ਪਲੀਤ ਹੋਇਆ ਚੌਗਿਰਦਾ
ਕ੍ਰਿਤ : ਡਾ: ਬਰਜਿੰਦਰ ਸਿੰਘ ਹਮਦਰਦ
ਸੰਕਲਨ : ਕੁਲਬੀਰ ਸਿੰਘ ਸੂਰੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ। ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 98889-24664.
ਮੌਜੂਦਾ ਦੌਰ ਕੁਢਰ ਅਰਥ-ਵਿਵਸਥਾ ਅਤੇ ਬੇ-ਲਗਾਮ ਢਾਂਚਾਗਤ ਵਿਕਾਸ ਦੇ ਪਾਗਲਪਨ ਦਾ ਹੈ, ਜਿਸ ਨੇ ਮਿੱਟੀ, ਜੰਗਲ, ਜਲ-ਸੋਮੇ, ਜੈਵ-ਵਿਭਿੰਨਤਾ, ਸਮੁੰਦਰ, ਵਾਤਾਵਰਨ ਅਤੇ ਖਣਿਜਾਂ ਨਾਲ ਲਬਰੇਜ਼ ਧਰਤੀ ਨੂੰ ਬੇਦਰਦੀ ਨਾਲ ਦੂਸ਼ਿਤ ਅਤੇ ਬਰਬਾਦ ਕੀਤਾ ਹੈ। ਜੇ ਅਸੀਂ ਨਾ ਸੰਭਲੇ ਤਾਂ ਕੁਦਰਤ 'ਚ ਲਾਲਸਾਗਤ ਦਖ਼ਲਅੰਦਾਜ਼ੀ ਸਾਨੂੰ ਸਭ ਨੂੰ ਲੈ ਬੈਠੇਗੀ। ਮਨੁੱਖ ਨੂੰ ਹੀ ਨਹੀਂ, ਸਮੁੱਚੀ ਕਾਇਨਾਤ ਨੂੰ ਵੀ। ਇਹੀ ਉਹ ਗੱਲ ਹੈ ਜਿਹੜੀ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ 'ਅਜੀਤ' ਅਖ਼ਬਾਰ ਵਿਚ ਲਿਖੀਆਂ ਗਈਆਂ ਸੰਪਾਦਕੀਆਂ 'ਤੇ ਆਧਾਰਿਤ ਪੁਸਤਕ 'ਪਲੀਤ ਹੋਇਆ ਚੌਗਿਰਦਾ' ਵਿਚੋਂ ਪ੍ਰਭਾਵੀ ਢੰਗ ਨਾਲ ਉੱਭਰਦੀ ਹੈ।
91 ਲੇਖ, ਹਰ ਲੇਖ 2 ਕੁ ਸਫ਼ੇ ਦਾ, ਕਲਾਵੇ 'ਚ ਲਈ ਬੈਠੀ ਇਹ ਪੁਸਤਕ 216 ਪੰਨਿਆਂ 'ਤੇ ਫੈਲੀ ਹੋਈ ਹੈ। ਹੋਰ ਜ਼ਰੂਰੀ ਜਾਣਕਾਰੀਆਂ ਵਾਲੇ ਪਹਿਲੇ 6 ਸਫ਼ੇ ਜੇ ਛੱਡ ਵੀ ਦੇਈਏ ਤਾਂ ਅਗਲੇ 4 ਪੰਨੇ ਤਤਕਰੇ ਵਾਲੇ ਅਤੇ ਅਗਲੇਰੇ ਤਿੰਨ ਪੰਨਿਆਂ ਵਿਚ ਲੇਖਕ ਬਾਰੇ ਅਤੇ ਪਤੇ ਸਮੇਤ, ਬਹੁ-ਪਰਤੀ ਸ਼ਖ਼ਸੀ ਜਾਣਕਾਰੀ ਦਰਜ ਹੈ। ਉਪਰੰਤ ਸਫ਼ਾ ਨੰ: 15 ਤੋਂ 18 ਤੱਕ ਕੁੱਲ ਚਾਰ ਪੰਨਿਆਂ 'ਤੇ ਉੱਘੇ ਵਿਦਵਾਨ ਡਾ: ਲਖਵਿੰਦਰ ਜੌਹਲ ਵਲੋਂ ਲਿਖੀ ਭਾਵਪੂਰਤ ਭੂਮਿਕਾ ਹੈ, ਜਿਹੜੀ ਇਸ ਕਿਤਾਬ ਦੀ ਮਹੱਤਤਾ ਉਭਾਰਦੀ ਹੈ।
ਸੰਨ 1993 ਦੇ ਕਰੀਬ ਆਖ਼ਰੀ ਮਾਹ ਤੋਂ 2019 ਦੇ ਅੱਧ ਤੱਕ ਸਾਢੇ 25 ਸਾਲਾਂ ਦੇ ਵਕਫ਼ੇ ਵਿਚ ਲਿਖੀਆਂ, ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਮਹੱਤਤਾ ਅਤੇ ਨਿਘਾਰ ਦੇ ਕਾਰਨਾਂ ਨੂੰ ਬੁੱਝਦੀਆਂ, ਖ਼ਬਰਦਾਰ ਕਰਦੀਆਂ ਅਤੇ ਹੱਲ ਸੁਝਾਉਂਦੀਆਂ ਇਨ੍ਹਾਂ ਸੰਪਾਦਕੀਆਂ ਨੂੰ ਜਿਉਂ ਹੀ ਸ਼ੁਰੂ ਤੋਂ ਅਗਲੀਆਂ-ਅਗਲੇਰੀਆਂ, ਪੜਾਅਵਾਰ ਅਖੀਰ ਤੱਕ ਫਰੋਲਦੇ ਹਾਂ ਤਦ ਭਲੀਭਾਂਤ ਪਤਾ ਚਲਦਾ ਹੈ ਕਿ ਸਾਲ-ਦਰ-ਸਾਲ ਸਥਿਤੀ ਕਿਵੇਂ ਬਦ ਤੋਂ ਬਦਤਰ ਹੁੰਦੀ ਗਈ। ਮਨੁੱਖ ਅਤੇ ਵਿਸ਼ੇਸ਼ ਕਰਕੇ ਮੌਜੂਦਾ ਨਿਜ਼ਾਮ, ਜੇ ਇਸੇ ਤਰਜ਼ 'ਤੇ ਚਲਦੇ ਰਹੇ ਤਾਂ ਭਾਵੀ ਨੂੰ ਕੋਈ ਨਹੀਂ ਰੋਕ ਸਕੇਗਾ। ਪੁਸਤਕ ਚਿਤਾਵਨੀ ਦਿੰਦੀ ਹੈ, 'ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ, ਫਿਰ ਦੂਜਿਆਂ ਉੱਪਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਸਰਬੱਤ ਦੇ ਭਲੇ ਵਾਲੀਆਂ ਸਪੱਸ਼ਟ ਧਾਰਨਾਵਾਂ ਨੂੰ ਧੁੰਦਲਾ ਦਿੰਦੀ ਹੈ।'
ਹਾਲਾਤ ਅੱਗੇ ਤੋਂ ਅੱਗੇ ਵਿਗੜਦੇ ਰਹਿਣ ਕਾਰਨ ਹੀ ਸੰਪਾਦਕੀਆਂ ਦੀ ਸਮਾਂ-ਸੀਮਾ ਘਟਦੀ ਰਹੀ ਅਤੇ ਗਿਣਤੀ ਵਧਦੀ ਰਹੀ ਅਤੇ ਸੰਪਾਦਕੀਆਂ/ਲੇਖਾਂ ਵਿਚ ਵੀ ਤੱਥ ਆਧਾਰਿਤ ਨਿਖਾਰ ਆਉਂਦਾ ਰਿਹਾ। ਸੁਝਾਅ ਵੀ ਸਮੇਂ ਦੇ ਹਾਣ ਦੇ ਦਿੱਤੇ ਜਾਣ ਲੱਗੇ, ਕੁਝ ਕਰ ਗੁਜ਼ਰਨ ਅਤੇ ਚੇਤੰਨ ਹੋ ਜਾਣ ਦੇ ਹੋਕੇ ਸਮੇਤ ਕਾਰਜਸ਼ੀਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵਡਿਆਇਆ ਵੀ ਗਿਆ। ਕੁਦਰਤ ਅਤੇ ਵਾਤਾਵਰਣੀ ਸਥਿਤੀ ਨੂੰ ਲਗਾਤਾਰ ਵਿਗਾੜਨ ਉਪਰੰਤ ਨਿਕਲਣ ਵਾਲੇ ਭੈੜੇ ਸਿੱਟਿਆਂ ਪ੍ਰਤੀ ਚਿਤਾਵਨੀਆਂ ਵਧਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਹਿਲੇ ਸਾਢੇ 6 ਵਰ੍ਹਿਆਂ (11/1993 6/2000) ਵਿਚ ਸਿਰਫ 5, ਅਗਲੇ 10 ਵਰ੍ਹਿਆਂ (11/2001 11/2010) ਵਿਚ 27 ਅਤੇ ਅਗਲੇ 8 ਸਾਲਾਂ (4/2011 6/2019) ਵਿਚ 59 ਸੰਪਾਦਕੀਆਂ ਇਸ ਅਹਿਮ ਵਿਸ਼ੇ 'ਤੇ ਲਿਖੀਆਂ ਗਈਆਂ, ਜੋ ਕਨਸੋਆ ਦਿੰਦੀਆਂ ਹਨ ਕਿ ਪਿਛਲੇ ਦੋ ਦਹਾਕਿਆਂ, ਖ਼ਾਸ ਕਰਕੇ ਮਗਰਲੇ ਇਕ ਦਹਾਕੇ ਵਿਚ ਸਥਿਤੀ ਕਿੰਨੀ ਵਿਗੜੀ ਜਾਂ ਵਿਗਾੜੀ ਗਈ ਹੈ। ਜੇ ਨਾ ਸੰਭਲੇ ਤਾਂ ਕੀ ਭਾਣਾ ਵਾਪਰ ਸਕਦਾ ਹੈ? ਕੀ ਲੇਖਕ ਸਿਰਫ ਬਦਤਰ ਸਥਿਤੀ 'ਚੋਂ ਹੀ ਜਾਣੂ ਕਰਵਾਉਂਦਾ ਹੈ? ਨਹੀਂ, ਉਹ ਸੁਝਾਅ ਵੀ ਦਿੰਦਾ ਹੈ ਅਤੇ ਜੋ ਕੁਝ ਚੰਗਾ ਕਰ ਰਹੇ ਹਨ, ਉਨ੍ਹਾਂ ਨੂੰ ਵਡਿਆਉਂਦਾ ਵੀ ਹੈ। ਪਰ ਸਰਕਾਰਾਂ ਅਤੇ ਲੋਕ-ਸਮੂਹ ਕਿਉਂ ਨਹੀਂ ਉੱਠਦੇ, ਇਹ ਬੇਹੱਦ ਫ਼ਿਕਰਮੰਦੀ ਦਾ ਵਿਸ਼ਾ ਹੈ। ਦਰ-ਹਕੀਕਤ; 'ਸਾਡਾ ਭਵਿੱਖ ਪਦਾਰਥੀ ਸਹੂਲਤਾਂ ਅਤੇ ਰਾਜਨੀਤੀ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਆਧਾਰਿਤ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।' ਇਹੀ ਉਹ ਚਿਤਾਵਨੀ ਹੈ, ਜੋ ਇਹ ਪੁਸਤਕ ਸਾਨੂੰ ਦਿੰਦੀ ਹੈ।
ਮਿੱਟੀ, ਪਾਣੀ, ਰੁੱਖਾਂ, ਹਵਾ, ਜੰਗਲਾਂ, ਜਲ-ਸੋਮਿਆਂ, ਗੱਲ ਕੀ ਕੁਦਰਤ ਦੇ ਹਰ ਪਹਿਲੂ ਨਾਲ ਮੋਹ ਦਿਖਾਉਂਦੀ ਇਹ ਕਿਤਾਬ, ਜਲ-ਥਲ-ਆਕਾਸ਼ ਦੇ ਪ੍ਰਦੂਸ਼ਣ ਅਤੇ ਘਾਣ ਪ੍ਰਤੀ ਬੇਹੱਦ ਫ਼ਿਕਰਮੰਦੀ ਜ਼ਾਹਰ ਕਰਦਿਆਂ ਬਹੁਤਾ ਭਾਵੇਂ ਮੌਜੂਦਾ ਪੰਜਾਬ ਦੇ ਹੱਦ-ਖੇਤਰ ਵਿਚ ਹੀ ਰਹਿੰਦੀ ਹੈ ਪਰ ਇਸ ਦੀ ਮਹੱਤਤਾ ਭਾਰਤੀ ਉਪ-ਮਹਾਂਦੀਪ ਦੀਆਂ ਹੱਦਾਂ ਉਲੰਘ ਕੇ ਸਮੁੱਚੇ ਵਿਸ਼ਵ ਦੇ ਪ੍ਰਸੰਗ ਵਿਚ ਵੀ ਹੈ। ਕਿਉਂ? ਕਿਉਂਕਿ ਧਰਤੀ ਹੇਠਲੇ ਪਾਣੀਆਂ, ਸਮੁੰਦਰਾਂ, ਹਵਾ, ਪੰਖੇਰੂਆਂ, ਗੱਲ ਕੀ ਕੁਦਰਤ ਦੀ ਗੱਲ ਕਿਸੇ ਇਕੋ ਦੇਸ-ਦੇਸਾਂਤਰ ਤੱਕ ਸੀਮਤ ਨਹੀਂ ਹੁੰਦੀ। ਸਭ ਪ੍ਰਭਾਵਿਤ ਹੋਣਗੇ। ਕਦੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਪੰਜਾਬ, ਜਿਹੜਾ ਕਦੇ ਸਪਤ-ਸਿੰਧੂ, ਸੱਤ ਦਰਿਆਵਾਂ ਦੀ ਧਰਤੀ ਸੀ। ਫਿਰ ਪੰਜ-ਆਬ ਤੇ ਮਗਰੋਂ ਢਾਈ ਦਰਿਆਵਾਂ ਦੀ ਧਰਤੀ ਰਹਿ ਗਈ, ਅਸੀਂ ਉਹ ਵੀ ਗੰਧਲੇ ਕਰ ਛੱਡੇ ਹਨ। ਇਸ ਦੇ ਜਲ-ਸੋਮੇ ਮਰ ਮੁੱਕ ਰਹੇ ਹਨ। ਮਿੱਟੀ ਬਾਂਝ ਹੋ ਰਹੀ ਹੈ। ਖੇਤਾਂ ਵਿਚ ਹੁਣ ਮੌਤ ਉੱਗਦੀ ਹੈ, ਇਸ ਤਰ੍ਹਾਂ ਦੀਆਂ ਸਖ਼ਤ ਚਿਤਾਵਨੀਆਂ ਨਾਲ ਲਬਾਲਬ ਇਹ ਕਿਤਾਬ ਸਾਂਵੀਂ-ਸੁਥਰੀ ਜ਼ਿੰਦਗੀ ਜੀਣ ਲਈ ਪਾਣੀ, ਰੁੱਖਾਂ ਅਤੇ ਕੁੱਖਾਂ ਦਾ ਵਾਸਤਾ ਪਾਉਂਦੀ ਹੈ।
ਅਰਥਾਤ;
ਜੇ ਮਿੱਟੀ ਅਤੇ ਪਾਣੀ ਹੈ,
ਤਦ ਹੀ ਜੰਗਲ (ਬਨਸਪਤੀ) ਹੈ।
ਜੰਗਲ; ਜੋ ਵਰਖਾ ਦੇ ਸਾਖਸ਼ੀ ਹਨ,
ਵਰਖਾ; ਪਾਣੀ ਦਾ ਮੁਢਲਾ ਸੋਮਾ ਹੈ,
ਪਾਣੀ-ਮਿੱਟੀ; ਜੀਵਨ ਦੇ ਆਧਾਰ ਹਨ।
ਇਹੀ ਨਹੀਂ, ਹੋਰ ਵੀ ਬੜਾ ਕੁਝ ਸਮੇਟੀ ਬੈਠੀ ਹੈ ਇਹ ਪੁਸਤਕ, ਜਿਹੜੀ ਸਾਨੂੰ ਸਭ ਨੂੰ ਪੜ੍ਹਨੀ ਚਾਹੀਦੀ ਹੈ। ਪੜ੍ਹਨੀ ਹੀ ਨਹੀਂ, ਸਾਂਵੀਂ-ਸੁਥਰੀ ਜ਼ਿੰਦਗੀ ਦਾ ਅਨੰਦ ਮਾਣਨ ਲਈ ਸੁਹਜਮਈ ਕੁਝ ਕਰਨਾ ਵੀ ਪੈਣਾ ਹੈ। ਪੁਸਤਕ ਮੁਤਾਬਿਕ;
ਵੇਲਾ ਹੈ, ਆਓ ਹੁਣ :
ਬਿਰਖਾਂ ਦੀ ਗੱਲ ਕਰੀਏ,
ਦਰਿਆਵਾਂ ਦੀ ਬਾਂਹ ਫੜੀਏ,
ਧਰਤੀ ਦਾ ਅਦਬ ਕਰੀਏ।
ਕੁਝ ਤਾਂ ਕਰੋ ਯਾਰੋ, ਜਿੰਨਾ ਵੀ ਅਤੇ ਜਿਵੇਂ ਵੀ ਸੰਭਵ ਹੋਵੇ, ਆਖਰ ਬੂੰਦ-ਬੂੰਦ ਨਾਲ ਵੀ ਤਾਂ ਘੜਾ ਭਰ ਜਾਂਦਾ ਹੈ। ਇਹ ਸੁਨੇਹਾ ਵੀ ਇਸੇ ਕਿਤਾਬ ਵਿਚੋਂ ਹੈ।
ਵਿਜੈ ਬੰਬੇਲੀ
ਮੋ: 94634-39075
ਰੱਬ ਦੇ ਡਾਕੀਏ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98152-98459.
ਪਰਮਿੰਦਰ ਸੋਢੀ ਲੰਮੇ ਸਮੇਂ ਤੋਂ ਜਾਪਾਨ ਵਿਚ ਸਫ਼ਲ ਕਾਰੋਬਾਰੀ ਜੀਵਨ ਜੀਅ ਰਿਹਾ ਪੰਜਾਬੀ ਸਾਹਿਤਕਾਰ ਹੈ। ਕਵਿਤਾ ਤੇ ਵਾਰਤਕ ਦੋਵੇਂ ਵਿਧਾਵਾਂ ਵਿਚ ਉਸ ਨੇ ਜੋ ਕੁਝ ਵੀ ਲਿਖਿਆ ਹੈ, ਉਸ 'ਤੇ ਜਾਪਾਨੀ ਸਾਹਿਤਕ ਸੱਭਿਆਚਾਰਕ ਪਰੰਪਰਾਵਾਂ ਦੇ ਪ੍ਰਭਾਵ ਉਸ ਦੀਆਂ ਲਿਖਤਾਂ ਨੂੰ ਵੱਖਰਾ ਰੰਗ ਦਿੰਦੇ ਹਨ। ਉਸ ਨੇ ਹੀ ਪੰਜਾਬੀ ਵਿਚ ਜਾਪਾਨੀ ਹਾਈਕੂ ਦੀ ਗੱਲ ਛੇੜੀ। ਜਾਪਾਨ ਦੇ ਜੈਨ ਬੋਧੀ ਚਿੰਤਕ ਤਾਓ, ਕਨਫਿਊਸ਼ੀਅਸ ਦਾ ਜ਼ਿਕਰ ਉਸ ਦੀ ਵਾਰਤਕ ਵਿਚ ਥਾਂ-ਥਾਂ ਹੈ। ਜਾਪਾਨੀ/ਚੀਨੀ ਕਹਾਵਤਾਂ, ਚਿੰਤਕਾਂ ਦੇ ਵੇਰਵੇ ਹਨ। ਇਹ ਸਾਰਾ ਕੁਝ ਉਸ ਦੀ ਵਾਰਤਕ ਵਿਚ ਉਸ ਦੇ ਨਿੱਜ ਨਾਲ ਘੁਲ-ਮਿਲ ਕੇ ਪੇਸ਼ ਹੁੰਦਾ ਹੈ। 'ਰੱਬ ਦੇ ਡਾਕੀਏ' ਉਸ ਦੀ ਇਸ ਨਿਵੇਕਲੀ ਵਾਰਤਕ ਸ਼ੈਲੀ ਵਾਲੀ ਕਿਤਾਬ ਹੈ, ਜਿਸ ਵਿਚ ਵਾਰਤਕ, ਕਵਿਤਾ ਤੇ ਕਾਵਿਕਤਾ ਵਾਰ-ਵਾਰ ਇਕ-ਦੂਜੇ ਦੀਆਂ ਹੱਦਾਂ ਉਲੰਘਦੇ ਹਨ।
136 ਸਫ਼ੇ ਵਿਚ 25 ਨਿੱਕੇ-ਨਿੱਕੇ ਨਿਬੰਧਾਂ ਦਾ ਸੰਗ੍ਰਹਿ ਹੈ ਇਹ ਕਿਤਾਬ। ਇਹ ਨਿਬੰਧ ਵਿਭਿੰਨ ਵਿਸ਼ਿਆਂ ਉੱਤੇ ਲੇਖਕ ਦੇ ਕਲਪਨਾਸ਼ੀਲ ਸੁਤੰਤਰ ਚਿੰਤਨ ਦੀ ਉਪਜ ਹਨ। ਸਬੰਧਿਤ ਵਿਸ਼ੇ 'ਤੇ ਲੇਖਕ ਦੇ ਨਿੱਜੀ ਅਨੁਭਵ, ਦ੍ਰਿਸ਼ਟੀ, ਆਲੇ-ਦੁਆਲੇ, ਜਾਪਾਨੀ/ਬੋਧੀ/ਚੀਨੀ ਚਿੰਤਕ ਅਤੇ ਚਿੰਤਕਾਂ ਦੀਆਂ ਟਿੱਪਣੀਆਂ ਅਤੇ ਦ੍ਰਿਸ਼ਟਾਂਤ, ਮੁੱਲਾਂ ਨਸੀਰੂਦੀਨ ਦੇ ਟੋਟਕੇ ਇਨ੍ਹਾਂ ਦੀ ਕੱਚੀ ਸਮੱਗਰੀ ਹਨ। ਇਨ੍ਹਾਂ ਦੇ ਸੁਮੇਲ ਨਾਲ ਸਿਰਜੀ ਵਾਰਤਕ ਵਿਚ ਬਹੁਤੇ ਹੱਦ ਤੱਕ ਰੌਚਿਕਤਾ, ਸਹਿਜ ਅਤੇ ਹਲਕਾ-ਫੁਲਕਾਪਣ ਬਣਿਆ ਰਹਿੰਦਾ ਹੈ। ਇਸ ਕਾਰਨ ਇਹ ਨਿਬੰਧ ਜੀਵਨ ਦੀਆਂ ਵਡੇਰੀਆਂ ਸਚਾਈਆਂ ਨੂੰ ਨਾ ਸਿਰਫ ਉਜਾਗਰ ਕਰਨ ਵਿਚ ਸਫ਼ਲ ਹਨ, ਸਗੋਂ ਉਨ੍ਹਾਂ ਨੂੰ ਜੀਵਨ ਦਾ ਮਾਰਗ ਦਰਸ਼ਕ ਆਧਾਰ ਬਣਾਉਣ ਦੇ ਪ੍ਰੇਰਕ ਬਣਨ ਦੇ ਸਮਰੱਥ ਹਨ। ਫਿਰ ਵੀ ਕਿਤੇ-ਕਿਤੇ ਜੈਨ ਬੋਧੀਆਂ ਦਾ ਜਟਿਲ ਫਲਸਫ਼ਾ ਇਨ੍ਹਾਂ ਉੱਤੇ ਭਾਰੂ ਹੋ ਜਾਂਦਾ ਹੈ। ਉਥੇ ਵੀ ਭਾਸ਼ਾ ਦਾ ਸੁਹਜ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਜਾਪਾਨੀ ਹਾਈਕੂ ਤੇ ਲਘੂ ਕਵਿਤਾਵਾਂ ਪੰਜਾਬੀ ਪਾਠਕਾਂ ਨੂੰ ਓਨਾ ਪ੍ਰਭਾਵਿਤ ਨਹੀਂ ਕਰਦੇ, ਜਿੰਨਾ ਪੰਜਾਬੀ ਦੀ ਆਪਣੀ ਨਵੀਂ ਪੁਰਾਣੀ ਕਵਿਤਾ। ਇਹ ਤੱਥ ਪੰਜਾਬੀ ਵਿਚ ਹਾਈਕੂ ਕਾਵਿ ਦੀ ਪ੍ਰਯੋਗਾਂ ਨੂੰ ਮਿਲੇ ਹੁੰਗਾਰੇ ਤੋਂ ਵੀ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ। ਸੋਢੀ ਦੀ ਇਸ ਕਿਤਾਬ ਦੀ ਵਾਰਤਕ ਪਾਠਕਾਂ ਦੀ ਸੁਹਜ ਤ੍ਰਿਪਤੀ ਵੀ ਕਰਦੀ ਹੈ ਅਤੇ ਮਾਰਗ ਦਰਸ਼ਨ ਵੀ।
ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c
ਯਾਦਾਂ ਦੇ ਪਿਛਵਾੜੇ
ਲੇਖਕ : ਅਮੀਨ ਮਲਿਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 180
ਸੰਪਰਕ : 99884-40812.
'ਯਾਦਾਂ ਦੇ ਪਿਛਵਾੜੇ' ਪਾਕਿਸਤਾਨੀ ਪੰਜਾਬੀ ਲੇਖਕ ਅਮੀਨ ਮਲਿਕ ਦੇ ਜੀਵਨ ਵੇਰਵੇ ਹਨ। ਇਕ ਤਰ੍ਹਾਂ ਦੀ ਸਵੈਜੀਵਨੀ। ਜਿਸ ਨੂੰ ਉਸ ਨੇ ਗਹਿਰੀ ਸੰਵੇਦਨਸ਼ੀਲਤਾ ਨਾਲ ਕਲਮਬੱਧ ਕੀਤਾ ਹੈ। ਸਿਰਜਣਾਤਮਿਕ ਵਾਰਤਕ ਦਾ ਇਹ ਸੰਗ੍ਰਹਿ ਸਮਾਜ, ਸੱਭਿਆਚਾਰ ਅਤੇ ਜ਼ਿੰਦਗੀ ਨੂੰ ਸਮਝਣ ਅਤੇ ਪ੍ਰਗਟਾਉਣ ਦੀ ਗਾਥਾ ਹੈ। ਛਪਣ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਕਿਤਾਬ ਅਮੀਨ ਮਲਿਕ ਦੀ ਆਖਰੀ ਕਿਤਾਬ ਹੈ। ਪਿਛਲੇ ਮਹੀਨੇ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਸ ਦਾ ਜੀਵਨ ਅਤਿ ਰੌਮਾਂਚਿਕ ਅਤੇ ਜੋਖ਼ਮਾਂ ਭਰਿਆ ਸੀ। ਆਪਣੀ ਮਿੱਟੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਅਤੇ ਆਪਣੇ ਆਲੇ-ਦੁਆਲੇ ਨੂੰ ਪਿਆਰ ਕਰਨ ਦੇ ਜਜ਼ਬੇ ਨਾਲ ਭਰਪੂਰ ਅਮੀਨ ਮਲਿਕ ਨੇ ਜ਼ਿੰਦਗੀ ਨੂੰ ਆਪਣੀਆਂ ਹੀ ਸ਼ਰਤਾਂ 'ਤੇ ਜੀਵਿਆ ਸੀ। 1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਉਸ ਦੀਆਂ ਰਚਨਾਵਾਂ ਬੇਮਿਸਾਲ ਹਨ। ਦੋਸਤਾਂ ਦੀ ਬੇਵਫ਼ਾਈ, ਸਰਕਾਰਾਂ ਦੇ ਸਿਤਮ, ਸੰਸਥਾਵਾਂ ਦੇ ਖੋਖਲੇਪਨ ਤੋਂ ਲੈ ਕੇ ਸਿਆਸਤ ਦੀਆਂ ਬੇਰੁਖ਼ੀਆਂ ਤੱਕ ਫੈਲਿਆਂ ਇਸ ਪੁਸਤਕ ਦਾ ਕੈਨਵਸ ਨਾ ਸਿਰਫ ਰੌਚਿਕ ਹੈ ਸਗੋਂ ਦਿਲ ਕੰਬਾਊ ਵੀ ਹੈ। ਇਸ ਸਿਤਾਬ ਵਿਚ ਦੋ ਲੇਖ ਉਨ੍ਹਾਂ ਦੀ ਧਰਮ ਪਤਨੀ ਰਾਣੀ ਮਲਿਕ ਦੇ ਵੀ ਸ਼ਾਮਿਲ ਹਨ, ਜਿਹੜੇ ਅਮੀਨ ਮਲਿਕ ਦੀ ਸ਼ਖ਼ਸੀਅਤ ਦੇ ਗਹਿਰੇ ਰੰਗਾਂ ਨੂੰ ਉਘਾੜਦੇ ਹਨ 'ਮੈਨੂੰ ਇਕੋ ਮਾਣ ਹੈ ਕਿ ਮੈਂ ਇਕ ਅਜਿਹੇ ਪੰਜਾਬੀ ਦੀ ਬੀਵੀ ਹਾਂ, ਜਿਸ ਦੇ ਲਹੂ ਵਿਚ ਪੰਜ ਦਰਿਆ ਹਨ ਅਤੇ ਜੁੱਸੇ ਨੂੰ ਪੰਜਾਬ ਦੀ ਮਿੱਟੀ ਨਾਲ ਲਿਪਿਆ ਪੋਚਿਆ ਗਿਆ ਹੈ।' ਅਮੀਨ ਮਲਿਕ ਲਿਖਦਾ ਹੈ ਮੰਚ ਉੱਪਰ ਹਾਰ ਪਾ ਕੇ ਬੈਠਣਾ, ਸਨਮਾਨ ਦੀ ਸਸਤੀ ਜਿਹੀ ਖਾਹਿਸ਼ ਲਈ ਹਫ਼-ਹਫ਼ ਕੇ ਮਰਨਾ, ਯੂਨੀਵਰਸਿਟੀਆਂ ਵਿਚ ਕਿਤਾਬਾਂ ਲਗਵਾਉਣ ਲਈ ਥੱਲੇ ਲੱਗ ਜਾਣਾ, ....... ਮੈਂ ਇਹੀ ਆਖਾਂਗਾ ਕਿ ਪ੍ਰਾਪਤੀ ਦੀ ਪਰਵਾਹ ਨਾ ਕਰਨਾ ਹੀ ਪ੍ਰਾਪਤੀ ਹੈ।' ਪੁਸਤਕ ਵਿਚ ਸ਼ਾਮਿਲ 21 ਲੇਖਾਂ ਵਿਚੋਂ 19 ਉਸ ਦੇ ਆਪਣੇ ਹਨ ਅਤੇ 'ਯਾਰਾਂ ਦੀ ਮਸਤੀ ਵੱਖਰੀ' ਦੇ ਇਕੋ ਸਿਰਲੇਖ ਵਾਲੇ ਦੋ ਲੇਖ ਹਨ। ਸੰਤਾਲੀ ਦੇ ਦਰਦ ਨੂੰ ਜਿਨ੍ਹਾਂ ਸ਼ਬਦਾਂ ਵਿਚ ਅਮੀਨ ਨੇ ਦੱਸਿਆ ਹੈ, ਉਹ ਅਜਬ ਗਹਿਰਾਈ ਵਾਲੇ ਹਨ 'ਪਾਣੀ ਵਿਚ ਰੁੜ੍ਹਦੀ ਜਾਂਦੀ ਇਕ ਚਿੱਟੇ ਸਿਰ ਵਾਲੀ ਮਾਈ ਨੂੰ ਬਾਹਰ ਕੱਢ ਕੇ ਦੁਬਾਰਾ ਦਰਿਆ ਵਿਚ ਵਗਾਹ ਮਾਰਿਆ, ਕਿਉਂਕਿ ਉਹ ਪੰਜਾਬੀਆਂ ਦੀ ਮਾਂ ਇਕ ਸਿੱਖ ਔਰਤ ਸੀ।' ਅਮੀਨ ਮਲਿਕ ਦੇ ਦਿਲ ਦਾ ਦਰਦ ਇਸ ਪੁਸਤਕ ਦੇ ਸਫ਼ਿਆਂ 'ਤੇ ਉਕਰਿਆ ਗਿਆ ਹੈ। ਕਾਫ਼ਲਾ ਜਦੋਂ ਕਮਾਦਾਂ ਵਿਚੋਂ ਦੀ ਲੰਘ ਰਿਹਾ ਸੀ ਤਾਂ ਮੌਤ ਨੇ ਮੂੰਹ ਆ ਅੱਡਿਆ ਇਕ ਦੋ ਫਾਇਰ ਵੱਜੇ। ਆਪਾਧਾਪੀ ਪਈ ਤੇ ਕਮਾਦਾਂ ਵਿਚੋਂ ਬਰਛੀਆਂ, ਛਵੀਆਂ ਅਤੇ ਕਿਰਪਾਨਾਂ ਵਾਲੇ ਕੋਈ ਦੋਸ਼ ਦੱਸੇ ਬਿਨਾਂ ਉੱਜੜੇ ਜਾਂਦੇ ਗੁਆਂਢੀਆਂ ਨੂੰ ਮੌਤ ਦੀ ਸਜ਼ਾ ਦੇਣ ਲੱਗੇ'.......... ਮੌਤਾਂ ਦਾ ਹਿਸਾਬ ਵੀ ਕੋਈ ਨਾ ਕਰ ਸਕਿਆ ਖਲੋ ਕੇ......' ਅਮੀਨ ਆਪਣੀ ਇਸ ਕਿਤਾਬ ਰਾਹੀਂ ਪੰਜਾਬੀਆਂ ਲਈ ਅਨੇਕਾਂ ਸਵਾਲ ਛੱਡਦਾ ਹੈ, ਜੋ ਦੋਵਾਂ ਦੇਸ਼ਾਂ ਦੀ ਵਿਗੜ ਰਹੀ ਭਾਸ਼ਾ ਬਾਰੇ ਵੀ ਹਨ ਸੱਭਿਆਚਾਰ ਬਾਰੇ ਵੀ ਹਨ ਮਾਨਵੀ ਕਦਰਾਂ-ਕੀਮਤਾਂ ਬਾਰੇ ਵੀ ਹਨ ਪਰ ਸਭ ਤੋਂ ਵੱਡਾ ਸਵਾਲ ਉਸ ਨੇ ਇਹ ਪਾਇਆ ਹੈ 'ਪੰਜਾਬੀ ਕਦੇ ਅਕਲ ਦੀ ਵਰਤੋਂ ਵੀ ਕਰਨਗੇ ਜਾਂ ਜਜ਼ਬਾਤੀ ਹੀ ਬਣੇ ਰਹਿਣਗੇ?' ਪੰਜਾਬ ਦੀ ਸਾਂਝੀ ਵਿਰਾਸਤ ਅਤੇ ਸੱਭਿਆਚਾਰ ਦੀਆਂ ਰਹਿਤਲਾਂ ਨੂੰ ਸਮਝਣ ਲਈ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ।
ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.
c c c
ਰੰਗ
ਕਵੀ : ਪਵਨ 'ਗਿੱਲਾਂਵਾਲਾ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 0172-5027427.
ਇਕੋ ਸਮੇਂ ਗੀਤਕਾਰ, ਨਾਵਲਕਾਰ ਅਤੇ ਕਵੀ ਪਵਨ 'ਗਿੱਲਾਂਵਾਲਾ' ਆਪਣੀ 11ਵੀਂ ਪੁਸਤਕ ਰੰਗ (ਕਾਵਿ ਸੰਗ੍ਰਹਿ) ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ। ਹਥਲੀ ਪੁਸਤਕ ਵਿਚ 99 ਕਾਵਿ, ਗੀਤ ਦੀਆਂ ਵੰਨਗੀਆਂ ਦਰਜ ਹਨ। ਸੰਵੇਦਨਸ਼ੀਲ ਕਵੀ/ਗੀਤਕਾਰ ਨੇ 'ਰੰਗ' ਸਿਰਲੇਖ ਹੇਠ ਦਰਜ ਰਚਨਾਵਾਂ ਵਿਚ ਮਨੁੱਖ ਦੀ ਜ਼ਿੰਦਗੀ ਦੇ ਕਈ ਵੰਨ-ਸੁਵੰਨੇ ਰੰਗਾਂ ਦੀ ਗੱਲ ਕਰਦਿਆਂ ਉਨ੍ਹਾਂ ਦੀ ਮਹੱਤਤਾ ਨੂੰ ਕਾਵਿਕ ਬਿੰਬਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਧਰੇ ਉਹ ਕੁਦਰਤ ਵਿਚ ਪਸਰੇ ਪਹਾੜਾਂ, ਫੁੱਲਾਂ, ਬੂਟਿਆਂ, ਝਰਨਿਆਂ, ਚੰਨ-ਸੂਰਜ, ਦਰਿਆਵਾਂ ਰਾਹੀਂ ਰੰਗਾਂ ਅਤੇ ਉਨ੍ਹਾਂ ਦੇ ਮਨੁੱਖੀ ਮਨ 'ਤੇ ਪੈਂਦੇ ਪ੍ਰਭਾਵਾਂ ਦੀ ਕਲਾਮਈ ਢੰਗ ਨਾਲ ਗੱਲ ਕਰਦਾ ਹੈ
ਰੁੱਤਾਂ ਨੇ ਬਸ ਰੰਗ ਹੀ ਬਦਲੇ
ਨਾਲ ਸਮੇਂ ਦੇ ਆ ਕੇ
ਦਿਲ ਦਾ ਪੰਛੀ ਖੌਰੇ ਕਿਉਂ
ਰੁੱਖੋਂ-ਬੇਮੁੱਖ ਹੋਇਆ।'
ਕੁਦਰਤੀ ਰੰਗਾਂ ਦੀ ਬਾਤ ਪਾਉਂਦਾ ਕਵੀ/ਗੀਤਕਾਰ ਪਵਨ ਮਨੁੱਖੀ ਜ਼ਿੰਦਗੀ ਦੇ ਮੁੱਖ ਪੜਾਵਾਂ ਬਚਪਨ, ਜਵਾਨੀ ਤੇ ਬੁਢਾਪੇ ਦੇ ਰੰਗਾਂ ਦੀ ਗੱਲ ਕਰਦਾ ਹੈ ਤੇ ਉਮਰ ਮੁਤਾਬਿਕ ਹਰੇਕ ਰੰਗ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ। ਇਹ ਰੰਗ ਰਚਨਾ ਜ਼ਿੰਦਗੀ ਦੇ ਰੰਗ, ਰੀਝਾਂ ਸਧਰਾਂ, ਚੰਨ ਵਾਲੀ ਚਾਨਣੀ, ਸੁਪਨੇ ਅਧੂਰੇ, ਹੁਸਨ ਜਵਾਨੀ, ਪੀਂਘ, ਮਾਂ ਦੀਆਂ ਚਿੜੀਆਂ, ਰੁੱਤ ਬਹਾਰਾਂ ਦੀ, ਇਸ਼ਕ ਬੁਖਾਰ, ਨਾ ਸੋਚਾਂ ਨਾ ਮਧਰਾਂ, ਆਦਿ ਵਿਚ ਖਿਲਰੇ ਪਏ ਹਨ। ਹਰੇਕ ਰਚਨਾ ਹੀ ਇਨ੍ਹਾਂ ਰੰਗਾਂ ਰਾਹੀਂ ਜਿਥੇ ਜ਼ਿੰਦਗੀ ਦੀ ਨਿਸ਼ਾਨਦੇਹੀ ਕਰਦੀ ਹੈ, ਉਥੇ ਸਮਾਜ ਨੂੰ ਇਕ ਸਾਰਥਕ ਅਤੇ ਸਿਹਤਮੰਦ ਸੁਨੇਹਾ ਦੇਣ ਦਾ ਉਪਰਾਲਾ ਵੀ ਕਰਦੀ ਹੈ। ਲੇਖਕ ਆਪਣੇ ਦਿਲ ਦੇ ਵਲਵਲਿਆਂ, ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਧਰਤੀ ਦੇ ਵੱਖੋ-ਵੱਖਰੇ ਪ੍ਰਤੀਕਾਂ/ਬਿੰਬਾਂ ਰਾਹੀਂ ਜ਼ਿੰਦਗੀ ਦੇ ਕੈਨਵਸ 'ਤੇ ਚਿਤਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਹਮਣੇ ਦਿੱਸਦੇ ਰੰਗਾਂ ਵਿਚੋਂ ਵੀ ਉਹ ਰੰਗ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਹੜੇ ਭਾਵੇਂ ਸਪੱਸ਼ਟ ਵਿਖਾਈ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਨਿਵੇਕਲਾ, ਮੋਕਲਾ ਤੇ ਸਦਾਬਹਾਰ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰੰਗਾਂ ਨਾਲ ਹੀ ਜ਼ਿੰਦਗੀ ਧੜਕਦੀ ਹੈ, ਰਿਸ਼ਤੇ ਜਿਊਂਦੇ ਹਨ ਅਤੇ ਸਮਾਜ ਨਵਾਂ-ਨਰੋਇਆ ਤੇ ਜ਼ਿੰਦਗੀ ਨਾਲ ਲਬਾਲਬ ਭਰਿਆ ਰਹਿੰਦਾ ਹੈ।
ਡਾ: ਧਰਮਪਾਲ ਸਾਹਿਲ
ਮੋ: 98761-56964.
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX