- ਉਪਮਾ ਡਾਗਾ ਪਾਰਥ -
ਨਵੀਂ ਦਿੱਲੀ, 19 ਅਪ੍ਰੈਲ (ਉਪਮਾ ਡਾਗਾ ਪਾਰਥ)-ਕੋੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਟੀਕਾਕਰਨ ਦਾ ਦਾਇਰਾ ਵਧਾ ਦਿੱਤਾ ਹੈ। ਹੁਣ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਟੀਕਾ ਲਗਵਾ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੋਮਵਾਰ ਨੂੰ ਕੋਰੋਨਾ ਦੇ ਹਾਲਾਤ 'ਤੇ ਕੀਤੀਆਂ ਲਗਾਤਾਰ ਬੈਠਕਾਂ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਕੇਂਦਰ ਵਲੋਂ ਜਾਰੀ ਬਿਆਨ 'ਚ ਇਹ ਵੀ ਕਿਹਾ ਗਿਆ ਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਆਪਣੀ 50 ਫ਼ੀਸਦੀ ਸਪਲਾਈ ਕੇਂਦਰ ਨੂੰ ਜਦਕਿ 50 ਫ਼ੀਸਦੀ ਸਪਲਾਈ ਰਾਜ ਸਰਕਾਰਾਂ ਨੂੰ ਦੇ ਸਕਣਗੀਆਂ ਜਾਂ ਉਸ ਨੂੰ ਖੁੱਲ੍ਹੀ ਮਾਰਕੀਟ 'ਚ ਵੇਚ ਸਕਣਗੀਆਂ। ਟੀਕਾਕਰਨ ਲਈ ਕੋਵਿਡ ਦੇ ਜ਼ਰੀਏ ਪਹਿਲਾਂ ਵਾਂਗ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਕੋਰੋਨਾ ਦੇ ਦੂਜੇ ਪੜਾਅ 'ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾ ਰਿਹਾ ਸੀ ਜਦਕਿ 1 ਮਈ ਤੋਂ ਸ਼ੁਰੂ ਹੋਣ ਵਾਲੇ ਤੀਜੇ ਪੜਾਅ ਲਈ ਵੈਕਸੀਨ ਲਗਵਾਉਣ ਦੀ ਪਾਤਰਤਾ ਅਤੇ ਵੈਕਸੀਨ ਦੀ ਖ਼ਰੀਦ ਨੂੰ ਲੈ ਕੇ ਢਿੱਲ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਆਪਣੇ ਹਿੱਸੇ ਦੇ 50 ਫ਼ੀਸਦੀ ਦੇ ਵੈਕਸੀਨ ਦੇ ਕੋਟੇ ਨੂੰ ਦੇਣ ਦੇ ਨੇਮ ਤੈਅ ਕੀਤੇ ਜਾਣਗੇ ਜਿਸ 'ਚ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਅਤੇ ਕੇਂਦਰੀ ਪ੍ਰਬੰਧਿਤ ਪ੍ਰਦੇਸ਼ਾਂ ਨੂੰ ਤਰਜੀਹੀ ਤੌਰ 'ਤੇ ਵੈਕਸੀਨ ਦੀ ਸਪਲਾਈ ਕੀਤੀ ਜਾਵੇਗੀ। ਵੈਕਸੀਨ ਦੀ ਬਰਬਾਦੀ ਦੇ ਆਧਾਰ 'ਤੇ ਰਾਜਾਂ ਦੀ ਨੈਗੇਟਿਵ ਮਾਰਕਿੰਗ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਹਾਲਾਤ 'ਤੇ ਸੋਮਵਾਰ ਨੂੰ ਕਈ ਬੈਠਕਾਂ ਕੀਤੀਆਂ। ਪਹਿਲੀ ਬੈਠਕ ਉਨ੍ਹਾਂ ਸਵੇਰੇ 11:30 ਵਜੇ ਆਪਣੇ ਅਧਿਕਾਰੀਆਂ ਨਾਲ ਕੀਤੀ। ਬਾਅਦ 'ਚ ਦੇਸ਼ ਦੇ ਚੋਟੀ ਦੇ ਡਾਕਟਰਾਂ ਨਾਲ ਕੋਵਿਡ 19 ਦੇ ਹਾਲਾਤ 'ਤੇ ਚਰਚਾ ਕੀਤੀ। ਸ਼ਾਮ 6 ਵਜੇ ਦੇਸ਼ ਦੀਆਂ ਚੋਟੀ ਦੀਆਂ ਦਵਾਈਆਂ ਦੀਆਂ ਕੰਪਨੀਆਂ ਨਾਲ ਵੀ ਆਨਲਾਈਨ ਬੈਠਕ ਕੀਤੀ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਿੱਥੇ ਐਕਸ਼ਨ ਮੋਡ 'ਚ ਆਈ ਕੇਂਦਰ ਸਰਕਾਰ ਵਲੋਂ ਮੀਟਿੰਗਾਂ ਦਾ ਦੌਰਾ ਕੀਤਾ ਗਿਆ, ਉੱਥੇ ਸੂਬਾਈ ਸਰਕਾਰਾਂ ਵਲੋਂ ਵੀ ਕਈ ਸਖ਼ਤ ਕਦਮਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ 'ਚ ਦਿੱਲੀ ਵਲੋਂ 6 ਦਿਨਾਂ ਦੀ ਮੁਕੰਮਲ ਤਾਲਾਬੰਦੀ, ਉੱਤਰ ਪ੍ਰਦੇਸ਼ ਵਲੋਂ 5 ਸ਼ਹਿਰਾਂ ਲਈ ਤਾਲਾਬੰਦੀ, ਰਾਜਸਥਾਨ ਵਲੋਂ 2 ਹਫ਼ਤਿਆਂ ਲਈ ਸੀਮਤ ਕੀਤੀਆਂ ਕਾਰਵਾਈਆਂ ਅਤੇ ਮਹਾਰਾਸ਼ਟਰ ਵਲੋਂ ਸੂਬੇ 'ਚ ਦਾਖ਼ਲੇ ਲਈ ਅਪਣਾਈ ਸੰਵੇਦਨਸ਼ੀਲਤਾ ਨੀਤੀ ਮੁੱਖ ਤੌਰ 'ਤੇ ਸ਼ਾਮਿਲ ਹੈ।
ਕੋਰੋਨਾ ਦਾ ਕਹਿਰ
ਦੇਸ਼ 'ਚ ਲਗਾਤਾਰ ਨਿੱਤ ਨਵੇਂ ਰਿਕਾਰਡ ਬਣ ਰਹੇ ਕੋਰੋਨਾ ਮਾਮਲਿਆਂ ਦੀ ਗਿਣਤੀ 2 ਲੱਖ, 74 ਹਜ਼ਾਰ 'ਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ 'ਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 20 ਲੱਖ ਦੇ ਕਰੀਬ ਹੋ ਗਈ ਹੈ। ਅੰਕੜਿਆਂ ਮੁਤਾਬਿਕ ਹੁਣ ਹਰ 10 ਲੱਖ ਦੀ ਆਬਾਦੀ 'ਚ 11 ਹਜ਼ਾਰ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋ ਰਹੇ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਕੋੋਰਨਾ ਦੇ ਅੰਕੜੇ ਢਾਈ ਲੱਖ ਤੋਂ ਪਾਰ ਹੋਏ ਹਨ। 1620 ਨਵੀਆਂ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 1 ਲੱਖ, 78 ਹਜ਼ਾਰ, 793 ਹੋ ਗਈ ਹੈ।
ਦਿੱਲੀ 'ਚ ਤਾਲਾਬੰਦੀ
ਰਾਜਧਾਨੀ ਦਿੱਲੀ 'ਚ ਸਿਹਤ ਪੱਖੋਂ ਵੱਡੀ ਤ੍ਰਾਸਦੀ ਤੋਂ ਬਚਾਉਣ ਲਈ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਹੋਈ ਬੈਠਕ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਇਸ ਦਾ ਐਲਾਨ ਕੀਤਾ। ਕੇਜਰੀਵਾਲ ਨੇ ਸੋਮਵਾਰ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰ 5 ਵਜੇ ਤੱਕ ਤਾਲਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਖਾਣ-ਪੀਣ ਅਤੇ ਮੈਡੀਕਲ ਵਿਵਸਥਾਵਾਂ ਜਾਰੀ ਰਹਿਣਗੀਆਂ। ਕੇਜਰੀਵਾਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕਰਦਿਆਂ ਦਿੱਲੀ ਛੱਡ ਕੇ ਨਾ ਜਾਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਹ ਛੋਟੀ ਜਿਹੀ ਤਾਲਾਬੰਦੀ ਹੈ। ਆਉਣ-ਜਾਣ 'ਚ ਹੀ ਉਨ੍ਹਾਂ ਦਾ ਪੂਰਾ ਸਮਾਂ ਖ਼ਰਚ ਹੋ ਜਾਵੇਗਾ। ਦਿੱਲੀ ਸਰਕਾਰ ਵਲੋਂ ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਦਾ ਧਿਆਨ ਰੱਖਣ ਦਾ ਭਰੋਸਾ ਦੁਆਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਮਜ਼ਦੂਰਾਂ ਦੇ ਨਾਲ ਹਨ। ਹਾਲਾਂਕਿ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਹੀ ਪ੍ਰਵਾਸੀ ਮਜ਼ਦੂਰਾਂ ਦੀ ਬੱਸ ਅੱਡਿਆਂ ਅਤੇ ਆਨੰਦ ਵਿਹਾਰ ਸਟੇਸ਼ਨ ਤੇ ਭਾਰੀ ਭੀੜ ਲੱਗ ਰਹੀ ਹੈ। ਤਾਲਾਬੰਦੀ ਦੌਰਾਨ ਦਿੱਲੀ 'ਚ ਵਿਆਹ-ਸ਼ਾਦੀਆਂ ਦੀ ਇਜਾਜ਼ਤ ਹੋਵੇਗੀ ਪਰ ਇਨ੍ਹਾਂ 'ਚ ਮਹਿਮਾਨਾਂ ਦੀ ਗਿਣਤੀ 50 ਤੱਕ ਸੀਮਤ ਹੋਵੇਗੀ। ਵੈਕਸੀਨ ਲਗਵਾਉਣ ਵਾਲਿਆਂ ਨੂੰ ਤਾਲਾਬੰਦੀ ਦੌਰਾਨ ਛੋਟ ਮਿਲੇਗੀ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਹਵਾਈ ਅੱਡੇ, ਬੱਸ ਅੱਡੇ ਜਾਣ ਵਾਲੇ ਲੋਕਾਂ ਨੂੰ ਵੀ ਛੋਟ ਮਿਲੇਗੀ।
ਸਿਵਲ ਸੇਵਾਵਾਂ ਪ੍ਰੀਖਿਆ ਲਈ ਇੰਟਰਵਿਊ ਮੁਲਤਵੀ
ਕੇਂਦਰੀ ਲੋਕ ਸੇਵਾ ਕਮਿਸ਼ਨ ਨੇ ਕੋਰੋਨ ਵਾਇਰਸ ਦੇ ਮੱਦੇਨਜ਼ਰ ਸਿਵਲ ਸੇਵਾਵਾਂ ਪ੍ਰੀਖਿਆ 2020 ਲਈ ਇੰਟਰਵਿਊ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਅਧਿਕਾਰਕ ਬਿਆਨ ਰਾਹੀਂ ਦਿੱਤੀ ਗਈ ਹੈ। ਕਮਿਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇੰਟਰਵਿਊ ਸਬੰਧੀ ਨਵੀਂ ਤਰੀਕ ਦਾ ਐਲਾਨ ਯੂ.ਪੀ.ਐਸ.ਸੀ. ਦੀ ਵੈਬਸਾਈਟ 'ਤੇ ਜਾਰੀ ਕਰ ਦਿੱਤੀ ਜਾਵੇਗੀ।
ਕੇਂਦਰ ਦੇ ਸਰਕਾਰੀ ਦਫ਼ਤਰਾਂ 'ਚ ਹੋਵੇਗਾ ਸ਼ਿਫਟਾਂ 'ਚ ਕੰਮ
ਕੋਰੋਨਾ ਦੇ ਵਧ ਰਹੇ ਮਾਮਲਿਆਂ ਦੌਰਾਨ ਸਰਕਾਰ ਨੇ ਅਲੱਗ-ਅਲੱਗ ਸ਼ਿਫਟਾਂ 'ਚ ਕੰਮ ਕਰਨ, ਸਕੱਤਰ ਪੱਧਰ ਦੇ ਅਤੇ ਇਸ ਤੋਂ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਮੌਜੂਦਗੀ 50 ਫੀਸਦੀ ਤੱਕ ਸੀਮਤ ਕਰਨ ਸਮੇਤ ਆਪਣੇ ਕਰਮੀਆਂ ਲਈ ਸੋਮਵਾਰ ਨੂੰ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਕਿਰਤ ਮੰਤਰਾਲੇ ਦੇ ਬਿਆਨ ਅਨੁਸਾਰ ਉਪ-ਸਕੱਤਰ, ਇਸ ਦੇ ਬਰਾਬਰ ਅਤੇ ਉੱਪਰਲੇ ਪੱਧਰ ਦੇ ਅਧਿਕਾਰੀਆਂ ਨੂੰ ਨਿਯਮਿਤ ਰੂਪ ਨਾਲ ਦਫ਼ਤਰਾਂ 'ਚ ਆਉਣਾ ਹੋਵੇਗਾ। ਮੰਤਰਾਲੇ ਨੇ ਕਿਹਾ ਹੈ ਕਿ ਅੰਗਹੀਣ ਅਤੇ ਗਰਭਵਤੀ ਔਰਤਾਂ ਨੂੰ ਦਫ਼ਤਰ ਆਉਣ ਤੋਂ ਛੋਟ ਹੋਵੇਗੀ ਪਰ ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਘਰ ਤੋਂ ਕੰਮ ਕਰਨਾ ਹੋਵੇਗਾ। ਇਹ ਦਿਸ਼ਾ-ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ ਅਤੇ 30 ਅਪ੍ਰੈਲ ਤੱਕ ਲਾਗੂ ਰਹਿਣਗੇ।
ਪਾਜ਼ੀਟਿਵ ਹੋਣ ਤੋਂ ਬਾਅਦ ਡਾ. ਮਨਮੋਹਨ ਸਿੰਘ ਏਮਜ਼ 'ਚ ਦਾਖ਼ਲ
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਪਾਜ਼ੀਟਿਵ ਹੋਣ ਤੋਂ ਬਾਅਦ ਅਤੇ ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਹੋ ਗਏ। ਜਾਣਕਾਰੀ ਅਨੁਸਾਰ 88 ਸਾਲਾ ਡਾ. ਮਨਮੋਹਨ ਸਿੰਘ ਨੂੰ ਟਰੋਮਾ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਵਿਸ਼ੇਸ਼ ਤੌਰ 'ਤੇ ਕੋਰੋਨਾ ਸਹੂਲਤਾਂ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ ਅਤੇ ਅੱਜ ਸਵੇਰੇ ਹਲਕਾ ਬੁਖਾਰ ਹੋਣ ਤੋਂ ਬਾਅਦ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਤੋਂ ਇਲਾਵਾ ਪੀ. ਚਿਦੰਬਰਮ, ਅਸ਼ੋਕ ਗਹਿਲੋਤ, ਕੈਪਟਨ ਅਮਰਿੰਦਰ ਸਿੰਘ, ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਚੰਦਰਬਾਬੂ ਨਾਇਡ ਸਮੇਤ ਹੋਰ ਵੀ ਬਹੁਤ ਸਾਰੇ ਨੇਤਾਵਾਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।
- ਹਰਕਵਲਜੀਤ ਸਿੰਘ -
ਚੰਡੀਗੜ੍ਹ,19 ਅਪ੍ਰੈਲ - ਕੋਰੋਨਾ ਦੇ ਵਾਧੇ ਤੋਂ ਚਿੰਤਤ ਪੰਜਾਬ ਸਰਕਾਰ ਵਲੋਂ ਅੱਜ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਰੋਨਾ ਦੇ ਹਾਲਾਤ 'ਤੇ ਕੀਤੀ ਸਮੀਖਿਆ ਬੈਠਕ 'ਚ ਕਰਫ਼ਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਨ ਦਾ ਫ਼ੈਸਲਾ ਲਿਆ ਗਿਆ ਜਦਕਿ ਸੂਬੇ 'ਚ ਸਾਰੇ ਸਿਨੇਮਾ ਹਾਲ, ਖੇਡ ਕੰਪਲੈਕਸ, ਕੋਚਿੰਗ ਸੈਂਟਰ, ਜਿੰਮ ਤੇ ਸਪਾ ਆਦਿ 30 ਅਪ੍ਰੈਲ ਤੱਕ ਬੰਦ ਰੱਖੇ ਜਾਣ ਦੇ ਹੁਕਮ ਦਿੱਤੇ ਗਏ। ਇਹ ਵੀ ਫ਼ੈਸਲਾ ਲਿਆ ਗਿਆ ਕਿ ਰੈਸਟੋਰੈਂਟ ਤੇ ਹੋਟਲ ਖਾਣੇ ਸਬੰਧੀ ਕੇਵਲ ਘਰਾਂ 'ਚ ਡਲਿਵਰੀ ਦੇ ਸਕਣਗੇ ਜਦਕਿ ਐਤਵਾਰ ਨੂੰ ਰੈਸਟੋਰੈਂਟ ਬੰਦ ਰਹਿਣਗੇ। ਇਸੇ ਤਰ੍ਹਾਂ ਸਰਕਾਰ ਵਲੋਂ ਫ਼ੈਸਲਾ ਲਿਆ ਗਿਆ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਦੀ ਨੈਗਟਿਵ ਰਿਪੋਰਟ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ ਤੇ ਵੱਡੇ ਇਕੱਠਾਂ ਤੋਂ ਆਉਣ ਵਾਲਿਆਂ ਨੂੰ ਦਿਨਾਂ ਲਈ ਘਰਾਂ 'ਚ ਹੀ ਇਕਾਂਤਵਾਸ 'ਚ ਰਹਿਣਾ ਪਵੇਗਾ। ਇਸ ਫ਼ੈਸਲੇ ਦਾ ਮੁੱਖ ਤੌਰ 'ਤੇ ਅਸਰ ਰੋਜ਼ਾਨਾ ਸਿੰਘੂ ਤੇ ਟਿਕਰੀ ਬਾਰਡਰ ਤੋਂ ਆਉਣ ਵਾਲੇ ਸੈਂਕੜੇ ਕਿਸਾਨਾਂ 'ਤੇ ਪਵੇਗਾ। ਇਸੇ ਤਰ੍ਹਾਂ ਰਾਜ ਸਰਕਾਰ ਵਲੋਂ ਵਿਆਹਾਂ ਤੇ ਅੰਤਿਮ ਸਸਕਾਰਾਂ ਲਈ 20 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਕਿਸੇ ਵੀ ਥਾਂ 10 ਤੋਂ ਵੱਧ ਵਿਅਕਤੀ ਪ੍ਰਸ਼ਾਸਨ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਇਕੱਠੇ ਨਹੀਂ ਹੋ ਸਕਣਗੇ। ਇਹ ਵੀ ਫ਼ੈਸਲਾ ਲਿਆ ਗਿਆ ਕਿ ਹਵਾਈ ਉਡਾਣਾਂ ਰਾਹੀਂ ਸੂਬੇ 'ਚ ਆਉਣ ਵਾਲਿਆਂ ਨੂੰ ਕੋਰੋਨਾ ਦੀ ਨੈਗਟਿਵ ਰਿਪੋਰਟ ਦਿਖਾਉਣੀ ਪਵੇਗੀ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ। ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ 'ਤੇ ਰੈਪਿਡ ਐਂਟੀਜਨ ਟੈਸਟਿੰਗ ਬੂਥ ਸਥਾਪਿਤ ਕੀਤੇ ਜਾਣਗੇ। ਬੱਸਾਂ, ਟੈਕਸੀਆਂ ਤੇ ਆਟੋ 'ਚ ਲੋਕਾਂ ਦੀ ਸਮਰੱਥਾ 50 ਫ਼ੀਸਦੀ ਰੱਖੀ ਜਾਵੇਗੀ। ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਪਟਵਾਰੀਆਂ ਦੀ ਭਰਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਜਾਵੇ ਤੇ ਅਜਿਹੀਆਂ ਹੋਰ ਭਰਤੀ ਪ੍ਰਕਿਰਿਆਵਾਂ, ਜਿਨ੍ਹਾਂ 'ਚ ਵੱਡੇ ਪੱਧਰ 'ਤੇ ਬਿਨੈਕਾਰਾਂ ਦੇ ਆਉਣ ਦੀ ਸੰਭਾਵਨਾ ਹੈ, ਨੂੰ ਫ਼ਿਲਹਾਲ ਮੁਲਤਵੀ ਰੱਖਿਆ ਜਾਵੇਗਾ। ਮੀਟਿੰਗ 'ਚ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਐਮ.ਬੀ.ਬੀ.ਐਸ, ਬੀ.ਡੀ.ਐਸ, ਬੀ.ਏ.ਐਮ.ਐਸ. ਦੇ ਪਹਿਲੇ, ਦੂਜੇ ਤੇ ਤੀਜੇ ਵਰ੍ਹੇ ਦੇ ਵਿਦਿਆਰਥੀਆਂ ਤੇ ਨਰਸਿੰਗ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਆਨ ਲਾਈਨ ਕਰਵਾਈ ਜਾਵੇ। ਮੀਟਿੰਗ 'ਚ ਸਰਕਾਰ ਵਲੋਂ ਗਠਿਤ ਗਾਰਡੀਅਨ ਆਫ਼ ਗਵਰਨੈਂਸ, ਜੋ ਸਾਬਕਾ ਫ਼ੌਜੀਆਂ ਦੀ ਸੰਸਥਾ ਹੈ, ਨੂੰ ਸਕੂਲਾਂ ਆਦਿ 'ਚ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਉਣ 'ਚ ਮਦਦ ਦੇਣ ਦੀ ਅਪੀਲ ਕੀਤੀ ਗਈ। ਮੁੱਖ ਮੰਤਰੀ ਦੇ ਦੱਸਿਆ ਕਿ ਸੂਬੇ ਵਿਚਲੀਆਂ ਫ਼ੌਜੀ ਛਾਉਣੀਆਂ ਵਲੋਂ ਉਨ੍ਹਾਂ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਉਹ ਸੂਬਾ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਦੇਣਗੇ ਜਦਕਿ ਨਿੱਜੀ ਹਸਪਤਾਲਾਂ ਨੂੰੂ 75 ਫ਼ੀਸਦੀ ਬਿਸਤਰੇ ਕੋਵਿਡ ਮਰੀਜ਼ਾਂ ਲਈ ਰਾਖਵੇਂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਵੇਂ ਆਪਰੇਸ਼ਨ 15 ਮਈ ਤੱਕ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲਾਂ 'ਚ ਨਾ ਕੀਤੇ ਜਾਣ ਤੇ ਓ.ਪੀ.ਡੀ. ਮਰੀਜ਼ਾਂ ਨੂੰ ਜਾਂਚ ਕਰਨ ਤੋਂ ਇਲਾਵਾ ਟੀਕਾਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਆਕਸੀਜਨ ਦੀ ਕਮੀ ਨਾਲ ਨਜਿੱਠਣ ਲਈ ਵੀ ਵਿਚਾਰ ਕੀਤਾ ਗਿਆ ਤੇ ਕੇਂਦਰ ਸਰਕਾਰ ਨੂੰੂ ਅਪੀਲ ਕੀਤੀ ਗਈ ਕਿ ਉਹ ਇਸ ਕੰਮ 'ਚ ਰਾਜ ਸਰਕਾਰ ਦੀ ਮਦਦ ਕਰੇ। ਕੇਂਦਰ ਤੋਂ 2 ਹੋਰ ਆਕਸੀਜਨ ਪਲਾਂਟਾਂ ਲਈ ਪ੍ਰਵਾਨਗੀ ਦੀ ਵੀ ਮੰਗ ਕੀਤੀ ਗਈ। ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਕੋਵਿਡ ਨਾਲ ਸਬੰਧਿਤ ਜ਼ਰੂਰੀ ਦਵਾਈਆਂ ਜਿਵੇਂ ਰੈਮਡੇਸਿਵਿਰ, ਨਿੱਜੀ ਹਸਪਤਾਲਾਂ ਨੂੰ ਵੀ ਲੋੜ ਅਨੁਸਾਰ ਸਪਲਾਈ ਕੀਤੀਆਂ ਜਾਣਗੀਆਂ। ਮੀਟਿੰਗ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਕੰਟੇਨਮੈਂਟ ਤੇ ਮਾਈਕਰੋਕੰਟੇਨਮੈਂਟ ਖੇਤਰਾਂ ਦੀ ਰਣਨੀਤੀ ਬਣਾਉਣ ਸਬੰਧੀ ਪੂਰਨ ਅਧਿਕਾਰ ਦੇਣ ਦਾ ਫ਼ੈਸਲਾ ਦਿੱਤਾ ਗਿਆ ਤੇ ਕੋਰੋਨਾ ਕੇਸਾਂ ਦੀ ਟਰੇਸਿੰਗ ਲਈ ਹੰਗਾਮੀ ਸਥਿਤੀ ਦੇ ਟਾਕਰੇ ਲਈ ਸਿੱਧੀ ਭਰਤੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ। ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 1-1 ਕਰੋੜ ਰੁਪਏ ਵੀ ਅੱਜ ਜਾਰੀ ਕੀਤੇ ਗਏ। ਮੀਟਿੰਗ 'ਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ 600 ਨਿਗਰਾਨ ਅਧਿਕਾਰੀ ਲਗਾਏ ਗਏ ਹਨ।
ਕੋਵਿਡ ਟੈਸਟਿੰਗ ਦੇ ਰੇਟ ਘਟਾਏ
ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਕੋਵਿਡ ਲਈ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਕੀਮਤ ਨੂੰ ਘਟਾ ਕੇ 450 ਰੁਪਏ ਤੇ ਆਰ.ਏ.ਟੀ.ਸੀ. ਦੀ ਕੀਮਤ ਘਟਾ ਕੇ 300 ਰੁ. ਕਰ ਦਿੱਤੀ ਗਈ ਹੈ।
ਤਰਨ ਤਾਰਨ ਦਾ ਪਿੰਡ 14 ਦਿਨ ਲਈ ਸੀਲ
ਭਿੱਖੀਵਿੰਡ, 19 ਅਪ੍ਰੈਲ (ਬੌਬੀ)-ਤਰਨ ਤਾਰਨ ਜ਼ਿਲ੍ਹੇ ਦੇ ਮਾਣਕਪੁਰ ਪਿੰਡ ਵਿਚ ਇਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਅਤੇ 20 ਹੋਰ ਵਿਅਕਤੀ ਕੋਰੋਨਾ ਪੀੜਤ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਪਿੰਡ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨਦਿਆਂ 14 ਦਿਨਾਂ ਲਈ ਪੂਰਨ ਤੌਰ 'ਤੇ ਸੀਲ ਕਰ ਦਿੱਤਾ।
ਕੱਲ੍ਹ ਮੁਹਾਲੀ 'ਚ ਮੁਕੰਮਲ ਤਾਲਾਬੰਦੀ ਰਹੇਗੀ
ਮੁੱਖ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਰਾਮਨੌਮੀ ਮੌਕੇ ਇਕੱਤਰਤਾ ਤੋਂ ਸੰਕੋਚ ਕਰਨ ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂ.ਟੀ. ਦੇ ਸਲਾਹਕਾਰ ਵਲੋਂ ਬੁੱਧਵਾਰ 21 ਅਪ੍ਰੈਲ ਨੂੰ ਮੁਹਾਲੀ 'ਚ ਵੀ ਤਾਲਾਬੰਦੀ ਲਗਾਉਣ ਲਈ ਕਿਹਾ ਗਿਆ ਹੈ, ਜਿਸ 'ਤੇ ਰਾਜ ਸਰਕਾਰ ਵਲੋਂ ਵੀ 21 ਅਪ੍ਰੈਲ ਨੂੰ ਮੁਹਾਲੀ ਵਿਖੇ ਮੁਕੰਮਲ ਤਾਲਾਬੰਦੀ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬ 'ਚ 84 ਹੋਰ ਮੌਤਾਂ, 4653 ਨਵੇਂ ਮਾਮਲੇ
ਚੰਡੀਗੜ੍ਹ,19 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵੱਡਾ ਉਛਾਲ ਹੋਇਆ ਹੈ। ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 84 ਹੋਰ ਮੌਤਾਂ ਹੋ ਗਈਆਂ, ਉੱਥੇ 3418 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 4653 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਹੋਈਆਂ 84 ਮੌਤਾਂ ਵਿਚ ਅੰਮ੍ਰਿਤਸਰ ਤੋਂ 12, ਬਠਿੰਡਾ ਤੋਂ 7, ਫਰੀਦਕੋਟ ਤੋਂ 2, ਫਾਜ਼ਿਲਕਾ ਤੋਂ 1, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 6, ਕਪੂਰਥਲਾ ਤੋਂ 3, ਲੁਧਿਆਣਾ ਤੋਂ 10, ਮਾਨਸਾ ਤੋਂ 2, ਐਸ.ਏ.ਐਸ ਨਗਰ ਤੋਂ 5, ਪਠਾਨਕੋਟ ਤੋਂ 2, ਪਟਿਆਲਾ ਤੋਂ 7, ਰੋਪੜ ਤੋਂ 5, ਸੰਗਰੂਰ ਤੋਂ 8 ਅਤੇ ਤਰਨ ਤਾਰਨ ਤੋਂ 6 ਮਰੀਜ਼ ਸ਼ਾਮਿਲ ਹਨ। ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 35311 ਤਕ ਪੁੱਜ ਚੁੱਕੀ ਹੈ।
ਵੈਕਸੀਨ ਦੀ ਸਪਲਾਈ 'ਤੇ ਚਿੰਤਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਵੈਕਸੀਨ ਦੀ ਸਪਲਾਈ ਤੇ ਆਕਸੀਜਨ ਦੀ ਕਮੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੈਕਸੀਨ ਦਾ ਸੂਬੇ ਕੋਲ ਕੇਵਲ 3 ਦਿਨ ਦਾ ਸਟਾਕ ਬਚਿਆ ਹੈ। ਮੀਟਿੰਗ 'ਚ ਦੱਸਿਆ ਗਿਆ ਕਿ ਨਿੱਜੀ ਹਸਪਤਾਲਾਂ ਨੂੰ ਵੀ ਆਕਸੀਜਨ ਦੀ ਸਪਲਾਈ ਨਹੀਂ ਮਿਲ ਰਹੀ। ਮੀਟਿੰਗ 'ਚ ਦੱਸਿਆ ਗਿਆ ਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਸੂਬੇ 'ਚ ਆਕਸੀਜਨ ਦੇ ਤਿੰਨ ਨਵੇਂ ਪਲਾਂਟ ਕਾਰਜਸ਼ੀਲ ਹੋ ਗਏ ਹਨ ਜਦਕਿ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ 'ਚ ਕੇਂਦਰ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਅਜੇ ਲਟਕ ਰਹੇ ਹਨ। ਮੁੱਖ ਮੰਤਰੀ ਨੇ ਇਹ ਪ੍ਰਵਾਨਗੀ ਬਿਨਾਂ ਦੇਰੀ ਕੀਤੇ ਜਾਣ ਦੀ ਮੰਗ ਕੀਤੀ।
ਨਵੀਂ ਦਿੱਲੀ, 19 ਅਪ੍ਰੈਲ (ਉਪਮਾ ਡਾਗਾ ਪਾਰਥ)-ਸੰਯੁਕਤ ਕਿਸਾਨ ਮੋਰਚੇ ਵਲੋਂ ਮਈ ਦੇ ਪੰਦਰ੍ਹਵਾੜੇ 'ਚ ਸੰਸਦ ਮਾਰਚ ਦਾ ਮਿਥਿਆ ਪ੍ਰੋਗਰਾਮ ਅੱਗੇ ਪਾ ਦਿੱਤਾ ਗਿਆ ਹੈ ਹਾਲਾਂਕਿ ਇਸ ਐਲਾਨ ਤੋਂ ਬਾਅਦ ਹੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਰਚੇ ਤੋਂ ਹੀ ਸਵਾਲ ਕਰਦਿਆਂ ਇਸ ਦਾ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੇ ਮੈਂਬਰ ਬਲਵੰਤ ਸਿੰਘ ਬਹਿਰਾਮਕੇ ਨੇ ਸੰਸਦ ਮਾਰਚ ੰਮੁਲਤਵੀ ਹੋਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮਈ ਦੇ ਸ਼ੁਰੂ 'ਚ ਵੀ ਕਿਸਾਨ ਆਪਣੇ ਦਾਣੇ ਅਤੇ ਤੂੜੀ ਸੰਭਾਲਣ 'ਚ ਰੁੱਝਿਆ ਹੋਵੇਗਾ, ਜਿਸ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ। ਬਹਿਰਾਮਕੇ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ ਸਗੋਂ ਅੱਗੇ ਪਾਇਆ ਗਿਆ ਹੈ ਅਤੇ ਢੁਕਵੇਂ ਸਮੇਂ 'ਤੇ ਅਗਲਾ ਪ੍ਰੋਗਰਾਮ ਅਤੇ ਮਾਕੂਲ ਰਣਨੀਤੀ ਐਲਾਨੀ ਜਾਵੇਗੀ। ਮੋਰਚੇ ਦੇ ਸਪੱਸ਼ਟੀਕਰਨ ਤੋਂ ਕਿਤੇ ਪਹਿਲਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਕਿਹੜੀਆਂ ਤਾਕਤਾਂ ਹਨ ਜੋ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਫ਼ੈਸਲਾ (ਸੰਸਦ ਮਾਰਚ ਮੁਲਤਵੀ ਕਰਨ ਦਾ) ਲੈਣ ਨੂੰ ਮਜ਼ਬੂਰ ਕਰ ਰਹੀਆਂ ਹਨ। ਪੰਨੂੰ ਨੇ ਸਿੰਘੂ ਬਾਰਡਰ 'ਤੇ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਜਿੱਥੇ ਕੇਂਦਰ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਕੋਰੋਨਾ ਦਾ ਹਊਆ ਦਿਖਾ ਕੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਮੋਰਚੇ ਦੇ ਆਗੂਆਂ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਤੈਅ ਕੀਤੇ ਪ੍ਰੋਗਰਾਮ ਵਾਰ-ਵਾਰ ਬਦਲਣ ਨਾਲ ਕਿਸਾਨਾਂ ਦੀ ਆਪਣੀ ਲੀਡਰਸ਼ਿਪ 'ਤੇ ਭਰੋਸੇਯੋਗਤਾ ਖ਼ਤਮ ਹੁੰਦੀ ਹੈ। ਪੰਨੂੰ ਨੇ ਪ੍ਰੈੱਸ ਕਾਨਫ਼ਰੰਸ 'ਚ ਵਾਰ-ਵਾਰ ਗੁਰਨਾਮ ਸਿੰਘ ਚੜੂਨੀ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਿਸ 'ਚ ਉਹ ਪ੍ਰੋਗਰਾਮ ਮੁਲਤਵੀ ਹੋਣ ਦਾ ਐਲਾਨ ਕਰਦਿਆਂ ਇਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਨੂੰ ਨਹੀਂ ਪਤਾ ਅੱਗੇ ਕੀ ਕਰਨਾ ਹੈ? ਪੰਨੂੰ ਨੇ ਕਿਹਾ ਕਿ ਆਗੂਆਂ ਦੇ ਅਜਿਹੇ ਬਿਆਨਾਂ ਕਾਰਨ ਕਿਸਾਨਾਂ 'ਚ ਨਿਰਾਸ਼ਾ ਫੈਲੇਗੀ ਹਾਲਾਂਕਿ ਹਲਕਿਆਂ ਮੁਤਾਬਿਕ ਪ੍ਰੋਗਰਾਮ ਮੁਲਤਵੀ ਕਰਨ ਨੂੰ ਲੈ ਕੇ ਸਿਰਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਹੀ ਸਵਾਲ ਨਹੀਂ ਉਠਾਏ ਸਗੋਂ ਮੋਰਚੇ ਨਾਲ ਜੁੜੇ ਕਈ ਆਗੂਆਂ ਨੂੰ ਇਹ ਰੁਖ਼ ਖ਼ਾਸ ਪਸੰਦ ਨਹੀਂ ਆਇਆ। ਕਿਸਾਨ ਆਗੂਆਂ ਮੁਤਾਬਿਕ ਵੱਡੇ ਆਗੂਆਂ ਦੀ ਬਿਆਨਬਾਜ਼ੀ ਦਾ ਭੁਗਤਾਨ ਉਨ੍ਹਾਂ ਨੂੰ ਭੁਗਤਨਾ ਪੈਂਦਾ ਹੈ। ਆਗੂਆਂ ਮੁਤਾਬਿਕ 22 ਜਨਵਰੀ ਤੋਂ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੀ ਕਵਾਇਦ ਖੁੱਡੇ ਲਾਈਨ ਲੱਗੀ ਹੋਈ ਹੈ। ਕਿਸਾਨ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਕਿਸਾਨ ਇਸ ਵੇਲੇ ਕੋਈ ਨਤੀਜਾਕੁੰਨ ਪ੍ਰੋਗਰਾਮ ਦੀ ਉਡੀਕ ਕਰ ਰਹੇ ਹਨ। ਕਿਸਾਨ ਆਗੂ ਮਨਜੀਤ ਰਾਏ ਨੇ ਸੋਮਵਾਰ ਨੂੰ ਹੀ ਸਿੰਘੂ ਬਾਰਡਰ ਦੀ ਸਟੇਜ ਤੋਂ ਕਿਸਾਨਾਂ ਨੂੰ ਠਰ੍ਹੰਮਾ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਸਮਾਂ ਹੋਰ ਚੱਲਣ ਦਿਓ, ਤਿੱਖੀ ਕਾਲ ਵੀ ਆਵੇਗੀ। ਰਾਏ ਨੇ ਇਹ ਵੀ ਕਿਹਾ ਕਿ ਕਿਸਾਨ ਇਸ ਅੰਦੋਲਨ ਨੂੰ ਘੱਟ ਨਾ ਸਮਝਣ ਕਿਉਂਕਿ ਉਹ ਦਿੱਲੀ 'ਚ ਦਾਖ਼ਲੇ ਦੇ 5 ਮੁੱਖ ਸ਼ਾਹਰਾਹ ਮੱਲੀ ਬੈਠੇ ਹਨ।
20 ਤੋਂ 26 ਅਪ੍ਰੈਲ ਤੱਕ ਮਨਾਇਆ ਜਾਵੇਗਾ ਪ੍ਰਤੀਰੋਧ ਹਫ਼ਤਾ
ਸਰਕਾਰ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਚਲਾਏ ਜਾ ਰਹੇ ਆਪ੍ਰੇਸ਼ਨ ਕਲੀਨ ਦਾ ਮੁਕਾਬਲਾ ਕਰਨ ਲਈ ਕਿਸਾਨ ਜਥੇਬੰਦੀਆਂ ਵਲੋਂ 'ਆਪ੍ਰੇਸ਼ਨ ਸ਼ਕਤੀ' ਦਾ ਐਲਾਨ ਕੀਤਾ ਗਿਆ ਹੈ। ਇਸ ਰਣਨੀਤੀ ਤਹਿਤ ਇਕ ਪਾਸੇ 20 ਤੋਂ 26 ਅਪ੍ਰੈਲ ਤੱਕ ਪ੍ਰਤੀਰੋਧ ਹਫ਼ਤਾ ਮਨਾ ਕੇ ਕਿਸਾਨ ਸਾਰੇ ਮੋਰਚਿਆਂ ਤੇ ਕੋਰੋਨਾ ਨਾਲ ਲੜਨ ਦਾ ਸਖ਼ਤ ਪ੍ਰਬੰਧ ਕਰਨਗੇ, ਦੂਜੇ ਪਾਸੇ ਕਿਸਾਨਾਂ ਨੂੰ ਅਗਲੇ ਹਫ਼ਤੇ ਤੋਂ ਆਪਣੇ ਮੋਰਚਿਆਂ ਤੇ ਵਾਪਸ ਆਉਣ ਲਈ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹਲਕਿਆਂ ਮੁਤਾਬਿਕ ਆਪ੍ਰੇਸ਼ਨ ਕਲੀਨ ਤਹਿਤ ਕਿਸਾਨਾਂ ਨੂੰ ਮਰੋਚਿਆਂ ਤੋਂ ਹਟਾਉਣ ਦੀ ਕਵਾਇਦ ਚਲਾਈ ਜਾ ਰਹੀ ਹੈ। ਮੋਰਚੇ ਮੁਤਾਬਿਕ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਕੋਰੋਨਾ ਸੰਕਟ ਕਾਰਨ ਅੰਦੋਲਨ ਨੂੰ ਖ਼ਤਮ ਕਰਨ ਦੀ ਅਪੀਲ ਵੀ ਇਸੇ ਆਪ੍ਰੇਸ਼ਨ ਕਲੀਨ ਦਾ ਹਿੱਸਾ ਸੀ। ਮੋਰਚੇ ਨੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ 24 ਅਪ੍ਰੈਲ ਤੋਂ 'ਫਿਰ ਦਿੱਲੀ ਚਲੋ' ਦਾ ਸੱਦਾ ਦੇ ਕੇ ਧਰਨਿਆਂ 'ਤੇ ਪਹੁੰਚਣ ਦੀ ਅਪੀਲ ਕਰਨ ਨੂੰ ਕਿਹਾ ਹੈ।
10 ਮਈ ਨੂੰ ਹੋਵੇਗੀ ਵਿਸ਼ੇਸ਼ ਕਾਨਫ਼ਰੰਸ
ਮੋਰਚੇ ਵਲੋਂ ਜਾਰੀ ਬਿਆਨ ਮੁਤਾਬਿਕ ਕਿਸਾਨ ਲਹਿਰ ਨੂੰ ਮਜ਼ਬੂਤ ਕਰਨ ਲਈ 10 ਮਈ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵਿਦਿਆਰਥੀ, ਨੌਜਵਾਨ ਅਤੇ ਹੋਰ ਨੁਮਾਇੰਦਿਆਂ ਵਲੋਂ ਇਕ ਵਿਸ਼ੇਸ਼ ਕਾਨਫ਼ਰੰਸ ਕੀਤੀ ਜਾਵੇਗੀ ਜੋ ਕਿ 10 ਮਈ, 1857 ਨੂੰ ਦੇਸ਼ ਦੀ ਆਜ਼ਾਦੀ ਦੇ ਪਹਿਲੇ ਸੰਘਰਸ਼ ਸ਼ੁਰੂ ਹੋਣ ਨੂੰ ਸਮਰਪਿਤ ਹੋਵੇਗੀ।
ਨਵੀਂ ਦਿੱਲੀ, 19 ਅਪ੍ਰੈਲ (ਅਜੀਤ ਬਿਊਰੋ)-ਪਹਿਲੀ ਵਾਰ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਰਬੀ ਦੀਆਂ ਫ਼ਸਲਾਂ ਦੀ ਵਿੱਕਰੀ ਲਈ ਸਿੱਧੇ ਆਪਣੇ ਬੈਂਕ ਖਾਤਿਆਂ 'ਚ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਹਫ਼ਤੇ 'ਚ ਲਗਪਗ 202.69 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਪਹਿਲਾਂ ਹੀ ਟਰਾਂਸਫ਼ਰ ਹੋ ਗਏ ਹਨ। ਮੌਜੂਦਾ ਰਬੀ ਸੀਜ਼ਨ 2021-22 'ਚ ਭਾਰਤ ਸਰਕਾਰ ਮੌਜੂਦਾ ਮੁੱਲ ਸਮਰਥਨ ਯੋਜਨਾ ਅਨੁਸਾਰ ਕਿਸਾਨਾਂ ਤੋਂ ਰਬੀ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ.) 'ਤੇ ਖ਼ਰੀਦ ਕਰ ਰਹੀ ਹੈ। ਭਾਰਤ ਸਰਕਾਰ ਦੀ ਯੋਜਨਾ ਐਮ. ਐਸ. ਪੀ. 'ਤੇ ਮੌਜੂਦਾ ਆਰ. ਐਮ. ਐਸ. 'ਚ ਕੇਂਦਰੀ ਪੂਲ ਲਈ 427 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਹੈ। ਬੀਤੇ ਹਫ਼ਤੇ ਕਣਕ ਦੀ ਖ਼ਰੀਦ 'ਚ ਤੇਜ਼ੀ ਆਈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਤੇ ਹੋਰ ਰਾਜਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ ਕਣਕ ਦੀ ਖ਼ਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 18 ਅਪ੍ਰੈਲ 2021 ਤੱਕ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਪਿਛਲੇ ਸਾਲ ਇਸੇ ਸਮੇਂ ਦੌਰਾਨ ਖ਼ਰੀਦੀ 5.23 ਲੱਖ ਮੀਟਰਕ ਟਨ ਦੇ ਮੁਕਾਬਲੇ 121.7 ਲੱਖ ਟਨ ਤੋਂ ਜ਼ਿਆਦਾ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। 18 ਅਪ੍ਰੈਲ 2021 ਤੱਕ ਕੁਲ 121.7 ਲੱਖ ਮੀਟਰਕ ਟਨ ਦੀ ਖ਼ਰੀਦ 'ਚ ਸਭ ਤੋਂ ਵੱਡਾ ਯੋਗਦਾਨ ਹਰਿਆਣਾ-44.8 ਲੱਖ ਮੀਟਰਕ ਟਨ (36.8 ਫ਼ੀਸਦੀ), ਪੰਜਾਬ-41.8 ਲੱਖ ਮੀਟਰਕ (34.3 ਫ਼ੀਸਦੀ) ਅਤੇ ਮੱਧ ਪ੍ਰਦੇਸ਼- 28.5 ਲੱਖ ਮੀਟਰਕ ਟਨ (23.4 ਫ਼ੀਸਦੀ) ਦਾ ਹੈ। ਲਗਪਗ 11.6 ਲੱਖ ਕਿਸਾਨ ਮੌਜੂਦਾ ਰਬੀ ਸੀਜ਼ਨ ਤੋਂ ਪਹਿਲਾਂ ਹੀ ਲਾਭ ਪ੍ਰਾਪਤ ਕਰ ਚੁੱਕੇ ਹਨ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ 24,037.56 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਪਿਛਲੇ ਹਫ਼ਤੇ ਦੌਰਾਨ 92.47 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਾਲ ਜਨਤਕ ਖ਼ਰੀਦ ਦੇ ਇਤਿਹਾਸ 'ਚ ਇਕ ਨਵਾਂ ਅਧਿਆਇ ਜੋੜਿਆ ਗਿਆ ਹੈ। ਇਸ ਤਹਿਤ ਹਰਿਆਣਾ ਤੇ ਪੰਜਾਬ ਨੇ ਐਮ. ਐਸ. ਪੀ. ਦੇ ਅਸਿੱਧੇ ਭੁਗਤਾਨ ਦੇ ਤਰੀਕੇ ਨੂੰ ਬਦਲ ਕੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਖ਼ਰੀਦ ਏਜੰਸੀਆਂ ਜ਼ਰੀਏ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਸਿੱਧੇ ਆਨਲਾਈਨ ਟਰਾਂਸਫ਼ਰ ਕੀਤੇ ਹਨ। ਇਸ ਨਾਲ ਪੰਜਾਬ/ਹਰਿਆਣਾ ਦੇ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਅਤੇ ਕਟੌਤੀ ਦੇ ਉਨ੍ਹਾਂ ਦੀਆਂ ਫ਼ਸਲਾਂ ਦੀ ਵਿੱਕਰੀ ਲਈ ਇਕ ਰਾਸ਼ਟਰ ਇਕ ਐਮ. ਐਸ. ਪੀ., ਇਕ ਡੀ. ਬੀ. ਟੀ. ਤਹਿਤ ਪਹਿਲੀ ਵਾਰ ਸਿੱਧਾ ਫ਼ਾਇਦਾ ਹੋਣ ਦੀ ਖ਼ੁਸ਼ੀ ਮਿਲ ਰਹੀ ਹੈ। 18 ਅਪ੍ਰੈਲ 2021 ਤੱਕ ਪੰਜਾਬ 'ਚ ਲਗਪਗ 202.69 ਕਰੋੜ ਰੁਪਏ ਤੇ ਹਰਿਆਣਾ 'ਚ 1417 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫ਼ਰ ਕੀਤੇ ਗਏ।
ਲੰਡਨ, ਲੈਸਟਰ, 19 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਭਾਰਤ 'ਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਦੇ ਮੱਦੇਨਜ਼ਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਭਾਰਤ ਦੌਰਾ ਮੁੜ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਕਿ ਉਹ ਇਸ ਦੌਰੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ, ਪਰ ਭਾਰਤ ਜਿਸ ਹਾਲਾਤ 'ਚੋਂ ਲੰਘ ਰਿਹਾ ਹੈ, ਉਸ 'ਤੇ ਉਨ੍ਹਾਂ ਅਫਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਰਚੂਅਲ ਮੀਟਿੰਗ ਕਰਨਗੇ। ਬੌਰਿਸ ਜੌਹਨਸਨ 25 ਅਪ੍ਰੈਲ ਨੂੰ ਭਾਰਤ ਪਹੁੰਚਣ ਵਾਲੇ ਸਨ ਤੇ ਉਨ੍ਹਾਂ ਆਪਣਾ 4 ਦਿਨਾ ਦੌਰਾ ਘਟਾ ਕੇ ਇਕ ਦਿਨਾ ਵੀ ਕਰ ਦਿੱਤਾ ਸੀ, ਜਿਸ ਕਾਰਨ 26 ਅਪ੍ਰੈਲ ਨੂੰ ਹੀ ਸਾਰੀਆਂ ਮੀਟਿੰਗਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਇਹ ਫੇਰੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਕੋਰੋਨਾ ਕਾਰਨ ਹੀ 26 ਜਨਵਰੀ ਦੇ ਸਮਾਗਮਾਂ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਨਹੀਂ ਕਰ ਸਕੇ ਸਨ। ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਵੀ ਪ੍ਰਧਾਨ ਮੰਤਰੀ ਜੌਹਨਸਨ ਦੀ ਫੇਰੀ 'ਤੇ ਸਵਾਲ ਉਠਾਇਆ ਸੀ। ਜੌਹਨਸਨ 'ਤੇ ਲਗਾਤਾਰ ਪੈਣ ਵਾਲੇ ਦਬਾਅ ਤੋਂ ਬਾਅਦ 10 ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦਫ਼ਤਰ) ਵਲੋਂ ਭਾਰਤ ਦੌਰਾ ਰੱਦ ਕਰਨ ਦਾ ਐਲਾਨ ਕੀਤਾ ਗਿਆ। ਦਸੰਬਰ 2019 'ਚ ਯੂ. ਕੇ. ਦੀਆਂ ਆਮ ਚੋਣਾਂ ਤੋਂ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਦੀ ਯੂਰਪ ਤੋਂ ਬਾਹਰ ਇਹ ਪਹਿਲੀ ਵੱਡੀ ਵਿਦੇਸ਼ੀ ਯਾਤਰਾ ਹੋਣੀ ਸੀ।
ਲੰਡਨ, 19 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੁਣ ਭਾਰਤ ਨੂੰ ਵੀ ਬਰਤਾਨੀਆ ਨੇ ਵਿਦੇਸ਼ ਯਾਤਰਾ ਲਈ ਕੋਰੋਨਾ ਦੀ 'ਲਾਲ ਸੂਚੀ' 'ਚ ਸ਼ਾਮਿਲ ਕਰ ਦਿੱਤਾ ਹੈ। ਜਿਸ ਤਹਿਤ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਬਾਅਦ ਬੀਤੇ 10 ਦਿਨਾਂ 'ਚ ਭਾਰਤ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਗੈਰ ਬਰਤਾਨਵੀ ਦੇ ਬਰਤਾਨੀਆ 'ਚ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ ਅਤੇ ਬਰਤਾਨੀਆ ਰਹਿਣ ਵਾਲੇ ਭਾਰਤ ਤੋਂ ਵਾਪਸ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸਰਕਾਰ ਵਲੋਂ ਨਿਰਧਾਰਿਤ ਕੀਤੇ ਹੋਟਲਾਂ 'ਚ 10 ਦਿਨ ਦਾ ਇਕਾਂਤਵਾਸ ਕਰਨਾ ਜ਼ਰੂਰੀ ਹੋਵੇਗਾ। ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹਨਕੁੱਕ ਨੇ ਅੱਜ ਕਿਹਾ ਕਿ ਸਰਕਾਰ ਨੇ ਬਹੁਤ ਮੁਸ਼ਕਿਲ ਨਾਲ ਇਹ ਫ਼ੈਸਲਾ ਲਿਆ ਹੈ, ਜੋ ਸ਼ੁੱਕਰਵਾਰ 23 ਫਰਵਰੀ ਤੋਂ ਸਵੇਰੇ 4 ਵਜੇ ਤੋਂ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਪਾਏ ਗਏ ਖ਼ਤਰਨਾਕ ਕੋਰੋਨਾ ਦੇ ਨਵੇਂ ਰੂਪ ਦੇ ਬਰਤਾਨੀਆ 'ਚ ਹੁਣ ਤੱਕ 182 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਬਾਅਦ ਹੀ ਸਰਕਾਰ ਨੇ ਭਾਰਤ ਨੂੰ ਲਾਲ ਸੂਚੀ 'ਚ ਸ਼ਾਮਿਲ ਕੀਤਾ ਹੈ। ਸਰਕਾਰ ਦੇ ਨਵੇਂ ਕੋਰੋਨਾ ਨਿਯਮਾਂ ਅਨੁਸਾਰ ਬੀਤੇ 10 ਦਿਨਾਂ 'ਚ ਭਾਰਤ ਦੀ ਯਾਤਰਾ ਕਰਨ ਵਾਲਾ ਕੋਈ ਵੀ ਯਾਤਰੀ ਬਰਤਾਨੀਆ 'ਚ ਦਾਖ਼ਲ ਨਹੀਂ ਹੋ ਸਕਦਾ। ਸਿਰਫ਼ ਯੂ. ਕੇ. ਅਤੇ ਆਇਰਲੈਂਡ ਦੇ ਨਾਗਰਿਕਾਂ ਨੂੰ ਬਰਤਾਨੀਆ 'ਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ, ਪਰ ਉਨ੍ਹਾਂ ਨੂੰ ਖ਼ੁਦ ਦੇ ਖ਼ਰਚੇ 'ਤੇ 10 ਦਿਨ ਸਰਕਾਰ ਵਲੋਂ ਨਿਰਧਾਰਿਤ ਕੀਤੇ ਹੋਟਲਾਂ 'ਚ ਇਕਾਂਤਵਾਸ ਹੋਣਾ ਪਵੇਗਾ। ਯੂ.ਕੇ. ਹੁਣ ਤੱਕ 40 ਦੇਸ਼ਾਂ ਨੂੰ ਲਾਲ ਸੂਚੀ 'ਚ ਸ਼ਾਮਿਲ ਕਰ ਚੁੱਕਾ ਹੈ।
ਨਵੀਂ ਦਿੱਲੀ, 19 ਅਪ੍ਰੈਲ (ਜਗਤਾਰ ਸਿੰਘ)- ਦਿੱਲੀ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲੇ ਤੇ ਦਿੱਲੀ ਸਰਕਾਰ ਵਲੋਂ 1 ਹਫ਼ਤੇ ਦੀ ਤਾਲਾਬੰਦੀ ਲਗਾਏ ਜਾਣ ਕਾਰਨ 25 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ ਹੋਣ ਦੀ ਪੂਰੀ ...
ਨਵੀਂ ਦਿੱਲੀ, 19 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਕਮੇਟੀ ਵਲੋਂ ਅਦਾਲਤ 'ਚ ਸਖ਼ਤ ਵਿਰੋਧ ਕਾਰਨ ਦਿੱਲੀ ਪੁਲਿਸ ਦੀਪ ਸਿੱਧੂ ਦਾ ਪੁਲਿਸ ਰਿਮਾਂਡ ਲੈਣ 'ਚ ਸਫਲ ਨਹੀਂ ਹੋਈ। ਕਮੇਟੀ ਪ੍ਰਧਾਨ ਮਨਜਿੰਦਰ ...
ਨਵੀਂ ਦਿੱਲੀ, 19 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸੂਬੇ 'ਚ 1 ਹਫ਼ਤੇ ਦੀ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਬਾਜ਼ਾਰਾਂ 'ਚ ਲੋਕਾਂ ਦੀ ਭੀੜ ਵਧ ਗਈ ਅਤੇ ਅਫਰਾ-ਤਫਰੀ ਵਰਗਾ ਮਾਹੌਲ ਵੇਖਣ ਨੂੰ ਮਿਲਿਆ। ਪਰ ਸਭ ਤੋਂ ਜ਼ਿਆਦਾ ਭੀੜ ਸ਼ਰਾਬ ...
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)-ਦੇਸ਼ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਦਰਮਿਆਨ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਕੌਮੀ ਨੀਤੀ ਬਣਾਉਣ ਲਈ ਸੰਸਦ ਦਾ ਦੋ ਦਿਨਾ ਹੰਗਾਮੀ ਇਜਲਾਸ ਬੁਲਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX