲੀਕੇ ਗਏ ਭਿੰਨ-ਭਿੰਨ ਪ੍ਰੋਗਰਾਮਾਂ ਦੇ ਵੇਰਵੇ ਦਸਤਾਵੇਜ਼ੀ ਰੂਪ ਵਿਚ ਅੰਕਿਤ ਹੋਏ ਹਨ। ਇਸ ਪੁਸਤਕ ਦੇ ਮਗਰਲੇ ਸਰਵਰਕ ਉੱਪਰ ਸ਼ਹੀਦ ਭਾਈ ਸੁਖਦੇਵ ਸਿੰਘ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਵਲੋਂ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਨੂੰ ਲਿਖੇ ਇਕ ਪੱਤਰ ਵਿਚੋਂ ਕੁਝ ਚੋਣਵੇਂ ਅੰਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਉਕਤ ਸ਼ਹੀਦ ਸਿੰਘ ਲਿਖਦੇ ਹਨ, 'ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗ ਪੈਂਦਾ ਹੈ। ... ਅਸੀਂ ਇਹ ਪੈਗ਼ਾਮ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੁਸਤਾਨ ਦੇ ਮਹਾਨ ਲੋਕਾਂ ਅਤੇ ਇਸ ਦੀ ਧਰਤੀ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ... ਸਾਡੇ ਗੁਰੂਆਂ ਨੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ... ਪਲਕਾਂ ਉੱਤੇ ਬਿਠਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪਣੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਨਿਵਾਜਿਆ। ਪਰ ਬ੍ਰਾਹਮਣ ਦੇ ਕੁਫ਼ਰ ਦਾ ਜਾਲ ਏਨਾ ਵੱਡਾ ਹੈ ਕਿ ਅਜੇ ਸਾਡੇ ਇਨ੍ਹਾਂ ਭਰਾਵਾਂ ਨੂੰ ਸਾਡੀ ਲੜਾਈ ਦੀ ਪੂਰਨ ਸਮਝ ਨਹੀਂ ਲੱਗ ਰਹੀ।'
ਇਸ ਗ੍ਰੰਥ ਵਿਚ ਕੁੱਲ 223 ਦਸਤਾਵੇਜ਼ ਸੰਕਲਿਤ ਹਨ। ਸੰਪਾਦਕਾਂ ਦਾ ਅਜਿਹਾ ਕਾਰਜ ਬਹੁਤ ਪ੍ਰਸੰਸਾਯੋਗ ਹੈ। ਜੇ ਉਹ ਇਹ ਪੁਰਸ਼ਾਰਥ ਨਾ ਕਰਦੇ ਤਾਂ ਬਹੁਤ ਸਾਰੇ ਦੁਰਲੱਭ ਦਸਤਾਵੇਜ਼ ਅਨੁਪਲਬਧ ਹੋ ਜਾਣੇ ਸਨ। ਪਰ ਸੰਪਾਦਕਾਂ ਨੂੰ ਪੰਜਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਉੱਪਰ ਇਹ ਜਾਇਜ਼ ਗ਼ਿਲਾ ਹੈ ਕਿ ਲੇਖਕਾਂ ਦੀਆਂ ਸੰਸਥਾਵਾਂ ਵਿਚ ਕਮਿਊਨਿਸਟ ਵਿਚਾਰਧਾਰਾ ਭਾਰੂ ਰਹੀ ਹੈ, ਜਿਸ ਕਾਰਨ ਖਾਲਸਾ ਪੰਥ ਦਾ ਸ਼ਾਨਾਮੱਤਾ ਇਤਿਹਾਸ, ਗੋਲੀਆਂ ਨਾਲ ਵਿੰਨ੍ਹਿਆ ਹਰਿਮੰਦਰ ਸਾਹਿਬ ਅਤੇ ਢੱਠੇ ਅਕਾਲ ਤਖ਼ਤ ਸਾਹਿਬ ਨੇ ਸਾਡੇ ਲੇਖਕਾਂ ਦੀਆਂ ਪੱਥਰਦਿਲ ਜ਼ਮੀਰਾਂ ਨੂੰ ਰਤਾ ਵੀ ਹਲੂਣਾ ਨਾ ਦਿੱਤਾ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕਮਿਊਨਿਸਟ ਪੱਖੀ ਅਧਿਆਪਕ, ਭ੍ਰਿਸ਼ਟਾਚਾਰ ਦੀ ਦਲਦਲ ਵਿਚ ਡੁੱਬੀ ਰਵਾਇਤੀ ਅਕਾਲੀ ਲੀਡਰਸ਼ਿਪ ਰਾਹੀਂ ਹੀ ਸਿੱਖ ਧਰਮ ਨੂੰ ਵੇਖਦੇ, ਪਰਖਦੇ ਅਤੇ ਪਰਿਭਾਸ਼ਿਤ ਕਰਦੇ ਹਨ। (ਪੰਨਾ 30)
ਸੰਪਾਦਕ ਸੱਜਣ ਇਸ ਗ੍ਰੰਥ ਵਿਚ ਸੰਕਲਿਤ ਸਾਮਗਰੀ ਬਾਰੇ ਬੜੀ ਨਿਮਰਤਾ ਨਾਲ ਅਰਜ਼ ਕਰਦੇ ਹਨ ਕਿ ਪੁਸਤਕ ਵਿਚ ਛਪੇ ਦਸਤਾਵੇਜ਼ ਤਾਂ ਸਾਡੇ ਇਤਿਹਾਸ ਦਾ ਛੋਟਾ ਜਿਹਾ ਹਿੱਸਾ ਹੈ। ਉਨ੍ਹਾਂ ਲੋਕਾਂ ਤੱਕ ਅਸੀਂ ਕਦੋਂ ਪਹੁੰਚਾਂਗੇ ਜਿਨ੍ਹਾਂ ਨੇ ਪੁਲਿਸ ਦਾ ਤਸ਼ੱਦਦ ਝੱਲਿਆ? ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਲੜਨ ਵਾਲਿਆਂ ਦੇ ਲੜਾਈ ਦੌਰਾਨ ਅਨੁਭਵ ਕਿਸ ਤਰ੍ਹਾਂ ਦੇ ਸਨ? ਜੇ ਅਸੀਂ ਅਜਿਹੇ ਕਦਮ ਚੁੱਕਦੇ ਹਾਂ ਤਾਂ ਗੁਰੂ-ਸਿਧਾਂਤ ਦੀਆਂ ਅਸੀਸਾਂ ਸਦਾ ਹਮਸਫ਼ਰ ਵਾਂਗ ਸਾਡੇ ਨਾਲ-ਨਾਲ ਰਹਿਣਗੀਆਂ। (ਪੰਨਾ 33) ਇਸ ਗ੍ਰੰਥ ਵਿਚ ਸਿਰਦਾਰ ਕਪੂਰ ਸਿੰਘ, ਸਿੰਘ ਸਾਹਿਬ ਜਰਨੈਲ ਸਿੰਘ ਖਾਲਸਾ, ਭਾਈ ਕੰਵਰ ਸਿੰਘ ਕਨਵੀਨਰ ਅਕਾਲ ਫੈਡਰੇਸ਼ਨ, ਭਾਈ ਸਾਹਿਬ ਕਿਰਪਾਲ ਸਿੰਘ ਜਥੇਦਾਰ ਅਕਾਲ ਤਖ਼ਤ, ਭਾਈ ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਬੱਬਰ, ਵਧਾਵਾ ਸਿੰਘ ਬੱਬਰ, ਡਾ: ਸੋਹਣ ਸਿੰਘ, ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ, ਸ: ਸਿਮਰਨਜੀਤ ਸਿੰਘ ਮਾਨ, ਜਸਪਾਲ ਸਿੰਘ ਢਿੱਲੋਂ ਚੇਅਰਮੈਨ ਹਿਊਮਨ ਰਾਈਟਸ ਅਤੇ ਭਾਈ ਜਗਤਾਰ ਸਿੰਘ ਤਾਰਾ... ਆਦਿ ਪੰਥਕ-ਚਿੰਤਕਾਂ ਦੇ ਸੰਦੇਸ਼, ਏਜੰਡੇ, ਘੋਸ਼ਨਾਵਾਂ ਅਤੇ ਬਹੁਤ ਸਾਰੇ ਹੋਰ ਦੁਰਲੱਭ ਵੇਰਵੇ ਸੰਕਲਿਤ ਹਨ।

ਬ੍ਰਹਮਜਗਦੀਸ਼ ਸਿੰਘ
ਮੋ: 98760-52136.

c c c

ਪੰਜਾਬੀ ਗਲਪ : ਬਿਰਤਾਂਤ ਸ਼ਾਸਤਰ
ਲੇਖਕ : ਡਾ: ਮਾਨਤਾ ਰਾਓ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 137
ਸੰਪਰਕ : 94630-88272.

ਵਿਦਵਾਨ ਵਿਦੁਸ਼ੀ ਡਾ: ਮਾਨਤਾ ਰਾਓ ਨੇ ਆਪਣੀ ਪਲੇਠੀ ਖੋਜ ਪੁਸਤਕ ਦਾ ਆਗਾਜ਼ ਕਰਦਿਆਂ ਖੋਜ ਪਰੰਪਰਾ ਅਨੁਸਾਰ ਬਿਰਤਾਂਤ ਸ਼ਾਸਤਰ ਦਾ ਸਿਧਾਂਤਕ ਪਰਿਪੇਖ ਉਲੀਕਿਆ ਹੈ। ਬਿਰਤਾਂਤ ਸ਼ਾਸਤਰ ਕਥਾਤਮਿਕ ਰਚਨਾਵਾਂ ਦਾ ਅਜਿਹਾ ਅਧਿਐਨ ਹੈ ਜੋ ਉਨ੍ਹਾਂ ਨਿਯਮਾਂ ਨੂੰ ਨਿਰਧਾਰਤ ਕਰਦਾ ਹੈ ਜਿਨ੍ਹਾਂ ਅਨੁਸਾਰ ਇਕਸੇ ਬਿਰਤਾਂਤ ਨੂੰ ਗ਼ੈਰ-ਬਿਰਤਾਂਤਕ ਰਚਨਾਵਾਂ ਨਾਲੋਂ ਨਿਖੇੜਿਆ ਜਾ ਸਕਦਾ ਹੈ। ਅਜਿਹੇ ਅਧਿਐਨ ਨੂੰ ਬਿਰਤਾਂਤ ਦਾ ਵਿਆਕਰਨ ਕਹਿਣਾ ਵੀ ਤਰਕਸੰਗਤ ਹੈ। ਇਸ ਸਾਸਤਰ ਦੀਆਂ ਜੜ੍ਹਾਂ ਤਾਂ ਰੂਸੀ ਰੂਪਵਾਦ ਵਿਚ ਹਨ, ਜਿਸ ਨੂੰ ਬਾਅਦ ਵਿਚ ਸੋਸਿਉਰ ਦੇ ਭਾਸ਼ਾ ਨਿਯਮਾਂ (ਲੈਂਗ, ਪੈਰੋਲ, ਸਾਈਨ, ਸਿਗਨੀਫਾਇਰ, ਸਿਗਨੀਫਾਈਡ, ਸਿੰਟਰਾਮੈਟਿਕ, ਪੈਰਾਡਿਰਾਮੈਟਿਕ ਆਦਿ) ਦੀ ਵਰਤੋਂ ਕਰਦਿਆਂ ਸੰਰਚਨਾਵਾਦੀਆਂ ਨੇ ਵਿਕਸਿਤ ਕੀਤਾ। ਉੱਤਰ-ਸੰਰਚਨਾਵਾਦੀਆਂ ਨੇ ਇਸ ਵਿਚ ਰੂਪਕ ਪੱਖ ਦੇ ਨਾਲ-ਨਾਲ ਵਿਚਾਰਧਾਰਕ ਪੱਖ ਨੂੰ ਵੀ ਸ਼ਾਮਿਲ ਕੀਤਾ।
ਸਿਧਾਂਤਕ ਪਰਿਪੇਖ ਉਪਰੰਤ ਵਿਦਵਾਨ ਲੇਖਕਾ ਨੇ ਅਗਲੇਰੇ ਕਾਂਡਾਂ ਵਿਚ ਸਥਾਪਤ ਕਹਾਣੀਕਾਰਾਂ ਜਿੰਦਰ ਅਤੇ ਪ੍ਰੇਮ ਪ੍ਰਕਾਸ਼ ਤੋਂ ਬਿਨਾਂ ਪ੍ਰੋ: ਗੁਰਦਿਆਲ ਸਿੰਘ ਦੇ ਨਾਵਲਾਂ (ਮੜ੍ਹੀ ਦਾ ਦੀਵਾ, ਅਣਹੋਏ ਅਤੇ ਪਰਸਾ) ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਇਨ੍ਹਾਂ ਦਾ ਬਿਰਤਾਂਤ ਸ਼ਾਸਤਰੀ ਦ੍ਰਿਸ਼ਟੀ ਤੋਂ ਡੂੰਘਾ ਅਧਿਐਨ ਕੀਤਾ ਹੈ। ਇਨ੍ਹਾਂ ਗਲਪਕਾਰਾਂ ਨੂੰ ਜਿਨ੍ਹਾਂ ਬਿਰਤਾਂਤਕ ਜੁਗਤਾਂ ਅਧੀਨ ਪਰਖਿਆ ਗਿਆ ਹੈ, ਉਨ੍ਹਾਂ ਵਿਚ 'ਘਟਨਾਵਾਂ, ਘਟਨਾਵੀ ਸਮਾਂ, ਘਟਨਾਵੀ ਵਿਉਂਤ, ਪਾਤਰ, ਫੋਕਸੀਕਰਨ, ਨਜ਼ਰੀਆ, ਕਾਲਿਕ ਬੁਣਤੀ, ਬਾਰੰਬਾਰਤਾ, ਕਥਾ-ਵਕਤਾ, ਬਿਰਤਾਂਤਕ ਪੱਧਰ, ਬਿਰਤਾਂਤਕ ਚੱਕਰ' ਸ਼ਾਮਿਲ ਹਨ। ਲੇਖਿਕਾ ਦਾ ਮੱਤ ਹੈ ਕਿ ਜਿੰਦਰ ਦੀਆਂ ਕਹਾਣੀਆਂ ਦੋ ਵਿਰੋਧੀ-ਜੁੱਟਾਂ ਦੇ ਤਣਾਓ ਵਿਚੋਂ ਹੋਂਦ ਗ੍ਰਹਿਣ ਕਰਦੀਆਂ ਹਨ। ਮਾਨਸਿਕ ਅਸੰਤੁਲਨ ਅਤੇ ਅੰਤਰ-ਦਵੰਦਾਂ 'ਤੇ ਕੇਂਦਰਿਤ ਹੁੰਦੀਆਂ ਹਨ। ਕੁਝ ਕੁ ਪਰੰਪਰਕ ਜੁਗਤਾਂ ਅਪਣਾਉਣ ਦੇ ਬਾਵਜੂਦ, ਅੰਤਰ-ਮਨ ਦੀਆਂ ਭਾਵਨਾਵਾਂ ਦੀ ਪ੍ਰਸਤੁਤੀ ਕਾਰਨ ਆਪਣਾ ਵਿਲੱਖਣ ਸਥਾਨ ਬਣਾ ਸਕਿਆ ਹੈ।
ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਨੂੰ ਇਕੋ ਬਿਰਤਾਂਤਕ ਫਾਰਮੂਲੇ ਅਨੁਸਾਰ ਸਮਝਣਾ ਕਠਿਨ ਹੈ। ਮਨੁੱਖੀ ਜੀਵਨ ਦੀ ਜਟਿਲਤਾ ਦਾ ਅਣਦਿਸਦਾ ਰਹੱਸ ਅਤੇ ਆਂਤਰਿਕ ਵੇਦਨਾਵਾਂ ਦਾ ਪ੍ਰਗਟਾਵਾ ਕਰਦਾ ਹੋਇਆ, ਬਹੁ-ਪਰਤੀ ਅੰਤਰ-ਦ੍ਰਿਸ਼ਟੀ ਨਾਲ ਜੂਝਦਾ, ਬਹੁ-ਦਿਸ਼ਾਵੀ ਲੰਮੀ ਕਹਾਣੀ ਦਾ ਵਿਸ਼ੇਸ਼ੱਗ ਹੋ ਨਿਬੜਿਆ ਹੈ। ਪ੍ਰੋ: ਗੁਰਦਿਆਲ ਸਿੰਘ 'ਮੜ੍ਹੀ ਦਾ ਦੀਵਾ' ਨਾਵਲ ਵਿਚ ਜਗਸੀਰ ਨਾਇਕ ਦੀ ਸਿਰਜਣਾ ਨਾਲ ਅਤੇ 'ਅਣਹੋਏ' ਨਾਵਲ ਵਿਚ 'ਬਿਸ਼ਨੇ' ਦੀ ਸਿਰਜਣਾ ਨਾਲ ਜੀਵਨ ਦੀ ਅਰਥਹੀਣਤਾ ਦਾ ਸ਼ਕਤੀਸ਼ਾਲੀ ਬਿੰਬ ਉਜਾਗਰ ਕਰਨ ਵਿਚ ਸਫਲ ਹੋਇਆ ਹੈ। ਪਰਸਾ ਨਾਵਲ ਬਾਰੇ ਲੇਖਕਾ ਦਾ ਵਿਚਾਰ ਹੈ ਕਿ ਇਹ ਨਾਵਲ ਸਾਲਮ ਮਨੁੱਖ ਦਾ ਬਿਰਤਾਂਤ ਹੈ। ਜਗਸੀਰ ਜੋ ਕੁਝ ਜੀਵਨ ਵਿਚ ਪ੍ਰਾਪਤ ਨਹੀਂ ਕਰ ਸਕਿਆ, ਉਹ ਕੁਝ ਪਰਸਾ ਹਾਸਲ ਕਰਨ ਵਿਚ ਸਫ਼ਲ ਹੋਇਆ ਹੈ। ਬਜ਼ੁਰਗਾਂ ਦੀ ਪਰੰਪਰਾ ਤੋਂ ਪ੍ਰਾਪਤ ਅਣਖ ਲਈ ਮਰ ਮਿਟਣ ਲਈ ਜੀਵਨ ਸ਼ੈਲੀ ਪਰਸੇ ਦੇ ਪੁੱਤਰ ਬਸੰਤੇ ਦੇ ਜੀਵਨ ਦਾ ਵੀ ਅੰਗ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਵਲਵਲੇ
ਲੇਖਕ : ਬਲਜੀਤ ਸਿੰਘ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94171-67420.

'ਵਲਵਲੇ' ਨੌਜਵਾਨ ਪੁਲਿਸ ਅਫ਼ਸਰ ਬਲਜੀਤ ਸਿੰਘ ਸੰਧੂ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਲੇਖਕ ਨੇ ਸਮਾਜੀ ਚੌਗਿਰਦੇ ਵਿਚ ਪੇਸ਼ ਸਮੱਸਿਆਵਾਂ ਨੂੰ ਆਪਣੇ ਕਾਵਿ ਦਾ ਆਧਾਰ ਬਣਾਇਆ ਹੈ। ਬਲਜੀਤ ਸਿੰਘ ਸੰਧੂ ਇਸ ਗੱਲ ਵਿਚ ਯਕੀਨ ਕਰਦਾ ਹੈ ਕਿ ਕਵੀ ਨੂੰ ਉਹੋ ਜਿਹਾ ਹੀ ਲਿਖਣਾ ਚਾਹੀਦਾ ਹੈ ਜਿਹੋ ਜਿਹਾ ਉਹ ਜਿਊਂਦਾ ਹੈ। ਉਸ ਦੀ ਪਹਿਲੀ ਕਵਿਤਾ ਵਿਚ ਹੀ ਇਸ ਗੱਲ ਦਾ ਸੰਕੇਤ ਪ੍ਰਾਪਤ ਹੋ ਜਾਂਦਾ ਹੈ।
ਲਿਖਣ ਤੋਂ ਪਹਿਲਾਂ ਜੀਣਾ ਸਿੱਖ ਲੈ,
ਲਿਖ ਕੇ ਕੀ ਸੁਣਾਏਂਗਾ।
ਭੁੱਲਿਆ ਭਟਕਿਆ ਫਿਰਦਾ ਏਂ ਖ਼ੁਦ,
ਕਿਹਨੂੰ ਰਾਹ ਦਰਸਾਏਂਗਾ।
ਇਸੇ ਤਰ੍ਹਾਂ ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ ਲੇਖਕ ਨੇ ਸਾਡੇ ਸਮਾਜ ਵਿਚ ਪਸਰੇ ਕੁਹਜ ਅਤੇ ਕੁਰੀਤੀਆਂ ਦੀ ਨਿਸ਼ਾਨਦੇਹੀ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਵਰਨਣ ਕੀਤੀ ਹੈ। ਸਾਡੇ ਸਮਾਜ ਵਿਚ ਵਿਆਪਕ ਸਮੱਸਿਆਵਾਂ ਜਿਵੇਂ ਬੇਰੁਜ਼ਗਾਰੀ, ਦਾਜ ਦੀ ਲਾਹਨਤ, ਭਰੂਣ ਹੱਤਿਆ, ਬਜ਼ੁਰਗਾਂ ਦੀ ਸਮੱਸਿਆ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰਗਟ ਕੀਤਾ ਹੈ। ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ ਬਾਰੇ ਲੇਖਕ ਦੀ ਕਵਿਤਾ 'ਇਕੱਤੀ ਮਾਰਚ' ਵੇਖਣਯੋਗ ਹੈ।
ਟੁੱਟ ਗਏ ਠੇਕੇ ਸ਼ਰਾਬ ਹੋਈ ਸਸਤੀ,
ਮਾਰਾਂਗੇ ਛਿਮਾਹੀ ਅਸੀਂ ਪੂਰੀ ਮਸਤੀ
ਖੁਸ਼ੀਆਂ ਦੇ ਵਿਚ ਫਿਰਨ ਪਿਆਕੜ
ਇਕ ਦੂਜੇ ਨੂੰ ਦੇਣ ਵਧਾਈ, ਕਹਿੰਦੇ 31 ਮਾਰਚ ਆਈ।
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਵਿਅੰਗ ਵਿਧੀ ਰਾਹੀਂ ਲੇਖਕ ਨੇ ਸਾਡੇ ਸਮਾਜ ਦੀਆਂ ਅਨੇਕਾਂ ਵਿਸੰਗਤੀਆਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ।

ਡਾ: ਅਮਰਜੀਤ ਕੌਂਕੇ।

c c c

ਮੇਰੇ ਹਿੱਸੇ ਦੀ ਲੋਅ
ਲੇਖਕ : ਹੀਰਾ ਸਿੰਘ ਤੂਤ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 130 ਰੁਪਏ, ਸਫ਼ੇ : 112
ਸੰਪਰਕ : 98724-55994.

ਹੀਰਾ ਸਿੰਘ ਤੂਤ ਪੰਜਾਬੀ ਸਾਹਿਤ ਦਾ ਸਰਬਾਂਗੀ ਲੇਖਕ ਹੈ। ਉਸ ਨੇ ਕਵਿਤਾ, ਕਹਾਣੀ ਅਤੇ ਨਾਵਲ ਆਦਿ ਲਿਖ ਕੇ ਹੁਣ ਤੱਕ 'ਫਿੱਕੇ ਰੰਗ' (ਕਾਵਿ-ਸੰਗ੍ਰਹਿ), 'ਪਗਡੰਡੀਆਂ' (ਕਹਾਣੀ-ਸੰਗ੍ਰਹਿ), 'ਬੱਸ ਏਦਾਂ ਹੀ', (ਨਾਵਲ), 'ਕੁਝ ਰੰਗ' (ਕਾਵਿ-ਸੰਗ੍ਰਹਿ) ਅਤੇ 'ਸ਼ਕਤੀ ਪ੍ਰਦਰਸ਼ਨ' (ਕਹਾਣੀ-ਸੰਗ੍ਰਹਿ) ਪੰਜਾਬੀ ਪਾਠਕਾਂ ਦੀ ਝੋਲੀ ਪਾਏ ਹਨ। 'ਮੇਰੇ ਹਿੱਸੇ ਦੀ ਲੋਅ' ਉਸ ਦਾ ਚੌਥਾ ਕਾਵਿ-ਸੰਗ੍ਰਹਿ ਹੈ ਜੋ ਉਸ ਨੇ ਗੁਰਦਾਸ ਮਾਨ ਦੀਆਂ ਲਿਖੀਆਂ ਸਤਰਾਂ ਦੇ ਭਾਵ ਯਾਦਾਂ, ਬਿਰਹਾ ਨੂੰ ਯਾਦ ਕਰਦਿਆਂ ਮਨੁੱਖੀ ਜ਼ਿੰਦਗੀ ਦਾ ਪੂਣੀ-ਪੂਣੀ ਹੋ ਕੱਤਣ ਦਾ ਸਫ਼ਰ ਵਿਦਮਾਨ ਹੈ। ਇਸ ਵਿਚਲੀਆਂ 79 ਕਵਿਤਾਵਾਂ ਮਨੁੱਖੀ ਜ਼ਿੰਦਗੀ ਦੇ ਸਫ਼ਰ 'ਚ ਚਲਦਿਆਂ, ਮਿਲਦੀਆਂ ਕੌੜੀਆਂ-ਕੁਸੈਲੀਆਂ/ ਮਿੱਠੀਆਂ ਯਾਦਾਂ ਨੂੰ ਹੀ ਤਸਦੀਕ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ 'ਚ ਗੁਰੂ ਨਾਨਕ, ਗੁਰੂ ਤੇਗ ਬਹਾਦਰ, ਸ: ਭਗਤ ਸਿੰਘ ਅਤੇ ਹੋਰ ਸ਼ਹੀਦ ਜਿਥੇ ਚਾਨਣ-ਮੁਨਾਰੇ ਬਣ ਸਾਹਵੇਂ ਆਉਂਦੇ ਹਨ, ਉਥੇ ਕਵੀ ਆਪਣੇ ਹਿੱਸੇ ਦੀ ਲੋਅ ਦੀ ਗਾਥਾ ਵੀ ਕਹਿੰਦਾ ਹੈ। ਵੰਡੀਆਂ ਪਏ ਸਮਾਜ ਦੀ ਵਿਥਿਆ ਸੁਣਾਉਂਦਿਆਂ, ਉਹ ਆਸ ਕਰਦਾ ਹੈ ਕਿ ਇਹ ਮਨੁੱਖੀ ਸਮਾਜ ਧਰਮ, ਜਾਤ, ਗ਼ਰੀਬੀ, ਅਮੀਰੀ, ਊਚ, ਨੀਚ, ਨਿਤਾਣਿਆਂ ਦੀਆਂ ਸ਼੍ਰੇਣੀਆਂ 'ਚ ਹਮੇਸ਼ਾ ਹੀ ਨਾ ਵੰਡਿਆ ਰਹੇ। ਉਹ ਪੀਰਾਂ-ਫ਼ਕੀਰਾਂ ਦੇ ਸੰਦੇਸ਼ਾਂ ਦੀ ਗਾਥਾ ਕਹਿੰਦਿਆਂ, ਇਹ ਸੰਦੇਸ਼ ਦੇਣ ਲਈ ਤੱਤਪਰ ਹੈ ਕਿ ਹਰ ਮਨੁੱਖ ਆਪਣੇ ਅਕੀਦੇ ਅਨੁਸਾਰ ਉਸ ਪਰਮ-ਸੱਤਾ ਦਾ ਹਿੱਸਾ ਹੈ, ਅੰਸ਼ ਹੈ। 'ਕਰਤਾਰਪੁਰ ਲਾਂਘਾ' ਕਵਿਤਾ, ਇਸ ਸੰਦੇਸ਼ ਨੂੰ ਪ੍ਰਸਾਰਿਤ ਕਰਨ ਵਾਲੀ ਪ੍ਰਮੁੱਖ ਕਵਿਤਾ ਹੈ :
ਉਨ੍ਹਾਂ ਲਈ ਹੈ 'ਪੀਰ-ਨੂਰਾਨੀ'
ਤੇ ਸਾਡਾ 'ਬਾਬਾ-ਗੁਰੂ' ਕਹਾਏ
ਨਾਨਕ ਨੂੰ ਦੋਹੀਂ ਪਾਸੀਂ ਉਸਤਤ
ਨਿੱਤ ਹੀ ਦੁੱਗਣੀ ਹੁੰਦੀ ਜਾਏ।
ਕਵੀ ਦਾ ਆਪਣੀਆਂ ਕਵਿਤਾਵਾਂ 'ਚ ਮਨੁੱਖੀ ਦਰਦ ਦੀ ਵੇਦਨਾ ਨੂੰ ਪ੍ਰਗਟਾਉਣਾ ਹੁੰਦਾ ਹੈ। ਉਹ ਕਵਿਤਾ ਦਾ ਮੰਤਵ ਸਪੱਸ਼ਟ ਕਰਨ ਲਈ 'ਮੈਂ ਕਵਿਤਾ ਲਿਖਦਾ ਹਾਂ' ਕਵਿਤਾ ਰਾਹੀਂ ਆਪਣੇ ਵਿਚਾਰ-ਧਾਰਕ ਦ੍ਰਿਸ਼ਟੀ ਨੂੰ ਕਾਵਿ-ਪਾਠਕਾਂ ਸਾਹਵੇਂ ਪੇਸ਼ ਕਰਦਾ ਹੈ :
ਮੈਂ ਕੁਝ ਹੱਡ ਬੀਤੀ ਦੀ
ਗੱਲ ਕਰਦਾ ਹਾਂ
ਤੇ ਕੁਝ ਜੱਗ ਬੀਤੀ ਦੀ
ਗੱਲ ਕਰਦਾ ਹਾਂ
ਮੈਂ ਜਦ ਕਵਿਤਾ ਲਿਖਦਾ ਹਾਂ।
ਹੀਰਾ ਸਿੰਘ ਤੂਤ ਨੇ ਬਾਬੇ ਨਾਨਕ ਵਲੋਂ ਉਠਾਏ ਵਾਤਾਵਰਨ, ਪਾਣੀ, ਧਰਤੀ ਨਾਲ ਜੁੜੇ ਮਸਲਿਆਂ ਨੂੰ ਵੀ ਆਪਣੀਆਂ ਕਵਿਤਾਵਾਂ 'ਚ ਸਰਲ, ਸਪੱਸ਼ਟ ਭਾਸ਼ਾ ਰਾਹੀਂ ਪੇਸ਼ ਕੀਤਾ ਹੈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਤੇਗਾਂ ਵਾਲੇ ਸੰਤ
ਲੇਖਕ : ਮੁਖਤਿਆਰ ਸਿੰਘ ਕੈਨੇਡਾ
ਪ੍ਰਕਾਸ਼ਕ : ਕੈਫੇ ਵਰਲਡ, (ਪੰਜਾਬ) ਜਲੰਧਰ
ਮੁੱਲ : 250 ਰੁਪਏ, ਸਫ਼ੇ : 152

ਕੁਰਬਾਨੀਆਂ ਦਾ ਇਕ ਦਸਤਾਵੇਜ਼ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਨੇ ਖ਼ਾਲਸਾ ਰਾਜ ਅਤੇ ਸਿੱਖ ਕੌਮ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਕੁਝ-ਕੁਝ ਖ਼ਾਸ-ਖ਼ਾਸ ਘਟਨਾਵਾਂ ਨੂੰ ਨਾਵਲ ਵਿਚ ਇਕ ਤਰਤੀਬ ਨਾਲ ਪੇਸ਼ ਕੀਤਾ ਗਿਆ ਹੈ। ਨਾਵਲ ਦੀ ਕਹਾਣੀ ਜ਼ੀਨਤ ਨਾਂਅ ਦੀ ਮੁਸਲਿਮ ਲੜਕੀ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਜ਼ਕਰੀਆ ਖ਼ਾਨ ਦਾ ਇਕ ਸੂਬੇਦਾਰ ਧੱਕੇ ਨਾਲ ਚੁੱਕ ਕੇ ਲੈ ਜਾਂਦਾ ਹੈ। ਉਸ ਦਾ ਪਿਤਾ ਖ਼ਾਲਸੇ ਦੀ ਸ਼ਰਨ ਲੈਂਦਾ ਹੈ ਅਤੇ ਆਪਣੀ ਧੀ ਨੂੰ ਬਚਾਉਂਦਾ ਹੈ। ਖ਼ਾਲਸਾ ਉਸ ਨੂੰ ਆਪਣੀ ਭੈਣ ਬਣਾ ਕੇ ਉਸ ਦਾ ਨਿਕਾਹ ਕਰਵਾਉਂਦਾ ਹੈ ਅਤੇ ਉਸ ਵਰਗੀਆਂ ਕਈ ਹੋਰ ਲੜਕੀਆਂ ਨੂੰ ਨਾਦਰ ਸ਼ਾਹ ਵਰਗੇ ਜਰਵਾਣਿਆਂ ਦੀ ਕੈਦ ਤੋਂ ਛੁਡਾ ਕੇ ਉਨ੍ਹਾਂ ਨੂੰ ਘਰੋ-ਘਰੀ ਭੇਜਦਾ ਹੈ। ਇਸ ਸਾਰੇ ਘਟਨਾਕ੍ਰਮ ਦੌਰਾਨ ਖ਼ਾਲਸਾ ਪੰਥ ਦੀਆਂ ਰਣਨੀਤੀਆਂ, ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਇਕਜੁੱਟਤਾ ਨੂੰ ਨਾਵਲ ਵਿਚ ਬਾਖੂਬੀ ਦਰਸਾਇਆ ਗਿਆ ਹੈ। 19 ਕਾਂਡਾਂ ਵਿਚ ਫੈਲੇ ਇਸ ਨਾਵਲ ਦੇ ਪਾਸਾਰ ਜ਼ਕਰੀਆਂ ਖ਼ਾਨ ਦੇ ਜ਼ੁਲਮਾਂ, ਨਾਦਰ ਸ਼ਾਹ ਦਾ ਦਿੱਲੀ ਲੁੱਟਣਾ, ਫਿਰ ਖ਼ਾਲਸੇ ਦਾ ਨਾਦਰ ਸ਼ਾਹ ਦੇ ਖਜ਼ਾਨੇ ਨੂੰ ਲੁੱਟਣਾ, ਕੈਦੀ ਬੀਬੀਆਂ ਨੂੰ ਉਸ ਦੀ ਕੈਦ ਵਿਚੋਂ ਛੁਡਾ ਕੇ ਘਰੋ-ਘਰੀ ਭੇਜਣਾ, ਬਾਬਾ ਬੋਤਾ ਸਿੰਘ ਵਰਗੇ ਜਾਂਬਾਜ਼ ਦੁਆਰਾ ਜ਼ਕਰੀਆ ਖ਼ਾਨ ਦੀ ਫ਼ੌਜ ਦਾ ਸਾਹਮਣਾ ਕਰਨਾ, ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਕਲਮ ਕਰਨ ਦੀ ਵਾਰਤਾ, ਭਾਈ ਤਾਰੂ ਸਿੰਘ ਅਤੇ ਸ਼ਹਿਬਾਜ਼ ਸਿੰਘ ਦੀ ਸ਼ਹੀਦੀ ਦੀ ਵਾਰਤਾ ਤੱਕ ਫੈਲਿਆ ਹੋਇਆ ਹੈ। ਬਹੁਤ ਸਾਰੀਆਂ ਘਟਨਾਵਾਂ ਨਾਵਲ ਵਿਚ ਰਤਨ ਸਿੰਘ ਭੰਗੂ ਦੇ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਦੇ ਹਵਾਲੇ ਨਾਲ ਪੇਸ਼ ਕੀਤੀਆਂ ਗਈਆਂ ਹਨ। ਕਈ ਕਾਵਿ ਟੁਕੜੀਆਂ ਗਿਆਨ ਸਿੰਘ ਦੇ ਪ੍ਰਸੰਗ ਨਾਲ ਵੀ ਪੇਸ਼ ਕੀਤੀਆਂ ਗਈਆਂ ਹਨ। ਨਾਵਲ ਵਿਚ ਲੇਖਕ ਦਾ ਸਿੱਖ ਇਤਿਹਾਸ ਪ੍ਰਤੀ ਪ੍ਰੇਮ ਝਲਕਦਾ ਹੈ।

ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823.

c c c

02-05-2020

 ਕੁਛ ਤੇਰੀਆਂ ਕੁਛ ਮੇਰੀਆਂ
ਲੇਖਕ : ਪ੍ਰੋ: ਜਸਵੰਤ ਸਿੰਘ ਗੰਡਮ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98766-55055.

ਇਹ ਪੁਸਤਕ ਵਿਅੰਗ ਲੇਖਾਂ ਦਾ ਸੰਗ੍ਰਹਿ ਹੈ। ਲੇਖਕ ਨੇ ਅਖ਼ਬਾਰਾਂ ਵਿਚ ਛਪੇ ਆਪਣੇ ਲੇਖਾਂ ਨੂੰ ਪਲੇਠੀ ਪੁਸਤਕ ਦਾ ਰੂਪ ਦਿੱਤਾ ਹੈ। ਪੁਸਤਕ ਦੇ 28 ਲੇਖਾਂ ਵਿਚੋਂ ਬਹੁਤੇ ਲੇਖ ਵਿਅੰਗਾਤਮਕ ਹਨ। ਇਨ੍ਹਾਂ ਵਿਚ ਜੀਵਨ ਦੇ ਸਾਰੇ ਰੰਗ ਸਮੋਏ ਹੋਏ ਹਨ। ਗੰਭੀਰ ਵਿਸ਼ਿਆਂ ਨੂੰ ਵੀ ਵਿਅੰਗ ਸ਼ੈਲੀ ਰਾਹੀਂ ਹਲਕਾ-ਫੁਲਕਾ ਬਣਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਦੀ ਭਿੰਨੀ-ਭਿੰਨੀ ਖੁਸ਼ਬੋ ਹੈ। ਢੁਕਵੇਂ ਮੁਹਾਵਰੇ, ਕਾਵਿ ਸਤਰਾਂ ਅਤੇ ਗੀਤਾਂ ਨਾਲ ਸ਼ਿੰਗਾਰੇ ਲੇਖ ਬਹੁਤ ਦਿਲਚਸਪ ਹਨ। ਮਿਸਾਲ ਵਜੋਂ :
-ਰਿਟਾਇਰ ਹੋਇਉ, ਟਾਇਰ ਨਾ ਹੋਇਉ ਭਾਵ ਨੌਕਰੀ ਤੋਂ ਨਵਿਰਤ ਹੋਇਉ, ਥੱਕਿਉ ਨਾ।
-ਚਮਚਾਗਿਰੀ ਗੋਭੀ ਦੇ ਫੁੱਲ ਨੂੰ ਗੁਲਾਬ ਦਾ ਫੁੱਲ ਕਹਿਣ ਦੀ ਕਲਾ ਹੈ।
-ਗਧਾ ਸ਼ਾਇਦ ਸਾਡੀ ਧਰਤੀ ਦੀ ਸਭ ਤੋਂ ਪੁਰਾਣੀ ਅਤੇ ਸਸਤੀ ਟਰਾਂਸਪੋਰਟ ਹੈ।
-ਪਿੰਡਾਂ ਦੇ ਚੌਕਾਂ ਵਿਚ ਬਹਿਣ ਵਾਲੇ ਬੁੱਢੇ ਠੇਰੇ ਦਰਅਸਲ ਅਜੋਕੇ ਯੁੱਗ ਦੇ ਸੀ.ਸੀ.ਟੀ.ਵੀ. ਕੈਮਰੇ ਹਨ ਜੋ ਪਿੰਡ ਦੀ ਹਰ ਨਕਲੋ ਹਰਕਤ ਰਿਕਾਰਡ ਕਰਦੇ ਰਹਿੰਦੇ ਹਨ।
-ਨੈੱਟ ਦਾ ਰੇਂਜ ਵਧ ਗਿਆ ਹੈ, ਰਿਸ਼ਤੇ ਰੇਂਜੋਂ ਬਾਹਰ ਹੋ ਗਏ ਹਨ।
13 ਲੇਖ ਵੱਖਰੀ ਵੰਨਗੀ ਦੇ ਹਨ। ਇਨ੍ਹਾਂ ਵਿਚ ਅਨਮੋਲ ਜਾਣਕਾਰੀ ਸਮੋਈ ਹੋਈ ਹੈ। ਪਾਟਲੀਪੁੱਤਰ, ਨਾਲੰਦਾ ਵਿਸ਼ਵ ਵਿੱਦਿਆਲਾ, ਦੱਖਣੀ ਭਾਰਤ ਭੂਖੰਡਾਂ ਬਾਰੇ ਦਿਲਚਸਪ ਤੱਥ ਦਿੱਤੇ ਗਏ ਹਨ। ਪਰਬਤ ਪੁਰਸ਼ ਦਸ਼ਰਥ ਮਾਂਝੀ ਅਤੇ ਪੱਤਰਕਾਰ ਗੌਰੀ ਲੰਕੇਸ਼ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹਨ। ਮੋਰਾਂ, ਮੋਰਨੀਆਂ, ਚੂਹਿਆਂ, ਬੱਚਿਆਂ ਬਾਰੇ ਰੌਚਿਕ ਸਮੱਗਰੀ ਪੇਸ਼ ਕੀਤੀ ਗਈ ਹੈ। ਕੁਝ ਸੰਵੇਦਨਸ਼ੀਲ ਵਿਸ਼ੇ ਵੀ ਛੋਹੇ ਗਏ ਹਨ ਜਿਵੇਂ ਬਜ਼ੁਰਗਾਂ ਦਾ ਘਟਦਾ ਸਤਿਕਾਰ, ਅਧਿਆਪਕਾਂ ਦੀ ਦੇਣ, ਦਰੱਖ਼ਤਾਂ ਦਾ ਪਰਉਪਕਾਰ, ਬਚਪਨ ਦੀਆਂ ਯਾਦਾਂ, ਸਾਵਣ ਦੀਆਂ ਝੜੀਆਂ ਆਦਿ। ਸਾਰੇ ਲੇਖ ਕਾਵਿ ਟੂਕਾਂ, ਫ਼ਿਲਮੀ ਗੀਤਾਂ ਜਾਂ ਗੁਰਬਾਣੀ ਦੀਆਂ ਪਾਵਨ ਤੁਕਾਂ ਨਾਲ ਸ਼ਿੰਗਾਰੇ ਹੋਏ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਬਹੁਤ ਪਿਆਰੀ, ਪੜ੍ਹਨਯੋਗ ਅਤੇ ਮਾਣਨਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਸਿੱਖ ਦ੍ਰਿਸ਼ਟੀ ਦਾ ਗੌਰਵ
ਲੇਖਕ : ਗੁਰਭਗਤ ਸਿੰਘ
ਸੰਪਾਦਕ : ਅਜਮੇਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ : 99150-48005.

ਸਵਰਗੀ ਡਾ: ਗੁਰਭਗਤ ਸਿੰਘ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਡਾਕਟਰੇਟ ਕਰਨ ਤੋਂ ਪਹਿਲਾਂ ਅਤੇ ਪਿੱਛੋਂ ਵਿਸ਼ਵ ਚਿੰਤਨ ਦਾ ਗੰਭੀਰ ਅਧਇਏਤਾ ਖੋਜੀ ਰਿਹਾ ਹੈ। ਕਿੱਤੇ ਵਜੋਂ ਉਹ ਯੂਨੀਵਰਸਿਟੀ ਪੱਧਰ 'ਤੇ ਅੰਗਰੇਜ਼ੀ ਤੇ ਤੁਲਨਾਤਮਕ ਸਾਹਿਤ, ਚਿੰਤਨ ਦਾ ਪ੍ਰੋਫੈਸਰ ਸੀ। ਮੌਲਿਕ ਤੇ ਸਰਗਰਮ ਚਿੰਤਕ ਵਜੋਂ ਉਸ ਦੀ ਪਛਾਣ ਅੰਤਰਰਾਸ਼ਟਰੀ ਪ੍ਰਵਾਨਗੀ ਵਾਲੀ ਸੀ। ਗਿਆਨੀ ਹਰੀ ਸਿੰਘ ਜਾਚਕ, ਉਸ ਦੇ ਪਿਤਾ ਨਿਮਰ, ਸ਼ਰਧਾਵਾਨ ਤੇ ਗੁਰਮਤਿ ਦੇ ਧਾਰਨੀ ਗੁਰਸਿੱਖ ਸਨ, ਜਿਸ ਕਾਰਨ ਡਾ: ਗੁਰਭਗਤ ਸਿੰਘ ਨੂੰ ਗੁਰਬਾਣੀ ਤੇ ਸਿੱਖੀ ਵਿਰਸੇ ਵਿਚ ਹੀ ਪ੍ਰਾਪਤ ਹੋਏ। ਪਹਿਲਾਂ ਉਸ ਨੇ ਪੰਜਾਬੀ ਦੀ ਐਮ.ਏ. ਕੀਤੀ ਤੇ ਫਿਰ ਅੰਗਰੇਜ਼ੀ ਦੀ। ਉਸ ਦੇ ਜਵਾਨੀ ਵਿਚ ਪੈਰ ਧਰਦੇ ਵੇਲੇ ਪੰਜਾਬ ਵਿਚ ਮਾਰਕਸਵਾਦੀ ਤੇ ਫਿਰ ਨਕਸਲਵਾਦੀ ਸੋਚ ਦਾ ਬੋਲਬਾਲਾ ਰਿਹਾ। ਉਸ ਨੇ ਵੀ ਮਾਰਕਸਵਾਦੀ ਚਿੰਤਨ ਨਾਲ ਹੀ ਆਪਣਾ ਅਧਿਐਨ ਆਰੰਭਿਆ ਤੇ ਫਿਰ ਇਸੇ ਨੂੰ ਨਵ-ਮਾਰਕਸਵਾਦ, ਨਵ-ਆਲੋਚਨਾ, ਉਤਰ-ਆਧੁਨਿਕਤਾ ਅਤੇ ਭਾਂਤ-ਭਾਂਤ ਦੀਆਂ ਉਤਰ-ਦ੍ਰਿਸ਼ਟੀਆਂ ਨਾਲ ਜੋੜਦਾ ਰਿਹਾ। ਨਿਤਸ਼ੇ, ਅਲਥਿਊਜ਼ਰ, ਸਾਸਿਊਰ, ਕਰੀਦਾ, ਕਾਂਤ, ਫਰਾਇਡ, ਜੈਨ, ਬੁੱਧੀਜ਼ਮ, ਮੈਕਲੂਹਨ, ਕਾਰਲ ਐਂਡਰਸਨ, ਬਰਨ ਸਟਾਈਨ, ਮਰਫ਼ੀ, ਫੂਕੂਯਾਮਾ, ਲੈਵਿਨਾਸ, ਰੋਸਨ ਜ਼ਵਾਈਗ, ਬੂਬਰ, ਵਾਲਟਰ ਬੈਂਜਾਮੈਨ, ਫਨਨ, ਐਡਵਰਡ ਸਈਦ, ਚਾਰਲਸ ਟੇਲਰ, ਹੋਮੀ ਭਾਭਾ, ਲਿਓਨਾਰਦ, ਯਾਕਲੇ ਗੌਫ਼, ਦੇਲਿਊਜ਼, ਗਾਟਰੀ, ਹਰਬਰਟ ਮਾਰਕੂਜ਼ੇ, ਨਾਰਮਨ ਓ ਬਰਾਊਨ, ਮੈਲਿਨੀ ਕਲਾਈਨ, ਹਸਰਲ, ਲੈਵੀ ਸਤਰਾਸਕਿੰਨੇ ਹੀ ਚਿੰਤਕਾਂ ਨਾਲ ਸੰਵਾਦ ਉਸ ਦੀਆਂ ਲਿਖਤਾਂ ਵਿਚ ਬਾਕਾਇਦਾ ਹਵਾਲੇ ਦੇ ਕੇ ਹੁੰਦਾ। ਇਹ ਸੰਵਾਦ ਉਹ ਆਪਣੇ ਮੌਲਿਕ ਚਿੰਤਨ ਦੀ ਜ਼ਮੀਨ ਉੱਤੇ ਪੱਕੇ ਪੈਰੀਂ ਖਲੋ ਕੇ ਰਚਾਉਂਦਾ। ਸਮੇਂ ਦੇ ਬੀਤਣ ਨਾਲ ਉਸ ਨੇ ਇਕ ਵਿਲੱਖਣ ਸਿੱਖ ਚਿੰਤਕ ਵਜੋਂ ਆਪਣੀ ਪਛਾਣ ਗਹਿਰੀ ਕਰ ਲਈ ਸੀ। ਸਿੱਖ ਦ੍ਰਿਸ਼ਟੀ ਦਾ ਗੌਰਵ ਵਿਚ ਉਸ ਦੇ ਮੌਲਿਕ ਚਿੰਤਨ ਦੀ ਰੂਪ ਰੇਖਾ ਨੂੰ ਸਪੱਸ਼ਟ ਕਰਦੇ 30 ਨਿਬੰਧ ਹਨ।
ਸੰਖੇਪ/ਬੀਜ ਰੂਪ ਵਿਚ ਉਸ ਦਾ ਚਿੰਤਨ ਗੁਰੂ ਨਾਨਕ/ਗੁਰੂ ਗ੍ਰੰਥ ਸਾਹਿਬ ਉੱਤੇ ਉਸਰਿਆ ਹੈ। ਇਹ ਅਕਾਲ ਪੁਰਖ ਵਾਰ-ਵਾਰ ਮੂੰਹੋਂ ਕਢਾਉਣ ਵਾਲੀ ਹਸਤੀ ਤੋਂ ਪ੍ਰੇਰਿਤ ਹੈ। ਇਹ ਸੰਗੀਤ, ਖੇੜੇ, ਵਿਸਮਾਦ, ਸ਼ਾਇਰੀ, ਵਖਰੇਵਿਆਂ, ਬਹੁ-ਸੁਰਤਾ, ਦੂਜੇ ਲਈ ਸਪੇਸ, ਸਰਬੱਤ ਦੇ ਭਲੇ, ਕੁਦਰਤ ਨਾਲ ਇਕਸੁਰਤਾ ਵਾਲਾ ਮਾਡਲ ਸੋਚ ਚਿੰਤਨ, ਵਿਹਾਰ ਦੇ ਹਰ ਖੇਤਰ ਲਈ ਪੇਸ਼ ਕਰਦੀ ਹੈ। ਲੌਕਿਕ/ਪਾਰਲੌਕਿਕ, ਰਾਸ਼ਟਰੀ/ਅੰਤਰਰਾਸ਼ਟਰੀ, ਸਾਹਿਤਕ, ਸਮਾਜਿਕ, ਰਾਜਨੀਤਕ ਹਰ ਖੇਤਰ ਵਿਚ ਇਸੇ ਮਾਡਲ ਦੇ ਮੂਲ ਸੰਕਲਪਾਂ ਨੂੰ ਵਿਸਤਾਰ ਕੇ ਹੀ ਗੱਲ ਕਰਦਾ ਹੈ ਡਾ: ਗੁਰਭਗਤ ਸਿੰਘ। ਬਲੂ-ਸਟਾਰ ਜਿਹੇ ਸਾਕੇ ਤੋਂ ਉਹ ਨਿਰਾਸ਼, ਭੈਭੀਤ ਨਹੀਂ। ਉਹ ਇਸ ਜ਼ਖ਼ਮ ਨੂੰ ਚੇਤਨਤਾ ਵਿਚ ਬਦਲਣ ਵਾਲਾ ਚਿੰਤਕ ਹੈ।

ਕੁਲਦੀਪ ਸਿੰਘ ਧੀਰ
ਮੋ: 98722-60550

c c c

ਇਕ ਦਿਨ
ਕਹਾਣੀਕਾਰਾ : ਤ੍ਰਿਪਤਾ ਕੇ. ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98885-54837.

ਆਪਣੇ ਪਲੇਠੇ ਕਹਾਣੀ ਸੰਗ੍ਰਹਿ 'ਇਕ ਦਿਨ' ਤੋਂ ਪਹਿਲੋਂ ਹੀ ਸਾਹਿਤਕ ਪੱਤ੍ਰਿਕਾਵਾਂ ਵਿਚ ਛਪੀਆਂ ਕਹਾਣੀਆਂ ਤੋਂ ਪੰਜਾਬੀ ਕਥਾ ਜਗਤ ਵਿਚ ਚਰਚਿਤ ਹੋਈ ਕਹਾਣੀਕਾਰਾ ਤ੍ਰਿਪਤਾ ਕੇ. ਸਿੰਘ ਵਰਤਮਾਨ ਸਮੇਂ ਵਿਚ ਔਰਤ-ਮਰਦ ਦੇ ਰਿਸ਼ਤਿਆਂ ਦਾ ਮਾਨਸਿਕ ਅਤੇ ਸਮਾਜਿਕ ਧਰਾਤਲ ਤੇ ਬਿਰਤਾਂਤ ਸਿਰਜ ਕੇ ਆਪਣੀ ਕਥਾ-ਸ਼ਿਲਪਕਾਰੀ ਦਾ ਲੋਹਾ ਮੰਨਵਾਉਂਦੀ ਹੈ। 'ਇਕ ਦਿਨ' ਦੀਆਂ 15 ਕਹਾਣੀਆਂ ਵਿਚ ਔਰਤ-ਮਰਦ ਸਬੰਧਾਂ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ, ਸੁਭਾਓ ਅਤੇ ਰਿਸ਼ਤਿਆਂ ਦੇ ਪ੍ਰੈਕਟੀਕਲ ਹੋਣ ਵਾਲੇ ਪਰਿਵਰਤਨ ਨੂੰ ਵੀ ਕਹਾਣੀਕਾਰਾ ਨੇ ਪਾਤਰਾਂ ਦੇ ਮਨਾਂ ਅੰਦਰ ਪ੍ਰਵੇਸ਼ ਕਰਕੇ 'ਐਕਸਪੋਜ਼' ਕਰਨ ਦਾ ਉਪਰਾਲਾ ਕੀਤਾ ਹੈ।
ਬਿਨਾਂ ਧੁੱਪ ਪਰਛਾਵੇਂ (ਅਣਹੋਇਆਂ ਦੀ ਹੋਂਦ) ਅਤੇ ਭੋਰਾ ਕੁ ਥਿੰਦਾ (ਦਲਿਤਾਂ ਅੰਦਰ ਆਰਥਿਕ ਨਾ-ਬਰਾਬਰੀ) ਨੂੰ ਛੱਡ ਕੇ ਕੰਧ 'ਤੇ ਟੰਗਿਆ ਹੋਇਆ ਸਕੈੱਚ ਵਿਚਲਾ ਹਰਾਮੀ ਚਿੱਤਰਕਾਰ, ਭਲਾ ਆਦਮੀ ਕਹਾਣੀ ਦਾ ਰਿਟਾਇਰ ਹੋਇਆ ਬਾਬੂ, ਸੁਪਨ ਸੰਸਾਰ ਦੀ ਵੱਡੀ ਉਮਰ ਦੀ ਲੜਕੀ, 'ਹਿਰਸ' ਕਹਾਣੀ ਦਾ ਕਾਮ ਦਾ ਮਾਰਿਆ ਬਾਬਾ, 'ਸ਼ੀਸ਼ੇ ਵਿਚਲਾ ਆਦਮੀ' ਘਰੋਂ ਬਾਹਰ ਸਬੰਧ ਸਥਾਪਿਤ ਕਰਨ ਵਾਲਾ ਪਤੀ, 'ਕਵਿਤਾ ਕਵੀ ਤੇ ਮੈਂ' ਵਿਚਲਾ ਕਵੀ ਪਾਤਰ, 'ਮਾਵਾਂ ਤੇ ਧੀਆਂ ਰਲ ਬੈਠੀਆਂ' ਦੀ ਸ਼ਵੇਤਾ (ਆਪਣੀ ਮਾਂ ਨੂੰ ਹੀ ਠਿੱਬੀ ਲਾਉਣ ਵਾਲੀ), 'ਜਾਇਆਂ ਵੱਢੀ' ਦੀ ਜੀਤੋ, ਜਿੱਤੀ 'ਹੋਈ ਬਾਜ਼ੀ' ਦੀ ਮੈਂ ਪਾਤਰ ਅਤੇ 'ਇਕ ਦਿਨ' ਕਹਾਣੀ ਦੀ ਆਸ਼ੂ ਆਦਿ ਇਨ੍ਹਾਂ ਸਾਰੇ ਹੀ ਪਾਤਰਾਂ ਨੂੰ ਕਹਾਣੀ ਦੇ ਕੇਂਦਰ ਵਿਚ ਰੱਖ ਕੇ ਕਹਾਣੀਕਾਰਾ ਨੇ ਸੋਚ ਨੂੰ ਹਲੂਣਾ ਦੇਣ ਵਾਲੇ ਬਿਰਤਾਂਤ ਸਿਰਜੇ ਹਨ। ਇਨ੍ਹਾਂ ਸਾਰੀਆਂ ਹੀ ਕਹਾਣੀਆਂ ਦਾ ਨਿਚੋੜ ਬਣਦੀ ਹੈ ਕਹਾਣੀ 'ਇਕ ਦਿਨ'। ਜਿਸ ਵਿਚ ਸਮੁੱਚੀਆਂ ਕਹਾਣੀਆਂ ਦਾ ਕੇਂਦਰ ਬਿੰਦੂ 'ਔਰਤ-ਮਰਦ ਰਿਸ਼ਤਿਆਂ ਦਾ ਵਿਆਕਰਨ' ਬਹੁਤ ਹੀ ਠੋਸ, ਨਿੱਗਰ ਤੇ ਸਸ਼ਕਤ ਰੂਪ ਵਿਚ ਪ੍ਰਗਟ ਹੁੰਦਾ ਹੈ। ਕਹਾਣੀਕਾਰਾ ਨੇ ਮਰਦ ਨੂੰ ਉਸ ਦੇ ਵੱਖੋ-ਵੱਖਰੇ ਰੂਪਾਂ, ਕਵੀਆਂ, ਚਿੱਤਰਕਾਰਾਂ, ਬਾਬੂਆਂ, ਲੇਘੜਾਂ, ਸਰਦਾਰਾਂ ਆਦਿ ਨੂੰ ਆਈਨਾ ਵਿਖਾਉਣ ਦਾ ਕੰਮ ਕੀਤਾ ਹੈ। ਕਹਾਣੀਆਂ ਦੇ ਪਾਤਰਾਂ ਦਾ ਮਾਨਸਿਕ ਚਿੱਤਰ, ਅਤ੍ਰਿਪਤ ਕਾਮ ਭਾਵਨਾਵਾਂ ਦਾ ਕਲਾਤਮਿਕ ਪ੍ਰਗਟਾਅ, ਸਮਾਜਿਕ ਤੇ ਮਾਨਵੀ ਸਰੋਕਾਰਾਂ ਦਾ ਬਿਰਤਾਂਤ ਬਹੁਤ ਹੀ ਗੁੰਦਵੇਂ, ਚੁਸਤ ਵਾਰਤਾਲਾਪੀ ਸ਼ੈਲੀ ਵਿਚ ਸਿਰਜਿਆ ਗਿਆ ਹੈ। ਲੇਖਿਕਾ ਕਈ ਥਾਂ ਉਲਾਰ ਹੁੰਦੀ ਜਾਪਦੀ ਹੈ ਪਰ ਆਪਣੀਆਂ ਕਹਾਣੀਆਂ ਨੂੰ 'ਅਸ਼ਲੀਲਤਾ' ਦੇ ਦਾਇਰੇ ਵਿਚ ਆਉਣ ਤੋਂ ਬਚਾ ਜਾਂਦੀ ਹੈ। ਸਾਧਾਰਨ ਪਾਤਰਾਂ ਮੂੰਹੋਂ ਸਹਿਜ ਸੁਭਾਅ ਬਹੁਅਰਥੀ ਸੰਵਾਦ ਕਹਾ ਕੇ ਕਹਾਣੀਆਂ ਨੂੰ ਬਹੁਪਰਤੀ ਤੇ ਬਹੁਅਰਥੀ ਬਣਾਇਆ ਗਿਆ ਹੈ। ਕਾਮੁਕ ਭਾਵਨਾਵਾਂ ਦਾ ਸੂਖਮ ਕਲਾਤਮਿਕ ਪ੍ਰਗਟਾਅ, ਨਿਵੇਕਲੀ ਬਿਰਤਾਂਤ ਸ਼ੈਲੀ ਅਤੇ ਰੌਚਿਕਤਾ ਪੂਰਵ ਕਥਾ ਪ੍ਰਵਾਹ ਇਨ੍ਹਾਂ ਕਹਾਣੀਆਂ ਨੂੰ ਵੱਡੇ ਪਾਠਕ ਵਰਗ ਨਾਲ ਜੋੜਨ ਦੀ ਸਮਰੱਥਾ ਰੱਖਦਾ ਹੈ। ਬਿਨਾਂ ਧੁੱਪ ਪਰਛਾਵੇਂ, ਇਕ ਦਿਨ ਅਤੇ ਸੈਵਨਥ ਸੈੱਸ, ਅਜੋਕੀ ਪੰਜਾਬੀ ਕਹਾਣੀ ਦੇ ਮਾਸਟਰ ਪੀਸ ਕਹੇ ਜਾ ਸਕਦੇ ਹਨ।

ਡਾ: ਧਰਮਪਾਲ ਸਾਹਿਲ
ਮੋ: 98761-56964.

c c c

ਜ਼ਿੰਦਗੀ ਦੋ ਪਲ
ਲੇਖਕ : ਹਰਦੇਵ 'ਢੁੱਡੀਕੇ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 64
ਸੰਪਰਕ : 98152-98459.

'ਜ਼ਿੰਦਗੀ ਦੋ ਪਲ' ਕਾਵਿ-ਸੰਗ੍ਰਹਿ ਹਰਦੇਵ ਢੁੱਡੀਕੇ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜੋ ਉਸ ਨੇ ਆਪਣਿਆਂ ਦੇ ਨਾਂਅ ਸਮਰਪਿਤ ਕਰਦਿਆਂ ਮਨੁੱਖੀ ਸਮਾਜ ਵਿਚ ਰਿਸ਼ਤਿਆਂ ਦੀ ਅਹਿਮੀਅਤ ਦਾ ਸੰਦੇਸ਼ ਦਿੱਤਾ ਹੈ। ਮਨੁੱਖੀ ਵਰਤਾਰਾ ਹਮੇਸ਼ਾ ਹੀ ਦੋ ਧਿਰਾਂ 'ਚ ਵੰਡਿਆ ਹੋਇਆ ਨਜ਼ਰ ਆਉਂਦਾ ਹੈ। 'ਢੁੱਡੀਕੇ' ਪਿੰਡ ਸ: ਜਸਵੰਤ ਸਿੰਘ 'ਕੰਵਲ' ਅਤੇ ਲਾਲਾ ਲਾਜਪਤ ਰਾਏ ਕਰਕੇ ਦੁਨੀਆ ਦੇ ਨਕਸ਼ੇ 'ਤੇ ਪ੍ਰਸਿੱਧ ਹੋਣ ਕਰਕੇ 'ਕੰਵਲ' ਨਾਲ ਸਾਹਿਤਕ ਦੋਸਤੀ ਦਾ ਰੰਗ ਤਾਂ ਉਸ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ 'ਤੇ ਜ਼ਰੂਰ ਹੀ ਚੜ੍ਹਦਾ ਹੋਵੇਗਾ। ਅਜਿਹਾ ਹੀ ਰੰਗ ਹਰਦੇਵ 'ਢੁੱਡੀਕੇ' 'ਤੇ ਵੀ ਚੜ੍ਹਿਆ ਅਤੇ ਡਾ: ਦਰਸ਼ਨ ਸਿੰਘ ਗਿੱਲ ਨਾਲ ਉਸ ਦੀ ਨੇੜਤਾ ਸਦਕਾ ਕਾਵਿਕ-ਰੰਗ ਵਧੇਰੇ ਉੱਘੜਦਾ ਗਿਆ ਹੈ। ਉਸ ਦਾ ਸਿਰੜ ਦੇਖੋ, ਇਹ ਕਾਵਿ-ਸੰਗ੍ਰਹਿ ਉਸ ਨੇ ਅੱਸੀਵਾਂ ਪਾਰ ਕਰਨ ਉਪਰੰਤ ਪੰਜਾਬੀ ਕਾਵਿ ਪਾਠਕਾਂ ਦੀ ਝੋਲੀ ਪਾਇਆ ਹੈ। ਉਹ ਕਿੱਤੇ ਵਜੋਂ ਡਰਾਇੰਗ ਮਾਸਟਰ ਸੀ। ਇਸ ਲਈ ਉਸ ਨੇ ਆਪਣੇ ਵਿਦਿਆਰਥੀਆਂ ਅੰਦਰ ਖ਼ਿਆਲਾਂ 'ਚ ਰੰਗਾਂ ਅਤੇ ਲਕੀਰਾਂ ਰਾਹੀਂ ਮੱਥੇ 'ਚ ਸੁਪਨੇ ਬੀਜਣ ਦਾ ਕਾਰਜ ਜ਼ਰੂਰ ਕੀਤਾ ਹੋਵੇਗਾ, ਇਸ ਦਾ ਪ੍ਰਮਾਣ ਸ਼ਬਦਾਂ ਰਾਹੀਂ ਦ੍ਰਿਸ਼-ਚਿੱਤਰਣ ਦੀ ਕਲਾ ਦਾ ਪ੍ਰਮਾਣ ਉਸ ਦੀਆਂ ਇਸ ਕਾਵਿ-ਸੰਗ੍ਰਹਿ 'ਚ ਸ਼ਾਮਿਲ ਕਵਿਤਾਵਾਂ : 'ਸੁਣ ਰਚਨਾ', 'ਵਸਲ ਦੀ ਰਾਤ', 'ਬਾਬੇ', 'ਸਾਡਾ ਪਰਿਵਾਰ' ਅਤੇ 'ਵਧਾਈ' ਵਿਚ ਦੇਖਿਆ ਜਾ ਸਕਦਾ ਹੈ। ਮਨੁੱਖੀ ਭਾਵਾਂ ਪ੍ਰਤੀ ਸੰਵੇਦਨਸ਼ੀਲਤਾ, ਉਸ ਦੀ ਕਵਿਤਾ ਦਾ ਮੀਰੀ ਗੁਣ ਹੈ। ਮਨੁੱਖ ਅੰਦਰ ਪ੍ਰੇਮ/ਨਫ਼ਰਤ, ਲੋਭ/ਤਿਆਗ, ਮਿਲਣਾ/ ਵਿਛੜਨਾ, ਅਮੀਰੀ/ਗ਼ਰੀਬੀ ਦੇ ਅਹਿਸਾਸ/ਭਾਵ ਬੁਨਿਆਦੀ ਤੌਰ 'ਤੇ ਹਨ। 'ਸੁਣ ਰਚਨਾ' ਅਤੇ 'ਜ਼ਿੰਦਗੀ ਦੋ ਪਲ' ਕਵਿਤਾਵਾਂ 'ਚ ਅਜਿਹੇ ਭਾਵ ਪ੍ਰਬਲ ਰੂਪ 'ਚ ਪ੍ਰਕਾਸ਼ਮਾਨ ਹੁੰਦੇ ਹਨ :
* ਦੋ ਪਲ ਦੀ ਜ਼ਿੰਦਗੀ
ਇਕ ਪਲ ਪਿਆਰ ਦਾ
ਦੂਜਾ ਉਹਦੀ ਯਾਦ ਦਾ।
* ਇਕੱਲਾ ਬੰਦਾ ਇਕੱਲਾ ਰੁੱਖ
ਹੁੰਦਾ ਦੋਵਾਂ ਨੂੰ ਡਾਢਾ ਦੁੱਖ।

'ਜ਼ਿੰਦਗੀ ਦੋ ਪਲ' ਦਾ ਸਰਵਰਕ ਫੁੱਲਾਂ 'ਤੇ ਮਧੂ ਮੱਖੀ ਇਸ ਗੱਲ ਦਾ ਸੰਕੇਤ ਹੈ ਕਿ ਜ਼ਿੰਦਗੀ ਭਾਵੇਂ ਥੋੜ੍ਹ-ਚਿਰੀ ਹੈ ਪਰ ਚੰਗਿਆਈਆਂ ਦਾ ਰਸ ਚੂਸਣਾ ਮਧੂ ਮੱਖੀ ਵਾਂਗ ਮਨੁੱਖ ਦਾ ਅਹਿਮ ਕਾਰਜ ਹੋਣਾ ਚਾਹੀਦਾ ਹੈ। ਇਸੇ ਲਈ ਉਹ 'ਤਿੰਨ ਚੀਜ਼ਾਂ' ਕਵਿਤਾ ਰਾਹੀਂ ਲੋਕ ਤੱਥਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ। ਸਾਦ-ਮੁਰਾਦੀ ਅਤੇ ਸਪੱਸ਼ਟ ਭਾਸ਼ਾ ਉਸ ਦੀ ਕਵਿਤਾ ਨੂੰ ਭਾਵੁਕਤਾ ਅਤੇ ਸੰਵੇਦਨਾ ਦੇ ਸੰਚਾਰ ਦਾ ਮਾਧਿਅਮ ਬਣਦੀ ਹੈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਚਿੱਟੇ ਫੁੱਲ
ਲੇਖਕ : ਡਾ: ਰਾਜਿੰਦਰ ਸਿੰਘ ਦੋਸਤ
ਪ੍ਰਕਾਸ਼ਕ : ਤਰਲੋਚਨ ਸਿੰਘ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98765-77827.

ਡਾ: ਰਾਜਿੰਦਰ ਸਿੰਘ ਦੋਸਤ ਦਾ ਇਹ ਪਹਿਲਾ ਕਹਾਣੀ-ਸੰਗ੍ਰਹਿ 'ਚਿੱਟੇ ਫੁੱਲ' ਉਸ ਦੀ ਪਕੇਰੀ ਸੋਚ ਅਤੇ ਅਭਿਵਿਅਕਤੀ ਕਲਾ ਦੀ ਭਾਵਨਾਤਮਿਕ ਸਮਝ ਦੀ ਇਕ ਉੱਤਮ ਸਿਨਫ਼ ਹੈ।
ਲੇਖਕ ਵਲੋਂ ਪੈਦਾ ਕੀਤੇ ਵਾਤਾਵਰਨ ਦਾ ਵਿਸਥਾਰ ਹੋਵੇ ਜਾਂ ਪਾਤਰਾਂ ਦੀ ਆਪਸੀ ਵਾਰਤਾਲਾਪ, ਉਸਾਰੂ, ਵਿਗਿਆਨਕ ਦ੍ਰਿਸ਼ਟੀਕੋਣ ਵਾਲੀ ਚੜ੍ਹਦੀ ਕਲਾ ਦਾ ਸੰਕਲਪ ਪੇਸ਼ ਕਰਨ ਵਾਲੀ ਹੁੰਦੀ ਹੈ। ਜਿਵੇਂ ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ਵਿਚ ਡਾਕਟਰ ਦੀ ਘਰ ਵਾਲੀ ਕੁਲਵੰਤ ਦੀਆਂ ਕਹੀਆਂ ਗੱਲਾਂ, ਖਰੀਆਂ ਸੱਚੀਆਂ ਯਥਾਰਥਕ ਹਨ। ਕੀ ਏਡਜ਼ ਦੀ ਲਾਇਲਾਜ ਬਿਮਾਰੀ ਫੈਲਾਉਣ ਲਈ ਦੋਵੇਂ ਔਰਤ-ਮਰਦ ਜ਼ਿੰਮੇਵਾਰ ਹਨ? ਵੇਸਵਾ ਵੀ ਦੇਵੀ ਹੋ ਸਕਦੀ ਹੈ। ਇਸਤਰੀ ਨੂੰ ਅਬਲਾ, ਕਮਜ਼ੋਰ ਅਤੇ ਐਸ਼ ਦਾ ਸਾਧਨ ਸਮਝਣ ਵਾਲੇ ਹੀ ਸਮਾਜ 'ਚ ਉਸ ਨੂੰ ਵੇਸਵਾ ਬਣਾਉਂਦੇ ਹਨ।
ਇਸ ਸੰਗ੍ਰਹਿ ਦੀਆਂ ਵਧੇਰੀਆਂ ਕਹਾਣੀਆਂ ਦੇ ਪਾਤਰ ਸ਼ਰਾਬ ਨਾਲ ਮਰਦੇ ਵਿਖਾ ਕੇ ਸ਼ਰਾਬ ਪ੍ਰਤੀ ਨਫ਼ਰਤ ਦਰਸਾਈ ਹੈ। ਇਕੋ ਘਰ ਵਿਚ ਤਿੰਨ ਵਿਧਵਾਵਾਂ ਇਹ ਵੀ ਕੋਈ ਜਿਊਣਾ ਹੈ। ਪਿੰਡ-ਪਿੰਡ ਸ਼ਰਾਬੀ ਆਪਣੇ-ਆਪ ਨੂੰ ਹੀ ਨਹੀਂ ਆਪਣੇ ਪਰਿਵਾਰਾਂ ਨੂੰ ਕੰਗਾਲ ਕਰ ਰਹੇ ਹਨ। ਗ਼ਮ ਵਿਚ ਸ਼ਰਾਬ, ਕਰਜ਼ ਦਾ ਕਾਰਨ ਸ਼ਰਾਬ। ਸੂਈ ਧਾਗਾ-ਇਕ ਹੋਰ ਕਹਾਣੀ ਬਹੁਤ ਹੀ ਸਫ਼ਲ ਕਹਾਣੀ 'ਤੋੜਨ ਦੀ ਥਾਂ ਜੋੜਨ' ਦੇ ਉਦੇਸ਼ ਨੂੰ ਲੈ ਕੇ ਲਿਖੀ ਕਹਾਣੀ ਹੈ। ਇਸ ਕਹਾਣੀ ਸੰਗ੍ਰਹਿ ਦੇ ਨਾਂਅ ਵਾਲੀ ਮੁੱਖ ਕਹਾਣੀ 'ਚਿੱਟੇ ਫੁੱਲ' ਨਾਂਅ ਦੀ ਉਸਾਰ ਪ੍ਰਗਤੀਵਾਦ ਦ੍ਰਿਸ਼ਟੀਕੋਣ ਨੂੰ ਲੈ ਕੇ ਲਿਖੀ, ਅੱਜ ਦੀ ਭਖਦੀ ਸਮੱਸਿਆ, ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨਾਲ ਸਬੰਧਿਤ ਹੈ, ਜਿਨ੍ਹਾਂ ਨੂੰ ਕੈਨੇਡਾ ਅਮਰੀਕਾ ਤੇ ਵਿਦੇਸ਼ਾਂ ਨੂੰ ਜਾਣ ਦਾ ਜਨੂੰਨ ਉਨ੍ਹਾਂ ਦੇ ਸਿਰ ਚੜ੍ਹਿਆ ਹੈ। ਇਹ ਨੌਜਵਾਨ, ਜ਼ਮੀਨਾਂ ਵੇਚ, ਨੌਕਰੀਆਂ ਛੱਡ, ਬਾਲ ਬੱਚੇ ਅਤੇ ਪਤਨੀਆਂ, ਬੁੱਢੇ ਮਾਪਿਆਂ ਛੱਡ, ਕੇਵਲ ਪੌਂਡ ਕਮਾਉਣ ਜਾਂਦੇ ਹਨ ਪਰ ਉਨ੍ਹਾਂ ਅੰਦਰ ਸਲੀਕਾ, ਬੌਧਿਕਤਾ, ਹਿਮਾਕਤ ਅਤੇ ਵਿਗਿਆਨਕ ਸੋਚ ਉਤਪੰਨ ਨਹੀਂ ਹੁੰਦੀ।
ਕਹਾਣੀਕਾਰ ਦਾ ਵਿਗਿਆਨਕ ਦ੍ਰਿਸ਼ਟੀਕੋਣ ਉਸ ਦੀਆਂ ਕਹਾਣੀਆਂ ਨੂੰ ਕਿਸੇ ਸਾਰਥਿਕ ਉਦੇਸ਼ ਦੀ ਪੂਰਤੀ ਕਰਦਿਆਂ, ਪ੍ਰੇਰਨਾਦਾਇਕ ਬਣਾ ਕੇ ਹੀ ਪੇਸ਼ ਕਰਦਾ ਹੈ। ਉਸ ਦੀ ਕਹਾਣੀ ਧੋਖਾ ਹੋਵੇ ਜਾਂ ਜੀ ਫਾਰ ਗਟਰ, ਉਚੇਰੇ ਉਦੇਸ਼ ਨੂੰ ਲੈ ਕੇ ਲਿਖੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੀ ਸੰਰਚਨਾ ਅਤੇ ਅਭਿਵਿਅਕਤੀ ਕਲਾ ਵੱਲ ਲੇਖਕ ਰਾਜਿੰਦਰ ਸਿੰਘ ਦੋਸਤ ਨੂੰ ਹੋਰ ਵਧੇਰੇ ਧਿਆਨ ਦੇਣ ਦੀ ਲੋੜ ਹੈ।

ਡਾ: ਅਮਰ ਕੋਮਲ
ਮੋ: 084378-73565.

c c c

ਸਿਵਿਆਂ ਦੀ ਸਿਆਸਤ
ਲੇਖਕ : ਜਗਤਾਰ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 175 ਰੁਪਏ, ਸਫ਼ੇ : 58
ਸੰਪਰਕ : 98782-88866.

ਲੇਖਕ ਦੀ ਇਹ ਵਾਰਤਕ-ਪੁਸਤਕ ਉਸ ਦੀ ਵਿਲੱਖਣ ਸੋਚ ਅਤੇ ਸ਼ੈਲੀ ਦਾ ਬਾਕਮਾਲ ਪ੍ਰਗਟਾਵਾ ਹੈ। ਪੁਸਤਕ ਦੇ ਵਿਸ਼ੇ ਮੁਤਾਬਿਕ ਲੇਖਕ ਨੇ ਪੰਜਾਬੀ ਸਮਾਜ ਵਿਚ ਕਿਸੇ ਵਡੇਰੀ ਉਮਰ ਦੇ ਬੰਦੇ ਦੇ ਮਰਨ ਸਮੇਂ ਸੋਗ ਅਤੇ ਸੰਸਕਾਰ ਦੀਆਂ ਨਿਭਾਈਆਂ ਜਾਂਦੀਆਂ ਬੇਲੋੜੀਆਂ ਰਸਮਾਂ ਤੇ ਉਂਗਲ ਧਰੀ ਹੈ। ਹੀਣੀ ਸੋਚ ਵਾਲੀ ਸਿਆਸਤ ਨੇ ਬਜ਼ੁਰਗਾਂ ਦੀ ਮੌਤ ਨੂੰ ਵੀ ਇਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਸਿਵੇ ਜਾਂ ਸ਼ਮਸ਼ਾਨਘਾਟ, ਜਿਨ੍ਹਾਂ ਨੂੰ ਕਿ 'ਸੱਚ-ਘਰ' ਵੀ ਕਿਹਾ ਜਾਂਦਾ, ਦੀ ਉਸਾਰੀ ਦੇ ਨਾਂਅ 'ਤੇ ਲਾਲਚੀ ਲੋਕ ਬੇਈਮਾਨੀ ਨਾਲ ਪੈਸੇ ਖਾਂਦੇ, ਅਫ਼ਸਰ ਰਿਸ਼ਵਤ ਖਾਂਦੇ ਅਤੇ ਸਿਆਸੀ ਸ਼ਕਤੀ ਵਾਲੇ ਲੋਕ ਉਨ੍ਹਾਂ ਨੂੰ ਬਚਾਉਂਦੇ ਦਿਖਾ ਕੇ ਲੇਖਕ ਨੇ ਸਮਾਜ ਪ੍ਰਤੀ ਆਪਣੀ ਚਿੰਤਾ ਭਰੀ ਸੋਚ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ।
ਪੁਸਤਕ ਵਿਚ ਸ਼ਾਮਿਲ ਕੀਤੇ ਦਸ ਲੇਖ 'ਬਾਬੇ ਦਾ ਭੋਗ', 'ਸਿਵਿਆਂ ਦੀ ਸਿਆਸਤ', 'ਮਰਗ ਸਬੰਧੀ ਵਹਿਮ ਭਰਮ', ਜਾਇਦਾਦ ਦੀ ਵੰਡ', 'ਸ਼ਹਿਰਾਂ ਵਿਚ ਮਰਗ ਦੇ ਭੋਗ', ' ਸਿਵਿਆਂ ਦਾ ਵੰਡ ਖੇਤਰ', 'ਸਮਾਗਮਾਂ ਦੀ ਰਲਗਡ', 'ਵਹਿਮਾਂ ਪ੍ਰਤੀ ਜਾਗਰੂਕ ਹੋਣਾ', 'ਅੱਜ ਪੰਜਾਬ ਦੇ ਹਾਲਾਤ' ਅਤੇ 'ਸਰੀਰ ਦਾਨੀ' ਸਾਡੇ ਸਮਾਜ ਦੀ ਮੌਤ ਨਾਲ ਜੁੜੀ ਸੋਚ ਅਤੇ ਵਰਤਾਰੇ ਦੇ ਵੱਖ-ਵੱਖ ਪੱਖਾਂ ਦਾ ਪ੍ਰਗਟਾਵਾ ਹਨ। ਇਹ ਸਾਰੇ ਲੇਖ ਤਕਨੀਕੀ ਪੱਖੋਂ ਲੇਖਕ ਵਲੋਂ ਵਰਤਾਈ ਗਈ 'ਕਹਾਣੀ ਸ਼ੈਲੀ' ਦਾ ਦਿਲਚਸਪ ਤੇ ਦਿਲਕਸ਼ ਕਮਾਲ ਹਨ। ਪਾਠਕ ਇਨ੍ਹਾਂ ਰਚਨਾਵਾਂ ਵਿਚਲੇ ਕਹਾਣੀ ਰਸ ਅਤੇ ਵਿਅੰਗ ਦੀ ਚਾਸ਼ਨੀ ਵਿਚ ਡੁਬ ਕੇ ਇਸ ਪੁਸਤਕ ਨੂੰ ਇਕੋ ਬੈਠਕ ਵਿਚ ਮੁਕਾਉਣ ਲਈ ਮਜਬੂਰ ਹੋ ਜਾਂਦਾ ਹੈ। ਲੇਖਕ ਦੀ ਇਸ ਵਿਲੱਖਣ ਪੁਸਤਕ ਦਾ ਇਹ ਵੀ ਇਕ ਕਮਾਲ ਹੈ। ਲੇਖਕ ਨੂੰ ਉਸ ਦੀ ਇਸ ਪਲੇਠੀ ਪੁਸਤਕ ਲਈ ਮੁਬਾਰਕਬਾਦ। ਆਓ, ਇਸ ਪੁਸਤਕ ਦਾ ਖੁਸ਼ੀ ਨਾਲ ਸਵਾਗਤ ਕਰੀਏ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

c c c

25-04-2020

 ਮਨੁੱਖਤਾ ਦਾ ਰਹਿਬਰ
ਗੁਰੂ ਨਾਨਕ ਦੇਵ

ਲੇਖਕ : ਡਾ: ਇੰਦਰਜੀਤ ਸਿੰਘ ਵਾਸੂ
ਪ੍ਰਕਾਸ਼ਕ : ਵਾਸੂ ਪ੍ਰਕਾਸ਼ਨ, ਫਗਵਾੜਾ
ਮੁੱਲ : 250 ਰੁਪਏ, ਸਫ਼ੇ : 239
ਸੰਪਰਕ : 90563-60763.

ਹਥਲੀ ਪੁਸਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਦੁਆਰਾ ਰਚੀ ਬਾਣੀ ਦੇ ਮਹੱਤਵਪੂਰਨ ਵਿਚਾਰਧਾਰਕ ਪਹਿਲੂਆਂ ਦਾ ਨਿਰੂਪਣ ਹੈ। ਗੁਰੂ ਨਾਨਕ ਸਾਹਿਬ ਦੇ ਬਚਪਨ ਕਾਲ ਤੋਂ ਲੈ ਕੇ ਮਾਤ ਲੋਕ ਵਿਚ ਵਿਚਰਨ ਅਤੇ ਅਗੰਮੀ ਜੋਤ ਸਰੂਪ ਵਿਚ ਜਾ ਸਮਾਉਣ ਆਦਿ ਤੱਕ ਦੇ ਵੇਰਵਿਆਂ ਨੂੰ ਲੇਖਕ ਨੇ ਬਾਖੂਬੀ ਧਾਰਮਿਕ ਨਿਸ਼ਠਾ, ਅਧਿਆਤਮਕ ਚੇਤਨਤਾ ਅਤੇ ਰਹੱਸਵਾਦੀ ਪ੍ਰਭਾਵਾਂ ਦੀ ਵਿਆਖਿਆ ਮੂਲਕ ਸ਼ੈਲੀ ਵਿਚ ਪਗਟਾਇਆ ਹੈ। ਡਾ: ਵਾਸੂ ਨੇ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ 19 ਰਾਗਾਂ ਵਿਚ ਰਚੀਆਂ ਬਾਣੀਆਂ ਦੇ ਹਵਾਲਿਆਂ ਸਹਿਤ ਜਪੁਜੀ ਸਾਹਿਬ, ਆਸਾ ਦੀ ਵਾਰ, ਵਾਰ ਮਾਝ ਕੀ, ਵਾਰ ਮਲਾਰ ਕੀ, ਓਅੰਕਾਰ ਬਾਣੀ, ਸਿਧ ਗੋਸਟਿ, ਬਾਬਰਵਾਣੀ, ਬਾਰਾਂਮਾਹ, ਅਸਟਪਦੀਆਂ, ਸੁਚਜੀ, ਕੁਚਜੀ, ਪਟੀ, ਸਲੋਕ, ਕਾਫੀ, ਸੋਲਹੇ, ਚੌਪਈਆ ਆਦਿ ਨੂੰ ਨੇੜਿਉਂ ਅਧਿਐਨ ਦਾ ਵਿਸ਼ਾ ਬਣਾ ਕੇ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਡਾ: ਵਾਸੂ ਦਾ ਚਿੰਤਨ ਹੈ ਕਿ ਨਾਨਕ ਬਾਣੀ ਵਿਸ਼ਵ ਦੇ ਸੱਚ ਦਾ ਸਰੂਪ ਪ੍ਰਗਟਾਉਂਦੀ ਹੈ।
ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਵੀ ਹੈ ਜਿਸ ਵਿਚ ਲੇਖਕ ਨੇ ਗੁਰੂ ਨਾਨਕ ਬਾਣੀ 'ਤੇ ਆਧਾਰਿਤ ਸਿੱਖ ਜੀਵਨ ਜਾਚ, ਮਨੁੱਖਤਾ ਲਈ ਦੁਨਿਆਵੀ ਝੰਜਟਾਂ 'ਚੋਂ ਉੱਭਰ ਕੇ ਸੰਪੂਰਨ ਜੀਵਨ ਦਾ ਮਾਰਗ ਅਪਣਾਉਣ ਦਾ ਭਾਵ ਬੋਧ ਪ੍ਰਗਟ ਕੀਤਾ ਹੈ ਅਤੇ ਨਾਲ ਦੀ ਨਾਲ ਗੁਰੂ ਨਾਨਕ ਦੁਆਰਾ ਸਿਰਜੇ ਸਰਬੱਤ ਨੂੰ ਅਪਣਾਉਣ ਯੋਗ ਧਰਮ ਦਾ ਮਾਰਗ ਧਾਰਨ ਕਰਨ ਦਾ ਰਸਤਾ ਦੱਸਿਆ ਅਤੇ ਮਨੁੱਖ ਨੂੰ ਚਾਹੇ ਉਹ ਕਿਸੇ ਵੀ ਧਰਮ ਜਾਂ ਫ਼ਿਰਕੇ ਨਾਲ ਜੁੜਿਆ ਹੋਵੇ ਉਸ ਨੂੰ ਮਨੁੱਖੀ ਹੋਂਦ ਦਾ ਸੰਦੇਸ਼ ਦਿੱਤਾ ਆਦਿ ਦਾ ਵਿਵਰਨ ਵਿਸ਼ੇਸ਼ ਭਾਂਤ ਪ੍ਰਗਟਾਇਆ ਹੈ। ਇਸੇ ਪ੍ਰਸੰਗਤਾ ਵਿਚ ਡਾ: ਵਾਸੂ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਮਨੁੱਖੀ ਸਰੀਰ ਆਤਮਾ ਤੇ ਮਾਦੇ ਦਾ ਸੰਗਮ ਹੈ। ਮਨੁੱਖ ਜੇ ਨੈਤਿਕ ਪੱਧਰ 'ਤੇ ਉੱਚ ਹੋਵੇ ਜਾਂ ਸਮਾਜਕ ਬਰਾਬਰਤਾ ਨੂੰ ਸਮਝੇ ਤਾਂ ਉਹ ਅਨੰਦਿਤ ਹੋ ਸਕਦਾ ਹੈ। ਇਸ ਤੋਂ ਅੱਗੇ ਲੇਖਕ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਸ਼ਵ ਵਿਆਪੀ ਮਹਾਂਪੁਰਸ਼ਾਂ ਵਿਚੋਂ ਉੱਭਰਦੀ ਸਮੁੱਚੀ ਸ਼ਖ਼ਸੀਅਤ ਨੂੰ ਬਿਆਨ ਕੀਤਾ ਹੈ ਅਤੇ ਅਜੋਕੇ ਅਤਿ ਆਧੁਨਿਕ ਕਾਲ ਵਿਚ ਗੁਰੂ ਨਾਨਕ ਦੁਆਰਾ ਰਚਿਤ ਬਾਣੀ ਦੇ ਤੱਥਾਂ-ਸੱਚਾਂ ਨੂੰ ਪ੍ਰਗਟਾਉਂਦਿਆਂ ਹੋਇਆਂ ਬਾਣੀ ਦੇ ਮਹੱਤਵ ਅਤੇ ਇਸ ਦੇ ਸਦੀਵੀ ਰਹਿਣ ਦੇ ਸੰਕਲਪਾਂ ਦਾ ਪ੍ਰਗਟਾਵਾ ਕੀਤਾ ਹੈ।

ਡਾ: ਜਗੀਰ ਸਿੰਘ ਨੂਰ
ਮੋ: 9814209732

c c c

ਮਨੁੱਖੀ ਮਨ ਦੀ ਨਿਰਛਲਤਾ ਤੇ ਅਨੁਭਵਤਾ ਦੇ ਗੀਤ
ਮੂਲ ਲੇਖਕ : ਵਿਲੀਅਮ ਬਲੇਕ
ਪੰਜਾਬੀ ਰੂਪਾਂਤਰ : ਬੀ.ਐਸ. ਬੀਰ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼
ਮੁੱਲ : 290 ਰੁਪਏ, ਸਫ਼ੇ : 136

ਵਿਲੀਅਮ ਬਲੇਕ (1757-1827 ਈ:) ਦੀਆਂ 46 ਨਿੱਕੀਆਂ ਕਵਿਤਾਵਾਂ ਮੂਲ ਅੰਗਰੇਜ਼ੀ ਰੂਪ ਦੇ ਨਾਲ-ਨਾਲ ਪੰਜਾਬੀ ਰੂਪਾਂਤਰ ਸਹਿਤ ਵਿਚਾਰ ਅਧੀਨ ਪੁਸਤਕ ਵਿਚ ਪੰਜਾਬੀ ਪਾਠਕਾਂ ਦੇ ਸਨਮੁੱਖ ਹਨ। ਇਸ ਦੇ ਨਾਲ ਹੀ ਹੈ ਬਲੇਕ ਅਤੇ ਉਸ ਦੀਆਂ ਇਨ੍ਹਾਂ ਕਵਿਤਾਵਾਂ ਦੇ ਵਸਤੂ ਤੇ ਰੂਪ ਬਾਰੇ ਸੰਖੇਪ ਜਾਣ ਪਛਾਣ ਆਪਣੀ ਜ਼ੁਬਾਨ ਤੋਂ ਬਿਨਾਂ ਕਿਸੇ ਹੋਰ ਵਿਕਸਿਤ ਜ਼ੁਬਾਨ ਦੇ ਸਾਹਿਤ ਨਾਲ ਜਾਣ-ਪਛਾਣ ਲੇਖਕਾਂ ਦੀ ਸੋਚ ਵਿਸਤਾਰਦੀ ਹੈ। ਕਲਪਨਾ ਨੂੰ ਖੰਭ ਲਾਉਂਦੀ ਹੈ। ਇਸ ਨਾਲ ਆਪਣੀ ਭਾਸ਼ਾ ਤੇ ਸਾਹਿਤ ਦੀ ਅਮੀਰੀ ਦੀਆਂ ਸੰਭਾਵਨਾਵਾਂ ਪ੍ਰਫੁਲਿਤ ਹੁੰਦੀਆਂ ਹਨ। ਇਸ ਕਿਤਾਬ ਦਾ ਮਹੱਤਵ ਇਨ੍ਹਾਂ ਸੰਭਾਵਨਾਵਾਂ ਵਿਚ ਹੀ ਨਿਹਿਤ ਹੈ। ਸਮੇਂ/ਸਥਾਨ/ਸੱਭਿਆਚਾਰਕ ਮਾਹੌਲ ਪੱਖੋਂ ਬਲੇਕ ਅਤੇ ਅਜੋਕਾ ਪੰਜਾਬੀ ਪਾਠਕ ਖਾਸੀ ਭਿੰਨਤਾ ਰੱਖਦੇ ਹਨ। ਦੋਵਾਂ ਨੂੰ ਜੋੜਨ ਵਾਲੀ ਸ਼ੈਅ ਹੈ ਮਨੁੱਖੀ ਭਾਵਨਾਵਾਂ/ਜਜ਼ਬਿਆਂ/ਅਨੁਭਵਾਂ ਦਾ ਤਾਣਾ-ਬਾਣਾ ਅਤੇ ਕਲਪਨਾ ਦੀ ਉਡਾਰੀ। ਦੋਵਾਂ ਜ਼ੁਬਾਨਾਂ/ਸੱਭਿਆਚਾਰਾਂ ਤੇ ਸਾਹਿਤਕ ਕੱਥ/ਵੱਥ ਦੀ ਵੱਖਰਤਾ ਅਤੇ ਸਮਾਨਤਾ ਦੇ ਦਰਸ਼ਨ ਲਈ ਪਾਠਕ ਨੂੰ ਬਲੇਕ ਦੀਆਂ ਕਵਿਤਾਵਾਂ ਦੇ ਮੂਲ ਪਾਠ ਅਤੇ ਪੰਜਾਬੀ ਰੂਪਾਂਤਰ ਉੱਤੇ ਨਾਲ-ਨਾਲ ਹੀ ਝਾਤੀ ਮਾਰਨ ਦੇ ਅਵਸਰ ਇਸ ਕਿਤਾਬ ਵਿਚ ਪ੍ਰਾਪਤ ਹਨ।
ਬਲੇਕ ਦੀਆਂ ਇਨ੍ਹਾਂ ਕਵਿਤਾਵਾਂ ਦੇ ਅੰਗਰੇਜ਼ੀ ਸੰਗ੍ਰਹਿ ਦਾ ਨਾਂਅ ਸੀ 'ਲਾਂਗਜ਼ ਆਫ਼ ਇਨੋਸੈਂਸ ਐਂਡ ਸਾਂਗਜ਼ ਆਫ਼ ਐਕਸਪੀਰੀਐਂਸ'। ਇਹ ਦੋ ਵੱਖਰੇ ਵਰਗਾਂ ਦੀਆਂ ਕਵਿਤਾਵਾਂ ਹਨ। ਪਹਿਲੇ ਵਰਗ ਵਿਚ 19 ਕਵਿਤਾਵਾਂ ਹਨ ਅਤੇ ਦੂਜੇ ਵਿਚ 27। ਇਨੋਸੈਂਸ ਵਿਚ ਮੂਲ ਰੂਪ ਨਾਲ ਆਪ ਬੋਲਦਾ ਹੈ। ਉਸ ਦੀ ਮਾਸੂਮੀਅਤ, ਭੋਲਾਪਣ, ਨਿਰਮਲਤਾ, ਭ੍ਰਿਸ਼ਟਤਾ/ਪਾਪ ਤੋਂ ਮੁਕਤ ਨੇਕ ਨੀਅਤ, ਖੁਸ਼ੀ, ਵਿਸ਼ਵਾਸ, ਦੁਨੀਆ ਨੂੰ ਵੇਖਣ ਦੀ ਬਾਲ ਦ੍ਰਿਸ਼ਟੀ। ਐਕਸੀਪੀਰੀਐਂਸ ਵਿਚ ਇਹ ਬਾਲ ਸਾਡੇ ਕਠੋਰ ਯਥਾਰਥ ਵਾਲੀ ਦੁਨੀਆ ਵਿਚ ਘਿਰਿਆ ਦਿਸਦਾ ਹੈ। ਇਸ ਵਿਚ ਬੁਰਾਈਆਂ ਹਨ, ਚੁਣੌਤੀਆਂ ਹਨ, ਕੜਵਾਹਟ ਹੈ, ਭਿਆਨਕਤਾ ਹੈ, ਡਰ ਹੈ, ਈਰਖਾ, ਨਿਰਦਇਤਾ ਹੈ। ਬੱਚੇ ਦੀ ਮਾਸੂਮੀਅਤ ਇਸ ਕਠੋਰ ਯਥਾਰਥ ਨਾਲ ਟਕਰਾ ਰਹੀ ਹੈ। ਇਸ ਯਥਾਰਥ ਵਿਚ ਪਰਿਵਾਰ, ਸਮਾਜ, ਧਰਮ ਤੇ ਪੇਟ ਦੀ ਭੁੱਖ ਦੇ ਪੈਦਾ ਕੀਤੇ ਹਨੇਰੇ ਹਨ। ਬਲੇਕ ਆਪਣੀ ਗੱਲ ਪ੍ਰਤੀਕਾਂ, ਬਿੰਬਾਂ ਨਾਲ ਕਰਦੇ ਹੋਏ ਵੀ ਰੂਹਾਨੀ ਰਹੱਸਵਾਦ ਦੀਆਂ ਛੋਹਾਂ ਦਿੰਦਾ ਹੈ। ਈਸਾਈਅਤ ਵਿਚ ਈਸਾ/ਖੁਦਾਈ ਨੂੰ ਲੈਂਬ/ਸ਼ੈਫ਼ਰਡ, ਮੇਮਣਾ/ਆਜੜੀ ਦੇ ਪ੍ਰਤੀਕ ਨਾਲ ਯਾਦ ਕਰਦੇ ਹਨ। ਇਹ ਚਿੰਨ੍ਹ ਕਈ ਥਾਂ ਹਨ। ਬਾਲ ਮਨ ਦੀ ਫੁੱਲਾਂ/ਬੱਦਲਾਂ/ਪਸ਼ੂ ਪੰਛੀਆਂ ਨਾਲ ਸਾਂਝ ਦੇ ਚਿੱਤਰ ਹਨ। ਨਿੱਕੇ ਬਾਲਾਂ ਨੂੰ ਚਿਮਨੀ ਸਾਫ਼ ਕਰਨ ਦੇ ਕੰਮ ਲਾਉਣ ਦੇ ਸੰਕੇਤ ਹਨ। ਸਕੂਲ/ਕਿਤਾਬਾਂ ਪ੍ਰਤੀ ਬਾਲ ਸੋਚ ਹੈ। ਰਿਸ਼ਤਿਆਂ ਦਾ ਨਿੱਘ ਹੈ। ਯਥਾਰਥ ਪ੍ਰਤੀ ਬਲੇਕ ਦੀ ਕਾਵਿਕ ਪਹੁੰਚ ਨੂੰ ਸਮਝਣ, ਜਾਣਨ ਲਈ ਵਧੀਆ ਕਿਤਾਬ ਹੈ।

ਕੁਲਦੀਪ ਸਿੰਘ ਧੀਰ
ਮੋ: 98722-60550

c c c

ਪਰਵਾਸੀ ਗਲਪਕਾਰ ਜਰਨੈਲ ਸਿੰਘ ਸੇਖਾ
ਲੇਖਿਕਾ : ਸੁਖਪ੍ਰੀਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98724-17084.

ਪਰਵਾਸੀ ਗਲਪਕਾਰ ਜਰਨੈਲ ਸਿੰਘ ਸੇਖਾ ਦੇ ਜੀਵਨ ਅਤੇ ਰਚਨਾ ਸਬੰਧੀ ਲੇਖਿਕਾ ਸੁਖਪ੍ਰੀਤ ਕੌਰ ਵਲੋਂ ਆਲੋਚਨਾਤਮਕ ਅਧਿਐਨ ਕੀਤਾ ਗਿਆ ਹੈ। ਪੰਜਾਬੀ ਗਲਪ ਦੇ ਖੇਤਰ 'ਚ ਸੇਖਾ ਹੁਰਾਂ ਕਾਫੀ ਜ਼ਿਆਦਾ ਅਤੇ ਚੰਗਾ ਕਾਰਜ ਕੀਤਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦੇ ਵੱਖ-ਵੱਖ ਪੱਖਾਂ ਅਤੇ ਲੇਖਕ ਦੀ ਸਿਰਜਣ ਪ੍ਰਕਿਰਿਆ ਸਬੰਧੀ ਪੁਸਤਕ 'ਚ ਚੰਗੀ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ। ਲੇਖਕ ਦੀਆਂ ਰਚਨਾਵਾਂ 'ਤੇ ਖੋਜ ਕਾਰਜ ਅਤੇ ਉਸ ਦੇ ਵੱਖ-ਵੱਖ ਸਾਹਿਤਕ ਪੱਖਾਂ ਦਾ ਅਧਿਐਨ ਕਰਨਾ ਕਾਫੀ ਕਠਿਨ ਕਾਰਜ ਹੈ, ਪਰ ਲੇਖਿਕਾ ਨੇ ਇਸ ਨੂੰ ਸਹਿਜ ਰੂਪ 'ਚ ਕਰ ਦਿਖਾਇਆ ਹੈ। ਕਿਸੇ ਲੇਖਕ ਦੀ ਸਮੁੱਚੀ ਵਿਚਾਰਧਾਰਾ ਅਤੇ ਉਸ ਦੀਆਂ ਰਚਨਾਵਾਂ ਦੇ ਵੱਖ-ਵੱਖ ਸਾਹਿਤਕ ਪੱਖਾਂ ਨੂੰ ਜਾਣਨ, ਸਮਝਣ 'ਚ ਇਹ ਪੁਸਤਕ ਕਾਫੀ ਸਹਾਈ ਸਿੱਧ ਹੁੰਦੀ ਹੈ। ਪਾਠਕ ਜੋ ਲੇਖਕ ਦੀਆਂ ਬਹੁਤ ਸਾਰੀਆਂ ਪੁਸਤਕਾਂ ਪੜ੍ਹਨ ਲਈ ਸਮਾਂ ਨਹੀਂ ਕੱਢ ਸਕਦੇ, ਉਹ ਇਸ ਪੁਸਤਕ ਰਾਹੀਂ ਲੇਖਕ ਦੇ ਰਚਨਾ ਸੰਸਾਰ ਸਬੰਧੀ ਬਹੁਤ ਸਾਰੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਪੁਸਤਕ 'ਚ ਲੇਖਕ ਦੇ ਜੀਵਨ ਅਤੇ ਲਿਖੀਆਂ ਗਈਆਂ ਪੁਸਤਕਾਂ ਦੀ ਸਮੁੱਚੀ ਜਾਣਕਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ। ਲੇਖਿਕਾ ਨੇ ਉਨ੍ਹਾਂ ਦੇ ਨਾਵਲਾਂ 'ਦੁਨੀਆ ਕੈਸੀ ਹੋਈ', 'ਵਿਗੋਚਾ', 'ਬੇਗਾਨੀ', 'ਸਫ਼ਰਨਾਮਾ ਦੁੱਲੇ ਦੀ ਬਾਰ ਤੱਕ', ਕਹਾਣੀ ਸੰਗ੍ਰਹਿ, 'ਉਦਾਸੇ ਬੋਲ', 'ਆਪਣਾ ਆਪਣਾ ਸੁਰਗ', 'ਨਿਵੇਕਲ ਸੂਰਜ' ਅਤੇ 'ਸਵੈ ਜੀਵਨੀ 'ਚੇਤਿਆਂ ਦੀ ਚਿਲਮਨ' ਸਮੇਤ ਕਈ ਹੋਰ ਵੀ ਪੁਸਤਕਾਂ ਅਤੇ ਲੇਖਕ ਨੂੰ ਮਿਲੇ ਸਨਮਾਨ ਸਬੰਧੀ ਜਾਣਕਾਰੀ ਦਿੱਤੀ ਹੈ। ਸਾਹਿਤਕ 'ਮੁਲਾਕਾਤ' ਵੀ ਕਾਫੀ ਜਾਣਕਾਰੀ ਭਰਪੂਰ ਹੈ। ਨਾਵਲ 'ਦੁਨੀਆ ਕੈਸੀ ਹੋਈ' ਪ੍ਰਵਾਸੀ ਪੰਜਾਬੀ ਖੇਤ ਮਜ਼ਦੂਰਾਂ ਦੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ 'ਤੇ, 'ਭਗੌੜਾ' ਪੰਜਾਬੀਆਂ ਦੇ ਗ਼ੈਰ-ਕਾਨੂੰਨੀ ਪ੍ਰਵਾਸ ਵਿਸ਼ੇ 'ਤੇ ਆਧਾਰਿਤ ਹੈ। ਇਵੇਂ ਹੀ 'ਵਿਗੋਚਾ' ਡਰੱਗਜ਼ ਅਤੇ ਗੈਂਗਵਾਰ ਕਾਰਨ ਹੋਣ ਵਾਲੇ ਨੁਕਸਾਨ ਨੂੰ ਬਿਆਨਦਾ ਹੈ। ਲੇਖਕ ਦੀਆਂ ਬਾਕੀ ਪੁਸਤਕਾਂ ਵੀ ਪ੍ਰਵਾਸੀ ਜੀਵਨ, ਛੋਟੀ ਕਿਸਾਨੀ ਦੇ ਸਮੱਸਿਆਵਾਂ ਨੂੰ ਉਭਾਰਦੀਆਂ ਹਨ ਅਤੇ ਲੇਖਕ ਦੀ ਕਈ ਵਿਸ਼ਿਆਂ 'ਤੇ ਚੰਗੀ ਪਕੜ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110.

c c c

ਅਸਾਂ ਮਰਨਾ ਨਾਹੀਂ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ
ਮੁੱਲ : 350 ਰੁਪਏ, ਸਫ਼ੇ : 288
ਸੰਪਰਕ : 011-42502364.

ਇਸ ਸ਼ਬਦ ਚਿੱਤਰ ਪੁਸਤਕ ਵਿਚ ਸਾਹਿਤ ਦੀਆਂ ਚਾਰ ਨਾ ਭੁੱਲਣਯੋਗ ਸ਼ਖ਼ਸੀਅਤਾਂ (ਦੇਵਿੰਦਰ ਸਤਿਆਰਥੀ, ਰਾਜਿੰਦਰ ਸਿੰਘ ਬੇਦੀ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ) ਬਾਰੇ ਅਜਿਹੀ ਜਾਣਕਾਰੀ ਉਪਲਬਧ ਹੈ ਜੋ ਹੋਰ ਸੋਮਿਆਂ ਤੋਂ ਪ੍ਰਾਪਤ ਹੋਣੀ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਇਨ੍ਹਾਂ ਚਿੱਤਰਾਂ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਲੇਖਕ ਨੇ ਨਾ ਤਾਂ ਪ੍ਰਸੰਸਾ ਦੇ ਓਵਰ-ਬ੍ਰਿਜ ਉਸਰੇ ਨੇ, ਨਾ ਹੀ ਜਾਣਬੁੱਝ ਕੇ ਨਿੰਦਾ-ਸ਼ਾਸਤਰ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿਚ ਦ੍ਰਿਸ਼ਟੀ-ਵਿਗਿਆਨੀ ਵਜੋਂ 'ਮੈਨ ਇਨ ਐਕਸ਼ਨ' ਅਰਥਾਤ ਸਰਵ-ਪੱਖੀ ਵਿਵਹਾਰ ਦਾ ਡੀ.ਐਨ.ਏ. ਕਰਕੇ ਉਲੀਕਣ ਦਾ ਸਫ਼ਲ ਯਤਨ ਕੀਤਾ ਹੈ। ਇੰਜ ਇਹ ਸ਼ਖ਼ਸੀਅਤਾਂ ਆਪਣੇ ਗੁਣਾਂ/ਔਗੁਣਾਂ ਸਹਿਤ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹਨ। ਇਨ੍ਹਾਂ ਦੇ ਅਜਿਹੇ ਵਿਵਹਾਰ ਪਿੱਛੇ ਕਾਰਜਸ਼ੀਲ ਕਾਰਨਾਂ ਦਾ ਬਾਖੂਬੀ ਵਿਸ਼ਲੇਸ਼ਣ ਕੀਤਾ ਹੈ। ਅਜਿਹਾ ਵਿਸ਼ਲੇਸ਼ਣ ਕਰਦਿਆਂ ਉਸ ਦੀ ਸਹਾਇਕ ਵਿਚਾਰ-ਮੰਡਲੀ ਅਤੇ ਲੇਖਕ ਖ਼ੁਦ ਕੇਂਦਰ ਵਿਚ, ਬਿਰਤਾਂਤਕਾਰ ਦੀ ਹੈਸੀਅਤ ਵਿਚ, ਹਮੇਸ਼ਾ ਬਿਰਾਜਮਾਨ ਰਹਿੰਦਾ ਹੈ। ਸ਼ਬਦ ਚਿੱਤਰਾਂ ਦੀਆਂ ਸਾਰੀਆਂ ਘਟਨਾਵਾਂ ਲੇਖਕ ਦੀਆਂ ਅੱਖੀਂ ਵੇਖੀਆਂ, ਕੰਨੀਂ ਸੁਣੀਆਂ, ਪੜ੍ਹੀਆਂ ਹੋਈਆਂ ਹੀ ਤਾਂ ਹਨ। ਲੇਖਕ ਨੇ ਹਰ ਸ਼ਖ਼ਸੀਅਤ ਉਲੀਕਣ ਸਮੇਂ ਵੱਖ-ਵੱਖ ਭਾਗਾਂ ਵਿਚ ਵੰਡ ਕੇ, ਫਿਰ ਉਪ-ਭਾਗ ਬਣਾ ਕੇ, ਬਦਲਵੇਂ ਫੋਕਸੀਕਰਨ ਦੀ ਵਿਧੀ ਅਪਣਾਈ ਹੈ।
ਅਧਿਐਨ ਦੁਆਰਾ ਰਿੜਕਦਿਆਂ ਹਰੇਕ ਸ਼ਬਦ-ਚਿੱਤਰ ਦੀਆਂ ਕੁਝ ਮੱਖਣ ਟੁਕੜੀਆਂ ਉੱਪਰ ਹੀ ਤੈਰਦੀਆਂ ਵਿਖਾਈ ਦੇ ਜਾਂਦੀਆਂ ਹਨ। ਮਸਲਨ : ਤਿੰਨ ਲੱਖ ਲੋਕਗੀਤ ਇਕੱਠੇ ਕਰਨ ਵਾਲਾ, ਚੇਪੀਆਂ ਲਾ-ਲਾ ਕੇ ਕਾਗਜ਼ ਨੂੰ ਗੱਤਾ ਬਣਾਉਣ ਵਾਲਾ, ਘਰੇਲੂ ਜ਼ਿੰਮੇਵਾਰੀਆਂ ਤੋਂ ਬੇਪਰਵਾਹ, ਪਤਨੀ ਨੂੰ ਲੋਕ ਮਾਤਾ ਕਹਿਣ ਵਾਲਾ, ਮੰਟੋ ਦਾ ਹਮ-ਪਿਆਲਾ, ਬਹੁਭਾਸ਼ਾਈ ਲੇਖਕ, ਲਿਖਤ ਪੜ੍ਹਦਾ ਸ੍ਰੋਤੇ ਨੂੰ ਅਕਾ ਦੇਣ ਵਾਲਾ, ਸਰਲ ਤੋਂ ਜਟਿਲ ਸਾਹਿਤ-ਸਿਰਜਕ, ਸ਼ਬਦਾਂ ਦਾ ਸਰਪੱਟ ਘੋੜਾਦਵਿੰਦਰ ਸਤਿਆਰਥੀ। ਲਿਖਣ ਤੋਂ ਪਹਿਲਾਂ ਅਤੇ ਬਾਅਦ ਵਿਚ ਸੋਚਣ/ਮਹਿਸੂਸਣ ਵਾਲਾ, ਵਾਦ-ਮੁਕਤ ਕਹਾਣੀਕਾਰ, ਇਕ-ਇਕ ਲਫ਼ਜ਼ ਨੂੰ ਜੋਖਣ ਤੇ ਪਰਖਣ ਵਾਲਾ, ਕਾਮ, ਮਰਦ-ਔਰਤ ਸਬੰਧਾਂ ਦਾ ਲੇਖਕ; ਕਬਾਬ ਖਾਣ ਵਾਲਾ; ਫ਼ਿਲਮਾਂ ਨਾਲੋਂ ਵੱਧ ਸਾਹਿਤਕਾਰ; ਧਰਮ (ਸਹਿਜ ਅਵਸਥਾ)ਰਾਜਿੰਦਰ ਸਿੰਘ ਬੇਦੀ/ਵਡੱਪਣ ਨਾਲ ਅਸੰਤੁਸ਼ਟ, ਸੰਪੂਰਨਤਾਵਾਦੀ ਲੇਖਕ, ਬੋਲ ਕੇ ਲਿਖਾਉਣ ਵਾਲਾ, ਭੁੱਲੀ ਵਿਸਰੀ ਸ਼ਬਦਾਵਲੀ ਦਾ ਪ੍ਰਯੋਗਕਾਰ, ਸਮਾਜਿਕ ਯਥਾਰਥ ਤੋਂ ਇਤਿਹਾਸ ਮਿਥਿਹਾਸ ਵੱਲ, ਅਸਫ਼ਲ ਗ੍ਰਹਿਸਥੀ, ਵਰਜਨਾਵਾਂ ਦੇ ਪੁਲ ਤੋੜਨ ਵਾਲਾ, ਰੇਖਾ-ਚਿੱਤਰ ਲੇਖਕ, ਨਿੱਘਾ ਮਨੁੱਖ,ਬਲਵੰਤ ਗਾਰਗੀ। ਲੋਕ ਹਿਤ ਤੋਂ ਸਥਾਪਤੀ ਵੱਲ ਸਫ਼ਰ, ਰਚਨਾ ਨੂੰ ਰਚਨਾਕਾਰ ਨਾਲੋਂ ਵੱਖ ਵੇਖਣ ਦੀ ਸਮਰੱਥਾ, 'ਨਾਗਮਣੀ ਸ਼ਾਮ' ਦੀ ਆਯੋਜਕ, ਬਿਨਾਂ ਤਲਾਕ ਪਤੀ ਤੋਂ ਵੱਖ; ਸਾਹਿਰ, ਇਮਰੋਜ਼ ਸਬੰਧ, ਯੂਨਾਨ ਦੀਆਂ ਟ੍ਰੈਜਡੀਆਂ ਵਰਗਾ ਅੰਮ੍ਰਿਤਾ-ਨਵਰਾਜ ਦਾ ਅੰਤ। ਨਤੀਜਾ 'ਦਿ ਫੋਲਟ ਡਿਅਰ ਬਰੁਟਸ' ਲਾਇਜ਼ ਇਨ ਅਵਰਸੋਲਵਜ਼ ਨੌਟ ਇਨ ਅਵਰ ਸਟਾਰਜ਼'।
ਇੰਜ ਇਹ ਪੁਸਤਕ ਚਾਰ ਲੇਖਕਾਂ ਬਾਰੇ ਖੋਜ ਆਧਾਰਿਤ ਜੀਵਨੀ ਮੂਲਕ ਥੀਸਿਸ ਹੋ ਨਿੱਬੜੀ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਸਿਆਸਤ ਖੇਡ, ਸਿਆਸਤ
ਕਹਾਣੀਕਾਰ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98148-03254.

ਇਸ ਵਿਚ 11 ਕਹਾਣੀਆਂ ਸ਼ਾਮਿਲ ਹਨ। ਜਿੰਦਰ ਪਾਤਰ ਪ੍ਰਧਾਨ ਕਹਾਣੀਆਂ ਲਿਖਣ ਵਿਚ ਮਾਹਿਰ ਹੈ। ਉਸ ਦੀਆਂ ਕਹਾਣੀਆਂ ਵਿਚ ਪਾਤਰ ਅਕਸਰ ਸਵੈ ਕਥਨ ਰਾਹੀਂ ਆਪਣੀ ਵਿਅਥਾ ਬਿਆਨ ਕਰਦੇ ਹਨ। ਇੰਜ ਕਹਾਣੀਕਾਰ ਪਾਤਰਾਂ ਦੀਆਂ ਮਾਨਸਿਕ ਪਰਤਾਂ ਖੋਲ੍ਹਦਾ ਹੈ। ਹਥਲੇ ਸੰਗ੍ਰਹਿ ਵਿਚਲੀਆਂ ਕਹਾਣੀਆਂ ਵੀ ਉਪਰੋਕਤ ਪੈਟਰਨ 'ਤੇ ਸਿਰਜੀਆਂ ਗਈਆਂ ਹਨ। ਇਨ੍ਹਾਂ ਵਿਚ ਮੱਛੀ ਅਤੇ ਮੱਛੀ-2, ਜੂਠੀ, ਜੋਗੀ ਦੇ ਮੁੱਖ ਪਾਤਰ ਕਹਾਣੀ ਦੇ ਆਰੰਭ ਵਿਚ ਹੀ ਐਲਾਨ ਕਰਦੇ ਹਨ, 'ਮੈਂ ਜਨਾਬ, ਮੈਂ ਪਹਿਲਾਂ ਹੀ ਮੰਨ ਲੈਂਦਾ ਹਾਂ ਕਿ ਮੈਂ ਜ਼ਨਾਨੀਬਾਜ਼ ਨਹੀਂ ਹਾਂ (ਜੋਗੀ), ਇਨ੍ਹਾਂ ਦਿਨਾਂ ਵਿਚ ਮੈਂ ਕਿੰਨੀ ਬਦਲ ਗਈ ਹਾਂ, ਮਾਂ, ਕੰਜਰੀ, ਕਾਲ ਗਰਲ, ਟੈਕਸੀ, ਸੈਕਸ ਵਰਕਰ, ਵੇਸ਼ਵਾ.... (ਮੱਛੀ), ਹੁਣ ਮੈਂ ਕਾਲ ਗਰਲ ਹਾਂ (ਮੱਛੀ-ਦੋ), ਸਾਰਿਆਂ ਬੰਦਿਆਂ ਨੂੰ ਮੇਰਾ ਧੁੰਨੀ ਤੋਂ ਹੇਠਲਾ ਪਾਸਾ ਹੀ ਕਿਉਂ ਦਿਸਦਾ (ਵਿਦਾਅ) ਆਦਿ ਜਿੰਦਰ ਅਜਿਹੀ ਵਾਕ ਬਣਤਰ ਰਾਹੀਂ ਕਹਾਣੀ ਸ਼ੁਰੂ ਕਰ ਕੇ ਪਾਠਕੀ ਮਨ ਵਿਚ ਜਗਿਆਸਾ ਤੇ ਉਤਸੁਕਤਾ ਪੈਦਾ ਕਰਦਾ ਹੈ, ਫਿਰ ਮੁੱਖ ਪਾਤਰ ਰਾਹੀਂ ਕਥਾ ਸੂਤਰ ਦੇ ਰੇਸ਼ੇ ਖੋਲ੍ਹਦਾ ਜਾਂਦਾ ਹੈ। ਕਹਾਣੀ ਖੱਡੀ ਤੇ ਬੜੀ ਗੁੰਦਵੀ ਤੇ ਸੰਘਣੀ ਬੁਣਤੀ ਵਾਂਗ ਬੁਣੀਆਂ ਗਈਆਂ ਇਹ ਕਹਾਣੀਆਂ ਇਕ ਵਾਰ ਨਹੀਂ, ਕਈ ਵਾਰ ਪੜ੍ਹਨ ਦੀ ਮੰਗ ਕਰਦੀਆਂ ਹਨ। ਹਰੇਕ ਕਹਾਣੀ ਇਕ ਕੇਂਦਰ ਬਿੰਦੂ ਦੇ ਦੁਆਲੇ ਘੁੰਮਦੀ ਹੈ ਪਰ ਉਸ ਨਾਲ ਵਾਬਸਤਾ ਹੋਰ, ਜੀਵਨ ਦੇ ਸਰੋਕਾਰਾਂ 'ਤੇ ਵੀ ਚਾਨਣਾ ਪਾਉਂਦੀ ਜਾਂਦੀ ਹੈ। ਇਨ੍ਹਾਂ ਕਹਾਣੀਆਂ ਵਿਚ ਪੀਡੇ ਮਨੁੱਖੀ ਰਿਸ਼ਤਿਆਂ ਦੇ ਪਾਜ ਉਘਾੜਨ ਅਤੇ ਉਨ੍ਹਾਂ ਦਾ ਪੋਸਟਮਾਰਟਮ ਦਾ ਕੰਮ ਵੀ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਪੇਂਡੂ ਪੱਧਰ 'ਤੇ ਚਲਦੀ ਸਿਆਸਤ ਨੂੰ ਰਾਸ਼ਟਰੀ ਪਰਿਪੇਖ ਵਿਚ ਰੱਖ ਕੇ ਡੂੰਘਿਆਈ ਨਾਲ ਵਿਸ਼ਲੇਸ਼ਣ (ਸਿਆਸਤ ਖੇਡ ਸਿਆਸਤ) ਅਤੇ ਪੰਜਾਬ ਦੇ ਸੰਕਟਕਾਲ ਨੂੰ ਆਧਾਰ ਬਣਾ ਕੇ ਲਿਖੀ ਕਹਾਣੀ 'ਬਨਵਾਸ' ਵਿਚ ਸ਼ਾਇਦ ਪਹਿਲੀ ਵਾਰ ਇਕ ਪਾਤਰ ਰਾਹੀਂ ਇਹ ਆਵਾਜ਼ ਉਠਾਈ ਹੈ, 'ਮੈਂ ਸੱਚੀਆਂ ਗੱਲਾਂ ਕਰ ਰਿਹਾ। ਕਹਾਣੀਆਂ ਦੇ ਕਈ ਸੰਵਾਦਨ ਮਾਕੀਖੇਜ ਅਤੇ ਜ਼ਿੰਦਗੀ ਦੇ ਕਰੂਰ ਯਥਾਰਥ ਨੂੰ ਪ੍ਰਗਟ ਕਰਦੇ ਹਨ। ਇਹ ਮਰਦ ਜਾਤ ਵੀ ਕੀ ਸ਼ੈਅ ਹੈ? ਇਹਨੂੰ ਛੱਡਿਆ ਵੀ ਨਹੀਂ ਜਾ ਸਕਦਾ। ਇਸ ਦੇ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ ਜਾਂ ਅਕੀਤਾ ਮੇਰੀਆਂ ਹਰਕਤਾਂ ਨੂੰ ਤੀਜੀ ਅੱਖ ਨਾਲ ਤਾੜਦੀ ਰਹਿੰਦੀ ਹੈ। ਮੂੰਹੋਂ ਕੁਝ ਨਹੀਂ ਬੋਲਦੀ। (ਹਾਫਟਾਈਮ) ਵਰਗੇ ਸੰਵਾਦ ਚੰਦ ਸ਼ਬਦਾਂ ਵਿਚ ਬਹੁਤ ਵੱਡਾ ਪਰਿਦ੍ਰਿਸ਼ ਪੇਸ਼ ਕਰ ਜਾਂਦੇ ਹਨ। ਬਹੁਪਰਤੀ ਤੇ ਬਹੁਪਸਾਰੀ ਕਹਾਣੀਆਂ ਦੀ ਸਿਰਜਣਾ ਨਾਲ ਜਿੰਦਰ ਨੇ ਆਪਣੀ ਕਹਾਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964.

c c c

ਅਤੀਤ ਦੇ ਵਰਕੇ
ਲੇਖਕ : ਦਵਿੰਦਰ ਮੰਡ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 99145-65255.

ਮਿੰਨੀ ਕਹਾਣੀ, ਕਹਾਣੀਆਂ, ਬਾਲ ਸਾਹਿਤ ਦੀਆਂ ਦੋ ਦਰਜਨ ਪੁਸਤਕਾਂ ਦੇ ਲੇਖਕ ਦੀ ਇਹ ਪੁਸਤਕ ਉਸ ਦੀਆਂ ਜੀਵਨ ਯਾਦਾਂ ਦਾ ਸੰਗ੍ਰਹਿ ਹੈ। ਪੁਸਤਕ ਦੀ ਜਾਣ ਪਛਾਣ ਸਮੇਤ 54 ਸੰਖੇਪ ਨਿਬੰਧ ਹਨ ਯਾਦਾਂ ਵਿਚ ਲੇਖਕ ਦਾ ਬਚਪਨ, ਸਿੱਖਿਆ, ਅਧਿਆਪਨ, ਸਾਹਿਤਕ ਸਮਾਗਮਵਿਦੇਸ਼ ਯਾਤਰਾ, ਸੰਘਰਸ਼, ਵਿਦਿਆਰਥੀ, ਸਾਹਿਤਕਾਰ, ਪਿੰਡ ਦੇ ਸਾਧਾਰਨ ਪਾਤਰ, ਦੇਸ਼ ਦੇ ਕਈ ਮਸਲਿਆਂ ਸਮੇਤ ਬਹੁਤ ਕੁਝ ਹੈ। ਨਿਬੰਧਾਂ ਦੀ ਮੁੱਖਜੁਗਤ ਸੰਵਾਦ ਹੈ।ਬਿਰਤਾਂਤ ਕਹਾਣੀਨੁਮਾਮੁਹਾਵਰੇਦਾਰ ਸ਼ੈਲੀ ਤੇ ਕਥਾ ਰਸ ਵਾਲਾ ਹੈ। ਲੇਖਕਾਂ ਦੇ ਸੁਭਾਅ ਚਿਤਰਣ ਸਮੇਤ ਖੁੱਲ੍ਹੀਆਂ ਗੱਲਾਂ ਨਾਲ ਨਿਬੰਧਾਂ ਦੇ ਸੁਹਜ ਵਿਚ ਵਾਧਾ ਕੀਤਾ ਹੈ। ਮਿੰਨੀ ਕਹਾਣੀ ਸਮਾਗਮ ਦੀਵਾ ਬਲੇ ਸਾਰੀ ਰਾਤ ਦੀਆਂ ਯਾਦਾਂ ਹਨ। ਇਕ ਨਿਬੰਧ ਵਿਚ ਲੇਖਕ ਕਲਾਸ ਵਿਚ ਪੜ੍ਹਾਉਣ ਸਮੇਂ ਕਹਾਣੀ ਦੇ ਅਸ਼ਲੀਲ ਵਾਕਾਂ ਨੂੰ ਸੰਕੋਚਵੇਂ ਢੰਗ ਨਾਲ ਪੇਸ਼ ਕਰਦਾ ਹੈ। (ਪੰਨਾ 125) ਕਹਾਣੀ ਪਾਠਕ੍ਰਮ ਵਿਚ ਲਾਏ ਜਾਣ 'ਤੇ ਸਵਾਲ ਕਰਦਾ ਹੈ। ਪਾਕਿਸਤਾਨ ਟੀ ਵੀ ਐਂਕਰ ਤਾਰਿਕ ਅਜ਼ੀਜ਼, ਅੰਮ੍ਰਿਤਾ ਪ੍ਰੀਤਮ, ਗੁਰਬਚਨ ਸਿੰਘ ਭੁੱਲਰ, ਪ੍ਰੇਮ ਗੋਰਖੀ ਹਰਭਜਨ ਹਲਵਾਰਵੀ, ਗਾਇਕ ਕਲਾਕਾਰ ਕੇ. ਐਲ. ਅਗਨੀਹੋਤਰੀ, ਨਰਿੰਦਰ ਬੀਬਾ, ਓਮ ਪ੍ਰਕਾਸ਼ ਗਾਸੋ, ਗੀਤਕਾਰ ਸੁਰਿੰਦਰ ਸੋਹਲ, ਡਾ: ਮਹਿੰਦਰ ਸਿੰਘ ਰੰਧਾਵਾ ਨਾਟਕਕਾਰ ਚਰਨਦਾਸ ਸਿੱਧੂ, ਨਾਵਲਕਾਰ ਰਾਮਸਰੂਪ ਅਣਖੀ ਤੇ ਹੋਰ ਕਈ ਵਿਸ਼ੇਸ਼ ਵਿਅਕਤੀਆਂ ਨਾਲ ਜੁੜੀਆਂ ਯਾਦਾਂ ਹਨ। ਸਿਰਲੇਖਾਂ ਦੀ ਸਾਦਗੀ ਪੁਸਤਕ ਦੀ ਖੂਬਸੂਰਤੀ ਹੈਕਾਮਰੇਡ ਤਾਏ ਦਾ ਜਵਾਬ, ਰੇਤ ਦੇ ਮਨੁੱਖ, ਪਰਵਾਸੀ ਮਾਮੇ ਦਾ ਖਤ, ਕਿੰਗ ਆਫ ਈਰਾਨ, ਸ਼ਤਾਬਦੀ ਗੱਡੀ ਦਾ ਚਾਅ, ਸੰਘਰਸ਼ ਦੀ ਪਰਿਭਾਸ਼ਾ ਸਾਨੂੰ ਪੁਛੋ ਗਰੀਬਾਂ ਨੂੰ, ਨਾਨਕ ਸਿੰਘ ਅੱਜ ਤੇਰੀ ਲੋੜ ਹੈ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਸਾਰੇ ਲੇਖ ਵੱਖ-ਵੱਖ ਅਖਬਾਰਾਂ ਵਿਚ ਮਿਡਲ ਲੇਖ ਕਾਲਮ ਵਿਚ ਛਪ ਚੁੱਕੇ ਹਨ। ਲੇਖਕ ਨੂੰ ਵੈਨਕੂਵਰ ਦੇਸ਼ ਤੇ ਮਾਣ ਹੈ ਜਿਸ ਨੇ ਲੇਖਕ ਦੇ ਬੱਚਿਆਂ ਨੂੰ ਜ਼ਿੰਦਗੀ ਵਿਚ ਸਫ਼ਲਤਾ ਬਖਸ਼ੀ ਹੈ

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 09814856160

c c c

18-04-2020

 ਖਿੜਣ ਤੋਂ ਪਹਿਲਾਂ
ਲੇਖਕ : ਡਾ: ਧਰਮਪਾਲ ਸਾਹਿਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 117
ਸੰਪਰਕ : 98761-56964.

ਚਹੁਮੁਖੀ ਪ੍ਰਤਿਭਾ ਦਾ ਮਾਲਕ ਗਲਪਕਾਰ, ਖੋਜੀ, ਕਵੀ, ਬਾਲ ਵਿਗਿਆਨੀ, ਸਾਹਿਤਕਾਰ ਆਪਣਾ ਨਵਾਂ ਨਾਵਲ 'ਖਿੜਣ ਤੋਂ ਪਹਿਲਾਂ' ਲੈ ਕੇ ਹਾਜ਼ਰ ਹੈ, ਜਿਸ ਵਿਚ ਉਹ 21ਵੀਂ ਸਦੀ ਦੇ ਗਿਆਨ-ਵਿਗਿਆਨ ਦੇ ਨਵੇਂ ਯੁੱਗ ਵਿਚ ਪਣਪਦੀ ਨਵੀਂ ਬਿਮਾਰੀ ਅਤੇ ਭਖਦੀ ਸਮੱਸਿਆ 'ਨੈੱਟ, ਕੰਪਿਊਟਰ, ਟੈਲੀਫੋਨ ਤੋਂ ਲੱਗੀਆਂ ਇਸ਼ਕ ਵਿਚ ਮੁਬੱਤਲਾ ਨੌਜਵਾਨ ਮੁੰਡੇ-ਕੁੜੀਆਂ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ। ਮੁੱਖ ਕਥਾ ਸੈਫ਼ੀ ਨਾਂਅ ਦੀ ਚੜ੍ਹਦੀ ਜਵਾਨ ਹੁੰਦੀ ਕੱਚੀ ਉਮਰ ਦੀ ਕੁੜੀ ਹੈ, ਜਿਸ ਦੇ ਮਾਤਾ ਪਿਤਾ ਅਨਜੋੜ ਵਿਆਹ ਕਾਰਨ ਲੜਦੇ-ਝਗੜਦੇ ਰਹਿਣ ਕਾਰਨ ਆਪਣੀ ਬੇਟੀ ਵੱਲ ਧਿਆਨ ਨਹੀਂ ਦਿੰਦੇ। ਸੈਫ਼ੀ ਅਜੇ ਸਕੂਲ ਵਿਚ ਪੜ੍ਹਦੇ ਇਕ ਹੋਰ ਵਿਦਿਆਰਥੀ ਸੰਨੀ ਨਾਲ ਉਪਭਾਵਕੀ ਦੋਸਤੀ ਕਰ ਲੈਂਦੀ ਹੈ। ਜਿਹੜਾ ਅਜਿਹੇ ਅਮੀਰ ਪਰਿਵਾਰ ਦਾ ਲਾਡਲਾ ਬੇਟਾ ਹੈ, ਜਿਸ ਦਾ ਪਿਤਾ ਲੱਛਮੀ ਚੰਦ ਤੇ ਮਾਤਾ ਨੇਹਾ, ਉਸ ਵੱਲ ਧਿਆਨ ਨਹੀਂ ਦਿੰਦੇ। ਖੁੱਲ੍ਹਾ ਖਰਚਾ ਮਿਲਣ ਕਾਰਨ, ਉਹ ਸਕੂਲ ਪੜ੍ਹਦਾ ਵਿਦਿਆਰਥੀ ਅਜਿਹੀ ਭੈੜੀ ਸੰਗਤ ਦਾ ਸ਼ਿਕਾਰ ਬਣ ਜਾਂਦਾ ਹੈ, ਜਿਸ ਵਿਚ ਸੈਕਸ, ਸ਼ਰਾਬ, ਡਰੱਗਜ਼ ਤੇ ਟੈਲੀਫੋਨ, ਇੰਟਰਨੈੱਟ ਤੇ ਨਸ਼ਿਆਂ ਦਾ ਅਜਿਹਾ ਸ਼ਿਕਾਰ ਬਣ ਜਾਂਦੇ ਹਨ ਕਿ ਸੈਫ਼ੀ ਅਤੇ ਸੰਨੀ ਦੋਵੇਂ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਪਰ ਸੈਫ਼ੀ ਦੀ ਉਪਕਾਰੀ ਸੱਚੀ-ਸੁੱਚੀ ਉਸਾਰੂ ਖਿਆਲਾਂ ਦੀ ਇਕ ਅਧਿਆਪਕਾ ਸੁਮਿੱਤਰਾ ਹੈ, ਜਿਹੜੀ ਵੱਖ-ਵੱਖ ਸਮਿਆਂ 'ਤੇ ਉਸ ਨੂੰ ਪਰਖਦਿਆਂ ਪਛਾਣਦਿਆਂ ਉਸ ਦੀ ਜੀਵਨ ਯਥਾਰਥ ਦੀ ਸੰਪੂਰਨ ਹਕੀਕਤ ਜਾਣ ਲੈਂਦੀ ਹੈ। ਗ਼ਲਤੀਆਂ ਕਰਦੇ ਸੈਫ਼ੀ ਤੇ ਸੰਨੀ ਅੰਤ ਨਰਕ ਭੋਗਦੇ ਨਿਸ਼ਾ ਕਰਦੇ; ਮਰਨ ਕਿਨਾਰੇ ਪੁੱਜ ਜਾਂਦੇ ਹਨ ਤਾਂ ਦੋਵਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮੁੜ ਜ਼ਿੰਦਗੀ ਭੋਗਣ ਦਾ ਵਰਦਾਨ ਮਿਲਦਾ ਹੈ। ਸੈਫ਼ੀ ਦੇਸ਼ ਵਿਚ ਇਲਾਜ ਕਰਵਾ ਕੇ ਅਤੇ ਸੰਨੀ ਅਮੀਰ ਪਰਿਵਾਰ ਦਾ ਇਕੋ ਬੇਟਾ ਹੋਣ ਕਰਕੇ ਅਮਰੀਕਾ ਵਿਖੇ ਇਲਾਜ ਕਰਵਾਉਂਦਾ ਹੈ ਪਰ ਸੈਫੀ ਦਾ ਪਰਿਵਾਰ ਆਪਣੀ ਧੀ ਨੂੰ ਉਸ ਦੀ ਮਿਹਰਬਾਨ ਅਧਿਆਪਕਾ ਸੁਮਿਤਰਾ ਹਵਾਲੇ ਕਰ ਉਸ ਨੂੰ ਬਚਾ ਲੈਂਦੇ ਹਨ।
ਨਾਵਲ ਵਿਚ 21ਵੀਂ ਸਦੀ ਦੀਆਂ ਬਰਕਤਾਂ ਵਿਗਿਆਨਕ ਲੱਭਤਾਂ, ਸੁੱਖ-ਸਾਧਨਾਂ ਦੀ, ਜਦ ਕੋਈ ਨਵੇਂ ਯੁੱਗ ਦਾ, ਬੇਸਮਝ ਨਸ਼ਈ, ਲਾਪਰਵਾਹ ਨੌਜਵਾਨ, ਮੁੰਡਾ-ਕੁੜੀ, ਗ਼ਲਤ ਵਰਤੋਂ ਕਰ ਕੇ ਡਰੱਗਜ਼ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਵਿਗਿਆਨ ਜਾਂ ਵਿਗਿਆਨਕ ਲੱਭਤਾਂ ਨਹੀਂ, ਦੋਸ਼ੀ ਉਹ ਹਨ ਜਿਹੜੇ ਇੰਟਰਨੈੱਟ, ਟੈਲੀਫੋਨ, ਕੰਪਿਊਟਰ ਦੀ ਦੁਰਵਰਤੋਂ ਕਰਦੇ ਹਨ।

ਡਾ: ਅਮਰ ਕੋਮਲ
ਮੋ: 084378-73565.

c c c

ਜ਼ਰਖ਼ੇਜ਼
ਲੇਖਕ ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94170-64350.

ਭਗਵੰਤ ਰਸੂਲਪੁਰੀ ਪੰਜਾਬੀ ਦਾ ਇਕ ਪ੍ਰਮੁੱਖ ਕਹਾਣੀਕਾਰ ਹੈ। ਕਹਾਣੀ ਦੀਆਂ ਛੇ ਪੁਸਤਕਾਂ ਪ੍ਰਕਾਸ਼ਿਤ ਕਰਨ ਤੋਂ ਬਾਅਦ 'ਜ਼ਰਖੇਜ਼' ਪੁਸਤਕ ਦੇ ਮਾਧਿਅਮ ਦੁਆਰਾ ਉਸ ਨੇ ਨਾਵਲ ਰੂਪਾਕਾਰ ਉੱਪਰ ਕਲਮ ਅਜ਼ਮਾਈ ਕੀਤੀ ਹੈ। ਇਹ ਨਾਵਲ ਅਜੋਕੇ ਦੌਰ ਦੀ ਸਭ ਤੋਂ ਵੱਡੀ ਸਮੱਸਿਆ ਨਾਲ ਨਜਿੱਠਦਾ ਹੈ, ਜਿਸ ਦਾ ਨਾਂਅ ਹੈ : ਪੰਜਾਬੀ ਵਿਦਿਆਰਥੀਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈ ਕੇ ਕੈਨੇਡਾ ਵਰਗੇ ਵਿਕਸਿਤ ਭਾਈਚਾਰੇ ਵਿਚ ਸੈਟਲ ਹੋਣ ਦਾ ਯਤਨ ਕਰਨਾ। ਪੂੰਜੀਵਾਦੀ ਮੁਲਕ (ਐਂਪਾਇਰ) ਗ਼ਰੀਬ ਮੁਲਕਾਂ ਦੇ ਬਾਸ਼ਿੰਦਿਆਂ ਦੀ ਲੁੱਟ-ਖਸੁੱਟ ਕਰਨ ਲਈ ਨਵੇਂ-ਨਵੇਂ ਢੰਗ ਈਜਾਦ ਕਰਦੇ ਰਹਿੰਦੇ ਹਨ। ਹੁਣ ਉਹ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲੇ ਦੇ ਕੇ ਦੋ-ਚਾਰ ਸਾਲ ਉਨ੍ਹਾਂ ਤੋਂ ਮੋਟੀਆਂ ਫੀਸਾਂ ਵਸੂਲਦੇ ਹਨ ਅਤੇ ਇਸ ਦੌਰਾਨ ਕੈਨੇਡਾ ਵਿਚ ਵੱਡੇ-ਵੱਡੇ ਫਾਰਮਾਂ ਅਤੇ ਸਟੋਰਾਂ ਦੇ ਮਾਲਕ ਉਨ੍ਹਾਂ ਨੂੰ ਘੱਟ ਤੋਂ ਘੱਟ ਉਜਰਤ ਦੇ ਕੇ ਵੀ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ।ਇਸ ਨਾਵਲ ਦਾ ਨੈਰੇਟਰ ਡਾ: ਸੁਰਿੰਦਰ ਹੈ, ਜਿਸ ਨੇ ਆਪਣੇ ਪੁੱਤਰ ਰਾਹੁਲ ਨੂੰ ਕੈਨੇਡਾ ਦੀ ਪੀ.ਆਰ. ਦਿਵਾਉਣ ਲਈ ਵਿਦਿਆਰਥੀ ਵੀਜ਼ੇ ਉੱਪਰ ਭੇਜਿਆ ਹੋਇਆ ਹੈ। ਪਹਿਲੇ ਸਿਮੈਸਟਰ ਦੀ ਫੀਸ ਤਾਂ ਇਹ 'ਝੋਲਾਛਾਪ ਡਾਕਟਰ' ਇਧਰੋਂ-ਉਧਰੋਂ ਪੈਸੇ ਫੜ ਕੇ ਤਾਰ ਦਿੰਦਾ ਹੈ ਪਰ ਜਦੋਂ ਅਗਲੇ ਸਿਮੈਸਟਰਾਂ ਦੀ ਫੀਸ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਡਾਕਟਰ ਨੂੰ ਆਪ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਦੇ ਇਕ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਆ ਕੇ ਸੇਬ, ਚੈਰੀ ਅਤੇ ਸਬਜ਼ੀ ਦੇ ਫਾਰਮਾਂ ਵਿਚ ਕੰਮ ਕਰਨਾ ਪੈਂਦਾ ਹੈ। ਕੈਨੇਡਾ ਵਿਚ ਕੰਮ ਕਰਨ ਦਾ ਮਤਲਬ ਹੈ ਹੱਡਭੰਨਵੀਂ ਮਿਹਨਤ ਕਰਨੀ। ਡਾ: ਸੁਰਿੰਦਰ ਨੂੰ ਆਪਣੇ ਪੁੱਤਰ ਦੇ ਚਾਰ ਸਿਮੈਸਟਰਾਂ ਦੀ ਫੀਸ ਤਾਰਨ ਲਈ ਚਾਰ ਵਾਰ ਕੈਨੇਡਾ ਆਉਣਾ ਪੈਂਦਾ ਹੈ। ਭਗਵੰਤ ਰਸੂਲਪੁਰੀ ਨੇ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਮਜ਼ਦੂਰੀ ਕਰਨ ਦੇ ਵੇਰਵਿਆਂ ਅਤੇ ਉਥੋਂ ਦੇ ਖੇਤੀਬਾੜੀ ਸਿਸਟਮ ਦੀ ਬਹੁਤ ਡੂੰਘੀ ਅਤੇ ਵਾਸਤਵਿਕ ਜਾਣਕਾਰੀ ਪ੍ਰਦਾਨ ਕੀਤੀ ਹੈ। ਅਜਿਹੇ ਵੇਰਵਿਆਂ ਬਾਰੇ ਸਟੀਕ ਜਾਣਕਾਰੀ ਦੇਣ ਵਿਚ ਉਹ ਪੂਰਨ ਭਾਂਤ ਸਫ਼ਲ ਰਿਹਾ ਹੈ। ਲੇਖਕ ਸਪੱਸ਼ਟ ਕਰ ਦਿੰਦਾ ਹੈ ਕਿ ਬਿਨਾਂ ਕਿਸੇ ਤਕਨੀਕੀ ਸਿਖਲਾਈ ਦੇ ਕੈਨੇਡਾ ਵਿਚ ਸਰਵਾਈਵ ਕਰਨਾ ਬਹੁਤ ਕਠਿਨ ਹੈ। ਨਾਵਲ ਵਿਚ ਖੇਤੀਬਾੜੀ ਨਾਲ ਸਬੰਧਿਤ ਵੇਰਵਿਆਂ ਦੀ ਏਨੀ ਭਰਮਾਰ ਹੈ ਕਿ ਨਾਵਲ ਦਾ ਨੈਰੇਟਿਵ (ਬਿਰਤਾਂਤ) ਏਨਾ ਬੋਝ ਨਹੀਂ ਚੁੱਕ ਸਕਦਾ, ਇਹ ਲੜਖੜਾ ਜਾਂਦਾ ਹੈ। ਪਾਠਕ ਨੂੰ ਪਤਾ ਨਹੀਂ ਚਲਦਾ ਕਿ ਨਾਵਲਕਾਰ ਉਸ ਦੀ ਸਮਝ ਉੱਪਰ ਏਨਾ ਦਬਾਅ ਕਿਉਂ ਪਾ ਰਿਹਾ ਹੈ। ਪਰ ਅੰਤ ਵਿਚ ਜਦੋਂ ਨਾਵਲ ਸਮਾਪਤ ਹੁੰਦਾ ਹੈ ਤਾਂ ਸਾਰੀ ਹਕੀਕਤ ਸਮਝ ਵਿਚ ਆ ਜਾਂਦੀ ਹੈ। ਨਾਵਲਕਾਰ ਨੇ ਬਿਰਤਾਂਤ ਦੀ ਕੁਰਬਾਨੀ ਦੇ ਕੇ ਪੂੰਜੀਵਾਦੀ ਅਰਥ-ਵਿਵਸਥਾ ਦੇ ਅੰਤਰਵਿਰੋਧਾਂ ਅਤੇ ਵਿਸੰਗਤੀਆਂ ਨੇ ਬੇਨਕਾਬ ਕਰ ਦਿੱਤਾ ਹੈ। ਆਪਣੇ ਬੱਚਿਆਂ ਨੂੰ ਵਿਦਿਆਰਥੀ ਵੀਜ਼ੇ ਉੱਪਰ ਕੈਨੇਡਾ ਜਾਂ ਹੋਰ ਮੁਲਕਾਂ ਵਿਚ ਭੇਜਣ ਵਾਲੇ ਮਾਪਿਆਂ ਲਈ ਇਹ ਇਕ ਸੁਚੇਤ ਕਰਨ ਵਾਲਾ ਨਾਵਲ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136.

c c c

ਪਵਣੁ ਗੁਰੂ ਪਾਣੀ ਪਿਤਾ
ਲੇਖਕ : ਜਸਵੀਰ ਸਿੰਘ ਦੀਦਾਰਗੜ੍ਹ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 175
ਸੰਪਰਕ : 94655-20406.

ਵਿਚਾਰਾਧੀਨ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਦੀਆਂ ਸਾਰੀਆਂ 13 ਕਹਾਣੀਆਂ (ਪਾਣੀ ਪਿਤਾ, ਕਰਕ ਕਲੇਜੇ ਮਾਹਿ, ਮਾਰੂ ਨਾਦ, ਕੌਫੀ ਕਲਰ ਵਾਟਰ, ਖ਼ੂਨ ਕੇ ਸੋਹਿਲੇ, ਧਰਤ ਪਤਨ, ਲਹੂ ਲਿਬੜੇ ਕੇਲੇ, ਏਤੀ ਮਾਰ ਪਈ ਕੁਰਲਾਣੈ, ਸਿੱਧਰੀ ਬਹੂ, ਅੰਧਰਾਤਾ, ਅਬ ਜੂਝਨ ਕੋ ਦਾਓ, ਕਾਲੇ ਲਿਖ ਨ ਲੇਖ, ਸਾਹਾਂ 'ਚ ਘੁਲੀ ਮੌਤ) ਦੇ ਵਿਸ਼ੇ ਵਾਤਾਵਰਨ ਸਬੰਧੀ ਚੇਤਨਾ ਪ੍ਰਦਾਨ ਕਰਦੇ ਹੋਏ, ਸਮਾਜਿਕ ਜੀਵਨ ਦੀਆਂ ਰੋਜ਼ਾਨਾ ਵਾਪਰਦੀਆਂ ਹੌਲਨਾਕ ਘਟਨਾਵਾਂ ਦੀ ਯਥਾਰਥਕ ਪੇਸ਼ਕਾਰੀ ਕਰਦੇ ਹਨ। ਮਸਲਨ: ਰੁੱਖਾਂ 'ਤੇ ਚਲਦਾ ਕੁਹਾੜਾ, ਮੀਹਾਂ ਦੀ ਘਾਟ, ਖ਼ਤਮ ਹੋ ਰਿਹਾ ਪਾਣੀ, ਓਜ਼ੋਨ ਪਰਤ ਦਾ ਭਿਆਨਕ ਸੰਕਟ, ਵਧ ਰਿਹਾ ਤਾਪਮਾਨ, ਖੇਤਾਂ ਨੂੰ ਅੱਗਾਂ, ਫੈਕਟਰੀਆਂ, ਗੱਡੀਆਂ ਦਾ ਧੂੰਆਂ, ਕੂੜੇ-ਕਚਰੇ, ਪਲਾਸਟਿਕ, ਖਾਣ ਵਾਲੇ ਪਦਾਰਥਾਂ ਵਿਚ ਜ਼ਹਿਰਾਂ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਫੈਲਣਾ, ਪੌਣ-ਪਾਣੀ, ਧਰਤੀ ਨਾਲ ਮਨੁੱਖੀ ਛੇੜਛਾੜ, ਸੋਸ਼ਲ ਮੀਡੀਏ ਦੀ ਦੁਰਵਰਤੋਂ, ਸਾਹਿਤਕ ਤੇ ਆਵਾਜ਼ ਦਾ ਪ੍ਰਦੂਸ਼ਣ ਇਤਿਆਦਿ। ਕਹਿਣ ਦਾ ਭਾਵ ਪ੍ਰਦੂਸ਼ਣ ਨਾਲ ਸਬੰਧਿਤ ਕਿਸੇ ਵੀ ਪੱਖ ਨੂੰ ਲੇਖਕ ਨੇ ਆਪਣੇ ਬਿਰਤਾਂਤ ਵਿਚ ਅਣਛੂਹਿਆ, ਅਣਗੌਲਿਆ ਨਹੀਂ ਰਹਿਣ ਦਿੱਤਾ। ਇਨ੍ਹਾਂ ਸਾਰੇ ਵਿਸ਼ਿਆਂ ਨੂੰ ਕਹਾਣੀਕਾਰ ਨੇ ਨਿੱਕੇ-ਨਿੱਕੇ ਮੋਟਿਫਾਂ ਵਿਚ ਵੰਡ ਕੇ, ਸਨੈਪਸ਼ਾਟਸ ਦੀ ਤਕਨੀਕ ਅਨੁਸਾਰ ਪਾਠਕਾਂ ਅੱਗੇ ਪਰੋਸਿਆ ਹੈ। ਘਰੇਲੂ ਪਤੀ-ਪਤਨੀ, ਨਿੱਕੇ-ਨਿੱਕੇ ਬੱਚਿਆਂ, ਪਿੰਡ ਵਿਚ ਟੱਕਰ ਦੇ ਮਰਦਾਂ-ਔਰਤਾਂ, ਧਾਰਮਿਕ ਸੰਸਥਾਨਾਂ, ਵਿਦਿਆਰਥੀਆਂ ਆਦਿ ਨਾਲ ਸੰਵਾਦ ਰਚਾ ਕੇ, ਪ੍ਰਕਿਰਤ ਵਸਤਾਂ (ਪੌਣ, ਪਿਪਲਾਂ, ਸੂਰਜ) ਆਦਿ 'ਚ ਮਾਨਵੀਕਰਨ ਕਰਕੇ ਬਿਰਤਾਂਤ ਦਾ ਸੰਚਾਲਣ ਕੀਤਾ ਹੈ। ਗੀਤਾਂ/ਕਵਿਤਾਵਾਂ/ਲੋਕ ਗੀਤਾਂ ਦਾ ਪ੍ਰਯੋਗ ਮਿਲਦਾ ਹੈ। ਪਿਛਲਝਾਤ ਦੁਆਰਾ ਪੁਰਾਣੇ ਸਹਿਜ ਜੀਵਨ ਦੀਆਂ ਯਾਦਾਂ, ਸੁਪਨ-ਤਕਨੀਕ ਦੀ ਵਰਤੋਂ, ਲੇਖਕ ਨਾਲ ਸਬੰਧਿਤ ਮਿੱਤਰਾਂ, ਦੋਸਤਾਂ ਦੇ ਨਾਵਾਂ ਦੀ ਸਜੀਵ ਵਰਤੋਂ ਕੀਤੀ ਹੈ। ਨਾਟਕੀ-ਦ੍ਰਿਸ਼ ਉਪਲਬਧ ਹਨ। ਫੋਕਸੀਕਰਨ ਵਾਰ-ਵਾਰ ਬਦਲਦਾ ਹੈ। ਕਹਾਣੀਆਂ ਦਾ ਆਰੰਭ ਅਚਾਨਕ ਹੁੰਦਾ ਹੈ। ਰੋਜ਼ਾਨਾ ਜੀਵਨ ਦੀਆਂ ਵਾਪਰਦੀਆਂ ਘਟਨਾਵਾਂ ਨਾਲ ਜੋੜ ਕੇ ਕਹਾਣੀਆਂ ਨੂੰ ਰੌਚਿਕ ਬਣਾ ਕੇ ਪੇਸ਼ ਕਰਨ ਵਿਚ ਕਥਾ-ਵਾਚਕ ਸਿੱਧ-ਹਸਤ ਹੈ। ਲਗਪਗ ਸਾਰੀਆਂ ਕਥਾਵਾਂ ਦੀ ਸ਼ੈਲੀ ਉੱਤਮ-ਪੁਰਖੀ ਹੈ। ਪਾਠਕਾਂ ਨੂੰ ਇੰਜ ਲੱਗ ਸਕਦਾ ਹੈ ਜਿਵੇਂ ਇਹ ਸਾਰੀਆਂ ਘਟਨਾਵਾਂ ਉਨ੍ਹਾਂ ਨੇ ਅੱਖੀਂ ਵੇਖੀਆਂ ਅਤੇ ਹੱਡੀਂ ਹੰਢਾਈਆਂ ਹੋਣ। ਕਰੁਣਾ ਰਸ ਪ੍ਰਧਾਨ ਹੈ। ਹਉਂਕੇ ਹੀ ਹਉਂਕੇ, ਕੰਨਾਂ 'ਚ ਪੈਂਦੇ ਕੁਲਹਿਣੇ ਬੋਲ, ਰੂਹ ਨੂੰ ਛਿੜਦੀ ਮਹਾਂਕੰਬਣੀ, ਅੰਤਮ ਚੀਖਾਂ ਸੁਣਾਈ ਦਿੰਦੀਆਂ ਹਨ। ਕਹਾਣੀ ਸੰਗ੍ਰਹਿ ਦਾ ਅੰਤ ਇਕ ਬੱਚੇ ਦੀ ਆਸ਼ਾਵਾਦੀ ਬੁਲੰਦ ਆਵਾਜ਼ ਵਿਚ ਨਾਅਰੇ ਨਾਲ ਹੁੰਦਾ ਹੈ। ਤੋਤਲੇ ਬੋਲ ਵੇਖੋ :
'ਨਗਲ ਦੀ ਲੱਥਿਆ ਤਾਉਂਣ ਤਲੇਗਾ...?'
'ਅਸੀਂ ਕਲਾਂਗੇ... ਅਸੀਂ ਕਲਾਂਗੇ....।' (ਪੰ: 174)
ਸੰਖੇਪ ਇਹ ਕਿ ਇਹ ਕਹਾਣੀ ਸੰਗ੍ਰਹਿ ਅਮਰੀਕਾ ਦੀ ਨਵ-ਆਲੋਚਨਾ 'ਈਕੋ ਕ੍ਰਿਟੀਸਿਜ਼ਮ' ਨਾਲ ਵਿਚਾਰੇ ਜਾਣ ਦੇ ਯੋਗ ਹੈ।

ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਸੋਚਾਂ ਦੇ ਕਾਫਲੇ
(ਤਾਂਕਾ ਸੰਗ੍ਰਹਿ)

ਲੇਖਕ : ਪ੍ਰੋ: ਨਿਤਨੇਮ ਸਿੰਘ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ (ਫ਼ਰੀਦਕੋਟ)
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 98142-51212.

ਪ੍ਰੋ: ਨਿੱਤਨੇਮ ਸਿੰਘ (ਡਾ:) ਬੁਨਿਆਦੀ ਤੌਰ 'ਤੇ ਬਾਟਨੀ ਦੇ ਵਿਦਿਆਰਥੀ ਰਹੇ ਹਨ। ਪਰ ਮਨੁੱਖ ਦਾ ਮਿੱਟੀ ਨਾਲ ਅਜ਼ਲੀ ਨਾਤਾ ਰਿਹਾ ਹੈ। ਇਸੇ ਲਈ ਮਿੱਟੀ ਮਨੁੱਖ ਲਈ ਅਤੇ ਮਨੁੱਖ ਮਿੱਟੀ ਨਾਲ ਜਿਥੇ ਜੁੜੇ ਰਹੇ ਹਨ, ਉਥੇ ਮਿੱਟੀ 'ਚੋਂ ਉਪਜੀ ਸੱਭਿਅਤਾ, ਸੱਭਿਅਤਾ ਤੋਂ ਉਪਜਿਆ ਸਾਹਿਤ ਮਨੁੱਖ ਦੇ ਇਰਦ-ਗਿਰਦ ਪਰਕਰਮਾ ਕਰਦਾ ਮਨੁੱਖੀ ਸੱਭਿਅਤਾ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। 'ਸੋਚਾਂ ਦੇ ਕਾਫਲੇ' ਪ੍ਰੋ: ਨਿੱਤਨੇਮ ਸਿੰਘ ਦਾ ਤਾਂ ਕਾ-ਸੰਗ੍ਰਹਿ ਹੈ। ਇਹ ਜਾਪਾਨ ਦੀ ਪੁਰਾਤਨ ਕਾਵਿ-ਵਿਧਾ ਹੈ, ਜਿਸ ਵਿਚ ਕੁਦਰਤ, ਨੈਤਿਕ ਕਦਰਾਂ-ਕੀਮਤਾਂ, ਮਨੁੱਖੀ ਰਿਸ਼ਤੇ ਅਤੇ ਗੁਰਬਾਣੀ ਦੇ ਵਿਖਿਆਨ ਨਾਲ ਸਬੰਧਿਤ ਵਿਸ਼ਿਆਂ ਨੂੰ ਪ੍ਰਗਟਾਇਆ ਜਾਂਦਾ ਹੈ। 'ਹਾਇਕੂ' ਤੋਂ ਬਾਅਦ ਇਹ ਸੰਸਾਰ ਭਰ ਵਿਚੋਂ ਕਵਿਤਾ ਦੀ ਛੋਟੀ ਵਿਧਾ ਹੈ। ਵਿਧਾਨਕ ਪੱਖੋਂ ਇਹ 5-7-5-7-7 ਦਾ ਮੀਟਰਿਕ ਪੈਮਾਨਾ ਹੈ ਜੋ ਵਰਣਾਂ ਦੇ ਆਧਾਰ 'ਤੇ ਹੁੰਦਾ ਹੈ, ਜਿਸ ਵਿਚ ਕੁੱਲ 31 ਅੱਖਰ ਹੁੰਦੇ ਹਨ। ਮਾਤਰਾਵਾਂ ਦੀ ਗਿਣਤੀ ਸ਼ਾਮਿਲ ਨਹੀਂ ਕੀਤੀ ਜਾਂਦੀ। ਪ੍ਰੋ: ਨਿੱਤਨੇਮ ਸਿੰਘ (ਡਾ:) ਨੇ ਵੀ ਉਕਤ ਵਰਣਿਤ ਵਿਸ਼ਿਆਂ ਦੇ ਆਧਾਰ 'ਤੇ 'ਤੁਰ ਜਾਵਾਂਗੇ ਜਦੋਂ', 'ਜ਼ਿੰਦਗੀ ਹੈ ਦੋਸਤੋ', 'ਜ਼ਿੰਦਗੀ ਦਾ ਸਫ਼ਰ', 'ਧਰਮ ਨਹੀਂ ਹੁੰਦਾ', 'ਰਿਹਾ ਜੀਣ ਦਾ ਮੋਰਾ', 'ਸ਼ਬਦ', 'ਬਸੰਤ', 'ਦੋਸਤ', 'ਜੰਗ', 'ਖ਼ੁਦਾ', 'ਕੁਦਰਤ', 'ਕੂੜ', 'ਚਿੰਤਾ', 'ਸੇਵਾ', 'ਧਰਤੀ', 'ਖੇਤ', 'ਪੌਣ-ਪਾਣੀ', 'ਪਾਣੀ-ਜਲ', 'ਰਸਤਾ', 'ਤੀਰਥ', 'ਮਾਲਾ', 'ਕਲਮਾਂ', 'ਹੱਕ', 'ਜੋਤ', 'ਕਿਰਤ', 'ਧੁੰਦ', 'ਸਬਰ-ਸੰਤੋਖ', 'ਔਰਤ', 'ਬੱਦਲ', 'ਆਰਜਾ', 'ਨਿਤਨੇਮ', 'ਅਮਲਾਂ ਬਾਜੋਂ', 'ਨਾਮ', 'ਗਿਆਨ', 'ਸਹਿਣਾ', 'ਕਾਫਲਾ', 'ਅੱਗ', 'ਪੱਗ', 'ਵਿਸਾਖੀ', 'ਮਾਲਕ', 'ਰਬਾਬ', 'ਆਦਮੀ', 'ਨਿਰੰਕਾਰ', 'ਮੁਕਾਮ', 'ਰਹਿਮਤ' ਅਤੇ 'ਬੰਦਾ' ਸਿਰਲੇਖਾਂ ਹੇਠ ਆਪਣਿਆਂ ਤਾਂਕਿਆਂ ਦੀ ਸਰੰਚਨਾ ਕੀਤੀ ਹੈ। ਇਨ੍ਹਾਂ ਸਿਰਲੇਖਾਂ ਹੇਠ ਰਚੇ ਤਾਂਕੇ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ, ਕਿਰਤ, ਰਿਸ਼ਤੇ, ਸਬਰ-ਸੰਤੋਖ, ਕਾਣੀ-ਵੰਡ, ਊਚ-ਨੀਚ, ਵਿਤਕਰਿਆਂ ਭਰੀ ਮਨੁੱਖੀ ਜ਼ਿੰਦਗੀ ਅਤੇ ਇਸ ਤੋਂ ਨਿਜ਼ਾਤ ਪਾਉਣ ਦੇ ਹੀਲਿਆਂ-ਵਸੀਲਿਆਂ ਦੇ ਰਾਹ ਦਾ ਵਰਨਣ ਕਰਦੇ ਹਨ। 'ਬੰਦੇ' ਦੇ ਸਬੰਧ ਵਿਚ ਉਸ ਦੇ ਜੀਵਨ ਨਾਲ ਸਬੰਧਿਤ ਮੰਜ਼ਰ-ਕਸ਼ੀ ਦੇਖੋ :
ਖਾਲੀ ਆਇਆ/ਖਾਲੀ ਜਾਣਾ ਸਭਨਾਂ/ਛੱਡੋ ਮਾਇਆ/ਬਿਨਾਂ ਮਤਲਬ ਹੀ/ਭਟਕਦਾ ਹੈ ਬੰਦਾ
ਲੇਖਕ ਦਾ ਉਦੇਸ਼ 'ਸੋਚਾਂ ਦੇ ਕਾਫ਼ਿਲੇ' ਤਾਂਕਾਂ-ਸੰਗ੍ਰਹਿ ਰਾਹੀਂ ਉਪਦੇਸ਼ਾਤਮਕ ਕਾਵਿ-ਬਿਰਤਾਂਤ ਰਾਹੀਂ ਗੁਰਬਾਣੀ ਦੇ ਆਸ਼ੇ ਮੁਤਾਬਿਕ 'ਸਚਿਆਰੇ ਮਨੁੱਖ' ਦੀ ਸਿਰਜਣਾ ਕਰਨਾ ਹੈ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਤੂੰ ਕਾਹਦਾ ਪਟਵਾਰੀ
ਗੀਤਕਾਰ : ਮੀਤ ਮੈਂਹਦਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 132
ਸੰਪਰਕ : 0172-5027427

'ਤੂੰ ਕਾਹਦਾ ਪਟਵਾਰੀ' ਗੀਤ ਸੰਗ੍ਰਹਿ ਅਮਰੀਕਾ ਮੁਲਕ 'ਚ ਵਸਦੇ ਪੰਜਾਬੀ ਗੀਤਕਾਰ ਮੀਤ ਮੈਂਹਦਪੁਰੀ ਦੀ ਛੇਵੀਂ ਪੁਸਤਕ ਹੈ। ਇਨ੍ਹਾਂ ਗੀਤਾਂ 'ਚ ਸਮਾਜਿਕ ਰਿਸ਼ਤੇ-ਨਾਤਿਆਂ ਦੀ ਖੂਬਸੂਰਤ ਪੇਸ਼ਕਾਰੀ, ਪੰਜਾਬ ਦੇ ਪਿੱਪਲਾਂ, ਬੋਹੜਾਂ, ਡੇਕਾਂ, ਨਹਿਰਾਂ, ਲਹਿਲਹਾਉਂਦੀਆਂ ਫ਼ਸਲਾਂ, ਹਰਿਆਲੀਆਂ ਦਾ ਦਿਲਕਸ਼ ਚਿਤਰਨ ਹੈ। ਗੀਤਕਾਰ ਮਰਦ ਪ੍ਰਧਾਨ ਸਮਾਜ 'ਚ ਔਰਤ ਨਾਲ ਹੋ ਰਹੇ ਅਨਿਆਂ, ਬੇਇਨਸਾਫ਼ੀਆਂ, ਧੱਕੇਸ਼ਾਹੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਆਪਣੇ ਵਤਨ ਦੀਆਂ ਕੰਜਕਾਂ ਨੂੰ ਜੱਗ ਵਿਚ ਖੁਸ਼ੀਆਂ ਨਾਲ ਜੀਣ, ਅਜੋਕੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਦਾਜ-ਦਹੇਜ ਦੀ ਬੁਰਾਈ ਨੂੰ ਖ਼ਤਮ ਕਰਨ ਦੀਆਂ ਅਰਜੋਈਆਂ ਕਰਦਾ ਲਿਖਦਾ ਹੈ :
ਧੀਆਂ ਕੁੱਖਾਂ 'ਚ ਮਾਰਦੇ,
ਇਸ ਦਾਜ ਦੇ ਕਰਕੇ।
ਬਲੀ ਏਸ ਦੀ ਚੜ੍ਹਗੀਆਂ,
ਅਗਨੀ ਵਿਚ ਸੜਕੇ।
ਇਹ ਇਕ ਮਾੜੀ ਰੀਤ ਦਾ,
ਕਿਤੇ ਯੱਬ ਮੁਕਾ ਦਿਓ।
ਧੀਆਂ ਪੁੱਤਰ ਆਪਣੇ,
ਬਿਨ ਦਾਜ ਵਿਆਹ ਲਓ।
ਰੁੱਖਾਂ ਦੀ ਅੰਨੇਵਾਹ ਕਟਾਈ, ਨਸ਼ਿਆਂ ਦੀ ਬਰਬਾਦੀ ਬਾਰੇ ਉਹ ਸਮਾਜ ਨੂੰ ਸੁਚੇਤ ਕਰਦਾ ਹੈ। ਅਜੋਕੇ ਸਮਾਜ 'ਚ ਇਨਸਾਨ ਅੰਦਰ ਵਧ ਰਹੀ ਈਰਖਾ ਅਤੇ ਸਾੜੇ ਦੀ ਭਾਵਨਾ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ। ਪੰਜਾਬ ਦੇ ਕਿਸਾਨ ਦੀ ਦਿਨੋ-ਦਿਨ ਪਤਲੀ ਹੋ ਰਹੀ ਆਰਥਿਕ ਹਾਲਤ ਦਾ ਫਿਕਰ ਉਸ ਨੂੰ ਸਤਾ ਰਿਹਾ ਹੈ। ਵਿਦੇਸ਼ਾਂ 'ਚ ਮਿਹਨਤ-ਮੁਸ਼ੱਕਤ ਕਰਕੇ ਸਫਲਤਾ ਦੇ ਝੰਡੇ ਗੱਡਣ ਵਾਲੇ ਪੰਜਾਬੀਆਂ ਦੀ ਉਹ ਸਿਫ਼ਤ ਕਰਦਾ ਹੈ। ਗੀਤਾਂ ਵਿਚ ਲੱਚਰਤਾ, ਫੁਕਰਪੁਣਾ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਤੋਂ ਉਹ ਬੇਹੱਦ ਚਿੰਤਤ ਵਿਖਾਈ ਦਿੰਦਾ ਹੈ :
ਕੀ ਹਨੇਰੀ ਝੁੱਲ ਗਈ ਅੱਜ ਚਾਰੇ ਪਾਸੇ।
ਗੀਤਾਂ ਦੇ ਵਿਚ ਵਾੜਤੇ ਪਿਸਤੌਲ ਗੰਡਾਸੇ।
ਇਸ ਹਥਲੇ ਸੰਗ੍ਰਹਿ 'ਚ ਸ਼ਾਮਿਲ ਗੀਤਾਂ ਦੀ ਸ਼ੈਲੀ ਸਰਲ ਹੋਣ ਕਰਕੇ ਇਹ ਗੀਤ ਆਮ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨ ਦੀ ਸਮਰੱਥਾ ਰੱਖਦੇ ਹਨ। ਇਸ ਸੰਗ੍ਰਹਿ ਦੇ ਕੁਝ ਕੁ ਗੀਤਾਂ ਨੂੰ ਛੱਡ ਕੇ ਜ਼ਿਆਦਾਤਰ ਗੀਤ ਪੰਜਾਬ ਦੇ ਨਿੱਗਰ ਸੱਭਿਆਚਾਰ ਅਤੇ ਵਿਰਸੇ ਦੀਆਂ ਬਾਤਾਂ ਪਾਉਂਦੇ ਪ੍ਰਤੀਤ ਹੁੰਦੇ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

c c c

ਟਵੀਟੀ
ਕਹਾਣੀਕਾਰ : ਵਰਿਆਮ ਮਸਤ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 325 ਰੁਪਏ, ਸਫ਼ੇ : 152
ਸੰਪਰਕ : 098102-71749.

ਇਸ ਪੁਸਤਕ ਵਿਚ 32 ਕਹਾਣੀਆਂ ਹਨ। ਲਗਪਗ ਸਾਰੀਆਂ ਕਹਾਣੀਆਂ ਹੀ ਅਜੋਕੇ ਮਨੁੱਖ ਦੇ ਸੰਤਾਪ, ਦੁਚਿੱਤੀ, ਉਪਰਾਮਤਾ, ਬੇਬਸੀ, ਪ੍ਰੇਸ਼ਾਨੀ ਅਤੇ ਮਾਨਸਿਕ ਦਵੰਦ ਦੀ ਬਾਤ ਪਾਉਂਦੀਆਂ ਹਨ। ਮਨੁੱਖ ਦੀ ਖਿੰਡੀ ਹੋਈ ਸੋਚ, ਨਾਪਾਕ ਇਰਾਦੇ, ਸਦਾਚਾਰਕ ਗਿਰਾਵਟ, ਨਸ਼ਿਆਂ ਦੀ ਦਲਦਲ, ਦਿਸ਼ਾਹੀਣਤਾ ਅਤੇ ਬਿਮਾਰ ਜ਼ਹਿਨੀਅਤ ਨੂੰ ਉਜਾਗਰ ਕਰਦੀਆਂ ਕਹਾਣੀਆਂ ਪਾਤਰਾਂ ਪ੍ਰਤੀ ਹਮਦਰਦੀ ਜਾਂ ਤਰਸ ਪੈਦਾ ਕਰਦੀਆਂ ਹਨ। ਹਾਲਾਤ ਦੇ ਝੰਬੇ ਹੋਏ ਪ੍ਰਾਣੀ ਨਿਰਾਸ਼ਤਾ ਵਿਚ ਭਟਕਦੇ ਹਨ ਪਰ ਉਨ੍ਹਾਂ ਨੂੰ ਅੰਦਰੂਨੀ ਸਕੂਨ ਜਾਂ ਸ਼ਾਂਤੀ ਨਹੀਂ ਮਿਲਦੀ। ਇਹ ਕਹਾਣੀਆਂ ਕਿਸੇ ਖ਼ਾਸ ਵਰਗ ਦਾ ਸੱਚ ਹੋ ਸਕਦੀਆਂ ਹਨ ਪਰ ਆਮ ਮਨੁੱਖ ਇਸ ਤਰ੍ਹਾਂ ਦੇ ਨਹੀਂ ਹੁੰਦੇ। ਇਸ ਲਈ ਇਨ੍ਹਾਂ ਨੂੰ ਪੜ੍ਹ ਕੇ ਮਾਣਿਆ ਨਹੀਂ ਜਾ ਸਕਦਾ। ਉਂਜ ਵੀ ਲੇਖਕ ਦੇ ਆਪਣੇ ਸ਼ਬਦ ਹਨ ਕਿ ਇਹ ਰਚਨਾਵਾਂ ਕਾਫੀ ਤਰੀਕੇ ਨਾਲ ਨਵੇਂ ਤਜਰਬੇ ਕਰਨ ਦੀ ਜੁਰਅਤ ਹਨ। ਇਹ ਚੌਹਰਾ ਅਨੁਭਵ, ਜ਼ਿੰਦਗੀ ਦਾ ਅਨੁਭਵ, ਪਾਤਰਾਂ ਦਾ ਅਨੁਭਵ, ਮੇਰਾ ਆਪਣਾ ਅਨੁਭਵ ਅਤੇ ਤੁਹਾਡਾ ਆਪਣਾ ਅਨੁਭਵ। ਇਨ੍ਹਾਂ ਰਚਨਾਵਾਂ ਨੇ ਇਨ੍ਹਾਂ ਸਾਰੇ ਅਨੁਭਵਾਂ ਵਿਚੋਂ ਗੁਫ਼ਾ ਦੇ ਅਨੁਭਵ ਵਾਂਗ ਗੁਜ਼ਰਨਾ ਹੈ। ਜਿਵੇਂ ਗੁਫ਼ਾ ਵਿਚ ਕਿਸੇ ਨੂੰ ਡਰ ਲਗਦਾ ਹੈ, ਕਿਸੇ ਨੂੰ ਇਸ ਹਨੇਰੇ ਵਿਚੋਂ ਅਨੰਦ ਆਉਂਦਾ ਹੈ, ਕਿਸੇ ਨੂੰ ਰਹੱਸ ਦੀ ਅਨੁਭੂਤੀ ਹੁੰਦੀ ਹੈ। ਲੇਖਕ ਪਾਠਕਾਂ ਨੂੰ ਆਪਣੀਆਂ ਲਿਖਤਾਂ ਦੇ ਅਨੁਭਵ ਵਿਚੋਂ ਗੁਜ਼ਾਰਨਾ ਚਾਹੁੰਦਾ ਹੈ। ਵਧੀਆ ਸਾਹਿਤ ਹਮੇਸ਼ਾ ਉਸਾਰੂ ਸੇਧ ਦਿੰਦਾ ਹੈ। ਜੀਵਨ ਦੀਆਂ ਗੁੰਝਲਾਂ ਪੇਸ਼ ਕਰਨ ਦੇ ਨਾਲ-ਨਾਲ ਕੁਝ ਸਾਰਥਕ ਦਿਸ਼ਾ-ਨਿਰਦੇਸ਼ ਵੀ ਦੇਣੇ ਬਣਦੇ ਹਨ। ਕਹਾਣੀਆਂ ਨੂੰ ਪੜ੍ਹ ਕੇ ਮਨੋਬਿਰਤੀਆਂ ਹੋਰ ਖਿੰਡਦੀਆਂ ਹਨ। ਬਹੁਤੀਆਂ ਕਹਾਣੀਆਂ ਨਾਰੀ ਪਾਤਰਾਂ ਦੁਆਲੇ ਘੁੰਮਦੀਆਂ ਹਨ ਜੋ ਕਿਸੇ ਹੋਰ ਹੀ ਧਰਤੀ ਦੀਆਂ ਜਾਪਦੀਆਂ ਹਨ। ਪੰਜਾਬਣਾਂ ਵਰਗਾ ਸਿਦਕ, ਸ਼ਰਮ, ਸਦਾਚਾਰ ਅਤੇ ਕਦਰਾਂ-ਕੀਮਤਾਂ ਕਿਧਰੇ ਵੀ ਨਜ਼ਰ ਨਹੀਂ ਆਉਂਦੀਆਂ। ਭਵਿੱਖ ਵਿਚ ਲੇਖਕ ਕੋਲੋਂ ਹੋਰ ਆਸਾਂ ਹਨ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

11-04-2020

 ਕੌੜਾ ਸੱਚ
ਲੇਖਕ : ਸੰਦੇਸ਼ ਭੱਲਾ 'ਬਦਨਾਮ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 98552-64442.

ਇਕਾਂਗੀ ਲੇਖਕ ਸੰਦੇਸ਼ ਭੱਲਾ ਇਕ ਨਾਟਕਕਾਰ, ਨਿਰਦੇਸ਼ਕ, ਰੰਗਮੰਚ ਅਭਿਨੇਤਾ ਤੇ ਮੋਨੋ-ਐਕਟਰ ਦੇ ਤੌਰ 'ਤੇ ਜਾਣਿਆ-ਪਛਾਣਿਆ ਨਾਂਅ ਹੈ। ਹਥਲੇ ਇਕਾਂਗੀ ਸੰਗ੍ਰਹਿ ਵਿਚ ਤਿੰਨ ਇਕਾਂਗੀ ਹਨਸ਼ੀਸ਼ਾ ਬੋਲਦਾ ਹੈ, ਕੌੜਾ ਸੱਚ ਤੇ ਤਮਾਸ਼ਾ। 'ਸ਼ੀਸ਼ਾ ਬੋਲਦਾ ਹੈ' ਇਕਾਂਗੀ ਵਿਚ ਸਮਾਜਿਕ ਕੁਰੀਤੀਆਂ ਨੂੰ ਜਨਤਾ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਜਿਵੇਂ ਕਿ ਬੇਰੁਜ਼ਗਾਰੀ, ਨਸ਼ਾਖੋਰੀ, ਭ੍ਰਿਸ਼ਟਾਚਾਰ, ਦਾਜ ਦੀ ਕੁਪ੍ਰਥਾ, ਬੁਢਾਪੇ ਵਿਚ ਮਾਤਾ-ਪਿਤਾ ਦੀ ਹੋ ਰਹੀ ਦੁਰਦਸ਼ਾ ਤੇ ਬਿਰਧ ਆਸ਼ਰਮ ਤੇ ਪੁਲਿਸ ਅਫ਼ਸਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਆਦਿ। ਇਨ੍ਹਾਂ ਵਿਸ਼ਿਆਂ ਨੂੰ ਵਿਅੰਗਾਤਮਕ ਢੰਗ ਨਾਲ, ਹਾਸਾ ਮਜ਼ਾਕ ਵਿਧੀ ਰਾਹੀਂ ਪੇਸ਼ ਕੀਤਾ ਹੈ ਬਜਾਏ ਸਿੱਧੀ ਚੋਣ ਕਰਨ ਦੇ। ਪਰ ਇਨ੍ਹਾਂ ਦਾ ਹੱਲ ਇਹ ਸੁਝਾਇਆ ਹੈ ਕਿ ਪਹਿਲਾਂ ਆਪਣੇ-ਆਪ ਨੂੰ ਸੁਧਾਰੋ ਸਮਾਜ ਆਪੇ ਸੁਧਰ ਜਾਵੇਗਾ। ਦੂਸਰਾ ਇਕਾਂਗੀ 'ਕੌੜਾ ਸੱਚ' ਵਿਚ ਸਮਾਜ ਵਿਚ ਨਵੀਂ ਪੀੜ੍ਹੀ ਰਾਹੀਂ ਸਮਾਜਿਕ ਕਦਰਾਂ-ਕੀਮਤਾਂ ਦਾ ਹੁੰਦਾ ਘਾਣ ਪੇਸ਼ ਕੀਤਾ ਹੈ। ਪੀੜ੍ਹੀ ਪਾੜੇ ਸਦਕਾ ਟੁੱਟਦੇ ਪਰਿਵਾਰ, ਰੁਲਦਾ ਬੁਢਾਪਾ ਤੇ ਦਿਨੋ-ਦਿਨ ਖੁੱਲ੍ਹ ਰਹੇ ਬਿਰਧ ਆਸ਼ਰਮ ਸਮਾਜ ਲਈ ਬਦਨੁਮਾ ਦਾਗ਼ ਹੈ।
ਬਜ਼ੁਰਗ ਜੋ ਸਾਡਾ ਵਡਮੁੱਲਾ ਸਰਮਾਇਆ ਹੈ, ਇਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਨਵੀਂ ਪੀੜ੍ਹੀ ਉਨ੍ਹਾਂ ਤੋਂ ਮਾਰਗ-ਦਰਸ਼ਨ ਲੈ ਸਕੇ। ਤੀਸਰਾ ਇਕਾਂਗੀ 'ਤਮਾਸ਼ਾ' ਅਜੋਕੇ ਗੰਭੀਰ ਸਮੱਸਿਆ ਨਸ਼ਾਖੋਰੀ ਉੱਤੇ ਆਧਾਰਿਤ ਹੈ ਜੋ ਸਰਕਾਰ 'ਤੇ ਵਿਅੰਗ ਹੈ ਕਿ 'ਦਾਰੂ ਕਰ 'ਤੀ ਸਸਤੀ ਯਾਰੋ, ਮਹਿੰਗਾ ਕਰ ਦਿੱਤਾ ਆਟਾ।' ਪੰਜਾਂ ਦਰਿਆਵਾਂ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ ਤੇ ਪੰਜਾਬ ਦੀ ਜਵਾਨੀ ਨਸ਼ੇ ਵਿਚ ਗਰਕ ਹੁੰਦੀ ਜਾ ਰਹੀ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ।
ਸਟੇਜ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਜਨਤਾ ਸਾਹਮਣੇ ਪੇਸ਼ ਕਰਕੇ ਲੇਖਕ ਆਪਣਾ ਮੰਤਵ ਹੱਲ ਕਰ ਸਕਦੇ ਹਨ ਤੇ ਪ੍ਰਭਾਵ ਪੈਂਦਾ ਹੈ। ਭਾਵੇਂ ਵਿਅੰਗ ਰਾਹੀਂ ਲੇਖਕ ਆਪਣੇ ਮਨ ਦੀ ਗੱਲ ਕਰਦਾ ਹੈ ਪਰ ਨਾਲ ਹੀ ਹਾਸਾ ਮਜ਼ਾਕ ਨਾਟਕ ਨੂੰ ਗੰਭੀਰਤਾ ਤੋਂ ਬਚਾਉਂਦਾ ਹੈ। ਸੰਦੇਸ਼ ਭੱਲਾ ਦੇ ਨਾਟਕਾਂ ਦੇ ਪਾਤਰ, ਬੋਲੀ-ਸ਼ੈਲੀ ਤੇ ਵਾਰਤਾਲਾਪ ਢੁਕਵਾਂ ਤੇ ਲੋਕਾਈ ਦਾ ਮਾਰਗ ਦਰਸ਼ਨ ਵੀ ਹੁੰਦਾ ਹੈ। ਲੇਖਕ ਅਜਿਹੇ ਉਪਰਾਲੇ ਲਈ ਸ਼ਲਾਘਾ ਦਾ ਹੱਕਦਾਰ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਢਲਦੀ ਸ਼ਾਮ
ਲੇਖਕ : ਬਲਦੇਵ ਸੀਹਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 98152-98459.

ਬਲਦੇਵ ਸੀਹਰਾ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ। 1971 ਈ: ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਨਸਪਤੀ ਵਿਗਿਆਨ ਵਿਚ ਐਮ.ਐਸ ਸੀ. ਕੀਤੀ। ਸਾਲ-ਡੇਢ ਸਾਲ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਪੜ੍ਹਾਇਆ ਪਰ ਇਧਰ ਭਾਰਤ ਵਿਚ ਉਸ ਦਾ ਜੀਅ ਨਾ ਲੱਗਾ। ਇਸ ਕਾਰਨ 1973 ਵਿਚ ਉਹ ਫੀਜ਼ੀ ਆਈਲੈਂਡ ਚਲਾ ਗਿਆ ਅਤੇ 10 ਕੁ ਸਾਲ ਉਥੇ ਬਿਤਾ ਕੇ ਆਖ਼ਰ ਕੈਨੇਡਾ ਪਹੁੰਚ ਗਿਆ। ਪਿਛਲੇ ਦਸ ਕੁ ਵਰ੍ਹਿਆਂ ਤੋਂ ਉਹ ਕਾਵਿ ਦੇ ਮਾਧਿਅਮ ਦੁਆਰਾ ਆਪਣੀ ਗੁੰਮੀ-ਗਵਾਚੀ ਸ਼ਨਾਖਤ ਦੀ ਤਲਾਸ਼ ਕਰ ਰਿਹਾ ਹੈ। 'ਢਲਦੀ ਸ਼ਾਮ' ਉਸ ਦਾ ਤੀਜਾ ਗ਼ਜ਼ਲ ਸੰਗ੍ਰਹਿ ਹੈ।
ਗ਼ਜ਼ਲ ਦੇ ਖੇਤਰ ਵਿਚ ਉਹ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਅਤੇ ਗ਼ਜ਼ਲਗੋ ਜਨਾਬ ਰਾਜਵੰਤ ਰਾਜ ਨੂੰ ਆਪਣੇ ਪ੍ਰੇਰਨਾਕਾਰ ਮੰਨਦਾ ਹੈ। ਹਥਲੇ ਸੰਗ੍ਰਹਿ ਵਿਚ ਉਸ ਦੀਆਂ ਲਗਪਗ 100 ਗ਼ਜ਼ਲਾਂ ਸੰਗ੍ਰਹਿਤ ਹਨ। ਉਹ ਗ਼ਜ਼ਲ ਦੇ ਮਿਜਾਜ਼ ਨੂੰ ਖੂਬ ਸਮਝਦਾ ਹੈ। ਸ਼ਿਅਰੋ-ਸ਼ਾਇਰੀ ਦੀਆਂ ਫ਼ੱਨੀ ਰਵਾਇਤਾਂ ਉੱਪਰ ਵੀ ਉਸ ਨੂੰ ਕਾਫੀ ਅਧਿਕਾਰ ਹੈ। ਉਹ ਵਕ੍ਰੋਕਤੀ, ਵਿਅੰਗ-ਉਕਤੀ ਅਤੇ ਤੁਗ਼ਜ਼ਲ ਦਾ ਸ਼ਾਇਰ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ :
ਬਹੁਤ ਹੁਸ਼ਿਆਰ ਹੋ ਸਕਦਾ ਮਗਰ ਕਾਮਿਲ ਨਹੀਂ ਹੁੰਦਾ
ਕੋਈ ਬੰਦਾ ਖ਼ੁਦਾ ਹੋ ਜਾਣ ਦੇ ਕਾਬਿਲ ਨਹੀਂ ਹੁੰਦਾ
ਪੜ੍ਹਾਈ ਹੋਰ ਹੁੰਦੀ ਹੈ ਸਿਆਣਪ ਹੋਰ ਹੁੰਦੀ ਹੈ
ਨਿਰ੍ਹਾ ਪੜ੍ਹ ਲਿਖ ਕੇ ਹੀ ਬੰਦਾ ਕਦੇ ਫ਼ਾਜ਼ਿਲ ਨਹੀਂ ਹੁੰਦਾ
ਬਹਾਦਰ ਸਾਰੇ ਦੇ ਸਾਰੇ ਹੀ ਸੂਲੀ 'ਤੇ ਨਹੀਂ ਚੜ੍ਹਦੇ
ਕਤਲ ਹੋਣੋਂ ਬਚਣ ਵਾਲਾ ਸਦਾ ਬੁਜ਼ਦਿਲ ਨਹੀਂ ਹੁੰਦਾ। (ਪੰਨਾ 99)
ਉਸ ਦੀਆਂ ਗ਼ਜ਼ਲਾਂ ਦੇ ਵਿਸ਼ੈ ਵੰਨ-ਸੁਵੰਨੇ ਹਨ। ਨਾ ਕੇਵਲ ਇਨ੍ਹਾਂ ਵਿਚ ਮੌਜੂਦਾ ਦੌਰ ਦਾ ਚਰਿੱਤਰ ਹੀ ਖੂਬ ਉੱਭਰਿਆ ਹੈ ਬਲਕਿ ਕਵੀ ਆਪਣੀਆਂ ਸਿਮ੍ਰਤੀਆਂ ਅਤੇ ਅਤ੍ਰਿਪਤੀਆਂ ਨੂੰ ਬੜੀ ਸ਼ਿੱਦਤ ਨਾਲ ਬਿਆਨ ਕਰਦਾ ਹੈ। ਸ਼ਾਇਦ ਇਸ ਤਰ੍ਹਾਂ ਉਹ ਆਪਣੇ ਅੰਦਰ ਰਹਿ ਗਏ ਖਲਾਵਾਂ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕੁਰੇਦਣ ਨਾਲ ਜ਼ਖ਼ਮ ਕਦੇ ਨਹੀਂ ਭਰਦੇ। ਇਨ੍ਹਾਂ ਨੂੰ ਵਿਸਾਰ ਦੇਣ ਵਿਚ ਹੀ ਭਲਾਈ ਹੈ। ਕਵੀ ਦੀਆਂ ਬਹੁਤ ਸਾਰੀਆਂ ਰੀਝਾਂ ਦੇ ਕਾਫ਼ਲੇ ਅਧੂਰੇ ਰਹਿ ਗਏ ਹਨ। ਉਸ ਨੂੰ ਗਿਲਾ ਹੈ ਕਿ 'ਕਿਸੇ' ਸ਼ਖ਼ਸ ਨੇ ਉਸ ਵਾਸਤੇ ਦਿਲ ਦੇ ਦਰਵਾਜ਼ੇ ਨਹੀਂ ਖੋਲ੍ਹੇ ਸਨ। ਉਹ ਪਿਆਰ-ਮੁਹੱਬਤ ਦੇ ਝੂਠੇ ਲਾਰਿਆਂ ਨੂੰ ਵੀ ਬੜੇ ਹੇਰਵੇ ਨਾਲ ਯਾਦ ਕਰਦਾ ਹੈ। ਆਪਣੀ ਜਾਣੇ ਇਹ ਉਸ ਦਾ ਪ੍ਰਮਾਣਿਕ ਅਨੁਭਵ ਹੈ ਪਰ ਇਹੋ ਜਿਹੀਆਂ ਉਕਤੀਆਂ ਆਧੁਨਿਕ ਗ਼ਜ਼ਲ ਦੇ ਮਿਜਾਜ਼ ਦੇ ਅਨੁਕੂਲ ਨਹੀਂ ਲਗਦੀਆਂ ਕਿਉਂਕਿ ਇਨ੍ਹਾਂ ਅਤੇ ਇਹੋ ਜਿਹੀਆਂ ਉਕਤੀਆਂ ਨੂੰ ਅਨੇਕ ਵਾਰ ਦੁਹਰਾਇਆ ਜਾ ਚੁੱਕਾ ਹੈ। ਮੈਂ ਚਾਹੁੰਦਾ ਹਾਂ ਕਿ ਬਲਦੇਵ ਸੀਹਰਾ ਬਿਲਕੁਲ ਮੌਲਿਕ ਅਤੇ ਤਾਜ਼ਾ ਕਲਾਮ ਸਿਰਜਣ ਦੀ ਕੋਸ਼ਿਸ਼ ਕਰੇ। ਇਹ ਕੰਮ ਉਹ ਬਾਖੂਬੀ ਕਰ ਸਕਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136.

c c c

ਬੰਦ ਦਰਵਾਜ਼ੇ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 110 ਰੁਪਏ, ਸਫ਼ੇ : 96
ਸੰਪਰਕ : 98726-40994.

ਕਹਾਣੀਕਾਰ ਵਜੋਂ ਸਥਾਪਿਤ ਲੇਖਕ ਦੀ ਵਾਰਤਕ ਲੇਖਾਂ ਦੀ ਇਹ ਦੂਸਰੀ ਪੁਸਤਕ ਹੈ। 14 ਕਹਾਣੀਨੁਮਾ ਲੇਖਾਂ ਵਿਚ ਲੇਖਕ ਦਾ ਸੰਘਰਸ਼ ਭਰਿਆ ਜੀਵਨ ਹੈ। ਪੁਸਤਕ ਸਵੈਬਿਰਤਾਂਤ ਹੈ। ਇਸ ਦਿਲਚਸਪ ਸ਼ੈਲੀ ਵਾਲੀ ਕਿਤਾਬ ਦੇ ਲੇਖ, ਲੇਖਕ ਦੇ ਜੀਵਨ ਦੀਆਂ ਘਟਨਾਵਾਂ ਦੀ ਝਲਕ ਹਨ। ਇਹ ਪੁਸਤਕ, ਲੇਖਕ ਦੀ ਪਹਿਲੀ ਵਾਰਤਕ ਪੁਸਤਕ ਦਾ ਦੂਸਰਾ ਬਦਲਿਆ ਨਾਂਅ ਹੈ। ਇਸ ਦੂਸਰੇ ਸੰਸਕਰਨ ਵਿਚ ਬੰਦ ਦਰਵਾਜ਼ੇਰਚਨਾ ਸ਼ਾਮਿਲ ਕਰਕੇ ਇਹ ਸਿਰਲੇਖ ਦਿੱਤਾ ਹੈ। ਸਿਰਲੇਖ ਵਾਲੀ ਰਚਨਾ ਲੇਖਕ ਦੇ ਆਪਣੇ ਪਿਆਰ ਵਿਆਹ ਦੀ ਰੌਚਿਕ ਦਾਸਤਾਨ ਹੈ। ਜ਼ਿੰਦਗੀ ਦੇ ਬੰਦ ਦਰਵਾਜ਼ਿਆਂ ਪਿੱਛੇ ਹੋਰ ਵੀ ਕਈ ਘਟਨਾਵਾਂ ਹਨ। ਅੰਮ੍ਰਿਤਾ ਪ੍ਰੀਤਮ ਦੇ ਮੈਗਜ਼ੀਨ ਨਾਗਮਣੀ ਵਿਚ ਕੁਝ ਕਹਾਣੀਆਂ ਛਪਣ ਨਾਲ ਉਸ ਦੀ ਪਛਾਣ ਦਿੱਲੀ ਦੇ ਲੇਖਕਾਂ ਵਿਚ ਬਣ ਚੁੱਕੀ ਸੀ। ਪਰ ਪਿਆਰ ਵਿਆਹ ਦਾ ਮਾਪਿਆਂ ਵਲੋਂ ਵਿਰੋਧ ਹੋਣ ਕਰਕੇ ਬੇਰੁਜ਼ਗਾਰ ਲੇਖਕ ਤੇ ਉਸ ਦੀ ਪਤਨੀ ਦਿੱਲੀ ਚਲੇ ਗਏ। ਅੰਮ੍ਰਿਤਾ ਪ੍ਰੀਤਮ ਤੇ ਡਾ: ਸਤਿੰਦਰ ਸਿੰਘ ਨੂਰ ਨੂੰ ਜਾ ਮਿਲੇ ਦਿੱਲੀ ਵਾਲੇ ਲੇਖਕਾਂ ਦੇ ਸਹਿਯੋਗ ਨਾਲ ਲੇਖਕ ਤੇ ਉਸ ਦੀ ਪਤਨੀ ਨੂੰ ਨੌਕਰੀ ਮਿਲੀ ਸੰਵੇਦਨਸ਼ੀਲ, ਸਵੈਵਿਸ਼ਵਾਸੀ, ਤਰਕਵਾਦੀ ਲੇਖਕ ਨੇ ਲੋਕਾਂ ਦੀ ਕੋਈ ਪਰਵਾਹ ਨਾ ਕੀਤੀ ਲੇਖਕ ਦੇ ਕਹਾਣੀਕਾਰ ਹੋਣ ਬਾਰੇ ਅਜੀਬ ਵਿਚਾਰ ਸਨ (ਪੰਨਾ 66 ਪਾਰੇ ਵਰਗਾ ਆਦਮੀ) ਪਰ ਲੇਖਕ ਦਾ ਆਪਣਾ ਸਾਹਿਤਕ ਦਾਇਰਾ ਹੀ ਉਸ ਦੀ ਮਾਨਸਿਕਤਾ ਨੂੰ ਹੁਲਾਰਾ ਦਿੰਦਾ ਰਿਹਾ। ਇਸ ਦਾਇਰੇ ਵਿਚ ਹਰਮੀਤ ਵਿਦਿਆਰਥੀ, ਕਾਮਰੇਡ ਸੁਰਜੀਤ ਗਿੱਲ, ਡਾ: ਸੁਰਜੀਤ ਬਰਾੜ ,ਸੰਤੋਖ ਸਿੰਘ ਧੀਰ, ਕੁਲਦੀਪ ਸਿੰਘ ਬੇਦੀ, ਬਲਦੇਵ ਸਿੰਘ ਸੜਕਨਾਮਾ, ਜਸਵੰਤ ਸਿੰਘ ਕੰਵਲ ਤੇ ਹੋਰ ਵੀ ਕਈ ਕਲਮਕਾਰ ਹਨ, ਜਿਨ੍ਹਾਂ ਦਾ ਜ਼ਿਕਰ ਪੁਸਤਕ ਦੇ ਲੇਖਾਂ ਵਿਚ ਹੈ। ਕਹਾਣੀਕਾਰ ਦੇਸ ਰਾਜ ਕਾਲੀ ਨਾਲ ਜੁੜੇ ਲੇਖ ਵਿਚ ਪੰਜਾਬ ਦੇ ਅੱਤਵਾਦ ਸਮੇਂ ਦੀ ਨਾਟਕੀ ਝਲਕ ਹੈ। ਲੇਖ ਕੂੰਡੇਵਿਚ ਸਿਆਸਤਦਾਨਾਂ ਦੀ ਮਖੌਟਾਧਾਰੀ ਤਸਵੀਰ ਹੈ। ਲੇਖਕ ਉੱਚ ਅਫਸਰ ਹੋਣ ਕਰਕੇ ਉਸ ਸਕੂਲ ਵਿਚ ਗਿਆ ਜਿਸ ਵਿਚ ਉਹ ਆਪ ਬਚਪਨ ਵਿਚ ਪੜ੍ਹਿਆ ਸੀ। ਸਕੂਲ ਮੁਖੀ ਅਧਿਆਪਕਾ ਆਪਣੇ ਪਿਆਰੇ ਤੇ ਹੋਣਹਾਰ ਸ਼ਗਿਰਦ ਨੂੰ ਵੇਖ ਕੇ ਗਦ ਗਦ ਹੋ ਗਈ (ਢਾਈ ਰੁਪਏ ਦਾ ਕਰਜਾ)। ਪੁਸਤਕ ਦੀ ਵਾਰਤਕ ਮੁਹਾਵਰੇਦਾਰ, ਰੌਚਿਕ, ਕਥਾ ਰਸ ਵਾਲੀ, ਘਟਨਾਵਾਂ ਦੀ ਸ਼ਹਿਜ ਪੇਸ਼ਕਾਰੀ ਹੈ। ਨਿੰਦਰ ਘੁਗਿਆਣਵੀ, ਰਾਜਪਾਲ ਸਿੰਘ ਤੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਲੇਖਕ ਦੀ ਵਾਰਤਕ ਕਲਾ ਬਾਰੇ ਸਾਰਥਿਕ ਵਿਚਾਰ ਲਿਖੇ ਹਨ। ਪੁਸਤਕ ਪੜ੍ਹਨ ਵਾਲੀ ਹੈ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

c c c

ਆ...
ਸਮੇਂ ਦੇ ਹਾਣ ਦਾ ਹੋਈਏ

ਕਵੀ : ਪਰਮਿੰਦਰ 'ਰਮਨ' ਢੁੱਡੀਕੇ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98152-98459.

'ਆ ਸਮੇਂ ਦੇ ਹਾਣ ਦਾ ਹੋਈਏ' ਕਾਵਿ ਸੰਗ੍ਰਹਿ 'ਚ ਕਵੀ ਪਰਮਿੰਦਰ 'ਰਮਨ' ਢੁੱਡੀਕੇ ਦੀਆਂ 75 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨਾਂ ਕਾਵਿ ਰਚਨਾਵਾਂ 'ਚ ਉਸ ਨੇ ਮਨੁੱਖੀ ਜ਼ਿੰਦਗੀ ਦੀਆਂ ਵੱਖ-ਵੱਖ ਪਰਤਾਂ ਨੂੰ ਛੋਹਿਆ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਮਨੁੱਖ ਨੂੰ ਸਮੇਂ ਦੇ ਹਾਣ ਦਾ ਹੋਣ ਲਈ ਪ੍ਰੇਰਣਾ ਹੈ। ਕਵੀ ਇਨਸਾਨ ਦੀ ਬੌਣੀ ਹੋ ਰਹੀ ਸੋਚ ਨੂੰ ਬਿਮਾਰ ਮਾਨਸਿਕਤਾ ਦਾ ਨਾਂਅ ਦਿੰਦਾ ਹੈ ਅਤੇ ਮਨੁੱਖ ਨੂੰ ਅੰਦਰੋਂ ਖ਼ੁਦ ਨੂੰ ਹੀ ਲੱਭਣ ਲਈ ਉਤਸ਼ਾਹਿਤ ਕਰਦਾ ਹੈ। ਧਰਮਾਂ, ਕਰਮਕਾਂਡਾਂ ਦੇ ਮਕੜ ਜਾਲ 'ਚੋਂ ਨਿਕਲ ਕੇ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੰਦਾ ਕਵੀ ਲਿਖਦਾ ਹੈ :
ਉਹ ਪਹਾੜ ਸਰ ਕਰਦੇ ਨੇ,
ਅਸੀਂ ਮੰਦਰ ਦੀਆਂ ਪੌੜੀਆਂ।
ਉਹ ਕੜਕਦੀਆਂ ਬਿਜਲੀਆਂ ਨੂੰ ਫੜਦੇ ਨੇ,
ਅਸੀਂ ਦੀਵਿਆਂ ਵਿਚ ਬੱਤੀਆਂ ਧਰਦੇ ਹਾਂ।
ਕਵੀ ਦੀ ਨਜ਼ਰ 'ਚ ਇੱਥੇ ਹਰ 5 ਸਾਲ ਤੋਂ ਨਿਜ਼ਾਮ ਨਹੀਂ ਬਦਲਦਾ, ਰਿਵਾਜ ਬਦਲਦਾ ਹੈ ਕਿ 'ਉਤਰ ਕਾਟੋ ਮੈਂ ਚੜ੍ਹਾਂ'। ਕਵੀ ਧਾਰਮਿਕ ਕੱਟੜਵਾਦ ਦੇ ਸਖ਼ਤ ਖ਼ਿਲਾਫ਼ ਹੈ। ਉਸ ਦੀ ਕਵਿਤਾ ਅਜੋਕੇ ਭ੍ਰਿਸ਼ਟ ਰਾਜਨੀਤਕ ਵਰਤਾਰੇ 'ਤੇ ਤਿੱਖੀਆਂ ਟਕੋਰਾਂ ਕਰਦੀ ਹੈ। ਕਵੀ ਇਨਸਾਨੀਅਤ ਅੰਦਰੋਂ ਸਫੈਦ ਹੋ ਰਹੇ ਖੂਨ ਦੇ ਰਿਸ਼ਤਿਆਂ ਪ੍ਰਤੀ ਡਾਹਢਾ ਚਿੰਤਤ ਹੈ। ਉਹ ਧਰਮਾਂ, ਜਾਤਾਂ ਦੇ ਨਾਂਅ 'ਤੇ ਪੈ ਰਹੀਆਂ ਵੰਡੀਆਂ ਤੋਂ ਡਾਹਢਾ ਖ਼ਫਾ 'ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ' ਦੇ ਸੰਕਲਪ ਦਾ ਧਾਰਨੀ ਹੈ। ਕਵੀ ਵਿਅੰਗਮਈ ਲਹਿਜੇ 'ਚ ਪੰਜਾਬੀਆਂ ਨੂੰ ਵਿਆਹਾਂ-ਸ਼ਾਦੀਆਂ 'ਤੇ ਬੇਲੋੜੇ ਖਰਚੇ ਕਾਰਨ ਆਰਥਿਕ ਬਰਬਾਦੀ ਰੋਕਣ ਲਈ ਸੁਚੇਤ ਕਰਦਾ ਹੈ। ਉਸ ਦੀ ਕਵਿਤਾ ਮਜ਼ਦੂਰਾਂ ਦੇ ਮਿਹਨਤ ਮਸ਼ੱਕਤ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ। ਕਵੀ ਅਮਰਵੇਲ ਵਾਂਗ ਵਧ ਰਹੇ ਡੇਰਾਵਾਦ ਤੋਂ ਚਿੰਤਤ ਜਾਪਦਾ ਹੈ। ਆਰਥਿਕ ਮੰਦਹਾਲੀ ਦੇ ਸ਼ਿਕਾਰ ਕਿਸਾਨ ਦੀਆਂ ਖ਼ੁਦਕੁਸ਼ੀਆਂ, ਕੁੱਖਾਂ 'ਚ ਕਤਲ ਹੋ ਰਹੀਆਂ ਕੰਜਕਾਂ ਦਾ ਫ਼ਿਕਰ ਉਸ ਨੂੰ ਅੰਦਰੋਂ ਵੱਢ-ਵੱਢ ਖਾਂਦਾ ਹੈ। ਕਵੀ ਸਮੇਂ ਦਾ ਸਮਕਾਲੀ ਹੋਣਾ ਲੋਚਦਾ ਹੈ :
ਸਮਾਂ ਖੜ੍ਹੇ ਪਾਣੀਆਂ ਦੀ ਬਦਬੂ ਸੁੰਘਣ ਦਾ ਨਾਂਅ ਨਹੀਂ ਹੈ।
ਬਦਲਾਓ ਹੈ, ਤਰਥੱਲੀ ਹੈ, ਜ਼ਿੰਦਾ ਦਿਲਾਂ ਲਈ।

ਮਨਜੀਤ ਸਿੰਘ ਘੜੈਲੀ
ਮੋ: 98153-91625

c c c

ਜ਼ਖ਼ਮ
ਲੇਖਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98148-03254.

ਪੰਜਾਬੀ ਕਹਾਣੀ ਨੂੰ ਨਵਾਂ ਮੁਹਾਂਦਰਾ ਅਤੇ ਨਵੇਂ ਸੁਹਜਮਈ ਸਰੋਕਾਰ ਪ੍ਰਦਾਨ ਕਰਨ ਵਾਲੇ ਕਹਾਣੀਕਾਰ ਜਿੰਦਰ ਦਾ ਕਹਾਣੀ-ਸੰਗ੍ਰਹਿ 'ਜ਼ਖ਼ਮ' ਉਸ ਦੀਆਂ 9 ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜਿਨ੍ਹਾਂ ਵਿਚੋਂ ਬਹੁਤੀਆਂ ਹਿੰਦੀ, ਮਰਾਠੀ, ਬੰਗਾਲੀ, ਤੇਲਗੂ ਅਤੇ ਸ਼ਾਹਮੁਖੀ ਪੰਜਾਬੀ ਵਿਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਹ ਕਹਾਣੀਆਂ ਮਨੁੱਖੀ ਹੋਂਦ ਦੀਆਂ ਸੂਖਮ ਪਰਤਾਂ ਨੂੰ ਮਨੋਵਿਗਿਆਨਕ ਢੰਗ ਨਾਲ ਚਿੱਤਰਦੀਆਂ ਹਨ ਅਤੇ ਪਰੰਪਰਾਗਤ ਮਾਨਤਾਵਾਂ ਨੂੰ ਨਿੰਦ ਕੇ ਸਥਿਤੀਆਂ ਵਿਚੋਂ ਉਪਜੇ ਯਥਾਰਥ ਨੂੰ ਕੇਂਦਰ ਬਿੰਦੂ ਵਜੋਂ ਸਥਾਪਤ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਹੇ ਨਿਘਾਰ, ਔਰਤ ਦੀ ਸਥਿਤੀ, ਦਲਿਤ ਚੇਤਨਾ, ਔਰਤ-ਮਰਦ ਦੀ ਕਾਮੁਕ ਇੱਛਾਵਾਂ ਅਤੇ ਪੀੜ੍ਹੀਆਂ ਦੀ ਸੋਚ ਵਿਚਲੀ ਵਿੱਥ ਆਦਿ ਨੂੰ ਵਿਸ਼ਾ ਬਣਾ ਕੇ ਅੱਜ ਦੇ ਮਨੁੱਖ ਦੀ ਭਾਵੁਕ ਅਹਿਸਾਸਾਂ ਵਿਚ ਕੈਦ ਹੋਣ ਦੀ ਤਸਵੀਰ ਚਿੱਤਰਤ ਕੀਤੀ ਹੈ। ਕਹਾਣੀਕਾਰ ਜਿਥੇ 'ਔਕਾਤ' ਕਹਾਣੀ ਵਿੱਚ ਵਿਅਕਤੀ ਦੀ ਮਾਇਕ ਹੈਸੀਅਤ ਨੂੰ ਆਧਾਰ ਬਣਾ ਕੇ ਉਸਦੀ ਸੋਚ ਦਾ ਮਿਆਰ ਤੈਅ ਕਰਦਾ ਨਜ਼ਰੀਂ ਆਉਂਦਾ ਹੈ ਉਥੇ 'ਸ਼ਨਾਖ਼ਤ' ਵਿਚ ਮਾੜਾ ਬੰਦਾ ਕੌਣ ਦੇ ਮਸਲੇ ਦਾ ਜਿਗਿਆਸੂ ਬਣ ਕੇ ਬਿਰਤਾਂਤ ਰਚਦਾ ਹੈ। 'ਰਫ਼ਤਾਰ' ਕਹਾਣੀ ਜਨਰੇਸ਼ਨ ਗੈਪ ਨੂੰ ਚਿੱਤਰਤ ਕਰਦੀ ਹੈ ਅਤੇ 'ਮੁੜ ਗ਼ਲਤੀ ਨਾ ਕਰੀਂ' ਅਤੇ 'ਪਾਪ' ਕਹਾਣੀਆਂ ਵਿਵਰਜਿਤ ਰਿਸ਼ਤਿਆਂ ਨੂੰ ਆਧਾਰ ਬਣਾ ਕੇ ਵਿਅਕਤੀ ਦੀ ਨਿੱਜੀ ਲੋੜ ਨੂੰ ਦਰਸਾਉਂਦੀਆਂ ਹਨ। 'ਵਿੱਥ' ਬਾਹਰਲੇ ਦੇਸ਼ਾਂ ਵਿਚ ਗਏ ਵਿਅਕਤੀਆਂ ਦੀ ਪੈਸੇ ਕਮਾਉਣ ਦੀ ਦੌੜ ਕਾਰਨ ਰਿਸ਼ਤਿਆਂ ਦੇ ਨਿਘਾਰ ਦੀ ਕਹਾਣੀ ਹੈ ਅਤੇ ਕਹਾਣੀ 'ਜ਼ਖ਼ਮ' ਵਿਚ ਦੇਸ਼-ਵੰਡ ਸਮੇਂ ਮੁਸਲਮਾਨ ਬੱਚਿਆਂ ਨੂੰ ਕਤਲ ਕੀਤੇ ਜਾਣ ਦਾ ਬੋਝ ਇਕ ਰਿਸਦਾ ਜ਼ਖ਼ਮ ਬਣ ਵਿਅਕਤੀ ਦੀ ਮਾਨਸਿਕਤਾ ਵਿੱਚ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਇਸ ਢੰਗ ਨਾਲ਼ ਕਹਾਣੀਕਾਰ ਦੁਆਰਾ ਸਮਕਾਲੀ ਵਰਤਾਰਿਆਂ ਨੂੰ ਨੀਝ ਨਾਲ਼ ਦੇਖਣ ਅਤੇ ਕਹਾਣੀ ਵਿਧਾ ਦੇ ਤਕਨੀਕੀ ਪੱਖ ਨੂੰ ਰੂਪਮਾਨ ਕਰਦਿਆਂ ਕਹਾਣੀਆਂ ਉਲੀਕਣ ਦੀ ਕਲਾ ਦੇ ਦਰਸ਼ਨ ਇਸ ਪੁਸਤਕ ਵਿਚੋਂ ਹੁੰਦੇ ਹਨ। ਮਨੁੱਖਤਾ ਦਾ ਬਿੰਬ ਉਸਾਰ ਬਾਕਮਾਲ ਹੈ। ਸਿਰਲੇਖ ਢੁਕਵੇਂ ਹਨ ਅਤੇ ਕਹਾਣੀਆਂ ਸ਼ੁਰੂ ਤੋਂ ਹੀ ਪਾਠਕ ਨੂੰ ਪਕੜ ਵਿਚ ਲੈ ਕੇ ਅੰਤ ਤਕ ਲੈ ਜਾਂਦੀਆਂ ਹਨ। ਕਹਾਣੀਕਾਰ ਦੀ ਉਤਮ ਕਲਾ ਇਸ ਸੰਗ੍ਰਹਿ ਦਾ ਸ਼ਿੰਗਾਰ ਬਣਦੀ ਹੈ।

ਡਾ: ਸੰਦੀਪ ਰਾਣਾ
ਮੋ: 98728-87551

c c c

ਵਾਇਆ ਬਠਿੰਡਾ
ਨਾਵਲਕਾਰ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 152
ਸੰਪਰਕ : 98551-23499.

ਇਹ ਨਾਵਲ ਪੰਜਾਬ ਦੇ ਕਸਬਿਆਂ ਦੀ ਬਦਲਦੀ ਨੁਹਾਰ ਅਤੇ ਸਿੱਧੇ ਸਾਦੇ ਲੋਕਾਂ ਦੀ ਜ਼ਿੰਦਗੀ ਦੀ ਦਾਸਤਾਨ ਹੈ। ਨਾਵਲ ਦੀ ਕਹਾਣੀ ਜੈਤੋ ਮੰਡੀ ਦੁਆਲੇ ਘੁੰਮਦੀ ਹੈ। ਗੁਰਦੁਆਰਾ ਗੰਗਸਰ ਦੀ ਮਹਿਮਾ ਅਤੇ ਜੈਤੋ ਦੇ ਮੋਰਚੇ ਕਾਰਨ ਇਸ ਜਗ੍ਹਾ ਦੀ ਬਹੁਤ ਪ੍ਰਸਿੱਧੀ ਹੈ। ਮਹਾਰਾਜਾ ਨਾਭਾ ਨੇ ਇਥੇ ਅਨਾਜ ਮੰਡੀ ਬਣਾਈ। ਹੌਲੀ-ਹੌਲੀ ਸ਼ਾਹੂਕਾਰਾਂ, ਆੜ੍ਹਤੀਆਂ, ਬਜਾਜਾਂ, ਮੁਨਿਆਰਾਂ ਅਤੇ ਦੁਕਾਨਦਾਰਾਂ ਨੇ ਇਥੇ ਵਸੇਬਾ ਕਰ ਲਿਆ। ਮਿਹਨਤਕਸ਼ ਕਾਮੇ, ਪੱਲੇਦਾਰ, ਲੁਹਾਰ, ਤਰਖਾਣ, ਸੁਨਿਆਰ, ਮੁਨੀਮ ਆਦਿ ਇਥੇ ਆ ਕੇ ਵਸ ਗਏ। ਲਾਇਬ੍ਰੇਰੀ, ਮਾਰਕਿਟ, ਹਸਪਤਾਲ, ਸਕੂਲ ਆਦਿ ਬਣ ਗਏ। ਨਾਵਲ ਦੀ ਕਹਾਣੀ ਇਨ੍ਹਾਂ ਸਾਰੇ ਪਾਤਰਾਂ ਦੇ ਦੁਆਲੇ ਘੁੰਮਦੀ ਹੈ। ਲੇਖਕ ਨੇ ਬਹੁਤ ਰੌਚਿਕ ਢੰਗ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੀ ਤਸਵੀਰ ਪੇਸ਼ ਕੀਤੀ ਹੈ। ਪੰਜਾਬੀਆਂ ਦੇ ਸੰਸਕਾਰ, ਸੋਚਾਂ ਦੀ ਪਵਿੱਤਰਤਾ, ਜਜ਼ਬਿਆਂ ਦੀ ਅਮੀਰੀ, ਸੁਭਾਅ ਦੀ ਖੁੱਲ੍ਹਦਿਲੀ ਅਤੇ ਜੀਵਨ ਦੀਆਂ ਸਮੱਸਿਆਵਾਂ ਦਾ ਵਰਨਣ ਬਹੁਤ ਦਿਲ ਟੁੰਬਵਾਂ ਹੈ। ਠੇਠ ਮਲਵਈ ਭਾਸ਼ਾ ਅਤੇ ਮੁਹਾਵਰੇਦਾਰ ਅੰਦਾਜ਼ ਮਨ ਨੂੰ ਭਾਉਣ ਵਾਲਾ ਹੈ। ਨਾਵਲ ਦੀ ਸਾਦਗੀ, ਰਵਾਨੀ ਅਤੇ ਨਿਰੰਤਰ ਵਹਾਉ ਪਾਠਕ ਨੂੰ ਬੰਨ੍ਹੀ ਰੱਖਦੇ ਹਨ। ਕਈ ਸਮਾਜਿਕ, ਆਰਥਿਕ, ਰਾਜਨੀਤਕ ਤੇ ਪਰਿਵਾਰਕ ਸਮੱਸਿਆਵਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਚਿਤਰਿਆ ਗਿਆ ਹੈ। ਇਹ ਨਾਵਲ ਪੰਜਾਬ ਦੇ ਪਿੰਡਾਂ ਦੀ ਅਸਲ ਆਤਮਾ ਦੇ ਦਰਸ਼ਨ ਕਰਵਾਉਂਦਾ ਹੈ। ਕਿਤੇ ਵੀ ਮਰਿਆਦਾ ਅਤੇ ਸੱਭਿਅਤਾ ਦੀ ਉਲੰਘਣਾ ਨਹੀਂ ਹੋਈ। ਨਾਵਲ ਦੇ ਪੰਨਿਆਂ ਵਿਚੋਂ ਪੰਜਾਬੀਆਂ ਦੇ ਦਿਲ ਦੀ ਧੜਕਣ ਸੁਣਾਈ ਦਿੰਦੀ ਹੈ। ਇਸ ਵਿਚ ਕਈ ਦਹਾਕਿਆਂ ਦਾ ਇਤਿਹਾਸ ਅਤੇ ਸੱਭਿਆਚਾਰ ਸਮੋਇਆ ਹੋਇਆ ਹੈ। ਇਸ ਵਿਚੋਂ ਪੰਜਾਬੀਅਤ ਦੇ ਰੰਗ ਡਲ੍ਹਕਦੇ ਹਨ। ਪੜ੍ਹਦਿਆਂ ਹੋਇਆਂ ਕਿਤੇ ਵੀ ਬੋਰੀਅਤ ਨਹੀਂ ਹੁੰਦੀ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

04-04-2020

 ਸਿੱਖ ਗੁਰੂ ਅਤੇ
ਸ੍ਰੀ ਅੰਮ੍ਰਿਤਸਰ ਸਾਹਿਬ

ਲੇਖਕ : ਗਿਆਨੀ ਗੁਰਦੇਵ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 75
ਸੰਪਰਕ : 98154-94522.

ਇਸ ਪੁਸਤਕ ਵਿਚ ਦਸ ਗੁਰੂ ਸਾਹਿਬਾਨ ਜੀ ਦੇ ਅਦੁੱਤੀ ਜੀਵਨ ਬਾਬਤ ਸੰਖੇਪ ਝਾਤ ਪੁਆਈ ਗਈ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਵਿਚ ਜ਼ਮੀਨ ਖ਼ਰੀਦ ਕੇ ਸ੍ਰੀ ਅੰਮ੍ਰਿਤਸਰ ਦੀ ਨੀਂਹ ਰੱਖੀ ਸੀ, ਜਿਸ ਨੂੰ ਪਹਿਲਾਂ ਚੱਕ ਰਾਮਦਾਸ ਕਰਕੇ ਜਾਣਿਆ ਜਾਂਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਸਾਡਾ ਰੂਹਾਨੀ ਕੇਂਦਰ ਹੈ। ਇਹ ਸਾਡੇ ਦਿਲਾਂ ਦੀ ਧੜਕਣ ਅਤੇ ਆਤਮਾ ਦਾ ਸਰੂਰ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਇਸ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ, ਜਿਸ ਦੇ ਜੀਵਨ 'ਤੇ ਵੀ ਝਾਤ ਪੁਆਈ ਗਈ ਹੈ। ਸੰਨ 1604 ਵਿਚ 16 ਅਗਸਤ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਉਪਰੰਤ ਸੰਨ 1606 ਵਿਚ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ। ਆਪ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਸੰਨ 1635 ਤੋਂ 1698 ਤੱਕ ਸ੍ਰੀ ਹਰਿਮੰਦਰ ਸਾਹਿਬ 'ਤੇ ਮੀਣਿਆਂ ਮਸੰਦਾਂ ਦਾ ਕਬਜ਼ਾ ਰਿਹਾ।
ਲੇਖਕ ਨੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ, ਰੌਲਟ ਐਕਟ, ਖ਼ਾਲਸਾ ਕਾਲਜ, ਦੁਰਗਿਆਨਾ ਮੰਦਰ, ਰਾਮ ਤੀਰਥ, ਕੰਪਨੀ ਬਾਗ, ਪੰਜਾਬ ਸਟੇਟ ਵਾਰ ਮੈਮੋਰੀਅਲ, ਅਜਾਇਬ ਘਰ, ਕਿਲ੍ਹਾ ਗੋਬਿੰਦਗੜ੍ਹ ਤੇ ਅੰਤਰਰਾਸ਼ਟਰੀ ਹਵਾਈ ਅੱਡੇ ਬਾਬਤ ਵੀ ਜਾਣਕਾਰੀ ਦਿੱਤੀ ਹੈ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਰਾਜਾ ਸ਼ੇਰ ਸਿੰਘ, ਰਾਬਿੰਦਰ ਨਾਥ ਟੈਗੋਰ ਅਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਸੰਖੇਪ ਜਾਣਕਾਰੀ ਵੀ ਦਿੱਤੀ ਗਈ ਹੈ। ਪਰ ਇਹ ਸਾਰਾ ਕੁਝ ਅੱਗੇ-ਪਿੱਛੇ ਹੈ, ਕ੍ਰਮਵਾਰ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਦੀ ਕੈਪਸ਼ਨ ਦੇ ਕੇ ਗੁਰੂ ਰਾਮਦਾਸ ਜੀ ਦੀ ਤਸਵੀਰ ਦਿਖਾਈ ਗਈ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੇਖਕ ਨੇ ਆਪਣੇ ਪਰਿਵਾਰਕ, ਸਮਾਜਿਕ ਅਤੇ ਰਾਜਸੀ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਕਾਫੀ ਸਾਰੀਆਂ ਰੰਗਦਾਰ ਤਸਵੀਰਾਂ ਦਿੱਤੀਆਂ ਹਨ। ਇਹ ਪੁਸਤਕ ਇਸ ਪੱਖੋਂ ਲਾਭਕਾਰੀ ਹੈ ਕਿ ਇਸ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਅਤੇ ਗੁਰੂ ਸਾਹਿਬਾਨ, ਇਤਿਹਾਸਕ ਘਟਨਾਵਾਂ ਅਤੇ ਪਾਤਰਾਂ ਬਾਬਤ ਸੰਖੇਪ ਵੇਰਵੇ ਦਿੱਤੇ ਗਏ ਹਨ। ਇਸ ਪੁਸਤਕ ਦਾ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਦੋ ਬਟਾ ਇਕ
ਲੇਖਕ : ਜਨਮੇਜਾ ਸਿੰਘ ਜੌਹਲ

ਪ੍ਰਕਾਸ਼ਕ : ਏਸ਼ੀਆ ਵਿਜ਼ਨਸ
ਮੁੱਲ : 160 ਰੁਪਏ, ਸਫ਼ੇ : 136
ਸੰਪਰਕ : 98159-45018.

ਸ: ਜਨਮੇਜਾ ਸਿੰਘ ਜੌਹਲ ਪੰਜਾਬ ਦਾ ਇਕ ਸੁਪਰਿਚਿਤ ਫੋਟੋ-ਆਰਟਿਸਟ ਹੈ। ਫੋਟੋਗ੍ਰਾਫ਼ੀ ਦੇ ਮਾਧਿਅਮ ਦੁਆਰਾ ਉਹ ਪੰਜਾਬ ਦੇ ਪ੍ਰਮੁੱਖ ਵਰਤਾਰਿਆਂ ਨੂੰ ਪਕੜਨਾ ਅਤੇ ਸਾਂਭਣਾ ਚਾਹੁੰਦਾ ਹੈ। ਉਸ ਦੇ ਨਜ਼ਦੀਕ ਬਹੁਤ ਸਾਰੇ ਕਲਾਕਾਰ, ਲੇਖਕ, ਵਪਾਰੀ ਅਤੇ ਕਰਮਚਾਰੀ ਵਿਚਰਦੇ ਰਹਿੰਦੇ ਹਨ। ਉਹ ਚਾਹੁੰਦਾ ਹੈ ਕਿ ਉਹ ਇਨ੍ਹਾਂ ਲੋਕਾਂ ਦੇ ਪ੍ਰਤੀਨਿਧ ਕਿਰਦਾਰ ਨੂੰ ਪਕੜ ਸਕੇ : ਮਸਲਿਨ ਪੰਜਾਬ ਵਿਚ ਕਲਾਕਾਰਾਂ ਦੀ ਸਥਿਤੀ ਕਿਹੋ ਜਿਹੀ ਹੈ, ਲੇਖਕਾਂ ਦਾ ਆਚਾਰ-ਵਿਹਾਰ ਕਿਹੋ ਜਿਹਾ ਹੁੰਦਾ ਹੈ, ਸਾਡੇ ਇਥੇ ਵਪਾਰੀ ਅਤੇ ਕਰਮਚਾਰੀ ਕਿਵੇਂ ਵਿਚਰਦੇ ਹਨ....। ਇਹ ਲੋਕ 'ਮਿੱਸੇ ਬੰਦੇ' ਹੁੰਦੇ ਹਨ, ਚੰਗਿਆਈਆਂ ਅਤੇ ਬੁਰਾਈਆਂ ਦੇ ਮੁਜੱਸਮੇ। ਅਜੋਕੇ ਮਨੁੱਖੀ ਸਮਾਜ ਵਿਚ ਹਰ ਵਿਅਕਤੀ ਇਹੋ ਜਿਹਾ ਹੀ ਹੈ। ਜੌਹਲ ਸਾਹਿਬ ਨੇ ਅਜਿਹੇ ਵਿਅਕਤੀਆਂ ਵਿਚੋਂ ਕੁਝ ਇਕ ਦੇ ਕਿਰਦਾਰ ਨੂੰ ਛਾਂਟ ਕੇ ਪਾਠਕਾਂ ਦੇ ਸਾਹਵੇਂ ਲਘੂ-ਨਿਬੰਧਾਂ ਦੀ ਸੂਰਤ ਵਿਚ ਪਰੋਸ ਦਿੱਤਾ ਹੈ।
ਆਪਣੇ ਆਸ-ਪਾਸ ਫੈਲੇ ਜਗਤ ਨੂੰ ਸ਼ਬਦਾਂ ਦਾ ਰੂਪ ਦੇਣ ਸਮੇਂ ਵੀ ਉਹ ਫੋਟੋਗ੍ਰਾਫ਼ਰ ਦੀ ਦ੍ਰਿਸ਼ਟੀ ਅਪਣਾਈ ਰੱਖਦਾ ਹੈ। ਇਧਰ-ਉਧਰ ਆਉਂਦਾ ਜਾਂਦਾ ਉਹ ਅਚਾਨਕ ਹੀ ਕਿਸੇ ਚੌਂਕ ਜਾਂ ਮੋੜ ਉੱਪਰ ਰੁਕ ਕੇ ਆਪਣੇ ਕੈਮਰੇ ਨੂੰ ਚਾਲੂ ਕਰ ਦਿੰਦਾ ਹੈ। ਅਚਾਨਕ ਕੋਈ ਅਜਿਹਾ ਵਿਅਕਤੀ ਕੈਮਰੇ ਦੀ ਪਕੜ ਵਿਚ ਆ ਜਾਂਦਾ ਹੈ, ਜੋ ਲੇਖਕ ਨੂੰ ਦਿਲਚਸਪ ਲਗਦਾ ਹੈ। ਇੰਜ ਉਸ ਕਿਰਦਾਰ ਦੀ ਇਕ ਲਘੂ ਮੂਵੀ ਬਣ ਜਾਂਦੀ ਹੈ। ਇਹ ਮੂਵੀ ਹੀ ਲੇਖ ਦਾ ਰੂਪ ਅਖ਼ਤਿਆਰ ਕਰ ਜਾਂਦੀ ਹੈ।
ਵਿਅੰਗਾਤਮਕ ਨਿਬੰਧਾਂ ਦੀ ਇਹ ਪੁਸਤਕ ਪਹਿਲੀ ਵਾਰ ਅੱਜ ਤੋਂ 18 ਵਰ੍ਹੇ ਪਹਿਲਾਂ 2002 ਵਿਚ ਪ੍ਰਕਾਸ਼ਿਤ ਹੋਈ ਸੀ। ਉਸ ਤੋਂ ਬਾਅਦ ਇਸ ਪੁਸਤਕ ਦੇ ਤਿੰਨ ਸੰਸਕਰਣ ਹੋਰ ਪ੍ਰਕਾਸ਼ਿਤ ਹੋ ਚੁੱਕੇ ਹਨ। ਕੋਈ ਵੀ ਸੰਸਕਰਣ 1500 ਤੋਂ ਘੱਟ ਪ੍ਰਕਾਸ਼ਿਤ ਨਹੀਂ ਹੋਇਆ। ਇਸ ਹਿਸਾਬ ਨਾਲ ਪੁਸਤਕ ਦੀਆਂ 7000 ਕਾਪੀਆਂ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕੀਆਂ ਹਨ, ਜੋ ਪੁਸਤਕ ਦੀ ਪ੍ਰਾਸੰਗਿਕਤਾ ਅਤੇ ਲੋਕਪ੍ਰਿਅਤਾ ਦਾ ਸਬੂਤ ਹਨ। ਇਸ ਪੁਸਤਕ ਦੇ ਇਕ ਲੇਖ ਵਿਚ ਸ: ਜੌਹਲ ਬਹੁਤ ਸਾਰੀਆਂ ਦਲੀਲਾਂ ਦੇ ਕੇ ਇਹ ਪ੍ਰਮਾਣਿਤ ਕਰਦਾ ਹੈ ਕਿ ਪੰਜਾਬੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ। ਕਈ ਲੇਖ ਪੰਜਾਬ ਦੇ ਸੱਭਿਆਚਾਰਕ ਵਿਰਸੇ ਬਾਰੇ ਹਨ, ਕੁਝ ਰਾਜਨੇਤਾਵਾਂ ਦੇ ਆਚਾਰ-ਵਿਹਾਰ ਉੱਪਰ ਟਿੱਪਣੀ ਕਰਦੇ ਹਨ। ਪਰ ਬਹੁਤੇ ਲੇਖ ਪੰਜਾਬ ਦੇ ਲੇਖਕਾਂ ਬਾਰੇ ਹਨ ਜਿਨ੍ਹਾਂ ਵਿਚ ਇਨਾਮਯਾਫ਼ਤਾ, ਇਨਾਮ ਦੀ ਝਾਕ ਵਿਚ ਬੈਠੇ ਅਤੇ ਹੋਰ ਕਈ ਵੰਨਗੀਆਂ ਦੇ ਲੇਖਕ ਸ਼ਾਮਿਲ ਹਨ। ਬਹੁਤੀ ਵਾਰ ਸ: ਜੌਹਲ ਆਪਣੇ ਕਿਰਦਾਰਾਂ ਦੇ ਨਾਂਅ ਨਸ਼ਰ ਨਹੀਂ ਕਰਦਾ। ਸਦਭਾਵੀ ਵਿਅਕਤੀ ਹੋਣ ਕਾਰਨ ਉਹ ਕਿਸੇ ਦੀ ਵਾਸਤਵਿਕ ਜਾਂ ਅਖੌਤੀ ਪ੍ਰਤਿਸ਼ਠਾ ਨੂੰ ਧੂਮਿਲ ਨਹੀਂ ਕਰਨਾ ਚਾਹੁੰਦਾ। ਉਸ ਦਾ ਹਰ ਲੇਖ ਖੁੱਲ੍ਹੇ ਅੰਤ ਵਾਲੀ ਰਚਨਾ ਹੈ। ਉਹ ਬਿਰਤਾਂਤ ਨੂੰ ਤੋੜ ਕੇ ਇਸ ਨੂੰ ਛੋਟੀਆਂ-ਛੋਟੀਆਂ ਇਕਾਈਆਂ ਵਿਚ ਵਿਭਾਜਿਤ ਕਰ ਲੈਂਦਾ ਹੈ। ਇਸ ਵਿਧੀ ਨਾਲ ਉਤਸੁਕਤਾ ਅਤੇ ਹੈਰਤ ਬਣੀ ਰਹਿੰਦੀ ਹੈ। ਇਹ ਪੁਸਤਕ ਪੰਜਾਬੀ ਵਾਰਤਕ ਸਾਹਿਤਕ ਵਿਚ ਇਕ ਗੁਣਾਤਮਿਕ ਵਾਧਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136.

c c c

ਲਹੂ ਵਿਚ ਮੌਲਦੇ ਗੀਤ
ਲੇਖਕ : ਸਰਬਜੀਤ ਸੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 118
ਸੰਪਰਕ : 98152-98459.

ਲੇਖਕ ਸਰਬਜੀਤ ਸੋਹੀ ਇਕ ਚੇਤਨ ਬੁੱਧੀ ਵਾਲਾ ਗੰਭੀਰ ਸ਼ਾਇਰ ਹੈ। ਕਾਵਿਕ ਦੇ ਖੇਤਰ 'ਚ ਲੇਖਕ ਦੀ ਚੰਗੀ ਪਹਿਚਾਣ ਹੈ। ਚਰਚਾ ਅਧੀਨ ਇਹ ਉਸ ਦੀ ਤੀਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਸੂਰਜ ਆਵੇਗਾ ਕੱਲ੍ਹ ਵੀ' ਅਤੇ 'ਤਰਕਸ਼ ਵਿਚਲੇ ਹਰਫ਼' ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਾ ਹੈ।
ਉਸ ਦੀਆਂ ਕਵਿਤਾਵਾਂ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਹਨ। ਉਹ ਕਾਵਿਤਾ ਦੇ ਜ਼ਰੀਏ ਮਨੁੱਖੀ ਚੇਤਨਾ ਪੈਦਾ ਕਰਨੀ ਚਾਹੁੰਦਾ ਹੈ। ਉਹ ਸਮਾਜ ਦੇ ਸਮੁੱਚੇ ਪ੍ਰਬੰਧ ਨੂੰ ਇਕ ਨਹੀਂ, ਸਗੋਂ ਕਈ ਦ੍ਰਿਸ਼ਟੀਕੋਣਾਂ ਤੋਂ ਮਾਪਦਾ ਹੈ। ਉਹ ਅਜੋਕੇ ਪਦਾਰਥਵਾਦੀ ਦੌੜ 'ਚ ਮਨੁੱਖ ਦੀਆਂ ਵਿਕਰਾਲ ਹੋਈਆਂ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਉਹ ਮਨੁੱਖ ਦੇ ਮਨ ਅੰਦਰਲੇ ਸੰਘਰਸ਼ ਦਾ ਜ਼ਿਕਰ ਕਰਦਿਆਂ ਮਨੁੱਖੀ ਦੀਆਂ ਭਾਵਨਾਵਾਂ ਦੱਬੇ ਜਾਣ ਨੂੰ ਵੀ ਆਪਣੀ ਕਾਵਿ ਰਚਨਾ ਦਾ ਵਿਸ਼ਾ-ਵਸਤੂ ਬਣਾਉਂਦਾ ਹੈ। ਉਸ ਦੀ ਖਿਆਲ ਉਡਾਰੀ ਕਮਾਲ ਦੀ ਹੈ। ਉਹ ਕਈ ਬਿੰਬਾਂ ਦੀ ਕਲਾਤਮਿਕ ਅਤੇ ਸਹਿਜ ਢੰਗ ਨਾਲ ਵਰਤੋਂ ਕਰਦਾ ਹੈ। ਰੂਪਕ ਪੱਖ ਤੋਂ ਉਸ ਦੀ ਰਚਨਾਵਾਂ ਵਧੀਆ ਨਿਭੀਆਂ ਹਨ। ਰਚਨਾਵਾਂ 'ਚ ਖਿਆਲ ਉਡਾਰੀ, ਹਾਵ-ਭਾਵ, ਰਵਾਨਗੀ ਅਤੇ ਕਈ ਹੋਰ ਸਾਹਿਤਕ ਪੱਖ ਸ਼ਾਮਿਲ ਹਨ। ਉਸ ਦਾ ਦ੍ਰਿਸ਼ਟੀਕੋਨ ਬਹੁ-ਦਿਸ਼ਾਵੀ ਹੋਣ ਕਰਕੇ ਉਹ ਨਵ-ਬਸਤੀਵਾਦ ਅਤੇ ਪੂੰਜੀਵਾਦ ਵਿਵਸਥਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
ਉਹ ਮਾਨਵਤਾ ਦਾ ਹਾਮੀ ਹੈ ਅਤੇ ਮਜ਼੍ਹਬੀ ਝਗੜਿਆਂ 'ਤੇ ਕਰਾਰੀ ਚੋਟ ਕਰਦਾ ਆਖਦਾ ਹੈ ਕਿ ਕੋਈ ਵੀ ਧਾਰਮਿਕ ਗ੍ਰੰਥ ਦੰਗਿਆਂ ਦਾ ਮੁਦੱਈ ਨਹੀਂ ਹੈ। ਉਹ ਮਨੁੱਖ ਦੀ ਹਸਤੀ ਨੂੰ ਇਉਂ ਪੇਸ਼ ਕਰਦਾ ਹੈ :
* ਮੈਂ ਬਾਂਸ ਹਾਂ ਨਿਕਲ ਹੀ ਆਵਾਂਗਾ
ਧਰਤੀ ਦੀ ਹਿੱਕ ਚੀਰ ਕੇ
* ਸੂਰਜਮੁਖੀਏ ਦੇ ਫੁੱਲ ਵੀ
ਸੂਰਜ ਵੱਲ ਪਿੱਠ ਕਰ ਲੈਣਗੇ
ਵਕਤ ਦੀ ਤਲੀ ਉੱਤੇ.......
ਲੇਖਕ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਦਾ ਹੈ ਅਤੇ ਉਸ ਨੂੰ ਹਰ ਥਾਂ ਵਡਿਆਉਂਦਾ ਹੈ। ਇਨਕਲਾਬੀ ਸ਼ਾਇਰ ਦਰਸ਼ਨ ਖਟਕੜ ਨੂੰ ਵੀ ਖ਼ੂਬਸੂਰਤ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕਰਦਾ ਹੈ। ਉਹ ਨੌਜਵਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਇੱਛਾਵਾਂ ਮਨਾਂ 'ਚ ਦਫ਼ਨ ਹੋ ਜਾਣ 'ਤੇ ਚਿੰਤਾ ਪ੍ਰਗਟਾਉਂਦਾ ਹੈ। ਲੇਖਕ ਸੋਹੀ ਨੇ ਸੂਖ਼ਮ ਵਿਸ਼ਿਆਂ 'ਤੇ ਕਲਮ ਅਜਮਾਈ ਕੀਤੀ ਹੈ ਅਤੇ ਕਈ ਗੰਭੀਰ ਵਿਸ਼ਿਆਂ ਵਾਲੀਆਂ ਰਚਨਾਵਾਂ ਮਨੁੱਖੀ ਮਨ ਨੂੰ ਹਲੂਣਾ ਦਿੰਦੀਆਂ ਹਨ।

ਮੋਹਰ ਗਿੱਲ ਸਿਰਸੜੀ
ਮੋ: 98156-59110.

c c c

ਕੌੜੇ-ਮਿੱਠੇ ਸੱਚ
ਲੇਖਕ : ਬਲਦੇਵ ਸਿੰਘ ਕੋਰੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94175-83141.

ਹਰ ਵਿਅਕਤੀ ਦੇ ਜੀਵਨ ਵਿਚ ਸੁਖਾਵੀਆਂ ਅਤੇ ਅਣਸੁਖਾਵੀਆਂ ਘਟਨਾਵਾਂ ਦਾ ਆਵਾਗਮਨ ਚਲਦਾ ਰਹਿੰਦਾ ਹੈ। ਆਪਣੀ ਮਹੱਤਤਾ ਕਾਰਨ ਕਈ ਘਟਨਾਵਾਂ ਵਿਅਕਤੀ ਵਿਸ਼ੇਸ਼ ਦੀ ਯਾਦਦਾਸ਼ਤ ਵਿਚ ਲੰਬੇ ਸਮੇਂ ਤੱਕ ਟਿਕੀਆਂ ਰਹਿੰਦੀਆਂ ਹਨ। ਬਲਦੇਵ ਸਿੰਘ ਕੋਰੇ ਦੀ ਪੁਸਤਕ 'ਕੌੜੇ-ਮਿੱਠੇ ਸੱਚ' ਵੀ ਲੇਖਕ ਦੀਆਂ ਅਜਿਹੀਆਂ ਹੱਡ-ਬੀਤੀਆਂ ਦਾ ਬਿਓਰਾ ਹੈ। ਇਸ ਤੋਂ ਪਹਿਲਾਂ ਲੇਖਕ ਕਹਾਣੀ, ਨਾਟਕ ਅਤੇ ਵਾਰਤਕ ਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਪੁਸਤਕ ਵਿਚ ਲੇਖਕ ਨੇ ਜਿਥੇ ਮਨੁੱਖੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ, ਉਥੇ ਕਈ ਸੁਖਮਈ ਵਰਤਾਰੇ ਵੀ ਕਲਮਬੱਧ ਕੀਤੇ ਹਨ। ਦੇਸ਼ ਦੀ ਅਰਥ-ਵਿਵਸਥਾ, ਰਾਜਨੀਤੀ, ਗੁਆਂਢੀ ਦੇਸ਼ਾਂ ਨਾਲ਼ ਸਬੰਧ, ਸਮਾਜ ਦੀ ਵਿਵਸਥਾ, ਧਰਮ ਅਤੇ ਸਾਹਿਤ ਨੂੰ ਇਸ ਪੁਸਤਕ ਦਾ ਵਿਸ਼ਾ ਅਜਿਹੇ ਯੋਜਨਾਬੱਧ ਢੰਗ ਨਾਲ ਬਣਾਇਆ ਗਿਆ ਹੈ ਕਿ ਪਾਠਕ ਦੀ ਦਿਲਚਸਪੀ ਅੰਤ ਤੱਕ ਬਣੀ ਰਹਿੰਦੀ ਹੈ। 39 ਲਘੂ ਲੇਖਾਂ 'ਤੇ ਆਧਾਰਿਤ ਇਸ ਪੁਸਤਕ ਦੇ ਪਹਿਲੇ ਲੇਖ ਵਿਚ ਉਸ ਨੇ ਆਪਣੇ ਬਾਰੇ, ਆਪਣੀਆਂ ਰੁਚੀਆਂ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਹੈ। ਸਵੈ-ਜੀਵਨੀ ਪਰਕ ਵਿਧਾਵਾਂ ਨੂੰ ਪੜ੍ਹਨ ਤੋਂ ਪਹਿਲਾਂ ਪਾਠਕ ਲਈ ਅਜਿਹੀ ਜਾਣਕਾਰੀ ਜ਼ਰੂਰੀ ਹੁੰਦੀ ਹੈ। ਇਸ ਲਈ ਲੇਖਕ ਦੁਆਰਾ ਆਪਣੇ ਨਿੱਜ ਬਾਰੇ ਸਾਰੀ ਜਾਣਕਾਰੀ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਬਾਅਦ ਲੇਖਕ ਆਪਣੇ ਜੀਵਨ, ਬਚਪਨ, ਪਿੰਡ, ਸਿੱਖਿਆ ਅਤੇ ਸਰਕਾਰੀ ਨੌਕਰੀ ਆਦਿ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਕਲਮਬੱਧ ਕਰਦਾ ਹੋਇਆ ਆਪਣੀ ਜ਼ਿੰਦਗੀ ਦੇ ਕਈ ਪਾਤਰਾਂ ਨਾਲ ਜਾਣ-ਪਛਾਣ ਕਰਾ ਦਿੰਦਾ ਹੈ। ਪਾਠਕ ਲੇਖਕ ਦੇ ਜੀਵਨ-ਤਜਰਬਿਆਂ ਤੋਂ ਸੇਧ ਲੈਂਦਾ ਹੋਇਆ ਉਸ ਦੀ ਪਤਨੀ, ਔਲਾਦ, ਭੈਣ, ਮਾਸੀ, ਬੌਸ, ਸਹਿਕਰਮੀ ਅਤੇ ਦੋਸਤਾਂ-ਮਿੱਤਰਾਂ ਨਾਲ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ ਹੈ। ਨਿੱਜੀ ਜੀਵਨ ਬਾਰੇ ਲਿਖੇ ਇਨ੍ਹਾਂ ਲਘੂ ਲੇਖਾਂ ਦੀ ਪੇਸ਼ਕਾਰੀ ਏਨੀ ਸਰਲ ਅਤੇ ਸਾਦੀ ਹੈ ਕਿ ਪਾਠਕ ਸੁੱਤੇ ਸਿੱਧ ਹੀ ਕਹਾਣੀ ਵਾਂਗ ਪੜ੍ਹਦਾ ਜਾਂਦਾ ਹੈ। ਲੇਖਕ ਦੁਆਰਾ ਸਿੱਧੀ ਅਤੇ ਸਰਲ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਅਤੇ ਬਿਆਨੀ ਸ਼ੈਲੀ ਦੀ ਵਰਤੋਂ ਨਾਲ਼ ਬਿਰਤਾਂਤ ਸਿਰਜਿਆ ਹੈ। ਆਸ ਹੈ ਕਿ ਲੇਖਕ ਦਾ ਅਜਿਹੀ ਪੁਸਤਕ ਲਿਖਣ ਦਾ ਉਪਰਾਲਾ ਸਮਾਜ ਅਤੇ ਸਾਹਿਤ ਲਈ ਮਹੱਤਵਪੂਰਨ ਸਾਬਤ ਹੋਵੇਗਾ।

ਡਾ: ਸੰਦੀਪ ਰਾਣਾ
9872887551

c c c

ਜੁਗਨੀ
ਲੇਖਿਕਾ : ਸ਼ਸ਼ੀਪਾਲ ਸਮੁੰਦਰਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 334
ਸੰਪਰਕ : 94638-36591.

'ਜੁਗਨੀ' ਵਿਚ ਮੁੱਖ ਪਾਤਰ ਜੁਗਨੀ ਤੇ ਰਾਜਕਿਰਨ ਹਨ ਪਰ ਆਹਮਣੇ-ਸਾਹਮਣੇ ਪਾਤਰਾਂ ਦੀ ਵਾਰਤਾਲਾਪ ਘੱਟ ਹੀ ਦਰਸਾਈ ਹੈ ਬਹੁਤੀ ਲੈਪਟਾਪ 'ਤੇ ਹੁੰਦੀ ਚੈਟ ਹੈ ਜਿਸ ਵਿਚ ਬਹੁਤ ਸਾਰੇ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ ਜੋ ਸਮਾਜਿਕ ਸਮੱਸਿਆਵਾਂ ਨਾਲ ਸਬੰਧਿਤ ਹਨ। ਆਰੰਭ ਵਿਚ ਪੰਛੀਆਂ ਦੀਆਂ ਛੋਟੀਆਂ-ਛੋਟੀਆਂ ਕਹਾਣੀਆਂ ਰਾਹੀਂ ਬਹੁਤ ਹੀ ਵਧੀਆ ਸੁਝਾਅ ਦਿੱਤੇ ਗਏ ਹਨ। ਇਹ ਕਹਾਣੀਆਂ ਇਕ ਮਾਂ ਜੁਗਨੀ ਆਪਣੀ ਉਸ ਧੀ ਨੂੰ ਸੁਣਾਉਂਦੀ ਹੈ ਜਿਸ ਦਾ ਗਰਭਪਾਤ ਹੋ ਚੁੱਕਿਆ ਹੁੰਦਾ ਹੈ ਪਰ ਮਾਂ ਦੀ ਮਮਤਾ ਰੋਜ਼ ਸੌਣ ਤੋਂ ਪਹਿਲਾਂ ਕਹਾਣੀ ਸੁਣਾਉਂਦੀ ਹੈ। ਜਾਪਦਾ ਹੈ ਜਿਵੇਂ ਸੱਚਮੁੱਚ ਧੀ ਉਸ ਦੇ ਕੋਲ ਲੇਟੀ ਹੋਈ ਕਹਾਣੀ ਸੁਣ ਰਹੀ ਹੋਵੇ। ਫਿਰ ਕਹਾਣੀ ਆਰੰਭ ਹੁੰਦੀ ਹੈ ਫੇਸਬੁੱਕ 'ਤੇ ਬਣੇ ਦੋਸਤਾਂ ਦੀ ਜੁਗਨੀ, ਜੋ ਵਿਧਵਾ ਹੁੰਦੀ ਹੈ ਅਤੇ ਰਾਜਕਿਰਨ ਜੋ ਸ਼ਾਦੀਸ਼ੁਦਾ ਹੈ ਪਰ ਆਪਣੇ ਜੀਵਨ ਤੋਂ ਸੰਤੁਸ਼ਟ ਹੁੰਦੀ ਹੈ। ਜੁਗਨੀ ਦੀ ਸਹੇਲੀ ਪੋਸਟ ਪਾਉਂਦੀ ਹੈ ਇੰਡੀਅਨ ਆਦਮੀਆਂ ਦੇ ਘਰੇਲੂ ਕੰਮਾਂ ਨੂੰ ਲੈ ਕੇ ਵਿਗੜੇ ਸੁਭਾਅ ਤੇ ਪਾਖੰਡਬਾਜ਼ੀ ਦੀ ਜਦੋਂ ਕਿ ਪੱਛਮ ਵਿਚ ਬਰਾਬਰੀ ਦਾ ਕੰਮ ਹੁੰਦਾ ਹੈ, ਜਦੋਂ ਕਿ ਲੋੜ ਹੁੰਦੀ ਹੈ ਇਕ-ਦੂਸਰੇ ਨੂੰ ਸਮਝਣ ਤੇ ਸਦਭਾਵਨਾ ਦੀ।
ਜੁਗਨੀ ਤੇ ਰਾਜਕਿਰਨ ਵਿਚ ਅਗਲੇ ਵਿਸ਼ੇ 'ਤੇ ਗੱਲਬਾਤ ਹੁੰਦੀ ਹੈ ਸਾਹਿਤ ਤੇ ਪੁਸਤਕਾਂ ਬਾਰੇ, ਲਾਇਬ੍ਰੇਰੀਆਂ ਸਥਾਪਤ ਕਰਨ ਬਾਰੇ, ਘਰ-ਘਰ ਜਾ ਕੇ ਪੜ੍ਹਨ ਲਈ ਪੁਸਤਕਾਂ ਵੰਡੀਆਂ ਜਾਣ ਤੇ ਰੁਚੀ ਪੈਦਾ ਕੀਤੀ ਜਾਵੇ, ਕਿਉਂਕਿ ਪੁਸਤਕਾਂ ਇਨਸਾਨ ਦਾ ਜੀਵਨ ਬਦਲ ਦਿੰਦੀਆਂ ਹਨ ਤੇ ਸਮਾਜ ਭਲਾਈ ਦੇ ਰਾਹ ਤੋਰਦੀਆਂ ਹਨ। ਪੰਜਾਬੀ ਦੇ ਮੁਢਲੇ ਸਾਹਿਤਕਾਰਾਂ ਤੇ ਉਨ੍ਹਾਂ ਦੀਆਂ ਕਵਿਤਾਵਾਂ ਦਾ ਵੀ ਵਰਨਣ ਹੈ। ਨਸ਼ੇ ਨੂੰ ਵੀ ਨਾਵਲ ਵਿਚਲੀ ਗੱਲਬਾਤ ਦਾ ਵਿਸ਼ਾ ਬਣਾਇਆ ਹੈ ਜਿਸ ਦਾ ਮੁੱਖ ਕਾਰਨ ਹੈਨਿਰਾਸ਼ਾ, ਉਪਰਾਮਤਾ, ਬੇਰੁਜ਼ਗਾਰੀ, ਅੰਤਰਜਾਤੀ ਵਿਆਹ, ਘਰ ਦਾ ਮਾਹੌਲ ਸੁਖਾਵਾਂ ਨਾ ਹੋਣਾ, ਪਰ ਪੜ੍ਹਾਈ ਹੀ ਸੁਧਾਰ ਲਿਆ ਸਕਦੀ ਹੈ। ਮਦਰ ਡੇਅ 'ਤੇ ਮਾਂ ਦੀ ਕੁਰਬਾਨੀ ਬਾਰੇ ਲੰਮੀ ਬਹਿਸ ਹੁੰਦੀ ਹੈ। ਵਿਦੇਸ਼ਾਂ ਵਿਚ ਜਾ ਨੌਕਰੀ ਕਰਨੀ ਇਕ ਮਜਬੂਰੀ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੇਪ ਕੇਸ, ਵਾਤਾਵਰਨ, ਗੰਧਲਾ ਪਾਣੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ ਵਿਸ਼ਿਆਂ ਬਾਰੇ ਵੀ ਲੇਖਿਕਾ ਨੇ ਚਾਨਣਾ ਪਾਇਆ ਹੈ। ਔਰਤ ਦਿਵਸ, ਔਰਤ ਦੇ ਹੱਕਾਂ ਬਾਰੇ, ਚੰਗੀਆਂ ਕਦਰਾਂ-ਕੀਮਤਾਂ ਸਿਖਾਉਣ, ਗਰਭਪਾਤ 'ਤੇ ਰੋਕ, ਪਿਤਾ ਦਿਵਸ, ਵਿਦੇਸ਼ਾਂ ਦੀਆਂ ਸਮੱਸਿਆਵਾਂ, ਇਕਪਾਸੜ ਪਿਆਰ, ਪੁਰਸ਼ ਦੀ ਦੋਗਲੀ ਨੀਤੀ ਤੇ ਔਰਤ ਦੀ ਮਾਨਸਿਕ ਕਸ਼ਮਕਸ਼ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਭਾਸ਼ਾ ਸਰਲ ਤੇ ਮਨੋਰੰਜਕ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਇਕ ਸੁੱਖ
ਲੇਖਿਕਾ : ਨਰਿੰਦਰ ਕੌਰ ਭੱਚੂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ ਜਲੰਧਰ
ਮੁੱਲ: 200 ਰੁਪਏ, ਸਫ਼ੇ : 176
ਸੰਪਰਕ : 86997-27825.

ਨਰਿੰਦਰ ਕੌਰ ਭੱਚੂ ਦਾ ਇਹ ਦੂਸਰਾ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਵਿਚ ਇਕ ਦਰਜਨ ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਵਿਚ ਔਰਤਾਂ ਦਾ ਆਪਸੀ ਸੰਵਾਦ ਹੈ। ਗੱਲ 'ਚੋਂ ਗੱਲ ਤੋਰਨ ਦੀਆਂ ਉਹ ਮਾਹਰ ਹਨ। ਜਿਸ ਕਰਕੇ ਗੱਲਾਂ ਦੀ ਤੰਦ ਲੰਮੀ ਹੋਣ ਦੇ ਬਾਵਜੂਦ ਦਿਲਚਸਪੀ ਬਣੀ ਰਹਿੰਦੀ ਹੈ। ਪਰਿਵਾਰਕ ਰਿਸ਼ਤੇ ਹੰਢਾਉਣ ਵਿਚ ਇਹ ਇਸਤਰੀ ਪਾਤਰਾਂ ਕੋਲ ਜ਼ਿੰਦਗੀ ਦਾ ਗਹਿਰਾ ਤਜਰਬਾ ਹੈ ਜੋ ਪੁਸਤਕ ਦੀਆਂ ਕਥਾਂਵਾਂ ਵਿਚ ਗੰਭੀਰ ਪਰਿਵਾਰਕ ਵਿਸ਼ਿਆਂ ਦੇ ਰੂਪ ਵਿਚ ਉੱਭਰਦਾ ਹੈ। ਔਰਤਾਂ ਦੇ ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਲੇਖਿਕਾ ਤਲਵਿੰਦਰ ਸਿੰਘ ਤੇ ਅਜੀਤ ਕੌਰ ਦੀ ਕਥਾ ਦ੍ਰਿਸ਼ਟੀ ਨੂੰ ਅੱਗੇ ਤੋਰਦੀ ਹੈ ਰਿਸ਼ਤਿਆਂ ਵਿਚ ਨੂੰਹ ਸੱਸ, ਨਨਾਣ ਭਰਜਾਈ, ਦਿਉਰ ਭਰਜਾਈ, ਦਰਾਣੀ ਜਠਾਣੀ, ਗੁਆਂਢਣਾਂ, ਰਿਸ਼ਤੇਦਾਰ ਔਰਤਾਂ ਦੇ ਦਿਲਚਸਪ ਪ੍ਰਸੰਗ ਕਹਾਣੀ ਵਿਚ ਗੂੜ੍ਹਾ ਕਥਾ ਰਸ ਭਰਦੇ ਹਨ। ਅਖੌਤੀ ਸਾਧ, ਪਰਿਵਾਰਕ ਖੁਸ਼ੀਆਂ ਗਮੀਆਂ, ਅੰਧਵਿਸ਼ਵਾਸੀ ਔਰਤਾਂ, ਜੇਲ੍ਹਾਂ ਵਿਚ ਬੈਠੇ ਪਖੰਡੀ ਬਾਬੇ, ਡਿਪਰੈਸ਼ਨ ਦਾ ਸ਼ਿਕਾਰ ਪਤੀ, ਵਿਦੇਸ਼ਾਂ ਵਿਚ ਗਏ ਪੰਜਾਬੀ ਪਤੀਆਂ ਦੀਆਂ ਪਿੱਛੇ ਬੈਠੀਆਂ ਪਤਨੀਆਂ, ਬਜ਼ੁਰਗ ਮਾਪਿਆਂ ਦਾ ਸੰਤਾਪ ਕਹਾਣੀਆਂ ਦੇ ਕੈਨਵਸ ਹਨ। ਔਰਤਾਂ ਦੀਆਂ ਇਹ ਮਜਲਸਾਂ ਧਾਰਮਿਕ ਸਥਾਂਨ ,ਚੁਰਸਤੇ ,ਗਲੀ ਗੁਆਂਢ ਹਨ ਜਿਸ ਸਥਾਨ 'ਤੇ ਵੀ ਨਾਰੀ ਸੰਸਾਰ ਜੁੜ ਜਾਵੇ ਕਹਾਣੀ ਬਣ ਜਾਂਦੀ ਹੈ ਇਕ ਔਰਤ ਆਪਣੀਆਂ ਚਾਰ ਨੂੰਹਾਂ ਦੀ ਕਥਾ ਛੇੜਦੀ ਹੈ (ਕਹਾਣੀ ਵਣ ਵਣ ਦੀ ਲੱਕੜੀ) ਸਿਰਲੇਖ ਵਾਲੀ ਕਹਾਣੀ ਦੇ ਬੋਲ ਹਨ ਮੈਨੂੰ ਕੁਝ ਨਹੀਂ ਚਾਹੀਦਾਮੇਰਾ ਹਰ ਸੁੱਖ ਲੈ ਲਵੋ। ਮੈਨੂੰ ਇਕ ਸੁੱਖ ਦੇ ਦਿਓ ---ਮੈਂ ਮਾਂ ਬਣਨਾ ਚਾਹੁੰਦੀ ਹਾਂ। (ਪੰਨਾ 99 ਕਹਾਣੀ ਇਕ ਸੁੱਖ) ਕਹਾਣੀ ਵਿਚ ਮਮਤਾ ਦੀ ਪਿਆਰੀ ਖੁਸ਼ਬੋ ਹੈ। ਕਹਾਣੀ ਲਾਲ ਬੱਤੀ ਤੇ ਹੰਝੂ ਵਿਚ ਪਰਵਾਸ ਦੇ ਦੁਖੜੇ ਹਨ। ਬਜ਼ੁਰਗ ਮਾਪਿਆਂ ਦੀ ਇਕਲਤਾ ਦਾ ਮਨੋਵਿਗਿਆਨ ਹੈ। ਔਰਤ ਮਨੋਵਿਗਿਆਨ ਤੇ ਰਿਸ਼ਤਿਆਂ ਦੀ ਖੂਬਸੂਰਤੀ ਸਮਝਣ ਲਈ ਪੁਸਤਕ ਪੜ੍ਹਨ ਵਾਲੀ ਹੈ

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

c c c

29-03-2020

 ਰੁੱਖਾਂ ਦੀ ਧੜਕਣ
ਲੇਖਕ : ਬੂਟਾ ਰਾਮ ਸ਼ੌਰਿਆ ਚੱਕਰ
ਪ੍ਰਕਾਸ਼ਕ : ਲੇਖਕ ਆਪ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 98887-87220.


ਪੈਸਾਵਾਦੀ ਕਦਰਾਂ-ਕੀਮਤਾਂ ਵਾਲੇ ਇਸ ਯੁੱਗ ਵਿਚ ਜਿਥੇ ਮਨੁੱਖ ਨੇ ਪਦਾਰਥਵਾਦੀ ਬਹੁਲਤਾ ਪ੍ਰਾਪਤ ਕੀਤੀ ਹੈ, ਉਥੇ ਉਸ ਦੀ ਜ਼ਿੰਦਗੀ ਵਿਚੋਂ ਸਕੂਨ ਅਤੇ ਸਹਿਜ ਮਨਫ਼ੀ ਹੋ ਕੇ ਰਹਿ ਗਿਆ ਹੈ ਤੇ ਇਕ ਭੱਜਦੌੜ ਨਿਰੰਤਰ ਉਸ ਦੀ ਜ਼ਿੰਦਗੀ ਵਿਚ ਖਲਲ ਪਾ ਰਹੀ ਹੈ। ਕੁਦਰਤੀ ਵਾਤਾਵਰਨ ਦੀ ਅਮੀਰੀ ਨੂੰ ਨਾ ਮਾਣ ਕੇ ਮਨੁੱਖ ਅਜੀਬ ਤਲਖ਼ੀ ਭਰੇ ਅਹਿਸਾਸ ਨਾਲ ਜੀਅ ਰਿਹਾ ਹੈ। ਪਰ ਕੁਦਰਤ ਦੇ ਨਜ਼ਾਰਿਆਂ ਨੂੰ ਅਤੇ ਕੁਦਰਤੀ ਵਰਤਾਰਿਆਂ ਨੂੰ ਮਾਣਨ ਦੀ ਪ੍ਰੇਰਨਾ ਕਰਨ ਵਾਲੀ ਬੂਟਾ ਰਾਮ 'ਸ਼ੌਰਿਆ ਚੱਕਰ' ਦੀ ਪੁਸਕਤ 'ਰੁੱਖਾਂ ਦੀ ਧੜਕਣ' ਇਕ ਅਹਿਮ ਪੁਸਤਕ ਵਜੋਂ ਸਾਹਮਣੇ ਆਉਂਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਜਿਥੇ ਡਲਹੌਜ਼ੀ, ਮੈਕਲੋਡਗੰਜ ਅਤੇ ਉਤਰਾਖੰਡ ਦੇ ਕੁਦਰਤੀ ਵਾਤਾਵਰਨ ਦੀ ਗੱਲ ਕੀਤੀ ਹੈ, ਉਥੇ ਇਸ ਕੁਦਰਤ ਦੇ ਵਰੋਸਾਏ ਹੋਏ ਜੀਵਾਂ ਦੀ ਜ਼ਿੰਦਗੀ ਦੇ ਕੁਦਰਤੀ ਅਤੇ ਅਲੌਕਿਕ ਵਰਤਾਰੇ ਨੂੰ ਵੀ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਲੇਖਕ ਇਨ੍ਹਾਂ ਕੁਦਰਤੀ ਜੀਵਾਂ ਦੀ ਸੁਰੱਖਿਆ ਬਾਰੇ ਵੀ ਫ਼ਿਕਰਮੰਦ ਹੈ ਅਤੇ ਇਨ੍ਹਾਂ ਦੁਆਰਾ ਵਾਤਾਵਰਨ ਦੀ ਖੁਸ਼ਹਾਲੀ ਵਿਚ ਪਾਏ ਯੋਗਦਾਨ ਨੂੰ ਵੀ ਉਹ ਖੂਬ ਮਾਣਦਾ ਹੈ ਭਾਵੇਂ ਕਿ ਇਸ ਲਈ ਉਨ੍ਹਾਂ ਨੂੰ ਕਈ ਵਾਰ ਖ਼ਤਰੇ ਦਾ ਸਾਹਮਣਾ ਵੀ ਕਰਨਾ ਪਿਆ। ਉਸ ਨੂੰ ਕਬੂਤਰਾਂ ਦਾ ਜੋੜਾ, ਉੱਡਦੀ ਤਿਤਲੀ ਤੋਂ ਇਲਾਵਾ ਬੱਕਰੀਆਂ ਵਾਲਾ ਬਜ਼ੁਰਗ, ਗੁਆਚੀ ਕੁੱਤੀ, ਸਰੋਵਰ ਆਦਿ ਪ੍ਰਾਕਿਰਤਕ ਨਜ਼ਾਰੇ ਭਾਵੁਕ ਕਰ ਦਿੰਦੇ ਹਨ। ਪ੍ਰਕਿਰਤੀ ਨਾਲ ਲੇਖਕ ਨੂੰ ਇਸ ਕਰਕੇ ਵੀ ਚੰਗੇ ਲਗਦੇ ਹਨ ਕਿਉਂਕਿ ਇਨ੍ਹਾਂ ਵਿਚੋਂ ਨਿਰਛਲਤਾ ਝਲਕਦੀ ਹੈ ਤੇ ਲੇਖਕ ਇਨ੍ਹਾਂ ਦੇ ਲੰਮੇ ਚੌੜੇ ਵੇਰਵੇ ਇਸ ਵਾਰਤਕ ਪੁਸਤਕ ਵਿਚ ਦੇ ਜਾਂਦਾ ਹੈ। ਲੇਖਕ ਦੇ ਦਿਲ ਵਿਚ ਭਾਵੁਕ ਦਰਦ ਹੈ ਇਸ ਲਈ ਉਹ ਕੈਂਸਰ ਦੇ ਮਰੀਜ਼ ਨੂੰ ਵੀ 'ਤੇ ਫੁੱਲ ਮੁਰਝਾ ਗਿਆ' ਕਹਿ ਕੇ ਸੰਬੋਧਿਤ ਹੁੰਦਾ ਹੈ। ਕਬੂਤਰਾਂ ਦੇ ਜੋੜੇ ਦੇ ਜ਼ਖ਼ਮੀ ਹੋਣ 'ਤੇ ਵੀ ਉਹ ਹੇਰਵਾ ਕਰਦਾ ਹੈ। ਆਪਣੇ ਬੱਚੇ ਦੀ ਸੱਪ ਨਾਲ ਖੇਡਣ 'ਤੇ ਉਹ ਫ਼ਿਕਰਮੰਦ ਵੀ ਹੁੰਦਾ ਹੈ ਪਰ ਕੁਦਰਤੀ ਜੀਵ ਦੇ ਮਨੁੱਖ ਪ੍ਰਤੀ ਵਰਤਾਓ ਤੋਂ ਪ੍ਰਭਾਵਿਤ ਹੈ। ਲੇਖਕ ਚਾਹੁੰਦਾ ਹੈ ਕਿ ਕੁਦਰਤ ਵਿਚ ਬਹੁਤ ਜ਼ਿਆਦਾ ਸੁਹੱਪਣ ਅਤੇ ਖੂਬਸੂਰਤੀ ਮੌਜੂਦ ਹੈ ਜਿਸ ਨੂੰ ਅਸੀਂ ਮਾਣ ਸਕਦੇ ਹਾਂ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ।


-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਅਸਾਂ ਹਿੰਮਤ ਯਾਰ ਬਣਾਈ
ਲੇਖਕ : ਲਖਬੀਰ ਸਿੰਘ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 0175-5017642.


ਲੰਮੇ ਸਮੇਂ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਯੁੱਧ ਲੜ ਰਹੇ ਲਖਬੀਰ ਸਿੰਘ ਦੀ ਇਹ ਪੁਸਤਕ ਇਕ ਅਜਿਹੀ ਪ੍ਰੇਰਨਾਦਾਇਕ ਵਾਰਤਕ ਹੈ ਜੋ ਪਾਠਕ ਨੂੰ ਇਕ ਬੇਮਿਸਾਲ ਹੌਸਲੇ ਦੀ ਕਹਾਣੀ ਵੀ ਸੁਣਾਉਂਦੀ ਹੈ ਅਤੇ ਮੁਸੀਬਤਾਂ ਦਾ ਮੁਕਾਬਲਾ ਕਰਨ ਦੀ ਜਾਚ ਵੀ ਸਿਖਾਉਂਦੀ ਹੈ। ਆਪਣੀ ਹਮਸਫ਼ਰ ਹਰਵਿੰਦਰ ਨੂੰ ਸਮਰਪਿਤ ਕੀਤੀ ਇਸ ਪੁਸਤਕ ਵਿਚ ਪ੍ਰੋ: ਲਖਬੀਰ ਸਿੰਘ ਨੇ ਆਪਣੀ ਦੁੱਖਦਾਈ ਹੱਡਬੀਤੀ ਦੇ ਵੰਗਾਰਾਂ ਭਰੇ ਵੇਰਵਿਆਂ ਨੂੰ ਅੰਕਿਤ ਕਰ ਕੇ ਨਾ ਸਿਰਫ ਵਾਰਤਕ ਕਲਾ ਦੇ ਨਵੇਂ ਆਯਾਮ ਸਿਰਜੇ ਹਨ, ਸਗੋਂ ਅਚਾਨਕ ਆਈਆਂ ਆਫ਼ਤਾਂ ਨਾਲ ਲੜਨ ਦੀ ਅਦਭੁੱਤ ਮਨੁੱਖੀ ਮਿਸਾਲ ਨੂੰ ਵੀ ਸਾਖਸ਼ਾਤ ਕੀਤਾ ਹੈ। 26 ਲੇਖਾਂ ਦਾ ਇਹ ਸੰਗ੍ਰਹਿ ਇਕ ਅਜਿਹਾ ਲੜੀਵਾਰ ਬਿਰਤਾਂਤ ਹੈ, ਜਿਸ ਨੂੰ ਸਵੈਜੀਵਨੀ ਦੀ ਕੋਟੀ ਵਿਚ ਰੱਖ ਕੇ ਵਿਚਾਰਿਆ ਜਾਵੇ ਤਾਂ ਇਹ ਇਸ ਰਵਾਇਤੀ ਸਾਹਿਤ ਰੂਪ ਤੋਂ ਵੱਖਰੀ ਵੀ ਹੈ ਅਤੇ ਇਸ ਵਰਗੀ ਵੀ ਹੈ। ਇਹ ਇਕ ਸਿਰਜਣਾਤਮਿਕ ਜੀਵਨ ਕਹਾਣੀ ਵੀ ਹੈ ਤੇ ਇਕ ਸੱਚੀ ਸੰਘਰਸ਼ ਗਾਥਾ ਵੀ। ਇਹ ਸੰਘਰਸ਼ ਨਾ ਸਿਰਫ ਇਕ ਸਰੀਰ ਵਲੋਂ ਇਕ ਬਿਮਾਰੀ ਨਾਲ ਲੜਿਆ ਜਾ ਰਿਹਾ ਹੈ, ਸਗੋਂ ਇਕ ਦਿਮਾਗ਼ ਵਲੋਂ ਇਕ ਮਨ ਨਾਲ ਵੀ ਲੜਿਆ ਜਾ ਰਿਹਾ ਹੈ। ਸਾਹਮਣੇ ਖੜ੍ਹੀ ਮੌਤ ਦਾ ਸਵਾਗਤ ਕੋਈ ਸੰਘਰਸ਼ਸ਼ੀਲ ਵਿਅਕਤੀ ਕਿਵੇਂ ਕਰ ਸਕਦਾ ਹੈ? ਇੱਛਾ ਸ਼ਕਤੀ ਦਾ ਦਵਾਈਆਂ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਘਰ, ਪਰਿਵਾਰ, ਦੋਸਤ, ਸਮਾਜ ਅਤੇ ਵਿਅਕਤੀ ਉਨ੍ਹਾਂ ਕਿਹੜੀਆਂ ਬਰੀਕ ਤੰਦਾਂ ਵਿਚ ਬੱਝੇ ਹੁੰਦੇ ਹਨ, ਜੋ ਜ਼ਿੰਦਗੀ ਦੀ ਜਕੜ ਅਤੇ ਪਿਆਰ ਦੀ ਪਕੜ ਨੂੰ ਸਦੀਵੀ ਬਣਾ ਦਿੰਦੀਆਂ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸ ਪੁਸਤਕ ਦੇ ਪੰਨਿਆਂ ਵਿਚ ਵਿਦਮਾਨ ਹਨ। ਲਖਬੀਰ ਸਿੰਘ ਦੀ ਸਮੁੱਚੀ ਜ਼ਿੰਦਗੀ ਸਮਾਜ ਸੇਵੀ ਕਾਰਜਾਂ ਨਾਲ ਭਰਪੂਰ ਹੈ। 'ਪਹਿਲ' ਵਰਗੀ ਬਹੁ-ਪਸਾਰੀ ਸਮਾਜ ਸੇਵੀ ਸੰਸਥਾ ਦੇ ਸੰਚਾਲਨ ਰਾਹੀਂ ਸਿਹਤ ਅਤੇ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਦੂਸਰਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਨਾਲ ਭਰਪੂਰ ਕਰਨਾ ਲਖਬੀਰ ਸਿੰਘ ਅਤੇ ਉਸ ਦੀ ਸੰਸਥਾ ਦਾ ਟੀਚਾ ਹੈ। ਉਹ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਸਮਾਜ ਸੇਵੀ ਆਦਰਸ਼ ਵਾਂਗ ਹਨ। ਜਦੋਂ ਅਜਿਹੇ ਵਿਅਕਤੀ ਦਾ ਕਿਸੇ ਮੁਸੀਬਤ ਨਾਲ ਸਾਹਮਣਾ ਹੋ ਜਾਵੇ ਤਾਂ ਨਿਸਚੇ ਹੀ ਉਸ ਮੁਸੀਬਤ ਨਾਲ ਲੜਨ ਦਾ ਅੰਦਾਜ਼ ਵੀ ਵਿਲੱਖਣ ਹੀ ਹੋਣਾ ਸੀ। ਪ੍ਰੋ: ਲਖਬੀਰ ਸਿੰਘ ਨੇ ਇਸ ਇਮਤਿਹਾਨ ਵਿਚ ਵੀ ਅਡੋਲ ਰਹਿ ਕੇ ਜ਼ਿੰਦਗੀ ਨੂੰ ਜਿੱਤਣ ਦਾ ਜਲਵਾ ਕਰ ਵਿਖਾਇਆ ਅਤੇ ਆਪਣੇ ਇਸ ਜਲਵੇ ਨੂੰ ਸਾਹਿਤ ਕਿਰਤ ਵਿਚ ਢਾਲ ਕੇ ਇਕ ਪ੍ਰੇਰਨਾ-ਪੁਸਤਕ ਵੀ ਬਣਾ ਦਿੱਤਾ ਹੈ। ਮਲਟੀਪਲ ਮਾਈਲੋਮਾ (ਬੋਨਮੈਰੋ ਕੈਂਸਰ) ਨਾਲ ਲੜਨ ਦੀ ਇਹ ਗਾਥਾ ਅਸਲ ਵਿਚ ਇਕ ਵਿਅਕਤੀ ਮਨ ਦੀ ਜਿਊਣ ਇੱਛਾ ਦਾ ਸ਼ਬਦ ਸਿਰਜਣ ਹੈ। ਇਹ ਸਿਰਜਣ ਮਨੁੱਖੀ ਮਨ ਦੀਆਂ ਗਹਿਰੀਆਂ ਪਰਤਾਂ ਵਿਚ ਪਏ ਉਨ੍ਹਾਂ ਰਹੱਸਾਂ ਨੂੰ ਸਾਕਾਰ ਕਰਦਾ ਹੈ ਜੋ ਉਸ ਨੂੰ ਮੁਸੀਬਤਾਂ ਨਾਲ ਲੜਨ ਦੀ ਸਹਿਜ ਸ਼ਕਤੀ ਪ੍ਰਦਾਨ ਕਰਦੇ ਹਨ। ਇਹ ਰਹੱਸ ਹੀ ਰੂਹਾਨੀਅਤ ਦੀ ਉਹ ਰੂਹ ਹੁੰਦੇ ਹਨ, ਜੋ ਸਾਧਾਰਨ ਵਿਅਕਤੀ ਦੀ ਪਕੜ ਤੋਂ ਬਾਹਰ ਹੁੰਦੇ ਹਨ। ਨਵੰਬਰ 2006 ਤੋਂ ਲੜਿਆ ਜਾ ਰਿਹਾ ਇਹ ਸੰਘਰਸ਼ ਕਿਵੇਂ-ਕਿਵੇਂ ਕਿਹੜੇ-ਕਿਹੜੇ ਪੜਾਵਾਂ ਵਿਚ ਗੁਜ਼ਰਿਆ, ਇਸ ਨੂੰ ਪੜ੍ਹਦਿਆਂ ਉਸ ਅਣਕਿਆਸੇ ਕ੍ਰਿਸ਼ਮੇ ਦੇ ਦਰਸ਼ਨ ਹੁੰਦੇ ਹਨ ਜੋ ਸੋਚ ਦੀ ਸੀਮਾ ਤੋਂ ਪਾਰ ਹਨ। ਇਸ ਪੁਸਤਕ ਨੂੰ ਪੜ੍ਹਨਾ ਇਸ ਕਰਕੇ ਜ਼ਰੂਰੀ ਹੈ ਕਿ ਇਹ ਪਾਠਕਾਂ ਦੇ ਮਨਾਂ ਅੰਦਰ ਜਿਊਣ ਦੀ ਇੱਛਾ ਅਤੇ ਮੁਸੀਬਤਾਂ ਨਾਲ ਲੜਨ ਦੀ ਸ਼ਕਤੀ ਦਾ ਸੰਚਾਰ ਕਰੇਗੀ। ਲਖਬੀਰ ਸਿੰਘ ਲਿਖਦੇ ਹਨ-'ਮੇਰੇ ਸੰਘਰਸ਼ ਨੂੰ ਦੇਖੋ। ਹਾਰ ਮੰਨਣਾ ਇਨਸਾਨੀਅਤ ਲਈ ਮਿਹਣਾ ਹੈ ਅਤੇ ਮੈਦਾਨ ਵਿਚ ਨਿਰੰਤਰ ਜੂਝਦੇ ਜਾਣਾ ਸੂਰਮਗਤੀ। ਮੈਨੂੰ ਤਾਂ ਸੂਰਮਗਤੀ ਹੀ ਰੁਮਾਂਚਿਤ ਕਰਦੀ ਹੈ।'


-ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.


ਜੈਵ ਸਾਮਰਾਜਵਾਦ
ਲੇਖਕ : ਮੂਲ : ਪ੍ਰੋ: ਨਰਸਿੰਘ ਦਿਆਲ/ਅਨੁਵਾਦ : ਬਲਤੇਜ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 98729-89313.


ਪ੍ਰੋ: ਨਰ ਸਿੰਘ ਮੁਲਕ ਦੇ ਨਾਮਵਰ ਜੈਵ ਵਿਗਿਆਨੀਆਂ ਵਿਚੋਂ ਇਕ ਹਨ। ਉਨ੍ਹਾਂ ਦੀਆਂ ਜੈਵ ਸਾਮਰਾਜਵਾਦ ਦੀ ਦਸਤਕ, ਅਥ ਸ੍ਰੀ ਜੀਨ ਕਥਾ, ਵੀਹਵੀਂ ਸਦੀ ਦੇ ਮਹਾਨ ਜੀਵ ਵਿਗਿਆਨਕ ਆਦਿ ਪੁਸਤਕਾਂ ਬਹੁਤ ਚਰਚਿਤ ਹੋਈਆਂ ਹਨ। ਲੇਖਕ ਨੇ ਸੰਸਾਰ ਪੱਧਰ 'ਤੇ ਤਾਕਤਵਰ ਅਤੇ ਪ੍ਰਭਾਵਸ਼ਾਲੀ ਮੁਲਕਾਂ ਵਲੋਂ ਜੈਵਿਕ ਸਾਧਨਾਂ ਦੇ ਦੁਰਉਪਯੋਗ ਨਾਲ 'ਜੀਨ' ਨੂੰ ਤੀਜੀ ਦੁਨੀਆ ਦੀ ਲੁੱਟ ਦਾ ਸਾਧਨ ਬਣਾਉਣ ਦੇ ਖ਼ਤਰੇ ਨੂੰ ਉਲੀਕਿਆ ਹੈ। ਇਕ ਲੋਕ ਕਲਿਆਣਕਾਰੀ ਤੇ ਲੋਕ ਹਿਤੂ ਦਾ ਨਕਾਬ ਉੜ ਕੇ ਨਵ ਜਨਮੇ ਜੀਨ ਜਾਂ ਜੈਵ ਸਾਮਰਾਜਵਾਦ ਦਾ ਰੂਪ ਧਾਰ ਕੇ ਦੁਨੀਆ ਲਈ ਖ਼ਤਰਾ ਬਣਦੇ ਜਾ ਰਹੇ ਹਨ। ਬਾਇਓਟੈਕਨੋਲੋਜੀ ਅਤੇ ਜੈਨੇਟਿਕ ਇੰਜੀਨੀਅਰਿੰਗ ਦੇ ਨਾਂਅ ਹੇਠ ਜੈਨੇਟਿਕ ਮਾਡੀਫਾਈਡ ਬੀਜਾਂ, ਸਬਜ਼ੀਆਂ, ਫਲਾਂ ਆਦਿ ਦਾ ਵਿਕਾਸ ਕਰਕੇ, ਪ੍ਰਮਾਣੂ ਸ਼ਸਤਰਾਂ ਵਰਗਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਲੇਖਕ ਨੇ ਇਸ ਜੈਵ ਸਾਮਰਾਜ ਤੋਂ ਉਪਜੇ ਖ਼ਤਰਿਆਂ, ਇਸ ਦੇ ਬੇਰਹਿਮ ਪਸਾਰਾਂ ਅਤੇ ਭਵਿੱਖ ਵਿਚ ਹੋਣ ਵਾਲੀ ਤਬਾਹੀ ਤੋਂ ਜਾਣੂ ਕਰਾਉਣ ਲਈ ਇਸ ਪੁਸਤਕ ਵਿਚਲੇ 12 ਲੇਖਾਂ ਰਾਹੀਂ ਵਿਸਥਾਰ ਸਹਿਤ ਚਾਨਣਾ ਪਾਇਆ ਹੈ। ਸੰਸਾਰੀਕਰਨ, ਜੈਵ ਸਾਮਰਾਜਵਾਦ ਨਵ ਸਾਮਰਾਜਵਾਦ ਦਾ ਸਭ ਤੋਂ ਭਿਆਨਕ ਚਿਹਰਾ, ਬੌਧਿਕ ਸੰਪਤੀ ਹੱਕ, ਬਾਇਓਟੈਕਨੋਲੋਜੀ : ਉਤਪਤੀ ਅਤੇ ਵਿਕਾਸ, ਸਾਡਾ ਖੇਤੀ ਪ੍ਰਬੰਧ ਸ਼ੁਰੂ ਤੋਂ ਲੈ ਕੇ ਹੁਣ ਤੱਕ, ਬਹੁਕੌਮੀ ਕੰਪਨੀਆਂ ਦਾ ਵਿਕਾਸ, ਬਾਇਓਟੈਕ ਕੰਪਨੀਆਂ ਦੀ ਕਾਰਜ ਪ੍ਰਣਾਲੀ ਸੰਸਾਰ ਮੰਚਾਂ ਅਤੇ ਢਾਂਚਿਆਂ ਦੇ ਕਾਰਪੋਰੇਟੀ ਪ੍ਰਭਾਵ ਬਾਇਓਟੈਕਨਾਲੋਜੀ ਅਤੇ ਅਸੀਂ, ਬਾਇਓਟੈਕਿਨੋਲੋਜੀ ਖੇਤੀ ਦਾ ਸੱਚ, ਬਾਇਓਟੈਕ ਖੇਤੀ : ਵਿਰੋਧ ਦੇ ਸੁਰ, ਬਦਲਵੀਂ ਦੁਨੀਆ ਦੀ ਖੋਜ ਆਦਿ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਅਤੇ ਸੰਭਾਵੀ ਖ਼ਤਰਿਆਂ ਤੋਂ ਅਗਾਹ ਕੀਤਾ ਹੈ। ਲੇਖਕ ਅਨੁਸਾਰ ਜੀ ਐਮ ਫ਼ਸਲਾਂ ਕਿਸਾਨਾਂ ਦੀ ਆਤਮ ਹੱਤਿਆ ਅਤੇ ਗੰਭੀਰ ਬਿਮਾਰੀਆਂ ਦੇ ਫੈਲਾਅ ਲਈ ਮੁੱਖ ਕਾਰਨ ਹਨ।


-ਡਾ: ਧਰਮਪਾਲ ਸਾਹਿਲ ਮੋ: 98761-56964.


ਰਬਾਬ
ਅਨੁਵਾਦ : ਡਾ: ਅਮਰਜੀਤ ਕੌਂਕੇ
ਪ੍ਰਕਾਸ਼ਕ : ਬਲਿਊ ਰੋਜ਼ ਪਬਲਿਸ਼ਰਜ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 098107-63494.


ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ ਨੂੰ ਸਮਰਪਿਤ ਵੱਖ-ਵੱਖ ਸੰਸਥਾਵਾਂ ਅਤੇ ਧਾਰਮਿਕ ਅਦਾਰੇ ਆਪੋ-ਆਪਣੇ ਢੰਗ ਨਾਲ ਸਮਾਗਮ ਕਰਕੇ ਆਪਣੀ ਆਸਥਾ ਪ੍ਰਗਟ ਕਰ ਰਹੇ ਹਨ। ਪਰ ਜਿਸ ਤਰ੍ਹਾਂ ਪੰਜਾਬੀ ਦੇ ਪ੍ਰਬੁੱਧ ਸ਼ਾਇਰ ਡਾ: ਅਮਰਜੀਤ ਕੌਂਕੇ ਨੇ ਇਸ ਆਗਮਨ ਦਿਵਸ ਨੂੰ ਸਮਰਪਿਤ ਜੋ ਵਿਲੱਖਣ ਕੰਮ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ। ਡਾ: ਸਾਹਿਬ ਨੇ ਸ਼ਾਇਰ ਸੀਮਾਂਤ ਸੋਹਲ ਜੋ ਰਾਜਸਥਾਨ ਸਾਹਿਤ ਅਕਾਡਮੀ ਵਲੋਂ ਪੁਰਸਕ੍ਰਿਤ ਹਿੰਦੀ ਕਵੀ ਹੈ, ਜਿਸ ਨੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ 'ਰਬਾਬ' ਨਾਂਅ ਦੀ ਕਵਿਤਾ ਕਿਤਾਬ ਦੀ ਸੰਰਚਨਾ ਕੀਤੀ ਹੈ। ਇਹ ਕਿਤਾਬ ਬਿਨਾਂ ਸਿਰਲੇਖ ਤੋਂ 104 ਸਫ਼ਿਆਂ ਤੱਕ ਫੈਲੀ ਨਜ਼ਮ ਹੈ, ਜਾਂ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਜਦੋਂ ਕੋਈ ਅਨੁਵਾਦਕ ਹੋਰ ਭਾਸ਼ਾ ਦਾ ਆਪਣੀ ਭਾਸ਼ਾ ਵਿਚ ਅਨੁਵਾਦ ਕਰਦਾ ਹੈ ਤਾਂ ਉਸ ਦੀ ਇਹ ਇੱਛਾ ਹੁੰਦੀ ਹੈ ਕਿ ਇਸ ਕਿਰਤ ਦਾ ਉਸ ਦੇ ਆਪਣੀ ਭਾਸ਼ਾ ਦੇ ਪਾਠਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਹੈ। ਅਨੁਵਾਦਕ ਪਹਿਲਾਂ ਉਸ ਕਿਰਤ ਨੂੰ ਆਪ ਆਤਮਸਾਤ ਕਰਦਾ ਹੈ। ਅਨੁਵਾਦ ਤਾਂ ਬਿਲਕੁਲ ਮੌਲਿਕ ਹੀ ਲਗਦਾ ਹੈ। ਸ਼ਾਇਰ ਗੁਰੂ ਨਾਨਕ ਦੇ ਅਧਿਆਤਮ ਨੂੰ 'ਘੜੀਐ ਸਬਦੁ ਸਚੀ ਟਕਸਾਲ' ਦੇ ਡੂੰਘ ਵਿਚ ਜਾ ਕੇ ਜਪੁਜੀ ਸਾਹਿਬ ਦੇ ਨੇੜ-ਤੇੜ ਹੁੰਦਾ ਪ੍ਰਤੀਤ ਹੁੰਦਾ ਹੈ। ਪੰਜਾਬੀ ਅਨੁਵਾਦ ਪੜ੍ਹ ਕੇ ਮੂਲ ਹਿੰਦੀ ਪਾਠ ਪੜ੍ਹਨ ਦੀ ਉਤਸੁਕਤਾ ਜਾਗਦੀ ਹੈ। ਉਂਜ ਜੇ ਅਨੁਵਾਦ ਨਾਲੋਂ ਲਿਪੀਅੰਤਰ ਵੀ ਕੀਤਾ ਜਾਂਦਾ ਤਾਂ ਹੋਰ ਵੀ ਬਿਹਤਰ ਹੋਣਾ ਸੀ। ਇਹ ਨਜ਼ਮ ਤੁਹਾਡੇ ਮੱਥੇ ਨੂੰ ਜ਼ਰੂਰ ਠਕੋਰੇਗੀ :
'ਕੁਝ ਟੇਢੇ ਸਵਾਲ ਪਿਤਾ ਕਾਲੂ ਨਾਲ
ਕੁਝ ਸਵਾਲ ਭੈਣ ਨਾਨਕੀ ਨਾਲ
ਕੁਝ ਸਵਾਲ ਮਾਂ ਤ੍ਰਿਪਤਾ ਨਾਲ
ਕੁਝ ਗਹਿਰੇ ਸਵਾਲ ਪਤਨੀ ਸੁਲੱਖਣੀ ਨਾਲ
ਕੁਝ ਜਵਾਬ ਹੈ ਹਰ ਪਾਂਧੇ ਦਾ
ਬਾਬੇ ਨੂੰ ਕਾਹਦਾ ਸਵਾਲ'


-ਭਗਵਾਨ ਢਿੱਲੋਂ
ਮੋ: 98143-78254.ਵੰਝਲੀ
ਲੇਖਕ : ਸੰਤੋਖ ਭੁੱਲਰ
ਪ੍ਰਕਾਸ਼ਕ : ਲੋਕ-ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 0172-5027427.


ਸੰਤੋਖ ਭੁੱਲਰ ਇਕ ਵਾਰਤਕ ਲੇਖਕ ਹੈ, ਪਰ ਉਸ ਨੇ ਆਪਣੀ ਹੱਥਲੀ ਪਹਿਲੀ ਪੁਸਤਕ 'ਵੰਝਲੀ' ਰਾਹੀਂ ਕਾਵਿ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। ਰੂਪਕ ਪੱਖ ਤੋਂ ਰਚਨਾਵਾਂ ਵਧੀਆ ਹਨ ਅਤੇ ਇਨ੍ਹਾਂ 'ਚ ਪੇਸ਼ ਹੋਏ ਵਿਸ਼ਿਆਂ ਦੀ ਪੇਸ਼ਕਾਰੀ ਵੀ ਸੁਚੱਜੇ ਢੰਗ ਨਾਲ ਹੋਈ ਹੈ। ਲੇਖਕ ਕੋਲ ਆਪਣੇ ਗੱਲ ਨੂੰ ਖ਼ੂਬਸੂਰਤ ਲਫ਼ਜ਼ਾਂ 'ਚ ਕਹਿਣ ਲਈ ਚੰਗੀ ਅਤੇ ਢੁੱਕਵੀਂ ਸ਼ਬਦਾਵਲੀ ਹੈ। ਉਹ ਰਚਨਾ ਨੂੰ ਬੁਣਦਿਆਂ, ਪੇਸ਼ ਕਰਦਿਆਂ ਨਿਰਧਾਰਤ ਚੌਖਟੇ ਤੋਂ ਬਾਹਰ ਨਹੀਂ ਜਾਂਦਾ। ਰਚਨਾਵਾਂ 'ਚ ਸੁਹਜ, ਰਾਗ ਅਤੇ ਰਵਾਨਗੀ ਹੈ। ਲੇਖਕ ਗ਼ਜ਼ਲ ਦੇ ਸ਼ੇਅਰਾਂ 'ਚ ਡੂੰਘੇ ਅਰਥਾਂ ਵਾਲੀਆਂ ਗੱਲਾਂ ਸਹਿਜੇ ਹੀ ਕਰ ਜਾਂਦਾ ਹੈ। ਅਸਲ ਵਿਚ ਲੇਖਕਾਂ 'ਚ ਇਕ ਤੜਪ ਅਤੇ ਸੰਵੇਦਨਾ ਹੁੰਦੀ ਹੈ। ਲੇਖਕ ਖ਼ੁਦ ਸਮਾਜ ਦਾ ਇਕ ਹਿੱਸਾ ਹੁੰਦਾ ਹੈ। ਉਹ ਸਮਾਜ ਨੂੰ ਸੂਖ਼ਮ ਦ੍ਰਿਸ਼ਟੀਕੋਣ ਅਨੁਸਾਰ ਵੇਖਦਾ ਹੈ। ਉਸ ਨੂੰ ਜੋ ਪ੍ਰਬੰਧ 'ਚ ਘਾਟਾਂ-ਕਮੀਆਂ ਮਹਿਸੁੂਸ ਹੁੰਦੀਆਂ ਹਨ। ਲੇਖਕ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਜ਼ਰੀਏ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਮਿਸਾਲ ਵਜੋਂ ਇਹ ਨਮੁੂਨਾ :
ਏਸ ਧਰਤੀ 'ਤੇ ਤਿਰੀ ਕੀ ਹੋਂਦ ਹੈ,
ਸਿਫ਼ਰ 'ਚੋਂ ਸਿਫ਼ਰ ਘਟਾ ਕੇ ਵੇਖ ਲੈ।
ਵਧ ਗਈ ਹੈ ਹੁਣ ਮਿਲਾਵਟ ਇਸ ਕਦਰ,
ਮਰ ਨਾ ਹੋਣਾ, ਜ਼ਹਿਰ ਖਾ ਕੇ ਵੇਖ ਲੈ।
ਲੇਖਕ ਦਿਨ-ਬ-ਦਿਨ ਡਿਗ ਰਹੀਆਂ ਮਨੁੱਖੀ ਕਦਰਾਂ-ਕੀਮਤਾਂ, ਪਦਾਰਥਕ ਦੌੜ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਨਸ਼ਿਆਂ ਦੀ ਦਲ-ਦਲ ਫਸ ਜਾਣ 'ਤੇ ਚਿੰਤਾ ਕਰਦਾ ਹੈ। ਉਹ ਅਗਾਂਹਵਧੂ ਸੋਚ ਦਾ ਧਾਰਨੀ ਹੈ ਅਤੇ ਤਰਕਵਾਦੀ ਸੁਨੇਹਾ ਦਿੰਦਾ ਲਿਖਦਾ ਹੈ :
ਮੰਦਰ ਦੇ ਵਿਚ ਬੈਠਾ ਜੋ ਭਗਵਾਨ ਦਿਖਾਈ ਦਿੰਦਾ ਹੈ।
ਉਸ ਦੇ ਅੰਦਰ ਵੀ ਮੈਨੂੰ ਸ਼ੈਤਾਨ ਦਿਖਾਈ ਦਿੰਦਾ ਹੈ।
ਲੇਖਕ ਪਿਆਰ, ਵਫ਼ਾਈ, ਜ਼ਿੰਦਗੀ, ਸੰਘਰਸ਼, ਉਦਰੇਵਾਂ ਅਤੇ ਵੈਰਾਗ਼ ਦੀਆਂ ਗੱਲਾਂ ਕਰਦਿਆਂ ਬਹੁਤੀਆਂ ਥਾਵਾਂ 'ਤੇ ਰਚਨਾਵਾਂ ਨੂੰ ਖ਼ੂਬਸੂਰਤ ਬਿੰਬਾਂ ਨਾਲ ਸ਼ਿੰਗਾਰਦਾ ਹੈ। ਉਹ ਮਨੁੱਖੀ ਜੀਵਨ ਦੇ ਰੁੱਝੇ ਹੋਣ ਦਾ ਜ਼ਿਕਰ ਇਉਂ ਕਰਦਾ ਹੈ :
ਪੀੜਾਂ ਦੇ ਮਾਰੂਥਲ ਅੰਦਰ ਸਿਖ਼ਰ ਦੁਪਹਿਰੇ ਸੜਦੇ ਹਾਂ,
ਤੇਰੀਆਂ ਜੁਲਫ਼ਾਂ ਛਾਵੇਂ ਪਰ ਨਾ ਕਰ ਸਕਦੇ ਆਰਾਮ ਅਸੀਂ।
ਸੰਤੋਖ ਭੁੱਲਰ ਇਕ ਅਤਿ-ਗੰਭੀਰ ਅਤੇ ਸੰਜੀਦਾ ਸ਼ਾਇਰ ਹੈ। ਉਸ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਹੈ।


-ਮੋਹਰ ਗਿੱਲ ਸਿਰਸੜੀ
ਮੋ: 98156-59110.ਮਿੱਧੇ ਹੋਏ ਫੁੱਲ
ਲੇਖਕ : ਹਾਕਮ ਸਿੰਘ ਮੀਤ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼, ਰਾਜਪੁਰਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 84377-36240.


ਇਸ ਕਹਾਣੀ ਸੰਗ੍ਰਹਿ ਦਾ ਨਾਂਅ 'ਮਿੱਧੇ ਹੋਏ ਫੁੱਲ' ਬੜਾ ਢੁਕਵਾਂ ਹੈ ਕਿਉਂ ਜੋ ਇਸ ਵਿਚ ਸਾਰੀਆਂ 135 ਮਿੰਨੀ ਕਹਾਣੀਆਂ ਦਾ ਆਮ ਵਿਸ਼ਾ ਦੁਖੀਆਂ ਦੀ ਦਾਸਤਾਂ ਹੀ ਹੈ। ਇਹ ਕਹਾਣੀਆਂ ਮਾਨਵੀ ਰਿਸ਼ਤਿਆਂ ਦੇ ਆਰ-ਪਾਰ ਫੈਲੀਆਂ ਹੋਈਆਂ ਹਨ। ਕਹਾਣੀ ਸੰਗ੍ਰਹਿ ਦਾ ਮਹੱਤਵ ਇਸ ਤੱਥ ਵਿਚ ਨਿਹਿਤ ਹੈ ਕਿ ਇਕੋ ਸਮਾਜਿਕ, ਮਾਨਵੀ ਰਿਸ਼ਤੇ ਨੂੰ ਸੂਖ਼ਮ ਦ੍ਰਿਸ਼ਟੀ ਨਾਲ ਵਿਭਿੰਨ ਪੱਖਾਂ ਤੋਂ ਵਾਚ ਕੇ ਗਲਪੀਕਰਨ ਕੀਤਾ ਗਿਆ ਹੈ। ਬਜ਼ੁਰਗਾਂ ਦਾ ਸਤਿਕਾਰ ਵੀ ਹੈ, ਅਣਦੇਖੀ ਵੀ ਹੈ। ਉਨ੍ਹਾਂ ਦਾ ਨਿਵਾਸ ਤੂੜੀ ਵਾਲਾ ਕੋਠਾ ਵੀ ਹੈ, ਬਿਰਧ-ਆਸ਼ਰਮ ਵੀ ਹੈ। ਸੱਸਾਂ, ਨੂੰਹਾਂ ਮਾੜੀਆਂ ਵੀ ਨੇ, ਨੇਕ ਵੀ ਨੇ। ਮਤ੍ਰੇਈਆਂ ਦਾ ਦੁਰਵਿਵਹਾਰ ਵੀ ਹੈ; ਕੁਰਬਾਨੀ ਦੀ ਭਾਵਨਾ ਵੀ ਹੈ। ਧੀਆਂ ਕੂੜੇ ਦੇ ਢੇਰ 'ਚੋਂ ਵੀ ਮਿਲਦੀਆਂ ਨੇ, ਭਰੂਣ ਹੱਤਿਆ ਵੀ ਹੁੰਦੀ ਹੈ; ਪੁੱਤਰਾਂ ਸਮਾਨ ਵੀ ਨੇ। ਦਹੇਜ ਕਾਰਨ ਮੌਤਾਂ ਵੀ ਨੇ; ਬਿਨਾਂ ਦਹੇਜ ਵਿਆਹ ਵੀ ਨੇ। ਦੁਰਕਾਰੀਆਂ ਧੀਆਂ ਅਫ਼ਸਰ ਵੀ ਬਣਦੀਆਂ ਹਨ। ਇੱਜ਼ਤ ਦੀ ਰਾਖੀ ਆਪ ਵੀ ਕਰਦੀਆਂ ਹਨ। ਆਰਥਿਕ ਦੁਖਾਂਤ ਕਾਰਨ ਗ਼ਰੀਬ ਕਿਰਤੀ, ਕਿਸਾਨ ਕਰਜ਼ੇ ਵੀ ਲੈਂਦੇ ਹਨ। ਖ਼ੁਦਕੁਸ਼ੀਆਂ ਵੀ ਕਰਦੇ ਹਨ। ਸ਼ਰਾਬ, ਨਸ਼ੇ ਵਿਆਹਾਂ 'ਚ ਵੋਟਾਂ ਸਮੇਂ ਆਮ ਵਰਤਾਰੇ ਜਾਂਦੇ ਹਨ। ਗ਼ਰੀਬ ਔਰਤ ਕੋਠੀਆਂ ਵਿਚ ਕੰਮ ਵੀ ਕਰਦੀਆਂ ਹਨ, ਆਪਣੇ ਬੱਚੇ ਵੀ ਪਾਲਦੀਆਂ ਹਨ। ਕਈਆਂ ਦੇ ਪਤੀ ਨਸ਼ੇਬਾਜ਼ ਹਨ। ਔਰਤਾਂ ਪੁੱਤਰ ਪ੍ਰਾਪਤੀ ਲਈ ਡੇਰਿਆਂ ਦੇ ਪਾਖੰਡੀਆਂ ਦੀ ਸ਼ਰਨ ਵੀ ਲੈਂਦੀਆਂ ਹਨ। ਪੁੱਤਰ ਨਾ ਜੰਮਣ ਵਾਲੀ ਔਰਤ ਦੁਰਕਾਰੀ ਜਾਂਦੀ ਹੈ। ਨੇਤਾਵਾਂ ਦੀ ਲੁੱਟ, ਜਵਾਨਾਂ ਦੇ ਝੂਠੇ ਮੁਕਾਬਲੇ ਵੀ ਹਨ। ਝੂਠੇ ਸਬਜ਼ਬਾਗ਼ ਵੀ ਨੇ। ਗੱਲ ਕੀ ਸਾਰੀਆਂ ਕਹਾਣੀਆਂ ਘਰਾਂ, ਗਲੀਆਂ, ਮੁਹੱਲਿਆਂ, ਕਾਲਜਾਂ, ਸਕੂਲਾਂ, ਦਫ਼ਤਰਾਂ, ਹਸਪਤਾਲਾਂ, ਰਾਹਾਂ ਵਿਚ ਵਾਪਰਦੀਆਂ ਹਨ।
ਲੇਖਕ ਦੀਆਂ ਕਹਾਣੀਆਂ ਦਾ ਇਕ ਪੈਟਰਨ ਹੈ। ਕਹਾਣੀਆਂ 'ਚਾਣ-ਚੱਕ ਸ਼ੁਰੂ ਹੁੰਦੀਆਂ ਹਨ। ਕਈ ਕਹਾਣੀਆਂ ਇੰਜ ਆਰੰਭ ਹੁੰਦੀਆਂ ਹਨ : ਮਸਲਨ : 'ਫਲਾਣਿਆਂ, ਫਲਾਈਏਂ! ਘਰੇ ਈਂ ਐਂ' - 'ਆ ਜੋ, ਆ ਜੋ, ਲੰਘ ਆਓ-ਘਰੇ ਈ ਆਂ।' ਵਾਪਰਦੀਆਂ ਘਟਨਾਵਾਂ ਨਾਲ ਪਾਤਰ ਅਕਸਰ ਹੋ ਰੋਂਦੇ ਨੇ, ਅਣਮੁੱਲੇ ਹੰਝੂ ਵਹਾਉਂਦੇ ਹਨ। ਕਹਾਣੀਆਂ ਦਾ ਅੰਤ ਅਕਸਰ ਇੰਜ ਹੀ ਹੁੰਦਾ ਹੈ : ਸੱਚ ਸੁਣ ਕੇ ਜਾਂ ਸੱਚ ਉਜਾਗਰ ਹੋਣ 'ਤੇ; ਧੱਕਾ ਕਰਨ ਵਾਲੇ ਜਾਂ ਅਨਿਆਂ ਕਰਨ ਵਾਲੇ ਪਾਤਰ; ਡਾਢੇ ਸ਼ਰਮਿੰਦਾ ਹੁੰਦੇ ਵੇਖੇ ਜਾ ਸਕਦੇ ਨੇ; ਸਿਰ ਨੀਵਾਂ ਕਰਦੇ ਨੇ; ਉਨ੍ਹਾਂ ਪਾਸ ਕੋਈ ਜਵਾਬ ਨਹੀਂ ਰਹਿੰਦਾ। ਉਨ੍ਹਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਂਦੀ ਹੈ। ਅਜਿਹੀ ਬਾਰੰਬਾਰਤਾ ਕਹਾਣੀਆਂ 'ਚ ਆਮ ਹੀ ਹੈ। ਪਾਤਰਾਂ ਦੇ ਉਹੀ ਨਾਂਅ ਵਾਰ-ਵਾਰ ਕਹਾਣੀਆਂ ਵਿਚ ਘੁੰਮਦੇ ਹਨ, ਮਸਲਨ : ਬੰਦਿਆਂ ਦੇ ਨਾਂਅ ਮੀਤਾ, ਜੀਤਾ, ਕਰਮ, ਨੂਰ, ਮਿੱਠੂ, ਜੱਗੂ ਆਦਿ। ਔਰਤਾਂ ਦੇ ਨਾਂਅ ਸੁਖਦੀਪ, ਪਾਲੀ, ਭੋਲੀ, ਦਿਆਲੋ, ਗੁਰਜੀਤ ਆਦਿ। ਪਾਠਕਾਂ ਦੀ ਸੌਖ ਲਈ ਲੇਖਕ ਕਹਾਣੀਆਂ ਦੇ ਨਤੀਜੇ ਨਾਲੋ-ਨਾਲ ਕੱਢੀ ਜਾਂਦਾ ਹੈ। ਕਹਾਣੀਆਂ ਵਿਚ 'ਰਾਇਟ ਏ ਸਟੋਰੀ ਵਿਦ ਦਿ ਮੌਰਲ' ਵਾਲੀ ਤਕਨੀਕ ਭਾਰੂ ਹੈ। ਇੰਜ ਬਿਰਤਾਂਤ ਬੰਦ ਪਾਠ (ਕਲੋਜ਼ਡ ਟੈਕਸਟ) ਸਿਰਜਦਾ ਹੈ। ਉਦੇਸ਼ ਸੁਧਾਰਵਾਦੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋ: 98144-46007.


ਦੋਸ਼ੀ ਕੌਣ?
ਲੇਖਕ : ਬੂਟਾ ਖਾਨ ਸੁੱਖੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 84
ਸੰਪਰਕ : 98722-76418.


ਬੂਟਾ ਖਾਨ ਸੁੱਖੀ ਦੇ ਮਿੰਨੀ ਕਹਾਣੀ-ਸੰਗ੍ਰਹਿ 'ਦੋਸ਼ੀ ਕੌਣ' ਵਿਚ ਸੌ ਦੇ ਲਗਪਗ ਕਹਾਣੀਆਂ ਹਨ, ਜਿਨ੍ਹਾਂ ਵਿਚ ਉਸ ਨੇ ਸਮਾਜ ਦੀਆਂ ਵਿਸੰਗਤੀਆਂ ਦੀ ਪੇਸ਼ਕਾਰੀ ਕੀਤੀ ਹੈ ਅਤੇ ਸਮਾਜ ਦੇ ਕਰੂਰ ਯਥਾਰਥ ਨੂੰ ਨੰਗਿਆਂ ਕੀਤਾ ਹੈ। ਕਹਾਣੀਕਾਰ ਨੇ ਮਾਨਵੀ ਸਮੱਸਿਆਵਾਂ ਨਸ਼ਾਖੋਰੀ, ਕਿਸਾਨੀ ਕਰਜ਼ੇ ਦੀ ਸਮੱਸਿਆ, ਦੋਗਲੇਪਣ ਅਤੇ ਪਾਖੰਡੀ ਬਾਬਿਆਂ ਦੀ ਗੱਲ ਆਪਣੀਆਂ ਕਹਾਣੀਆਂ ਵਿਚ ਕੀਤੀ ਹੈ। ਉਹ ਸੱਚੀ ਗੱਲ ਕਹਿਣ ਦੀ ਹਿੰਮਤ ਰੱਖਣ ਵਾਲਾ ਕਹਾਣੀਕਾਰ ਹੈ ਅਤੇ ਉਸ ਦੀਆਂ ਕਹਾਣੀਆਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਜਿਵੇਂ 'ਰੁਮਾਲ', 'ਪੱਥਰ ਤੇ ਇਨਸਾਨ', 'ਬੇਗਾਨੀ ਧੀ', 'ਮਿਸ ਕਾਲ', 'ਸਾਂਝ' ਅਤੇ 'ਬੁਢਾਪਾ ਪੈਨਸ਼ਨ', ਕਹਾਣੀਆਂ ਵਿਚ ਸਮਾਜ ਦੇ ਕੋਝੇਪਣ ਦੀ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ ਇਸਤਰੀਆਂ ਅਤੇ ਨਸ਼ਈ ਔਲਾਦ ਵਾਲੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਬਹੁਤ ਹੀ ਖੂਬਸੂਰਤ ਕਹਾਣੀ 'ਖੁਸ਼ੀ' ਹੈ, ਜਿਸ ਵਿਚ ਇਕ ਸੰਘਰਸ਼ਸ਼ੀਲ ਔਰਤ ਪ੍ਰਸਥਿਤੀਆਂ ਨਾਲ ਲੜਦੀ ਹੋਈ ਆਪਣੇ ਨਸ਼ੇੜੀ ਪਤੀ ਦਾ ਇਲਾਜ ਕਰਵਾ ਕੇ ਘਰ ਦੀਆਂ ਗੁਆਚੀਆਂ ਖੁਸ਼ੀਆਂ ਨੂੰ ਵਾਪਸ ਲੈ ਆਉਂਦੀ ਹੈ। ਇਸ ਤੋਂ ਇਲਾਵਾ ਲੇਖਕ ਨੇ ਬਾਬਾਨੁਮਾ ਕਲਚਰ ਖ਼ਤਮ ਕਰਕੇ ਚੰਗਾ ਸਮਾਜ ਸਿਰਜਣ ਦੀ ਗੱਲ ਵੀ ਆਪਣੀਆਂ ਕਹਾਣੀਆਂ ਵਿਚ ਬੇਬਾਕੀ ਨਾਲ ਕੀਤੀ ਹੈ। ਬੂਟਾ ਖਾਨ ਸੁੱਖੀ ਨੂੰ ਮਿੰਨੀ ਕਹਾਣੀ ਦੀ ਸ਼ੈਲੀ ਦਾ ਵੀ ਪੂਰਾ ਗਿਆਨ ਹੈ, ਉਸ ਦੀ ਸਕਾਰਾਤਮਿਕ ਸੋਚ, ਢੁਕਵੀਂ ਤੇ ਰੌਚਕ ਸ਼ਬਦਾਵਲੀ ਉਸ ਦੀ ਕਹਾਣੀ ਨੂੰ ਚਾਰ ਚੰਨ੍ਹ ਲਾਉਂਦੀ ਹੈ। ਸਮੁੱਚੇ ਰੂਪ ਵਿਚ ਸੁੱਖੀ ਦੀਆਂ ਕਹਾਣੀਆਂ ਮੋਹ-ਮੁਹੱਬਤ, ਬੇਰੁਜ਼ਗਾਰੀ, ਜਾਤ-ਪਾਤ ਅਤੇ ਊਚ-ਨੀਚ ਦੀ ਤਰਜਮਾਨੀ ਕਰਦੀਆਂ ਹਨ। ਕਹਾਣੀਕਾਰ ਨੂੰ ਮੁਬਾਰਕਬਾਦ।


-ਡਾ: ਗੁਰਬਿੰਦਰ ਕੌਰ ਬਰਾੜ
ਮੋ: 098553-95161

28-03-2020

ਲੇਖਕ : ਕੈਪਟਨ ਨਰਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 895 ਰੁਪਏ, ਸਫ਼ੇ : 225
ਸੰਪਰਕ : 0172-5027427.

ਹਥਲੀ ਵਡ-ਆਕਾਰੀ ਪੁਸਤਕ ਵਿਚ ਕੋਈ ਅਜਿਹਾ ਵਿਸ਼ਾ ਨਹੀਂ ਜਿਸ ਨੂੰ ਨਾ ਛੋਹਿਆ ਹੋਵੇਪੰਜਾਬੀ ਸੱਭਿਆਚਾਰ, ਪੰਜਾਬੀ ਖੇਡਾਂ-ਮੇਲੇ, ਸਿਨੇਮਾ ਬਾਰੇ ਵਿਸ਼ਾਲ ਜਾਣਕਾਰੀ ਤੇ ਕਲਾਕਾਰਾਂ ਨਾਲ ਸਬੰਧ ਨੂੰ ਉਨ੍ਹਾਂ ਨੇ ਬਾਖ਼ੂਬੀ ਪੇਸ਼ ਕੀਤਾ ਹੈ। ਉਨ੍ਹਾਂ ਦੀ ਵਿਸ਼ੇਸ਼ ਦੇਣ ਹੈ 300 ਸਾਲਾ ਖ਼ਾਲਸਾ ਸਾਜਨਾ ਦਿਵਸ ਮੌਕੇ ਸੋਨੇ ਤੇ ਚਾਂਦੀ ਦੇ ਤਗਮੇ ਜਾਰੀ ਕਰਵਾਉਣੇ, ਜਿਸ ਲਈ ਉਨ੍ਹਾਂ ਨੂੰ ਰਾਸ਼ਟਰੀ ਉਤਮਤਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਕੈਪਟਨ ਸਾਹਿਬ ਨੇ ਕਲਾ, ਕਲਾਕਾਰ, ਸੱਭਿਆਚਾਰ ਤੇ ਰੰਗਮੰਚ ਨੂੰ ਕਿਵੇਂ ਪ੍ਰੋਤਸਾਹਨ ਦਿੱਤਾ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਜਿਵੇਂ ਪੰਜਾਬ, ਪੰਜਾਬੀਅਤ ਅਤੇ ਸੱਭਿਅਤਾ, ਸਦੀਕ ਤੇ ਰਣਜੀਤ ਦੀ ਗਾਇਕ ਜੋੜੀ, ਰਫ਼ੀ ਐਵਾਰਡ ਸਮਾਰੋਹ, ਦਾਰਾ ਸਿੰਘ, ਦਿਲਰਾਜ ਕੌਰ ਆਦਿ। ਉਨ੍ਹਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਦੀ ਸਮੀਖਿਆ ਵੀ ਕੀਤੀ ਹੈਜੀਜਾ ਸਾਲੀ, ਤੇ ਗੁੱਡੋ ਆਦਿ। ਡਾ: ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਮੇਲਾ, ਜੱਸੋਵਾਲ ਤੇ ਪ੍ਰੋ: ਮੋਹਨ ਸਿੰਘ ਮੇਲਾ ਅਤੇ ਖੇਡਾਂ ਤੇ ਕਲਾ ਦੇ ਅਟੁੱਟ ਰਿਸ਼ਤੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਪਹਿਲੇ ਭਾਗ ਵਿਚ। ਦੂਜੇ ਭਾਗ ਵਿਚ ਦੋਸਤਾਂ, ਲੇਖਕਾਂ ਤੇ ਪੱਤਰਕਾਰਾਂ ਦੀ ਨਿਗਾਹ ਵਿਚ ਲੇਖਕ ਵਿਚ ਅੱਡ-ਅੱਡ ਸ਼ਖ਼ਸੀਅਤਾਂ ਨੇ ਕੈਪਟਨ ਸਾਹਿਬ ਬਾਰੇ ਆਪਣੇ ਵਿਚਾਰ ਦਿੱਤੇ ਹਨ, ਜਿਸ ਰਾਹੀਂ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆ ਜਾਂਦੀ ਹੈਬਹੁਪੱਖੀ ਸ਼ਖ਼ਸੀਅਤ ਕੈਪਟਨ ਨਰਿੰਦਰ ਸਿੰਘ, ਇਕ ਪ੍ਰਤਿਭਾਵਾਨ ਲੇਖਕ, ਪੰਜਾਬੀ ਲੇਖਕ-ਅਫ਼ਸਰ : ਕਿੰਨਾ ਦਮ ਖਮ ਆਦਿ। ਤੀਜੇ ਭਾਗ ਵਿਚ ਉਸ ਦੀਆਂ ਲਿਖੀਆਂ ਕਹਾਣੀਆਂ ਹਨਪਿਆਰ ਨਿਮਾਣਾ, ਕਿੰਨੇ ਦਾਨੀ ਨੇ ਉਹ, ਆਤਮ ਸਮਰਪਣ, ਸਾਗਰ ਦਾ ਸੁਪਨਾ ਤੇ ਜੁਦਾਈ। ਅਗਲਾ ਭਾਗ 'ਖੇਡ ਖਿਡਾਰੀ ਅਤੇ ਮੈਂ' ਵਿਚ ਖੇਡਾਂ ਦਾ ਜੀਵਨ ਵਿਚ ਮਹੱਤਵ, ਖੇਡਾਂ ਤੇ ਕੌਮੀ ਏਕਤਾ, ਭਾਰਤੀ ਹਾਕੀ ਬਾਰੇ ਚਿੰਤਾ, ਜੋ ਸਮੇਂ ਦੀ ਮੰਗ ਹੈ, ਐਥਲੈਟਿਕਸ ਦੀਆਂ ਉੱਚੀਆਂ ਨੀਵੀਆਂ ਘਾਟੀਆਂ ਤੇ ਭਾਰਤੀ ਖਿਡਾਰੀ ਬਾਰੇ ਵਰਨਣ ਬਾਖੂਬੀ ਕੀਤਾ ਹੈ। ਕਰਵਾਏ ਗਏ ਹਾਕੀ ਟੂਰਨਾਮੈਂਟ ਤੇ ਹੋਰ ਟੈਨਿਸ ਆਦਿ ਦੇ ਮੁਕਾਬਲੇ ਤੇ ਖੇਡ ਬਾਰੇ ਵੀ ਜਾਣਕਾਰੀ ਦਿੱਤੀ ਹੈ। ਅੰਤਲਾ ਭਾਗ ਲੇਖਕ ਦੇ ਨਿੱਜੀ ਜੀਵਨ ਵਿਚ ਵਾਪਰੇ ਦੁਖਾਂਤ ਪਤਨੀ ਬਲਵਿੰਦਰਜੀਤ ਕੌਰ ਤੇ ਪੁੱਤਰ ਨਵਪ੍ਰੀਤ ਦੀ ਮੌਤ ਨਾਲ ਸਬੰਧਿਤ ਹੈ। ਇਹ ਪੁਸਤਕ ਇਕ ਤਰ੍ਹਾਂ ਨਾਲ ਕੈਪਟਨ ਸਾਹਿਬ ਦੇ ਸਮੁੱਚੇ ਜੀਵਨ ਉੱਤੇ ਇਕ ਘੋਖਵੀਂ ਝਾਤ ਹੈ, ਜਿਸ ਨੂੰ ਸਰਲ ਪਰ ਮਨੋਰੰਜਕ ਢੰਗ ਨਾਲ ਲਿਖਿਆ ਗਿਆ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c
ਸੁਭਾਸ਼ ਪਰਿਹਾਰ 0 ਫੇਸਬੁੱਕ
ਲੇਖਕ : ਸੁਭਾਸ਼ ਪਰਿਹਾਰ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 98728-22417.

ਡਾ: ਸੁਭਾਸ਼ ਪਰਿਹਾਰ ਉੱਤਰੀ ਭਾਰਤ ਦਾ ਇਕ ਪ੍ਰਸਿੱਧ ਕਲਾ-ਇਤਿਹਾਸਕਾਰ ਅਤੇ ਖੋਜੀ ਹੈ। ਕਲਾ, ਵਿਸ਼ੇਸ਼ ਕਰ ਭਵਨ-ਨਿਰਮਾਣ ਬਾਰੇ ਲਿਖੀਆਂ ਉਸ ਦੀਆਂ ਪੁਸਤਕਾਂ ਕਾਫੀ ਪ੍ਰਸਿੱਧ ਹਨ। ਆਪਣੀ ਮੂਲ ਭਾਸ਼ਾ ਪੰਜਾਬੀ ਨਾ ਹੋਣ ਦੇ ਬਾਵਜੂਦ ਉਹ ਪੰਜਾਬੀ ਭਾਸ਼ਾ ਵਿਚ ਲਿਖਣ ਸਮੇਂ ਕੋਈ ਕਠਿਨਾਈ ਮਹਿਸੂਸ ਨਹੀਂ ਕਰਦਾ। ਹਥਲੀ ਪੁਸਤਕ ਵਿਚ ਉਸ ਨੇ ਆਪਣੇ ਸੰਪਰਕ ਵਿਚ ਆਏ ਕੁਝ ਵਿਲੱਖਣ ਵਿਅਕਤੀਆਂ ਦੇ ਸੰਖੇਪ ਕਲਮੀ-ਚਿੱਤਰ ਉਲੀਕੇ ਹਨ। ਇਨ੍ਹਾਂ ਕਲਮੀ-ਚਿੱਤਰਾਂ ਤੋਂ ਬਿਨਾਂ ਉਸ ਨੇ ਆਪਣੇ ਕੁਝ ਪਸੰਦੀਦਾ ਲੇਖਕਾਂ ਅਤੇ ਪੁਸਤਕਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਇਕ ਪ੍ਰਕਾਰ ਦੀ 'ਅਕਾਦਮਿਕ-ਸੱਭਿਆਚਾਰਕ ਜੀਵਨੀ' ਦੀ ਭੂਮਿਕਾ ਅਦਾ ਕਰਦੀ ਹੈ।
ਸੁਭਾਸ਼ ਪਰਿਹਾਰ ਇਕ ਜੈਸੇ-ਪਣ (ਹੋਮੋਜੀਨੀਅਟੀ) ਨੂੰ ਕੋਈ ਵੱਡਾ ਗੁਣ ਨਹੀਂ ਮੰਨਦਾ। ਉਸ ਦੀ ਧਾਰਨਾ ਹੈ ਕਿ ਹਰ ਬੰਦਾ ਵੱਖਰਾ (ਹੇਟਰੋਜੀਨੀਅਸ) ਹੁੰਦਾ ਹੈ। ਵੱਖਰਾਪਣ ਹੀ ਉਸ ਦੀ ਪਛਾਣ ਬਣਦੀ ਹੈ। ਪ੍ਰਕਿਰਤੀ ਵਿਚ ਕੁਝ ਵੀ ਇਕ-ਜੈਸਾ ਨਹੀਂ ਹੈ। ਹਰ ਰੁੱਖ, ਪਸ਼ੂ-ਪੰਛੀ, ਦੂਜੇ ਰੁੱਖਾਂ, ਪਸ਼ੂਆਂ, ਪੰਛੀਆਂ ਤੋਂ ਵਿਲੱਖਣ ਹੁੰਦੇ ਹਨ। ਇਸੇ ਕਾਰਨ ਉਹ ਪਛਾਣੇ ਜਾਂਦੇ ਹਨ। ਹਥਲੀ ਪੁਸਤਕ ਵਿਚ ਲੇਖਕ ਆਪਣੇ ਸੰਪਰਕ ਵਿਚ ਆਏ ਬੰਦਿਆਂ ਦੀ ਵਿਲੱਖਣਤਾ ਦਾ ਜਸ਼ਨ ਮਨਾਉਂਦਾ ਹੈ। ਇਸ ਪ੍ਰਸੰਗ ਵਿਚ ਪੁਸਤਕ ਵਿਚ ਆਏ ਤਿੰਨ-ਚਾਰ ਲੇਖ 'ਯਾਦਾਂ ਅਧਿਆਪਨ ਕਾਲ ਦੀਆਂ', 'ਮੇਰੇ ਸੱਜਣ ਮਿੱਤਰ', 'ਮੇਰੇ ਪਸੰਦੀਦਾ ਲੇਖਕ' ਅਤੇ 'ਸੁਣੀਆਂ-ਸੁਣਾਈਆਂ' ਵਿਸ਼ੇਸ਼ ਰੂਪ ਵਿਚ ਉਲੇਖਯੋਗ ਹਨ.
ਸੁਭਾਸ਼ ਪਰਿਹਾਰ ਤੜਾਗੀਵਾਦੀ ਲੇਖਕ ਨਹੀਂ ਹੈ। ਉਹ ਨਵੇਂ ਰਾਹਾਂ ਦੀ ਤਲਾਸ਼ ਕਰਨ ਅਤੇ ਉਨ੍ਹਾਂ ਉੱਪਰ ਚੱਲਣ ਤੋਂ ਝਿਜਕਦਾ ਨਹੀਂ ਹੈ। ਗਾਂਧੀ ਮੈਮੋਰੀਅਲ ਸਕੂਲ ਤੋਂ ਮੁਢਲੀ ਪੜ੍ਹਾਈ ਕਰਨ ਉਪਰੰਤ ਉਸ ਨੇ ਬ੍ਰਿਜਿੰਦਰ ਕਾਲਜ ਫ਼ਰੀਦਕੋਟ ਤੋਂ ਬੀ.ਐਸ.ਸੀ. (ਨਾਨ ਮੈਡੀਕਲ) ਕੀਤੀ ਅਤੇ ਉਪਰੰਤ ਬੀ.ਐੱਡ. ਕਰਕੇ ਸਾਇੰਸ ਮਾਸਟਰ ਲੱਗ ਗਿਆ। ਇਸ ਦੌਰਾਨ ਲਗਪਗ 14 ਵਰ੍ਹੇ ਉਹ ਆਪਣੀ ਤਾਲੀਮ ਵਿਚ ਇਜ਼ਾਫ਼ਾ ਕਰਦਾ ਗਿਆ ਅਤੇ ਆਖ਼ਰ ਪੀ.ਈ.ਐਸ. ਸੇਵਾਵਾਂ ਲਈ ਚੁਣਿਆ ਗਿਆ। ਕਾਲਜ ਲੈਕਚਰਾਰ ਵਜੋਂ ਉਹ 2011 ਵਿਚ ਸੇਵਾ-ਮੁਕਤ ਹੋਇਆ। ਬਾਅਦ ਵਿਚ ਕੁਝ ਸਮਾਂ ਉਸ ਨੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਕਾਲਜ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਈ। ਜੀਵਨ ਦੇ ਇਹ ਸਾਰੇ ਪ੍ਰਸੰਗ ਹਥਲੀ ਪੁਸਤਕ ਦੇ ਵਿਭਿੰਨ ਲੇਖਾਂ ਵਿਚੋਂ ਝਾਕਦੇ ਰਹਿੰਦੇ ਹਨ। ਭਾਵੇਂ ਇਨ੍ਹਾਂ ਵਿਚੋਂ ਬਹੁਤੇ ਲੇਖ ਫੇਸ ਬੁੱਕ ਉੱਪਰ ਪਹਿਲਾਂ ਵੀ ਅੰਕਿਤ ਹੋ ਚੁੱਕੇ ਹਨ ਪਰ ਪੁਸਤਕ ਰੂਪ ਵਿਚ ਇਨ੍ਹਾਂ ਨੂੰ ਪੜ੍ਹਨਾ ਇਕ ਸੁਖਦ ਅਨੁਭਵ ਹੈ। ਆਸ਼ਾ ਹੈ ਕਿ ਲੇਖਕ ਇਸ ਪ੍ਰਕਾਰ ਦੇ ਸੰਸਮਰਣ ਲਿਖਣਾ ਜਾਰੀ ਰੱਖੇਗਾ। ਉਸ ਨੇ ਆਪਣੇ ਪਰਮ ਮਿੱਤਰ ਸ: ਬਲਵੰਤ ਸਿੰਘ ਢਿੱਲੋਂ ਬਾਰੇ ਤਾਂ ਕਾਫੀ ਕੁਝ ਲਿਖ ਦਿੱਤਾ ਹੈ ਪਰ ਖੁਸ਼ਵੰਤ ਬਰਗਾੜੀ, ਸ: ਹਰੀ ਸਿੰਘ ਸੋਹੀ, ਸ: ਗੁਰਮੀਤ ਸਿੰਘ ਪੱਤਰਕਾਰ, ਪ੍ਰੋ: ਵਰਿਆਮ ਸਿੰਘ ਅਤੇ ਸੰਗੀਤ ਸਮਰਾਟ ਡਾ: ਰਾਜੇਸ਼ ਮੋਹਨ...ਆਦਿ ਬਾਰੇ ਲਿਖਣਾ ਅਜੇ ਬਾਕੀ ਹੈ। ਸਾਨੂੰ ਉਸ ਦੇ ਅਜਿਹੇ ਕੁਝ ਹੋਰ ਕਲਮੀ-ਚਿੱਤਰਾਂ ਦੀ ਇੰਤਜ਼ਾਰ ਰਹੇਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136.

c c c
ਸੁਲਗਦੀ ਅੱਗ
ਨਾਵਲਕਾਰ : ਗ. ਸ. ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਕੇ.ਜੀ. ਗ੍ਰਾਫਿਕਸ, ਅੰਮ੍ਰਿਤਸਰ
ਮੁੱਲ : 225 ਰੁਪਏ, ਸਫ਼ੇ : 112
ਸੰਪਰਕ : 81469-10997.

ਛੇ ਪੁਸਤਕਾਂ ਦੇ ਰਚੇਤੇ ਗ.ਸ. ਨਕਸ਼ਦੀਪ ਪੰਜਕੋਹਾ ਨਾਵਲ 'ਸੁਲਗਦੀ ਅੱਗ' ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਇਸ ਨਾਵਲ ਦਾ ਵਿਸ਼ਾ ਵਸਤੂ ਪੰਜਾਬੀ ਸੁਭਾਉ ਵਿਚ ਬਦਲੇਖੋਰੀ ਦੀ ਭਾਵਨਾ 'ਤੇ ਕੇਂਦਰਿਤ ਹੈ। ਪੰਜਾਬ ਵਿਚ ਜ਼ਰ, ਜ਼ੋਰੂ ਤੇ ਜ਼ਮੀਨ ਖਾਤਰ ਨੇੜਲੇ ਸਾਕ ਸਬੰਧੀਆਂ ਦੇ ਕਤਲ ਦੀਆਂ ਘਟਨਾਵਾਂ, ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਨਾਵਲ ਦਾ ਪ੍ਰਮੁੱਖ ਪਾਤਰ ਗੁਰਲੀਨ ਇਕ ਅਜਿਹਾ ਨੌਜਵਾਨ ਹੈ ਜਿਸ ਦੇ ਸਕੇ ਤਾਏ ਨੇ ਉਸ ਦੇ ਪਿਤਾ, ਭਰਾ, ਭੈਣ ਤੇ ਮਾਂ ਨੂੰ ਮਾਰ/ਮਰਵਾ ਦਿੱਤਾ ਹੈ। ਜਾਨ ਬਚਾ ਕੇ ਭੱਜਿਆ ਗੁਰਲੀਨ ਆਪਣੀ ਜ਼ਿੰਦਗੀ ਦਾ ਪਲ-ਪਲ ਇਸੇ ਬਦਲੇ ਦੀ ਅੱਗ ਵਿਚ ਗੁਜ਼ਾਰਦਾ ਹੈ। ਇਸ ਬਦਲੇ ਦੀ ਮਾਨਸਿਕਤਾ ਦੇ ਚਲਦਿਆਂ ਉਹ ਕਈ ਰਿਸ਼ਤੇ ਠੁਕਰਾ ਦਿੰਦਾ ਹੈ। ਉਸ ਦੇ ਰਿਸ਼ਤੇਦਾਰ ਖਾਨਦਾਨ ਦੇ ਵਿਚੋਂ ਇਕ ਚਿਰਾਗ ਨੂੰ ਬਚਾਉਣ ਲਈ ਉਸ ਨੂੰ ਵਿਦੇਸ਼ ਭੇਜ ਦਿੰਦੇ ਹਨ। ਉਥੇ ਵੀ ਆਪਣੀ ਭੈਣ, ਕੁਲੀਗ ਕੈਂਡਿਮ ਵਰਗੀਆਂ ਕਈ ਔਰਤਾਂ ਦੇ ਸੰਪਰਕ ਵਿਚ ਆਉਂਦਾ ਹੈ। ਆਖ਼ਰ ਸਤਵਿੰਦਰ ਨਾਂਅ ਦੀ ਕੁੜੀ ਨਾਲ ਉਹ ਵਿਆਹ ਰਚਾ ਲੈਂਦਾ ਹੈ। ਦੋ ਬੇਟੀਆਂ ਦਾ ਬਾਪ ਬਣਦਾ ਹੈ ਪਰ ਉਸ ਦੇ ਅੰਦਰ ਆਪਣੇ ਪਰਿਵਾਰ ਦੇ ਕਾਤਲ ਤੋਂ ਬਦਲਾ ਲੈਣ ਦੀ ਭਾਵਨਾ ਪ੍ਰਬਲ ਬਣੀ ਰਹਿੰਦੀ ਹੈ। ਕਈ ਪਿਆਰੇ ਦੋਸਤ ਮਿੱਤਰ ਇਸ ਅੱਗ ਨੂੰ ਮੁਹੱਬਤੀ ਜਲ ਛਿੜਕਾ ਕੇ ਸ਼ਾਂਤ ਕਰਨੀ ਚਾਹੁੰਦੇ ਹਨ। ਗੁਰਲੀਨ ਕਾਤਲ ਥਾਣੇਦਾਰ ਤਾਏ (ਜੋ ਅਦਾਲਤ ਵਿਚ ਸਬੂਤਾਂ/ਗਵਾਹਾਂ ਦੀ ਘਾਟ ਕਾਰਨ ਬਰੀ ਹੋ ਗਿਆ ਹੈ) ਨੂੰ ਮਰਵਾਉਣ ਲਈ ਪੇਸ਼ੇਵਰ ਕਾਤਲ ਨੂੰ ਸੁਪਾਰੀ ਵੀ ਦਿੰਦਾ ਹੈ।
ਉਹ ਤਿੰਨ ਕਤਲ ਵੀ ਕਰਦੇ ਹਨ ਪਰ ਨਾਵਲ ਵਿਚ ਸਪੱਸ਼ਟ ਨਹੀਂ ਹੁੰਦਾ ਕਿ ਉਨ੍ਹਾਂ ਨੇ ਕਿਹੜੇ ਲੋਕਾਂ ਦੇ ਕਤਲ ਕੀਤੇ ਹਨ। ਆਖ਼ਰ ਉਹ ਆਪ ਲੰਮੇ ਸਮੇਂ ਬਾਅਦ ਪਿੰਡ ਪਰਤਦਾ ਹੈ ਤੇ ਮਰਨ ਕਿਨਾਰੇ ਪੁੱਜੇ ਤਾਏ ਥਾਣੇਦਾਰ ਦੇ ਥੱਪੜ ਮਾਰ ਕੇ ਆਪਣੀ ਬਦਲੇ ਦੀ ਸੁਲਗਦੀ ਅੱਗ ਨੂੰ ਸ਼ਾਂਤ ਕਰ ਲੈਂਦਾ ਹੈ। ਅੰਤ ਵਿਚ ਉਹ ਮਹਿਸੂਸ ਕਰਦਾ ਹੈ ਕਿ ਬਦਲਾ ਲੈਣ ਨਾਲੋਂ ਮੁਆਫ਼ ਕਰਨ ਨਾਲ ਵੱਧ ਸਕੂਨ ਤੇ ਸੰਤੁਸ਼ਟੀ ਹਾਸਲ ਹੁੰਦੀ ਹੈ। ਨਾਵਲਕਾਰ ਇਸ ਨਾਵਲ ਰਾਹੀਂ ਸਮਾਜ ਨੂੰ ਚੰਗਾ-ਸਾਰਥਕ ਸੁਨੇਹਾ ਦੇਣਾ ਚਾਹੁੰਦਾ ਹੈ, ਜਿਸ ਵਿਚੋਂ ਲੇਖਕ ਕਾਮਯਾਬ ਹੈ। ਨਾਵਲ ਦੀ ਭਾਸ਼ਾ ਸਰਲ ਹੈ। ਛੋਟੀਆਂ-ਛੋਟੀਆਂ ਕਹਾਣੀਆਂ ਅਤੇ ਵੇਰਵੇ ਨਾਲ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਕਥਾਨਕ ਵਿਚ ਰੌਚਕਤਾ ਹੈ। ਪਰ ਲੇਖਕ ਕਈ ਥਾਂ ਸ਼ਬਦ ਜੋੜਾਂ ਅਤੇ ਵਾਕ ਬਣਤਰ ਵਿਚ ਟਪਲਾ ਖਾ ਗਿਆ ਹੈ। ਪੰਜਾਬ ਵਿਚ ਅਣਖਾਂ ਖਾਤਰ ਹੋ ਰਹੇ ਕਤਲਾਂ ਦੀ ਬੁਰੀ ਰਵਾਇਤ ਪ੍ਰਤੀ ਪਾਠਕਾਂ ਨੂੰ ਸੁਚੇਤ ਤੇ ਜਾਗਰੂਕ ਕਰਦਾ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964.

c c c
ਇਕ ਕਹਾਣੀ ਹੋਰ
ਲੇਖਕ : ਕਰਾਮਤ ਅਲੀ ਮੁਗਲ
ਲਿਪੀਅੰਤਰ : ਮਹਿੰਦਰ ਬੇਦੀ ਜੈਤੋ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 183
ਸੰਪਰਕ : 94177-30600.

ਲਾਹੌਰ (ਪਾਕਿਸਤਾਨ) ਦੇ ਸਰਕਾਰੀ ਇਸਲਾਮੀਆ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਕਰਾਮਤ ਅਲੀ ਮੁਗਲ ਦੀ ਸ਼ਾਹਮੁਖੀ ਵਿਚ ਲਿਖੀ ਇਸ ਪੁਸਤਕ ਦਾ ਗੁਰਮੁਖੀ ਵਿਚ ਲਿਪੀਅੰਤਰ ਕੀਤਾ ਹੈ। ਕਹਾਣੀ ਸੰਗ੍ਰਹਿ ਵਿਚ ਛੋਟੀਆਂ-ਵੱਡੀਆਂ 33 ਰਚਨਾਵਾਂ ਹਨ। ਕਦੋਂ, ਕਿਵੇਂ ਤੇ ਕਿੱਥੇ? ਇਕਾਂਗੀ ਨਾਟਕ ਹੈ। ਪਾਤਰ ਸਾਧਾਰਨ ਪਰਿਵਾਰਕ ਗੱਲਬਾਤ ਕਰਦੇ ਹਨ। ਗੱਲਾਂ ਵਿਚੋਂ ਗੱਲ ਦੀ ਇਹ ਸ਼ੈਲੀ ਇਕਾਂਗੀ ਵਾਂਗ ਸਾਰੀਆਂ ਕਹਾਣੀਆਂ ਦੀ ਮੁੱਖ ਵਿਧਾ ਹੈ। ਕੁਝ ਕਹਾਣੀਆਂ ਤੇ ਵਾਰਤਾਲਾਪ ਤੋਂ ਹੀ ਸ਼ੁਰੂ ਹੁੰਦੀਆਂ ਹਨ। ਤੇ ਪੂਰੀ ਕਹਾਣੀ ਵਿਚ ਇਹ ਸੰਵਾਦ ਤੁਰਿਆ ਜਾਂਦਾ ਹੈ। ਵਨ ਵੇ ਕਹਾਣੀ ਵਿਚ ਦੋ ਪਾਤਰ ਹਨ। ਦੋਵੇਂ ਸਾਹਿਤਕ ਰੁਚੀਆਂ ਵਾਲੇ ਹਨ। ਉਹ ਕਹਾਣੀ ਸਿਰਜਣਾ ਬਾਰੇ ਚਰਚਾ ਕਰਦੇ ਹਨ। ਇਸ ਵਿਚ ਉਨ੍ਹਾਂ ਦਾ ਉਹ ਸਾਰਾ ਆਲਾ-ਦੁਆਲਾ ਹੈ ਜਿਸ ਵਿਚ ਉਹ ਰਹਿ ਰਹੇ ਹਨ। ਰਚਨਾਵਾਂ ਦੀਆਂ ਔਰਤ ਪਾਤਰਾਂ ਵਿਚ ਬੇਬਾਕੀ ਹੈ। ਗੱਲਬਾਤ ਕਰਨ ਵਿਚ ਪੂਰੀ ਖੁੱਲ੍ਹ ਹੈ। ਉਹ ਸਮੇਂ ਦੀ ਤਰਜਮਾਨੀ ਕਰਦੀਆਂ ਹਨ ਤੇ ਕੁਝ ਰਚਨਾਵਾਂ ਵਿਚ ਆਧੁਨਿਕ ਸੋਚ ਰੱਖਦੀਆਂ ਹਨ। ਕਹਾਣੀਆਂ ਵਿਚ ਜ਼ਿੰਦਗੀ ਦਾ ਸੰਘਰਸ਼, ਰਹਿਣ-ਸਹਿਣ, ਦਾਰਸ਼ਨਿਕਤਾ ਉੱਭਰਦੀ ਹੈ। ਲੇਖਕ ਸਾਧਾਰਨਤਾ ਤੋਂ ਸੂਖਮਤਾ ਵੱਲ ਜਾਂਦਾ ਹੈ। ਸਿਰਲੇਖ ਵਾਲੀ ਰਚਨਾ ਵਿਚ ਬੋਲ ਹਨ'ਯਾਰ ਤੂੰ ਕਹਾਣੀ ਕਿਉਂ ਨਹੀਂ ਲਿਖਦਾ?' ਜਿਹੇ ਵਾਕਾਂ ਵਿਚ ਮੋਹ ਪਿਆਰ ਤੇ ਜ਼ਿੰਦਗੀ ਦਾ ਨਿਵੇਕਲਾਪਣ ਹੈ।
ਕਹਾਣੀਕਾਰ ਜਿੰਦਰ ਦੇ ਸ਼ਬਦਾਂ ਵਿਚ ਕਰਾਮਤ ਅਲੀ ਮੁਗਲ ਨਵੇਂ ਪੋਚ ਦਾ ਕਹਾਣੀਕਾਰ ਹੈ। ਉਸ ਕੋਲ ਆਪਣੇ ਚੁਗਿਰਦੇ ਨੂੰ ਸਮਝਣ ਦੀ ਸੂਝ ਹੈ। ਕਹਾਣੀ ਦਾ ਬਿਰਤਾਂਤ ਸਿਰਜਣ ਵਿਚ ਸੁਚੇਤ ਰਹਿੰਦਾ ਹੈ। ਲਹਿੰਦੀ ਪੰਜਾਬੀ ਵਾਲਾ ਲਹਿਜਾ ਕਹਾਣੀ ਵਿਚ ਆਮ ਹੈ। ਸ਼ਬਦਾਂ ਵਿਚ (ਵ ਧੁਨੀ) ਵਾਲਾ ਉਚਾਰਨ ਹੈ। ਸ਼ਬਦ ਸ਼ੈਵਾਂ, ਆਵਣਾ, ਹੋਵਣ, ਵੰਡਾਵਣਾ, ਹਯਾਤੀ ਆਦਿ। ਵਧੇਰੇ ਸਿਰਲੇਖ ਇਕ ਸ਼ਬਦੀ ਹਨ। ਰਚਨਾਵਾਂ ਬੇਟੀ, ਭਾਰ, ਅਬਾਦਤ, ਅੱਗ, ਕਲਾਕਾਰ, ਤੌਬਾ, ਭੇਤ, ਦੁਪੱਟਾ ਵਿਚ ਜ਼ਿੰਦਗੀ ਦੇ ਸੂਖਮ ਸਰੋਕਾਰ ਹਨ। ਲਿਪੀਅੰਤਰ ਮਿਆਰੀ ਹੈ। ਪੁਸਤਕ ਵਿਚੋਂ ਪੱਛਮੀ ਪੰਜਾਬ ਦੀ ਅਜੋਕੀ ਕਹਾਣੀ ਦੇ ਦੀਦਾਰ ਹੁੰਦੇ ਹਨ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.

c c c
ਨਾਨਕ ਵਾਹੁ ਵਾਹੁ
(ਸੋਹਿਲੇ ਗੁਰੂ ਨਾਨਕ ਕੇ)
ਸੰਪਾਦਕ : ਡਾ: ਧਰਮਿੰਦਰ ਸਿੰਘ ਉੱਭਾ, ਡਾ: ਦਵਿੰਦਰ ਸਿੰਘ
ਪ੍ਰਕਾਸ਼ਕ : ਖ਼ਾਲਸਾ ਕਾਲਜ, ਪਟਿਆਲਾ
ਮੁੱਲ : 500 ਰੁਪਏ, ਸਫ਼ੇ : 535
ਸੰਪਰਕ : 98557-11380

ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਨਿਰੰਕਾਰੀ ਜੋਤਿ ਦਾ ਪ੍ਰਗਟ ਪ੍ਰਕਾਸ਼ ਇਸ ਧਰਤੀ 'ਤੇ ਹੋਇਆ। ਆਪ ਜੀ ਦੀ ਉਪਮਾ ਵਿਚ ਅੱਜ ਤੱਕ ਕਵੀਆਂ ਦੀਆਂ ਕਲਮਾਂ ਉਸਤਤੀ ਦੇ ਸੋਹਿਲੇ ਗਾਉਂਦੀਆਂ ਆ ਰਹੀਆਂ ਹਨ। ਇਸ ਕਾਵਿ ਸੰਗ੍ਰਹਿ ਵਿਚ ਭਾਈ ਗੁਰਦਾਸ ਜੀ ਤੋਂ ਲੈ ਕੇ ਆਧੁਨਿਕ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਸ਼ਾਇਰਾਂ ਦੇ ਸ਼ਾਇਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਵਡਿਆਈ ਨੂੰ ਕਾਵਿ ਸ਼ਰਧਾਂਜਲੀਆਂ ਪੇਸ਼ ਕੀਤੀਆਂ ਗਈਆਂ ਹਨ। ਆਉ ਕੁਝ ਝਲਕਾਂ ਮਾਣੀਏ
-ਗੁਰੂ ਨਾਨਕ ਨੇ ਸੋਚਾਂ 'ਚੋਂ ਅਡੰਬਰ ਚੂਰ ਕੀਤਾ ਹੈ
ਜਗਾ ਕੇ ਸ਼ਬਦਾਂ ਦੇ ਦੀਵੇ ਹਨੇਰਾ ਦੂਰ ਕੀਤਾ ਹੈ।
-ਸਰਦਾਰ ਪੰਛੀ

-ਸ਼ਕਤੀ ਦਾ ਮਾਲਕ ਹੈ, ਹੈ ਆਗੂ ਕ੍ਰਾਂਤੀ ਦਾ
ਪਿਆਰਾਂ ਦਾ ਚਸ਼ਮਾ ਹੈ, ਤੇ ਸੋਮਾ ਸ਼ਾਂਤੀ ਦਾ।
-ਪ੍ਰੇਮ ਸਿੰਘ ਪ੍ਰੇਮ

-ਤੂੰ ਸੁੱਚੀ ਕਿਰਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ
ਤੇ ਗ੍ਰਹਿਸਤੀ ਬਣ ਕੇ ਖ਼ੁਦ ਝੰਡਾ ਝੁਲਾਇਆ ਨਾਮ ਦਾ ਬਾਬਾ
ਸਰਬ ਸਾਂਝੀ ਮਨੁੱਖਤਾ ਨੂੰ, ਖ਼ੁਦਾ ਦਾ ਰਾਜ਼ ਦੱਸਣ ਲਈ
ਕਿਤੇ ਮੱਕਾ ਫਿਰਾਇਆ, ਪੰਜਾ ਲਾਇਆ ਨਾਮ ਦਾ ਬਾਬਾ।
-ਪ੍ਰੀਤਮ ਸਿੰਘ ਕਾਸਿਦ

-ਤਸਵੀਰ ਸ੍ਰੀ ਗੁਰੂ ਨਾਨਕ ਦੀ, ਮੈਂ ਮਨ-ਮੰਦਰ ਵਿਚ ਟੰਗੀ ਏ
ਜਦ ਚਾਹੁਨਾਂ ਦਰਸ਼ਨ ਕਰ ਲੈਨਾਂ, ਰੂਹ ਰੱਬ ਦੇ ਰੰਗ ਵਿਚ ਰੰਗੀ ਏ।

-ਦਾਨ ਸਿੰਘ ਕੋਮਲ
- ਕਣ ਕਣ ਵਿਚ ਨਾਨਕ ਵਸਿਆ ਹੈ
ਹਰ ਸੰਨ ਵਿਚ ਨਾਨਕ ਵਸਿਆ ਹੈ।
-ਅੰਜੂ ਖੁੱਲਰ

ਪੁਸਤਕ ਦੇ ਪਹਿਲੇ ਭਾਗ ਵਿਚ ਸਤਾਰ੍ਹਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਆਰੰਭ ਤੱਕ 44 ਕਵੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਦੂਜੇ ਭਾਗ ਵਿਚ 20ਵੀਂ ਸਦੀ ਦੇ ਕਵੀਆਂ ਦੀਆਂ 201 ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਤੀਜੇ ਭਾਗ ਵਿਚ ਸਮਕਾਲੀ ਕਵੀਆਂ ਦੀਆਂ 58 ਕਵਿਤਾਵਾਂ ਨੂੰ ਪੁਸਤਕ ਦਾ ਸ਼ਿੰਗਾਰ ਬਣਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਅਪਰੰਪਾਰ ਹੈ, ਫਿਰ ਵੀ ਸੁੱਚੀਆਂ ਕਲਮਾਂ ਨੇ ਆਪਣਾ ਤਿਲ ਫੁੱਲ ਭੇਟ ਕਰਕੇ ਕਾਵਿ ਦੇ ਮਹਾਂਸਾਗਰ ਵਿਚ ਯੋਗਦਾਨ ਪਾਇਆ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


c c c
ਬਿਰਹਾ ਹੰਝੂ ਕੇਰੇ
ਲੇਖਕ : ਤਾਰਾ ਸਿੰਘ 'ਚੇੜਾ'
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98777-55681.


ਸ਼ਾਇਰ ਤਾਰਾ ਸਿੰਘ 'ਚੇੜਾ' ਪੰਜਾਬੀ ਸ਼ਾਇਰੀ ਦਾ ਗੂੜ੍ਹਾ ਹਸਤਾਖ਼ਰ ਹੈ, ਜੋ ਹਥਲੀ ਕਿਤਾਬ 'ਬਿਰਹਾ ਹੰਝੂ ਕੇਰੇ' ਤੋਂ ਪਹਿਲਾਂ ਵੀ ਬਿਰਹਾ ਨੂੰ ਪਰਨਾਈਆਂ ਤੇ ਬਿਰਹਾ ਦੇ ਵੱਖ-ਵੱਖ ਸ਼ੇਡਜ਼ ਦਿਖਾਉਂਦੀਆਂ ਪੁਸਤਕਾਂ ਪੰਜਾਬੀ ਅਦਬ ਦੀ ਝੋਲੀ ਪਾ ਚੁੱਕੇ ਹਨ।
ਇਹ ਪੁਸਤਕ ਦਰਅਸਲ ਪ੍ਰੇਮੀ ਅਤੇ ਪ੍ਰੇਮਣ ਦਾ ਕਾਵਿਕ ਵਾਰਤਾਲਾਪ ਹੈ। ਬਿਰਹਾ ਦੇ ਵਿਯੋਗੀ ਇਕ-ਦੂਜੇ ਨੂੰ ਉਮਰਾਂ ਤੱਕ ਦਾ ਸਾਥ ਨਿਭਾਉਣ ਦੀ ਅਰਜੋਈ ਹੈ, ਤਾਨ੍ਹੇ ਮਿਹਣੇ ਹਨ ਅਤੇ ਉਡੀਕਾਂ 'ਚ ਲੁੱਛਦੀ ਵਿਯੋਗਣ ਦਾ ਕਾਵਿਕ ਵਿਰਲਾਪ ਹੈ। ਇਕ-ਦੂਜੇ ਨੂੰ ਸਮਝਣ-ਸਮਝਾਉਣ, ਆਪਣੇ ਸਾਥੀ ਨੂੰ ਬੇਪਨਾਹ ਮੁਹੱਬਤ ਕਰਨ, ਗ਼ੈਰਾਂ ਦੇ ਸੰਗ ਤੋਂ ਬਚਣ ਅਤੇ ਚੋਰੀ ਦਾ ਗੁੜ ਖਾਣ ਤੋਂ ਹੋੜਨ ਦਾ ਤਰੱਦਦ ਵੀ ਹੈ। ਬਿਰਹਾ ਵਰਗੇ ਇਕੋ ਹੀ ਵਿਸ਼ੇ ਨੂੰ ਨਿਭਾਉਣਾ ਤੇ ਵਿਸਥਾਰਨਾ ਬੜੀ ਸ਼ਿੱਦਤ ਦੀ ਮੰਗ ਕਰਦਾ ਹੈ ਪਰ ਸ਼ਾਇਰ ਨੇ ਇਸ ਚੁਣੌਤੀ ਨੂੰ ਭਲੀ ਪ੍ਰਕਾਰ ਕਬੂਲਿਆ ਹੈ।
ਸ਼ਾਇਰੀ ਦਾ ਵਹਿਣ ਪਹਾੜੀ ਨਦੀ ਵਰਗਾ ਹੈ। ਕਿਤਾਬ ਦਾ ਸਰਵਰਕ ਤਾਂ ਬਹੁਤ ਹੀ ਖੂਬਸੂਰਤ ਹੈ, ਜਿਸ ਨੂੰ ਦੇਖਦਿਆਂ ਹੀ ਪੁਸਤਕ ਪੜ੍ਹਨ ਦੀ ਉਤਸੁਕਤਾ ਜਾਗਦੀ ਹੈ। ਸ਼ਾਇਰ ਦੱਸਦਾ ਹੈ ਕਿ ਮੁਹੱਬਤ ਕੋਈ ਸ਼ਤਰੰਜ ਦਾ ਖੇਲ ਨਹੀਂ ਹੈ। ਸ਼ਤਰੰਜ ਦੀ ਖੇਡ ਦੀ ਪ੍ਰਭਾਵੀ ਸਿਫ਼ਤ ਇਹ ਹੁੰਦੀ ਹੈ ਕਿ ਆਪਣਿਆਂ ਨੂੰ ਨਹੀਂ ਮਾਰਨਾ। ਸ਼ਾਇਰ ਕੋਲ ਸ਼ਬਦ ਭੰਡਾਰ ਦਾ ਅਮੁੱਕ ਖਜ਼ਾਨਾ ਤਾਂ ਹੈ ਹੀ ਤੇ ਉਸ ਨੂੰ ਚਾਹੀਦਾ ਹੈ ਕਿ ਇਕੋ ਵਿਸ਼ੇ ਨਾਲ ਹੀ ਨਾ ਚਿਪਕਿਆ ਰਹੇ। ਹੋਰ ਬੜੇ ਮਨੁੱਖੀ ਮਸਲੇ ਹਨ ਤੇ ਉਨ੍ਹਾਂ ਉੱਤੇ ਕਲਮ ਅਜ਼ਮਾਈ ਕਰ ਕੇ ਆਪਣਾ ਕਾਵਿਕ ਧਰਮ ਨਿਭਾਉਣਾ ਚਾਹੀਦਾ ਹੈ। ਆਉਣ ਵਾਲੀ ਨਵੀਂ ਪੁਸਤਕ ਹੋਰ ਵਿਭਿੰਨ ਵਰਤਾਰਿਆਂ ਨਾਲ ਦਸਤਪੰਜਾ ਲਏਗੀ। ਇਸ ਦੀ ਮੈਨੂੰ ਪੂਰੀ ਉਮੀਦ ਹੈ। ਆਮੀਨ!


ਭਗਵਾਨ ਢਿੱਲੋਂ
ਮੋ: 98143-78254.

c c c

22-03-2020

 ਮਾਂ ਦੀਆਂ ਚਾਰ ਬੁੱਕਲਾਂ
ਲੇਖਿਕਾ : ਮਨਜੀਤ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 82888-42066.

ਮਨਜੀਤ ਕੌਰ ਬਰਾੜ ਨੇ ਆਪਣੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ 26 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜਦੋਂ ਅਸੀਂ ਇਨ੍ਹਾਂ ਮਿੰਨੀ ਕਹਾਣੀਆਂ ਬਾਰੇ ਚਰਚਾ ਕਰਦੇ ਹਾਂ ਤਾਂ ਇਨ੍ਹਾਂ ਵਿਚਲੀ ਮੂਲ ਸੁਰ ਦੀ ਸੋਝੀ ਆਪਣੇ-ਆਪ ਹੀ ਪਾਠਕ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਮੂਲ ਸੁਰ ਹੈ ਮਾਨਵੀ ਅਹਿਸਾਸ। ਅੱਜ ਜਦੋਂ ਮਨੁੱਖ, ਮਨੁੱਖ ਨਾਲੋਂ ਟੁੱਟ ਰਿਹਾ ਹੈ, ਸਵਾਰਥੀ ਬਿਰਤੀ ਭਾਰੂ ਹੋ ਰਹੀ ਹੈ, ਉਦੋਂ ਮਨਜੀਤ ਕੌਰ ਬਰਾੜ ਦੀਆਂ ਇਹ ਮਿੰਨੀ ਕਹਾਣੀਆਂ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਬਾਤ ਪਾਉਂਦੀਆਂ ਹਨ। ਭਾਵੇਂ ਕਿ ਇਨ੍ਹਾਂ ਸਾਰੀਆਂ ਕਹਾਣੀਆਂ ਵਿਚ ਹੀ 'ਮਾਂ' ਸ਼ਬਦ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰ ਹੈ ਪਰ ਕੁਝ ਕਹਾਣੀਆਂ ਮਾਨਵੀ ਰਿਸ਼ਤਿਆਂ ਦੇ ਨਿੱਘੇ ਅਹਿਸਾਸਾਂ ਨੂੰ ਵੀ ਪੇਸ਼ ਕਰਦੀਆਂ ਹਨ ਜਿਵੇਂ ਕਹਾਣੀ 'ਟਰੱਕ ਡਰਾਈਵਰ' ਵਿਚਲਾ 'ਟਰੱਕ ਡਰਾਈਵਰ' ਕਹਾਣੀ ਵਿਚਲੀ ਪਾਤਰ ਨੂੰ ਕਿਵੇਂ ਧੀ ਦਾ ਰੁਤਬਾ ਵੀ ਦਿੰਦਾ ਹੈ ਅਤੇ ਟਰੱਕ ਡਰਾਈਵਰਾਂ ਦਾ ਪਰੰਪਰਕ ਅਲਗਰਜ਼ੀ ਵਾਲਾ ਅਕਸ ਵੀ ਤੋੜਦਾ ਹੈ। ਇਸੇ ਤਰ੍ਹਾਂ 'ਮੈਂ ਅਬਲਾ ਨਹੀਂ' ਕਹਾਣੀ ਵਿਚਲੀ ਸਰੋਜ ਨਾਰੀ ਸਸ਼ਕਤੀਕਰਨ ਦੀ ਸ਼ਾਖ਼ਸ਼ਾਤ ਉਦਾਹਰਨ ਹੈ। ਹੋਰ ਵੀ ਕਈ ਕਹਾਣੀਆਂ ਪਰੰਪਰਕ ਮਿੱਥ ਨੂੰ ਤੋੜਨ ਵਾਲੀਆਂ ਕਹਾਣੀਆਂ ਹਨ, ਜਿਹੜੀ ਅਸੀਂ ਕਿਸੇ ਨਾਲ ਪੱਕੇ ਤੌਰ 'ਤੇ ਸਬੰਧਿਤ ਕਰ ਦਿੰਦੇ ਹਾਂ। ਜੇਕਰ ਸਮੁੱਚੇ ਰੂਪ ਵਿਚ ਇਨ੍ਹਾਂ ਮਿੰਨੀ ਕਹਾਣੀਆਂ ਨੂੰ ਘੋਖਿਆ ਜਾਵੇ ਤਾਂ ਇਨ੍ਹਾਂ ਵਿਚ 'ਮਾਂ' ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਹਾਜ਼ਰ ਹੈ ਤੇ ਕਹਾਣੀਕਾਰਾ ਦੀ ਕੋਸ਼ਿਸ਼ ਹੈ ਕਿ ਇਸ ਪਵਿੱਤਰ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਕਿ ਰਿਸ਼ਤਿਆਂ ਵਿਚ ਨਿੱਘ ਬਣਿਆ ਰਹੇ। ਜੇਕਰ 'ਧੀ' ਨੂੰ 'ਮਾਂ' ਦੇ ਵਿਦਾ ਹੋਣ ਤੋਂ ਬਾਅਦ ਪੇਕੇ ਘਰ ਵਿਚੋਂ ਰਿਸ਼ਤਿਆਂ ਦਾ ਨਿੱਘ ਅਤੇ ਅਪਣੱਤ ਪ੍ਰਾਪਤ ਹੋਵੇ ਤਾਂ ਮਾਂ ਦੇ ਤੁਰ ਜਾਣ ਦਾ ਘਾਟਾ ਅਤੇ ਘਾਟੇ ਦਾ ਦੁੱਖ ਕੁਝ ਘੱਟ ਜ਼ਰੂਰ ਹੋਵੇਗਾ, ਜਿਹਾ ਕਿ 'ਮਾਂ ਦੀਆਂ ਚਾਰ ਬੁੱਕਲਾਂ' ਕਹਾਣੀ ਵਿਚ ਪੇਸ਼ ਹੋਇਆ ਹੈ। ਕਹਾਣੀਕਾਰ ਨੇ ਇਨ੍ਹਾਂ ਕਹਾਣੀਆਂ ਵਿਚ 'ਮਾਂ' ਦੀ ਅਹਿਮੀਅਤ ਦੇ ਨਾਲ-ਨਾਲ ਧੀਆਂ ਦੇ ਸਤਿਕਾਰ ਦੀ ਗੱਲ ਵੀ ਛੋਹੀ ਹੈ, ਕਿਉਂਕਿ ਉਹ ਵੀ ਕੱਲ੍ਹ ਦੀਆਂ ਮਾਵਾਂ ਹਨ। ਲਾਲਚੀ ਬਿਰਤੀ ਅਤੇ ਸਵਾਰਥ ਨੂੰ ਛੱਡ ਕੇ ਅਸੀਂ ਆਪਣੇ ਰਿਸ਼ਤਿਆਂ ਨੂੰ ਪਿਆਰਮਈ ਅਤੇ ਨਿੱਘ ਭਰਪੂਰ ਬਣਾ ਸਕਦੇ ਹਾਂ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਬੀਬੀ ਹਰਨਾਮ ਕੌਰ ਜੀ
ਮੂਲ ਲੇਖਕ : ਕਰਮ ਸਿੰਘ ਹਿਸਟੋਰੀਅਨ
ਸੰਪਾਦਕ : ਡਾ: ਪੂਰਨ ਸਿੰਘ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98157-00916.

ਇਹ ਪੁਸਤਕ ਸਿੱਖ ਇਤਿਹਾਸ ਦੀ ਨਾਇਕਾ ਬੀਬੀ ਹਰਨਾਮ ਕੌਰ ਦੇ ਜੀਵਨ 'ਤੇ ਆਧਾਰਿਤ ਹੈ। 19ਵੀਂ ਸਦੀ ਦੇ ਪਿਛਲੇ ਅੱਧ ਵਿਚ ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ ਅਤੇ ਸਿੱਖ ਵਿਦਿਅਕ ਸਭਾਵਾਂ ਨੇ ਗਿਆਨ ਪੱਖੀ ਚੇਤਨਾ ਜਗਾਈ ਅਤੇ ਸਿੱਖ ਬੀਬੀਆਂ ਲਈ ਸਕੂਲ ਚਲਾਏ। ਬੀਬੀ ਹਰਨਾਮ ਕੌਰ ਇਤਿਹਾਸ ਦੀ ਪਹਿਲੀ ਬੀਬੀ ਹੈ, ਜਿਸ ਨੇ ਸਿੱਖ ਸਮਾਜ ਅਤੇ ਇਸਤਰੀ ਵਿੱਦਿਆ ਲਈ ਅਹਿਮ ਭੂਮਿਕਾ ਨਿਭਾਅ ਕੇ ਸਾਰੀ ਜ਼ਿੰਦਗੀ ਇਸ ਦੇ ਲੇਖੇ ਲਾ ਦਿੱਤੀ। ਉਸ ਦੇ ਮਹਾਨ ਯੋਗਦਾਨ ਤੋਂ ਪ੍ਰੇਰਨਾ ਲੈ ਕੇ ਅਨੇਕ ਬੀਬੀਆਂ ਨੇ ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਘਾਲਣਾ ਘਾਲੀ। ਬੀਬੀ ਹਰਨਾਮ ਕੌਰ ਨੇ ਆਪਣੇ ਪਤੀ ਭਾਈ ਤਖ਼ਤ ਸਿੰਘ ਨਾਲ ਮਿਲ ਕੇ ਬਹੁਤ ਸਾਰੇ ਵਿੱਦਿਅਕ ਅਦਾਰੇ ਖੋਲ੍ਹੇ ਅਤੇ ਯਤੀਮ ਗ਼ਰੀਬ ਬੱਚੀਆਂ ਨੂੰ ਪੜ੍ਹਾਉਣ, ਖਾਣ-ਪੀਣ ਅਤੇ ਰਿਹਾਇਸ਼ ਦਾ ਜ਼ਿੰਮਾ ਲਿਆ। ਉਸ ਨੇ ਲੜਕੀਆਂ ਲਈ ਸਿੱਖ ਕੰਨਿਆ ਮਹਾਂਵਿਦਿਆਲਿਆ ਚਲਾ ਕੇ ਸਿੱਖ ਬੀਬੀਆਂ ਵਿਚ ਵਿੱਦਿਆ ਪ੍ਰਤੀ ਚੇਤਨਾ, ਜਾਗ੍ਰਿਤੀ ਅਤੇ ਚਾਅ ਪੈਦਾ ਕੀਤਾ। ਉਸ ਨੇ ਇਸਤਰੀ ਸਤਿਸੰਗ ਸੰਸਥਾ ਨੂੰ ਸਥਾਪਿਤ ਕਰਕੇ ਕੀਰਤਨ, ਸੰਥਿਆ, ਗੁਰਬਾਣੀ ਵਿਆਖਿਆ ਅਤੇ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ। ਪਤੀ-ਪਤਨੀ ਝਾੜੂ ਫੇਰਨ, ਕੱਪੜੇ ਧੋਣ, ਲੰਗਰ ਬਣਾਉਣ, ਬੱਚੀਆਂ ਨੂੰ ਪੜ੍ਹਾਉਣ ਦੇ ਸਾਰੇ ਕਾਰਜ ਖਿੜੇ ਮੱਥੇ ਨਿਭਾਉਂਦੇ ਸਨ। ਬੀਬੀ ਜੀ ਸੇਵਾ, ਸਿਮਰਨ, ਨਿਮਰਤਾ, ਤਿਆਗ ਅਤੇ ਕੁਰਬਾਨੀ ਦੀ ਮੂਰਤ ਸਨ। ਉਨ੍ਹਾਂ ਦੀ ਅਦੁੱਤੀ ਸ਼ਖ਼ਸੀਅਤ ਪਰਉਪਕਾਰ ਦੀ ਮੂਰਤ ਸੀ। ਭਾਵੇਂ ਬੀਬੀ ਜੀ ਸਿਰਫ 24 ਸਾਲ ਹੀ ਸਰੀਰ ਵਿਚ ਰਹੇ ਪਰ ਉਨ੍ਹਾਂ ਨੇ ਬਹੁਤ ਵੱਡੇ ਕਾਰਜ ਕੀਤੇ। ਸਿਰਫ ਦਸ ਸਾਲ ਦੀ ਉਮਰ ਵਿਚ ਹੀ ਉਹ ਪੜ੍ਹਾਉਣ ਲੱਗ ਪਏ ਸਨ। ਸੰਨ 1882 ਵਿਚ ਜਨਮੇ ਬੀਬੀ ਜੀ 1906 ਈ: ਵਿਚ ਪ੍ਰਲੋਕ ਗਮਨ ਕਰ ਗਏ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਿਸਾਲ ਕਾਇਮ ਕਰ ਗਏ। ਇਸ ਅਹਿਮ ਦਸਤਾਵੇਜ਼ ਨੂੰ ਪਾਠਕਾਂ ਦੇ ਰੂ-ਬਰੂ ਕਰਨ ਲਈ ਲੇਖਕ ਅਤੇ ਸੰਪਾਦਕ ਸ਼ਲਾਘਾ ਦੇ ਪਾਤਰ ਹਨ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਦਰਦ ਦਿਲਾਂ ਦੇ ਸਾਂਝੇ
ਸੰਪਾਦਕ : ਗੁਰਤੇਜ ਪੱਖੀ ਕਲਾਂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼ ਭੀਖੀ (ਮਾਨਸਾ)
ਮੁੱਲ : 100 ਰੁਪਏ, ਸਫ਼ੇ : 112
ਸੰਪਰਕ : 99152-18748.

'ਦਰਦ ਦਿਲਾਂ ਦੇ ਸਾਂਝੇ' ਕਾਵਿ ਸੰਗ੍ਰਹਿ ਵੱਖ-ਵੱਖ ਕਲਮਾਂ ਦਾ ਇਕ ਸਾਂਝਾ ਯਤਨ ਹੈ ਜਿਸ ਵਿਚਲੀਆਂ ਕਾਵਿ ਰਚਨਾਵਾਂ ਗੁਰਤੇਜ ਪੱਖੀ ਕਲਾਂ ਨੇ ਇਕੱਤਰ ਕੀਤੀਆਂ ਹਨ। ਸੰਪਾਦਕ ਖ਼ੁਦ ਆਪਣੀ ਮਿਹਨਤ ਤੇ ਇਸ ਪੁਸਤਕ ਦਾ ਉਦੇਸ਼ ਸੰਪਾਦਕੀ ਵਿਚ ਦੱਸਦਾ ਹੈ ਕਿ ਉਹ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਇਸ ਕਾਵਿ ਪੁਸਤਕ ਵਿਚ ਕੁਝ ਸਥਾਪਿਤ ਕਵੀ ਬੱਬੀ ਪੱਤੋ, ਗੁਰਮੀਤ ਕੜਿਆਲਵੀ ਸ਼ਾਮਿਲ ਹਨ। ਹਥਲੀ ਪੁਸਤਕ ਵਿਚ ਵਿਸ਼ਿਆਂ ਦੀ ਵਿਭਿੰਨਤਾ ਹੈ ਕਿਉਂ ਜੋ ਲੇਖਕ ਵੀ ਅਲੱਗ-ਅਲੱਗ ਹਨ। ਰਾਜਨੀਤਕ ਵਿਸ਼ਿਆਂ ਬਾਰੇ ਪੱਤੋ ਹੀਰ ਸਿੰਘ, ਸ਼ਾਮ ਸੁੰਦਰ ਕਾਲੜਾ, ਧਰਮ ਪ੍ਰਵਾਨਾ, ਲਖਵਿੰਦਰ ਸਿੰਘ ਕੋਮਲ, ਸ਼ਿੰਦਰਪਾਲ ਸ਼ਿੰਦਾ, ਅਨੰਤ ਗਿੱਲ, ਸ੍ਰੀ ਬਨਾਰਸੀ ਦਾਸ ਸ਼ਾਸਤਰੀ, ਮਨਪ੍ਰੀਤ ਬੱਧਨੀ ਕਲਾਂ ਨੇ ਬਹੁਤ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਕਾਵਿ ਰਚਨਾਵਾਂ ਕੀਤੀਆਂ ਹਨ। ਸਮਾਜਿਕ ਵਿਸ਼ਿਆਂ ਬਾਰੇ ਵੀ ਵੱਖ-ਵੱਖ ਸ਼ਾਇਰਾਂ ਨੇ ਆਪਣੇ ਭਾਵ ਪ੍ਰਗਟ ਕੀਤੇ ਹਨ। ਰਣਦੀਪ ਸਿੰਘ ਮਾਹਲਾ ਦੀ ਬਦਲਦੇ ਹੋਏ ਰੰਗ, ਹਰਪਿੰਦਰ ਸਿੰਘ ਸੰਧੂ ਦਾ 'ਗੀਤ', ਗੁਰਪ੍ਰੀਤ ਸਾਦਿਕ ਦੀ 'ਗੀਤ', ਸੀਰੀ ਪੱਖੀ ਕਲਾਂ ਦਾ ਗੀਤ, ਰਾਜਪਾਲ ਬਰਾੜ ਦਾ ਗੀਤ, ਪਰਮਜੀਤ ਪੰਮਾ ਦਾਨੇਵਾਲੀਆ ਦਾ ਗੀਤ, ਆਦਿ ਵਧੇਰੇ ਸਲਾਹੁਣਯੋਗ ਹਨ। ਇਸ ਪੁਸਤਕ ਦੇ ਕੁਝ ਕਵੀਆਂ ਨੇ ਦੇਸ਼ ਭਗਤਾਂ ਸਬੰਧੀ ਕਾਵਿ ਰਚਨਾਵਾਂ ਕਰਕੇ ਸ਼ਰਧਾ ਦੇ ਭਾਵ ਪ੍ਰਗਟ ਕੀਤੇ ਹਨ। ਸਿਸਕਦੀ ਆਜ਼ਾਦੀ ਅਨੰਤ ਗਿੱਲ ਦੀ ਸਲਾਹੁਣਯੋਗ ਕਵਿਤਾ ਹੈ ਜਿਸ ਰਾਹੀਂ ਵਰਤਮਾਨ ਸਮੇਂ ਨੌਜਵਾਨਾਂ ਦੇ ਮਨਾਂ ਅੰਦਰ ਭਗਤ ਸਿੰਘ ਦੇ ਆਦਰਸ਼ ਅਤੇ ਹਕੀਕਤ ਦਾ ਫ਼ਰਕ ਪ੍ਰਗਟਾਇਆ ਹੈ। 'ਊਧਮ ਸਿੰਘ' ਬਾਰੇ ਹਰਜਿੰਦਰ ਮਾਣਕ ਦੀ ਕਵਿਤਾ ਵੇਖੀ ਜਾ ਸਕਦੀ ਹੈ। ਇਸ ਪੁਸਤਕ ਵਿਚ ਰੁਮਾਂਟਿਕ ਕਾਵਿ ਰਚਨਾਵਾਂ ਵੀ ਹਨ ਜੋ ਪ੍ਰੇਮ ਤੇ ਵਿਛੋੜੇ ਦੇ ਭਾਵਾਂ ਦਾ ਸਮਾਵੇਸ਼ ਹਨ ਕੁਲਦੀਪ ਭਾਗ ਸਿੰਘ ਵਾਲਾ, ਦਿਲਬਾਗ ਬੁੱਕਣ ਵਾਲਾ, ਵਤਨਵੀਰ ਜ਼ਖ਼ਮੀ, ਰਣਧੀਰ ਸਿੰਘ ਮਾਹਲਾ, ਜਗਦੀਪ ਘੋਲੀਆ, ਪ੍ਰਗਟ ਮਾਨ ਦੀਆਂ ਰੁਮਾਂਟਿਕ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ਹਾਸ ਰਸੀ ਕਵਿਤਾਵਾਂ ਵੀ ਵਿਸ਼ੇਸ਼ ਧਿਆਨ ਮੰਗਦੀਆਂ ਹਨ ਜੋ ਬੜੇ ਗੰਭੀਰ ਵਿਸ਼ੇ ਨੂੰ ਸਰਲਤਾ ਨਾਲ ਪੇਸ਼ ਕਰਦੀਆਂ ਹਨ। ਡਾ: ਸਾਧੂ ਰਾਮ ਲੰਗੇਆਣਾ ਦੀ 'ਛੜੇ ਭਰਾਵੋ ਛੜੇ ਬੁਢੇਪਾ' ਕਵਿਤਾ ਵੈਦ ਗੁਰਪਾਲ ਸਿੰਘ ਕਲਿਆਣਾ ਦੀ ਸਲਾਹੁਣਯੋਗ ਤੇ ਹਕੀਕਤ ਦੇ ਨੇੜੇ ਹੈ। ਰਿਸ਼ਤਿਆਂ ਦੀ ਸੰਵੇਦਨਾ ਧੀ ਦਾ ਮਹੱਤਵ ਬਾਰੇ ਬਨਾਰਸੀ ਦਾਸ ਸ਼ਾਸਤਰੀ ਦੀ ਕਵਿਤਾ ਵੇਖੀ ਜਾ ਸਕਦੀ ਹੈ। ਪ੍ਰਦੂਸ਼ਣ ਬਾਰੇ ਅਤੇ ਪਰਵਾਸ ਦੀਆਂ ਮਜਬੂਰੀਆਂ ਅਤੇ ਦੁੱਖਾਂ ਬਾਰੇ ਚਰਨਜੀਤ ਕੌਰ ਧਾਲੀਵਾਲ (ਜਰਮਨੀ) ਦੀਆਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਸ ਸੰਗ੍ਰਹਿ ਵਿਚ ਬਹੁਤ ਸਾਰੀਆਂ ਰਚਨਾਵਾਂ ਦੇ ਰਚਨਹਾਰ ਕਿਸੇ ਨਾ ਕਿਸੇ ਸਾਹਿਤ ਸਭਾ ਦੇ ਮੈਂਬਰ ਜਾਂ ਅਹੁਦੇਦਾਰ ਹਨ। ਆਧੁਨਿਕ ਜੀਵਨ ਸ਼ੈਲੀ ਵਿਚ ਆਏ ਬਦਲਾਵਾਂ ਅਤੇ ਪੰਜਾਬੀ ਸੱਭਿਆਚਾਰ ਵਿਚ ਆਏ ਪਰਿਵਰਤਨਾਂ ਸਬੰਧੀ ਸੀਰਾ ਪੱਕੀਂ ਕਲਾਂ ਦਾ ਗੀਤ, ਹਰਪਿੰਦਰ ਸਿੰਘ ਸੰਧੂ ਹੈਪੀ ਦਾ ਗੀਤ ਵਰਤਮਾਨ ਚੁਣੌਤੀਆਂ ਨੂੰ ਪੇਸ਼ ਕਰਦਾ ਹੈ। ਸੰਪਾਦਕ ਗੁਰਤੇਜ ਪੱਖੀ ਕਲਾਂ ਨੇ ਇਸ ਸੰਗ੍ਰਹਿ ਦੀ ਸੰਪਾਦਨਾ ਵੇਲੇ ਕੋਈ ਵਿਉਂਤਬੰਦੀ ਨਹੀਂ ਕੀਤੀ ਜਾਪਦੀ। ਜੇਕਰ ਕਵੀਆਂ ਦੇ ਨਾਂਅ ਦੇ ਅੱਖਰਾਂ ਅਨੁਸਾਰ ਉਨ੍ਹਾਂ ਦਾ ਕਰਮ ਹੁੰਦਾ ਤਾਂ ਬਿਹਤਰ ਸੀ। ਕਈ ਕਵੀਆਂ ਦੀਆਂ ਦੋ ਤੇ ਕਈਆਂ ਦੀਆਂ ਚਾਰ ਕਵਿਤਾਵਾਂ ਸ਼ਾਮਿਲ ਕਰਨਾ ਵੀ ਅੱਖਰਦਾ ਹੈ। ਭਵਿੱਖ ਵਿਚ ਇਸ ਸੰਪਾਦਕ ਤੋਂ ਹੋਰ ਉਮੀਦਾਂ ਕਰਦਿਆਂ ਇਸ ਪੁਸਤਕ ਲਈ ਮੁਬਾਰਕ ਦਿੰਦੀ ਹਾਂ।

ਂਪ੍ਰੋ: ਕੁਲਜੀਤ ਕੌਰ
ਫ ਫ ਫ

ਉਕਾਬ ਵਾਂਗ ਉਡ
ਲੇਖਕ : ਪ੍ਰਿਤਪਾਲ ਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98146-73236.

ਹਥਲੀ ਕਿਤਾਬ ਦੋ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਹਿੱਸੇ ਵਿਚ ਸਟੇਜੀ ਰੂਹਾਨੀਅਤ ਦੇ ਗਾਇਕਾਂ ਤੇ ਗੀਤਕਾਰਾਂ ਦੀ ਵਾਰਤਕ ਪ੍ਰਬੁੱਧਤਾ ਦਾ ਪ੍ਰਮਾਣ ਦਿੰਦੀ ਵਾਰਤਕ ਹੈ, ਜਿਸ ਵਿਚ ਉਨ੍ਹਾਂ ਦੇ ਦੋਸਤਾਂ ਸ਼ਮਸ਼ੇਰ ਸੰਧੂ, ਐਸ. ਅਸ਼ੋਕ ਭੌਰਾ, ਜਸਬੀਰ ਗੁਣਾਚੌਰੀਆ ਅਤੇ ਕਰਨਲ ਹਰਜੀਤ ਬੱਸੀ ਬਾਰੇ ਕਲਮੀ ਜਾਣਕਾਰੀ ਦਿੱਤੀ ਹੈ। ਜਿਥੋਂ ਤੱਕ ਇਨ੍ਹਾਂ ਦੋਸਤਾਂ ਨਾਲ ਦੋਸਤੀ ਦਾ ਸਬੰਧ ਹੈ, ਉਹ ਆਪਣੀ ਥਾਂ ਠੀਕ ਹੈ ਪਰ ਉਨ੍ਹਾਂ ਦੀ ਅੰਗਰੇਜ਼ੀ ਦੇ ਕਵੀਆਂ ਬਾਇਰਨ, ਜੌਹਨ ਕੀਟਸ ਅਤੇ ਐਸ.ਟੀ. ਕਾਲਰਿਜ ਨਾਲ ਤੁਲਨਾ ਕਰਨੀ ਬੌਧਿਕ ਸੰਦੇਹ ਪੈਦਾ ਕਰਦੀ ਹੈ। ਦੂਸਰੇ ਭਾਗ ਵਿਚ ਵੱਖ-ਵੱਖ ਵਰਤਾਰਿਆਂ ਦਾ ਕਾਵਿਕ ਵਰਨਣ ਹੈ। ਸ਼ਾਇਰ ਅੱਜ ਦੇ ਪਦਾਰਥਵਾਦੀ ਮਨੁੱਖ ਨੂੰ ਕੁਦਰਤ ਤੋਂ ਕੁਝ ਸਿੱਖਣ ਅਤੇ ਉਸ ਵਿਚ ਠਾਹਰ ਭਾਲਣ ਦੀ ਸਲਾਹ ਦਿੰਦਾ ਹੈ। ਮਰਹੂਮ ਪੱਤਰਕਾਰ ਤਾਰਾ ਸਿੰਘ ਹੇਅਰ ਨੂੰ ਕਾਵਿਕ ਸ਼ਰਧਾਂਜਲੀ ਦਿੰਦਿਆਂ ਉਸ ਨੂੰ ਪੱਤਰਕਾਰਤਾ ਦੇ ਅੰਬਰ ਦੀ ਸੰਗਿਆ ਦਿੰਦਾ ਹੈ। ਸ਼ਾਇਰ ਡਾਰਵਿਨ ਦੀ ਥਿਊਰੀ ਆਫ ਐਵੋਲੂਸ਼ਨ ਰਾਹੀਂ ਅੱਜ ਦਾ ਮਨੁੱਖ ਬਾਂਦਰ ਤੋਂ ਲੰਮੇ ਪੜਾਵਾਂ ਰਾਹੀਂ ਗੁਜ਼ਰਨ ਤੋਂ ਬਾਅਦ ਮਨੁੱਖ ਬਣਿਆ ਹੈ ਪਰ ਇਹ ਮਨੁੱਖ ਫਿਰ ਅੱਧੀ ਦੁਨੀਆ ਵਿਚ ਬਾਂਦਰ ਬਣ ਕੇ ਮਨੁੱਖ ਜਾਤੀ ਲਈ ਖ਼ਤਰੇ ਸਹੇੜ ਰਿਹਾ ਹੈ। ਸ਼ਾਇਰ ਦੁਆ ਕਰਦਾ ਹੈ ਕਿ ਮਨੁੱਖ ਬਾਂਦਰ ਤੋਂ ਫਿਰ ਸਮਾਜਿਕ ਪ੍ਰਾਣੀ ਬਣ ਜਾਵੇ। ਕੈਨੇਡਾ ਵਿਚ ਵੱਖ-ਵੱਖ ਨਸਲਾਂ ਤੇ ਕੌਮੀਅਤਾਂ ਦੇ ਲੋਕ ਵਸਦੇ ਹਨ। ਉਥੇ ਪਰਵਾਸੀਆਂ ਨਾਲ ਹੁੰਦੇ ਨਸਲੀ ਵਿਤਕਰਿਆਂ ਬਾਰੇ ਵੀ ਕਲਮ ਚਲਾਉਣੀ ਬਣਦੀ ਸੀ। ਅਸਾਨੂੰ ਸ਼ਾਇਰ ਤੋਂ ਗਲੋਬਲ ਚੇਤਨਾ ਦੀ ਤਵੱਕੋ ਹੈ। ਸ਼ਾਇਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ 'ਤੇ ਬੜੀਆਂ ਕੱਛਾਂ ਵਜਾਉਂਦਾ ਹੈ, ਜਿਸ ਕਾਰਨ ਉਹ ਵਿਚਾਰਧਾਰਕ ਝੋਲ ਦਾ ਸ਼ਿਕਾਰ ਹੋ ਜਾਂਦਾ ਹੈ। ਸ਼ਾਇਰ ਕਿਸ ਵਿਚਾਰਧਾਰਾ ਦਾ ਅਨੁਆਈ ਹੈ, ਬਾਰੇ ਸ਼ੰਕਾ ਪੈਦਾ ਹੁੰਦੀ ਹੈ. ਸ਼ਾਇਰ ਨੇ ਭਾਰਤ ਅੰਦਰ ਭਗਵੇਂਕਰਨ ਦੇ ਆਤੰਕ ਬਾਰੇ ਕਿਉਂ ਕਲਮ ਨਹੀਂ ਚਲਾਈ, ਇਸ ਦਾ ਤਾਂ ਸ਼ਾਇਰ ਨੂੰ ਹੀ ਪਤਾ ਹੈ। ਵਾਰਤਕ ਦੀ ਕਿਤਾਬ ਵੱਖਰੀ ਅਤੇ ਸ਼ਾਇਰੀ ਦੀ ਵੱਖਰੀ ਕਿਤਾਬ ਛਪਦੀ ਤਾਂ ਹੋਰ ਬਿਹਤਰ ਹੋਣਾ ਸੀ।

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਸੂਹੀਆਂ ਰਿਸ਼ਮਾਂ
ਲੇਖਕ : ਜਗਜੀਤ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 68
ਸੰਪਰਕ : 98777-00044.

ਜਗਜੀਤ ਬਰਾੜ ਦੀ ਇਹ ਪਲੇਠੀ ਕਾਵਿ ਪੁਸਤਕ ਹੈ। ਪੁਸਤਕ ਭਾਵੇਂ ਅਕਾਰ ਪੱਖੋਂ ਛੋਟੀ ਪ੍ਰਤੀਤ ਹੁੰਦੀ ਹੈ, ਪਰ ਇਸ ਵਿਚ ਪੇਸ਼ ਕੀਤਾ ਗਿਆ ਵਿਸ਼ਾ-ਵਸਤੂ ਇਸ ਨੂੰ ਕਿਸੇ ਪੱਖੋਂ ਵੀ ਛੋਟੀ ਨਹੀਂ ਮਹਿਸੂਸ ਹੋਣ ਦਿੰਦਾ। ਲੇਖਕ ਸਮਾਜਿਕ ਵਰਤਾਰਿਆਂ ਨੂੰ ਬੜੀ ਨੀਝ ਨਾਲ ਵੇਖਦਾ ਹੈ। ਸਮਾਜ ਦਾ ਅਧਿਐਨ ਕਰਦਿਆਂ ਉਸ ਨੂੰ ਸਮਾਜ ਵਿਚਲੀਆਂ ਕਈ ਘਾਟਾਂ-ਕਮੀਆਂ ਮਹਿਸੂਸ ਹੁੰਦੀਆਂ ਹਨ, ਉਹ ਚਾਹੁੰਦਾ ਹੈ ਕਿ ਇਹ ਨਾ ਹੋਣ ਅਤੇ ਇਕ ਆਦਰਸ਼ਵਾਦੀ ਸਮਾਜ ਦੀ ਸਿਰਜਣਾ ਹੋਵੇ। ਉਹ ਆਪਣੇ ਗੀਤਾਂ, ਨਜ਼ਮਾਂ ਅਤੇ ਟੱਪਿਆਂ 'ਚ ਲੋਕਾਈ ਦਾ ਦਰਦ ਪੇਸ਼ ਕਰਦਾ ਹੈ, ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਲੋਚਦਾ ਹੈ। 'ਔਰਤ' ਨਜ਼ਮ 'ਚ ਉਹ ਔਰਤ ਦੇ ਹੱਕ 'ਚ ਆਵਾਜ਼ ਉਠਾਉਂਦਾ ਹੈ, 'ਲੋਕਤੰਤਰ' 'ਚ ਉਹ ਮਾੜੇ ਰਾਜਸੀ ਪ੍ਰਬੰਧ 'ਤੇ ਤਿੱਖਾ ਕਟਾਖ਼ਸ਼ ਕਰਦਾ ਹੈ। 'ਸਾਧਾਰਨ ਵੋਟ' ਵਿਚ ਉਹ ਸੂਬੇ ਦੀ ਕਰਜ਼ਾਈ ਕਿਸਾਨੀ ਦੀ ਗੱਲ ਕਰਦਾ ਹੈ। 'ਪੁਕਾਰ' 'ਚ ਲੇਖਕ ਅਣਜੰਮੀਆਂ ਧੀਆਂ ਦੀ ਹੱਕ 'ਚ ਵਕਾਲਤ ਕਰਦਾ ਹੈ। 'ਉੱਠੋ ਕਿਰਤੀਓ', ਆਜ਼ਾਦੀ, ਭਗਤ ਸਿੰਘ, ਅਧਿਆਪਕ ਦਿਵਸ, ਪੰਜਾਬ ਆਦਿ ਰਚਨਾਵਾਂ ਰੂਪਕ ਅਤੇ ਵਿਸ਼ੇ ਦੀ ਪੇਸ਼ਕਾਰੀ ਪੱਖੋਂ ਵਧੀਆ ਹਨ। ਲੇਖਕ ਅਗਾਂਹਵਧੂ ਸੋਚ ਨਾਲ ਜੁੜਿਆ ਹੋਇਆ ਹੈ, ਉਹ ਚਾਹੁੰਦਾ ਹੈ ਕਿ ਸਾਡੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਮੱਸਿਆਵਾਂ ਸਦਾ ਲਈ ਖ਼ਤਮ ਹੋ ਜਾਣ, ਪੰਜਾਬ ਸਦਾ ਖ਼ੁਸ਼ਹਾਲ ਰਹੇ ਅਤੇ ਇਸ ਦੇ ਵਾਸੀ ਹਰ ਪਾਸੇ ਤਰੱਕੀ ਕਰਨ। ਟੱਪਿਆਂ 'ਚ ਵੀ ਉਹ ਸਾਡੇ ਪ੍ਰਬੰਧਕੀ ਢਾਂਚੇ ਵਿਚਲੀਆਂ ਖ਼ਾਮੀਆਂ 'ਤੇ ਚੋਟ ਕਰਦਾ ਹੈ।
ਹੋਈਆਂ ਚੱਪਲਾਂ ਨਸੀਬ ਨਹੀਂ ਪੈਰਾਂ ਨੂੰ,
ਤੇ ਫ਼ੋਰ ਲੇਨ ਹੋਈਆਂ ਸੜਕਾਂ।
ਸਾਥੋਂ ਗਈ ਨਾ ਘੜੀ ਸਾਡੀ ਜ਼ਿੰਦਗੀ,
ਰੱਬ ਦੀਆਂ ਮੂਰਤਾਂ ਅਨੇਕ ਘੜੀਆਂ।
ਨੌਜਵਾਨ ਲੇਖਕ ਜਗਜੀਤ ਬਰਾੜ ਦੀ ਪਲੇਠੀ ਪੁਸਤਕ ਦਾ ਸਵਾਗਤ ਕਰਦਿਆਂ ਆਸ ਕਰਦੇ ਹਾਂ ਕਿ ਉਹ ਭਵਿੱਖ 'ਚ ਵੀ ਆਪਣੀ ਸਰ-ਜ਼ਮੀਨ ਨਾਲ ਜੁੜੀਆਂ ਲੋਕਾਂ ਸਮੱਸਿਆਵਾਂ ਅਤੇ ਦਰਦ ਨੂੰ ਖ਼ੂਬਸੂਰਤ ਸ਼ਬਦਾਂ ਰਾਹੀਂ ਅਗਲੀ ਪੁਸਤਕ 'ਚ ਲਾਜ਼ਮੀ ਬਿਆਨ ਕਰੇਗਾ। ਆਮੀਨ!

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਪਰਵਾਸੀ ਪੰਜਾਬੀ ਕਹਾਣੀ : ਪਰਵਾਸ, ਸੱਭਿਆਚਾਰ ਅਤੇ ਰਾਜਨੀਤੀ ਦਾ ਅੰਤਰ ਸੰਵਾਦ
ਲੇਖਿਕਾ : ਸੁਖਪ੍ਰੀਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 204
ਸੰਪਰਕ : 98724-17084.

ਵਿਚਾਰ ਅਧੀਨ ਪੁਸਤਕ ਇਸ ਮਿਥ ਨੂੰ ਤੋੜਦੀ ਹੈ ਕਿ ਪੰਜਾਬੀ ਖੋਜਾਰਥੀਆਂ ਦੀ ਨਵੀਂ ਪੀੜ੍ਹੀ ਖੋਜ, ਅਧਿਐਨ ਬਾਰੇ ਗੰਭੀਰ ਨਹੀਂ ਅਤੇ ਉਸ ਦਾ ਖੋਜ ਕਾਰਜ ਸਤਹੀ ਕਿਸਮ ਦਾ ਹੈ। ਸੁਖਪ੍ਰੀਤ ਕੌਰ ਦਾ ਪੰਜਾਬੀ ਦੀ ਪਰਵਾਸੀ ਕਹਾਣੀ ਵਿਚ ਪਰਵਾਸ, ਸੱਭਿਆਚਾਰ ਤੇ ਰਾਜਨੀਤੀ ਦੇ ਪਰਸਪਰ ਸੰਵਾਦ ਦਾ ਇਹ ਅਧਿਐਨ ਭਾਵੇਂ ਉਸ ਦਾ ਖੋਜ ਕਾਰਜ ਹੈ ਤੇ ਭਾਵੇਂ ਕੋਈ ਖੋਜ ਪ੍ਰਾਜੈਕਟ, ਹੈ ਇਹ ਨਿਸਚੇ ਹੀ ਪ੍ਰਭਾਵਸ਼ਾਲੀ। ਉਸ ਦੀ ਇਸ ਪ੍ਰਾਪਤੀ ਦੀ ਆਧਾਰ ਭੂਮੀ ਉਸ ਨੂੰ ਖੋਜ ਦੇ ਮਾਰਗ ਉੱਤੇ ਤੋਰਨ ਵਾਲੇ ਉਸ ਦੇ ਉਸਤਾਦ ਡਾ: ਬਲਦੇਵ ਧਾਲੀਵਾਲ ਦਾ ਸੁਚੱਜਾ ਮਾਰਗ ਦਰਸ਼ਨ ਹੈ ਜਿਸ ਨੂੰ ਸੁਖਪ੍ਰੀਤ ਨੇ ਬਣਦਾ ਮਾਣ ਦੇ ਕੇ ਸਵੀਕਾਰਿਆ ਹੈ। ਕੁੱਲ ਚਾਰ ਅਧਿਆਵਾਂ ਵਿਚ ਵੰਡੀ ਇਹ ਕਿਤਾਬ ਪਰਵਾਸ ਦੇ ਸੰਕਲਪ ਤੇ ਇਸ ਦੇ ਇਤਿਹਾਸਕ ਪਰਿਪੇਖ ਦੀ ਚਰਚਾ ਨਾਲ ਆਰੰਭ ਹੁੰਦੀ ਹੈ। ਪੰਜਾਬੀਆਂ ਦੇ ਪਰਵਾਸ ਦੇ ਕਾਰਨ ਆਰਥਿਕ, ਰਾਜਨੀਤਕ ਤੇ ਸਮਾਜਿਕ ਹਨ ਤੇ ਪਹਿਲਾ ਪਰਵਾਸੀ ਬਲਦੇਵ ਸਿੰਘ ਹੈ ਜਿਸ ਨੂੰ 1774 ਵਿਚ ਅਮਰੀਕਾ ਵਿਚ ਵੇਖਿਆ ਗਿਆ। ਪਰਵਾਸੀ ਕਹਾਣੀ ਦਾ ਪਹਿਲਾ ਕੇਂਦਰ ਇੰਗਲੈਂਡ ਬਣਿਆ ਤੇ ਫਿਰ ਕੈਨੇਡਾ, ਅਮਰੀਕਾ। ਪੀੜ੍ਹੀ ਦਰ ਪੀੜ੍ਹੀ ਪਰਵਾਸੀ ਕਹਾਣੀ ਨੇ ਸੱਭਿਆਚਾਰਕ ਵਖਰੇਵੇਂ, ਵਿਤਕਰੇ, ਉਦਰੇਵੇਂ ਇਕੱਲਤਾ, ਆਪਣਿਆਂ, ਬਿਗਾਨਿਆਂ ਹੱਥੋਂ ਸ਼ੋਸ਼ਣ, ਪਰਵਾਸੀ ਮਰਦ, ਔਰਤਾਂ ਦੇ ਉਲਾਰ ਜਿਨਸੀ ਵਿਹਾਰ, ਬੱਚਿਆਂ ਦਾ ਮਾਤਾ-ਪਿਤਾ ਨਾਲ ਸੋਚ, ਵਿਹਾਰ ਪੱਖੋਂ ਟਕਰਾਅ, ਮੂਲ ਸੱਭਿਆਚਾਰ ਤੋਂ ਟੁੱਟਣ ਤੇ ਨਵੇਂ ਸੱਭਿਆਚਾਰ ਨਾਲ ਜੁੜਨ ਦੇ ਤਣਾਅ, ਪਰਵਾਸੀਆਂ ਦਾ ਨਵੇਂ ਸੱਭਿਆਚਾਰ ਦੇ ਸਵਾਲਾਂ/ਗਲੋਬਲੀ ਸਰੋਕਾਰਾਂ ਨਾਲ ਜੁੜਨਾ, ਨਵੀਂ ਪੀੜ੍ਹੀ ਦੀ ਮੂਲ ਸੱਭਿਆਚਾਰ ਤੋਂ ਬੇਮੁਖਤਾ, ਜਿਨਸੀ ਸ਼ੋਸ਼ਣ, ਅਨਜੋੜ, ਅੰਤਰ-ਨਸਲੀ ਵਿਆਹ, ਪਰਿਵਾਰਾਂ, ਰਿਸ਼ਤਿਆਂ ਦੀ ਟੁੱਟ ਭੱਜ, ਪਰਵਾਸੀ ਮਰਦ ਔਰਤਾਂ ਦੀ ਪਰਸਪਰ ਬਰਾਬਰੀ ਤੇ ਗੋਰਿਆਂ ਨਾਲ ਬਰਾਬਰੀ ਦੀ ਚੇਤਨਾ, ਔਰਤ ਦਾ ਹੱਕਾਂ ਲਈ ਸੰਘਰਸ਼ (ਜੋ ਬਗ਼ਾਵਤ ਤੱਕ ਜਾਂਦਾ ਹੈ), ਵਿਦੇਸ਼ ਜਾਣ ਦੀ ਹੱਦਾਂ ਟੱਪਦੀ ਲਾਲਸਾ ਤੇ ਇਸ ਨਾਲ ਜੁੜੇ ਜੋੜ ਤੋੜ ਤੇ ਦੁਖਾਂਤ, ਪਰਵਾਸੀਆਂ ਪ੍ਰਤੀ ਨੇਟਿਵ ਲੋਕਾਂ ਦੀ ਨਫ਼ਰਤ ਜਿਹੇ ਹਰ ਮਸਲੇ ਵੱਲ ਇਥੇ ਸੰਕੇਤ ਹਨ। ਦੂਜਾ ਅਧਿਆਇ ਇਸ ਅਧਿਐਨ ਦੀ ਸਿਧਾਂਤਕ ਆਧਾਰ ਭੂਮੀ ਉਲੀਕਦਾ ਹੈ। ਨਸਲੀ ਵਿਤਕਰੇ, ਪਛਾਣ ਦੇ ਸੰਕਟ, ਸਮਲਿੰਗਕਤਾ ਤੇ ਜਿਨਸੀ ਵਿਹਾਰ ਇਸ ਦੇ ਕੁਝ ਮੂਲ ਬਿੰਦੂ ਹਨ। ਤੀਜੇ ਅਧਿਆਇ ਵਿਚ ਪੰਜਾਬੀ ਸੱਭਿਆਚਾਰ ਦੇ ਪਰੰਪਰਾਗਤ ਵਿਹਾਰ ਦੇ ਮੁਕਾਬਲੇ ਵਿਕਸਿਤ ਪੂੰਜੀਵਾਦੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਵਾਲੀ ਮਾਨਸਿਕਤਾ ਦੇ ਆਧਾਰ ਨੂੰ ਸਪੱਸ਼ਟ ਕਰਦੇ ਹੋਏ ਦੋਹਾਂ ਦੇ ਟਕਰਾਵਾਂ ਨੂੰ ਪਰਵਾਸੀ ਪੰਜਾਬੀ ਕਹਾਣੀ ਦੇ ਪ੍ਰਸੰਗ ਵਿਚ ਉਜਾਗਰ ਕੀਤਾ ਗਿਆ ਹੈ। ਭਾਸ਼ਾ, ਧਰਮ, ਮਨੋਵਿਗਿਆਨ, ਪਛਾਣ ਤੇ ਮਨੁੱਖੀ ਰਿਸ਼ਤਿਆਂ ਨੂੰ ਇਸ ਵਿਚ ਕੇਂਦਰੀ ਮਹੱਤਵ ਦਿੱਤਾ ਗਿਆ ਹੈ। ਚੌਥੇ ਅਧਿਆਇ ਵਿਚ ਪੰਜਾਬੀਆਂ ਦੀ ਪਰੰਪਰਾਗਤ ਤੇ ਲਗਪਗ ਫਿਊਡਲ ਸੋਚ, ਅਮਰੀਕਾ ਦੀ ਨਵਬਸਤੀਵਾਦੀ ਸੋਚ ਨਾਲ ਟਕਰਾਉਂਦੀ ਦਿਸਦੀ ਹੈ। ਬਹੁ-ਸੱਭਿਆਚਾਰਕ ਸਮਾਜ ਵਿਚ ਪਰਵਾਸੀਆਂ ਦਾ ਆਪਣੀ ਪਛਾਣ ਦਾ ਸੰਕਟ ਵੀ ਇਸ ਅਧਿਐਨ ਦਾ ਮੁੱਦਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550.
ਫ ਫ ਫ

ਅਸਲੀ ਹੀਰੋ
ਲੇਖਕ : ਸੰਦੀਪ ਕਪੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 67
ਸੰਪਰਕ : 90348-62497

'ਅਸਲੀ ਹੀਰੋ' ਲੇਖਕ ਸੰਦੀਪ ਕਪੂਰ ਦੀਆਂ 20 ਬਾਲ ਕਹਾਣੀਆਂ ਦੀ ਰੌਚਿਕ ਪੁਸਤਕ ਹੈ। ਪਹਿਲੀ ਬਾਲ ਕਹਾਣੀ 'ਟਾਮੀ ਨੂੰ ਮਿਲਿਆ ਘਰ' ਵਿਚ ਲੇਖਕ ਨੇ ਇਕ ਕੁੱਤੇ ਦੀ ਵਫ਼ਾਦਾਰੀ ਅਤੇ ਸਮਝਦਾਰੀ ਦੀ ਮਿਸਾਲ ਦੇ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਹੈ। 'ਮੈਂ ਸਕੂਲ ਜਾਵਾਂਗਾ' 'ਚ ਬੱਚਿਆਂ ਨੂੰ ਪੜ੍ਹਾਈ ਦਾ ਮਹੱਤਵ ਦਰਸਾ ਕੇ ਸਮਝਾਇਆ ਗਿਆ ਹੈ ਕਿ ਅਨਪੜ੍ਹ ਦਾ ਸਮਾਜ ਵਿਚ ਕਿਵੇਂ ਮਜ਼ਾਕ ਉਡਾਇਆ ਜਾਂਦਾ ਹੈ। 'ਸੱਚਾ ਦੋਸਤ' ਬਾਲ ਕਹਾਣੀ 'ਚ ਸਿੱਖਿਆ ਦਿੱਤੀ ਗਈ ਹੈ ਕਿ ਕਿਸੇ ਵੀ ਆਦਮੀ ਦੀ ਪਹਿਚਾਣ ਉਸ ਦੀ ਸਰੀਰਕ ਬਣਤਰ ਤੋਂ ਨਹੀਂ ਬਲਕਿ ਉਸ ਦੇ ਗੁਣਾਂ ਕਰਕੇ ਹੀ ਹੁੰਦੀ ਹੈ। 'ਨੇਕੀ ਦਾ ਬਦਲਾ' ਬਾਲ ਕਹਾਣੀ 'ਚ ਬੱਚਿਆਂ ਨੂੰ ਨੇਕੀ ਕਰਨ ਦੀ ਨਸੀਹਤ ਦਿੱਤੀ ਗਈ ਹੈ। 'ਅਸਲੀ ਹੀਰੋ' ਬਾਲ ਕਹਾਣੀ 'ਚ ਲਾਲੂ ਨਾਂਅ ਦੇ ਬਾਂਦਰ ਦੀ ਬਹਾਦਰੀ ਅਤੇ ਪਰਉਪਕਾਰ ਦੀ ਉਦਾਹਰਨ ਦੇ ਕੇ ਅਸਲੀ ਹੀਰੋ ਦੀ ਖੂਬਸੂਰਤ ਮਿਸਾਲ ਪੇਸ਼ ਕੀਤੀ ਗਈ ਹੈ।
ਇਸ ਬਾਲ ਪੁਸਤਕ ਦੀਆਂ ਹੋਰ ਬਾਲ ਕਹਾਣੀਆਂ 'ਚ 'ਚਲਾਕ ਪੀਲੂ', 'ਦੁਸ਼ਟ ਦਾ ਖ਼ਾਤਮਾ', 'ਰਸਗੁੱਲਿਆਂ ਦਾ ਲਾਲਚ', 'ਉਪਕਾਰ ਦਾ ਬਦਲਾ', 'ਆਲਸ ਨਾ ਬਾਬਾ ਨਾ', 'ਮਹਿੰਗੀ ਪਈ ਚਲਾਕੀ', 'ਮਾਂ ਦੀ ਸਿੱਖਿਆ', 'ਅੰਗੂਠੀ ਬਾਬੇ ਦਾ ਭਾਂਡਾ ਫੁੱਟਿਆ', 'ਦੋਸਤੀ ਦੀ ਪਰਖ', 'ਛੱਡ ਦਿਆਂਗਾ ਸ਼ਰਾਰਤਾਂ', 'ਸਭ ਤੋਂ ਪਿਆਰਾ ਤੋਹਫ਼ਾ' , 'ਜਿਵੇਂ ਕਰੋਗੇ, ਉਵੇਂ ਭਰੋਗੇ', 'ਭੋਂਦੂ ਨੇ ਮਾਫ਼ੀ ਮੰਗੀ', 'ਚਟੋਰਾ ਤਨੂੰ' ਆਦਿ ਬਾਲ ਕਹਾਣੀਆਂ ਵੀ ਬੱਚਿਆਂ ਲਈ ਸਿੱਖਿਆਦਾਇਕ ਹਨ। ਇਨ੍ਹਾਂ ਬਾਲ ਕਹਾਣੀਆਂ ਨਾਲ ਢੁੱਕਵੇਂ ਚਿੱਤਰ ਬਾਲ ਕਹਾਣੀਆਂ ਨੂੰ ਹੋਰ ਵੀ ਖਿੱਚ ਭਰਪੂਰ ਬਣਾਉਂਦੇ ਹਨ। ਬਾਲ ਸਾਹਿਤ ਲਈ ਲੇਖਕ ਦਾ ਇਹ ਯਤਨ ਪ੍ਰਸ਼ੰਸਾਯੋਗ ਹੈ।

ਂਮਨਜੀਤ ਸਿੰਘ ਘੜੈਲੀ
ਮੋ: 98153-91625
ਫ ਫ ਫ

21-03-2020

 ਗੁਰੂ ਨਾਨਕ ਸਾਹਿਬ ਦੀ ਬ੍ਰਹਿਮੰਡੀ ਸੋਚ
ਲੇਖਕ : ਡਾ: ਸਵਰਾਜ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 155
ਸੰਪਰਕ : 0175-2282562.

ਇਹ ਪੁਸਤਕ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਆਪ ਜੀ ਨੇ ਧਰਮਾਂ, ਜਾਤੀਆਂ, ਰੰਗਾਂ, ਨਸਲਾਂ ਵਿਚ ਵੰਡੀ ਮਨੁੱਖਤਾ ਨੂੰ ੴ ਦਾ ਸੰਦੇਸ਼ ਦੇ ਕੇ ਏਕੀਕਰਨ ਦਾ ਪਾਠ ਪੜ੍ਹਾਇਆ। ਪਰਮੇਸ਼ਰ ਇਕ ਹੈ, ਉਹ ਸਾਡਾ ਸਭ ਦਾ ਪਿਤਾ ਹੈ, ਉਸ ਦੀ ਸੰਤਾਨ ਹੋਣ ਕਰਕੇ ਅਸੀਂ ਸਾਰੇ ਭੈਣ-ਭਰਾ ਹਾਂ। ਫਿਰ ਵਿਤਕਰੇ, ਨਫ਼ਰਤਾਂ ਅਤੇ ਆਪਸੀ ਦੂਰੀਆਂ ਕਿਉਂ ਹਨ? ਗੁਰੂ ਮਹਾਰਾਜ ਜੀ ਨੇ ਸਾਰੀ ਦੁਨੀਆ ਨੂੰ ਪਿਆਰ, ਸਹਿਣਸ਼ੀਲਤਾ, ਅਮਨ, ਸਾਂਝੀਵਾਲਤਾ ਅਤੇ ਇਕ ਰੱਬ ਦੀ ਭਗਤੀ ਦਾ ਸੰਦੇਸ਼ ਦਿੱਤਾ। ਸਾਰਾ ਸੰਸਾਰ ਹੀ ਉਨ੍ਹਾਂ ਦਾ ਘਰ ਸੀ। ਉਨ੍ਹਾਂ ਦਾ ਜੀਵਨ ਹੀ ਉਨ੍ਹਾਂ ਦਾ ਸੁਨੇਹਾ ਸੀ। ਆਪ ਜੀ ਦੇ ਮਹਾਨ ਜੀਵਨ ਚਰਿੱਤਰ ਅਤੇ ਰੂਹਾਨੀ ਬਾਣੀ ਤੋਂ ਪ੍ਰੇਰਨਾ ਲੈ ਕੇ ਦੁੱਖਾਂ, ਚਿੰਤਾਵਾਂ, ਕਲੇਸ਼ਾਂ ਵਿਚ ਘਿਰਿਆ ਸੰਸਾਰ ਸੁਖੀ ਹੋ ਸਕਦਾ ਹੈ। ਸੂਝਵਾਨ ਲੇਖਕ ਨੇ ਜਿਥੇ ਸਤਿਗੁਰੂ ਜੀ ਦੀ ਵਿਸ਼ਵ ਵਿਆਪੀ ਮਹਾਨ ਸੋਚ ਨੂੰ ਉਜਾਗਰ ਕੀਤਾ ਹੈ, ਉਥੇ ਹੀ ਕਈ ਹੋਰ ਪਹਿਲੂਆਂ 'ਤੇ ਵੀ ਝਾਤ ਪੁਆਈ ਹੈ। ਗੁਰੂ ਸਾਹਿਬ ਜੀ ਦਾ ਸੱਚਾ ਵਿਸ਼ਵ ਭਾਈਚਾਰਾ ਸਾਰਿਆਂ ਦੀ ਚਿੰਤਾ ਕਰਨ ਵਾਲਾ ਅਤੇ ਸਰਬੱਤ ਦਾ ਭਲਾ ਮੰਗਣ ਵਾਲਾ ਹੈ। ਆਪ ਜੀ ਦਾ ਇਕ ਦਾ ਸਿਧਾਂਤ ਹੀ ਸਾਰੀ ਦੁਨੀਆ ਨੂੰ ਏਕਤਾ ਦੇ ਧਾਗੇ ਵਿਚ ਪਰੋ ਸਕਦਾ ਹੈ। ਅੱਜ ਦੇ ਪੂੰਜੀਵਾਦ ਨੇ ਸਾਨੂੰ ਮਨਮੁੱਖ ਬਣਾ ਦਿੱਤਾ ਹੈ, ਜਿਸ ਕਰ ਕੇ ਅਸੀਂ ਹਊਮੈ ਦੇ ਅਧੀਨ ਅਨੈਤਿਕ ਕੰਮ ਕਰਦੇ ਹਾਂ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਮੁਖ ਬਣਨ ਲਈ ਪ੍ਰੇਰਿਆ ਹੈ, ਜੋ ਕੁਦਰਤ ਅਤੇ ਕਾਦਰ ਦੇ ਹੁਕਮ ਅਨੁਸਾਰ ਚਲਦਾ ਹੈ। ਆਪ ਜੀ ਦੇ ਭਾਈਚਾਰੇ ਵਿਚ ਸਾਰੇ ਸ਼ਾਮਿਲ ਹਨ। ਇਸਤਰੀਆਂ ਨੂੰ ਵੀ ਬਰਾਬਰੀ ਦੇ ਹੱਕ ਹਨ। ਮਹਾਰਾਜ ਜੀ ਰੂਹਾਨੀਅਤ, ਇਨਸਾਨੀਅਤ ਅਤੇ ਸੁਹਿਰਦਤਾ ਦੀ ਸਿਖ਼ਰ ਹਨ। ਉਨ੍ਹਾਂ ਦੇ ਸੱਚੇ-ਸੁੱਚੇ ਉਪਦੇਸ਼ ਕਮਾ ਕੇ ਸਾਰੇ ਵਿਤਕਰੇ ਖ਼ਤਮ ਕੀਤੇ ਜਾ ਸਕਦੇ ਹਨ। ਆਪ ਜੀ ਦਾ ਮਨੁੱਖੀ ਏਕਤਾ ਦਾ ਪੈਗ਼ਾਮ ਸਾਰੇ ਸੰਸਾਰ ਨੂੰ ਨਰੋਆ ਦ੍ਰਿਸ਼ਟੀਕੋਣ ਬਖ਼ਸ਼ਦਾ ਹੈ। ਪੁਸਤਕ ਵਿਚ ਕਈ ਪਹਿਲੂਆਂ 'ਤੇ ਵਿਚਾਰ ਕੀਤੀ ਗਈ ਹੈ ਜਿਵੇਂ ਅਮਾਨਵੀਕਰਨ ਦਾ ਪੁਨਰ ਮਾਨਵੀਕਰਨ, ਸਮਾਜਿਕ ਬਰਾਬਰੀ ਅਤੇ ਨਾਰੀ ਮੁਕਤੀ ਦਾ ਸੰਕਲਪ, ਗੁਰੂ ਗ੍ਰੰਥ ਸਾਹਿਬ ਜੀ ਅਤੇ ਅਜੋਕਾ ਸੰਸਾਰ, ਬਸਤੀਵਾਦ, ਸਾਮਰਾਜਵਾਦ, ਸੰਸਾਰੀਕਰਨ, ਪੂੰਜੀਵਾਦ, ਮਾਰਕਸਵਾਦ ਆਦਿ। ਸਮੁੱਚੇ ਤੌਰ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੇ, ਰੱਬੀ ਪਿਆਰ ਦਾ ਸੰਦੇਸ਼ ਦੇਣ ਵਾਲੀ ਇਹ ਪੁਸਤਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਸਫ਼ਰ ਜਾਰੀ ਹੈ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 320 ਰੁਪਏ, ਸਫ਼ੇ : 429
ਸੰਪਰਕ : 99884-44002.

ਜਨਾਬ ਗੁਰਦਿਆਲ ਰੌਸ਼ਨ ਨਾ ਕੇਵਲ ਆਪ ਪੰਜਾਬੀ ਗ਼ਜ਼ਲ ਦੇ ਨਿੰਮਲ ਆਕਾਸ਼ ਦਾ ਇਕ ਰੌਸ਼ਨ ਸਿਤਾਰਾ ਹੈ ਬਲਕਿ 'ਦੀਪਕ ਜੈਤੋਈ ਗ਼ਜ਼ਲ ਸਕੂਲ' ਦੇ ਸੰਚਾਲਕ ਹੋਣ ਦੀ ਸੂਰਤ ਵਿਚ ਉਸ ਨੇ ਪੰਜਾਬ ਦੇ ਉੱਭਰਦੇ ਸ਼ਾਇਰਾਂ ਦੀ ਗ਼ਜ਼ਲ-ਲੇਖਣ ਦੇ ਸਿਲਸਿਲੇ ਵਿਚ ਬੜੀ ਸੁਯੋਗ ਅਗਵਾਈ ਵੀ ਕੀਤੀ ਹੈ। ਗ਼ਜ਼ਲ ਕਾਵਿ ਦੇ ਸਿਲਸਿਲੇ ਵਿਚ ਉਹ 15 ਮੌਲਿਕ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ। ਹੁਣ ਉਹ ਆਪਣੀਆਂ ਗ਼ਜ਼ਲਾਂ ਨੂੰ ਇਕ ਨਵੀਂ ਤਰਤੀਬ ਅਤੇ ਸੰਯੁਕਤ ਰੂਪ ਵਿਚ ਸੰਗ੍ਰਹਿਤ ਕਰ ਰਿਹਾ ਹੈ। 'ਸਫ਼ਰ ਜਾਰੀ ਹੈ' ਵਿਚ ਉਸ ਨੇ ਪੰਜ ਗ਼ਜ਼ਲ ਸੰਗ੍ਰਹਿਾਂ (ਕਿਣਮਿਣ, ਮਹਿਫ਼ਿਲ, ਮਨ ਦਾ ਰੇਗਿਸਤਾਨ, ਘੁੰਗਰੂ ਅਤੇ ਆਪਣੇ ਰੂਬਰੂ) ਦੀਆਂ ਸਮੁੱਚੀਆਂ ਗ਼ਜ਼ਲਾਂ ਸੰਕਲਿਤ ਹਨ। ਕਵੀ ਦੀ ਇੱਛਾ ਰਹੀ ਹੈ ਕਿ 'ਗ਼ਜ਼ਲ' ਦੀ ਰਚਨਾ ਕਰਨ ਸਮੇਂ ਉਹ ਆਪਣੀ ਨਿੱਜਤਾ ਦੇ ਨਾਲ-ਨਾਲ ਲੋਕ-ਦਰਦ ਨੂੰ ਵਿਸ਼ੇਸ਼ ਸਥਾਨ ਦੇਵੇ। ਇਉਂ ਉਸ ਦੀਆਂ ਗ਼ਜ਼ਲਾਂ ਸਮੁੱਚੀ ਮਨੁੱਖਤਾ ਦੇ ਦੁੱਖਾਂ-ਦਰਦਾਂ ਅਤੇ ਦੁਸ਼ਵਾਰੀਆਂ ਦਾ ਇਕ ਸੱਚਾ ਦਰਪਣ ਬਣ ਜਾਂਦੀਆਂ ਹਨ।
ਮਨੁੱਖੀ ਜੀਵਨ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਬਹੁਤ ਸਾਰੀਆਂ ਘਟਨਾਵਾਂ, ਹਾਦਸਿਆਂ ਵਾਂਗ ਅਚਾਨਕ ਵਾਪਰ ਜਾਂਦੀਆਂ ਹਨ, ਜਿਸ ਕਾਰਨ ਮਨੁੱਖ ਅਚੰਭਿਤ, ਆਤੰਕਿਤ ਹੋ ਜਾਂਦਾ ਹੈ। ਇਸੇ ਵਰਤਾਰੇ ਨੂੰ ਦਾਰਸ਼ਨਿਕ ਲੋਕ ਵਿਸੰਗਤੀ (ਐਬਸਰਡਿਟੀ) ਦਾ ਨਾਂਅ ਦਿੰਦੇ ਹਨ। ਗੁਰਦਿਆਲ ਰੌਸ਼ਨ ਅਜਿਹੀਆਂ ਵਿਸੰਗਤੀਆਂ ਨੂੰ ਪ੍ਰਕਾਸ਼ਮਾਨ ਕਰਨ ਵਿਚ ਵਿਸ਼ੇਸ਼ ਰੁਚੀ ਰੱਖਦਾ ਹੈ। ਉਹ ਜੀਵਨ ਰੂਪੀ ਰੰਗਸ਼ਾਲਾ ਦੇ ਵਿਵਿਧ ਰੰਗਾਂ ਨੂੰ ਪਕੜਦਾ ਅਤੇ ਪ੍ਰਕਾਸ਼ਦਾ ਰਹਿੰਦਾ ਹੈ। ਅਜੋਕੇ ਪੰਜਾਬ ਦੀ ਆਰਥਿਕ ਮੰਦਹਾਲੀ ਅਤੇ ਕੁਝ ਹੋਰ ਵਿਕਾਰਾਂ ਦੇ ਕਾਰਨ ਇਸ ਦੀ ਮੱਧਮ ਪੈਂਦੀ ਜਾਂਦੀ ਆਭਾ ਦੇ ਅਨੇਕ ਰੰਗ ਉਸ ਦੇ ਅਸ਼ਆਰ ਵਿਚ ਮੂਰਤੀਮਾਨ ਹੁੰਦੇ ਰਹਿੰਦੇ ਹਨ। ਦੇਖੋ :
ੲ ਝੂਮਦੇ ਨਾ ਟਾਹਣੀਆਂ ਤੇ ਟਹਿਕਦੇ।
ਹੁਣ ਨਾ ਪਹਿਲਾਂ ਦੀ ਤਰ੍ਹਾਂ ਫੁੱਲ ਮਹਿਕਦੇ।
ੲ ਕੈਦ ਹਾਂ ਪੂਰੀ ਤਰ੍ਹਾਂ ਬਰਬਾਦ ਹਾਂ ਜੀ।
ਕੌਣ ਕਹਿੰਦਾ ਹੈ ਅਸੀਂ ਆਜ਼ਾਦ ਹਾਂ ਜੀ।
ੲ ਮਨ ਮੇਰਾ ਪੰਜਾਬ ਹੈ ਤਨ ਮੇਰਾ ਕਸ਼ਮੀਰ।
ਦੋਵਾਂ ਦੇ ਦੁੱਖ ਆਪਣੇ ਦੋਵੇਂ ਲੀਰੋ ਲੀਰ।
ਗੁਰਦਿਆਲ ਰੌਸ਼ਨ ਦੀ ਸ਼ਾਇਰੀ ਇਕ ਆਮ ਸੰਵੇਦਨਸ਼ੀਲ ਵਿਅਕਤੀ ਦੇ ਦਿਲ ਵਿਚੋਂ ਸਹਿਜ-ਸੁਭਾਅ ਉਤਪੰਨ ਹੋਏ ਜਜ਼ਬਾਤ ਦਾ ਨਿਰੂਪਣ ਕਰਦੀ ਹੈ। ਉਸ ਦੇ ਅਸ਼ਆਰ ਪੂਰੀ ਤਰ੍ਹਾਂ ਗ਼ੈਰ-ਰਸਮੀ ਅੰਦਾਜ਼ ਵਿਚ ਪ੍ਰਗਟ ਹੁੰਦੇ ਹਨ। ਪਿੰਗਲ-ਅਰੂਜ਼ ਅਤੇ ਗ਼ਜ਼ਲ ਦੀਆਂ ਹੋਰ ਫ਼ੱਨੀ, ਖ਼ੂਬੀਆਂ ਉੱਪਰ ਉਸ ਨੂੰ ਪੂਰਾ ਅਧਿਕਾਰ ਪ੍ਰਾਪਤ ਹੋ ਗਿਆ ਹੈ। ਸਮੇਂ ਦੇ ਬੀਤਣ ਨਾਲ ਉਸ ਦੀ ਸ਼ਾਇਰੀ ਵਿਚ ਨਵੇਂ-ਨਵੇਂ ਸਰੋਕਾਰ ਉੱਭਰਦੇ ਜਾ ਰਹੇ ਹਨ। ਅਜੇ ਉਸ ਦੇ ਕਲਾਮ ਦੀ ਪ੍ਰਮਾਣਿਕਤਾ ਬਰਕਰਾਰ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136.
ਫ ਫ ਫ

ਸੰਸਕਾਰ
(ਕੰਨੜ ਨਾਵਲ)

ਲੇਖਕ : ਡਾ: ਯੂ.ਆਰ. ਅਨੰਤਮੂਰਤੀ
ਅਨੁ: ਤਰਸੇਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 98159-76485.

ਵਿਚਾਰਾਧੀਨ ਕੰਨੜ ਨਾਵਲ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਡਾ: ਅਨੰਤਮੂਰਤੀ ਦੀ ਰਚਨਾ ਹੈ, ਜਿਸ ਦਾ ਸਰਲ ਪੰਜਾਬੀ ਵਿਚ ਅਨੁਵਾਦ ਤਰਸੇਮ ਬਰਨਾਲਾ ਨੇ ਕੀਤਾ ਹੈ। ਇਸ ਦਾ ਵਿਸ਼ਾ ਅਖੌਤੀ ਸ੍ਰੇਸ਼ਠ ਪੰਡਤਾਂ ਅਤੇ ਦੁਨਿਆਵੀ ਸੁਭਾਵਿਕ ਸ਼ੈਲੀ ਜਿਊਣੇ ਪੰਡਤਾਂ ਦਰਮਿਆਨ ਤਣਾਅ 'ਚੋਂ ਹੋਂਦ ਗ੍ਰਹਿਣ ਕਰਦਾ ਹੈ। ਇਸ ਨਾਵਲ ਦੀ ਮੁੱਖ ਰੂਪ-ਰੇਖਾ ਤਾਂ ਕੇਵਲ ਏਨੀ ਹੈ ਕਿ ਦੁਨਿਆਵੀ ਜੀਵਨ ਸ਼ੈਲੀ ਦੀ ਪ੍ਰਤੀਨਿਧਤਾ ਕਰਨ ਵਾਲਾ 'ਨਾਰਣੱਪਾ' ਨਾਮਕ ਵਿਅਕਤੀ ਆਪਣੇ ਭਾਈਚਾਰੇ ਤੋਂ ਨਾਬਰ ਹੋ ਕੇ ਸ਼ਰਾਬ ਪੀਂਦਾ, ਮਾਸ ਖਾਂਦਾ, ਆਪਣੀ ਵਿਵਾਹਿਤ ਪਤਨੀ ਨੂੰ ਤਿਆਗ ਕੇ ਨੀਵੀਂ ਜਾਤੀ ਦੀ ਪਰਾਈ ਪਰ ਖੂਬਸੂਰਤ ਇਸਤਰੀ 'ਚੰਦਰੀ' ਨਾਮਕ ਨਾਲ ਸੰਗ ਕਰਦਾ ਹੈ ਜੋ ਉਸ ਦੀ ਸੇਵਾ ਪੂਰੀ ਨਿਸ਼ਠਾ ਨਾਲ ਕਰਦੀ ਹੈ। 'ਨਾਰਣੱਪਾ' ਨਵਯੁਵਕਾਂ ਨੂੰ ਨਾਟਕਾਂ ਦੀਆਂ ਰਿਹਰਸਲਾਂ ਕਰਵਾਉਂਦਾ ਅਤੇ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਦਾ ਹੈ। ਅਜਿਹੀਆਂ ਆਦਤਾਂ ਕਾਰਨ ਵੀ ਭਾਈਚਾਰਾ ਉਸ ਨੂੰ ਬਰਾਦਰੀ 'ਚੋਂ ਛੇਕਦਾ ਨਹੀਂ ਅਤੇ ਉਹ ਮੁਸਲਮਾਨ ਬਣ ਜਾਵੇ। ਉਸ ਦੀ ਅਚਾਨਕ ਮੌਤ ਹੋਣ 'ਤੇ ਭਾਈਚਾਰਾ ਉਸ ਦਾ ਧਾਰਮਿਕ ਸੰਸਕਾਰਾਂ ਅਨੁਸਾਰ ਦਾਹ ਸਸਕਾਰ ਕਰਨ ਤੋਂ ਝਿਜਕਦਾ ਹੈ। ਇਹੋ ਇਸ ਨਾਵਲ ਦੀ ਕੇਂਦਰੀ ਸਮੱਸਿਆ ਹੈ। 'ਨਾਰਣੱਪੇ' ਦੇ ਉਲਟ ਕਾਸ਼ੀ ਤੋਂ ਸਿੱਖਿਆ ਪ੍ਰਾਪਤ ਵੇਦਾਂਤ ਅਚਾਰੀਆ 'ਪ੍ਰਣੇਸ਼ਾਚਾਰੀਆ' ਨਾਮਕ ਪਾਤਰ ਸਿਰਜਿਆ ਗਿਆ ਹੈ। ਨਾਰਣੱਪੇ ਦੇ ਦਾਹ-ਸੰਸਕਾਰ ਲਈ ਸਾਰਾ ਭਾਈਚਾਰਾ ਉਸ ਦੇ ਆਦੇਸ਼ ਦੀ ਉਡੀਕ ਵਿਚ ਹੈ। ਪਰ ਪ੍ਰਣੇਸ਼ਾਚਾਰੀਆ ਵੇਦ-ਵੇਦਾਂਤਾਂ, ਮਨੂ-ਸਿਮ੍ਰਿਤੀ ਅਤੇ ਹਨੂਮਾਨ ਦੀ ਮੂਰਤੀ ਪਾਸੋਂ ਵੀ ਕੋਈ ਅਗਵਾਈ ਪ੍ਰਾਪਤ ਕਰਨ ਤੋਂ ਅਸਫ਼ਲ ਰਹਿੰਦਾ ਹੈ। ਪੰਡਤ ਭਾਈਚਾਰਾ ਨਿਰਾਸ਼ ਹੋ ਕੇ ਹੋਰਨਾਂ ਧਾਰਮਿਕ ਸਥਾਨਾਂ ਤੋਂ ਸਲਾਹ ਲੈਣ ਲਈ ਜਾਂਦਾ ਹੈ ਪਰ ਅਸਫ਼ਲ ਰਹਿੰਦਾ ਹੈ। ਪ੍ਰਣੇਸ਼ਾਚਾਰੀਆ ਨੂੰ ਉਸ ਦਾ ਜਮਾਤੀ 'ਮਹਾਂਬਲ' ਵੀ ਅਜਿਹੇ ਸਮੇਂ ਯਾਦ ਆਉਂਦਾ ਹੈ। ਉਸ ਦੀ ਆਪਣੀ ਪਤਨੀ ਪੂਰੀ ਸੇਵਾ ਦੇ ਬਾਵਜੂਦ ਮਰ ਜਾਂਦੀ ਹੈ। ਨਾਰਣੱਪੇ ਦੀ ਸੰਗੀ 'ਚੰਦਰੀ' ਦਾਹ ਸੰਸਕਾਰ ਲਈ ਆਪਣੇ ਸਾਰੇ ਗਹਿਣੇ ਵੀ ਸੌਂਪਣ ਦਾ ਲਾਲਚ ਦਿੰਦੀ ਹੈ। ਨਾਵਲ ਦੇ ਅਖੀਰ ਤੱਕ ਧਾਰਮਿਕ ਮਰਿਆਦਾ ਅਨੁਸਾਰ ਸੰਸਕਾਰ ਦਾ ਕੋਈ ਹੱਲ ਨਹੀਂ ਲੱਭਦਾ। ਨਾਰਣੱਪੇ ਦਾ ਸੰਸਕਾਰ ਭਾਈਚਾਰੇ ਤੋਂ ਗੁਪਤ ਕੋਈ ਮੁਸਲਮਾਨ ਕਰ ਦਿੰਦਾ ਹੈ। ਪ੍ਰਣੇਸ਼ਾਚਾਰੀਆ ਜੰਗਲਾਂ ਵਿਚ ਪਸ਼ਚਾਤਾਪ ਕਰਦਾ ਘੁੰਮਦਾ ਵਿਖਾਇਆ ਗਿਆ ਹੈ। ਘੁੰਮਦਿਆਂ ਘੜੀਮੁੜੀ ਇਸ ਵਹਿਮ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਕੋਈ ਉਸ ਨੂੰ ਪਛਾਣ ਨਾ ਲਵੇ। ਉਹ ਆਪਣੇ ਜੀਵਨ ਦੀ ਧਾਰਮਿਕ ਸ਼ੈਲੀ ਨੂੰ ਤਿਆਗ ਕੇ 'ਚੰਦਰੀ ਜਾਂ ਪਦਮਾਵਤੀ' ਦਾ ਸੰਗ ਮਾਣਨਾ ਚਾਹੁੰਦਾ ਹੈ। ਇੰਜ ਇਹ ਨਾਵਲ ਅਖੌਤੀ ਪੰਡਤਾਊਪੁਣੇ 'ਤੇ ਕਠੋਰ ਵਿਅੰਗ ਹੈ। ਨਾਵਲ ਦੀ ਮੁੱਖ ਕਥਾ ਵਿਚ ਪ੍ਰਕਰੀਆ/ਪਤਾਕੇ/ਉਪਕਥਾਵਾਂ ਅਤੇ ਮਿਥਿਹਾਸਕ ਹਵਾਲਿਆਂ ਦੀ ਭਰਮਾਰ ਹੈ। ਪ੍ਰਣੇਸ਼ਾਚਾਰੀਆ ਦੀ ਸੋਚ 'ਹੈਮਲਟ-ਨੁਮਾ' ਹੈ। ਪਾਠਕ ਲਈ ਇਹ ਨਿਰਣਾ ਕਰਨਾ ਮੁਸ਼ਕਿਲ ਹੈ ਕਿ ਨਾਵਲ ਦਾ ਹੀਰੋ 'ਨਾਰਣੱਪੇ ਹੈ ਜਾਂ ਪ੍ਰਣੇਸ਼ਾਚਾਰੀਆ'।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਨੌਕਰੀ ਪਾਉਣ ਦੇ ਢੰਗ
ਲੇਖਕ : ਦਇਆਸ਼ੰਕਰ ਮਿਸ਼ਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 78377-18723.

ਵਿਸ਼ਵ ਦੇ ਮੰਡੀ ਬਣ ਜਾਣ ਕਾਰਨ ਕਾਰਪੋਰੇਟ ਜਗਤ ਦਾ ਬੋਲਬਾਲਾ ਹੋ ਗਿਆ ਹੈ। ਮੁੱਖ ਨੌਕਰੀਆਂ ਤੇ ਤਰੱਕੀ ਦੇ ਰਾਹ ਇਸੇ ਜਗਤ ਥਾਣੀਂ ਹੋ ਕੇ ਲੰਘਦੇ ਹਨ। ਇਹ ਕਹਾਣੀ ਤਿੰਨ ਪ੍ਰੋਫੈਸ਼ਨਲ ਵਿਦਿਆਰਥੀਆਂ ਦੀ ਹੈ ਜੋ ਪੜ੍ਹਾਈ ਵਿਚ ਬਹੁਤ ਮਿਹਨਤੀ ਤੇ ਉੱਚ ਦਰਜੇ ਦੀ ਕਾਬਲੀਅਤ ਵਾਲੇ ਹਨ ਪਰ ਉਨ੍ਹਾਂ ਕੋਲ ਕਾਰਪੋਰੇਟ ਜਗਤ ਵਿਚ ਫਿੱਟ ਹੋਣ ਦੀ ਯੋਗਤਾ ਦੀ ਕਮੀ ਹੈ। ਉਨ੍ਹਾਂ ਦਾ ਅਧਿਆਪਕ ਮਿ: ਸਿੰਘ ਉਨ੍ਹਾਂ ਨੂੰ ਪ੍ਰੋ: ਮੂਰਤੀ ਜਿਹੇ ਨਿਪੁੰਨ ਪ੍ਰੋਫੈਸ਼ਨਲ ਕੋਲ ਭੇਜਦਾ ਹੈ ਜਿਥੇ ਉਹ ਦੋ ਹਫ਼ਤਿਆਂ ਵਿਚ ਹੀ ਬਹੁਤ ਕੰਮ ਦੀਆਂ ਗੱਲਾਂ ਸੁਣ ਕੇ ਕਾਰਪੋਰੇਟ ਜਗਤ ਵਿਚ ਸਫ਼ਲ ਕਾਰਕੁੰਨ ਬਣਦੇ ਹਨ।
ਲੇਖਕ ਨੇ ਪ੍ਰੋ: ਮੂਰਤੀ ਕੋਲੋਂ ਅਜਿਹੀਆਂ ਕੰਮ ਦੀਆਂ ਗੱਲਾਂ ਕਢਵਾਈਆਂ ਹਨ ਜੋ ਸਫ਼ਲ ਕਰਮਚਾਰੀ ਬਣਨ ਤੇ ਤਰੱਕੀ ਦੇ ਰਾਹ ਖੋਲ੍ਹਣ ਲਈ ਬਹੁਤ ਲਾਹੇਵੰਦ ਹਨ। ਪ੍ਰੋ: ਮੂਰਤੀ ਦਾ ਕਹਿਣਾ ਹੈ ਕਿ ਕਾਰਪੋਰੇਟ ਜਗਤ ਵਿਚ ਨੌਕਰੀ ਪਾਉਣਾ ਓਨਾ ਔਖਾ ਕੰਮ ਨਹੀਂ, ਜਿੰਨਾ ਉਸ ਨੌਕਰੀ ਨੂੰ ਬਚਾ ਕੇ ਰੱਖਣਾ ਹੁੰਦਾ ਹੈ। ਬੌਸ ਤੇ ਕੰਪਨੀ ਹੀ ਸਭ ਕੁਝ ਹੁੰਦੀ ਹੈ। ਬੌਸ ਦੀ ਨਾਰਾਜ਼ਗੀ ਜਾਂ ਨਾਪਸੰਦਗੀ ਦਾ ਕੁਹਾੜਾ ਤੁਹਾਡੀ ਨੌਕਰੀ 'ਤੇ ਹੀ ਵੱਜ ਸਕਦਾ ਹੈ। ਤੁਹਾਨੂੰ ਕਿਸੇ ਵੇਲੇ ਵੀ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਕੰਪਨੀ ਦਾ ਤੁਹਾਡੀ ਨੌਕਰੀ ਨਾਲ ਨਹੀਂ ਸਗੋਂ ਆਪਣੇ ਟੀਚਿਆਂ ਨਾਲ ਹੀ ਸਰੋਕਾਰ ਹੁੰਦਾ ਹੈ। ਜਿੰਨੀ ਦੇਰ ਤੁਸੀਂ ਉਨ੍ਹਾਂ ਵਲੋਂ ਮਿੱਥੇ ਟੀਚੇ ਸਾਕਾਰ ਕਰਨ ਵਿਚ ਸਹਾਈ ਹੁੰਦੇ ਹੋ, ਓਨੀ ਦੇਰ ਕੰਪਨੀ 'ਚ ਤੁਹਾਡੇ ਲਈ ਥਾਂ ਹੈ, ਨਹੀਂ ਤਾਂ ਬਾਹਰ ਦਾ ਰਾਹ ਦਿਖਾਉਣ ਵਿਚ ਬਹੁਤੀ ਦੇਰ ਨਹੀਂ ਹੁੰਦੀ। ਕਦੀ ਬੌਸ ਦੀ ਨਿੰਦਾ ਨਾ ਕਰੋ। ਮਤਭੇਦ ਹੋਣ ਤਾਂ ਮਨ ਵਿਚ ਰੱਖੋ। ਕਿਸੇ ਕੋਲ ਹਵਾ ਨਾ ਲਗਾਉ। ਆਪਣੀਆਂ ਸਾਰੀਆਂ ਯੋਜਨਾਵਾਂ ਇਕੋ ਵੇਲੇ ਜ਼ਾਹਰ ਨਾ ਕਰੋ। ਸਗੋਂ ਹੌਲੀ-ਹੌਲੀ ਉਨ੍ਹਾਂ ਦਾ ਭੇਤ ਜ਼ਾਹਰ ਕਰੋ। ਕਾਰਪੋਰੇਟ ਜਗਤ ਵਿਚ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਸਗੋਂ ਆਪਣੇ ਕੰਮ ਨੂੰ ਦਿਸਦਾ ਰਹਿਣ ਦਿਉ। ਕੰਪਨੀ ਨੂੰ ਤੁਹਾਡਾ ਕੰਮ ਦਿਸਦਾ ਹੋਵੇ। ਆਪਣੇ-ਆਪ ਨੂੰ ਲਗਾਤਾਰ ਰੈਨੋਵੇਟ ਕਰਦੇ ਰਹੋ। ਕੰਮ ਦੇ ਪੁਰਾਣੇ ਢੰਗ-ਤਰੀਕੇ ਹਮੇਸ਼ਾ ਨਹੀਂ ਚੱਲ ਸਕਦੇ, ਉਨ੍ਹਾਂ ਨੂੰ ਲਗਾਤਾਰ ਨਵਿਆਉਂਦੇ ਰਹੋ।
ਲੇਖਕ ਨੇ ਆਪਣੀ ਲਿਖਤ ਨੂੰ ਰੌਚਕ ਬਣਾਉਣ ਲਈ ਬੋਧ, ਜਾਤਕ ਤੇ ਮਨੋਵਿਗਿਆਨਕ ਕਹਾਣੀਆਂ ਤੇ ਵਰਤਾਵਾਂ ਦੀ ਵਰਤੋਂ ਕੀਤੀ ਹੈ। ਇਸ ਨਾਲ ਇਹ ਵਿਸ਼ਾ ਬਹੁਤ ਸਵਾਦਲਾ ਤੇ ਦਿਲਚਸਪ ਬਣ ਗਿਆ ਹੈ।

ਂਕੇ.ਐਲ. ਗਰਗ
ਮੋ: 94635-37050
ਫ ਫ ਫ

ਸ਼ਬਦਾਂ ਦੀ ਲੋਅ
ਲੇਖਕ : ਖਲੀਲ ਜਿਬਰਾਨ
ਅਨੁਵਾਦ ਤੇ ਸੰਪਾਦਕ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 116
ਸੰਪਰਕ : 98555-84298.

ਖਲੀਲ ਜਿਬਰਾਨ ਦੁਨੀਆ ਦਾ ਅਜਿਹਾ ਮਹਾਨ ਚਿੰਤਕ ਅਤੇ ਫਿਲਾਸਫਰ ਹੋਇਆ ਹੈ ਕਿ ਉਸ ਦੀਆਂ ਲਿਖਤਾਂ ਰਹਿੰਦੀ ਦੁਨੀਆ ਤੱਕ ਆਪਣੀ ਲੋਅ ਫੈਲਾ ਕੇ ਮਨੁੱਖੀ ਮਨ ਦੇ ਹਨੇਰੇ ਕੋਨਿਆਂ ਨੂੰ ਰੌਸ਼ਨ ਕਰਦੀਆਂ ਰਹਿਣਗੀਆਂ। ਅਕਸਰ ਹੀ ਉਸ ਦੇ ਕਥਨ ਵੱਖ-ਵੱਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਸਿਆਣਪਾਂ ਦੇ ਤੌਰ 'ਤੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ।
ਡਾ: ਜਗਦੀਸ਼ ਕੌਰ ਵਾਡੀਆ ਨਿਰੰਤਰ ਪੜ੍ਹਨ ਲਿਖਣ ਅਤੇ ਸਿਰਜਣਾਤਮਕ ਲਿਖਤਾਂ ਦੀ ਸਮੀਖਿਆ ਦੇ ਖੇਤਰ ਵਿਚ ਪੂਰੀ ਸਰਗਰਮੀ ਨਾਲ ਨਿਵੇਕਲੀ ਭੂਮਿਕਾ ਨਿਭਾਅ ਰਹੇ ਹਨ। ਅਕਸਰ ਹੀ ਉਨ੍ਹਾਂ ਦੀਆਂ ਲਿਖਤਾਂ ਪਾਠਕ ਪੜ੍ਹਦੇ ਰਹਿੰਦੇ ਹਨ ਅਤੇ ਪਸੰਦ ਵੀ ਕਰਦੇ ਹਨ। ਖਲੀਲ ਜਿਬਰਾਨ ਦੀਆਂ ਸਮੁੱਚੀਆਂ ਲਿਖਤਾਂ ਵਿਚੋਂ ਕੁਝ ਚੋਣਵੇਂ ਸ਼ਬਦਾਂ ਨੂੰ ਅੱਖਰ ਕ੍ਰਮ ਅਨੁਸਾਰ ਡਾ: ਵਾਡੀਆ ਨੇ 'ਸ਼ਬਦਾਂ ਦੀ ਲੋਅ' ਪੁਸਤਕ ਰੂਪ ਵਿਚ ਅਨੁਵਾਦ ਅਤੇ ਸੰਪਾਦਨ ਕਰਕੇ ਇਸ ਮਹਾਨ ਚਿੰਤਨ ਦੇ ਕਥਨਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਕੀਮਤੀ ਕਾਰਜ ਕੀਤਾ ਹੈ।
'ਸ਼ਬਦਾਂ ਦੀ ਲੋਅ' ਪੁਸਤਕ ਵਿਚ ਜਿੰਨੇ ਵੀ ਸ਼ਬਦਾਂ ਨੂੰ ਡਾ: ਵਾਡੀਆ ਨੇ ਖਲੀਲ ਜਿਬਰਾਨ ਦੀਆਂ ਲਿਖਤਾਂ ਵਿਚੋਂ ਲੈ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ, ਉਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਪੜ੍ਹਦਿਆਂ ਪਾਠਕ ਨੂੰ ਕੇਵਲ ਸ਼ਾਬਦਿਕ ਅਰਥ ਦੀ ਹੀ ਸੋਝੀ ਨਹੀਂ ਹੁੰਦੀ, ਸਗੋਂ ਸ਼ਬਦਾਂ ਦੀ ਤਹਿ ਥੱਲੇ ਛੁਪੀ ਗੂੜ੍ਹ ਫਿਲਾਸਫ਼ੀ ਵਿਚੋਂ ਫੁੱਟਦੀਆਂ ਚਾਨਣਵੰਤ ਸ਼ਾਬਦਿਕ ਚਿੰਗਾਰੀਆਂ ਵੀ ਮਾਣਨ ਨੂੰ ਮਿਲਦੀਆਂ ਹਨ।
ਸ਼ਬਦਾਂ ਦੇ ਏਨੇ ਮਹਾਨ ਅਤੇ ਗਹਿਰੇ ਅਰਥ ਵੀ ਹੋ ਸਕਦੇ ਹਨ ਇਹ ਪੜ੍ਹ ਕੇ ਪਾਠਕ ਹੈਰਾਨੀਜਨਕ ਸਥਿਤੀ ਵਿਚ ਵੀ ਪਹੁੰਚ ਜਾਂਦਾ ਹੈ। ਸ਼ਬਦਾਂ ਦੇ ਇਸ ਸਮੁੰਦਰ ਵਿਚ ਸ਼ਬਦਾਂ ਦੀ ਤਹਿ ਹੇਠ ਛੁਪਿਆ ਹੋਇਆ ਸੱਚ ਤਾਂ ਪਾਠਕ ਮਹਿਸੂਸ ਕਰਦਾ ਹੀ ਹੈ ਪਰ ਨਾਲ ਦੀ ਨਾਲ ਇਕ ਵਿਅੰਗਾਤਮਕ ਚੋਭ ਵੀ ਪਾਠਕ ਦੇ ਗਿਆਨ ਨੂੰ ਹਲੂਣਾ ਦਿੰਦੀ ਹੈ। ਇਹ ਪੁਸਤਕ ਖਲੀਲ ਜਿਬਰਾਨ ਦੀਆਂ ਲਿਖਤਾਂ ਵਿਚਲੇ ਸ਼ਬਦਾਂ ਦਾ ਅਜਿਹਾ ਕੋਸ਼ ਹੈ, ਜਿਸ ਨੂੰ ਪੜ੍ਹ ਕੇ ਪਾਠਕ ਦੀ ਸੋਚ ਨੂੰ ਫਲਸਫਾਨਾ ਗਹਿਰਾਈ ਵੀ ਮਿਲਦੀ ਹੈ ਅਤੇ ਉਸ ਦੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਡਾ: ਵਾਡੀਆ ਇਸ ਪੁਸਤਕ ਲਈ ਵਧਾਈ ਦੀ ਹੱਕਦਾਰ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਕਾਵਿ ਸਾਂਝਾਂ
ਲੇਖਕ : ਜਸਵਿੰਦਰ ਪੰਜਾਬੀ
ਪ੍ਰਕਾਸ਼ਕ : ਜੇ.ਪੀ. ਪਬਲਿਸ਼ਰਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 97814-14118.

ਜਸਵਿੰਦਰ ਪੰਜਾਬੀ ਸਾਹਿਤ ਜਗਤ 'ਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਉਸ ਦੀਆਂ ਲਿਖੀਆਂ ਹੋਈਆਂ 8 ਕਿਤਾਬਾਂ ਪਹਿਲਾਂ ਛਪ ਚੁੱਕੀਆਂ ਹਨ। ਛਪੀਆਂ ਹੋਈਆਂ ਪੁਸਤਕਾਂ 'ਚ ਪੰਜਾਬੀ ਸਾਹਿਤ ਦੀਆਂ ਕਵਿਤਾ, ਵਾਰਤਕ ਅਤੇ ਕਹਾਣੀ ਪ੍ਰਮੁੱਖ ਸਿਨਫ਼ਾਂ ਸ਼ਾਮਿਲ ਹਨ। ਇਹੋ ਵੱਡਾ ਕਾਰਨ ਹੈ ਕਿ ਲੇਖਕ ਨੂੰ ਪੰਜਾਬੀ ਸਾਹਿਤ ਦੀ ਚੰਗੀ ਸਮਝ ਹੈ। ਉਸ ਦੀ ਵਿਸ਼ਿਆਂ 'ਤੇ ਪਕੜ ਮਜ਼ਬੂਤ ਹੈ। ਹਥਲੀ ਪੁਸਤਕ ਕਾਵਿ ਰਚਨਾਵਾਂ 'ਤੇ ਆਧਾਰਿਤ ਹੈ। ਇਨ੍ਹਾਂ ਰਚਨਾਵਾਂ ਨੂੰ ਰੂਪਕ ਪੱਖ ਤੋਂ ਵੇਖੀਏ ਤਾਂ ਭਾਵੁਕਤਾ, ਲੈਅ, ਰਵਾਨਗੀ, ਤਕਾਂਤ ਮੇਲ, ਸੰਗੀਤ ਅਤੇ ਸੁਹਜਾਤਮਿਕ ਤੱਤ ਸਮੋਏ ਹੋਏ ਹਨ। ਲੇਖਕ ਚਿੰਨ੍ਹਾਂ ਤੇ ਬਿੰਬਾਂ ਦੀ ਕਲਾਤਮਿਕ ਤਰੀਕੇ ਨਾਲ ਵਰਤੋਂ ਕਰਦਾ ਹੈ। ਵਿਸ਼ਿਆਂ ਦੀ ਪੇਸ਼ਕਾਰੀ ਵੀ ਸੁਚੱਜੇ ਢੰਗ ਨਾਲ ਹੋਈ ਹੈ। ਜਿਥੇ ਉਹ ਪਿਆਰ, ਮਿਲਾਪ, ਤਾਂਘ, ਵੈਰਾਗ ਜਿਹੇ ਨਾਜ਼ੁਕ ਵਿਸ਼ਿਆਂ ਨੂੰ ਪੇਸ਼ ਕਰਦਾ ਹੈ, ਉਥੇ ਉਹ ਸਮਾਜ ਦੀਆਂ ਭਖਦੀਆਂ ਸਮੱਸਿਆਵਾਂ ਨੂੰ ਵੀ ਪੂਰੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। ਅਜੋਕੇ ਸਮੇਂ ਵਿਚ ਵੀ ਔਰਤਾਂ ਦੇ ਅਧਿਕਾਰ ਖੇਤਰ ਸੀਮਤ ਹੋਣ, ਸਮਾਜਿਕ ਬੰਧਨ, ਮਾਨਸਿਕ ਸਰੀਰਕ ਸ਼ੋਸ਼ਣ 'ਤੇ ਉਹ ਚਿੰਤਾ ਪ੍ਰਗਟ ਕਰਦਿਆਂ ਔਰਤਾਂ ਦੀ ਸਮਾਜਿਕ ਬਰਾਬਰਤਾ ਦੀ ਗੱਲ ਕਰਦਾ ਹੈ। ਦੇਸ਼ਾਂ ਅਤੇ ਪਾਣੀਆਂ ਦੀ ਵੰਡ ਤੋਂ ਉਹ ਦੁਖੀ ਹੈ, ਮਾਨਵਤਾ ਅਤੇ ਮਾਂ-ਬੋਲੀ ਪੰਜਾਬੀ ਦੀ ਸਦਾ ਭਲਾਈ ਲੋਚਦਾ ਹੈ। ਮੁਲਕ ਦੀ ਆਜ਼ਾਦੀ ਦੇ ਬਾਵਜੂਦ ਆਮ ਲੋਕਾਂ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹਨ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਨਮੋਸ਼ੀਆਂ ਦੇ ਬੱਦਲ ਛਾਏ ਹੋਏ ਹਨ। ਲੇਖਕ ਕਿਰਤੀਆਂ ਅਤੇ ਮਿਹਨਤਕਸ਼ ਲੋਕਾਂ ਦੇ ਹੱਕ 'ਚ ਖੜਦਿਆਂ ਵਿਹਲੜਾਂ 'ਤੇ ਕਟਾਖਸ਼ ਕਰਦਾ ਹੈ। ਉਹ ਸਮਾਜ ਦੇ ਦੰਭੀ ਮਨੁੱਖਾਂ 'ਤੇ ਵੀ ਉਂਗਲ ਉਠਾਉਂਦਾ ਹੈ, ਜਿਨ੍ਹਾਂ ਦੇ ਮੂੰਹ 'ਤੇ ਕੁਝ ਹੋਰ ਹੈ ਪਰ ਅੰਦਰ ਚੋਰ ਹੈ। ਲੇਖਕ ਨੂੰ ਮਨੁੱਖ ਦੀ ਹਰ ਤਰ੍ਹਾਂ ਦੀ ਪੀੜ ਦਾ ਅਹਿਸਾਸ ਹੈ। ਉਸ ਦੀਆਂ ਅਤਿ ਸੰਵੇਦਨਸ਼ੀਲ ਭਾਵਨਾਵਾਂ ਹੀ ਉਸ ਦਾ ਰਚਨਾ ਸੰਸਾਰ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

 

 

 

 

 

 

 

 

 

 

 

 

 

 

 

 

 

15-03-2020

  ਸ਼ਮ੍ਹਾਂ ਬਲਦੀ ਰਹੀ
ਕਵੀ : ਸੁਖਮਿੰਦਰ ਸਿੰਘ 'ਚੰਦਨ'
ਪ੍ਰਕਾਸ਼ਕ : ਐਲ. ਕੇ. ਪਬਲਿਸ਼ਰਜ਼, ਮੁਹਾਲੀ
ਮੁੱਲ : ਅੰਕਿਤ ਨਹੀਂ, ਸਫ਼ੇ : 60
ਸੰਪਰਕ : 97795-54684

'ਸ਼ਮ੍ਹਾਂ ਬਲਦੀ ਰਹੀ' ਕਾਵਿ ਸੰਗ੍ਰਹਿ 'ਚ 54 ਕਾਵਿ ਰਚਨਾਵਾਂ ਸ਼ਾਮਿਲ ਹਨ। ਇਸ ਕਾਵਿ ਸੰਗ੍ਰਹਿ 'ਚ ਜ਼ਿਆਦਾਤਰ ਗੀਤ ਹਨ ਜਦ ਕਿ ਕੁਝ ਗ਼ਜ਼ਲਨੁਮਾ ਕਾਵਿ ਰਚਨਾਵਾਂ ਵੀ ਇਸ ਕਾਵਿ ਸੰਗ੍ਰਿਹ ਦਾ ਸ਼ਿੰਗਾਰ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਪਿਆਰ-ਮੁਹੱਬਤ ਦੇ ਤਰਾਨੇ, ਵਿਛੋੜੇ ਦੀ ਤੜਪ, ਸੱਜਣਾਂ ਦੀਆਂ ਦਗੇਬਾਜ਼ੀਆਂ, ਬੇਵਫ਼ਾਈਆਂ ਦੀ ਚਸਕ ਬਹੁ-ਗਿਣਤੀ ਕਾਵਿ ਰਚਨਾਵਾਂ 'ਚ ਭਾਰੂ ਵਿਖਾਈ ਦਿੰਦੀ ਹੈ। ਕਵੀ ਨੂੰ ਬੇਲੋੜੀਆਂ ਰਸਮਾਂ ਦੇ ਬੋਝ ਥੱਲੇ ਦਬ ਰਹੇ ਇਨਸਾਨ ਦਾ ਫ਼ਿਕਰ ਸਤਾਉਂਦਾ ਹੈ। ਉਸ ਨੂੰ ਸੱਜਣਾਂ ਦੇ ਸੋਹਣੇ ਪਿੰਡ ਦੇ ਖ਼ੂਬਸੂਰਤ ਦ੍ਰਿਸ਼ਾਂ ਦੀ ਯਾਦ ਸ਼ਹਿਰ ਦੀ ਤੜਕ-ਭੜਕ ਨੂੰ ਵੀ ਫਿੱਕਾ ਪਾ ਰਹੀ ਦਿਖਾਈ ਦਿੰਦੀ ਹੈ :
ਦਿਸਦੇ ਨਾ ਇੱਥੇ ਕਿਤੇ ਹਰੇ-ਭਰੇ ਖੇਤ ਨੀ।
ਖੇਡਣ ਲਈ ਖੇਡਾਂ ਨਾ ਹੀ ਢਾਬ ਵਾਲੀ ਰੇਤ ਨੀ।
ਕਿਹੜਾ ਕੱਲਿਆਂ ਦਾ ਚਿੱਤ ਬਹਿਲਾਵੇ।
ਪਿੰਡ ਸੋਹਣੇ ਸੱਜਣਾਂ ਦਾ , ਮੇਰੇ ਹਰ ਵੇਲੇ ਅੱਖਾਂ ਵਿਚ ਆਵੇ।
ਦੇਸ਼ ਦੇ ਸਰਮਾਏਦਾਰੀ ਸਿਸਟਮ, ਖ਼ੁਦਕੁਸ਼ੀਆਂ ਦੇ ਰਾਹ ਤੁਰੇ ਕਿਸਾਨਾਂ-ਮਜ਼ਦੂਰਾਂ ਦੀ ਪੀੜ ਉਸ ਦਾ ਹਿਰਦਾ ਵਲੂੰਧਰਦੀ ਹੈ। ਨਸ਼ਿਆਂ 'ਚ ਗ੍ਰਸਤ ਹੋ ਰਹੀ ਜਵਾਨੀ ਦੀ ਚਿੰਤਾ ਉਸ ਨੂੰ ਬੇਚੈਨ ਕਰਦੀ ਹੈ। ਉਸ ਦੀਆਂ ਕਾਵਿ ਰਚਨਾਵਾਂ ਅਜੋਕੇ ਸਮਾਜ 'ਚ ਟੁੱਟਦੀਆਂ ਜਾ ਰਹੀਆਂ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਔਰਤ ਦੀ ਆਜ਼ਾਦੀ ਦਾ ਖੁੱਲ੍ਹ ਕੇ ਹਾਮੀ ਹੈ। ਰੋਜ਼ੀ-ਰੋਟੀ ਲਈ ਪ੍ਰਦੇਸਾਂ 'ਚ ਵਸਦੇ ਪੁੱਤਰਾਂ ਦੇ ਮਿਲਾਪ ਲਈ ਤਰਸਦੀਆਂ ਮਾਵਾਂ ਦੀ ਤੜਪ ਬਿਆਨਦਾ 'ਚੰਦਨ' ਲਿਖਦਾ ਹੈ :
ਪ੍ਰਦੇਸੀਂ ਵਸੇ ਪੁੱਤ ਦੇਖਣ ਲਈ, ਮਾਵਾਂ ਤਰਸਦੀਆਂ ।
ਘੁੱਟ ਗਲਵੱਕੜੀ ਪਾਉਣ ਲਈ, ਕਿੰਝ ਬਾਹਵਾਂ ਤਰਸਦੀਆਂ।
ਇਸ ਕਾਵਿ ਸੰਗ੍ਰਹਿ ਦੇ ਅੰਤ 'ਚ ਮਲਵਿੰਦਰ ਕੌਰ ਵਿਰਦੀ ਦੀਆਂ ਚਾਰ ਕਾਵਿ ਰਚਨਾਵਾਂ ਹਾਦਸਾ ਹੀ ਹਾਦਸਾ, ਨੰਨੀ-ਮੁੰਨੀ, ਮਿੱਟੀ ਦੇ ਪੁਤਲੇ, ਧੀ ਦੀ ਪੁਕਾਰ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਧਿਆਨ ਖਿੱਚਦੀਆਂ ਹਨ।

ਂਮਨਜੀਤ ਸਿੰਘ ਘੜੈਲੀ
ਮੋ: 98153-91625
ਫ ਫ ਫ

ਮੇਰੇ ਜੀਵਨ ਦੇ ਕੁਝ ਹਾਸਿਲ
ਲੇਖਕ : ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 255
ਸੰਪਰਕ : 98146-19342.

ਅੱਜ ਸਾਡੇ ਆਲੇ-ਦੁਆਲੇ ਵਿਚ ਏਨਾ ਕੁਝ ਅਣਸੁਖਾਵਾਂ ਵਾਪਰ ਰਿਹਾ ਹੈ ਕਿ ਹਰ ਸੰਵੇਦਨਸ਼ੀਲ ਮਨੁੱਖ ਇਹ ਸਭ ਕੁਝ ਵਾਪਰਦਾ ਦੇਖ ਕੇ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਪ੍ਰਤੀਕਰਮ ਪੇਸ਼ ਕਰ ਰਿਹਾ ਹੈ। ਕਈ ਵਾਰ ਤਾਂ ਅਜਿਹਾ ਵਰਤਾਰਾ ਵਾਪਰਦਾ ਵੇਖ ਕੇ ਮਨੁੱਖ ਚੁੱਪ ਹੀ ਵੱਟ ਜਾਂਦਾ ਹੈ ਪਰ ਅਜਿਹੇ ਵਰਤਾਰੇ ਤੋਂ ਚੁੱਪ ਵੱਟ ਲੈਣਾ ਵੀ ਬਿੱਲੀ ਦੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਲੀ ਗੱਲ ਹੋ ਨਿਬੜਦੀ ਹੈ। ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ ਵਰਗੇ ਕੁਝ ਸੰਵੇਦਨਸ਼ੀਲ ਲੇਖਕ ਵੀ ਹਨ ਜੋ ਅਜਿਹੇ ਨਾਂਹਵਾਚੀ ਵਰਤਾਰੇ ਨਾਲ ਸੰਵਾਦ ਵੀ ਰਚਾਉਂਦੇ ਹਨ ਅਤੇ ਆਪਣੀਆਂ ਲਿਖਤਾਂ ਨਾਲ ਸਮਾਜ ਨੂੰ ਸੇਧਗਾਰ ਵੀ ਕਰਦੇ ਹਨ। 'ਮੇਰੇ ਜੀਵਨ ਦੇ ਕੁਝ ਹਾਸਿਲ' ਪ੍ਰਿੰ: ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ ਕੁਝ ਅਹਿਸਾਸਾਂ ਅਤੇ ਤਲਖ ਹਕੀਕਤਾਂ ਨੂੰ ਪੇਸ਼ ਕਰਦੀ ਪੁਸਤਕ ਹੈ ਜਿਸ ਵਿਚ ਲੇਖਕ ਨੇ ਆਪਣੇ ਨਿੱਜੀ ਅਨੁਭਵ ਤੋਂ ਗੱਲ ਸ਼ੁਰੂ ਕਰਕੇ ਆਪਣੇ ਪਰਿਵਾਰ ਅਤੇ ਫਿਰ ਸਮਾਜ ਅਤੇ ਦੇਸ਼ ਨਾਲ ਸਬੰਧਿਤ ਮਸਲਿਆਂ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਪੁਸਤਕ ਦੀ ਸ਼ੁਰੂਆਤ ਸਵੈ-ਜੀਵਨੀ ਮੂਲਕ ਵੇਰਵਿਆਂ ਨਾਲ ਕੁਝ ਯਾਦਾਂ ਦੇ ਰੂਪ ਵਿਚ ਹੁੰਦੀ ਹੈ ਪਰ ਇਨ੍ਹਾਂ ਯਾਦਾਂ ਵਿਚ ਵੀ ਲੇਖਕ ਨੇ ਸਮਾਜ ਅਤੇ ਪਰਿਵਾਰ ਵਿਚ ਪੈਦਾ ਹੋਏ ਅੰਤਰ-ਵਿਰੋਧਾਂ ਦੇ ਨਾਲ-ਨਾਲ ਮਨੁੱਖੀ ਸਾਂਝਾਂ ਅਤੇ ਨਿੱਘ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਭਾਰਤੀ ਇਤਿਹਾਸ ਦੇ ਸੰਖੇਪ ਵੇਰਵਿਆਂ ਦੇ ਨਾਲ-ਨਾਲ ਸਾਡੀ ਰਾਜਨੀਤੀ, ਸਮਾਜ, ਧਰਮ, ਸਾਹਿਤ ਆਦਿ ਵਿਚ ਫੈਲੇ ਅੰਧਕਾਰ ਨੂੰ ਲੇਖਕ ਨੇ ਪੇਸ਼ ਕਰਦਿਆਂ ਲਘੂ ਲੇਖਾਂ ਦੇ ਰੂਪ ਵਿਚ ਭਾਵਪੂਰਤ ਜਾਣਕਾਰੀ ਸਾਂਝੀ ਕੀਤੀ ਹੈ। ਜਦੋਂ ਲੇਖਕ ਆਪਣੇ ਇਨ੍ਹਾਂ ਸੰਖੇਪ ਲੇਖਾਂ ਵਿਚ ਜਾਣਕਾਰੀ ਦਿੰਦਾ ਹੈ ਤਾਂ ਪਹਿਲਾਂ ਕੇਵਲ ਮਸਲੇ ਦੇ ਰੂ-ਬਰੂ ਹੀ ਪਾਠਕ ਨੂੰ ਕਰਦਾ ਹੈ ਪਰ ਫਿਰ ਲੇਖਕ ਦੇ ਅਖ਼ੀਰ 'ਤੇ ਆਪਣੀ ਸਾਰਥਕ ਰਾਇ ਵੀ ਪੇਸ਼ ਕਰਦਾ ਹੈ। ਅਸਲ ਵਿਚ ਸਮਾਜ ਦੀ ਸਰਬਪੱਖੀ ਫ਼ਿਕਰਮੰਦੀ ਨੂੰ ਪੇਸ਼ ਕਰਕੇ ਲੇਖਕ ਆਪਣਾ ਸਾਹਿਤਕ ਫ਼ਰਜ਼ ਪੂਰਾ ਕਰਨਾ ਚਾਹੁੰਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਅੱਨਾ ਕਾਰੇਨਿਨਾ
ਲੇਖਕ : ਲਿਓ ਤਾਲਸਤਾਏ
ਪੰਜਾਬੀ ਅਨੁਵਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 99151-03490.

ਤਾਲਸਤਾਏ ਦੇ ਕਲਾਸਿਕ ਨਾਵਲ ਅੱਨਾ ਕਾਰੇਮਿਨਾ ਦਾ ਅਨੇਮਨ ਸਿੰਘ ਦਾ ਅਨੁਵਾਦ ਸਰਲ ਤੇ ਸੌਖਿਆਂ ਪੰਜਾਬੀ ਪਾਠਕ ਦੀ ਸਮਝ ਤੇ ਜੇਬ ਦੀ ਪਹੁੰਚ ਵਿਚ ਆਉਣ ਵਾਲਾ ਹੈ। ਮਰਦ ਔਰਤ ਦੇ ਰਿਸ਼ਤੇ ਦੀਆਂ ਸੂਖਮ ਮਨੋਵਿਗਿਆਨਕ ਤਹਿਆਂ ਨੂੰ ਫਰੋਲਣ ਵਿਚ ਮਾਹਿਰ ਹੈ ਤਾਲਸਤਾਏ। ਜਟਿਲ ਕਥਾਨਕ ਵਾਲੇ ਇਸ ਨਾਵਲ ਦੇ ਮੁੱਖ ਪਾਤਰ ਹਨ : ਕਾਰੇਨਿਨ ਦੀ ਪਤਨੀ ਅਨੁਪ ਕਾਰੇਨਿਨਾ, ਕਾਰੇਨਿਨਾ ਦਾ ਭਰਾ ਓਬਲੰਸਕੀ, ਕਾਰੇਨਿਨਾ ਦਾ ਪ੍ਰੇਮੀ ਵਰਾਂਸਕੀ, ਓਬਲੰਸਕੀ ਦੀ ਪਤਨੀ ਡਾਲੀ, ਡਾਲੀ ਦੀ ਭੈਣ ਕਿਟੀ, ਕਿਟੀ ਨਾਲ ਸ਼ਾਦੀ ਦਾ ਇੱਛਕ ਲੈਵਿਨ, ਲੈਵਿਨ ਦਾ ਮਤਰੇਆ ਭਰਾ ਕਾਜ਼ਨੀਸ਼ੇਵ, ਅੱਨਾ ਦੀ ਵਿਗੜੈਲ ਸਹੇਲੀ ਬੈਟਸੀ ਜੋ ਦੂਰੋਂ ਵਰਾਂਸਕੀ ਦੀ ਭੈਣ ਹੈ, ਵਰਾਂਸਕੀ ਦੀ ਮਾਂ ਵਰਾਂਸਕਾਇਆ, ਅੱਨਾ ਕਾਰੇਨਿਨਾ ਦੰਪਤੀ ਦਾ ਪੁੱਤਰ ਸੈਰੀਓਜ਼ਾ, ਅੱਨਾ ਤੇ ਵਰਾਂਸਕੀ ਦੇ ਸਬੰਧਾਂ ਵਿਚੋਂ ਜੰਮੀ ਧੀ ਐਨੀ, ਪੁਰਾਤਨ/ਅਧਿਆਤਮਿਕ ਵਿਚਾਰਾਂ ਵਾਲੀ ਸਮਾਜਿਕ ਹਸਤੀ ਲੀਡੀਆ।
ਹੁਣ ਸੰਖੇਪ ਵਿਚ ਨਾਵਲ ਦੀ ਕਥਾ। ਅੱਨਾ ਦੀ ਆਪਣੇ ਘਰ ਵਾਲੇ ਕਾਰੇਨਿਨਾ ਨਾਲ ਬਹੁਤੀ ਬਣਦੀ ਨਹੀਂ। ਉਹ ਵਰਾਂਸਕੀ ਵੱਲ ਆਕਰਸ਼ਿਤ ਹੋ ਜਾਂਦੀ ਹੈ। ਉਹ ਵੀ ਉਸ ਵੱਲ ਖਿੱਚਿਆ ਜਾਂਦਾ ਹੈ। ਉਸ ਨੂੰ ਪਤਾ ਲਗਦਾ ਹੈ ਕਿ ਉਹ ਕਿਟੀ ਅੱਗੇ ਸ਼ਾਦੀ ਦਾ ਪ੍ਰਸਤਾਵ ਰੱਖਣ ਨੂੰ ਫਿਰਦਾ ਹੈ। ਅੱਨਾ ਦੇ ਭਰਾ ਭਰਜਾਈ ਵਿਚਲੀ ਅਣਬਣ ਦੂਰ ਕਰਨ ਦੇ ਬਹਾਨੇ ਉਹ ਉਨ੍ਹਾਂ ਦੇ ਘਰ ਜਾਂਦੀ ਹੈ। ਮਸਲਾ ਹੱਲ ਕਰਨ ਵਿਚ ਉਹ ਸਫ਼ਲ ਹੁੰਦੀ ਹੈ। ਉਸ ਉਪਰੰਤ ਉਥੇ ਆਈ ਕਿਟੀ ਉਸ ਨੂੰ ਰੋਕ ਲੈਂਦੀ ਹੈ। ਡਾਂਸ ਪਾਰਟੀ ਹੁੰਦੀ ਹੈ। ਅੱਨਾ ਵਰਾਂਸਕੀ ਨਾਲ ਡਾਂਸ ਕਰਦੀ ਹੈ। ਲੈਵਿਨ ਕਿਟੀ ਨਾਲ ਸ਼ਾਦੀ ਦਾ ਇਛੱਕ ਹੈ ਪਰ ਕਿੱਟੀ ਉਸ ਨੂੰ ਨਾਂਹ ਕਰ ਦਿੰਦੀ ਹੈ। ਉਹ ਵਰਾਂਸਕੀ ਨੂੰ ਚਾਹੁੰਦੀ ਹੈ। ਲੈਵਿਨ ਦਾ ਭਰਾ ਉਸ ਨੂੰ ਸਮਝਾਉਂਦਾ ਹੈ ਕਿ ਤੂੰ ਮੇਰੇ ਫਾਰਮ ਹਾਊਸ ਦੀ ਕਿਸੇ ਕਿਸਾਨ ਕੁੜੀ ਨਾਲ ਵਿਆਹ ਕਰ ਲੈ। ਅੱਨਾ ਅਚਾਨਕ ਵਰਾਂਸਕੀ ਦੀ ਮਾਂ ਵਰਾਂਸਕਾਇਆ ਨੂੰ ਮਿਲਦੀ ਹੈ। ਉਸ ਦਾ ਘਰ ਵਾਲਾ ਉਸ ਨੂੰ ਹਨੇਰੇ ਵਿਚ ਰੱਖ ਕਿਤੇ ਹੋਰ ਇਸ਼ਕ ਕਰ ਰਿਹਾ ਹੈ। ਅੱਨਾ ਉਨ੍ਹਾਂ ਨੂੰ ਸਮਝਾਉਂਦੀ ਬੁਝਾਉਂਦੀ ਹੈ। ਇਸ ਦੌਰਾਨ ਵਰਾਂਸਕੀ ਤੇ ਅੱਨਾ ਖੂਬ ਨੇੜੇ ਹੋ ਜਾਂਦੇ ਹਨ। ਉਨ੍ਹਾਂ ਦੀ ਇਕ ਧੀ ਵੀ ਹੋ ਜਾਂਦੀ ਹੈ। ਅੱਨਾ ਦਾ ਪਤੀ ਕਾਰੇਨਿਨਾ ਉਸ ਨੂੰ ਕਹਿੰਦਾ ਹੈ ਤੂੰ ਆਪਣੇ ਤੇ ਮੇਰੇ ਪੁੱਤਰ ਨੂੰ ਨਾ ਮਿਲਣ ਦਾ ਵਾਅਦਾ ਕਰ ਕੇ ਜਿਥੇ ਮਰਜ਼ੀ ਜਾ ਸਕਦਾ ਹੈ। ਉਹ ਵਰਾਂਸਕੀ ਨਾਲ ਝਿਜਕਦੀ ਹੋਈ ਚਲੀ ਤਾਂ ਜਾਂਦੀ ਹੈ ਪਰ ਪੁੱਤਰ ਨੂੰ ਵੀ ਨਹੀਂ ਭੁਲਾ ਸਕਦੀ। ਵਰਾਂਸਕੀ ਤੇ ਅੱਨਾ ਵਿਚਾਲੇ ਪ੍ਰੇਮ ਵੀ ਮੱਠਾ ਪੈ ਜਾਂਦਾ ਹੈ। ਇਸੇ ਉਤਰਾਅ-ਚੜ੍ਹਾਅ ਵਿਚ ਹੀ ਵਰਾਂਸਕੀ ਨੂੰ ਸਟੇਸ਼ਨ ਉੱਤੇ ਮਿਲਣ ਗਈ ਅੱਨਾ ਗੱਡੀ ਹੇਠ ਸਿਰ ਦੇ ਕੇ ਮਰ ਜਾਂਦੀ ਹੈ। ਲੈਵਿਨ ਦੀ ਕਥਾ ਨੂੰ ਅੱਗੇ ਤੋਰਦੇ ਹੋਏ ਤਾਲਸਤਾਏ ਇਹ ਸੰਦੇਸ਼ ਦਿੰਦਾ ਹੈ ਕਿ ਸਵੈ/ਲਾਲਸਾਵਾਂ ਪਿੱਛੇ ਭੱਜਣ ਨਾਲ ਖੁਸ਼ੀ, ਸ਼ਾਂਤੀ ਨਹੀਂ ਮਿਲਦੀ। ਇਹ ਇਨ੍ਹਾਂ ਤੋਂ ਉੱਪਰ ਉੱਠ ਕੇ ਹੀ ਮਿਲ ਸਕਦੀ ਹੈ। ਨਾਵਲ ਦਾ ਕੋਈ ਵੀ ਸਾਰ ਨਾਵਲ ਦੀ ਥਾਂ ਨਹੀਂ ਲੈ ਸਕਦਾ। ਪੂਰਾ ਅਨੰਦ ਲੈਣਾ ਹੈ ਤਾਂ ਨਾਵਲ ਹੀ ਪੜ੍ਹੋ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦੁਨੀਆ ਦੇ ਰੰਗ
ਲੇਖਕ : ਸਾਗਰ ਸਿੰਘ ਭੂਰੀਆ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 99
ਸੰਪਰਕ : 94644-91469.

ਸ਼ਾਇਰ ਸਾਗਰ ਸਿੰਘ ਭੂਰੀਆ ਨੇ ਪਲੇਠੀ ਕਾਵਿ-ਕਿਤਾਬ 'ਦੁਨੀਆ ਦੇ ਰੰਗ' ਰਾਹੀਂ ਪੰਜਾਬੀ ਕਾਵਿ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। ਇਸ ਕਿਤਾਬ ਨੂੰ ਜੀ ਆਇਆਂ ਕਹਿਣਆ ਇਸ ਲਈ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਸ਼ਾਇਰ ਮੂਲ ਰੂਪ ਵਿਚ ਦੇਵ ਭੂਮੀ ਵਜੋਂ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਦਾ ਵਾਸੀ ਹੈ ਅਤੇ ਹਥਲੀ ਕਿਤਾਬ ਤੋਂ ਪਹਿਲਾਂ ਹਿੰਦੀ ਵਿਚ ਦੋ ਪੁਸਤਕਾਂ 'ਰੰਗ ਬਿਰੰਗੇ ਫੂਲ' (ਕਾਵਿ-ਸੰਗ੍ਰਹਿ) ਅਤੇ 'ਅਸਲੀ ਵਾਰਿਸ' (ਕਹਾਣੀ-ਸੰਗ੍ਰਹਿ) ਹਿੰਦੀ ਸਾਹਿਤ ਜਗਤ ਦੀ ਝੋਲੀ ਪਾ ਚੁੱਕਿਆ ਹੈ।
ਨੌਕਰੀ ਦੇ ਸਬੱਬ ਕਾਰਨ ਉਸ ਨੂੰ ਚੰਡੀਗੜ੍ਹ ਰਹਿਣਾ ਪਿਆ ਅਤੇ ਪੰਜਾਬੀ ਵੱਲ ਵੀ ਮੋੜਾ ਕੱਟਿਆ ਹੈ। ਸ਼ਾਇਰ ਹਿਮਾਚਲੀ ਹੋਣ ਕਾਰਨ ਇਸ ਪੁਸਤਕ ਵਿਚ ਫੁੱਲਾਂ ਲੱਦੀਆਂ ਵਾਦੀਆਂ, ਝਰਨਿਆਂ ਅਤੇ ਹੋਰ ਪ੍ਰਕਿਰਤਕ ਭੂ ਦ੍ਰਿਸ਼ਾਂ ਦੀ ਸੈਰ ਕਰਾ ਦਿੰਦਾ ਹੈ। ਸ਼ਾਇਰ ਦੱਸਦਾ ਹੈ ਕਿ ਉਸ ਦੀਆਂ ਦੋ ਮਾਵਾਂ ਹਨ। ਇਕ ਮਾਂ ਤਾਂ ਉਸ ਦੀ ਜਣਨੀ ਹੈ ਅਤੇ ਦੂਸਰੀ ਮਾਂ ਭਾਰਤ ਮਾਤਾ ਹੈ, ਜਿਸ ਉੱਤੋਂ ਨਿਛਾਵਰ ਹੋਣ ਲਈ ਉਹ ਆਪ ਤਾਂ ਤਤਪਰ ਰਹਿੰਦਾ ਹੀ ਹੈ ਅਤੇ ਆਪਣੇ ਦੇਸ਼ ਵਾਸੀਆਂ ਨੂੰ ਵੀ ਪ੍ਰੇਰਦਾ ਹੈ। ਉਹ ਜਿਥੇ ਆਪਣੀ ਮਾਂ ਦਾ ਦੇਣਦਾਰ ਹੈ, ਉਥੇ ਪਿਤਾ ਨੂੰ ਵੀ ਸਹੀ ਸਥਾਨ 'ਤੇ ਰੱਖਦਾ ਹੈ ਕਿਉਂਕਿ ਪਿਤਾ ਅਨੁਭਵਾਂ ਦਾ ਵੱਡਾ ਖਜ਼ਾਨਾ ਹੈ। ਸ਼ਾਇਰ ਧਾਰਮਿਕ ਆਸਥਾ ਵਾਲਾ ਹੋਣ ਕਰਕੇ ਪੁਨਰ ਜਨਮ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਇਸੇ ਕਰਕੇ 'ਪਿਛਲੇ ਅਉਗੁਨ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ' 'ਤੇ ਪਹਿਰਾ ਦਿੰਦਾ ਹੈ। ਸ਼ਾਇਰ ਦੀ ਪੰਜਾਬੀ ਉੱਤੇ ਹਿੰਦੀ ਦੀ ਚੜ੍ਹੀ ਹੋਈ ਪਰਤ ਸਾਫ਼ ਦਿਖਾਈ ਦਿੰਦੀ ਹੈ। ਜੇ ਸ਼ਾਇਰ ਨੇ ਡਵਿੱਢਾ ਚਲਾਉਣਾ ਹੈ ਤਾਂ ਉਸ ਨੂੰ ਪੰਜਾਬ, ਪੰਜਾਬੀ ਸਮਾਜ ਅਤੇ ਪੰਜਾਬੀ ਰਹਿਤਲ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਪਏਗਾ। ਹਿੰਦੀ ਦੇ ਨਾਲ-ਨਾਲ ਪੰਜਾਬੀ ਵੱਲ ਵੀ ਪਰਤਣਾ ਬਹੁਤ ਹੀ ਚੰਗੇਰਾ ਸ਼ੁੱਭ ਸ਼ਗਨ ਹੈ। ਆਉਣ ਵਾਲੀ ਪੰਜਾਬੀ ਵਿਚ ਲਿਖੀ ਪੁਸਤਕ ਦੀ ਉਡੀਕ ਰਹੇਗੀ।

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਸਿਰਨਾਵੇਂ ਦਰਦਾਂ ਦੇ
ਦਰਦ ਕਿਰਸਾਨੀ ਦਾ

ਸ਼ਾਇਰ : ਅਸ਼ੋਕ ਚਟਾਨੀ
ਪ੍ਰਕਾਸ਼ਕ : ਜਕਾਰਤਾ ਪ੍ਰਿੰਟਰਜ਼ ਐਂਡ ਪਬਲਿਸ਼ਰਜ਼, ਮੋਗਾ
ਮੁੱਲ : 50, 100 ਰੁਪਏ, ਸਫ਼ੇ : 80, 76
ਸੰਪਰਕ : 98147-33796.

'ਸਿਰਨਾਵੇਂ ਦਰਦਾਂ ਦੇ' ਪੁਸਤਕ ਦੇ ਪਹਿਲੇ ਹਿੱਸੇ ਵਿਚ ਬਹੁਤੀਆਂ ਗ਼ਜ਼ਲਾਂ ਹਨ ਤੇ ਆਖ਼ਰ ਵਿਚ ਕੁਝ ਹੋਰ ਕਾਵਿ-ਰਚਨਾਵਾਂ ਪ੍ਰਕਾਸ਼ਿਤ ਹਨ। ਚਟਾਨੀ ਦੇ ਬਾਰੇ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੀ ਸ਼ਾਇਰੀ ਸਿਰਫ਼ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਨਹੀਂ ਉਲਝੀ ਹੋਈ। ਉਹ ਲੋਕਾਂ ਦੇ ਦਰਦ ਦੀ ਗੱਲ ਕਰਦਾ ਹੈ ਤੇ ਉਨ੍ਹਾਂ ਦੇ ਦੁੱਖਾਂ ਨੂੰ ਜ਼ਬਾਨ ਦਿੰਦਾ ਹੈ। ਸ਼ਾਇਰ ਸਮਾਜ ਵਿਚ ਫੈਲੇ ਅੰਧਵਿਸ਼ਵਾਸਾਂ, ਪਰੰਪਰਾਵਾਂ ਤੇ ਕਾਰਜਾਂ ਤੇ ਉਂਗਲ ਉਠਾਉਂਦਾ ਹੈ ਤੇ ਸਾਵੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦਾ ਹੈ। ਪੁਸਤਕ ਦੇ ਅੰਤ ਵਿਚ ਉਸ ਦੀਆਂ ਦੋ ਰਚਨਾਵਾਂ 'ਵਿਅੰਗ' ਤੇ 'ਅਸਾਂ ਕੈਸਿਟ ਕਢਵਾਈ' ਅਜਿਹੇ ਵਿਸ਼ੇ ਹਨ ਜੋ ਜ਼ਰੂਰੀ ਵੀ ਹਨ ਪਰ ਬਹੁਤੇ ਸ਼ਾਇਰ ਅਜਿਹੇ ਵਿਸ਼ਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਸੇ ਪੁਸਤਕ ਵਿਚ ਤਰਜੀਹੀ ਤੌਰ 'ਤੇ ਛਪੀਆਂ ਉਸ ਦੀਆਂ ਗ਼ਜ਼ਲਾਂ ਬਹੁਤ ਸਾਦ ਮੁਰਾਦੀ ਭਾਸ਼ਾ ਵਿਚ ਹਨ। ਇਨ੍ਹਾਂ ਦੇ ਸ਼ਿਅਰ ਭਾਵੇਂ ਪਾਠਕਾਂ ਲਈ ਕੋਈ ਮੁਸ਼ਕਿਲ ਖੜ੍ਹੀ ਨਹੀਂ ਕਰਦੇ ਪਰ ਅਜੇ ਇਨ੍ਹਾਂ ਵਿਚ ਗ਼ਜ਼ਲ ਦੇ ਅਸੂਲਾਂ ਦਾ ਅਨੁਸ਼ਾਸਨ ਦਿਖਾਈ ਨਹੀਂ ਦਿੰਦਾ। ਅਸ਼ੋਕ ਚਟਾਨੀ ਦੀ ਦੂਸਰੀ ਵਿਚਾਰਨਯੋਗ ਪੁਸਤਕ 'ਦਰਦ ਕਿਰਸਾਨੀ ਦਾ' ਹੈ ਜਿਸ ਵਿਚ ਬਹੁਤੇ ਗੀਤ ਹਨ ਜਿਨ੍ਹਾਂ ਵਿਚ ਪੰਜਾਬ ਦੇ ਖੇਤਾਂ ਦਾ ਦਰਦ ਹੈ ਤੇ ਕਿਸਾਨ ਦੀ ਦੁਰਦਸ਼ਾ 'ਤੇ ਚਾਨਣਾ ਪਾਇਆ ਗਿਆ ਹੈ। ਪੰਜਾਬੀ ਗੀਤਾਂ ਨੂੰ ਆਮ ਤੌਰ 'ਤੇ ਸਾਹਿਤਕ ਪਹਿਚਾਣ ਨਹੀਂ ਮਿਲਦੀ ਕਿਉਂਕਿ ਇਹ ਖ਼ੇਤਰ ਬਹੁਤਾ ਕਰਕੇ ਅਨਾੜੀ ਲੋਕਾਂ ਦੇ ਹੱਥ ਵਿਚ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਪੰਜਾਬੀ ਵਿਚ ਸਾਹਿਤਕ ਗੀਤ ਲਿਖੇ ਹੀ ਨਹੀਂ ਗਏ ਤੇ ਉਨ੍ਹਾਂ ਨੂੰ ਸਾਹਿਤਕ ਪਹਿਚਾਣ ਬਿਲਕੁਲ ਨਹੀਂ ਮਿਲੀ। ਕਿਸਾਨੀ ਨੂੰ ਹਲਕੀ ਪੱਧਰ ਦੇ ਗੀਤਾਂ ਵਿਚ ਬਹੁਤ ਘਟੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਤੇ ਜੋ ਪੇਸ਼ ਕੀਤਾ ਹੈ, ਉਹ ਹਕੀਕਤ ਵਿਚ ਹੈ ਨਹੀਂ। ਪਰ 'ਦਰਦ ਕਿਰਸਾਨੀ ਦਾ' ਕਾਵਿ-ਸੰਗ੍ਰਹਿ ਤਸਵੀਰ ਦਾ ਦੂਜਾ ਪਾਸਾ ਦਿਖਾਉਂਦਾ ਹੈ। ਸ਼ਾਇਰ ਦਾ ਆਪਣੀ ਸਰਕਾਰੀ ਸੇਵਾ ਦੌਰਾਨ ਕਿਸੇ ਨਾ ਕਿਸੇ ਰੂਪ ਵਿਚ ਕਿਰਸਾਨਾਂ ਨਾਲ ਵਾਬਸਤਾ ਰਿਹਾ ਹੈ ਜਿਸ ਕਾਰਨ ਉਹ ਖੇਤਾਂ ਦੇ ਪੁੱਤ ਦੀ ਅਸਲੀਅਤ ਨੂੰ ਜਾਣਦਾ ਹੈ। ਚਟਾਨੀ ਨੇ ਕਿਰਸਾਨ ਦੇ ਮਸਲਿਆਂ ਦੀਆਂ ਕਈ ਬਾਰੀਕ ਤੰਦਾਂ ਨੂੰ ਵੀ ਪਕੜਿਆ ਹੈ। ਅਸ਼ੋਕ ਚਟਾਨੀ ਦੇ ਇਹ ਦੋਵੇਂ ਕਾਵਿ ਸੰਗ੍ਰਹਿ ਸਰਕਾਰ ਦੇ ਮੁਦਈ ਨਹੀਂ ਬਣਦੇ ਮੁੱਦੇ ਉਠਾਉਂਦੇ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਰੌਸ਼ਨੀ ਦੀਆਂ ਕਿਰਚਾਂ
ਲੇਖਕ : ਜਸਦੇਵ ਜੱਸ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98784-53979.

ਇਸ ਕਹਾਣੀ ਸੰਗ੍ਰਹਿ ਦਾ ਅਧਿਐਨ ਕਰਦਿਆਂ ਸਵੀਕਾਰ ਕਰਨਾ ਬਣਦਾ ਹੈ ਕਿ ਅਚੇਤ ਕਲਪਨਾ ਅਤੇ ਕਥਾ ਸਿਰਜਣ ਦਰਮਿਆਨ ਅੰਤਰ-ਸਬੰਧ ਹੁੰਦਾ ਹੈ। ਖੁੱਲ੍ਹੇ ਮੇਲਜੋਲ ਨਾਲ ਮਾਨਸਿਕ ਬਿੰਬਾਂ ਦਾ ਸਬੰਧ ਜੁੜਦਾ ਹੈ। ਕਹਾਣੀਕਾਰ ਦੀ ਦ੍ਰਿਸ਼ਟੀ ਹੀਰੋ ਦੇ ਅੰਤਰੀਵ ਨਾਲ ਜਾ ਜੁੜਦੀ ਹੈ। ਇਸ ਸੰਗ੍ਰਹਿ ਦੀਆਂ 13 ਕਹਾਣੀਆਂ ਦੇ ਵਿਸ਼ੇ ਰੁਮਾਂਟਿਕ ਯਥਾਰਥਵਾਦੀ ਹਨ। ਕ੍ਰਮਵਾਰ ਵਿਸ਼ੇ ਇਸ ਪ੍ਰਕਾਰ ਹਨ : ਬਜ਼ੁਰਗ ਦਾ ਬੁਢਾਪੇ ਵਿਚ ਗਤੀਸ਼ੀਲ ਰਹਿਣ ਦਾ ਹਠ (ਢਲਾਣ ਤੇ ਰੁਕੇ ਕਦਮ); ਲੜਕੀਆਂ ਦਰਮਿਆਨ ਵੀ ਪ੍ਰੀਤ ਦੇ ਖੇਤਰ ਵਿਚ 'ਰਕੀਬੀ' (ਉਸ ਨੂੰ ਨਹੀਂ); ਅਪਾਹਜ ਬੰਦੇ ਦਾ ਵੀ ਦਿਲ ਹੁੰਦਾ ਅਤੇ ਆਪਣੇ ਅਸਤਿਤਵ ਦਾ ਗੌਰਵ ਹੁੰਦਾ ਹੈ (ਰੌਸ਼ਨੀ ਦੀਆਂ ਕਿਰਚਾਂ) ਮਹਿੰਗਾਈ ਵਿਚ ਚਾਰ ਕੁੜੀਆਂ ਦਾ ਇਕ ਭਰਾ 'ਤੇ ਬੋਝ (ਭਾਰ); ਕਿਸ਼ੋਰ ਅਵਸਥਾ ਵਿਚ ਪਿਆਰ ਦਾ ਟੂਣਾ (ਜਾਦੂ); ਬਦਨਾਮ ਔਰਤ ਦਾ ਹਸ਼ਰ (ਜੂਠ); ਜਜ਼ਬਾਤਾਂ ਦਾ ਮੱਠੇ ਪੈਣਾ (ਬੁਝੇ ਹੋਏ); ਸਾਢੂ ਨੂੰ ਸਾਢੂ ਜਿਵੇਂ ਕੁੱਤੇ ਨੂੰ ਕੁੱਤਾ ਵਾਢੂ (ਰੁੱਸੇ ਹੋਏ); ਫ਼ੌਜੀ ਪਤਨੀ ਦੀ ਮਾਨਸਿਕਤਾ (ਤਿਲਕਣ); ਮਰ ਰਹੇ ਬਜ਼ੁਰਗ ਦਾ ਧਰਮ ਵਿਚ ਵਿਸ਼ਵਾਸ (ਬਾਪੂ); ਪਿੰਡ ਵਿਚ ਕੰਮ ਕਰ ਰਹੇ ਕਾਰੀਗਰਾਂ ਦਾ ਮਨ-ਪਰਚਾਵਾ (ਪਿੰਡ ਵਾਲੀ); ਜੱਟ ਬਨਾਮ ਐਸ.ਸੀ.ਂਵਾਸਤਵਿਕਤਾ ਦੀ ਸਮਝ (ਤੂੰ ਕੌਣ ਤੇ ਮੈਂ ਕੌਣ); ਲੰਮੀ ਬਿਮਾਰੀ ਕਾਰਨ ਰਿਸ਼ਤਿਆਂ ਦਾ ਵਰਤਾਵ (ਮੌਤ ਦਾ ਚਿਹਰਾ) ਆਦਿ ਸਮਾਜਿਕ ਤਾਣਾ-ਬਾਣਾ।
ਕਲਾਤਮਿਕ ਦ੍ਰਿਸ਼ਟੀ ਤੋਂ ਕਹਾਣੀਆਂ 'ਵਿਰਕੀ ਟੱਚ' ਜਾਂ 'ਮਾਅਮ ਟੱਚ' ਤੋਂ ਪ੍ਰਭਾਵਿਤ ਜਾਪਦੀਆਂ ਹਨ। ਹਰ ਕਹਾਣੀ ਦੇ ਅੰਤ 'ਤੇ ਕੇਵਲ ਇਕੋ ਪੰਕਤੀ ਕਥਾ ਦਾ ਭਾਵਪੂਰਤ ਅਰਥ-ਸੰਕੇਤ ਕਰ ਜਾਂਦੀ ਹੈ। ਕ੍ਰਮਵਾਰ ਅਜਿਹੇ ਸੰਕੇਤ ਵੇਖੇ ਜਾ ਸਕਦੇ ਹਨ : 'ਤੇਰੇ ਹੁੰਦਿਆਂ ਕੋਈ ਤੇਰੀ ਭੱਠੀ ਢਾਹ ਜੇ, ਚੱਲ ਓ ਪ੍ਰੀਤਮ ਸਿਆਂ, ਬਣਾ ਫਿਰ ਮੁੜ ਕੇ ਭੱਠੀ... ਪੰ. 16; 'ਹਾਂ...ਹਾਂ... ਕਿਉਂ ਨੀਂ? ਉਹਦੀਆਂ ਮੈਂ ਤੈਨੂੰ ਐਨੀਆਂ ਕਹੀਆਂ, ਤੇਰੀ ਇਕ ਨਾ ਕਹੂੰਗੀ' ਪੰ. 24; 'ਆਹ ਟੁੰਡ ਜਿਹਾ ਤਾਂ ਪਰ੍ਹੇ ਰੱਖ' ਪੰ. 37; 'ਜੇ ਇਕ ਇਕ ਕਿਲਾ ਵੇਚ ਚੌਹਾਂ ਨੂੰ ਵਿਆਹਾਂਗਾ ਤਾਂ ਮਗਰ ਬਿਟੂ ਲਈ ਕੀ ਬਚੇਗਾ... ਪੰ. 41; 'ਜਿਵੇਂ ਮੋਹੀ ਨੇ ਸੱਚੀਂ ਉਹਦੇ 'ਤੇ ਕੋਈ ਜਾਦੂ ਕਰ ਦਿੱਤਾ ਹੋਵੇ।' ਪੰ. 47; 'ਇਹ ਜੂਠ ਨੀਂ ਖਾਂਦੀ' ਪੰ. 53; 'ਤੇ ਮੈਂ ਪਦਮਾ ਲਈ ਅਜੇ ਵੀ ਠੰਡਾ ਤੇ ਯਖ਼ ਹਾਂ' ਪੰ. 63; 'ਤੈਨੂੰ ਮੈਂ ਬਣਾਂਦਾ ਓ ਬੰਦਾ... ਦਾਰੇ ਦਾ ਸਾਢੂ.... ਪੰ. 67; ਨੀਲੇ ਰੰਗ ਦੀ ਚਿੱਠੀ.. ਘੁੱਟ ਕੇ ਸੀਨਾ ਨਾਲ ਲਾ ਲਿਆ... ਪੰ. 74; 'ਹੁਣ ਆਖਰੀ ਟੈਮ ਕਾਹਨੂੰ ਧਰਮ ਭ੍ਰਿਸ਼ਟ ਕਰਨਾ, ਪੰ. 79; 'ਕਹਿੰਦੀ ਮੈਂ ਤਾਂ ਤੇਰੇ ਵੱਲ ਤਾਂ ਵੇਖਦੀ ਤੀ ਬੀ ਤੂੰ ਕਿਤੇ, ਸਾਡੇ ਨਵੇਂ ਪਿੰਡ ਨੂੰ ਭੰਡੀ ਨਾ, ਬੀ ਉਥੇ ਜੀਅ ਨੀ ਲੱਗਿਆ' ਪੰ. 88; 'ਐਨਾ ਚਿਰ ਹੋ ਗਿਆ ਕੱਠੇ ਖਾਧੇ ਪੀਤਿਆਂ... ਨਾਲੇ ਹੁਣ ਤੂੰ ਕੌਣ ਮੈਂ ਕੌਣ, ਪੰ. 93; '... ਤੇ ਫਿਰ ਉਹ ਵੀ ਸੌਂ ਗਿਆ' ਪੰ. 104.
ਪਾਠਕਾਂ ਨੂੰ ਇਨ੍ਹਾਂ ਕਹਾਣੀਆਂ ਨੂੰ ਸਮਾਜਿਕ ਤਾਣੇ-ਬਾਣੇ ਅਨੁਸਾਰ ਸਮਝਣਾ ਬਣਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਲਫ਼ਜ਼ੀ ਖ਼੍ਵਾਬ
ਲੇਖਕ : ਆਤਮਜੋਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ (ਸਜਿਲਦ), ਸਫ਼ੇ : 96
ਸੰਪਰਕ : 78885-94324.

'ਲਫ਼ਜ਼ੀ ਖ੍ਵਾਬ' ਕਾਵਿ-ਸੰਗ੍ਰਹਿ ਰਾਹੀਂ ਆਤਮਜੋਤ ਸਿੰਘ ਨੇ ਪੰਜਾਬੀ ਕਾਵਿ-ਜਗਤ 'ਚ ਜੇਠੀ ਹਾਜ਼ਰੀ ਲਗਵਾਈ ਹੈ। ਇਸ ਕਾਵਿ-ਸੰਗ੍ਰਹਿ ਨੂੰ ਉਸ ਨੇ ਕਾਇਨਾਤ ਸਿਰਜਣ ਵਾਲੇ ਉੱਤਮ ਸ਼ਾਹ ਨੂੰ ਸਮਰਪਿਤ ਕਰਦਿਆਂ ਇਹ ਆਸ ਜਗਾਈ ਹੈ ਕਿ ਉਸ ਇਕ ਕਾਦਰ ਦੀ ਸੂਝ ਹੁੰਦਿਆਂ ਹੀ ਕੁੱਲ ਦੁਨੀਆ ਇਨਸਾਨੀਅਤ ਦੇ ਰੰਗ 'ਚ ਰੰਗੀ, ਉਸ ਕਾਦਰ ਨੂੰ ਹਰ ਇਕ ਸ਼ੈਅ ਵਿਚੋਂ ਮਹਿਸੂਸਣ ਲੱਗ ਪਵੇਗੀ। ਇਸ ਕਾਵਿ-ਸੰਗ੍ਰਹਿ ਦੀਆਂ 40 ਕਵਿਤਾਵਾਂ ਜੋ 'ਤੇਰਾ ਜ਼ਿਕਰ' ਤੋਂ ਲੈ ਕੇ 'ਜਲਦ ਮਿਲਾਂਗੇ' ਤੱਕ ਜੀਵਨ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕਰਦੀਆਂ ਪ੍ਰਤੀਤ ਹੁੰਦੀਆਂ ਹਨ, ਜਿਨ੍ਹਾਂ ਦੀ ਸਮਝ ਦਾ ਅੰਤਿਮ ਪੜਾਅ ਮਨੁੱਖ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਹਰ ਪਾਸੇ ਖ਼ੁਦਾ ਹੀ ਖ਼ੁਦਾ ਹੈ ਜਿਸ ਨੂੰ ਜਗਤ ਬਾਬਾ ਨਾਨਕ 'ਅਕਾਲ ਪੁਰਖ' ਦੇ ਨਾਂਅ ਦੀ ਸੰਗਿਆ ਦਿੰਦਾ ਹੈ। 'ਢੂੰਡ ਫਿਰੀ' ਨਜ਼ਮ ਰਾਹੀਂ ਇਹ ਸੰਦੇਸ਼ ਦੇਣ ਦਾ ਯਤਨ ਹੈ ਕਿ ਉਸ ਨੂੰ ਜੰਗਲਾਂ, ਬੇਲਿਆਂ, ਪਾਣੀਆਂ, ਧਰਤੀਆਂ ਦੀ ਥਾਵੇਂ ਮਨੁੱਖ ਨੂੰ ਆਪਣੇ ਅੰਤਰੀਵ ਵਿਚੋਂ ਹੀ ਭਾਲਣਾ ਪਵੇਗਾ :
ਢੂੰਡ ਰਿਹਾਂ ਮੈਂ ਮਨ ਤਨ ਅੰਦਰ/ਭੇਤ ਅਚੰਭੇ ਫ਼ਕੀਰਾਂ ਦੇ।
ਫ਼ਿਕਰਾਂ ਕੋਲੋਂ ਉੱਡ ਜਾਂਦੇ/ਪੰਛੀ ਰੋਂਦੇ ਨਾ ਪਿੱਛੇ ਲਕੀਰਾਂ ਦੇ।
ਜਾਂ ਫਿਰ ਉਹ ਹੀ ਸਿਰਜਣਹਾਰ, ਉਹ ਹੀ ਪਾਲਣਹਾਰ ਅਤੇ ਉਹ ਹੀ ਮਨੁੱਖ ਦੀ ਹਸਤੀ ਮਿਟਾਉਣ ਵਾਲਾ ਹੈ। ਉਸ ਦਾ ਹੀ ਸਾਰਾ ਪਾਸਾਰਾ ਹੈ। ਇਨ੍ਹਾਂ ਸੰਦੇਸ਼ਾਂ ਨੂੰ ਸਮਝਣਾ, ਮਹਿਸੂਸਣਾ ਅਤੇ ਫਿਰ ਉਸ ਦਾ ਹੋਕਾ ਦੇਣਾ ਹੀ ਮਨੁੱਖ ਦਾ ਪਰਮ ਧਰਮ ਹੈ :
ਖ਼ੁਦਾ ਬਣਾਇ/ਖ਼ੁਦਾ ਗਵਾਇ
ਖ਼ੁਦਾਇ ਖ਼ੁਦਾਇ/ਖ਼ੁਦਾਇ ਖ਼ੁਦਾਇ
ਇਹ ਸਫ਼ਰ ਪਹਿਲੀ ਨਜ਼ਰ, ਇਕੋ ਨਾਮ, ਇਕੋ ਰੰਗ, ਇਕ ਉਮੰਗ, ਇਕ ਸਮਕਾਲ, ਸਿਫ਼ਤ ਅਤੇ ਅਸੀਸ ਰਾਹੀਂ ਟੁਰਿਆ, ਮਹਿਸੂਸਿਆ ਅਤੇ ਕਿਹਾ ਜਾ ਸਕਦਾ ਹੈ। ਕਵੀ ਦਾ ਇਹ ਕਥਨ ਬਹੁਤ ਹੀ ਮੁੱਲਵਾਨ ਹੈ ਕਿ ਮੈਂ ਲਫ਼ਜ਼ਾਂ ਰਾਹੀਂ ਆਪਣੇ-ਆਪ ਨੂੰ ਆਪਣੇ-ਆਪ ਨਾਲ ਰੂ-ਬਰੂ ਕਰਵਾਉਣਾ ਹੈ। 'ਫ਼ੁਹਾਰਾ', 'ਫੁੱਲ', 'ਖ੍ਵਾਬੀ ਮੰਜ਼ਰ', 'ਇਸ਼ਕ ਦੀ ਬਾਤ', 'ਫ਼ਰਿਆਦ', 'ਨੂਰ', 'ਖੈਰਾਂ ਦੀ ਗੱਲ', 'ਨਾਨਕਾਇ', 'ਨਦੀ ਦਾ ਗੀਤ', 'ਖ਼ਾਕ', 'ਖ਼ਿਆਲ', 'ਮੈਂ ਇਸ਼ਕ ਹਾਂ' ਅਤੇ 'ਤੂੰ ਹੀ ਸੁਲਤਾਨ' ਕਵਿਤਾਵਾਂ ਜਿਥੇ ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਚਿਹਨਿਤ ਕਰਦੀਆਂ ਹਨ, ਉਥੇ ਇਹ ਗੁਰਬਾਣੀ 'ਚ ਦਰਜ ਸੰਦੇਸ਼ਾਂ ਨੂੰ ਵੀ ਸੌਖੀ ਭਾਸ਼ਾ ਰਾਹੀਂ ਪਾਠਕਾਂ ਦੀ ਸਾਂਝ ਪੁਆਉਂਦੀਆਂ ਹਨ। ਆਮੀਨ!

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

14-03-2020

 ਗਰਭ ਬਾਰੇ ਮਹੱਤਵਪੂਰਨ ਜਾਣਕਾਰੀ
ਲੇਖਿਕਾ : ਡਾ: ਹਰਸ਼ਿੰਦਰ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 98140-41345.

ਡਾ: ਹਰਸ਼ਿੰਦਰ ਕੌਰ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ ਜਦੋਂ ਕਿ ਡਾਕਟਰੀ ਕਿੱਤੇ ਦੇ ਨਾਲ-ਨਾਲ ਉਹ ਇਕ ਪਰਸਿੱਧ ਲੇਖਿਕਾ ਵੀ ਹੈ, ਜਿਸ ਨੇ ਹੁਣ ਤੱਕ ਲਗਪਗ 30 ਪੁਸਤਕਾਂ (ਹਿੰਦੀ, ਪੰਜਾਬੀ) ਸਾਹਿਤ ਦੀ ਝੋਲੀ ਪਾਈਆਂ ਹਨ। ਹਥਲੀ ਪੁਸਤਕ 'ਗਰਭ ਬਾਰੇ ਮਹੱਤਵਪੂਰਨ ਜਾਣਕਾਰੀ' ਵਿਚ ਉਸ ਨੇ ਗਰਭ ਵਿਚਲੇ ਭਰੂਣ ਤੇ ਉਸ ਨਾਲ ਸਬੰਧਿਤ ਅਨੇਕਾਂ ਮਸਲਿਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ, ਜਿਵੇਂ ਕਿ ਮੁੱਢ ਵਿਚ ਹੀ 'ਭਰੂਣ ਕੀ ਹੈ' ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਭਰੂਣ ਦੀ ਹੋਂਦ ਕਿਵੇਂ ਹੁੰਦੀ ਹੈ ਤੇ ਕਿਵੇਂ ਹੌਲੀ-ਹੌਲੀ ਬੱਚੇ ਦੇ ਰੂਪ ਵਿਚ ਵਿਕਸਤ ਹੁੰਦਾ ਹੈ। ਭਰੂਣ ਗਰਭ ਵਿਚ ਉਬਾਸੀ ਕਿਉਂ ਲੈਂਦੇ ਹਨ, ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਇਸ ਤੋਂ ਇਲਾਵਾ ਗਰਭ ਦੌਰਾਨ ਔਰਤ ਦਾ ਬਲੱਡ ਪ੍ਰੈਸ਼ਰ ਵਧਣ ਦੇ ਕਾਰਨ ਤੇ ਸਮਾਧਾਨ ਦਿੱਤੇ ਹਨ, ਗਰਭ ਦੌਰਾਨ ਔਰਤ ਦਾ ਤਣਾਅ ਵਧਣਾ, ਦੌਰੇ ਪੈਣੇ, ਦਮੇ ਦੀ ਸਮੱਸਿਆ ਪੈਦਾ ਹੋਣੀ ਆਦਿ। ਔਰਤਾਂ ਲਈ ਭਰਪੂਰ ਜਾਣਕਾਰੀ ਦਿੱਤੀ ਹੈ ਕਿ ਕੀ ਗਰਭ ਦੌਰਾਨ ਔਰਤਾਂ ਨੂੰ ਮੇਕਅਪ ਕਰਨਾ ਚਾਹੀਦਾ ਹੈ ਜਾਂ ਨਹੀਂ, ਗਰਭ ਦੌਰਾਨ ਬੇਹੋਸ਼ੀ ਹੋਣੀ, ਥਾਇਰਾਇਡ, ਹਾਰਮੋਨ ਦਾ ਵਾਧਾ ਜਾਂ ਘਾਟਾ ਹੋਣਾ, ਜਿਗਰ ਵਿਚ ਰਸ ਇਕੱਠੇ ਹੋਣੇ, ਨੀਂਦਰ ਠੀਕ ਤਰ੍ਹਾਂ ਨਾ ਆਉਣੀ ਅਤੇ ਗਰਭ ਦੌਰਾਨ ਖੁਰਾਕ ਵਿਚਲੇ ਵੱਖ-ਵੱਖ ਤੱਤਾਂ ਦੀ ਕੀ ਭੂਮਿਕਾ ਹੈ, ਬਾਰੇ ਬੜੇ ਹੀ ਗਿਆਨਵਰਧਕ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ, ਜਿਸ ਰਾਹੀਂ ਔਰਤਾਂ ਆਪਣਾ ਧਿਆਨ ਰੱਖ ਸਕਦੀਆਂ ਹਨ। ਲੇਖਿਕਾ ਨੇ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਤੇ ਹੋਣ ਵਾਲੇ ਨੁਕਸਾਨ, ਫਾਇਦੇ, ਨਵਜੰਮੇ ਬੱਚੇ ਵਾਸਤੇ ਜੱਚਾ ਦੀ ਖੁਰਾਕ ਕਿਹੋ ਜਿਹੀ ਹੋਵੇ, ਗਰਭ ਦੌਰਾਨ ਗੁਰਦੇ ਦੇ ਰੋਗ ਤੇ ਉਨ੍ਹਾਂ ਦੀ ਰੋਕਥਾਮ, ਵਾਲਾਂ ਦਾ ਝੜਨਾ, ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ ਤਾਂ ਕੀ ਉਪਾਅ ਕਰਨੇ ਜ਼ਰੂਰੀ ਹਨ, ਕਬਜ਼ ਦਾ ਗਰਭ 'ਤੇ ਪੈਣ ਵਾਲਾ ਪ੍ਰਭਾਵ, ਲਹੂ ਦੀ ਕਮੀ ਹੋਣੀ, ਗਰਭ ਵਿਚ ਪਲ ਰਹੇ ਬੱਚੇ ਉੱਤੇ ਮਾਂ ਦੀ ਢਹਿੰਦੀ ਕਲਾ ਦਾ ਅਸਰ, ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਨ ਤੇ ਇਲਾਜ, ਗਰਭ ਅਤੇ ਸ਼ਕਰ ਰੋਗ ਅਤੇ ਦਿਲ ਦੇ ਜਮਾਂਦਰੂ ਰੋਗ ਅਰਥਾਤ ਲਗਪਗ 23 ਵੱਖ-ਵੱਖ ਵਿਸ਼ੇ ਇਸ ਪੁਸਤਕ ਵਿਚ ਪੇਸ਼ ਕੀਤੇ ਹਨ। ਲੇਖਿਕਾ ਨੇ ਕਿੱਤੇ ਨਾਲ ਨਿਆਂ ਕਰਦੇ ਹੋਏ ਕੇਵਲ ਰੋਗਾਂ ਦਾ ਜ਼ਿਕਰ ਹੀ ਨਹੀਂ ਕੀਤਾ, ਸਗੋਂ ਰੋਗ ਦੇ ਕਾਰਨ, ਲੱਛਣ, ਪੈਂਦੇ ਮਾੜੇ ਪ੍ਰਭਾਵ, ਕਿਵੇਂ ਪਤਾ ਲੱਗੇ, ਘਰੇਲੂ ਇਲਾਜ ਤੇ ਖ਼ਤਰਨਾਕ ਸਿੱਟੇ ਤੇ ਢੁਕਵਾਂ ਇਲਾਜ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ ਜੋ ਉਸ ਦੀ ਵਿਸ਼ਾਲ ਸੋਚ, ਗਿਆਨ ਤੇ ਲੋਕ ਭਲਾਈ ਵੱਲ ਵਧਦੇ ਕਦਮਾਂ ਦੀ ਸੂਚਕ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298
ਫ ਫ ਫ

ਇਕ ਅਮਰੀਕਾ ਇਹ ਵੀ
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 450 ਰੁਪਏ, ਸਫ਼ੇ : 352
ਸੰਪਰਕ : 011-42502364.

ਸ: ਗੁਰਬਚਨ ਸਿੰਘ ਭੁੱਲਰ ਪੰਜਾਬੀ ਬੋਲੀ ਦਾ ਇਕ ਬਹੁਵਿਧਾਈ ਲੇਖਕ ਹੈ। ਮੁਢਲੇ ਸਮੇਂ ਵਿਚ ਉਸ ਨੂੰ ਬਹੁਤੀ ਖਿਆਤੀ ਇਕ ਪਰਿਪੱਕ ਕਹਾਣੀਕਾਰ ਹੋਣ ਦੀ ਸੂਰਤ ਵਿਚ ਹੀ ਮਿਲੀ ਸੀ ਪਰ ਬਾਅਦ ਵਿਚ ਇਕ ਨਾਵਲਕਾਰ, ਨਿਬੰਧਕਾਰ, ਕਲਮੀ ਚਿਤਰਕਾਰ, ਵਚਨਕਾਰ (ਇੰਟਰਵਿਊਰ) ਅਤੇ ਸਫ਼ਰਨਾਮਾ ਲੇਖਕ ਵਜੋਂ ਵੀ ਉਸ ਨੇ ਆਪਣੀ ਪ੍ਰਤਿਭਾ ਦੀ ਗੂੜ੍ਹੀ ਛਾਪ ਛੱਡੀ ਹੈ। ਖੱਬੇ ਪੱਖੀ ਚਿੰਤਨ ਦਾ ਧਾਰਨੀ ਹੋਣ ਕਰਕੇ ਸ: ਭੁੱਲਰ ਦੇ ਮਨ ਵਿਚ ਅਮਰੀਕਾ ਲਈ ਕੋਈ ਸਹਾਨਭੂਤੀ ਜਾਂ ਆਕਰਸ਼ਣ ਨਹੀਂ ਸੀ ਪਰ ਫਿਰ ਵੀ ਆਪਣੀ ਬੇਟੀ ਬੀਬਾ ਭਾਵਨਾ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਉਹ ਆਪਣੇ ਸਾਰੇ ਪੂਰਵਾਗ੍ਰਹਿ ਤਿਆਗ ਕੇ ਅਮਰੀਕਾ ਚਲਾ ਹੀ ਗਿਆ। ਇਸ ਸਫ਼ਰਨਾਮੇ ਵਿਚ ਉਸੇ ਸਫ਼ਰਨਾਮੇ ਦਾ ਸਵਿਸਤਾਰ ਵਰਨਣ ਹੈ। ਲੇਖਕ ਨੇ ਅਮਰੀਕਾ ਨੂੰ 'ਪੁੱਠੀ ਧਰਤੀ' ਕਿਹਾ ਹੈ ਕਿਉਂਕਿ ਇਸ ਦੇਸ਼ ਵਿਚ ਬਹੁਤ ਸਾਰੀਆਂ ਗੱਲਾਂ ਸਾਡੇ ਭਾਰਤ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਵੀ ਉਲਟੀਆਂ ਹਨ। ਇਸ ਸਫ਼ਰਨਾਮੇ ਵਿਚਲੀ ਸਮੱਗਰੀ ਨੂੰ ਨੌਂ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਅਮਰੀਕਾ ਦੇ ਭੂਗੋਲ ਅਤੇ ਜੀਵਨਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ ਵਿਚ ਇਥੋਂ ਦੇ ਪ੍ਰਸਿੱਧ ਦਰਸ਼ਨੀ ਸਥਾਨਾਂ (ਸਾਨ ਫਰਾਂਸਿਸਕੋ, ਲਾਸ ਵੇਗਾਸ, ਲਾਸ ਏਂਜਲਸ, ਨਿਊਯਾਰਕ, ਗੈਟੀ ਮਿਊਜ਼ੀਅਮ, ਮੈਡਮ ਟੂਸਉ ਦੀ ਮੋਮਸ਼ਾਲਾ.... ਆਦਿ) ਦਾ ਵਰਨਣ ਹੈ। ਤੀਜੇ ਭਾਗ ਵਿਚ ਲੇਖਕ ਨੇ ਅਮਰੀਕਾ ਵਿਚਲੀਆਂ ਆਪਣੀਆਂ ਸਾਕ-ਸਕੀਰੀਆਂ ਦਾ ਵਰਨਣ ਕੀਤਾ ਹੈ। ਚੌਥੇ ਵਿਚ ਉਥੇ ਰਹਿਣ ਵਾਲੇ ਪੰਜਾਬੀ ਸਾਹਿਤਕਾਰਾਂ ਨਾਲ ਮੁਲਾਕਾਤਾਂ ਦਾ ਜ਼ਿਕਰ ਹੈ। ਇਸੇ ਪ੍ਰਕਾਰ ਅਗਲੇ ਅਧਿਆਵਾਂ ਵਿਚ ਗ਼ਦਰ ਗਾਥਾ, ਅਮਰੀਕੀ-ਪੰਜਾਬੀਆਂ, ਫੁਟਕਲ ਵੇਰਵਿਆਂ ਅਤੇ ਵਾਪਸੀ ਆਦਿ ਦਾ ਅੰਕਣ ਕੀਤਾ ਗਿਆ ਹੈ।
ਲੇਖਕ ਨੇ ਵਿਸ਼ਵ ਦੇ ਪੰਜ ਵੱਡੇ ਮਹਾਂਦੀਪਾਂ (ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਅਫ਼ਰੀਕਾ) ਵਿਚੋਂ ਅਮਰੀਕਾ ਨੂੰ ਮਨੁੱਖੀ ਹੱਥ ਦੀ ਵਿਚਕਾਰਲੀ ਸਭ ਤੋਂ ਲੰਮੀ ਉਂਗਲ ਨਾਲ ਤੁਲਨਾ ਦਿੱਤੀ ਹੈ। ਇੰਦਰੀ ਨੂਈ ਦੇ ਹਵਾਲੇ ਨਾਲ ਉਸ ਨੇ ਦਰਸਾਇਆ ਹੈ ਕਿ ਇਹ ਉਂਗਲ ਦੂਜਿਆਂ ਨੂੰ ਤੰਗ ਕਰਨ, ਛੇੜਨ ਅਤੇ ਉਕਸਾਉਣ ਦਾ ਕੰਮ ਕਰਦੀ ਹੈ। ਅਮਰੀਕਾ ਵੀ ਨਿਰੰਤਰ ਇਹੋ ਜਿਹੇ ਪੁੱਠੇ ਕੰਮਾਂ ਤੋਂ ਬਾਜ਼ ਨਹੀਂ ਆਉਂਦਾ। ਦੂਜਿਆਂ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਅਤੇ ਨਾਜਾਇਜ਼ ਧੌਂਸ ਉਸ ਦੇ ਚਰਿੱਤਰ ਦਾ ਇਕ ਅਭਿੰਨ ਅੰਗ ਬਣੇ ਹੋਏ ਹਨ। ਇਕ ਅਨੁਭਵੀ ਬਿਰਤਾਂਤਕਾਰ ਹੋਣ ਦੀ ਸੂਰਤ ਵਿਚ ਲੇਖਕ ਨੂੰ ਪਤਾ ਹੈ ਕਿ ਕਿਹੜੇ ਵੇਰਵੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹੈ, ਕਿਸ ਨੂੰ ਅਚਾਨਕ ਛੱਡ ਕੇ ਪਾਠਕ ਦੀ ਉਤਸੁਕਤਾ ਨੂੰ ਟੁੰਬੀ ਰੱਖਣਾ ਹੈ ਅਤੇ ਕਿਸ ਨੂੰ ਪਾਠ ਵਿਚ ਇਕ ਤੋਂ ਵੱਧ ਵਾਰ ਵੀ ਸ਼ਾਮਿਲ ਕਰ ਲੈਣਾ ਹੈ। ਇਹ ਪੁਸਤਕ ਅਮਰੀਕਾ ਦੀ ਸੈਰ ਬਾਰੇ ਲਿਖੀ ਇਕ ਸਰਬਾਂਗੀ ਅਤੇ ਸੰਪੂਰਨ ਰਚਨਾ ਹੈ ਅਤੇ ਹਰ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136.
ਫ ਫ ਫ

ਖੁਲ੍ਹੇ ਲੇਖ
ਲੇਖਕ : ਪ੍ਰੋ: ਪੂਰਨ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 155
ਸੰਪਰਕ : 0181-2623184.

ਪ੍ਰੋ: ਪੂਰਨ ਸਿੰਘ ਰਚਿਤ ਇਹ ਪ੍ਰਸਿੱਧ ਪੁਸਤਕ ਪਹਿਲੀ ਵਾਰ 1929 ਵਿਚ ਛਪੀ ਸੀ, ਜਿਸ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਹੁਣ ਇਸ ਦਾ ਨਵਾਂ ਸੰਸਕਰਣ ਬੜੀ ਦੇਰ ਮਗਰੋਂ ਪ੍ਰਕਾਸ਼ਿਤ ਹੋਇਆ ਹੈ। ਪੂਰਨ ਸਿੰਘ ਪੰਜਾਬੀ ਦਾ ਇਕ ਅਲਬੇਲਾ ਲੇਖਕ ਹੋਇਆ ਹੈ, ਜੋ ਪੰਜਾਬ ਦੀ ਧਰਤੀ 'ਤੇ ਇਸ ਦੇ ਲੋਕਾਂ ਨਾਲ ਅਥਾਹ ਪਿਆਰ ਕਰਦਾ ਸੀ। ਉਹ ਕਿਸੇ ਵਿਚਾਰ ਨੂੰ ਮਿੱਥ ਕੇ ਨਹੀਂ ਸੀ ਲਿਖਦਾ, ਸਗੋਂ ਸਹਿਜ ਸੁਭਾਅ ਕਿਸੇ ਵਿਸ਼ੇ ਨੂੰ ਵਲਵਲਿਆਂ ਦੇ ਵਹਾਅ ਵਿਚ ਆ ਕੇ ਰੂਪਮਾਨ ਕਰਦਾ ਸੀ। ਉਸ ਦੇ ਆਪਣੇ ਸ਼ਬਦਾਂ ਵਿਚ, 'ਖ਼ਿਆਲ ਸੋਚੇ ਨਹੀਂ ਜਾਂਦੇ। ਆਪ ਮੁਹਾਰੇ ਚਿੱਟੇ ਬਾਜ਼ਾਂ ਵਾਂਗ ਉਡਾਰੀ ਮਾਰ ਨੀਲੇ ਗਗਨ ਵਿਚ ਰੂਪਮਾਨ ਹੁੰਦੇ ਹਨ।' ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਸਬੰਧੀ 17 ਲੇਖ ਇਕਤ੍ਰਿਤ ਕੀਤੇ ਗਏ ਹਨ। ਵੰਨਗੀ ਵਜੋਂ ਇਨ੍ਹਾਂ ਲੇਖਾਂ ਵਿਚਲੀਆਂ ਕੁਝ ਸਤਰਾਂ ਪੇਸ਼ ਹਨ, ਜਿਨ੍ਹਾਂ ਤੋਂ ਲੇਖਕ ਦੇ ਵਿਚਾਰਾਂ ਤੇ ਭਾਸ਼ਾ ਸ਼ੈਲੀ ਦਾ ਪਤਾ ਲਗਦਾ ਹੈ :
ਕਵਿਤਾ : ਪਿਆਰ ਵਿਚ ਮੋਏ ਬੰਦਿਆਂ ਦੇ ਮਿੱਠੇ ਵਚਨ ਕਵਿਤਾ ਹਨ। ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਕਵਿਤਾ ਜੀਵਨ ਰੰਗ ਹੈ। ਇਸ ਦੀ ਇਕ ਸਤਰ ਲਈ ਵਰ੍ਹਿਆਂਬੱਧੀ ਬਿਰਹਾ ਦੀ ਭੀਣੀ-ਬਾਣ-ਬਰਖਾ ਸਹਿਣੀ ਪੈਂਦੀ ਹੈ। ਕਵਿਤਾ ਪਿਆਰ ਦਾ ਕੰਵਾਰਾਪਣ ਹੈ। ਕਵਿਤਾ ਰੱਬੀ ਦਰਬਾਰ ਦਾ ਪ੍ਰਕਾਸ਼ ਹੈ। ਛੰਦਾਬੰਦੀ ਦੀ ਨਵਾਬੀ ਕੈਦ ਮੈਨੂੰ ਕਵਿਤਾ ਦੇ ਪ੍ਰਭਾਵ ਲਈ ਸਜ਼ਾ ਦਿਸਦੀ ਹੈ।
ਪਿਆਰ : ਪਿਆਰ ਮੱਲੋ-ਮੱਲੀ ਰਾਹ ਜਾਂਦਿਆਂ ਪੈਂਦੇ ਹਨ, 'ਨਿਹੁੰ ਨਾ ਲਗਦੇ ਜੋਰੀਂ।' ਇਹ ਇਕ ਅੰਦਰੋ-ਅੰਦਰ ਦੀ ਲਗਾਤਾਰ ਖਿੱਚ ਹੈ। ਪਿਆਰ ਉੱਚੀ ਦਿਵਯ ਮਨੁੱਖਤਾ ਦੀ ਸਹਿਜ ਸੁਭਾਅ ਪ੍ਰਾਪਤੀ ਹੈ। ਪਿਆਰ ਉਹ ਅੰਦਰ ਦਾ ਰਸ ਹੈ, ਜਿਸ ਦੇ ਅੰਦਰ ਹੀ ਅੰਦਰ ਰਸੀਣ ਨਾਲ ਜੀਵਨ ਫੁੱਲ ਆਪੇ ਵਿਚ ਖਿੜਦਾ ਹੈ। ਪਿਆਰ ਇਕ ਦ੍ਰਵਿਤਾ ਹੈ, ਜਿਹੜਾ ਨਦੀ ਦੇ ਵਹਿਣ ਵਾਂਗ ਖਿਮਾ, ਦਯਾ ਤੇ ਸਦਾ ਮੁਆਫ਼ੀ ਵਿਚ ਵਿਚਰਦਾ ਹੈ।
ਮਜ਼ਬ : ਮਜ਼੍ਹਬ ਸਭ ਥੀਂ ਉੱਚਾ, ਸੁੱਚਾ ਤੇ ਜੀਂਦਾ ਧਿਆਨੀ ਪਿਆਰ ਹੈ। ਸਿਮਰਨ ਅਥਵਾ ਯਾਦ ਇਲਾਹੀ ਜੀਵਨ ਰੂਹਾਨੀ ਹੈ। ਮਜ਼੍ਹਬ ਮਹਾਂਪੁਰਖਾਂ ਦੀ ਦਾਤ ਹੈ। ਇਹ ਸਕੂਲਾਂ ਵਿਚ ਪੜ੍ਹਾਇਆ ਨਹੀਂ ਜਾ ਸਕਦਾ, ਉਪਦੇਸ਼ਕਾਂ ਦੇ ਵਿਖਿਆਨਾਂ ਨਾਲ ਸਿਖਾਇਆ ਨਹੀਂ ਜਾ ਸਕਦਾ।
ਵਤਨ ਦਾ ਪਿਆਰ : ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ, ਮਾਂ, ਭੈਣ ਤੇ ਆਪਣੇ ਬੱਚਿਆਂ ਦਾ ਗੂੜ੍ਹਾ, ਸਾਦਾ, ਪਰ ਅਸਗਾਹ ਜਿਹਾ ਖਸਮਾਨਾ ਹੈ।
ਕੀਰਤ ਤੇ ਮਿੱਠਾ ਬੋਲਣਾ : ਕੀਰਤ ਕਰਨੀ, ਸਿਫ਼ਤ ਸਲਾਹ ਕਰਨੀ ਜ਼ਿੰਦਗੀ ਦਾ ਉੱਚਾ ਵਿਸਮਾਦ ਰਾਗ ਹੈ।
ਮਿੱਤਰਤਾ : ਬਿਨਾਂ ਮਿੱਤਰਤਾ ਜੀਵਨ ਇਕ ਤਰ੍ਹਾਂ ਦੀ ਆਪ ਪਾਈ ਅਕਲ ਹੈ ਤੇ ਅਕਲ ਇਕ ਤਰ੍ਹਾਂ ਦੇ ਨਰਕ ਦਾ ਹਨੇਰਾ ਹੈ। ਜਦ ਤੱਕ ਅਸੀਂ ਪਸ਼ੂਪੁਣੇ ਥੀਂ ਉੱਪਰ ਹੋ, ਵੱਡੇ ਜਵਾਨ ਨਾ ਹੋ ਜਾਵਾਂਗੇ, ਅਸੀਂ ਮਿੱਤਰ ਕਿਸੇ ਦੇ ਨਹੀਂ ਹੋ ਸਕਦੇ ਤੇ ਨਾ ਹੀ ਸਾਡਾ ਹੀ ਕੋਈ ਮਿੱਤਰ ਹੋ ਸਕਦਾ ਹੈ।
ਇਹ ਪੁਸਤਕ ਪੜ੍ਹਨਯੋਗ ਹੈ, ਵਿਚਾਰਨਯੋਗ ਤੇ ਸਾਂਭਣਯੋਗ ਹੈ।

ਂਕੰਵਲਜੀਤ ਸਿੰਘ ਸੂਰੀ
ਮੋ: 93573-24241.
ਫ ਫ ਫ

ਸਚੁ ਵਾਪਾਰੁ ਕਰਹੁ ਵਾਪਾਰੀ
ਲੇਖਕ : ਪ੍ਰਿੰ: ਹਰਬੰਸ ਸਿੰਘ 'ਘੇਈ' ਸਠਿਆਲਾ
ਪ੍ਰਕਾਸ਼ਕ : ਅਮਨਪ੍ਰੀਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ ਸਫ਼ੇ : 194
ਸੰਪਰਕ : 94630-74645.

'ਸਚੁ ਵਾਪਾਰੁ ਕਰਹੁ ਵਾਪਾਰੀ' ਪ੍ਰਿੰਸੀਪਲ ਹਰਬੰਸ ਸਿੰਘ 'ਘੇਈ' ਸਠਿਆਲਾ ਦੀ ਸਵੈ-ਜੀਵਨੀ ਦਾ ਦੂਜਾ ਭਾਗ ਹੈ। ਇਸ ਤੋਂ ਪਹਿਲਾਂ ਲੇਖਕ ਨੇ ਆਪਣੀ ਸਵੈ-ਜੀਵਨੀ ਦਾ ਪਹਿਲਾ ਭਾਗ 'ਕਰਤੇ ਹਥਿ ਵਡਿਆਈਆਂ' ਸਿਰਲੇਖ ਤਹਿਤ ਪਾਠਕਾਂ ਦੇ ਰੂ-ਬਰੂ ਕੀਤਾ ਸੀ ਜਿਸ ਵਿਚ ਪੇਂਡੂ ਰਹਿਤਲ ਦੇ ਬਹੁਤ ਹੀ ਭਾਵਪੂਰਤ ਵੇਰਵੇ ਪ੍ਰਸਤੁਤ ਕੀਤੇ ਗਏ ਸਨ। ਲੇਖਕ ਦੀ ਸਵੈ-ਜੀਵਨੀ ਦਾ ਵਿਚਾਰਾਧੀਨ ਇਹ ਦੂਜਾ ਭਾਗ ਹੈ ਜਿਸ ਵਿਚ ਉਸ ਨੇ ਜ਼ਿੰਦਗੀ ਦੇ ਉਨ੍ਹਾਂ ਅਹਿਸਾਸਾਂ ਨੂੰ ਪੇਸ਼ ਕੀਤਾ ਹੈ ਜਦੋਂ ਮਨੁੱਖ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਕਰੜਾ ਸੰਘਰਸ਼ ਕਰਦਾ ਹੈ। ਜੀਵਨ ਸਾਥੀ ਚੁਣਦਾ ਹੈ ਤੇ ਫਿਰ ਭਰਪੂਰ ਅਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਸਜਾਉਂਦਾ ਹੈ। ਪਰ ਲੇਖਕ ਦੀ ਸਵੈ-ਜੀਵਨੀ ਨੂੰ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਭਲੀ-ਭਾਂਤ ਹੋ ਜਾਂਦਾ ਹੈ ਕਿ ਭਾਵੇਂ ਉਸ ਨੂੰ ਜ਼ਿੰਦਗੀ ਵਿਚ ਸੰਘਰਸ਼ ਕਰਨਾ ਪਿਆ ਅਤੇ ਕਿੱਤੇ ਦੀ ਤਬਦੀਲੀ ਦੇ ਵੇਰਵੇ ਵੀ ਪ੍ਰਸਤੁਤ ਹੋਏ ਹਨ ਪਰ ਸਵੈ-ਜੀਵਨੀ ਦਾ ਆਖਰੀ ਭਾਗ ਉਸ ਦੀ ਜ਼ਿੰਦਗੀ ਦੇ ਸਠਿਆਲੇ ਤੋਂ ਲੁਧਿਆਣੇ ਦੀ ਰਿਹਾਇਸ਼ ਕਰਨ ਦੇ ਵੇਰਵੇ ਮਿਲਦੇ ਹਨ, ਜਿਥੇ ਲੇਖਕ ਸੇਵਾ ਮੁਕਤੀ ਤੋਂ ਬਾਅਦ ਪਰਮਾਤਮਾ ਦੀ ਰਜ਼ਾ ਵਿਚ ਰਹਿੰਦਿਆਂ ਹੋਰ ਵੀ ਸਮਾਜਿਕ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ। ਪਰਿਵਾਰਕ ਜੀਵਨ ਖੁਸ਼ਹਾਲੀ ਭਰਿਆ ਹੈ ਤੇ ਉਨ੍ਹਾਂ ਦੇ ਬੇਟੇ ਵੀ ਯੋਗ ਅਹੁਦਿਆਂ 'ਤੇ ਲੱਗੇ ਹੋਏ ਹਨ। ਪਰ ਲੇਖਕ ਨੇ ਆਪਣੀ ਜ਼ਿੰਦਗੀ ਦੇ ਮੁਢਲੇ ਦੌਰ ਦੇ ਸੰਘਰਸ਼ ਨੂੰ ਪੇਸ਼ ਕਰਦਿਆਂ ਇਹ ਗੱਲ ਪਰਪੱਕ ਕੀਤੀ ਹੈ ਜੇਕਰ ਮਨੁੱਖ ਦੇ ਕੋਲ ਸਿਰੜ ਅਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਉਹ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦਾ ਹੈ। ਲੇਖਕ ਦੀ ਇਹ ਸਵੈ-ਜੀਵਨੀ ਤਕਰੀਬਨ ਉਸ ਦੇ ਪਰਿਵਾਰਕ ਅਤੇ ਮਹਿਕਮੇ ਦੇ ਵੇਰਵਿਆਂ ਨੂੰ ਹੀ ਮੁਕਾਬਲਤਨ ਪ੍ਰਸਤੁਤ ਕਰਦੀ ਹੈ, ਜਿਸ ਦੇ ਬਰੀਕ ਤੋਂ ਬਰੀਕ ਵੇਰਵੇ ਵੀ ਇਸ ਕਿਰਤ ਵਿਚ ਆਏ ਹਨ। ਇਥੋਂ ਤੱਕ ਕਿ ਪਰਿਵਾਰ ਨੇ ਕਿਹੜੀ-ਕਿਹੜੀ ਵਸਤੂ ਕਦੋਂ ਖ਼ਰੀਦੀ ਇਸ ਦੀ ਜਾਣਕਾਰੀ ਵੀ ਲੇਖਕ ਨੇ ਦਿੱਤੀ ਹੈ। ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਫ਼ਿਤਰਤ ਬਾਰੇ ਵੀ ਲੇਖਕ ਨੇ ਇਸ ਸਵੈ-ਜੀਵਨੀ ਵਿਚ ਜਾਣਕਾਰੀ ਦਿੱਤੀ ਹੈ। ਸਾਹਿਤਕ ਗਤੀਵਿਧੀਆਂ ਅਤੇ ਪਰਿਵਾਰਕ ਤਸਵੀਰਾਂ ਵੀ ਪੁਸਤਕ ਦਾ ਸ਼ਿੰਗਾਰ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਚੱਲ ਨੀ ਜਿੰਦੇ
ਕਵੀ : ਜੀਤ ਹਰਜੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਮੁੱਲ : 195 ਰੁਪਏ, ਸਫ਼ੇ : 78
ਸੰਪਰਕ : 97816-77772.

'ਚੱਲ ਨੀ ਜਿੰਦੇ' ਕਾਵਿ ਸੰਗ੍ਰਹਿ ਸ਼ਾਇਰ ਜੀਤ ਹਰਜੀਤ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ 'ਚ ਉਸ ਦੀਆਂ 75 ਕਾਵਿ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਗੀਤਾਂ ਦੀ ਹੈ। ਕਵੀ ਦੇਸ਼ 'ਚ ਫੈਲੇ ਭ੍ਰਿਸ਼ਟਾਚਾਰ, ਅਨਿਆਂ, ਗ਼ਰੀਬ ਅਤੇ ਅਮੀਰ ਦੇ ਵਧ ਰਹੇ ਪਾੜੇ ਤੋਂ ਡਾਹਢਾ ਚਿੰਤਤ ਹੈ। ਉਸ ਦੀਆਂ ਕਾਵਿ ਰਚਨਾਵਾਂ 'ਚ ਭਰੂਣ ਹੱਤਿਆ ਨੂੰ ਖ਼ਤਮ ਕਰਨ ਦੀ ਜੋਦੜੀ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਹੋਕਾ, ਸਰਕਾਰੀ ਸਕੂਲਾਂ ਦੀ ਤ੍ਰਾਸਦੀ, ਨਸ਼ੇ ਦੀ ਗ੍ਰਿਫ਼ਤ 'ਚ ਆ ਰਹੀ ਜਵਾਨੀ ਦਾ ਝੋਰਾ ਹੈ। ਸ਼ਾਇਰ ਜ਼ਿੰਦਗੀ ਦੇ ਠਹਿਰਾਅ ਨੂੰ ਪਸੰਦ ਨਹੀਂ ਕਰਦਾ :
ਚੱਲ ਨੀ ਜਿੰਦੇ, ਚੱਲ ਚਲਦੀ ਜਾਹ।
ਲੰਘ ਨੀ ਹੋਣਾ, ਖੜ੍ਹਕੇ ਇਹ ਦਰਿਆ।
ਸੱਜਣਾਂ ਦੇ ਦਿੱਤੇ ਜ਼ਖ਼ਮ, ਵਿਛੋੜੇ ਦਾ ਗ਼ਮ, ਨਿਮਨ ਵਰਗੀ ਮਨੁੱਖ 'ਚ ਕਬੀਲਦਾਰੀ ਦੇ ਬੋਝ ਦੀ ਪੀੜਾ ਉਸਦਾ ਹਿਰਦਾ ਵਲੂੰਧਰਦੀ ਹੈ। ਕਵੀ ਦਸਾਂ ਨਹੁੰਆਂ ਦੀ ਕਿਰਤ ਦਾ ਮੁਦੱਈ ਹੈ। ਧਰਮ ਦੇ ਨਾਂਅ ਤੇ ਸਿਆਸੀ ਰੋਟੀਆਂ ਸੇਕ ਰਹੇ ਸਿਆਸਤਦਾਨਾਂ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ। ਪਿੰਡਾਂ ਦੇ ਭਾਈਚਾਰੇ ਦੀ ਮਜ਼ਬੂਤੀ ਦੀ ਦੁਆ ਕਰਦਾ ਕਵੀ ਲਿਖਦਾ ਹੈ :
ਖੁੰਢਾਂ ਉਤੇ ਮੇਲੇ ਲਾ ਕੇ
ਸਿਆਣੇ ਬੰਦੇ ਬਹਿੰਦੇ ਹੋਵਣ।
ਸੱਚੀ ਗੱਲ ਹਿੱਕ ਠੋਕ
ਮੂੰਹ ਦੇ ਉਤੇ ਕਹਿੰਦੇ ਹੋਵਣ।
ਥੋੜ੍ਹੀ ਮਿੱਠਤ ਹੋਰ ਦੇ ਦੇਵੀਂ
ਨਲਕੇ ਦੇ ਪਾਣੀ ਖਾਰੇ ਨੂੰ।
ਤੱਤੀ ਵਾ ਨਾ ਲੱਗੇ ਰੱਬਾ,
ਮੇਰੇ ਪਿੰਡ ਦੇ ਭਾਈਚਾਰੇ ਨੂੰ।
ਕਵੀ ਨੌਜਵਾਨੀ ਦੇ ਧੁੰਦਲੇ ਭਵਿੱਖ, ਨਸ਼ਾਖੋਰੀ, ਮਹਿੰਗਾਈ ਦੀ ਮਾਰ, ਕਿਸਾਨਾਂ-ਮਜ਼ਦੂਰਾਂ ਦੀ ਸਰਕਾਰਾਂ ਵਲੋਂ ਹੋ ਰਹੀ ਦੁਰਗਤੀ ਤੋਂ ਡਾਹਢਾ ਖਫ਼ਾ ਹੈ। ਪਿੰਡ ਦੇ ਬਰੋਟੇ, ਚਰਖ਼ੇ, ਮਾਹਲ, ਬੋਹਟੀ, ਪੂਣੀਆਂ, ਗੋਲੇਟੇ ਆਦਿ ਵਿਰਸਾਤੀ ਚਿੰਨ੍ਹਾਂ ਨੂੰ ਉਹ ਆਪਣੇ ਸੀਨੇ ਵਿਚ ਸਮੋ ਕੇ ਰੱਖਣਾ ਚਾਹੁੰਦਾ ਹੈ। ਮਸ਼ੀਨੀ ਯੁੱਗ, ਆਧੁਨਿਕਤਾ ਦੀ ਚਮਕ-ਦਮਕ ਹੇਠ ਪਿੰਡਾਂ ਦੇ ਬਦਲ ਰਹੇ ਮੂੰਹ-ਮਹਾਂਦਰੇ ਅਤੇ ਖੁਰ ਰਹੀ ਸੰਸਕ੍ਰਿਤੀ ਤੋਂ ਉਹ ਬੇਹੱਦ ਚਿੰਤਾਵਾਨ ਵਿਖਾਈ ਦਿੰਦਾ ਹੈ।
ਮੇਰਾ ਪਿੰਡ ਬਦਲ ਗਿਆ ਲੋਕੋ,
ਮੈਂ ਕੀਹਨੂੰ ਹਾਲ ਸੁਣਾਵਾਂ।
ਰੁੱਖ ਵੱਢ ਲਏ ਬਾਸ਼ਿੰਦਿਆਂ ਨੇ,
ਖੋਹ ਲਈਆਂ ਰਾਹਾਂ ਕੋਲੋਂ ਛਾਵਾਂ।
ਇਸ ਕਾਵਿ ਸੰਗ੍ਰਿਹ ਦੀਆਂ ਰਚਨਾਵਾਂ ਵਿਸ਼ੇ ਪੱਖ ਤੋਂ ਮਜ਼ਬੂਤ ਅਤੇ ਰਵਾਨਗੀ ਭਰਪੂਰ ਹਨ।

ਂਮਨਜੀਤ ਸਿੰਘ ਘੜੈਲੀ
ਮੋ: 98153-91625
ਫ ਫ ਫ

ਦੋ ਪਲ ਦੀ ਸ਼ਹਿਜ਼ਾਦੀ
ਲੇਖਕ : ਬੀਰ ਇੰਦਰ ਬਨਭੌਰੀ
ਪ੍ਰਕਾਸ਼ਕ : ਕੇ. ਜੀ ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 104
ਸੰਪਰਕ : 98554-66770.

'ਦੋ ਪਲ ਦੀ ਸ਼ਹਿਜ਼ਾਦੀ' ਬੀਰ ਇੰਦਰ ਬਨਭੌਰੀ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਆਪਣੀਆਂ ਕੁੱਲ 62 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਉਸ ਨੇ ਕਈ ਵਰ੍ਹੇ ਪਹਿਲਾਂ ਆਪਣੀ ਪੜ੍ਹਾਈ ਦੌਰਾਨ ਹੀ ਲਿਖ ਲਈਆਂ ਸਨ ਪਰ ਆਰਥਿਕ ਕਮਜ਼ੋਰੀ ਕਾਰਨ ਪੁਸਤਕ ਰੂਪ ਵਿਚ ਨਹੀਂ ਸਨ ਛਪ ਸਕੀਆਂ। ਹੁਣ ਉਸ ਨੇ ਆਰਥਿਕ ਵਸੀਲੇ ਮਜ਼ਬੂਤ ਹੋਣ 'ਤੇ ਪੁਰਾਣੀਆਂ ਕਹਾਣੀਆਂ ਨੂੰ ਸੋਧ-ਸਾਧ ਕੇ ਪੁਸਤਕ ਰੂਪ ਦੇਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਕਹਾਣੀਆਂ ਬਾਰੇ ਪ੍ਰਸਿੱਧ ਮਰਹੂਮ ਆਲੋਚਕ ਡਾ: ਪ੍ਰੀਤਮ ਸੈਣੀ ਦਾ ਰਾਇ ਹੈ : 'ਬਨਭੌਰੀ ਬੜੀ ਸਰਲ ਪਰ ਪ੍ਰਭਾਵਸ਼ਾਲੀ ਭਾਸ਼ਾ ਵਿਚ ਲੋਕ ਪੱਖੀ ਕਹਾਣੀਆਂ ਲਿਖਦਾ ਹੈ। ਲੋਕ ਪੱਖੀ ਇਸ ਲਈ ਕਿਉਂ ਜੋ ਉਸ ਦੀਆਂ ਕਹਾਣੀਆਂ ਵਿਚ ਵਧੇਰੇ ਤੌਰ 'ਤੇ ਸ਼ੋਸ਼ਿਤਾਂ ਦੇ ਪ੍ਰਤੀ ਬੇਹਿਸਾਬ ਹਮਦਰਦੀ ਦਾ ਪ੍ਰਗਟਾਵਾ ਹੁੰਦਾ ਹੈ ਤੇ ਉਹ ਸ਼ੋਸ਼ਕਾਂ 'ਤੇ ਤਿੱਖਾ ਵਿਅੰਗ ਵੀ ਕਰਦਾ ਹੈ।' ਬਨਭੌਰੀ ਦੀਆਂ ਕਹਾਣੀਆਂ ਆਮ ਮਨੁੱਖਾਂ ਦੇ ਸੁੱਖਾਂ-ਦੁੱਖਾਂ ਦੀ ਗੱਲ ਕਹਿੰਦਿਆਂ ਪ੍ਰਤੀਤ ਹੁੰਦੀਆਂ ਹਨ। ਉਹ ਮੁਲਜ਼ਮਾਂ ਦੇ ਹੱਕਾਂ ਲਈ ਵੀ ਆਪਣੀ ਕਲਮ ਅਜ਼ਮਾਈ ਕਰਦਾ ਹੈ। ਇਸ ਸੰਗ੍ਰਹਿ ਦੀਆਂ ਕਈ ਕਹਾਣੀਆਂ ਮਿੰਨੀ ਕਹਾਣੀ ਦੀ ਕਲਾ 'ਤੇ ਖਰੀਆਂ ਉੱਤਰਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਸੰਗ੍ਰਹਿ ਦੀਆਂ 'ਫਾਇਦਾ', 'ਆਤਮ ਰੱਖਿਆ, 'ਦੋਹੇ ਦਾ ਅਰਥ', 'ਸੰਗ ਸ਼ਰਮ', 'ਇੱਜ਼ਤਦਾਰ', 'ਲੋਕ ਸੇਵਕ', 'ਮਾਂ', 'ਸੱਚ', 'ਮਿੱਠੂ ਦੋਧੀ ਤੇ ਬਾਂਦਰ', 'ਭੁਲੇਖਾ', 'ਊਤਿਆ ਆਵਾ', 'ਫ਼ਰਕ', 'ਭਾਰ', 'ਕੀਮਤ', 'ਸੋਚ', 'ਭਾਸ਼ਾ' ਤੇ 'ਪ੍ਰਬੰਧ' ਕਹਾਣੀਆਂ ਮਿੰਨੀ ਕਹਾਣੀ ਦੇ ਕਥਾ-ਸ਼ਾਸਤਰ 'ਤੇ ਖਰੀਆਂ ਉਤਰਦੀਆਂ ਹਨ। ਇਨ੍ਹਾਂ ਵਿਚ ਕਲਾਤਮਿਕ ਜੁਜ਼ ਵੀ ਹੈ, ਉਤਸੁਕਤਾ ਵੀ ਹੈ ਤੇ ਰੌਚਿਕਤਾ ਵੀ। ਉਤਸੁਕਤਾ ਜਗਾਉਣ ਲਈ ਓਹਲਾ ਵੀ ਅੰਤ ਤੱਕ ਬਣਿਆ ਰਹਿੰਦਾ ਹੈ। ਬਨਭੌਰੀ 'ਚ ਹੋਰ ਮਿਹਨਤ ਨਾਲ ਚੰਗਾ ਮਿੰਨੀ ਕਹਾਣੀ ਲੇਖਕ ਬਣਨ ਦੇ ਪੂਰੇ ਆਸਾਰ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX