ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਵਿਖੇ ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ
. . .  1 minute ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 65 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 10, ਜ਼ਿਲ੍ਹਾ ਜੇਲ੍ਹ ਦੇ 12, ਮਲੋਟ ਦੇ 17, ਗਿੱਦੜਬਾਹਾ 7, ਡੱਬਵਾਲੀ ਢਾਬ 2, ਡੱਬਵਾਲੀ ਮਲਕੋ 1, ਤਰਖਾਣਵਾਲਾ 3, ਮਹਿਣਾ 1, ਮੰਡੀ...
ਭਾਰੀ ਮਾਤਰਾ 'ਚ ਹਰਿਆਣਾ ਮਾਰਕਾ ਸ਼ਰਾਬ ਸਣੇ ਤਿੰਨ ਕਾਬੂ
. . .  29 minutes ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੀ. ਆਈ. ਏ. ਸਟਾਫ਼ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵਲੋਂ 180 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ...
ਗਲਤ ਟੀਕਾ ਲੱਗਣ ਨਾਲ ਬੱਚੇ ਦੀ ਹੋਈ ਮੌਤ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਚੌਕ 'ਚ ਰੱਖ ਕੇ ਲਾਇਆ ਧਰਨਾ
. . .  34 minutes ago
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਇੱਥੋਂ ਨੇੜਲੇ ਪਿੰਡ ਦੇ ਇੱਕ 9 ਸਾਲਾ ਬੱਚੇ ਦੀ ਗਲਤ ਟੀਕਾ ਲੱਗਣ ਮੌਤ ਹੋਣ 'ਤੇ ਅਜਨਾਲਾ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ...
ਪਠਾਨਕੋਟ ਪੁਲਿਸ ਵਲੋਂ ਲੁੱਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਵਿਅਕਤੀ ਕਾਬੂ
. . .  40 minutes ago
ਡਮਟਾਲ, 19 ਸਤੰਬਰ (ਰਾਕੇਸ਼ ਕੁਮਾਰ)- ਪਠਾਨਕੋਟ ਪੁਲਿਸ ਵਲੋਂ ਐੱਸ. ਐੱਸ. ਪੀ. ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਆਈ. ਪੀ. ਐੱਸ. ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਨੰਗਲ...
ਹੁਸ਼ਿਆਰਪੁਰ 'ਚ 145 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ
. . .  48 minutes ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 145 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3617 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ...
ਗੋਲੀ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਹਾਈਵੇਅ 'ਤੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
. . .  51 minutes ago
ਖਰੜ, 19 ਸਤੰਬਰ (ਜੰਡਪੁਰੀ)- ਬੀਤੇ ਦੋ ਦਿਨ ਪਹਿਲਾਂ ਤੜਕੇ ਗੋਲੀਬਾਰੀ 'ਚ ਜ਼ਖ਼ਮੀ ਹੋਏ ਵਿਅਕਤੀ ਅਰੁਣ ਕੁਮਾਰ ਦੀ ਅੱਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਅਰੁਣ ਕੁਮਾਰ ਦੇ ਪਰਿਵਾਰਕ ਮੈਂਬਰਾਂ...
ਤਪਾ ਵਿਖੇ ਕੋਰੋਨਾ ਕਾਰਨ ਇੱਕ ਹੋਰ ਵਿਅਕਤੀ ਨੇ ਤੋੜਿਆ ਦਮ
. . .  about 1 hour ago
ਤਪਾ ਮੰਡੀ, 19 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਅਤੇ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਇਸੇ ਤਹਿਤ ਤਪਾ ਮੰਡੀ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਦੀ...
ਪਤਨੀ ਨੇ ਜਵਾਈ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
. . .  1 minute ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂਹੜੀ ਵਾਲਾ ਧੰਨਾ 'ਚ ਇੱਕ ਵਿਆਕਤੀ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਖ਼ੁਲਾਸਾ ਹੋਇਆ ਹੈ, ਜਿਸ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਪਤਨੀ ਨੇ ਆਪਣੇ...
ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 27 ਹੋਰ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਮੋਗਾ, 19 ਸਤੰਬਰ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 27 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਦੇ ਨਾਲ ਹੀ ਹੁਣ ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ...
ਪਠਾਨਕੋਟ 'ਚ ਕੋਰੋਨਾ ਦੇ 143 ਹੋਰ ਮਾਮਲੇ ਆਏ ਸਾਹਮਣੇ, ਤਿੰਨ ਮਰੀਜ਼ਾਂ ਦੀ ਮੌਤ
. . .  about 1 hour ago
ਪਠਾਨਕੋਟ, 19 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਠਾਨਕੋਟ 'ਚ ਅੱਜ 143 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ...
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 224 ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  about 1 hour ago
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 224 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 8041 ਹੋ ਗਏ ਹਨ...
ਚਾਲੂ ਭੱਠੀ , ਲਾਹਣ ਅਤੇ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
. . .  about 1 hour ago
ਰਾਮ ਤੀਰਥ , 19 ਸਤੰਬਰ (ਧਰਵਿੰਦਰ ਸਿੰਘ ਔਲਖ)- ਪੁਲਿਸ ਚੌਕੀ ਰਾਮ ਤੀਰਥ (ਅੰਮ੍ਰਿਤਸਰ) ਨੇ ਛਾਪੇਮਾਰੀ ਕਰਕੇ ਪਿੰਡ ਪੱਧਰੀ ਦੇ ਇੱਕ ਵਿਅਕਤੀ ਸਾਹਬ ਸਿੰਘ ਨੂੰ ਚਾਲੂ ਭੱਠੀ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਾਂਗਰਸ ਨੇ ਲੰਬੀ ਵਿਖੇ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਫੂਕਿਆ ਪੁਤਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਲੋਕਾਂ 'ਚ ਰੋਹ ਵਧਦਾ ਜਾ ਰਿਹਾ ਹੈ। ਇਸ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਲੰਬੀ ਵਿਖੇ ਸੀਨੀਅਰ...
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸਨਮਾਨ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ...
ਨਵਤੇਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਸੱਪ ਲੜਨ ਕਾਰਨ ਦਿਹਾਂਤ
. . .  about 1 hour ago
ਜਲੰਧਰ, 19 ਸਤੰਬਰ (ਅ. ਬ.)- ਨਵਤੇਜ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਅੱਜ ਸੱਪ ਲੜਨ...
ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਕਪੂਰ ਦੀ ਕੋਰੋਨਾ ਕਾਰਨ ਮੌਤ
. . .  about 2 hours ago
ਨਾਭਾ, 19 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਨਾਭਾ ਦੇ ਸਰਪ੍ਰਸਤ ਰਾਜਿੰਦਰ ਸਿੰਘ ਕਪੂਰ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਉਹ ਪੰਜਾਬੀ ਦੇ ਕਈ ਅਖਬਾਰਾਂ ਨਾਲ ਜੁੜੇ ਹੋਏ ਸਨ...
ਪਾਕਿ 'ਚ ਸਿੱਖ ਲੜਕੀ ਬੁਲਬੁਲ ਕੌਰ ਦੀ ਅਗਵਾਕਾਰੀ ਨੂੰ ਲੈ ਕੇ ਸਿਰਸਾ ਅਤੇ ਕਾਲਕਾ ਵਲੋਂ ਵਿਦੇਸ਼ੀ ਮਾਮਲਿਆਂ ਦੇ ਸੰਯੁਕਤ ਸਕੱਤਰ ਜੇ. ਪੀ. ਸਿੰਘ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪਾਕਿਤਸਾਨ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਕੌਰ ਨੂੰ ਦੋ ਮੁਸਲਮਾਨ ਲੜਕਿਆਂ ਵਲੋਂ ਅਗਵਾ ਕਰਨ ਦੇ ਮਾਮਲੇ 'ਚ ਅੱਜ ਸਿੱਖ ਗੁਰਦੁਆਰਾ ਪ੍ਰਬੰਧਕ...
ਕੇਂਦਰ ਕੋਲੋਂ ਆਪਣੀ ਗੱਲ ਮਨਾਉਣ ਲਈ ਪੰਜਾਬੀਆਂ ਨੂੰ ਇੱਕ ਮੰਚ ਤਿਆਰ ਕਰਨਾ ਪਏਗਾ- ਚੰਦੂਮਾਜਰਾ
. . .  about 2 hours ago
ਕੋਰ ਕਮੇਟੀ ਦੀ ਬੈਠਕ 'ਚ ਤਿਆਰ ਕੀਤੀ ਜਾਵੇਗੀ ਅਗਲੀ ਰਣਨੀਤੀ- ਚੰਦੂਮਾਜਰਾ
. . .  about 2 hours ago
ਖੇਤੀ ਬਿੱਲਾਂ ਨੂੰ ਲੈ ਕੇ ਚੰਦੂਮਾਜਰਾ ਕੈਪਟਨ 'ਤੇ ਸਾਧੇ ਤਿੱਖੇ ਨਿਸ਼ਾਨੇ
. . .  about 2 hours ago
ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
ਚੰਡੀਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 2 hours ago
ਹਰੀਕੇ ਮੰਡ ਖੇਤਰ 'ਚ ਸ਼ਰਾਬ ਤਸਕਰਾਂ ਵਿਰੁੱਝ ਕਾਰਵਾਈ ਦੂਜੇ ਦਿਨ ਵੀ ਜਾਰੀ, ਹਰੀਕੇ ਝੀਲ ਦੇ ਮਰੜ ਖੇਤਰ 'ਚ ਚੱਲ ਰਿਹੈ ਸਰਚ ਅਭਿਆਨ
. . .  about 2 hours ago
ਹਰੀਕੇ ਪੱਤਣ, 19 ਸਤੰਬਰ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ ਅਤੇ ਫਿਰੋਜ਼ਪੁਰ, ਤਰਨਤਾਰਨ ਪੁਲਿਸ ਅਤੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਵੱਲੋਂ ਹਰੀਕੇ ਝੀਲ ਦੇ ਮਰੜ ਖੇਤਰ 'ਚ ਸ਼ਰਾਬ ਤਸਕਰਾਂ ਦੇ...
ਪ੍ਰੀਤਮ ਸਿੰਘ ਦੀ ਖੁਦਕੁਸ਼ੀ ਨੇ ਉਧੇੜੇ ਕੈਪਟਨ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਦੇ ਪਾਜ
. . .  about 2 hours ago
ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ), 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਬਾਦਲ ਵਿਖੇ ਕਿਸਾਨ ਮੋਰਚੇ 'ਚ ਕਿਸਾਨ ਪ੍ਰੀਤਮ ਸਿੰਘ ਦੀ ਖ਼ੁਕਦੁਸ਼ੀ ਨੇ ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ ਦੌਰਾਨ ਕਿਸਾਨ ਮੌਤਾਂ...
ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਦੱਸਿਆ ਸ਼ਲਾਘਾਯੋਗ ਕਦਮ
. . .  about 3 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਲਾਡੀ, ਹੈਪੀ, ਥਿੰਦ)- ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ 'ਚੋਂ ਦਿੱਤੇ ਅਸਤੀਫ਼ੇ ਦੀ ਸ਼ਲਾਘਾ ਕਰਦਿਆਂ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ, ਕਿਸਾਨ ਸੰਘਰਸ਼ ਕਮੇਟੀ ਅਤੇ ਮਜ਼ਦੂਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 26 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ

ਕਿਤਾਬਾਂ

09-08-2020

 ਜ਼ਿੰਦਗੀ ਨੂੰ ਪੜ੍ਹਦੇ ਪੜ੍ਹਦੇ
ਲੇਖਕ : ਹਰਮਨਜੀਤ ਚਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98726-32327.


ਇਹ ਪੁਸਤਕ ਉਨ੍ਹਾਂ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਲੇਖਕ ਨੇ ਸਮੇਂ-ਸਮੇਂ ਅਖ਼ਬਾਰਾਂ ਵਿਚ ਛਪਵਾਈਆਂ। ਇਨ੍ਹਾਂ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਰੌਚਿਕ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਵਿਸ਼ਵੀਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ, ਬੇਰੁਜ਼ਗਾਰੀ ਅਤੇ ਸਿਆਸਤ, ਮਜ਼ਦੂਰ ਵਰਗ ਦੀਆਂ ਵਿਦਿਅਕ ਲੋੜਾਂ, ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ ਮੀਡੀਆ ਅਤੇ ਭਾਰਤੀ ਸੱਭਿਅਤਾ, ਅਧਿਆਪਨ ਅਤੇ ਸਿੱਖਿਆ, ਕਿਤਾਬਾਂ ਅਤੇ ਕੁੜੀਆਂ ਆਦਿ। ਸੁਚੱਜੀ ਜੀਵਨ ਜਾਚ, ਜ਼ਿੰਦਗੀ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਦੀ ਤਾਜ਼ਗੀ ਬਾਰੇ ਵੀ ਸੁੰਦਰ ਵਿਚਾਰ ਦਿੱਤੇ ਗਏ ਹਨ। ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਦੀ ਵੀ ਗੱਲ ਕੀਤੀ ਗਈ ਹੈ। ਲੇਖਕ ਨੇ ਆਪਣੀਆਂ ਕੁਝ ਯਾਤਰਾਵਾਂ ਦੇ ਤਜਰਬੇ ਵੀ ਸਾਂਝੇ ਕੀਤੇ ਹਨ ਜਿਵੇਂ ਪਥਰੀਲੇ ਮਾਰੂਥਲ ਵੱਲ ਰਵਾਨਗੀ, ਹਿਮਾਲਿਆ ਦੀਆਂ ਪਟਰਾਣੀਆਂ, ਲਖਨਊ ਦੀ ਸ਼ਾਨ ਆਦਿ। ਕੁਝ ਇਤਿਹਾਸਕ ਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਅਤੇ ਬਾਬਾ ਜੋਗੀਪੀਰ ਚਹਿਲ। ਅਧਿਆਪਨ, ਸਿੱਖਿਆ, ਮੀਡੀਆ, ਸੱਭਿਅਤਾ ਅਤੇ ਔਰਤ ਪ੍ਰਤੀ ਸੋਚ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਲੇਖਕ ਦਾ ਖਿਆਲ ਹੈ ਕਿ ਸਾਹਿਤ, ਸਬਰ, ਸਬਰ ਅਤੇ ਸੰਗੀਤ ਮਨੁੱਖ ਨੂੰ ਹਿੰਮਤ, ਹੌਸਲਾ ਅਤੇ ਸਕੂਨ ਬਖਸ਼ਦੇ ਹਨ। ਇਹ ਧਰਤੀ ਸਮਝੌਤੇ ਨਾਲ ਚਲਦੀ ਹੈ ਅਤੇ ਮੁਹੱਬਤ ਉੱਤੇ ਟਿਕੀ ਹੋਈ ਹੈ। ਸਾਰਿਆਂ ਨੂੰ ਆਪਸੀ ਪਿਆਰ ਨਾਲ ਰਹਿਣਾ ਚਾਹੀਦਾ ਹੈ।
ਜੀਵਨ ਨੂੰ ਸੁਖਾਲਾ ਅਤੇ ਖੁਸ਼ਹਾਲ ਬਣਾਉਣ ਲਈ ਸਮਝੌਤਾ ਜ਼ਰੂਰੀ ਹੈ। ਵਿਹਲ ਮਨੁੱਖ ਨੂੰ ਸੁਸਤ ਅਤੇ ਨਿਕੰਮਾ ਬਣਾ ਦਿੰਦੀ ਹੈ। ਲੇਖਕ ਨੇ ਬਹੁਤ ਗੰਭੀਰਤਾ ਨਾਲ ਜ਼ਿੰਦਗੀ, ਸਮਾਜਿਕ ਸਰੋਕਾਰਾਂ ਅਤੇ ਟੁੱਟ-ਭੱਜ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਬਾਰੇ ਲਿਖਿਆ ਹੈ। ਉਸ ਨੂੰ ਡਗਮਗਾ ਰਿਹਾ ਸਮੁੱਚਾ ਢਾਂਚਾ ਬਹੁਤ ਫ਼ਿਕਰਮੰਦ ਬਣਾ ਦਿੰਦਾ ਹੈ। ਉਸ ਨੇ ਤਿੜਕ ਰਹੇ ਪਰਿਵਾਰਾਂ ਅਤੇ ਟੁੱਟ-ਭੱਜ ਰਹੇ ਮਨੁੱਖੀ ਰਿਸ਼ਤਿਆਂ ਬਾਬਤ ਵੀ ਚਿੰਤਾ ਪ੍ਰਗਟ ਕੀਤੀ ਹੈ। ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸ਼ਲਾਘਾਯੋਗ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਵਾਰਤਾ
ਸੰਪਾਦਕ : ਤਰਸੇਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98159-76483.


ਇਸ ਪੁਸਤਕ ਵਿਚ 8 ਵਿਦਵਾਨਾਂ ਦੀ ਮਨਮੋਹਨ ਨਾਲ ਇੰਟਰਵਿਊ ਸ਼ਾਮਿਲ ਹੈ। ਇਹ 8 ਵਿਦਵਾਨ ਹਨ : ਡਾ: ਉਮਿੰਦਰ ਜੌਹਲ, ਡਾ: ਦਿਲਜੀਤ ਸਿੰਘ ਬੇਦੀ, ਗੁਲ ਚੌਹਾਨ, ਡਾ: ਮੁਨੀਸ਼ ਕੁਮਾਰ, ਜਗਦੀਪ ਸਿੱਧੂ, ਡਾ: ਰਵੀ ਰਵਿੰਦਰ, ਅਮਰਜੀਤ ਘੁੰਮਣ ਅਤੇ ਤਰਸੇਮ। ਮਨਮੋਹਨ ਵਲੋਂ ਆਪਣੇ ਨਾਵਲ 'ਨਿਰਵਾਣ' ਦੀ ਸਿਰਜਣ ਪ੍ਰਕਿਰਿਆ ਵੀ ਸ਼ਾਮਿਲ ਹੈ। ਇੰਟਰਵਿਊਆਂ ਦੇ ਸਿਰਲੇਖ ਮਨਮੋਹਨ ਦੀ ਸਾਹਿਤਕ ਦ੍ਰਿਸ਼ਟੀ ਬਾਰੇ ਕ੍ਰਮਵਾਰ ਇੰਜ ਜਾਣਕਾਰੀ ਦਿੰਦੇ ਹਨ : ਕਵਿਤਾ ਮੇਰੀ ਜੀਵਨ ਜਾਚ ਵੀ ਹੈ ਜ਼ਰੂਰਤ ਵੀ..., ਸਾਹਿਤ ਨੇ ਮੈਨੂੰ ਸੰਤੁਲਨ ਬਖ਼ਸ਼ਿਆ ਹੈ...।, ਨਿਰਵਾਣ : ਸਵੈ ਯਾਤਰਾ ਦਾ ਬਿਰਤਾਂਤ, ਸਿਰਜਣਾ ਲਿਖਣ ਤੋਂ ਵੱਧ ਪਾਰਗਾਮੀ ਅਤੇ ਅਧਿਆਤਮੀ ਹੈ, ਹਰ ਅਨੁਭਵ ਆਪਣੀ ਭਾਸ਼ਾ ਨਾਲ ਲੈ ਕੇ ਆਉਂਦਾ ਹੈ, ਮੈਂ ਆਪਣੇ-ਆਪ ਨੂੰ ਕਿਸੇ ਵੀ ਲਹਿਰ, ਵਾਦ, ਪਾਰਟੀ ਜਾਂ ਧੜੇ ਤੋਂ ਨਿਰਲੇਪ ਸਮਝਦਾਂ, ਲਗਾਤਾਰ ਅਸੰਤੁਸ਼ਟੀ ਦੇ ਭਾਵ ਦਾ ਵਿਆਪਕ ਹੋਣਾ ਹੀ ਸਿਰਜਣਾ ਹੈ...।, ਮੈਨੂੰ ਆਪਣੀਆਂ ਹੋਰ ਸੰਭਾਵਨਾਵਾਂ ਦੀ ਅਜੇ ਤਲਾਸ਼ ਹੈ, ਆਦਿ।
ਇੰਟਰਵਿਊਆਂ ਨੂੰ ਪੜ੍ਹਦਿਆਂ ਮਨਮੋਹਨ ਦੇ ਵਿਸ਼ਵਕੋਸ਼ੀ ਗਿਆਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਹ ਉੱਤਰ ਆਧੁਨਿਕ ਅਤੇ ਸੰਸਕ੍ਰਿਤ ਦੇ ਵਿਦਵਾਨਾਂ ਦਾ ਪ੍ਰਭਾਵ ਵੀ ਕਬੂਲਦਾ ਹੈ। ਫਲਸਰੂਪ ਉਸ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ, ਉਰਦੂ, ਫ਼ਾਰਸੀ, ਬੰਗਾਲੀ ਆਦਿ ਵਿਦਵਾਨਾਂ ਦੀਆਂ ਟੂਕਾਂ ਅਤੇ ਕਾਵਿ-ਟੁਕੜੀਆਂ ਪ੍ਰਸਤੁਤ ਕੀਤੀਆਂ ਹਨ, ਪਾਠਕ ਸਾਹਿਤ ਸਬੰਧੀ ਉਸ ਦੇ ਮੌਲਿਕ ਵਿਚਾਰਾਂ ਨਾਲ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।
ਗਹਿਨ ਦ੍ਰਿਸ਼ਟੀ ਨਾਲ ਡੀਕੋੜ ਕਰਦਿਆਂ ਉਸ ਉੱਪਰ ਸੁਚੇਤ/ਅਚੇਤ ਅਸਤਿਤਵਵਾਦ ਦਾ ਪ੍ਰਭਾਵ ਨੋਟ ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ ਮਨਮੋਹਨ ਦੀ ਪਰਿਵਾਰਕ ਫੈਕਟੀਸਿਟੀ ਵਿਚ ਅਨੇਕ ਸੰਭਾਵਨਾਵਾਂ, ਅਨੇਕ ਸੰਭਾਵਨਾਵਾਂ 'ਚੋਂ ਸਾਹਿਤ ਦੀ ਚੋਣ, ਮਾਂ-ਬਾਪ ਦੇ ਝਗੜੇ 'ਚੋਂ ਜੀਵਨ ਵਿਚ ਕੁਝ ਬਣ ਕੇ ਆਪਣੇ ਅਸਤਿਤਵ ਦਾ ਵਿਕਾਸ ਕਰਨ ਦਾ ਫ਼ੈਸਲਾ (ਪੰ: 106), ਅਜੇ ਵੀ ਸੰਭਾਵਨਾਵਾਂ ਦੀ ਤਲਾਸ਼ ਆਦਿ ਸਭ ਅਨੁਭਵ ਤੋਂ ਪਾਰਗਮੀ ਹੋਣਾ, ਅਸਤਿਤਵ ਦੇ ਅਹਿਮ ਲੱਛਣ ਹੀ ਤਾਂ ਹਨ। ਆਪਣੇ ਅੰਤਰੀਵ ਨੂੰ ਜਾਣ ਕੇ ਹੀ ਬਾਹਰ ਨੂੰ ਜਾਣਨਾ (ਪੰ: 77) ਅਤੇ ਮਹਾਤਮਾ ਬੁੱਧ ਦਾ ਭਿਕਸ਼ੂ ਆਨੰਦ ਨੂੰ ਕਹਿਣਾ 'ਆਪ ਦੀਪੋ ਭਵੋ' ਭਾਵ ਮੇਰੀ ਗੱਲ ਸੁਣ। ਆਪਣਾ ਦੀਵਾ ਆਪ ਬਾਲ। ਆਪਣੇ ਪ੍ਰਕਾਸ਼ 'ਚ ਆਪਣਾ ਪੱਥ ਨਿਹਾਰ (ਪੰ: 78) ਆਦਿ ਕਵਿਤਾ ਵਿਚ 'ਮੈਂ' ਦਾ ਜ਼ਿਕਰ ਹੈ ਕਿਉਂਕਿ ਆਦਿ-ਮਾਨਵ ਆਪਣੀ 'ਮੈਂ' ਨੂੰ ਪਛਾਣ ਰਿਹਾ ਸੀ। ਇਵੇਂ ਅਸਤਿਤਵਵਾਦੀ ਮਾਰਟਿਨ ਬੂਬਰ ਨੂੰ ਇੰਜ ਉਦ੍ਰਿਤ ਕੀਤਾ ਹੈ : ਮਾਰਟਿਨ ਬੂਬਰ ਦੀ 'ਆਈ ਐਂਡ ਦਾਊ' (ਮੈਂ ਤੇ ਤੂੰ) ਦੀ ਸਮਝ।' ਇਥੇ ਬੜੀ ਮਹੱਤਵਪੂਰਨ ਹੈ.... ਮੈਨੂੰ ਵਿਚਾਰਧਾਰਾ ਮੁਆਫ਼ਕ ਨਹੀਂ ਬੈਠਦੀ ਕਿਉਂਕਿ 'ਮੈਂ' ਕਿਸੇ ਨਿਰਪੇਖ ਨੂੰ ਜਵਾਬਦੇਹ ਨਹੀਂ ਹੋ ਸਕਦੀ....ਇਹ 'ਮੈਂ' ਹੀ ਪਾਠ ਰਾਹੀਂ ਪਾਠਕ ਦੀ 'ਮੈਂ' ਬਣ ਜਾਂਦੀ ਹੈ। ਇਹੋ ਕਵਿਤਾ ਵੀ ਇਸ ਦੀ ਸ਼ਕਤੀ ਤੇ ਸੌਂਦਰਯ ਹੈ। (ਪੰ. 109) ਸੰਖੇਪ ਇਹ ਕਿ ਇਨ੍ਹਾਂ ਇੰਟਰਵਿਊਆਂ ਦੇ ਸੁਚੱਜੇ ਸੰਪਾਦਨ ਲਈ ਸੰਪਾਦਕ ਪ੍ਰਸੰਸਾ ਦਾ ਅਧਿਕਾਰੀ ਹੈ। ਵਿਸ਼ੇਸ਼ ਇਹ ਕਿ ਆਖ਼ਰੀ 8 ਪੰਨਿਆਂ ਵਿਚ ਤਸਵੀਰਾਂ ਬੋਲਦੀਆਂ ਹਨ।


-ਡਾ: ਧਰਮ ਚੰਦ ਵਾਤਿਸ਼
ਮੋ: 98144-46007.ਯੁੱਗ-ਅੰਤ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 220
ਸੰਪਰਕ : 081307-82551.


ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦਾ ਇਕ ਅਜਿਹਾ ਨਾਂਅ ਹੈ ਜਿਸ ਨੂੰ ਦੋਸਤ, ਦੁਸ਼ਮਣ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਕ ਗ਼ਰੀਬ ਸਿਖਨ ਕੋ ਦੂੰ ਪਾਤਸ਼ਾਹੀ ਦੇ ਗੁਰੂ ਗੋਬਿੰਦ ਸਿੰਘ ਦੇ ਵਚਨਾਂ ਨੂੰ ਪਹਿਲਾਂ ਬੰਦਾ ਬਹਾਦਰ ਅਤੇ ਫਿਰ ਰਣਜੀਤ ਸਿੰਘ ਨੇ ਪੂਰਾ ਕਰਕੇ ਰੱਜ ਕੇ ਰਾਜ ਕਮਾਇਆ। ਮੱਧ ਯੁੱਗ ਵਿਚ ਨਿਆਇਸ਼ੀਲ, ਸੰਪਰਦਾਇਕਤਾ ਮੁਕਤ, ਬਹੁਲਵਾਦੀ ਸੋਚ ਵਾਲਾ ਰਾਜ ਜਿਸ ਦੀਆਂ ਦੰਦ ਕਥਾਵਾਂ ਤੁਰੀਆਂ। ਦੁਖਾਂਤ ਇਹ ਕਿ ਉਸ ਦੀ ਮੌਤ ਤੋਂ ਦਸ ਵਰ੍ਹੇ ਦੇ ਅੰਦਰ ਹੀ ਉਸ ਦਾ ਵਿਸ਼ਾਲ ਰਾਜ ਆਪਣਿਆਂ ਬਿਗਾਨਿਆਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਖ਼ਤਮ ਹੋ ਗਿਆ। ਇਹ ਇਕ ਯੁੱਗ ਦਾ ਅੰਤ ਸੀ। ਮਨਮੋਹਨ ਬਾਵਾ ਦਾ ਨਾਵਲ ਯੁੱਗ-ਅੰਤ ਇਸੇ ਅੰਤ ਉੱਤੇ ਕੇਂਦਰਿਤ ਲਿਖਤ ਹੈ ਜੋ ਇਸ ਦੁਖਾਂਤ ਦੀਆਂ ਸੂਖਮ ਪਰਤਾਂ ਫਰੋਲ ਕੇ ਇਤਿਹਾਸ ਤੋਂ ਕੁਝ ਸਬਕ ਸਿਖਣ ਲਈ ਉਤੇਜਿਤ ਕਰਦੀ ਹੈ।
ਬਾਵੇ ਦਾ ਇਹ ਨਾਵਲ ਮਹਾਰਾਜੇ ਦੀ ਮੌਤ ਤੋਂ ਅੱਠ ਕੁ ਸਾਲ ਬਾਅਦ ਦੇ 1847 ਦੇ ਵਰ੍ਹੇ ਤੋਂ ਅਗਲੇ ਦੋ ਕੁ ਸਾਲਾਂ ਦਾ ਪੁਨਰ ਸਿਰਜਨ ਕਰਦਾ ਹੈ। ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਤੋਂ ਅੱਠ ਵਰ੍ਹੇ ਪਿੱਛੋਂ 1857 ਵਿਚ ਹੋਏ ਗ਼ਦਰ ਵਿਚ ਪੰਜਾਬੀਆਂ ਦੇ ਰੋਲ ਦੀ ਝਲਕ ਦੇ ਕੇ ਸਮਾਪਤ ਹੁੰਦਾ ਹੈ ਇਹ। ਮੂਲ ਰਾਜ ਨੇ ਮੁਲਤਾਨ ਅਤੇ ਸ਼ਾਮ ਸਿੰਘ ਨੇ ਸ਼ੁਜਾਹਬਾਦ ਦੇ ਕਿਲ੍ਹਿਆਂ ਉੱਤੇ ਕਬਜ਼ਾ ਕਰ ਰੱਖਿਆ ਹੈ ਜਦ ਕਿ ਸਿੱਖ ਅੰਗਰੇਜ਼ਾਂ ਨਾਲ ਪਹਿਲਾ ਵੱਡਾ ਯੁੱਧ ਡੋਗਰਿਆਂ ਤੇ ਮਿਸਰਾਂ ਦੀ ਗਦਾਰੀ ਨਾਲ ਹਾਰ ਚੁੱਕੇ ਹਨ। ਫ਼ੌਜ ਵਿਚ ਨਿਰਾਸ਼ਾ ਹੈ। ਸਾਜਿਸ਼ੀ ਮਾਹੌਲ ਹੈ ਸਭ ਪਾਸੇ। ਕੀਰਤ ਸਿੰਘ ਨਾਂਅ ਦਾ ਦਲੇਰ ਤੇ ਸਿਰਲੱਥ ਸਰਦਾਰ ਨਾਵਲ ਦਾ ਇਕ ਨਾਇਕ ਹੈ। ਸਹਿ ਨਾਇਕ ਸ਼ਾਮ ਸਿੰਘ ਤੇ ਮੂਲ ਰਾਜ ਵੀ ਹਨ। ਕੀਰਤ ਸਿੰਘ ਸਰਗਰਮੀ ਨਾਲ ਸਾਰੇ ਨਾਵਲ ਵਿਚ ਗਵਾਚੇ ਸਿੱਖ ਆਦਰਸ਼ਾਂ ਦੀ ਪੁਨਰ-ਸਥਾਪਤੀ ਲਈ ਜਾਨ ਤਲੀ 'ਤੇ ਧਰ ਵਿਚਰਦਾ ਹੈ। ਸੁੰਦਰਾਂ, ਰੂਪ ਕੌਰ, ਜ਼ੀਨਤ ਪ੍ਰਤੀ ਉਸ ਦਾ ਆਕਰਸ਼ਣ ਨਾਵਲ ਵਿਚ ਰੁਮਾਂਟਿਕ ਵਾਤਾਵਰਨ ਬਣਾਈ ਰੱਖਦਾ ਹੈ। ਮੂਲ ਰਾਜ ਤੇ ਸ਼ਾਮ ਸਿੰਘ ਹਾਰ ਜਾਂਦੇ ਹਨ। ਸਿੱਖ ਰਾਜ ਖ਼ਤਮ ਹੋ ਜਾਂਦਾ ਹੈ ਪਰ ਉਸ ਲਈ ਸੰਘਰਸ਼ ਕਰਨ ਵਾਲੇ ਕੀਰਤ ਸਿੰਘ ਜਹੇ ਬੰਦੇ ਹਾਰ ਨਹੀਂ ਮੰਨਦੇ। ਸ਼ਾਮ ਸਿੰਘ ਦੀ ਪਤਨੀ ਜ਼ੀਨਤ ਤੇ ਪੁੱਤਰ ਧਰਮ ਸਿੰਘ ਉਸ ਦੇ ਨਾਲ ਹਨ। ਸ਼ਾਹ ਮੁਹੰਮਦ ਦਾ ਪੁੱਤਰ ਸ਼ਾਹ ਬਖਸ਼ ਤੋਪਚੀ ਉਸ ਦੇ ਨਾਲ ਹੈ। ਰੂਪ ਕੌਰ ਵੀ ਕਿਤੇ ਔਝੜ ਰਾਹਾਂ ਉੱਤੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿਚ ਗਵਾਚੀ ਫਿਰਦੀ ਹੈ। ਨਿਰਾਸ਼ਾ ਵਿਚ ਘਿਰੇ ਲੋਕਾਂ ਨੂੰ ਲਗਦਾ ਹੈ ਕਿ ਜੋ ਯੁੱਗ ਗੁਰੂ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਨਾਲ ਸ਼ੁਰੂ ਹੋਇਆ, ਉਸ ਦਾ ਅੰਤ ਹੋ ਗਿਆ ਹੈ। ਕੀਰਤ ਸਿੰਘ, ਸ਼ਾਹ ਬਖਸ਼, ਧਰਮ ਸਿੰਘ, ਰੂਪ ਕੌਰ, ਜ਼ੀਨਤ, ਸੁੰਦਰਾਂ, ਉਨ੍ਹਾਂ ਦੇ ਸਾਥੀ ਹਜ਼ਾਰਾਂ ਸਿੱਖਾਂ ਤੇ ਪਠਾਣਾਂ ਦੇ ਅੰਗਰੇਜ਼ ਵਿਰੁੱਧ ਸੰਘਰਸ਼ ਲਈ ਵਚਨਬੱਧਤਾ ਦੱਸਦੀ ਹੈ ਕਿ ਹਾਲੇ ਸਭ ਕੁਝ ਖ਼ਤਮ ਨਹੀਂ ਹੋਇਆ। ਯੁੱਗ ਦਾ ਅੰਤ ਨਹੀਂ ਹੋਇਆ।


-ਡਾ: ਕੁਲਦੀਪ ਸਿੰਘ ਧੀਰ
ਮੋ: 98722-60550ਵਿਰਾਸਤ ਖ਼ਾਲਸਾ ਪੰਥ ਬੁੱਢਾ ਦਲ
ਪੰਜਵਾਂ ਤਖਤ

ਸੰਪਾਦਕ/ਲੇਖਕ : ਦਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ। ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ (ਵਿਸ਼ਵ)
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98148-98570.


ਹਥਲੀ ਪੁਸਤਕ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫ਼ੌਜ ਵਜੋਂ ਪ੍ਰਸਿੱਧ ਨਿਹੰਗ ਸਿੰਘਾਂ ਸਬੰਧੀ ਸਿੱਖ ਧਰਮ ਦੇ ਪੁਰਾਤਨ ਜੰਗੀ ਸਰੂਪ ਅਤੇ ਆਚਾਰ ਵਿਹਾਰ ਨੂੰ ਮੂਰਤੀਮਾਨ ਕਰਦੀ ਹੈ। ਨਿਹੰਗ ਸਿੰਘ ਸਿੱਖ ਆਚਾਰ ਤੇ ਵਿਹਾਰ ਨੂੰ ਅਪਣਾ ਕੇ ਚੱਲਣ ਵਾਲਾ ਅਜਿਹਾ ਧਰਮੀ ਜਿਊੜਾ ਹੈ, ਜੋ ਸੀਸ ਉੱਪਰ ਫਰਰੇ ਵਾਲਾ ਉੱਚਾ ਦੋਮਾਲਾ ਸਜਾਉਂਦਾ ਹੈ, ਜੋ ਗੁਰੂ ਸਾਹਿਬ ਵਲੋਂ ਬਖਸ਼ੇ ਸ਼ਸਤਰਾਂ ਚੱਕਰ, ਖੰਡਾ, ਕ੍ਰਿਪਾਨ, ਭਾਲਾ, ਬੰਦੂਕ, ਤੋੜਾ, ਜਗਗਾਹ ਆਦਿ ਨਾਲ ਸਜ ਕੇ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦਾ ਹੈ। ਸਰਬ ਲੋਹ ਦਾ ਗੜਵਾ, ਮਾਲਾ ਤੇ ਹੋਰ ਲੋੜੀਂਦਾ ਸਾਮਾਨ ਆਪਣੇ ਨਾਲ ਲੈ ਕੇ ਚਲਦਾ ਹੈ। ਇਸ ਪੁਸਤਕ ਦੇ ਲੇਖਕ ਤੇ ਸੰਪਾਦਕ ਦਿਲਜੀਤ ਸਿੰਘ ਬੇਦੀ ਜੋ ਗੁਰਮਤਿ ਸਾਹਿਤ ਦੇ ਜਾਣੇ-ਪਛਾਣੇ ਸਾਹਿਤਕਾਰ ਨੇ ਬੜੀ ਸਖ਼ਤ ਘਾਲਣਾ ਨਾਲ ਪਾਠਕਾਂ ਦੇ ਸਨਮੁੱਖ ਕਰਨ ਸਮੇਂ ਵੱਖ-ਵੱਖ ਲੇਖਾਂ ਦੁਆਰਾ ਨੌਜਵਾਨ ਪੀੜ੍ਹੀ ਦੇ ਹਿਰਦੇ ਅੰਦਰ ਗੁਰੂ ਖ਼ਾਲਸਾ ਪੰਥ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਅਤੇ ਖਾਲਸਾਈ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸ਼ਲਾਘਾਯੋਗ ਹੰਭਲਾ ਮਾਰਿਆ ਹੈ। ਪੁਸਤਕ ਦੇ ਆਰੰਭ ਵਿਚ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਨਾਂਅ 'ਤੇ 'ਖ਼ਾਲਸਾ ਪੰਥ ਬੁੱਢਾ ਦਲ' ਵਿਚਰ ਰਿਹਾ ਹੈ, ਦੀ ਰੰਗਦਾਰ ਤਸਵੀਰ ਅਤੇ ਇਸ ਤੋਂ ਇਲਾਵਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਛੇਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲਕਸ਼ ਸਰੂਪਾਂ ਦੇ ਦਰਸ਼ਨਾਂ ਦੇ ਨਾਲ-ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਤੋਂ ਲੈ ਕੇ ਮੌਜੂਦਾ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀਆਂ ਤਸਵੀਰਾਂ ਸਹਿਤ ਪੰਥਕ ਸੇਵਾਵਾਂ ਦਾ ਜ਼ਿਕਰ ਸੰਖੇਪ ਤੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦਾ ਪਹਿਲਾ ਲੇਖ 'ਬੁੱਢਾ ਦਲ ਨਿਹੰਗ ਸਿੰਘਾਂ ਦੀ ਸਥਾਪਨਾ ਅਤੇ ਮਹੱਤਵ' ਲੇਖਕ ਦਿਲਜੀਤ ਸਿੰਘ ਬੇਦੀ ਦੀ ਇਤਿਹਾਸਕ ਜਾਣ-ਪਛਾਣ ਵਾਲੀ ਬਹੁਮੁੱਲੀ ਰਚਨਾ ਹੈ। ਦੂਜਾ ਲੇਖ 'ਪੰਚਮ ਤਖ਼ਤ ਬੁੱਢਾ ਦਲ' ਬੁੱਢਾ ਦਲ ਦੇ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨ੍ਹੱਈਆ ਵਲੋਂ ਵੀ ਖੋਜੀ ਬਿਰਤੀ ਦਾ ਸਬੂਤ ਹੈ। ਇਸ ਤੋਂ ਇਲਾਵਾ ਪ੍ਰੋ: ਪਿਆਰਾ ਸਿੰਘ ਪਦਮ ਦੀ ਰਚਨਾ 'ਖ਼ਾਲਸਾਈ ਬੋਲੇ' ਨਿਹੰਗ ਸਿੰਘ ਦੀ ਆਤਮਿਕ ਅਵਸਥਾ ਨਾਲ ਨਵੀਂ ਪੀੜ੍ਹੀ ਦੀ ਸਦੀਵੀ ਸਾਂਝ ਬਣਾਉਂਦੇ ਹਨ। ਇਸ ਤੋਂ ਇਲਾਵਾ ਕਰਨੀਨਾਮਾ, ਸ਼ਸਤਰਨਾਮ ਮਾਲਾ, ਕਕਾਰ, ਆਦਰਸ਼ਕ ਖ਼ਾਲਸੇ ਦੇ ਲੱਛਣ, ਸਲੋਕ ਦੁਮਾਲੇ ਦਾ, ਖ਼ਾਲਸੇ ਦੀ ਉਸਤਤ, ਖ਼ਾਲਸਾ ਮੂਲ ਮੰਤਰ, ਬ੍ਰਹਮ ਕਵਚ, ਖ਼ਾਲਸਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਗੁਰਸਿੱਖਾਂ ਦੀ ਪੁਰਾਤਨ ਮਰਿਆਦਾ, ਰਹਿਤਨਾਮਾ, ਸ਼ਹੀਦੀ ਦੇਗ਼ਾਂ ਦੇ ਸਲੋਕ, ਅੰਮ੍ਰਿਤ ਵੇਲੇ ਦਾ ਜਾਪ ਗੁਰਮੰਤ੍ਰ, ਸੁਖਨਿਧਾਨ ਸ਼ਹੀਦੀ ਦੇਗਾਂ ਦੇ ਸੋਲ੍ਹੇ 'ਨੁਗਦੇ' ਦਾ ਸਲੋਕ, ਖ਼ਾਲਸਾ ਰਹਿਤਨਾਮਾ, ਸ੍ਰੀ ਭਗਉਤੀ ਅਸਤੋਤ੍ਰ, 'ਅਬ ਮੂਲ ਮੰਤਰ ਗੁਰੂ ਖ਼ਾਲਸੇ ਸਿੰਘ ਜੀ ਕਾ ਲਿਖਸਤੇ' ਰਹਿਤਨਾਮਿਆਂ ਵਿਚੋਂ ਦੋਹਰਾ, ਵਾਹਿਗੁਰੂ ਗੁਰਮੰਤਰ ਦੀ ਮਹਿਮਾ ਵਰਗੀਆਂ ਪੁਰਾਤਨ ਵਿਸਰ ਰਹੀਆਂ ਰਚਨਾਵਾਂ ਨਾਲ ਪਾਠਕਾਂ ਦੀ ਅੰਤਰੀਵੀ ਸਾਂਝ ਬਣਾ ਕੇ ਸੰਪਾਦਕ ਨੇ ਸੋਨੇ ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਦਸਮ ਪਿਤਾ ਜੀ ਵਲੋਂ ਪੰਥ ਅਕਾਲੀ ਬੁੱਢਾ ਦਲ ਨੂੰ ਬਖਸ਼ਿਸ਼ ਕੀਤੇ ਇਤਿਹਾਸਕ ਸ਼ਸਤਰਾਂ ਦੀਆਂ ਤਸਵੀਰਾਂ ਰਾਹੀਂ ਦਰਸ਼ਨ ਕਰਵਾ ਕੇ ਬਹੁਮੁੱਲੀ, ਬੇਸ਼ਕੀਮਤੀ ਵਿਰਾਸਤ ਨੂੰ ਵੀ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ।


-ਭਗਵਾਨ ਸਿੰਘ ਜੌਹਲ
ਮੋ: 98143-24040.


ਸਰਕਾਰੀ ਸਕੂਲਾਂ ਦੀ ਸਿੱਖਿਆ

ਲੇਖਕ : ਜਗਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਪੁਸਤਕ ਪਾਠਕ ਸੰਸਥਾ, ਪੰਜਾਬ
ਮੁੱਲ : 100 ਰੁਪਏ, ਸਫ਼ੇ : 104
ਸੰਪਰਕ : 0161-2805677.


ਪੁਸਤਕ 'ਸਰਕਾਰੀ ਸਕੂਲਾਂ ਦੀ ਸਿੱਖਿਆ' (ਦਸ਼ਾ, ਦਿਸ਼ਾ, ਹੱਲ ਤੇ ਨਿੱਜੀਕਰਨ ਦਾ ਖ਼ਤਰਾ), ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਸਰਕਾਰੀ ਨੀਤੀਆਂ ਰਾਹੀਂ ਭੋਗ ਪਾਏ ਜਾਣ ਦੇ ਵਰਤਾਰੇ ਦਾ ਤਰਕ ਆਧਾਰਿਤ ਵਿਸ਼ਲੇਸ਼ਣ ਕਰਦੀ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਨਿੱਜੀਕਰਨ ਦੀ ਮਾਰ ਤੋਂ ਬਚਾਉਣ ਲਈ ਸਿੱਖਿਆ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਪ੍ਰੇਰਦੀ ਹੈ। ਪੁਸਤਕ ਵਿਚ 27 ਲੇਖ ਸ਼ਾਮਿਲ ਕੀਤੇ ਹਨ, ਜਿਹੜੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਦੁਰਦਸ਼ਾ ਨਾਲ ਸਬੰਧਿਤ ਹਨ। ਇਹ ਲੇਖ ਪਹਿਲੋਂ ਪੰਜਾਬੀ ਦੇ ਸਿਰਕੱਢ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੀ ਸੋਚ ਦਾ ਹਿੱਸਾ ਬਣ ਚੁੱਕੇ ਹਨ।
ਇਨ੍ਹਾਂ ਲੇਖਾਂ 'ਚੋਂ ਪੰਜਾਬ ਸਿੱਖਿਆ ਨੀਤੀ 2002, ਸਮਾਰਟ ਅਤੇ ਸੈਲਫ ਸਮਾਰਟ ਸਕੂਲਾਂ ਦਾ ਸੱਚ, ਸੀ.ਸੀ.ਈ. ਅਤੇ ਸਰਬ ਸਿੱਖਿਆ ਅਭਿਆਨ ਦੇ ਅਸਲ ਨੂੰ ਖੁੱਲ੍ਹ ਕੇ ਉਘਾੜਿਆ ਗਿਆ ਹੈ। ਇਨ੍ਹਾਂ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਨ੍ਹਾਂ ਦੀ ਬਾਹਰੀ ਦਿੱਖ ਅਤੇ ਅੰਦਰਲੇ ਸੱਚ ਨੂੰ ਪੂਰੀ ਬੇਬਾਕੀ ਤੇ ਵਿਸਥਾਰ ਨਾਲ ਬਿਆਨਿਆ ਗਿਆ ਹੈ। ਅਧਿਆਪਕਾਂ ਤੇ ਗ਼ੈਰ-ਵਿੱਦਿਅਕ ਕੰਮਾਂ ਦਾ ਬੋਝ ਅਧਿਆਪਕ ਯੋਗਤਾ ਟੈਸਟ, ਅਧਿਆਪਕ ਭਰਤੀ ਨੀਤੀ, ਵਿਦਿਆਰਥੀਆਂ ਵਿਚ ਨਕਲ ਦੀ ਪ੍ਰਵਿਰਤੀ ਨੂੰ ਵੀ ਸਪੱਸ਼ਟ ਕਰਦਿਆਂ ਕਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਖੜ੍ਹੇ ਕੀਤੇ ਹਨ। ਪ੍ਰੌੜ੍ਹ ਪੰਜਾਬ ਦੀ ਚੀਰਫਾੜ, ਸਰਕਾਰ ਦੀਆਂ ਅਧਿਆਪਕ ਮਾਰੂ ਕੀਤੀਆਂ ਵਿਚਲਾ ਸੱਚ ਵੀ ਪਾਠਕਾਂ ਅੱਗੇ ਰੱਖਿਆ ਹੈ। ਸਮੇਂ-ਸਮੇਂ 'ਤੇ ਬਦਲਦੀਆਂ ਸਰਕਾਰਾਂ ਵਲੋਂ ਆਪਣੇ ਅਨੁਕੂਲ ਸਿੱਖਿਆ ਅਤੇ ਸਿਲੇਬਸ ਨੂੰ ਬਦਲਵਾਂ, ਸਿੱਖਿਆ ਨਾਲ ਹੁੰਦੇ ਨਿੱਤ ਨਵੇਂ ਤਜਰਬਿਆਂ ਰਾਹੀਂ ਹੋ ਰਹੇ ਵਿੱਦਿਅਕ ਨੁਕਸਾਨ ਦੀ ਗੱਲ ਉਠਾਈ ਗਈ ਹੈ। ਵਧ ਰਹੀ ਅਧਿਆਪਕੀ ਬੇਰੁਜ਼ਗਾਰੀ, ਮੁਲਾਜ਼ਮ ਘੋਲਾਂ ਵਿਚ ਏਕਤਾ ਦੀ ਘਾਟ, ਨਿੱਜੀਕਰਨ ਦਾ ਵਧਦਾ ਜਾਂਦਾ ਖੌਫ਼ ਵੀ ਇਨ੍ਹਾਂ ਲੇਖਾਂ ਵਿਚ ਚਿੰਤਾ ਦਾ ਵਿਸ਼ਾ ਬਣਾਇਆ ਗਿਆ ਹੈ। ਲੇਖਕ ਜਗਦੇਵ ਸਿੰਘ ਲਲਤੋਂ ਨੇ ਸਿੱਖਿਆ ਦੀ ਦਸ਼ਾ ਤੇ ਦਿਸ਼ਾ ਦਾ ਯਥਾਰਥਵਾਦੀ ਚਿਤਰਨ ਕਰਦਿਆਂ ਉਨ੍ਹਾਂ ਦੇ ਹੱਲ ਵੀ ਸੁਝਾਏ ਹਨ।
ਸਰਲ ਤੇ ਸਹਿਜ ਭਾਸ਼ਾ ਵਿਚ ਲਿਖੀ ਗਈ ਇਹ ਪੁਸਤਕ ਆਮ ਪਾਠਕ ਨੂੰ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਸਮਝਣ, ਪਰਖਣ ਅਤੇ ਘੋਖਣ ਵਿਚ ਮਦਦ ਕਰਦੀ ਹੈ। ਲੇਖਕ ਨੇ ਸਮੇਂ ਦੀ ਦੁਖਦੀ ਰਗ 'ਤੇ ਉਂਗਲ ਧਰ ਕੇ ਇਕ ਵਧੀਆ ਉਪਰਾਲਾ ਕੀਤਾ ਹੈ।


ਤੱਪੜ ਤੇ ਮੋਹਰ
ਲੇਖਕ : ਜਸਵੀਰ ਸਿੰਘ ਗਰਚਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 90
ਸੰਪਰਕ : 95011-45039.


ਵਿਦੇਸ਼ ਵਾਸਾ ਕਰਦੇ ਜਸਵੀਰ ਸਿੰਘ ਗਰਚਾ ਨੇ ਪਹਿਲੀ ਨਾਟਕ ਪੁਸਤਕ 'ਲਾਲਸਾ' ਮਗਰੋਂ 'ਤੱਪੜ ਤੇ ਮੋਹਰ' ਕਹਾਣੀ ਸੰਗ੍ਰਹਿ ਰਾਹੀਂ ਕਹਾਣੀ ਜਗਤ ਵਿਚ ਪ੍ਰਵੇਸ਼ ਕੀਤਾ ਹੈ। ਲੇਖਕ ਪਾਸ ਰੰਗਮੰਚ ਦਾ ਤਜਰਬਾ ਹੋਣ ਦੇ ਨਾਲ-ਨਾਲ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵਾਂ ਨੂੰ ਕਹਾਣੀ ਦੇ ਤਾਣੇ-ਬਾਣੇ ਵਿਚ ਬੁਣਨ ਦਾ ਹੁਨਰ ਹੈ। ਹਥਲੇ ਸੰਗ੍ਰਹਿ ਵਿਚ ਕੁੱਲ 9 ਕਹਾਣੀਆਂ ਸ਼ਾਮਿਲ ਹਨ। ਲੇਖਕ ਦਾ ਮੁਢਲੇ ਦੌਰ ਦਾ ਸਬੰਧ ਖੱਬੇ ਪੱਖੀ ਵਿਚਾਰਧਾਰਾ ਦੇ ਪਰਣਾਏ ਲੋਕਾਂ ਨਾਲ ਰਿਹਾ ਹੈ। ਉਸ ਨੇ ਇਸ ਵਿਚਾਰਧਾਰਾ ਨਾਲ ਜੁੜ ਕੇ ਲੋਕ-ਪੱਖੀ ਲਹਿਰਾਂ ਵਿਚ ਸ਼ਾਮਿਲ ਹੋ ਕੇ ਧਰਨੇ, ਮਜ਼ਾਹਰੇ, ਰੈਲੀਆਂ, ਇਕੱਠਾਂ ਤੇ ਨਾਟਕਾਂ ਵਿਚ ਸ਼ਾਮਿਲ ਹੋ ਕੇ ਨੇੜਿਓਂ ਤੱਕਿਆ ਪਰ ਨਾਲ ਦੀ ਨਾਲ ਰੋਜ਼ੀ-ਰੋਟੀ ਲਈ ਅਮਰੀਕਾ ਵਰਗੇ ਮੁਲਕ ਵਿਚ ਜਾ ਕੇ ਠਾਹਰ ਵੀ ਲੈਣੀ ਪਈ। ਜਸਵੀਰ ਸਿੰਘ ਗਰਚਾ ਦੀਆਂ ਕਹਾਣੀਆਂ ਇਸੇ ਦਵੰਦ ਵਿਚੋਂ ਉਪਜੀਆਂ ਕਹਾਣੀਆਂ ਹਨ। ਟਾਈਟਲ ਕਹਾਣੀ 'ਤੱਪੜ ਤੇ ਮੋਹਰ' ਵਿਚ ਅਮਰੀਕਾ ਵਸਦੇ 'ਮੈਂ' ਪਾਤਰ ਪਾਸ ਭਾਰਤ ਤੋਂ ਭੋਲਾ ਕਾਮਰੇਡ (ਪੁਰਾਣਾ ਸਾਥੀ) ਅਚਾਨਕ ਪੁੱਜਦਾ ਹੈ ਤਾਂ ਭੋਲਾ ਕਾਮਰੇਡ ਨਾਲ ਸੰਵਾਦਾਂ ਰਾਹੀਂ ਲੈਨਿਨਵਾਦ, ਮਾਉਵਾਦ ਤੇ ਮਾਰਕਸਵਾਦ ਦੇ ਪੈਰੋਕਾਰਾਂ ਵਲੋਂ ਅਮਰੀਕਾ, ਕੈਨੇਡਾ, ਇੰਗਲੈਂਡ ਜਿਹੇ ਪੂੰਜੀਵਾਦੀ ਮੁਲਕਾਂ ਨੂੰ ਭੰਡਣ ਤੇ ਆਰਥਿਕ ਮਜਬੂਰੀ ਕਰਕੇ ਉਨ੍ਹਾਂ ਦੀ ਪਨਾਹ ਵਿਚ ਆਉਣ 'ਤੇ ਕਟਾਖਸ਼ ਕਰਦਾ ਹੈ। ਭਾਰਤੀ ਤੇ ਵਿਦੇਸ਼ੀ ਸੰਸਕ੍ਰਿਤੀ-ਸੱਭਿਆਚਾਰ ਦਾ ਤੁਲਨਾਤਮਿਕ ਵਿਸ਼ਲੇਸ਼ਣ ਵੀ ਕਰਦਾ ਹੈ। ਉਸ ਦਾ ਇਹ ਵਾਕ : 'ਊਂ ਕੌਮਨਿਯਮ ਨੇ ਪੜ੍ਹਨ ਪੜ੍ਹਾਉਣ ਦੀ ਅਕਲ ਤਾਂ ਬੜੀ ਦਿੱਤੀ ਐ, ਲੜਨ ਦਾ ਜਜ਼ਬਾ ਬੜਾ ਭਰਿਐ, ਬੱਸ ਆਈਂ ਬਈ ਟਿਕਾਣਾ ਨਹੀਂ ਦੇ ਸਕਿਆ।' ਅਸਲੀਅਤ ਨੂੰ ਉਜਾਗਰ ਕਰ ਜਾਂਦਾ ਹੈ। 'ਜਿਸਮ' ਤੇ 'ਅੱਖ ਦੌੜ ਰਹੀ ਐ' ਕਹਾਣੀਆਂ ਵੀ ਬਲਜੀਤ ਤੇ ਜਗਬੀਰ ਪਾਤਰਾਂ ਰਾਹੀਂ ਸਮਾਜਿਕ ਰਿਸ਼ਤਿਆਂ ਦੇ ਉਲਝਾਅ ਤੇ ਭਟਕਣ ਦੀ ਬਾਰੀਕਬੀਨੀ ਨਾਲ ਨਿਸ਼ਾਨਦੇਹੀ ਕਰਦਾ ਹੈ। ਪੁੰਨ ਦਾ ਕੰਮ, ਰੰਗੀ ਦੀ ਬੇਬੇ, ਕਰਜ਼, ਵਕਤ ਆਉਂਦੇ, ਐਂ ਤਾਂ ਖਾਂਦੈ, ਹੁਣ ਤੁਸੀਂ ਵੀ ਸ਼ਾਇਦ ਆਪਣੀ ਰੌਚਿਕਤਾ ਕਾਰਨ ਪ੍ਰਭਾਵਸ਼ਾਲੀ ਹਨ। ਭਾਸ਼ਾ ਇਕਦਮ ਸਰਲ ਹੈ ਤੇ ਕਹਾਣੀ ਸਹਿਜ ਤੌਰੇ ਤੁਰਦੀ ਹੈ। ਲੇਖਕ ਛੋਟੇ-ਛੋਟੇ ਵੇਰਵਿਆਂ ਨਾਲ ਕਹਾਣੀ ਦੀ ਗੋਂਦ ਗੁੰਦਦਾ ਹੈ। ਲੇਖਕ ਨੇ ਹੋਰ ਪ੍ਰਵਾਸੀ ਲੇਖਕਾਂ ਵਾਂਗ ਮਾਤ ਭੂਮੀ ਦੇ ਹਉਕੇ-ਹੇਰਵੇ ਨਾ ਭਰ ਕੇ ਤਰਕਸ਼ੀਲ ਦ੍ਰਿਸ਼ਟੀ ਨਾਲ, ਯਥਾਰਥ ਦਾ ਚਿਤਰਣ ਕੀਤਾ ਹੈ। ਕਿਧਰੇ-ਕਿਧਰੇ ਵਾਕਾਂ ਦਾ ਦੁਹਰਾਉ ਅਤੇ ਸੰਵਾਦ ਵਧੇਰੇ ਚੁਸਤ ਹੋ ਜਾਂਦੇ ਤਾਂ ਕਹਾਣੀਆਂ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਣੀਆਂ ਸਨ। ਬਾਵਜੂਦ ਇਸ ਦੇ 'ਤੱਪੜ ਤੇ ਮੋਹਰ' ਸੰਗ੍ਰਹਿ ਲੋੜੀਂਦਾ ਸੁਨੇਹਾ ਦੇਣ ਵਿਚ ਸਫ਼ਲ ਰਿਹਾ ਹੈ।


-ਡਾ: ਧਰਮ ਪਾਲ ਸਾਹਿਲ
ਮੋ: 98761-56964.

 

08-08-2020

 ਕਰਬਲਾ
ਲੇਖਕ : ਪ੍ਰੇਮ ਚੰਦ
ਅਨੁ: ਸ਼ਾਹ ਚਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 95011-45039.

ਵਿਚਾਰਾਧੀਨ ਪੁਸਤਕ ਪ੍ਰੇਮ ਚੰਦ ਦੇ ਲਿਖੇ ਹਿੰਦੀ ਨਾਟਕ ਦਾ ਪੰਜਾਬੀ ਅਨੁਵਾਦ (ਰੂਪਾਂਤਰਣ) ਸ਼ਾਹ ਚਮਨ (1940-2014) ਨੇ ਕੀਤਾ, ਜੋ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਹੋ ਚੁੱਕਾ ਹੈ। ਇਸ ਪੰਜ ਅੰਕੀ ਨਾਟਕ (ਅਨੇਕਾਂ ਦ੍ਰਿਸ਼ਾਂ ਸਹਿਤ) ਦੀ ਮੁੱਖ ਫੇਬੁਲਾ, ਜੋ ਹਿਰਦੇ ਵੇਧਕ ਦੁਖਾਂਤ ਹੈ, ਇੰਜ ਹੈ : ਹਜ਼ਰਤ ਮੁਹੰਮਦ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਖਲੀਫ਼ੇ ਦੀ ਪਦਵੀ ਨਿਰੰਤਰ ਹਸਤਾਂਤ੍ਰਿਤ ਹੁੰਦੀ ਹੋਈ ਸ਼ਰਾਬੀ, ਕਬਾਬੀ, ਨਿਰਦਈ, ਝੂਠੇ, ਬਦਕਾਰ, ਹਰਾਮਖੋਰ, ਸਿਆਸੀ ਜੋੜ-ਤੋੜ ਵਿਚ ਮਾਹਿਰ (ਖਲਨਾਇਕ) 'ਯਜੀਦ' ਦੇ ਹੱਥਾਂ ਵਿਚ (ਬਿਨਾਂ ਲੋਕ ਪ੍ਰਵਾਨਗੀ, ਸਰਾਸਰ ਧੱਕੇ ਨਾਲ 'ਬੈਅਤ' ਕਬੂਲ ਕਰਾ ਕੇ ਪੁੱਜਦੀ ਹੈ। ਜਦੋਂ ਕਿ ਖਲੀਫ਼ੇ ਦੀ ਪਦਵੀ ਦਾ ਅਸਲੀ ਹੱਕਦਾਰ 'ਅਲੀ' ਦਾ ਪੁੱਤਰ ਅਤੇ ਮੁਹੰਮਦ ਰਸੂਲ ਦਾ ਦੋਹਤਰਾ ਹਜ਼ਰਤ ਹੁਸੈਨ ਸੀ, ਜੋ ਵਿਦਵਾਨ, ਨਰਮ ਤੇ ਨੇਕ ਦਿਲ, ਸੱਚਾ-ਸੁੱਚਾ, ਧਾਰਮਿਕ ਅਸੂਲਾਂ ਦਾ ਪੱਕਾ ਸੀ। ਯਜੀਦ ਉਸ ਨੂੰ ਇਕੋ-ਇਕ ਦੁਸ਼ਮਣ ਸਮਝ ਕੇ ਖ਼ਤਮ ਕਰਨ ਦੇ ਯਤਨਾਂ ਵਿਚ ਰਹਿੰਦਾ ਸੀ। ਇਸ ਦੁਖਾਂਤ ਨਾਟਕ ਦੀਆਂ ਇਤਿਹਾਸਕ ਘਟਨਾਵਾਂ ਮੁੱਖ ਤੌਰ 'ਤੇ ਮਦੀਨੇ, ਮੱਕੇ ਪਰ ਆਖਰੀ 'ਕੂਫ਼ੇ' ਵਿਚ ਕ੍ਰਮਵਾਰ ਵਾਪਰਦੀਆਂ ਹਨ। ਘਟਨਾਵਾਂ ਦਾ ਆਧਾਰ ਇਤਿਹਾਸਕ ਹਵਾਲਾ ਚੌਖਟਾ (ਫਰੇਮ ਆਫ ਰੈਫਰੈਂਸ) ਅਨੁਸਾਰ ਹੈ। ਰਸੂਲ ਦੀ ਸੁਪਨ-ਭਵਿੱਖਬਾਣੀ ਨਾਟਕ ਨੂੰ ਇੱਕਮੁੱਠਤਾ ਪ੍ਰਦਾਨ ਕਰਦੀ ਹੈ। ਮੰਦਭਾਗੀ ਹੋਣੀ ਦਾ ਪੂਰਵ ਅਨੁਮਾਨ (ਪਰੋਲੈਪਸਿਸ) ਹੁਸੈਨ ਨੂੰ ਰਸੂਲ ਦੀ ਭਵਿੱਖਬਾਣੀ ਤੋਂ ਹੀ ਸੀ।
ਇਸ ਦੁਖਾਂਤ ਨਾਟਕ ਵਿਚ ਟਕਰਾਵਾਂ (ਕੌਨਫਲਿਕਟਸ) ਦਾ ਵਿਸ਼ੇਸ਼ ਸਥਾਨ ਹੈ। ਨੇਕੀ/ਬਦੀ, ਧਰਮ ਈਮਾਨ ਮਾਰਗ/ਧੱਕੇਸ਼ਾਹੀ, ਨਰਮਾਈ/ਸਖ਼ਤਾਈ, ਦੁਨਿਆਵੀ ਖਾਹਿਸ਼ਾਂ ਦੀ ਪੂਰਤੀ/ਜੰਨਤ ਦੀਆਂ ਸਦੀਵੀ ਖੁਸ਼ੀਆਂ ਵਿਚਕਾਰ ਟੱਕਰ ਹੈ। ਬਦੀ-ਸ਼ਕਤੀਆਂ ਨੇਕ-ਸ਼ਕਤੀਆਂ ਨੂੰ ਹਰ ਹੀਲੇ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਹਨ। ਇਕੋ ਹੁਸੈਨ ਪਰਿਵਾਰ ਦੇ ਸਬੰਧੀ ਤੇ ਸਨੇਹੀ 72 ਬੰਦੇ ਹਜ਼ਾਰਾਂ ਦੀ ਗਿਣਤੀ 'ਚ ਵਿਰੋਧੀਆਂ ਨਾਲ ਟੱਕਰ ਲੈਂਦੇ ਸ਼ਹੀਦੀ ਪ੍ਰਾਪਤ ਕਰਦੇ ਹਨ ਪਰ ਆਪਣੇ ਸੱਚੇ ਰੂਹਾਨੀ ਮਾਰਗ ਤੋਂ ਥਿੜਕਦੇ ਨਹੀਂ। ਅਨੇਕਾਂ ਬਹਾਦਰ ਇਸਲਾਮ ਦੀਆਂ ਸੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਕਰਨ ਲਈ ਆਪਣੀਆਂ ਜਾਨਾਂ ਵਾਰਨ ਤੋਂ ਸੰਕੋਚ ਨਹੀਂ ਕਰਦੇ। ਕੂਫ਼ੇ ਵਿਚ ਜ਼ੁਲਮ ਆਪਣੀ ਚਰਮ ਸੀਮਾ ਨੂੰ ਪੁੱਜਦਾ ਹੈ। ਨਾਟਕ ਵਿਚ ਮਨਬਚਨੀਆਂ, ਮਨੋਵਿਸ਼ਲੇਸ਼ਣ, ਸ਼ੇਅਰੋ-ਸ਼ਾਇਰੀ ਅਤੇ ਮੰਚ ਸੰਕੇਤ ਸ਼ਾਮਿਲ ਹਨ।

ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਸ੍ਰੀ ਗੁਰੂ ਗ੍ਰੰਥ ਸਾਹਿਬ
ਬਾਣੀ ਦਾ ਸੰਕਲਨ ਅਤੇ ਚਿੰਤਨ
ਲੇਖਕ : ਡਾ: ਜਸਪਾਲ ਸਿੰਘ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 375 ਰੁਪਏ, ਸਫ਼ੇ : 210
ਸੰਪਰਕ : 01126802488.

ਗੁਰੂ ਨਾਨਕ ਜਨਮ ਦੀ ਪੰਜ ਸੌ ਪੰਜਾਹਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿਚ ਜਸ਼ਨ ਹੋਏ। ਨਗਰ ਕੀਰਤਨ, ਲੰਗਰ, ਸੈਮੀਨਾਰ। ਮੂੰਹ ਕਾ ਕਹਿਆ ਵਾਓ। ਸ਼ਬਦ ਨੂੰ ਗੁਰੂ ਮੰਨਣ ਵਾਲਿਆਂ ਨੇ ਇਸ ਅਵਸਰ 'ਤੇ ਸ਼ਬਦ ਦੁਆਰਾ ਗੁਰਬਾਣੀ ਦੇ ਸਰਬਦੇਸ਼ੀ/ਸਰਵਕਾਲੀ/ਬਹੁਲਵਾਦੀ/ਉੱਤਰ-ਆਧੁਨਿਕ/ਵਿਗਿਆਨਕ ਸੰਦੇਸ਼ ਨੂੰ ਵਿਆਪਕ ਪੱਧਰ 'ਤੇ ਪ੍ਰਚਾਰਨ ਪ੍ਰਸਾਰਨ ਨੂੰ ਉਹ ਮਹੱਤਵ ਨਹੀਂ ਦਿੱਤਾ ਜੋ ਦੇਣਾ ਬਣਦਾ ਸੀ। ਅਜਿਹਾ ਸਿੱਖ ਸੰਸਥਾਵਾਂ ਨੇ ਪਹਿਲੀ ਵਾਰ ਨਹੀਂ ਕੀਤਾ। ਚੰਗਾ ਹੋਵੇ ਕਿ ਉਹ ਹੁਣ ਹੀ ਜਾਗ ਪੈਣ। ਇਹੋ ਜਿਹੇ ਹਰ ਯਾਦਗਾਰੀ/ਸ਼ਤਾਬਦੀ ਅਵਸਰ ਉੱਤੇ ਸਿੱਖ ਧਰਮ/ਗੁਰਬਾਣੀ/ਦਰਸ਼ਨ ਬਾਰੇ ਰਚੀਆਂ ਕੁਝ ਮਹੱਤਵਪੂਰਨ ਲਿਖਤਾਂ ਨੂੰ ਪ੍ਰਕਾਸ਼ਿਤ ਕਰਨ ਅਤੇ ਪੁਰਸਕ੍ਰਿਤ ਕਰਨ ਲਈ ਕਦਮ ਚੁੱਕੇ ਜਾਣ ਤਾਂ ਜੋ ਸਿੱਖੀ ਸਿਧਾਂਤ ਤੇ ਗੁਰਬਾਣੀ ਦੀ ਗੱਲ ਸਾਰਥਕ ਤੇ ਵਿਆਪਕ ਰੂਪ ਵਿਚ ਅੱਗੇ ਤੁਰੇ। ਡਾ: ਜਸਪਾਲ ਸਿੰਘ ਨੇ ਵਿਅਕਤੀਗਤ ਰੂਪ ਵਿਚ ਇਸ ਅਵਸਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਕਲਨ, ਚਿੰਤਨ, ਬਾਣੀਕਾਰਾਂ, ਬਾਣੀ ਦੇ ਕਾਵਿ ਰੂਪਾਂ, ਰਾਗਾਂ, ਸਾਹਿਤ-ਜੁਗਤਾਂ ਅਤੇ ਅਜੋਕੇ ਯੁੱਗ ਵਿਚ ਸਾਰਥਕਤਾ ਜਿਹੇ ਵਿਭਿੰਨ ਪੱਖਾਂ ਬਾਰੇ ਸੰਖੇਪ, ਸਰਲ ਅਤੇ ਪ੍ਰਮਾਣਿਕ ਜਾਣਕਾਰੀ ਦੇਣ ਵਾਲੀ ਪੁਸਤਕ ਲਿਖ ਕੇ ਉਕਤ ਦਿਸ਼ਾ ਵਿਚ ਪ੍ਰਸੰਸਾ ਯੋਗ ਉੱਦਮ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਕਲਨ ਸੱਚੀ ਬਾਣੀ ਨੂੰ ਕੇਵਲ ਮੀਣਿਆਂ ਦੇ ਰਲੇ ਤੋਂ ਬਚਾਉਣ ਲਈ ਨਹੀਂ ਕੀਤਾ ਗਿਆ। ਇਸ ਪਿੱਛੇ ਸਿੱਖਾਂ ਨੂੰ ਅਹਿਲ-ਏ-ਕਿਤਾਬ ਬਣਾਉਣ ਦਾ ਉਦੇਸ਼ ਵੀ ਹੈ। ਵਿਲੱਖਣ ਧਰਮ ਲਈ ਆਪਣਾ ਗ੍ਰੰਥ। ਇਸ ਲਈ ਗੁਰੂ ਨਾਨਕ ਨੇ ਆਪ ਬਾਣੀ ਲਿਖਣ, ਸੰਭਾਲਣ ਤੇ ਆਪਣੇ ਪਰਵਰਤੀ ਗੁਰੂ ਨੂੰ ਸੌਂਪਣ ਦੀ ਪਰੰਪਰਾ ਤੋਰੀ। ਉਨ੍ਹਾਂ ਸਮਕਾਲੀ/ਪੂਰਵ ਕਾਲੀ ਭਗਤਾਂ ਦੀ ਬਾਣੀ ਇਕੱਤਰ ਵੀ ਕੀਤੀ। ਗੁਰੂ ਅਰਜਨ ਪਾਤਸ਼ਾਹ ਨੇ ਇਹ ਸੰਪਾਦਿਤ ਕੀਤੀ। ਦਸਮ ਪਾਤਸ਼ਾਹ ਨੇ ਇਸ ਵਿਚ ਨੌਵੇਂ ਪਾਤਸ਼ਾਹ ਦੇ ਸਲੋਕ ਤੇ ਸ਼ਬਦ ਸ਼ਾਮਿਲ ਕਰ ਕੇ ਇਸ ਨੂੰ ਸੰਪੂਰਨਤਾ ਦਿੱਤੀ ਅਤੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਲਈ ਸਦੀਵ ਰੂਪ ਵਿਚ ਗੁਰਗੱਦੀ ਬਖ਼ਸ਼ੀ। ਗੁਰਬਾਣੀ ਦੇ ਉੱਤਰ-ਆਧੁਨਿਕ, ਨਵੇਂ ਯੁੱਗ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਚਿੰਤਨ, ਸੰਪਾਦਨ ਵਿਉਂਤ, ਬਾਣੀ ਦੇ ਕਾਵਿ ਰੂਪਾਂ ਤੇ ਬਾਣੀਕਾਰਾਂ ਬਾਰੇ ਇਕੋ ਥਾਂ ਪ੍ਰਮਾਣਿਕ ਜਾਣਕਾਰੀ ਦੇਣ ਵਾਲੀ ਇਹ ਕਿਤਾਬ ਪੰਜਾਬੀ ਜਾਣਦੇ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਤਲੀ ਦੀ ਅੱਗ
ਲੇਖਕ : ਸੀ. ਮਾਰਕੰਡਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 94172-72161.

'ਤਲੀ ਦੀ ਅੱਗ' ਪੰਜਾਬੀ ਕਾਵਿਧਾਰਾ ਦੀ ਪ੍ਰਗਤੀਵਾਦੀ ਸੁਰ ਦੇ ਕਵੀ ਸੀ. ਮਾਰਕੰਡਾ ਦੀ ਛੇਵੀਂ ਕਾਵਿ ਪੁਸਤਕ ਹੈ। ਕਵਿਤਾ ਤੋਂ ਬਿਨਾਂ ਉਸ ਨੇ ਸ਼ਬਦ ਚਿੱਤਰ, ਸਫ਼ਰਨਾਮੇ, ਆਲੋਚਨਾ, ਅਭਿਨੰਦਨ ਗ੍ਰੰਥ, ਅਨੁਵਾਦ ਅਤੇ ਸੰਪਾਦਨਾ ਦੇ ਖੇਤਰਾਂ ਵਿਚ ਵੀ ਗਿਆਰਾਂ ਕਿਤਾਬਾਂ ਲਿਖੀਆਂ ਹਨ। ਇਸ ਕਿਤਾਬ ਵਿਚਲੀ ਕਵਿਤਾ ਨੂੰ ਉਸ ਨੇ ਖੰਡ-ਕਾਵਿ ਕਿਹਾ ਹੈ। ਪੰਜਾਬੀ ਵਿਚ ਖੰਡ-ਕਾਵਿ ਦੀ ਕੋਈ ਪਰੰਪਰਾ ਨਹੀਂ ਹੈ। ਲੰਮੀ ਕਵਿਤਾ ਦੇ ਯਤਨਾਂ ਨੂੰ ਮਹਾਂਕਾਵਿ ਵਜੋਂ ਹੀ ਸਵੀਕਾਰਿਆ ਅਤੇ ਪ੍ਰਚਾਰਿਆ ਜਾਂਦਾ ਰਿਹਾ ਹੈ। ਪਰ ਮਹਾਂਕਾਵਿ ਨਾਵਲ ਵਾਂਗ ਜ਼ਿੰਦਗੀ ਦੇ ਸਮੁੱਚੇ ਪ੍ਰਸੰਗ ਵਿਚ ਵਿਚਰਦਾ ਹੈ ਜਦੋਂ ਕਿ ਖੰਡ-ਕਾਵਿ ਕਿਸੇ ਇਕ ਸਥਿਤੀ ਦਾ ਪ੍ਰਗੀਤਕ ਕਾਵਿ ਨਿਭਾਉ ਹੁੰਦਾ ਹੈ। ਮਾਰਕੰਡਾ ਨੇ ਇਕ ਯੁਵਤੀ ਦੇ ਪ੍ਰੇਮ ਪ੍ਰਸੰਗ ਨੂੰ ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜ਼ੀ ਦੇ ਦਵੰਧ ਵਾਂਗ ਚਿੱਤਰ ਕੇ ਇਸ ਨੂੰ ਰਵਾਇਤੀ ਕਿੱਸਾ ਕਲਾ ਵਾਂਗ ਸੰਜੋਣ ਦੇ ਯਤਨਾਂ ਦੇ ਨਾਲ-ਨਾਲ ਨਵੀਨ ਕਾਵਿਬੋਧ ਸਿਰਜਣ ਦਾ ਯਤਨ ਵੀ ਕੀਤਾ ਹੈ। ਜਿਸਮੀ ਆਕਰਸ਼ਣ ਦੇ ਅੰਤਰੀਵੀ ਭਾਵਾਂ ਨੂੰ ਕਾਵਿਕ ਅਹਿਸਾਸ ਨਾਲ ਓਤਪੋਤ ਕਰਨ ਦਾ ਇਹ ਨਿਵੇਕਲਾ ਯਤਨ ਇਸ ਕਾਵਿਕਾਰੀ ਦਾ ਹਾਸਲ ਹੈ
ਨਾ ਬੁੱਲ ਫਰਕਣ
ਨਾ ਕੋਈ ਧੜਕਣ
ਗਮਲੇ ਵਿਚ ਜਿਉਂ
ਫੁੱਲ ਖਿੜ ਆਇਆ
-- -- -- -- --
ਕਾਠਾ ਜਿਸਮ
ਬਲੌਰੀ ਹਾਸਾ
ਨੈਣਾਂ ਦੇ ਵਿਚ
ਨੂਰ ਸਵਾਇਆ....
-- -- -- -- --
ਇਹ ਵੀ ਕੀ
ਅਣਹੋਣੀ ਹੋਈ
ਸਾਏ ਵਿਚ ਘੁਲ
ਚਲਿਆ ਸਾਇਆ
ਸ਼ਹਿਜ਼ਾਦੇ ਦੇ ਆਮਦ, ਉਸ ਦੇ ਗਠੀਲੇ ਸਰੀਰ ਅਤੇ ਮਿਲਣੀ ਦੇ ਅਹਿਸਾਸ ਨੂੰ ਅਜਿਹੀ ਕਾਵਿਕ ਸਥਿਤੀ ਵਿਚ ਢਾਲਣਾ ਅਤੇ ਕਾਵਿ ਕਹਾਣੀ ਨੂੰ ਸਹਿਜ ਤੋਰੇ ਤੋਰੀ ਰੱਖਣਾ ਇਸ ਕਵਿਤਾ ਦੀ ਰਵਾਨੀ ਦਾ ਲਖਾਇਕ ਹੈ। ਨਦੀ ਵਿਚ ਡੁੱਬੀ ਗਾਗਰ ਦੇ ਕੰਢਿਆਂ ਤੱਕ ਜਲ ਦਾ ਝਲਕਣਾ, ਰੁਦਨ ਕਰੇਂਦੀ ਵੰਝਲੀ, ਸੇਜ ਵਾਂਗ ਵਿਛੀ ਹੋਈ ਦੇਹੀ, ਵਰਗੀਆਂ ਤਸ਼ਬੀਹਾਂ ਅਤੇ ਬਿੰਬ ਇਸ ਕਵਿਤਾ ਨੂੰ ਰੂਹਾਨੀ ਅਤੇ ਦੁਨਿਆਵੀ ਸੁਮੇਲ ਵਾਂਗ ਸਥਾਪਤ ਕਰਦੇ ਹਨ।
ਖੰਡ ਲਿਬੜੀ
ਵਿਹੁ ਦੀ ਮੋਟਲ
ਨਾਮ ਬਿਨਾਂ ਨਾ
ਜਾਣੇ ਧੋਈ
-- -- -- --
ਬਾਝ ਪ੍ਰੇਮ ਵੀ
ਪ੍ਰਭ ਨਾ ਮਿਲਦਾ
ਪ੍ਰੇਮ ਦਾ ਅਰਥ
ਨਾ ਜਾਣੇ ਕੋਈ....
ਪ੍ਰੇਮ ਭਗਤੀ ਅਤੇ ਪ੍ਰਭੂ ਭਗਤੀ ਦੇ ਜੁੱਟ ਭਾਵੇਂ ਭਾਰਤੀ ਵਿਚਾਰਧਾਰਾ ਦੇ ਰੂੜ੍ਹ ਜੁੱਟ ਹਨ। ਪਰ ਸੀ. ਮਾਰਕੰਡਾ ਨੇ ਇਨ੍ਹਾਂ ਨੂੰ ਆਪਣੇ ਇਸ ਖੰਡ-ਕਾਵਿ ਵਿਚ ਉਸਾਰ ਕੇ ਨਵੀਂ ਕਵਿਤਾ ਨੂੰ ਇਕ ਨਵਾਂ ਵਿਸਥਾਰ ਦਿੱਤਾ ਹੈ। ਜੋ ਇਸ ਨੂੰ ਨਵੀਂ ਪੰਜਾਬੀ ਕਵਿਤਾ ਵਿਚ ਇਕ ਵੱਖਰੇ ਪ੍ਰਯੋਗ ਵਜੋਂ ਸਥਾਪਤ ਕਰੇਗਾ। ਕਵਿਤਾ ਦੀ ਖੜੋਤ ਦੇ ਦਿਨਾਂ ਵਿਚ ਅਜਿਹੇ ਪ੍ਰਯੋਗਾਂ ਦਾ ਸਵਾਗਤ ਹੋਣਾ ਚਾਹੀਦਾ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਲੋਕ ਬੁਝਾਰਤਾਂ
ਲੇਖਕ : ਸੁਖਦੇਵ ਮਾਦਪੁਰੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 136
ਸੰਪਰਕ : 0161-2740738.

ਨਵੇਂ ਗਿਆਨ-ਵਿਗਿਆਨ ਦੇ ਯੁੱਗ ਨੇ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਤੇ ਲੋਕ ਵਿਰਸੇ ਤੋਂ ਤੋੜ ਕੇ ਰੱਖ ਦਿੱਤਾ ਹੈ, ਜੋ ਸਾਡਾ ਕੀਮਤੀ ਖਜ਼ਾਨਾ ਹੈਇਸ ਨੂੰ ਸੰਭਾਲਣ ਦੀ ਲੋੜ ਨੂੰ ਮੁੱਖ ਰੱਖਦਿਆਂ ਲੇਖਕਾਂ ਨੇ ਇਸ ਪਾਸੇ ਵੱਲ ਕਦਮ ਚੁੱਕੇ ਹਨ। ਸੁਖਦੇਵ ਉਨ੍ਹਾਂ ਵਿਚੋਂ ਇਕ ਹੈ, ਜਿਸ ਨੇ ਲੋਕ ਪੱਖੀ ਵਿਸ਼ਿਆਂ ਨੂੰ ਪੁਸਤਕ ਰੂਪ ਦੇ ਕੇ ਇਤਿਹਾਸਕ ਤੇ ਸੱਭਿਆਚਾਰਕ ਤੱਤਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਲੋਕ ਅੰਸ਼ਾਂ ਵਿਚ ਪੁਰਾਤਨ ਪੰਜਾਬ ਦੇ ਲੋਕਾਂ ਦੇ ਦਿਲ ਦੀ ਧੜਕਣ ਹੈ, ਮੁਸ਼ੱਕਤਾਂ ਭਰਿਆ, ਬਹਾਦਰੀਆਂ ਦੇ ਸੰਗਰਾਮਾਂ ਦਾ ਬਹਾਦਰੀ ਭਰਿਆ ਇਤਿਹਾਸ ਵੀ ਹੈ, ਅਟਲ ਸਚਾਈਆਂ ਤੇ ਚੌਗਿਰਦੇ ਨਾਲ ਇਕ-ਮਿਕ ਹੋਇਆ ਗੁੰਝਲਾਂ ਭਰਿਆ ਜੀਵਨ ਤੇ ਸਾਦੀ ਰਹਿਣੀ ਬਹਿਣੀ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਲੋਕ ਬੁਝਾਰਤਾਂ ਤਾਂ ਇਕ ਤਰ੍ਹਾਂ ਨਾਲ ਬੁੱਧੀ ਦੀ ਪ੍ਰੀਖਿਆ ਤੇ ਦਿਮਾਗੀ ਅਭਿਆਸ ਵੀ ਹੈ। ਇਤਿਹਾਸ ਅਨੁਸਾਰ ਲੋਕ ਬੁਝਾਰਤਾਂ ਦਾ ਆਰੰਭ ਚੌਧਵੀਂ ਸਦੀ ਤੋਂ ਮੀਰ ਖੁਸਰੋ ਤੋਂ ਹੋਇਆ ਮੰਨਿਆ ਜਾਂਦਾ ਹੈ, ਜੋ ਸਮੇਂ-ਸਮੇਂ ਰੂਪ ਬਦਲਦਾ ਗਿਆ।
ਸੁਖਦੇਵ ਮਾਦਪੁਰੀ ਨੇ ਹਥਲੀ ਪੁਸਤਕ ਵਿਚ ਅਨੇਕਾਂ ਸਮਾਜਿਕ ਤੇ ਹੋਰ ਪੱਖਾਂ ਨਾਲ ਸਬੰਧਿਤ ਲੋਕ ਬੁਝਾਰਤਾਂ ਨੂੰ ਪੇਸ਼ ਕੀਤਾ ਹੈ ਜਿਵੇਂ ਕਿ ਧਰਤੀ ਜਾਏ ਲੋਕਾਂ ਨਾਲ, ਅੰਬਰੀ ਉੱਡਦੇ ਪੰਛੀਆਂ ਨਾਲ, ਧਰਤੀ 'ਤੇ ਵਸਦੇ ਜੀਵ ਜੰਤੂਆਂ ਬਾਰੇ, ਮਨੁੱਖੀ ਸਰੀਰ ਦੇ ਭਿੰਨ-ਭਿੰਨ ਅੰਗਾਂ ਬਾਰੇ, ਘਰਾਂ ਵਿਚ ਮੌਜੂਦ ਵਸਤਾਂ (ਚਾਂਦੀ ਦਾ ਰੁਪਿਆ, ਚੀਨਾ, ਮੰਜਾ, ਚੱਕੀ ਤੇ ਚੁੱਲ੍ਹਾ ਆਦਿ), ਖੇਤੀ ਨਾਲ ਸਬੰਧਿਤ ਔਜ਼ਾਰ ਅਤੇ ਸਮੇਂ-ਸਮੇਂ ਹੋਂਦ ਵਿਚ ਆਈਆਂ ਵਸਤਾਂਰੇਲ ਗੱਡੀ, ਘੜੀ, ਬੰਦੂਕ, ਹੁੱਕਾ ਮਖਿਆਲ ਆਦਿ। ਪੁਸਤਕ ਦੇ ਅੰਤ ਵਿਚ ਸੰਕੇਤ ਵੀ ਦਿੱਤੇ ਹਨ ਤਾਂ ਕਿ ਅਰਥ ਸਮਝ ਵਿਚ ਆ ਸਕਣ। ਲੇਖਕ ਵਲੋਂ ਬਹੁਤ ਹੀ ਮਿਹਨਤ ਨਾਲ ਕੀਤਾ ਗਿਆ ਸ਼ਲਾਘਾਪੂਰਨ ਕਾਰਜ ਹੈ, ਜੋ ਪਾਠਕਾਂ ਨੂੰ ਸੱਭਿਆਚਾਰਕ ਪਿਛੋਕੜ ਨਾਲ ਜੋੜਦਾ ਹੈ।

ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

c c c

ਆਸਟ੍ਰੇਲੀਅਨ ਟੈਕਸੀਨਾਮਾ
ਲੇਖਕ : ਹਰਮੀਤ ਸਿੰਘ, ਗੌਰਵ ਖੁਰਾਨਾ
ਪ੍ਰਕਾਸ਼ਕ : ਰਹਾਉ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ
ਮੁੱਲ : 130 ਰੁਪਏ, ਸਫ਼ੇ : 72
ਸੰਪਰਕ : 78890-06635.

ਅੱਜ ਬੇਰੁਜ਼ਗਾਰੀ ਦੇ ਸਮੇਂ ਵਿਚ ਪੜ੍ਹੇ-ਲਿਖੇ ਪੰਜਾਬੀ ਗੱਭਰੂਆਂ ਦੀ ਬਾਹਰਲੇ ਦੇਸ਼ਾਂ ਵੱਲ ਨੂੰ ਦੌੜ ਲੱਗੀ ਹੋਈ ਹੈ। ਔਖੇ-ਸੌਖੇ ਹੋ ਕੇ ਮਾਂ-ਪਿਉ ਪੈਸਿਆਂ ਦਾ ਪ੍ਰਬੰਧ ਕਰਦੇ ਹਨ ਤੇ ਇੰਜ ਉਹ ਘਰ ਪਰਿਵਾਰ ਛੱਡ ਕੇ ਵਿਦੇਸ਼ ਵਿਚ ਹੱਡ-ਤੋੜਵੀਂ ਮਿਹਨਤ ਕਰਕੇ ਗੁਜ਼ਾਰਾ ਕਰਦੇ ਹਨ। ਵਧੇਰੇ ਕਰਕੇ ਇਹ ਨੌਜਵਾਨ ਬਾਹਰ ਜਾ ਕੇ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ। ਇਸ ਪੁਸਤਕ ਦੇ ਲੇਖਕ ਹਰਮੀਤ ਸਿੰਘ ਅਤੇ ਗੌਰਵ ਖੁਰਾਨਾ ਵੀ ਕੁਝ ਸਾਲ ਪਹਿਲਾਂ ਆਪਣੀ ਕਿਸਮਤ ਅਜ਼ਮਾਉਣ ਲਈ ਆਸਟ੍ਰੇਲੀਆ ਪਹੁੰਚਦੇ ਹਨ। ਉਥੇ ਜਾ ਕੇ ਸਭ ਤੋਂ ਪਹਿਲਾਂ ਦੌੜ-ਭੱਜ ਕਰਕੇ ਉਹ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵਿਚ ਸਫ਼ਲ ਹੋ ਜਾਂਦੇ ਹਨ। ਗੌਰਵ ਖੁਰਾਨਾ ਨੂੰ ਇਹ ਟੈਸਟ ਪਾਸ ਕਰਨ ਲਈ 5-6 ਵਾਰੀ ਫੇਲ੍ਹ ਹੋਣਾ ਪਿਆ। ਜਦ ਡਰਾਈਵਿੰਗ ਲਾਇਸੈਂਸ ਬਣ ਗਿਆ ਤਾਂ ਉਹ ਬੇਹੱਦ ਖੁਸ਼ ਹੋ ਕੇ ਗੋਰੇ ਅਫਸਰ ਦਾ ਧੰਨਵਾਦ ਕਰਨ ਵਜੋਂ ਉਸ ਦੇ ਪੈਰੀਂ ਹੱਥ ਲਾਉਣ ਲੱਗਾ। ਗੋਰਾ ਡਰ ਗਿਆ ਕਿ ਪਤਾ ਨਹੀਂ ਇਹ ਕੀ ਕਰਨ ਲੱਗਾ ਹੈ। ਗੌਰਵ ਨੇ ਆਪਣੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਦੱਸਿਆ ਕਿ ਇਹ ਸਾਡਾ ਕਲਚਰ ਹੈ। ਬੜੀ ਬੇਸਬਰੀ ਨਾਲ ਉਡੀਕਦਿਆਂ ਉਹ ਦਿਨ ਆ ਗਿਆ ਜਦ ਇਨ੍ਹਾਂ ਮੁੰਡਿਆਂ ਨੂੰ ਟੈਕਸੀ ਡਰਾਈਵਰ ਦੀ ਵਰਦੀ ਪਾ ਕੇ ਡਰਾਈਵਿੰਗ ਸੀਟ 'ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਟੈਕਸੀ ਡਰਾਈਵਰਾਂ ਦਾ ਇਕ ਆਪਣਾ ਹੀ ਸੰਸਾਰ ਹੈ, ਜਿਸ ਵਿਚ ਖੁਸ਼ੀਆਂ, ਗ਼ਮੀਆਂ ਅਤੇ ਦੁਸ਼ਵਾਰੀਆਂ ਨਾਲ ਵਾਹ ਪੈਂਦਾ ਹੈ। ਇਸ ਪੁਸਤਕ ਦੇ ਲੇਖਕਾਂ ਨੇ ਇਸੇ ਤਰ੍ਹਾਂ ਟੈਕਸੀ ਡਰਾਈਵਿੰਗ ਦੇ ਧੰਦੇ ਦੌਰਾਨ ਵਾਪਰੀਆਂ ਕਈ ਤਰ੍ਹਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਅਤੇ ਨਵੇਂ-ਨਵੇਂ ਤਜਰਬਿਆਂ 'ਚੋਂ ਲੰਘਣ ਦਾ ਮੌਕਾ ਦਿੱਤਾ ਹੈ। ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਉਨ੍ਹਾਂ ਨੇ ਸੰਖੇਪ ਰੂਪ ਵਿਚ ਇਨ੍ਹਾਂ ਸਿਰਲੇਖਾਂ ਹੇਠ ਬੜੀ ਸਰਲ ਭਾਸ਼ਾ ਸ਼ੈਲੀ ਵਿਚ ਬਿਆਨ ਕੀਤਾ ਹੈ : ਅੰਨ੍ਹੀ ਲੜਕੀ, ਇਮਾਨਦਾਰੀ ਜਿਊਂਦੀ ਹੈ, ਪੁਲਿਸ ਵਲੋਂ ਸਹਾਇਤਾ, ਨਸ਼ੇ ਦੇ ਵਪਾਰੀ ਨਾਲ ਮੁਲਾਕਾਤ, ਸ਼ਰਾਬ, ਯਾਦਗਾਰੀ ਸਵਾਰੀ, ਠੱਗੀਆਂ ਤੇ ਨਵੇਂ ਤਰੀਕੇ, ਮਾਂ, ਪੁਲਿਸ ਦੇ ਰੂਪ, ਜ਼ਿੰਮੇਵਾਰ ਘਰਵਾਲੀ, ਕਿਰਾਇਆ ਲੈ ਭੱਜੇ, ਆਦਿ। ਇਸ ਪ੍ਰਕਾਰ ਇਸ ਪੁਸਤਕ ਵਿਚ ਟੈਕਸੀ ਡਰਾਈਵਰ ਅਤੇ ਸਵਾਰੀ ਦੇ ਰਿਸ਼ਤੇ ਵਿਚ ਵਾਪਰਦੀਆਂ ਚੰਗੀਆਂ-ਮਾੜੀਆਂ ਘਟਨਾਵਾਂ ਬਾਰੇ ਹੱਡਬੀਤੀਆਂ ਕਹਾਣੀਆਂ ਦੁਆਰਾ ਚਾਨਣ ਪਾਇਆ ਗਿਆ ਹੈ।

ਕੰਵਲਜੀਤ ਸਿੰਘ ਸੂਰੀ
ਮੋ: 93573-24241.

c c c

ਮਹਾਨਤਾ ਦੇ ਮਾਰਗ
ਲੇਖਕ : ਏ.ਪੀ.ਜੇ. ਅਬਦੁਲ ਕਲਾਮ
ਅਨੁਵਾਦਕ : ਪ੍ਰੋ: ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98149-41214.

ਡਾ: ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਸਨ। ਉਹ ਇਕ ਮਹਾਨ ਵਿਗਿਆਨੀ, ਰਾਜਨੀਤੀਵੇਤਾ ਅਤੇ ਚਿੰਤਕ ਸਨ। ਇਸ ਪੁਸਤਕ ਵਿਚ ਉਨ੍ਹਾਂ ਨੇ ਰਾਸ਼ਟਰੀ ਚਰਿੱਤਰ ਅਤੇ ਸੱਭਿਆਚਾਰ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਛੋਟਾ ਟੀਚਾ ਰੱਖਣਾ ਇਕ ਅਪਰਾਧ ਹੈ। ਮਹਾਨਤਾ ਦਾ ਮਾਰਗ ਅਪਣਾਉਣਾ ਹੀ ਸਾਡਾ ਕਰਮ ਧਰਮ ਹੈ। ਉਨ੍ਹਾਂ ਨੇ ਪੁਸਤਕ ਵਿਚ ਦੱਸਿਆ ਹੈ ਕਿ ਇਕ ਆਮ ਭਾਰਤੀ ਦਾ ਜੀਵਨ ਕਿਵੇਂ ਸ਼ਾਨ, ਮੰਤਵ ਅਤੇ ਸਫਲਤਾ ਨਾਲ ਭਰ ਸਕਦਾ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਦਾ ਭ੍ਰਮਣ ਕਰਕੇ ਆਪਣੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਚੰਗੀ ਜੀਵਨ-ਜਾਚ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੇ ਵਿਚਾਰ ਬਹੁਤ ਹੀ ਕੀਮਤੀ ਹਨ। ਉਹ ਸਾਰੇ ਵਿਦਿਆਰਥੀਆਂ ਨੂੰ ਇਕ ਸਹੁੰ ਚੁਕਾਇਆ ਕਰਦੇ ਸਨ ਕਿ
ਅੱਜ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਖੁਸ਼ ਰੱਖਾਂਗਾ।
ਜੇ ਮੇਰੀ ਮਾਂ ਖੁਸ਼ ਹੈ, ਤਾਂ ਮੇਰਾ ਘਰ ਖੁਸ਼ ਹੈ।
ਜੇ ਮੇਰਾ ਘਰ ਖੁਸ਼ ਹੈ ਤਾਂ ਸਮਾਜ ਖੁਸ਼ ਹੋਵੇਗਾ।
ਜੇ ਸਮਾਜ ਖੁਸ਼ ਹੈ ਤਾਂ ਪ੍ਰਦੇਸ਼ ਖੁਸ਼ ਹੋਵੇਗਾ।
ਜੇ ਪ੍ਰਦੇਸ਼ ਖੁਸ਼ ਹੋਵੇਗਾ ਤਾਂ ਰਾਸ਼ਟਰ ਖੁਸ਼ ਹੋਵੇਗਾ।
ਡਾ: ਕਲਾਮ ਨੇ ਸੁੰਦਰ ਭਾਰਤ ਦੇ ਨਿਰਮਾਣ ਦਾ ਸੁਪਨਾ ਲੈਂਦਿਆਂ ਸਾਰੇ ਵਰਗਾਂ ਨੂੰ ਆਪਣੇ ਕਰਤੱਵਾਂ ਪ੍ਰਤੀ ਸੁਚੇਤ ਕੀਤਾ। ਉਹ ਚਾਹੁੰਦੇ ਸਨ ਕਿ ਭਾਰਤ ਇਕ ਅਜਿਹਾ ਰਾਸ਼ਟਰ ਬਣੇ ਜਿਹੜਾ ਧਰਤੀ ਉੱਪਰ ਰਹਿਣਯੋਗ ਥਾਵਾਂ ਵਿਚੋਂ ਸਭ ਤੋਂ ਵਧੀਆ ਹੋਵੇ ਅਤੇ ਕਰੋੜਾਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਵੇ। ਇਸ ਪੁਸਤਕ ਵਿਚ ਉਨ੍ਹਾਂ ਨੇ ਸਮਾਜਿਕ, ਆਰਥਿਕ ਅਤੇ ਭਾਵਨਾਤਮਕ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਅਨੁਵਾਦਕ ਨੇ ਵੀ ਬਹੁਤ ਲਗਨ, ਮਿਹਨਤ ਅਤੇ ਪ੍ਰਤਿਭਾ ਨਾਲ ਸਰਲ ਅਤੇ ਰਵਾਨਗੀ ਭਰੀ ਭਾਸ਼ਾ ਵਿਚ ਪੁਸਤਕ ਦਾ ਅਨੁਵਾਦ ਕੀਤਾ ਹੈ। ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

2-08-2020

 ਯੁਗ ਵਾਰਤਾ
ਲੇਖਕ : ਕ੍ਰਿਪਾਲ ਸਿੰਘ ਪੂਨੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 0172-5027427.

'ਯੁਗ ਵਾਰਤਾ' ਕ੍ਰਿਪਾਲ ਸਿੰਘ ਪੂਨੀ ਦੀ ਸੱਤਵੀਂ ਕਾਵਿ ਪੁਸਤਕ ਹੈ। ਇਸ ਕਿਤਾਬ ਵਿਚ ਉਸ ਦੀਆਂ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਉਸ ਨੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਸਮਰਪਿਤ ਕੀਤਾ ਹੈ। ਸਾਰੀਆਂ ਗ਼ਜ਼ਲਾਂ ਨੂੰ ਉਨ੍ਹਾਂ ਦੇ ਰਦੀਫ਼ਾਂ ਅਤੇ ਜ਼ਮੀਨਾਂ ਅਨੁਸਾਰ ਸਿਰਲੇਖ ਦੇ ਕੇ ਛਾਪਿਆ ਗਿਆ ਹੈ। ਪਰ ਇਨ੍ਹਾਂ ਵਿਚ ਇਕ ਗ਼ਜ਼ਲ 'ਮਦਨ ਲਾਲ ਢੀਂਗਰਾ' ਵੀ ਹੈ। ਅਲ ਬਹਿਰ ਵਿਚ ਲਿਖੀ ਗਈ ਇਹ ਗ਼ਜ਼ਲ ਆਪਣੇ-ਆਪ ਵਿਚ ਇਕ ਪ੍ਰਯੋਗ ਹੈਮਦਨ ਲਾਲ ਢੀਂਗਰਾ ਦੀ ਗੌਰਵ ਗਾਥਾ ਦਾ ਮੁਸੱਲਸਲ ਗ਼ਜ਼ਲ ਰਾਹੀਂ ਬਿਆਨ ਇਸ ਗ਼ਜ਼ਲਕਾਰੀ ਦਾ ਨਿਵੇਕਲਾ ਹਾਸਲ ਹੈ
'ਢੀਂਗਰਾ' ਹਾਂ ਮੈਂ, ਹਨੇਰੀ ਦਾ ਕਰਾਂ ਮੈਂ ਸਾਹਮਣਾ,
ਖੌਫ਼ ਵਿਚ ਜੀਵਾਂ ਕਿਵੇਂ ਮੈਂ ਵਕਤ ਤੋਂ ਡਰਦਾ ਰਹਾਂ?
ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰ ਇਕ ਸਜਗ ਗ਼ਜ਼ਲਗੋ ਵਲੋਂ ਸਮਾਜ ਸੱਭਿਆਚਾਰ ਦੀ ਬਿਹਤਰੀ ਲਈ ਦਿੱਤੇ ਗਏ ਸੁਨੇਹਿਆਂ ਵਾਂਗ ਹਨ, ਜਿਨ੍ਹਾਂ ਵਿਚ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਮਨੁੱਖਤਾ ਲਈ ਦਰਦ ਵਿਦਮਾਨ ਹੈ। ਪੰਜਾਬ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਤੜਫ਼ ਇਸ ਗ਼ਜ਼ਲਕਾਰੀ ਦਾ ਮੂਲ ਸਰੋਕਾਰ ਹੈ।
ਐ ਮੇਰੇ ਪੰਜਾਬੀਓ! ਇਕ ਦਿਨ ਬੜੇ ਪਛਤਾਓਗੇ।
ਜੇ ਲੜੋਗੇ ਭਿੜ ਮਰੋਗੇ, ਫਿਰ ਉਜਾੜੇ ਜਾਓਗੇ।
ਜੇ ਨਹੀਂ ਸਮਝੇ ਤਾਂ ਫਿਰ ਖ਼ਾਬਾਂ 'ਚ ਖੰਡਰ ਹੋਣਗੇ
ਫਿਰ ਉਦਾਸੀ ਰੁੱਤ ਦੇ ਵਿਚ, ਕਿਸ ਤਰ੍ਹਾਂ ਮੁਸਕਰਾਓਗੇ।
ਕ੍ਰਿਪਾਲ ਸਿੰਘ ਪੂਨੀ ਲੰਮੇ ਸਮੇਂ ਤੋਂ ਇੰਗਲੈਂਡ ਵਿਚ ਰਹਿ ਕੇ ਵੀ ਆਪਣੀ ਮਿੱਟੀ, ਆਪਣੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਨਾਲ ਜੜਿਆ ਹੋਇਆ ਹੈ। ਉਸ ਨੇ ਆਪਣੇ ਅਨੁਭਵ ਨੂੰ ਅਭੀਵਿਅਕਤ ਕਰਨ ਲਈ ਗ਼ਜ਼ਲ ਦੀ ਸਿਨਫ਼ ਨੂੰ ਅਪਣਾਇਆ ਹੈ ਅਤੇ ਉਹ ਵੀ ਉਸ ਦੀਆਂ ਸਾਰੀਆਂ ਤਕਨੀਕੀ ਬੰਦਸ਼ਾਂ ਸਮੇਤ। ਬਹਿਰ ਵਜ਼ਨ ਦੀਆਂ ਲੋੜਾਂ ਦੀ ਉਸ ਨੂੰ ਗਹਿਰੀ ਸਮਝ ਹੈ ਅਤੇ ਉਸ ਨੂੰ ਬਹਿਰ ਦੀ ਰਵਾਨੀ ਬਣਾਉਣ ਦਾ ਬਲ ਆਉਂਦਾ ਹੈ। ਸ਼ਬਦ ਜੜਤ ਨੂੰ ਬਹਿਰ-ਵਜ਼ਨ ਅਨੁਸਾਰ ਪ੍ਰਵਾਨ ਚੜ੍ਹਾ ਕੇ ਰਚਨਾ ਵਿਚ ਗ਼ਜ਼ਲੀਅਤ ਪੈਦਾ ਕਰ ਲੈਣੀ ਉਸ ਦਾ ਹਾਸਲ ਹੈ। ਹਾਲਾਂਕਿ ਉਸ ਦੇ ਸਾਰੇ ਵਿਸ਼ੇ ਸਥੂਲ ਅਤੇ ਵਿਚਾਰਧਾਰਕ ਹਨ। ਰਵਾਇਤੀ ਵਿਸ਼ਿਆਂ ਦਾ ਸਮਕਾਲੀ ਸਥਿਤੀ ਦੇ ਵਿਸ਼ਲੇਸ਼ਣ ਤੱਕ ਫੈਲਾਓ ਕਰਨਾ ਅਤੇ ਸਮਕਾਲੀ ਲੋੜਾਂ ਅਨੁਸਾਰ ਪਾਠਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਹੋਏ ਸਾਹਿਤ ਦੇ ਸੁਨੇਹੇ ਪ੍ਰਤੀ ਸੁਚੇਤ ਹੋਣਾ ਇਸ ਗ਼ਜ਼ਲਕਾਰੀ ਦਾ ਸਾਰਥਕ ਫੈਲਾਓ ਹੈ। ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗ਼ਜ਼ਲ ਸ਼ਿਲਪ ਉਸਤਾਦੀ ਛੋਹਾਂ ਨਾਲ ਕਿੰਨੀ ਸਹਿਜ ਵੀ ਹੋ ਸਕਦੀ ਹੈ।
ਦਿਲ ਦੀ ਦੁਨੀਆ ਬੜੀ ਨਿਆਰੀ, ਰੋਜ਼ ਸਤਾਏ ਇਸ਼ਕ ਖੁਮਾਰੀ
ਟੁੱਟੇ ਤਾਰੇ ਅੰਦਰ ਤਾਂ ਹਿਲਦਾ ਹਿਜਰ ਭਇਆ ਮਨ ਇਸ਼ਕ ਖੁਆਰੀ
ਗ਼ਜ਼ਲ ਵੀ ਤੂੰ ਹੈ, ਗੀਤ ਵੀ ਤੂੰ ਹੈ, ਹੁਸਨ ਵੀ ਤੂੰ, ਪ੍ਰੀਤ ਵੀ ਤੂੰ ਹੈ
ਪਿਆਰ ਤੇਰਾ ਸਿਰ ਚੜ੍ਹ ਕੇ ਬੋਲੇ, ਦਰਦ ਵੀ ਤੂੰ ਹੈ, ਮੀਤ ਵੀ ਤੂੰ ਹੈ।
ਸ਼ਬਦਾਂ ਦੀ ਜੜਤ ਨੂੰ ਸੰਗੀਤਕ ਰਵਾਨਗੀ ਵਿਚ ਢਾਲ ਲੈਣਾ ਅਤੇ ਰਚਨਾ ਨੂੰ ਮਾਨਵੀ ਦਰਦ ਨਾਲ ਲਬਰੇਜ਼ ਕਰ ਦੇਣਾ ਇਨ੍ਹਾਂ ਰਚਨਾਵਾਂ ਦੀ ਵਿਲੱਖਣਤਾ ਹੈ।
ਗੀਤ ਮੇਰੇ ਵਿਚ ਪੀੜ ਅਵੱਲੀ
ਝੱਲਣੀ ਲੋਠਾ ਜਾਏ ਨਾ ਝੱਲੀ
ਦਿਲ ਅੰਬਰ ਤੋਂ ਟੁੱਟਿਆ ਤਾਰਾ
ਨੈਣਾਂ ਸਿੰਮਿਆ ਹੰਝੂ ਖਾਰਾ
ਕੌਣ ਸੁਣੇਗਾ, ਵੈਣ ਪਰਾਏ।
ਗੀਤ ਮੇਰਾ ਕਹਿਣੋਂ ਨਾ ਡਰਦਾ
ਜੋ ਭੀ ਸੁਣਦਾ, ਸਤ ਸਤ ਕਰਦਾ
ਐਸਾ ਸੱਚ ਦਾ ਰਸਤਾ ਫੜਿਆ
ਸੂਲੀ ਉੱਪਰ ਹਸ ਹਸ ਚੜ੍ਹਦਾ
ਜੀਵਨ ਕੀ ਕੀ ਰੰਗ ਵਿਖਾਏ
ਸਮਾਜ ਦੀ ਹਾਲਤ ਨੂੰ ਸ਼ਾਇਰੀ ਦੇ ਵੱਖ-ਵੱਖ ਰੰਗਾਂ ਰਾਹੀਂ ਬਿਆਨ ਕਰਨ ਵਾਲੀ ਅਤੇ ਸਮਾਜ ਦੀ ਬਿਹਤਰੀ ਦੇ ਸੰਕਲਪ ਨੂੰ ਸਾਹਿਤ ਰਾਹੀਂ ਉਜਾਗਰ ਕਰਨ ਅਤੇ ਪ੍ਰਸਾਰਿਤ ਕਰਨ ਵਾਲੀ ਇਸ ਸ਼ਾਇਰੀ ਦਾ ਸਵਾਗਤ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਚਾਨਣ ਦੇ ਹਸਤਾਖ਼ਰ
ਗ਼ਜ਼ਲਕਾਰਾ : ਗੁਰਮੀਤ ਕੌਰ ਸੰਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98767-46901.

ਸੰਧਾ ਨਿਯਮਪੂਰਬਕ ਗ਼ਜ਼ਲ ਕਹਿਣ ਵਾਲੀ ਗ਼ਜ਼ਲਕਾਰਾ ਹੈ। ਅਸੂਲਾਂ ਦੇ ਦਾਇਰੇ ਵਿਚ ਰਹਿਣ ਵਾਲੀ ਇਸ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਵਿਚ ਪੰਜਾਬ ਦੀ ਮਿੱਟੀ ਦੀ ਤਾਸੀਰ ਤੇ ਮਹਿਕ ਹੈ। 'ਚਾਨਣ ਦੇ ਹਸਤਾਖ਼ਰ' ਉਸ ਦੀ ਪੰਜਵੀਂ ਪੁਸਤਕ ਹੈ ਤੇ ਨਿਰੋਲ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਹੈ। ਬੇਸ਼ਕ ਉਸ ਦੀ ਗ਼ਜ਼ਲ ਦਾ ਸਫ਼ਰ ਬਹੁਤਾ ਲੰਬਾ ਨਹੀਂ ਹੈ ਪਰ ਉਸ ਨੇ ਇਸ ਖੇਤਰ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾ ਲਿਆ ਹੈ। ਸ਼ਾਇਰੀ ਵਿਚ ਸਰਲਤਾ ਸਭ ਤੋਂ ਉੱਤਮ ਗੁਣ ਹੁੰਦਾ ਹੈ ਤੇ ਇਹ ਗੁਣ ਸੰਧਾ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮਹਿਸੂਸਿਆ ਜਾ ਸਕਦਾ ਹੈ। ਉਸ ਨੇ ਗੁੰਝਲਦਾਰ ਬੌਧਿਕਤਾ ਦੀ ਥਾਂ ਆਮ ਲੋਕਾਂ ਨੂੰ ਸਮਝ ਆਉਣ ਵਾਲੀ ਗ਼ਜ਼ਲ ਲਿਖੀ ਹੈ ਤੇ ਖ਼ੂਬਸੂਰਤ ਸ਼ਿਅਰਾਂ ਦੀ ਸਿਰਜਣਾ ਕੀਤੀ ਹੈ। ਆਪਣੀ ਪਹਿਲੀ ਗ਼ਜ਼ਲ ਵਿਚ ਹੀ ਉਹ ਮਾਯੂਸ ਲੋਕਾਂ ਵਿਚ ਊਰਜਾ ਭਰਨ ਦੀ ਕੋਸ਼ਿਸ਼ ਕਰਦੀ ਹੈ ਤੇ ਹੱਕ ਨਿਆਂ ਲਈ ਜੂਝਣ ਲਈ ਕਹਿੰਦੀ ਹੈ। ਦੂਸਰੀ ਗ਼ਜ਼ਲ ਵਿਚ ਉਹ ਪੂਰੇ ਅੰਬਰ ਦੀ ਥਾਂ ਇਕ ਅੱਧ ਸਿਤਾਰਾ ਚਾਹੁੰਦੀ ਹੈ ਤੇ ਤੀਸਰੀ ਗ਼ਜ਼ਲ ਵਿਚ ਸੰਧਾ ਲੜਨ ਦੀ ਸ਼ੈਲੀ ਬਾਰੇ ਸੁਚੇਤ ਕਰਦੀ ਹੈ। ਇੰਝ ਗ਼ਜ਼ਲਕਾਰਾ ਦੀਆਂ ਗ਼ਜ਼ਲਾਂ ਦੀ ਵਿਚਾਰਧਾਰਾ ਇਕ ਤਰਤੀਬ ਵਿਚੋਂ ਹੋ ਕੇ ਗੁਜ਼ਰਦੀ ਹੈ ਤੇ ਉਤਸ਼ਾਹ ਨਾਲ ਭਰਪੂਰ ਹੈ। ਪੁਸਤਕ ਵਿਚ ਕਿਤੇ-ਕਿਤੇ ਉਦਾਸੀ ਦਾ ਰੰਗ ਹੈ ਪਰ ਅਜੋਕੇ ਮਾਹੌਲ ਤੇ ਰਾਜਨੀਤਕ ਪ੍ਰਸਥਿਤੀਆਂ ਵਿਚ ਇਹ ਸੁਭਾਵਿਕ ਹੈ। ਉਸ ਨੂੰ ਚਾਨਣੀ ਦੀ ਤਲਾਸ਼ ਹੈ ਤੇ ਹਨ੍ਹੇਰ ਮੂੰਹਜ਼ੋਰ ਹੈ ਪਰ ਇੱਛਾ ਦੀ ਪ੍ਰਾਪਤੀ ਲਈ ਵਿੱਤ ਮੁਤਾਬਿਕ ਉਸ ਨੂੰ ਜੂਝਣਾ ਆਉਂਦਾ ਹੈ ਤੇ ਆਪਣੇ ਕਾਫ਼ਿਲੇ ਨੂੰ ਭਰਪੂਰ ਕਰਨ ਦਾ ਉਸ ਕੋਲ ਹੁਨਰ ਹੈ। ਇਹ ਪੁਸਤਕ ਮੁਹੱਬਤੀ ਚੋਚਲਿਆਂ ਤੋਂ ਦੂਰ ਹੈ ਤੇ ਜਿਊਣ ਲਈ ਮਨੁੱਖ ਦੀਆਂ ਮੁਢਲੀਆਂ ਲੋੜਾਂ ਤੇ ਉਨ੍ਹਾਂ ਦੀ ਪੂਰਤੀ ਲਈ ਪ੍ਰੇਰਨਾ ਦੀ ਕੜੀ ਹੈ।

ਗੁਰਦਿਆਲ ਰੌਸ਼ਨ
ਮੋ: 99884-44002

c c c

ਮਟਕ-ਚਾਨਣਾ
ਲੇਖਕ : ਤ੍ਰਿਪਤਾ ਬਰਮੌਤਾ
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 97812-81565.

'ਮਟਕ-ਚਾਨਣਾ' ਮਿੰਨੀ ਕਹਾਣੀ-ਸੰਗ੍ਰਹਿ ਤ੍ਰਿਪਤਾ ਬਰਮੋਤਾ ਦੀ 12ਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 80 ਦੇ ਕਰੀਬ ਮਿੰਨੀ ਕਹਾਣੀਆਂ ਲਿਖੀਆਂ ਹਨ। ਲੇਖਿਕਾ ਵਿਗਿਆਨਕ ਸੱਚ ਦੀ ਧਾਰਨੀ ਹੈ, ਜਿਸ ਨੇ ਆਪਣੀਆਂ ਕਹਾਣੀਆਂ ਵਿਚ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਸਿਰਜਿਆ ਹੈ। ਕਹਾਣੀਕਾਰਾ ਨੇ ਸਮਾਜਿਕ ਘਟਨਾਵਾਂ ਨੂੰ ਅਨੁਭਵ ਕਰਕੇ ਹੀ ਕਹਾਣੀਆਂ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਲਿਖਿਆ ਹੈ, ਜਿਵੇਂ 'ਭੋਜਨ', 'ਹੈਪੀ ਰੇਨੀ ਡੇਅ', ਕਹਾਣੀਆਂ ਵਿਚ ਕਿੰਨੀ ਵੱਡੀ ਨਸੀਹਤ ਦਿੱਤੀ ਗਈ ਹੈ ਕਿ ਜਦੋਂ ਇਕ ਗ਼ਰੀਬ ਦਾ ਮੀਂਹ ਪੈਣ ਕਾਰਨ ਕੋਠਾ ਚੋਅ ਰਿਹਾ ਹੁੰਦਾ ਹੈ ਤਾਂ ਉਸ ਨੂੰ ਫੋਨ 'ਤੇ ਮੈਸੇਜ ਆਉਂਦਾ ਹੈ 'ਹੈਪੀ ਰੇਨੀ ਡੇਅ', ਪਰ ਉਹ ਇਹ ਪੜ੍ਹ ਕੇ ਉਦਾਸ ਹੋ ਜਾਂਦਾ ਹੈ ਕਿ ਉਸ ਦਾ ਤਾਂ ਅੱਜ 'ਬੈਡ ਰੇਨੀ ਡੇਅ' ਹੈ। ਇਸੇ ਤਰ੍ਹਾਂ ਹੀ 'ਮਟਕ-ਚਾਨਣਾ', 'ਡਿਗਰੀ', 'ਇਕ ਔਰਤ ਦੇ ਦੋ ਰੂਪ' ਅਤੇ 'ਹਮਬਿਸਤਰ' ਕਹਾਣੀਆਂ ਵਿਚ ਸਮਾਜਿਕ ਵਰਤਾਰਿਆਂ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ ਹੈ। 'ਪਿੰਜਰੇ ਨਾਲ ਪਿਆਰ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਕੈਦੀ ਦੀ ਸਾਰੀ ਉਮਰ ਕੈਦ ਵਿਚ ਹੀ ਲੰਘ ਜਾਂਦੀ ਹੈ ਤੇ ਉਹ ਜੇਲ੍ਹਰ ਸਾਹਿਬ ਨੂੰ ਕਹਿੰਦਾ ਹੈ ਕਿ ਮੈਨੂੰ ਇੱਥੋਂ ਨਾ ਕੱਢੋ, ਮੈਨੂੰ ਇਸੇ ਪਿੰਜਰੇ ਵਿਚ ਹੀ ਰਹਿਣ ਦਿਓ। ਇਸ ਪ੍ਰਕਾਰ ਹੀ 'ਮੱਥੇ ਦੀਆਂ ਤਿਓੜੀਆਂ' ਕਹਾਣੀ ਵਿਚ ਇਕ ਅੜਬ ਪਤਨੀ ਦੇ ਸੁਭਾਅ ਨੂੰ ਦਰਸਾਇਆ ਗਿਆ ਹੈ ਕਿ ਜਦੋਂ ਸ਼ਹਿਰ ਵਿਚ ਦੰਗੇ ਮਚ ਰਹੇ ਹੁੰਦੇ ਹਨ ਤੇ ਉਸ ਦਾ ਪਤੀ ਰਾਸ਼ਨ ਲੈਣ ਗਿਆ ਹੁੰਦਾ ਹੈ ਪਰ ਖਾਲੀ ਝੋਲਾ ਲੈ ਕੇ ਵਾਪਸ ਘਰ ਆਉਂਦਾ ਹੈ ਤਾਂ ਉਸ ਦੀ ਪਤਨੀ ਮੱਥੇ ਤਿਉੜੀਆਂ ਪਾ ਲੈਂਦੀ ਹੈ ਪਰ ਆਪਣੇ ਪਤੀ ਦੀ ਮੁਸੀਬਤ ਨੂੰ ਨਹੀਂ ਦੇਖਦੀ। ਇਸ ਪ੍ਰਕਾਰ ਤ੍ਰਿਪਤਾ ਬਰਮੋਤਾ ਨੇ ਹਰੇਕ ਕਹਾਣੀ ਵਿਚ ਹੀ ਨਿੱਕੇ-ਨਿੱਕੇ ਸੁਨੇਹੇ ਦਿੱਤੇ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਨੇ ਸਾਡੀ ਸਮਾਜਿਕ ਜ਼ਿੰਦਗੀ ਦੇ ਅਜਿਹੇ ਵਿਸ਼ੇ ਲਏ ਹਨ, ਜਿਨ੍ਹਾਂ ਦਾ ਲੋਕ ਜੀਵਨ ਭਰ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਆਪਸੀ ਪਿਆਰ ਵਿਚ ਵੀ ਤ੍ਰੇੜਾਂ ਪੈਂਦੀਆਂ ਰਹਿੰਦੀਆਂ ਹਨ ਅਤੇ ਪਰਿਵਾਰਕ ਰਿਸ਼ਤੇ ਖ਼ਤਮ ਹੋ ਰਹੇ ਹਨ। ਲੇਖਿਕਾ ਵਧਾਈ ਦੀ ਪਾਤਰ ਹੈ।

ਡਾ: ਗੁਰਬਿੰਦਰ ਕੌਰ ਬਰਾੜ
098553-95161

c c c

ਪਰਮਜੀਤ ਕੌਰ ਸਰਹਿੰਦ ਦੇ 31 ਨਿਬੰਧ
ਨਿਬੰਧਕਾਰ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 450 ਰੁਪਏ, ਸਫ਼ੇ : 234
ਸੰਪਰਕ : 98728-98599.

ਇਸ ਪੁਸਤਕ ਵਿਚਲੇ 31 ਨਿਬੰਧ ਸਾਡੇ ਦਿਲ ਦਿਮਾਗ ਨੂੰ ਰੌਸ਼ਨ ਕਰਨ ਵਾਲੇ ਹਨ। ਪਹਿਲਾ ਲੇਖ ਪੰਜਾਬੀ ਭਾਸ਼ਾ ਅਤੇ ਲੋਕ ਕਾਵਿ ਦਾ ਚਿਤਰਨ ਕਰਦਾ ਹੈ। ਕੁਝ ਲੇਖ ਸਾਡੇ ਸੱਭਿਆਚਾਰ ਦਾ ਦਰਪਣ ਹਨ। ਅਲੋਪ ਹੋ ਰਹੇ ਵਿਰਸੇ ਦੀਆਂ ਬਾਤਾਂ ਪਾਉਂਦੇ ਕੁਝ ਲੇਖ ਬਹੁਤ ਭਾਵਪੂਰਤ ਹਨ। ਕੁਝ ਨਿਬੰਧ ਲੇਖਿਕਾ ਦੇ ਜੀਵਨ ਤਜਰਬਿਆਂ ਅਤੇ ਅਹਿਸਾਸਾਂ ਦੀ ਤਰਜਮਾਨੀ ਕਰਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਦਰਦ ਅਤੇ ਹੱਦਾਂ ਸਰਹੱਦਾਂ ਦੇ ਵੈਰਾਗ ਦਿਲ ਨੂੰ ਟੁੰਬਦੇ ਹਨ। ਜੀਵਨ ਦਾ ਯਥਾਰਥ ਪੇਸ਼ ਕਰਦੇ ਇਹ ਨਿਬੰਧ ਸਾਡੀ ਚੇਤਨਾ ਨੂੰ ਜਗਾਉਂਦੇ ਹਨ। ਕੁਝ ਸਮਾਜਿਕ ਸਮੱਸਿਆਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜਿਵੇਂ ਨਸ਼ਿਆਂ ਦਾ ਕੋਹੜ, ਆਰਥਿਕ ਮੰਦਹਾਲੀ, ਨਾਰੀ ਦੀ ਦੁਰਦਸ਼ਾ ਅਤੇ ਕਿਰਤੀਆਂ ਕਿਸਾਨਾਂ ਦੀ ਵੇਦਨਾ। ਕੁਝ ਲੇਖਾਂ ਵਿਚ ਮਨੁੱਖੀ ਮਨ ਦੇ ਸਰਬਸਾਂਝੇ ਜਜ਼ਬਾਤ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਵੇਂ ਮੁਹੱਬਤ, ਨਫ਼ਰਤ, ਪ੍ਰੇਮ, ਵਿਜੋਗ, ਵਸਲ, ਪਰਿਵਾਰਕ ਅਤੇ ਭਾਈਚਾਰਕ ਸਾਂਝਾਂ। ਸਾਰੇ ਨਿਬੰਧ ਹੀ ਸਾਰਥਕ ਸੁਨੇਹੇ ਦਿੰਦੇ ਹਨ। ਲੋਕ ਕਾਵਿ, ਸ਼ਿਅਰਾਂ ਅਤੇ ਲੋਕ ਗੀਤਾਂ ਦੀ ਪੁੱਠ ਚਾੜ੍ਹ ਕੇ ਨਿਬੰਧਾਂ ਨੂੰ ਸੁਆਦਲਾ ਅਤੇ ਰਸਦਾਇਕ ਬਣਾਇਆ ਗਿਆ ਹੈ। ਲੋਕ ਬੋਲੀਆਂ ਅਤੇ ਗੀਤਾਂ ਨੇ ਨਿਬੰਧਾਂ ਦੀ ਖੁਸ਼ਕੀ ਦੂਰ ਕਰਕੇ ਰੌਚਿਕਤਾ ਵਿਚ ਵਾਧਾ ਕੀਤਾ ਹੈ। ਇਨ੍ਹਾਂ ਲੇਖਾਂ ਵਿਚ ਜ਼ਿੰਦਗੀ ਦੇ ਸਾਰੇ ਪੱਖਾਂ 'ਤੇ ਝਾਤ ਪੁਆਈ ਗਈ ਹੈ। ਪੰਜਾਬੀ ਲੋਕ ਗੀਤਾਂ ਵਿਚਲੀਆਂ ਮੱਤਾਂ ਸੁਮੱਤਾਂ, ਮਿਹਣੇ ਤਾਹਨੇ, ਦਰਦਾਂ ਦੇ ਦਰਿਆ, ਵਧਾਵੇ ਵਧਾਈਆਂ, ਦੋਹਰੇ ਬਿਰਹੜੇ ਅਤੇ ਸਿੱਠਣੀਆਂ ਦੇ ਖੱਟੇ ਮਿੱਠੇ ਜ਼ਾਇਕੇ ਨਿਬੰਧਾਂ ਵਿਚ ਵੱਖਰਾ ਹੀ ਰੰਗ ਭਰ ਦਿੰਦੇ ਹਨ। ਸਮੁੱਚੇ ਤੌਰ 'ਤੇ ਇਹ ਪੁਸਤਕ ਪੰਜਾਬ ਦੇ ਅਮੀਰ ਵਿਰਸੇ, ਮਾਣਮੱਤੇ ਸੱਭਿਆਚਾਰ ਅਤੇ ਪੇਂਡੂ ਜਨਜੀਵਨ ਦੀ ਸੁੰਦਰ ਨੁਹਾਰ ਪੇਸ਼ ਕਰਦੀ ਹੈ। ਇਸ ਮਹੱਤਵਪੂਰਨ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਕਵਿਤਾ ਅੰਦਰ ਮੇਰੀ ਰੂਹ
ਗ਼ਜ਼ਲਕਾਰ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 98888-29666.

ਸੁਭਾਸ਼ ਦੀਵਾਨਾ ਇਕ ਪ੍ਰੌੜ ਅਤੇ ਪੰਜਾਬੀ ਗ਼ਜ਼ਲ-ਤਕਨੀਕ ਅਤੇ ਆਤਮਾ ਤੋਂ ਭਲੀ-ਭਾਂਤ ਜਾਣੂ ਸ਼ਾਇਰ ਹੈ। 'ਕਵਿਤਾ ਅੰਦਰ ਮੇਰੀ ਰੂਹ' ਉਸ ਦਾ ਸਤਵਾਂ ਗ਼ਜ਼ਲ ਸੰਗ੍ਰਹਿ ਹੈ। ਹਥਲੇ ਗ਼ਜ਼ਲ ਸੰਗ੍ਰਹਿ ਵਿਚ 86 ਗ਼ਜ਼ਲਾਂ ਹਨ ਜਦੋਂ ਕਿ ਅੱਧੀ ਦਰਜਨ ਦੇ ਕਰੀਬ ਨਜ਼ਮਾਂ ਹਨ। ਅਖੀਰ ਵਿਚ ਸ਼ਾਇਰ ਨੇ ਇਕ ਦਰਜਨ ਦੋਹੇ ਸ਼ਾਮਿਲ ਕੀਤੇ ਹਨ। ਪ੍ਰਸਿੱਧ ਸਾਹਿਤਕਾਰ ਅਤੇ ਸਮਾਲੋਚਕ ਪ੍ਰੋ: ਕ੍ਰਿਪਾਲ ਸਿੰਘ ਯੋਗੀ ਹਥਲੀ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ ਕਿ ਦੀਵਾਨਾ ਜੀ ਨੇ ਇਲਮ ਅਰੂਜ਼ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਕਰੀਬ 15 ਸਾਲ ਪਹਿਲਾਂ ਗ਼ਜ਼ਲ ਲਿਖਣੀ ਆਰੰਭ ਕੀਤੀ ਸੀ। ਨਿਰੰਤਰ ਸ਼ਿਅਰ ਸਿਰਜਣਾ ਦੇ ਅਭਿਆਸ ਨੇ ਦੀਵਾਨਾ ਨੂੰ ਅੱਜ ਪੰਜਾਬੀ ਦੇ ਨਾਮਵਰ ਗ਼ਜ਼ਲਕਾਰ ਕਾਫ਼ਿਲੇ ਦੇ ਮੈਂਬਰ ਵਿਚ ਸ਼ੁਮਾਰ ਕਰ ਦਿੱਤਾ ਹੈ। ਅਜੋਕੇ ਦੌਰ ਵਿਚ ਜਿਹੜੀਆਂ ਢਾਹੂ ਸ਼ਕਤੀਆਂ ਸਾਡੇ ਸਮਾਜਿਕ ਪਤਨ ਦੀਆਂ ਜ਼ਿੰਮੇਵਾਰ ਹਨ, ਦੀਵਾਨਾ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਉਨ੍ਹਾਂ ਦੀ ਨਿੰਦਿਆ ਵੀ ਕੀਤੀ ਹੈ।
ਸੁਭਾਸ਼ ਦੀਵਾਨਾ ਦੇ ਸ਼ਿਅਰ ਅਕਸਰ ਗੰਭੀਰ ਵਿਅੰਗ ਦਾ ਸ਼ਾਨਦਾਰ ਨਮੂਨਾ ਹੁੰਦੇ ਹਨ। ਉਹ ਵਿਅੰਗ ਦਾ ਵੱਡਾ ਸ਼ਾਇਰ ਹੈ। ਉਹ ਮਨੁੱਖ ਨੂੰ ਰੂਹ ਤੋਂ ਚੇਤਨ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਮਾਜਿਕ ਵਿਡੰਬਨਾ ਪ੍ਰਤੀ ਸ਼ਾਇਰ ਬੜੀ ਗੰਭੀਰਤਾ ਅਤੇ ਵਿਅੰਗ ਨਾਲ ਭੁਗਤਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਕੁਰੀਤੀਆਂ ਪ੍ਰਤੀ ਸਿੱਧੀ ਉਂਗਲ ਉਠਾਈ ਮਿਲਦੀ ਹੈ। ਉਸ ਨੂੰ ਪਤਾ ਹੈ ਕਿ ਮੱਖਣ ਸਿੱਧੀਆਂ ਉਂਗਲਾਂ ਨਾਲ ਨਹੀਂ ਨਿਕਲਦਾ, ਇਸੇ ਲਈ ਉਹ ਆਪਣੇ ਸ਼ਿਅਰਾਂ ਨੂੰ ਵਿਲੱਖਣਤਾ ਸਹਿਤ ਪੇਸ਼ ਕਰਦਾ ਹੈ :
ਨੇਤਾਵਾਂ ਦੀ ਨਜ਼ਰ ਵਿਚ ਹੈ ਕੁਝ ਨੁਕਸ ਜ਼ਰੂਰ,
ਉਨ੍ਹਾਂ ਨੂੰ ਕੁੱਲ ਨਾਗਰਿਕ, ਦਿਸਦੇ ਕੇਵਲ ਵੋਟ।
ਤਾਕਤਵਰ ਹਥਿਆਰ ਹੈ ਧਰਮ ਸਿਆਸਤ ਕੋਲ,
ਬਾਬੇ ਬੈਠੇ ਧਰਮ ਦੀ ਭੰਗ ਰਹੇ ਨੇ ਘੋਟ।
ਭਾਸ਼ਨ ਕਰ ਕੇ ਨੇਤਾ, ਆਪਣਾ ਨਾਂਅ ਚਮਕਾ ਲੈ,
ਪਹਿਲਾਂ ਹੀ ਮੈਂ ਮੂਰਖ ਹਾਂ ਤੂੰ ਹੋਰ ਬਣਾ ਲੈ।
ਰੱਬ ਹੀ ਸੱਡਾ ਮੁਲਕ ਚਲਾਉਂਦੈ, ਰੱਬ ਹੀ ਸਾਡੇ ਪਰਦੇ ਢਕੇ....।
ਸੁਭਾਸ਼ ਦੀਵਾਨਾ ਦੀਆਂ ਗ਼ਜ਼ਲਾਂ ਦੇ ਸ਼ਿਅਰ ਤੁਹਾਨੂੰ ਕੁਤਕੁਤਾਰੀਆਂ ਕੱਢ ਕੇ ਆਪਣੇ ਆਪ ਦੀਆਂ ਬੇਵਕੂਫ਼ੀਆਂ ਉੱਤੇ ਹੱਸਣ ਦਾ ਮੌਕਾ ਦੇਣਗੇ।

ਸੁਲੱਖਣ ਸਰਹੱਦੀ
ਮੋ: 94174-84337.

ਪਾਰ ਗਾਥਾ
ਲੇਖਕ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 320 ਰੁਪਏ, ਸਫ਼ੇ : 156
ਸੰਪਰਕ : 011-45555610.

ਰਵਿੰਦਰ ਰਵੀ ਇਸ ਸਮੇਂ ਇਕ ਲੀਜੇਂਡ ਕਵੀ ਅਤੇ ਸਾਹਿਤਕਾਰ ਵਜੋਂ ਹੈਸੀਅਤ ਰੱਖਣ ਸਦਕਾ ਪੰਜਾਬੀ ਭਾਸ਼ਾ ਦੇ ਪਾਠਕਾਂ 'ਚ ਜਾਣਿਆ-ਪਛਾਣਿਆ ਚਿਹਰਾ ਹੈ। ਪ੍ਰਯੋਗਸ਼ੀਲ ਕਾਵਿ-ਲਹਿਰ ਦੇ ਬਾਨੀਆਂ 'ਚ ਉਸ ਦਾ ਉੱਘਾ ਨਾਂਅ ਹੈ। ਇਸੇ ਲਈ ਉਸ ਨੇ ਇਸ ਕਾਵਿ ਲਹਿਰ ਨਾਲ ਜੁੜੇ ਕਵੀ ਮਿੱਤਰਾਂ ਮਨਜੀਤ ਮੀਤ, ਗੁਰਦਿਆਲ ਕੰਵਲ ਅਤੇ ਉੱਘੇ ਚਿੰਤਕ ਡਾ: ਜਸਬੀਰ ਸਿੰਘ ਆਹਲੂਵਾਲੀਆ ਨੂੰ 'ਪਾਰ-ਗਾਥਾ' ਕਾਵਿ-ਸੰਗ੍ਰਹਿ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ 'ਚ ਰਵਿੰਦਰ ਰਵੀ ਦੇ ਸੰਘਰਸ਼ਮਈ ਜੀਵਨ ਅਤੇ ਸਾਹਿਤ ਰਚਨਾ ਦਾ ਵੇਰਵਾ ਦਰਜ ਹੈ। 'ਹੁਣ ਵਾਦ' ਨੂੰ ਪਰਿਭਾਸ਼ਿਤ ਕਰਦੀ ਉਸ ਦੀ ਕਵਿਤਾ ਭੂਤਕਾਲ 'ਚੋਂ ਭਵਿੱਖ ਦਾ ਨਕਸ਼ਾ ਉਲੀਕਦੀ ਹੈ, ਜੋ ਪੀੜ੍ਹੀਆਂ ਦੇ ਨਿਰੰਤਰ ਸਫ਼ਰ ਦੀ ਦੱਸ ਪਾਉਂਦਾ ਹੈ :
ਮੁਰਦਾ ਭੂਤ, ਅਣਜੰਮਿਆ ਭਵਿੱਖ ਹੈ
ਅਸੀਂ ਤਾਂ 'ਹੁਣ' ਵਿਚ ਰਹਿਣਾ।
ਦਿਨ ਤੇ ਰਾਤ ਨੇ ਖੇਡ ਉਸ ਦੀ,
ਸੂਰਜ ਦਾ ਕਯਾ ਕਹਿਣਾ।
ਜੀਵਨ ਇਕ ਪ੍ਰਯੋਗਸ਼ਾਲਾ ਹੈ, ਜਿਸ ਵਿਚ ਨਿੱਤ ਵਾਪਰਦੇ ਵਰਤਾਰੇ ਪ੍ਰਯੋਗ ਹੀ ਹਨ। ਇਸੇ ਲਈ ਜੀਵਨ-ਯਥਾਰਥ ਦੀ ਸੋਝੀ 'ਚ ਉਪਜੀ ਕਵਿਤਾ ਵੀ ਇਨ੍ਹਾਂ ਨਿੱਤ ਨਵੇਂ ਵਰਤਾਰਿਆਂ ਦਾ ਪ੍ਰਯੋਗ ਹੀ ਕਿਆਸੀ, ਚਿਤਵੀ ਜਾ ਸਕਦੀ ਹੈ। ਮਨੁੱਖ ਵਰਤਮਾਨ ਤੋਂ ਅਸੰਤੁਸ਼ਟਤਾ ਦੀ ਪ੍ਰਕਿਰਿਆ ਥੀਂ ਗੁਜ਼ਰਦਾ ਨਿੱਤ-ਨਵੇਂ ਸੁਪਨਿਆਂ ਨੂੰ ਇਕ ਰਚਨਾ 'ਚ ਵਿਅਕਤ ਕਰਦਾ ਹੈ। ਚਿੰਤਨਸ਼ੀਲ ਵਿਅਕਤੀ ਮਨੁੱਖੀ ਜੀਵਨ ਦੇ ਪ੍ਰਾਪਤ ਯਥਾਰਥ ਨੂੰ ਹਮੇਸ਼ਾ ਹੀ ਨਵੀਨੀਕਰਨ ਦੇ ਮਾਰਗ 'ਤੇ ਤੋਰਨ ਦੀ ਸਫ਼ਲ ਅਕਾਂਖਿਆ ਕਰਦਾ ਹੈ। ਵਿਕਾਸ ਦੀ ਇਸ ਪ੍ਰਕਿਰਿਆ 'ਚ ਗੁਜ਼ਰਦੀ ਜ਼ਿੰਦਗੀ ਨੂੰ ਪਕੜਨਾ ਕੋਈ ਸਹਿਜ ਕਾਰਜ ਨਹੀਂ ਹੈ। ਇਸ ਲਈ ਮਨੁੱਖ ਲੌਕਿਕ ਸੰਸਾਰ ਵਿਚ ਵਿਚਰਦਿਆਂ 'ਪਾਰ ਲੌਕਿਕ ਸੰਸਾਰ' ਦੇ ਸੁੱਖਾਂ ਦੀ ਥਾਵੇਂ 'ਹੁਣ' ਥੀਂ ਵਿਚਰਦਿਆਂ ਇਨ੍ਹਾਂ ਸੁੱਖਾਂ ਦੀ ਪ੍ਰਾਪਤੀ ਲੋਚਦਾ ਹੈ :
ਕੱਲ੍ਹ, ਭਲਕ ਨਾ ਲਗਦੇ ਚੰਗੇ
'ਹੁਣ' ਦੀ ਇੱਛਾ 'ਹੁਣ' ਹੀ ਮੰਗੇ।
'ਹੁਣ' ਹੀ ਸੁਣਨਾ 'ਹੁਣ' ਹੀ ਕਹਿਣਾ।
'ਪਾਰ ਗਾਥਾ' ਤੋਂ ਲੈ ਕੇ 'ਧੀ ਦਾ ਸੱਚ' ਕਵਿਤਾਵਾਂ ਤੱਕ, ਕਵਿਤਾਵਾਂ ਦੇ ਸਿਰਲੇਖ, 'ਹੁਣ ਵਾਦ', 'ਮੇਰਾ ਘਰ', 'ਬਹਿਮੰਡ-ਬਾਣੀ', 'ਸੂਰਜ ਦਾ ਸਫ਼ਰ', 'ਇਸ਼ਕ, ਖ਼ੁਦਾ ਤੇ ਬੰਦਾ', 'ਪਾਰ-ਸ਼ਬਦੀ ਅਰਥ', 'ਨੀਰੋ ਨੇਤਾ', 'ਪਿਆਰ ਦੀ ਪਰਿਭਾਸ਼ਾ', 'ਤੰਗ ਜੁੱਤੀ', 'ਰਾਵਣ', 'ਖਪਤ-ਕਲਚਰ ਦਾ ਪਿਆਰ' ਅਤੇ 'ਹਵਾ ਵਿਚ ਹਵਾ' ਆਦਿ ਕਵੀ ਦੇ 'ਹੁਣ ਵਾਦ' ਵਰਗੇ ਨਵੇਂ ਦਰਸ਼ਨ ਦੀ ਟੋਹ ਅਤੇ ਵਿਆਖਿਆ ਕਰਦੇ ਜਾਪਦੇ ਹਨ। ਇਹ ਦਰਸ਼ਨ ਮਨੁੱਖ ਨੂੰ ਲਗਾਤਾਰ ਅੱਗੇ ਟੋਰੀ ਰੱਖਣ ਦੀ ਪ੍ਰੇਰਨਾ ਬਣਦਾ ਹੈ। ਕਵੀ ਦੀ ਇੱਛਾ ਹੈ ਕਿ ਉਸ ਦੇ ਪਾਠਕ ਉਸ ਦੇ ਇਸ ਕਾਵਿ-ਸੰਗ੍ਰਹਿ ਤੋਂ ਪ੍ਰੇਰਨਾ ਲੈ ਕੇ ਅੱਗੇ ਤੁਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

ਕਰਫ਼ਿਊ
ਲੇਖਕ : ਵਿਭੂਤੀ ਨਾਰਾਇਣ ਰਾਏ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 096438-90121.

'ਕਰਫ਼ਿਊ' ਨਾਵਲ ਹਿੰਦੀ ਲੇਖਕ ਵਿਭੂਤੀ ਨਾਰਾਇਣ ਰਾਏ ਦਾ ਲਿਖਿਆ ਹੈ, ਜਿਸ ਦਾ ਪੰਜਾਬੀ ਅਨੁਵਾਦ ਸ: ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ। ਇਸ ਨਾਵਲ ਵਿਚ ਪਰੰਪਰਕ ਨਾਵਲਾਂ ਵਾਂਗ ਕੋਈ ਕਹਾਣੀ ਨਹੀਂ ਹੈ। ਕੁਝ ਚਿਹਰੇ ਹਨ, ਕੁਝ ਪ੍ਰਭਾਵ ਹਨ, ਮੁਸ਼ਕਿਲਾਂ ਨੇ ਜੋ ਦੰਗਿਆਂ ਅਤੇ ਫ਼ਸਾਦਾਂ ਅਤੇ ਉਨ੍ਹਾਂ ਵਿਚੋਂ ਲੱਗੇ ਕਰਫ਼ਿਊ ਕਾਰਨ ਪੈਦਾ ਹੁੰਦੀਆਂ ਹਨ। ਦੰਗੇ ਕੌਣ ਕਰਵਾਉਂਦੇ ਹਨ? ਚੋਣਾਂ ਨਜ਼ਦੀਕ ਆ ਜਾਣ 'ਤੇ ਨੇਤਾਵਾਂ ਨੂੰ ਜਿੱਤ-ਹਾਰ ਦੀ ਫ਼ਿਕਰ ਸਤਾਉਣ ਲਗਦੀ ਹੈ। ਮੁਸਲਮਾਨ ਨੇਤਾ ਬਦਰੁੱਦੀਨ ਅਤੇ ਹਿੰਦੂ ਨੇਤਾ ਰਾਮ ਕ੍ਰਿਸ਼ਨ ਜੈਸਵਾਲ ਜਿਹੇ ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਦੰਗੇ ਕਰਵਾਉਂਦੇ ਹਨ। ਮੰਦਰ ਦੀ ਕੰਧ 'ਤੇ ਫਟਾਕਾ ਫੋੜ ਕੇ, ਬੰਬ ਸੁੱਟਣ ਦਾ ਪ੍ਰਭਾਵ ਦਿੱਤਾ ਜਾਂਦਾ ਹੈ। ਮੁਸਲਮਾਨ ਆਬਾਦੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲਗਦਾ ਹੈ। ਪੁਲਿਸ, ਫ਼ੌਜ, ਸੀ.ਆਰ.ਪੀ. ਦੀ ਗਸ਼ਤ ਉਨ੍ਹਾਂ ਬਸਤੀਆਂ ਵਿਚ ਤੇਜ਼ ਹੋਣ ਲਗਦੀ ਹੈ। ਛੋਟੇ-ਛੋਟੇ ਧੰਦੇ ਕਰਨ ਵਾਲੇ ਮਸਲਨ ਬੀੜੀ ਬਣਾਉਣ ਵਾਲੇ ਟੱਬਰ, ਦਰਜੀ ਅਤੇ ਛੋਟੇ ਬੱਚੇ ਨਿੱਕੇ-ਨਿੱਕੇ ਘਰਾਂ ਵਿਚ ਹੁੰਮਸ ਅਤੇ ਗਰਮੀ, ਭੁੱਖ ਨਾਲ ਬਿਲਬਿਲਾਉਂਦੇ ਨਜ਼ਰ ਆਉਂਦੇ ਹਨ। ਸਈਦਾ ਜਿਹੀਆਂ ਤ੍ਰੀਮਤਾਂ ਦੀਆਂ ਬਿਮਾਰ ਧੀਆਂ ਨੂੰ ਦਵਾਈ ਨਹੀਂ ਮਿਲ ਸਕਦੀ, ਮੌਤ ਘਰਾਂ 'ਤੇ ਮੰਡਰਾਉਣ ਲਗਦੀ ਹੈ। ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਨੇ ਇਹ ਲੋਕ। ਹਿੰਦੂ ਆਬਾਦੀ 'ਚ ਯੂਸਫ਼ ਦਰਜੀ ਜਿਹੇ ਲੋਕ ਸ਼ੱਕ ਦੇ ਘੇਰੇ ਵਿਚ ਆਉਂਦੇ ਹਨ। ਸ਼ਰਾਰਤੀ ਮੁੰਡੇ ਉਨ੍ਹਾਂ ਦੇ ਘਰਾਂ 'ਤੇ ਇੱਟਾਂ-ਪੱਥਰ ਸੁੱਟਦੇ ਹਨ। ਆਪਣੇ ਛੋਟੇ ਘਰਾਂ 'ਚ ਤੂੜੇ ਇਹ ਲੋਕ ਦੁੱਖ ਭੋਗਦੇ ਦਿਖਾਈ ਪੈਂਦੇ ਹਨ। ਕਰਫ਼ਿਊ ਦੀ ਭਿਆਨਕਤਾ, ਭੈਅ, ਸੰਸਾ ਅਤੇ ਸ਼ੱਕ ਇਸ ਲਘੂ ਨਾਵਲ ਵਿਚ ਉੱਭਰਵੇਂ ਰੂਪ ਵਿਚ ਪੇਸ਼ ਹੋਇਆ ਹੈ। ਗ਼ਰੀਬ ਦੁੱਖ ਭੋਗਦੇ ਹਨ, ਪੁਲਿਸ ਅਤੇ ਅਭਿਜਾਤ ਵਰਗ ਦੀ ਐਸ਼ਪ੍ਰਸਤੀ ਵਿਚ ਕੋਈ ਫ਼ਰਕ ਨਹੀਂ ਪੈਂਦਾ। ਕਰਫ਼ਿਊ ਦੌਰਾਨ ਭੁੱਖ, ਤੇਹ, ਮੌਤ, ਜਬਰ ਜਨਾਹ ਜਿਹੀਆਂ ਪੀੜਾਦਾਇਕ ਹੋਣੀਆਂ ਵਾਪਰਦੀਆਂ ਹਨ। ਜਬਰ ਜਨਾਹ ਨੂੰ ਸੰਕੇਤ ਵਜੋਂ ਪੇਸ਼ ਕੀਤਾ ਗਿਆ ਹੈ। ਪ੍ਰੋ: ਹਰਬੰਸ ਸਿੰਘ ਧੀਮਾਨ ਦੁਆਰਾ ਕੀਤਾ ਅਨੁਵਾਦ ਸਰਲ ਤੇ ਰਵਾਨੀ ਵਾਲਾ ਹੈ। ਆਮ ਬੰਦਾ ਦੁੱਖਾਂ ਦੀ ਚੱਕੀ ਵਿਚ ਪਿਸਦਾ ਪ੍ਰਤੀਤ ਹੁੰਦਾ ਹੈ।

ਕੇ.ਐਲ. ਗਰਗ
ਮੋ: 94635-37050

1-08-2020

 ਪਲੀਤ ਹੋਇਆ ਚੌਗਿਰਦਾ
ਕ੍ਰਿਤ : ਡਾ: ਬਰਜਿੰਦਰ ਸਿੰਘ ਹਮਦਰਦ
ਸੰਕਲਨ : ਕੁਲਬੀਰ ਸਿੰਘ ਸੂਰੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ। ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 98889-24664.

ਮੌਜੂਦਾ ਦੌਰ ਕੁਢਰ ਅਰਥ-ਵਿਵਸਥਾ ਅਤੇ ਬੇ-ਲਗਾਮ ਢਾਂਚਾਗਤ ਵਿਕਾਸ ਦੇ ਪਾਗਲਪਨ ਦਾ ਹੈ, ਜਿਸ ਨੇ ਮਿੱਟੀ, ਜੰਗਲ, ਜਲ-ਸੋਮੇ, ਜੈਵ-ਵਿਭਿੰਨਤਾ, ਸਮੁੰਦਰ, ਵਾਤਾਵਰਨ ਅਤੇ ਖਣਿਜਾਂ ਨਾਲ ਲਬਰੇਜ਼ ਧਰਤੀ ਨੂੰ ਬੇਦਰਦੀ ਨਾਲ ਦੂਸ਼ਿਤ ਅਤੇ ਬਰਬਾਦ ਕੀਤਾ ਹੈ। ਜੇ ਅਸੀਂ ਨਾ ਸੰਭਲੇ ਤਾਂ ਕੁਦਰਤ 'ਚ ਲਾਲਸਾਗਤ ਦਖ਼ਲਅੰਦਾਜ਼ੀ ਸਾਨੂੰ ਸਭ ਨੂੰ ਲੈ ਬੈਠੇਗੀ। ਮਨੁੱਖ ਨੂੰ ਹੀ ਨਹੀਂ, ਸਮੁੱਚੀ ਕਾਇਨਾਤ ਨੂੰ ਵੀ। ਇਹੀ ਉਹ ਗੱਲ ਹੈ ਜਿਹੜੀ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ 'ਅਜੀਤ' ਅਖ਼ਬਾਰ ਵਿਚ ਲਿਖੀਆਂ ਗਈਆਂ ਸੰਪਾਦਕੀਆਂ 'ਤੇ ਆਧਾਰਿਤ ਪੁਸਤਕ 'ਪਲੀਤ ਹੋਇਆ ਚੌਗਿਰਦਾ' ਵਿਚੋਂ ਪ੍ਰਭਾਵੀ ਢੰਗ ਨਾਲ ਉੱਭਰਦੀ ਹੈ।
91 ਲੇਖ, ਹਰ ਲੇਖ 2 ਕੁ ਸਫ਼ੇ ਦਾ, ਕਲਾਵੇ 'ਚ ਲਈ ਬੈਠੀ ਇਹ ਪੁਸਤਕ 216 ਪੰਨਿਆਂ 'ਤੇ ਫੈਲੀ ਹੋਈ ਹੈ। ਹੋਰ ਜ਼ਰੂਰੀ ਜਾਣਕਾਰੀਆਂ ਵਾਲੇ ਪਹਿਲੇ 6 ਸਫ਼ੇ ਜੇ ਛੱਡ ਵੀ ਦੇਈਏ ਤਾਂ ਅਗਲੇ 4 ਪੰਨੇ ਤਤਕਰੇ ਵਾਲੇ ਅਤੇ ਅਗਲੇਰੇ ਤਿੰਨ ਪੰਨਿਆਂ ਵਿਚ ਲੇਖਕ ਬਾਰੇ ਅਤੇ ਪਤੇ ਸਮੇਤ, ਬਹੁ-ਪਰਤੀ ਸ਼ਖ਼ਸੀ ਜਾਣਕਾਰੀ ਦਰਜ ਹੈ। ਉਪਰੰਤ ਸਫ਼ਾ ਨੰ: 15 ਤੋਂ 18 ਤੱਕ ਕੁੱਲ ਚਾਰ ਪੰਨਿਆਂ 'ਤੇ ਉੱਘੇ ਵਿਦਵਾਨ ਡਾ: ਲਖਵਿੰਦਰ ਜੌਹਲ ਵਲੋਂ ਲਿਖੀ ਭਾਵਪੂਰਤ ਭੂਮਿਕਾ ਹੈ, ਜਿਹੜੀ ਇਸ ਕਿਤਾਬ ਦੀ ਮਹੱਤਤਾ ਉਭਾਰਦੀ ਹੈ।
ਸੰਨ 1993 ਦੇ ਕਰੀਬ ਆਖ਼ਰੀ ਮਾਹ ਤੋਂ 2019 ਦੇ ਅੱਧ ਤੱਕ ਸਾਢੇ 25 ਸਾਲਾਂ ਦੇ ਵਕਫ਼ੇ ਵਿਚ ਲਿਖੀਆਂ, ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਮਹੱਤਤਾ ਅਤੇ ਨਿਘਾਰ ਦੇ ਕਾਰਨਾਂ ਨੂੰ ਬੁੱਝਦੀਆਂ, ਖ਼ਬਰਦਾਰ ਕਰਦੀਆਂ ਅਤੇ ਹੱਲ ਸੁਝਾਉਂਦੀਆਂ ਇਨ੍ਹਾਂ ਸੰਪਾਦਕੀਆਂ ਨੂੰ ਜਿਉਂ ਹੀ ਸ਼ੁਰੂ ਤੋਂ ਅਗਲੀਆਂ-ਅਗਲੇਰੀਆਂ, ਪੜਾਅਵਾਰ ਅਖੀਰ ਤੱਕ ਫਰੋਲਦੇ ਹਾਂ ਤਦ ਭਲੀਭਾਂਤ ਪਤਾ ਚਲਦਾ ਹੈ ਕਿ ਸਾਲ-ਦਰ-ਸਾਲ ਸਥਿਤੀ ਕਿਵੇਂ ਬਦ ਤੋਂ ਬਦਤਰ ਹੁੰਦੀ ਗਈ। ਮਨੁੱਖ ਅਤੇ ਵਿਸ਼ੇਸ਼ ਕਰਕੇ ਮੌਜੂਦਾ ਨਿਜ਼ਾਮ, ਜੇ ਇਸੇ ਤਰਜ਼ 'ਤੇ ਚਲਦੇ ਰਹੇ ਤਾਂ ਭਾਵੀ ਨੂੰ ਕੋਈ ਨਹੀਂ ਰੋਕ ਸਕੇਗਾ। ਪੁਸਤਕ ਚਿਤਾਵਨੀ ਦਿੰਦੀ ਹੈ, 'ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ, ਫਿਰ ਦੂਜਿਆਂ ਉੱਪਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਸਰਬੱਤ ਦੇ ਭਲੇ ਵਾਲੀਆਂ ਸਪੱਸ਼ਟ ਧਾਰਨਾਵਾਂ ਨੂੰ ਧੁੰਦਲਾ ਦਿੰਦੀ ਹੈ।'
ਹਾਲਾਤ ਅੱਗੇ ਤੋਂ ਅੱਗੇ ਵਿਗੜਦੇ ਰਹਿਣ ਕਾਰਨ ਹੀ ਸੰਪਾਦਕੀਆਂ ਦੀ ਸਮਾਂ-ਸੀਮਾ ਘਟਦੀ ਰਹੀ ਅਤੇ ਗਿਣਤੀ ਵਧਦੀ ਰਹੀ ਅਤੇ ਸੰਪਾਦਕੀਆਂ/ਲੇਖਾਂ ਵਿਚ ਵੀ ਤੱਥ ਆਧਾਰਿਤ ਨਿਖਾਰ ਆਉਂਦਾ ਰਿਹਾ। ਸੁਝਾਅ ਵੀ ਸਮੇਂ ਦੇ ਹਾਣ ਦੇ ਦਿੱਤੇ ਜਾਣ ਲੱਗੇ, ਕੁਝ ਕਰ ਗੁਜ਼ਰਨ ਅਤੇ ਚੇਤੰਨ ਹੋ ਜਾਣ ਦੇ ਹੋਕੇ ਸਮੇਤ ਕਾਰਜਸ਼ੀਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵਡਿਆਇਆ ਵੀ ਗਿਆ। ਕੁਦਰਤ ਅਤੇ ਵਾਤਾਵਰਣੀ ਸਥਿਤੀ ਨੂੰ ਲਗਾਤਾਰ ਵਿਗਾੜਨ ਉਪਰੰਤ ਨਿਕਲਣ ਵਾਲੇ ਭੈੜੇ ਸਿੱਟਿਆਂ ਪ੍ਰਤੀ ਚਿਤਾਵਨੀਆਂ ਵਧਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਹਿਲੇ ਸਾਢੇ 6 ਵਰ੍ਹਿਆਂ (11/1993 6/2000) ਵਿਚ ਸਿਰਫ 5, ਅਗਲੇ 10 ਵਰ੍ਹਿਆਂ (11/2001 11/2010) ਵਿਚ 27 ਅਤੇ ਅਗਲੇ 8 ਸਾਲਾਂ (4/2011 6/2019) ਵਿਚ 59 ਸੰਪਾਦਕੀਆਂ ਇਸ ਅਹਿਮ ਵਿਸ਼ੇ 'ਤੇ ਲਿਖੀਆਂ ਗਈਆਂ, ਜੋ ਕਨਸੋਆ ਦਿੰਦੀਆਂ ਹਨ ਕਿ ਪਿਛਲੇ ਦੋ ਦਹਾਕਿਆਂ, ਖ਼ਾਸ ਕਰਕੇ ਮਗਰਲੇ ਇਕ ਦਹਾਕੇ ਵਿਚ ਸਥਿਤੀ ਕਿੰਨੀ ਵਿਗੜੀ ਜਾਂ ਵਿਗਾੜੀ ਗਈ ਹੈ। ਜੇ ਨਾ ਸੰਭਲੇ ਤਾਂ ਕੀ ਭਾਣਾ ਵਾਪਰ ਸਕਦਾ ਹੈ? ਕੀ ਲੇਖਕ ਸਿਰਫ ਬਦਤਰ ਸਥਿਤੀ 'ਚੋਂ ਹੀ ਜਾਣੂ ਕਰਵਾਉਂਦਾ ਹੈ? ਨਹੀਂ, ਉਹ ਸੁਝਾਅ ਵੀ ਦਿੰਦਾ ਹੈ ਅਤੇ ਜੋ ਕੁਝ ਚੰਗਾ ਕਰ ਰਹੇ ਹਨ, ਉਨ੍ਹਾਂ ਨੂੰ ਵਡਿਆਉਂਦਾ ਵੀ ਹੈ। ਪਰ ਸਰਕਾਰਾਂ ਅਤੇ ਲੋਕ-ਸਮੂਹ ਕਿਉਂ ਨਹੀਂ ਉੱਠਦੇ, ਇਹ ਬੇਹੱਦ ਫ਼ਿਕਰਮੰਦੀ ਦਾ ਵਿਸ਼ਾ ਹੈ। ਦਰ-ਹਕੀਕਤ; 'ਸਾਡਾ ਭਵਿੱਖ ਪਦਾਰਥੀ ਸਹੂਲਤਾਂ ਅਤੇ ਰਾਜਨੀਤੀ ਦੇ ਤੱਕੜ ਵਿਚ ਨਹੀਂ ਸਗੋਂ ਭੌਤਿਕ ਤੱਕੜ ਵਿਚ ਲਟਕਦਾ ਹੈ ਅਤੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਇਸ ਦਾ ਨਿਤਾਰਾ ਇਸ ਗੱਲ ਉੱਪਰ ਆਧਾਰਿਤ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਿੰਨੀ ਕੁ ਕੀਤੀ ਹੈ।' ਇਹੀ ਉਹ ਚਿਤਾਵਨੀ ਹੈ, ਜੋ ਇਹ ਪੁਸਤਕ ਸਾਨੂੰ ਦਿੰਦੀ ਹੈ।
ਮਿੱਟੀ, ਪਾਣੀ, ਰੁੱਖਾਂ, ਹਵਾ, ਜੰਗਲਾਂ, ਜਲ-ਸੋਮਿਆਂ, ਗੱਲ ਕੀ ਕੁਦਰਤ ਦੇ ਹਰ ਪਹਿਲੂ ਨਾਲ ਮੋਹ ਦਿਖਾਉਂਦੀ ਇਹ ਕਿਤਾਬ, ਜਲ-ਥਲ-ਆਕਾਸ਼ ਦੇ ਪ੍ਰਦੂਸ਼ਣ ਅਤੇ ਘਾਣ ਪ੍ਰਤੀ ਬੇਹੱਦ ਫ਼ਿਕਰਮੰਦੀ ਜ਼ਾਹਰ ਕਰਦਿਆਂ ਬਹੁਤਾ ਭਾਵੇਂ ਮੌਜੂਦਾ ਪੰਜਾਬ ਦੇ ਹੱਦ-ਖੇਤਰ ਵਿਚ ਹੀ ਰਹਿੰਦੀ ਹੈ ਪਰ ਇਸ ਦੀ ਮਹੱਤਤਾ ਭਾਰਤੀ ਉਪ-ਮਹਾਂਦੀਪ ਦੀਆਂ ਹੱਦਾਂ ਉਲੰਘ ਕੇ ਸਮੁੱਚੇ ਵਿਸ਼ਵ ਦੇ ਪ੍ਰਸੰਗ ਵਿਚ ਵੀ ਹੈ। ਕਿਉਂ? ਕਿਉਂਕਿ ਧਰਤੀ ਹੇਠਲੇ ਪਾਣੀਆਂ, ਸਮੁੰਦਰਾਂ, ਹਵਾ, ਪੰਖੇਰੂਆਂ, ਗੱਲ ਕੀ ਕੁਦਰਤ ਦੀ ਗੱਲ ਕਿਸੇ ਇਕੋ ਦੇਸ-ਦੇਸਾਂਤਰ ਤੱਕ ਸੀਮਤ ਨਹੀਂ ਹੁੰਦੀ। ਸਭ ਪ੍ਰਭਾਵਿਤ ਹੋਣਗੇ। ਕਦੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਪੰਜਾਬ, ਜਿਹੜਾ ਕਦੇ ਸਪਤ-ਸਿੰਧੂ, ਸੱਤ ਦਰਿਆਵਾਂ ਦੀ ਧਰਤੀ ਸੀ। ਫਿਰ ਪੰਜ-ਆਬ ਤੇ ਮਗਰੋਂ ਢਾਈ ਦਰਿਆਵਾਂ ਦੀ ਧਰਤੀ ਰਹਿ ਗਈ, ਅਸੀਂ ਉਹ ਵੀ ਗੰਧਲੇ ਕਰ ਛੱਡੇ ਹਨ। ਇਸ ਦੇ ਜਲ-ਸੋਮੇ ਮਰ ਮੁੱਕ ਰਹੇ ਹਨ। ਮਿੱਟੀ ਬਾਂਝ ਹੋ ਰਹੀ ਹੈ। ਖੇਤਾਂ ਵਿਚ ਹੁਣ ਮੌਤ ਉੱਗਦੀ ਹੈ, ਇਸ ਤਰ੍ਹਾਂ ਦੀਆਂ ਸਖ਼ਤ ਚਿਤਾਵਨੀਆਂ ਨਾਲ ਲਬਾਲਬ ਇਹ ਕਿਤਾਬ ਸਾਂਵੀਂ-ਸੁਥਰੀ ਜ਼ਿੰਦਗੀ ਜੀਣ ਲਈ ਪਾਣੀ, ਰੁੱਖਾਂ ਅਤੇ ਕੁੱਖਾਂ ਦਾ ਵਾਸਤਾ ਪਾਉਂਦੀ ਹੈ।
ਅਰਥਾਤ;
ਜੇ ਮਿੱਟੀ ਅਤੇ ਪਾਣੀ ਹੈ,
ਤਦ ਹੀ ਜੰਗਲ (ਬਨਸਪਤੀ) ਹੈ।
ਜੰਗਲ; ਜੋ ਵਰਖਾ ਦੇ ਸਾਖਸ਼ੀ ਹਨ,
ਵਰਖਾ; ਪਾਣੀ ਦਾ ਮੁਢਲਾ ਸੋਮਾ ਹੈ,
ਪਾਣੀ-ਮਿੱਟੀ; ਜੀਵਨ ਦੇ ਆਧਾਰ ਹਨ।
ਇਹੀ ਨਹੀਂ, ਹੋਰ ਵੀ ਬੜਾ ਕੁਝ ਸਮੇਟੀ ਬੈਠੀ ਹੈ ਇਹ ਪੁਸਤਕ, ਜਿਹੜੀ ਸਾਨੂੰ ਸਭ ਨੂੰ ਪੜ੍ਹਨੀ ਚਾਹੀਦੀ ਹੈ। ਪੜ੍ਹਨੀ ਹੀ ਨਹੀਂ, ਸਾਂਵੀਂ-ਸੁਥਰੀ ਜ਼ਿੰਦਗੀ ਦਾ ਅਨੰਦ ਮਾਣਨ ਲਈ ਸੁਹਜਮਈ ਕੁਝ ਕਰਨਾ ਵੀ ਪੈਣਾ ਹੈ। ਪੁਸਤਕ ਮੁਤਾਬਿਕ;
ਵੇਲਾ ਹੈ, ਆਓ ਹੁਣ :
ਬਿਰਖਾਂ ਦੀ ਗੱਲ ਕਰੀਏ,
ਦਰਿਆਵਾਂ ਦੀ ਬਾਂਹ ਫੜੀਏ,
ਧਰਤੀ ਦਾ ਅਦਬ ਕਰੀਏ।
ਕੁਝ ਤਾਂ ਕਰੋ ਯਾਰੋ, ਜਿੰਨਾ ਵੀ ਅਤੇ ਜਿਵੇਂ ਵੀ ਸੰਭਵ ਹੋਵੇ, ਆਖਰ ਬੂੰਦ-ਬੂੰਦ ਨਾਲ ਵੀ ਤਾਂ ਘੜਾ ਭਰ ਜਾਂਦਾ ਹੈ। ਇਹ ਸੁਨੇਹਾ ਵੀ ਇਸੇ ਕਿਤਾਬ ਵਿਚੋਂ ਹੈ।

ਵਿਜੈ ਬੰਬੇਲੀ
ਮੋ: 94634-39075

ਰੱਬ ਦੇ ਡਾਕੀਏ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98152-98459.

ਪਰਮਿੰਦਰ ਸੋਢੀ ਲੰਮੇ ਸਮੇਂ ਤੋਂ ਜਾਪਾਨ ਵਿਚ ਸਫ਼ਲ ਕਾਰੋਬਾਰੀ ਜੀਵਨ ਜੀਅ ਰਿਹਾ ਪੰਜਾਬੀ ਸਾਹਿਤਕਾਰ ਹੈ। ਕਵਿਤਾ ਤੇ ਵਾਰਤਕ ਦੋਵੇਂ ਵਿਧਾਵਾਂ ਵਿਚ ਉਸ ਨੇ ਜੋ ਕੁਝ ਵੀ ਲਿਖਿਆ ਹੈ, ਉਸ 'ਤੇ ਜਾਪਾਨੀ ਸਾਹਿਤਕ ਸੱਭਿਆਚਾਰਕ ਪਰੰਪਰਾਵਾਂ ਦੇ ਪ੍ਰਭਾਵ ਉਸ ਦੀਆਂ ਲਿਖਤਾਂ ਨੂੰ ਵੱਖਰਾ ਰੰਗ ਦਿੰਦੇ ਹਨ। ਉਸ ਨੇ ਹੀ ਪੰਜਾਬੀ ਵਿਚ ਜਾਪਾਨੀ ਹਾਈਕੂ ਦੀ ਗੱਲ ਛੇੜੀ। ਜਾਪਾਨ ਦੇ ਜੈਨ ਬੋਧੀ ਚਿੰਤਕ ਤਾਓ, ਕਨਫਿਊਸ਼ੀਅਸ ਦਾ ਜ਼ਿਕਰ ਉਸ ਦੀ ਵਾਰਤਕ ਵਿਚ ਥਾਂ-ਥਾਂ ਹੈ। ਜਾਪਾਨੀ/ਚੀਨੀ ਕਹਾਵਤਾਂ, ਚਿੰਤਕਾਂ ਦੇ ਵੇਰਵੇ ਹਨ। ਇਹ ਸਾਰਾ ਕੁਝ ਉਸ ਦੀ ਵਾਰਤਕ ਵਿਚ ਉਸ ਦੇ ਨਿੱਜ ਨਾਲ ਘੁਲ-ਮਿਲ ਕੇ ਪੇਸ਼ ਹੁੰਦਾ ਹੈ। 'ਰੱਬ ਦੇ ਡਾਕੀਏ' ਉਸ ਦੀ ਇਸ ਨਿਵੇਕਲੀ ਵਾਰਤਕ ਸ਼ੈਲੀ ਵਾਲੀ ਕਿਤਾਬ ਹੈ, ਜਿਸ ਵਿਚ ਵਾਰਤਕ, ਕਵਿਤਾ ਤੇ ਕਾਵਿਕਤਾ ਵਾਰ-ਵਾਰ ਇਕ-ਦੂਜੇ ਦੀਆਂ ਹੱਦਾਂ ਉਲੰਘਦੇ ਹਨ।
136 ਸਫ਼ੇ ਵਿਚ 25 ਨਿੱਕੇ-ਨਿੱਕੇ ਨਿਬੰਧਾਂ ਦਾ ਸੰਗ੍ਰਹਿ ਹੈ ਇਹ ਕਿਤਾਬ। ਇਹ ਨਿਬੰਧ ਵਿਭਿੰਨ ਵਿਸ਼ਿਆਂ ਉੱਤੇ ਲੇਖਕ ਦੇ ਕਲਪਨਾਸ਼ੀਲ ਸੁਤੰਤਰ ਚਿੰਤਨ ਦੀ ਉਪਜ ਹਨ। ਸਬੰਧਿਤ ਵਿਸ਼ੇ 'ਤੇ ਲੇਖਕ ਦੇ ਨਿੱਜੀ ਅਨੁਭਵ, ਦ੍ਰਿਸ਼ਟੀ, ਆਲੇ-ਦੁਆਲੇ, ਜਾਪਾਨੀ/ਬੋਧੀ/ਚੀਨੀ ਚਿੰਤਕ ਅਤੇ ਚਿੰਤਕਾਂ ਦੀਆਂ ਟਿੱਪਣੀਆਂ ਅਤੇ ਦ੍ਰਿਸ਼ਟਾਂਤ, ਮੁੱਲਾਂ ਨਸੀਰੂਦੀਨ ਦੇ ਟੋਟਕੇ ਇਨ੍ਹਾਂ ਦੀ ਕੱਚੀ ਸਮੱਗਰੀ ਹਨ। ਇਨ੍ਹਾਂ ਦੇ ਸੁਮੇਲ ਨਾਲ ਸਿਰਜੀ ਵਾਰਤਕ ਵਿਚ ਬਹੁਤੇ ਹੱਦ ਤੱਕ ਰੌਚਿਕਤਾ, ਸਹਿਜ ਅਤੇ ਹਲਕਾ-ਫੁਲਕਾਪਣ ਬਣਿਆ ਰਹਿੰਦਾ ਹੈ। ਇਸ ਕਾਰਨ ਇਹ ਨਿਬੰਧ ਜੀਵਨ ਦੀਆਂ ਵਡੇਰੀਆਂ ਸਚਾਈਆਂ ਨੂੰ ਨਾ ਸਿਰਫ ਉਜਾਗਰ ਕਰਨ ਵਿਚ ਸਫ਼ਲ ਹਨ, ਸਗੋਂ ਉਨ੍ਹਾਂ ਨੂੰ ਜੀਵਨ ਦਾ ਮਾਰਗ ਦਰਸ਼ਕ ਆਧਾਰ ਬਣਾਉਣ ਦੇ ਪ੍ਰੇਰਕ ਬਣਨ ਦੇ ਸਮਰੱਥ ਹਨ। ਫਿਰ ਵੀ ਕਿਤੇ-ਕਿਤੇ ਜੈਨ ਬੋਧੀਆਂ ਦਾ ਜਟਿਲ ਫਲਸਫ਼ਾ ਇਨ੍ਹਾਂ ਉੱਤੇ ਭਾਰੂ ਹੋ ਜਾਂਦਾ ਹੈ। ਉਥੇ ਵੀ ਭਾਸ਼ਾ ਦਾ ਸੁਹਜ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਜਾਪਾਨੀ ਹਾਈਕੂ ਤੇ ਲਘੂ ਕਵਿਤਾਵਾਂ ਪੰਜਾਬੀ ਪਾਠਕਾਂ ਨੂੰ ਓਨਾ ਪ੍ਰਭਾਵਿਤ ਨਹੀਂ ਕਰਦੇ, ਜਿੰਨਾ ਪੰਜਾਬੀ ਦੀ ਆਪਣੀ ਨਵੀਂ ਪੁਰਾਣੀ ਕਵਿਤਾ। ਇਹ ਤੱਥ ਪੰਜਾਬੀ ਵਿਚ ਹਾਈਕੂ ਕਾਵਿ ਦੀ ਪ੍ਰਯੋਗਾਂ ਨੂੰ ਮਿਲੇ ਹੁੰਗਾਰੇ ਤੋਂ ਵੀ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ। ਸੋਢੀ ਦੀ ਇਸ ਕਿਤਾਬ ਦੀ ਵਾਰਤਕ ਪਾਠਕਾਂ ਦੀ ਸੁਹਜ ਤ੍ਰਿਪਤੀ ਵੀ ਕਰਦੀ ਹੈ ਅਤੇ ਮਾਰਗ ਦਰਸ਼ਨ ਵੀ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਯਾਦਾਂ ਦੇ ਪਿਛਵਾੜੇ
ਲੇਖਕ : ਅਮੀਨ ਮਲਿਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 180
ਸੰਪਰਕ : 99884-40812.

'ਯਾਦਾਂ ਦੇ ਪਿਛਵਾੜੇ' ਪਾਕਿਸਤਾਨੀ ਪੰਜਾਬੀ ਲੇਖਕ ਅਮੀਨ ਮਲਿਕ ਦੇ ਜੀਵਨ ਵੇਰਵੇ ਹਨ। ਇਕ ਤਰ੍ਹਾਂ ਦੀ ਸਵੈਜੀਵਨੀ। ਜਿਸ ਨੂੰ ਉਸ ਨੇ ਗਹਿਰੀ ਸੰਵੇਦਨਸ਼ੀਲਤਾ ਨਾਲ ਕਲਮਬੱਧ ਕੀਤਾ ਹੈ। ਸਿਰਜਣਾਤਮਿਕ ਵਾਰਤਕ ਦਾ ਇਹ ਸੰਗ੍ਰਹਿ ਸਮਾਜ, ਸੱਭਿਆਚਾਰ ਅਤੇ ਜ਼ਿੰਦਗੀ ਨੂੰ ਸਮਝਣ ਅਤੇ ਪ੍ਰਗਟਾਉਣ ਦੀ ਗਾਥਾ ਹੈ। ਛਪਣ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਕਿਤਾਬ ਅਮੀਨ ਮਲਿਕ ਦੀ ਆਖਰੀ ਕਿਤਾਬ ਹੈ। ਪਿਛਲੇ ਮਹੀਨੇ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਸ ਦਾ ਜੀਵਨ ਅਤਿ ਰੌਮਾਂਚਿਕ ਅਤੇ ਜੋਖ਼ਮਾਂ ਭਰਿਆ ਸੀ। ਆਪਣੀ ਮਿੱਟੀ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਅਤੇ ਆਪਣੇ ਆਲੇ-ਦੁਆਲੇ ਨੂੰ ਪਿਆਰ ਕਰਨ ਦੇ ਜਜ਼ਬੇ ਨਾਲ ਭਰਪੂਰ ਅਮੀਨ ਮਲਿਕ ਨੇ ਜ਼ਿੰਦਗੀ ਨੂੰ ਆਪਣੀਆਂ ਹੀ ਸ਼ਰਤਾਂ 'ਤੇ ਜੀਵਿਆ ਸੀ। 1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਉਸ ਦੀਆਂ ਰਚਨਾਵਾਂ ਬੇਮਿਸਾਲ ਹਨ। ਦੋਸਤਾਂ ਦੀ ਬੇਵਫ਼ਾਈ, ਸਰਕਾਰਾਂ ਦੇ ਸਿਤਮ, ਸੰਸਥਾਵਾਂ ਦੇ ਖੋਖਲੇਪਨ ਤੋਂ ਲੈ ਕੇ ਸਿਆਸਤ ਦੀਆਂ ਬੇਰੁਖ਼ੀਆਂ ਤੱਕ ਫੈਲਿਆਂ ਇਸ ਪੁਸਤਕ ਦਾ ਕੈਨਵਸ ਨਾ ਸਿਰਫ ਰੌਚਿਕ ਹੈ ਸਗੋਂ ਦਿਲ ਕੰਬਾਊ ਵੀ ਹੈ। ਇਸ ਸਿਤਾਬ ਵਿਚ ਦੋ ਲੇਖ ਉਨ੍ਹਾਂ ਦੀ ਧਰਮ ਪਤਨੀ ਰਾਣੀ ਮਲਿਕ ਦੇ ਵੀ ਸ਼ਾਮਿਲ ਹਨ, ਜਿਹੜੇ ਅਮੀਨ ਮਲਿਕ ਦੀ ਸ਼ਖ਼ਸੀਅਤ ਦੇ ਗਹਿਰੇ ਰੰਗਾਂ ਨੂੰ ਉਘਾੜਦੇ ਹਨ 'ਮੈਨੂੰ ਇਕੋ ਮਾਣ ਹੈ ਕਿ ਮੈਂ ਇਕ ਅਜਿਹੇ ਪੰਜਾਬੀ ਦੀ ਬੀਵੀ ਹਾਂ, ਜਿਸ ਦੇ ਲਹੂ ਵਿਚ ਪੰਜ ਦਰਿਆ ਹਨ ਅਤੇ ਜੁੱਸੇ ਨੂੰ ਪੰਜਾਬ ਦੀ ਮਿੱਟੀ ਨਾਲ ਲਿਪਿਆ ਪੋਚਿਆ ਗਿਆ ਹੈ।' ਅਮੀਨ ਮਲਿਕ ਲਿਖਦਾ ਹੈ ਮੰਚ ਉੱਪਰ ਹਾਰ ਪਾ ਕੇ ਬੈਠਣਾ, ਸਨਮਾਨ ਦੀ ਸਸਤੀ ਜਿਹੀ ਖਾਹਿਸ਼ ਲਈ ਹਫ਼-ਹਫ਼ ਕੇ ਮਰਨਾ, ਯੂਨੀਵਰਸਿਟੀਆਂ ਵਿਚ ਕਿਤਾਬਾਂ ਲਗਵਾਉਣ ਲਈ ਥੱਲੇ ਲੱਗ ਜਾਣਾ, ....... ਮੈਂ ਇਹੀ ਆਖਾਂਗਾ ਕਿ ਪ੍ਰਾਪਤੀ ਦੀ ਪਰਵਾਹ ਨਾ ਕਰਨਾ ਹੀ ਪ੍ਰਾਪਤੀ ਹੈ।' ਪੁਸਤਕ ਵਿਚ ਸ਼ਾਮਿਲ 21 ਲੇਖਾਂ ਵਿਚੋਂ 19 ਉਸ ਦੇ ਆਪਣੇ ਹਨ ਅਤੇ 'ਯਾਰਾਂ ਦੀ ਮਸਤੀ ਵੱਖਰੀ' ਦੇ ਇਕੋ ਸਿਰਲੇਖ ਵਾਲੇ ਦੋ ਲੇਖ ਹਨ। ਸੰਤਾਲੀ ਦੇ ਦਰਦ ਨੂੰ ਜਿਨ੍ਹਾਂ ਸ਼ਬਦਾਂ ਵਿਚ ਅਮੀਨ ਨੇ ਦੱਸਿਆ ਹੈ, ਉਹ ਅਜਬ ਗਹਿਰਾਈ ਵਾਲੇ ਹਨ 'ਪਾਣੀ ਵਿਚ ਰੁੜ੍ਹਦੀ ਜਾਂਦੀ ਇਕ ਚਿੱਟੇ ਸਿਰ ਵਾਲੀ ਮਾਈ ਨੂੰ ਬਾਹਰ ਕੱਢ ਕੇ ਦੁਬਾਰਾ ਦਰਿਆ ਵਿਚ ਵਗਾਹ ਮਾਰਿਆ, ਕਿਉਂਕਿ ਉਹ ਪੰਜਾਬੀਆਂ ਦੀ ਮਾਂ ਇਕ ਸਿੱਖ ਔਰਤ ਸੀ।' ਅਮੀਨ ਮਲਿਕ ਦੇ ਦਿਲ ਦਾ ਦਰਦ ਇਸ ਪੁਸਤਕ ਦੇ ਸਫ਼ਿਆਂ 'ਤੇ ਉਕਰਿਆ ਗਿਆ ਹੈ। ਕਾਫ਼ਲਾ ਜਦੋਂ ਕਮਾਦਾਂ ਵਿਚੋਂ ਦੀ ਲੰਘ ਰਿਹਾ ਸੀ ਤਾਂ ਮੌਤ ਨੇ ਮੂੰਹ ਆ ਅੱਡਿਆ ਇਕ ਦੋ ਫਾਇਰ ਵੱਜੇ। ਆਪਾਧਾਪੀ ਪਈ ਤੇ ਕਮਾਦਾਂ ਵਿਚੋਂ ਬਰਛੀਆਂ, ਛਵੀਆਂ ਅਤੇ ਕਿਰਪਾਨਾਂ ਵਾਲੇ ਕੋਈ ਦੋਸ਼ ਦੱਸੇ ਬਿਨਾਂ ਉੱਜੜੇ ਜਾਂਦੇ ਗੁਆਂਢੀਆਂ ਨੂੰ ਮੌਤ ਦੀ ਸਜ਼ਾ ਦੇਣ ਲੱਗੇ'.......... ਮੌਤਾਂ ਦਾ ਹਿਸਾਬ ਵੀ ਕੋਈ ਨਾ ਕਰ ਸਕਿਆ ਖਲੋ ਕੇ......' ਅਮੀਨ ਆਪਣੀ ਇਸ ਕਿਤਾਬ ਰਾਹੀਂ ਪੰਜਾਬੀਆਂ ਲਈ ਅਨੇਕਾਂ ਸਵਾਲ ਛੱਡਦਾ ਹੈ, ਜੋ ਦੋਵਾਂ ਦੇਸ਼ਾਂ ਦੀ ਵਿਗੜ ਰਹੀ ਭਾਸ਼ਾ ਬਾਰੇ ਵੀ ਹਨ ਸੱਭਿਆਚਾਰ ਬਾਰੇ ਵੀ ਹਨ ਮਾਨਵੀ ਕਦਰਾਂ-ਕੀਮਤਾਂ ਬਾਰੇ ਵੀ ਹਨ ਪਰ ਸਭ ਤੋਂ ਵੱਡਾ ਸਵਾਲ ਉਸ ਨੇ ਇਹ ਪਾਇਆ ਹੈ 'ਪੰਜਾਬੀ ਕਦੇ ਅਕਲ ਦੀ ਵਰਤੋਂ ਵੀ ਕਰਨਗੇ ਜਾਂ ਜਜ਼ਬਾਤੀ ਹੀ ਬਣੇ ਰਹਿਣਗੇ?' ਪੰਜਾਬ ਦੀ ਸਾਂਝੀ ਵਿਰਾਸਤ ਅਤੇ ਸੱਭਿਆਚਾਰ ਦੀਆਂ ਰਹਿਤਲਾਂ ਨੂੰ ਸਮਝਣ ਲਈ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ।

ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.

c c c

ਰੰਗ
ਕਵੀ : ਪਵਨ 'ਗਿੱਲਾਂਵਾਲਾ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 0172-5027427.

ਇਕੋ ਸਮੇਂ ਗੀਤਕਾਰ, ਨਾਵਲਕਾਰ ਅਤੇ ਕਵੀ ਪਵਨ 'ਗਿੱਲਾਂਵਾਲਾ' ਆਪਣੀ 11ਵੀਂ ਪੁਸਤਕ ਰੰਗ (ਕਾਵਿ ਸੰਗ੍ਰਹਿ) ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ। ਹਥਲੀ ਪੁਸਤਕ ਵਿਚ 99 ਕਾਵਿ, ਗੀਤ ਦੀਆਂ ਵੰਨਗੀਆਂ ਦਰਜ ਹਨ। ਸੰਵੇਦਨਸ਼ੀਲ ਕਵੀ/ਗੀਤਕਾਰ ਨੇ 'ਰੰਗ' ਸਿਰਲੇਖ ਹੇਠ ਦਰਜ ਰਚਨਾਵਾਂ ਵਿਚ ਮਨੁੱਖ ਦੀ ਜ਼ਿੰਦਗੀ ਦੇ ਕਈ ਵੰਨ-ਸੁਵੰਨੇ ਰੰਗਾਂ ਦੀ ਗੱਲ ਕਰਦਿਆਂ ਉਨ੍ਹਾਂ ਦੀ ਮਹੱਤਤਾ ਨੂੰ ਕਾਵਿਕ ਬਿੰਬਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਧਰੇ ਉਹ ਕੁਦਰਤ ਵਿਚ ਪਸਰੇ ਪਹਾੜਾਂ, ਫੁੱਲਾਂ, ਬੂਟਿਆਂ, ਝਰਨਿਆਂ, ਚੰਨ-ਸੂਰਜ, ਦਰਿਆਵਾਂ ਰਾਹੀਂ ਰੰਗਾਂ ਅਤੇ ਉਨ੍ਹਾਂ ਦੇ ਮਨੁੱਖੀ ਮਨ 'ਤੇ ਪੈਂਦੇ ਪ੍ਰਭਾਵਾਂ ਦੀ ਕਲਾਮਈ ਢੰਗ ਨਾਲ ਗੱਲ ਕਰਦਾ ਹੈ
ਰੁੱਤਾਂ ਨੇ ਬਸ ਰੰਗ ਹੀ ਬਦਲੇ
ਨਾਲ ਸਮੇਂ ਦੇ ਆ ਕੇ
ਦਿਲ ਦਾ ਪੰਛੀ ਖੌਰੇ ਕਿਉਂ
ਰੁੱਖੋਂ-ਬੇਮੁੱਖ ਹੋਇਆ।'
ਕੁਦਰਤੀ ਰੰਗਾਂ ਦੀ ਬਾਤ ਪਾਉਂਦਾ ਕਵੀ/ਗੀਤਕਾਰ ਪਵਨ ਮਨੁੱਖੀ ਜ਼ਿੰਦਗੀ ਦੇ ਮੁੱਖ ਪੜਾਵਾਂ ਬਚਪਨ, ਜਵਾਨੀ ਤੇ ਬੁਢਾਪੇ ਦੇ ਰੰਗਾਂ ਦੀ ਗੱਲ ਕਰਦਾ ਹੈ ਤੇ ਉਮਰ ਮੁਤਾਬਿਕ ਹਰੇਕ ਰੰਗ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ। ਇਹ ਰੰਗ ਰਚਨਾ ਜ਼ਿੰਦਗੀ ਦੇ ਰੰਗ, ਰੀਝਾਂ ਸਧਰਾਂ, ਚੰਨ ਵਾਲੀ ਚਾਨਣੀ, ਸੁਪਨੇ ਅਧੂਰੇ, ਹੁਸਨ ਜਵਾਨੀ, ਪੀਂਘ, ਮਾਂ ਦੀਆਂ ਚਿੜੀਆਂ, ਰੁੱਤ ਬਹਾਰਾਂ ਦੀ, ਇਸ਼ਕ ਬੁਖਾਰ, ਨਾ ਸੋਚਾਂ ਨਾ ਮਧਰਾਂ, ਆਦਿ ਵਿਚ ਖਿਲਰੇ ਪਏ ਹਨ। ਹਰੇਕ ਰਚਨਾ ਹੀ ਇਨ੍ਹਾਂ ਰੰਗਾਂ ਰਾਹੀਂ ਜਿਥੇ ਜ਼ਿੰਦਗੀ ਦੀ ਨਿਸ਼ਾਨਦੇਹੀ ਕਰਦੀ ਹੈ, ਉਥੇ ਸਮਾਜ ਨੂੰ ਇਕ ਸਾਰਥਕ ਅਤੇ ਸਿਹਤਮੰਦ ਸੁਨੇਹਾ ਦੇਣ ਦਾ ਉਪਰਾਲਾ ਵੀ ਕਰਦੀ ਹੈ। ਲੇਖਕ ਆਪਣੇ ਦਿਲ ਦੇ ਵਲਵਲਿਆਂ, ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਧਰਤੀ ਦੇ ਵੱਖੋ-ਵੱਖਰੇ ਪ੍ਰਤੀਕਾਂ/ਬਿੰਬਾਂ ਰਾਹੀਂ ਜ਼ਿੰਦਗੀ ਦੇ ਕੈਨਵਸ 'ਤੇ ਚਿਤਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਹਮਣੇ ਦਿੱਸਦੇ ਰੰਗਾਂ ਵਿਚੋਂ ਵੀ ਉਹ ਰੰਗ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਹੜੇ ਭਾਵੇਂ ਸਪੱਸ਼ਟ ਵਿਖਾਈ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਨਿਵੇਕਲਾ, ਮੋਕਲਾ ਤੇ ਸਦਾਬਹਾਰ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰੰਗਾਂ ਨਾਲ ਹੀ ਜ਼ਿੰਦਗੀ ਧੜਕਦੀ ਹੈ, ਰਿਸ਼ਤੇ ਜਿਊਂਦੇ ਹਨ ਅਤੇ ਸਮਾਜ ਨਵਾਂ-ਨਰੋਇਆ ਤੇ ਜ਼ਿੰਦਗੀ ਨਾਲ ਲਬਾਲਬ ਭਰਿਆ ਰਹਿੰਦਾ ਹੈ।

ਡਾ: ਧਰਮਪਾਲ ਸਾਹਿਲ
ਮੋ: 98761-56964.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX