ਤਾਜਾ ਖ਼ਬਰਾਂ


ਗੜ੍ਹਸ਼ੰਕਰ ਵਿਖੇ ਦੁਕਾਨ 'ਚ ਬੈਠੇ ਨੌਜਵਾਨ 'ਤੇ ਅਨ੍ਹੇਵਾਹ ਵਰ੍ਹਾਈਆਂ ਗੋਲੀਆਂ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 10 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਨੰਗਲ ਰੋਡ 'ਤੇ ਇਕ ਦੁਕਾਨ 'ਚ ਬੈਠੇ ਨੌਜਵਾਨ ਨੂੰ 3 ਅਣਪਛਾਤੇ ਕਾਰ ਸਵਾਰਾਂ ਵਲੋਂ ਅਨ੍ਹੇਵਾਹ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ...
ਕੁਸ਼ਟ ਆਸ਼ਰਮ ਦੀ ਗੱਡੀ ਤੇ ਕੈਂਟਰ ਦੀ ਭਿਆਨਕ ਟੱਕਰ ‘ਚ ਇਕ ਦੀ ਮੌਤ , ਪੰਜ ਜ਼ਖ਼ਮੀ
. . .  1 day ago
ਦਸੂਹਾ [ਹੁਸ਼ਿਆਰਪੁਰ], 10 ਅਗਸਤ (ਸੰਦੀਪ ਉੱਤਮ ) -ਦਸੂਹਾ ਵਿਖੇ ਰਾਜ ਮਾਰਗ ‘ਤੇ ਪੈਟਰੋਲ ਪੰਪ ਦੇ ਸਾਹਮਣੇ ਕੁਸ਼ਟ ਆਸ਼ਰਮ ਤੇ ਕੈਂਟਰ ਵਿਚਕਾਰ ਹੋਈ ਭਿਆਨਕ ਟੱਕਰ ‘ਚ ਇਕ ਵਿਅਕਤੀ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ...
ਚੰਡੀਗੜ੍ਹ : ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਕੱਲ੍ਹ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਸਮਾਰਟਫੋਨ
. . .  1 day ago
ਸਬ ਡਵੀਜ਼ਨਲ ਹਸਪਤਾਲ ਦੀ ਮਹਿਲਾ ਡਾਕਟਰ ਮਿਲੀ ਕੋਰੋਨਾ ਪਾਜ਼ੀਟਿਵ
. . .  1 day ago
ਤਲਵੰਡੀ ਸਾਬੋ ,10 ਅਗਸਤ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲੜੀ ਵਿੱਚ ਓਦੋਂ ਵਾਧਾ ਹੋ ਗਿਆ ਜਦੋਂ ਸਬ ...
ਰਾਜਪੁਰਾ (ਪਟਿਆਲਾ) 'ਚ 27 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  1 day ago
ਰਾਜਪੁਰਾ, 10 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਚ ਅੱਜ 27 ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ।ਇਸ ਸੰਬੰਧੀ...
ਸ਼ਾਹਕੋਟ (ਜਲੰਧਰ) ਬਲਾਕ 'ਚ ਅੱਜ ਹੋਰ 13 ਲੋਕ ਕੋਰੋਨਾ ਪਾਜ਼ੀਟਿਵ ਮਿਲੇ
. . .  1 day ago
ਸ਼ਾਹਕੋਟ, 10 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਸੋਮਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ ਵਿਚ 13 ਲੋਕ ਕੋਰੋਨਾ ਪਾਜ਼ੀਟਿਵ ਆਏ। ਇਨ੍ਹਾਂ ਵਿਚ 12 ਲੋਕ ਸ਼ਾਹਕੋਟ ਇਲਾਕੇ ਦੇ ਹਨ, ਜਦਕਿ ਇੱਕ ਧਰਮਕੋਟ ਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ...
ਪਟਿਆਲਾ 'ਚ ਕੋਰੋਨਾ ਨਾਲ 6 ਮੌਤਾਂ, 248 ਹੋਰ ਮਾਮਲੇ ਪਾਜ਼ੀਟਿਵ
. . .  1 day ago
ਪਟਿਆਲਾ, 10 ਅਗਸਤ (ਮਨਦੀਪ ਸਿੰਘ ਖਰੋੜ) - ਜ਼ਿਲੇ੍ਹ 'ਚ ਕੋਰੋਨਾ ਨਾਲ ਹੋਰ 6 ਵਿਅਕਤੀਆਂ ਦੀ ਮੌਤਾਂ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਉਣ ਦੇ ਨਾਲ 248 ਜਣਿਆਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਵੀ ਆਈ ਹੈ । ਜ਼ਿਲੇ੍ਹ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ...
ਪਿੰਡ ਮੁੱਛਲ (ਅੰਮ੍ਰਿਤਸਰ) ਵਿਖੇ ਵਿਧਾਇਕ ਡੈਨੀ ਬੰਡਾਲਾ ਨੇ ਪੀੜਤ ਪਰਿਵਾਰਾਂ ਨੂੰ ਕੀਤੇ ਚੈੱਕ ਤਕਸੀਮ
. . .  1 day ago
ਟਾਂਗਰਾ, 10 ਅਗਸਤ (ਹਰਜਿੰਦਰ ਸਿੰਘ ਕਲੇਰ) ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਦੇ ਮ੍ਰਿਤਕਾਂ ਦੇ ਪਰਿਵਾਰਾਂ ...
ਸੁਨਾਮ (ਸੰਗਰੂਰ) ’ਚ ਅੱਜ 4 ਔਰਤਾਂ ਅਤੇ 2 ਬੱਚਿਆਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੰਗਰੂਰ ਜ਼ਿਲੇ੍ਹ ਦੇ ਸੁਨਾਮ ਸ਼ਹਿਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ...
ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ
. . .  1 day ago
ਫ਼ਾਜ਼ਿਲਕਾ, 10 ਅਗਸਤ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 4 ਅਤੇ ਅਬੋਹਰ ਦੇ 6 ਮਾਮਲੇ ਹਨ। ਅਬੋਹਰ ਦੇ ਪਿੰਡ ਢੀਂਗਾ ਵਾਲੀ 25 ਸਾਲਾਂ ਨੌਜਵਾਨ...
ਲੁਧਿਆਣਾ ਵਿਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 10 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਅੱਜ 11 ਹੋਰ ਮਰੀਜ਼ ਦਮ ਤੋੜ ਗਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਨਾਲ...
ਪਿੰਡ ਮੇਹਲੀ (ਨਵਾਂਸ਼ਹਿਰ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਮੇਹਲੀ, 10 ਅਗਸਤ (ਸੰਦੀਪ ਸਿੰਘ) - ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਬੰਗਾ ਅਧੀਨ ਆਉਂਦੇ ਪਿੰਡ ਮੇਹਲੀ ਦੇ ਵਸਨੀਕ ਪਵਨ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਨ.ਐਮ ਮੈਡਮ ਸੁਨੀਤਾ ਨੇ ਦੱਸਿਆ ਕਿ ਪਵਨ ਕੁਮਾਰ ਨੇ ਦੁਬਈ ਜਾਣ ਲਈ ਖ਼ੁਦ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ...
ਪੁਲਿਸ ਥਾਣਾ ਰਾਜਾਸਾਂਸੀ ਦੇ ਨਵੇਂ ਐਸ.ਐਚ.ਓ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲਿਆ
. . .  1 day ago
ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ) ਪੁਲਿਸ ਥਾਣਾ ਰਾਜਾਸਾਂਸੀ ਦੇ ਪਹਿਲੇ ਥਾਣਾ ਮੁੱਖੀ ਮਨਮੀਤਪਾਲ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਤਾਇਨਾਤ ਹੋਏ ਐਸ. ਐਚ. ਓ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਥਾਣਾ ਮੁੱਖੀ ਸਬ ਇੰਸਪੈਕਟਰ...
ਜ਼ਿਲ੍ਹਾ ਕਪੂਰਥਲਾ ਵਿਚ 14 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਕਪੂਰਥਲਾ, 10 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 14 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਫਗਵਾੜਾ ਦੇ, ਇਕ ਸੁਲਤਾਨਪੁਰ ਲੋਧੀ ਤਿੰਨ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 226...
ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ
. . .  1 day ago
ਧਾਰੀਵਾਲ, 10 ਅਗਸਤ (ਜੇਮਸ ਨਾਹਰ) - ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਅੱਜ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ...
ਕੋਰੋਨਾ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਵਿਚ 7ਵੀਂ ਮੌਤ
. . .  1 day ago
ਨਵਾਂਸ਼ਹਿਰ,10 ਅਗਸਤ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਵਾਇਰਸ ਕਰਕੇ ਜ਼ਿਲੇ 7ਵੀਂ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਾਫਰਪੁਰ ਦਾ ਇਕ 85 ਸਾਲਾ ਵਿਅਕਤੀ ਜੋ ਕਿ ਗੰਭੀਰ ਰੂਪ ਵਿੱਚ ਪਹਿਲੇ ਤੋਂ ਬਿਮਾਰ ਸੀ। 6 ਅਗਸਤ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਪਟਿਆਲਾ...
ਅੰਮ੍ਰਿਤਸਰ ਵਿਚ 30 ਪਾਜ਼ੀਟਿਵ ਕੋਰੋਨਾ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 10 ਅਗਸਤ - ਅੰਮ੍ਰਿਤਸਰ ਵਿਚ ਅੱਜ 30 ਕੋਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ ਤੇ ਇਕ 66 ਸਾਲਾ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿਚ ਕੁੱਲ 2406 ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਨ੍ਹਾਂ ਵਿਚੋਂ 1891 ਠੀਕ...
ਰੇਲ ਸੇਵਾਵਾਂ ਹੁਣ 30 ਅਗਸਤ ਤੱਕ ਰੱਦ
. . .  1 day ago
ਨਵੀਂ ਦਿੱਲੀ, 10 ਅਗਸਤ - ਭਾਰਤੀ ਰੇਲਵੇ ਵਲੋਂ ਨਿਯਮਤ ਮੇਲ/ਐਕਸਪ੍ਰੈਸ, ਪੈਸੰਜਰ ਤੇ ਲੋਕਲ ਟਰੇਨਾਂ ਦੀ ਸੇਵਾ 'ਤੇ 30 ਅਗਸਤ 2020 ਤੱਕ ਰੋਕ ਵਧਾ ਦਿੱਤੀ ਗਈ ਹੈ। ਪਰੰਤੂ ਸਪੈਸ਼ਲ ਮੇਲ/ਐਕਸਪ੍ਰੈਸ...
ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ
. . .  1 day ago
ਚੰਡੀਗੜ੍ਹ, 10 ਅਗਸਤ - ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 28 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦਾ ਡਿਜ਼ਾਈਨ ਕੈਪਟਨ ਨੇ ਕੀਤਾ ਸਾਂਝਾ
. . .  1 day ago
ਚੰਡੀਗੜ੍ਹ, 10 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਜਾ ਰਹੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦੇ ਡਿਜ਼ਾਈਨ ਨੂੰ...
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਕੀਤਾ ਰੋਸ ਮਾਰਚ
. . .  1 day ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੀਤਾ ਤੇ ਆਮ ਆਦਮੀ ਪਾਰਟੀ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚਿਤਾਵਨੀ ਮੰਗ ਪੱਤਰ ਸਥਾਨਕ...
ਕੋਰੋਨਾ ਨਾਲ ਹੋਈ ਇਕ 80 ਸਾਲਾ ਬਜ਼ੁਰਗ ਔਰਤ ਦੀ ਮੌਤ
. . .  1 day ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਾਸੀ ਇਕ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਉਕਤ ਔਰਤ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਨੂੰ ਬਠਿੰਡਾ ਤੋਂ ਸਿਵਲ...
ਸ੍ਰੀ ਮੁਕਤਸਰ ਸਾਹਿਬ ਵਿਖੇ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 49 ਸਾਲ ਦਾ ਵਿਅਕਤੀ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਸ੍ਰੀ ਮੁਕਤਸਰ ਸਾਹਿਬ, 28 ਸਾਲ ਅਤੇ 35 ਸਾਲ ਦੀਆਂ ਔਰਤਾਂ ਪਿੰਡ ਬਾਦਲ, 50 ਸਾਲ...
ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ 'ਚ 3 ਵਿਅਕਤੀਆਂ ਦੀ ਮੌਤ
. . .  1 day ago
ਸੰਗਰੂਰ, 10 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਹੋਰ ਜਾਨ ਲੈ ਲਈ ਹੈ। ਇਨ੍ਹਾਂ ਵਿਚ ਛੇ ਮਹੀਨੇ ਪਹਿਲਾਂ ਸੇਵਾ ਮੁਕਤ ਹੋਇਆ ਇਕ ਕਾਨੂੰਨਗੋ ਵੀ ਸ਼ਾਮਿਲ ਹੈ। ਉਸ ਦੀ ਮੌਤ ਕੱਲ੍ਹ ਸਵੇਰੇ ਹੋਈ ਸੀ ਅਤੇ ਕੱਲ੍ਹ ਹੀ ਉਨ੍ਹਾਂ ਦੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 18 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਜ਼ਿੰਦਗੀ \'ਚ ਲੰਮੇ ਕਦਮ ਪੁੱਟਣਾ ਜੇ ਮੁਸ਼ਕਿਲ ਹੋ ਜਾਵੇ ਤਾਂ ਛੋਟੇ ਕਦਮ ਹੀ ਪੁੱਟੋ, ਪਰ ਅੱਗੇ ਵਧਣਾ ਬੰਦ ਨਾ ਕਰੋ। -ਜੌਨ ਗਾਰਡਨ

ਤੁਹਾਡੇ ਖ਼ਤ

31-07-2020

 ਆਓ ਸਾਰੇ ਰੁੱਖ ਲਗਾਈਏ
ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਹ ਸਮਾਂ ਰੁੱਖ ਲਗਾਉਣ ਲਈ ਬਹੁਤ ਢੁਕਵਾਂ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਰੁੱਖ ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦੇ ਹਨ। ਇਹ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖ ਲਗਾਈਏ ਅਤੇ ਇਨ੍ਹਾਂ ਦੀ ਸੰਭਾਲ ਵੀ ਕਰੀਏ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਅਵਾਰਾ ਫਿਰਦੀਆਂ ਗਾਵਾਂ
ਅਵਾਰਾ ਫਿਰਦੀਆਂ ਗਾਵਾਂ ਤੋਂ ਅੱਜਕਲ੍ਹ ਸਭ ਵਰਗ ਦੇ ਲੋਕ ਪ੍ਰੇਸ਼ਾਨ ਹਨ, ਖ਼ਾਸ ਕਰਕੇ ਪਿੰਡਾਂ ਦੇ ਕਿਸਾਨ। ਅਵਾਰਾ ਗਾਵਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪਹਿਲਾਂ ਤਾਂ ਬੁੱਢੀਆਂ ਹੋ ਚੁੱਕੀਆਂ ਗਾਵਾਂ ਹੀ ਅਵਾਰਾ ਫਿਰਦੀਆਂ ਸਨ। ਇਨ੍ਹਾਂ ਨੂੰ ਅਵਾਰਾ ਫਿਰਦੀਆਂ ਦੇਖ ਲੋਕ ਅਕਸਰ ਕਹਿੰਦੇ ਸੀ ਕਿ ਫਲਾਣੇ ਨੇ ਦੁੱਧ ਪੀ ਕੇ ਛੱਡ ਦਿੱਤੀ। ਪਰ ਹੁਣ ਵੇਖਣ ਵਿਚ ਕੀ ਆਉਂਦੈ ਕਿ ਸਾਲ ਕੁ ਦੀਆਂ ਵੱਛੀਆਂ ਨੂੰ ਵੀ ਲੋਕ ਛੱਡਣ ਨੂੰ ਮਜਬੂਰ ਹੋਏ ਪਏ ਹਨ। ਮਜਬੂਰੀ ਲੋਕਾਂ ਦੀ ਕੋਈ ਵੀ ਹੋ ਸਕਦੀ ਹੈ ਪਰ ਜ਼ਿਆਦਾ ਮਜਬੂਰ ਲੋਕ ਗਾਵਾਂ ਦੇ ਵਾਰ-ਵਾਰ ਹੀਟ ਵਿਚ ਆਉਣਾ ਮੰਨਦੇ ਹਨ। ਕੁਝ ਵਿਦੇਸ਼ੀ ਗਾਵਾਂ ਐਚ. ਐਫ. ਤੇ ਅਮਰੀਕਨ ਚੰਗਾ ਰਹਿਣ-ਸਹਿਣ ਭਾਲਦੀਆਂ ਹਨ ਜੋ ਕਿ ਆਮ ਪਸ਼ੂ ਪਾਲਕ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਇਨ੍ਹਾਂ ਵਿਦੇਸ਼ੀ ਗਾਵਾਂ ਨੂੰ ਸਾਡੇ ਦੇਸ਼ ਦਾ ਪੌਣ ਪਾਣੀ ਸਹੀ ਨਹੀਂ ਬੈਠਦਾ। ਪਰ ਜਦੋਂ ਅਵਾਰਾ ਗਾਵਾਂ ਕਰਕੇ ਸੜਕ ਦੁਰਘਟਨਾ ਵਿਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਦੁੱਖ ਉਹੀ ਸਮਝ ਸਕਦੈ ਜਿਸ ਪਰਿਵਾਰ ਨਾਲ ਬੀਤ ਚੁੱਕੀ ਹੋਵੇ। ਪਿੰਡਾਂ ਵਿਚ ਅਵਾਰਾ ਸਾਨ੍ਹ ਹਮਲਾਵਰ ਰੁਖ਼ ਨਾਲ ਕਿੰਨੇ ਹੀ ਲੋਕਾਂ ਦੀ ਜਾਨ ਲੈ ਚੁੱਕੇ ਹਨ। ਹੁਣ ਸਰਕਾਰ ਤੇ ਪ੍ਰਸ਼ਾਸਨ ਨੂੰ ਜਲਦ ਇਸ ਦਾ ਯੋਗ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵੱਡਾ ਰੂਪ ਧਾਰ ਸਕਦੀ ਹੈ, ਜਿਸ ਦੇ ਨਤੀਜੇ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।

-ਜਸਵੰਤ ਸਿੰਘ ਲਖਣਪੁਰੀ
ਪਿੰਡ ਲਖਣਪੁਰ, ਤਹਿ: ਖਮਾਣੋਂ (ਫ.ਗ.ਸ.)।

ਪੰਛੀਆਂ ਦੀ ਕਰੋ ਦੇਖਭਾਲ
ਗਰਮੀ ਦਾ ਮੌਸਮ ਚੱਲ ਰਿਹਾ ਹੈ। ਹਰ ਕੋਈ ਗਰਮੀ ਮਹਿਸੂਸ ਕਰ ਰਿਹਾ ਹੈ। ਗਰਮੀ ਤੋਂ ਨਿਜਾਤ ਪਾਉਣ ਲਈ ਹਰ ਇਨਸਾਨ ਵੱਖ-ਵੱਖ ਤਰ੍ਹਾਂ ਦੇ ਤੌਰ-ਤਰੀਕੇ ਅਪਣਾ ਰਿਹਾ ਹੈ ਜਿਵੇਂ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰ ਰਿਹਾ ਹੈ, ਆਪਣੇ-ਆਪ ਨੂੰ ਗਰਮੀ ਤੋਂ ਬਚਾਉਣ ਲਈ ਘਰਾਂ ਵਿਚ ਰਹਿ ਰਿਹਾ ਹੈ, ਨਿੰਬੂ ਪਾਣੀ ਵੱਧ ਤੋਂ ਵੱਧ ਪੀ ਰਿਹਾ ਹੈ ਆਦਿ ਅਨੇਕਾਂ ਅਜਿਹੀਆਂ ਸਾਵਧਾਨੀਆਂ ਅਪਣਾ ਰਿਹਾ ਹੈ, ਜਿਸ ਨਾਲ ਕਿ ਗਰਮੀ ਤੋਂ ਬਚਿਆ ਜਾ ਸਕੇ। ਇਹ ਤਾਂ ਹੋਈ ਇਨਸਾਨ ਦੀ ਗੱਲ ਪਰ ਪੰਛੀ ਜੋ ਕਿ ਆਤਮ-ਨਿਰਭਰ ਨਹੀਂ ਹਨ, ਉਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਇਹੀ ਸਾਡਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੋਵੇਗਾ। ਇਸ ਲਈ ਪੰਛੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਪੀਣ ਦੇ ਪਾਣੀ ਦਾ ਪ੍ਰਬੰਧ ਕਰੀਏ। ਘਰਾਂ ਦੀਆਂ ਛੱਤਾਂ ਉੱਪਰ, ਵਿਹੜੇ ਵਿਚ ਖਾਲੀ ਥਾਂ, ਗੇਟ ਦੇ ਬਾਹਰ, ਖੇਤਾਂ ਵਿਚ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਰੱਖੀਏ ਤਾਂ ਜੋ ਪੰਛੀਆਂ ਨੂੰ ਪਾਣੀ ਮਿਲ ਸਕੇ।

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਰੁਖ਼ਾ ਮਾਹੌਲ
ਆਨਲਾਈਨ ਸਿੱਖਿਆ ਦੇ ਚਲਦਿਆਂ ਕੋਈ ਸ਼ੱਕ ਨਹੀਂ ਅਧਿਆਪਕ ਆਪਣੀ ਤਨਦੇਹੀ ਨਾਲ ਬੱਚਿਆਂ ਨੂੰ ਨਿਵੇਕਲੇ ਤੋਂ ਨਿਵੇਕਲੇ ਢੰਗਾਂ ਰਾਹੀਂ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ-ਨਾਲ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਕਿਰਿਆਵਾਂ ਸਿੱਖਿਆ ਦਾ ਅਟੁੱਟ ਅੰਗ ਹਨ। ਕਿਸੇ ਵੀ ਅਧਿਆਪਕ ਨੂੰ ਆਪਣੇ ਮਨ ਵਿਚੋਂ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਕਿਰਿਆਵਾਂ ਰਾਹੀਂ ਬੱਚੇ ਸਿੱਖਿਆ ਤੋਂ ਪਛੜ ਜਾਣਗੇ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਖੇਡਣ, ਕੁੱਦਣ ਜਾਂ ਕੋਈ ਕਿਰਿਆ ਨਾ ਕਰਨ ਦਿੱਤੀ ਜਾਵੇ। ਬਲਕਿ ਕਿਰਿਆਵਾਂ ਬੱਚੇ ਦੇ ਤਜਰਬੇ ਦੇ ਨਾਲ-ਨਾਲ ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਕਰਦੀਆਂ ਹਨ। ਬੱਚੇ ਵਿਚ ਡਿਸਗ੍ਰਾਫੀਆ ਵਰਗੀਆਂ ਸਮੱਸਿਆਵਾਂ ਤਾਂ ਹੀ ਪੈਦਾ ਹੁੰਦੀਆਂ ਹਨ ਕਿ ਉਨ੍ਹਾਂ ਦੇ ਸੰਵੇਦੀ ਹੁਨਰਾਂ ਦਾ ਵਿਕਾਸ ਨਹੀਂ ਹੋਇਆ ਹੁੰਦਾ। ਪਹਿਲਾਂ ਦੇ ਸਮੇਂ ਵਿਚ ਬੱਚੇ ਮਿੱਟੀ ਵਿਚ ਖੇਡਦੇ, ਬਰਤਨ ਤੇ ਮਿੱਟੀ ਦੇ ਭਾਂਡੇ ਬਣਾਉਂਦੇ। ਉਹ ਆਟੇ ਦੀ ਚਿੜੀ ਬਣਾਉਣੀ ਸਿਰਫ ਬੱਚੇ ਦੇ ਮਨੋਰੰਜਨ ਹੀ ਨਹੀਂ ਕਰਦੀ ਸੀ, ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਕਰਦੀ ਸੀ। ਅਸਲ ਵਿਚ ਸਿੱਖਿਆ ਉਹੀ ਹੈ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਤੇ ਕਿਰਿਆਵਾਂ ਵਿਚ ਕੰਮ ਆਉਣ। ਇਸ ਲਈ ਸਿੱਖਿਆ ਦਿੰਦੇ ਸਮੇਂ ਕਿਰਿਆਵਾਂ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ।

-ਪੂਜਾ ਪੁੰਡਰਕ
ਸਿਖਿਆਰਥੀ ਡਾਇਟ ਅਹਿਮਦਪੁਰ (ਮਾਨਸਾ)।

ਮਨੋਰੰਜਨ ਸਬੰਧੀ ਸਮਾਜਿਕ ਵੰਡ
ਮਨੋਰੰਜਨ ਦਾ ਮਹੱਤਵਪੂਰਨ ਸ੍ਰੋਤ ਸੰਗੀਤ ਹੈ। ਹਰੇਕ ਗਾਇਕ ਨੂੰ ਪਾਗਲਪਨ ਦੀ ਹੱਦ ਤੋਂ ਵੱਧ ਕੁਝ ਖ਼ਾਸ ਚਾਹੁਣ ਵਾਲੇ ਹੁੰਦੇ ਹਨ। ਉਹ ਉਸ ਗਾਇਕ ਨਾਲ ਭਾਵਨਾਤਮਕ ਤੌਰ 'ਤੇ ਬੱਝ ਜਾਂਦੇ ਹਨ। ਲੋਕ ਮਾਨਸਿਕਤਾ ਚਹੇਤੇ ਗਾਇਕ ਨਾਲ ਇਸ ਤਰ੍ਹਾਂ ਜੁੜ ਗਈ ਹੈ ਕਿ ਉਹ ਗਾਇਕ ਦੇ ਚੰਗੇ-ਮਾੜੇ ਪੱਖ ਦਾ ਗਿਆਨ ਰੱਖਦੇ ਹੋਏ ਵੀ ਅਗਿਆਨੀ ਹਨ ਅਤੇ ਆਪਣੇ ਲਈ ਕੱਟੜ ਫੈਨ ਦਾ ਵਿਸ਼ੇਸ਼ਣ ਘੜ ਲਿਆ ਹੈ। ਜੇਕਰ ਕੋਈ ਗਾਇਕ ਦੀ ਗ਼ਲਤ ਗਾਇਕੀ ਤੇ ਗ਼ਲਤ ਵਿਵਹਾਰ ਦੀ ਆਲੋਚਨਾ ਕਰਦਾ ਹੈ ਤਾਂ ਗਾਇਕ ਦੇ ਇਹ ਫੈਨ ਐਨੇ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਸਭ ਮਰਿਯਾਦਾਵਾਂ ਭੁੱਲ ਗਾਲੀ-ਗਲੋਚ 'ਤੇ ਆ ਜਾਂਦੇ ਹਨ। ਸੋਸ਼ਲ ਮੀਡੀਆ ਸਾਂਝਾ ਮੰਚ ਹੈ ਜਿੱਥੇ ਸਭ ਲੋਕ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਰਹੇ ਹੁੰਦੇ ਹਨ। ਗੀਤ-ਸੰਗੀਤ ਮਨੋਰੰਜਨ ਦਾ ਸਾਧਨ ਰਿਹਾ ਹੈ। ਗੀਤ-ਸੰਗੀਤ ਸੁਣੋ ਸੁਣਨਾ ਵੀ ਚਾਹੀਦਾ ਹੈ ਪਰ ਚੰਗੇ-ਮਾੜੇ ਦਾ ਖਿਆਲ ਬਹੁਤ ਜ਼ਰੂਰੀ ਹੈ। ਮਨੋਰੰਜਨ ਨੂੰ ਸਿਰਫ ਮਨੋਰੰਜਨ ਸਮਝਣਾ ਚਾਹੀਦਾ ਹੈ ਇਸ ਤੋਂ ਵੱਧ ਇਸ ਨੂੰ ਜ਼ਿੰਦਗੀ ਵਿਚ ਸਥਾਨ ਦੇਣਾ ਸਾਡੀ ਮਾਨਸਿਕਤਾ ਅਤੇ ਵਿਅਕਤਿਤਵ 'ਤੇ ਬੁਰਾ ਅਸਰ ਪਾ ਸਕਦਾ ਹੈ। ਜੋ ਗੀਤ ਸੰਗੀਤ ਵਧੀਆ ਹੈ, ਉਸ ਨੂੰ ਸੁਣੋ ਭਾਵੇਂ ਗਾਇਕ ਕੋਈ ਵੀ ਹੋਵੇ ਜੋ ਮਾੜਾ ਹੈ, ਉਸ ਦਾ ਵਿਰੋਧ ਕਰੋ ਭਾਵੇ ਗਾਇਕ ਆਪਣਾ ਕੋਈ ਸਕਾ ਸਬੰਧੀ ਕਿਉਂ ਨਾ ਹੋਵੇ।

-ਅੰਮ੍ਰਿਤ ਪਾਲ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਖਪਤਕਾਰ ਪੱਖ ਵਿਚ ਬੇਚੈਨੀ ਭਰੀ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਸਮੁੱਚੀ ਦੁਨੀਆ ਦੀ ਸੜਕੀ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤੀ ਹੋਈ ਹੈ। ਇਸ ਸਥਿਤੀ ਕਾਰਨ ਤੇਲ ਦੇ ਉਤਪਾਦਨ ਦੇਸ਼ ਕਾਫੀ ਘਬਰਾਹਟ ਮਹਿਸੂਸ ਕਰ ਰਹੇ ਹਨ ਕਿਉਂਕਿ ਖ਼ਰੀਦ 'ਤੇ ਖਪਤ ਬੇਹੱਦ ਘਟ ਗਈ ਹੈ। ਇਨ੍ਹਾਂ ਦੇਸ਼ਾਂ ਲਈ ਕੱਚੇ ਤੇਲ ਨੂੰ ਭੰਡਾਰ ਕਰਨ ਦੀ ਸਮੱਸਿਆ ਵੱਡੀ ਚਿੰਤਾ ਬਣੀ ਹੋਈ ਹੈ, ਇਸੇ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫੀ ਗਿਰਾਵਟ ਵੀ ਆਈ ਹੈ। ਪਰ ਸਾਡੀਆਂ ਕੇਂਦਰ 'ਤੇ ਸੂਬਾ ਸਰਕਾਰਾਂ ਪੈਟਰੋਲ ਤੇ ਡੀਜ਼ਲ ਉੱਪਰ ਵੈਟ ਲਗਾ ਕੇ ਆਪਣੇ ਖ਼ਜ਼ਾਨੇ ਭਰਨ ਵਿਚ ਮਸਤ ਹਨ। ਇਹ ਦੇਸ਼ ਦੀ ਜਨਤਾ ਨਾਲ ਸਰਾਸਰ ਧੋਖਾ, ਬੇਈਮਾਨੀ ਤੇ ਬੇਇਨਸਾਫ਼ੀ ਹੈ। ਇਸ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਉੱਪਰ ਪੈ ਰਿਹਾ ਹੈ। ਸਾਡੀਆਂ ਸਰਕਾਰਾਂ ਨੂੰ ਆਮ ਜਨਤਾ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਗ਼ਲਤ ਫ਼ੈਸਲੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਮੰਗਲ ਮੀਤ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

30-07-2020

 ਬੁਢਾਪਾ ਪੈਨਸ਼ਨ
ਸਰਕਾਰ ਦੇ ਇਕ ਸਰਵੇਖਣ ਅਨੁਸਾਰ ਪੰਜਾਬ ਵਿਚ ਪਿਛਲੇ ਸਮੇਂ ਤੋਂ ਸੂਬੇ ਵਿਚ 70137 ਲੋਕ ਨਾਜਾਇਜ਼ ਪੈਨਸ਼ਨ ਲੈ ਰਹੇ ਸਨ। ਉਨ੍ਹਾਂ ਹੁਣ ਤੱਕ 62 ਕਰੋੜ ਰੁਪਏ ਤੋਂ ਵੱਧ ਰਕਮ ਪੈਨਸ਼ਨ ਦੇ ਰੂਪ ਵਿਚ ਸਰਕਾਰੀ ਖਜ਼ਾਨੇ 'ਚੋਂ ਕਢਾ ਲਈ ਹੈ, ਜੋ ਹੁਣ ਪੰਜਾਬ ਸਰਕਾਰ ਵਾਪਸ ਲਵੇਗੀ। ਇਹ ਬਿਲਕੁਲ ਲੈਣੇ ਚਾਹੀਦੇ ਹਨ। ਪਰ ਇਨ੍ਹਾਂ 'ਚ ਬਹੁਤੇ ਉਹ ਲੋਕ ਵੀ ਹੋਣਗੇ, ਜੋ ਇਹ ਰਕਮ ਵਾਪਸ ਕਰਨ ਜੋਗੇ ਨਹੀਂ ਹਨ। ਬਹੁਤਿਆਂ ਦੀ ਕਲਜੁਗੀ ਔਲਾਦ ਇਹ ਕਹੇਗੀ ਕਿ ਪੈਸੇ ਤਾਂ ਹੈ ਨਹੀਂ ਮੇਰੇ 60 ਸਾਲ ਦੇ ਬਾਪੂ ਨੂੰ ਜੇਲ੍ਹ ਵਿਚ ਲੈ ਜਾਓ। ਦੂਜੇ ਪਾਸੇ ਪੈਨਸ਼ਨ ਲੈਣ ਵਾਲੇ ਇਕੱਲੇ ਹੀ ਇਸ ਦੇ ਦੋਸ਼ੀ ਨਹੀਂ ਹਨ। ਇਨ੍ਹਾਂ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਵੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਜਿਨ੍ਹਾਂ ਤਸਦੀਕ ਕੀਤੀ ਕਿ ਇਹ ਆਦਮੀ ਔਰਤ ਪੈਨਸ਼ਨ ਦੇ ਹੱਕਦਾਰ ਹੈ। ਇਕੱਲੇ ਅਧਿਕਾਰੀ ਹੀ ਨਹੀਂ ਪਿੰਡ ਦਾ ਸਰਪੰਚ, ਐਮ.ਸੀ. ਆਦਿ ਨੂੰ ਵੀ ਇਹ ਸਜ਼ਾ ਮਿਲੇ ਕਿ ਉਹ ਤੇ ਉਹਦਾ ਪੂਰਾ ਪਰਿਵਾਰ ਕਦੇ ਵੀ ਕਿਸੇ ਵੀ ਚੋਣ ਵਿਚ ਹਿੱਸਾ ਨਹੀਂ ਲੈ ਸਕਦਾ, ਭਾਵੇਂ ਉਹ ਮੈਂਬਰੀ ਸਰਪੰਚੀ ਤੋਂ ਲੈ ਕੇ ਕੋਈ ਵੀ ਚੋਣ ਹੋਵੇ। ਜੋ ਆਦਮੀ ਪੈਨਸ਼ਨ ਵਾਪਸ ਨਹੀਂ ਕਰ ਸਕਦੇ, ਉਹ ਰਕਮ ਉਪਰੋਕਤ ਲੋਕਾਂ ਤੋਂ ਵਸੂਲੀ ਜਾਵੇ। ਇਸ ਤਰ੍ਹਾਂ ਕਰਨ ਨਾਲ ਗ਼ਲਤ ਪੈਨਸ਼ਨ ਲਵਾਉਣ ਵਾਲੇ ਨੂੰ ਵੀ ਨਸੀਹਤ ਪਵੇਗੀ। ਅੱਗੇ ਤੋਂ ਕੋਈ ਅਧਿਕਾਰੀ ਸਰਪੰਚ ਮੈਂਬਰ ਗ਼ਲਤ ਕੰਮ ਨਹੀਂ ਕਰੇਗਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਰੇਲਵੇ ਨੂੰ ਹਰ ਸਾਲ ਹੋਵੇਗੀ 7.16 ਕਰੋੜ ਦੀ ਬੱਚਤ
ਡੀਜ਼ਲ ਵਾਲੇ ਇੰਜਣਾਂ ਨੂੰ ਹਟਾ ਕੇ ਉਥੇ ਰੇਲਵੇ ਲਾਈਨਾਂ ਦੇ ਉੱਪਰ ਬਿਜਲੀ ਦੀਆਂ ਤਾਰਾਂ (ਓ.ਐਚ.ਈ.) ਲਗਾਈਆਂ ਜਾ ਰਹੀਆਂ ਹਨ। ਹੁਣ ਰੇਲ ਗੱਡੀ 'ਚ ਏ.ਸੀ. ਜਾਂ ਪੱਖੇ ਚਲਾਉਣ ਲਈ ਅਤੇ ਬੱਤੀ ਜਗਾਉਣ ਲਈ ਬਿਜਲੀ ਰੇਲ ਇੰਜਣ ਤੋਂ ਮਿਲੇਗੀ। ਰੇਲ ਖਿੱਚਣ ਲਈ ਇੰਜਣ 'ਚ ਲੱਗੇ ਉਪਕਰਨ ਤੋਂ ਰੇਲਵੇ ਲਾਈਨਾਂ ਉੱਪਰ ਲੱਗੀਆਂ ਤਾਰਾਂ ਰਾਹੀਂ ਬਿਜਲੀ ਲਈ ਜਾਂਦੀ ਹੈ। ਡੀ.ਜੀ. ਸੈੱਟ ਨਾਲ ਤਿਆਰ ਬਿਜਲੀ ਦੀ ਲਾਗਤ 22 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ, ਜਦੋਂ ਕਿ ਬਿਜਲੀ ਘਰਾਂ ਤੋਂ ਪ੍ਰਾਪਤ ਬਿਜਲੀ 6 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਨਾਲ ਰੇਲਵੇ ਨੂੰ ਹਰ ਸਾਲ ਕਰੀਬ 7.16 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਹ ਵੀ ਉਦੋਂ ਜਦੋਂ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ।

-ਰਾਜੇਸ਼ ਭਾਰਦੁਆਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ) ਹੁਸ਼ਿਆਰਪੁਰ।

ਇਕ ਚੰਗਾ ਫ਼ੈਸਲਾ
ਅਮਰਨਾਥ ਯਾਤਰਾ ਇਸ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਵਿਚ ਜੇ ਅਸੀਂ ਧਰਮ ਨੂੰ ਪਹਿਲਾਂ ਰੱਖਦੇ ਅਤੇ ਕੋਰੋਨਾ ਵਿਸ਼ਾਣੂ ਨੂੰ ਨਜ਼ਰਅੰਦਾਜ਼ ਕਰਦੇ ਤਾਂ ਇਹ ਇਕ ਵੱਡੀ ਗ਼ਲਤੀ ਸਾਬਤ ਹੋ ਸਕਦੀ ਸੀ। ਜੇ ਇਹ ਅਮਰਨਾਥ ਯਾਤਰਾ ਸ਼ੁਰੂ ਹੋ ਜਾਂਦੀ ਤਾਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਲੋਕ ਇਸ ਅਮਰਨਾਥ ਯਾਤਰਾ ਵਿਚ ਸ਼ਾਮਿਲ ਹੋ ਜਾਂਦੇ ਅਤੇ ਬਾਅਦ ਵਿਚ ਕੋਰੋਨਾ ਹੋਰ ਫੈਲ ਜਾਂਦਾ ਅਤੇ ਸਥਿਤੀ ਹੋਰ ਵਿਗੜ ਜਾਂਦੀ। ਇਹ ਸੰਗਠਨ ਅਤੇ ਭਾਰਤ ਸਰਕਾਰ ਦੁਆਰਾ ਲਿਆ ਗਿਆ ਇਕ ਚੰਗਾ ਫ਼ੈਸਲਾ ਹੈ। ਸਰਕਾਰ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਹੁਣ ਅਮਰਨਾਥ ਯਾਤਰਾ ਦੇ ਵਰਚੁਅਲ ਦਰਸ਼ਨ ਸ਼ੁਰੂ ਹੋਣਗੇ। ਹੁਣ ਭਾਰਤ ਵਿਚ ਹਰ ਕੋਈ ਆਪਣੇ ਘਰਾਂ ਵਿਚ ਰਹਿ ਕੇ ਮੁਫ਼ਤ ਵਰਚੁਅਲ ਦਰਸ਼ਨ ਕਰ ਸਕੇਗਾ।

-ਨੇਹਾ ਜਮਾਲ
ਮੁਹਾਲੀ।

ਕੈਪਟਨ ਸਾਬ੍ਹ ਦੀ ਸਹੁੰ
ਚਿੱਟਾ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਦੁਸ਼ਮਣ ਬਣ ਗਿਆ ਹੈ। ਚਿੱਟੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਕੋਈ ਹੀ ਅਜਿਹਾ ਪਿੰਡ ਜਾਂ ਸ਼ਹਿਰ ਹੋਵੇਗਾ, ਜਿਥੇ ਚਿੱਟੇ ਨੇ ਆਪਣੇ ਪੈਰ ਨਾ ਪਸਾਰੇ ਹੋਣ। ਜੇਕਰ ਦੂਸਰੇ ਪਾਸੇ ਗੱਲ ਕਰੀਏ ਤੇ ਕਾਨੂੰਨ ਦੇ ਬਹੁਤ ਸਾਰੇ ਰਖਵਾਲੇ ਇਸ ਧੰਦੇ ਨਾਲ ਜੁੜ ਚੁੱਕੇ ਹਨ। ਇਸ ਤੋਂ ਅੱਗੇ ਆਪਣੇ ਪਰਿਵਾਰ ਨੂੰ ਵੀ ਜੋੜੀ ਜਾਂਦੇ ਹਨ। ਪਹਿਲਾਂ ਵੀ ਅਨੇਕਾਂ ਇਹੋ ਜਿਹੀਆਂ ਖ਼ਬਰਾਂ ਲੋਕਾਂ ਨੇ ਪੜ੍ਹੀਆਂ ਹਨ। ਉਨ੍ਹਾਂ ਨੂੰ ਕਹੋ ਜੇ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਤੇ ਫਿਰਮੰਗਣਾ ਸ਼ੁਰੂ ਕਰ ਦੇਣ। ਪੰਜਾਬ ਵਿਚ ਭਿਖਾਰੀ ਵੀ ਕਰੋੜਪਤੀ ਬਥੇਰੇ ਹਨ। ਵਾਸਤਾ ਜੇ ਰੱਬ ਦਾ ਆਪਣੇ ਢਿੱਡ ਭਰਨ ਬਦਲੇ ਕਿਸੇ ਦੇ ਪੁੱਤਰਾਂ ਦੇ ਦੁਸ਼ਮਣ ਨਾ ਬਣੋ। ਹੁਣ ਤਾਂ ਅਖੀਰ ਹੋ ਚੁੱਕੀ ਹੈ। ਜਾ ਕੇ ਵੇਖੋ ਓਟ ਸੈਂਟਰਾਂਵਿਚ ਆਪੇ ਹੀ ਪਤਾ ਚੱਲ ਜਾਵੇਗਾ ਭੀੜ ਵੇਖ ਕੇ। ਬਚਾਲਓਪੰਜਾਬ ਦੀ ਨੌਜਵਾਨੀ ਨੂੰ ਜੇ ਕਿਸੇ ਤੋਂ ਬਚਾਇਆ ਜਾਂਦਾ। ਨਹੀਂ ਤਾਂ ਹੱਥ ਧੋ ਕੇ ਬਹਿਣਾ ਪੈ ਜਾਵੇਗਾ ਇਕ ਦਿਨ ਮਾਪਿਆਂਤੇ ਦੇਸ਼ ਨੂੰ।

-ਸੂਬੇਦਾਰਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਨਸ਼ਿਆਂ ਦਾ ਵਧਦਾ ਪ੍ਰਕੋਪ
ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਚ ਅੱਜ 6ਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਹੈ। ਪੰਜਾਬ 'ਚ ਵਧੇਰੇ ਵਰਤੋਂ 'ਚ ਆਉਣ ਵਾਲੇ ਨਸ਼ੇ ਸਿਗਰਟ, ਬੀੜੀ, ਤੰਬਾਕੂ, ਗੋਲੀਆਂ, ਟੀਕੇ, ਭੰਗ, ਸ਼ਰਾਬ, ਡੋਡੇ, ਭੁੱਕੀ, ਚਰਸ, ਅਫੀਮ, ਸਮੈਕ ਅਤੇ ਹੈਰੋਇਨ ਆਦਿ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗੂ ਖਾ ਰਹੇ ਹਨ। ਅੱਜ ਸਾਡੇ ਗੁਆਂਢੀ ਦਾ ਬੱਚਾ ਨਸ਼ੇ ਕਰ ਰਿਹਾ ਹੈ, ਅਸੀਂ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਾਂ ਅਤੇ ਉਸ ਦੇ ਮਾਪਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਸਮਝਦੇ ਕੱਲ੍ਹ ਨੂੰ ਸਾਡਾ ਬੱਚਾ ਵੀ ਇਸ ਦੀ ਗ੍ਰਿਫ਼ਤ ਵਿਚ ਆ ਸਕਦਾ ਹੈ ਕਿਉਂਕਿ ਗੁਆਂਢ 'ਚ ਲੱਗੀ ਅੱਗ ਦਾ ਸੇਕ ਯਕੀਨਨ ਸਾਡੇ ਘਰ ਵੀ ਪਹੁੰਚੇਗਾ। ਸਾਡੀ ਬਤੌਰ ਮਾਪੇ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ, ਉਨ੍ਹਾਂ ਦੇ ਬੇਫਜ਼ੂਲ ਖਰਚਿਆਂ ਨੂੰ ਕੰਟਰੋਲ ਕਰਕੇ, ਉਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨਾਂ ਨੂੰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਲਈ ਪਾਬੰਦ ਕਰੀਏ। ਮੇਰਾ ਨਿੱਜੀ ਤੌਰ 'ਤੇ ਨਸ਼ਿਆਂ ਤੋਂ ਬਚਣ ਦਾ ਇਕ ਸੁਝਾਅ ਹੈੈ ਕਿ ਸਾਨੂੰ ਆਪਣੇ ਆਪਣੇ ਧਰਮ 'ਚ ਪਰਿਪੱਕ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਧਰਮ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਿਤ ਨਹੀਂ ਕਰਦਾ। ਆਉ ਅਸੀਂ ਸਾਰੇ ਬਿਨਾਂ ਕਿਸੇ ਭੇਦਭਾਵ ਦੇ ਇਕਜੁੱਟ ਹੋ ਕੇ ਨਸ਼ੇ ਦੇ ਖ਼ਾਤਮੇ ਲਈ, ਜਿੱਥੇ ਵੀ ਸੰਭਵ ਹੋਵੇ, ਆਪਣਾ-ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਸਾਡਾ ਪੰਜਾਬ ਆਪਣੀ ਪੁਰਾਣੀ ਲੀਹ 'ਤੇ ਆ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ।

-ਅਮਰਜੀਤ ਸਿੰਘ ਪੁਰੇਵਾਲ
ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਸਾਧੂਚੱਕ (ਗੁਰਦਾਸਪੁਰ)।

29-07-2020

 ਪੁਲਿਸ ਸੁਧਾਰ
ਪੰਜਾਬ ਸਰਕਾਰ ਪੁਲਿਸ ਵਿਚ ਤਕਨੀਕੀ ਮਾਹਿਰਾਂ ਦੀ ਭਰਤੀ ਕਰਨ ਜਾ ਰਹੀ ਹੈ, ਜਿਸ ਨਾਲ ਜਾਂਚ ਪ੍ਰਕਿਰਿਆ ਵਿਚ ਗੁਣਵੱਤਾ ਭਰਪੂਰ ਸੁਧਾਰ ਆਏਗਾ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਕਰਨ ਲਈ ਸਭ ਤੋਂ ਪਹਿਲਾਂ ਪੁਲਿਸ ਸੁਧਾਰਾਂ ਬਾਰੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਕਾਨੂੰਨ ਐਕਟ ਨੰਬਰ 5 ਸੰਨ 1861. ਪੁਲਿਸ ਰੂਲ ਨੂੰ ਬਦਲ ਪੁਲਿਸ ਦੀ ਰਾਜਨੀਤਕ ਦਖ਼ਲਅੰਦਾਜ਼ੀ ਖ਼ਤਮ ਕਰ ਉਸ ਨੂੰ ਆਜ਼ਾਦਾਨਾ ਤੌਰ 'ਤੇ ਗਵਰਨਰ ਦੇ ਅਧੀਨ ਕਰ ਕੇ ਜਵਾਬਦੇਹ ਬਣਾਉਣਾ ਚਾਹੀਦਾ ਹੈ।
ਪੁਲਿਸ ਦੀ ਡਿਊਟੀ 24 ਘੰਟੇ ਹੋਣ ਕਾਰਨ ਤਣਾਅ ਵਿਚ ਰਹਿਣ ਕਾਰਨ ਅਨੇਕਾਂ ਬਿਮਾਰੀਆਂ ਲਗਦੀਆਂ ਹਨ। ਇਸ ਕਰਕੇ ਅਪਰਾਧਾਂ ਤੇ ਆਬਾਦੀ ਦੇ ਹਿਸਾਬ ਨਾਲ ਪੁਲਿਸ ਦੀ ਨਫਰੀ ਵਿਚ ਵਾਧਾ, ਡਿਊਟੀ ਅੱਠ ਘੰਟੇ, ਲਾਅ ਐਂਡ ਆਰਡਰ ਸਟਾਫ ਤੇ ਤਫ਼ਤੀਸ਼ੀ ਸਟਾਫ ਵੱਖਰਾ ਕੀਤਾ ਜਾਵੇ, ਆਧੁਨਿਕ ਹਥਿਆਰ, ਵਾਹਨ, ਰਿਹਾਇਸ਼ ਮੁਹੱਈਆ ਕੀਤੇ ਜਾਣ, ਫਾਸਟ ਟ੍ਰੈਕ ਕੋਰਟਾਂ, ਫੋਰੈਸਿੰਕ ਸਾਇੰਸ ਲੈਬਾਰਟਰੀ ਵਿਚ ਵਾਧਾ ਕੀਤਾ ਜਾਵੇ। ਪੁਲਿਸ ਤੇ ਆਮ ਲੋਕਾਂ ਦੇ ਮਿੱਤਰਤਾ ਪੂਰਵਕ ਸਬੰਧਾਂ ਨੂੰ ਉਸਾਰੂ ਬਣਾਉਣ ਲਈ ਸੈਮੀਨਾਰ ਲਗਾਏ ਜਾਣ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਲਿਸ ਅਤੇ ਜਨਤਾ ਵਿਚ ਵਧਦੀ ਦੂਰੀ ਨੂੰ ਕਿਸੇ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਫੀ ਹੱਦ ਤੱਕ ਅਪਰਾਧਾਂ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਦੋਸ਼ੀਆਂ ਨੂੰ ਸਮੇਂ ਸੀਮਾ ਸਿਰ ਸਜ਼ਾਵਾਂ ਦਵਾਈਆਂ ਜਾ ਸਕਦੀਆਂ ਹਨ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਹੁਣ ਨਹੀਂ ਤਾਂ ਫਿਰ ਕਦੀ ਨਹੀਂ
ਪੰਜਾਬ ਦੇ ਹਾਲਾਤ ਜੇਕਰ ਇਸੇ ਤਰ੍ਹਾਂ ਦੇ ਹੀ ਬਣੇ ਰਹੇ। ਬਾਹਰਲੇ ਦੇਸ਼ਾਂ ਵਿਚ ਆਪਣਾ ਘਰਬਾਰ ਬਣਾਈ ਬੈਠੇ ਸਾਰੇ ਕਿਸਾਨ ਤੇ ਕਿਰਤੀ ਪੰਜਾਬ ਦੀਆਂ ਆਪਣੀਆਂ ਜ਼ਮੀਨਾਂ ਤੇ ਜਾਇਦਾਦਾਂ ਵੇਚ ਕੇ ਪੰਜਾਬ ਨੂੰ ਸਦਾ ਲਈ ਅਲਵਿਦਾ ਕਹਿ ਦੇਣਗੇ। ਲਗਦਾ ਤਾਂ ਬਹੁਤ ਦੁਖਦਾਈ ਤੇ ਅਸੰਭਵ ਹੈ ਪਰ ਸਮੇਂ ਦਾ ਸੱਚ ਹੈ ਇਹ ਕਿ 2022 ਦੀਆਂ ਚੋਣਾਂ ਵਿਚ ਪੰਜਾਬ ਵਿਚ ਜੇਕਰ ਕੋਈ ਪੰਜਾਬ ਹਿਤੈਸ਼ੀ ਖੇਤਰੀ ਪਾਰਟੀ ਦੀ ਇਮਾਨਦਾਰ ਤੇ ਮਜ਼ਬੂਤ ਸਰਕਾਰ ਨਾ ਆਈ, ਵਿਦੇਸ਼ੀ ਨਾਗਰਿਕ ਪੰਜਾਬ ਦੇ ਸੁਨਹਿਰੀ ਸੁਪਨੇ ਲੈਣੇ ਛੱਡ ਦੇਣਗੇ।

-ਅਮਰੀਕ
amrik350@yahoo.com

ਹਿੰਦ-ਪਾਕਿ ਦੀ ਸਾਂਝੀ ਗਾਇਕਾ
'ਅਜੀਤ ਮੈਗਜ਼ੀਨ' ਵਿਚ ਦੋ ਕਿਸ਼ਤਾਂ 'ਚ ਛਪਿਆ ਡਾ: ਤਾਹਿਰ ਮਹਿਮੂਦ ਦਾ ਲੇਖ 'ਰੇਸ਼ਮਾ ਤੂੰ ਮਰ ਕੇ ਵੀ ਨਾ ਮੋਈ' ਹਿੰਦ-ਪਾਕਿ ਦੀ ਸਾਂਝੀ ਗਾਇਕਾ ਦੇ ਰੂ-ਬਰੂ ਕਰਦਾ ਹੈ। ਡਾ: ਤਾਹਿਰ ਮਹਿਮੂਦ ਨੇ ਅਕਸਰ ਹਿੰਦੁਸਤਾਨ ਤੇ ਪਾਕਿਸਤਾਨ ਦੀ ਦੋਸਤੀ ਬਾਰੇ ਲਿਖਿਆ ਹੈ, ਇਸ ਲੇਖ ਵਿਚ ਵੀ ਉਨ੍ਹਾਂ ਨੇ ਦੋ ਦੇਸ਼ਾਂ ਦੀ ਸਾਂਝੀ ਗਾਇਕਾ ਦੀ ਤਸਵੀਰ ਸਾਡੇ ਸਨਮੁੱਖ ਪੇਸ਼ ਕਰਕੇ ਮੁਹੱਬਤ ਭਰੀ ਪੁਰਾਣੀ ਸਾਂਝ ਦਾ ਸੰਦੇਸ਼ ਦਿੱਤਾ ਹੈ। ਦਰਅਸਲ ਕਲਾਕਾਰਾਂ ਤੇ ਲੇਖਕਾਂ ਦੀ ਕੋਈ ਸਰਹੱਦ ਨਹੀਂ ਹੁੰਦੀ, ਉਹ ਸਭ ਦੇ ਸਾਂਝੇ ਹੁੰਦੇ ਹਨ। ਵੰਡ ਤੋਂ ਬਾਅਦ ਵੀ ਲੇਖਕਾਂ ਤੇ ਗਾਇਕਾਂ ਨੇ ਹੀ ਦੋ ਦੇਸ਼ਾਂ ਵਿਚ ਮੋਮਬੱਤੀਆਂ ਜਗਾ ਕੇ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਹਾਕਮਾਂ ਨੇ ਇਨ੍ਹਾਂ ਤੰਦਾਂ ਨੂੰ ਹਮੇਸ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਵੰਡ ਦਾ ਸੰਤਾਪ ਸਭ ਤੋਂ ਵੱਧ ਪੰਜਾਬ ਨੂੰ ਝੱਲਣਾ ਪਿਆ। ਸੱਚ ਤਾਂ ਇਹ ਹੈ ਕਿ ਪੰਜਾਬ ਦਾ ਅੱਧਾ ਧੜ ਪਾਕਿਸਤਾਨ ਤੇ ਅੱਧਾ ਭਾਰਤ ਵਿਚ ਹੈ। ਅੱਜ ਵੀ ਦੋ ਰਾਜਾਂ ਦਾ ਆਵਾਮ ਗਲਵੱਕੜੀਆਂ ਪਾਉਣ ਨੂੰ ਉਤਾਵਲਾ ਹੈ, ਬਸ ਉਨ੍ਹਾਂ ਨੂੰ ਬਾਬੇ ਨਾਨਕ ਦੇ ਕਰਤਾਰ ਵਰਗੇ ਸਾਂਝੇ ਅਸਥਾਨਾਂ ਦਾ ਮੌਕਾ ਮਿਲਣਾ ਚਾਹੀਦਾ ਹੈ। ਅੱਜ ਅਸੀਂ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ ਪਰ ਕੀ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਦੇ ਦੀਦਾਰ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ?

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਪਾਣੀ ਦੀ ਕਦਰ
ਅੱਜ ਸਾਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਦੇ ਆਉਣ ਬਾਰੇ ਸਾਨੂੰ ਕੁਝ ਪਤਾ ਨਹੀਂ ਸੀ ਪਰ ਇਕ ਮਹਾਂਮਾਰੀ ਨੂੰ ਅਸੀਂ ਆਪ ਬੁਲਾ ਰਹੇ ਹਾਂ, ਜਿਸ ਦਾ ਆਉਣਾ ਲਾਜ਼ਮੀ ਹੈ। ਕਿਉਂਕਿ ਦੁਨੀਆ ਦਾ ਕੋਈ ਵੀ ਦੇਸ਼ ਜਾਂ ਸਰਕਾਰ ਇਸ ਮੁੱਦੇ 'ਤੇ ਗੰਭੀਰ ਨਹੀਂ ਹੈ। ਸਿਰਫ ਗੱਲਾਂ ਤੱਕ ਹੀ ਸੀਮਤ ਹਨ। ਮੈਂ ਗੱਲ ਕਰ ਰਿਹਾ ਹਾਂ ਪਾਣੀ ਦੀ ਸਮੱਸਿਆ ਦੀ ਧਰਤੀ 'ਤੇ ਪੀਣ ਲਾਇਕ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਸ ਦੀ ਸਾਂਭ-ਸੰਭਾਲ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ, ਸਿਰਫ ਕੁਝ ਕੁ ਪੈਸਿਆਂ ਦੇ ਲਾਲਚ ਕਰਕੇ ਸਰਕਾਰਾਂ ਲੋਕਾਂ ਨੂੰ ਟਿਊਬਵੈੱਲ ਲਗਾਉਣ ਜਾਂ ਬੋਰ ਕਰਵਾਉਣ ਦੀ ਇਜਾਜ਼ਤ ਦੇ ਦਿੰਦੀਆਂ ਹਨ, ਜਿਸ ਕਰਕੇ ਧਰਤੀ ਦੇ ਹੇਠਲੇ ਪੱਧਰ ਦਾ ਪਾਣੀ ਦਿਨੋ-ਦਿਨ ਖ਼ਤਮ ਹੁੰਦਾ ਜਾ ਰਿਹਾ ਹੈ। ਕਸੂਰ ਸਿਰਫ ਸਰਕਾਰਾਂ ਦਾ ਨਹੀਂ, ਸਾਡੇ ਆਪਣੇ ਲੋਕਾਂ ਦਾ ਵੀ ਹੈ ਜੋ ਬਿਨਾਂ ਵਜ੍ਹਾ ਤੋਂ ਪਾਣੀ ਸੜਕਾਂ 'ਤੇ ਡੋਲ੍ਹਦੇ ਫਿਰਦੇ ਹਨ। ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਲਈ ਸਿਰਫ ਪੈਸੇ ਜਾਂ ਜਾਇਦਾਦ ਬਣਾ ਕੇ ਛੱਡਣ ਨਾਲੋਂ ਜੀਵਨ ਦਾ ਮੂਲ ਆਧਾਰ ਪਾਣੀ ਛੱਡਣਾ ਚਾਹੀਦਾ ਹੈ।

-ਜਸ ਢੋਲੇਵਾਲ, ਬਾਨੀ ਅਤੇ ਮੁਖੀ ਜ਼ਿੰਦਾਬਾਦ-ਏ-ਜ਼ਿੰਦਗੀ।

28-07-2020

 ਮਾਂ-ਬੋਲੀ ਦਾ ਮਹੱਤਵ
ਸਾਡੀ ਮਾਂ-ਬੋਲੀ ਪੰਜਾਬੀ ਹੈ। ਜਿਹੜੇ ਅੱਖਰ ਬੱਚਾ ਆਪਣੀ ਮਾਂ ਦੀ ਗੋਦ ਵਿਚ ਬੈਠ ਕੇ ਸਿਖਦਾ ਹੈ, ਉਸ ਨੂੰ ਮਾਂ-ਬੋਲੀ ਕਹਿੰਦੇ ਹਨ। ਆਪਣੀ ਸਭਿਅਤਾ ਵਿਚ ਮਾਂ ਬੋਲੀ ਦਾ ਸਤਿਕਾਰ ਵੀ ਆਪਣੀ ਮਾਂ ਬੋਲੀ ਵਰਗਾ ਹੀ ਹੋਣਾ ਚਾਹੀਦਾ ਹੈ। ਸਾਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਲਗਪਗ ਸੱਤ ਹਜ਼ਾਰ ਭਾਸ਼ਾਵਾਂ ਵਿਚ ਇਸ ਦਾ ਤੇਰ੍ਹਵਾਂ ਨੰਬਰ ਹੈ। ਸਾਰੇ ਵਿਸ਼ਵ ਵਿਚ ਰਹਿੰਦੇ ਪੰਜਾਬੀ ਪੰਜਾਬੀ ਭਾਸ਼ਾ ਬੋਲਦੇ ਹਨ। ਪੰਜਾਬੀ ਅਮੀਰ ਭਾਸ਼ਾ ਹੈ। ਭਾਰਤ ਦੇ ਪ੍ਰਸਿੱਧ ਲਿਖਾਰੀ ਰਾਬਿੰਦਰ ਨਾਥ ਟੈਗੋਰ ਜੀ ਮਾਂ-ਬੋਲੀ ਬਾਰੇ ਲਿਖਦੇ ਹਨ, 'ਕੋਈ ਮਾਤ ਭਾਸ਼ਾ ਗ਼ੈਰ-ਮਿਆਰੀ ਨਹੀਂ ਹੁੰਦੀ। ਉਸ ਵਿਚ ਲਿਖਣਾ ਹੀ ਕਿਸੇ ਲੇਖਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ।' ਇਸ ਲਈ ਸਾਨੂੰ ਮਾਂ-ਬੋਲੀ ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਸਿਖਣ ਦੇ ਵਿਰੋਧ ਵਿਚ ਨਹੀਂ ਹਾਂ। ਪਰ ਮਾਂ-ਬੋਲੀ ਦਾ ਬਣਦਾ ਸਤਿਕਾਰ ਉਸ ਨੂੰ ਮਿਲਣਾ ਚਾਹੀਦਾ ਹੈ। ਬੋਲੀ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਮਨੁੱਖਤਾ ਦੀ ਹੋਂਦ ਨਾਲ ਜੁੜੀ ਹੋਈ ਹੁੰਦੀ ਹੈ। ਆਓ, ਸਾਰੇ ਰਲ ਮਿਲ ਕੇ ਮਾਂ-ਬੋਲੀ ਦੇ ਸਤਿਕਾਰ ਅਤੇ ਮਹੱਤਵ ਨੂੰ ਬਰਕਰਾਰ ਰੱਖੀਏ।

-ਰਾਮ ਕਿਸ਼ਨ ਪਵਾਰ
ਪਿੰਡ ਤੇ ਡਾਕ: ਭੁੱਲਾਰਾਈ, ਤਹਿ: ਫਗਵਾੜਾ, ਜ਼ਿਲ੍ਹਾ ਕਪੂਰਥਲਾ।

ਸੁਰੱਖਿਅਤ ਨਹੀਂ
ਦੇਸ਼ ਵਿਚ ਨਿੱਤ ਦਿਨ ਹੋ ਰਹੀਆਂ ਲੜਕੀਆਂ ਦੇ ਛੇੜਛਾੜ ਦੀਆਂ ਘਟਨਾਵਾਂ ਤੇ ਪੁਲਿਸ, ਪੱਤਰਕਾਰ, ਖੇਡ ਕੋਚ ਇਨ੍ਹਾਂ ਛੇੜਛਾੜ ਵਾਲੇ ਗੁੰਡਿਆਂ ਤੋਂ ਨਹੀਂ ਬਚ ਸਕੇ। ਪੰਜਾਬ ਵਿਚ ਇਕ ਪੁਲਿਸ ਅਫਸਰ ਆਪਣੀ ਲੜਕੀ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਗੋਲੀ ਨਾਲ ਮਾਰਿਆ ਗਿਆ, ਜਲਾਲਾਬਾਦ ਵਿਚ ਖੇਡਾਂ ਦੀ ਸਿਖਲਾਈ ਲੈ ਰਹੀਆਂ ਕੁੜੀਆਂ ਨੂੰ ਛੇੜਨ ਵਾਲੇ ਬਦਮਾਸ਼ਾਂ ਨੇ ਵਿਰੋਧ ਕਰਨ 'ਤੇ ਸਿਖਲਾਈ ਕੋਚ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਜੋ ਜ਼ੇਰੇ ਇਲਾਜ ਹੈ। ਗਾਜ਼ੀਆਬਾਦ ਵਿਚ ਵੀ ਪੱਤਰਕਾਰ ਬਿਕਰਮ ਜੋਸ਼ੀ ਆਪਣੀ ਭਾਣਜੀ ਦੇ ਛੇੜਛਾੜ ਵਾਲੇ ਲੋਕਾਂ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਹੱਥੋਂ ਆਪਣੀਆਂ ਦੋ ਧੀਆਂ ਦੇ ਸਾਹਮਣੇ ਹੀ ਗੋਲੀਆਂ ਮਾਰ ਕੇ ਮੁਕਾ ਦਿੱਤਾ ਗਿਆ। ਸਰਕਾਰਾਂ ਵਲੋਂ ਦਿੱਤੇ ਜਾਂਦੇ ਨਾਅਰੇ 'ਧੀਆਂ ਬਚਾਓ, ਧੀਆਂ ਪੜ੍ਹਾਓ' ਕਾਗਜ਼ਾਂ ਤੱਕ ਹੀ ਸੀਮਤ ਹਨ ਜਦੋਂ ਕਿ ਹਰ ਇਕ ਧੀ-ਭੈਣ ਵਿਚ ਸਹਿਮ ਦਾ ਮਾਹੌਲ ਹੈ। ਅੱਜ ਕੌਣ ਸੁਰੱਖਿਅਤ ਹੈ, ਜ਼ਰਾ ਸੋਚੋ?

-ਨਰਿੰਦਰ ਕੰਗ

ਕੋਰੋਨਾ ਸਬੰਧੀ ਭਾਰੀ ਜੁਰਮਾਨੇ
24 ਜੁਲਾਈ ਦੇ ਅਜੀਤ 'ਚ ਲੱਗੀ ਖ਼ਬਰ ਨੇ ਸਾਡੀ ਸੂਬਾ ਸਰਕਾਰ ਵਲੋਂ ਕੋਰੋਨਾ ਸਬੰਧੀ ਹਦਾਇਤਾਂ ਦੀ ਅਵੱਗਿਆ ਕਰਨ ਵਾਲੇ ਵਿਅਕਤੀਆਂ ਨੂੰ ਭਾਰੀ ਜੁਰਮਾਨੇ ਕਰਨ ਦੀ ਖ਼ਬਰ ਪੜ੍ਹ ਕੇ ਮਨ ਬੜੀ ਨਮੋਸ਼ੀ ਜਿਹੀ ਹੋਈ। ਕਿਉਂਕਿ ਪਿਛਲੇ ਲਗਪਗ ਪੰਜ ਮਹੀਨਿਆਂ ਤੋਂ ਕੰਮਕਾਰ ਠੱਪ ਹੋਣ ਕਾਰਨ ਰਾਜ ਦੇ ਲੋਕ ਤਾਂ ਪਹਿਲਾਂ ਹੀ ਆਰਥਿਕ ਪੱਖੋਂ ਬੁਰੀ ਤਰ੍ਹਾਂ ਝੰਬੇ ਪਏ ਹਨ। ਉਪਰੋਂ ਜਾਣੇ-ਅਣਜਾਣੇ ਗ਼ਲਤੀ ਕਰ ਬੈਠਣ ਵਾਲਿਆਂ ਉੱਪਰ ਸਰਕਾਰ ਵਲੋਂ ਅਸਹਿਣਯੋਗ ਜੁਰਮਾਨਿਆਂ ਦਾ ਕੁਹਾੜਾ ਚਲਾ ਦੇਣਾ ਕਿਸੇ ਵੀ ਪੱਖੋਂ ਤਰਕ ਸੰਗਤ ਨਹੀਂ ਮੰਨਿਆ ਜਾ ਸਕਦਾ। ਅਸੀਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਹਾਂ ਕਿ ਕੋਰੋਨਾ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਗਾਹੇ-ਬਗਾਹੇ ਪਾਲਣਾ ਨਾ ਕਰਨ ਵਾਲਿਆਂ ਨੂੰ ਪੈਸਿਆਂ ਦੇ ਰੂਪ ਵਿਚ ਭਾਰੀ ਜੁਰਮਾਨੇ ਕਰਨ ਦੀ ਥਾਂ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਕੋਈ ਸਾਰਥਿਕ ਉਪਾਅ ਲੱਭਿਆ ਜਾਵੇ ਤਾਂ ਜੋ ਲੋਕਾਂ ਦੀ ਜੇਬ 'ਤੇ ਆਰਥਿਕ ਪੱਖੋਂ ਵੱਡੀ ਸੱਟ ਨਾ ਵੱਜੇ ਤੇ ਉਹ ਅੱਗੋਂ ਤੋਂ ਗਲਤੀ ਕਰਨ ਤੋਂ ਤੌਬਾ ਵੀ ਕਰ ਲੈਣ।

-ਯਸ਼ ਕੁਮਾਰ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਕੋਰੋਨਾ ਵਾਇਰਸ
ਸਾਰੇ ਜਾਣਦੇ ਹਨ ਕਿ ਕੋਰੋਨਾ ਨੇ ਵਿਸ਼ਵ ਵਿਚ ਹਾਹਾਕਾਰ ਮਚਾਈ ਹੋਈ ਹੈ। ਹਰ ਰੋਜ਼ ਪੂਰੇ ਭਾਰਤ ਵਿਚ ਇਹ ਗਿਣਤੀ ਹਜ਼ਾਰਾਂ ਵਿਚ ਹੋ ਰਹੀ ਹੈ। ਸਿਰਫ਼ ਇਸ ਮਹਾਂਮਾਰੀ ਦੀ ਇਕ ਹੀ ਦਵਾਈ ਹੈ ਦੋ ਗਜ਼ ਦੀ ਦੂਰੀ। ਹੁਣ ਤਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਬਿਨਾਂ ਮਤਲਬ ਤੋਂ ਅਸੀਂ ਬਾਹਰ ਨਾ ਜਾਈਏ। ਜੇ ਕੋਈ ਰੁਜ਼ਗਾਰ ਵਾਲਾ ਬੰਦਾ ਹੈ ਉਸ ਨੇ ਤਾਂ ਚਲੋ ਆਪਣੇ ਰੁਜ਼ਗਾਰ ਲਈ ਜਾਣਾ ਹੈ। ਆਪਣਾ ਮੂੰਹ ਚੰਗੀ ਤਰ੍ਹਾਂ ਢਕ ਕੇ ਜਾਈਏ। ਦੋ ਗਜ਼ ਦੀ ਦੂਰੀ ਬਣਾ ਕੇ ਰੱਖੀਏ। ਬਾਹਰ ਤੋਂ ਜਦ ਵੀ ਅਸੀਂ ਆਪਣੇ ਘਰ ਆਉਂਦੇ ਹਾਂ ਤਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਹੀ ਕਿਸੇ ਹੋਰ ਚੀਜ਼ ਨੂੰ ਛੂਹੋ। ਜੋ ਵੀ ਸਾਨੂੰ ਮਾਹਿਰਾਂ ਨੇ ਹਿਦਾਇਤਾਂ ਦਿੱਤੀਆਂ ਹਨ, ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੀਏ ਤਾਂ ਹੀ ਅੱਗੇ ਅਸੀਂ ਕੋਰੋਨਾ ਮਹਾਂਮਾਰੀ 'ਤੇ ਜਿੱਤ ਹਾਸਲ ਕਰ ਸਕਦੇ ਹਾਂ।

-ਸੰਜੀਵ ਸਿੰਘ ਸੈਣੀ ਮੁਹਾਲੀ।

ਸਰਕਾਰ ਖੇਤੀਬਾੜੀ ਕਾਲਜਾਂ ਵੱਲ ਦੇਖੇ
'ਅਜੀਤ' ਦੇ ਪਹਿਲੇ ਸਫੇ 'ਤੇ ਜਸਵੰਤ ਸਿੰਘ ਪੁਰਬਾ ਦੀ ਫਰੀਦਕੋਟ ਤੋਂ ਖ਼ਬਰ 'ਖੇਤੀਬਾੜੀ ਡਿਗਰੀ ਕਾਲਜਾਂ ਦਾ ਭਵਿੱਖ ਖਤਰੇ ਵਿਚ' ਪੜ੍ਹੀ। ਖ਼ਬਰ ਕੇ ਪਤਾ ਲੱਗਾ ਕਿ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਤੇ ਪੰਜਾਬ ਕੌਂਸਲ ਆਫ਼ ਐਗਰੀਕਲਚਰ ਦੀਆਂ ਸਖਤ ਸ਼ਰਤਾਂ ਕਾਰਨ ਪੰਜਾਬ ਦੇ 5 ਸਰਕਾਰੀ ਅਤੇ 82 ਗ਼ੈਰ-ਸਰਕਾਰੀ ਖੇਤੀਬਾੜੀ ਕਾਲਜਾਂ ਦਾ ਭਵਿੱਖ ਖਤਰੇ ਵਿਚ ਹੈ ਅਤੇ ਇਸ ਵਾਰ ਇਨ੍ਹਾਂ ਕਾਲਜਾਂ ਵਿਚ ਨਵੇਂ ਦਾਖਲੇ ਨਹੀਂ ਹੋਣਗੇ। ਇਹ ਖ਼ਬਰ ਖੇਤੀਬਾੜੀ ਦੀ ਪੜ੍ਹਾਈ ਕਰਨ ਵਾਲੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਬੇਹੱਦ ਦੁਖਦਾਈ ਹੈ। ਗ਼ੈਰ-ਸਰਕਾਰੀ ਕਾਲਜਾਂ ਦੀ ਗੱਲ ਤਾਂ ਛੱਡੋ ਪਰ ਸਰਕਾਰੀ ਕਾਲਜਾਂ ਦੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਤਾਂ ਪੰਜਾਬ ਸਰਕਾਰ ਦਾ ਹੀ ਫ਼ਰਜ਼ ਹੈ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕਾਲਜਾਂ ਨੂੰ ਬਚਾਉਣ ਲਈ ਲੋੜੀਂਦੀ ਭਰਤੀ, ਖੇਤੀ ਜ਼ਮੀਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਲਈ ਤੁਰੰਤ ਫੰਡ ਜਾਰੀ ਕਰੇ ਤਾਂ ਜੋਇਸ ਸਾਲ ਤੋਂ ਪਹਿਲਾਂ ਦੀ ਤਰ੍ਹਾਂ ਨਵੇਂ ਦਾਖਲੇ ਹੋ ਸਕਣ।

-ਰਾਜਿੰਦਰ ਸਿੰਘ ਮਰਾਹੜ
ਪਿੰਡਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਦਰਿਆਈ ਪਾਣੀ
ਤਾਲਾਬੰਦੀ, ਕਰਫ਼ਿਊ ਦੌਰਾਨ ਜਿਥੇ ਸਾਰੇ ਕੰਮਕਾਰ ਠੱਪ ਹੋ ਗਏ ਸਨ, ਉਥੇ ਹੀ ਫੈਕਟਰੀਆਂ ਵੀ ਬੰਦ ਹੋ ਜਾਣ ਨਾਲ, ਉਨ੍ਹਾਂ 'ਚੋਂ ਨਿਕਲਦਾ ਜ਼ਹਿਰੀਲਾ ਪਾਣੀ ਵੀ ਦਰਿਆਵਾਂ 'ਚ ਪੈਣਾ ਬੰਦ ਹੋ ਗਿਆ ਸੀ, ਜਿਸ ਕਾਰਨ ਦਰਿਆਵਾਂ ਦਾ ਪਾਣੀ ਕਈ ਸਾਲਾਂ ਤੋਂ ਬਾਅਦ ਸਾਫ਼-ਸੁਥਰਾ ਹੋਣ ਦੇ ਨਾਲ-ਨਾਲ ਇਨਸਾਨਾਂ, ਪਸ਼ੂਆਂ ਦੇ ਪੀਣ ਦੇ ਯੋਗ ਹੋ ਗਿਆ ਸੀ ਅਤੇ ਜਲਚਰ ਜੀਵਾਂ ਲਈ ਵਰਦਾਨ ਬਣਿਆ ਹੈ। ਪ੍ਰੰਤੂ ਹੁਣ ਜਿਉਂ ਹੀ ਸਾਰੇ ਕੰਮਕਾਜ ਖੁੱਲ੍ਹ ਗਏ ਹਨ, ਉਸ ਨਾਲ ਦਰਿਆਵਾਂ ਵਿਚ ਕਈ ਥਾਵਾਂ ਤੋਂ ਫੈਕਟਰੀਆਂ ਆਦਿ ਦਾ ਪਾਣੀ ਫਿਰ ਤੋਂ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪਾਣੀ ਗੰਧਲਾ ਹੋਣ ਦੇ ਨਾਲ-ਨਾਲ ਜ਼ਹਿਰੀਲਾ ਹੋ ਜਾਣ ਕਾਰਨ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਹੀ ਪਾਣੀ ਵਿਚ ਪਲ ਰਹੇ ਜਾਨਵਰ ਵੀ ਨੁਕਸਾਨੇ ਜਾਣ ਦਾ ਖ਼ਤਰਾ ਹੈ। ਪ੍ਰਸ਼ਾਸਨ ਨੂੰ ਦਰਿਆਵਾਂ ਨਾਲ ਲਗਦੀਆਂ ਫੈਕਟਰੀਆਂ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਜੋ ਦਰਿਆਵਾਂ, ਨਦੀਆਂ 'ਚ ਪੈਂਦਾ ਹੈ, ਉਸ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

27-07-2020

 ਡਾ: ਵਰਵਰਾ ਰਾਓ...
ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਬਜ਼ੁਰਗ ਇਨਕਲਾਬੀ ਕਵੀ ਡਾ: ਵਰਵਰਾ ਰਾਓ ਤੇ ਹੋਰ ਅਗਾਂਹਵਧੂ ਲੇਖਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸੱਚੇ-ਸੁੱਚੇ ਲੇਖਕਾਂ ਨੂੰ ਬਿਨਾਂ ਵਜ੍ਹਾ ਨਜ਼ਰਬੰਦ ਕਰਨਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ। ਸਮੁੱਚੀ ਸਾਹਿਤ ਸਭਾ ਕਲਮ ਦੀ ਆਜ਼ਾਦੀ ਲਈ ਵਚਨਬੱਧ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਰਿਸ਼ਤਿਆਂ ਦਾ ਨਿੱਘ
ਰਿਸ਼ਤੇ-ਨਾਤੇ ਸਾਡੀ ਜ਼ਿੰਦਗੀ ਦੇ ਬਹੁਤ ਖੂਬਸੂਰਤ ਤੋਹਫ਼ੇ ਹਨ। ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਬੜਾ ਅਜੀਬ ਜਿਹਾ ਲਗਦਾ ਹੈ। ਮੌਜੂਦਾ ਦੌਰ 'ਚ ਸਾਡੇ ਸਾਰਿਆਂ ਲਈ ਬਰਦਾਸ਼ਤ ਕਰਨ ਦੀ ਸ਼ਕਤੀ ਬਹੁਤ ਘਟ ਗਈ ਹੈ। ਗੱਲ-ਗੱਲ 'ਤੇ ਗੁੱਸਾ ਰਿਸ਼ਤਿਆਂ 'ਚ ਕੁੜੱਤਣ ਬਹੁਤ ਵੱਡਾ ਕਾਰਨ ਬਣ ਰਿਹਾ ਹੈ। ਗੁੱਸੇ ਵਿਚ ਆ ਕੇ ਇਕਦਮ ਕੋਈ ਰਿਸ਼ਤਾ ਖਤਮ ਨਾ ਕਰੋ। ਜ਼ਮਾਨੇ ਦੀ ਦਿਨ-ਬਦਿਨ ਬਦਲਦੀ ਜਾ ਰਹੀ ਚਾਲ ਕਾਰਨ ਸਮਾਂ ਹੀ ਐਸਾ ਆ ਗਿਆ ਹੈ ਕਿ ਮੌਜੂਦਾ ਦੌਰ ਵਿਚ ਰਿਸ਼ਤੇ-ਨਾਤਿਆਂ ਨੂੰ ਬਣਾਈ ਰੱਖਣ ਲਈ ਕਈ ਵਾਰ ਸਾਨੂੰ ਅੰਨ੍ਹੇ-ਬੋਲੇ ਅਤੇ ਇਥੋਂ ਤੱਕ ਕਿ ਗੂੰਗੇ ਵੀ ਬਣਨਾ ਪੈਂਦਾ ਹੈ। ਪਤਾ ਉਦੋਂ ਹੀ ਲਗਦਾ ਹੈ ਜਦੋਂ ਇਕ-ਇਕ ਕਰਕੇ ਸਾਰੇ ਰਿਸ਼ਤੇ ਸਾਡੇ ਹੱਥੋਂ ਕਿਰ ਜਾਂਦੇ ਹਨ। ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਹੈ। ਸੋ, ਰਿਸ਼ਤਿਆਂ ਦਾ ਨਿੱਘ ਬਣਾਈ ਰੱਖਣ ਲਈ ਦਿਮਾਗ ਦੇ ਨਾਲ-ਨਾਲ ਦਿਲ ਤੋਂ ਕੰਮ ਲੈਣ ਤੋਂ ਇਲਾਵਾ ਕਾਫੀ ਕੁਝ ਨੂੰ ਅਣਦੇਖਿਆ ਵੀ ਕਰਨਾ ਪਵੇਗਾ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਸਹਿਜਤਾ
ਬੱਬੂ ਤੀਰ ਦਾ ਲੇਖ 'ਸੌਖੀ ਜ਼ਿੰਦਗੀ ਦੀ ਬਹੁਮੁੱਲੀ ਕੁੰਜੀ ਸਹਿਜਤਾ' ਪੜ੍ਹਿਆ ਜੋ ਜ਼ਿੰਦਗੀ ਵਿਚ ਸਹਿਜਤਾ ਦੇ ਪੱਖ ਨੂੰ ਦਰਸਾਉਂਦਾ ਲੇਖ ਸੀ। ਇਹ ਵਧੀਆ ਸੀ। ਜ਼ਿੰਦਗੀ ਆਪਣੇ ਹੱਥੀਂ ਸਾਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਜਦੋਂ ਸਾਡੀ ਫ਼ਿਤਰਤ ਵਿਚ ਸਹਿਜਤਾ ਆ ਜਾਂਦੀ ਹੈ ਤਾਂ ਜ਼ਿੰਦਗੀ ਦੇ ਵਕਤੀ ਇਮਤਿਹਾਨ ਵੀ ਦੁਖਦਾਈ ਨਹੀਂ ਲਗਦੇ। ਪੁਰਾਣੇ ਵਕਤਾਂ ਵਿਚ ਸਹਿਣਸ਼ਕਤੀ ਵੱਧ ਹੋਣ ਦਾ ਫ਼ਖਰ ਕੀਤਾ ਜਾਂਦਾ ਸੀ। ਜੇ ਭਲਾ ਸੌਖਾ ਹੁੰਦਾ ਤਾਂ ਹਰ ਕੋਈ ਹੀ ਪਹੁੰਚ ਜਾਂਦਾ ਹੈ। ਚੰਗੀ ਸਿਹਤ ਦਾ ਰਾਜ ਸਿਹਤਮੰਦ ਮਾਨਸਿਕਤਾ ਹੈ, ਇਸ ਲਈ ਯਤਨ ਕਰਨੇ ਚਾਹੀਦੇ ਹਨ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ

ਕਿਉਂ ਹੋ ਰਹੀ ਹੈ ਮਿਲਾਵਟ?
ਬੇਸ਼ੱਕ ਕੋਰੋਨਾ ਦਾ ਕਹਿਰ ਅੱਜ ਅੰਬਰਾਂ ਨੂੰ ਛੂਹਣ ਲੱਗ ਪਿਆ ਹੈ। ਵੈਕਸੀਨ ਅਜੇ ਤਿਆਰ ਨਾ ਹੋਣ ਕਰਕੇ ਇਸ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲੋਕਾਂ ਦਾ ਧਿਆਨ ਇਸ ਬਿਮਾਰੀ ਵੱਲ ਹੋਇਆ ਫਿਰਦਾ ਹੈ। ਪਰ ਮਿਲਾਵਟਖੋਰ ਇਸ ਦਾ ਪੂਰਾ ਫਾਇਦਾ ਲੈ ਰਹੇ ਹਨ। ਬੇਸ਼ੱਕ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਜਿਸ ਵਿਚ ਮਿਲਾਵਟ ਨਾ ਹੋ ਰਹੀ ਹੋਵੇ ਪਰ ਸਭ ਤੋਂ ਜ਼ਿਆਦਾ ਇਨਸਾਨ ਦੀ ਸਿਹਤ ਤੇ ਬੁਰਾ ਅਸਰ ਦੁੱਧ ਵਿਚ ਹੋਣ ਵਾਲੀ ਮਿਲਾਵਟ ਕਰਕੇ ਪੈਂਦਾ ਹੈ। ਦੁੱਧ ਭਾਵੇਂ ਸਿੱਧੇ ਰੂਪ ਵਿਚ ਹੋਵੇ ਜਾਂ ਉਸ ਦੇ ਬਣੇ ਉਤਪਾਦ ਤੋਂ ਹੋਵੇ, ਉਹ ਹਰ ਇਨਸਾਨ ਨੂੰ ਵਰਤਣਾ ਪੈਂਦਾ ਹੈ। ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਮੁਨਾਫਾਖੋਰ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਫੜੇ ਜਾਂਦੇ ਹਨ। ਕਈ ਨਾਮੀ ਗਰਾਮੀ ਦੁਕਾਨਾਂ ਇਹੋ ਜਿਹੀਆਂ ਹਨ ਜਿਥੇ ਮਿਲਾਵਟ ਜ਼ੋਰਾਂ 'ਤੇ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਮਿਲਾਵਟਖੋਰਾਂ ਤੇ ਪੂਰਾ ਸ਼ਿਕੰਜਾ ਕੱਸਿਆ ਜਾਵੇ ਤਾਂ ਕਿ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।

-ਸੂਬੇ: ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।

ਨਸ਼ਾ
'ਅਜੀਤ' ਵਿਚ ਵੱਖ-ਵੱਖ ਲੇਖਕਾਂ ਦੇ ਪੰਜਾਬ ਨਾਲ ਸਬੰਧਿਤ ਲੇਖ ਪੜ੍ਹ ਕੇ ਆਪਣਾ ਪੁਰਾਣਾ ਰੰਗਲਾ ਪੰਜਾਬ ਯਾਦ ਆ ਜਾਂਦਾ ਹੈ। ਜਿਥੇ ਮਿਹਨਤੀ, ਸਿਹਤਮੰਦ, ਉਚੇ-ਲੰਬੇ ਤੇ ਗੋਰੇ-ਚਿੱਟੇ ਪੰਜਾਬੀ ਗੱਭਰੂ ਵੇਖ ਕੇ ਪੰਜਾਬ ਦੀ ਜਵਾਨੀ 'ਤੇ ਮਾਣ ਮਹਿਸੂਸ ਹੁੰਦਾ ਸੀ ਪਰ ਅੱਜ ਇਹ ਪੰਜਾਬ ਉਹ ਹੀ ਹੈ ਜਿਥੇ ਅੱਜ ਦਾ ਨੌਜਵਾਨ ਖ਼ਤਰਨਾਕ 'ਚਿੱਟੇ' ਦੀ ਦਲਦਲ ਵਿਚ ਫਸ ਚੁੱਕਿਆ ਹੈ। ਇਸ ਲਈ ਹੀ ਪੰਜਾਬ ਸਰਕਾਰ ਨੇ 'ਓਟ' (ਆਉਟਪੇਸ਼ੈਂਟ ਐਸੋਸੀਏਟਿਡ ਟਰੀਟਮੈਂਟ) ਸੈਂਟਰ ਖੋਲ੍ਹੇ ਹਨ। ਜਿਥੇ ਹਰ ਰੋਜ਼ ਦੋ ਲੱਖ ਲੋਕ ਲਾਈਨਾਂ 'ਚ ਆਪਣਾ ਇਲਾਜ ਕਰਵਾਉਣ ਲਈ ਲਗਦੇ ਹਨ। ਜੇ ਸਰਕਾਰ ਜਾਂ ਪੁਲਿਸ ਚਾਹੇ ਤਾਂ ਚਿੜੀ ਵੀ ਨਹੀਂ ਫੜਕ ਸਕਦੀ, ਫਿਰ ਇਹ ਨਸ਼ਾ ਇਕ ਥਾਂ ਤੋਂ ਦੂਜੀ ਥਾਂ 'ਤੇ ਕਿਵੇਂ ਪਹੁੰਚਦਾ ਹੈ। ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ ਕੋਲੋਂ, ਨਸ਼ਾ ਤਾਂ ਉਨ੍ਹਾਂ ਨੇ ਵੀ ਕੀਤਾ ਸੀ ਪਰ ਉਹ ਨਸ਼ਾ ਸੀ ਦੇਸ਼ ਪ੍ਰੇਮ ਦਾ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ), ਹੁਸ਼ਿਆਰਪੁਰ।

ਸਵੈ ਰੁਜ਼ਗਾਰ ਸਕੀਮਾਂ
ਪੰਜਾਬ 'ਚ ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ ਅਤੇ ਪੜ੍ਹੇ-ਲਿਖੇ ਨੌਜਵਾਨ, ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਘਰਾਂ 'ਚ ਬੈਠਣ ਨੂੰ ਮਜਬੂਰ ਹਨ। ਤਾਲਾਬੰਦੀ ਕਾਰਨ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਵੀ ਚਿੰਤਾ ਦੇ ਆਲਮ 'ਚ ਹਨ। ਭਾਵੇਂ ਸਰਕਾਰ ਵਲੋਂ ਨੌਕਰੀਆਂ ਦੇਣ ਦੇ ਮਕਸਦ ਨਾਲ ਨੌਜਵਾਨਾਂ ਲਈ ਸਵੈ-ਰੁਜ਼ਗਾਰ ਸਕੀਮਾਂ ਚਲਾਈਆਂ ਗਈਆਂ ਹਨ, ਪ੍ਰੰਤੂ ਆਪਣੇ ਕੰਮ ਵਿਚ ਸਥਾਪਤ ਹੋਣ ਲਈ ਮੱਛੀ ਪਾਲਣ ਦਾ ਕਿੱਤਾ ਵੀ ਅਪਣਾਉਣਾ ਚਾਹੀਦਾ ਹੈ ਜੋ ਕਿ ਥੋੜ੍ਹੀ ਜ਼ਮੀਨ ਵਿਚ ਵੀ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਉਹ ਪੰਚਾਇਤੀ ਛੱਪੜ ਪਟੇ 'ਤੇ ਲੈ ਕੇ ਮੱਛੀ ਪਾਲ ਕੇ ਘਰ ਬੈਠੇ ਹੀ ਪੈਸਾ ਕਮਾ ਸਕਦੇ ਹਨ। ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਮੱਛੀ ਪਾਲਣ ਵਿਕਾਸ ਵਲੋਂ ਮੱਛੀ ਪਾਲਕਾਂ ਨੂੰ ਬੈਂਕ ਕਰਜ਼ੇ, ਸਬਸਿਡੀਆਂ, ਸਸਤਾ ਮੱਛੀ ਪੂੰਗ ਸਪਲਾਈ ਕਰਨ, ਟ੍ਰੇਨਿੰਗ ਦੇਣ ਅਤੇ ਮੰਡੀਕਰਨ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਵਿਭਾਗ ਦੇ ਦਫਤਰ ਹਰੇਕ ਤਹਿਸੀਲ, ਜ਼ਿਲ੍ਹੇ ਵਿਚ ਹਨ, ਜਿਥੋਂ ਕੋਈ ਵੀ ਮੱਛੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਲੈ ਸਕਦਾ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਜਿਥੇ ਮੱਛੀ ਪਾਲਣ ਵਿਭਾਗ ਪਾਸੋਂ ਮੱਛੀ ਪਾਲਣ ਸਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ, ਉਥੇ ਹੀ ਵਿਭਾਗ ਨੂੰ ਵੀ ਅਜਿਹੇ ਮੱਛੀ ਪਾਲਕਾਂ ਨੂੰ ਇਸ ਕਿੱਤੇ ਵਿਚ ਸਥਾਪਤ ਕਰਨ ਲਈ ਜ਼ਮੀਨੀ ਪੱਧਰ 'ਤੇ ਮਦਦ ਕਰਨੀ ਚਾਹੀਦੀ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ,

ਜਲੰਧਰ।

ਕੋਈ ਕੰਮ ਮਾੜਾ ਨਹੀਂ ਹੁੰਦਾ
ਕੋਈ ਕੰਮ ਮਾੜਾ ਨਹੀਂ ਹੁੰਦਾ, ਮਾੜੀ ਬੰਦੇ ਦੀ ਸੋਚ ਹੁੰਦੀ ਹੈ। ਕੰਮ ਮਿਹਨਤ ਅਤੇ ਹੱਕ ਹਲਾਲ ਦੀ ਕਮਾਈ ਹੈ, ਜਿਸ ਨਾਲ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ। ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਕੰਮ ਵਿਅਕਤੀ ਦਾ ਕਰਮ ਹੈ ਜੋ ਉਸ ਨੂੰ ਸਫ਼ਲਤਾ ਦੇ ਮਾਰਗ 'ਤੇ ਲੈ ਜਾਂਦਾ ਹੈ।
ਇਸ ਲਈ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਬੇਸ਼ਰਮੀ ਅਤੇ ਝਿਜਕ ਤੋਂ ਪ੍ਰਹੇਜ਼ ਕਰਦੇ ਹੋਏ ਕੰਮ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਹਰੇਕ ਕੰਮ ਨੂੰ ਲਗਨ ਅਤੇ ਮਿਹਨਤ ਸਦਕਾ ਕਰਦੇ ਹੋਏ ਆਪਣੇ-ਆਪ ਨੂੰ ਕਾਮਯਾਬ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਪਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਛੇਤੀ ਹੀ ਹਾਰ ਮੰਨ ਜਾਂਦੀ ਹੈ ਅਤੇ ਸਮਾਜ ਵਿਰੋਧੀ ਰਾਹਾਂ 'ਤੇ ਚਲ ਪੈਂਦੀ ਹੈ ਅਤੇ ਕਈ ਵਾਰ ਆਪਣੀ ਜਾਨ ਤੱਕ ਵੀ ਗੁਆ ਦਿੰਦੀ ਹੈ।
ਸੋ, ਅਜਿਹੀ ਨੌਜਵਾਨ ਪੀੜ੍ਹੀ ਨੂੰ ਨਿਰਾਸ਼ਾ ਦਾ ਪੱਲਾ ਛੱਡ ਕੇ ਮਿਹਨਤ ਦਾ ਰਸਤਾ ਅਖ਼ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਕੋਈ ਕੰਮ ਮਾੜਾ ਨਹੀਂ ਹੁੰਦਾ, ਹਰੇਕ ਕੰਮ ਸਫ਼ਲਤਾ ਨੂੰ ਜਾਂਦਾ ਰਾਹ ਹੁੰਦਾ ਹੈ।

-ਗੁਰਸੇਵਕ ਰੰਧਾਵਾ
ਪਟਿਆਲਾ।

ਪਾਣੀ ਦੀ ਦੁਰਵਰਤੋਂ
ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ, ਜੋ ਕਿ ਸਾਡੇ ਲਈ ਇਕ ਗੰਭੀਰ ਵਿਸ਼ਾ ਹੈ। ਪਾਣੀ ਸਾਡੇ ਸਰੀਰ ਦੀ ਅਹਿਮ ਖੁਰਾਕ ਹੈ, ਜਿਸ ਤੋਂ ਬਗੈਰ ਅਸੀਂ ਜੀਵਤ ਨਹੀਂ ਰਹਿ ਸਕਦੇ। ਇਸ ਲਈ ਸਾਨੂੰ ਪਾਣੀ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ ਜਿਵੇਂ ਕਿ ਆਮ ਹੀ ਦੇਖਦੇ ਹਾਂ ਕਿ ਘਰਾਂ ਦੀਆਂ ਛੱਤਾਂ 'ਤੇ ਪਾਣੀ ਵਾਲੀਆਂ ਟੈਂਕੀਆਂ ਦਾ ਪਾਣੀ ਭਰ ਜਾਣ ਤੋਂ ਬਾਅਦ ਵੀ ਅਜਾਈਂ ਨਿਕਲਦਾ ਹੈ ਅਤੇ ਕਈ ਲੋਕ ਬੁਰਸ਼ ਜਾਂ ਹੱਥ ਧੋਂਦੇ ਸਮੇਂ ਟੂਟੀ ਨੂੰ ਖੁੱਲ੍ਹਿਆਂ ਛੱਡਦੇ ਹਨ। ਇਸੇ ਤਰ੍ਹਾਂ ਹੀ ਆਪਣੇ ਵਾਹਨਾਂ ਨੂੰ ਧੋਂਦੇ ਸਮੇਂ ਵੀ ਪਾਣੀ ਦੀ ਦੁਰਵਰਤੋਂ ਕਰਦੇ ਹਨ, ਜੇਕਰ ਅਸੀਂ ਇਸੇ ਤਰ੍ਹਾਂ ਪਾਣੀ ਦੀ ਵਰਤੋਂ ਕਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਲਈ ਤਰਸਣਗੀਆਂ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

24-07-2020

 ਪੁਸਤਕ ਸੱਭਿਆਚਾਰ

ਨਿਰਸੰਦੇਹ ਇੰਟਰਨੈੱਟ ਦੇ ਆਉਣ ਨਾਲ ਪੁਸਤਕ ਸੱਭਿਆਚਾਰ ਨੂੰ ਸੱਟ ਵੱਜੀ ਹੈ। ਹਰ ਕੋਈ ਮੋਬਾਈਲ ਵਿਚ ਉਲਝਿਆ ਹੋਇਆ ਜਾਪਦਾ ਹੈ। ਇੰਜ ਲਗਦਾ ਹੈ ਕਿ ਹੁਣ ਪੁਸਤਕਾਂ ਦੀ ਕੀ ਲੋੜ ਹੈ? ਪਰ ਇਹ ਸੱਚ ਨਹੀਂ ਹੈ। ਪੁਸਤਕਾਂ ਵਿਚ ਗਿਆਨ ਦਾ ਖਜ਼ਾਨਾ ਮਹਿਫ਼ੂਜ਼ ਹੈ, ਜਿਸ ਨੂੰ ਚੁਰਾਇਆ ਨਹੀਂ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ ਸ਼ਰੀਫ਼ ਤੇ ਹੋਰ ਧਾਰਮਿਕ ਪੁਸਤਕਾਂ ਦੀ ਅਹਿਮੀਅਤ ਕਦੇ ਖ਼ਤਮ ਨਹੀਂ ਹੋ ਸਕਦੀ। ਬੇਸ਼ੱਕ ਸਮੇਂ ਦੇ ਗੇੜ ਨਾਲ ਮਨੁੱਖੀ ਝੁਕਾਅ ਬਦਲਦੇ ਰਹਿੰਦੇ ਹਨ ਪਰ ਇਹ ਗੱਲ ਨਿਸਚੇ ਨਾਲ ਆਖੀ ਜਾ ਸਕਦੀ ਹੈ ਕਿ ਪੁਸਤਕ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੋਈ ਵੀ ਵਕਤੀ ਤਬਦੀਲੀ ਸਦੀਵੀ ਸੱਚ ਨਹੀਂ ਹੁੰਦਾ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਪਹਿਲਾ ਸਕੂਲ ਘਰ

ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਬੱਚੇ ਸਾਡੇ ਸਮੇਂ ਤੋਂ ਜ਼ਿਆਦਾ ਤੇਜ਼ ਹਨ। ਬੱਚਾ ਚੰਗੀ ਮਾੜੀ ਗੱਲ ਬਹੁਤ ਜਲਦੀ ਸਮਝ ਜਾਂਦਾ ਤੇ ਸਿੱਖ ਜਾਂਦਾ। ਅਕਸਰ ਅਸੀਂ ਦੇਖਦੇ ਹਾਂ ਕਿ ਬੱਚਾ ਜਦ ਵੀ ਗਾਲਾਂ ਕੱਢਦਾ ਹੋਵੇ ਜਾਂ ਕੋਈ ਬਦਤਮੀਜ਼ੀ ਕਰਦਾ ਹੋਵੇ, ਅਸੀਂ ਦੋਸ਼ ਸਕੂਲ 'ਤੇ ਲਗਾ ਦਿੰਦੇ ਹਾਂ। ਪਰ ਕਦੇ ਅਸੀਂ ਆਪਣੇ ਘਰ ਵਿਚ ਨਜ਼ਰ ਨਹੀਂ ਮਾਰਦੇ। ਜੇਕਰ ਘਰ ਦਾ ਕੋਈ ਵੱਡਾ ਗਾਲਾਂ ਕੱਢਦਾ ਹੋਵੇ ਜਾਂ ਗੁੱਸੇ ਵਿਚ ਬੋਲਦਾ ਹੋਵੇ ਤਾਂ ਬੱਚਾ ਸੁਣਦਾ ਹੈ ਤੇ ਸੋਚਦਾ ਹੈ ਕਿ ਵੱਡੇ ਬੋਲ ਰਹੇ ਨੇ ਤੇ ਅਸੀਂ ਬੋਲ ਸਕਦੇ ਹਾਂ। ਕਈ ਵਾਰ ਕੋਈ ਲੜਕੀ ਆਪਣੀ ਮਾਤਾ ਨੂੰ ਆਪਣੇ ਸਹੁਰੇ ਘਰ ਦੀਆਂ ਗੱਲਾਂ ਪੇਕੇ ਘਰ ਸੁਣਾਉਂਦੀ ਹੈ ਤਾਂ ਬੱਚਾ ਵੀ ਇਸੇ ਤਰ੍ਹਾਂ ਆਪਣੇ ਘਰ ਦੀ ਗੱਲ ਦੂਜਿਆਂ ਨਾਲ ਕਰਨ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕਈ ਗੱਲਾਂ ਹਨ, ਜੋ ਤੁਸੀਂ ਆਪਣੇ ਘਰ ਵਿਚ ਕਰੋਗੇ ਬੱਚੇ 'ਤੇ ਉਹੀ ਜਿਹਾ ਅਸਰ ਪਵੇਗਾ। ਜੇਕਰ ਮਾਤਾ-ਪਿਤਾ ਹੀ ਸਾਰਾ ਦਿਨ ਮੋਬਾਈਲ ਦੇਖਣਗੇ ਤਾਂ ਬੱਚਾ ਵੀ ਉਹੀ ਜ਼ਿੱਦ ਕਰਦਾ ਹੈ। ਬੱਚੇ ਦਾ ਪਹਿਲਾ ਸਕੂਲ ਘਰ ਹੀ ਹੁੰਦਾ ਹੈ।

-ਨਿਧੀ ਬਨਕਰ
ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ।

ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?

ਪਿਛਲੇ ਦਿਨੀਂ 'ਅਜੀਤ' ਵਿਚ ਸ੍ਰੀ ਉਪੇਂਦਰ ਪ੍ਰਸਾਦ ਵਲੋਂ ਲੇਖ ਛਪਿਆ, ਜਿਸ ਵਿਚ ਸਾਫ਼ ਲਿਖਿਆ ਹੈ। ਫਿਲਹਾਲ ਗੱਲ ਪਰਾਲੀ ਦੀ ਹੋ ਰਹੀ ਹੈ ਜਦੋਂ ਉਸ ਨੂੰ ਮੁੱਖ ਕਾਰਨ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਸੀ, ਤਾਂ ਸਾਡੇ ਖੇਤੀ ਵਿਗਿਆਨੀਆਂ ਨੇ ਇਕ ਦਵਾਈ ਤਿਆਰ ਕੀਤੀ, ਜੋ ਬਹੁਤ ਹੀ ਸਸਤੀ ਹੈ। ਉਸ ਦਵਾਈ ਨੂੰ ਝੋਨੇ ਦੀ ਵਾਢੀ ਤੋਂ ਬਾਅਦ ਜੇਕਰ ਖੇਤਾਂ ਵਿਚ ਪਾਇਆ ਜਾਵੇ ਤਾਂ ਪਰਾਲੀ ਮਿੱਟੀ ਵਿਚ ਮਿਲ ਜਾਂਦੀ ਹੈ ਅਤੇ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ਪਰ ਸਾਡੇ ਨੀਤੀ ਘਾੜਿਆਂ ਨੇ ਇਸ ਦਵਾਈ ਦੀ ਜਾਣਕਾਰੀ ਕਿਸਾਨਾਂ ਨੂੰ ਨਹੀਂ ਦਿੱਤੀ ਅਤੇ ਨਾ ਹੀ ਇਸ ਦਵਾਈ ਦੇ ਉਤਪਾਦਨ ਵਿਚ ਦਿਲਚਸਪੀ ਦਿਖਾਈ ਹੈ। ਲੋਕਾਂ ਨੂੰ ਪ੍ਰਦੂਸ਼ਣ ਦੇ ਖੂਹ ਵਿਚ ਕੌਣ ਧੱਕ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪਤਾ ਕੀਤਾ ਜਾਵੇ। ਇਸ ਸਬੰਧੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਅਸੀਂ ਪ੍ਰਦੂਸ਼ਣ ਤੋਂ ਬਚ ਸਕੀਏ। ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਸਰਕਾਰ ਉਸ 'ਤੇ ਕਾਰਵਾਈ ਕਰਦੀ ਹੈ।

-ਬਲਦੇਵ ਸਿੰਘ ਗਰੇਵਾਲ
ਪਿੰਡ ਖਾਨਪੁਰ, ਤਹਿ: ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ।

ਸਰਕਾਰ ਨਿਊਜ਼ ਚੈਨਲਾਂ 'ਤੇ ਸ਼ਿਕੰਜਾ ਕੱਸੇ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ 'ਟੈਲੀਵਿਜ਼ਨ ਸਮੀਖਿਆ ਕਾਲਮ ਤਹਿਤ ਪ੍ਰੋ: ਕੁਲਬੀਰ ਸਿੰਘ ਦਾ ਲਿਖਿਆ ਲੇਖ 'ਟੀ.ਵੀ. ਪੱਤਰਕਾਰੀ ਅੰਤਾਂ ਦੇ ਨਿਘਾਰ ਵੱਲ, ਪੜ੍ਹਿਆ। ਲੇਖਕ ਨੇ ਨਿਊਜ਼ ਚੈਨਲਾਂ ਅਤੇ ਟੀ.ਵੀ. ਪੱਤਰਕਾਰੀ ਵਿਚ ਆ ਰਹੇ ਨਿਘਾਰ ਬਾਰੇ ਸੰਖੇਪ ਸਬਦਾਂ ਵਿਚ ਬੜਾ ਵਧੀਆ ਚਾਨਣਾ ਪਾਇਆ। ਬਿਨਾਂ ਸ਼ੱਕ ਜ਼ਿਆਦਾਤਰ ਨਿਊਜ਼ ਚੈਨਲਾਂ ਵਲੋਂ ਆਪਣੀ ਟੀ.ਆਰ.ਪੀ. ਵਧਾਉਣ ਲਈ ਖ਼ਬਰਾਂ ਨੂੰ ਬੜਾ ਸਨਸਨੀਖੇਜ਼ ਅਤੇ ਮਸਾਲੇ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਮੌਜੂਦਾ ਕੋਰੋਨਾ ਵਾਇਰਸ ਦੇ ਭਿਆਨਕ ਦੌਰ ਵਿਚ ਨਿਊਜ਼ ਚੈਨਲਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਜਿੰਨੀ ਵੀ ਆਲੋਚਨਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਮਾੜੇ ਸਮੇਂ ਦੌਰਾਨ ਨਿਊਜ਼ ਚੈਨਲ ਕੋਰੋਨਾ ਬਾਰੇ ਉਸਾਰੂ ਕਵਰੇਜ ਕਰਕੇ ਦਰਸ਼ਕਾਂ ਨੂੰ ਹੌਸਲਾ ਦਿੰਦੇ ਪਰ ਇਨ੍ਹਾਂ ਨੇ ਕੋਰੋਨਾ ਸਬੰਧੀ ਖ਼ਬਰਾਂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਲੋਕ ਖ਼ਬਰਾਂ ਸੁਣਦੇ-ਸੁਣਦੇ ਮਾਨਸਿਕ ਰੋਗੀ ਹੋ ਗਏ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗ਼ਲਤ ਲੀਹਾਂ 'ਤੇ ਚੱਲ ਰਹੇ ਜ਼ਿਆਦਾਤਰ ਨਿਊਜ਼ ਚੈਨਲਾਂ 'ਤੇ ਲੋੜੀਂਦਾ ਸ਼ਿਕੰਜਾ ਕੱਸੇ, ਇਸੇ ਵਿਚ ਹੀ ਸਾਡੇ ਸਮਾਜ ਦੀ ਭਲਾਈ ਹੈ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਦਿੱਲੀ ਅਤੇ ਮੌਨਸੂਨ

ਦਿੱਲੀ ਵਿਚ ਹਰ ਸਾਲ ਜਦੋਂ ਵੀ ਮੌਨਸੂਨ ਆਉਂਦੀ ਹੈ, ਦਿੱਲੀ ਦੀਆਂ ਸੜਕਾਂ ਸਾਨੂੰ ਨਦੀਆਂ ਬਣੀਆਂ ਦੇਖਣ ਨੂੰ ਮਿਲਦੀਆਂ ਹਨ। ਹਰ ਸਾਲ ਸੜਕਾਂ ਤੇ ਸੀਵਰੇਜ ਦੀਆਂ ਹਾਲਤਾਂ ਬਦਲੀਆਂ ਹੋਈਆਂ ਨਹੀਂ ਦਿਖਦੀਆਂ, ਖ਼ਾਸ ਕਰ ਜਦੋਂ ਲਗਾਤਾਰ 2 ਤੋਂ 3 ਘੰਟਿਆਂ ਦੀ ਬਾਰਿਸ਼ ਹੁੰਦੀ ਹੈ, ਉਦੋਂ ਸੜਕਾਂ 'ਤੇ ਜ਼ਿਆਦਾ ਪਾਣੀ ਖੜ੍ਹ ਜਾਂਦਾ ਹੈ। ਇਹ ਸਰਕਾਰ ਦੀ ਸਚਾਈ ਨੂੰ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਲੋਕਾਂ ਲਈ ਕਿੰਨਾ ਕੰਮ ਕੀਤਾ ਹੈ ਅਤੇ ਸਰਕਾਰ ਲੋਕਾਂ ਲਈ ਉਹ ਕੰਮ ਕਰਦੀ ਹੈ, ਜੋ ਕੰਮ ਲੋਕ ਵੇਖਦੇ ਹਨ, ਉਹੀ ਕੰਮ ਸਰਕਾਰ ਕਰਦੀ ਹੈ ਤਾਂ ਜੋ ਸਰਕਾਰ ਦਾ ਅਸਲ ਚਿਹਰਾ ਦਿਖਾਈ ਨਾ ਦੇਵੇ ਅਤੇ ਭ੍ਰਿਸ਼ਟਾਚਾਰ ਕਰਨ ਵਾਲੀ ਸਰਕਾਰ ਲੋਕਾਂ ਨੂੰ ਨਜ਼ਰ ਨਾ ਆਵੇ। ਜਦੋਂ ਭਾਰਤ ਦੀ ਰਾਜਧਾਨੀ ਦੀ ਇਹ ਸਥਿਤੀ ਹੋਵੇਗੀ, ਤਾਂ ਕਿਸੇ ਹੋਰ ਛੋਟੇ ਰਾਜ ਦੀ ਸਥਿਤੀ ਬਦ ਤੋਂ ਬਦਤਰ ਹੋਵੇਗੀ। ਇਹ ਸਾਫ਼ ਹੈ। ਇਸ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਵੇਂ ਜ਼ਿੰਮੇਵਾਰ ਹਨ ਕਿਉਂਕਿ ਦਿੱਲੀ ਇਕ ਉਦਯੋਗਿਕ ਸ਼ਹਿਰ ਹੈ। ਹਰ ਇਕ ਕਾਰੋਬਾਰੀ ਨੂੰ ਤੇ ਸਰਕਾਰ ਨੂੰ ਦੋਵਾਂ ਨੂੰ ਨੁਕਸਾਨ ਹੁੰਦਾ ਹੈ। ਹੁਣ ਉਥੇ ਸੀਵਰੇਜ ਪ੍ਰਣਾਲੀ ਵੱਲ ਸਖ਼ਤ ਧਿਆਨ ਦੇਣਾ ਚਾਹੀਦਾ ਹੈ ਅਤੇ ਸਖ਼ਤ ਟੀਮ ਬਣਾ ਕੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਇਸ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਇਥੇ ਸਭ ਤੋਂ ਵੱਡੇ ਮੰਤਰੀਆਂ ਤੋਂ ਇਲਾਵਾ ਦਿੱਲੀ ਵਿਚ ਲੋਕ ਵੀ ਰਹਿੰਦੇ ਹਨ।

-ਨੇਹਾ ਜਮਾਲ, ਮੁਹਾਲੀ।

ਭਰਤੀ ਦੇ ਨਾਂਅ 'ਤੇ ਠੱਗੀਆਂ

ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਕੰਪਿਊਟਰ ਦੇ ਜ਼ਮਾਨੇ ਵਿਚ ਵੀ ਲੋਕ ਠੱਗਾਂ ਦੇ ਸ਼ਿਕਾਰ ਹੋ ਰਹੇ ਹਨ। ਹੁਣ ਤਾਂ ਕਿਸੇ ਮਹਿਕਮੇ ਨੇ ਕੋਈ ਸੇਵਾਦਾਰ ਭਰਤੀ ਕਰਨਾ ਹੋਵੇ ਤਾਂ ਉਸ ਦਾ ਵੀ ਬਾਕਾਇਦਾ ਅਖ਼ਬਾਰ ਵਿਚ ਇਸ਼ਤਿਹਾਰ ਆਉਂਦਾ ਹੈ। ਪਤਾ ਨਹੀਂ ਫਿਰ ਵੀ ਨੌਜਵਾਨ ਠੱਗਾਂ ਦੇ ਕਿਵੇਂ ਹੱਥਾਂ ਵਿਚ ਫਸ ਜਾਂਦੇ ਹਨ। ਮੰਨਦੇ ਹਾਂ ਬੇਰੁਜ਼ਗਾਰੀ ਹੱਦੋਂ ਵੱਧ ਹੋ ਗਈ ਹੈ, ਇਸ ਦਾ ਮਤਲਬ ਇਹ ਤਾਂ ਨਹੀਂ ਕਿ ਭਾਰਤੀ ਫ਼ੌਜ ਵਿਚ ਭਰਤੀ ਚੋਰ ਮੋਰੀ ਰਾਹੀਂ ਕੀਤੀ ਜਾਵੇ। ਭਰਤੀ ਦੀ ਬਹੁਤ ਵੱਡੀ ਪ੍ਰਕਿਰਿਆ ਹੁੰਦੀ ਹੈ, ਬਾਕਾਇਦਾ ਉਸ ਦੀ ਜਾਣਕਾਰੀ ਅਖ਼ਬਾਰਾਂ, ਇੰਟਰਨੈੱਟ ਤੇ ਹੋਰ ਕਈ ਤਰੀਕਿਆਂ ਰਾਹੀਂ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ। ਇਹ ਨਹੀਂ ਕਿ ਕਿਸੇ ਠੱਗ ਨੇ ਇਹ ਕਹਿ ਦਿੱਤਾ ਕਿ ਮੈਂ ਫਲਾਣੀ ਥਾਂ 'ਤੇ ਅਫਸਰ ਲੱਗਾ ਹਾਂ। ਮੇਰੀ ਮਰਜ਼ੀ ਅਨੁਸਾਰ ਹੀ ਸਭ ਕੁਝ ਹੋਣਾ ਹੈ, ਤੁਸੀਂ ਝੱਟ ਉਸ ਦੇ ਪਿੱਛੇਲੱਗ ਜਾਓ। ਫਿਰ ਵੀ ਕਿਸੇ ਨੂੰ ਕੋਈ ਭੁਲੇਖਾ ਪੈਂਦਾ ਹੈ ਤੇ ਆਰਮੀ ਦੀ ਵੈੱਬਸਾਈਟ 'ਤੇ ਜਾ ਕੇ ਜ਼ਰੂਰ ਜਾਣਕਾਰੀ ਲਿਆ ਕਰੋ। ਬੇਸ਼ੱਕ ਹੁਣ ਕੋਰੋਨਾ ਕਰਕੇ ਭਰਤੀ ਵਿਚ ਥੋੜ੍ਹੀ ਦੇਰੀ ਜ਼ਰੂਰ ਹੋ ਰਹੀ ਹੈ। ਨਹੀਂ ਤਾਂ ਤਿੰਨਾਂ ਸੈਨਾਵਾਂ ਦੀ ਭਰਤੀ ਸਾਰਾ ਸਾਲ ਹੀ ਚਲਦੀ ਰਹਿੰਦੀ ਹੈ। ਜਿਨ੍ਹਾਂ ਨੌਜਵਾਨਾਂ ਵਿਚ ਦੇਸ਼ ਭਗਤੀ ਤੇ ਦੇਸ਼ ਦੀ ਸੇਵਾ ਕਰਨ ਦਾ ਸ਼ੌਕ ਹੈ, ਉਨ੍ਹਾਂ ਨੂੰ ਜ਼ਰੂਰ ਸਹੀ ਤਰੀਕੇ ਨਾਲ ਫ਼ੌਜ ਵਿਚ ਜਾਣਾ ਚਾਹੀਦਾ ਹੈ

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)।

23-07-2020

 ਮਾਂ-ਬੋਲੀ ਦੇ ਮਹੱਤਵ ਨੂੰ ਸਮਝਣ ਦੀ ਲੋੜ

ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਸ ਦੇ ਮੂੰਹ 'ਚੋਂ ਪਹਿਲਾ ਸ਼ਬਦ 'ਮਾਂ' ਨਿਕਲਦਾ ਹੈ। ਮਾਂ ਦੀ ਰਹਿਨੁਮਾਈ ਹੇਠ ਹੀ ਬੱਚਾ ਪਲਦਾ ਤੇ ਜਵਾਨ ਹੁੰਦਾ ਹੈ। ਉਸ ਦਾ ਸਮਾਜਿਕ ਵਿਕਾਸ ਵੀ ਮਾਂ ਦੀ ਛਤਰ ਸਾਇਆ ਹੇਠ ਹੁੰਦਾ ਹੈ। ਬਿਨ ਮਾਂ ਦੇ ਬੱਚੇ ਦਾ ਸਰੀਰਕ, ਮਾਨਸਿਕ ਤੇ ਸਮਾਜਿਕ ਵਿਕਾਸ ਅਧੂਰਾ ਰਹਿ ਜਾਂਦਾ ਹੈ। ਚੀਨ, ਜਾਪਾਨ, ਫਰਾਂਸ, ਇੰਗਲੈਂਡ ਤੇ ਰੂਸ ਆਦਿ ਬਹੁਤ ਸਾਰੇ ਦੇਸ਼ ਹਨ, ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਵਿਚ ਤਰੱਕੀ ਕੀਤੀ ਹੈ। ਅੱਜ ਇਹ ਦੇਸ਼ ਵਿਕਸਿਤ ਦੇਸ਼ਾਂ ਦੀ ਕਤਾਰ ਵਿਚ ਖੜ੍ਹੇ ਹਨ। ਜਿਹੜੇ ਦੇਸ਼ ਮਾਂ-ਬੋਲੀ ਨੂੰ ਛੱਡ ਕੇ ਹੋਰ ਭਾਸ਼ਾ ਨੂੰ ਪਹਿਲ ਦਿੰਦੇ ਹਨ, ਉਹ ਸਮਾਜ ਲੰਗੜਾ ਹੋ ਜਾਂਦਾ ਹੈ, ਕਿਉਂਕਿ ਉਹ ਆਪਣੇ ਮੂਲ ਤੋਂ ਟੁੱਟ ਚੁੱਕਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਬੋਲੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਕੋਸ਼ਿਸ਼ਾਂ ਸਿੱਖਿਅਕ ਮਾਧਿਅਮ ਨੂੰ ਪੰਜਾਬੀ ਭਾਸ਼ਾ ਤੋਂ ਦੂਰ ਕਰਕੇ ਅੰਗਰੇਜ਼ੀ ਭਾਸ਼ਾ ਨੂੰ ਮਹੱਤਵ ਦੇਣ ਕਾਰਨ ਹੋ ਰਹੀਆਂ ਹਨ। ਸ਼ੁਰੂ ਤੋਂ ਪੰਜਾਬੀ ਵਿਚ ਸਿੱਖਿਆ ਹਾਸਲ ਕਰਨ ਵਾਲਾ ਬੱਚਾ ਦੂਸਰੀਆਂ ਭਾਸ਼ਾਵਾਂ ਨੂੰ ਆਸਾਨੀ ਨਾਲ ਸਮਝ ਸਕਦਾ ਹੈ। ਕਿਸੇ ਵੀ ਵਿਸ਼ੇ ਨੂੰ ਜੇਕਰ ਸ਼ੁਰੂ ਤੋਂ ਬੱਚੇ ਅੰਗਰੇਜ਼ੀ ਵਿਚ ਪੜ੍ਹਨਗੇ ਤਾਂ ਉਹ ਇਕ ਰੋਬੋਟ ਦੀ ਤਰ੍ਹਾਂ ਹੋਣਗੇ। ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਰਟਾਉਣ ਦੀ ਕਿਰਿਆ ਵੱਧ ਹੁੰਦੀ ਹੈ ਅਤੇ ਵਾਕਾਂ ਨੂੰ ਸਮਝਾਉਣ ਦੀ ਘੱਟ। ਜੇਕਰ ਅਸੀਂ ਕੈਨੇਡਾ ਵਰਗੇ ਮੁਲਕ ਦੀ ਗੱਲ ਕਰੀਏ ਤਾਂ ਉਥੇ ਅੱਜ ਮਿੰਨੀ ਪੰਜਾਬ ਬਣ ਚੁੱਕਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ ਪਰ ਇਨ੍ਹਾਂ ਪੰਜਾਬੀਆਂ ਦਾ ਜਿਸ ਪੰਜਾਬ ਨਾਲ ਮੁੱਢ ਬੱਝਿਆ ਹੋਇਆ ਹੈ, ਉਸ ਨੂੰ ਅੱਜ ਆਪਣੇ ਮੂਲ ਤੋਂ ਵਾਂਝਿਆਂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸੱਚ ਤਾਂ ਇਹ ਹੈ ਕਿ ਦੂਸਰੀਆਂ ਭਾਸ਼ਾਵਾਂ ਸਿੱਖਣਾ ਜਿੰਨੀ ਚੰਗੀ ਗੱਲ ਹੈ, ਆਪਣੀ ਮਾਂ-ਬੋਲੀ ਤੋਂ ਬੇਮੁੱਖ ਹੋਣਾ ਓਨੀ ਹੀ ਮਾੜੀ ਗੱਲ ਹੈ। ਜੇਕਰ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹਾਂ ਤਾਂ ਮੁਢਲੀ ਸਿੱਖਿਆ ਨੂੰ ਪੰਜਾਬੀ ਵਿਚ ਲਾਜ਼ਮੀ ਬਣਾਉਣਾ ਪਵੇਗਾ। ਇਸ ਚੰਗੇ ਕਾਰਜ ਲਈ ਸੁਹਿਰਦ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਪੰਜਾਬੀ ਬੋਲੀ ਨੂੰ ਲੱਗ ਰਹੇ ਖੋਰੇ ਤੋਂ ਬਚਾਉਣ ਲਈ ਅੱਗੇ ਆਉਣਾ ਪਵੇਗਾ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ, ਤਹਿ: ਪੱਟੀ (ਤਰਨ ਤਾਰਨ)।

ਸਿਆਸੀ ਲੋਕਾਂ ਦੇ ਧਿਆਨ ਹਿਤ

ਪੰਜਾਬ ਵਿਧਾਨ ਸਭਾ ਚੋਣਾਂ, ਜੋ 2022 'ਚ ਹੋਣੀਆਂ ਹਨ, ਤਕਰੀਬਨ ਇਨ੍ਹਾਂ ਚੋਣਾਂ 'ਚ ਦੋ-ਪੌਣੇ ਦੋ ਸਾਲ ਦਾ ਸਮਾਂ ਪਿਆ ਹੈ। ਪਰ ਬਹੁਤੀਆਂ ਸਿਆਸੀ ਪਾਰਟੀਆਂ ਵਲੋਂ ਹੁਣੇ ਤੋਂ ਹੀ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੋੜ-ਤੋੜ ਸ਼ੁਰੂ ਹੋ ਗਏ ਹਨ। ਕਈ ਪਾਰਟੀਆਂ ਵਲੋਂ ਇਕੱਠ ਕਰਨੇ ਵੀ ਸ਼ੁਰੂ ਕਰ ਦਿੱਤੇ ਗਏ ਹਨ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਜੋਕਾ ਸਮਾਂ ਬੇਹੱਦ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ। ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਦੇ ਨਾਲ-ਨਾਲ ਸਾਡੇ ਦੇਸ਼ ਤੇ ਪੰਜਾਬ 'ਚ ਵੀ ਪੈਰ ਪਸਾਰਦੀ ਜਾ ਰਹੀ ਹੈ, ਜੋ ਬੇਹੱਦ ਚਿੰਤਾਜਨਕ ਹੈ। ਪਰ ਅਜਿਹੇ ਸਮੇਂ 'ਚ ਵੀ ਸਿਆਸਤਦਾਨਾਂ ਨੂੰ ਸਿਰਫ ਕੁਰਸੀ ਹੀ ਦਿਸ ਰਹੀ ਹੈ। ਇੰਜ ਲੱਗ ਰਿਹਾ ਹੈ ਕਿ ਨਾ ਤਾਂ ਇਨ੍ਹਾਂ ਨੂੰ ਖ਼ੁਦ ਦੀ ਤੇ ਨਾ ਹੀ ਪੰਜਾਬੀਆਂ ਦੀ ਜਾਨ ਦੀ ਪ੍ਰਵਾਹ ਹੈ। ਅਸੀਂ 'ਅਜੀਤ' ਰਾਹੀਂ ਸਿਆਸੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਜੇ ਇਕੱਠ ਕਰਨ ਤੋਂ ਗੁਰੇਜ਼ ਕਰਨ। ਕਿਤੇ ਤੁਹਾਡੇ ਵਲੋਂ ਕੀਤੇ ਜਾਂਦੇ ਇਹ ਇਕੱਠ ਪੰਜਾਬੀਆਂ ਲਈ ਹੋਰ ਘਾਤਕ ਨਾ ਬਣ ਜਾਣ। ਪਰਮਾਤਮਾ ਸਭ ਦਾ ਭਲਾ ਕਰੇ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਸਾਵਧਾਨੀ ਜ਼ਰੂਰੀ

ਮੁਕਾਬਲੇਬਾਜ਼ੀ ਦੇ ਇਸ ਦੌਰ ਵਿਚ ਬਾਜ਼ਾਰ ਵਿਚ ਹਰ ਆਮ ਵਸਤੂ ਨੂੰ ਵੀ ਖਾਸ ਬਣਾ ਕੇ ਪਰੋਸਿਆ ਜਾ ਰਿਹਾ ਹੈ। ਇਲੈਕਟ੍ਰਾਨਿਕ ਮੀਡੀਏ ਅਤੇ ਪ੍ਰਿੰਟ ਮੀਡੀਏ ਰਾਹੀਂ ਕੰਪਨੀਆਂ ਦੇ ਲੁਭਾਉਣੇ ਵਿਗਿਆਪਨ ਹਰ ਹਰਬਾ ਵਰਤ ਕੇ ਗਾਹਕਾਂ ਰੂਪੀ ਜਨਤਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਦੇ ਹਨ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਆਪਣੀ ਚਾਦਰ ਵੇਖ ਕੇ ਪੈਰ ਪਸਾਰੇ ਜਾਣ। ਜੇਕਰ ਵਿੱਤੀ ਵਸੀਲੇ ਘੱਟ ਹਨ, ਸਾਡੀ ਜੇਬ ਇਜਾਜ਼ਤ ਨਹੀਂ ਦਿੰਦੀ ਤਾਂ ਜ਼ਰੂਰੀ ਨਹੀਂ ਕਿ ਮਹਿੰਗੀਆਂ ਬ੍ਰੈਡਿੰਡ ਕੰਪਨੀਆਂ ਦੇ ਟੈਗ ਵੇਖ ਕੇ ਹੀ ਵਸਤੂ ਖ਼ਰੀਦੀ ਜਾਵੇ। ਕੰਪਨੀਆਂ ਨੇ ਵੀ ਇਕ ਖ਼ਾਸ ਵਰਗ ਦੇ ਗਾਹਕ ਵੇਖ ਕੇ ਉਨ੍ਹਾਂ ਨੂੰ ਆਪਣੀਆਂ ਵਸਤਾਂ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵਰਗ ਹੈ ਨੌਜਵਾਨ ਵਰਗ। ਉਹ ਵੀ ਖ਼ਾਸ ਕਰਕੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ। ਵਿਦਿਆਰਥੀਆਂ ਨੂੰ ਵੇਖ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਉਹ ਪੜ੍ਹਨ ਨਾ ਆਏ ਹੋਣ ਸਗੋਂ ਕਿਸੇ ਫੈਸ਼ਨ ਕੰਪੀਟੀਸ਼ਨ ਵਿਚ ਹਿੱਸਾ ਲੈਣ ਆਏ ਹੋਣ। ਐਨਕ, ਸ਼ਰਟ, ਪੈਂਟ, ਘੜੀ, ਪਰਫਿਊਮ, ਮੋਬਾਈਲ, ਬਾਈਕ, ਗੱਡੀਆਂ ਆਦਿ ਅਮੀਰ ਸ਼ਹਿਜ਼ਾਦੇ ਲਈ ਸ਼ੌਕ ਹੋ ਸਕਦਾ ਹੈ ਪਰ ਮੱਧ ਜਾਂ ਨਿਮਨ ਵਰਗ ਦਾ ਨੌਜਵਾਨ ਵੀ ਇਸ ਤਰ੍ਹਾਂ ਦੇ ਸ਼ੌਕ ਪਾਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਦਾ ਘਰੇਲੂ ਬਜਟ ਗੜਬੜਾ ਜਾਂਦਾ ਹੈ। ਸਾਨੂੰ ਸਭ ਨੂੰ ਸੁਪਨੇ ਸੰਜੋਣ ਦਾ ਹੱਕ ਹੈ ਪਰ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਸਖਤ ਮਿਹਨਤ ਦੀ ਜ਼ਰੂਰਤ ਹੈ। ਇਸ ਚਕਾਚੌਂਧ ਦੇ ਦੌਰ ਵਿਚ ਹੋਸ਼ ਨਾਲ ਅੱਖਾਂ ਖੁੱਲ੍ਹੀਆਂ ਰੱਖ ਕੇ ਵਿਚਰਿਆ ਜਾਵੇ।

-ਗੁਰਦੀਪ ਲੋਪੋਂ
ਪਿੰਡ ਤੇ ਡਾਕ: ਲੋਪੋਂ, ਜ਼ਿਲ੍ਹਾ ਮੋਗਾ।

ਸਾਂਝਾ ਜੰਗਲ ਐਮਾਜ਼ੋਨ

ਐਮਾਜ਼ੋਨ ਲਾਤੀਨੀ ਅਮਰੀਕੀ ਦੇਸ਼ਾਂ ਦਾ ਸਾਂਝਾ ਜੰਗਲ ਹੈ। ਇਹ ਜੰਗਲ ਐਮਾਜ਼ੋਨ ਦਰਿਆ ਦਾ ਜਨਮਦਾਤਾ ਵੀ ਹੈ। ਵਿਜੈ ਬੰਬੇਲੀ ਦੁਆਰਾ ਲਿਖਿਆ ਇਹ ਲੇਖ ਪੜ੍ਹ ਕੇ ਚਿੰਤਾ ਵੀ ਜ਼ਰੂਰ ਵਧਦੀ ਹੈ ਕਿ ਭਰਪੂਰ ਬਨਸਪਤੀਆਂ ਦਾ ਇਹ ਖਜ਼ਾਨਾ ਬੰਦ ਹੁੰਦਾ ਦਿਸਦਾ ਹੈ। ਅਨੁਮਾਨ ਹੈ ਕਿ ਇਥੇ 1400 ਅਜਿਹੇ ਪੌਦੇ ਹਨ ਜਿਨ੍ਹਾਂ ਕੋਲ ਕੈਂਸਰ ਦੇ ਵਿਪਰੀਤ ਗੁਣ ਹਨ। ਇਹ ਬਨਸਪਤੀਆਂ ਦਾ ਖਜ਼ਾਨਾ ਹੈ ਤੇ ਬੇਸ਼ੁਮਾਰ ਔਸ਼ਧੀਆਂ ਦਾ ਭੰਡਾਰ ਹੈ। ਜੇਕਰ ਐਮਾਜ਼ੋਨੀ ਜੰਗਲ ਤਬਾਹ ਹੋ ਗਏ ਤਾਂ ਵਾਯੂਮੰਡਲ ਵਿਚ ਜਲਵਾਸ਼ਪ ਦੀ ਮਾਤਰਾ 20 ਫ਼ੀਸਦੀ ਘਟ ਜਾਵੇਗੀ। ਇਹ ਜੰਗਲ ਏਨੇ ਸੰਘਣੇ ਹਨ ਕਿ ਐਮਾਜ਼ੋਨ ਦਰਿਆ ਵੀ ਇਨ੍ਹਾਂ ਵਿਚੋਂ ਲਾਂਘਾ ਬਣਾ ਸਕਦਾ ਹੈ। ਇਥੇ ਪੌਦਿਆਂ ਦੀਆਂ 40 ਹਜ਼ਾਰ ਤੋਂ ਵੱਧ ਕਿਸਮਾਂ ਗਿਣੀਆਂ ਜਾ ਚੁੱਕੀਆਂ ਹਨ। ਹਕੀਕਤ ਇਹ ਹੈ ਕਿ ਧੜਵੈਲ ਵਪਾਰੀਆਂ ਅਤੇ ਧਾੜਵੀ ਮੁਲਕਾਂ ਦੀ ਖੋਟੀ ਨਿਗਾਹ ਖਣਿਜਾਂ, ਤੇਲ, ਗੈਸਾਂ ਨਾਲ ਭਰਪੂਰ ਇਸ ਖਿੱਤੇ ਉੱਤੇ ਹੈ।

-ਰਾਜੇਸ਼ ਭਾਰਦਵਾਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ) ਹੁਸ਼ਿਆਰਪੁਰ।

ਨੌਕਰੀ ਲਈ ਯੋਗਤਾ ਟੈਸਟ

ਅੱਜ ਅਸੀਂ ਜਾਣਦੇ ਹਾਂ ਕਿ ਕਿਵੇਂ ਨੌਜਵਾਨ ਮੁੰਡੇ-ਕੁੜੀਆਂ ਸਰਕਾਰੀ ਨੌਕਰੀ ਲਈ ਤਿਆਰੀਆਂ ਵਿਚ ਜੁਟੇ ਪਏ ਹਨ। ਜਿਸ ਦੇ ਨਤੀਜੇ ਵਜੋਂ ਤਿਆਰੀਆਂ ਕਰਵਾਉਣ ਵਾਲੀਆਂ ਸੰਸਥਾਵਾਂ ਵਿਚ ਬਹੁਤ ਭੀੜ ਦੇਖਣ ਨੂੰ ਮਿਲ ਜਾਂਦੀ ਹੈ। ਹੁਣ ਤਾਂ ਨੌਕਰੀਆਂ ਲਈ ਘੰਟੇ ਵੀ ਨਿਸਚਿਤ ਕਰ ਲਏ ਗਏ ਹਨ ਕਿ ਕਲਰਕ ਦੀ ਨੌਕਰੀ ਲਈ ਏਨੇ ਘੰਟੇ ਤੇ ਜੇਕਰ ਪੀ.ਸੀ.ਐਸ. ਰੈਂਕ ਦੀਨੌਕਰੀ ਕਰਨੀ ਹੈ ਤਾਂ ਏਨੇ ਘੰਟੇ ਪੜ੍ਹਨਾ ਪਵੇਗਾ। ਪਰ ਹੁਣ ਗੱਲ ਇਹ ਹੈ ਕਿ ਜੋ ਯੋਗਤਾ ਟੈਸਟ ਹਨ, ਕੀ ਇਹ ਸਾਰੀਆਂ ਨੌਕਰੀਆਂ ਲਈ ਸਹੀ ਹਨ? ਕਿਉਂਕਿ ਉਹ ਇਸ ਨਾਲ ਸਿਰਫ਼ ਕਿਤਾਬੀ ਪੜ੍ਹਾਈ ਨਾਲ ਜੁੜ ਕੇ ਹੀ ਰਹਿ ਜਾਂਦੇ ਹਨ। ਮੈਂ ਇਹ ਗੱਲ ਤਾਂ ਕਹਿ ਰਿਹਾ ਹਾਂ ਕਿਉਂਕਿ ਆਮ ਹੀ ਦਫਤਰਾਂ ਜਾਂ ਬੈਂਕਾਂ ਵਿਚ ਨਵੇਂ ਨੌਕਰੀ 'ਤੇ ਆਏ ਮੁੰਡੇ-ਕੁੜੀਆਂ ਆਪਣੇ ਕੰਮ ਪ੍ਰਤੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਦੂਜੇ ਅਧਿਕਾਰੀਆਂ ਤੋਂ ਪੁੱਛਦੇ ਫਿਰਦੇ ਰਹਿੰਦੇ ਹਨ, ਜਿਸ ਕਾਰਨ ਸਮਾਂ ਜ਼ਿਆਦਾ ਲਗਦਾ ਹੈ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਵਿਚਾਰ ਇਹ ਹੈ ਕਿ ਸ਼ਾਇਦ ਕਈ ਨੌਕਰੀਆਂ ਵਿਚ ਸਰਕਾਰ ਦੁਆਰਾ ਚੱਲ ਰਹੀ ਟੈਸਟ ਦੀ ਵਿਧੀ ਘਟਾ ਕੇ ਆਸਾਮੀ ਨਾਲ ਸਬੰਧਿਤ ਸਿੱਖਿਆ ਦਾ ਯੋਗਤਾ ਟੈਸਟ ਵੀ ਹੋਵੇ ਤਾਂ ਜੋ ਅੱਗੇ ਜੋ ਕੰਮ ਉਸ ਨੇ ਆਪਣੇ ਦਫ਼ਤਰ ਵਿਚ ਕਰਨਾ ਹੈ ਅਤੇ ਕਿਵੇਂ ਲੋਕਾਂ ਨਾਲ ਵਿਚਰਨਾ ਹੈ, ਉਸ ਸਬੰਧੀ ਵੀ ਜਾਣਕਾਰੀ ਆਵੇ ਸੋ ਇਸ ਬਾਰੇ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਸੰਜੀਦਗੀ ਨਾਲ ਸੋਚਣ ਦੀ ਜ਼ਰੂਰਤ ਹੈ।

-ਮਨਦੀਪ ਸਿੰਘ ਸੈਣੀ

22-07-2020

 ਧੜੇਬੰਦੀ ਚਿੰਤਾ ਦਾ ਵਿਸ਼ਾ
ਪਿੰਡਾਂ-ਕਸਬਿਆਂ ਵਿਚ ਵਧ ਰਹੀ ਧੜੇਬੰਦੀ ਇਕ ਵੱਡੀ ਚਿੰਤਾ ਵਾਲੀ ਗੱਲ ਬਣਦੀ ਜਾ ਰਹੀ ਹੈ। ਇਹ ਇਕ ਅਜਿਹੀ ਲਾ-ਇਲਾਜ ਬਿਮਾਰੀ ਹੈ, ਜਿਹੜੀ ਘਟਣ ਦੀ ਬਜਾਏ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਤੇ ਇਸ ਬਿਮਾਰੀ ਦੀ ਅਸਲ ਜੜ੍ਹ ਅਜੋਕੀ ਘਟੀਆ ਰਾਜਨੀਤੀ ਅਤੇ ਸਿਆਸੀ ਲੋਕਾਂ ਦੇ ਗਰਭ ਵਿਚੋਂ ਹੀ ਪੁੰਗਰਦੀ ਹੈ ਤੇ ਫਿਰ ਇਸ ਬਿਮਾਰੀ ਦੀ ਲਪੇਟ ਵਿਚ ਆਉਂਦੇ ਹਨ ਪਿੰਡਾਂ ਦੇ ਅਣਭੋਲ ਤੇ ਬੇਕਸੂਰ ਵੋਟਰ। ਬਹੁਤ ਹੀ ਸੰਤੋਖਜਨਕ ਪਿੰਡਾਂ ਵਿੱਚ ਤਾਂ ਦੇਖਿਆ ਗਿਆ ਹੈ ਕਿ ਸੂਬੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੋਵੇ, ਪੰਚਾਇਤ ਵੀ ਉਸੇ ਪਾਰਟੀ ਨਾਲ ਸਬੰਧਿਤ ਲੋਕਾਂ ਦੀ ਬਣਾ ਦਿੱਤੀ ਜਾਂਦੀ ਹੈ, ਜਿਹੜੀ ਪਿੰਡ ਦੇ ਵਿਕਾਸ ਨੂੰ ਹੱਦ ਦਰਜੇ ਤੋਂ ਵੀ ਉੱਪਰ ਲੈ ਜਾਂਦੀ ਹੈ। ਇਹ ਉਸ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ਧੜੇਬੰਦੀ ਵਿਚ ਵੋਟਾਂ ਨਾਲ ਜਿੱਤ ਕੇ ਬਣੀ ਪੰਚਾਇਤ ਲਈ ਹਰੇਕ ਨਵੇਂ ਦਿਨ ਨਵੇਂ ਸਿਆਪੇ ਖੜ੍ਹੇ ਹੁੰਦੇ ਹਨ। ਵਿਰੋਧੀ ਪਾਰਟੀ ਵਲੋਂ ਪੰਚਾਇਤ ਦੇ ਕੰਮ ਵਿਚ ਖਾਹ-ਮਖਾਹ ਦੀ ਦਖ਼ਲ-ਅੰਦਾਜ਼ੀ, ਟੋਕ-ਟੋਕਾਈ, ਪਿੰਡ ਦੀ ਕਿਸੇ ਮਾਮੂਲੀ ਘਟਨਾ ਨੂੰ ਤੂਲ ਦੇ ਕੇ ਪਹਿਲਾਂ ਥਾਣੇ, ਫਿਰ ਕਚਹਿਰੀ ਤੱਕ ਪਹੁੰਚਦੀ ਕਰਨਾ, ਪੰਚਾਇਤ ਦੇ ਅਕਸ ਨੂੰ ਨੀਵਾਂ ਦਿਖਾਉਣਾ ਆਪਣਾ ਮੁਢਲਾ ਫ਼ਰਜ਼ ਸਮਝਦੇ ਹਨ। ਪਿੰਡ ਦੇ ਵਿਕਾਸ ਕਾਰਜ ਪੈਣ ਖੂਹ 'ਚ, ਕੋਈ ਮਤਲਬ ਨਹੀਂ। ਲੋਕ ਮਰਨ-ਖਪਣ, ਢੱਠੇ ਖੂਹ 'ਚ ਪੈਣ, ਬਸ ਵਿਰੋਧੀਆਂ ਦੀ ਧੜਿਆਂ ਦੇ ਸਿੰਗ ਫਸਾ ਕੇ ਪਿੰਡ ਨੂੰ ਪਾਟੋ-ਧਾੜ ਕਰਨਾ ਉਨ੍ਹਾਂ ਦੀ ਨੀਤੀ ਹੁੰਦੀ ਹੈ। ਫਿਰ ਸਿੱਟਾ ਇਹ ਨਿਕਲਦਾ ਹੈ ਕਿ ਪਿੰਡ ਦੋ ਧੜਿਆਂ ਵਿੱਚ ਵੰਡਿਆ ਜਾਂਦਾ ਹੈ। ਪਾਰਟੀ ਵਰਕਰ ਇਕ-ਦੂਜੇ ਨਾਲ ਖਹਿ-ਖਹਿ ਮਰਦੇ ਹਨ। ਲੜਾਈ-ਝਗੜਾ ਤੇ ਅਜਾਈਂ ਜਾਨਾਂ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੋ, ਅੰਤ 'ਚ ਇਹ ਹੀ ਕਹਾਂਗੇ ਕਿ ਨਫ਼ਰਤ ਅਤੇ ਧੜੇਬੰਦੀ ਤੋਂ ਜਿੰਨਾ ਦੂਰ ਰਿਹਾ ਜਾਵੇ, ਠੀਕ ਰਹੇਗਾ। ਪਾਰਟੀ ਨਾਲ ਜੁੜੋ, ਕੰਮ ਕਰੋ ਪਰ ਹਰ ਕਦਮ ਫੂਕ ਕੇ ਰੱਖੋ....! ਕਿਤੇ ਅਜਿਹਾ ਨਾ ਹੋਵੇ ਕਿ 'ਅੱਗਾ ਦੌੜ ਤੇ ਪਿੱਛਾ ਚੌੜ' ਵਾਲੀ ਗੱਲ ਬਣੇ। ਵਕਤ ਪਏ ਤੋਂ ਕਿਸੇ ਨੇ ਬਾਤ ਨਹੀਂ ਪੁੱਛਣੀ।

-ਰਣਜੀਤ 'ਚੱਕ ਤਾਰੇ ਵਾਲਾ', ਜ਼ਿਲ੍ਹਾ ਮੋਗਾ।

ਫ਼ੈਸਲਾ ਨੌਜਵਾਨ ਵਿਰੋਧੀ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੁਨਰਗਠਨ ਯੋਜਨਾ ਤਹਿਤ ਸੂਬੇ ਦੇ ਜਲ ਸਰੋਤ ਵਿਭਾਗ 'ਚ 8657 ਅਸਾਮੀਆਂ ਖਤਮ ਕਰਨ ਦਾ ਲਿਆ ਗਿਆ ਫੈਸਲਾ ਬੇਰੁਜ਼ਗਾਰ ਨੌਜਵਾਨਾਂ ਨਾਲ ਬਹੁਤ ਵੱਡਾ ਧੱਕਾ ਹੈ। ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਨ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਬੇਰੁਜ਼ਗਾਰ ਨੌਜਵਾਨਾਂ ਨੂੰ ਘਰ-ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਉਕਤ ਵਾਅਦੇ ਨੂੰ ਪੂਰਾ ਕਰਨ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਾਂ ਕੀ ਪੈਦਾ ਕਰਨੇ ਸਨ, ਸਗੋਂ ਪਹਿਲੀਆਂ ਨੌਕਰੀਆਂ ਵਿਚੋਂ ਵੀ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਅੱਜ ਹਾਲਾਤ ਇਹ ਹਨ ਕਿ ਵੱਖ-ਵੱਖ ਵਿਭਾਗਾਂ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਬੇਰੁਜ਼ਗਾਰ ਨੌਜਵਾਨ ਵਿਹਲੇ ਫਿਰਨ ਜਾਂ ਫਿਰ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹਨ। ਪੰਜਾਬ ਸਰਕਾਰ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਦਰਦ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।

ਬੂਟੇ ਲਗਾਓ
ਰੁੱਖ ਤੇ ਮਨੁੱਖ ਦਾ ਆਪਸ ਵਿਚ ਬੜਾ ਗੂੜ੍ਹਾ ਸਬੰਧ ਹੈ ਕਿਉਂਕਿ ਰੁੱਖ ਜਿਥੇ ਸਾਨੂੰ ਫਲ, ਫਰਨੀਚਰ, ਬਾਲਣ, ਛਾਂ ਆਦਿ ਦਿੰਦੇ ਹਨ, ਉਥੇ ਹੀ ਵਾਤਾਵਰਨ ਸਾਫ਼-ਸੁਥਰਾ ਰੱਖਣ ਦੇ ਨਾਲ-ਨਾਲ ਜ਼ਿਆਦਾ ਬਾਰਿਸ਼ਾਂ ਲਿਆਉਣ ਵਿਚ ਵੀ ਸਹਾਈ ਹੁੰਦੇ ਹਨ। ਰੁੱਖ ਕੁਦਰਤ ਵਲੋਂ ਦਿੱਤੀ ਗਈ ਸੌਗਾਤ ਹਨ ਅਤੇ ਇਨਸਾਨ ਦੇ ਚੰਗੇ ਦੋਸਤ ਹਨ। ਕਵੀਆਂ ਵਲੋਂ ਵੱਖ-ਵੱਖ ਕਿਸਮਾਂ ਦੇ ਰੁੱਖਾਂ ਨੂੰ ਕਈ ਰਿਸ਼ਤਿਆਂ ਨਾਲ ਵੀ ਤੁਲਣਾ ਕੀਤੀ ਗਈ ਹੈ ਅਤੇ ਇਹ ਕਈ ਤਰੀਕਿਆਂ ਨਾਲ ਮਨੁੱਖ ਦੀ ਮਦਦ ਕਰਦੇ ਹਨ। ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਹਰੇਕ ਮਨੁੱਖ ਨੂੰ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਦੀ ਸਾਂਭ-ਸੰਭਾਲ ਦਾ ਵਚਨ ਲੈਣਾ ਚਾਹੀਦਾ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਆਲੇ-ਦੁਆਲੇ ਫਲਦਾਰ ਅਤੇ ਲੰਬੀ ਉਮਰ ਵਾਲੇ ਬੂਟੇ ਵੰਡਣ ਕਿਉਂਕਿ ਕਿਸਾਨ ਆਪਣੀ ਫ਼ਸਲ ਦੇ ਨਾਲ-ਨਾਲ ਉਨ੍ਹਾਂ ਬੂਟਿਆਂ ਦਾ ਵਧੀਆ ਪਾਲਣ-ਪੋਸ਼ਣ ਕਰ ਸਕਦੇ ਹਨ।
ਸੋ, ਪ੍ਰਸ਼ਾਸਨ, ਸਬੰਧਿਤ ਵਿਭਾਗ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਤੇ ਆਮ ਲੋਕਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਜਨਤਕ ਥਾਵਾਂ, ਘਰਾਂ ਦੇ ਬਾਹਰ ਖਾਲੀ ਥਾਵਾਂ 'ਤੇ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਵਾਤਾਵਰਨ ਸਾਫ਼-ਸੁਥਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਵਧਦੀ ਆਬਾਦੀ ਚਿੰਤਾ ਦਾ ਵਿਸ਼ਾ
ਭਾਰਤ ਦੀ ਦਿਨੋ-ਦਿਨ ਵਧ ਰਹੀ ਆਬਾਦੀ ਸਾਡੇ ਦੇਸ਼ ਦੇ ਲੋਕਾਂ ਲਈ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਲੋੜੋਂ ਵੱਧ ਆਬਾਦੀ ਹੋਣ ਕਰਕੇ ਇਥੇ ਅਨੇਕ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਿਵੇਂ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ ਆਦਿ। ਇਹ ਸਮੱਸਿਆਵਾਂ ਸਾਡੀ ਸਿਹਤ, ਸਿੱਖਿਆ ਅਤੇ ਖੁਸ਼ਹਾਲੀ ਲਈ ਬਹੁਤ ਵੱਡਾ ਅੜਿੱਕਾ ਬਣੀਆਂ ਹੋਈਆਂ ਹਨ। ਚੀਨ ਵਿਸ਼ਵ ਦਾ ਸਭ ਤੋੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਉਸ ਕੋਲ ਸਾਡੇ ਦੇਸ਼ ਨਾਲੋਂ ਲਗਪਗ ਢਾਈ ਗੁਣਾ ਵੱਧ ਖੇਤਰਫਲ ਹੋਣ ਕਰਕੇ ਉਹ ਆਪਣੇ ਦੇਸ਼ ਦੇ ਲੋਕਾਂ ਦੀਆਂ ਲੋੜਾਂ ਸਹਿਜੇ ਹੀ ਪੂਰੀਆਂ ਕਰ ਦਿੰਦਾ ਹੈ। ਮੌਜੂਦਾ ਸਰਕਾਰਾਂ ਨੂੰ ਸੁਚੱਜੀ ਵਿਉਂਤਬੰਦੀ ਨਾਲ ਆਬਾਦੀ ਨੂੰ ਕਾਬੂ ਕਰਨਾ ਚਾਹੀਦਾ ਹੈ ਤਾਂ ਕਿ ਦੇਸ਼ ਦੀ ਦੌਲਤ, ਜਵਾਨੀ ਤੇ ਯੋਗਤਾ ਨੂੰ ਵਿਦੇਸ਼ਾਂ ਵਿਚ ਜਾਣ ਤੋਂ ਰੋਕਿਆ ਜਾ ਸਕੇ ਤੇ ਸਾਡਾ ਦੇਸ਼ ਖੁਸ਼ਹਾਲ ਹੋ ਸਕੇ। ਇਹ ਹੀ ਦੇਸ਼ ਅਤੇ ਜਨਤਾ ਦੇ ਹਿਤ ਵਿਚ ਹੈ।

-ਮੰਗਲਮੀਤ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਪੰਜਾਬੀ ਦੇ ਅਲੋਪ ਹੋਣ ਦੇ ਕਾਰਨ
ਮਾਂ-ਬੋਲੀ ਪੰਜਾਬੀ ਵਿਚ ਆ ਰਹੇ ਨਿਘਾਰ ਬਾਰੇ ਸਿਆਸੀ ਕਾਰਕ ਮੁੱਖ ਜ਼ਿੰਮੇਵਾਰ ਹਨ। ਪਰਿਵਾਰ, ਵਪਾਰ, ਰੁਜ਼ਗਾਰ ਵਿਚ ਪੰਜਾਬੀ ਦੇ ਅਲੋਪ ਹੋ ਜਾਣ ਦਾ ਮੁੱਖ ਕਾਰਨ ਪੰਜਾਬੀ ਨੂੰ ਰਾਜ ਭਾਸ਼ਾ ਦਾ ਬਣਦਾ ਸਥਾਨ ਨਾ ਮਿਲਣਾ ਹੈ। ਬੁੱਧੀਜੀਵੀ, ਲੇਖਕ, ਪੰਜਾਬੀਆਂ ਦੀ ਨੁਮਾਇੰਦਗੀ ਕਰਦੀਆਂ ਸੰਸਥਾਵਾਂ, ਸਮੇਂ ਦੀਆਂ ਸਰਕਾਰਾਂ, ਸਿਆਸੀ ਧਿਰਾਂ ਜ਼ਿੰਮੇਵਾਰ ਹਨ। ਪੰਜਾਬ ਵਿਚ ਹੀ ਰਾਜਨੇਤਾ, ਮੰਤਰੀ ਆਪਣੀ ਹੀ ਮਾਂ-ਭਾਸ਼ਾ ਪੰਜਾਬੀ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਕੇ ਸਦਨ ਵਿਚ ਅੰਗਰੇਜ਼ੀ ਭਾਸ਼ਾ ਵਿਚ ਸਹੁੰ ਲੈਣ ਨੂੰ ਤਰਜੀਹ ਦਿੰਦੇ ਹਨ। ਬਾਹਰਲੇ ਰਾਜਾਂ ਵਿਚ ਪੰਜਾਬੀਆਂ ਅਤੇ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਲਿਖਣੀ ਤਾਂ ਕੀ ਬੋਲਣੀ ਵੀ ਨਹੀਂ ਆਉਂਦੀ। ਇਹ ਤਾਂ ਚਲੋ ਬਾਹਰਲੇ ਰਾਜ ਹਨ। ਪੰਜਾਬ ਵਿਚ ਹੀ ਪੰਜਾਬੀ ਦਾ ਏਨਾ ਬੁਰਾ ਹਾਲ ਹੈ ਕਿ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਦਫ਼ਤਰਾਂ, ਅਦਾਲਤਾਂ ਵਿਚ ਪੰਜਾਬੀ ਵਿਚ ਕੰਮ ਨਹੀਂ ਹੋ ਰਿਹਾ ਜੋ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ-ਨਾਲ ਜੋ ਪੰਜਾਬੀ, ਸਿੱਖ ਵਿਦੇਸ਼ਾਂ ਵਿਚ ਰਹਿ ਰਹੇ ਹਨ, ਉਹ ਗੋਰਿਆਂ ਦੀ ਅੰਗਰੇਜ਼ੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਗੁਰਦੁਆਰਿਆਂ ਵਿਚ ਵੀ ਪੰਜਾਬੀ ਦੀ ਤਾਲੀਮ ਦਿਵਾ ਰਹੇ ਹਨ। ਸਾਨੂੰ ਉਨ੍ਹਾਂ ਤੋਂ ਹੀ ਕੋਈ ਸਬਕ ਸਿੱਖਣਾ ਚਾਹੀਦਾ ਹੈ। ਜੋ ਸਰਕਾਰਾਂ ਨੂੰ ਅਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰਤੀ ਸਖਤ ਐਕਸ਼ਨ ਲੈ ਕੇ ਪੰਜਾਬੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
gsinghverka57@gmail.com

21-07-2020

 'ਅਜੀਤ' ਦਾ ਐਤਵਾਰੀ ਐਡੀਸ਼ਨ
ਐਤਵਾਰ 12 ਜੁਲਾਈ ਦੇ 'ਅਜੀਤ ਸੰਡੇ ਐਡੀਸ਼ਨ' 'ਚ ਬੜਾ ਜਾਣਕਾਰੀ ਭਰਪੂਰ ਡਾ: ਹਮਦਰਦ ਜੀ ਦਾ ਮੁੱਖ ਲੇਖ 'ਭਾਰਤ ਨਿਪਾਲ ਸੁਧਾਰਨ ਦੀ ਲੋੜ' ਪੜ੍ਹਿਆ। ਨਿਪਾਲ ਤੇ ਹਿੰਦ ਦੀ ਸਰਹੱਦ ਸਾਂਝੀ ਹੈ। ਹਿੰਦੁਸਤਾਨ ਨਿਪਾਲੀਆਂ ਲਈ ਆਰਥਿਕ ਤੇ ਰੁਜ਼ਗਾਰ ਦਾ ਵੱਡਾ ਵਸੀਲਾ ਹੈ। ਸਾਡੀ ਫ਼ੌਜ ਵਿਚ ਸਿੱਖ ਰੈਜੀਮੈਂਟ ਵਾਂਗ ਹੀ ਗੋਰਖਾ ਰੈਜੀਮੈਂਟ ਬਹਾਦਰ ਰੈਜੀਮੈਂਟ ਕਹੀ ਜਾਂਦੀ ਹੈ। ਚੀਨ ਦੇ ਵਰਗਲਾਵੇ ਵਿਚ ਆ ਕੇ ਨਿਪਾਲ ਵਲੋਂ ਹਿੰਦ ਨਾਲ ਸਬੰਧ ਵਿਗਾੜਨ ਦੀਆਂ ਨੀਤੀਆਂ ਠੀਕ ਨਹੀਂ ਹਨ। ਡਾ: ਹਰਸ਼ਿੰਦਰ ਕੌਰ ਪਟਿਆਲਾ ਦਾ ਲੇਖ ਪੰਜਾਬ ਰੇਗਿਸਤਾਨ ਬਣਦਾ ਜਾ ਰਿਹਾ ਹੈ, ਚਿਤਾਵਨੀ ਭਰਪੂਰ ਹੈ। ਆਸ਼ਟ ਜੀ ਦਾ ਬਾਲ ਲੇਖਕ ਸਵਰਗੀ 'ਸੀਤਲ' ਜੀ ਬਾਰੇ ਲੇਖ ਪੜ੍ਹਿਆ। ਪੋਠੋਹਾਰ ਦੀ ਧਰਤੀ ਦੇ ਜੰਮਪਲ ਤਲਵਾੜ ਜਾਤੀ ਦੇ ਸਿੱਖ 'ਸੀਤਲ' ਨੇ ਖ਼ਾਸ ਕਰਕੇ ਗੁਰੂ ਸਾਹਿਬਾਨ ਬਾਰੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਬੱਚਿਆਂ ਵਿਚ ਸਤਿਗੁਰੂ ਸਾਹਿਬਾਨ, ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਲਿਖ ਕੇ ਸੇਵਾ ਨਿਭਾਈ ਹੈ। ਉਨ੍ਹਾਂ ਦੀ ਯਾਦ ਨਾ ਮਨਾਉਣਾ ਸਾਡੀ ਵੱਡੀ ਭੁੱਲ ਹੈ। ਗੁਲਜ਼ਾਰ ਸਿੰਘ ਸੰਧੂ ਹੋਰਾਂ ਦਾ ਮਹਾਰਾਣੀ ਜਿੰਦਾਂ ਬਾਰੇ ਲੇਖ ਸ਼ਲਾਘਾਯੋਗ ਹੈ। ਮਹਾਰਾਣੀ ਜਿੰਦਾਂ ਦਾ ਫਰੰਗੀ ਦੀ ਕੈਦ ਵਿਚੋਂ ਨਿਕਲਣਾ, ਨਿਪਾਲ ਪੁੱਜਣਾ ਸੰਘਰਸ਼ਮਈ ਪਲ ਹਨ। ਮਹਾਰਾਣੀ ਦਾ ਸ਼ਹਿਜ਼ਾਦਾ ਦਲੀਪ ਸਿੰਘ ਨੂੰ ਮਿਲ ਕੇ ਉਸ ਨੂੰ ਈਸਾਈ ਤੋਂ ਫਿਰ ਸਿੰਘ ਸਜਾਉਣਾ ਕਾਬਲੇ ਤਾਰੀਫ਼ ਹੈ। ਅੰਤਿਮ ਦਿਨਾਂ ਦੇ ਸਫ਼ਰ ਬਾਰੇ ਹੋਰ ਜਾਣਕਾਰੀ ਪਾਠਕਾਂ ਨੂੰ ਦੇਣੀ ਜ਼ਰੂਰੀ ਸੀ। ਰੇਸ਼ਮਾ, ਮਲਾਲਾ ਯੂਸਫ਼ਜ਼ਈ, ਪ੍ਰੋ: ਗੰਡਮ ਜੀ ਦਾ ਬਾਬੀਹਾ, ਵਾਲੌਂਗ 1962 ਚੀਨ ਨਾਲ ਜੰਗ ਵਿਚ ਸਿੱਖ ਫ਼ੌਜ ਦੀਆਂ ਬਹਾਦਰੀ ਦੀਆਂ ਝਲਕੀਆਂ ਹਰਵਿੰਦਰ ਸਿੰਘ ਖ਼ਾਲਸਾ ਨੇ ਪੇਸ਼ ਕੀਤੀਆਂ। ਸਿੱਖ ਸੂਰਮਿਆਂ ਦੀਆਂ ਸ਼ਹੀਦੀਆਂ ਦੀ ਸਰਕਾਰ ਕਦਰ ਪਾਵੇ।
'ਕਾਂਜਲਾ ਦੀ ਪੂਜਾ' ਕਹਾਣੀ ਵੀ ਸਿੱਖਿਆਦਾਇਕ ਹੈ। 'ਅਜੀਤ' ਦੇ ਸਤਨਾਮ ਸਿੰਘ ਮਾਣਕ ਤੋਂ ਬਾਅਦ ਪਿਆਰਾ ਸਿੰਘ ਭੋਗਲ ਨੇ ਵੀ ਕਵਿਤਾ ਵੱਲ ਰੁਖ਼ ਕੀਤਾ ਹੈ। 'ਰਗਾਂ ਵਿਚ ਲਹੂ ਦੀ ਦਹਿਸ਼ਤ' ਮੈਂ ਕਿਤੇ ਦੋ ਵਾਰ ਪੜ੍ਹ ਬੈਠਾ ਹਾਂ। ਲੇਖਕਾਂ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਲਿਖਿਆ ਹੋਇਆ ਮੈਟਰ ਹੀ ਹੈਡਿੰਗ ਬਦਲ-ਬਦਲ ਕੇ ਨਾ ਛਪਵਾਉਣ, ਨਵਾਂ ਲਿਖਣ ਦਾ ਉੱਦਮ ਕਰਨ। ਸ਼ੇਰੇ ਪੰਜਾਬ ਦੇ ਲੇਖ ਵਿਚ ਡਾ: ਸ਼ਫ਼ੀਕ ਨੇ ਮਹਾਰਾਜਾ ਵਲੋਂ ਸਭ ਕੌਮਾਂ ਨਾਲ ਇਕ ਸਮਾਨ ਵਰਤਾਓ ਕਰਨ ਬਾਰੇ ਇਤਿਹਾਸਕਾਰਾਂ ਦੇ ਲੇਖਾਂ ਵਿਚੋਂ ਟੂਕਾਂ ਦਿੱਤੀਆਂ ਹਨ। ਸਹੀ ਧਰਮ-ਨਿਰਪੱਖਤਾ ਦੀ ਤਸਵੀਰ ਪੇਸ਼ ਕੀਤੀ ਹੈ ਪਰ ਸਾਡੀ ਅਜੋਕੀ ਧਰਮ-ਨਿਰਪੱਖਤਾ ਪੁੱਠਾ ਗੇੜਾ ਖਾ ਰਹੀ ਹੈ। ਰੱਬ ਰਾਖਾ!

-ਬੇਅੰਤ ਸਿੰਘ ਸਰਹੱਦੀ

ਲੋੜੋਂ ਜ਼ਿਆਦਾ ਵਰਤੋਂ
ਮੋਬਾਈਲ ਨੇ ਸਾਨੂੰ ਇਕ-ਦੂਜੇ ਦੇ ਬਹੁਤ ਜ਼ਿਆਦਾ ਨਜ਼ਦੀਕ ਕਰ ਦਿੱਤਾ ਹੈ। ਜਿੱਥੇ ਸਾਨੂੰ ਆਪਣੀ ਦੇਸ਼ ਦੀ ਤਕਨਾਲੋਜੀ 'ਤੇ ਇਸ ਗੱਲ ਦਾ ਮਾਣ ਹੈ, ਉੱਥੇ ਇਸ ਗੱਲ ਦਾ ਦੁੱਖ ਵੀ ਹੈ ਕਿ ਅਸੀਂ ਆਪਣਿਆਂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ ਇਹ ਸਾਰਾ ਮੋਬਾਈਲ ਨੇ ਨਹੀਂ ਕੀਤਾ ਸਗੋਂ ਇਸ ਦੀ ਗ਼ਲਤ ਵਰਤੋਂ ਨੇ ਕੀਤਾ। ਇਸ ਤੋਂ ਬਚਣ ਲਈ ਸਾਡੀ ਪੜ੍ਹਾਈ ਵਿਚ ਇਸ ਸਬੰਧੀ ਇਸ ਗੱਲ ਦਾ ਸਿਲੇਬਸ ਸ਼ਾਮਿਲ ਕਰਨਾ ਚਾਹਿਦਾ ਹੈ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਿੰਨੀ ਖ਼ਤਰਨਾਕ ਘਾਤਕ ਸਿੱਧ ਹੋ ਸਕਦੀ ਹੈ? ਇਸ ਦੀ ਜ਼ਿਆਦਾ ਵਰਤੋਂ ਨਾਲ ਅਸੀਂ ਆਪਣੀ ਪੀੜ੍ਹੀ ਦਾ ਜੋ ਨੁਕਸਾਨ ਕਰ ਲਵਾਗੇ, ਉਸ ਦੀ ਭਰਪਾਈ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਵੀ ਨਾ ਕਰ ਸਕਣ। ਇਸ ਬਾਰੇ ਨੌਜਵਾਨਾਂ ਨੂੰ ਹੁਣ ਖੁੱਲ ਕੇ ਦੱਸਣਾ ਚਾਹੀਦਾ ਹੈ। ਨਹੀਂ ਤਾਂ ਕਿਤੇ ਇਹ ਚੁੱਪੀ ਵਿਨਾਸ਼ਕਾਰੀ ਨਾ ਹੋ ਜਾਵੇ।

-ਕੰਵਰਦੀਪ ਸਿੰਘ ਭੱਲਾ
(ਪਿੱਪਲਾਂ ਵਾਲਾ), ਸਹਾਇਕ ਮੈਨੇਜਰ, ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਨਹੀਂ ਰੁਕ ਰਹੀ ਨਸ਼ਾ ਤਸਕਰੀ
ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦਾ ਬੋਲਬਾਲਾ ਹੈ। ਜਿਸ ਵਿਚ ਚਿੱਟਾ, ਅਫੀਮ, ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਭਰਮਾਰ ਹੈ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਪੈਸੇ ਦੀ ਖਾਤਰ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਕੱਠਪੁਤਲੀਆਂ ਬਣੇ ਹੋਏ ਹਨ। ਨਸ਼ੇ ਨੂੰ ਵੇਚਣ ਦੇ ਨਾਲ-ਨਾਲ ਇਹ ਖੁਦ ਨਸ਼ੇ ਦੇ ਆਦੀ ਹੋ ਜਾਂਦੇ ਹਨ। ਕਈ ਨੌਜਵਾਨ ਤਾਂ ਨਸ਼ੇ ਦੀ ਵੱਧ ਮਾਤਰਾ ਨਾਲ ਮਰ ਰਹੇ ਹਨ।
ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਪੰਜਾਬ ਵਿਚ ਨਸ਼ੇ ਚਾਰ ਹਫਤਿਆਂ ਵਿਚ ਖਤਮ ਕਰਨ ਦੀ ਗੱਲ ਕਹੀ ਸੀ ਪਰ ਸਾਢੇ ਤਿੰਨ ਸਾਲ ਬੀਤ ਜਾਣ 'ਤੇ ਵੀ ਨਸ਼ੇ ਬੰਦ ਨਹੀਂ ਹੋ ਸਕੇ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਵਧ ਰਹੀ ਆਬਾਦੀ
ਵਿਸ਼ਵ ਆਬਾਦੀ ਦਿਵਸ 'ਤੇ ਦਲਵੀਰ ਸਿੰਘ ਲੁਧਿਆਣਵੀ ਦਾ ਲੇਖ ਪੜ੍ਹਿਆ। ਜਿਹੜੇ ਨੁਕਤੇ ਲੁਧਿਆਣਵੀ ਹੁਰਾਂ ਉਠਾਏ ਹਨ, ਫਿਕਰਮੰਦੀ ਪੈਦਾ ਕਰਦੇ ਹਨ। ਦੇਸ਼ ਆਜ਼ਾਦ ਹੁੰਦਿਆਂ ਹੀ ਸਾਡੇ ਨੇਤਾਵਾਂ ਨੇ ਇਸ ਗੰਭੀਰ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ। ਇਸ ਸਮੱਸਿਆ ਨੇ ਗਰੀਬੀ, ਭੁੱਖਮਰੀ ਨੂੰ ਜਨਮ ਦਿੱਤਾ। ਅਸੀਂ ਭਾਰਤ ਵਾਸੀ ਹਰ ਸਾਲ ਇਕ ਆਸਟ੍ਰੇਲੀਆ ਦੇ ਬਰਾਬਰ ਦੀ ਆਬਾਦੀ ਖੜ੍ਹੀ ਕਰ ਰਹੀ ਜਾ ਰਹੇ ਹਾਂ। ਸਾਡੇ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਝੁੱਗੀਆਂ-ਝੌਂਪੜੀਆਂ ਨੇ ਘੇਰਾ ਪਾ ਲਿਆ ਹੈ।
ਨੇਤਾ ਲੋਕ ਸਿਰਫ਼ ਵੋਟਾਂ ਗਿਣਦੇ ਹਨ, ਸਮੱਸਿਆਵਾਂ ਨਹੀਂ। ਵਧ ਰਹੀ ਆਬਾਦੀ ਕਾਰਨ ਸਾਨੂੰ ਦੁਨੀਆ ਵਿਚ ਨਮੋਸ਼ੀ ਝੱਲਣੀ ਪੈ ਰਹੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਪਵੇਗਾ। ਆਬਾਦੀ 'ਤੇ ਕੰਟਰੋਲ ਕੀਤਿਆਂ ਹੀ ਮਹਿੰਗਾਈ, ਗਰੀਬੀ ਤੇ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕੇਗਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ

ਕੁਰਸੀ ਦੀ ਲਾਲਸਾ
ਅਜੋਕੇ ਸਮੇਂ ਦੇ ਬਹੁਤ ਸਾਰੇ ਸਿਆਸੀ ਆਗੂਆਂ ਵਿਚ ਕੁਰਸੀ ਦੀ ਲਾਲਸਾ ਬਹੁਤ ਵਧ ਗਈ ਹੈ। ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਜਿਹੜਾ ਵੀ ਇਕ ਵਾਰ ਕੁਰਸੀ 'ਤੇ ਬਿਰਾਜਮਾਨ ਹੋ ਗਿਆ, ਉਹ ਦੁਬਾਰਾ ਕੁਰਸੀ ਨਹੀਂ ਛੱਡਣੀ ਚਾਹੁੰਦਾ। ਖੁਦ ਨੂੰ ਜਨਤਾ ਦੇ ਤਾਬਿਆਦਾਰ ਅਖਵਾਉਣ ਵਾਲੇ ਕਈ ਨੇਤਾ ਚੋਣਾਂ ਦੇ ਦਿਨੀਂ ਆਵਾਮ ਨਾਲ ਦਿਲ ਲੁਭਾਉਣੇ ਵਾਅਦੇ ਕਰਕੇ ਕੁਰਸੀ ਹਾਸਲ ਕਰ ਲੈਂਦੇ ਹਨ। ਫਿਰ ਪੂਰੇ ਪੰਜ ਸਾਲ ਜਨਤਾ ਦੀ ਸਾਰ ਨਹੀਂ ਲੈਂਦੇ। ਜਦਕਿ ਇਨ੍ਹਾਂ ਦੇ ਵਰਕਰ ਇਨ੍ਹਾਂ ਦੀ ਖਾਤਰ ਪਿੰਡਾਂ, ਸ਼ਹਿਰਾਂ 'ਚ ਆਪਣੇ ਆਂਢ-ਗੁਆਂਢ ਨਾਲ ਲੜਾਈਆਂ ਕਰਕੇ ਦੁਸ਼ਮਣੀਆਂ ਸਹੇੜ ਲੈਂਦੇ ਹਨ। ਕਈ ਤਾਂ ਵਿਚਾਰੇ ਇਨ੍ਹਾਂ ਦੀ ਖਾਤਰ ਹਸਪਤਾਲਾਂ ਤੇ ਜੇਲ੍ਹਾਂ ਦੀ ਯਾਤਰਾ ਵੀ ਕਰ ਬੈਠਦੇ ਹਨ। ਸਮਾਂ ਮੰਗ ਕਰਦਾ ਹੈ ਕਿ ਦੇਸ਼ ਭਗਤੀ ਅਤੇ ਲੋਕ ਪਿਆਰ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਰਾਜਨੀਤਕ ਖੇਤਰ 'ਚ ਪ੍ਰਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਹਰ ਪੱਖੋਂ ਗਰਕਦੇ ਜਾ ਰਹੇ ਸਾਡੇ ਮੁਲਕ ਨੂੰ ਮੁੜ ਤੋਂ ਲੀਹਾਂ 'ਤੇ ਲਿਆਂਦਾ ਜਾ ਸਕੇ।

-ਸੁਖਦੇਵ ਰਾਮ ਸ਼ਰਮਾ
ਪਿੰਡ ਤੇ ਡਾਕ: ਘੋਲੀਆਂ ਕਲਾਂ (ਮੋਗਾ)।

17-07-2020

 ਲੋਕਾਂ ਦਾ ਬਦਲਿਆ ਵਿਵਹਾਰ
ਕੀ ਕੋਰੋਨਾ ਹੁਣ ਖ਼ਤਰਨਾਕ ਨਹੀਂ ਰਿਹਾ? ਜਾਂ ਕੀ ਹੁਣ ਇਸ ਮਹਾਂਮਾਰੀ ਦੇ ਫੈਲਣ ਦਾ ਡਰ ਨਹੀਂ ਰਿਹਾ? ਅੱਜਕਲ੍ਹ ਦੇ ਹਾਲਾਤ ਦੇਖ ਕੇ ਤਾਂ ਇਸ ਤਰ੍ਹਾਂ ਹੀ ਲਗਦਾ ਹੈ ਕਿ ਸਭ ਨੇ ਇਸ ਬਿਮਾਰੀ ਦੀ ਵੈਕਸੀਨੇਸ਼ਨ ਕਰਾ ਰੱਖੀ ਹੋਵੇ। ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਤਾਂ ਬਾਜ਼ਾਰਾਂ ਵਿਚ ਬਹੁਤ ਭੀੜ ਹੋ ਗਈ ਹੈ। ਲੋਕ ਸਮਾਜਿਕ ਦੂਰੀ ਨੂੰ ਭੁੱਲ ਕੇ ਇਕ ਥਾਂ ਤੋਂ ਦੂਜੀ ਥਾਂ ਗਰੁੱਪਾਂ ਵਿਚ ਪੂਰੇ ਪਰਿਵਾਰ ਨਾਲ ਬੇਧੜਕ ਘੁੰਮ ਰਹੇ ਹਨ। ਮਾਸਕ ਪਾਉਣਾ, ਵਾਰ-ਵਾਰ ਹੱਥ ਧੋਣਾ, ਸੈਨੇਟਾਈਜ਼ਰ ਦੀ ਵਰਤੋਂ ਵਰਗੀਆਂ ਸਾਵਧਾਨੀਆਂ ਨੂੰ ਲੋਕ ਬੱਚਿਆਂ ਦੀ ਖੇਡ ਸਮਝਣ ਲੱਗ ਗਏ ਹਨ। ਪਹਿਲੀ ਤਾਲਾਬੰਦੀ 22 ਮਾਰਚ ਤੋਂ ਬਾਅਦ ਲੋਕ ਕੋਰੋਨਾ ਦੇ ਡਰ ਤੋਂ ਸਹਿਮ ਗਏ ਹਨ ਤੇ ਇਸ ਡਰ ਕਾਰਨ ਲੋਕਾਂ ਨੇ ਬਹੁਤ ਸਾਵਧਾਨੀਆਂ ਰੱਖੀਆਂ, ਜਿਸ ਦਾ ਅਸਰ ਇਹ ਹੋਇਆ ਕਿ ਪੰਜਾਬ ਵਿਚ ਕੋਰੋਨਾ ਆਪਣਾ ਕਹਿਰ ਸੀਮਤ ਖੇਤਰ ਹੀ ਦਿਖਾ ਸਕਿਆ। ਅੱਜ ਦੀ ਬਣੀ ਭਿਆਨਕ ਸਥਿਤੀ ਵਿਚ ਸਾਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਵਧਾਨੀ ਰੱਖਣ ਦੀ ਲੋੜ ਹੈ। ਕਈ ਵਾਰ ਬੇਲੋੜਾ, ਲੋੜ ਤੋਂ ਵੱਧ ਆਤਮਵਿਸ਼ਵਾਸ ਮੰਜ਼ਿਲ ਦੇ ਨੇੜੇ ਪਹੁੰਚ ਕੇ ਬੁਰੀ ਤਰ੍ਹਾਂ ਹਰਾ ਦਿੰਦਾ ਹੈ। ਸੋ, ਆਓ! ਇਸ ਮਹਾਂਮਾਰੀ ਕੋਰੋਨਾ ਦੀ ਭਿਆਨਕ, ਵਿਨਾਸ਼ਕਾਰੀ ਬਣ ਰਹੀ ਸਥਿਤੀ ਵਿਚ ਸਾਵਧਾਨ ਹੋ ਕੇ ਬਚਣ ਦੀ ਕੋਸ਼ਿਸ਼ ਕਰੀਏ।

-ਗੌਰਵ ਸ਼ਰਮਾ
ਸਟੇਟ ਐਵਾਰਡੀ ਅਧਿਆਪਕ, ਧਰਮਕੋਟ (ਮੋਗਾ)।

ਰੁੱਖ ਲਗਾਉਣਾ ਵੱਡੀ ਜ਼ਿੰਮੇਵਾਰੀ
ਤਕਰੀਬਨ ਹਰ ਇਕ ਬੰਦਾ ਹੀ ਕੁਦਰਤ ਨਾਲ ਪਿਆਰ ਕਰਦਾ ਹੈ। ਸਵੇਰੇ-ਸਵੇਰੇ ਹਰੇ-ਭਰੇ ਰੁੱਖ ਦੇਖ ਕੇ ਮਨੁੱਖ ਦਾ ਚਿਹਰਾ ਗੁਲਾਬ ਵਾਂਗ ਖਿੱਲ ਪੈਂਦਾ ਹੈ। ਹੁਣ ਤਾਲਾਬੰਦੀ ਦੌਰਾਨ ਸਭ ਨੇ ਦੇਖਿਆ ਕਿ ਕੁਦਰਤ ਨਵ-ਵਿਆਹੀ ਵਹੁਟੀ ਦੀ ਤਰ੍ਹਾਂ ਸੱਜ ਗਈ ਸੀ। ਅਕਸਰ ਦੇਖਿਆ ਜਾਂਦਾ ਹੈ ਕਿ ਬਰਸਾਤਾਂ ਦੇ ਮੌਸਮ ਦੌਰਾਨ ਕਈ ਸਮਾਜਿਕ ਜਥੇਬੰਦੀਆਂ ਵਲੋਂ ਰੁੱਖ ਲਗਾਏ ਜਾਂਦੇ ਹਨ। ਕਈ ਲੋਕ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਤੇ ਹੋਰ ਅਨੇਕ ਮੌਕਿਆਂ 'ਤੇ ਰੁੱਖ ਲਗਾਉਂਦੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹੈ। ਵਧੀਆ ਸ਼ੌਕ ਹੈ ਕਿ ਰੁੱਖ ਲਗਾਉਣਾ। ਪਰ ਰੁੱਖ ਲਗਾਉਣਾ ਹੀ ਇਕ ਜ਼ਿੰਮੇਵਾਰੀ ਨਹੀਂ ਹੈ। ਸਮੇਂ-ਸਮੇਂ 'ਤੇ ਉਸ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਹਰ ਪੰਚਾਇਤ ਨੇ 550 ਬੂਟੇ ਲਗਾਉਣ ਦਾ ਟਿੱਚਾ ਮਿੱਥਿਆ ਸੀ। ਬਹੁਤ ਹੀ ਵਧੀਆ ਗੱਲ ਹੈ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਉਹ ਲਗਾਏ ਹੋਏ ਬੂਟੇ ਕਿੰਨੇ ਕੁ ਹਰੇ ਹੋਏ ਜਾਂ ਉਨ੍ਹਾਂ ਨੂੰ ਅਵਾਰਾ ਪਸ਼ੂ ਖਾ ਗਏ। ਸੋ, ਜਿਥੇ ਵੀ ਅਸੀਂ ਕੋਈ ਵੀ ਪ੍ਰੋਗਰਾਮ 'ਤੇ ਬੂਟਾ ਲਗਾਉਂਦੇ ਹਨ, ਉਸ ਬੂਟੇ ਦੀ ਸਮੇਂ-ਸਮੇਂ 'ਤੇ ਦੇਖਭਾਲ ਕਰਦੇ ਰਹੀਏ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਉਸ ਬੂਟੇ ਬਾਰੇ ਲੋਕਾਂ ਨੂੰ ਦੱਸਣ ਕਿ ਇਹ ਬੂਟਾ ਸਾਡੇ ਬਜ਼ੁਰਗਾਂ ਨੇ ਲਗਾਇਆ ਸੀ।

-ਸੰਜੀਵ ਸਿੰਘ ਸੈਣੀ
ਮੁਹਾਲੀ।

16-07-2020

 ਬਰਸਾਤ ਦਾ ਮੌਸਮ
ਪਿਛਲੇ ਸਾਲ ਜਦੋਂ ਭਾਖੜਾ ਤੋਂ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਸੀ ਤਾਂ ਪਿੰਡਾਂ ਦੇ ਪਿੰਡ ਪ੍ਰਭਾਵਿਤ ਹੋਏ ਸਨ, ਫ਼ਸਲਾਂ ਖਰਾਬ ਹੋ ਗਈਆਂ, ਪਸ਼ੂ ਮਰ ਗਏ, ਕਿਸਾਨ ਬਰਬਾਦ ਹੋ ਗਏ ਸਨ ਅਤੇ ਭਾਵੇਂ ਪ੍ਰਸ਼ਾਸਨ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨਾਂ ਦੀ ਮਦਦ ਕੀਤੀ ਸੀ ਪ੍ਰੰਤੂ ਉਹ ਤੱਕ ਸੰਭਲ ਨਹੀਂ ਸਕੇ। ਹੁਣ ਬਰਸਾਤ ਦਾ ਮੌਸਮ ਆ ਚੁੱਕਾ ਹੈ ਅਤੇ ਸਬੰਧਿਤ ਵਿਭਾਗ ਵੀ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕਰਨ ਵਿਚ ਲੱਗਾ ਹੋਇਆ ਹੈ, ਜਦੋਂ ਕਿ ਇਹ ਕੰਮ ਬਹੁਤ ਚਿਰ ਪਹਿਲਾਂ ਮੁਕੰਮਲ ਕੀਤਾ ਜਾਣਾ ਚਾਹੀਦਾ ਸੀ। ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਜਿਥੇ-ਜਿਥੇ ਵੀ ਦਰਿਆਵਾਂ ਦੇ ਬੰਨ੍ਹ ਕਮਜ਼ੋਰ ਹਨ, ਉਨ੍ਹਾਂ ਨੂੰ ਪੱਕੇ ਕਰਨ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦੀ ਅਤੇ ਨਾਲ ਲਗਦੇ ਸ਼ਹਿਰਾਂ, ਕਸਬਿਆਂ ਦੀ ਫਿਰ ਤਬਾਹੀ ਨਾ ਹੋਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਵਾਕਫ਼ੀਅਤ ਭਰਪੂਰ ਲੇਖ
ਮੇਰੀ ਉਮਰ 81 ਸਾਲ ਹੈ। ਐਤਵਾਰ ਦਾ ਦਿਨ ਚੜ੍ਹਦਾ ਹੈ। ਮੈਂ 'ਅਜੀਤ' ਅਖ਼ਬਾਰ ਦਾ ਸਭ ਤੋਂ ਪਹਿਲਾਂ ਉਹ ਪੰਨਾ ਪੜ੍ਹਦਾ ਹਾਂ, ਜਿਸ 'ਤੇ ਪ੍ਰੋ: ਸੁਰਿੰਦਰ ਮੱਲ੍ਹੀ ਦਾ 'ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ', ਪੰਜਾਬੀ ਫ਼ਿਲਮਾਂ ਬਾਰੇ ਵਾਕਫੀਅਤ ਭਰਪੂਰ ਲੇਖ ਛਪਿਆ ਹੁੰਦਾ ਹੈ। ਪੜ੍ਹਨ ਨਾਲ ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ ਹੈ। ਜਦੋਂ ਉਸ ਵੇਲੇ ਕੱਚੇ ਸਿਨੇਮੇ ਹੁੰਦੇ ਸਨ, ਜਿਸ ਦਾ ਟਿਕਟ ਸਾਢੇ ਪੰਜ ਆਨੇ ਹੁੰਦੀ ਸੀ। ਲੋਕ ਥੱਲੇ ਬੈਠ ਕੇ ਫ਼ਿਲਮਾਂ ਦੇਖਦੇ ਹੁੰਦੇ ਸਨ। ਬਹੁਤ ਹੈਰਾਨ ਅਤੇ ਖੁਸ਼ ਹੁੰਦੇ ਸਨ। ਮੈਂ ਅਤੇ ਮੇਰੇ ਸਾਥੀ ਖੁਸ਼ ਹਨ ਅਤੇ ਹੈਰਾਨ ਹਨ ਕਿ ਸੁਰਿੰਦਰ ਮੱਲ੍ਹੀ ਜੀ ਪੁਰਾਣੀਆਂ ਫ਼ਿਲਮਾਂ, ਗੀਤਾਂ ਅਤੇ ਸਿਨੇਮਾ ਜਗਤ ਨਾਲ ਜੁੜੀ ਵਾਕਫੀਅਤ ਦੇ ਭੰਡਾਰ ਹਨ। ਅਸੀਂ ਉਨ੍ਹਾਂ ਦੀ ਲੰਮੀ ਉਮਰ ਅਤੇ 'ਅਜੀਤ' ਅਖ਼ਬਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ।

-ਅਜਮੇਰ ਸਿੰਘ
ਅਮਨ ਨਰਸਰੀ, ਸੁਰਜੀਤ ਨਗਰ, ਮੋਰਿੰਡਾ।

15-07-2020

 ਲੋਕਾਂ ਦੇ ਸਵਾਲ

ਸ: ਸੁਖਦੇਵ ਸਿੰਘ ਢੀਂਡਸਾ ਦੀ 'ਅਜੀਤ' ਨਾਲ ਮੁਲਾਕਾਤ ਪੜ੍ਹੀ, ਜੋ ਢੀਂਡਸਾ ਸਾਹਿਬਾਨ ਕਿਹਾ ਉਸ ਬਾਰੇ ਲੋਕ ਕੁਝ ਸ਼ੰਕੇ ਨਵਿਰਤ ਕਰਨਾ ਚਾਹੁੰਦੇ ਹਨ। ਤੁਸੀਂ ਕਿਹਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਨਾਂ ਹਰ ਹਮਖ਼ਿਆਲ ਪਾਰਟੀ ਨਾਲ ਮੇਲਜੋਲ ਕਰ ਸਕਦੇ ਹਾਂ। ਕੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹਮਖ਼ਿਆਲ ਨਹੀਂ ਹੈ? ਸ: ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਬਾਦਲ ਤੇ ਭਾਜਪਾ ਹਕੂਮਤ ਵਿਚ ਮੰਤਰੀ ਰਹੇ। ਜਦੋਂ ਪੰਜ ਸਾਲ ਮਿਆਦ ਪੂਰੀ ਹੋ ਗਈ, ਪੈਨਸ਼ਨ ਦੇ ਹੱਕਦਾਰ ਹੋ ਗਏ, ਇਕਦਮ ਬਾਦਲ ਕਿਆਂ ਦੀਆਂ ਤਰੁੱਟੀਆਂ ਤੇ ਲੁੱਟਾਂ ਯਾਦ ਆ ਗਈਆਂ। ਇਨ੍ਹਾਂ ਨੇ ਪਹਿਲਾਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਕਿਉਂ ਨਾ ਦਿੱਤਾ? ਤੁਸੀਂ 30-35 ਸਾਲ ਅਕਾਲੀ ਦਲ ਬਾਦਲ ਵਿਚ ਰਹੇ। ਲੰਮਾ ਸਮਾਂ ਅਹੁਦਿਆਂ ਦਾ ਅਨੰਦ ਮਾਣਿਆ। ਲੱਖਾਂ ਰੁਪਏ ਤੁਹਾਡੇ ਘਰ ਪੈਨਸ਼ਨ ਆਉਂਦੀ ਹੈ। ਕੀ ਪਾਰਟੀ ਤਿਆਗਣ ਦੇ ਨਾਲ ਲੋਕਾਂ ਦੇ ਭਲੇ ਵਾਸਤੇ ਇਹ ਮਾਇਆ ਵੀ ਤਿਆਗ ਦਿੱਤੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲੰਮੇ ਸਮੇਂ ਤੋਂ ਹਰ ਪਾਰਟੀ ਦੇ ਰਾਜ ਵਿਚ ਹੋਈਆਂ ਹਨ, ਹੁਣ ਵੀ ਹੋ ਰਹੀਆਂ ਹਨ। ਤੁਸੀਂ ਕੇਵਲ ਬਾਦਲ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਉਂਦੇ ਹੋ? ਇਹ ਰੌਲਾ ਢੀਂਡਸਾ ਪਰਿਵਾਰ ਨੇ ਪਹਿਲਾਂ ਕਿਉਂ ਨਾ ਪਾਇਆ?

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਲੁਧਿਆਣਾ।

ਫ਼ਿਕਰਮੰਦੀ ਜ਼ਾਹਿਰ ਕਰਦੀ ਸੰਪਾਦਕੀ

ਪਿਛਲੇ ਦਿਨੀਂ 'ਗੰਭੀਰ ਸੰਕਟ ਵਿਚ ਸਿੱਖਿਆ ਦਾ ਖੇਤਰ' ਸਿਰਲੇਖ ਅਧੀਨ ਸੰਪਾਦਕੀ 'ਚ ਡਾ: ਹਮਦਰਦ ਨੇ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਮਾਪਿਆਂ ਪ੍ਰਤੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਬਿਲਕੁਲ ਸਹੀ ਲਿਖਿਆ ਹੈ ਕਿ ਕੋਰੋਨਾ ਵਾਇਰਸ ਦੇ ਸੰਤਾਪ ਕਾਰਨ ਜਿਥੇ ਦੁਨੀਆ ਭਰ ਦਾ ਰਾਜਨੀਤਕ, ਧਾਰਮਿਕ, ਸਮਾਜਿਕ, ਖੇਡਾਂ, ਆਰਥਿਕ, ਸੱਭਿਆਚਾਰਕ ਭਾਵ ਹਰ ਖੇਤਰ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਜ਼ਾਹਿਰਾ ਤੌਰ 'ਤੇ ਵਿਦਿਅਕ ਢਾਂਚਾ ਵੀ ਇਸ ਮਹਾਂਮਾਰੀ ਦੇ ਬੁਰੇ ਸੇਕ ਤੋਂ ਅਛੂਤਾ ਨਹੀਂ ਰਹਿ ਸਕਿਆ ਹੈ।
ਸਚਮੁੱਚ ਇਨ੍ਹਾਂ ਦਿਨਾਂ ਵਿਚ ਪੜ੍ਹਾਕੂ ਬੱਚੇ ਆਪਣੀ ਭਵਿੱਖ ਦੀ ਪੜ੍ਹਾਈ-ਲਿਖਾਈ ਪ੍ਰਤੀ ਡਾਢੇ ਚਿੰਤਤ ਦਿਖਾਈ ਦੇ ਰਹੇ ਹਨ। ਸੰਪਾਦਕੀ 'ਚ ਪੰਜਾਬ ਹੀ ਨਹੀਂ, ਬਲਕਿ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਹੀ ਨੇਕ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਇਸ ਗੰਭੀਰ ਤੇ ਵੱਡੇ ਮਸਲੇ ਦੇ ਨਿਪਟਾਰੇ ਲਈ ਪਹਿਲ ਦੇ ਆਧਾਰ 'ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਸਾਰਥਕ ਹੱਲ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਦੇਸ਼ ਦਾ ਭਵਿੱਖ ਸਮਝੇ ਜਾਂਦੇ ਸਕੂਲੀ ਬੱਚਿਆਂ ਦਾ ਵਿੱਦਿਆ ਪੱਖੋਂ ਹੋਰ ਨੁਕਸਾਨ ਨਾ ਹੋਵੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਕਿਸਾਨਾਂ ਦੀ ਆਮਦਨ

ਮੋਦੀ ਸਰਕਾਰ ਨੇ ਚਾਰ ਸਾਲ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ। ਜੋ ਲਗਦਾ ਹੈ ਕਿ ਇਹ ਵੀ ਦੂਜੇ ਵਾਅਦਿਆਂ ਵਾਂਗ ਇਕ ਚੋਣ ਜੁਮਲਾ ਹੀ ਸਾਬਤ ਹੋ ਰਹੀ ਹੈ। ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਨਿਰਧਾਰਤ ਮੁੱਲ ਹੀ ਖ਼ਤਮ ਕਰਨ ਜਾ ਰਹੀ ਹੈ। ਇਸ ਵਿਰੁੱਧ ਕਿਸਾਨ ਯੂਨੀਅਨਾਂ ਧਰਨੇ ਪ੍ਰਦਰਸ਼ਨ ਕਰਨ ਜਾ ਰਹੀਆਂ ਹਨ ਜੋ ਕਿ ਠੀਕ ਹੈ ਪਰ ਸਾਡੇ ਪੰਜਾਬ 'ਤੇ ਨਿਰਧਾਰਤ ਮੁੱਲ ਖ਼ਤਮ ਕਰਨ ਦਾ ਬਹੁਤ ਮਾੜਾ ਅਸਰ ਪੈਣਾ ਹੈ। ਦੂਜੇ ਪਾਸੇ ਸਾਡੇ ਸੂਬੇ ਦੀਆਂ ਸਿਆਸੀ ਪਾਰਟੀਆਂ ਇਕ-ਦੂਜੇ 'ਤੇ ਚਿੱਕੜ ਸੁੱਟਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੀਆਂ ਜਦੋਂ ਕਿ ਸਾਰੀਆਂ ਪੰਜਾਬ ਦੇ ਕਿਸਾਨੀ ਹਿਤੈਸ਼ੀ ਪਾਰਟੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਕਜੁੱਟ ਹੋ ਕੇ ਕਿਸਾਨੀ ਦੇ ਹੱਕ ਵਿਚ ਮੈਦਾਨ ਵਿਚ ਆਉਣ। ਭਾਜਪਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਆਮਦਨ ਦੁੱਗਣੀ ਕਰਨ ਵਾਲੇ ਵਾਅਦੇ 'ਤੇ ਪੂਰਾ ਉਤਰਨ ਲਈ ਨਿਰਧਾਰਤ ਮੁੱਲ ਖ਼ਤਮ ਕਰਨ ਦੀ ਥਾਂ ਕਿਸਾਨਾਂ ਦੀ ਲਾਗਤ ਤੋਂ 50 ਫ਼ੀਸਦੀ ਵੱਧ ਮੁੱਲ ਕਿਸਾਨਾਂ ਨੂੰ ਦੇਵੇ। ਸੋ, ਅੱਜ ਸਾਰੀਆਂ ਪੰਜਾਬ ਖ਼ਾਸ ਕਰਕੇ ਕਿਸਾਨ ਹਿਤੈਸ਼ੀ ਅਖਵਾਉਣ ਵਾਲੀਆਂ ਪਾਰਟੀਆਂ ਇਕਜੁੱਟ ਹੋ ਕੇ ਕਿਸਾਨਾਂ ਦੇ ਹੱਕ ਲਈ ਮੈਦਾਨ ਵਿਚ ਆਉਣ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਪਾਣੀ ਵੀ ਹੋਇਆ ਜ਼ਹਿਰੀਲਾ

ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣਯੋਗ ਨਹੀਂ ਰਿਹਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ 'ਤੇ ਆ ਗਿਆ। ਮੁੰਬਈ ਦੇ ਪਾਣੀ ਦੀ ਗੁਣਵੱਤਾ ਸਭ ਤੋਂ ਵਧੀਆ ਰਹੀ। ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਜੋਗਾ ਪਾਣੀ ਵੀ ਨਹੀਂ ਰਿਹਾ। ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਹਰ ਇਕ ਕੰਮ ਵਿਚ ਪਾਣੀ ਦੀ ਵਰਤੋਂ ਹੁੰਦੀ ਹੈ। ਜੇ ਗੰਦਾ ਪਾਣੀ ਪੀਵਾਂਗੇ ਤਾਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ। ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਿਕ ਪੰਜਾਬ ਦਾ ਪਾਣੀ ਪੀਣਯੋਗ ਨਹੀਂ ਰਿਹਾ ਹੈ। ਚਾਲੀ ਫ਼ੀਸਦੀ ਪਾਣੀ ਖ਼ਰਾਬ ਹੋ ਚੁੱਕਾ ਹੈ। ਕਈ ਧਾਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹੋਰ ਜਲਨਸ਼ੀਲ ਪਦਾਰਥ ਪਾਣੀ ਵਿਚ ਮਿਲ ਚੁੱਕੇ ਹਨ। ਹਾਲ ਹੀ ਵਿਚ ਖ਼ਬਰਾਂ ਵੀ ਆਈਆਂ ਕਿ ਫੈਕਟਰੀਆਂ ਦਾ ਗੰਦਾ ਪਾਣੀ ਟੋਭਿਆਂ ਵਿਚ ਗਿਆ, ਜਿਸ ਕਾਰਨ ਪਸ਼ੂਆਂ ਦੀ ਵੀ ਮੌਤ ਹੋਈ। ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦੇ ਕੋਈ ਠੋਸ ਨੀਤੀ ਨਾ ਬਣਾਈ ਗਈ ਤਾਂ ਜਲਦ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਬਣਾ ਕੇ ਉਸ 'ਤੇ ਅਮਲ ਦਰਾਮਦ ਹੋ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ। ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸਿਹਤ ਹੀ ਅਸਲੀ ਧਨ ਦੌਲਤ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮੱਤੇਵਾੜਾ ਜੰਗਲ ਦਾ ਉਜਾੜਾ

ਬੀਤੇ ਦਿਨੀਂ ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਮੱਤੇਵਾੜਾ ਜੰਗਲਾਂ ਨੂੰ ਉਜਾੜ ਕੇ ਸਨਅਤੀ ਪਾਰਕ ਬਣਾਉਣ ਦਾ ਫ਼ੈਸਲਾ ਕੀਤਾ ਹੈ, ਬਹੁਤ ਹੀ ਮੰਦਭਾਗਾ ਹੈ, ਕਿਉਂਕਿ ਲੁਧਿਆਣਾ ਸ਼ਹਿਰ ਪਹਿਲਾਂ ਹੀ ਕਾਰਖਾਨੇ ਹੋਣ ਕਰਕੇ ਬਹੁਤ ਪ੍ਰਦੂਸ਼ਿਤ ਹੈ। ਜੇ ਮੱਤੇਵਾੜਾ ਜੰਗਲ ਦੀ ਜਗ੍ਹਾ ਸਨਅਤੀ ਪਾਰਕ ਬਣਦਾ ਹੈ ਤਾਂ ਜੋ ਮੱਤੇਵਾੜਾ ਜੰਗਲ ਸ਼ਹਿਰ ਦੇ ਪ੍ਰਦੂਸ਼ਣ ਨੂੰ ਸਾਫ਼ ਕਰਦਾ ਹੈ। ਸਨਅਤੀ ਪਾਰਕ ਬਣਨ ਨਾਲ ਹੋਰ ਪ੍ਰਦੂਸ਼ਣ ਫੈਲੇਗਾ ਅਤੇ ਲੋਕਾਂ ਨੂੰ ਭਿਅੰਕਰ ਬਿਮਾਰੀਆਂ ਵਿਚ ਜਕੜੇਗਾ। ਸਰਕਾਰ ਨੂੰ ਇਸ 'ਤੇ ਫਿਰ ਵਿਚਾਰ ਕਰਨਾ ਚਾਹੀਦਾ ਹੈ।
-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।
ਆਪਸੀ ਰਿਸ਼ਤਿਆਂ ਦਾ ਘਾਣ
ਸਿਆਣੇ ਕਹਿੰਦੇ ਹਨ ਕਿ ਪਹਿਲਾਂ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ ਅਤੇ ਅੱਜ ਆਲੀਸ਼ਾਨ ਕੋਠੀਆਂ ਵਿਚ ਰਹਿ ਰਹੇ ਅਸੀਂ ਲੋਕ ਰਿਸ਼ਤਿਆਂ ਨੂੰ ਬੇਕਦਰੇ ਕਰ ਰਹੇ ਹਾਂ। ਮੇਰੇ ਹਿਸਾਬ ਨਾਲ ਤਾਂ ਜਿੱਥੇ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਯੁੱਗ ਨੇ ਸਾਨੂੰ ਦੂਰ ਦੁਰਾਡੇ ਬੈਠਿਆਂ ਨੂੰ ਨੇੜੇ ਕਰ ਦਿੱਤਾ ਹੈ। ਉਸ ਤ੍ਹਰਾਂ ਹੀ ਇਸ ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਸਾਨੂੰ ਆਪਣੇ, ਆਪਣੇ ਕਮਰੇ ਵਿਚ ਬੈਠ ਕੇ ਮੋਬਾਈਲ ਫੋਨ, ਲੈਪਟੋਪ 'ਤੇ ਰੁੱਝੇ ਰਹਿਣ ਲਈ ਮਜਬੂਰ ਕਰ ਰੱਖਿਆ ਹੈ ਅਤੇ ਜ਼ਿਆਦਾਤਰ ਨੌਜਵਾਨ ਅਤੇ ਛੋਟੇ ਬੱਚੇ, ਬੱਚੀਆਂ ਆਪਣਾ ਸਾਰਾ ਹੀ ਧਿਆਨ ਇਸ ਵਿਚ ਲਗਾਈ ਰੱਖਦੇ ਹਨ। ਚੈਟ ਕਰਕੇ ਬੇਗਾਨਿਆਂ ਨੂੰ ਆਪਣੇ ਅਤੇ ਆਪਣਿਆਂ ਨੂੰ ਬੇਗਾਨੇ ਬਣਾ ਰਹੇ ਹਨ। ਕਿਤੇ ਨਾ ਕਿਤੇ ਸਹਿਣਸ਼ੀਲਤਾ ਦੀ ਘਾਟ ਵੀ ਆਪਸੀ ਰਿਸ਼ਤਿਆਂ ਦਾ ਘਾਣ ਕਰਦੀ ਹੈ ਉਹ ਰਿਸ਼ਤਾ ਭਾਵੇਂ ਪਤੀ, ਪਤਨੀ, ਮਾਂ ਬੱਚੇ, ਭੈਣ, ਭਰਾ, ਨਣਦ, ਭਰਜਾਈ ਜਾਂ ਪਿਉ, ਪੁੱਤ ਦਾ ਹੋਵੇ, ਹਾਊਮੈ ਅਤੇ ਜ਼ਿਆਦਾ ਬੋਲਣਾ ਵੀ ਸਭ ਰਿਸ਼ਤਿਆਂ 'ਤੇ ਭਾਰੀ ਪੈਂਦਾ ਹੈ ਤੇ ਰਿਸ਼ਤਿਆਂ ਵਿਚ ਖਟਾਸ ਪੈਦਾ ਕਰਦਾ ਹੈ। ਸੋ ਦੋਸਤੋ ਕਿਸੇ ਵੀ ਰਿਸ਼ਤੇ ਵਿਚ ਜਾਣੇ ਅਨਜਾਣੇ ਅਜਿਹੀ ਬੋਲਣੀ ਨਾ ਬੋਲੋ ਕਿ ਰਿਸ਼ਤਿਆਂ ਦਾ ਘਾਣ ਹੀ ਹੋ ਜਾਵੇ ਤੇ ਦੁਬਾਰਾ ਆਪਸੀ ਰਿਸ਼ਤਾ ਜੁੜ ਹੀ ਨਾ ਸਕੇ।

-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।

14-07-2020

 ਆਤਮ ਹੱਤਿਆ ਦਾ ਸਿਲਸਿਲਾ ਨਿਰੰਤਰ ਜਾਰੀ

ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦਾ ਯੁੱਗ ਇਕ ਪੜ੍ਹਿਆਂ-ਲਿਖਿਆਂ ਦਾ ਯੁੱਗ ਹੈ। ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਕੋਈ ਕਿਸੇ 'ਤੇ ਦਬਾ ਨਹੀਂ ਪਾ ਸਕਦਾ। ਸਭ ਨੂੰ ਜੀਵਨ ਜਿਊਣ ਦਾ ਬਰਾਬਰ ਹੱਕ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਅਨਿਆਈ ਮੌਤ ਨੂੰ ਲੋਕ ਗਲੇ ਲਾਈ ਜਾ ਰਹੇਹਨ। ਕੋਈ ਸਮਝ ਨਹੀਂ ਆ ਰਹੀ ਭੁੱਖਾ ਵੀ ਆਤਮ ਹੱਤਿਆ ਕਰੀਜਾ ਰਿਹਾ ਹੈ ਰੱਜਿਆ ਹੋਇਆ ਵੀ। ਪੜ੍ਹਿਆ-ਲਿਖਿਆ ਵੀ ਤੇ ਅਨਪੜ੍ਹ ਵੀ, ਇਥੋਂ ਤੱਕ ਕਿਵੱਡੇ-ਵੱਡੇ ਸਟਾਰ ਵੀ ਇਸ ਲਾਈਨ ਵਿਚ ਸ਼ਾਮਿਲ ਹੋ ਗਏ ਹਨ। ਮੋਬਾਈਲਾਂ 'ਤੇ ਲਾਈਵ ਹੋ ਕੇ ਮਰ ਰਹੇ ਹਨ। ਕੋਈ ਨਹਿਰਾਂ ਵਿਚ ਛਾਲਾਂ ਮਾਰ ਕੇ, ਕੋਈ ਰੇਲਾਂ ਥੱਲੇ ਸਿਰ ਦੇ ਕੇ। ਕੀ ਮਨੁੱਖ ਦਾ ਜੀਵਨ ਏਨਾ ਹੀ ਸਸਤਾ ਹੋ ਗਿਆ ਹੈ ਜਿਹੜਾ ਰੇਤ ਦੇ ਟਿੱਲਿਆਂ ਵਾਂਗੂ ਖ਼ਤਮ ਹੋ ਰਿਹਾ ਹੈ। ਕਦੇ ਕਿਸੇ ਨੇ ਗਹੁ ਨਾਲ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਆਤਮ ਹੱਤਿਆਵਾਂ ਪਿੱਛੇ ਮਨਸ਼ਾ ਕੀ ਹੈ? ਵਾਸਤਾ ਜੇ ਰੱਬ ਦਾ ਇਨਸਾਨ ਨੂੰ ਜੀਵਨ ਇਕ ਵਾਰ ਹੀ ਮਿਲਦਾ ਹੈ। ਇਸ ਨੂੰ ਭੰਗ ਦੇ ਭਾੜੇ ਬਰਬਾਦ ਨਾ ਕਰੋ। ਅਗਰ ਕੋਈ ਦੁੱਖ ਤਕਲੀਫ਼ ਹੁੰਦੀ ਵੀ ਹੈ ਤਾਂ ਕਿਸੇ ਨਾਲ ਜਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਕੋਈ ਹੱਲ ਜਿਊਂਦੇ ਜੀਅ ਮਿਲ ਸਕੇ ਨਾ ਕਿ ਮਰਨ ਤੋਂ ਬਾਅਦ ਕੋਈ ਹੋਰ ਉਸ ਉਤੇ ਵਕਾਲਤ ਕਰਦਾ ਰਹੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫ਼ਿਰੋਜ਼ਪੁਰ)।

ਅਨਲਾਕ, ਆਈਲਟਸ ਸੈਂਟਰ ਤੇ ਬੱਚੇ

ਕੋਰੋਨਾ ਵਾਇਰਸ ਦੇ ਚਲਦਿਆਂ ਜਿਥੇ ਕੇਂਦਰ ਸਰਕਾਰ ਵਲੋਂ ਸਮੁੱਚੇ ਭਾਰਤ ਨੂੰ ਬੰਦ ਕੀਤਾ ਗਿਆ, ਉਥੇ ਹੀ ਰਾਜ ਸਰਕਾਰਾਂ ਨੇ ਵੀ ਆਪਣੇ-ਆਪਣੇ ਰਾਜਾਂ ਨੂੰ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਸੀ। ਪਰ ਸਮੇਂ ਦੀ ਨਜ਼ਾਕਤ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਅਨਲਾਕ ਪ੍ਰਕਿਰਿਆ ਤਹਿਤ ਪਹਿਲਾ-1 ਤੇ ਮੁੜ ਅਨਲਾਕ-2 ਕੀਤਾ ਗਿਆ, ਜਿਸ ਵਿਚ ਸਾਰੇ ਹੀ ਅਦਾਰਿਆਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਮੁੜ ਆਪਣੇ ਰੁਜ਼ਗਾਰ 'ਤੇ ਲਿਆਂਦਾ ਜਾਵੇਗਾ। ਪਰ ਕੁਝ ਕੁ ਅਦਾਰਿਆਂ ਜਿਵੇਂ ਰੈਸਟੋਰੈਂਟਾਂ, ਟਰਾਂਸਪੋਰਟ, ਰੈਵੀਨਿਊ ਵਿਭਾਗ ਆਦਿ ਨੂੰ ਛੱਡ ਬਹੁਤਿਆਂ ਪੱਲੇ ਨਿਰਾਸ਼ਾ ਹੀ ਪਈ। ਅਜਿਹੀ ਹੀ ਨਿਰਾਸ਼ਾ ਦੇ ਆਲਮ 'ਚੋਂ ਲੰਘ ਰਹੇ ਆਈਲਟਸ ਸੈਂਟਰ। ਦੇਖਿਆ ਜਾਵੇ ਤਾਂ ਇਨ੍ਹਾਂ ਸੈਂਟਰਾਂ 'ਤੇ ਕੰਮ ਕਰਦੇ ਕਰਮਚਾਰੀ ਅਤੇ ਅਧਿਆਪਕ ਜੋ ਸਭ ਬੇਰੁਜ਼ਗਾਰ ਹੋ ਕੇ ਬੇਵੱਸ ਘਰਾਂ ਵਿਚ ਬੈਠੇ ਹਨ। ਬੱਚੇ ਜੋ ਆਈਲਟਸ ਕਰ ਵਿਦੇਸ਼ਾਂ ਵਿਚ ਆਪਣਾ ਭਵਿੱਖ ਬਣਾਉਣ ਲਈ ਜਾਣਾ ਚਾਹੁੰਦੇ ਹਨ, ਨੂੰ ਆਪਣਾ ਭਵਿੱਖ ਖ਼ਤਰੇ ਵਿਚ ਦਿਖਾਈ ਦੇ ਰਿਹਾ ਹੈ। 12ਵੀਂ ਕਰ ਚਾਰ ਮਹੀਨੇ ਘਰਾਂ ਵਿਚ ਬੈਠੇ ਕਈ ਬੱਚੇ ਮਾਨਸਿਕ ਤਣਾਅ ਵੱਲ ਜਾ ਰਹੇ ਹਨ। ਸੋ, ਸਰਕਾਰ ਨੂੰ ਜਿਥੇ ਨਿਯਮਾਂ ਤਹਿਤ ਇਨ੍ਹਾਂ ਆਈਲਟਸ ਸੈਂਟਰਾਂ ਨੂੰ ਖੋਲ੍ਹਣ ਲਈ ਫੌਰੀ ਤੌਰ 'ਤੇ ਕੋਈ ਕਦਮ ਚੁੱਕਣਾ ਚਾਹੀਦਾ ਹੈ, ਉਥੇ ਹੀ ਇਨ੍ਹਾਂ ਬੱਚਿਆਂ ਦੇ ਭਵਿੱਖ ਲਈ ਵੀ ਸੋਚਣਾ ਚਾਹੀਦਾ ਹੈ।

-ਰਵੀ ਬਿੰਜਲ
ਹੈੱਡ, ਯੂਨੀਕ ਆਈਲਟਸ ਸੈਂਟਰ, ਜਗਰਾਉਂ।

ਅਲੋਪ ਹੋ ਰਹੇ ਟਿੰਡਾਂ ਵਾਲੇ ਖੂਹ

ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ। ਸਿੰਚਾਈ ਦੇ ਕੋਈ ਜ਼ਿਆਦਾ ਸਾਧਨ ਨਹੀਂ ਸਨ। ਨਹਿਰੀ ਪਾਣੀ ਰਾਹੀਂ ਫ਼ਸਲਾਂ ਦੀ ਸਿੰਚਾਈ ਕੀਤੀ ਜਾਂਦੀ ਸੀ, ਜੋ ਹਫ਼ਤੇ ਬਾਅਦ ਪੰਜ-ਛੇ ਘੰਟੇ ਖੇਤਾਂ ਨੂੰ ਪਾਣੀ ਲਾਉਣ ਦੀ ਵਾਰੀ ਆਉਂਦੀ ਸੀ। ਸਾਡੇ ਦੇਖਦੇ-ਦੇਖਦੇ ਪਹਿਲਾਂ ਟਿੰਡਾਂ ਵਾਲੇ ਖੂਹ ਤੇ ਫਿਰ ਬੋਕੀ ਵਾਲੇ ਖੂਹ ਆਏ। ਬਲਦਾਂ ਦੀ ਜੋੜੀ ਨੂੰ ਰੱਸਿਆਂ ਰਾਹੀਂ ਪੰਜਾਲੀ ਨਾਲ ਜੋ ਕੇ ਪਿੱਛੇ ਗਾਧੀ ਨਾਲ ਬੰਨ੍ਹ ਕੇ ਖੂਹ ਵਿਚੋਂ ਟਿੰਡਾਂ ਰਾਹੀਂ ਪਾਣੀ ਬਾਹਰ ਕੱਢਿਆ ਜਾਂਦਾ ਸੀ। ਜਦੋਂ ਖੂਹ ਵਗਦਾ ਤਾਂ ਬਲਦ ਹਿੱਕਣ ਵਾਲਾ ਬੰਦਾ ਗਾਧੀ ਦੇ ਉੱਪਰ ਬੈਠ ਜਾਂਦਾ ਸੀ। ਇਸ ਤਰ੍ਹਾਂ ਕਈ ਵਾਰੀ ਚੋਰ ਸੁੱਤੇ ਹੋਏ ਬੰਦੇ ਨੂੰ ਗਾਧੀ ਨਾਲ ਬੰਨ੍ਹ ਕੇ ਬਲਦ ਚੋਰੀ ਕਰ ਕੇ ਖੋਲ੍ਹ ਕੇ ਲੈ ਜਾਂਦੇ ਸਨ। ਪਿੰਡਾਂ ਵਿਚ ਨਹਾਉਣ ਵਾਸਤੇ ਹਲਟੀ ਵਾਲੀ ਖੂਹੀ ਮੁਹੱਲੇ ਵਾਰ ਹੁੰਦੀ ਸੀ, ਜਿਸ ਵਿਚੋਂ ਪਾਣੀ ਕੱਢ ਕੇ ਸੀਮੈਂਟ ਦੀ ਬਣੀ ਛੋਟੀ ਹੋਦੀ ਵਿਚ ਇਕੱਠਾ ਕੀਤਾ ਜਾਂਦਾ ਸੀ, ਜਿਸ ਦੇ ਥੱਲੇ ਮੋਰੀ ਕੱਢ ਕੇ ਲੱਕੜ ਦੀ ਗੁੱਲੀ ਫਿੱਟ ਕਰ ਕੇ ਟੂਟੀ ਦਾ ਕੰਮ ਲੈ ਉਸ ਦੇ ਥੱਲੇ ਨਹਾਇਆ ਜਾਂਦਾ ਸੀ। ਜਿਨ੍ਹਾਂ ਖੂਹੀਆਂ ਨਾਲ ਹਲਟੀ ਨਹੀਂ ਸੀ ਹੁੰਦੀ, ਉਸ ਖੂਹੀ ਵਿਚੋਂ ਸੁਆਣੀਆਂ ਲੱਜ ਰਾਹੀਂ ਪਾਣੀ ਬਾਹਰ ਕੱਢਦੀਆਂ। ਸਾਰੀਆਂ ਇਕੱਠੀਆਂ ਹੋ ਕੇ ਇਕ-ਦੂਜੀ ਨਾਲ ਆਪਣਾ ਦੁੱਖ-ਸੁੱਖ ਫੋਲ ਕੇ ਬੋਝ ਹਲਕਾ ਕਰਦੀਆਂ ਸਨ, ਪਰ ਅੱਜ ਇਹ ਚੀਜ਼ਾਂ ਅਲੋਪ ਹੋ ਚੁੱਕੀਆਂ ਹਨ। ਬੇਸ਼ੱਕ ਖੂਹ ਸਾਡੇ ਖ਼ਾਸ ਕਰ ਜ਼ਿਮੀਂਦਾਰ ਭਾਈਚਾਰੇ ਦਾ ਇਕ ਅਤੁੱਟ ਅੰਗ ਹੁੰਦਾ ਸੀ ਪਰ ਸਮੇਂ ਦੇ ਨਾਲ ਇਹ ਸਾਡੇ ਤੋਂ ਬਹੁਤ ਦੂਰ ਜਾ ਚੁੱਕਾ ਹੈ।

-ਗੁਰਮੀਤ ਸਿੰਘ ਵੇਰਕਾ।

ਹਊਮੈ

ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ-ਨਾਲ ਅਪਣੱਤ ਵਜੋਂ ਵੀ ਜਾਣੀ ਜਾਂਦੀ ਹੈ। ਇਥੋਂ ਦੀ ਭਾਈਚਾਰਕ ਸਾਂਝ ਦੂਰ-ਦੂਰ ਤੱਕ ਮਸ਼ਹੂਰ ਹੈ ਪਰ ਕਿਤੇ ਨਾ ਕਿਤੇ ਹੁਣ ਲੋਕਾਂ ਦਾ ਰੁਝਾਨ ਬਦਲਦਾ ਜਾ ਰਿਹਾ ਹੈ। ਮਾਹੌਲ, ਰਿਸ਼ਤੇ-ਨਾਤੇ, ਰਹਿਣ-ਸਹਿਣ ਦਾ ਮਿਆਰ, ਕਦਰਾਂ-ਕੀਮਤਾਂ ਸਭ ਬਦਲਦਾ ਜਾ ਰਿਹਾ ਹੈ। ਪਹਿਲਾਂ ਪਰਿਵਾਰ ਦਾ ਇਕ ਜੀਅ ਕਮਾਉਂਦਾ ਸੀ ਸਾਰਾ ਪਰਿਵਾਰ ਉਸ ਨਾਲ ਹੀ ਜੀਵਨ ਬਸਰ ਕਰਦਾ ਸੀ ਪਰ ਹੁਣ ਸਾਰਾ ਪਰਿਵਾਰ ਕਮਾਉਂਦਾ ਹੈ ਅਤੇ ਫਿਰ ਵੀ ਗੁਜ਼ਾਰਾ ਕਰਨਾ ਮੁਸ਼ਕਿਲ ਹੁੰਦਾ ਹੈ। ਕਿਉਂਕਿ ਮਹਿੰਗਾ ਖਾਣ-ਪੀਣ, ਰਹਿਣ-ਸਹਿਣ ਦਾ ਸਟੈਂਡਰਡ ਬਹੁਤ ਵਧ ਗਿਆ ਹੈ। ਪਹਿਲਾਂ ਲੋਕ ਵਿਵਹਾਰ, ਆਚਰਣ ਨੂੰ ਉੱਚਾ ਸਮਝਦੇ ਸਨ ਪਰ ਹੁਣ ਧਾਰਨਾਵਾਂ ਬਦਲਦੀਆਂ ਜਾ ਰਹੀਆਂ ਹਨ। ਪਹਿਲਾਂ ਲੋਕ ਛਿਮਾਹੀ ਜਾਂ ਸਾਲਾਨਾ ਕਿਸੇ ਰਿਸ਼ਤੇਦਾਰੀ ਵਿਚ ਜਾਂਦੇ ਅਤੇ ਜੇਕਰ ਕੋਈ ਗਿਲਾ ਸ਼ਿਕਵਾ ਹੁੰਦਾ ਤਾਂ ਉਸ ਸਮੇਂ ਤੱਕ ਸਭ ਠੰਢਾ ਹੋ ਜਾਂਦਾ ਪਰ ਹੁਣ ਮੋਬਾਈਲ ਫੋਨਾਂ ਨੇ ਜਿੰਨਾ ਨੇੜੇ ਲਿਆਂਦਾ ਹੈ, ਓਨਾ ਹੀ ਲੜਾਈਆਂ ਵੀ ਵਧ ਗਈਆਂ ਹਨ ਅਤੇ ਜੰਕ ਫੂਡ ਕਰਕੇ ਸਰੀਰਕ ਬਿਮਾਰੀਆਂ ਅਤੇ ਚਿੜਚਿੜਾਪਨ ਬਹੁਤ ਵਧ ਗਿਆ ਹੈ। ਇਨ੍ਹਾਂ ਸਭ ਦਾ ਸ਼ਿਕਾਰ ਹਰੇਕ ਇਨਸਾਨ ਅੱਜ ਹਉਮੈ ਵਿਚ ਹੈ। ਪਹਿਲਾਂ ਲੋਕ ਹਰ ਕਿਸੇ ਨੂੰ ਸਤਿਕਾਰ ਨਾਲ ਬੁਲਾਉਂਦੇ ਅਤੇ ਨੀਵੇਂ ਹੋ ਕੇ ਰਹਿਣ ਵਿਚ ਮਾਣ ਮਹਿਸੂਸ ਕਰਦੇ ਪਰ ਹੁਣ ਹਰ ਕੋਈ ਇਕ-ਦੂਜੇ ਤੋਂ ਉੱਚਾ ਦਿਖਣਾ ਚਾਹੁੰਦਾ ਹੈ। ਇਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਤਕਨਾਲੋਜੀ ਸਾਡੇ ਸੁੱਖ ਲਈ ਬਣੀ ਹੈ, ਅਸੀਂ ਇਸ ਲਈ ਨਹੀਂ ਬਣੇ। ਜੇਕਰ ਸਾਡੇ ਕੋਲ ਕੋਈ ਸੁੱਖ ਸਾਧਨ ਹੈ, ਉਹ ਸਾਡੀ ਸਹੂਲਤ ਲਈ ਹੈ ਨਾ ਕਿ ਸਾਨੂੰ ਉੱਚਾ ਦੱਸਣ ਲਈ ਜਾਂ ਜਿਸ ਕੋਲ ਨਹੀਂ, ਉਸ ਨੂੰ ਨੀਵਾਂ ਦੱਸਣ ਲਈ। ਆਓ ਪਿਆਰ ਵਧਾਈਏ ਦੋਸਤੋ, ਰਿਸ਼ਤਿਆਂ ਵਿਚ ਮਿਠਾਸ ਭਰੀਏ। ਅਪਣੱਤ ਦਾ ਬੂਟਾ ਲਾਈਏ ਅਤੇ ਆਪਣੀ ਹਉਮੈ ਦੂਰ ਭਜਾਈਏ।

-ਪੁਸ਼ਪਿੰਦਰ ਜੀਤ ਸਿੰਘ ਭਲੂਰੀਆ
ਕੋਟਕਪੂਰਾ।

13-07-2020

 ਮਾਮਲਾ ਅਵਾਰਾ ਪਸ਼ੂਆਂ ਦਾ
ਪਿਛਲੇ ਕੁਝ ਸਮੇਂ ਤੋਂ ਪੂਰੇ ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਬਹੁਤਾਤ ਹੋਣ ਕਰਕੇ ਰੋਜ਼ਾਨਾ ਹਾਦਸੇ ਹੋ ਰਹੇ ਹਨ। ਆਏ ਦਿਨ ਅਵਾਰਾ ਪਸ਼ੂਆਂ ਦੇ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ, ਇਹ ਮਸਲਾ 'ਕੱਲੇ ਪੇਂਡੂ ਇਲਾਕਿਆਂ ਦਾ ਨਹੀਂ ਬਲਕਿ ਸ਼ਹਿਰੀ ਇਲਾਕਿਆਂ ਵਿਚ ਵੀ ਇਨ੍ਹਾਂ ਦੀ ਬਹੁਤਾਤ ਹੈ। ਸਰਕਾਰਾਂ ਵਲੋਂ ਗਊ ਟੈਕਸ ਵੀ ਲਗਾਇਆ ਹੋਇਆ ਹੋਣ ਦੇ ਬਾਵਜੂਦ ਅਤੇ ਹਰ ਸ਼ਹਿਰ ਵਿਚ ਗਊਸ਼ਾਲਾ ਹੋਣ ਦੇ ਬਾਵਜੂਦ ਇਹ ਇਕ ਵੱਡੀ ਸਮੱਸਿਆ ਹੈ। ਪ੍ਰਸ਼ਾਸਨ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ।


-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।


ਤਾਲਾਬੰਦੀ ਦਾ ਬੱਚਿਆਂ 'ਤੇ ਅਸਰ
ਕੋਵਿਡ-19 ਦੇ ਦੌਰਾਨ ਘਰਾਂ ਵਿਚ ਬੰਦ ਰਹਿਣ ਨਾਲ ਬੱਚਿਆਂ ਦੀ ਮਾਨਸਿਕਤਾ ਉੱਪਰ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਪੜ੍ਹਾਈ ਦੀ ਆਨਲਾਈਨ ਪ੍ਰਣਾਲੀ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਮਾਰਟ ਫੋਨ ਉੱਪਰ ਨਿਰਭਰ ਕਰ ਦਿੱਤਾ ਹੈ ਅਤੇ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਗਏ ਹਨ। ਕਈ ਮਾਪਿਆਂ ਤੋਂ ਬੱਚਿਆਂ ਦੇ ਇਸ ਬਦਲੇ ਸੁਭਾਅ ਦੀਆਂ ਸ਼ਿਕਾਇਤਾਂ ਆਮ ਮਿਲ ਰਹੀਆਂ ਹਨ। ਚਿੜਚਿੜਾਪਨ, ਗੁੱਸਾ ਅਤੇ ਖਿੱਝੇ ਰਹਿਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਗਿਆ ਹੈ। ਬੱਚਿਆਂ ਖਿਲਾਫ਼ ਘਰੇਲੂ ਹਿੰਸਾ ਵਧੀ ਹੈ। ਇਸ ਨਾਲ ਸੁਭਾਅ ਵਿਚ ਬਦਲਾਓ ਆਉਣਾ ਸੁਭਾਵਿਕ ਹੈ। ਸਰੀਰਕ ਕਸਰਤ, ਸਕੂਲ ਅਤੇ ਖੇਡਾਂ ਦੀ ਅਣਹੋਂਦ ਕਾਰਨ ਇਹ ਸਮੱਸਿਆ ਦਰਪੇਸ਼ ਹੋਈ ਹੈ। ਕੋਰੋਨਾ ਨੇ ਦੇਸ਼ ਦੀ ਆਰਥਿਕਤਾ ਨੂੰ ਵੀ ਸੱਟ ਮਾਰੀ ਹੈ। ਰੁਜ਼ਗਾਰ ਖਤਮ ਹੋ ਗਿਆ ਹੈ ਅਤੇ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਰੁਜ਼ਗਾਰ ਨਾ ਮਿਲਣ ਕਰਕੇ ਬੱਚਿਆਂ ਵਿਚ ਮਾਯੂਸੀ ਦਾ ਆਲਮ ਹੈ। ਤਾਲਾਬੰਦੀ ਕਾਰਨ ਸਮਾਜ ਅੰਦਰ ਇਕਲਾਪੇ ਦਾ ਅਹਿਸਾਸ ਵਧ ਰਿਹਾ ਹੈ। ਲੋੜ ਹੋਵੇਗੀ ਕੇ ਮਾਪੇ ਬੱਚਿਆਂ ਵੱਲ ਹੋਰ ਧਿਆਨ ਦੇਣ। ਸਰਕਾਰ ਵੀ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਤਾਂ ਕਿ ਸਾਕਾਰਾਤਮਿਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।


-ਹਰਪ੍ਰੀਤ ਸਿੰਘ, ਕੇ.ਵੀ. ਨਾਭਾ ਕੈਂਟ।


ਮਾਨਸਿਕ ਤਣਾਅ
ਅੱਜ ਸਮੁੱਚਾ ਵਿਸ਼ਵ ਕੋਵਿਡ-19 ਜਿਹੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ਹਾਲਾਤ ਵਿਚ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਅੰਦਰ ਭਾਵੇਂ ਹੌਲੀ-ਹੌਲੀ ਛੋਟ ਦਿੱਤੀ ਗਈ ਪਰ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹੋਣ ਕਾਰਨ ਵਿਦਿਆਰਥੀਆਂ ਅੰਦਰ ਮਾਨਸਿਕ ਤਣਾਅ ਵਧ ਰਿਹਾ ਹੈ। ਅਜਿਹੇ ਗੰਭੀਰ ਹਾਲਾਤ ਨੂੰ ਦੇਖਦਿਆਂ ਹੋਇਆਂ ਵਿਦਿਆਰਥੀ ਮਨਾਂ ਅੰਦਰ ਉਤਸ਼ਾਹ ਪੈਦਾ ਕਰਨ ਅਤੇ ਉਨ੍ਹਾਂ ਨੂੰ ਮਾਨਸਿਕ ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਵਾਸਤੇ ਦੇਸ਼ ਦੀਆਂ ਸਮੂਹ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾ ਨੂੰ ਉਭਾਰਨ ਲਈ ਇਨ੍ਹਾਂ ਸੰਸਥਾਵਾਂ ਨੂੰ ਵਿਦਿਆਰਥੀਆਂ ਲਈ ਆਨਲਾਈਨ ਵਿਦਿਅਕ, ਧਾਰਮਿਕ, ਰਚਨਾਤਮਿਕ ਅਤੇ ਕਲਾਤਮਿਕ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਵਿਦਿਆਰਥੀਆਂ ਲਈ ਵੈਬੀਨਾਰ ਆਯੋਜਿਤ ਕਰਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਸਕਾਰਾਤਮਿਕ ਸੋਚ ਦੇ ਧਾਰਨੀ ਵਿਦਵਾਨਾਂ ਨਾਲ ਮੁਲਾਕਾਤ ਕਰਵਾਉਣੀ ਚਾਹੀਦੀ ਹੈ। ਵਿਦਿਆਰਥੀ ਮਨਾਂ ਅੰਦਰ ਅੱਜ ਅਨੇਕਾਂ ਸ਼ੰਕੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਸਬੰਧੀ ਸਤਾ ਰਹੀ ਚਿੰਤਾ ਇਕ ਗੰਭੀਰ ਚੁਣੌਤੀ ਹੈ, ਜਿਸ ਨੂੰ ਹੱਲ ਕਰਨ ਲਈ ਸਮੂਹਕ ਵਿਦਿਅਕ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ।


-ਅਰਸ਼ਪ੍ਰੀਤ ਸਿੰਘ ਮਧਰੇ


ਓਜ਼ੋਨ ਪਰਤ
ਨਾਸਾ ਵਲੋਂ ਕੀਤੇ ਜਾ ਰਹੇ ਪ੍ਰਗਟਾਵੇ ਤੋਂ ਅਸਚਰਜ ਭਰੀ ਹੈਰਾਨੀ ਹੁੰਦੀ ਹੈ ਕਿ ਧਰਤੀ ਦੇ ਦੱਖਣ ਧਰੁਵ 'ਤੇ ਵਾਯੂਮੰਡਲ ਦੀ ਓਜ਼ੋਨ ਪਰਤ ਵਿਚ 1 ਮਿਲੀਅਨ ਵਰਗ ਕਿ.ਮੀ. ਚੌੜਾ ਛੇਕ ਹੋ ਗਿਆ ਸੀ, ਜਿਹੜਾ ਸੰਸਾਰ ਦੇ ਬਹੁਗਿਣਤੀ ਦੇਸ਼ਾਂ ਵਲੋਂ ਮਿਲ ਕੇ ਕੀਤੇ ਲਾਕਡਾਊਨ ਦੌਰਾਨ 25000 ਕਿਲੋਮੀਟਰ ਹੋ ਜਾਣ ਤੋਂ ਬਾਅਦ ਹੁਣ ਲਗਪਗ ਠੀਕ ਹੋ ਗਿਆ ਹੈ। ਵਾਯੂਮੰਡਲ ਵਿਚਲੀ ਹਵਾ ਦੀ ਓਜ਼ੋਨ ਪਰਤ ਕੁਦਰਤ ਦੀ ਉਹ ਸੁਰੱਖਿਆ ਛਤਰੀ ਹੈ ਜਿਹੜੀ ਸੂਰਜ ਤੋਂ ਆ ਰਹੀਆਂ (ਮਨੁੱਖੀ ਚਮੜੀ ਲਈ ਹਾਨੀਕਾਰਕ) ਤੇਜ਼ ਪਰਾਬੈਂਗਣੀ ਕਿਰਨਾਂ ਤੋਂ ਸਾਨੂੰ ਬਚਾਉਂਦੀ ਹੈ। ਡੇਢ ਮਹੀਨੇ ਵਿਚ ਹੀ ਕੁਦਰਤ ਨੇ ਆਪਣੀ ਮੁਰੰਮਤ ਕਰ ਲਈ ਹੈ। ਆਉਣ ਵਾਲੇ ਸਮੇਂ ਵਿਚ ਲਾਕਡਾਊਨ ਖੋਲ੍ਹਣਾ ਹੀ ਪਵੇਗਾ ਪਰ ਨਾਸਾ ਦੇ ਮੁਤਾਬਿਕ ਜੇ ਇਹ 90 ਦਿਨ ਹੋਰ ਚੱਲੇ ਤਾਂ ਧਰਤੀ ਆਪਣੇ ਪਹਿਲੇ ਅਸਲੀ ਰੂਪ ਵਿਚ ਪਰਤ ਆਵੇਗੀ ਜਿਹੜੀ ਅੱਜ ਤੋਂ ਡੇਢ ਸੌ ਸਾਲ ਪਹਿਲਾਂ ਸੀ। ਇਨ੍ਹਾਂ 90 ਦਿਨਾਂ ਵਿਚ ਗਲੋਬਲ ਵਾਰਮਿੰਗ ਦੀ ਸਮੱਸਿਆ ਪੂਰੇ ਤੌਰ 'ਤੇ ਖਤਮ ਹੋ ਜਾਵੇਗੀ ਤੇ ਓਜ਼ੋਨ ਪਰਤ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ। ਜੀਵ-ਜੰਤੂਆਂ ਦੀਆਂ 3000 ਪ੍ਰਜਾਤੀਆਂ ਜਿਹੜੀਆਂ ਪ੍ਰਦੂਸ਼ਣ ਕਰਕੇ ਅਲੋਪ ਹੋ ਗਈਆਂ ਸਨ, ਉਨ੍ਹਾਂ ਦਾ ਫਿਰ ਜਨਮ ਹੋ ਸਕਦਾ ਹੈ। ਮਨੁੱਖ ਨੇ ਆਪਣੇ ਸਵਾਰਥ ਲਈ ਜਿਹੜਾ ਕੁਦਰਤ ਨਾਲ ਕੋਝਾ ਮਜ਼ਾਕ ਤੇ ਖਿਲਵਾੜ ਕੀਤਾ ਸੀ, ਉਹਦੀ ਮਨੁੱਖ ਨੂੰ ਅੱਜ ਸਜ਼ਾ ਮਿਲ ਰਹੀ ਹੈ।


-ਇੰਦਰਜੀਤ ਸਿੰਘ ਬਾਵਾ
ਗਿਆਨੀ ਜਨਰਲ ਸਟੋਰ, ਅੰਮ੍ਰਿਤਸਰ ਰੋਡ ਘੁਮਾਣ।


ਸਰਕਾਰੀ ਸਕੂਲ
ਪਿਛਲੇ ਵਰ੍ਹਿਆਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿਚ ਚੰਗਾ ਨਿਖਾਰ ਆਇਆ ਹੈ। ਇਸ ਦਾ ਸਿਹਰਾ ਅਧਿਆਪਕਾਂ ਦੇ ਸਹਿਯੋਗ, ਬੱਚਿਆਂ ਦਾ ਵਧਦਾ ਰੁਝਾਨ, ਨਵੀਆਂ ਤਕਨੀਕਾਂ, ਅਧਿਆਪਕਾਂ ਦੀ ਪੂਰਤੀ ਅਤੇ ਹੋਰ ਬਹੁਤ ਸਾਰੇ ਤੱਥ ਹੋ ਸਕਦੇ ਹਨ। ਏਨਾ ਹੀ ਨਹੀਂ, ਵਿਸ਼ਿਆਂ ਦੀ ਪ੍ਰੈਕਟੀਕਲ ਅਪ੍ਰੋਚ ਨੇ ਲਿਖਤੀ ਵਿਸ਼ੇ ਦੀ ਸਮਝ, ਪਹੁੰਚ ਤੇ ਸੋਚਣ ਦੇ ਨਜ਼ਰੀਏ ਨੂੰ ਕਾਫੀ ਬਦਲਿਆ ਹੈ। ਵਿਦਿਆਰਥੀਆਂ ਦਾ ਕਿਰਿਆਵਾਂ ਰਾਹੀਂ ਪੜ੍ਹਨਾ ਆਪਣੇ-ਆਪ ਵਿਚ ਹੀ ਦਿਲਚਸਪ ਗੱਲਹੈ। ਵਿਦਿਅਕ ਮੇਲਿਆਂ ਨੇ ਉਨ੍ਹਾਂ ਦੀ ਦਿਲਚਸਪੀ ਤੇ ਹੁਨਰ ਨੂੰ ਹੋਰ ਨਿਖਾਰਿਆ ਹੈ। ਭਾਵੇਂ ਕੋਰੋਨਾ ਦੀ ਮਾਰ 'ਚ ਸਾਰੇ ਅਦਾਰੇ ਬੰਦ ਰਹੇ ਪਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਨਹੀਂ ਰੁਕਿਆ। ਬੱਚਿਆਂ ਨੂੰ ਵਟਸਐਪ ਗਰੁੱਪ ਰਾਹੀਂ ਵਿਸ਼ਿਆਂ ਨਾਲ ਸਬੰਧਿਤ ਸਮੱਗਰੀ ਉਪਲਬੱਧ ਕਰਵਾਈ ਗਈ ਤੇ ਹੁਣ ਵੀ ਇਹ ਜਾਰੀ ਹੈ। ਕੁਝ ਤਕਨੀਕੀ ਕਾਰਨਾਂ ਅਤੇ ਘਰੇਲੂ ਸਮੱਸਿਆਵਾਂ ਕਰਕੇ ਕੁਝ ਬੱਚਿਆਂ ਨਾਲ ਰਾਬਤਾ ਨਹੀਂ ਕਾਇਮ ਹੋਇਆ। ਫਿਰ ਵੀ ਔਸਤਨ ਅਧਿਆਪਕਾਂ ਦਾ ਇਹ ਕਾਰਜ ਕਾਫੀ ਹੱਦ ਤੱਕ ਸਫ਼ਲਤਾਪੂਰਵਕ ਰਿਹਾ।


-ਕੈਂਥ ਰਾਵਿੰਦਰ ਜਗਰਾਉਂ।


ਸਰਕਾਰੀ ਖਜ਼ਾਨਾ, ਮੰਤਰੀ ਅਤੇ ਜਨਤਾ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਿਚ ਸਰਕਾਰੀ ਖਜ਼ਾਨੇ ਤੇ ਵਿਚਾਰੇ ਗਰੀਬ ਲੀਡਰਾਂ, ਮੰਤਰੀਆਂ, ਸਿਆਸਤਦਾਨਾਂ ਆਦਿ ਦੀਆਂ ਐਸ਼ਪ੍ਰਸਤੀ ਸਹੂਲਤਾਂ, ਤਨਖਾਹ ਅਤੇ ਭੱਤਿਆਂ ਆਦਿ ਦਾ ਕੋਈ ਬੋਝ ਨਹੀਂ ਪੈ ਹਰ ਇਥੋਂ ਦੇ ਗਰੀਬ ਲੋੜਵੰਦਾਂ, ਮਜ਼ਦੂਰ ਜਨਤਾ, ਕਿਸਾਨਾਂ ਅਤੇ ਸਰਕਾਰਾਂ ਲਈ ਦਿਨ-ਰਾਤ ਕੰਮ ਕਰਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਲੋੜੀਂਦੀਆਂ ਜ਼ਰੂਰੀ ਸਹੂਲਤਾਂ ਦੇਣ ਨਾਲ ਖਜ਼ਾਨੇ 'ਤੇ ਬੇਹੱਦ ਵਾਧੂ ਵਿੱਤੀ ਬੋਝ ਪੈ ਜਾਂਦਾ ਹੈ। ਇਹ ਭਾਰਤੀ ਲੋਕਤੰਤਰ 'ਚ ਆਮ ਲੋਕਾਂ ਦੀ ਤ੍ਰਾਸਦੀ ਹੈ। ਇਸੇ ਤ੍ਰਾਸਦੀ ਦੀ ਹਾਮੀ ਭਰਦਾ ਹੈ ਅਤੇ ਕੌੜੀ ਸੱਚਾਈ ਬਿਆਨ ਕਰਦਾ ਸੁਖਰਾਜ ਸਿੰਘ ਚਹਿਲ ਦਾ ਲੇਖ 'ਸਿਆਸੀ ਜਮਾਤ 'ਤੇ ਹਮੇਸ਼ਾ ਮਿਹਰਬਾਨ ਰਹਿੰਦਾ ਹੈ ਸਰਕਾਰੀ ਖਜ਼ਾਨਾ' ਕਰਾਰੀ ਚੋਟ ਕਰਦਾ ਹੈ। ਸਰਕਾਰੀ ਮੁਲਾਜ਼ਮ ਦੀ ਸੇਵਾਮੁਕਤੀ ਤੇ ਪੈਨਸ਼ਨ ਖਤਮ ਪਰ ਸਿਆਸੀ ਲੀਡਰ 2 ਤੋਂ 9 ਤੱਕ ਪੈਨਸ਼ਨਾਂ ਲੈ ਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਹਨ। ਮੁਲਾਜ਼ਮਾਂ ਅਤੇ ਜਨਤਾ ਦੀਆਂ ਹੱਕੀ ਅਤੇ ਜਾਇਜ਼ ਸਹੂਲਤਾਂ ਲਈ ਵੀ ਪਹਿਲਕਦਮੀ ਦੀ ਜ਼ਰੂਰਤ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਪੰਜਾਬ ਦੀ ਨੌਜਵਾਨੀ
ਕਦੇ ਸਮਾਂ ਹੁੰਦਾ ਸੀ ਜਦੋਂ ਕਾਬਲ ਕੰਧਾਰ ਦੀਆਂ ਕੰਧਾਂ ਪੰਜਾਬੀਆਂ ਦੇ ਨਾਂਅ ਤੋਂ ਥਰ-ਥਰ ਕੰਬਦੀਆਂ ਸਨ। ਪੰਜਾਬੀਆਂ ਦੇ ਡੌਲਿਆਂ ਦੀਆਂ ਗੱਲਾਂ ਦੂਰ-ਦੂਰ ਤੱਕ ਸੁਣਨ ਨੂੰ ਮਿਲਦੀਆਂ ਸਨ। ਅੱਜ ਤੱਕ ਕੋਈ ਵੀ ਤਾਕਤ ਅਫਗਾਨੀਆਂ ਨੂੰ ਹਰਾ ਨਹੀਂ ਸਕੀ। ਜੇਕਰ ਉਨ੍ਹਾਂ ਨੂੰ ਕਿਸੇ ਨੇ ਹਰਾਇਆ ਹੈ ਤੇ ਸਿਰਫ਼ ਪੰਜਾਬੀਆਂ ਨੇ ਹੀ ਹਰਾਇਆ ਹੈ। ਛੋਲਿਆਂ ਦੀ ਮੁੱਠੀ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ। ਰੁੱਖੀ-ਮਿੱਸੀ ਖਾ ਕੇ ਕਦੇ ਵੀ ਨਹੀਂ ਹਾਰਦੇ ਸਨ। ਜਦੋਂ ਵੀ ਹੁਣ ਯੋਧਿਆਂ ਦੀ ਕੁਰਬਾਨੀ ਬਾਰੇ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਲੂੰ-ਕੁੰਡੇ ਖੜ੍ਹੇ ਹੋ ਜਾਂਦੇ ਹਨ। ਫਿਰ ਅੱਜ ਕੀ ਹੋ ਗਿਆ ਹੈ ਸਾਡੀ ਪੰਜਾਬੀਆਂ ਦੀ ਨੌਜਵਾਨੀ ਨੂੰ? ਕੀ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਹਾਂ ਜਾਂ ਏਨੇ ਨਿਕੰਮੇ ਹੋ ਗਏ ਹਾਂ ਕਿ ਨਸ਼ਿਆਂ ਤੋਂ ਬਿਨਾਂ ਜੀਅ ਨਹੀਂ ਸਕਦੇ ਪਰ ਜ਼ਿਆਦਾ ਨਸ਼ਾ ਕਰਕੇ ਮਰ ਜ਼ਰੂਰ ਰਹੇ ਹਾਂ। ਪਹਿਲਾਂ ਇਹ ਆਵਾਜ਼ ਉਠਦੀ ਰਹੀ ਕਿ ਪੰਜਾਬੀਆਂ ਨੂੰ ਰਵਾਇਤੀ ਨਸ਼ੇ ਕਰਨ ਦੀ ਆਦਤ ਹੈ, ਉਹ ਇਨ੍ਹਾਂ ਨੂੰ ਮੁਹੱਈਆ ਕਰਵਾਏ ਜਾਣ। ਕੀ ਨਸ਼ਾ ਸਾਡੀ ਜਮਾਂਦਰੂ ਖੁਰਾਕ ਹੈ, ਕੀ ਨਸ਼ੇ ਤੋਂ ਬਗੈਰ ਅਸੀਂ ਜੀਅ ਨਹੀਂ ਸਕਦੇ। ਹੁਣ ਗੱਲ ਕਰਦੇ ਹਾਂ ਅੱਜਕਲ੍ਹ ਹਸਪਤਾਲਾਂ ਵਿਚ ਖੋਲ੍ਹੇ ਗਏ ਓਟ ਸੈਂਟਰਾਂ ਦੀ। ਜਿਥੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਲੰਮੀਆਂ-ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਮੁਲਾਜ਼ਮ ਅਜੇ ਆਏ ਹੀ ਨਹੀਂ ਹੁੰਦੇ ਤੇ ਨਸ਼ੇੜੀ ਉਥੇ ਬਿਨਾਂ ਮੂੰਹ ਧੋਤਿਆਂ ਗੋਲੀਆਂ ਖਾਣ ਲਈ ਤਿਆਰ ਬੈਠੇ ਹੁੰਦੇ ਹਨ। ਨੌਜਵਾਨ ਇਹ ਕਿਉਂ ਨਸ਼ਾ ਕਰ ਰਹੇ ਹਨ, ਇਨ੍ਹਾਂ ਦਾ ਕੋਈ ਪੱਕਾ ਹੱਲ ਲੱਭਿਆ ਜਾਵੇ। ਨੌਜਵਾਨ ਵਰਗ ਦਰਿਆਵਾਂ ਦੇ ਕੰਢਿਆਂ 'ਤੇ ਖੜ੍ਹੇ ਰੁੱਖਾਂ ਵਾਂਗੂੰ ਡਿਗਦੇ ਜਾ ਰਹੇ ਹਨ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਇਨ੍ਹਾਂ ਦੀ ਮੌਤ ਨਾਲ ਭਰੀਆਂ ਹੁੰਦੀਆਂ ਹਨ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ ਫਿਰੋਜ਼ਪੁਰ।


ਸ਼ੇਸ਼ਨਾਗ ਦੀ ਸ਼ਕਤੀ
ਪੰਜਾਬ ਦੀ ਆਵਾਜ਼ 'ਅਜੀਤ' ਵਿਚ ਪਟੜੀ 'ਤੇ ਦੌੜੀ 'ਸ਼ੇਸ਼ਨਾਗ' ਪੜ੍ਹ ਕੇ ਭਾਰਤੀ ਰੇਲਵੇ ਦੇ ਮਾਹਿਰ ਇੰਜੀਨੀਅਰਾਂ 'ਤੇ ਮਾਣ ਮਹਿਸੂਸ ਹੋ ਰਿਹਾ ਹੈ। 251 ਡੱਬਿਆਂ ਵਾਲੀ 2.8 ਕਿਲੋਮੀਟਰ ਲੰਬੀ ਮਾਲ ਗੱਡੀ ਜਿਸ ਨੂੰ 4 ਇਲੈਕਟ੍ਰਾਨਿਕ ਇੰਜਣ ਲਗਾਏ ਗਏ ਹਨ, ਜਿਥੇ ਇਹ ਮਾਲ ਗੱਡੀ ਮਾਲ ਢੁਆਈ 'ਚ ਲੱਗਣ ਵਾਲੇ ਸਮੇਂ ਦੀ ਬੱਚਤ ਕਰੇਗੀ, ਉਥੇ ਹੀ ਢੋਅ-ਢੁਆਈ ਵਿਚ ਹੋਣ ਵਾਲਾ ਖਰਚ ਵੀ ਘਟੇਗਾ।


-ਰਾਜੇਸ਼ ਭਾਰਦੁਆਜ਼
ਪਿੰਡ ਤੇ ਡਾਕ: ਦਾਤਾਰਪੁਰ (ਚੌਂਕੀ) ਜ਼ਿਲ੍ਹਾ ਹੁਸ਼ਿਆਰਪੁਰ।

9-07-2020

 ਨੰਨ੍ਹੇ ਖੰਭਾਂ ਨੂੰ ਦਿਉ ਵੱਡੀ ਪਰਵਾਜ਼

ਬੱਚੇ ਰੱਬ ਦਾ ਰੂਪ ਵੀ ਹੁੰਦੇ ਹਨ ਤੇ ਦੇਸ਼ ਦਾ ਭਵਿੱਖ ਵੀ। ਪਹਿਲਾਂ ਜਿਥੇ ਹਰ ਕੋਈ ਆਪਣੇ ਕਾਰੋਬਾਰ ਵਿਚ ਰੁੱਝਿਆ ਹੋਇਆ ਸੀ, ਉਥੇ ਹੀ ਹੁਣ ਕੋਰੋਨਾ ਤੇ ਤਾਲਾਬੰਦੀ ਕਰਕੇ ਲਗਪਗ ਹਰ ਇਕ ਨੂੰ ਕਾਫੀ ਫੁਰਸਤ ਮਿਲ ਗਈ ਹੈ। ਕਿਉਂ ਨਾ ਅਜਿਹੀਆਂ ਫੁਰਸਤ ਦੀਆਂ ਘੜੀਆਂ ਵਿਚ ਆਪਣੇ ਪਰਿਵਾਰ ਨਾਲ ਗੁਣਾਤਮਕ ਸਮਾਂ ਬਿਤਾਉਂਦੇ ਹੋਵੇ ਯਾਦਾਂ ਬਟੋਰੀਏ। ਕੁਝ ਪਲ ਅਜਿਹੇ ਬਿਤਾਈਏ ਜੋ ਸਦਾ ਰੂਹ ਨੂੰ ਸਕੂਨ ਦੇਣ। ਆਪਣੇ ਬੱਚੇ ਦੇ ਸਰਬਪੱਖੀ ਵਿਕਾਸ ਲਈ ਉਸ ਦੇ ਨੰਨ੍ਹੇ ਖੰਭਾਂ ਨੂੰ ਪਰਵਾਜ਼ ਦੇਣ ਦੀ ਕੋਸ਼ਿਸ਼ ਕਰੀਏ। ਬੱਚੇ ਨੂੰ ਮਾਂ-ਬੋਲੀ ਨਾਲ ਜੋੜੀਏ... ਕਿਤਾਬੀ ਗਿਆਨ ਵੀ ਦੇਈਏ ਪਰ ਕੁਝ ਪਾਠ ਜ਼ਿੰਦਗੀ ਦੇ ਵੀ ਪੜ੍ਹਾਈਏ। ਰਿਸ਼ਤਿਆਂ ਦੀ ਕਦਰ ਕਰਨੀ ਸਿਖਾਈਏ... ਪੈਸੇ ਨਾਲੋਂ ਵੱਧ ਜਜ਼ਬਾਤਾਂ ਦੀ ਕਦਰ ਕਰਨੀ ਸਿਖਾਈਏ... ਥੋੜ੍ਹੇ ਵਿਚ ਸੰਤੁਸ਼ਟ ਰਹਿਣਾ ਤੇ ਜ਼ਿੰਦਗੀ ਜ਼ਿੰਦਾਦਿਲੀ ਨਾਲ ਜਿਊਣੀ ਸਿਖਾਈਏ। ਉਸ ਨੂੰ ਆਪਣੇ ਦੇਸ਼ ਦੇ ਮਹਾਨ ਨਾਇਕਾਂ ਦੀਆਂ ਬੀਰ ਗਾਥਾਵਾਂ ਸੁਣਾ ਕੇ ਦੇਸ਼ ਨਾਲ ਪਿਆਰ ਕਰਨਾ ਸਿਖਾਈਏ... ਉਸ ਨੂੰ ਆਪਣੀਆਂ ਜੜ੍ਹਾਂ ਨਾਲ ਹਮੇਸ਼ਾ ਜੁੜੇ ਰਹਿਣਾ ਸਿਖਾਈਏ। ਹੋ ਸਕੇ ਤਾਂ ਉਸ ਨੂੰ ਮੋਬਾਈਲ... ਇੰਟਰਨੈੱਟ ਤੇ ਗੇਮ ਦੀ ਦੁਨੀਆ ਤੋਂ ਦੂਰ ਰੱਖੀਏ।

-ਪ੍ਰਿਆ ਸੁਮਨ, ਜਲੰਧਰ।

ਬੇਰੁਜ਼ਗਾਰੀ ਦਾ ਬੋਝ

ਕਰੋੜਾਂ ਦੀ ਗਿਣਤੀ ਵਿਚ ਆਬਾਦੀ ਦੇ ਵਧਣ ਨਾਲ ਸਾਡਾ ਦੇਸ਼ ਅਨੇਕਾਂ ਦੇਸ਼ਾਂ ਨੂੰ ਪਿੱਛੇ ਛੱਡ ਕੇ ਅੱਗੇ ਆ ਰਿਹਾ ਹੈ। ਵਧਦੀ ਆਬਾਦੀ, ਤਕਨੀਕੀ ਸਾਧਨਾਂ ਅਤੇ ਤਕਨਾਲੋਜੀ ਲਗਾਤਾਰ ਤਰੱਕੀ ਦੇ ਨਾਲ-ਨਾਲ ਕੁਝ ਸੰਕਟ ਵੀ ਦੇਸ਼ ਲਈ ਖੜ੍ਹੇ ਕਰ ਰਹੇ ਹਨ, ਜਿਨ੍ਹਾਂ ਵਿਚੋਂ ਇਕ ਸੰਕਟ ਬੇਰੁਜ਼ਗਾਰੀ ਅੱਜਕਲ੍ਹ ਬਹੁਤ ਹੀ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਵੱਡੀ ਤੋਂ ਵੱਡੀ ਡਿਗਰੀ ਅਤੇ ਮਹਿੰਗੀ ਤੋਂ ਮਹਿੰਗੀ ਪੜ੍ਹਾਈ ਕਰਨ ਦੇ ਬਾਵਜੂਦ ਨੌਜਵਾਨ ਲਗਾਤਾਰ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਨ। ਗੰਭੀਰ ਰੂਪ ਧਾਰਦੇ ਇਸ ਸੰਕਟ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਅੰਦਰ ਸਮਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਬੋਝ ਦੇ ਥੱਲੇ ਦੱਬੇ ਹੋਣ ਕਰਕੇ ਬਹੁਤ ਸਾਰੇ ਨੌਜਵਾਨ ਡਿਪ੍ਰੈਸ਼ਨ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹੋਏ ਮੌਤ ਵੱਲ ਨੂੰ ਆਪਣੇ ਕਦਮ ਵਧਾ ਕੇ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ, ਜਿਸ ਦੀਆਂ ਅਸੀਂ ਨਿੱਤ ਹੀ ਖ਼ਬਰਾਂ ਟੀ.ਵੀ. ਅਤੇ ਸੋਸ਼ਲ ਮੀਡੀਏ 'ਤੇ ਦੇਖਦੇ ਅਤੇ ਸੁਣਦੇ ਹਾਂ। ਇਨ੍ਹਾਂ ਸਾਰੇ ਕਾਰਨਾਂ ਦਾ ਜ਼ਿੰਮੇਵਾਰ ਸਾਡੇ ਦੇਸ਼ ਦਾ ਸਿਸਟਮ ਬਣਦਾ ਜਾ ਰਿਹਾ ਹੈ। ਨਾ ਹੀ ਦੇਸ਼ ਦੇ ਅੰਦਰ ਇਸ ਨਾਲ ਲੜਨ ਲਈ ਕੋਈ ਸਾਰਥਕ ਨੀਤੀ ਬਣਾਈ ਜਾ ਰਹੀ ਹੈ ਤਾਂ ਕਿ ਇਸ ਬੋਝ ਨੂੰ ਠੱਲ੍ਹ ਪਾਈ ਜਾ ਸਕੇ। ਦੇਸ਼ ਦੇ ਲੋਕਾਂ ਨੂੰ ਵੀ ਆਪਣੀ ਸੋਚ ਬਦਲ ਕੇ ਲੜਨ ਦੀ ਲੋੜ ਹੈ ਤਾਂ ਜੋ ਦੇਸ਼, ਨੌਜਵਾਨੀ ਅਤੇ ਆਉਣ ਵਾਲਾ ਭਵਿੱਖ ਬਚਾਇਆ ਜਾ ਸਕੇ।

-ਲਵਦੀਪ ਸਿੱਧੂ।

ਹਾਏ ਮਹਿੰਗਾਈ

ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਫਿਰ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਲਿਆ। ਆਪਣੇ-ਆਪ ਨੂੰ ਖੱਬੀ ਖਾਨ ਕਹਾਉਂਦੇ ਅਮਰੀਕਾ ਵਰਗੇ ਦੇਸ਼ਾਂ ਦੀ ਅਰਥਵਿਵਸਥਾ ਵੀ ਬਹੁਤ ਪ੍ਰਭਾਵਿਤ ਹੋਈ ਹੈ। ਭਾਰਤ ਵਿਚ ਲੱਖਾਂ ਹੀ ਲੋਕ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਹਜ਼ਾਰਾਂ ਜਾਨਾਂ ਚਲੀਆਂ ਗਈਆਂ ਹਨ। ਹੁਣ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਇਸ ਕੋਰੋਨਾ ਵਾਇਰਸ ਕਾਰਨ ਹੋਰ ਮੰਦੀ ਆ ਚੁੱਕੀ ਹੈ। ਅਰਥਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਭਾਰਤੀ ਫ਼ੌਜ ਦੇ ਹੌਸਲੇ ਨੂੰ ਸਲਾਮ

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੀ ਲੇਹ ਲੱਦਾਖ ਫੇਰੀ ਨੂੰ 'ਅਜੀਤ' ਅਖ਼ਬਾਰ ਨੇ ਮੁੱਖ ਪੰਨੇ 'ਤੇ ਛਾਪਿਆ ਹੈ। ਭਾਰਤੀ ਫ਼ੌਜ ਦੁਨੀਆ ਦੀ ਬਹੁਤ ਹੀ ਤਾਕਤਵਰ ਫ਼ੌਜ ਹੈ ਅਤੇ ਦੇਸ਼ ਦੇ ਬਾਹਰੋਂ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ। ਪ੍ਰਧਾਨ ਮੰਤਰੀ ਨੇ ਲੇਹ ਦੌਰਾ ਕਰ ਕੇ ਜਿਥੇ ਫ਼ੌਜ ਦਾ ਮਨੋਬਲ ਹੋਰ ਵਧਾਇਆ ਹੈ ਅਤੇ ਦੁਸ਼ਮਣ ਨੂੰ ਢੁਕਵਾਂ ਸੰਦੇਸ਼ ਵੀ ਦਿੱਤਾ ਹੈ। ਫ਼ੌਜੀਆਂ ਦੀਆਂ ਤਨਖ਼ਾਹਾਂ, ਭੱਤੇ ਅਤੇ ਹੋਰ ਸਹੂਲਤਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ ਅਤੇ ਸਾਬਕਾ ਫ਼ੌਜੀਆਂ ਦੀ 'ਇਕ ਰੈਂਕ ਇਕ ਪੈਨਸ਼ਨ' ਵੀ ਜਲਦੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਦੇਸ਼ ਦੀ ਫ਼ੌਜ 'ਤੇ ਮਾਣ ਹੈ ਅਤੇ ਫ਼ੌਜ ਦੇ ਹੌਸਲੇ ਨੂੰ ਸਲਾਮ ਹੈ।

-ਅਮਰਜੀਤ ਸਿੰਘ ਫ਼ੌਜੀ, ਮੋਗਾ।

ਗਲਵਾਨ ਘਾਟੀ 'ਤੇ ਫ਼ਿਲਮ

ਇਸ ਵਕਤ ਚੀਨ ਤੇ ਭਾਰਤ ਵਿਚਕਾਰ ਪੂਰਾ ਤਣਾਅ ਬਣਿਆ ਹੋਇਆ ਹੈ। ਚੀਨ ਨੇ ਧੋਖੇ ਨਾਲ ਸਾਡੇ ਯੋਧਿਆਂ ਵੀਰ ਜਵਾਨਾਂ 'ਤੇ ਹਮਲਾ ਬੋਲ ਕੇ ਸਾਡੇ 20 ਬਹਾਦਰ ਸਪੂਤ ਸਾਡੇ ਤੋਂ ਜੁਦਾ ਕਰ ਦਿੱਤੇ ਹਨ। ਭਾਰਤ ਕਦੇ ਵੀ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਨੂੰ ਵਿਅਰਥਨਹੀਂ ਜਾਣ ਦੇਵੇਗਾ। ਪਰ ਜੋ ਫ਼ਿਲਮੀ ਸਟਾਰ ਗਲਵਾਨ ਘਾਟੀ ਦੀ ਹੋਈ ਕਾਰਵਾਈ 'ਤੇ ਫ਼ਿਲਮ ਬਣਾਉਣ ਜਾ ਰਹੇ ਹਨ, ਉਨ੍ਹਾਂ ਨੂੰ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਅਜੇ ਫ਼ਿਲਮ ਦੀ ਕਹਾਣੀ ਤਾਂ ਸ਼ੁਰੂ ਹੀ ਹੋਈ ਹੈ ਇਸ ਦਾ ਅੰਤ ਕਦੋਂ ਤੇ ਕਿੱਥੇ ਹੋਵੇਗਾ, ਇਸ ਬਾਰੇ ਅਜੇ ਕਿਸੇ ਨੂੰ ਵੀ ਨਹੀਂ ਪਤਾ? ਜਿਸ-ਜਿਸ ਵੀ ਐਕਟਰ ਨੇ ਉਨ੍ਹਾਂ ਯੋਧਿਆਂ ਦਾ ਕਿਰਦਾਰ ਨਿਭਾਉਣਾ ਹੈ, ਉਨ੍ਹਾਂ ਨੂੰ ਹਕੀਕਤ ਵਿਚ ਉਥੇ ਹੁਣ ਤੋਂ ਹੀ ਭੇਜਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਐਲ.ਓ.ਸੀ. ਕਾਰਗਿਲ ਫ਼ਿਲਮਜੋ ਜੇ.ਪੀ. ਦੱਤਾ ਨੇ ਬਣਾਈ ਸੀ, ਉਹ ਏਨੀ ਲੰਬੀ ਬਣ ਗਈ ਕਿ ਦਰਸ਼ਕ ਵਿਚੋਂ ਉੱਠ ਕੇ ਜਾਣ ਲੱਗ ਪਏ ਸਨ। ਕੁਝ ਸੀਨ ਉਸ ਫ਼ਿਲਮ ਵਿਚ ਮੈਨੂੰ ਵੀ ਦਰਸਾਉਣ ਦਾ ਮੌਕਾ ਮਿਲਿਆ ਸੀ ਕਰੀਨਾ ਕਪੂਰ ਨਾਲ। ਅਜੇ ਦੇਵਗਨ ਜੀ ਅਜੇ ਨਹੀਂ ਸਾਨੂੰ ਇਕ ਵਾਰ ਚੀਨੀਆਂ ਨੂੰ ਦੋ ਹੱਥ ਵਿਖਾ ਹੀਲੈਣ ਦਿਉ। ਫਿਰ ਭਾਵੇਂ ਜਿਹੋ ਜਿਹੀ ਮਰਜ਼ੀ ਕਹਾਣੀ ਲਿਖ ਕੇ ਫ਼ਿਲਮ ਬਣਾਈ ਜਾਇਓ। ਅੱਜ ਅਜੇ ਸਾਡੇ ਜਖ਼ਮ ਅੱਲੇ ਹਨ। ਆਪਾਂ ਜ਼ਖ਼ਮਾਂ 'ਤੇ ਮੱਲ੍ਹਮ ਲਾਉਣੀ ਹੈ, ਲੂਣ ਨਹੀਂ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫ਼ਿਰੋਜ਼ਪੁਰ)।

8-07-2020

 ਚੀਨੀ ਸਾਮਾਨ...
ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ 'ਤੇ ਵਧੇ ਤਣਾਅ ਕਾਰਨ ਚਰਚੇ ਜ਼ੋਰਾਂ 'ਤੇ ਹਨ। ਇਸ ਦੌਰਾਨ ਸਾਡੇ ਜਵਾਨ ਸ਼ਹੀਦ ਵੀ ਹੋ ਗਏ ਹਨ। ਇਨ੍ਹਾਂ ਜਵਾਨਾਂ ਦੀ ਸ਼ਹੀਦੀ ਦੀ ਖ਼ਬਰ ਨੇ ਹਰ ਭਾਰਤੀ ਨਾਗਰਿਕ ਦਾ ਹਿਰਦਾ ਵਲੂੰਧਰਿਆ ਹੈ। ਹਰ ਪਾਸੇ ਚੀਨੀ ਸਾਜ਼ੋ-ਸਾਮਾਨ ਦਾ ਬਾਈਕਾਟ ਕਰਨ ਦੀ ਮੰਗ ਉੱਠੀ ਹੈ। ਭਾਵਨਾ ਵਿਚ ਬਹਿ ਕੇ ਕੁਝ ਲੋਕ ਚੀਨੀ ਸਾਮਾਨ ਦੀ ਤੋੜ-ਫੋੜ ਵੀ ਕਰ ਰਹੇ ਹਨ। ਸਾਡਾ ਵਿਰੋਧ ਕਰਨਾ ਜਾਇਜ਼ ਹੈ ਪਰ ਇਸ ਤਰ੍ਹਾਂ ਸਾਮਾਨ ਦੀ ਤੋੜ-ਫੋੜ ਕਰਨਾ ਜਾਂ ਖ਼ਰੀਦ ਰੋਕਣਾ ਮਹਿਜ਼ ਬੇਵਕੂਫ਼ੀ ਹੈ। ਕਿਉਂਕਿ ਜੋ ਚੀਨੀ ਸਾਮਾਨ ਅਸੀਂ ਤੋੜ ਰਹੇ ਹਾਂ ਉਹ ਪਹਿਲਾਂ ਹੀ ਚੀਨ ਤੋਂ ਦਰਾਮਦ ਕੀਤਾ ਜਾ ਚੁੱਕਾ ਹੈ ਭਾਵ ਖ਼ਰੀਦਿਆ ਜਾ ਚੁੱਕਿਆ ਹੈ। ਉਸ ਦੇ ਤੋੜਨ ਜਾਂ ਖ਼ਰੀਦਣ ਤੋਂ ਮਨਾਹੀ ਕਰਨ ਨਾਲ ਚੀਨੀ ਆਰਥਿਕਤਾ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਇਸ ਨਾਲ ਤਾਂ ਸਗੋਂ ਉਹ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ, ਜੋ ਇਸ ਸਾਮਾਨ 'ਤੇ ਆਪਣਾ ਪੈਸਾ ਲਾਈ ਬੈਠੇ ਹਨ। ਹੁੱਲੜਬਾਜ਼ੀ ਮਚਾਉਣ ਦੀ ਥਾਂ ਸਾਨੂੰ ਠੰਢੇ ਦਿਮਾਗ਼ ਨਾਲ ਸੋਚਣਾ ਚਾਹੀਦਾ ਹੈ। ਜੇਕਰ ਚੀਨੀ ਸਾਮਾਨ ਦਾ ਅਸਲ ਬਾਈਕਾਟ ਕਰਨਾ ਹੈ ਤਾਂ ਸਰਕਾਰ 'ਤੇ ਚੀਨ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰਨ ਦਾ ਦਬਾਅ ਪਾਇਆ ਜਾਵੇ। ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਐਲਾਨ ਕਰਨ ਕਿ ਅੱਜ ਰਾਤ 12 ਵਜੇ ਤੋਂ ਬਾਅਦ ਭਾਰਤ ਚੀਨ ਨਾਲ ਹਰ ਤਰ੍ਹਾਂ ਦੇ ਵਪਾਰਕ ਰਿਸ਼ਤੇ ਖਤਮ ਕਰਦਾ ਹੈ। ਇਸ ਨਾਲ ਭਾਰਤ ਆਤਮ-ਨਿਰਭਰ ਵੀ ਬਣ ਜਾਵੇਗਾ ਅਤੇ ਚੀਨ ਨੂੰ ਸਬਕ ਵੀ ਮਿਲ ਜਾਵੇਗਾ।

-ਚਾਨਣ ਦੀਪ ਸਿੰਘ ਔਲਖ
ਈਮੇਲ : chanandeep@gmail.com

ਖ਼ੁਦਕੁਸ਼ੀਆਂ ਦੇ ਕਾਰਨ ਦੂਰ ਕਰੋ
ਮਹਿੰਗਾਈ ਦੇ ਇਸ ਦੌਰ ਵਿਚ ਪੜ੍ਹਾਈ ਕਰਨਾ ਔਖਾ ਹੈ ਕਿਉਂਕਿ ਦਿਨ-ਬਦਿਨ ਵਧ ਰਹੀਆਂ ਫੀਸਾਂ ਭਰਨੀਆਂ ਕੋਈ ਸੌਖਾ ਕੰਮ ਨਹੀਂ। ਪਰ ਔਖ-ਸੌਖ ਜ਼ਰ ਕੇ ਜੇ ਬੱਚੇ ਪੜ੍ਹ ਵੀ ਜਾਣ ਤਾਂ ਫਿਰ ਅਜੇ ਰੁਜ਼ਗਾਰ ਨਹੀਂ ਮਿਲਦਾ। ਦੂਜੇ ਪਾਸੇ ਸਮਾਜਿਕ ਵਿਕਾਸ 'ਚ ਚਲਦੇ ਰਹਿਣ ਲਈ ਅਨੇਕਾਂ ਚੀਜ਼ਾਂ ਦੀ ਲੋੜ ਮਹਿਸੂਸ ਹੁੰਦੀ ਹੈ। ਹਰ ਨੌਜਵਾਨ ਬੱਚੇ ਨੂੰ ਸਵਾਰੀ ਚਾਹੀਦੀ ਹੈ, ਸਮਾਰਟ ਫੋਨ ਚਾਹੀਦਾ ਹੈ ਅਤੇ ਨਿਤ ਨਵੀਂ ਪੌਸ਼ਾਕ ਲੋੜੀਂਦੀ ਹੈ। ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰਾਂ ਦਾ ਕੰਮ ਹੈ ਪਰ ਸਰਕਾਰ 'ਚ ਜੁਗਾੜ ਲਾ ਕੇ ਅੱਗੇ ਆਏ ਸੱਜਣਾਂ ਕੋਲ ਵਿਉਂਤਬੰਦੀ ਕਰਨ ਦੀ ਸਮਰੱਥਾ ਵੀ ਨਹੀਂ ਤੇ ਅਸਲ ਤਰੱਕੀ ਵੱਲ ਝੁਕਾਅ ਵੀ ਨਹੀਂ ਹੁੰਦਾ, ਉਹ ਤੇ ਹੁਣ ਦੀ ਬਣੀ ਪੋਜ਼ੀਸ਼ਨ ਦਾ ਲਾਹਾ ਲੈਣਾ ਚਾਹੁੰਦੇ ਹਨ ਅਤੇ ਅਗਲੀਆਂ ਚੋਣਾਂ ਲਈ ਧਨ ਇਕੱਤਰ ਕਰਨ ਦੇ ਟੀਚੇ ਮਿੱਥ ਲੈਂਦੇ ਹਨ। ਸੋ, ਚੋਣਾਂ 'ਤੇ ਆਉਣ ਵਾਲਾ ਖ਼ਰਚਾ ਘਟਾਇਆ ਜਾਣਾ ਚਾਹੀਦਾ ਹੈ। ਚੋਣ ਲੜਨ ਵਾਲਿਆਂ ਦੀ ਮੁਢਲੀ ਯੋਗਤਾ ਮੁਕੱਰਰ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਬਿਨਾਂ ਕਿਸੇ ਕਿਸਮ ਦੇ ਦਬਾਅ ਦੇ, ਦੂਜੇ ਦੇਸ਼ਾਂ ਵਾਂਗ, ਵੋਟ ਪਾਉਣ ਦੇ ਸਪੱਸ਼ਟ ਅਧਿਕਾਰ ਹੋਣੇ ਚਾਹੀਦੇ ਹਨ। ਆਪਸੀ ਭਾਈਚਾਰਕ ਸਾਂਝ ਕਿਸੇ ਕੀਮਤ 'ਤੇ ਨਹੀਂ ਘਟਣ ਦਿੱਤੀ ਜਾਣੀ ਚਾਹੀਦੀ। ਨਾਲ ਹੀ ਆਬਾਦੀ ਦੇ ਵਾਧੇ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

-ਜੇ.ਐਸ. ਸੇਖੋਂ

ਆਨਲਾਈਨ ਹੋਈ ਨਿੱਜਤਾ
ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਅਸੀਂ ਵੱਧ ਤੋਂ ਵੱਧ ਸੁਰਖੀਆਂ ਬਟੋਰਨ ਦੀ ਚਾਹਤ ਵਿਚ ਰਹਿੰਦੇ ਹਾਂ। ਇਸ ਮਕਸਦ ਲਈ ਅਸੀਂ ਆਪਣੀ ਨਿੱਜਤਾ ਨੂੰ ਵੀ ਆਨਲਾਈਨ ਕਰ ਲਿਆ ਹੈ। ਅਸੀਂ ਕੀ ਕਰ ਰਹੇ ਹਾਂ; ਕੀ ਖਾ ਰਹੇ ਹਾਂ; ਕਿੱਥੇ ਜਾ ਰਹੇ ਹਾਂ ਅਤੇ ਕਿਸ ਨੂੰ ਮਿਲ ਰਹੇ ਹਾਂ ਆਦਿ ਬਾਰੇ 'ਸਟੋਰੀ' ਪਾਉਣ ਲੱਗਿਆਂ ਦੇਰ ਨਹੀਂ ਲਾਉਂਦੇ। ਕੀ ਅਸੀਂ ਕਦੇ ਇਸਦੇ ਨਤੀਜਿਆਂ ਬਾਰੇ ਸੋਚਦੇ ਹਾਂ? ਨਾ ਕੇਵਲ ਔਰਤਾਂ ਅਤੇ ਲੜਕੀਆਂ ਬਲਕਿ ਨੌਜਵਾਨ ਵੀ ਸ਼ਾਤਰ ਲੋਕਾਂ ਦੀ ਝੂਠੀ ਵਾਹ ਵਾਹ ਵਿਚ ਫਸ ਕੇ ਆਪਣਾ ਨੁਕਸਾਨ ਕਰਵਾ ਬੈਠਦੇ ਹਨ। ਇਸ ਲਈ ਆਪਣੇ ਅਕਾਊਂਟ ਵਿਚ ਫੋਟੋਆਂ/ਸਟੋਰੀ ਆਦਿ ਅੱਪਲੋਡ ਕਰਨ ਲੱਗੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਵਖਰੇਵੇਂ ਖ਼ਤਮ ਕਰਕੇ ਇਕਜੁਟ ਹੋਈਏ
ਸਾਡੇ ਦੇਸ਼ ਵਿਚ ਪੈਦਾ ਹੋਏ ਮਹਾਨ ਲੋਕਾਂ ਨੇ ਆਪਣੀ ਵਿਚਾਰਧਾਰਾ ਜ਼ਰੀਏ ਸਮਾਜ ਨੂੰ ਜੋੜਨ ਦਾ ਸੰਦੇਸ਼ ਦਿੱਤਾ ਸੀ ਪਰ ਅਜੋਕੇ ਸਿਆਸਤਦਾਨਾਂ ਅਤੇ ਕਈ ਧਾਰਮਿਕ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਸਿੱਧ ਕਰਨ ਲਈ ਉਨ੍ਹਾਂ ਮਹਾਨ ਪੈਗੰਬਰਾਂ ਤੇ ਚਿੰਤਕਾਂ ਦੀ ਵਿਚਾਰਧਾਰਾ ਨੂੰ ਤੋੜ-ਮਰੋੜ ਕੇ ਸਮਾਜ ਦੇ ਸਨਮੁੱਖ ਪੇਸ਼ ਕੀਤਾ ਅਤੇ ਲੋਕਾਂ ਵਿਚ ਅਲੱਗ-ਅਲੱਗ ਧਰਮਾਂ ਅਤੇ ਜਾਤ-ਪਾਤ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ ਉਨ੍ਹਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਲੋਕਾਂ ਦਾ ਆਪਸੀ ਵੈਰ-ਵਿਰੋਧ ਪੈਦਾ ਹੋਣ ਲੱਗਾ, ਜਿਸ ਕਾਰਨ ਬਹੁਤ ਸਾਰੇ ਦੰਗੇ ਫਸਾਦ ਹੁੰਦੇ ਰਹੇ, ਜੋ ਕਿ ਅੱਜ ਵੀ ਮੌਜੂਦ ਹਨ ਅਤੇ ਇਸ ਹਿੰਸਾ ਕਾਰਨ ਬਹੁਤ ਸਾਰੇ ਲੋਕ ਮਾਰੇ ਜਾਂਦੇ ਹਨ ਅਤੇ ਅੱਜ ਤੱਕ ਵੀ ਮਾਰੇ ਜਾ ਰਹੇ ਹਨ। ਸੋ, ਸਮਾਂ ਮੰਗ ਕਰਦਾ ਹੈ ਕਿ ਧਰਮਾਂ ਤੇ ਜਾਤੀ ਭੇਦਭਾਵ 'ਚੋਂ ਨਿਕਲ ਅਤੇ ਰਾਜਨੀਤਕ ਚਾਲਾਂ ਨੂੰ ਸਮਝ ਕੇ ਇਕਜੁੱਟ ਹੋਈਏ ਅਤੇ ਦੇਸ਼ ਨੂੰ ਜੋੜ ਕੇ ਵਿਕਾਸ ਮੁਖੀ ਰਾਹ 'ਤੇ ਤੋਰੀਏ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਸਿਰਜਣਹਾਰੇ ਦਾ ਅਪਮਾਨ
ਸਮੁੱਚੀ ਕਾਇਨਾਤ ਨੂੰ ਸਿਰਜਣ ਵਾਲਾ ਪਰਮਾਤਮਾ ਇਕ ਹੈ। ਪਰ ਉਸ ਦੇ ਨਾਂਅ ਤੇ ਸਰੂਪ ਅਣਗਿਣਤ ਹੋ ਸਕਦੇ ਹਨ। ਸਭ ਤੋਂ ਉੱਚਾ-ਸੁੱਚਾ ਤੇ ਸੰਪੂਰਨ ਗਿਆਨ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਹੈ। ਲੋੜ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ-ਸੁਣਨ ਤੇ ਆਪਣੇ ਜੀਵਨ 'ਚ ਲਾਗੂ ਕਰਨ ਦੀ ਹੈ। ਕਈ ਵਾਰ ਸਮਾਜ 'ਚ ਵਿਚਰਦਿਆਂ ਅਖੌਤੀ ਉੱਚੀਆਂ ਜਾਤਾਂ ਵਾਲੇ ਪਰ ਵਿਚਾਰਧਾਰਾ ਤੋਂ ਬੇਹੱਦ ਨੀਵੇਂ ਪੱਧਰ ਦੇ ਲੋਕਾਂ ਨਾਲ ਵਾਹ-ਵਾਸਤਾ ਪੈਂਦਾ ਰਹਿੰਦਾ ਹੈ। ਜਦੋਂ ਸਮਾਜ 'ਚ ਕੋਈ ਘਿਨਾਉਣਾ ਅਪਰਾਧ ਹੋ ਜਾਂਦਾ ਹੈ ਤਾਂ ਇਹ ਲੋਕ ਉਸ ਅਪਰਾਧ ਨੂੰ ਛੋਟੀਆਂ ਜਾਤਾਂ ਨਾਲ ਤੇ ਜਦੋਂ ਇਸ ਦੇ ਉਲਟ ਕੋਈ ਚੰਗਾ ਕਰਮ ਹੋ ਜਾਂਦਾ ਹੈ ਤਾਂ ਇਹ ਲੋਕ ਉਸ ਕਰਮ ਨੂੰ ਖ਼ੁਦ ਨਾਲ ਜੋੜ ਕੇ ਪੇਸ਼ ਕਰਨ 'ਚ ਮਾਣ ਮਹਿਸੂਸ ਕਰਦੇ ਹਨ। ਸਿਰਜਣਹਾਰੇ ਨੇ ਸਭ ਨੂੰ ਇਕੋ ਜਿਹਾ ਮਾਣ-ਸਤਿਕਾਰ ਦਿੱਤਾ ਹੈ। ਉਸ ਨੇ ਕਿਸੇ ਨਾਲ ਦੁਰੈਤ ਨਹੀਂ ਰੱਖੀ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਗਲਵਾਨ-ਬਲਵਾਨ-ਭਗਵਾਨ
15 ਜੂਨ, 2020 ਨੂੰ ਗਲਵਾਨ ਦੀ ਘਾਟੀ 'ਚ ਜੋ ਹੋਇਆ, ਕਦੇ ਨਹੀਂ ਭੁਲਾਇਆ ਜਾ ਸਕਦਾ। ਨਿਹੱਥਿਆਂ 'ਤੇ ਵਾਰ ਕੀਤੇ ਗਏ ਅਤੇ ਅਨੇਕਾਂ ਭਾਰਤੀ ਸੂਰਵੀਰ ਬਲਵਾਨ ਬਣ ਅੱਗੇ ਖਲੋ ਗਏ। ਆਪਣੀ ਬਹਾਦਰੀ ਦਿਖਾਈ ਤੇ ਹਿੱਕ ਤਾਣ ਕੇ ਦੁਸ਼ਮਣ ਦਾ ਸਾਹਮਣਾ ਕੀਤਾ, ਜਿਨ੍ਹਾਂ 'ਤੇ ਦੇਸ਼ ਨੂੰ ਮਾਣ ਮਹਿਸੂਸ ਹੋਇਆ। ਜੋ ਦੇਸ਼ ਲਈ ਜਾਨਾਂ ਵਾਰ ਗਏ, ਇਹ ਗਲਵਾਨ ਦੇ ਬਲਵਾਨ ਸਨ, ਜਿਨ੍ਹਾਂ ਦੇ ਪੁੱਤ, ਭਰਾ, ਪਿਤਾ, ਪਤੀ, ਸ਼ਹੀਦ ਹੋਏ, ਉਨ੍ਹਾਂ ਬਾਰੇ ਸੋਚ ਕੇ ਇਸ ਤਰ੍ਹਾਂ ਲਗਦਾ ਹੈ ਕਿ ਭਗਵਾਨ ਨੇ ਕੀ ਕਹਿਰ ਕਮਾਇਆ। ਪਰ ਗਲਵਾਨ ਦੀ ਘਾਟੀ ਵਿਚ ਭਾਰਤੀ ਜਵਾਨ ਬਲਵਾਨ ਬਣ ਕੇ ਲੜੇ ਤੇ ਭਗਵਾਨ ਨੂੰ ਪਿਆਰੇ ਹੋ ਗਏ। ਇਨ੍ਹਾਂ ਸ਼ਹੀਦਾਂ ਨੂੰ ਭਾਰਤ ਵਾਸੀ ਹਮੇਸ਼ਾ ਯਾਦ ਰੱਖਣਗੇ ਤੇ ਮਾਣ ਮਹਿਸੂਸ ਕਰਨਗੇ।

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪਰ।

7-07-2020

 ਗ਼ਰੀਬੀ, ਮਜਬੂਰੀ ਅਤੇ ਤਾਲਾਬੰਦੀ
ਦੁਨੀਆ ਭਰ ਦੇ ਮੁਲਕਾਂ ਨੂੰ ਤਾਲਾਬੰਦੀ ਲਈ ਮਜਬੂਰ ਕਰਕੇ ਕੋਰੋਨਾ ਮਹਾਂਮਾਰੀ ਨੇ ਮਨੁੱਖ ਦੀ ਜ਼ਿੰਦਗੀ ਉਥਲ-ਪੁਥਲ ਕਰ ਦਿੱਤੀ ਹੈ। ਬਿਨ ਖੰਭਾਂ ਅਸਮਾਨੀ ਉਡਾਰੀਆਂ ਲਾਉਣ ਵਾਲਾ ਆਦਮੀ ਬੇਵੱਸ, ਬੇਚੈਨ ਅਤੇ ਮਜਬੂਰ ਘਰਾਂ ਅੰਦਰ ਬੈਠਾ ਕੋਰੋਨਾ ਵਾਇਰਸ ਦੇ ਛੁਟਕਾਰੇ ਦੀ ਉਮੀਦ 'ਚ ਦਿਨ ਗਿਣ ਰਿਹਾ ਹੈ। ਸਿੱਖ ਕੌਮ ਨੇ ਸਰਕਾਰਾਂ ਦੇ ਲੱਛੇਦਾਰ ਭਾਸ਼ਣਬਾਜ਼ੀ ਅਤੇ ਝੂਠੀਆਂ ਤਕਰੀਰਾਂ ਦੇ ਦਾਅਵੇ ਵਾਅਦਿਆਂ ਤੋਂ ਅਣਜਾਣਤਾ ਦਿਖਾ ਮਨੁੱਖਤਾ ਦੀ ਭਲਾਈ ਲਈ ਯਥਾਰਥ 'ਚ ਲੋੜਵੰਦਾਂ ਦੀ ਮਦਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਾਰਮਿਕ ਫਿਲਸਾਫ਼ੀ ਅਤੇ ਲੰਗਰ ਦੇ ਸਿਧਾਂਤ ਦੀ ਅਸਲ ਪ੍ਰੀਭਾਸ਼ਾ ਨੂੰ ਪ੍ਰਮਾਣਿਕਤਾ ਦਿੱਤੀ ਹੈ। ਅਤੇ ਸਿੱਖ ਧਰਮ ਅਤੇ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਗਰੀਬ ਲੋਕਾਂ ਨੂੰ ਸਿਰਫ਼ ਸਰਕਾਰਾਂ ਖਾਣ ਦੇ ਕੀੜੇ ਹੀ ਸਮਝਦੀਆਂ ਹਨ ਕਿ ਰਾਸ਼ਨ ਦਿੱਤਾ ਗੱਲ ਖਤਮ। ਇਸ ਤੋਂ ਇਲਾਵਾ ਮਨੁੱਖ ਦੀਆਂ ਜੀਵਨ ਹਾਲਤਾਂ ਲਈ ਬਹੁਤ ਲੋੜਾਂ ਹੁੰਦੀਆਂ ਹਨ, ਜਿਨ੍ਹਾਂ ਲਈ ਪੈਸੇ ਦੀ ਜ਼ਰੂਰ ਹੁੰਦੀ ਹੈ। ਤਨ ਢਕਣ ਲਈ ਕੱਪੜਾ, ਕੋਰੋਨਾ ਮੁਕਤ ਹੋਣ ਲਈ ਸਾਬਣਾਂ, ਹਲਦੀ, ਮਿਰਚਾਂ, ਨਮਕ, ਪੈਰ ਕੱਜਣ ਲਈ ਜੁੱਤੇ, ਦਵਾਈਆਂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਜੀਵਨ ਦਾ ਹਿੱਸਾ ਹੈ ਜਿਸ ਦੀ ਪੂਰਤੀ ਪੈਸਾ ਹੈ। ਸਰਕਾਰਾਂ ਨੂੰ ਰਾਸ਼ਨ ਵੰਡ ਦੇ ਫੋਕੇ ਵਿਖਾਵਿਆਂ ਤੋਂ ਉੱਪਰ ਉਠ ਕੇ ਗ਼ਰੀਬ ਖੇਤ ਮਜ਼ਦੂਰਾਂ ਅਤੇ ਕਾਮਿਆਂ ਦੀ ਤ੍ਰਾਸਦੀ ਨੂੰ ਮਹਿਸੂਸਦਿਆਂ ਆਰਥਿਕ ਮੰਦਹਾਲੀ 'ਚੋਂ ਕੱਢਣ ਦੇ ਉਪਰਾਲਿਆਂ ਵੱਲ ਉਚੇਚੀ ਪਹਿਲਕਦਮੀ ਕਰਨ ਦੀ ਲੋੜ ਭਾਸਦੀ ਹੈ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਧਰਤੀ ਹੇਠਲਾ ਪਾਣੀ
ਪਿਛਲੇ ਹਫ਼ਤੇ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਦਾ ਪੰਜਾਬ ਦੇ ਮਾਰੂਥਲ ਬਣਨ ਸਬੰਧੀ ਲੇਖ ਪੜ੍ਹ ਕੇ ਪਤਾ ਲੱਗਾ ਕਿ ਉਹ ਜਿੰਨੇ ਵੱਡੇ ਲੇਖਕ ਤੇ ਖੇਡ ਪ੍ਰਮੋਟਰ ਨੇ ਓਨੇ ਵੱਡੇ ਉਹ ਪੰਜਾਬ ਦੀਆਂ ਸਮੱਸਿਆਵਾਂ ਸਬੰਧੀ ਚਿੰਤਕ ਵੀ ਨੇ। ਇਸ ਲੇਖ ਵਿਚ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਸਬੰਧੀ ਵੱਡੀ ਚਿੰਤਾ ਜ਼ਾਹਿਰ ਕਰਦਿਆਂ ਲਗਾਤਾਰ ਪਾਣੀ ਥੱਲੇ ਜਾਣ ਦੇ ਕਾਰਨ ਅਤੇ ਰੋਕਥਾਮ ਦੇ ਤਰੀਕੇ ਬੜੇ ਵਿਸਥਾਰ ਤੇ ਤਰਜੀਬ ਨਾਲ ਪੇਸ਼ ਕੀਤੇ ਹਨ। ਉਨ੍ਹਾਂ ਨੇ ਲਿਖਿਆ ਵੀ ਏ ਤੇ ਇਹ ਸੱਚਾਈ ਵੀ ਏ ਕਿ ਕਿਸੇ ਵੀ ਰਾਜਸੀ ਪਾਰਟੀ ਨੇ ਇਸ ਪਾਸੇ ਵੱਲ ਕੋਈ ਹੱਲ ਕਰਨ ਦੀ ਪਹਿਲ ਨਹੀਂ ਕਰਨੀ। ਉਨ੍ਹਾਂ ਨੇ ਆਪਣੇ ਵੋਟ ਬੈਂਕ ਮੁਤਾਬਿਕ ਹੀ ਕੰਮ ਕਰਨਾ ਏ। ਚੰਗਾ ਹੋਵੇ ਜੇ ਪ੍ਰਿੰਸੀਪਲ ਸਾਹਿਬ ਵਰਗੇ ਬੁੱਧੀਜੀਵੀਆਂ ਅਤੇ ਇਸ ਸਬੰਧੀ ਚਿੰਤਕਾਂ ਦੀ ਇਕ ਕਮੇਟੀ ਬਣਾ ਕੇ ਪੰਜਾਬ ਦੀ ਜਨਤਾ ਅਤੇ ਕਿਸਾਨੀ ਨੂੰ ਲਗਾਤਾਰ ਜਾਗਰੂਕ ਕੀਤਾ ਜਾਵੇ ਅਤੇ ਰਾਜਸੀ ਪਾਰਟੀਆਂ ਨੂੰ ਇਸ ਸਬੰਧੀ ਸੁਝਾਏ ਹੱਲ ਲਾਗੂ ਕਰਨ ਲਈ ਮਜਬੂਰ ਕੀਤਾ ਜਾ ਸਕੇ।

-ਗੁਰਦੇਵ ਸਿੰਘ
ਈਸਰ ਬੁੱਚਾ, ਭੁਲੱਥ।

ਤੰਦਰੁਸਤ ਸਮਾਜ
ਦੋਸਤੋ, ਬਰਸਾਤ ਦਾ ਮੌਸਮ ਸੁਰੂ ਹੋ ਚੁੱਕਾ ਹੈ ਅਤੇ ਇਸ ਮੌਸਮ ਵਿਚ ਮੱਛਰਾਂ ਦੇ ਜ਼ਿਆਦਾ ਹੋਣ ਕਰਕੇ ਬਿਮਾਰੀਆਂ ਲੱਗਣ ਦਾ ਖਦਸ਼ਾ ਵਧ ਜਾਂਦਾ ਹੈ। ਜਿਨ੍ਹਾਂ ਤੋਂ ਆਪਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇ ਕੇ ਬਚ ਸਕਦੇ ਹਾਂ। ਸਭ ਤੋਂ ਪਹਿਲਾਂ ਆਪਣੇ ਆਲੇ-ਦੁਆਲੇ ਦੀ ਸਫਾਈ ਕਰੋ ਅਤੇ ਗੰਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਕੂਲਰ ਅਤੇ ਫਰਿੱਜ ਦੀ ਹਰ ਰੋਜ਼ ਸਫਾਈ ਕੀਤੀ ਜਾਵੇ ਅਤੇ ਘਰ ਦੀਆਂ ਛੱਤਾਂ ਉੱਪਰ ਪਿਆ ਵਾਧੂ ਸਾਮਾਨ, ਪੁਰਾਣੇ ਟਾਇਰ, ਕਬਾੜ ਆਦਿ ਹਟਾ ਕੇ ਸਫ਼ਾਈ ਕੀਤੀ ਜਾਵੇ ਅਤੇ ਹਮੇਸ਼ਾ ਪੂਰੀ ਬਾਂਹ ਦੇ ਕੱਪੜੇ ਪਾ ਕੇ ਰੱਖੋ। ਬੇਹਾ ਖਾਣਾ ਨਾ ਖਾਓ, ਤਾਜ਼ਾ ਖਾਣਾ ਹੀ ਖਾਓ। ਇਹ ਜਾਣਕਾਰੀ ਆਪਣੇ ਆਂਢ-ਗੁਆਂਢ ਵੀ ਦਿਓ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ।

-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।

ਪੁਸਤਕਾਂ ਦਾ ਮਹੱਤਵ
ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਕਿਤਾਬਾਂ ਸਾਡੇ ਵਿਚਾਰ ਬਦਲ ਦਿੰਦੀਆਂ ਹਨ। ਕਿਤਾਬਾਂ ਚੰਗੇ ਅਧਿਆਪਕ ਦੀ ਤਰ੍ਹਾਂ ਹੁੰਦੀਆਂ ਹਨ। ਚੰਗੀਆਂ ਕਿਤਾਬਾਂ ਸਾਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ। ਜੋ ਵਿਦਿਆਰਥੀਆਂ ਕਿਤਾਬਾਂ ਬਿਲਕੁਲ ਵੀ ਨਹੀਂ ਪੜ੍ਹਦੇ, ਜੇ ਕਿਤੇ ਮੌਕਾ ਉਨ੍ਹਾਂ ਨੂੰ ਮਿਲ ਜਾਵੇ ਕਿ ਤੁਸੀਂ ਪੰਜ ਮਿੰਟ ਬੋਲਣਾ ਹੈ ਤਾਂ ਉਹ ਬੋਲ ਨਹੀਂ ਸਕਦੇ। ਅਜਿਹੇ ਵਿਦਿਆਰਥੀ ਫਿਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰ ਸਕਦੇ। ਆਮ ਲਾਇਬ੍ਰੇਰੀਆਂ ਵਿਚ ਦੇਖਣ ਨੂੰ ਮਿਲਦਾ ਹੈ ਕਿ ਦੱਖਣ ਭਾਰਤ ਦੇ ਵਿਦਿਆਰਥੀ ਬਹੁਤ ਸਮਾਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹਨ। ਸਾਨੂੰ ਅਜਿਹੇ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ, ਤਾਂ ਜੋ ਸਾਡੇ ਵਿਦਿਆਰਥੀਆਂ ਦੀ ਦਿਲਚਸਪੀ ਕਿਤਾਬਾਂ ਵੱਲ ਜ਼ਿਆਦਾ ਹੋਵੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੌਣ ਕਰੇਗਾ ਰੁੱਖਾਂ ਦੀ ਸੰਭਾਲ
ਵਾਤਾਵਰਨ ਨਾਲ ਮਨੁੱਖ ਨੇ ਰੱਜ ਕੇ ਖਿਲਵਾੜ ਕੀਤਾ ਹੈ। ਜਿਸ ਦਾ ਖਮਿਆਜ਼ਾ ਅਸੀਂ ਅੱਜ ਭੁਗਤ ਵੀ ਰਹੇ ਹਾਂ। ਭਾਵੇਂ ਉਹ ਕੋਰੋਨਾ ਦਾ ਕਹਿਰ ਹੋਵੇ ਤੇ ਭਾਵੇਂ ਬਿਮਾਰੀਆਂ ਦੇ ਰੂਪ ਵਿਚ ਹੋਵੇ। ਮਨੁੱਖ ਦੀ ਆਦਤ ਬਣ ਗਈ ਹੈ ਕਿ ਉਸ ਨੇ ਰੁੱਖ ਲਾਉਣੇ ਘੱਟ ਤੇ ਵੱਢਣੇ ਜ਼ਿਆਦਾ ਹਨ। ਪਰ ਫਿਰ ਵੀ ਸਰਕਾਰਾਂ ਆਪਣੇ ਤੌਰ 'ਤੇ ਰੁੱਖ ਲਾਉਣ ਦੇ ਪ੍ਰੋਗਰਾਮ ਉਲੀਕਦੀਆਂ ਹੀ ਰਹਿੰਦੀਆਂ ਹਨ। ਪਰ ਉਹ ਜ਼ਿਆਦਾ ਤੱਕ ਕਾਗਜ਼ਾਂ ਵਿਚ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਕਿਸੇ ਇਕ ਦਾ ਫਰਜ਼ ਨਹੀਂ ਬਲਕਿ ਸਮੁੱਚੀ ਮਨੁੱਖਤਾ ਦਾ ਫ਼ਰਜ਼ ਬਣਦਾ ਹੈ। ਆਓ, ਰਲ ਕੇ ਅਸੀਂ ਸਾਰੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਈਏ ਤੇ ਨਵੇਂ ਰੁੱਖਾਂ ਨੂੰ ਵੀ ਲਾਈਏ ਤੇ ਪਹਿਲਾਂ ਲੱਗੇ ਰੁੱਖਾਂ ਦੀ ਵੀ ਸਾਂਭ=ਸੰਭਾਲ ਕਰੀਏ। ਇਹ ਵੀ ਵਣਮਹਾਂਉਤਸਵ ਮਨਾਉਣ ਦਾ ਸਹੀ ਢੰਗ ਹੋਵੇਗਾ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਮਨਾਂ ਵਿਚਲਾ ਕੂੜ
ਜਿਸ ਤਰ੍ਹਾਂ ਘਰਾਂ ਵਿਚ ਪਿਆ ਕੂੜ ਕਬਾੜਾ ਭਾਵ ਬੇਲੋੜਾ ਸਾਮਾਨ ਘਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਂਦਾ ਹੈ, ਉਸ ਤਰ੍ਹਾਂ ਹੀ ਮਨਾਂ ਵਿਚਲਾ ਕੂੜ ਕਬਾੜਾ ਭਾਵ ਬੇਲੋੜੇ ਵਿਚਾਰ ਮਨੁੱਖ ਦੇ ਸਰੀਰ ਅਤੇ ਮਨ ਨੂੰ ਗ੍ਰਹਿਣ ਲਗਾਈ ਰੱਖਦੇ ਹਨ। ਇਨ੍ਹਾਂ ਵਿਚਾਰਾਂ ਨਾਲ ਉਸ ਦੀ ਸ਼ਖ਼ਸੀਅਤ ਦੀ ਚਮਕ ਪ੍ਰਭਾਵਹੀਣ ਬਣੀ ਰਹਿੰਦੀ ਹੈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿਚ ਵਿਚਾਰਾਂ ਦਾ ਮਨ ਉਪਰ ਪ੍ਰਭਾਵ ਵਿਸ਼ੇ ਸਬੰਧ ਇਕ ਤਜਰਬਾ ਕੀਤਾ ਗਿਆ ਸੀ। ਉਸ ਤਜਰਬੇ ਵਿਚ ਸਿੱਧ ਹੋਇਆ ਕਿ ਮਨੁੱਖ ਦਾ ਹਰੇਕ ਵਿਚਾਰ ਜਿਸ ਸਰੀਰਕ ਅੰਗ ਨਾਲ ਸਬੰਧਿਤ ਹੁੰਦਾ ਹੈ। ਉਹ ਅੰਗ ਉਸ ਵਿਚਾਰ ਦਾ ਗਹਿਰਾ ਪ੍ਰਭਾਵ ਕਬੂਲਦਾ ਹੈ। ਇਸ ਲਈ ਆਪਣੀ ਅਤੇ ਸਮਾਜ ਦੀ ਤੰਦਰੁਸਤੀ ਲਈ ਸਖਤ ਮਿਹਨਤ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਕੇ ਮਨਾਂ ਵਿਚਲਾ ਕੂੜ ਕਬਾੜਾ ਸਾਫ਼ ਰੱਖਣਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।

ਸਾਡਾ ਸੱਭਿਆਚਾਰਕ ਪਛੜੇਵਾਂ
ਨਿਰਸੰਦੇਹ ਪੰਜਾਬ ਦੇ ਲੋਕ ਬਹਾਦਰ ਤੇ ਮਿਹਨਤੀ ਹਨ। ਮੁੱਢ ਤੋਂ ਹੀ ਉਹ ਦੇਸ਼ ਦੇ ਦੁਸ਼ਮਣਾਂ ਨੂੰ ਪਛਾੜਨ ਵਿਚ ਮੋਹਰੀ ਰਹੇ ਹਨ। ਪਰ ਬਹੁਗਿਣਤੀ ਪੰਜਾਬੀ ਲੋਕ ਸੱਭਿਆਚਾਰਕ ਪੱਖੋਂ ਪਛੜੇ ਹੋਏ ਹਨ। ਸਹੀ ਪ੍ਰਕਾਰ ਦੀ ਸਿੱਖਿਆ ਨਾ ਮਿਲਣ ਕਰਕੇ ਮਾਰ ਖਾ ਜਾਂਦੇ ਹਨ। ਇਸ ਦਾ ਸਭ ਤੋਂ ਵੱਡਾ ਸਬੂਤ ਮਾਂ-ਬੋਲੀ ਵਲੋਂ ਅਵੇਸਲੇ ਹੋਣਾ ਹੈ। ਮਾਂ-ਬੋਲੀ ਨੂੰ ਧਰਮ ਨਾਲ ਜੋੜਨ ਦਾ ਰੁਝਾਨ ਸਰਾਸਰ ਗ਼ਲਤ ਤੇ ਸ਼ਰਾਰਤ ਪੂਰਨ ਹੈ। ਪੰਜਾਬੀ ਕੇਵਲ ਸਿੱਖਾਂ ਦੀ ਹੀ ਬੋਲੀ ਨਹੀਂ ਹੈ। ਇਸ ਵਿਚ ਹਿੰਦੂ ਅਤੇ ਮੁਸਲਮਾਨ ਲੇਖਕਾਂ ਦਾ ਯੋਗਦਾਨ ਸਲਾਹੁਣਯੋਗ ਹੈ। ਮਿਸਾਲ ਵਜੋਂ ਬਾਬਾ ਫ਼ਰੀਦ, ਬੁੱਲ੍ਹੇਸ਼ਾਹ, ਹਾਸ਼ਿਮ ਦੇ ਨਾਲ-ਨਾਲ ਲਾਲਾ ਕਿਰਪਾ ਸਾਗਰ, ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ ਅਤੇ ਸ਼ਿਵਕੁਮਾਰ ਦਾ ਵੱਡਮੁੱਲਾ ਯੋਗਦਾਨ ਸਾਡਾ ਅਨਮੋਲ ਖਜ਼ਾਨਾ ਹੈ। ਸਾਨੂੰ ਸੁਚੇਤ ਹੋਣ ਦੀ ਭਾਰੀ ਲੋੜ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫਰੀਦਕੋਟ।

6-07-2020

ਮਾਸਕ ਪਾਓ-ਦੂਰੀ ਬਣਾਓ
ਭਾਵੇਂ ਸਰਕਾਰ, ਪ੍ਰਸ਼ਾਸਨ ਵਲੋਂ ਵਾਰ-ਵਾਰ ਅਖ਼ਬਾਰਾਂ, ਟੀ.ਵੀ. ਚੈਨਲਾਂ ਆਦਿ 'ਤੇ ਲੋਕਾਂ ਨੂੰ ਅਪੀਲਾਂ, ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਜਦੋਂ ਵੀ ਘਰੋਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਨਿਕਲਣਾ ਹੈ ਤਾਂ ਮਾਸਕ ਪਾਓ ਅਤੇ ਖਰੀਦੋ-ਫਰੋਖਤ ਕਰਦੇ ਸਮੇਂ ਦੁਕਾਨਾਂ, ਬਾਜ਼ਾਰਾਂ ਆਦਿ ਵਿਚ ਨਿਰਧਾਰਤ ਸਰੀਰਕ ਦੂਰੀ ਬਣਾ ਕੇ ਰੱਖੋ ਅਤੇ ਕੁਤਾਹੀ ਦੀ ਸੂਰਤ ਵਿਚ ਜੁਰਮਾਨਿਆਂ, ਚਲਾਨਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਪ੍ਰੰਤੂ ਇਹ ਆਮ ਹੀ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਇਸ ਦੀ ਪਾਲਣਾ ਨਹੀਂ ਕਰ ਰਹੇ। ਜਿਸ ਕਾਰਨ ਹਸਪਤਾਲਾਂ, ਧਾਰਮਿਕ ਅਸਥਾਨਾਂ, ਰਾਜਨੀਤਕ ਥਾਵਾਂ, ਸਬਜ਼ੀਆਂ ਵੇਚਣ ਵਾਲੇ, ਸਬਜ਼ੀ ਮੰਡੀਆਂ ਵਿਚ, ਮਾਲਾਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਲੋਕ ਮਾਸਕ ਪਾਉਣ ਅਤੇ ਸਰੀਰਕ ਦੂਰੀ ਰੱਖਣ ਦੀ ਪ੍ਰਵਾਹ ਨਹੀਂ ਕਰ ਰਹੇ। ਜਿਸ ਕਾਰਨ ਲੋਕਾਂ ਵਲੋਂ ਕੀਤੀ ਜਾਂਦੀ ਲਾਪ੍ਰਵਾਹੀ ਕਾਰਨ ਰੋਜ਼ਾਨਾ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜੋ ਕਿ ਪੰਜਾਬ ਤੇ ਦੇਸ਼ ਲਈ ਵੱਡਾ ਖਤਰਾ ਹੈ।
ਜਿਥੇ ਲੋਕਾਂ ਨੂੰ ਸਰਕਾਰ ਵਲੋਂ ਲਾਕ-ਡਾਊਨ, ਕਰਫ਼ਿਊ ਵਿਚ ਦਿੱਤੀ ਢਿੱਲ ਦਾ ਨਾਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ, ਉਥੇ ਹੀ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਨੂੰ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲੈਂਦੇ ਹੋਏ ਅਜਿਹੇ ਲਾਪ੍ਰਵਾਹ ਲੋਕਾਂ ਵਿਰੁੱਧ ਸ਼ਿਕੰਜਾ ਕੱਸਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਡਾ: ਜੌਹਲ ਦੀ ਇੰਟਰਵਿਊ
ਪਿਛਲੇ ਦਿਨੀਂ 'ਅਜੀਤ' ਵਿਚ (19 ਜੂਨ) ਨੂੰ ਛਪੀ ਡਾ: ਸਰਦਾਰਾ ਸਿੰਘ ਜੌਹਲ ਦੀ ਪੁਨੀਤ ਬਾਵਾ ਨਾਲ ਇੰਟਰਵਿਊ ਪੜ੍ਹੀ। ਖੇਤੀ ਆਧਾਰਿਤ ਤਿੰਨ ਆਰਡੀਨੈਂਸ ਜੋ 5 ਜੂਨ, 2020 ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕੀਤੇ ਉਨ੍ਹਾਂ ਦੀ ਡਾ: ਜੌਹਲ ਸਾਹਿਬ ਨੇ ਬੜੇ ਜ਼ੋਰ-ਸ਼ੋਰ ਨਾਲ ਵਕਾਲਤ ਕੀਤੀ ਅਤੇ ਕਿਹਾ ਕਿ ਇਹ ਕਿਸਾਨ ਹਿਤ ਵਿਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸੀ ਆਗੂ ਰੋਟੀਆਂ ਨਾ ਸੇਕਣ। ਸਿਆਸੀ ਪਾਰਟੀਆਂ ਤਾਂ ਪਹਿਲਾਂ ਹੀ ਚੁੱਪ ਹਨ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਦੇ ਉਲਟ ਬੋਲ ਹੀ ਨਹੀਂ ਸਕਦੀਆਂ। ਬੋਲ ਤਾਂ ਸਿਰਫ਼ ਕਿਸਾਨ ਜਾਂ ਆਮ ਲੋਕ ਰਹੇ ਹਨ, ਜਿਨ੍ਹਾਂ ਦਾ ਨੁਕਸਾਨ ਹੋਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਘੱਟੋ-ਘੱਟ ਸਮਰਥਨ ਕੀਮਤ ਬੰਦ ਕੀਤੀ ਗਈ ਤਾਂ ਮੈਂ ਤੁਹਾਡੇ ਨਾਲ ਸੰਘਰਸ਼ ਕਰਾਂਗਾ। ਇਸ ਵਕਤ ਮੱਕੀ ਦੀ ਫਸਲ ਮੰਡੀ ਵਿਚ 1100 ਰੁਪਏ ਵਿਚ ਵਿਕ ਰਹੀ ਹੈ, ਜਦਕਿ ਕੀਮਤ 1850 ਰੁਪਏ ਕੁਇੰਟਲ ਹੈ। ਕੀਹਨੇ ਹਾਅ ਦਾ ਨਾਅਰਾ ਲਾਇਆ? ਜਦਕਿ ਕਿਸਾਨ ਦਿਨ-ਦਿਹਾੜੇ ਲੁੱਟਿਆ ਜਾ ਰਿਹਾ ਹੈ। ਇਹ ਆਰਡੀਨੈਂਸ ਪਾਰਲੀਮੈਂਟ ਵਿਚ ਪਾਸ ਹੋਣ ਤੋਂ ਪਹਿਲਾਂ ਤਾਂ ਕੁਝ ਹੋ ਸਕਦਾ ਹੈ, ਜਦਕਿ ਬਾਅਦ ਵਿਚ ਕਿਸੇ ਨੇ ਗੱਲ ਨਹੀਂ ਸੁਣਨੀ। ਮੇਰੀ ਡਾ: ਸਾਹਿਬ ਨੂੰ ਬੇਨਤੀ ਹੈ ਕਿ ਤਿੰਨਾਂ ਆਰਡੀਨੈਂਸਾਂ ਨੂੰ ਸ਼ਾਂਤਾ ਕੁਮਾਰ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ 'ਦੀ ਰਿਪੋਰਟ', ਨਿਤਿਨ ਗਡਕਰੀ ਦੇ ਬਿਆਨ ਅਤੇ ਏ.ਸੀ.ਪੀ.ਸੀ. ਦੀਆਂ ਅਕਤੂਬਰ ਅਤੇ ਫਰਵਰੀ ਦੀਆਂ ਰਿਪੋਰਟਾਂ ਦੇ ਨਾਲ ਜੋੜ ਕੇ ਘੋਖੋ ਜੇ ਫੇਰ ਵੀ ਤੁਹਾਨੂੰ ਇਹ ਆਰਡੀਨੈਂਸਾਂ ਵਿਚੋਂ ਕਿਸਾਨ ਹਿਤ ਦਿਸਦੇ ਹਨ ਤਾਂ ਉਨ੍ਹਾਂ ਕਿਸਾਨਾਂ ਨੂੰ ਰੱਬ ਆਸਰੇ ਛੱਡ ਦਿਓ।

-ਡਾ: ਐਸ.ਪੀ.ਐਸ. ਬਰਾੜ
ਡਾਇਰੈਕਟਰ ਪਾਮੇਟ (ਲਿਮ:), ਪੀ.ਏ.ਯੂ. ਲੁਧਿਆਣਾ।

ਕੋਰੋਨਾ ਮਹਾਂਮਾਰੀ
ਅੱਜ ਭਾਰਤ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵਿਚ ਚੌਥੇ ਸਥਾਨ 'ਤੇ ਆ ਗਿਆ ਹੈ, ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਮਾਮਲੇ 2 ਲੱਖ ਤੋਂ ਪਾਰ ਹੋ ਗਏ ਹਨ। ਸੂਬੇ ਦੀਆਂ ਸਰਕਾਰਾਂ ਨੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਵਲੋਂ ਹਫ਼ਤੇ ਦੇ ਅਖੀਰਲੇ ਦੋ ਦਿਨ ਸਨਿਚਰਵਾਰ ਤੇ ਐਤਵਾਰ ਨੂੰ ਕਾਰੋਬਾਰ ਬੰਦ ਕਰਕੇ ਘਰਬੰਦੀ ਦੇ ਨਿਰਦੇਸ਼ ਦਿੱਤੇ ਹਨ। ਦੁਕਾਨਦਾਰਾਂ ਤੇ ਹੋਰ ਕਾਰੋਬਾਰੀ ਲੋਕਾਂ ਨੂੰ ਆਰਥਿਕ ਮੰਦੀ ਦਾ ਫਿਕਰ ਹੋ ਗਿਆ ਹੈ ਕਿ ਕਾਰੋਬਾਰ ਠੱਪ ਹੋਣ ਨਾਲ ਗਰੀਬੀ ਤੇ ਭੁੱਖਮਰੀ ਨਾਲ ਜ਼ਰੂਰ ਮਰਾਂਗੇ। ਪ੍ਰਾਈਵੇਟ ਸਕੂਲ ਮਾਲਕ ਅਤੇ ਮਾਪਿਆਂ ਦਾ ਆਨਲਾਈਨ ਪੜ੍ਹਾਈ ਤੇ ਅਦਾਲਤ ਵਿਚ ਕੇਸ ਕਰਨ ਨਾਲ ਅਧਿਆਪਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਨਾ ਖੁਸ ਜਾਵੇ। ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਰਕਾਰ ਤੋਂ ਨੌਕਰੀ ਦੀ ਆਸ 'ਤੇ ਦਿਨ ਲੰਘਾ ਰਹੇ ਹਨ, ਕੋਰੋਨਾ ਮਹਾਂਮਾਰੀ ਦੇ ਕਾਰਨ ਵਪਾਰੀ, ਦੁਕਾਨਦਾਰ, ਮਿੰਨੀ ਬੱਸ ਮਾਲਕ ਤੇ ਹੋਰ ਨਿੱਤ ਦੀ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕਾਂ 'ਤੇ ਬੇਰੁਜ਼ਗਾਰੀ ਦੇ ਕਾਲੇ ਬੱਦਲ ਛਾਏ ਹੋਏ ਹਨ, ਸਮਾਜ ਦਾ ਹਰ ਵਰਗ ਆਪਣੀ ਆਰਥਿਕ ਸਥਿਤੀ ਕਰਕੇ ਨਿਰਾਸ਼ ਹੁੰਦਾ ਜਾ ਰਿਹਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ, ਹਾਲਾਤ ਕਿੱਧਰ ਨੂੰ ਜਾਣਗੇ।

-ਪ੍ਰੋ: ਜਸਵਿੰਦਰ ਕੌਰ
ਫਿਰੋਜ਼ਪੁਰ ਸ਼ਹਿਰ।

ਰੋਕਥਾਮ
ਸਮਾਜ ਵਿਚ ਅਪਰਾਧ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਕਰਨ ਲਈ ਸਰਕਾਰ ਨੂੰ ਸਾਰੇ ਨੌਕਰਾਂ ਅਤੇ ਕਿਰਾਏਦਾਰਾਂ ਲਈ ਪੁਲਿਸ ਤਸਦੀਕ ਲਾਜ਼ਮੀ ਕਰਨੀ ਚਾਹੀਦੀ ਹੈ।

-ਹਰਤਾਜ ਸਿੰਘ
ਅੰਮ੍ਰਿਤਸਰ।

ਰੰਗਲਾ ਪੰਜਾਬ
ਰੰਗਲੇ ਪੰਜਾਬ ਦਾ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਅਸਾਂ ਵੇਖਿਆ, ਮਾਣਿਆ ਅਤੇ ਹੰਢਾਇਆ, ਰੂਪ ਹੁਣ ਕੁਝ ਬਹੁਤਾ ਹੀ ਧੁਆਂਖਿਆ ਗਿਆ ਹੈ। ਮੈਂ ਸਮਝਦਾ ਹਾਂ ਕਿ ਪੰਜਾਬ ਨੂੰ ਸ਼ਿੰਗਾਰਨ ਵਾਲੇ ਬੁਰਸ਼ ਹੁਣ ਅਜਿਹੇ ਹੱਥਾਂ 'ਚ ਆ ਗਏ ਹਨ, ਜੋ ਪਹਿਲਾਂ ਆਪਣਾ-ਆਪ ਤੇ ਆਪਣਾ ਘਰ ਭਰਨ ਵਾਲੇ ਹਨ ਅਤੇ ਏਨੇ ਹੁਨਰਮੰਦ ਨਹੀਂ ਜਿੰਨਾ ਕਿ ਉਹ ਆਪਣੇ-ਆਪ ਨੂੰ ਦੱਸਦੇ ਹਨ। ਹੁਣ ਤੇ ਸਹਿਜਤਾ, ਫਰਾਖਦਿਲੀ, ਭਾਈਵਾਲਤਾ, ਸਾਂਝਾਂ ਪਾਲਣ ਵਾਲੇ ਅਨੇਕਾਂ ਗੁਣ ਅਲੋਪ ਹੋਈ ਜਾ ਰਹੇ ਹਨ ਅਤੇ ਗੈਂਗ ਰੇਪ, ਲੁੱਟਾਂ-ਖੋਹਾਂ, ਧਰਨਿਆਂ, ਭੁੱਖ ਹੜਤਾਲਾਂ ਅਤੇ ਲੁੱਟ-ਖਸੁੱਟ ਕਰਨ ਵਾਲਿਆਂ ਦੇ ਨਿਕੰਮੇ ਕੰਮਾਂ ਕਰਨ ਵਾਲੇ ਹੀਰੋ ਬਣੀ ਜਾਂਦੇ ਨੇ। ਇਹੋ ਕਾਰਨ ਹੈ ਰੰਗਲੇ ਪੰਜਾਬ ਅਤੇ ਸੋਨੇ ਦੀ ਚਿੜੀ ਕਹਾਉਣ ਵਾਲਾ ਭਾਰਤ ਦੁਨੀਆ ਦੇ ਗ੍ਰਾਫ਼ 'ਚ ਹੇਠਾਂ ਵੱਲ ਆਈ ਜਾ ਰਿਹਾ ਹੈ। ਕਿਸ ਨੂੰ ਨਹੀਂ ਪਤਾ ਕਿ ਵਧ ਰਹੀ ਆਬਾਦੀ 'ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਸਿੱਖਿਆ ਪ੍ਰਣਾਲੀ 'ਚ ਸਹੀ ਵਿਉਂਤਾਂ ਜ਼ਰੂਰੀ ਹਨ ਤੇ ਹਰ ਕੰਮ ਨੂੰ ਮਿਆਰੀ ਪੱਧਰ 'ਤੇ ਕਰਨਾ ਅਤਿ ਜ਼ਰੂਰੀ ਹੈ। ਚੰਗੀ ਸੋਚ ਵਾਲੇ ਮਨੁੱਖਾਂ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ ਤਾਂ ਹੀ ਅਸਲ ਵਿਕਾਸ ਹੋਵੇਗਾ, ਕਾਗਜ਼ੀ ਵਿਕਾਸ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਸਕਦਾ। ਆਓ ਨਵੇਂ ਸਾਲ ਨਾਲ ਨਵੀਆਂ ਸੋਚਾਂ ਵੀ ਲੈ ਕੇ ਸਹੀ ਯੋਗਦਾਨ ਪਾਈਏ।

-ਜੇ. ਐਸ. ਸੇਖੋਂ
45-ਏ, ਵਰਿਆਮ ਨਗਰ, ਜਲੰਧਰ।

ਭਾਰਤੀ ਮੀਡੀਆ ਬਨਾਮ ਚੀਨੀ ਜੰਗ
ਲੱਦਾਖ ਸਰਹੱਦ 'ਤੇ ਜੋ ਹੋਇਆ, ਉਹ ਕਿਸੇ ਤੋਂ ਲੁਕਿਆ ਨਹੀਂ। 20 ਜਵਾਨਾਂ ਦੇ ਸ਼ਹੀਦੀ ਪਾ ਜਾਣ ਨਾਲ 20 ਘਰ ਉੱਜੜ ਗਏ ਹਨ। ਭਾਰਤੀ ਮੀਡੀਆ ਚੀਨ ਨਾਲ ਯੁੱਧ ਦੀ ਤਿਆਰੀ ਕਰਾ ਕੇ ਭਾਰਤੀ ਨਾਗਰਿਕਾਂ ਨੂੰ ਡਰਾ ਰਿਹਾ ਹੈ। ਹਰੇਕ ਚੈਨਲ 'ਤੇ ਇਹੀ ਬਹਿਸ ਹੋ ਰਹੀ ਹੈ ਕਿ ਭਾਰਤ ਕਿਵੇਂ ਬਦਲਾ ਲਏ? ਸਾਡੇ ਜਵਾਨ ਕਿਸੇ ਤੋਂ ਘੱਟ ਨੇ? ਅਸੀਂ ਤਾਂ ਦੋ ਦੇ ਚਾਰ ਸਿਰ ਵੱਢ ਕੇ ਲਿਆਉਣ ਵਾਲਿਆਂ 'ਚੋਂ ਹਾਂ। ਭਾਰਤੀ ਮੀਡੀਆ ਦੀ ਇਸ ਮਿਹਰਬਾਨੀ ਨੇ ਲੋਕਾਂ ਨੂੰ ਕੋਰੋਨਾ ਸੰਕਟ ਭੁਲਾ ਕੇ ਭਾਰਤ ਦੀ ਚੀਨ ਨਾਲ ਯੁੱਧ ਦੀ ਤਿਆਰੀ ਕਰਵਾ ਦਿੱਤੀ। ਰੁਜ਼ਗਾਰ ਖਤਮ ਹੋ ਰਹੇ ਹਨ, ਵਸਤੂਆਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਚੀਨ ਦਾ ਗੁੱਸਾ ਸਰਕਾਰ ਸ਼ਾਇਦ ਪੈਟਰੋਲ ਤੇ ਡੀਜ਼ਲ 'ਤੇ ਕੱਢ ਰਹੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ 'ਤੇ ਕਦੇ ਕੋਈ ਵਾਦ-ਵਿਵਾਦ ਨਹੀਂ ਹੋਇਆ। ਕਿਉਂ? ਸਰਹੱਦਾਂ 'ਤੇ ਖੜ੍ਹੇ ਜਵਾਨ ਕੋਈ ਰੌਬਰਟ ਨਹੀਂ, ਉਹ ਮਾਵਾਂ ਦੇ ਪੁੱਤ ਹਨ। ਮੀਡੀਆ ਜ਼ਰੀਏ ਸਿਆਣਪ ਝਾੜਨ ਵਾਲੇ ਲੋਕ ਮੁਸੀਬਤ ਆਉਣ 'ਤੇ ਕਦੇ ਅੱਗੇ ਨਹੀਂ ਆਉਂਦੇ। ਬਹੁਤੇ ਜੋਸ਼ ਨਾਲ ਬਿਆਨਬਾਜ਼ੀ ਕਰਨ ਵਾਲੇ ਇਕ ਦਿਨ ਵੀ ਸਰਹੱਦ 'ਤੇ ਨਹੀਂ ਖੜ੍ਹ ਸਕਦੇ। ਜੰਗ ਕੋਈ ਤਮਾਸ਼ਾ ਨਹੀਂ, ਜਿਸ ਨੂੰ ਦੇਖਣ ਨਾਲ ਹਰ ਕੋਈ ਮਜ਼ਾ ਲਵੇ। ਲੱਖਾਂ ਘਰ ਜੰਗਾਂ ਨਾਲ ਤਬਾਹ ਹੋ ਜਾਂਦੇ ਹਨ। ਜੇਕਰ ਨਹੀਂ ਗਿਆਤ ਤਾਂ ਇਤਿਹਾਸ 'ਤੇ ਨਿਗ੍ਹਾ ਮਾਰ ਕੇ ਦੇਖ ਲਵੋ।

-ਸੁਰਜੀਤ ਸਿੰਘ ਦਿਲਾਰਾਮ
ਜ਼ਿਲ੍ਹਾ ਫਿਰੋਜ਼ਪੁਰ।

ਵਿਦੇਸ਼ਾਂ ਵਿਚ ਪੜ੍ਹਾਈ
ਪੰਜਾਬ ਦੇ ਜਿਹੜੇ ਵਿਦਿਆਰਥੀ ਯੂਰਪ ਦੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਗਏ ਸਨ, ਉਨ੍ਹਾਂ ਦਾ ਬਹੁਤ ਬੁਰਾ ਹਾਲ ਹੈ। ਨਾ ਤਾਂ ਉਨ੍ਹਾਂ ਨੂੰ ਕੋਰੋਨਾ ਦੀ ਆਫਤ ਕਰਕੇ ਕੋਈ ਕੰਮ ਮਿਲਦਾ ਹੈ ਤੇ ਨਾ ਉਨ੍ਹਾਂ ਤੋਂ ਕਾਲਜਾਂ ਦੀਆਂ ਫੀਸਾਂ ਭਰੀਆਂ ਜਾਂਦੀਆਂ ਹਨ। ਤੇ ਉਥੋਂ ਦੀਆਂ ਸਰਕਾਰਾਂ ਸਾਡੇ ਪੰਜਾਬ ਦੇ ਵਿਦਿਆਰਥੀਆਂ ਦੀ ਕੋਈ ਮਦਦ ਨਹੀਂ ਕਰ ਰਹੀਆਂ। ਖਾਸ ਕਰਕੇ ਕੁੜੀਆਂ ਵਿਚਾਰੀਆਂ ਨੂੰ ਬਹੁਤ ਮੁਸ਼ਕਿਲ ਹੋਈ ਪਈ ਹੈ। ਜਿਨ੍ਹਾਂ ਮਾਪਿਆਂ ਨੇ ਆਪਣੇ ਧੀਆਂ-ਪੁੱਤਾਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਹੈ, ਉਹ ਮਾਪੇ ਆਪਣੇ ਲਾਡਲਿਆਂ ਨੂੰ ਚਾਹੁੰਦੇ ਹੋਏ ਵੀ ਵਿਦੇਸ਼ ਵਿਚ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਭੇਜ ਸਕਦੇ। ਇਸ ਸਮੇਂ ਫਲਾਈਟਾਂ ਨਾ ਚੱਲਣ ਕਰਕੇ ਇਹ ਵਿਦਿਆਰਥੀ ਆਪਣੇ ਦੇਸ਼ ਨਹੀਂ ਆ ਸਕਦੇ ਹਨ। ਕੈਪਟਨ ਸਰਕਾਰ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਛੇਤੀ ਗੱਲ ਕਰੇ ਤਾਂ ਕਿ ਸਾਡੇ ਵਿਦਿਆਰਥੀ ਜਲਦੀ ਆਪਣੇ ਦੇਸ਼ ਆ ਸਕਣ ਜਾਂ ਉਥੋਂ ਦੀ ਸਰਕਾਰ ਉਨ੍ਹਾਂ ਦੀ ਕੋਈ ਸਹਾਇਤਾ ਕਰ ਸਕੇ।

-ਸੁਖਦੇਵ ਸਿੱਧੂ ਕੁਸਲਾ
ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਕੁਦਰਤੀ ਬਨਾਮ ਗ਼ੈਰ-ਕੁਦਰਤੀ ਸੁੰਦਰਤਾ
ਅਜੋਕੇ ਸਮੇਂ ਸਾਡੇ ਸਮਾਜ ਦਾ ਹਰ ਵਰਗ ਆਮ ਕਰਕੇ ਅਤੇ ਨੌਜਵਾਨ ਵਰਗ ਖਾਸ ਕਰਕੇ ਕੁਦਰਤੀ ਸੁੰਦਰਤਾ ਨੂੰ ਤਿਲਾਂਜਲੀ ਦੇ ਕੇ ਗ਼ੈਰ-ਕੁਦਰਤੀ ਸੁੰਦਰਤਾ ਦਾ ਤੇਜ਼ੀ ਨਾਲ ਪਲੜਾ ਫੜ ਰਿਹਾ ਹੈ। ਸਿਆਣਿਆਂ ਦਾ ਕਥਨ ਹੈ ਕਿ ਕੁਦਰਤੀ ਸੁੰਦਰਤਾ ਦਾ ਕੋਈ ਜੋੜ ਨਹੀਂ ਹੁੰਦਾ ਭਾਵ ਇਸ ਨੂੰ ਬਨਾਉਟੀ ਹਾਰ-ਸ਼ਿੰਗਾਰ ਦੀ ਲੋੜ ਨਹੀਂ ਹੁੰਦੀ। ਪਰ ਅਸੀਂ ਇਸ ਵਿਚ ਗ਼ੈਰ-ਕੁਦਰਤੀ ਢੰਗਾਂ ਨਾਲ ਵਿਗਾੜ ਪਾ ਕੇ ਕੁਦਰਤੀ ਸੁੰਦਰਤਾ ਨਾਲ ਖਿਲਵਾੜ ਹੀ ਨਹੀਂ ਕਰ ਰਹੇ, ਬਲਕਿ ਇਸਦੀ ਬੇਕਦਰੀ ਕਰਕੇ ਕੁਦਰਤ ਦੇ ਵੀ ਸ਼ਰੀਕ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਨੂੰ ਕਿਵੇਂ ਵੀ ਉਚਿਤ ਨਹੀਂ ਆਖਿਆ ਜਾ ਸਕਦਾ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

3-07-2020

ਕੋਰੋਨਾ ਦਾ ਨਹੀਂ, ਚੋਣਾਂ ਦਾ ਫ਼ਿਕਰ
ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲੇ ਇਕ ਕਰੋੜ ਤੋਂ ਪਾਰ ਹੋ ਚੁੱਕੇ ਹਨ। ਜਿਸ ਵਿਚ 55 ਲੱਖ ਦੇ ਕਰੀਬ ਮਰੀਜ਼ ਠੀਕ ਹੋਏ ਤੇ 5 ਲੱਖ ਦੇ ਕਰੀਬ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ। ਹਰ ਪਾਰਟੀ ਦੇ ਆਗੂ ਪੰਜਾਬ ਸੂਬੇ ਦੀਆਂ 2022 ਦੀਆਂ ਚੋਣਾਂ ਲਈ ਚਿੰਤਤ ਹਨ ਤੇ ਪਾਰਟੀਆਂ ਦੇ ਆਗੂ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖ ਰਹੇ। ਪੁਲਿਸ ਵਿਭਾਗ ਬਿਨਾਂ ਮਾਸਕ, ਤਾਲਾਬੰਦੀ ਦੌਰਾਨ ਦੁਕਾਨਾਂ ਖੋਲ੍ਹਣ ਤੇ ਜੁਰਮਾਨੇ ਵਸੂਲ ਰਿਹਾ ਹੈ ਪਰ ਮੰਤਰੀਆਂ ਤੇ ਵਿਧਾਇਕਾਂ ਦੇ ਹੋ ਰਹੇ ਇਕੱਠ 'ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਹੈ ਤੇ ਆਮ ਵਰਗ ਦੇ ਚਾਲਾਨ ਕੱਟ ਕੇ ਉੱਚ ਅਧਿਕਾਰੀਆਂ ਤੋਂ ਸ਼ਾਬਾਸ਼ ਲੈ ਰਹੇ ਹਨ। 2022 ਦੀਆਂ ਚੋਣਾਂ ਨੇੜੇੇ-ਨੇੜੇ ਆਉਂਦੀਆਂ ਵੇਖ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਿਆਸੀ ਆਗੂਆਂ ਦੀਆਂ ਅਖ਼ਬਾਰਾਂ ਵਿਚ ਇਕੱਠ ਦੀਆਂ ਤਸਵੀਰਾਂ ਸਾਫ਼ ਨਜ਼ਰ ਆਉਂਦੀਆਂ ਹਨ। ਭਾਵੇਂ ਕਿ ਧਰਨੇ, ਪ੍ਰਦਰਸ਼ਨ ਸਰਕਾਰ ਦੇ ਖਿਲਾਫ਼ ਸੀਮਤ ਇਕੱਠ ਹੋ ਰਹੇ ਹਨ ਪਰ ਸਮਾਜਿਕ ਦੂਰੀ ਨਹੀਂ ਬਣਾਈ ਜਾ ਰਹੀ।

-ਮਾ: ਜਗੀਰ ਸਿੰਘ ਸਫਰੀ, ਸਠਿਆਲਾ, ਅੰਮ੍ਰਿਤਸਰ।

ਆਨਲਾਈਨ ਪੜ੍ਹਾਈ
ਕੋਰੋਨਾ ਮਹਾਂਮਾਰੀ ਨਾਲ ਦੇਸ਼ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਪਏ ਹਨ ਅਤੇ ਵਿਦਿਆਰਥੀ ਘਰ ਵਿਚ ਹੀ ਰਹਿਣ ਲਈ ਮਜਬੂਰ ਹਨ। ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਕਰਨ ਦੀ ਹਦਾਇਤ ਦਿੱਤੀ ਗਈ ਹੈ ਤਾਂ ਕਿ ਸਿਲੇਬਸ ਪਿੱਛੇ ਨਾ ਰਹਿ ਜਾਵੇ। ਜ਼ੂਮ, ਗੂਗਲ ਮੀਟ ਅਤੇ ਕਈ ਹੋਰ ਵੀਡੀਓ ਕਾਨਫ਼ਰੰਸਿੰਗ ਐਪ ਦੀ ਵਰਤੋਂ ਨਾਲ ਪੜ੍ਹਾਇਆ ਜਾ ਰਿਹਾ ਹੈ। ਭਾਵੇਂ ਇਸ ਕੋਰੋਨਾ ਕਾਲ ਵਿਚ ਆਨਲਾਈਨ ਪੜ੍ਹਾਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਪਰ ਜੇਕਰ ਧਰਾਤਲ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਕੁਝ ਕਮੀਆਂ ਵੀ ਹਨ। ਘਰ ਵਿਚ ਜਮਾਤ ਵਰਗਾ ਮਾਹੌਲ ਪੈਦਾ ਨਹੀਂ ਕੀਤਾ ਜਾ ਸਕਦਾ। ਦੂਸਰਾ ਇਸ ਵਿਚ ਬੱਚੇ ਪ੍ਰਯੋਗ ਜਾਂ ਸਰਗਰਮੀ ਤੋਂ ਸੱਖਣੇ ਰਹਿ ਜਾਂਦੇ ਹਨ ਕਈ ਘਰਾਂ ਵਿਚ ਸਿਰਫ਼ ਮਾਂ-ਬਾਪ ਕੋਲ ਹੀ ਸਮਾਰਟ ਫੋਨ ਹਨ ਅਤੇ ਕੰਮ-ਕਾਰ 'ਤੇ ਜਾਣ ਕਰਕੇ ਕਈ ਬੱਚੇ ਇਸ ਪ੍ਰਣਾਲੀ ਦਾ ਫਾਇਦਾ ਨਹੀਂ ਉਠਾ ਪਾਉਂਦੇ, ਜੋ ਆਨਲਾਈਨ ਸਿੱਖਿਆ ਪ੍ਰਣਾਲੀ ਵਿਚ ਅੜਿੱਕਾ ਬਣਦੇ ਹਨ।

-ਹਰਪ੍ਰੀਤ ਸਿੰਘ , ਕੇ.ਵੀ ਨਾਭਾ।

ਪੰਜਾਬ ਦੀਆਂ ਜੜ੍ਹਾਂ ਆਪ ਵੱਢ ਰਹੇ
ਪਿਛਲੇ ਦਿਨੀਂ 'ਅਜੀਤ' ਵਿਚ ਪ੍ਰਿੰ: ਸਰਵਣ ਸਿੰਘ ਦਾ ਲੇਖ 'ਪੰਜਾਬ ਮਾਰੂਥਲ ਨਹੀਂ ਬਣੇਗਾ ਤਾਂ ਕੀ ਬਣੇਗਾ?' ਭਾਰੀ ਹਲੂਣਾ ਦਿੰਦਾ ਹੈ ਕਿ ਪੰਜਾਬ ਦੀ 75 ਲੱਖ ਏਕੜ ਜ਼ਮੀਨ ਵਿਚ ਝੋਨਾ ਲੱਗੇਗਾ। ਚਾਰ-ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਲੁਆਈ ਹੈ। ਮੁਫ਼ਤ ਬਿਜਲੀ ਪਾਣੀ ਕੁਲੰਜੀ ਜਾਂਦੀ ਹੈ। ਕੀਹਨੂੰ ਪਰਵਾਹ ਹੈ ਪੰਜਾਬ ਦੇ ਮਾਰੂਥਲ ਬਣ ਜਾਣ ਦੀ? ਚੌਲ ਪੰਜਾਬੀਆਂ ਦਾ ਖਾਜਾ ਨਹੀਂ। ਝੋਨੇ ਕਰਕੇੇ ਪੰਜਾਬ ਪਹਿਲਾਂ ਖੁਸ਼ਹਾਲ ਹੋਇਆ, ਪਿੱਛੋਂ ਕੰਗਾਲ। ਫਾਇਦਾ ਚੌਲ ਖਾਣੇ ਸੂਬਿਆਂ ਦੀਆਂ ਸਰਕਾਰਾਂ ਤੇ ਖਪਤਕਾਰਾਂ ਨੂੰ ਹੁੰਦਾ ਹੈ। ਲੇਖਕ ਦਾ ਸੁਝਾਅ ਵਜ਼ਨਦਾਰ ਹੈ ਕਿ ਸਾਲਾਨਾ 6500 ਕਰੋੜ ਰੁਪਏ ਦੀ ਸਬਸਿਡੀ ਟਿਊਬਵੈਲਾਂ ਨੂੰ ਮੁਫ਼ਤ ਦੇਣ ਦੀ ਥਾਂ ਨਕਦ ਦੇਣੀ ਚਾਹੀਦੀ ਹੈ। ਸਹੀ ਚਿੰਤਾ ਹੈ, ਪੰਜਾਬ ਸਰਕਾਰ ਤੇ ਪੰਜਾਬੀ ਕਿਸਾਨ ਆਪਣੇ ਰੁੱਖ ਦੀਆਂ ਜੜ੍ਹਾਂ ਆਪ ਹੀ ਵੱਢ ਰਹੇ ਹਨ।

-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਹੁਸ਼ਿਆਰਪੁਰ।

ਵਿਚਾਰ ਕਰਨ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਨਿਸ਼ਾਨ ਸਿੰਘ ਦਾ ਲੇਖ 'ਸਿਲੇਬਸ ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ' ਪੜ੍ਹਿਆ। ਡਾ: ਸਾਹਿਬ ਨੇ ਠੀਕ ਹੀ ਕਿਹਾ ਹੈ ਕਿ ਗਿਆਨ ਦਾ ਕੋਈ ਅੰਤ ਨਹੀਂ ਪਰ ਗਿਆਨ ਪ੍ਰਾਪਤੀ ਜ਼ਰੂਰੀ ਵੀ ਹੈ। ਸਾਡੇ ਦੇਸ਼ ਵਿਚ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ 'ਤੇ ਸਕੂਲੀ ਸਿਲੇਬਸ ਦਾ ਬਹੁਤ ਜ਼ਿਆਦਾ ਬੋਝ ਹੈ। ਇਤਿਹਾਸ ਉਹ ਪੜ੍ਹਾਇਆ ਜਾਵੇ ਜੋ ਅੱਜ ਵੀ ਜਿਊਂਦਾ ਹੈ। ਸਾਡੇ ਮਹਾਨ ਯੋਧੇ, ਜਰਨੈਲ, ਸੂਰਮੇ, ਸ਼ਹੀਦ ਅਤੇ ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀਆਂ ਦੀਆਂ ਕਥਾਵਾਂ ਪੜ੍ਹਾਈਆਂ ਜਾਣ ਤਾਂ ਕਿ ਇਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਜੀਵਨ-ਜਾਚ ਸਿੱਖ ਸਕਣ, ਵਿਦਿਆਰਥੀ ਨੈਤਿਕ ਗੁਣਾਂ ਵਾਲੇ ਨਾਗਰਿਕ ਬਣਨ ਤਾਂ ਕਿ ਭਵਿੱਖ ਵਿਚ ਹੋਣ ਵਾਲੇ ਝਗੜਿਆਂ ਅਤੇ ਅਪਰਾਧਾਂ ਤੋਂ ਬਚਿਆ ਜਾ ਸਕੇ। ਸੋ, ਸਮੇਂ ਦੀ ਸਰਕਾਰ ਅਤੇ ਸਿੱਖਿਆ ਘਾੜਿਆਂ ਨੂੰ ਸਿਲੇਬਸ ਬਾਰੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਵਿਦਿਆਰਥੀ ਅੱਜ ਨੂੰ ਸਹੀ ਸੇਧ ਦੇ ਸਕਣ।

-ਰਣਜੀਤ ਕੌਰ
ਸੇਵਾ-ਮੁਕਤ ਲੈਕ: ਕੋਟਕਪੂਰਾ।

ਮਤਰੇਆਂ ਵਾਲਾ ਸਲੂਕ
ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ 1966 ਵਿਚ ਦਿੱਤਾ ਗਿਆ ਜਿਸ ਦਾ ਭਾਵ ਇਹ ਕਿ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿਚ ਕੰਮਕਾਜ ਦੀ ਭਾਸ਼ਾ ਦਾ ਮਾਧਿਅਮ ਪੰਜਾਬੀ ਹੋਵੇਗਾ। ਪਰ ਸ਼ਾਇਦ ਅੱਜ ਸਾਡੀ ਸਰਕਾਰ ਇਹ ਗੱਲ ਭੁੱਲ ਚੁੱਕੀ ਹੈ ਜਾਂ ਫਿਰ ਸ਼ਾਇਦ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਿਚ ਇਹ ਭੁੱਲ ਚੁੱਕੇ ਹਨ ਕਿ ਸਕੂਲ ਵੀ ਸਰਕਾਰੀ ਅਦਾਰਿਆਂ ਦਾ ਅਹਿਮ ਹਿੱਸਾ ਹਨ। ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਪਹਿਲੀ ਜਮਾਤ ਤੋਂ ਹੀ ਬੱਚਿਆਂ ਦੀ ਸਿੱਖਿਆ ਦਾ ਮਾਧਿਅਮ ਪੰਜਾਬੀ ਤੋਂ ਅੰਗਰੇਜ਼ੀ ਕਰਨ ਵਿਚ ਮਿਹਨਤ ਤੇ ਮਦਦ ਕੀਤੀ ਹੈ। ਸਰਕਾਰ ਬੱਚਿਆਂ ਨੂੰ ਗੁੜ੍ਹਤੀ ਹੀ ਅੰਗਰੇਜ਼ੀ ਭਾਸ਼ਾ ਵਿਚ ਦੇ ਰਹੀ ਹੈ ਤਾਂ ਅਸੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਇਹ ਪੀੜ੍ਹੀ ਭਵਿੱਖ ਵਿਚ ਮਾਂ-ਬੋਲੀ ਦੇ ਪ੍ਰਚਾਰ ਵਿਚ ਸਹਾਈ ਹੋਵੇਗੀ? ਕੀ ਵਿਭਾਗ ਨੂੰ ਲਗਦਾ ਹੈ ਕਿ ਪੰਜਾਬੀ ਭਾਸ਼ਾ ਰਾਹੀਂ ਦਿੱਤੀ ਸਿੱਖਿਆ ਗੁਣਾਤਮਕ ਨਹੀਂ ਹੋਵੇਗੀ? ਜਾਂ ਫਿਰ ਸਰਕਾਰ ਅਜਿਹੀਆਂ ਨੀਤੀਆਂ ਪਾਸ ਕਰਕੇ ਆਪਣੀ ਘਰ-ਘਰ ਨੌਕਰੀ ਵਾਲੇ ਵਾਅਦੇ ਨੂੰ ਨਾ ਪੂਰਾ ਕਰ ਸਕਣ ਦਾ ਸਬੂਤ ਦੇ ਰਹੀ ਹੈ? ਕਿਸੇ ਸਹੀ ਹੀ ਕਿਹਾ ਸੀ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜੋ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ ਹੈ...। ਸਰਕਾਰ ਨੂੰ ਇਨ੍ਹਾਂ ਦੋਗਲੀਆਂ ਚਾਲਾਂ ਨੂੰ ਛੱਡ ਆਪਣੀ ਮਾਂ-ਬੋਲੀ ਪੰਜਾਬੀ ਦੇ ਮਾਧਿਅਮ ਵਿਚ ਹੀ ਗੁਣਾਤਮਕ ਸਿੱਖਿਆ ਦੇ ਕੇ ਵਿਦਿਆਰਥੀਆਂ ਦਾ ਹਰ ਪੱਖੋਂ ਉੱਤਮ ਵਿਕਾਸ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

-ਪ੍ਰਿਆ ਸੁਮਨ

2-07-2020

 ਦੂਰਅੰਦੇਸ਼ੀ ਸਮਝ ਦੀ ਲੋੜ
ਇਸ ਸਮੇਂ ਚੀਨ ਤੇ ਭਾਰਤ ਦੇ ਆਪਸੀ ਤਣਾਅ ਕਾਰਨ ਇਹ ਵਿਰੋਧ ਹੋ ਰਿਹਾ ਹੈ ਕਿ ਚੀਨੀ ਵਸਤੂਆਂ ਦਾ ਭਾਰਤ ਵਿਚੋਂ ਬਾਈਕਾਟ ਕੀਤਾ ਜਾਵੇ। ਦਰਅਸਲ ਭਾਰਤ ਦਾ ਜ਼ਿਆਦਾਤਰ ਵਪਾਰ ਚੀਨੀ ਵਸਤੂਆਂ 'ਤੇ ਨਿਰਭਰ ਹੈ। ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਆਉਂਦਾ ਹੈ, ਜਿਥੇ ਜ਼ਿਆਦਾਤਰ ਲੋਕ ਆਰਥਿਕ ਥੁੜਾਂ ਕਾਰਨ ਜੂਝ ਰਹੇ ਹਨ। ਮਹਿੰਗੀਆਂ ਵਸਤੂਆਂ ਖ਼ਰੀਦਣਾ ਉਨ੍ਹਾਂ ਦੇ ਵੱਸੋਂ ਬਾਹਰੀ ਹੈ। ਇਸ ਤੋਂ ਇਲਾਵਾ ਜੋ ਵਸਤੂਆਂ ਅਸੀਂ ਆਪਣੇ ਦੇਸ਼ ਵਿਚ ਬਣਾਉਂਦੇ ਹਾਂ, ਉਸ ਵਿਚ ਵੀ ਜ਼ਿਆਦਾਤਰ ਚੀਨੀ ਵਸਤੂਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਗੱਲ ਕਰੀਏ ਤਾਂ ਇਸ ਵਿਚ ਵਧੇਰੇ ਤਕਨੀਕ ਤੇ ਮਸ਼ਨੀਰੀ ਚੀਨ 'ਤੇ ਆਧਾਰਿਤ ਹੈ। ਇਸ ਲਈ ਚੀਨੀ ਵਪਾਰ ਸਬੰਧੀ ਸਰਕਾਰ ਨੂੰ ਦੂਰਅੰਦੇਸ਼ੀ ਸਮਝ ਅਪਣਾਉਣੀ ਪਵੇਗੀ, ਕਿਉਂਕਿ ਮਹਿੰਗੀਆਂ ਵਸਤੂਆਂ ਦੀ ਮਾਰ ਸਾਧਾਰਨ ਵਿਅਕਤੀ ਸਹਿਣ ਨਹੀਂ ਕਰ ਸਕਦਾ। ਜੇਕਰ ਸੱਚਮੁੱਚ ਹੀ ਅਸੀਂ ਚੀਨੀ ਵਸਤੂਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਚੀਨ ਦੀ ਤਰਜ਼ 'ਤੇ ਆਧਾਰਿਤ ਵਸਤਾਂ ਦਾ ਨਿਰਮਾਣ ਕਰਨਾ ਪਏਗਾ, ਤਕਨੀਕ ਤੇ ਮਸ਼ੀਨੀ ਵਸਤੂਆਂ ਦੀ ਮੁਹਾਰਤ ਸਾਡੇ ਦੇਸ਼ ਵਿਚ ਸਥਾਪਤ ਕਰਨੀ ਪਵੇਗੀ।

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਨਾਦਰਸ਼ਾਹੀ ਫ਼ਰਮਾਨ
ਬੀਤੇ ਦਿਨੀਂ ਸੰਪਾਦਕੀ ਪੰਨੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਦੁਆਰਾ ਲਿਖਿਆ ਲੇਖ ਬਹੁਤ ਹੀ ਕਾਬਲੇ ਤਾਰੀਫ਼ ਸੀ, ਜਿਸ ਵਿਚ ਉਨ੍ਹਾਂ ਨੇ ਬਿਨਾਂ ਝਿਜਕ ਇਹ ਗੱਲ ਕਹੀ ਕਿ ਇਕ ਪਾਸੇ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪੁਰਬ ਮਨਾ ਰਹੇ ਹਾਂ। ਇਹ ਸਾਰਾ ਕੁਝ ਜਾਣਦੇ ਹੋਏ ਵੀ ਅਸੀਂ ਕਿਸੇ ਦਾ ਭਲਾ ਤਾਂ ਕੀ ਕਰਨਾ ਹੈ, ਰੋਜ਼ੀ-ਰੋਟੀ ਜ਼ਰੂਰ ਖੋਹਣ ਦਾ ਉਪਰਾਲਾ ਕਰਦੇ ਰਹਿੰਦੇ ਹਾਂ। ਫਿਰ ਇਹ ਕਹਿਣਾ ਵੀ ਬਣਦਾ ਹੈ ਸਾਡੇ ਨਾਲੋਂ ਤਾਂ ਪਾਕਿਸਤਾਨ ਹੀ ਇਸ ਕੰਮ ਵਿਚ ਚੰਗਾ ਹੈ ਜਿਸ ਨੇਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਬਣਾ ਦਿੱਤੀ ਹੈ ਤੇ ਅਸੀਂ ਗੁਰੂ ਦੇ ਨਾਂਅ 'ਤੇ ਬਣੀਆਂ ਹੋਈਆਂ ਯਾਦਗਾਰਾਂ 'ਤੇ ਏਨੇ ਵੱਡੇ ਥਰਮਲ ਪਲਾਂਟ ਨੂੰ ਮਿੱਟੀ ਵਿਚ ਮਿਲਾਉਣ ਦੇ ਮਤੇ ਪਾਸ ਕਰ ਦਿੱਤੇ ਹਨ। ਇਹ ਕਹਿ ਕੇ ਕੇ ਬਿਜਲੀ ਸਰਪਲੱਸ ਹੋ ਗਈ ਹੈ ਕਿੰਨਿਆਂ ਹਜ਼ਾਰਾਂ ਲੋਕਾਂ ਦੇ ਚੁੱਲ੍ਹੇ ਵਿਚ ਥਰਮਲ ਪਲਾਂਟ ਦੀ ਹੋਂਦ ਆਉਣ ਨਾਲ ਰੋਟੀ ਪੱਕਦੀ ਪਈ ਸੀ, ਹੁਣ ਸਾਰੇ ਕਿੱਧਰ ਨੂੰ ਜਾਣਗੇ, ਉਨ੍ਹਾਂ ਨੂੰ ਰੁਜ਼ਗਾਰ ਕੌਣ ਦੇਵੇਗਾ। ਕੀ ਇਹ ਮੀਟਿੰਗ ਵਿਚ ਸਹੀ ਮਾਰਨ ਤੋਂ ਪਹਿਲਾਂ ਇਸ ਬਾਰੇ ਵੀ ਕੋਈ ਚਰਚਾ ਕੀਤੀ ਹੈ। ਵੇਖੋ ਇਹ ਨਾਦਰਸ਼ਾਹੀ ਫ਼ਰਮਾਨ ਨੂੰ ਵਾਪਸ ਲਿਆ ਜਾਂਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।

ਖ਼ੁਦਕੁਸ਼ੀ ਕਿਉਂ ਕਰਦੇ ਹਨ ਫ਼ਿਲਮੀ ਸਿਤਾਰੇ?
ਬੀਤੇ ਦਿਨੀਂ 'ਅਜੀਤ' ਵਿਚੋਂ ਪ੍ਰੋ: ਐਚ.ਐਸ. ਡਿੰਪਲ ਵਲੋਂ ਲਿਖਿਆ ਗਿਆ ਲੇਖ 'ਖ਼ੁਦਕੁਸ਼ੀ ਕਿਉਂ ਕਰਦੇ ਹਨ ਫ਼ਿਲਮ ਸਿਤਾਰੇ?' ਪੜ੍ਹਨ ਨੂੰ ਮਿਲਿਆ, ਜੋ ਜਾਣਕਾਰੀ ਭਰਪੂਰ ਸੀ। ਜਿਸ ਵਿਚ ਉਨ੍ਹਾਂ ਪਿਛਲੇ ਦਿਨੀਂ ਆਤਮ-ਹੱਤਿਆ ਕਰਨ ਵਾਲੇ ਫ਼ਿਲਮ ਸਟਾਰਾਂ ਸੁਸ਼ਾਂਤ ਸਿੰਘ ਰਾਜਪੂਤ, ਜੀਆ ਖ਼ਾਨ, ਦਿਵਿਆ ਭਾਰਤੀ, ਮਾਰਲਿਨ ਮੁਨਰੋ, ਟੀ.ਵੀ. ਅਦਾਕਾਰ ਮਨਮੀਤ ਗਰੇਵਾਲ ਦੇ ਹਵਾਲੇ ਨਾਲ ਇਹ ਲੇਖ ਲਿਖਿਆ ਹੈ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਆਤਮ-ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਅਖੀਰ ਵਿਚ ਪ੍ਰੋਫੈਸਰ ਡਿੰਪਲ ਨੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ, ਜਿਵੇਂ ਜੀਵਨ ਵਿਚ ਸਿਰਫ ਪੈਸਾ ਸਭ ਕੁਝ ਨਹੀਂ ਹੁੰਦਾ। ਮਜ਼ਬੂਤ ਮਾਨਸਿਕਤਾ ਚੰਗੇ ਅਤੇ ਉਸਾਰੂ ਵਿਚਾਰ, ਸਾਹਿਤ ਅਤੇ ਅਨੁਭਵ ਤੋਂ ਹਾਸਲ ਹੁੰਦੀ ਹੈ, ਅਸਫਲ ਹੋਣ ਦਾ ਅਰਥ ਜ਼ਿੰਦਗੀ ਦਾ ਖ਼ਾਤਮਾ ਨਹੀਂ। ਸੋ, ਦੋਸਤੋ, ਮੇਰੇ ਵਲੋਂ ਇਹ ਕਹਿਣਾ ਬਣਦਾ ਹੈ ਕਿ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਦਾ ਭਰਪੂਰ ਅਨੰਦ ਲਓ, ਜ਼ਿੰਦਗੀ ਜਿਊਣੀ ਸਿੱਖੋ, ਦੋਸਤਾਂ, ਪਰਿਵਾਰਾਂ ਨਾਲ ਹੱਸੋ, ਖੇਡੋ, ਆਪਣੇ ਅੰਦਰਲੇ ਬੱਚੇ ਨੂੰ ਜਿਊਂਦਾ ਰੱਖੋ, ਕਦੇ-ਕਦੇ ਕੁਦ ਬੱਚਿਆਂ ਵਾਲੀਆਂ ਹਰਕਤਾਂ ਕਰੋ।

-ਧਰਵਿੰਦਰ ਸਿੰਘ ਔਲਖ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।

ਭੰਗ ਤੇ ਗਾਜਰ ਬੂਟੀ
ਗਾਜਰ ਬੂਟੀ ਜੋ ਕਿ 6-7 ਦਹਾਕੇ ਪਹਿਲਾਂ ਅਮਰੀਕਾ 'ਚੋਂ ਕਣਕ ਦੇ ਨਾਲ ਆਈ ਸੀ, ਨੇ ਜਿਥੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਵਿਚ ਪੈਰ ਪਸਾਰੇ ਹਨ, ਉਥੇ ਹੀ ਭੰਗ ਵੀ ਆਮ ਹੀ ਉੱਗੀ ਵੇਖੀ ਜਾ ਸਕਦੀ ਹੈ। ਇਹ ਦੋਵੇਂ ਬੂਟੀਆਂ ਖਾਲੀ ਥਾਵਾਂ, ਪਲਾਟਾਂ, ਸੜਕਾਂ ਦੇ ਕੰਢੇ, ਰੇਲਵੇ ਟਰੈਕਾਂ ਆਦਿ 'ਤੇ ਆਮ ਹੀ ਹੁੰਦੀ ਹੈ। ਭੰਗ ਮੁਫਤ ਦਾ ਨਸ਼ਾ ਹੋਣ ਕਾਰਨ ਕਈ ਨੌਜਵਾਨ ਇਸ ਦਾ ਸੇਵਨ ਕਰਦੇ ਹਨ, ਜਿਥੇ ਇਹ ਉਨ੍ਹਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਉਥੇ ਹੀ ਗਾਜਰ ਬੂਟੀ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਇਹ ਦੋਵੇਂ ਬੂਟੀਆਂ ਵੀ ਪੂਰੀ ਹਰਿਆਲੀ ਮਾਰਨ ਲੱਗ ਜਾਣਗੀਆਂ ਅਤੇ ਇਨ੍ਹਾਂ ਦਾ ਬੀਜ ਪੱਕ ਕੇ ਫਿਰ ਧਰਤੀ 'ਤੇ ਡਿੱਗੇਗਾ, ਜਿਸ ਨਾਲ ਅਗਲੇ ਸਾਲ ਇਨ੍ਹਾਂ ਬੂਟੀਆਂ ਦੀ ਪੈਦਾਵਾਰ ਵਿਚ ਹੋਰ ਵਾਧਾ ਹੋ ਜਾਵੇਗਾ। ਜਿਥੇ ਲੋਕਾਂ ਨੂੰ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ, ਉਥੇ ਹੀ ਇਨ੍ਹਾਂ ਬੂਟੀਆਂ ਦੇ ਮੁਕੰਮਲ ਖਾਤਮੇ ਲਈ ਸਰਕਾਰ, ਪ੍ਰਸ਼ਾਸਨ, ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀ ਸੰਸਥਾਵਾਂ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ, ਜਲੰਧਰ।

ਆਰਡੀਨੈਂਸਾਂ ਦਾ ਪ੍ਰਭਾਵ
ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਸੁਧਾਰ ਆਰਡੀਨੈਂਸਾਂ ਨਾਲ ਸੂਬਿਆਂ ਦੇ ਮਾਲੀਏ 'ਤੇ ਵੀ ਅਸਰ ਪਵੇਗਾ। ਰਾਜ ਸਰਕਾਰਾਂ ਨੂੰ ਜੋ ਆਮਦਨ ਹੁੰਦੀ ਸੀ, ਇਨ੍ਹਾਂ ਦੇ ਲਾਗੂ ਹੋਣ ਨਾਲ ਸਰਕਾਰਾਂ ਦੀ ਆਮਦਨ 'ਚ ਕਮੀ ਆਏਗੀ। ਜਿਨ੍ਹਾਂ ਕਿਸਾਨਾਂ ਦੀ ਹੈਸੀਅਤ ਬਾਹਰ ਦੀਆਂ ਮੰਡੀਆਂ 'ਚ ਮਾਲ ਖੜਨ ਦੀ ਨਹੀਂ ਹੋਵੇਗੀ, ਵੱਡੇ ਵਪਾਰੀ ਉਨ੍ਹਾਂ ਛੋਟੇ ਕਿਸਾਨਾਂ ਦਾ ਫਾਇਦਾ ਉਠਾਉਣਗੇ। ਆਪਣੀਆਂ ਸ਼ਰਤਾਂ ਮਨਾ ਉਨ੍ਹਾਂ ਦਾ ਸ਼ੋਸ਼ਣ ਕਰਨਗੇ। ਇਸ ਦਾ ਸਿਰਫ ਵੱਡੇ ਵਪਾਰੀ ਤੇ ਵੱਡੇ ਜ਼ਿਮੀਂਦਾਰਾਂ ਨੂੰ ਫਾਇਦਾ ਹੋਵੇਗਾ। ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਵਾਜਬ ਫ਼ਸਲਾਂ ਦੇ ਰੇਟ ਦਿੱਤੇ ਜਾਣ, ਖੇਤੀ ਦੇ ਉਪਕਰਨ ਸਸਤੇ ਦਿੱਤੇ ਜਾਣ, ਖਾਦਾਂ, ਦਵਾਈਆਂ ਸਸਤੀਆਂ, ਸਸਤਾ ਕਰਜ਼ਾ, ਝੋਨੇ ਦੀ ਤੇ ਕਣਕ ਦੀ ਬਿਜਾਈ ਸਮੇਂ ਪੂਰੀ ਬਿਜਲੀ ਮੁਹੱਈਆ ਕੀਤੀ ਜਾਵੇ। ਬੱਚਿਆਂ ਦੀ ਮੁਫ਼ਤ ਪੜ੍ਹਾਈ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ। ਇਸ ਨਾਲ ਰਾਜ ਸਰਕਾਰ ਦਾ ਮਾਲੀਆ ਵੀ ਬਚਿਆ ਰਹੇਗਾ ਤੇ ਛੋਟੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਇਸ 'ਤੇ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ।

1-07-2020

 ਸਿੱਖਿਆ ਦਾ ਡਿੱਗ ਰਿਹਾ ਪੱਧਰ

ਅੱਜ ਦੀ ਸਿੱਖਿਆ ਪ੍ਰਾਪਤ ਕਰਨ ਦਾ ਮੁਢਲਾ ਮਕਸਦ ਨੌਕਰੀ ਹੈ ਜਦ ਕਿ ਹਰੇਕ ਪੜ੍ਹੇ-ਲਿਖੇ ਨੂੰ ਨੌਕਰੀ ਮਿਲੇ, ਸੰਭਵ ਨਹੀਂ ਹੈ। ਮੇਰੀ ਨਿੱਜੀ ਸੋਚ ਅਨੁਸਾਰ ਜੇਕਰ ਹਿਸਾਬ ਦੇ ਸਿਲੇਬਸ ਦੀ ਗੱਲ ਕਰੀਏ ਤਾਂ ਸਾਡੀ ਰੋਜ਼ਾਨਾ ਦੇ ਵਰਤਾਰੇ ਵਿਚ ਜਮ੍ਹਾਂ, ਘਟਾਉ, ਗੁਣਾ, ਤਕਸੀਮ ਜਾਂ ਫਿਰ ਕੁਝ ਵਰਤੋਂ ਪਹਾੜਿਆਂ ਦੀ ਹੁੰਦੀ ਹੈ। ਜ਼ਮੀਨ ਦੀ ਗਿਣਤੀ, ਜਿਸ ਦੀ ਕਿ ਹਰ ਇਕ ਵਿਅਕਤੀ ਨੂੰ ਸਮਝ ਹੋਣੀ ਜ਼ਰੂਰੀ ਹੈ ਕਿ ਕਿਵੇਂ ਮਰਲੇ ਕੱਢਣੇ, ਇਕ ਮਰਲੇ ਵਿਚ ਕਿੰਨੇ ਫੁੱਟ ਹੁੰਦੇ ਹਨ, ਇਕ ਕਿੱਲੇ ਵਿਚ ਕਿੰਨੇ ਫੁੱਟ, ਕਿੰਨੀਆਂ ਕਰਮਾਂ ਆਦਿ ਹੁੰਦੀਆਂ ਹਨ। ਪਰ ਇਹ ਸਭ ਕੁਝ ਪੜ੍ਹਨ ਵਾਲਿਆਂ ਬੱਚਿਆਂ ਦੀਆਂ ਕਿਤਾਬਾਂ ਵਿਚ ਨਹੀਂ ਮਿਲਦਾ। ਇਸ ਦੇ ਨਾਲ-ਨਾਲ ਛੋਟੇ ਬੱਚਿਆਂ ਤੋਂ ਲੈ ਕੇ ਸੈਕੰਡਰੀ ਤੱਕ ਦੇ ਬੱਚਿਆਂ ਲਈ ਸਿਲੇਬਸ ਵਿਚ ਟ੍ਰੈਫਿਕ ਦੇ ਨਿਯਮ, ਕਾਨੂੰਨੀ ਸਹਾਇਤਾ, ਸ਼ਹੀਦਾਂ ਦੀਆਂ ਕਹਾਣੀਆਂ, ਕਿੱਤੇ ਨਾਲ ਸਬੰਧਿਤ ਟ੍ਰੇਨਿੰਗ ਆਦਿ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਸਮੇਂ ਕਾਗਜ਼ੀ ਕਾਰਵਾਈ ਬਹੁਤ ਵਧ ਗਈ ਹੈ ਪਰ ਸਿੱਖਿਆ ਦਾ ਪੱਧਰ ਗਿਰਾਵਟ ਵੱਲ ਜਾ ਰਿਹਾ ਹੈ। ਬੱਚੇ ਦੀ ਦਿਲਚਸਪੀ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।

-ਗੁਰਿੰਦਰ ਕਲੇਰ, ਗੁਰਦਾਸਪੁਰ।

ਪੰਜਾਬ ਦਾ ਪੁੱਤਰ

ਆਪਾਂ ਪੰਜਾਬ ਦੇ ਪੁੱਤਰ ਸੋਨੂੰ ਸੂਦ ਦੀ ਗੱਲ ਕਰਦੇ ਹਾਂ ਜੋ ਕਿ ਅੱਜਕਲ੍ਹ ਮੀਡੀਆ 'ਤੇ ਪੰਜਾਬ ਤੇ ਪੰਜਾਬੀਅਤ ਦਾ ਨਾਂਅ ਉੱਚਾ ਕਰ ਰਿਹਾ ਹੈ। ਸੋਨੂੰ ਸੂਦ ਨੇ ਉਹ ਕਰਕੇ ਦਿਖਾ ਦਿੱਤਾ ਜੋ ਮਹਾਰਾਸ਼ਟਰ ਦੀ ਸਰਕਾਰ ਵੀ ਨਹੀਂ ਕਰ ਸਕੀ। ਭਾਵੇਂ ਕਿ ਇਹ ਤ੍ਰਾਸਦੀ ਪੂਰੇ ਵਿਸ਼ਵ ਦੀ ਹੈ ਪਰ ਭਾਰਤ ਦੇ ਹਿਸਾਬ ਨਾਲ ਉਪਰੋਕਤ ਰਾਜ ਦਾ ਬੁਰਾ ਹਾਲ ਹੈ। ਇਥੋਂ ਦੇ ਸ਼ਿਵ ਸੈਨਾ ਦੇ ਇਕ ਮੌਜੂਦਾ ਸੰਸਦ ਮੈਂਬਰ ਸੰਜੇ ਰਾਉਤ ਨੇ ਇਹ ਹਾਸੋਹੀਣਾ ਜਿਹਾ ਬਿਆਨ ਦਿੱਤਾ ਹੈ ਕਿ ਅਚਾਨਕ ਸੋਨੂੰ ਸੂਦ ਅੱਗੇ ਆ ਗਿਆ ਮਹਾਤਮਾ ਬਣ ਕੇ। ਇਹ ਭਾਜਪਾ ਦੀ ਸਾਜਿਸ਼ ਹੈ। ਸੰਜੇ ਰਾਉਤ ਨੂੰ ਜਿਥੇ ਇਸ ਪੰਜਾਬ ਦੇ ਪੁੱਤਰ ਦੀ ਸ਼ਲਾਘਾ ਕਰਨੀ ਚਾਹੀਦੀ ਸੀ, ਉਥੇ ਇਹ ਬਿਆਨ ਹਜ਼ਮ ਹੋਣ ਤੋਂ ਬਾਹਰ ਹੈ ਕਿਉਂਕਿ ਉਸ ਨੇ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਕੇ ਹੀ ਨਹੀਂ ਦੇਖਿਆ। ਅਮਰੀਕੀ ਰਾਸ਼ਟਰਪਤੀ ਨੇ ਵੀ ਸ਼ਲਾਘਾ ਕੀਤੀ ਹੈ।

-ਪ੍ਰਭਜੋਤ ਸਿੰਘ ਪੱਬਾ, (ਬਿਆਸ)।

ਜਿਊਣ ਦਾ ਸਹੀ ਢੰਗ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ। ਇਹ ਹੁਣ ਸਾਡੇ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜੀਅ ਰਹੇ ਹਨ। ਅੱਜਕਲ੍ਹ ਜੋ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਬਾਪ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣ। ਕੱਲ੍ਹ ਨੂੰ ਬੱਚੇ ਵੱਡੇ ਵੀ ਹੁੰਦੇ ਹਨ, ਸੋ ਕਾਲਜਾਂ, ਯੂਨੀਵਰਸਿਟੀਆਂ ਵਿਚ ਗੱਲਾਂ ਹੋ ਜਾਂਦੀਆਂ ਹਨ ਤਾਂ ਬੱਚੇ ਬਿਨਾਂ ਬੇਝਿਜਕ ਆਪਣੇ ਮਾਂ-ਬਾਪ ਨੂੰ ਦੱਸਣਗੇ। ਸੋ, ਮਾਂ ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਵੇ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗਲਤ ਕਦਮ ਨਾ ਚੁੱਕਣ। ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ।

-ਸੰਜੀਵ ਸਿੰਘ ਸੈਣੀ,
ਮੁਹਾਲੀ।

30-06-2020

 ਲਾਵਾਰਸ ਮਜ਼ਦੂਰ

ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਪ੍ਰਵਾਸੀ ਮਜ਼ਦੂਰਾਂ ਦੀ ਅਚਾਨਕ ਉੱਠੀ ਹਿਜਰਤ ਨੇ ਹਰ ਇਕ ਦੇਸ਼ ਵਾਸੀ 'ਚ ਹੈਰਾਨਗੀ ਪੈਦਾ ਕਰ ਦਿੱਤੀ। ਇਸ ਗੰਭੀਰ ਤੇ ਦੁਖਦਾਈ ਹਿਜਰਤ ਨੇ ਦੇਸ਼ ਦੀ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪਾ ਦਿੱਤੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਕੇਂਦਰ ਤੇ ਸੂਬਾ ਸਰਕਾਰਾਂ ਇਸ ਹਿਜਰਤ ਨੂੰ ਰੋਕਣ ਲਈ ਬੇਵੱਸ ਹੋ ਗਈਆਂ ਹੋਣ। ਭਾਵੇਂ ਬਾਅਦ ਵਿਚ ਸਰਕਾਰਾਂ ਵਲੋਂ ਮਜ਼ਦੂਰਾਂ ਨੂੰ ਮੰਜ਼ਿਲ 'ਤੇ ਪਹੁੰਚਦਾ ਕਰਨ ਲਈ ਰੇਲ ਗੱਡੀਆਂ ਤੇ ਬੱਸਾਂ ਚਲਾਉਣੀਆਂ ਪਈਆਂ। ਪਰ ਇਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਜੇਕਰ ਕੇਂਦਰ ਤੇ ਸੂਬਾ ਸਰਕਾਰਾਂ ਦਿਲੋਂ ਚਾਹੁੰਦੀਆਂ ਤਾਂ ਉਹ ਮਜ਼ਦੂਰਾਂ ਦੀ ਹਿਜਰਤ ਨੂੰ ਰੋਕ ਸਕਦੀਆਂ ਸਨ। ਪਰ ਅਜਿਹਾ ਨਹੀਂ ਹੋਇਆ। ਹਿਜਰਤ ਦੌਰਾਨ ਮਜ਼ਦੂਰਾਂ ਨੇ ਜੋ ਅੰਤਾਂ ਦਾ ਦੁੱਖ ਝੱਲਿਆ, ਉਹ ਬਿਆਨ ਕਰਨਾ ਔਖਾ ਹੈ। ਉਪਰੋਕਤ ਕੁੱਲ ਵਰਤਾਰਾ ਸਪੱਸ਼ਟ ਕਰਦਾ ਸੀ ਜਿਵੇਂ ਕਿ ਇਹ ਮਜ਼ਦੂਰ ਲਾਵਾਰਸ ਹੋਣ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਸਹੀ ਕਦਮ

ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ 'ਸਹੀ ਕਦਮ' ਪੜ੍ਹਿਆ, ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਸੀ। ਦੇਸ਼ 'ਚ ਤਾਲਾਬੰਦੀ ਦੇ ਪੰਜਵੇਂ ਪੜਾਅ ਦੇ ਐਲਾਨ 'ਚ ਤਿੰਨ ਪੜਾਅ ਰਾਹੀਂ ਤਾਲਾਬੰਦੀ ਨੂੰ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਵਲੋਂ ਦਿੱਤੀ ਗਈ ਢਿੱਲ ਨੂੰ ਬਹੁਤੇ ਲੋਕ ਸਰਸਰੀ ਤੌਰ 'ਤੇ ਲੈ ਰਹੇ ਹਨ, ਜਿਸ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨਾ, ਮੂੰਹ 'ਤੇ ਮਾਸਕ ਨਾ ਲਗਾਉਣਾ ਆਦਿ ਦੀ ਉਲੰਘਣਾ ਕਰ ਰਹੇ ਹਨ। ਸਰਕਾਰ ਵਲੋਂ ਜੁਰਮਾਨੇ ਦੇ ਰੇਟਾਂ 'ਚ ਭਾਰੀ ਵਾਧਾ ਕਰਨਾ ਵੀ ਗ਼ਲਤ ਹੈ, ਇਸ ਨਾਲ ਕੋਈ ਜ਼ਿਆਦਾ ਫ਼ਰਕ ਨਹੀਂ ਪੈਣਾ। ਲਾਕਡਾਊਨ ਅਤੇ ਕਰਫ਼ਿਊ ਦੇ ਲੱਗਣ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਹੀ ਜ਼ਿਆਦਾ ਡਾਵਾਂਡੋਲ ਹੋ ਚੁੱਕੀ ਹੈ। ਇਸ ਨੂੰ ਠੀਕ ਕਰਨ ਲਈ ਪਤਾ ਨਹੀਂ ਕਿੰਨਾ ਕੁ ਵਕਤ ਲੱਗੇਗਾ। ਸਾਡੇ ਸਾਰਿਆਂ ਲਈ ਹਾਲੇ ਵੀ ਚੁਣੌਤੀ ਵਾਲੇ ਦਿਨ ਸਾਹਮਣੇ ਖੜ੍ਹੇ ਹਨ, ਜਿਸ ਲਈ ਇਸ ਦੇ ਬਚਾਅ ਲਈ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਏ ਹੱਥ ਧੋਣ, ਮਾਸਕ ਪਹਿਨਣ, ਸਮਾਜਿਕ ਦੂਰੀ, ਜ਼ਿਆਦਾ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਹੀ ਜ਼ਰੂਰੀ ਹੈ।

-ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕ: ਘਰਾਚੋਂ, ਜ਼ਿਲ੍ਹਾ ਸੰਗਰੂਰ।

ਖਾਦਾਂ, ਸਪਰੇਆਂ ਤੇ ਪਾਣੀ

ਅੱਜ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਅਸੀਂ ਛੋਟੇ ਹੁੰਦੇ ਪਸ਼ੂਆਂ ਨੂੰ ਬਾਹਰ ਚਾਰਨ ਵਾਸਤੇ ਲੈ ਕੇ ਜਾਇਆ ਕਰਦੇ ਸੀ। ਜਦੋਂ ਦੁਪਹਿਰ ਦਾ ਵੇਲਾ ਹੁੰਦਾ ਸੀ ਤਾਂ ਪਸ਼ੂਆਂ ਨੂੰ ਛਾਵੇਂ ਕਰਕੇ ਅਸੀਂ ਪਾਣੀ ਪੀਣ ਲਈ ਨੀਵੀਂ ਜਗ੍ਹਾ 'ਤੇ ਜਾ ਕੇ ਟੋਆ ਪੁੱਟਣਾ ਤੇ ਥੋੜ੍ਹਾ ਜਿਹਾ ਹੀ ਪੁੱਟਣ 'ਤੇ ਥੱਲਿਉਂ ਪਾਣੀ ਨਿਕਲ ਆਉਣਾ ਤੇ ਅਸੀਂ ਸਾਰਿਆਂ ਨੇ ਰੱਜ ਕੇ ਪਾਣੀ ਪੀ ਲੈਣਾ। ਮੇਰੇ ਦੱਸਣ ਦਾ ਮਤਲਬ ਇਹ ਹੈ ਕਿ ਪਾਣੀ ਬਹੁਤ ਉੱਚਾ ਹੁੰਦਾ ਸੀ। ਅੱਜ ਅਸੀਂ ਧਰਤੀ ਦੀ ਹਿੱਕ ਪਾੜ-ਪਾੜ ਕੇ ਧੜਾਧੜ ਬੋਰ ਕਰੀ ਜਾ ਰਹੇ ਹਾਂ। ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਖ਼ਤਮ ਕਰ ਰਹੇ ਹਾਂ, ਜੋ ਆਉਣ ਵਾਲੇ ਸਮੇਂ ਲਈ ਬਹੁਤ ਹੀ ਸੰਕਟ ਪੈਦਾ ਕਰ ਸਕਦਾ ਹੈ। ਜੇਕਰ ਅਸੀਂ ਪਾਣੀ ਪ੍ਰਤੀ ਜਾਗਰੂਕ ਨਾ ਹੋਏ ਤਾਂ ਸਾਨੂੰ ਇਸ ਦਾ ਖਮਿਆਜ਼ਾ ਬਹੁਤ ਜਲਦੀ ਹੀ ਭੁਗਤਣਾ ਪਏਗਾ। ਅੱਜ ਸਾਨੂੰ ਸਾਰਿਆਂ ਨੂੰ ਪਾਣੀ ਦੀ ਬੱਚਤ 'ਤੇ ਵਿਚਾਰ ਕਰਨ ਦੀ ਲੋੜ ਹੈ।

-ਵੀਰ ਸਿੰਘ ਵੀਰਾ।

ਕੀ ਬੱਚੇ ਸੱਚਮੁੱਚ ਪੜ੍ਹਾਈ ਕਰ ਰਹੇ ਹਨ?

ਅੱਜ ਪੂਰੀ ਦੁਨੀਆ ਕੋਰੋਨਾ ਤੋਂ ਪੀੜਤ ਹੈ। ਸਾਡੇ ਵਿਦਿਆਰਥੀ ਵਰਗ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਦਸਵੀਂ ਤੱਕ ਦੇ ਵਿਦਿਆਰਥੀ ਬੱਸ ਏਦਾਂ ਹੀ ਪਾਸ ਕਰ ਦਿੱਤੇ ਗਏ ਹਨ। ਹੋ ਸਕਦੈ ਕਿ ਕੱਲ੍ਹ ਨੂੰ 12ਵੀਂ ਕਲਾਸ ਨੂੰ ਵੀ ਪਾਸ ਐਲਾਨ ਦਿੱਤਾ ਜਾਵੇ। ਇਹ ਇਕ ਮਜਬੂਰੀ ਵੱਸ ਲਿਆ ਗਿਆ ਫ਼ੈਸਲਾ ਹੈ। ਪਰ ਦੂਜੇ ਪਾਸੇ ਸਰਕਾਰ ਵਲੋਂ ਇਸ ਦੇ ਬਦਲਵੇਂ ਪ੍ਰਬੰਧ ਕਰਕੇ ਟੈਲੀਵਿਜ਼ਨ ਉੱਪਰ ਵੀ ਵੱਖ-ਵੱਖ ਸਿੱਖਿਆ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਅਧਿਆਪਕ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ। ਪਰ ਦੂਜੇ ਪਾਸੇ ਇਹ ਵੀ ਖਿਆਲ ਰੱਖਣਾ ਬਣਦਾ ਹੈ ਕਿ ਸਾਡਾ ਬੱਚਾ ਸੱਚਮੁੱਚ ਹੀ ਪੜ੍ਹ ਰਿਹਾ ਹੈ ਜਾਂ ਨਹੀਂ? ਕਿਤੇ ਉਹ 'ਪੱਬ ਜੀ' ਵਰਗੀਆਂ ਜਾਨਲੇਵਾ ਖੇਡਾਂ ਤਾਂ ਨਹੀਂ ਖੇਡ ਰਿਹਾ ਜਾਂ ਟਾਈਮ ਪਾਸ ਤਾਂ ਨਹੀਂ ਕਰ ਰਿਹਾ। ਸੋ, ਮਾਪੇ ਜ਼ਰੂਰ ਧਿਆਨ ਦੇਣ ਕਿ ਉਨ੍ਹਾਂ ਦੇ ਬੱਚੇ ਫੋਨ ਉੱਪਰ ਸੱਚਮੁੱਚ ਪੜ੍ਹਾਈ ਕਰ ਰਹੇ ਹਨ ਜਾਂ ਨਹੀਂ? ਇਹ ਵੀ ਇਕ ਅਹਿਮ ਜ਼ਿੰਮੇਵਾਰੀ ਬਣਦੀ ਹੈ।

-ਹੀਰਾ ਸਿੰਘ ਤੂਤ, ਜ਼ਿਲ੍ਹਾ ਫ਼ਿਰੋਜ਼ਪੁਰ।

ਮਾਨਸਿਕ ਦਬਾਅ ਦੀ ਸਮੱਸਿਆ

21 ਜੂਨ, 2020 ਨੂੰ ਉਪਮਾ ਡਾਗਾ ਪਾਰਥ ਦਾ ਲਿਖਿਆ 'ਬਹੁਤ ਗੰਭੀਰ ਹੈ ਮਾਨਸਿਕ ਦਬਾਅ ਦੀ ਸਮੱਸਿਆ' ਪੜ੍ਹਿਆ। ਅੱਜ 10 ਵਿਚੋਂ ਇਕ ਆਦਮੀ ਖ਼ੁਦਕੁਸ਼ੀ ਕਰਦਾ ਹੈ। ਇਹ ਗੰਭੀਰ ਮਾਨਸਿਕ ਰੋਗ ਹੈ। ਡਾਕਟਰਾਂ ਨੂੰ ਮਿਲ ਕੇ ਛੇਤੀ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਘਰ ਵਾਲਿਆਂ ਦਾ ਸਹਿਯੋਗ ਜ਼ਰੂਰੀ ਹੈ। ਮਰੀਜ਼ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਹਿੰਗਾਈ, ਬੇਰੁਜ਼ਗਾਰੀ, ਇਕੱਲਾਪਨ, ਪੈਸੇ ਪਿੱਛੇ ਦੌੜ-ਭੱਜ ਮੁੱਖ ਕਾਰਨ ਕਰਕੇ ਆਦਮੀ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਗੰਭੀਰ ਰੋਗ ਬਣ ਜਾਂਦਾ ਹੈ। ਖ਼ੁਦਕੁਸ਼ੀ ਕਿਸੇ ਚੀਜ਼ ਦਾ ਹੱਲ ਨਹੀਂ। ਆਪਾਂ ਸਾਰਿਆਂ ਨੂੰ ਉਸਾਰੂ ਪਹੁੰਚ ਰੱਖਣੀ ਚਾਹੀਦੀ ਹੈ। ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਕਿਤੇ ਵਿਗੜ ਨਾ ਜਾਏ ਮਾਨਸਿਕ ਸਿਹਤ

ਅੱਜ ਇਸ ਪਦਾਰਥਵਾਦੀ ਯੁੱਗ ਵਿਚ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੀ ਲਪੇਟ ਵਿਚ ਹਨ। ਇਸ ਦਾ ਅਸਰ ਨਾ ਸਿਰਫ ਉਨ੍ਹਾਂ ਦੇ ਆਪਣੇ ਸਰੀਰ 'ਤੇ ਬਲਕਿ ਸਾਰੇ ਪਰਿਵਾਰ 'ਤੇ ਪੈਂਦਾ ਹੈ। ਮਾਨਸਿਕ ਤਣਾਅ ਦੀ ਸਭ ਤੋਂ ਵੱਡੀ ਵਜ੍ਹਾ ਹੈ 'ਨਿਰਾਸ਼ਾ'। ਤਣਾਅ ਕਾਰਨ ਇਨਸਾਨ ਦੀ ਸਹਿਣ ਸ਼ਕਤੀ ਘਟ ਜਾਂਦੀ ਹੈ। ਜ਼ਰਾ ਜਿਹੀ ਗੱਲ 'ਤੇ ਗੁੱਸਾ ਆਉਣਾ, ਇਕੱਲਾਪਨ, ਚਿੜਚਿੜਾਪਨ ਅਤੇ ਲੋਕਾਂ ਤੋਂ ਦੂਰੀ ਬਣਾਈ ਰੱਖਣਾ ਮਾਨਸਿਕ ਤਣਾਅ ਦੇ ਲੱਛਣ ਹਨ। ਕਿਸੇ ਸਮੇਂ ਤਾਂ ਇਹ ਬਿਮਾਰੀ ਐਨਾ ਭਿਆਨਕ ਰੂਪ ਲੈ ਲੈਂਦੀ ਹੈ ਕਿ ਇਨਸਾਨ ਜ਼ਿੰਦਗੀ ਤੋਂ ਮਾਯੂਸ ਹੋ ਕੇ ਖ਼ੁਦਕੁਸ਼ੀ ਕਰਨ ਦੀ ਸੋਚ ਲੈਂਦਾ ਹੈ ਅਤੇ ਜ਼ਿੰਦਗੀ ਤੋਂ ਹਾਰ ਜਾਂਦਾ ਹੈ। ਪਿੱਛੇ ਜਿਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (34) ਵਲੋਂ ਆਪਣੀ ਰਿਹਾਇਸ਼ 'ਤੇ ਖ਼ੁਦਕੁਸ਼ੀ ਕਰ ਲਈ ਗਈ। ਇਸ ਤੋਂ ਸਪੱਸ਼ਟ ਹੈ ਕਿ ਨਾ ਪੈਸਾ ਜ਼ਰੂਰੀ ਹੈ ਨਾ ਸ਼ੁਹਰਤ। ਜ਼ਰੂਰੀ ਹੈ ਤਾਂ ਚੰਗੀ ਮਾਨਸਿਕ ਸਿਹਤ। ਇਸ ਲਈ ਦੋਸਤੋ ਧਿਆਨ ਰੱਖਣਾ ਕਿਤੇ ਮਾਨਸਿਕ ਸਿਹਤ ਨਾ ਵਿਗੜ ਜਾਏ। ਉਤਾਰ -ਚੜ੍ਹਾਓ, ਖੁਸ਼ੀ-ਗਮੀ ਜ਼ਿੰਦਗੀ ਦਾ ਹਿੱਸਾ ਹਨ। ਅਗਰ ਅੱਜ ਦੁੱਖ ਹੈ ਕੱਲ੍ਹ ਸੁੱਖ ਵੀ ਆਏਗਾ। ਜ਼ਿੰਦਗੀ ਨੂੰ ਬੋਝ ਨਹੀਂ ਸਮਝਣਾ। ਆਪਣੇ ਆਪ ਨੂੰ ਕੰਮਕਾਰ ਵਿਚ ਲਾਈ ਰੱਖਣਾ, ਰੋਜ਼ਾਨਾ ਕਸਰਤ ਕਰਨਾ, ਸੈਰ ਕਰਨਾ, ਦੋਸਤਾਂ ਨਾਲ ਘੁਲੋ-ਮਿਲੋ। ਆਪਣਾ ਆਤਮਬਲ ਵਧਾਓ। ਚੰਗਾ ਖਾਣਾ ਅਤੇ ਸਮੇਂ ਸਿਰ ਅਰਾਮ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਦੀ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਤਣਾਅ, ਉਦਾਸਹੀਣਤਾ ਅਤੇ ਥਕਾਨ ਨਹੀਂ ਸਤਾਉਂਦੀ।

-ਹਰਪ੍ਰੀਤ ਸਿੰਘ, ਕੇ. ਵੀ ਨਾਭਾ ਕੈਂਟ।

29-06-2020

 ਦੇਸ਼ ਦੇ ਰਖਵਾਲੇ
ਸਾਡੇ ਦੇਸ਼ ਦੇ ਰਖਵਾਲੇ ਫ਼ੌਜੀ ਵੀਰ ਹੀ ਹਨ। ਜਿਹੜੇ ਆਪਣੇ ਪਰਿਵਾਰ ਘਰਾਂ ਵਿਚ ਛੱਡ ਕੇ ਦੇਸ਼ ਦੀ ਖਾਤਰ ਸਰਹੱਦਾਂ 'ਤੇ ਲੜਦੇ ਹੋਏ ਸ਼ਹੀਦ ਹੋ ਜਾਂਦੇ ਹਨ। ਇਸ ਲਈ ਸਾਡਾ ਅਤੇ ਸਾਡੀ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ ਕਿ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਸਾਰੇ ਫ਼ੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪੂਰਾ ਸਹਿਯੋਗ ਅਤੇ ਮਾਣ-ਸਨਮਾਨ ਕੀਤਾ ਜਾਵੇ। ਜਿਵੇਂ ਹੁਣ ਹੀ ਚੀਨ ਤੇ ਭਾਰਤ ਦਰਮਿਆਨ ਤਣਾਅ ਹੈ ਤੇ ਸਾਡੇ 20 ਜਵਾਨ ਸ਼ਹੀਦ ਹੋ ਗਏ ਹਨ। ਇਸ ਤਰ੍ਹਾਂ ਲਗਾਤਾਰ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ, ਜ਼ਰਾ ਸੋਚੋ ਕੀ ਹਾਲ ਹੋਵੇਗਾ ਉਨ੍ਹਾਂ ਦੇ ਪਰਿਵਾਰਾਂ ਦਾ, ਪੁੱਤ, ਪਤੀ, ਭਰਾ ਅਤੇ ਪਿਤਾ ਤਾਂ ਵਾਪਸ ਨਹੀਂ ਮਿਲਦੇ ਪਰਿਵਾਰ ਨੂੰ ਪਰ ਜੇਕਰ ਸਰਕਾਰ ਪਰਿਵਾਰ ਦਾ ਸਹਿਯੋਗ ਦੇਵੇ ਤਾਂ ਪਿਛੇ ਪਰਿਵਾਰ ਬਾਕੀ ਰਹਿੰਦੀ ਉਮਰ ਥੋੜੀ ਸੌਖੀ ਕੱਟ ਲੈਣਗੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਪੰਜਾਬੀ ਬੋਲੀ
ਭਾਵੇਂ ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ, ਪੰਜਾਬੀ ਜ਼ੁਬਾਨ ਨੂੰ ਲਾਗੂ ਕਰਨ ਲਈ ਕਈ ਅਹਿਮ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਸ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਭਾਸ਼ਾ ਵਿਭਾਗ ਵੀ ਕੰਮ ਕਰ ਰਿਹਾ ਹੈ ਪ੍ਰੰਤੂ ਫਿਰ ਵੀ ਪੰਜਾਬੀ ਨੂੰ ਪੰਜਾਬ ਵਿਚ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਸ਼ਹਿਰਾਂ ਵਿਚ ਕਈ ਲੋਕ ਖਾਸ ਕਰਕੇ ਉਨ੍ਹਾਂ ਦੇ ਬੱਚੇ ਪੰਜਾਬੀ ਬੋਲਣ ਤੋਂ ਪਾਸਾ ਵੱਟ ਰਹੇ ਹਨ। ਇਥੋਂ ਤੱਕ ਕਿ ਜਦੋਂ ਉਹ ਆਪਣੇ ਘਰੇਲੂ ਕੰਮਾਂਕਾਰਾਂ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਦਿੰਦੇ ਹਨ ਤਾਂ ਉਨ੍ਹਾਂ ਨਾਲ ਪੰਜਾਬੀ ਦੀ ਬਜਾਏ ਹਿੰਦੀ ਵਿਚ ਹੀ ਗੱਲ ਕਰਦੇ ਹਨ। ਅਜਿਹਾ ਕਰਕੇ ਉਹ ਪੰਜਾਬੀ ਬੋਲੀ, ਪੰਜਾਬੀ ਜ਼ਬਾਨ ਦਾ ਵੀ ਨਿਰਾਦਰ ਕਰ ਰਹੇ ਹਨ। ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਅਜਿਹਾ ਧ੍ਰੋਹ ਨਹੀਂ ਕਮਾਉਣਾ ਚਾਹੀਦਾ। ਸੋ, ਸਾਰਿਆਂ ਨੂੰ ਅਪੀਲ ਹੈ ਕਿ ਪੰਜਾਬੀ ਲਿਖਣ, ਪੰਜਾਬੀ ਬੋਲਣ ਵਿਚ ਆਪਣਾ ਮਾਣ ਮਹਿਸੂਸਕਰਨ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਪ੍ਰਣਾਮ ਸ਼ਹੀਦਾਂ ਨੂੰ
ਕਿਸੇ ਦੇਸ਼ ਦੀ ਬਾਹਰੀ ਸਰੁੱਖਿਆ ਜਿੰਨੀ ਮਜ਼ਬੂਤ ਹੋਵੇਗੀ,ਓਨੀ ਹੀ ਉਸ ਦੇਸ਼ ਦੀ ਅੰਦਰੂਨੀ ਸਰੱਖਿਆ ਮਜ਼ਬੂਤ ਹੁੰਦੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਦੇਸ਼ ਦੇ ਸੈਨਿਕ ਜ਼ਾਂਬਾਜ਼, ਬਹਾਦਰ, ਤਾਕਤਵਰ, ਅਨੁਸਾਸ਼ਿਤ ਅਤੇ ਕੁਰਬਾਨੀ ਦੇ ਮੁਜੱਸਮੇ ਹੋਣਗੇ। ਇਨ੍ਹਾਂ ਗੁਣਾਂ ਦੇ ਧਾਰਨੀ ਸਾਡੇ ਦੇਸ਼ ਦੇ 20 ਸੈਨਿਕ ਚੀਨ ਦੇ ਨਾਪਾਕ ਇਰਾਦਿਆਂ ਨੂੰ ਅਸਫ਼ਲ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਹਨ। ਇਨ੍ਹਾਂ ਸੂਰਬੀਰ ਸੈਨਿਕਾਂ ਦੀ ਕੁਰਬਾਨੀ ਅੱਗੇ ਹਰ ਭਾਰਤੀ ਦਾ ਸਿਰ ਝੁਕਦਾ ਹੈ। ਆਓ ਆਪਾਂ ਵੀ ਇਨ੍ਹਾਂ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਕਰੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਸਿਆਸੀ ਸਿਉਂਕ
24 ਜੂਨ, 2020 ਨੂੰ 'ਅਜੀਤ' ਅਖ਼ਬਾਰ ਦੀ ਸੰਪਾਦਕੀ ਅਤੇ ਕੁਝ ਖ਼ਬਰਾਂ ਪੜ੍ਹ ਕੇ ਪਤਾ ਲੱਗਾ ਹੈ ਕਿ ਹੁਣ ਇਸ ਸਿਉਂਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਬਣੇ ਥਰਮਲ ਪਲਾਂਟ ਨੂੰ ਵੀ ਵਾਢਾ ਲਾ ਲਿਆ ਹੈ। ਸੰਪਾਦਕੀ ਪੜ੍ਹ ਕੇ ਇਹ ਵੀ ਪਤਾ ਲੱਗਾ ਹੈ ਕਿ ਪਿਛਲੀ ਸਰਕਾਰ ਨੇ ਇਸ ਪਲਾਂਟ ਨੂੰ ਨਵਿਆਉਣ ਦੇ ਨਾਂਅ 'ਤੇ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਦੇ 751 ਕਰੋੜ ਰੁਪਏ ਖੂਹ ਖਾਤੇ ਪਾ ਦਿੱਤੇ। ਸਾਡੇ ਬੁੱਧੀਜੀਵੀ, ਚਿੰਤਕ ਅਖ਼ਬਾਰਾਂ ਦੇ ਸੰਪਾਦਕ ਅਤੇ ਲੇਖਕ ਬਰਬਾਦ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਦਿਨ-ਰਾਤ ਸੋਚ ਰਹੇ ਹਨ ਅਤੇ ਢੁਕਵੇਂ ਯਤਨ ਕਰ ਰਹੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਿਆਸੀ ਸਿਉਂਕ ਬੇਪ੍ਰਵਾਹ ਆਪਣੇ ਕੰਮ 'ਤੇ ਲੱਗੀ ਹੋਈ ਹੈ। ਰੱਬ ਖ਼ੈਰ ਕਰੇ।


-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ।


ਕਸੂਰ ਪੁੱਛਦੇ...
ਅੱਜਕਲ ਅਚਾਨਕ ਪੰਜਾਬਨੂੰ ਕੀ ਹੋ ਗਿਆ ਹੈ। ਪਿਛਲੇ ਦਿਨਾਂ ਤੋਂ ਕੋਈ ਜ਼ਿਆਦਾ ਹੀ ਕਤਲਾਂ ਦਾ ਸਿਲਸਿਲਾ ਵਧ ਗਿਆ ਹੈ। ਬੀਤੇ ਦਿਨ ਪਰਵਾਸੀ ਮਜ਼ਦੂਰ ਵਲੋਂ ਇਕੱਠੇ ਤਿੰਨ ਕਤਲਾਂ ਦੀ ਖ਼ਬਰ ਨੇ ਲੋਕਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਤੇ ਫਿਰ ਤਰਨਤਾਰਨ ਦੇ ਕੈਰੋਂ ਪਿੰਡ ਵਿਚ ਪੰਜ ਜਣਿਆਂ ਦੀ ਮੌਤ ਦੀ ਖ਼ਬਰ ਆ ਗਈ। ਕੀ ਕਿੱਧਰੇ ਸਾਡੇ ਸਮਾਜ ਨੂੰ ਜਿਹੜਾ ਗਾਇਕ ਆਪਣੇ ਗੀਤਾਂ ਵਿਚ ਇਹ ਕਹਿੰਦੇ ਹਨ ਕਿ 'ਪਹਿਲਾਂ ਬੰਦਾ ਮਾਰ ਫਿਰ ਕਸੂਰ ਪੁੱਛਦੇ' ਵਾਲਾ ਮਾਹੌਲ ਤਾਂ ਸ਼ੁਰੂ ਨਹੀਂ ਹੋ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਹਤਿਆਰਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ। ਗੁਨਾਹ ਕਰਨ ਵਾਲੇ ਨੂੰ ਜੇਕਰ ਕਾਨੂੰਨ ਦਾ ਡਰ ਹੋਵੇ ਤਾਂ ਸ਼ਾਇਦ ਇਹੋ ਜਿਹੀਆਂ ਘਟਨਾਵਾਂ ਤੋਂ ਕੋਈ ਰਾਹਤ ਮਿਲ ਹੀ ਜਾਵੇ।


-ਸੂਬੇ: ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)

26-06-2020

 ਮੁੜ ਪੱਛਮ ਤੋਂ ਪੂਰਬ ਵੱਲ ਪਰਤੀਏ
ਅਜੋਕੇ ਸਮੇਂ ਵਿਚ 24 ਮਾਰਚ ਤੋਂ ਅਸੀਂ ਤਾਲਾਬੰਦੀ ਹੰਢਾਅ ਰਹੇ ਹਾਂ। ਆਫ਼ਤ ਕੋਈ ਵੀ ਹੋਵੇ, ਕੁਦਰਤੀ ਜਾਂ ਮਨੁੱਖੀ, ਕਈ ਤਰ੍ਹਾਂ ਦੇ ਤਜਰਬੇ ਮਨੁੱਖ ਨੂੰ ਦੇ ਕੇ ਜਾਂਦੀ ਹੈ। ਕੋਰੋਨਾ ਵਾਇਰਸ ਜਾਂ ਕੋਵਿਡ-19 ਇਕ ਅਜਿਹੀ ਭਿਆਨਕ ਆਫਤ ਉਤਰ ਕੇ ਸਾਹਮਣੇ ਆਈ ਹੈ, ਜਿਸ ਨੇ ਚੰਨ ਤੇ ਮੰਗਲ ਵਰਗੇ ਅਣਸੁਲਝੇ ਰਹੱਸਾਂ ਨੂੰ ਸੁਲਝਾਉਣ ਵਾਲੇ ਮਨੁੱਖ ਨੂੰ ਮੁੜ ਤੋਂ ਧਰਤੀ 'ਤੇ ਲਿਆ ਪਟਕਿਆ ਹੈ। ਇਸ ਤਾਲਾਬੰਦੀ ਦੇ ਸਮੇਂ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ ਹੈ। ਸਭ ਤੋਂ ਪਹਿਲਾਂ ਜ਼ਿੰਦਗੀ ਦੀ ਭੱਜ-ਦੌੜ ਵਿਚ ਪਰਿਵਾਰਕ ਸਾਂਝ ਜੋ ਕਿ ਖ਼ਤਮ ਹੁੰਦੀ ਜਾ ਰਹੀ ਸੀ, ਉਹ ਸਾਂਝ ਹੁਣ ਉੱਭਰ ਕੇ ਸਾਹਮਣੇ ਆਈ ਹੈ। ਇਸ ਪਰਿਵਾਰਕ ਸਾਂਝ ਰਾਹੀਂ ਇਕ-ਦੂਜੇ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਹੈ। ਜੇਕਰ ਅਸੀਂ ਭਵਿੱਖ ਨੂੰ ਉਜਵਲ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਪੂਰਬੀ ਸੱਭਿਅਤਾ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਇਕ ਨਵਾਂ-ਨਰੋਆ ਜੀਵਨ ਜੀ ਸਕੀਏ। ਸਾਨੂੰ ਸਾਡੀ ਅਮੀਰ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਅਪਣਾਉਣਾ ਚਾਹੀਦਾ ਹੈ। ਹੱਥ ਨਾ ਮਿਲਾ ਕੇ ਨਮਸਤੇ ਜਾਂ ਸਤਿ ਸ੍ਰੀ ਅਕਾਲ ਬੁਲਾਉਣੀ ਚਾਹੀਦੀ ਹੈ। ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਪਾਣੀ ਦੀ ਸੰਭਾਲ ਕਰੀਏ, ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਰਾਲੇ ਕਰੀਏ ਤੇ ਆਪਣੀ ਅਮੀਰ ਸੱਭਿਅਤਾ (ਪੂਰਬੀ ਸੱਭਿਅਤਾ) ਨੂੰ ਅਪਣਾਈਏ।

-ਹੇਮਾ
ਪੰਜਾਬੀ ਮਿਸਟ੍ਰੈੱਸ, ਸ.ਹ. ਸਕੂਲ ਡਰੋਲੀ (ਪਟਿਆਲਾ)।

ਵਧ ਰਹੇ ਬੇਦਖ਼ਲੀ ਨੋਟਿਸ
ਹਰ ਇਕ ਅਖ਼ਬਾਰ ਦੇ ਨਿਰਧਾਰਤ ਪੰਨੇ ਉੱਪਰ ਵੱਖ-ਵੱਖ ਜਨਤਕ ਇਸ਼ਤਿਹਾਰ ਛਪਦੇ ਹਨ। ਇਨ੍ਹਾਂ ਇਸ਼ਤਿਹਾਰਾਂ ਵਿਚ ਪਰਿਵਾਰਕ 'ਬੇਦਖ਼ਲੀ ਨੋਟਿਸਾਂ' ਦੀ ਆਏ ਦਿਨ ਵਧ ਰਹੀ ਗਿਣਤੀ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਵਿਚ ਦਿਨੋ-ਦਿਨ ਵਧ ਰਹੀ ਕੜਵਾਹਟ ਅਤੇ ਟੁੱਟ-ਭੱਜ ਵੱਲ ਸੰਕੇਤ ਕਰਦੀ ਹੈ। ਆਪਣੇ ਸਕੇ ਧੀਆਂ, ਪੁੱਤਰਾਂ, ਨੂੰਹਾਂ ਅਤੇ ਪੋਤੇ-ਪੋਤੀਆਂ ਨੂੰ ਬੇਦਖ਼ਲ ਕਰਨ ਤੱਕ ਦੀ ਨੌਬਤ ਆਉਣ ਪਿੱਛੇ ਜ਼ਰੂਰ ਹੀ ਕੁਝ ਅਜਿਹੇ ਕਾਰਨ ਤੇ ਹਾਲਾਤ ਹੋਣਗੇ ਜੋ ਘਰ ਦੀਆਂ ਬਰੂਹਾਂ ਟੱਪ ਕੇ ਤਹਿਸੀਲਾਂ ਦੇ ਦਰ ਤੱਕ ਪੁੱਜਦੇ ਹਨ। ਜਿਹੜੇ ਮਾਂ-ਬਾਪ ਲੱਖਾਂ ਹੀ ਜ਼ਫ਼ਰ ਜਾਲ ਕੇ ਧੀਆਂ ਪੁੱਤਰਾਂ ਨੂੰ ਵੱਡੇ ਕਰਦੇ ਹਨ, ਉਹੀ ਧੀਆਂ-ਪੁੱਤ 'ਵੱਡੇ' ਹੋ ਗਏ ਮਾਪਿਆਂ ਨੂੰ ਭਾਰ ਤੇ ਬੇਕਾਰ ਸਮਝਣ ਲੱਗ ਜਾਂਦੇ ਹਨ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਨਵੀਂ ਪੀੜ੍ਹੀ ਕੋਲ ਗਿਆਨ ਦੇ ਵਧੇਰੇ ਸੋਮੇ ਹਨ, ਪਰ ਮਾਂ-ਬਾਪ ਕੋਲ ਵੀ ਉਮਰਾਂ ਦਾ ਤਜਰਬਾ ਹੁੰਦਾ ਹੈ। ਇਨ੍ਹਾਂ ਦੋਵਾਂ ਵਿਚ ਸਾਂਝ ਦਾ ਪੁਲ ਉਸਾਰਨਾ ਹੀ ਪੈਣਾ ਹੈ। ਨਾਲੇ ਜ਼ਿੰਦਗੀ ਤਾਂ ਹੈ ਹੀ ਸਮਝੌਤੇ ਦਾ ਦੂਸਰਾ ਨਾਂਅ ਹੈ। ਜੋ ਸਮਝੌਤਾ ਨਹੀਂ ਕਰ ਪਾਉਂਦੇ, ਉਹ ਬੇਦਖ਼ਲ ਕਰਨ ਵਾਲੇ ਵੀ ਅਤੇ ਬੇਦਖ਼ਲ ਹੋਣ ਵਾਲੇ ਵੀ ਪਛਤਾਵੇ ਦੀ ਭੱਠੀ ਵਿਚ ਸੜਦੇ ਰਹਿੰਦੇ ਹਨ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਸ਼ਿਸ਼ਟਾਚਾਰ
ਇਕ ਚੰਗੇ ਢੰਗ ਨਾਲ ਜੀਵਨ ਜਿਊਣ ਲਈ ਕਿਤਾਬਾਂ ਅਤੇ ਪੜ੍ਹਾਈ ਬਹੁਤ ਅਹਿਮ ਰੋਲ ਨਿਭਾਉਂਦੀਆਂ ਹਨ ਅਤੇ ਇਸ ਕਿਰਦਾਰ ਦਾ ਰੂਪ ਹੋਰ ਨਿਖਾਰਦਾ ਹੈ ਤੁਹਾਡਾ ਸ਼ਿਸ਼ਟਾਚਾਰ। ਜੇਕਰ ਪੜ੍ਹ ਕੇ ਤਾਂ ਡਿਗਰੀਆਂ ਹਾਸਲ ਕਰ ਲਈਆਂ ਪਰ ਸ਼ਿਸ਼ਟਾਚਾਰ ਦਾ ਢੰਗ ਸਿੱਖਿਆ ਹੀ ਨਹੀਂ, ਸਭ ਇਥੇ ਵਿਅਰਥ ਹੋ ਜਾਂਦਾ ਹੈ। ਸਕੂਲਾਂ ਦੀ ਪੜ੍ਹਾਈ ਦੇ ਨਾਲ-ਨਾਲ ਸ਼ਖ਼ਸੀਅਤ ਉਸਾਰੀ ਕਲਾਸਾਂ ਵੀ ਜ਼ਰੂਰੀ ਹਨ। ਉਦੋਂ ਮਾਣ ਮਹਿਸੂਸ ਹੁੰਦਾ ਹੈ ਪਰ ਜਦ ਕੋਈ ਘਰਦਿਆਂ ਨੂੰ ਆ ਕੇ ਕਹਿੰਦਾ ਹੈ ਤੁਹਾਡਾ ਮੁੰਡਾ ਬਹੁਤ ਸਿਆਣਾ ਹੈ, ਸਭ ਨੂੰ ਇੱਜ਼ਤ ਦੇ ਕੇ ਬੁਲਾਉਂਦਾ ਹੈ। ਸ਼ੁਕਰਗੁਜ਼ਾਰ ਹਾਂ ਆਪਣੇ ਅਧਿਆਪਕਾਂ ਦਾ ਜਿਨ੍ਹਾਂ ਨੇ ਨਿੱਕੀਆਂ-ਨਿੱਕੀਆਂ ਗੱਲਾਂ ਸਿਖਾ ਕੇ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕੀਤੀ। ਅੱਜ ਦੇ ਸਮੇਂ ਵਿਚ ਜਿਥੇ ਹਰ ਇਕ ਇਨਸਾਨ ਆਪਣੀ ਹਉਮੈ ਵਿਚ ਜਿਉ ਰਿਹਾ ਹੈ, ਉਥੇ ਹੀ ਸਾਨੂੰ ਲੋੜ ਹੈ ਦੂਜਿਆਂ ਬਾਰੇ ਸੋਚਣ ਲਈ ਵੀ। ਤੁਹਾਡਾ ਇਕ ਬੋਲਿਆ ਹੋਇਆ ਮਾੜਾ ਬੋਲ ਕਿਸੇ ਦਾ ਸਾਰਾ ਦਿਨ ਖ਼ਰਾਬ ਕਰ ਸਕਦਾ ਹੈ, ਇਹੀ ਫਰਿਆਦ ਹੈ ਦੋਸਤੋ 'ਖੁਸ਼ੀਆਂ ਬੀਜੋ ਤੇ ਹਾਸੇ ਵੰਡੋ।'

-ਪੁਸ਼ਪਿੰਦਰ ਜੀਤ ਸਿੰਘ ਭਲੂਰੀਆ, ਫਰੀਦਕੋਟ।

25-06-2020

 ਅਜੋਕਾ ਸਮਾਂ ਅਤੇ ਸਹਿਣਸ਼ੀਲਤਾ
ਅਜੋਕੇ ਸਮੇਂ ਸਾਡੇ ਸਮਾਜ ਵਿਚ ਸਹਿਣਸ਼ੀਲਤਾ ਵਰਗੇ ਰੱਬੀ ਗੁਣ ਦੀ ਘਾਟ ਕਾਫੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ, ਸਗੋਂ ਇਸ ਦੀ ਜਗ੍ਹਾ ਅਸਹਿਣਸ਼ੀਲਤਾ ਦਾ ਬੋਲਬਾਲਾ ਹੈ। ਸਿੱਟੇ ਵਜੋਂ ਸਮਾਜ ਵਿਚ ਆਪੋ-ਧਾਪੀ ਦਾ ਮਾਹੌਲ ਬਣਿਆ ਹੋਇਆ ਹੈ। ਅਗਰ ਕੋਈ ਵਿਅਕਤੀ ਕਿਸੇ ਨੂੰ ਸਹੀ ਅਤੇ ਨੇਕ ਸਲਾਹ ਕਿਸੇ ਵਿਸ਼ੇ ਸਬੰਧੀ ਦਿੰਦਾ ਹੈ ਤਾਂ ਜਿਸ ਵਿਅਕਤੀ ਨੂੰ ਸਲਾਹ ਦਿੱਤੀ ਜਾਂਦੀ ਹੈ, ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਉਸ ਉੱਪਰ ਗ਼ੌਰ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਏ ਪਰ ਅਜਿਹਾ ਨਹੀਂ ਹੁੰਦਾ। ਕਿਉਂਕਿ ਸਾਡੀ ਇਹ ਫ਼ਿਤਰਤ ਹੀ ਬਣ ਚੁੱਕੀ ਹੈ ਕਿ ਅਸੀਂ ਪਹਿਲਾਂ ਤਾਂ ਕਿਸੇ ਦੀ ਸਹੀ ਤੇ ਨੇਕ ਸਲਾਹ, ਭਾਵੇਂ ਉਹ ਮੁਫ਼ਤ ਵਿਚ ਹੀ ਕਿਉਂ ਨਾ ਮਿਲਦੀ ਹੋਵੇ, ਲੈਣ ਲਈ ਤਿਆਰ ਨਹੀਂ, ਉਸ ਨੂੰ ਮੰਨਣਾ ਜਾਂ ਅਮਲੀ ਜਾਮਾ ਪਹਿਨਾਉਣਾ ਤਾਂ ਦੂਰ ਦੀ ਗੱਲ ਹੈ। ਸਹਿਣ ਜਾਂ ਬਰਦਾਸ਼ਤ ਕਰਨ ਦਾ ਮਾਦਾ ਸਾਡੇ ਮਨਾਂ ਵਿਚੋਂ ਇਸ ਕਦਰ ਘਟ ਗਿਆ ਹੈ ਕਿ ਅਸੀਂ ਕਿਸੇ ਦੀ ਮਾਮੂਲੀ ਜਿਹੀ ਕਹੀ ਗੱਲ 'ਤੇ ਅੱਗ ਬਾਬੂਲਾ ਹੋ ਜਾਂਦੇ ਹਾਂ। ਉਸ ਨੂੰ ਬੁਰਾ ਭਲਾ ਕਹਿਣ ਤੋਂ ਇਲਾਵਾ ਨਫ਼ਰਤ ਵੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਹ ਅਸਹਿਣਸ਼ੀਲਤਾ ਦੀ ਨਿਸ਼ਾਨੀ ਹੀ ਤਾਂ ਹੈ। ਸਹਿਣਸ਼ੀਲਤਾ ਵਰਗਾ ਕੁਦਰਤੀ ਗੁਣ ਹਾਸਲ ਕਰਨ ਲਈ ਜਿਥੇ ਸਾਨੂੰ ਪਰਉਪਕਾਰ ਦੇ ਕਾਰਜ ਕਰਨ ਦੀ ਸਖ਼ਤ ਜ਼ਰੂਰਤ ਹੈ, ਉਥੇ ਨਾਮ ਬਾਣੀ ਨਾਲ (ਸਿਮਰਨ ਨਾਲ) ਜੁੜਨ ਦੀ ਵੱਡੀ ਲੋੜ ਹੈ। ਅਜਿਹਾ ਕਰਕੇ ਹੀ ਅਸੀਂ ਆਪਣੇ ਜੀਵਨ ਨੂੰ ਸੁਖੀ ਅਤੇ ਸੁਖਾਲਾ ਬਣਾ ਸਕਦੇ ਹਾਂ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਸੋਸ਼ਲ ਮੀਡੀਆ ਦੀ ਦੁਰਵਰਤੋਂ
ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜਲੰਧਰ ਸ਼ਹਿਰ ਵਿਚ ਪੈਂਦੇ ਇਕ ਪਿੰਡ ਦੇ ਇਕ ਮੁੰਡੇ ਵਲੋਂ ਇਕ ਕੁੜੀ ਦੇ ਪਿਆਰ ਕਰਕੇ ਖ਼ੁਦਕੁਸ਼ੀ ਕਰਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਜਿਥੇ ਉਸ ਮੁੰਡੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਥੇ ਉਸ ਕੁੜੀ ਦੀਆਂ ਵੀ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਸ ਕੁੜੀ ਨੂੰ ਉਸ ਮੁੰਡੇ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜੋ ਗ਼ਲਤ ਹੈ। ਉਸ ਮੁੰਡੇ ਦੀ ਮੌਤ ਦੇ ਕਾਰਨ ਉਸ ਕੁੜੀ ਮੁੰਡੇ ਦੇ ਪਰਿਵਾਰ ਹੀ ਜਾਣਦੇ ਹਨ। ਪਰ ਉਸ ਕੁੜੀ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਪੂਰੀ ਹਕੀਕਤ ਦਾ ਪਤਾ ਨਹੀਂ ਹੁੰਦਾ, ਉਂਜ ਹੀ ਲਾਈਕ ਲੈਣ ਲਈ ਧੜਾ-ਧੜਾ ਪੋਸਟਾਂ ਪਾਈ ਜਾਂਦੇ ਹਨ। ਸੋਸ਼ਲ ਮੀਡੀਆ ਦੀ ਸਾਡੇ ਲੋਕਾਂ ਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਮੁੰਡਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੁੜੀ ਦੇ ਪਿਆਰ ਵਿਚ ਕੋਈ ਵੀ ਗ਼ਲਤ ਕਦਮ ਨਾ ਚੁੱਕਣ। ਬਾਅਦ ਵਿਚ ਮਾਪਿਆਂ ਦਾ ਬੁਢਾਪਾ ਰੁਲ ਜਾਂਦਾ ਹੈ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।


ਖੇਤੀ ਖੇਤਰ, ਆਰਥਿਕਤਾ ਅਤੇ ਸਿਹਤ
ਖੇਤੀ ਦਾ ਵਿਸ਼ਾ ਅਤੇ ਕਿੱਤਾ ਪਵਿੱਤਰ ਅਤੇ ਉੱਤਮ ਹੈ। ਇਸ ਕਿੱਤੇ ਨੂੰ ਵਿਸ਼ਾ ਬਣਾ ਕੇ ਚੋਣ ਮੁੱਦੇ ਬਣੇ। ਪਰ ਖੇਤੀ ਖੇਤਰ ਆਰਥਿਕਤਾ, ਮਨੁੱਖੀ ਅਤੇ ਜ਼ਮੀਨੀ ਸਿਹਤ ਪੱਖੋਂ ਕਿਆਸਾਂ ਵਿਚੋਂ ਨਿਕਲ ਕੇ ਹਕੀਕਤ ਵਿਚ ਨਹੀਂ ਬਦਲਿਆ। ਸਰਕਾਰ ਵਲੋਂ ਪੁਖਤਾ ਇੰਤਜ਼ਾਮ ਅਤੇ ਉਪਰਾਲੇ ਹੋਏ ਪਰ ਸੁਧਾਰਾਂ ਦੇ ਖੇਤਰ ਵਿਚ ਤਾਲਮੇਲ ਤੋਂ ਬਿਨਾਂ ਲਟਕੇ ਪਏ ਹਨ।
ਖੇਤੀ ਦਾ ਪਿਤਾਮਾ ਕਿਸਾਨ ਨੂੰ ਅੰਨਦਾਤੇ ਦਾ ਖਿਤਾਬ ਤਾਂ ਮਿਲਿਆ ਪਰ ਮਨਭਾਉਂਦਾ ਖਾਣਾ ਅਤੇ ਹੰਢਾਉਣਾ ਨਹੀਂ ਮਿਲਿਆ। ਮਨੁੱਖੀ ਅਤੇ ਜ਼ਮੀਨੀ ਸਿਹਤ ਲਈ ਹਰੀ ਕ੍ਰਾਂਤੀ ਨੇ ਨਾਂਹ-ਪੱਖੀ ਪ੍ਰਭਾਵ ਪਾਇਆ। ਸਿਫਾਰਸ਼ ਤੋਂ ਵੱਧ ਕੀਟਨਾਸ਼ਕ ਅਤੇ ਖਾਦਾਂ ਦਾ ਨਸ਼ਾ ਜ਼ਮੀਨ ਨੂੰ ਦਿੱਤਾ। 2018-19 ਵਿਚ ਪੰਜਾਬ ਦੀ ਉਪਜਾਊ ਜ਼ਮੀਨ ਨੇ 29.16 ਲੱਖ ਮੀਟ੍ਰਿਕ ਟਨ ਯੂਰੀਆ ਅਤੇ 5543 ਲੱਖ ਟਨ ਕੀਟਨਾਸ਼ਕ ਖਾਧੇ। ਇਸ ਦਾ ਸਿੱਧਾ ਸਬੰਧ ਮਨੁੱਖੀ ਸਿਹਤ ਨਾਲ ਜੁੜਿਆ ਹੋਇਆ ਹੈ। ਅੱਜ ਭਖਦਾ ਮਸਲਾ ਇਹ ਹੈ ਕਿ ਸਰਕਾਰ ਇਕ ਵਾਰ ਦੁਬਾਰਾ ਟੀਚਾ ਮਿੱਥ ਕੇ ਖੇਤੀ ਖੇਤਰ, ਕਿਸਾਨੀ ਜੀਵਨ ਅਤੇ ਸਿਹਤ ਦੇ ਖੇਤਰ ਦੀ ਪੜਚੋਲ ਕਰਕੇ ਸਖ਼ਤ ਨੀਤੀਆਂ ਤਿਆਰ ਕਰੇ। ਦੂਜੇ ਪਾਸੇ ਕਿਸਾਨ ਵੀ ਜਿਣਸ ਦੀ ਪੂਰੀ ਕੀਮਤ ਲੈਣ ਲਈ ਸਰਕਾਰ ਨਾਲ ਤਾਲਮੇਲ ਬਿਠਾਵੇ। ਆਪਣੀ ਜਿਣਸ ਦਾ ਛੋਟੇ ਪੱਧਰ 'ਤੇ ਮੰਡੀਕਰਨ ਕਰਨ ਲਈ ਸ਼ਰਮ ਦੂਰ ਕਰੇ। ਦਵਾਈਆਂ ਅਤੇ ਖਾਦਾਂ ਸਿਫ਼ਾਰਸ਼ ਅਨੁਸਾਰ ਹੀ ਵਰਤੇ। ਇਸ ਨਾਲ ਹੀ ਖੇਤੀ ਖੇਤਰ ਵਿਚ ਸੁਧਾਰ ਕਰਕੇ ਸਮਾਜਿਕ ਅਤੇ ਆਰਥਿਕ ਸੰਤੁਲਨ ਦੀ ਗੁੰਜ਼ਾਇਸ਼ ਬੱਝੇਗੀ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਕਿਸਾਨਾਂ ਦੇ ਜ਼ਮੀਨਾਂ ਕਾਰਨ ਹੋ ਰਹੇ ਝਗੜੇ
ਕਿਸਾਨਾਂ ਦੇ ਬੰਨਿਆਂ ਤੋਂ ਅਕਸਰ ਲੜਾਈ-ਝਗੜੇ ਹੋ ਜਾਂਦੇ ਹਨ। ਇਨ੍ਹਾਂ ਝਗੜਿਆਂ ਕਾਰਨ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਕਈ ਕਿਸਾਨਾਂ ਵਿਚ ਬੰਨੇ ਵੱਢਣ ਤੇ ਕਿਸੇ ਦੀ ਪੈਲੀ ਨੂੰ ਆਪਣੀ ਪੈਲੀ ਵਿਚ ਮਿਲਾਉਣ ਦੀ ਭੈੜੀ ਆਦਤ ਹੁੰਦੀ ਹੈ। ਜੇਕਰ ਇਹ ਲੋਕ ਇਹ ਸੋਚ ਕੇ ਦੇਖਣ ਕਿ ਹੁਣ ਤੱਕ ਅਸੀਂ ਗੁਆਂਢੀ ਕਿਸਾਨ ਦੇ ਬੰਨੇ ਵੱਢ ਕੇ ਉਸ ਦੀ ਕਿੰਨੀ ਕੁ ਪੈਲੀ ਆਪਣੀ ਪੈਲੀ ਵਿਚ ਰਲਾ ਲਈ ਹੈ ਤੇ ਉਸ ਰਲਾਈ ਹੋਈ ਪੈਲੀ ਤੋਂ ਕਿੰਨੇ ਕਿ ਪੈਸੇ ਕਮਾ ਰਹੇ ਹਾਂ ਤਾਂ ਪੈਸਿਆਂ ਦੀ ਗਿਣਤੀ ਕੁਝ ਕੁ ਸੌ ਰੁਪਏ ਹੋਵੇਗੀ ਨਾ ਕਿ ਹਜ਼ਾਰਾਂ ਵਿਚ। ਇਸ ਤਰ੍ਹਾਂ ਦੀ ਮਾੜੀ ਮਾਨਸਿਕਤਾ ਵਾਲੇ ਕਿਸਾਨ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਦੁਸ਼ਮਣ ਪੈਦਾ ਕਰ ਦਿੰਦੇ ਹਨ। ਕਿਸਾਨ ਕਈ ਵਾਰ ਝਗੜੇ ਤੋਂ ਡਰਦੇ ਹੋਏ ਪੁਲਿਸ ਕੋਲ ਸ਼ਿਕਾਇਤ ਕਰਦਾ ਹੈ ਪਰ ਪੁਲਿਸ ਕਾਰਵਾਈ ਡੰਗ-ਟਪਾਊ ਹੀ ਹੁੰਦੀ ਹੈ। ਜ਼ਿਆਦਾਤਰ ਫ਼ੈਸਲਾ ਅਗਲੀ ਛਿਮਾਹੀ 'ਤੇ ਪਾ ਦਿੱਤਾ ਜਾਂਦਾ ਹੈ। ਇਨ੍ਹਾਂ ਜ਼ਮੀਨਾਂ ਦੀ ਗਿਣਤੀ ਕਰਨ ਤੋਂ ਮਹਿਕਮਾ ਵੀ ਕੰਨੀ ਕਤਰਾਉਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਕੋਈ ਠੋਸ ਨੀਤੀ ਤਿਆਰ ਕਰੇ। ਕਿਸਾਨ ਭਰਾਵਾਂ ਨੂੰ ਵੀ ਆਪਣੇ ਹੱਕ 'ਤੇ ਰਹਿੰਦੇ ਹੋਏ ਹੱਕ ਦੀ ਕਮਾਈ ਨਾਲ ਵੱਧ ਤੋਂ ਵੱਧ ਆਪਣੇ ਬੱਚੇ ਪੜ੍ਹਾਉਣੇ ਚਾਹੀਦੇ ਹਨ।


-ਗੁਰਿੰਦਰ ਕਲੇਰ
ਗੁਰਦਾਸਪੁਰ।

24-06-2020

 ਮੌਜੂਦਾ ਸਮੇਂ ਦਾ ਉਲਟਾ ਵਹਿਣ
ਸਿਆਣਿਆਂ ਦਾ ਕਥਨ ਹੈ ਕਿ ਸਮਾਂ ਆਪਣੇ ਆਪ ਵਿਚ ਬਹੁਤ ਬਲਵਾਨ ਹੈ। ਇਸ ਦੀ ਸਿੱਧੀ ਜਾਂ ਉਲਟੀ ਤੋਰ ਮਨੁੱਖ ਨੂੰ ਕਈ ਤਰ੍ਹਾਂ ਨਾਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਮੌਜੂਦਾ ਸਮਾਂ ਵੀ ਆਪਣੇ ਸਿਖਰੀ ਰੰਗ ਦਿਖਾ ਕੇ ਹਟਿਆ ਹੈ ਅਤੇ ਦਿਖਾ ਰਿਹਾ ਹੈ। ਜਿਹੜੇ ਵਿਅਕਤੀਆਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਉਹੀ ਵਿਆਕਤੀ ਆਪਣੀ ਵਿਹਲ ਵਿਚੋਂ ਸਿਰ ਖੁਰਚਣ ਦੇ ਸਮੇਂ ਜਿੰਨਾ ਕੁ 'ਕੰਮ' ਕਰਨ ਨੂੰ ਤਰਸਦੇ ਰਹੇ। ਆਧੁਨਿਕ ਦੌਰ ਦੀ ਤਕਨਾਲੋਜੀ ਦੇ ਦੌਰ ਵਿਚ ਅੱਖੋਂ-ਪਰੋਖੇ ਹੋ ਰਹੇ ਦੂਰਦਰਸ਼ਨ ਦੇ ਸਦਾਬਹਾਰ ਸੀਰੀਅਲਾਂ ਦੀ ਟੀ.ਆਰ.ਪੀ. ਵਿਚ ਫਿਰ ਤੋਂ ਝੰਡੀ ਹੋਈ। ਇਹ ਵੀ ਸਮੇਂ ਦਾ ਫੇਰ ਨਹੀਂ ਤਾਂ ਹੋਰ ਕੀ ਹੈ ਕਿ ਜਿਹੜੀ ਪੁਲਿਸ ਪਿਛਲੇ ਸਮੇਂ ਮੂੰਹ ਢਕ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟਦੀ ਸੀ, ਅੱਜ ਉਹੀ ਪੁਲਿਸ ਬਿਨਾਂ ਮੂੰਹ ਢਕੇ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਕੱਟ ਰਹੀ ਹੈ। ਜਿਸ ਵਿਆਕਤੀ ਨੂੰ ਵੇਖਣ ਲਈ ਅੱਖਾਂ ਤਰਸ ਜਾਂਦੀਆਂ ਸਨ ਉਸ ਤੋਂ ਖ਼ੁਦ ਹੀ ਦੂਰ ਰਹਿਣਾ ਵਧੀਆ ਅਤੇ ਸਿਆਣਪ ਲੱਗਣ ਲੱਗਿਆ। ਸਦੀਆਂ ਬਾਅਦ ਪਸ਼ੂ-ਪੰਛੀ ਅਤੇ ਜਾਨਵਰ ਘੁੰਮਦੇ ਫਿਰ ਰਹੇ ਸਨ ਪਰ ਮਨੁੱਖ ਘਰਾਂ ਵਿਚ ਕੈਦ ਰਿਹਾ। ਸਮੇਂ ਦੇ ਫੇਰ ਨੇ ਸਾਡਾ ਵਾਤਾਵਰਨ, ਦਰਿਆ, ਪ੍ਰਦੂਸ਼ਣ ਅਤੇ ਖੁਸ਼ੀ ਗ਼ਮੀ ਦੇ ਮੌਕਿਆਂ ਵਿਚ ਸ਼ੁੱਧਤਾ ਲਿਆ ਦਿੱਤੀ। ਇਸ ਵਰਤਾਰੇ ਕਾਰਨ ਪਾਣੀ ਸਾਫ਼ ਹੋ ਗਿਆ, ਦੂਰੋਂ ਪਹਾੜਾਂ ਦੇ ਕੁਦਰਤੀ ਨਜ਼ਾਰੇ ਦਿਖਾਈ ਦਿੱਤੇ ਅਤੇ ਖੁਸ਼ੀ-ਗ਼ਮੀ ਦੇ ਮੌਕੇ ਬੇਲੋੜੇ ਦਿਖਾਵਿਆਂ ਤੋਂ ਮੁਕਤ ਹੋ ਗਏ ਸਨ। ਹੋਰ ਪਤਾ ਨਹੀਂ ਥੋੜ੍ਹੇ ਸਮੇਂ ਵਿਚ ਹੀ ਇਸ ਸਮੇਂ ਦੀ ਤੋਰ ਨੇ ਕਿੰਨੇ ਕੁ ਮਨੁੱਖੀ ਤਲਿੱਸਮ ਤੋੜ ਦਿੱਤੇ। ਕਈ ਇਤਿਹਾਸਿਕ ਤੱਥ ਵੀ ਇਸ ਸਮੇਂ ਦੀ ਤੋਰ ਨੂੰ ਸਵੀਕਾਰ ਕਰਦੇ ਹਨ। ਮੁੱਕਦੀ ਗੱਲ ਸਮੇਂ ਦੀ ਤੋਰ ਨਾਲ ਤੁਰ ਕੇ ਹੀ ਮਨੁੱਖ ਕਾਮਯਾਬ ਹੋ ਸਕਦਾ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।

ਪ੍ਰਵਾਸੀ ਮਜ਼ਦੂਰਾਂ ਦੀ ਦਾਸਤਾਨ
ਤਾਲਾਬੰਦੀ ਤੋਂ ਬਾਅਦ ਜਿਹੜੇ ਲੋਕ ਕਾਰਖਾਨਿਆਂ ਦੇ ਮਾਲਕਾਂ ਲਈ ਮੁਨਾਫ਼ਾ ਪੈਦਾ ਕਰਦੇ ਸਨ, ਉਨ੍ਹਾਂ ਮਾਲਕਾਂ ਵਲੋਂ ਮਜ਼ਦੂਰਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਤੋਂ ਪੈਰ ਪਿਛਾਂਹ ਖਿੱਚ ਲੈ ਗਏ। ਫਿਰ ਸ਼ੁਰੂ ਹੋਈ ਇਨ੍ਹਾਂ ਦੀ ਦਰਦ ਭਰੀ ਦਾਸਤਾਨ। ਜਦੋਂ ਇਹ ਲੋਕ ਆਪਣੇ ਵਤਨਾਂ ਨੂੰ ਪੈਦਲ ਹੀ ਚੱਲ ਪਏ। ਕੋਈ ਰਸਤੇ ਵਿਚ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ, ਕੁਝ ਲੋਕ ਰੇਲ ਪਟੜੀਆਂ 'ਤੇ ਸੌਣ ਕਾਰਨ ਮਾਲ ਗੱਡੀ ਦੁਆਰਾ ਕੁਚਲੇ ਗਏ, ਕਈ ਲੰਮਾ ਰਸਤਾ ਤੈਅ ਕਰਦੇ-ਕਰਦੇ ਆਪਣੇ ਸਵਾਸ ਤਿਆਗ ਗਏ। ਇਥੋਂ ਤੱਕ ਕਿ ਕਈ ਗਰਭਵਤੀ ਔਰਤਾਂ ਪੈਦਲ ਚੱਲ ਪਈਆਂ, ਰਾਹ ਵਿਚ ਬੱਚੇ ਨੂੰ ਜਨਮ ਦਿੱਤਾ ਅਤੇ ਫਿਰ ਆਪਣਾ ਪੰਧ ਮੁਕਾਉਣਾ ਸ਼ੁਰੂ ਕਰ ਦਿੱਤਾ। ਅੰਤ ਸਰਕਾਰ ਨੀਂਦ ਵਿਚੋਂ ਜਾਗੀ ਅਤੇ ਉਨ੍ਹਾਂ ਨੇ ਪ੍ਰਵਾਸੀ ਲੋਕਾਂ ਨੂੰ ਘਰ-ਘਰ ਪਹੁੰਚਾਉਣ ਲਈ ਕੁਝ ਰੇਲਾਂ ਦਾ ਪ੍ਰਬੰਧ ਕਰ ਦਿੱਤਾ, ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹ ਰੇਲਾਂ ਵੀ ਆਪਣੇ ਰਸਤੇ ਤੋਂ ਭਟਕ ਗਈਆਂ। ਹੈਰਾਨੀ ਹੁੰਦੀ ਹੈ ਕਿ ਅਸੀਂ ਬਾਹਰਲੇ ਮੁਲਕਾਂ ਵਿਚ ਫਸੇ ਲੋਕਾਂ ਨੂੰ ਲਿਆ ਸਕਦੇ ਹਾਂ, ਪਰ ਵਤਨ ਵਸਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਨਹੀਂ ਕਰ ਸਕਦੇ। ਸਾਡੇ ਦੇਸ਼ ਵਿਚ ਸਰਕਾਰ ਕੋਲ ਪੂੰਜੀਪਤੀ ਘਰਾਣਿਆਂ ਦੀ ਦੇਖਭਾਲ ਤੋਂ ਫੁਰਸਤ ਹੀ ਕਿੱਥੇ ਹੈ?

-ਹਰਨੰਦ ਸਿੰਘ ਬੱਲਿਆਂਵਾਲਾ
ਪਿੰਡ ਬੱਲਿਆਂਵਾਲਾ (ਤਰਨ ਤਾਰਨ)।

ਧਿਆਨ ਦੇਣ ਦੀ ਲੋੜ
ਕੁਝ ਦਿਨਾਂ ਤੋਂ ਮੌਸਮ ਨੇ ਇਕਦਮ ਆਪਣੇ ਤੇਵਰ ਬਦਲਦਿਆਂ ਜਿਊਣਾ ਮੁਹਾਲ ਕਰ ਦਿੱਤਾ ਹੈ। ਇਕਦਮ ਵਧੇ ਤਾਪਮਾਨ ਨੇ ਜਿਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਗਲੀਆਂ, ਬਾਜ਼ਾਰਾਂ 'ਚ ਸੁੰਨਸਾਨ ਪਸਾਰ ਦਿੱਤੀ ਹੈ, ਉਥੇ ਹੀ ਵਗਦੀ ਗਰਮ ਲੂ ਨੇ ਪੌਦੇ, ਪਸ਼ੂ ਅਤੇ ਪੰਛੀਆਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਘਰੇਲੂ ਬਗੀਚੀਆਂ ਅਤੇ ਖੇਤਾਂ ਵਿਚ ਲਾਈ ਸਬਜ਼ੀ ਕੁਮਲਾ ਗਈ ਹੈ। ਇਸ ਸਮੇਂ ਜਿਥੇ ਖ਼ੁਦ ਗਰਮੀ ਤੋਂ ਬਚਣ ਦੀ ਲੋੜ ਹੈ, ਉਥੇ ਹੀ ਨਿੱਕੜੇ ਬਾਲਾਂ, ਪਸ਼ੂਆਂ, ਪੰਛੀਆਂ ਅਤੇ ਪੌਦਿਆਂ ਵੱਲ ਉਚੇਚਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸ਼ਾਮ ਸਵੇਰੇ ਨਿੱਕੇ ਪੌਦਿਆਂ ਅਤੇ ਦਰੱਖਤਾਂ ਨੂੰ ਪਾਣੀ ਪਾਉਣਾ ਨਹੀਂ ਭੁੱਲਣਾ ਚਾਹੀਦਾ। ਪੰਛੀਆਂ ਲਈ ਵੀ ਘਰ ਦੀ ਛੱਤ ਜਾਂ ਵਿਹੜੇ ਵਿਚ ਛੋਟੇ ਬਰਤਨਾਂ/ਕੂੰਡਿਆਂ 'ਚ ਪਾਣੀ ਪਾ ਕੇ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਬਰਤਨਾਂ 'ਚੋਂ ਰੋਜ਼ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ। ਇਸ ਗੱਲ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਛੱਤਾਂ ਉੱਤੇ ਰੱਖੀਆਂ ਟੈਂਕੀਆਂ ਦੇ ਢੱਕਣ ਜ਼ਰੂਰ ਲੱਗੇ ਹੋਣ ਕਿਉਂਕਿ ਗਰਮੀ ਵਿਚ ਅਕਸਰ ਪੰਛੀ ਇਨ੍ਹਾਂ ਖੁੱਲ੍ਹੇ ਮੂੰਹ ਵਾਲੀਆਂ ਟੈਂਕੀਆਂ 'ਚੋਂ ਪਾਣੀ ਪੀਂਦਿਆਂ ਟੈਂਕੀ ਵਿਚ ਡਿਗ ਕੇ ਮਰ ਜਾਂਦੇ ਹਨ। ਪੈ ਰਹੀ ਇਸ ਅੱਤ ਦੀ ਗਰਮੀ ਦੇ ਮੌਸਮ ਤੋਂ ਬਚਣ ਲਈ ਵੀ ਆਪਣੇ ਕੰਮਕਾਜ ਸਵੇਰੇ-ਸਵੇਰੇ ਨਿਬੇੜ ਕੇ ਘਰਾਂ ਅੰਦਰ ਵੜ ਜਾਣਾ ਹੀ ਬਿਹਤਰ ਉਪਾਅ ਹੈ।

-ਅਨੰਤ ਗਿੱਲ ਭਲੂਰ, ਮੋਗਾ।

ਰਾਹਗੀਰਾਂ ਦੀ ਸਮੱਸਿਆ
ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਆਪਣੇ ਨਿੱਜੀ ਕੰਮਾਂ ਲਈ ਘਰ ਤੋਂ ਬਾਹਰ ਲੋਕਾਂ ਨੇ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ਪੂਰੇ ਜ਼ੋਰਾਂ 'ਤੇ ਹੈ। ਲੂ ਚੱਲ ਰਹੀ ਹੈ। ਅਕਸਰ ਆਮ ਦੇਖਿਆ ਜਾਂਦਾ ਹੈ ਕਿ ਸ਼ਹਿਰੀ ਖੇਤਰਾਂ ਵਿਚ ਟ੍ਰੈਫਿਕ ਦੀ ਸਮੱਸਿਆ ਦਿਨ-ਪ੍ਰਤੀਦਿਨ ਵਧ ਰਹੀ ਹੈ। ਜੋ ਪੁਲ ਦੇ ਨੀਚੇ ਰਸਤੇ ਖੁੱਲ੍ਹੇ ਹੁੰਦੇ ਹਨ, ਉਹ ਕਰਾਸਿੰਗ ਲਈ ਹੁੰਦੇ ਹਨ। ਜੋ ਲੋਕਾਂ ਨੂੰ ਕਰਾਸਿੰਗ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਲੋਕ ਇਥੇ ਆਪਣੇ ਚਾਰ ਪਹੀਆ ਵਾਹਨ ਜਾਂ ਵੱਡੇ ਵਾਹਨ ਖੜ੍ਹਾ ਕਰਦੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕੋਈ ਪਾਰਕਿੰਗ ਨਹੀਂ ਹੈ। ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਖਿਲਾਫ਼ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

23-06-2020

 ਆਨਲਾਈਨ ਪੜ੍ਹਾਈ
ਕੋਵਿਡ 19 ਦੇ ਕਾਰਨ ਲਗਪਗ ਸਾਰਾ ਸੰਸਾਰ ਘਰਾਂ ਵਿਚ ਰਹਿਣ ਨੂੰ ਮਜਬੂਰ ਹੈ। ਇਸ ਕਰਕੇ ਹਰ ਇਕ ਇਨਸਾਨ ਨੂੰ ਕੁਝ ਨਾ ਕੁਝ ਨੁਕਸਾਨ ਜ਼ਰੂਰ ਉਠਾਉਣਾ ਪਿਆ ਹੈ, ਫਿਰ ਭਾਵੇਂ ਉਹ ਮਜ਼ਦੂਰ, ਵਪਾਰੀ ਜਾਂ ਦੁਕਾਨਦਾਰ ਹੋਵੇ। ਇਸੇ ਕੜੀ ਵਿਚ ਬੱਚਿਆਂ ਦੀ ਸੁਰੱਖਿਆ ਕਰਕੇ ਪਿਛਲੇ ਕਾਫੀ ਸਮੇਂ ਤੋਂ ਸਕੂਲ ਬੰਦ ਕੀਤੇ ਗਏ ਹਨ ਪਰ ਬੱਚਿਆਂ ਨੂੰ ਲਗਾਤਾਰ ਪੜ੍ਹਾਈ ਨਾਲ ਜੋੜੀ ਰੱਖਣ ਲਈ ਸਿੱਖਿਆ ਵਿਭਾਗ ਉਪਰਾਲੇ ਕਰ ਰਿਹਾ ਹੈ। ਅਧਿਆਪਕ ਸਾਹਿਬਾਨ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਰੋਜ਼ਾਨਾ ਉਨ੍ਹਾਂ ਨਾਲ ਮੋਬਾਈਲ ਦੇ ਮਾਧਿਅਮ ਰਾਹੀਂ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਵਿਦਿਆਰਥੀ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਅਧਿਆਪਕ ਫੋਨ ਕਰਕੇ ਉਸ ਨੂੰ ਕੰਮ ਸਮਝਾ ਰਹੇ ਹਨ। ਜਿਨ੍ਹਾਂ ਵਿਦਿਆਰਥੀਆਂ ਕੋਲ ਸਮਾਰਟ ਫੋਨ ਹਨ, ਉਨ੍ਹਾਂ ਦਾ ਕੰਮ ਚੈੱਕ ਕਰਕੇ ਵਾਪਸ ਭੇਜਿਆ ਜਾਂਦਾ ਹੈ, ਨਾਲੋ-ਨਾਲ ਸਿੱਖਿਆ ਵਿਭਾਗ ਵਲੋਂ ਦੂਰਦਰਸ਼ਨ 'ਤੇ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਿਤ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜਿਸ ਵਿਚ ਔਖੇ ਅਤੇ ਰੌਚਕ ਢੰਗ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਪ੍ਰੋਗਰਾਮ ਤੋਂ ਬਾਅਦ ਬੱਚਿਆਂ ਨੂੰ ਉਸ ਵਿਸ਼ੇ ਨਾਲ ਸਬੰਧਿਤ ਕੰਮ ਵੀ ਦਿੱਤਾ ਜਾਂਦਾ ਹੈ। ਇਸ ਔਖੀ ਘੜੀ ਵਿਚ ਸਿੱਖਿਆ ਵਿਭਾਗ ਅਤੇ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ ਜੋ ਕਿ ਸਲਾਹੁਣ ਯੋਗ ਉਪਰਾਲਾ ਹੈ।


-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।


ਕਿਰਤ ਦਾ ਨਿਰਾਦਰ
ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ, ਭਗਤਾਂ ਅਤੇ ਹੋਰ ਮਹਾਂਪੁਰਖਾਂ ਨੇ ਸੁੱਚੀ ਕਿਰਤ ਨੂੰ ਅਪਣਾਇਆ ਵੀ ਤੇ ਵਡਿਆਇਆ ਵੀ। ਪਰ ਮੌਜੂਦਾ ਮਾਹੌਲ ਵਿਚ ਕਿਰਤੀ ਵਰਗ ਦੀ ਹੋ ਰਹੀ ਦੁਰਦਸ਼ਾ ਵੇਖ ਕੇ ਹਰ ਹਸਾਸ ਵਿਅਕਤੀ ਨੂੰ ਅਕਹਿ ਦੁੱਖ ਹੁੰਦਾ ਹੈ। ਜਿਸ ਨਾਟਕੀ ਢੰਗ ਨਾਲ ਤਾਲਾਬੰਦੀ ਲਾਗੂ ਕਰਕੇ ਕਿਰਤੀ ਨਾਲ ਜੋ ਭੈੜਾ ਸਲੂਕ ਕੀਤਾ ਗਿਆ, ਹਰ ਪੱਖੋਂ ਨਿੰਦਣਯੋਗ ਹੈ। ਭਾਵੇਂ ਮਨੁੱਖਤਾ ਦੇ ਹਿਤੈਸ਼ੀ ਆਪਣੀ ਸਮਰੱਥਾ ਅਨੁਸਾਰ ਸਹਾਇਤਾ ਕਰ ਰਹੇ ਹਨ ਪਰ ਸਮੇਂ ਦੀ ਸਰਕਾਰ ਵਲੋਂ ਵਿਖਾਈ ਗਈ ਅਣਗਹਿਲੀ ਤੇ ਕਠੋਰਤਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ।


-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।


ਅਸੀਂ ਕਦੋਂ ਸੁਧਰਾਂਗੇ
ਸਮਾਂ ਬਦਲ ਰਿਹਾ ਹੈ, ਇਨਸਾਨ ਬਦਲ ਰਿਹਾ ਹੈ। ਖਾਣ-ਪੀਣ, ਕੱਪੜੇ, ਰਹਿਣ-ਸਹਿਣ ਅਤੇ ਚੱਲਣ-ਫਿਰਨ ਵਿਚ ਬਹੁਤ ਵੱਡੀ ਤਬਦੀਲੀ ਆ ਗਈ ਹੈ। ਮਹਿੰਗੇ ਬਰਤਨ, ਮਹਿੰਗੀਆਂ ਕਾਰਾਂ, ਕੋਠੀਆਂ ਅਤੇ ਇਥੋਂ ਤੱਕ ਕਿ ਪਾਲਤੂ ਜਾਨਵਰ ਵੀ ਆਪਣੇ ਮਿਆਰ ਅਨੁਸਾਰ ਰੱਖੇ ਜਾਣ ਲੱਗੇ ਹਨ। ਜਿਸ ਜਾਨਵਰ ਦੀ ਮੈਂ ਗੱਲ ਕਰਨ ਲੱਗਾ ਹਾਂ ਉਹ ਹੈ ਕੁੱਤਾ। ਕੁੱਤਾ ਸ਼ਾਇਦ ਇਨਸਾਨੀ ਸੱਭਿਅਤਾ ਦੀ ਹੱਦ ਤੋਂ ਹੀ ਮਨੁੱਖ ਨਾਲ ਰਹਿੰਦਾ ਆ ਰਿਹਾ ਹੈ। ਬਾਕੀ ਜਾਨਵਰਾਂ ਗਾਂ, ਮੱਝ, ਬਲਦ ਆਦਿ ਵਾਂਗ ਇਹ ਵੀ ਪਰਿਵਾਰ ਦਾ ਇਕ ਹਿੱਸਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਬਾਕੀ ਜਾਨਵਰ ਘਰਾਂ ਵਿਚੋਂ ਅਲੋਪ ਹੋ ਰਹੇ ਹਨ, ਕੁੱਤੇ ਪ੍ਰਤੀ ਨਜ਼ਰੀਆ ਉਸੇ ਤਰ੍ਹਾਂ ਕਾਇਮ ਹੈ। ਘਰ ਦੀ ਰਾਖੀ ਵਾਲੀ ਗੱਲ ਤਾਂ ਸ਼ਾਇਦ ਪਿੱਛੇ ਰਹਿ ਗਈ, ਹੁਣ ਤਾਂ ਕੁੱਤਾ ਮਿਆਰ ਦੀ ਨਿਸ਼ਾਨੀ ਬਣ ਗਿਆ ਹੈ। ਮਹਿੰਗੀਆਂ ਅਤੇ ਵਿਦੇਸ਼ੀ ਨਸਲਾਂ ਦੇ ਕੁੱਤੇ ਵੱਡੀਆਂ ਕੋਠੀਆਂ ਦਾ ਸ਼ਿੰਗਾਰ ਬਣ ਗਏ ਹਨ। ਸਵੇਰੇ-ਸ਼ਾਮ ਕੁੱਤੇ ਲੈ ਕੇ ਘੁੰਮਦੇ ਲੋਕਾਂ ਨੂੰ ਤੁਸੀਂ ਆਮ ਹੀ ਦੇਖਦੇ ਹੋਵੋਗੇ। ਬਹੁਤੀ ਵਾਰ ਆਪਣੀ ਸੈਰ ਦਾ ਮਤਲਬ ਵੀ ਕੁੱਤੇ ਨੂੰ ਮਲ-ਮੂਤਰ ਲਈ ਬਾਹਰ ਲੈ ਕੇ ਜਾਣਾ ਹੁੰਦਾ ਹੈ। ਫਿਰ ਇਸ ਕੰਮ ਲਈ ਹਰ ਥਾਂ, ਗਲੀ, ਸੜਕ ਆਮ ਹੀ ਵਰਤੀ ਜਾਂਦੀ ਹੈ ਅਤੇ ਬਹੁਤੀ ਵਾਰ ਤਾਂ ਸੜਕ ਜਾਂ ਗਲੀ ਦੇ ਵਿਚਕਾਰ ਸਾਫ਼-ਸੁਥਰੀ ਥਾਂ ਨੂੰ ਹੀ ਗੰਦਾ ਕੀਤਾ ਜਾਂਦਾ ਹੈ। ਆਪਣੀ ਚੰਦ ਪਲਾਂ ਦੀ ਸੌਖ ਲਈ ਸਾਰਾ ਦਿਨ ਲੰਘਣ ਵਾਲੇ ਦੂਜਿਆਂ ਨੂੰ ਔਖ ਨਾ ਦੇਈਏ। ਹੱਕਾਂ ਦੇ ਨਾਲ-ਨਾਲ ਫ਼ਰਜ਼ਾਂ ਨੂੰ ਵੀ ਪਛਾਣੀਏ। ਸਾਫ਼-ਸਫ਼ਾਈ ਲਈ ਸਮੂਹਿਕ ਜ਼ਿੰਮੇਵਾਰੀ ਜਾਣੀਏ।


-ਗੁਰਮੀਤ ਸਿੰਘ ਮਰਾੜ੍ਹ।


ਚੂਹਿਆਂ ਦੀ ਭਰਮਾਰ ਤੇ ਝੋਨਾ
ਕਿਸਾਨੀ ਫ਼ਸਲ ਨੂੰ ਨਿੱਕੀ ਤੋਂ ਨਿੱਕੀ ਚੀਜ਼ ਤੇਲਾ, ਜੂੰ, ਆਦਿ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਖਾ ਰਹੀ ਹੈ। ਇਨ੍ਹਾਂ 'ਚ ਇਕ ਜਾਨਵਰ ਹੈ ਚੂਹਾ ਜੋ ਅੱਜਕਲ੍ਹ ਬਹੁਤ ਵੱਡੀ ਤਾਦਾਦ ਵਿਚ ਖੇਤਾਂ ਵਿਚ ਫਿਰ ਰਿਹਾ ਹੈ। ਪਿੱਛੇ ਜਿਹੇ ਖ਼ਬਰਾਂ ਮਿਲੀਆਂ ਕਿ ਚੂਹਾ ਖੇਤ ਵਿਚਲਾ ਨਰਮਾ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਅੱਜਕਲ੍ਹ ਚੂਹਾ ਝੋਨੇ ਦੀ ਫ਼ਸਲ ਨੂੰ ਵੀ ਵੱਡੀ ਮਾਤਰਾ ਵਿਚ ਖਾ ਰਿਹਾ ਹੈ। ਖ਼ਾਸ ਕਰਕੇ ਜਿਹੜੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਕਾਫੀ ਰਾਹਤ ਲੇਬਰ, ਪਾਣੀ ਆਦਿ ਦੀ ਮਿਲਦੀ ਹੈ ਪਰ ਇਸ ਲਈ ਚੂਹਾ ਵੱਡੀ ਸਮੱਸਿਆ ਬਣ ਰਿਹਾ ਹੈ। ਕੁਝ ਸਾਲ ਪਹਿਲਾਂ ਸਰਕਾਰ ਚੂਹੇ ਦੇ ਹੱਲ ਲਈ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਚੂਹੇਮਾਰ ਦਵਾਈ ਭੇਜਦੀ ਸੀ। ਕਿਸਾਨ ਉਸ ਦਵਾਈ ਨੂੰ ਇਕੱਠੇ ਹੋ ਕੇ ਪਾਉਂਦੇ ਸਨ ਤਾਂ ਕੁਝ ਰਾਹਤ ਹੁੰਦੀ ਸੀ। ਪਰ ਹੁਣ ਸਰਕਾਰ ਨੇ ਇਹ ਦਵਾਈ ਬੰਦ ਕਰ ਦਿੱਤੀ ਹੈ। ਬਾਜ਼ਾਰ 'ਚ ਮਿਲਦੀ ਦਵਾਈ ਦੀ ਕੀਮਤ ਬਹੁਤ ਹੈ। ਕਰਜ਼ੇ ਥੱਲੇ ਦੱਬਿਆ ਕਿਸਾਨ ਇਹ ਦਵਾਈ ਖ਼ਰੀਦਣ ਤੋਂ ਝਿਜਕਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਚੂਹੇਮਾਰ ਦਵਾਈ ਮੁਫ਼ਤ ਦੇਵੇ।


-ਜਸਕਰਮ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

22-06-2020

 ਪ੍ਰਣਾਮ ਸ਼ਹੀਦਾਂ ਨੂੰ
ਚੀਨ ਅਕਸਰ ਹੀ ਭਾਰਤ ਨਾਲ ਲੱਗਦੀ ਸਰਹੱਦ 'ਤੇ ਛੇੜ-ਛਾੜ ਕਰਦਾ ਰਹਿੰਦਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚ ਤਣਾਅ ਬਣਿਆ ਰਹਿੰਦਾ ਹੈ। ਪਿਛਲੇ ਦਿਨੀਂ ਗਲਵਾਨ ਘਾਟੀ 'ਤੇ ਦੋਵਾਂ ਮੁਲਕਾਂ ਦੇ ਸੈਨਿਕਾਂ ਵਿਚ ਝੜਪਾਂ ਹੋਈਆਂ ਅਤੇ ਜਿਸ ਨਾਲ ਜਿਥੇ ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਉਥੇ ਹੀ ਭਾਰਤੀ ਸੈਨਿਕ ਵੀ ਸ਼ਹੀਦ ਹੋਏ, ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਸਨ। ਭਾਵੇਂ ਪੰਜਾਬ ਸਰਕਾਰ ਨੇ ਇਨ੍ਹਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਅਤੇ ਆਰਥਿਕ ਮਦਦ ਦਾ ਐਲਾਨ ਕੀਤਾ ਹੈ, ਪ੍ਰੰਤੂ ਭਾਰਤ ਸਰਕਾਰ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਰਾਜ ਸਰਕਾਰਾਂ ਨੂੰ ਇਨ੍ਹਾਂ ਜਾਂਬਾਜ਼ ਸ਼ਹੀਦਾਂ ਦੀ ਯਾਦ ਵਿਚ ਢੁਕਵੀਆਂ ਯਾਦਗਾਰਾਂ ਬਣਵਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਤੋਂ ਸੇਧ ਮਿਲ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਨੌਜਵਾਨ ਪੀੜ੍ਹੀ ਤੇ ਬਜ਼ੁਰਗ
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਮਾਂ-ਬਾਪ ਦੀ ਕਿਰਪਾ ਨਾਲ ਅਸੀਂ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਾਂ। ਮਾਂ-ਬਾਪ ਨੂੰ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿ ਸਾਡੇ ਬੱਚੇ ਲਾਇਕ ਬਣਨ, ਸਾਡਾ ਸਮਾਜ ਵਿਚ ਮਾਣ ਵਧੇਗਾ ਤੇ ਬੁਢਾਪੇ ਵੇਲੇ ਸਾਡੀ ਸੇਵਾ ਕਰਨ। ਪਰ ਅੱਜ ਸਮਾਂ ਬਦਲ ਰਿਹਾ ਹੈ, ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਕੋਲ ਮਾਂ-ਬਾਪ ਲਈ ਸਮਾਂ ਨਹੀਂ ਹੈ। ਜ਼ਿੰਦਗੀ ਇੰਨੀ ਜ਼ਿਆਦਾ ਸੰਘਰਸ਼ਸ਼ੀਲ ਹੋ ਚੁੱਕੀ ਹੈ ਕਿ ਮਾਂ-ਬਾਪ ਨੂੰ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਜਾਂਦਾ। ਕਈ ਘਰਾਂ ਵਿਚ ਬਜ਼ੁਰਗਾਂ ਦੀ ਟੋਕਾਟਾਕੀ ਬਹੁਤ ਹੁੰਦੀ ਹੈ, ਜਿਸ ਕਰਕੇ ਘਰ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ। ਬਜ਼ੁਰਗਾਂ ਨੂੰ ਸਮੇਂ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ ਜੇ ਘਰ ਵਿਚ ਉਹ ਬੱਚਿਆਂ ਦੇ ਮਾਮਲਿਆਂ ਵਿਚ ਜ਼ਿਆਦਾ ਟੋਕਾ-ਟਾਕੀ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਘਰ ਵਿਚ ਸਤਿਕਾਰ ਬੁਹਤ ਹੋਵੇਗਾ ਤੇ ਨੌਜਵਾਨ ਬੱਚਿਆਂ ਨੂੰ ਵਧੀਆ ਲੱਗੇਗਾ ਕਿ ਸਾਡੇ ਮਾਂ-ਬਾਪ ਸਾਡੇ ਫ਼ੈਸਲੇ ਤੋਂ ਖ਼ੁਸ਼ ਹਨ। ਪਰ ਕਈ ਘਰਾਂ ਵਿਚ ਬਜ਼ੁਰਗ ਸ਼ਾਂਤ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ। ਇਸ ਗੱਲ ਵਿਚ ਤਾਂ ਬੱਚਿਆਂ ਦਾ ਹੀ ਕਸੂਰ ਹੈ ਕਿ ਉਹ ਆਖਿਰ ਆਪਣੇ ਮਾਂ-ਬਾਪ ਨੂੰ ਕਿਉਂ ਨਹੀਂ ਪੁੱਛਦੇ? ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਜਿਸ ਕਾਰਨ ਬਜ਼ੁਰਗਾਂ ਨੂੰ ਇਹ ਨਹੀਂ ਲੱਗੇਗਾ ਕਿ ਘਰ ਵਿਚ ਉਨ੍ਹਾਂ ਦੀ ਪੁੱਛਗਿੱਛ ਬਿਲਕੁਲ ਵੀ ਨਹੀਂ ਹੈ। ਇਸ ਨਾਲ ਘਰ ਵੀ ਸਵਰਗ ਬਣ ਜਾਵੇਗਾ।


-ਸੰਜੀਵ ਸਿੰਘ ਸੈਣੀ
ਮੁਹਾਲੀ।


ਬੇਖੌਫ਼ ਕੋਰੋਨਾ
ਕੋਰੋਨਾ ਦੇ ਸੂਬੇ ਵਿਚ ਵਧ ਰਹੇ ਪ੍ਰਕੋਪ ਦੇ ਚਲਦੇ ਪੰਜਾਬ ਸਰਕਾਰ ਵਲੋਂ 23 ਮਾਰਚ ਨੂੰ ਸੂਬੇ ਭਰ ਵਿਚ ਲਾਕਡਾਊਨ ਲਾ ਦਿੱਤਾ ਗਿਆ। ਇਸ ਲਾਕਡਾਊਨ ਦੇ ਸ਼ੁਰੂ-ਸ਼ੁਰੂ ਵਿਚ ਕੋਰੋਨਾ ਵਾਇਰਸ ਦਾ ਡਰ ਲੋਕਾਂ 'ਚ ਪਾਇਆ ਗਿਆ ਅਤੇ ਲੋਕ ਸਹਿਮੇ ਹੋਏ ਮਹਿਸੂਸ ਕਰ ਰਹੇ ਸਨ। ਪਰ ਲਾਕਡਾਊਨ ਦੇ ਖੁੱਲ੍ਹਣ ਦੇ ਕੁਝ ਦਿਨਾਂ ਉਪਰੰਤ ਇਸ ਵਾਇਰਸ ਤੋਂ ਬੇਖੌਫ ਲੋਕ ਪਿੰਡਾਂ ਵਿਚ ਤਾਸ਼ ਖੇਡਦੇ ਅਤੇ ਫਿਰਨੀਆਂ ਵਿਚ ਝੁੰਡ ਬਣਾ ਕੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਬੈਂਕਾਂ ਅਤੇ ਹੋਰ ਜਨਤਕ ਸਥਾਨਾਂ 'ਚ ਸ਼ੋਸਲ ਡਿਸਟੈਂਸਿੰਗ ਦੀਆਂ ਧੱਜੀਆਂ ਹੁਣ ਤੱਕ ਉਡਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਇਸ ਲਾਕਡਾਊਨ ਦੇ ਚਲਦੇ ਕੁਝ ਲੋਕਾਂ ਦੇ ਚਲਾਨ ਕੱਟ ਕੇ ਆਪਣੀ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਸ ਸਮੇਂ ਦੇਸ਼ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ ਲੱਖਾਂ 'ਤੇ ਪਹੁੰਚ ਗਈ ਹੈ ਅਤੇ ਰੋਜ਼ਾਨਾ ਹਜ਼ਾਰਾਂ ਲੋਕ ਮਰ ਰਹੇ ਹਨ। ਇਸ ਮਹਾਂਮਾਰੀ ਬਿਮਾਰੀ ਦਾ ਅਜੇ ਤੱਕ ਕੋਈ ਵੀ ਦੇਸ਼ ਇਲਾਜ ਕੱਢਣ ਵਿਚ ਕਾਮਯਾਬ ਨਹੀਂ ਹੋ ਸਕਿਆ। ਜੇਕਰ ਇਸ ਕੋਰੋਨਾ ਤੋਂ ਬੇਖੌਫ਼ ਜਨਤਾ ਇਸੇ ਤਰ੍ਹਾਂ ਲਾਕਡਾਊਨ ਦੀ ਉਲੰਘਣਾ ਕਰਦੀ ਰਹੀ ਤਾਂ ਇਸ 'ਤੇ ਇਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ ਇਹ ਬੁਹਤ ਹੀ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ।


-ਹਰਪਾਲ ਸਿੰਘ ਭੱਟੀ
ਪਿੰਡ ਕਾਲਰਾਂ (ਗੜ੍ਹਦੀਵਾਲਾ) ਜ਼ਿਲ੍ਹਾ ਹੁਸ਼ਿਆਰਪੁਰ।


ਤੰਦਰੁਸਤੀ ਦਾ ਖਜ਼ਾਨਾ ਸਾਈਕਲ
ਦੋਸਤੋ ਸਾਈਕਲ ਚਲਾਉਣਾ ਮਨੁੱਖ ਲਈ ਵਰਦਾਨ ਸਾਬਤ ਹੁੰਦਾ ਹੈ। ਸਾਈਕਲ ਚਲਾਉਣ ਨਾਲ ਸਰੀਰ ਦੇ ਬਹੁਤ ਸਾਰੇ ਅੰਗਾਂ ਦੀ ਕਸਰਤ ਹੋ ਜਾਂਦੀ ਹੈ, ਢਿੱਡ ਵੀ ਨਹੀਂ ਵਧਦਾ ਅਤੇ ਭਾਰ ਵੀ ਕਾਬੂ 'ਚ ਰਹਿੰਦਾ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਸਾਨੂੰ ਘਰ ਦੇ ਛੋਟੇ-ਮੋਟੇ ਕੰਮ ਜਿਵੇਂ ਕਿ ਬਜ਼ਾਰੋਂ ਸਬਜ਼ੀ, ਦੁੱਧ, ਘਰ ਦਾ ਰਾਸ਼ਨ ਆਦਿ ਲਿਆਉਣਾ ਸਾਈਕਲ 'ਤੇ ਹੀ ਕਰਨੇ ਚਾਹੀਦੇ ਹਨ ਅਤੇ ਕਬੀਲਦਾਰੀ ਦੇ ਛੋਟੇ-ਛੋਟੇ ਕੰਮ ਕਰਨ ਲਈ ਵੀ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੈਟਰੋਲ, ਡੀਜ਼ਲ ਉਤੇ ਖਰਚ ਹੁੰਦੇ ਪੈਸੇ ਤਾਂ ਬਚਦੇ ਹੀ ਹਨ ਅਤੇ ਵਾਤਾਵਰਨ ਵਿਚ ਪ੍ਰਦੂਸ਼ਣ ਵੀ ਨਹੀਂ ਫੈਲਦਾ ਅਤੇ ਤੇਲ ਦੀ ਵੀ ਬੱਚਤ ਹੁੰਦੀ ਹੈ। ਆਓ ਆਪਾਂ ਸਾਈਕਲ ਚਲਾਉਣ ਦੀ ਆਦਤ ਪਾਈਏ ਅਤੇ ਸਰੀਰ ਨੂੰ ਤੰਦਰੁਸਤ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਈਏ।


-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ।


ਪੁਰਾਣਾ ਸੱਭਿਆਚਾਰ
ਸਮੇਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲਣਾ ਤਾਂ ਚੱਗੀ ਗੱਲ ਹੈ ਪਰ ਆਪਣਾ ਪਿਛੋਕੜ ਰੀਤੀ-ਰਿਵਾਜ ਪੁਰਾਣੇ ਵਿਰਸੇ ਨੂੰ ਭੁੱਲਣਾ ਕੋਈ ਚੰਗੀ ਗੱਲ ਨਹੀਂ ਹੈ। ਹੁਣ ਨਾ ਪਿੱਪਲਾਂ 'ਤੇ ਪੀਂਘਾਂ ਪਾਉਂਦੀਆਂ, ਨਾ ਦੁੱਧ ਰਿੜਕਣ ਵਾਲੀਆਂ ਮੁਟਿਆਰਾਂ, ਨਾ ਹੀ ਚਰਖੇ ਦੀ ਘੂਕ, ਨਾ ਖੂਹ 'ਤੇ ਪਾਣੀ ਭਰਦੀਆਂ ਮੁਟਿਆਰਾਂ, ਨਾ ਹੀ ਭੱਠੀ 'ਤੇ ਦਾਣੇ ਭੁੰਨਦੀ ਮਾਈ, ਤੀਆਂ, ਲੋਹੜੀ, ਤ੍ਰਿੰਝਣਾਂ, ਸੱਥਾਂ, ਮੋੜਾਂ ਤੇ ਮਹਿਫਲਾਂ ਨਾ ਹੀ ਪੰਜਾਬੀ ਲੋਕ-ਗੀਤ, ਪਹਿਰਾਵਾ, ਰੀਤੀ-ਰਿਵਾਜ, ਸੱਭਿਆਚਾਰ ਨਜ਼ਰ ਆਉਂਦਾ ਹੈ, ਜੋ ਹੁਣ ਸਟੇਜਾਂ, ਟੈਲੀਵਿਜ਼ਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਕਿਲੋ ਦੋ ਕਿਲੋ ਕਾੜ੍ਹਨੇ ਵਿਚੋਂ ਦੁੱਧ ਕੱਢ ਕੇ ਪੀ ਜਾਣਾ, ਕਾੜਨੇ ਦੀ ਮਲਾਈ ਬੀਬੀ ਤੋਂ ਚੋਰੀ ਦੁੱਧ ਤੋਂ ਲਾਹ ਕੇ ਖਾ ਜਾਣੀ, ਪਤਾ ਲੱਗਣ'ਤੇ ਕਹਿਣਾ ਬਿੱਲੀ ਖਾ ਗਈ। ਜੋ ਇਹਦੀ ਜਗ੍ਹਾ ਹੁਣ ਚਾਈਨੀ ਫੂਡ ਨੇ ਲੈ ਲਈ ਹੈ। ਪੀਜ਼ਾ, ਨਿਊਡਲ, ਸਨੈਕਸ, ਬਾਜ਼ਾਰੀ ਟੌਫੀਆਂ, ਚਾਕਲੇਟ, ਆਈਸ ਕਰੀਮ, ਬਰਗਰ, ਮੈਗੀ, ਕੋਲਡ ਡਰਿੰਕ, ਬਾਜ਼ਾਰੀ ਜੂਸ, ਬਾਜ਼ਾਰੀ ਬਿਸਕੁਟ ਆਦਿ ਨੇ ਲੈ ਲਈ। ਬੱਚੇ ਬਾਜ਼ਾਰੀ ਚੀਜ਼ਾਂ ਖਾ ਕੇ ਬਿਮਾਰ ਹੋ ਰਹੇ ਹਨ। ਪਹਿਲਾਂ ਬੱਚੇ ਹਰੀਆਂ ਸਬਜ਼ੀਆਂ, ਦੁੱਧ, ਘਿਓ, ਮੱਖਣ ਰਿਸ਼ਟ-ਪੁਸ਼ਟ ਖਾਣਾ ਖਾਂਦੇ ਸਨ। ਨਵੀਂ ਪੀੜ੍ਹੀ ਨੂੰ ਆਪਣੇ ਪੁਰਾਣੇ ਸੱਭਿਆਚਾਰ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ, ਜੋ ਅਲੋਪ ਹੋ ਗਿਆ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਇੰਸਪੈਕਟਰ।

19-06-2020

ਨੇੜਲੇ ਰਿਸ਼ਤਿਆਂ ਦੇ ਕਤਲ
ਲੁਧਿਆਣਾ ਵਿਖੇ ਪੁੱਤ ਵਲੋਂ ਮਾਂ ਨਾਲ ਰਲ ਕੇ ਪਿਤਾ ਦਾ ਕਤਲ, ਲੁਧਿਆਣਾ ਵਿਖੇ ਹੀ ਪਿਤਾ ਵਲੋਂ ਭਾਂਡੇ ਧੋਣ ਪਿੱਛੇ ਪੁੱਤ ਦਾ ਕਤਲ; ਸ਼ਾਹਕੋਟ ਵਿਖੇ ਆਪਣੇ 6 ਸਾਲ ਦੇ ਸਕੇ ਪੁੱਤਰ ਦੀ ਹੱਤਿਆ; ਬਰਨਾਲਾ ਵਿਖੇ ਗੁਆਂਢੀ ਨੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਨਾਲ ਕੀਤਾ ਹਲਾਕ; ਰਾਜਪੁਰਾ ਵਿਖੇ ਪਤੀ ਵਲੋਂ ਗਰਭਵਤੀ ਪਤਨੀ ਨੂੰ ਚਾਕੂ ਨਾਲ ਵਿੰਨਿਆ; ਮੋਗਾ ਵਿਖੇ ਨੌਜਵਾਨ ਵਲੋਂ ਤਫ਼ਤੀਸ਼ ਕਰਨ ਆਈ ਪੁਲਿਸ ਪਾਰਟੀ ਦਾ ਹੌਲਦਾਰ ਕਤਲ, ਸੰਗਰੂਰ ਵਿਖੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ ਅਤੇ ਪਤਨੀ ਵਲੋਂ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ। ਪੰਜਾਬ ਦੇ ਅਖ਼ਬਾਰਾਂ ਦੀਆਂ ਪਿਛਲੇ 2-3 ਦਿਨਾਂ ਦੀਆਂ ਇਹ ਦੁਖਦਾਈ ਖ਼ਬਰਾਂ ਪੰਜਾਬੀ ਲੋਕਾਂ ਦੀ ਵਿਗੜ ਰਹੀ ਮਾਨਸਿਕ ਸਥਿਤੀ ਅਤੇ ਘਟ ਰਹੀ ਸਹਿਣਸ਼ੀਲਤਾ ਦਾ ਸੰਕੇਤ ਹਨ। ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਨਾਲ ਲੋਕਾਂ ਦੇ ਖਰਚੇ ਵਧੇ ਹਨ ਅਤੇ ਕੰਮਕਾਰਾਂ ਵਿਚ ਮੰਦੀ ਦਾ ਰੁਝਾਨ ਆਇਆ ਹੈ, ਇਸ ਨਾਲ ਲੋਕ ਤਣਾਅ ਦਾ ਸ਼ਿਕਾਰ ਹੋ ਗਏ ਹਨ। ਇਹ ਤਣਾਅ ਗ੍ਰਸਤੀ ਹੀ ਘਟ ਰਹੀ ਸਹਿਣਸ਼ੀਲਤਾ ਦਾ ਵੱਡਾ ਕਾਰਨ ਹੈ। ਉਂਜ ਵੀ ਸਮਾਜ ਦੇ ਹਾਲਾਤ ਅਤੇ ਫੋਕੀ ਦਿਖਾਵੇਬਾਜ਼ੀ ਕਾਰਨ ਹਰ ਕੋਈ ਆਪਣੇ ਆਪ ਨੂੰ 'ਪਿੱਛੇ' ਰਹਿ ਗਿਆ ਸਮਝ ਰਿਹਾ ਹੈ ਅਤੇ 'ਅੱਗੇ' ਲੰਘਣ ਦੀ ਦੌੜ ਵਿਚ ਉਹ ਆਪਣੇ-ਬਿਗਾਨੇ, ਪਰਿਵਾਰਕ ਮੈਂਬਰ, ਸਾਕ-ਸਬੰਧੀ, ਦੋਸਤ-ਮਿੱਤਰ, ਭੈਣ-ਭਾਈ ਅਤੇ ਨੇੜਲੇ ਰਿਸ਼ਤਿਆਂ ਦੀ ਮਹੱਤਤਾ ਭੁੱਲ ਗਿਆ ਹੈ। ਉਪਰੋਕਤ ਸੁਰਖੀਆਂ ਇਸ ਤੱਥ ਨੂੰ ਭਲੀ-ਭਾਂਤ ਸਪੱਸ਼ਟ ਕਰਦੀਆਂ ਹਨ। ਚੰਗਾ ਹੋਵੇ ਅਸੀਂ ਪੰਜਾਬੀ ਆਤਮ ਵਿਸ਼ਲੇਸ਼ਣ ਕਰੀਏ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


ਛੱਪੜਾਂ ਦੀ ਸਫਾਈ

ਪੁਰਾਣੇ ਸਮਿਆਂ 'ਚ ਛੱਪੜਾਂ ਦਾ ਪਿੰਡਾਂ ਵਿਚ ਅਹਿਮ ਸਥਾਨ ਹੁੰਦਾ ਸੀ ਕਿਉਂਕਿ ਲੋਕ ਛੱਪੜਾਂ 'ਚੋਂ ਚੀਕਣੀ ਮਿੱਟੀ ਕੱਢ ਕੇ ਆਪਣੇ ਕੱਚੇ ਕੋਠੇ, ਕੰਧਾਂ ਲਿੱਪਦੇ, ਪੋਚਦੇ ਹੁੰਦੇ ਸਨ ਅਤੇ ਪਸ਼ੂਆਂ ਨੂੰ ਪਾਣੀ ਵੀ ਪਿਆਉਂਦੇ ਸਨ, ਪ੍ਰੰਤੂ ਹੁਣ ਛੱਪੜਾਂ 'ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ ਜਾਂ ਹੋ ਚੁੱਕੇ ਹਨ। ਹੁਣ ਆਧੁਨਿਕੀਕਰਨ ਹੋਣ ਕਾਰਨ ਪਿੰਡਾਂ ਦਾ ਗੰਦਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ ਤੇ ਘਰ-ਘਰ ਮੋਟਰਾਂ ਲੱਗਣ ਕਾਰਨ ਪਾਣੀ ਦੀ ਬਰਬਾਦੀ ਵੀ ਵਧ ਗਈ ਹੈ ਤੇ ਅਜਿਹਾ ਪਾਣੀ ਹੀ ਛੱਪੜਾਂ 'ਚ ਪੈ ਰਿਹਾ ਹੈ। ਹੁਣ ਤੰਦਰੁਸਤ ਮਿਸ਼ਨ ਤਹਿਤ ਪੰਜਾਬ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਤੇ ਸਵੱਛ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਪਿੰਡਾਂ ਦੇ ਛੱਪੜਾਂ ਤੋਂ ਨਾਜਾਇਜ਼ ਕਬਜ਼ੇ ਹਟਵਾ ਕੇ ਅਤੇ ਉਨ੍ਹਾਂ ਵਿਚੋਂ ਗਾਰ, ਬੂਟੀ ਆਦਿ ਦੀ ਸਫਾਈ ਪਿੰਡਾਂ ਦੇ ਹੀ ਕਿਰਤੀ ਮਜ਼ਦੂਰਾਂ ਪਾਸੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਪਿੰਡ ਵਿਚ ਹੀ ਰੁਜ਼ਗਾਰ ਮਿਲ ਸਕੇ।


-ਅਮਰੀਕ ਸਿੰਘ ਚੀਮਾ, ਜਲੰਧਰ।


ਗਿਆਨ ਭਰਪੂਰ ਲੇਖ

ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ 'ਜੀਵਨ ਅਤੇ ਜੀਵਨ ਸਰੋਤ ਸਮੁੰਦਰ' ਸਿਰਲੇਖ ਅਧੀਨ 'ਲੇਖਿਕਾ ਸਤਵਿੰਦਰ ਕੌਰ ਦਾ ਲੇਖ ਪੜ੍ਹਿਆ, ਜੋ ਕਿ ਬਹੁਤ ਹੀ ਰੋਚਕ, ਗਿਆਨ ਭਰਪੂਰ ਤੇ ਕਾਬਲ-ਏ-ਤਾਰੀਫ਼ ਹੈ। ਲੇਖਿਕਾ ਨੇ ਬਹੁਤ ਹੀ ਸੁਚੱਜੀ ਸ਼ਬਦਾਵਲੀ ਰਾਹੀਂ ਵਿਖਿਆਨ ਕਰਦਿਆਂ ਗਿਆਤ ਕਰਵਾਇਆ ਹੈ ਕਿ ਧਰਤੀ ਉੱਪਰ ਜੋ ਵੀ ਮਨੁੱਖ, ਪਸ਼ੂ, ਪੰਛੀ, ਪੇੜ-ਪੌਦੇ ਆਦਿ ਅਤੇ ਪਾਣੀ ਦੇ ਅੰਦਰ ਦੇ ਜੀਵ-ਜੰਤੂਆਂ ਦਾ ਜਿਊਂਦਾ ਰਹਿਣਾ ਸਿਰਫ ਤੇ ਸਿਰਫ ਪਾਣੀ ਉੱਪਰ ਹੀ ਨਿਰਭਰ ਹੈ। ਜਲ ਕਰਕੇ ਹੀ ਦੁਨੀਆ ਭਰ ਦੇ ਜੰਗਲ ਬੇਲਿਆਂ ਵਿਚ ਜਾਨਵਰਾਂ, ਪਸ਼ੂ-ਪੰਛੀਆਂ ਆਦਿ ਦਾ ਰੈਣ ਵਸੇਰਾ ਸੰਭਵ ਹੈ। ਆਪਾਂ ਪੰਜਾਬ ਦੀ ਧਰਤੀ 'ਤੇ ਵੀ ਦੇਖ ਸਕਦੇ ਹਾਂ ਕਿ ਪਾਣੀ ਦੀਆਂ ਰੱਖਾਂ 'ਤੇ ਦੂਰ-ਦੁਰਾਡੇ ਤੋਂ ਹਜ਼ਾਰਾਂ ਮੀਲਾਂ ਦਾ ਪੈਂਡਾ ਤੈਅ ਕਰਕੇ ਹਰ ਸਾਲ ਲੱਖਾਂ ਹੀ ਵੰਨ-ਸੁਵੰਨੇ ਤੇ ਮਨਮੋਹਣੇ ਪੰਛੀ ਆ ਕੇ ਇਨ੍ਹਾਂ ਜਲਗਾਹਾਂ ਨੂੰ ਹੋਰ ਵੀ ਸੁੰਦਰ ਤੇ ਦਿਲਕਸ਼ ਬਣਾ ਦਿੰਦੇ ਹਨ। ਪਰ ਮਨੁੱਖ ਨੇ ਨਿਰਮਲ ਨੀਰ ਨੂੰ ਇਸ ਕਦਰ ਪਲੀਤ ਕਰ ਦਿੱਤਾ ਹੈ ਕਿ ਇਹ ਪੀਣ ਦੇ ਯੋਗ ਵੀ ਨਹੀਂ ਰਿਹਾ, ਜਿਸ ਦੇ ਨਤੀਜੇ ਵਜੋਂ ਅੱਜ ਸਾਡੇ ਘਰਾਂ ਤੇ ਸਿਹਤ ਕੇਂਦਰਾਂ 'ਚ ਕਰੋੜਾਂ ਲੋਕ ਲਾਇਲਾਜ ਬਿਮਾਰੀਆਂ ਨਾਲ ਗ੍ਰਸੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਸੋ, ਜਿਥੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਲ ਸੋਮਿਆਂ ਦੀ ਸਵੱਛਤਾ ਯਕੀਨੀ ਬਣਾਉਣ ਲਈ ਇਮਾਨਦਾਰੀ ਨਾਲ ਯਤਨ ਕਰਨ, ਉਥੇ ਸਾਨੂੰ ਸਾਰਿਆਂ ਨੂੰ ਵੀ ਸੁਚੇਤ ਹੋ ਕੇ ਸੁਹਿਰਦ ਸੋਚ ਨਾਲ ਬੇਸ਼ਕੀਮਤੀ ਜਲ ਸਰੋਤਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪਹਿਲ ਦੇ ਆਧਾਰ 'ਤੇ ਅੱਗੇ ਆਉਣਾ ਚਾਹੀਦਾ ਹੈ। ਇਸੇ ਵਿਚ ਹੀ ਮਨੁੱਖਤਾ ਦਾ ਭਲਾ ਹੈ।


-ਮੰਗਲਮੀਤ ਪੱਤੋ, ਮੋਗਾ।


ਕਿਸਾਨਾਂ 'ਤੇ ਸਰਕਾਰੀ ਬਿੱਲਾਂ ਦੀ ਮਾਰ

ਸਰਕਾਰ ਦੁਆਰਾ ਕਿਸਾਨਾਂ ਲਈ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਹਨ, ਉਨ੍ਹਾਂ ਪ੍ਰਤੀ ਖੇਤੀ ਮਾਹਿਰਾਂ ਦੀ ਜੋ ਪ੍ਰਤੀਕਿਰਿਆ ਹੋ ਰਹੀ ਹੈ, ਪੜ੍ਹ ਕੇ ਪਤਾ ਲਗਦਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਵਿਰੋਧੀ ਬਿੱਲ ਦੁਆਰਾ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਾ ਦੇਣਾ ਚਾਹੁੰਦੀ ਹੈ। ਪ੍ਰਾਈਵੇਟ ਕੰਪਨੀਆਂ ਵਲੋਂ ਗੰਨੇ ਦੀ ਫ਼ਸਲ ਦੁਆਰਾ ਕੀਤੀ ਜਾਂਦੀ ਕਿਸਾਨਾਂ ਦੀ ਲੁੱਟ ਪ੍ਰਤੀ ਅਸੀਂ ਚੰਗੀ ਤਰ੍ਹਾਂ ਵਾਕਫ਼ ਹਾਂ। ਗੰਨੇ ਦੀ ਫ਼ਸਲ ਵੇਚਣ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਪੈਸੇ ਲਈ ਸਾਲਾਂਬੱਧੀ ਸੰਘਰਸ਼ ਕਰਨਾ ਪੈਂਦਾ ਹੈ। ਕਿਸਾਨ ਵਿਰੋਧੀ ਬਿੱਲਾਂ ਦਾ ਜੋ ਆਰਡੀਨੈਂਸ ਸਰਕਾਰ ਦੁਆਰਾ ਲਿਆਂਦੇ ਗਏ, ਇਸ ਵਿਚ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਤੋਂ ਆਪਣੀ ਮਨਮਰਜ਼ੀ ਦਾ ਫ਼ਸਲੀ ਮੁੱਲ ਖ਼ਰੀਦ ਸਕਦੀਆਂ ਹਨ, ਦੂਸਰਾ ਕਿਸਾਨਾਂ ਤੋਂ ਫ਼ਸਲਾਂ ਦੇ ਮਾਲਕੀ ਹੱਕ ਕਾਫੀ ਹੱਦ ਤੱਕ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿਚ ਚਲੇ ਜਾਣਗੇ, ਤੀਸਰਾ ਰਾਜਾਂ ਦੇ ਅਧਿਕਾਰ ਖ਼ਤਮ ਕਰਕੇ ਉਨ੍ਹਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਸਰਕਾਰ ਦੁਆਰਾ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੇ ਪੱਖ ਵਿਚ ਦੱਸਿਆ ਜਾ ਰਿਹਾ ਹੈ ਪਰ ਅਸੀਂ ਹੁਣ ਤੱਕ ਵੇਖਦੇ ਆ ਰਹੇ ਹਾਂ ਕਿ ਪ੍ਰਾਈਵੇਟ ਅਦਾਰੇ ਆਪਣੇ ਮੁਨਾਫ਼ੇ ਨੂੰ ਪਹਿਲ ਦਿੰਦੇ ਹਨ। ਜੇਕਰ ਗੰਭੀਰਤਾ ਨਾਲ ਸੋਚੀਏ ਤਾਂ ਕਿਸਾਨਾਂ ਦਾ ਨੁਕਸਾਨ ਤਾਂ ਹੋਵੇਗਾ ਹੀ, ਨਾਲ ਦੀ ਨਾਲ ਮੰਡੀਕਰਨ ਨਾਲ ਜੁੜੇ ਲੱਖਾਂ ਕਾਮੇ ਵੀ ਬੇਰੁਜ਼ਗਾਰ ਹੋ ਜਾਣਗੇ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੁਆਰਾ ਪਾਸ ਕੀਤੇ ਬਿੱਲ ਲੋਕ ਹਿਤਾਂ ਦੀ ਪੂਰਤੀ ਨਹੀਂ ਕਰਦੇ।


-ਹਰਨੰਦ ਸਿੰਘ ਬੱਲਿਆਂਵਾਲਾ, ਤਰਨ ਤਾਰਨ।

18-06-2020

 ਪੰਜਾਬ ਦੀ ਆਰਥਿਕਤਾ
ਜਿਥੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦਾ ਹਰ ਵਰਗ ਪ੍ਰਭਾਵਿਤ ਹੋਣ ਨਾਲ ਦੇਸ਼ ਦੀ ਆਰਥਿਕਤਾ 'ਤੇ ਅਸਰ ਪਿਆ ਹੈ, ਉਥੇ ਹੀ ਪੰਜਾਬ ਵਿਚ ਪਿਛਲੇ ਦੋ ਮਹੀਨਿਆਂ ਤੋਂ ਤਾਲਾਬੰਦੀ, ਕਰਫ਼ਿਊ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਦਾ ਪ੍ਰਵਾਸ, ਛੋਟੇ-ਛੋਟੇ ਹਰ ਕਿਸਮ ਦਾ ਮਾਲੀਆ ਬੰਦ ਹੋ ਜਾਣ ਨਾਲ ਪੰਜਾਬ ਦੀ ਆਰਥਿਕਤਾ 'ਤੇ ਵੀ ਬੁਰਾ ਅਸਰ ਪਿਆ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਵਲੋਂ ਭਾਵੇਂ ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਢੰਗ ਨਾਲ ਮਦਦ ਕੀਤੀ ਜਾਂਦੀ ਰਹੀ ਹੈ ਪਰ ਉਹ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ। ਜੇਕਰ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਨੇ ਝੰਬਿਆ ਸੀ ਤੇ ਹੁਣ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਘਰ ਦੀ ਚਾਰਦੀਵਾਰੀ ਵਿਚ ਘਿਰ ਗਏ, ਜਿਸ ਨਾਲ ਉਨ੍ਹਾਂ ਨੂੰ ਪਰਿਵਾਰ ਦੇ ਫ਼ਿਕਰ ਅਤੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ, ਪਰਮਾਤਮਾ ਕਰੇ ਹਰ ਇਨਸਾਨ ਇਸ ਆਰਥਿਕ ਸੰਕਟ ਤੋਂ ਗੁਜ਼ਰ ਕੇ ਮੁੜ ਆਪਣੇ ਰੁਜ਼ਗਾਰ ਮਿਲਣ ਨਾਲ ਪੰਜਾਬ ਦੀ ਆਰਥਿਕਤਾ ਦੀ ਗੱਡੀ ਫਿਰ ਪਟੜੀ 'ਤੇ ਦੌੜਨ ਲੱਗ ਪਵੇ, ਜਿਸ ਨਾਲ ਸਭ ਦਾ ਕਲਿਆਣ ਹੋ ਸਕੇ ਤੇ ਸਭ ਦੀਆਂ ਮੁਢਲੀਆਂ ਨਿੱਜੀ ਲੋੜਾਂ ਪੂਰੀਆਂ ਹੋ ਸਕਣ, ਜਿਸ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।

-ਪ੍ਰੋ: ਜਸਵਿੰਦਰ ਕੌਰ
ਫਿਰੋਜ਼ਪੁਰ ਸ਼ਹਿਰ।

ਦਸਵੀਂ ਓਪਨ ਵੀ ਪਾਸ ਹੋਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਓਪਨ ਦੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਨੀਤੀ ਵਿਚ ਬਦਲਾਅ ਕੀਤਾ ਗਿਆ ਹੈ। ਇਕੋ ਕਲਾਸ ਲਈ ਬੋਰਡ ਵਲੋਂ ਦੂਹਰੇ ਮਾਪਦੰਡ ਅਪਣਾਉਣਾ ਜਾਇਜ਼ ਨਹੀਂ ਹੈ। ਓਪਨ ਵਿਦਿਆਰਥੀਆਂ ਨੂੰ ਪਿਛਲੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਗ੍ਰੇਡ ਦੇ ਹਿਸਾਬ ਪਾਸ ਕੀਤਾ ਜਾ ਸਕਦਾ ਹੈ। ਉਂਜ ਵੀ ਸਿੱਖਿਆ ਬੋਰਡ ਵਲੋਂ ਪਾਸ ਕੀਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਉੱਪਰ ਕੋਵਿਡ-20 ਮਹਾਂਮਾਰੀ ਵੱਸ ਗ੍ਰੇਡ ਅੰਕ ਦੇਣ ਦੀ ਮਜਬੂਰੀ ਦਰਜ ਕੀਤੀ ਜਾਣੀ ਹੈ। ਵਿਦਿਆਰਥੀਆਂ ਨੂੰ ਆਪਣਾ ਭਵਿੱਖ ਚੁਣਨ ਦਾ ਅਧਿਕਾਰ 12ਵੀਂ ਕਲਾਸ ਤੋਂ ਬਾਅਦ ਹੀ ਮਿਲਦਾ ਹੈ। ਅਸੀਂ ਸਿੱਖਿਆ ਬੋਰਡ ਨੂੰ ਬੇਨਤੀ ਕਰਦੇ ਹਾਂ ਕਿ ਉਹ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਭਵਿੱਖ ਅਤੇ ਕੋਵਿਡ-19 ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖ ਕੇ ਸਾਰੇ ਬੱਚਿਆਂ ਨੂੰ ਪਾਸ ਕਰਨ ਦਾ ਫ਼ੈਸਲਾ ਲਵੇ ਤਾਂ ਕਿ ਵਿਦਿਆਰਥੀ ਸਮਾਂ ਰਹਿੰਦੇ 11ਵੀਂ ਕਲਾਸ ਵਿਚ ਦਾਖ਼ਲਾ ਲੈ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਣ ਅਤੇ ਆਪਣਾ ਭਵਿੱਖ ਸੰਵਾਰ ਸਕਣ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਵਿਦੇਸ਼ਾਂ ਵਿਚ ਫਸ ਗਏ ਜੋ...
ਜਿੱਥੇ ਵਿਦੇਸ਼ਾਂ ਵਿਚ ਫਸੇ ਹੋਏ ਭਾਰਤੀਆਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਆਪਣੇ ਦੇਸ਼ ਵਿਚ ਵਾਪਸ ਲਿਆਉਣਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ, ਉਥੇ ਇਨ੍ਹਾਂ ਤੋਂ ਵਾਜਬ ਕਿਰਾਇਆ ਲੈਣਾ ਹੀ ਬਣਦਾ ਹੈ ਅਤੇ ਇਸ ਲਈ ਸਰਕਾਰ ਨੂੰ 'ਨਾ ਲਾਭ, ਨਾ ਹਾਨੀ' ਨੀਤੀ ਅਪਣਾਉਣੀ ਚਾਹੀਦੀ ਹੈ। ਨਾਲ ਹੀ, ਸੀਨੀਅਰ ਨਾਗਰਿਕਾਂ (ਵਿਸ਼ੇਸ਼ ਕਰਕੇ ਸੱਤਰ ਸਾਲ ਤੋਂ ਉੱਪਰ ਵਾਲਿਆਂ) ਦੀਆਂ ਲੋੜਾਂ ਤੇ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਭਾਰਤ ਪਹੁੰਚਣ 'ਤੇ ਹੋਮ ਕੁਆਰਨਟੀਨ ਕਰਨਾ ਚਾਹੀਦਾ ਹੈ, ਨਾ ਕਿ ਸੰਸਥਾਗਤ ਕੁਆਰਨਟੀਨ।

-ਡਾ: ਹਰਨੇਕ ਸਿੰਘ ਕੈਲੇ, ਲੁਧਿਆਣਾ।

ਲਿਖਣ ਲੱਗਿਆਂ ਪ੍ਰੋ ਦੇਵੋ ਮੋਤੀ
ਸਾਫ਼ ਲਿਖਣਾ ਵੀ ਇਕ ਕਲਾ ਹੈ। ਆਪਣੀ ਸੁੰਦਰ ਲਿਖਾਈ ਨਾਲ ਪ੍ਰੀਖਿਆਵਾਂ ਪਾਸ ਕਰਕੇ ਹੀ ਬੰਦਾ ਨਿਰਧਾਰਤ ਟੀਚੇ 'ਤੇ ਪਹੁੰਚਦਾ ਹੈ। ਅਕਸਰ ਅਸੀਂ ਆਮ ਸੁਣਦੇ ਹਾਂ ਕਿ ਸੁੰਦਰ ਲਿਖਾਈ ਤੋਂ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਅਕਸਰ ਮਾਂ-ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਫ਼-ਸੁਥਰਾ ਲਿਖਿਆ ਕਰੋ। ਸਾਫ਼-ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਅਧਿਆਪਕ ਵੀ ਬੱਚਿਆਂ 'ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਪ੍ਰੇਰਨਾਵਾਂ ਤਾਂ ਬੱਚਿਆਂ ਨੂੰ ਆਮ ਦਿੱਤੀਆਂ ਜਾਂਦੀਆਂ ਹਨ। ਕਈ ਵਿਦਿਆਰਥੀ, ਕਈ ਇਨਸਾਨ ਏਨਾ ਸੋਹਣਾ ਲਿਖਦੇ ਹਨ ਕਿ ਜਿਵੇਂ ਉਨ੍ਹਾਂ ਨੇ ਮੋਤੀ ਹੀ ਪ੍ਰੋ ਦਿੱਤੇ ਹਨ। ਅਜਿਹੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਬਹੁਤ ਹੀ ਵਧੀਆ ਪ੍ਰਦਰਸ਼ਨ ਦਿਖਾਉਂਦੇ। ਜਿਨ੍ਹਾਂ ਬੱਚਿਆਂ ਦੀ ਲਿਖਾਈ ਬਿਲਕੁਲ ਵੀ ਸੁੰਦਰ ਨਹੀਂ ਹੈ, ਉਹ ਹਰ ਰੋਜ਼ ਆਪਣੇ ਘਰ ਬੈਠ ਕੇ ਸੁੰਦਰ ਲਿਖਾਈ ਲਈ ਕੋਸ਼ਿਸ਼ ਕਰਨ। ਨਾਲ ਉਨ੍ਹਾਂ ਦੀ ਲਿਖਾਈ ਬਹੁਤ ਹੀ ਜ਼ਿਆਦਾ ਸੁੰਦਰ ਬਣ ਜਾਵੇਗੀ। ਇਸੇ ਲਿਖਾਈ ਦੇ ਜ਼ਰੀਏ ਉਹ ਆਪਣੀ ਮੰਜ਼ਿਲ ਨੂੰ ਵਧੀਆ ਸਰ ਕਰ ਲੈਣਗੇ। ਸੋ, ਸੁੰਦਰ ਲਿਖਾਈ ਤੋਂ ਹੀ ਬੰਦੇ ਦੀ ਚੰਗੀ ਸ਼ਖ਼ਸੀਅਤ ਹੋਣ ਦਾ ਪਤਾ ਲਗਦਾ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੋਰੋਨਾ ਮਹਾਂਮਾਰੀ ਨਾਲ ਵਧੀ ਬੇਰੁਜ਼ਗਾਰੀ
ਅੱਜ ਭਾਰਤ ਦੁਨੀਆ ਵਿਚ ਚੌਥੇ ਸਥਾਨ 'ਤੇ ਆ ਗਿਆ ਹੈ। ਦੇਸ਼ 'ਚ ਹੁਣ ਤੱਕ ਕੋਰੋਨਾ ਦੇ ਮਾਮਲੇ 2 ਲੱਖ ਤਿੰਨ ਹਜ਼ਾਰ ਦੇ ਪਾਰ ਹਨ। ਸੂਬੇ ਦੀਆਂ ਸਰਕਾਰਾਂ ਨੇ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਘਰਬੰਦੀ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਲੋਕ ਘਰਾਂ ਵਿਚ ਸੁਰੱਖਿਅਤ ਰਹਿ ਸਕਣ ਪਰ ਪੰਜਾਬ ਸਰਕਾਰ ਵਲੋਂ ਹਫ਼ਤੇ ਦੇ ਅਖੀਰਲੇ ਦੋ ਦਿਨ ਸਨਿਚਰਵਾਰ ਤੇ ਐਤਵਾਰ ਨੂੰ ਕਾਰੋਬਾਰ ਬੰਦ ਕਰਕੇ ਘਰਬੰਦੀ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਵਿਰੋਧੀ ਦਲ ਦੇ ਸਿਆਸੀ ਆਗੂ ਤੇ ਦੁਕਾਨਦਾਰਾਂ ਵਲੋਂ ਘਰਬੰਦੀ 'ਤੇ ਤਿੱਖੇ ਰੋਸ ਜਤਾਏ ਜਾ ਰਹੇ ਹਨ। ਦੁਕਾਨਦਾਰਾਂ ਤੇ ਹੋਰ ਕਾਰੋਬਾਰੀ ਲੋਕਾਂ ਨੂੰ ਆਰਥਿਕ ਮੰਦੀ ਦਾ ਫ਼ਿਕਰ ਹੋ ਗਿਆ ਹੈ ਕਿ ਕੋਰੋਨਾ ਦੀ ਮਹਾਂਮਾਰੀ ਨਾਲ ਤਾਂ ਨਹੀਂ ਮਰਦੇ ਪਰ ਕਾਰੋਬਾਰ ਠੱਪ ਹੋਣ ਨਾਲ, ਗ਼ਰੀਬੀ ਤੇ ਭੁੱਖਮਰੀ ਨਾਲ ਜ਼ਰੂਰ ਮਰਾਂਗੇ। ਪ੍ਰਾਈਵੇਟ ਸਕੂਲ ਮਾਲਕ ਤੇ ਮਾਪਿਆਂ ਦੀ ਆਨਲਾਈਨ ਪੜ੍ਹਾਈ ਤੇ ਅਦਾਲਤ 'ਚ ਕੇਸ ਕਰਨ ਨਾਲ ਅਧਿਆਪਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਨਾ ਖੁਸ ਜਾਵੇ। ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸਰਕਾਰ ਤੋਂ ਨੌਕਰੀ ਦੀ ਆਸ 'ਤੇ ਦਿਨ ਲੰਘਾ ਰਹੇ ਹਨ। ਬੇਰੁਜ਼ਗਾਰ ਨੌਜਵਾਨ ਪੰਜਾਬ ਪੁਲਿਸ ਵਲੰਟੀਅਰ ਦੇ ਤੌਰ 'ਤੇ ਘਰੋਂ ਰੋਟੀ ਤੇ ਜੇਬ ਖ਼ਰਚ ਨਾਲ ਕੋਵਿਡ-19 ਵਿਚ ਫ੍ਰੀ ਸੇਵਾ ਪਲਿਸ ਮੁਲਾਜ਼ਮਾਂ ਨਾਲ ਜੋਖ਼ਮ ਭਰੀ ਡਿਊਟੀ ਨਿਭਾਅ ਰਹੇ ਹਨ ਕਿ ਸ਼ਾਇਦ ਸੂਬਾ ਸਰਕਾਰ ਨੌਕਰੀ ਪਰੋਸ ਦੇਵੇ। ਕੋਰੋਨਾ ਮਹਾਂਮਾਰੀ ਕਰਕੇ ਵਪਾਰੀ, ਦੁਕਾਨਦਾਰ, ਮਿੰਨੀ ਬੱਸ ਮਾਲਕ ਤੇ ਹੋਰ ਨਿਤ ਦੀ ਰੋਜ਼ੀ ਕਮਾਉਣ ਵਾਲੇ ਲੋਕਾਂ 'ਤੇ ਬੇਰੁਜ਼ਗਾਰੀ ਦੇ ਕਾਲੇ ਬੱਦਲ ਛਾਏ ਹੋਏ ਹਨ।

-ਮਾ: ਜਗੀਰ ਸਿੰਘ ਸਫਰੀ
ਸਠਿਆਲਾ, ਅੰਮ੍ਰਿਤਸਰ।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX